ਤਾਜਾ ਖ਼ਬਰਾਂ


ਮਦਰ ਡੇਅਰੀ ਵੱਲੋਂ ਦੁੱਧ ਦੀ ਕੀਮਤ 'ਚ 3 ਰੁਪਏ ਪ੍ਰਤੀ ਲੀਟਰ ਵਾਧਾ
. . .  1 day ago
ਨਵੀਂ ਦਿੱਲੀ, 14 ਦਸੰਬਰ - ਮਦਰ ਡੇਅਰੀ ਵੱਲੋਂ ਦੁੱਧ ਦੀਆਂ ਕੀਮਤਾਂ ਵਿਚ 3 ਰੁਪਏ ਪ੍ਰਤੀ ਲੀਟਰ ਵਾਧਾ ਕੀਤਾ ਗਿਆ ਹੈ।
ਅਧਿਆਪਕ ਨੂੰ ਗੋਲੀ ਮਾਰ ਕੇ ਖੋਹੀ ਕਾਰ
. . .  1 day ago
ਹਰੀਕੇ ਪੱਤਣ, 14 ਦਸੰਬਰ (ਸੰਜੀਵ ਕੁੰਦਰਾ) - ਕਸਬੇ ਦੇ ਬਿਲਕੁਲ ਨੇੜੇ ਅੱਜ ਸ਼ਾਮ 6.30 ਵਜੇ ਦੇ ਕਰੀਬ ਪਿਸਤੌਲਧਾਰੀ 2 ਲੁਟੇਰੇ ਇੱਕ ਅਧਿਆਪਕ ਨੂੰ ਗੋਲੀ ਮਾਰ ਕੇ ਜ਼ਖਮੀ...
ਨਾਗਰਿਕਤਾ ਸੋਧ ਬਿੱਲ ਖਿਲਾਫ ਫਿਰ ਬੋਲੇ ਕੈਪਟਨ
. . .  1 day ago
ਚੰਡੀਗੜ੍ਹ, 14 ਦਸੰਬਰ - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਾਗਰਿਕਤਾ ਸੋਧ ਬਿੱਲ ਖਿਲਾਫ ਬੋਲਦਿਆਂ ਕਿਹਾ ਕਿ ਭਾਰਤ ਦਾ ਧਰਮ ਨਿਰਪੱਖ ਤਾਣਾ ਬਾਣਾ ਹਮੇਸ਼ਾ ਇਸ...
5 ਕਰੋੜ ਦੀ ਹੈਰੋਇਨ ਸਮੇਤ ਨੌਜਵਾਨ ਕਾਬੂ
. . .  1 day ago
ਅਜਨਾਲਾ, 14 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ) - ਥਾਣਾ ਅਜਨਾਲਾ ਅਧੀਨ ਆਉਂਦੇ ਪਿੰਡ ਫੱਤੇਵਾਲ ਦੇ ਇੱਕ ਨੌਜਵਾਨ ਹਰਜੀਤ ਸਿੰਘ ਪੁੱਤਰ ਪੂਰਨ ਸਿੰਘ ਨੂੰ ਥਾਣਾ ਘਰਿੰਡਾ ਦੀ ਪੁਲਿਸ...
ਜੇ.ਐਨ.ਯੂ ਦੇ ਉਪ ਕੁਲਪਤੀ 'ਤੇ ਹਮਲਾ
. . .  1 day ago
ਨਵੀਂ ਦਿੱਲੀ, 14 ਦਸੰਬਰ - ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇ.ਐਨ.ਯੂ)ਦੇ ਉਪ ਕੁਲਪਤੀ ਐਮ ਜਗਦੇਸ਼ ਕੁਮਾਰ ਦੀ ਕਾਰ ਉੱਪਰ ਯੂਨੀਵਰਸਿਟੀ ਕੰਪਲੈਕਸ ਅੰਦਰ ਕੁੱਝ ਵਿਦਿਆਰਥੀਆਂ...
ਕਾਰ ਦੇ ਦਰਖ਼ਤ ਨਾਲ ਟਕਰਾਈ ਇਕ ਦੀ ਮੌਤ, 4 ਜ਼ਖ਼ਮੀ
. . .  1 day ago
ਕੋਟਕਪੂਰਾ, 14 ਦਸੰਬਰ (ਮੋਹਰ ਸਿੰਘ ਗਿੱਲ) - ਅੱਜ ਸ਼ਾਮ ਸਥਾਨਕ ਸ੍ਰੀ ਮੁਕਤਸਰ ਸਾਹਿਬ ਸੜਕ 'ਤੇ ਪਿੰਡ ਕੋਠੇ ਵੜਿੰਗ ਕੋਲ ਇਕ ਕਾਰ ਅਚਾਨਕ ਬੇਕਾਬੂ ਹੋ ਕੇ ਨਾਲ ਲੱਗਦੇ ਦਰਖ਼ਤ...
ਨਾਗਰਿਕਤਾ ਸੋਧ ਬਿੱਲ ਖ਼ਿਲਾਫ਼ ਆਪਣੇ ਰੁਖ 'ਤੇ ਕਾਇਮ - ਪ੍ਰਸ਼ਾਂਤ ਕਿਸ਼ੋਰ
. . .  1 day ago
ਪਟਨਾ, 14 ਦਸੰਬਰ - ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨਾਲ ਮੁਲਾਕਾਤ ਤੋਂ ਬਾਅਦ ਜਨਤਾ ਦਲ ਯੁਨਾਇਟਡ ਦੇ ਉਪ ਪ੍ਰਧਾਨ ਪ੍ਰਸ਼ਾਂਤ ਕਿਸ਼ੋਰ ਨੇ ਕਿਹਾ ਕਿ ਨਾਗਰਿਕਤਾ ਸੋਧ ਬਿੱਲ...
ਮਮਤਾ ਵੱਲੋਂ ਲੋਕਾਂ ਨੂੰ ਨਾਗਰਿਕਤਾ ਸੋਧ ਬਿੱਲ ਖ਼ਿਲਾਫ਼ ਪ੍ਰਦਰਸ਼ਨਾਂ ਵਿਚ ਸ਼ਾਮਲ ਨਾ ਹੋਣ ਦੀ ਅਪੀਲ
. . .  1 day ago
ਕੋਲਕਾਤਾ, 14 ਦਸੰਬਰ - ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸੂਬੇ ਦੇ ਲੋਕਾਂ ਨੂੰ ਨਾਗਰਿਕਤਾ ਸੋਧ ਬਿੱਲ ਖ਼ਿਲਾਫ਼ ਹੋ ਰਹੇ ਪ੍ਰਦਰਸ਼ਨਾਂ ਵਿਚ ਸ਼ਾਮਲ ਨਾ ਹੋਣ ਦੀ ਅਪੀਲ...
ਵੀਰ ਸਾਵਰਕਰ ਦਾ ਅਪਮਾਨ ਨਾ ਕੀਤਾ ਜਾਵੇ - ਸੰਜੇ ਰਾਊਤ
. . .  1 day ago
ਮੁੰਬਈ, 14 ਦਸੰਬਰ - ਕਾਂਗਰਸੀ ਆਗੂ ਗਾਂਧੀ ਵੱਲੋਂ 'ਭਾਰਤ ਬਚਾਓ ਰੈਲੀ' ਦੌਰਾਨ ਸਾਵਰਕਰ ਸਬੰਧੀ ਦਿੱਤੇ ਗਏ ਬਿਆਨ 'ਤੇ ਬੋਲਦਿਆਂ ਸ਼ਿਵ ਸੈਨਾ ਦੇ ਸੀਨੀਅਰ ਆਗੂ ਸੰਜੇ ਰਾਊਤ ਨੇ ਕਿਹਾ...
ਭਾਰਤ ਦੀ ਰੂਹ ਨੂੰ ਚੀਰ ਦੇਵੇਗਾ ਨਾਗਰਿਕਤਾ ਸੋਧ ਬਿੱਲ - ਸੋਨੀਆ ਗਾਂਧੀ
. . .  1 day ago
ਨਵੀਂ ਦਿੱਲੀ, 14 ਦਸੰਬਰ - ਕਾਂਗਰਸ ਵੱਲੋਂ ਆਯੋਜਿਤ 'ਭਾਰਤ ਬਚਾਓ ਰੈਲੀ' ਨੂੰ ਸੰਬੋਧਨ ਕਰਦਿਆ ਕਾਂਗਰਸ ਦੀ ਅੰਤ੍ਰਿਮ ਪ੍ਰਧਾਨ ਸੋਨੀਆ ਗਾਂਧੀ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ...
ਹੋਰ ਖ਼ਬਰਾਂ..

ਸਾਹਿਤ ਫੁਲਵਾੜੀ

ਵਿਅੰਗ ਪੰਜਾਂ ਮਿੰਟਾਂ ਵਿਚ...

ਅੱਜਕਲ੍ਹ ਜਦੋਂ ਮੈਂ ਕਿਸੇ ਅਖ਼ਬਾਰ/ਰਸਾਲੇ ਵਿਚ ਕਿਸੇ ਸਾਹਿਤਕ ਪ੍ਰੋਗਰਾਮ ਬਾਰੇ ਰਿਪੋਰਟ ਪੜ੍ਹਦਾ ਹਾਂ ਤਾਂ ਹੈਰਾਨੀ ਭਰੀ ਖ਼ੁਸ਼ੀ ਹੁੰਦੀ ਹੈ ਕਿ ਸਾਡੇ ਦੇਸ਼ ਵਿਚ ਖਾਸ ਕਰਕੇ ਪੰਜਾਬ ਵਿਚ ਐਨੇ ਪੜ੍ਹੇ-ਲਿਖੇ ਲੇਖਕ ਹਨ | ਜ਼ਿਆਦਾਤਰ ਲੇਖਕ/ਲੇਖਿਕਾਵਾਂ ਦੇ ਨਾਂਅ ਮੂਹਰੇ ਡਾਕਟਰ ਲਿਖਿਆ ਹੁੰਦੈ | ਇੰਜ ਜਾਪਦੈ ਜਿਵੇਂ ਉੱਚ ਸਿੱਖਿਆ ਹਾਸਲ ਕਰਨ ਦੀ ਕ੍ਰਾਂਤੀ ਆ ਗਈ ਹੋਵੇ ਨਹੀਂ ਤਾਂ ਸਾਡੇ ਵੇਲੇ ਐਨੇ 'ਡਾਕਟਰ' ਕਿੱਥੇ ਹੁੰਦੇ ਸਨ | ਪੀ.ਐਚ.ਡੀ. ਕਰਦਿਆਂ ਬੰਦੇ ਦੀ ਉਂਜ ਹੀ ਬਸ ਹੋ ਜਾਂਦੀ ਸੀ |
ਇਕ ਸਮਾਗਮ ਵਿਚ ਅਚਾਨਕ ਉਸ ਨਾਲ ਮੁਲਾਕਾਤ ਹੋ ਗਈ ਸੀ | ਮੈਨੂੰ ਵੇਖਦਿਆਂ ਸਾਰ ਹੀ ਉਸ ਨੇ ਲਾਗੇ ਆ ਕੇ ਫ਼ਤਹਿ ਬੁਲਾਈ ਤਾਂ ਪਹਿਲੀ ਨਜ਼ਰੇ ਤਾਂ ਮੈਂ ਉਸ ਨੂੰ ਪਛਾਣ ਹੀ ਨਹੀਂ ਸਕਿਆ ਸੀ | ਸ਼ਕਲ ਸੂਰਤ ਕਾਫ਼ੀ ਬਦਲੀ ਹੋਈ ਸੀ | ਨਾਲੇ ਮੈਨੂੰ ਸੇਵਾਮੁਕਤ ਹੋਏ ਵੀ 15 ਸਾਲ ਹੋ ਚੁੱਕੇ ਹਨ |...ਤੇ ਇਸ ਦੌਰਾਨ ਉਸ ਨਾਲ ਕਦੇ ਮੇਲ ਨਹੀਂ ਹੋਇਆ ਸੀ | ਉਹ ਕਦੇ ਮੇਰੇ ਵਿਭਾਗ ਵਿਚ ਕਲਰਕ ਸੀ | ਉਸ ਨੂੰ ਲਿਖਣ-ਪੜ੍ਹਨ ਦਾ ਸ਼ੌਕ ਸੀ... ਤੇ ਸ਼ਾਇਦ ਇਸੇ ਕਰਕੇ ਉਹ ਡਾਕਟਰ ਦੇ ਬਾਕੀ ਬੰਦਿਆਂ ਨਾਲੋਂ ਮੇਰੇ ਰਤਾ ਜ਼ਿਆਦਾ ਨੇੜੇ ਸੀ | ਹੁਣ ਉਹ ਕਿਤੇ ਹੋਰ ਕੰਮ ਕਰਦਾ ਸੀ | ਕੁਝ ਦੇਰ ਗੱਲਾਂਬਾਤਾਂ ਕਰਨ ਮਗਰੋਂ ਉਸ ਮੈਨੂੰ ਆਪਣੇ ਘਰ ਆਉਣ ਲਈ ਸੱਦਾ ਦਿੰਦਿਆਂ ਆਪਣਾ ਵਿਜ਼ਟਿੰਗ ਕਾਰਡ ਮੇਰੇ ਵੱਲ ਵਧਾ ਦਿੱਤਾ, ਜਿਸ 'ਤੇ ਉਸ ਦੇ ਨਾਂਅ ਮੂਹਰੇ ਡਾਕਟਰ ਲਿਖਿਆ ਹੋਇਆ ਸੀ | ਮੈਨੂੰ ਉਸ ਦੀਆਂ ਪ੍ਰਾਪਤੀਆਂ ਵੇਖ ਕੇ ਦਿਲੀ ਖ਼ੁਸ਼ੀ ਹੋਈ ਸੀ | ਬੰਦੇ ਨੂੰ ਇਸੇ ਤਰ੍ਹਾਂ ਹਿੰਮਤ ਅਤੇ ਮਿਹਨਤ ਨਾਲ ਮੱਲਾਂ ਮਾਰਨੀਆਂ ਚਾਹੀਦੀਆਂ ਹਨ | ਜਦੋਂ ਉਹ ਮੇਰੇ ਕੋਲ ਕੰਮ ਕਰਦਾ ਸੀ, ਉਦੋਂ ਤਾਂ ਸਿਰਫ਼ ਬੀ.ਏ. ਹੁੰਦਾ ਸੀ |
'ਬਹੁਤ ਬਹੁਤ ਵਧਾਈ ਹੋਵੇ | ਆਹ ਪੀ.ਐਚ.ਡੀ. ਕਦੋਂ ਕਰ ਲਈ?'
'ਪਰ ਮੈਂ ਤਾਂ ਪੀ.ਐਚ.ਡੀ. ਨਹੀਂ ਕੀਤੀ', ਉਸ ਝਿਜਕਦਿਆਂ-ਝਿਜਕਦਿਆਂ ਆਖਿਆ |
'ਪਰ ਤੁਸੀਂ ਵਿਜ਼ਟਿੰਗ ਕਾਰਡ 'ਤੇ ਆਹ ਆਪਣੇ ਨਾਂਅ ਮੂਹਰੇ ਡਾਕਟਰ ਲਿਖਿਆ ਹੋਇਆ ਹੈ |'
'ਇਹ ਤਾਂ ਸਰ ਮੈਨੂੰ ਇਕ ਸਾਹਿਤਕ ਸੰਸਥਾ ਨੇ ਮਾਨਦ ਉਪਾਧੀ ਦਿੱਤੀ ਸੀ |'
ਉਸ ਦੇ ਇੰਜ ਦੱਸਣ 'ਤੇ ਮੇਰੇ ਮੰੂਹ 'ਤੇ ਜਿਵੇਂ ਜਿੰਦਰਾ ਈ ਵੱਜ ਗਿਆ ਸੀ |

***

ਇਹ ਤਾਂ ਮੈਂ ਜਾਣਦਾ ਹਾਂ ਕਿ ਯੂਨੀਵਰਸਿਟੀਆਂ ਵਲੋਂ ਵੱਖ-ਵੱਖ ਖੇਤਰਾਂ ਵਿਚ ਵਿਲੱਖਣ ਪ੍ਰਾਪਤੀਆਂ ਕਰਨ ਵਾਲੇ ਵਿਦਵਾਨਾਂ ਨੂੰ ਕਦੇ-ਕਦਾੲੀਂ ਡਾਕਟਰ ਦੀ ਮਾਨਦ ਡਿਗਰੀਆਂ ਦੇ ਕੇ ਸਨਮਾਨਿਤ ਕੀਤਾ ਜਾਂਦਾ ਹੈ, ਉਹ ਵੀ ਪੂਰੇ ਵਿਧੀ ਵਿਧਾਨ ਨਾਲ ਪਰ ਕਿਸੇ ਸਾਹਿਤਕ ਸੰਸਥਾ ਵਲੋਂ ਡਾਕਟਰ ਦੀ ਮਾਨਦ ਡਿਗਰੀ ਦੇਣ 'ਤੇ ਜਿਵੇਂ ਵਿਸ਼ਵਾਸ ਨਹੀਂ ਹੁੰਦਾ | ਸਾਹਿਤਕ ਸੰਸਥਾ ਨੂੰ 'ਡਾਕਟਰ' ਦੀ ਉਪਾਧੀ ਦੇਣ ਦੀ 'ਸ਼ਕਤੀ' ਕਿੱਥੋਂ ਮਿਲ ਗਈ, ਇਹ ਮੇਰੀ ਸਮਝ ਤੋਂ ਬਾਹਰ ਹੈ |
ਹਾਲੇ ਮੈਂ ਇਸ ਬਾਰੇ ਘੋਖ ਕਰਨੀ ਹੀ ਸੀ ਕਿ ਇਕ ਘਟਨਾ ਹੋਰ ਹੋ ਗਈ |
ਮੈਂ ਇਕ ਲੇਖਕ ਨੂੰ ਜਾਣਦਾ ਸੀ | ਉਹ ਵਿਗਿਆਨ ਦੇ ਵਿਸ਼ੇ ਵਿਚ ਐਮ.ਐਸ ਸੀ. ਸੀ ਪਰ ਅੱਜਕਲ੍ਹ ਉਹ ਆਪਣੇ ਮੂਹਰੇ ਡਾਕਟਰ ਲਿਖਣ ਲੱਗਾ ਸੀ | ਵਿਗਿਆਨੀ ਹੋਣ ਦੇ ਨਾਤੇ ਇਹ ਤਾਂ ਮੈਂ ਜਾਣਦਾ ਹਾਂ ਕਿ ਵਿਗਿਆਨਕ ਵਿਸ਼ਿਆਂ ਵਿਚ ਪੀ.ਐਚ.ਡੀ. ਕਰਨ ਲਈ ਪ੍ਰਯੋਗਸ਼ਾਲਾ ਵਿਚ ਕੰਮ ਕਰਨਾ ਪੈਂਦੈ |
ਮੇਰੀ ਇਕ ਅਜ਼ੀਜ਼ ਕੁੜੀ ਨੇ ਐਮ.ਐਸ ਸੀ. ਕੀਤੀ ਹੋਈ ਸੀ ਤੇ ਉਹ ਫਿਜ਼ਿਕਸ ਵਿਚ ਪੀ.ਐਚ.ਡੀ. ਕਰਨੀ ਚਾਹੁੰਦੀ ਸੀ | ਮੈਂ ਇਸ ਲੇਖਕ ਨੂੰ ਪੁੱਛ ਲਿਆ ਕਿ ਇਹ ਕੁੜੀ ਫਿਜ਼ਿਕਸ ਵਿਚ ਪੀ.ਐਚ.ਡੀ. ਕਰਨੀ ਚਾਹੁੰਦੀ ਹੈ, ਕਿਥੋਂ ਕਰੇ? ਤੁਸੀਂ ਤਾਂ ਇਸ ਵਿਸ਼ੇ 'ਤੇ ਪੀ.ਐਚ.ਡੀ. ਕੀਤੀ ਹੋਈ ਹੈ | ਅੱਗੋਂ ਉਸ ਨੇ ਵੀ ਉਹੋ ਜਵਾਬ ਦਿੱਤਾ ਸੀ, ਜੋ ਮੇਰੇ ਕੋਲ ਕੰਮ ਕਰਨ ਵਾਲੇ ਕਲਰਕ ਨੇ ਦਿੱਤਾ ਸੀ, 'ਮੈਨੂੰ ਤਾਂ ਇਕ ਸਾਹਿਤਕ ਸੰਸਥਾ ਤੋਂ ਮਾਨਦ ਉਪਾਧੀ ਮਿਲੀ ਹੈ |'
ਲਓ ਕਰ ਲਓ ਘਿਓ ਨੂੰ ਭਾਂਡਾ |

***

ਹਾਲੇ ਮੈਂ ਇਸ ਤਰ੍ਹਾਂ ਮਿਲਣ ਵਾਲੀਆਂ ਮਾਨਦ ਡਿਗਰੀਆਂ ਬਾਰੇ ਪਤਾ ਕਰਨ ਦੀ ਸੋਚ ਹੀ ਰਿਹਾ ਸੀ ਕਿ ਇਕ ਦਿਨ ਮੈਨੂੰ ਇਕ ਸੰਸਥਾ ਵਲੋਂ ਫੋਨ ਆ ਗਿਆ ਕਿ ਉਹ ਮੈਨੂੰ ਸਨਮਾਨਿਤ ਕਰਨਾ ਚਾਹੁੰਦੇ ਹਨ... ਤੇ ਨਾਲੇ ਸਨਮਾਨ ਮਗਰੋਂ ਮੈਂ ਆਪਣੇ ਨਾਂਅ ਨਾਲ 'ਡਾਕਟਰ' ਲਿਖ ਸਕਦਾਂ... |
'ਪਰ ਮੈਂ ਤਾਂ ਪਹਿਲਾਂ ਈ ਡਾਕਟਰ ਆਂ... ਮੈਂ ਪੀ.ਐਚ.ਡੀ. ਕੀਤੀ ਹੋਈ ਆ', ਮੈਂ ਦੱਸਿਆ |
'ਮਗਰ ਸ੍ਰੀਮਾਨ ਜੀ ਸਾਡੇ ਸਨਮਾਨ ਦੀ ਆਪਣੀ ਵੁਕਤ ਅਤੇ ਪ੍ਰਤਿਸ਼ਠਾ ਹੈ |'
'ਇਸ ਲਈ ਮੈਨੂੰ ਕੀ ਕਰਨਾ ਪਵੇਗਾ' ਮੈਂ ਉਂਜ ਹੀ ਪੁੱਛ ਲਿਆ |
'ਸ੍ਰੀਮਾਨ ਜੀ, ਇਹ ਸਨਮਾਨ ਆਪਣੇ ਖਰਚੇ 'ਤੇ ਸਾਡੇ ਸ਼ਹਿਰ ਆ ਕੇ ਲੈਣਾ ਪਵੇਗਾ, ਪਰ ਉਸ ਤੋਂ ਪਹਿਲਾਂ ਆਪ ਜੀ ਨੂੰ ਰਜਿਸਟ੍ਰੇਸ਼ਨ ਕਰਵਾਉਣੀ ਪਵੇਗੀ, (ਉਸ ਰਜਿਸਟ੍ਰੇਸ਼ਨ ਲਈ ਮੋਟੀ ਰਕਮ ਦੱਸੀ) ਅਤੇ ਹੋਟਲ 'ਚ ਠਹਿਰਾਉਣ ਅਤੇ ਖਾਣ-ਪੀਣ ਲਈ ਪੈਸੇ ਪੇਸ਼ਗੀ ਭੇਜਣੇ ਪੈਣਗੇ |
'ਚਲੋ, ਵੇਖਦੇ ਆਂ...' ਕਹਿ ਕੇ ਮੈਂ ਗੱਲ ਮੁਕਾ ਦਿੱਤੀ ਸੀ | ਇਹ ਫੈਕਟਰੀਆਂ ਭਾਗਲਪੁਰ, ਇੰਦੌਰ, ਉਜੈਨ ਅਤੇ ਨਾਗਪੁਰ ਵਰਗੇ ਸ਼ਹਿਰਾਂ ਵਿਚ ਆਪਣਾ ਕਾਰੋਬਾਰ ਕਰਦੀਆਂ ਹਨ | ਨਾਗਪੁਰ ਵਾਲਿਆਂ ਨੇ ਤਾਂ 'ਅੰਮਿ੍ਤਾ ਪ੍ਰੀਤਮ ਐਵਾਰਡ' ਦੇ ਕੇ ਪੰਜਾਬੀ ਵਿਚ ਲਿਖਣ ਵਾਲੀਆਂ ਕਈ ਲੇਖਿਕਾਵਾਂ ਨੂੰ 'ਡਾਕਟਰ' ਬਣਾ ਦਿੱਤੈ ਤੇ ਬਾਕੀ ਸੰਸਥਾਵਾਂ ਤੋਂ ਵਿੱਦਿਆ ਵਾਚਸਪਤੀ ਨਾਂਅ ਦਾ ਸਰਟੀਫਿਕੇਟ ਲੈ ਕੇ ਕਈ ਹਿੰਦੀ ਲੇਖਕ ਅਤੇ ਲੇਖਿਕਾਵਾਂ ਡਾਕਟਰ ਬਣ ਗਏ ਹਨ |
ਬੜਾ ਸਿੱਧਾ ਜਿਹਾ 'ਹਿਸਾਬ-ਕਿਤਾਬ' ਹੈ | ਕੋਈ ਗਧੀਗੇੜ ਵਿਚ ਪਾਉਣ ਵਾਲਾ ਨਹੀਂ | ਇਨ੍ਹਾਂ ਸਾਹਿਤਕ ਸੰਸਥਾਵਾਂ ਨੂੰ ਚੜ੍ਹਾਵਾ ਚੜ੍ਹਾਉਣ ਮਗਰੋਂ ਖੁਦ ਖਰਚਾ ਕਰਕੇ ਇਨ੍ਹਾਂ ਥਾਵਾਂ 'ਤੇ ਪੁੱਜੋ... ਤੇ ਲਓ ਜੀ ਫੰਕਸ਼ਨ ਵਿਚ ਸਟੇਜ 'ਤੇ ਚੜ੍ਹਨ, ਸਰਟੀਫਿਕੇਟ ਲੈ ਕੇ ਹੇਠਾਂ ਉੱਤਰਨ ਤੱਕ ਪੰਜ ਮਿੰਟਾਂ ਵਿਚ ਹੀ ਤੁਸੀਂ 'ਡਾਕਟਰ' ਬਣ ਜਾਂਦੇ ਹੋ, ਭਾਵੇਂ ਕੋਈ ਦਸਵੀਂ ਪਾਸ ਹੀ ਹੋਵੇ ਅਤੇ ਬੀ.ਏ. ਵੀ ਨਾ ਕੀਤੀ ਹੋਵੇ | ਹਿੰਦੀ ਅਤੇ ਪੰਜਾਬੀ ਦੇ ਕਈ ਲੇਖਕ/ਲੇਖਿਕਾਵਾਂ ਇਸੇ ਤਰ੍ਹਾਂ 'ਡਾਕਟਰ' ਬਣੇ ਹੋਏ ਹਨ |
ਕਈ ਵਾਰੀ ਸੋਚਦਾ ਹਾਂ ਕਿ ਅਸੀਂ ਤਾਂ ਐਵੇਂ ਈ ਪੀ.ਐਚ.ਡੀ. ਕਰਨ ਲਈ ਪੰਜ ਸਾਲ ਰਗੜੇ ਖਾਧੇ | ਇੰਜ ਹੀ ਪੰਜਾਂ ਮਿੰਟਾਂ ਮਗਰੋਂ ਆਪਣੇ ਨਾਂਅ ਮੂਹਰੇ ਡਾਕਟਰ ਲਗਾ ਸਕਦੇ ਸੀ |
ਪਰ ਇਕ ਗੱਲ ਸਮਝ ਨਹੀਂ ਆਉਂਦੀ ਕਿ ਅੰਮਿ੍ਤਾ ਪ੍ਰੀਤਮ ਸਨਮਾਨ ਜਾਂ ਵਿਦਿਆਵਾਚਸਪਤੀ ਨਾਂਅ ਦਾ ਇਕ ਸਰਟੀਫਿਕੇਟ 'ਪੀ.ਐਚ.ਡੀ.' ਦੀ ਡਿਗਰੀ ਦੇ ਬਰਾਬਰ ਕਿਵੇਂ ਹੋ ਗਿਆ |
ਤੁਸੀਂ ਪੈਸੇ ਖਰਚਣ ਵਾਲੇ ਬਣੋ, ਹੁਣ ਤਾਂ ਕਈ ਸੰਸਥਾਵਾਂ ਤੁਹਾਨੂੰ ਡੀ.ਲਿਟ ਦੀ ਡਿਗਰੀ ਵੀ ਦੇ ਦਿੰਦੀਆਂ ਹਨ ਤੇ ਉਹ ਵੀ ਭਾਰਤ ਦੀ ਕਿਸੇ ਯੂਨੀਵਰਸਿਟੀ ਵਲੋਂ ਨਹੀਂ, ਸਗੋਂ ਅਮਰੀਕਾ, ਇੰਗਲੈਂਡ, ਅਫਰੀਕਾ ਵਰਗੇ ਦੇਸ਼ਾਂ ਦੀਆਂ ਯੂਨੀਵਰਸਿਟੀਆਂ ਵਲੋਂ | ਪਰ ਲੱਛਮੀ ਮਾਈ ਭਾਰਤ ਦੇ ਹੀ ਕਿਸੇ ਸ਼ਹਿਰ ਵਿਚ ਚੜ੍ਹਾਉਣੀ ਹੁੰਦੀ ਹੈ | ਕਈ ਲੇਖਕ/ਲੇਖਿਕਾਵਾਂ ਨੇ ਇਹ ਡਿਗਰੀ ਲੈ ਕੇ ਅਖ਼ਬਾਰਾਂ ਵਿਚ ਆਪਣੀਆਂ ਵਾਹਵਾ ਧੁੰਮਾਂ ਪਾਈਆਂ ਸਨ ਤੇ 'ਆਨਰੇਰੀ ਡੀ.ਲਿਟ ਡਿਗਰੀ' ਤੋਂ ਆਨਰੇਰੀ ਸ਼ਬਦ ਹਟਾ ਕੇ ਆਪਣੇ ਨਾਂਅ ਨਾਲ ਫੇਵੀਕੋਲ ਦੇ ਮਜ਼ਬੂਤ ਜੋੜ ਵਾਂਗ 'ਡੀ-ਲਿਟ' ਜੋੜ ਦਿੱਤਾ |
...ਤੇ ਫੇਰ ਕੀ ਵਿਚਾਰ ਏ ਮਿਤਰੋ | ਜੇ ਚਾਹਵੋ ਤਾਂ ਬਣ ਜਾਵੋ 'ਡਾਕਟਰ' ਭਾਵੇਂ ਤੁਸੀਂ ਬੀ.ਏ. ਪਾਸ ਵੀ ਨਾ ਹੋਵੋ |

-230-ਸੀ, ਭਾਈ ਰਣਧੀਰ ਸਿੰਘ ਨਗਰ, ਲੁਧਿਆਣਾ-141012. ਮੋਬਾ : 98153-59222.


ਖ਼ਬਰ ਸ਼ੇਅਰ ਕਰੋ

ਸਿਆਣਪ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
• ਸਿਆਣਪ ਅਤੇ ਸਹਿਜਤਾ ਨਾਲ ਕਿਸੇ ਵੀ ਮੰਜ਼ਿਲ ਨੂੰ ਸਰ ਕੀਤਾ ਜਾ ਸਕਦਾ ਹੈ |
• ਸ਼ਿਅਰ:
ਖ਼ੁਸ਼ੀਆਂ ਭਾਵੇਂ ਨਿੱਕੀਆਂ ਨੇ,
ਪਰ ਇਹ ਅਸੀਂ ਆਪ ਕਮਾਈਆਂ ਨੇ,
ਕਿੰਞ ਜਿਊਣਾ ਇਸ ਜੱਗ 'ਤੇ ਸੱਜਣਾ,
ਇਹ ਅਕਲਾਂ ਸਾਨੂੰ ਠੋਕਰਾਂ ਖਾ ਕੇ ਆਈਆਂ ਨੇ |
• ਜਦ ਵੀ ਕੋਈ ਮਿਲਣ ਆਉਂਦਾ ਹੈ ਤਾਂ ਸਿਆਣਾ ਆਦਮੀ ਆਪਣੀ ਦਰੀ ਵਿਚ ਹੋਈ ਮੋਰੀ ਦੇ ਉੱਪਰ ਬੈਠਦਾ ਹੈ |
• ਜਮਹੂਰੀਅਤ ਉਦੋਂ ਤੱਕ ਕਾਮਯਾਬ ਨਹੀਂ ਹੋ ਸਕਦੀ ਜਦ ਤੱਕ ਚੋਣ ਕਰਨ ਵਾਲੇ, ਚੋਣ ਸਿਆਣਪ ਨਾਲ ਨਹੀਂ ਕਰਦੇ |
• ਸਿਆਣਪ ਨਾਲ ਬੰਦਾ ਭਲਾ-ਬੁਰਾ ਪਹਿਚਾਣ ਸਕਦਾ ਹੈ | ਕਈ ਵਾਰੀ ਸਾਹਸ ਕਰ ਕੇ ਬੰਦਾ ਸਥਿਤੀ ਨੂੰ ਵੀ ਬਦਲ ਸਕਦਾ ਹੈ |
• ਸਿਆਣਪ ਦਾ ਉਮਰ ਨਾਲ ਕੋਈ ਸੰਬਧ ਨਹੀਂ ਹੁੰਦਾ, ਕਈ ਵਾਰੀ ਕੋਈ ਬੱਚਾ (ਨਿਆਣਾ) ਏਨੀ ਖ਼ੂਬਸੂਰਤ ਗੱਲ ਕਰਦਾ ਹੈ ਕਿ ਉਸ ਦੀ ਉਮਰ 'ਤੇ ਹੈਰਾਨੀ ਹੁੰਦੀ ਹੈ |
• ਬੁੱਧੀਮਾਨ ਵਿਅਕਤੀ ਦਾ ਟੀਚਾ/ਲਕਸ਼ ਸੁੱਖ ਨੂੰ ਪਾਉਣਾ ਨਹੀਂ, ਦੁੱਖ ਤੋਂ ਬਚਣਾ ਹੁੰਦਾ ਹੈ |
• ਸਿਆਣਪ ਕਦੇ ਵੀ ਸਹੀ ਹੋਣ ਦੀ ਜ਼ਿੱਦ ਨਹੀਂ ਕਰਦੀ |
• ਅਕਲਮੰਦ ਮਾਪੇ ਨਾ ਤਾਂ ਬੱਚਿਆਂ ਦੇ ਡਰਾਵਿਆਂ ਨਾਲ ਸਮਝੌਤਾ ਕਰਦੇ ਹਨ ਤੇ ਨਾ ਹੀ ਉਨ੍ਹਾਂ ਨੂੰ ਜ਼ਰੂਰਤ ਤੋਂ ਜ਼ਿਆਦਾ ਸਹੂਲਤਾਂ ਮੁਹੱਈਆ ਕਰਵਾਉਂਦੇ ਹਨ |
• ਸੁਘੜ-ਸਿਆਣਿਆਂ ਲਈ ਅਸੰਭਵ ਸ਼ਬਦ ਦੀ ਕੋਈ ਹੋਂਦ ਨਹੀਂ |
• ਜੀਵਨ ਵਿਚ ਸੁਖੀ ਰਹਿਣ ਲਈ ਦੋ ਤਰ੍ਹਾਂ ਦੀਆਂ ਸ਼ਕਤੀਆਂ ਦੀ ਲੋੜ ਹੁੰਦੀ ਹੈ | ਪਹਿਲੀ ਸਹਿਣਸ਼ਕਤੀ ਅਤੇ ਦੂਜੀ ਸਮਝ ਦੀ ਸ਼ਕਤੀ |
• ਸਿਆਣਪ ਅਤੇ ਵੱਡਪਣ ਦੀ ਨਿਸ਼ਾਨੀ ਚੁੱਪ ਵੀ ਹੈ ਪਰ ਕਈ ਲੋਕ ਇਸ ਨੂੰ ਕਾਇਰਤਾ ਦੀ ਨਿਸ਼ਾਨੀ ਦੱਸਦੇ ਹਨ |
• ਬੁੱਧੀ ਨਾਲ ਨਿਮਰਤਾ ਤੇ ਹਲੀਮੀ ਨਾਲ ਪਾਤਰਤਾ ਆਉਂਦੀ ਹੈ |
• ਅਕਲ ਨੂੰ ਕੋਈ ਚੋਰ ਚੁਰਾ ਨਹੀਂ ਸਕਦਾ ਤੇ ਨਾ ਹੀ ਕੋਈ ਖੋਹ ਸਕਦਾ ਹੈ | ਵੰਡਣ 'ਤੇ ਇਹ ਹੋਰ ਵਧਦੀ ਹੈ | ਸਿਆਣਪ ਹੀ ਮਨੁੱਖ ਨੂੰ ਪ੍ਰਸਿੱਧੀ ਦਿਵਾਉਂਦੀ ਹੈ |
• ਸਿਆਣੇ ਵੀ ਗ਼ਲਤੀਆਂ ਕਰਦੇ ਹਨ ਪਰ ਉਹ ਗ਼ਲਤੀਆਂ ਦੁਹਰਾਉਂਦੇ ਨਹੀਂ |
• ਮਨਮਾਨੀ ਕਰਨਾ ਔਗੁਣ ਹੈ ਜਦੋਂ ਕਿ ਸਿਆਣਪ ਗੁਣ ਹੈ | ਜੇ ਤੁਸੀਂ ਮਨ ਮੁਤਾਬਿਕ ਚਲੋ ਤਾਂ ਮਨਮਾਨੀ ਅਤੇ ਬੁੱਧੀ ਦੇ ਮੁਤਾਬਿਕ ਚਲੋ ਤਾਂ ਅਕਲਮੰਦੀ |
• ਸਿਆਣਪ ਦੱਸਦੀ ਹੈ ਕਿ ਅਸੀਂ ਕਿਥੇ, ਕੀ ਅਤੇ ਕਿਵੇਂ ਬੋਲਣਾ ਹੈ | ਜੇਕਰ ਤੁਹਾਡੀ ਆਪਣੀ ਜ਼ਬਾਨ ਹੀ ਕਾਬੂ ਵਿਚ ਨਹੀਂ ਹੈ, ਤਾਂ ਤੁਸੀਂ ਭਵਿੱਖ ਵਿਚ ਕਈ ਅਣਕਿਆਸੀਆਂ ਉਲਝਣਾਂ ਤੋਂ ਬਚ ਨਹੀਂ ਸਕਦੇ |
• ਸਮਝਦਾਰੀ ਵਿਚ ਹੀ ਸੁਰੱਖਿਆ ਹੈ |
• ਰਸਤੇ ਤੋਂ ਭਟਕੇ ਨੂੰ ਸਹੀ ਰਾਹ ਦਿਖਾਉਣ ਲਈ ਤਕਨੀਕੀ ਤਰੀਕੇ ਨਹੀਂ ਸਗੋਂ ਸਿਆਣਿਆਂ ਦੀਆਂ ਨਸੀਹਤਾਂ ਹੀ ਕੰਮ ਆਉਂਦੀਆਂ ਹਨ |
• ਸੂਝ ਅਤੇ ਸਿਆਣਪ ਦਾ ਕੋਈ ਤੋੜ ਨਹੀਂ |
(ਬਾਕੀ ਅਗਲੇ ਐਤਵਾਰ ਦੇ ਅੰਕ 'ਚ)

ਮੋਬਾਈਲ : 99155-63406.

ਨਹਿਲੇ 'ਤੇ ਦਹਿਲਾ: ਸਾਰੇ ਮਰੀਜ਼ ਹੱਟੇ-ਕੱਟੇ ਹਨ

ਉਰਦੂ ਭਾਸ਼ਾ ਦੇ ਨਾਮਵਰ ਸ਼ਾਇਰ ਜਨਾਬ ਜ਼ਮੀਰ ਜਾਫਰੀ ਪੰਜਾਬੀ ਸਨ | ਉਨ੍ਹਾਂ ਦਾ ਜਨਮ ਜਿਹਲਮ (ਹੁਣ ਪਾਕਿਸਤਾਨ) ਵਿਚਲੇ ਜ਼ਿਲ੍ਹੇ ਦੇ ਪਿੰਡ ਚੱਕ ਅਬਦੁੱਲ ਖ਼ਾਲਿਕ ਵਿਖੇ ਇਕ ਪੜ੍ਹੇ-ਲਿਖੇ ਮੱਧ ਵਰਗੀ ਪਰਿਵਾਰ ਵਿਚ ਹੋਇਆ ਸੀ | ਉਹ ਬਚਪਨ ਤੋਂ ਹੀ ਸ਼ਾਇਰੀ ਦੇ ਸ਼ੌਕੀਨ ਸਨ | ਉਨ੍ਹਾਂ ਦਾ ਉਰਦੂ ਭਾਸ਼ਾ ਦੇ ਲਫ਼ਜ਼ਾਂ ਦਾ ਉਚਾਰਣ ਪੰਜਾਬੀ ਦੀ ਝਲਕ ਪੇਸ਼ ਕਰਦਾ ਸੀ | ਉਹ ਫ਼ੌਜ ਵਿਚ ਸਨ |
ਇਕ ਵਾਰੀ ਉਹ ਆਪਣੇ ਸਾਥੀ ਅਫ਼ਸਰਾਂ ਨਾਲ ਆਪਣੇ-ਆਪਣੇ ਸਰੀਰਕ ਟੈਸਟ ਅਤੇ ਉਨ੍ਹਾਂ ਅਨੁਸਾਰ ਇਲਾਜ ਕਰਵਾਉਣ ਲਈ ਇਕ ਮਿਲਟਰੀ ਹਸਪਤਾਲ ਵਿਚ ਦਾਖ਼ਲ ਹੋਏ | ਉਨ੍ਹਾਂ ਨੂੰ ਬਹੁਤ ਵੱਡੀ ਹੈਰਾਨੀ ਹੋਈ, ਜਦੋਂ ਉਨ੍ਹਾਂ ਵੇਖਿਆ ਕਿ ਇਕ ਹਫ਼ਤਾ ਲੰਘ ਜਾਣ ਤੋਂ ਬਾਅਦ ਕੋਈ ਨਰਸ ਨਹੀਂ ਆਈ | ਥੋੜ੍ਹੀ ਦੇਰ ਬਾਅਦ ਇਕ ਨਰਸਾਂ ਦੀ ਹੈੱਡ ਉਨ੍ਹਾਂ ਕੋਲੋਂ ਲੰਘੀ ਤਾਂ ਉਨ੍ਹਾਂ ਨੇ ਉਸ ਨੂੰ ਪੁੱਛਿਆ, 'ਕੀ ਗੱਲ ਮੈਡਮ, ਅਸੀਂ ਇਕ ਹਫ਼ਤੇ ਤੋਂ ਇਸ ਵਾਰਡ ਵਿਚ ਭਰਤੀ ਹਾਂ ਤੁਸੀਂ ਇਕ ਵੀ ਨਰਸ ਨੂੰ ਇਸ ਵਾਰਡ ਵਿਚ ਨਹੀਂ ਭੇਜਿਆ |' ਇਹ ਸੁਣ ਕੇ ਮੈਡਮ ਜ਼ਰਾ ਕੁ ਮੁਸਕਰਾਈ ਅਤੇ ਅਜੀਬ ਅੰਦਾਜ਼ ਵਿਚ ਜਵਾਬ ਦਿੱਤਾ, 'ਮੈਂ ਇਸੇ ਲਈ ਹੀ ਕਿਸੇ ਨਰਸ ਨੂੰ ਇਸ ਵਾਰਡ ਵਿਚ ਨਹੀਂ ਭੇਜਿਆ, ਕਿਉਂਕਿ ਇਸ ਵਾਰਡ ਵਿਚ ਭਰਤੀ ਸਾਰੇ ਮਰੀਜ਼ ਤੰਦਰੁਸਤ ਅਤੇ ਹੱਟੇ-ਕੱਟੇ ਹਨ |' ਉਹਦੀ ਗੱਲ ਵਿਚਲੀ ਟਿੱਚਰ ਨੂੰ ਸਮਝ ਕੇ ਸਾਰੇ ਅਫ਼ਸਰ ਹੱਸਦੇ-ਹੱਸਦੇ ਇਕ-ਦੂਜੇ ਵੱਲ ਦੇਖਦੇ ਰਹੇ |

-ਜੇਠੀ ਨਗਰ, ਮਲੇਰਕੋਟਲਾ ਰੋਡ, ਖੰਨਾ-141401.
ਮੋਬਾਈਲ : 94170-91668.

ਮਿੰਨੀ ਕਹਾਣੀ: ਬਦਲੋਟੀ

ਹੰੁਮਸ ਅਤੇ ਭੜਾਸ ਨਾਲ ਬੁਰਾ ਹਾਲ ਹੋ ਰਿਹਾ ਸੀ | ਬੇਢਬੀ ਜਿਹੀ ਗਰਮੀ ਪੈ ਰਹੀ ਸੀ | ਮੈਂ ਹੌਲੀ-ਹੌਲੀ ਪੌੜੀਆਂ ਚੜ੍ਹ ਕੇ ਛੱਤ 'ਤੇ ਆ ਗਈ | ਛੱਤ ਭਖੀ ਹੋਈ ਸੀ ਫਿਰ ਵੀ ਪਤਾ ਨਹੀਂ ਕਿਉਂ ਮੈਂ ਪਰਛੱਤੀ ਹੇਠ ਛੋਟੀ ਮੰਜੀ ਡਾਹ ਕੇ ਬਹਿ ਗਈ | ਏਨੇ ਨੂੰ ਇਕ ਹਵਾ ਦੇ ਬੁੱਲ੍ਹੇ ਨਾਲ ਪੱਛਮ ਵਲੋਂ ਉੱਡਦੀ-ਉੱਡਦੀ ਇਕ ਬਦਲੋਟੀ ਨੇ ਮੌਸਮ ਬਦਲ ਦਿੱਤਾ | ਹੁਣ ਕੋਈ-ਕੋਈ ਮੋਟੀ ਕਣੀ ਵੀ ਪੈਣ ਲੱਗ ਪਈ | ਅਚਾਨਕ ਮੇਰਾ ਧਿਆਨ ਛੱਤ 'ਤੇ ਪੈ ਰਹੀਆਂ ਕਣੀਆਂ ਵੱਲ ਪਿਆ, ਭਖੀ ਹੋਈ ਛੱਤ ਹਰ ਕਣੀ ਨੂੰ ਇਵੇਂ ਬੋਚ ਕੇ ਖਾ ਜਾਂਦੀ ਜਿਵੇਂ ਕੋਈ ਸਦੀਆਂ ਤੋਂ ਭੁੱਖਾ ਹੋਵੇ, ਛੱਤ ਹਰ ਕਣੀ ਨੂੰ ਜਜ਼ਬ ਕਰੀ ਜਾ ਰਹੀ ਸੀ | ਵਾਛੜ ਤੇਜ਼ ਹੋ ਗਈ, ਛੱਤ ਦੀ ਭੁੱਖ ਸ਼ਾਂਤ ਹੋ ਗਈ | ਪਾਣੀ ਪਰਨਾਲਿਆਂ, ਨਾਲੀਆਂ, ਨਾਲਿਆਂ, ਨਹਿਰਾਂ ਅਤੇ ਦਰਿਆਵਾਂ ਰਾਹੀਂ ਇਕ ਅਣਮਿੱਥੀ ਮੰਜ਼ਲ ਵੱਲ ਚਲਾ ਗਿਆ |
ਇਵੇਂ ਹੀ ਅੱਜ ਤੋਂ ਪੰਜ ਸਾਲ ਪਹਿਲਾਂ ਮੇਰੀ ਜਵਾਨੀ ਦੀ ਧਰਾਤਲ 'ਤੇ ਇਕ ਦੁੱਖ ਭਰੀ ਬਦਲੋਟੀ ਆਈ ਸੀ | ਮੇਰਾ ਭਰਾ ਇਕ ਅਜਿਹੀ ਦਲਦਲ ਵਿਚ ਧਸ ਗਿਆ, ਜਿਸ ਨੂੰ ਬਾਹਰ ਕੱਢਦੇ-ਕੱਢਦੇ ਮੇਰੇ ਮਾਂ-ਪਿਓ ਸਮੇਤ ਸਮੁੱਚੀ ਜਾਇਦਾਦ ਖ਼ਤਮ ਹੋ ਗਈ | ਭਰਿਆ-ਭਰਾਇਆ, ਪੂਰਾ ਪਰਿਵਾਰ ਉਸੇ ਦਲਦਲ 'ਚ ਧਸ ਗਿਆ | ਬਚੀ ਸਿਰਫ਼ ਮੈਂ, ਜੋ ਰੋਜ਼ਾਨਾ ਹਰ ਪਲ ਆਪਣੀ ਧਰਾਤਲ ਨੂੰ ਬਚਾਉਣ ਲਈ ਆਪਣੇ ਘਰੌਾਦੇ (ਆਲ੍ਹਣੇ) 'ਚ ਕੈਦ ਹੋ ਕੇ ਰਹਿ ਗਈ |
ਸ਼ੁਰੂ-ਸ਼ੁਰੂ 'ਚ ਮੈਂ ਵੀ ਹਰ ਦੁੱਖ ਦੀਆਂ ਪੈਂਦੀਆਂ ਕਣੀਆਂ ਨੂੰ ਭਖੀ ਛੱਤ ਵਾਂਗ ਜਜ਼ਬ ਕਰਦੀ ਰਹੀ, ਪਰ ਹੁਣ ਮੇਰੀ ਹਿੰਮਤ ਵੀ ਜਵਾਬ ਦੇ ਰਹੀ ਹੈ | ਹੁਣ ਤੇਜ਼ ਪੈ ਰਹੀ ਵਾਛੜ ਦਾ ਪਾਣੀ ਮੈਨੂੰ ਹੌਲੀ-ਹੌਲੀ ਖਲਾਅ ਦੇ ਸਮੰੁਦਰ ਵਿਚ ਸੁੱਟਣ ਲਈ ਕਾਹਲਾ ਪੈ ਰਿਹਾ ਹੈ | ਮੈਨੂੰ ਭਖੀ ਹੋਈ ਛੱਤ ਅਤੇ ਆਪਣੀ ਛਾਤੀ ਦੀ ਛੱਤ ਵਿਚ ਕੋਈ ਅੰਤਰ ਨਜ਼ਰ ਸੀ, ਨਹੀਂ ਆ ਰਿਹਾ |

-ਸ. ਸ. ਸ. ਸਕੂਲ, ਝੜੋਲੀ (ਗੁਰਦਾਸਪੁਰ)-143533.
ਮੋਬਾਈਲ : 94179-48146.

ਖ਼ਲੀਲ ਜਿਬਰਾਨ ਵਲੋਂ ਆਪਣੀ ਪ੍ਰੇਮਿਕਾ ਮੇਰੀ ਜ਼ਿਆਦ ਨੂੰ ਲਿਖੀ ਚਿੱਠੀ ਦਾ ਪੰਜਾਬੀ ਰੂਪ

ਆ ਹੁਣ ਤੇਰੀਆਂ ਅੱਖਾਂ ਬਾਰੇ ਗੱਲਬਾਤ ਕਰੀਏ | ਤੇਰੀਆਂ ਅੱਖਾਂ ਕਿਵੇਂ ਹਨ, ਮੇਰੀ | ਤੂੰ ਜਾਣਦੀ ਏਾ ਤੇ ਤੇਰਾ ਦਿਲ ਜਾਣਦੈ, ਤੇਰੀਆਂ ਅੱਖਾਂ ਦੀ ਸਿਹਤ ਨਾਲ ਮੇਰਾ ਕਿੰਨਾ ਗੂੜ੍ਹਾ ਰਿਸ਼ਤਾ ਏ | ਤੂੰ ਇਹ ਸਵਾਲ ਕਿਵੇਂ ਕਰਦੀ ਏਾ, ਜਦ ਕਿ ਤੂੰ ਅੱਖਾਂ ਨਾਲ ਵੇਖ ਸਕਦੀ ਏਾ ਕਿ ਪਰਦੇ ਪਿਛੇ ਕੀ ਛੁਪਿਆ ਏ?
ਤੂੰ ਜਾਣਦੀ ਏਾ ਕਿ ਇਨਸਾਨੀ ਦਿਲ ਤੇ ਮਾਪਤੋਲ ਦੇ ਫ਼ਾਸਲੇ ਦੀਆਂ ਦੂਰੀਆਂ ਤੇ ਕਾਇਦੇ-ਕਾਨੂੰਨ ਦਾ ਰਾਜ ਚਲਦਾ ਏ | ਸਾਡੀਆਂ ਪਰਬਲ ਤੇ ਬਲਵਾਨ ਭਾਵਨਾਵਾਂ ਜੋ ਸਾਡੇ ਦਿਲ ਦੇ ਪਾਤਾਲ ਵਿਚ ਬੈਠੀਆਂ ਹੁੰਦੀਆਂ ਨੇ, ਜਿਨ੍ਹਾਂ ਅੱਗੇ ਅਸੀਂ ਸਮਰਪਣ ਕਰਦੇ ਹਾਂ ਤੇ ਇਸ ਆਪਾ ਸਮਰਪਣ ਸਮੇਂ ਅਸੀਂ ਖ਼ੁਸ਼ੀ, ਵਿਸਮਾਦ, ਸਰੂਰ, ਆਨੰਦ, ਸੁੱਖ-ਆਰਾਮ, ਸ਼ਾਂਤ ਸਕੂਨ ਤੇ ਚੈਨ ਕਰਾਰ ਨਾਲ ਭਰ ਜਾਂਦੇ ਹਾਂ, ਜਿਨ੍ਹਾਂ ਨੂੰ ਅਸੀਂ ਸ਼ਬਦਾਂ ਵਿਚ ਬਿਆਨ ਨਹੀਂ ਕਰ ਸਕਦੇ ਤੇ ਨਾ ਹੀ ਇਸ ਦੇ ਸੁਭਾਅ ਤੇ ਕੋਈ ਤਰਕ, ਪਰਖ, ਪੜਚੋਲ ਕਰ ਸਕਦੇ ਹਾਂ | ਏਨਾ ਹੀ ਜਾਣੀਏ ਕਿ ਇਹ ਭਾਵਨਾਵਾਂ ਬਹੁਤ ਹੀ ਗਹਿਰੀਆਂ, ਬਲਵਾਨ ਤੇ ਰੱਬੀ ਹੁੰਦੀਆਂ ਨੇ | ਤੂੰ ਇਸ ਸਵਾਲ 'ਤੇ ਸ਼ੱਕ ਕਿਉਂ ਕਰਦੀ ਏਾ ਜਦ ਕਿ ਸਾਡੇ ਦੋਵਾਂ ਵਿਚੋਂ ਕੋਈ ਵੀ ਇਸ ਅਣਡਿੱਠੇ ਸੰਸਾਰ ਨੂੰ ਦਿ੍ਸ਼ਮਾਨ ਕਰਨ ਦੀ ਜ਼ਬਾਨ (ਭਾਸ਼ਾ) ਵਿਚ ਤਰਜ਼ਮਾਂ ਕਰਨ ਦੇ ਕਾਬਲ ਏ | ਸਾਡੇ ਦੋਵਾਂ ਵਿਚੋਂ ਕੋਈ ਵੀ ਕਹਿ ਸਕਦਾ ਏ ਮੇਰੀ ਰੂਹ ਵਿਚ ਇਕ ਚਿੱਟੇ ਚਾਨਣ ਦੀ ਜੋਤ ਜਗ ਰਹੀ ਏ, ਇਸ ਦੇ ਆਹ-ਆਹ ਕਾਰਨ, ਇਸ ਦੇ ਆਹ-ਆਹ ਮਤਲਬ ਨੇ ਤੇ ਆਹ-ਆਹ ਅਸਰ ਹੋਣਗੇ |
ਮੇਰੀ ਮੈਂ ਤੇਰੀਆਂ ਅੱਖਾਂ ਬਾਰੇ ਕਿਹਾ ਸੀ, ਕਿਉਂਕਿ ਮੇਰਾ ਤੇਰੀਆਂ ਅੱਖਾਂ ਨਾਲ ਬਹੁਤ ਗੂੜ੍ਹਾ ਰਿਸ਼ਤਾ ਏ, ਕਿਉਂਕਿ ਮੈਂ ਤੇਰੀਆਂ ਅੱਖਾਂ ਦੇ ਚਾਨਣ (ਨੂਰ) ਨੂੰ ਪਿਆਰ ਕਰਦਾ ਹਾਂ, ਜਦ ਤੇਰੀਆਂ ਅੱਖਾਂ ਦੂਰ ਤੱਕ... ਨਜ਼ਰ ਟਿਕਾ ਕੇ ਵੇਖਦੀਆਂ ਹਨ, ਮੈਂ ਉਨ੍ਹਾਂ ਨੂੰ ਪਿਆਰ ਕਰਦਾ ਹਾਂ | ਤੇਰੀਆਂ ਅੱਖਾਂ ਵਿਚ ਸੁਪਨੀਲੇ ਦਿਸਵਾਲੇ ਨਚ ਰਹੇ ਆਕਾਰਾਂ (ਮੂਰਤਾਂ) ਨੂੰ ਪਿਆਰ ਕਰਦਾ ਹਾਂ |
ਮੇਰਾ ਤੇਰੀਆਂ ਅੱਖਾਂ ਨਾਲ ਗੂੜ੍ਹਾ ਰਿਸ਼ਤਾ ਏ ਪਰ ਇਸ ਦਾ ਇਹ ਮਤਲਬ ਨਹੀਂ ਕਿ ਮੈਂ ਤੇਰੇ ਮੱਥੇ, ਤੇਰੀਆਂ ਉਂਗਲੀਆਂ ਨੂੰ ਘੱਟ ਪਿਆਰ ਕਰਦਾ ਹਾਂ |
ਰੱਬ ਤੇਰਾ ਭਲਾ ਕਰੇ, ਮੇਰੀ ਮਹਿਬੂਬਾ, ਮੇਰੀ ਉਹ ਰੱਬ ਸੱਚਾ ਤੇਰੀਆਂ ਅੱਖਾਂ, ਤੇਰੇ ਮੱਥੇ ਤੇ ਤੇਰੀਆਂ ਉਂਗਲੀਆਂ 'ਤੇ ਮੇਹਰ ਕਰੇ, ਖ਼ੈਰ ਕਰੇ ਤੇ ਸੁੱਖ ਵਰਤਾਏ | ਰੱਬ ਸੱਚਾ, ਹਮੇਸ਼ਾ ਤੈਨੂੰ ਮੇਰੇ ਵਾਸਤੇ ਰੱਖੇ |

-ਡਿਸਟਿ੍ਕ ਅਟਾਰਨੀ ਰਿਟਾ: ਐਡਵੋਕੇਟ, 787, ਸੈਕਟਰ-8, ਕਰਨਾਲ |
ਮੋਬਾਈਲ : 98960-49250.

ਸਾਲ 2019 ਦਾ ਪੰਜਾਬੀ ਬਾਲ ਸਾਹਿਤ

ਮੁੱਢ ਤੋਂ ਹੀ ਵਿਸ਼ਵ ਵਿਚ ਬਾਲ ਸਾਹਿਤ ਦਾ ਵਿਸ਼ੇਸ਼ ਮਹੱਤਵ ਰਿਹਾ ਹੈ | ਜੇਕਰ ਬੀਤੇ ਸਾਲ 2019 ਦੇ ਹਵਾਲੇ ਨਾਲ ਪੰਜਾਬੀ ਬਾਲ ਸਾਹਿਤ ਦਾ ਵਿਸ਼ਲੇਸ਼ਣ ਕੀਤਾ ਜਾਵੇ ਤਾਂ ਇਹ ਗੱਲ ਉੱਭਰ ਕੇ ਸਾਹਮਣੇ ਆਉਂਦੀ ਹੈ ਕਿ ਲਿਖਾਰੀਆਂ ਨੇ ਨਵੀਂ ਪੀੜ੍ਹੀ ਦੇ ਮਾਰਗ ਦਰਸ਼ਨ ਲਈ ਪ੍ਰਤਿਬੱਧਤਾ ਅਤੇ ਜ਼ਿੰਮੇਵਾਰੀ ਨਾਲ ਬਾਲ-ਮਨਾਂ ਵਿਚ ਵਿਗਿਆਨਕ ਸੋਚਣੀ ਪੈਦਾ ਕਰਨ ਦੇ ਉਸਾਰੂ ਸੁਨੇਹੇ ਦਿੱਤੇ ਹਨ | ਖ਼ੁਦ ਵਿਦਿਆਰਥੀ-ਲੇਖਕਾਂ ਦੀ ਸਾਹਿਤ-ਸਿਰਜਣ ਪ੍ਰਤੀ ਵਿਸ਼ੇਸ਼ ਰੁਚੀ ਵੀ ਨਵੀਆਂ ਸੰਭਾਵਨਾਵਾਂ ਲੈ ਕੇ ਆਈ ਹੈ |
ਇਸ ਵਰ੍ਹੇ ਪੰਜਾਬੀ ਬਾਲ ਕਵਿਤਾ ਦੀ ਸਿਰਜਣਾ ਪ੍ਰਤੀ ਲੇਖਕਾਂ ਦੀ ਵਿਸ਼ੇਸ਼ ਖਿੱਚ ਰਹੀ ਹੈ | ਇਸ ਦੌਰਾਨ 'ਵਿਗਿਆਨਕ ਪੀਂਘ', 'ਵਿਗਿਆਨਕ ਤਰੰਗਾਂ' (ਡਾ: ਸੋਨੀਆ ਚਹਿਲ), 'ਪਿਆਰੀ ਬੇਟੀ' (ਸਤੀਸ਼ ਵਿਦਰੋਹੀ), 'ਚਿੜੀਆਂ' (ਜਗਸੀਰ ਜੋਗੀ ਭੂਟਾਲ), 'ਪੈਂਤੀ ਅੱਖਰੀ' (ਚਰਨ ਪੁਆਧੀ), 'ਕੁਲਫ਼ੀ ਵਾਲਾ ਭਾਈ' (ਜਸਵਿੰਦਰ ਸ਼ਾਇਰ), 'ਕੀੜੀ ਦਾ ਵਾਜਾ' (ਅਮਰਜੀਤ ਸਨ੍ਹੇਰਵੀ), 'ਕਾਕੇ ਭੂੰਡ ਪਟਾਕੇ' (ਸੁਖਰਾਜ ਸਿੰਘ ਜ਼ੀਰਾ), 'ਤਾਰੇ ਲੱਭਣ ਚੱਲੀਏ' (ਰਣਜੀਤ ਸਿੰਘ ਹਠੂਰ), 'ਮੈਂ ਪਾਪਾ ਦਾ ਜੁਗਨੂੰ' (ਜਸਪਾਲਜੀਤ), 'ਗੀਤ ਪਟਾਰੀ' (ਡਾ: ਰਵੀ ਸ਼ੇਰਗਿੱਲ ਅਮਰੀਕਾ), 'ਗਲਵੱਕੜੀਆਂ' (ਦਰਸ਼ਨ ਸਿੰਘ ਬਨੂੜ), 'ਇਕ ਨਿਵੇਕਲਾ ਸ਼ਹੀਦ' ਅਤੇ 'ਮੁਰਝਾਇਆ ਫੁੱਲ', (ਪਿ੍ੰ.ਬਹਾਦਰ ਸਿੰਘ ਗੋਸਲ), 'ਲੋਰੀ' (ਹਰਜੀਤ ਸਿੰਘ ਦਰਸ਼ੀ), 'ਛੁਕ-ਛੁਕ ਕਰਦੀ ਸਾਡੀ ਰੇਲ' (ਪ੍ਰਗਟ ਸਿੰਘ ਮਹਿਤਾ), 'ਪੀਜ਼ਾ ਅਤੇ ਪਰੌਾਠਾ' (ਅਮਰੀਕ ਹਮਰਾਜ਼), 'ਚਿੜੀ ਪ੍ਰਾਹੁਣੀ' (ਡਾ: ਅਰਮਨ ਪ੍ਰੀਤ ਸਿੰਘ), 'ਜੌੜੇ ਬੱਚੇ' (ਹਰਬੰਸ ਸਿੰਘ ਰਾਏ), 'ਆਵਾਜਾਈ ਦੇ ਸਾਧਨ', 'ਕੰਮ ਧੰਦੇ' ਅਤੇ 'ਮੌਜ ਮਸਤੀਆਂ' (ਜਗਜੀਤ ਸਿੰਘ ਲੱਡਾ) ਆਦਿ ਮੌਲਿਕ ਪੁਸਤਕਾਂ ਛਪੀਆਂ ਹਨ | ਇਨ੍ਹਾਂ ਤੋਂ ਇਲਾਵਾ ਸੰਪਾਦਨਾ ਦੇ ਖੇਤਰ ਵਿਚ 'ਫੁੱਲਾਂ ਦੀ ਕਵਿਤਾ-2' (ਸੰਪਾ: ਸਤਪਾਲ ਭੀਖੀ) ਅਤੇ ਵੱਖ ਵੱਖ ਵਿਦਿਆਰਥੀ-ਲੇਖਕਾਂ ਦੀਆਂ ਲਿਖੀਆਂ ਕਾਵਿ ਪੁਸਤਕਾਂ 'ਕੁੜੀਆਂ ਚਿੜੀਆਂ ਕੋਮਲ ਕਲੀਆਂ' ( ਰੱਜੀ), 'ਕੋਸ਼ਿਸ਼ 'ਚ ਹਾਂ...' (ਕੁਲਦੀਪ ਸਿੰਘ), 'ਚਿੜੀਆ ਰਾਣੀ' (ਗੁਰਸਿਮਰਨ ਕੌਰ), 'ਬਾਲ ਪਿਆਰੇ' (ਅਰਸ਼ਦੀਪ ਕੌਰ), 'ਸਫ਼ਰ ਜ਼ਿੰਦਗੀ ਦਾ' (ਸੁਖਮਨ ਸਿੰਘ), 'ਦੋ ਦੋਸਤ' (ਗੁਰਅਮਾਨਤ ਕੌਰ), 'ਪੁਲਿਸ ਸਾਡੀ ਦੋਸਤ' (ਖ਼ੁਸ਼ਪ੍ਰੀਤ) ਆਦਿ ਪੁਸਤਕਾਂ ਵੀ ਇਸੇ ਸਾਲ ਵਿਚ ਛਪੀਆਂ ਜਿਨ੍ਹਾਂ ਰਾਹੀਂ ਵਿਦਿਆਰਥੀ-ਲੇਖਕਾਂ ਦੀ ਸਮਾਜ ਨੂੰ ਵੱਖੋ ਵੱਖ ਨਜ਼ਰੀਏ ਤੋਂ ਵੇਖਣ ਦੀ ਅਨੋਖੀ ਸੂਝ ਪ੍ਰਗਟ ਹੋਈ ਹੈ | ਇਸੇ ਸਾਲ ਬੱਚਿਆਂ ਨੂੰ ਕਹਾਣੀ ਰਸ ਪ੍ਰਦਾਨ ਕਰਕੇ ਉਨ੍ਹਾਂ ਨੂੰ ਚੁਣੌਤੀਆਂ ਦਾ ਮੁਕਾਬਲਾ ਕਰਨ ਦੀ ਪ੍ਰੇਰਣਾ ਦੇਣ ਵਾਲੇ ਕਹਾਣੀ ਸੰਗ੍ਰਹਿਆਂ 'ਘਰ ਨਾਨੀ ਦਾ ਪਿਆਰ ਮਾਮੀ ਦਾ' ਅਤੇ 'ਪਰੀ ਅਤੇ ਚੁੜੈਲ', (ਪਿ੍ੰ: ਬਹਾਦਰ ਸਿੰਘ ਗੋਸਲ), 'ਅਕਲਮੰਦ ਰਾਜਾ' ਅਤੇ 'ਬੁੱਧੀਮਾਨ ਬਾਂਦਰ' (ਡਾ: ਰਵੀ ਸ਼ੇਰਗਿੱਲ ਅਮਰੀਕਾ), 'ਦਾੜ੍ਹੀ ਦਾ ਕਮਾਲ' ( ਜਸਵਿੰਦਰ ਸ਼ਾਇਰ) ਅਤੇ 'ਚੰਗਾ ਸੁਪਨਾ' (ਡਾ: ਦਰਸ਼ਨ ਸਿੰਘ 'ਆਸ਼ਟ') ਰਾਹੀਂ ਪੰਜਾਬੀ ਬਾਲ ਕਹਾਣੀ ਦੀ ਵਰਤਮਾਨ ਤੋਰ ਦਾ ਪਤਾ ਚਲਦਾ ਹੈ |
ਨੈਤਿਕ ਕਦਰਾਂ-ਕੀਮਤਾਂ, ਕੁਦਰਤੀ ਸ੍ਰੋਤਾਂ ਅਤੇ ਚੌਗਿਰਦੇ ਦੀ ਸਾਂਭ ਸੰਭਾਲ ਸੰਬੰਧੀ ਕੁਝ ਬਾਲ ਨਾਵਲ ਵੀ ਰਚੇ ਗਏ ਹਨ ਜਿਨ੍ਹਾਂ ਵਿਚੋਂ 'ਸੁੰਦਰੈਲਾ' (ਮਹਿੰਦਰ ਸਿੰਘ ਪੰਜੂ) ਅਤੇ 'ਮਾਸੀ ਪੂਰੋ' (ਅਵਤਾਰ ਸਿੰਘ ਸੰਧੂ) ਆਦਿ ਦੇ ਨਾਂਅ ਲਏ ਜਾ ਸਕਦੇ ਹਨ | ਕੁਲਬੀਰ ਸਿੰਘ ਸੂਰੀ ਦਾ ਇਕ ਬਾਲ ਨਾਵਲ 'ਨਾਨਕਿਆਂ ਦਾ ਪਿੰਡ' ਵੀ ਇਨ੍ਹਾਂ ਵਿਚ ਹੀ ਸ਼ਾਮਿਲ ਹੈ | ਪੰਜਾਬੀ ਬਾਲ ਨਾਟਕਾਂ ਦੀ ਸਿਰਜਣਾ ਅਤੇ ਮੰਚਨ ਦੇ ਵਿਹੜੇ ਨੂੰ ਮੋਕਲਾ ਕਰਨ ਵਿਚ 'ਅਸੀਂ ਉਡਣਾ ਚਾਹੁੰਦੇ ਹਾਂ' (ਗੁਰਮੀਤ ਕੜਿਆਲਵੀ) ਮੰਚਨ ਦੀ ਦਿ੍ਸ਼ਟੀ ਤੋਂ ਕਾਰਗਰ ਰਚਨਾ ਹੈ | ਬਾਲ ਨਾਟਕਾਂ ਦੇ ਮੰਚਨ ਦੀ ਦਿ੍ਸ਼ਟੀ ਤੋਂ ਕੇਵਲ ਧਾਲੀਵਾਲ, ਪ੍ਰਾਣ ਸੱਭਰਵਾਲ ਅਤੇ ਕਵਿਤਾ ਸ਼ਰਮਾ ਆਦਿ ਦੇ ਯਤਨ ਵੀ ਬਾਲ ਰੰਗਮੰਚ ਅਤੇ ਬਾਲ ਨਾਟਕ ਦੀ ਪਰੰਪਰਾ ਨੂੰ ਅੱਗੇ ਤੋਰਨ ਵਿਚ ਮਦਦਗਾਰ ਸਿੱਧ ਹੋਏ ਹਨ | ਇਸ ਤੋਂ ਇਲਾਵਾ ਫੁਟਕਲ ਪੁਸਤਕਾਂ ਵਿਚੋਂ 'ਬਾਲਾਂ ਲਈ ਖੇਡ ਪੰਜਾਬੀ' (ਪਿ੍ੰ: ਬਹਾਦਰ ਸਿੰਘ ਗੋਸਲ) ਬੱਚਿਆਂ ਨੂੰ ਖੇਡ ਵਿਧੀ ਰਾਹੀਂ ਸਾਹਿਤ ਪੜ੍ਹਨ ਨਾਲ ਜੋੜਦੀ ਹੈ | ਪੁਸਤਕ 'ਕਣ ਕਣ ਵਿੱਚ ਵਿਗਿਆਨ' (ਮੇਘ ਰਾਜ ਮਿੱਤਰ) ਵਿਗਿਆਨਕ ਚੇਤਨਾ ਦੀ ਸੁੰਦਰ ਮਿਸਾਲ ਹੈ |
ਵੱਖ ਵੱਖ ਸਕੂਲਾਂ ਦੇ ਵਿਦਿਆਰਥੀ-ਲੇਖਕਾਂ ਦੀਆਂ ਪੁਸਤਕਾਂ ਨੇ ਬਾਲ ਸਿਰਜਣਾ ਨੂੰ ਹੁਲਾਰਾ ਦਿੱਤਾ ਹੈ | ਇਨ੍ਹਾਂ ਵਿਚ ਸਕੂਲੀ ਵਿਦਿਆਰਥਣ ਸੁਖਚੰਚਲ ਕੌਰ, ਸੋਹਿਤ ਰਾਏ, ਆਯੂਸ਼ ਗਰਗ ਗੌਤਮ ਸਰੂਪ, ਲਗਨ ਸ਼ਰਮਾ, ਰਮਨਦੀਪ ਕੌਰ, ਅੰਮਿ੍ਤਪਾਲ ਕੌਰ ਆਦਿ ਬਾਲ-ਚਿੱਤਰਕਾਰਾਂ ਦੀ ਭੂਮਿਕਾ ਤਵੱਜੋ ਦੀ ਮੰਗ ਕਰਦੀ ਹੈ | ਇਸ ਤੋਂ ਇਲਾਵਾ ਬਾਲ-ਪੁਸਤਕਾਂ ਨੂੰ ਸੁੰਦਰ ਚਿੱਤਰਾਂ ਨਾਲ ਅਲੰਕਿ੍ਤ ਕਰਨ ਵਿਚ ਪ੍ਰੌੜ੍ਹ ਲੇਖਿਕਾ ਅਤੇ ਚਿੱਤਰਕਾਰਾ ਕੁਲਵਿੰਦਰ ਕੌਰ ਰੂਹਾਨੀ ਤੋਂ ਇਲਾਵਾ ਚਿੱਤਰਕਾਰ ਮਹਿੰਗਾ ਸਿੰਘ, ਟੀ.ਸਿੰਘ, ਜੇ.ਬੀ. ਦਾ ਯੋਗਦਾਨ ਵਿਸ਼ੇਸ਼ ਹੈ |
ਸਾਲ 2019 ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵੱਖ ਵੱਖ ਰਸਾਲਿਆਂ ਦੇ ਬਾਲ ਸਾਹਿਤ ਵਿਸ਼ੇਸ਼ ਅੰਕ ਵੀ ਸਾਹਮਣੇ ਆਏ ਹਨ | ਕਈ ਪੰਜਾਬੀ ਰਸਾਲਿਆਂ ਉਪਰ ਸੰਕਟ ਦੀਆਂ ਘੜੀਆਂ ਵੀ ਆਈਆਂ ਜਿਨ੍ਹਾਂ ਕਰਕੇ ਉਨ੍ਹਾਂ ਦਾ ਪ੍ਰਕਾਸ਼ਨ ਨਿਯਮਤ ਨਾ ਰਿਹਾ | ਫਿਰ ਵੀ ਪੰਜਾਬ ਸਕੂਲ ਸਿੱਖਿਆ ਬੋਰਡ ਮੁਹਾਲੀ ਵੱਲੋਂ ਛਪ ਰਹੇ ਦੋ ਬਾਲ ਰਸਾਲੇ 'ਪੰਖੜੀਆਂ' ਅਤੇ 'ਪ੍ਰਾਇਮਰੀ ਸਿੱਖਿਆ' (ਸੰਪਾਦਕ ਦਰਸ਼ਨ ਸਿੰਘ ਬਨੂੜ) ਨੇ ਚੜ੍ਹਦੇ ਸਾਲ ਵਿਚ ਆਪਣੀ ਨਿਰੰਤਰ ਪ੍ਰਕਾਸ਼ਨਾ ਦੇ ਕ੍ਰਮਵਾਰ 50 ਅਤੇ 40 ਸਾਲ ਤਾਂ ਕਾਮਯਾਬੀ ਨਾਲ ਮੁਕੰਮਲ ਕਰ ਲਏ ਪਰੰਤੂ ਨਾਲ ਹੀ ਇਹ ਚਿੰਤਾ ਵਾਲੀ ਗੱਲ ਰਹੀ ਕਿ ਕੁਝ ਸਮੱਸਿਆਵਾਂ ਕਾਰਨ ਇਨ੍ਹਾਂ ਦੋਵਾਂ ਰਸਾਲਿਆਂ ਦੇ ਕਈ ਕਈ ਮਹੀਨਿਆਂ ਦੇ ਸੰਯੁਕਤ ਅੰਕ ਕੱਢੇ ਗਏ ਹਨ | ਫਿਰ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ 550ਵੀਂ ਜਨਮ ਸ਼ਤਾਬਦੀ ਨੂੰ ਸਮਰਪਿਤ 'ਪੰਖੜੀਆਂ' ਦੇ ਨਵੰਬਰ-ਦਸੰਬਰ ਅੰਕ ਵਿਚ ਮਨਮੋਹਨ ਸਿੰਘ ਦਾਊਾ, ਆਤਮਾ ਸਿੰਘ ਚਿੱਟੀ, ਡਾ: ਕਰਨੈਲ ਸਿੰਘ ਸੋਮਲ, ਪਰਮਬੀਰ ਕੌਰ, ਲਖਵਿੰਦਰ ਸਿੰਘ ਰਈਆ, ਡਾ: ਹਰਨੇਕ ਸਿੰਘ ਕਲੇਰ, ਡਾ: ਸੁਦਰਸ਼ਨ ਗਾਸੋ, ਚਰਨ ਸੀਚੇਵਾਲਵੀ, ਅਮਰ ਸੂਫ਼ੀ, ਡਾ: ਸਾਹਿਬ ਸਿੰਘ ਅਰਸ਼ੀ ਆਦਿ ਲੇਖਕਾਂ ਨੇ ਵੰਨ-ਸੁਵੰਨੀਆਂ ਲਿਖਤਾਂ ਵਿਚ ਗੁਰੂ ਸਾਹਿਬ ਪ੍ਰਤੀ ਸ਼ਰਧਾ ਦੇ ਫੁੱਲ ਅਰਪਿਤ ਕੀਤੇ ਹਨ | 'ਪ੍ਰਾਇਮਰੀ ਸਿੱਖਿਆ' ਦੇ ਸਤੰਬਰ ਅਕਤੂਬਰ ਅੰਕ ਵਿਚ ਧਰਮਿੰਦਰ ਸ਼ਾਹਿਦ ਖੰਨਾ, ਨਿਰਲੇਪ ਕੌਰ ਸੇਖੋਂ, ਡਾ: ਗੁਰਮਿੰਦਰ ਸਿੱਧੂ, ਜੋਗਿੰਦਰ ਕੌਰ ਅਗਨੀਹੋਤਰੀ, ਮੁਖਤਾਰ ਗਿੱਲ, ਪ੍ਰੇਮ ਗੋਰਖੀ, ਗੋਗੀ ਜ਼ੀਰਾ, ਗੁਰਿੰਦਰ ਸਿੰਘ ਕਲਸੀ, ਹਰਦੇਵ ਚੌਹਾਨ, ਦਲਜੀਤ ਕੌਰ ਦਾਊਾ, ਡਾ: ਕੁਲਦੀਪ ਸਿੰਘ ਬਨੂੜ, ਸੁਰਿੰਦਰ ਕੌਰ ਰੋਮੀ, ਤਰਸੇਮ ਬਰਨਾਲਾ, ਕਰਮਜੀਤ ਸਿੰਘ ਗਰੇਵਾਲ ਆਦਿ ਨੇ ਵਿਭਿੰਨ ਵੰਨਗੀਆਂ ਦੁਆਰਾ ਨਿੱਗਰ ਸਮਾਜ ਦੀ ਉਸਾਰੀ ਲਈ ਸੁਨੇਹੇ ਦਿਤੇ ਹਨ | 'ਨਿੱਕੀਆਂ ਕਰੂੰਬਲਾਂ' ਦੇ ਆਨਰੇਰੀ ਸੰਪਾਦਕ ਬਲਜਿੰਦਰ ਮਾਨ ਨੇ ਨਵੰਬਰ ਦਸੰਬਰ ਅੰਕ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਸਮਰਪਿਤ ਲਿਖਤਾਂ ਸ਼ਾਮਿਲ ਕੀਤੀਆਂ ਹਨ | ਇਸ ਵਿਚ ਹਰਮੇਸ਼ ਕੌਰ ਯੋਧੇ, ਜਗਜੀਤ ਸਿੰਘ ਗੁਰਮ, ਸੁੰਦਰ ਪਾਲ ਪ੍ਰੇਮੀ, ਸੁਖਦੇਵ ਕੌਰ ਚਮਕ, ਸੁਰਜੀਤ ਦੇਵਲ, ਨਵਦੀਪ ਸਿੰਘ ਬਦੇਸ਼ਾ, ਬਲਦੇਵ ਸਿੰਘ ਬੱਦਨ, ਡਾ: ਜਸਬੀਰ ਸਿੰਘ ਸਰਨਾ, ਡਾ: ਅਮਨਦੀਪ ਸਿੰਘ ਟੱਲੇਵਾਲੀਆ ਅਤੇ ਪ੍ਰੋ: ਗੁਰਭਜਨ ਗਿੱਲ ਦੀਆਂ ਲਿਖਤਾਂ ਸ਼ਾਮਿਲ ਹਨ | ਨਵੀਂ ਦਿੱਲੀ ਤੋਂ 43 ਸਾਲਾਂ ਤੋਂ ਨਿਰੰਤਰ ਛਪਦੇ ਆ ਰਹੇ ਰੰਗਦਾਰ ਰਸਾਲੇ 'ਹੰਸਤੀ ਦੁਨੀਆ' (ਸੰਪਾਦਕ ਸੁਲੇਖ ਸਿੰਘ ਸਾਥੀ) ਦੇ ਅਪ੍ਰੈਲ 2019 ਅੰਕ ਵਿਚ ਵੱਖ ਵੱਖ ਸਥਾਈ ਕਾਲਮਾਂ ਤੋਂ ਇਲਾਵਾ ਦਰਸ਼ਨ ਸਿੰਘ ਕੰਡਾ, ਤੀਰਥ ਸਿੰਘ ਦਰਦ, ਅਵਤਾਰ ਚਮਨ ਅਤੇ ਕਮਲ ਸੌਗਾਨੀ ਦੀਆਂ ਠੋਸ ਸੁਨੇਹੇ ਦੇਣ ਵਾਲੀਆਂ ਸਮਾਜਿਕ ਲਿਖਤਾਂ ਨੂੰ ਪ੍ਰਕਾਸ਼ਿਤ ਕੀਤਾ ਗਿਆ ਹੈ |
ਤ੍ਰੈ-ਮਾਸਿਕ ਪੁਸਤਕ ਲੜੀ 'ਤਨੀਸ਼ਾ' (ਸੰਪਾ: ਸਾਬੀ ਈਸਪੁਰੀ) ਅਤੇ ਛਾਜਲੀ (ਸੰਗਰੂਰ) ਤੋਂ ਛਪਣ ਵਾਲੇ ਬਾਲ ਰਸਾਲੇ 'ਆੜੀ' (ਸੰਪਾ: ਮਾਸਟਰ ਪ੍ਰੇਮ ਸ਼ਰਮਾ ਛਾਜਲੀ) |
ਇਨ੍ਹਾਂ ਤੋਂ ਇਲਾਵਾ ਸੁਰਜੀਤ ਸਿੰਘ ਮਰਜਾਰਾ, ਡਾ: ਹਰਬੰਸ ਸਿੰਘ ਚਾਵਲਾ, ਪਿ੍ੰ.ਕਰਤਾਰ ਸਿੰਘ ਕਾਲੜਾ, ਪਿ੍ੰ: ਨਵਰਾਹੀ ਘੁਗਿਆਣਵੀ, ਹਰਪਾਲ ਸਨੇਹੀ ਘੱਗਾ, ਸਾਧੂ ਰਾਮ ਲੰਗੇਆਣਾ, ਡਾ: ਫ਼ਕੀਰ ਚੰਦ ਸ਼ੁਕਲਾ, ਸੁਖਦੇਵ ਸਿੰਘ ਸ਼ਾਂਤ, ਜਸਵੀਰ ਸਿੰਘ ਰਾਣਾ, ਸੁਰਿੰਦਰ ਕੌਰ ਰੋਮੀ, ਵੀਰ ਭਾਨ ਨਾਰੰਗ, ਕੁੰਦਨ ਲਾਲ ਭੱਟੀ, ਮਹਿੰਦਰ ਸਿੰਘ ਕੈਂਥ, ਸ਼ੀਸ਼ਪਾਲ ਮਾਣਕਪੁਰੀ, ਪ੍ਰੇਮ ਭੂਸ਼ਨ ਗੋਇਲ, ਦਲਜੀਤ ਕੌਰ ਦਾਊਾ, ਅਵਤਾਰ ਬਿਲਿੰਗ, ਹਰੀ ਕਿ੍ਸ਼ਨ ਮਾਇਰ, ਜਸਵੀਰ ਸਿੰਘ ਭਲੂਰੀਆ, ਅਮਰਪ੍ਰੀਤ ਸਿੰਘ ਝੀਤਾ, ਰਣਜੀਤ ਆਜ਼ਾਦ ਕਾਂਝਲਾ, ਜਸਪ੍ਰੀਤ ਸਿੰਘ ਜਗਰਾਓਾ, ਕੋਮਲਪ੍ਰੀਤ ਕੌਰ, ਰੂਹੀ ਸਿੰਘ ਆਦਿ ਦੀਆਂ ਲਿਖਤਾਂ ਬੱਚਿਆਂ ਦੇ ਬੌਧਿਕ ਵਿਕਾਸ ਦੀਆਂ ਸੂਚਕ ਹਨ |

-ਮੋਬਾਈਲ : 98144-23703
dsaasht@yahoo.co.in

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX