ਤਾਜਾ ਖ਼ਬਰਾਂ


'ਸ਼ਬਦ ਗੁਰੂ ਯਾਤਰਾ' ਦਾ ਗੁਰਦੁਆਰਾ ਗੁਰੂ ਕੀ ਬੇਰ ਸਾਹਿਬ ਮੱਤੇਵਾਲ ਪੁੱਜਣ 'ਤੇ ਮਜੀਠੀਆ ਅਤੇ ਸੰਗਤਾਂ ਵਲੋਂ ਸਵਾਗਤ
. . .  8 minutes ago
ਮੱਤੇਵਾਲ, 21 ਅਪ੍ਰੈਲ (ਗੁਰਪ੍ਰੀਤ ਸਿੰਘ ਮੱਤੇਵਾਲ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ 'ਸ਼ਬਦ ਗੁਰੂ ਯਾਤਰਾ' ਅੱਜ ਹਲਕਾ ਮਜੀਠਾ ਦੇ ਪਿੰਡ ਨਾਥ ਦੀ ਖੂਹੀ, ਮੱਤੇਵਾਲ ਵਿਖੇ ਸਥਿਤ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ...
ਸ੍ਰੀਲੰਕਾ 'ਚ ਹੋਏ ਲੜੀਵਾਰ ਧਮਾਕਿਆਂ 'ਚ ਮਰਨ ਵਾਲਿਆਂ ਦੀ ਗਿਣਤੀ ਹੋਈ 129
. . .  25 minutes ago
ਕੋਲੰਬੋ, 21 ਅਪ੍ਰੈਲ- ਈਸਟਰ ਮੌਕੇ ਅੱਜ ਰਾਜਧਾਨੀ ਕੋਲੰਬੋ ਅਤੇ ਸ੍ਰੀਲੰਕਾ 'ਚ ਇੱਕੋ ਸਮੇਂ ਕਈ ਥਾਈਂ ਹੋਏ ਲੜੀਵਾਰ ਬੰਬ ਧਮਾਕਿਆਂ 'ਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 129 ਹੋ ਗਈ ਹੈ। ਉੱਥੇ ਹੀ ਇਨ੍ਹਾਂ ਧਮਾਕਿਆਂ 'ਚ 450 ਲੋਕ ਜ਼ਖ਼ਮੀ ਹੋਏ ਹਨ। ਧਮਾਕੇ ਰਾਜਧਾਨੀ...
ਅਣਪਛਾਤੇ ਵਾਹਨ ਵਲੋਂ ਟੱਕਰ ਮਾਰੇ ਜਾਣ ਕਾਰਨ ਆਟੋ ਚਾਲਕ ਦੀ ਮੌਤ
. . .  45 minutes ago
ਜਲੰਧਰ, 21 ਅਪ੍ਰੈਲ- ਜਲੰਧਰ-ਅੰਮ੍ਰਿਤਸਰ ਹਾਈਵੇਅ 'ਤੇ ਗੁਰੂ ਗੋਬਿੰਦ ਸਿੰਘ ਐਵਨਿਊ ਨੇੜੇ ਅੱਜ ਇੱਕ ਅਣਪਛਾਤੇ ਵਾਹਨ ਵਲੋਂ ਟੱਕਰ ਮਾਰੇ ਜਾਣ ਕਾਰਨ ਆਟੋ ਰਿਕਸ਼ਾ ਚਾਲਕ ਦੀ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ ਅਜੇ ਤੱਕ ਨਹੀਂ ਹੋ ਸਕੀ ਹੈ। ਦੱਸਿਆ ਜਾ ਰਿਹਾ ਹੈ...
ਵਿਸਾਖੀ ਮਨਾਉਣ ਲਈ ਪਾਕਿਸਤਾਨ ਗਿਆ ਸਿੱਖ ਜਥਾ ਭਾਰਤ ਪਰਤਿਆ
. . .  1 minute ago
ਅਟਾਰੀ, 21ਅਪ੍ਰੈਲ (ਰੁਪਿੰਦਰਜੀਤ ਸਿੰਘ ਭਕਨਾ)- ਪਾਕਿਸਤਾਨ ਸਥਿਤ ਗੁਰਦੁਆਰਾ ਪੰਜਾ ਸਾਹਿਬ ਵਿਖੇ ਖ਼ਾਲਸੇ ਦਾ ਸਾਜਨਾ ਦਿਵਸ ਵਿਸਾਖੀ ਦਾ ਤਿਉਹਾਰ ਮਨਾਉਣ ਅਤੇ ਹੋਰ ਗੁਰਧਾਮਾਂ ਦੇ ਦਰਸ਼ਨਾਂ 'ਤੇ ਗਿਆ ਸਿੱਖ ਸ਼ਰਧਾਲੂਆਂ ਦਾ ਜਥਾ ਅੱਜ ਵਾਪਸ ਪਰਤ ਆਇਆ...
ਸ੍ਰੀਲੰਕਾ ਧਮਾਕੇ : ਕੋਲੰਬੋ 'ਚ ਭਾਰਤੀ ਹਾਈ ਕਮਿਸ਼ਨਰ ਨਾਲ ਲਗਾਤਾਰ ਸੰਪਰਕ 'ਚ ਹਾਂ- ਸੁਸ਼ਮਾ
. . .  about 1 hour ago
ਕੋਲੰਬੋ, 21 ਅਪ੍ਰੈਲ- ਸ੍ਰੀਲੰਕਾ 'ਚ ਅੱਜ ਤਿੰਨ ਚਰਚਾਂ ਅਤੇ ਤਿੰਨ ਹੋਟਲਾਂ 'ਚ ਧਮਾਕਿਆਂ ਦੀ ਖ਼ਬਰ ਨਾਲ ਕਰੋੜਾਂ ਭਾਰਤੀ ਵੀ ਚਿੰਤਾ 'ਚ ਹਨ। ਵੱਡੀ ਗਿਣਤੀ ਭਾਰਤੀ ਨਾਗਰਿਕ ਅਤੇ ਭਾਰਤੀ ਮੂਲ ਦੇ ਲੋਕ ਸ੍ਰੀਲੰਕਾ 'ਚ ਰਹਿੰਦੇ ਹਨ। ਹਾਲਾਂਕਿ ਇਨ੍ਹਾਂ ਧਮਾਕਿਆਂ 'ਚ ਅਜੇ ਤੱਕ...
ਸ੍ਰੀਲੰਕਾ 'ਚ ਹੋਏ ਲੜੀਵਾਰ ਧਮਾਕਿਆਂ ਕਾਰਨ 49 ਲੋਕਾਂ ਦੀ ਮੌਤ, 300 ਤੋਂ ਵੱਧ ਜ਼ਖ਼ਮੀ
. . .  about 1 hour ago
ਕੋਲੰਬੋ, 21 ਅਪ੍ਰੈਲ- ਈਸਟਰ ਮੌਕੇ ਰਾਜਧਾਨੀ ਕੋਲੰਬੋ ਸਮੇਤ ਸ੍ਰੀਲੰਕਾ 'ਚ ਅੱਜ ਇੱਕੋ ਸਮੇਂ ਕਈ ਥਾਈਂ ਲੜੀਵਾਰ ਧਮਾਕੇ ਹੋਏ, ਜਿਨ੍ਹਾਂ 'ਚ 49 ਲੋਕਾਂ ਦੀ ਮੌਤ ਹੋ ਗਈ, ਜਦਕਿ 300 ਤੋਂ ਵੱਧ ਹੋਰ ਜ਼ਖ਼ਮੀ ਹੋਏ ਹਨ। ਸ੍ਰੀਲੰਕਾ ਦੀ ਪੁਲਿਸ ਵਲੋਂ ਜਾਰੀ ਬਿਆਨ 'ਚ ਕਿਹਾ ਗਿਆ ਹੈ...
ਈਸਟਰ ਮੌਕੇ ਸ੍ਰੀਲੰਕਾ 'ਚ ਲੜੀਵਾਰ ਧਮਾਕੇ, ਚਰਚਾਂ ਅਤੇ ਹੋਟਲਾਂ ਨੂੰ ਬਣਾਇਆ ਗਿਆ ਨਿਸ਼ਾਨਾ
. . .  about 2 hours ago
ਕੋਲੰਬੋ, 21 ਅਪ੍ਰੈਲ- ਰਾਜਧਾਨੀ ਕੋਲੰਬੋ ਸਮੇਤ ਸ੍ਰੀਲੰਕਾ ਦੇ ਕਈ ਇਲਾਕਿਆਂ 'ਚ ਅੱਜ ਈਸਟਰ ਮੌਕੇ ਬੰਬ ਧਮਾਕੇ ਹੋਣ ਦੀ ਖ਼ਬਰ ਹੈ। ਮੀਡੀਆ ਰਿਪੋਰਟਾਂ ਮੁਤਾਬਕ ਧਮਾਕੇ ਇੱਥੇ ਦੋ ਚਰਚਾਂ ਤੇ ਹੋਟਲਾਂ 'ਚ ਹੋਏ ਹਨ ਅਤੇ ਇਨ੍ਹਾਂ 'ਚ ਕਈ ਲੋਕਾਂ ਦੇ ਮਾਰੇ ਜਾਣ ਤੇ ਜ਼ਖ਼ਮੀ ਹੋਣ ਦਾ...
ਛੱਤੀਸਗੜ੍ਹ 'ਚ ਸੁਰੱਖਿਆ ਬਲਾਂ ਨਾਲ ਮੁਠਭੇੜ 'ਚ ਦੋ ਨਕਸਲੀ ਢੇਰ
. . .  about 1 hour ago
ਰਾਏਪੁਰ, 21 ਅਪ੍ਰੈਲ- ਛੱਤੀਸਗੜ੍ਹ ਦੇ ਨਕਸਲ ਪ੍ਰਭਾਵਿਤ ਖੇਤਰ ਬੀਜਾਪੁਰ ਦੇ ਪਾਮੇੜ ਪਿੰਡ ਦੇ ਜੰਗਲਾਂ 'ਚ ਅੱਜ ਸੁਰੱਖਿਆ ਬਲਾਂ ਅਤੇ ਨਕਸਲੀਆਂ ਵਿਚਾਲੇ ਮੁਠਭੇੜ ਹੋਈ। ਇਸ ਮੁਠਭੇੜ 'ਚ ਸੁਰੱਖਿਆ ਬਲਾਂ ਨੇ ਦੋ ਅੱਤਵਾਦੀਆਂ ਨੂੰ ਢੇਰ...
ਨਾਨਕੇ ਪਿੰਡ ਆਏ ਨੌਜਵਾਨ ਦੀ ਸ਼ੱਕੀ ਹਾਲਤ ਵਿਚ ਮਿਲੀ ਲਾਸ਼
. . .  about 3 hours ago
ਅਮਰਕੋਟ, 21 ਅਪ੍ਰੈਲ (ਗੁਰਚਰਨ ਸਿੰਘ ਭੱਟੀ)- ਸਰਹੱਦੀ ਖੇਤਰ ਦੇ ਪਿੰਡ ਵਲਟੋਹਾ ਵਿਖੇ ਬੀਤੀ ਰਾਤ ਇਕ ਨੌਜਵਾਨ ਦੇ ਕਤਲ ਹੋਣ ਦਾ ਪਤਾ ਲੱਗਾ, ਜਾਣਕਾਰੀ ਅਨੁਸਾਰ ਪਿੰਡ ਵਲਟੋਹਾ ਵਿਖੇ ਆਪਣੇ ਨਾਨਕੇ ਘਰ ਆਏ ਨੌਜਵਾਨ ਮਲਕੀਤ ਸਿੰਘ ਪੁੱਤਰ ਸਤਨਾਮ ਸਿੰਘ ਪਿੰਡ ਨੂਰਵਾਲਾ ਜੋ ਕਿ ਬੀਤੀ ਰਾਤ ਆਪਣੇ...
ਰੈਲੀ ਦੌਰਾਨ ਮਾਇਆਵਤੀ ਨੇ ਸਮਾਜਵਾਦੀ ਪਾਰਟੀ ਦੇ ਵਰਕਰਾਂ ਨੂੰ ਦਿੱਤੀ ਨਸੀਹਤ
. . .  about 3 hours ago
ਨਵੀਂ ਦਿੱਲੀ, 21 ਅਪ੍ਰੈਲ - ਬਹੁਜਨ ਸਮਾਜ ਪਾਰਟੀ ਦੀ ਸੁਪਰੀਮੋ ਮਾਇਆਵਤੀ ਨੇ ਬੀਤੇ ਲੰਘੇ ਦਿਨ ਸਨਿੱਚਰਵਾਰ ਨੂੰ ਸਪਾ ਨੇਤਾ ਤੇ ਰਾਮਗੋਪਾਲ ਯਾਦਵ ਦੇ ਬੇਟੇ ਅਕਸ਼ੈ ਯਾਦਵ ਲਈ ਰੈਲੀ ਵਿਚ ਵੋਟ ਮੰਗਿਆ। ਫ਼ਿਰੋਜ਼ਾਬਾਦ 'ਚ ਗੱਠਜੋੜ ਦੀ ਰੈਲੀ 'ਚ ਭਾਜਪਾ ਤੇ ਪ੍ਰਧਾਨ ਮੰਤਰੀ ਮੋਦੀ 'ਤੇ ਬਰਸ ਰਹੀ ਮਾਇਆਵਤੀ...
ਹੋਰ ਖ਼ਬਰਾਂ..

ਅਜੀਤ ਮੈਗਜ਼ੀਨ

ਕੀ ਹੈ ਮਨੁੱਖੀ ਸੁਭਾਅ ਦਾ ਰਾਜ਼?

ਅੰਗਰੇਜ਼ ਫਿਲਾਸਫਰ, ਡੇਵਿਡ ਹਿਊਮ ਨੇ 18ਵੀਂ ਸਦੀ 'ਚ ਆਪਣੇ-ਆਪ ਤੋਂ ਇਹ ਪ੍ਰਸ਼ਨ ਪੁੱਛਿਆ ਸੀ ਕਿ ਮਨੁੱਖ ਦਾ ਜਿਹੋ ਜਿਹਾ ਸੁਭਾਅ ਹੈ, ਅਜਿਹਾ ਕਿਉਂ ਹੈ? ਉਸ ਨੂੰ ਇਸ ਦਾ ਉ ੱਤਰ ਨਹੀਂ ਸੀ ਮਿਲਿਆ | ਅਗਲੇ 200 ਵਰਿ੍ਹਆਂ ਦੌਰਾਨ, ਜਿਸ ਜਿਸ ਨੇ ਇਸ ਪ੍ਰਸ਼ਨ ਦੇ ਉ ੱਤਰ ਦਿੱਤੇ, ਉਹ ਨਿਰਆਧਾਰ ਸਿੱਧ ਹੋਏ | ਸਿ੍ਸ਼ਟੀ, ਐਟਮਾਂ, ਜੀਨਾਂ 'ਚ ਰੁੱਝਿਆ ਵਿਗਿਆਨ ਵੀ ਇਸ ਪ੍ਰਸ਼ਨ ਦਾ ਉ ੱਤਰ ਦੇਣੋ ਝਿਜਕਦਾ ਰਿਹਾ | ਪਰ ਅੱਜ ਵਿਗਿਆਨ ਦੀ ਜੀਵਨ ਨਾਲ ਡੂੰਘੀ ਪਛਾਣ ਹੋ ਜਾਣ ਕਾਰਨ, ਇਹ, ਇਸ ਪ੍ਰਸ਼ਨ ਦਾ ਉ ੱਤਰ ਦੇਣ ਦੀ ਸਥਿਤੀ 'ਚ ਹੈ |
ਮਨੁੱਖ ਦੀ ਫਿਤਰਤ ਨੂੰ ਸਮਝਣ ਲਈ, ਇਸ ਨੂੰ ਵਿਕਾਸ ਦੇ ਪਿਛੋਕੜ 'ਚ ਸਮਝਣ ਦੀ ਲੋੜ ਹੈ | ਜੀਵਨ ਦਾ ਵਿਕਾਸ ਇਸੇ ਕਾਰਨ ਸੰਭਵ ਹੈ, ਕਿਉਂਕਿ ਜੀਨ, ਅਗਾਂਹ ਤੋਂ ਅਗਾਂਹ, ਸੰਤਾਨ ਨੂੰ ਵਿਰਸੇ 'ਚ ਮਿਲਦੇ ਰਹਿੰਦੇ ਹਨ ਅਤੇ ਵਿਆਪਕ ਹਾਲਾਤ ਅਨੁਕੂਲ ਮੁਨਾਸਬ ਜੀਨਾਂ ਦਾ ਪ੍ਰਾਣੀ ਵਸੋਂ 'ਚ ਪ੍ਰਸਾਰ ਵਧਦਾ ਰਹਿੰਦਾ ਹੈ ਅਤੇ ਨਾਮੁਨਾਸਬ ਜੀਨਾਂ ਦਾ ਪ੍ਰਸਾਰ ਸੁੰਗੜਦਾ ਰਹਿੰਦਾ ਹੈ | ਸਰੀਰਕ ਵਿਸ਼ੇਸ਼ਤਾਵਾਂ ਉਪਜਾਉਂਦੇ ਜੀਨਾਂ ਨਾਲ ਇਹੋ ਬੀਤਦਾ ਰਹਿੰਦਾ ਹੈ ਅਤੇ ਇਹੋ ਹੀ ਸੁਭਾਅ ਦਾ ਆਧਾਰ ਬਣਦੇ ਜੀਨਾਂ ਨਾਲ ਵੀ ਬੀਤਦਾ ਹੈ | ਮਨੁੱਖ ਦੇ ਸੁਭਾਅ ਦਾ ਸਬੰਧ ਸੱਭਿਆਚਾਰ ਨਾਲ ਤਾਂ ਹੈ ਹੀ, ਪਰ ਜੀਨਾਂ ਨਾਲ ਵੀ ਹੈ |
ਆਪਣੀਆਂ ਮੂਲ ਲੋੜਾਂ ਪੂਰੀਆਂ ਕਰਨ 'ਚ ਮਨੁੱਖ ਹੋਰਨਾਂ ਪ੍ਰਾਣੀਆਂ ਨਾਲੋਂ ਭਿੰਨ ਨਹੀਂ | ਜਿਉਂਦੇ ਰਹਿਣ ਲਈ ਇਹ ਖਾਂਦਾ-ਪੀਂਦਾ ਹੈ ਅਤੇ ਸੰਤਾਨ ਉਪਜਾਉਣ ਲਈ ਇਹ ਸਾਥ ਲੱਭਦਾ ਹੈ | ਪਰ, ਕੁਝ ਗੱਲਾਂ 'ਚ ਇਹ ਹੋਰ ਪ੍ਰਾਣੀਆਂ ਨਾਲੋਂ ਭਿੰਨ ਵੀ ਹੈ | ਇਹ ਸੋਚਦਾ-ਵਿਚਰਦਾ ਹੈ ਅਤੇ ਆਪਣੇ ਵਿਚਾਰ ਹੋਰਨਾਂ ਨਾਲ ਸਾਂਝੇ ਕਰਦਾ ਰਹਿੰਦਾ ਹੈ | ਅਜਿਹਾ ਕਰਨ ਲਈ ਪਹਿਲਾਂ ਇਸ ਨੇ ਬੋਲਣਾ ਸਿੱਖਿਆ ਅਤੇ ਫਿਰ ਲਿਖਣਾ-ਪੜ੍ਹਨਾ | ਜਿਸ ਤਰ੍ਹਾਂ ਮਨੁੱਖ ਅੱਜ ਵਿਚਰ ਰਿਹਾ ਹੈ, ਇਸ ਦੇ ਯੋਗ ਇਸ ਨੂੰ ਇਸ ਦੇ ਵਿਕਾਸ ਨੇ ਬਣਾਇਆ | ਵਿਕਸਿਤ ਹੋ ਰਹੇ ਮਨੁੱਖ 'ਚ ਪੁੰਗਰ ਰਹੀ ਸੂਝ ਨੂੰ ਸੁੱਝ ਗਿਆ ਸੀ ਕਿ ਸਹਿਚਾਰਕ ਜੀਵਨ ਭੋਗਣ 'ਚ ਹੀ ਇਸ ਦਾ ਭਲਾ ਸੀ | ਇਸੇ ਅਨੁਕੂਲ ਇਸ ਦੀਆਂ ਕੁਦਰਤੀ ਰੁਚੀਆਂ ਢਲਦੀਆਂ ਰਹੀਆਂ | ਇਨ੍ਹਾਂ ਰੁਚੀਆਂ ਚੋਂ ਸੱਭਿਆਚਾਰ ਨੇ ਜਨਮ ਲਿਆ ਅਤੇ ਜਿਸ ਨੇ ਪਰਤ ਕੇ ਅਜਿਹੀਆਂ ਰੁਚੀਆਂ ਨੂੰ ਪ੍ਰੋਸਾਹਿਤ ਕਰਨਾ ਆਰੰਭ ਕਰ ਦਿੱਤਾ, ਜਿਹੜੀਆਂ ਸਹਿਚਾਰਕ ਜੀਵਨ ਦਾ ਪੱਖ ਪੂਰ ਰਹੀਆਂ ਸਨ | ਇਸ ਪ੍ਰਕਾਰ ਮਨੁੱਖ ਦਾ ਸੁਭਾਅ ਅਤੇ ਸੱਭਿਆਚਾਰ ਇਕ-ਦੂਜੇ ਦੇ ਸਾਥ 'ਚ ਅਤੇ ਇਕ-ਦੂਜੇ ਨੂੰ ਪ੍ਰਭਾਵਿਤ ਕਰਦੇ ਹੋਏ ਵਿਕਸਤ ਹੋਏ | ਸੰਤਾਨ ਨੂੰ ਵਿਰਸੇ 'ਚ ਮਿਲ ਰਹੇ ਜੀਨਾਂ ਚੋਂ ਰੁਚੀਆਂ ਪੁੰਗਰਦੀਆਂ ਰਹੀਆਂ ਅਤੇ ਇਨ੍ਹਾਂ 'ਚੋਂ ਜਿਹੜੀਆਂ ਸੱਭਿਆਚਾਰ ਲਈ ਮੁਨਾਸਬ ਸਨ, ਉਹ ਖਿੜਦੀਆਂ ਰਹੀਆਂ ਅਤੇ ਜਿਹੜੀਆਂ ਨਹੀਂ ਸਨ, ਉਹ ਮੁਰਝਾ ਮੁਰਝਾ ਆਲੋਪ ਹੋ ਜਾਂਦੀਆਂ ਰਹੀਆਂ | ਪਰ, ਹਰ ਇਕ ਅਣਚਾਹੀ ਰੁਚੀ ਨਾਲ ਅਜਿਹਾ ਨਾ ਹੋ ਸਕਿਆ, ਜਿਸ ਕਾਰਨ ਹੂਸ਼ ਭਾਵਨਾਵਾਂ ਅੱਜ ਵੀ ਮਨੁੱਖ ਦੇ ਸੁਭਾਅ ਦਾ ਅੰਸ਼ ਹਨ |
ਪਹਿਲਾਂ-ਪਹਿਲ ਮਨੁੱਖ ਕਬੀਲਿਆਂ 'ਚ ਵਟਿਆ ਭਟਕਦਾ ਫਿਰਦਾ ਰਿਹਾ | ਫਿਰ ਇਸ ਨੇ ਖਾਨਾਬਦੋਸ਼ ਜੀਵਨ ਤਿਆਗ ਕੇ ਕਾਸ਼ਤ ਆਰੰਭ ਕਰ ਦਿੱਤੀ ਅਤੇ ਵੱਖਰਾ ਜੀਵਨ-ਢੰਗ ਅਪਣਾ ਲਿਆ | ਇਸ ਨੇ ਸੱਭਿਆਚਾਰਕ ਜੀਵਨ-ਢੰਗ ਅਪਣਾ ਭਾਵੇਂ ਲਿਆ, ਪਰ ਇਹ ਕਬਾਇਲੀ ਜੀਵਨ ਵਾਲੀ ਮਾਨਸਿਕਤਾ ਦਾ ਸੰਪੂਰਨ ਤਿਆਗ ਨਾ ਕਰ ਸਕਿਆ | ਇਹ ਵੀ ਕਾਰਨ ਹੈ ਕਿ ਕਹਿਣ ਨੂੰ ਅਸੀਂ ਸੁਹਿਰਦ, ਸੱਭਿਆਚਾਰਕ ਅਤੇ ਨਿਆਂ ਦੇ ਪ੍ਰਸਤਾਰ ਵਿਅਕਤੀ ਹਾਂ, ਪਰ ਅਸੀਂ ਵਿਚਰ ਰਹੇ ਹਾਂ ਵਰਗਾਂ, ਸ਼੍ਰੇਣੀਆਂ ਅਤੇ ਅਕੀਦਿਆਂ 'ਚ ਵੱਖ-ਵੱਖ ਹੋਏ | ਵੱਖ ਵੱਖ ਢਾਣੀਆਂ 'ਚ ਵੱਖ-ਵੱਖ ਹੋਏ ਅਸੀਂ ਆਪਸ 'ਚ ਲੜ-ਭਿੜ ਰਹੇ ਹਾਂ, ਲਹੂ-ਲੁਹਾਣ ਹੋ ਰਹੇ ਹਾਂ ਅਤੇ ਕਰ ਰਹੇ ਹਾਂ ਅਤੇ ਘਿਰਣਾ 'ਚ ਲਥ-ਪਥ ਜੀਵਨ ਬਿਤਾ ਰਹੇ ਹਾਂ | ਬਾਵਜੂਦ ਰੂਹਾਨੀ ਉਪਦੇਸ਼ਾਂ ਦੇ ਅਤੇ ਸਖ਼ਤ ਕਾਇਦੇ-ਕਾਨੂੰਨਾਂ ਦੇ, ਪੱਖਪਾਤ ਪੂਰੇ ਜਾ ਰਹੇ ਹਨ ਅਤੇ ਤੁਅੱਸਬ ਫਿੱਕੇ ਨਹੀਂ ਪੈ ਰਹੇ | ਜੇਕਰ ਜੀਨ ਅਜਿਹੀਆਂ ਰੁਚੀਆਂ ਦੇ ਪੁੰਗਰਨ ਲਈ ਜ਼ਿੰਮੇਵਾਰ ਨਾ ਹੁੰਦੇ, ਤਦ ਅਸੀਂ ਅਜਿਹੇ ਨਾ ਹੁੰਦੇ, ਜਿਹੋ ਜਿਹੇ ਹਾਂ ਅਤੇ ਤਦ ਅਸੀਂ ਸੂਝ-ਸਮਝ ਦੀ ਅਗਵਾਈ ਅਧੀਨ ਬਦਲ ਗਏ ਹੁੰਦੇ |
ਸੰਤਾਨ ਨਾ ਇਸਤਰੀ ਦੀ ਉਪਜ ਹੁੰਦੀ ਹੈ ਅਤੇ ਨਾ ਪੁਰਸ਼ ਦੀ | ਇਹ ਦੋਵਾਂ ਦੇ ਉਪਜਾਏ ਪ੍ਰਜਣਨ-ਸੈ ੱਲਾਂ ਅੰਦਰਲੇ ਡੀ. ਐਨ. ਏ., ਭਾਵ ਜੀਨਾਂ ਦੀ ਉਪਜ ਹੁੰਦੀ ਹੈ | ਇਸੇ ਕਾਰਨ ਸੰਤਾਨ ਉਪਜਾਉਂਦੇ ਇਸਤਰੀ ਜਾਂ ਪੁਰਸ਼ ਦੇ ਜਿਹੜੇ ਵਿਚਾਰ ਹੁੰਦੇ ਹਨ ਅਤੇ ਜਿਹੋ ਜਿਹੇ ਵਿਸ਼ਵਾਸ ਦੇ ਇਹ ਧਾਰਨੀ ਹੁੰਦੇ ਹਨ, ਸੰਤਾਨ ਉਨ੍ਹਾਂ ਦੇ ਪ੍ਰਭਾਵ ਤੋਂ ਬਿਨਾਂ ਜਨਮ ਲੈਂਦੀ ਹੈ | ਸੰਤਾਨ ਦੀ ਮਾਂ ਅਤੇ ਪਿਓ ਨਾਲ ਜੀਨਾਂ ਦੀ ਹੱਦ ਤੱਕ ਹੀ ਸਾਂਝ ਹੁੰਦੀ ਹੈ; ਸੱਭਿਆਚਾਰਕ ਪ੍ਰਸਥਿਤੀਆਂ ਉਸ ਨੂੰ ਜਨਮ ਉਪਰੰਤ ਪ੍ਰਭਾਵਿਤ ਕਰਨ ਲਗਦੀਆਂ ਹਨ |
ਵਿਰਸੇ 'ਚ ਮਿਲੇ ਜੀਨਾਂ ਕਰਕੇ ਹੀ ਨਾ ਅਸੀਂ ਇਕੋ ਜਿਹਾ ਸੋਚਦੇ ਹਾਂ ਅਤੇ ਨਾ ਇਕੋ ਜਿਹਾ ਇਕ-ਦੂਜੇ ਨਾਲ ਵਰਤਦੇ ਹਾਂ | ਅਸੀਂ ਵਿਅਕਤੀ ਹਾਂ, ਵੱਖ-ਵੱਖ ਵਿਅਕਤੀ, ਇਕ-ਦੂਜੇ ਨਾਲੋਂ ਭਿੰਨ ਵਿਅਕਤੀ | ਇਸੇ ਕਾਰਨ, ਇਕਸਾਰ ਪੜ੍ਹਾਈ ਕਰਕੇ ਅਤੇ ਇਕਸਾਰ ਟ੍ਰੇਨਿੰਗ ਲੈ ਕੇ ਇਕੋ ਪੇਸ਼ਾ ਅਪਣਾਈ ਬੈਠੇ ਵਿਅਕਤੀ, ਆਪੋ-ਆਪਣੇ ਵਪਾਰਕ ਫ਼ਰਜ਼ ਨਿਭਾਉਣ 'ਚ ਇਕਸਾਰ ਨਿਪੁੰਨ ਅਤੇ ਕੁਸ਼ਲ ਨਹੀਂ ਹਾਂ | ਹਰ ਇਕ ਵਿਅਕਤੀ ਭਿੰਨ-ਭਿੰਨ ਹੱਦ ਤਕ ਸੁਆਰਥੀ ਹੈ, ਭਿਵਚਾਰੀ ਹੈ, ਆਲਸੀ ਹੈ ਜਾਂ ਫਿਰ ਇਮਾਨਦਾਰ ਹੈ, ਨੇਕ ਹੈ, ਨਿਆਂਕਾਰ ਹੈ ਅਤੇ ਹੋਰਨਾਂ ਦਾ ਭਲਾ ਸੋਚਣ ਵਾਲਾ ਹਿੱਤ-ਅਭਿਲਾਸ਼ੀ ਹੈ | ਇਸੇ ਲਈ, ਮੰਤਵ ਪੂਰਤੀ ਦੀ ਸਭਨਾਂ ਤੋਂ ਇਕਸਾਰ ਆਸ ਰੱਖਣੀ ਫਜ਼ੂਲ ਹੈ | ਦੋ ਵਿਅਕਤੀ ਇਕ-ਦੂਜੇ ਜਿਹੇ ਹੋ ਹੀ ਨਹੀਂ ਸਕਦੇ, ਨਾ ਸਰੀਰਕ ਵਿਸ਼ੇਸ਼ਤਾਵਾਂ ਪਖੋਂ ਅਤੇ ਨਾ ਹੀ ਫਿਤਰਤ ਪੱਖੋਂ | ਨਾ ਪੁੱਤਰ ਪਿਤਾ ਜਿਹੇ ਹਨ, ਨਾ ਮਾਵਾਂ ਧੀਆਂ ਜਹੀਆਂ | ਭਾਈਆਂ ਅਤੇ ਭੈਣਾਂ ਪ੍ਰਤੀ ਵੀ ਇਹੋ ਸਥਿਤੀ ਹੈ |
ਫਿਰ ਇਹ ਸਥਿਤੀ ਵੀ ਹੈ ਕਿ ਮੂੜ ਸਿਆਣਿਆਂ ਨੂੰ ਜਨਮ ਦੇ ਰਹੇ ਹਨ ਅਤੇ ਸਿਆਣੇ ਮੂੜ ਸੰਤਾਨ ਉਪਜਾ ਰਹੇ ਹਨ | ਅਜਿਹਾ ਸੈਕਸ ਆਧਾਰਿਤ ਪ੍ਰਜਣਨ ਕਰਕੇ ਹੈ | ਸੈਕਸ, ਦੋ ਵਿਅਕਤੀਆਂ ਦੇ ਜੀਨਾਂ ਨੂੰ ਰਲਾ ਕੇ ਅਤੇ ਫਿਰ ਭਲੀ ਪ੍ਰਕਾਰ ਫੈਂਟ ਕੇ ਸੰਤਾਨ ਹਵਾਲੇ ਕਰ ਰਿਹਾ ਹੈ | ਤਾਸ਼ ਦੇ 52 ਪੱਤੇ ਫੈਂਟਣ ਉਪਰੰਤ ਖਿਡਾਰੀਆਂ ਨੂੰ ਹਰ ਵਾਰ ਜੇਕਰ ਨਵਾਂ ਹੱਥ ਵੰਡਿਆ ਜਾਂਦਾ ਹੈ, ਤਦ ਸੈਕਸ ਤਾਂ 30 ਹਜ਼ਾਰ ਤੋਂ ਵੀ ਵੱਧ ਜੀਨ ਫੈਂਟ ਰਿਹਾ ਹੈ, ਜਿਸ ਦੇ ਫਲਸਰੂਪ ਮਨੁੱਖੀ ਨਸਲ ਦੀ ਵੰਨਗੀ 'ਚ ਲਗਾਤਾਰ ਵਾਧਾ ਹੁੰਦਾ ਰਿਹਾ | ਫਿਰ, ਇਸਤਰੀ ਅਤੇ ਪੁਰਸ਼ ਵੀ ਇਕਸਾਰ ਜੀਨਾਂ ਦੇ ਮਾਲਿਕ ਨਹੀਂ | ਇਨ੍ਹਾਂ ਦੇ ਜੀਨਾਂ 'ਚ ਇਕਸਾਰਤਾ ਨਾ ਹੋਣ ਕਰਕੇ, ਇਨ੍ਹਾਂ ਦੀ ਫਿਤਰਤ 'ਚ ਵੀ ਅੰਤਰ ਹਨ | ਪੁਰਸ਼ ਜੇਕਰ ਧੱਕੜ ਹੈ ਤਾਂ ਅਜਿਹੇ ਜੀਨਾਂ ਕਰਕੇ, ਜਿਹੜੇ ਇਸਤਰੀ 'ਚ ਨਹੀਂ ਹਨ | ਸੰਤਾਨ ਦੀ ਉਤਪਤੀ ਲਈ ਅਤੇ ਇਸ ਦੀ ਪਰਵਰਿਸ਼ ਲਈ ਸਿੱਧਿਆਂ ਜ਼ਿੰਮੇਵਾਰ ਹੋਣ ਕਰਕੇ, ਇਸਤਰੀ 'ਚ ਵੀ ਪੁਰਸ਼ ਨਾਲੋਂ ਵੱਖਰੇ ਜੀਨ ਹਨ | ਦੰਪਤੀ ਜੀਵਨ 'ਚ ਜੁੜਨ ਲਈ ਵੀ ਇਸਤਰੀ ਅਤੇ ਪੁਰਸ਼ ਭਿੰਨ-ਭਿੰਨ ਨਜ਼ਰੀਏ ਨਾਲ ਸਾਥੀ ਦੀ ਚੋਣ ਕਰਦੇ ਹਨ : ਪੁਰਸ਼ ਪ੍ਰੇਮਿਕਾ ਖੋਜ ਰਿਹਾ ਹੁੰਦਾ ਹੈ, ਜਦ ਕਿ ਇਸਤਰੀ ਸੰਤਾਨ ਦੀ ਸ਼ਕਲ ਸੂਰਤ ਨੂੰ ਮੁੱਖ ਰੱਖ ਕੇ ਅਤੇ ਉਸ ਦੇ ਭਲੇ ਭੱਵਿਖ ਲਈ ਸਾਥ ਖੋਜ ਰਹੀ ਹੁੰਦੀ ਹੈ | ਇਸਤਰੀ ਅਤੇ ਪੁਰਸ਼ ਦੀ ਸੰਤਾਨ ਉਪਜਾਉਣ ਲਈ ਕੀਤੀ ਜਾ ਰਹੀ ਚੋਣ ਮਨੁੱਖੀ ਵਿਕਾਸ ਦੀ ਦਿਸ਼ਾ ਵੀ ਨਿਰਧਾਰਤ ਕਰਦੀ ਰਹੀ ਹੈ | ਕੀਤੀ ਜਾ ਰਹੀ ਚੋਣ ਸਦਕਾ ਜਿਲਦ ਦੇ ਰੰਗ ਨਿਖਰਦੇ ਰਹੇ ਹਨ, ਕੱਦ ਲੰਬੇ ਹੁੰਦੇ ਰਹੇ ਹਨ, ਸੂਝ-ਸਮਝ ਤੀਖਣ ਹੁੰਦੀ ਰਹੀ ਹੈ, ਕਿੱਤਾਮਈ ਯੋਗਤਾ 'ਚ ਉਛਾਲ ਆਉਂਦਾ ਰਿਹਾ ਹੈ, ਆਦਿ |
ਇਕ ਹੋਰ ਤਰ੍ਹਾਂ ਵੀ ਜੀਨ ਸਾਡੀ ਮਾਨਸਿਕਤਾ ਨੂੰ ਅਤੇ ਵਤੀਰੇ ਨੂੰ ਪ੍ਰਭਾਵਿਤ ਕਰ ਰਹੇ ਹਨ | ਸਾਡੇ ਮੂਡ, ਭਾਵ ਮਨ ਦੇ ਰਉਂ ਦਿਮਾਗ਼ ਅੰਦਰ ਰਿਸਦੇ ਨਸ-ਸੰਚਾਲਕਾਂ ਦੇ ਪ੍ਰਭਾਵ ਅਧੀਨ ਹੇਠ-ਉਤਾਂਹ ਹੁੰਦੇ ਰਹਿੰਦੇ ਹਨ | ਦਿਮਾਗ਼ ਅੰਦਰ ਰਿਸ ਰਹੇ ਨਸ-ਸੰਚਾਲਕਾਂ ਦੀ ਉਪਜ ਅਤੇ ਵੰਨਗੀ ਲਈ ਵਿਰਸੇ 'ਚ ਮਿਲੇ ਜੀਨ ਜ਼ਿੰਮੇਵਾਰ ਹੁੰਦੇ ਹਨ | ਦਿਮਾਗ਼ ਅੰਦਰ ਲਹੂ ਦਾ ਸੰਚਾਰ ਡੋਪਾਮਾਈਨ (4opamine) ਉੱਪਰ ਨਿਰਭਰ ਹੈ, ਜਿਸ ਦੀ ਘਾਟ ਵਿਅਕਤੀ ਨੂੰ ਆਲਸੀ ਬਣਾ ਦਿੰਦੀ ਹੈ ਅਤੇ ਇਹ ਨਿਰਣੇ ਲੈਣ 'ਚ ਥਿੜਕਣ ਲਗਦਾ ਹੈ | ਇਹ ਨਸ-ਸੰਚਾਲਕ ਜੇਕਰ ਉਚਿਤ ਮਾਤਰਾ 'ਚ ਰਿਸਦਾ ਰਹੇ, ਤਦ ਵਿਅਕਤੀ ਰਾਹ 'ਚ ਆਈ ਹਰ ਇਕ ਸਮੱਸਿਆ ਨਾਲ ਸਾਹਸ ਸਹਿਤ ਨਿਪਟਣ ਲਈ ਤਿਆਰ ਰਹਿੰਦਾ ਹੈ | ਇਕ-ਦੂਜੇ ਨਸ-ਸੰਚਾਲਕ, ਸਰੋਟੋਨਿਨ (Serotonin) ਦੀ ਘਾਟ ਵਿਅਕਤੀ ਨੂੰ ਦਿਲਗੀਰੀ ਖਿੰਨਤਾ 'ਚ ਡੁਬੋਕੇ, ਅਜਿਹਾ ਕੁਝ ਕਰਨ ਲਈ ਪ੍ਰੇਰਦੀ ਰਹਿੰਦੀ ਹੈ, ਜਿਸ ਲਈ ਉਸ ਨੂੰ ਪਿੱਛੋਂ ਪਛਤਾਉਣਾ ਵੀ ਪੈ ਜਾਂਦਾ ਹੈ | ਇਸ ਨਸ-ਸੰਚਾਲਕ ਦਾ ਦਿਮਾਗ਼ ਅੰਦਰ ਉਚਿਤ ਮਾਤਰਾ 'ਚ ਰਸਾਓ ਸੰਤੁਲਿਤ ਵਿਚਰਨ ਲਈ ਜ਼ਰੂਰੀ ਹੈ | ਗੂੜ੍ਹੀ ਨੀਂਦਰ ਮਾਣ ਰਹੇ ਵਿਅਕਤੀ 'ਚ ਵੀ ਇਸੇ ਨਸ-ਸੰਚਾਲਕ ਦੀ ਭੂਮਿਕਾ ਹੈ, ਇਸ ਲਈ ਕਿ ਨੀਂਦਰ ਲਿਆਉਣ ਲਈ ਜ਼ਿੰਮੇਵਾਰ ਮੈਲਾਟੋਨਿਨ (Melatonin) ਹਾਰਮੋਨ ਸਰੋਟੋਨਿਨ ਦੀ ਉਪਜ ਹੈ | ਇਕ ਹੋਰ ਜਾਣਿਆ ਪਛਾਣਿਆ ਹਾਰਮੋਨ ਹੈ, ਆਕਸੀਟਾਸਿਨ (Oxytocin), ਜਿਸ ਦੀ ਦਿਮਾਗ਼ ਅੰਦਰ ਹੋਂਦ ਨਿੱਘੇ ਸਬੰਧਾਂ ਦਾ ਮੂਲ ਸਿੱਧ ਹੁੰਦੀ ਹੈ ਅਤੇ ਜਿਸ ਦੀ ਘਾਟ ਅਧੀਨ ਵਿਅਕਤੀ ਕਠੋਰ ਨਿਰਦਈ ਵਤੀਰਾ ਧਾਰਨ ਕਰਨ ਵੱਲ ਝੁਕ ਜਾਂਦਾ ਹੈ |
ਮਨੁੱਖ ਦਾ ਵਰਤਮਾਨ ਦੋ ਵਿਰੋਧੀ ਪ੍ਰਵਿਰਤੀਆਂ ਵਿਚਕਾਰ ਡੋਲ ਰਿਹਾ ਹੈ | ਇਕ ਬੰਨੇ ਜੇਕਰ ਸਹਿਚਾਰਕ ਜੀਵਨ ਬਿਤਾਉਣ ਦੀ ਲਾਲਸਾ ਹੈ, ਤਦ ਦੂਜੇ ਬੰਨੇ, ਹਰ ਇਕ ਪਖੋਂ ਪ੍ਰਬਲ, ਨਿੱਜੀ ਸੁਆਰਥ ਅਜਿਹਾ ਜੀਵਨ ਬਿਤਾਉਣ ਦੇ ਰਾਹ 'ਚ ਆ ਰਹੇ ਹਨ | ਹਰ ਇਕ ਥਾਂ ਸਹਿਚਾਰ ਹੈ, ਮਿਲ ਬੈਠਣ ਹੈ, ਸੁਸਾਇਟੀਆਂ ਹਨ, ਸੰਗਠਨ ਹਨ, ਪਰ, ਇਨ੍ਹਾਂ ਜਥੇਬੰਦੀਆਂ ਦੇ ਅੰਦਰ ਵੀ ਅਤੇ ਬਾਹਰ ਵੀ ਰਕਾਬਤ ਹੈ, ਤਕਰਾਰ ਹੈ, ਰੋਸੇ ਹਨ, ਹੱਕਤਲਫੀ ਹੈ ਅਤੇ ਪੱਖ ਪੂਰੇ ਜਾ ਰਹੇ ਹਨ | ਇਕ ਬੰਨੇ ਲੋਕ ਭਲਾਈ ਲਈ ਜੇਕਰ ਇਮਾਨਦਾਰ ਉ ੱਦਮ ਕੀਤੇ ਜਾ ਰਹੇ ਹਨ, ਤਦ ਦੂਜੇ ਬੰਨੇ ਅਜਿਹਾ ਕਰਨ ਦੇ ਕੇਵਲ ਸੁਆਂਗ ਰਚੇ ਜਾ ਰਹੇ ਹਨ | ਮਨੁੱਖ ਨਾ ਨਿਰੋਲ ਦੇਵਤਾ ਹੈ, ਨਾ ਸ਼ੈਤਾਨ; ਇਹ ਇਨ੍ਹਾਂ ਦੋਵਾਂ ਦਾ ਮਿਸ਼ਰਣ ਬਣਿਆ ਵਿਚਰ ਰਿਹਾ ਹੈ | ਇਕ ਸਮੇਂ ਇਕ ਵਿਅਕਤੀ ਜੇਕਰ ਦੇਵਤਾ ਸਰੂਪ ਹੈ, ਤਦ ਵੱਖਰੀ ਸਥਿਤੀ 'ਚ ਉਹੋ ਸਵਾਰਥੀ ਅਨੁਭਵ ਦਾ ਸਤਾਇਆ, ਮਾਨਵਤਾ ਵਿਰੋਧੀ ਵਤੀਰਾ ਧਾਰਨ ਕਰਨੋਂ ਨਹੀਂ ਝਿਜਕ ਰਿਹਾ |
ਸੁਆਰਥੀ ਹਿੱਤ ਆਪਣੀ ਥਾਵੇਂ, ਪਰ ਜਿਹੋ-ਜਿਹੀ ਸੂਝ-ਸਮਝ ਦਾ ਮਨੁੱਖ ਮਾਲਿਕ ਹੈ, ਉਸ ਦੇ ਭਲੇ ਭਵਿੱਖ ਨੂੰ ਨਿਸ਼ਚਿਤ ਬਣਾਉਣ ਯੋਗ ਆਦੇਸ਼ ਹੈ :
'ਇਨਸਾਨ ਬਨ ਇਨਸਾਨ, ਯਹੀ ਹੈ ਤੇਰੀ ਮਅਰਾਜ (ਉ ੱਚਾ ਰੁੱਤਬਾ)
ਰੰਗ-ਓ-ਵਤਨ, ਕੌਮ ਕੀ ਹਰ ਹੱਦ ਸੇ ਗੁਜ਼ਰ ਜਾ |'

- ਫੋਨ : 0175-2214547.


ਖ਼ਬਰ ਸ਼ੇਅਰ ਕਰੋ

ਹਕੀਕਤ ਵਿਚ ਬਦਲਦਾ ਚੀਨ ਦਾ ਸੁਪਨਾ: ਬਨਾਉਟੀ ਚੰਨ

ਚੀਨ ਚਾਹੁੰਦਾ ਹੈ ਕਿ ਉਸ ਦਾ ਆਪਣਾ ਚੰਨ (ਚੰਦਰਮਾ) ਹੋਵੇ | ਸਿਰਫ਼ ਚੀਨ ਦਾ ਹੀ ਨਹੀਂ ਬਲਕਿ ਚੀਨ ਦੇ ਸਾਰੇ ਵੱਡੇ ਸ਼ਹਿਰਾਂ, ਕਸਬਿਆਂ ਦੇ ਆਪਣੇ ਚੰਨ ਹੋਣ | ਇਹ ਚਾਹਤ ਮਹਿਜ਼ ਖ਼ੁਸ਼ਫਹਿਮੀ ਨਹੀਂ ਬਲਕਿ ਚੀਨ ਦੀ ਮੰਨੀਏ ਤਾਂ ਇਹ ਬਹੁਤ ਵਾਜਬ ਵਜ੍ਹਾ ਵਾਲੀ ਅਤੇ ਤਰਕਸੰਗਤ ਹੈ, ਪਰ ਚੀਨ ਦੀ ਇਹ ਚਾਹਤ ਉਸ ਦੇ ਤਰਕਾਂ 'ਤੇ ਭਾਵੇਂ ਖਰੀ ਉਤਰੇ ਪਰ ਪੁਲਾੜ ਵਿਗਿਆਨੀਆਂ ਦੀ ਕਸੌਟੀ 'ਤੇ ਖਰੀ ਨਹੀਂ ਉਤਰ ਰਹੀ | ਉਨ੍ਹਾਂ ਦੇ ਅਨੁਸਾਰ ਚੀਨ ਦਾ ਇਹ ਸੁਪਨਾ ਵਿਅਰਥ ਹੈ | ਚੀਨ ਦੀ ਇਸ ਮੁਹਿੰਮ ਵਿਚ ਹੋ ਰਹੀ ਦੇਰ ਵੀ ਵਿਗਿਆਨੀਆਂ ਦੀ ਗੱਲ ਸੱਚ ਸਾਬਤ ਕਰਦੀ ਹੋਈ ਲਗਦੀ ਹੈ |
ਫਿਲਹਾਲ ਕੁਝ ਵੀ ਹੋਵੇ ਧਰਤੀ ਤੋਂ 300 ਮੀਲ ਉੱਪਰ ਚਮਕਦੇ ਹੋਏ ਇਕ ਉਪ-ਗ੍ਰਹਿ ਨੂੰ 2020 ਵਿਚ ਸਥਾਪਤ ਕੀਤਾ ਜਾਣਾ ਸੀ ਪਰ ਹੁਣ ਮਿਤੀ ਵਧਾ ਕੇ 2022 ਕਰ ਦਿੱਤੀ ਗਈ ਹੈ ਅਤੇ ਹੁਣ ਕਿਹਾ ਜਾ ਰਿਹਾ ਹੈ ਕਿ ਵਿਹਾਰਕ ਉਪ-ਗ੍ਰਹਿ ਤਾਂ 2030 ਤੱਕ ਹੀ ਕਾਰਗਰ ਹੋ ਸਗੇਗਾ | ਪਰ ਉਪ-ਗ੍ਰਹਿ ਵਿਗਿਆਨ ਦੇ ਮਾਹਿਰ ਦੱਸਦੇ ਹਨ ਕਿ ਯੋਜਨਾ ਅਜੇ ਵੀ ਬਹੁਤੀ ਠੋਸ ਨਹੀਂ ਹੈ | ਕਈ ਮਾਹਿਰਾਂ ਦਾ ਵਿਸ਼ਵਾਸ ਹੈ ਕਿ ਇਹ ਪ੍ਰਯੋਗ ਅਮਲੀ ਜਾਮਾ ਨਹੀਂ ਪਹਿਨ ਸਕੇਗਾ ਪਰ ਜੇ ਇਹ ਕਵਾਇਦ ਜ਼ਬਰਦਸਤੀ ਹੋਈ ਵੀ ਤਾਂ ਲੰਮਾ ਸਮਾਂ ਨਹੀਂ ਚੱਲੇਗੀ | ਮਨੁੱਖ ਦਾ ਬਣਾਇਆ ਪਹਿਲਾ ਬਨਾਉਟੀ ਚੰਨ ਸ਼ਿਚੂਆਨ ਦੇ ਸ਼ਿਚਾਂਦ ਸੈਟੇਲਾਈਟ ਲਾਂਚ ਸੈਂਟਰ ਤੋਂ ਆਸਮਾਨ ਵਿਚ ਛੱਡਿਆ ਜਾਵੇਗਾ | ਇਹ ਚੰਨ ਸਫ਼ਲਤਾਪੂਰਵਕ ਸਥਾਪਤ ਕਰ ਦਿੱਤਾ ਗਿਆ ਤਾਂ ਫਿਰ ਉਸ ਦੀ ਸਮੀਖਿਆ ਲਈ 2022 ਵਿਚ ਹੀ ਤਿੰਨ ਹੋਰ ਅਜਿਹੇ ਚੰਨ ਪੁਲਾੜ ਵਿਚ ਭੇਜੇ ਜਾਣਗੇ |
ਪਹਿਲਾਂ ਵਾਲਾ ਚੰਨ ਤਾਂ ਇਕ ਤਜਰਬਾ ਹੀ ਹੋਵੇਗਾ ਪਰ ਉਸ ਤੋਂ ਬਾਅਦ ਭੇਜੇ ਗਏ ਚੰਨ ਵਧੇਰੇ ਤਾਕਤਵਰ ਹੋਣਗੇ ਅਤੇ ਉਨ੍ਹਾਂ ਨਾਲ ਚੀਨ ਦੀਆਂ ਵੱਡੀਆਂ ਆਸਾਂ ਜੁੜੀਆਂ ਹੋਣਗੀਆਂ | 500 ਕਿਲੋਮੀਟਰ ਤੱਕ ਦੀ ਉਚਾਈ 'ਤੇ ਸਥਿਤ ਇਹ ਨਕਲੀ ਚੰਨ ਇਕ ਸ਼ੀਸ਼ੇ ਦੀ ਤਰ੍ਹਾਂ ਕੰਮ ਕਰੇਗਾ ਜੋ ਸੂਰਜ ਦੀ ਰੋਸ਼ਨੀ ਨੂੰ ਧਰਤੀ 'ਤੇ ਭੇਜੇਗਾ | ਧਰਤੀ ਦੇ ਅਸਲੀ ਚੰਨ ਦੀ ਦੂਰੀ 3 ਲੱਖ, 80 ਹਜ਼ਾਰ ਕਿਲੋਮੀਟਰ ਹੈ | ਚੀਨ ਦਾ ਦਾਅਵਾ ਹੈ ਕਿ ਉਸ ਦਾ ਬਣਾਇਆ ਚੰਨ 10 ਕਿਲੋਮੀਟਰ ਤੋਂ 80 ਕਿਲੋਮੀਟਰ ਦੇ ਦਾਇਰੇ ਵਿਚ ਅਸਲੀ ਚੰਨ ਦੇ ਮੁਕਾਬਲੇ 8 ਗੁਣਾ ਵਧੇਰੇ ਰੌਸ਼ਨੀ ਦੇਵੇਗਾ | ਪੂਰਾ ਸ਼ਹਿਰ ਇਕੋ ਜਿਹੀ ਰੌਸ਼ਨੀ ਵਿਚ ਜਗਮਗਾਏਗਾ | ਸਟਰੀਟ ਲਾਈਟ ਅਤੇ ਹੋਰ ਸਾਰੀਆਂ ਪ੍ਰਕਾਸ਼ ਵਿਵਸਥਾਵਾਂ ਅਤੇ ਉਸ ਦੇ ਪ੍ਰਬੰਧ ਦਾ ਝੰਜਟ ਖਤਮ ਹੋਏਗਾ ਅਤੇ ਚੀਨ ਦੇ ਅਰਬਾਂ ਰੁਪਏ ਬਚ ਜਾਣਗੇ |
ਵੱਡੀ ਗੱਲ ਤਾਂ ਇਹ ਹੈ ਕਿ ਭੁਚਾਲ, ਸੁਨਾਮੀ ਜਾਂ ਹੜ੍ਹਾਂ ਵਰਗੇ ਹਾਲਾਤ ਵਿਚ ਵੀ ਨਕਲੀ ਚੰਨ ਬਰਾਬਰ ਚਮਕ ਖਿੰਡਾਉਂਦਾ ਰਹੇਗਾ | ਇਕ ਵਾਰੀ ਦਾ ਕੀਤਾ ਨਿਵੇਸ਼ ਕਈ ਸਾਲਾਂ ਦੇ ਝੰਜਟਾਂ ਤੋਂ ਮੁਕਤ ਕਰ ਦੇਵੇਗਾ | ਪਰ ਕੀ ਇਹ ਏਨਾ ਵਿਹਾਰਕ ਅਤੇ ਸੁਖਾਲਾ ਹੈ? ਉਪ-ਗ੍ਰਹਿ ਜੋ ਧਰਤੀ ਦੇ ਇਕ ਖਾਸ ਹਿੱਸੇ 'ਤੇ ਕੇਂਦਰਿਤ ਹੋ ਕੇ ਕੰਮ ਕਰਦੇ ਹਨ, ਉਹ ਜੀਓ ਸਟੇਸ਼ਨਰੀ ਆਰਬਿਟ ਵਿਚ ਸਥਾਪਤ ਕੀਤੇ ਜਾਂਦੇ ਹਨ | ਇਹ ਸਥਾਨ ਘੱਟੋ ਤੋਂ ਘੱਟ 22000 ਮੀਲ ਜਾਂ ਕਹਿ ਲਓ 37 ਹਜ਼ਾਰ ਕਿਲੋਮੀਟਰ ਦੂਰ ਹੈ | ਜੇਕਰ ਉਸ ਜਗ੍ਹਾ 'ਤੇ ਉਪ-ਗ੍ਰਹਿ ਸਥਾਪਤ ਕਰ ਕੇ ਧਰਤੀ ਤੱਕ ਸੂਰਜ ਦੀ ਰੌਸ਼ਨੀ ਨੂੰ ਬਦਲ ਕੇ ਭੇਜੇ ਜਾ ਸਕਣ ਦੀ ਵਿਵਸਥਾ ਵੀ ਆਕਾਰ ਲੈ ਲਵੇ ਤਾਂ ਧਰਤੀ ਤੱਕ ਇਹ ਰੌਸ਼ਨੀ ਕਦੋਂ ਅਤੇ ਕਿੰਨੀ ਪਹੁੰਚੇਗੀ, ਇਹ ਸੋਚਣ ਵਾਲੀ ਗੱਲ ਹੈ | ਚੰਨ ਦਾ ਸਥਿਰ ਰਹਿਣਾ ਫਿਲਹਾਲ ਅਸੰਭਵ ਹੈ | ਮੰਨ ਲਈਏ ਇਹ ਕਿਸੇ ਤਰ੍ਹਾਂ ਹੋ ਵੀ ਜਾਵੇ ਤਾਂ ਜੇਕਰ 10 ਕਿਲੋਮੀਟਰ ਤੱਕ ਦੇ ਇਲਾਕੇ ਨੂੰ ਚਮਕਾਉਣਾ ਹੈ ਤਾਂ ਇਸ ਦੇ ਲਈ ਬਹੁਤ ਟਿਕਾਊਪਣ ਚਾਹੀਦਾ ਹੈ | ਜੇ ਇਕ ਡਿਗਰੀ ਦਾ 100ਵਾਂ ਹਿੱਸਾ ਵੀ ਇਕ ਪਾਸੇ ਝੁਕ ਗਿਆ ਤਾਂ ਇਸ ਚੰਨ ਦੀ ਰੌਸ਼ਨੀ ਆਪਣੇ ਨਿਸ਼ਾਨੇ ਤੋਂ ਭਟਕ ਜਾਵੇਗੀ | ਰਹੀ ਗੱਲ 300 ਮੀਲ ਜਾਂ 500 ਕਿਲੋਮੀਟਰ ਦੀ ਉਚਾਈ 'ਤੇ ਸਥਾਪਤ ਕਰਨ ਦੀ ਤਾਂ ਇਥੇ ਇਹ ਉਪ-ਗ੍ਰਹਿ ਪ੍ਰਤੀ ਘੰਟਾ ਕਈ ਹਜ਼ਾਰ ਮੀਲ ਦੀ ਰਫ਼ਤਾਰ ਨਾਲ ਚੱਕਰ ਕਟ ਰਿਹਾ ਹੋਵੇਗਾ | ਜੇਕਰ ਇਹ ਪ੍ਰਕਾਸ਼ ਪਰਿਵਰਤਨ ਕਰੇ ਵੀ ਤਾਂ ਧਰਤੀ ਦੇ ਕਿਸੇ ਇਕ ਹਿੱਸੇ ਵਿਚ ਉਸ ਦੀ ਇਕ ਝਲਕ ਮਹਿਜ਼ ਸੈਕਿੰਡ ਤੋਂ ਵੀ ਬਹੁਤ ਘੱਟ ਹੋਵੇਗੀ | ਸਭ ਤੋਂ ਵੱਡੀ ਗੱਲ ਇਹ ਹੈ ਕਿ ਉਪ-ਗ੍ਰਹਿ ਨੂੰ ਢੁਕਵੀਂ ਰੌਸ਼ਨੀ ਦੇਣ ਦੇ ਲਈ ਜਿਸ ਉਚਾਈ 'ਤੇ ਸਥਾਪਤ ਹੋਣਾ ਚਾਹੀਦਾ ਹੈ, ਉਹ ਜ਼ਿਆਦਾ ਹੈ ਅਤੇ ਇਸ ਤੋਂ ਬਹੁਤ ਹੇਠਾਂ ਲਿਆਉਣਾ ਸੰਭਵ ਨਹੀਂ | ਜੇਕਰ ਘੱਟ ਉਚਾਈ 'ਤੇ ਸੈਟੇਲਾਈਟ ਕਿਸੇ ਇਕ ਸ਼ਹਿਰ 'ਤੇ ਘੁੰਮਦਾ ਰਹੇ, ਇਹ ਸੰਭਵ ਬਣਾਉਣ ਲਈ ਅਜੇ ਬਹੁਤ ਪਾਪੜ ਵੇਲਣੇ ਪੈਣਗੇ | 300 ਮੀਲ ਤਾਂ ਕੀ 300 ਕਿਲੋਮੀਟਰ ਵੀ ਇਹ ਕਰਨਾ ਅਜੇ ਅਸੰਭਵ ਹੈ | ਜੇਕਰ ਕਿਸੇ ਰਾਕੇਟ 'ਤੇ ਰੱਖ ਕੇ 300 ਮੀਲ ਦੀ ਉਚਾਈ 'ਤੇ ਇਸ ਤਰ੍ਹਾਂ ਦਾ ਉਪ-ਗ੍ਰਹਿ ਪਹੁੰਚਾਇਆ ਜਾਏ ਅਤੇ ਉਸ ਨੂੰ ਰਾਕੇਟ ਦੀ ਮਦਦ ਨਾਲ ਇਕ ਨਿਸਚਿਤ ਖੇਤਰ 'ਤੇ ਘੁਮਾਉਂਦੇ ਰਹਿਣ ਦਾ ਇੰਤਜ਼ਾਮ ਕੀਤਾ ਜਾਵੇ ਤਾਂ ਇਸ ਨਾਲ ਮੁਸ਼ਕਿਲ ਇਹ ਹੋਵੇਗੀ ਕਿ ਇਸ ਵਿਚ ਲਗਾਤਾਰ ਬਾਲਣ ਦੀ ਲੋੜ ਹੋਵੇਗੀ ਅਤੇ ਇਹ ਉਸ ਉਦੇਸ਼ ਦੇ ਉਲਟ ਹੋਵੇਗਾ ਜਿਸ ਦੇ ਤਹਿਤ ਇਸ ਨਾਲ ਸਟਰੀਟ ਲਾਈਟ 'ਤੇ ਖਰਚ ਹੋਣ ਵਾਲੀ ਬਿਜਲੀ ਨੂੰ ਬਚਾਉਣ ਅਤੇ ਉਸ ਦੇ ਖਰਚ ਨੂੰ ਖਤਮ ਕਰਨ ਦਾ ਟੀਚਾ ਹੈ |
ਧਰਤੀ ਦਾ ਚੱਕਰ ਕੱਟਣ ਵਾਲੇ ਉਪ-ਗ੍ਰਹਿਆਂ ਲਈ ਲੋੜ ਹੈ ਕਿ ਉਹ ਪੂਰੀ ਰਾਤ ਰੌਸ਼ਨੀ ਬਣਾਈ ਰੱਖਣ | ਇਹ ਇਸ ਲਈ ਵੀ ਜ਼ਰੂਰੀ ਹੈ ਕਿ ਉਸ ਦੇ ਉਪਰੋਂ ਦੀ ਲੰਘਣ ਵਾਲੇ ਉਪ-ਗ੍ਰਹਿਆਂ ਨੂੰ ਸੰਕੇਤ ਮਿਲਦੇ ਰਹਿਣ ਤੇ ਉਨ੍ਹਾਂ ਨੂੰ ਊਰਜਾ ਵੀ ਮਿਲਦੀ ਰਹੇ | ਇਸ ਲਈ ਇਹ ਆਪਣੇ ਪ੍ਰਤਿਆਵਰਤੀ (ਰਿਫਲੈਕਟਿਵ) ਕੰਮ ਨੂੰ ਕਰਦੇ ਰਹਿਣ | ਉਪਗ੍ਰਹਿ ਥੱਕ ਕੇ ਸੁਸਤ ਨਾ ਪੈ ਜਾਣ ਇਸ ਲਈ ਉਨ੍ਹਾਂ ਨੂੰ ਊਰਜਾ ਦੀ ਵਧੇਰੇ ਲੋੜ ਹੁੰਦੀ ਹੈ ਇਹ ਚਾਹੇ ਛੋਟੇ ਤੋਂ ਛੋਟਾ ਉਪ-ਗ੍ਰਹਿ ਹੀ ਕਿਉਂ ਨਾ ਹੋਵੇ ਅਤੇ ਕਿੰਨੀ ਵੀ ਹੇਠਲੀ ਸਤ੍ਹਾ 'ਤੇ ਕਿਉਂ ਨਾ ਸਥਾਪਤ ਹੋਵੇ, ਇਹ ਕਿਸੇ ਵੀ ਪ੍ਰਵਿਧੀ ਨਾਲ ਆਪਣੇ ਲਈ ਜ਼ਰੂਰੀ ਊਰਜਾ ਪੈਦਾ ਕਰਦਾ ਹੈ | ਇੰਟਰਨੈਸ਼ਨਲ ਸਪੇਸ ਸਟੇਸ਼ਨ ਜੋ 250 ਮੀਲ ਦੀ ਉਚਾਈ 'ਤੇ ਸਥਿਤ ਹੈ, ਉਸ ਨੂੰ ਇਸ ਲਈ ਲਗਾਤਾਰ ਊਰਜਾ ਦੇਣੀ ਪੈਂਦੀ ਹੈ ਕਿ ਉਹ ਨਿਰਧਾਰਤ ਉਚਾਈ ਤੋਂ ਹੇਠਾਂ ਨਾ ਆ ਜਾਵੇ | ਕੁੱਲ ਮਿਲਾ ਕੇ ਇਹ ਇਕ ਆਮ ਸਮੱਸਿਆ ਲਈ ਬੇਹੱਦ ਮੁਸ਼ਕਿਲ ਹੱਲ ਹੈ | ਜਿਥੋਂ ਤੱਕ ਸੜਕਾਂ 'ਤੇ ਰੌਸ਼ਨੀ ਦੇਣ ਦੀ ਗੱਲ ਹੈ, ਤਾਂ ਪੂਰੇ ਸ਼ਹਿਰ ਨੂੰ ਰੌਸ਼ਨੀ ਦੇਣ ਦੀ ਕੀ ਜ਼ਰੂਰਤ ਹੈ, ਅਜਿਹੇ ਵਿਚ ਉਸ ਸ਼ਹਿਰ ਦੇ ਲੋਕ ਰਾਤ ਨੂੰ ਆਸਮਾਨ ਵਿਚ ਕਦੀ ਵੀ ਤਾਰੇ ਨਹੀਂ ਦੇਖਣ ਸਕਣਗੇ |
ਭਾਵੇਂ ਨਵੇਂ ਚੰਨ ਨਾਲ 8 ਗੁਣਾ ਰੌਸ਼ਨੀ ਦਾ ਦਾਅਵਾ ਕੀਤਾ ਜਾ ਰਿਹਾ ਹੈ, ਪਰ ਵਿਗਿਆਨੀਆਂ ਦਾ ਕਹਿਣਾ ਹੈ ਕਿ ਇਹ ਨਕਲੀ ਚੰਨ ਧੰੁਦਲਾ ਜਿਹਾ ਦਿਖੇਗਾ | ਲੋਕ ਸ਼ਿਕਾਇਤ ਕਰ ਸਕਦੇ ਹਨ ਕਿ ਏਨਾ ਖਰਚ ਕਰ ਕੇ ਰੌਸ਼ਨੀ ਏਨੀ ਘੱਟ ਕਿਉਂ? ਫਿਰ ਜੇਕਰ ਰੋਸ਼ਨੀ ਤੇਜ ਹੋਈ ਤਾਂ ਫਿਰ ਵੀ ਸ਼ਿਕਾਇਤਾਂ ਘੱਟ ਨਹੀਂ ਹੋਣਗੀਆਂ? ਇਸ ਨਾਲ ਮਨੁੱਖੀ ਜੀਵਨ 'ਤੇ ਉਲਟ ਪ੍ਰਭਾਵ ਪਵੇਗਾ, ਉਨ੍ਹਾਂ ਦੀ ਨੀਂਦ ਅਤੇ ਦਿਨ-ਰਾਤ ਦਾ ਚੱਕਰ ਪ੍ਰਭਾਵਿਤ ਹੋਣ ਨਾਲ ਕਈ ਸਰੀਰਕ, ਮਾਨਸਿਕ ਪ੍ਰੇਸ਼ਾਨੀਆਂ ਜਨਮ ਲੈਣਗੀਆਂ | ਇਹੀ ਨਹੀਂ ਰਾਤ ਨੂੰ ਜਾਗਣ ਅਤੇ ਸ਼ਿਕਾਰ ਕਰਨ ਵਾਲੇ ਜਾਨਵਰਾਂ 'ਤੇ ਵੀ ਅਸਰ ਪਵੇਗਾ | ਚੀਨ ਵੈਸੇ ਵੀ ਰਾਤ ਨੂੰ ਗ਼ੈਰ-ਜ਼ਰੂਰੀ ਰੌਸ਼ਨੀ ਤੋਂ ਪ੍ਰੇਸ਼ਾਨ ਹੈ, ਦੁਨੀਆ ਵਿਚ ਰੌਸ਼ਨੀ ਪ੍ਰਦੂਸ਼ਣ ਲਗਾਤਾਰ ਵਧਦਾ ਜਾ ਰਿਹਾ ਹੈ |
ਵਿਸ਼ਵ ਦੇ ਜੋ ਸ਼ਹਿਰ ਰੌਸ਼ਨੀ ਦੇ ਪ੍ਰਦੂਸ਼ਣ ਨਾਲ ਗ੍ਰਸਤ ਹਨ, ਉਹ ਚਾਹੁੰਦੇ ਹਨ ਕਿ ਰਾਤਾਂ ਜ਼ਿਆਦਾ ਕਾਲੀਆਂ ਹੋਣ, ਹਨੇਰੀਆਂ ਹੋਣ ਨਾ ਕਿ ਜ਼ਿਆਦਾ ਰੌਸ਼ਨੀ ਵਾਲੀਆਂ | ਚੀਨ ਕਹਿੰਦਾ ਹੈ ਕਿ ਇਸ ਬਨਾਉਟੀ ਚੰਨ ਦੀ ਰੌਸ਼ਨੀ ਨੂੰ ਮਨਚਾਹੇ ਤੀਰਕੇ ਨਾਲ ਕਾਬੂ ਵੀ ਕੀਤਾ ਜਾ ਸਕਦਾ ਹੈ | ਜੇਕਰ ਅਸੀਂ ਰੌਸ਼ਨੀ ਦੇ ਬਿਹਤਰ ਹੱਲ ਕੱਢਣ ਵੱਲ ਤੁਰਨਾ ਹੈ ਤਾਂ ਸਾਨੂੰ ਜ਼ਿਆਦਾ ਜ਼ਮੀਨੀ ਢੰਗ ਲੱਭਣੇ ਪੈਣਗੇ | ਇਹ ਤਰੀਕਾ ਤਾਂ ਕੁਦਰਤ ਦੇ ਚੱਕਰ ਨੂੰ ਵੀ ਪ੍ਰਭਾਵਿਤ ਕਰੇਗਾ | ਪਹਿਲਾਂ ਵੀ ਇਸ ਤਰ੍ਹਾਂ ਦੇ ਨਕਲੀ ਚੰਨ ਬਣਾਉਣ ਦੀਆਂ ਯੋਜਨਾਵਾਂ ਬਣ ਚੁੱਕੀਆਂ ਹਨ ਪਰ ਕਦੀ ਪ੍ਰਵਾਨ ਨਹੀਂ ਚੜ੍ਹੀਆਂ | ਇਸ ਵਾਰ ਵੀ ਸੰਭਾਵਨਾਵਾਂ ਇਹੀ ਕਹਿੰਦੀਆਂ ਹਨ | ਵੈਸੇ ਵੀ ਇਹ ਕੰਮ ਐਲ.ਈ.ਡੀ. ਲਾਈਟ ਦੀ ਵਰਤੋਂ ਨਾਲ ਜਾਂ ਉਸ ਵਿਚ ਖਪਤ ਊਰਜਾ ਵਿਚ ਸੁਧਾਰ ਲਿਆ ਕੇ ਆਸਾਨੀ ਨਾਲ ਕੀਤਾ ਜਾ ਸਕਦਾ ਹੈ | ਪਰ ਚੀਨ ਦੀ ਚਾਹਤ ਕੋਈ ਵੀ ਕੰਮ ਏਨੀ ਆਸਾਨੀ ਨਾਲ ਕਰਨ ਦੀ ਕਦੋਂ ਹੁੰਦੀ ਹੈ | ਹੁਣ ਦੇਖਣਾ ਹੈ ਕਿ ਉਸ ਦੇ ਚੰਨ ਨੂੰ ਹਾਸਲ ਕਰਨ ਦੀ ਚਾਹਤ ਕਿਵੇਂ ਅਤੇ ਕਦੋਂ ਪੂਰੀ ਹੁੰਦੀ ਹੈ?

-ਫਿਊਚਰ ਮੀਡੀਆ ਨੈੱਟਵਰਕ |

ਪੋਲਸਡਨ ਲੇਸੀ ਹਾਊਸ : ਅੰਗਰੇਜ਼ ਘਰਾਣੇ ਤੇ ਭਾਰਤੀ ਮਹਾਰਾਜੇ

ਦਰੱਖਤਾਂ ਨਾਲ ਢਕੀਆਂ ਪਹਾੜੀਆਂ ਦੇ ਚਾਰੇ ਪਾਸੇ ਮੀਲਾਂ ਤੱਕ ਫੈਲੇ ਹਰੇ ਮੈਦਾਨਾਂ 'ਚ ਚਿੱਟੇ ਬਿੰਦੂਆਂ ਵਾਂਗ ਚਰਦੀਆਂ ਭੇਡਾਂ ਦੇ ਅੱਗੇ ਤੋਂ ਲੰਘਦੀ ਸੜਕ ਨੇ ਆਕਰਸ਼ਕ ਰਿਜੈਂਸੀ ਸ਼ੈਲੀ ਵਿਚ ਬਣੇ ਵਿਲਾ ਪੋਲਸਡਨ ਲੇਸੀ ਹਾਊਸ ਤੱਕ ਸਾਨੂੰ ਪਹੁੰਚਾਇਆ | ਇੰਗਲੈਂਡ ਦੇ ਸਾਰੀ ਖੇਤਰ ਵਿਚ ਸਥਿਤ ਇਹ ਭਵਨ, ਸਜੀਵ ਮੇਜ਼ਬਾਨ ਸ੍ਰੀਮਤੀ ਗ੍ਰੇਵਿਲ ਦਾ ਸੀ, ਜਿਨ੍ਹਾਂ ਦੇ ਸੱਦੇ 'ਤੇ ਇੰਗਲੈਂਡ ਦੇ ਕਿੰਗਸ ਕਵੀਸ, ਭਾਰਤੀ ਮਹਾਰਾਜਾ, ਐਕਟਰ ਅਤੇ ਰਾਜਸੀ ਆਗੂ ਆਦਿ ਸਾਰੇ ਪੋਲਸਡਨ ਲੇਸੀ ਭਵਨ ਆਉਂਦੇ ਸਨ | ਘਰ ਵੱਲ ਜਾਂਦੇ ਹੋਏ ਅਸੀਂ ਕਲਪਨਾ ਵਿਚ ਆਪਣੇ-ਆਪ ਨੂੰ ਮਹਾਰਾਜਾ ਐਡਵਰਡ ਦੇ ਸਮੇਂ ਦੇ ਉੱਚ ਸਮਾਜ ਦੇ ਵਿਅਕਤੀਆਂ ਵਾਂਗ ਮੰਨਿਆ, ਜੋ ਸ੍ਰੀਮਤੀ ਗ੍ਰੇਵਿਲ ਦੇ ਸੱਦੇ 'ਤੇ ਪੋਲਸਡਨ ਲੇਸੀ ਆਏ ਹੋਣ |
ਪੋਲਸਡਨ ਲੇਸੀ ਹਾਊਸ ਨੂੰ ਦੁਬਾਰਾ ਸੁੰਦਰ ਢੰਗ ਨਾਲ ਸਜਾਇਆ ਗਿਆ, ਕਿਉਂਕਿ ਅੰਗਰੇਜ਼ ਰਾਜਵੰਸ਼ ਅਤੇ ਰਾਜਸੀ ਆਗੂਆਂ ਤੋਂ ਇਲਾਵਾ ਇਥੇ ਭਾਰਤ ਦੇ ਮੁੱਖ ਰਾਜਾਂ ਦੇ ਸੱਤ ਮਹਾਰਾਜਿਆਂ ਨੇ ਆਉਣਾ ਸੀ, ਜਿਨ੍ਹਾਂ ਵਿਚੋਂ ਪੰਜਾਬ ਦੇ ਮਹਾਰਾਜਾ ਕਪੂਰਥਲਾ ਜਗਤਜੀਤ ਸਿੰਘ ਵੀ ਸਨ | ਸੰਸਾਰ ਪ੍ਰਸਿੱਧ ਰਿਟਜ਼ ਹੋਟਲ ਦੇ ਆਰਕੀਟੈਕਟਸ ਮਿਊਸ ਅਤੇ ਡੇਵਿਸ ਨੂੰ ਬੁਲਾਇਆ ਗਿਆ ਅਤੇ ਕਮਰਿਆਂ ਨੂੰ ਅਸੀਮਿਤ ਬਜਟ ਨਾਲ ਦੁਬਾਰਾ ਸਜਾਇਆ ਗਿਆ, ਜਿਨ੍ਹਾਂ ਵਿਚ ਸ੍ਰੀਮਤੀ ਗ੍ਰੇਵਿਲ ਦੀ ਨਿੱਜੀ ਲਿਫਟ ਵੀ ਸੀ |
ਪੋਲਸਡਨ ਲੇਸੀ ਭਵਨ ਦੇ 800 ਸਾਲ
ਜਦੋਂ ਅਸੀਂ ਕਾਰ ਪਾਰਕ ਕਰਨ ਤੋਂ ਬਾਅਦ ਪੋਲਸਡਨ ਲੇਸੀ ਭਵਨ ਵੱਲ ਜਾ ਰਹੇ ਸੀ, ਉਦੋਂ ਅਸੀਂ 1905 ਵਿਚ ਬਣੇ ਸੁੰਦਰ ਜਲ ਭੰਡਾਰ ਮੀਨਾਰ ਤੋਂ ਅੱਗੇ ਨਿਕਲੇ, ਜੋ ਬੀਤੇ ਸਮੇਂ ਵਿਚ ਮੁੱਖ ਭਵਨ ਨੂੰ ਅਤੇ ਸਟਾਫ ਕਮਰਿਆਂ ਨੂੰ ਪਾਣੀ ਸਪਲਾਈ ਕਰਨ ਲਈ ਵਿਸ਼ੇਸ਼ ਵਿਗਿਆਨਕ ਢੰਗ ਨਾਲ ਬਣਵਾਇਆ ਗਿਆ ਸੀ ਪਰ ਅੱਜ ਉਸ ਦੇ ਪਾਣੀ ਦੀ ਸਿਰਫ਼ ਬਾਗ਼ਾਂ ਅਤੇ ਬੂਟਿਆਂ ਦੀ ਸਿੰਚਾਈ ਲਈ ਵਰਤੋਂ ਕੀਤੀ ਜਾਂਦੀ ਹੈ | ਇੱਟਾਂ ਨਾਲ ਬਣੇ ਜਲ ਸੰਗ੍ਰਹਿ ਟਾਵਰ ਦੇ ਵਿਸ਼ਾਲ ਆਰਚ ਦਰਵਾਜ਼ੇ ਰਾਹੀਂ ਅਸੀਂ ਵਿਸ਼ਾਲ ਪਾਰਕ ਲੈਂਡ ਵਿਚ ਪਹੁੰਚੇ, ਜਿਥੇ ਇਕ ਛੋਟੇ ਬੋਰਡ 'ਤੇ ਸ੍ਰੀਮਤੀ ਗ੍ਰੇਵਿਲ ਦੇ ਵਿਸ਼ੇ ਵਿਚ 14 ਜਨਵਰੀ, 1935 ਦੇ ਅਖ਼ਬਾਰ ਦੀ ਤਸਵੀਰ ਲੱਗੀ ਹੋਈ ਸੀ | ਫੈਸ਼ਨ ਦੀ ਦੁਨੀਆ ਵਿਚ ਉਨ੍ਹਾਂ ਨੂੰ ਸਮਥਿੰਗ ਆਫ਼ ਏ ਗਲੋਬ ਟ੍ਰਾਟਰ ਕਿਹਾ ਗਿਆ ਸੀ (ਸਟਾਈਲਿਸ਼ ਢੰਗ ਨਾਲ ਦੁਨੀਆ ਘੁੰਮਣ ਵਾਲੀ) 1905 ਵਿਚ ਸ੍ਰੀਮਤੀ ਮਾਰਗ੍ਰੇਟ ਗ੍ਰੇਵਿਲ ਦੇ ਪਿਤਾ ਨੇ ਇਹ ਘਰ ਉਨ੍ਹਾਂ ਲਈ ਖਰੀਦਿਆ, ਜੋ ਕਿ ਪਹਿਲੀ ਵਾਰ 13ਵੀਂ ਸਦੀ ਵਿਚ ਬਣਾਇਆ ਗਿਆ ਸੀ | ਸ੍ਰੀਮਤੀ ਗ੍ਰੇਵਿਲ ਇਕ ਸਮਾਜ ਸੇਵਿਕਾ ਸੀ, ਜੋ ਪਾਰਟੀਆਂ ਅਤੇ ਸਮਾਜਿਕ ਘਟਨਾਵਾਂ ਵਿਚ ਸ਼ਾਮਿਲ ਹੁੰਦੀ ਸੀ ਅਤੇ ਉਨ੍ਹਾਂ ਦੇ ਵਿਸ਼ੇ ਵਿਚ ਅਖ਼ਬਾਰਾਂ ਅਤੇ ਰਸਾਲਿਆਂ ਵਿਚ ਖ਼ਬਰਾਂ ਛਪਦੀਆਂ ਸਨ | ਉਨ੍ਹਾਂ ਨੇ ਮਹਾਰਾਜਾ ਐਡਵਰਡ ਯੁੱਗ ਦੇ ਪੋਲਸਡਨ ਲੇਸੀ ਨੂੰ ਸ਼ਾਨਦਾਰ ਭਵਨ ਵਿਚ ਬਦਲਿਆ ਸੀ |
ਦਾਖ਼ਲਾ ਹਾਲ
ਗਾਰਡਨ ਮਾਰਗ ਤੋਂ ਪੋਲਸਡਨ ਲੇਸੀ ਦਿਸਣ ਲੱਗਿਆ ਜੋ ਸੁੰਦਰ, ਪੀਲਾ-ਮਸਟਰਡ, ਦੋ ਮੰਜ਼ਿਲਾ ਵਿਸ਼ਾਲ ਭਵਨ ਹੈ ਅਤੇ ਉਹ ਇਕ ਖੁੱਲ੍ਹੇ ਕੋਰਟ ਯਾਰਡ ਦੇ ਆਲੇ-ਦੁਆਲੇ ਫੈਲਿਆ ਹੋਇਆ ਹੈ | ਅਸੀਂ ਦਾਖਲਾ ਹਾਲ ਵਿਚ ਪਹੁੰਚੇ ਜਿਥੇ ਦੋ ਪ੍ਰਦਰਸ਼ਨੀਆਂ ਲੱਗੀਆਂ ਹੋਈਆਂ ਸਨ—'ਐਡਵੈਂਚਰ ਇਨ ਏਸ਼ੀਆ-ਏ ਸੋਸ਼ਲਾਈਟ ਅਬਰੋਡ' ਅਤੇ 'ਬਿਓਾਡ ਦ ਡ੍ਰੈਗਨ-ਮੈਗੀਸ ਏਸ਼ੀਅਨ ਟ੍ਰੈਸ਼ਰਸ' | ਪ੍ਰਦਰਸ਼ਨੀਆਂ ਸ੍ਰੀਮਤੀ ਗ੍ਰੇਵਿਲ ਦੀ ਭਾਰਤ ਯਾਤਰਾ 'ਤੇ ਆਧਾਰਿਤ ਸਨ ਜਦੋਂ ਉਹ ਭਾਰਤੀ ਮੰਦਿਰਾਂ ਵਿਚ ਗਈ ਅਤੇ ਸਥਾਨਕ ਮਹਾਰਾਜਿਆਂ ਨੂੰ ਵੀ ਮਿਲੀ ਸੀ | ਇਸ ਤੋਂ ਇਲਾਵਾ ਚੀਨ ਦੇਸ਼ ਅਤੇ ਜਾਵਾ ਦੀ ਯਾਤਰਾ ਤਸਵੀਰਾਂ ਆਦਿ ਵੀ ਸ਼ਾਮਿਲ ਸਨ | ਵਲੰਟੀਅਰ ਔਰਤ ਨੇ ਸਾਨੂੰ ਦੱਸਿਆ ਕਿ ਇੰਗਲੈਂਡ ਵਿਚ ਸਰਦੀ ਰੁੱਤ ਦੇ ਸ਼ੁਰੂ 'ਤੇ ਸ੍ਰੀਮਤੀ ਗ੍ਰੇਵਿਲ ਆਪਣੇ 'ਆਂਟੂਰਾਜ' (ਕੰਮ ਕਰਨ ਵਾਲੇ ਸਹਿਯੋਗੀਆਂ) ਦੇ ਨਾਲ ਯੂਰਪ ਦੇ ਗਰਮ ਸਪਾਸ ਦੀ ਯਾਤਰਾ 'ਤੇ ਨਿਕਲ ਪੈਂਦੀ ਸੀ ਤੇ ਫਿਰ ਅੱਗੇ ਏਸ਼ੀਆ ਜ਼ਰੂਰ ਜਾਂਦੀ ਸੀ ਜੋ ਉਨ੍ਹਾਂ ਦਾ ਪਸੰਦੀਦਾ ਮਹਾਦੀਪ ਸੀ | ਫੈਸ਼ਨੇਬਲ ਸ਼ੈਲੀ ਵਿਚ ਉਹ ਪਹਿਲੀ ਸ਼੍ਰੇਣੀ ਗੇ ਓਸ਼ਨ ਲਾਈਨਰ (ਸਮੁੰਦਰੀ ਜਹਾਜ਼), ਗੱਡੀ ਅਤੇ ਮੋਟਰ ਕਾਰ ਨਾਲ ਭਾਰਤ, ਚੀਨ ਅਤੇ ਆਸਟ੍ਰੇਲੀਆ ਦੀ ਯਾਤਰਾ 'ਤੇ ਜਾਂਦੀ ਸੀ |
ਬਾਲਕੋਨੀ ਦੀਆਂ ਕਹਾਣੀਆਂ
ਪ੍ਰਦਰਸ਼ਨੀਆਂ ਦਾ ਇਹ ਹਿੱਸਾ ਦੇਖ ਕੇ ਜਦੋਂ ਅਸੀਂ ਖ਼ੂਬਸੂਰਤ ਲੱਕੜੀ ਦੀਆਂ ਪੌੜੀਆਂ ਰਾਹੀਂ ਉੱਪਰ ਜਾ ਰਹੇ ਸੀ ਤਾਂ ਸ੍ਰੀਮਤੀ ਗ੍ਰੇਵਿਲ ਦਾ ਵਿਸ਼ਾਲ ਪੋਰਟਰੇਟ ਸਾਨੂੰ ਨਜ਼ਰ ਆਇਆ ਜੋ ਇਸ ਤਰ੍ਹਾਂ ਲਗਦਾ ਸੀ ਜਿਵੇਂ ਹਰੇਕ ਆਉਣ ਵਾਲੇ ਦਾ ਅੱਜ ਵੀ ਸਵਾਗਤ ਕਰਦਾ ਹੈ | ਇਸ ਨੂੰ ਸਾਲ 1891 ਵਿਚ ਬਣਵਾਇਆ ਗਿਆ ਸੀ ਜਦੋਂ ਉਹ ਨਵੀਂ ਵਿਆਹੀ ਗਈ ਸੀ | ਸਾਡੇ ਸੱਜੇ ਪਾਸੇ ਬਾਲਕੋਨੀ ਸੀ ਜੋ ਹੁਣ ਪੂਰੀ ਤਰ੍ਹਾਂ ਨਾਲ ਢਕੇ ਕਮਰੇ ਵਰਗੀ ਦਿਸਦੀ ਹੈ | ਬੀਤੇ ਸਮੇਂ ਵਿਚ ਇਹ ਖੇਤਰ ਸਵੇਰੇ ਜਲਦੀ ਉੱਠਣ ਵਾਲੇ ਮਹਿਮਾਨਾਂ ਵਲੋਂ ਬੈਠ ਕੇ ਚਾਹ ਪੀਣ ਅਤੇ ਅਖ਼ਬਾਰਾਂ ਆਦਿ ਪੜ੍ਹਨ ਲਈ ਵਰਤਿਆ ਜਾਂਦਾ ਸੀ | ਮੈਂ ਸੋਚਿਆ ਕਿ ਪੋਲਸਡਨ ਲੇਸੀ ਭਵਨ ਦੀ ਦੇਰ ਰਾਤ ਖਤਮ ਹੋਣ ਵਾਲੀ ਪਾਰਟੀ ਤੋਂ ਬਾਅਦ ਸਵੇਰੇ ਘੱਟ ਹੀ ਮਹਿਮਾਨ ਜਾਗਦੇ ਹੋਣਗੇ | ਫਿਰ ਮੈਂ ਕਲਪਨਾ ਕੀਤੀ ਕਿ ਸ੍ਰੀਮਤੀ ਗ੍ਰੇਵਿਲ ਜ਼ਿਆਦਾਤਰ ਇਥੋਂ ਹੋ ਕੇ ਹੀ ਆਪਣੇ ਆਰਾਮ ਕਰਨ ਵਾਲੇ ਕਮਰੇ ਵਿਚ ਜਾਂਦੀ ਹੋਵੇਗੀ |

(ਬਾਕੀ ਅਗਲੇ ਐਤਵਾਰ ਦੇ ਅੰਕ 'ਚ)
seemaanandchopr@gmail.com

ਮਨੁੱਖ ਦਾ ਵਿਕਾਸ, ਆਦਿ-ਮਾਨਵ ਤੋਂ ਆਧੁਨਿਕ ਮਾਨਵ ਤੱਕ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਕੋਈ 39 ਲੱਖ ਸਾਲ ਤੋਂ 30 ਲੱਖ ਸਾਲ ਪਹਿਲਾਂ ਏਪ-ਨੁਮਾ 'ਅਸਟਰਾਲੋਪਿਥੀਕਸ ਐਫਾਰੈਂਸਿਸ' ਹੋ ਗੁਜ਼ਰਿਆ ਹੈ ਜਿਸ ਦਾ ਮੱਥਾ ਨੀਵਾਂ ਸੀ ਤੇ ਅੱਖਾਂ ਤੇ ਉਭਾਰ ਸਮੇਤ ਉਸ ਦਾ ਨੱਕ ਬਹੁਤ ਫੀਨ੍ਹਾ ਸੀ | ਉਸ ਦੀ ਖੋਪੜੀ ਤਾਂ ਚਿੰਪੈਂਜ਼ੀ ਵਰਗੀ ਸੀ ਪਰ ਦੰਦ ਅਜੋਕੇ ਮਨੁੱਖ ਵਰਗੇ ਸਨ | ਉਸ ਦੇ ਪਥਰਾਟਾਂ ਤੋਂ ਪ੍ਰਾਪਤ ਉਸ ਦੇ ਦਿਮਾਗ ਦਾ ਆਕਾਰ 375 ਤੋਂ 550 ਮਿਲੀ ਲਿਟਰ ਤੱਕ ਮਿਣਿਆ ਗਿਆ ਹੈ ਤੇ ਉਸ ਦਾ ਕੱਦ ਸਾਢੇ ਤਿੰਨ ਤੋਂ ਪੰਜ ਫੁੱਟ ਤੱਕ ਅਨੁਮਾਨਿਤ ਕੀਤਾ ਗਿਆ ਹੈ | ਇਸ ਦੇ ਪਥਰਾਟ ਪੂਰਬੀ ਅਫਰੀਕਾ ਤੋਂ ਇਲਾਵਾ ਜਰਮਨੀ ਵਿਚੋਂ ਵੀ ਮਿਲੇ ਹਨ | ਇਸੇ ਜਾਤੀ ਦੀ ਇਕ ਮਾਦਾ ਦਾ ਇਕ ਬਹੁਤ ਮਹੱਤਵਪੂਰਨ ਪਿੰਜਰ-ਪਥਰਾਟ 'ਡੋਨਾਲਡ ਜੋਹਾਨਸਨ' ਦੀ ਟੀਮ ਨੂੰ ਇਥੋਪੀਆ ਦੇ 'ਅਫਾਰ' ਖੇਤਰ ਚੋਂ ਮਿਲਿਆ, ਜੋ 'ਲੂਸੀ' ਦੇ ਨਾਂਅ ਨਾਲ ਬਹੁਤ ਪ੍ਰਸਿੱਧ ਹੋਇਆ | ਸਹੇਲਾਂਥਰੋਪੱਸ ਮਿਲਣ ਤੋਂ ਪਹਿਲਾਂ ਇਸੇ ਜਾਤੀ ਨੂੰ ਹੀ ਮੁਢਲਾ ਆਦਿ-ਮਾਨਵ ਮੰਨਿਆ ਜਾਂਦਾ ਸੀ, ਪਰ ਹਰ ਨਵੀਂ ਖੋਜ ਵਿਗਿਆਨੀਆਂ ਨੂੰ ਮੰਨਣੀ ਹੀ ਪੈਂਦੀ ਹੈ | ਸੋ, ਅਜੇ ਤੱਕ ਤਾਂ 'ਸਹੇਲਾਂਥਰੋਪੱਸ ਚੈੱਡਿਨਿਸਜ਼' ਤੋਂ ਹੀ 'ਹੋਮੀਨਿਡਾਂ' ਦਾ ਆਗਾਜ਼ ਹੋਇਆ ਸਮਝਿਆ ਜਾ ਰਿਹਾ ਹੈ |
'ਅਸਟਰਾਲੋਪਿਥੀਕਸ ਅਫ਼ਰੀਕਾਨੱਸ' 20 ਤੋਂ 30 ਲੱਖ ਸਾਲ ਪੂਰਵ ਦੱਖਣੀ ਅਫਰੀਕਾ ਵਿਚ ਫਿਰਦਾ ਰਿਹਾ ਹੈ | ਪਹਿਲਾਂ ਸੰਨ 1925 ਵਿਚ ਜੌਹੰਸਬਰਗ ਦੀ ਯੂਨੀਵਰਸਿਟੀ ਵਿਚ ਕੰਮ ਕਰਦੇ ਆਸਟ੍ਰੇਲੀਅਈ ਮੂਲ ਦੇ ਪ੍ਰੋ: 'ਰੇਮੰਡ ਡਾਰਟ' ਨੇ 'ਤਾਉਂਗ' ਦੇ ਕੋਲੋਂ ਇਸ ਦੀ ਬੱਚਾ-ਖੋਪੜੀ ਦਾ ਪਥਰਾਟ ਲੱਭਿਆ | ਸੋ ਇਸ ਨੂੰ 'ਤਾਉਂਗ-ਬੱਚਾ' ਵੀ ਕਿਹਾ ਜਾਂਦਾ ਹੈ | ਇਸ ਜਾਤੀ ਦਾ ਨਾਮ ਡਾਰਟ ਨੇ 'ਅਸਟਰਾਲੋਪਿਥੀਕਸ ਅਫਰੀਕਾਨੱਸ' ਰੱਖਿਆ, ਜਿਸ ਦਾ ਅਰਥ ਬਣਦਾ ਹੈ, 'ਅਫਰੀਕਾ ਦਾ ਦੱਖਣੀ ਏਪ' | ਇਸ ਦੇ ਪੌੜ੍ਹ ਰੂਪ ਦੇ ਪਥਰਾਟ ਬਾਅਦ ਵਿਚ ਸੰਨ 1947 ਵਿਚ 'ਜੀ ਡਬਲਯੂ ਬੈਰਲੋ' ਤੇ 'ਜੌਹਨ ਰੋਬਿਨਸਨ' ਨੂੰ 'ਸਟਰਕਫੋਟੀਨ' ਕੋਲੋਂ ਵੀ ਲੱਭੇ | ਇਹ ਵੀ ਦੋ ਪੈਰਾਂ ਨਾਲ ਚੱਲਣ ਵਾਲਾ ਆਦਿ-ਮਾਨਵ ਸੀ | ਇਸ ਦਾ ਦਿਮਾਗੀ ਆਕਾਰ 420 ਤੋਂ 500 ਮਿ:ਲਿ: ਦੇ ਵਿਚ ਵਿਚਾਲੇ ਸੀ ਪਰ 'ਬੋਲ ਸਕਣ ਦੇ ਸਮਰੱਥ' ਦਿਮਾਗੀ ਆਕਾਰ ਨਾਲੋਂ ਅਜੇ ਛੋਟਾ ਸੀ | ਇਸ ਦੇ ਸੂਆ-ਦੰਦ ਐਫਾਰੈਂਸਿਸ ਦੇ ਸੂਆ-ਦੰਦਾਂ ਨਾਲੋਂ ਛੋਟੇ ਹੋ ਗਏ ਸਨ ਤੇ ਇਸ ਦੇ ਦੰਦ ਤੇ ਜਬਾੜੇ ਭਾਵੇਂ ਹੁਣ ਦੇ ਮਨੁੱਖ ਨਾਲ ਮਿਲਦੇ ਸੀ, ਪਰ ਕਾਫ਼ੀ ਵੱਡੇ ਸਨ |
ਅੱਜ ਤੋਂ 25–ਕੁ ਲੱਖ ਸਾਲ ਪਹਿਲਾਂ ਹੋ ਚੁੱਕੇ 'ਅਸਟਰਾਲੋਪਿਥੀਕਸ ਗੜ੍ਹੀ' ਦੇ ਪਥਰਾਟ ਸੰਨ 1966 ਵਿਚ ਇਥੋਪੀਆ ਦੇ 'ਐਫਾਰ' ਖੇਤਰ ਵਿਚੋਂ ਮਿਲੇ | ਗੜ੍ਹੀ ਸ਼ਬਦ ਦਾ ਐਫਾਰ ਭਾਸ਼ਾ ਵਿਚ ਅਰਥ ਹੁੰਦਾ ਹੈ ਹੈਰਾਨ ਕਰਨ ਵਾਲਾ, ਕਿਉਂਕਿ ਉਦੋਂ ਇਸ ਖੋਜ ਨੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਸੀ | ਇਸ ਦੇ ਦੰਦਾਂ ਦਾ ਆਕਾਰ ਬਹੁਤ ਵੱਡਾ ਸੀ |
ਇਕ 'ਅਸਟਰਾਲੋਪਿਥੀਕਸ ਸੈਦੀਬਾ' ਨਾਮਕ ਆਦਿ-ਮਾਨਵ ਦਾ ਪਿੰਜਰ-ਪਥਰਾਟ ਸੰਨ 2008 ਦੱਖਣੀ ਅਫਰੀਕਾ ਦੇ ਮਲਾਪਾ ਸਥਾਨ ਤੋਂ ਮਿਲਿਆ | ਇਹ 18 ਤੋਂ 20 ਲੱਖ ਸਾਲ ਪਹਿਲਾਂ ਜਿਊਾਦੀ ਇਕ ਮਾਦਾ ਦਾ ਪਥਰਾਟ ਸੀ | ਇਸ ਦੇ ਨਾਲ ਹੀ ਇਕ ਲੜਕੇ ਦੀ ਖੋਪੜੀ ਵੀ ਮਿਲੀ ਜਿਸ ਦਾ ਦਿਮਾਗੀ ਆਕਾਰ 430 ਮਿ:ਲਿ: ਤੇ ਕੱਦ ਲਗਭਗ 4 ਫੁੱਟ 3 ਇੰਚ ਸੀ | ਇਹ ਜੀਵ 'ਅਸਟਰਾਲੋਪਿਥੀਸੀਨ' ਤੇ 'ਹੋਮੋ'(ਮਾਨਵੀ) ਵਿਚਾਲੇ ਇਕ ਕੜੀ ਵਜੋਂ ਜਾਪਦਾ ਸੀ ਤੇ ਹੋਮੋ ਦੇ ਵਧੇਰੇ ਨਿਕਟ ਹੋਣ ਕਰਕੇ ਇਹ ਜੀਵ 'ਹੋਮੋ-ਇਰੈਕਟੱਸ' ਦਾ ਕੋਈ ਵਡੇਰਾ ਹੀ ਹੋ ਸਕਦਾ ਸੀ |
'ਅਸਟਰਾਲੋਪਿਥੀਕਸ ਰੋਬਸਟੱਸ' ਨਾਮਕ ਵੱਡੇ ਜਬਾੜ੍ਹੇ ਵਾਲਾ ਆਦਿ-ਮਾਨਵ 12 ਤੋਂ 20 ਲੱਖ ਸਾਲ ਪੂਰਵ ਸਮੇਂ ਦੌਰਾਨ ਦੱਖਣੀ ਅਫਰੀਕਾ ਵਿਚ ਵਿਚਰਦਾ ਰਿਹਾ ਹੈ | ਪਹਿਲਾਂ ਸੰਨ 1938 ਵਿਚ ਇਸ ਦੇ ਪਥਰਾਟ ਮਿਲੇ ਸਨ ਤੇ ਫਿਰ ਇਸ ਦੇ ਹੋਰ ਪਥਰਾਟ ਦੱਖਣੀ ਅਫਰੀਕਾ ਦੇ 'ਕਰੋਮਡਰਾਏ', 'ਸਵਾਰਟਕਰੈਨਜ਼', 'ਗੋਡੋਲਿਨ' ਆਦਿਕ ਥਾਵਾਂ ਤੋਂ ਵੀ ਮਿਲਦੇ ਰਹੇ ਹਨ | ਸਵਾਰਟਕਰੈਨਜ਼ ਦੀ ਇਕ ਗੁਫਾ ਚੋਂ ਕੋਈ 130 ਜਣਿਆਂ ਦੇ ਪਥਰਾਟ-ਅੰਸ਼ ਮਿਲੇ ਸਨ | ਐਾਥਰੋਪਾਲੋਜਿਸਟ 'ਰੌਬਰਟ ਬਰੂਮ' ਨੇ 'ਪੈਰੈਂਥਰੋਪੱਸ ਜੀਨੱਸ' ਸਥਾਪਿਤ ਕਰਕੇ ਇਸ ਸਪੀਸੀ ਦਾ ਨਾਮ 'ਪੈਰੈਂਥਰੋਪੱਸ ਰੋਬਸਟੱਸ' ਰੱਖਿਆ, ਸੋ ਇਹ ਕਿਸਮ ਦੋਹਾਂ ਨਾਵਾਂ ਨਾਲ ਜਾਣੀ ਜਾਂਦੀ ਹੈ | ਇਸ ਦਾ ਦਿਮਾਗੀ ਆਕਾਰ 540 ਮਿ:ਲ਼ਿ: ਦੇ ਕਰੀਬ ਸੀ ਇਸ ਦੇ ਭਾਰੀ ਭਰਕਮ ਜਬਾੜ੍ਹੇ ਤੇ ਵੱਡੇ ਦੰਦਾਂ ਕਾਰਨ ਇਸ ਨੂੰ 'ਰੋਬਸਟੱਮ' ਕਿਹਾ ਗਿਆ | ਓਦੋਂ ਹੀ 'ਜਿਜਾਂਥਰੋਪੱਸ ਬੋਇਸੀ' ਵੀ ਹੋਇਆ ਜਿਸ ਦਾ ਰੂਪ ਰੋਬਸਟੱਸ ਵਰਗਾ ਹੀ ਸੀ ਪਰ ਸਰੀਰ ਉਸ ਤੋਂ ਕੁਝ ਭਾਰਾ ਸੀ |

(ਬਾਕੀ ਅਗਲੇ ਐਤਵਾਰ ਦੇ ਅੰਕ 'ਚ)
ਮੋਬਾਈਲ : 9814348697

ਪੰਜਾਬੀ ਸਿਨੇਮਾ ਦੇ ਝਰੋਖੇ 'ਚੋਂ-14 : ਜਦੋਂ ਜੱਟਵਾਦ ਨੂੰ ਮਖੌਟਾ ਬਣਾਇਆ ਗਿਆ

ਵੈਸੇ ਤਾਂ ਪੰਜਾਬੀ ਸਿਨੇਮਾ ਦੇ ਸੰਦਰਭ 'ਚ ਕਾਮੇਡੀ ਅਤੇ ਧਾਰਮਿਕ ਫ਼ਿਲਮਾਂ ਦਾ ਹੀ ਜ਼ਿਆਦਾ ਪ੍ਰਭਾਵ ਰਿਹਾ ਹੈ ਪਰ ਕਦੇ-ਕਦੇ ਇਸ ਨੇ ਸਮਾਜਿਕ ਕੁਰੀਤੀਆਂ ਨੂੰ ਵੀ ਉਲੀਕਣ ਦਾ ਕੰਮ ਕੀਤਾ ਹੈ | ਇਸ ਸੰਦਰਭ 'ਚ ਹਰੀ ਦੱਤ ਦੀ 'ਉਡੀਕਾਂ' ਵਿਲੱਖਣਤਾ ਦੀ ਪ੍ਰਤੀਕ ਹੈ | ਇਕ ਫ਼ੌਜੀ ਵਿਧਵਾ ਦੀ ਮਨੋਦਸ਼ਾ ਨੂੰ ਇਸ ਨਿਰਦੇਸ਼ਕ ਨੇ ਬੜੇ ਹੀ ਭਾਵ-ਪੂਰਤ ਲਹਿਜੇ ਨਾਲ ਪੇਸ਼ ਕੀਤਾ ਸੀ | ਇੰਦਰਜੀਤ ਹਸਨਪੁਰੀ ਦੀ 'ਦਾਜ' ਵੀ ਆਪਣੇ ਟਾਈਟਲ ਦੇ ਅਨੁਸਾਰ ਦਾਜ-ਵਿਰੋਧੀ ਮੁਹਿੰਮ ਨੂੰ ਮਜ਼ਬੂਤ ਕਰਦੀ ਸੀ | 'ਚੌਧਰੀ ਕਰਨੈਲ ਸਿੰਘ' ਸਮਾਜਿਕ ਭਾਈਚਾਰੇ ਦਾ ਨਾਅਰਾ ਬੁਲੰਦ ਕਰਦੀ ਸੀ |
ਇਸੇ ਤਰ੍ਹਾਂ ਹੀ ਕੁਝ ਹੋਰ ਫ਼ਿਲਮਾਂ 'ਬਲਬੀਰੋ ਭਾਬੀ', 'ਮਾਵਾਂ ਠੰਢੀਆਂ ਛਾਵਾਂ', 'ਚੰਨ ਪ੍ਰਦੇਸੀ', 'ਗੁੱਡੋ', 'ਸਰਪੰਚ', 'ਲੌਾਗ ਦਾ ਲਿਸ਼ਕਾਰਾ', 'ਮਾਮਲਾ ਗੜਬੜ ਹੈ' ਵਿਚ ਵੀ ਪੰਜਾਬੀ ਸੱਭਿਆਚਾਰ ਦੇ ਵਿਭਿੰਨ ਪੱਖਾਂ ਨੂੰ ਸਿਨੇਮੈਟਿਕ ਰੂਪ ਦੇਣ ਦੀ ਕੋਸ਼ਿਸ਼ ਕੀਤੀ ਗਈ ਸੀ | ਇਹ ਯਤਨ ਵਰਿੰਦਰ ਦੀਆਂ ਫ਼ਿਲਮਾਂ ਵਿਚ ਵਧੇਰੇ ਸਪੱਸ਼ਟ ਨਜ਼ਰ ਆਉਂਦੇ ਹਨ | ਵਰਿੰਦਰ ਨੇ ਸ਼ਰਾਬ ਤੋਂ ਲੈ ਕੇ ਦਾਜ ਤੱਕ ਦੀਆਂ ਕੁਰੀਤੀਆਂ ਨੂੰ ਆਪਣੀਆਂ ਕਿਰਤਾਂ ਰਾਹੀਂ ਪੇਸ਼ ਕੀਤਾ ਸੀ | ਸਵੀਕਾਰ ਕਰਨਾ ਹੀ ਪਵੇਗਾ ਕਿ ਦਰਸ਼ਕਾਂ ਨੇ ਵਰਿੰਦਰ ਨੂੰ ਭਰਪੂਰ ਹੁੰਗਾਰਾ ਵੀ ਦਿੱਤਾ ਸੀ |
ਪਰ ਵਰਿੰਦਰ ਦੀ ਅਚਾਨਕ ਹੋਈ ਮੌਤ ਨੇ ਪੰਜਾਬੀ ਸਿਨੇਮਾ ਲਈ ਇਕ ਸੰਕਟ ਪੈਦਾ ਕਰ ਦਿੱਤਾ ਸੀ | ਇਸ ਅਦਾਕਾਰ-ਨਿਰਮਾਤਾ-ਨਿਰਦੇਸ਼ਕ ਕੋਲ ਜਿਹੜੀ ਪ੍ਰਤਿਭਾ ਪੰਜਾਬ ਦੇ ਸੱਭਿਆਚਾਰਕ/ਸਮਾਜਿਕ ਮਸਲਿਆਂ ਨੂੰ ਵੱਡੇ ਪਰਦੇ 'ਤੇ ਮਨੋਰੰਜਕ ਢੰਗ ਨਾਲ ਉਤਾਰਨ ਦੀ ਸੀ, ਉਹ ਸਮਰੱਥਾ ਕਿਸੇ ਹੋਰ ਕੋਲ ਉਸ ਵੇਲੇ ਤਾਂ ਨਜ਼ਰੀਂ ਨਹੀਂ ਸੀ ਆਈ | ਇਸ ਲਈ ਪੰਜਾਬੀ ਫ਼ਿਲਮਸਾਜ਼ਾਂ ਨੇ ਆਪਣੀਆਂ ਫ਼ਿਲਮਾਂ ਦੇ ਕਥਾਨਕਾਂ ਲਈ ਇਧਰ-ਉਧਰ ਝਾਕਣਾ ਸ਼ੁਰੂ ਕਰ ਦਿੱਤਾ ਸੀ |
ਅਜਿਹੇ ਸਮੇਂ 'ਚ ਪਾਕਿਸਤਾਨੀ ਪੰਜਾਬੀ ਫ਼ਿਲਮਾਂ ਇਨ੍ਹਾਂ ਫ਼ਿਲਮਸਾਜ਼ਾਂ ਦਾ ਪ੍ਰੇਰਨਾ ਕੇਂਦਰ ਬਣ ਗਈਆਂ ਸਨ | ਇਨ੍ਹਾਂ ਬਹੁ-ਗਿਣਤੀ ਫ਼ਿਲਮਾਂ 'ਚ ਜੱਟ ਦੇ ਕਈ ਵਿਗੜੇ ਹੋਏ ਰੂਪ ਪੇਸ਼ ਕੀਤੇ ਗਏ ਸਨ | ਕਈ ਪਾਕਿਸਤਾਨੀ ਫ਼ਿਲਮਾਂ 'ਚ ਜੱਟ ਨੂੰ ਇਕ ਬੜਾ ਧੜੱਲੇਦਾਰ ਜਾਗੀਰਦਾਰ ਪੇਸ਼ ਕੀਤਾ ਗਿਆ ਸੀ ਅਤੇ ਕਈਆਂ 'ਚ ਉਸ ਨੂੰ ਬਿਲਕੁਲ ਹੀ ਮਜ਼ਾਹੀਆ ਤਰਜ਼ਾਂ 'ਚ ਪੇਸ਼ ਕੀਤਾ ਗਿਆ ਸੀ |
ਭਾਰਤ 'ਚ ਪੰਜਾਬੀ ਸਿਨੇਮਾ ਦੇ ਫ਼ਿਲਮਸਾਜ਼ਾਂ ਨੂੰ ਇਹ ਪਾਕਿਸਤਾਨੀ ਬਹੁਰੰਗਾ ਜੱਟਵਾਦ, ਆਪਣੀਆਂ ਫ਼ਿਲਮਾਂ 'ਚ ਮਸਾਲਾ ਪਰੋਸਣ ਲਈ ਇਕ ਵਧੀਆ ਸਾਧਨ ਵਜੋਂ ਮਿਲ ਗਿਆ | ਇਸ ਲਈ ਉਨ੍ਹਾਂ ਨੇ ਜੱਟਵਾਦ ਨੂੰ ਤੋੜ-ਮਰੋੜ ਕੇ ਪੇਸ਼ ਕਰਨਾ ਸ਼ੁਰੂ ਕਰ ਦਿੱਤਾ ਸੀ | ਕਈਆਂ ਉਦਾਹਰਨਾਂ 'ਚ ਤਾਂ ਪਾਕਿਸਤਾਨੀ ਫ਼ਿਲਮਾਂ ਦੇ ਸੰਵਾਦ ਵੀ ਹੂ-ਬਹੂ ਪਾਲੀਵੁੱਡ ਫ਼ਿਲਮਾਂ ਲਈ ਪਰੋਸ ਦਿੱਤੇ ਗਏ ਸਨ |
ਉਨ੍ਹਾਂ ਦੇਖਿਆ ਜਾਏ ਤਾਂ ਕੁਝ ਹੋਰ ਸੰਵੇਦਨਸ਼ੀਲ ਫ਼ਿਲਮਸਾਜ਼ਾਂ ਨੇ ਪੰਜਾਬ ਦੇ ਕਿਸਾਨੀ ਵਰਗ ਨੂੰ ਲੈ ਕੇ ਸਮੇਂ-ਸਮੇਂ ਸਿਰ ਯਾਦਗਾਰੀ ਕਥਾਨਕ ਵੀ ਰਚੇ ਹਨ | ਮਨੋਹਰ ਦੀਪਕ ਦੀ 'ਖੇਡਣ ਦੇ ਦਿਨ ਚਾਰ' ਅਤੇ ਸਰਦੂਲ ਅਟਵਾਲ ਤੇ ਹਰਜੀਤ ਸਿੰਘ ਦੀ 'ਵਿਸਾਖੀ' (1999) ਇਸ ਕੋਸ਼ਿਸ ਦੇ ਵਧੀਆ ਦਿ੍ਸ਼ਟਾਂਤ ਹਨ | 'ਕਚਹਿਰੀ' ਅਤੇ 'ਸਤਲੁਜ ਦੇ ਕੰਢੇ' ਵੀ ਵਧੀਆ ਕਿਰਤਾਂ ਸਨ ਪਰ ਬਹੁਗਿਣਤੀ ਨਿਰਮਾਤਾਵਾਂ ਨੇ ਪਾਕਿਸਤਾਨੀ ਫ਼ਿਲਮਾਂ 'ਮੌਲਾ ਜੱਟ', 'ਜੱਟ ਦਾ ਗੰਡਾਸਾ' ਤੋਂ ਪ੍ਰੇਰਨਾ ਲੈ ਕੇ ਇਕ ਅਜਿਹੇ ਜੱਟ ਨੂੰ ਫ਼ਿਲਮਾਂ 'ਚ ਪੇਸ਼ ਕੀਤਾ ਜਿਹੜਾ ਕਿ ਆਪਣੀਆਂ ਆਰਥਿਕ ਸਮੱਸਿਆਵਾਂ ਦੀ ਥਾਂ 'ਤੇ ਨਿੱਜੀ ਦੁਸ਼ਮਣੀਆਂ ਲੈਣ ਲਈ ਹੀ ਆਪਣਾ ਜੀਵਨ ਸਮਰਪਤ ਕਰਦਾ ਹੈ |
ਫਲਸਰੂਪ 'ਯਮਲਾ ਜੱਟ', 'ਪੁੱਤ ਜੱਟਾਂ ਦੇ', 'ਜਿਗਰਾ ਜੱਟ ਦਾ', 'ਜੱਟ ਪੰਜਾਬ ਦਾ', 'ਯਾਰੀ ਜੱਟ ਦੀ', 'ਅਣਖ ਜੱਟ ਦੀ', 'ਜ਼ਮੀਨ ਜੱਟ ਦੀ ਜਾਨ', 'ਜੱਟ ਪੰਜਾਬੀ', 'ਧੀ ਜੱਟ ਦੀ', 'ਵੈਰੀ ਜੱਟ', 'ਜੱਟ ਤੇ ਜ਼ਮੀਨ', 'ਮੌਲਾ ਜੱਟ', 'ਜੱਟ ਸੂਰਮੇ', 'ਜੱਟੀ', 'ਬਦਲਾ ਜੱਟੀ ਦਾ', 'ਮੈਂ ਜੱਟੀ ਪੰਜਾਬ ਦੀ', 'ਪਗੜੀ ਸੰਭਾਲ ਜੱਟਾ' ਆਦਿ ਵਰਗੀਆਂ ਅਨੇਕਾਂ ਜੱਟਵਾਦੀ ਫ਼ਿਲਮਾਂ ਦਿ੍ਸ਼ਟੀਗੋਚਰ ਹੋਈਆਂ | ਇਸ ਦੌਰ ਦੀ ਹਾਸਾਜਨਕ ਸਥਿਤੀ ਤਾਂ ਇਹ ਸੀ ਕਿ ਜਿਥੇ ਇਕ ਕਾਨੂੰਨ ਨੂੰ ਲੋੜੀਂਦੇ 'ਜਿਊਣਾ ਮੌੜ' 'ਤੇ ਆਧਾਰਿਤ ਫ਼ਿਲਮ ਨੂੰ 'ਜੱਟ ਜਿਊਣਾ ਮੌੜ' ਦਾ ਟਾਈਟਲ ਦਿੱਤਾ ਗਿਆ, ਉਥੇ ਮਿਰਜ਼ਾ ਸਾਹਿਬਾਂ ਦੀ ਪ੍ਰੇਮ ਕਹਾਣੀ ਨੂੰ 'ਜੱਟ ਮਿਰਜ਼ਾ' ਦੇ ਨਾਂਅ ਦੇ ਨਾਲ ਸੰਬੋਧਿਤ ਕੀਤਾ ਗਿਆ |
ਇਨ੍ਹਾਂ ਫ਼ਿਲਮਾਂ 'ਚ ਲਾਊਡ ਸੰਵਾਦ ਅਤੇ ਹਿੰਸਾ ਦਾ ਭਰਪੂਰ ਪ੍ਰਯੋਗ ਕੀਤਾ ਗਿਆ ਸੀ | ਇਸ ਹਿਸਾਬ ਨਾਲ ਗੁੱਗੂ ਗਿੱਲ ਅਤੇ ਯੋਗਰਾਜ ਸਿੰਘ ਦੀ ਆਪਸੀ ਭਿੰੜਤ ਇਨ੍ਹਾਂ ਫ਼ਿਲਮਾਂ ਦਾ ਸ਼ਿੰਗਾਰ ਵੀ ਬਣੀ ਸੀ |
ਕਿਉਂਕਿ ਉਹ 'ਜੱਟਵਾਦ' ਪੰਜਾਬ ਦੇ ਯਥਾਰਥਕ ਜੱਟਵਾਦ ਤੋਂ ਕੋਹਾਂ ਦੂਰ ਸੀ, ਇਸ ਲਈ ਦਰਸ਼ਕਾਂ ਨੇ ਹੌਲੀ-ਹੌਲੀ ਇਸ ਨੂੰ ਦੁਤਕਾਰਨਾ ਵੀ ਸ਼ੁਰੂ ਕਰ ਦਿੱਤਾ ਸੀ | ਸਥਿਤੀ ਇਹ ਬਣ ਗਈ ਸੀ ਕਿ ਫ਼ਿਲਮੀ ਜੱਟਵਾਦ ਦੀ ਹਾਜ਼ਰੀ 'ਚ ਪਾਲੀਵੁੱਡ ਨੇ ਸਾਹ ਤੋੜਨਾ ਸ਼ੁਰੂ ਕਰ ਦਿੱਤਾ ਸੀ | ਉਸ ਨੂੰ ਤਾਂ ਇਹ ਬਿਲਕੁਲ ਹੀ ਭੁੱਲ ਗਿਆ ਲਗਦਾ ਸੀ ਕਿ ਪੰਜਾਬ ਦਾ ਅਸਲੀ ਕਿਸਾਨੀ ਵਰਗ ਤਾਂ ਆਰਥਿਕ ਬੋਝ ਥੱਲੇ ਦੱਬ ਕੇ ਆਤਮ-ਹੱਤਿਆ ਕਰ ਰਿਹਾ ਹੈ |
ਪਾਲੀਵੁੱਡ ਦੇ ਨਿਰਮਾਤਾਵਾਂ ਨੂੰ ਹੋਸ਼ ਉਸ ਵੇਲੇ ਆਈ ਜਦੋਂ ਉਨ੍ਹਾਂ ਦੀਆਂ ਇਹ ਕਥਿਤ ਜੱਟਵਾਦੀ ਫ਼ਿਲਮਾਂ ਟਿਕਟ ਖਿੜਕੀ 'ਤੇ ਮੰੂਹ ਦੇ ਭਾਰ ਡਿਗਣੀਆਂ ਸ਼ੁਰੂ ਹੋ ਗਈਆਂ ਸਨ | ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ ਅਤੇ ਪੰਜਾਬੀ ਸਿਨੇਮਾ ਰਸਾਤਲ ਵੱਲ ਧਕਿਆ ਜਾ ਚੁੱਕਿਆ ਸੀ |

-103, ਸਨੀ ਕਾਟੇਜ, ਕ੍ਰਿਸ਼ਨਾ ਨਗਰ, ਬਟਾਲਾ-143505 (ਪੰਜਾਬ) |
ਮੋਬਾਈਲ : 099154-93043.

ਭੁੱਲੀਆਂ ਵਿਸਰੀਆਂ ਯਾਦਾਂ

ਇਹ ਤਸਵੀਰ ਚੰਡੀਗੜ੍ਹ ਦੇ ਇਕ ਸਾਹਿਤਕ ਸਮਾਗਮ ਸਮੇਂ ਖਿੱਚੀ ਗਈ ਸੀ | ਰਾਜਪਾਲ ਪੰਜਾਬ ਉਸ ਸਮਾਗਮ ਵਿਚੋਂ ਹਾਜ਼ਰੀ ਲਵਾ ਕੇ ਬਾਹਰ ਆ ਰਹੇ ਸਨ | ਬਾਹਰ ਉਨ੍ਹਾਂ ਨੂੰ ਜ: ਤੋਤਾ ਸਿੰਘ ਤੇ ਬੀਬੀ ਰਾਜਿੰਦਰ ਕੌਰ ਭੱਠਲ ਮਿਲ ਗਏ | ਉਹ ਦੋਵਾਂ ਨੂੰ ਸਤਿਕਾਰ ਵਜੋਂ ਹੱਥ ਜੋੜ ਕੇ ਚਲੇ ਗਏ | ਅੱਜਕਲ੍ਹ ਅਜਿਹਾ ਘੱਟ ਦੇਖਣ ਵਿਚ ਆਉਂਦਾ ਹੈ ਕਿ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂ ਸਾਹਿਤਕ ਸਮਾਗਮਾਂ ਵਿਚ ਇਕੱਠੇ ਸ਼ਿਰਕਤ ਕਰਨ | ਇਸ ਤਸਵੀਰ ਵਿਚ ਸਾਰੇ ਖ਼ੁਸ਼ ਨਜ਼ਰ ਆ ਰਹੇ ਹਨ |

ਮੋਬਾਈਲ : 98767-41231

ਅਸਮਾਨੀ ਬਿਜਲੀ ਲਿਸ਼ਕਣ, ਬੱਦਲ ਗਰਜਣ ਅਤੇ ਬੱਦਲ ਬਰਸਣ ਦਾ ਰਹੱਸ ਕੀ ਹੈ?

ਬਿਜਲੀ ਕਿਉਂ ਡਿੱਗਦੀ ਹੈ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਬੱਦਲ ਫਟਣਾ ਕੀ ਹੈ? : ਅਸੀਂ ਅਜਿਹੀਆਂ ਖ਼ਬਰਾਂ ਅਕਸਰ ਸੁਣਦੇ ਹਾਂ, ਕਿ ਬੱਦਲ ਫਟਣ ਨਾਲ ਐਨੇ ਲੋਕ ਮਰ ਗਏ | ਇਹ ਬੱਦਲ ਕਿਵੇਂ ਫਟਦੇ ਹਨ, ਤੇ ਇਸ ਦਾ ਕਾਰਨ ਕੀ ਹੈ? ਇਸ ਬਾਰੇ ਸਾਡੇ 'ਚੋਂ ਬਹੁਤੇ ਲੋਕ ਨਹੀਂ ਜਾਣਦੇ | ਬੱਦਲ ਮੈਦਾਨੀ ਇਲਾਕਿਆਂ ਵਿਚ ਕਦੇ ਨਹੀਂ ਫਟਦੇ, ਸਗੋਂ ਪਹਾੜੀ ਇਲਾਕਿਆਂ ਵਿਚ ਹੀ ਫਟਦੇ ਹਨ | ਇਹ ਕਿਉਂ...? ਆਉ ਜਾਣੀਏ |
ਭਾਰਤ ਵਿਚ ਸਭ ਤੋਂ ਵੱਧ ਬੱਦਲ ਫਟਣ ਦੀਆਂ ਘਟਨਾਵਾਂ ਉੱਤਰਾਖੰਡ ਵਿਚ ਵਾਪਰਦੀਆਂ ਹਨ | ਬੱਦਲ ਕਿਉਂ ਫਟਦੇ ਹਨ? ਇਸ ਦਾ ਵੀ ਕੋਈ ਕਾਰਨ ਹੈ?
ਉੱਚੇ ਪਹਾੜਾਂ ਵਿਚ ਘਾਟੀਆਂ ਹੁੰਦੀਆਂ ਹਨ, ਜਿਨ੍ਹਾਂ ਵਿਚ ਨਦੀਆਂ, ਨਾਲੇ ਤੇ ਝਰਨੇ ਹੁੰਦੇ ਹਨ | ਇਥੇ ਵੀ ਪਾਣੀ ਭਾਫ ਬਣ ਕੇ ਉਡਦਾ ਰਹਿੰਦਾ ਹੈ ਤੇ ਬੱਦਲਾਂ ਵਿਚ ਬਦਲਦਾ ਰਹਿੰਦਾ ਹੈ | ਜਿੱਥੇ ਚਾਰੇ ਪਾਸੇ ਉੱਚੇ ਅਤੇ ਸੰਘਣੇ ਪਹਾੜ ਹੁੰਦੇ ਹਨ ਉੱਥੇ ਹਵਾ ਨਾਲ ਉੱਡ ਕੇ ਇਹ ਬੱਦਲ ਏਧਰ-ਉਧਰ ਜਾਂ ਬਾਹਰ ਨਹੀਂ ਜਾ ਸਕਦੇ, ਸਗੋਂ ਪਹਾੜਾਂ ਵਿਚ ਘਿਰੇ ਹੋਰ ਵੀ ਸੰਘਣੇ ਹੁੰਦੇ ਰਹਿੰਦੇ ਹਨ |
ਇਨ੍ਹਾਂ ਵਿਚ ਵਾਸ਼ਪੀਕਰਨ ਰਾਹੀਂ, ਭਾਫ਼ ਰੂਪ ਵਿਚ ਪਾਣੀ ਲਗਾਤਾਰ ਇਕੱਠਾ ਹੁੰਦਾ ਰਹਿੰਦਾ ਹੈ ਤੇ ਇਹ ਹੋਰ ਵੀ ਸੰਘਣੇ ਅਤੇ ਭਾਰੇ ਹੁੰਦੇ ਜਾਂਦੇ ਹਨ | ਇਕ ਸਮਾਂ ਅਜਿਹਾ ਆਉਂਦਾ ਹੈ ਜਦੋਂ ਇਹ ਬੱਦਲ ਪਾਣੀ ਦਾ ਭਾਰ ਝੱਲਣੋਂ ਅਸਮਰੱਥ ਹੋ ਜਾਂਦੇ ਹਨ ਤਾਂ ਇਨ੍ਹਾਂ ਵਿਚਲਾ ਪਾਣੀ ਝਰਨਿਆਂ ਵਾਂਗ ਵਹਿ ਤੁਰਦਾ ਹੈ | ਇਸ ਤਰ੍ਹਾਂ ਜਾਪਦਾ ਹੈ ਜਿਵੇਂ ਆਸਮਾਨ ਤੋਂ ਪਰਲੋ ਆ ਗਈ ਹੋਵੇ | ਇਹ ਪਾਣੀ, ਗੱਡੀਆਂ ਮੋਟਰਾਂ ਤੇ ਇਮਾਰਤਾਂ ਨੂੰ ਤੀਲੀਆਂ ਦੀਆਂ ਡੱਬੀਆਂ, ਵਾਂਗ ਹੜ੍ਹਾ ਕੇ ਲੈ ਜਾਂਦਾ ਹੈ | ਸੈਂਕੜੇ ਲੋਕ ਇਸ ਦੀ ਲਪੇਟ ਵਿਚ ਆ ਕੇ ਰੁੜ੍ਹ ਜਾਂਦੇ ਹਨ ਤੇ ਜੀਵਨ ਗੁਆ ਲੈਂਦੇ ਹਨ | ਇਹ ਕਿਸੇ ਇੰਦਰ ਜਾਂ ਖੁਆਜੇ ਦੀ ਕਰੋਪੀ ਨਹੀਂ ਬਲਕਿ ਇੱਕ ਕੁਦਰਤੀ ਪ੍ਰਕਿਰਿਆ ਹੈ |
ਅੰਤ 'ਤੇ ਮੈਂ ਇਹ ਹੀ ਕਹਾਂਗਾ ਕਿ ਕੋਈ ਸਮਾਂ ਸੀ ਜਦੋਂ ਅਨਪੜ੍ਹਤਾ ਅਤੇ ਗਿਆਨ ਦੀ ਕਮੀ ਹੋਣ ਕਾਰਨ ਮਨੁੱਖ ਨੂੰ ਇਨ੍ਹਾਂ ਚੀਜ਼ਾਂ ਤੋਂ ਬਹੁਤ ਡਰ ਲਗਦਾ ਸੀ | ਇਹ ਬਿਜਲੀ ਦਾ ਡਿੱਗਣਾ, ਹੜ੍ਹਾਂ ਦਾ ਤਬਾਹੀ ਮਚਾਉਣਾਂ ਤੇ ਬੱਦਲਾਂ ਦਾ ਫਟਣਾ ਸੈਂਕੜੇ ਮਨੁੱਖੀ ਜਾਨਾਂ ਲੈ ਲੈਂਦਾ ਸੀ | ਮਨੁੱਖ ਦੇ ਡਰੇ ਹੋਏ ਮਨ ਨੇ ਇਨ੍ਹਾਂ ਆਫਤਾਂ ਦੇ ਦੇਵਤੇ ਸਿਰਜ ਕੇ ਉਨ੍ਹਾਂ ਦੀ ਪੂਜਾ ਕਰਨੀ ਸ਼ੁਰੂ ਕਰ ਦਿੱਤੀ | ਚਲਾਕ ਕਿਸਮ ਦੇ ਲੋਕਾਂ ਨੇ ਪੂਜਾ ਦੇ ਧਨ ਨੂੰ ਆਮਦਨ ਤੇ ਐਸ਼ੋ ਇਸ਼ਰਤ ਦਾ ਸਾਧਨ ਜਾਂ ਵਪਾਰ ਬਣਾ ਲਿਆ | ਆਪਣੀ ਲੁੱਟ ਨੂੰ ਚੱਲਦਾ ਰੱਖਣ ਲਈ ਤੇ ਲੋਕਾਂ ਨੂੰ ਹੋਰ ਡਰਾਉਣ ਲਈ, ਝੂਠੀਆਂ ਕਹਾਣੀਆਂ ਘੜ ਘੜ ਸੁਣਾਉਂਦੇ ਰਹਿੰਦੇ ਤੇ ਡਰੇ ਹੋਏ ਲੋਕ ਦਾਨ ਕਰਦੇ ਰਹਿੰਦੇ | ਇਹ ਦੰਦ ਕਥਾਵਾਂ ਹੀ ਸਨ, ਜਿਨਾਂ ਦਾ ਕੋਈ ਆਧਾਰ ਨਹੀਂ ਹੁੰਦਾ | ਇਹ ਪੀੜ੍ਹੀ-ਦਰ-ਪੀੜ੍ਹੀ ਅਜੇ ਤੱਕ ਵੀ ਪ੍ਰਚੱਲਤ ਹਨ ਜੋ ਅੱਗੋਂ ਅਸੀਂ ਆਪਣੇ ਬੱਚਿਆਂ ਨੂੰ ਵੀ ਪਰੋਸ ਰਹੇ ਹਾਂ ਤੇ ਅਸਲੀਅਤ ਨਾਲੋਂ ਤੋੜ ਕੇ ਵਹਿਮਾਂ ਭਰਮਾਂ ਵਿਚ ਧੱਕ ਰਹੇ ਹਾਂ |
ਦੁਨੀਆ ਬਹੁਤ ਤਰੱਕੀ ਕਰ ਚੁੱਕੀ ਹੈ | ਮਨੁੱਖ ਚੰਦਰਮਾਂ ਤੋਂ ਬਾਅਦ ਮੰਗਲ ਗ੍ਰਹਿ 'ਤੇ ਜਾਣ ਨੂੰ ਅਤੇ ਵਸਣ ਨੂੰ ਤਿਆਰ ਬੈਠਾ ਹੈ | ਮਨੁੱਖ ਵਲੋਂ ਬਣਾਏ ਸੈਟੇਲਾਈਟਸ ਸੌਰ ਮੰਡਲ ਤੋਂ ਵੀ ਪਾਰ ਜਾ ਚੁੱਕੇ ਹਨ | ਵਿਗਿਆਨ ਨੇ ਬਹੁਤ ਭੇਦ ਖੋਲ੍ਹੇ ਹਨ, ਪਰੰਤੂ ਅਸੀਂ ਮਾਨਸਿਕ ਤੌਰ 'ਤੇ, ਵਾਤਾਵਰਨ ਦੀ ਪਹਿਲੀ ਤਹਿ ਨੂੰ ਵੀ ਸਮਝਣੋਂ ਅਸਮਰੱਥ ਹਾਂ | ਮੌਸਮ ਵਿਗਿਆਨੀ ਤੁਹਾਨੂੰ ਮੀਂਹ ਪੈਣ, ਬਿਜਲੀ ਲਿਸ਼ਕਣ ਅਤੇ ਬੱਦਲ ਗਰਜਣ ਬਾਰੇ ਸਹੀ ਜਾਣਕਾਰੀ ਹਫਤਾ ਪਹਿਲਾਂ ਹੀ ਦੇ ਦਿੰਦੇ ਹਨ, ਜੋ ਬਿਲਕੁੱਲ ਸਹੀ ਹੁੰਦੀ ਹੈ | ਪੱਛਮੀ ਮੁਲਕਾਂ ਵਿਚ ਟੈਲੀਵੀਜ਼ਨ, ਰੇਡੀਉ ਤੋਂ ਮੌਸਮ ਦੇਖੇ ਜਾਂ ਸੁਣੇ ਬਗੈਰ ਕੋਈ ਬਾਹਰ ਨਹੀਂ ਨਿਕਲਦਾ | ਤੂਫਾਨਾਂ, ਕੁਦਰਤੀ ਆਫਤਾਂ, ਤੋਂ ਬਚਣ ਲਈ ਅੱਜ ਦੇ ਮਨੁੱਖ ਨੇ ਕੁਦਰਤ ਦੇ ਇਹ ਭੇਤ ਜਾਣ ਕੇ ਲੋਕਾਂ ਨੂੰ ਜਾਗਿ੍ਤ ਕੀਤਾ ਹੈ ਤੇ ਮਨੁੱਖ ਨੂੰ ਕੁਦਰਤੀ ਕਰੋਪੀਆਂ ਤੋਂ ਬਚਾਇਆ ਹੈ | ਪਰ ਅਨ੍ਹਪੜਤਾ, ਵਹਿਮ ਭਰਮ, ਮਿੱਥਕ ਕਥਾਵਾਂ ਅੱਜ ਵੀ ਸਾਡੇ ਰਾਹ ਵਿਚ ਰੋੜਾ ਬਣੀਆਂ ਹੋਈਆਂ ਹਨ | ਸੈਂਕੜੇ ਨਹੀਂ ਹਜ਼ਾਰਾਂ ਜਾਨਾਂ ਅਜੇ ਵੀ ਇਨ੍ਹਾਂ ਮੌਸਮਾਂ 'ਤੇ ਕੁਦਰਤੀ ਆਫਤਾਂ ਦੀ ਭੇਂਟ ਚੜ੍ਹ ਜਾਂਦੀਆਂ ਹਨ |
ਭਾਰਤ ਵਿਚ ਜਦੋਂ ਬਰਸਾਤ ਦਾ ਮੌਸਮ ਸ਼ੁਰੂ ਹੋਣ ਵਾਲਾ ਹੁੰਦਾ ਹੈ, ਪਾਣੀ ਵਿਚ ਖੜ੍ਹ ਕੇ ਝੋਨੇ ਦੀ ਲੁਆਈ ਕੀਤੀ ਜਾਂਦੀ ਹੈ ਤਾਂ ਅਜਿਹੀ ਜਾਣਕਾਰੀ ਦੇਣੀ ਬਹੁਤ ਜ਼ਰੂਰੀ ਹੈ | ਫੇਰ ਵੀ ਮੀਂਹ ਪਵੇਗਾ, ਮੌਨਸੂਨ ਆਉਣਗੇ ਤੇ ਬੱਦਲ ਲਿਸ਼ਕਣਗੇ ਪਰ ਲੋਕਾਂ ਦੀ ਸੁਰੱਖਿਆ ਲਈ ਇਹ ਬਹੁਤ ਜ਼ਰੂਰੀ ਹੋਵੇਗਾ |
ਕੀ ਗ਼ਰੀਬ ਬੰਦੇ ਦੀ ਜਾਨ ਕੀਮਤੀ ਨਹੀਂ ਹੁੰਦੀ? ਇਸੇ ਸਾਲ ਭਾਰਤ ਵਿਚ ਬਿਜਲੀ ਡਿੱਗਣ ਨਾਲ 13 ਖੇਤ ਮਜ਼ਦੂਰ ਇੱਕੋ ਥਾਂ ਮਾਰੇ ਗਏ ਸਨ | ਅਸਮਾਨੀ ਬਿਜਲੀ ਨੇ ਪੂਰੇ ਭਾਰਤ ਵਿਚ ਚਾਰ ਹਜ਼ਾਰ ਹਮਲੇ ਕੀਤੇ ਤੇ ਸੈਂਕੜੇ ਜਾਨਾਂ ਗਈਆਂ | ਕਿਉਂ....? ਕੀ ਸੀ ਉਥੇ? ਜਿੱਥੇ ਵਾਰ-ਵਾਰ ਬਿਜਲੀ ਡਿੱਗ ਰਹੀ ਸੀ, ਕੋਈ ਨਹੀਂ ਦੱਸੇਗਾ | ਜਦੋਂ ਕਿ ਬਰਸਾਤ ਦਾ ਮੌਸਮ ਸ਼ੁਰੂ ਹੋਣ ਤੋਂ ਪਹਿਲਾਂ ਇਹ ਜਾਣਕਾਰੀ ਹਰ ਮਾਧਿਅਮ ਰਾਹੀਂ ਦਿੱਤੀ ਜਾਣੀ ਚਾਹੀਦੀ ਸੀ | ਜੂਨ-ਜੁਲਾਈ ਤੇ ਅਗਸਤ ਵਿਚ ਸਾਰੇ ਭਾਰਤ ਵਿਚ ਮੌਨਸੂਨ ਆਉਂਦੀ ਹੈ, ਮੇਘਾਲਿਆ ਵਿਚ ਸਭ ਤੋਂ ਵੱਧ ਮੀਂਹ ਪੈਂਦੇ ਹਨ ਤੇ ਉੱਤਰਾਖੰਡ ਵਿਚ ਬੱਦਲ ਫਟਦੇ ਹਨ | ਪਰ ਇਸ ਬਾਰੇ ਕੋਈ ਨਹੀਂ ਦੱਸਦਾ | ਸੈਲਾਨੀਆਂ ਨੂੰ ਇਹ ਹਦਾਇਤਾਂ ਦੇਣੀਆਂ ਵੀ ਬਹੁਤ ਜ਼ਰੂਰੀ ਹੁੰਦੀਆਂ ਹਨ | ਅਜਿਹੇ ਮੌਸਮਾਂ ਵਿਚ ਚਟਾਨਾਂ ਦਾ ਖਿਸਕਣਾ, ਹੜ੍ਹਾਂ ਦਾ ਆਉਣਾ, ਬਿਜਲੀ ਡਿੱਗਣਾ ਤੇ ਬੱਦਲ ਫਟਣਾ ਆਮ ਤੌਰ 'ਤੇ ਵਾਪਰਦਾ ਹੈ | ਕੇਰਲਾ ਵਿਚ ਹੜ੍ਹਾਂ ਕਾਰਨ ਕੀ ਹੋਇਆ ਤੇ ਕਿਉਂ ਹੋਇਆ? ਤੇ ਇਸ ਸਭ ਕਾਸੇ ਨੂੰ ਜਾਨਣ 'ਤੇ ਸਮਝਣ ਦੀ ਲੋੜ ਹੈ |
ਉਮੀਦ ਕਰਦਾ ਹਾਂ ਕਿ ਹੁਣ ਤੁਸੀਂ ਸਮਝ ਹੀ ਚੁੱਕੇ ਹੋਵੋਂਗੇ ਕਿ ਅਸਮਾਨੀ ਬਿਜਲੀ ਕਿਵੇਂ ਬਣਦੀ ਹੈ, ਕਿਵੇਂ ਪੈਂਦੀ ਹੈ ਤੇ ਇਸ ਤੋਂ ਬਚਣ ਦੇ ਕੀ ਉਪਾਅ ਹਨ | ਇਸੇ ਤਰ੍ਹਾਂ ਬਾਰਿਸ਼ ਪੈਣਾ, ਬੱਦਲ ਫਟਣਾ ਇਹ ਸਾਰੀ ਪ੍ਰਕਿਰਿਆ ਵੀ ਸਮਝਾਈ ਗਈ ਹੈ | ਆਉ! ਇਨ੍ਹਾਂ ਚੀਜ਼ਾਂ ਨੂੰ ਜਾਣਦੇ ਤੇ ਸਮਝਦੇ ਹੋਏ ਆਪਣੀਆਂ ਅਗਲੇਰੀਆਂ ਨਸਲਾਂ ਨੂੰ ਸਮੇਂ ਦੇ ਹਾਣ ਦੀਆਂ ਬਣਾਈਏ ਤੇ ਆਪਣੇ-ਆਪ ਨੂੰ ਕੁਦਰਤੀ ਆਫਤਾਂ ਤੋਂ ਸੁਰੱਖਿਅਤ ਰੱਖੀਏ | (ਸਮਾਪਤ)

ਫੋਨ : 416-727-2071
major.mangat@gmail.com

ਨਹਿਲੇ 'ਤੇ ਦਹਿਲਾ: ਕਿਤੇ ਅਮਰੀਕਾ ਨੂੰ ਨਜ਼ਰ ਨਾ ਲੱਗ ਜਾਏ

ਮੇਰੀ ਛੋਟੀ ਧੀ ਸੀਮਾ ਇੰਗਲੈਂਡ ਵਿਆਹੀ ਹੋਈ ਹੈ | ਉਸ ਦੀ ਬੇਟੀ ਸੁਮੀਤ ਕੌਰ ਲੰਡਨ ਯੂਨੀਵਰਸਿਟੀ ਵਿਚ ਪੜ੍ਹੀ ਹੈ ਅਤੇ ਲੰਡਨ ਵਿਖੇ ਹੀ ਬੈਂਕ ਵਿਚ ਸਰਵਿਸ ਕਰਦੀ ਹੈ | ਸਾਡਾ ਜਵਾਈ ਵੀ ਚੰਗੀ ਜਾਬ 'ਤੇ ਲੱਗਾ ਹੋਇਆ ਹੈ | ਇਤਫ਼ਾਕ ਨਾਲ ਤਿੰਨਾਂ ਦੀਆਂ ਛੁੱਟੀ ਬਕਾਇਆ ਸਨ ਤੇ ਇਨ੍ਹਾਂ ਨੇ ਅਮਰੀਕਾ ਘੰੁਮਣ ਜਾਣ ਦਾ ਮਨ ਬਣਾ ਲਿਆ | ਤਿੰਨਾਂ ਨੇ ਹੀ ਅਮਰੀਕੀ ਦਫ਼ਤਰ ਨੂੰ ਦਰਖਾਸਤਾਂ, ਵੀਜ਼ੇ ਲਈ ਦਿੱਤੀਆਂ | ਤਿੰਨ-ਚਾਰ ਦਿਨਾਂ ਬਾਅਦ ਮੇਰੀ ਧੀ ਅਤੇ ਜਵਾਈ ਦਾ ਵੀਜ਼ਾ ਲੱਗ ਕੇ ਆ ਗਿਆ, ਪਰ ਮੇਰੀ ਦੋਹਤੀ ਸੁਮੀਤ ਕੌਰ ਦਾ ਵੀਜ਼ਾ ਨਹੀਂ ਆਇਆ | ਵੀਜ਼ਾ ਦਫ਼ਤਰ ਵਲੋਂ ਇਕ ਚਿੱਠੀ ਆਈ ਜਿਸ ਵਿਚ ਵੀਜ਼ੇ ਸਬੰਧੀ ਕੁਝ ਅੜੰਗੇ ਜਿਹੇ ਸਨ |
ਮੇਰੀ ਧੀ ਤੇ ਜਵਾਈ ਖ਼ੁਸ਼ ਸਨ ਪਰ ਸੁਮੀਤ ਕੌਰ ਦਾ ਵੀਜ਼ਾ ਨਾ ਆਉਣ ਕਰਕੇ ਥੋੜ੍ਹਾ ਉਦਾਸ ਜਿਹੇ ਵੀ ਸਨ | ਉਨ੍ਹਾਂ ਨੂੰ ਇਸ ਹਾਲਤ ਵਿਚ ਵੇਖ ਕੇ ਸੁਮੀਤ ਕੌਰ ਨੇ ਆਪਣੀ ਮੰਮੀ-ਪਾਪਾ ਨੂੰ ਕਿਹਾ, 'ਤੁਸੀਂ ਉਦਾਸ ਨਾ ਹੋਵੋ, ਮੈਂ ਤੁਹਾਡੇ ਨਾਲ ਨਹੀਂ ਜਾ ਸਕਾਂਗੀ ਤਾਂ ਕੋਈ ਗੱਲ ਨਹੀਂ | ਉਂਜ ਮੈਂ ਕੋਸ਼ਿਸ਼ ਕਰਾਂਗੀ ਮੇਰਾ ਵੀ ਵੀਜ਼ਾ ਲੱਗ ਜਾਵੇ |'
ਦੂਜੇ ਦਿਨ ਉਹ ਆਪਣੇ ਬੈਂਕ ਤੋਂ ਇਕ ਘੰਟੇ ਦੀ ਛੁੱਟੀ ਲੈ ਕੇ ਅਮਰੀਕੀ ਵੀਜ਼ਾ ਦਫ਼ਤਰ ਪਹੁੰਚ ਗਈ ਅਤੇ ਆਪਣੀ ਚਿੱਠੀ ਵਿਖਾ ਕੇ ਸਬੰਧਿਤ ਅਫ਼ਸਰ ਕੋਲ ਪਹੁੰਚ ਗਈ | ਉਸ ਨੇ ਅਫ਼ਸਰ ਨਾਲ ਚਿੱਠੀ ਦੇ ਹਵਾਲੇ ਨਾਲ ਗੱਲ ਕੀਤੀ ਅਤੇ ਕਿਹਾ, 'ਮੈਨੂੰ ਵੀਜ਼ਾ ਦੇਣ ਤੋਂ ਪਹਿਲਾਂ ਜੋ ਅਜੀਬ ਜਿਹੇ ਅੜੰਗੇ ਲਾਏ ਹਨ, ਮੈਨੂੰ ਜਾਪਦਾ ਹੈ ਤੁਹਾਡੇ ਮਨ ਵਿਚ ਇਹ ਵਹਿਮ ਹੋਵੇਗਾ ਕਿ ਕਿਤੇ ਇਸ ਕੁੜੀ ਦੀ ਅਮਰੀਕਾ ਨੂੰ ਨਜ਼ਰ ਨਾ ਲੱਗ ਜਾਏ | ਮੈਂ ਵੀਜ਼ੇ ਦੀ ਪ੍ਰਾਰਥਨਾ ਵਾਪਸ ਲੈਣੀ ਚਾਹਾਂਗੀ ਤਾਂ ਕਿ ਅਮਰੀਕਾ ਨੂੰ ਮੇਰੀ ਨਜ਼ਰ ਨਾ ਲੱਗੇ |' ਇਹ ਗੱਲ ਕਹਿ ਕੇ ਉਹ ਵਾਪਸ ਆ ਗਈ | ਪੂਰਾ ਪਰਿਵਾਰ ਉਦੋਂ ਖੁਸ਼ ਹੋ ਗਿਆ ਜਦੋਂ ਦੋ ਦਿਨਾਂ ਬਾਅਦ ਸੁਮੀਤ ਕੌਰ ਦਾ ਵੀਜ਼ਾ ਲੱਗ ਕੇ ਆ ਗਿਆ |

-ਜੇਠੀ ਨਗਰ, ਮਲੇਰਕੋਟਲਾ, ਖੰਨਾ-141401 (ਪੰਜਾਬ) |
ਮੋਬਾਈਲ : 94170-91668.

ਗੁਲ-ਗੁਲਸ਼ਨ-ਗੁਲਫ਼ਾਮ: ਬਗ਼ੀਚੀਆਂ ਲਈ ਲੋੜੀਂਦੇ ਸੰਦਾਂ ਦੀ ਮਹੱਤਤਾ

ਇੰਟਰਨੈੱਟ ਅਤੇ ਕੰਪਿਊਟਰ ਯੁੱਗ ਵਿਚ ਅੱਜ ਹਰ ਖੇਤਰ ਵਿਚ ਮਨੁੱਖ ਨੇ ਤਰੱਕੀ ਦੀਆਂ ਬੁਲੰਦੀਆਂ ਨੂੰ ਛੂਹਿਆ ਹੈ | ਹੋਰਨਾਂ ਖੇਤਰਾਂ ਵਾਂਗ ਬਾਗਬਾਨੀ ਖੇਤਰ ਵਿਚ ਵੀ ਰੋਬੋਟ ਦੀ ਆਮਦ ਹੋ ਚੁੱਕੀ ਹੈ | ਮਸ਼ੀਨੀਕਰਨ ਯੁੱਗ ਤੋਂ ਪਹਿਲਾਂ ਬਾਗ-ਬਗੀਚਿਆਂ ਦੀ ਸਾਂਭ-ਸੰਭਾਲ ਕਾਫ਼ੀ ਮੁਸ਼ਕਿਲ ਭਰਪੂਰ ਹੁੰਦੀ ਸੀ | ਪਹਿਲਾਂ ਪਹਿਲ ਤਾਂ ਲੋਕ ਆਪਣੇ ਘਰਾਂ ਵਿਚ ਘਾਹ ਦੇ ਮੈਦਾਨ ਦੀ ਕਟਾਈ ਲਈ ਬੱਕਰੀਆਂ-ਭੇਡਾਂ ਨੂੰ ਚਰਾਇਆ ਕਰਦੇ ਸਨ | ਕਿਸੇ ਰੁੱਖ-ਬੂਟੇ ਨੂੰ ਦੂਰ ਸਥਾਨ 'ਤੇ ਲੈ ਕੇ ਜਾਣਾ ਬੜਾ ਟੇਢਾ ਕੰਮ ਹੁੰਦਾ ਸੀ | ਪੰ੍ਰਤੂ ਹੁਣ ਅਸੀਂ ਕਾਫ਼ੀ ਅੱਗੇ ਲੰਘ ਆਏ ਹਾਂ | ਬੇਹੱਦ ਸੰੁਦਰ ਤੇ ਦਿਲਕਸ਼ ਬਗੀਚੀਆਂ ਦੀ ਦਿੱਖ ਪਿੱਛੇ ਨਵੇਂ-ਨਵੇਂ ਆਏ ਸੰਦ-ਔਜ਼ਾਰਾਂ ਦੀ ਬੜੀ ਹੀ ਅਹਿਮ ਭੂਮਿਕਾ ਹੈ | ਹਾਲਾਂਕਿ ਅਸੀਂ ਕਈ ਬਾਹਰਲੇ ਮੁਲਕਾਂ ਜਿੰਨੀ ਤਕਨਾਲੋਜੀ ਤਾਂ ਨਹੀਂ ਪੂਰਨ ਰੂਪ ਵਿਚ ਲਿਆ ਸਕੇ, ਫਿਰ ਵੀ ਭਾਰਤੀ ਅਤੇ ਵਿਦੇਸ਼ੀ ਫਰਮਾਂ ਨੇ ਬਗੀਚੀਆਂ ਦੇ ਸ਼ੌਕੀਨਾਂ ਲਈ ਅਨੇਕਾਂ ਸੰਦਾਂ ਦੀ ਉਪਲਬਧਤਾ ਹਰ ਸ਼ਹਿਰ ਤੱਕ ਕਰਵਾ ਦਿੱਤੀ ਹੈ |
ਰੰਬਾ (ਖੁਰਪਾ) ਕਿਸੇ ਵੀ ਬਗੀਚੀ ਕਾਰਜ ਲਈ ਮੁਢਲਾ ਸੰਦ ਹੈ | ਕਦੇ ਸਿਰਫ਼ ਸਿੱਧਾ ਸਾਦਾ ਇਕੋ ਜਿਹੇ ਰੂਪ ਵਿਚ ਮਿਲਣ ਵਾਲਾ ਰੰਬਾ ਅੱਜ ਲੋੜ ਅਨੁਸਾਰ ਕਈ ਰੂਪਾਂ ਵਿਚ ਮਿਲਦਾ ਹੈ | ਚੌੜਾ, ਲੰਬਾ, ਪਤਲਾ ਆਦਿ ਕਾਰਜ ਦੇ ਅਨੁਸਾਰ ਬਾਜ਼ਾਰ ਵਿਚੋਂ ਮਿਲ ਜਾਂਦਾ ਹੈ, ਜਿਸ ਨੂੰ ਗੋਰਿਆਂ ਨੇ ਅੰਗਰੇਜ਼ੀ ਭਾਸ਼ਾ ਵਿਚ ਕਾਫ਼ੀ ਨਾਂਅ ਦਿੱਤੇ ਹਨ | ਉਦਾਹਰਨ ਵਜੋਂ ਨਦੀਨਾਂ ਨੂੰ ਕੱਢਣ ਲਈ ਵਰਤਿਆ ਜਾਣ ਵਾਲਾ 'ਵੀਡਰ' ਨਾਂਅ ਵਾਲਾ ਸੰਦ ਵੀ ਖੁਰਪੇ ਦਾ ਹੀ ਪਤਲਾ ਰੂਪ ਹੈ | ਦੂਸਰੇ ਨੰਬਰ 'ਤੇ ਹਰ ਘਰ-ਬਗੀਚੀ ਵਿਚ ਵਰਤਿਆ ਜਾਣ ਵਾਲਾ ਸੰਦ, ਪਾਣੀ ਦੇਣ ਵਾਲਾ ਫੁਹਾਰਾ ਮੰਨਿਆ ਜਾਂਦਾ ਹੈ | ਪਹਿਲਾਂ ਸਿਰਫ਼ ਧਾਤ ਦਾ ਬਣਿਆ ਹੋਇਆ ਇਹ ਸੰਦ ਹੁਣ ਪਲਾਸਟਿਕ ਆਦਿ ਵਿਚ ਵੀ ਮਿਲਣਾ ਸ਼ੁਰੂ ਹੋ ਗਿਆ ਹੈ | ਇਸ ਦੇ ਮੂਹਰਲੀ ਡੰਡੀ ਉੱਪਰ ਮੋਰੀਆਂ ਵਾਲਾ ਢੱਕਣਨੁਮਾ ਕਵਰ ਲੱਗਿਆ ਹੋਣ ਕਰਕੇ ਪਾਣੀ ਫੁਹਾਰ ਦੇ ਰੂਪ ਵਿਚ ਡਿਗਦਾ ਹੈ ਜੋ ਬੂਟਿਆਂ ਜਾਂ ਖਾਸ ਕਰ ਬੀਜਾਂ ਵਾਲੀਆਂ ਕਿਆਰੀਆਂ ਲਈ ਪਾਣੀ ਦੇਣ ਲਈ ਬਿਹਤਰ ਹੁੰਦਾ ਹੈ | ਮੋਰੀਆਂ ਦੀ ਗਿਣਤੀ ਕਾਫੀ ਹੋਣ ਕਰਕੇ ਕੁਝ ਇਲਾਕਿਆਂ ਵਿਚ ਇਸ ਨੂੰ ਹਜ਼ਾਰਾ ਵੀ ਕਿਹਾ ਜਾਂਦਾ ਹੈ | ਰੁੱਖ-ਬੂਟਿਆਂ ਦੀ ਸਾਂਭ-ਸੰਭਾਲ ਅਤੇ ਸੋਹਣੀ ਦਿੱਖ ਲਈ ਕੈਂਚੀਨੁਮਾ ਸੰਦਾਂ ਦੀ ਲੋੜ ਹੁੰਦੀ ਹੈ | ਵਾੜ ਕੱਟਣ ਵਾਲੀ ਕੈਂਚੀ, ਕਲਮਾਂ ਕੱਟਣ ਵਾਲੀ ਕੈਂਚੀ, ਬੇਲੋੜੀਆਂ ਟਾਹਣੀਆਂ ਕੱਟਣ ਵਾਲੀ ਕੈਂਚੀ ਆਦਿ ਅਨੇਕਾਂ ਹੀ ਰੂਪ ਵਿਚ ਮਿਲਦੀਆਂ ਹਨ | ਕਦੇ ਸਿਰਫ਼ ਹੱਥਾਂ ਨਾਲ ਚੱਲਣ ਵਾਲੀਆਂ ਵਾੜ-ਕੈਂਚੀਆਂ ਜਾਂ ਕਾਂਟ-ਛਾਂਟ ਵਾਲੇ ਸੰਦ, ਅੱਜ ਬਿਜਲੀ ਨਾਲ ਚੱਲਣ ਲੱਗ ਗਏ ਹਨ | ਘੰਟਿਆਂ ਦਾ ਕੰਮ ਮਿੰਟਾਂ ਵਿਚ ਹੋ ਜਾਂਦਾ ਹੈ, ਬਿਜਲੀ ਨਾਲ ਚੱਲਣ ਵਾਲੇ ਆਰੇ ਵੱਡਆਕਾਰੀ ਰੁੱਖਾਂ ਨੂੰ ਪਲਾਂ ਵਿਚ ਕੱਟ ਦਿੰਦੇ ਹਨ | ਦਰਮਿਆਨੀ ਜਿਹੀ ਬਗੀਚੀ ਵਿਚ ਵੀ ਅਨੇਕਾਂ ਤਰ੍ਹਾਂ ਦੀ ਕਾਂਟ-ਛਾਂਟ ਖਾਤਿਰ ਕੈਂਚੀਆਂ ਦੇ ਨਾਲ-ਨਾਲ ਆਰੀ, ਕੁਹਾੜੀ, ਦਾਤ, ਚਾਕੂ, ਦਾਤੀ ਅਤੇ ਢਾਂਗੀ ਆਦਿ ਸੰਦਾਂ ਦੀ ਅਕਸਰ ਲੋੜ ਪੈਂਦੀ ਹੈ | ਉੱਚੇ-ਲੰਮੇ ਰੁੱਖਾਂ ਦੀਆਂ ਬੇਲੋੜੀਆਂ ਟਾਹਣੀਆਂ ਆਦਿ ਕੱਟਣ ਲਈ ਢਾਂਗੀ ਦੀ ਲੋੜ ਪੈਂਦੀ ਹੈ | ਕੁਝ ਸੂਬਿਆਂ ਵਿਚ ਵੱਡਆਕਾਰੀ ਰੁੱਖਾਂ ਨੂੰ ਇਕ ਥਾਂ ਤੋਂ ਪੁੱਟ ਕੇ ਦੂਜੀ ਥਾਂ ਲਿਜਾਣ ਵਾਲੀਆਂ ਮਸ਼ੀਨਾਂ ਦੀ ਆਮਦ ਹੋ ਚੁੱਕੀ ਹੈ |
ਘਾਹ ਦੀ ਕਟਾਈ ਹਰ ਬਗੀਚੀ ਲਈ ਅਹਿਮ ਮੁੱਦਾ ਹੁੰਦੀ ਹੈ | ਘਾਹ ਕੱਟਣ ਵਾਲੀਆਂ ਮਸ਼ੀਨਾਂ ਵੀ ਅਨੇਕਾਂ ਹੀ ਤਰ੍ਹਾਂ ਦੀ ਬਣਤਰ ਵਿਚ ਅਨੇਕਾਂ ਹੀ ਸਾਈਜ਼ ਵਿਚ ਉਪਲਬਧ ਹਨ | ਘਾਹ ਕੱਟਣ ਵਾਲੀਆਂ ਮਸ਼ੀਨਾਂ ਰੀਲ੍ਹ ਯਾਨੀ ਫਿਰਕੀ ਟਾਈਪ ਦੀਆਂ ਜ਼ਿਆਦਾਤਰ ਛੋਟੀਆਂ ਬਗੀਚੀਆਂ ਲਈ ਵਰਤੀਆਂ ਜਾਂਦੀਆਂ ਹਨ | ਰੋਟਰੀ ਟਾਈਪ ਮਸ਼ੀਨਾਂ ਵੱਡੀਆਂ ਬਗੀਚੀਆਂ ਲਈ ਵਰਤੀਆਂ ਜਾਂਦੀਆਂ ਹਨ, ਜੋ ਬਿਜਲੀ ਜਾਂ ਡੀਜ਼ਲ ਇੰਜਣ ਨਾਲ ਚਲਦੀਆਂ ਹਨ | ਜਿਵੇਂ-ਜਿਵੇਂ ਲੋਕਾਂ ਨੇ ਆਪਣੇ ਘਰਾਂ, ਫਾਰਮਹਾਊਸ ਜਾਂ ਸੰਸਥਾਵਾਂ ਆਦਿ ਦੇ ਘਾਹ ਦੇ ਮੈਦਾਨ ਕਾਫ਼ੀ ਵੱਡੇ ਕਰ ਲਏ ਹਨ, ਉਨ੍ਹਾਂ ਲਈ 'ਰਾਈਡ ਆਨ' ਵਰਗ ਦੀਆਂ ਮਸ਼ੀਨਾਂ ਵਰਤੀਆਂ ਜਾਣ ਲੱਗੀਆਂ ਹਨ ਜੋ ਟਰੈਕਟਰ ਰੂਪੀ ਹੁੰਦੀਆਂ ਹਨ, ਜਿਸ ਉੱਪਰ ਬੈਠ ਕੇ ਚਾਰ ਪਹੀਆਂ ਵਾਲੀ ਮਸ਼ੀਨ ਨੂੰ ਟਰੈਕਟਰ ਦੀ ਤਰ੍ਹਾਂ ਚਲਾਇਆ ਜਾਂਦਾ ਹੈ | ਬਿਜਲੀ, ਡੀਜ਼ਲ, ਪੈਟਰੋਲ ਅਤੇ ਮਨੁੱਖੀ ਹੱਥਾਂ ਨਾਲ ਚੱਲਣ ਵਾਲੀਆਂ ਮਸ਼ੀਨਾਂ ਤੋਂ ਇਲਾਵਾ ਵਿਦੇਸ਼ਾਂ ਵਿਚ ਤਾਂ ਬੈਟਰੀ ਨਾਲ ਚੱਲਣ ਵਾਲੀਆਂ ਰੋਬੋਟ ਮਸ਼ੀਨਾਂ ਵੀ ਖੂਬ ਪ੍ਰਚਲਿਤ ਹਨ, ਜਿਹੜੀਆਂ ਹੁਣ ਸ਼ੌਕੀਨ ਲੋਕ ਸਾਡੇ ਦੇਸ਼ ਵਿਚ ਵੀ ਲਿਆਉਣ ਲੱਗੇ ਹਨ | ਇਕ ਹੋਰ ਮਸ਼ੀਨ ਦੀ ਕਿਸਮ ਜਿਸ ਨੂੰ 'ਹੋਟਰ' ਟਾਈਪ ਕਿਹਾ ਜਾਂਦਾ ਹੈ, ਜੋ ਹਵਾ ਦੇ ਪ੍ਰੈਸ਼ਰ ਨਾਲ ਤਕਨਾਲੋਜੀ ਆਧਾਰਿਤ ਹੁੰਦੀ ਹੈ ਅਤੇ ਸਾਡੇ ਦੇਸ਼ ਵਿਚ ਪ੍ਰਚਲਿਤ ਨਹੀਂ ਹੈ | ਕਾਫ਼ੀ ਵੱਡਆਕਾਰੀ ਸੰਸਥਾਵਾਂ ਵਿਚ ਘਾਹ ਕੱਟਣ ਲਈ ਟਰੈਕਟਰ ਦੇ ਪਿੱਛੇ 'ਸ਼ਰੱਬ ਮਾਸਟਰ' ਨਾਂਅ ਦਾ ਯੰਤਰ ਫਿਟ ਕਰ ਕੇ ਚਲਾਇਆ ਜਾਂਦਾ ਹੈ |
ਖੇਤੀ, ਬਾਗ਼ਬਾਨੀ ਜਾਂ ਬਗੀਚੀਆਂ ਵਿਚ ਮਿੱਟੀ ਦੇ ਕੰਮਾਂ ਲਈ 'ਕਹੀ' ਸਾਡਾ ਬਹੁਤ ਹੀ ਪੁਰਾਣਾ ਤੇ ਮਹੱਤਵਪੂਰਨ ਸੰਦ ਹੈ | ਅਸੀਂ ਮਿੱਟੀ ਪੁੱਟਣ, ਢੇਰੀ ਲਾਉਣ, ਵੱਟਾਂ ਬਣਾਉਣ ਆਦਿ ਲਈ ਕਹੀ ਦੀ ਹੀ ਵਰਤੋਂ ਕਰਦੇ ਹਾਂ | ਹੋਰਨਾਂ ਸੂਬਿਆਂ ਜਾਂ ਦੇਸ਼ਾਂ ਵਿਚ ਬੇਲਚੇ ਦੀ ਵੀ ਕਾਫੀ ਵਰਤੋਂ ਕੀਤੀ ਜਾਂਦੀ ਹੈ | ਬਗੀਚੀਆਂ ਵਿਚ ਖਾਦਾਂ ਜਾਂ ਖਾਸਕਰ ਨਦੀਨਨਾਸ਼ਕ ਜਾਂ ਫਿਰ ਕੀੜੇਮਾਰ ਦਵਾਈਆਂ ਆਦਿ ਸਪਰੇਅ ਕਰਨ ਲਈ ਕਈ ਤਰ੍ਹਾਂ ਦੇ ਪੰਪ ਵਰਤੇ ਜਾਂਦੇ ਹਨ | ਉੱਚੇ ਲੰਮੇ ਰੁੱਖਾਂ ਜਾਂ ਵੱਡੀਆਂ ਬਗੀਚੀਆਂ ਲਈ ਅੱਜਕਲ੍ਹ ਮਾਰਕੀਟ ਵਿਚ ਅਨੇਕਾਂ ਹੀ ਤਰ੍ਹਾਂ ਦੇ ਸਪਰੇਅ ਪੰਪ ਮਿਲ ਜਾਂਦੇ ਹਨ | ਤੰਗਲੀਨੁਮਾ ਰੇਕ ਜਾਂ ਫੋਕਰ ਵੀ ਬਗੀਚੀਆਂ ਵਿਚ ਅਨੇਕਾਂ ਤਰ੍ਹਾਂ ਸਾਡੇ ਕੰਮ ਆਉਂਦੇ ਹਨ | ਇਨ੍ਹਾਂ ਦੀ ਲੋੜ ਅਤੇ ਕੰਮ ਅਨੁਸਾਰ ਦਿੱਖ ਅਤੇ ਅਕਾਰ ਹੁੰਦਾ ਹੈ | ਜ਼ਮੀਨ ਪੋਲੀ ਕਰਨ, ਵਾਧੂ ਪੱਤੇ ਆਦਿ ਇਕੱਠੇ ਕਰਨ ਜਾਂ ਫਿਰ ਕਿਆਰੀਆਂ ਵਿਚ ਕਈ ਰੂਪਾਂ ਵਿਚ ਵਰਤਿਆ ਜਾਂਦਾ ਹੈ |
ਪਾਣੀ ਵਾਲੀ ਪਾਈਪ ਦਾ ਬਗੀਚੀ ਵਿਚ ਹੋਣਾ ਬੜਾ ਅਹਿਮ ਹੁੰਦਾ ਹੈ | ਪਾਣੀ ਦੇ ਕਾਰਜਾਂ ਬਿਨਾਂ ਸੰੁਦਰ ਬਗੀਚੀ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ | ਬਗੀਚੀ ਵਿਚ ਛੋਟੇ-ਮੋਟੇ ਸਾਮਾਨ, ਖਾਦ, ਬੂਟੇ ਆਦਿ ਇਕ ਪਾਸੇ ਤੋਂ ਦੂਜੇ ਪਾਸੇ ਲਿਜਾਣ ਖਾਤਿਰ ਇਕ ਪਹੀਏ ਵਾਲੀ ਰੇਹੜੀ ਬਹੁਤ ਹੀ ਕੰਮ ਦਾ ਸੰਦ ਹੈ, ਜਿਸ ਦੇ ਬਿਨਾਂ ਵੀ ਕਈ ਕਾਰਜ ਕਠਿਨ ਹੋ ਜਾਂਦੇ ਹਨ | ਬਗੀਚੀ ਵਿਚ ਕੰਮ ਆਉਣ ਵਾਲੇ ਸੰਦਾਂ ਬਾਬਤ ਇਕ ਹੋਰ ਅਹਿਮ ਨੁਕਤਾ ਇਹ ਹੈ ਕਿ ਸੰਦ ਖਰੀਦਣ ਤੋਂ ਪਹਿਲਾਂ ਤੁਸੀਂ ਸੰਦ ਰੱਖਣ ਲਈ ਜਗ੍ਹਾ ਜ਼ਰੂਰ ਨਿਸ਼ਚਿਤ ਕਰੋ ਜੋ ਮੀਂਹ-ਕਣੀ ਤੋਂ ਰਹਿਤ ਹੋਣਾ ਚਾਹੀਦਾ ਹੈ | ਹਰ ਸੰਦ ਨੂੰ ਉਸ ਜਗ੍ਹਾ 'ਤੇ ਰੱਖਣ ਤੋਂ ਪਹਿਲਾਂ ਸਾਫ਼ ਕਰਨਾ ਬੜਾ ਲਾਜ਼ਮੀ ਹੁੰਦਾ ਹੈ | ਕਾਫ਼ੀ ਸੰਦਾਂ ਨੂੰ ਤੇਲ, ਗਰੀਸ ਆਦਿ ਦੀ ਲੋੜ ਹੁੰਦੀ ਹੈ, ਜੋ ਸਮੇਂ-ਸਮੇਂ 'ਤੇ ਦਿੰਦੇ ਰਹਿਣਾ ਚਾਹੀਦਾ ਹੈ | ਅਣਜਾਣ ਆਦਮੀ ਜਾਂ ਮਾਲੀ ਕਈ ਵਾਰ ਕਾਫ਼ੀ ਮਹਿੰਗੇ ਸੰਦਾਂ ਦਾ ਸੱਤਿਆਨਾਸ ਵੀ ਕਰ ਦਿੰਦੇ ਹਨ | ਨਵੀਂ ਤਕਨਾਲੋਜੀ ਖਾਸ ਕਰ ਵਿਦੇਸ਼ੀ ਕੰਪਨੀਆਂ ਦੇ ਬਣੇ ਸੰਦਾਂ ਨੂੰ ਚਲਾਉਣ ਤੋਂ ਪਹਿਲਾਂ ਸਮਝਣਾ ਜ਼ਿਆਦਾ ਲਾਜ਼ਮੀ ਹੁੰਦਾ ਹੈ | ਸੰਦ ਹਮੇਸ਼ਾ ਚੰਗੀ ਕੰਪਨੀ ਦੇ ਹੀ ਖਰੀਦਣੇ ਚਾਹੀਦੇ ਹਨ, ਚੰਗੇ ਤੋਂ ਭਾਵ ਲੰਮਾ ਸਮਾਂ ਚੱਲਣ ਵਾਲੇ ਨਾ ਕਿ ਮਹਿੰਗੇ | ਜ਼ਰੂਰੀ ਨਹੀਂ ਹੁੰਦਾ ਕਿ ਮਹਿੰਗਾ ਸੰਦ ਜਾਂ ਮਸ਼ੀਨ ਬਿਹਤਰ ਹੀ ਹੋਵੇਗੀ | ਤਕਨਾਲੋਜੀ ਦੇ ਇਸ ਯੁੱਗ ਵਿਚ ਹਰ ਦਿਨ ਨਵੀਂ ਮਸ਼ੀਨ ਬਾਜ਼ਾਰ ਵਿਚ ਆਉਂਦੀ ਹੈ | ਆਪਾਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਸੰਦ ਹਮੇਸ਼ਾ ਲੋੜ ਅਨੁਸਾਰ ਖਰੀਦੇ ਜਾਣ ਅਤੇ ਉਨ੍ਹਾਂ ਦੀ ਸੁਚੱਜੀ ਸਾਂਭ-ਸੰਭਾਲ ਉਪਰ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ | ਜੇਕਰ ਸਾਡੀ ਸੰਦਾਂ ਦੀ ਸਹੀ ਸੰਭਾਲ ਤੇ ਚੋਣ ਸਹੀ ਹੋਵੇਗੀ ਤਾਂ ਬਗੀਚੀ ਦਾ ਸੰੁਦਰ ਤੇ ਮਨਮੋਹਕ ਬਣਨਾ ਸੁਭਾਵਿਕ ਹੋਵੇਗਾ |

-ਮੋਬਾਈਲ : 98142-39041.
landscapingpeople@rediffmail.com


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX