ਤਾਜਾ ਖ਼ਬਰਾਂ


ਆਈ.ਪੀ.ਐਲ 2019 : ਬੰਗਲੌਰ ਨੇ ਪੰਜਾਬ ਨੂੰ 17 ਦੌੜਾਂ ਨਾਲ ਹਰਾਇਆ
. . .  1 day ago
ਲੜਕੀ ਨੂੰ ਅਗਵਾ ਕਰ ਸਾੜ ਕੇ ਮਾਰਿਆ, ਪੁਲਿਸ ਵੱਲੋਂ 2 ਲੜਕੇ ਕਾਬੂ
. . .  1 day ago
ਸ਼ੁਤਰਾਣਾ, 24 ਅਪ੍ਰੈਲ (ਬਲਦੇਵ ਸਿੰਘ ਮਹਿਰੋਕ)-ਪਟਿਆਲਾ ਜ਼ਿਲ੍ਹੇ ਦੇ ਪਿੰਡ ਗੁਲਾਹੜ ਵਿਖੇ ਇਕ ਨਾਬਾਲਗ ਲੜਕੀ ਨੂੰ ਪਿੰਡ ਦੇ ਹੀ ਕੁੱਝ ਲੜਕਿਆਂ ਵੱਲੋਂ ਅਗਵਾ ਕਰਕੇ ਉਸ ਨੂੰ ਅੱਗ ਲਗਾ ਕੇ ਸਾੜ ਕੇ ਮਾਰ ਦਿੱਤਾ ਗਿਆ ਹੈ। ਪੁਲਿਸ ...
ਆਈ.ਪੀ.ਐਲ 2019 : ਬੰਗਲੌਰ ਨੇ ਪੰਜਾਬ ਨੂੰ 203 ਦੌੜਾਂ ਦਾ ਦਿੱਤਾ ਟੀਚਾ
. . .  1 day ago
29 ਨੂੰ ਕਰਵਾਉਣਗੇ ਕੈਪਟਨ ਸ਼ੇਰ ਸਿੰਘ ਘੁਬਾਇਆ ਦੇ ਕਾਗ਼ਜ਼ ਦਾਖਲ
. . .  1 day ago
ਜਲਾਲਾਬਾਦ ,24 ਅਪ੍ਰੈਲ (ਹਰਪ੍ਰੀਤ ਸਿੰਘ ਪਰੂਥੀ ) - ਲੋਕ ਸਭਾ ਹਲਕਾ ਫ਼ਿਰੋਜ਼ਪੁਰ ਤੋਂ ਕਾਂਗਰਸ ਦੇ ਉਮੀਦਵਾਰ ਸ਼ੇਰ ਸਿੰਘ ਘੁਬਾਇਆ ਦੇ ਨਾਮਜ਼ਦਗੀ ਪੱਤਰ ਭਰਵਾਉਣ ਲਈ ਮੁੱਖ ਮੰਤਰੀ ਕੈਪਟਨ ...
ਆਈ.ਪੀ.ਐਲ 2019 : ਟਾਸ ਜਿੱਤ ਕੇ ਪੰਜਾਬ ਵੱਲੋਂ ਬੈਂਗਲੌਰ ਨੂੰ ਪਹਿਲਾ ਬੱਲੇਬਾਜ਼ੀ ਦਾ ਸੱਦਾ
. . .  1 day ago
ਕਾਰ ਵੱਲੋਂ ਟੱਕਰ ਮਾਰੇ ਜਾਣ ਕਾਰਨ ਐਕਟਿਵਾ ਸਵਾਰ ਲੜਕੀ ਦੀ ਮੌਤ
. . .  1 day ago
ਗੜ੍ਹਸ਼ੰਕਰ, 24 ਅਪ੍ਰੈਲ (ਧਾਲੀਵਾਲ) - ਗੜੰਸ਼ਕਰ-ਹੁਸ਼ਿਆਰਪੁਰ ਰੋਡ 'ਤੇ ਪਿੰਡ ਖਾਬੜਾ ਮੋੜ 'ਤੇ ਇੱਕ ਕਾਰ ਵੱਲੋਂ ਐਕਟਿਵਾ ਤੇ ਬੁਲਟ ਨੂੰ ਟੱਕਰ ਮਾਰੇ ਜਾਣ 'ਤੇ ਐਕਟਿਵਾ ਸਵਾਰ...
ਮਦਰਾਸ ਹਾਈਕੋਰਟ ਦੀ ਮਦੁਰਈ ਬੈਂਚ ਨੇ ਟਿਕਟਾਕ 'ਤੇ ਰੋਕ ਹਟਾਈ
. . .  1 day ago
ਚੇਨਈ, 24 ਅਪ੍ਰੈਲ - ਮਦਰਾਸ ਹਾਈਕੋਰਟ ਦੀ ਮਦੁਰਈ ਬੈਂਚ ਨੇ ਟਿਕਟਾਕ ਵੀਡੀਓ ਐਪ 'ਤੇ ਲੱਗੀ ਰੋਕ ਹਟਾ ਦਿੱਤੀ...
ਅੱਗ ਨਾਲ 100 ਤੋਂ 150 ਏਕੜ ਕਣਕ ਸੜ ਕੇ ਸੁਆਹ
. . .  1 day ago
ਗੁਰੂਹਰਸਹਾਏ, ੨੪ ਅਪ੍ਰੈਲ - ਨੇੜਲੇ ਪਿੰਡ ਸਰੂਪੇ ਵਾਲਾ ਵਿਖੇ ਤੇਜ ਹਵਾਵਾਂ ਦੇ ਚੱਲਦਿਆਂ ਬਿਜਲੀ ਦੀਆਂ ਤਾਰਾਂ ਸਪਾਰਕ ਹੋਣ ਕਾਰਨ ਲੱਗੀ ਅੱਗ ਵਿਚ 100 ਤੋਂ 150 ਏਕੜ ਕਣਕ...
ਜ਼ਬਰਦਸਤ ਹਨੇਰੀ ਤੂਫ਼ਾਨ ਨੇ ਕਿਸਾਨਾਂ ਨੂੰ ਪਾਇਆ ਚਿੰਤਾ 'ਚ
. . .  1 day ago
ਬੰਗਾ, 24 ਅਪ੍ਰੈਲ (ਜਸਬੀਰ ਸਿੰਘ ਨੂਰਪੁਰ) - ਵੱਖ ਵੱਖ ਇਲਾਕਿਆਂ 'ਚ ਚੱਲ ਰਹੀ ਤੇਜ ਹਨੇਰੀ ਅਤੇ ਝਖੜ ਨੇ ਕਿਸਾਨਾਂ ਨੂੰ ਚਿੰਤਾ 'ਚ ਪਾ ਦਿੱਤਾ ਹੈ। ਹਨੇਰੀ ਕਾਰਨ ਆਵਾਜ਼ਾਈ...
ਸੁਖਬੀਰ ਬਾਦਲ 26 ਨੂੰ ਦਾਖਲ ਕਰਨਗੇ ਨਾਮਜ਼ਦਗੀ
. . .  1 day ago
ਮਮਦੋਟ 24 ਅਪ੍ਰੈਲ (ਸੁਖਦੇਵ ਸਿੰਘ ਸੰਗਮ) - ਲੋਕ ਸਭਾ ਹਲਕਾ ਫ਼ਿਰੋਜ਼ਪੁਰ ਤੋਂ ਅਕਾਲੀ-ਭਾਜਪਾ ਗਠਜੋੜ ਦੇ ਉਮੀਦਵਾਰ ਸੁਖਬੀਰ ਸਿੰਘ ਬਾਦਲ 26 ਅਪ੍ਰੈਲ ਨੂੰ ਆਪਣੇ ਨਾਮਜ਼ਦਗੀ...
ਹੋਰ ਖ਼ਬਰਾਂ..

ਸਾਹਿਤ ਫੁਲਵਾੜੀ

ਸਰਕਾਰੀ ਨੌਕਰੀ ਦਾ ਸੱਚ

ਪੋਹ ਦੀ ਠਰੀ ਝੜੀ ਵਾਲੇ ਦਿਨ ਪ੍ਰਾਇਮਰੀ ਸਕੂਲ ਦੀ ਅਧਿਆਪਕਾ ਮੁੱਖ ਅਧਿਆਪਕਾ ਦੇ ਦਫ਼ਤਰ 'ਚ ਹੀਟਰ ਕੋਲ ਬੈਠੀ ਹੱਥ ਸੇਕ ਰਹੀ ਸੀ | ਨੇੜੇ ਹੀ ਮੁੱਖ ਅਧਿਆਪਕਾ ਕਾਗਜ਼ਾਂ 'ਚ ਉਲਝੀ ਹੋਈ ਸੀ | ਨਿੱਕੇ-ਨਿੱਕੇ ਫ਼ੁੱਲਾਂ ਵਰਗੇ ਬੱਚੇ ਬਰਾਂਡਿਆਂ 'ਚ ਠਰੂੰ-ਠਰੂੰ ਕਰਦੇ ਕੌਲਿਆਂ ਖੂੰਜਿਆਂ 'ਚ ਦੜੇ ਬੈਠੇ ਸਨ | ਉਹ ਕਦੇ ਕਦਾਈਾ ਜਦੋਂ ਕੋਈ ਸ਼ਰਾਰਤ ਕਰਦੇ ਤਾਂ ਸੁੰਨ ਵਰਗੇ ਮਹੌਲ 'ਚ ਕੁੱਝ ਹਿੱਲ ਜੁੱਲ ਹੁੰਦੀ | ਅਚਾਨਕ ਮਿਡ-ਡੇ ਮੀਲ ਵਾਲੀ ਕੁੱਕ ਬੀਬੀ ਨੇ ਹੀਟਰ 'ਤੇ ਚਾਹ ਵਾਲੀ ਪਤੀਲੀ ਲਿਆ ਟਿਕਾਈ | ਅਧਿਆਪਕਾ ਹੱਥ ਸੇਕਣ ਵਲੋਂ ਹਟ ਕੇ ਵਾਹੋ-ਧਾਈ ਸਵੈਟਰ ਬੁਨਣ ਲੱਗ ਗਈ | ਹਵਾ ਦੇ ਠੰਢੇ ਬੁੱਲਿਆਂ ਨਾਲ ਰਲ ਕੇ ਚਾਹ ਦੀ ਹਵਾੜ ਕਦੀ-ਕਦਾਈਾ ਬੱਚਿਆਂ ਨੂੰ ਕੁਝ ਸਕੂਨ ਜਿਹਾ ਪ੍ਰਦਾਨ ਕਰ ਜਾਂਦੀ |
'ਜਦੋਂ ਤੋਂ ਆਪਣੇ ਕਸਬੇ ਨੂੰ ਨੋਟੀਫਾਈਡ ਏਰੀਆ ਕਮੇਟੀ ਦਾ ਦਰਜਾ ਮਿਲਿਆ ਹੈ ਕਾਫ਼ੀ ਸਹੂਲਤਾਂ ਮਿਲਣ ਲੱਗ ਗਈਆਂ ਨੇ,' ਕਹਿ ਅਧਿਆਪਕਾ ਨੇ ਗੱਲ ਤੋਰਨੀ ਚਾਹੀ | ਪਰ, ਕੰਮ 'ਚ ਰੁੱਝੀ ਮੁੱਖ ਅਧਿਆਪਕਾ ਨੇ ਉਸ ਵੱਲ ਕੰਨ ਨਾ ਕੀਤਾ |
'ਮੈਡਮ ਜੀ, ਮੈਂ...,' ਉਸ ਸੰਬੋਧਨੀ ਸ਼ਬਦ ਵਰਤਦਿਆਂ ਮੁੱਖ ਅਧਿਆਪਕਾ ਦਾ ਧਿਆਨ ਆਪਣੀ ਕਹੀ ਗੱਲ ਵੱਲ ਖਿੱਚਣਾ ਚਾਹਿਆ ਪਰ ਹੁਣ ਵੀ ਮੁੱਖ ਅਧਿਆਪਕਾ ਨੇ ਉਸ ਵੱਲ ਕੋਈ ਧਿਆਨ ਨਾ ਦਿੱਤਾ |
'ਹੁਣ ਤਾਂ ਸਫ਼ਾਈ ਵਾਲੇ ਕਰਮਚਾਰੀ ਸੀਟੀਆਂ ਜਾਂ ਘੰਟੀ ਵਜਾ ਕੇ ਘਰਾਂ ਤੋਂ ਕੂੜਾ ਮੰਗਦੇ ਨੇ ਤੇ ਜਦੋਂ ਤੱਕ ਕੋਈ ਜਵਾਬ ਨਾ ਮਿਲੇ ਹਿੱਲਦੇ ਨਹੀਂ', ਕਹਿ ਉਸ ਛਿੱਥੀ ਪਈ ਨੇ ਆਪਣੀ ਗੱਲ ਪੂਰੀ ਕਰ ਦਿੱਤੀ | ਇੰਨੇ ਨੂੰ ਕੁੱਕ ਬੀਬੀ ਆਈ ਤੇ ਉਨ੍ਹਾਂ ਨੂੰ ਚਾਹ ਫੜਾ ਕੇ ਚਲੀ ਗਈ |
'ਮੈਡਮ ਜੀ, ਮੈਂ ਕੁਝ ਵਧਾਅ ਚੜ੍ਹਾ ਕੇ ਨਹੀਂ ਕਿਹਾ | ਸੱਚਮੁੱਚ ਹੀ ਉਨ੍ਹਾਂ ਦੇ ਮਨਾਂ ਅੰਦਰ ਇਮਾਨਦਾਰੀ ਨਾਲ ਕੰਮ ਕਰਨ ਦਾ ਜਜ਼ਬਾ ਹੈ |' ਗਰਮ-ਗਰਮ ਚਾਹ ਦਾ ਘੁੱਟ ਭਰਨ ਮਗਰੋਂ ਮੂੰਹ ਸੰਵਾਰਦੀ ਅਧਿਆਪਕਾ ਆਪਣੀ ਗੱਲ ਦੀ ਪ੍ਰੋੜਤਾ ਕਰ ਗਈ | ਮੁੱਖ ਅਧਿਆਪਕਾ ਹੁਣ ਵੀ ਪੂਰੀ ਤਰ੍ਹਾਂ ਆਪਣੇ ਕੰਮ 'ਚ ਡੁੱਬੀ ਹੋਈ ਸੀ | ਮਾਹੌਲ ਹਾਲਾਂ ਵੀ ਸੁੰਨ ਵਰਗਾ ਸੀ | ਝੱਟ ਕੁ ਮਗਰੋਂ ਸਕੂਲ ਮੁਖੀ ਦੇ ਚਿਹਰੇ ਦਾ ਰੰਗ ਬਦਲਿਆ | ਉਸ ਚਾਹ ਦਾ ਘੁਟ ਅੰਦਰ ਲੰਘਾਇਆ |
'ਕੰਮ ਦਾ ਜਜ਼ਬਾ ਉਸ ਸਮੇਂ ਤੱਕ ਰਹੇਗਾ, ਜਦੋਂ ਤੱਕ ਉਹ ਪੱਕੇ ਨਹੀਂ ਹੋ ਜਾਂਦੇ | ਪੱਕੇ ਹੋਣ ਮਗਰੋਂ ਆਪਣੀਆਂ ਮੰਗਾਂ ਲਈ ਹੜਤਾਲਾਂ, ਯੂਨੀਅਨਾਂ ਦੇ ਹੁਕਮ, ਕੂੜਾ ਮੰਗਣ ਲਈ ਕਿਸੇ ਘੰਟੀ ਨਹੀਂ ਵਜਾਉਣੀ ਤੇ ਸੀਟੀ ਵੀ ਕਿਤੇ ਰੁਲ ਜਾਣੀ ਹੈ | ਤੁਹਾਨੂੰ ਕੂੜਾ ਲੈ ਕੇ ਉਨ੍ਹਾਂ ਮਗਰ ਭੱਜਣਾ ਪਊ, ਸਰਕਾਰੀ ਨੌਕਰੀ ਦਾ ਇਹੀ ਸੱਚ ਹੈ |' ਮੱੁਖ ਅਧਿਆਪਕਾ ਦੇ ਇਹ ਬੋਲ ਸ਼ਾਇਦ ਉਸ ਦੇ ਜੀਵਨ ਦਾ ਨਿਚੋੜ ਸਨ | ਅਧਿਆਪਕਾ ਕੋਲ ਸ਼ਾਇਦ ਇਸ ਦਾ ਕੋਈ ਉੱਤਰ ਨਹੀਂ ਸੀ | ਉਹ ਉੱਠੀ ਤੇ ਬੁੜਬੁੜਾਉਂਦੀ ਜਮਾਤ ਵੱਲ ਖਿਸਕ ਗਈ |

-ਪਸਾੜੀਆਂ, ਤਹਿ: ਨਕੋਦਰ, ਜ਼ਿਲ੍ਹਾ ਜਲੰਧਰ
ਮੋਬਾਈਲ : 9464675892.


ਖ਼ਬਰ ਸ਼ੇਅਰ ਕਰੋ

ਵਿਅੰਗ: ਅਕਲ ਦਾੜ੍ਹ

ਸਿਆਣੇ ਕਹਿੰਦੇ ਹਨ ਕਿ ਜਦੋਂ ਬੰਦੇ ਦੀ ਅਕਲ ਘੱਟ ਹੋਣ ਲਗਦੀ ਹੈ ਤਾਂ ਅਕਲ ਦਾੜ੍ਹ ਪ੍ਰਗਟ ਹੋਣ ਲਗਦੀ ਹੈ | ਜਿਉਂ-ਜਿਉਂ ਵਣ ਵਧਣ ਲਗਦੇ ਹਨ, ਅਕਲ ਦਾ ਖਾਨਾ ਖਾਲੀ ਹੋਣ ਲਗਦਾ ਹੈ | ਤੁਸੀਂ ਭਾਵੇਂ ਕਿੰਨਾ ਵੀ ਕਿੱਲ੍ਹ-ਕਿੱਲ੍ਹ ਆਪਣੇ-ਆਪ ਨੂੰ ਸਿਆਣਾ ਆਖੀ ਜਾਓ, ਪਰ ਲੋਕਾਂ ਨੇ ਨਾ ਕਦੀ ਤੁਹਾਡੀ ਗੱਲ ਮੰਨੀ ਹੈ ਤੇ ਜਾਂ ਅਗਾਂਹ ਕਿਸੇ ਨੇ ਮੰਨਣੀ ਹੈ | ਇਸੇ ਲਈ ਵੱਡੀ ਉਮਰ ਦੇ ਬੰਦੇ ਨੂੰ 'ਸਿਆਣਾ' ਆਖਦੇ ਹਨ | 'ਸਿਆਣੇ' ਤੋਂ ਉਨ੍ਹਾਂ ਦਾ ਭਾਵ ਅਕਲੋਂ ਖਾਲੀ ਹੀ ਹੁੰਦਾ ਹੈ | ਕਬੀਰ ਜੀ ਨੇ ਇਹੋ ਜਿਹੇ ਸਿਆਣਿਆਂ ਵਾਸਤੇ ਬਹੁਤ ਸੋਹਣਾ ਦੋਹਾ ਜੋੜਿਆ ਹੈ:
ਰੰਗੀ ਕੋ ਨਾਰੰਗੀ ਕਹੇਂ
ਚਲਤੀ ਕੋ ਗਾਡੀ ਕਹੇਂ,
ਕੜ੍ਹੇ ਦੂਧ ਕੋ ਖੋਇਆ,
ਦੇਖ ਕਬੀਰਾ ਰੋਇਆ |
ਉਮਰ ਵਧਣ ਨਾਲ ਅਕਲ ਘਟਦੀ ਹੈ, ਇਹ ਅਸੀਂ ਹੀ ਨਹੀਂ ਕਹਿੰਦੇ ਸਗੋਂ ਤੁਹਾਡੇ ਧੀਆਂ ਪੁੱਤਰ, ਪਤਨੀ, ਰਿਸ਼ਤੇਦਾਰ ਤੇ ਸਾਕ-ਸਬੰਧੀ ਤੇ ਦੋਸਤ-ਮਿੱਤਰ ਕਹਿਣ ਲੱਗਦੇ ਹਨ, ਉਹ ਸਾਰੇ ਜਿਨ੍ਹਾਂ 'ਤੇ ਤੁਸੀਂ ਸਾਰੀ ਉਮਰ ਭਰੋਸਾ ਰੱਖਿਆ | ਆਪਣੇ ਦੋ ਪੁੱਤਰਾਂ ਦੀ ਹੀ ਗੱਲ ਸੁਣ ਲਓ | ਤੁਸੀਂ ਸਾਰੀ ਉਮਰ ਆਪਣੀ ਸਿਆਣਪ ਨਾਲ ਬਿਜ਼ਨਸ ਦੀ ਗੱਡੀ ਰੇੜ੍ਹੀ, ਸਫ਼ਲਤਾਪੂਰਵਕ ਕੰਮ-ਧੰਦਾ ਚਲਾਇਆ, ਖੱਟੀ ਕੀਤੀ, ਟੱਬਰ ਦਾ ਪਾਲਣ-ਪੋਸਣ ਕੀਤਾ | ਮੰੁਡਿਆਂ ਵਲੋਂ ਹੱਟੀ ਦਾ ਕੰਮ ਸਾਂਭ ਲੈਣ 'ਤੇ ਤੁਸੀਂ ਹੱਟੀ ਦੇ ਵਾਧੂ ਸਾਮਾਨ ਜਿਹੇ ਹੀ ਹੋ ਕੇ ਰਹਿ ਜਾਂਦੇ ਹੋ | ਕਿਸੇ ਨਿੱਕੀ-ਮੋਟੀ ਸਲਾਹ ਦੇਣ 'ਤੇ ਵੀ ਮੰੁਡੇ ਭੜਕ ਪੈਂਦੇ ਹਨ | ਪਿਤਾ ਜੀ ਤੁਹਾਨੂੰ ਨਹੀਂ ਪਤਾ ਇਨ੍ਹਾਂ ਗੱਲਾਂ ਦਾ | ਆਪਣੀ ਸਿਆਣਪ ਆਪਣੇ ਕੋਲ ਰੱਖਿਆ ਕਰੋ | ਹੁਣ ਨੀਂ ਚਲਦਾ ਇਹ ਸਭ ਕੁਝ |' ਤੁਸੀਂ ਤਿੜਕ ਕੇ ਪ੍ਰਤੀਵਾਦ ਕਰਦੇ ਹੋ, 'ਓਏ ਸਾਊ ਅਸੀਂ ਸਾਰੀ ਉਮਰ ਐਵੇਂ ਤਾਂ ਨੀਂ ਵਾਰ ਦੀ ਗੱਡੀ ਧੂਈ | ਤੁਸੀਂ ਕੱਲ੍ਹ ਦੇ ਜੰਮੇ ਸਾਨੂੰ ਮੱਤਾਂ ਦੇਣ ਵਾਲੇ ਹੋਗੇ |' ਮੁਡੇ ਹੋਰ ਵੀ ਜ਼ਿਆਦਾ ਭੜਕ ਕੇ ਕਹਿ ਦਿੰਦੇ ਹਨ, 'ਪਿਤਾ ਜੀ, ਹੁਣ ਤੁਹਾਡੇ ਵਾਲੇ ਜ਼ਮਾਨੇ ਨੀ ਰਹੇ | ਹੁਣ ਤੁਹਾਡੀ ਸਿਆਣਪ ਨੀ ਚੱਲਣੀ ਇਥੇ | ਸਮਾਂ ਬਦਲ ਗਿਆ | ਤੁਸੀਂ ਵੀ ਬਦਲ ਜੋ, ਚੰਗੇ ਰਹੋਂਗੇ |'
ਤੁਸੀਂ ਜ਼ਿਆਦਾ ਅੜਬਾਈ ਕਰੋਂਗੇ ਤਾਂ ਹੱਟੀ ਵੀ ਤੁਹਾਥੋਂ ਛੁੱਟ ਜਾਏਗੀ | ਸ਼ਹਿਰ ਦਾ ਪਾਰਕ ਹੀ ਤੁਹਾਡਾ ਆਸਰਾ ਬਣੇਗਾ | ਕਈ ਸਿਆਣਿਆਂ ਦਾ ਤਾਂ ਮਾਰਗ ਸਿੱਧਾ ਹੀ ਬਿਰਧ-ਆਸ਼ਰਮ ਵੱਲ ਚਲਾ ਜਾਂਦਾ ਹੈ | ਇਹੋ ਜਿਹੇ ਬਹੁਤੇ ਸਿਆਣੇ ਬਜ਼ੁਰਗ ਹੀ ਬਿਰਧ-ਆਸ਼ਰਮਾਂ ਦਾ ਸ਼ਿੰਗਾਰ ਹਨ |
ਰਿਟਾਇਰ ਹੋ ਕੇ ਘਰ ਬੈਠੇ 'ਸਿਆਣਿਆਂ' ਨੂੰ ਵੀ ਟੇਕ ਨਹੀਂ ਮਿਲਦੀ | ਔਲਾਦ ਦੁਖੀ ਹੋ ਕੇ ਕਹਿੰਦੀ ਸੁਣਾਈ ਦਿੰਦੀ ਹੈ, 'ਸਾਰਾ ਦਿਨ ਕੰਨ ਖਾਈ ਜਾਂਦੇ ਐ | ਪਲ ਲਈ ਵੀ ਚੈਨ ਨੀ ਲੈਣ ਦਿੰਦੇ | ਸੱਚ ਹੀ ਕਿਸੇ ਨੇ ਆਖਿਆ ਕਿ ਸੱਤਰੇ-ਬਹੱਤਰੇ ਹੋ ਕੇ ਬੰਦੇ ਦੀ ਮੱਤ ਮਾਰੀ ਜਾਂਦੀ ਹੈ | ਸਾਰਾ ਦਿਨ ਇਨ੍ਹਾਂ ਦੀਆਂ ਸਲਾਹਾਂ ਤੇ ਨੋਕਾਂ-ਝੋਕਾਂ ਦੀ ਨੀ ਮੁੱਕਦੀਆਂ | ਕਹਿੰਦੇ ਸਾਨੂੰ ਜੰਮਿਆ, ਪਾਲਿਆ, ਪੋਸਿਆ ਹੈ | ਕੋਈ ਇਨ੍ਹਾਂ ਨੂੰ ਪੁੱਛੇ ਬਈ ਜੰਮਿਆ ਤੇ ਪਾਲਿਆ-ਪੋਸਿਆ, ਬਦਲੇ ਲੈਣ ਲਈ | ਸਾਹ ਤਾਂ ਆਉਣ ਨੀ ਦਿੰਦੇ ਕਿਸੇ ਵੇਲੇ |'
ਇਹੋ ਜਿਹੀ ਕੁੱਤੇ ਖਾਣੀ ਘਰ-ਘਰ ਦੀ ਕਹਾਣੀ ਹੈ | ਫਿਰ ਕਿਵੇਂ ਮੰਨ ਲਈਏ ਕਿ ਵਧਦੀ ਉਮਰ ਸਿਆਣਪ ਦੀ ਨਿਸ਼ਾਨੀ ਹੁੰਦੀ ਹੈ | ਇਕ ਪੰਜਾਬੀ ਕਵੀ ਨੇ ਤਾਂ ਸੱਚ ਹੀ ਬਿਆਨ ਕਰ ਦਿੱਤਾ ਹੈ | ਅਖੇ: 'ਮੈਨੂੰ ਸਮਝ ਸਤਾਇਆ |'
ਉਸ ਨੂੰ ਪਛਤਾਵਾ ਹੈ ਕਿ ਉਸ ਕੋਲ 'ਸਮਝ' ਨਾਂਅ ਦੀ ਵਸਤ ਆਈ ਹੀ ਕਿਉਂ | ਸਮਝ ਨਾ ਆਉਂਦੀ ਤਾਂ ਉਸ ਨੇ ਸੌਖਾ ਰਹਿਣਾ ਸੀ | 'ਸਮਝ' ਹੀ ਉਸ ਦੀਆਂ ਸਾਰੀਆਂ ਤਕਲੀਫਾਂ ਅੱਤ ਕਸ਼ਟਾਂ ਦੀ ਜੜ੍ਹ ਹੈ |
ਇਹੋ ਜਿਹੇ ਵੇਲੇ ਅਕਲ-ਦਾੜ੍ਹ ਹੀ ਬਜ਼ੁਰਗ ਦਾ ਸਹਾਰਾ ਬਣ ਕੇ ਨਿਕਲਦੀ ਹੈ, ਜਿਵੇਂ ਮੁਸੀਬਤ ਵੇਲੇ ਤੁਹਾਡੀ ਪਤਨੀ ਤਲਵਾਰ ਫੜ ਕੇ ਮੈਦਾਨ ਵਿਚ ਕੁੱਦ ਪਵੇ | ਅਸੀਂ ਦੰਦਾਂ ਦੇ ਵਿਚ ਸਿਆਣੇ ਡਾਕਟਰ ਨੂੰ ਪੁੱਛਿਆ, 'ਅਕਲ ਦਾੜ੍ਹ ਦਾ ਕੀ ਫਾਇਦੈ?' ਹੱਸ ਕੇ ਕਹਿਣ ਲੱਗਾ, 'ਕੁਸ਼ ਨੀਂ | ਐਵੇਂ ਵਾਧੂ | ਅਕਲ ਨਾਲ ਇਹਦਾ ਕੀ ਸਬੰਧ ਹੈ?' ਅਸੀਂ ਫਿਰ ਪੁੱਛਦੇ ਹਾਂ, 'ਕੋਈ ਨਹੀਂ, ਭੋਰਾ ਵੀ ਨਹੀਂ | ਸਗੋਂ ਜੇ ਵਿੰਗੀ ਟੇਢੀ ਨਿਕਲ ਆਵੇ ਤਾਂ ਬੰਦੇ ਦੀ ਊੲੀਂ ਮਤ ਮਾਰ ਦਿੰਦੀ ਹੈ | ਕਈ ਵਾਰ ਤਾਂ ਭੈੜੀ ਔਲਾਦ ਵਾਂਗ ਵਥੇਰਾ ਤੰਗ ਕਰਦੀ ਹੈ | ਆਖਰ ਕਢਵਾਉਣੀ ਹੀ ਪੈਂਦੀ ਹੈ |'
'ਫਿਰ ਇਹਨੂੰ ਅਕਲਦਾੜ੍ਹ ਕਿਉਂ ਕਹਿੰਦੇ ਹਨ?' ਅਸੀਂ ਪੁੱਛਦੇ ਹਾਂ |
'ਬਾਕੀ ਦਾੜ੍ਹਾਂ ਤਾਂ ਬਚਪਨ ਹੀ ਨਿਕਲ ਆਉਂਦੀਆਂ ਹਨ, ਜਦੋਂ ਬਾਲਕ ਅਬੋਧ ਤੇ ਅਭੋਲ ਹੁੰਦਾ ਹੈ, ਉਦੋਂ ਉਸਨੂੰ ਪੂਰੀ ਅਕਲ ਹੀ ਨਹੀਂ ਹੁੰਦੀ | ਜਦੋਂ ਵੱਡੀ ਉਮਰ 'ਚ ਮੱਤ ਮਰਨ ਲਗਦੀ ਹੈ, ਉਦੋਂ ਇਹ ਜਾੜ੍ਹ ਦੁੱਖ ਦੇਣ ਨੂੰ ਆ ਪਧਾਰਦੀ ਹੈ | ਦੁੱਖ ਤੋਂ ਸਿਵਾਇ ਇਹ ਬੰਦੇ ਨੂੰ ਕੁਝ ਨਹੀਂ ਦਿੰਦੀ |'
ਅੱਜ ਦੇ ਜ਼ਮਾਨੇ ਵਿਚ ਤਾਂ ਬਹੁਤੀ ਅਕਲ ਵੀ ਬੰਦੇ ਨੂੰ ਸੁਖ ਨੀਂ ਦਿੰਦੀ | ਤੁਸੀਂ ਉਹ ਮੁਹਾਵਰਾ ਜਾਂ ਅਖਾਣ ਤਾਂ ਸੁਣੀ ਹੀ ਹੋਵੇਗੀ | 'ਸਿਆਣਾ ਕਾਂ ਆਖਰ ਸੀਂਢ 'ਤੇ ਹੀ ਡਿਗਦਾ ਹੈ |' ਵਧੀਆ ਤੈਰਾਕ ਹੀ ਡੁੱਬਦਾ ਹੈ | ਬਹੁਤੇ ਸਿਆਣੇ ਨੂੰ ਕਾਂ ਦੀ ਉਪਾਧੀ ਦਿੱਤੀ ਜਾਂਦੀ ਹੈ | ਬਹੁਤੀਆਂ ਅਕਲਾਂ ਵਾਲਿਆਂ ਦੇ ਖੂਹ ਖਾਲੀ ਹੀ ਹੁੰਦੇ ਹਨ | ਜ਼ਿਆਦਾ ਅਕਲ ਦੁੱਖਾਂ ਦਾ ਘਰ ਹੁੰਦੀ ਹੈ | ਕਵੀ ਸਮਝਦਾਰ ਹੈ, ਜਿਸ ਨੇ ਬਹੁਤ ਹਲੀਮੀ ਨਾਲ ਮੰਨ ਲਿਆ ਹੈ ਕਿ ਉਸ ਨੂੰ 'ਸਮਝ' ਨੇ ਹੀ ਸਤਾਇਆ ਹੋਇਆ ਹੈ | ਮਹਾਤਮਾ ਬੁੱਧ ਬਹੁਤੀਆਂ ਇਛਾਵਾਂ ਨੂੰ ਹੀ ਦੁੱਖਾਂ ਦਾ ਕਾਰਨ ਮੰਨਦੇ ਹਨ | ਤੁਸੀਂ ਪੰਜਾਹ ਸਿਆਣੇ ਅਕਲਵਾਨ ਲੋਕਾਂ ਨੂੰ ਇਕੱਠੇ ਕਰਕੇ ਕਿਸੇ ਵੀਰਾਨ ਟਾਪੂ 'ਤੇ ਛੱਡ ਆਓ | ਖਾਣ-ਪੀਣ ਤੇ ਰਸਦਾਰ ਦਾ ਪ੍ਰਬੰਧ ਵੀ ਕਰ ਆਓ | ਥੋੜ੍ਹੀ ਦੇਰ 'ਚ ਹੀ ਉਹ ਆਪਸ 'ਚ ਖਹਿਬੜਦੇ ਹੀ ਮਰ ਜਾਣਗੇ | ਸਾਡੇ ਖਿਆਲ 'ਚ ਸੰਸਾਰ ਦੀਆਂ ਸਾਰੀਆਂ ਮੁਸੀਬਤਾਂ ਦੀ ਜੜ੍ਹ ਹੀ 'ਅਕਲ' ਹੈ | ਆਪਣੀ ਅਕਲ ਹੀ ਸਭ ਨੂੰ ਵੱਡੀ ਲਗਦੀ ਹੈ | ਅਕਲ ਘੋਟਣਾ ਵੀ ਇਕ ਤਰ੍ਹਾਂ ਦੀ ਬਿਮਾਰੀ ਹੈ | ਇਹ ਹਰ ਕੋਈ ਬਿਨਾਂ ਕੋਈ ਫੀਸ ਲਏ ਹੀ ਦੂਸਰਿਆਂ ਨੂੰ ਵੰਡਦਾ ਫਿਰਦਾ ਹੈ | ਅਸੀਂ ਪਿੰਡੇ ਦੀ ਜੰੂ ਭਾਵੇਂ ਕਿਸੇ ਨੂੰ ਦੇਈਏ ਜਾਂ ਨਾ ਦੇਈਏ | ਪਰ ਅਕਲ ਜ਼ਰੂਰ ਦੇਣ ਦੀ ਕੋਸ਼ਿਸ਼ ਕਰਦੇ ਹਾਂ | ਕੋਈ ਨਾ ਲਏ ਤਾਂ ਤਿੜਕ ਕੇ ਕਹਿ ਦਿੰਦੇ ਹਾਂ |' ਗਧੇ ਨੂੰ ਦਿਓ ਲੂਣ, ਉਹ ਕਹਿੰਦਾ ਮੇਰੀਆਂ ਅੱਖਾਂ ਭੰਨਦੇ ਆ |' ਉੱਲੂ-ਉੱਲੂ ਹੀ ਬਣੇ ਰਹਿਣਾ ਚਾਹੁੰਦੇ ਨੇ, ਹੰਸ ਨਹੀਂ ਬਣਨਾ ਚਾਹੁੰਦੇ | ਆਪਣੀ ਅਕਲ ਨੂੰ ਸਾਂਭ ਕੇ ਰੱਖੋ, ਲੋੜ ਪੈਣ 'ਤੇ ਕੰਮ ਆਏਗੀ | ਉੱਲੂਆਂ ਨੂੰ ਅਕਲ ਦੇਣ ਨਾਲ, ਉਨ੍ਹਾਂ ਨੂੰ ਦਿਨੇ ਨਹੀਂ ਦਿਸਣ ਲੱਗਾ |
ਕਈ ਵਾਰੀ ਮੂਰਖਤਾ ਸਿਆਣਪ ਨਾਲੋਂ ਜ਼ਿਆਦਾ ਚੰਗੀ ਰਹਿੰਦੀ ਹੈ | ਬਹੁਤੇ ਮੂਰਖ ਸਿਆਣਿਆਂ ਨਾਲੋਂ ਬਿਹਤਰ ਜ਼ਿੰਦਗੀ ਜਿਊਾਦੇ ਹਨ | ਕਿਸੇ ਨੇ ਠੀਕ ਹੀ ਆਖਿਆ ਹੋਵੇਗਾ:
'ਮੂਰਖ ਲੋਕ ਸਦਾ ਸੁਖੀ ਰਹਿੰਦੇ,
ਕਰਦੇ ਖੂਬ ਕਮਾਈਆਂ,
ਸਿਆਣੇ ਖਾਂਦੇ ਰੁੱਖੀ-ਮਿੱਸੀ,
ਮੂਰਖ ਖਾਣ ਮਲਾਈਆਂ |
ਕੀ ਮੈਂ ਝੂਠ ਬੋਲਿਆ,
ਨਾ ਜੀ, ਨਾ ਜੀ... |
ਵੈਸੇ ਅਕਲ-ਦਾੜ੍ਹ ਦਾ ਤਾਂ ਦਾੜ੍ਹਾਂ ਨਾਲ ਕੋਈ ਸਬੰਧ ਨੀ ਹੁੰਦਾ, ਅਕਲ ਨਾਲ ਕੀ ਹੋਵੇਗਾ? ਸਮਝਦਾਰ ਹੋ, ਤੁਹਾਨੂੰ ਨਿੱਕੀ ਜਿਹੀ ਗੱਲ ਸਮਝਣ 'ਚ ਕੋਈ ਔਖ ਨਹੀਂ ਹੋਣੀ ਚਾਹੀਦੀ | ਅਕਲਾਂ ਵਾਲਿਆਂ ਨੂੰ ਦੂਰੋਂ ਹੀ ਸਲਾਮ, ਜੈ ਹਿੰਦ... |

-ਮੋਬਾਈਲ : 94635-37050.

ਨਾਂਅ ਕੀ ਰੱਖੀਏ ਜੀ?

ਸ਼ੈਕਸਪੀਅਰ ਨੇ ਕਿਹਾ ਸੀ, 'ਨਾਂਅ 'ਚ ਕੀ ਪਿਐ?'
'ਨਾਂਅ' 'ਚ ਹੀ ਤਾਂ ਸਭ ਕੁਝ ਹੈ ਜੀ | ਨਾਂਅ 'ਸ਼ੈਕਸਪੀਅਰ' ਨਾ ਹੁੰਦਾ ਤਾਂ ਸ਼ੈਕਸਪੀਅਰ ਨੂੰ ਕੌਣ ਪੁੱਛਦਾ?
ਸ਼ਹੀਦੋਂ ਕੀ ਚਿਤਾਓਾ ਪਰ ਲਗੇਂਗੇ ਹਰ ਬਰਸ ਮੇਲੇ,
ਵਤਨ ਪੇ ਮਿਟਨੇ ਵਾਲੋਂ ਕਾ ਯਹੀ ਬਾਕੀ ਨਿਸ਼ਾਂ ਹੋਗਾ |
ਪਰ ਸ਼ਹੀਦਾਂ ਦਾ ਵੀ ਨਾਂਅ ਹੁੰਦਾ ਹੈ, ਸਿਰਫ਼ 'ਨਾਂਅ' ਵਾਲੇ ਸ਼ਹੀਦਾਂ ਦੀਆਂ ਯਾਦਗਾਰਾਂ ਹੁੰਦੀਆਂ ਹਨ, ਉਨ੍ਹਾਂ ਦੇ 'ਨਾਂਅ' 'ਤੇ ਹੀ ਉਨ੍ਹਾਂ ਦੇ ਰਹਿੰਦੀ ਦੁਨੀਆ ਤੱਕ ਬਣੇ ਨਿਸ਼ਾਂ 'ਤੇ ਮੇਲੇ ਲਗਦੇ ਹਨ, ਲਗਦੇ ਰਹਿਣਗੇ |
ਗੁਰੂ, ਪੀਰ, ਦੇਵੀ-ਦੇਵਤੇ, ਯੋਧੇ-ਜਰਨੈਲ, ਲੀਡਰ, ਫਕੀਰ, ਲੇਖਕ, ਕਵੀ-ਕਵਿੱਤਰੀਆਂ, ਗਾਇਕ-ਗਾਇਕਾਵਾਂ, ਜੱਜ-ਵਕੀਲ, ਦੇਸ਼ ਕੌਮ ਤੋਂ ਸਿਰ ਵਾਰਨ ਵਾਲੇ ਘੁਲਾਟੀਏ, ਖਿਡਾਰੀ, ਕੌਣ ਹੈ, ਜਿਸ ਦਾ 'ਨਾਂਅ' ਬਿਨਾਂ ਇਸ ਧਰਤੀ 'ਤੇ ਅੱਜ ਵੀ ਝੰਡਾ ਕਾਇਮ ਨਹੀਂ ਹੈ?
ਭੈੜੇ ਕੰਮ ਕੀਤੇ ਹੋਣ ਜਾਂ ਚੰਗੇ ਕੰਮਾਂ ਕਾਰਨ ਸਦੀਵ ਯਾਦ ਰਹਿਣ ਵਾਲਿਆਂ ਲਈ ਹੀ ਤਾਂ ਆਖਿਆ ਜਾਂਦਾ ਹੈ-'ਇਹਨੇ ਬੜਾ ਨਾਂਅ ਕਮਾਇਆ ਹੈ', ਧਰਤੀ 'ਤੇ ਜਿਹੜਾ ਵੀ ਜੰਮਿਆ, ਜੰਮਣ ਮਗਰੋਂ, ਸਭ ਤੋਂ ਪਹਿਲਾ ਫਲ ਉਸਨੂੰ ਇਹੋ ਮਿਲਦਾ ਹੈ, 'ਇਹਦਾ ਨਾਂਅ ਰੱਖੋ |' ਇਹ ਨਾਂਅ ਰੱਖਣਾ ਵੀ ਕੋਈ ਸੌਖਾ ਕੰਮ ਨਹੀਂ, ਨਵ-ਜਨਮੇ ਨਿਆਣੇ ਦਾ ਨਾਂਅ ਰੱਖਣ ਲਈ ਵੀ ਲੋਕਾਂ ਨੂੰ ਗਹਿਰੀ, ਡੰੂਘੀ, ਲੰਮੀ ਸੋਚ ਉਡਾਰੀ ਲਾਉਣੀ ਪੈਂਦੀ ਹੈ |
ਛੇਤੀ ਸਮਝ ਹੀ ਨਹੀਂ ਆਉਂਦੀ, ਕੀ ਨਾਂਅ ਰੱਖੀਏ | ਆਪਣੇ ਰਿਸ਼ਤੇਦਾਰਾਂ ਨੂੰ ਪੁੱਛਿਆ ਜਾਂਦਾ ਹੈ, ਦੋਸਤਾਂ-ਮਿੱਤਰਾਂ ਨੂੰ ਪੁੱਛਿਆ ਜਾਂਦਾ ਹੈ, ਭਾਈਆਂ, ਪੰਡਿਤਾਂ ਨੂੰ ਪੁੱਛਿਆ ਜਾਂਦਾ ਹੈ, ਨਾਂਅ ਦੱਸੋ ਜੀ, ਕੋਈ ਚੰਗਾ ਜਿਹਾ ਨਾਂਅ ਦੱਸੋ |'
ਮੇਰਾ ਨਾਂਅ ਰਾਜਿੰਦਰ ਸਿੰਘ ਹੈ, ਕੋਈ ਐਵੇਂ ਹੀ ਝਟਪਟ ਨਹੀਂ ਪੈ ਗਿਆ | ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਵਾਕ ਲਿਆ ਗਿਆ | ਅੱਖਰ ਆਇਆ 'ਰਾਰਾ' | ਭਾਈ ਸਾਹਿਬ ਨੇ ਕਿਹਾ, 'ਰਾਰਾ ਅੱਖਰ ਹੈ, ਹੁਣ ਤੁਹਾਨੂੰ ਜਿਹੜਾ ਨਾਂਅ ਚੰਗੇ ਲੱਗੇ ਰੱਖ ਲਓ |' ਅੰਤ ਸਰਬਸੰਮਤੀ ਨਾਲ 'ਰਾਜਿੰਦਰ ਸਿੰਘ' ਨਾਂਅ ਪਾਸ ਹੋ ਗਿਆ | ਜਿਹੜਾ ਵੀ ਜੰਮਿਆ ਜੰਮੀ, ਉਹਦਾ ਨਾਂਅ ਇਥੇ ਹੀ, ਹਰੇਕ ਪਰਿਵਾਰ ਦੇ ਨਿਯਮਾਂ ਅਨੁਸਾਰ, ਮਿਲ-ਜੁਲ ਕੇ, ਕਈ ਸੁਝਾਵਾਂ ਮਗਰੋਂ ਇਕ 'ਤੇ ਸਹਿਮਤੀ ਹੋਣ ਮਗਰੋਂ ਰੱਖਿਆ ਜਾਂਦਾ ਹੈ | ਉਹ ਨਾਂਅ ਜਨਮ ਤੋਂ ਲੈ ਕੇ ਆਖਰੀ ਸਾਹ ਤੱਕ, ਸਿੱਕਾਬੰਦ ਹੋ ਜਾਂਦਾ ਹੈ |
ਉਥੇ ਕਰਮਾਂ ਦੇ ਹੋਣਗੇ ਨਬੇੜੇ, ਜਾਤ ਕਿਸੇ ਪੁੱਛਣੀ ਨਹੀਂ... |
ਇਸ ਬਾਰੇ ਏਨਾ ਹੀ ਹੈ ਕਿ ਉੱਪਰ ਧਰਮਰਾਜ ਕੋਲ ਵਹੀਖਾਤਾ, ਹਰੇਕ 'ਨਾਂਅ' ਦਾ ਹੈ, ਉਸ ਵਿਚ ਇਸ ਜਨਮ 'ਚ ਉਹਦੇ ਦੁਬਾਰਾ ਕੀਤੇ ਭਲੇ ਤੇ ਭੈੜੇ ਕੰਮਾਂ ਦਾ ਪੂਰਾ-ਪੂਰਾ ਲੇਖਾ-ਜੋਖਾ ਲਿਖਿਆ ਹੁੰਦਾ ਹੈ, ਇਹ ਇਸ ਨਾਂਅ ਦੀ ਹੀ ਕਰਾਮਾਤ ਹੈ |
ਇਥੇ, ਸਾਡੇ ਭਾਰਤ 'ਚ ਅੱਜਕਲ੍ਹ ਕਿੰਨਾ ਮਸ਼ਹੂਰ ਹੈ ਕਿ ਜਿਨ੍ਹਾਂ ਦੇ ਬੈਂਕਾਂ 'ਚ ਖਾਤੇ ਨਹੀਂ ਸਨ, ਜਨ ਧਨ ਯੋਜਨਾ ਰਾਹੀਂ ਉਨ੍ਹਾਂ ਦੇ ਕਰੋੜਾਂ ਖਾਤੇ ਖੁੱਲ੍ਹਵਾਏ ਗਏ, ਪਰ ਉਥੇ, ਧਰਮਰਾਜ ਕੋਲ, ਸਭਨਾਂ ਗਰੀਬਾਂ, ਲਾਚਾਰਾਂ ਦੇ ਖਾਤੇ ਦਰਜ ਹੈਨ | ਹਿਸਾਬ ਸਭਨਾਂ ਦਾ ਦਰਜ ਹੈ | ਜੇ ਮੰਨਦੇ ਹੋ ਤਾਂ ਇਹ ਸਭ ਤੋਂ ਵੱਡਾ ਸੱਚ ਹੈ |
ਲਾਲੂ ਯਾਦਵ ਘਰ ਧੀ ਉਸ ਵੇਲੇ ਜੰਮੀ ਸੀ ਜਦ ਭਾਰਤ 'ਚ 'ਮੀਸਾ' ਲੱਗਾ ਸੀ ਤੇ ਇਸ ਅਧੀਨ ਲਾਲੂ ਯਾਦਵ ਵੀ ਹੋਰਨਾਂ ਅਨੇਕਾਂ ਲੀਡਰਾਂ ਵਾਂਗ 'ਜੇਲ੍ਹ' 'ਚ ਤੰੁਨ ਦਿੱਤੇ ਗਏ ਸਨ | ਲਾਲੂ ਯਾਦਵ ਨੇ ਐਸ ਐਕਟ ਨੂੰ ਸਦੀਵੀ ਯਾਦ ਰੱਖਣ ਵਾਲਾ ਬਣਾ ਦਿੱਤਾ, ਝਟ ਆਪਣੀ ਨਵ-ਜਨਮੀ ਧੀ ਦਾ ਨਾਂਅ 'ਮੀਸਾ' ਰੱਖ ਦਿੱਤਾ | ਅੱਜ ਮੀਸਾ ਭਾਰਤੀ ਪਾਰਲੀਮੈਂਟ ਦੀ ਮੈਂਬਰ ਹੈ |
ਸੱਚੀ ਇਹ ਬੜਾ ਵੱਡਾ ਕਲੇਸ਼ ਹੈ, ਨਵ-ਜਨਮੇ ਬੱਚੇ ਜਾਂ ਬੱਚੀ ਦਾ ਨਾਂਅ ਕੀ ਰੱਖੀਏ, ਸੋਚ-ਸੋਚ ਲੋਕੀਂ ਝੱਲੇ ਹੋ ਜਾਂਦੇ ਹਨ |
ਆਹੋ ਜੀ, ਇਹ ਬੜੀ ਵੱਡੀ ਸਮੱਸਿਆ ਹੈ |
'ਨਾਂਅ ਕੀ ਰੱਖੀਏ?'
ਪਹਿਲਾਂ ਨਵ-ਜਨਮੇ ਬੱਚੇ ਦਾ ਨਾਂਅ ਰੱਖਣਾ ਐਨਾ ਔਖਾ ਕੰਮ ਨਹੀਂ ਸੀ ਹੁੰਦਾ | ਅੱਵਲ ਤਾਂ ਦਾਦਾ ਜੀ ਜਾਂ ਘਰ ਦਾ ਮੁੱਖ ਬਜ਼ੁਰਗ ਜਿਹੜਾ ਨਾਂਅ 'ਉਚਰ' ਦਿੰਦਾ ਉਹੀਓ ਸਭਨਾਂ ਨੂੰ ਕਬੂਲ ਹੁੰਦਾ |
ਫਿਰ ਜੰਗਾਂ ਲੜਾਈਆਂ 'ਚੋਂ ਯੋਧੇ ਵੀ ਹੁੰਦੇ ਸਨ, ਬਹਾਦਰ ਸਿੰਘ, ਖੜਕ ਸਿੰਘ ਪਰ ਇਕ ਕਮਾਲ ਦਾ ਨਾਂਅ ਹੈ ਗੁਜਰਾਤੀਆਂ ਵਿਚ ਅੱਜ ਵੀ ਇਹਦਾ ਚਲਦਾ ਹੈ, ਰਣਛੋੜ ਦਾਸ | ਅਨਾਜ ਤੇ ਸਬਜ਼ੀਆਂ ਨੂੰ ਵੀ ਮਾਣ ਦਿੱਤਾ ਕਈਆਂ ਨੇ, ਕਣਕ ਦਾਸ, ਗੰਢਾ ਸਿੰਘ, ਪਨੀਰ ਦਾਸ, ਮੱਖਣ ਸਿੰਘ, ਮਾਖਨ ਲਾਲ | ਫੁੱਲਾਂ ਦੀ ਖੁਸ਼ਬੂ ਗੁਲਾਬ ਚੰਦ, ਗੁਲਾਬ ਦਾਸ, ਗੁਲਾਬ ਸਿੰਘ, ਕੁੜੀਆਂ 'ਚ ਗੁਲਾਬੋ, ਚਮੇਲੀ, ਫੂਲਵੰਤੀ, ਫੂਲਾਂਵਤੀ, ਗੇਂਦਾ ਮਲ, ਗੇਂਦਾ ਸਿੰਘ, ਮੋਤੀਆਂ ਰਾਣੀ, ਫੂਲਾਂ ਰਾਣੀ, ਪੁਲਾੜ ਵੀ ਕੰਮ ਆਇਆ... ਸੂਰਜ ਮੱਲ, ਸੂਰਜ ਸਿੰਘ, ਚਾਂਦ ਮਲ, ਚੰਨ ਸਿੰਘ, ਤਾਰਾ ਸਿੰਘ, ਤਾਰਾ ਚੰਦ, ਧਰੁਵ, ਪ੍ਰਕਾਸ਼ (ਚੰਦ ਤੇ ਸਿੰਘ), ਔਰਤਾਂ 'ਚ ਪ੍ਰਕਾਸ਼ੋ, ਚੰਨਣ ਕੌਰ, ਚਾਂਦ ਰਾਣੀ, ਚੰਨਣ ਦੇਈ | ਸਾਰੇ ਪਿੰਡ ਵਿਚ ਚਾਨਣ ਤੇਰਾ, ਮਾਂ ਦੀਏ ਮੋਮਬੱਤੀਏ |
ਵਾਰੀ-ਵਾਰੀ ਜਾਵਾਂ ਨਾਂਅ ਰੱਖਣ ਵਾਲਿਆਂ ਤੋਂ, ਇਨ੍ਹਾਂ ਹਫ਼ਤੇ ਦੇ ਵਾਰ ਵੀ ਨਹੀਂ ਛੱਡੇ—ਸੋਮ ਦੱਤ, ਸੋਮ ਨਾਥ, ਮੰਗਲ ਸਿੰਘ, ਮੰਗਲ ਰਾਮ, ਮੰਗਲ ਦਾਸ, ਬੁੱਧ ਸਿੰਘ, ਬੁੱਧ ਦਾਸ, ਵੀਰ ਸਿੰਘ, ਵੀਰ ਦਾਸ,ਵੀਰੱਪਨ, ਸ਼ੁਕਰਵਾਰ ਦਾ ਉਂਜ ਹੀ ਸ਼ੁਕਰੀਆ ਕਰ ਦਿੱਤਾ, ਸਨਿਚਰਵਾਰ ਤੇ ਕਿਸੇ ਦਾ ਨਾਂਅ ਨਹੀਂ ਰੱਖਿਆ ਪਰ 'ਛੇੜ' ਜ਼ਰੂਰ ਰੱਖ ਦਿੱਤੀ, 'ਛੱਡ ਓਏ, ਇਹ ਤਾਂ ਸ਼ਨਿੱਚਰ ਏ |' 'ਸ਼ਨੀਚਰ' ਆਖ ਕੇ ਵੀ ਦੁਰਕਾਰਦੇ ਨੇ |
ਹਾਲਾਂਕਿ ਸ਼ਨੀ-ਮੰਦਿਰ ਕਈ ਨੇ | ਇਸ ਦਿਨ ਇਥੇ ਲੋਕੀਂ ਤੇਲ ਚੜ੍ਹਾਉਂਦੇ ਨੇ | ਤੇਲ ਵੀ ਕੰਮ ਆਇਆ, ਆਪਣੇ ਇਕ ਮਿੱਤਰ ਨੇ, ਲੇਖਕ ਵੀ ਹਨ, ਮਾਸਟਰ ਤੇਲੂ ਰਾਮ ਜੀ...'ਤੇਲ ਵੇਖੋ, ਤੇਲ ਦੀ ਧਾਰ ਵੇਖੋ |'
ਕਈ ਹੋਰ ਵੀ ਹੋਣਗੇ, ਤੇਲ ਦੀ ਇਸ ਧਾਰ 'ਚ ਪਰ ਮੈਨੂੰ 'ਤੇਲੂ ਰਾਮ' ਤੋਂ ਅੱਗੇ ਨਾ ਸਰ੍ਹੋਂ ਦੇ ਤੇਲ ਨੂੰ , ਨਾ ਨਾਰੀਅਲ ਦੇ ਤੇਲ ਨੂੰ , ਨਾ ਤਿਲ ਦੇ ਤੇਲ ਨੂੰ ਸੁਭਾਇਮਾਨ ਕਰਦਾ, ਕੋਈ ਹੋਰ ਮਨੁੱਖ ਪਤਾ ਹੈ | ਔਰਤਾਂ ਵਿਚ ਵੀ 'ਤਿਤਲੀ' ਨਾਂਅ ਹੈ, ਤੇਲਣੀ ਬਿਲਕੁਲ ਨਹੀਂ |
ਪਹਿਲਾਂ ਹਿੰਦੀ, ਉਰਦੂ ਤੇ ਪੰਜਾਬੀ ਦੇ ਲੇਖਕਾਂ ਤੇ ਕਵੀਆਂ ਨੂੰ , ਆਪਣੇ ਨਾਂਅ ਅੱਗੇ, ਇਕ ਉਪਨਾਮ... ਤਖਲੁਸ, ਆਪਣੇ ਵਲੋਂ ਲਾਉਣ ਦਾ ਰਿਵਾਜ ਸੀ, ਜਿਵੇਂ ਮੈਂ ਖ਼ੁਦ 'ਆਤਿਸ਼' ਹਾਂ | ਸੰਪੂਰਨ ਸਿੰਘ 'ਗੁਲਜ਼ਾਰ' ਹਨ | 'ਪਰਵਾਨੇ' ਤਾਂ ਐਨੇ ਹਨ ਕਿ ਵਿਚਾਰੀ ਸ਼ਮ੍ਹਾਂ ਤਾਂ ਦੁਖੀ ਹੋ ਕੇ ਅੱਕ ਗਈ ਹੋਵੇਗੀ ਕਿ 'ਮੈਂ' 'ਕੱਲੀ ਤੇ ਅਹਿ ਐਨੇ ਕਿਥੋਂ ਆ ਗਏ, ਮੇਰੇ 'ਤੇ ਮਿਰ ਮਿਟਣ ਵਾਲੇ |
ਮਰਹੂਮ ਸਾਹਿਰ ਲੁਧਿਆਣਵੀ ਜੀ ਆਪਣੀ ਮਾਤਾ ਕੋਲ ਹੀ ਰਹਿੰਦੇ ਸਨ | ਇਕ ਦਿਨ ਉਹ ਬਹੁਤ ਸਾਰੇ ਲੇਖਕਾਂ ਤੇ ਕਵੀ ਸ਼ਾਇਰਾਂ ਨੂੰ ਆਪਣੇ ਘਰ ਲੈ ਆਏ, ਮਾਂ ਨੂੰ ਪਰਿਚੈ ਦਿੱਤਾ, 'ਅਹਿ ਪਰਿੰਦਾ ਜੀ ਹਨ, ਅਹਿ ਬੁਲਬੁਲ ਜੀ ਹਨ, ਇਹ ਕੋਇਲ ਸਾਹਿਬ ਹਨ... ਮਾਂ ਨੇ ਵਿਚੋਂ ਹੀ ਟੋਕ ਕੇ ਕਿਹਾ, 'ਪੁੱਤਰ ਅੱਜ ਤੂੰ ਸਾਰਾ ਚਿੜੀਆਘਰ ਘਰ ਲੈ ਆਇਆ ਹੈਾ |'
ਧਰਮ ਦਾਸ, ਧਰਮ ਸਿੰਘ, ਇਸਲਾਮ ਮੇਰਾ ਦੋਸਤ ਹੈ | ਅਮੀਰ ਸਿੰਘ ਤੇ ਗਰੀਬ ਦਾਸ ਵੀ ਨਾਂਅ ਹੈਨ | ਧਾਰਮਿਕ ਹਸਤੀਆਂ ਦੇ ਨਾਂਅ 'ਤੇ ਵੀ ਕਈ ਬੰਦਿਆਂ ਦੇ ਨਾਂਅ ਰੱਖੇ ਜਾਂਦੇ ਹਨ |
ਮੇਰੇ ਵੱਡੇ ਭਰਾ ਜੀ ਦਾ ਨਾਂਅ ਹੈ ਸਤਿਨਾਮ ਸਿੰਘ | ਮਾਤਾ-ਪਿਤਾ ਇਹੋ ਕਿਹਾ ਕਰਦੇ ਸਨ, ਚਲੋ ਜਦੋਂ ਵੀ ਬੁਲਾਉਂਦੇ ਹਾਂ ਮੰੂਹੋਂ ਸਤਿਨਾਮ ਤਾਂ ਨਿਕਲਦਾ ਹੈ | ਆਪਣੀ-ਆਪਣੀ ਭਾਵਨਾ ਹੈ |
ਪਰ ਅੱਜਕਲ੍ਹ....
ਆਪਣੇ ਨਵ-ਜਨਮੇ ਬੱਚਿਆਂ ਦਾ ਨਾਂਅ ਰੱਖਣ ਲਈ, ਮਾਪਿਆਂ ਤੇ ਪਰਿਵਾਰਾਂ ਦੇ ਵੱਡਿਆਂ ਨੂੰ ਵੀ ਬੜੀ ਮੁਸ਼ੱਕਤ ਕਰਨੀ ਪੈਂਦੀ ਹੈ | ਲੀਕ ਤੋਂ ਹਟ ਕੇ, ਕੋਈ ਨਵਾਂ ਨਵੇਲਾ ਨਾਂਅ ਰੱਖਣਾ ਚਾਹੁੰਦੇ ਹਨ | ਪਤੈ... ਅਮਿਤਾਭ ਬੱਚਨ ਦੀ ਪੋਤੀ ਦਾ ਜਨਮ ਹੋਇਆ ਤਾਂ ਉਸ ਨੇ ਸਭੇ ਲੋਕਾਂ ਨੂੰ ਸੱਦਾ ਦਿੱਤਾ ਸੀ ਕਿ ਉਹ ਉਹਦੀ ਪੋਤੀ ਲਈ ਕੋਈ ਨਾਂਅ ਸੁਝਾਉਣ | ਕਈ ਨਾਂਅ ਆਏ-ਅਮਿਤ ਜੀ ਨੇ 'ਅਰਾਧਿਆ' ਨਾਂਅ ਪਸੰਦ ਕੀਤਾ | ਅੱਜ ਉਨ੍ਹਾਂ ਦੀ ਪੈੜ 'ਤੇ ਤੁਰਦਿਆਂ ਹਜ਼ਾਰਾਂ ਲੱਖਾਂ ਨੇ ਆਪਣੀਆਂ ਬੱਚੀਆਂ ਦਾ ਨਾਂਅ 'ਅਰਾਧਿਆ' ਰੱਖਿਆ ਹੈ | ਅਮਿਤ ਜੀ ਦੀ ਧੀ ਦੇ ਘਰ ਜਦ ਬੱਚੀ ਦਾ ਜਨਮ ਹੋਇਆ ਤਾਂ ਉਨ੍ਹਾਂ ਨੇ ਰੱਖਿਆ ਸੀ 'ਨਈ ਨਵੇਲੀ' ਪਰ ਇਹ ਤਾਂ ਉਨ੍ਹਾਂ ਦੇ ਘਰ ਤੱਕ ਹੀ ਮਹਿਦੂਦ ਰਹਿ ਗਿਆ |
ਹੀਰੋ ਨਿਤਿਨ ਮੁਕੇਸ਼ ਤੇ ਉਹਦੀ ਪਤਨੀ ਰੁਕਮਣੀ ਨੇ ਆਪਣੀ ਬੱਚੀ ਦਾ ਨਾਂਅ 'ਨੁਰਵੀ' ਰੱਖਿਆ ਹੈ, ਸ਼ਾਹਿਦ ਕਪੂਰ ਤੇ ਮੀਰਾ ਨੇ ਆਪਣੀ ਬੱਚੀ ਦਾ ਨਾਂਅ 'ਮਾਇਰਾ' ਰੱਖਿਆ ਹੈ | ਇਹ ਲੱਭ-ਲੱਭ ਕੇ ਸੰਸਕ੍ਰਿਤ ਦੇ ਨਾਂਅ ਆਪਣੇ ਬੱਚਿਆਂ ਦੇ ਰੱਖ ਰਹੇ ਹਨ | ਪਹਿਲਾਂ ਰਾਹੁਲ, ਪੂਜਾ, ਪਿ੍ਅੰਕਾ ਨੂੰ ਹੁਣ ਨਮਸਤੇ, ਸਲਾਮ ਕਹਿ ਛੱਡਿਆ ਹੈ | ਕੋਈ ਗੱਲ ਨਹੀਂ, ਬਦਲਾਓ ਸਮੇਂ ਦੀ ਮੰਗ ਹੈ |

ਘਰ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
• ਇੰਟਰਨੈੱਟ, ਮੋਬਾਈਲ, ਫੇਸਬੁੱਕ ਤੇ ਵਟਸਐਪ ਵਰਗੀਆਂ ਸਹੂਲਤਾਂ ਨੇ ਦੁਨੀਆ ਨੂੰ ਇਕ ਘਰ ਬਣਾ ਦਿੱਤਾ ਹੈ | ਅੱਜ ਅਸੀਂ ਘਰ ਬੈਠੇ ਕਿਤੇ ਵੀ ਦੂਰ ਦੇ ਰਿਸ਼ਤੇਦਾਰਾਂ ਜਾਂ ਦੋਸਤਾਂ-ਮਿੱਤਰਾਂ ਦਾ ਹਾਲ-ਚਾਲ ਮਿੰਟਾਂ ਸਕਿੰਟਾਂ ਵਿਚ ਜਾਣ ਲੈਂਦੇ ਹਾਂ |
• ਘਰ, ਪਰਿਵਾਰ ਨਾਲ ਸੋਭਦਾ ਹੈ | ਪਰਿਵਾਰ ਬਿਨਾਂ ਘਰ ਦੀ ਕੋਈ ਹੋਂਦ ਨਹੀਂ ਅਤੇ ਘਰ ਬਿਨਾਂ ਪਰਿਵਾਰ ਦਾ ਕੋਈ ਟਿਕਾਣਾ ਨਹੀਂ | ਪਰਿਵਾਰ ਘੱਟੋ-ਘੱਟ ਤਿੰਨ ਪੀੜ੍ਹੀਆਂ ਦਾ ਸਮੂਹ ਹੁੰਦਾ ਹੈ |
• ਸਿਆਣਿਆਂ ਦਾ ਕਹਿਣਾ ਹੈ ਕਿ ਭਾਵੇਂ ਅੱਜ ਅਸੀਂ ਪੰਜਾਬੀ ਦੁਨੀਆ 'ਚ ਖਿਲਰ ਰਹੇ ਹਾਂ ਪਰ ਸਾਡੇ ਘਰ ਟੁੱਟ ਰਹੇ ਹਨ |
• ਪ੍ਰਸਿੱਧ ਕਹਾਵਤਾਂ ਹਨ:
ਈਸਟ ਆਰ ਵੈਸਟ, ਹੋਮ ਇਜ਼ ਦੀ ਬੈਸਟ |
ਜੋ ਸੁੱਖ ਛੱਜੂ ਦੇ ਚਬਾਰੇ, ਉਹ ਨਾ ਬਲਖ ਨਾ ਬੁਖਾਰੇ |
• ਸੌ ਆਦਮੀ ਮਿਲ ਕੇ ਛਾਉਣੀ ਬਣਾ ਸਕਦੇ ਹਨ ਪਰ ਘਰ ਬਣਾਉਣ ਲਈ ਇਕ ਔਰਤ ਦੀ ਲੋੜ ਹੁੰਦੀ ਹੈ |
• ਪੰਜਾਬੀ ਦੇ ਕਿਸੇ ਸ਼ਾਇਰ ਨੇ 'ਘਰ' ਬਾਰੇ ਇੰਜ ਲਿਖਿਆ ਹੈ:
ਪਿਆਰ-ਮੁਹੱਬਤ ਏਕੇ ਤੇ ਵਿਸ਼ਵਾਸ ਭਰੇ ਜੋ ਘਰ ਹੁੰਦੇ ਨੇ,
ਅਰਸ਼ਾਂ ਤੇ ਉਡਣ ਲਈ ਅਸਲ 'ਚ ਬੰਦੇ ਦੇ ਉਹ ਪਰ ਹੁੰਦੇ ਨੇ |
ਚੁੱਪ-ਚੁੱਪ ਰਹਿਣਾ, ਧੁਖਦੇ ਰਹਿਣਾ, ਲੋਅ ਅਖਰਾਂ ਦੀ ਵੰਡਦੇ ਰਹਿਣਾ,
ਇਕ ਸ਼ਾਇਰ ਨੂੰ ਜਨਮ-ਜਾਤ ਹੀ, ਮਿਲੇ ਇਹ ਤਿੰਨੇ ਵਰ ਹੁੰਦੇ ਹਨ |
• ਹਰ ਘਰ ਇਕ ਸਕੂਲ ਹੁੰਦਾ ਹੈ ਤੇ ਮਾਤਾ-ਪਿਤਾ ਅਧਿਆਪਕ ਹੁੰਦੇ ਹਨ, ਬੱਚੇ ਦੀ ਸ਼ਖ਼ਸੀਅਤ ਦੀ ਉਸਾਰੀ ਦੀ ਬੁਨਿਆਦ ਘਰ ਹੈ |
• ਆਪਣਾ ਘਰ ਉਹੀ ਹੁੰਦਾ ਹੈ ਜੋ ਆਪਣੀ ਨੇਕ ਕਮਾਈ ਨਾਲ ਬਣਾਇਆ ਹੁੰਦਾ ਹੈ ਅਤੇ ਜਿਥੇ ਤੁਹਾਡੀ ਮੇਰ ਹੁੰਦੀ ਹੈ |
• ਘਰ ਮਹਿਮਾਨਾਂ ਦੀ ਆਮਦ ਤੇ ਰਿਸ਼ਤੇਦਾਰਾਂ ਦੇ ਮੇਲ-ਮਿਲਾਪ ਨਾਲ ਹੀ ਮਹਿਕਦਾ ਹੈ | ਆਂਢ-ਗੁਆਂਢ ਦਾ ਵਰਤ ਵਰਤਾਓ ਘਰ ਨੂੰ ਸਕੂਨ ਪ੍ਰਦਾਨ ਕਰਦਾ ਹੈ |
• ਜਿਸ ਘਰ ਵਿਚ ਕੋਈ ਨਹੀਂ ਰਹਿੰਦਾ, ਉਸ ਵਿਚ ਚਮਗਾਦੜ ਬਸੇਰਾ ਕਰ ਲੈੈਂਦੇ ਹਨ |
• ਜੇ ਘਰ, ਘਰ ਹੈ ਤਾਂ ਜੀਵਨ, ਜੀਵਨ ਹੈ, ਨਹੀਂ ਤਾਂ ਇਹ ਦੁਨੀਆ ਚਲੋ ਚਲੀ ਦਾ ਮੇਲਾ ਬਣ ਕੇ ਰਹਿ ਜਾਂਦਾ ਹੈ |
• ਜਿਸ ਘਰ ਵਿਚ ਰਹਿੰਦੇ ਹੋ, ਉਸ ਨੂੰ ਬੰਗਲਾ ਸਮਝੋ, ਕਿਉਂਕਿ ਘਰ ਛੋਟਾ ਹੋਵੇ ਜਾਂ ਵੱਡਾ ਪਰ ਘਰ ਹੀ ਹੁੰਦਾ ਹੈ, ਨਹੀਂ ਤਾਂ ਨਰਕ ਬਣਨ ਵਿਚ ਦੇਰ ਨਹੀਂ ਲਗਦੀ |
• ਚੰਗੇ ਮਾਰਗ ਤੇ ਹਰ ਵਿਅਕਤੀ ਨਹੀਂ ਜਾਂਦਾ ਪਰ ਬੁਰੇ ਮਾਰਗ 'ਤੇ ਬਹੁਤੇ ਜਾਂਦੇ ਹਨ | ਜਿਵੇਂ ਦਾਰੂ ਵੇਚਣ ਵਾਲਾ ਕਿਤੇ ਨਹੀਂ ਜਾਂਦਾ ਪਰ ਦੁੱਧ ਵੇਚਣ ਵਾਲੇ ਨੂੰ ਘਰ-ਘਰ ਜਾਣਾ ਪੈਂਦਾ ਹੈ |
• ਜੇਕਰ ਪਿਆਰ ਨਹੀਂ, ਸਾਂਝ ਨਹੀਂ ਤਾਂ ਚਾਰ ਕਿੱਲਿਆਂ ਵਿਚ ਬਣਿਆ ਮਕਾਨ ਵੀ ਖੰਡਰ ਹੈ, ਜਿਥੇ ਮੁਹੱਬਤ ਹੈ, ਆਪਣਾਪਨ ਹੈ, ਉਥੇ ਮਿੱਟੀ ਤੋਂ ਬਣੇ ਦੋ ਕੱਚੇ ਕਮਰੇ ਵੀ ਘਰ ਹੁੰਦੇ ਹਨ |
• ਸਹੁਰੇ ਤੇ ਪੇਕੇ ਕੁੜੀਆਂ ਦੇ ਘਰ ਹੁੰਦੇ ਹਨ | ਇਨ੍ਹਾਂ ਤੋਂ ਬਿਨਾਂ ਇਹ ਘਰ ਸੋਭਦੇ ਨਹੀਂ | ਇਹ ਇਨ੍ਹਾਂ ਘਰਾਂ ਦੀ ਸ਼ੋਭਾ ਹੁੰਦੀਆਂ ਹਨ | ਸਿਆਣੀਆਂ ਕੁੜੀਆਂ ਆਪਣੀ ਸੂਝ-ਬੂਝ ਨਾਲ ਇਨ੍ਹਾਂ ਘਰਾਂ ਨੂੰ ਸਵਰਗ ਵਰਗਾ ਬਣਾ ਦਿੰਦੀਆਂ ਹਨ |
• ਕਿਸੇ ਦੇ ਘਰ ਠਹਿਰਨਾ ਵੀ ਤਾਂ ਹੀ ਚੰਗਾ ਲਗਦਾ ਹੈ, ਜੇਕਰ ਅਗਲਾ ਤੁਹਾਡੇ ਠਹਿਰਨ ਵਿਚ ਅੰਦਰੋਂ ਖੁਸ਼ੀ ਮਹਿਸੂਸ ਕਰੇ | ਅਜਿਹਾ ਨਾ ਹੋਵੇ ਕਿ ਘਰ ਵਾਲਿਆਂ ਦੀ ਸਲਾਹ ਨਹੀਂ ਪਰ ਪ੍ਰਾਹੁਣੇ ਕਹਿੰਦੇ ਐ ਕਿ ਦੋ-ਦੋ ਪੈ ਜਾਵਾਂਗੇ |
• ਬੇਗਾਨੇ ਘਰ ਵਿਚ ਰਹਿਣਾ ਬੜਾ ਦੁਖਦਾਈ ਕੰਮ ਹੁੰਦਾ ਹੈ | ਦੁਨੀਆ ਵਿਚ ਇਸ ਤੋਂ ਵੱਡਾ ਦੁੱਖ ਹੋਰ ਕੋਈ ਨਹੀਂ | ਫਰੀਦ ਜੀ ਨੇ ਵੀ ਇਸ ਬਾਰੇ ਕਿਹਾ ਹੈ :
ਫਰੀਦਾ ਬਾਰਿ ਪਰਾਏ ਬੈਸਣਾ,
ਸਾਈ ਮੁਝੇ ਨਾ ਦੇਹਿ¨
ਜੇ ਤੂ ਏਵੇਂ ਰਖਸੀ ਜੀਓ ਸਰੀਰਹੁ ਲੇਹਿ¨

(ਬਾਕੀ ਅਗਲੇ ਐਤਵਾਰ ਦੇ ਅੰਕ 'ਚ)
-ਮੋਬਾਈਲ : 99155-63406.

ਮਿੰਨੀ ਕਹਾਣੀਆਂ

ਨਲਾਇਕੀ
ਜ਼ਿਲ੍ਹਾ ਸਿੱਖਿਆ ਅਧਿਕਾਰੀ ਬਣਨ ਤੋਂ ਬਾਅਦ ਉਸ ਦਾ ਸਕੂਲ ਵਿਚ ਤੀਜਾ ਗੇੜਾ ਸੀ | ਦਫਤਰ ਜਾਣ ਤੋਂ ਪਹਿਲਾਂ ਇਕ ਭਰਵਾਂ ਗਲਾਸ ਵਿਸਕੀ ਪੀਣ ਨੂੰ ਉਹ ਚਾਹ ਦੀ ਪਿਆਲੀ ਹੀ ਸਮਝਦਾ ਸੀ |
ਉਸ ਦੇ ਪਹੁੰਚਣ ਤੋਂ ਪਹਿਲਾਂ ਹੀ ਸਮੂਹ ਵਿਦਿਆਰਥੀਆਂ ਨੂੰ ਕਤਾਰਾਂ ਵਿਚ ਬੈਠਾਇਆ ਹੋਇਆ ਸੀ | ਅਨੁਸ਼ਾਸਨ ਕਾਇਮ ਰੱਖਣ ਵਾਸਤੇ ਅਧਿਆਪਕ ਉਨ੍ਹਾਂ ਦੇ ਨੇੜੇ ਖੜ੍ਹੇ ਹੋਏ ਸਨ |
ਅਧਿਕਾਰੀ ਨੇ ਆਉਂਦਿਆਂ ਸਾਰ ਹੀ ਮਾਈਕ ਫੜ ਲਿਆ ਤੇ ਚਾਰ ਕੁ ਸੰਬੋਧਨੀ ਸ਼ਬਦਾਂ ਤੋਂ ਬਾਅਦ ਬੋਲਿਆ, 'ਜਿਹੜੇ ਸਾਲ ਮੈਂ ਇਥੋਂ ਦਸਵੀਂ ਪਾਸ ਕੀਤੀ, ਉਸ ਸਾਲ ਬਹੁਤ ਹਨੇਰੀ ਆਈ ਤੇ ਭਾਰੇ ਮੀਂਹ ਪਏ ਸਨ | ਲੋਕਾਂ ਦਾ ਬਾਲਣ ਭਿੱਜ ਗਿਆ ਸੀ | ਉਦੋਂ ਗਰਮੀ ਵੀ ਬਹੁਤ ਪੈਂਦੀ ਹੁੰਦੀ ਸੀ... ਉਦੋਂ ਅਸੀਂ ਬੜੀਆਂ ਮੌਜਾਂ ਕਰਦੇ ਹੁੰਦੇ ਸਾਂ... |
ਉਹ ਕਿੰਨੀ ਸਾਰੀ ਦੇਰ ਵਿਦਿਆ ਨਾਲ ਗ਼ੈਰ-ਸਬੰਧਿਤ ਇਧਰ-ਉਧਰ ਦੀਆਂ ਗੱਲਾਂ ਮਾਰ ਕੇ ਆਪਣਾ ਭਾਸ਼ਣ ਸਮਾਪਤ ਕਰਨ ਹੀ ਲੱਗਾ ਸੀ ਕਿ ਉਸ ਦਾ ਦਸਵੀਂ 'ਚ ਜਮਾਤੀ ਰਿਹਾ ਪਰ ਨਵਾਂ ਪਦ-ਉਨਤ ਹੋਇਆ ਪਿੰ੍ਰਸੀਪਲ ਬੋਲਿਆ, 'ਡੀ.ਈ.ਓ. ਸਾਹਿਬ | ਇਹ ਦਸਵੀਂ ਪਾਸ ਕਰਨ ਵਾਲੀਆਂ ਗੱਲਾਂ ਇਥੇ ਤੀਜੀ ਵਾਰ ਸੁਣਾ ਰਹੇ ਹੋ | ਕੋਈ ਕਾਲਜ ਜਾਂ ਯੂਨੀਵਰਸਿਟੀ ਦੀ ਗੱਲ ਵੀ ਸੁਣਾ ਦਿਓ |'
ਅਧਿਕਾਰੀ ਨੂੰ ਪਿੰ੍ਰਸੀਪਲ ਦੇ ਵਿਅੰਗ ਦੀ ਸਮਝ ਨਹੀਂ ਸੀ ਪਈ | ਉਹ ਬੋਲਿਆ, 'ਦਸਵੀਂ ਪਾਸ ਕਰਨ ਤੋਂ ਬਾਅਦ ਟੀਚਰ ਲੱਗ ਗਿਆ | ਫਿਰ ਪਿੰ੍ਰਸੀਪਲ ਬਣ ਗਿਆ | ਹੁਣ ਡੀ.ਓ. ਹਾਂ | ਇਹ ਸਭ ਸਰਕਾਰ ਦੀ ਮਿਹਰਬਾਨੀ ਐ |'
'ਸਰਕਾਰ ਦੀ ਮਿਹਰਬਾਨੀ ਨਹੀਂ, ਨਲਾਇਕੀ ਆਖੋ, ਜਿਸ ਨੇ ਅਧਪੜ੍ਹਾਂ ਜਿਹੀਆਂ ਨੂੰ ਉੱਚੇ ਅਹੁਦਿਆਂ 'ਤੇ ਬੈਠਾਇਆ ਹੋਇਆ ਹੈ |'
ਪਿੰ੍ਰਸੀਪਲ ਦੀ ਉੱਚੀ ਆਵਾਜ਼ ਵਿਚ ਆਖੀ ਹੋਈ ਗੱਲ ਸੁਣ ਕੇ ਅਧਿਆਪਕ ਤੇ ਵਿਦਿਆਰਥੀ ਤਾੜੀ ਮਾਰ ਕੇ ਹੱਸ ਪਏ ਸਨ |...ਤੇ ਅਧਿਕਾਰੀ ਆਪਣੀ ਕਾਰ ਵੱਲ ਨੂੰ ਤੁਰ ਪਿਆ ਸੀ |

-ਅਮਰ 'ਸੂਫ਼ੀ'
ਏ-1, ਜੁਝਾਰ ਨਗਰ, ਮੋਗਾ-142001.
ਮੋਬਾਈਲ : 98555-43660.

ਫ਼ੈਸਲਾ
ਤਿੰਨ ਮਹੀਨੇ ਪਹਿਲਾਂ ਮੇਰੇ ਵੱਡੇ ਭਰਾ ਦੀ ਵੱਡੀ ਕੁੜੀ ਤੇ ਮੇਰੇ ਚਾਚੇ ਦੀ ਨੂੰ ਹ ਆਪਸ ਵਿਚ ਝਗੜ ਪਈਆਂ | ਝਗੜਾ ਏਨਾ ਵਧ ਗਿਆ ਕਿ ਇਕ-ਦੂਜੇ ਨੂੰ ਕਦੇ ਨਾ ਬੁਲਾਉਣ ਤੱਕ ਦੀ ਨੌਬਤ ਆ ਗਈ | ਕੁਝ ਦਿਨ ਪਹਿਲਾਂ ਮੇਰੇ ਮਾਤਾ ਜੀ ਕੁਝ ਸਮਾਂ ਬਿਮਾਰ ਰਹਿਣ ਪਿਛੋਂ ਸਾਥੋਂ ਵਿਛੜ ਗਏ ਸਨ | ਅੱਜ ਉਨ੍ਹਾਂ ਦੀ ਅੰਤਿਮ ਅਰਦਾਸ ਲਈ ਘਰ ਵਿਚ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ ਜਾਣਾ ਸੀ | ਮੈਂ ਆਪਣੇ ਚਾਚੇ ਦੇ ਘਰ ਗਿਆ ਤੇ ਆਖਿਆ, 'ਚਾਚਾ ਜੀ, ਅੱਜ ਮਾਤਾ ਜੀ ਦੀ ਅੰਤਿਮ ਅਰਦਾਸ ਲਈ ਘਰ 'ਚ ਸੁਖਮਨੀ ਸਾਹਿਬ ਦਾ ਪਾਠ ਕਰਵਾਣਾ ਆ | ਤੁਸੀਂ ਗਿਆਰਾਂ ਕੁ ਵਜੇ ਘਰ ਪਹੁੰਚ ਜਾਇਓ |'
'ਪਾਠ 'ਚ ਮੈਂ ਪਹੁੰਚ ਤਾਂ ਜਾਊਾਗਾ ਪਰ ਮੇਰੀ ਇਕ ਸ਼ਰਤ ਆ', ਚਾਚੇ ਨੇ ਆਖਿਆ |
'ਉਹ ਕਿਹੜੀ?' ਮੈਂ ਹੈਰਾਨੀ ਨਾਲ ਪੁੱਛਿਆ |
'ਪਹਿਲਾਂ ਆਪਣੇ ਵੱਡੇ ਭਰਾ ਨੂੰ ਇਸ ਪਾਠ 'ਚ ਸ਼ਾਮਿਲ ਹੋਣ ਤੋਂ ਰੋਕੋ |'
'ਦੇਖੋ ਚਾਚਾ ਜੀ, ਅਸੀਂ ਚਾਰੇ ਭਰਾਵਾਂ ਨੇ ਇਹ ਫੈਸਲਾ ਕੀਤਾ ਹੋਇਐ ਕਿ ਅਸੀਂ ਹਰ ਹਾਲਤ 'ਚ 'ਕੱਠੇ ਰਹਾਂਗੇ, ਚਾਹੇ ਕੁਝ ਵੀ ਹੋਵੇ | ਹੁਣ ਤੁਸੀਂ ਹੀ ਦੱਸੋ, ਮੈਂ ਚਾਰੇ ਭਰਾਵਾਂ ਦੇ ਫੈਸਲੇ ਨੂੰ ਕਿੱਦਾਂ ਨਾ ਮੰਨਾਂ?'
'ਫਿਰ ਮੈਂ ਪਾਠ 'ਚ ਨਹੀਂ ਆ ਸਕਦਾ |'
'ਜਿਵੇਂ ਤੁਹਾਡੀ ਮਰਜ਼ੀ', ਕਹਿ ਕੇ ਮੈਂ ਚਾਚੇ ਦੇ ਘਰ ਤੋਂ ਬਾਹਰ ਆ ਗਿਆ, ਪਰ ਮੇਰੇ ਮਨ ਨੂੰ ਇਹ ਤਸੱਲੀ ਸੀ ਕਿ ਮੈਂ ਚਾਰੇ ਭਰਾਵਾਂ ਦੇ ਫੈਸਲੇ ਨੂੰ ਆਂਚ ਨਹੀਂ ਆਣ ਦਿੱਤੀ |

-ਮਹਿੰਦਰ ਸਿੰਘ ਮਾਨ
ਪਿੰਡ ਤੇ ਡਾਕ: ਰੱਕੜਾਂ ਢਾਹਾ, ਸ਼. ਭ. ਸ. ਨਗਰ |
ਮੋਬਾਈਲ : 99158-03554.

ਮੌਕਾਪ੍ਰਸਤੀ ਦੀ ਅੱਗ
ਉਸ ਨੂੰ ਝੋਨੇ ਦੀ ਫ਼ਸਲ ਦਾ ਕੰਮ ਨਿਬੇੜਨ ਦੀ ਕਾਹਲੀ ਸੀ, ਤਾਂ ਜੋ ਕਣਕ ਦੀ ਬਿਜਾਈ ਸਮੇਂ ਸਿਰ ਹੋ ਸਕੇ | ਇਸੇ ਕਰਕੇ ਉਹ ਕੱਚਾ-ਪੱਕਾ ਝੋਨਾ ਵੱਢ ਆਪਣੀ ਰਾਜਸੀ ਪਹੁੰਚ ਕਰਕੇ ਮੰਡੀ ਵੇਚ ਆਇਆ | ਹੁਣ ਉਸ ਨੇ ਸੋਚਿਆ 'ਜੇ ਪਰਾਲੀ ਵੱਢੀ ਵਾਹੀ ਤਾਂ ਕਣਕ ਬੀਜਣੀ ਹੋਰ ਪਛੇਤੀ ਹੋਜੂਗੀ' | ਫੇਰ ਕੁਝ ਸੋਚ ਕੇ ਆਪ ਮੁਹਾਰੇ ਬੋਲਿਆ 'ਲਾ ਦਿਉ ਅੱਗ ਨਬੇੜੋ ਯੱਭ' ਤੇ ਫੇਰ ਪਰਾਲੀ ਨੂੰ ਤੀਲੀ ਲਾ ਕੇ ਅੱਗ ਲਾ ਦਿੱਤੀ, ਪਰਾਲੀ ਦੇ ਨਾਲ-ਨਾਲ ਲੱਖਾਂ ਜੀਵ ਜੰਤੂ ਸੜ ਕੇ ਸੁਆਹ ਹੋ ਗਏ | ਚਾਰੇ ਪਾਸੇ ਫੈਲੇ ਧੂੰਏਾ ਹੀ ਧੂੰਏਾ ਨੇ ਵਾਤਾਵਰਨ ਮਿੰਟਾਂ 'ਚ ਪ੍ਰਦੂਸ਼ਿਤ ਕਰ ਦਿੱਤਾ | ਤੰਗਲੀ ਦੇ ਵਹੇਂ 'ਤੇ ਕੂਹਣੀ ਰੱਖੀ ਉਹ ਸੋਚ ਰਿਹਾ ਸੀ 'ਹੁਣ ਕਣਕ ਦੀ ਬਿਜਾਈ ਪਛੇਤੀ 'ਨੀ ਹੁੰਦੀ' |
ਦੂਸਰੇ ਪਾਸੇ ਚੋਣਾਂ ਦਾ ਬਿਗਲ ਵੱਜ ਚੁੱਕਾ ਸੀ, ਉਸ ਨੇ ਆਪਣੇ ਸਮਰਥਕਾਂ ਨੂੰ ਕਿਹਾ 'ਇਸ ਵਾਰ ਵੀ ਹਰ ਹਾਲਤ 'ਚ ਚੋਣਾਂ ਜਿੱਤਣੀਆਂ ਨੇ' | ਸਮਰਥਕਾਂ ਨੇ ਪਾਰਟੀ ਦੀ ਲੋਕਾਂ ਵਿਚ ਗਿਰਦੀ ਜਾ ਰਹੀ ਸਾਖ ਵਾਰੇ ਫਿਕਰ ਜਤਾਇਆ | ਉਹ ਸੋਚਣ ਲੱਗਾ ਤੇ ਫੇਰ ਉੱਚੀ ਉੱਚੀ ਹੱਸਦਾ ਕਹਿ ਰਿਹਾ ਸੀ 'ਲਾ ਦਿਉ ਅੱਗ ਪਾ ਦਿਉ ਯੱਭ' | ਲੋਕਾਂ ਦੀਆਂ ਭਾਵਨਾਵਾਂ ਭੜਕਾ ਕੇ ਅੱਗ ਲਾ ਦਿੱਤੀ | ਦੇਖਦੇ ਹੀ ਦੇਖਦੇ ਦਿਲਾਂ 'ਚ ਨਫ਼ਰਤ ਅਤੇ ਬਦਲੇ ਦੀ ਭਾਵਨਾ ਦੇ ਭਾਂਬੜ ਬਲਣ ਲੱਗੇ | ਹੁਣ ਉਹ ਟੀ. ਵੀ. 'ਤੇ ਚਲਦੇ ਬਰੇਕਿੰਗ ਨਿਊਜ਼ ਦੇਖ ਕੇ ਕਿਆਸੇ ਲਾ ਰਿਹਾ ਸੀ ਤੇ ਹਾਰ ਦਾ ਡਰ ਉਡਦਾ ਗਿਆ |
ਦੋਵੇਂ ਪਾਸੇ ਮੌਕਾਪ੍ਰਸਤੀ ਦੀ ਅੱਗ ਲੱਗ ਚੁੱਕੀ ਸੀ, ਇਕ ਨਾਲ ਵਾਤਾਵਰਤਨ ਪ੍ਰਦੂਸ਼ਿਤ ਹੋ ਕੇ ਅਸਮਾਨ ਕਾਲਾ ਹੋ ਗਿਆ ਸੀ ਤੇ ਦੂਜੀ ਅੱਗ ਨੇ ਆਪਣਿਆਂ ਦੇ ਲਹੂ ਨਾਲ ਧਰਤੀ ਦਾ ਰੰਗ ਲਾਲ ਕਰ ਦਿੱਤਾ ਸੀ |

-ਜਸਵਿੰਦਰ ਛਿੰਦਾ ਦੇਹੜਕੇ
ਮੋਬਾਈਲ : 9872193320

ਮੀਂਹ ਹਨੇਰੀ
ਘਰ ਦੀ ਸੁੱਖ-ਸ਼ਾਂਤੀ ਲਈ ਉਨ੍ਹਾਂ ਹਵਨ ਯੱਗ ਕਰਾਉਣ ਲਈ ਵਿਚਾਰ ਕੀਤਾ | ਬੜੇ ਮਾਣ-ਸਤਿਕਾਰ ਨਾਲ ਪੰਡਿਤ ਜੀ ਨੂੰ ਘਰ ਲਿਆਂਦਾ | ਚਾਹ-ਪਾਣੀ ਪੀਣ ਉਪਰੰਤ ਪੁੱਛਿਆ | ਆਪਣੇ ਪ੍ਰੋਗਰਾਮ ਲਈ ਕਿਹੜਾ ਦਿਨ ਸ਼ੱੁਭ ਰਹੇਗਾ |
ਪੰਡਿਤ ਜੀ ਨੇ ਕੁੜਤੇ ਦੇ ਖੀਸੇ ਵਿਚੋਂ ਮਹਿੰਗੇ ਮੁੱਲ ਦਾ ਮੋਬਾਈਲ ਫੋਨ ਕੱਢਿਆ ਤੇ ਉਂਗਲਾਂ ਨਾਲ ਝਰੀਟਾਂ ਮਾਰਦੇ ਹੋਏ ਬੋਲੇ, 'ਦਿਨ ਤਾਂ ਸ਼ੁੱਕਰਵਾਰ ਠੀਕ ਸੀ ਪਰ ਹੁਣ ਹਵਨ ਯੱਗ ਵੀਰਵਾਰ ਨੂੰ ਕਰਨਾ ਪਵੇਗਾ |'
ਪਰਿਵਾਰ ਨੇ ਬੜੀ ਉਤਸੁਕਤਾ ਨਾਲ ਪੁੱਛਿਆ ਵੀਰਵਾਰ ਨੂੰ ਕਿਉਂ? ਕੀ ਸ਼ੁੱਕਰਵਾਰ ਨੂੰ ਕੋਈ ਰਾਹੂ-ਕੇਤੂ ਦਾ ਖ਼ਤਰਾ ਹੈ |
ਪੰਡਿਤ ਜੀ ਮੁਸਕਰਾਉਂਦੇ ਹੋਏ ਬੋਲੇ, ਰਾਹੂ-ਕੇਤੂ ਦਾ ਕੋਈ ਖਤਰਾ ਨਹੀਂ, ਪਰ ਨੈੱਟ ਮੀਂਹ ਹਨੇਰੀ ਦਾ ਖ਼ਤਰਾ ਦਸ ਰਿਹਾ ਹੈ |

-ਦਵਿੰਦਰਜੀਤ ਬੁਜਰਗ
ਪਿੰਡ ਬੁਜਰਗ, ਸਾਹਿਤ ਸਭਾ, ਜਗਰਾਉਂ |
ਮੋਬਾਈਲ : 98551-27254.

ਕਾਲਜੇ ਦੀ ਅੱਗ
'ਚਾਚੀ... ਚਾਚੀ... ਸ਼ਿੰਦੋ ਨੇ ਲਗਾਤਾਰ ਦੋ-ਤਿੰਨ ਆਵਾਜ਼ਾਂ ਮਾਰੀਆਂ | ਕੋਈ ਜਵਾਬ ਨਾ ਮਿਲਣ 'ਤੇ ਸ਼ਿੰਦੋ ਨੇ ਹੋਰ ਉੱਚੀ ਆਖਿਆ, 'ਘਰੇ ਈ ਐਾ ਚਾਚੀ' ਤੇ ਅੱਗੇ ਲੰਘ ਕੇ ਵਿਹੜੇ 'ਚ ਤੁਰੀ ਆਉਂਦੀ ਦੀ ਨਿਗ੍ਹਾ ਚੁੱਲ੍ਹੇ ਮੂਹਰੇ ਬੈਠੀ ਕਰਨੈਲ ਕੌਰ 'ਤੇ ਪਈ |
'ਆ ਜਾ ਧੀਏ ਲੰਘਿਆ' ਆਟੇ ਵਾਲੇ ਹੱਥਾਂ ਨਾਲ ਭਿੱਜੀਆਂ ਅੱਖਾਂ ਪੂੰਝਦੀ ਕਰਨੈਲ ਕੌਰ ਹੌਲੀ ਜਿਹੀ ਬੋਲੀ |
ਜਦੋਂ ਦਾ ਕਰਨੈਲ ਕੌਰ ਦਾ ਜਵਾਨ ਪੁੱਤ ਨਸ਼ੇ ਦੀ ਭੇਟ ਚੜਿ੍ਹਆ ਸੀ, ਸ਼ਿੰਦੋ ਅਕਸਰ ਕੰਮ-ਧੰਦਾ ਨਬੇੜ ਕੇ ਕਰਨੈਲ ਕੌਰ ਕੋਲ ਆ ਜਾਂਦੀ ਤੇ ਬੀਤੇ ਨੂੰ ਭੁੱਲ ਜਾਣ ਦੀਆਂ ਗੱਲਾਂ ਕਹਿੰਦੀ ਰਹਿੰਦੀ | ਉਹ ਅੱਜ ਵੀ ਕਰਨੈਲ ਕੌਰ ਦੀ ਆਵਾਜ਼ ਤੋਂ ਸਮਝ ਗਈ ਸੀ ਕਿ ਉਹ ਰੋਟੀ ਬਣਾਉਂਦੀ ਰੋ ਰਹੀ ਹੈ | ਅਚਾਨਕ ਤੁਰੀ ਆਉਂਦੀ ਦਾ ਧਿਆਨ ਕਰਨੈਲ ਕੌਰ ਦੀ ਚੰੁਨੀ ਵੱਲ ਗਿਆ, ਜਿਸ ਦੇ ਲੜ 'ਤੇ ਅੱਗ ਲੱਗੀ ਪਈ ਸੀ |
'ਓ... ਹੋ ਚਾਚੀ ਤੇਰੀ ਚੰੁਨੀ ਦੇਖ ਤਾਂ ਸਹੀ...', ਸ਼ਿੰਦੋ ਨੇ ਭੱਜ ਕੇ ਦੋਵਾਂ ਹੱਥਾਂ ਨਾਲ ਫੜ ਕੇ ਚੰੁਨੀ ਦਾ ਲੜ ਮਸਲ ਦਿੱਤਾ |
'ਲੈ ਚਾਚੀ ਤੈਨੂੰ ਕਿੰਨੀ ਵਾਰ ਕਿਹੈ ਜੋ ਬੀਤ ਗਿਆ ਉਹਨੂੰ ਭੁਲਾਉਣ ਦੀ ਕੋਸ਼ਿਸ਼ ਕਰ, ਰੋ ਕੇ ਕਿਹੜਾ ਜਾਣ ਆਲਾ ਮੁੜ ਆਊ... ਮਚ ਗੀ ਸੀ ਅੱਜ, ਮਸਾਂ ਬੁਝਾਈ ਐ ਅੱਗ', ਸ਼ਿੰਦੋ ਨੇ ਕਰਨੈਲ ਕੌਰ ਨੂੰ ਮੋਢੇ ਤੋਂ ਹਲੂਣ ਕੇ ਕਿਹਾ |
'ਚੰੁਨੀ ਦੀ ਅੱਗ ਤਾਂ ਤੈਂ ਬੁਝਾ 'ਤੀ ਧੀਏ, ਜਿਹੜੀ ਕਾਲਜੇ 'ਚ ਮਚਦੀ ਰਹਿੰਦੀ ਐ ਉਹਨੂੰ ਕੌਣ ਬੁਝਾਊ?'
ਕਰਨੈਲ ਕੌਰ ਦੇ ਹੱਥਾਂ 'ਚੋਂ ਆਟੇ ਦਾ ਪੇੜਾ ਡਿੱਗ ਪਿਆ ਤੇ ਉਹਦੀ ਭੁੱਬ ਨਿਕਲ ਗਈ ਜਿਵੇਂ ਕਾਲਜੇ ਬਲਦੀ ਅੱਗ ਹੋਰ ਤੇਜ਼ ਹੋ ਗਈ ਹੋਵੇ |

-ਸੁਖਵਿੰਦਰ ਕੌਰ ਸਿੱਧੂ
ਮੋਬਾਈਲ : 94654-34177.


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX