ਤਾਜਾ ਖ਼ਬਰਾਂ


ਆਈ.ਪੀ.ਐੱਲ - 2019 : ਬੈਂਗਲੌਰ ਨੇ ਕੋਲਕਾਤਾ ਨੂੰ 10 ਦੌੜਾਂ ਨਾਲ ਹਰਾਇਆ
. . .  1 day ago
ਪੰਜਾਬੀ ਤੋਂ ਅਣਜਾਣ ਹੋਈ ਕਾਂਗਰਸ ਪਾਰਟੀ
. . .  1 day ago
ਮਲੌਦ, 19 ਅਪ੍ਰੈਲ (ਕੁਲਵਿੰਦਰ ਸਿੰਘ ਨਿਜ਼ਾਮਪੁਰ)- ਲੋਕ ਸਭਾ ਹਲਕਾ ਫਤਹਿਗੜ੍ਹ ਸਾਹਿਬ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਡਾ: ਅਮਰ ਸਿੰਘ ਦਾ ਭਲਕੇ 20 ਅਪ੍ਰੈਲ ਨੂੰ ਹਲਕਾ ਪਾਇਲ ਦੇ ਵੱਖ ਪਿੰਡਾਂ ਅੰਦਰ ਚੋਣ...
ਆਈ.ਪੀ.ਐੱਲ - 2019 : ਬੈਂਗਲੌਰ ਨੇ ਕੋਲਕਾਤਾ ਨੂੰ 214 ਦੌੜਾਂ ਦਾ ਦਿੱਤਾ ਟੀਚਾ
. . .  1 day ago
ਸੁਆਂ ਨਦੀ 'ਚ ਡੁੱਬੇ ਦੋ ਨੌਜਵਾਨਾਂ ਚੋਂ ਇੱਕ ਦੀ ਲਾਸ਼ ਮਿਲੀ
. . .  1 day ago
ਨੂਰਪੁਰ ਬੇਦੀ, 19 ਅਪ੍ਰੈਲ (ਹਰਦੀਪ ਸਿੰਘ ਢੀਂਡਸਾ) - ਸ੍ਰੀ ਅਨੰਦਪੁਰ ਸਾਹਿਬ ਤਹਿਸੀਲ ਅਧੀਨ ਪੈਂਦੀ ਸੁਆਂ ਨਦੀ ਵਿਚ ਕੱਲ੍ਹ ਡੁੱਬੇ ਦੋ ਨੌਜਵਾਨਾਂ ਵਿਚੋਂ ਇੱਕ ਨੌਜਵਾਨ ਸ਼ਕੀਲ (14) ਪੁੱਤਰ ਅਸ਼ੋਕ ਕੁਮਾਰ...
ਆਈ.ਪੀ.ਐੱਲ - 2019 : ਟਾਸ ਜਿੱਤ ਕੇ ਕੋਲਕਾਤਾ ਵੱਲੋਂ ਬੈਂਗਲੌਰ ਨੂੰ ਪਹਿਲਾ ਬੱਲੇਬਾਜ਼ੀ ਦਾ ਸੱਦਾ
. . .  1 day ago
ਪ੍ਰਧਾਨ ਮੰਤਰੀ ਵੱਲੋਂ ਵਪਾਰੀਆਂ ਦੇ ਸੰਮੇਲਨ ਨੂੰ ਸੰਬੋਧਨ
. . .  1 day ago
ਨਵੀਂ ਦਿੱਲੀ, 19 ਅਪ੍ਰੈਲ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਵੀਂ ਦਿੱਲੀ ਵਿਖੇ ਵਪਾਰੀਆਂ ਦੇ ਸੰਮੇਲਨ ਨੂੰ ਸੰਬੋਧਨ ਕਰਦਿਆ ਕਿਹਾ ਕਿ ਇਹ ਸਾਡੇ ਦੇਸ਼ ਦੇ ਵਪਾਰੀਆਂ ਦੀ ਤਾਕਤ...
ਚੋਣ ਕਮਿਸ਼ਨ ਵੱਲੋਂ ਹਿਮਾਚਲ ਭਾਜਪਾ ਪ੍ਰਧਾਨ ਦੇ ਚੋਣ ਪ੍ਰਚਾਰ 'ਤੇ 48 ਘੰਟਿਆਂ ਲਈ ਰੋਕ
. . .  1 day ago
ਨਵੀਂ ਦਿੱਲੀ, 19 ਅਪ੍ਰੈਲ - ਚੋਣ ਕਮਿਸ਼ਨ ਨੇ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਕਰਨ 'ਤੇ ਹਿਮਾਚਲ ਪ੍ਰਦੇਸ਼ ਭਾਜਪਾ ਦੇ ਪ੍ਰਧਾਨ ਸਤਪਾਲ ਸਿੰਘ ਸੱਤੀ ਦੇ ਚੋਣ ਪ੍ਰਚਾਰ ਕਰਨ 'ਤੇ 48 ਘੰਟਿਆਂ ਲਈ ਰੋਕ ਲਗਾ ਦਿੱਤੀ ਹੈ। ਇਹ ਰੋਕ...
ਪੰਜਾਬ ਏਕਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸੰਗਰੂਰ ਕਾਲਾ ਢਿੱਲੋਂ ਕਾਂਗਰਸ 'ਚ ਸ਼ਾਮਲ
. . .  1 day ago
ਬਰਨਾਲਾ, 19 ਅਪ੍ਰੈਲ (ਗੁਰਪ੍ਰੀਤ ਸਿੰਘ ਲਾਡੀ)-ਲੋਕ ਸਭਾ ਹਲਕਾ ਸੰਗਰੂਰ ਵਿਚ ਆਮ ਆਦਮੀ ਪਾਰਟੀ ਅਤੇ ਪੰਜਾਬ ਏਕਤਾ ਪਾਰਟੀ ਨੂੰ ਉਸ ਸਮੇਂ ਵੱਡਾ ਝਟਕਾ ਲੱਗਿਆ ਜਦੋਂ ਪੰਜਾਬ ਏਕਤਾ ਪਾਰਟੀ...
ਪ੍ਰਿਅੰਕਾ ਗਾਂਧੀ ਵੱਲੋਂ ਕਾਨਪੁਰ 'ਚ ਕੱਢਿਆ ਗਿਆ ਰੋਡ ਸ਼ੋਅ
. . .  1 day ago
ਲਖਨਊ, 19 ਅਪ੍ਰੈਲ - ਉੱਤਰ ਪ੍ਰਦੇਸ਼ ਪੂਰਬੀ ਤੋਂ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵੱਲੋਂ ਕਾਨਪੁਰ 'ਚ ਰੋਡ ਸ਼ੋਅ ਕੱਢਿਆ...
ਭਾਜਪਾ ਐਮ.ਪੀ ਰਾਮ ਚਰਿੱਤਰ ਨਿਸ਼ਾਦ ਸਪਾ 'ਚ ਸ਼ਾਮਲ
. . .  1 day ago
ਲਖਨਊ, 19 ਅਪ੍ਰੈਲ - ਉੱਤਰ ਪ੍ਰਦੇਸ਼ ਦੇ ਮਛਲੀਸ਼ਹਿਰ ਤੋਂ ਭਾਜਪਾ ਦੇ ਸੰਸਦ ਮੈਂਬਰ ਰਾਮ ਚਰਿੱਤਰ ਨਿਸ਼ਾਦ ਅਖਿਲੇਸ਼ ਯਾਦਵ ਦੀ ਮੌਜੂਦਗੀ ਵਿਚ ਸਮਾਜਵਾਦੀ ਪਾਰਟੀ ਵਿਚ ਸ਼ਾਮਲ ਹੋ...
ਹੋਰ ਖ਼ਬਰਾਂ..

ਲੋਕ ਮੰਚ

ਰੁੱਸ ਰਹੀ ਹੈ ਕੁਦਰਤ ਰਾਣੀ

ਪੰਜਾਬ ਕੁਦਰਤੀ ਨਿਆਮਤਾਂ ਨਾਲ ਹੱਸਦਾ-ਵਸਦਾ ਜਰਖੇਜ਼ ਖਿੱਤਾ, ਜਿਥੇ ਕੁਦਰਤ ਰਾਣੀ ਨੇ ਬੇਪਨਾਹ ਰਹਿਮਤਾਂ ਨੂੰ ਦੋਵੇਂ ਹੱਥੀਂ ਖੁੱਲ੍ਹ ਕੇ ਲੁਟਾਇਆ। ਹਰ ਤਰ੍ਹਾਂ ਦਾ ਮੌਸਮ ਵਾਰੀ-ਵਾਰੀ ਇਥੇ ਦਸਤਕ ਦਿੰਦਾ ਹੈ। ਹਰ ਦੋ ਮਹੀਨੇ ਬਾਅਦ ਇਕ ਨਵੀਂ ਰੁੱਤ ਸਾਡੀਆਂ ਬਰੂਹਾਂ 'ਤੇ ਖੜ੍ਹੀ ਹੁੰਦੀ ਹੈ। ਪਹਾੜਾਂ ਦੀ ਕੰਨੀ 'ਤੇ ਵਸਿਆ ਹੋਣ ਕਰਕੇ ਇਹਦੇ ਦਰਿਆ ਸਾਲ ਭਰ ਸਾਫ਼, ਸ਼ੀਤਲ ਨੀਵਾਣਾਂ ਨੂੰ ਵਹਿੰਦੇ ਵਰ੍ਹਿਆਂ ਤੋਂ ਲੱਖਾਂ ਜੀਵਾਂ ਤੇ ਬਨਸਪਤੀ ਨੂੰ ਪਾਲਦੇ ਆ ਰਹੇ ਹਨ ਪਰ ਕੁਦਰਤ ਰਾਣੀ ਦੇ ਸਭ ਤੋਂ ਵਿਗੜਾਲੂ ਪੁੱਤ ਮਨੁੱਖ ਨੇ ਜਿਵੇਂ ਆਪਣੀ ਪਾਲਣਹਾਰ ਨੂੰ ਹੀ ਨਸ਼ਟ ਕਰਨ ਦਾ ਨਿਸ਼ਚਾ ਕਰ ਲਿਆ ਹੈ। ਸਾਹਮਣੇ ਕੁਦਰਤ ਰਾਣੀ ਵੀ ਗਾਹੇ-ਬਗਾਹੇ ਵਿਕਰਾਲ ਰੂਪ ਧਾਰ ਆਪਣੀ ਹੋਂਦ ਦਰਸਾ ਰਹੀ ਹੈ। ਸਿੱਟਾ ਸਾਡੇ ਸਭ ਦੇ ਸਾਹਮਣੇ ਹੈ। ਪੰਜਾਬ ਕੁਦਰਤ ਰਾਣੀ ਦੇ ਰੋਹ ਦਾ ਲਗਾਤਾਰ ਸ਼ਿਕਾਰ ਹੋ ਰਿਹਾ ਹੈ। ਗਰਮੀ ਦੀ ਤਪਸ਼ ਤੇ ਉਮਰ ਲਗਾਤਾਰ ਵਧ ਰਹੀ ਹੈ। ਪਾਰਾ ਵੀ ਸਾਲ-ਦਰ-ਸਾਲ ਹੋਰ ਉੱਚਾ ਹੁੰਦਾ ਜਾ ਰਿਹਾ ਹੈ। ਸਰਦੀਆਂ ਦਾ ਮੌਸਮ ਤਾਂ ਜਿਵੇਂ ਪੰਜਾਬ ਵਿਚੋਂ ਖ਼ਤਮ ਹੋਣ ਕੰਢੇ ਹੀ ਹੋ ਗਿਆ ਹੋਵੇ। ਅੱਤ ਦੀ ਸਰਦੀ ਸਾਡੇ ਜਲਵਾਯੂ ਵਿਚੋਂ ਮਨਫ਼ੀ ਹੀ ਹੋ ਗਈ ਹੈ। ਬੇਮੌਸਮੀ ਬਰਸਾਤਾਂ ਵੀ ਸਾਡੇ ਕੁਦਰਤੀ ਚੱਕਰ ਵਿਚ ਆਏ ਵਿਗਾੜ ਦਾ ਹੀ ਨਤੀਜਾ ਹਨ। ਬੇਢੰਗੀਆਂ, ਬਿਨਾਂ ਕਿਸੇ ਯੋਜਨਾ ਦੇ ਖੜ੍ਹੀਆਂ ਕੀਤੀਆਂ ਸਾਡੀਆਂ ਇਮਾਰਤਾਂ ਲਈ ਪਹਿਲਾਂ ਅਸੀਂ ਲੱਖਾਂ ਕੁਦਰਤੀ ਨਾਲਿਆਂ ਦੀ ਬਲੀ ਦਿੱਤੀ। ਕੰਕਰੀਟ ਦੇ ਜੰਗਲ ਉਸਾਰਨ ਲਈ ਕੁਦਰਤੀ ਜੰਗਲਾਂ ਨੂੰ ਅੰਨ੍ਹੇਵਾਹ ਖ਼ਤਮ ਕਰੀ ਜਾ ਰਹੇ ਹਾਂ। ਖੇਤਾਂ ਵਿਚ ਅਣਤੋਲਿਆ ਜ਼ਹਿਰ ਲਗਾਤਾਰ ਖਿਲਾਰਿਆ ਜਾ ਰਿਹਾ ਹੈ। ਆਓ ਗਾਹੇ-ਬਗਾਹੇ ਸਾਨੂੰ ਹੀ ਨਿਗਲਣ ਵਾਲੀ ਇਸ ਖੇਡ ਨੂੰ ਸਮਝਣ ਤੇ ਰੋਕਣ ਦਾ ਯਤਨ ਕਰੀਏ। ਸਾਡੀ ਪਾਲਣਹਾਰ, ਸਾਡੀ ਕੁਦਰਤ ਮਾਂ ਪ੍ਰਤੀ ਆਪਣੀ ਸੋਚ ਬਦਲੀਏ। ਕਿਉਂ ਜੋ ਇਸ ਧਰਤੀ ਦੇ ਉੱਪਰ ਜੇ ਅੱਗ ਪੈਦਾ ਹੋਵੇਗੀ ਤਾਂ ਸੜਨਾ ਵੀ ਅਸੀਂ ਹੀ ਹੈ। ਆਉਣ ਵਾਲੀਆਂ ਪੀੜ੍ਹੀਆਂ ਲਈ ਰੰਗਲੇ ਪੰਜਾਬ ਦੇ ਚੰਦ ਕੁ ਰੰਗ ਤਾਂ ਬਾਕੀ ਛੱਡੀਏ। ਨਵੀਂ ਪੀੜ੍ਹੀ ਨੂੰ ਫੁੱਲਾਂ, ਪੌਦਿਆਂ ਦਾ ਸਾਥ ਮਾਨਣ ਤੇ ਨਵੀਆਂ ਕਰੂੰਬਲਾਂ ਪਾਲਣ ਦਾ ਸਬਕ ਵੰਡੀਏ। ਖੇਤਾਂ ਵਿਚ ਦਵਾਈਆਂ ਤੇ ਯੂਰੀਆ ਲੋੜ ਦੇਖ ਕੇ ਵਰਤਣ ਦੀ ਆਦਤ ਪਾਈ ਜਾਵੇ ਨਾ ਕਿ ਗੁਆਂਢੀ ਨੂੰ ਦੇਖ ਕੇ ਛਿੱਟਾ ਦਿੱਤਾ ਜਾਵੇ। ਆਓ, ਕੁਦਰਤ ਪ੍ਰਤੀ ਸਿਆਣੇ ਬਣ ਕੇ ਆਪਣਾ-ਆਪ ਬਚਾਈਏ, ਆਪਣਾ ਭਵਿੱਖ ਬਚਾਈਏ, ਆਪਣੀ ਹੋਂਦ ਬਚਾਈਏ।

-ਸ੍ਰੀ ਮੁਕਤਸਰ ਸਾਹਿਬ।
ਮੋਬਾ: 81465-49597


ਖ਼ਬਰ ਸ਼ੇਅਰ ਕਰੋ

ਦਿਨੋ-ਦਿਨ ਬੋਝਲ ਤੇ ਕਰੂਪ ਹੋ ਰਿਹਾ-ਭਾਰਤੀ ਲੋਕਤੰਤਰ

ਭਾਰਤ ਵਿਚ ਲਾਗੂ ਕੀਤੇ ਗਏ ਲੋਕਤੰਤਰ ਦਾ ਅੱਜ ਦਾ ਸਰੂਪ ਇਸ ਪਰਿਭਾਸ਼ਾ ਤੋਂ ਕੋਹਾਂ ਦੂਰ ਹੋ ਗਿਆ ਜਾਪਦਾ ਹੈ। ਦੇਸ਼ ਦੇ ਸਿਆਸੀ ਨੇਤਾਵਾਂ ਨੇ ਇਸ ਦੇ ਢਾਂਚੇ ਨੂੰ ਸਿਆਸਤ ਪੱਖੀ ਰੂਪ ਵਿਚ ਢਾਲਦਿਆਂ ਇਸ ਦਾ ਚਿਹਰਾ ਹੀ ਵਿਗਾੜ ਦਿੱਤਾ ਹੈ। ਇਸ ਨੂੰ ਏਨਾ ਤੋੜ-ਮਰੋੜ ਲੈਣ ਤੋਂ ਬਾਅਦ ਇਸ ਦਾ ਕੇਂਦਰ-ਬਿੰਦੂ ਹੁਣ ਲੋਕ ਨਹੀਂ ਰਹੇ, ਬਲਕਿ ਇਹ ਸਿਆਸਤ ਦੇ ਧੁਰੇ ਦੁਆਲੇ ਘੁੰਮ ਰਿਹਾ ਹੈ। ਅੱਜ ਭਾਰਤੀ ਲੋਕਤੰਤਰ ਸਿਆਸਤ ਦਾ, ਸਿਆਸਤ ਦੁਆਰਾ ਅਤੇ ਸਿਆਸਤ ਲਈ ਕੰਮ ਕਰ ਰਿਹਾ ਹੈ। ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਭਾਰਤ ਦੇ ਇਸ ਰਾਜ ਪ੍ਰਬੰਧ ਨੂੰ ਲੋਕਤੰਤਰੀ ਕਹਿਣਾ ਅਸਲ ਲੋਕਤੰਤਰ ਦੀ ਤੌਹੀਨ ਜਾਪਦਾ ਹੈ, ਕਿਉਂਕਿ ਅੱਜ ਦੀ ਭਾਰਤੀ ਸਿਆਸਤ ਨੂੰ ਲੋਕ ਨਜ਼ਰ ਨਹੀਂ ਆਉਂਦੇ, ਬਲਕਿ ਵੋਟ ਹੀ ਨਜ਼ਰ ਆਉਂਦੀ ਹੈ, ਇਸ ਕਰਕੇ ਇਹ ਅੱਜ ਵੋਟਤੰਤਰ ਬਣ ਕੇ ਰਹਿ ਗਿਆ ਹੈ। ਇਸ ਤੋਂ ਬਿਨਾਂ ਭਾਰਤੀ ਲੋਕਤੰਤਰ ਖਰਚੀਲਾ ਬਹੁਤ ਹੋ ਗਿਆ, ਜੋ ਦੇਸ਼ ਨੂੰ ਬਹੁਤ ਮਹਿੰਗਾ ਪੈ ਰਿਹਾ ਹੈ। ਨਿੱਤ-ਦਿਹਾੜੇ ਪੈਂਦੀਆਂ ਵੋਟਾਂ ਅਸਿੱਧੇ ਰੂਪ ਵਿਚ ਮਾਰੂ ਅਸਰ ਪਾ ਰਹੀਆਂ ਹਨ, ਕਿਉਂਕਿ ਵੋਟਾਂ 'ਤੇ ਵਾਰ-ਵਾਰ ਹੋਣ ਵਾਲਾ ਸਰਕਾਰੀ ਮਸ਼ੀਨਰੀ ਦਾ ਖਰਚ ਅਤੇ ਚੋਣ ਲੜਨ ਵਾਲਿਆਂ ਵਲੋਂ ਕੀਤਾ ਜਾਂਦਾ ਖਰਚਾ ਜਿੱਥੇ ਦੇਸ਼ ਨੂੰ ਆਰਥਿਕ ਖੋਰਾ ਲਾ ਰਿਹਾ ਹੈ, ਉਥੇ ਲੋਕਾਂ ਦੀ ਜੇਬ ਉੱਪਰ ਵੀ ਭਾਰੂ ਪੈ ਰਿਹਾ ਹੈ। ਇਹ ਦੋਵਾਂ ਪਾਸਿਆਂ ਤੋਂ ਹੋਣ ਵਾਲਾ ਖਰਚਾ ਆਖਰ ਲੋਕਾਂ ਦਾ ਪੇਟ ਕੱਟ ਕੇ ਹੀ ਪੂਰਾ ਕੀਤਾ ਜਾਂਦਾ ਹੈ। ਵੱਡੀਆਂ ਚੋਣਾਂ ਹੋ ਜਾਣ ਤੋਂ ਬਾਅਦ ਹਰ ਵਾਰ ਇਕ ਵੱਡੀ ਗਿਣਤੀ ਦੀ ਵਿਧਾਇਕਾਂ, ਸੰਸਦ ਮੈਂਬਰਾਂ, ਮੰਤਰੀਆਂ ਅਤੇ ਹੋਰ ਅਹੁਦਿਆਂ ਦੀ ਨਵੀਂ ਫੌਜ ਢੇਰ ਸਾਰੇ ਨਵੇਂ ਖਰਚਿਆਂ ਨਾਲ ਆਮ ਜਨਤਾ ਦੇ ਮੋਢਿਆਂ 'ਤੇ ਲੱਦ ਦਿੱਤੀ ਜਾਂਦੀ ਹੈ। ਇਹ ਸਾਰਾ ਖਰਚ ਬੜੇ ਲੁਕਵੇਂ ਤਰੀਕੇ ਨਾਲ ਕੀਤਾ ਜਾਂਦਾ ਹੈ ਅਤੇ ਜਨਤਾ ਨੂੰ ਦਿੱਤੇ ਜਾਣ ਵਾਲੇ ਨਿਗੂਣੇ ਹਿੱਸੇ ਨੂੰ ਜ਼ੋਰ-ਸ਼ੋਰ ਨਾਲ ਪ੍ਰਚਾਰਿਆ ਜਾਂਦਾ ਹੈ। ਇਕ ਵਾਰ ਚੋਣ ਜਿੱਤਣ ਤੋਂ ਬਾਅਦ ਕੁਝ ਆਗੂ ਹੀ ਹੁੰਦੇ ਹਨ, ਜੋ ਸੰਸਦੀ ਜਾਂ ਵਿਧਾਨਕ ਕਾਰਜਾਂ ਵਿਚ ਸਰਗਰਮ ਭੂਮਿਕਾ ਨਿਭਾਉਂਦੇ ਹਨ। ਜ਼ਿਆਦਾਤਰ ਤਾਂ ਵਿਹਲੇ ਹੀ ਜਨਤਾ ਦੇ ਪੈਸੇ 'ਤੇ ਐਸ਼ ਕਰਦੇ ਹਨ। ਕਮਜ਼ੋਰ ਬੰਦੇ ਉਪਰ ਕਾਨੂੰਨ ਦੀ ਲਾਠੀ ਜ਼ੋਰ ਨਾਲ ਵਰ੍ਹਦੀ ਹੈ ਅਤੇ ਤਾਕਤਵਰ ਕਾਨੂੰਨੀ ਲੜਾਈ ਦਾ ਡਰਾਮਾ ਲੰਬਾ ਖਿੱਚ ਕੇ ਸ਼ਰ੍ਹੇਆਮ ਮੌਜਾਂ ਕਰਦਾ ਹੈ। ਭਾਰਤੀ ਕਾਨੂੰਨ ਦੀਆਂ ਇਨ੍ਹਾਂ ਚੋਰ ਮੋਰੀਆਂ ਕਾਰਨ ਹੀ ਮਾਲਿਆ ਅਤੇ ਚੋਕਸੀ ਵਰਗੇ ਜਨਤਾ ਦੇ ਖੂਨ-ਪਸੀਨੇ ਦਾ ਮਾਲ ਹੜੱਪ ਕੇ ਬਚ ਨਿਕਲਦੇ ਹਨ ਅਤੇ ਇਹ ਵੀ ਸਿਆਸਤ ਦੀ ਥਾਪੀ ਦੀ ਹੀ ਦੇਣ ਹੈ ਕਿ ਡਾਕੂ ਜਾਂ ਗੁੰਡੇ ਵੀ ਸਾਡੀ ਸੰਸਦ ਅਤੇ ਵਿਧਾਨ ਸਭਾ ਤੱਕ ਪਹੁੰਚ ਜਾਂਦੇ ਹਨ। ਦੇਸ਼ ਦੀ (ਕਥਿਤ) ਆਜ਼ਾਦੀ ਤੋਂ ਬਾਅਦ ਜੇ ਕੁਝ ਹੋਇਆ ਹੈ ਤਾਂ ਉਹ ਹੈ ਲੋਕਾਂ ਦਾ ਸ਼ੋਸ਼ਣ, ਜੇ ਕੁਝ ਬਣਿਆ ਹੈ ਤਾਂ ਉਹ ਹੈ ਆਮ ਲੋਕਾਂ ਉੱਪਰ ਭਾਰੂ ਪੈਣ ਵਾਲਾ ਕਾਨੂੰਨ, ਜੇ ਕੁਝ ਖੱਟਿਆ ਹੈ ਤਾਂ ਉਹ ਹੈ ਸਿਆਸੀ ਲੋਕਾਂ ਨੇ ਲਾਹਾ, ਜੇ ਕੁਝ ਗੁਆਇਆ ਹੈ ਉਹ ਹੈ ਆਮ ਲੋਕਾਂ ਨੇ ਹੱਕ, ਜੇ ਕੁਝ ਵਧਿਆ ਹੈ ਤਾਂ ਉਹ ਹੈ ਸਿਆਸਤ ਦੇ ਅਧਿਕਾਰ ਅਤੇ ਸੁੱਖ-ਸਹੂਲਤ। ਆਮ ਜਨਤਾ ਦੇ ਪੱਲੇ ਤਾਂ ਲਾਰੇ, ਸਬਜ਼-ਬਾਗ ਅਤੇ ਧੋਖਾ ਹੀ ਪਿਆ ਹੈ। ਅੱਜ ਭਾਰਤ ਦੇ ਲੋਕਤੰਤਰ ਨੂੰ ਅਸਲ ਰੂਪ ਵਿਚ ਲੋਕ-ਪੱਖੀ ਅਤੇ ਇਨਸਾਫ਼ ਪਸੰਦ ਬਣਾਉਣ ਲਈ ਇਮਾਨਦਾਰ, ਵਫ਼ਾਦਾਰ ਅਤੇ ਸੱਚੇ ਯਤਨਾਂ ਦੀ ਬਹੁਤ ਜ਼ਿਆਦਾ ਲੋੜ ਹੈ। ਲੋਕਤੰਤਰ ਦਾ ਵੱਡਾ ਹੋਣਾ ਸਾਡੀ ਪ੍ਰਾਪਤੀ ਨਹੀਂ ਹੈ, ਬਲਕਿ ਇਸ ਦਾ ਚੰਗਾ ਹੋਣਾ ਸਾਡੀ ਪ੍ਰਾਪਤੀ ਹੋਵੇਗੀ। ਜੇਕਰ ਇਸ ਦੇ ਢਾਂਚੇ ਨੂੰ ਸਮਾਂ ਰਹਿੰਦੇ ਸੁਧਾਰ ਨਾ ਲਿਆ ਗਿਆ ਤਾਂ ਦੇਸ਼ ਦੀ ਤਬਾਹੀ ਤੇ ਗੁਲਾਮੀ ਵੱਲ ਵਧਣ ਦੀ ਰਫ਼ਤਾਰ ਹੋਰ ਤੇਜ਼ ਹੋ ਜਾਵੇਗੀ।

-ਪਿੰਡ ਤੇ ਡਾਕ: ਕੋਟਲਾ ਸਮਸ਼ਪੁਰ, ਤਹਿ: ਸਮਰਾਲਾ, ਜ਼ਿਲ੍ਹਾ ਲੁਧਿਆਣਾ। ਮੋਬਾ: 85678-72291

ਮਾਣ-ਮੱਤੇ ਅਧਿਆਪਕ-16

ਮਿਹਨਤ ਤੇ ਲਗਨ ਦਾ ਦੂਜਾ ਨਾਂਅ ਹਨ ਸ: ਰਣਜੀਤ ਸਿੰਘ ਲੁਧਿਆਣਾ

ਅਧਿਆਪਨ ਜਿੱਥੇ ਇਕ ਰੁਜ਼ਗਾਰ ਦਾ ਸਾਧਨ ਹੈ, ਉਸ ਦੇ ਨਾਲ ਹੀ ਇਕ ਬਹੁਤ ਵੱਡੀ ਜ਼ਿੰਮੇਵਾਰੀ ਵੀ ਹੈ। ਇਸ ਤੋਂ ਵੱਡੀ ਜ਼ਿੰਮੇਵਾਰੀ ਤੇ ਸੰਜੀਦਗੀ ਦਾ ਕਾਰਜ ਹੋਰ ਕੋਈ ਨਹੀਂ ਹੈ। ਸਾਡੇ ਸਮਾਜ ਵਿਚ ਮੋਮਬੱਤੀ ਵਾਂਗ ਬਲ ਕੇ ਵਿਦਿਆਰਥੀਆਂ ਦਾ ਜੀਵਨ ਰੁਸ਼ਨਾਉਣ ਵਾਲੇ ਅਧਿਆਪਕਾਂ ਦੀ ਕਮੀ ਨਹੀਂ ਹੈ। ਅਜਿਹੀ ਹੀ ਮਹਾਨ ਸ਼ਖ਼ਸੀਅਤ ਹਨ ਸ: ਰਣਜੀਤ ਸਿੰਘ, ਜਿਨ੍ਹਾਂ ਦਾ ਜਨਮ ਪਿਤਾ ਸ: ਇਕਬਾਲ ਸਿੰਘ ਅਤੇ ਮਾਤਾ ਸ੍ਰੀਮਤੀ ਕੁਲਵੰਤ ਕੌਰ ਦੇ ਘਰ 1 ਅਕਤੂਬਰ, 1947 ਨੂੰ ਲੁਧਿਆਣਾ ਵਿਖੇ ਹੋਇਆ। ਸ: ਰਣਜੀਤ ਸਿੰਘ ਨੇ ਵਿਗਿਆਨ ਵਿਸ਼ੇ ਵਿਚ ਯੋਗਤਾ ਪ੍ਰਾਪਤ ਕਰਨ ਉਪਰੰਤ 3 ਅਗਸਤ, 1968 ਨੂੰ ਬਤੌਰ ਵਿਗਿਆਨ ਮਾਸਟਰ ਏ.ਐਸ. ਹਾਈ ਸਕੂਲ ਰੁੜਕਾ ਕਲਾਂ ਜ਼ਿਲ੍ਹਾ ਲੁਧਿਆਣਾ ਤੋਂ ਆਪਣਾ ਅਧਿਆਪਨ ਕਾਰਜ ਆਰੰਭਿਆ। ਉਸ ਤੋਂ ਬਾਅਦ ਉਨ੍ਹਾਂ ਨੇ ਕੁਝ ਸਮਾਂ ਸਰਗੋਧਾ ਖ਼ਾਲਸਾ ਹਾਈ ਸਕੂਲ ਵਿਚ ਵੀ ਸੇਵਾਵਾਂ ਨਿਭਾਈਆਂ ਤੇ 28 ਅਗਸਤ, 1972 ਨੂੰ ਉਹ ਸਿੱਖਿਆ ਵਿਭਾਗ ਵਿਚ ਬਤੌਰ ਸਾਇੰਸ ਮਾਸਟਰ ਸਰਕਾਰੀ ਹਾਈ ਸਕੂਲ ਮਾਂਗਟ ਭਰਤੀ ਹੋਏ। ਅਧਿਆਪਕ ਭਾਵੇਂ ਸਰਕਾਰੀ ਸਕੂਲ, ਭਾਵੇਂ ਪ੍ਰਾਈਵੇਟ ਸਕੂਲ ਵਿਚ ਸੇਵਾਵਾਂ ਨਿਭਾਉਂਦਾ ਹੋਵੇ, ਉਸ ਲਈ ਉਸ ਦੀ ਜ਼ਿੰਮੇਵਾਰੀ ਬਰਾਬਰ ਹੀ ਹੁੰਦੀ ਹੈ, ਇਸ ਲਈ ਸ: ਰਣਜੀਤ ਸਿੰਘ ਜੋ ਆਪਣੇ ਕਿੱਤੇ ਲਈ ਪੂਰੀ ਤਰ੍ਹਾਂ ਸਮਰਪਿਤ ਸਨ, ਇੱਥੇ ਵੀ ਵਿਦਿਆਰਥੀਆਂ ਦੇ ਹਰਮਨ ਪਿਆਰੇ ਅਧਿਆਪਕ ਵਜੋਂ ਜਾਣੇ ਜਾਣ ਲੱਗੇ। ਇਸ ਉਪਰੰਤ ਉਨ੍ਹਾਂ ਨੇ 5 ਫਰਵਰੀ, 1972 ਤੋਂ ਲੈ ਕੇ 11 ਅਕਤੂਬਰ, 2000 ਤੱਕ ਸਰਕਾਰੀ ਸੀਨੀਅਰ ਮਾਡਲ ਸਕੂਲ ਮਿੱਲਰਗੰਜ ਲੁਧਿਆਣਾ ਸੇਵਾਵਾਂ ਨਿਭਾਈਆਂ। ਇਨ੍ਹਾਂ ਸਮਿਆਂ ਦੌਰਾਨ ਉਹ ਹਰ ਸਮੇਂ ਸਕੂਲ ਦੇ ਬੱਚਿਆਂ ਦੀ ਭਲਾਈ ਲਈ ਤਤਪਰ ਰਹੇ। ਉਨ੍ਹਾਂ ਦਾ ਇਕ ਹੀ ਸੁਪਨਾ ਸੀ ਕਿ ਉਨ੍ਹਾਂ ਦੇ ਵਿਦਿਆਰਥੀ ਵਿਗਿਆਨ ਵਿਸ਼ੇ ਦੇ ਨਾਲ-ਨਾਲ ਇਕ ਚੰਗੇ ਨੈਤਿਕ ਗੁਣਾਂ ਵਾਲੇ ਹੋਣ ਤੇ ਸ: ਰਣਜੀਤ ਸਿੰਘ ਦਾ ਇਹ ਸੁਪਨਾ ਪੂਰਾ ਵੀ ਹੋਇਆ। ਇਸ ਸਮੇਂ ਦੌਰਾਨ ਸੰਨ 2000 ਨੂੰ ਉਨ੍ਹਾਂ ਦਾ ਸਫ਼ਰ ਬਤੌਰ ਮੁੱਖ ਅਧਿਆਪਕ ਪਦਉਨਤ ਹੋ ਸਰਕਾਰੀ ਹਾਈ ਸਕੂਲ ਲਾਪਰਾਂ ਤੋਂ ਸ਼ੁਰੂ ਹੋਇਆ। ਫਿਰ ਉਨ੍ਹਾਂ ਨੇ ਸਰਕਾਰੀ ਹਾਈ ਸਕੂਲ ਧਾਂਦਰਾ ਅਤੇ ਸਰਕਾਰੀ ਹਾਈ ਸਕੂਲ ਸਲੇਮ ਟਾਬਰੀ ਲੁਧਿਆਣਾ ਵਿਖੇ ਵੀ ਸੇਵਾਵਾਂ ਨਿਭਾਈਆਂ। ਉਨ੍ਹਾਂ ਨੇ ਆਪਣੇ ਸਾਰੇ ਸਫ਼ਰ ਦੌਰਾਨ ਬੇਮਿਸਾਲ ਪ੍ਰਾਪਤੀਆਂ ਕੀਤੀਆਂ। 1984 ਵਿਚ ਉਨ੍ਹਾਂ ਨੇ ਵਰਕਸ਼ਾਪ ਪਾਪੂਲੇਸ਼ਨ ਐਜੂਕੇਸ਼ਨ ਪਟਿਆਲਾ ਵਿਖੇ ਭਾਗ ਲਿਆ। 1987 ਵਿਚ ਨੈਸ਼ਨਲ ਪਾਲਸੀ ਆਫ ਐਜੂਕੇਸ਼ਨ ਵਿਚ ਭਾਗ ਲਿਆ। 1988 ਵਿਚ ਆਲ ਇੰਡੀਆ ਜੂਨੀਅਰ ਰੈੱਡ ਕਰਾਸ ਕੈਂਪ ਥੰਜਾਵਰ (ਮਦਰਾਸ) ਵਿਚ ਭਾਗ ਲੈ ਕੇ 10 ਮੁੱਖ ਇਨਾਮ ਪ੍ਰਾਪਤ ਕੀਤੇ। 1980 ਤੋਂ ਲੈ ਕੇ 2006 ਤੱਕ ਹਰ ਸਾਲ ਵਿਗਿਆਨ ਮੇਲਿਆਂ ਵਿਚ ਉਨ੍ਹਾਂ ਦੇ ਵਿਦਿਆਰਥੀ ਇਨਾਮ ਜਿੱਤ ਕੇ ਸਕੂਲ ਦਾ ਨਾਂਅ ਰੌਸ਼ਨ ਕਰਦੇ ਰਹੇ। 1993 ਵਿਚ 22ਵੀਂ ਜਵਾਹਰ ਲਾਲ ਨਹਿਰੂ ਸਾਇੰਸ ਪ੍ਰਦਰਸ਼ਨੀ ਮਦਰਾਸ ਵਿਚ ਭਾਗ ਲੈਂਦੇ ਹੋਏ ਉਨ੍ਹਾਂ ਦੇ ਮਾਡਲ ਦੀ ਚੋਣ ਹੋਈ, ਜਿਸ ਨੂੰ ਮੁੱਖ ਸਾਇੰਸ ਮਾਡਲਾਂ ਦੀ ਪੁਸਤਕ ਵਿਚ ਦਰਜ ਕੀਤਾ ਗਿਆ। 1997 ਵਿਚ ਨਵੀਂ ਦਿੱਲੀ ਵਿਖੇ ਨੈਸ਼ਨਲ ਚਿਲਡਰਨ ਸਾਇੰਸ ਕਾਂਗਰਸ ਵਿਚ ਭਾਗ ਲੈਂਦੇ ਹੋਏ ਉਨ੍ਹਾਂ ਨੇ ਪੰਜਾਬ ਦਾ ਨਾਂਅ ਰੌਸ਼ਨ ਕੀਤਾ। ਸੰਨ 2000 ਵਿਚ ਉਨ੍ਹਾਂ ਦੀ ਚੋਣ ਉੱਤਰੀ ਖਿੱਤੇ ਦੇ ਇਨਟੈਲ ਸਾਇੰਸ ਟੇਲੈਂਟ ਡਿਸਕਵਰੀ ਫੇਅਰ ਲਈ ਕੀਤੀ ਗਈ, ਜਿੱਥੋਂ ਉਹ ਆਲ ਇੰਡੀਆ ਲਈ ਵੀ ਚੁਣੇ ਗਏ, ਜਿਸ ਵਿਚ ਭਾਗ ਲੈਂਦੇ ਹੋਏ ਉਨ੍ਹਾਂ ਦੇ ਦੋ ਵਿਦਿਆਰਥੀਆਂ ਨੇ ਇਨਾਮ ਪ੍ਰਾਪਤ ਕਰਕੇ ਲੁਧਿਆਣਾ ਜ਼ਿਲ੍ਹੇ ਦੀ ਪੜ੍ਹਾਈ ਦਾ ਲੋਹਾ ਪੂਰੇ ਭਾਰਤ ਵਿਚ ਮੰਨਵਾ ਦਿੱਤਾ। ਉਨ੍ਹਾਂ ਵਲੋਂ ਕੀਤੇ ਗਏ ਅਣਥੱਕ ਸਿੱਖਿਅਕ ਕਾਰਜਾਂ ਬਦਲੇ ਉਨ੍ਹਾਂ ਨੂੰ ਪੰਜਾਬ ਸਰਕਾਰ ਵਲੋਂ 1997 ਵਿਚ ਰਾਜ ਅਧਿਆਪਕ ਪੁਰਸਕਾਰ ਅਤੇ ਸੰਨ 2003 ਵਿਚ ਭਾਰਤ ਸਰਕਾਰ ਵਲੋਂ ਕੌਮੀ ਅਧਿਆਪਕ ਪੁਰਸਕਾਰ ਨਾਲ ਨਿਵਾਜਿਆ ਗਿਆ। ਸੇਵਾਮੁਕਤੀ ਤੋਂ ਬਾਅਦ ਬੱਚਿਆਂ ਦੀ ਭਲਾਈ ਲਈ ਸ: ਰਣਜੀਤ ਸਿੰਘ ਅੱਜ ਵੀ ਤਤਪਰ ਹਨ। ਅੱਜਕਲ੍ਹ ਉਹ ਜਿੱਥੇ ਰੇਡੀਓ-ਟੀ.ਵੀ 'ਤੇ ਆਪਣੀਆਂ ਲਿਖਤਾਂ ਰਾਹੀਂ ਸਮਾਜ ਸੁਧਾਰ ਦਾ ਕੰਮ ਕਰ ਰਹੇ ਹਨ, ਉੱਥੇ ਧਰਮ ਦੇ ਖੇਤਰ ਵਿਚ ਵੀ ਸਿੱਖ ਮਿਸ਼ਨਰੀ ਸਕੂਲ ਲੁਧਿਆਣਾ ਦੇ ਡਾਇਰੈਕਟਰ ਵਜੋਂ ਅਤੇ ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਸਿਵਲ ਲਾਇਨ ਲੁਧਿਆਣਾ ਦੇ ਪ੍ਰਧਾਨ ਵਜੋਂ ਸੇਵਾਵਾਂ ਨਿਭਾਅ ਰਹੇ ਹਨ।

-ਪਿੰਡ ਤੇ ਡਾਕ: ਪੰਜਗਰਾਈਆਂ (ਸੰਗਰੂਰ)। -ਮੋਬਾਈਲ : 93565-52000.

ਪੰਚਾਇਤੀ ਚੋਣਾਂ ਲਈ ਕਿੰਨੀ ਕੁ ਆਜ਼ਾਦ ਹੈ ਔਰਤ?

ਪੰਜਾਬ ਸਰਕਾਰ ਵਲੋਂ ਆ ਰਹੀਆਂ ਪੰਚਾਇਤੀ ਚੋਣਾਂ ਵਿਚ ਔਰਤਾਂ ਨੂੰ 50 ਫੀਸਦੀ ਰਾਖਵਾਂਕਰਨ ਦੇਣ ਦੀ ਗੱਲ ਕੀਤੀ ਜਾ ਰਹੀ ਹੈ, ਜੋ ਔਰਤ ਦੇ ਮਾਣ-ਸਨਮਾਨ, ਬਰਾਬਰਤਾ ਲਈ ਇਕ ਠੋਸ ਕਦਮ ਕਿਹਾ ਜਾ ਸਕਦਾ ਹੈ। ਪਰ ਕੀ ਜ਼ਮੀਨੀ ਪੱਧਰ 'ਤੇ ਇਸ ਕਦਮ ਦਾ ਫਾਇਦਾ ਔਰਤ ਨੂੰ ਹੀ ਹੋਵੇਗਾ? ਕੀ ਔਰਤ ਆਪਣੀ ਗੁਲਾਮੀ, ਬੇਵਸੀ ਨੂੰ ਤਿਆਗ ਸਕੇਗੀ? ਕੀ ਔਰਤ ਵੀ ਮਰਦ ਵਾਂਗ ਕੋਟ ਕਚਹਿਰੀ, ਸੱਥਾਂ ਵਿਚ ਖੜ੍ਹ ਕੇ ਪਿੰਡ ਦੇ ਮਸਲੇ ਜਾਂ ਝਗੜਿਆਂ ਨੂੰ ਨਿਬੇੜ ਸਕੇਗੀ? ਇਹੋ ਜਿਹੇ ਬਹੁਤ ਸਵਾਲ ਨੇ ਜੋ ਔਰਤ ਦੀ ਆਜ਼ਾਦੀ ਉੱਪਰ ਸਵਾਲ ਖੜ੍ਹੇ ਕਰਦੇ ਹਨ। ਪਹਿਲਾਂ ਹੋਈਆਂ ਚੋਣਾਂ ਵਿਚ ਸਰਪੰਚੀ ਦੀਆਂ ਚੋਣਾਂ ਜਿੱਤਣ ਵਾਲੀਆਂ ਪੰਚ-ਸਰਪੰਚ ਔਰਤਾਂ ਚਾਰਦੀਵਾਰੀ ਵਿਚ ਕਾਗਜ਼ਾਂ ਜਾਂ ਪੰਚਾਇਤੀ ਮਤਿਆਂ ਉੱਪਰ ਅੰਗੂਠਾ-ਹਸਤਾਖਰ ਕਰਨ ਤੱਕ ਹੀ ਸੀਮਤ ਰਹੀਆਂ ਹਨ। ਇੱਕਾ-ਦੁੱਕਾ ਪਿੰਡ ਹੋਣਗੇ, ਜਿਥੇ ਔਰਤ ਨੇ ਆਜ਼ਾਦ ਸੋਚ ਅਨੁਸਾਰ ਪੰਚੀ-ਸਰਪੰਚੀ ਕੀਤੀ ਹੋਵੇ। ਭਾਵੇਂ ਔਰਤ ਅੱਜ ਹਰ ਇਕ ਅਹੁਦੇ 'ਤੇ ਮੌਜੂਦ ਹੈ ਪਰ ਪਿੰਡ ਪੱਧਰ 'ਤੇ ਉਹ ਅੱਜ ਵੀ ਗੁਲਾਮ ਹੀ ਹੈ। ਜਿਹੜੇ ਪਿੰਡ ਵਾਸੀ ਆਪਣੀ ਧੀ ਨੂੰ ਕਾਲਜ ਦੀ ਬੱਸ ਚੜ੍ਹਾਉਣ ਵੇਲੇ ਨਾਲ ਜਾਂਦੇ ਹਨ, ਉਹ ਪਿੰਡ ਦੇ ਮਸਲੇ ਲਈ ਔਰਤ ਨੂੰ ਕਿਵੇਂ ਘਰ ਤੋਂ ਬਾਹਰ ਭੇਜ ਦੇਣਗੇ? ਕਈ ਪਰਿਵਾਰਾਂ ਵਿਚ ਤਾਂ ਬੀ. ਏ., ਐਮ. ਏ. ਪਾਸ ਨੂੰਹਾਂ ਦੇ ਸੁਭਾਅ ਤੋਂ ਆਂਢੀ-ਗੁਆਂਢੀ ਵੀ ਵਾਕਿਫ਼ ਨਹੀਂ ਹੁੰਦੇ। ਉਹ ਕਦੇ ਭਾਈਚਾਰੇ ਵਿਚ ਵਿਚਰਦੀਆਂ ਹੀ ਨਹੀਂ। ਨੂੰਹ ਚਾਹੇ ਕਿੰਨੀ ਵੀ ਸਮਝਦਾਰ, ਅਗਾਂਹਵਧੂ, ਉਸਾਰੂ ਸੋਚ ਦੀ ਹੋਵੇ ਪਰ ਇਥੇ ਆ ਕੇ ਉਹ ਬੇਵੱਸ ਹੋ ਜਾਂਦੀ ਹੈ। ਕਈ ਇਹੋ ਜਿਹੇ ਪਰਿਵਾਰ ਵੀ ਹਨ ਜੋ ਨੂੰਹ ਨੂੰ ਸਮਾਜ ਵਿਚ ਵਿਚਰਨ ਦੀ ਪੂਰੀ ਖੁੱਲ੍ਹ ਦਿੰਦੇ ਹਨ। ਕਈ ਭਾਵੇਂ ਪਹਿਲਾਂ ਸਰਪੰਚੀਆਂ ਵਿਚ ਵਿਚਰਦੇ ਹੋਣ ਪਰ ਔਰਤ ਦੀ ਆਜ਼ਾਦੀ ਵੇਲੇ ਉਹ ਵੀ ਨੀਵੀਂ ਪਾ ਲੈਂਦੇ ਹਨ। ਜਿਹੜੀ ਵੀ ਔਰਤ ਸਰਪੰਚੀ ਦੀ ਉਮੀਦਵਾਰ ਬਣਦੀ ਹੈ, ਉਹ ਕਦੇ ਪਿੰਡ ਵਿਚ ਔਰਤ ਦੇ ਹੀ ਝਗੜੇ ਜਾਂ ਮਸਲੇ ਵਿਚ ਵੀ ਸ਼ਾਮਿਲ ਨਹੀਂ ਹੁੰਦੀ। ਉਥੇ ਵੀ ਉਸ ਦਾ ਪਤੀ ਜਾਂ ਪੁੱਤਰ ਹੀ ਔਰਤ ਦੀ ਥਾਂ ਹਾਜ਼ਰੀ ਭਰਦਾ ਹੈ। ਹੋਰ ਮਸਲੇ ਤਾਂ ਦੂਰ ਦੀ ਗੱਲ ਨੇ। ਜਦੋਂ ਤੱਕ ਅਸੀਂ ਪਿੰਡ ਪੱਧਰ 'ਤੇ ਔਰਤ ਨੂੰ ਪੂਰਨ ਤੌਰ 'ਤੇ ਆਜ਼ਾਦੀ ਨਹੀਂ ਦੇ ਸਕਦੇ ਤਾਂ ਇਹ ਮੰਨਣ ਵਿਚ ਕੋਈ ਅਤਿਕਥਨੀ ਨਹੀਂ ਹੋਵੇਗੀ ਕਿ ਔਰਤ ਦਾ ਰਾਖਵਾਂਕਰਨ ਸਿਰਫ ਇਕ ਢਾਲ ਦਾ ਕੰਮ ਕਰਦਾ ਹੈ, ਜਿਸ ਦੀ ਵਰਤੋਂ ਮਰਦ ਸਮਾਜ ਹੀ ਕਰਦਾ ਹੈ। ਔਰਤ ਸਾਹਮਣੇ ਤਾਂ ਆ ਸਕਦੀ ਹੈ ਪਰ ਸਮਾਜਿਕ, ਪਰਿਵਾਰਕ ਬੰਦਸ਼ਾਂ ਉਨ੍ਹਾਂ ਨੂੰ ਲੋਕਾਂ ਵਿਚ ਵਿਚਰਨ ਨਹੀਂ ਦਿੰਦੀਆਂ। ਸਾਡੀ ਸੋਚ ਕਿਉਂ ਔਰਤ ਨੂੰ ਚਾਰਦੀਵਾਰੀ ਵਿਚ ਰੱਖਣਾ ਚਾਹੁੰਦੀ ਹੈ, ਜਦੋਂ ਕਿ ਪਿੰਡ ਆਪਣੇ ਹੀ ਭਾਈਚਾਰੇ ਦਾ ਇਕ ਹਿੱਸਾ ਹੁੰਦਾ ਹੈ।ਸੋ, ਲੋੜ ਔਰਤ ਪ੍ਰਤੀ ਆਪਣੀ ਸੋਚ ਬਦਲਣ ਦੀ, ਉਸ ਦਾ ਖੁੱਲ੍ਹ ਕੇ ਸਾਥ ਦੇਣ ਦੀ ਹੈ ਤਾਂ ਕਿ ਉਹ ਆਪਣੇ ਅਨੁਸਾਰ ਆਪਣੇ ਪਿੰਡ, ਆਪਣੇ ਪਰਿਵਾਰ ਅਤੇ ਔਰਤ ਸਮਾਜ ਦਾ ਮਾਣ ਵਧਾ ਸਕੇ।

-ਮੋਬਾ: 88724-88769

ਸਾਰਥਿਕ ਯਤਨਾਂ ਦੀ ਲੋੜ

ਮਿਲਾਵਟਖੋਰੀ ਦੇ ਅਨੇਕਾਂ ਰੂਪ ਪ੍ਰਚਿੱਲਤ ਹਨ, ਜਿਵੇਂ ਘਟੀਆ ਵਸਤੂ ਨੂੰ ਵਧੀਆ ਵਸਤੂ ਦੇ ਮੁੱਲ ਵੇਚਣਾ, ਮਾਪ-ਤੋਲ ਵਿਚ ਹੇਰਾਫੇਰੀ ਕਰਨੀ ਆਦਿ। ਪਰ ਅੱਜ ਇਸ ਦਾ ਰੂਪ ਸਭ ਤੋਂ ਭਿਆਨਕ ਤੇ ਖਤਰਨਾਕ ਹੱਦ ਤੱਕ ਪਹੁੰਚ ਚੁੱਕਾ ਹੈ। ਤਿਉਹਾਰਾਂ ਮੌਕੇ ਸ਼ੁੱਧ ਤੇ ਮਿਆਰੀ ਖਾਣ-ਪੀਣ ਵਾਲੀਆਂ ਵਸਤਾਂ ਦੀ ਉਪਲੱਬਧਤਾ ਬੇਹੱਦ ਮੁਸ਼ਕਲ ਬਣ ਜਾਂਦੀ ਹੈ। ਇਸ ਮੌਕੇ ਕੁਇੰਟਲਾਂ ਦੇ ਹਿਸਾਬ ਨਾਲ ਰਸਾਇਣਾਂ ਨਾਲ ਤਿਆਰ ਦੁੱਧ, ਪਨੀਰ, ਖੋਆ ਤੇ ਬਰਫ਼ੀ ਆਦਿ ਬਣਾ ਕੇ ਉਨ੍ਹਾਂ ਨੂੰ ਸ਼ੀਸ਼ੇ ਦੇ ਚਮਕਦੇ ਸ਼ੋ-ਕੇਸਾਂ ਵਿਚ ਸਜਾ ਕੇ ਮੋਟੀ ਕਮਾਈ ਕੀਤੀ ਜਾਂਦੀ ਹੈ। ਮੇਲਿਆਂ ਦੌਰਾਨ ਵੀ ਰੰਗ-ਬਰੰਗੀਆਂ ਮਿਠਾਈਆਂ ਦੇ ਨਾਂਅ 'ਤੇ ਸ਼ਰੇਆਮ ਜ਼ਹਿਰ ਵੇਚਿਆ ਜਾਂਦਾ ਹੈ। ਇਸ ਤੋਂ ਇਲਾਵਾ ਨਿੱਜੀ ਸਫ਼ਾਈ ਅਤੇ ਕੰਮਕਾਰ ਵਾਲੀ ਥਾਂ ਦੀ ਸਫ਼ਾਈ ਦਾ ਵੀ ਕੋਈ ਧਿਆਨ ਨਹੀਂ ਰੱਖਿਆ ਜਾਂਦਾ, ਪਰ ਆਮ ਲੋਕਾਂ ਦੀ ਸਿਹਤ ਦੀ ਚਿੰਤਾ ਕੌਣ ਕਰਦਾ ਹੈ? ਭਾਵੇਂ ਸਿਹਤ ਵਿਭਾਗ ਵਲੋਂ ਫੂਡ ਸੇਫਟੀ ਦਸਤੇ ਬਣਾ ਕੇ ਚੈਕਿੰਗ ਵੀ ਕੀਤੀ ਜਾਂਦੀ ਹੈ ਪਰ ਇਹ ਦਸਤੇ ਵੀ ਮਿਲਾਵਟਖੋਰੀ ਨੂੰ ਰੋਕਣ ਵਿਚ ਬੇਵੱਸ ਨਜ਼ਰ ਆਉਂਦੇ ਹਨ, ਕਿਉਂਕਿ ਵਿਭਾਗ ਕੋਲ ਅਮਲੇ-ਫੈਲੇ ਦੀ ਵੱਡੀ ਘਾਟ ਹੈ ਤੇ ਮਿਲਾਵਟਖੋਰੀ ਦਾ ਇਹ ਗੋਰਖਧੰਦਾ ਜੰਗੀ ਪੱਧਰ 'ਤੇ ਚਲਦਾ ਹੈ। ਵਸਤਾਂ ਦੇ ਸੈਂਪਲ ਭਰ ਕੇ ਬਸ ਰਸਮੀ ਜਿਹੀ ਕਾਰਵਾਈ ਕੀਤੀ ਜਾਂਦੀ ਹੈ। ਇਸ ਬਿਮਾਰੀ ਨੂੰ ਰੋਕਣ ਲਈ ਮਿਲਾਵਟਖੋਰਾਂ ਵਿਰੁੱਧ ਸਖਤ ਮੁਹਿੰਮ ਚਲਾਈ ਜਾਣੀ ਚਾਹੀਦੀ ਹੈ। ਖਾਣ-ਪੀਣ ਵਾਲੀਆਂ ਵਸਤਾਂ ਤਿਆਰ ਕਰਨ ਵਾਲੇ ਕਾਰੋਬਾਰ ਦੀ ਰਜਿਸਟਰੇਸ਼ਨ ਲਾਜ਼ਮੀ ਹੋਵੇ ਅਤੇ ਤਿਆਰ ਕੀਤੇ ਉਤਪਾਦ ਦੀ ਲੇਬਲਿੰਗ ਜ਼ਰੂਰ ਕੀਤੀ ਜਾਵੇ। ਮਿਲਾਵਟ ਦਾ ਅਜਿਹਾ ਮਨੁੱਖਤਾਹੀਣ ਧੰਦਾ ਕਰਨ ਵਾਲਿਆਂ ਦੀ ਨਿੰਦਾ ਹੀ ਨਹੀਂ, ਬਲਕਿ ਇਨ੍ਹਾਂ ਨੂੰ ਸਖਤ ਤੇ ਮਿਸਾਲੀ ਸਜ਼ਾਵਾਂ ਮਿਲਣੀਆਂ ਚਾਹੀਦੀਆਂ ਹਨ। ਜਿਨ੍ਹਾਂ ਫੈਕਟਰੀਆਂ, ਦੁਕਾਨਾਂ ਵਿਚ ਨਕਲੀ ਦੁੱਧ ਜਾਂ ਇਸ ਤੋਂ ਬਣੇ ਪਦਾਰਥ ਫੜੇ ਜਾਣ, ਉਨ੍ਹਾਂ ਫੈਕਟਰੀਆਂ ਨੂੰ ਪੱਕੇ ਤੌਰ 'ਤੇ ਬੰਦ ਕੀਤਾ ਜਾਣਾ ਚਾਹੀਦਾ ਹੈ। ਬਸ ਅਜਿਹੇ ਕੁਝ ਸਾਰਥਿਕ ਯਤਨਾਂ ਦੀ ਲੋੜ ਹੈ, ਜਿਸ ਨਾਲ ਮਿਲਾਵਟਖੋਰੀ ਦੀ ਇਸ ਗੰਭੀਰ ਸਮੱਸਿਆ ਨੂੰ ਖਤਮ ਕੀਤਾ ਜਾ ਸਕਦਾ ਹੈ।

-ਪਿੰਡ ਤੇ ਡਾਕ: ਸ਼ਹਿਬਾਜ਼ਪੁਰਾ, ਨੇੜੇ ਰਾਏਕੋਟ (ਲੁਧਿਆਣਾ)। ਮੋਬਾ: 94630-90470 jit80@gmail.com

ਗਹਿਰੇ ਆਰਥਿਕ ਸੰਕਟ 'ਚੋਂ ਗੁਜ਼ਰ ਰਿਹਾ ਭੱਠਾ ਉਦਯੋਗ

ਬਿਨਾਂ ਕਿਸੇ ਆਰਥਿਕ ਸਹਾਇਤਾ ਤੋਂ ਸਰਕਾਰ ਵਲੋਂ ਪੰਜਾਬ 'ਚ ਪ੍ਰਦੂਸ਼ਣ ਵਧਣ ਕਰਕੇ ਸਾਰਿਆਂ ਭੱਠਿਆਂ ਨੂੰ ਹਾਈ ਡਰਾਫ਼ਟ ਭੱਠੇ ਬਣਾਉਣ ਦੇ ਆਦੇਸ਼ ਜਾਰੀ ਕੀਤੇ ਗਏ ਹਨ, ਜਿਸ ਦਾ ਸਮਾਂ 31 ਮਾਰਚ, 2019 ਰੱਖਿਆ ਗਿਆ ਹੈ। ਪੰਜਾਬ ਦੇ ਨਾਲ ਲਗਦੇ ਸੂਬਿਆਂ 'ਚ ਪਿਛਲੇ ਸਾਲਾਂ ਦੌਰਾਨ ਪ੍ਰਦੂਸ਼ਣ ਇਕ ਬਹੁਤ ਵੱਡੀ ਸਮੱਸਿਆ ਰਹੀ ਹੈ, ਜਿਸ ਕਰਕੇ ਸਰਕਾਰ ਵਲੋਂ ਵਾਤਾਵਰਨ 'ਚ ਪ੍ਰਦੂਸ਼ਣ ਫੈਲਾ ਰਹੇ ਇਨ੍ਹਾਂ ਭੱਠਿਆਂ ਨੂੰ ਪ੍ਰਦੂਸ਼ਣ ਮੁਕਤ ਕਰਨ ਦੀ ਗੱਲ ਆਖੀ ਗਈ ਹੈ ਤਾਂ ਕਿ ਆਉਣ ਵਾਲੇ ਸਮੇਂ 'ਚ ਪ੍ਰਦੂਸ਼ਣ ਦੀ ਸਮੱਸਿਆ ਤੋਂ ਬਚਿਆ ਜਾ ਸਕੇ। ਪਰ ਇੱਥੇ ਦੱਸਣਯੋਗ ਹੈ ਕਿ ਹਾਈ ਡਰਾਫ਼ਟ ਭੱਠੇ ਬਣਾਉਣ 'ਤੇ ਹਰੇਕ ਭੱਠਾ ਮਾਲਕ ਨੂੰ 40 ਲੱਖ ਰੁਪਏ ਖਰਚਣੇ ਪੈਣਗੇ, ਜੋ ਕਿ ਹਰੇਕ ਦੇ ਵੱਸ ਦੀ ਗੱਲ ਨਹੀਂ ਹੈ। ਇਸ ਸਕੀਮ ਤਹਿਤ ਹਰ ਭੱਠਾ ਮਾਲਕ ਨੂੰ ਤਿੰਨ ਫੇਜ਼ ਬਿਜਲੀ ਕੁਨੈਕਸ਼ਨ ਤੇ ਹੋਰ ਬਹੁਤ ਸਾਰੇ ਖਰਚੇ ਕਰਨੇ ਪੈਣਗੇ। ਭਾਵੇਂ ਪੰਜਾਬ ਅੰਦਰ ਕੁਝ ਭੱਠਾ ਮਾਲਕਾਂ ਨੇ ਇਹ ਤਕਨੀਕ ਅਪਣਾ ਲਈ ਹੈ ਪਰ ਇਸ ਸਮੇਂ ਬਹੁਤ ਸਾਰੇ ਭੱਠਾ ਮਾਲਕ ਸਰਕਾਰ ਦੇ ਇਸ ਫ਼ੈਸਲੇ ਤੋਂ ਪ੍ਰੇਸ਼ਾਨ ਹਨ ਤੇ ਉਹ ਇਸ ਤਕਨੀਕ ਨੂੰ ਅਪਣਾਉਣ ਤੋਂ ਆਨਾਕਾਨੀ ਕਰ ਰਹੇ ਹਨ। ਇਸ ਤਕਨੀਕ ਨਾਲ ਪਹਿਲਾਂ ਹੀ ਘਾਟੇ ਵੱਲ ਜਾ ਰਿਹਾ ਭੱਠਾ ਉਦਯੋਗ ਹੋਰ ਆਰਥਿਕ ਸੰਕਟ 'ਚ ਆ ਜਾਵੇਗਾ। ਅਜਿਹੀ ਤਕਨੀਕ ਨੂੰ ਭੱਠੇ ਵਿਚ ਲਾਗੂ ਕਰਨ ਲਈ ਭੱਠੇ ਕੁਝ ਮਹੀਨਿਆਂ ਲਈ ਬੰਦ ਰਹਿਣਗੇ, ਜਿਸ ਨਾਲ ਪੰਜਾਬ ਵਿਚ ਇਸ ਸਮੇਂ ਚੱਲ ਰਹੇ ਤਿੰਨ ਸੌ ਦੇ ਕਰੀਬ ਭੱਠਿਆਂ 'ਤੇ ਕੰਮ ਕਰਦੇ ਮਜ਼ਦੂਰ ਵੀ ਇਸ ਤੋਂ ਪ੍ਰਭਾਵਿਤ ਹੋਣਗੇ, ਜਿਸ ਨਾਲ ਬੇਰੁਜ਼ਗਾਰੀ ਵਧੇਗੀ ਤੇ ਇੱਟ ਦੀ ਕਿੱਲਤ ਹੋਣ ਕਰਕੇ ਇਸ ਦੀ ਕੀਮਤ ਕਈ ਗੁਣਾ ਵਧ ਜਾਵੇਗੀ ਅਤੇ ਭੱਠਿਆਂ ਲਈ ਇੱਟਾਂ ਪੱਥਣ ਵਾਲੇ ਉਨ੍ਹਾਂ ਲੋਕਾਂ ਦੀ ਰੋਜ਼ੀ-ਰੋਟੀ 'ਤੇ ਲੱਤ ਵੱਜੇਗੀ, ਜਿਨ੍ਹਾਂ ਦਾ ਗੁਜ਼ਾਰਾ ਭੱਠੇ ਦੇ ਸਿਰ 'ਤੇ ਚੱਲਦਾ ਹੈ। ਲੋਕਾਂ ਵਲੋਂ ਸੀਮੈਂਟ ਅਤੇ ਫਲਾਈਐਡ ਵਾਲੀਆਂ ਇੱਟਾਂ ਦੀ ਘਰਾਂ 'ਚ ਜ਼ਿਆਦਾ ਵਰਤੋਂ ਤੇ ਕੋਲੇ, ਡੀਜ਼ਲ ਦੇ ਭਾਅ ਵਧਣ ਕਰਕੇ ਭੱਠਾ ਮਾਲਕ ਪਹਿਲਾਂ ਹੀ ਪ੍ਰੇਸ਼ਾਨ ਹਨ। ਭਾਵੇਂ ਪੰਜਾਬ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਸਰਕਾਰ ਵਲੋਂ ਪੁੱਟਿਆ ਗਿਆ ਇਹ ਕਦਮ ਗਲਤ ਨਹੀਂ ਹੈ ਪਰ ਸਰਕਾਰ ਨੂੰ ਇਸ ਬਾਰੇ ਵਿਚਾਰ ਕਰਨਾ ਚਾਹੀਦਾ ਹੈ ਕਿ ਇਸ ਤੋਂ ਬਾਅਦ ਪੈਦਾ ਹੋਣ ਵਾਲੀਆਂ ਸਮੱਸਿਆਵਾਂ ਦਾ ਹੱਲ ਕਿਵੇਂ ਕੱਢਿਆ ਜਾਵੇਗਾ। ਸਰਕਾਰ ਨੂੰ ਉਨ੍ਹਾਂ ਲੱਖਾਂ ਮਜ਼ਦੂਰਾਂ ਬਾਰੇ ਵੀ ਸੋਚਣਾ ਚਾਹੀਦਾ ਹੈ ਜੋ ਭੱਠੇ ਬੰਦ ਰੱਖਣ ਨਾਲ ਬੇਰੁਜ਼ਗਾਰ ਹੋ ਜਾਣਗੇ। ਭੱਠਾ ਮਾਲਕਾਂ ਨੂੰ ਵੀ ਚਾਹੀਦਾ ਹੈ ਉਹ ਮਜ਼ਦੂਰਾਂ ਨੂੰ ਸਮੇਂ ਸਿਰ ਬਣਦਾ ਮਿਹਨਤਾਨਾ ਦੇਣ ਤੇ ਜਿੱਥੇ ਔਰਤਾਂ ਤੇ ਉਨ੍ਹਾਂ ਦੇ ਛੋਟੇ ਬੱਚੇ ਕੱਚੀਆਂ ਇੱਟਾਂ ਦੀ ਪਥਾਈ ਦਾ ਕੰਮ ਕਰਦੇ ਹਨ, ਉੱਥੇ ਪੀਣ ਵਾਲੇ ਪਾਣੀ ਤੇ ਪਖਾਨਿਆਂ ਦਾ ਪ੍ਰਬੰਧ ਕੀਤਾ ਜਾਵੇ। ਸਰਕਾਰ ਨੂੰ ਵੀ ਚਾਹੀਦਾ ਹੈ ਕਿ ਉਹ ਪਹਿਲਾਂ ਭੱਠਿਆਂ ਦੇ ਪ੍ਰਦੂਸ਼ਣ ਦਾ ਮੁਲਾਂਕਣ ਕਰਵਾਇਆ ਜਾਵੇ। ਜੇ ਸਰਕਾਰ ਭੱਠਿਆਂ ਨੂੰ ਪ੍ਰਦੂਸ਼ਣ ਮੁਕਤ ਕਰਨਾ ਚਾਹੁੰਦੀ ਹੈ ਤਾਂ ਭੱਠਾ ਮਾਲਕਾਂ ਨੂੰ ਨਵੀਂ ਤਕਨੀਕ ਵਾਲਾ ਭੱਠਾ ਬਣਾਉਣ ਲਈ ਸਬਸਿਡੀ ਦਿੱਤੀ ਜਾਵੇ ਤੇ ਸੁਚੱਜੀ ਯੋਜਨਾਬੰਦੀ ਕਰਕੇ ਪ੍ਰਦੂਸ਼ਣ ਮੁਕਤ ਭੱਠੇ ਚਲਾਏ ਜਾਣ, ਤਾਂ ਹੀ ਭੱਠਾ ਉਦਯੋਗ ਨੂੰ ਆਰਥਿਕ ਸੰਕਟ ਵਿਚੋਂ ਕੱਢਿਆ ਜਾ ਸਕਦਾ ਹੈ।

-ਪਿੰਡ ਸੋਹੀਆਂ, ਡਾਕ: ਚੀਮਾ ਖੁੱਡੀ, ਜ਼ਿਲ੍ਹਾ ਗੁਰਦਾਸਪੁਰ।

ਭੀਖ ਮੰਗਣਾ ਮਜਬੂਰੀ ਜਾਂ ਪੇਸ਼ਾ

ਇਹ ਕੋਈ ਅਤਿਕਥਨੀ ਨਹੀਂ ਕਿ ਸਾਡਾ ਦੇਸ਼ ਸਮੱਸਿਆਵਾਂ ਦੇ ਟਿੱਲੇ ਉੱਪਰ ਹੈ ਅਤੇ ਇਨ੍ਹਾਂ ਸਮੱਸਿਆਵਾਂ ਵਿਚੋਂ ਇਕ ਭਖਦੀ ਸਮੱਸਿਆ ਹੈ ਭਿਖਾਰੀ ਜਾਂ ਭੀਖ ਮੰਗਣਾ। ਪਿੰਡਾਂ-ਸ਼ਹਿਰਾਂ ਦੇ ਗਲੀ-ਮੁਹੱਲਿਆਂ, ਧਾਰਮਿਕ ਸਥਾਨਾਂ, ਮੇਲਿਆਂ, ਬੱਸ ਅੱਡਿਆਂ, ਬੱਤੀਆਂ-ਚੌਕਾਂ, ਭੀੜ ਵਾਲੇ ਸਥਾਨਾਂ, ਰੇਲਵੇ ਸਟੇਸ਼ਨਾਂ, ਰੇਲ ਗੱਡੀਆਂ ਅਤੇ ਹੋਰ ਜਿੱਥੇ ਲੋਕਾਂ ਦਾ ਆਉਣ-ਜਾਣ ਵੱਧ ਹੋਵੇ, ਭੀਖ ਮੰਗਣ ਵਾਲੇ ਆਮ ਵੇਖੇ ਜਾਂਦੇ ਹਨ ਅਤੇ ਲੋਕ ਤਰਸ ਦੇ ਆਧਾਰ 'ਤੇ ਭੀਖ ਦੇ ਦਿੰਦੇ ਹਨ। ਦਿਨ-ਬ-ਦਿਨ ਭਿਖਾਰੀਆਂ ਦੀ ਗਿਣਤੀ ਵਿਚ ਵਾਧਾ ਹੋ ਰਿਹਾ ਹੈ ਅਤੇ ਭੀਖ ਮੰਗਣ ਪਿੱਛੇ ਮਜਬੂਰੀ ਜਾਂ ਪੇਸ਼ਾ ਕੁਝ ਵੀ ਕਾਰਨ ਹੋ ਸਕਦਾ ਹੈ। 16 ਮਈ 2018 ਨੂੰ ਭੀਖ ਮੰਗਣ ਨੂੰ ਅਪਰਾਧ ਦੇ ਦਾਇਰੇ ਤੋਂ ਬਾਹਰ ਕੱਢਣ ਸੰਬੰਧੀ ਜਨਹਿੱਤ ਅਰਜ਼ੀ 'ਤੇ ਸੁਣਵਾਈ ਕਰਦੇ ਹੋਏ ਦਿੱਲੀ ਹਾਈਕੋਰਟ ਨੇ ਇਕ ਅਹਿਮ ਟਿੱਪਣੀ ਵਿਚ ਕਿਹਾ ਕਿ ਜੇਕਰ ਸਰਕਾਰ ਲੋਕਾਂ ਨੂੰ ਨੌਕਰੀ ਅਤੇ ਖਾਣਾ ਨਹੀਂ ਦੇ ਸਕਦੀ ਤਾਂ ਉਨ੍ਹਾਂ ਦਾ ਭੀਖ ਮੰਗਣਾ ਅਪਰਾਧ ਨਹੀਂ ਹੈ। ਉੱਚ ਅਦਾਲਤ ਦੀ ਇਹ ਟਿੱਪਣੀ ਸਰਕਾਰਾਂ ਦੀ ਸੰਬੰਧਤ ਸਮੱਸਿਆ ਨੂੰ ਨਜਿੱਠਣ ਸੰਬੰਧੀ ਨੀਤੀਆਂ ਦੀ ਅਸਫ਼ਲਤਾ ਦੀ ਨਿਸ਼ਾਨਦੇਹੀ ਕਰਦੀ ਹੈ। ਭੀਖ ਮੰਗਣ ਸੰਬੰਧੀ ਅਜੇ ਕੋਈ ਕੇਂਦਰੀ ਕਾਨੂੰਨ ਨਹੀਂ ਹੈ। ਇਸ ਸੰਬੰਧੀ ਮਾਮਲਿਆਂ ਵਿਚ ਜ਼ਿਆਦਾਤਰ ਸੂਬੇ ਬੰਬੇ ਪ੍ਰੀਵੈਂਸ਼ਨ ਆਫ਼ ਬੈਗਿੰਗ ਐਕਟ 1959 ਦਾ ਅਨੁਸਰਣ ਕਰਦੇ ਹਨ। ਪਹਿਲੀ ਵਾਰ ਭੀਖ ਮੰਗਦੇ ਫੜੇ ਜਾਣ 'ਤੇ ਇਕ ਸਾਲ ਅਤੇ ਦੂਜੀ ਵਾਰ ਭੀਖ ਮੰਗਦੇ ਫੜੇ ਜਾਣ 'ਤੇ 3 ਤੋਂ 10 ਸਾਲ ਤੱਕ ਕੈਦ ਦੀ ਸਜ਼ਾ ਹੋ ਸਕਦੀ ਹੈ। ਭੀਖ ਮੰਗਣੀ ਅਤੇ ਭੀਖ ਲਈ ਉਤਸ਼ਾਹਤ ਕਰਨਾ ਗੈਰ-ਕਾਨੂੰਨੀ ਹੈ। ਪੰਜਾਬ ਪ੍ਰੀਵੈਨਸ਼ਨ ਆਫ਼ ਬੈਗਰੀ ਐਕਟ 1971 ਅਤੇ ਜੁਵੇਨਾਈਲ ਜਸਟਿਸ (ਕੇਅਰ ਐਂਡ ਪ੍ਰੋਟੈਕਸ਼ਨ ਆਫ਼ ਚਿਲਡਰਨ) ਐਕਟ 2015 ਅਧੀਨ ਭੀਖ ਮੰਗਣ ਵਾਲਾ ਅਤੇ ਭੀਖ ਲਈ ਪ੍ਰੋਤਸਾਹਿਤ ਕਰਨ ਵਾਲੇ ਨੂੰ 3 ਮਹੀਨੇ ਤੋਂ 5 ਸਾਲ ਤੱਕ ਦੀ ਸਜ਼ਾ ਅਤੇ ਇਕ ਲੱਖ ਤੱਕ ਦਾ ਜੁਰਮਾਨਾ ਵੀ ਹੋ ਸਕਦਾ ਹੈ। ਬਿਹਤਰ ਪ੍ਰਸ਼ਾਸਨ ਅਤੇ ਸਬੰਧਤ ਸਮੱਸਿਆ ਨੂੰ ਕਾਬੂ ਕਰਨ ਲਈ ਸਰਕਾਰਾਂ ਨੂੰ ਯੋਗ ਨੀਤੀ ਨੂੰ ਅਮਲੀ ਰੂਪ ਦੇਣਾ ਚਾਹੀਦਾ ਹੈ, ਤਾਂ ਜੋ ਭੀਖ ਅਤੇ ਭਿਖਾਰੀ ਤੋਂ ਭਾਰਤੀ ਸਮਾਜ ਨੂੰ ਮੁਕਤ ਕੀਤਾ ਜਾ ਸਕੇ। ਸੱਭਿਅਕ ਸਮਾਜ ਦੀ ਸਿਰਜਣਾ ਵਿਚ ਲੋਕ ਆਪਣੀ ਜ਼ਿੰਮੇਵਾਰੀ ਨੂੰ ਪਛਾਣਦੇ ਹੋਏ ਕਿਸੇ ਜ਼ਰੂਰਤਮੰਦ ਨੂੰ ਖਾਣਾ, ਕੱਪੜੇ ਜਾਂ ਹੋਰ ਯੋਗ ਸਾਧਨ ਰਾਹੀਂ ਸਹਾਇਤਾ ਕਰ ਸਕਦੇ ਹਨ ਪਰ ਭੀਖ ਮੰਗਣ ਵਾਲਿਆਂ ਨੂੰ ਵਿੱਤੀ ਮਦਦ ਕਰਨ ਤੋਂ ਸੰਕੋਚ ਕਰਨ, ਕਿਉਂਕਿ ਇਹ ਮੂਰਖਤਾ ਹੈ ਅਤੇ ਤੁਹਾਡੇ ਦੁਆਰਾ ਦਿਖਾਈ ਦਿਆਨਤਦਾਰੀ ਜਾਂ ਮੂਰਖਤਾ ਕਰਕੇ ਬਹੁਤੇ ਭੀਖ ਮੰਗਣ ਜਾਂ ਮੰਗਵਾਉਣ ਨੂੰ ਆਪਣੀ ਕਮਾਈ ਦਾ ਸਾਧਨ ਬਣਾ ਲੈਂਦੇ ਹਨ।

-ਪਿੰਡ ਤੇ ਡਾਕ: ਬਰੜ੍ਹਵਾਲ, ਲੰਮਾ ਪੱਤੀ, ਤਹਿ: ਧੂਰੀ (ਸੰਗਰੂਰ)।
bardwal.gobinder@gmail.com

ਕੋਈ ਸਮਾਂ ਸੀ ਜਦੋਂ ਸਾਈਕਲਾਂ 'ਤੇ ਲਗਦੇ ਸੀ ਟੋਕਨ

ਕਦੇ ਉਹ ਸਮਾਂ ਸੀ ਜਦੋਂ ਲੋਕੀਂ ਪੈਦਲ ਸਫਰ ਕਰਦੇ ਸਨ। ਹੌਲੀ-ਹੌਲੀ ਸਮਾਂ ਬਦਲਿਆ ਫਿਰ ਊਠਾਂ-ਘੋੜਿਆਂ ਨੂੰ ਸਫ਼ਰ ਕਰਨ ਲਈ ਵਰਤਿਆ ਜਾਣ ਲੱਗਿਆ। ਫਿਰ ਮਨੁੱਖ ਨੇ ਆਪਣੀ ਸੂਝ-ਬੂਝ ਦੇ ਨਾਲ ਪਹੀਏ ਦੀ ਖੋਜ ਕੀਤੀ ਤੇ ਪਹੀਆ ਗੱਡੀਆਂ ਹੋਂਦ ਵਿਚ ਆਈਆਂ। ਸਫ਼ਰ ਲਈ ਤਾਂਗਿਆਂ ਤੇ ਗੱਡਿਆਂ ਦੀ ਈਜਾਦ ਹੋਈ। ਫਿਰ ਪੈਟਰੋਲ ਤੇ ਡੀਜ਼ਲ ਵਾਲੀਆਂ ਬੱਸਾਂ, ਕਾਰਾਂ, ਮੋਟਰ-ਸਾਈਕਲ, ਸਕੂਟਰ, ਰੇਲ ਗੱਡੀਆਂ ਆਦਿ ਤਕਨੀਕੀ ਵਾਹਨ ਹੋਂਦ ਵਿਚ ਆ ਗਏ। ਵਿਗਿਆਨ ਦੀਆਂ ਨਵੀਆਂ ਖੋਜਾਂ ਨੇ ਆਵਾਜਾਈ ਦੇ ਵਿਚ ਭਾਰੀ ਇਨਕਲਾਬ ਲੈ ਆਂਦਾ। ਇਸ ਨਾਲ ਹੀ ਤਾਂਗਿਆ ਤੇ ਬੈਲ ਗੱਡੀਆਂ ਆਦਿ ਆਵਾਜਾਈ ਦੇ ਸਾਧਨਾਂ ਦੀ ਲੋੜ ਘਟਦੀ ਗਈ। ਪਰ ਸਾਈਕਲ ਅੱਜ ਵੀ ਅਜਿਹੀ ਸਵਾਰੀ ਹੈ, ਜੋ ਸਾਡੇ ਵਿਰਸੇ ਨਾਲ ਸਬੰਧਿਤ ਵੀ ਹੈ ਅਤੇ ਅੱਜ ਵੀ ਲੋਕਾਂ ਦੀ ਅਸਵਾਰੀ ਹੈ। ਅੱਜਕੱਲ੍ਹ ਸੜਕਾਂ ਉੱਤੇ ਹਜ਼ਾਰਾਂ ਸਕੂਟਰ, ਮੋਟਰਸਾਈਕਲ, ਕਾਰਾਂ, ਬੱਸਾਂ, ਟਰੱਕ ਆਦਿ ਚੱਲ ਰਹੇ ਹਨ। ਇਨ੍ਹਾਂ ਨੂੰ ਸੜਕਾਂ 'ਤੇ ਚਲਾਉਣ ਲਈ ਲੋਕਾਂ ਨੂੰ ਸੜਕੀ ਟੈਕਸ ਦੇ ਰੂਪ ਵਿਚ ਕੁਝ ਰੁਪਏ ਸਰਕਾਰ ਨੂੰ ਦੇਣੇ ਪੈਂਦੇ ਹਨ। ਜਿਸ ਨਾਲ ਸਰਕਾਰ ਸੜਕਾਂ ਦੀ ਦੇਖ-ਰੇਖ ਕਰਦੀ ਹੈ ਤੇ ਮੁਰੰਮਤ ਕਰਵਾਉਂਦੀ ਹੈ। ਪਰ ਕੀ ਤੁਹਾਨੂੰ ਪਤਾ ਹੈ ਜਦੋਂ ਸਕੂਟਰਾਂ, ਮੋਟਰਸਾਈਕਲਾਂ, ਕਾਰਾਂ, ਬੱਸਾਂ ਏਨੇ ਨਹੀਂ ਹੁੰਦੇ ਸਨ ਭਾਵ ਅੱਜ ਤੋਂ 4-5 ਦਹਾਕੇ ਪਹਿਲਾਂ, ਉਦੋਂ ਆਉਣ-ਜਾਣ ਲਈ ਸਾਈਕਲ ਦੀ ਹੀ ਮੁੱਖ ਤੌਰ 'ਤੇ ਵਰਤੋਂ ਕੀਤੀ ਜਾਂਦੀ ਸੀ, ਉਸ ਵੇਲੇ ਸਾਈਕਲ ਰੱਖਣਾ ਵੀ ਮਾਣ ਵਾਲੀ ਗੱਲ ਸੀ। ਉਨ੍ਹਾਂ ਸਮਿਆਂ ਵਿਚ ਸਾਈਕਲ ਚਲਾਉਣ ਲਈ ਵੀ ਸੜਕੀ ਟੈਕਸ ਅਦਾ ਕੀਤਾ ਜਾਂਦਾ ਸੀ। ਸਾਈਕਲ ਦਾ ਟੈਕਸ ਸ਼ਹਿਰਾਂ ਵਿਚ ਨਗਰ ਪਾਲਿਕਾ ਦੇ ਦਫ਼ਤਰ ਅਤੇ ਪਿੰਡਾਂ ਵਿਚ ਪੰਚਾਇਤ ਸੰਮਤੀ ਗਰਾਮ ਪੰਚਾਇਤ ਦੇ ਦਫ਼ਤਰ ਵਿਚ ਜਮ੍ਹਾਂ ਹੁੰਦਾ ਸੀ। ਉਥੋਂ ਇਕ ਪਿੱਤਲ ਦਾ ਛੋਟਾ ਜਿਹਾ ਟੋਕਨ ਮਿਲਦਾ ਹੁੰਦਾ ਸੀ ਜਿਸ ਉੱਤੇ ਅਦਾ ਕੀਤੇ ਟੈਕਸ ਦਾ ਸਾਲ, ਟੋਕਨ ਨੰਬਰ ਅਤੇ ਸ਼ਹਿਰ ਦਾ ਨਾਂਅ ਉਕਰਿਆ ਹੁੰਦਾ ਸੀ। ਇਸ ਦੇ ਨਾਲ ਹੀ ਇਕ ਟੋਕਨ ਦੀ ਰਸੀਦ ਵੀ ਮਿਲਦੀ ਹੁੰਦੀ ਸੀ ਜਿਸ ਉੱਤੇ ਵੀ ਅਦਾ ਕੀਤੀ ਰਕਮ, ਸਾਲ, ਸਾਈਕਲ ਦੇ ਮਾਲਕ ਦਾ ਨਾਂਅ ਤੇ ਟੋਕਨ ਨੰਬਰ ਲਿਖਿਆ ਹੁੰਦਾ ਸੀ। ਕਾਗਜ਼ ਨੂੰ ਘਰ ਵਿਚ ਸੰਭਾਲ ਕੇ ਰੱਖਣਾ ਪੈਂਦਾ ਸੀ। ਇਹ ਟੋਕਨ ਵੱਖ-ਵੱਖ ਅਕਾਰਾਂ ਵਿਚ ਹੁੰਦੇ ਸਨ ਜਿਵੇਂ ਕਿ ਗੋਲ, ਚੌਰਸ, ਤਿਕੋਣੇ, ਛੇ ਪਹਿਲੂ, ਫੁੱਲ ਵਰਗੇ, ਦਰਖਤ ਵਰਗੇ ਅਤੇ ਹੋਰ ਕਈ ਤਰ੍ਹਾਂ ਦੇ ਡਿਜ਼ਾਇਨਾਂ ਵਿਚ ਆਉਂਦੇ ਸਨ। ਇਨ੍ਹਾਂ ਨੂੰ ਸਾਈਕਲਾਂ ਦੇ ਉੱਤੇ ਲਗਾਉਣਾ ਓਨਾ ਹੀ ਜ਼ਰੂਰੀ ਹੁੰਦਾ ਸੀ ਜਿੰਨਾ ਅੱਜਕੱਲ੍ਹ ਸਕੂਟਰ, ਗੱਡੀ ਦੀ ਆਰ.ਸੀ. ਨਾਲ ਰੱਖਣਾ। ਮੌਕੇ-ਮੌਕੇ 'ਤੇ ਨਗਰ ਪਾਲਿਕਾ ਦੇ ਅਧਿਕਾਰੀ, ਪੰਚਾਇਤ ਦੇ ਅਧਿਕਾਰੀ ਜਾਂਚ ਵੀ ਕਰਦੇ ਰਹਿੰਦੇ ਸਨ ਕਿ ਕਿਸ ਸਾਈਕਲ 'ਤੇ ਟੋਕਨ ਲੱਗਿਆ ਹੈ ਤੇ ਕਿਸ 'ਤੇ ਨਹੀਂ। ਕਿਉਂਕਿ ਪੰਚਾਇਤਾਂ ਲਈ ਅਤੇ ਨਗਰ ਪਾਲਿਕਾਵਾਂ ਲਈ ਇਹ ਇਕ ਆਮਦਨ ਦਾ ਜ਼ਰੀਆ ਸੀ। ਸਾਈਕਲ ਟੋਕਨ ਲਗਪਗ ਸੰਨ 75-76 ਤਕ ਚੱਲਦਾ ਰਿਹਾ ਉਸ ਤੋਂ ਬਾਅਦ ਸਾਈਕਲ ਦੀ ਜਗ੍ਹਾ ਸਕੂਟਰਾਂ, ਮੋਟਰਸਾਈਕਲਾਂ ਨੇ ਲੈ ਲਈ ਅਤੇ ਇਹ ਵਿਰਾਸਤੀ ਵਸਤੂ ਅਲੋਪ ਹੋ ਗਈ।

-ਪਿੰਡ ਦੀਵਾਲਾ, ਤਹਿਸੀਲ ਸਮਰਾਲਾ, ਜ਼ਿਲ੍ਹਾ ਲੁਧਿਆਣਾ। ਮੋ: 98763-22677

ਨਸ਼ਿਆਂ ਖ਼ਿਲਾਫ਼ ਹੋਕੇ ਦੇ ਮਿਸ਼ਨ 'ਤੇ ਨਿਕਲਿਆ ਕਰਨਾਟਕੀ ਸਿੱਖ ਅਮਨਦੀਪ ਸਿੰਘ

ਸਮਾਜ ਵਿਚ ਵਿਰਲੇ ਇਨਸਾਨ ਹੁੰਦੇ ਹਨ, ਜੋ ਸਮੁੱਚੀ ਲੋਕਾਈ ਦੇ ਦਰਦਾਂ ਨੂੰ ਆਪਣੇ ਸੀਨੇ ਵਿਚ ਜਜ਼ਬ ਕਰਨ ਦੀ ਸਮਰੱਥਾ ਰੱਖਦੇ ਹਨ। ਅਜਿਹਾ ਹੀ ਇਕ ਮਹਾਂ ਮਨੁੱਖ ਹੈ ਸੂੁਬਾ ਕਰਨਾਟਕ ਦੇ ਬੈਂਗਲੁਰੂ ਸ਼ਹਿਰ ਦੇ ਨੇੜੇ ਪੈਂਦੇੇ ਪਿੰਡ ਚਿਕਤਕੂਪਤੀ ਵਿਚ ਜੰਮਿਆ ਮਹਾਂਦੇਵ ਰੈਡੀ, ਜਿਸ ਨੇ ਸਿੱਖ ਧਰਮ ਦੇ ਕੁਰਬਾਨੀਆਂ ਭਰਪੂਰ ਇਤਿਹਾਸ ਦੇ ਜਜ਼ਬਿਆਂ ਨੂੰ ਸੀਨੇ ਅੰਦਰ ਸਮੋ ਕਿ 1975 ਨੂੰ ਬੈਂਗਲੁਰੂ ਦੇ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਵਿਖੇ ਅੰਮ੍ਰਿਤਪਾਨ ਕੀਤਾ ਅਤੇ ਅਮਨਦੀਪ ਸਿੰਘ ਖ਼ਾਲਸਾ ਬਣ ਗਿਆ। ਇਕ ਦਿਨ ਭਾਈ ਖ਼ਾਲਸਾ ਦੇ ਕਿਸੇ ਨਜ਼ਦੀਕੀ ਦੀ ਜ਼ਿਆਦਾ ਨਸ਼ਾ ਲੈਣ ਕਾਰਨ ਮੌਤ ਹੋ ਗਈ। ਇਹ ਸਦਮਾ ਉਸ ਲਈ ਨਾ-ਬਰਦਾਸ਼ਤਯੋਗ ਹੋ ਨਿਬੜਿਆ। ਮਨ ਨੂੰ ਐਸੀ ਡੂੰਘੀ ਸੱਟ ਲੱਗੀ ਕਿ ਭਾਈ ਖ਼ਾਲਸਾ ਨੇ ਆਪਣਾ ਘਰ-ਬਾਰ, ਸ਼ਹਿਰ ਤੇ ਇਥੋਂ ਤੱਕ ਕਿ ਪਰਿਵਾਰ ਨੂੰ ਤਿਆਗ ਆਪਣੇ-ਆਪ ਨੂੰ ਸਿਰਫ ਤੇ ਸਿਰਫ ਸਮਾਜ ਦੀ ਸੇਵਾ ਲਈ ਤਿਆਰ ਕੀਤਾ। ਸਿੱਖੀ ਦਾ ਪ੍ਰਚਾਰ ਤੇ ਨਸ਼ਿਆਂ ਨਾਲ ਲਿਪਤ ਨੌਜਵਾਨਾਂ ਨੂੰ ਪ੍ਰੇਰਿਤ ਕਰਨ ਲਈ ਸੰਨ 2008 ਨੂੰ 1 ਜਨਵਰੀ ਵਾਲੇ ਦਿਨ ਭਾਈ ਅਮਨਦੀਪ ਸਿੰਘ ਖ਼ਾਲਸਾ ਵਿਸ਼ਵ ਸ਼ਾਂਤੀ ਅਤੇ ਨਸ਼ਿਆਂ ਖਿਲਾਫ ਜਾਗਰੂਕਤਾ ਦਾ ਸੰਦੇਸ਼ ਲੈ ਕੇ ਸਾਈਕਲ ਉੱਪਰ ਭਾਰਤ ਯਾਤਰਾ 'ਤੇ ਨਿਕਲਿਆ। ਪੰਜ ਭਾਸ਼ਾਵਾਂ ਕੰਨੜ, ਤੇਲਗੂ, ਤਾਮਿਲ, ਹਿੰਦੀ, ਪੰਜਾਬੀ ਤੇ ਅੰਗਰੇਜ਼ੀ ਦਾ ਗਿਆਤਾ ਹੋਣ ਕਰਕੇ ਭਾਵੇਂ ਉਸ ਨੂੰ ਭਾਰਤ ਦੇ 26 ਸੂਬਿਆਂ ਵਿਚ ਸਫਰ ਦੌਰਾਨ ਬੋਲੀ ਦੀ ਕਦੇ ਵੀ ਦਿੱਕਤ ਨਹੀਂ ਆਈ। ਤਪਦੀਆਂ ਧੁੱਪਾਂ ਤੇ ਠਰਦੀਆਂ ਰਾਤਾਂ ਨੂੰ ਭਾਰਤ ਦਾ ਕੋਨਾ-ਕੋਨਾ ਛਾਣ ਮਾਰਿਆ। ਪੰਜਾਬ ਦੇ ਤਕਰੀਬਨ ਹਰ ਵੱਡੇ ਪਿੰਡ ਅਤੇ ਸ਼ਹਿਰ ਨੂੰ ਆਪਣੇ ਮਿਸ਼ਨ ਦੇ ਕਲਾਵੇ ਵਿਚ ਲੈਂਦਿਆਂ ਭਾਈ ਖ਼ਾਲਸਾ ਨੇ ਆਪਣਾ ਨਾਂਅ ਵਿਸ਼ਵ ਦੀ ਅਹਿਮ ਗਿੰਨੀਜ਼ ਬੁੱਕ ਆਫ ਵਰਲਡ ਰਿਕਾਰਡ ਵਿਚ ਦਰਜ ਕਰਵਾ ਦਿੱਤਾ। ਇਕ ਚੰਗੇ ਤਕੜੇ ਰੈਡੀ ਪਰਿਵਾਰ ਵਿਚ ਜਨਮੇ ਅਮਨਦੀਪ ਸਿੰਘ ਨੇ 10 ਵਰ੍ਹਿਆਂ ਤੋਂ ਆਪਣੇ ਘਰ ਦਾ ਬੂਹਾ ਤੱਕ ਨਹੀਂ ਵੇਖਿਆ, ਸਿਰਫ ਸਾਈਕਲ ਨੂੰ ਆਪਣਾ ਰੈਣ ਬਸੇਰਾ ਬਣਾ ਕੇ ਉਸ ਦੇ ਉੱਤੇ ਬਿਸਤਰਾ, ਸਟੋਵ, ਬਰਤਨ, ਆਟਾ, ਦਾਲਾਂ ਸਮੇਤ ਸਾਰਾ ਰੋਜ਼ਮਰ੍ਹਾ ਦੀ ਵਰਤੋਂ ਦਾ ਸਾਮਾਨ, ਜਿਸ ਦਾ ਭਾਰ ਲਗਪਗ 60 ਕਿਲੋ ਬਣਦੈ, ਲੈ ਕੇ ਭਾਰਤ ਗਾਹ ਮਾਰਿਆ। ਰਸਤੇ ਵਿਚ ਰਾਤ ਪੈਣ 'ਤੇ ਆਪਣਾ ਖਾਣਾ ਆਪ ਬਣਾਉਣ ਵਾਲੇ ਇਸ ਅਨੋਖੇ ਖ਼ਾਲਸੇ ਨੇ ਹੁਣ ਤੱਕ 8 ਸਾਈਕਲ, 50 ਟਾਇਰ ਤੇ 40 ਟਿਊਬਾਂ ਦੇ ਸਹਾਰੇ ਪੰਜਾਬ ਸਮੇਤ ਭਾਰਤ ਦੀ ਯਾਤਰਾ ਕੀਤੀ ਹੈ। ਸਾਈਕਲ ਦੇ ਅੱਗੇ ਗੁਰਬਾਣੀ ਦੇ ਸ਼ਬਦ ਅਤੇ ਨਸ਼ੇ ਦੇ ਖਿਲਾਫ ਹੋਕਾ ਲਿਖ ਇਕ ਵੱਡੀ ਤਖਤੀ ਸਜਾ ਕੇ ਭਾਈ ਖ਼ਾਲਸਾ ਅੱਜ ਵੀ ਬੇਹੱਦ ਖੁਸ਼ ਨਜ਼ਰ ਆਉਂਦੈ। ਸਰਕਾਰਾਂ ਤੇ ਧਾਰਮਿਕ ਜਥੇਬੰਦੀਆਂ ਪ੍ਰਤੀ ਗਿਲਾ ਕਰਦਾ ਭਾਈ ਖ਼ਾਲਸਾ ਕਹਿੰਦੈ ਕਿ ਇਨ੍ਹਾਂ ਨੇ ਵੀ ਆਪਣਾ ਸਹੀ ਫਰਜ਼ ਨਹੀਂ ਨਿਭਾਇਆ। ਆਉਂਦੇ ਦਿਨਾਂ ਨੂੰ ਗਿੰਨੀਜ਼ ਬੁੱਕ ਅਧਿਕਾਰੀਆਂ ਦੇ ਸੱਦੇ 'ਤੇ ਅਮਰੀਕਾ ਜਾ ਰਹੇ ਭਾਈ ਖ਼ਾਲਸਾ ਨੇ ਚਿੰਤਾ ਜ਼ਾਹਰ ਕਰਦਿਆਂ ਕਿਹਾ ਕਿ ਕਾਸ਼! ਮੇਰੀ ਕੌਮ, ਮੇਰੇ ਪੰਜਾਬ ਅਤੇ ਭਾਰਤ ਦੇ ਰੰਗਲੇ ਦਿਨ ਵਾਪਸ ਪਰਤ ਆਉਣ। ਬਿਨਾਂ ਸ਼ੱਕ ਭਾਈ ਸਾਹਿਬ ਦੇ ਜੀਵਨ ਤੋਂ ਉਨ੍ਹਾਂ ਲੋਕਾਂ ਨੂੰ ਸੇਧ ਜ਼ਰੂਰ ਲੈਣੀ ਚਾਹੀਦੀ ਹੈ, ਜਿਹੜੇ ਗਲਤ ਸੰਗਤ ਦਾ ਸ਼ਿਕਾਰ ਹੋ ਮਾੜੀਆਂ ਅਲਾਮਤਾਂ ਦੇ ਰਾਹ ਤੁਰ ਪੈਂਦੇ ਹਨ। ਭਾਈ ਖ਼ਾਲਸਾ ਛੇਤੀ ਹੀ ਵਿਦੇਸ਼ੋਂ ਵਾਪਸ ਆ ਕੇ ਫਿਰ ਆਪਣੇ ਮਿਸ਼ਨ ਲਈ ਚੱਲ ਪਵੇਗਾ, ਕਿਉਂਕਿ ਹੁਣ ਉਸ ਦੀ ਜ਼ਿੰਦਗੀ ਦਾ ਇਕੋ-ਇਕ ਮਕਸਦ ਗੁਰਬਾਣੀ ਦਾ ਪ੍ਰਚਾਰ ਅਤੇ ਨਸ਼ੇ ਦੇ ਖਿਲਾਫ ਜੰਗ ਹੈ।

-ਮੁੱਖ ਪ੍ਰਚਾਰ ਸਕੱਤਰ, ਵਿਸ਼ਵ ਪੰਜਾਬੀ ਲੇਖਕ ਮੰਚ। ਮੋਬਾ: 94634-63136


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX