ਤਾਜਾ ਖ਼ਬਰਾਂ


ਇਨਕਮ ਟੈਕਸ ਵਿਭਾਗ ਦੀ ਪਰੀਤਾ ਹਰਿਤ ਕਾਂਗਰਸ 'ਚ ਹੋਈ ਸ਼ਾਮਿਲ
. . .  1 day ago
ਨਵੀਂ ਦਿੱਲੀ ,20 ਮਾਰਚ -ਮੇਰਠ ਦੀ ਇਨਕਮ ਟੈਕਸ ਮੁਖੀ ਪਰੀਤਾ ਹਰਿਤ ਨੇ ਆਪਣੇ ਅਹੁਦੇ ਨੂੰ ਛੱਡ ਕੇ ਕਾਂਗਰਸ 'ਚ ਸ਼ਾਮਿਲ ਹੋ ਗਈ ।ਉੱਤਰ ਪ੍ਰਦੇਸ਼ ਇਕਾਈ ਦੇ ਮੁਖੀ ਰਾਜ ਬਾਬਰ ਨੇ ਉਨ੍ਹਾਂ ਨੂੰ ਜੀ ਆਇਆਂ ...
ਅਣਪਛਾਤੇ ਕਾਰ ਸਵਾਰਾਂ ਨੇ ਚਲਾਈਆਂ ਗੋਲੀਆਂ
. . .  1 day ago
ਢਿਲਵਾਂ{ਕਪੂਰਥਲਾ },20 ਮਾਰਚ {ਪਲਵਿੰਦਰ,ਸੁਖੀਜਾ ,ਪਰਵੀਨ }- 3 ਅਣਪਛਾਤੇ ਕਾਰ ਸਵਾਰਾਂ ਵੱਲੋਂ ਅੰਨ੍ਹੇਵਾਹ ਗੋਲੀਆਂ ਚਲਾਈਆਂ ਗਈਆਂ । ਇਸ ਮੌਕੇ 'ਤੇ 2 ਲੋਕ ਜ਼ਖ਼ਮੀ ਹੋਏ ਹਨ। ਇਸ ਘਟਨਾ ਤੋਂ ਬਾਅਦ ਸਹਿਮ...
ਭਗਵੰਤ ਮਾਨ ਨੂੰ ਹਰਾਉਣ ਵਾਸਤੇ ਸ਼੍ਰੋਮਣੀ ਅਕਾਲੀ ਦਲ ਕੋਲ ਤਕੜਾ ਹਥਿਆਰ - ਸੁਖਬੀਰ ਬਾਦਲ
. . .  1 day ago
ਮਹਿਲ ਕਲਾਂ, 20 ਮਾਰਚ (ਅਵਤਾਰ ਸਿੰਘ ਅਣਖੀ)-ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਨੂੰ ਹਰਾਉਣ ਵਾਸਤੇ ਸ਼੍ਰੋਮਣੀ ਅਕਾਲੀ ਦਲ ਕੋਲ ਤਕੜਾ ਹਥਿਆਰ ਮੌਜੂਦ ਹੈ, ਜਿਸ ਦਾ ਖੁਲਾਸਾ ਆਉਣ ...
ਪਾਕਿਸਤਾਨ ਨੇ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਲਈ 600 ਲੋਕਾਂ ਨੂੰ ਘਰਾਂ-ਜ਼ਮੀਨਾਂ ਤੋਂ ਹਟਾਇਆ
. . .  1 day ago
ਅੰਮ੍ਰਿਤਸਰ, 20 ਮਾਰਚ (ਸੁਰਿੰਦਰ ਕੋਛੜ)- ਪਾਕਿਸਤਾਨ ਦੇ ਜ਼ਿਲ੍ਹਾ ਨਾਰੋਵਾਲ ਦੇ ਪਿੰਡ ਕੋਠੇ ਖ਼ੁਰਦ ਤੇ ਡੋਡੇ ਦੇ ਵਸਨੀਕਾਂ ਨੇ ਪਾਕਿ ਸਰਕਾਰ ਦੇ ਵਿਰੁੱਧ ਰੋਸ ਪ੍ਰਦਰਸ਼ਨ ਕਰਦਿਆਂ ਦੋਸ਼ ਲਗਾਇਆ ਹੈ ਕਿ ਭਾਰਤੀ ਸਿੱਖ ਸ਼ਰਧਾਲੂਆਂ ਨੂੰ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ .....
ਪੀ.ਐਨ.ਬੀ. ਘੋਟਾਲਾ : 29 ਮਾਰਚ ਨੂੰ ਹੋਵੇਗੀ ਗ੍ਰਿਫ਼ਤਾਰ ਨੀਰਵ ਮੋਦੀ 'ਤੇ ਅਗਲੀ ਸੁਣਵਾਈ
. . .  1 day ago
ਲੰਡਨ, 20 ਮਾਰਚ- ਪੰਜਾਬ ਨੈਸ਼ਨਲ ਬੈਂਕ ਘੋਟਾਲੇ ਦੇ ਫ਼ਰਾਰ ਦੋਸ਼ੀ ਨੀਰਵ ਮੋਦੀ ਨੂੰ ਲੰਡਨ 'ਚ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਗ੍ਰਿਫ਼ਤਾਰੀ ਤੋਂ ਬਾਅਦ ਨੀਰਵ ਮੋਦੀ ਨੂੰ ਲੰਡਨ ਦੀ ਵੈਸਟਮਿੰਸਟਰ ਅਦਾਲਤ 'ਚ ਪੇਸ਼ ਕੀਤਾ ਗਿਆ। ਇਸ ਮਾਮਲੇ ਦੀ ਅਗਲੀ ਸੁਣਵਾਈ ਹੁਣ ....
ਹਲਕਾ ਬੱਲੂਆਣਾ ਦੇ ਸਾਬਕਾ ਵਿਧਾਇਕ ਗੁਰਤੇਜ ਘੁੜਿਆਣਾ ਅੱਜ ਸ਼੍ਰੋਮਣੀ ਅਕਾਲੀ ਦਲ 'ਚ ਕਰਨਗੇ ਘਰ ਵਾਪਸੀ
. . .  1 day ago
ਅਬੋਹਰ, 20 ਮਾਰਚ (ਸੁਖਜਿੰਦਰ ਸਿੰਘ ਢਿੱਲੋਂ)- ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਬੱਲੂਆਣਾ ਤੋਂ ਤਿੰਨ ਵਾਰ ਵਿਧਾਇਕ ਰਹੇ ਸਰਦਾਰ ਗੁਰਤੇਜ ਸਿੰਘ ਘੁੜਿਆਣਾ ਅੱਜ ਦੋ ਸਾਲਾਂ ਬਾਅਦ ਕਾਂਗਰਸ ਛੱਡ ਕੇ ਸ਼੍ਰੋਮਣੀ ਅਕਾਲੀ ਦਲ 'ਚ ਘਰ ਵਾਪਸੀ ਕਰਨਗੇ। ਸਰਦਾਰ ....
ਸਮਝੌਤਾ ਐਕਸਪ੍ਰੈੱਸ ਧਮਾਕਾ ਮਾਮਲੇ 'ਚ ਅਸੀਮਾਨੰਦ ਸਮੇਤ ਸਾਰੇ ਦੋਸ਼ੀ ਬਰੀ
. . .  1 day ago
ਪੰਚਕੂਲਾ, 20 ਮਾਰਚ- ਪੰਚਕੂਲਾ ਦੀ ਵਿਸ਼ੇਸ਼ ਐਨ.ਆਈ.ਏ ਅਦਾਲਤ ਨੇ ਸਮਝੌਤਾ ਐਕਸਪ੍ਰੈੱਸ ਧਮਾਕਾ ਮਾਮਲੇ 'ਚ ਅਸੀਮਾਨੰਦ ਸਮੇਤ ਚਾਰ ਦੋਸ਼ੀਆਂ ਨੂੰ ਬਰੀ ਕਰ ਦਿੱਤਾ ਹੈ। ਅਸੀਮਾਨੰਦ ਦੇ ਇਲਾਵਾ ਲੋਕੇਸ਼ ਸ਼ਰਮਾ, ਕਮਲ ਚੌਹਾਨ ਅਤੇ ਰਾਜਿੰਦਰ ਚੌਧਰੀ ਇਸ ਮਾਮਲੇ ....
ਸੱਯਦ ਅਲੀ ਸ਼ਾਹ ਗਿਲਾਨੀ ਦੇ ਜਵਾਈ ਤੋਂ ਪੁੱਛਗਿੱਛ ਕਰੇਗੀ ਈ.ਡੀ.
. . .  1 day ago
ਨਵੀਂ ਦਿੱਲੀ, 20 ਮਾਰਚ - ਜੰਮੂ-ਕਸ਼ਮੀਰ ਦੇ ਵੱਖਵਾਦੀ ਨੇਤਾ ਸੱਯਦ ਅਲੀ ਸ਼ਾਹ ਗਿਲਾਨੀ ਦੇ ਜਵਾਈ ਅਲਤਾਫ਼ ਸ਼ਾਹ ਤੋਂ ਅੱਤਵਾਦੀ ਫੰਡਿਗ ਮਾਮਲੇ 'ਚ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ) ਪੁੱਛਗਿੱਛ ਕਰੇਗੀ। ਦਿੱਲੀ ਦੀ ਇੱਕ ਅਦਾਲਤ ਨੇ ਬੁੱਧਵਾਰ ਨੂੰ.....
ਮਨੀ ਲਾਂਡਰਿੰਗ ਮਾਮਲੇ 'ਚ ਵਾਡਰਾ ਨੇ ਦਿੱਲੀ ਹਾਈਕੋਰਟ ਦਾ ਖੜਕਾਇਆ ਦਰਵਾਜ਼ਾ
. . .  1 day ago
ਨਵੀਂ ਦਿੱਲੀ, 20 ਮਾਰਚ- ਰਾਬਰਟ ਵਾਡਰਾ ਨੇ ਦਿੱਲੀ ਹਾਈਕੋਰਟ ਦਾ ਦਰਵਾਜ਼ਾ ਖੜਕਾਉਂਦੇ ਹੋਏ ਈ.ਡੀ. ਵੱਲੋਂ ਉਨ੍ਹਾਂ ਖ਼ਿਲਾਫ਼ ਮਨੀ ਲਾਂਡਰਿੰਗ ਮਾਮਲੇ 'ਚ ਪਟੀਸ਼ਨ ਦਾਇਰ ਕਰਨ ਦੀ.....
ਹਰ ਫਰੰਟ 'ਤੇ ਫੇਲ੍ਹ ਹੋਈ ਕੈਪਟਨ ਸਰਕਾਰ- ਸੁਖਬੀਰ ਬਾਦਲ
. . .  1 day ago
ਤਪਾ ਮੰਡੀ/ਸ਼ਹਿਣਾ, 20 ਮਾਰਚ (ਵਿਜੇ ਸ਼ਰਮਾ, ਸੁਰੇਸ਼ ਗੋਗੀ)- ਸੂਬੇ ਦੀ ਕੈਪਟਨ ਸਰਕਾਰ ਹਰ ਫਰੰਟ 'ਤੇ ਫੇਲ੍ਹ ਹੋਈ ਹੈ, ਕਿਉਂਕਿ ਹਰ ਵਰਗ ਆਪਣੀਆਂ ਹੱਕੀ ਮੰਗਾਂ ਨੂੰ ਲੈ ਸੜਕਾਂ 'ਤੇ ਧਰਨੇ ਦੇ ਰਿਹਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ...
ਹੋਰ ਖ਼ਬਰਾਂ..

ਸਾਡੇ ਪਿੰਡ ਸਾਡੇ ਖੇਤ

ਹਰੇ ਚਾਰਿਆਂ ਵਿਚਲੇ ਜ਼ਹਿਰੀਲੇ ਖ਼ੁਰਾਕੀ ਤੱਤਾਂ ਦੇ ਕਾਰਨ ਅਤੇ ਨਿਸ਼ਾਨੀਆਂ

ਪਸ਼ੂ ਰੱਖਣ ਵਾਲੇ ਇਕ ਸਫ਼ਲ ਕਿਸਾਨ ਲਈ ਸਾਰਾ ਸਾਲ ਹੀ ਹਰਾ ਚਾਰਾ ਪੈਦਾ ਕਰਨਾ ਬਹੁਤ ਜ਼ਰੂਰੀ ਹੈ। ਪੰਜਾਬ ਵਿਚ ਇਸ ਵੇਲੇ 81.2 ਲਖ (62.4 ਲੱਖ ਵਡੇ) ਪਸ਼ੂ ਹਨ। ਇੰਨੇ ਪਸ਼ੂਆਂ ਨੂੰ ਪੂਰਾ ਤੇ ਚੰਗਾ ਚਾਰਾ ਦੇਣ ਲਈ ਚਾਰੇ ਦੀ ਪੈਦਾਵਾਰ ਵਿਚ ਵਾਧੇ ਦੀ ਲੋੜ ਹੈ। ਹਰੇ ਚਾਰੇ ਨਾ ਸਿਰਫ਼ ਦੁੱਧ ਦੀ ਪੈਦਾਵਾਰ ਵਿਚ ਵਾਧਾ ਕਰਨ ਵਿਚ ਮਦਦ ਕਰਦੇ ਹਨ, ਸਗੋਂ ਸੁੱਕੇ ਚਾਰਿਆਂ ਅਤੇ ਦਾਣਿਆਂ ਨਾਲੋਂ ਹਰੇ ਚਾਰਿਆਂ ਰਾਹੀਂ ਖੁਰਾਕੀ ਤੱਤ ਸਪਲਾਈ ਕਰਨੇ ਬਹੁਤ ਸਸਤੇ ਰਹਿੰਦੇ ਹਨ। ਪ੍ਰੰਤੂ ਕਈ ਵਾਰ ਇਨ੍ਹਾਂ ਚਾਰਿਆਂ ਵਿਚ ਜ਼ਹਿਰੀਲਾ ਮਾਦਾ ਪੈਦਾ ਹੋ ਜਾਂਦਾ ਹੈ ਅਤੇ ਇਹ ਪਸ਼ੂਆਂ ਨੂੰ ਖੁਆਉਣ ਯੋਗ ਨਹੀਂ ਰਹਿੰਦੇ। ਸੋ, ਹਰੇ ਚਾਰਿਆਂ ਨੂੰ ਚਾਰਨ ਸਮੇਂ ਹੇਠ ਲਿਖੇ ਜ਼ਰੂਰੀ ਨੁਕਤੇ ਜ਼ਰੂਰ ਵਿਚਾਰਨੇ ਚਾਹੀਦੇ ਹਨ:
1. ਨਾਈਟ੍ਰੇਟਨਾਈਟਰਾਈਟ : ਹਰੇ ਚਾਰੇ ਜਿਵੇਂ ਕਿ ਜਵੀ, ਮਕੀ,ਜੌਂ, ਸ਼ਲਗਮ ਅਤੇ ਚਕੰਦਰ ਵਿਚ ਕਈ ਵਾਰ ਇਹ ਜ਼ਹਿਰੀਲਾ ਮਾਦਾ ਪਾਇਆ ਜਾਦਾ ਹੈ। ਕਈ ਨਦੀਨ ਜਿਵੇਂ ਕਿ ਚੁਪਤੀ/ਇਟਸਿਟ ਵਿਚ ਜ਼ਹਿਰੀਲਾ ਮਾਦਾ 0.2 ਪ੍ਰਤੀਸ਼ਤ (2000 ਪੀ.ਪੀ.ਐਮ.) ਤੋਂ ਜ਼ਿਆਦਾ ਹੁੰਦਾ ਹੈ, ਜੋ ਪਸ਼ੂਆਂ ਲਈ ਘਾਤਕ ਹੁੰਦਾ ਹੈ। ਜ਼ਿਆਦਾ ਨਾਈਟ੍ਰੋਜਨ ਜਾਂ ਰੂੜੀ ਦੀ ਖਾਦ ਪਾਉਣ ਨਾਲ ਪੌਦਿਆਂ ਵਿਚ ਨਾਈਟ੍ਰੇਟ ਜ਼ਿਆਦਾ ਮਾਤਰਾ ਵਿਚ ਜਮ੍ਹਾਂ ਹੋ ਜਾਂਦਾ ਹੈ। ਸੋਕੇ ਦੀ ਹਾਲਤ ਵਿਚ ਜਾਂ 2,4 ਡੀ ਨਦੀਨਨਾਸ਼ਕ ਪਾਉਣ ਨਾਲ ਵੀ ਇਹ ਮਾਦਾ ਜ਼ਿਆਦਾ ਹੋ ਜਾਂਦਾ ਹੈ। ਨਾਈਟ੍ਰੇਟ ਪਸ਼ੂਆਂ ਦਾ ਸਿੱਧਾ ਨੁਕਸਾਨ ਨਹੀਂ ਕਰਦਾ ਪਰ ਇਸ ਤੋਂ ਤਬਦੀਲ ਹੋਈ ਨਾਈਟਰਾਈਟ ਜ਼ਹਿਰੀਲੀ ਹੁੰਦੀ ਹੈ। ਇਹ ਨਾਈਟਰਾਈਟ ਖੂਨ ਵਿਚਲੇ ਹਿਮੋਗਲੋਬਿਨ ਨੂੰ ਮੈਥਹਿਮੋਗਲੋਬਿਨ ਵਿਚ ਤਬਦੀਲ ਕਰ ਦਿੰਦੀ ਹੈ, ਜਿਸ ਨਾਲ ਖੂਨ ਵਿਚ ਆਕਸੀਜਨ ਦਾ ਵਹਾਅ ਘੱਟ ਜਾਂਦਾ ਹੈ। ਇਸ ਨਾਲ ਪਸ਼ੂਆਂ ਦੀ ਸਿਹਤ 'ਤੇ ਮਾੜਾ ਅਸਰ ਪੈਂਦਾ ਹੈ ਤੇ ਦੁੱਧ ਘੱਟ ਜਾਂਦਾ ਹੈ। ਜ਼ਿਆਦਾ ਜ਼ਹਿਰ ਹੋਣ ਕਾਰਨ ਪਸ਼ੂਆਂ ਦਾ ਬੱਚਾ ਡਿਗ ਪੈਂਦਾ ਹੈ ਤੇ ਪਸ਼ੂਆਂ ਦੀ ਮੌਤ ਵੀ ਹੋ ਸਕਦੀ ਹੈ। ਮਾਦਾ ਪਸ਼ੂਆਂ ਦੀ ਪਿਸ਼ਾਬ ਵਾਲੀ ਥਾਂ ਅੰਦਰੋਂ ਨੀਲੀ ਹੋ ਜਾਂਦੀ ਹੈ, ਜਿਹੜਾ ਕਿ ਇਸ ਜ਼ਹਿਰ ਦਾ ਪ੍ਰਮੁੱਖ ਲਛਣ ਹੈ। ਇਸ ਤੋਂ ਬਿਨਾਂ ਪਸ਼ੂਆਂ ਨੂੰ ਸਾਹ ਔਖਾ ਆਉਂਦਾ ਹੈ ਉਹ ਦੰਦ ਚਬਾਉਂਦੇ ਹਨ, ਮੂੰਹ ਵਿਚੋਂ ਲਾਰਾਂ ਡਿਗਦੀਆਂ ਹਨ, ਪਸ਼ੂ ਔਖਾ ਮਹਿਸੂਸ ਕਰਦਾ ਹੈ ਅਤੇ ਨਬਜ਼ ਦੀ ਦਰ ਵੱਧ ਜਾਂਦੀ ਹੈ। ਮਿਥਾਈਲੀਨਬਲਯੂ ਜਾਂ ਅਸਕਾਰਬਿਕ ਐਸਿਡ ਦੇਣ ਨਾਲ ਮੈਥਹਿਮੋਗਲੋਬਿਨ ਨੂੰ ਹਿਮੋਗਲੋਬਿਨ ਵਿਚ ਤਬਦੀਲ ਕੀਤਾ ਜਾ ਸਕਦਾ ਹੈ, ਜਿਸ ਨਾਲ ਨਾਈਅਰਾਈਟ ਦਾ ਅਸਰ ਘੱਟ ਕੀਤਾ ਜਾ ਸਕਦਾ ਹੈ।
2. ਆਗਜ਼ਾਲੇਟ : ਪੰਜਾਬ ਵਿਚ ਜੋ ਹਰੇ ਚਾਰੇ ਉਗਾਏ ਜਾਂਦੇ ਹਨ ਉਨ੍ਹਾਂ ਵਿਚ ਇਸ ਦੀ ਮਾਤਰਾ ਜ਼ਿਆਦਾ ਨਹੀਂ ਹੁੰਦੀ ਲੇਕਿਨ ਥੋੜ੍ਹੀ ਮਾਤਰਾ ਵਾਲੇ ਹਰੇ ਚਾਰੇ ਜਿਵੇਂ ਕਿ ਗਿੰਨੀ ਘਾਹ, ਬਾਜਰਾ, ਨੇਪੀਆਰ ਬਾਜਰਾ ਹਾਈਬ੍ਰਿਡ ਅਤੇ ਕਈ ਤਰ੍ਹਾਂ ਦੇ ਨਦੀਨ ਜਿਵੇਂ ਕਿ ਇਟਸਿਟ/ਚੁਪਤੀ ਅਤੇ ਪਰਾਲੀ (ਹਰਾ ਪਦਾਰਥ ਨਹੀਂ ਹੈ) ਲਗਾਤਾਰ ਪਾਉਣ ਨਾਲ ਇਸ ਦਾ ਅਸਰ ਪਸ਼ੂਆਂ 'ਤੇ ਹੋ ਜਾਂਦਾ ਹੈ। ਨਾਈਟ੍ਰੋਜ਼ਨ ਤੇ ਪੋਟਾਸ਼ ਵਾਲੀਆਂ ਖਾਦਾਂ ਜ਼ਿਆਦਾ ਪਾਉਣ ਨਾਲ ਵੀ ਇਸ ਦੀ ਮਾਤਰਾ ਜ਼ਿਆਦਾ ਹੋ ਜਾਂਦੀ ਹੈ। ਆਗਜ਼ਾਲੇਟ ਦੋ ਪ੍ਰਕਾਰ ਦੇ ਹੁੰਦੇ ਹਨ, ਘੁਲਣਯੋਗ ਤੇ ਨਾਘੁਲਣਯੋਗ। ਨਾਘੁਲਣਯੋਗ ਆਗਜ਼ਾਲੇਟ ਖ਼ਤਰਨਾਕ ਨਹੀਂ ਹੁੰਦੇ, ਕਿਉਂਕਿ ਇਹ ਪਸ਼ੂਆਂ ਦੇ ਸਰੀਰ ਵਿਚੋਂ ਮਲਮੂਤਰ ਰਾਹੀਂ ਬਾਹਰ ਚਲੇ ਜਾਂਦੇ ਹਨ। ਘੁਲਣਯੋਗ ਆਗਜ਼ਾਲੇਟ ਨੁਕਸਾਨਦੇਹ ਹੁੰਦੇ ਹਨ ਕਿਉਂਕਿ ਇਹ ਕਾਰਬੋਨੇਟ ਤੇ ਬਾਈਕਾਰਬੋਨੇਟ ਵਿਚ ਟੁੱਟ ਜਾਂਦੇ ਹਨ। ਜੇਕਰ ਆਗਜ਼ਾਲੇਟ ਦੀ ਮਾਤਰਾ ਪਸ਼ੂਆਂ ਦੇ ਸਰੀਰਕ ਭਾਰ ਦਾ 0.1 ਪ੍ਰਤੀਸ਼ਤ ਤੋਂ ਘੱਟ ਹੈ ਤਾਂ ਇਹ ਨੁਕਸਾਨ ਨਹੀਂ ਕਰਦੀ ਲੇਕਿਨ ਭੁੱਖੇ ਪਸ਼ੂਆਂ ਲਈ ਇਹ ਮਾਤਰਾ ਖ਼ਤਰਨਾਕ ਸਿੱਧ ਹੋ ਸਕਦੀ ਹੈ। ਹਰੇ ਚਾਰੇ ਜਿਨ੍ਹਾਂ ਵਿਚ ਆਗਜ਼ਾਲੇਟ ਦੀ ਮਾਤਰਾ 10 ਪ੍ਰਤੀਸ਼ਤ ਤੋਂ ਜ਼ਿਆਦਾ ਹੈ, ਪਸ਼ੂਆਂ ਦਾ ਨੁਕਸਾਨ ਕਰਦੇ ਹਨ। ਜੁਗਾਲੀ ਕਰਨ ਵਾਲੇ ਪਸ਼ੂਆਂ ਦੇ ਸਰੀਰ ਵਿਚ ਇਹ ਜ਼ਹਿਰ ਛੇਤੀ ਚਲੀ ਜਾਂਦੀ ਹੈ ਤੇ ਗੁਰਦਿਆਂ 'ਤੇ ਮਾੜਾ ਅਸਰ ਕਰਦੀ ਹੈ। ਇਸ ਨਾਲ ਪਸ਼ੂਆਂ ਵਿਚ ਕੈਲਸ਼ੀਅਮ ਦੀ ਘਾਟ ਆ ਜਾਂਦੀ ਹੈ ਅਤੇ ਗੁਰਦੇ ਵਿਚ ਪੱਥਰੀ ਬਣ ਜਾਂਦੀ ਹੈ। ਇਸ ਜ਼ਹਿਰ ਕਾਰਨ ਪਸ਼ੂ ਸਾਹ ਲੈਣ ਵਿਚ ਔਖ ਮਹਿਸੂਸ ਕਰਦੇ ਹਨ, ਨੱਕ ਵਗਦਾ ਹੈ, ਮੂੰਹ ਵਿਚੋਂ ਝੱਗ ਆਉਂਦੀ ਹੈ, ਕਬਜ਼ ਹੋ ਜਾਂਦੀ ਹੈ, ਪਸ਼ੂ ਕਮਜ਼ੋਰ ਹੋ ਜਾਂਦਾ ਹੈ, ਬੇਹੋਸ਼ ਹੋ ਜਾਂਦਾ ਹੈ ਤੇ ਮੌਤ ਵੀ ਹੋ ਸਕਦੀ ਹੈ। ਇਸ ਤੋਂ ਬਚਾਅ ਲਈ ਪਸ਼ੂਆਂ ਨੂੰ ਕੈਲਸ਼ੀਅਮ, ਡਾਈਕੈਲਸ਼ੀਅਮਫਾਸਫੇਟ ਅਤੇ ਕੈਲਸ਼ੀਅਮਕਾਰਬੋਰੇਟ ਦੇ ਰੂਪ ਵਿਚ ਖੁਰਾਕ ਵਿਚ ਦੇਣਾ ਚਾਹੀਦਾ ਹੈ। ਧਾਤਾਂ ਦਾ ਚੂਰਾ ਪਾਉਣ ਨਾਲ ਵੀ ਪਸ਼ੂਆਂ ਦੀ ਸਿਹਤ ਠੀਕ ਰੱਖੀ ਜਾ ਸਕਦੀ ਹੈ। (ਬਾਕੀ ਅਗਲੇ ਅੰਕ 'ਚ)


-ਅਮਨਪ੍ਰੀਤ, ਸਾਹਿਬਾ ਮਾਨ ਗਰੇਵਾਲ ਅਤੇ ਅਮਨਦੀਪ ਸਿੰਘ ਬਰਾੜ
ਕ੍ਰਿਸ਼ੀ ਵਿਗਿਆਨ ਕੇਂਦਰ, ਮੋਗਾ।


ਖ਼ਬਰ ਸ਼ੇਅਰ ਕਰੋ

ਕਨੋਲਾ ਸਰ੍ਹੋਂ

ਗੁਣਵੱਤਾ, ਕਾਸ਼ਤ ਅਤੇ ਸਾਂਭ-ਸੰਭਾਲ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਰਾਇਆ
ਆਰ ਐਲ ਸੀ 3: ਇਹ ਰਾਇਆ ਦੀ ਪੂਰੇ ਭਾਰਤ ਵਿਚ ਪਹਿਲੀ ਕਨੋਲਾ ਕਿਸਮ ਹੈ। ਇਸ ਕਿਸਮ ਦੇ ਦਾਣੇ ਪੀਲੇ, ਕੱਦ ਦਰਮਿਆਨਾ ਅਤੇ ਸੇਂਜੂ ਹਾਲਤਾਂ ਵਿਚ ਸਮੇਂ ਸਿਰ ਬਿਜਾਈ ਲਈ ਬਹੁਤ ਢੁਕਵੀਂ ਹੈ। ਇਹ ਕਿਸਮ ਚਿੱਟੀ ਕੁੰਗੀ ਨੂੰ ਸਹਿ ਸਕਦੀ ਹੈ। ਇਸ ਦਾ ਔਸਤ ਝਾੜ 7.3 ਕੁਇੰਟਲ ਪ੍ਰਤੀ ਏਕੜ ਹੈ ਅਤੇ ਤੇਲ ਦੀ ਮਾਤਰਾ 41.5 ਪ੍ਰਤੀਸ਼ਤ ਹੈ । ਇਹ 145 ਦਿਨਾਂ ਵਿਚ ਪੱਕ ਜਾਂਦੀ ਹੈ।
ਬਿਜਾਈ ਸਮਾਂ: ਇਹ ਕਨੋਲਾ ਕਿਸਮਾਂ ਦੂਸਰੀਆਂ ਗੋਭੀ ਸਰ੍ਹੋਂ ਅਤੇ ਰਾਇਆ ਸਰ੍ਹੋਂ ਕਿਸਮਾਂ ਵਾਂਗ ਹੀ ਸੇਂਜੂ ਹਾਲਤਾਂ ਵਿਚ ਲਗਭਗ ਸਾਰੀ ਤਰ੍ਹਾਂ ਦੀਆਂ ਜ਼ਮੀਨਾਂ ਵਿਚ ਵਧੀਆ ਹੁੰਦੀਆਂ ਹਨ। ਗੋਭੀ ਸਰ੍ਹੋਂ ਪੀ. ਏ. ਸੀ. 401, ਜੀ. ਐਸ. ਸੀ. 6 ਅਤੇ ਜੀ. ਐਸ. ਸੀ. 7 ਕਿਸਮਾਂ ਅਕਤੂਬਰ 10 ਤੋਂ 30 ਤੱਕ ਅਤੇ ਰਾਇਆ ਆਰ ਐਲ ਸੀ 3 ਕਿਸਮ ਅੱਧ ਅਕਤੂਬਰ ਤੋਂ ਅੱਧ ਨਵੰਬਰ ਤੱਕ ਬੀਜੀ ਜਾ ਸਕਦੀ ਹੈ।
ਬਿਜਾਈ ਢੰਗ: ਬੀਜਣ ਲਈ ਖੇਤ ਨੂੰ 2 ਤੋਂ 4 ਵਾਰ ਵਾਹੋ ਅਤੇ ਹਰ ਵਾਹੀ ਬਾਅਦ ਸੁਹਾਗਾ ਜ਼ਰੂਰ ਫੇਰੋ। ਚੰਗੇ ਵੱਤਰ ਵਾਲੇ ਖੇਤ ਵਿਚ ਇਹ ਫ਼ਸਲਾਂ ਨਿਰੋਲ ਬਿਜਾਈ, ਦੋ-ਤਰਫ਼ਾ ਬਿਜਾਈ ਜਾਂ ਬਿਨਾਂ ਵਹਾਈ ਤੋਂ ਬਿਜਾਈ ਵਿਧੀਆਂ ਨਾਲ ਬੀਜੀਆਂ ਜਾ ਸਕਦੀਆਂ ਹਨ। ਡਰਿੱਲ ਜਾਂ ਪੋਰੇ ਨਾਲ 1.5 ਕਿਲੋ ਬੀਜ ਪ੍ਰਤੀ ਏਕੜ ਪਾ ਕੇ ਬਿਜਾਈ 30 ਸੈਂਟੀਮੀਟਰ ਵਿੱਥ ਵਾਲੀਆਂ ਲਾਈਨਾਂ ਵਿਚ, 10 ਤੋਂ 15 ਸੈਂਟੀਮੀਟਰ ਦੂਰੀ ਤੇ 4-5 ਸੈਂਟੀਮੀਟਰ ਡੂੰਘੀ ਕਰੋ। ਗੋਭੀ ਸਰ੍ਹੋਂ ਦੀ ਪਛੇਤੀ ਬਿਜਾਈ ਭਾਵ ਨਵੰਬਰ ਤੋਂ ਅੱਧ ਦਸੰਬਰ ਤੱਕ ਬੀਜਣ ਲਈ 30 ਦਿਨ ਪਹਿਲਾਂ ਤੋਂ ਤਿਆਰ ਕੀਤੀ ਪਨੀਰੀ 45 ਸੈਂਟੀਮੀਟਰ ਦੀ ਵਿੱਥ ਤੇ ਸਿਆੜਾਂ ਵਿਚ ਬੂਟੇ ਤੋਂ ਬੂਟੇ 10 ਤੋਂ 15 ਸੈਂਟੀਮੀਟਰ ਦੀ ਵਿੱਥ ਤੇ ਲਾਓ ਅਤੇ ਤੁਰੰਤ ਪਾਣੀ ਲਗਾਓ।
ਖਾਦਾਂ: ਖਾਦਾਂ ਦਾ ਇਸਤੇਮਾਲ ਮਿੱਟੀ ਪਰਖ ਰਿਪੋਰਟ ਅਨੁਸਾਰ ਹੀ ਕਰੋ ਜਾਂ ਦਰਮਿਆਨੀਆਂ ਜ਼ਮੀਨਾਂ ਵਿਚ ਯੂਰੀਆ 90 ਕਿਲੋ, ਸੁਪਰਫਾਸਫੇਟ 75 ਕਿਲੋ ਅਤੇ ਮਿਊਰੇਟ ਆਫ ਪੋਟਾਸ਼ 10 ਕਿਲੋ ਪਾਓ। ਸਾਰੀ ਫ਼ਾਸਫ਼ੋਰਸ, ਪੋਟਾਸ਼ ਅਤੇ ਅੱਧੀ ਨਾਈਟ੍ਰੋਜਨ ਬਿਜਾਈ ਸਮੇਂ ਪਾਉ। ਬਾਕੀ ਦੀ ਅੱਧੀ ਨਾਈਟ੍ਰੋਜਨ ਪਹਿਲੇ ਪਾਣੀ ਨਾਲ ਪਾਉ।
ਨਦੀਨਾਂ ਦੀ ਰੋਕਥਾਮ: ਬਿਜਾਈ ਤੋਂ 3 ਹਫ਼ਤੇ ਪਿੱਛੋਂ ਇਕ ਜਾਂ ਦੋ ਗੋਡੀਆਂ ਨਦੀਨਾਂ ਦੀ ਰੋਕਥਾਮ ਲਈ ਕਾਫ਼ੀ ਹੁੰਦੀਆਂ ਹਨ। ਇਹ ਗੋਡੀਆਂ ਹੱਥੀਂ ਖੁਰਪੇ ਨਾਲ ਜਾਂ ਹੈਂਡ-ਹੋ ਨਾਲ ਕੀਤੀਆਂ ਜਾ ਸਕਦੀਆਂ ਹਨ।
ਕਟਾਈ: ਮਾਰਚ ਦੇ ਅਖੀਰ ਜਾਂ ਜਦੋਂ ਫਲੀਆਂ ਪੀਲੀਆਂ ਹੋ ਜਾਣ ਤਾਂ ਫ਼ਸਲ ਕੱਟਣ ਲਈ ਤਿਆਰ ਹੋ ਜਾਂਦੀ ਹੈ। ਬੀਜ ਝੜਨ ਤੋਂ ਬਚਾਉਣ ਲਈ (ਖਾਸ ਕਰਕੇ ਗੋਭੀ ਸਰ੍ਹੋਂ) ਕਟਾਈ ਸਮੇਂ ਸਿਰ ਕਰਨੀ ਜ਼ਰੂਰੀ ਹੈ। ਕੱਟੀ ਹੋਈ ਫ਼ਸਲ ਗਾਹੁਣ ਤੋਂ 7-10 ਦਿਨ ਪਹਿਲਾਂ ਢੇਰ ਬਣਾ ਕੇ ਰੱਖਣੀ ਚਾਹੀਦੀ ਹੈ, ਜਿਸ ਨਾਲ ਬੀਜ ਆਸਾਨੀ ਨਾਲ ਨਿਕਲ ਆਉਂਦਾ ਹੈ । ਗਹਾਈ ਲਈ ਕਿੱਲੀਆਂ ਵਾਲਾ ਕਣਕ ਦਾ ਥਰੈਸ਼ਰ ਕੁਝ ਬਦਲਾਅ ਕਰਕੇ ਵੀ ਵਰਤਿਆ ਜਾ ਸਕਦਾ ਹੈ।
ਪੌਦ ਸੁਰੱਖਿਆ: ਇਨ੍ਹਾਂ ਫ਼ਸਲਾਂ ਉਤੇ ਕਈ ਕਿਸਮਾਂ ਦੇ ਕੀੜੇ ਹਮਲਾ ਕਰਦੇ ਹਨ ਜਿਨ੍ਹਾਂ ਦੀ ਸਹੀ ਪਹਿਚਾਣ ਅਤੇ ਰੋਕਥਾਮ ਵਧੀਆ ਝਾੜ ਲੈਣ ਲਈ ਜ਼ਰੂਰੀ ਹਨ। ਇਨ੍ਹਾਂ ਫ਼ਸਲਾਂ ਦੇ ਮੁੱਖ ਕੀੜੇ ਹੇਠ ਲਿਖੇ ਹਨ:
ਚੇਪਾ : ਇਹ ਛੋਟੇ ਤੇ ਜਵਾਨ ਕੀੜੇ, ਪੱਤਿਆਂ, ਨਰਮ ਟਾਹਣੀਆਂ ਤੇ ਫੁੱਲਾਂ ਦਾ ਰਸ ਚੂਸਦੇ ਹਨ। ਜਿਸ ਦੇ ਸਿੱਟੇ ਵੱਜੋਂ ਪੌਦਾ ਮੱਧਰਾ ਰਹਿ ਜਾਂਦਾ ਹੈ, ਫਲੀਆਂ ਸੁਕੜ ਜਾਂਦੀਆਂ ਹਨ ਅਤੇ ਬੀਜ ਨਹੀਂ ਬਣਦੇ । ਜਨਵਰੀ ਦੇ ਪਹਿਲੇ ਹਫ਼ਤੇ ਤੋਂ, ਇਕ ਦੂਜੇ ਤੋਂ ਦੂਰ-ਦੂਰ 12 ਤੋਂ 16 ਪੌਦੇ ਪ੍ਰਤੀ ਏਕੜ ਦੀ ਵਿਚਕਾਰਲੀ ਸ਼ਾਖ ਦੇ ਸਿਰੇ ਤੇ 50 ਤੋਂ 60 ਚੇਪੇ ਪ੍ਰਤੀ 10 ਸੈਂਟੀਮੀਟਰ ਜਾਂ ਜਦੋਂ ਬੂਟੇ ਦੀ ਵਿਚਕਾਰਲੀ ਸ਼ਾਖ ਦਾ ਸਿਰਾ 0.5 ਤੋਂ 1.0 ਸੈਂਟੀਮੀਟਰ ਚੇਪੇ ਨਾਲ ਢੱਕਿਆ ਹੋਣ ਤੇ ਜਾਂ 40 ਤੋਂ 50 ਪ੍ਰਤੀਸ਼ਤ ਪੌਦਿਆਂ 'ਤੇ ਚੇਪਾ ਨਜ਼ਰ ਆਉਣ 'ਤੇ ਹੀ ਕੀਟ ਨਾਸ਼ਕ ਦਵਾਈਆਂ ਦੀ ਵਰਤੋਂ ਕਰੋ। ਰੋਕਥਾਮ ਲਈ ਥਾਇਆਮੈਥੋਕਸਮ 25 ਡਬਲਯੂ ਜੀ (ਐਕਟਾਰਾ) 40 ਗ੍ਰਾਮ, ਔਕਸੀਡੈਮੀਟੋਨ ਮੀਥਾਈਲ 25 ਈ ਸੀ (ਮੈਟਾਸਿਸਟਾਕਸ), ਡਾਈਮੈਥੋਏਟ 30 ਈ ਸੀ (ਰੋਗਰ) 400 ਮਿਲੀਲਿਟਰ, ਕਲੋਰਪਾਈਰੀਫਾਸ 20 ਈ ਸੀ (ਡਰਸਬਾਨ/ਕੋਰੋਬਾਨ) 600 ਮਿਲੀਲਿਟਰ ਦਵਾਈ ਪ੍ਰਤੀ ਏਕੜ ਫ਼ਸਲ ਦੀ ਹਾਲਤ ਅਨੁਸਾਰ 80 ਤੋਂ 125 ਲਿਟਰ ਪਾਣੀ ਵਿਚ ਘੋਲ ਕੇ ਛਿੜਕੋ।
(ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)


-ਪੀ.ਏ.ਯੂ., ਫਾਰਮ ਸਲਾਹਕਾਰ ਸੇਵਾ ਸਕੀਮ, ਨੂਰਮਹਿਲ, ਜਲੰਧਰ।
maninder-fass@gmail.com

ਪੁਰਾਤਨ ਵਸਤਾਂ ਦਾ ਦੁਰਲੱਭ ਖ਼ਜ਼ਾਨਾ ਸਾਂਭੀ ਬੈਠਾ ਹੈ ਮਾਸਟਰ ਕੁਲਵੰਤ ਸਿੰਘ ਨਸੀਰੇ ਵਾਲਾ

ਅੱਜ ਦੇ ਆਧੁਨਿਕ ਦੌਰ ਦੀ ਮੰਡੀ ਵਿਚ ਅਤੇ ਕੰਪਿਉਟਰ ਯੁੱਗ ਵਿਚ ਮਨੁੱਖ ਉੱਲਝ ਕੇ ਰਹਿ ਗਿਆ ਹੈ ਅਤੇ ਆਦਮੀ ਮਸ਼ੀਨੀ ਯੁੱਗ ਦੀ ਗੱਲ ਕਰਦਾ ਖੁਦ ਮਸ਼ੀਨ ਬਣ ਕੇ ਰਹਿ ਗਿਆ ਹੈ ਪਰ ਜੇਕਰ ਪੁਰਾਤਨ ਸਮੇਂ ਦੀ ਗੱਲ ਕਰੀਏ ਤਾਂ ਪੁਰਾਤਨ ਸਮੇਂ ਵਿਚ ਐਸ਼ੋ-ਆਰਾਮ ਦੇ ਸਾਧਨਾਂ ਦੀ ਭਾਵੇਂ ਘਾਟ ਸੀ ਪਰ ਮਨੁੱਖ ਹੱਥੀਂ ਕਿਰਤ ਨੂੰ ਤਰਜੀਹ ਦਿੰਦਾ ਸੀ ਅਤੇ ਉਸ ਦਾ ਜੀਵਨ ਜਿਊਣ ਦਾ ਢੰਗ ਵੀ ਐਨਾ ਨਿਰਾਲਾ ਸੀ ਕਿ ਉਹ ਸਾਦਾ ਤੇ ਲੰਬਾ ਜੀਵਨ ਬਤੀਤ ਕਰਦਾ ਸੀ। ਉਸ ਪੁਰਾਤਨ ਸਮੇਂ ਵਿਚ ਸਾਡੇ ਜੀਵਨ ਅਤੇ ਸਾਡੀ ਰੋਜ਼ਮਰ੍ਹਾ ਦੀ ਜ਼ਿੰਦਗੀ ਵਿਚ ਵਰਤੀਆਂ ਜਾਣ ਵਾਲੀਆਂ ਵਸਤਾਂ ਨੂੰ ਇਕ ਵੱਖਰੇ ਤਰ੍ਹਾਂ ਦੇ ਅਜਾਇਬ ਘਰ ਵਿਚ ਸਾਂਭੀ ਬੈਠਾ ਹੈ ਮਾਸਟਰ ਕੁਲਵੰਤ ਸਿੰਘ ਨਸੀਰੇ ਵਾਲਾ। ਜਦ ਮੈਨੂੰ ਮਾਸਟਰ ਕੁਲਵੰਤ ਸਿੰਘ ਦੇ ਮੋਗਾ ਜ਼ਿਲ੍ਹੇ ਦੀ ਸਬ ਤਹਿਸੀਲ ਵਜੋਂ ਜਾਣੇ ਜਾਂਦੇ ਹਲਕਾ ਧਰਮਕੋਟ ਵਿਖੇ ਘਰ ਜਾਣ ਦਾ ਮੌਕਾ ਮਿਲਿਆ ਤਾਂ ਮਾਸਟਰ ਜੀ ਨੇ ਬੜੀ ਲੰਮੀ ਘਾਲਣਾ ਘਾਲ ਕੇ ਇਕੱਤਰ ਕੀਤੀਆਂ ਦੁਰਲੱਭ ਪੁਰਾਤਨ ਵਸਤਾਂ ਨੂੰ ਵਿਖਾਇਆ ਤਾਂ ਮੈਂ ਹੈਰਾਨ ਹੋਏ ਬਿਨਾਂ ਨਹੀਂ ਰਹਿ ਸਕਿਆ ਅਤੇ ਬਿਨਾਂ ਸ਼ੱਕ ਉਨ੍ਹਾਂ ਵਸਤਾਂ ਨੂੰ ਵੇਖ ਕੇ ਪੁਰਾਤਨ ਵਿਰਸੇ ਦੀ ਬਾਤ ਤਾਂ ਪੈਂਦੀ ਹੀ ਹੈ ਪਰ ਪੁਰਾਤਨ ਸੱਭਿਆਚਾਰ, ਪੁਰਾਤਨ ਤੌਰ ਤਰੀਕੇ ਅਤੇ ਪੁਰਾਤਨ ਮਜ਼ਬੂਤ ਜ਼ਿੰਦਗੀ ਦੀ ਝਲਕ ਵੀ ਮਨ ਨੂੰ ਟੁੰਭ ਜਾਂਦੀ ਹੈ । ਆਪਣੇ ਘਰ ਦੇ ਵਿਚ ਹੀ ਅਲੱਗ ਕਮਰਾਨੁਮਾ ਅਜਾਇਬ ਘਰ ਵਿਚ ਮਾਸਟਰ ਕੁਲਵੰਤ ਸਿੰਘ ਨੇ ਅੰਗਰੇਜ਼ੀ ਰਾਜ ਦੇ ਸਿੱਕੇ, ਪਿੱਤਲ ਦੇ ਵੱਟੇ, ਪੁਰਾਤਨ ਦੀਵੇ, ਲਾਲਟਣ, ਚਰਖੇ ਨਾਲ ਸਬੰਧਿਤ ਅਟੇਰਨੇ, ਊਰੀ, ਨੜੇ, ਹੱਥੇ, ਗੋਟਾ, ਕਪਾਹ ਵੇਲਣ ਵਾਲਾ ਵੇਲਣਾ ਪੰਜ ਪੀੜੀਆਂ ਪੁਰਾਣਾ, ਬਰਤਨਾਂ ਵਿਚ ਗਿਲਾਸ, ਛੰਨੇ, ਗੜਵੀਆਂ, ਨਵਾਬਾਂ ਦੇ ਪੀਣ ਵਾਲੇ ਗਲਾਸ ਸੁਰਾਹੀਆਂ, ਗਰਾਮੋਫੋਨ, ਧੁੱਪ ਘੜੀ, ਸ਼ਾਹੀ ਘਰਾਣਿਆਂ ਵਿਚ ਵਰਤੀਆਂ ਜਾਣ ਵਾਲੀਆਂ ਕਲਮ ਦਵਾਤਾਂ, ਪੁਰਾਤਨ ਖੇਤੀਬਾੜੀ ਦੇ ਸੰਦ, ਪੁਰਾਣਾ ਸੌ ਸਾਲਾ ਸਫਾਜੰਗ, ਸੰਖ, ਹਮਾਮ, ਜਰੀਬਾਂ, ਗੱਡਾ, ਹਲਟ ਗੋਪੀਏ, ਗਲੇਲਾਂ, ਮੂੰਗਲੀਆਂ, ਹਰ ਤਰ੍ਹਾਂ ਦੇ ਗੜਵੇ, ਦੋ ਲੱਕੜੀ ਦੇ ਨਾਲ ਉਕਰੀਆਂ ਪੁਸਤਕਾਂ ਅਤੇ ਸੌ ਸਾਲਾ ਇਕ ਸਦੀ ਦਾ ਪੁਰਾਤਨ ਕੈਲੰਡਰ । ਗੱਲ ਕੀ ਕਿ ਮਾਸਟਰ ਕੁਲਵੰਤ ਸਿੰਘ ਦੇ ਘਰ ਵਿਚ ਪੁਰਾਤਨ ਜ਼ਿੰਦਗੀ ਦੇ ਹਰ ਰੰਗ ਦੀ ਤੁਹਾਨੂੰ ਵੰਨਗੀ ਮਿਲੇਗੀ ਅਤੇ ਮੇਰਾ ਖਿਆਲ ਹੈ ਕਿ ਅੱਜ ਦੀ ਨੌਜਵਾਨ ਪੀੜ੍ਹੀ ਲਈ ਵੇਖਣਾ ਤਾਂ ਇਹ ਇਕ ਸੁਪਨੇ ਸਮਾਨ ਲੱਗੇਗਾ ਹੀ ਅਤੇ ਨਾਲ ਹੀ ਗਏ ਵਕਤਾਂ ਦੇ ਅਮੀਰ ਸੱਭਿਆਚਾਰ, ਅਮੀਰ ਜੀਵਨ ਜਿਊਣ ਦੇ ਢੰਗਾਂ ਬਾਰੇ ਵੀ ਇਨ੍ਹਾਂ ਵਸਤਾਂ ਤੋਂ ਬੜਾ ਕੁਝ ਸਿੱਖਣ ਨੂੰ ਮਿਲਦਾ ਹੈ । ਸੱਚਮੁੱਚ ਹੀ ਮਾਸਟਰ ਕੁਲਵੰਤ ਸਿੰਘ ਦਾ ਇਹ ਅਜਾਇਬ ਘਰ ਸਾਡੇ ਅੱਜ ਦੇ ਨੌਜਵਾਨਾਂ ਲਈ ਪ੍ਰੇਰਨਾ ਸ੍ਰੋਤ ਹੈ ।


-ਉਪ ਦਫ਼ਤਰ 'ਅਜੀਤ', ਮੋਗਾ।

ਕਿਸਾਨਾਂ ਨੂੰ ਖੇਤੀ ਯੂਨੀਵਰਸਿਟੀ ਦੀ ਸਹੀ ਅਗਵਾਈ ਦੀ ਲੋੜ

ਕਰਜ਼ਿਆਂ ਦੀ ਮੁਆਫ਼ੀ ਦੀ ਉਡੀਕ ਕਰਦਿਆਂ-ਕਰਦਿਆਂ ਕਿਸਾਨ ਝੋਨੇ ਦੀ ਵਾਢੀ ਉਪਰੰਤ ਇਸ ਸਾਲ ਉਤਪਾਦਕਤਾ ਘਟਣ ਕਾਰਨ ਆਈ ਨਿਰਾਸ਼ਤਾ ਅਤੇ ਵਿਕਰੀ ਲਈ ਨਮੀਂ ਪ੍ਰਮਾਣਿਤ ਸੀਮਾ ਤੋਂ ਵੱਧ ਹੋਣ ਕਾਰਨ ਮੰਡੀਆਂ 'ਚ ਰੁਲਣ ਤੋਂ ਬਾਅਦ ਇਸ ਸੋਚ ਵਿਚ ਪੈ ਗਏ ਕਿ ਉਹ ਕਣਕ ਦੀ ਬਿਜਾਈ ਝੋਨੇ ਦੀ ਰਹਿੰਦ-ਖੂੰਹਦ-ਪਰਾਲੀ ਨੂੰ ਅੱਗ ਲਾਏ ਬਿਨਾਂ ਕਰਨ ਲਈ ਕਿਹੜੀ ਵਿਧੀ ਅਪਣਾਉਣ। ਪੰਜਾਬ ਖੇਤੀ ਯੂਨੀਵਰਸਿਟੀ ਵਲੋਂ ਤਾਂ ਪਰਾਲੀ ਨੂੰ ਇਕੱਠਾ ਕਰਨ ਲਈ ਬੇਲਰ ਮਸ਼ੀਨ ਦੀ ਵਰਤੋਂ ਕਰ ਕੇ ਗੰਢ੍ਹਾਂ ਰਾਹੀਂ ਖੇਤ 'ਚੋਂ ਬਾਹਰ ਕੱਢਣਾ, ਹੈਪੀ ਸੀਡਰ ਰਾਹੀਂ ਬਿਨਾਂ ਵਹਾਈ ਕਣਕ ਬੀਜਣਾ, ਰਹਿੰਦ-ਖੂੰਹਦ ਨੂੰ ਜ਼ਮੀਨ ਵਿਚ ਹੀ ਦਬਾ ਕੇ ਇਸ ਦੀ ਖਾਦ ਦੇ ਤੌਰ 'ਤੇ ਵਰਤੋਂ, ਸੁਪਰ ਐਸ. ਐਮ. ਐਸ. ਅਤੇ ਹੋਰ ਸਬਸਿਡੀ 'ਤੇ ਦਿੱਤੀ ਜਾਣ ਵਾਲੀਆਂ ਮਸ਼ੀਨਾਂ ਦਾ ਇਸਤੇਮਾਲ ਆਦਿ ਵਿਧੀਆਂ ਸਿਫ਼ਾਰਸ਼ ਕੀਤੀਆਂ ਗਈਆਂ ਹਨ। ਕਿਸਾਨਾਂ ਦੀ ਬਹੁਮੱਤ ਨੂੰ ਤਾਂ ਇਨ੍ਹਾਂ ਤਕਨੀਕਾਂ ਦਾ ਤਜਰਬਾ ਨਹੀਂ। ਉਹ ਦਹਾਕਿਆਂ ਤੋਂ ਰਹਿੰਦ-ਖੂੰਹਦ ਤੇ ਪਰਾਲੀ ਨੂੰ ਅੱਗ ਲਾ ਕੇ ਹੀ ਕਣਕ ਦੀ ਬਿਜਾਈ ਕਰ ਰਹੇ ਹਨ। ਪੰਜਾਬ ਸਰਕਾਰ ਅਤੇ ਪੰਜਾਬ ਰਾਜ ਪ੍ਰਦੂਸ਼ਣ ਬੋਰਡ ਵਲੋਂ ਜੁਰਮਾਨਿਆਂ ਅਤੇ ਸਜ਼ਾਵਾਂ ਦੀਆਂ ਦਿੱਤੀਆਂ ਜਾ ਰਹੀਆਂ ਧਮਕੀਆਂ ਤੋਂ ਉਹ ਪ੍ਰੇਸ਼ਾਨ ਹਨ। ਪ੍ਰੰਤੂ ਹੁਣ ਤੱਕ ਪਿਛਲੇ ਸਾਲਾਂ ਦੇ ਮੁਕਾਬਲੇ ਅੱਗ ਲਗਾਏ ਬਿਨਾਂ ਬੀਜੇ ਗਏ ਰਕਬੇ ਵਿਚ ਵਾਧਾ ਹੋਇਆ ਹੈ ਜੋ ਇਸ ਮੁਹਿੰਮ ਦਾ ਖੁਸ਼ਗਵਾਰ ਪਹਿਲੂ ਹੈ ਭਾਵੇਂ 269 ਕਰੋੜ ਦੀਆਂ ਸਬਸਿਡੀਆਂ ਦੇਣ ਉਪਰੰਤ ਵੀ ਅੱਗ ਲਾਉਣ ਵਾਲੇ ਕਿਸਾਨਾਂ ਦੀ ਗਿਣਤੀ ਵਧੀ ਹੈ ਜਿਸ ਵਿਚ ਬਹੁਮਤ ਛੋਟੇ ਤੇ ਸੀਮਿਤ ਕਿਸਾਨਾਂ ਦੀ ਹੈ ਜਿਨ੍ਹਾਂ ਕੋਲ ਸੁਪਰ ਹੈਪੀ ਸੀਡਰ ਜਿਹੀਆਂ ਮਸ਼ੀਨਾਂ ਨਹੀਂ ਅਤੇ ਨਾ ਹੀ ਉਨ੍ਹਾਂ ਨੂੰ 'ਕਸਟਮ' ਆਧਾਰ 'ਤੇ ਸਹੂਲਤਾਂ ਉਪਲੱਬਧ ਹਨ। ਖੇਤੀਬਾੜੀ ਵਿਭਾਗ ਵਲੋਂ ਇਕੱਠੇ ਕੀਤੇ ਗਏ ਅੰਕੜਿਆਂ ਅਨੁਸਾਰ ਅਜੇ ਤੱਕ ਤਕਰੀਬਨ 70 ਫ਼ੀਸਦੀ ਰਕਬੇ 'ਤੇ ਕਣਕ ਦੀ ਕਾਸ਼ਤ ਕੀਤੀ ਜਾ ਚੁੱਕੀ ਹੈ। ਕੁੱਲ 35 ਲੱਖ ਹੈਕਟੇਅਰ ਰਕਬੇ 'ਤੇ ਕਣਕ ਬੀਜੇ ਜਾਣ ਦੀ ਸੰਭਾਵਨਾ ਹੈ ਕਿਉਂਕਿ ਅੱਗ ਲਾਇਆਂ ਜ਼ਮੀਨ ਤਿਆਰ ਕਰ ਕੇ ਕਣਕ ਦੀ ਕਾਸ਼ਤ ਤੁਰੰਤ ਕੀਤੀ ਜਾ ਸਕਦੀ ਹੈ, ਇਸ ਲਈ ਹੁਣ ਬੀਜੇ ਜਾਣ ਵਾਲੇ ਰਕਬੇ 'ਤੇ ਅੱਗ ਲਾਉਣ ਦੀਆਂ ਘਟਨਾਵਾਂ ਵਧਣ ਦੀ ਸੰਭਾਵਨਾ ਹੈ। ਅੱਗ ਲਾਉਣ ਦੀ ਪ੍ਰਥਾ ਦਾ ਭੋਗ ਪਾਉਣ ਲਈ ਕਿਸਾਨਾਂ ਨੂੰ ਇਸ ਤੋਂ ਪੈਦਾ ਹੋਣ ਵਾਲੇ ਨੁਕਸਾਨਾਂ ਤੋਂ ਜਾਗਰੂਕ ਕਰਾਉਣ ਲਈ ਸਰਕਾਰ ਪੱਛੜੀ ਹੈ। ਨਿਯਮ ਬਣਾ ਕੇ ਖੇਤੀਬਾੜੀ ਵਿਭਾਗ ਤੇ ਪ੍ਰਦੂਸ਼ਣ ਬੋਰਡ ਵਲੋਂ ਪੈਦਾ ਕੀਤੇ ਸਜ਼ਾਵਾਂ ਦੇਣ ਦੇ ਡਰ ਨਾਲ ਕਿਸਾਨਾਂ 'ਚ ਰੋਸ ਵਧਿਆ ਹੈ ਅਤੇ ਭਵਿੱਖ 'ਚ ਸਰਕਾਰ ਦੇ ਹੁਕਮਾਂ ਦੀ ਉਲੰਘਣਾ ਕਰਨ ਲਈ ਉਨ੍ਹਾਂ ਨੂੰ ਉਤਸ਼ਾਹ ਮਿਲਿਆ ਹੈ।
ਛੋੋਟੇ ਕਿਸਾਨ ਔਖਾਈਆਂ ਨਾਲ ਜੂਝ ਰਹੇ ਹਨ। ਉਨ੍ਹਾਂ ਨੂੰ ਬੈਂਕਾਂ ਵਲੋਂ ਕਣਕ ਦੀ ਕਾਸ਼ਤ ਸਬੰਧੀ ਸਮੱਗਰੀ ਖਰੀਦਣ ਲਈ ਕਰਜ਼ਿਆਂ ਦੀ ਸਹਾਇਤਾ ਵੀ ਨਹੀਂ ਮਿਲੀ। ਆੜ੍ਹਤੀਆਂ ਨੇ ਵੀ ਆਪਣੇ ਹੱਥ ਪਿੱਛੇ ਖਿੱਚ ਲਏ ਹਨ। ਉਨ੍ਹਾਂ ਨੂੰ ਪਿੰਡਾਂ 'ਚ ਹੀ ਵੱਡੇ-ਵੱਡੇ ਜ਼ਿਮੀਂਦਾਰਾਂ, ਸ਼ਾਹੂਕਾਰਾਂ ਅਤੇ ਰਿਸ਼ਤੇਦਾਰਾਂ ਦੇ ਦਰਵਾਜ਼ੇ ਖੜਕਾਉਣੇ ਪਏ ਹਨ। ਇਨ੍ਹਾਂ ਤੋਂ ਰਕਮਾਂ ਲੈਣ ਲਈ ਉਨ੍ਹਾਂ ਨੂੰ ਵਿਆਜ ਵੱਧ ਦੇਣਾ ਪੈ ਰਿਹਾ ਹੈ। ਕਿਸਾਨ ਤਾਂ ਕਿਸੇ ਵੇੇਲੇ ਵੀ ਤਸ਼ਵੀਸ਼ ਤੋਂ ਮੁਕਤ ਨਹੀਂ ਹੁੰਦੇ। ਜੋ ਕਿਸਾਨ ਬਿਜਾਈ ਕਰ ਚੁੱਕੇ ਉਹ ਹੁਣ ਗੁੱਲੀ ਡੰਡਾ (ਫਲਾਰਿਸ ਮਾਈਨਰ) ਤੋਂ ਹੋਣ ਵਾਲੇ ਨੁਕਸਾਨ ਤੋਂ ਫਿਕਰਮੰਦ ਹਨ। ਇਹ ਨਦੀਨ ਕਣਕ - ਝੋਨਾ ਫ਼ਸਲੀ-ਚੱਕਰ ਵਿਚ ਵਧੇਰੇ ਹੁੰਦਾ ਹੈ। ਇਸ ਦੀ ਜੇ ਸੰਭਾਲ ਨਾ ਕੀਤੀ ਜਾਵੇ ਤਾਂ ਇਹ 60 ਫ਼ੀਸਦੀ ਤੱਕ ਵੀ ਕਣਕ ਦੀ ਉਤਪਾਦਕਤਾ ਨੂੰ ਪ੍ਰਭਾਵਿਤ ਕਰਦਾ ਹੈ। ਇਸ ਨਦੀਨ ਦੀ ਰੋਕਥਾਮ ਹੱਥੀਂ ਗੋਡੀ ਕਰ ਕੇ ਵੀ ਕੀਤੀ ਜਾ ਸਕਦੀ ਹੈ ਪ੍ਰੰਤੂ ਇਹ ਤਕਨੀਕ ਖੇਤ ਮਜ਼ਦੂਰ ਉਪਲਬਧ ਨਾ ਹੋਣ ਕਾਰਨ ਮਹਿੰਗੀ ਪੈਂਦੀ ਹੈ ਅਤੇ ਪੰਜਾਬ ਵਿਚ ਵਿਸ਼ੇਸ਼ ਕਰ ਕੇ ਵਰਤੀ ਨਹੀਂ ਜਾਂਦੀ। ਇਸ ਦੀ ਰੋਕਥਾਮ ਲਈ ਨਦੀਨ ਨਾਸ਼ਕਾਂ ਦੀ ਹੀ ਵਰਤੋਂ ਕਰਨੀ ਪੈਂਦੀ ਹੈ। ਯੋਗ ਨਦੀਨ ਨਾਸ਼ਕ ਵਰਤਣ ਲਈ ਕਿਸਾਨਾਂ ਨੂੰ ਸਹੀ ਅਗਵਾਈ ਉਪਲਬਧ ਨਹੀਂ। ਪੀ. ਏ. ਯੂ. ਨੂੰ ਕਿਸਾਨਾਂ ਵੱਲੋਂ ਆਪਣੇ ਤਜਰਬਿਆਂ ਦੇ ਆਧਾਰ 'ਤੇ ਕੀਤੀ ਗਈ ਖੋਜ ਨੂੰ ਮੁਤਾਅਲਾ ਕਰ ਕੇ ਮਾਨਤਾ ਦੇਣੀ ਚਾਹੀਦੀ ਹੈ। ਲੁਧਿਆਣਾ ਨੇੜੇ ਦੇ ਅਗਾਂਹਵਧੂ ਕਿਸਾਨ ਦਲੇਰ ਸਿੰਘ ਨੇ ਵੱਟਾਂ 'ਤੇ ਬਿਨਾਂ ਕੱਦੂ ਕੀਤਿਆਂ ਝੋਨਾ ਲਾ ਕੇ ਲੰਮੀ ਖੋਜ ਤੋਂ ਬਾਅਦ ਪਾਣੀ ਦੀ ਬੱਚਤ ਦੀ ਤਕਨੀਕ ਵਿਕਸਤ ਕੀਤੀ ਹੈ ਅਤੇ ਫ਼ਤਹਿਗੜ੍ਹ ਸਾਹਿਬ ਦੇ ਅਮਲੋਹ ਨੇੜੇ ਦੇ ਬਲਬੀਰ ਸਿੰਘ ਜੜ੍ਹੀਆਂ ਨੇ ਵੱਟਾਂ 'ਤੇ ਕਣਕ ਲਾ ਕੇ 2 ਕਿਲੋ ਬੀਜ ਤੋਂ 22 ਕੁਇੰਟਲ ਪ੍ਰਤੀ ਏਕੜ ਉਤਪਾਦਨ ਕੱਢਿਆ ਹੈ। ਅਜਿਹੀਆਂ ਤਕਨੀਕਾਂ ਨੂੰ ਪੀ. ਏ. ਯੂ. ਘੋਖ ਕਰ ਕੇ ਕਿਸਾਨਾਂ ਨੂੰ ਸਿਫ਼ਾਰਸ਼ ਕਰਨ ਸਬੰਧੀ ਯੋਗ ਕਾਰਵਾਈ ਕਰੇ।


-ਮੋਬਾਈਲ : 98152-36307

ਬਦਲ ਰਿਹਾ ਪੰਜਾਬ

ਬਦਲਾਓ ਕੁਦਰਤ ਦਾ ਅਸੂਲ ਹੈ। ਚੰਗਾ ਹੈ ਜਾਂ ਮਾੜਾ, ਇਹ ਤਾਂ ਹਰ ਕਿਸੇ ਦੀ ਦੂਰ-ਦ੍ਰਿਸ਼ਟੀ ਤੇ ਸੋਚਣ ਸ਼ਕਤੀ 'ਤੇ ਨਿਰਭਰ ਕਰਦਾ ਹੈ। ਅੱਜ ਪੁਰਾਣੀ ਪੰਜਾਬੀ ਦਿੱਖ ਵਿਚ ਵੱਡਾ ਰੂਪਕ ਬਦਲਾਓ ਆ ਰਿਹਾ ਹੈ। ਇਤਿਹਾਸ ਦੱਸਦਾ ਹੈ ਕਿ ਪੰਜਾਬੀ, 5000 ਸਾਲ ਪਹਿਲੋਂ ਯੂਰਪ ਦੇ ਉਤਲੇ ਦੇਸ਼ਾਂ ਤੋਂ, ਨਵੇਂ ਜੀਵਨ ਦੀ ਭਾਲ ਵਿਚ ਇੱਥੇ ਆਏ ਸਨ। ਕਿਆ ਇਤਫਾਕ ਹੈ ਕਿ ਉਨ੍ਹਾਂ ਦੇਸ਼ਾਂ ਦੇ ਲੋਕ ਵੀ ਅੱਜ ਨਵੀਆਂ ਧਰਤੀਆਂ 'ਤੇ ਜਾ ਰਹੇ ਹਨ ਤੇ ਬਿਲਕੁਲ ਉਨ੍ਹਾਂ ਹੀ ਧਰਤੀਆਂ 'ਤੇ ਪੰਜਾਬੀ ਵੀ ਉਨ੍ਹਾਂ ਵਾਲੀ ਹੀ ਰਫ਼ਤਾਰ ਨਾਲ ਜਾ ਰਹੇ ਹਨ। ਅੱਜ ਪੰਜਾਬ ਦੇ ਕਿਸੇ ਵੀ ਸ਼ਹਿਰ, ਕਸਬੇ ਦੇ ਚੌਕ ਵਿਚ ਘੜੀ ਖੜ੍ਹ ਕੇ ਵੇਖ ਲਵੋ, ਤੁਹਾਨੂੰ ਮੂਲ ਪੰਜਾਬੀ ਸਿਰਫ ਕੰਧ 'ਤੇ ਪਏ ਛਿੱਟਿਆਂ ਵਾਂਗ ਹੀ ਦਿੱਸਣਗੇ ਜਦ ਕਿ ਵਿਦੇਸ਼ਾਂ ਦੇ ਕਈ ਸ਼ਹਿਰਾਂ ਵਿਚ ਇਹ ਵੱਡੀ ਗਿਣਤੀ ਵਿਚ ਦਿੱਸਣਗੇ। ਮਾਲਵੇ ਤੇ ਦੁਆਬੇ ਦੇ ਪਿੰਡਾਂ ਦੇ ਪਿੰਡ ਪੰਜਾਬੀ ਨੌਜਵਾਨਾਂ ਤੋਂ ਵਿਰਵੇ ਹੋ ਚੁੱਕੇ ਹਨ। ਹਰ ਕਿਸਮ ਦੀ ਛੋਟੀ ਕਿੱਤਾਕਾਰੀ ਵਿਚ ਪੰਜਾਬੀ ਨਹੀਂ ਲੱਭਦੇ। ਸਭ ਤਿਉਹਾਰਾਂ ਦੇ ਰੂਪ ਬਦਲ ਚੁੱਕੇ ਹਨ। ਸੱਭਿਆਚਾਰਕ, ਧਾਰਮਿਕ ਤੇ ਸਿਆਸੀ ਸੋਚ ਅਸਤ ਵਿਅਸਤ ਹੋ ਗਈ ਹੈ। ਸਰਕਾਰੀ ਸਕੂਲਾਂ ਕਾਲਜਾਂ ਵਿਚ ਪੰਜਾਬੀ ਚਿਹਰੇ, ਟਾਵੇਂ-ਟਾਵੇਂ ਰਹਿ ਗਏ ਹਨ। ਹੁਣ ਇਸ ਪੰਜਾਬ ਦੇ ਬਦਲਦੇ ਰੂਪ ਨੂੰ ਕੀ ਨਾਂਅ ਦਿੱਤਾ ਜਾ ਸਕਦਾ ਹੈ ਜਾਂ ਫਿਰ ਇਸ ਨੂੰ ਕਿਸ ਆਉਣ ਵਾਲੇ ਸਮੇਂ (ਭਵਿੱਖ) ਨਾਲ ਜੋੜਿਆ ਜਾਵੇ? ਇਹ ਸਾਡੇ ਸਭ ਲਈ ਸੋਚਣ ਦਾ ਵਿਸ਼ਾ ਹੈ।


-ਮੋਬਾ: 98159-45018

ਅੰਜੀਰ-ਪੰਜਾਬ ਲਈ ਨਵਾਂ ਫ਼ਲ

ਅੰਜੀਰ ਇਕ ਬਹੁਤ ਸੁਆਦਲਾ ਫ਼ਲ ਹੈ, ਜੋ ਸਦੀਆਂ ਤੋਂ ਆਪਣੇ ਪੋਸ਼ਟਿਕ ਅਤੇ ਉਪਚਾਰ ਗੁਣਾਂ ਲਈ ਜਾਣਿਆ ਜਾਂਦਾ ਹੈ। ਅੰਜੀਰ ਦੇ ਫ਼ਲ ਸੁਕਾਉਣ, ਮੁਰੱਬਾ ਬਣਾਉਣ, ਡੱਬਾ ਬੰਦ ਕਰਨ ਜਾਂ ਜੈਮ ਬਣਾਉਣ ਲਈ ਵਰਤੇ ਜਾ ਸਕਦੇ ਹਨ। ਇਸ ਦੀ ਕਾਸ਼ਤ ਪੰਜਾਬ ਦੇ ਨੀਮ ਪਹਾੜੀ ਅਤੇ ਕੇਂਦਰੀ ਇਲਾਕੇ ਵਿਚ ਕੀਤੀ ਜਾ ਸਕਦੀ ਹੈ।
ਪੌਣ-ਪਾਣੀ ਅਤੇ ਜ਼ਮੀਨ: ਅੰਜੀਰ ਦੇ ਰੁੱਖ ਪਤਝੜੀ ਹੋਣ ਕਰਕੇ ਕੋਹਰਾ ਅਤੇ ਘੱਟ ਤਾਪਮਾਨ ਬਿਨਾਂ ਕਿਸੇ ਨੁਕਸਾਨ ਤੋਂ ਸਹਾਰ ਲੈਂਦੇ ਹਨ। ਬਹੁਤ ਜ਼ਿਆਦਾ ਤਾਪਮਾਨ ਨਾਲ ਉੱਪਰਲੇ ਪੱਤੇ ਝੁਲਸ ਜਾਂਦੇ ਹਨ। ਪੱਕਣ ਸਮੇਂ ਭਾਰੀ ਬਾਰਿਸ਼ ਨਾਲ ਪੱਕੇ ਹੋਏ ਫ਼ਲ ਫਟ ਜਾਂਦੇ ਹਨ। ਜੇਕਰ ਪਾਣੀ ਦਾ ਚੰਗਾ ਨਿਕਾਸ ਉਪਲਬਧ ਹੋਵੇ ਤਾਂ ਅੰਜੀਰ ਨੂੰ ਅਲੱਗ-ਅਲੱਗ ਕਿਸਮਾਂ ਦੀ ਜ਼ਮੀਨ ਉੱਪਰ ਕਾਮਯਾਬੀ ਨਾਲ ਉਗਾਇਆ ਜਾ ਸਕਦਾ ਹੈ।
ਉਨਤ ਕਿਸਮਾਂ: ਬ੍ਰਾਉਨ ਟਰਕੀ ਅੰਜੀਰ ਦੀ ਇਕ ਉਨਤ ਕਿਸਮ ਹੈ। ਇਸ ਕਿਸਮ ਨੂੰ ਪ੍ਰਫੁੱਲਿਤ ਕਰਨ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਧੀਆ ਨਸਲੀ ਬੂਟੇ ਤਿਆਰ ਕਰ ਰਹੀ ਹੈ। ਬ੍ਰਾਉਨ ਟਰਕੀ ਅੰਜੀਰ ਦੇ ਫ਼ਲ ਦਰਮਿਆਨੇ ਤੋਂ ਵੱਡੇ ਆਕਾਰ ਦੇ ਹੁੰਦੇ ਹਨ। ਫ਼ਲਾਂ ਉੱਪਰ ਗੂੜ੍ਹੇ ਰੰਗ ਦੀਆਂ ਧਾਰੀਆਂ ਹੁੰਦੀਆਂ ਹਨ ਅਤੇ ਫ਼ਲ ਦੇ ਥੱਲੇ ਦਰਮਿਆਨੇ ਅਕਾਰ ਦੀ ਅੱਖ ਹੁੰਦੀ ਹੈ। ਫ਼ਲਾਂ ਦਾ ਰੰਗ ਗੂੜ੍ਹਾ ਬੈਂਗਣੀ ਹੁੰਦਾ ਹੈ। ਫ਼ਲ ਦਾ ਗੁਦਾ ਗੁਲਾਬੀ ਭੂਰੇ ਰੰਗ ਅਤੇ ਉਤਮ ਸੁਗੰਧੀ ਵਾਲਾ ਹੁੰਦਾ ਹੈ। ਇਸ ਕਿਸਮ ਨੂੰ ਫ਼ਲ ਬਹੁਤ ਲਗਦਾ ਹੈ ਅਤੇ ਪ੍ਰਤੀ ਬੂਟਾ ਝਾੜ 53 ਕਿਲੋ ਹੁੰਦਾ ਹੈ। ਇਸ ਦਾ ਫ਼ਲ ਮਈ ਦੇ ਅਖੀਰਲੇ ਹਫ਼ਤੇ ਤੋਂ ਜੂਨ ਦੇ ਅਖੀਰ ਤੱਕ ਪੱਕਦੇ ਹਨ।
ਨਸਲੀ ਵਾਧਾ ਅਤੇ ਬੂਟੇ ਲਗਾਉਣ ਦਾ ਸਮਾਂ: ਅੰਜੀਰ ਦੇ ਬੂਟੇ ਕਲਮਾਂ ਤੋਂ ਤਿਆਰ ਕੀਤੇ ਜਾਂਦੇ ਹਨ। ਕਲਮਾਂ ਇਕ ਸਾਲ ਪੁਰਾਣੀਆਂ ਸ਼ਾਖਾਵਾਂ ਤੋਂ ਜਨਵਰੀ ਵਿਚ ਬਣਾਈਆਂ ਜਾਂਦੀਆਂ ਹਨ। ਕਲਮਾਂ ਦੀ ਲੰਬਾਈ 30-45 ਸੈਂਟੀਮੀਟਰ ਰੱਖੀ ਜਾਂਦੀ ਹੈ ਅਤੇ ਹਰ ਕਲਮ ਉੱਪਰ ਘੱਟੋ-ਘੱਟ ਤਿੰਨ ਤੋਂ ਚਾਰ ਅੱਖਾਂ ਹੋਣੀਆਂ ਚਾਹੀਦੀਆਂ ਹਨ। ਕਲਮਾਂ ਚੰਗੀ ਤਰ੍ਹਾਂ ਤਿਆਰ ਨਰਸਰੀ ਵਿਚ ਲਗਾ ਦਿੱਤੀਆਂ ਜਾਂਦੀਆਂ ਹਨ। ਲਗਾਉਣ ਸਮੇਂ ਹਰ ਕਲਮ ਦਾ ਇਕ ਤਿਹਾਈ ਹਿੱਸਾ ਜ਼ਮੀਨ ਤੋਂ ਬਾਹਰ ਅਤੇ ਦੋ ਤਿਹਾਈ ਹਿੱਸਾ ਜ਼ਮੀਨ ਦੇ ਅੰਦਰ ਦਬਾਓ। ਕਲਮਾਂ ਨਾਲ ਬੂਟੇ ਇਕ ਸਾਲ ਵਿਚ ਤਿਆਰ ਹੋ ਜਾਂਦੇ ਹਨ। ਇਹ ਬੂਟੇ ਸਰਦੀਆਂ ਵਿਚ ਅੱਧ ਫਰਵਰੀ ਤੱਕ ਲਗਾਏ ਜਾਂਦੇ ਹਨ, ਜਦੋਂ ਇਨ੍ਹਾਂ ਦੇ ਪੱਤੇ ਝੜੇ ਹੁੰਦੇ ਹਨ। ਅੰਜੀਰ ਦੇ ਬੂਟੇ 6×6 ਮੀਟਰ 'ਤੇ ਲਗਾਏ ਜਾਂਦੇ ਹਨ।
ਸਿਧਾਈ ਅਤੇ ਕਾਂਟ-ਛਾਂਟ: ਅੰਜੀਰ ਦੇ ਬੂਟਿਆਂ ਦੀ ਸਿਧਾਈ 'ਸੁਧਰੇ ਮੁੱਢ' ਢੰਗ ਨਾਲ ਕੀਤੀ ਜਾਂਦੀ ਹੈ। ਸਿਧਾਈ ਦਾ ਕੰਮ ਬੂਟੇ ਲਗਾਉਣ ਤੋਂ ਤਿੰਨ-ਚਾਰ ਸਾਲ ਅੰਦਰ ਪੂਰਾ ਕਰ ਲਿਆ ਜਾਂਦਾ ਹੈ। ਅੰਜੀਰ ਦਾ ਫ਼ਲ ਚਾਲੂ ਮੌਸਮ ਦੌਰਾਨ ਫੁੱਟੀਆਂ-ਨਵੀਆਂ ਸ਼ਾਖਾ ਦੇ ਪੱਤਿਆਂ ਦੇ ਧੁਰੇ ਵਿਚ ਲਗਦਾ ਹੈ। ਸਰਦੀਆਂ ਵਿਚ ਹਲਕੀ ਕਾਂਟ-ਛਾਂਟ ਨਾਲ ਨਵੀਆਂ ਸ਼ਾਖਾਵਾਂ ਜ਼ਿਆਦਾ ਬਣਦੀਆਂ ਹਨ ਅਤੇ ਭਰਪੂਰ ਫ਼ਲ ਲਗਦਾ ਹੈ। ਹਰ ਤੀਜੇ ਸਾਲ ਅੰਜੀਰ ਦੇ ਬੂਟਿਆਂ ਦੀ ਭਰਵੀਂ ਕਟਾਈ ਕਰਨੀ ਚਾਹੀਦੀ ਹੈ। ਇਸ ਤੋਂ ਇਲਾਵਾ ਪਿਛਲੇ ਸਾਲ ਦੀਆਂ ਪੱਤਲੀਆਂ, ਸੁੱਕੀਆਂ, ਟੁੱਟੀਆਂ ਅਤੇ ਬਿਮਾਰ ਟਾਹਣੀਆਂ ਵੀ ਕੱਟ ਦਿਓ ਅਤੇ ਕੱਟੇ ਹੋਏ ਸਿਰਿਆਂ 'ਤੇ ਬੋਰਡੋ ਪੇਸਟ ਲਗਾਓ।
ਸਿੰਚਾਈ ਪ੍ਰਬੰਧ: ਅੰਜੀਰ ਦੇ ਰੁੱਖਾਂ ਨੂੰ ਘੱਟ ਡੂੰਘੀਆਂ ਜੜ੍ਹਾਂ ਹੋਣ ਕਾਰਣ ਗਰਮ ਅਤੇ ਖੁਸ਼ਕ ਮੌਸਮ ਦੌਰਾਨ ਪਾਣੀ ਦੀ ਕਮੀ ਨਾਲ ਨੁਕਸਾਨ ਹੋ ਸਕਦਾ ਹੈ। ਫ਼ਲ ਦੇ ਵਾਧੇ ਦੌਰਾਨ ਬੂਟੇ ਦੀ ਹਲਕੀ ਤੇ ਬਰਾਬਰ ਸਿੰਚਾਈ ਕਰੋ। ਫ਼ਲ ਪੱਕਣ ਸਮੇਂ ਬਹੁਤ ਜ਼ਿਆਦਾ ਪਾਣੀ ਲਗਾਉਣ ਨਾਲ ਫ਼ਲ ਫਟ ਸਕਦੇ ਹਨ।
ਫ਼ਲਾਂ ਦਾ ਪੱਕਣਾ ਤੇ ਤੁੜਾਈ: ਅੰਜੀਰ ਦੇ ਫ਼ਲਾਂ ਦੀ ਤੁੜਾਈ ਉਦੋਂ ਕਰੋ ਜਦੋਂ ਉਨ੍ਹਾਂ ਉੱਪਰ ਪੂਰਾ ਰੰਗ ਆ ਗਿਆ ਹੋਵੇ ਅਤੇ ਫ਼ਲ ਥੋੜ੍ਹੇ ਸਖ਼ਤ ਹੋਣ। ਪੱਕਿਆ ਹੋਇਆ ਫ਼ਲ ਥੱਲੇ ਨੂੰ ਸੁੱਕਣਾ ਸ਼ੁਰੂੁ ਹੁੰਦਾ ਹੈ। ਫ਼ਲ ਹੱਥਾਂ ਨਾਲ ਘੁਮਾ ਕੇ ਅਤੇ ਖਿੱਚ ਕੇ ਤੋੜੇ ਜਾਂਦੇ ਹਨ। ਫ਼ਲ ਤੋੜਨ ਵਾਲੇ ਨੂੰ ਦਸਤਾਨੇ ਪਾਉਣੇ ਚਾਹੀਦੇ ਹਨ, ਕਿਉਂਕਿ ਫ਼ਲਾਂ ਵਿਚੋਂ ਨਿਕਲ ਰਹੇ ਦੁੱਧ ਨਾਲ ਚਮੜੀ 'ਤੇ ਖਰਾਸ਼ ਹੋ ਸਕਦੀ ਹੈ। ਫ਼ਲਾਂ ਦੀ ਸਾਂਭ ਸੰਭਾਲ ਬਹੁਤ ਧਿਆਨ ਨਾਲ ਕਰਨੀ ਚਾਹੀਦੀ ਹੈ, ਤਾਂ ਜੋ ਦੁੱਧ ਨਾਲ ਫ਼ਲ ਦੀ ਚਮੜੀ ਉੱਪਰ ਦਾਗ ਨਾ ਪਵੇ। ਫ਼ਲਾਂ ਨੂੰ ਗੱਤੇ ਦੇ ਡੱਬੇ ਵਿਚ ਦੋ ਤੋਂ ਵੱਧ ਪਰਤਾਂ ਵਿਚ ਨਹੀਂ ਰੱਖਣਾ ਚਾਹੀਦਾ।


-ਗੁਰਤੇਗ ਸਿੰਘ ਅਤੇ ਐਚ. ਐਸ. ਰਤਨਪਾਲ
ਫ਼ਲ ਵਿਗਿਆਨ ਵਿਭਾਗ, ਮੋਬਾ : 9815098883

ਪੰਜਾਬ ਦਾ ਪੁਰਾਣਾ ਸੱਭਿਆਚਾਰ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਇਕ ਹੋਰ ਪਾਸੇ ਫੁਲਕਾਰੀਆਂ ਸਜਾਈਆਂ ਗਈਆਂ ਸਨ, ਇਨ੍ਹਾਂ ਵਿਚ ਚੋਪ ਤੇ ਸੁੱਭਰ ਸਨ, ਲਾਗੀਆਂ ਆਦਿ ਲਈ ਤਿਲ ਪੱਤਰਾ ਫੁਲਕਾਰੀਆਂ ਪਈਆਂ ਸਨ, ਨੀਲਕ ਤੇ ਘੁੰਗਟ ਬਾਗ ਦੀ ਆਪਣੀ ਨਿਰਾਲੀ ਹੀ ਸ਼ਾਨ ਸ਼ੌਕਤ ਸੀ, ਲਗਪਗ ਪੰਜਾਹ ਬਾਗ ਤੇ ਫੁਲਕਾਰੀਆਂ ਇਥੇ ਪਈਆਂ ਸਨ, ਇਕ ਪਾਸੇ ਇਕ ਪਰਾਤ ਵਿਚ ਇਕ ਸੌ ਇਕ ਰੁਪਏ ਦੀ ਨਕਦ ਰਕਮ ਰੱਖੀ ਗਈ ਸੀ।
ਫੁੱਫੜ ਜੀ ਨੇ ਵਿਸ਼ਾਲਤਾ ਵਿਖਾਉਂਦਿਆਂ ਕ੍ਰਿਤੱਗਤਾ ਪ੍ਰਗਟ ਕਰਨ ਲਈ ਤਿਉਰਾਂ ਦਾ ਲੜ ਮੋੜ ਦਿੱਤਾ ਤੇ ਰੁਪਈਆਂ ਦੀ ਪਰਾਤ ਚੁੱਕ ਕੇ ਸਿਰ 'ਤੇ ਰੱਖ ਲਈ, ਸਾਰੇ ਲੋਕ ਧਨ ਧਨ ਕਰ ਉਠੇ। ਏਡੇ ਵਸੀਲਿਆਂ ਵਾਲਾ ਚਲਦਾ ਪੁੱਜਦਾ ਜੱਟ ਤੇ ਏਡੀ ਨਿਮਰਤਾ, ਵੇਖਣ ਵਾਲਿਆਂ ਦੀਆਂ ਅੱਖਾਂ ਭਰ ਆਈਆਂ, ਕਿੱਡਾ ਮਾਣ ਸਤਿਕਾਰ ਦਿੱਤਾ ਸੀ। ਸ: ਪਿਆਰਾ ਸਿੰਘ ਨੇ ਆਪਣੇ ਕੁੜਮਾਂ ਨੂੰ! ਉਨ੍ਹਾਂ ਲਈ ਤਾਂ ਉਨ੍ਹਾਂ ਦੀ ਧੀ ਦਾ ਏਡੇ ਰੰਗ 'ਚ ਜਾਣਾ ਹੀ ਬਹੁਤ ਵੱਡੀ ਗੱਲ ਸੀ।
ਬਰਾਤ ਦੇ ਬਾਕੀ ਬੰਦੇ ਡੇਰੇ ਨੂੰ ਚਲੇ ਗਏ, ਵਿਆਂਦੜ ਮੁੰਡੇ ਨੂੰ ਤੇ ਸਿਰਬਾਹਲਾ ਹੋਣ ਕਰਕੇ ਮੈਨੂੰ ਘਰ ਠਹਿਰਾ ਲਿਆ ਗਿਆ, ਕੁੜੀਆਂ ਵਹੁਟੀਆਂ ਨੇ ਸਰਵਣ ਨਾਲ ਖੂਬ ਛੇੜਖਾਨੀ ਕੀਤੀ, ਇਕ ਕੁੜੀ ਨੇ ਪਲੰਘ ਤੇ ਬੈਠੇ ਹੀ ਉਹਦੀ ਕਮੀਜ਼ ਨੂੰ ਬਿਸਤਰੇ ਦੀ ਚਾਦਰ ਨਾਲ ਬਕਸੂਆ ਲਾ ਕੇ ਜੋੜ ਦਿੱਤਾ, ਜਦ ਉਹ ਉੱਠ ਕੇ ਤੁਰਿਆ ਤਾਂ ਕੁੜੀਆਂ ਖਿੜ ਖਿੜਾ ਕੇ ਹੱਸ ਪਈਆਂ, ਇਕ ਕੁੜੀ ਬੋਲੀ- 'ਸਰਦਾਰ ਜੀ ਸਾਡੀ ਕੁੜੀ ਤਾਂ ਲਿਜਾਣੀ ਆਂ ਤੁਸੀਂ ਤਾਂ ਸਾਡੇ ਮੰਜਿਆਂ ਤੋਂ ਬਿਸਤਰੇ ਵੀ ਲੈ ਚੱਲੇ ਆਂ।'
ਇਕ ਹੋਰ ਤਕੜੀ ਸਿਹਤ ਵਾਲੀ ਕੁੜੀ ਨੇ ਮੈਨੂੰ ਸੱਤਾਂ ਕੁ ਸਾਲਾਂ ਦੇ ਨੂੰ ਕੁੱਛੜ ਚੁੱਕ ਲਿਆ ਤੇ ਬੋਲੀ-'ਕੁੜੇ ਸਿਰਬਾਹਲਾ ਤਾਂ ਦੇਖੋ ਚੇਪੂ ਜਿਹਾ! ਮੂੰਹ ਬਣਾ ਕੇ ਬੈਠਾ ਜਿੱਦਾਂ ਘਾਣੀ 'ਚ ਲੱਤ ਮਾਰੀਓ ਹੋਵੇ। ਹੈਹਾ ਮਾਂ ਬਿਨਾਂ ਉਦਾਸ ਹੋ ਗਿਆ ਹੋਣਾ।' ਕੁੜੀਆਂ ਦੇ ਮਖੌਲਾਂ ਨਾਲ ਸਰਵਣ ਦੀ ਤਰਸਯੋਗ ਹਾਲਤ ਕਰਕੇ ਮੈਂ ਸੱਚਮੁੱਚ ਉਦਾਸ ਜਿਹਾ ਹੋ ਗਿਆ ਸੀ। ਕੁੜੀਆਂ ਠੀਕ ਹੀ ਸੋਚ ਰਹੀਆਂ ਸਨ। ਫੇਰ ਕੁੜੀ ਦੇ ਮਾਮੇ ਨੇ ਕੁੜੀ ਨੂੰ ਚੁੱਕ ਕੇ ਰੋਂਦੀ ਕੁਰਲਾਉਂਦੀ ਨੂੰ ਡੋਲੇ ਵਿਚ ਬਿਠਾ ਦਿੱਤਾ ਤੇ ਅੱਗੇ ਚਹੁੰ ਜਣਿਆਂ ਨੇ ਡੋਲਾ ਬਾਹਰ ਲਿਆ ਕੇ ਕੁੜੀ ਨੂੰ ਮੁੰਡੇ ਦੇ ਨਾਲ ਰੱਥ ਵਿਚ ਬਿਠਾ ਦਿੱਤਾ, ਨਾਲ ਹੀ ਕੁੜੀ ਦਾ ਛੋਟਾ ਵੀਰ ਤੇ ਨਾਇਣ ਵੀ ਬਹਿ ਗਈ।
ਫੁੱਫੜ ਜੀ ਨੇ ਸੌ-ਸੌ ਰੁਪਿਆ ਪਿੰਡ ਦੇ ਸਕੂਲ ਤੇ ਗੁਰਦੁਆਰੇ ਨੂੰ ਫੇਰਿਆਂ ਵੇਲੇ ਹੀ ਦਾਨ ਕਰ ਦਿੱਤਾ ਸੀ ਹੁਣ ਤੁਰਨ ਲੱਗਿਆਂ ਲਾਗੀਆਂ ਨੂੰ ਲਾਗ ਦੇਣ ਦੀਆਂ ਰਸਮਾਂ ਅਦਾ ਕੀਤੀਆਂ ਗਈਆਂ।
ਬਰਾਤ ਪਿੰਡ ਪਹੁੰਚੀ ਤਾਂ ਹਨ੍ਹੇਰਾ ਹੋ ਚੁੱਕਿਆ ਸੀ, ਭੂਆ ਜੀ ਦੀਵਾ ਲੈ ਕੇ ਨੂੰਹ ਪੁੱਤਰ ਨੂੰ ਰੱਥ ਵਿਚੋਂ ਲੈਣ ਆਏ ਤੇ ਜਦੋਂ ਉਹ ਦਰਵਾਜ਼ੇ ਵਿਚ ਆਏ ਤਾਂ ਦਰਵਾਜ਼ੇ ਦੀਆਂ ਮੁੱਖਾਂ ਨਾਲ ਦੇਸੀ ਤੇਲ ਚੋਅ ਕੇ ਭੂਆ ਜੀ ਨੇ ਸੱਤ ਵਾਰੀ ਨੂੰਹ ਪੁੱਤਰ ਦੇ ਸਿਰਾਂ ਤੋਂ ਵਾਰ-ਵਾਰ ਕੇ ਪਾਣੀ ਪੀਤਾ। ਕੁੰਭ ਦਾ ਸ਼ਗਨ ਕਰਕੇ ਵਿਆਂਦੜ ਜੋੜੇ ਨੂੰ ਅੰਦਰ ਲੰਘਾਇਆ ਗਿਆ ਤੇ ਇਕ ਪਲੰਘ 'ਤੇ ਚੜ੍ਹਦੇ ਵੱਲ ਮੂੰਹ ਕਰਕੇ ਬਿਠਾਇਆ ਗਿਆ, ਭੂਆ ਜੀ ਨੇ ਉਨ੍ਹਾਂ ਨੂੰ ਹੱਥੀਂ ਦੁੱਧ ਪਿਲਾ ਕੇ ਉਨ੍ਹਾਂ ਦਾ ਮਾਣ ਕੀਤਾ। ਭਾਈਚਾਰੇ ਦੀਆਂ ਇਸਤਰੀਆਂ ਨੇ ਵਹੁਟੀ ਨੂੰ ਸ਼ਗਨ ਪਾਏ ਤੇ ਭੂਆ ਜੀ ਨੇ ਸਿੰਘ ਤਵੀਤ ਤੇ ਹੌਲਦਰੀ ਪਹਿਨਾਈ। ਇਸ ਤੋਂ ਬਾਅਦ ਗੋਤਕਨਾਲੇ ਦੀ ਰਸਮ ਹੋਈ ਤੇ ਨਵੀਂ ਵਹੁਟੀ ਨੂੰ ਰਾਤ ਭਰ ਜ਼ਮੀਨ 'ਤੇ ਹੀ ਸੁਲਾਇਆ ਗਿਆ ਤੇ ਸਾਰੀ ਰਾਤ ਲਈ ਉਹਦੇ ਕਮਰੇ 'ਚ ਇਕ ਦੀਵਾ ਜਗਦਾ ਰੱਖਿਆ ਗਿਆ।
ਇਉਂ 1945 ਦੇ ਇਕ ਵਿਆਹ ਦੀਆਂ ਰਸਮਾਂ ਤੇ ਖੁਸ਼ੀਆਂ ਸੰਪੰਨ ਹੋਈਆਂ। (ਸਮਾਪਤ)


-ਮੋਬਾਈਲ : 94632-33991.

ਹਾੜ੍ਹੀ ਦੀਆਂ ਫ਼ਸਲਾਂ ਤੋਂ ਵਧੇਰੇ ਪੈਦਾਵਾਰ ਲੈਣ ਲਈ ਬੀਜ ਦੀ ਸੋਧ ਕਰਨੀ ਜ਼ਰੂਰੀ

ਹਾੜ੍ਹੀ ਦੀਆਂ ਮੁੱਖ ਫ਼ਸਲਾਂ ਦੇ ਬੀਜ ਨੂੰ ਸੋਧਣ ਬਾਰੇ ਹੇਠਾਂ ਕੁਝ ਸਿਫਾਰਸ਼ਾਂ ਦਿੱਤੀਆਂ ਜਾ ਰਹੀਆਂ ਹਨ, ਜਿਸ ਨੂੰ ਅਪਣਾ ਕੇ ਫ਼ਸਲਾਂ ਦੀ ਪੈਦਾਵਾਰ ਵਿਚ ਵਾਧਾ ਕਰ ਸਕਦੇ ਹਨ।
ਕਣਕ : ਕਣਕ ਹਾੜੀ ਦੀ ਮੁੱਖ ਫ਼ਸਲ ਹੈ , ਇਸ ਫ਼ਸਲ ਨੂੰ ਆਮ ਕਰਕੇ ਕੋਈ ਵੀ ਮੁੱਖ ਬਿਮਾਰੀ ਪ੍ਰਭਾਵਿਤ ਤਾਂ ਨਹੀਂ ਕਰਦੀ ਪਰ ਪਿਛਲੇ ਕੁਝ ਸਾਲਾਂ ਦੌਰਾਨ ਮੌਸਮ ਵਿਚ ਆ ਰਹੇ ਬਦਲਾਅ ਕਾਰਨ ਕੁਝ ਬਿਮਾਰੀਆਂ ਪੈਦਾਵਾਰ 'ਤੇ ਕਾਫੀ ਬੁਰਾ ਪ੍ਰਭਾਵ ਪਾ ਰਹੀਆਂ ਹਨ, ਜਿਨ੍ਹਾਂ ਦੀ ਰੋਕਥਾਮ ਕਰਨੀ ਬਹੁਤ ਜ਼ਰੂਰੀ ਹੈ। ਝੂਠੀ ਕਾਂਗਿਆਰੀ, ਪੱਤਿਆਂ ਦੀ ਕਾਂਗਿਆਰੀ ਅਤੇ ਦਾਣੇ ਦੇ ਛਿਲਕੇ ਦੀ ਕਾਲੀ ਨੋਕ ਆਦਿ ਕੁਝ ਅਜਿਹੀਆਂ ਬਿਮਾਰੀਆ ਹਨ, ਜਿਨ੍ਹਾਂ ਦੀ ਰੋਕਥਾਮ ਕੇਵਲ ਫ਼ਸਲ ਦੀ ਬਿਜਾਈ ਤੋਂ ਪਹਿਲਾਂ ਬੀਜ ਨੂੰ ਉੱਲੀਨਾਸ਼ਕ ਰਸਾਇਣਾਂ ਨਾਲ ਸੋਧ ਕੇ ਹੀ ਕੀਤੀ ਜਾ ਸਕਦੀ ਹੈ। ਜੇਕਰ ਖੇਤਾਂ ਵਿਚ ਸਿਉਂਕ ਦੀ ਸਮੱਸਿਆਂ ਹੈ ਤਾਂ ਸਭ ਤੋਂ ਪਹਿਲਾਂ 160 ਮਿਲੀ ਲਿਟਰ ਕਲੋਰੋਪਾਈਰੀਫਾਸ 20 ਈ.ਸੀ. ਜਾਂ 240 ਮਿਲੀਲਿਟਰ ਫਿਪਰੋਨਿਲ 5% ਐਸ. ਸੀ. ਨੂੰ ਇਕ ਲਿਟਰ ਪਾਣੀ ਵਿਚ ਘੋਲ ਕੇ 40 ਕਿਲੋ ਬੀਜ ਦੀ ਪੱਕੇ ਫਰਸ਼ , ਤਰਪਾਲ ਜਾਂ ਪਲਾਸਟਿਕ ਦੀ ਸ਼ੀਟ ਤੇ ਪਤਲੀ ਤਹਿ ਵਿਛਾ ਕੇ ਛਿੜਕਾਓ ਕਰਕੇ ਸੁਕਾ ਲਉ। ਸੁਕਾਉਣ ਤੋਂ ਬਾਅਦ ਕਣਕ ਦੀਆਂ ਸਾਰੀਆਂ ਦੇ ਬੀਜ ( ਡਬਲਿਯੂ. ਐਚ. ਡੀ. 943, ਪੀ. ਡੀ. ਡਬਲਿਯੂ. 291 ਪੀ. ਡੀ. ਡਬਲਿਯੂ 233 ਅਤੇ ਟੀ. ਐਲ. 2908 ਨੂੰ ਛੱਡ ਕੇ) ਨੂੰ ਰੈਕਸਲ ਈਜ਼ੀ / ਓਰੀਅਸ 6 ਐਫ. ਐਸ. ( ਟੈਬੂਕੋਨਾਜ਼ੋਲ) 13 ਮਿਲੀ ਲਿਟਰ ਪ੍ਰਤੀ 40 ਕਿਲੋ ਬੀਜ ( 13 ਮਿ.ਲਿ. ਦਵਾਈ ਨੂੰ 400 ਮਿ.ਲਿ. ਪਾਣੀ ਵਿਚ ਘੋਲ ਕੇ40 ਕਿਲੋ ਬੀਜ ਨੂੰ ਲਗਾਉ) ਜਾਂ ਵੀਟਾਵੈਕਸ ਪਾਵਰ 75 ਡਬਲਿਯੂ ਐਸ( ਕਾਰਬੋਕਸਨ+ਟੈਟਰਾਮੀਥਾਈਲ ਥਾਈਯੂਰਮ ਡਾਈਸਲਫਾਈਡ) 120 ਗ੍ਰਾਮ ਜਾਂ ਵੀਟਾਵੈਕਸ 75 ਡਬਲਿਯ.ੂ ਪੀ. ( ਕਾਰਬੋਕਸਿਨ) 80 ਗ੍ਰਾਮ ਜਾਂ ਸੀਡੈਕਸ 2 ਡੀ ਐਸ/ਐਕਸਜ਼ੋਲ 2 ਡੀ. ਐਸ. (ਟੈਬੂਕੋਨਾਜ਼ੋਲ) 40 ਗ੍ਰਾਮ ਪ੍ਰਤੀ 40 ਕਿਲੋ ਬੀਜ ਦੇ ਹਿਸਾਬ ਨਾਲ ਸੋਧ ਲਵੋ। ਬੀਜ ਸੋਧਕ ਡਰੰਮ ਵਿਚ ਸਮਰੱਥਾ ਅਨੁਸਾਰ ਬੀਜ ਪਾ ਕੇ ਸਿਫਾਰਸ਼ ਕੀਤੀ ਮਾਤਰਾ ਵਿਚ ਦਵਾਈ ਚੰਗੀ ਤਰ੍ਹਾਂ ਰਲਾ ਦੇਣੀ ਚਾਹੀਦੀ ਹੈ। ਇਸ ਤਰ੍ਹਾਂ ਕਰਨ ਨਾਲ ਝੂਠੀ ਕਾਂਗਿਆਂਰੀ ਦੀ ਰੋਕਥਾਮ ਹੋ ਜਾਵੇਗੀ। ਦਾਣੇ ਦੇ ਛਿਲਕੇ ਦੀ ਕਾਲੀ ਨੋਕ ਅਤੇ ਸਿੱਟੇ ਦੇ ਝੁਲਸ ਰੋਗ ਦੀ ਰੋਕਥਾਮ ਲਈ ਬੀਜ ਨੂੰ ਕੈਪਟਾਨ ਜਾਂ ਥੀਰਮ 3 ਗ੍ਰਾਮ ਪ੍ਰਤੀ ਕਿਲੋ ਬੀਜ ਦੇ ਹਿਸਾਬ ਸੋਧ ਲਵੋ। ਜੇਕਰ ਬੀਜ ਵੀਟਾਵੈਕਸ ਪਾਵਰ ਨਾਲ ਸੋਧਿਆ ਹੈ ਤਾਂ ਕੈਪਟਾਨ ਨਾਲ ਸੋਧਣ ਦੀ ਜ਼ਰੂਰਤ ਨਹੀਂ। ਬੀਜ ਦੀ ਸੋਧ ਬਿਜਾਈ ਤੋਂ ਕਦੇ ਵੀ ਇਕ ਮਹੀਨੇ ਤੋਂ ਪਹਿਲਾਂ ਨਾ ਕਰੋ , ਅਜਿਹਾ ਕਰਨ ਨਾਲ ਬੀਜ ਦੀ ਉਗਣ ਸ਼ਕਤੀ ਤੇ ਬੁਰਾ ਪ੍ਰਭਾਵ ਨਹੀਂ ਪੈਂਦਾ।
ਜੌਂ : ਬਿਜਾਈ ਤੋਂ ਪਹਿਲਾਂ ਬੀਜ ਨੂੰ ਵੀਟਾਵੈਕਸ 75 ਡਬਲਿਯੂ ਪੀ ਕਾਰਬੋਕਸਿਨ) ਜਾਂ ਰੈਕਸਿਲ 2 ਡੀ. ਐਸ. (ਟੈਬੂਕੋਨਾਜ਼ੋਲ)1.5 ਗ੍ਰਾਮ ਪ੍ਰਤੀ ਕਿਲੋ ਬੀਜ ਦੇ ਹਿਸਾਬ ਨਾਲ ਬੀਜ ਸੋਧਕ ਡਰੰਮ ਨਾਲ ਸੋਧ ਲਵੋ। ਇਸ ਨਾਲ ਕਾਂਗਿਆਰੀ, ਬੰਦ ਕਾਂਗਿਆਰੀ ਅਤੇ ਧਾਰੀਆਂ ਦਾ ਰੋਗ ਨਹੀਂ ਲੱਗਦਾ।
ਸਿਆਲੂ ਮੱਕੀ : ਬਹਾਰ ਰੁੱਤ ਵਿਚ ਬੀਜੀ ਜਾਣ ਵਾਲੀ ਮੱਕੀ ਵਿਚ ਬੀਜ ਦਾ ਗਲਣਾ ਅਤੇ ਪੁੰਗਾਰ ਦਾ ਝੁਲਸ ਰੋਗ ਅਜਿਹੇ ਰੋਗ ਹਨ ਜਿਨ੍ਹਾਂ ਦੀ ਰੋਕਥਾਮ ਬੀਜ ਦੇ ਸੋਧ ਕਰਕੇ ਕੀਤੀ ਜਾ ਸਕਦੀ ਹੈ। ਇਸ ਮਕਸਦ ਵਾਸਤੇ ਮੱਕੀ ਦੀ ਬਿਜਾਈ ਤੋਂ ਪਹਿਲਾਂ ਬੀਜ ਨੂੰ ਬਾਵਿਸਟਿਨ ਜਾਂ ਡੈਰੋਸਿਲ ਜਾਂ ਐਗਰੋਜ਼ਿਮ 50 ਡਬਲਿਯੂ. ਪੀ. (ਕਾਰਬੈਂਡਾਜ਼ਿਮ) ਤਿੰਨ ਗਾ੍ਰਮ ਪ੍ਰਤੀ ਕਿਲੋ ਦੇ ਹਿਸਾਬ ਨਾਲ ਬੀਜ ਨੂੰ ਸੋਧ ਲੈਣਾ ਚਾਹੀਦਾ ਹੈ। ਇਸ ਤੋਂ ਇਲਾਵਾ ਸ਼ਾਖ ਦੀ ਮੱਖੀ ਦੀ ਰੋਕਥਾਮ ਲਈ ਬੀਜ ਨੂੰ 6 ਗ੍ਰਾਮ ਗਾਚੋ ( ਇਮੀਡਾਕਲੋਪਰਿਡ) 600 ਐਫ. ਐਸ. ਪ੍ਰਤੀ ਕਿਲੋ ਬੀਜ ਹਿਸਾਬ ਨਾਲ ਸੋਧ ਲਵੋ। ਸ਼ਾਖ ਦੀ ਮੱਖੀ ਦੀ ਰੋਕਥਾਮ ਲਈ ਬੀਜ ਸੋਧਣਾ ਹੀ ਇਕ ਕਾਰਗਰ ਤਰੀਕਾ ਹੈ। ਗਾਚੋ ਨਾਲ ਬੀਜ ਨੂੰ ਸੋਧਣ ਉਪਰੰਤ ਹੀ ਉੱਲੀਨਾਸ਼ਕ ਰਸਾਇਣਾਂ ਨਾਲ ਬੀਜ ਨੂੰ ਸੋਧੋ।
ਛੋਲੇ : ਹਾੜ੍ਹੀ ਦੀਆ ਦਾਲਾਂ ਵਾਲੀਆਂ ਫ਼ਸਲਾਂ ਵਿਚੋਂ ਛੋਲਿਆਂ ਦੀ ਮੁੱਖ ਫ਼ਸਲ ਹੈ, ਜਿਸ ਨੂੰ ਕੁਝ ਅਜਿਹੇ ਕੀੜੇ ਅਤੇ ਬਿਮਾਰੀਆਂ ਜਿਵੇਂ ਭੂਰਾ ਸਾੜਾ, ਝੁਲਸ ਰੋਗ ਅਤੇ ਸਿਉਂਕ ਨੁਕਸਾਨ ਪਹੁੰਚਾਦੀਆਂ ਹਨ, ਜਿਨ੍ਹਾਂ ਦੀ ਰੋਕਥਾਮ ਕਰਨ ਲਈ ਬੀਜ ਦੀ ਬਿਜਾਈ ਤੋਂ ਪਹਿਲਾਂ ਸੋਧ ਕਰਨਾ ਬਹੁਤ ਜ਼ਰੂਰੀ ਹੈ। ਸਿਉਂਕ ਨਾਲ ਪ੍ਰਭਾਵਤ ਖੇਤਾਂ ਵਿਚ ਛੋਲਿਆਂ ਦੀ ਬਿਜਾਈ ਤੋਂ ਪਹਿਲਾਂ 180 ਮਿਲੀਲਿਟਰ ਕਲੋਰੋਪਾਈਰੀਫਾਸ ਨੂੰ ਅੱਧੇ ਲਿਟਰ ਪਾਣੀ ਵਿਚ ਘੋਲ ਕੇ ਬੀਜ ਨੂੰ ਫਰਸ਼ ਜਾਂ ਤਰਪਾਲ 'ਤੇ ਵਿਛਾ ਕੇ ਛਿੜਕਾਅ ਕਰੋ। ਬੀਜ ਨੂੰ ਸੁਕਾਉਣ ਉਪਰੰਤ ਕਾਰਬੈਂਡਾਜ਼ਿਮ ਜਾਂ 2.5 ਗ੍ਰਾਮ ਰੋਵਰਾਲ (ਆਈਪ੍ਰੋਡਿਓਨ) ਪ੍ਰਤੀ ਕਿਲੋ ਦੇ ਹਿਸਾਬ ਨਾਲ ਬੀਜ ਸੋਧਕ ਡਰੰਮ ਦੀ ਮਦਦ ਨਾਲ ਬੀਜ ਨੂੂੰ ਸੋਧ ਲੈਣਾ ਚਾਹੀਦਾ ਹੈ। 37 ਕਿਲੋ ਕਾਬਲੀ ਛੋਲਿਆਂ ਨੂੰ ਸੋਧਣ ਲਈ 370 ਮਿਲੀਲਿਟਰ ਕਲੋਰੋਪਾਈਰੀਫਾਸ ਦਵਾਈ ਨੂੰ ਇਕ ਲਿਟਰ ਪਾਣੀ ਵਿਚ ਘੋਲ ਕੇ ਬੀਜ ਉੱਪਰ ਛਿੜਕਾਅ ਕਰੋ। ਬੀਜ ਨੂੰ ਸੋਧਣ ਉਪਰੰਤ ਚੰਗੀ ਤਰ੍ਹਾਂ ਰਲਾ ਕੇ ਸੁਕਾ ਲਵੋ।


-ਬਲਾਕ ਖੇਤੀਬਾੜੀ ਅਫ਼ਸਰ, ਪਠਾਨਕੋਟ
ਮੋਬਾਈਲ : 9463071919.

ਕਨੋਲਾ ਸਰ੍ਹੋਂ

ਗੁਣਵੱਤਾ, ਕਾਸ਼ਤ ਅਤੇ ਸਾਂਭ-ਸੰਭਾਲ

ਫ਼ਸਲੀ ਵਿਭਿੰਨਤਾ ਵਿਚ ਸਰ੍ਹੋਂ ਜਾਤੀ ਦੀਆਂ ਫ਼ਸਲਾਂ ਵੱਡਾ ਰੋਲ ਅਦਾ ਕਰ ਸਕਦੀਆਂ ਹਨ। ਪੰਜਾਬ ਵਿਚ ਇਸ ਸਮੇਂ ਤੇਲ ਬੀਜ ਫ਼ਸਲਾਂ ਰੇਪਸੀਡ ਜਿਵੇਂ ਕਿ ਤੋਰੀਆ, ਗੋਭੀ ਸਰ੍ਹੋਂ ਅਤੇ ਤਾਰਾਮੀਰਾ ਅਤੇ ਮਸਟਰਡ ਜਿਵੇਂ ਕਿ ਰਾਇਆ ਅਤੇ ਅਫਰੀਕਣ ਸਰ੍ਹੋਂ ਹੇਠ ਰਕਬਾ 31.7 ਹਜ਼ਾਰ ਹੈਕਟੇਅਰ ਹੈ ਅਤੇ ਝਾੜ 14.13 ਕੁਇੰਟਲ/ਹੈਕਟੇਅਰ ਦੀ ਔਸਤ ਨਾਲ 44.8 ਹਜ਼ਾਰ ਟਨ ਹੈ। ਇਨ੍ਹਾਂ ਫ਼ਸਲਾਂ ਦਾ ਤੇਲ ਵੱਡੇ ਪੱਧਰ ਤੇ ਭੋਜਨ ਤਿਆਰ ਕਰਨ ਲਈ ਵਰਤਿਆ ਜਾਂਦਾ ਹੈ। ਸਿਹਤ ਪ੍ਰਤੀ ਦਿਨ-ਬ-ਦਿਨ ਸੁਚੇਤ ਹੋ ਰਹੀ ਨਵੀਂ ਪੀੜ੍ਹੀ ਨੂੰ ਸੰਚਾਰ ਸਾਧਨਾਂ ਦੀ ਨਵੀਨਤਾ ਨਾਲ ਸੁੰਗੜ ਰਹੀ ਦੁਨੀਆਂ ਨੇ ਅੰਤਰਰਾਸ਼ਟਰੀ ਪੱਧਰ ਦੀ ਸੋਚ ਨਾਲ ਜੋੜਿਆ ਹੈ। ਇਸੇ ਜਾਗਰੂਕਤਾ ਨੇ ਕਨੌਲਾ ਕਿਸਮਾਂ ਦੇ ਤੇਲ ਦੀ ਮੰਗ ਅਤੇ ਲੋੜ ਪੈਦਾ ਕੀਤੀ ਹੈ। ਕਨੋਲਾ ਸਰ੍ਹੋਂ ਦੇ ਤੇਲ ਵਿਚ 2 ਪ੍ਰਤੀਸ਼ਤ ਤੋਂ ਘੱਟ ਇਰੂਸਿਕ ਏਸਿਡ ਹੈ। ਘੱਟ ਇਰੂਸਿਕ ਏਸਿਡ ਵਾਲੇ ਇਸ ਤੇਲ ਦੀ ਵਰਤੋਂ ਨਾਲ ਧਮਨੀਆਂ ਦੇ ਸੁੰਗੜਨ ਦਾ ਖਤਰਾ ਘਟ ਜਾਂਦਾ ਹੈ ਅਤੇ ਦਿਲ ਦੇ ਰੋਗਾਂ ਦੀ ਸੰਭਾਵਨਾ ਬਹੁਤ ਘਟ ਜਾਂਦੀ ਹੈ। ਬਹੁਤੀਆਂ ਕਨੌਲਾ ਕਿਸਮਾਂ ਦੇ ਤੇਲ ਵਿਚ ਇਰੂਸਿਕ ਏਸਿਡ ਦੀ ਮਾਤਰਾ ਆਮ ਸਰ੍ਹੋਂ ਨਾਲੋਂ ਘੱਟ ਹੋਣ ਕਾਰਨ ਔਲਿਕ ਏਸਿਡ (ਮੁਫਾ) ਦੀ ਮਾਤਰਾ ਗੈਰ ਕਨੋਲਾ ਕਿਸਮਾਂ ਦੇ ਮੁਕਾਬਲੇ ਬਹੁਤ ਜ਼ਿਆਦਾ (10-20 ਪ੍ਰਤੀਸ਼ਤ ਦੇ ਮੁਕਾਬਲੇ 60-65 ਪ੍ਰਤੀਸ਼ਤ) ਹੁੰਦੀ ਹੈ। ਸਰ੍ਹੋਂ ਦੇ ਦੋਵੇਂ ਗਰੁੱਪਾਂ (ਰੇਪਸੀਡ ਅਤੇ ਮਸਟਰਡ) ਵਿਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਕਨੋਲਾ ਕਿਸਮਾਂ ਜਾਰੀ ਕਰਕੇ ਖਾਣ ਵਾਲੇ ਤੇਲ ਦੀ ਗੁਣਵੱਤਾ ਵਿਚ ਨਵੇਂ ਮੀਲ ਪੱਥਰ ਸਥਾਪਿਤ ਕੀਤੇ ਹਨ। ਇਹ ਕਿਸਮਾਂ ਗੋਭੀ ਸਰ੍ਹੋਂ ਪੀ. ਏ. ਸੀ. 401, ਜੀ. ਐਸ. ਸੀ. 6 ਅਤੇ ਜੀ. ਐਸ. ਸੀ. 7 (ਰੇਪਸੀਡ) ਅਤੇ ਰਾਇਆ ਆਰ. ਐਲ. ਸੀ. 3 (ਮਸਟਰਡ) ਦੇ ਰੂਪ ਵਿਚ ਕਿਸਾਨਾਂ ਦੇ ਖੇਤਾਂ ਵਿਚ ਪਹੁੰਚ ਚੁੱਕੀਆਂ ਹਨ। ਇਨ੍ਹਾਂ ਕਿਸਮਾਂ ਦਾ ਤੇਲ ਮਨੁੱਖੀ ਸਿਹਤ ਲਈ ਬਹੁਤ ਵਧੀਆ ਹੈ। ਸਗੋਂ ਇਨ੍ਹਾਂ ਕਿਸਮਾਂ ਤੋਂ ਤਿਆਰ ਖਲ ਵੀ ਪਸ਼ੂਆਂ ਲਈ ਬਹੁਤ ਗੁਣਕਾਰੀ ਸਾਬਿਤ ਹੋ ਰਹੀ ਹੈ। ਇਸ ਖਲ ਵਿਚ 30 ਮਾਈਕਰੋ ਮੋਲ ਪ੍ਰਤੀ ਗ੍ਰਾਮ ਤੋਂ ਘੱਟ ਗਲੂਕੋਸਿਨੋਲੇਟਸ ਹੁੰਦੇ ਹਨ। ਖੱਲ ਵਿਚਲੇ ਜ਼ਿਆਦਾ ਗਲੂਕੋਸਿਨੋਲੇਟਸ ਜਾਨਵਰਾਂ ਵਿਚ ਭੁੱਖ ਅਤੇ ਜਣਨਪਨ ਨੂੰ ਘਟਾਉਣ ਦੇ ਨਾਲ-ਨਾਲ ਗੱਲੜ ਰੋਗ ਨੂੰ ਵਧਾੳਂਦੇ ਹਨ। ਕਨੋਲਾ ਕਿਸਮਾਂ ਦੀ ਖਲ ਵੀ ਪਸ਼ੂਆਂ ਦੀ ਖੁਰਾਕ ਲਈ ਬਹੁਤ ਵਧੀਆ ਹੁੰਦੀ ਹੈ ।
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਲੋਂ ਸਿਫਾਰਿਸ਼ ਕੀਤੀਆਂ ਗਈਆਂ ਕਨੋਲਾ ਕਿਸਮਾਂ ਹੇਠ ਲਿਖੀਆਂ ਹਨ।
ਗੋਭੀ ਸਰ੍ਹੋਂ
ਜੀ. ਐਸ. ਸੀ. 7 : ਇਹ ਗੋਭੀ ਸਰ੍ਹੋਂ ਦੀ ਇਕ ਕਨੌਲਾ ਕਿਸਮ ਹੈ । ਸਮੇਂ ਸਿਰ ਅਤੇ ਸੇਂਜੂ ਹਾਲਤਾਂ ਵਿਚ ਬਿਜਾਈ ਲਈ ਇਹ ਦਰਮਿਆਨੇ ਕੱਦ ਵਾਲੀ ਕਿਸਮ ਹੈ ਜਿਸ ਨੂੰ ਚਿੱਟੀ ਕੂੰਗੀ ਅਤੇ ਝੁਲਸ ਰੋਗ ਘੱਟ ਲਗਦਾ ਹੈ। ਇਸ ਦਾ ਔਸਤ ਝਾੜ 8.9 ਕੁਇੰਟਲ ਪ੍ਰਤੀ ਏਕੜ ਹੈ। ਕਿਸਾਨਾਂ ਦੇ ਖੇਤਾਂ ਵਿਚ ਲਗਵਾਏ ਪ੍ਰਦਰਸ਼ਨੀ ਪਲਾਟਾਂ ਵਿਚ ਇਸ ਦਾ ਝਾੜ 10.0 ਕੁਇੰਟਲ ਪ੍ਰਤੀ ਏਕੜ ਵੀ ਆਇਆ ਹੈ। ਇਸ ਵਿਚ ਤੇਲ ਦੀ ਮਾਤਰਾ 40.5 ਪ੍ਰਤੀਸ਼ਤ ਹੈ। ਇਹ 154 ਦਿਨਾਂ ਵਿਚ ਪੱਕ ਜਾਂਦੀ ਹੈ। ਕਿਸਾਨ ਵੀਰ ਇਸਦਾ ਬੀਜ ਵੀ ਰੱਖ ਸਕਦੇ ਹਨ।
ਜੀ. ਐਸ. ਸੀ. 6 : ਇਹ ਗੋਭੀ ਸਰ੍ਹੋਂ ਦੀ ਕਨੋਲਾ ਕਿਸਮ ਹੈ ਜਿਸ ਦੀ ਸਾਰੇ ਪ ੰਜਾਬ ਵਿਚ ਸਮੇਂ ਸਿਰ ਅਤੇ ਸੇਂਜੂ ਹਾਲਤਾਂ ਵਿਚ ਬਿਜਾਈ ਲਈ ਢੁਕਵੀਂ ਹੈ । ਇਸ ਦਾ ਔਸਤ ਝਾੜ 6.1 ਕੁਇੰਟਲ ਪ੍ਰਤੀ ਏਕੜ ਹੈ । ਇਸ ਵਿਚ ਤੇਲ ਦੀ ਮਾਤਰਾ 39.1 ਪ੍ਰਤੀਸ਼ਤ ਹੈ। ਇਹ ਕਿਸਮ 145 ਦਿਨਾਂ ਵਿਚ ਪੱਕ ਜਾਂਦੀ ਹੈ। ਕਿਸਾਨ ਵੀਰ ਇਸਦਾ ਬੀਜ ਵੀ ਰੱਖ ਸਕਦੇ ਹਨ।
ਪੀ. ਏ. ਸੀ. 401 (ਹਾਇਓਲਾ): ਇਹ ਵੀ ਗੋਭੀ ਸਰ੍ਹੋਂ ਦੀ ਦੋਗਲੀ ਕਨੌਲਾ ਕਿਸਮ ਹੈ ਜੋ ਸੇਂਜੂ ਹਾਲਤਾਂ ਵਿਚ ਬੀਜਣ ਲਈ ਢੁਕਵੀਂ ਹੈ। ਇਹ ਦਰਮਿਆਨੇ ਕੱਦ ਦੀ ਕਿਸਮ ਹੈ ਜੋ 150 ਦਿਨਾਂ ਵਿਚ ਪੱਕ ਜਾਂਦੀ ਹੈ। ਇਸ ਵਿਚ 42 ਪ੍ਰਤੀਸ਼ਤ ਤੇਲ ਹੁੰਦਾ ਹੈ। ਇਸ ਦਾ ਔਸਤ ਝਾੜ 6.7 ਕੁਇੰਟਲ ਪ੍ਰਤੀ ਏਕੜ ਹੈ। (ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)


-ਪੀ.ਏ.ਯੂ., ਫਾਰਮ ਸਲਾਹਕਾਰ ਸੇਵਾ ਸਕੀਮ, ਨੂਰਮਹਿਲ, ਜਲੰਧਰ।
maninder-fass@gmail.com

ਸਰਕਾਰ ਕਿਸਾਨੀ 'ਤੇ ਆਏ ਸੰਕਟ ਨੂੰ ਦੂਰ ਕਰਨ ਲਈ ਕਦਮ ਚੁੱਕੇ

ਅਰਥ-ਵਿਗਿਆਨੀਆਂ ਵਲੋਂ ਖੇਤੀ ਉਤਪਾਦਨ ਦੀਆਂ ਕੀਮਤਾਂ ਸਬੰਧੀ ਕੀਤੇ ਅਧਿਐਨ ਦੇ ਆਧਾਰ 'ਤੇ ਕਿਸਾਨਾਂ ਨੂੰ 2005 ਵਿਚ ਉਹੋ ਹੀ ਕੀਮਤ ਮਿਲ ਰਹੀ ਸੀ ਜੋ ਉਹ ਸੰਨ 1985 ਵਿਚ ਲੈ ਰਹੇ ਸਨ ਜਦੋਂ ਕਿ ਖਰਚਿਆਂ ਵਿਚ ਇਸ ਦੌਰਾਨ ਲਗਾਤਾਰ ਵਾਧਾ ਹੋਇਆ। ਅਜਿਹੀ ਹੀ ਸਥਿਤੀ ਹੁਣ ਵੀ ਜਾਰੀ ਹੈ। ਹੁਣ ਕਣਕ ਦੀ ਬਿਜਾਈ ਦੇਰੀ ਨਾਲ ਹੋਣ ਕਾਰਨ ਝਾੜ ਵੀ ਪ੍ਰਭਾਵਿਤ ਹੋਵੇਗਾ। ਖੇਤੀ ਮਾਹਿਰਾਂ ਅਨੁਸਾਰ 15 ਨਵੰਬਰ ਤੋਂ ਬਾਅਦ ਬੀਜੀ ਗਈ ਕਣਕ ਦੇ ਝਾੜ ਦੀ ਉਤਪਾਦਕਤਾ ਘਟਦੀ ਜਾਵੇਗੀ। ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਦੇ ਡਾਇਰੈਕਟਰ ਜਸਬੀਰ ਸਿੰਘ ਬੈਂਸ ਅਨੁਸਾਰ ਕਣਕ ਦੀ ਕਾਸ਼ਤ 34.80 ਲੱਖ ਹੈਕਟੇਅਰ ਰਕਬੇ 'ਤੇ ਕੀਤੀ ਜਾਣੀ ਹੈ ਜਿਸ ਵਿਚੋਂ ਅਜੇ ਸਨਿਚਰਵਾਰ ਤੱਕ ਕੇਵਲ 36 ਪ੍ਰਤੀਸ਼ਤ ਰਕਬਾ ਹੀ ਬੀਜਿਆ ਗਿਆ ਹੈ। ਝੋਨੇ ਦੇ ਖੇਤ ਦੇਰੀ ਨਾਲ ਖਾਲੀ ਹੋਣ ਉਪਰੰਤ ਆਲੂਆਂ ਅਤੇ ਦੂਜੀਆਂ ਸਬਜ਼ੀਆਂ ਦੀ ਕਾਸ਼ਤ ਵੀ ਪ੍ਰਭਾਵਿਤ ਹੋਣ ਦਾ ਭਾਰੀ ਅੰਦੇਸ਼ਾ ਹੈ।
ਬੇਮੌਸਮੀ ਬਾਰਿਸ਼ ਤੇ ਦੇਰੀ ਨਾਲ ਝੋਨਾ ਲੱਗਣ ਕਾਰਨ ਇਸ ਸਾਲ ਪਿਛਲੇ ਸਾਲਾਂ ਦੇ ਮੁਕਾਬਲੇ 10 ਪ੍ਰਤੀਸ਼ਤ ਉਤਪਾਦਕਤਾ 'ਚ ਕਮੀ ਆਈ ਹੈ। ਸਰਕਾਰ ਵਲੋਂ 10 ਜੂਨ ਦੀ ਬਜਾਏ, ਕਿਸਾਨਾਂ ਅਤੇ ਉਨ੍ਹਾਂ ਦੇ ਆਗੂਆਂ ਨੂੰ ਵਿਸ਼ਵਾਸ ਵਿਚ ਲਏ ਬਿਨਾਂ, ਜੋ ਝੋਨੇ ਦੀ ਲੁਆਈ ਦੀ ਮਿਤੀ ਵਧਾ ਕੇ 20 ਜੂਨ ਕਰ ਦਿੱਤੀ ਗਈ, ਉਸ ਕਰਕੇ ਨਮੀਂ ਜ਼ਿਆਦਾ ਹੋਣ ਕਾਰਨ ਉਹ ਫ਼ਸਲ ਦੇ ਮੰਡੀਕਰਨ ਸਬੰਧੀ ਮੰਡੀਆਂ 'ਚ ਰੁਲ ਰਹੇ ਹਨ ਅਤੇ ਉਨ੍ਹਾਂ ਨੂੰ ਐਮ.ਐਸ.ਪੀ. ਵੀ ਵਸੂਲ ਨਹੀਂ ਹੁੰਦੀ। ਗੁਰਦਾਸਪੁਰ ਜ਼ਿਲ੍ਹੇ ਦੇ ਅਵਾਨ ਪਿੰਡ ਦੇ ਅਗਹਾਂਵਧੂ ਕਿਸਾਨ ਰਾਵਿੰਦਰਜੀਤ ਸਿੰਘ ਅਠਵਾਲ ਕਹਿੰਦੇ ਹਨ ਕਿ ਝੋਨੇ ਦੀ ਲੁਆਈ ਵਿਚ 10 ਦਿਨ ਦੀ ਦੇਰੀ ਨੇ ਨਮੀਂ ਅਤੇ ਕਣਕ ਦੀ ਬਿਜਾਈ ਸਮੇਂ ਤੋਂ ਲੇਟ ਕਰਨ ਸਬੰਧੀ ਸਾਰੀਆਂ ਮੁਸ਼ਕਿਲਾਂ ਪੈਦਾ ਕੀਤੀਆਂ ਹਨ। ਇਸ ਨਾਲ ਕੋਈ ਪਾਣੀ ਦੀ ਬੱਚਤ ਵੀ ਨਹੀਂ ਹੋਈ।
ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਦਾ ਸਾਰਾ ਧਿਆਨ ਕੇਂਦਰ ਤੋਂ ਝੋਨੇ ਦੀ ਰਹਿੰਦ-ਖੂਹੰਦ ਨੂੰ ਅੱਗ ਨਾ ਲਾਉਣ ਸਬੰਧੀ ਦਿੱਤੇ ਗਏ ਪੈਸੇ ਨਾਲ ਕਿਸਾਨਾਂ ਨੁੂੰ ਮਸ਼ੀਨਾਂ, ਜਿਸ ਵਿਚ ਉੱਚ ਕੀਮਤ ਵਾਲੀਆਂ ਸੁਪਰ ਐਸ.ਐਮ.ਐਸ. ਤੇ ਹੈਪੀਸੀਡਰ ਵਰਗੀਆਂ ਮਸ਼ੀਨਾਂ ਸ਼ਾਮਿਲ ਹਨ, ਨੂੰ ਦੇਣ 'ਤੇ ਲੱਗਿਆ ਹੋਇਆ ਹੈ। ਭਾਵੇਂ ਕਈ ਥਾਵਾਂ 'ਤੇ ਕਿਸਾਨ ਗਰੁੱਪ ਜਿਨ੍ਹਾਂ ਨੂੰ ਮਸ਼ੀਨਾਂ 80 ਪ੍ਰਤੀਸ਼ਤ ਸਬਸਿਡੀ 'ਤੇ ਦਿੱਤੀਆਂ ਗਈਆਂ ਹਨ, ਦੇ ਮੈਂਬਰਾਂ ਨੇ ਵੀ ਪਰਾਲੀ ਨੂੰ ਅੱਗ ਲਾ ਕੇ ਆਪਣੇ ਖੇਤ ਕਣਕ ਲਈ ਤਿਆਰ ਕੀਤੇ ਹਨ। ਚਾਰੇ ਪਾਸੇ ਰਹਿੰਦ-ਖੂਹੰਦ ਨੂੰ ਕਿਸਾਨਾਂ ਨੇ ਅੱਗ ਲਗਾਈ ਹੈ ਅਤੇ ਸਰਕਾਰ ਵਲੋਂ ਬਣਾਏ ਨਿਯਮਾਂ ਦੀ ਖੁੱਲ੍ਹਮ-ਖੁੱਲ੍ਹਾ ਉਲੰਘਣਾ ਕੀਤੀ ਹੈ ਜਿਸ ਨਾਲ ਸਰਕਾਰ ਦਾ ਵੱਕਾਰ ਵੀ ਗਿਰਿਆ ਹੈ। ਪ੍ਰਦੂਸ਼ਣ ਦਾ ਘਟਣਾ ਜਿੱਥੇ ਕੁਝ ਹੱਦ ਤੱਕ ਥੋੜ੍ਹੇ ਜਿਹੇ ਕਿਸਾਨਾਂ ਵਲੋਂ ਅੱਗ ਨਾ ਲਾਉਣ ਦਾ ਨਤੀਜਾ ਹੈ, ਇਸ ਵਿਚ ਮੌਸਮ ਅਨੁਕੂਲ ਰਹਿਣ ਦਾ ਵੀ ਵੱਡਾ ਯੋਗਦਾਨ ਹੈ। ਪਿਛਲੇ ਸਾਲ ਬਾਰਿਸ਼ ਹੋਣ ਕਾਰਨ ਧੂੰਆਂ ਤੇ ਪ੍ਰਦੂਸ਼ਣ ਦਾ ਪ੍ਰਭਾਵ ਲੰਮਾ ਸਮਾਂ ਰਿਹਾ ਤੇ ਦੂਰ ਤੱਕ ਗਿਆ। ਖੇਤੀਬਾੜੀ ਵਿਭਾਗ ਵਲੋਂ ਝੋਨੇ ਦੀ ਰਹਿੰਦ-ਖੂਹੰਦ ਨੂੰ ਜ਼ਮੀਨ ਵਿਚ ਦਬਾ ਕੇ ਉਪਜਾਊ ਸ਼ਕਤੀ ਵਧਾਉਣ ਦੀ ਤਰਕੀਬ ਵੀ ਦਿੱਤੀ ਜਾ ਰਹੀ ਹੈ ਅਤੇ ਇਸ ਦੀਆਂ ਗਠ੍ਹਾਂ ਬੰਨ੍ਹ ਕੇ ਖੇਤ ਵਿਚੋਂ ਬਾਹਰ ਕੱਢਣ ਦਾ ਸੁਝਾਅ ਵੀ ਦਿੱਤਾ ਜਾ ਰਿਹਾ ਹੈ। ਜਿਨ੍ਹਾਂ ਕਿਸਾਨਾਂ ਨੇ ਹੈਪੀ ਸੀਡਰ ਸਬਸਿਡੀ 'ਤੇ ਲਏ ਹਨ, ਉਨ੍ਹਾਂ ਵਿਚੋਂ ਵੀ ਕੁਝ ਕਿਸਾਨ ਗੰਢਾਂ ਬੰਨ੍ਹ ਕੇ ਪਰਾਲੀ ਖੇਤ ਵਿਚੋਂ ਕੱਢਣ ਦਾ ਪ੍ਰਬੰਧ ਕਰਨ ਲਈ ਘੁੰਮ ਰਹੇ ਹਨ।
ਸਰਕਾਰ ਵਲੋਂ ਪਿਛਲੀ ਸ਼ਤਾਬਦੀ ਦੌਰਾਨ ਸੋਇਆਬੀਨ ਅਤੇ ਹੁਣ ਖਰੀਫ ਦੀਆਂ ਫ਼ਸਲਾਂ ਦੀ ਕਾਸ਼ਤ ਵਧਾਉਣ ਸਬੰਧੀ ਕੀਤੇ ਗਏ ਉਪਰਾਲੇ ਅਸਫ਼ਲ ਰਹੇ ਹਨ। ਸੰ: 2009 - 10 ਵਿਚ ਮੱਕੀ ਦੀ ਕਾਸ਼ਤ 1.39 ਲੱਖ ਹੈਕਟੇਅਰ ਰਕਬੇ 'ਤੇ ਹੋਈ ਸੀ ਜਿਸ ਥੱਲੇ ਹੁਣ ਘੱਟ ਕੇ ਰਕਬਾ 1.24 ਲੱਖ ਹੈਕਟੇਅਰ ਰਹਿ ਗਿਆ, ਕਪਾਹ-ਨਰਮਾ 5.11 ਲੱਖ ਹੈਕਟੇਅਰ 'ਤੇ ਬੀਜਿਆ ਗਿਆ ਸੀ ਜੋ ਹੁਣ 2.84 ਲੱਖ ਹੈਕਟੇਅਰ 'ਤੇ ਕਾਸ਼ਤ ਹੈ। ਇਸੇ ਤਰ੍ਹਾਂ ਤੇਲ ਬੀਜ, ਦਾਲਾਂ ਤੇ ਗੰਨੇ ਦੀ ਕਾਸ਼ਤ ਥੱਲੇ ਰਕਬੇ 'ਚ ਕਮੀ ਆਈ ਹੈ। ਝੋਨੇ ਦੀ ਕਾਸ਼ਤ ਥੱਲੇ ਰਕਬਾ 28.282 ਲੱਖ ਹੈਕਟੇਅਰ ਤੋਂ ਵਧ ਕੇ 30.42 ਲੱਖ ਹੈਕਟੇਅਰ 'ਤੇ ਪਹੁੰਚ ਗਿਆ। ਬਾਸਮਤੀ ਦੀ ਕਾਸ਼ਤ 2014 ਵਿਚ 7.8 ਲੱਖ ਹੈਕਟੇਅਰ ਰਕਬੇ 'ਤੇ ਹੋਈ ਸੀ ਜੋ ਹੁਣ ਘਟ ਕੇ 5.25 ਲੱਖ ਹੈਕਟੇਅਰ ਰਕਬੇ 'ਤੇ ਆ ਗਈ। ਸਾਲ 2014 ਤੋਂ ਬਾਅਦ ਜੋ ਬਾਸਮਤੀ ਕਿਸਮਾਂ ਦੇ ਭਾਅ 'ਚ ਕਮੀ ਆਈ, ਉਸ ਨਾਲ ਰਕਬਾ ਘਟਦਾ ਗਿਆ। ਜੇ ਸਰਕਾਰ ਵਲੋਂ ਕਿਸਾਨਾਂ ਨੂੰ ਲਾਹੇਵੰਦ ਭਾਅ ਦੇਣ ਲਈ ਸਫ਼ਲ ਉਪਰਾਲੇ ਕੀਤੇ ਜਾਂਦੇ ਤਾਂ ਘੱਟੋ-ਘੱਟ ਬਾਸਮਤੀ ਦੀ ਕਾਸ਼ਤ ਥੱਲੇ ਰਕਬਾ ਵਧ ਸਕਦਾ ਸੀ। ਇਸ ਸਾਲ ਜੋ ਬਾਸਮਤੀ ਦੀ ਕੀਮਤ 'ਚ ਚੋਖਾ ਵਾਧਾ ਹੋਣ ਕਾਰਨ ਕਿਸਾਨਾਂ ਨੂੰ ਪੂਸਾ ਬਾਸਮਤੀ - 1121 ਦਾ 3650 - 3700 ਰੁਪਏ ਪ੍ਰਤੀ ਕੁਇੰਟਲ, ਪੂਸਾ ਬਾਸਮਤੀ - 1509 ਦਾ 3100 - 3200 ਰੁਪਏ ਪ੍ਰਤੀ ਕੁਇੰਟਲ ਅਤੇ ਪੂਸਾ ਬਾਸਮਤੀ - 1718 ਕਿਸਮ ਦਾ 3300 ਰੁਪਏ ਪ੍ਰਤੀ ਕੁਇੰਟਲ ਤੱਕ ਭਾਅ ਮਿਲ ਰਿਹਾ ਹੈ। ਇਸ ਨਾਲ ਭਵਿੱਖ 'ਚ ਬਾਸਮਤੀ ਦੀ ਕਾਸ਼ਤ ਵਧਣ ਦੀ ਸੰਭਾਵਨਾ ਹੋ ਗਈ ਹੈ। ਇਹ ਲਾਹੇਵੰਦ ਭਾਅ ਕਿਸਾਨਾਂ ਨੂੰ 2013 ਤੋਂ ਬਾਅਦ ਪਹਿਲੀ ਵਾਰ ਮਿਲਿਆ ਹੈ। ਸਰਕਾਰ ਨੂੰ ਫ਼ਸਲੀ ਵਿਭਿੰਨਤਾ ਪੱਖੋਂ ਇਸ ਮੌਕੇ ਨੂੰ ਸਾਂਭ ਕੇ ਬਾਸਮਤੀ ਦੀ ਕਾਸ਼ਤ ਵਧਾਉਣ ਸਬੰਧੀ ਪ੍ਰਭਾਵਸ਼ਾਲੀ ਕਦਮ ਚੁੱਕਣੇ ਚਾਹੀਦੇ ਹਨ। ਇਸ ਵਾਰ ਬਾਸਮਤੀ ਦੀ ਬਰਾਮਦ ਪਿਛਲੇ ਸਾਲ ਦੇ 40.52 ਲੱਖ ਟਨ ਦੇ ਪੱਧਰ 'ਤੇ ਹੀ ਰਹਿਣ ਦੀ ਸੰਭਾਵਨਾ ਹੈ ਭਾਵੇਂ ਵਿਦੇਸ਼ੀ ਮੁਦਰਾ 30 ਹਜ਼ਾਰ ਕਰੋੜ ਤੱਕ ਪਹੁੰਚ ਜਾਏ। ਪਿਛਲੇ ਸਾਲ 26841 ਕਰੋੜ ਰੁਪਏ ਦੀ ਵਿਦੇਸ਼ੀ ਮੁਦਰਾ ਬਾਸਮਤੀ ਦੀ ਬਰਾਮਦ ਤੋਂ ਪ੍ਰਾਪਤ ਹੋਈ ਸੀ। ਏ.ਆਈ.ਆਰ.ਈ.ਏ. ਦੇ ਪ੍ਰਧਾਨ ਸ੍ਰੀ ਸੇਤੀਆ ਨੇ ਦੱਸਿਆ ਕਿ ਪੰਜਾਬ ਤੇ ਹਰਿਆਣਾ ਦੀ ਬਾਸਮਤੀ ਵਿਦੇਸ਼ਾਂ 'ਚ ਵੀ ਬੜੀ ਪਸੰਦ ਕੀਤੀ ਜਾਂਦੀ ਹੈ। ਇਨ੍ਹਾਂ ਦੋਵੇਂ ਰਾਜਾਂ 'ਚ ਬਾਸਮਤੀ ਦੀ ਕਾਸ਼ਤ ਥੱਲੇ 13 ਲੱਖ ਹੈਕਟੇਅਰ ਰਕਬਾ ਹੈ। ਪੰਜਾਬ ਵਿਚ ਇਸ ਨੂੰ ਵਧਾਏ ਜਾਣ ਦੀ ਗੁੰਜਾਇਸ਼ ਹੈ।
ਸਟੇਟ ਐਵਾਰਡੀ ਪੰਜਾਬ ਰਾਜ ਬੀਜ ਪ੍ਰਮਾਣਨ ਅਥਾਰਟੀ ਦੇ ਕਿਸਾਨ ਪ੍ਰਤੀਨਿਧੀ ਮੈਂਬਰ ਰਾਜਮੋਹਨ ਸਿੰਘ ਕਾਲੇਕਾ ਕਹਿੰਦੇ ਹਨ ਕਿ ਕੋਈ ਵੀ ਕਿਸਾਨਾਂ ਸਬੰਧੀ ਫ਼ੈਸਲਾ ਲੈਣ ਤੋਂ ਪਹਿਲਾਂ ਸਰਕਾਰ ਨੂੰ ਕਿਸਾਨ ਸੰਸਥਾਵਾਂ ਦੇ ਆਗੂਆਂ ਨੂੰ ਵਿਸ਼ਵਾਸ ਵਿਚ ਲੈਣਾ ਚਾਹੀਦਾ ਹੈ।


-ਮੋਬਾਈਲ : 98152-36307

ਮੌਤ ਦੇ ਫਰਿਸ਼ਤੇ

ਬੜੀ ਮਸ਼ਹੂਰ ਕਹਾਵਤ ਹੈ ਕਿ ਪੰਜਾਬੀ ਤਾਂ ਮੌਤ ਨੂੰ ਮਖੌਲ ਕਰ ਦਿੰਦੇ ਨੇ। ਇਹ ਬਿਲਕੁੱਲ ਸੱਚ ਹੈ। ਖਾਸ ਕਰਕੇ ਜਦ ਸ਼ਾਮ ਪੈਂਦੀ ਹੈ। ਇਹ ਸੱਚ ਪੰਜਾਬ ਦੀਆਂ ਸੜਕਾਂ 'ਤੇ ਆਮ ਵੇਖਣ ਨੂੰ ਮਿਲਦਾ ਹੈ। ਸ਼ਾਮ ਦੀ ਹਲਕੀ ਰੰਗੀਨੀ ਨਾਲ ਲਬਰੇਜ਼ ਵੱਡੀਆਂ ਕਾਰਾਂ ਦੀ ਸਪੀਡ ਕਿਸੇ ਜਹਾਜ਼ ਤੋਂ ਘੱਟ ਨਹੀਂ ਹੁੰਦੀ। ਸੜਕ ਦੀ ਬਰਮ 'ਤੇ ਜਾ ਰਹੇ ਸਾਈਕਲ, ਸਕੂਟਰ ਜਾਂ ਰਿਕਸ਼ੇ, ਜੇ ਉਲਟ ਵੀ ਜਾਣ ਤਾਂ, ਇਹ ਰੁਕਦੇ ਤੱਕ ਨਹੀਂ। ਇਕ ਹੋਰ ਕ੍ਰਿਸ਼ਮਾ ਕਰਦੇ ਹਨ, ਪੰਜਾਬ ਵਿਚ ਚਲਦੇ ਟਰੱਕ, ਟਰਾਲਿਆਂ ਤੇ ਟੈਂਪੂ (ਜਿਵੇਂ ਛੋਟਾ ਹਾਥੀ ਆਦਿ)। ਇਨ੍ਹਾਂ ਦੇ ਜੇ ਕਿਸੇ ਦੀ ਪਿਛਲੀ ਬੱਤੀ ਜਲਦੀ ਹੋਵੇ ਜਾਂ ਰਿਫਲੈਕਟਰ ਟੇਪ ਲੱਗੀ ਹੋਵੇ ਤਾਂ, ਉਸਨੂੰ ਨੋਬਲ ਇਨਾਮ ਦੇਣ ਨੂੰ ਦਿਲ ਕਰਦਾ ਹੈ। ਇਹ ਸਿਰਫ ਪੰਜਾਬ ਦੀਆਂ ਵਪਾਰਕ ਗੱਡੀਆਂ ਦਾ ਹੀ ਹਾਲ ਹੈ। ਲੰਬੇ ਰੂਟ ਦੀਆਂ ਗੱਡੀਆਂ ਦੇ ਸਹੀ ਲਾਈਟਾਂ ਹੁੰਦੀਆਂ ਹਨ, ਕਿਉਂਕਿ ਦੂਜੇ ਸੂਬਿਆਂ ਵਿਚ 'ਗੱਡੀ ਪਾਸ ਕਰਨ ਵਾਲੇ' ਅਧਿਕਾਰੀ ਪੰਜਾਬੀਆਂ ਜਿੰਨੇ ਬੇਈਮਾਨ ਨਹੀਂ ਹਨ। ਸੜਕਾਂ 'ਤੇ ਸਭ ਤੋਂ ਵੱਧ ਐਕਸੀਡੈਂਟ ਬਿਨਾਂ ਪਿੱਛੇ ਲਾਈਟਾਂ ਵਾਲੇ, ਟਰੱਕਾਂ, ਟੈਪੂਆਂ ਤੇ ਟਰਾਲੀਆਂ ਨਾਲ ਹੀ ਹੁੰਦੇ ਹਨ। ਪਰ ਮਜ਼ਾਲ ਹੈ ਕੋਈ ਅਧਿਕਾਰੀ ਆਪਣੀ ਨੀਂਦ ਖਰਾਬ ਕਰ ਜਾਵੇ। ਹਾਂ ਇਨ੍ਹਾਂ ਤੋਂ ਐਂਟਰੀ ਲੈਣ ਵਾਲੇ ਥਾਂ-ਥਾਂ ਮਿਲ ਜਾਣਗੇ। ਕਾਸ਼ ਕਿਤੇ ਇਹ ਸਰਕਾਰੀ ਤੇ ਗ਼ੈਰ-ਸਰਕਾਰੀ ਮੌਤ ਦੇ ਫਰਿਸ਼ਤੇ, ਨੋਟਾਂ ਦੀ ਲਿਆਂਦੀ ਘੂਕੀ ਤੋਂ ਸੁਰਤ ਵਿਚ ਵਾਪਸ ਆ ਜਾਣ।

-ਮੋਬਾ: 98159-45018

ਵਿਰਸੇ ਦੀਆਂ ਬਾਤਾਂ

ਇਸ ਸਿੱਟੇ 'ਤੇ ਲਿਖਿਆ ਖਾਣ ਵਾਲੇ ਦਾ ਨਾਂਅ

ਕਈ ਦ੍ਰਿਸ਼ ਜਾਂ ਤਸਵੀਰਾਂ ਤੁਹਾਨੂੰ ਏਨਾ ਪ੍ਰਭਾਵਿਤ ਕਰਦੇ ਹਨ ਕਿ ਤੁਰੰਤ ਕਲਮ ਚੁੱਕਣ ਨੂੰ ਜੀਅ ਕਰਦੈ। ਸ਼ਬਦ ਆਪਮੁਹਾਰੇ ਕਾਗ਼ਜ਼ 'ਤੇ ਨੱਚਣ ਲਗਦੇ ਹਨ। ਇੰਝ ਲਗਦਾ ਇਹ ਉਸ ਦ੍ਰਿਸ਼ ਦਾ ਜ਼ੋਰ ਸੀ, ਜਿਹੜਾ ਅੱਖਾਂ ਥਾਣੀਂ ਅੰਦਰ ਉੱਤਰ ਗਿਆ। ਇਸ ਤਸਵੀਰ ਨੂੰ ਦੇਖ ਇਹੀ ਅਹਿਸਾਸ ਹੋਇਆ। ਇਹ ਨਿੱਕਾ ਜਿਹਾ ਪੰਛੀ ਆਪਣੇ ਭੋਜਨ ਕੋਲ ਬੈਠਾ ਜਿੰਨਾ ਆਨੰਦਤ ਮਹਿਸੂਸ ਕਰ ਰਿਹਾ ਜਾਪਦਾ, ਉਸ ਨੂੰ ਬਿਆਨ ਕਰਨਾ ਔਖਾ ਹੈ।
ਮੇਰੇ ਪਿਤਾ ਜੀ ਦੱਸਦੇ ਹੁੰਦੇ ਸਨ, 'ਸਾਡੇ ਵੇਲੇ ਹਰ ਕਿਸਾਨ ਕਣਕ ਜਾਂ ਹੋਰ ਫ਼ਸਲ ਦਾ ਖੂੰਜੇ ਵਿਚ ਛੋਟਾ ਜਿਹਾ ਹਿੱਸਾ, ਜਿਸ ਨੂੰ ਬੋਦੀ ਆਖਦੇ ਸਨ, ਖੇਤ ਵਿਚ ਖੜ੍ਹਾ ਛੱਡ ਦਿੰਦਾ ਸੀ। ਉਹ ਪਸ਼ੂ-ਪੰਛੀਆਂ ਦੇ ਹਿੱਸੇ ਦਾ ਮੰਨਿਆ ਜਾਂਦਾ ਸੀ। ਉਸ ਮਰਲਾ, ਅੱਧਾ ਮਰਲਾ ਕਣਕ ਨੂੰ ਕੋਈ ਪਸ਼ੂ, ਪੰਛੀ ਖਾਂਦਾ ਸੀ ਜਾਂ ਨਹੀਂ, ਇਹ ਤਾਂ ਨਹੀਂ ਪਤਾ, ਪਰ ਮਨੁੱਖ ਹੋਣ ਦੇ ਨਾਤੇ ਆਪਣਾ ਫ਼ਰਜ਼ ਜ਼ਰੂਰ ਸਮਝਿਆ ਜਾਂਦਾ ਸੀ।'
ਸ਼ਾਇਦ ਹੁਣ ਵੀ ਕਈ ਕਿਸਾਨ ਹੋਣਗੇ, ਜਿਹੜੇ ਇਹ ਸੋਚ ਰੱਖਦੇ ਹੋਣ। ਉਨ੍ਹਾਂ ਦੀ ਇਸ ਧਾਰਨਾ ਨੂੰ ਗ਼ਲਤ ਕਹੀਏ ਜਾਂ ਸਹੀ, ਸਾਡੀ ਸੋਚ 'ਤੇ ਨਿਰਭਰ ਹੈ, ਪਰ ਇਥੋਂ ਉਨ੍ਹਾਂ ਦੀ ਸੰਵੇਦਨਸ਼ੀਲਤਾ ਤੇ ਜ਼ਿੰਮੇਵਾਰੀ ਦਾ ਜ਼ਰੂਰ ਪਤਾ ਲੱਗਦਾ ਹੈ।
ਤਸਵੀਰ ਵਿਚਲਾ ਇਹ ਤੋਤਾ ਬਾਜਰੇ ਦੇ ਸਿੱਟੇ ਕੋਲ ਬੈਠਾ ਹੈ। ਇਹ ਜੀਅ ਭਰ ਕੇ ਭੋਜਨ ਕਰੇਗਾ ਤੇ ਉੱਡ ਜਾਵੇਗਾ। ਨਾ ਕੋਈ ਫ਼ਿਕਰ, ਨਾ ਫਾਕਾ। ਸਾਰੀ ਫ਼ਸਲ ਪੰਛੀ ਨਾ ਖਾ ਜਾਣ, ਇਸ ਤੋਂ ਬਚਾਅ ਰੱਖਣਾ ਬਹੁਤ ਜ਼ਰੂਰੀ ਹੈ, ਪਰ ਮਨੁੱਖ ਦੇ ਆਸਰੇ ਰਹਿਣ ਵਾਲੇ ਪਸ਼ੂ-ਪੰਛੀਆਂ ਦਾ ਖਿਆਲ ਹੀ ਨਾ ਰੱਖਿਆ ਜਾਵੇ, ਇਹ ਵੀ ਚੰਗਾ ਨਹੀਂ। ਪੰਛੀਆਂ ਨੂੰ ਖੇਤਾਂ 'ਚੋਂ ਉਡਾਉਣ ਲਈ ਪਟਾਕੇ ਚਲਾਉਂਦਿਆਂ ਤੇ ਪੀਪੇ ਖੜਕਾਉਂਦੇ ਦੇਖ ਕਿਸਾਨੀ 'ਤੇ ਤਰਸ ਵੀ ਆਉਂਦਾ ਹੈ ਕਿ ਉਨ੍ਹਾਂ ਦੇ ਵੀ ਪੇਟ ਦਾ ਸਵਾਲ ਹੈ। ਜੇ 'ਕੱਲੀ ਸੇਵਾ ਕਰਦੇ ਰਹਿਣਗੇ ਤਾਂ ਨਿਆਣੇ ਕਿਵੇਂ ਪਾਲਣਗੇ।
ਬਾਜਰੇ ਦੇ ਸਿੱਟੇ ਬਾਰੇ ਕਿੰਨੇ ਗੀਤ ਤੇ ਬੋਲੀਆਂ ਬਣੀਆਂ ਹਨ, ਜਿਨ੍ਹਾਂ ਜ਼ਰੀਏ ਕਿਸਾਨੀ, ਸੱਭਿਆਚਾਰ ਸਮੇਤ ਬੀਤੇ ਦਾ ਹੋਰ ਬੜਾ ਝਲਕਾਰਾ ਮਿਲਦਾ ਹੈ। ਸਿਆਣੇ ਕਹਿੰਦੇ ਹਨ ਕਿ ਦਾਣੇ-ਦਾਣੇ 'ਤੇ ਖਾਣ ਵਾਲੇ ਦੀ ਮੋਹਰ ਲੱਗੀ ਹੁੰਦੀ ਹੈ। ਇਸ ਸਿੱਟੇ 'ਤੇ ਇਸ ਤੋਤੇ ਦੀ ਮੋਹਰ ਹੀ ਲੱਗੀ ਲਗਦੀ ਹੈ। ਗੂੜ੍ਹੀ ਮੋਹਰ। ਤਾਂ ਹੀ ਤਾਂ ਏਨੀ ਬੇਫ਼ਿਕਰੀ ਨਾਲ ਉਹ ਬੈਠਾ ਹੈ।


37, ਪ੍ਰੀਤ ਇਨਕਲੇਵ, ਲੱਧੇਵਾਲੀ, ਜਲੰਧਰ।
ਮੋਬਾੀਲ : 98141-78883

ਅੰਨਦਾਤਾ ਅੱਜ ਦਾਤੇ ਤੋਂ...

ਪੰਡ ਕਰਜ਼ੇ ਦੀ ਹੋਈ ਪਈ, ਕਿਸਾਨ ਦੇ ਸਿਰ ਭਾਰੀ ਏ।
ਅੰਨਦਾਤਾ ਅੱਜ ਦਾਤੇ ਤੋਂ, ਬਣਿਆਂ ਕਿਵੇਂ ਲਾਚਾਰੀ ਏ।

ਫਸਲ ਓਨੀ ਹੁੰਦੀ ਨਹੀਓਂ, ਜਿੰਨਾ ਖਰਚਾ ਆਉਂਦਾ ਏ।
ਉਪਜ ਉੇਗਾਵੇ ਏਥੇ ਕੋਈ, ਮੁੱਲ ਕੋਈ ਹੋਰ ਲਾਉਂਦਾ ਏ।
ਵਿਹਲੜ ਏਹਨੂੰ ਖਾਂਦੇ ਨੇ, ਇਹ ਕੈਸੀ ਖੇਡ ਨਿਆਰੀ ਏ।
ਅੰਨਦਾਤਾ ਅੱਜ ਦਾਤੇ ਤੋਂ...।

ਨਵੇਂ ਰੋਜ਼ ਨਵੀਆਂ ਗ਼ਰਜ਼ਾਂ, ਮੂੰਹ ਵੇਖੋ ਕਿਵੇਂ ਅੱਡਿਆ ਏ।
ਲੱਕ ਤੋੜਵੀਂ ਮਹਿੰਗਾਈ ਨੇ, ਕਚੂੰਮਰ ਏਹਦਾ ਕੱਢਿਆ ਏ।
ਮਿੱਟੀ ਦੇ ਨਾਲ ਮਿੱਟੀ ਹੋਵੇ, ਫੇਰ ਵੀ ਪੱਲੇ ਖ਼ੁਆਰੀ ਏ।
ਅੰਨਦਾਤਾ ਅੱਜ ਦਾਤੇ ਤੋਂ....।

ਔਖਾ ਸੌਖਾ ਹੋ ਕੇ ਜਦਂੋ ਵੀ, ਬੱਚੇ ਆਪਣੇ ਪੜ੍ਹਾਉਂਦਾ ਏ।
ਚੰਗਾ ਪਾਲਣ ਪੋਸਣ ਕਰ, ਆਪਣਾ ਫਰਜ਼ ਨਿਭਾਉੇਂਦਾ ਏ।
ਪੜ੍ਹੇ ਲਿਖੇ ਬੱਚਿਆਂ ਨੂੰ ਫਿਰ, ਡਰਾਉਂਦੀ ਬੇਰੁਜ਼ਗਾਰੀ ਏ।
ਅੰਨਦਾਤਾ ਅੱਜ ਦਾਤੇ ਤੋਂ....।

ਰਸਮੋ-ਰਿਵਾਜਾਂ ਉੱਪਰ ਜੇ ਤੂੰ, ਆਪਣਾ ਖਰਚ ਘਟਾ ਲਵੇਂ।
ਖੇਤੀਬਾੜੀ ਦੇ ਸਹਾਇਕ ਧੰਦੇ, ਇਕ ਦੋ ਜੇ ਅਪਣਾ ਲਵੇਂ।
ਫੇਰ ਹੀ ਸਿਰ ਤੋਂ ਲੱਥੇਗੀ, ਇਹ ਕਰਜ਼ੇ ਵਾਲੀ ਖ਼ਾਰੀ ਏ।
ਅੰਨਦਾਤਾ ਅੱਜ ਦਾਤੇ ਤੋਂ....।

ਸਰਕਾਰ ਦਾ ਵੀ ਫਰਜ਼ ਹੈ ਜੋ, ਚੰਗੀ ਤਰ੍ਹਾਂ ਹੁਣ ਨਿਭਾਵੇ।
ਘਾਟੇ ਵਾਲੇ ਇਸ ਕਿੱਤੇ ਨੂੰ, ਲਾਭਕਾਰੀ ਦਾ ਕਿੱਤਾ ਬਣਾਵੇ।
ਖ਼ੁਦਕੁਸ਼ੀਆਂ ਨੂੰ ਵੀ ਰੋਕਣਾ ਸਰਕਾਰ ਦੀ ਜ਼ਿੰਮੇਵਾਰੀ ਏ।
ਅੰਨਦਾਤਾ ਅੱਜ ਦਾਤੇ ਤੋਂ....।

ਆਪਣੇ ਜੀਆਂ ਬਾਰੇ ਵੀ ਸੋਚ, ਖੁਦਕੁਸ਼ੀ ਦਾ ਨੋਟ ਨਾ ਲਿਖ ।
ਖੁਦਕੁਸ਼ੀ ਕੋਈ ਹੱਲ ਨਹੀਂ, ਮੁਸ਼ਕਿਲਾਂ ਨਾਲ ਲੜਨਾ ਸਿੱਖ।
'ਤਲਵੰਡੀ' ਤੋਂ ਤੇਰੀ ਮੰਦੀ ਹਾਲਤ, ਜਾਂਦੀ ਨਹੀਂ ਸਹਾਰੀ ਏ।
ਅੰਨਦਾਤਾ ਅੱਜ ਦਾਤੇ ਤੋਂ...।


-ਅਮਰੀਕ ਸਿੰਘ ਤਲਵੰਡੀ ਕਲਾਂ,
ਗਿੱਲ ਨਗਰ ਗਲੀ ਨੰ-13.ਮੁਲਾਂਪੁਰ ਦਾਖਾ, ਮੁੱਲਾਂਪੁਰ ਦਾਖਾ (ਲੁਧਿਆਣਾ) ਮੋਬਾ : 9463542896.

ਪੰਜਾਬ ਦਾ ਪੁਰਾਣਾ ਸੱਭਿਆਚਾਰ

(ਲੜੀ ਜੋੜਨ ਲਈ 30 ਅਕਤੂਬਰ ਦਾ ਅੰਕ ਦੇਖੋ)
ਤੇ ਫੇਰ ਇਕ ਹੋਰ ਗੀਤ ਗਾ ਕੇ ਕੁੜੀਆਂ ਨੇ ਸਾਰੀ ਬਰਾਤ ਨੂੰ ਜਿਵੇਂ ਖੁਸ਼ ਕਰ ਦਿੱਤਾ-
ਤੂੰ ਮੇਰਾ ਵਿਹੜਾ ਸਜਾਇਆ ਜੀ ਰੰਗ ਰੱਤਿਆ ਕਾਨ੍ਹਾ।
ਫੇਰਿਆਂ ਤੋਂ ਵਿਹਲੀ ਹੋ ਕੇ ਬਰਾਤ ਮੁੜ ਡੇਰੇ ਪਹੁੰਚ ਗਈ ਤੇ ਡੇਰੇ ਤੋਂ ਕੁਝ ਬੰਦੇ ਵਾਜੇ ਨਾਲ ਮੁੜ ਕੁੜੀ ਦੇ ਘਰ ਨੂੰ ਵਰੀ ਲੈ ਕੇ ਆਏ। ਵਰੀ ਦਾ ਸਮਾਨ ਜਿਸ ਵਿਚ ਵਿਆਂਦੜ ਕੁੜੀ ਲਈ ਗਹਿਣੇ ਤੇ ਕੱਪੜੇ ਸ਼ਾਮਲ ਸਨ, ਥਾਲਾਂ ਵਿਚ ਖਿਲਾਰ ਕੇ ਲਿਆਂਦੀ ਗਈ, ਵਰੀ ਵਿਚ ਕੁੜੀ ਲਈ ਇਕ ਗੂੜ੍ਹੇ ਰੰਗ ਦਾ ਸੂਟ ਵੀ ਸੀ, ਜਿਸ ਨੂੰ ਸੂਹੇ ਸੋਸਨੇ ਦਾ ਨਾਮ ਦਿੱਤਾ ਗਿਆ ਸੀ, ਵਰੀ ਵਾਲਾ ਖਾਲੀ ਟਰੰਕ ਚੁੱਕ ਕੇ ਸਾਡਾ ਰਾਜਾ ਪਿੱਛੇ-ਪਿੱਛੇ ਆ ਰਿਹਾ ਸੀ।
ਵਰੀ ਵਿਖਾ ਕੇ ਮੁੜ ਡੇਰੇ ਆਕੇ ਅਸੀਂ ਸਾਰਿਆਂ ਨੇ ਬਦਲ ਕੇ ਨਵੇਂ ਕੱਪੜੇ ਪਾਏ ਤੇ ਮੁੜ ਕੇ ਤੁਰਲਿਆਂ ਵਾਲੀਆਂ ਨਵੀਆਂ ਪੱਗਾਂ ਬੰਨ੍ਹੀਆਂ, ਇਨ੍ਹਾਂ ਪੱਗਾਂ ਦੇ ਮੇਮ ਸੰਧੂਰੀ, ਕੰਜਰ ਮੂੰਗੀਆ, ਤੇਲੀਆ, ਨਸਵਾਰੀ, ਟਸਰੀ, ਉਨਾਭੀ, ਗੁਲਾਨਾਰੀ ਤੇ ਹੋਰ ਕਈ ਤਰ੍ਹਾਂ ਦੇ ਵੰਨ-ਸੁਵੰਨੇ ਰੰਗ ਸਨ।
ਦੁਪਹਿਰ ਦੇ ਖਾਣੇ ਵੇਲੇ ਜਦੋਂ ਬਰਾਤ ਘਰ ਨੂੰ ਆਈ ਤਾਂ ਵਾਜੇ ਵਾਲੇ ਸੁਸਤ ਚਾਲੇ ਤੁਰ ਰਹੇ ਸਨ, ਇੰਜ ਉਹ ਨਸ਼ੇ ਦੇ ਘੋੜਿਆਂ 'ਤੇ ਚੜ੍ਹੇ ਬਰਾਤੀਆਂ ਤੋਂ ਵੱਧ ਤੋਂ ਵੱਧ ਰੁਪਏ ਮਾਂਠਣ ਦੀ ਇੱਛਾ ਨਾਲ ਕਰ ਰਹੇ ਸਨ।
ਦੁਪਹਿਰ ਦੇ ਖਾਣੇ ਵਿਚ ਸ਼ਾਨਦਾਰ ਦਾਲਾਂ ਸਬਜ਼ੀਆਂ ਤੋਂ ਬਿਨਾਂ ਬਰਾਤ ਨੂੰ ਲੱਡੂ ਜਲੇਬੀ ਵੀ ਪਾਈ ਗਈ, ਇਸ ਨੂੰ 'ਮਿੱਠਾ ਭੱਤ' ਦਾ ਨਾਮ ਦਿੱਤਾ ਗਿਆ ਸੀ।
ਦੁਪਹਿਰ ਦਾ ਖਾਣਾ ਖਾ ਕੇ ਡੇਰੇ ਪਹੁੰਚੇ ਤੇ ਇੱਥੇ ਨਕਲਾਂ ਦਾ ਅਖਾੜਾ ਜੰਮ ਗਿਆ, ਨਕਲਾਂ ਵਿਚ ਦੋ ਨਚਾਰਾਂ ਖਰੜ ਅੱਛਰੋਵਾਲ ਦੇ ਕ੍ਰਿਸ਼ਨ ਤੇ ਢਾਹਾਂ ਦੇ ਸੋਹਣ ਨੇ ਰੰਗ ਬੰਨ੍ਹ ਦਿੱਤੇ, ਸੋਹਣ ਨੇ ਗੋਰੀ ਦੀਆਂ ਝਾਂਜਰਾਂ ਬੁਲਾਂਦੀਆਂ ਗਈਆਂ ਵਾਲਾ ਗੀਤ ਗਾਇਆ ਤਾਂ ਬਰਾਤੀਆਂ ਦੀਆਂ ਜੇਬਾਂ ਵੇਲਾਂ ਕਰਾ ਕਰਾ ਕੇ ਲੱਗੀਆਂ ਊਣੀਆਂ ਹੋਣ। ਫੁੱਫੜ ਜੀ ਕਹਿੰਦੇ ਸਨ ਕਿ ਮੈਨੂੰ ਮੱਥ ਕੇ ਕੋਈ ਹਸਾ ਨਹੀਂ ਸਕਦਾ ਪਰ ਜਗਤ ਪੁਰੀਏ ਚੰਨਣ ਨੇ ਨਵੀਆਂ-ਨਵੀਆਂ ਮਸ਼ਕਰੀਆਂ ਨਾਲ ਉਨ੍ਹਾਂ ਦੇ ਢਿੱਡ ਪੀੜਾਂ ਹਸਾ ਹਸਾ ਕੇ ਪਵਾ ਛੱਡੀਆਂ।
ਰਾਤ ਦੀ ਰੋਟੀ ਵੇਲੇ ਬਰਾਤ ਘਰ ਆਈ ਤਾਂ ਸ਼ਰਾਬ ਦੀ ਵਾਸ਼ਨਾਂ ਜਿਵੇਂ ਹਵਾ ਵਿਚ ਖਿਲਰ ਗਈ, ਫੁੱਫੜ ਜੀ ਘਰ ਦੀ ਕੱਢੀ ਸ਼ਰਾਬ ਦਾ ਇਕ ਬਿਆਮ ਗੱਡੀ 'ਚ ਰੱਖ ਲਿਆਏ ਸਨ ਪਰ ਇਹ ਸ਼ਰਾਬ ਪੀ ਕੇ ਨਾ ਕੋਈ ਬਰਾਤੀ ਡਿਗਿਆ, ਨਾ ਕਿਸੇ ਨੂੰ ਮੰਦਾ ਬੋਲਿਆ, ਕੇਵਲ ਵਾਸ਼ਨਾਂ ਤੋਂ ਬਿਨਾਂ ਕਿਸੇ ਸੱਜਣ ਦੇ ਸ਼ਰਾਬ ਪੀਣ ਦਾ ਕੋਈ ਸਬੂਤ ਨਹੀਂ ਸੀ ਮਿਲ ਰਿਹਾ।
ਬਰਾਤ ਦੇ ਤੀਜੇ ਦਿਨ ਸਵੇਰੇ ਫੇਰ ਡੇਰੇ ਕਹੇਂ ਦੀਆਂ ਪਲੇਟਾਂ ਵਿਚ ਸ਼ੀਰਨੀਂ ਬਦਾਣਾਂ ਪਾ ਕੇ ਕੁੜੀ ਵਾਲਿਆਂ ਵੱਲੋਂ ਸਾਨੂੰ ਚਾਹ ਪਿਲਾਈ ਗਈ। ਚਾਹ ਪੀ ਕੇ ਫੁੱਫੜ ਜੀ ਏਸ ਪਿੰਡ 'ਚ ਆਪਣੇ ਪਿੰਡੋਂ ਵਿਆਹੀਆਂ ਦੋ ਕੁੜੀਆਂ ਨੂੰ ਪੈਸੇ ਦੇ ਕੇ ਧਿਆਣੀਆਂ ਮੰਨਣ ਵਾਸਤੇ ਚਲੇ ਗਏ, ਪਿਛੋਂ ਬਰਾਤੀ ਆਪਣੇ ਡੰਗਰਾਂ, ਫ਼ਸਲਾਂ ਤੇ ਰਸਮਾਂ ਰਿਵਾਜਾਂ ਦੀਆਂ ਗੱਲਾਂ ਕਰਦੇ, ਗੱਪਾਂ ਮਾਰਦੇ ਰਹੇ।
ਇਕ ਵਾਰ ਫੇਰ ਬਰਾਤੀਆਂ ਨੇ ਬਦਲ ਕੇ ਨਵੇਂ ਕੱਪੜੇ ਪਾਏ ਤੇ ਦੁਪਹਿਰ ਦੇ ਖਾਣੇ ਲਈ ਤਿਆਰ ਹੋ ਗਏ, ਬਰਾਤ ਦਾ ਕੁੜੀ ਵਾਲਿਆਂ ਦੇ ਘਰ ਇਹ ਆਖਰੀ ਖਾਣਾ ਸੀ ਤੇ ਇਸ ਖਾਣੇ ਦੇ ਵਿਲੱਖਣ ਹੀ ਰੰਗ ਸਨ ਇਸ ਖਾਣੇ 'ਚ ਸਪੈਸ਼ਲ ਦਾਲਾਂ ਸਬਜ਼ੀਆਂ ਤੇ ਚੱਟਣੀਆਂ ਤੋਂ ਬਿਨਾਂ ਸ਼ੁੱਧ ਬਾਸਮਤੀ ਦੇ ਉੱਬਲੇ ਚਾਵਲਾਂ 'ਤੇ ਕੁੱਟਿਆ ਹੋਇਆ ਬੂਰਾ ਤੇ ਦੇਸੀ ਘਿਓ ਪਾ ਕੇ ਪਰੋਸਿਆ ਗਿਆ ਸੀ।
ਦੁਪਹਿਰ ਦਾ ਖਾਣਾ ਖਾ ਕੇ ਬਰਾਤੀਆਂ ਨੇ ਡੇਰੇ ਆ ਕੇ ਥੋੜ੍ਹਾ ਚਿਰ ਆਰਾਮ ਕੀਤਾ ਤੇ ਘਰੋਂ ਖੱਟ ਲਈ ਸੱਦਾ ਆ ਗਿਆ, ਬਰਾਤ ਦੇ ਬਹੁਤ ਸਾਰੇ ਬੰਦੇ ਘਰ ਖੱਟ ਵੇਖਣ ਲਈ ਆਏ ਸਨ, ਘਰ ਦਾ ਵੱਡਾ ਦਲਾਨ ਖੱਟ ਦੀ ਸਮੱਗਰੀ ਨਾਲ ਝਲਮਣ ਝਲਮਣ ਕਰ ਰਿਹਾ ਸੀ।
ਖੱਟ (ਦਾਜ) ਵਿਚ ਬਜ਼ਾਰੋਂ ਪੈਸੇ ਨਾਲ ਖਰੀਦ ਕੇ ਮਹਿੰਗੀਆਂ ਚੀਜ਼ਾਂ ਨਹੀਂ ਸਨ ਰੱਖੀਆਂ ਗਈਆਂ, ਇਹਦੇ ਵਿਚ ਬਹੁਤਾ ਸਾਮਾਨ, ਜਿਵੇਂ ਬਰਾਤ ਨੂੰ ਦੱਸਿਆ ਗਿਆ ਕੁੜੀ ਨੇ ਹੱਥੀਂ ਤਿਆਰ ਕੀਤਾ ਹੋਇਆ ਸੀ, ਚਿੱਟੀਆਂ ਚਾਦਰਾਂ 'ਤੇ ਕੱਢੇ ਰੰਗ ਬਰੰਗੇ ਫੁੱਲਾਂ ਰਾਹੀਂ ਕੁੜੀ ਨੇ ਆਪਣੇ ਹੱਥਾਂ ਦੀ ਕਲਾ ਨੂੰ ਭਵਿੱਖਾਂ ਤੱਕ ਸੁਜੀਵ ਕਰ ਦਿੱਤਾ ਸੀ। ਪੱਖੀਆਂ ਤੇ ਸਿਰਹਾਣਿਆਂ 'ਤੇ ਕੱਢੀਆਂ ਅਨੁਪਮ ਬੂਟੀਆਂ ਵਿਚ ਬੁਣੇ ਉਸ ਦੇ ਅਣਗਿਣਤ ਖੂਬਸੂਰਤ ਸੁਫ਼ਨੇ ਭਵਿੱਖ ਵਿਚ ਜ਼ਿੰਦਗੀ ਦੀ ਸੁਖਾਵੀਂ ਵਾਸ਼ਨਾ ਨਾਲ ਭਰੇ ਭਰੇ ਮਹਿਸੂਸ ਹੋ ਰਹੇ ਸਨ। ਸਹੁਰੇ ਘਰ ਦੇ ਬਲਦਾਂ ਲਈ ਸ਼ਾਨਦਾਰ ਮੁਖੇਰਨੇਂ ਖੱਟ 'ਚ ਧਰੇ ਗਏ ਸਨ, ਤੇ ਹੱਥੀਂ ਝੱਲਣ ਵਾਲੇ ਪੱਖਿਆਂ ਦੀਆਂ ਝਾਲਰਾਂ ਇਕ ਅਨੂਠਾ ਪ੍ਰਭਾਵ ਦਿੰਦੀਆਂ ਸਨ, ਇਕ ਪਟਾਰੀ ਵਿਚ ਗਹਿਣੇ ਤੇ ਇਕ ਪਾਸੇ ਕੁੜੀ ਦੀ ਵਰਤੋਂ ਵਾਸਤੇ ਲੋੜੀਂਦੇ ਭਾਂਡੇ ਰੱਖੇ ਗਏ ਸਨ।
(ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)


-ਮੋਬਾਈਲ : 94632-33991.


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX