ਤਾਜਾ ਖ਼ਬਰਾਂ


ਸਾਬਕਾ ਵਿਧਾਇਕ ਸੁਖਦਰਸ਼ਨ ਸਿੰਘ ਮਰਾੜ ਕਾਂਗਰਸ ਵਿਚ ਸ਼ਾਮਿਲ
. . .  41 minutes ago
ਸ੍ਰੀ ਮੁਕਤਸਰ ਸਾਹਿਬ, 18 ਅਪ੍ਰੈਲ (ਰਣਜੀਤ ਸਿੰਘ ਢਿੱਲੋਂ)-ਸ੍ਰੀ ਮੁਕਤਸਰ ਸਾਹਿਬ ਦੀ ਰਾਜਨੀਤੀ ਵਿਚ ਉਸ ਸਮੇਂ ਹਿਲਜੁੱਲ ਹੋਈ, ਜਦੋਂ ਸਾਬਕਾ ਵਿਧਾਇਕ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਸੁਖਦਰਸ਼ਨ ਸਿੰਘ ਮਰਾੜ ਕਾਂਗਰਸ ਪਾਰਟੀ ਵਿਚ...
ਸੁਆਂ ਨਦੀ ਵਿਚ ਨਹਾਉਣ ਗਏ ਦੋ ਨੌਜਵਾਨ ਡੁੱਬੇ
. . .  about 1 hour ago
ਨੂਰਪੁਰ ਬੇਦੀ, 18 ਅਪ੍ਰੈਲ (ਹਰਦੀਪ ਸਿੰਘ ਢੀਂਡਸਾ) - ਸ੍ਰੀ ਅਨੰਦਪੁਰ ਸਾਹਿਬ ਤਹਿਸੀਲ ਅਧੀਨ ਪੈਂਦੇ ਕਸਬਾ ਨੂਰਪੁਰ ਬੇਦੀ ਨੇੜਿਓ ਗੁਜ਼ਰਦੀ ਸੁਆਂ ਨਦੀ ਵਿਚ ਦੋ ਨੌਜਵਾਨਾਂ ਦੇ ਡੁੱਬਣ ਦਾ...
ਆਈ.ਪੀ.ਐੱਲ 2019 : ਦਿੱਲੀ ਖ਼ਿਲਾਫ਼ ਟਾਸ ਜਿੱਤ ਕੇ ਮੁੰਬਈ ਵੱਲੋਂ ਪਹਿਲਾ ਬੱਲੇਬਾਜ਼ੀ ਦਾ ਫ਼ੈਸਲਾ
. . .  about 1 hour ago
ਸ਼ਮਸ਼ੇਰ ਸਿੰਘ ਦੂਲੋ ਨੂੰ ਆਪਣੇ ਪ੍ਰਚਾਰ ਦੀ ਕਰਾਂਗੀ ਅਪੀਲ - ਬੀਬੀ ਦੂਲੋ
. . .  about 1 hour ago
ਫ਼ਤਹਿਗੜ੍ਹ ਸਾਹਿਬ, 18 ਅਪ੍ਰੈਲ (ਅਰੁਣ ਅਹੂਜਾ)- ਕਾਂਗਰਸ ਦੇ ਰਾਜ ਸਭਾ ਮੈਂਬਰ ਸ਼ਮਸ਼ੇਰ ਸਿੰਘ ਦੂਲੋ ਦੀ ਪਤਨੀ ਬੀਬੀ ਹਰਬੰਸ ਕੋਰ ਦੂਲੋ ਜੋ ਕਿ ਬੀਤੇ ਦਿਨੀਂ ਆਮ ਆਦਮੀ ਪਾਰਟੀ ਵਿਚ...
ਗੁਰੂ ਹਰਸਹਾਏ : ਪਿੰਡ ਝੋਕ ਮੋਹੜੇ 'ਚ ਚੱਲੀ ਗੋਲੀ
. . .  about 1 hour ago
ਗੁਰੂ ਹਰਸਹਾਏ, 18 ਅਪ੍ਰੈਲ (ਹਰਚਰਨ ਸਿੰਘ ਸੰਧੂ) - ਪਿੰਡ ਝੋਕ ਮੋਹੜੇ ਵਿਖੇ ਪੁਰਾਣੀ ਰੰਜਸ਼ ਦੇ ਚੱਲਦਿਆਂ ਇੱਕ ਪਿੰਡ ਦੇ ਸਰਪੰਚ ਵੱਲੋਂ ਕੁੱਝ ਨੌਜਵਾਨਾਂ ਨੂੰ ਨਾਲ ਲੈ ਕੇ ਇੱਕ ਨੌਜਵਾਨ 'ਤੇ ਗੋਲੀ...
ਕੰਟਰੋਲ ਰੇਖਾ ਤੋਂ ਪਾਰ ਵਪਾਰ ਦੋ ਦਿਨਾਂ ਲਈ ਬੰਦ
. . .  about 1 hour ago
ਨਵੀਂ ਦਿੱਲੀ, 18 ਅਪ੍ਰੈਲ - ਗ੍ਰਹਿ ਮੰਤਰਾਲੇ ਨੇ ਐਨ.ਆਈ.ਏ ਦੀ ਜਾਂਚ ਦੌਰਾਨ ਕੁੱਝ ਅੱਤਵਾਦੀ ਸੰਗਠਨਾਂ ਵੱਲੋਂ ਵਪਾਰ ਚਲਾਏ ਜਾਣ ਦਾ ਪਾਏ ਜਾਣ 'ਤੇ ਜੰਮੂ ਕਸ਼ਮੀਰ ਵਿਖੇ ਕੱਲ੍ਹ...
ਆਮਦਨ ਕਰ ਵਿਭਾਗ ਵੱਲੋਂ ਵਪਾਰੀ ਤੋਂ 42 ਲੱਖ ਦੀ ਬੇਹਿਸਾਬੀ ਨਕਦੀ ਜ਼ਬਤ
. . .  about 2 hours ago
ਨਵੀਂ ਦਿੱਲੀ, 18 ਅਪ੍ਰੈਲ - ਆਮਦਨ ਕਰ ਵਿਭਾਗ ਨੇ ਗੁਜਰਾਤ ਦੇ ਗਾਂਧੀ ਨਗਰ ਵਿਖੇ ਇੱਕ ਵਪਾਰੀ ਤੋਂ 42 ਲੱਖ ਰੁਪਏ ਦੀ ਬੇਹਿਸਾਬੀ ਨਕਦੀ ਜ਼ਬਤ ਕੀਤੀ...
ਲੋਕ ਸਭਾ ਚੋਣਾਂ ਦੇ ਦੂਸਰੇ ਪੜਾਅ ਤਹਿਤ ਹੋਈ 61.12 ਫ਼ੀਸਦੀ ਵੋਟਿੰਗ
. . .  about 1 hour ago
ਨਵੀਂ ਦਿੱਲੀ, 18 ਅਪ੍ਰੈਲ - ਲੋਕ ਸਭਾ ਚੋਣਾਂ ਦੇ ਦੂਸਰੇ ਪੜਾਅ ਤਹਿਤ ਕੁੱਲ 61.12 ਫ਼ੀਸਦੀ ਵੋਟਿੰਗ ਹੋਈ...
ਸੜਕ ਹਾਦਸੇ 'ਚ ਦੋ ਸਕੇ ਭਰਾਵਾਂ ਦੀ ਮੌਤ
. . .  about 2 hours ago
ਗੁਰਦਾਸਪੁਰ, 18 ਅਪ੍ਰੈਲ (ਆਲਮਬੀਰ ਸਿੰਘ) - ਨੇੜਲੇ ਪਿੰਡ ਕੋਠੇ ਘੁਰਾਲਾ ਬਾਈਪਾਸ ਨੇੜੇ ਵਾਪਰੇ ਇਕ ਦਰਦਨਾਕ ਸੜਕ ਹਾਦਸੇ ਵਿਚ ਦੋ ਸਕੇ ਭਰਾਵਾਂ ਦੀ ਮੌਤ ਹੋ ਗਈ। ਜਾਣਕਾਰੀ...
ਉੜੀਸਾ : ਈ.ਵੀ.ਐਮ 'ਚ ਖ਼ਰਾਬੀ ਹੋਣ ਕਾਰਨ 4 ਬੂਥਾਂ 'ਤੇ ਦੁਬਾਰਾ ਹੋਵੇਗੀ ਵੋਟਿੰਗ- ਚੋਣ ਅਧਿਕਾਰੀ
. . .  about 3 hours ago
ਭੁਵਨੇਸ਼ਵਰ, 18 ਅਪ੍ਰੈਲ- ਉੜੀਸਾ ਦੇ ਮੁੱਖ ਚੋਣ ਅਧਿਕਾਰੀ ਸੁਰੇਂਦਰ ਕੁਮਾਰ ਨੇ ਕਿਹਾ ਹੈ ਕਿ ਸੁਰੇਂਦਰਗੜ੍ਹ ਦੇ ਬੂਥ ਨੰਬਰ 213, ਬੁਨਾਈ ਦੇ ਬੂਥ ਨੰਬਰ 129 ਅਤੇ ਦਾਸਪੱਲਾ ਵਿਧਾਨ ਸਭਾ ਖੇਤਰ 'ਚ ਬੂਥ ਨੰਬਰ 210 ਅਤੇ 222 'ਚ ਈ.ਵੀ.ਐਮ 'ਚ ਖ਼ਰਾਬੀ ਦੇ ਚੱਲਦਿਆਂ ...
ਹੋਰ ਖ਼ਬਰਾਂ..

ਦਿਲਚਸਪੀਆਂ

ਅਗਲਾ ਜਨਮ

ਜਸਵੀਰ ਤੇ ਉਸ ਦਾ ਸਾਰਾ ਪਰਿਵਾਰ ਖੁਸ਼ੀ-ਖੁਸ਼ੀ ਧਾਰਮਿਕ ਯਾਤਰਾ 'ਤੇ ਜਾਣ ਲਈ ਘਰੋਂ ਤੁਰਿਆ | ਰਸਤੇ ਵਿਚ ਆਉਂਦੇ ਧਾਰਮਿਕ ਸਥਾਨਾਂ ਦੇ ਉਨ੍ਹਾਂ ਦਰਸ਼ਨ ਕੀਤੇ | ਉਹ ਇਕ ਥਾਂ 'ਤੇ ਰਾਤ ਕੱਟਣ ਲਈ ਰੁਕੇ | ਉਥੇ ਉਨ੍ਹਾਂ ਕਿ ਸ਼ਰਧਾਲੂਆਂ ਦੀ ਭੀੜ ਇਕ ਵਿਅਕਤੀ ਦੁਆਲੇ ਇਕੱਠੀ ਹੋਈ ਸੀ | ਉਹ ਅਗਲੇ ਜਨਮ ਨੂੰ ਸਫ਼ਲ ਕਰਨ ਸਬੰਧੀ ਖੁੱਲ੍ਹੇ ਦਿਲ ਨਾਲ ਦਾਨ-ਪੰੁਨ ਕਰਨ ਬਾਰੇ ਕਹਿ ਰਿਹਾ ਸੀ ਜੋ ਕਿ ਅਗਲੇ ਜਨਮ ਵਿਚ ਕੰਮ ਆਉਣਾ ਹੈ | ਜਸਵੀਰ ਅਤੇ ਉਸ ਦੇ ਪਰਿਵਾਰ ਵਿਚ ਵੀ ਅਗਲੇ ਜਨਮ ਨੂੰ ਸਫ਼ਲ ਕਰਨ ਦੀ ਲਾਲਸਾ ਜਾਗ ਗਈ | ਉਸ ਵਿਅਕਤੀ ਨੇ ਉਨ੍ਹਾਂ ਨੂੰ ਕਿਹਾ ਕਿ ਤੁਸੀਂ 21000 ਰੁਪਏ ਦੇ ਕੇ ਪੂਜਾ ਕਰਵਾਓ, ਨਾਲ-ਨਾਲ ਪੂਜਾ ਦੀ ਸਮੱਗਰੀ ਵੀ ਲਿਖ ਦਿੱਤੀ, ਜਿਸ ਦਾ ਖਰਚਾ 5000 ਰੁਪਏ ਬਣਦਾ ਸੀ ਤੇ ਹੋਰ ਵੀ ਕਈ ਤਰ੍ਹਾਂ ਦੇ ਉਪਾਅ ਦੱਸੇ |
ਇਹ ਸਭ ਕੁਝ ਕੋਲ ਬੈਠਾ 9-10 ਸਾਲ ਦਾ ਇਕ ਬੱਚਾ ਸੁਣ ਰਿਹਾ ਸੀ | ਉਸ ਦੇ ਕੱਪੜੇ ਮੈਲੇ ਸਨ ਤੇ ਉਸ ਦੇ ਮੰੂਹ ਅਤੇ ਸਰੀਰ ਤੋਂ ਅਜਿਹਾ ਜਾਪ ਰਿਹਾ ਸੀ ਜਿਵੇਂ ਉਸ ਨੂੰ ਭੁੱਖ ਨੇ ਘੇਰਿਆ ਹੋਵੇ | ਉਹ ਬੱਚਾ ਉਸ ਵਿਅਕਤੀ ਨੂੰ ਆ ਕੇ ਕਹਿੰਦਾ, ਬਾਬਾ ਜੀ ਕੋਈ ਇਸ ਤਰ੍ਹਾਂ ਦਾ ਉਪਾਅ ਵੀ ਦੱਸੋ ਇਸ ਜਨਮ ਵਿਚ ਮੈਨੂੰ ਢਿੱਡ ਭਰ ਕੇ ਖਾਣ ਨੂੰ ਖਾਣਾ ਮਿਲ ਸਕੇ ਅਤੇ ਮੇਰਾ ਇਹ ਜਨਮ ਸਫ਼ਲ ਹੋਵੇ | ਏਨਾ ਸੁਣਦੇ ਹੀ ਚੁੱਪੀ ਛਾ ਗਈ ਤੇ ਉਹ ਵਿਅਕਤੀ ਹੁਣ ਖਾਮੋਸ਼ ਸੀ | ਜਸਵੀਰ ਅਤੇ ਉਸ ਦੇ ਪਰਿਵਾਰ ਦੀਆਂ ਵੀ ਅੱਖਾਂ ਖੁੱਲ੍ਹ ਗਈਆਂ |

-ਮੋ: 94174-25749.


ਖ਼ਬਰ ਸ਼ੇਅਰ ਕਰੋ

ਮਿੰਨੀ ਕਹਾਣੀਆਂ

ਲੋੜਾਂ
ਵਿਦੇਸ਼ ਪੜ੍ਹਨ ਜਾ ਰਹੇ ਸੁਰਿੰਦਰ ਦੇ ਛੋਟੇ ਲੜਕੇ ਨੂੰ ਅਸ਼ੀਰਵਾਦ ਦੇ ਕੇ ਸੱਥ 'ਚ ਪਹੁੰਚੇ ਕਰਮ ਸਿਹੁੰ ਨੇ ਏਸੇ ਹੀ ਵਿਸ਼ੇ 'ਤੇ ਗੱਲ ਤੋਰ ਲਈ, 'ਬਈ ਸੁਰਿੰਦਰ ਵੱਡੇ ਮੁੰਡਾ ਤੇ ਕੁੜੀ ਤਾਂ ਪਹਿਲਾਂ ਹੀ ਵਿਦੇਸ਼ 'ਚ ਹਨ, ਬੜੀ ਖੁਸ਼ੀ ਦੀ ਗੱਲ ਏ ਅੱਜ ਛੋਟਾ ਵੀ ਜਹਾਜ਼ ਚੜ੍ਹ ਜਾਊਗਾ, ਪਰ ਇਕ ਗੱਲ ਚਿੰਤਾ ਵਾਲੀ ਵੀ ਹੈ ਕਿ ਜੇ ਏਸੇ ਹੀ ਤਰ੍ਹਾਂ ਪੜ੍ਹੇ-ਲਿਖੇ ਬੱਚੇ ਵਿਦੇਸ਼ਾਂ ਨੂੰ ਜਾਂਦੇ ਰਹੇ ਤਾਂ ਆਉਣ ਵਾਲੇ ਸਾਲਾਂ 'ਚ ਆਪਣੇ ਦੇਸ਼ 'ਚ ਤਾਂ ਪੜ੍ਹੇ-ਲਿਖੇ ਨੌਜਵਾਨਾਂ ਦਾ ਕਾਲ ਜਿਹਾ ਹੀ ਪੈ ਜਾਵੇਗਾ।
ਕਾਮਰੇਡ ਹਰੀ ਸਿਹੁੰ ਆਖਣ ਲੱਗਾ, 'ਕਰਮ ਸਿਹਾਂ ਹਰੇਕ ਮੁਲਕ ਦੀਆਂ ਸਰਕਾਰਾਂ ਦੀਆਂ ਆਪਣੀਆਂ-ਆਪਣੀਆਂ ਨੀਤੀਆਂ ਅਤੇ ਲੋੜਾਂ ਹੁੰਦੀਆਂ ਨੇ, ਉਹ ਖੁਦ ਬੁਲਾ ਰਹੀਆਂ ਹਨ ਕਿਉਂਕਿ ਬਾਹਰਲੀਆਂ ਸਰਕਾਰਾਂ ਨੂੰ ਪੜ੍ਹੇ-ਲਿਖੇ ਨੌਜਵਾਨ ਮੁੰਡੇ-ਕੁੜੀਆਂ ਦੀ ਹੀ ਲੋੜ ਹੈ।

-ਗੁਰਦੀਪ 'ਮਣਕੂ' (ਪੋਨਾਂ)
ਮੋਬਾਈਲ : 94639-88918.

ਬਦਲਾ
ਅੱਜ ਫਿਰ ਮੇਰੀ ਸੱਸ ਨੇ ਆਪਣੀ ਬੀਤੀ ਜ਼ਿੰਦਗੀ ਦੇ ਕਿੱਸੇ ਕਹਾਣੀਆਂ ਦੀ ਤੰਦ ਛੇੜ ਦਿੱਤੀ ਕਿ ਫਲਾਣੇ ਵੇਲੇ ਉਸ ਦੀ ਸੱਸ ਨੇ ਉਸ ਨੂੰ ਇਹ ਕਿਹਾ, ਫਲਾਣੇ ਵੇਲੇ ਉਸ ਨੇ ਉਸ ਨਾਲ ਇਹ ਕੀਤਾ। ਸੱਸ ਨੂੰ ਆਪਣੀ ਧੀ ਨਾਲ ਰੱਜ ਕੇ ਪਿਆਰ ਸੀ। ਇਕ ਵਾਰ ਮੇਰਾ ਸਹੁਰਾ ਆਪਣੇ ਸਾਈਕਲ 'ਤੇ ਦਫਤਰ ਜਾਣ ਲਈ ਨਿਕਲਿਆ ਤਾਂ ਮੇਰੀ ਨਨਾਣ ਜੋ ਕਿ ਉਸ ਵਕਤ ਬਹੁਤ ਛੋਟੀ ਸੀ, ਰੋਣ ਲੱਗ ਪਈ ਕਿ ਮੈਂ ਵੀ ਪਾਪਾ ਨਾਲ ਸਾਈਕਲ 'ਤੇ ਬੈਠ ਕੇ ਜਾਵਾਂਗੀ। ਇਸ ਰੌਲੇ-ਰੱਪੇ ਨੂੰ ਸੁਣ ਕੇ ਦਾਦੀ ਨੇ ਅੰਦਰੋਂ ਜ਼ੋਰ ਦੀ ਝਿਕੜ ਮਾਰੀ ਕਿ ਪਰ੍ਹੇ ਕਰ ਭੇਡ ਜਿਹੀ ਨੂੰ ਮੇਰੇ ਮੁੰਡੇ ਨੂੰ ਦਫਤਰ ਨਹੀਂ ਜਾਣ ਦਿੰਦੀ। ਇਸ ਗੱਲ ਦਾ ਮੇਰੀ ਸੱਸ ਨੇ ਬੜਾ ਬੁਰਾ ਮਨਾਇਆ ਕਿ ਉਸ ਦੀ ਧੀ ਨੂੰ ਦਾਦੀ ਭੇਡ ਕਹਿ ਰਹੀਹੈ। ਇੰਨੇ ਸਾਲਾਂ ਬਾਅਦ ਵੀ ਤੀਰ ਦੀ ਤਰ੍ਹਾਂ ਇਹ ਸ਼ਬਦ ਉਸ ਦੇ ਦਿਲ ਵਿਚ ਚੁੱਭਦਾ ਰਿਹਾ। ਇੰਨੇ ਚਿਰ ਨੂੰ ਗੱਲਾਂ ਦੀ ਆਵਾਜ਼ ਸੁਣ ਕੇ ਮੇਰੀ ਬੇਟੀ ਜੋ ਸਾਲ ਭਰ ਦੀ ਹੀ ਸੀ, ਸੁੱਤੀ ਪਈ ਉਠ ਖੜ੍ਹੀ ਤੇ ਜ਼ੋਰ-ਜ਼ੋਰ ਦੀ ਰੋਣ ਲੱਗ ਪਈ। ਉਸ ਦੇ ਇਸ ਤਰ੍ਹਾਂ ਉਠ ਕੇ ਰੋਣ 'ਤੇ ਸੱਸ ਨੂੰ ਬੜੀ ਖੁੰਦਕ ਆਈ ਤੇ ਉਹ ਗੁੱਸੇ ਵਿਚ ਬੋਲੀ ਕਿ ਕਿਵੇਂ ਰੋਈ ਜਾਂਦੀ ਹੈ, ਛੱਡ ਕੇ ਆ ਇਸ ਭੇਡ ਜਿਹੀ ਨੂੰ ਕਰੈੱਚ ਵਿਚ ਉਥੇ ਠੀਕ ਹੋ ਜਾਏਗੀ। ਇਹ ਕਹਿ ਕੇ ਬੜੇ ਆਰਾਮ ਨਾਲ ਉਹ ਬਾਹਰ ਨਿਕਲ ਗਈ ਤੇ ਮੈਂ ਹੈਰਾਨ ਸੀ, ਉਸ ਨੂੰ ਜਾਂਦੇ ਵੇਖਦੀ ਰਹੀ। ਜਿਵੇਂ ਮੇਰੀ ਧੀ ਲਈ 'ਭੇਡ' ਸ਼ਬਦ ਵਰਤ ਕੇ ਉਸ ਨੇ ਆਪਣੀ ਸੱਸ ਦਾ ਬਦਲਾ ਆਪਣੀ ਨੂੰਹ ਤੋਂ ਲੈ ਲਿਆ ਅਤੇ ਆਪਣੇ ਦਿਲ 'ਤੇ ਲੱਗੇ ਨਸ਼ਤਰ ਦੇ ਦਰਦ ਤੋਂ ਆਰਾਮ ਪਾ ਲਿਆ।

-ਮਿਨਾਕਸ਼ੀ ਦੱਤਾ
1771, ਫੇਜ਼ 3 ਬੀ 2, ਮੋਹਾਲੀ-160059. ਫੋਨ : 0172-4372628.

ਇਕ ਰੁੱਖ ਨੂੰ ਮੌਤ ਦੀ ਸਜ਼ਾ
ਵੀਰੇ, ਤੂੰ ਰੋ ਰਿਹੈਂ? ਨਿੱਕੇ ਰੁੱਖ ਨੇ ਵੱਡੇ ਰੁੱਖ ਨੂੰ ਕਿਹਾ। ਵੱਡੇ ਰੁੱਖ ਦੀਆਂ ਅੱਖਾਂ ਵਿਚੋਂ ਤ੍ਰਿਪ-ਤ੍ਰਿਪ ਹੰਝੂ ਵਹਿ ਤੁਰੇ ਤੇ ਆਖਿਆ, 'ਨਿੱਕਿਆ, ਅੱਜ ਸਰਪੰਚ ਆਇਆ ਸੀ, ਆਪਣੇ ਰਾਖੇ ਕੋਲ। ਆਖਦਾ ਸੀ ਮੇਰੀ ਕੋਠੀ ਬਣ ਰਹੀ ਹੈ, ਲੱਕੜ ਚਾਹੀਦੀ ਐ, ਤੇ ਰਾਖੇ ਦੀ ਜੇਬ ਵਿਚ ਕੁਝ ਪਾਇਆ ਵੀ ਸੀ ਸਰਪੰਚ ਨੇ। ਹੁਣ ਕੱਲ੍ਹ ਮੇਰਾ ਸਿਰ ਧੜ ਤੋਂ ਵੱਖ ਕਰ ਦੇਣਗੇ, ਬਿਨਾਂ ਕਸੂਰ ਤੋਂ।' ਏਨਾ ਸੁਣ ਕੇ ਨਿੱਕੇ ਰੁੱਖ ਦਾ ਗੱਚ ਭਰ ਆਇਆ, ਹੁਬਕੀਂ-ਹੁਬਕੀਂ ਰੋਂਦਾ ਆਖਣ ਲੱਗਾ, 'ਵੀਰੇ, ਤੇਰੇ ਬਿਨਾਂ ਮੈਂ ਵੀ ਇਥੇ ਕੀ ਕਰਾਂਗਾ। ਰਾਖੇ ਨੂੰ ਕੁਝ ਆਖ, ਲੈ ਦੇ ਕੇ ਮੇਰਾ ਵੀ ਸੌਦਾ ਵਿਚੇ ਹੀ ਕਰ ਲੈਂਦਾ। ਜੇ ਤੂੰ ਗੇਟ ਦੇ ਕੰਮ ਆਵੇਂਗਾ ਤਾਂ ਮੈਂ ਤਾਕੀ ਦਾ ਕੰਮ ਦੇ ਦੂੰ, ਘੱਟ ਤੋਂ ਘੱਟ ਕੱਠੇ ਤਾਂ ਰਹਾਂਗੇ', ਏਨਾ ਕਹਿੰਦਿਆਂ ਨਿੱਕੇ ਰੁੱਖ ਦੀ ਭੁੱਬ ਨਿਕਲ ਗਈ।

-ਮਨਜਿੰਦਰ ਸਿੰਘ ਸਰੌਦ
ਮਾਲੇਰਕੋਟਲਾ। ਮੋਬਾਈਲ : 94634-63136.

ਕਿੱਸੇ ਟੈਨਸ਼ਨ ਦੇ...

ਅੱਜ ਦੀ ਤੇਜ਼-ਰਫ਼ਤਾਰ ਭਰੀ ਜ਼ਿੰਦਗੀ ਵਿਚ ਹਰ ਇਨਸਾਨ ਟੈਨਸ਼ਨ ਦਾ ਸ਼ਿਕਾਰ ਹੈ | ਅੰਗਰੇਜ਼ੀ ਦਾ ਸ਼ਬਦ 'ਟੈਨਸ਼ਨ' ਤਾਂ ਅਨਪੜ੍ਹ ਮਜ਼ਦੂਰਾਂ ਤੇ ਕਾਮਿਆਂ ਦੀ ਸ਼ਬਦਾਵਲੀ ਦਾ ਹਿੱਸਾ ਬਣ ਚੁੱਕਾ ਹੈ | ਕੱਲ ਮੈਂ ਆਪਣੀ ਨੌਕਰਾਣੀ ਦੇ ਕੰਮ ਦੀ ਨੁਕਤਾਚੀਨੀ ਕੀਤੀ ਤਾਂ ਅਗੋਂ ਉਹ ਫਟਾਫਟ ਬੋਲੀ 'ਬੀਬੀ ਜੀ 'ਅੱਜ ਕੁਝ ਨਾ ਕਹੋ, ਮੈਂ ਬਹੁਤ ਟੈਨਸ਼ਨ ਵਿਚ ਹਾਂ' | ਇਸ ਤੋਂ ਪਹਿਲਾਂ ਕਿ ਮੈਂ ਉਸ ਨੂੰ ਪੁੱਛਦੀ ਕਿ ਕਿਸ ਗੱਲ ਦੀ ਟੈਨਸ਼ਨ ਹੈ, ਮੈਂ ਆਪ ਹੀ 'ਟੈਨਸ਼ਨ' ਸ਼ਬਦ ਵਿਚ ਉਲਝ ਕੇ ਰਹਿ ਗਈ |
ਟੈਨਸ਼ਨ ਦੇਣ ਵਾਲੀਆਂ ਗੱਲਾਂ, ਪ੍ਰਸਿਥਿਤੀਆਂ ਤੇ ਘਟਨਾਵਾਂ ਨੂੰ ਦੋ ਹਿੱਸਿਆਂ ਵਿਚ ਵੰਡਿਆ ਜਾ ਸਕਦਾ ਹੈ | ਇਕ ਉਹ ਜਿਹੜੀਆਂ ਸਾਡੇ ਆਪਣੇ ਸੁਭਾਓ ਤੇ ਸੋਚ ਦੀ ਉਪਜ ਹਨ | ਦੂਜੀਆਂ ਉਹ ਜਿਨ੍ਹਾਂ 'ਤੇ ਸਾਡਾ ਕੋਈ ਕਾਬੂ ਨਹੀਂ | ਸਾਡੇ ਸੁਭਾਅ ਅਤੇ ਸੋਚ ਤੋਂ ਉਪਜੀਆਂ ਟੈਨਸ਼ਨਾਂ ਵੀ ਦੋ ਤਰ੍ਹਾਂ ਦੀਆਂ ਹੁੰਦੀਆਂ ਹਨ | ਇਕ ਤਾਂ ਰੋਜ਼ਾਨਾ ਜ਼ਿੰਦਗੀ ਦੀਆਂ ਛੋਟੀਆਂ-ਛੋਟੀਆਂ ਟੈਨਸ਼ਨਾਂ-ਜਿਵੇਂ ਸਵੇਰੇ ਸਕੂਲ, ਕਾਲਜ ਜਾਂ ਦਫ਼ਤਰ ਜਾਣ ਦੀ ਟੈਨਸ਼ਨ, ਪਿ੍ੰਸੀਪਲ ਜਾਂ ਬਾਸ ਦਾ ਸਾਹਮਣਾ ਕਰਨ ਦੀ ਟੈਨਸ਼ਨ ਜਾਂ ਫਿਰ ਲੇਟ ਹੋਣ ਦੀ ਟੈਨਸ਼ਨ, ਕਿਸੇ ਮਹਿਮਾਨ ਦੇ ਆਉਣ ਦੀ ਤੇ ਉਸ ਦੀ ਮਹਿਮਾਨ ਨਿਵਾਜ਼ੀ ਦੀ ਟੈਨਸ਼ਨ, ਵਗੈਰਾ-ਵਗੈਰਾ | ਸਾਡੀ ਸੋਚ ਦੀ ਉਪਜ ਇਕ ਹੋਰ ਤਰ੍ਹਾਂ ਦੀ ਟੈਨਸ਼ਨ ਹੁੰਦੀ ਹੈ ਜਦੋਂ ਕੋਈ ਆਪਣਾ ਰਿਸ਼ਤੇਦਾਰ ਸ਼ਰੀਕ ਜਾਂ ਨਜ਼ਦੀਕੀ ਦੋਸਤ ਕਾਮਯਾਬੀ ਦੀ ਦੌੜ ਵਿਚ ਬਹੁਤ ਅਗਾਂਹ ਨਿਕਲ ਜਾਵੇ | ਮੈਨੂੰ ਇਸੇ ਗੱਲ ਤੇ ਫ਼ਿਲਮ 'ਥ੍ਰੀ ਈਡੀਅਟਸ' ਦਾ ਇਕ ਡਾਇਲਾਗ ਯਾਦ ਆ ਗਿਆ : 'ਜਬ ਅਪਨੇ ਪੀਛੇ ਰਹਿ ਜਾਤੇ ਹੈਂ ਤੋ ਤਕਲੀਫ਼ ਹੋਤੀ ਹੈ ਲੇਕਿਨ ਅਗਰ ਵੋਹ ਆਗੇ ਨਿਕਲ ਜਾਏਾ ਤੋ ਔਰ ਜ਼ਿਆਦਾ ਤਕਲੀਫ਼ ਹੋਤੀ ਹੈ' | ਇਹ ਤਕਲੀਫ਼ ਹੋਰ ਕੀ ਹੈ, ਟੈਨਸ਼ਨ ਹੀ ਤਾਂ ਹੈ | ਅਜਿਹੀ ਟੈਨਸ਼ਨ ਦਾ ਕਾਰਨ ਆਪਣੀ ਪਾਲੀ ਈਰਖਾ ਤੇ ਜਲਣ ਹੀ ਤਾਂ ਹੁੰਦੀ ਹੈ | ਇਹੋ ਜਿਹੀਆ ਸਾਰੀਆਂ ਟੈਨਸ਼ਨਾਂ ਨਿੱਜੀ ਹਨ | ਜੇਕਰ ਅਸੀਂ ਆਪਣੀ ਜ਼ਿੰਦਗੀ ਨੂੰ ਅਨੁਸਾਸ਼ਿਤ ਕਰ ਕੇ ਰੋਜ਼ਾਨਾ ਦੇ ਕੰਮਕਾਜ਼ ਨੂੰ ਸੁਚੱਜੇ ਢੰਗ ਨਾਲ ਤੇ ਵੇਲੇ ਸਿਰ ਕਰਨਾ ਮਿੱਥ ਲਈਏ ਤੇ ਦਿਮਾਗ ਨੂੰ ਠੰਡਾ ਰੱਖਣ ਦੀ ਕੋਸ਼ਿਸ਼ ਕਰੀਏ ਜਾਂ ਫਿਰ ਆਪਣੀ ਈਰਖਾ ਉੱਤੇ ਕਾਬੂ ਪਾ ਸਕੀਏ ਤਾਂ ਕਾਫੀ ਹੱਦ ਤੱਕ ਜ਼ਿੰਦਗੀ 'ਟੈਨਸ਼ਨ ਫ੍ਰੀ' ਬਣ ਸਕਦੀ ਹੈ |
ਪਰ ਅੱਜਕਲ੍ਹ ਤਾਂ ਵੱਡੀਆਂ-ਵੱਡੀਆਂ ਟੈਨਸ਼ਨਾਂ ਨੇ ਸਾਰੇ ਸਮਾਜ ਤੇ ਦੇਸ਼ ਨੂੰ ਹੀ ਜਿਵੇਂ ਘੇਰ ਰਖਿਆ ਹੈ | ਇੰਝ ਲਗਦਾ ਹੈ ਜਿਵੇਂ ਸਾਰੇ ਦੇਸ਼ ਤੇ ਸਮਾਜ ਦੇ ਆਲੇ-ਦੁਆਲੇ ਟੈਨਸ਼ਨ ਦਾ ਪਹਿਰਾ ਹੈ | ਪਤਾ ਨਹੀਂ ਕਦੋਂ ਕਿਹੜੀ ਟੈਨਸ਼ਨ ਅੰਦਰ ਆ ਵੜੇ | ਇਨ੍ਹਾਂ ਟੈਨਸ਼ਨਾਂ ਦਾ ਕਾਰਨ ਸਮਾਜਿਕ, ਧਾਰਮਿਕ, ਆਰਥਿਕ ਤੇ ਰਾਜਨੀਤਿਕ ਮਾਹੌਲ ਹੈ | ਨੌਜਵਾਨਾਂ ਵਿਚ ਬੇਰੋਜ਼ਗਾਰੀ ਦੀ ਤੇ ਉਨ੍ਹਾਂ ਦਾ ਚਿੱਟੇ ਦੇ ਮੰੂਹ ਵਿਚ ਡਿਗਣ ਦੀ ਟੈਨਸ਼ਨ | ਕਿਸਾਨਾਂ ਵਿਚ ਗੁਰਬਤ ਤੇ ਕਰਜ਼ੇ ਦੀ ਟੈਨਸ਼ਨ ਜੋ ਕਈ ਵਾਰੀ ਆਤਮ-ਹੱਤਿਆ ਤੱਕ ਪਹੰੁਚਾ ਦਿੰਦੀ ਹੈ | ਇਕ ਧਰਮ ਦੇ ਲੋਕਾਂ ਨੂੰ ਦੂਜੇ ਧਰਮ ਦੇ ਲੋਕਾਂ ਤੋਂ ਡਰ ਕੇ ਰਹਿਣ ਦੀ ਟੈਨਸ਼ਨ | ਵੱਖ-ਵੱਖ ਧਰਮਾਂ ਦੇ ਲੋਕਾਂ ਦੀ ਇਕ-ਦੂਜੇ ਲਈ ਨਫ਼ਰਤ ਤੋਂ ਪੈਦਾ ਹੋਈ ਟੈਨਸ਼ਨ ਕਈ ਵਾਰੀ ਦੰਗੇ ਫਸਾਦਾਂ ਤੱਕ ਜਾ ਪਹੁੰਚਦੀ ਹੈ | ਪਰ ਇਹੋ ਜਿਹੀਆਂ ਟੈਨਸ਼ਨਾਂ ਦਾ ਹੱਲ ਤਾਂ ਸਰਕਾਰ ਕੋਲ ਹੈ ਜਾਂ ਸਮੁੱਚੇ ਸਮਾਜ ਤੇ ਰਾਜਨੀਤਿਕ ਨੇਤਾਵਾਂ ਦੀ ਸੋਚ ਵਿਚ ਹੈ | ਇਹ ਉਨ੍ਹਾਂ ਦੀ ਜ਼ਿੰਮੇਵਾਰੀ ਬਣਦੀ ਹੈ | ਜਦੋਂ ਕੇਂਦਰ ਤੇ ਰਾਜਾਂ ਦੀਆਂ ਸਰਕਾਰਾਂ ਲੋਕਾਂ ਦੀ ਸਹਾਇਤਾ ਕਰਨ ਦੀ ਟੈਨਸ਼ਨ ਆਪਣੇ ਸਿਰ ਲੈਣਗੀਆਂ ਤਾਂ ਉਦੋਂ ਹੱਲ ਨਿਕਲੇਗਾ ਤੇ ਸਮਾਜ ਦੀ ਸੋਚ ਬਦਲੇਗੀ | ਤਾਂ ਹੀ ਅਸੀਂ ਸਾਰੇ ਆਰਾਮ ਨਾਲ ਜ਼ਿੰਦਗੀ ਜਿਊਾ ਸਕਾਂਗੇ | ਪਰ ਅਸੀਂ ਆਪ ਏਨਾ ਤਾਂ ਕਰ ਸਕਦੇ ਹਾਂ ਕਿ ਸਮਾਜਿਕ ਟੈਨਸ਼ਨਾਂ ਪੈਦਾ ਕਰਨ ਵਾਲੀਆਂ ਪ੍ਰਸਥਿਤੀਆਂ ਤੋਂ ਦੂਰ ਰਹੀਏ ਤੇ ਇਸ ਵਿਚ ਇਜ਼ਾਫ਼ਾ ਨਾ ਕਰੀਏ |
ਟੈਨਸ਼ਨ ਦੀ ਇਕ ਹੋਰ ਖਾਸੀਅਤ ਹੈ | ਇਹ ਛੂਤ ਦੀ ਬਿਮਾਰੀ ਦੀ ਤਰ੍ਹਾਂ ਹੁੰਦੀ ਹੈ | ਕਈ ਔਰਤਾਂ ਜਾਂ ਆਦਮੀ ਆਪਣੇ-ਆਪ ਵਿਚ ਚਲਦੀ ਫਿਰਦੀ ਟੈਨਸ਼ਨ ਹੁੰਦੇ ਹਨ | ਉਹ ਨਾ ਆਪ ਚੈਨ ਨਾਲ ਜਿਊਾਦੇ ਹਨ ਤੇ ਨਾ ਕਿਸੇ ਹੋਰ ਨੂੰ ਜਿਊਣ ਦਿੰਦੇ ਹਨ | ਉਹ ਆਪਣੇ ਆਲੇ-ਦੁਆਲੇ ਦੇ ਬੰਦਿਆਂ ਨੂੰ ਟੈਨਸ਼ਨ ਦੀ ਸੌਗਾਤ ਦੇਣ ਤੋਂ ਬਾਜ਼ ਨਹੀਂ ਆ ਸਕਦੇ | ਅਜਿਹੇ ਲੋਕ ਘਰ, ਦਫ਼ਤਰ ਤੇ ਵਪਾਰਿਕ ਅਦਾਰਿਆਂ ਵਿਚ ਆਮ ਵੇਖੇ ਜਾਂਦੇ ਹਨ | ਅਜਿਹੇ ਲੋਕਾਂ ਨੇ ਤਾਂ ਕਿਸੇ ਦੀ ਸੁਣਨੀ ਨਹੀਂ ਹੁੰਦੀ | ਸੋ, ਹੌਲੀ-ਹੌਲੀ ਇਨ੍ਹਾਂ ਦੇ ਸੁਭਾਅ ਨਾਲ ਸਮਝੌਤਾ ਹੀ ਕਰਨਾ ਪੈਂਦਾ ਹੈ |
ਦੂਸਰੀ ਤਰ੍ਹਾਂ ਦੀਆਂ ਟੈਨਸ਼ਨਾਂ ਦਾ ਕਾਰਨ ਉਹ ਹਾਲਾਤ ਜਾਂ ਘਟਨਾਵਾਂ ਹਨ ਜਿਨ੍ਹਾਂ ਤੇ ਸਾਡਾ ਕੋਈ ਕਾਬੂ ਨਹੀਂ | ਜਿਵੇਂ ਘਰ ਵਿਚ ਕਿਸੇ ਵੱਡੀ ਬਿਮਾਰੀ ਦਾ ਆ ਜਾਣਾ, ਕੋਈ ਐਕਸੀਡੈਂਟ ਜਾਂ ਕਿਸੇ ਦੀ ਮੌਤ ਦੀ ਖ਼ਬਰ, ਆਦਿ | ਇਹ ਇਕ ਵਾਰੀ ਤਾਂ ਇਨਸਾਨ ਨੂੰ ਹਿਲਾ ਕੇ ਰੱਖ ਦਿੰਦੀਆਂ ਹਨ | ਇਨ੍ਹਾਂ ਨੂੰ ਰੱਬ ਦੀ ਮਰਜ਼ੀ ਜਾਂ ਭਾਣਾ ਸਮਝ ਕੇ ਮੰਨ ਲੈਣ ਵਿਚ ਹੀ ਸਮਝਦਾਰੀ ਹੈ |
ਡਾਕਟਰਾਂ ਨੇ ਇਹ ਸਾਫ਼ ਕਰ ਦਿੱਤਾ ਹੈ ਕਿ ਟੈਨਸ਼ਨ ਵੱਡੀਆਂ ਬਿਮਾਰੀਆਂ ਜਿਵੇਂ ਕਿ ਦਿਲ ਦੀ ਬਿਮਾਰੀ, ਹਾਈ ਬਲੱਡ ਪ੍ਰੈਸ਼ਰ, ਸ਼ੂਗਰ ਆਦਿ, ਦਾ ਮਹੱਤਵਪੂਰਨ ਕਾਰਨ ਹੁੰਦੀ ਹੈ | ਸੋ ਜਿਸ ਤਰ੍ਹਾਂ ਮਰਜ਼ੀ ਕਰੋ ਪਰ ਟੈਨਸ਼ਨ ਤੋਂ ਛੁਟਕਾਰਾ ਪਾਉਣ ਦੀ ਜ਼ਰੂਰ ਕੋਸ਼ਿਸ਼ ਕਰੋ |
ਇਹ ਤਾਂ ਹੋਈਆਂ ਸੰਜੀਦਾ ਗੱਲਾਂ ਪਰ ਹੁਣ ਮੈਂ ਆਪਣੀ ਤੇ ਤੁਹਾਡੀ ਟੈਨਸ਼ਨ ਦੂਰ ਕਰਨ ਲਈ ਇਕ ਚੁਟਕਲਾ ਸਾਂਝਾ ਕਰਨਾ ਚਾਹਾਂਗੀ |
ਇਕ ਬੰਦਾ ਆਪਣੇ ਦੋਸਤ ਕੋਲ ਗਿਆ ਤੇ ਕਹਿਣ ਲਗਾ, 'ਯਾਰ ਮੈਂ ਬੜੀ ਟੈਨਸ਼ਨ ਵਿਚ ਰਹਿੰਦਾ ਹਾਂ'
ਦੋਸਤ: 'ਫਿਰ ਤੁਸੀਂ ਕੀ ਕਰਦੇ ਹੋ?'
'ਮੈਂ ਮੰਦਰ ਚਲਾ ਜਾਂਦਾ ਹਾਂ'
ਦੋਸਤ, 'ਇਹ ਤਾਂ ਬਹੁਤ ਚੰਗੀ ਗੱਲ ਹੈ | ਉਥੇ ਪ੍ਰਾਰਥਨਾ ਕਰਦੇ ਹੋ'
'ਨਾ ਜੀ ਨਾ' ਮੈਂ ਤਾਂ ਬਾਹਰ ਹੀ ਬੈਠਾ ਰਹਿੰਦਾ ਹਾਂ ਤੇ ਬਾਕੀ ਸਾਰੇ ਅੰਦਰ ਜਾਣ ਵਾਲੇ ਸ਼ਰਧਾਲੂਆਂ ਦੀਆਂ ਜੁੱਤੀਆਂ ਇਧਰ-ਉਧਰ ਲੁਕਾ ਕੇ ਰੱਖ ਦਿੰਦਾ ਹਾਂ' |
ਦੋਸਤ: 'ਉਹ ਕਿਉਂ?'
'ਜਦੋਂ ਉਹ ਬਾਹਰ ਆਉਂਦੇ ਹਨ ਤੇ ਜੋ ਟੈਨਸ਼ਨ ਮੈਂ ਉਨ੍ਹਾਂ ਦੇ ਚਿਹਰਿਆਂ 'ਤੇ ਆਪਣੀ-ਆਪਣੀ ਜੁੱਤੀ ਲਭਣ ਦੇ ਵਕਤ ਦੇਖਦਾਂ ਹਾਂ, ਉਸ ਨਾਲ ਮੇਰੀ ਟੈਨਸ਼ਨ ਦੂਰ ਹੋ ਜਾਂਦੀ ਹੈ' |
ਜਾਂਦੀ-ਜਾਂਦੀ ਮੈਂ ਇਕ ਪ੍ਰੈਕਟੀਕਲ ਸੁਝਾਅ ਦੇਣਾ ਚਾਹੁੰਦੀ ਹਾਂ | ਜੇਕਰ ਤੁਸੀਂ ਕੁਝ ਸਮੇਂ ਲਈ ਆਪਣੇ ਮਨਪਸੰਦ ਰੁਝੇਵੇਂ ਵਿਚ ਵਕਤ ਗੁਜ਼ਾਰ ਸਕੋ ਤਾਂ ਉਹ ਵੀ ਟੈਨਸ਼ਨ ਘਟਾਉਣ ਵਿਚ ਬਹੁਤ ਸਹਾਇਕ ਹੁੰਦਾ ਹੈ | ਜਿਵੇਂ ਮੈਨੂੰ ਖੁਦ ਨੂੰ 'ਅਖ਼ਬਾਰ' ਲਈ ਲਿਖਣ, ਟੀ. ਵੀ. 'ਤੇ ਫ਼ਿਲਮਾਂ ਦੇਖਣ ਤੇ ਰੇਡੀਓ 'ਤੇ ਗਾਣੇ ਸੁਣਨ ਨਾਲ ਟੈਨਸ਼ਨ ਤੋਂ ਦੂਰ ਰਹਿਣ ਵਿਚ ਕਾਫ਼ੀ ਮਦਦ ਮਿਲਦੀ ਹੈ |

-46 ਕਰਤਾਰਪੁਰ, ਰਵਾਸ ਬ੍ਰਾਹਮਣਾ, ਡਾਕਖਾਨਾ ਸੂਲਰ, ਪਟਿਆਲਾ
ਫੋਨ : 95015-31277.

ਦਿਲਾਂ ਦੇ ਰਾਹ

ਜਿਸ ਤਰ੍ਹਾਂ ਧਰਤੀ ਤੋਂ ਧਰਤੀ ਦੇ, ਸਮੰੁਦਰ ਤੋਂ ਸਮੰੁਦਰ ਦੇ ਅਤੇ ਹਵਾ ਦੇ ਰਾਹ ਹੁੰਦੇ ਹਨ, ਉਸੇ ਤਰ੍ਹਾਂ ਹੀ ਦਿਲਾਂ ਤੋਂ ਦਿਲਾਂ ਦੇ ਰਾਹ ਵੀ ਹੁੰਦੇ ਹਨ | ਇਹ ਰਾਹ ਹੀ ਇਕ-ਦੂਜੇ ਨੂੰ ਮਿਲਾਉਂਦੇ ਹਨ | ਕੁਝ ਇਸੇ ਤਰ੍ਹਾਂ ਹੀ ਹੋਇਆ 1947 ਦੀ ਵੰਡ ਸਮੇਂ | ਖਰੈਤੀ ਆਪਣੇ ਪੁੱਤਰਾਂ ਸੁਰਿੰਦਰ ਸ਼ਿੰਦੇ ਤੇ ਮਹਿੰਦਰ ਮਿੰਦੇ ਨਾਲ ਲਹਿੰਦੇ ਪੰਜਾਬ ਤੋਂ ਉੱਜੜਕੇ ਦਿੱਲੀ ਰਫ਼ਿਊਜ਼ੀ ਕੈਂਪ ਵਿਚ ਆ ਪਹੁੰਚਾ | ਜਿਥੇ ਪਹਿਲਾਂ ਹੀ ਅੰਤਾਂ ਦੀ ਭੀੜ ਸੀ, ਸਿਰ ਲੁਕਾਉਣ ਲਈ ਜਗ੍ਹਾ ਵੀ ਮੁਸ਼ਕਿਲ ਨਾਲ ਹੀ ਮਿਲਦੀ ਸੀ | ਲੰਗਰ ਦਾ ਫੁਲਕਾ ਤੇ ਟੈਂਟਾਂ ਦਾ ਆਸਰਾ ਸੀ | ਰੋਜ਼ ਦੀਆਂ ਅਫ਼ਵਾਹਾਂ ਤੇ ਖਬਰਾਂ ਦਿਲ ਨੂੰ ਧੂਹ ਪਾਉਂਦੀਆਂ ਸਨ | ਇੰਨੇ ਸ਼ਰਨਾਰਥੀਆਂ ਨੂੰ ਜਗ੍ਹਾ ਤੇ ਘਰ ਮੁਹੱਈਆ ਕਰਵਾਉਣ ਲਈ ਸਰਕਾਰ ਪੱਬਾਂ ਭਾਰ ਹੋਈ ਫਿਰਦੀ ਸੀ | ਆਖਰ ਇਕ ਦਿਨ ਅਨਾਊਾਸਮੈਂਟ ਹੋਈ ਕਿ ਆਪਣਾ-ਆਪਣਾ ਸਾਮਾਨ ਬੰਨ੍ਹ ਲਓ, ਸਭਨੂੰ ਘਰ ਦਿੱਤੇ ਜਾ ਰਹੇ ਹਨ | ਸੈਂਕੜਿਆਂ ਦੇ ਹਿਸਾਬ ਨਾਲ ਟਰੱਕ ਆਣ ਖੜ੍ਹੇ ਹੋਏ, ਲੋਕ ਆਪਣਾ-ਆਪਣਾ ਸਾਮਾਨ ਲੱਦਣ ਲੱਗ ਪਏ | ਸਾਮਾਨ ਸਵਾਰੀਆਂ ਨਾਲ ਟਰੱਕ ਤੂੜੇ ਗਏ | ਪ੍ਰਬੰਧਕਾਂ ਦਾ ਰੌਲਾ ਸੀ ਜਲਦੀ ਕਰੋ | ਖਰੈਤੀ ਆਪਣੇ ਛੋਟੇ ਮੰੁਡੇ ਮਿੰਦੇ ਤੇ ਉਹਦੇ ਨਿਆਣਿਆਂ ਨਾਲ ਟਰੱਕ ਵਿਚ ਸੀ ਜਦਕਿ ਸ਼ਿੰਦਾ ਅਜੇ ਸਮੇਤ ਸਾਮਾਨ ਤੇ ਪਰਿਵਾਰ ਅਜੇ ਹੇਠਾਂ ਹੀ ਸੀ | ਟਰੱਕ ਵਿਚ ਤਿਲ ਭਰ ਦੀ ਜਗ੍ਹਾ ਨਹੀਂ ਸੀ | 'ਤੁਸੀਂ ਦੂਜੇ ਟਰੱਕ 'ਚ ਬਹਿ ਜੋ ਜੀ', ਕਹਿੰਦਿਆਂ ਕਲੀਂਡਰ ਨੇ ਡਾਲਾ ਬੰਦ ਕਰ ਦਿੱਤਾ |
ਸ਼ਿੰਦੇ ਨੇ ਥੱਲ-ਬਲੱਲੀ ਵਿਚ ਦੂਜੇ ਨਾਲ ਦੇ ਟਰੱਕ ਵਿਚ ਸਾਮਾਨ ਵਾਹੋ-ਧਾਹੀ ਸੁੱਟਿਆ | ਨਿਆਣੇ ਚੜ੍ਹਾਏ, ਡਾਲਾ ਬੰਦ ਤੇ ਟਰੱਕ ਅੱਗੜ-ਪਿੱਛੜ ਚੱਲ ਪਏ | ਹੁਣ ਟਰੱਕ ਦਿੱਲੀ ਤੋਂ ਬਾਹਰ ਸੜਕਾਂ 'ਤੇ ਕਤਾਰਾਂ ਵਿਚ ਪੈਂਡਾ ਵੱਢਦੇ ਜਾ ਰਹੇ ਸਨ | ਸ਼ਿੰਦਾ ਸੋਚ ਰਿਹਾ ਸੀ ਬਾਪੂ ਹੋਰੀਂ ਨਾਲ ਦੇ ਟਰੱਕ ਵਿਚ ਹੀ ਹੋਣਗੇ | ਰਾਤ ਦਿਨ ਦੇ ਸਫ਼ਰ ਬਾਅਦ ਟਰੱਕ ਰੁਕੇ ਤਾਂ ਦੇਖਿਆ ਕਿ ਬੀਕਾਨੇਰ ਹੈ, ਜਿਥੇ ਲੰਗਰ ਦਾ ਪ੍ਰਬੰਧ ਹੈ, ਪਰ ਬਾਪੂ ਕਿਤੇ ਨਜ਼ਰ ਨਹੀਂ ਆ ਰਿਹਾ ਸੀ, ਨਾ ਹੀ ਭਰਾ, ਨਾ ਉਹਦੇ ਬੱਚੇ | ਲੱਭਣ-ਭਾਲਣ ਦੀ ਬਥੇਰੀ ਕੋਸ਼ਿਸ਼ ਕੀਤੀ ਪਰ ਸਭ ਵਿਅਰਥ | ਉਧਰ ਪ੍ਰਸ਼ਾਸਨ ਨੇ ਇਕ ਘਰ ਸ਼ਿੰਦੇ ਦੇ ਨਾਂਅ ਅਲਾਟ ਕਰ ਦਿੱਤਾ | ਸ਼ਿੰਦਾ ਮਿਹਨਤ ਮਜ਼ਦੂਰੀ ਕਰਦਾ ਆਪਣੇ ਟੱਬਰ ਦਾ ਪੇਟ ਭਰਦਾ ਰਿਹਾ ਪਰ ਬਾਪ ਨਾਲ ਜ਼ਿਆਦਾ ਮੋਹ ਹੋਣ ਕਰਕੇ ਝੂਰਦਾ ਹੀ ਰਹਿੰਦਾ ਸੀ |
ਇਕ ਮਹੀਨਾ ਬੀਤ ਜਾਣ 'ਤੇ ਵੀ ਬਾਪੂ ਤੇ ਭਰਾ ਦੀ ਕੋਈ ਉੱਘ-ਸੁੱਘ ਨਾ ਲੱਗੀ ਤਾਂ ਸ਼ਿੰਦੇ ਦੇ ਮਨ ਵਿਚ ਖਿਆਲ ਆਇਆ ਕਿ ਕਿਉਂ ਨਾ ਦਿੱਲੀ ਉਸੇ ਜਗ੍ਹਾ ਜਾ ਕੇ ਪੁੱਛ ਪੜਤਾਲ ਕੀਤੀ ਜਾਵੇ ਜਿਥੋਂ ਚੱਲੇ ਸੀ | ਅਗਲੇ ਦਿਨ ਹੀ ਸ਼ਿੰਦਾ ਦਿੱਲੀ ਨੂੰ ਤੁਰ ਪਿਆ |
ਰਫ਼ਿਊਜੀ ਕੈਂਪ ਵਿਚ ਗੁਆਚਿਆਂ ਬਾਰੇ ਪੁੱਛਣ ਵਾਲੇ ਉਹਦੇ ਵਰਗੇ ਕਈ ਪਰਚੀਆਂ ਫੜੀ ਫਿਰਦੇ ਸਨ | ਖਿੜਕੀ ਵਿਚ ਪਰਚੀ ਦਿੰਦੇ ਹੀ ਸ਼ਿੰਦੇ ਨੇ ਪੁੱਛਿਆ, 'ਜੀ ਪਿਛੋਂ ਪਿੰਡ ਜੈ ਸਿੰਘ ਵਾਲਾ, ਖ਼ਰੈਤੀ ਰਾਮ ਬਾਰੇ ਪਤਾ ਕਰਨਾ |' ਖਿੜਕੀ ਵਾਲਾ ਬਾਊ ਜਵਾਬ ਦਿੰਦਾ, ਇਸ ਤੋਂ ਪਹਿਲਾਂ ਹੀ ਭੀੜ ਵਿਚੋਂ ਉੱਚੀ ਸਾਰੀ ਆਵਾਜ਼ ਆਈ, ਉਹ ਸ਼ਿੰਦਿਆ ਪੁੱਤਰਾ, ਇਧਰ ਆ, ਮੈਂ ਤੈਨੂੰ ਲੱਭਦਾ ਫਿਰਦਾਂ |' ਤੇ ਨਾਲ ਹੀ ਖ਼ਰੈਤੀ ਦੀ ਲੇਰ ਨਿਕਲ ਆਈ | ਬਾਪੂ ਦੀ ਆਵਾਜ਼ ਪਛਾਣਦਾ ਸ਼ਿੰਦਾ ਵਾਹੋ-ਧਾਹੀ ਭੀੜ ਨੂੰ ਚੀਰਦਾ ਬਾਪੂ ਨੂੰ ਜਾ ਲਿਪਟਿਆ | ਥੋੜ੍ਹੇ ਹੌਲੇ ਹੋਣ ਉਪਰੰਤ ਸ਼ਿੰਦਾ ਬੋਲਿਆ, 'ਬਾਪੂ ਸਾਡਾ ਟਰੱਕ ਬੀਕਾਨੇਰ ਜਾ ਲੱਗਾ ਸੀ, ਤੁਸੀਂ ਕਿਥੇ ਚਲੇ ਗਏ ਸੀ?'
'ਅਸੀਂ ਜਲੰਧਰ ਪਹੁੰਚ ਗਏ ਸੀ, ਬਾਕੀ ਸਭ ਮੇਰੇ ਨਾਲ ਹੀ ਸਨ, ਬਸ ਤੁਸੀਂ ਹੀ ਨਹੀਂ ਲੱਭੇ ਸੀ | ਸੋਚਿਆ ਸੀ ਕਿ ਤੁਹਾਡਾ ਟਰੱਕ ਵੀ ਨਾਲ ਹੀ ਆ ਰਿਹਾ ਹੋਣੇ | ਘਰ ਸਾਨੂੰ ਵਧੀਆ ਮਿਲ ਗਿਆ, ਪਰ ਤੇਰੇ ਬਿਨਾਂ ਉੱਕਾ ਹੀ ਚੰਗਾ ਨਹੀਂ ਲੱਗਦਾ ਸੀ | ਫਿਰ ਸੋਚਿਆ ਚਲੋ ਦਿੱਲੀ ਜਾ ਕੇ ਹੀ ਪਤਾ ਕਰਨੇ ਆਂ, ਜਦੋਂ ਤੂੰ ਮੇਰਾ ਨਾਂਅ ਲਿਆ ਮੈਂ 'ਵਾਜ਼ ਪਛਾਣ ਲਈ |' ਪੁੱਤ ਨੂੰ ਵਾਪਸ ਪਾ ਕੇ ਖ਼ਰੈਤੀ ਬੜਾ ਖੁਸ਼ ਸੀ |
'ਬਾਪੂ ਇਥੇ ਕਦੋਂ ਆਇਆਂ?'
'ਅੱਜ ਹੀ ਹੁਣੇ ਹੀ |'
'ਮੈਂ ਵੀ ਹੁਣੇ ਹੀ ਆਇਆ ਹਾਂ |'
ਇਸ ਤਰ੍ਹਾਂ ਦਿਲਾਂ ਨੂੰ ਦਿਲਾਂ ਦੇ ਰਾਹ ਨੇ ਵਿਛੜੇ ਪਿਓ-ਪੁੱਤਰ ਨੂੰ ਮਿਲਾ ਦਿੱਤਾ |

-ਜਲੰਧਰ | ਮੋਬਾਈਲ : 98550-53839.

ਅਨਪੜ੍ਹਤਾ

ਬਿਸ਼ਨ ਸਿੰਘ ਦਿਹਾੜੀ ਲਈ ਸਾਈਕਲ 'ਤੇ ਘਰੋਂ ਨਿਕਲਿਆ | ਅਜੇ ਥੋੜ੍ਹੀ ਦੂਰ ਹੀ ਗਿਆ ਸੀ ਕਿ ਰਸਤੇ ਵਿਚ ਪਤੀ-ਪਤਨੀ ਦਾ ਝਗੜਾ ਹੋ ਰਿਹਾ ਸੀ | ਪਤੀ ਆਪਣੀ ਪਤਨੀ ਨੂੰ ਬਹੁਤ ਬੁਰੀ ਤਰ੍ਹਾਂ ਵਾਲਾਂ ਤੋਂ ਫੜ ਕੇ ਘਸੀਟ ਰਿਹਾ ਸੀ ਅਤੇ ਉਸ ਦੀ ਛੋਟੀ ਬੱਚੀ ਰੋਈ ਜਾ ਰਹੀ ਸੀ | ਬਿਸ਼ਨ ਸਿੰਘ ਨੇ ਵੇਖਿਆ ਦੋ ਪੜ੍ਹੇ-ਲਿਖੇ ਕਲੀਨ ਸ਼ੇਵ ਮੰੁਡੇ ਉਨ੍ਹਾਂ ਨੂੰ ਛੁਡਾਉਣ ਦੀ ਬਜਾਏ ਉਨ੍ਹਾਂ ਦੀ ਵੀਡੀਓ ਬਣਾ ਰਹੇ ਸਨ, ਬਿਸ਼ਨ ਸਿੰਘ ਛੇਤੀ-ਛੇਤੀ ਸਾਈਕਲ ਤੋਂ ਉਤਰਿਆ ਤੇ ਉਨ੍ਹਾਂ ਨੂੰ ਛੁਡਾ ਦਿੱਤਾ | ਬਿਸ਼ਨ ਸਿੰਘ ਲੇਬਰ ਚੌਕ ਵਿਚ ਪਹੁੰਚਿਆ ਤਾਂ ਸੋਚਣ ਲੱਗਾ ਕਿ ਜੇ ਮੈਂ ਵੀ ਪੜਿ੍ਹਆ ਹੁੰਦਾ ਤਾਂ ਸ਼ਾਇਦ ਮੈਨੂੰ ਇਸ ਤਰ੍ਹਾਂ ਲੇਬਰ ਦਾ ਕੰਮ ਨਾ ਕਰਨਾ ਪੈਂਦਾ | ਇੰਨੇ ਨੂੰ ਇਕ ਗੱਡੀ ਉਸ ਦੇ ਕੋਲ ਆ ਕੇ ਖੜ੍ਹੀ ਹੋਈ | ਇਕ ਆਦਮੀ ਨੇ ਬਿਸ਼ਨ ਸਿੰਘ ਨੂੰ ਕਿਹਾ ਸਰਦਾਰ ਜੀ ਦਿਹਾੜੀ 'ਤੇ ਚੱਲਣਾ, ਬਿਸ਼ਨ ਸਿੰਘ ਨੇ ਕਿਹਾ ਜੀ ਜਨਾਬ ਚੱਲਣਾ ਹੈ | 300 ਰੁਪਏ ਵਿਚ ਗੱਲ ਮੁੱਕੀ | ਬਿਸ਼ਨ ਸਿੰਘ ਉਸ ਦੇ ਦੱਸੇ ਪਤੇ 'ਤੇ ਪਹੁੰਚ ਗਿਆ | ਬਿਸ਼ਨ ਸਿੰਘ ਨੇ ਬਾਹਰੋਂ ਗਲੀ ਵਿਚੋਂ ਮਿੱਟੀ ਲਿਆ ਕੇ ਅੰਦਰ ਪਾਰਕ ਵਿਚ ਪਾਉਣੀ ਸੀ | ਬਿਸ਼ਨ ਸਿੰਘ ਸ਼ਾਮ ਨੂੰ ਜਦੋਂ ਕੰਮ ਖਤਮ ਕਰਕੇ ਅੰਦਰ ਦਿਹਾੜੀ ਲੈਣ ਪਹੁੰਚਿਆ ਤਾਂ ਸਾਰਾ ਘਰ ਸ਼ੀਲਡਾਂ ਨਾਲ ਭਰਿਆ ਪਿਆ ਵੇਖਿਆ | ਉਹ ਸੋਚਣ ਲੱਗਾ ਕਿ ਕਾਫੀ ਪੜਿ੍ਹਆ-ਲਿਖਿਆ ਪਰਿਵਾਰ ਹੈ | ਪਰ ਜਦੋਂ ਘਰ ਦਾ ਮਾਲਕ ਉਸ ਨੂੰ ਪੈਸੇ ਦੇਣ ਲੱਗਾ ਤਾਂ ਉਸ ਦਾ ਵਿਸ਼ਵਾਸ ਟੁੱਟ ਗਿਆ | ਇਹ ਉਹੀ ਲੜਕਾ ਸੀ ਜੋ ਪਤੀ-ਪਤਨੀ ਨੂੰ ਛੁਡਾਉਣ ਦੀ ਬਜਾਏ ਵੀਡੀਓ ਬਣਾ ਰਿਹਾ ਸੀ | ਬਿਸ਼ਨ ਸਿੰਘ ਉਸ ਮਾਲਕ ਨੂੰ ਅਨਪੜ੍ਹ ਤੇ ਆਪਣੇ-ਆਪ ਨੂੰ ਵੱਧ ਪੜਿ੍ਹਆ ਸਮਝਣ ਲੱਗਾ |

-ਲਵਮਨਿੰਦਰ ਸਿੰਘ ਸੰਧਾਵਾਲੀਆ
-ਪਿੰਡ ਬੂਆ ਨੰਗਲੀ | ਮੋਬਾਈਲ : 98150-61014.

ਜਦੋਂ ਹੋਸ਼ ਆਈ...

ਰਾਜੂ ਬਾਈ-ਤੇਈ ਸਾਲ ਦਾ ਗੱਭਰੂ ਸੀ | ਉਸ ਨੇ 12ਵੀਂ ਤੱਕ ਪੜ੍ਹਾਈ ਕੀਤੀ ਹੋਈ ਸੀ | ਘਰ ਵਿਚ ਉਸ ਤੋਂ ਇਲਾਵਾ ਬਜ਼ੁਰਗ ਮਾਂ-ਬਾਪ ਹੀ ਸਨ | ਦੋਵਾਂ ਦੀ ਸਿਹਤ ਖਰਾਬ ਰਹਿੰਦੀ ਸੀ | ਇਲਾਜ ਵਾਸਤੇ ਪੈਸੇ ਤਾਂ ਦੂਰ ਦੀ ਗੱਲ ਰਹੀ, ਪੇਟ ਭਰਨ ਲਈ ਦੋ ਰੋਟੀਆਂ ਵੀ ਬੜੀ ਮੁਸ਼ਕਿਲ ਨਾਲ ਨਸੀਬ ਹੁੰਦੀਆਂ ਸਨ | ਗ਼ਰੀਬੀ ਅਤੇ ਪ੍ਰੇਸ਼ਾਨੀ ਦੇ ਸ਼ਿਕੰਜੇ ਨੇ ਰਾਜੂ ਨੂੰ ਪੂਰੀ ਤਰ੍ਹਾਂ ਜਕੜਿਆ ਹੋਇਆ ਸੀ ਅਤੇ ਉਸ ਨੂੰ ਨਿਰਾਸ਼ਾ ਅਤੇ ਹਨੇਰੇ ਤੋਂ ਸਿਵਾਏ ਕੁਝ ਵੀ ਨਜ਼ਰ ਨਹੀਂ ਸੀ ਆਉਂਦਾ | ਉਨ੍ਹਾਂ ਦੇ ਪਿੰਡ ਦੇ ਬਾਹਰ ਇਕ ਬਗੀਚੀ ਸੀ | ਇਕ ਵਾਰ ਉਸ ਬਗੀਚੀ ਵਿਚ ਇਕ ਸੰਤ ਆਏ | ਲੋਕ ਵੱਡੀ ਗਿਣਤੀ ਵਿਚ ਉਨ੍ਹਾਂ ਕੋਲ ਆਸ਼ੀਰਵਾਦ ਲੈਣ ਲਈ ਜਾਂਦੇ | ਰਾਜੂ ਦੇ ਮਨ ਵਿਚ ਵੀ ਆਇਆ ਕਿ ਸੰਤਾਂ ਪਾਸ ਜਾ ਕੇ ਆਪਣੀ ਬਿਰਥਾ ਸੁਣਾਵਾਂ | ਉਸ ਬਗੀਚੀ ਵਿਚ ਉਹ ਵੀ ਚਲਾ ਗਿਆ ਅਤੇ ਸੰਤਾਂ ਦੀ ਕੁਟੀਆ ਦੇ ਬਾਹਰ ਬੈਠਾ ਰਿਹਾ | ਡਿਪਰੈਸ਼ਨ ਨੇ ਉਸ ਨੂੰ ਅੰਦਰ ਜਾਣ ਲਈ ਬੈਰੀਅਰ ਲਾ ਦਿੱਤਾ | ਸੰਤਾਂ ਦੀ ਨਜ਼ਰ ਅਚਾਨਕ ਉਸ 'ਤੇ ਪੈ ਗਈ | ਜਦੋਂ ਸਾਰੇ ਲੋਕ ਉਥੋਂ ਚਲੇ ਗਏ ਤਾਂ ਰਾਜੂ ਵੀ ਸੰਤਾਂ ਨੂੰ ਮਿਲੇ ਬਗੈਰ ਹੀ ਆ ਗਿਆ | ਇਹ ਪ੍ਰਕਿਰਿਆ ਲਗਾਤਾਰ ਤਿੰਨ ਦਿਨ ਚਲਦੀ ਰਹੀ | ਚੌਥੇ ਦਿਨ ਸੰਤਾਂ ਨੇ ਇਸ਼ਾਰਾ ਕਰ ਕੇ ਰਾਜੂ ਨੂੰ ਸੱਦਿਆ ਅਤੇ ਆਖਿਆ, 'ਪੁੱਤਰ, ਤੂੰ ਤਿੰਨ-ਚਾਰ ਦਿਨ ਤੋਂ ਆਉਂਦਾ ਹੈਾ ਅਤੇ ਬਾਹਰੋਂ ਹੀ ਚਲੇ ਜਾਂਦਾ ਹੈਾ, ਕੀ ਤੂੰ ਮੇਰੇ ਨਾਲ ਕੁਝ ਵਚਨ ਬਿਲਾਸ ਕਰਨਾ ਚਾਹੁੰਦਾ ਹੈਾ?' ਰਾਜੂ ਦੀਆਂ ਅੱਖਾਂ ਸੇਜਲ ਹੋ ਗਈਆਂ, ਆਪਣੀ ਸਾਰੀ ਵਿਥਿਆ ਸੁਣਾਉਂਦਿਆਂ ਆਖਿਆ ਕਿ ਗ਼ਰੀਬੀ ਨੇ ਮੈਨੂੰ ਝੰਜੋੜ ਕੇ ਮਸਲ ਦਿੱਤਾ ਹੈ | ਸੰਤ ਜੀ ਨੇ ਸਹਿਜ ਨਾਲ ਰਾਜੂ ਨੂੰ ਆਖਿਆ, 'ਪੁੱਤਰ ਤੇਰੀਆਂ ਦੋ ਅੱਖਾਂ ਹਨ, ਇਨ੍ਹਾਂ ਵਿਚੋਂ ਇਕ ਅੱਖ ਮੈਨੂੰ ਦੇ ਦੇ | ਮੈਂ ਤੈਨੂੰ ਇਸ ਦੇ ਇਵਜ਼ ਵਿਚ ਇਕ ਲੱਖ ਰੁਪਏ ਦੇ ਦੇਵਾਂਗਾ |' ਰਾਜੂ ਨੇ ਆਖਿਆ, 'ਮਹਾਰਾਜ, ਇਹ ਕਿਵੇਂ ਹੋ ਸਕਦਾ ਹੈ?' ਫਿਰ ਸੰਤ ਜੀ ਨੇ ਉਸ ਨੂੰ ਆਖਿਆ, 'ਤੇਰੇ ਪਾਸ ਦੋ ਹੱਥ ਅਤੇ ਦੋ ਬਾਹਵਾਂ ਹਨ, ਦੋ ਪੈਰ ਅਤੇ ਦੋ ਲੱਤਾਂ ਹਨ, ਇਨ੍ਹਾਂ ਵਿਚ ਇਕ ਬਾਂਹ ਅਤੇ ਇਕ ਹੱਥ ਜਾਂ ਇਕ ਪੈਰ ਤੇ ਇਕ ਲੱਤ ਮੈਨੂੰ ਦੇ ਦੇ, ਮੈਂ ਤੈਨੂੰ ਮੰੂਹ ਮੰਗੀ ਰਕਮ ਦੇਣ ਲਈ ਤਿਆਰ ਹਾਂ |' ਰਾਜੂ ਨੇ ਸੰਤ ਜੀ ਨੂੰ ਆਖਿਆ, 'ਜੋ ਕੁਝ ਵੀ ਤੁਸੀਂ ਆਖ ਰਹੇ ਹੋ, ਉਹ ਸੰਭਵ ਨਹੀਂ ਹੈ |' ਸੰਤ ਜੀ ਨੇ ਆਖਿਆ, 'ਭਲਿਆ ਲੋਕਾ, ਜ਼ਰਾ ਸੋਚ ਤੂੰ ਫਿਰ ਕਿਧਰੋਂ ਗ਼ਰੀਬ ਹੈਾ | ਤੇਰੇ ਕੋਲ ਹੋਰ ਕੁਝ ਨਹੀਂ, ਨਰੋਆ ਸਰੀਰ ਤੇ ਹੈ, ਕਿਰਤ ਕਰਨ ਲਈ ਨਰੋਏ ਹੱਥ, ਪੈਰ ਬਾਹਵਾਂ ਅਤੇ ਲੱਤਾਂ ਹਨ | ਇਨ੍ਹਾਂ ਦਾ ਕੋਈ ਮੁੱਲ ਨਹੀਂ |' ਰਾਜੂ ਦੇ ਦਿਮਾਗ਼ ਵਿਚ ਵਿਚਾਰਾਂ ਦਾ ਭੁਚਾਲ ਆ ਗਿਆ | ਇਸ ਭੁਚਾਲ ਨੇ ਉਸ ਦੀ ਨਿਰਾਸ਼ਾ ਅਤੇ ਹਨੇਰੇ ਨੂੰ ਦਬਾ ਦਿੱਤਾ ਅਤੇ ਉਸ ਆਸ਼ਾ ਅਤੇ ਚੜ੍ਹਦੀਆਂ ਕਲਾਂ ਵਿਚ ਲੈ ਆਂਦਾ | ਉਸ ਨੂੰ ਚਾਰੇ ਪਾਸੇ ਪ੍ਰਕਾਸ਼ ਨਜ਼ਰ ਆਉਣ ਲੱਗਾ, ਉਹ ਸੰਤਾਂ ਨੂੰ ਮੱਥਾ ਟੇਕ ਕੇ ਚੱਲ ਪਿਆ | ਉਸ ਦੇ ਅੰਦਰੋਂ ਉਸ ਨੂੰ ਪ੍ਰੇਰਨਾ ਦੀ ਗੰੂਜ, ਤੇਰੇ ਪਾਸ ਕਿਰਤ ਕਰਨ ਲਈ ਨਰੋਆ ਸਰੀਰ ਹੈ, ਸੁਣਾਈ ਦੇ ਰਹੀ ਸੀ | ਇਨ੍ਹਾਂ ਵਿਚਾਰਾਂ ਵਿਚ ਲਿਪਤ ਹੋ ਕੇ ਉਹ ਘਰ ਪਰਤ ਰਿਹਾ ਸੀ | ਰਸਤੇ ਵਿਚ ਇਕ ਫਲਾਈਓਵਰ ਆਉਂਦਾ ਸੀ | ਉਸ ਨੇ ਉਥੋਂ ਸੜਕ ਪਾਰ ਕਰਨੀ ਸੀ, ਟ੍ਰੈਫਿਕ ਕਰਕੇ ਉਹ ਰੁਕ ਗਿਆ | ਇਹਨੇ ਨੂੰ ਫਲਾਂ ਨਾਲ ਲੱਦਿਆ ਇਕ ਰਿਕਸ਼ਾ ਆ ਗਿਆ | ਰਿਕਸ਼ੇ ਵਾਲੇ ਨੇ ਰਾਜੂ ਨੂੰ ਧੱਕਾ ਲਾਉਣ ਵਾਲਾ ਸਮਝ ਕੇ ਉਸ ਨੂੰ ਪੁੱਛਿਆ, 'ਚੜ੍ਹਾਈ ਤੱਕ ਧੱਕਾ ਲਾਉਣ ਲਈ ਤਿਆਰ ਹੈਾ |' ਰਾਜੂ ਨੇ 'ਹਾਂ' ਆਖ ਕੇ ਧੱਕਾ ਲਾਉਣਾ ਸ਼ੁਰੂ ਕਰ ਦਿੱਤਾ | ਜਦ ਚੜ੍ਹਾਈ ਖਤਮ ਹੋ ਗਈ ਤਾਂ ਰਿਕਸ਼ੇ ਵਾਲੇ ਨੇ ਰਾਜੂ ਨੂੰ ਵੀਹ ਰੁਪਏ ਦਾ ਨੋਟ ਫੜਾ ਦਿੱਤਾ | ਰਾਜੂ ਦੀ ਜ਼ਿੰਦਗੀ ਦੀ ਇਹ ਪਹਿਲੀ ਕਮਾਈ ਸੀ ਅਤੇ ਉਸ ਦੀ ਖੁਸ਼ੀ ਦਾ ਕੋਈ ਠਿਕਾਣਾ ਨਹੀਂ ਸੀ | ਰਾਜੂ ਫਿਰ ਉਸੇ ਥਾਂ 'ਤੇ ਆ ਕੇ ਖੜ੍ਹਾ ਹੋਇਆ ਹੀ ਸੀ ਕਿ ਇਕ ਹੋਰ ਰਿਕਸ਼ਾ ਵਾਲਾ ਆ ਗਿਆ | ਰਾਜੂ ਨੇ ਉਸ ਨੂੰ ਵੀ ਧੱਕਾ ਲਾ ਕੇ ਵੀਹ ਰੁਪਏ ਹੋਰ ਕਮਾ ਲਏ | ਫਲਾਈਓਵਰ ਦੇ ਨੇੜੇ ਸਬਜ਼ੀ ਮੰਡੀ ਹੋਣ ਕਰਕੇ ਰਿਕਸ਼ੇ ਵਾਲਿਆਂ ਅਤੇ ਰੇਹੜੀਆਂ ਵਾਲਿਆਂ ਦਾ ਤਾਂਤਾ ਲੱਗ ਜਾਂਦਾ ਹੈ | ਆਪਣੇ ਨਰੋਏ ਸਰੀਰ ਅਤੇ ਮਿਹਨਤ ਦੇ ਸਦਕੇ ਉਸ ਨੇ ਉਸ ਦਿਨ 300 ਰੁਪਏ ਕਮਾ ਲਏ | ਖ਼ੁਸ਼ੀ ਨਾਲ ਉਸ ਦੀ ਅੱਡੀ ਜ਼ਮੀਨ ਨਾਲ ਨਹੀਂ ਲੱਗ ਰਹੀ ਸੀ | ਉਧਰ ਘਰ ਵਿਚ ਬਜ਼ੁਰਗ ਮਾਂ-ਬਾਪ, ਚਿੰਤਾ ਵਿਚ ਡੁੱਬੇ ਹੋਏ ਸਨ | ਉਹ ਵਾਰ-ਵਾਰ ਆਖ ਰਹੇ ਸਨ, 'ਪਤਾ ਨਹੀਂ ਅੱਜ ਰਾਜੂ ਕਿੱਧਰ ਚਲਾ ਗਿਆ ਹੈ | ਠੀਕ-ਠਾਕ ਹੋਵੇ ਸਹੀ | ਬਜ਼ੁਰਗ ਮਾਂ, ਵਾਰ-ਵਾਰ ਬੂਹੇ 'ਤੇ ਜਾ ਕੇ ਆਪਣੇ ਪੁੱਤ ਨੂੰ ਗਲੀ ਵਿਚ ਵੇਖਦੀ | ਆਖਰ ਵਿਚ ਰਾਜੂ ਘਰ ਪਹੁੰਚ ਗਿਆ | ਇਸ ਤੋਂ ਪਹਿਲਾਂ ਮਾਂ-ਬਾਪ ਉਸ ਨੂੰ ਦੇਰੀ ਦਾ ਕਾਰਨ ਪੁੱਛਦੇ, ਰਾਜੂ ਨੇ ਤਿੰਨ ਸੌ ਰੁਪਏ ਮਾਂ ਦੇ ਹੱਥ ਵਿਚ ਰੱਖ ਦਿੱਤੇ ਅਤੇ ਆਖਿਆ, ਅੱਜ ਮੈਨੂੰ ਕੰਮ ਮਿਲ ਗਿਆ | ਅਗਲੇ ਦਿਨ ਉਹ ਫਿਰ ਇਸ ਕੰਮ ਲਈ ਚਲਿਆ ਗਿਆ ਅਤੇ ਉਸ ਨੂੰ ਉਸ ਦਿਨ ਦੇ ਚਾਰ ਸੌ ਰੁਪਏ ਬਣ ਗਏ |
ਦੋ ਮਹੀਨੇ ਵਿਚ ਹੀ ਉਸ ਦੀ ਆਰਥਿਕ ਹਾਲਤ ਚੰਗੀ ਸੁਧਰ ਗਈ | ਮਨ ਵਿਚ ਵਿਚਾਰ ਆਇਆ ਕਿ ਪਿੰਡ ਵਿਚ ਕਰਿਆਨੇ ਦੀ ਛੋਟੀ ਜਿਹੀ ਦੁਕਾਨ ਖੋਲ੍ਹ ਲਈ ਜਾਵੇ | ਦੁਕਾਨ ਮਿਲ ਗਈ ਅਤੇ ਕੰਮ ਸ਼ੁਰੂ ਹੋ ਗਿਆ | ਅੱਜ ਹੋਰ ਤੇ ਕੱਲ੍ਹ ਹੋਰ | ਮੁਨਿਆਰੀ ਅਤੇ ਸਟੇਸ਼ਨਰੀ ਵੀ ਨਾਲ ਰੱਖ ਲਈ | ਅਗਾਂਹ ਵਧਣ ਦੇ ਜਜ਼ਬੇ ਅਧੀਨ ਉਹ ਪਿੰਡ ਛੱਡ ਕੇ ਸ਼ਹਿਰ ਚਲਿਆ ਗਿਆ | ਸ਼ਹਿਰ ਵਿਚ ਦੁਕਾਨ ਖੋਲ੍ਹ ਲਈ | ਕੰਮ ਵਧਦਾ ਗਿਆ, ਪੰਜ-ਸੱਤ ਸਾਲ ਵਿਚ ਛੋਟੀ ਜਿਹੀ ਦੁਕਾਨ ਇਕ ਬਹੁਤ ਵੱਡੀ ਦੁਕਾਨ ਵਿਚ ਬਦਲ ਗਈ | ਪੰਜ, ਸੱਤ ਨੌਕਰ ਰੱਖ ਲਏ ਗਏ | ਦੁਕਾਨ ਦੇ ਬਾਹਰ ਬੋਰਡ ਵੀ ਲੱਗ ਗਿਆ, 'ਰਾਜੂ ਸ਼ਾਹ ਦੀ ਹੱਟੀ', ਇਕ ਦਿਨ ਰਾਜੂ ਸ਼ਾਹ ਆਪਣੀ ਦੁਕਾਨ ਦੇ ਬਾਹਰ ਵਾਲੇ ਕਾਊਾਟਰ 'ਤੇ ਬੈਠਾ ਸੀ, ਅਚਾਨਕ ਉਸ ਦਾ ਧਿਆਨ, ਬਾਜ਼ਾਰ ਵਿਚ ਲੰਘ ਰਹੇ ਉਸੇ ਸੰਤ ਜੀ 'ਤੇ ਪੈ ਗਿਆ ਜਿਹੜੇ ਉਸ ਨੂੰ ਬਗੀਚੇ ਵਿਚ ਮਿਲੇ ਸਨ | ਉਨ੍ਹਾਂ ਨਾਲ, ਉਨ੍ਹਾਂ ਦੇ ਕੁਝ ਸ਼ਰਧਾਲੂ ਵੀ ਸਨ | ਉਸ ਨੂੰ ਇਕ ਝਟਕਾ ਲੱਗਿਆ | ਉਹ ਦੌੜਾ-ਦੌੜਾ ਬਾਹਰ ਆਇਆ ਅਤੇ ਦੌੜ ਕੇ ਹੀ ਸੰਤਾਂ ਦੇ ਸਾਹਮਣੇ ਹੋ ਹੱਥ ਜੋੜ ਕੇ ਖੜ੍ਹਾ ਹੋ ਗਿਆ | ਫਿਰ ਉਹ ਉਨ੍ਹਾਂ ਦੇ ਪੈਰੀਂ ਪੈ ਗਿਆ | ਉਸ ਨੇ ਸਾਰੀ ਘਟਨਾ, ਸੰਤ ਜੀ ਨੂੰ ਸੁਣਾਈ | ਉਨ੍ਹਾਂ ਨੂੰ ਵੀ ਯਾਦ ਆ ਗਿਆ | ਰਾਜੂ ਨੇ ਦੁਕਾਨ ਵੱਲ ਇਸ਼ਾਰਾ ਕਰਦਿਆਂ ਆਖਿਆ ਕਿ ਉਹ ਉਸ ਦੀ ਦੁਕਾਨ ਹੈ | ਸੰਤਾਂ ਨੇ ਬੋਰਡ ਪੜਿ੍ਹਆ, 'ਰਾਜੂ ਸ਼ਾਹ ਦੀ ਹੱਟੀ' ਰਾਜੂ ਵਾਰ-ਵਾਰ ਉਨ੍ਹਾਂ ਨੂੰ ਦੁਕਾਨ ਵਿਚ ਫੇਰੀ ਪਾਉਣ ਲਈ ਬੇਨਤੀ ਕਰ ਰਿਹਾ ਸੀ ਅਤੇ ਆਖ ਰਿਹਾ ਸੀ ਕਿ ਇਹ ਸਭ ਕੁਝ ਤੁਹਾਡੀ ਕਿਰਪਾ ਨਾਲ ਹੋਇਆ ਹੈ | ਸੰਤ ਜੀ ਨੇ ਉੱਤਰ ਦਿੱਤਾ, 'ਪੁੱਤਰ ਸਾਡਾ ਇਨ੍ਹਾਂ ਦੁਕਾਨਾਂ ਨਾਲ ਕੋਈ ਵਾਸਤਾ ਨਹੀਂ ਹੈ ਅਤੇ ਨਾ ਹੀ ਮੈਂ ਕੋਈ ਕਿਰਪਾ ਕੀਤੀ ਹੈ | ਮੈਂ ਤਾਂ ਤੇਰੀ ਕੇਵਲ ਹੋਸ਼ ਜਗਾਈ ਸੀ ਅਤੇ ਉਸ ਦਾ ਨਤੀਜਾ ਤੇਰੇ ਸਾਹਮਣੇ ਹੈ |'

-ਮਕਾਨ ਨੰ: 3140, ਲੋਹਾਰਾਂ ਮੁਹੱਲਾ, ਕਰਤਾਰਪੁਰ, ਜ਼ਿਲ੍ਹਾ ਜਲੰਧਰ |
ਮੋਬਾਈਲ : 98726-10035.

ਕਾਵਿ ਵਿਅੰਗ

ਸਾਂਝੀਵਾਲਤਾ ਬਨਾਮ ਸੌੜੀ ਸੋਚ
ਟੋਟੇ ਦੇਸ਼ ਦੇ ਹੋਰ ਨਾ ਕਰੋ ਮਿੱਤਰੋ,
ਕੱਟੜਵਾਦੀਆਂ ਤਾਈਾ ਸਮਝਾਏ ਕੋਈ |
ਈਨ ਮੰਨਣੀ ਨਹੀਂ ਬਹਾਦਰਾਂ ਨੇ,
ਗੱਲ ਇਨ੍ਹਾਂ ਦੇ ਖ਼ਾਨੇ ਵਿਚ ਪਾਏ ਕੋਈ |
ਇਹ ਇਕ ਬਾਗ਼ ਹੈ, ਫੁੱਲ ਅਨੇਕ ਇਸ ਵਿਚ,
ਲੁਤਫ਼ ਮਹਿਕ ਦਾ ਚਖ਼ੇ, ਚਖ਼ਾਏ ਕੋਈ |
ਸਾਂਝੀਵਾਲਤਾ ਨਾਲ ਪ੍ਰੇਮ ਵਧਦਾ,
ਸੌੜੀ ਸੋਚ ਨੂੰ ਮਾਰ ਮੁਕਾਏ ਕੋਈ |

-ਨਵਰਾਹੀ ਘੁਗਿਆਣਵੀ
ਨਹਿਰ ਨਜ਼ਾਰਾ, ਨਵਾਂ ਹਰਿੰਦਰ ਨਗਰ, ਫ਼ਰੀਦਕੋਟ | ਮੋਬਾਈਲ : 98150-02302

ਰੰਗ ਤੇ ਵਿਅੰਗ: ਸਵਰਗ ਦਾ ਦਰਵਾਜ਼ਾ

ਇਕ ਆਦਮੀ ਦੀ ਆਤਮਾ ਨੇ ਮਰਨ ਤੋਂ ਬਾਅਦ ਸਵਰਗ ਦਾ ਦਰਵਾਜ਼ਾ ਖਟਖਟਾਇਆ | ਅੰਦਰੋਂ ਆਵਾਜ਼ ਆਈ, 'ਕੀ ਤੁਸੀਂ ਵਿਆਹੇ ਹੋਏ ਸੀ?'
'ਜੀ ਹਾਂ |'
'ਤਾਂ ਤੁਸੀਂ ਅੰਦਰ ਆ ਸਕਦੇ ਹੋ, ਤੁਸੀਂ ਵਿਆਹ ਕਰਵਾ ਕੇ ਦੁਨੀਆ 'ਤੇ ਕਾਫੀ ਦੁੱਖ ਭੋਗਿਆ ਹੈ' ਅਤੇ ਉਸ ਆਤਮਾ ਲਈ ਸਵਰਗ ਦਾ ਦਰਵਾਜ਼ਾ ਖੁੱਲ੍ਹ ਗਿਆ |
ਥੋੜ੍ਹੀ ਦੇਰ ਬਾਅਦ ਇਕ-ਦੂਸਰੇ ਆਦਮੀ ਦੀ ਆਤਮਾ ਨੇ ਸਵਰਗ ਦਾ ਦਰਵਾਜ਼ਾ ਖਟਖਟਾਇਆ | ਪਹਿਲਾਂ ਵਾਂਗ ਹੀ ਅੰਦਰੋਂ ਫਿਰ ਆਵਾਜ਼ ਆਈ, 'ਕੀ ਤੁਸੀਂ ਵਿਆਹੇ ਹੋਏ ਸੀ?'
'ਜੀ ਹਾਂ, ਮੈਂ ਦੋ ਵਿਆਹ ਕਰਵਾਏ ਸਨ |'
'ਤਾਂ ਤੂੰ ਜਾ ਸਕਦਾ ਐਾ, ਇਥੇ ਤੇਰੇ ਵਰਗੇ ਬੇਵਕੂਫ਼ਾਂ ਲਈ ਕੋਈ ਜਗ੍ਹਾ ਨਹੀਂ ਹੈ', ਇਸ ਦੇ ਨਾਲ ਹੀ ਸਵਰਗ ਦਾ ਦਰਵਾਜ਼ਾ ਜ਼ੋਰ ਨਾਲ ਬੰਦ ਹੋ ਗਿਆ |
ਥਰਮਾਮੀਟਰ
ਪ੍ਰਸ਼ਨ : ਉਹ ਕਿਹੜਾ ਮੀਟਰ ਹੈ, ਜਿਸ ਤੋਂ ਪਤਨੀਆਂ ਬਿਜਲੀ ਦੇ ਮੀਟਰ ਨਾਲੋੋਂ ਵੀ ਜ਼ਿਆਦਾ ਡਰਦੀਆਂ ਹਨ?
ਉੱਤਰ : ਥਰਮਾਮੀਟਰ ਕਿਉਂਕਿ ਇਸ ਨੂੰ ਮੰੂਹ ਵਿਚ ਦਬਾ ਕੇ, ਇਨ੍ਹਾਂ ਦੀ ਜ਼ਬਾਨ ਬੰਦ ਹੋ ਜਾਂਦੀ ਹੈ |'

-ਸੁਖਮੰਦਰ ਸਿੰਘ ਤੂਰ
ਪਿੰਡ ਤੇ ਡਾਕ: ਖੋਸਾ ਪਾਂਡੋ, (ਮੋਗਾ)-142048.

ਚਿੰਤਨ

ਉਹ ਕਈ ਦਿਨਾਂ ਤੋਂ ਬਾਅਦ ਮਿਲੇ ਸਨ | ਪਾਰਕ 'ਚ ਗੱਦੀਦਾਰ ਘਾਹ 'ਤੇ ਬੈਠਦਿਆਂ ਹੀ ਪ੍ਰੀਤੀ ਨੇ ਗਿਲਾ ਕਰਦਿਆਂ ਕਿਹਾ, 'ਪਤਾ ਨੀਂ ਕਿੱਥੇ-ਕਿੱਥੇ ਰੁੱਝੇ ਰਹਿੰਨੇ ਆਂ, ਮਿਲਦੇ ਵੀ ਨੲੀਂ... ਤੇ ਫ਼ੋਨ 'ਤੇ ਵੀ ਚੱਜ ਨਾਲ ਗੱਲ ਨਹੀਂ ਕਰਦੇ' |
'ਨਈਾ ਨਈਾ ਐਹੋ ਜਿਹੀ ਤਾਂ ਕੋਈ ਗੱਲ ਨੀਂ ' ਬੱਸ ਊਾ ਈ... |
'ਦੇਸ਼ ਦੀਆਂ ਸਰਹੱਦਾਂ 'ਤੇ ਸੈਨਿਕਾਂ ਅਤੇ ਆਮ ਨਾਗਰਿਕਾਂ ਦਾ ਬੇਦੋਸ਼ੇ ਮਾਰੇ ਜਾਣਾ, ਮੈਨੂੰ ਬੇਹੱਦ ਪ੍ਰੇਸ਼ਾਨ ਕਰੀ ਰੱਖਦਾ ਹੈ' | ਕਹਿੰਦਿਆਂ ਮੁੰਡਾ ਗੰਭੀਰ ਹੋ ਗਿਆ |
'ਤੁਸੀਂ ਲੇਖਕ ਲੋਕ ਵੀ ਐਾਵੇ ਹੀ ਹੁੰਨੇ ਆਂ' ਪ੍ਰੀਤੀ ਨੇ ਸ਼ਰਾਰਤੀ ਲਹਿਜ਼ੇ ਨਾਲ ਸਵਾਲ ਕਰਦਿਆਂ ਕਿਹਾ |
Ñਲੇਖਕ ਬਹੁਤ ਮਹਾਨ ਹੁੰਦੇ ਨੇ, ਉਨ੍ਹਾਂ ਦੀਆਂ ਚੰਗੀਆਂ ਲਿਖਤਾਂ ਵੱਡਾ ਇਨਕਲਾਬ ਲਿਆ ਸਕਦੀਆਂ ਹਨ | ਉਹ ਸਮੁੱਚੇ ਪ੍ਰਬੰਧ ਨੂੰ ਪੂਰੀ ਡੂੰਘਿਆਈ ਨਾਲ ਪਹਿਲਾਂ ਵਾਚਦੇ ਹਨ ਤੇ ਫ਼ਿਰ ਉਸ ਵਿਚਲੀਆਂ ਖ਼ਾਮੀਆਂ 'ਤੇ ਉਂਗਲ ਉਠਾਉਣ ਦੀ ਜੁਰੱਅਤ ਵੀ ਕਰਦੇ ਹਨ |
'ਹਾਂ ਸੱਚ ਲੇਖਕਾਂ ਨੂੰ ਮਾੜਾ ਨਾ ਆਖੀਂ'
'ਲਿਖਣ ਤੋਂ ਪਹਿਲਾਂ ਪਤਾ ਨੀਂ ਕਿੰਨਾਂ ਕੁਝ ਪੜ੍ਹਨਾ ਪੈਂਦਾ ਹੈ | ਸਮੱਸਿਆਵਾਂ ਪ੍ਰਤੀ ਚਿੰਤਨ, ਵਿਸ਼ਲੇਸ਼ਣ ਕਰਨਾ ਪੈਂਦਾ ਹੈ | ਫੇਰ ਕਿਤੇ ਜਾ ਕੇ ਰਚਨਾ ਦਾ ਮੂੰਹ-ਮੁਹਾਂਦਰਾ ਬਣਦੈ...' ਮੁੰਡਾ ਇਕੋ ਸਾਹ ਹੀ ਕਿੰਨੀਆਂ ਸਾਰੀਆਂ ਗੱਲਾਂ ਕਰ ਗਿਆ ਸੀ |
'ਹਏ ਸੱਚੀਂ! ਮੈਂ ਤਾਂ ਐਾਵੇ ਹੀ ਸਮਝਦੀ ਸੀ ' ਕਹਿੰਦਿਆਂ ਕੁੜੀ ਨੇ ਮੁੰਡੇ ਦੀ ਗੱਲ੍ਹ 'ਤੇ ਪਿਆਰ ਨਾਲ ਹਲਕੀ ਜਿਹੀ ਚੁੰਡੀ ਵੱਢ ਦਿੱਤੀ | ਹਾ...ਹਾ....ਹਾ... ਦੀ ਆਵਾਜ਼ ਫ਼ਿਜ਼ਾ 'ਚ ਘੁਲ ਗਈ | ਹੁਣ ਉਨ੍ਹਾਂ ਦੇ ਚਿਹਰਿਆਂ ਉਤੇ ਅੰਤਾਂ ਦੀ ਮੁਸਕਾਨ ਸੀ |

 

ਤੇਲ ਦਾ ਮੁੱਲ

* ਜਗਤਾਰ ਪੱਖੋ *
ਨਿੱਤ ਵਧੇ ਗ਼ਰੀਬ ਦੀ ਧੀ ਵਾਂਗੂੰ,
ਮੇਰੇ ਦੇਸ਼ ਵਿਚ ਤੇਲ ਦਾ ਮੁੱਲ ਬਾਬਾ।

ਠੱਗੀ ਰਿਸ਼ਵਤ ਸੱਭਿਆਚਾਰ ਬਣਿਆ,
ਠੱਗਾਂ ਚੋਰਾਂ ਨੂੰ ਪੂਰੀ ਖੁੱਲ੍ਹ ਬਾਬਾ।

ਹਰ ਵਾਰ ਜੁਮਲਿਆਂ ਵਿਚ ਫਸਦੇ,
ਸੱਤਰ ਸਾਲਾਂ ਤੋਂ ਹੋ ਰਹੀ ਭੁੱਲ ਬਾਬਾ।

ਪੱਖੋ ਵਾਲਿਆ ਜੇ ਨਾ ਲੋਕ ਜਾਗੇ,
ਦੀਵਾ ਹੋ ਜਾਊ ਬਿਲਕੁਲ ਗੁੱਲ ਬਾਬਾ।

-ਪਿੰਡ ਪੱਖੋ ਕਲਾਂ (ਬਰਨਾਲਾ) ਮੋਬਾਈਲ : 94651-96946


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX