ਤਾਜਾ ਖ਼ਬਰਾਂ


ਆਈ.ਪੀ.ਐਲ 2019 : ਬੰਗਲੌਰ ਨੇ ਪੰਜਾਬ ਨੂੰ 17 ਦੌੜਾਂ ਨਾਲ ਹਰਾਇਆ
. . .  1 day ago
ਲੜਕੀ ਨੂੰ ਅਗਵਾ ਕਰ ਸਾੜ ਕੇ ਮਾਰਿਆ, ਪੁਲਿਸ ਵੱਲੋਂ 2 ਲੜਕੇ ਕਾਬੂ
. . .  1 day ago
ਸ਼ੁਤਰਾਣਾ, 24 ਅਪ੍ਰੈਲ (ਬਲਦੇਵ ਸਿੰਘ ਮਹਿਰੋਕ)-ਪਟਿਆਲਾ ਜ਼ਿਲ੍ਹੇ ਦੇ ਪਿੰਡ ਗੁਲਾਹੜ ਵਿਖੇ ਇਕ ਨਾਬਾਲਗ ਲੜਕੀ ਨੂੰ ਪਿੰਡ ਦੇ ਹੀ ਕੁੱਝ ਲੜਕਿਆਂ ਵੱਲੋਂ ਅਗਵਾ ਕਰਕੇ ਉਸ ਨੂੰ ਅੱਗ ਲਗਾ ਕੇ ਸਾੜ ਕੇ ਮਾਰ ਦਿੱਤਾ ਗਿਆ ਹੈ। ਪੁਲਿਸ ...
ਆਈ.ਪੀ.ਐਲ 2019 : ਬੰਗਲੌਰ ਨੇ ਪੰਜਾਬ ਨੂੰ 203 ਦੌੜਾਂ ਦਾ ਦਿੱਤਾ ਟੀਚਾ
. . .  1 day ago
29 ਨੂੰ ਕਰਵਾਉਣਗੇ ਕੈਪਟਨ ਸ਼ੇਰ ਸਿੰਘ ਘੁਬਾਇਆ ਦੇ ਕਾਗ਼ਜ਼ ਦਾਖਲ
. . .  1 day ago
ਜਲਾਲਾਬਾਦ ,24 ਅਪ੍ਰੈਲ (ਹਰਪ੍ਰੀਤ ਸਿੰਘ ਪਰੂਥੀ ) - ਲੋਕ ਸਭਾ ਹਲਕਾ ਫ਼ਿਰੋਜ਼ਪੁਰ ਤੋਂ ਕਾਂਗਰਸ ਦੇ ਉਮੀਦਵਾਰ ਸ਼ੇਰ ਸਿੰਘ ਘੁਬਾਇਆ ਦੇ ਨਾਮਜ਼ਦਗੀ ਪੱਤਰ ਭਰਵਾਉਣ ਲਈ ਮੁੱਖ ਮੰਤਰੀ ਕੈਪਟਨ ...
ਆਈ.ਪੀ.ਐਲ 2019 : ਟਾਸ ਜਿੱਤ ਕੇ ਪੰਜਾਬ ਵੱਲੋਂ ਬੈਂਗਲੌਰ ਨੂੰ ਪਹਿਲਾ ਬੱਲੇਬਾਜ਼ੀ ਦਾ ਸੱਦਾ
. . .  1 day ago
ਕਾਰ ਵੱਲੋਂ ਟੱਕਰ ਮਾਰੇ ਜਾਣ ਕਾਰਨ ਐਕਟਿਵਾ ਸਵਾਰ ਲੜਕੀ ਦੀ ਮੌਤ
. . .  1 day ago
ਗੜ੍ਹਸ਼ੰਕਰ, 24 ਅਪ੍ਰੈਲ (ਧਾਲੀਵਾਲ) - ਗੜੰਸ਼ਕਰ-ਹੁਸ਼ਿਆਰਪੁਰ ਰੋਡ 'ਤੇ ਪਿੰਡ ਖਾਬੜਾ ਮੋੜ 'ਤੇ ਇੱਕ ਕਾਰ ਵੱਲੋਂ ਐਕਟਿਵਾ ਤੇ ਬੁਲਟ ਨੂੰ ਟੱਕਰ ਮਾਰੇ ਜਾਣ 'ਤੇ ਐਕਟਿਵਾ ਸਵਾਰ...
ਮਦਰਾਸ ਹਾਈਕੋਰਟ ਦੀ ਮਦੁਰਈ ਬੈਂਚ ਨੇ ਟਿਕਟਾਕ 'ਤੇ ਰੋਕ ਹਟਾਈ
. . .  1 day ago
ਚੇਨਈ, 24 ਅਪ੍ਰੈਲ - ਮਦਰਾਸ ਹਾਈਕੋਰਟ ਦੀ ਮਦੁਰਈ ਬੈਂਚ ਨੇ ਟਿਕਟਾਕ ਵੀਡੀਓ ਐਪ 'ਤੇ ਲੱਗੀ ਰੋਕ ਹਟਾ ਦਿੱਤੀ...
ਅੱਗ ਨਾਲ 100 ਤੋਂ 150 ਏਕੜ ਕਣਕ ਸੜ ਕੇ ਸੁਆਹ
. . .  1 day ago
ਗੁਰੂਹਰਸਹਾਏ, ੨੪ ਅਪ੍ਰੈਲ - ਨੇੜਲੇ ਪਿੰਡ ਸਰੂਪੇ ਵਾਲਾ ਵਿਖੇ ਤੇਜ ਹਵਾਵਾਂ ਦੇ ਚੱਲਦਿਆਂ ਬਿਜਲੀ ਦੀਆਂ ਤਾਰਾਂ ਸਪਾਰਕ ਹੋਣ ਕਾਰਨ ਲੱਗੀ ਅੱਗ ਵਿਚ 100 ਤੋਂ 150 ਏਕੜ ਕਣਕ...
ਜ਼ਬਰਦਸਤ ਹਨੇਰੀ ਤੂਫ਼ਾਨ ਨੇ ਕਿਸਾਨਾਂ ਨੂੰ ਪਾਇਆ ਚਿੰਤਾ 'ਚ
. . .  1 day ago
ਬੰਗਾ, 24 ਅਪ੍ਰੈਲ (ਜਸਬੀਰ ਸਿੰਘ ਨੂਰਪੁਰ) - ਵੱਖ ਵੱਖ ਇਲਾਕਿਆਂ 'ਚ ਚੱਲ ਰਹੀ ਤੇਜ ਹਨੇਰੀ ਅਤੇ ਝਖੜ ਨੇ ਕਿਸਾਨਾਂ ਨੂੰ ਚਿੰਤਾ 'ਚ ਪਾ ਦਿੱਤਾ ਹੈ। ਹਨੇਰੀ ਕਾਰਨ ਆਵਾਜ਼ਾਈ...
ਸੁਖਬੀਰ ਬਾਦਲ 26 ਨੂੰ ਦਾਖਲ ਕਰਨਗੇ ਨਾਮਜ਼ਦਗੀ
. . .  1 day ago
ਮਮਦੋਟ 24 ਅਪ੍ਰੈਲ (ਸੁਖਦੇਵ ਸਿੰਘ ਸੰਗਮ) - ਲੋਕ ਸਭਾ ਹਲਕਾ ਫ਼ਿਰੋਜ਼ਪੁਰ ਤੋਂ ਅਕਾਲੀ-ਭਾਜਪਾ ਗਠਜੋੜ ਦੇ ਉਮੀਦਵਾਰ ਸੁਖਬੀਰ ਸਿੰਘ ਬਾਦਲ 26 ਅਪ੍ਰੈਲ ਨੂੰ ਆਪਣੇ ਨਾਮਜ਼ਦਗੀ...
ਹੋਰ ਖ਼ਬਰਾਂ..

ਖੇਡ ਜਗਤ

ਵੈੱਸਟ ਇੰਡੀਜ਼ ਵਿਰੁੱਧ ਲੜੀ ਜਿੱਤ ਕੇ ਭਾਰਤੀ ਕ੍ਰਿਕਟ ਟੀਮ ਨੇ ਕੀਤਾ ਕਮਾਲ

ਭਾਰਤ ਦੇ ਦੌਰੇ 'ਤੇ ਆਈ ਵੈਸਟ ਇੰਡੀਜ਼ ਦੀ ਕ੍ਰਿਕਟ ਟੀਮ ਨੂੰ ਬੁਰੀ ਤਰ੍ਹਾਂ ਹਾਰ ਦਾ ਸਾਹਮਣਾ ਕਰਕੇ ਵਾਪਸ ਪਰਤਣਾ ਪਿਆ। ਭਾਰਤੀ ਕ੍ਰਿਕਟ ਦੀ ਝੋਲੀ ਪਈ ਜਿੱਤ ਨਾਲ ਹੌਸਲੇ ਪੂਰੀ ਤਰ੍ਹਾਂ ਬੁਲੰਦ ਹਨ। ਵੈਸਟ ਇੰਡੀਜ਼ ਨਾਲ ਭਾਰਤੀ ਟੀਮ ਨੇ ਪਹਿਲਾਂ ਦੋ ਟੈਸਟਾਂ ਦੀ, ਫਿਰ 5 ਇਕ-ਦਿਨਾਂ ਅਤੇ 3 ਟੀ-20 ਮੈਚਾਂ ਦੀਆਂ ਲੜੀਆਂ ਖੇਡੀਆਂ। ਇਨ੍ਹਾਂ ਸਾਰੀਆਂ ਲੜੀਆਂ ਵਿਚੋਂ ਭਾਰਤੀ ਟੀਮ ਨੇ ਵੈਸਟ ਇੰਡੀਜ਼ ਨੂੰ ਇਕ ਵੀ ਲੜੀ ਨਾ ਜਿੱਤਣ ਦਿੱਤੀ ਅਤੇ ਸਾਰੀਆਂ ਲੜੀਆਂ 'ਚ ਜੇਤੂ ਰੱਥ ਚਲਾਇਆ।
4 ਤੋਂ 8 ਅਕਤੂਬਰ ਤੱਕ ਹੋਏ ਪਹਿਲੇ ਟੈਸਟ ਮੈਚ 'ਚ ਭਾਰਤੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਪ੍ਰਿਥਵੀ ਸ਼ਾਹ ਦੀਆਂ 134 ਦੌੜਾਂ, ਵਿਰਾਟ ਕੋਹਲੀ ਦੀਆਂ 139, ਰਵਿੰਦਰ ਜੁਡੇਜਾ ਦੀਆਂ 100 ਤੇ ਰਿਸ਼ਵ ਪੰਤ ਦੀਆਂ 92 ਦੌੜਾਂ ਸਦਕਾ 649 ਦੌੜਾਂ ਦਾ ਵਿਸ਼ਾਲ ਸਕੋਰ ਬਣਾਇਆ, ਜਿਸ ਦੇ ਜਵਾਬ 'ਚ ਵੈਸਟ ਇੰਡੀਜ਼ ਦੀ ਸਾਰੀ ਟੀਮ ਸਿਰਫ਼ 181 ਦੌੜਾਂ 'ਤੇ ਸਿਮਟ ਗਈ। ਸਿਰਫ਼ ਰੋਸ਼ਨ ਚੈੱਸ ਦੀਆਂ 53 ਦੌੜਾਂ ਤੋਂ ਵੱਧ ਕੋਈ ਵੀ ਦੌੜ ਨਾ ਬਣਾ ਸਕਿਆ। ਫਿਰ ਦੂਸਰੀ ਪਾਰੀ 'ਚ 196 ਦੌੜਾਂ ਬਣਾਈਆਂ ਤੇ ਭਾਰਤੀ ਟੀਮ ਨੇ ਵੱਡੀ ਲੀਡ ਹਾਸਲ ਕਰਦਿਆਂ 1 ਪਾਰੀ 'ਤੇ 272 ਦੌੜਾਂ ਨਾਲ ਮੈਚ 'ਤੇ ਕਬਜ਼ਾ ਕਰ ਲਿਆ। 12 ਤੋਂ 13 ਅਕਤੂਬਰ ਨੂੰ ਹੋਏ ਦੂਸਰੇ ਟੈਸਟ ਵਿਚ ਵੈਸਟ ਇੰਡੀਜ਼ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਰੋਸਟੋਨ ਦੇ 106 ਦੌੜਾਂ ਦੇ ਸੈਂਕੜੇ ਵਾਲੀ ਪਾਰੀ ਸਦਕਾ 311 ਰਨ ਬਣਾਏ, ਜਿਸ ਦੇ ਜਵਾਬ 'ਚ ਭਾਰਤ ਨੇ ਰਿਸ਼ਵ ਪੰਤ ਦੀਆਂ 92 ਤੇ ਅਜੰਕਿਆ ਰਹਾਣੇ ਦੀਆਂ 80 ਦੌੜਾਂ ਸਦਕਾ 367 ਦੌੜਾਂ ਬਣਾਈਆਂ। ਵੈਸਟ ਇੰਡੀਜ਼ ਦੇ ਜੋਸ਼ਨ ਹੋਲਡਰ ਨੇ 5 ਖਿਡਾਰੀਆਂ ਨੂੰ ਆਊਟ ਕਰਕੇ ਆਪਣੇ ਖਾਤੇ ਵਿਚ ਨਵਾਂ ਰਿਕਾਰਡ ਜੋੜਿਆ। ਵੈਸਟ ਇੰਡੀਜ਼ ਦੀ ਟੀਮ ਨੇ ਦੂਸਰੀ ਪਾਰੀ ਖੇਡਦਿਆਂ 127 ਦੌੜਾਂ ਬਣਾਈਆਂ। ਭਾਰਤੀ ਗੇਂਦਬਾਜ਼ ਉਮੇਸ਼ ਯਾਦਵ ਨੇ 4 ਖਿਡਾਰੀਆਂ ਨੂੰ ਆਊਟ ਕੀਤਾ। ਮੈਚ ਜਿੱਤਣ ਲਈ ਮਿਲੇ ਟੀਚੇ ਦਾ ਪਿੱਛਾ ਕਰਦਿਆਂ ਭਾਰਤੀ ਟੀਮ ਨੇ 75 ਦੌੜਾਂ ਬਣਾ ਕੇ ਬਿਨਾਂ ਕੋਈ ਖਿਡਾਰੀ ਆਊਟ ਹੋਏ 10 ਵਿਕਟਾਂ ਨਾਲ ਮੈਚ ਜਿੱਤ ਕੇ ਟੈਸਟ ਲੜੀ 2-0 ਨਾਲ ਜਿੱਤ ਕੇ ਕਲੀਨ ਸਵੀਪ ਕਰ ਦਿੱਤਾ।
ਇਸ ਤੋਂ ਬਾਅਦ ਪੰਜ ਇਕ-ਦਿਨਾਂ ਮੈਚਾਂ ਦੀ ਲੜੀ ਸ਼ੁਰੂ ਹੋਈ, ਜਿਸ 'ਚ ਲਗਦਾ ਸੀ ਕਿ ਸ਼ਾਇਦ ਵੈਸਟ ਇੰਡੀਜ਼ ਟੈਸਟ ਮੈਚਾਂ ਦੀ ਲੜੀ ਹਾਰਨ ਦਾ ਬਦਲਾ ਚੁਕਾਉਣ ਲਈ ਇਕ-ਦਿਨਾ ਮੈਚਾਂ ਦੀ ਲੜੀ ਜਿੱਤਣ ਲਈ ਹਰ ਪੂਰੀ ਵਾਹ ਲਾਵੇਗੀ, ਪਰ ਹੋਇਆ ਇੱਥੇ ਵੀ ਉਲਟ। ਗੁਹਾਟੀ ਵਿਖੇ ਹੋਏ ਪਹਿਲੇ ਇਕ-ਦਿਨਾ ਮੈਚ 'ਚ ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕੀਤੀ। ਵੈਸਟ ਇੰਡੀਜ਼ ਨੇ ਬੱਲੇਬਾਜ਼ੀ ਕਰਦਿਆਂ ਸ਼ਿਮਰੋਨ ਹੈਟਮਾਇਰ ਦੀਆਂ 106 ਦੌੜਾਂ ਦੀ ਪਾਰੀ ਸਦਕਾ 322 ਦੌੜਾਂ ਬਣਾ ਕੇ ਭਾਰਤ ਨੂੰ ਜਿੱਤਣਾ ਔਖਾ ਕਰ ਦਿੱਤਾ, ਪਰ ਰੋਹਿਤ ਸ਼ਰਮਾ ਦੀਆਂ 152 ਤੇ ਵਿਰਾਟ ਕੋਹਲੀ ਦੀਆਂ 140 ਦੌੜਾਂ ਸਦਕਾ ਭਾਰਤ ਨੇ 2 ਖਿਡਾਰੀ ਆਊਟ ਹੋਣ 'ਤੇ 326 ਦੌੜਾਂ ਬਣਾ ਕੇ ਭਾਰਤੀ ਟੀਮ ਨੇ 8 ਵਿਕਟਾਂ ਨਾਲ ਮੈਚ ਜਿੱਤ ਕੇ ਇਕ-ਦਿਨਾ ਮੈਚਾਂ ਦੀ ਲੜੀ 'ਚ ਜਿੱਤ ਦੀ ਸ਼ੁਰੂਆਤ ਕਰ ਦਿੱਤੀ। ਵਿਸ਼ਾਖਾਪਟਨਮ 'ਚ ਹੋਇਆ ਦੂਸਰਾ ਮੈਚ ਤਾਂ ਯਾਦਗਾਰੀ ਬਣ ਗਿਆ। ਭਾਰਤੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕੀਤੀ। ਵਿਰਾਟ ਕੋਹਲੀ ਨੇ ਨਾਬਾਦ 157 ਦੌੜਾਂ, ਅੰਬਾਤੀ ਨਾਇਡੂ ਦੀਆਂ 73 ਦੌੜਾਂ ਸਦਕਾ 321 ਦੌੜਾਂ ਬਣਾਈਆਂ। ਟੀਚੇ ਦਾ ਪਿੱਛਾ ਕਰਦਿਆਂ ਵੈਸਟ ਇੰਡੀਜ਼ ਦੀ ਟੀਮ ਨੇ ਕਮਾਲ ਦੀ ਖੇਡ ਖੇਡਦਿਆਂ ਸੇਈ ਹੋਪ ਦੀਆਂ 123 ਦੌੜਾਂ ਤੇ ਸਿਮਰੋਨ ਹੈਟਮਾਇਰ ਦੀਆਂ 94 ਦੀਆਂ ਦੌੜਾਂ ਸਦਕਾ 7 ਵਿਕਟਾਂ 'ਤੇ 321 ਦੌੜਾਂ ਬਣਾ ਕੇ ਮੈਚ ਨੂੰ ਬਰਾਬਰੀ 'ਤੇ ਹੀ ਰੋਕ ਦਿੱਤਾ ਤੇ ਇਹ ਮੈਚ ਬਿਨਾਂ ਕਿਸੇ ਨਤੀਜੇ ਦੇ ਸਮਾਪਤ ਹੋ ਗਿਆ। ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਇਸ ਮੈਚ 'ਚ ਨਵੇਂ ਰਿਕਾਰਡ ਵੀ ਜੋੜੇ। ਕੋਹਲੀ ਨੇ 37ਵਾਂ ਸੈਂਕੜਾ ਲਗਾ ਕੇ 212ਵੇਂ ਇਕ-ਦਿਨਾ ਮੈਚ 'ਚ 10 ਹਜ਼ਾਰ ਦੌੜਾਂ ਪੂਰੀਆਂ ਕੀਤੀਆਂ। ਇਸ ਦੇ ਨਾਲ ਹੀ ਸਭ ਤੋਂ ਘੱਟ ਪਾਰੀਆਂ 'ਚ 10 ਹਜ਼ਾਰ ਦੌੜਾਂ ਪੂਰੀਆਂ ਕਰਨ ਦਾ ਰਿਕਾਰਡ ਬਣਾਇਆ। (ਚਲਦਾ)


-ਧਨੌਲਾ (ਬਰਨਾਲਾ)-148105.
ਮੋਬਾ: 97810-48055


ਖ਼ਬਰ ਸ਼ੇਅਰ ਕਰੋ

ਭੁਵਨੇਸ਼ਵਰ ਵਿਸ਼ਵ ਕੱਪ ਹਾਕੀ-2018

ਵਿਸ਼ਵ ਕੱਪ ਦੀ ਕਹਾਣੀ, ਅੰਕੜਿਆਂ ਦੀ ਜ਼ੁਬਾਨੀ

ਭੁਵਨੇਸ਼ਵਰ ਵਿਸ਼ਵ ਕੱਪ ਹਾਕੀ 'ਚ ਕਿਹੜੀ ਟੀਮ ਜੇਤੂ, ਉਪ-ਜੇਤੂ ਅਤੇ ਤੀਜੇ ਸਥਾਨ 'ਤੇ ਆਵੇਗੀ, ਇਹ ਸਭ ਕੁਝ ਅਜੇ ਭਵਿੱਖ ਦੇ ਗਰਭ 'ਚ ਲੁਕਿਆ ਹੋਇਆ ਹੈ।
ਵਿਸ਼ਵ ਕੱਪ ਹਾਕੀ ਦੀ ਸ਼ੁਰੂਆਤ 1971 'ਚ ਹੋਈ। ਪਹਿਲਾ ਐਡੀਸ਼ਨ ਸਪੇਨ ਦੇ ਸ਼ਹਿਰ ਬਾਰਸੀਲੋਨਾ ਵਿਖੇ ਖੇਡਿਆ ਗਿਆ। ਏਸ਼ੀਆ ਮਹਾਂਦੀਪ ਇਸ ਟੂਰਨਾਮੈਂਟ 'ਚ ਚਮਕਿਆ। ਪਾਕਿਸਤਾਨ ਚੈਂਪੀਅਨ ਬਣਿਆ। ਮੇਜ਼ਬਾਨ ਦੇਸ਼ ਸਪੇਨ ਦੂਜੇ ਨੰਬਰ 'ਤੇ ਰਿਹਾ ਅਤੇ ਭਾਰਤ ਤੀਜੇ 'ਤੇ ਰਿਹਾ। ਯਾਦ ਰਹੇ, ਉਦੋਂ ਭਾਰਤ ਨੇ ਤੀਜੇ ਸਥਾਨ ਲਈ ਕੀਨੀਆ ਨੂੰ ਹਰਾਇਆ ਸੀ। ਦੂਜੇ ਐਡੀਸ਼ਨ ਦੀ ਮੇਜ਼ਬਾਨੀ ਫਿਰ ਯੂਰਪੀਨ ਮਹਾਂਦੀਪ ਨੂੰ ਮਿਲੀ। 1973 ਵਾਲਾ ਇਹ ਐਡੀਸ਼ਨ ਨੀਦਰਲੈਂਡ ਦੇ ਸ਼ਹਿਰ ਐਮਲੇਸਵੀਨ ਵਿਖੇ ਆਯੋਜਿਤ ਹੋਇਆ। ਮੇਜ਼ਬਾਨ ਦੇਸ਼ ਫਤਹਿਯਾਬ ਰਿਹਾ। ਭਾਰਤ ਉਪ-ਜੇਤੂ ਅਤੇ ਤੀਜਾ ਸਥਾਨ ਵੈਸਟ ਜਰਮਨੀ ਨੇ ਪਾਕਿਸਤਾਨ ਨੂੰ ਹਰਾ ਕੇ ਹਾਸਲ ਕੀਤਾ। ਤੀਜਾ ਐਡੀਸ਼ਨ 1975 'ਚ ਮਲੇਸ਼ੀਆ ਦੀ ਧਰਤੀ 'ਤੇ ਸ਼ਹਿਰ ਕੁਆਲਾਲੰਪੁਰ ਵਿਖੇ ਖੇਡਿਆ, ਭਾਰਤ ਚੈਂਪੀਅਨ ਬਣਿਆ। ਪਾਕਿਸਤਾਨ ਉਪ-ਜੇਤੂ ਅਤੇ ਵੈਸਟ ਜਰਮਨੀ ਨੇ ਮਲੇਸ਼ੀਆ ਨੂੰ ਹਰਾ ਕੇ 4-0 ਨਾਲ ਇਹ ਤੀਜਾ ਸਥਾਨ ਹਾਸਲ ਕੀਤਾ। 1986 'ਚ ਵਿਸ਼ਵ ਕੱਪ ਹਾਕੀ ਇੰਗਲੈਂਡ ਦੇ ਸ਼ਹਿਰ ਲੰਡਨ 'ਚ ਖੇਡੀ ਗਈ। ਆਸਟਰੇਲੀਆ ਪਹਿਲੀ ਵਾਰ ਚੈਂਪੀਅਨ ਬਣਿਆ, ਇੰਗਲੈਂਡ ਉਪਜੇਤੂ, ਵੈਸਟ ਜਰਮਨੀ ਨੇ ਸੋਵੀਅਤ ਯੂਨੀਅਨ ਨੂੰ ਹਰਾ ਕੇ ਤੀਜਾ ਸਥਾਨ ਹਾਸਲ ਕੀਤਾ। 1990 ਵਾਲੇ ਵਿਸ਼ਵ ਕੱਪ ਦਾ ਆਯੋਜਨ ਪਾਕਿਸਤਾਨ ਵਿਖੇ ਸ਼ਹਿਰ ਲਾਹੌਰ 'ਚ ਹੋਇਆ। ਨੀਦਰਲੈਂਡ ਚੈਂਪੀਅਨ ਬਣਿਆ, ਪਾਕਿਸਤਾਨ ਦੂਜੇ ਸਥਾਨ 'ਤੇ, ਆਸਟਰੇਲੀਆ ਨੇ ਜਰਮਨੀ ਨੂੰ ਤੀਜੇ ਸਥਾਨ ਲਈ ਹਰਾਇਆ। 1994 'ਚ ਵਿਸ਼ਵ ਕੱਪ ਦੀ ਮੇਜ਼ਬਾਨੀ ਆਸਟਰੇਲੀਆ ਦੇ ਸ਼ਹਿਰ ਸਿਡਨੀ ਨੂੰ ਮਿਲੀ। ਪਾਕਿਸਤਾਨ ਜੇਤੂ ਰਿਹਾ, ਨੀਦਰਲੈਂਡ ਉਪ-ਜੇਤੂ, ਤੀਜੇ ਸਥਾਨ ਲਈ ਆਸਟਰੇਲੀਆ ਨੇ ਜਰਮਨੀ ਨੂੰ ਹਰਾਇਆ। 1998 ਦਾ ਮੇਜ਼ਬਾਨ ਦੇਸ਼ ਨੀਦਰਲੈਂਡ ਸੀ। ਉਤਰੈਖਤ ਸ਼ਹਿਰ 'ਚ ਮੇਜ਼ਬਾਨ ਦੇਸ਼ ਦੀ ਟੀਮ ਹੀ ਚੈਂਪੀਅਨ ਬਣੀ, ਸਪੇਨ ਦੂਜੇ ਸਥਾਨ 'ਤੇ ਰਿਹਾ। ਜਰਮਨੀ ਨੇ ਆਸਟਰੇਲੀਆ ਨੂੰ ਹਰਾਇਆ, ਤੀਜਾ ਸਥਾਨ ਲਈ। 2002 ਵਾਲਾ ਵਿਸ਼ਵ ਕੱਪ ਹਾਕੀ ਮਲੇਸ਼ੀਆ ਦੇ ਸ਼ਹਿਰ ਕੁਆਲਾਲੰਪੁਰ ਵਿਖੇ ਖੇਡਿਆ ਗਿਆ। ਜਰਮਨੀ ਆਸਟਰੇਲੀਆ ਨੂੰ ਹਰਾ ਕੇ ਕਾਮਯਾਬ ਬਣਿਆ। ਨੀਦਰਲੈਂਡ ਨੇ ਕੋਰੀਆ ਨੂੰ ਹਰਾ ਕੇ ਤੀਜਾ ਸਥਾਨ ਹਾਸਲ ਕੀਤਾ। 2006 ਵਾਲਾ ਵਿਸ਼ਵ ਕੱਪ ਹਾਕੀ ਦਾ ਮਹਾਂਭਾਰਤ ਜਰਮਨੀ ਦੇ ਸ਼ਹਿਰ ਮੋਨਚੈਨਗਲੈਬੈਚ ਵਿਖੇ ਆਯੋਜਿਤ ਹੋਇਆ। ਮੇਜ਼ਬਾਨ ਦੇਸ਼ ਫਤਹਿਯਾਬ ਰਿਹਾ, ਆਸਟਰੇਲੀਆ ਦੂਜੇ ਨੰਬਰ 'ਤੇ, ਸਪੇਨ ਨੇ ਦੱਖਣੀ ਕੋਰੀਆ ਨੂੰ ਹਰਾ ਕੇ ਤੀਜਾ ਸਥਾਨ ਹਾਸਲ ਕੀਤਾ। 2010 ਵਿਸ਼ਵ ਕੱਪ ਹਾਕੀ ਦੀ ਮੇਜ਼ਬਾਨੀ ਭਾਰਤ ਦੇ ਸ਼ਹਿਰ ਨਵੀਂ ਦਿੱਲੀ ਨੂੰ ਮਿਲੀ। ਆਸਟਰੇਲੀਆ ਪਹਿਲੇ ਸਥਾਨ 'ਤੇ, ਜਰਮਨੀ ਦੂਜੇ ਅਤੇ ਨੀਦਰਲੈਂਡ ਤੀਜੇ ਸਥਾਨ 'ਤੇ ਰਿਹਾ, ਇੰਗਲੈਂਡ ਨੂੰ ਚੌਥਾ ਸਥਾਨ ਮਿਲਿਆ। 2014 ਵਾਲੇ ਵਿਸ਼ਵ ਕੱਪ ਹਾਕੀ ਦਾ ਆਯੋਜਨ ਨੀਦਰਲੈਂਡ ਦੇ ਸ਼ਹਿਰ ਹੇਗ 'ਚ ਆਯੋਜਿਤ ਹੋਇਆ, ਆਸਟਰੇਲੀਆ ਪਹਿਲੇ ਸਥਾਨ 'ਤੇ, ਨੀਦਰਲੈਂਡ ਦੂਜੇ ਸਥਾਨ 'ਤੇ, ਅਰਜਨਟੀਨਾ ਤੀਜੇ ਸਥਾਨ 'ਤੇ ਅਤੇ ਇੰਗਲੈਂਡ ਇਸ ਵਾਰ ਵੀ ਚੌਥੇ ਸਥਾਨ ਜੋਗਾ ਹੀ ਰਹਿ ਗਿਆ। 14ਵੇਂ ਐਡੀਸ਼ਨ ਵਾਲੇ 2018 ਵਾਲੇ ਵਿਸ਼ਵ ਕੱਪ ਹਾਕੀ ਦਾ ਮਹਾਂਭਾਰਤ ਕੁਝ ਦਿਨਾਂ ਬਾਅਦ ਉੜੀਸਾ ਰਾਜ ਦੀ ਰਾਜਧਾਨੀ ਭੁਵਨੇਸ਼ਵਰ ਵਿਖੇ ਆਯੋਜਿਤ ਹੋਣ ਜਾ ਰਿਹਾ ਹੈ।


-ਡੀ. ਏ. ਵੀ. ਕਾਲਜ, ਅੰਮ੍ਰਿਤਸਰ। ਮੋਬਾ: 98155-35410

ਕਬੱਡੀ ਦਾ ਪ੍ਰੀਤਮ : ਪ੍ਰੀਤਾ ਨਡਾਲੀਆ

ਜਿਵੇਂ ਪੰਜਾਬ ਵਿਚ ਵਾਰਿਸ ਦਾ ਕਿੱਸਾ 'ਹੀਰ' ਮਸ਼ਹੂਰ ਹੈ, ਜਗਰਾਵਾਂ ਦੀ 'ਰੌਸ਼ਨੀ' ਤੇ ਬੱਬੇਹਾਲੀ ਦੀ ਛਿੰਝ, ਇਵੇਂ ਕਬੱਡੀ ਜਗਤ ਵਿਚ ਪ੍ਰੀਤੇ ਦਾ ਨਾਂਅ। ਕੋਈ ਵੇਲਾ ਸੀ ਜਦੋਂ ਪਿੰਡਾਂ ਦੀਆਂ ਸੱਥਾਂ ਵਿਚ 'ਪ੍ਰੀਤਾ-ਪ੍ਰੀਤਾ' ਹੁੰਦੀ ਸੀ। ਪ੍ਰੀਤੇ ਦੀ ਕਬੱਡੀ ਦੇ ਦੀਵਾਨੇ ਲੋਕ ਦੂਰੋਂ-ਦੂਰੋਂ ਪਹੁੰਚਦੇ ਸਨ। ਪ੍ਰੀਤੇ ਦਾ ਨਾਂਅ ਮੈਂ ਪਹਿਲੀ ਵਾਰ ਆਪਣੇ ਬਾਪੂ ਦੇ ਮੂੰਹੋਂ ਸੁਣਿਆ ਸੀ। ਉਦੋਂ ਮੈਂ ਮਸਾਂ ਛੇਵੀਂ ਜਮਾਤ ਵਿਚ ਪੜ੍ਹਦਾ ਹਊਂ।
ਪ੍ਰੀਤਮ ਸਿੰਘ ਦਾ ਜਨਮ ਪੰਜਾਬ ਵੰਡ ਤੋਂ ਕੋਈ 3 ਸਾਲ ਪਹਿਲਾਂ 15 ਜਨਵਰੀ, 1944 ਨੂੰ ਪਿੰਡ ਡਸਕਾ, ਸਿਆਲਕੋਟ ਦੇ ਲਾਗੇ ਪੱਛਮੀ ਪੰਜਾਬ ਪਾਕਿਸਤਾਨ ਵਿਚ ਪਿਤਾ ਲਾਭ ਸਿੰਘ ਦੇ ਘਰ ਮਾਤਾ ਜਿੰਦ ਕੌਰ ਦੀ ਕੁੱਖੋਂ ਹੋਇਆ। ਪ੍ਰੀਤਮ ਸਿੰਘ ਹੁਰੀਂ ਤਿੰਨ ਭਰਾ ਸਨ। ਵੱਡਾ ਸਵਰਗੀ ਬਹਾਦਰ ਸਿੰਘ, ਉਸ ਤੋਂ ਛੋਟਾ ਮਹਿੰਦਰ ਸਿੰਘ ਤੇ ਪ੍ਰੀਤਮ ਸਿੰਘ। ਡਸਕੇ ਵਿਚ ਇਨ੍ਹਾਂ ਦਾ ਪਰਿਵਾਰ ਪਹਿਲਵਾਨਾਂ ਦੇ ਪਰਿਵਾਰ ਵਜੋਂ ਜਾਣਿਆ ਜਾਂਦਾ ਸੀ। ਇਨ੍ਹਾਂ ਦੇ ਤਾਏ ਗੰਡਾ ਸਿੰਘ ਦਾ ਲੜਕਾ ਸੁੰਦਰ ਸਿੰਘ ਇਲਾਕੇ ਦਾ ਨਾਮੀ ਪਹਿਲਵਾਨ ਸੀ। ਵੇਲਣੇ ਦੀਆਂ ਗੋਗੜਾਂ ਨਾਲ ਰੋਜ਼ ਦੋ ਹੱਥ ਕਰਨੇ ਤੇ ਡੰਡ-ਬੈਠਕਾਂ ਕੱਢਣੀਆਂ ਉਸ ਦਾ ਨੇਮ ਸੀ। ਬਾਲ ਪ੍ਰੀਤੇ ਨੇ ਸਾਧਨਾਂ ਦੇ ਇਸ ਸਬਕ ਨੂੰ ਨਿੱਕੇ ਹੁੰਦਿਆਂ ਹੀ ਦੇਖ-ਦੇਖ ਕੇ ਰਟ ਲਿਆ ਸੀ। ਜੇ ਸਿਆਲਕੋਟ ਨੂੰ ਪੂਰਨ ਭਗਤ ਨੇ ਮਸ਼ਹੂਰ ਕੀਤਾ ਤਾਂ ਡਸਕੇ ਨੂੰ ਪਹਿਲਵਾਨਾਂ ਦੇ ਇਸ ਟੱਬਰ ਨੇ।
ਪ੍ਰੀਤਮ ਸਿੰਘ ਨੇ ਮੁਢਲੀ ਪੜ੍ਹਾਈ ਪਿੰਡ ਦੇ ਸਰਕਾਰੀ ਸਕੂਲ ਤੋਂ ਪ੍ਰਾਪਤ ਕੀਤੀ। ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੀ ਚਰਨ ਛੋਹ ਪ੍ਰਾਪਤ ਨਡਾਲਾ ਸਕੂਲ ਪੜ੍ਹਦਿਆਂ ਮਾਸਟਰ ਅਮਰ ਸਿੰਘ ਢਿੱਲੋਂ ਨੇ ਪ੍ਰੀਤਮ ਸਿੰਘ ਅੰਦਰ ਲੁਕੇ ਖਿਡਾਰੀ ਨੂੰ ਪਛਾਣ ਲਿਆ। ਜਿਵੇਂ ਲੁਹਾਰ ਲੋਹੇ ਨੂੰ ਤਾਅ ਕੇ ਚੰਡਦਾ ਹੈ, ਇਵੇਂ ਮਾਸਟਰ ਜੀ ਨੇ ਪ੍ਰੀਤਮ ਸਿੰਘ ਨੂੰ ਅਭਿਆਸ ਦੀ ਭੱਠੀ ਵਿਚ ਤਾਅ ਕੇ ਪ੍ਰੀਤੇ ਤੋਂ 'ਪ੍ਰੀਤਾ ਨਡਾਲੀਆ' ਬਣਾ ਦਿੱਤਾ।
ਪ੍ਰੀਤਮ ਸਿੰਘ ਦੇ ਦੱਸਣ ਅਨੁਸਾਰ ਇਹ ਗੱਲ 1960 ਦੀ ਹੋਵੇਗੀ। ਸ: ਹਰਨਰਿੰਜਨ ਸਿੰਘ ਭਾਗੋਵਾਲ, ਜ਼ਿਲ੍ਹਾ ਗੁਰਦਾਸਪੁਰ ਸਕੂਲ ਦੇ ਹੈੱਡ ਮਾਸਟਰ ਸਨ। ਜ਼ਿਲ੍ਹਾ ਪੱਧਰ ਦਾ ਮੈਚ ਸਕੂਲ ਵਿਚ ਖੇਡਿਆ ਜਾਣਾ ਸੀ। ਮੈਚ ਕਾਹਦਾ, ਸਮਝੋ ਸਾਨ੍ਹ ਭਿੜਨੇ ਸਨ। ਪ੍ਰੀਤੇ ਦੀ ਵਿਰੋਧੀ ਟੀਮ ਵਿਚ ਮੋਹਣਾ ਦੋਲੋ ਨੰਗਲੀਆ ਤੇ ਨੱਥਾ ਵਜ਼ੀਰ ਭੁੱਲਰ ਦੋਵੇਂ ਖਿਡਾਰੀ ਵਡੇਰੀ ਉਮਰ ਦੇ ਲਏ ਗਏ। ਰੱਟਾ ਪੈ ਗਿਆ। ਗੱਲ ਕਿਸੇ ਪਾਸੇ ਨਾ ਲੱਗੇ। ਵਿਰੋਧੀ ਟੀਮ ਦੋਵਾਂ ਖਿਡਾਰੀਆਂ ਨੂੰ ਖਿਡਾਉਣ ਲਈ ਬਜ਼ਿਦ ਸੀ। ਇਹ ਆਤਮ-ਵਿਸ਼ਵਾਸ ਕਹਿ ਲਓ ਜਾਂ ਜ਼ੋਰ ਬੇਸ਼ਰਮ ਕਹਿ ਲਓ। ਪ੍ਰੀਤਾ ਮੰਨ ਗਿਆ। ਉਦੋਂ ਪ੍ਰੀਤੇ ਦੀ ਟੀਮ ਵਿਚ ਪਿੰਦਰ ਨਿਹਾਲਗੜ੍ਹੀਆ ਜਾਫ਼ੀ ਸੀ। ਪਿਆਰਾ ਗਿੱਲ ਤੇ ਧੀਰਾ ਘੁੰਮਣ ਨਡਾਲੀਆ ਰੇਡਰ ਸਨ। ਮੈਚ ਦੇਖਣ ਲਈ ਪਾੜ੍ਹਿਆਂ ਦਾ ਹੜ੍ਹ ਆਇਆ ਹੋਇਆ ਸੀ। ਪਹਿਲੇ ਹਾਫ ਵਿਚ ਪ੍ਰੀਤੇ ਦੀ ਟੀਮ ਨੇ 18 ਨੰਬਰ ਲਏ ਤੇ ਵਿਰੋਧੀ ਟੀਮ ਨੇ 6, ਦੂਜੇ ਹਾਫ ਵਿਚ ਵਿਰੋਧੀ ਟੀਮ 6 ਦਾ ਅੰਕੜਾ ਪਾਰ ਨਾ ਕਰ ਸਕੀ ਤੇ ਪ੍ਰੀਤੇ ਹੁਰਾਂ ਨੇ 43 ਅੰਕ ਲੈ ਕੇ ਮੈਚ ਜਿੱਤ ਲਿਆ।
ਕਿਸੇ ਦੀ ਕਾਮਯਾਬੀ ਉਦੋਂ ਮੂੰਹੋਂ ਬੋਲਦੀ ਹੈ, ਜਦੋਂ ਉਸ ਸਮੇਂ ਦੀ ਜਵਾਨੀ ਆਪਣੇ ਨਾਇਕ ਵਰਗਾ ਬਣਨ ਲਈ ਆਪਣੀਆਂ ਸੋਚਾਂ ਦੇ ਪਰ ਤੋਲਦੀ ਹੈ। ਪੰਜਾਬੀ ਦੇ ਪ੍ਰਸਿੱਧ ਵਾਰਤਾਕਾਰ ਡਾ: ਆਸਾ ਸਿੰਘ 'ਘੁੰਮਣ' ਆਪਣੇ ਚੇਤਿਆਂ ਦੀ ਚੰਗੇਰ 'ਚੋਂ ਦੱਸਦੇ ਹਨ ਕਿ ਉਹ ਪ੍ਰੀਤਮ ਸਿੰਘ ਤੋਂ ਚਾਰ ਜਮਾਤਾਂ ਪਿੱਛੇ ਸਨ। ਉਹਦੇ ਮੁਢਲੇ ਮੈਚਾਂ ਵਿਚੋਂ ਇਕ ਮੈਚ ਅੱਜ ਵੀ ਲੋਕਾਂ ਦੇ ਚੇਤਿਆਂ ਵਿਚ ਵਸਿਆ ਹੋਇਆ ਹੈ। ਇਹ ਮੈਚ ਨਡਾਲੇ ਦੇ ਲਾਗੇ ਦਮੂਲੀਆ ਪਿੰਡ ਵਿਚ ਹੋਇਆ। ਅੱਜ ਵੀ ਬਿੰਦੀ ਢਿਲਵਾਂ ਇਸ ਮੈਚ ਦਾ ਹਾਲ ਬੜੇ ਚਾਅ ਨਾਲ ਦੱਸਦਾ। ਕਹਿੰਦਾ, 'ਭਾਊ ਪ੍ਰੀਤਮ ਦੇ ਹੁੰਦਿਆਂ ਜੋ ਰੇਡਾਂ ਉਦੋਂ ਪਾ ਦਿੱਤੀਆਂ, ਉਹ ਮੀਲ ਪੱਥਰ ਬਣ ਗਈਆਂ। ਪ੍ਰੀਤਮ ਦੀ ਰਹਿਨੁਮਾਈ ਤੇ ਸਾਰੇ ਡਰ-ਭੌ ਲਾਹ ਦਿੱਤੇ।' ਉਹੀ ਬਿੰਦੀ ਬਾਅਦ ਵਿਚ ਕਬੱਡੀ ਦੇ 'ਸ਼ੁਦਾਈ' ਦੇ ਤੌਰ 'ਤੇ ਜਾਣਿਆ ਗਿਆ।
ਸਕੂਲ ਪੜ੍ਹਦਿਆਂ ਪ੍ਰੀਤੇ ਨੇ ਦਸਵੀਂ ਤੱਕ 1959, 1960 ਤੇ 1961 ਤੱਕ ਲਗਾਤਾਰ ਤਿੰਨ ਸਾਲ ਜ਼ਿਲ੍ਹਾ ਜਿੱਤਿਆ। 1965 ਵਿਚ ਉਹ ਪੰਜਾਬ ਪੁਲਿਸ ਵਿਚ ਬਤੌਰ ਹੌਲਦਾਰ ਭਰਤੀ ਹੋਇਆ। ਭਰਤੀ ਹੋਣ 'ਤੇ ਵੀ ਉਸ ਨੇ ਪੇਂਡੂ ਟੂਰਨਾਮੈਂਟ ਖੇਡਣੇ ਨਹੀਂ ਛੱਡੇ। ਖੇਡਣ ਖਾਤਰ ਛੁੱਟੀ ਵੀ ਲੈ ਲੈਂਦਾ। ਉਨ੍ਹਾਂ ਸਮਿਆਂ ਵਿਚ ਇਨਾਮ ਨਾਮਾਤਰ ਹੁੰਦੇ ਸਨ।
1969 ਵਿਚ ਉਸ ਨੇ ਅਜਮੇਰ (ਰਾਜਸਥਾਨ) ਵਿਖੇ 67.32 ਮੀਟਰ ਨੇਜਾ ਸੁੱਟ ਕੇ ਭਾਰਤ ਦਾ ਨਵਾਂ ਕੌਮੀ ਰਿਕਾਰਡ ਰੱਖਿਆ। ਗੁਰਬਚਨ ਸਿੰਘ ਰੰਧਾਵੇ ਦਾ ਰਿਕਾਰਡ 64.09 ਮੀਟਰ ਸੀ। 3.23 ਮੀਟਰ ਦੇ ਵੱਡੇ ਫਰਕ ਨਾਲ ਪ੍ਰੀਤਾ ਅੱਗੇ ਨਿਕਲ ਗਿਆ। 1971 ਵਿਚ ਸਿੰਘਾਪੁਰ ਪ੍ਰੀ - ਏਸ਼ੀਅਨ ਮੁਕਾਬਲਿਆਂ ਵਿਚ ਜਾ ਪਹੁੰਚਿਆ। 64.54 ਮੀਟਰ ਨੇਜਾ ਸੁੱਟ ਕੇ ਹਿੰਦੁਸਤਾਨ ਲਈ ਸੋਨ ਤਗਮਾ ਜਿੱਤਿਆ ਅਤੇ ਪਿਛਲਾ ਰਿਕਾਰਡ ਜਿਹੜਾ ਕਿ ਨਛੱਤਰ ਸਿੰਘ ਨੇ ਬਣਾਇਆ ਸੀ, ਉਸ ਨੂੰ ਤੋੜਿਆ। 100 ਮੀਟਰ ਦੌੜ ਦੌੜਦਾ ਤਾਂ ਲੋਕਾਂ ਦੇ ਮੂੰਹ ਅੱਡੇ ਰਹਿ ਜਾਂਦੇ। 400 ਮੀਟਰ ਦੌੜ ਵਿਚ ਉਹ ਪੰਜਾਬ ਪੁਲਿਸ ਦਾ ਮੈਂਬਰ ਰਿਹਾ। ਡਿਸਕਸ ਥ੍ਰੋਅ ਵਿਚ ਉਸ ਦੀਆਂ ਕਈ ਪੁਜ਼ੀਸ਼ਨਾਂ ਹਨ। ਪ੍ਰੀਤੇ ਵਿਚ ਏਨਾ ਜ਼ੋਰ ਤੇ ਹੁਨਰ ਕਿਥੋਂ ਆ ਗਿਆ ਸੀ, ਇਹ ਰੱਬ ਹੀ ਜਾਣਦਾ। ਲੇਖਕ ਬਲਿਹਾਰ ਸਿੰਘ 'ਰੰਧਾਵਾ' ਵੀ ਗਵਾਹੀ ਭਰਦਾ ਲਿਖਦਾ ਹੈ ਕਿ 'ਵਲ਼ ਖਾਣਾ ਸੋਟੀ ਨੇਜ਼ੇ ਨੂੰ ਉਹ ਸਾਹਾਂ ਤੋਂ ਵੱਧ ਪਿਆਰ ਕਰਦਾ ਸੀ।'
1974 ਤੇ 1977 ਵਿਚ ਪ੍ਰੀਤਮ ਸਿੰਘ ਦੀ ਕਪਤਾਨੀ ਹੇਠ ਦੋ ਵਾਰ ਭਾਰਤ ਦੀ ਕਬੱਡੀ ਦੀ ਟੀਮ ਇੰਗਲੈਂਡ ਖੇਡਣ ਗਈ। ਉਦੋਂ ਸਾਊਥਾਲ ਦੀ ਟੀਮ ਦੀ ਇੰਗਲੈਂਡ ਵਿਚ ਪੂਰੀ ਤੂਤੀ ਬੋਲਦੀ ਸੀ। ਹਿੰਮਤ ਸਿੰਘ ਸੋਹੀ ਤੇ ਹਰਪਾਲ ਬਰਾੜ ਉਦੋਂ ਪੂਰੀ ਚੜ੍ਹਤ ਵਿਚ ਸਨ। ਉਸ ਵਕਤ ਦੇ ਸਮਕਾਲੀਆਂ ਵਿਚ ਜੀਤਾ ਸਿਪਾਹੀ, ਸੱਤਾ ਸਠਿਆਲੀਆ, ਭੱਜੀ ਖੁਰਦਪੁਰੀਆ ਤੇ ਰਸਾਲਾ ਅੰਬਰਸਰੀਆ ਵਿਸ਼ੇਸ਼ ਸਨ। ਸੰਨ 1977 ਦੇ ਸਮੇਂ ਨੂੰ ਯਾਦ ਕਰਕੇ ਪ੍ਰੀਤਾ ਅੱਜ ਵੀ ਅਰਜਨ ਕੌਂਕੇ, ਫਿੱਡੂ, ਬੋਲਾ ਪੱਤੜ, ਦੇਵੀ ਦਿਲ ਤੇ ਭੱਜੀ ਖੀਰਾਂਵਾਲੀਏ ਨੂੰ ਆਪਣੇ ਪੋਟਿਆਂ 'ਤੇ ਗਿਣ ਜਾਂਦਾ ਹੈ।
ਕਬੱਡੀ ਵਿਚ ਪ੍ਰੀਤੇ ਨੇ ਡਾਲਰ, ਪੌਂਡ ਨਹੀਂ ਕਮਾਏ, ਕਾਰਾਂ-ਕੋਠੀਆਂ ਤੇ ਪਲਾਟ ਨਹੀਂ ਖਰੀਦੇ। ਬਸ ਸੱਚੀ-ਸੁੱਚੀ ਮਿਹਨਤ ਨਾਲ, ਸੱਚੇ-ਸੁੱਚੇ ਜੁੱਸੇ ਨਾਲ ਪੰਜਾਬੀਆਂ ਦੀ ਸੱਚੀ-ਸੁੱਚੀ ਰੂਹ ਨੂੰ ਸਰਸ਼ਾਰ ਕੀਤਾ ਹੈ।
ਪ੍ਰੀਤਮ ਸਿੰਘ ਦੀ ਜੀਵਨ ਸਾਥਣ ਗੁਰਮੀਤ ਕੌਰ ਜ਼ਿਲ੍ਹਾ ਅੰਮ੍ਰਿਤਸਰ ਦੇ ਇਤਿਹਾਸਕ ਪਿੰਡ ਮੀਰਾਂ ਕੋਟ ਦੀ ਹੈ। ਦੋ ਬੇਟੀਆਂ ਤੇ ਇਕ ਬੇਟਾ ਹੈ। ਵੱਡੀ ਬੇਟੀ ਜ਼ਿਲ੍ਹਾ ਕਪੂਰਥਲਾ ਦੇ ਪਿੰਡ ਕਾਲਾ ਸੰਘਿਆ ਵਿਖੇ ਵਿਆਹੀ ਹੋਈ ਹੈ। ਕਬੱਡੀ ਦੇ ਬੇਜੋੜ ਖਿਡਾਰੀ ਦਵਿੰਦਰ ਸਿੰਘ ਉਰਫ ਜਵਾਹਰਾ ਪਰਿਵਾਰ ਦਾ ਦਾਮਾਦ ਹੈ ਅਤੇ ਇਹ ਪਰਿਵਾਰ ਪੱਕੇ ਤੌਰ 'ਤੇ ਕੈਨੇਡਾ ਦਾ ਵਸਨੀਕ ਹੈ। ਬੇਟਾ ਗੁਰਪ੍ਰੀਤ ਚੰਗਾ ਕਾਰੋਬਾਰੀ ਹੈ। ਕੈਨੇਡਾ ਦੇਖਣ ਵਿਚ ਬਾਪੂ ਦੇ ਕਦਰਦਾਨਾਂ ਪੱਪੂ ਗੁਰਦਾਸਪੁਰੀਏ ਅਤੇ ਜਤਿੰਦਰ ਧੀਰੇ ਡਡਵਿੰਡੀ ਨੂੰ ਦਿਲੋਂ ਅਸੀਸਾਂ ਦਿੰਦਾ ਹੈ। ਬਾਪੂ ਦੀਆਂ ਗੱਲਾਂ ਕਰਨ ਅਤੇ ਸੁਣਨ ਵਿਚ ਕੋਈ ਮੌਕਾ ਹੱਥੋਂ ਨਹੀਂ ਜਾਣ ਦਿੰਦਾ।


-ਅੰਤਰਰਾਸ਼ਟਰੀ ਕੁਮੈਂਟੇਟਰ। ਮੋਬਾ: 98159-67462

ਰਾਹੁਲ ਦ੍ਰਾਵਿੜ ਦੀ ਮਾਣਮਤੀ ਪ੍ਰਾਪਤੀ-ਹਾਲ ਆਫ਼ ਫੇਮ ਦਾ ਸਨਮਾਨ

ਰਾਹੁਲ ਸ਼ਰਦ ਦ੍ਰਾਵਿੜ 11ਜਨਵਰੀ, 1973 ਨੂੰ ਇੰਦੋਰ ਵਿਚ ਇਕ ਮਰਾਠਾ ਪਰਿਵਾਰ ਵਿਚ ਜਨਮੇ ਇਸ ਸਮੇਂ ਕ੍ਰਿਕਟ ਵਿਚ ਇਕ ਵੱਡਾ ਨਾਂਅ ਬਣ ਗਏ ਹਨ। ਉਹ ਦੁਨੀਆ ਵਿਚ ਪਹਿਲੇ ਸੱਤ ਖਿਡਾਰੀਆਂ ਵਿਚ ਹਨ, ਜਿਨ੍ਹਾਂ ਨੇ 10000 ਤੋਂ ਉਪਰ ਦੌੜਾਂ ਬਣਾਈਆਂ ਹਨ। ਉਹ ਭਾਰਤ ਦੇ ਇਕ ਸਫਲ ਬੱਲੇਬਾਜ਼ ਤੇ ਕੋਚ ਰਹੇ ਹਨ। ਰਾਹੁਲ ਦਾ ਨਾਂਅ ਮੈਚ ਬਚਾਉਣ ਵਾਲਾ ਹੋਣ ਕਰਕੇ 'ਮਿਸਟਰ ਡੀਪੈਂਡੈਬਲ' ਕਹਿ ਕੇ ਲਿਆ ਜਾਂਦਾ ਹੈ। ਦ੍ਰਾਵਿੜ ਨੇ ਜੋ ਕ੍ਰਿਕਟ ਵਿਚ ਇਤਿਹਾਸ ਰਚਿਆ ਹੈ, ਉਸ ਲਈ ਰਾਹੁਲ ਨੂੰ ਹਾਲ ਆਫ ਫੇਮ ਨਾਲ ਸਨਮਾਨਿਤ ਕੀਤਾ ਗਿਆ ਹੈ।
ਸੰਸਾਰ ਵਿਚ ਪ੍ਰਸਿੱਧ ਖਿਡਾਰੀਆਂ ਦਾ ਮਾਣ-ਸਨਮਾਨ ਕਰਨਾ ਕੇਵਲ ਉਨ੍ਹਾਂ ਦਾ ਖੇਡ ਵਿਚ ਪ੍ਰਤੀਨਿਧਤਾ ਕਰਨ ਸਮੇਂ ਹੀ ਨਹੀਂ, ਸਗੋਂ ਜਦੋਂ ਉਹ ਖੇਡ ਤੋਂ ਮੁਕਤ ਹੋਣ ਤੋਂ ਬਾਅਦ, ਉਨ੍ਹਾਂ ਦੇ ਤਜਰਬੇ ਤੋਂ ਅਗਵਾਈ ਲੈਣ ਲਈ ਖੇਡ ਨਾਲ ਜੋੜੀ ਰੱਖਣਾ ਤੇ ਸਨਮਾਨ ਕਰਨਾ ਇਕ ਪ੍ਰਸੰਸਾਮਈ ਯਤਨ ਹੈ। ਆਈ.ਸੀ.ਸੀ. ਦੇ ਇਸ ਉੱਦਮ ਦੀ ਸ਼ਲਾਘਾ ਕਰਨੀ ਬਣਦੀ ਹੈ।
ਨਿਰਸੰਦੇਹ ਇਹ ਸਾਰਥਕ ਉੱਦਮ ਖੇਡ ਤੋਂ ਸੇਵਾਮੁਕਤ ਹੋਏ ਖਿਡਾਰੀਆਂ ਦਾ ਉਤਸ਼ਾਹ ਤਾਂ ਵਧਾਵੇਗਾ, ਨਾਲ ਜੋ ਇਸ ਸਮੇਂ ਦੇਸ਼ ਨੂੰ ਆਪਣੀ ਖੇਡ ਨਾਲ ਸੇਵਾਵਾਂ ਦੇ ਰਹੇ ਹਨ, ਉਨ੍ਹਾਂ ਲਈ ਵੀ ਆਸ ਦੀ ਇਕ ਚਮਕਦੀ ਆਸ ਪੈਦਾ ਕਰ ਦਿੱਤੀ ਹੈ।
ਸਭ ਤੋਂ ਵੱਡੀ ਪ੍ਰੇਰਨਾ ਨਵੇਂ ਆਉਣ ਵਾਲੇ ਖਿਡਾਰੀਆਂ ਲਈ ਚੰਗੇਰੇ ਭਵਿੱਖ ਦਾ ਸੁਪਨਾ ਲੈਣ ਵਾਲਿਆਂ ਲਈ ਬਣ ਸਕਦੀ ਹੈ।
ਇਸ ਤੋਂ ਪਹਿਲਾਂ ਆਈ.ਸੀ.ਸੀ. ਨੇ ਭਾਰਤ ਦੇ ਚਾਰ ਸ੍ਰੇਸ਼ਠ ਖਿਡਾਰੀਆਂ ਨੂੰ ਇਹ ਸਨਮਾਨ ਦੇ ਕੇ ਸਨਮਾਨਤ ਕੀਤਾ ਹੈ ਤੇ ਇਹ ਅੰਕੜਾ ਹੁਣ ਪੰਜ ਹੋਰ ਪੰਜਾਂ ਦੀ ਸੰਖਿਆ ਵਾਲੇ ਪ੍ਰਸਿੱਧ ਅੰਕੜਿਆਂ ਵਾਲਾ ਯਾਦਗਾਰੀ ਹੋ ਗਿਆ ਹੈ। ਇਸ ਹਾਲ ਆਫ ਫੇਮ ਦੇ ਪਹਿਲੇ ਪੰਜਾਬ ਦੇ ਅੰਮ੍ਰਿਤਸਰ ਪੁਤਲੀ ਘਰ ਵਿਚ ਕਿਸੇ ਸਮੇਂ ਰਹਿਣ ਵਾਲੇ ਬਿਸ਼ਨ ਸਿੰਘ ਬੇਦੀ ਹੋਏ ਹਨ, ਜਿਨ੍ਹਾਂ ਨੇ ਭਾਰਤ ਦੀ ਇਕ ਲੰਮੇ ਸਮੇਂ ਤੱਕ ਕਪਤਾਨੀ ਕੀਤੀ ਤੇ ਸਪਿਨ ਗੇਂਦਬਾਜ਼ੀ ਵਿਚ ਨਵੇਂ ਕੀਰੀਤੀਮਾਨ ਸਥਾਪਤ ਕੀਤੇ। ਕ੍ਰਿਕਟ ਪ੍ਰੇਮੀਆਂ ਨੂੰ ਉਨ੍ਹਾਂ ਦੀ ਗੇਂਦਬਾਜ਼ੀ ਕਾਰਨ ਸਵਰਗਵਾਸੀ ਜਸਦੇਵ ਦੀ ਇਕ ਗੱਲ ਯਾਦ ਆ ਜਾਂਦੀ ਹੈ ਕਿ ਜਦੋਂ ਉਹ ਕੁਮੈਂਟਰੀ ਕਰਦੇ ਅਕਸਰ ਕਹਿੰਦੇ ਸਨ ਕਿ ਬੇਦੀ ਦੇ ਇਕ ਓਵਰ ਵਿਚ ਹਰ ਸਪਿਨ ਬਾਲ ਵਿਚ ਇਕ ਵੱਖਰਾਪਨ ਦਿਖਾਈ ਦਿੰਦਾ ਹੈ ਤੇ ਬੱਲੇਬਾਜ਼ ਛੇਤੀ ਹੀ ਉਨ੍ਹਾਂ ਦੇ ਜਾਲ ਵਿਚ ਫਸ ਜਾਂਦਾ ਹੈ।
ਹਾਲ ਆਫ ਫੇਮ ਦੇ ਦੂਸਰੇ ਖਿਡਾਰੀ ਹਰਫਨ ਮੌਲਾ ਚੰਡੀਗੜ੍ਹ ਦੇ ਡੀ.ਏ.ਵੀ. ਕਾਲਜ ਵਿਚ ਪੜ੍ਹੇ ਕਪਿਲ ਦੇਵ ਹੋਏ ਹਨ, ਜੋ ਭਾਰਤ ਦੇ ਕਪਤਾਨ ਰਹੇ ਤੇ ਯਾਦਗਾਰੀ ਵਿਸ਼ਵ ਕੱਪ ਭਾਰਤ ਦੀ ਝੋਲੀ ਵਿਚ ਪਾਇਆ। ਤੀਸਰੇ ਇਸ ਮਾਣ ਨਾਲ ਸਨਮਾਨਿਤ ਹੋਣ ਵਾਲੇ ਭਾਰਤ ਦੇ ਛੋਟਾ ਮਾਸਟਰ ਅਖਵਾਉਣ ਵਾਲੇ ਛੋਟੇ ਕੱਦ ਵਾਲੇ ਮੁੰਬਈ ਦੇ ਸੁਨੀਲ ਗਵਾਸਰ ਹਨ, ਜੋ ਇਸ ਸਮੇਂ ਬਹੁਤ ਹੀ ਸਮਰੱਥ ਕੁਮੈਂਟਰੀਕਰਨ ਵਾਲੇ ਬਣ ਗਏ ਹਨ। ਚੌਥੇ ਅਨਿਲ ਕੁੰਬਲੇ ਮੁੱਖ ਰੂਪ ਵਿਚ ਗੇਂਦਬਾਜ਼ ਸਨ, ਜੋ ਆਪਣੀ ਸਹਿਜਤਾ, ਆਪਣੇ ਕੰਮ ਨਾਲ ਮਗਨ ਰਹਿਣ ਵਾਲੇ ਪਰ ਖੇਡ ਦੇ ਪੁੁੂਰੇ ਨਿਯਮਾਂ ਨਾਲ ਪ੍ਰਪੱਕ ਖਿਡਾਰੀ ਸਨ।
ਜਿਥੋਂ ਤੱਕ ਰਾਹੁਲ ਦ੍ਰਾਵਿੜ ਦਾ ਸਵਾਲ ਹੈ, ਉਨ੍ਹਾਂ ਦੀ ਸ਼ੋਭਾ ਬਹੁਤਾ ਕਰਕੇ ਇਸ ਕਾਰਨ ਕੀਤੀ ਜਾਂਦੀ ਹੈ ਕਿ ਰਾਹੁਲ ਨੂੰ ਬਿਲਕੁਲ ਇਕ ਨਿਰਭਰਤਾ ਵਾਲਾ ਖਿਡਾਰੀ ਮੰਨਿਆ ਜਾਂਦਾ ਸੀ। ਜਦੋਂ ਰਾਹੁਲ ਦੀ ਵਾਰੀ ਆਉਂਦੀ ਸੀ ਤਾਂ ਲੋਕ ਇਹ ਕਹਿੰਦੇ ਸਨ ਕਿ ਮੈਚ ਸਹੀ ਹੱਥਾਂ ਵਿਚ ਹੈ ਤੇ ਭਾਰਤ ਕਿਸੇ ਸੂਰਤ ਵਿਚ ਹਾਰ ਨਹੀਂ ਸਕਦਾ। ਰਾਹੁਲ ਨੇ ਭਾਵੇਂ ਥੋੜ੍ਹਾ ਸਮਾਂ ਕਪਤਾਨੀ ਕੀਤੀ ਪਰ ਰਾਹੁਲ ਨੂੰ ਇਕ ਨਿਪੁੰਨ ਬੱਲੇਬਾਜ਼ ਸਮਝਿਆ ਜਾਂਦਾ ਸੀ।


-274-ਏ.ਐਕਸ. ਮਾਡਲ ਟਾਊਨ ਐਕਟੈਨਸ਼ਨ, ਲੁਧਿਆਣਾ। ਮੋਬਾ: 98152-55295

ਭਾਰਤੀ ਫੁੱਟਬਾਲ : ਭਵਿੱਖ ਦੇ ਸਿਤਾਰੇ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਅਮਰਜੀਤ ਸਿੰਘ ਕਿਆਮ : ਮਨੀਪੁਰ ਨਾਲ ਸਬੰਧਤ 17 ਵਰ੍ਹਿਆਂ ਦੇ ਮਿਡਫੀਲਡਰ ਅਮਰਜੀਤ ਕਿਆਮ ਦੇ ਪਿਤਾ ਖੇਤੀ ਮਜ਼ਦੂਰ ਤੇ ਮਾਂ ਅਸ਼ਗਬੀ ਦੇਵੀ ਰੋਜ਼ ਘਰ ਤੋਂ 40 ਕਿਲੋਮੀਟਰ ਦੂਰ ਜਾ ਕੇ ਬਾਜ਼ਾਰ ਵਿਚ ਮੱਛੀ ਵੇਚਣ ਦਾ ਕੰਮ ਕਰਦੀ ਹੈ। ਤੰਗੀ-ਤੁਰਸ਼ੀ ਦੇ ਬਾਵਜੂਦ ਉਨ੍ਹਾਂ ਨੇ ਆਪਣੇ ਲਾਡਲੇ ਬੇਟੇ ਦੀ ਫੁੱਟਬਾਲਰ ਬਣਨ ਦੀ ਚਾਹਤ ਨੂੰ ਮੁਰਝਾਉਣ ਨਹੀਂ ਦਿੱਤਾ। ਪੈਸੇ ਜੋੜ ਕੇ ਫਲਾਈਟ ਦੁਆਰਾ ਚੰਡੀਗੜ੍ਹ ਅਕੈਡਮੀ 'ਚ ਟ੍ਰਾਇਲ ਲਈ ਭੇਜਿਆ, ਜਿਥੇ ਉਹ ਫਿੱਟ ਬੈਠੇ ਅਤੇ ਸਖ਼ਤ ਮਿਹਨਤ ਤੋਂ ਬਾਅਦ ਅੱਜ ਉਹ ਭਾਰਤੀ ਫੁੱਟਬਾਲ ਦੇ ਉੱਭਰ ਰਹੇ ਸਿਤਾਰੇ ਹੀ ਨਹੀਂ, ਸਗੋਂ ਅੰਡਰ-17 ਵਿਸ਼ਵ ਕੱਪ ਵਿਚ ਭਾਰਤੀ ਟੀਮ ਦੇ ਕਪਤਾਨ ਵਜੋਂ ਮੈਦਾਨ 'ਚ ਉੱਤਰੇ ਸਨ।
ਅਨਵਰ ਅਲੀ : ਪੰਜਾਬ ਦੇ ਜ਼ਿਲ੍ਹਾ ਜਲੰਧਰ ਦੇ ਆਦਮਪੁਰ ਤਹਿਸੀਲ ਦੇ ਪਿੰਡ ਚੋਮ੍ਹੋ 'ਚ 28 ਅਗਸਤ, 2000 ਨੂੰ ਜਨਮਿਆ 18 ਵਰ੍ਹਿਆਂ ਦਾ ਅਨਵਰ ਅਲੀ ਅੱਜ ਭਾਰਤੀ ਫੁੱਟਬਾਲ ਦਾ ਚਰਚਿਤ ਸਿਤਾਰਾ ਹੈ। ਚਰਵਾਹੇ ਅਤੇ ਦੁੱਧ ਵੇਚਣ ਵਾਲੇ ਪਿਤਾ ਰਾਜਾਕ ਅਤੇ ਮਾਤਾ ਯਾਤੂਨ ਨੇ ਆਪਣੇ ਲਾਡਲੇ ਬੇਟੇ ਦੀ ਫੁੱਟਬਾਲਰ ਬਣਨ ਦੀ ਹਸਰਤ ਨੂੰ ਪ੍ਰਵਾਨ ਚੜ੍ਹਾਉਣ ਲਈ ਹਰ ਤਰ੍ਹਾਂ ਦੀ ਕੁਰਬਾਨੀ ਦਿੱਤੀ। ਸ਼ੁਰੂਆਤੀ ਦਿਨਾਂ 'ਚ ਬੂਟ ਖਰੀਦਣ ਤੋਂ ਲੈ ਕੇ ਹਰ ਸੰਭਵ ਸਹਾਇਤਾ ਦਸਮੇਸ਼ ਸਪੋਰਟਸ ਕਲੱਬ ਨੇ ਕੀਤੀ ਅਤੇ ਪ੍ਰਤਿਭਾ ਦੀ ਕੀਮਤ ਸਥਾਨਕ ਵਿਧਾਇਕ ਪਵਨ ਕੁਮਾਰ ਟੀਨੂੰ ਨੇ ਵੀ ਹਰ ਸੰਭਵ ਸਹਾਇਤਾ ਕੀਤੀ। ਅੱਜ ਇਹ ਖਿਡਾਰੀ ਸੂਬਾ ਪੱਧਰ 'ਤੇ ਪ੍ਰਾਪਤੀਆਂ ਦੀ ਗਾਥਾ ਬਣ ਕੇ ਰਾਸ਼ਟਰੀ ਟੀਮ ਦਾ ਅਹਿਮ ਹਿੱਸਾ ਬਣ ਚੁੱਕਾ ਹੈ।
ਧੀਰਜ ਸਿੰਘ ਮੋਈਰੰਗਥੱਮ : ਮਨੀਪੁਰ ਦੇ ਬਿਸ਼ਨਪੁਰ ਜ਼ਿਲ੍ਹੇ ਦੇ ਪਿੰਡ ਮੋਈਰੰਗ 'ਚ ਪਿਤਾ ਰੋਮਿਤ ਸਿੰਘ ਦੇ ਘਰ ਜਨਮਿਆ ਧੀਰਜ ਸਿੰਘ ਭਾਰਤੀ ਜੂਨੀਅਰ ਟੀਮ ਦਾ ਧਾਕੜ ਗੋਲਕੀਪਰ ਹੈ। ਪੜ੍ਹਾਈ 'ਚ ਹੁਸ਼ਿਆਰ ਧੀਰਜ ਸਿੰਘ ਦੇ ਪਿਤਾ ਨਹੀਂ ਚਾਹੁੰਦੇ ਸਨ ਕਿ ਉਹ ਖੇਡ ਮੈਦਾਨ 'ਚ ਉੱਤਰੇ। ਕਿੱਟ, ਟ੍ਰੇਨਿੰਗ ਅਤੇ ਟਰੈਵਲ ਖਰਚੇ ਤੋਂ ਅਸਮਰੱਥ ਹੋਣ 'ਤੇ ਧੀਰਜ ਦੀ ਨਾਨੀ ਨੇ ਉਸ ਦੀ ਫੁੱਟਬਾਲ ਕਿੱਟ ਖਰੀਦਣ 'ਚ ਮਦਦ ਕੀਤੀ। ਸਟੇਟ ਟੀਮਾਂ 'ਚ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਅੰਡਰ-17 ਵਿਸ਼ਵ ਕੱਪ ਫੁੱਟਬਾਲ ਟੀਮ 'ਚ ਬਤੌਰ ਗੋਲਕੀਪਰ ਧੀਰਜ ਦੇ ਅਮਰੀਕਾ ਅਤੇ ਕੋਲੰਬੀਆ ਖ਼ਿਲਾਫ਼ ਕਾਬਲੇ-ਤਾਰੀਫ ਪ੍ਰਦਰਸ਼ਨ ਨੂੰ ਦੇਖਦਿਆਂ ਇਸ ਵਕਤ ਉਹ ਯੂਰਪ ਦੀਆਂ ਕਈ ਮਸ਼ਹੂਰ ਕਲੱਬਾਂ ਦੇ ਨਿਸ਼ਾਨੇ 'ਤੇ ਹੈ। (ਸਮਾਪਤ)


-ਚੀਫ ਸਾਈ ਫੁੱਟਬਾਲ ਕੋਚ, ਪਿੰਡ ਤੇ ਡਾਕ: ਪਲਾਹੀ, ਫਗਵਾੜਾ। ਮੋਬਾ: 94636-12204

ਭਾਰਤੀ ਵੀਲ੍ਹਚੇਅਰ ਬੋਕੀਆ ਟੀਮ ਦਾ ਅੰਤਰਰਾਸ਼ਟਰੀ ਖਿਡਾਰੀ ਹੈ ਰਾਹੁਲ ਡੰਪਾ

'ਮੇਰੀ ਕਾਇਆ ਤੋ ਬਸ ਮਾਇਆ ਹੈ, ਮੁਝੇ ਆਂਕਨਾ ਹੈ ਤੋ ਬਸ ਮੇਰੇ ਕਾਰਨਾਮੇ ਦੇਖਨਾ, ਉਸ ਮੇਂ ਹੀ ਛੁਪੀ ਹੈ ਮੇਰੀ ਉਡਾਨ, ਦੂਰੀ ਤੁਮ ਮਾਪਨਾ।' ਰਾਹੁਲ ਡੰਪਾ ਭਾਰਤੀ ਵੀਲ੍ਹਚੇਅਰ ਬੋਕੀਆ ਟੀਮ ਦਾ ਅੰਤਰਰਾਸ਼ਟਰੀ ਖਿਡਾਰੀ ਹੈ। ਉਹ ਅਪਾਹਜ ਹੈ ਅਤੇ ਮੰਨਦਾ ਵੀ ਹੈ ਪਰ ਉਹ ਮਾਣ ਨਾਲ ਆਖਦਾ ਹੈ ਕਿ 'ਮੇਰਾ ਹੌਸਲਾ ਅਤੇ ਮੇਰਾ ਜਜ਼ਬਾ ਅਪਾਹਜ ਨਹੀਂ ਅਤੇ ਮੈਂ ਹਮੇਸ਼ਾ ਅੱਗੇ ਵੱਲ ਹੀ ਵਧਣਾ ਸਿੱਖਿਆ ਹੈ, ਪਿੱਛੇ ਨਹੀਂ। ਰਾਹੁਲ ਡੰਪਾ ਦਾ ਜਨਮ ਆਂਧਰਾ ਪ੍ਰਦੇਸ਼ ਦੇ ਸ਼ਹਿਰ ਵਿਸ਼ਾਖਾਪਟਨਮ ਵਿਚ 17 ਜਨਵਰੀ, 1990 ਨੂੰ ਪਿਤਾ ਡੰਪਾ ਰਾਮੂ ਦੇ ਘਰ ਮਾਤਾ ਡੰਪਾ ਸਰਸਵਤੀ ਦੀ ਕੁੱਖੋਂ ਹੋਇਆ। ਰਾਹੁਲ ਡੰਪਾ ਨੂੰ ਬਚਪਨ ਤੋਂ ਹੀ ਖੇਡਣ-ਕੁੱਦਣ ਦਾ ਸ਼ੌਕ ਸੀ ਅਤੇ ਸਕੂਲੀ ਪੱਧਰ 'ਤੇ ਹੀ ਉਸ ਨੇ ਪੜ੍ਹਾਈ ਦੇ ਨਾਲ-ਨਾਲ ਖੇਡ ਸਰਗਰਮੀਆਂ ਵੀ ਆਰੰਭ ਦਿੱਤੀਆਂ ਅਤੇ ਛੇਤੀ ਹੀ ਉਹ ਅਥਲੈਟਿਕ ਵਿਚ ਕਰਾਟੇ ਅਤੇ ਸਵਿਮਿੰਗ ਵਿਚ ਨੈਸ਼ਨਲ ਪੱਧਰ ਦਾ ਖਿਡਾਰੀ ਸਾਬਤ ਹੋਇਆ। ਰਾਹੁਲ ਡੰਪਾ ਉੱਚ ਸਿੱਖਿਆ ਲੈਣ ਤੋਂ ਬਾਅਦ ਨੇਵੀ ਮਰਚੈਂਟ ਵਿਚ ਬਤੌਰ ਕਮਾਂਡਿੰਗ ਅਫ਼ਸਰ ਭਰਤੀ ਹੋਇਆ ਅਤੇ ਉਸ ਦਾ ਸੁਪਨਾ ਸੀ ਕਿ ਉਹ ਖੇਡਾਂ ਦੇ ਖੇਤਰ ਵਿਚ ਅੰਤਰਰਾਸ਼ਟਰੀ ਪੱਧਰ 'ਤੇ ਭਾਰਤ ਮਾਤਾ ਦੇ ਤਿਰੰਗੇ ਨੂੰ ਜ਼ਰੂਰ ਲਹਿਰਾਏਗਾ ਪਰ ਅਫਸੋਸ ਕਿ 17 ਮਾਰਚ, 2014 ਨੂੰ ਰਾਹੁਲ ਡੰਪਾ ਇਕ ਖ਼ਤਰਨਾਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ ਅਤੇ ਉਸ ਦੀ ਜ਼ਿੰਦਗੀ ਇਕ ਵੀਲ੍ਹਚੇਅਰ 'ਤੇ ਆ ਕੇ ਅਟਕ ਗਈ। ਉਸ ਦੀ ਰੀੜ੍ਹ ਦੀ ਹੱਡੀ ਕਰੈਕ ਹੋ ਗਈ।
ਹਾਦਸਾ ਤਾਂ ਅਚਾਨਕ ਹੋ ਗਿਆ ਪਰ ਜੋ ਹਾਦਸਾ ਅਤੇ ਇਸ ਦੀ ਸੱਟ ਉਸ ਦੇ ਮਨ ਨੂੰ ਲੱਗੀ, ਉਹ ਕਦੇ ਸੋਚੀ ਵੀ ਨਹੀਂ ਸੀ ਅਤੇ ਉਹ ਕਿਸੇ ਡੂੰਘੇ ਸਦਮੇ ਵਿਚ ਚਲਾ ਗਿਆ। ਇਕ ਦਿਨ ਉਹ ਘਰ ਦੇ ਵਿਹੜੇ ਵਿਚ ਵੀਲ੍ਹਚੇਅਰ 'ਤੇ ਬੈਠਾ ਉੱਪਰ ਅਸਮਾਨ ਵੱਲ ਤੱਕ ਰਿਹਾ ਸੀ ਤਾਂ ਉਸ ਨੇ ਵੇਖਿਆ ਕਿ ਆਸਮਾਨ ਵਿਚ ਖੂਬਸੂਰਤ ਪੰਛੀ ਉਡਾਰੀਆਂ ਮਾਰ ਰਹੇ ਸੀ ਅਤੇ ਰਾਹੁਲ ਨੇ ਪੰਛੀਆਂ ਨੂੰ ਤੱਕ ਤੇਜ਼ ਵੀਲ੍ਹਚੇਅਰ ਦੌੜਾਈ ਤੇ ਫਿਰ ਪੰਛੀਆਂ ਵੱਲ ਵੇਖ ਲੰਮਾ ਸਾਹ ਭਰ ਬੋਲਿਆ ਕਿ 'ਅਭੀ ਹੌਸਲੇ ਕੀ ਉਡਾਨ ਬਾਕੀ ਹੈ।' ਉਸ ਨੇ ਵੀਲ੍ਹਚੇਅਰ ਉੱਪਰ ਹੀ ਬੋਕੀਆ ਦੀ ਖੇਡ ਖੇਡਣੀ ਸ਼ੁਰੂ ਕੀਤੀ ਅਤੇ ਛੇਤੀ ਹੀ ਉਸ ਨੇ ਭਾਰਤੀ ਬੋਕੀਆ ਟੀਮ ਵਿਚ ਆਪਣੀ ਜਗ੍ਹਾ ਬਣਾ ਲਈ ਅਤੇ ਭਾਰਤ ਦੀ ਪ੍ਰਤੀਨਿਧਤਾ ਕਰਨ ਲੱਗਿਆ। ਰਾਹੁਲ ਡੰਪਾ ਨੇ ਦੱਸਿਆ ਕਿ ਜਕਾਰਤਾ ਵਿਖੇ ਹੋਈਆਂ ਏਸ਼ੀਅਨ ਖੇਡਾਂ ਵਿਚ ਜਦ ਉਸ ਨੂੰ ਤਗਮਾ ਮਿਲ ਰਿਹਾ ਸੀ ਤਾਂ ਉਸ ਦੀਆਂ ਅੱਖਾਂ ਭਰ ਆਈਆਂ, ਕਿਉਂਕਿ ਇਕ ਪਾਸੇ ਭਾਰਤ ਦਾ ਰਾਸ਼ਟਰੀ ਗੀਤ 'ਜਨ ਗਨ ਮਨ' ਚੱਲ ਰਿਹਾ ਸੀ ਅਤੇ ਦੂਸਰੇ ਪਾਸੇ ਭਾਰਤ ਦਾ ਤਿਰੰਗਾ ਝੂਲ ਰਿਹਾ ਸੀ ਅਤੇ ਉਸ ਦੀਆਂ ਅੱਖਾਂ ਛਲਕ ਪਈਆਂ, ਕਿਉਂਕਿ ਜਿਹੜਾ ਸੁਪਨਾ ਉਸ ਨੇ ਸੰਜੋਇਆ ਸੀ, ਉਸ ਨੂੰ ਉਹ ਪੂਰਾ ਹੁੰਦਾ ਵੇਖ ਰਿਹਾ ਸੀ। ਰਾਹੁਲ ਡੰਪਾ ਆਪਣੇ ਇਸ ਖੇਤਰ ਵਿਚ ਹਮੇਸ਼ਾ ਰਿਣੀ ਹੈ ਆਪਣੇ ਪਿਤਾ ਡੰਪਾ ਰਾਮੂ ਅਤੇ ਮਾਤਾ ਡੰਪਾ ਸਰਸਵਤੀ ਅਤੇ ਆਪਣੇ ਮਿੱਤਰਾਂ ਵਰਗੇ ਕੋਚ ਜਸਪ੍ਰੀਤ ਸਿੰਘ ਬਠਿੰਡਾ ਦਾ, ਜਿਨ੍ਹਾਂ ਦੇ ਸਹਿਯੋਗ ਨੇ ਉਸ ਨੂੰ ਹਰ ਪਲ ਉਤਸ਼ਾਹਿਤ ਕੀਤਾ।


-ਮੋਬਾ: 98551-14484


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX