ਤਾਜਾ ਖ਼ਬਰਾਂ


ਅਣਪਛਾਤੇ ਵਾਹਨ 'ਚ ਗੱਡੀ ਦੀ ਟੱਕਰ ਵੱਜਣ ਕਾਰਨ ਨੌਜਵਾਨ ਦੀ ਮੌਤ
. . .  1 day ago
ਅਜਨਾਲਾ, 19 ਫਰਵਰੀ (ਗੁਰਪ੍ਰੀਤ ਸਿੰਘ ਢਿੱਲੋਂ)-ਇਥੋਂ ਥੋੜੀ ਦੂਰ ਸਥਿਤ ਅੱਡਾ ਮਹਿਰ ਬੁਖਾਰੀ ਨਜ਼ਦੀਕ ਦੇਰ ਰਾਤ ਕਿਸੇ ਅਣਪਛਾਤੇ ਵਾਹਨ ਵੱਲੋਂ ਫਾਰਚੂਨਰ ਗੱਡੀ ਨੂੰ ਟੱਕਰ ਮਾਰ ਦੇਣ ਨਾਲ ਗੱਡੀ ਚਾਲਕ ਨੌਜਵਾਨ ਦੀ ਮੌਤ...
ਫ਼ਤਹਿਗੜ੍ਹ ਸਾਹਿਬ ਦੇ ਵਿਅਕਤੀ ਦੀ ਸਵਾਈਨ ਫਲੂ ਨਾਲ ਮੌਤ
. . .  1 day ago
ਫ਼ਤਹਿਗੜ੍ਹ ਸਾਹਿਬ, 19 ਫਰਵਰੀ (ਅਰੁਣ ਆਹੂਜਾ)- ਇਸ ਜ਼ਿਲ੍ਹੇ ਦੇ ਪਿੰਡ ਰੰਧਾਵਾਂ ਵਾਸੀ 42 ਸਾਲਾਂ ਸੁਖਵਿੰਦਰ ਸਿੰਘ ਪੁੱਤਰ ਗੁਰਮੇਲ ਸਿੰਘ ਦੀ ਸਵਾਈਨ ਫਲੂ ਨਾਲ ਮੌਤ ਹੋ ਜਾਣ ਦੀ ਸੂਚਨਾਂ ਮਿਲੀ ਹੈ। ਜਾਣਕਾਰੀ ਦਿੰਦਿਆਂ...
ਸਰਕਾਰ ਦੀ ਨੀਤੀ ਨੂੰ ਸਰਵਜਨਕ ਨਹੀ ਕਰ ਸਕਦੇ - ਸੀਤਾਰਮਨ
. . .  1 day ago
ਨਵੀਂ ਦਿੱਲੀ, 19 ਫਰਵਰੀ - ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਦਾ ਕਹਿਣਾ ਹੈ ਕਿ ਸਰਕਾਰ ਦੀ ਨੀਤੀ ਨੂੰ ਸਰਵਜਨਕ ਨਹੀ ਕੀਤਾ ਜਾ ਸਕਦਾ।
ਇਮਰਾਨ ਖਾਨ ਨੇ ਜੈਸ਼ ਦੇ ਬਿਆਨ ਨੂੰ ਨਜ਼ਰ ਅੰਦਾਜ਼ ਕੀਤਾ - ਵਿਦੇਸ਼ ਮੰਤਰਾਲਾ
. . .  1 day ago
ਨਵੀਂ ਦਿੱਲੀ, 19 ਫਰਵਰੀ - ਵਿਦੇਸ਼ ਮੰਤਰਾਲੇ ਦਾ ਕਹਿਣਾ ਹੈ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਬਿਆਨ ਨੂੰ ਨਜ਼ਰ ਅੰਦਾਜ਼...
ਭਵਿੱਖ 'ਚ ਪੁਲਵਾਮਾ ਹਮਲੇ ਜਿਹੀ ਘਟਨਾ ਰੋਕਣ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ - ਰੱਖਿਆ ਮੰਤਰੀ
. . .  1 day ago
ਨਵੀਂ ਦਿੱਲੀ, 19 ਫਰਵਰੀ - ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਦਾ ਕਹਿਣਾ ਹੈ ਕਿ ਭਵਿੱਖ 'ਚ ਪੁਲਵਾਮਾ ਹਮਲੇ ਜਿਹੀ ਘਟਨਾ ਨੂੰ ਰੋਕਣ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ। ਜ਼ਮੀਨੀ ਪੱਧਰ...
ਇਮਰਾਨ ਖਾਨ ਦੇ ਬਿਆਨ 'ਤੇ ਹੈਰਾਨੀ ਨਹੀ - ਵਿਦੇਸ਼ ਮੰਤਰਾਲਾ
. . .  1 day ago
ਨਵੀਂ ਦਿੱਲੀ, 19 ਫਰਵਰੀ - ਵਿਦੇਸ਼ ਮੰਤਰਾਲੇ ਦਾ ਕਹਿਣਾ ਹੈ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਵੱਲੋਂ ਦਿੱਤੇ ਬਿਆਨ 'ਤੇ ਕੋਈ ਹੈਰਾਨੀ ਨਹੀ ਹੈ। ਉਨ੍ਹਾਂ ਪੁਲਵਾਮਾ...
ਪੁਲਵਾਮਾ ਅੱਤਵਾਦੀ ਹਮਲੇ ਦੇ ਰੋਸ ਵਜੋਂ ਆਰਟਿਸਟ ਨੇ ਸੜਕ 'ਤੇ ਚਿਤਰਿਆ ਪਾਕਿਸਤਾਨ ਦਾ ਝੰਡਾ
. . .  1 day ago
ਰਾਏਪੁਰ, 19 ਫਰਵਰੀ - ਪੁਲਵਾਮਾ ਅੱਤਵਾਦੀ ਹਮਲੇ ਦੇ ਰੋਸ ਵਜੋਂ ਛੱਤੀਸਗੜ੍ਹ ਦੇ ਰਾਏਪੁਰ ਵਿਖੇ ਵਿਨੋਦ ਪਾਂਡਾ ਨਾਂਅ ਦੇ ਆਰਟਿਸਟ ਨੇ ਸੜਕ 'ਤੇ ਪਾਕਿਸਤਾਨ ਦਾ ਝੰਡਾ...
ਅਮਰੀਕੀ ਸੈਨੇਟਰ ਬਰਨੀ ਸੈਂਡਰਸ ਲੜਨਗੇ 2020 'ਚ ਹੋਣ ਵਾਲੀ ਰਾਸ਼ਟਰਪਤੀ ਚੋਣ
. . .  1 day ago
ਵਾਸ਼ਿੰਗਟਨ, 19 ਫਰਵਰੀ - ਅਮਰੀਕੀ ਸੈਨੇਟਰ ਬਰਨੀ ਸੈਂਡਰਸ 2020 'ਚ ਅਮਰੀਕੀ ਰਾਸ਼ਟਰਪਤੀ ਦੀ ਹੋਣ ਵਾਲੀ ਚੋਣ...
ਇਕ ਬੂੰਦ ਵੀ ਦੂਜੇ ਸੂਬੇ ਨੂੰ ਨਹੀਂ ਦੇਵਾਂਗੇ - ਕੈਪਟਨ
. . .  1 day ago
ਮੰਡੋਲੀ (ਪਟਿਆਲਾ), 19 ਫਰਵਰੀ - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਕਿਹਾ ਕਿ ਉਨ੍ਹਾਂ ਦੀ ਸਰਕਾਰ ਸੂਬੇ ਦੇ ਪਾਣੀਆਂ ਨੂੰ ਬਾਹਰ ਜਾਣ ਦੀ ਇਜਾਜ਼ਤ ਨਹੀਂ ਦੇਵੇਗਾ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਪਾਣੀ ਦੀ ਸਹੀ ਢੰਗ ਨਾਲ ਵਰਤੋਂ...
ਬਾਰ ਐਸੋਸੀਏਸ਼ਨ ਗੜ੍ਹਸ਼ੰਕਰ ਵਲੋਂ ਸ਼ਹੀਦ ਕੁਲਵਿੰਦਰ ਸਿੰਘ ਰੌਲੀ ਦੇ ਪਰਿਵਾਰ ਨੂੰ 50 ਹਜ਼ਾਰ ਦਾ ਚੈੱਕ ਭੇਟ
. . .  1 day ago
ਗੜ੍ਹਸ਼ੰਕਰ, 19 ਫਰਵਰੀ (ਧਾਲੀਵਾਲ)- ਪੁਲਵਾਮਾ ਅੱਤਵਾਦੀ ਹਮਲੇ 'ਚ ਬਲਾਕ ਨੂਰਪੁਰ ਬੇਦੀ ਦੇ ਪਿੰਡ ਰੌਲੀ ਦੇ ਸ਼ਹੀਦ ਹੋਏ ਜਵਾਨ ਕੁਲਵਿੰਦਰ ਸਿੰਘ ਦੇ ਪਰਿਵਾਰ ਦੀ ਬਾਰ ਐਸੋਸੀਏਸ਼ਨ ਗੜ੍ਹਸ਼ੰਕਰ ਵਲੋਂ ਮਾਇਕ ਮਦਦ ਕੀਤੀ ਗਈ ਹੈ। ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ...
ਹੋਰ ਖ਼ਬਰਾਂ..

ਫ਼ਿਲਮ ਅੰਕ

ਸੋਨਾਕਸ਼ੀ ਸਿਨਹਾ

ਮੌਕਾ ਸੰਭਲਣ ਦਾ

'ਬ੍ਰਾਂਜੀ' ਨਾਂਅ ਦਾ ਨਵਾਂ ਮਹਿਮਾਨ ਸੋਨਾ ਦੇ ਘਰੇ ਆਇਆ ਹੈ ਤੇ ਸੋਨਾ ਆਪਣੇ ਇਸ ਨਵੇਂ ਮਹਿਮਾਨ ਦੀ ਆਓ-ਭਗਤ 'ਚ ਲੱਗੀ ਹੋਈ ਹੈ। ਇਸ ਤੋਂ ਪਹਿਲਾਂ 'ਨੈਨਸੀ' ਸੋਨਾਕਸ਼ੀ ਦੇ ਘਰੇ ਮਹਿਮਾਨ ਸੀ ਜੀ ਹਾਂ, 'ਨੈਨਸੀ' ਉਸ ਦਾ ਪਿਆਰਾ ਕੁੱਤਾ ਸੀ ਤੇ ਸੋਨਾਕਸ਼ੀ ਸਿਨਹਾ ਦਾ 'ਕੁੱਤਿਆਂ' ਨਾਲ ਪਿਆਰ ਜੱਗ ਜ਼ਾਹਰ ਹੈ ਤੇ ਹੁਣ 'ਬ੍ਰਾਂਜੀ' ਨਾਂਅ ਦੇ ਨਵੇਂ ਕੁੱਤੇ ਨੂੰ ਲੈ ਕੇ ਉਹ ਫੁੱਲੀ ਨਹੀਂ ਸਮਾ ਰਹੀ। ਸੋਨਾ 'ਪੇਟਾ' ਦੀ ਮੈਂਬਰ ਹੈ, ਜੋ ਜਾਨਵਰਾਂ ਦੀ ਖਾਸ ਸੰਸਥਾ ਹੈ ਤੇ 'ਕੁੱਤਾ ਪ੍ਰੇਮ' 'ਚ 'ਇੰਸਟਾਗ੍ਰਾਮ' ਪ੍ਰੇਮ ਵੀ ਜਾਰੀ ਹੈ। ਦੀਪਿਕਾ ਪਰਾਈ ਹੋ ਗਈ ਤੇ ਸੋਨਾ ਨੇ ਤੁਰੰਤ ਉਸ ਨੂੰ ਵਧਾਈ ਦਿੰਦਿਆਂ ਇੰਸਟਾਗ੍ਰਾਮ ਭਰ ਦਿੱਤੀ ਕਿ 'ਬਾਬਾ' ਤੇ 'ਬੇਬੀ' ਵਿਆਹੇ ਗਏ ਹੁਣ ਦੇਖੋ ਕਦ ਉਸ ਦਾ ਵੀ ਹੁੰਦਾ ਹੈ ਵਿਆਹ? ਨਾਂਅ ਤੇ ਕਿਸੇ ਨਾਲ ਜੁੜਿਆ ਨਹੀਂ ਪਰ ਵਿਆਹ ਦਾ ਲੱਡੂ ਸੋਨਾ ਦੇ ਦਿਲ-ਦਿਮਾਗ 'ਚ ਘੁੰਮ ਰਿਹਾ ਹੈ, ਖਾਏਗੀ ਕਦ? ਘੱਟੋ-ਘੱਟ ਇਸ ਸਾਲ ਤਾਂ ਨਹੀਂ, 2019 'ਚ ਦੇਖਾਂਗੇ। ਉਧਰ ਦਿੱਲੀ ਦੀਆਂ ਦੋ ਕੰਪਨੀਆਂ ਨੇ 37 ਲੱਖ ਦੀ ਧੋਖਾਧੜੀ ਦਾ ਮਾਮਲਾ ਉਸ 'ਤੇ ਦਰਜ ਕਰਵਾਇਆ ਹੈ। ਆਨਲਾਈਨ ਆਰ.ਟੀ.ਜੀ.ਐਸ. ਨਾਲ ਸੋਨਾ ਨੂੰ ਪੈਸੇ ਦਿੱਤੇ ਗਏ ਪਰ ਸੋਨਾ ਹੈ ਕਿ ਸ਼ਰਤ ਲਾ ਕੇ ਫਿਰ 10 ਨਹੀਂ 3 ਵਜੇ ਦੀ ਜਹਾਜ਼ ਟਿਕਟ ਕਰਵਾਓ ਕਹਿ ਕੇ ਵੀ ਨਹੀਂ ਪਹੁੰਚੀ ਸੀ। ਵੈਸੇ ਸੋਨਾ ਲਈ ਇਹ ਕਿੰਨੀ ਮਾੜੀ ਗੱਲ ਹੈ। ਜੇਕਰ ਸਹੀ ਜਾਂਚ ਹੋਈ ਤਾਂ ਸੋਨਾਕਸ਼ੀ ਸਿਨਹਾ ਹਰਜਾਨਾ ਵੀ ਭਰ ਸਕਦੀ ਹੈ, ਅਦਾਲਤ ਦਾ ਮੂੰਹ ਵੀ ਦੇਖੇਗੀ। ਮੁਰਦਾਬਾਦ ਸੋਨਾ ਦੇ ਨਾਅਰੇ ਲੱਗ ਰਹੇ ਹਨ ਤੇ ਸੋਨਾ ਨੇ ਸਮੇਂ ਸਿਰ ਮਾਮਲਾ ਨਾ ਸੰਭਾਲਿਆ ਤਾਂ ਲੈਣੇ ਦੇ ਦੇਣੇ ਪੈਣੇ ਲਾਜ਼ਮੀ ਹਨ। ਗ਼ਲਤ ਕਾਰਨ ਦੇ ਚਲਦਿਆਂ ਵਿਆਹ ਨਾ ਕਰੋ, ਆਪਣੇ ਚਹੇਤੇ ਨਾਲ ਸ਼ਾਦੀ ਕਰੋ, ਅਜਿਹੀ ਸਲਾਹ ਦੇ ਰਹੀ ਸੋਨਾਕਸ਼ੀ ਸਿਨਹਾ ਨੂੰ ਸਾਰੇ ਸਲਾਹ ਦੇ ਰਹੇ ਹਨ ਕਿ ਧੋਖਾਧੜੀ ਵੀ ਪਾਪ ਹੈ। ਐਫ.ਆਈ.ਆਰ. ਦਰਜ ਤੇ ਦੋਸ਼ ਗੰਭੀਰ 'ਮਿਸ਼ਨ ਮੰਗਲ' ਉਹ ਕਰ ਸਕਦੀ ਹੈ। 'ਮੁਗ਼ਲ' ਲਈ ਉਸ ਤੱਕ ਪਹੁੰਚ ਹੋਈ ਹੈ। ਇਸ ਲਈ 'ਮਿਸ਼ਨ ਧੋਖਾਦੇਹੀ' ਤੋਂ ਕਿਨਾਰਾ ਕਰ ਲਵੇ, ਸੋਨਾ ਤਾਂ ਠੀਕ ਰਹੇਗਾ। 'ਲੁਟੇਰਾ' ਤਾਂ ਵਿਆਹਿਆ ਗਿਆ ਹੈ ਤੇ 'ਪਦਮਾਵਤ' ਉਸ ਦੇ ਘਰ ਦਾ ਸ਼ਿੰਗਾਰ ਹੈ, ਇਸ ਲਈ 'ਮੁਗ਼ਲ' ਬਣਨ ਤੋਂ ਪਹਿਲਾਂ-ਪਹਿਲਾਂ 'ਦਬੰਗ' ਗਰਲ ਬਣਨ ਦੀ ਥਾਂ 'ਮਿਸ਼ਨ ਕਲੀਨ' 'ਤੇ ਕੰਮ ਕਰਦੀ ਉਹ ਪ੍ਰਬੰਧਕਾਂ ਨਾਲ ਮਸਲਾ ਨਿਬੇੜ ਲਵੇ ਤਾਂ ਚੰਗਾ ਹੈ। ਫਿਰ ਹੀ ਅਕਸ਼ੈ ਕੁਮਾਰ ਨਾਲ 'ਮੰਗਲ ਮਿਸ਼ਨ' ਮੰਗਲਮਈ ਹੋਵੇਗਾ।


ਖ਼ਬਰ ਸ਼ੇਅਰ ਕਰੋ

ਆਲੀਆ ਭੱਟ

ਤਿਆਰੀ ਵਿਆਹ ਕਰਵਾਉਣ ਦੀ?

'ਡੀਅਰ ਜ਼ਿੰਦਗੀ' 'ਚ ਆਲੀਆ ਭੱਟ ਆਈ ਸੀ ਕਿੰਗ ਖ਼ਾਨ ਨਾਲ ਤੇ ਸ਼ਾਹਰੁਖ-ਆਲੀਆ ਦਾ ਤਾਲਮੇਲ ਲੋਕਾਂ ਪਸੰਦ ਕੀਤਾ ਸੀ। ਇਕ ਸਟੇਜ ਪ੍ਰੋਗਰਾਮ 'ਚ ਦੋਵੇਂ ਇਕੱਠੇ ਸਨ ਤੇ ਆਲੀਆ ਬਿੱਗ ਬੀ ਦੇ ਡਾਇਲਾਗ ਬੋਲ ਰਹੀ ਸੀ, ਜੋ 'ਦੀਵਾਰ' ਫ਼ਿਲਮ 'ਚ ਸਨ ਪਰ ਸ਼ਾਹਰੁਖ ਸ਼ਰਾਰਤਾਂ ਕਰ ਰਹੇ ਸਨ ਤੇ ਆਲੀਆ ਦਾ ਧਿਆਨ ਭੰਗ ਕਰਵਾ ਰਹੇ ਸਨ। ਜ਼ੀਨਤ, ਹੇਮਾ, ਰੇਖਾ ਲੋਕਾਂ 'ਚ ਮੌਜੂਦ ਇਸ ਸ਼ਰਾਰਤ ਭਰੇ ਮਾਹੌਲ ਦਾ ਮਜ਼ਾ ਲੈ ਰਹੇ ਸਨ। ਆਲੀਆ ਬੋਲ ਰਹੀ ਸੀ, 'ਆਜ ਬਹੁਤ ਖੁਸ਼ ਹੋਗੇ ਤੁਮ, ਜੋ ਆਜ ਤੱਕ ਤੁਮਹਾਰੇ ਮੰਦਰ ਕੀ ਸੀੜੀਆਂ ਨਹੀਂ ਚੜ੍ਹਾ ਆਜ ਤੁਮਹਾਰੇ ਸਾਹਮਨੇ ਹਾਥ ਫੈਲਾਏ ਖੜ੍ਹਾ ਹੈ', ਡਾਇਲਾਗ ਬੋਲ ਰਹੀ ਸੀ। ਚਾਹੇ ਸ਼ਾਹਰੁਖ ਨੇ ਹੱਥ 'ਚ 'ਭੌਂਪੂ ਵਾਜਾ' ਲੈ ਕੇ ਆਵਾਜ਼ਾਂ ਕੱਢੀਆਂ ਪਰ ਅਭਿਨੈ ਨੂੰ ਸਮਰਪਣ ਆਲੀਆ ਨਹੀਂ ਘਬਰਾਈ ਤੇ ਸਾਰੇ ਹੀ ਮੰਨ ਗਏ ਆਲੀਆ ਨੂੰ ਕਿ ਵਾਕਿਆ ਹੀ ਉਹ ਸਮਰਪਿਤ ਅਭਿਨੇਤਰੀ ਹੈ। ਸ਼ਾਹਰੁਖ ਵੀ ਮੰਨ ਗਏ, ਜਿਨ੍ਹਾਂ ਆਲੀਆ ਦਾ ਟੈਸਟ ਲੈਣ ਲਈ ਇਹ ਸਭ ਕੀਤਾ ਸੀ। ਚਲੋ ਵਿਆਹਾਂ ਦਾ ਮੌਸਮ ਹੈ, ਕੁਝ ਹੱਸ-ਖੇਡ ਵੀ ਲਈਏ। ਪ੍ਰਿਅੰਕਾ, ਦੀਪਿਕਾ, ਅਨੂ ਤੋਂ ਬਾਅਦ ਹੁਣ ਆਲੀਆ ਭੱਟ ਵੀ 2019 'ਚ ਸ਼ਾਦੀ ਬੰਧਨ 'ਚ ਬੱਝਣ ਦੀ ਸੋਚ ਰਹੀ ਹੈ, ਰੱਬ ਸਹੀ ਰੱਖੇ। ਆਲੀਆ ਨੂੰਹ ਕਪੂਰ ਖਾਨਦਾਨ ਦੀ ਬਣੇਗੀ ਤੇ ਲਾੜਾ ਰਣਬੀਰ ਕਪੂਰ ਹੋਵੇਗਾ। 'ਬ੍ਰਹਮ ਸ਼ਾਸਤਰ' ਫ਼ਿਲਮ 'ਚ ਦੋਵੇਂ ਇਕੱਠੇ ਆ ਰਹੇ ਹਨ। ਉਂਜ ਵੀ ਅੱਜਕਲ੍ਹ ਆਲੀਆ-ਰਣਬੀਰ ਅਕਸਰ ਇਕੱਠੇ ਦਿਖਾਈ ਦਿੰਦੇ ਹਨ। ਆਲੀਆ ਖਾਸ ਕਰ ਸਾਰੇ ਵਿਆਹ ਦੇਖ ਰਹੀ ਹੈ ਕਿ ਕਿਹੜੀ ਦੁਲਹਨ ਕਿਹੜਾ ਲਿਬਾਸ ਪਹਿਨਦੀ ਹੈ। ਆਲੀਆ ਦੇ ਪ੍ਰਸੰਸਕ ਲੱਖਾਂ ਹਨ। 'ਹਾਈਵੇਅ', 'ਟੂ ਸਟੇਟਸ', 'ਰਾਜ਼ੀ', 'ਡੀਅਰ ਜ਼ਿੰਦਗੀ', 'ਸਟੂਡੈਂਟ ਆਫ਼ ਦਾ ਯੀਅਰ' ਵਾਲੀ ਆਲੀਆ ਹੁਣ ਦੀਪਿਕਾ ਦੇ ਪਤੀ ਰਣਵੀਰ ਸਿੰਘ ਨਾਲ 'ਗਲੀ ਬੁਆਏ' ਤੇ ਹੋਣ ਵਾਲੇ ਪਤੀ ਪਰਮੇਸ਼ਵਰ ਰਣਬੀਰ ਕਪੂਰ ਨਾਲ 'ਬ੍ਰਹਮ ਸ਼ਾਸਤਰ' 'ਚ ਨਜ਼ਰ ਆਏਗੀ।


-ਸੁਖਜੀਤ ਕੌਰ

ਜਾਹਨਵੀ ਕਪੂਰ

'ਤਖ਼ਤ' ਸੰਭਾਲੇਗੀ

'ਧੜਕ' ਨਾਲ ਧੜਕਣ ਬੀ-ਟਾਊਨ ਦੀ ਬਣੀ ਜਾਹਨਵੀ ਕਪੂਰ 'ਰੈਂਪ ਵਾਕ', ਫ਼ਿਲਮੀ ਸ਼ੂਟਿੰਗਾਂ ਤੇ ਫੋਟੋ ਸੈਸ਼ਨ ਸਭ 'ਚ ਰੁੱਝੀ ਹੋਈ ਹੈ ਤੇ ਮਾਂ ਸ੍ਰੀਦੇਵੀ ਦੀ ਤਰ੍ਹਾਂ ਪੂਰੀ ਵਪਾਰਕ ਪਰ ਸਹਿਯੋਗਣ ਪ੍ਰਤੀਤ ਹੋ ਰਹੀ ਹੈ। ਰੂਪ ਸੱਜਾ ਕਮਰੇ 'ਚ ਤਿਆਰ ਹੁੰਦੀ ਦਾ ਵਾਇਰਲ ਵੀਡੀਓ ਸਭ ਨੇ ਉਸ ਦਾ ਤੱਕਿਆ ਹੈ। ਖਾਣਾ ਖਾਂਦੀ, ਸ਼ਰਾਰਤਾਂ ਕਰਦੀ ਜਾਹਨਵੀ ਦਾ ਇਹ ਵੀਡੀਓ ਪਹਿਲਾਂ ਹੀ ਆਉਣ ਨਾਲ ਉਸ ਦਾ ਮਜ਼ਾਕ ਹੀ ਬਣਿਆ। ਇਸ ਸਮੇਂ 'ਤਖ਼ਤ' ਫ਼ਿਲਮ ਉਸ ਕੋਲ ਹੈ। ਇਸ 'ਚ ਇਸ਼ਾਨ ਖੱਟੜ ਜਿਹਾ ਨਵਾਂ ਹੀਰੋ ਨਹੀਂ, ਬਲਕਿ ਰਣਵੀਰ ਸਿੰਘ, ਕਰੀਨਾ ਕਪੂਰ ਤੇ ਅਨਿਲ ਕਪੂਰ ਜਿਹੇ ਮੰਝੇ ਹੋਏ ਸਿਤਾਰੇ ਹਨ। ਇਹ ਇਕ ਇਤਿਹਾਸਕ ਫ਼ਿਲਮ ਹੈ। 'ਤਖ਼ਤ' 'ਚ ਉਸ ਨਾਲ ਭੂਮੀ ਪੇਡਨੇਕਰ ਵੀ ਹੈ। ਹਾਲਾਂਕਿ ਅਜੇ ਵੀ ਉਸ ਦੇ ਵਿਰੋਧੀ 'ਧੜਕ' ਸਮੇਂ ਹੋਏ ਸਰਵੇਖਣ ਨੂੰ ਸੰਪਾਦਤ ਕਰਕੇ ਸੋਸ਼ਲ ਮੀਡੀਆ 'ਤੇ ਪੋਸਟ ਪਾ ਰਹੇ ਹਨ, ਸ਼ੇਅਰ ਕਰ ਰਹੇ ਹਨ, ਲਾਇਕ ਕਰ ਰਹੇ ਹਨ। 6370 ਲੋਕ ਉਸ ਨੂੰ ਅਭਿਨੈ 'ਚ ਫੇਲ੍ਹ ਕਹਿ ਰਹੇ ਹਨ, 2740 ਲੋਕਾਂ ਨੇ ਹੀ ਉਸ ਨੂੰ ਪਾਸ ਕਿਹਾ ਹੈ। ਜਾਹਨਵੀ ਨੂੰ ਇਸ ਦੀ ਪ੍ਰਵਾਹ ਤਾਂ ਨਹੀਂ ਪਰ ਚਿੰਤਾ ਜ਼ਰੂਰ ਹੈ 'ਤਖ਼ਤ' ਤੋਂ ਉਮੀਦ ਹੈ ਕਿ ਇਹ ਜ਼ਰੂਰੀ ਕਾਮਯਾਬੀ ਦੇ 'ਤਖ਼ਤ' 'ਤੇ ਉਸ ਨੂੰ ਬਿਠਾਏਗੀ। ਜਾਹਨਵੀ ਆਪਣੀ ਤੁਲਨਾ ਮਾਂ ਜਾਂ ਸਾਰਾ ਅਲੀ ਖ਼ਾਨ ਨਾਲ ਕਰਨ ਤੋਂ ਨਰਾਜ਼ ਹੈ। ਉਹ ਕਹਿ ਰਹੀ ਹੈ ਕਿ ਔਰਤਾਂ ਨੂੰ ਲੜਾਉਣ ਲਈ ਹੀ ਉਸ ਦੀ ਤੁਲਨਾ ਕੀਤੀ ਜਾਂਦੀ ਹੈ। ਇਧਰ ਪ੍ਰਸੰਸਕ ਹਨ ਕਿ ਲਗਾਤਾਰ ਜਾਹਨਵੀ ਦੇ ਬਚਪਨੇ 'ਤੇ ਹੱਸ ਰਹੇ ਹਨ। ਹੁਣ ਸਵਾ ਲੱਖ ਦੀ ਉਸ ਨੇ ਜੁੱਤੀ ਕੀ ਪਾ ਲਈ ਲੋਕਾਂ ਨੇ ਉਸ ਨੂੰ 'ਭੱਦੀ' ਕਿਹਾ। ਲੋਕੀਂ ਕਹਿ ਰਹੇ ਹਨ ਕਿ ਬੇਕਾਰ ਜੁੱਤੀਆਂ ਪਾ ਕੇ ਸਵਾ ਲੱਖ ਦੀ ਜੁੱਤੀ ਪਾਈ ਕਹਿਣ ਵਾਲੀ ਜਾਹਨਵੀ ਲੱਗਦੀ ਤਾਂ ਇਸ ਜੋੜੇ 'ਚ ਭੈੜੀ ਹੈ, ਕੀ ਲਾਭ ਪੈਸੇ ਖਰਚਣ ਦਾ। ਜਾਹਨਵੀ ਕਪੂਰ ਦੇ ਲੋਕਾਂ ਨੇ ਮਹਿੰਗੀ ਜੁੱਤੀ ਲਈ ਕਾਰਟੂਨ ਵੀ ਬਣਾ ਕੇ ਪਾਏ ਹਨ। ਸਵਿਟਜ਼ਰਲੈਂਡ ਮਾਂ ਸ੍ਰੀਦੇਵੀ ਦੀ ਮੂਰਤੀ ਦੇ ਉਦਘਾਟਨ 'ਤੇ ਜਾ ਕੇ ਜਾਹਨਵੀ ਨੇ ਇਨ੍ਹਾਂ ਮੁਸੀਬਤਾਂ ਤੋਂ ਲਾਂਭੇ ਹੋਣ ਲਈ ਚਾਰ ਦਿਨ ਫੋਨ ਬੰਦ ਕਰਕੇ ਆਰਾਮ ਕੀਤਾ। ਕੀ ਜਾਣੇ ਕਿ ਫ਼ਿਲਮੀ 'ਤਖ਼ਤ' 'ਤੇ ਬੈਠਣ ਲਈ ਮਹਿੰਗੀ ਜੁੱਤੀ ਨਹੀਂ ਪ੍ਰਤਿਭਾ ਚਾਹੀਦੀ ਹੈ।

ਆਯੁਸ਼ਮਨ ਖੁਰਾਣਾ

ਖ਼ੁਸ਼ੀ ਵੀ ਤੇ ਚਿੰਤਾ ਵੀ

ਵੱਖਰੀ ਹੀ ਕਿਸਮ ਦੀਆਂ ਕਹਾਣੀਆਂ ਵਾਲੀਆਂ ਫ਼ਿਲਮਾਂ ਗਾਇਕ ਤੇ ਨਾਇਕ ਆਯੁਸ਼ਮਨ ਖੁਰਾਣਾ ਕਰਦੇ ਹਨ। 'ਦਮ ਲਗਾ ਕੇ ਹਈਸ਼ਾ' ਉਸ ਨੇ ਚਾਰ ਕੁ ਸਾਲ ਪਹਿਲਾਂ ਭੂਮੀ ਪੇਡਨੇਕਰ ਨਾਲ ਕੀਤੀ ਸੀ ਤਾਂ ਰੌਲਾ ਇਹ ਵੀ ਪਿਆ ਸੀ ਕਿ ਭੂਮੀ ਉਸ ਲਈ ਦਿਲ ਹਾਰ ਬੈਠੀ ਹੈ। ਹੁਣ ਭਾਵੇਂ ਭੂਮੀ ਇਹ ਕਹੇ ਕਿ ਉਹ ਆਯੁਸ਼ ਦਾ ਫੋਨ ਨੰਬਰ ਹੀ 'ਬਲਾਕ' ਕਰ ਦਿੰਦੀ ਹੈ। ਆਯੁਸ਼ ਚਾਹੇ ਕੁਝ ਵੀ ਹੈ, ਇਕ ਪ੍ਰਤਿਭਾਵਾਨ ਹੀਰੋ ਹੈ ਪਰ ਉਸ ਦੀ ਪਤਨੀ ਛਾਤੀ ਦੇ ਕੈਂਸਰ ਨਾਲ ਜੂਝ ਰਹੀ ਹੈ, ਜਿਸ ਨੇ ਉਸ ਦੀ 'ਬਧਾਈ ਹੋ' ਦੀ ਸਫ਼ਲਤਾ ਫਿੱਕੀ ਕਰ ਦਿੱਤੀ ਹੈ ਉਸ ਲਈ। ਸਾਨੀਆ ਮਲਹੋਤਰਾ ਨਾਲ ਆਯੁਸ਼ ਦੀ ਇਹ ਫ਼ਿਲਮ 100 ਕਰੋੜ ਕਲੱਬ 'ਚ ਜਾ ਕੇ ਵੱਡਿਆਂ-ਵੱਡਿਆਂ ਨੂੰ ਸੋਚਾਂ 'ਚ ਪਾ ਗਈ ਹੈ। ਵਪਾਰਕ ਤੌਰ 'ਤੇ ਇਹ ਜਾ ਰਿਹਾ ਸਾਲ ਉਸ ਲਈ ਸਹੀ ਰਿਹਾ ਹੈ। ਪਤਨੀ ਤਾਹਿਰਾ ਜ਼ਰੂਰ ਗੰਭੀਰ ਬਿਮਾਰ ਹੈ ਤੇ ਇਧਰ 200 ਕਰੋੜ ਨੂੰ 'ਬਧਾਈ ਹੋ' ਜਾ ਰਹੀ ਹੈ, ਆਯੁਸ਼ ਲਈ ਇਸ ਤੋਂ ਵੱਡੀ ਖੁਸ਼ੀ ਕੀ ਹੋਊ? 'ਠੱਗਜ਼ ਆਫ ਹਿੰਦੁਸਤਾਨ' ਨੂੰ ਮੂਧੇ ਮੂੰਹ ਆਯੁਸ਼ਮਨ ਦੀ ਫ਼ਿਲਮ ਨੇ ਸੁੱਟ ਕੇ ਨਵਾਂ ਰਿਕਾਰਡ ਬਣਾ ਦਿੱਤਾ ਹੈ। 'ਵਿੱਕੀ ਡੋਨਰ' 34 ਸਾਲ ਦਾ ਹੋ ਗਿਆ ਹੈ। ਚੰਡੀਗੜ੍ਹੀਏ ਗੱਭਰੂ ਆਯੁਸ਼ ਨੂੰ 'ਪਾਨੀ ਕਾ ਰੰਗ' ਲਈ ਸਨਮਾਨ ਵੀ ਮਿਲਿਆ ਸੀ। ਵਿਰਾਜਵੀਰ ਅਤੇ ਵਰੂਸਕਾ ਖੁਰਾਣਾ ਦਾ ਡੈਡੀ ਆਯੁਸ਼ ਚਾਹੁੰਦਾ ਹੈ ਕਿ 16 ਸਾਲ ਉਸ ਦੀ ਪ੍ਰੇਮ ਪਿਆਰੀ ਰਹੀ ਜੋ ਹੁਣ ਉਸ ਦੀ ਜੀਵਨ ਸਾਥਣ ਹੈ, ਤਾਹਿਰਾ ਪਹਿਲੀ ਸਟੇਜ ਦੇ ਕੈਂਸਰ ਤੋਂ ਮੁਕਤ ਹੋ ਕੇ ਘਰੇ ਆਏ ਫਿਰ 'ਬਧਾਈ ਹੋ' ਦਾ ਅਸਲੀ ਤਾਂਤਾ ਲੱਗੇ ਤਾਂ ਉਹ ਖੁਸ਼ ਹੋਏਗਾ। 'ਨੌਟੰਕੀਸ਼ਾਲਾ', 'ਹਵਾਈਜ਼ਾਦਾ', 'ਬੇਵਕੂਫ਼ੀਆਂ' ਵਾਲਾ ਆਯੁਸ਼ ਅੱਜ 'ਬਧਾਈ ਹੋ' ਨਾਲ ਸਭ ਤੋਂ ਉੱਪਰ ਹੈ।

ਰਿਚਾ ਚੱਢਾ ਬਣੇਗੀ ਸ਼ਕੀਲਾ

ਹਿੰਦੀ ਫ਼ਿਲਮਾਂ ਦੇ ਦਰਸ਼ਕ ਸ਼ਕੀਲਾ ਨਾਮੀ ਅਭਿਨੇਤਰੀ ਤੋਂ ਅਣਜਾਨ ਹੋ ਸਕਦੇ ਹਨ ਪਰ ਇਸੇ ਸ਼ਕੀਲਾ ਨੇ ਇਕ ਜ਼ਮਾਨੇ ਵਿਚ ਦੱਖਣ ਦੀਆਂ ਫ਼ਿਲਮਾਂ ਵਿਚ ਧੁੰਮ ਪਾ ਰੱਖੀ ਸੀ। ਖ਼ਾਸ ਕਰਕੇ ਮਲਿਆਲਮ ਫ਼ਿਲਮਾਂ 'ਚ ਤਾਂ ਉਸ ਨੇ ਆਪਣੀਆਂ ਅਦਾਵਾਂ ਦੀ ਬਦੌਲਤ ਹੰਗਾਮਾ ਮਚਾਇਆ ਹੋਇਆ ਸੀ। ਸ਼ਕੀਲਾ ਦੀ ਜ਼ਿੰਦਗੀ 'ਤੇ ਹੁਣ ਹਿੰਦੀ ਫ਼ਿਲਮ 'ਸ਼ਕੀਲਾ' ਦਾ ਨਿਰਮਾਣ ਕੀਤਾ ਜਾ ਰਿਹਾ ਹੈ ਅਤੇ ਰਿਚਾ ਚੱਢਾ ਵਲੋਂ ਇਸ ਵਿਚ ਸ਼ਕੀਲਾ ਦੀ ਭੂਮਿਕਾ ਨਿਭਾਈ ਜਾ ਰਹੀ ਹੈ। ਦੱਖਣ ਦੀ ਚਰਚਿਤ ਅਦਾਕਾਰਾ ਸਿਲਕ ਸਮਿਤਾ ਦੀ ਜ਼ਿੰਦਗੀ 'ਤੇ 'ਦ ਡਰਟੀ ਪਿਕਚਰ' ਬਣਾਈ ਗਈ ਅਤੇ ਉਸੇ ਤਰਜ਼ 'ਤੇ ਹੁਣ 'ਸ਼ਕੀਲਾ' ਬਣਾਈ ਜਾ ਰਹੀ ਹੈ। ਗ਼ਰੀਬ ਪਰਿਵਾਰ ਵਿਚ ਜਨਮੀ ਸ਼ਕੀਲਾ ਪੜ੍ਹਾਈ ਵਿਚ ਵੀ ਕਮਜ਼ੋਰ ਸੀ ਪਰ ਅਭਿਨੈ ਪ੍ਰਤੀ ਉਹ ਸ਼ੁਰੂ ਤੋਂ ਆਕਰਸ਼ਿਤ ਰਹੀ ਸੀ। ਸ਼ੁਰੂ ਵਿਚ ਉਸ ਨੇ ਦੱਖਣ ਦੀਆਂ ਫ਼ਿਲਮਾਂ ਵਿਚ ਛੋਟੀਆਂ-ਮੋਟੀਆਂ ਭੂਮਿਕਾਵਾਂ ਕੀਤੀਆਂ ਪਰ ਮਲਿਆਲਮ ਫ਼ਿਲਮ 'ਕਿਨਾਰਥੁਮਬਿਕਲ' ਦੀ ਸਫ਼ਲਤਾ ਨੇ ਉਸ ਨੂੰ ਸਟਾਰ ਬਣਾ ਦਿੱਤਾ। ਹਾਲਾਂਕਿ ਉਹ ਬੀ ਗ੍ਰੇਡ ਦੀਆਂ ਫ਼ਿਲਮਾਂ ਹੀ ਕਰਦੀ ਰਹੀ ਪਰ ਫਿਰ ਵੀ ਉਸ ਦੇ ਚਾਹੁਣ ਵਾਲਿਆਂ ਦੀ ਵੱਡੀ ਗਿਣਤੀ ਸੀ। ਦੱਖਣ ਵਿਚ ਉਹ ਤਕਰੀਬਨ ਢਾਈ ਸੌ ਫ਼ਿਲਮਾਂ ਕਰ ਚੁੱਕੀ ਹੈ।
ਇਸ ਤਰ੍ਹਾਂ ਦੀ ਅਭਿਨੇਤਰੀ ਨੂੰ ਪਰਦੇ 'ਤੇ ਜਿਊਂਦਾ ਕਰਨ ਬਾਰੇ ਰਿਚਾ ਕਹਿੰਦੀ ਹੈ, 'ਇਹ ਫ਼ਿਲਮ ਸਾਈਨ ਕਰਨ ਤੋਂ ਬਾਅਦ ਮੈਂ ਸ਼ਕੀਲਾ ਨੂੰ ਮਿਲੀ ਸੀ ਅਤੇ ਉਸ ਨੇ ਮੈਨੂੰ ਵਜ਼ਨ ਵਧਾਉਣ ਦੀ ਸਲਾਹ ਦਿੱਤੀ ਸੀ। ਪੰਜ ਕਿੱਲੋ ਵਜ਼ਨ ਵਧਾਉਣ ਤੋਂ ਬਾਅਦ ਮੈਨੂੰ ਲੱਗਿਆ ਕਿ ਮੈਂ ਕੈਮਰੇ ਸਾਹਮਣੇ ਸ਼ਕੀਲਾ ਦਾ ਕਿਰਦਾਰ ਸਹੀ ਢੰਗ ਨਾਲ ਪੇਸ਼ ਕਰ ਸਕਾਂਗੀ। ਮੈਂ ਇਸ ਗੱਲ ਤੋਂ ਵੀ ਜਾਣੂ ਹਾਂ ਕਿ ਇਸ ਫ਼ਿਲਮ ਦੀ ਤੁਲਨਾ 'ਦ ਡਰਟੀ ਪਿਕਚਰ' ਨਾਲ ਹੋਵੇਗੀ ਪਰ ਲੋਕ ਇਹ ਨਹੀਂ ਜਾਣਦੇ ਕਿ ਸਿਲਕ ਸਮਿਤਾ ਦੀ ਮੌਤ ਤੋਂ ਬਾਅਦ ਸ਼ਕੀਲਾ ਦਾ ਫ਼ਿਲਮਾਂ ਵਿਚ ਆਗਮਨ ਹੋਇਆ ਸੀ। ਸਿਲਕ ਨੇ ਤਾਮਿਲ ਫ਼ਿਲਮਾਂ ਜ਼ਿਆਦਾ ਕੀਤੀਆਂ ਤੇ ਸ਼ਕੀਲਾ ਨੇ ਮਲਿਆਲਮ। ਦੋਵੇਂ ਅਭਿਨੇਤਰੀਆਂ ਦੀ ਪਿੱਠਭੂਮੀ ਵੱਖਰੀ ਰਹੀ ਹੈ। ਇਸ ਤਰ੍ਹਾਂ ਦੋਵਾਂ ਫ਼ਿਲਮਾਂ ਦੀ ਤੁਲਨਾ ਕਰਨਾ ਸਹੀ ਨਹੀਂ ਹੋਵੇਗਾ।


-ਮੁੰਬਈ ਪ੍ਰਤੀਨਿਧ

ਨਥਾਲੀਆ ਕੌਰ

ਗੁੰਮਨਾਮ ਪੰਜਾਬਣ

ਭਾਵੇਂ 'ਰੌਕੀ ਹੈਂਡਸਮ' ਫ਼ਿਲਮ ਨਥਾਲੀਆ ਕੌਰ ਨੇ ਜਾਨ ਅਬਰਾਹਮ ਨਾਲ ਕੀਤੀ ਹੋਵੇ ਪਰ ਇੰਟਰਨੈੱਟ ਦੀ ਸਨਸਨੀ ਕਰਕੇ ਉਸ ਦੀ ਗੱਲ ਜ਼ਿਆਦਾ ਹੁੰਦੀ ਹੈ ਸੱਤ ਸਾਲ ਪਹਿਲਾਂ ਰਾਮ ਗੋਪਾਲ ਵਰਮਾ ਦੀ ਫ਼ਿਲਮ 'ਡਿਪਾਰਟਮੈਂਟ' ਨਥਾਲੀਆ ਨੇ ਹੀ ਕੀਤੀ ਸੀ। ਵੈਸੇ ਉਹ ਬ੍ਰਾਜ਼ੀਲ 'ਚ ਜੰਮੀ-ਪਲੀ ਭਾਰਤੀ ਕੁੜੀ ਹੈ ਪਰ ਜਨਮ ਹੀ ਅਜਿਹੇ ਮੁਲਕ 'ਚ ਹੋਇਆ ਕਿ ਉਥੋਂ ਦੇ ਸੰਸਕਾਰ ਉਸ 'ਤੇ ਭਾਰੀ ਪਏ ਹਨ। 'ਹਾਂ, 'ਖ਼ਤਰੋਂ ਕੇ ਖਿਲਾੜੀ' ਸ਼ੋਅ ਸਮੇਂ ਵੀ ਉਸ ਨੂੰ ਲੈ ਕੇ ਹੰਗਾਮਾ ਹੋਇਆ ਸੀ ਤੇ ਉਹ ਇਹ ਰਿਆਲਿਟੀ ਸ਼ੋਅ ਪੂਰਾ ਨਹੀਂ ਸੀ ਕਰ ਸਕੀ। ਉਹ 'ਅੱਧੀ ਪੰਜਾਬਣ' ਆਪਣੇ-ਆਪ ਨੂੰ ਦੱਸਦੀ ਹੈ। ਦਾਦਾ ਜੀ ਪੰਜਾਬੀ ਸਨ ਤੇ ਦਾਦੀ ਪੁਰਤਗਾਲ ਦੀ ਸੀ। ਮਿਸ ਬ੍ਰਾਜ਼ੀਲ ਰਹੀ ਨਥਾਲੀਆ ਕੌਰ ਭਾਰਤ ਆਈ ਸੀ ਮਾਡਲ ਬਣ ਕੇ, ਕਿਉਂਕਿ ਬ੍ਰਾਜ਼ੀਲ 'ਚ ਉਹ ਮਾਡਲ ਸੀ। 'ਕਿੰਗਫਿਸ਼ਰ' ਕੈਲੰਡਰ ਦੀ ਮਾਡਲ ਬਣ ਕੇ ਚਮਕ-ਦਮਕ ਦੀ ਹਨੇਰੀ ਉਸ ਲਿਆਂਦੀ ਤੇ 'ਕੰਨੜ' ਫ਼ਿਲਮ ਕਰਕੇ ਦੱਖਣ ਤੋਂ ਮੁੰਬਈ ਆਈ। ਅਸਲੀ ਖੋਜ ਉਹ ਪੂਜਾ ਭੱਟ ਦੀ ਹੈ ਤੇ ਅਜੇ ਵੀ ਪੂਜਾ ਉਸ ਨੂੰ ਲੈ ਕੇ ਫ਼ਿਲਮ ਬਣਾਉਣ ਸਬੰਧੀ ਸੋਚਦੀ ਹੈ ਪਰ ਅਧਿਕਾਰਤ ਤੌਰ 'ਤੇ ਐਲਾਨ ਨਹੀਂ ਹੋਇਆ। 'ਵੰਨ ਮੈਨ ਆਰਮੀ' 'ਚ ਵੀ ਉਹ ਖਾਸ ਭੂਮਿਕਾ 'ਚ ਸੀ। ਤੇਲਗੂ, ਤਾਮਿਲ ਤੋਂ ਇਲਾਵਾ ਹੁਣ ਉਹ ਹਿੰਦੀ ਦੀ 'ਗੰਨਜ਼ ਆਫ਼ ਬਨਾਰਸ' ਕਰ ਰਹੀ ਹੈ ਤੇ ਪੂਜਾ ਭੱਟ ਦੀ 'ਜਿਸਮ-3' ਵੀ ਕਰ ਸਕਦੀ ਹੈ।

ਮੈਂ ਜਾਨਵਰਾਂ 'ਤੇ ਫ਼ਿਲਮ ਨਹੀਂ ਬਣਾਵਾਂਗਾ : ਅਨੰਤ ਮਹਾਦੇਵਨ

ਫ਼ਿਲਮ ਨਿਰਦੇਸ਼ਕ ਅਨੰਤ ਮਹਾਦੇਵਨ ਪਸ਼ੂ ਪ੍ਰੇਮੀ ਵੀ ਹਨ। ਉਹ ਕਹਿੰਦੇ ਹਨ, 'ਅਸੀਂ ਫ਼ਿਲਮ ਵਾਲੇ ਜਾਨਵਰਾਂ ਦਾ ਫ਼ਾਇਦਾ ਲੈਣ ਦੇ ਮਾਮਲੇ ਵਿਚ ਹਰ ਵੇਲੇ ਅੱਗੇ ਰਹਿੰਦੇ ਹਾਂ। 'ਹਾਥੀ ਮੇਰੇ ਸਾਥੀ', 'ਜਾਨਵਰ ਔਰ ਇਨਸਾਨ' ਤੇ 'ਗਾਏ ਔਰ ਗੌਰੀ' ਵਰਗੀਆਂ ਫ਼ਿਲਮਾਂ ਤਾਂ ਠੀਕ ਪਰ ਫ਼ਿਲਮਾਂ ਦੇ ਨਾਂਅ 'ਸ਼ੇਰਨੀ', 'ਚੀਤਾ', 'ਜ਼ਖ਼ਮੀ ਸ਼ੇਰ' ਵਰਗੇ ਜਾਨਵਰਾਂ ਦਾ ਲਾਹਾ ਲਿਆ ਜਾਂਦਾ ਰਿਹਾ ਹੈ। ਹੁਣ ਜਦੋਂ ਜਾਨਵਰਾਂ ਦਾ ਅੰਨ੍ਹੇਵਾਹ ਸ਼ਿਕਾਰ ਕਰ ਕੇ ਧਰਤੀ ਦਾ ਸੰਤੁਲਨ ਵਿਗਾੜਿਆ ਜਾ ਰਿਹਾ ਹੈ, ਉਦੋਂ ਹਰ ਕੋਈ ਚੁੱਪ ਹੈ। ਮੰਨਿਆ ਕਿ ਹੁਣ ਫ਼ਿਲਮਾਂ ਵਿਚ ਸ਼ੂਟਿੰਗ ਦੌਰਾਨ ਜਾਨਵਰਾਂ 'ਤੇ ਹੁੰਦੇ ਅੱਤਿਆਚਾਰ ਰੋਕਣ ਲਈ ਐਨੀਮਲ ਵੈੱਲਫ਼ੇਅਰ ਬੋਰਡ ਦਾ ਗਠਨ ਕੀਤਾ ਗਿਆ ਹੈ ਪਰ ਅਜੇ ਵੀ ਬਹੁਤ ਕੰਮ ਕਰਨਾ ਬਾਕੀ ਹੈ। ਮੈਂ ਆਪਣੀ ਗੱਲ ਕਹਾਂ ਤਾਂ ਮੈਂ ਜਾਨਵਰਾਂ 'ਤੇ ਆਧਾਰਿਤ ਇਕ ਲੜੀਵਾਰ 'ਚਿੰਪੂ ਸ਼ਿਕਾਰੀ' ਬਣਾਇਆ ਸੀ। ਉਦੋਂ ਸ਼ਿਕਾਰੀ ਸ਼ਬਦ 'ਤੇ ਇਤਰਾਜ਼ ਕੀਤਾ ਗਿਆ ਅਤੇ ਮੈਨੂੰ ਇਸ ਦਾ ਨਾਂਅ 'ਚਿੰਪੂ ਸਫ਼ਾਰੀ' ਰੱਖਣਾ ਪੈ ਗਿਆ ਸੀ। ਉਦੋਂ ਮੈਂ ਕੁੱਤਾ, ਬੱਕਰੀ, ਘੋੜਾ ਆਦਿ ਤੋਂ ਕੰਮ ਲਿਆ ਸੀ। ਉਸ ਲੜੀਵਾਰ ਦੇ ਅਨੁਭਵ ਤੋਂ ਬਾਅਦ ਮੈਂ ਤੈਅ ਕਰ ਲਿਆ ਕਿ ਮੈਂ ਕਦੀ ਜਾਨਵਰਾਂ 'ਤੇ ਫ਼ਿਲਮ ਨਹੀਂ ਬਣਾਵਾਂਗਾ। ਕੈਮਰੇ ਸਾਹਮਣੇ ਉਨ੍ਹਾਂ ਤੋਂ ਅਭਿਨੈ ਕਰਵਾਉਣਾ ਹੀ ਉਨ੍ਹਾਂ ਦੇ ਸੁਭਾਅ ਦੇ ਖਿਲਾਫ਼ ਹੈ।
-ਮੁੰਬਈ ਪ੍ਰਤੀਨਿਧ

ਯੂਲੀਆ ਵੇਂਤੂਰ ਬਣੀ ਰਾਧਾ

ਸਾਲ 2009 ਵਿਚ ਸਲਮਾਨ ਨੇ ਪ੍ਰੇਮ ਸੋਨੀ ਨੂੰ ਨਿਰਦੇਸ਼ਕ ਦੇ ਤੌਰ 'ਤੇ ਮੌਕਾ ਦਿੱਤਾ ਸੀ ਅਤੇ ਇਸ ਦੀ ਬਦੌਲਤ ਪ੍ਰੇਮ ਨੂੰ ਸਲਮਾਨ-ਕਰੀਨਾ ਦੀ ਫ਼ਿਲਮ 'ਮੈਂ ਔਰ ਮਿਸਿਜ਼ ਖੰਨਾ' ਨਿਰਦੇਸ਼ਿਤ ਕਰਨ ਦਾ ਮੌਕਾ ਮਿਲਿਆ ਸੀ। ਸਲਮਾਨ ਦੇ ਇਸ ਅਹਿਸਾਨ ਦਾ ਕਰਜ਼ ਉਤਾਰਦੇ ਹੋਏ ਹੁਣ ਪ੍ਰੇਮ ਸੋਨੀ ਨੇ 'ਰਾਧਾ ਕਿਉਂ ਗੋਰੀ ਮੈਂ ਕਿਉਂ ਕਾਲਾ' ਵਿਚ ਸਲਮਾਨ ਦੀ ਪ੍ਰੇਮਿਕਾ ਯੂਲੀਆ ਵੇਂਤੂਰ ਨੂੰ ਮੌਕਾ ਦਿੱਤਾ ਹੈ। ਹਾਂ, ਪ੍ਰੇਮ ਦੀ ਇਸ ਫ਼ਿਲਮ ਦਾ ਨਾਇਕ ਸਲਮਾਨ ਨਹੀਂ ਸਗੋਂ ਜਿੰਮੀ ਸ਼ੇਰਗਿੱਲ ਹੈ। ਫ਼ਿਲਮ ਦਾ ਨਿਰਮਾਣ ਫਾਈਵ ਐਲੀਮੈਂਟਸ ਬੈਨਰ ਹੇਠ ਕੀਤਾ ਜਾ ਰਿਹਾ ਹੈ ਅਤੇ ਇਸ ਦੀ ਕਹਾਣੀ ਸੱਚੀ ਘਟਨਾ ਤੋਂ ਪ੍ਰੇਰਿਤ ਹੈ ਅਤੇ ਕਹਾਣੀ ਖ਼ੁਦ ਪ੍ਰੇਮ ਵਲੋਂ ਲਿਖੀ ਗਈ ਹੈ। ਇਸ ਵਿਚ ਯੂਲੀਆ ਵਲੋਂ ਰੁਮਾਨੀਆ ਦੀ ਕੁੜੀ ਦੀ ਭੂਮਿਕਾ ਨਿਭਾਈ ਜਾ ਰਹੀ ਹੈ। ਕਹਾਣੀ ਅਨੁਸਾਰ ਰੁਮਾਨੀਆ ਵਿਚ ਰਹਿੰਦੀ ਇਹ ਕੁੜੀ ਕ੍ਰਿਸ਼ਨ ਭਗਤ ਹੈ ਅਤੇ ਉਸ ਦੀ ਦਿਲੀ ਇੱਛਾ ਮਥੁਰਾ-ਵ੍ਰਿੰਦਾਵਨ ਆਉਣ ਦੀ ਹੈ। ਉਹ ਭਾਰਤ ਦੇਸ਼ ਪ੍ਰਤੀ ਆਕਰਸ਼ਣ ਮਹਿਸੂਸ ਕਰਦੀ ਹੁੰਦੀ ਹੈ। ਆਪਣੇ ਪਤੀ ਨਾਲ ਉਹ ਭਾਰਤ ਆਉਂਦੀ ਹੈ ਅਤੇ ਇਥੇ ਕੁਝ ਗੁੰਡਿਆਂ ਵਲੋਂ ਉਸ ਦੀ ਇੱਜ਼ਤ ਲੁੱਟ ਲਈ ਜਾਂਦੀ ਹੈ। ਇਸ ਘਟਨਾ ਤੋਂ ਬਾਅਦ ਕੁੜੀ ਦੇ ਜੀਵਨ ਵਿਚ ਕੀ ਬਦਲਾਅ ਆਉਂਦਾ ਹੈ, ਇਹ ਇਸ ਵਿਚ ਦਿਖਾਇਆ ਜਾਵੇਗਾ।
ਆਪਣੀ ਇਸ ਪਹਿਲੀ ਫ਼ਿਲਮ ਬਾਰੇ ਯੂਲੀਆ ਕਹਿੰਦੀ ਹੈ, 'ਜਦੋਂ ਮੈਂ ਕਹਾਣੀ ਸੁਣੀ ਤਾਂ ਲੱਗਿਆ ਕਿ ਇਸ ਦਾ ਕਿਰਦਾਰ ਮੇਰੇ 'ਤੇ ਕਾਫੀ ਹੱਦ ਤੱਕ ਮੇਲ ਖਾਂਦਾ ਹੈ। ਪਤਾ ਨਹੀਂ ਕਿਉਂ ਮੈਨੂੰ ਸ਼ੁਰੂ ਤੋਂ ਹੀ ਭਾਰਤ ਵੱਲ ਆਕਰਸ਼ਣ ਰਿਹਾ ਹੈ ਅਤੇ ਮੇਰੀ ਦਿਲੀ ਇੱਛਾ ਭਾਰਤ ਆਉਣ ਦੀ ਸੀ। ਮੈਨੂੰ ਅਕਸਰ ਇਹ ਲਗਦਾ ਸੀ ਕਿ ਇਹ ਦੇਸ਼ ਮੈਨੂੰ ਬੁਲਾ ਰਿਹਾ ਹੈ। ਜਦੋਂ ਮੈਂ ਇਥੇ ਆਈ ਤਾਂ ਮੇਰਾ ਇਰਾਦਾ ਗਾਇਕਾ ਜਾਂ ਅਭਿਨੇਤਰੀ ਬਣਨ ਦਾ ਬਿਲਕੁਲ ਨਹੀਂ ਸੀ। ਇਹ ਤਾਂ ਬਸ, ਇਥੇ ਆ ਕੇ ਹੁੰਦਾ ਚਲਾ ਗਿਆ। ਇਥੇ ਆ ਕੇ ਮੇਰੀ ਜ਼ਿੰਦਗੀ ਬਦਲ ਗਈ। ਮੈਂ ਕਦੀ ਇਹ ਨਹੀਂ ਸੋਚਿਆ ਸੀ ਕਿ ਇਥੇ ਆ ਕੇ ਮੀਡੀਆ ਸਾਹਮਣੇ ਮੈਂ ਆਪਣੀ ਫ਼ਿਲਮ ਬਾਰੇ ਗੱਲਾਂ ਕਰਾਂਗੀ। ਇਸ ਫ਼ਿਲਮ ਲਈ ਹਾਂ ਕਹਿਣ ਦੀ ਇਕ ਵਜ੍ਹਾ ਇਹ ਵੀ ਹੈ ਕਿ ਇਸ ਵਿਚ ਸਮਾਜਿਕ ਸੰਦੇਸ਼ ਵੀ ਦਿੱਤਾ ਗਿਆ ਹੈ। ਮੈਨੂੰ ਇਸ ਗੱਲ ਦੀ ਵੀ ਖੁਸ਼ੀ ਹੈ ਕਿ ਇਸ ਦੀ ਕੁਝ ਸ਼ੂਟਿੰਗ ਮੇਰੇ ਦੇਸ਼ ਰੁਮਾਨੀਆ ਵਿਚ ਵੀ ਕੀਤੀ ਜਾਵੇਗੀ। ਭਾਵ ਇਹ ਫ਼ਿਲਮ ਮੈਨੂੰ ਮੇਰੇ ਦੇਸ਼ ਦੇ ਨਾਲ ਵੀ ਜੋੜਦੀ ਹੈ। ਰੁਮਾਨੀਆ ਤੋਂ ਇਲਾਵਾ ਇਸ ਦੀ ਸ਼ੂਟਿੰਗ ਉੱਤਰ ਪ੍ਰਦੇਸ਼ ਤੇ ਦਿੱਲੀ ਵਿਚ ਵੀ ਕੀਤੀ ਜਾਵੇਗੀ ਅਤੇ ਫ਼ਿਲਮ ਲਈ ਕੁਝ ਹੋਰ ਕਲਾਕਾਰਾਂ ਦੀ ਚੋਣ ਹੋਣੀ ਅਜੇ ਬਾਕੀ ਹੈ।


-ਮੁੰਬਈ ਪ੍ਰਤੀਨਿਧ

ਯੂਥ ਮਾਫ਼ੀਆ 'ਤੇ ਬਣੀ 'ਧੱਪਾ'

ਲੜੀਵਾਰ ਨਿਰਮਾਣ ਦੇ ਖੇਤਰ ਵਿਚ ਸਿਧਾਰਥ ਨਾਗਰ ਦਾ ਵੱਡਾ ਨਾਂਅ ਹੈ। ਉਨ੍ਹਾਂ ਵਲੋਂ ਲਖਨਊ ਦੂਰਦਰਸ਼ਨ ਲਈ ਬਣਾਏ ਗਏ ਲੜੀਵਾਰ 'ਅਸ਼ਟਭੁਜੀ' ਅੱਜ ਵੀ ਲੋਕ ਭੁੱਲੇ ਨਹੀਂ ਹਨ। ਇਹ ਕਹਿਣਾ ਗ਼ਲਤ ਨਾ ਹੋਵੇਗਾ ਕਿ ਉਨ੍ਹਾਂ ਦੀਆਂ ਰਗਾਂ ਵਿਚ ਖ਼ੂਨ ਨਹੀਂ ਸਗੋਂ ਸਿਆਹੀ ਦੌੜ ਰਹੀ ਹੈ ਕਿਉਂਕਿ ਉਹ ਸਾਹਿਤਕ ਪਰਿਵਾਰ ਤੋਂ ਹਨ। ਉਨ੍ਹਾਂ ਦੀ ਮਾਤਾ ਡਾ: ਅਚਲਾ ਨਾਗਰ ਹਿੰਦੀ ਫ਼ਿਲਮਾਂ ਦੀ ਨਾਮੀ ਲੇਖਿਕਾ ਹੈ ਤੇ ਨਾਨਾ ਪੰਡਿਤ ਅੰਮ੍ਰਿਤ ਲਾਲ ਨਾਗਰ ਦਾ ਹਿੰਦੀ ਸਾਹਿਤ ਦੀ ਦੁਨੀਆ ਵਿਚ ਵੱਡਾ ਨਾਂਅ ਰਿਹਾ ਹੈ। ਇਸ ਤਰ੍ਹਾਂ ਦੇ ਪਰਿਵਾਰ ਦੇ ਵੰਸ਼ਜ ਸਿਧਾਰਥ ਨੇ ਹੁਣ ਫ਼ੀਚਰ ਫ਼ਿਲਮ 'ਧੱਪਾ' ਦਾ ਨਿਰਮਾਣ-ਨਿਰਦੇਸ਼ਨ ਕੀਤਾ ਹੈ।
ਉਨ੍ਹਾਂ ਦਾ ਪਰਿਵਾਰ ਉੱਤਰ ਪ੍ਰਦੇਸ਼ ਤੋਂ ਹੈ ਅਤੇ ਕਿਉਂਕਿ ਉਹ ਉਥੋਂ ਦੇ ਸੱਭਿਆਚਾਰ ਤੋਂ ਚੰਗੀ ਤਰ੍ਹਾਂ ਜਾਣੂ ਹਨ। ਸੋ, ਆਪਣੀ ਇਸ ਫ਼ਿਲਮ ਦੀ ਕਹਾਣੀ ਵੀ ਉਥੋਂ ਦੀ ਰੱਖੀ ਹੈ। ਲਖਨਊ, ਆਗਰਾ ਤੇ ਯੂ. ਪੀ. ਦੀਆਂ ਹੋਰ ਲੋਕੇਸ਼ਨਾਂ 'ਤੇ ਸ਼ੂਟ ਕੀਤੀ ਗਈ ਇਸ ਫ਼ਿਲਮ ਵਿਚ ਸਿਧਾਰਥ ਨੇ ਅੱਜ ਦੇ ਨੌਜਵਾਨਾਂ ਦੀ ਕਹਾਣੀ ਪੇਸ਼ ਕੀਤੀ ਹੈ। ਇਥੇ ਇਕ ਇਸ ਤਰ੍ਹਾਂ ਦੇ ਨੌਜਵਾਨ ਦੀ ਕਹਾਣੀ ਪੇਸ਼ ਕੀਤੀ ਗਈ ਹੈ ਜੋ ਆਮ ਪਰਿਵਾਰ ਤੋਂ ਹੈ। ਮਾਂ ਦੀ ਇੱਛਾ ਹੈ ਕਿ ਬੇਟਾ ਪੜ੍ਹ-ਲਿਖ ਕੇ ਵੱਡਾ ਆਦਮੀ ਬਣੇ। ਆਪਣੀ ਮਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਬੇਟਾ ਕਾਲਜ ਵਿਚ ਦਾਖ਼ਲਾ ਲੈ ਲੈਂਦਾ ਹੈ। ਉਥੇ ਹਾਲਾਤ ਕੁਝ ਇਸ ਤਰ੍ਹਾਂ ਦੇ ਬਣਦੇ ਹਨ ਕਿ ਬੇਟੇ ਦੇ ਹੱਥ ਵਿਚ ਕਲਮ ਦੀ ਥਾਂ ਕੱਟਾ ਆ ਜਾਂਦਾ ਹੈ ਅਤੇ ਉਸ ਦੀ ਜ਼ਿੰਦਗੀ ਦਾ ਰਸਤਾ ਬਦਲ ਜਾਂਦਾ ਹੈ। ਬੰਦੂਕ ਦੇ ਦਮ 'ਤੇ ਦੁਨੀਆ ਬਦਲਣ ਚੱਲੇ ਇਸ ਨੌਜਵਾਨ ਨੂੰ ਆਖਿਰ ਬੰਦੂਕ ਕਿਵੇਂ ਖਾ ਜਾਂਦੀ ਹੈ, ਇਹ ਗੱਲ ਇਸ ਵਿਚ ਪੇਸ਼ ਕੀਤੀ ਗਈ ਹੈ।
ਮਾਂ ਦੀ ਭੂਮਿਕਾ ਜਯਾ ਭੱਟਾਚਾਰੀਆ ਵਲੋਂ ਨਿਭਾਈ ਗਈ ਹੈ। ਬੇਟੇ ਦੀ ਭੂਮਿਕਾ ਵਿਚ ਸ੍ਰੇਸ਼ਠ ਕੁਮਾਰ ਹਨ। ਇਨ੍ਹਾਂ ਦੇ ਨਾਲ ਅਯੂਬ ਖ਼ਾਨ, ਦੀਪ ਰਾਜ ਰਾਣਾ, ਅਮਿਤ ਬਹਿਲ, ਅਵਿਨਾਸ਼ ਸੇਜਵਾਨੀ, ਵਰਸ਼ਾ ਮਾਨਿਕਚੰਦ ਤੇ ਬਰਜੇਂਦਰ ਕਾਲਾ ਇਸ ਵਿਚ ਹਨ। ਪੂਰੀ ਸ਼ੂਟਿੰਗ ਯੂ. ਪੀ. ਵਿਚ ਕੀਤੀ ਗਈ ਹੈ। ਸੋ, ਉਥੇ ਦੇ ਰੰਗਮੰਚ ਤੇ ਨੌਟੰਕੀ ਦੇ ਕਈ ਕਲਾਕਾਰਾਂ ਨੂੰ ਵੀ ਇਸ ਵਿਚ ਮੌਕਾ ਦਿੱਤਾ ਗਿਆ ਹੈ ਜਿਨ੍ਹਾਂ ਵਿਚੋਂ ਪੁਨੀਤਾ ਅਵਸਥੀ, ਭਾਨੂਮਤੀ ਸਿੰਘ, ਐਚ. ਡੀ. ਸਿੰਘ, ਸੰਦੀਪਨ ਨਾਗਰ, ਯਸ਼ ਸਿਨਹਾ ਦੇ ਨਾਂਅ ਮੁੱਖ ਹਨ। ਫ਼ਿਲਮ ਦੇ ਅੱਸੀ ਫ਼ੀਸਦੀ ਤਕਨੀਸ਼ੀਅਨ ਵੀ ਯੂ. ਪੀ. ਦੇ ਹਨ।
ਸਿਧਾਰਥ ਅਨੁਸਾਰ ਫ਼ਿਲਮ ਨੂੰ ਬਣਾਉਂਦੇ ਸਮੇਂ ਮਾਂ ਤੇ ਨਾਨਾ ਜੀ ਦੇ ਨਾਂਅ 'ਤੇ ਇੱਜ਼ਤ ਦਾ ਵੱਡਾ ਖ਼ਿਆਲ ਰੱਖਿਆ ਹੈ। ਇਹੀ ਵਜ੍ਹਾ ਹੈ ਕਿ ਇਕ ਆਈਟਮ ਗੀਤ ਦੇ ਬੋਲ ਵੀ ਸਾਫ਼-ਸੁਥਰੇ ਰੱਖੇ ਗਏ ਅਤੇ ਸੰਵਾਦਾਂ ਵਿਚ ਗਾਲ੍ਹਾਂ ਰੱਖਣ ਤੋਂ ਵੀ ਪਰਹੇਜ਼ ਕੀਤਾ। ਮਾਂ ਨੇ ਜਦੋਂ ਫ਼ਿਲਮ ਦੇਖੀ ਤਾਂ ਉਨ੍ਹਾਂ ਨੇ ਫ਼ਿਲਮ ਦੀ ਤਾਰੀਫ਼ ਤਾਂ ਕੀਤੀ ਹੀ, ਨਾਲ ਹੀ ਬੇਟੇ ਦੀ ਲੇਖਣੀ ਦੀ ਤਾਰੀਫ਼ ਵਿਚ ਕਿਹਾ, 'ਮੈਨੂੰ ਫਖ਼ਰ ਹੈ ਕਿ ਤੂੰ ਆਪਣੀ ਕਲਮ ਨੂੰ ਫਿਸਲਣ ਨਹੀਂ ਦਿੱਤਾ।'
ਇਕ ਚੰਗੀ ਫ਼ਿਲਮ ਬਣਾਉਣ ਦੀ ਇੱਛਾ ਬਚਪਨ ਤੋਂ ਸਿਧਾਰਥ ਵਿਚ ਪਨਪ ਰਹੀ ਸੀ। ਉਹ ਇਸ ਲਈ ਕਿਉਂਕਿ ਲਖਨਊ ਵਿਚ ਉਨ੍ਹਾਂ ਦੀ ਹਵੇਲੀ ਵਿਚ 'ਸ਼ਤਰੰਜ ਕੇ ਖਿਲਾੜੀ' ਤੇ 'ਜਨੂੰਨ' ਦੀ ਸ਼ੂਟਿੰਗ ਹੋਈ ਸੀ। ਇਨ੍ਹਾਂ ਫ਼ਿਲਮਾਂ ਨੂੰ ਕੌਮਾਂਤਰੀ ਪੱਧਰ 'ਤੇ ਪ੍ਰਸਿੱਧੀ ਹਾਸਲ ਹੁੰਦੀ ਦੇਖ ਕੇ ਸਿਧਾਰਥ ਨੇ ਉੱਚ ਪੱਧਰੀ ਫ਼ਿਲਮਾਂ ਬਣਾਉਣ ਦਾ ਸੁਪਨਾ ਉਦੋਂ ਹੀ ਲੈ ਲਿਆ ਸੀ ਅਤੇ ਆਪਣੇ ਇਸ ਸੁਪਨੇ ਨੂੰ ਪੂਰਾ ਕਰਨ ਦੀ ਸ਼ੁਰੂਆਤ ਉਨ੍ਹਾਂ ਨੇ 'ਧੱਪਾ' ਤੋਂ ਕੀਤੀ ਹੈ।

ਏ. ਕੇ. ਬੀਰ ਦੀ ਅੰਤਰਧਵਨੀ

ਕੈਮਰਾਮੈਨ-ਨਿਰਦੇਸ਼ਕ ਏ. ਕੇ. ਬੀਰ ਦਾ ਨਾਂਅ ਕਲਾ ਫਿਮਲਾਂ ਦੇ ਖੇਤਰ ਵਿਚ ਕਾਫੀ ਵੱਡਾ ਹੈ। '27 ਡਾਊਨ', 'ਘਰੌਂਦਾ', 'ਗੋਧੂਲੀ', 'ਦੂਰੀਆਂ', 'ਪੋਸਤਨਜੀ', 'ਦਾਸੀ' ਸਮੇਤ ਕਈ ਫ਼ਿਲਮਾਂ ਨੂੰ ਇਨ੍ਹਾਂ ਨੇ ਆਪਣੀ ਫੋਟੋਗ੍ਰਾਫ਼ੀ ਦੇ ਕਮਾਲ ਨਾਲ ਸਜਾਇਆ ਤੇ 'ਆਦਿ ਮਿਮਾਂਸਾ', 'ਬਾਜਾ', 'ਲਾਵਣਿਆ ਪ੍ਰੀਤੀ' ਵਗੈਰਾ ਫ਼ਿਲਮਾਂ ਨਿਰਦੇਸ਼ਿਤ ਕਰ ਕੇ ਕਈ ਵੱਡੇ ਪੁਰਸਕਾਰ ਵੀ ਜਿੱਤੇ। ਹੁਣ ਜਨਾਬ ਬੀਰ ਨੇ 'ਅੰਤਰਧਵਨੀ' ਨਿਰੇਦਸ਼ਿਤ ਕੀਤੀ ਹੈ ਅਤੇ ਇਸ ਵਿਚ ਆਪਣੀ ਅੰਤਰ ਆਤਮਾ ਦੀ ਆਵਾਜ਼ ਸੁਣਨ ਦੀ ਗੱਲ ਕਹੀ ਗਈ ਹੈ।
ਰਾਜੇਸ਼ ਕੁਮਾਰ ਮੋਹੰਤੀ ਵਲੋਂ ਬਣਾਈ ਇਸ ਫ਼ਿਲਮ ਵਿਚ ਸਵਪਨਾ ਪਤੀ, ਗੌਰਵ ਪਾਸਵਾਲਾ, ਦੀਪਕ ਦਾਮਲੇ, ਚੈਤਨਿਆ ਸੋਲਨਕਰ ਤੇ ਤਲਵਿੰਦਰ ਸਿੰਘ ਨੇ ਅਭਿਨੈ ਕੀਤਾ ਹੈ ਅਤੇ ਇਹ ਮੁੰਬਈ, ਉੱਤਰਾਖੰਡ ਤੇ ਉੜੀਸ਼ਾ ਵਿਚ ਫ਼ਿਲਮਾਈ ਗਈ ਹੈ। ਇਥੇ ਸ਼ਾਂਤਨੂ ਨਾਮੀ ਇਕ ਇਸ ਤਰ੍ਹਾਂ ਦੇ ਮੁੰਡੇ ਦੀ ਕਹਾਣੀ ਪੇਸ਼ ਕੀਤੀ ਗਈ ਹੈ ਜਿਸ ਨੂੰ ਕਾਲਜ ਵਿਚ ਪੜ੍ਹਾਈ ਦੌਰਾਨ ਇਕ ਕੁੜੀ ਨਾਲ ਪਿਆਰ ਹੋ ਜਾਂਦਾ ਹੈ। ਬਾਅਦ ਵਿਚ ਜਦੋਂ ਉਹ ਕੁੜੀ ਉਸ ਤੋਂ ਦੂਰ ਚਲੀ ਜਾਂਦੀ ਹੈ ਤਾਂ ਸ਼ਾਂਤਨੂ ਦੇ ਅੰਦਰ ਦਾ ਸ਼ੈਤਾਨ ਜਾਗ ਉੱਠਦਾ ਹੈ ਅਤੇ ਇਸ ਸ਼ੈਤਾਨ ਦੀ ਬਦੌਲਤ ਸ਼ਾਂਤਨੂੰ ਦੀ ਜ਼ਿੰਦਗੀ ਕਿੰਨੀ ਬਦਲ ਜਾਂਦੀ ਹੈ, ਇਹ ਇਸ ਵਿਚ ਦਿਖਾਇਆ ਗਿਆ ਹੈ। ਅਪੂਰਵਾ ਕਿਸ਼ੋਰ ਬੀਰ ਉਰਫ਼ ਏ. ਕੇ. ਬੀਰ ਅਨੁਸਾਰ ਇਸ ਕਹਾਣੀ ਦਾ ਖਿਆਲ ਤਕਰੀਬਨ ਚਾਰ ਸਾਲ ਪਹਿਲਾਂ ਉਨ੍ਹਾਂ ਨੂੰ ਉਦੋਂ ਆਇਆ ਜਦੋਂ ਉਹ ਉਪਨਿਸ਼ਦ ਪੜ੍ਹ ਰਹੇ ਸਨ। ਇਸ ਵਿਚੋਂ ਉਨ੍ਹਾਂ ਨੇ ਇਕ ਪੰਕਤੀ ਪੜ੍ਹੀ ਕਿ ਜ਼ਿੰਦਗੀ ਅਤੇ ਸਾਹ ਦਾ ਨਾਤਾ ਮੌਤ ਤੱਕ ਰਹਿੰਦਾ ਹੈ। ਜਦੋਂ ਇਹ ਦੋਵੇਂ ਇਕੱਠੇ ਹੁੰਦੇ ਹਨ ਮੌਤ ਇਨ੍ਹਾਂ ਤੋਂ ਜਿੱਤ ਨਹੀਂ ਸਕਦੀ। ਇਸ ਪੰਕਤੀ ਤੋਂ ਪ੍ਰੇਰਿਤ ਹੋ ਕੇ ਉਨ੍ਹਾਂ ਦੀ ਇਹ ਫ਼ਿਲਮ ਬਣ ਕੇ ਤਿਆਰ ਹੈ ਅਤੇ ਆਪਣੀਆਂ ਪਹਿਲਾਂ ਦੀਆਂ ਫ਼ਿਲਮਾਂ ਦੀ ਤਰ੍ਹਾਂ ਉਹ ਇਸ ਨੂੰ ਕਈ ਅੰਤਰਰਾਸ਼ਟਰੀ ਫ਼ਿਲਮ ਸਮਾਰੋਹਾਂ ਵਿਚ ਭੇਜਣਗੇ ਅਤੇ ਉਸ ਤੋਂ ਬਾਅਦ ਭਾਰਤ ਵਿਚ ਇਸ ਨੂੰ ਪ੍ਰਦਰਸ਼ਿਤ ਕਰਨਗੇ।

ਏਕਤਾ ਕਪੂਰ ਦੀ ਨਵੀਂ ਸਰਗਰਮੀ

ਇਕ ਜ਼ਮਾਨੇ ਵਿਚ ਏਕਤਾ ਕਪੂਰ ਨੇ ਧੜੱਲੇ ਨਾਲ ਲੜੀਵਾਰਾਂ ਦਾ ਨਿਰਮਾਣ ਕੀਤਾ ਸੀ। ਹੁਣ ਜਦੋਂ ਵੈੱਬ ਸੀਰੀਜ਼ ਦਾ ਦੌਰ ਸ਼ੁਰੂ ਹੋਇਆ ਹੈ ਤਾਂ ਆਪਣੀ ਉਹੀ ਪੁਰਾਣੀ ਨੀਤੀ ਅਪਣਾਉਂਦੇ ਹੋਏ ਉਹ ਵੈੱਬ ਸੀਰੀਜ਼ ਵੀ ਲਗਾਤਾਰ ਬਣਾਈ ਜਾ ਰਹੀ ਹੈ। 'ਬੌਸ-ਡੈੱਡ ਅਲਾਈਵ', 'ਹੱਕ ਸੇ', 'ਹੋਮ', 'ਹਮ', 'ਦ ਗ੍ਰੇਟ ਇੰਡੀਅਨ ਡਾਈਫੰਕਸ਼ਨਲ ਫੈਮਿਲੀ' ਸਮੇਤ ਹੋਰ ਵੈੱਬ ਸੀਰੀਜ਼ ਦਾ ਨਿਰਮਾਣ ਕਰਨ ਵਾਲੀ ਏਕਤਾ ਹੁਣ 'ਬ੍ਰੋਕਨ ਬਟ ਬਿਊਟੀਫਲ' ਦੇ ਰੂਪ ਵਿਚ ਨਵੀਂ ਵੈੱਬ ਸੀਰੀਜ਼ ਲੈ ਆਈ ਹੈ। ਇਸ ਦਾ ਨਿਰਮਾਣ ਸਰਿਤਾ ਤੰਵਰ ਦੇ ਨਾਲ ਕੀਤਾ ਗਿਆ ਹੈ। ਅੰਗਰੇਜ਼ੀ ਫ਼ਿਲਮ ਮੈਗਜ਼ੀਨ 'ਸਟਾਰ ਡਸਟ' ਦੀ ਸੰਪਾਦਿਕਾ ਰਹਿ ਚੁੱਕੀ ਸਰਿਤਾ ਨੇ ਹੁਣ ਫ਼ਿਲਮ ਮੈਗਜ਼ੀਨ ਨੂੰ ਅਲਵਿਦਾ ਕਹਿ ਕੇ ਵੈੱਬ ਸੀਰੀਜ਼ ਨਿਰਮਾਣ ਵਲ ਆਪਣੇ ਕਦਮ ਵਧਾ ਲਏ ਹਨ ਅਤੇ ਬਤੌਰ ਨਿਰਮਾਤਰੀ ਇਹ ਉਨ੍ਹਾਂ ਦੀ ਪਹਿਲੀ ਵੈੱਬ ਸੀਰੀਜ਼ ਹੈ। ਵਿਕਰਾਂਤ ਮੈਸੀ, ਸਿਮਰਨ ਕੌਰ ਮੁੰਡੀ, ਹਰਲੀਨ ਕੌਰ, ਸ਼ੀਤਲ ਠਾਕੁਰ, ਆਕ੍ਰਿਤੀ ਸਿੰਘ ਆਦਿ ਦੇ ਅਭਿਨੈ ਨਾਲ ਸਜੀ ਗਿਆਰਾਂ ਐਪੀਸੋਡ ਵਾਲੀ ਇਸ ਸੀਰੀਜ਼ ਬਾਰੇ ਏਕਤਾ ਕਪੂਰ ਦਾ ਕਹਿਣਾ ਹੈ ਕਿ ਇਸ ਵਿਚ ਦਿਲ ਟੁੱਟਣ 'ਤੇ ਜਸ਼ਨ ਮਨਾਉਣ ਦੀ ਗੱਲ ਕੀਤੀ ਗਈ ਹੈ।
ਇਸ ਸੀਰੀਜ਼ ਦੀ ਖ਼ਾਸ ਗੱਲ ਇਹ ਹੈ ਕਿ ਇਸ ਨੂੰ ਮਧੁਰ ਗੀਤਾਂ ਨਾਲ ਸਜਾਇਆ ਗਿਆ ਹੈ। ਇਨ੍ਹਾਂ ਗੀਤਾਂ ਲਈ ਸ਼੍ਰੇਆ ਘੋਸ਼ਾਲ, ਪਾਪੋਨ ਤੇ ਪੰਜਾਬ ਦੀ ਗਾਇਕਾ ਪੂਜਾ ਕੁਮਾਰ ਨੇ ਆਵਾਜ਼ ਦਿੱਤੀ ਹੈ। ਖ਼ਾਸ ਕਰਕੇ ਪੂਜਾ ਕੁਮਾਰ ਵਲੋਂ ਗਾਇਆ ਗੀਤ 'ਸੋਹਣਿਆ...' ਵਿਚ ਹਰਮਨ ਪਿਆਰੇ ਹੋਣ ਦੇ ਸਾਰੇ ਗੁਣ ਮੌਜੂਦ ਹਨ।
ਫ਼ਿਲਮ ਪੱਤਰਕਾਰਤਾ ਦਾ ਲੰਬਾ ਅਨੁਭਵ ਹੋਣ ਦੇ ਨਾਤੇ ਸਰਿਤਾ ਕੋਲ ਬਾਲੀਵੁੱਡ ਦੀਆਂ ਅੰਤਰੰਗ ਕਹਾਣੀਆਂ ਦਾ ਖਜ਼ਾਨਾ ਹੈ ਪਰ ਸਰਿਤਾ ਅਨੁਸਾਰ ਉਨ੍ਹਾਂ ਵਿਚੋਂ ਕੋਈ ਵੀ ਕਹਾਣੀ ਇਸ ਸੀਰੀਜ਼ ਵਿਚ ਪੇਸ਼ ਨਹੀਂ ਕੀਤੀ ਗਈ ਹੈ। ਇਸ ਵਿਚ ਜੋ ਦ੍ਰਿਸ਼ ਹਨ, ਉਨ੍ਹਾਂ ਵਿਚੋਂ ਕੁਝ ਸਰਿਤਾ ਦੀ ਆਪਣੀ ਜ਼ਿੰਦਗੀ ਵਿਚੋਂ ਹਨ ਤੇ ਕੁਝ ਏਕਤਾ ਦੀ। ਆਮ ਤੌਰ 'ਤੇ ਵੈੱਬ ਸੀਰੀਜ਼ ਵਿਚ ਬੋਲਡ ਦ੍ਰਿਸ਼ ਜਾਂ ਗਾਲੀ-ਗਲੋਚ ਹੋਣਾ ਆਮ ਗੱਲ ਹੈ ਪਰ ਇਹ ਲੜੀ ਕਾਫੀ ਸੁਥਰੀ ਹੈ। ਖ਼ੁਦ ਏਕਤਾ ਇਹ ਮੰਨਦੀ ਹੈ ਕਿ ਇਹ ਸੀਰੀਜ਼ ਉਸ ਦੀ ਹੋਰ ਲੜੀਆਂ ਦੇ ਮੁਕਾਬਲੇ ਸਾਫ-ਸੁਥਰੀ ਹੈ ਅਤੇ ਇਸ ਦਾ ਸਿਹਰਾ ਸਰਿਤਾ ਨੂੰ ਜਾਣਾ ਚਾਹੀਦਾ ਹੈ ਕਿਉਂਕਿ ਉਹ ਕਹਾਣੀ ਦੇ ਦਮ 'ਤੇ ਆਪਣੀ ਸੀਰੀਜ਼ ਨੂੰ ਹਰਮਨਪਿਆਰਾ ਬਣਾਉਣਾ ਚਾਹੁੰਦੀ ਹੈ ਨਾ ਕਿ ਬਾਜ਼ਾਰੂ ਟੋਟਕੇ ਅਜ਼ਮਾ ਕੇ।


-ਮੁੰਬਈ ਪ੍ਰਤੀਨਿਧ

ਬਹੁਤ ਕੁਝ ਕਰਨ ਦੀ ਤਮੰਨਾ ਰੱਖਦੀ ਹੈ : ਅਨੁਪਮਾ ਸੋਨੀ

ਮਿਸਜ਼ ਏਸ਼ੀਆ ਇੰਟਰਨੈਸ਼ਨਲ-2018 ਦਾ ਤਾਜ ਹਾਸਲ ਕਰਨ ਵਿਚ ਕਾਮਯਾਬ ਰਹੀ ਅਨੁਪਮਾ ਸੋਨੀ ਜੈਪੁਰ ਦੀ ਰਹਿਣ ਵਾਲੀ ਹੈ ਅਤੇ ਉਹ ਦੰਦਾਂ ਦੀ ਡਾਕਟਰ ਹੈ। ਕੋਟਾ ਵਿਚ ਜਨਮੀ ਅਨੁਪਮਾ ਜਦੋਂ ਕਾਲਜ ਵਿਚ ਪੜ੍ਹਾਈ ਕਰ ਰਹੀ ਸੀ ਤਾਂ ਉਦੋਂ ਸੁੰਦਰਤਾ ਮੁਕਾਬਲੇ ਵਿਚ ਹਿੱਸਾ ਲੈਣ ਦੀ ਇੱਛਾ ਹੋਈ ਸੀ ਪਰ ਘਰ ਵਾਲਿਆਂ ਨੇ ਕੋਈ ਖ਼ਾਸ ਹੁੰਗਾਰਾ ਨਹੀਂ ਦਿੱਤਾ ਸੀ। ਖੁਸ਼ਨਸੀਬੀ ਨਾਲ ਵਿਆਹ ਤੋਂ ਬਾਅਦ ਪਤੀ ਅਤੇ ਸਹੁਰੇ ਪਰਿਵਾਰ ਵਲੋਂ ਚੰਗਾ ਹੁੰਗਾਰਾ ਮਿਲਿਆ ਤੇ ਪਹਿਲਾਂ ਉਹ ਮਿਸਜ਼ ਰਾਜਸਥਾਨ ਦਾ ਤਾਜ ਜਿੱਤਣ ਵਿਚ ਕਾਮਯਾਬ ਰਹੀ, ਫਿਰ ਮਿਸਜ਼ ਇੰਡੀਆ ਅਤੇ ਹੁਣ ਮਿਸਜ਼ ਏਸ਼ੀਆ ਸੁੰਦਰਤਾ ਮੁਕਾਬਲਾ ਜਿੱਤੀ ਹੈ। ਅੱਜ ਉਹ ਕਈ ਵਿਆਹੁਤਾ ਔਰਤਾਂ ਲਈ 'ਰੋਲ ਮਾਡਲ' ਬਣ ਗਈ ਹੈ ਪਰ ਅਨੁਪਮਾ ਖ਼ੁਦ ਇਹ ਗੱਲ ਕਬੂਲ ਕਰਦੀ ਹੈ ਕਿ ਦੂਜਿਆਂ ਤੋਂ ਪ੍ਰੇਰਨਾ ਲੈ ਕੇ ਉਹ ਜ਼ਿੰਦਗੀ ਵਿਚ ਅੱਗੇ ਵਧਦੀ ਆਈ ਹੈ। ਉਹ ਕਹਿੰਦੀ ਹੈ, 'ਜਦੋਂ ਮੈਂ ਪੜ੍ਹਾਈ ਕਰ ਰਹੀ ਸੀ, ਉਦੋਂ ਸੁਸ਼ਮਿਤਾ ਸੇਨ ਤੋਂ ਬਹੁਤ ਪ੍ਰਭਾਵਿਤ ਸੀ। ਖ਼ਾਸ ਕਰਕੇ ਉਸ ਦੇ ਆਤਮਵਿਸ਼ਵਾਸ ਨੂੰ ਦੇਖ ਕੇ ਮੈਨੂੰ ਕਾਫੀ ਪ੍ਰੇਰਨਾ ਮਿਲੀ। ਮੈਂ ਪ੍ਰਿਅੰਕਾ ਚੋਪੜਾ ਤੋਂ ਵੀ ਪ੍ਰਭਾਵਿਤ ਰਹੀ ਹਾਂ। ਛੋਟੇ ਸ਼ਹਿਰ ਤੋਂ ਆਈ ਪ੍ਰਿਅੰਕਾ ਅੱਜ ਹਾਲੀਵੁੱਡ ਵਿਚ ਆਪਣੀ ਥਾਂ ਬਣਾਉਣ ਵਿਚ ਕਾਮਯਾਬ ਰਹੀ ਹੈ। ਉਹ ਆਪਣੇ-ਆਪ ਵਿਚ ਆਈਕੋਨ ਹੈ। ਅੱਜ ਜਦੋਂ ਔਰਤਾਂ ਮੈਨੂੰ ਸੁੰਦਰਤਾ ਮੁਕਾਬਲੇ ਬਾਰੇ ਪੁੱਛਦੀਆਂ ਹਨ ਤਾਂ ਮੇਰਾ ਇਹ ਜਵਾਬ ਹੁੰਦਾ ਹੈ ਕਿ ਮੌਕਾ ਮਿਲਣ 'ਤੇ ਕਿਸੇ ਵੀ ਮੁਕਾਬਲੇ ਵਿਚ ਹਿੱਸਾ ਲੈਣਾ ਚਾਹੀਦਾ ਹੈ। ਇਸ ਨਾਲ ਆਤਮਵਿਸ਼ਵਾਸ ਵੱਧਦਾ ਹੈ। ਸੁੰਦਰਤਾ ਮੁਕਾਬਲੇ ਦੀ ਬਦੌਲਤ ਸਟਾਈਲਿੰਗ, ਗਰੂਮਿੰਗ, ਮੇਕਅੱਪ ਆਦਿ ਬਾਰੇ ਵੀ ਬਹੁਤ ਜਾਣਨ ਨੂੰ ਮਿਲਦਾ ਹੈ।' ਸੁਸ਼ਮਿਤਾ, ਪ੍ਰਿਅੰਕਾ ਤੋਂ ਪ੍ਰਭਾਵਿਤ ਅਨੁਪਮਾ ਹੁਣ ਖ਼ੁਦ ਉਨ੍ਹਾਂ ਦੀ ਤਰ੍ਹਾਂ ਸਮਾਜ ਸੇਵਾ ਦੇ ਕੰਮ ਵਿਚ ਆਪਣਾ ਯੋਗਦਾਨ ਦੇਣ ਲੱਗੀ ਹੈ। ਰਾਜਸਥਾਨ ਸਰਕਾਰ ਵਲੋਂ ਉਸ ਨੂੰ ਸੜਕ ਸੁਰੱਖਿਆ ਦੀ ਅੰਬੈਸਡਰ ਦੇ ਤੌਰ 'ਤੇ ਨਿਯੁਕਤ ਕੀਤਾ ਗਿਆ ਹੈ। ਕਿਉਂਕਿ ਉਹ ਮਿਸਜ਼ ਫੋਟੋਜਨਿਕ ਵੀ ਚੁਣੀ ਗਈ ਸੀ, ਇਸ ਵਜ੍ਹਾ ਕਰਕੇ ਉਹ ਹੁਣ ਮਾਡਲਿੰਗ ਵਿਚ ਵੀ ਅੱਗੇ ਆਉਣਾ ਚਾਹੁੰਦੀ ਹੈ ਅਤੇ ਅਭਿਨੈ ਵਿਚ ਵੀ ਆਪਣੀ ਤਕਦੀਰ ਅਜ਼ਮਾਉਣਾ ਚਾਹੁੰਦੀ ਹੈ। ਉਨ੍ਹਾਂ ਦੀ ਇੱਛਾ ਦੇਸ਼ ਦੀ ਕਿਸੇ ਨਾਮੀ ਔਰਤ 'ਤੇ ਬਣਨ ਵਾਲੀ ਬਾਇਓਪਿਕ ਵਿਚ ਮੁੱਖ ਭੂਮਿਕਾ ਨਿਭਾਉਣ ਦੀ ਹੈ।


-ਮੁੰਬਈ ਪ੍ਰਤੀਨਿਧ

ਗਾਇਕ ਤੇ ਗੀਤਕਾਰ ਬਿੰਦ ਸਿੰਘ

ਗਾਇਕੀ ਤੇ ਗੀਤਕਾਰੀ ਦੇ ਸੰਘਰਸ਼ ਭਰੇ ਖੇਤਰ ਵਿਚ ਥੋੜ੍ਹੇ ਸਮੇਂ ਵਿਚ ਹੀ ਨਾਮਣਾ ਖੱਟਣ ਵਾਲੇ ਗਾਇਕ ਤੇ ਗੀਤਕਾਰ ਬਿੰਦ ਸਿੰਘ (ਹਰਬਰਿੰਦਰ ਸਿੰਘ) ਦਾ ਜਨਮ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਧਨੇਲ ਵਿਖੇ ਪਿਤਾ ਸ: ਪਿਆਰਾ ਸਿੰਘ ਦੇ ਗ੍ਰਹਿ ਵਿਖੇ ਮਾਤਾ ਚਰਨ ਕੌਰ ਦੀ ਕੁੱਖੋਂ ਹੋਇਆ। ਬਿੰਦ ਸਿੰਘ ਨੇ 10+2 ਤੱਕ ਦੀ ਪੜ੍ਹਾਈ ਗੁਰੂ ਕੇ ਬੇਰ ਸਕੂਲ ਪਿੰਡ ਬੋਪਾਰਾਏ (ਅੰਮ੍ਰਿਤਸਰ) ਤੋਂ ਕਰਨ ਉਪਰੰਤ ਰਿਆਤ ਐਂਡ ਬਾਹਰਾ ਕਾਲਜ, ਰੈਲ ਮਾਜਰਾ (ਰੋਪੜ) ਤੋਂ ਫਾਰਮੇਸੀ ਦੀ ਡਿਗਰੀ ਹਾਸਲ ਕੀਤੀ। ਬਿੰਦ ਸਿੰਘ ਨੇ ਇਸ ਖੇਤਰ ਵਿਚ ਸੰਗੀਤ ਦੀ ਅਧਿਆਪਕਾ ਮੈਡਮ ਰਿਤੂ ਰਾਜਪੁਰਾ ਤੋਂ ਤਾਲੀਮ ਲੈਣੀ ਆਰੰਭ ਕੀਤੀ। ਬਿੰਦ ਸਿੰਘ ਨੇ 2014 ਵਿਚ ਆਪਣੇ ਲਿਖੇ ਧਾਰਮਿਕ ਗੀਤ 'ਬਾਬਾ ਨਾਨਕ' ਨਾਲ ਗਾਇਕੀ ਤੇ ਗੀਤਕਾਰੀ ਦੇ ਖੇਤਰ ਵਿਚ ਪ੍ਰਵੇਸ਼ ਕੀਤਾ ਤੇ ਬਾਅਦ ਵਿਚ ਰੌਮਾਂਟਿਕ ਗੀਤ 'ਅੱਖੀਆਂ' ਨਾਲ ਆਪਣੀ ਪਹਿਚਾਣ 'ਚ ਹੋਰ ਵਾਧਾ ਕਰ ਲਿਆ। ਬਿੰਦ ਸਿੰਘ ਦੇ ਲਿਖੇ ਗੀਤ 'ਇਫ਼ ਆਈ ਲਵ ਯੂ' ਨੂੰ ਰੌਸ਼ਨ ਪ੍ਰਿੰਸ ਅਤੇ 'ਸਾਡਾ ਹੋ ਜਾ ਵੇ ਤੂੰ ਯਾਰਾ' ਨੂੰ ਗਾਇਕ ਦਿਲਜਾਨ ਵਲੋਂ ਗਾਏ ਜਾਣ ਨਾਲ ਬਿੰਦ ਸਿੰਘ ਉੱਭਰ ਰਹੇ ਗੀਤਕਾਰ ਵਜੋਂ ਵੀ ਚਰਚਿਤ ਹੋਇਆ ਹੈ। ਬਿੰਦ ਸਿੰਘ ਦੇ ਧਾਰਮਿਕ ਗੀਤ 'ਬਾਬਾ ਨਾਨਕ' ਦੀ ਪੀ.ਟੀ.ਸੀ. ਪੰਜਾਬੀ ਮਿਊਜ਼ਿਕ ਐਵਾਰਡ 'ਚ ਬੈਸਟ ਗੀਤਕਾਰ ਵਜੋਂ ਨਾਮੀਨੇਸ਼ਨ ਹੋਣ ਨਾਲ ਉਸ ਨੇ ਗਾਇਕੀ ਤੇ ਗੀਤਕਾਰ ਦੇ ਖੇਤਰ 'ਚ ਨਵੀਂ ਪੁਲਾਂਘ ਪੁੱਟੀ। ਬਿੰਦ ਸਿੰਘ ਨੇ ਦੱਸਿਆ ਕਿ ਉਹ ਜਲਦ ਹੀ ਨਵੇਂ ਗੀਤ 'ਚੁੰਨੀਆਂ' ਅਤੇ 'ਪਾਗਲ' ਨਾਲ ਹਾਜ਼ਰੀ ਲਵਾਉਣ ਜਾ ਰਿਹਾ ਹੈ। ਉਸ ਨੇ ਕਿਹਾ ਕਿ ਗੀਤਕਾਰੀ ਤੇ ਗਾਇਕੀ ਦੇ ਖੇਤਰ 'ਚ ਮੈਂ ਹਮੇਸ਼ਾ ਪੰਜਾਬੀ ਮਾਂ-ਬੋਲੀ ਦੀ ਸੇਵਾ ਨੂੰ ਸਮਰਪਿਤ ਰਹਾਂਗਾ।


-ਲਖਵਿੰਦਰ ਸਿੰਘ ਧਾਲੀਵਾਲ,
ਪਿੰਡ ਤੇ ਡਾਕ : ਗੋਗੋ, ਜ਼ਿਲ੍ਹਾ ਹੁਸ਼ਿਆਰਪੁਰ।

ਫ਼ਿਲਮੀ ਖ਼ਬਰਾਂ

ਮਾਰਚ ਤੋਂ ਅਭਿਨੈ ਵਿਚ ਰੁੱਝੀ ਹੋਵੇਗੀ ਦੀਪਿਕਾ

ਰਣਵੀਰ ਸਿੰਘ ਨਾਲ ਵਿਆਹ ਕਰਾ ਲੈਣ ਤੋਂ ਬਾਅਦ ਦੀਪਿਕਾ ਪਾਦੂਕੋਨ ਅਗਲੇ ਸਾਲ ਦੇ ਮਾਰਚ ਮਹੀਨੇ ਤੋਂ ਫਿਰ ਇਕ ਵਾਰ ਅਭਿਨੈ ਵਿਚ ਵਾਪਸੀ ਕਰ ਲਵੇਗੀ ਅਤੇ ਮੇਘਨਾ ਗੁਲਜ਼ਾਰ ਵਲੋਂ ਨਿਰਦੇਸ਼ਿਤ ਕੀਤੀ ਜਾਣ ਵਾਲੀ ਫ਼ਿਲਮ ਤੋਂ ਉਹ ਕੰਮ ਕਰਨਾ ਸ਼ੁਰੂ ਕਰ ਦੇਵੇਗੀ। ਇਸ ਫ਼ਿਲਮ ਵਿਚ ਉਹ ਅਸਲ ਜ਼ਿੰਦਗੀ ਤੋਂ ਪ੍ਰੇਰਿਤ ਇਕ ਕੁੜੀ ਦਾ ਕਿਰਦਾਰ ਨਿਭਾਏਗੀ ਜੋ ਤੇਜ਼ਾਬ ਹਮਲੇ ਦਾ ਸ਼ਿਕਾਰ ਹੋਈ ਸੀ।

-ਪੰਨੂੰ

ਫ਼ਿਲਮੀ ਖ਼ਬਰਾਂ

'ਸਿੰਘਮ' ਹੁਣ ਪੰਜਾਬੀ ਵਿਚ

ਰੋਹਿਤ ਸ਼ੈਟੀ ਵਲੋਂ ਨਿਰਦੇਸ਼ਿਤ ਅਤੇ ਅਜੈ ਦੇਵਗਨ ਦੇ ਅਭਿਨੈ ਵਾਲੀ ਇਸ ਫ਼ਿਲਮ ਨੂੰ ਹੁਣ ਪੰਜਾਬੀ ਵਿਚ ਬਣਾਇਆ ਜਾ ਰਿਹਾ ਹੈ ਅਤੇ ਇਸ ਦਾ ਨਿਰਮਾਣ ਭੂਸ਼ਣ ਕੁਮਾਰ, ਅਜੈ ਦੇਵਗਨ ਤੇ ਕੁਮਾਰ ਮੰਗਤ ਵਲੋਂ ਮਿਲ ਕੇ ਕੀਤਾ ਜਾ ਰਿਹਾ ਹੈ। ਇਹ ਨਵਨਿਆਤ ਸਿੰਘ ਵਲੋਂ ਨਿਰਦੇਸ਼ਿਤ ਕੀਤੀ ਜਾ ਰਹੀ ਹੈ ਅਤੇ ਇਸ ਦੇ ਮੁੱਖ ਕਲਾਕਾਰ ਹਨ ਪਰਮੀਸ਼ ਵਰਮਾ, ਸੋਨਮ ਬਾਜਵਾ ਅਤੇ ਕਰਤਾਰ ਚੀਮਾ।

-ਪੰਨੂੰ


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX