ਤਾਜਾ ਖ਼ਬਰਾਂ


ਸ਼੍ਰੋਮਣੀ ਕਮੇਟੀ ਦੀਆ ਚੋਣਾਂ ਡਟ ਕੇ ਲੜਾਂਗੇ : ਬ੍ਰਹਮਪੁਰਾ
. . .  5 minutes ago
ਅੰਮ੍ਰਿਤਸਰ, 14 ਦਸੰਬਰ (ਰਾਜੇਸ਼ ਕੁਮਾਰ) : ਅਕਾਲੀ ਦਲ ਤੋਂ ਵੱਖਰੇ ਹੋਏ ਟਕਸਾਲੀ ਆਗੂ ਰਣਜੀਤ ਸਿੰਘ ਬ੍ਰਹਮਪੁਰਾ ਨੇ ਅੱਜ ਇੱਥੇ ਪ੍ਰੈੱਸ ਕਾਨਫ਼ਰੰਸ ਦੌਰਾਨ ਐਲਾਨ ਕੀਤਾ ਕਿ ਉਹ ਆਪਣੇ ਸਾਥੀਆਂ ਨਾਲ ਸ਼੍ਰੋਮਣੀ ਕਮੇਟੀ ਦੀਆ ਚੋਣਾਂ ਲੜਨਗੇ । ਇਸ ਦੇ ਨਾਲ ਹੀ ਉਨ੍ਹਾਂ ....
ਬ੍ਰਹਮਪੁਰਾ, ਅਜਨਾਲਾ, ਸੇਖਵਾਂ ਵੱਲੋਂ ਨਵੀ ਬਣਾਈ ਪਾਰਟੀ ਦੇ ਮੁਤੱਲਕ ਪ੍ਰੈੱਸ ਕਾਨਫ਼ਰੰਸ ਆਯੋਜਿਤ
. . .  49 minutes ago
ਅੰਮ੍ਰਿਤਸਰ, 14 ਦਸੰਬਰ (ਰਾਜੇਸ਼ ਕੁਮਾਰ) : ਅਕਾਲੀ ਦਲ ਤੋਂ ਵੱਖਰੇ ਹੋਏ ਟਕਸਾਲੀ ਆਗੂਆਂ ਰਣਜੀਤ ਸਿੰਘ ਬ੍ਰਹਮਪੁਰਾ, ਸੇਵਾ ਸਿੰਘ ਸੇਖਵਾਂ, ਰਤਨ ਸਿੰਘ ਅਜਨਾਲਾ ਅਤੇ ਹੋਰ ਸਾਥੀ ਆਗੂਆਂ ਵੱਲੋਂ ਅੱਜ ਇੱਥੇ ਪ੍ਰੈੱਸ
ਜੀ.ਕੇ ਖਿਲਾਫ ਮਾਮਲਾ ਦਰਜ ਕਰਨ 'ਤੇ ਅਦਾਲਤ ਨੇ ਲਗਾਈ ਰੋਕ
. . .  about 1 hour ago
ਨਵੀਂ ਦਿੱਲੀ, 14 ਦਸੰਬਰ (ਜਗਤਾਰ ਸਿੰਘ) - ਸੈਸ਼ਨ ਕੋਰਟ ਨੇ ਦਿੱਲੀ ਕਮੇਟੀ ਦੇ ਮੁਅੱਤਲ ਜਨਰਲ ਮੈਨੇਜਰ ਹਰਜੀਤ ਸਿੰਘ ਸੂਬੇਦਾਰ ਦੀ ਪਟੀਸ਼ਨ 'ਤੇ ਸੁਣਵਾਈ ਕਰਦੇ ਹੋਏ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਤੇ ਹੋਰਾਂ ਖਿਲਾਫ ਮਾਮਲਾ ਦਰਜ ਕਰਨ 'ਤੇ ਰੋਕ ਲਗਾ ਦਿੱਤੀ ਹੈ...
ਭਾਰਤ ਆਸਟ੍ਰੇਲੀਆ ਪਰਥ ਟੈਸਟ ਮੈਚ : ਆਸਟ੍ਰੇਲੀਆ ਨੇ ਪਹਿਲੇ ਦਿਨ ਦੀ ਖੇਡ ਖ਼ਤਮ ਹੋਣ ਤੱਕ 6 ਵਿਕਟਾਂ 'ਤੇ ਬਣਾਈਆਂ 277 ਦੌੜਾਂ
. . .  about 1 hour ago
ਭਾਰਤ ਆਸਟ੍ਰੇਲੀਆ ਪਰਥ ਟੈਸਟ ਮੈਚ : ਆਸਟ੍ਰੇਲੀਆ ਨੇ ਪਹਿਲੇ ਦਿਨ ਦੀ ਖੇਡ ਖ਼ਤਮ ਹੋਣ ਤੱਕ 6 ਵਿਕਟਾਂ 'ਤੇ ਬਣਾਈਆਂ 277 ਦੌੜਾਂ...
ਸਮਝੌਤੇ ਤੋਂ ਬਾਅਦ ਕੰਮ 'ਤੇ ਪਰਤੇ ਸੂਬੇ ਦੇ ਪਟਵਾਰੀ
. . .  about 1 hour ago
ਸੰਗਰੂਰ, 14 ਦਸੰਬਰ (ਧੀਰਜ ਪਸ਼ੋਰੀਆ)- ਜ਼ਿਲ੍ਹਾ ਪ੍ਰਸ਼ਾਸਨ ਬਠਿੰਡਾ ਵੱਲੋਂ ਸੰਘਰਸ਼ ਕਰ ਰਹੇ ਰਾਜ ਦੇ ਪਟਵਾਰੀਆਂ ਅਤੇ ਕਾਨੂੰਗੋਆਂ ਦੀਆਂ ਮੰਗਾਂ ਮੰਨ ਲਏ ਜਾਣ ਪਿੱਛੋਂ ਸੂਬੇ ਦੇ ਪਟਵਾਰੀ ਅਤੇ ਕਾਨੂੰਗੋ ਕੰਮ 'ਤੇ ਪਰਤ ਆਏ ਹਨ। ਐਸੋਸੀਏਸ਼ਨ ਦੇ ਆਗੂ ਦੀਦਾਰ ਸਿੰਘ .....
ਵਸਤਾਂ ਅਤੇ ਸੇਵਾਵਾਂ ਸੋਧ ਬਿਲ 2018 ਸੰਬੰਧੀ ਮਨਪ੍ਰੀਤ ਬਾਦਲ ਵੱਲੋਂ ਸਦਨ 'ਚ ਪੇਸ਼ ਕੀਤਾ ਗਿਆ ਪ੍ਰਸਤਾਵ
. . .  about 1 hour ago
ਪੰਚਾਇਤੀ ਰਾਜ ਸੋਧ ਬਿਲ 2018 ਪੰਜਾਬ ਵਿਧਾਨ ਸਭਾ 'ਚ ਪਾਸ
. . .  about 1 hour ago
ਸੰਵਿਧਾਨਿਕ ਮਜਬੂਰੀ ਦੇ ਚੱਲਦਿਆਂ ਪੰਚਾਇਤੀ ਚੋਣਾਂ ਅੱਗੇ ਨਹੀਂ ਪਾਈਆਂ ਜਾ ਸਕਦੀਆਂ- ਤ੍ਰਿਪਤ ਬਾਜਵਾ
. . .  about 1 hour ago
ਚੰਡੀਗੜ੍ਹ, 14 ਦਸੰਬਰ (ਵਿਕਰਮਜੀਤ ਸਿੰਘ ਮਾਨ)- ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਨੇ ਕਿਹਾ ਸੰਵਿਧਾਨਿਕ ਮਜਬੂਰੀ ਦੇ ਚੱਲਦਿਆਂ ਪੰਚਾਇਤੀ ਚੋਣਾਂ ਅੱਗੇ ਨਹੀਂ ਪਾਈਆਂ ਜਾ ਸਕਦੀਆਂ। ਉਨ੍ਹਾਂ ਕਿਹਾ ਕਿ 30 ਨੂੰ ਚੋਣਾਂ ਹਨ ਜਦਕਿ 28 ਨੂੰ ਸ਼ਹੀਦੀ ਦਿਵਸ....
ਟਕਸਾਲੀ ਆਗੂਆਂ ਨੂੰ ਨਵੀ ਪਾਰਟੀ ਦੇ ਗਠਨ ਤੋਂ ਪਹਿਲਾਂ ਮਿਲਿਆ ਭਰਵਾਂ ਹੁੰਗਾਰਾ
. . .  about 1 hour ago
ਅੰਮ੍ਰਿਤਸਰ, 14 ਦਸੰਬਰ (ਸੁਰਿੰਦਰਪਾਲ ਸਿੰਘ)- ਸਵ. ਮਨਜੀਤ ਸਿੰਘ ਕਲਕੱਤੇ ਦੇ ਬੇਟੇ ਗੁਰਪ੍ਰੀਤ ਸਿੰਘ ਕਲਕੱਤਾ ਅਤੇ ਪ੍ਰਦੀਪ ਸਿੰਘ ਵਾਲੀਆ ਆਪਣੇ ਸਾਥੀਆਂ ਸਮੇਤ ਟਕਸਾਲੀ ਆਗੂ ਰਣਜੀਤ ਸਿੰਘ ਬ੍ਰਹਮਪੁਰਾ, ਰਤਨ ਸਿੰਘ ਅਜਨਾਲਾ ਤੇ ਸੇਵਾ ਸਿੰਘ ਸੇਖਵਾਂ ਦੇ ਧੜੇ .....
ਪੰਚਾਇਤੀ ਰਾਜ ਸੋਧ ਬਿੱਲ ਪਾਸ ਕਰਨ ਮੌਕੇ ਨਾਗਰਾ ਅਤੇ ਮਜੀਠੀਆ ਵਿਚਾਲੇ ਤਿੱਖੀਆਂ ਝੜਪਾਂ
. . .  about 1 hour ago
ਹੋਰ ਖ਼ਬਰਾਂ..

ਖੇਡ ਜਗਤ

ਵਿਸ਼ਵ ਰੇਲਵੇ ਸਾਈਕਲਿੰਗ ਚੈਂਪੀਅਨਸ਼ਿਪ 'ਚ ਭਾਰਤ ਨੇ ਜਿੱਤੇ ਇਕ ਸੋਨ ਅਤੇ ਦੋ ਚਾਂਦੀ ਦੇ ਤਗਮੇ

ਭਾਰਤ ਅੰਦਰ ਜਿਥੇ ਖੇਡ ਫੈਡਰੇਸ਼ਨਾਂ ਅਤੇ ਰਾਜਾਂ ਦੀਆਂ ਖੇਡ ਐਸੋਸੀਏਸ਼ਨਾਂ ਖੇਡਾਂ ਦਾ ਆਯੋਜਨ ਕਰਦੀਆਂ ਹਨ, ਉੱਥੇ ਭਾਰਤ ਦੇ ਵੱਖ-ਵੱਖ ਵਿਭਾਗਾਂ ਦੀਆਂ ਖੇਡ ਐਸੋਸੀਏਸ਼ਨਾਂ ਵੀ ਖੇਡਾਂ ਨੂੰ ਪ੍ਰਫ਼ੁੱਲਿਤ ਕਰਨ ਲਈ ਟੂਰਨਾਮੈਂਟਾਂ ਦਾ ਆਯੋਜਨ ਕਰਵਾਉਂਦੀਆਂ ਹਨ | ਭਾਰਤੀ ਰੇਲਵੇ ਏਸ਼ੀਆ ਦਾ ਸਭ ਤੋਂ ਵੱਡਾ ਕਰਮਚਾਰੀਆਂ ਵਾਲਾ ਸੰਗਠਨ ਹੋਣ ਦੇ ਨਾਲ ਖੇਡਾਂ ਦੇ ਖੇਤਰ ਵਿਚ ਵੀ ਸਭ ਤੋਂ ਅੱਗੇ ਹੈ ਅਤੇ ਰੇਲਵੇ ਸੰਗਠਨ ਵਿਚ ਸਭ ਤੋਂ ਵੱਧ ਖਿਡਾਰੀ ਦੇਸ਼ ਲਈ ਖੇਡਦੇ ਹਨ, ਭਾਵੇਂ ਉਲੰਪਿਕ ਖੇਡਾਂ ਹੋਣ, ਭਾਵੇਂ ਏਸ਼ਿਆਈ ਖੇਡਾਂ ਹੋਣ, ਭਾਵੇਂ ਰਾਸ਼ਟਰਮੰਡਲ ਖੇਡਾਂ ਹੋਣ ਜਾਂ ਕੋਈ ਏਸ਼ੀਅਨ ਚੈਂਪੀਅਨਸ਼ਿਪ, ਏਸ਼ੀਆ ਕੱਪ ਟੂਰਨਾਮੈਂਟ ਹੋਣ, ਹਰ ਇਕ ਚੈਂਪੀਅਨਸ਼ਿਪ ਵਿਚ ਭਾਰਤੀ ਰੇਲਵੇ ਦੇ ਖਿਡਾਰੀਆਂ ਦੀ ਗਿਣਤੀ ਸਭ ਤੋਂ ਵੱਧ ਹੁੰਦੀ ਹੈ | ਭਾਰਤੀ ਰੇਲਵੇ ਦਾ ਖੇਡ ਪ੍ਰਬੰਧ ਰੇਲਵੇ ਸਪੋਰਟਸ ਪ੍ਰਮੋਸ਼ਨ ਬੋਰਡ ਕਰਦਾ ਹੈ ਤੇ ਖਿਡਾਰੀਆਂ ਨੂੰ ਹਰ ਪ੍ਰਕਾਰ ਦੀ ਸਹੂਲਤ ਮੁਹੱਈਆ ਕਰਵਾਉਂਦਾ ਹੈ | ਅਸੀਂ ਗ਼ੱਲ ਕਰ ਰਹੇ ਹਾਂ ਪਿਛਲੇ ਦਿਨੀਂ ਹੋਈ 13ਵੀਂ ਯੂ.ਐੱਸ.ਆਈ.ਸੀ. ਵਰਲਡ ਰੇਲਵੇ ਸਾਈਕਲਿੰਗ ਚੈਂਪੀਅਨਸ਼ਿਪ ਦੀ, ਜੋ 12 ਤੋਂ 16 ਨਵੰਬਰ ਤੱਕ ਬੀਕਾਨੇਰ ਵਿਖੇ ਕਰਵਾਈ ਗਈ | ਇਸ ਚੈਂਪੀਅਨਸ਼ਿਪ ਦਾ ਆਯੋਜਨ ਰੇਲਵੇ ਸਪੋਰਟਸ ਪ੍ਰਮੋਸ਼ਨ ਬੋਰਡ ਤੇ ਬੀਕਾਨੇਰ ਡਵੀਜ਼ਨ ਨੇ ਸਾਂਝੇ ਤੌਰ 'ਤੇ ਕੀਤਾ |
ਇਸ ਚੈਂਪੀਅਨਸ਼ਿਪ ਵਿਚ ਫ਼ਰਾਂਸ, ਨੀਦਰਲੈਂਡ, ਨਾਰਵੇ ਤੇੇ ਭਾਰਤ ਸਮੇਤ 7 ਟੀਮਾਂ ਦੇ 100 ਸਾਈਕਲਿਸਟਾਂ ਨੇ ਭਾਗ ਲਿਆ | ਇਹ ਚੈਂਪੀਅਨਸ਼ਿਪ ਯੂ.ਐੱਸ.ਆਈ.ਸੀ. ਰੇਲਵੇ ਸੰਗਠਨ ਦੀ ਅੰਤਰਰਾਸ਼ਟਰੀ ਖੇਡ ਸੰਸਥਾ ਦੇ ਅਧੀਨ ਕਰਵਾਈ ਗਈ | ਸਾਲ 1963 ਤੋਂ ਹਰ ਚਾਰ ਸਾਲਾਂ ਬਾਅਦ ਇਨ੍ਹਾਂ ਖੇਡਾਂ ਦਾ ਆਯੋਜਨ ਕਰਵਾਇਆ ਜਾਂਦਾ ਹੈ | ਇਸ ਖੇਡ ਸੰਸਥਾ ਦਾ ਮੁੱਖ ਟੀਚਾ ਉਲੰਪਿਕ ਪੱਧਰ ਦੀਆਂ ਖੇਡਾਂ ਲਈ ਰੇਲਵੇ ਦੇ ਖਿਡਾਰੀਆ ਨੂੰ ਉਤਸ਼ਾਹਿਤ ਕਰਨਾ ਹੈ | ਵਰਲਡ ਰੇਲਵੇ ਸਾਈਕਲਿੰਗ ਚੈਂਪੀਅਨਸ਼ਿਪ ਭਾਰਤ ਵਿਚ ਪਹਿਲੀ ਵਾਰ ਕਰਵਾਈ ਗਈ ਹੈ | ਵਰਲਡ ਰੇਲਵੇ ਸਾਈਕਲਿੰਗ ਚੈਂਪੀਅਨਸ਼ਿਪ 2012 ਵਿਚ ਭਾਰਤੀ ਰੇਲਵੇ ਦੀ ਟੀਮ ਨੇ ਇਕ ਕਾਂਸੀ ਦਾ ਤਗਮਾ ਜਿੱਤਿਆ ਸੀ ਅਤੇ ਉਸ ਤੋਂ ਬਾਅਦ ਪਹਿਲੀ ਵਾਰ ਭਾਰਤੀ ਰੇਲਵੇ ਨੇ ਇਕ ਸੋਨ ਅਤੇ ਦੋ ਚਾਂਦੀ ਦੇ ਤਗਮੇ ਜਿੱਤੇ ਹਨ | ਪਹਿਲੇ ਦਿਨ 40 ਕਿਲੋਮੀਟਰ ਟੀਮ ਟਾਈਮ ਟਰਾਇਲ ਈਵੈਂਟ ਵਿਚ ਫਰਾਂਸ ਦੀ ਟੀਮ ਨੇ ਸੋਨ, ਭਾਰਤ ਦੀ ਟੀਮ ਨੇ ਚਾਂਦੀ ਅਤੇ ਸਵਿਟਜ਼ਰਲੈਂਡ ਦੀ ਟੀਮ ਨੇ ਕਾਂਸੇ ਦਾ ਤਗਮਾ ਜਿੱਤਿਆ | ਦੂਜੇ ਦਿਨ 100 ਕਿਲੋਮੀਟਰ ਮਾਸਸਟਰਾਟ ਈਵੈਂਟ ਵਿਚ ਫਰਾਂਸ ਦੇ ਸਾਊਾਡ ਬ੍ਰੇਸ ਯੋਹਾਨ ਨੇ 2 ਘੰਟੇ 15 ਮਿੰਟ ਦਾ ਸਮਾਂ ਲੈ ਕੇ ਸੋਨ ਤਗਮਾ ਜਿੱਤਿਆ, ਸਵਿਜ਼ਰਲੈਂਡ ਦੇ ਮੁਲਾਰ ਬਰੇਗੇਨ ਨੇ ਚਾਂਦੀ ਅਤੇ ਚੈੱਕਗਣਰਾਜ ਦੇ ਪਟਾਕੀ ਟੋਮਾਸ ਨੇ ਕਾਂਸੀ ਦਾ ਤਗ਼ਮਾ ਜਿੱਤਿਆ ਅਤੇ ਭਾਰਤ ਦੇ ਅਰਵਿੰਦ ਪਵਾਰ ਚੌਥੇ ਸਥਾਨ 'ਤੇ ਰਹੇ |
ਤੀਜੇ ਦਿਨ 20 ਕਿਲੋਮੀਟਰ ਟਾਈਮ ਟਰਾਇਲ ਈਵੈਂਟ ਵਿਚ ਭਾਰਤ ਦੇ ਅਰਵਿੰਦ ਪਵਾਰ ਨੇ ਸੋਨ ਤਗਮਾ ਅਤੇ ਭਾਰਤ ਦੇ ਹੀ ਮਨੋਹਰ ਲਾਲ ਬਿਸ਼ਨੋਈ ਨੇ ਚਾਂਦੀ ਦਾ ਤਗਮਾ ਅਤੇ ਸਵਿਟਜ਼ਰਲੈਂਡ ਦੇ ਬੁਲਾਰਨ ਬਿ੍ਜਾਂ ਨੇ ਕਾਂਸੇ ਦਾ ਤਗਮਾ ਜਿੱਤਿਆ | ਇਸ ਚੈਂਪੀਅਨਸ਼ਿਪ ਵਿਚ ਫਰਾਂਸ ਓਵਰਆਲ ਚੈਂਪੀਅਨ ਬਣਿਆ | ਸਵਿਟਜ਼ਰਲੈਂਡ ਦੂਜੇ ਸਥਾਨ 'ਤੇ, ਭਾਰਤ ਤੀਸਰੇ ਸਥਾਨ 'ਤੇ ਰਿਹਾ | ਇੱਥੇ ਇਹ ਵੀ ਦੱਸਣਯੋਗ ਹੈ ਕਿ ਪਿਛਲੀਆਂ ਰਾਸ਼ਟਰਮੰਡਲ ਖੇਡਾਂ, ਏਸ਼ਿਆਈ ਖੇਡਾਂ, ਵਰਲਡ ਚੈਂਪੀਅਨਸ਼ਿਪ, ਏਸ਼ੀਆ ਕੱਪ, ਏਸ਼ੀਅਨ ਚੈਂਪੀਅਨਸ਼ਿਪ ਵਿਚ ਭਾਰਤੀ ਰੇਲਵੇ ਦੇ ਖਿਡਾਰੀਆਂ ਦੀ ਭਾਗੀਦਾਰੀ ਬਹੁਤ ਜ਼ਿਆਦਾ ਰਹੀ ਹੈ | ਭਾਰਤੀ ਰੇਲਵੇ ਦੇ ਖਿਡਾਰੀਆਂ ਨੇ ਵੱਡੇ ਟੂਰਨਾਮੈਂਟਾਂ ਵਿਚ ਭਾਰਤੀ ਰੇਲਵੇ ਦਾ ਨਾਂਅ ਰੌਸ਼ਨ ਕੀਤਾ ਹੈ | ਭਾਰਤੀ ਰੇਲਵੇ ਕਰਮਚਾਰੀਆਂ ਪੱਖੋਂ ਸਭ ਤੋਂ ਵੱਡਾ ਸੰਗਠਨ ਹੋਣ ਦੇ ਨਾਲ-ਨਾਲ ਖੇਡਾਂ ਪ੍ਰਤੀ ਵੀ ਆਪਣੀ ਪੂਰੀ ਜ਼ਿੰਮੇਵਾਰੀ ਨਿਭਾਅ ਰਿਹਾ ਹੈ | ਉਮੀਦ ਕਰਦੇ ਹਾਂ ਕਿ ਆਉਣ ਵਾਲੇ ਦਿਨਾਂ ਵਿਚ ਭਾਰਤੀ ਰੇਲਵੇ ਦੇ ਖਿਡਾਰੀ ਰਾਸ਼ਟਰਮੰਡਲ ਖੇਡਾਂ, 2020 ਟੋਕੀਓ ਉਲੰਪਿਕ ਖੇਡਾਂ ਵਿਚ ਭਾਰਤ ਲਈ ਸੋਨ ਤਗਮੇ ਜਿੱਤਣਗੇ |

-ਮੋਬਾ: 82888-47042


ਖ਼ਬਰ ਸ਼ੇਅਰ ਕਰੋ

ਛੇਵੀਂ ਵਾਰ ਜਿੱਤਿਆ ਵਿਸ਼ਵ ਿਖ਼ਤਾਬ

ਮੈਰੀਕਾਮ ਦੇ ਮੱੁਕਿਆਂ ਨੂੰ ਯਾਦ ਕਰੇਗੀ ਦੁਨੀਆ

ਵਿਸ਼ਵ ਮੱੁਕੇਬਾਜ਼ੀ ਦੀ ਸੁਪਰ ਸਟਾਰ, ਤਿੰਨ ਬੱਚਿਆਂ ਦੀ ਮਾਂ, ਪਾਰਲੀਮੈਂਟ ਮੈਂਬਰ (ਰਾਜ ਸਭਾ) ਉੱਭਰ ਰਹੇ ਮਹਿਲਾ ਖਿਡਾਰੀਆਂ ਲਈ ਪ੍ਰੇਰਨਾ ਸਰੋਤ, ਵਿਸ਼ਵ ਖੇਡ ਮੰਚ ਦੀ ਸਨਮਾਨਜਨਕ ਹਸਤੀ, ਭਾਰਤ ਦੀ ਸਰਬੋਤਮ ਮੱੁਕੇਬਾਜ਼ ਐਮ. ਸੀ. ਮੈਰੀਕਾਮ ਦੀਆਂ 17 ਸਾਲ ਲੰਬੇ ਖੇਡ ਕਰੀਅਰ ਦੀਆਂ ਪ੍ਰਾਪਤੀਆਂ ਦੀ ਅੰਬਰ ਟਾਕੀ ਲਾਉਣ ਵਰਗੀ ਪਰਵਾਜ਼ ਨੂੰ ਅੰਕੜਿਆਂ ਜਾਂ ਲਫਜ਼ਾਂ ਦੀ ਦਰਗਾਹ 'ਚ ਬਿਆਨ ਕਰਨਾ ਸ਼ਾਇਦ ਖੇਡ ਜਗਤ ਦੀ ਇਤਿਹਾਸਕ ਗਾਥਾ ਹੈ | ਪਿਛਲੇ ਦਿਨੀਂ ਦਿੱਲੀ 'ਚ ਹੋਈ ਵਿਸ਼ਵ ਚੈਂਪੀਅਨਸ਼ਿਪ 'ਚ ਉਲੰਪਿਕ ਖੇਡਾਂ (2012 ਲੰਡਨ) 'ਚ ਕਾਂਸੇ ਦਾ ਤਗਮਾ ਜੇਤੂ ਭਾਰਤ ਦੀ ਦਿੱਗਜ਼ਮਹਿਲਾ ਮੱੁਕੇਬਾਜ਼ ਨੇ ਛੇਵੀਂ ਵਾਰ ਵਿਸ਼ਵ ਚੈਂਪੀਅਨ ਖਿਤਾਬ ਜਿੱਤ ਕੇ ਨਵਾਂ ਇਤਿਹਾਸ ਲਿਖਿਆ | ਇਸ ਪ੍ਰਾਪਤੀ ਨਾਲ ਮੈਰੀਕਾਮ ਵਿਸ਼ਵ ਚੈਂਪੀਅਨਸ਼ਿਪ 'ਚ 6 ਸੋਨੇ ਦੇ ਤਗਮੇ ਜਿੱਤਣ ਵਾਲੀ ਪਹਿਲੀ ਮਹਿਲਾ ਮੁੱਕੇਬਾਜ਼ ਬਣ ਗਈ | 35 ਵਰਿ੍ਹਆਂ ਦੀ ਮੈਰੀਕਾਮ ਨੇ 48 ਕਿਲੋ ਭਾਰ ਵਰਗ ਦੇ ਫਾਈਨਲ ਵਿਚ ਯੂਕਰੇਨ ਦੀ ਹਾਨਾ ਉਖੋਟਾ ਨੂੰ 5-0 ਨਾਲ ਚਿੱਤ ਕਰਕੇ ਸੋਨ ਤਗਮਾ ਆਪਣੇ ਨਾਂਅ ਕੀਤਾ | ਮੈਰੀ ਨੇ ਛੇਵੀਂ ਵਾਰ ਚੈਂਪੀਅਨ ਬਣ ਕੇ ਕਿਊਬਾ ਦੇ ਮਹਾਨ ਪੁਰਸ਼ ਮੱੁਕੇਬਾਜ਼ ਫੈਲਿਕਸ ਸੇਵੋਨ ਦੀ ਬਰਾਬਰੀ ਕਰ ਲਈ, ਜੋ ਵਿਸ਼ਵ ਚੈਂਪੀਅਨਸ਼ਿਪ ਵਿਚ ਛੇ ਖਿਤਾਬ ਜਿੱਤ ਚੱੁਕਾ ਹੈ | ਇਸ ਤੋਂ ਪਹਿਲਾਂ ਉਹ ਆਇਰਲੈਂਡ ਦੀ ਕੇਟੀ ਟੇਲਰ ਦੀ ਬਰਾਬਰੀ 'ਤੇ ਸੀ, ਜੋ 5 ਵਾਰ ਵਿਸ਼ਵ ਚੈਂਪੀਅਨ ਰਹਿ ਚੱੁਕੀ ਹੈ | ਇਹੀ ਨਹੀਂ, ਮੈਰੀਕਾਮ ਵਿਸ਼ਵ ਚੈਂਪੀਅਨਸ਼ਿਪ (ਮਹਿਲਾ ਅਤੇ ਪੁਰਸ਼ ਮੱੁਕੇਬਾਜ਼ੀ) 'ਚ ਸਭ ਤੋਂ ਜ਼ਿਆਦਾ ਤਗਮੇ ਜਿੱਤਣ ਵਾਲੀ ਖਿਡਾਰਨ ਵੀ ਬਣ ਗਈ ਹੈ | ਮੈਰੀਕਾਮ ਵਿਸ਼ਵ ਚੈਂਪੀਅਨਸ਼ਿਪ 6 ਸੋਨੇ ਅਤੇ 1 ਚਾਂਦੀ ਦਾ ਤਗਮਾ ਜਿੱਤ ਚੱੁਕੀ ਹੈ |
ਮੈਰੀਕਾਮ ਨੂੰ 2001 ਵਿਚ ਚਾਂਦੀ ਦੇ ਤਗਮੇ ਨਾਲ ਸਬਰ ਕਰਨਾ ਪਿਆ ਸੀ | ਸੰਨ 2002, 2005, 2006, 2008 ਅਤੇ 2018 ਮੈਰੀਕਾਮ ਦੇ ਮੱੁਕਿਆਂ ਦਾ ਸਫ਼ਰ ਸੁਨਹਿਰੀ ਤਗਮਿਆਂ ਨਾਲ ਚਮਕਿਆ ਸੀ | ਮੈਰੀਕਾਮ ਨੇ ਹਾਲ ਹੀ ਵਿਚ ਗੋਲਡ ਕੋਸਟ ਵਿਚ ਹੋਈਆਂ ਰਾਸ਼ਟਰਮੰਡਲ ਖੇਡਾਂ 'ਚ ਵੀ ਸੋਨ ਤਗਮਾ ਆਪਣੇ ਨਾਂਅ ਨਾਲ ਜੋੜਿਆ ਸੀ | ਸ਼ਾਨਦਾਰ ਜੇਤੂ ਇਬਾਰਤ ਲਿਖਣ ਵਾਲੀ ਮਨੀਪੁਰ ਦੀ ਇਸ ਕੁੜੀ ਨੇ ਏਸ਼ੀਅਨ ਚੈਂਪੀਅਨਸ਼ਿਪ 'ਚ 5 ਸੋਨ ਤਗਮੇ ਅਤੇ ਇਕ ਚਾਂਦੀ ਤਗਮਾ ਜਿੱਤਣ 'ਚ ਕਾਮਯਾਬੀ ਹਾਸਲ ਕੀਤੀ ਸੀ | ਖਾਸ ਗੱਲ ਇਹ ਹੈ ਕਿ ਮਾਂ ਬਣਨ ਤੋਂ ਬਾਅਦ ਵਾਪਸੀ ਕਰਦੇ ਹੋਏ ਮੈਰੀਕਾਮ ਨੇ ਅੰਤਰਰਾਸ਼ਟਰੀ ਮੁਕਾਬਲਿਆਂ 'ਚ ਸੁਨਹਿਰੀ ਗਾਥਾ ਲਿਖਦਿਆਂ ਜਿੱਤ ਦੇ ਝੰਡੇ ਗੱਡੇ ਅਤੇ ਆਪਣੇ ਆਲੋਚਕਾਂ ਨੂੰ ਕਰਾਰਾ ਜਵਾਬ ਦਿੱਤਾ | ਪ੍ਰਾਪਤੀਆਂ ਦੀ ਲੜੀ 'ਚ ਇਸ ਦਿਗਜ਼ ਮਹਿਲਾ ਮੱੁਕੇਬਾਜ਼ ਨੇ 2012 ਲੰਡਨ ਉਲੰਪਿਕ 'ਚ ਕਾਂਸੀ ਤਗਮਾ, 2010 ਏਸ਼ੀਅਨ ਖੇਡਾਂ 'ਚ ਕਾਂਸੀ ਅਤੇ 2014 ਏਸ਼ੀਅਨ ਖੇਡਾਂ 'ਚ ਸੋਨ ਤਗਮਾ ਜੋੜਿਆ ਸੀ | ਵਿਸ਼ਵ ਮੱੁਕੇਬਾਜ਼ੀ 'ਚ ਵਿਲੱਖਣ ਪ੍ਰਾਪਤੀਆਂ ਦੀ ਇਵਜ਼ 'ਚ ਭਾਰਤ ਸਰਕਾਰ ਨੇ ਉਸ ਨੂੰ 2003 'ਚ ਅਰਜਨ ਐਵਾਰਡ, 2006 'ਚ ਪਦਮਸ੍ਰੀ, 2009 'ਚ ਰਾਜੀਵ ਗਾਂਧੀ ਖੇਡ ਰਤਨ ਅਤੇ 2013 'ਚ ਪਦਮ ਭੂਸ਼ਣ ਐਵਾਰਡ ਨਾਲ ਸਨਮਾਨਿਆ ਸੀ |
ਮਨੀਪੁਰ ਦੀ ਰਾਜਧਾਨੀ ਇੰਫਾਲ ਦੇ ਨਾਲ ਲਗਦੇ ਚੁਰਾਚਾਦਪੁਰ ਜ਼ਿਲ੍ਹੇ ਦੇ ਪਿੰਡ ਕਾਡਬੇਈ 'ਚ ਜਨਮੀ ਮੰਗਤੇ ਚੰਗਾਜੇਈਨੇਗ ਮੈਰੀਕਾਮ (ਪੂਰਾ ਨਾਂਅ) ਨੂੰ ਗੁਰਬਤ ਭਰੀ ਜ਼ਿੰਦਗੀ ਨਾਲ ਲੜਾਈ ਲੜਨੀ ਪਈ | ਕਿਸਾਨ ਦੀ ਬੇਟੀ ਨੂੰ ਪਿਤਾ ਨਾਲ ਖੇਤਾਂ 'ਚ ਕੰਮ ਕਰਨਾ, ਦੋ ਛੋਟੇ ਭੈਣ-ਭਰਾਵਾਂ ਦੀ ਦੇਖਭਾਲ, ਮੱਛੀਆਂ ਫੜਨਾ ਅਤੇ ਫਿਰ ਪੜ੍ਹਾਈ ਕਰਨੀ | ਨਿਰਸੰਦੇਹ ਪੇਂਡੂ ਪਿਛੋਕੜ 'ਚੋਂ ਨਿਕਲ ਕੇ ਤੇ ਫਿਰ ਪੂਰੀ ਦੁਨੀਆ 'ਤੇ ਛਾਅ ਜਾਣਾ ਵਾਕਿਆ ਹੀ ਇਕ ਜਨੂਨ ਦਾ ਨਾਂਅ ਹੈ ਮੈਰੀਕਾਮ | ਸਕੂਲ 'ਚ ਸ਼ੁਰੂਆਤੀ ਦਿਨਾਂ ਵਿਚ ਉਹ ਇਕ ਆਲ ਰਾਊਾਡਰ ਅਥਲੀਟ ਸੀ ਪਰ ਬੈਕਾਂਕ ਏਸ਼ੀਆਈ ਖੇਡਾਂ 'ਚ ਮਨੀਪੁਰ ਦੇ ਹੀ ਮੱੁਕੇਬਾਜ਼ ਡਿਕੋ ਸਿੰਘ ਨੇ ਜਦੋਂ ਸੋਨ ਤਗਮਾ ਜਿੱਤਿਆ ਤਾਂ ਉਹ ਪੂਰੀ ਤਰ੍ਹਾਂ ਇਸ ਖੇਡ ਨਾਲ ਜੁੜ ਗਈ | ਜਦੋਂ ਉਹ ਸਕੂਲ ਵਿਚ ਪੜ੍ਹਦੀ ਸੀ ਤਾਂ ਅਧਿਆਪਕ ਉਸ ਦੇ ਜ਼ਿੱਦੀ ਸੁਭਾਅ, ਕਾਬਲੀਅਤ ਅਤੇ ਗਜਬ ਦੇ ਜੋਸ਼ ਤੋਂ ਬੇਹੱਦ ਪ੍ਰਭਾਵਿਤ ਸਨ | ਸੰਨ 2001 'ਚ ਉਸ ਨੇ ਪਹਿਲੀ ਵਾਰ ਨੈਸ਼ਨਲ ਮਹਿਲਾ ਮੱੁਕੇਬਾਜ਼ੀ ਜਿੱਤੀ ਤੇ ਹੁਣ ਤੱਕ ਉਹ 10 ਰਾਸ਼ਟਰੀ ਖਿਤਾਬ ਜਿੱਤ ਚੱੁਕੀ ਹੈ | ਮਜ਼ੇਦਾਰ ਗੱਲ ਕਿ ਰਾਸ਼ਟਰੀ ਚੈਂਪੀਅਨ ਬਣਨ ਤੱਕ ਮੈਰੀਕਾਮ ਦੇ ਪਿਤਾ ਨੂੰ ਇਹ ਨਹੀਂ ਸੀ ਪਤਾ ਕਿ ਉਸ ਦੀ ਬੇਟੀ ਕੀ ਖੇਡਦੀ ਹੈ | ਪਿਤਾ ਨੂੰ ਮੈਰੀਕਾਮ ਦੀ ਰੁਚੀ ਬਾਰੇ ਉਦੋਂ ਪਤਾ ਲੱਗਾ ਜਦੋਂ ਇਕ ਅਖ਼ਬਾਰ 'ਚ ਉਸ ਦੀ ਫੋਟੋ ਦੇਖੀ | ਮੱੁਕੇਬਾਜ਼ੀ 'ਚ ਸਿਖਰਾਂ ਛੂਹਣ ਵਾਲੀ ਮੈਰੀਕਾਮ ਮਹਾਨ ਮੱੁਕੇਬਾਜ਼ ਮੁਹੰਮਦ ਅਲੀ ਦੀ ਬੇਟੀ ਲੈਲਾ ਅਲੀ ਨੂੰ ਆਪਣਾ ਰੋਲ ਮਾਡਲ ਮੰਨਦੀ ਹੈ ਅਤੇ ਨੌਕਰੀ ਪੇਸ਼ੇ ਵਜੋਂ ਮਨੀਪੁਰ ਪੁਲਿਸ 'ਚ ਉੱਚ ਅਹੁਦੇ 'ਤੇ ਬਿਰਾਜਮਾਨ ਹੈ | ਖੈਰ, ਕੱੁਲ ਮਿਲਾ ਕੇ ਭਾਰਤੀ ਖੇਡ ਮੰਚ ਦੀ ਝੰਡਾ ਅਲੰਬਰਦਾਰ, ਵਿਆਹੁਤਾ ਜ਼ਿੰਦਗੀ ਨੂੰ ਪਟੜੀ 'ਤੇ ਰੱਖਦੇ ਹੋਏ ਮੱੁਕੇਬਾਜ਼ੀ 'ਚ ਸਿਖਰ ਛੂਹਣ ਦੇ ਬਾਵਜੂਦ ਉਹ ਬੇਹੱਦ ਨਿਮਰ ਹੈ | ਬੱਚਿਆਂ ਵਰਗੀ ਮਾਸੂਮੀਅਤ ਉਸ ਦੇ ਚਿਹਰੇ ਤੋਂ ਹਮੇਸ਼ਾ ਝਲਕਦੀ ਹੈ | ਵਿਸ਼ਵ ਖਿਤਾਬ ਜਿੱਤਣ ਤੋਂ ਬਾਅਦ ਤਿਰੰਗਾ ਲਹਿਰਾਉਂਦੀ ਖੁਸ਼ੀ 'ਚ ਭਾਵਕ ਹੋਈ ਮੈਰੀਕਾਮ ਦੀਆਂ ਅੱਖਾਂ 'ਚੋਂ ਹੰਝੂ ਛਲਕ ਤੁਰੇ | ਮੁਸੀਬਤ 'ਚ ਵੀ ਮੁਸਕਰਾਉਂਦੇ ਰਹਿਣ ਤੇ ਦੂਜਿਆਂ ਦੀ ਮਦਦ ਲਈ ਹਮੇਸ਼ਾ ਤਿਆਰ ਰਹਿਣ ਵਾਲੀ ਗੋਲਡਨ ਗਰਲ ਮੈਰੀਕਾਮ ਦਾ ਅਗਲਾ ਨਿਸ਼ਾਨਾ 2020 ਟੋਕੀਓ ਉਲੰਪਿਕ 'ਚ ਤਗਮਾ ਜਿੱਤਣਾ ਹੈ |

-ਪਿੰਡ ਤੇ ਡਾਕ: ਪਲਾਹੀ, ਫਗਵਾੜਾ | ਮੋਬਾ: 94636-12204

ਸ਼ਿਵਾ ਦੀ ਗੇਂਦ 'ਤੇ ਰੌਲਾ ਕਿਉਂ?

ਕੀ ਗੇਂਦਬਾਜ਼ਾਂ ਦੇ ਖੰਭ ਇਸੇ ਤਰ੍ਹਾਂ ਕੁਤਰਦੇ ਰਹਿਣਗੇ?

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਪੁਰਾਣੇ ਸਮਿਆਂ ਦੀ ਗੱਲ ਹੈ, ਸਾਲ 1932-33 ਦੀ 'ਐਸ਼ਜ਼' ਲੜੀ ਦੌਰਾਨ ਆਸਟ੍ਰੇਲੀਆ ਦੇ ਬਹੁਮੁਖੀ ਪ੍ਰਤਿਭਾ ਵਾਲੇ ਬੱਲੇਬਾਜ਼ ਡਾਨ ਬਰੈਡਮੈਨ ਦੇ ਬੱਲੇ ਦੀ ਰਫ਼ਤਾਰ ਰੋਕਣ ਲਈ ਇੰਗਲੈਂਡ ਦੇ ਕਪਤਾਨ ਡਗਲਸ ਜਾਰਡਿਨ ਨੇ ਆਪਣੇ ਤੇਜ਼ ਗੇਂਦਬਾਜ਼ ਹੈਰਾਲਡ ਲਾਰਵੱੁਡ ਨੂੰ ਖਾਸ ਤੌਰ 'ਤੇ 'ਬਾਡੀਲਾਈਨ' ਗੇਂਦਾਂ ਸੱੁਟਣ ਲਈ ਕਿਹਾ | ਇਹ ਤਰੀਕਾ ਉਸ ਨੇ ਆਸਟ੍ਰੇਲੀਆ ਦੇ ਬਾਕੀ ਬੱਲੇਬਾਜ਼ਾਂ 'ਤੇ ਵੀ ਅਪਣਾਇਆ | ਇਹ ਉਹ ਸਮਾਂ ਸੀ, ਜਦੋਂ ਬੱਲੇਬਾਜ਼ਾਂ ਦੇ ਬਚਾਅ ਲਈ ਹੈਲਮੈਟ ਤੇ ਹੋਰ ਸੁਰੱਖਿਆ ਸਾਧਨ ਨਹੀਂ ਹੁੰਦੇ ਸਨ | ਹੋਰ ਵੱਡੀ ਗੱਲ ਸੀ ਕਿ ਨਿਯਮਾਂ 'ਚ ਲੈਗ ਸਾਈਡ 'ਤੇ ਖਿਡਾਰੀ ਖੜ੍ਹੇ ਕਰਨ ਦੀ ਕੋਈ ਗਿਣਤੀ ਵੀ ਮਿਥੀ ਹੋਈ ਨਹੀਂ ਸੀ | ਗੇਂਦਬਾਜ਼ ਪਹਿਲਾਂ ਵੀ ਲੈਗ ਸਾਈਡ 'ਤੇ ਗੇਂਦਬਾਜ਼ੀ ਕਰਦੇ ਸਨ ਪਰ ਕਦੇ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੋਇਆ | ਚਰਚਾ ਤਾਂ ਉਦੋਂ ਸ਼ੁਰੂ ਹੋਈ ਜਦੋਂ ਲਾਰਵੱੁਡ ਨੇ ਬੱਲੇਬਾਜ਼ ਦੇ ਸਰੀਰ ਨੂੰ ਨਿਸ਼ਾਨਾ ਬਣਾਉਂਦਿਆਂ ਗੇਂਦਾਂ ਸੱੁਟੀਆਂ | ਆਪਣਾ ਸਰੀਰ ਬਚਾਉਣ ਦੇ ਚੱਕਰ 'ਚ ਗੇਂਦ ਬੱਲੇ ਨੂੰ ਲੱਗ ਕੇ ਲੈਗ ਸਾਈਡ ਵੱਲ ਜਾਂਦੀ ਰਹੀ ਤੇ ਲੈਗ ਵਾਲੇ ਪਾਸੇ ਖੜ੍ਹੇ ਬੇਸ਼ੁਮਾਰ ਖਿਡਾਰੀ ਕੈਚ ਫੜਦੇ ਗਏ | ਬੜਾ ਭੜਥੂ ਪਿਆ ਬਾਅਦ 'ਚ ਪਰ ਫਿਰ ਵੀ ਕਈ ਸਾਲ ਲੱਗ ਗਏ ਨਿਯਮ ਬਣਦਿਆਂ ਕਿ ਅੰਪਾਇਰ ਲੈਗ ਸਾਈਡ 'ਤੇ ਨੈਗਟਿਵ ਗੇਂਦ ਲਗਾਤਾਰ ਸੱੁਟਣ 'ਤੇ ਗੇਂਦ 'ਨੋ ਬਾਲ' ਕਰ ਸਕਦਾ ਹੈ | ਲੈਗ ਸਾਈਡ 'ਤੇ ਅੰਪਾਇਰ ਦੇ ਸੱਜੇ ਪਾਸੇ ਵੀ ਦੋ ਤੋਂ ਵੱਧ ਖਿਡਾਰੀ ਖੜ੍ਹੇ ਕਰਨ 'ਤੇ ਪਾਬੰਦੀ ਲਗਾ ਦਿੱਤੀ ਗਈ | ਚਲੋ, ਨਾਂਹ-ਪੱਖੀ ਕ੍ਰਿਕਟ ਰੋਕਣ ਲਈ ਅਤੇ ਖੇਡ ਭਾਵਨਾ ਬਣਾਈ ਰੱਖਣ ਲਈ ਅਜਿਹੀ ਕੁਝ ਸਖ਼ਤੀ ਹੋਣੀ ਵੀ ਚਾਹੀਦੀ ਸੀ ਪਰ ਸਮਾਂ ਪੈਣ 'ਤੇ ਇਸੇ ਖੇਡ ਭਾਵਨਾ ਦੀ ਆੜ 'ਚ ਗੇਂਦਬਾਜ਼ਾਂ ਦਾ ਅਜਿਹਾ ਘਾਣ ਕੀਤਾ ਗਿਆ ਕਿ ਪੁੱਛੋ ਹੀ ਕੁਝ ਨਾ |
ਇਹ ਸਿਰਫ ਸ਼ਿਵਾ ਸਿੰਘ ਹੀ ਨਹੀਂ ਹੈ, ਜਿਸ ਦੀ ਪ੍ਰਤਿਭਾ ਨੂੰ ਠੱਲ੍ਹ ਪਾਉਣ ਦੀ ਕੋਸ਼ਿਸ਼ ਹੋਈ ਹੈ, ਸਗੋਂ ਸਮੇਂ ਦੇ ਨਾਲ-ਨਾਲ ਸਿਰਫ ਤੇ ਸਿਰਫ ਗੇਂਦਬਾਜ਼ਾਂ ਦਾ ਹੀ ਹਰ ਪਾਸਿਓਾ ਗਲਾ ਘੱੁਟਿਆ ਗਿਆ | ਇਕ-ਦਿਨਾ ਮੈਚਾਂ ਦੇ ਆਉਣ ਨਾਲ ਤਾਂ ਇਹ ਸਮਝਿਆ ਜਾਣ ਲੱਗ ਪਿਆ ਕਿ ਕ੍ਰਿਕਟ ਸਿਰਫ ਤੇ ਸਿਰਫ ਮਨੋਰੰਜਨ ਹੀ ਹੈ | ਜਿੰਨਾ ਵੱਧ ਮਨੋਰੰਜਨ ਹੋਵੇਗਾ, ਜਿੰਨਾ ਤੜਕਾ ਵੱਧ ਲੱਗੇਗਾ, ਓਨਾ ਹੀ ਸਵਾਦ ਵੱਧ ਆਵੇਗਾ | ਕ੍ਰਿਕਟ 'ਚ ਸਵਾਦ ਵਧੇਗਾ ਤਾਂ ਸਟੇਡੀਅਮਾਂ 'ਚ ਲੋਕ ਮਹਿੰਗੀਆਂ ਟਿਕਟਾਂ ਖਰੀਦ ਕੇ ਵੀ ਆਉਣਗੇ, ਸਪਾਂਸਰ ਨੋਟਾਂ ਦੀ ਵਰਖਾ ਕਰਨਗੇ, ਘਰ ਬੈਠੇ ਸਿੱਧੇ ਪ੍ਰਸਾਰਨ ਦੇਖਣ ਨੂੰ ਮਿਲਣਗੇ ਪਰ ਜਦੋਂ ਗੇਂਦਬਾਜ਼ਾਂ ਨੇ ਵਿਕਟਾਂ ਲੈ ਕੇ ਕੁਝ ਮੈਚ ਛੇਤੀ ਖ਼ਤਮ ਕੀਤੇ ਤਾਂ ਸਟੇਡੀਅਮ ਖਾਲੀ ਹੋਣ ਲੱਗ ਪਏ ਤਾਂ ਇਹ ਸਮਝਿਆ ਜਾਣ ਲੱਗ ਪਿਆ ਕਿ ਦਰਸ਼ਕ ਤਾਂ ਪੈਸੇ ਖਰਚ ਕਰਨਗੇ ਜੇ ਵੱਡੇ ਸਕੋਰ ਬਣਨਗੇ, ਚੌਕੇ-ਛੱਕਿਆਂ ਦੀ ਵਾਛੜ ਹੋਵੇਗੀ | ਇਸੇ ਨੂੰ ਦੇਖਦੇ ਹੋਏ ਹੌਲੀ-ਹੌਲੀ ਗੇਂਦਬਾਜ਼ਾਂ ਦੇ ਪਰ ਕੁਤਰੇ ਜਾਣ ਲੱਗ ਪਏ, ਜਿਹੜੇ ਕਿ ਅੱਜ ਵੀ ਜਾਰੀ ਹਨ | ਇਕ-ਦਿਨਾ ਮੈਚਾਂ 'ਚ ਗੇਂਦਬਾਜ਼ਾਂ ਦੇ ਓਵਰਾਂ ਦੀ ਹੱਦ ਮਿਥ ਦਿੱਤੀ ਗਈ | ਮੈਦਾਨ ਦੀ ਬਾਊਾਡਰੀ ਤਾਂ ਸੀ ਪਰ 30 ਗਜ਼ ਦਾ ਇਕ ਅੰਦਰੂਨੀ ਗੋਲਾ ਵੀ ਲਗਾ ਕੇ ਉਸ ਤੋਂ ਬਾਹਰ ਪਹਿਲੇ 15 ਓਵਰਾਂ 'ਚ ਸਿਰਫ ਦੋ ਖਿਡਾਰੀ ਖੜ੍ਹੇ ਹੋਣ ਦੀ ਪਾਬੰਦੀ ਲਗਾ ਦਿੱਤੀ ਗਈ |
ਮਤਲਬ ਸਾਫ਼ ਸੀ ਕਿ ਪਹਿਲੇ 15 ਓਵਰ ਦੱਬ ਕੇ ਠੁਕਾਈ ਕੀਤੀ ਜਾਵੇ, ਗੇਂਦਬਾਜ਼ਾਂ ਦੀ | ਪਾਵਰ ਪਲੇ ਵਧ ਕੇ ਤਿੰਨ ਹੋ ਗਏ | ਤੇਜ਼ ਗੇਂਦਬਾਜ਼ਾਂ ਦੇ ਮੱੁਖ ਹਥਿਆਰ ਬਾਊਾਸਰ 'ਤੇ ਪਾਬੰਦੀ ਲੱਗ ਗਈ | ਹੁਣ ਭਾਵੇਂ ਇਕ ਬਾਊਾਸਰ ਦੀ ਛੋਟ ਦਿੱਤੀ ਗਈ ਹੈ ਇਕ ਓਵਰ 'ਚ ਪਰ ਉਹ ਵੀ ਹੈਲਮੇਟ ਤੋਂ ਥੱਲੇ-ਥੱਲੇ ਹੀ ਹੈ | ਦੂਜਾ ਬਾਊਾਸਰ ਸੱੁਟਣ 'ਤੇ ਗੇਂਦ ਵਾਈਡ ਐਲਾਨੀ ਜਾਂਦੀ ਹੈ | ਗੇਂਦਬਾਜ਼ ਦੀ ਵਧੀਆ ਗੇਂਦ ਵੀ ਜੇ ਲੈਗ ਸਟੰਪ ਤੋਂ ਬਾਹਰ ਚਲੇ ਜਾਂਦੀ ਹੈ ਤਾਂ ਵਾਈਡ ਹੋ ਜਾਂਦੀ ਹੈ | ਵਾਈਡ ਦਾ ਪੈਮਾਨਾ ਤੈਅ ਕਰਨ ਲਈ ਕ੍ਰੀਜ਼ ਵੀ ਛੋਟੀ ਕੀਤੀ ਗਈ | 'ਬੈਨਿਫਿਟ ਆਫ ਡਾਊਟ' ਵੀ ਬੱਲੇਬਾਜ਼ ਦੇ ਪੱਖ 'ਚ ਹੈ | ਫਟਾਫਟ ਕ੍ਰਿਕਟ ਦੇ ਚੱਕਰ 'ਚ ਹੀ ਟੀ-20 ਕ੍ਰਿਕਟ ਸ਼ੁਰੂ ਹੋਈ ਪਰ ਇਥੇ ਵੀ ਬੱਲੇਬਾਜ਼ਾਂ ਦਾ ਪੱਖ ਪੂਰਨ ਲਈ ਮੈਦਾਨ ਦੀ ਲੰਬਾਈ ਛੋਟੀ ਕਰਨ ਦਾ ਪ੍ਰਚਲਨ ਸ਼ੁਰੂ ਹੋ ਗਿਆ | ਗੇਂਦਬਾਜ਼ਾਂ ਦਾ ਜਲੂਸ ਨਿਕਲੇ ਅਤੇ ਬੱਲੇਬਾਜ਼ ਚੌਕੇ-ਛਿੱਕੇ ਲਗਾ ਕੇ 'ਬਾਦਸ਼ਾਹ' ਬਣ ਜਾਵੇ, ਇਹੋ ਕੁਝ ਦੇਖਣ ਨੂੰ ਰਹਿ ਗਿਆ ਹੈ | ਭੱਦਰ ਪੁਰਸ਼ਾਂ ਦੀ ਖੇਡ ਕਹੀ ਜਾਣ ਵਾਲੀ ਇਸ ਕ੍ਰਿਕਟ 'ਚ ਭੱਦਰ ਪੁਰਸ਼ ਸਿਰਫ ਬੱਲੇਬਾਜ਼ ਹੀ ਰਹਿ ਗਏ ਹਨ | ਉਹ ਖੇਡ ਭਾਵਨਾ ਨਾਲ ਕੁਝ ਵੀ ਕਰਨ, ਨਿਯਮ ਉਨ੍ਹਾਂ ਨੂੰ ਛੋਟ ਦਿੰਦੇ ਹਨ ਤੇ ਗੇਂਦਬਾਜ਼ ਕੁਝ ਨਿਵੇਕਲਾ ਕਰ ਲਵੇ ਤਾਂ ਨਿਯਮ ਨਾ ਹੁੰਦੇ ਹੋਏ ਵੀ ਜ਼ਬਰਦਸਤੀ ਉਸ ਨੂੰ ਤੁੰਨ ਕੇ ਰੱਖ ਦਿੱਤਾ ਜਾਂਦਾ ਹੈ |
ਸ਼ਿਵਾ ਸਿੰਘ ਦੀ ਇਸ 360 ਡਿਗਦੀ ਗੇਂਦ ਦੀ ਆਵਾਜ਼ ਆਈ.ਸੀ.ਸੀ. ਤੱਕ ਜ਼ਰੂਰ ਪੱੁਜ ਚੱੁਕੀ ਹੋਵੇਗੀ | ਇਹ ਪੱਕਾ ਹੈ ਕਿ ਜਾਂ ਤਾਂ ਉਨ੍ਹਾਂ ਨੇ ਇਸ ਗੱਲ ਨੂੰ ਅਣਦੇਖਿਆਂ ਕਰਕੇ ਇਸ ਨੂੰ ਇਥੇ ਹੀ ਠੱਪ ਕਰ ਦੇਣਾ ਹੈ ਜਾਂ ਫਿਰ ਨਵਾਂ ਨਿਯਮ ਬਣਾ ਕੇ ਕੁਝ ਨਵਾਂ ਕਰਨ ਵਾਲੇ ਨੂੰ ਨੱਪ ਕੇ ਰੱਖ ਦੇਣਾ ਹੈ | ਦੇਖਦੇ ਹਾਂ, ਬੱਲੇਬਾਜ਼ਾਂ ਲਈ ਫਾਇਦੇਮੰਦ ਬਣਦੇ ਜਾ ਰਹੇ ਕ੍ਰਿਕਟ 'ਚ ਸ਼ਿਵਾ ਸਿੰਘ ਦੀ ਤਰ੍ਹਾਂ ਕੋਈ ਹੋਰ ਗੇਂਦਬਾਜ਼ ਵੀ ਨਵਾਂ ਤਜਰਬਾ ਕਰਕੇ ਆਈ.ਸੀ.ਸੀ. ਦਾ ਦਰਵਾਜ਼ਾ ਖੜਕਾਵੇਗਾ ਜਾਂ ਫਿਰ ਸਮੇਂ ਦੇ ਹਿਸਾਬ ਨਾਲ ਚੱੁਪੀ ਧਾਰਨ ਕਰਕੇ ਹੀ ਗੁਜ਼ਾਰਾ ਕਰ ਲਵੇਗਾ | ਕ੍ਰਿਕਟ 'ਚ ਹੈ ਕੋਈ ਆਕਾ ਜਿਹੜਾ ਗੇਂਦਬਾਜ਼ਾਂ ਦੇ ਜਾਇਜ਼ ਹੱਕਾਂ 'ਚ ਖੜ੍ਹਾ ਹੋ ਸਕੇ? ਹੈ ਕੋਈ ਜਿਹੜਾ ਕ੍ਰਿਕਟ 'ਚ ਖੇਡ ਭਾਵਨਾ ਨੂੰ ਬਹਾਲ ਕਰਨ ਲਈ ਬੱਲੇਬਾਜ਼ਾਂ ਤੇ ਗੇਂਦਬਾਜ਼ਾਂ ਨੂੰ ਬਰਾਬਰ ਦਾ ਹੱਕ ਦਿਵਾਉਣ ਲਈ ਪਹਿਲ ਕਰ ਸਕੇ? ਹੈ ਕੋਈ, ਜਿਹੜਾ ਕ੍ਰਿਕਟ ਦੀ ਮੂਲ ਭਾਵਨਾ ਨੂੰ ਵਾਪਸ ਲਿਆਉਣ ਲਈ ਯਤਨ ਕਰੇ? ਸ਼ਾਇਦ ਸਿੱਕਿਆਂ ਦੀ ਖਣਨ 'ਚ ਸ਼ਿਵਾ ਸਿੰਘ ਸਮੇਤ ਬਾਕੀ ਗੇਂਦਬਾਜ਼ਾਂ ਦੀ ਆਵਾਜ਼ ਵੀ ਗੁਆਚ ਜਾਵੇ ਪਰ ਚੇਤੇ ਰੱਖਿਆ ਜਾਵੇ ਕਿ ਕ੍ਰਿਕਟ ਦੇ ਸੰਪੂਰਨ ਵਿਕਾਸ ਲਈ ਸਾਰੇ ਖਿਡਾਰੀਆਂ ਨੂੰ ਬਰਾਬਰੀ ਦੇ ਹੱਕ ਦੇਣ ਲਈ ਨਿਯਮ ਬਣਨੇ ਚਾਹੀਦੇ ਹਨ | ਇਕਪਾਸੜ ਸੋਚ ਨਾਲ ਫੌਰੀ ਤੌਰ 'ਤੇ ਤਾਂ ਫਾਇਦਾ ਜ਼ਰੂਰ ਨਜ਼ਰ ਆਉਂਦਾ ਹੈ ਪਰ ਭਵਿੱਖ 'ਚ, ਲੰਮੇ ਸਮੇਂ ਤੱਕ ਇਸ ਖੇਡ ਦੀ ਹੋਂਦ ਨੂੰ ਬਚਾਉਣ ਲਈ ਹੁਣ ਤੋਂ ਹੀ ਇਸ ਪਾਸੇ ਸੋਚਣਾ ਹੋਵੇਗਾ | (ਸਮਾਪਤ)

-ਮੋਬਾ: 98141-32420

 

ਵੱਡੇ ਉਲਟਫੇਰ ਕਰਨ ਲਈ ਕੋਸ਼ਿਸ਼ਾਂ 'ਚ ਹਨ ਸਭ ਟੀਮਾਂ

ਹਾਕੀ ਦਾ ਮਹਾਂਭਾਰਤ ਓਡੀਸ਼ਾ ਦੀ ਰਾਜਧਾਨੀ ਭੁਵਨੇਸ਼ਵਰ ਵਿਖੇ 28 ਨਵੰਬਰ ਦਾ ਸ਼ੁਰੂ ਹੋ ਚੱੁਕਾ ਹੈ | 5 ਮਹਾਂਦੀਪਾਂ ਦੀਆਂ ਸਭ ਟੀਮਾਂ ਦੀਆਂ ਅੱਖਾਂ 'ਚ ਸੁਨਹਿਰੀ ਸੁਪਨੇ ਹਨ ਤੇ ਸੁਨਹਿਰੀ ਇਤਿਹਾਸ ਲਿਖਣ ਲਈ ਯਤਨਸ਼ੀਲ ਹਨ | ਹੁਣ ਤੱਕ ਹਰ ਟੀਮ ਆਪਣੇ ਪੂਲ 'ਚ 2 ਜਾਂ 3 ਮੈਚ ਖੇਡ ਚੱੁਕੀ ਹੈ | ਜੇਤੂ ਟੀਮਾਂ ਲਈ ਆਪਣੇ ਪੂਲ 'ਚੋਂ ਹੁਣ ਅਗਲੇ ਪੜਾਅ ਤੱਕ ਪਹੁੰਚਣਾ ਸੌਖਾ ਹੈ |
ਅਫਸੋਸ ਦੀ ਗੱਲ ਤਾਂ ਇਹ ਹੈ ਕਿ ਭਾਰਤ ਦੀ ਧਰਤੀ 'ਤੇ ਇਸ ਵਿਸ਼ਵ ਕੱਪ ਨੂੰ ਉਤਸ਼ਾਹਿਤ ਕਰਨ ਲਈ ਕੋਈ ਵਿਸ਼ੇਸ਼ ਉਪਰਾਲੇ ਸਾਨੂੰ ਨਜ਼ਰ ਨਹੀਂ ਆਏ | ਹੁਣ ਤਾਂ ਭਾਰਤ ਦੀ ਟੀਮ ਹੀ ਕੋਈ ਕਮਾਲ ਕਰਕੇ ਸੁਰਖੀਆਂ 'ਚ ਬਣੀ ਰਹੇ ਤਾਂ ਬਹੁਤ ਹੈ | ਇਹ ਵਿਸ਼ਵ ਕੱਪ ਪੰਜਾਬ ਦੀ ਧਰਤੀ 'ਤੇ ਹੁੰਦਾ ਤਾਂ ਸ਼ਾਇਦ ਏਨਾ ਭਰਵਾਂ ਹੁੰਗਾਰਾ ਨਹੀਂ ਸੀ ਮਿਲਣਾ | ਓਡੀਸ਼ਾ ਦੀ ਧਰਤੀ 'ਤੇ ਜੋ ਹਾਕੀ ਪ੍ਰੇਮੀ ਠਾਠਾਂ ਮਾਰ ਰਿਹਾ ਹੈ, ਹੁਣ ਉਹ ਪੰਜਾਬੀਆਂ ਦੀ ਧਰਤੀ 'ਤੇ ਕਿਥੇ? ਪੂਲ 'ਏ' ਦੇ ਵਿਚ ਜਿਥੋਂ ਤੱਕ ਅਰਜਨਟੀਨਾ ਦੀ ਟੀਮ ਦਾ ਸਬੰਧ ਹੈ, ਉਹ ਉਲੰਪਿਕ ਚੈਂਪੀਅਨ ਹੈ, ਟੀਮ ਦੀ ਨਿਰਭਰਤਾ ਗੋਲ ਮਸ਼ੀਨ ਗੋਂਜੈਲੋ ਪੈਲੇਟ 'ਤੇ ਹੈ, ਜਿਸ ਨੇ 2014 ਵਾਲੇ ਵਿਸ਼ਵ ਕੱਪ, 2016 ਦੀ ਰੀਓ ਉਲੰਪਿਕ ਅਤੇ ਚੈਂਪੀਅਨ ਟਰਾਫੀ 2018 'ਚ ਸਭ ਤੋਂ ਜ਼ਿਆਦਾ ਗੋਲ ਕੀਤੇ ਹਨ | ਚੀਫ ਕੋਚ ਜਰਮਨ ਓਰੋਜੋ ਨੂੰ ਲੁਕਾਸ ਵਿਲਾ, ਮੈਟਿਅਸ ਪੈਰਾਡੇਸ 'ਤੇ ਪੂਰਨ ਭਰੋਸਾ ਹੈ | ਉਸ ਦੀ ਟੀਮ 'ਚ ਦੂਜੇ ਖਿਡਾਰੀ ਪੇਡਰੋ ਇਬਾਰਾ ਜੁਆਨ ਮਾਰਟਿਨ, ਮੈਕੋ ਕਸੇਲਾ ਵੀ ਧਮਾਕੇਦਾਰ ਖੇਡ ਦਾ ਮੁਜ਼ਾਹਰਾ ਕਰਨ ਦੇ ਆਦੀ ਹਨ |
ਇਸੇ ਪੂਲ ਵਿਚ ਸਪੇਨ ਦੀ ਟੀਮ ਚੀਫ਼ ਕੋਚ ਫਰੈਂਡ ਸੋਇਜ ਦੀ ਰਹਿਨੁਮਾਈ 'ਚ ਖੇਡ ਰਹੀ ਹੈ | 2008 'ਚ ਬੀਜਿੰਗ ਉਲੰਪਿਕ ਹਾਕੀ 'ਚ ਚਾਂਦੀ ਦਾ ਤਗਮਾ ਜਿੱਤਣ ਵਾਲੀ ਟੀਮ ਦੇ ਖਿਡਾਰੀ ਜਾਣੀ ਸਰਗੀ ਏਨਰਿਕੂ ਅਤੇ ਗੋਲਕੀਪਰ ਕੇਰਟਸ, ਡੀਗੋ ਅਰਾਨਾ, ਐਲਬਰਟ, ਮਾਰਕ ਬੋਲਟੋ ਆਦਿ ਪ੍ਰਤਿਭਾਸ਼ਾਲੀ ਖਿਡਾਰੀਆਂ 'ਚ ਗਿਣੇ ਜਾਂਦੇ ਹਨ | ਇਹ ਯੂਰਪੀਨ ਟੀਮ ਇਕ ਸਖ਼ਤ ਚੁਣੌਤੀ ਬਣ ਸਕਦੀ ਹੈ |
ਇਸ 'ਏ' ਪੂਲ 'ਚ ਨਿਊਜ਼ੀਲੈਂਡ ਦੀ ਟੀਮ ਕੋਚ ਡੇਰਿਨ ਸਮਿਥ ਦੇ ਮਾਰਗ ਦਰਸ਼ਨ 'ਚ ਵਿਸ਼ਵ ਕੱਪ ਹਾਕੀ ਖੇਡੇਗੀ | 'ਬਲੈਕ ਸਟਿਕਜ' ਦੇ ਨਾਂਅ ਨਾਲ ਜਾਣੀ ਜਾਂਦੀ ਇਹ ਟੀਮ ਕਿਸੇ ਦਿਨ ਦੁਨੀਆ ਦੀ ਸਭ ਤੋਂ ਸ਼ਕਤੀਸ਼ਾਲੀ ਟੀਮ ਨੂੰ ਹਰਾਉਣ ਦਾ ਦਮ ਰੱਖਦੀ ਹੈ | ਰਿਚਰਡ ਜੋਇਸ, ਜਾਰਜ, ਨਿੱਕ ਵੁਡਜ਼, ਕੇਨ ਰਸਲ, ਜਾਰਜ ਮੂਇਰ, ਮਾਰਕਸ ਚਾਇਲਡ ਆਦਿ ਖਿਡਾਰੀਆਂ 'ਤੇ ਸਭ ਦੀਆਂ ਨਿਗਾਹਾਂ ਰਹਿਣਗੀਆਂ | ਫਰਾਂਸ ਦੀ ਟੀਮ ਕੋਚ ਜੋਰਿਇਕ ਡੈਲਮ ਦੀ ਅਗਵਾਈ 'ਚ ਆਪਣੀ ਚੁਣੌਤੀ ਪੇਸ਼ ਕਰੇਗੀ | ਹੁਗੋ ਅਤੇ ਟੋਮ ਸਭ ਤੋਂ ਅਨੁਭਵੀ ਖਿਡਾਰੀ ਹਨ | ਵਿਕਟਰ ਚਾਰਲੈਂਡ ਵਧੀਆ ਡਰੈਗ ਫਲਿਕਰ ਹੈ | ਬਾਕੀ ਖਿਡਾਰੀ ਲੁਕਵੱਡ, ਕਲੇਮੰਟ ਨਿਕੇਲਸ ਵੀ ਦਮਦਾਰ ਸਾਬਤ ਹੋ ਸਕਦੇ ਹਨ | ਪੂਲ 'ਬੀ' 'ਚ ਓਸੀਨਿਆ ਮਹਾਂਦੀਪ ਦੀ ਦੂਜੀ ਵੱਡੀ ਤੋਪ ਆਸਟ੍ਰੇਲੀਆ ਦੀ ਟੀਮ ਹੈ | ਕੋਚ ਕੋਲਿਨ ਬੈਚ ਇਸ ਦਾ ਕੋਚ ਹੈ | ਗੋਲਕੀਪਰ ਐਡਰਿਓ ਚਾਰਟਰ ਦੇ ਨਾਲ-ਨਾਲ ਡੇਨੀਅਲ, ਟੋਮ ਕਰੇਗ, ਟਰੈਟ ਮਿਟਨ, ਜੇਲ ਵਸਕੀ, ਬਲੇਕ ਗਰੋਵਜ਼, ਡੇਨੀਅਲ ਆਦਿ ਖਿਡਾਰੀਆਂ ਵਾਲੀ ਆਸਟ੍ਰੇਲੀਆ ਟੀਮ ਅਸੀਂ ਸਮਝਦੇ ਹਾਂ ਕਿ ਵੱਡੀਆਂ ਉਮੀਦਾਂ ਲੈ ਕੇ ਇਸ ਵਿਸ਼ਵ ਕੱਪ ਨੂੰ ਖੇਡਣ ਆਈ ਹੋਵੇਗੀ | ਇੰਗਲੈਂਡ ਦੀ ਟੀਮ ਕੋਚ ਡੇਨੀ ਕੈਰੀ ਦੀ ਰਹਿਨੁਮਾਈ 'ਚ ਇਹ ਟੂਰਨਾਮੈਂਟ ਖੇਡ ਰਹੀ ਹੈ | ਬੈਰੀ ਮਿਡਲਟਨ, ਐਡਮ ਡਿਕਸਨ, ਸਾਮ ਵਾਰਡ, ਡੇਵਿਡ ਐਮਜ, ਕਰੀਡ ਆਦਿ ਅਨੁਭਵੀ ਖਿਡਾਰੀਆਂ ਨਾਲ ਸਜੀ ਇੰਗਲੈਂਡ ਦੀ ਟੀਮ ਛੁਪੇ ਰੁਸਤਕ ਸਾਬਤ ਹੋ ਸਕਦੀ ਹੈ | ਗੋਲਕੀਪਰ ਜਾਰਜ ਪਿਨਰ 'ਤੇ ਇੰਗਲੈਂਡ ਨੂੰ ਬਹੁਤ ਸਾਰੀਆਂ ਆਸਾਂ ਹਨ |
'ਬੀ' ਪੂਲ ਦੀ ਹੀ ਆਇਰਲੈਂਡ ਦੀ ਟੀਮ ਕੋਚ ਅਲੈਗਜ਼ੈਂਡਰ ਕੋਕਸ ਦੀ ਰਹਿਨੁਮਾਈ 'ਚ ਇਸ ਵਿਸ਼ਵ ਕੱਪ ਹਾਕੀ ਸਭ ਨੂੰ ਹੈਰਾਨ ਕਰਨ ਆਈ ਹੈ | ਗੋਲਕੀਪਰ ਡੇਵਿਡ ਹਾਰਟੇ, ਕ੍ਰਿਸ ਕਾਰਗੋ, ਮਿਚ ਡਾਰਲਿੰਗ, ਲੀ, ਕੋਟੇ, ਐਲਨ ਸੋਥਨ, ਲਿਊਕ ਮੇਡਲੇ ਆਦਿ ਖਿਡਾਰੀ ਆਇਰਲੈਂਡ ਦੀ ਟੀਮ ਦੀ ਸ਼ਕਤੀ ਹਨ | ਇਸੇ ਪੂਲ 'ਚ ਚੀਨ ਦੀ ਟੀਮ ਇਕ ਬਹੁਤ ਹੀ ਅਨੁਭਵੀ ਅਤੇ ਕਾਮਯਾਬ ਦੱਖਣੀ ਕੋਰੀਆ ਕੋਚ ਕਿਮ ਸੈਂਗ ਰੀਓਲ ਦੇ ਮਾਰਗ ਦਰਸ਼ਨ 'ਚ ਹੈ | ਗੋਲਕੀਪਰ ਜੀਵਏ, ਗਿਉਜਿਨ, ਮੈਗ ਡੀਹਾਓ, ਸੂਲਿਕਸਿੰਗ, ਵੈਨਲੋਂਗ, ਸੂ ਜੁਨ ਆਦਿ ਖਿਡਾਰੀ ਚੀਨ ਦੀ ਟੀਮ ਦੀ ਜਿੰਦਜਾਨ ਹਨ | ਜ਼ਿਕਰਯੋਗ ਹੈ ਕਿ ਚੀਨ ਦੀ ਟੀਮ ਪਹਿਲੀ ਵਾਰ ਵਿਸ਼ਵ ਕੱਪ ਹਾਕੀ ਖੇਡ ਰਹੀ ਹੈ | ਜਿਥੋਂ ਤੱਕ ਪੂਲ 'ਸੀ' 'ਚ ਬੈਲਜੀਅਮ ਦੀ ਟੀਮ ਦਾ ਸਵਾਲ ਹੈ, ਭਾਵੇਂ ਚੈਂਪੀਅਨਜ਼ ਟਰਾਫੀ ਹਾਕੀ 'ਚ ਉਸ ਨੇ ਵਧੀਆ ਖੇਡ ਦਾ ਮੁਜ਼ਾਹਰਾ ਨਹੀਂ ਕੀਤਾ ਪਰ 'ਲਾਲ ਸ਼ੇਰ' ਕਹੀ ਜਾਣ ਵਾਲੀ ਬੈਲਜ਼ੀਅਮ ਦੀ ਟੀਮ ਸ਼ਕਤੀਸ਼ਾਲੀ ਟੀਮਾਂ ਲਈ ਪ੍ਰੇਸ਼ਾਨੀ ਦਾ ਸਬੱਬ ਬਣ ਸਕਦੀ ਹੈ | ਕੋਚ ਸ਼ਾਨੇ ਮਕਲਿਊਡ ਨੂੰ ਆਪਣੇ ਖਿਡਾਰੀਆਂ ਵਿਨਸੈਂਟ, ਵਾਨ ਡਾਰੇਨ, ਅਲੈਂਗਜ਼ੈਂਡਰ, ਆਰਥਰ, ਸਾਇਮਨ 'ਤੇ ਪੂਰਾ ਭਰੋਸਾ ਹੈ ਕਿ ਉਹ ਟੇਮ ਬੂਨ, ਕੇਡਰਿਕ ਚਾਰਲੀਅਰ ਆਦਿ ਨਾਲ ਮਿਲ ਕੇ ਵੱਡੇ ਉਲਟਫੇਰ ਕਰ ਸਕਦੇ ਹਨ | ਭਾਰਤੀ ਟੀਮ ਕੋਚ ਹਰਿੰਦਰ ਦੇ ਮਾਰਗ ਦਰਸ਼ਨ 'ਚ ਵਿਸ਼ਵ ਹਾਕੀ 'ਚ ਕਿਸੇ ਬਹੁਤ ਵੱਡੀ ਕਾਮਯਾਬੀ ਨੂੰ ਪ੍ਰਾਪਤ ਕਰਨਾ ਚਾਹੇਗੀ | ਟੀਮ 'ਚ ਜ਼ਿਆਦਾ ਖਿਡਾਰੀ ਘੱਟ ਅਨੁਭਵੀ ਵੀ ਹਨ ਪਰ ਦੂਜੇ ਪਾਸੇ ਗੋਲਕੀਪਰ ਸ੍ਰੀ ਜੇਸ, ਹਰਮਨਪ੍ਰੀਤ ਸਿੰਘ, ਬਰਿੰਦਰ ਲਾਕੜਾ, ਕੋਥਾਜੀਤ ਸਿੰਘ, ਮਨਪ੍ਰੀਤ ਸਿੰਘ, ਅਕਾਸ਼ਦੀਪ ਸਿੰਘ, ਚਿੰਗਲੇਨਸਨਾ, ਸੁਮਿਤ, ਲਲਿਤ ਕੁਮਾਰ, ਹਾਰਦਿਕ ਸਿੰਘ ਆਦਿ ਟੀਮ 'ਚ ਆਪਣੇ ਬੁਲੰਦ ਇਰਾਦਿਆਂ ਨਾਲ ਜਾਨ ਫੂਕ ਰਹੇ ਹਨ | ਭਾਰਤ ਦੀ ਦੱਖਣੀ ਅਫਰੀਕਾ ਵਿਰੱੁਧ ਜਿੱਤ ਪ੍ਰਭਾਵਸ਼ਾਲੀ ਰਹੀ |
ਦੱਖਣੀ ਅਫਰੀਕਾ ਦੀ ਟੀਮ ਕੋਚ ਮਾਰਕ ਹੋਪਕਿਨਜ਼ ਦੀ ਰਹਿਨੁਮਾਈ 'ਚ ਖੇਡਣ ਆਈ ਹੈ | ਅਫਰੀਕਾ ਕੱਪ ਦੀ ਜੇਤੂ ਇਹ ਟੀਮ ਕੈਪਟਨ ਟਿਮ, ਆਸਟਿਨ ਸਮਿੱਥ ਅਤੇ ਹਾਲਕਿੱਟ ਭੁਵਨੇਸ਼ਵਰ ਵਿਖੇ ਇਕ ਪ੍ਰਭਾਵਸ਼ਾਲੀ ਪ੍ਰਦਰਸ਼ਨ ਦੀ ਆਸ ਲੈ ਕੇ ਆਏ ਹਨ | ਗੋਲਕੀਪਰ ਗੋਵਾਨ, ਟੇਅਲਰ, ਜੂਲੀਅਨ, ਨਿਕ ਸਪੂਨਰ, ਰਿਦਰਡ, ਟਾਈਸਨ, ਬਿਲੀ ਆਦਿ ਖਿਡਾਰੀ ਦੱਖਣੀ ਅਫਰੀਕਾ ਦੇ ਗੌਰਵ ਲਈ ਪੂਰੀ ਵਾਹ ਲਾਉਣਗੇ | 'ਸੀ' ਪੂਲ ਦੀ ਕੈਨੇਡਾ ਦੀ ਟੀਮ ਪਾਲ ਬੰਡੀ ਕੋਚ ਦੀ ਅਗਵਾਈ 'ਚ ਖੇਡ ਰਹੀ ਹੈ | ਗੋਲਕੀਪਰ ਡੇਵਿਡ ਕਾਰਟਰ, ਬਰੈਡਡਨ, ਓਲੀਵਰ, ਜੋਹਨ, ਜੈਮੀ, ਮਾਰਕ ਪੀਅਰਸਨ, ਮੈਥਿਊ, ਸਕੋਟ ਆਦਿ ਕੈਨੇਡਾ ਦੀ ਟੀਮ ਦੇ ਸ਼ਕਤੀਸ਼ਾਲੀ ਖਿਡਾਰੀ ਹਨ ਅਤੇ ਵੱਡੇ ਉਲਟਫੇਰ ਕਰ ਸਕਦੇ ਹਨ |
ਜਿਥੋਂ ਤੱਕ ਪੂਲ 'ਡੀ' ਦਾ ਸਬੰਧ ਹੈ, ਇਹ ਦੁਨੀਆ ਦੀਆਂ ਸ਼ਕਤੀਸ਼ਾਲੀ ਟੀਮਾਂ ਨਾਲ ਲਬਰੇਜ ਹੈ | ਨੀਦਰਲੈਂਡ ਦੀ ਟੀਮ ਕੋਚ ਮੈਕਸ ਕਾਲਡਸ ਦੀ ਰਹਿਨੁਮਾਈ 'ਚ ਖੇਡ ਰਹੀ ਹੈ | ਗੋਲਕੀਪਰ ਸੇਮ ਵਨਡਰ ਬਿਲੀ ਬੇਕਰ, ਲਾਰਸ ਬਲਕ, ਫਲੋਰਿਸ, ਬਿ੍ਕਮੇਨ, ਸੂਮੈਨ ਆਦਿ ਖਿਡਾਰੀ ਟੀਮ ਦੀ ਸ਼ਕਤੀ ਹਨ | ਵੀਡਨ ਦੀ ਟੀਮ 'ਚ ਵਾਪਸੀ ਡਚ ਈਮ ਲਈ ਬਹੁਤ ਸਹਾਇਕ ਹੋਵੇਗੀ | ਡਚ ਟੀਮ ਖਤਰਨਾਕ ਇਰਾਦਿਆਂ ਨਾਲ ਵਿਸ਼ਵ ਕੱਪ ਹਾਕੀ ਵਿਚ ਤਹਿਲਕਾ ਮਚਾਉਣ ਆਈ ਹੈ |
ਇਸੇ ਪੂਲ 'ਚ ਜਰਮਨੀ ਦੀ ਟੀਮ ਸਟੀਫਨ ਕੇਰਮਸ ਕੋਚ ਦੀ ਰਹਿਨੁਮਾਈ 'ਚ ਹੈ | ਗੋਲਕੀਪਰ ਮਾਰਕ ਐਪਲ, ਫਲੋਰੀਅਨ ਟੋਮ, ਵਿੰਡ ਫੀਡਰ, ਵੈਲਨ, ਮਾਰਟਿਨ ਹੇਨਰ, ਗ੍ਰੈਮ ਬੁਚ ਆਦਿ ਖਿਡਾਰੀ ਜਰਮਨ ਟੀਮ ਦੀ ਜਿੰਦਜਾਨ ਹਨ | ਆਖਰੀ ਵਾਰ ਵਰਲਡ ਹਾਕੀ ਲੀਗ 'ਚ ਭੁਵਨੇਸ਼ਵਰ ਵਿਖੇ ਹੀ ਇਸ ਟੀਮ ਨੇ ਵਧੀਆ ਪ੍ਰਦਰਸ਼ਨ ਕੀਤਾ ਸੀ |
ਇਸ ਪੂਲ ਦੀ ਮਲੇਸ਼ੀਆ ਦੀ ਟੀਮ ਏਸ਼ੀਆ ਮਹਾਂਦੀਪ ਦੀ ਹੁਣ ਸ਼ਕਤੀਸ਼ਾਲੀ ਟੀਮ ਹੈ | ਡੱਚ ਕੋਚ ਰੋਏਲੈਟ ਓਲਟਮੈਂਜ ਦੇ ਮਾਰਗ ਦਰਸ਼ਨ 'ਚ ਇਹ ਟੀਮ ਫੈਜ਼ ਅਲੀ, ਹਸਨ, ਰੋਜ਼ਮੀ ਆਦਿ ਖਿਡਾਰੀਆਂ ਵਾਲੀ ਟੀਮ ਗੋਲਕੀਪਰ ਕੁਮਾਰ ਸੁਭਰਾਮਨੀਅਮ, ਸਈਅਦ, ਨਬੀ ਨੂਰ ਆਦਿ ਪ੍ਰਤਿਭਾਸ਼ਾਲੀ ਖਿਡਾਰੀਆਂ ਨਾਲ ਮਿਲ ਕੇ ਵਿਸ਼ਵ ਕੱਪ ਹਾਕੀ 'ਚ ਇਕ ਵੱਡੀ ਚੁਣੌਤੀ ਵੀ ਸਾਬਤ ਹੋ ਸਕਦੀ ਹੈ | ਇਸ ਪੂਲ ਦੀ ਆਖਰੀ ਟੀਮ ਏਸ਼ੀਆ ਮਹਾਂਦੀਪ ਦੀ ਇਕ ਹੋਰ ਵੱਡੀ ਤੋਪ ਪਾਕਿਸਤਾਨ ਦੀ ਟੀਮ ਸਵਦੇਸ਼ੀ ਕੋਚ ਤਾਕੀਰ ਦਾਰ ਦੇ ਮਾਰਗ ਦਰਸ਼ਨ 'ਚ ਵਿਸ਼ਵ ਕੱਪ ਹਾਕੀ ਖੇਡ ਰਹੀ ਹੈ | ਗੋਲਕੀਪਰ ਇਮਰਾਨ ਭੱਟ, ਰਾਸ਼ਿਦ ਮਹਿਮੂਦ, ਮੁਹੰਮਦ ਜੁਬੈਰ, ਮੁਹੰਮਦ ਰਿਜਵਾਨ, ਇਰਫਾਨ, ਅਲੀਸ਼ਾਨ, ਅਲੀਮ ਬਲਾਲ ਆਦਿ ਖਿਡਾਰੀ ਪਾਕਿਸਤਾਨ ਦੀ ਟੀਮ ਨੂੰ ਸ਼ਕਤੀਸ਼ਾਲੀ ਬਣਾਉਂਦੇ ਹਨ |
ਅਸੀਂ ਇੰਤਜ਼ਾਰ ਕਰਾਂਗੇ ਇਹ ਦੇਖਣ ਲਈ ਕਿ ਭੁਵਨੇਸ਼ਵਰ ਵਿਖੇ ਕਿਹੜੀ ਟੀਮ ਚੈਂਪੀਅਨ ਬਣਦੀ ਹੈ ਤੇ ਕਿਹੜੀ ਫਾਡੀ ਰਹਿ ਜਾਂਦੀ ਹੈ |

-ਡੀ. ਏ. ਵੀ. ਕਾਲਜ, ਅੰਮਿ੍ਤਸਰ |
ਮੋਬਾ: 98155-35410

ਬੈਡਮਿੰਟਨ ਵਿਚ ਲਕਸ਼ੇ ਸੇਨ ਇਕ ਨਵੀਂ ਪ੍ਰਤਿਭਾ-ਜੂਨੀਅਰ ਵਿਚ ਕਾਂਸੀ ਦਾ ਤਗਮਾ

ਲਕਸ਼ੇ ਸੇਨ 18 ਅਗਸਤ, 2001 ਨੂੰ ਅਲਮੋਰਾ ਉੱਤਰਾਖੰਡ ਵਿਚ ਸਾਧਾਰਨ ਮੱਧਵਰਗੀ ਪਰਿਵਾਰ ਵਿਚ ਜਨਮਿਆ | ਉਸ ਨੇ ਜੂਨੀਅਰ ਵਿਸ਼ਵ ਕੱਪ ਵਿਚ ਇਕ ਨਵਾਂ ਇਤਿਹਾਸ ਰਚ ਕੇ ਰੱਖ ਦਿੱਤਾ ਹੈ | ਇਸ ਸਾਲ ਦਾ ਇਹ ਭਾਰਤ ਦਾ ਇਕਲੌਤਾ ਤਗਮਾ ਹੈ ਜੋ ਲਕਸ਼ੇ ਨੇ ਭਾਰਤ ਦੇ ਨਾਂਅ ਕਾਂਸੀ ਦਾ ਤਗਮਾ ਕੀਤਾ ਹੈ | ਇਹ ਭਾਰਤ ਦੀ ਇਸ ਖੇਡ ਪੁਰਸ਼ ਸਿੰਗਲਜ਼ ਵਿਚ 7 ਸਾਲ ਦੇ ਸੋਕੇ ਤੋਂ ਬਾਅਦ ਪ੍ਰਾਪਤੀ ਹੈ | ਇਸ ਤੋਂ ਪਹਿਲਾਂ ਸਮੀਰ ਵਰਮਾ ਤੇ ਪਰਣੀਤ ਨੇ ਇਹ ਤਗਮੇ ਜਿੱਤੇ ਸਨ | ਪਹਿਲਾਂ ਸਾਇਨਾ ਨੇਹਵਾਲ ਨੇ ਇਸ ਦਾ ਸੁਨਹਿਰੀ ਆਗਮਨ 2008 ਵਿਚ ਸੋਨੇ ਦਾ ਤਗਮਾ ਜਿੱਤ ਕੇ ਕੀਤਾ ਸੀ |
ਸੈਮੀਫਾਈਨਲ ਵਿਚ ਉਸ ਦਾ ਮੁਕਾਬਲਾ ਥਾਈਲੈਂਡ ਦੇ ਖਿਡਾਰੀ ਕੁਲਨਾਵਰਤ ਨਾਲ ਸੀ, ਜਿਸ ਦੀ ਰੈਂਕਿੰਗ ਵਿਚ ਬਹੁਤ ਫਰਕ ਸੀ | ਪਹਿਲੀ ਗੇਮ ਲਕਸ਼ੇ ਨੇ ਜਿੱਤੀ ਪਰ ਮੈਚ ਤਿੰਨ ਗੇਮਾਂ ਤੱਕ ਚਲਿਆ ਗਿਆ |
ਥਾਈਲੈਂਡ ਦਾ ਖਿਡਾਰੀ ਉਸ ਤੋਂ ਉੱਤਮ ਰੈਂਕਿੰਗ ਵਾਲਾ ਖਿਡਾਰੀ ਸੀ ਤੇ ਇਹ ਮੈਚ ਉਸ ਨੇ 20-22, 21-16, 21-13 ਨਾਲ ਜਿੱਤ ਲਿਆ | ਲਕਸ਼ੇ ਦੀ ਵਿਸ਼ਵ ਰੈਂਕਿੰਗ ਕਿਸੇ ਸਮੇਂ 8 ਜੂਨ, 2018 ਨੂੰ 69 'ਤੇ ਪਹੁੰਚ ਗਈ ਸੀ, ਜੋ ਕਿ ਇਸ ਸਮੇ ਕੁਝ ਵਧ ਕੇ 87 ਹੋ ਗਈ ਹੈ | ਇਸ ਦਾ ਕਾਰਨ ਅੰਤਰਰਾਸ਼ਟਰੀ ਮੈਚ ਖੇਡਣ ਦਾ ਅਵਸਰ ਨਾ ਮਿਲਣਾ ਹੈ | ਪਰ ਲਕਸ਼ੇ ਨੇ ਸੈਮੀ-ਫਾਈਨਲ ਤੱਕ ਦੇ ਸਫਰ ਵਿਚ ਕਈ ਦਿੱਗਜ ਖਿਡਾਰੀਆਂ ਨੂੰ ਮਾਤ ਦੇ ਕੇ ਇਹ ਆਸ ਜਗਾ ਦਿੱਤੀ ਸੀ ਕਿ ਉਹ ਜ਼ਰੂਰ ਹੀ ਸੋਨੇ ਦਾ ਤਗਮਾ ਜਿੱਤੇਗਾ | ਉਸ ਨੇ ਬਹੁਤ ਹੀ ਸੰਘਰਸ਼ਮਈ ਖੇਡ ਖੇਡੀ ਤੇ ਇਹ ਸਾਬਤ ਕਰ ਦਿੱਤਾ ਕਿ ਭਾਰਤ ਵਿਚ ਸੰਸਾਰ ਪੱਧਰ ਦੇ ਖਿਡਾਰੀਆਂ ਦੀ ਕੋਈ ਕਮੀ ਨਹੀਂ | ਭਾਰਤ ਵਿਚ ਬੈਡਮਿੰਟਨ ਅਕੈਡਮੀਆਂ ਨੇ ਇਸ ਖੇਡ ਨੂੰ ਪ੍ਰਫੁੱਲਿਤ ਕਰਨ ਕਈ ਉਪਰਾਲੇ ਕੀਤੇ ਹਨ | ਲਕਸ਼ੈ ਸੇਨ ਵੀ ਇਸ ਦੀ ਦੇਣ ਹੈ | ਇਹ ਅਜਿਹੀ ਖੇਡ ਹੈ ਜਿਸ ਤੋਂ ਭਾਰਤ ਨੂੰ ਆਸ ਹੋ ਸਕਦੀ ਹੈ ਕਿ ਟੋਕੀਓ ਉਲੰਪਿਕ ਵਿਚ ਭਾਰਤ ਦੀ ਝੋਲੀ ਵਿਚ ਤਗਮੇ ਪੈ ਸਕਦੇ ਹਨ |

-274-ਏ.ਐਕਸ. ਮਾਡਲ ਟਾਊਨ ਐਕਸਟੈਨਸ਼ਨ, ਲੁਧਿਆਣਾ | ਮੋਬਾ: 98152-55295

ਪੰਜਾਬੀਆਂ ਦੀ ਮਹਿਬੂਬ ਖੇਡ ਕਬੱਡੀ ਦਾ ਡਿਗਿਆ ਵੱਡਾ ਥੰਮ੍ਹ-ਸੁਖਮਨ ਸਿੰਘ ਚੋਹਲਾ ਸਾਹਿਬ

ਕਰੀਬ ਇਕ ਦਹਾਕਾ ਕਬੱਡੀ ਗਰਾਊਾਡਾਂ ਅੰਦਰ ਸ਼ੇਰ ਵਾਂਗ ਗਰਜੇ ਹਰਫਨਮੌਲਾ ਖਿਡਾਰੀ ਸੁਖਮਨ ਸਿੰਘ ਚੋਹਲਾ ਸਾਹਿਬ ਦਾ ਭਰ ਜੋਬਨ 'ਚ ਇਸ ਫਾਨੀ ਸੰਸਾਰ ਤੋਂ ਰੁਖਸਤ ਹੋਣਾ ਕਬੱਡੀ ਜਗਤ ਲਈ ਅਕਹਿ ਤੇ ਅਸਹਿ ਸਦਮਾ ਹੈ | ਨਰੋਏ ਭਰਵੇਂ ਜੁੱਸੇ ਤੇ ਕਬੱਡੀ ਦੇ ਕੌਤਕੀ ਦਾਅ-ਪੇਚਾਂ ਨਾਲ ਲਬਰੇਜ਼ ਲੰਬੇ-ਲੰਝੇ ਸੁਖਮਨ ਨੇ ਇਮਾਨਦਾਰੀ ਨਾਲ ਹਮੇਸ਼ਾ ਸਾਫ਼-ਸੁਥਰੀ ਕਬੱਡੀ ਖੇਡੀ ਤੇ ਖੇਡ ਨੂੰ ਖੇਡ ਕਰਕੇ ਜਾਣਿਆ ਅਤੇ ਮਾਣਿਆ | ਪੌਣੇ ਕੁ ਤਿੰਨ ਦਹਾਕੇ ਪਹਿਲਾਂ ਜ਼ਿਲ੍ਹਾ ਤਰਨ ਤਾਰਨ ਦੇ ਇਤਿਹਾਸਕ ਨਗਰ ਚੋਹਲਾ ਸਾਹਿਬ ਵਿਖੇ ਪਿਤਾ ਕੁਲਵੰਤ ਸਿੰਘ ਦੇ ਘਰ ਮਾਤਾ ਸੁਖਜੀਤ ਕੌਰ ਦੀ ਕੁੱਖੋਂ ਪੈਦਾ ਹੋਇਆ ਸੁਖਮਨ ਸਾਫ ਦਿਲ ਤੇ ਸੱਚਾ-ਸੁੱਚਾ ਇਨਸਾਨ ਸੀ | ਸ਼ੁਰੂਆਤੀ ਦਿਨਾਂ ਵਿਚ ਫਰੀਦਕੋਟ ਦੇ ਪਹਿਲਵਾਨੀ ਆਖਾੜੇ 'ਚ ਥੋੜ੍ਹਾ ਸਮਾਂ ਸੁਖਮਨ ਨੇ ਪਹਿਲਵਾਨੀ ਦੇ ਦਾਅ-ਪੇਚ ਵੀ ਸਿੱਖੇ, ਪਰ ਉਸ ਦੇ ਤਾਏ ਪਹਿਲਵਾਨ ਲੱਖਾ ਸਿੰਘ ਦੀ ਸਖ਼ਤ ਮਿਹਨਤ ਸਦਕਾ ਸੁਖਮਨ ਨੇ 2008 'ਚ ਖੇਡ ਕਬੱਡੀ ਦਾ ਸਫ਼ਲ ਆਗਾਜ਼ ਕੀਤਾ | ਗਜ਼ ਚੌੜੀ ਛਾਤੀ ਤੇ ਸੁਡੌਲ ਸਰੀਰ ਵਾਲੇ ਗੱਭਰੂ ਸੁਖਮਨ ਨੇ ਜਦ ਸਿੱਧਾ ਪ੍ਰਵੇਸ਼ ਕਬੱਡੀ ਓਪਨ ਵਿਚ ਕੀਤਾ ਤਾਂ ਕਬੱਡੀ ਜਗਤ ਦੇ ਮਾਹਿਰਾਂ ਨੇ ਇਸ ਚੋਬਰ 'ਤੇ ਖੇਡ ਕਬੱਡੀ ਦੇ ਵੱਡੇ ਮੱਲ ਹੋਣ ਦੀ ਵਿਲੱਖਣ ਤੇ ਅਮਿੱਟ ਮੋਹਰ ਲਗਾਈ | 2013 ਵਿਚ ਫਿਰ ਇੰਗਲੈਂਡ ਦੇ ਸਮੁੱਚੇ ਖੇਡ ਸੀਜ਼ਨ ਦਾ ਪ੍ਰਥਮ ਧਾਵੀ ਬਣ ਖੇਡ ਕਬੱਡੀ ਦੇ ਬੇਤਾਜ ਬਾਦਸ਼ਾਹ ਦਾ ਮਾਣ ਪ੍ਰਾਪਤ ਕੀਤਾ | 2014 'ਚ ਕੈਨੇਡਾ ਦੀਆਂ ਘਾਹਦਾਰ ਕਬੱਡੀ ਗਰਾਊਾਡਾਂ 'ਚ ਸੁਖਮਨ ਦੀ ਖੂਬ ਤੂਤੀ ਬੋਲੀ | ਉਸ ਨੇ ਪੰਜਾਬ ਦੇ ਵੀ ਵੱਡੇ ਨਾਮੀ ਕਬੱਡੀ ਖੇਡ ਮੇਲਿਆਂ ਸ੍ਰੀ ਅਨੰਦਪੁਰ ਸਾਹਿਬ, ਸ੍ਰੀ ਹਜ਼ੂਰ ਸਾਹਿਬ, ਹਕੀਮਪੁਰ, ਕਪੂਰਥਲਾ, ਪਰਸਰਾਮਪੁਰ, ਕਮਾਲਪੁਰਾ, ਘਰਿਆਲਾ, ਰਾਏਕੋਟ, ਸੁਲਤਾਨਵਿੰਡ, ਸੁਰ ਸਿੰਘ ਵਾਲਾ, ਜਲੰਧਰ, ਚੋਹਲਾ ਸਾਹਿਬ, ਮੁਠੱਡਾ, ਸੈਦੋਕੇ, ਕੈਰੋਂ, ਰਾਣੀਵਲਾਹ ਆਦਿ ਤੋਂ ਅਣਗਿਣਤ ਕਬੱਡੀ ਕੱਪਾਂ 'ਤੇ ਆਪਣੀ ਜਾਨਦਾਰ ਖੇਡ ਦੇ ਜੌਹਰ ਦਿਖਾਏ | 2018 'ਚ ਚੋਹਲਾ ਸਾਹਿਬ ਦੇ ਵੱਡਆਕਾਰੀ ਕਬੱਡੀ ਕੱਪ 'ਤੇ ਉੱਘੇ ਪ੍ਰਮੋਟਰ ਰਣਜੀਤ ਢੰਡਾ, ਲਾਲੀ ਢੇਸੀ, ਟੀਟੂ ਕੰਗ ਤੇ ਬਿੰਦਰ ਮਾਹਲ ਵਲੋਂ ਫਾਰਚੂਨਰ ਗੱਡੀ ਨਾਲ ਸੁਖਮਨ ਨੂੰ ਨਵਾਜਿਆ ਗਿਆ, ਜੋ ਮਾਝਾ ਖੇਤਰ 'ਚ ਕਬੱਡੀ ਖੇਡ ਅੰਦਰ ਪਹਿਲਾ ਵੱਡਾ ਇਨਾਮ ਚੋਬਰ ਸੁਖਮਨ ਦੇ ਹਿੱਸੇ ਆਇਆ | ਕਬੱਡੀ ਦੇ ਰੁਸਤਮ ਖਿਡਾਰੀ ਹਰਜੀਤ ਬਰਾੜ ਦੀ 20 ਵਰ੍ਹੇ ਪਹਿਲਾਂ ਹੋਈ ਮੌਤ ਨੇ ਕਬੱਡੀ ਪ੍ਰੇਮੀਆਂ ਨੂੰ ਧੁਰ ਅੰਦਰੋਂ ਝੰਜੋੜ ਕੇ ਰੱਖ ਦਿੱਤਾ ਸੀ, ਅੱਜ ਇਕ ਫੇਰ ਜੱਗ ਜੇਤੂ ਖਿਡਾਰੀ ਸੁਖਮਨ ਦੀ ਹੋਈ ਅਚਨਚੇਤ ਮੌਤ ਨਾਲ ਜਿੱਥੇ ਪਰਿਵਾਰ ਗਹਿਰੇ ਸਦਮੇ 'ਚ ਹੈ, ਉੱਥੇ ਕਬੱਡੀ ਪ੍ਰੇਮੀਆਂ ਦੇ ਮਨ ਵੀ ਅਫਸੋਸੇ ਹੋਏ ਨੇ, ਕਬੱਡੀ ਜਗਤ 'ਚ ਹਰ ਪਾਸੇ ਸੋਗ ਦੀ ਲਹਿਰ ਹੈ | ਕਬੱਡੀ ਜਗਤ ਅਤੇ ਪਰਿਵਾਰ ਨੂੰ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਹੈ ਸੁਖਮਨ ਦਾ ਭਰ ਜਵਾਨੀ 'ਚ ਫਾਨੀ ਸੰਸਾਰ ਨੂੰ ਅਲਵਿਦਾ ਕਹਿਣਾ |

-ਬੱਬੀ ਪੱਤੋ
ਪਿੰਡ ਤੇ ਡਾਕ: ਪੱਤੋ ਹੀਰਾ ਸਿੰਘ (ਮੋਗਾ) | ਮੋਬਾ: 98147-45867

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX