ਤਾਜਾ ਖ਼ਬਰਾਂ


ਇਨਕਮ ਟੈਕਸ ਵਿਭਾਗ ਦੀ ਪਰੀਤਾ ਹਰਿਤ ਕਾਂਗਰਸ 'ਚ ਹੋਈ ਸ਼ਾਮਿਲ
. . .  42 minutes ago
ਨਵੀਂ ਦਿੱਲੀ ,20 ਮਾਰਚ -ਮੇਰਠ ਦੀ ਇਨਕਮ ਟੈਕਸ ਮੁਖੀ ਪਰੀਤਾ ਹਰਿਤ ਨੇ ਆਪਣੇ ਅਹੁਦੇ ਨੂੰ ਛੱਡ ਕੇ ਕਾਂਗਰਸ 'ਚ ਸ਼ਾਮਿਲ ਹੋ ਗਈ ।ਉੱਤਰ ਪ੍ਰਦੇਸ਼ ਇਕਾਈ ਦੇ ਮੁਖੀ ਰਾਜ ਬਾਬਰ ਨੇ ਉਨ੍ਹਾਂ ਨੂੰ ਜੀ ਆਇਆਂ ...
ਅਣਪਛਾਤੇ ਕਾਰ ਸਵਾਰਾਂ ਨੇ ਚਲਾਈਆਂ ਗੋਲੀਆਂ
. . .  about 4 hours ago
ਢਿਲਵਾਂ{ਕਪੂਰਥਲਾ },20 ਮਾਰਚ {ਪਲਵਿੰਦਰ,ਸੁਖੀਜਾ ,ਪਰਵੀਨ }- 3 ਅਣਪਛਾਤੇ ਕਾਰ ਸਵਾਰਾਂ ਵੱਲੋਂ ਅੰਨ੍ਹੇਵਾਹ ਗੋਲੀਆਂ ਚਲਾਈਆਂ ਗਈਆਂ । ਇਸ ਮੌਕੇ 'ਤੇ 2 ਲੋਕ ਜ਼ਖ਼ਮੀ ਹੋਏ ਹਨ। ਇਸ ਘਟਨਾ ਤੋਂ ਬਾਅਦ ਸਹਿਮ...
ਭਗਵੰਤ ਮਾਨ ਨੂੰ ਹਰਾਉਣ ਵਾਸਤੇ ਸ਼੍ਰੋਮਣੀ ਅਕਾਲੀ ਦਲ ਕੋਲ ਤਕੜਾ ਹਥਿਆਰ - ਸੁਖਬੀਰ ਬਾਦਲ
. . .  about 4 hours ago
ਮਹਿਲ ਕਲਾਂ, 20 ਮਾਰਚ (ਅਵਤਾਰ ਸਿੰਘ ਅਣਖੀ)-ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਨੂੰ ਹਰਾਉਣ ਵਾਸਤੇ ਸ਼੍ਰੋਮਣੀ ਅਕਾਲੀ ਦਲ ਕੋਲ ਤਕੜਾ ਹਥਿਆਰ ਮੌਜੂਦ ਹੈ, ਜਿਸ ਦਾ ਖੁਲਾਸਾ ਆਉਣ ...
ਪਾਕਿਸਤਾਨ ਨੇ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਲਈ 600 ਲੋਕਾਂ ਨੂੰ ਘਰਾਂ-ਜ਼ਮੀਨਾਂ ਤੋਂ ਹਟਾਇਆ
. . .  about 4 hours ago
ਅੰਮ੍ਰਿਤਸਰ, 20 ਮਾਰਚ (ਸੁਰਿੰਦਰ ਕੋਛੜ)- ਪਾਕਿਸਤਾਨ ਦੇ ਜ਼ਿਲ੍ਹਾ ਨਾਰੋਵਾਲ ਦੇ ਪਿੰਡ ਕੋਠੇ ਖ਼ੁਰਦ ਤੇ ਡੋਡੇ ਦੇ ਵਸਨੀਕਾਂ ਨੇ ਪਾਕਿ ਸਰਕਾਰ ਦੇ ਵਿਰੁੱਧ ਰੋਸ ਪ੍ਰਦਰਸ਼ਨ ਕਰਦਿਆਂ ਦੋਸ਼ ਲਗਾਇਆ ਹੈ ਕਿ ਭਾਰਤੀ ਸਿੱਖ ਸ਼ਰਧਾਲੂਆਂ ਨੂੰ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ .....
ਪੀ.ਐਨ.ਬੀ. ਘੋਟਾਲਾ : 29 ਮਾਰਚ ਨੂੰ ਹੋਵੇਗੀ ਗ੍ਰਿਫ਼ਤਾਰ ਨੀਰਵ ਮੋਦੀ 'ਤੇ ਅਗਲੀ ਸੁਣਵਾਈ
. . .  about 5 hours ago
ਲੰਡਨ, 20 ਮਾਰਚ- ਪੰਜਾਬ ਨੈਸ਼ਨਲ ਬੈਂਕ ਘੋਟਾਲੇ ਦੇ ਫ਼ਰਾਰ ਦੋਸ਼ੀ ਨੀਰਵ ਮੋਦੀ ਨੂੰ ਲੰਡਨ 'ਚ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਗ੍ਰਿਫ਼ਤਾਰੀ ਤੋਂ ਬਾਅਦ ਨੀਰਵ ਮੋਦੀ ਨੂੰ ਲੰਡਨ ਦੀ ਵੈਸਟਮਿੰਸਟਰ ਅਦਾਲਤ 'ਚ ਪੇਸ਼ ਕੀਤਾ ਗਿਆ। ਇਸ ਮਾਮਲੇ ਦੀ ਅਗਲੀ ਸੁਣਵਾਈ ਹੁਣ ....
ਹਲਕਾ ਬੱਲੂਆਣਾ ਦੇ ਸਾਬਕਾ ਵਿਧਾਇਕ ਗੁਰਤੇਜ ਘੁੜਿਆਣਾ ਅੱਜ ਸ਼੍ਰੋਮਣੀ ਅਕਾਲੀ ਦਲ 'ਚ ਕਰਨਗੇ ਘਰ ਵਾਪਸੀ
. . .  about 5 hours ago
ਅਬੋਹਰ, 20 ਮਾਰਚ (ਸੁਖਜਿੰਦਰ ਸਿੰਘ ਢਿੱਲੋਂ)- ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਬੱਲੂਆਣਾ ਤੋਂ ਤਿੰਨ ਵਾਰ ਵਿਧਾਇਕ ਰਹੇ ਸਰਦਾਰ ਗੁਰਤੇਜ ਸਿੰਘ ਘੁੜਿਆਣਾ ਅੱਜ ਦੋ ਸਾਲਾਂ ਬਾਅਦ ਕਾਂਗਰਸ ਛੱਡ ਕੇ ਸ਼੍ਰੋਮਣੀ ਅਕਾਲੀ ਦਲ 'ਚ ਘਰ ਵਾਪਸੀ ਕਰਨਗੇ। ਸਰਦਾਰ ....
ਸਮਝੌਤਾ ਐਕਸਪ੍ਰੈੱਸ ਧਮਾਕਾ ਮਾਮਲੇ 'ਚ ਅਸੀਮਾਨੰਦ ਸਮੇਤ ਸਾਰੇ ਦੋਸ਼ੀ ਬਰੀ
. . .  about 5 hours ago
ਪੰਚਕੂਲਾ, 20 ਮਾਰਚ- ਪੰਚਕੂਲਾ ਦੀ ਵਿਸ਼ੇਸ਼ ਐਨ.ਆਈ.ਏ ਅਦਾਲਤ ਨੇ ਸਮਝੌਤਾ ਐਕਸਪ੍ਰੈੱਸ ਧਮਾਕਾ ਮਾਮਲੇ 'ਚ ਅਸੀਮਾਨੰਦ ਸਮੇਤ ਚਾਰ ਦੋਸ਼ੀਆਂ ਨੂੰ ਬਰੀ ਕਰ ਦਿੱਤਾ ਹੈ। ਅਸੀਮਾਨੰਦ ਦੇ ਇਲਾਵਾ ਲੋਕੇਸ਼ ਸ਼ਰਮਾ, ਕਮਲ ਚੌਹਾਨ ਅਤੇ ਰਾਜਿੰਦਰ ਚੌਧਰੀ ਇਸ ਮਾਮਲੇ ....
ਸੱਯਦ ਅਲੀ ਸ਼ਾਹ ਗਿਲਾਨੀ ਦੇ ਜਵਾਈ ਤੋਂ ਪੁੱਛਗਿੱਛ ਕਰੇਗੀ ਈ.ਡੀ.
. . .  about 6 hours ago
ਨਵੀਂ ਦਿੱਲੀ, 20 ਮਾਰਚ - ਜੰਮੂ-ਕਸ਼ਮੀਰ ਦੇ ਵੱਖਵਾਦੀ ਨੇਤਾ ਸੱਯਦ ਅਲੀ ਸ਼ਾਹ ਗਿਲਾਨੀ ਦੇ ਜਵਾਈ ਅਲਤਾਫ਼ ਸ਼ਾਹ ਤੋਂ ਅੱਤਵਾਦੀ ਫੰਡਿਗ ਮਾਮਲੇ 'ਚ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ) ਪੁੱਛਗਿੱਛ ਕਰੇਗੀ। ਦਿੱਲੀ ਦੀ ਇੱਕ ਅਦਾਲਤ ਨੇ ਬੁੱਧਵਾਰ ਨੂੰ.....
ਮਨੀ ਲਾਂਡਰਿੰਗ ਮਾਮਲੇ 'ਚ ਵਾਡਰਾ ਨੇ ਦਿੱਲੀ ਹਾਈਕੋਰਟ ਦਾ ਖੜਕਾਇਆ ਦਰਵਾਜ਼ਾ
. . .  about 6 hours ago
ਨਵੀਂ ਦਿੱਲੀ, 20 ਮਾਰਚ- ਰਾਬਰਟ ਵਾਡਰਾ ਨੇ ਦਿੱਲੀ ਹਾਈਕੋਰਟ ਦਾ ਦਰਵਾਜ਼ਾ ਖੜਕਾਉਂਦੇ ਹੋਏ ਈ.ਡੀ. ਵੱਲੋਂ ਉਨ੍ਹਾਂ ਖ਼ਿਲਾਫ਼ ਮਨੀ ਲਾਂਡਰਿੰਗ ਮਾਮਲੇ 'ਚ ਪਟੀਸ਼ਨ ਦਾਇਰ ਕਰਨ ਦੀ.....
ਹਰ ਫਰੰਟ 'ਤੇ ਫੇਲ੍ਹ ਹੋਈ ਕੈਪਟਨ ਸਰਕਾਰ- ਸੁਖਬੀਰ ਬਾਦਲ
. . .  about 6 hours ago
ਤਪਾ ਮੰਡੀ/ਸ਼ਹਿਣਾ, 20 ਮਾਰਚ (ਵਿਜੇ ਸ਼ਰਮਾ, ਸੁਰੇਸ਼ ਗੋਗੀ)- ਸੂਬੇ ਦੀ ਕੈਪਟਨ ਸਰਕਾਰ ਹਰ ਫਰੰਟ 'ਤੇ ਫੇਲ੍ਹ ਹੋਈ ਹੈ, ਕਿਉਂਕਿ ਹਰ ਵਰਗ ਆਪਣੀਆਂ ਹੱਕੀ ਮੰਗਾਂ ਨੂੰ ਲੈ ਸੜਕਾਂ 'ਤੇ ਧਰਨੇ ਦੇ ਰਿਹਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ...
ਹੋਰ ਖ਼ਬਰਾਂ..

ਧਰਮ ਤੇ ਵਿਰਸਾ

ਗੁਰਮਤਿ ਵਿਚ ਕਿਰਤ ਦਾ ਸੰਕਲਪ

ਸਾਡਾ ਸਮੁੱਚਾ ਆਲਾ-ਦੁਆਲਾ ਵੱਡੇ-ਵੱਡੇ ਪਹਾੜ, ਨਦੀਆਂ, ਸਮੁੰਦਰ, ਜੰਗਲ, ਚਮਕਦੇ ਤਾਰੇ, ਮਹਿਕਦੀ ਹੋਈ ਬਨਸਪਤੀ, ਚਹਿਕਦੇ ਹੋਏ ਪੰਛੀ ਇੱਥੋਂ ਤੱਕ ਕਿ ਸਾਡੀ ਆਪਣੀ ਹੋਂਦ ਵੀ ਕਰਤੇ ਦੀ ਕਿਰਤ ਹੈ। ਕਿਰਤ ਦੇ ਦੁਆਰਾ ਹੀ ਸਮੁੱਚਾ ਪਸਾਰਾ ਹੋਂਦ ਵਿਚ ਆਉਂਦਾ ਹੈ।
ਆਪੀਨੈ ਆਪੁ ਸਾਜਿਓ ਆਪੀਨੈ ਰਚਿਓ ਨਾਉ॥
ਦੁਯੀ ਕੁਦਰਤਿ ਸਾਜੀਐ ਕਰਿ ਆਸਣੁ ਡਿਠੋ ਚਾਉ॥ (ਅੰਗ 463)
ਪਰਮਾਤਮਾ ਨੇ ਆਪਣੇ-ਆਪ ਨੂੰ ਸਾਜਣ ਤੋਂ ਬਾਅਦ ਸਾਰੇ ਬ੍ਰਹਿਮੰਡੀ ਪਸਾਰੇ ਦੀ ਰਚਨਾ ਕੀਤੀ। ਮਨੁੱਖ ਦੀ ਰਚਨਾ ਕਰਤੇ ਦੀ ਉੱਤਮ ਕਿਰਤ ਹੈ, ਜਿਸ ਨੂੰ ਸਰਦਾਰੀ ਦੀ ਉਪਾਧੀ ਦੇ ਨਾਲ ਨਿਵਾਜਿਆ ਗਿਆ ਅਤੇ ਬੁੱਧੀ ਦੀ ਦਾਤ ਪ੍ਰਾਪਤ ਹੋਈ। ਮਨੁੱਖ ਉਸ ਕਰਤੇ ਦਾ ਹੀ ਸਰੂਪ ਹੈ। ਇਸ ਵਿਚ ਅਤੇ ਪਰਮਾਤਮਾ ਵਿਚ ਸਰੂਪ ਦਾ ਕੋਈ ਭੇਦ ਨਹੀਂ, ਹਾਂ ਦਰਜੇ ਦਾ ਭੇਦ ਜ਼ਰੂਰ ਹੈ। ਮਨਸੂਰ-ਅਲ-ਹਲਾਬ ਅਨੁਸਾਰ ਦਿੱਵਤਾ ਮਾਨਵਤਾ ਵਿਚ ਸਾਕਾਰ ਹੋਈ ਹੈ, ਕਿਉਂਕਿ ਮਨੁੱਖ ਰੱਬ ਦੀਆਂ ਸਾਰੀਆਂ ਵਿਸ਼ੇਸ਼ਤਾਵਾਂ ਤੇ ਨਾਂਵਾਂ ਦਾ ਪ੍ਰਤੀਰੂਪ ਹੈ, ਜਿਸ ਰਾਹੀਂ ਰੱਬ ਪ੍ਰਗਟ ਹੋਇਆ ਹੈ। ਮਨੁੱਖ ਵਿਚ ਕਰਤੇ ਵਾਲੇ ਸਾਰੇ ਕਰਤਾਰੀ ਗੁਣ ਮੌਜੂਦ ਹਨ, ਜਿੰਨ੍ਹਾਂ ਨੂੰ ਉਜਾਗਰ ਕਰਕੇ ਮਨੁੱਖ ਇਕ ਉਚੇਰੀ ਹਸਤੀ ਹੋ ਕੇ ਨਿੱਬੜਦਾ ਹੈ। ਮਨੁੱਖ ਵਿਚ ਸਭ ਤੋਂ ਮਹੱਤਵਪੂਰਨ ਗੁਣ ਕਿਰਤ ਦਾ ਹੈ, ਜਿਸ ਦੇ ਆਧਾਰ 'ਤੇ ਹੀ ਮਨੁੱਖ ਨੇ ਸਮੁੱਚਾ ਵਿਕਾਸ ਕੀਤਾ। ਆਪਣੇ-ਆਪ ਨੂੰ ਜੀਵਤ ਰੱਖਣ ਲਈ ਕਿਰਤ ਹੀ ਸਭ ਤੋਂ ਪਹਿਲਾ ਸਾਧਨ ਬਣੀ। ਮਨੁੱਖ ਨੇ ਆਪਣੀ ਤਾਕਤ ਨੂੰ ਆਪਣੀ ਬੁੱਧੀ ਦੁਆਰਾ ਕਿਰਤ ਦੇ ਰੂਪ ਵਿਚ ਸਾਕਾਰ ਕੀਤਾ। ਮਨੁੱਖ ਪੱਥਰ ਯੁੱਗ ਤੋਂ ਅੱਜ ਦੇ ਅਤਿ-ਆਧੁਨਿਕ ਯੁੱਗ ਤੱਕ ਆ ਪਹੁੰਚਿਆ, ਜਿਸ ਦਾ ਰਾਜ਼ ਮਨੁੱਖ ਦਾ ਦ੍ਰਿੜ੍ਹ ਇਰਾਦਾ ਅਤੇ ਆਪਣੀ ਕਿਰਤ ਵਿਚ ਜੁਟੇ ਰਹਿਣਾ ਹੀ ਸੀ। ਖ਼ਲੀਲ ਜਿਬਰਾਨ ਅਨੁਸਾਰ, 'ਤੁਹਾਡਾ ਕੰਮ ਵਿਚ ਜੁਟੇ ਰਹਿਣਾ ਵਾਸਤਵ ਵਿਚ ਤੁਹਾਡਾ ਜੀਵਨ ਨੂੰ ਪਿਆਰ ਕਰਨਾ ਹੀ ਹੈ।'
ਗੁਰਮਤਿ ਵਿਚ ਕਿਰਤ ਦੇ ਸੰਕਲਪ ਨੂੰ ਬਹੁਤ ਮਹਾਨਤਾ ਦਿੱਤੀ ਹੈ। ਗੁਰਮਤਿ ਇਕ ਕਿਰਤੀ ਮਨੁੱਖ ਦੀ ਉਸਾਰੀ ਕਰਦੀ ਹੈ, ਜੋ ਕਿਸੇ 'ਤੇ ਬੋਝ ਨਹੀਂ ਬਣਦਾ, ਸਗੋਂ 'ਸਰਬੱਤ ਦਾ ਭਲਾ' ਲੋਚਦਾ ਹੋਇਆ, ਹੋਰਾਂ ਦਾ ਸਹਾਰਾ ਬਣਦਾ ਹੈ। ਇਹ ਮਾਰਗ ਸੂਰਮਿਆਂ, ਯੋਧਿਆਂ ਅਤੇ ਬਹਾਦਰਾਂ ਦਾ ਮਾਰਗ ਹੈ, ਜੋ ਸਮਾਜ ਦੇ ਵਰਤਾਰਿਆਂ ਤੋਂ ਡਰ ਕੇ ਪਹਾੜਾਂ ਜਾਂ ਜੰਗਲਾਂ ਵਿਚ ਜਾ ਡੇਰਾ ਨਹੀਂ ਲਾਉਂਦੇ, ਸਗੋਂ ਹਰ ਵਕਤ ਅੰਦਰੂਨੀ ਅਤੇ ਬਾਹਰੀ ਜੰਗ ਲਈ ਤਿਆਰ ਰਹਿੰਦੇ ਹਨ।
ਖਾਲਸਾ ਸੋਇ ਜੋ ਚੜ੍ਹੇ ਤੁਰੰਗ॥
ਖਾਲਸਾ ਸੋਇ ਜੋ ਕਰੇ ਨਿਤ ਜੰਗ॥
ਗੁਰਸਿੱਖ ਇਸ ਸੰਸਾਰ ਵਿਚ ਰਹਿੰਦਾ ਹੋਇਆ ਹੀ ਸੁਤੰਤਰ ਜੀਵਨ ਨੂੰ ਮਾਣਦਾ ਹੈ। ਪਰਮਾਤਮਾ ਦੇ ਨਾਮ ਵਿਚ ਰੰਗਿਆ ਹੋਇਆ ਮਨੁੱਖ ਸੂਰਮੇ ਦੀ ਤਰ੍ਹਾਂ ਵਿਕਾਰਾਂ ਨਾਲ ਜੂਝਦਾ ਅਤੇ ਜਿੱਤ ਪ੍ਰਾਪਤ ਕਰਦਾ ਹੈ। ਸਿੱਖੀ ਦਾ ਮਾਰਗ ਸਮਾਜ ਨੂੰ ਸਿਖ਼ਰਤਾ ਤੱਕ ਲੈ ਕੇ ਜਾਣ ਵਾਲਾ ਹੈ। ਗੁਰਮਤਿ ਸਮਾਜ ਤੋਂ ਭਾਜਮਈ ਪ੍ਰਵਿਰਤੀ ਦੀ ਹਾਮੀ ਨਹੀਂ ਭਰਦੀ। ਗੁਰਮਤਿ ਦਾ ਪਾਂਧੀ ਆਪਣੇ ਪਰਿਵਾਰ ਵਿਚ ਰਹਿੰਦਾ ਹੋਇਆ, ਸਮਾਜਿਕ ਭਲਾਈ ਲਈ ਹਮੇਸ਼ਾ ਤਤਪਰ ਰਹਿੰਦਾ ਹੈ। ਗੁਰਸਿੱਖੀ ਦੇ ਮਾਰਗ ਵਿਚ ਅਜਿਹੇ ਮਹਾਨ ਵਿਅਕਤੀ ਵੀ ਵੇਖਣ ਨੂੰ ਮਿਲਦੇ ਹਨ, ਜਿਹੜੇ ਆਪਣਾ ਪੂਰਾ ਜੀਵਨ ਹੀ ਸਮਾਜ ਦੀ ਭਲਾਈ ਨੂੰ ਸਮਰਪਿਤ ਕਰ ਦਿੰਦੇ ਅਤੇ ਆਪਣੇ ਨਿੱਜਤਵ ਤੋਂ ਉੱਪਰ ਉੱਠ ਕੇ ਵਿਚਰਦੇ ਹਨ, ਜਿਨ੍ਹਾਂ ਦਾ ਪਰਿਵਾਰਕ ਘੇਰਾ ਬ੍ਰਹਿਮੰਡ ਦੀ ਤਰ੍ਹਾਂ ਵਿਸ਼ਾਲ ਹੁੰਦਾ ਹੈ। ਅਜਿਹੀ ਸ਼ਖ਼ਸੀਅਤ ਸਦਾ ਹੀ ਸਤਿਕਾਰ ਦਾ ਪਾਤਰ ਬਣਦੀ ਹੈ।
ਸਿੱਖ ਧਰਮ ਜਿੱਥੇ ਆਪਣੇ ਵਿਲੱਖਣ ਇਤਿਹਾਸ ਅਤੇ ਮਹਾਨ ਕਾਰਨਾਮਿਆਂ ਕਰਕੇ ਮਹਾਨ ਹੈ, ਉੱਥੇ ਨਾਲ ਹੀ ਗੁਰਮਤਿ ਦੇ ਸਿਧਾਂਤ ਨਵੀਂ ਚੇਤਨਾ ਦਾ ਵਿਕਾਸ ਕਰਦੇ ਹਨ। ਸਿੱਖ ਧਰਮ ਕਿਰਤ ਨੂੰ ਕੇਵਲ ਆਰਥਿਕ ਪੱਧਰ ਤੱਕ ਸੀਮਤ ਨਹੀਂ ਰਹਿਣ ਦਿੰਦਾ, ਬਲਕਿ ਕਿਰਤ ਦਾ ਸਬੰਧ ਧਾਰਮਿਕ, ਸਮਾਜਿਕ ਅਤੇ ਮਾਨਸਿਕ ਪੱਧਰਾਂ ਨਾਲ ਵੀ ਜੋੜਦਾ ਹੈ। ਡਾ: ਜਸਵੰਤ ਸਿੰਘ ਨੇਕੀ ਅਨੁਸਾਰ, 'ਸਿੱਖ ਧਰਮ ਵਿਚ ਕਿਰਤ ਕਰਨ ਨੂੰ ਦੁਨਿਆਵੀ ਕਾਰਜ ਨਹੀਂ, ਧਾਰਮਿਕ ਕਾਰਜ ਦਾ ਦਰਜਾ ਦਿੱਤਾ ਗਿਆ ਹੈ ਪਰ ਇਹ ਕਿਰਤ ਸੱਚੀ ਹੋਵੇ, ਦਸਾਂ ਨਹੁੰਆਂ ਦੀ ਕਿਰਤ ਅਥਵਾ ਧਰਮ ਕਿਰਤ। ਸਿੱਖੀ ਵਿਚ ਕਿਰਤ ਕਰਨੀ ਪੂਜਾ ਕਰਨ ਦੇ ਤੁੱਲ ਹੈ। ਇਹ ਅਰਦਾਸ ਹੁੰਦੀ ਹੈ ਸ਼ੁਕਰਾਨੇ ਦੀ। ਕਿਰਤ ਕੇਵਲ ਕਮਾਈ ਦਾ ਸਾਧਨ ਨਹੀਂ, ਪਰਮਾਤਮਾ ਦੀ ਸ਼ੁਕਰਗੁਜ਼ਾਰੀ ਦਾ ਸਾਧਨ ਵੀ ਹੈ। ਜੇਕਰ ਅਸੀਂ ਵਾਹਿਗੁਰੂ ਦੇ ਦਿੱਤੇ ਹੱਥ ਮਿਹਨਤ ਨਾਲ ਸੁੱਚੇ ਰੱਖ ਸਕਦੇ ਹਾਂ ਤਾਂ ਇਹ ਇਕ ਪ੍ਰਕਾਰ ਦਾ ਸ਼ੁਕਰਾਨਾ ਕਰਨਾ ਹੀ ਤਾਂ ਹੈ।' ਪ੍ਰੋ: ਪੂਰਨ ਸਿੰਘ ਅਨੁਸਾਰ, 'ਜਿਸ ਦੇ ਹੱਥ ਵਿਚ ਕਿਰਤ ਨਹੀਂ, ਉਹ ਨਿਕੰਮਾ ਆਦਮੀ ਹੈ। ਉਹ ਕਦੇ ਉੱਚ ਜੀਵਨ ਦੇ ਮਰਮਾਂ ਨੂੰ ਅਨੁਭਵ ਨਹੀਂ ਕਰ ਸਕਦਾ।'
ਇਸ ਪ੍ਰਕਾਰ ਹੀ ਗੁਰਮਤਿ ਸੁਕ੍ਰਿਤ ਭਾਵ ਸ੍ਰੇਸ਼ਟ ਕਿਰਤ 'ਤੇ ਜ਼ੋਰ ਦਿੰਦੀ ਹੈ, ਜਿਸ ਅਨੁਸਾਰ ਮਨੁੱਖ ਨੂੰ ਆਪਣੀ ਕਿਰਤ ਪ੍ਰਤੀ ਇਮਾਨਦਾਰ ਰਹਿਣਾ ਚਾਹੀਦਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦਾ ਮਲਿਕ ਭਾਗੋ ਨੂੰ ਛੱਡ ਭਾਈ ਲਾਲੋ ਜੀ ਜਿਹੇ ਗਰੀਬ ਕਿਰਤੀ ਦੇ ਘਰ ਜਾਣਾ ਕਿਰਤ ਦੀ ਮਹਾਨਤਾ ਨੂੰ ਵਰਨਿਤ ਕਰਦਾ ਹੈ। ਇਸ ਤਰ੍ਹਾਂ ਕਿਰਤ ਦੇ ਨਾਲ ਕਿਰਤੀ ਨੂੰ ਬਰਾਬਰ ਸਤਿਕਾਰ ਦਿੱਤਾ ਗਿਆ ਹੈ। ਕਿਰਤ ਚਾਹੇ ਕੋਈ ਵੀ ਹੋਵੇ, ਕਿਰਤ ਕਰਨ ਵਾਲਾ ਕਿਰਤੀ ਸਤਿਕਾਰਯੋਗ ਹੈ, ਕਿਉਂਕਿ ਉਸ ਨੇ ਸੰਘਰਸ਼ਮਈ ਜੀਵਨ ਨੂੰ ਅਪਣਾਇਆ ਹੁੰਦਾ ਹੈ। ਕਿਰਤ ਕਰਨਾ ਵੀ ਇਕ ਸੰਘਰਸ਼ ਹੈ, ਜਿਹੜਾ ਸਾਡੀ ਆਪਣੀ ਅਤੇ ਇਕ ਚੰਗੇ ਸਮਾਜ ਦੀ ਘਾੜਤ ਘੜਦਾ ਹੈ। ਜਿਸ ਕੌਮ ਵਿਚ ਕਿਰਤੀ ਪੈਦਾ ਹੋਏ, ਉਹ ਸਿਖ਼ਰਾਂ 'ਤੇ ਅੱਪੜ ਗਈ। ਇਹ ਕਿਰਤੀਆਂ ਦੀ ਬਦੌਲਤ ਹੋਇਆ ਕਿ ਭੂਮੀ ਨੂੰ ਵਾਹੁਣਯੋਗ ਬਣਾ ਅੰਨ ਪੈਦਾ ਕੀਤਾ ਗਿਆ, ਵੱਡੀਆਂ-ਵੱਡੀਆਂ ਸੁੰਦਰ ਇਮਾਰਤਾਂ ਨੂੰ ਕਿਰਤੀਆਂ ਨੇ ਆਪਣੇ ਮੋਢਿਆਂ ਉੱਪਰ ਖੜ੍ਹਾ ਕੀਤਾ। ਅਸਲ ਵਿਚ ਕੋਈ ਦੇਸ਼ ਕਿਰਤੀਆਂ ਦੇ ਸਿਰ 'ਤੇ ਹੀ ਕਾਇਮ ਹੁੰਦਾ ਅਤੇ ਆਪਣੀ ਹੋਂਦ ਨੂੰ ਕਾਇਮ ਰੱਖਦਾ ਹੈ। ਇਸ ਲਈ ਕਿਰਤੀ ਮਨੁੱਖ ਇਕ ਚੰਗੇ ਸਮਾਜ ਦਾ ਰਚੇਤਾ ਹੋ ਨਿੱਬੜਦਾ ਹੈ।
'ਨਾਮ ਜਪੋ, ਕਿਰਤ ਕਰੋ ਅਤੇ ਵੰਡ ਛਕੋ' ਗੁਰਮਤਿ ਦਾ ਪ੍ਰਮੁੱਖ ਸਿਧਾਂਤ ਹੈ। ਅਧਿਆਤਮਿਕ ਜੀਵਨ ਲਈ 'ਨਾਮ' , ਨਿੱਜੀ ਜੀਵਨ ਅਤੇ ਸਮਾਜਿਕ ਜੀਵਨ ਲਈ 'ਕਿਰਤ' ਅਤੇ 'ਵੰਡ ਛਕਣ' ਦੀ ਲੋੜ ਹੁੰਦੀ ਹੈ।
ਘਾਲਿ ਖਾਇ ਕਿਛੁ ਹਥਹੁ ਦੇਇ॥
ਨਾਨਕ ਰਾਹੁ ਪਛਾਣਹਿ ਸੇਇ॥ (ਅੰਗ 1245)
ਗੁਰਸਿੱਖੀ ਦਾ ਮਾਰਗ ਅਧਿਆਤਮਿਕ ਪ੍ਰਾਪਤੀ ਦੇ ਲਈ ਕਿਰਤ ਨਾਲੋਂ ਨਹੀਂ ਤੋੜਦਾ। ਕਿਰਤ ਦੇ ਨਾਲ ਹੀ ਅਧਿਆਤਮਿਕ ਪ੍ਰਾਪਤੀ ਦੀ ਹਾਮੀ ਭਰਦਾ ਹੈ। ਗੁਰਸਿੱਖ ਆਪਣੇ ਅਧਿਆਤਮਿਕ ਜੀਵਨ ਕਾਰਨ ਪਦਾਰਥਵਾਦ ਵਿਚ ਏਨਾ ਖਚਤ ਨਹੀਂ ਹੁੰਦਾ ਕਿ ਉਹ ਹਰ ਵਸਤੂ, ਮਨੁੱਖ ਅਤੇ ਭਾਵਨਾਵਾਂ ਦਾ ਜਿਣਸੀਕਰਨ ਕਰ ਦੇਵੇ। ਨਾਮ ਜਪਣ ਦਾ ਸਿਧਾਂਤ ਉਸ ਦੀ ਬਿਰਤੀ ਨੂੰ ਹਮੇਸ਼ਾ ਉਚੇਰਾ ਬਣਾ ਕੇ ਰੱਖਦਾ ਹੈ, ਜਿਸ ਕਾਰਨ ਗੁਰਸਿੱਖ ਆਪਹੁਦਰਾਪਣ, ਸੁਆਰਥ, ਲਾਲਚ, ਧੋਖਾ ਅਤੇ ਭ੍ਰਿਸ਼ਟਾਚਾਰ ਤੋਂ ਬਚਿਆ ਰਹਿੰਦਾ ਹੈ। ਗੁਰਮਤਿ ਮਨੁੱਖ ਦਾ ਪੂਰਨ ਵਿਕਾਸ ਕਰਦੀ ਹੈ, ਜਿਸ ਨਾਲ ਮਨੁੱਖ ਸਮਾਜਿਕ ਵਿਕਾਸ ਦੇ ਨਾਲ-ਨਾਲ ਮਾਨਸਿਕ ਅਤੇ ਆਤਮਿਕ ਵਿਕਾਸ ਵੀ ਕਰਦਾ ਹੈ। ਭਗਤ ਕਬੀਰ ਜੀ ਦੇ ਸਲੋਕਾਂ ਵਿਚ ਭਗਤ ਤ੍ਰਿਲੋਚਨ ਅਤੇ ਭਗਤ ਨਾਮਦੇਵ ਜੀ ਦਾ ਵਾਰਤਾਲਾਪ ਇਸ ਸਿਧਾਂਤ ਦੀ ਵਿਆਖਿਆ ਬਹੁਤ ਹੀ ਸੁੰਦਰ ਢੰਗ ਨਾਲ ਕਰਦਾ ਹੈ, ਜਿਸ ਵਿਚ ਭਗਤ ਨਾਮਦੇਵ ਜੀ ਹੱਥੀਂ ਕਿਰਤ ਕਰਨ ਦੇ ਨਾਲ ਹੀ ਆਪਣੀ ਸੁਰਤਿ ਨੂੰ ਪਰਮਾਤਮਾ ਵਿਚ ਜੋੜੀ ਰੱਖਣ ਦਾ ਵਰਣਨ ਕਰਦੇ ਹਨ।
ਨਾਮਾ ਕਹੈ ਤਿਲੋਚਨਾ ਮੁਖ ਤੇ ਰਾਮ ਸੰਮ੍ਹਾਲਿ॥
ਹਾਥ ਪਾਉ ਕਰਿ ਕਾਮੁ ਸਭੁ ਚੀਤੁ ਨਿਰੰਜਨ ਨਾਲਿ॥
(ਅੰਗ 1375)
ਕਿਰਤ ਸਾਨੂੰ ਜ਼ਿੰਦਗੀ ਦੇ ਅਨੇਕਾਂ ਅਨੁਭਵ ਕਰਾਉਣ ਦੇ ਨਾਲ-ਨਾਲ ਸਕੂਨ ਦਿੰਦੀ ਹੈ। ਕਿਰਤ ਕਰਨੀ ਤਾਂ ਮਨੁੱਖ ਦੀ ਖ਼ਾਸ ਵਿਲੱਖਣਤਾ ਹੈ, ਕਰਤਾਰ ਦੀ ਉਚੇਰੀ ਮਿਹਰ। ਕਿਰਤੀ ਨੂੰ ਰੱਬ ਆਪ ਸਹਾਇਤਾ ਕਰਨ ਆਉਂਦਾ ਹੈ, ਕਿਉਂਕਿ ਕਿਰਤੀ ਕੇਵਲ ਆਪਣੇ ਲਈ ਕੰਮ ਨਹੀਂ ਕਰਦਾ, ਉਹ ਰੱਬ ਦੇ ਸਾਰੇ ਸੰਸਾਰ ਲਈ ਕਰਦਾ ਹੈ। ਕਿਰਤੀ ਮਿਹਨਤੀ ਹੁੰਦਾ ਹੈ ਤੇ ਮਿਹਨਤ ਨਾਲ ਤਾਂ ਪੱਥਰਾਂ ਵਿਚੋਂ ਵੀ ਅੱਗ ਕੱਢੀ ਜਾ ਸਕਦੀ ਹੈ। ਕਿਰਤ ਨਾਲ ਮਨੁੱਖ ਕੇਵਲ ਆਪਣੀਆਂ ਲੋੜਾਂ ਹੀ ਪੂਰੀਆਂ ਨਹੀਂ ਕਰਦਾ, ਸਗੋਂ ਅਕੇਵੇਂ ਤੋਂ ਵੀ ਬਚਦਾ ਹੈ ਤੇ ਪਾਪ ਕਰਮਾਂ ਲਈ ਵਿਹਲ ਤੋਂ ਵੀ। ਤਦੇ ਤਾਂ ਸਤਿਗੁਰਾਂ ਕਿਰਤ ਦਾ ਗੁਰ ਦ੍ਰਿੜ੍ਹ ਕਰਾਇਆ ਹੈ।
ਵਿਹਲੇ ਰਹਿਣ ਵਾਲੇ ਮਨੁੱਖ ਹਮੇਸ਼ਾ ਮਾਨਸਿਕ ਰੋਗਾਂ ਦਾ ਸ਼ਿਕਾਰ ਹੋ ਜਾਂਦੇ ਹਨ। ਇਕ ਅਖੌਤ ਅਨੁਸਾਰ, 'ਵਿਹਲਾ ਮਨ ਸ਼ੈਤਾਨ ਦਾ ਘਰ ਹੁੰਦਾ ਹੈ।' ਆਪਣੇ ਅੰਦਰ ਚੰਗੀਆਂ ਨੈਤਿਕ ਕਦਰਾਂ-ਕੀਮਤਾਂ ਦਾ ਵਿਕਾਸ ਕਰਨ ਲਈ ਕਿਰਤ ਬਹੁਤ ਜ਼ਰੂਰੀ ਹੈ। ਕਿਰਤ ਤੋਂ ਬਿਨਾਂ ਜ਼ਿੰਦਗੀ ਇਸ ਤਰ੍ਹਾਂ ਦੀ ਹੈ, ਜਿਵੇਂ ਅਸੀਂ ਆਪਣੇ ਜੀਵਨ ਨੂੰ ਪਿਆਰ ਨਾ ਕਰਦੇ ਹੋਈਏ। ਜਿਸ ਵਿਚ ਅਸੀਂ ਕੇਵਲ ਭੋਗਦੇ ਹਾਂ ਪਦਾਰਥਾਂ ਨੂੰ, ਪਰ ਮਨੁੱਖ ਇਕ ਕਰਮ ਜੂਨੀ ਹੈ, ਜਿਸ ਲਈ ਕਰਮ ਕਰਨ ਭਾਵ ਕਿਰਤ ਦੀ ਬਹੁਤ ਮਹੱਤਤਾ ਹੈ। ਮਨੁੱਖ ਜਿਹੋ ਜਿਹੇ ਕਰਮ ਕਰੇਗਾ, ਵੈਸਾ ਹੀ ਪ੍ਰਾਪਤ ਕਰੇਗਾ ਅਤੇ ਅੰਤ ਨਿਬੇੜਾ ਵੀ ਕਰਮਾਂ ਦਾ ਹੀ ਹੋਣਾ ਹੈ।
ਜੇਹਾ ਬੀਜੈ ਸੋ ਲੁਣੈ ਕਰਮਾ ਸੰਦੜਾ ਖੇਤੁ॥ (ਅੰਗ 134)
ਇਸ ਤਰ੍ਹਾਂ ਕਿਰਤ ਦੀ ਮਹਾਨਤਾ ਸਾਡੇ ਲਈ ਹੋਰ ਵੀ ਵਧ ਜਾਂਦੀ ਹੈ। ਗੁਰ-ਇਤਿਹਾਸ ਵਿਚ ਅਸੀਂ ਦੇਖਦੇ ਹਾਂ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਉਦਾਸੀਆਂ 'ਤੇ ਨਿਕਲਣ ਤੋਂ ਪਹਿਲਾਂ ਮੋਦੀਖਾਨੇ ਵਿਚ ਨੌਕਰੀ ਕੀਤੀ ਅਤੇ ਉਦਾਸੀਆਂ ਉਪਰੰਤ ਕਰਤਾਰਪੁਰ ਸਾਹਿਬ ਵਿਖੇ ਤਕਰੀਬਨ 17 ਸਾਲ ਹੱਥੀਂ ਕਿਰਤ (ਖੇਤੀਬਾੜੀ) ਕੀਤੀ ਅਤੇ ਦੁਨੀਆ ਦੇ ਸਾਹਮਣੇ ਇਕ ਵਿਲੱਖਣ ਮਿਸਾਲ ਕਾਇਮ ਕਰ ਦਿੱਤੀ। ਸ੍ਰੀ ਗੁਰੂ ਅੰਗਦ ਦੇਵ ਜੀ ਦਾ ਹਰ ਹੁਕਮ ਨੂੰ ਮੰਨ ਸੇਵਾ ਵਿਚ ਹਾਜ਼ਰ ਰਹਿਣਾ, ਸ੍ਰੀ ਗੁਰੂ ਅਮਰਦਾਸ ਜੀ ਦੀ 12 ਸਾਲ ਖਡੂਰ ਸਾਹਿਬ ਵਿਖੇ ਗਾਗਰ ਢੋਣ ਦੀ ਸੇਵਾ ਕਰਨਾ ਅਤੇ ਇਸ ਤਰ੍ਹਾਂ ਹੀ ਸ੍ਰੀ ਗੁਰੂ ਰਾਮਦਾਸ ਜੀ ਵਲੋਂ ਸਿਰ ਉੱਤੇ ਇੱਟਾਂ, ਚੂਨਾ ਅਤੇ ਟੋਕਰੀ ਢੋਹਣਾ ਆਦਿ ਅਤੇ ਸ੍ਰੀ ਗੁਰੂ ਅਰਜਨ ਦੇਵ ਜੀ ਦੁਆਰਾ ਜੋੜਿਆਂ ਦੀ ਸੇਵਾ ਕਰਨਾ ਆਦਿ ਕਿਰਤ ਕਰਨ ਦੀ ਇਕ ਸ਼ਾਨਦਾਰ ਮਿਸਾਲ ਹੈ, ਜਿਸ ਤੋਂ ਸੇਧ ਲੈ ਕੇ ਅਸੀਂ ਆਪਣੇ ਜੀਵਨ ਦੀ ਘਾੜਤ ਘੜ ਸਕਦੇ ਹਾਂ।
ਸੋ ਅੰਤ ਵਿਚ ਅਸੀਂ ਕਹਿ ਸਕਦੇ ਹਾਂ ਕਿ ਕਿਰਤ ਜੀਵਨ ਦੀ ਨਿਸ਼ਾਨੀ ਹੈ। ਕਿਰਤ ਤੋਂ ਬਿਨਾਂ ਜੀਵਨ ਵਿਚ ਅਨੰਦ ਅਤੇ ਸ਼ਾਂਤੀ ਨਹੀਂ। ਗੁਰਮਤਿ ਸ੍ਰੇਸ਼ਟ ਕਿਰਤ ਕਰਨ ਦਾ ਸਿਧਾਂਤ ਪੇਸ਼ ਕਰਦੀ ਹੈ। ਹਰ ਗੁਰਸਿੱਖ ਕਿਰਤ ਕਰਦਾ ਹੋਇਆ ਪਰਮਾਤਮਾ ਦੀ ਬੰਦਗੀ ਵਿਚ ਲੀਨ ਰਹਿੰਦਾ ਹੈ, ਜਿਸ ਨਾਲ ਹੀ ਉਹ ਇਕ ਆਦਰਸ਼ਕ ਇਨਸਾਨ ਹੋ ਨਿੱਬੜਦਾ ਹੈ। ਇਸ ਲਈ ਅੱਜ ਵੱਧ ਤੋਂ ਵੱਧ ਲੋੜ ਹੈ ਕਿ ਅਸੀਂ ਕਿਰਤੀ ਜੀਵਨ ਜੀਵੀਏ। ਇਸ ਤੋਂ ਬਿਨਾਂ ਜੀਵਨ ਦਾ ਕੋਈ ਅਰਥ ਨਹੀਂ ਅਤੇ ਕਿਰਤ ਕਰਦੇ ਹੋਏ ਅਜਿਹੇ ਸਮਾਜ ਦੀ ਸਿਰਜਣਾ ਕਰੀਏ, ਜੋ ਸਭ ਦੁਆਰਾ ਸਿਰਜਿਆ ਅਤੇ ਸਭਨਾਂ ਲਈ ਹੋਵੇ।


-ਵਿਦਿਆਰਥੀ, ਸ੍ਰੀ ਗੁਰੂ ਅੰਗਦ ਦੇਵ ਇੰਸਟੀਚਿਊਟ ਆਫ਼ ਰਿਲੀਜੀਅਸ ਸਟੱਡੀਜ਼, ਨਿਸ਼ਾਨ-ਏ-ਸਿੱਖੀ, ਖਡੂਰ ਸਾਹਿਬ।
ਮੋਬਾ: 98555-34961


ਖ਼ਬਰ ਸ਼ੇਅਰ ਕਰੋ

ਰਾਮਗੜ੍ਹ ਕਿਲ੍ਹਾ ਅਤੇ ਮੀਰ ਮੰਨੂ

ਜਦੋਂ ਸਿੰਘਾਂ ਨੂੰ ਸਿੰਘ ਹੀ ਮਾਰੇ। ਕੀ ਕਰਨਗੇ ਸਿੰਘ ਵਿਚਾਰੇ॥
ਅਕਾਲ ਤਖ਼ਤ ਸ੍ਰੀ ਅੰਮ੍ਰਿਤਸਰ ਵਿਚ ਸਿੰਘਾਂ ਦੇ ਇਕੱਠ ਨੇ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਆਏ ਸਿੰਘਾਂ ਨੂੰ ਸ਼ਰਨ ਦੇਣ ਲਈ ਰਾਮ ਸਰ ਸਰੋਵਰ ਦੇ ਨੇੜੇ ਕਿਲ੍ਹਾ ਬਣਾਉਣ ਦਾ ਫ਼ੈਸਲਾ ਕੀਤਾ। ਆਪੇ ਹੀ ਮਿੱਟੀ ਅਤੇ ਇੱਟਾਂ ਦੀ ਚੁਣਾਈ ਕਰਕੇ ਸੰਨ 1748 ਈ: ਵਿਚ ਕਿਲ੍ਹਾ ਤਿਆਰ ਕਰਕੇ ਘਾਹ ਅਤੇ ਅੰਨ ਦਾ ਭੰਡਾਰ ਇਕੱਠਾ ਕਰਕੇ 500 ਸਿੰਘ ਕਿਲ੍ਹੇ ਵਿਚ ਰਹਿਣ ਲੱਗ ਪਏ। ਕਿਲ੍ਹੇ ਦੇ ਨੇੜੇ ਸਿੰਘ ਖੇਤੀ ਕਰਦੇ ਸਨ, ਉਸ ਜ਼ਮੀਨ ਦਾ ਨਾਂਅ ਰਾਮ ਰੌਣੀ ਅਤੇ ਕਿਲ੍ਹੇ ਦਾ ਨਾਂਅ ਰਾਮਗੜ੍ਹ ਪੈ ਗਿਆ।
ਸੂਬੇਦਾਰ ਮੀਰ ਮੰਨੂ ਨੇ ਸਿੰਘਾਂ ਨੂੰ ਖ਼ਤਮ ਕਰਨ ਲਈ ਗਸ਼ਤੀ ਫ਼ੌਜ ਚਾੜ੍ਹ ਦਿੱਤੀ ਅਤੇ ਪਹਾੜੀ ਰਾਜਿਆਂ ਨੂੰ ਲਿਖ ਭੇਜਿਆ ਕਿ ਆਪਣੇ ਦੇਸ਼ ਵਿਚ ਸਿੰਘਾਂ ਨੂੰ ਵੜਨ ਨਹੀਂ ਦੇਣਾ, ਕੋਈ ਸਿੰਘ ਮਿਲ ਜਾਏ ਕੈਦ ਕਰਕੇ ਮੇਰੇ ਕੋਲ ਭੇਜ ਦਿਓ। ਫੜੇ ਗਏ ਸਿੰਘ ਲਾਹੌਰ ਦੇ ਨਿਖਾਸ ਚੌਕ ਵਿਚ ਕਤਲ ਕਰ ਦਿੱਤੇ ਜਾਂਦੇ ਸਨ।
ਮੀਰ ਮੰਨੂ ਦਾ ਪਿਛੋਕੜ-ਅਹਿਮਦ ਸ਼ਾਹ ਅਬਦਾਲੀ ਨੇ ਸੰਨ 1748 ਈ: ਨੂੰ ਦੂਜੇ ਹਮਲੇ ਵਿਚ ਲਾਹੌਰ ਦੇ ਸੂਬੇਦਾਰ ਸ਼ਾਹ ਨਵਾਜ਼ (ਜ਼ਕਰੀਆ ਖਾਨ ਦਾ ਪੁੱਤਰ) ਨੂੰ ਹਰਾ ਕੇ ਦਿੱਲੀ ਵੱਲ ਚਾਲੇ ਪਾ ਦਿੱਤੇ। ਅਬਦਾਲੀ ਦੇ ਆਉਣ ਦੀ ਖ਼ਬਰ ਸੁਣ ਕੇ ਦਿੱਲੀ ਦੇ ਬਾਦਸ਼ਾਹ ਅਹਿਮਦ ਸ਼ਾਹ (ਮੁਹੰਮਦ ਸ਼ਾਹ ਰੰਗੀਲੇ ਦਾ ਬੇਟਾ) ਨੇ ਵਜ਼ੀਰ ਕਮਰਦੀਨ ਨੂੰ ਫ਼ੌਜ ਦੇ ਕੇ ਦਿੱਲੀ ਤੋਂ ਤੋਰ ਦਿੱਤਾ। ਅਬਦਾਲੀ ਦੇ ਲਾਹੌਰ ਤੋਂ ਤੁਰ ਪਏ ਦੀ ਖ਼ਬਰ ਸੁਣ ਕੇ ਕਮਰਦੀਨ ਸਰਹਿੰਦ ਰੁਕ ਗਿਆ। ਅਬਦਾਲੀ ਵੀ ਸਰਹਿੰਦ ਪਹੁੰਚ ਗਿਆ ਅਤੇ ਦੋਵਾਂ ਦਲਾਂ ਦੀ ਲੜਾਈ ਸ਼ੁਰੂ ਹੋ ਗਈ। ਹਾਥੀ ਉੱਤੇ ਬੈਠੇ ਕਮਰਦੀਨ ਨੂੰ ਤੀਰ ਵੱਜ ਗਿਆ। ਉਸ ਦੇ ਪਿੱਛੇ ਬੈਠੇ ਉਸ ਦੇ ਲੜਕੇ ਮੀਰ ਮੰਨੂ ਨੇ ਆਪਣੇ ਪਿਤਾ ਨੂੰ ਫੜ ਕੇ ਰੱਖਿਆ, ਮਰਨ ਦੀ ਖ਼ਬਰ ਨਾ ਹੋਣ ਦਿੱਤੀ। ਅਬਦਾਲੀ ਹਾਰ ਗਿਆ। ਮੰਨੂ ਨੇ ਅਬਦਾਲੀ ਦਾ ਲਾਹੌਰ ਤੱਕ ਪਿੱਛਾ ਕਰਕੇ ਅਬਦਾਲੀ ਦੇ ਕਈ ਫ਼ੌਜੀ ਮਾਰ ਦਿੱਤੇ ਅਤੇ ਅਬਦਾਲੀ ਵਾਪਸ ਚਲਾ ਗਿਆ। ਅਪ੍ਰੈਲ, 1748 ਨੂੰ ਮੰਨੂ ਸਰਹਿੰਦ, ਲਾਹੌਰ ਅਤੇ ਮੁਲਤਾਨ ਦਾ ਸੂਬੇਦਾਰ ਬਣ ਗਿਆ। ਜ਼ਕਰੀਆ ਖਾਨ ਦੇ ਦੀਵਾਨ ਕੌੜਾ ਮੱਲ ਨੂੰ ਦਿਵਾਨੀ ਦੀ ਖਿਲਤ ਦੇ ਦਿੱਤੀ।
ਕੌੜਾ ਮੱਲ ਨੇ ਲਖਪਤ ਰਾਏ ਨੂੰ ਕੈਦ ਕਰਕੇ ਇਕ ਬੁਰਜ ਵਿਚ ਬੰਦ ਕਰਕੇ ਸਿੰਘਾਂ ਦੇ ਹਵਾਲੇ ਕਰ ਦਿੱਤਾ। ਘੋਰ ਨਰਕ ਦਾ 6 ਮਹੀਨੇ ਕਸ਼ਟ ਭੋਗ ਕੇ ਲਖਪਤ ਰਾਏ ਮਰ ਗਿਆ।
ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਨੂੰ ਇਕ ਅਫਵਾਹ ਸੁਣ ਕੇ ਸ: ਜੱਸਾ ਸਿੰਘ ਨੂੰ ਤਨਖਾਹੀਆ ਕਰਾਰ ਦੇ ਕੇ ਪੰਥ ਵਿਚੋਂ ਛੇਕ ਦਿੱਤਾ। ਸ: ਜੱਸਾ ਸਿੰਘ 4 ਭਰਾਵਾਂ ਅਤੇ 100 ਘੋੜਸਵਾਰਾਂ ਸਮੇਤ ਅਦੀਨਾ ਬੇਗ ਨਾਲ ਮਿਲ ਗਏ ਸਨ।
ਸੰਨ 1749 ਈ: ਦੀ ਦੀਵਾਲੀ ਨੂੰ ਮੀਰ ਮੰਨੂ ਨੇ ਅਦੀਨਾ ਬੇਗ ਨੂੰ ਜਲੰਧਰੋਂ ਸੱਦ ਕੇ ਕੌੜਾ ਮੱਲ, ਸਦੀਕ ਬੇਗ ਆਦਿ ਅਧਿਕਾਰੀਆਂ ਨੂੰ ਫ਼ੌਜ ਦੇ ਕੇ ਸਿੰਘਾਂ ਨੂੰ ਫੜਨ ਲਈ ਸ੍ਰੀ ਅੰਮ੍ਰਿਤਸਰ ਭੇਜ ਦਿੱਤਾ। ਜਿਸ ਸਮੇਂ ਇਹ ਖ਼ਬਰ ਫੈਲ ਗਈ, ਕਈ ਸਿੰਘ ਆਪਣੇ ਘਰਾਂ ਵਿਚੋਂ ਆਟਾ, ਦਾਣੇ ਅਤੇ ਘਾਹ ਘੋੜਿਆਂ ਉੱਤੇ ਲੱਧ ਕੇ ਰਾਮ ਰੌਣੀ ਲੈ ਆਏ। ਦੋ ਮਹੀਨੇ ਮੋਰਚੇ ਲੱਗੇ ਰਹੇ।
ਸਰਦਾਰ ਜੱਸਾ ਸਿੰਘ ਨੇ ਜਥੇ ਨਾਲ ਸਲਾਹ ਕਰਕੇ ਤੀਰ ਨਾਲ ਚਿੱਠੀ ਬੰਨ੍ਹ ਕੇ ਕਿਲ੍ਹੇ ਵਿਚ ਭੇਜ ਦਿੱਤੀ। ਚਿੱਠੀ ਉੱਤੇ ਲਿਖਿਆ ਸੀ 'ਖ਼ਾਲਸਾ ਜੀ ਮੈਨੂੰ ਆਪਣੇ ਵਿਚ ਮੇਲ ਲਵੋ, ਤਾਂ ਆ ਜਾਵਾਂ।' ਪੰਥ ਨੇ ਉਸੇ ਤੀਰ ਨਾਲ ਚਿੱਠੀ ਬੰਨ੍ਹ ਕੇ ਉੱਤਰ ਦਿੱਤਾ 'ਅਸੀਂ ਤੁਹਾਨੂੰ ਪੰਥ ਨਾਲ ਮੇਲਦੇ ਹਾਂ, ਆ ਜਾਓ। ਜੈਕਾਰਾ ਗੁੰਜਾ ਕੇ ਰਾਤ ਕਿਲ੍ਹੇ ਦਾ ਦਰਵਾਜ਼ਾ ਖੋਲ੍ਹਾਂਗੇ।' ਸਰਦਾਰ ਜੱਸਾ ਸਿੰਘ ਜਥੇ ਸਮੇਤ ਮੁਸਲਮਾਨਾਂ ਦਾ ਅਸਲ੍ਹਾ, ਅਨਾਜ ਅਤੇ ਘਾਹ ਲੈ ਕੇ ਕਿਲ੍ਹੇ ਵਿਚ ਚਲਿਆ ਗਿਆ।
ਕਈ ਦਿਨ ਸਿੰਘ ਲੜਦੇ ਰਹੇ ਅਤੇ ਕਈ ਵਾਰੀ ਰਾਤ ਨੂੰ ਫ਼ੌਜ ਉੱਤੇ ਹਮਲਾ ਕਰਕੇ ਕੱਟ-ਵੱਢ ਕਰਕੇ ਕੱਚਾ-ਪੱਕਾ ਖੋਹ ਕੇ ਜੈਕਾਰੇ ਗੁੰਜਾਉਂਦੇ ਕਿਲ੍ਹੇ ਅੰਦਰ ਆ ਜਾਂਦੇ।
ਜ਼ਕਰੀਆ ਖਾਨ ਦੇ ਚਾਰ ਲੜਕੇ ਬਿਜੇ ਖਾਂ, ਈਸੇ ਖਾਂ, ਸ਼ਾਹਨਿਵਾਜ ਅਤੇ ਅਹੀਏ ਖਾਂ ਸਨ। ਤਾਰੂ ਸਿੰਘ ਦੀ ਸ਼ਹੀਦੀ ਤੋਂ ਪਹਿਲਾਂ ਅਹੀਏ ਖਾਂ ਅਤੇ ਜ਼ਕਰੀਆ ਖਾਂ ਦੀ ਮੌਤ ਤੋਂ ਬਾਅਦ ਬਿਜੇ ਖਾਂ ਲਾਹੌਰ ਦਾ ਸੂਬੇਦਾਰ ਬਣ ਗਿਆ। ਬਿਜੇ ਖਾਂ ਨੂੰ ਕੈਦ ਕਰਕੇ ਸ਼ਾਹ ਨਿਵਾਜ ਲਾਹੌਰ ਦਾ ਸੂਬੇਦਾਰ ਬਣ ਗਿਆ। ਕਿਸੇ ਤਰ੍ਹਾਂ ਬਿਜੇ ਖਾਂ ਜੇਲ੍ਹ ਵਿਚੋਂ ਨਿਕਲ ਕੇ ਦਿੱਲੀ ਚਲਾ ਗਿਆ। ਈਸੇ ਖਾਂ ਜਲੰਧਰ ਦਾ ਹਾਕਮ ਸੀ।
ਅਹਿਮਦ ਸ਼ਾਹ ਅਬਦਾਲੀ ਦਾ ਤੀਜਾ ਹਮਲਾ-ਸੰਨ 1750 ਈ: ਦੇ ਅਬਦਾਲੀ ਦੇ ਭਾਰਤ ਉੱਤੇ ਹਮਲੇ ਦੀ ਖ਼ਬਰ ਸੁਣਦੇ ਸਾਰ ਮੰਨੂ ਨੇ ਸਿੰਘਾਂ ਨਾਲ ਕੀ ਲੜਨਾ ਸੀ, ਹੋਰ ਬਿਪਤਾ ਪੈ ਗਈ। ਟਾਕਰਾ ਨਾ ਕਰਨ ਦੀ ਹਿੰਮਤ ਵੇਖ ਕੇ ਮੰਨੂ ਨੇ ਦਰਿਆ ਚਿਨਾਬ ਦੇ ਕੰਢੇ ਅਬਦਾਲੀ ਨੂੰ ਮਿਲ ਕੇ 15 ਲੱਖ ਰੁਪਏ ਨਕਦ ਦਿੱਤੇ। ਸਿਆਲਕੋਟ ਅਤੇ ਗੁਜਰਾਤ ਦਾ ਮਾਮਲਾ ਜਿਹੜਾ ਸੂਬਾ ਜ਼ਕਰੀਆ ਖਾਨ ਅਤੇ ਬਿਜੇ ਖਾਂ (ਜ਼ਕਰੀਆ ਖਾਨ ਦਾ ਲੜਕਾ) ਅਬਦਾਲੀ ਨੂੰ ਭੇਜਦੇ ਸਨ, ਇਸ ਨੇ ਦੇਣਾ ਬੰਦ ਕਰ ਦਿੱਤਾ ਸੀ, ਉਹ ਵੀ ਲੈਣ ਦੀ ਲਿਖਤ ਕਰਕੇ ਅਬਦਾਲੀ ਵਾਪਸ ਚਲਾ ਗਿਆ।
ਮੀਰ ਮੰਨੂ ਵਲੋਂ ਸਿੰਘਾਂ ਦੀ ਮਦਦ ਨਾਲ ਮੁਲਤਾਨ ਜਿੱਤਣਾ-ਮੰਨੂ ਦੀ ਇਸ ਚਾਲ ਦਾ ਦਿੱਲੀ ਦੇ ਬਾਦਸ਼ਾਹ ਅਹਿਮਦ ਸ਼ਾਹ ਨੂੰ ਪਤਾ ਲੱਗਾ ਤਾਂ ਉਸ ਨੇ ਮੀਰ ਮੰਨੂ ਤੋਂ ਮੁਲਤਾਨ ਛੁਡਵਾ ਕੇ ਸ਼ਾਹ ਨਵਾਜ਼ ਨੂੰ 1750 ਵਿਚ ਮੁਲਤਾਨ ਦਾ ਸੂਬੇਦਾਰ ਬਣਾ ਦਿੱਤਾ। ਮੀਰ ਮੰਨੂ ਨੇ ਨਾਰਾਜ਼ ਹੋ ਕੇ ਕੌੜਾ ਮੱਲ ਨੂੰ ਹੁਕਮ ਦਿੱਤਾ ਕਿ ਸ਼ਾਹ ਨਵਾਜ਼ ਨੂੰ ਮੁਲਤਾਨ ਵਿਚੋੋਂ ਕੱਢ ਕੇ ਆਪ ਰਾਜ ਕਰੋ। ਕੌੜਾ ਮੱਲ ਨੇ ਮੰਨੂ ਨੂੰ ਸਿੰਘਾਂ ਦੀ ਬਹਾਦਰੀ ਅਤੇ ਭੋਲਾਪਨ ਦੱਸਿਆ, ਮੰਨੂ ਮੰਨ ਗਿਆ। ਕੌੜਾ ਮੱਲ ਨੇ ਸਿੰਘਾਂ ਨੂੰ ਹਮਾਇਤ ਲਈ ਮਨਾ ਲਿਆ। ਜ਼ਕਰੀਆਂ ਖਾਨ ਦੇ ਪੁੱਤਰ ਨੂੰ ਸੋਧਣ ਲਈ ਹੋਰ ਸਿੰਘ ਵੀ ਆ ਗਏ ਅਤੇ ਮੁਲਤਾਨ ਉੱਤੇ ਹਮਲਾ ਕਰ ਦਿੱਤਾ। 6 ਮਹੀਨੇ ਬਆਦ ਸ਼ਾਹ ਨਵਾਜ਼ ਕੋਲੋਂ ਅਨਾਜ ਖ਼ਤਮ ਹੋ ਗਿਆ, ਹਾਥੀ ਉੱਤੇ ਚੜ੍ਹ ਕੇ ਕਿਲ੍ਹੇ ਵਿਚੋਂ ਨਿਕਲ ਕੇ ਲੜਾਈ ਕਰਨ ਲੱਗਾ। ਸਿੰਘਾਂ ਨੇ ਉਸ ਦੇ ਕਈ ਫ਼ੌਜੀ ਕਤਲ ਕਰ ਦਿੱਤੇ। ਭੀਮ ਸਿੰਘ ਨੇ ਸ਼ਾਹ ਨਵਾਜ਼ ਦਾ ਸਿਰ ਵੱਢ ਕੇ ਨੇਜ਼ੇ ਉੱਤੇ ਟੰਗ ਕੇ ਕੌੜਾ ਮੱਲ ਦੇ ਪੇਸ਼ ਕਰ ਦਿੱਤਾ। ਕੌੜਾ ਮੱਲ ਫ਼ਤਹਿ ਦੇ ਨਗਾਰੇ ਵਜਾ ਕੇ ਕਿਲ੍ਹੇ ਵਿਚ ਜਾ ਵੜਿਆ। ਕੌੜਾ ਮੱਲ ਨੇ ਭੀਮ ਸਿੰਘ ਨੂੰ ਸੋਨੇ ਦੇ ਕੜਿਆਂ ਦੀ ਜੋੜੀ, ਸ਼ਸਤਰ, ਬਸਤਰ ਵਧੀਆ ਘੋੜਾ ਇਨਾਮ ਦਿੱਤਾ ਅਤੇ ਹਰ ਇਕ ਸਿੰਘ ਨੂੰ ਰੇਸ਼ਮੀ ਬਸਤਰ ਦੇ ਕੇ ਸਨਮਾਨਿਤ ਕੀਤਾ ਅਤੇ ਕੜਾਹ ਪ੍ਰਸ਼ਾਦ ਦੀ ਦੇਗ ਵੀ ਵਰਤਾਈ। ਸਿੰਘਾਂ ਦੇ ਨਾਂਅ ਪੱਟੀ ਅਤੇ ਝਬਾਲ ਦੀ ਜਗੀਰ ਲਗਾ ਦਿੱਤੀ।
ਮੀਰ ਮੰਨੂ ਨੇ ਕੌੜਾ ਮੱਲ ਨੂੰ ਮੁਲਤਾਨ ਦੀ ਸੂਬੇਦਾਰੀ ਅਤੇ ਮਹਾਰਾਜੇ ਦਾ ਖ਼ਿਤਾਬ ਦਿੱਤਾ। ਕੌੜਾ ਮੱਲ ਨੇ ਸਿੰਘਾਂ ਨੂੰ 11 ਹਜ਼ਾਰ ਰੁਪਏ ਦਿੱਤੇ, ਤਾਂ ਜੋ ਰਾਮਦਾਸ ਸਰੋਵਰ ਦੀ ਸਫਾਈ ਕਰਵਾ ਸਕਣ। ਲੱਖਪਤ ਰਾਏ ਨੇ ਸੂਬੇਦਾਰ ਬਿਜੇ ਖਾਂ ਦੇ ਸਮੇਂ ਸਰੋਵਰ ਮਿੱਟੀ ਨਾਲ ਭਰ ਦਿੱਤਾ ਸੀ।
ਅਬਦਾਲੀ ਦਾ ਚੌਥਾ ਹਮਲਾ-ਮੁਲਤਾਨ ਜਿੱਤ ਕੇ ਮੀਰ ਮੰਨੂ ਨੇ ਸਦੀਕ ਬੇਗ ਨੂੰ ਸਰਹਿੰਦ ਦਾ ਸੂਬੇਦਾਰ ਬਣਾ ਦਿੱਤਾ। ਮੁਲਤਾਨ, ਲਾਹੌਰ ਅਤੇ ਸਰਹੰਦ ਤਿੰਨੇ ਸੂਬੇ ਮੀਰ ਮੰਨੂ ਦੇ ਹੱਥ ਆ ਗਏ। ਉਹ ਕਾਬਲ ਅਤੇ ਦਿੱਲੀ ਤੋਂ ਬਾਗੀ ਹੋ ਗਿਆ ਅਤੇ ਮਾਮਲਾ ਦੇਣ ਤੋਂ ਇਨਕਾਰ ਕਰ ਦਿੱਤਾ। ਅਬਦਾਲੀ ਨੇ ਮਾਮਲਾ ਲੈਣ ਲਈ ਪੰਜਾਬ ਉੱਤੇ 1751 ਈ: ਵਿਚ ਚੌਥਾ ਹਮਲਾ ਕਰ ਦਿੱਤਾ। ਇਹ ਖ਼ਬਰ ਸੁਣ ਕੇ ਮੰਨੂ ਨੇ 7,000 ਘੋੜਸਵਾਰ ਇਕੱਠੇ ਕਰ ਲਏ। ਕੌੜਾ ਮੱਲ, ਸਦੀਕ ਬੇਗ, ਅਦੀਨਾ ਬੇਗ ਅਤੇ ਕਰਮ ਬਖਸ਼ ਆਦਿ ਆਪਣੀ-ਆਪਣੀ ਫ਼ੌਜ ਲੈ ਕੇ ਲਾਹੌਰ ਇਕੱਠੇ ਹੋ ਗਏ। ਕੌੜਾ ਮੱਲ ਨੇ ਸਿੰਘ ਨੂੰ ਵੀ ਬੁਲਾ ਲਿਆ। ਅਬਦਾਲੀ ਵੀ ਫ਼ੌਜ ਲੈ ਕੇ ਲਾਹੌਰ ਆ ਗਿਆ। 4 ਮਹੀਨੇ ਮੋਰਚੇ ਲੱਗੇ ਰਹੇ। ਫ਼ੌਜਾਂ ਨੇ ਦੇਸ਼ ਉਜਾੜ ਦਿੱਤਾ।
ਮੀਰ ਮੰਨੂ ਕਿਲ੍ਹੇ ਵਿਚੋਂ ਬਾਹਰ ਨਿਕਲ ਕੇ ਲੜਨ ਲੱਗਾ, 3 ਦਿਨ ਲੜਾਈ ਹੁੰਦੀ ਰਹੀ। 5 ਮਾਰਚ, 1751 ਨੂੰ ਹਾਥੀ ਦਾ ਪੈਰ ਕਬਰ ਵਿਚ ਧੱਸ ਗਿਆ ਅਤੇ ਹਾਥੀ ਸਮੇਤ ਕੌੜਾ ਮੱਲ ਡਿੱਗ ਗਿਆ। ਅਬਦਾਲੀ ਦਾ ਸਰਦਾਰ ਜਹਾਨ ਖਾਂ ਕੌੜਾ ਮੱਲ ਦਾ ਸਿਰ ਵੱਢ ਕੇ ਨੇਜ਼ੇ ਉੱਤੇ ਟੰਗ ਕੇ ਲੈ ਗਿਆ। ਦੋ ਮੀਲ ਤੱਕ ਲੋਥ ਉੱਤੇ ਲੋਥ ਚੜ੍ਹ ਗਈ। ਕਈ ਸਿੰਘ ਵੀ ਸ਼ਹੀਦ ਹੋ ਗਏ। ਫ਼ੌਜ ਤਿਤਰ-ਬਿਤਰ ਹੋ ਗਈ। ਸਿੰਘ ਵੀ ਜੰਗੀ ਸਾਮਾਨ ਅਤੇ ਘੋੜੇ ਲੈ ਕੇ ਜੰਗਲ ਵਿਚ ਚਲੇ ਗਏ। ਮੰਨੂ ਨੇ ਅਹਿਮਦ ਸ਼ਾਹ ਦੀ ਤੇਬੇਦਾਰੀ ਮੰਨ ਲਈ। ਅਹਿਮਦ ਸ਼ਾਹ ਨੇ ਸ਼ਾਲਾਮਾਰ ਬਾਗ ਨੇੜੇ ਡੇਰਾ ਲਾ ਲਿਆ।
ਮੀਰ ਮੰਨੂ ਨੂੰ ਮੁਆਫ਼ੀ-ਅਗਲੇ ਦਿਨ ਮੀਰ ਮੰਨੂ ਅਬਦਾਲੀ ਕੋਲ ਪੇਸ਼ ਹੋਇਆ। ਅਬਦਾਲੀ ਨੇ ਬੜੇ ਆਦਰ ਨਾਲ ਆਪਣੇ ਕੋਲ ਬਿਠਾ ਕੇ ਪੁੱਛਿਆ, ਤੇਰੇ ਨਾਲ ਕੀ ਸਲੂਕ ਕੀਤਾ ਜਾਏ?
ਮੰਨੂ-'ਜੇ ਆਪ ਕ੍ਰਿਪਾਲੂ ਬਾਦਸ਼ਾਹ ਹੋ, ਮੇਰਾ ਪਿਛਲਾ ਕਸੂਰ ਮਾਫ ਕਰਕੇ ਅੱਗੇ ਤੋਂ ਆਪਣੀ ਈਨ ਮਨਾ ਲਵੋ। ਜੇ ਜ਼ਾਲਮ ਹੋ, ਜਿਸ ਤਰ੍ਹਾਂ ਚਾਹੋ, ਮੈਨੂੰ ਮਾਰ ਦਿਓ। ਜੇ ਦੌਲਤ ਦੇ ਭੁੱਖੇ ਹੋ, ਦੌਲਤ ਲੈ ਕੇ ਘਰ ਚਲੇ ਜਾਓ।'
ਅਬਦਾਲੀ ਨੇ ਪੁੱਛਿਆ, 'ਜੇ ਤੇਰੀ ਥਾਂ ਮੈਂ ਹੁੰਦਾ ਤਾਂ ਤੂੰ ਮੇਰੇ ਨਾਲ ਕੀ ਸਲੂਕ ਕਰਦਾ?'
ਮੰਨੂ ਨੇ ਉੱਤਰ ਦਿੱਤਾ-'ਤੇਰਾ ਸਿਰ ਵੱਢ ਕੇ ਆਪਣੇ ਦਿੱਲੀ ਵਾਲੇ ਬਾਦਸ਼ਾਹ ਦੇ ਪੈਰਾਂ ਵਿਚ ਜਾ ਰੱਖਦਾ।'
ਇਹ ਨਿਧੜਕਾ ਅਤੇ ਬਹਾਦਰੀ ਵਾਲਾ ਉੱਤਰ ਸੁਣ ਕੇ ਅਬਦਾਲੀ ਨੇ ਪਿਛਲਾ ਗੁਨਾਹ ਮੁਆਫ਼ ਕਰਕੇ ਮੀਰ ਮੰਨੂ ਨੂੰ ਸਾਰੇ ਪੰਜਾਬ ਦੀ ਸੂਬੇਦਾਰੀ ਦੀ ਸੰਦ ਲਿਖ ਕੇ ਦੇ ਦਿੱਤੀ। ਮੰਨੂ ਕੋਲ 50 ਲੱਖ ਰੁਪਏ, 11 ਘੋੜੇ, 2 ਹਾਥੀ, ਸੋਨੇ ਚਾਂਦੀ ਦੀਆਂ ਕਾਠੀਆਂ ਅਤੇ ਹੋਦੇ ਲੈ ਕੇ ਥੋੜ੍ਹੀ ਫ਼ੌਜ ਛੱਡ ਕੇ ਕਾਬਲ ਚਲਾ ਗਿਆ।
ਸਿੰਘਾਂ ਉੱਤੇ ਬਿਪਤਾ-ਮੁਸਲਮਾਨਾਂ ਨੇ ਸਿੰਘਾਂ ਉੱਤੇ ਝੂਠੇ ਇਲਜ਼ਾਮ ਲਾ ਕੇ ਮੰਨੂ ਨੂੰ ਸਿੰਘਾਂ ਦੇ ਬਰਖਿਲਾਫ਼ ਕਰ ਦਿੱਤਾ। ਪਹਿਲਾਂ ਮੰਨੂ ਨੇ ਸਿੰਘਾਂ ਦੀ ਜਗੀਰ ਜ਼ਬਤ ਕਰ ਲਈ। ਫਿਰ ਅਹਿਮਦ ਸ਼ਾਹ ਵਾਲੀ ਅਤੇ ਆਪਣੀ ਫ਼ੌਜ ਸਿੰਘਾਂ ਨੂੰ ਕਤਲ ਕਰਨ ਲਈ ਚਾੜ੍ਹ ਦਿੱਤੀ। ਅਸੀਂ ਹਰ ਰੋਜ਼ ਅਰਦਾਸ ਕਰਦੇ ਹਾਂ 'ਜਿਨ੍ਹਾਂ ਸਿੰਘਣੀਆਂ ਨੇ ਸਵਾ-ਸਵਾ ਮਣ ਦਾ ਪੀਸਣਾ ਪੀਸਿਆ, ਬੱਚਿਆਂ ਦੇ ਟੋਟੇ ਕਰਵਾ ਕੇ ਝੋਲੀਆਂ ਵਿਚ ਪਵਾਏ, ਸਿੱਖੀ ਸਿਦਕ ਨਹੀਂ ਹਾਰਿਆ', ਇਹ ਭਾਣਾ ਮੰਨੂ ਦੇ ਰਾਜ ਵਿਚ ਵਾਪਰਿਆ ਸੀ। ਉਸ ਸਮੇਂ ਦੀ ਕਹਾਵਤ ਹੈ-
ਮੰਨੂ ਸਾਡੀ ਦਾਤਰੀ, ਅਸੀਂ ਮੰਨੂ ਦੇ ਸੋਏ।
ਮੰਨੂ ਸਾਨੂੰ ਵੱਢਦਾ ਜਿਉਂ ਜਿਉਂ, ਅਸੀਂ ਦੂਣ ਸਵਾਏ ਹੋਏ।
ਸਵਾ ਮਣ ਦਾ ਪੀਸਣਾ-ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੈ 'ਸਾਡੇ ਤਿੰਨ ਮਣ ਦੇਹਰੀ'। ਇਕ ਮਣ=40 ਸੇਰ। ਆਦਮੀ ਦਾ ਭਾਰ ਲਗਪਗ 70 ਕਿਲੋ ਮੰਨਿਆ ਗਿਆ ਹੈ। ਇਸ ਤਰ੍ਹਾਂ 20 ਕਿਲੋ ਦਾ ਇਕ ਮਣ ਬਣਦਾ ਹੈ। ਉਸ ਸਮੇਂ ਦਾ ਸਵਾ ਮਣ 25-26 ਕਿਲੋ ਦੇ ਬਰਾਬਰ ਹੋ ਸਕਦਾ ਹੈ।
ਮੰਨੂ ਦੀ ਮੌਤ-ਬੱਚਿਆਂ ਦੀ ਕੁਰਲਾਹਟ, ਵਾਹਿਗੁਰੂ ਨੇ ਸੁਣ ਲਈ। ਮੰਨੂ ਸ਼ਿਕਾਰ ਚੜ੍ਹਿਆ, ਘੋੜੇ ਤੋਂ ਡਿਗਣ ਦੇ ਕਾਰਨ ਪੈਰ ਰਕਾਬ ਵਿਚ ਫਸ ਗਿਆ। ਘਸੀਟਦਾ ਹੋਇਆ ਮਰ ਗਿਆ। ਮੰਨੂ ਨੇ ਫ਼ੌਜ ਨੂੰ ਤਨਖਾਹ ਨਹੀਂ ਸੀ ਦਿੱਤੀ, ਇਸ ਕਰਕੇ ਫ਼ੌਜ ਨੇ ਮੰਨੂ ਨੂੰ ਦਫਨ ਨਾ ਕਰਨ ਦਿੱਤਾ। ਮੰਨੂ ਨੂੰ ਕੀੜੇ ਪੈ ਗਏ। ਘਰ ਦਾ ਸਾਮਾਨ ਵੇਚ ਕੇ 5 ਦਿਨਾਂ ਬਾਅਦ ਮੰਨੂ ਦੀ ਘਰਵਾਲੀ ਮੁਰਾਦ ਬੇਗਮ ਨੇ ਫ਼ੌਜ ਨੂੰ ਤਨਖਾਹ ਦੇ ਕੇ ਮੰਨੂ ਨੂੰ ਕਬਰ ਵਿਚ ਦਫਨ ਕੀਤਾ। ਮੁਰਾਦ ਬੇਗਮ ਲਾਹੌਰ ਦੀ ਸੂਬੇਦਾਰ ਬਣ ਗਈ। ਕੁਝ ਸਮੇਂ ਬਾਅਦ ਮੰਨੂ ਦਾ 4 ਸਾਲ ਦਾ ਬੇਟਾ ਵੀ ਮਰ ਗਿਆ।

-ਸਿਡਨੀ
E-mail-kahlonhayatnagar94@gmail.com

ਸਿਰ ਤੋਂ ਪਰ੍ਹੇ ਇਸ਼ਕ ਦਾ ਡੇਰਾ

ਸ਼ਮਸ ਤਬਰੇਜ਼

ਇਸ਼ਕ ਦਾ ਨਸ਼ਾ ਸਾਰੇ ਸਰੂਰਾਂ ਨੂੰ ਮਾਤ ਪਾ ਦਿੰਦਾ ਹੈ। ਇਸ ਦੀ ਮਸਤਾਨਗੀ ਖੱਲਾਂ ਉਤਰਾਏ ਤੋਂ, ਖੋਪੜੀਆਂ ਲੁਹਾਏ ਤੋਂ, ਬੰਦ-ਬੰਦ ਕਟਾਏ ਤੋਂ ਵੀ ਨਹੀਂ ਉਤਰਦੀ। ਇਹੋ ਜਿਹਾ ਇਕ ਫ਼ਕੀਰ ਮੁਲਤਾਨ ਵਿਚ ਹੋਇਆ, ਜਿਸ ਦਾ ਨਾਂਅ ਸੀ ਸ਼ਮਸ ਤਬਰੇਜ਼। ਰੱਬ ਨੂੰ ਇਸ਼ਕ ਕਰਨ ਵਾਲਾ ਇਹ ਫ਼ਕੀਰ ਬੜਾ ਬੇਪ੍ਰਵਾਹ ਸੀ ਅਤੇ ਸ਼ਰ੍ਹਾ ਦੀਆਂ ਪਾਬੰਦੀਆਂ ਨੂੰ ਨਹੀਂ ਮੰਨਦਾ ਸੀ। ਉਹ ਅਕਸਰ ਆਪਣੇ ਪਿਛਲੇ ਜਨਮਾਂ ਦੀ ਗੱਲ ਕਰਿਆ ਕਰਦਾ ਸੀ ਪਰ ਇਸਲਾਮ ਪਿਛਲੇ ਜਨਮ ਨੂੰ ਨਹੀਂ ਮੰਨਦਾ। ਇਹ ਸੂਫ਼ੀ ਫ਼ਕੀਰ ਪੀਰ ਮਕਸੂਦ ਦਾ ਮੁਰੀਦ ਸੀ। ਉਹ ਮੁਹੱਲਾ ਖਾਮੋਸ਼ਾਂ ਭਾਵ ਕਬਰਿਸਤਾਨ ਵਿਚ ਰਹਿੰਦਾ ਸੀ। ਉਹ ਹਰ ਸਮੇਂ ਇਲਾਹੀ ਯਾਦ ਵਿਚ ਮਸਤ ਰਹਿੰਦਾ ਸੀ। ਇਕ ਵਾਰ ਮੁਲਤਾਨ ਦੇ ਨਵਾਬ ਦਾ ਪੁੱਤਰ ਸਖ਼ਤ ਬਿਮਾਰ ਹੋ ਗਿਆ। ਉਸ ਨੇ ਸਾਰੇ ਕਾਜ਼ੀ ਮੁੱਲਾਂ ਫੜ ਲਏ ਅਤੇ ਕਿਹਾ ਕਿ ਆਪਣੇ ਤੰਤਰ ਮੰਤਰ ਨਾਲ ਮੇਰਾ ਪੁੱਤਰ ਠੀਕ ਕਰ ਦਿਓ, ਨਹੀਂ ਤਾਂ ਮੈਂ ਸਭ ਨੂੰ ਕਤਲ ਕਰ ਦੇਣਾ ਹੈ। ਡਰੇ ਹੋਏ ਮੁਲਾਣੇ ਕਹਿਣ ਲੱਗੇ ਕਿ ਵੱਡਾ ਫ਼ਕੀਰ ਸ਼ਮਸ ਤਬਰੇਜ਼ ਬਾਹਰ ਰਹਿੰਦਾ ਹੈ, ਉਹਨੂੰ ਲੈ ਆਓ। ਉਸ ਨੂੰ ਫੜ ਲਿਆਂਦਾ ਅਤੇ ਕਿਹਾ ਗਿਆ ਕਿ ਸ਼ਹਿਜ਼ਾਦਾ ਆਖਰੀ ਸਾਹਾਂ 'ਤੇ ਹੈ, ਇਸ ਨੂੰ ਠੀਕ ਕਰ ਦੇ, ਨਹੀਂ ਤਾਂ ਸਾਡੇ ਨਾਲ ਤੈਨੂੰ ਵੀ ਮਾਰ ਦਿੱਤਾ ਜਾਵੇਗਾ।
ਅਲਮਸਤ ਫ਼ਕੀਰ ਬੋਲਿਆ ਕਿ ਅਸੀਂ ਲੋਕ ਤਾਂ ਪਹਿਲਾਂ ਹੀ ਮਰੇ ਹੋਏ ਹੁੰਦੇ ਹਾਂ। ਆਸ਼ਕ ਤਾਂ ਇਹੋ ਲੋਚਦੇ ਹਨ ਕਿ ਸਰੀਰ ਦਾ ਠੀਕਰਾ ਫੁੱਟ ਜਾਵੇ ਅਤੇ ਮਹਾਂਆਸ਼ਕ ਨਾਲ ਮਿਲਾਪ ਹੋ ਜਾਵੇ ਪਰ ਕਾਜ਼ੀ ਮੁੱਲਾਂ ਰੋਣ-ਪਿੱਟਣ ਲੱਗ ਪਏ ਅਤੇ ਕਿਹਾ, ਤੂੰ ਸਾਡੀ ਜ਼ਿੰਦਗੀ ਖਾਤਰ ਕੁਝ ਕਰੋ। ਤੇਰੇ ਵਿਚ ਬਹੁਤ ਸ਼ਕਤੀਆਂ ਹਨ। ਸ਼ਮਸ ਕਹਿਣ ਲੱਗਾ ਕਿ ਜੇ ਮੈਂ ਅਜਿਹਾ ਕਰ ਦਿੱਤਾ ਤਾਂ ਤੁਸੀਂ ਮੇਰੇ 'ਤੇ ਹੀ ਫਤਵਾ ਲਾ ਦਿਓਗੇ। ਤੁਸੀਂ ਸ਼ਰ੍ਹਾ ਦੇ ਅੰਨ੍ਹੇ ਹੋ ਅਤੇ ਰੱਬੀ ਦਰਵੇਸ਼ਾਂ ਦਾ ਅਸਲ ਭੇਦ ਨਹੀਂ ਜਾਣਦੇ। ਲੜਕੇ ਦੇ ਠੀਕ ਹੋਣ ਤੋਂ ਕੁਝ ਦੇਰ ਬਾਅਦ ਹੀ ਸ਼ਮਸ ਦਾ ਵਿਰੋਧ ਹੋਣ ਲੱਗ ਪਿਆ ਕਿ ਇਹ ਤਾਂ ਕਾਫ਼ਰ ਹੈ, ਕੁਰਾਨ ਸ਼ਰੀਫ਼ ਦਾ ਵਿਰੋਧ ਕਰਦਾ ਹੈ। ਮਦਰੱਸਿਆਂ ਵਿਚ ਜਾ ਕੇ ਉਹ ਕਿਤਾਬਾਂ ਖੋਹ ਕੇ ਸੁੱਟ ਦਿੰਦਾ ਸੀ ਅਤੇ ਕਹਿੰਦਾ ਸੀ ਕਿ ਅਸਲੀ ਪੜ੍ਹਾਈ ਤਾਂ ਇਸ਼ਕ ਹੈ, ਜੋ ਕਿਤਾਬਾਂ ਵਿਚ ਨਹੀਂ, ਰੂਹਾਂ ਵਿਚ ਲਿਖਿਆ ਹੁੰਦਾ ਹੈ। ਮੌਲਾਨਾ ਰੂਮੀ ਵੀ ਇਸ ਦਾ ਸ਼ਾਗਿਰਦ ਬਣ ਗਿਆ ਪਰ ਸਾਰੀ ਕਾਜ਼ੀਆਂ ਮੁਲਾਣਿਆਂ ਦੀ ਜਮਾਤ ਉਹਦੇ ਖਿਲਾਫ ਹੋ ਗਈ। ਉਸੇ ਨਵਾਬ ਨੇ ਹੁਕਮ ਦੇ ਦਿੱਤਾ ਕਿ ਇਸ ਦੀ ਜਿਊਂਦੇ ਦੀ ਖੱਲ ਲਾਹ ਦਿਓ। ਰੰਬੀਆਂ ਵਗੈਰਾ ਨਾਲ ਜ਼ੋਰ ਲਾ ਕੇ ਹੰਭ ਗਏ ਪਰ ਉਸ ਦੀ ਖੱਲ ਨਾ ਉੱਤਰੀ। ਸ਼ਮਸ ਹੱਸ ਕੇ ਬੋਲਿਆ ਕਿ ਤੁਹਾਨੂੰ ਚਮੜੇ ਦੀ ਲੋੜ ਹੈ, ਲਓ ਮੈਂ ਆਪ ਹੀ ਲਾਹ ਦਿੰਦਾ ਹਾਂ। ਉਸ ਨੇ ਪੈਰਾਂ ਕੋਲੋਂ ਫੜ ਕੇ ਆਪਣੀ ਖੱਲ ਆਪ ਹੀ ਲਾਹ ਦਿੱਤੀ ਅਤੇ ਕਾਜ਼ੀਆਂ ਵੱਲ ਵਗ੍ਹਾ ਮਾਰੀ। ਆਪ ਰੱਬੀ ਇਸ਼ਕ ਦੇ ਗੀਤ ਗਾਉਂਦਾ-ਗਾਉਂਦਾ ਸ਼ਹੀਦ ਹੋ ਗਿਆ।

ਪੰਜਾਬ ਬਰਤਾਨਵੀ ਸਰਪ੍ਰਸਤੀ ਹੇਠ

(ਲੜੀ ਜੋੜਨ ਲਈ ਪਿਛਲੇ
ਮੰਗਲਵਾਰ ਦਾ ਅੰਕ ਦੇਖੋ)
ਅੰਗਰੇਜ਼ਾਂ ਵਲੋਂ ਪੰਜਾਬ ਨੂੰ ਆਪਣੀ ਸਰਪ੍ਰਸਤੀ ਹੇਠ ਲੈਣ ਦੇ ਇਕ ਮਹੀਨੇ ਬਾਅਦ ਇਕ ਅਜਿਹੀ ਘਟਨਾ ਵਾਪਰ ਗਈ, ਜਿਸ ਨੂੰ ਇਤਿਹਾਸ ਵਿਚ 'ਗਊ ਕਾਂਡ' ਦੇ ਨਾਂਅ ਨਾਲ ਜਾਣਿਆ ਜਾਂਦਾ ਹੈ। ਇਹ ਸਰਪ੍ਰਸਤਾਂ ਦੇ ਸਥਾਨਕ ਲੋਕਾਂ ਪ੍ਰਤੀ ਰਵੱਈਏ ਨੂੰ ਦਰਸਾਉਂਦਾ ਹੈ।
ਇਕ ਅੰਗਰੇਜ਼ ਸੰਤਰੀ ਗਾਵਾਂ ਦੇ ਇਕ ਝੁੰਡ ਵਲੋਂ ਰਸਤਾ ਰੋਕੀ ਰੱਖਣ ਤੋਂ ਖਿਝ ਗਿਆ ਅਤੇ ਕਿਰਪਾਨ ਖਿੱਚ ਕੇ ਉਨ੍ਹਾਂ ਵਿਚੋਂ ਕੁਝ ਮਾਰ ਦਿੱਤੀਆਂ। ਇਸ ਨਾਲ ਹਿੰਦੂ-ਸਿੱਖ ਸ਼ਹਿਰੀਆਂ ਵਿਚ ਤਿੱਖੀਆਂ ਧਾਰਮਿਕ ਭਾਵਨਾਵਾਂ ਭੜਕ ਉੱਠੀਆਂ। ਬ੍ਰਿਟਿਸ਼ ਏਜੰਟ ਤੇ ਅਫ਼ਸਰ ਇਸ ਘਟਨਾ ਦੀ ਸਫ਼ਾਈ ਦੇਣ ਵਾਸਤੇ ਸ਼ਹਿਰ ਵਿਚ ਗਏ ਤਾਂ ਉਨ੍ਹਾਂ ਨੂੰ ਪੱਥਰ ਮਾਰੇ ਗਏ। ਉਨ੍ਹਾਂ ਨੇ ਇਸ ਬੇਇੱਜ਼ਤੀ ਦੀ ਸਖ਼ਤ ਸਜ਼ਾ ਦੀ ਮੰਗ ਕੀਤੀ। ਅਗਲੇ ਦਿਨ ਲਾਲ ਸਿੰਘ ਮਹਾਰਾਜਾ ਦਲੀਪ ਸਿੰਘ ਨੂੰ ਲੈ ਕੇ ਏਜੰਟ ਕੋਲ ਗਿਆ ਤੇ ਇਸ ਵਿਹਾਰ ਦੀ ਮੁਆਫ਼ੀ ਮੰਗੀ। ਪਰ ਇਸ ਦੇ ਬਾਵਜੂਦ ਪੱਥਰ ਮਾਰਨ ਵਾਲੀ ਜਗ੍ਹਾ ਦੇ ਕਈ ਘਰ ਢਾਹ ਦਿੱਤੇ ਗਏ ਤੇ ਤਿੰਨ ਬੰਦਿਆਂ ਨੂੰ ਫੜ ਲਿਆ ਗਿਆ। ਇਨ੍ਹਾਂ ਵਿਚੋਂ ਇਕ ਨੂੰ ਫਾਂਸੀ ਦੇ ਦਿੱਤੀ ਤੇ ਦੋ ਨੂੰ ਸ਼ਹਿਰੋਂ ਕੱਢ ਦਿੱਤਾ। ਇਸ ਦੇ ਨਾਲ ਹੀ ਉਸ ਅੰਗਰੇਜ਼ ਸਿਪਾਹੀ ਨੂੰ ਅੱਗੇ ਤੋਂ ਤਰੀਕੇ ਨਾਲ ਰਹਿਣ ਦੀ ਚਿਤਾਵਨੀ ਦਿੱਤੀ, ਜਿਸ ਨੇ ਇਹ ਸਾਰਾ ਮਾਮਲਾ ਭੜਕਾਇਆ ਸੀ।
ਸਾਰੇ ਪੰਜਾਬੀਆਂ ਨੇ ਲਾਹੌਰ ਦੀ ਸੰਧੀ ਨੂੰ ਪ੍ਰਵਾਨ ਨਹੀਂ ਕੀਤਾ ਸੀ। ਦੋ ਜਣਿਆਂ ਨੇ ਸਾਫ਼ ਲਫਜ਼ਾਂ ਵਿਚ ਇਸ ਦੀ ਅਦੂਲੀ ਕੀਤੀ ਸੀ। ਕਾਂਗੜਾ ਦੇ ਕਿਲ੍ਹੇ ਦੇ ਕਮਾਂਡਰ ਨੇ ਦਰਬਾਰ ਦਾ ਇਹ ਹੁਕਮ ਮੰਨਣ ਤੋਂ ਇਨਕਾਰ ਕਰ ਦਿੱਤਾ ਤੇ ਚਾਬੀਆਂ ਅੰਗਰੇਜ਼ਾਂ ਦੇ ਹਵਾਲੇ ਕਰਨ ਤੋਂ ਨਾਂਹ ਕਰ ਦਿੱਤੀ। ਉਸ ਨੇ ਕਿਹਾ ਕਿ ਜਿੰਨੀ ਦੇਰ ਮਹਾਰਾਜਾ ਰਣਜੀਤ ਸਿੰਘ ਦਾ ਹੁਕਮ ਨਹੀਂ ਮਿਲਦਾ, ਉਹ ਕਿਲ੍ਹੇ ਦਾ ਗੇਟ ਨਹੀਂ ਖੋਲ੍ਹੇਗਾ। ਉਹ ਗੋਲੇ ਤੇ ਬਾਰੂਦ ਬਾਰੇ ਵੀ ਕੋਈ ਪਰਵਾਨਾ ਮਨਜ਼ੂਰ ਨਹੀਂ ਕਰੇਗਾ।
ਮਈ ਦੇ ਮਹੀਨੇ ਵਿਚ ਹੈਨਰੀ ਲਾਰੈਂਸ ਕੁਝ ਅੰਗਰੇਜ਼ ਤੇ ਪੰਜਾਬੀ ਸਿਪਾਹੀਆਂ ਨੂੰ ਲੈ ਕੇ ਕਾਂਗੜਾ ਦੇ ਕਿਲ੍ਹੇ ਉੱਪਰ ਕਬਜ਼ਾ ਕਰਨ ਵਾਸਤੇ ਨਿਕਲ ਪਿਆ ਤੇ 28 ਮਈ, 1846 ਨੂੰ ਉਹ ਇਸ ਵਿਚ ਕਾਮਯਾਬ ਹੋਇਆ।
ਕਸ਼ਮੀਰ ਵਿਚ ਵੱਖਰੇ ਤਰ੍ਹਾਂ ਦੇ ਹਾਲਾਤ ਬਣ ਗਏ। ਕਸ਼ਮੀਰ ਦੇ ਸੂਬੇਦਾਰ ਸ਼ੇਖ ਇਮਾਮੂਦੀਨ ਨੂੰ ਦੱਸਿਆ ਗਿਆ ਕਿ ਇਸ ਰਿਆਸਤ ਨੂੰ ਗੁਲਾਬ ਸਿੰਘ ਡੋਗਰਾ ਦੇ ਹੱਥ ਵੇਚ ਦਿੱਤਾ ਗਿਆ ਹੈ, ਜਦੋਂ ਕਿ ਉਹ ਇਸ ਨੂੰ ਆਪਣੇ ਵਾਸਤੇ ਰੱਖਣਾ ਚਾਹੁੰਦਾ ਸੀ। ਉਸ ਨੂੰ ਇਕ ਗੁਪਤ ਸੰਦੇਸ਼ ਲਾਲ ਸਿੰਘ ਵਲੋਂ ਮਿਲਿਆ, ਜਿਹੜਾ ਇਸ ਗੱਲ ਦੀ ਖਾਰ ਖਾਂਦਾ ਸੀ ਕਿ ਅੰਗਰੇਜ਼ਾਂ ਨੇ ਉਸ ਦੀ ਬਜਾਏ ਗੁਲਾਬ ਸਿੰਘ ਡੋਗਰਾ ਨੂੰ ਬਹੁਤ ਕੁਝ ਦੇ ਦਿੱਤਾ ਹੈ। ਉਸ ਨੇ ਕਿਹਾ ਕਿ ਜੇ ਉਹ ਡੋਗਰਿਆਂ ਨੂੰ ਕਸ਼ਮੀਰ ਤੋਂ ਪਾਸੇ ਰੱਖੇ ਤਾਂ ਕਸ਼ਮੀਰ ਉਸ ਨੂੰ ਦੇ ਦਿੱਤਾ ਜਾਵੇਗਾ। ਉਸ ਦਾ ਸੰਦੇਸ਼ਾ ਇਸ ਲਿਖਤ ਵਿਚ ਸੀ-
'ਮੇਰੇ ਦੋਸਤ, ਇਹ ਗੱਲ ਤੁਹਾਡੇ ਕੋਲੋਂ ਛੁਪੀ ਨਹੀਂ ਕਿ ਕਿਸ ਤਰ੍ਹਾਂ ਰਾਜਾ ਗੁਲਾਬ ਸਿੰਘ ਨੇ ਲਾਹੌਰ ਦਰਬਾਰ ਨਾਲ ਦਗ਼ਾ ਕਮਾਇਆ ਹੈ। ਇਹ ਹੁਣ ਹੋਰ ਵੀ ਚੰਗੀ ਤਰ੍ਹਾਂ ਸਾਫ਼ ਹੋ ਗਿਆ ਹੈ। ਹੁਣ ਮੈਂ ਤੁਹਾਨੂੰ ਮੇਰੇ ਦੋਸਤ ਇਹ ਲਿਖ ਰਿਹਾ ਹਾਂ ਤੇ ਯਾਦ ਦਿਵਾਉਂਦਾ ਹਾਂ ਕਿ ਗੁਲਾਬ ਸਿੰਘ ਡੋਗਰਾ ਨੇ ਤੁਹਾਡੇ ਪਿਤਾ ਨਾਲ ਵੀ ਬਹੁਤ ਬੁਰਾ ਸਲੂਕ ਕੀਤਾ ਸੀ। ਮੈਂ ਤੁਹਾਡੀ ਹਿਫ਼ਾਜ਼ਤ ਤੇ ਭਰੋਸੇ ਵਾਸਤੇ ਇਕ ਵੱਖਰੇ ਖ਼ਤ ਰਾਹੀਂ ਲਾਹੌਰ ਦਰਬਾਰ ਦੀ ਗਾਰੰਟੀ ਭੇਜ ਰਿਹਾ ਹਾਂ। ਮੈਨੂੰ ਆਪਣੀ ਰਾਜ਼ੀ-ਖੁਸ਼ੀ ਦਾ ਪਤਾ ਦੇਣਾ।' ਇਸ ਖ਼ਤ ਦੇ ਅਖੀਰ ਵਿਚ ਇਕ ਨੋਟ ਦਿੱਤਾ ਕਿ ਇਸ ਨੂੰ ਪੂਰਾ ਪੜ੍ਹਨ ਬਾਅਦ ਪਾੜ ਦੇਣਾ।
ਇਮਾਮੂਦੀਨ ਵਾਸਤੇ ਇਹ ਕੋਈ ਔਖਾ ਕੰਮ ਨਹੀਂ ਸੀ। ਉਸ ਨੇ ਉਨ੍ਹਾਂ ਡੋਗਰਿਆਂ ਨੂੰ ਭਜਾ ਦਿੱਤਾ, ਜਿਹੜੇ ਕਸ਼ਮੀਰ ਦਾ ਕਬਜ਼ਾ ਲੈਣ ਉਸ ਕੋਲ ਆਏ।
ਗੁਲਾਬ ਸਿੰਘ ਨੇ ਬ੍ਰਿਟਿਸ਼ ਏਜੰਟ ਨੂੰ ਅਪੀਲ ਕੀਤੀ ਤੇ ਉਸ ਨੇ ਦਰਬਾਰ ਨੂੰ ਕਿਹਾ ਕਿ ਉਹ ਲਾਹੌਰ ਦੀ ਸੰਧੀ ਦੀਆਂ ਸ਼ਰਤਾਂ ਪੂਰੀਆਂ ਕਰੇ।
ਅਕਤੂਬਰ, 1846 ਨੂੰ ਹੈਨਰੀ ਲਾਰੈਂਸ 17,000 ਦਰਬਾਰ ਦੀਆਂ ਫੌਜਾਂ, ਗੁਲਾਬ ਸਿੰਘ ਤੇ ਉਸ ਦੇ ਡੋਗਰੇ ਸਿਪਾਹੀਆਂ ਨੂੰ ਲੈ ਕੇ ਕਸ਼ਮੀਰ ਵਾਸਤੇ ਰਵਾਨਾ ਹੋ ਗਿਆ। ਸ਼ੇਖ ਇਮਾਮੂਦੀਨ ਨੇ ਬਿਨਾਂ ਲੜਿਆਂ ਹੀ ਈਨ ਮੰਨ ਲਈ ਤੇ ਲਾਲ ਸਿੰਘ ਦੇ ਲਿਖੇ ਤਿੰਨ ਗੁਪਤ ਖ਼ਤ ਪੇਸ਼ ਕਰ ਦਿੱਤੇ, ਜਿਸ ਵਿਚ ਉਸ ਨੂੰ ਗੁਲਾਬ ਸਿੰਘ ਦਾ ਵਿਰੋਧ ਕਰਨ ਵਾਸਤੇ ਕਿਹਾ ਗਿਆ ਸੀ।
ਲਾਲ ਸਿੰਘ ਵਿਰੁੱਧ ਅੰਗਰੇਜ਼ੀ ਅਦਾਲਤ ਵਿਚ ਮੁਕੱਦਮਾ ਚੱਲਿਆ। ਉਹ ਕਸੂਰਵਾਰ ਨਿਕਲਿਆ ਤੇ ਪੰਜਾਬ ਵਿਚੋਂ ਜਲਾਵਤਨ ਕਰ ਦਿੱਤਾ ਗਿਆ। ਉਸ ਗ਼ੱਦਾਰ ਨੂੰ ਮਿਲੀ ਇਸ ਸਜ਼ਾ ਕਰਕੇ ਕੋਈ ਅੱਖ ਨਹੀਂ ਰੋਈ, ਸਿਵਾਏ ਰਾਣੀ ਜਿੰਦਾਂ ਦੇ। ਇਥੋਂ ਤੱਕ ਕਿ ਦੀਵਾਨ ਦੀਨਾ ਨਾਥ ਜੋ ਅਦਾਲਤ ਵਿਚ ਉਸ ਦਾ ਪੱਖ ਲੈਂਦਾ ਰਿਹਾ, ਸਜ਼ਾ ਵਾਸਤੇ ਸਹਿਮਤ ਸੀ। ਲਾਲ ਸਿੰਘ ਨੇ ਬਾਕੀ ਜ਼ਿੰਦਗੀ ਸ਼ਾਂਤੀ ਤੇ ਸੁਰੱਖਿਆ ਨਾਲ ਦੇਹਰਾਦੂਨ ਤੇ ਮਸੂਰੀ ਕੱਟੀ, ਜਿਥੇ 1867 ਵਿਚ ਉਸ ਦੀ ਮੌਤ ਹੋ ਗਈ ਸੀ।
ਹੁਣ ਰਿਜੈਂਸੀ ਕੌਂਸਲ ਨੂੰ ਨਵੇਂ ਸਿਰੇ 'ਤੇ ਗਠਨ ਕੀਤਾ ਗਿਆ। ਇਸ ਦੇ ਚਾਰ ਮੈਂਬਰ ਤੇਜ ਸਿੰਘ, ਦੀਵਾਨ ਦੀਨਾ ਨਾਥ, ਫ਼ਕੀਰ ਨੂਰਉਦੀਨ ਅਤੇ ਸ਼ੇਰ ਸਿੰਘ ਅਟਾਰੀਵਾਲਾ ਬਣਾਏ ਗਏ।
ਜਦੋਂ ਲਾਲ ਸਿੰਘ ਉੱਪਰ ਮੁਕੱਦਮਾ ਚੱਲ ਰਿਹਾ ਸੀ ਕਿ ਲਹਿਣਾ ਸਿੰਘ ਮਜੀਠੀਆ ਭਾਰਤ ਵਿਚ ਹਿੰਦੂ ਤੀਰਥਾਂ ਦੀ ਲੰਮੀ ਯਾਤਰਾ ਕਰਕੇ ਵਾਪਸ ਆਇਆ। ਉਸ ਨੇ ਰਾਜ ਦੇ 50 ਚੋਣਵੇਂ ਸਰਦਾਰਾਂ ਦੀ ਮੀਟਿੰਗ ਬੁਲਾਈ। ਉਨ੍ਹਾਂ ਨੇ ਇਕ ਮਹੀਨਾ ਲਗਾ ਕੇ ਸਿੱਖਾਂ ਵਾਸਤੇ ਇਕ ਨਿਯਮਾਂਵਲੀ ਤਿਆਰ ਕੀਤੀ। ਲੇਕਿਨ ਲੋਕ ਦਰਬਾਰੀ ਰਾਜ ਦੇ ਸਰਪ੍ਰਸਤਾਂ ਨਾਲ ਸੰਤੁਸ਼ਟ ਨਹੀਂ ਸਨ। ਜਲੰਧਰ ਤੇ ਦੋਆਬ ਜੋ ਅੰਗਰੇਜ਼ੀ ਰਾਜ ਵਿਚ ਮਿਲਾ ਲਏ ਸਨ, ਤੋਂ ਬੇਚੈਨੀ ਦੀਆਂ ਖ਼ਬਰਾਂ ਆ ਰਹੀਆਂ ਸਨ। ਲੋਕ ਜਾਹਨ ਲਾਰੈਂਸ ਦੇ ਪ੍ਰਸ਼ਾਸਨ ਦੇ ਵਿਰੁੱਧ ਬਗਾਵਤਾਂ ਉੱਪਰ ਉਤਾਰੂ ਹੋ ਰਹੇ ਸਨ। ਮਜੀਠੀਆ ਸਰਦਾਰ ਇਕ ਵਾਰ ਪੰਜਾਬ ਛੱਡ ਗਿਆ ਤੇ ਹਿੰਦੂ ਤੀਰਥ ਅਸਥਾਨਾਂ ਵੱਲ ਭਰਮਣ ਵਾਸਤੇ ਨਿਕਲ ਗਿਆ।
(ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)

ਲਾਪ੍ਰਵਾਹੀ ਦਾ ਸ਼ਿਕਾਰ ਹੋ ਰਿਹਾ ਰਾਣੀ ਮੋਰਾਂ ਦੇ ਧਰਮ-ਪਿਤਾ ਦਾ ਤਲਾਬ

ਅੰਮ੍ਰਿਤਸਰ ਦੀ ਸੁਲਤਾਨਵਿੰਡ ਰੋਡ 'ਤੇ ਮੌਜੂਦ ਮੀਆਂ ਸ਼ਮਦ ਜੂ ਕਸ਼ਮੀਰੀ ਦਾ ਬਾਗ਼, ਤਲਾਬ ਅਤੇ ਈਦਗਾਹ ਮੌਜੂਦਾ ਸਮੇਂ ਮੰਦਹਾਲੀ ਦੇ ਦੌਰ 'ਚੋਂ ਗੁਜ਼ਰ ਰਹੇ ਹਨ ਅਤੇ ਕੋਈ ਵਿਭਾਗ ਜਾਂ ਸੰਸਥਾ ਇਨ੍ਹਾਂ ਦੀ ਖ਼ਬਰ-ਸਾਰ ਲੈਣ ਵਾਲਾ ਨਹੀਂ ਹੈ। ਵਿਰਾਸਤੀ ਸਮਾਰਕਾਂ ਦੇ ਰੱਖ-ਰਖਾਅ ਨਾਲ ਸਬੰਧਿਤ ਅਤੇ ਪੁਰਾਤਤਵ ਵਿਭਾਗ ਪਾਸ ਉਪਰੋਕਤ ਵਿਰਾਸਤੀ ਧਰੋਹਰ ਦੇ ਇਤਿਹਾਸ ਅਤੇ ਹੋਂਦ ਸਬੰਧੀ ਕਿਸੇ ਕਿਸਮ ਦੀ ਕੋਈ ਜਾਣਕਾਰੀ ਨਾ ਹੋਣ ਕਾਰਨ ਕਬਜ਼ਾਧਾਰੀਆਂ ਵਲੋਂ ਕਈ ਏਕੜ ਭੂਮੀ 'ਚ ਫੈਲੇ ਉਪਰੋਕਤ ਬਾਗ਼ ਅਤੇ ਉਸ ਵਿਚ ਮੌਜੂਦ ਸਮਾਰਕਾਂ ਨੂੰ ਲੰਬੇ ਸਮੇਂ ਤੋਂ ਨਿੱਜੀ ਵਰਤੋਂ ਹਿਤ ਇਸਤੇਮਾਲ ਕੀਤਾ ਜਾ ਰਿਹਾ ਹੈ।
ਖ਼ਾਲਸਾ ਦਰਬਾਰ ਦੇ ਡਾਇਰੀ ਲੇਖਕ ਮੁਨਸ਼ੀ ਸੋਹਣ ਲਾਲ ਸੂਰੀ ਨੇ ਉਮਦਤ-ਉਤ-ਤਵਾਰੀਖ਼ ਦੇ ਭਾਗ-3 ਵਿਚ ਮੀਆਂ ਸ਼ਮਦ ਜੂ ਦੇ ਸਬੰਧ ਵਿਚ ਲਿਖਿਆ ਹੈ ਕਿ 'ਉਹ ਸ਼ਹਿਰ ਦੇ ਕਸ਼ਮੀਰੀ ਭਾਈਚਾਰੇ ਦਾ ਚੌਧਰੀ ਅਤੇ ਇਕ ਧਨਾਢ ਸ਼ਾਲ ਵਪਾਰੀ ਸੀ। ਉਸ ਨੇ ਸੁਲਤਾਨਵਿੰਡ ਦਰਵਾਜ਼ੇ ਦੇ ਬਾਹਰਵਾਰ ਆਪਣੇ ਲਗਾਏ ਬਾਗ਼ 'ਚ ਕਸ਼ਮੀਰੀ ਮੁਸਲਮਾਨਾਂ ਵਾਸਤੇ ਈਦਗਾਹ ਅਤੇ ਤਲਾਬ ਬਣਵਾਇਆ।' ਫ਼ਕੀਰ ਸੱਯਦ ਵਹਾਊਦੀਨ ਨੇ ਪੁਸਤਕ 'ਦੀ ਰੀਅਲ ਰਣਜੀਤ ਸਿੰਘ' ਵਿਚ ਲਿਖਿਆ ਹੈ ਕਿ 'ਮਹਾਰਾਜਾ ਰਣਜੀਤ ਸਿੰਘ ਨੇ ਅੰਮ੍ਰਿਤਸਰ ਦੇ ਪਿੰਡ ਮੱਖਣਪੁਰ ਦੀ ਰਹਿਣ ਵਾਲੀ ਕਸ਼ਮੀਰੀ ਨ੍ਰਤਕੀ ਮੋਰਾਂ ਨਾਲ ਵਿਆਹ ਉਸ ਦੇ ਆਪਣੇ ਘਰ ਬਾਰਾਤ ਲਿਜਾ ਕੇ ਨਹੀਂ, ਸਗੋਂ ਹਾਥੀਆਂ, ਘੋੜਿਆਂ, ਪਾਲਕੀਆਂ ਤੇ ਬੇਸ਼ੁਮਾਰ ਪੈਦਲ ਲੋਕਾਂ ਦੇ ਜਲੂਸ ਦੇ ਰੂਪ ਵਿਚ ਲਾਹੌਰ ਸ਼ਾਹੀ ਕਿਲ੍ਹੇ ਤੋਂ ਅੰਮ੍ਰਿਤਸਰ ਪਹੁੰਚ ਕੇ ਮੀਆਂ ਸ਼ਮਦ ਜੂ ਦੇ ਬਾਗ਼ ਵਿਚ ਕੀਤਾ। ਮੀਆਂ ਸ਼ਮਦ ਜੂ ਨੇ ਮਹਾਰਾਜਾ ਦੇ ਰੁਤਬੇ ਮੁਤਾਬਕ ਮੋਰਾਂ ਦਾ ਧਰਮ ਪਿਤਾ ਬਣ ਕੇ ਬੜੀ ਸ਼ਾਨ ਨਾਲ ਅਤੇ ਕਈ ਲੱਖਾਂ ਰੁਪਏ ਦੇ ਗਹਿਣੇ ਕੱਪੜੇ ਦਾਜ ਵਿਚ ਦੇ ਕੇ ਕਿਸੇ ਸ਼ਹਿਜ਼ਾਦੀ ਵਾਂਗ ਉਸ ਦਾ ਕੰਨਿਆ-ਦਾਨ ਕੀਤਾ।'
ਅੰਮ੍ਰਿਤਸਰ ਤੋਂ ਦਿੱਲੀ ਨੂੰ ਜਾਂਦੀ ਪੁਰਾਣੀ ਜਰਨੈਲੀ ਸੜਕ ਸੁਲਤਾਨਵਿੰਡ ਰੋਡ 'ਤੇ ਨਾਨਕਸ਼ਾਹੀ ਇੱਟਾਂ ਨਾਲ ਬਣੇ ਸ਼ਮਦ ਜੂ ਕਸ਼ਮੀਰੀ ਦੇ ਤਲਾਬ ਨੂੰ ਕੁਝ ਸਮਾਂ ਪਹਿਲਾਂ ਤੱਕ ਆਸ-ਪਾਸ ਦੇ ਘਰਾਂ ਅਤੇ ਫ਼ੈਕਟਰੀਆਂ ਵਾਲਿਆਂ ਵਲੋਂ ਗੰਦਗੀ ਅਤੇ ਕੂੜੇ-ਕਚਰੇ ਨਾਲ ਭਰਿਆ ਜਾ ਚੁੱਕਾ ਸੀ ਅਤੇ ਨਾਜਾਇਜ਼ ਕਬਜ਼ੇ ਦੇ ਇਰਾਦੇ ਨਾਲ ਬਹੁਤ ਸਾਰੇ ਘਰ ਬਾਗ਼ ਦੀ ਭੂਮੀ 'ਤੇ ਤਲਾਬ ਦੇ ਆਸ-ਪਾਸ ਬਣਾ ਲਏ ਗਏ ਹਨ। ਲੰਬੀ ਚੱਲੀ ਜੱਦੋ-ਜਹਿਦ ਦੇ ਬਾਅਦ ਮੁਸਲਿਮ ਭਾਈਚਾਰੇ ਦੇ ਲੋਕ ਤਲਾਬ ਦੀ ਗੰਦਗੀ ਸਾਫ਼ ਕਰਨ ਅਤੇ ਬਾਗ਼ ਦੇ ਚੁਫੇਰੇ ਪੱਕੀ ਦੀਵਾਰ ਕਰਨ ਵਿਚ ਕਾਮਯਾਬ ਹੋ ਗਏ ਪਰ ਨਾਜਾਇਜ਼ ਕਬਜ਼ੇ ਹਟਾਉਣ ਵਿਚ ਉਨ੍ਹਾਂ ਨੂੰ ਪੂਰੀ ਕਾਮਯਾਬੀ ਨਹੀਂ ਮਿਲ ਸਕੀ। ਮੌਜੂਦਾ ਸਮੇਂ ਉਪਰੋਕਤ ਪਾਣੀ ਰਹਿਤ ਵਿਸ਼ਾਲ ਤਲਾਬ ਨੂੰ ਆਸ-ਪਾਸ ਦੇ ਘਰਾਂ ਦੇ ਬੱਚਿਆਂ ਵਲੋਂ ਖੇਡ ਦੇ ਮੈਦਾਨ ਦੇ ਤੌਰ 'ਤੇ ਇਸਤੇਮਾਲ ਕੀਤਾ ਜਾ ਰਿਹਾ ਹੈ।
ਸ਼ਮਦ ਜੂ ਕਸ਼ਮੀਰੀ ਦਾ ਇਹ ਤਲਾਬ ਜਿਸ ਹੰਸਲੀ ਦੀ ਮਾਰਫ਼ਤ ਨਹਿਰ ਦੇ ਪਾਣੀ ਨਾਲ ਭਰਿਆ ਜਾਂਦਾ ਸੀ, ਉਹ ਹੰਸਲੀ ਅਤੇ ਤਲਾਬ ਦੇ ਆਸ-ਪਾਸ ਬਣੇ ਖ਼ੂਬਸੂਰਤ ਪੌਣੇ ਢਾਹ ਦਿੱਤੇ ਗਏ ਹਨ। ਇਥੇ ਬਣੀ ਦਿਲ ਖਿੱਚ ਬਾਉਲੀ ਵੀ ਰੱਖ-ਰਖਾਅ ਦੀ ਕਮੀ ਦੇ ਚੱਲਦਿਆਂ ਆਪਣੀ ਸ਼ਾਨ ਤੋਂ ਮਹਿਰੂਮ ਹੋ ਚੁੱਕੀ ਹੈ। ਸ਼ਮਦ ਜੂ ਕਸ਼ਮੀਰੀ ਵਲੋਂ ਬਣਾਈ ਈਦਗਾਹ ਨੂੰ ਇੱਥੇ ਰਹਿੰਦੇ ਕਸ਼ਮੀਰੀ ਮੁਸਲਿਮ ਪਰਿਵਾਰ ਸਟੋਰ ਦੇ ਤੌਰ 'ਤੇ ਇਸਤੇਮਾਲ ਕਰ ਰਹੇ ਹਨ ਅਤੇ ਉਥੋਂ ਤੱਕ ਜਾਣ ਲਈ ਜੰਗਲ ਦਾ ਰੂਪ ਲੈ ਚੁੱਕੀਆਂ ਉੱਚੀਆਂ-ਉੱਚੀਆਂ ਝਾੜੀਆਂ ਦੇ ਵਿਚੋਂ ਦੀ ਹੋ ਕੇ ਪਹੁੰਚਣਾ ਪੈਂਦਾ ਹੈ। ਇਸ ਸਭ ਦੇ ਨਾਲ-ਨਾਲ ਉਪਰੋਕਤ ਤਲਾਬ ਦੇ ਕਿਨਾਰੇ ਬਣੇ ਸ਼ਮਦ ਜੂ ਅਤੇ ਉਸ ਦੇ ਪਰਿਵਾਰ ਦੀਆਂ ਕਬਰਾਂ 'ਤੇ ਵੀ ਕਬਜ਼ਾਧਾਰੀਆਂ ਨੇ ਕਬਜ਼ਾ ਕਾਇਮ ਕਰ ਰੱਖਿਆ ਹੈ। ਉਪਰੋਕਤ ਵਿਰਾਸਤੀ ਸਮਾਰਕ ਦੇ ਅੰਦਰ ਲੰਬੇ ਸਮੇਂ ਤੋਂ ਕੱਚੇ ਘਰ ਬਣਾ ਕੇ ਰਹਿ ਰਹੇ ਕਸ਼ਮੀਰੀ ਮੁਸਲਮਾਨਾਂ ਦਾ ਕਹਿਣਾ ਹੈ ਕਿ ਦੂਸਰਿਆਂ ਸੂਬਿਆਂ ਤੋਂ ਅੰਮ੍ਰਿਤਸਰ ਰੋਜ਼ੀ-ਰੋਟੀ ਦੀ ਤਲਾਸ਼ ਲਈ ਆਏ ਮੁਸਲਮਾਨ ਭਾਈਚਾਰੇ ਦੇ ਲੋਕ ਉੱਥੋਂ ਕਸ਼ਮੀਰੀ ਮੁਸਲਮਾਨਾਂ ਨੂੰ ਹਟਾ ਕੇ ਖ਼ੁਦ ਕਬਜ਼ਾ ਕਰਨ ਦੀਆਂ ਕੋਸ਼ਿਸ਼ਾਂ ਵਿਚ ਹਨ, ਜਿਸ ਕਾਰਨ ਰੋਜ਼ਾਨਾ ਉਪਰੋਕਤ ਸਮਾਰਕ 'ਚ ਦੰਗਾ-ਫ਼ਸਾਦ ਵਾਲਾ ਮਾਹੌਲ ਬਣਿਆ ਰਹਿੰਦਾ ਹੈ। ਸੂਬਾ ਸਰਕਾਰ ਦੇ ਵਿਰਾਸਤੀ ਵਿਭਾਗ ਅਤੇ ਪੁਰਾਤੱਤਵ ਵਿਭਾਗ ਨੂੰ ਕਾਨੂੰਨ ਅਤੇ ਪੁਲਿਸ ਪ੍ਰਸ਼ਾਸਨ ਦੀ ਸਹਾਇਤਾ ਨਾਲ ਇਸ ਵਿਰਾਸਤੀ ਸਮਾਰਕ ਨੂੰ ਕਬਜ਼ਾ ਮੁਕਤ ਕਰਵਾ ਕੇ ਇਸ ਦਾ ਨਵ-ਨਿਰਮਾਣ ਕਰਵਾਉਣਾ ਚਾਹੀਦਾ ਹੈ, ਤਾਂ ਕਿ ਗੁਰੂ ਨਗਰੀ ਦੇ ਵਿਰਾਸਤੀ ਸਮਾਰਕਾਂ ਦੀ ਲੜੀ ਵਿਚ ਇਕ ਹੋਰ ਇਤਿਹਾਸਕ ਸਮਾਰਕ ਦਾ ਵਾਧਾ ਕੀਤਾ ਜਾ ਸਕੇ।


-ਅੰਮ੍ਰਿਤਸਰ। ਮੋਬਾ: 93561-27771

ਗੁਰਦੁਆਰਾ ਉਂਕਾਰੇਸ਼ਵਰ ਸਾਹਿਬ (ਮੱਧ ਪ੍ਰਦੇਸ਼)

ਗੁਰਦੁਆਰਾ ਉਂਕਾਰੇਸ਼ਵਰ ਸਾਹਿਬ ਮੱਧ ਪ੍ਰਦੇਸ਼ ਦੇ ਖੰਡਵਾ ਜ਼ਿਲ੍ਹੇ ਵਿਚ ਸਥਿਤ ਮਾਨਧਾਤਾ ਨਾਂਅ ਦੇ ਇਕ ਟਾਪੂ ਉਪਰ ਸਥਿਤ ਹੈ। ਇਹ ਮਾਨਧਾਤਾ ਟਾਪੂ ਹਰ ਪਾਸੇ ਤੋਂ ਪਾਣੀ ਵਿਚ ਘਿਰਿਆ ਹੋਇਆ ਹੈ। ਮਾਨਧਾਤਾ ਟਾਪੂ ਨੂੰ ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਪਵਿੱਤਰ ਚਰਨਛੋਹ ਪ੍ਰਾਪਤ ਕਰਨ ਦਾ ਸੁਭਾਗ ਪ੍ਰਾਪਤ ਹੈ। ਮਾਨਧਾਤਾ ਟਾਪੂ ਇੰਦੌਰ ਤੋਂ 78 ਕਿਲੋਮੀਟਰ ਅਤੇ ਖੰਡਵਾ ਤੋਂ ਵੀ 78 ਕਿਲੋਮੀਟਰ ਦੂਰ ਸਥਿਤ ਹੈ। ਮਾਨਧਾਤਾ ਟਾਪੂ ਖੰਡਵਾ ਜ਼ਿਲ੍ਹੇ ਵਿਚ ਸਥਿਤ ਹੈ।
ਗੁਰੂ ਨਾਨਕ ਦੇਵ ਜੀ ਆਪਣੀ ਦੱਖਣ ਦੀ ਯਾਤਰਾ (ਦੂਜੀ ਉਦਾਸੀ) ਦੌਰਾਨ ਇਸ ਮਾਨਧਾਤਾ ਟਾਪੂ ਉਪਰ ਆਏ ਸਨ। ਇਸ ਟਾਪੂ ਉਪਰ ਹੀ ਗੁਰੂ ਨਾਨਕ ਦੇਵ ਜੀ ਨੇ 'ਦੱਖਣੀ ਓਂਕਾਰ' ਦੀ ਬਾਣੀ ਉਚਾਰੀ ਸੀ। ਇਸ ਟਾਪੂ ਉਪਰ ਹੀ ਗੁਰੂ ਜੀ ਨੇ ਇਥੋਂ ਦੇ ਇਕ ਪ੍ਰਸਿੱਧ ਪੰਡਤ ਜੀ ਨਾਲ ਬਚਨ-ਵਿਲਾਸ ਕੀਤੇ ਸਨ ਅਤੇ ਪੰਡਤ ਜੀ ਨੂੰ 'ਓਂਕਾਰ' ਦੇ ਅਸਲੀ ਅਰਥ ਦੱਸੇ ਸਨ।
ਇਸ ਟਾਪੂ ਉਪਰ ਗੁਰੂ ਨਾਨਕ ਦੇਵ ਜੀ ਦੀ ਯਾਦ ਵਿਚ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ। ਇਸ ਗੁਰਦੁਆਰਾ ਸਾਹਿਬ ਦਾ ਨਾਂਅ 'ਗੁਰਦੁਆਰਾ ਗੁਰੂ ਨਾਨਕ ਦੇਵ ਜੀ ਸਾਹਿਬ ਉਂਕਾਰੇਸ਼ਵਰ' ਹੈ। ਇਸ ਗੁਰਦੁਆਰਾ ਸਾਹਿਬ ਵਿਚ ਸ਼ਾਂਤੀ ਬਹੁਤ ਹੈ ਅਤੇ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਕੇ ਆਨੰਦ ਆ ਜਾਂਦਾ ਹੈ। ਇਹ ਗੁਰਦੁਆਰਾ ਸਾਹਿਬ ਇੰਦੌਰ ਦੀ ਕਮੇਟੀ ਅਧੀਨ ਹੈ। ਇਸ ਗੁਰਦੁਆਰਾ ਸਾਹਿਬ ਵਿਚ 1, 2, 3 ਵੈਸਾਖ ਨੂੰ ਸਾਲਾਨਾ ਸਮਾਗਮ ਕਰਵਾਇਆ ਜਾਂਦਾ ਹੈ।
ਇਸ ਗੁਰਦੁਆਰਾ ਸਾਹਿਬ ਵਿਚ ਸਿਰਫ ਸਿੱਖ ਹੀ ਨਹੀਂ ਜਾਂਦੇ, ਸਗੋਂ ਹਿੰਦੂ ਅਤੇ ਹੋਰ ਧਰਮਾਂ ਦੇ ਲੋਕ ਵੀ ਜਾਂਦੇ ਹਨ ਅਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਦੇ ਹਨ। ਇਸ ਇਲਾਕੇ ਦੇ ਲੋਕ ਪੁਰਾਤਨ ਸਮੇਂ ਤੋਂ ਹੀ 'ਦੱਖਣੀ ਓਂਕਾਰ' ਦੀ ਆਰਤੀ ਕਰਦੇ ਆ ਰਹੇ ਹਨ। ਉਂਕਾਰੇਸ਼ਵਰ ਹਿੰਦੂਆਂ ਦਾ ਵੀ ਪ੍ਰਸਿੱਧ ਤੀਰਥ ਅਸਥਾਨ ਹੈ। ਇਥੇ ਉਂਕਾਰੇਸ਼ਵਰ ਮੰਦਿਰ ਵੀ ਕਾਫੀ ਪ੍ਰਸਿੱਧ ਹੈ। ਇਸ ਟਾਪੂ ਉਪਰ ਬਹੁਤ ਸਾਰੇ ਮੰਦਰ ਅਤੇ ਧਰਮਸ਼ਾਲਾਵਾਂ ਹਨ। ਇਸ ਟਾਪੂ ਉਪਰ ਬੰਦਰ ਅਤੇ ਪਾਂਡੇ ਵੀ ਵੱਡੀ ਗਿਣਤੀ ਵਿਚ ਹਨ।
ਮਾਨਧਾਤਾ ਟਾਪੂ ਨਰਮਦਾ ਦਰਿਆ ਕਿਨਾਰੇ ਸਥਿਤ ਹੈ। ਇਹ ਟਾਪੂ ਹਰ ਪਾਸੇ ਤੋਂ ਪਾਣੀ ਨਾਲ ਘਿਰਿਆ ਹੋਇਆ ਹੈ। ਇਸ ਟਾਪੂ ਉਪਰ ਜਾਣ ਲਈ ਜਾਂ ਤਾਂ ਕਿਸ਼ਤੀਆਂ ਰਾਹੀਂ ਜਾਇਆ ਜਾਂਦਾ ਹੈ ਅਤੇ ਹੁਣ ਦਰਿਆ ਦੇ ਉਪਰ ਪੁਲ ਬਣ ਜਾਣ ਕਾਰਨ ਪੁਲ ਰਸਤੇ ਵੀ ਆਵਾਜਾਈ ਸ਼ੁਰੂ ਹੋ ਚੁੱਕੀ ਹੈ। ਇਸ ਪੁਲ ਦੀ ਵਿਲੱਖਣ ਗੱਲ ਇਹ ਹੈ ਕਿ ਇਹ ਪੁਲ ਨਰਮਦਾ ਨਦੀ ਦੇ ਇਕ ਪਾਸੇ ਤੋਂ ਸ਼ੁਰੂ ਹੋ ਕੇ ਦੂਜੇ ਸਿਰੇ ਤੱਕ ਹਵਾ ਵਿਚ ਹੀ ਲਟਕਿਆ ਹੋਇਆ ਹੈ। ਕਹਿਣ ਦਾ ਭਾਵ ਇਹ ਹੈ ਕਿ ਨਦੀ ਵਿਚ ਪੁਲ ਦਾ ਕੋਈ ਪਿੱਲਰ ਨਹੀਂ ਹੈ। ਇਸ ਟਾਪੂ ਦੇ ਆਲੇ-ਦੁਆਲੇ ਨਰਮਦਾ ਦਰਿਆ ਕਾਫੀ ਡੂੰਘਾ ਹੈ, ਜਿਸ ਦੀ ਗਹਿਰਾਈ ਅਜੇ ਤੱਕ ਮਾਪੀ ਨਹੀਂ ਗਈ, ਜਿਸ ਕਰਕੇ ਇਸ ਦਰਿਆ ਵਿਚ ਪੁਲ ਦੇ ਪਿੱਲਰ ਨਹੀਂ ਬਣਾਏ ਜਾ ਸਕੇ ਅਤੇ ਇਸ ਦਰਿਆ ਵਿਚ ਦਿਨ-ਰਾਤ ਪਾਣੀ ਦੀਆਂ ਛੱਲਾਂ ਉਠਦੀਆਂ ਰਹਿੰਦੀਆਂ ਹਨ।
ਮਾਨਧਾਤਾ ਟਾਪੂ ਦੇ ਆਲੇ-ਦੁਆਲੇ ਨਰਮਦਾ ਅਤੇ ਕਾਵੇਰੀ ਦਰਿਆਵਾਂ ਦਾ ਮੇਲ ਹੁੰਦਾ ਹੈ। ਅਸਲ ਵਿਚ ਦੋਵਾਂ ਦਰਿਆਵਾਂ ਦੇ ਮੇਲ ਕਿਨਾਰੇ ਹੀ ਇਹ ਟਾਪੂ ਵਸਿਆ ਹੋਇਆ ਹੈ। ਦੂਰੋਂ ਵੇਖਣ ਨੂੰ ਇਸ ਤਰ੍ਹਾਂ ਲਗਦਾ ਹੈ ਜਿਵੇਂ ਇਹ ਟਾਪੂ ਅਸਲ ਵਿਚ ਸਮੁੰਦਰ ਵਿਚ ਕੋਈ ਪਹਾੜੀ ਹੋਵੇ, ਕਿਉਂਕਿ ਹਰ ਪਾਸੇ ਤੋਂ ਇਹ ਟਾਪੂ ਪਾਣੀ ਨਾਲ ਘਿਰਿਆ ਹੋਇਆ ਹੈ। ਮਾਨਧਾਤਾ ਟਾਪੂ ਉਪਰ ਅਤੇ ਟਾਪੂ ਤੋਂ ਪਹਿਲਾਂ ਵੱਖ-ਵੱਖ ਧਰਮਾਂ ਅਤੇ ਜਾਤਾਂ ਦੇ ਲੋਕਾਂ ਵਲੋਂ ਆਪੋ-ਆਪਣੀਆਂ ਧਰਮਸ਼ਾਲਾਵਾਂ ਬਣਾਈਆਂ ਹੋਈਆਂ ਹਨ। ਧਰਮਸ਼ਾਲਾਵਾਂ ਉਪਰ ਆਪੋ-ਆਪਣੇ ਰਾਜਿਆਂ ਦੇ ਬੁੱਤ ਵੀ ਬਣਾਏ ਹੋਏ ਹਨ, ਜੋ ਕਿ ਕਾਫੀ ਸੋਹਣੇ ਲਗਦੇ ਹਨ। ਟਾਪੂ ਉੱਪਰ ਜਾਣ ਲਈ ਬਣੇ ਪੁਲ ਉਪਰ ਖੜ੍ਹ ਕੇ ਬੜਾ ਸੁਹਾਵਣਾ ਅਤੇ ਸੁੰਦਰ ਮੌਸਮ ਤੇ ਨਜ਼ਾਰਾ ਨਜ਼ਰ ਆਉਂਦਾ ਹੈ। ਇਹ ਟਾਪੂ ਇਕ ਪਹਾੜੀ ਉਪਰ ਹੀ ਬਣਿਆ ਹੋਇਆ ਹੈ ਅਤੇ ਕਾਫੀ ਸੁੰਦਰ ਹੈ। ਮਾਨਧਾਤਾ ਟਾਪੂ ਤੋਂ ਰੇਲਵੇ ਸਟੇਸ਼ਨ 12 ਕਿਲੋਮੀਟਰ ਦੂਰ ਹੈ ਅਤੇ ਬੱਸ ਇਸ ਟਾਪੂ ਦੇ ਨੇੜੇ ਹੀ ਚਲੀ ਜਾਂਦੀ ਹੈ। ਇਸ ਟਾਪੂ ਉਪਰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਨ ਲਈ ਦੂਰ-ਦੂਰ ਤੋਂ ਸ਼ਰਧਾਲੂ ਆਉਂਦੇ ਹਨ, ਉਥੇ ਇਸ ਟਾਪੂ ਉਪਰ ਕਾਫੀ ਸਾਰੇ ਸੈਲਾਨੀ ਵੀ ਆੳਂੁਦੇ ਹਨ। ਇਸ ਟਾਪੂ ਅਤੇ ਆਲੇ-ਦੁਆਲੇ ਦੇ ਦਿਲਕਸ਼ ਨਜ਼ਾਰੇ ਸੈਲਾਨੀਆਂ ਦਾ ਮਨ ਮੋਹ ਲੈਂਦੇ ਹਨ।
ਮਾਨਧਾਤਾ ਟਾਪੂ ਦੇ ਨਾਲ ਖਹਿ ਕੇ ਵਹਿੰਦੇ ਦਰਿਆ ਨਰਮਦਾ ਵਿਚ ਸ਼ਰਧਾਲੂ ਅਤੇ ਸੈਲਾਨੀ ਕਿਸ਼ਤੀਆਂ ਵਿਚ ਸੈਰ ਕਰਦੇ ਹਨ ਅਤੇ ਕਾਦਰ ਦੀ ਕੁਦਰਤ ਤੋਂ ਬਲਿਹਾਰੇ ਜਾਂਦੇ ਹਨ।


-ਕੋਠੀ ਨੰਬਰ 61-ਏ ਲੱਕੀ ਨਿਵਾਸ, ਵਿੱਦਿਆ ਨਗਰ, ਪਟਿਆਲਾ।
ਮੋਬਾ: 94638-19174

ਕੱਲ੍ਹ ਲਈ ਵਿਸ਼ੇਸ਼

ਇਸਲਾਮ ਧਰਮ ਦੇ ਪੈਗ਼ੰਬਰ ਮੁਹੰਮਦ ਸਾਹਿਬ (ਸਲ.)

ਮੁਹੰਮਦ ਸਾਹਿਬ ਨੂੰ ਅੱਜ ਵੀ ਵਿਸ਼ਵ ਨੂੰ ਸਭ ਤੋਂ ਵੱਧ ਪ੍ਰਭਾਵਿਤ ਕਰਨ ਵਾਲੀ ਸ਼ਖ਼ਸੀਅਤ ਦੇ ਰੂਪ ਵਿਚ ਦੇਖਿਆ ਜਾਂਦਾ ਹੈ। ਉਨ੍ਹਾਂ ਨੂੰ ਹਮੇਸ਼ਾ ਇਸਲਾਮ ਧਰਮ ਦੇ ਆਖਰੀ ਪੈਗ਼ੰਬਰ, ਸਫਲ ਸ਼ਾਸਕ, ਨਿਧੜਕ ਜਰਨੈਲ, ਮਹਾਨ ਯੋਧਾ, ਵਪਾਰੀ, ਸਮਾਜ ਸੁਧਾਰਕ, ਉੱਚ-ਕੋਟੀ ਦੇ ਫ਼ਿਲਾਸਫ਼ਰ, ਕੂਟਨੀਤਕ, ਦਾਰਸ਼ਨਿਕ, ਬੇਸਹਾਰਾ ਲੋਕਾਂ (ਯਤੀਮਾਂ, ਵਿਧਵਾਵਾਂ, ਗੁਲਾਮਾਂ, ਇਸਤਰੀਆਂ ਆਦਿ) ਦੇ ਮਸੀਹਾ ਦੇ ਰੂਪ ਵਿਚ ਜਾਣਿਆ ਜਾਂਦਾ ਹੈ।
ਮੱਕਾ ਸ਼ਹਿਰ ਨੂੰ ਆਬਾਦ ਕਰਨ ਵਾਲੇ ਪੈਗ਼ੰਬਰ ਹਜ਼ਰਤ ਇਸਮਾਇਲ (ਅਲੈ.) ਦੀ ਜੱਦ ਦੇ ਇਕ ਕਬੀਲੇ 'ਬਨੀ ਹਾਸ਼ਿਮ' ਵਿਚ 20 ਅਪ੍ਰੈਲ 571 ਈ: (ਅਰਬੀ ਕੈਲੰਡਰ ਦੇ ਤੀਜੇ ਮਹੀਨੇ ਰਬੀ-ਉਲ-ਅੱਵਲ ਦੀ 12 ਤਾਰੀਖ ਦਿਨ ਸੋਮਵਾਰ) ਨੂੰ ਸਵ: ਅਬਦੁੱਲਾ ਦੀ ਸੁਪਤਨੀ ਬੀਬੀ ਆਮਨਾ ਦੀ ਕੁੱਖੋਂ ਇਕ ਬੱਚੇ ਦਾ ਜਨਮ ਹੋਇਆ, ਜਿਸ ਦਾ ਨਾਂਅ ਉਨ੍ਹਾਂ ਦੇ ਚਾਚਾ ਅਬੂ ਤਾਲਿਬ ਨੇ 'ਮੁਹੰਮਦ' ਰੱਖਿਆ। ਇਸ ਬਾਲਕ ਨੂੰ ਹੀ ਵੱਡਾ ਹੋ ਕੇ ਇਸਲਾਮ ਧਰਮ ਦੇ ਆਖਰੀ ਪੈਗ਼ੰਬਰ ਹੋਣ ਦਾ ਮਾਣ ਪ੍ਰਾਪਤ ਹੋਇਆ। ਉਹ 2 ਸਾਲ ਦੇ ਸਨ ਜਦੋਂ ਮਾਂ ਦਾ ਸਾਇਆ ਸਿਰ ਤੋਂ ਉੱਠ ਗਿਆ। ਆਪ ਬਚਪਨ ਤੋਂ ਹੀ ਸੱਚ ਬੋਲਣ, ਬਜ਼ੁਰਗਾਂ/ਬੇਸਹਾਰਾ/ਅੰਗਹੀਣਾਂ ਆਦਿ ਦੀ ਸੇਵਾ ਕਰਨ, ਕਿਸੇ ਨੂੰ ਧੋਖਾ ਨਾ ਦੇਣ, ਅਮਾਨਤ ਵਿਚ ਖਿਆਨਤ ਨਾ ਕਰਨ ਆਦਿ ਗੁਣਾਂ ਦੇ ਧਾਰਨੀ ਸਨ। 20 ਸਾਲ ਦੀ ਉਮਰ ਵਿਚ ਆਪ ਵਪਾਰ ਕਰਨ ਦੇ ਮਕਸਦ ਨਾਲ ਸ਼ਾਮ (ਸੀਰੀਆ), ਇਰਾਕ, ਯਮਨ ਆਦਿ ਦੇਸ਼ਾਂ ਵਿਚ ਗਏ। ਸੱਚਾਈ, ਇਮਾਨਦਾਰੀ, ਦਿਆਨਤਦਾਰੀ ਨਾਲ ਵਪਾਰ ਕਰਨ ਕਾਰਨ ਆਪ ਪੂਰੇ ਅਰਬ ਵਿਚ ਪ੍ਰਸਿੱਧ ਹੋ ਗਏ। 25 ਸਾਲ ਦੀ ਉਮਰ ਵਿਚ ਆਪ ਦਾ ਨਿਕਾਹ ਬੀਬੀ ਖਦੀਜਾ ਨਾਲ ਹੋਇਆ। ਉਸ ਸਮੇਂ ਬੀਬੀ ਖਦੀਜਾ ਦੀ ਉਮਰ 40 ਸਾਲ ਦੀ ਸੀ। ਹਜ਼ਰਤ ਮੁਹੰਮਦ (ਸਲ.) ਅਕਸਰ ਰੱਬ ਦੀ ਭਗਤੀ ਕਰਨ ਅਤੇ ਸਮਾਜ ਵਿਚ ਪ੍ਰਚਲਿਤ ਬੁਰਾਈਆਂ ਨੂੰ ਖਤਮ ਕਰਨ ਲਈ ਸੋਚ-ਵਿਚਾਰ ਕਰਨ ਲਈ ਮੱਕੇ ਤੋਂ 3 ਕਿ.ਮੀ. ਦੀ ਦੂਰੀ 'ਤੇ ਸਥਿਤ ਇਕ ਗੁਫਾ (ਜਿਸ ਦਾ ਨਾਂਅ ਹਿਰਾ ਹੈ) ਵਿਚ ਜਾ ਬੈਠਦੇ ਸਨ। ਇਥੇ ਹੀ 40 ਸਾਲ ਦੀ ਉਮਰ ਵਿਚ ਆਪ ਨੂੰ ਪੈਗੰਬਰੇ ਇਸਲਾਮ ਹੋਣ ਦਾ ਮਾਣ ਹਾਸਲ ਹੋਇਆ। ਆਪ ਨੇ ਨਿਰੰਤਰ 23 ਸਾਲ ਬਹੁਤ ਹੀ ਯੋਜਨਾਪੂਰਨ ਢੰਗ ਨਾਲ, ਪ੍ਰੇਸ਼ਾਨੀਆਂ ਨੂੰ ਸਹਾਰਦੇ ਹੋਏ ਇਸਲਾਮ ਧਰਮ ਨੂੰ ਮੁਕੰਮਲ ਤੌਰ 'ਤੇ ਲੋਕਾਂ ਤੱਕ ਪਹੁੰਚਾਇਆ ਤੇ ਲੋਕਾਂ ਨੂੰ ਇਕ ਰੱਬ ਦੀ ਬੰਦਗੀ ਕਰਨ ਵੱਲ ਪ੍ਰੇਰਿਤ ਕੀਤਾ। ਆਪ ਦੇ ਉਪਦੇਸ਼ ਸਦਕਾ ਲੋਕ ਧੜਾ-ਧੜ੍ਹ ਇਸਲਾਮ ਵਿਚ ਸ਼ਾਮਿਲ ਹੋਏ ਜਿਸ ਕਰਕੇ ਇਸਲਾਮ ਧਰਮ ਅੱਜ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਧਰਮ ਹੈ। ਆਪ ਦੀ ਪ੍ਰਸਿੱਧੀ ਦੇਖ ਕੇ ਮੱਕੇ ਦੇ ਪਰੰਪਰਿਕ ਧਰਮਾਂ ਨੂੰ ਮੰਨਣ ਵਾਲੇ ਲੋਕ ਆਪ ਜੀ ਦੇ ਅਤੇ ਆਪ ਜੀ ਦੇ ਸਾਥੀਆਂ ਦੇ ਦੁਸ਼ਮਣ ਬਣ ਗਏ। ਆਪ ਜੀ ਨੂੰ ਲਗਭਗ 13 ਸਾਲ ਤੱਕ ਹਰ ਹਰਬਾ ਵਰਤ ਕੇ ਤੰਗ-ਪ੍ਰੇਸ਼ਾਨ ਕੀਤਾ ਗਿਆ। ਆਪਣੇ ਸਾਥੀਆਂ ਸਮੇਤ ਮੱਕੇ ਤੋਂ ਹਿਜਰਤ ਕਰਕੇ ਮਦੀਨੇ ਚਲੇ ਗਏ। ਇਸੇ ਸਾਲ ਤੋਂ ਹਿਜ਼ਰੀ ਸੰਨ ਦਾ ਆਰੰਭ ਹੋਇਆ। ਮਦੀਨੇ ਜਾ ਕੇ ਆਪ ਨੇ ਇਸਲਾਮ ਧਰਮ ਦਾ ਪ੍ਰਚਾਰ ਜ਼ੋਰ-ਸ਼ੋਰ ਨਾਲ ਆਰੰਭ ਕਰ ਦਿੱਤਾ। ਜਿਸ ਕਾਰਨ ਇਸਲਾਮ ਧਰਮ ਮਦੀਨੇ ਦੇ ਬਾਹਰਲੇ ਇਲਾਕਿਆਂ ਤੱਕ ਵੀ ਫੈਲਣਾ ਸ਼ੁਰੂ ਹੋ ਗਿਆ। ਜਿਸ ਤੋਂ ਖਫਾ ਹੋ ਕਿ ਮੱਕੇ ਦੇ ਲੋਕਾਂ ਨੇ ਮਦੀਨੇ 'ਤੇ ਹਮਲਾ ਕਰਨ ਦੀ ਯੋਜਨਾ ਬਣਾਈ। ਮੁਹੰਮਦ (ਸਲ.) ਨੇ ਵਿਰੋਧੀਆਂ ਨਾਲ ਸਮਝੌਤਾ ਕਰਨ ਅਤੇ ਮੇਲ-ਮਿਲਾਪ ਵਧਾਉਣ ਦਾ ਕਈ ਵਾਰ ਯਤਨ ਕੀਤਾ ਪਰ ਸਫਲ ਨਾ ਹੋਏ। ਅੰਤ ਵਿਚ ਆਤਮ ਰੱਖਿਆ ਲਈ ਆਪ ਨੂੰ ਕਈ ਵਾਰ ਯੁੱਧ ਦੇ ਮੈਦਾਨ ਵਿਚ ਉੱਤਰਨਾ ਪਿਆ। ਪੈਗ਼ੰਬਰੇ ਇਸਲਾਮ ਨੇ ਜੰਗ ਲਈ ਵੀ ਮਾਨਵਤਾ ਪੂਰਨ ਨਿਯਮ ਬਣਾਏ। ਅਸੱਭਿਅਤਾ ਦੇ ਯੁੱਗ ਵਿਚ ਵੀ ਮਨੁੱਖੀ ਕਦਰਾਂ-ਕੀਮਤਾਂ ਨੂੰ ਜੰਗ ਦੇ ਮੈਦਾਨ ਵਿਚ ਵੀ ਲਾਗੂ ਕਰ ਕੇ ਅਨੋਖੀ ਮਿਸਾਲ ਪੇਸ਼ ਕੀਤੀ। ਆਪ ਨੇ ਆਪਣੇ ਸਾਥੀਆਂ ਨੂੰ ਜੰਗ ਸਬੰਧੀ ਸਖਤ ਨਿਯਮ ਅਪਣਾਉਣ ਦੇ ਆਦੇਸ਼ ਦਿੱਤੇ। ਆਪ ਨੇ ਕਿਹਾ ਕਿ ਯੁੱਧ ਦੇ ਮੈਦਾਨ ਵਿਚ ਕਿਸੇ ਲਾਸ਼ ਦੇ ਅੰਗ ਨਾ ਕੱਟੇ ਜਾਣ, ਕਿਸੇ ਨੂੰ ਧੋਖੇ ਜਾਂ ਵਿਸ਼ਵਾਸਘਾਤ ਨਾਲ ਕਤਲ ਨਾ ਕੀਤਾ ਜਾਵੇ, ਬੱਚੇ/ਬੁੱਢੇ/ਔਰਤਾਂ ਆਦਿ ਨੂੰ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਨਾ ਪਹੁੰਚਾਇਆ ਜਾਵੇ, ਖਜੂਰਾਂ ਅਤੇ ਹੋਰ ਫਲਦਾਰ ਦਰੱਖਤਾਂ ਨੂੰ ਨਾ ਕੱਟਿਆ ਜਾਵੇ ਅਤੇ ਨਾ ਹੀ ਜਲਾਇਆ ਜਾਵੇ, ਸੰਸਾਰ ਤਿਆਗੀ ਪੀਰਾਂ, ਫਕੀਰਾਂ ਅਤੇ ਰੱਬ ਦੀ ਇਬਾਦਤ ਕਰਨ ਵਾਲੇ ਲੋਕਾਂ ਨੂੰ ਤੰਗ ਨਾ ਕੀਤਾ ਜਾਵੇ, ਕਿਸੇ ਵੀ ਧਰਮ ਦੇ ਪੂਜਾ ਸਥਾਨਾਂ ਨੂੰ ਨੁਕਸਾਨ ਨਾ ਪਹੁੰਚਾਇਆ ਜਾਵੇ ਆਦਿ। ਮੁਹੰਮਦ (ਸਲ.) ਨੇ ਹਮੇਸ਼ਾ ਹੀ ਸ਼ਰਨ ਵਿਚ ਆਏ ਕੱਟੜ ਤੋਂ ਕੱਟੜ ਦੁਸ਼ਮਣ ਨਾਲ ਵੀ ਚੰਗਾ ਵਿਵਹਾਰ ਕੀਤਾ। ਇਥੋਂ ਤੱਕ ਆਪਣੀ ਜਨਮ ਭੂਮੀ ਮੱਕਾ ਨੂੰ ਬਿਨਾਂ ਖੂਨ ਦਾ ਇਕ ਵੀ ਕਤਰਾ ਬਹਾਏ ਫਤਿਹ ਕੀਤਾ। ਆਪ ਜੀ ਦੇ ਇਸ ਤਰ੍ਹਾਂ ਦੇ ਚਰਿੱਤਰ ਨੂੰ ਦੇਖ ਕੇ ਇਸਲਾਮ ਦਾ ਵਿਰੋਧ ਕਰਨ ਵਾਲੇ ਲਗਭਗ ਸਾਰੇ ਮੱਕਾ ਵਾਸੀ ਇਸਲਾਮ ਦੇ ਪੈਰੋਕਾਰ ਬਣ ਗਏ। ਜਿਹੜਾ ਕੰਮ ਤਲਵਾਰ ਨਾਲ ਨਹੀਂ ਕੀਤਾ ਜਾ ਸਕਦਾ ਉਸ ਨੂੰ ਸੱਚੇ-ਸੁੱਚੇ ਚਰਿੱਤਰ ਨਾਲ ਨੇਪਰੇ ਚੜ੍ਹਾਇਆ।
ਅਸਲ ਅਰਥਾਂ ਵਿਚ ਮੁਹੰਮਦ (ਸਲ.) ਨੂੰ ਅੰਤਰ-ਰਾਸ਼ਟਰੀ ਭਾਈਚਾਰਕ ਸਾਂਝ, ਮਨੁੱਖੀ ਸਮਾਨਤਾ, ਲੋਕਤੰਤਰੀ ਸਿਧਾਂਤਾਂ ਆਦਿ ਨੂੰ ਅਮਲੀ ਰੂਪ ਵਿਚ ਲਾਗੂ ਕਰਨ ਵਾਲਾ ਮੰਨਿਆ ਜਾ ਸਕਦਾ ਹੈ। ਇਨ੍ਹਾਂ ਸਿਧਾਂਤਾਂ ਨੂੰ ਪੱਛਮੀ ਦੇਸ਼ਾਂ ਨੇ ਬਹੁਤ ਬਾਅਦ ਵਿਚ ਅਪਣਾਇਆ ਹੈ। ਸੋ ਆਪ ਦੀ ਸ਼ਖ਼ਸੀਅਤ ਅਤੇ ਗੁਣਾਂ ਦੇ ਕਾਰਨ ਆਪ ਦਾ ਨਾਮ ਵਿਸ਼ਵ ਦੇ ਇਤਿਹਾਸ ਨੂੰ ਸਭ ਤੋਂ ਵੱਧ ਪ੍ਰਭਾਵਿਤ ਕਰਨ ਵਾਲੇ ਵਿਅਕਤੀਆਂ ਵਿਚ ਸ਼ਾਮਿਲ ਹੈ।
ਸੰਨ 10 ਹਿਜਰੀ ਨੂੰ ਆਪ ਨੇ ਆਪਣੇ 1,25,000 ਸਹਾਬਾ (ਸਾਥੀਆਂ) ਨਾਲ ਆਪਣੀ ਜ਼ਿੰਦਗੀ ਦਾ ਆਖਰੀ ਹੱਜ ਕੀਤਾ। ਇਸ ਮੌਕੇ ਆਪ ਨੇ ਆਪਣੇ ਸਾਥੀਆਂ ਨੂੰ ਖੁਤਬੇ (ਭਾਸ਼ਣ) ਰਾਹੀਂ ਕੁਝ ਸੰਦੇਸ਼ ਦਿੱਤੇ ਜਿਨ੍ਹਾਂ ਵਿਚੋਂ ਕੁਝ ਇਸ ਪ੍ਰਕਾਰ ਸਨ:- 'ਮੁਸਲਮਾਨੋਂ ਤੁਸੀਂ ਸਾਰੇ ਆਦਮ ਦੀ ਔਲਾਦ ਹੋ ਅਤੇ ਆਦਮ ਮਿੱਟੀ ਵਿਚੋਂ ਪੈਦਾ ਕੀਤਾ ਗਿਆ ਸੀ। ਤੁਹਾਡੇ ਲਈ ਇਕ ਦੂਜੇ ਦਾ ਖੂਨ ਵਹਾਉਣਾ, ਇਕ ਦੂਸਰੇ ਦਾ ਮਾਲ ਹੜੱਪਣਾ, ਇਕ ਦੂਸਰੇ ਦੀ ਇੱਜ਼ਤ ਨਾਲ ਖੇਡਣਾ ਹਰਾਮ ਹੈ'।
ਇਸ ਹੱਜ ਤੋਂ ਬਾਅਦ ਆਪ ਮਦੀਨੇ ਵਾਪਸ ਚਲੇ ਗਏ ਅਤੇ ਕੁਝ ਸਮੇਂ ਬਾਅਦ ਬੁਖਾਰ ਕਾਰਨ ਰਬੀ-ਉਲ-ਅੱਵਲ ਦੀ 12 ਤਾਰੀਖ ਦਿਨ ਸੋਮਵਾਰ ਨੂੰ ਆਪ ਇਸ ਦੁਨੀਆ ਤੋਂ 63 ਸਾਲ ਦੀ ਉਮਰ ਵਿਚ ਕਿਨਾਰਾ ਕਰ ਗਏ। ਇਥੇ ਇਹ ਗੱਲ ਵਿਸ਼ੇਸ਼ ਰੂਪ ਵਿਚ ਧਿਆਨ ਦੇਣ ਯੋਗ ਹੈ ਕਿ ਮੁਹੰਮਦ (ਸਲ.) ਦਾ ਜਨਮ ਅਤੇ ਵਫਾਤ ਭਾਵ ਮੌਤ ਦਾ ਦਿਨ ਮਹੀਨਾ ਇਕੋ ਹੀ ਹੈ। ਰਬੀ-ਉਲ-ਅੱਵਲ ਦੀ 12 ਤਾਰੀਖ ਦਿਨ ਸੋਮਵਾਰ ਨੂੰ ਹੀ ਜਨਮ 'ਤੇ ਇਸੇ ਦਿਨ ਅਤੇ ਮਹੀਨੇ ਵਿਚ ਵਫਾਤ ਭਾਵ ਮੌਤ ਦਾ ਦਿਨ ਹੈ।


-ਮਾਲੇਰਕੋਟਲਾ ।
ਮੋਬ. ਨੰ 9417158300

ਸ਼ਬਦ ਵਿਚਾਰ

ਚਿਤੇ ਦਿਸਹਿ ਧਉਲਹਰ ਬਗੇ ਬੰਕ ਦੁਆਰ॥

ਸਿਰੀਰਾਗੁ ਮਹਲਾ ੧
ਚਿਤੇ ਦਿਸਹਿ ਧਉਲਹਰ ਬਗੇ ਬੰਕ ਦੁਆਰ॥
ਕਰਿ ਮਨ ਖੁਸੀ ਉਸਾਰਿਆ ਦੂਜੈ ਹੇਤਿ ਪਿਆਰਿ॥
ਅੰਦਰੁ ਖਾਲੀ ਪ੍ਰੇਮ ਬਿਨੁ
ਢਹਿ ਢੇਰੀ ਤਨੁ ਛਾਰੁ॥ ੧॥
ਭਾਈ ਰੇ ਤਨੁ ਧਨੁ ਸਾਥਿ ਨ ਹੋਇ॥
ਰਾਮ ਨਾਮੁ ਧਨੁ ਨਿਰਮਲੋ
ਗੁਰੁ ਦਾਤਿ ਕਰੇ ਪ੍ਰਭੁ ਸੋਇ॥ ੧॥ ਰਹਾਉ॥
ਰਾਮ ਨਾਮੁ ਧਨੁ ਨਿਰਮਲੋ ਜੇ ਦੇਵੈ ਦੇਵਣਹਾਰੁ॥
ਆਗੈ ਪੂਛ ਨ ਹੋਵਈ ਜਿਸੁ ਬੇਲੀ ਗੁਰੁ ਕਰਤਾਰੁ॥
ਆਪਿ ਛਡਾਏ ਛੁਟੀਐ ਆਪੇ ਬਖਸਣਹਾਰੁ॥ ੨॥
ਮਨਮੁਖੁ ਜਾਣੈ ਆਪਣੈ ਧੀਆ ਪੂਤ ਸੰਜੋਗੁ॥
ਨਾਰੀ ਦੇਖਿ ਵਿਗਾਸੀਅਹਿ ਨਾਲੇ ਹਰਖੁ ਸੁ ਸੋਗੁ॥
ਗੁਰਮੁਖਿ ਸਬਦਿ ਰੰਗਾਵਲੇ
ਅਹਿਨਿਸਿ ਹਰਿ ਰਸੁ ਭੋਗ॥ ੩॥
ਚਿਤੁ ਚਲੈ ਵਿਤੁ ਜਾਵਣੋ ਸਾਕਤ ਡੋਲਿ ਡੋਲਾਇ॥
ਬਾਹਰਿ ਢੂੰਢਿ ਵਿਗੁਚੀਐ
ਘਰ ਮਹਿ ਵਸਤੁ ਸੁਥਾਇ॥
ਮਨਮੁਖਿ ਹਉਮੈ ਕਰਿ ਮੁਸੀ
ਗੁਰਮੁਖਿ ਪਲੈ ਪਾਇ॥ ੪॥
ਸਾਕਤ ਨਿਰਗੁਣਿਆਰਿਆ ਆਪਣਾ ਮੂਲੁ ਪਛਾਣੁ॥
ਰਕਤੁ ਬਿੰਦੁ ਕਾ ਇਹੁ ਤਨੋ
ਅਗਨੀ ਪਾਸਿ ਪਿਰਾਣੁ॥
ਪਵਣੈ ਕੈ ਵਸਿ ਦੇਹੁਰੀ
ਮਸਤਕਿ ਸਚੁ ਨੀਸਾਣੁ॥ ੫॥
ਬਹੁਤਾ ਜੀਵਣੁ ਮੰਗੀਐ
ਮੂਆ ਨ ਲੋੜੈ ਕੋਇ॥
ਸੁਖ ਜੀਵਣੁ ਤਿਸੁ ਆਖੀਐ
ਜਿਸੁ ਗੁਰਮਖਿ ਵਸਿਆ ਸੋਇ॥
ਨਾਮ ਵਿਹੂਣੇ ਕਿਆ ਗਣੀ
ਜਿਸੁ ਹਰਿ ਗੁਰ ਦਰਸੁ ਨ ਹੋਇ॥ ੬॥
ਜਿਉ ਸੁਪਨੈ ਨਿਸਿ ਭੁਲੀਐ
ਜਬ ਲਗਿ ਨਿਦ੍ਰਾ ਹੋਇ॥
ਇਉ ਸਰਪਨਿ ਕੈ ਵਸਿ ਜੀਅੜਾ
ਅੰਤਰਿ ਹਉਮੈ ਦੋਇ॥
ਗੁਰਮਤਿ ਹੋਇ ਵੀਚਾਰੀਐ
ਸੁਪਨਾ ਇਹੁ ਜਗੁ ਲੋਇ॥ ੭॥
ਅਗਨਿ ਮਰੈ ਜਲੁ ਪਾਈਐ
ਜਿਉ ਬਾਰਿਕ ਦੁਧੈ ਮਾਇ॥
ਬਿਨੁ ਜਲ ਕਮਲ ਸੁ ਨਾ ਥੀਐ
ਬਿਨੁ ਜਲ ਮੀਨੁ ਮਰਾਇ॥
ਨਾਨਕ ਗੁਰਮੁਖਿ ਹਰਿ ਰਸਿ ਮਿਲੈ
ਜੀਵਾ ਹਰਿ ਗੁਣ ਗਾਇ॥ ੮॥ ੧੫॥
(ਪੰਨਾ 62-63)
ਪਦ ਅਰਥ : ਚਿਤੇ-ਚਿਤਰੇ ਹੋਏ। ਧਉਲਹਰ-ਮਹਲ (ਮਾੜੀਆਂ)। ਬਗੇ-ਚਿੱਟੇ ਰੰਗ ਦੇ। ਬੰਕ-ਬੰਕੇ, ਸੁੰਦਰ। ਦੁਆਰ-ਦਰਵਾਜ਼ੇ। ਦੂਜੈ ਹੇਤਿ-ਮਾਇਆ ਦੇ ਮੋਹ ਵਿਚ। ਅੰਦਰੁ-ਹਿਰਦਾ। ਤਨੁ-ਸਰੀਰ। ਛਾਰੁ-ਸੁਆਹ। ਨਿਰਮਲੋ-ਪਵਿੱਤਰ। ਗੁਰੁ ਪ੍ਰਭੁ-ਗੁਰ ਪਰਮਾਤਮਾ, ਗੁਰ ਪਰਮੇਸਰ। ਦਾਤਿ ਕਰੇ-ਬਖ਼ਸ਼ਿਸ਼ ਕਰ ਦੇਵੇ। ਸੋਇ-ਉਹ। ਜੇ ਦੇਵਣਹਾਰੁ-ਜੇਕਰ ਦੇਣ ਦੇ ਸਮਰਥ ਪ੍ਰਭੂ। ਆਗੈ-ਦਰਗਾਹ। ਪੂਛ ਨ ਹੋਵਈ-ਕੋਈ ਪੁੱਛ ਪੜਤਾਲ ਨਹੀਂ ਹੁੰਦੀ। ਬੇਲੀ-ਮਿੱਤਰ। ਆਪਿ ਛਡਾਏ-(ਮਾਇਆ ਦੇ ਮੋਹ ਤੋਂ) ਆਪ ਛਡਾਏ। ਛੁਟੀਐ-ਤਾਂ ਹੀ ਛੁਟਕਾਰਾ ਹੋ ਸਕਦਾ ਹੈ। ਆਪੇ ਬਖਸ਼ਣਹਾਰੁ-(ਉਹ ਪ੍ਰਭੂ) ਆਪ ਹੀ ਬਖ਼ਸ਼ਿਸ਼ਾਂ ਕਰਨ ਵਾਲਾ।
ਮਨਮੁਖੁ-ਆਪਣੇ ਮਨ ਦੇ ਪਿੱਛੇ ਤੁਰਨ ਵਾਲਾ। ਸੰਜੋਗੁ-ਪੂਰਬਲੇ ਜਨਮਾਂ ਦੇ ਕਾਰਨ ਮੇਲ ਹੁੰਦਾ ਹੈ। ਪੂਤ-ਪੁੱਤਰ। ਦੇਖਿ ਵਿਗਾਸੀਅਹਿ-ਦੇਖ ਦੇਖ ਕੇ ਖੁਸ਼ ਹੁੰਦੇ ਹਨ। ਹਰਖੁ-ਖੁਸ਼ੀ। ਸੋਗੁ-ਚਿੰਤਾ, ਗ਼ਮ। ਸਬਦਿ ਰੰਗਾਵਲੇ-ਗੁਰੂ ਦੇ ਸ਼ਬਦ ਦੁਆਰਾ ਨਾਮ ਰੰਗ ਵਿਚ ਰੰਗੇ ਰਹਿੰਦੇ ਹਨ। ਅਹਿਨਿਸਿ-(ਅਹਿ-ਦਿਨ, ਨਿਸਿ-ਰਾਤ) ਦਿਨ ਰਾਤ। ਹਰਿ ਰਸੁ-ਪਰਮਾਤਮਾ ਦੇ ਨਾਮ ਰਸ ਨੂੰ। ਭੋਗੁ-ਭੋਗਦੇ ਹਨ।
ਚਿਤੁ ਚਲੈ-ਮਨ ਡੋਲਦਾ ਹੈ। ਵਿਤੁ-ਧਨ। ਸਾਕਤ-ਪਰਮਾਤਮਾ ਨਾਲੋਂ ਟੁੱਟੇ ਹੋਏ ਮਨੁੱਖ। ਡੋਲਿ ਡੋਲਾਇ-ਡਾਵਾਂਡੋਲ ਹੋ ਜਾਂਦਾ ਹੈ। ਜਾਵਣੋ-ਜਾਣ ਨਾਲ। ਵਿਗੁਚੀਐ-ਖੁਆਰ ਹੁੰਦਾ ਰਹਿੰਦਾ ਹੈ। ਸੁਥਾਇ-ਥਾਂ ਸਿਰ ਪਈ ਹੈ। ਮੁਸੀ-ਲੁੱਟੀ ਜਾਂਦੀ ਹੈ। ਪਲੈ ਪਾਇ-ਪ੍ਰਾਪਤ ਕਰ ਲੈਂਦੀ ਹੈ।
ਗੁਰਬਾਣੀ ਇਸ ਗੱਲ ਦੀ ਸੂਚਕ ਹੈ ਕਿ ਜੋ ਗੁਰੂ ਦੇ ਸ਼ਬਦ ਦੀ ਵਿਚਾਰ ਕਰਕੇ ਸਦਾ ਥਿਰ ਪ੍ਰਭੂ ਨੂੰ ਸਿਮਰਦੇ ਹਨ, ਉਹ (ਗੁਰਮੁਖ) ਫਿਰ ਉਸ ਦਾ ਹੀ ਰੂਪ ਹੋ ਜਾਂਦੇ ਹਨ। ਹਉਮੈ ਨੂੰ ਮਾਰਨ ਨਾਲ ਉਨ੍ਹਾਂ ਦਾ ਮਨ ਪਵਿੱਤਰ ਹੋ ਜਾਂਦਾ ਹੈ ਅਤੇ ਉਹ ਫਿਰ ਪ੍ਰਭੂ ਦੇ ਨਾਮ ਨੂੰ ਆਪਣੇ ਹਿਰਦੇ ਵਿਚ ਟਿਕਾਈ ਰੱਖਦੇ ਹਨ। ਰਾਗੁ ਸੂਹੀ ਵਿਚ ਸ੍ਰੀ ਗੁਰੂ ਅਮਰਦਾਸ ਜੀ ਦੇ ਪਾਵਨ ਬਚਨ ਹਨ-
ਸਚੁ ਧਿਆਇਨਿ ਸੇ ਸਚੇ
ਗੁਰ ਸਬਦਿ ਵੀਚਾਰੀ॥
ਹਉਮੈ ਮਾਰਿ ਮਨੁ ਨਿਰਮਲਾ
ਹਰਿ ਨਾਮੁ ਉਰਿਧਾਰੀ॥ (ਅੰਗ 788)
ਉਰਿਧਾਰੀ-ਹਿਰਦੇ ਵਿਚ ਟਿਕਾਈ ਰੱਖਦੇ ਹਨ।
ਪਰ ਮੂਰਖ ਮਨਮੁਖ ਘਰਾਂ ਤੇ ਮਹਿਲ-ਮਾੜੀਆਂ ਦੇ ਮੋਹ ਦੇ ਹਨੇਰੇ ਵਿਚ ਫਸ ਕੇ ਉਸ ਪਰਮਾਤਮਾ ਨੂੰ ਭੁੱਲ ਜਾਂਦੇ ਹਨ, ਜਿਸ ਨੇ ਉਨ੍ਹਾਂ ਨੂੰ ਪੈਦਾ ਕੀਤਾ ਹੈ-
ਕੋਠੇ ਮੰਡਪ ਮਾੜੀਆਂ
ਲਗਿ ਪਏ ਗਾਵਾਰੀ॥
ਜਿਨ੍ਰਿ ਕੀਏ ਤਿਸਹਿ ਨ ਜਾਣਨੀ
ਮਨਮੁਖਿ ਗੁਬਾਰੀ॥ (ਅੰਗ 788)
ਗਾਵਾਰੀ-ਗਵਾਰ, ਮੂਰਖ। ਗੁਬਾਰੀ-ਹਨੇਰੇ ਵਿਚ।
ਰਾਗੁ ਸੋਰਠਿ ਵਿਚ ਗੁਰੂ ਰਾਮਦਾਸ ਜੀ ਸੋਝੀ ਬਖ਼ਸ਼ਿਸ਼ ਕਰ ਰਹੇ ਹਨ ਕਿ ਜਿਹੜਾ ਮਨੁੱਖ ਗੁਰੂ ਦੀ ਸ਼ਰਨੀ ਲੱਗਦਾ ਹੈ, ਉਹ ਇਕਾਗਰਤਾ ਵਿਚ ਟਿਕ ਕੇ ਆਤਮਿਕ ਅਨੰਦ ਦੇਣ ਵਾਲਾ ਨਾਮ ਜਲ ਪ੍ਰਾਪਤ ਕਰ ਲੈਂਦਾ ਹੈ-
ਗੁਰਮੁਖਿ ਜਲੁ ਪਾਵੈ ਸੁਖ ਸਹਜੇ ਹਰਿਆ ਭਾਇ ਸੁਭਾਈ॥ (ਅੰਗ 607)
ਦੂਜੇ ਬੰਨੇ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨਮੁਖ ਮਾਇਆ ਦੀ ਭੁੱਖ ਕਾਰਨ ਦਸੀਂ ਪਾਸੀਂ ਡੋਲਦੇ ਫਿਰਦੇ ਹਨ। ਅਜਿਹੇ ਮਨਮੁਖ ਪਰਮਾਤਮਾ ਦੇ ਨਾਮ ਤੋਂ ਖੁੰਝ ਕੇ ਦੁੱਖ ਭੋਗਦੇ ਹਨ। ਪਰਮਾਤਮਾ ਦੀ ਦਹਗਾਹ ਵਲੋਂ ਉਨ੍ਹਾਂ ਨੂੰ ਇਹੋ ਸਜ਼ਾ ਮਿਲਦੀ ਹੈ ਕਿ ਉਹ ਜੰਮਦੇ ਤੇ ਮਰਦੇ ਰਹਿੰਦੇ ਹਨ ਅਤੇ ਜੂਨਾਂ ਵਿਚ ਪੈਂਦੇ ਰਹਿੰਦੇ ਹਨ-
ਮਨਮੁਖ ਭੂਖੇ ਦਹਦਿਸ ਡੋਲਹਿ ਬਿਨੁ ਨਾਵੈ ਦੁਖੁ ਪਾਈ॥
ਜਨਮਿ ਮਰੈ ਫਿਰਿ ਜੋਨੀ ਆਵੈ ਦਰਗਹ ਮਿਲੈ ਸਜਾਈ॥ (ਅੰਗ 607)
ਅੱਖਰੀਂ ਅਰਥ : ਇਹ ਜੋ ਸੁੰਦਰ ਸਫ਼ੈਦ ਦਰਵਾਜ਼ਿਆਂ ਵਾਲੇ ਮੀਨਾਕਾਰੀ ਕੀਤੇ ਹੋਏ ਉੱਚੀਆਂ-ਉੱਚੀਆਂ ਮਹਿਲ-ਮਾੜੀਆਂ ਦਿਸ ਰਹੀਆਂ ਹਨ, ਇਹ ਸਭ ਮਾਇਆ ਦੇ ਮੋਹ ਵਿਚ ਪੈ ਕੇ ਮਨ ਨੂੰ ਖੁਸ਼ ਕਰਨ ਲਈ ਉਸਾਰੀਆਂ ਜਾਂਦੀਆਂ ਹਨ ਪਰ ਜੇਕਰ ਪ੍ਰਾਣੀ ਦਾ ਅੰਦਰਲਾ ਪ੍ਰਭੂ ਦੇ ਪ੍ਰੇਮ ਤੋਂ ਸੱਖਣਾ ਹੈ ਤਾਂ ਇਹ ਮਹਿਲ-ਮਾੜੀਆਂ ਕਿਸ ਕੰਮ, ਕਿਉਂਕਿ ਜਿਨ੍ਹਾਂ ਲਈ ਇਹ ਮਹਿਲ-ਮਾੜੀਆਂ ਉਸਾਰੀਆਂ ਗਈਆਂ ਹਨ, ਉਨ੍ਹਾਂ ਸਰੀਰਾਂ ਨੇ ਤਾਂ ਇਕ ਦਿਨ ਢਹਿ-ਢੇਰੀ ਹੋ ਕੇ ਸੁਆਹ ਹੋ ਜਾਣਾ ਹੈ।
ਹੇ ਭਾਈ, ਅੰਤ ਵੇਲੇ ਸਰੀਰ ਤਨ, ਧਨ-ਦੌਲਤ (ਪਰਲੋਕ ਵਿਚ) ਪ੍ਰਾਣੀ ਦੇ ਨਾਲ ਨਹੀਂ ਜਾਂਦੇ। (ਨਾਲ ਜਾਣ ਵਾਲਾ ਤਾਂ ਕੇਵਲ) ਪਰਮਾਤਮਾ ਦਾ ਨਾਮ ਧਨ ਹੀ ਹੈ, ਜਿਸ ਦੀ ਪ੍ਰਾਪਤੀ ਗੁਰੂ ਦਾਤਾਰ ਦੀ ਬਖ਼ਸ਼ਿਸ਼ ਸਦਕਾ ਹੀ ਹੁੰਦੀ ਹੈ।
ਪ੍ਰਭੂ ਨਾਮ ਧਨ ਪਵਿੱਤਰ ਹੈ ਜੋ ਤਾਂ ਹੀ ਮਿਲਦਾ ਹੈ ਜੇਕਰ ਦੇਣ ਦੇ ਸਮਰੱਥ ਪ੍ਰਭੂ ਆਪ ਦੇਵੇ। ਜਿਸ ਦਾ ਗੁਰੂ ਕਰਤਾਰ ਮਿੱਤਰ ਹੈ, ਉਸ ਪਾਸੋਂ ਅੱਗੇ ਦਰਗਾਹੇ ਕੀਤੇ ਕੰਮਾਂ ਬਾਰੇ ਕਿਸੇ ਤਰ੍ਹਾਂ ਦੀ ਪੁੱਛ-ਪ੍ਰਤੀਤ ਨਹੀਂ ਹੁੰਦੀ। ਪਰਮਾਤਮਾ ਆਪ ਹੀ ਜੋ ਸਭ 'ਤੇ ਬਖ਼ਸ਼ਿਸ਼ਾਂ ਕਰਨ ਵਾਲਾ ਹੈ, ਜੇਕਰ ਮਾਇਆ ਦਾ ਮੋਹ ਉਹ ਆਪ ਛੁਡਾਵੇ ਤਾਂ ਹੀ ਜੀਵ ਦਾ ਛੁਟਕਾਰਾ ਹੋ ਸਕਦਾ ਹੈ।
ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨਮੁਖ ਧੀਆਂ-ਪੁੱਤਰਾਂ ਨੂੰ ਆਪਣੇ ਸਮਝਦਾ ਹੈ ਜਦੋਂ ਕਿ ਇਨ੍ਹਾਂ ਨਾਲ ਇਥੇ ਮਿਲਾਪ ਪੂਰਬਲੇ ਜਨਮ ਦੇ ਸੰਜੋਗਾਂ ਕਾਰਨ ਹੋਇਆ ਹੈ। ਅਜਿਹਾ ਮਨਮੁਖ ਘਰ ਦੀ ਨਾਰ (ਇਸਤਰੀ) ਨੂੰ ਦੇਖ-ਦੇਖ ਕੇ ਬੜਾ ਖੁਸ਼ ਹੁੰਦਾ ਹੈ (ਪਰ ਉਸ ਨੂੰ ਇਸ ਗੱਲ ਦੀ ਸੋਝੀ ਨਹੀਂ ਹੁੰਦੀ ਕਿ) ਖੁਸ਼ੀ ਦੇ ਨਾਲ ਗ਼ਮੀ ਵੀ ਹੁੰਦੀ ਹੈ। ਦੂਜੇ ਬੰਨੇ ਜੋ ਗੁਰਮੁਖਿ ਗੁਰੂ ਦੇ ਉਪਦੇਸ਼ ਅਨੁਸਾਰ ਜੀਵਨ ਬਤੀਤ ਕਰਦਾ ਹੈ, ਗੁਰੂ ਦੇ ਸ਼ਬਦ ਵਿਚ ਰੰਗੇ ਰਹਿਣ ਸਦਕਾ ਅਜਿਹੇ ਗੁਰਮੁਖਿ ਪ੍ਰਭੂ ਦੇ ਨਾਮ ਰਸ ਨੂੰ ਦਿਨ-ਰਾਤ ਭੋਗਦੇ ਅਥਵਾ ਭੁੰਚਦੇ ਰਹਿੰਦੇ ਹਨ।
ਧਨ ਦੌਲਤ ਚਲੇ ਜਾਣ ਨਾਲ ਚਿੱਤ ਡੋਲਦਾ ਹੈ ਪਰ ਸਾਕਤ (ਦੇ ਮਨ ਦੀ ਹਾਲਤ ਤਾਂ) ਡਾਵਾਂਡੋਲ ਹੋ ਜਾਂਦੀ ਹੈ। ਸਾਕਤ ਪ੍ਰਭੂ ਨੂੰ ਬਾਹਰ ਲੱਭ-ਲੱਭ ਕੇ ਖ਼ੁਆਰ ਹੁੰਦਾ ਰਹਿੰਦਾ ਹੈ ਜਦੋਂ ਕਿ ਪਰਮਾਤਮਾ ਦਾ ਨਾਮ ਧਨ ਹਿਰਦੇ ਘਰ ਵਿਚ ਹੀ ਮੌਜੂਦ ਹੈ। ਸਾਕਤ ਜੀਵ-ਇਸਤਰੀ ਆਪਣੀ ਹੰਗਤਾ ਕਾਰਨ ਹੀ ਲੁੱਟੀ ਜਾਂਦੀ ਹੈ ਪਰ ਗੁਰੂ ਦੇ ਦਰਸਾਏ ਮਾਰਗ 'ਤੇ ਚੱਲਣ ਵਾਲੀ ਜੀਵ-ਇਸਤਰੀ ਨਾਮ-ਧਨ ਨੂੰ ਪ੍ਰਾਪਤ ਕਰ ਲੈਂਦੀ ਹੈ।
(ਬਾਕੀ ਅਗਲੇ ਮੰਗਲਵਾਰ ਦੇ
ਧਰਮ ਤੇ ਵਿਰਸਾ ਅੰਕ ਵਿਚ)


-217-ਆਰ, ਮਾਡਲ ਟਾਊਨ, ਜਲੰਧਰ।

ਪ੍ਰੇਰਨਾ-ਸਰੋਤ

ਬੰਧਨ-ਮੁਕਤ ਕਰ ਕੇ ਮੁਕਤੀ ਦਾ ਮਾਰਗ ਹੈ ਕਰਮਯੋਗ

ਅਧਿਆਤਮਕ ਪੱਖ ਤੋਂ ਦੇਖੀਏ ਤਾਂ ਅੱਗੇ ਵਧਣ ਲਈ ਦੋ ਮਾਰਗ ਹਨ। ਇਕ ਹੈ ਬੰਧਨ ਦਾ ਅਤੇ ਦੂਜਾ ਹੈ ਮੁਕਤੀ ਜਾਂ ਮੋਕਸ ਦਾ। ਬਹੁਤੇ ਲੋਕਾਂ ਦੀ ਵਿਚਾਰਧਾਰਾ ਅਨੁਸਾਰ ਜਦੋਂ ਸਰੀਰ ਵਿਚੋਂ ਪ੍ਰਾਣ ਨਿਕਲ ਜਾਂਦੇ ਹਨ ਤਾਂ ਮੁਕਤੀ ਮਿਲਦੀ ਹੈ, ਜੀਵਤ ਰਹਿੰਦੇ ਹੋਏ ਮੁਕਤੀ ਨਹੀਂ। ਸਵਾਮੀ ਵਿਵੇਕਾਨੰਦ ਕਰਮਯੋਗ ਵਿਚ ਲਿਖਦੇ ਹਨ ਕਿ ਕਰਮਯੋਗ ਅਜਿਹੀ ਪ੍ਰਕਿਰਿਆ ਹੈ, ਜਿਸ ਨਾਲ ਵਿਅਕਤੀ ਜੀਵਤ ਰਹਿੰਦੇ ਹੋਏ ਵੀ ਮੋਕਸ਼ (ਮੁਕਤੀ) ਪਾ ਸਕਦਾ ਹੈ। ਗੀਤਾ ਦਾ ਹਵਾਲਾ ਦਿੰਦੇ ਹੋਏ ਸਵਾਮੀ ਵਿਵੇਕਾਨੰਦ ਲਿਖਦੇ ਹਨ ਕਿ ਭਗਵਾਨ ਸ੍ਰੀ ਕ੍ਰਿਸ਼ਨ ਗੀਤਾ ਵਿਚ ਅਰਜਨ ਨੂੰ ਕਹਿੰਦੇ ਹਨ, 'ਕਰਮ ਕਰਦੇ ਹੋਏ ਮਿਹਨਤ ਕਰਕੇ ਜੇ ਕੋਈ ਉਨ੍ਹਾਂ ਕਰਮਾਂ ਨੂੰ ਮਨੋਂ ਪਰਮਾਤਮਾ ਨੂੰ ਭੇਟ ਕਰਦਾ ਹੈ ਤਾਂ ਉਹ ਜੀਵਨ ਕਾਲ ਦੌਰਾਨ ਹੀ ਮੁਕਤੀ ਪ੍ਰਾਪਤ ਕਰ ਲੈਂਦਾ ਹੈ।' ਕਰਮ ਕਰਦੇ ਸਮੇਂ ਅਨੇਕਾਂ ਰੁਕਾਵਟਾਂ ਆਉਂਦੀਆਂ ਹਨ। ਇਹ ਰੁਕਾਵਟਾਂ ਹਮੇਸ਼ਾ ਮਾੜੀਆਂ ਆਦਤਾਂ ਕਾਰਨ ਆਉਂਦੀਆਂ ਹਨ। ਇਨ੍ਹਾਂ ਭੈੜੀਆਂ ਆਦਤਾਂ ਤੋਂ ਛੁਟਕਾਰਾ ਪਾਉਣਾ ਹੀ ਮੁਕਤੀ ਹੈ। ਆਤਮਾ ਵੀ ਜਦ ਤੱਕ ਇਕ ਸਰੀਰ ਤੋਂ ਦੂਜੇ ਸਰੀਰ ਤੱਕ ਭਟਕਦੀ ਹੈ ਤਾਂ ਉਸ ਨੂੰ ਮੁਕਤੀ ਨਹੀਂ ਮਿਲਦੀ। ਪਰ ਜਦ ਇਹ ਕਿਸੇ ਅਜਿਹੇ ਸਰੀਰ ਵਿਚ ਹੁੰਦੀ ਹੈ, ਜੋ ਅਜਿਹਾ ਕਰਮ ਕਰਦਾ ਹੈ, ਜੋ ਜੀਵਨ ਜਾਚ ਦੀ ਕਲਾ ਸਿਖਾਉਂਦਾ ਹੈ ਤਾਂ ਉਸ ਆਤਮਾ ਤੇ ਆਤਮਾਧਾਰੀ ਵਿਅਕਤੀ ਦੋਵਾਂ ਨੂੰ ਮੁਕਤੀ ਮਿਲਦੀ ਹੈ। ਆਪਣੇ ਕਰਮ ਪਰਮਾਤਮਾ ਨੂੰ ਸਮਰਪਿਤ ਕਰਕੇ ਕਰੋ।


-ਸਵਾਮੀ ਵਿਵੇਕਾਨੰਦ ਸਟੱਡੀ ਸਰਕਲ, ਜਲੰਧਰ। ਮੋਬਾ: 62805-75943

ਧਾਰਮਿਕ ਸਾਹਿਤ

ਨਾਨਕ ਨਾਮ ਜਹਾਜ਼ ਹੈ
ਲੇਖਕ : ਡਾ: ਅਜਾਇਬ ਸਿੰਘ
ਪ੍ਰਕਾਸ਼ਕ : ਲਾਹੌਰ ਬੁੱਕ ਸ਼ਾਪ, ਲੁਧਿਆਣਾ।
ਪੰਨੇ : 88, ਕੀਮਤ : 140 ਰੁਪਏ
ਸੰਪਰਕ : 98157-94705


ਵਿਚਾਰ ਗੋਚਰੀ ਪੁਸਤਕ ਗੁਰੂ ਨਾਨਕ ਦੇਵ ਜੀ ਦੇ ਜੀਵਨ-ਦਰਸ਼ਨ ਬਾਰੇ ਖੋਜਾਤਮਕ ਜਾਣਕਾਰੀ ਦਿੰਦੀ ਹੈ। ਪੁਸਤਕ ਦੇ 13 ਅਧਿਆਏ ਹਨ। ਪਹਿਲੇ ਭਾਗ ਵਿਚ ਗੁਰੂ ਜੀ ਦੇ ਜੀਵਨ ਬਾਰੇ ਸੰਖੇਪ ਵਿਵਰਣ ਹੈ। ਦੂਜੇ ਲੇਖ ਰਾਹੀਂ ਗੁਰੂ ਜੀ ਦੇ ਕੁਦਰਤ ਨਾਲ ਪਿਆਰ, ਤੀਜੇ ਰਾਹੀਂ ਵੇਈਂ ਨਦੀ ਵਾਲੇ ਚਮਤਕਾਰ, ਚੌਥੇ ਰਾਹੀਂ ਹਰਿਦੁਆਰ ਦੀ ਯਾਤਰਾ (ਸਮੇਤ ਬਨਾਰਸ), ਪੰਜਵੇਂ ਰਾਹੀਂ ਕਾਅਬੇ ਦੀ ਸਾਖੀ ਅਤੇ ਛੇਵੇਂ ਰਾਹੀਂ ਸਮੇਂ ਤੇ ਧਾਰਮਿਕ ਵਿਰਾਸਤ ਦਾ ਤਜ਼ਕਰਾ ਹੈ। ਲੇਖਕ ਦਾ ਵਿਚਾਰ ਹੈ ਕਿ ਭਾਈ ਬਾਲੇ ਦੀ ਤਸਵੀਰਾਂ ਵਾਲੀ ਜਨਮ ਸਾਖੀ ਨਕਲੀ (ਝੂਠੀ) ਸਿੱਧ ਹੋ ਚੁੱਕੀ ਹੈ। ਵਿਦਵਾਨ ਲੇਖਕ ਨੇ ਹਰ ਗੱਲ ਤਰਕ ਭਰਪੂਰ ਤੇ ਨਿਰਖ-ਪਰਖ ਕੇ, ਵਿਗਿਆਨਕ ਦ੍ਰਿਸ਼ਟੀਕੋਣ ਤੋਂ ਲਿਖੀ ਹੈ। ਜਿਸ ਤਰੀਕੇ ਨਾਲ ਉਨ੍ਹਾਂ ਜਪੁਜੀ ਸਾਹਿਬ ਦੀ ਵਿਆਖਿਆ ਕੀਤੀ ਹੈ, ਉਹ ਅਸਲੋਂ ਹੀ ਨਿਵੇਕਲੀ ਤੇ ਉਤਕ੍ਰਿਸ਼ਟ ਹੈ। ਲੇਖਕ ਅਨੁਸਾਰ ਜਪੁਜੀ ਸਾਹਿਬ ਦਾ ਮਤਲਬ ਹੈ : 'ਬੰਦੇ! ਤੂੰ ਪਰਮਾਤਮਾ ਦਾ ਸਿਮਰਨ ਕਰ।' ਇਸ ਭਾਗ ਦੀ ਇਕ ਵੰਨਗੀ-
'ਚੌਥਾ ਕਰਮ ਖੰਡ ਪਰਮਾਤਮਾ ਦੀ ਕਿਰਪਾ ਦਾ ਖੰਡ ਹੈ। ਇਹ ਆਤਮਿਕ ਸ਼ਕਤੀਆਂ ਦਾ ਮੁਢਲਾ ਮਾਧਿਅਮ ਹੈ।' (ਪੰਨਾ 63) ਸਲੋਕਾਂ ਦੀ ਰਚਨਾ ਸੰਖੇਪ ਪਰ ਅਹਿਮ ਲੇਖ ਹੈ। 'ਸਾਰੇ ਸੰਤ-ਕਵੀਆਂ ਦੇ ਸਲੋਕਾਂ ਦੀ ਬੋਲੀ, ਉਪ-ਬੋਲੀ ਅਤੇ ਲਿਖਣ ਢੰਗ ਵਿਚ ਬਹੁਤ ਜ਼ਿਆਦਾ ਫਰਕ ਹੈ। ਇਸ ਲਈ ਕਿਸੇ ਸਲੋਕ ਨੂੰ ਪੜ੍ਹ ਕੇ ਉਸ ਦਾ ਭਾਵ ਅਰਥ ਸਮਝਣ ਲਈ ਆਪਣੀ ਅਕਲ ਦੀ ਵਰਤੋਂ ਕਰਨੀ ਬਹੁਤ ਜ਼ਰੂਰੀ ਹੈ।' (ਪੰਨਾ 67)
'ਆਸਾ ਦੀ ਵਾਰ' ਦਾ ਭਾਵ ਅਰਥ', 'ਗੁਰੂ ਜੀ ਦੀਆਂ ਸਿੱਖਿਆਵਾਂ ਦਾ ਨਿਚੋੜ' ਤੇ 'ੴ (ਏਕ ਓਂਕਾਰ) ਦੀ ਮਹੱਤਤਾ' ਪੁਸਤਕ ਦੇ ਹੋਰ ਗਿਆਨ ਭਰਪੂਰ ਭਾਗ ਹਨ। ਅੰਤਲਾ ਭਾਗ ਹੈ-'ਮਨੁੱਖਤਾ ਨੂੰ ਸੁਨੇਹਾ'। ਇਸ ਵਿਚ ਸਾਧ ਸੰਗਤ ਦੀ ਮਹੱਤਤਾ, ਕਰਮ ਸਿਧਾਂਤ, ਜੀਵਨ ਦਾ ਮੰਤਵ-ਪਰਮਾਤਮਾ ਨਾਲ ਮਿਲਾਪ ਅਤੇ ਕਠ ਉਪਨਿਸ਼ਟ ਮੁਤਾਬਿਕ ਜਨਮ-ਮੌਤ-ਪੁਨਰ ਜਨਮ ਦਾ ਖਾਕੇ ਦੀ ਸ਼ਕਲ ਵਿਚ ਵਿਵਰਣ ਦਰਜ ਹੈ।
ਪਰਮਾਤਮਾ ਦਾ ਇਕ ਪਹਿਲੂ, ਜਿਸ ਉੱਪਰ ਗੁਰੂ ਨਾਨਕ ਦੇਵ ਜੀ ਨੇ ਜ਼ੋਰ ਪਾਇਆ ਹੈ, ਉਹ ਇਹ ਹੈ ਕਿ ਪਰਮਾਤਮਾ ਦੀ ਹੋਂਦ ਸੱਤ ਅਤੇ ਅਸਲੀ ਹੈ। ਇਸ ਦੇ ਉਲਟ ਝੂਠ ਤੇ ਮਾਇਆ ਭੁਲੇਖਾ ਹੈ। ਇਸ ਕਰਕੇ ਮਨੁੱਖ ਲਈ ਪਰਮਾਤਮਾ ਜੀਵਨ ਦੀ ਨਿਯਮਾਂਵਲੀ ਅਤੇ ਆਤਮਿਕ ਸੰਕਲਪ ਦੋਵੇਂ ਬਣ ਗਿਆ ਹੈ। ਪੁਸਤਕ ਗੁਰਬਾਣੀ ਦੇ ਢੁਕਵੇਂ ਪ੍ਰਮਾਣਾਂ ਨਾਲ ਭਰਪੂਰ ਸ਼ਾਹਕਾਰ ਰਚਨਾ ਹੋ ਨਿਬੜੀ ਹੈ।


-ਤੀਰਥ ਸਿੰਘ ਢਿੱਲੋਂ
ਮੋਬਾ: 98154-61710

ਮਾਨਵਤਾ ਦਾ ਕਰੇ ਕੋਈ ਨੁਕਸਾਨ...

* ਸਰਦਾਰ ਪੰਛੀ *

ਮਾਨਵਤਾ ਦਾ ਕਰੇ ਕੋਈ ਨੁਕਸਾਨ ਨਹੀਂ ਸਹਿਣਾ।
ਸਿੱਖ ਕੌਮ ਨੇ ਗੁਰੂਆਂ ਦਾ ਅਪਮਾਨ ਨਹੀਂ ਸਹਿਣਾ।
ਸਾਰੇ ਸੱਚੇ ਧਰਮਾਂ ਦਾ ਸਤਿਕਾਰ ਵੀ ਕਰਦੇ ਹਾਂ।
ਸੱਚੇ ਸੰਤਾਂ ਤਾਈਂ ਸੱਚਾ ਪਿਆਰ ਵੀ ਕਰਦੇ ਹਾਂ।
ਆਪਣੇ ਧਰਮ ਦਾ ਰੂਹਾਨੀ ਪ੍ਰਚਾਰ ਵੀ ਕਰਦੇ ਹਾਂ।
ਬੰਦੇ ਨੂੰ ਰੱਬ ਮੰਨਣ ਤੋਂ ਇਨਕਾਰ ਵੀ ਕਰਦੇ ਹਾਂ।
ਹਾਕਿਮ ਕਰੇ ਜੇ ਝੂਠੇ ਦਾ ਸਨਮਾਨ ਨਹੀਂ ਸਹਿਣਾ।
ਸਿੱਖ ਕੌਮ ਨੇ ਗੁਰੂਆਂ ਦਾ ਅਪਮਾਨ ਨਹੀਂ ਸਹਿਣਾ।
ਕੀ ਦੇਵੇਗਾ ਦੂਜੇ ਨੂੰ ਜੋ ਆਪ ਸਵਾਲੀ ਏ।
ਜਿਸ ਦਾ ਆਪਣਾ ਨਾਂਅ ਤੇ ਘਰ ਦਾ ਨਾਂਅ ਵੀ ਜਾਅਲੀ ਏ।
ਸੋਨੇ ਦੇ ਹਰ ਇਕ ਪਿੰਜਰੇ ਵਿਚ ਬੁਲਬੁਲ ਪਾਲੀ ਏ।
ਲੁੱਟੇ ਪੱਤ ਜੋ ਕਲੀਆਂ ਦੀ ਉਹ ਕਾਹਦਾ ਮਾਲੀ ਏ।
ਆਪਾਂ ਕਿਸੇ ਕਲੀ ਦਾ ਹੁਣ ਅਪਮਾਨ ਨਹੀਂ ਸਹਿਣਾ।
ਸਿੱਖ ਕੌਮ ਦੇ ਆਗੂਆਂ ਦਾ ਅਪਮਾਨ ਨਹੀਂ ਸਹਿਣਾ।
ਆਪਾਂ ਰਲ-ਮਿਲ ਕੇ ਐਸਾ ਮਾਹੌਲ ਬਣਾਉਣਾ ਹੈ।
ਭੁੱਲੇ-ਭਟਕੇ ਲੋਕਾਂ ਨੂੰ ਸਿੱਧੇ ਰਾਹ ਪਾਉਣਾ ਹੈ।
ਡੇਰੇ ਵਿਚ ਗੁਆਚਿਆਂ ਨੂੰ ਬਾਣੀ ਲੜ ਲਾਉਣਾ ਹੈ।
ਜਾਤ-ਪਾਤ ਦੇ ਜਾਲ ਦੇ ਵਿਚੋਂ ਮੁਕਤ ਕਰਾਉਣਾ ਹੈ।
ਹੋਰ ਜ਼ੁਲਮ ਹੁਣ 'ਪੰਛੀ' ਇਸ ਕਿਰਪਾਨ ਨਹੀਂ ਸਹਿਣਾ।
ਸਿੱਖ ਕੌਮ ਨੇ ਗੁਰੂਆਂ ਦਾ ਅਪਮਾਨ ਨਹੀਂ ਸਹਿਣਾ।
ਮਾਨਵਤਾ ਦਾ ਕਰੇ ਕੋਈ ਨੁਕਸਾਨ ਨਹੀਂ ਸਹਿਣਾ।
ਸਿੱਖ ਕੌਮ ਨੇ ਗੁਰੂਆਂ ਦਾ ਅਪਮਾਨ ਨਹੀਂ ਸਹਿਣਾ।


-ਜੇਠੀ ਨਗਰ, ਮਲੇਰਕੋਟਲਾ ਰੋਡ, ਖੰਨਾ-141401.
ਮੋਬਾ: 94170-91668


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX