ਤਾਜਾ ਖ਼ਬਰਾਂ


ਆਈ.ਪੀ.ਐੱਲ : 2019 - ਰੋਮਾਂਚਕ ਮੁਕਾਬਲੇ 'ਚ ਬੈਂਗਲੌਰ ਨੇ ਚੇਨਈ ਨੂੰ 1 ਦੌੜ ਨਾਲ ਹਰਾਇਆ
. . .  1 day ago
ਕੱਲ੍ਹ ਤੋਂ ਅਧਿਆਪਕ ਲਗਾਤਾਰ ਕਰਨਗੇ ਅਰਥੀ ਫ਼ੂਕ ਮੁਜ਼ਾਹਰੇ
. . .  1 day ago
ਸੰਗਰੂਰ, 21 ਅਪ੍ਰੈਲ - (ਧੀਰਜ ਪਿਸ਼ੌਰੀਆ) ਕੱਚੇ ਅਧਿਆਪਕਾਂ ਨੂੰ ਪੱਕਾ ਕਰਨ ਸਮੇਤ ਕਈ ਮੰਗਾਂ ਨੂੰ ਲੈ ਕੇ ਕੱਲ੍ਹ 22 ਅਪ੍ਰੈਲ ਤੋਂ ਅਧਿਆਪਕ ਪੂਰੇ ਰਾਜ ਵਿਚ ਅਧਿਆਪਕ ਸੰਘਰਸ਼ ਕਮੇਟੀ ਦੀ...
ਮੌਲਵੀ ਉੱਪਰ ਜਾਨਲੇਵਾ ਹਮਲਾ
. . .  1 day ago
ਖੇਮਕਰਨ, 21 ਅਪ੍ਰੈਲ (ਰਾਕੇਸ਼ ਕੁਮਾਰ ਬਿੱਲਾ) - ਸ੍ਰੀਲੰਕਾ ਵਿਖੇ ਸੀਰੀਅਲ ਬੰਬ ਧਮਾਕਿਆਂ ਤੋਂ ਬਾਅਦ ਖੇਮਕਰਨ ਵਿਖੇ ਇੱਕ ਮਸਜਿਦ ਦੇ ਮੌਲਵੀ ਉੱਪਰ ਇੱਕ ਵਿਅਕਤੀ ਨੇ ਤੇਜ਼ਧਾਰ...
ਆਈ.ਪੀ.ਐੱਲ : 2019 - ਬੈਂਗਲੌਰ ਨੇ ਚੇਨਈ ਨੂੰ ਜਿੱਤਣ ਲਈ ਦਿੱਤਾ 162 ਦੌੜਾਂ ਦਾ ਟੀਚਾ
. . .  1 day ago
ਅਗਵਾ ਹੋਏ ਵਪਾਰੀ ਦੀ ਲਾਸ਼ ਬਰਾਮਦ
. . .  1 day ago
ਜਲਾਲਾਬਾਦ, 21 ਅਪ੍ਰੈਲ (ਕਰਨ ਚੁਚਰਾ) - ਵੀਰਵਾਰ ਦੀ ਸ਼ਾਮ ਨੂੰ ਅਗਵਾ ਹੋਏ ਜਲਾਲਾਬਾਦ ਦੇ ਵਪਾਰੀ ਅਤੇ ਮੰਡੀ ਪੰਜੇਕੇ ਵਸਨੀਕ ਸੁਮਨ ਮੁਟਨੇਜਾ ਦੀ ਲਾਸ਼ ਫ਼ਾਜ਼ਿਲਕਾ ਅਤੇ ਅਬੋਹਰ...
ਚੌਧਰੀ ਬੱਗਾ ਦੀ 2 ਸਾਲ ਬਾਅਦ ਅਕਾਲੀ ਦਲ ਵਿਚ ਘਰ ਵਾਪਸੀ
. . .  1 day ago
ਲੁਧਿਆਣਾ, 21 ਅਪ੍ਰੈਲ ( ਪੁਨੀਤ ਬਾਵਾ)2019 ਦੀ ਵਿਧਾਨ ਸਭਾ ਚੋਣ ਦੌਰਾਨ ਅਕਾਲੀ ਦਲ ਤੋਂ ਬਾਗ਼ੀ ਹੋ ਕੇ ਆਜ਼ਾਦ ਵਿਧਾਨ ਸਭਾ ਹਲਕਾ ਉਤਰੀ ਤੋਂ ਚੋਣ ਲੜਨ ਵਾਲੇ ਚੌਧਰੀ ਮਦਨ ਲਾਲ ਬੱਗਾ...
ਬਾਲੀਵੁੱਡ ਅਭਿਨੇਤਰੀ ਕ੍ਰਿਸ਼ਮਾ ਕਪੂਰ ਸ੍ਰੀ ਹਰਿਮੰਦਰ ਸਾਹਿਬ ਦਰਸ਼ਨ ਕਰਨ ਪੁੱਜੇ
. . .  1 day ago
ਅੰਮ੍ਰਿਤਸਰ, 21 ਅਪ੍ਰੈਲ (ਜਸਵੰਤ ਸਿੰਘ ਜੱਸ) - ਬਾਲੀਵੁੱਡ ਅਭਿਨੇਤਰੀ ਅਤੇ ਕਪੂਰ ਖਾਨਦਾਨ ਦੀ ਬੇਟੀ ਕ੍ਰਿਸ਼ਮਾ ਕਪੂਰ ਅੱਜ ਸ਼ਾਮ ਸ੍ਰੀ ਹਰਿਮੰਦਰ ਸਾਹਿਬ ਦਰਸ਼ਨ ਕਰਨ ਪੁੱਜੇ। ਉਹ...
ਹਰਦੀਪ ਸਿੰਘ ਪੁਰੀ ਹੋਣਗੇ ਅੰਮ੍ਰਿਤਸਰ ਤੋਂ ਭਾਜਪਾ ਉਮੀਦਵਾਰ
. . .  1 day ago
ਨਵੀਂ ਦਿੱਲੀ, 21 ਅਪ੍ਰੈਲ - ਭਾਰਤੀ ਜਨਤਾ ਪਾਰਟੀ ਵੱਲੋਂ ਅੱਜ ਲੋਕ ਸਭਾ ਚੋਣਾਂ ਲਈ 7 ਹੋਰ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਗਈ, ਜਿਸ ਵਿਚ ਅੰਮ੍ਰਿਤਸਰ ਲੋਕ-ਸਭਾ ਹਲਕੇ ਤੋਂ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ...
ਆਈ.ਪੀ.ਐੱਲ : 2019 - ਟਾਸ ਜਿੱਤ ਕੇ ਚੇਨਈ ਵੱਲੋਂ ਬੈਂਗਲੌਰ ਨੂੰ ਪਹਿਲਾ ਬੱਲੇਬਾਜ਼ੀ ਦਾ ਸੱਦਾ
. . .  1 day ago
ਆਈ.ਪੀ.ਐੱਲ : 2019 - ਹੈਦਰਾਬਾਦ ਨੇ ਕੋਲਕਾਤਾ ਨੂੰ 9 ਵਿਕਟਾਂ ਨਾਲ ਦਿੱਤੀ ਕਰਾਰੀ ਹਾਰ
. . .  1 day ago
ਹੋਰ ਖ਼ਬਰਾਂ..

ਸਾਡੇ ਪਿੰਡ ਸਾਡੇ ਖੇਤ

ਹਰੇ ਚਾਰਿਆਂ ਵਿਚਲੇ ਜ਼ਹਿਰੀਲੇ ਖ਼ੁਰਾਕੀ ਤੱਤਾਂ ਦੇ ਕਾਰਨ ਅਤੇ ਨਿਸ਼ਾਨੀਆਂ

ਪਸ਼ੂ ਰੱਖਣ ਵਾਲੇ ਇਕ ਸਫ਼ਲ ਕਿਸਾਨ ਲਈ ਸਾਰਾ ਸਾਲ ਹੀ ਹਰਾ ਚਾਰਾ ਪੈਦਾ ਕਰਨਾ ਬਹੁਤ ਜ਼ਰੂਰੀ ਹੈ। ਪੰਜਾਬ ਵਿਚ ਇਸ ਵੇਲੇ 81.2 ਲਖ (62.4 ਲੱਖ ਵਡੇ) ਪਸ਼ੂ ਹਨ। ਇੰਨੇ ਪਸ਼ੂਆਂ ਨੂੰ ਪੂਰਾ ਤੇ ਚੰਗਾ ਚਾਰਾ ਦੇਣ ਲਈ ਚਾਰੇ ਦੀ ਪੈਦਾਵਾਰ ਵਿਚ ਵਾਧੇ ਦੀ ਲੋੜ ਹੈ। ਹਰੇ ਚਾਰੇ ਨਾ ਸਿਰਫ਼ ਦੁੱਧ ਦੀ ਪੈਦਾਵਾਰ ਵਿਚ ਵਾਧਾ ਕਰਨ ਵਿਚ ਮਦਦ ਕਰਦੇ ਹਨ, ਸਗੋਂ ਸੁੱਕੇ ਚਾਰਿਆਂ ਅਤੇ ਦਾਣਿਆਂ ਨਾਲੋਂ ਹਰੇ ਚਾਰਿਆਂ ਰਾਹੀਂ ਖੁਰਾਕੀ ਤੱਤ ਸਪਲਾਈ ਕਰਨੇ ਬਹੁਤ ਸਸਤੇ ਰਹਿੰਦੇ ਹਨ। ਪ੍ਰੰਤੂ ਕਈ ਵਾਰ ਇਨ੍ਹਾਂ ਚਾਰਿਆਂ ਵਿਚ ਜ਼ਹਿਰੀਲਾ ਮਾਦਾ ਪੈਦਾ ਹੋ ਜਾਂਦਾ ਹੈ ਅਤੇ ਇਹ ਪਸ਼ੂਆਂ ਨੂੰ ਖੁਆਉਣ ਯੋਗ ਨਹੀਂ ਰਹਿੰਦੇ। ਸੋ, ਹਰੇ ਚਾਰਿਆਂ ਨੂੰ ਚਾਰਨ ਸਮੇਂ ਹੇਠ ਲਿਖੇ ਜ਼ਰੂਰੀ ਨੁਕਤੇ ਜ਼ਰੂਰ ਵਿਚਾਰਨੇ ਚਾਹੀਦੇ ਹਨ:
1. ਨਾਈਟ੍ਰੇਟਨਾਈਟਰਾਈਟ : ਹਰੇ ਚਾਰੇ ਜਿਵੇਂ ਕਿ ਜਵੀ, ਮਕੀ,ਜੌਂ, ਸ਼ਲਗਮ ਅਤੇ ਚਕੰਦਰ ਵਿਚ ਕਈ ਵਾਰ ਇਹ ਜ਼ਹਿਰੀਲਾ ਮਾਦਾ ਪਾਇਆ ਜਾਦਾ ਹੈ। ਕਈ ਨਦੀਨ ਜਿਵੇਂ ਕਿ ਚੁਪਤੀ/ਇਟਸਿਟ ਵਿਚ ਜ਼ਹਿਰੀਲਾ ਮਾਦਾ 0.2 ਪ੍ਰਤੀਸ਼ਤ (2000 ਪੀ.ਪੀ.ਐਮ.) ਤੋਂ ਜ਼ਿਆਦਾ ਹੁੰਦਾ ਹੈ, ਜੋ ਪਸ਼ੂਆਂ ਲਈ ਘਾਤਕ ਹੁੰਦਾ ਹੈ। ਜ਼ਿਆਦਾ ਨਾਈਟ੍ਰੋਜਨ ਜਾਂ ਰੂੜੀ ਦੀ ਖਾਦ ਪਾਉਣ ਨਾਲ ਪੌਦਿਆਂ ਵਿਚ ਨਾਈਟ੍ਰੇਟ ਜ਼ਿਆਦਾ ਮਾਤਰਾ ਵਿਚ ਜਮ੍ਹਾਂ ਹੋ ਜਾਂਦਾ ਹੈ। ਸੋਕੇ ਦੀ ਹਾਲਤ ਵਿਚ ਜਾਂ 2,4 ਡੀ ਨਦੀਨਨਾਸ਼ਕ ਪਾਉਣ ਨਾਲ ਵੀ ਇਹ ਮਾਦਾ ਜ਼ਿਆਦਾ ਹੋ ਜਾਂਦਾ ਹੈ। ਨਾਈਟ੍ਰੇਟ ਪਸ਼ੂਆਂ ਦਾ ਸਿੱਧਾ ਨੁਕਸਾਨ ਨਹੀਂ ਕਰਦਾ ਪਰ ਇਸ ਤੋਂ ਤਬਦੀਲ ਹੋਈ ਨਾਈਟਰਾਈਟ ਜ਼ਹਿਰੀਲੀ ਹੁੰਦੀ ਹੈ। ਇਹ ਨਾਈਟਰਾਈਟ ਖੂਨ ਵਿਚਲੇ ਹਿਮੋਗਲੋਬਿਨ ਨੂੰ ਮੈਥਹਿਮੋਗਲੋਬਿਨ ਵਿਚ ਤਬਦੀਲ ਕਰ ਦਿੰਦੀ ਹੈ, ਜਿਸ ਨਾਲ ਖੂਨ ਵਿਚ ਆਕਸੀਜਨ ਦਾ ਵਹਾਅ ਘੱਟ ਜਾਂਦਾ ਹੈ। ਇਸ ਨਾਲ ਪਸ਼ੂਆਂ ਦੀ ਸਿਹਤ 'ਤੇ ਮਾੜਾ ਅਸਰ ਪੈਂਦਾ ਹੈ ਤੇ ਦੁੱਧ ਘੱਟ ਜਾਂਦਾ ਹੈ। ਜ਼ਿਆਦਾ ਜ਼ਹਿਰ ਹੋਣ ਕਾਰਨ ਪਸ਼ੂਆਂ ਦਾ ਬੱਚਾ ਡਿਗ ਪੈਂਦਾ ਹੈ ਤੇ ਪਸ਼ੂਆਂ ਦੀ ਮੌਤ ਵੀ ਹੋ ਸਕਦੀ ਹੈ। ਮਾਦਾ ਪਸ਼ੂਆਂ ਦੀ ਪਿਸ਼ਾਬ ਵਾਲੀ ਥਾਂ ਅੰਦਰੋਂ ਨੀਲੀ ਹੋ ਜਾਂਦੀ ਹੈ, ਜਿਹੜਾ ਕਿ ਇਸ ਜ਼ਹਿਰ ਦਾ ਪ੍ਰਮੁੱਖ ਲਛਣ ਹੈ। ਇਸ ਤੋਂ ਬਿਨਾਂ ਪਸ਼ੂਆਂ ਨੂੰ ਸਾਹ ਔਖਾ ਆਉਂਦਾ ਹੈ ਉਹ ਦੰਦ ਚਬਾਉਂਦੇ ਹਨ, ਮੂੰਹ ਵਿਚੋਂ ਲਾਰਾਂ ਡਿਗਦੀਆਂ ਹਨ, ਪਸ਼ੂ ਔਖਾ ਮਹਿਸੂਸ ਕਰਦਾ ਹੈ ਅਤੇ ਨਬਜ਼ ਦੀ ਦਰ ਵੱਧ ਜਾਂਦੀ ਹੈ। ਮਿਥਾਈਲੀਨਬਲਯੂ ਜਾਂ ਅਸਕਾਰਬਿਕ ਐਸਿਡ ਦੇਣ ਨਾਲ ਮੈਥਹਿਮੋਗਲੋਬਿਨ ਨੂੰ ਹਿਮੋਗਲੋਬਿਨ ਵਿਚ ਤਬਦੀਲ ਕੀਤਾ ਜਾ ਸਕਦਾ ਹੈ, ਜਿਸ ਨਾਲ ਨਾਈਅਰਾਈਟ ਦਾ ਅਸਰ ਘੱਟ ਕੀਤਾ ਜਾ ਸਕਦਾ ਹੈ।
2. ਆਗਜ਼ਾਲੇਟ : ਪੰਜਾਬ ਵਿਚ ਜੋ ਹਰੇ ਚਾਰੇ ਉਗਾਏ ਜਾਂਦੇ ਹਨ ਉਨ੍ਹਾਂ ਵਿਚ ਇਸ ਦੀ ਮਾਤਰਾ ਜ਼ਿਆਦਾ ਨਹੀਂ ਹੁੰਦੀ ਲੇਕਿਨ ਥੋੜ੍ਹੀ ਮਾਤਰਾ ਵਾਲੇ ਹਰੇ ਚਾਰੇ ਜਿਵੇਂ ਕਿ ਗਿੰਨੀ ਘਾਹ, ਬਾਜਰਾ, ਨੇਪੀਆਰ ਬਾਜਰਾ ਹਾਈਬ੍ਰਿਡ ਅਤੇ ਕਈ ਤਰ੍ਹਾਂ ਦੇ ਨਦੀਨ ਜਿਵੇਂ ਕਿ ਇਟਸਿਟ/ਚੁਪਤੀ ਅਤੇ ਪਰਾਲੀ (ਹਰਾ ਪਦਾਰਥ ਨਹੀਂ ਹੈ) ਲਗਾਤਾਰ ਪਾਉਣ ਨਾਲ ਇਸ ਦਾ ਅਸਰ ਪਸ਼ੂਆਂ 'ਤੇ ਹੋ ਜਾਂਦਾ ਹੈ। ਨਾਈਟ੍ਰੋਜ਼ਨ ਤੇ ਪੋਟਾਸ਼ ਵਾਲੀਆਂ ਖਾਦਾਂ ਜ਼ਿਆਦਾ ਪਾਉਣ ਨਾਲ ਵੀ ਇਸ ਦੀ ਮਾਤਰਾ ਜ਼ਿਆਦਾ ਹੋ ਜਾਂਦੀ ਹੈ। ਆਗਜ਼ਾਲੇਟ ਦੋ ਪ੍ਰਕਾਰ ਦੇ ਹੁੰਦੇ ਹਨ, ਘੁਲਣਯੋਗ ਤੇ ਨਾਘੁਲਣਯੋਗ। ਨਾਘੁਲਣਯੋਗ ਆਗਜ਼ਾਲੇਟ ਖ਼ਤਰਨਾਕ ਨਹੀਂ ਹੁੰਦੇ, ਕਿਉਂਕਿ ਇਹ ਪਸ਼ੂਆਂ ਦੇ ਸਰੀਰ ਵਿਚੋਂ ਮਲਮੂਤਰ ਰਾਹੀਂ ਬਾਹਰ ਚਲੇ ਜਾਂਦੇ ਹਨ। ਘੁਲਣਯੋਗ ਆਗਜ਼ਾਲੇਟ ਨੁਕਸਾਨਦੇਹ ਹੁੰਦੇ ਹਨ ਕਿਉਂਕਿ ਇਹ ਕਾਰਬੋਨੇਟ ਤੇ ਬਾਈਕਾਰਬੋਨੇਟ ਵਿਚ ਟੁੱਟ ਜਾਂਦੇ ਹਨ। ਜੇਕਰ ਆਗਜ਼ਾਲੇਟ ਦੀ ਮਾਤਰਾ ਪਸ਼ੂਆਂ ਦੇ ਸਰੀਰਕ ਭਾਰ ਦਾ 0.1 ਪ੍ਰਤੀਸ਼ਤ ਤੋਂ ਘੱਟ ਹੈ ਤਾਂ ਇਹ ਨੁਕਸਾਨ ਨਹੀਂ ਕਰਦੀ ਲੇਕਿਨ ਭੁੱਖੇ ਪਸ਼ੂਆਂ ਲਈ ਇਹ ਮਾਤਰਾ ਖ਼ਤਰਨਾਕ ਸਿੱਧ ਹੋ ਸਕਦੀ ਹੈ। ਹਰੇ ਚਾਰੇ ਜਿਨ੍ਹਾਂ ਵਿਚ ਆਗਜ਼ਾਲੇਟ ਦੀ ਮਾਤਰਾ 10 ਪ੍ਰਤੀਸ਼ਤ ਤੋਂ ਜ਼ਿਆਦਾ ਹੈ, ਪਸ਼ੂਆਂ ਦਾ ਨੁਕਸਾਨ ਕਰਦੇ ਹਨ। ਜੁਗਾਲੀ ਕਰਨ ਵਾਲੇ ਪਸ਼ੂਆਂ ਦੇ ਸਰੀਰ ਵਿਚ ਇਹ ਜ਼ਹਿਰ ਛੇਤੀ ਚਲੀ ਜਾਂਦੀ ਹੈ ਤੇ ਗੁਰਦਿਆਂ 'ਤੇ ਮਾੜਾ ਅਸਰ ਕਰਦੀ ਹੈ। ਇਸ ਨਾਲ ਪਸ਼ੂਆਂ ਵਿਚ ਕੈਲਸ਼ੀਅਮ ਦੀ ਘਾਟ ਆ ਜਾਂਦੀ ਹੈ ਅਤੇ ਗੁਰਦੇ ਵਿਚ ਪੱਥਰੀ ਬਣ ਜਾਂਦੀ ਹੈ। ਇਸ ਜ਼ਹਿਰ ਕਾਰਨ ਪਸ਼ੂ ਸਾਹ ਲੈਣ ਵਿਚ ਔਖ ਮਹਿਸੂਸ ਕਰਦੇ ਹਨ, ਨੱਕ ਵਗਦਾ ਹੈ, ਮੂੰਹ ਵਿਚੋਂ ਝੱਗ ਆਉਂਦੀ ਹੈ, ਕਬਜ਼ ਹੋ ਜਾਂਦੀ ਹੈ, ਪਸ਼ੂ ਕਮਜ਼ੋਰ ਹੋ ਜਾਂਦਾ ਹੈ, ਬੇਹੋਸ਼ ਹੋ ਜਾਂਦਾ ਹੈ ਤੇ ਮੌਤ ਵੀ ਹੋ ਸਕਦੀ ਹੈ। ਇਸ ਤੋਂ ਬਚਾਅ ਲਈ ਪਸ਼ੂਆਂ ਨੂੰ ਕੈਲਸ਼ੀਅਮ, ਡਾਈਕੈਲਸ਼ੀਅਮਫਾਸਫੇਟ ਅਤੇ ਕੈਲਸ਼ੀਅਮਕਾਰਬੋਰੇਟ ਦੇ ਰੂਪ ਵਿਚ ਖੁਰਾਕ ਵਿਚ ਦੇਣਾ ਚਾਹੀਦਾ ਹੈ। ਧਾਤਾਂ ਦਾ ਚੂਰਾ ਪਾਉਣ ਨਾਲ ਵੀ ਪਸ਼ੂਆਂ ਦੀ ਸਿਹਤ ਠੀਕ ਰੱਖੀ ਜਾ ਸਕਦੀ ਹੈ। (ਬਾਕੀ ਅਗਲੇ ਅੰਕ 'ਚ)


-ਅਮਨਪ੍ਰੀਤ, ਸਾਹਿਬਾ ਮਾਨ ਗਰੇਵਾਲ ਅਤੇ ਅਮਨਦੀਪ ਸਿੰਘ ਬਰਾੜ
ਕ੍ਰਿਸ਼ੀ ਵਿਗਿਆਨ ਕੇਂਦਰ, ਮੋਗਾ।


ਖ਼ਬਰ ਸ਼ੇਅਰ ਕਰੋ

ਕਨੋਲਾ ਸਰ੍ਹੋਂ

ਗੁਣਵੱਤਾ, ਕਾਸ਼ਤ ਅਤੇ ਸਾਂਭ-ਸੰਭਾਲ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਰਾਇਆ
ਆਰ ਐਲ ਸੀ 3: ਇਹ ਰਾਇਆ ਦੀ ਪੂਰੇ ਭਾਰਤ ਵਿਚ ਪਹਿਲੀ ਕਨੋਲਾ ਕਿਸਮ ਹੈ। ਇਸ ਕਿਸਮ ਦੇ ਦਾਣੇ ਪੀਲੇ, ਕੱਦ ਦਰਮਿਆਨਾ ਅਤੇ ਸੇਂਜੂ ਹਾਲਤਾਂ ਵਿਚ ਸਮੇਂ ਸਿਰ ਬਿਜਾਈ ਲਈ ਬਹੁਤ ਢੁਕਵੀਂ ਹੈ। ਇਹ ਕਿਸਮ ਚਿੱਟੀ ਕੁੰਗੀ ਨੂੰ ਸਹਿ ਸਕਦੀ ਹੈ। ਇਸ ਦਾ ਔਸਤ ਝਾੜ 7.3 ਕੁਇੰਟਲ ਪ੍ਰਤੀ ਏਕੜ ਹੈ ਅਤੇ ਤੇਲ ਦੀ ਮਾਤਰਾ 41.5 ਪ੍ਰਤੀਸ਼ਤ ਹੈ । ਇਹ 145 ਦਿਨਾਂ ਵਿਚ ਪੱਕ ਜਾਂਦੀ ਹੈ।
ਬਿਜਾਈ ਸਮਾਂ: ਇਹ ਕਨੋਲਾ ਕਿਸਮਾਂ ਦੂਸਰੀਆਂ ਗੋਭੀ ਸਰ੍ਹੋਂ ਅਤੇ ਰਾਇਆ ਸਰ੍ਹੋਂ ਕਿਸਮਾਂ ਵਾਂਗ ਹੀ ਸੇਂਜੂ ਹਾਲਤਾਂ ਵਿਚ ਲਗਭਗ ਸਾਰੀ ਤਰ੍ਹਾਂ ਦੀਆਂ ਜ਼ਮੀਨਾਂ ਵਿਚ ਵਧੀਆ ਹੁੰਦੀਆਂ ਹਨ। ਗੋਭੀ ਸਰ੍ਹੋਂ ਪੀ. ਏ. ਸੀ. 401, ਜੀ. ਐਸ. ਸੀ. 6 ਅਤੇ ਜੀ. ਐਸ. ਸੀ. 7 ਕਿਸਮਾਂ ਅਕਤੂਬਰ 10 ਤੋਂ 30 ਤੱਕ ਅਤੇ ਰਾਇਆ ਆਰ ਐਲ ਸੀ 3 ਕਿਸਮ ਅੱਧ ਅਕਤੂਬਰ ਤੋਂ ਅੱਧ ਨਵੰਬਰ ਤੱਕ ਬੀਜੀ ਜਾ ਸਕਦੀ ਹੈ।
ਬਿਜਾਈ ਢੰਗ: ਬੀਜਣ ਲਈ ਖੇਤ ਨੂੰ 2 ਤੋਂ 4 ਵਾਰ ਵਾਹੋ ਅਤੇ ਹਰ ਵਾਹੀ ਬਾਅਦ ਸੁਹਾਗਾ ਜ਼ਰੂਰ ਫੇਰੋ। ਚੰਗੇ ਵੱਤਰ ਵਾਲੇ ਖੇਤ ਵਿਚ ਇਹ ਫ਼ਸਲਾਂ ਨਿਰੋਲ ਬਿਜਾਈ, ਦੋ-ਤਰਫ਼ਾ ਬਿਜਾਈ ਜਾਂ ਬਿਨਾਂ ਵਹਾਈ ਤੋਂ ਬਿਜਾਈ ਵਿਧੀਆਂ ਨਾਲ ਬੀਜੀਆਂ ਜਾ ਸਕਦੀਆਂ ਹਨ। ਡਰਿੱਲ ਜਾਂ ਪੋਰੇ ਨਾਲ 1.5 ਕਿਲੋ ਬੀਜ ਪ੍ਰਤੀ ਏਕੜ ਪਾ ਕੇ ਬਿਜਾਈ 30 ਸੈਂਟੀਮੀਟਰ ਵਿੱਥ ਵਾਲੀਆਂ ਲਾਈਨਾਂ ਵਿਚ, 10 ਤੋਂ 15 ਸੈਂਟੀਮੀਟਰ ਦੂਰੀ ਤੇ 4-5 ਸੈਂਟੀਮੀਟਰ ਡੂੰਘੀ ਕਰੋ। ਗੋਭੀ ਸਰ੍ਹੋਂ ਦੀ ਪਛੇਤੀ ਬਿਜਾਈ ਭਾਵ ਨਵੰਬਰ ਤੋਂ ਅੱਧ ਦਸੰਬਰ ਤੱਕ ਬੀਜਣ ਲਈ 30 ਦਿਨ ਪਹਿਲਾਂ ਤੋਂ ਤਿਆਰ ਕੀਤੀ ਪਨੀਰੀ 45 ਸੈਂਟੀਮੀਟਰ ਦੀ ਵਿੱਥ ਤੇ ਸਿਆੜਾਂ ਵਿਚ ਬੂਟੇ ਤੋਂ ਬੂਟੇ 10 ਤੋਂ 15 ਸੈਂਟੀਮੀਟਰ ਦੀ ਵਿੱਥ ਤੇ ਲਾਓ ਅਤੇ ਤੁਰੰਤ ਪਾਣੀ ਲਗਾਓ।
ਖਾਦਾਂ: ਖਾਦਾਂ ਦਾ ਇਸਤੇਮਾਲ ਮਿੱਟੀ ਪਰਖ ਰਿਪੋਰਟ ਅਨੁਸਾਰ ਹੀ ਕਰੋ ਜਾਂ ਦਰਮਿਆਨੀਆਂ ਜ਼ਮੀਨਾਂ ਵਿਚ ਯੂਰੀਆ 90 ਕਿਲੋ, ਸੁਪਰਫਾਸਫੇਟ 75 ਕਿਲੋ ਅਤੇ ਮਿਊਰੇਟ ਆਫ ਪੋਟਾਸ਼ 10 ਕਿਲੋ ਪਾਓ। ਸਾਰੀ ਫ਼ਾਸਫ਼ੋਰਸ, ਪੋਟਾਸ਼ ਅਤੇ ਅੱਧੀ ਨਾਈਟ੍ਰੋਜਨ ਬਿਜਾਈ ਸਮੇਂ ਪਾਉ। ਬਾਕੀ ਦੀ ਅੱਧੀ ਨਾਈਟ੍ਰੋਜਨ ਪਹਿਲੇ ਪਾਣੀ ਨਾਲ ਪਾਉ।
ਨਦੀਨਾਂ ਦੀ ਰੋਕਥਾਮ: ਬਿਜਾਈ ਤੋਂ 3 ਹਫ਼ਤੇ ਪਿੱਛੋਂ ਇਕ ਜਾਂ ਦੋ ਗੋਡੀਆਂ ਨਦੀਨਾਂ ਦੀ ਰੋਕਥਾਮ ਲਈ ਕਾਫ਼ੀ ਹੁੰਦੀਆਂ ਹਨ। ਇਹ ਗੋਡੀਆਂ ਹੱਥੀਂ ਖੁਰਪੇ ਨਾਲ ਜਾਂ ਹੈਂਡ-ਹੋ ਨਾਲ ਕੀਤੀਆਂ ਜਾ ਸਕਦੀਆਂ ਹਨ।
ਕਟਾਈ: ਮਾਰਚ ਦੇ ਅਖੀਰ ਜਾਂ ਜਦੋਂ ਫਲੀਆਂ ਪੀਲੀਆਂ ਹੋ ਜਾਣ ਤਾਂ ਫ਼ਸਲ ਕੱਟਣ ਲਈ ਤਿਆਰ ਹੋ ਜਾਂਦੀ ਹੈ। ਬੀਜ ਝੜਨ ਤੋਂ ਬਚਾਉਣ ਲਈ (ਖਾਸ ਕਰਕੇ ਗੋਭੀ ਸਰ੍ਹੋਂ) ਕਟਾਈ ਸਮੇਂ ਸਿਰ ਕਰਨੀ ਜ਼ਰੂਰੀ ਹੈ। ਕੱਟੀ ਹੋਈ ਫ਼ਸਲ ਗਾਹੁਣ ਤੋਂ 7-10 ਦਿਨ ਪਹਿਲਾਂ ਢੇਰ ਬਣਾ ਕੇ ਰੱਖਣੀ ਚਾਹੀਦੀ ਹੈ, ਜਿਸ ਨਾਲ ਬੀਜ ਆਸਾਨੀ ਨਾਲ ਨਿਕਲ ਆਉਂਦਾ ਹੈ । ਗਹਾਈ ਲਈ ਕਿੱਲੀਆਂ ਵਾਲਾ ਕਣਕ ਦਾ ਥਰੈਸ਼ਰ ਕੁਝ ਬਦਲਾਅ ਕਰਕੇ ਵੀ ਵਰਤਿਆ ਜਾ ਸਕਦਾ ਹੈ।
ਪੌਦ ਸੁਰੱਖਿਆ: ਇਨ੍ਹਾਂ ਫ਼ਸਲਾਂ ਉਤੇ ਕਈ ਕਿਸਮਾਂ ਦੇ ਕੀੜੇ ਹਮਲਾ ਕਰਦੇ ਹਨ ਜਿਨ੍ਹਾਂ ਦੀ ਸਹੀ ਪਹਿਚਾਣ ਅਤੇ ਰੋਕਥਾਮ ਵਧੀਆ ਝਾੜ ਲੈਣ ਲਈ ਜ਼ਰੂਰੀ ਹਨ। ਇਨ੍ਹਾਂ ਫ਼ਸਲਾਂ ਦੇ ਮੁੱਖ ਕੀੜੇ ਹੇਠ ਲਿਖੇ ਹਨ:
ਚੇਪਾ : ਇਹ ਛੋਟੇ ਤੇ ਜਵਾਨ ਕੀੜੇ, ਪੱਤਿਆਂ, ਨਰਮ ਟਾਹਣੀਆਂ ਤੇ ਫੁੱਲਾਂ ਦਾ ਰਸ ਚੂਸਦੇ ਹਨ। ਜਿਸ ਦੇ ਸਿੱਟੇ ਵੱਜੋਂ ਪੌਦਾ ਮੱਧਰਾ ਰਹਿ ਜਾਂਦਾ ਹੈ, ਫਲੀਆਂ ਸੁਕੜ ਜਾਂਦੀਆਂ ਹਨ ਅਤੇ ਬੀਜ ਨਹੀਂ ਬਣਦੇ । ਜਨਵਰੀ ਦੇ ਪਹਿਲੇ ਹਫ਼ਤੇ ਤੋਂ, ਇਕ ਦੂਜੇ ਤੋਂ ਦੂਰ-ਦੂਰ 12 ਤੋਂ 16 ਪੌਦੇ ਪ੍ਰਤੀ ਏਕੜ ਦੀ ਵਿਚਕਾਰਲੀ ਸ਼ਾਖ ਦੇ ਸਿਰੇ ਤੇ 50 ਤੋਂ 60 ਚੇਪੇ ਪ੍ਰਤੀ 10 ਸੈਂਟੀਮੀਟਰ ਜਾਂ ਜਦੋਂ ਬੂਟੇ ਦੀ ਵਿਚਕਾਰਲੀ ਸ਼ਾਖ ਦਾ ਸਿਰਾ 0.5 ਤੋਂ 1.0 ਸੈਂਟੀਮੀਟਰ ਚੇਪੇ ਨਾਲ ਢੱਕਿਆ ਹੋਣ ਤੇ ਜਾਂ 40 ਤੋਂ 50 ਪ੍ਰਤੀਸ਼ਤ ਪੌਦਿਆਂ 'ਤੇ ਚੇਪਾ ਨਜ਼ਰ ਆਉਣ 'ਤੇ ਹੀ ਕੀਟ ਨਾਸ਼ਕ ਦਵਾਈਆਂ ਦੀ ਵਰਤੋਂ ਕਰੋ। ਰੋਕਥਾਮ ਲਈ ਥਾਇਆਮੈਥੋਕਸਮ 25 ਡਬਲਯੂ ਜੀ (ਐਕਟਾਰਾ) 40 ਗ੍ਰਾਮ, ਔਕਸੀਡੈਮੀਟੋਨ ਮੀਥਾਈਲ 25 ਈ ਸੀ (ਮੈਟਾਸਿਸਟਾਕਸ), ਡਾਈਮੈਥੋਏਟ 30 ਈ ਸੀ (ਰੋਗਰ) 400 ਮਿਲੀਲਿਟਰ, ਕਲੋਰਪਾਈਰੀਫਾਸ 20 ਈ ਸੀ (ਡਰਸਬਾਨ/ਕੋਰੋਬਾਨ) 600 ਮਿਲੀਲਿਟਰ ਦਵਾਈ ਪ੍ਰਤੀ ਏਕੜ ਫ਼ਸਲ ਦੀ ਹਾਲਤ ਅਨੁਸਾਰ 80 ਤੋਂ 125 ਲਿਟਰ ਪਾਣੀ ਵਿਚ ਘੋਲ ਕੇ ਛਿੜਕੋ।
(ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)


-ਪੀ.ਏ.ਯੂ., ਫਾਰਮ ਸਲਾਹਕਾਰ ਸੇਵਾ ਸਕੀਮ, ਨੂਰਮਹਿਲ, ਜਲੰਧਰ।
maninder-fass@gmail.com

ਪੁਰਾਤਨ ਵਸਤਾਂ ਦਾ ਦੁਰਲੱਭ ਖ਼ਜ਼ਾਨਾ ਸਾਂਭੀ ਬੈਠਾ ਹੈ ਮਾਸਟਰ ਕੁਲਵੰਤ ਸਿੰਘ ਨਸੀਰੇ ਵਾਲਾ

ਅੱਜ ਦੇ ਆਧੁਨਿਕ ਦੌਰ ਦੀ ਮੰਡੀ ਵਿਚ ਅਤੇ ਕੰਪਿਉਟਰ ਯੁੱਗ ਵਿਚ ਮਨੁੱਖ ਉੱਲਝ ਕੇ ਰਹਿ ਗਿਆ ਹੈ ਅਤੇ ਆਦਮੀ ਮਸ਼ੀਨੀ ਯੁੱਗ ਦੀ ਗੱਲ ਕਰਦਾ ਖੁਦ ਮਸ਼ੀਨ ਬਣ ਕੇ ਰਹਿ ਗਿਆ ਹੈ ਪਰ ਜੇਕਰ ਪੁਰਾਤਨ ਸਮੇਂ ਦੀ ਗੱਲ ਕਰੀਏ ਤਾਂ ਪੁਰਾਤਨ ਸਮੇਂ ਵਿਚ ਐਸ਼ੋ-ਆਰਾਮ ਦੇ ਸਾਧਨਾਂ ਦੀ ਭਾਵੇਂ ਘਾਟ ਸੀ ਪਰ ਮਨੁੱਖ ਹੱਥੀਂ ਕਿਰਤ ਨੂੰ ਤਰਜੀਹ ਦਿੰਦਾ ਸੀ ਅਤੇ ਉਸ ਦਾ ਜੀਵਨ ਜਿਊਣ ਦਾ ਢੰਗ ਵੀ ਐਨਾ ਨਿਰਾਲਾ ਸੀ ਕਿ ਉਹ ਸਾਦਾ ਤੇ ਲੰਬਾ ਜੀਵਨ ਬਤੀਤ ਕਰਦਾ ਸੀ। ਉਸ ਪੁਰਾਤਨ ਸਮੇਂ ਵਿਚ ਸਾਡੇ ਜੀਵਨ ਅਤੇ ਸਾਡੀ ਰੋਜ਼ਮਰ੍ਹਾ ਦੀ ਜ਼ਿੰਦਗੀ ਵਿਚ ਵਰਤੀਆਂ ਜਾਣ ਵਾਲੀਆਂ ਵਸਤਾਂ ਨੂੰ ਇਕ ਵੱਖਰੇ ਤਰ੍ਹਾਂ ਦੇ ਅਜਾਇਬ ਘਰ ਵਿਚ ਸਾਂਭੀ ਬੈਠਾ ਹੈ ਮਾਸਟਰ ਕੁਲਵੰਤ ਸਿੰਘ ਨਸੀਰੇ ਵਾਲਾ। ਜਦ ਮੈਨੂੰ ਮਾਸਟਰ ਕੁਲਵੰਤ ਸਿੰਘ ਦੇ ਮੋਗਾ ਜ਼ਿਲ੍ਹੇ ਦੀ ਸਬ ਤਹਿਸੀਲ ਵਜੋਂ ਜਾਣੇ ਜਾਂਦੇ ਹਲਕਾ ਧਰਮਕੋਟ ਵਿਖੇ ਘਰ ਜਾਣ ਦਾ ਮੌਕਾ ਮਿਲਿਆ ਤਾਂ ਮਾਸਟਰ ਜੀ ਨੇ ਬੜੀ ਲੰਮੀ ਘਾਲਣਾ ਘਾਲ ਕੇ ਇਕੱਤਰ ਕੀਤੀਆਂ ਦੁਰਲੱਭ ਪੁਰਾਤਨ ਵਸਤਾਂ ਨੂੰ ਵਿਖਾਇਆ ਤਾਂ ਮੈਂ ਹੈਰਾਨ ਹੋਏ ਬਿਨਾਂ ਨਹੀਂ ਰਹਿ ਸਕਿਆ ਅਤੇ ਬਿਨਾਂ ਸ਼ੱਕ ਉਨ੍ਹਾਂ ਵਸਤਾਂ ਨੂੰ ਵੇਖ ਕੇ ਪੁਰਾਤਨ ਵਿਰਸੇ ਦੀ ਬਾਤ ਤਾਂ ਪੈਂਦੀ ਹੀ ਹੈ ਪਰ ਪੁਰਾਤਨ ਸੱਭਿਆਚਾਰ, ਪੁਰਾਤਨ ਤੌਰ ਤਰੀਕੇ ਅਤੇ ਪੁਰਾਤਨ ਮਜ਼ਬੂਤ ਜ਼ਿੰਦਗੀ ਦੀ ਝਲਕ ਵੀ ਮਨ ਨੂੰ ਟੁੰਭ ਜਾਂਦੀ ਹੈ । ਆਪਣੇ ਘਰ ਦੇ ਵਿਚ ਹੀ ਅਲੱਗ ਕਮਰਾਨੁਮਾ ਅਜਾਇਬ ਘਰ ਵਿਚ ਮਾਸਟਰ ਕੁਲਵੰਤ ਸਿੰਘ ਨੇ ਅੰਗਰੇਜ਼ੀ ਰਾਜ ਦੇ ਸਿੱਕੇ, ਪਿੱਤਲ ਦੇ ਵੱਟੇ, ਪੁਰਾਤਨ ਦੀਵੇ, ਲਾਲਟਣ, ਚਰਖੇ ਨਾਲ ਸਬੰਧਿਤ ਅਟੇਰਨੇ, ਊਰੀ, ਨੜੇ, ਹੱਥੇ, ਗੋਟਾ, ਕਪਾਹ ਵੇਲਣ ਵਾਲਾ ਵੇਲਣਾ ਪੰਜ ਪੀੜੀਆਂ ਪੁਰਾਣਾ, ਬਰਤਨਾਂ ਵਿਚ ਗਿਲਾਸ, ਛੰਨੇ, ਗੜਵੀਆਂ, ਨਵਾਬਾਂ ਦੇ ਪੀਣ ਵਾਲੇ ਗਲਾਸ ਸੁਰਾਹੀਆਂ, ਗਰਾਮੋਫੋਨ, ਧੁੱਪ ਘੜੀ, ਸ਼ਾਹੀ ਘਰਾਣਿਆਂ ਵਿਚ ਵਰਤੀਆਂ ਜਾਣ ਵਾਲੀਆਂ ਕਲਮ ਦਵਾਤਾਂ, ਪੁਰਾਤਨ ਖੇਤੀਬਾੜੀ ਦੇ ਸੰਦ, ਪੁਰਾਣਾ ਸੌ ਸਾਲਾ ਸਫਾਜੰਗ, ਸੰਖ, ਹਮਾਮ, ਜਰੀਬਾਂ, ਗੱਡਾ, ਹਲਟ ਗੋਪੀਏ, ਗਲੇਲਾਂ, ਮੂੰਗਲੀਆਂ, ਹਰ ਤਰ੍ਹਾਂ ਦੇ ਗੜਵੇ, ਦੋ ਲੱਕੜੀ ਦੇ ਨਾਲ ਉਕਰੀਆਂ ਪੁਸਤਕਾਂ ਅਤੇ ਸੌ ਸਾਲਾ ਇਕ ਸਦੀ ਦਾ ਪੁਰਾਤਨ ਕੈਲੰਡਰ । ਗੱਲ ਕੀ ਕਿ ਮਾਸਟਰ ਕੁਲਵੰਤ ਸਿੰਘ ਦੇ ਘਰ ਵਿਚ ਪੁਰਾਤਨ ਜ਼ਿੰਦਗੀ ਦੇ ਹਰ ਰੰਗ ਦੀ ਤੁਹਾਨੂੰ ਵੰਨਗੀ ਮਿਲੇਗੀ ਅਤੇ ਮੇਰਾ ਖਿਆਲ ਹੈ ਕਿ ਅੱਜ ਦੀ ਨੌਜਵਾਨ ਪੀੜ੍ਹੀ ਲਈ ਵੇਖਣਾ ਤਾਂ ਇਹ ਇਕ ਸੁਪਨੇ ਸਮਾਨ ਲੱਗੇਗਾ ਹੀ ਅਤੇ ਨਾਲ ਹੀ ਗਏ ਵਕਤਾਂ ਦੇ ਅਮੀਰ ਸੱਭਿਆਚਾਰ, ਅਮੀਰ ਜੀਵਨ ਜਿਊਣ ਦੇ ਢੰਗਾਂ ਬਾਰੇ ਵੀ ਇਨ੍ਹਾਂ ਵਸਤਾਂ ਤੋਂ ਬੜਾ ਕੁਝ ਸਿੱਖਣ ਨੂੰ ਮਿਲਦਾ ਹੈ । ਸੱਚਮੁੱਚ ਹੀ ਮਾਸਟਰ ਕੁਲਵੰਤ ਸਿੰਘ ਦਾ ਇਹ ਅਜਾਇਬ ਘਰ ਸਾਡੇ ਅੱਜ ਦੇ ਨੌਜਵਾਨਾਂ ਲਈ ਪ੍ਰੇਰਨਾ ਸ੍ਰੋਤ ਹੈ ।


-ਉਪ ਦਫ਼ਤਰ 'ਅਜੀਤ', ਮੋਗਾ।

ਕਿਸਾਨਾਂ ਨੂੰ ਖੇਤੀ ਯੂਨੀਵਰਸਿਟੀ ਦੀ ਸਹੀ ਅਗਵਾਈ ਦੀ ਲੋੜ

ਕਰਜ਼ਿਆਂ ਦੀ ਮੁਆਫ਼ੀ ਦੀ ਉਡੀਕ ਕਰਦਿਆਂ-ਕਰਦਿਆਂ ਕਿਸਾਨ ਝੋਨੇ ਦੀ ਵਾਢੀ ਉਪਰੰਤ ਇਸ ਸਾਲ ਉਤਪਾਦਕਤਾ ਘਟਣ ਕਾਰਨ ਆਈ ਨਿਰਾਸ਼ਤਾ ਅਤੇ ਵਿਕਰੀ ਲਈ ਨਮੀਂ ਪ੍ਰਮਾਣਿਤ ਸੀਮਾ ਤੋਂ ਵੱਧ ਹੋਣ ਕਾਰਨ ਮੰਡੀਆਂ 'ਚ ਰੁਲਣ ਤੋਂ ਬਾਅਦ ਇਸ ਸੋਚ ਵਿਚ ਪੈ ਗਏ ਕਿ ਉਹ ਕਣਕ ਦੀ ਬਿਜਾਈ ਝੋਨੇ ਦੀ ਰਹਿੰਦ-ਖੂੰਹਦ-ਪਰਾਲੀ ਨੂੰ ਅੱਗ ਲਾਏ ਬਿਨਾਂ ਕਰਨ ਲਈ ਕਿਹੜੀ ਵਿਧੀ ਅਪਣਾਉਣ। ਪੰਜਾਬ ਖੇਤੀ ਯੂਨੀਵਰਸਿਟੀ ਵਲੋਂ ਤਾਂ ਪਰਾਲੀ ਨੂੰ ਇਕੱਠਾ ਕਰਨ ਲਈ ਬੇਲਰ ਮਸ਼ੀਨ ਦੀ ਵਰਤੋਂ ਕਰ ਕੇ ਗੰਢ੍ਹਾਂ ਰਾਹੀਂ ਖੇਤ 'ਚੋਂ ਬਾਹਰ ਕੱਢਣਾ, ਹੈਪੀ ਸੀਡਰ ਰਾਹੀਂ ਬਿਨਾਂ ਵਹਾਈ ਕਣਕ ਬੀਜਣਾ, ਰਹਿੰਦ-ਖੂੰਹਦ ਨੂੰ ਜ਼ਮੀਨ ਵਿਚ ਹੀ ਦਬਾ ਕੇ ਇਸ ਦੀ ਖਾਦ ਦੇ ਤੌਰ 'ਤੇ ਵਰਤੋਂ, ਸੁਪਰ ਐਸ. ਐਮ. ਐਸ. ਅਤੇ ਹੋਰ ਸਬਸਿਡੀ 'ਤੇ ਦਿੱਤੀ ਜਾਣ ਵਾਲੀਆਂ ਮਸ਼ੀਨਾਂ ਦਾ ਇਸਤੇਮਾਲ ਆਦਿ ਵਿਧੀਆਂ ਸਿਫ਼ਾਰਸ਼ ਕੀਤੀਆਂ ਗਈਆਂ ਹਨ। ਕਿਸਾਨਾਂ ਦੀ ਬਹੁਮੱਤ ਨੂੰ ਤਾਂ ਇਨ੍ਹਾਂ ਤਕਨੀਕਾਂ ਦਾ ਤਜਰਬਾ ਨਹੀਂ। ਉਹ ਦਹਾਕਿਆਂ ਤੋਂ ਰਹਿੰਦ-ਖੂੰਹਦ ਤੇ ਪਰਾਲੀ ਨੂੰ ਅੱਗ ਲਾ ਕੇ ਹੀ ਕਣਕ ਦੀ ਬਿਜਾਈ ਕਰ ਰਹੇ ਹਨ। ਪੰਜਾਬ ਸਰਕਾਰ ਅਤੇ ਪੰਜਾਬ ਰਾਜ ਪ੍ਰਦੂਸ਼ਣ ਬੋਰਡ ਵਲੋਂ ਜੁਰਮਾਨਿਆਂ ਅਤੇ ਸਜ਼ਾਵਾਂ ਦੀਆਂ ਦਿੱਤੀਆਂ ਜਾ ਰਹੀਆਂ ਧਮਕੀਆਂ ਤੋਂ ਉਹ ਪ੍ਰੇਸ਼ਾਨ ਹਨ। ਪ੍ਰੰਤੂ ਹੁਣ ਤੱਕ ਪਿਛਲੇ ਸਾਲਾਂ ਦੇ ਮੁਕਾਬਲੇ ਅੱਗ ਲਗਾਏ ਬਿਨਾਂ ਬੀਜੇ ਗਏ ਰਕਬੇ ਵਿਚ ਵਾਧਾ ਹੋਇਆ ਹੈ ਜੋ ਇਸ ਮੁਹਿੰਮ ਦਾ ਖੁਸ਼ਗਵਾਰ ਪਹਿਲੂ ਹੈ ਭਾਵੇਂ 269 ਕਰੋੜ ਦੀਆਂ ਸਬਸਿਡੀਆਂ ਦੇਣ ਉਪਰੰਤ ਵੀ ਅੱਗ ਲਾਉਣ ਵਾਲੇ ਕਿਸਾਨਾਂ ਦੀ ਗਿਣਤੀ ਵਧੀ ਹੈ ਜਿਸ ਵਿਚ ਬਹੁਮਤ ਛੋਟੇ ਤੇ ਸੀਮਿਤ ਕਿਸਾਨਾਂ ਦੀ ਹੈ ਜਿਨ੍ਹਾਂ ਕੋਲ ਸੁਪਰ ਹੈਪੀ ਸੀਡਰ ਜਿਹੀਆਂ ਮਸ਼ੀਨਾਂ ਨਹੀਂ ਅਤੇ ਨਾ ਹੀ ਉਨ੍ਹਾਂ ਨੂੰ 'ਕਸਟਮ' ਆਧਾਰ 'ਤੇ ਸਹੂਲਤਾਂ ਉਪਲੱਬਧ ਹਨ। ਖੇਤੀਬਾੜੀ ਵਿਭਾਗ ਵਲੋਂ ਇਕੱਠੇ ਕੀਤੇ ਗਏ ਅੰਕੜਿਆਂ ਅਨੁਸਾਰ ਅਜੇ ਤੱਕ ਤਕਰੀਬਨ 70 ਫ਼ੀਸਦੀ ਰਕਬੇ 'ਤੇ ਕਣਕ ਦੀ ਕਾਸ਼ਤ ਕੀਤੀ ਜਾ ਚੁੱਕੀ ਹੈ। ਕੁੱਲ 35 ਲੱਖ ਹੈਕਟੇਅਰ ਰਕਬੇ 'ਤੇ ਕਣਕ ਬੀਜੇ ਜਾਣ ਦੀ ਸੰਭਾਵਨਾ ਹੈ ਕਿਉਂਕਿ ਅੱਗ ਲਾਇਆਂ ਜ਼ਮੀਨ ਤਿਆਰ ਕਰ ਕੇ ਕਣਕ ਦੀ ਕਾਸ਼ਤ ਤੁਰੰਤ ਕੀਤੀ ਜਾ ਸਕਦੀ ਹੈ, ਇਸ ਲਈ ਹੁਣ ਬੀਜੇ ਜਾਣ ਵਾਲੇ ਰਕਬੇ 'ਤੇ ਅੱਗ ਲਾਉਣ ਦੀਆਂ ਘਟਨਾਵਾਂ ਵਧਣ ਦੀ ਸੰਭਾਵਨਾ ਹੈ। ਅੱਗ ਲਾਉਣ ਦੀ ਪ੍ਰਥਾ ਦਾ ਭੋਗ ਪਾਉਣ ਲਈ ਕਿਸਾਨਾਂ ਨੂੰ ਇਸ ਤੋਂ ਪੈਦਾ ਹੋਣ ਵਾਲੇ ਨੁਕਸਾਨਾਂ ਤੋਂ ਜਾਗਰੂਕ ਕਰਾਉਣ ਲਈ ਸਰਕਾਰ ਪੱਛੜੀ ਹੈ। ਨਿਯਮ ਬਣਾ ਕੇ ਖੇਤੀਬਾੜੀ ਵਿਭਾਗ ਤੇ ਪ੍ਰਦੂਸ਼ਣ ਬੋਰਡ ਵਲੋਂ ਪੈਦਾ ਕੀਤੇ ਸਜ਼ਾਵਾਂ ਦੇਣ ਦੇ ਡਰ ਨਾਲ ਕਿਸਾਨਾਂ 'ਚ ਰੋਸ ਵਧਿਆ ਹੈ ਅਤੇ ਭਵਿੱਖ 'ਚ ਸਰਕਾਰ ਦੇ ਹੁਕਮਾਂ ਦੀ ਉਲੰਘਣਾ ਕਰਨ ਲਈ ਉਨ੍ਹਾਂ ਨੂੰ ਉਤਸ਼ਾਹ ਮਿਲਿਆ ਹੈ।
ਛੋੋਟੇ ਕਿਸਾਨ ਔਖਾਈਆਂ ਨਾਲ ਜੂਝ ਰਹੇ ਹਨ। ਉਨ੍ਹਾਂ ਨੂੰ ਬੈਂਕਾਂ ਵਲੋਂ ਕਣਕ ਦੀ ਕਾਸ਼ਤ ਸਬੰਧੀ ਸਮੱਗਰੀ ਖਰੀਦਣ ਲਈ ਕਰਜ਼ਿਆਂ ਦੀ ਸਹਾਇਤਾ ਵੀ ਨਹੀਂ ਮਿਲੀ। ਆੜ੍ਹਤੀਆਂ ਨੇ ਵੀ ਆਪਣੇ ਹੱਥ ਪਿੱਛੇ ਖਿੱਚ ਲਏ ਹਨ। ਉਨ੍ਹਾਂ ਨੂੰ ਪਿੰਡਾਂ 'ਚ ਹੀ ਵੱਡੇ-ਵੱਡੇ ਜ਼ਿਮੀਂਦਾਰਾਂ, ਸ਼ਾਹੂਕਾਰਾਂ ਅਤੇ ਰਿਸ਼ਤੇਦਾਰਾਂ ਦੇ ਦਰਵਾਜ਼ੇ ਖੜਕਾਉਣੇ ਪਏ ਹਨ। ਇਨ੍ਹਾਂ ਤੋਂ ਰਕਮਾਂ ਲੈਣ ਲਈ ਉਨ੍ਹਾਂ ਨੂੰ ਵਿਆਜ ਵੱਧ ਦੇਣਾ ਪੈ ਰਿਹਾ ਹੈ। ਕਿਸਾਨ ਤਾਂ ਕਿਸੇ ਵੇੇਲੇ ਵੀ ਤਸ਼ਵੀਸ਼ ਤੋਂ ਮੁਕਤ ਨਹੀਂ ਹੁੰਦੇ। ਜੋ ਕਿਸਾਨ ਬਿਜਾਈ ਕਰ ਚੁੱਕੇ ਉਹ ਹੁਣ ਗੁੱਲੀ ਡੰਡਾ (ਫਲਾਰਿਸ ਮਾਈਨਰ) ਤੋਂ ਹੋਣ ਵਾਲੇ ਨੁਕਸਾਨ ਤੋਂ ਫਿਕਰਮੰਦ ਹਨ। ਇਹ ਨਦੀਨ ਕਣਕ - ਝੋਨਾ ਫ਼ਸਲੀ-ਚੱਕਰ ਵਿਚ ਵਧੇਰੇ ਹੁੰਦਾ ਹੈ। ਇਸ ਦੀ ਜੇ ਸੰਭਾਲ ਨਾ ਕੀਤੀ ਜਾਵੇ ਤਾਂ ਇਹ 60 ਫ਼ੀਸਦੀ ਤੱਕ ਵੀ ਕਣਕ ਦੀ ਉਤਪਾਦਕਤਾ ਨੂੰ ਪ੍ਰਭਾਵਿਤ ਕਰਦਾ ਹੈ। ਇਸ ਨਦੀਨ ਦੀ ਰੋਕਥਾਮ ਹੱਥੀਂ ਗੋਡੀ ਕਰ ਕੇ ਵੀ ਕੀਤੀ ਜਾ ਸਕਦੀ ਹੈ ਪ੍ਰੰਤੂ ਇਹ ਤਕਨੀਕ ਖੇਤ ਮਜ਼ਦੂਰ ਉਪਲਬਧ ਨਾ ਹੋਣ ਕਾਰਨ ਮਹਿੰਗੀ ਪੈਂਦੀ ਹੈ ਅਤੇ ਪੰਜਾਬ ਵਿਚ ਵਿਸ਼ੇਸ਼ ਕਰ ਕੇ ਵਰਤੀ ਨਹੀਂ ਜਾਂਦੀ। ਇਸ ਦੀ ਰੋਕਥਾਮ ਲਈ ਨਦੀਨ ਨਾਸ਼ਕਾਂ ਦੀ ਹੀ ਵਰਤੋਂ ਕਰਨੀ ਪੈਂਦੀ ਹੈ। ਯੋਗ ਨਦੀਨ ਨਾਸ਼ਕ ਵਰਤਣ ਲਈ ਕਿਸਾਨਾਂ ਨੂੰ ਸਹੀ ਅਗਵਾਈ ਉਪਲਬਧ ਨਹੀਂ। ਪੀ. ਏ. ਯੂ. ਨੂੰ ਕਿਸਾਨਾਂ ਵੱਲੋਂ ਆਪਣੇ ਤਜਰਬਿਆਂ ਦੇ ਆਧਾਰ 'ਤੇ ਕੀਤੀ ਗਈ ਖੋਜ ਨੂੰ ਮੁਤਾਅਲਾ ਕਰ ਕੇ ਮਾਨਤਾ ਦੇਣੀ ਚਾਹੀਦੀ ਹੈ। ਲੁਧਿਆਣਾ ਨੇੜੇ ਦੇ ਅਗਾਂਹਵਧੂ ਕਿਸਾਨ ਦਲੇਰ ਸਿੰਘ ਨੇ ਵੱਟਾਂ 'ਤੇ ਬਿਨਾਂ ਕੱਦੂ ਕੀਤਿਆਂ ਝੋਨਾ ਲਾ ਕੇ ਲੰਮੀ ਖੋਜ ਤੋਂ ਬਾਅਦ ਪਾਣੀ ਦੀ ਬੱਚਤ ਦੀ ਤਕਨੀਕ ਵਿਕਸਤ ਕੀਤੀ ਹੈ ਅਤੇ ਫ਼ਤਹਿਗੜ੍ਹ ਸਾਹਿਬ ਦੇ ਅਮਲੋਹ ਨੇੜੇ ਦੇ ਬਲਬੀਰ ਸਿੰਘ ਜੜ੍ਹੀਆਂ ਨੇ ਵੱਟਾਂ 'ਤੇ ਕਣਕ ਲਾ ਕੇ 2 ਕਿਲੋ ਬੀਜ ਤੋਂ 22 ਕੁਇੰਟਲ ਪ੍ਰਤੀ ਏਕੜ ਉਤਪਾਦਨ ਕੱਢਿਆ ਹੈ। ਅਜਿਹੀਆਂ ਤਕਨੀਕਾਂ ਨੂੰ ਪੀ. ਏ. ਯੂ. ਘੋਖ ਕਰ ਕੇ ਕਿਸਾਨਾਂ ਨੂੰ ਸਿਫ਼ਾਰਸ਼ ਕਰਨ ਸਬੰਧੀ ਯੋਗ ਕਾਰਵਾਈ ਕਰੇ।


-ਮੋਬਾਈਲ : 98152-36307

ਬਦਲ ਰਿਹਾ ਪੰਜਾਬ

ਬਦਲਾਓ ਕੁਦਰਤ ਦਾ ਅਸੂਲ ਹੈ। ਚੰਗਾ ਹੈ ਜਾਂ ਮਾੜਾ, ਇਹ ਤਾਂ ਹਰ ਕਿਸੇ ਦੀ ਦੂਰ-ਦ੍ਰਿਸ਼ਟੀ ਤੇ ਸੋਚਣ ਸ਼ਕਤੀ 'ਤੇ ਨਿਰਭਰ ਕਰਦਾ ਹੈ। ਅੱਜ ਪੁਰਾਣੀ ਪੰਜਾਬੀ ਦਿੱਖ ਵਿਚ ਵੱਡਾ ਰੂਪਕ ਬਦਲਾਓ ਆ ਰਿਹਾ ਹੈ। ਇਤਿਹਾਸ ਦੱਸਦਾ ਹੈ ਕਿ ਪੰਜਾਬੀ, 5000 ਸਾਲ ਪਹਿਲੋਂ ਯੂਰਪ ਦੇ ਉਤਲੇ ਦੇਸ਼ਾਂ ਤੋਂ, ਨਵੇਂ ਜੀਵਨ ਦੀ ਭਾਲ ਵਿਚ ਇੱਥੇ ਆਏ ਸਨ। ਕਿਆ ਇਤਫਾਕ ਹੈ ਕਿ ਉਨ੍ਹਾਂ ਦੇਸ਼ਾਂ ਦੇ ਲੋਕ ਵੀ ਅੱਜ ਨਵੀਆਂ ਧਰਤੀਆਂ 'ਤੇ ਜਾ ਰਹੇ ਹਨ ਤੇ ਬਿਲਕੁਲ ਉਨ੍ਹਾਂ ਹੀ ਧਰਤੀਆਂ 'ਤੇ ਪੰਜਾਬੀ ਵੀ ਉਨ੍ਹਾਂ ਵਾਲੀ ਹੀ ਰਫ਼ਤਾਰ ਨਾਲ ਜਾ ਰਹੇ ਹਨ। ਅੱਜ ਪੰਜਾਬ ਦੇ ਕਿਸੇ ਵੀ ਸ਼ਹਿਰ, ਕਸਬੇ ਦੇ ਚੌਕ ਵਿਚ ਘੜੀ ਖੜ੍ਹ ਕੇ ਵੇਖ ਲਵੋ, ਤੁਹਾਨੂੰ ਮੂਲ ਪੰਜਾਬੀ ਸਿਰਫ ਕੰਧ 'ਤੇ ਪਏ ਛਿੱਟਿਆਂ ਵਾਂਗ ਹੀ ਦਿੱਸਣਗੇ ਜਦ ਕਿ ਵਿਦੇਸ਼ਾਂ ਦੇ ਕਈ ਸ਼ਹਿਰਾਂ ਵਿਚ ਇਹ ਵੱਡੀ ਗਿਣਤੀ ਵਿਚ ਦਿੱਸਣਗੇ। ਮਾਲਵੇ ਤੇ ਦੁਆਬੇ ਦੇ ਪਿੰਡਾਂ ਦੇ ਪਿੰਡ ਪੰਜਾਬੀ ਨੌਜਵਾਨਾਂ ਤੋਂ ਵਿਰਵੇ ਹੋ ਚੁੱਕੇ ਹਨ। ਹਰ ਕਿਸਮ ਦੀ ਛੋਟੀ ਕਿੱਤਾਕਾਰੀ ਵਿਚ ਪੰਜਾਬੀ ਨਹੀਂ ਲੱਭਦੇ। ਸਭ ਤਿਉਹਾਰਾਂ ਦੇ ਰੂਪ ਬਦਲ ਚੁੱਕੇ ਹਨ। ਸੱਭਿਆਚਾਰਕ, ਧਾਰਮਿਕ ਤੇ ਸਿਆਸੀ ਸੋਚ ਅਸਤ ਵਿਅਸਤ ਹੋ ਗਈ ਹੈ। ਸਰਕਾਰੀ ਸਕੂਲਾਂ ਕਾਲਜਾਂ ਵਿਚ ਪੰਜਾਬੀ ਚਿਹਰੇ, ਟਾਵੇਂ-ਟਾਵੇਂ ਰਹਿ ਗਏ ਹਨ। ਹੁਣ ਇਸ ਪੰਜਾਬ ਦੇ ਬਦਲਦੇ ਰੂਪ ਨੂੰ ਕੀ ਨਾਂਅ ਦਿੱਤਾ ਜਾ ਸਕਦਾ ਹੈ ਜਾਂ ਫਿਰ ਇਸ ਨੂੰ ਕਿਸ ਆਉਣ ਵਾਲੇ ਸਮੇਂ (ਭਵਿੱਖ) ਨਾਲ ਜੋੜਿਆ ਜਾਵੇ? ਇਹ ਸਾਡੇ ਸਭ ਲਈ ਸੋਚਣ ਦਾ ਵਿਸ਼ਾ ਹੈ।


-ਮੋਬਾ: 98159-45018

ਅੰਜੀਰ-ਪੰਜਾਬ ਲਈ ਨਵਾਂ ਫ਼ਲ

ਅੰਜੀਰ ਇਕ ਬਹੁਤ ਸੁਆਦਲਾ ਫ਼ਲ ਹੈ, ਜੋ ਸਦੀਆਂ ਤੋਂ ਆਪਣੇ ਪੋਸ਼ਟਿਕ ਅਤੇ ਉਪਚਾਰ ਗੁਣਾਂ ਲਈ ਜਾਣਿਆ ਜਾਂਦਾ ਹੈ। ਅੰਜੀਰ ਦੇ ਫ਼ਲ ਸੁਕਾਉਣ, ਮੁਰੱਬਾ ਬਣਾਉਣ, ਡੱਬਾ ਬੰਦ ਕਰਨ ਜਾਂ ਜੈਮ ਬਣਾਉਣ ਲਈ ਵਰਤੇ ਜਾ ਸਕਦੇ ਹਨ। ਇਸ ਦੀ ਕਾਸ਼ਤ ਪੰਜਾਬ ਦੇ ਨੀਮ ਪਹਾੜੀ ਅਤੇ ਕੇਂਦਰੀ ਇਲਾਕੇ ਵਿਚ ਕੀਤੀ ਜਾ ਸਕਦੀ ਹੈ।
ਪੌਣ-ਪਾਣੀ ਅਤੇ ਜ਼ਮੀਨ: ਅੰਜੀਰ ਦੇ ਰੁੱਖ ਪਤਝੜੀ ਹੋਣ ਕਰਕੇ ਕੋਹਰਾ ਅਤੇ ਘੱਟ ਤਾਪਮਾਨ ਬਿਨਾਂ ਕਿਸੇ ਨੁਕਸਾਨ ਤੋਂ ਸਹਾਰ ਲੈਂਦੇ ਹਨ। ਬਹੁਤ ਜ਼ਿਆਦਾ ਤਾਪਮਾਨ ਨਾਲ ਉੱਪਰਲੇ ਪੱਤੇ ਝੁਲਸ ਜਾਂਦੇ ਹਨ। ਪੱਕਣ ਸਮੇਂ ਭਾਰੀ ਬਾਰਿਸ਼ ਨਾਲ ਪੱਕੇ ਹੋਏ ਫ਼ਲ ਫਟ ਜਾਂਦੇ ਹਨ। ਜੇਕਰ ਪਾਣੀ ਦਾ ਚੰਗਾ ਨਿਕਾਸ ਉਪਲਬਧ ਹੋਵੇ ਤਾਂ ਅੰਜੀਰ ਨੂੰ ਅਲੱਗ-ਅਲੱਗ ਕਿਸਮਾਂ ਦੀ ਜ਼ਮੀਨ ਉੱਪਰ ਕਾਮਯਾਬੀ ਨਾਲ ਉਗਾਇਆ ਜਾ ਸਕਦਾ ਹੈ।
ਉਨਤ ਕਿਸਮਾਂ: ਬ੍ਰਾਉਨ ਟਰਕੀ ਅੰਜੀਰ ਦੀ ਇਕ ਉਨਤ ਕਿਸਮ ਹੈ। ਇਸ ਕਿਸਮ ਨੂੰ ਪ੍ਰਫੁੱਲਿਤ ਕਰਨ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਧੀਆ ਨਸਲੀ ਬੂਟੇ ਤਿਆਰ ਕਰ ਰਹੀ ਹੈ। ਬ੍ਰਾਉਨ ਟਰਕੀ ਅੰਜੀਰ ਦੇ ਫ਼ਲ ਦਰਮਿਆਨੇ ਤੋਂ ਵੱਡੇ ਆਕਾਰ ਦੇ ਹੁੰਦੇ ਹਨ। ਫ਼ਲਾਂ ਉੱਪਰ ਗੂੜ੍ਹੇ ਰੰਗ ਦੀਆਂ ਧਾਰੀਆਂ ਹੁੰਦੀਆਂ ਹਨ ਅਤੇ ਫ਼ਲ ਦੇ ਥੱਲੇ ਦਰਮਿਆਨੇ ਅਕਾਰ ਦੀ ਅੱਖ ਹੁੰਦੀ ਹੈ। ਫ਼ਲਾਂ ਦਾ ਰੰਗ ਗੂੜ੍ਹਾ ਬੈਂਗਣੀ ਹੁੰਦਾ ਹੈ। ਫ਼ਲ ਦਾ ਗੁਦਾ ਗੁਲਾਬੀ ਭੂਰੇ ਰੰਗ ਅਤੇ ਉਤਮ ਸੁਗੰਧੀ ਵਾਲਾ ਹੁੰਦਾ ਹੈ। ਇਸ ਕਿਸਮ ਨੂੰ ਫ਼ਲ ਬਹੁਤ ਲਗਦਾ ਹੈ ਅਤੇ ਪ੍ਰਤੀ ਬੂਟਾ ਝਾੜ 53 ਕਿਲੋ ਹੁੰਦਾ ਹੈ। ਇਸ ਦਾ ਫ਼ਲ ਮਈ ਦੇ ਅਖੀਰਲੇ ਹਫ਼ਤੇ ਤੋਂ ਜੂਨ ਦੇ ਅਖੀਰ ਤੱਕ ਪੱਕਦੇ ਹਨ।
ਨਸਲੀ ਵਾਧਾ ਅਤੇ ਬੂਟੇ ਲਗਾਉਣ ਦਾ ਸਮਾਂ: ਅੰਜੀਰ ਦੇ ਬੂਟੇ ਕਲਮਾਂ ਤੋਂ ਤਿਆਰ ਕੀਤੇ ਜਾਂਦੇ ਹਨ। ਕਲਮਾਂ ਇਕ ਸਾਲ ਪੁਰਾਣੀਆਂ ਸ਼ਾਖਾਵਾਂ ਤੋਂ ਜਨਵਰੀ ਵਿਚ ਬਣਾਈਆਂ ਜਾਂਦੀਆਂ ਹਨ। ਕਲਮਾਂ ਦੀ ਲੰਬਾਈ 30-45 ਸੈਂਟੀਮੀਟਰ ਰੱਖੀ ਜਾਂਦੀ ਹੈ ਅਤੇ ਹਰ ਕਲਮ ਉੱਪਰ ਘੱਟੋ-ਘੱਟ ਤਿੰਨ ਤੋਂ ਚਾਰ ਅੱਖਾਂ ਹੋਣੀਆਂ ਚਾਹੀਦੀਆਂ ਹਨ। ਕਲਮਾਂ ਚੰਗੀ ਤਰ੍ਹਾਂ ਤਿਆਰ ਨਰਸਰੀ ਵਿਚ ਲਗਾ ਦਿੱਤੀਆਂ ਜਾਂਦੀਆਂ ਹਨ। ਲਗਾਉਣ ਸਮੇਂ ਹਰ ਕਲਮ ਦਾ ਇਕ ਤਿਹਾਈ ਹਿੱਸਾ ਜ਼ਮੀਨ ਤੋਂ ਬਾਹਰ ਅਤੇ ਦੋ ਤਿਹਾਈ ਹਿੱਸਾ ਜ਼ਮੀਨ ਦੇ ਅੰਦਰ ਦਬਾਓ। ਕਲਮਾਂ ਨਾਲ ਬੂਟੇ ਇਕ ਸਾਲ ਵਿਚ ਤਿਆਰ ਹੋ ਜਾਂਦੇ ਹਨ। ਇਹ ਬੂਟੇ ਸਰਦੀਆਂ ਵਿਚ ਅੱਧ ਫਰਵਰੀ ਤੱਕ ਲਗਾਏ ਜਾਂਦੇ ਹਨ, ਜਦੋਂ ਇਨ੍ਹਾਂ ਦੇ ਪੱਤੇ ਝੜੇ ਹੁੰਦੇ ਹਨ। ਅੰਜੀਰ ਦੇ ਬੂਟੇ 6×6 ਮੀਟਰ 'ਤੇ ਲਗਾਏ ਜਾਂਦੇ ਹਨ।
ਸਿਧਾਈ ਅਤੇ ਕਾਂਟ-ਛਾਂਟ: ਅੰਜੀਰ ਦੇ ਬੂਟਿਆਂ ਦੀ ਸਿਧਾਈ 'ਸੁਧਰੇ ਮੁੱਢ' ਢੰਗ ਨਾਲ ਕੀਤੀ ਜਾਂਦੀ ਹੈ। ਸਿਧਾਈ ਦਾ ਕੰਮ ਬੂਟੇ ਲਗਾਉਣ ਤੋਂ ਤਿੰਨ-ਚਾਰ ਸਾਲ ਅੰਦਰ ਪੂਰਾ ਕਰ ਲਿਆ ਜਾਂਦਾ ਹੈ। ਅੰਜੀਰ ਦਾ ਫ਼ਲ ਚਾਲੂ ਮੌਸਮ ਦੌਰਾਨ ਫੁੱਟੀਆਂ-ਨਵੀਆਂ ਸ਼ਾਖਾ ਦੇ ਪੱਤਿਆਂ ਦੇ ਧੁਰੇ ਵਿਚ ਲਗਦਾ ਹੈ। ਸਰਦੀਆਂ ਵਿਚ ਹਲਕੀ ਕਾਂਟ-ਛਾਂਟ ਨਾਲ ਨਵੀਆਂ ਸ਼ਾਖਾਵਾਂ ਜ਼ਿਆਦਾ ਬਣਦੀਆਂ ਹਨ ਅਤੇ ਭਰਪੂਰ ਫ਼ਲ ਲਗਦਾ ਹੈ। ਹਰ ਤੀਜੇ ਸਾਲ ਅੰਜੀਰ ਦੇ ਬੂਟਿਆਂ ਦੀ ਭਰਵੀਂ ਕਟਾਈ ਕਰਨੀ ਚਾਹੀਦੀ ਹੈ। ਇਸ ਤੋਂ ਇਲਾਵਾ ਪਿਛਲੇ ਸਾਲ ਦੀਆਂ ਪੱਤਲੀਆਂ, ਸੁੱਕੀਆਂ, ਟੁੱਟੀਆਂ ਅਤੇ ਬਿਮਾਰ ਟਾਹਣੀਆਂ ਵੀ ਕੱਟ ਦਿਓ ਅਤੇ ਕੱਟੇ ਹੋਏ ਸਿਰਿਆਂ 'ਤੇ ਬੋਰਡੋ ਪੇਸਟ ਲਗਾਓ।
ਸਿੰਚਾਈ ਪ੍ਰਬੰਧ: ਅੰਜੀਰ ਦੇ ਰੁੱਖਾਂ ਨੂੰ ਘੱਟ ਡੂੰਘੀਆਂ ਜੜ੍ਹਾਂ ਹੋਣ ਕਾਰਣ ਗਰਮ ਅਤੇ ਖੁਸ਼ਕ ਮੌਸਮ ਦੌਰਾਨ ਪਾਣੀ ਦੀ ਕਮੀ ਨਾਲ ਨੁਕਸਾਨ ਹੋ ਸਕਦਾ ਹੈ। ਫ਼ਲ ਦੇ ਵਾਧੇ ਦੌਰਾਨ ਬੂਟੇ ਦੀ ਹਲਕੀ ਤੇ ਬਰਾਬਰ ਸਿੰਚਾਈ ਕਰੋ। ਫ਼ਲ ਪੱਕਣ ਸਮੇਂ ਬਹੁਤ ਜ਼ਿਆਦਾ ਪਾਣੀ ਲਗਾਉਣ ਨਾਲ ਫ਼ਲ ਫਟ ਸਕਦੇ ਹਨ।
ਫ਼ਲਾਂ ਦਾ ਪੱਕਣਾ ਤੇ ਤੁੜਾਈ: ਅੰਜੀਰ ਦੇ ਫ਼ਲਾਂ ਦੀ ਤੁੜਾਈ ਉਦੋਂ ਕਰੋ ਜਦੋਂ ਉਨ੍ਹਾਂ ਉੱਪਰ ਪੂਰਾ ਰੰਗ ਆ ਗਿਆ ਹੋਵੇ ਅਤੇ ਫ਼ਲ ਥੋੜ੍ਹੇ ਸਖ਼ਤ ਹੋਣ। ਪੱਕਿਆ ਹੋਇਆ ਫ਼ਲ ਥੱਲੇ ਨੂੰ ਸੁੱਕਣਾ ਸ਼ੁਰੂੁ ਹੁੰਦਾ ਹੈ। ਫ਼ਲ ਹੱਥਾਂ ਨਾਲ ਘੁਮਾ ਕੇ ਅਤੇ ਖਿੱਚ ਕੇ ਤੋੜੇ ਜਾਂਦੇ ਹਨ। ਫ਼ਲ ਤੋੜਨ ਵਾਲੇ ਨੂੰ ਦਸਤਾਨੇ ਪਾਉਣੇ ਚਾਹੀਦੇ ਹਨ, ਕਿਉਂਕਿ ਫ਼ਲਾਂ ਵਿਚੋਂ ਨਿਕਲ ਰਹੇ ਦੁੱਧ ਨਾਲ ਚਮੜੀ 'ਤੇ ਖਰਾਸ਼ ਹੋ ਸਕਦੀ ਹੈ। ਫ਼ਲਾਂ ਦੀ ਸਾਂਭ ਸੰਭਾਲ ਬਹੁਤ ਧਿਆਨ ਨਾਲ ਕਰਨੀ ਚਾਹੀਦੀ ਹੈ, ਤਾਂ ਜੋ ਦੁੱਧ ਨਾਲ ਫ਼ਲ ਦੀ ਚਮੜੀ ਉੱਪਰ ਦਾਗ ਨਾ ਪਵੇ। ਫ਼ਲਾਂ ਨੂੰ ਗੱਤੇ ਦੇ ਡੱਬੇ ਵਿਚ ਦੋ ਤੋਂ ਵੱਧ ਪਰਤਾਂ ਵਿਚ ਨਹੀਂ ਰੱਖਣਾ ਚਾਹੀਦਾ।


-ਗੁਰਤੇਗ ਸਿੰਘ ਅਤੇ ਐਚ. ਐਸ. ਰਤਨਪਾਲ
ਫ਼ਲ ਵਿਗਿਆਨ ਵਿਭਾਗ, ਮੋਬਾ : 9815098883

ਪੰਜਾਬ ਦਾ ਪੁਰਾਣਾ ਸੱਭਿਆਚਾਰ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਇਕ ਹੋਰ ਪਾਸੇ ਫੁਲਕਾਰੀਆਂ ਸਜਾਈਆਂ ਗਈਆਂ ਸਨ, ਇਨ੍ਹਾਂ ਵਿਚ ਚੋਪ ਤੇ ਸੁੱਭਰ ਸਨ, ਲਾਗੀਆਂ ਆਦਿ ਲਈ ਤਿਲ ਪੱਤਰਾ ਫੁਲਕਾਰੀਆਂ ਪਈਆਂ ਸਨ, ਨੀਲਕ ਤੇ ਘੁੰਗਟ ਬਾਗ ਦੀ ਆਪਣੀ ਨਿਰਾਲੀ ਹੀ ਸ਼ਾਨ ਸ਼ੌਕਤ ਸੀ, ਲਗਪਗ ਪੰਜਾਹ ਬਾਗ ਤੇ ਫੁਲਕਾਰੀਆਂ ਇਥੇ ਪਈਆਂ ਸਨ, ਇਕ ਪਾਸੇ ਇਕ ਪਰਾਤ ਵਿਚ ਇਕ ਸੌ ਇਕ ਰੁਪਏ ਦੀ ਨਕਦ ਰਕਮ ਰੱਖੀ ਗਈ ਸੀ।
ਫੁੱਫੜ ਜੀ ਨੇ ਵਿਸ਼ਾਲਤਾ ਵਿਖਾਉਂਦਿਆਂ ਕ੍ਰਿਤੱਗਤਾ ਪ੍ਰਗਟ ਕਰਨ ਲਈ ਤਿਉਰਾਂ ਦਾ ਲੜ ਮੋੜ ਦਿੱਤਾ ਤੇ ਰੁਪਈਆਂ ਦੀ ਪਰਾਤ ਚੁੱਕ ਕੇ ਸਿਰ 'ਤੇ ਰੱਖ ਲਈ, ਸਾਰੇ ਲੋਕ ਧਨ ਧਨ ਕਰ ਉਠੇ। ਏਡੇ ਵਸੀਲਿਆਂ ਵਾਲਾ ਚਲਦਾ ਪੁੱਜਦਾ ਜੱਟ ਤੇ ਏਡੀ ਨਿਮਰਤਾ, ਵੇਖਣ ਵਾਲਿਆਂ ਦੀਆਂ ਅੱਖਾਂ ਭਰ ਆਈਆਂ, ਕਿੱਡਾ ਮਾਣ ਸਤਿਕਾਰ ਦਿੱਤਾ ਸੀ। ਸ: ਪਿਆਰਾ ਸਿੰਘ ਨੇ ਆਪਣੇ ਕੁੜਮਾਂ ਨੂੰ! ਉਨ੍ਹਾਂ ਲਈ ਤਾਂ ਉਨ੍ਹਾਂ ਦੀ ਧੀ ਦਾ ਏਡੇ ਰੰਗ 'ਚ ਜਾਣਾ ਹੀ ਬਹੁਤ ਵੱਡੀ ਗੱਲ ਸੀ।
ਬਰਾਤ ਦੇ ਬਾਕੀ ਬੰਦੇ ਡੇਰੇ ਨੂੰ ਚਲੇ ਗਏ, ਵਿਆਂਦੜ ਮੁੰਡੇ ਨੂੰ ਤੇ ਸਿਰਬਾਹਲਾ ਹੋਣ ਕਰਕੇ ਮੈਨੂੰ ਘਰ ਠਹਿਰਾ ਲਿਆ ਗਿਆ, ਕੁੜੀਆਂ ਵਹੁਟੀਆਂ ਨੇ ਸਰਵਣ ਨਾਲ ਖੂਬ ਛੇੜਖਾਨੀ ਕੀਤੀ, ਇਕ ਕੁੜੀ ਨੇ ਪਲੰਘ ਤੇ ਬੈਠੇ ਹੀ ਉਹਦੀ ਕਮੀਜ਼ ਨੂੰ ਬਿਸਤਰੇ ਦੀ ਚਾਦਰ ਨਾਲ ਬਕਸੂਆ ਲਾ ਕੇ ਜੋੜ ਦਿੱਤਾ, ਜਦ ਉਹ ਉੱਠ ਕੇ ਤੁਰਿਆ ਤਾਂ ਕੁੜੀਆਂ ਖਿੜ ਖਿੜਾ ਕੇ ਹੱਸ ਪਈਆਂ, ਇਕ ਕੁੜੀ ਬੋਲੀ- 'ਸਰਦਾਰ ਜੀ ਸਾਡੀ ਕੁੜੀ ਤਾਂ ਲਿਜਾਣੀ ਆਂ ਤੁਸੀਂ ਤਾਂ ਸਾਡੇ ਮੰਜਿਆਂ ਤੋਂ ਬਿਸਤਰੇ ਵੀ ਲੈ ਚੱਲੇ ਆਂ।'
ਇਕ ਹੋਰ ਤਕੜੀ ਸਿਹਤ ਵਾਲੀ ਕੁੜੀ ਨੇ ਮੈਨੂੰ ਸੱਤਾਂ ਕੁ ਸਾਲਾਂ ਦੇ ਨੂੰ ਕੁੱਛੜ ਚੁੱਕ ਲਿਆ ਤੇ ਬੋਲੀ-'ਕੁੜੇ ਸਿਰਬਾਹਲਾ ਤਾਂ ਦੇਖੋ ਚੇਪੂ ਜਿਹਾ! ਮੂੰਹ ਬਣਾ ਕੇ ਬੈਠਾ ਜਿੱਦਾਂ ਘਾਣੀ 'ਚ ਲੱਤ ਮਾਰੀਓ ਹੋਵੇ। ਹੈਹਾ ਮਾਂ ਬਿਨਾਂ ਉਦਾਸ ਹੋ ਗਿਆ ਹੋਣਾ।' ਕੁੜੀਆਂ ਦੇ ਮਖੌਲਾਂ ਨਾਲ ਸਰਵਣ ਦੀ ਤਰਸਯੋਗ ਹਾਲਤ ਕਰਕੇ ਮੈਂ ਸੱਚਮੁੱਚ ਉਦਾਸ ਜਿਹਾ ਹੋ ਗਿਆ ਸੀ। ਕੁੜੀਆਂ ਠੀਕ ਹੀ ਸੋਚ ਰਹੀਆਂ ਸਨ। ਫੇਰ ਕੁੜੀ ਦੇ ਮਾਮੇ ਨੇ ਕੁੜੀ ਨੂੰ ਚੁੱਕ ਕੇ ਰੋਂਦੀ ਕੁਰਲਾਉਂਦੀ ਨੂੰ ਡੋਲੇ ਵਿਚ ਬਿਠਾ ਦਿੱਤਾ ਤੇ ਅੱਗੇ ਚਹੁੰ ਜਣਿਆਂ ਨੇ ਡੋਲਾ ਬਾਹਰ ਲਿਆ ਕੇ ਕੁੜੀ ਨੂੰ ਮੁੰਡੇ ਦੇ ਨਾਲ ਰੱਥ ਵਿਚ ਬਿਠਾ ਦਿੱਤਾ, ਨਾਲ ਹੀ ਕੁੜੀ ਦਾ ਛੋਟਾ ਵੀਰ ਤੇ ਨਾਇਣ ਵੀ ਬਹਿ ਗਈ।
ਫੁੱਫੜ ਜੀ ਨੇ ਸੌ-ਸੌ ਰੁਪਿਆ ਪਿੰਡ ਦੇ ਸਕੂਲ ਤੇ ਗੁਰਦੁਆਰੇ ਨੂੰ ਫੇਰਿਆਂ ਵੇਲੇ ਹੀ ਦਾਨ ਕਰ ਦਿੱਤਾ ਸੀ ਹੁਣ ਤੁਰਨ ਲੱਗਿਆਂ ਲਾਗੀਆਂ ਨੂੰ ਲਾਗ ਦੇਣ ਦੀਆਂ ਰਸਮਾਂ ਅਦਾ ਕੀਤੀਆਂ ਗਈਆਂ।
ਬਰਾਤ ਪਿੰਡ ਪਹੁੰਚੀ ਤਾਂ ਹਨ੍ਹੇਰਾ ਹੋ ਚੁੱਕਿਆ ਸੀ, ਭੂਆ ਜੀ ਦੀਵਾ ਲੈ ਕੇ ਨੂੰਹ ਪੁੱਤਰ ਨੂੰ ਰੱਥ ਵਿਚੋਂ ਲੈਣ ਆਏ ਤੇ ਜਦੋਂ ਉਹ ਦਰਵਾਜ਼ੇ ਵਿਚ ਆਏ ਤਾਂ ਦਰਵਾਜ਼ੇ ਦੀਆਂ ਮੁੱਖਾਂ ਨਾਲ ਦੇਸੀ ਤੇਲ ਚੋਅ ਕੇ ਭੂਆ ਜੀ ਨੇ ਸੱਤ ਵਾਰੀ ਨੂੰਹ ਪੁੱਤਰ ਦੇ ਸਿਰਾਂ ਤੋਂ ਵਾਰ-ਵਾਰ ਕੇ ਪਾਣੀ ਪੀਤਾ। ਕੁੰਭ ਦਾ ਸ਼ਗਨ ਕਰਕੇ ਵਿਆਂਦੜ ਜੋੜੇ ਨੂੰ ਅੰਦਰ ਲੰਘਾਇਆ ਗਿਆ ਤੇ ਇਕ ਪਲੰਘ 'ਤੇ ਚੜ੍ਹਦੇ ਵੱਲ ਮੂੰਹ ਕਰਕੇ ਬਿਠਾਇਆ ਗਿਆ, ਭੂਆ ਜੀ ਨੇ ਉਨ੍ਹਾਂ ਨੂੰ ਹੱਥੀਂ ਦੁੱਧ ਪਿਲਾ ਕੇ ਉਨ੍ਹਾਂ ਦਾ ਮਾਣ ਕੀਤਾ। ਭਾਈਚਾਰੇ ਦੀਆਂ ਇਸਤਰੀਆਂ ਨੇ ਵਹੁਟੀ ਨੂੰ ਸ਼ਗਨ ਪਾਏ ਤੇ ਭੂਆ ਜੀ ਨੇ ਸਿੰਘ ਤਵੀਤ ਤੇ ਹੌਲਦਰੀ ਪਹਿਨਾਈ। ਇਸ ਤੋਂ ਬਾਅਦ ਗੋਤਕਨਾਲੇ ਦੀ ਰਸਮ ਹੋਈ ਤੇ ਨਵੀਂ ਵਹੁਟੀ ਨੂੰ ਰਾਤ ਭਰ ਜ਼ਮੀਨ 'ਤੇ ਹੀ ਸੁਲਾਇਆ ਗਿਆ ਤੇ ਸਾਰੀ ਰਾਤ ਲਈ ਉਹਦੇ ਕਮਰੇ 'ਚ ਇਕ ਦੀਵਾ ਜਗਦਾ ਰੱਖਿਆ ਗਿਆ।
ਇਉਂ 1945 ਦੇ ਇਕ ਵਿਆਹ ਦੀਆਂ ਰਸਮਾਂ ਤੇ ਖੁਸ਼ੀਆਂ ਸੰਪੰਨ ਹੋਈਆਂ। (ਸਮਾਪਤ)


-ਮੋਬਾਈਲ : 94632-33991.


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX