ਤਾਜਾ ਖ਼ਬਰਾਂ


ਲੁਟੇਰਿਆ ਵੱਲੋਂ ਟਰੱਕ ਡਰਾਈਵਰ ਨਾਲ ਲੁੱਟ
. . .  1 day ago
ਨਾਭਾ, 17 ਫਰਵਰੀ (ਅਮਨਦੀਪ ਸਿੰਘ ਲਵਲੀ) - ਨਾਭਾ ਵਿਖੇ 4-5 ਅਣਪਛਾਤੇ ਲੁਟੇਰੇ ਇੱਕ ਟਰੱਕ ਡਰਾਈਵਰ ਨਾਲ ਮਾਰਕੁੱਟ ਕਰਨ ਤੋਂ ਬਾਅਦ ਉਸ ਕੋਲੋਂ 5ਹਜਾਰ ਦੀ ਨਗਦੀ, ਮੋਬਾਈਲ ਫ਼ੋਨ...
ਰਾਜਸਥਾਨ 'ਚ ਸਵਾਈਨ ਫਲੂ ਕਾਰਨ ਇਸ ਸਾਲ 127 ਮੌਤਾਂ
. . .  1 day ago
ਜੈਪੁਰ, 17 ਫਰਵਰੀ - ਰਾਜਸਥਾਨ 'ਚ ਸਵਾਈਨ ਫਲੂ ਕਾਰਨ ਇਸ ਸਾਲ 127 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ ਸਵਾਈਨ ਫਲੂ ਦੇ 3508 ਮਰੀਜ਼ਾਂ ਦੀ ਪੁਸ਼ਟੀ ਹੋ ਚੁੱਕੀ...
ਦਿਲਜੀਤ ਦੁਸਾਂਝ ਵਲੋਂ ਸ਼ਹੀਦ ਜਵਾਨਾਂ ਦੇ ਪਰਿਵਾਰਾਂ ਨੂੰ ਮਦਦ
. . .  1 day ago
ਨਵੀਂ ਦਿੱਲੀ, 17 ਫਰਵਰੀ - ਮੀਡੀਆ ਰਿਪੋਰਟਾਂ ਮੁਤਾਬਿਕ ਦੇਸ਼ ਵਿਦੇਸ਼ ਵਿਚ ਮਕਬੂਲ ਪੰਜਾਬੀ ਸਿੰਗਰ ਦਿਲਜੀਤ ਦੁਸਾਂਝ ਨੇ ਪੁਲਵਾਮਾਂ ਦੇ ਸ਼ਹੀਦ ਜਵਾਨਾਂ ਦੇ ਪਰਿਵਾਰਾਂ ਲਈ ਆਰਥਿਕ ਮਦਦ ਦਾ ਐਲਾਨ ਕੀਤਾ ਹੈ। ਦਿਲਜੀਤ ਦੁਸਾਂਝ ਨੇ ਸੀ.ਆਰ.ਪੀ.ਐਫ. ਵਾਈਫਜ਼ ਵੈਲਫੇਅਰ...
ਪੁਲਵਾਮਾ ਹਮਲੇ 'ਤੇ ਜਸ਼ਨ ਮਨਾਉਣ 'ਤੇ 4 ਵਿਦਿਆਰਥਣਾਂ ਨੂੰ ਸਿੱਖਿਆ ਅਦਾਰੇ ਤੋਂ ਕੀਤਾ ਸਸਪੈਂਡ
. . .  1 day ago
ਜੈਪੁਰ, 17 ਫਰਵਰੀ - ਪੁਲਵਾਮਾ 'ਚ ਸੀ.ਆਰ.ਪੀ.ਐਫ. ਜਵਾਨਾਂ ਦੇ ਕਾਫ਼ਲੇ 'ਤੇ ਹੋਏ ਕਾਇਰਤਾ ਭਰੇ ਅੱਤਵਾਦੀ ਹਮਲੇ ਤੋਂ ਬਾਅਦ ਇੱਥੇ ਇਕ ਨਿੱਜੀ ਸੰਸਥਾ ਦੀਆਂ 4 ਕਸ਼ਮੀਰੀ ਵਿਦਿਆਰਥਣਾਂ ਵੱਲੋਂ ਜਸ਼ਨ ਮਨਾਏ ਜਾਣ 'ਤੇ ਸੰਸਥਾ ਨੇ ਇਨ੍ਹਾਂ ਚਾਰ ਪੈਰਾਮੈਡੀਕਲ ਵਿਦਿਆਰਥਣਾਂ...
ਔਰਤ ਦਾ ਕਤਲ, ਪਤੀ ਦੀ ਕੀਤੀ ਜਾ ਰਹੀ ਹੈ ਤਲਾਸ਼
. . .  1 day ago
ਜਲੰਧਰ, 17 ਫਰਵਰੀ - ਜਲੰਧਰ ਦੀ ਬਸਤੀ ਪੀਰ ਦਾਦ 'ਚ ਇਕ ਪਤੀ ਆਪਣੀ ਪਤਨੀ ਨੂੰ ਕਥਿਤ ਤੌਰ 'ਤੇ ਕਤਲ ਕਰਕੇ ਘਰ ਨੂੰ ਕੁੰਡੀ ਲਗਾ ਕੇ ਭੱਜ ਗਿਆ। ਘਟਨਾ ਦਾ ਖੁਲਾਸਾ ਉਸ ਵਕਤ ਹੋਇਆ। ਜਦੋਂ ਘਰ ਤੋਂ ਬਦਬੂ ਆਈ। ਫਿਲਹਾਲ ਥਾਣਾ ਬਸਤੀ ਬਾਵਾ ਖੇਲ ਦੀ ਪੁਲਿਸ...
ਚੀਫ਼ ਖ਼ਾਲਸਾ ਦੀਵਾਨ ਦੇ ਸ. ਨਿਰਮਲ ਸਿੰਘ ਬਣੇ ਨਵੇਂ ਪ੍ਰਧਾਨ
. . .  1 day ago
ਅੰਮ੍ਰਿਤਸਰ, 17 ਫਰਵਰੀ (ਜੱਸ) - ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਸਮੇਤ ਹੋਰ ਅਹੁਦੇਦਾਰਾਂ ਦੀਆਂ ਹੋਈਆਂ ਚੋਣਾਂ ਵਿਚ ਅਣਖੀ ਮਜੀਠਾ ਗਰੁੱਪ ਦੇ ਸ. ਨਿਰਮਲ ਸਿੰਘ ਜੇਤੂ ਕਰਾਰ ਦਿੱਤੇ ਗਏ ਹਨ। ਉਨ੍ਹਾਂ ਨੇ ਆਪਣੇ ਵਿਰੋਧੀ ਸਰਬਜੀਤ ਸਿੰਘ ਨੂੰ 33 ਵੋਟਾਂ ਦੇ ਫ਼ਰਕ ਨਾਲ ਹਰਾਇਆ...
ਭਾਰਤ 'ਚ ਦੇਖਣ ਨੂੰ ਨਹੀਂ ਮਿਲੇਗਾ 'ਪਾਕਿਸਤਾਨ ਸੁਪਰ ਲੀਗ' ਦਾ ਪ੍ਰਸਾਰਨ, ਡੀ ਸਪੋਰਟ ਨੇ ਲਗਾਈ ਰੋਕ
. . .  1 day ago
ਨਵੀਂ ਦਿੱਲੀ, 17 ਫਰਵਰੀ- ਜੰਮੂ ਕਸ਼ਮੀਰ ਦੇ ਪੁਲਵਾਮਾ 'ਚ ਸੀ.ਆਰ.ਪੀ.ਐਫ 'ਤੇ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਸਰਕਾਰ ਇਸ ਦਾ ਮੂੰਹ ਤੋੜ ਜਵਾਬ ਦੇਣ ਦੀ ਤਿਆਰੀ ਕਰ ਰਹੀ ਹੈ। ਇਸ ਦਾ ਅਸਰ ਹੁਣ ਸਪੋਰਟਸ 'ਤੇ ਦੇਖਣ ਨੂੰ ਮਿਲ ਰਿਹਾ ....
ਖੰਨਾ 'ਚ ਸਵਾਈਨ ਫਲੂ ਕਾਰਨ ਔਰਤ ਦੀ ਹੋਈ ਮੌਤ
. . .  1 day ago
ਖੰਨਾ, 17 ਫਰਵਰੀ (ਹਰਜਿੰਦਰ ਸਿੰਘ ਲਾਲ)- ਸਵਾਈਨ ਫਲੂ ਕਾਰਨ ਮਰਨ ਵਾਲਿਆਂ ਦੀ ਗਿਣਤੀ 'ਚ ਲਗਾਤਾਰ ਵਾਧਾ ਹੋ ਰਿਹਾ ਹੈ। ਅਜਿਹਾ ਹੀ ਮਾਮਲਾ ਖੰਨਾ 'ਚ ਸਾਹਮਣੇ ਆਇਆ ਹੈ ਜਿੱਥੇ ਇਸ ਬਿਮਾਰੀ ਕਾਰਨ ਬੀਤੀ ਰਾਤ 56 ਸਾਲ ਦੀ ਸੁਰਿੰਦਰ ਕੌਰ ....
ਇਟਲੀ 'ਚ ਪੰਜਾਬੀ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ, ਇੱਕ ਜ਼ਖਮੀ
. . .  1 day ago
ਮਿਲਾਨ(ਇਟਲੀ)17 ਫਰਵਰੀ ( ਇੰਦਰਜੀਤ ਸਿੰਘ ਲੁਗਾਣਾ) - ਇਟਲੀ 'ਚ ਬੀਤੇ ਦਿਨੀਂ ਇਕ ਪੰਜਾਬੀ ਦੇ ਹੋਏ ਕਤਲ ਦਾ ਮਾਮਲਾ ਅਜੇ ਠੰਢਾ ਨਹੀ ਸੀ ਪਿਆ ਕਿ ਕਲ ਇਕ ਹੋਰ ਆਪਸੀ ਝਗੜੇ 'ਚ ਇਕ ਪੰਜਾਬੀ ਵੱਲੋਂ ਆਪਣੇ ਹੀ ਇਕ ਪੰਜਾਬੀ ਭਰਾ ਨੂੰ ਬੇਦਰਦੀ ਨਾਲ ....
'ਆਪ' ਵਿਧਾਇਕਾ ਬਲਜਿੰਦਰ ਕੌਰ ਦੇ ਵਿਆਹ ਸਮਾਗਮ 'ਚ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਕੀਤੀ ਸ਼ਮੂਲੀਅਤ
. . .  1 day ago
ਬਠਿੰਡਾ, 17 ਫਰਵਰੀ (ਕਮਲਜੀਤ ਸਿੰਘ) - ਆਮ ਆਦਮੀ ਪਾਰਟੀ ਦੀ ਵਿਧਾਇਕਾ ਬੀਬਾ ਬਲਜਿੰਦਰ ਕੌਰ ਦਾ ਅੱਜ ਮਾਝਾ ਜ਼ੋਨ ਦੇ ਪ੍ਰਧਾਨਸੁਖਰਾਜ ਸਿੰਘ ਬਲ ਨਾਲ ਵਿਆਹ ਹੋ ਗਿਆ ਹੈ। ਉਨ੍ਹਾਂ ਦਾ ਵਿਆਹ ਸਮਾਗਮ ਬਹੁਤ ਹੀ ਸਾਦੇ ਢੰਗ ਨਾਲ ਸੰਪੂਰਨ ਹੋਇਆ। ਇਸ ਮੌਕੇ ਵੱਖ-ਵੱਖ .....
ਹੋਰ ਖ਼ਬਰਾਂ..

ਨਾਰੀ ਸੰਸਾਰ

ਸੋਸ਼ਲ ਮੀਡੀਆ ਦਾ ਔਰਤਾਂ 'ਤੇ ਪ੍ਰਭਾਵ

ਸਮਾਜਿਕ ਜਾਂ ਸੋਸ਼ਲ ਮੀਡੀਆ ਸਮਾਜ ਵਿਚ ਸੰਚਾਰ ਕਰਨ ਦਾ ਕੰਮ ਨਿਭਾਅ ਰਿਹਾ ਹੈ। ਲੋਕਾਂ ਨੂੰ ਤਰ੍ਹਾਂ-ਤਰ੍ਹਾਂ ਦੀ ਜਾਣਕਾਰੀ ਦੇ ਕੇ ਚੰਗੇ ਅਤੇ ਮਾੜੇ ਪ੍ਰਭਾਵ ਸੋਸ਼ਲ ਮੀਡੀਆ ਦੇ ਦੇਖੇ ਜਾ ਸਕਦੇ ਹਨ। ਇਹ ਵਿਚਾਰਧਾਰਕ ਤਕਨੀਕ ਹੈ। ਇਹ ਦੇਸ਼-ਵਿਦੇਸ਼ਾਂ ਵਿਚ ਬੈਠੇ ਲੋਕਾਂ ਨੂੰ ਆਪਸ ਵਿਚ ਜੋੜਦਾ ਹੈ। ਸੋਸ਼ਲ ਮੀਡੀਆ ਵਿਚ ਫੇਸਬੁੱਕ, ਵਟਸਐਪ, ਟਵਿੱਟਰ, ਯੂ ਟਿਊਬ, ਹਾਈਕ, ਇੰਸਟਾਗਰਾਮ ਆਦਿ ਰੂਪ ਦੇਖੇ ਜਾ ਸਕਦੇ ਹਨ। ਪਹਿਲਾਂ-ਪਹਿਲ ਇਹ ਕੇਵਲ ਕੁਝ ਸੀਮਤ ਲੋਕਾਂ ਵਿਚ ਹੀ ਸੋਸ਼ਲ ਮੀਡੀਆ ਦਾ ਅਦਾਨ-ਪ੍ਰਦਾਨ ਹੁੰਦਾ ਸੀ ਪਰ ਕੁਝ ਸਾਲਾਂ ਵਿਚ ਤਕਨਾਲੋਜੀ ਦੇ ਵਧਦੇ ਪ੍ਰਭਾਵ ਨੇ ਆਮ ਲੋਕਾਂ ਤੱਕ ਵੀ ਇਸ ਦੀ ਪਹੁੰਚ ਕਰ ਦਿੱਤੀ ਹੈ। ਨੌਜਵਾਨ, ਬੱਚੇ, ਬਜ਼ੁਰਗ ਸਭ ਅੱਜ ਇਸ ਦੇ ਪ੍ਰਭਾਵ ਵਿਚ ਹਨ। ਸਮਾਜ ਦਾ, ਘਰ ਦਾ, ਪਰਿਵਾਰ ਦਾ ਕੇਂਦਰੀ ਧੁਰਾ ਔਰਤ ਹੈ ਤੇ ਅਸੀਂ ਇਸ ਲੇਖ ਵਿਚ ਇਹ ਦੇਖਾਂਗੇ ਕਿ ਔਰਤਾਂ ਦੀ ਜ਼ਿੰਦਗੀ ਵਿਚ ਸੋਸ਼ਲ ਮੀਡੀਆ ਦਾ ਕੀ ਪ੍ਰਭਾਵ ਹੈ। ਸੋਸ਼ਲ ਮੀਡੀਆ ਨਾਲ ਜੁੜ ਕੇ ਔਰਤਾਂ ਵਿਸ਼ੇਸ਼ ਕਰਕੇ ਘਰੇਲੂ ਔਰਤਾਂ ਆਪਣਾ ਸਮਾਂ ਬਤੀਤ ਕਰਨ ਵਿਚ ਕਾਫੀ ਸਹਾਇਤਾ ਲੈ ਸਕਦੀਆਂ ਹਨ। ਵਿਹਲੇ ਸਮੇਂ ਇਧਰ-ਉਧਰ ਦੀਆਂ ਗੱਲਾਂ ਸੋਚਣ ਨਾਲੋਂ ਕਈ ਰਚਨਾਤਮਕ ਕੰਮ ਵੀ ਸੋਸ਼ਲ ਮੀਡੀਆ 'ਤੇ ਕੀਤੇ ਜਾ ਸਕਦੇ ਹਨ।
ਜੇਕਰ ਯੂ ਟਿਊਬ ਜਾਂ ਪਿੰਟਰੈਸਟ ਉੱਪਰ ਦੇਖਿਆ ਜਾਵੇ ਤਾਂ ਬਹੁਤ ਸਾਰੀਆਂ ਘਰੇਲੂ ਔਰਤਾਂ ਆਪਣੀ ਪ੍ਰਤਿਭਾ ਜਾਂ ਹੁਨਰ ਦਾ ਪ੍ਰਗਟਾਵਾ ਕਰ ਸਕਦੀਆਂ ਹਨ। ਜੇਕਰ ਕਿਸੇ ਔਰਤ ਨੂੰ ਖਾਣਾ ਪਕਾਉਣ ਤੋਂ ਇਲਾਵਾ ਹੋਰ ਵੀ ਕਈ ਤਰ੍ਹਾਂ ਦੇ ਪਕਵਾਨ ਬਣਾਉਣੇ ਆਉਂਦੇ ਹੋਣ ਤਾਂ ਉਹ ਯੂ ਟਿਊਬ ਦੀ ਸਹਾਇਤਾ ਨਾਲ ਆਪਣੇ ਬਣਾਏ ਪਕਵਾਨਾਂ ਦੀਆਂ ਵੀਡੀਓਜ਼ ਸਾਂਝੀਆਂ ਕਰ ਸਕਦੀ ਹੈ। ਅਸੀਂ ਦੇਖਦੇ ਹਾਂ ਕਿ 'ਨਿਸ਼ਾ ਮਧੂਲਿਕਾ' ਨਾਂਅ ਦੀ ਇਕ ਔਰਤ ਨੇ ਇਸ ਤਕਨੀਕ ਦਾ ਲਾਭ ਲੈ ਕੇ ਯੂ ਟਿਊਬ ਦੇ ਜ਼ਰੀਏ ਆਰਥਿਕ ਤੌਰ 'ਤੇ ਅਤੇ ਸਮਾਜਿਕ ਤੌਰ 'ਤੇ ਕਾਫੀ ਪ੍ਰਸਿੱਧੀ ਪ੍ਰਾਪਤ ਕੀਤੀ ਹੈ। ਫੈਸ਼ਨ ਦੀਆਂ ਤਕਨੀਕਾਂ ਵੀ ਅਸੀਂ ਦੇਖਦੇ ਹਾਂ ਕਿ ਇਹ ਔਰਤਾਂ ਨੂੰ ਘਰ ਬੈਠਿਆਂ ਹੀ ਕਾਫੀ ਮਦਦ ਦੇ ਰਹੀਆਂ ਹਨ। ਉਹ ਆਪਣੀਆਂ ਕਈ ਸਮੱਸਿਆਵਾਂ ਦੇ ਹੱਲ ਯੂ ਟਿਊਬ ਉੱਪਰ ਪਾਈਆਂ ਗਈਆਂ ਸੁੰਦਰਤਾ ਸਬੰਧੀ ਵੀਡੀਓਜ਼ ਤੋਂ ਪ੍ਰਾਪਤ ਕਰ ਸਕਦੀਆਂ ਹਨ।
ਜਿਨ੍ਹਾਂ ਔਰਤਾਂ ਨੇ ਆਪਣੇ ਬੁਟੀਕ ਖੋਲ੍ਹੇ ਹਨ, ਉਹ ਤਰ੍ਹਾਂ-ਤਰ੍ਹਾਂ ਦੇ ਡਿਜ਼ਾਈਨ ਯੂ ਟਿਊਬ, ਪਿੰਟਰੈਸਟ ਜਾਂ ਹੋਰ ਕਈ ਤਰ੍ਹਾਂ ਦੀਆਂ ਵੀਡੀਓਜ਼ ਤੋਂ ਪ੍ਰਾਪਤ ਕਰ ਸਕਦੀਆਂ ਹਨ। ਇਸ ਨਾਲ ਉਨ੍ਹਾਂ ਤੋਂ ਸਿਲਾਈ ਕਰਵਾਉਣ ਵਾਲੇ ਗਾਹਕਾਂ ਦਾ ਘੇਰਾ ਵੀ ਵਿਸ਼ਾਲ ਹੁੰਦਾ ਹੈ ਅਤੇ ਸੌਖ ਵੀ ਰਹਿੰਦੀ ਹੈ। ਸੋਸ਼ਲ ਮੀਡੀਆ ਨਾਲ ਜੁੜ ਕੇ ਪੇਂਡੂ ਜਾਂ ਪਛੜੇ ਇਲਾਕਿਆਂ ਵਿਚ ਰਹਿ ਰਹੀਆਂ ਔਰਤਾਂ ਦੇ ਜੀਵਨ ਵਿਚ ਵੀ ਤਬਦੀਲੀ ਆਈ ਹੈ। ਔਰਤਾਂ ਅੰਦਰ ਵਧਦੇ ਤਣਾਅ ਨੂੰ ਰੋਕਣ ਵਿਚ ਵੀ ਸੋਸ਼ਲ ਮੀਡੀਆ ਨੇ ਅਹਿਮ ਭੂਮਿਕਾ ਨਿਭਾਈ ਹੈ।
ਦੇਸ਼-ਵਿਦੇਸ਼ ਬੈਠੇ ਆਪਣੇ ਬੱਚਿਆਂ ਅਤੇ ਰਿਸ਼ਤੇਦਾਰਾਂ ਨਾਲ ਗੱਲਬਾਤ ਕਰਕੇ ਔਰਤਾਂ ਆਪਣੇ-ਆਪ ਨੂੰ ਤਰੋਤਾਜ਼ਾ ਮਹਿਸੂਸ ਕਰਦੀਆਂ ਹਨ। ਘਰ ਵਿਚ ਆਏ ਮਹਿਮਾਨਾਂ ਲਈ ਨਵੇਂ ਪਕਵਾਨ ਬਣਾਉਣ ਦੇ ਤਜਰਬੇ ਵੀ ਸਮਾਜਿਕ ਮੀਡੀਆ ਦੇ ਜ਼ਰੀਏ ਹੋ ਸਕਦੇ ਹਨ।
ਬਜ਼ੁਰਗ ਔਰਤਾਂ ਲਈ ਵੀ ਆਪਣੀ ਉਮਰ ਦੀ ਮੰਗ ਅਨੁਸਾਰ ਅਧਿਆਤਮਕ ਸੰਗੀਤ ਅਤੇ ਜਾਣਕਾਰੀ ਵੀ ਮੌਜੂਦ ਹੈ, ਜੋ ਉਨ੍ਹਾਂ ਦੇ ਮਨਾਂ ਅੰਦਰ ਨਵੇਂ ਵਿਚਾਰ ਅਤੇ ਤਾਜ਼ਗੀ ਤੇ ਤਨਾਓ ਰਹਿਤ ਜ਼ਿੰਦਗੀ ਦਿੰਦੀ ਹੈ। ਔਰਤਾਂ ਆਪਣੇ ਵਟਸਐਪ ਗਰੁੱਪ ਬਣਾ ਕੇ ਆਪਣੇ ਸਮਾਜਿਕ ਕੰਮਾਂ ਵਿਚ ਵਧੇਰੇ ਸਾਕਾਰਾਤਮਿਕ ਹੋ ਸਕਦੀਆਂ ਹਨ ਤੇ ਇਕੱਠੀਆਂ ਹੋ ਕੇ ਆਪਣਾ ਵਿਚਾਰ-ਵਟਾਂਦਰਾ ਸਾਹਿਤਕ/ਸਮਾਜਿਕ ਜਾਂ ਹੋਰ ਕਈ ਵਿਸ਼ਿਆਂ 'ਤੇ ਆਪਣੀ ਰੁਚੀ ਅਨੁਸਾਰ ਕੰਮ ਕਰ ਸਕਦੀਆਂ ਹਨ। ਔਰਤਾਂ ਵਿਚ ਆਨਲਾਈਨ ਖਰੀਦਦਾਰੀ ਕਰਨ ਦਾ ਰੁਝਾਨ ਵੀ ਦਿਨੋ-ਦਿਨ ਵਧ ਰਿਹਾ ਹੈ, ਜਿਸ ਨਾਲ ਮਨਪਸੰਦ ਦੀ ਚੀਜ਼ ਉਹ ਘਰ ਬੈਠਿਆਂ ਮੰਗਵਾ ਕੇ ਆਪਣਾ ਸਮਾਂ ਅਤੇ ਸ਼ਕਤੀ ਬਚਾਅ ਲੈਂਦੀਆਂ ਹਨ। ਪੱਤਰਕਾਰ ਔਰਤਾਂ ਵੀ ਸੋਸ਼ਲ ਮੀਡੀਆ ਰਾਹੀਂ ਆਪਣੇ ਖੇਤਰ ਵਿਚ ਖ਼ਬਰਾਂ ਅਤੇ ਹਕੀਕਤਾਂ ਨੂੰ ਹੋਰ ਵਧੀਆ ਤਰ੍ਹਾਂ ਪੁਣਛਾਣ ਕਰ ਸਕਦੀਆਂ ਹਨ। ਇਹ ਭੁੱਲ-ਭੁਲੇਖੇ ਦੂਰ ਕਰਨ ਵਿਚ ਵੀ ਸਹਾਇਤਾ ਕਰਦਾ ਹੈ।
ਸੋਸ਼ਲ ਮੀਡੀਆ ਦੇ ਸੁਚਾਰੂ ਪ੍ਰਭਾਵ ਪ੍ਰਾਪਤ ਕਰਦੀ ਔਰਤ ਕਈ ਵਾਰ ਜਾਗ੍ਰਿਤੀ ਦੀ ਕਮੀ ਕਾਰਨ ਸਾਈਬਰ ਅਪਰਾਧਾਂ ਦਾ ਵੀ ਸ਼ਿਕਾਰ ਹੋ ਜਾਂਦੀ ਹੈ। ਆਪਣੀਆਂ ਫੋਟੋ ਜਾਂ ਹੋਰ ਨਿੱਜੀ ਜਾਣਕਾਰੀਆਂ ਨੂੰ ਬਹੁਤ ਹੀ ਸਾਵਧਾਨੀ ਨਾਲ ਸੋਸ਼ਲ ਮੀਡੀਆ 'ਤੇ ਸਾਂਝਾ ਕਰਨਾ ਚਾਹੀਦਾ ਹੈ।
ਅਜਨਬੀ ਲੋਕਾਂ ਨਾਲ ਫੇਸਬੁੱਕ ਜਾਂ ਕਿਸੇ ਹੋਰ ਸਮਾਜਿਕ ਮੀਡੀਆ 'ਤੇ ਕੋਈ ਵੀ ਜਾਣਕਾਰੀ ਸਾਂਝੀ ਕਰਨ ਤੋਂ ਗੁਰੇਜ਼ ਕਰੋ। ਆਪਣੇ ਪਾਸਵਰਡ ਦਾ ਵਿਸ਼ੇਸ਼ ਤੌਰ 'ਤੇ ਧਿਆਨ ਰੱਖਣਾ ਜ਼ਰੂਰੀ ਹੈ। ਕਿਸੇ ਤਰ੍ਹਾਂ ਦੀ ਵੀ ਜਾਣਕਾਰੀ ਦੂਜਿਆਂ ਨਾਲ ਸਾਂਝੀ ਕਰਨ ਤੋਂ ਪਹਿਲਾਂ ਸੋਚਣਾ ਜ਼ਰੂਰੀ ਹੈ। ਕਈ ਵਾਰ ਅਸੀਂ ਵਟਸਐਪ ਜਾਂ ਹੋਰ ਸੋਸ਼ਲ ਸਮੱਗਰੀ ਦਾ ਪ੍ਰਯੋਗ ਕਰਦੇ ਹੋਏ ਆਪਣੇ ਪਰਿਵਾਰਕ ਕੰਮ ਨਜ਼ਰਅੰਦਾਜ਼ ਕਰਦੇ ਹਾਂ। ਵਿਸ਼ੇਸ਼ ਕਰਕੇ ਬੱਚਿਆਂ ਦੀ ਪੜ੍ਹਾਈ ਜਾਂ ਹੋਰ ਘਰੇਲੂ ਕੰਮ 'ਚ ਔਰਤਾਂ ਦੀ ਜ਼ਿੰਮੇਵਾਰੀ ਕਾਫੀ ਹੁੰਦੀ ਹੈ। ਚਾਹੇ ਔਰਤਾਂ ਨੌਕਰੀਪੇਸ਼ਾ ਹੋਣ ਜਾਂ ਘਰੇਲੂ, ਉਨ੍ਹਾਂ ਲਈ ਸੋਸ਼ਲ ਮੀਡੀਆ ਵਿਹਲੇ ਸਮੇਂ ਦਾ ਇਕ ਪ੍ਰਯੋਗ ਤਾਂ ਹੋ ਸਕਦਾ ਹੈ ਪਰ ਆਪਣੀਆਂ ਪਰਿਵਾਰਕ ਜ਼ਿੰਮੇਵਾਰੀਆਂ ਨਜ਼ਰਅੰਦਾਜ਼ ਕਰਕੇ ਇਸ ਦੀ ਵਰਤੋਂ ਕਰਨਾ ਸਮੇਂ ਨਾਲ ਬੇਇਨਸਾਫ਼ੀ ਹੈ।
ਸੋਸ਼ਲ ਮੀਡੀਆ ਦਾ ਹੋਰ ਲਾਭ ਔਰਤਾਂ ਲਈ ਘਰੇ ਬੈਠ ਕੇ ਹੀ ਕੋਈ ਗਿਆਨ ਜਾਂ ਸਿੱਖਿਆ ਹਾਸਲ ਕਰਨ ਵਿਚ ਵੀ ਹੋ ਸਕਦਾ ਹੈ। ਆਨਲਾਈਨ ਪੜ੍ਹਾਈ ਜਾਂ ਡਿਗਰੀ ਕਰਨ ਵਿਚ ਵੀ ਔਰਤਾਂ ਨੂੰ ਲਾਭ ਹੋ ਸਕਦਾ ਹੈ। ਸੋਸ਼ਲ ਮੀਡੀਆ ਦਾ ਹਿੱਸਾ ਬਣੀਆਂ ਸਮੂਹ ਔਰਤਾਂ ਨੂੰ ਗੁਜ਼ਾਰਿਸ਼ ਹੈ ਕਿ ਸੋਸ਼ਲ ਮੀਡੀਆ ਦਾ ਸਹੀ ਅਤੇ ਸਾਰਥਿਕ ਪ੍ਰਯੋਗ ਕਰਨ ਅਤੇ ਆਪਣੇ ਪਰਿਵਾਰ ਅਤੇ ਸਮਾਜ ਦੇ ਵਿਕਾਸ ਵਿਚ ਸੋਸ਼ਲ ਮੀਡੀਆ ਦਾ ਲਾਭ ਲੈਣ। ਅੰਧ-ਵਿਸ਼ਵਾਸ ਵਧਾਉਣ ਦੀ ਬਜਾਏ ਸੁਚੇਤ ਹੋ ਕੇ ਸੋਸ਼ਲ ਮੀਡੀਆ ਦਾ ਪ੍ਰਯੋਗ ਕਰਕੇ ਆਪਣੀ ਸੋਚ ਵਿਚ ਬਦਲਾਅ ਲਿਆਂਦਾ ਜਾ ਸਕਦਾ ਹੈ। ਖ਼ਬਰਾਂ ਰਾਹੀਂ ਆਲੇ-ਦੁਆਲੇ ਦੀ ਜਾਣਕਾਰੀ ਪ੍ਰਾਪਤ ਕਰਕੇ, ਸਿਹਤ ਸਬੰਧੀ ਜਾਣਕਾਰੀ ਪ੍ਰਾਪਤ ਕਰਕੇ ਅਤੇ ਹੋਰ ਸਮਾਜਿਕ ਮੁੱਦਿਆਂ ਬਾਰੇ ਸੋਸ਼ਲ ਮੀਡੀਆ ਤੋਂ ਸੂਚਨਾ ਲੈ ਕੇ ਔਰਤਾਂ ਆਪਣੇ ਅਤੇ ਆਪਣੇ ਪਰਿਵਾਰ ਵਿਚ ਸੁਚਾਰੂ ਤਬਦੀਲੀਆਂ ਲਿਆ ਸਕਦੀਆਂ ਹਨ।


-ਐਚ. ਐਮ. ਵੀ., ਜਲੰਧਰ।


ਖ਼ਬਰ ਸ਼ੇਅਰ ਕਰੋ

ਬੱਚਿਆਂ ਨੂੰ ਮਜਬੂਰ ਨਾ ਕਰੋ ਕਿਸੇ ਦੀ ਰੀਸ ਕਰਨ ਲਈ

ਹਰੇਕ ਮਾਂ-ਬਾਪ ਚਾਹੁੰਦਾ ਹੈ ਕਿ ਉਸ ਦਾ ਬੱਚਾ ਭਾਵੇਂ ਉਹ ਲੜਕਾ ਹੈ ਜਾਂ ਲੜਕੀ, ਪੜ੍ਹ-ਲਿਖ ਕੇ ਕਿਸੇ ਚੰਗੇ ਖੇਤਰ ਵਿਚ ਨੌਕਰੀ ਪ੍ਰਾਪਤ ਕਰੇ, ਇਸ ਲਈ ਹਰ ਮਾਂ-ਬਾਪ ਆਪਣੀ ਪੂਰੀ ਵਾਹ ਲਗਾਉਂਦਾ ਹੈ, ਮਿਹਨਤ ਵੀ ਕਰਦਾ ਹੈ, ਪੈਸਾ ਵੀ ਖਰਚ ਕਰਦਾ ਹੈ।
ਅੱਜਕਲ੍ਹ ਦੇਖਣ ਵਿਚ ਆਉਂਦਾ ਹੈ ਕਿ ਮਾਂ-ਬਾਪ ਖਾਸ ਤੌਰ 'ਤੇ ਮੰਮੀਆਂ ਬੱਚਿਆਂ ਨੂੰ ਮਜ਼ਬੂਰ ਕਰਦੀਆਂ ਹਨ ਕਿ ਦੇਖ ਆਪਣੀ ਸੁਸਾਇਟੀ ਵਿਚ ਫਲਾਨੇ ਪਰਿਵਾਰ ਦਾ ਬੱਚਾ ਅਹੁ ਕਰ ਰਿਹਾ ਹੈ, ਤੂੰ ਵੀ ਉਵੇਂ ਹੀ ਕਰਨਾ ਹੈ। ਉਨ੍ਹਾਂ ਦਾ ਲੜਕਾ ਜਾਂ ਲੜਕੀ ਡਾਕਟਰ, ਇੰਜੀਨੀਅਰ ਜਾਂ ਜੱਜ ਬਣਿਆ ਜਾਂ ਬਣੀ ਹੈ, ਤੂੰ ਵੀ ਉਹ ਹੀ ਬਣਨਾ ਹੈ। ਇਹ ਕਰਨ ਲਈ ਬੱਚੇ 'ਤੇ ਦਬਾਅ ਬਣਾਇਆ ਜਾਂਦਾ ਹੈ ਕਿ ਸਾਡਾ ਇਹ ਸੁਪਨਾ ਹੈ ਤੇ ਤੂੰ ਇਸ ਨੂੰ ਜ਼ਰੂਰ ਪੂਰਾ ਕਰਨਾ ਹੈ ਜਾਂ 99 ਫੀਸਦੀ ਜਾਂ 98 ਫੀਸਦੀ ਅੰਕ ਜ਼ਰੂਰ ਪ੍ਰਾਪਤ ਕਰਨੇ ਹਨ ਜਾਂ ਟੌਪ ਰੈਂਕ ਪ੍ਰਾਪਤ ਕਰਨਾ ਹੈ, ਇਸ ਲਈ ਬੱਚਿਆਂ ਨੂੰ ਮਜਬੂਰ ਕੀਤਾ ਜਾਂਦਾ ਹੈ, ਉਨ੍ਹਾਂ 'ਤੇ ਦਬਾਅ ਬਣਾਇਆ ਜਾਂਦਾ ਹੈ। ਉਨ੍ਹਾਂ ਨੂੰ ਹਰ ਰੋਜ਼ ਤਾਹਨੇ-ਮਿਹਣੇ ਦਿੱਤੇ ਜਾਂਦੇ ਹਨ। ਗੱਲ-ਗੱਲ 'ਤੇ ਝਿੜਕਿਆ ਜਾਂਦਾ ਹੈ। ਇਹ ਨਹੀਂ ਦੇਖਿਆ ਜਾਂਦਾ ਕਿ ਸਾਡੇ ਬੱਚੇ ਦੀ ਰੁਚੀ ਵੀ ਹੈ ਉਸ ਖੇਤਰ ਵਿਚ, ਜਿਧਰ ਜਾਣ ਲਈ ਅਸੀਂ ਉਸ ਨੂੰ ਮਜਬੂਰ ਕਰ ਰਹੇ ਹਾਂ ਜਾਂ ਨਹੀਂ? ਕੀ ਸਾਡਾ ਬੱਚਾ ਆਪਣਾ ਮਨ ਮਾਰ ਕੇ ਮਜਬੂਰੀ ਵਿਚ ਹੀ ਉਹ ਖੇਤਰ ਚੁਣ ਰਿਹਾ ਹੈ? ਜਿਸ ਲਈ ਅਸੀਂ ਉਸ 'ਤੇ ਦਬਾਅ ਬਣਾਇਆ ਹੈ। ਅਜਿਹੇ ਵਿਚ ਜਦੋਂ ਜ਼ਬਰਦਸਤੀ ਉਸ ਨੂੰ ਅਜਿਹੇ ਵਿਸ਼ੇ ਰਖਵਾ ਦਿੱਤੇ ਜਾਂਦੇ ਹਨ, ਜਿਸ ਵਿਚ ਬੱਚੇ ਦੀ ਰੁਚੀ ਨਹੀਂ ਹੁੰਦੀ ਤਾਂ ਫਿਰ ਨਤੀਜੇ ਗ਼ਲਤ ਹੀ ਨਿਕਲਦੇ ਹਨ। ਕਈ ਵਾਰ ਬੱਚੇ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਰਹਿਣ ਲਗਦੇ ਹਨ, ਮਾਨਸਿਕ ਬਿਮਾਰ ਹੋ ਜਾਂਦੇ ਹਨ ਅਤੇ ਕਈ ਵਾਰ ਤਾਂ ਗ਼ਲਤ ਕਦਮ ਚੁੱਕ ਲੈਂਦੇ ਹਨ।
ਸੋ, ਹਰ ਮਾਂ-ਬਾਪ ਨੂੰ ਚਾਹੀਦਾ ਹੈ ਕਿ ਉਹ ਆਪਣੇ ਫੈਸਲੇ ਆਪਣੇ ਬੱਚਿਆਂ 'ਤੇ ਜਬਰੀ ਨਾ ਥੋਪਣ, ਸਗੋਂ ਉਨ੍ਹਾਂ ਦੀ ਰੁਚੀ ਮੁਤਾਬਿਕ ਉਨ੍ਹਾਂ ਨਾਲ ਰਾਇ ਮਸ਼ਵਰਾ ਕਰਕੇ ਹੀ ਖੇਤਰ ਚੁਣਨ ਵਿਚ ਉਨ੍ਹਾਂ ਦੀ ਮਦਦ ਕਰਨ।


-ਪਿੰਡ ਦਿਉਣ ਖੇੜਾ (ਸ੍ਰੀ ਮੁਕਤਸਰ ਸਾਹਿਬ)। ਮੋਬਾ: 94174-47941

ਬਿਜਲੀ ਬਚਾਓ : ਘਰ ਵਿਚ

ਅੱਜਕਲ੍ਹ ਘਰ ਅਤੇ ਦਫ਼ਤਰ ਵਿਚ ਬਿਜਲੀ ਦੀ ਖਪਤ ਏਨੀ ਜ਼ਿਆਦਾ ਹੋ ਗਈ ਹੈ ਕਿ ਇਸ ਦਾ ਬਿੱਲ ਜੇਬਾਂ 'ਤੇ ਭਾਰੀ ਪੈਣ ਲੱਗਾ ਹੈ। ਸਾਨੂੰ ਲੋੜ ਹੈ ਕੁਝ ਕਦਮ ਚੁੱਕਣ ਦੀ। ਜੇ ਅਸੀਂ ਆਪਣੇ ਘਰ ਅਤੇ ਦਫ਼ਤਰ ਵਿਚ ਛੋਟੀਆਂ-ਛੋਟੀਆਂ ਗੱਲਾਂ ਦਾ ਧਿਆਨ ਰੱਖੀਏ ਤਾਂ ਬਿਜਲੀ ਦੀ ਕਾਫੀ ਬੱਚਤ ਕਰ ਸਕਦੇ ਹਾਂ।
ਰੌਸ਼ਨੀ ਕਰਨਾ : ਆਪਣੇ ਘਰਾਂ ਦੇ ਸਾਰੇ ਸਾਧਾਰਨ ਬਲਬਾਂ ਨੂੰ ਐਲ.ਈ.ਡੀ. ਬਲਬ ਅਤੇ ਟਿਊਬਲਾਈਟ ਵਿਚ ਬਦਲ ਦਿਓ। ਇਸ ਨਾਲ ਤੁਹਾਨੂੰ ਕਰੀਬ ਚੌਥਾਈ ਕੀਮਤ 'ਤੇ ਜ਼ਿਆਦਾ ਰੌਸ਼ਨੀ ਮਿਲੇਗੀ। ਜੇ ਪੀਲੀ ਰੌਸ਼ਨੀ ਵਾਲੇ ਬਲਬ ਦੀ ਵਰਤੋਂ ਕਰਦੇ ਹੋ ਤਾਂ ਤੁਹਾਨੂੰ ਕਾਫ਼ੀ ਸਾਰੇ ਬਲਬਾਂ ਦੀ ਵਰਤੋਂ ਕਰਨੀ ਪਵੇਗੀ। ਜ਼ਿਆਦਾ ਵਰਤਣ ਨਾਲ ਬਿਜਲੀ ਵੀ ਕਾਫੀ ਖਰਚ ਹੁੰਦੀ ਹੈ।
ਬਹੁਤੇ ਘਰਾਂ ਵਿਚ ਦੇਖਿਆ ਜਾਂਦਾ ਹੈ ਕਿ ਕਮਰੇ ਦੇ ਇਕ ਕੋਨੇ ਵਿਚ ਬੈਠ ਕੇ ਕੰਮ ਕੀਤਾ ਜਾ ਰਿਹਾ ਹੁੰਦਾ ਹੈ ਪਰ ਸਾਰੀਆਂ ਲਾਈਟਾਂ ਜਗਦੀਆਂ ਹੁੰਦੀਆਂ ਹਨ। ਅਜਿਹੇ ਵਿਚ ਜਿਥੇ ਆਦਮੀ ਬੈਠਾ ਹੋਵੇ, ਉਥੋਂ ਦੀ ਲਾਈਟ ਜਗਣ ਨਾਲ ਵੀ ਬਿਜਲੀ ਦੀ ਕਾਫੀ ਬੱਚਤ ਕੀਤੀ ਜਾ ਸਕਦੀ ਹੈ। ਘਰ ਦੀਆਂ ਸਾਰੀਆਂ ਬੱਤੀਆਂ ਨੂੰ ਹਮੇਸ਼ਾ ਸਾਫ਼ ਕਰਨੇ ਦੀ ਆਦਤ ਪਾਓ। ਇਨ੍ਹਾਂ 'ਤੇ ਧੂੜ ਜੰਮਣ ਨਾਲ ਤੁਹਾਡੇ ਤੱਕ ਘੱਟ ਰੌਸ਼ਨੀ ਪਹੁੰਚਦੀ ਹੈ।
ਰੰਗ : ਤੁਹਾਡੀ ਇਮਾਰਤ ਦੇ ਬਾਹਰ ਅਤੇ ਅੰਦਰ ਦਾ ਰੰਗ ਵੀ ਬਿਜਲੀ ਬਚਾਉਣ ਵਿਚ ਤੁਹਾਡੀ ਮਦਦ ਕਰ ਸਕਦਾ ਹੈ। ਜੇ ਇਮਾਰਤ ਦੇ ਬਾਹਰੀ ਹਿੱਸੇ ਨੂੰ ਹਲਕੇ ਰੰਗ ਨਾਲ ਪੇਂਟ ਕੀਤਾ ਜਾਵੇ ਤਾਂ ਇਹ ਜ਼ਿਆਦਾ ਗਰਮੀ ਨਹੀਂ ਸੋਖਦਾ। ਜੇ ਤੁਸੀਂ ਟੈਰੇਸ ਅਤੇ ਛੱਤ 'ਤੇ ਚਾਈਨਾ ਮੋਜੇਕ ਦੀ ਵਰਤੋਂ ਕਰਦੇ ਹੋ ਤਾਂ ਇਸ ਨਾਲ ਜਿਥੇ ਪਾਣੀ ਆਉਣ ਦੀ ਸ਼ਿਕਾਇਤ ਨਹੀਂ ਰਹੇਗੀ, ਉਥੇ ਇਹ ਇਮਾਰਤ 'ਤੇ ਪੈਣ ਵਾਲੀ ਗਰਮੀ ਨੂੰ ਵੀ ਦੂਰ ਕਰ ਦੇਵੇਗਾ। ਜੇ ਘਰ ਨੂੰ ਹਲਕੇ ਰੰਗ ਨਾਲ ਪੇਂਟ ਕਰਾਓ ਤਾਂ ਇਹ ਘੱਟ ਗਰਮੀ ਸੋਖਦਾ ਹੈ ਅਤੇ ਜ਼ਿਆਦਾ ਰੌਸ਼ਨੀ ਦਿੰਦਾ ਹੈ। ਇਸ ਤਰ੍ਹਾਂ ਤੁਸੀਂ ਕੁਦਰਤੀ ਰੌਸ਼ਨੀ ਦਾ ਵੱਧ ਤੋਂ ਵੱਧ ਫਾਇਦਾ ਲੈ ਸਕਦੇ ਹੋ ਅਤੇ ਬਿਜਲੀ ਬਚਾਅ ਸਕਦੇ ਹੋ।
ਬਿਜਲਈ ਸਾਮਾਨ : ਅੱਜਕਲ੍ਹ ਨਵੀਂ-ਨਵੀਂ ਤਕਨੀਕ ਸਾਹਮਣੇ ਆ ਰਹੀ ਹੈ, ਜਿਸ ਦੇ ਕਾਰਨ ਜ਼ਿਆਦਾਤਰ ਲੋਕ ਘਰ ਬੈਠ ਕੇ ਕੰਮ ਕਰਨਾ ਪਸੰਦ ਕਰਨ ਲੱਗੇ ਹਨ। ਇਸ ਵਜ੍ਹਾ ਨਾਲ ਉਨ੍ਹਾਂ ਦੇ ਘਰਾਂ 'ਤੇ ਬਿਜਲੀ ਦੇ ਉਪਕਰਨਾਂ ਵਿਚ ਵਾਧਾ ਹੋਇਆ ਹੈ। ਕੰਪਿਊਟਰ 'ਤੇ ਸਭ ਤੋਂ ਵੱਧ ਬਿਜਲੀ ਉਦੋਂ ਖਰਚ ਹੁੰਦੀ ਹੈ, ਜਦੋਂ ਉਹ ਵਰਤ ਨਹੀਂ ਹੁੰਦਾ। ਇਸੇ ਤਰ੍ਹਾਂ ਟੈਲੀਵਿਜ਼ਨ, ਵੀ.ਸੀ.ਆਰ., ਸੀ.ਡੀ. ਪਲੇਅਰ, ਕਾਰਡਲੈੱਸ ਫੋਨ ਅਤੇ ਮਾਈਕ੍ਰੋਵੇਵ ਵਰਗੇ ਉਪਕਰਨ ਸਵਿੱਚ ਆਫ ਹੋਣ ਦੇ ਬਾਵਜੂਦ ਬਿਜਲੀ ਖਰਚ ਕਰਦੇ ਰਹਿੰਦੇ ਹਨ। ਹਾਲਾਂਕਿ ਇਸ ਤਰ੍ਹਾਂ ਨਾਲ ਘੱਟ ਬਿਜਲੀ ਵਰਤ ਹੁੰਦੀ ਹੈ ਪਰ ਜ਼ਿਆਦਾ ਉਪਕਰਨ ਹੋਣ ਤਾਂ ਥੋੜ੍ਹੀ-ਥੋੜ੍ਹੀ ਕਰਕੇ ਵੱਡਾ ਰੂਪ ਧਾਰਨ ਕਰ ਲੈਂਦੀ ਹੈ।


-ਗੋਪਾਲ ਥਾਪਾ

ਛੋਟੇ ਨੁਸਖੇ-ਲਾਭ ਵੱਡੇ

ਰੋਜ਼ਮਰਾ ਦੀ ਜ਼ਿੰਦਗੀ ਵਿਚ ਅਨੇਕ ਛੋਟੀਆਂ-ਛੋਟੀਆਂ ਗੱਲਾਂ ਅਜਿਹੀਆਂ ਹੁੰਦੀਆਂ ਹਨ, ਜੋ ਬੜੇ ਕੰਮ ਦੀਆਂ ਹੁੰਦੀਆਂ ਹਨ। ਇਨ੍ਹਾਂ ਛੋਟੀਆਂ-ਛੋਟੀਆਂ ਗੱਲਾਂ ਨਾਲ ਵੱਡੇ-ਵੱਡੇ ਲਾਭ ਹੁੰਦੇ ਹਨ।
* ਬੱਚਿਆਂ ਦੀਆਂ ਜੁੱਤੀਆਂ ਅਕਸਰ ਬੇਰੌਣਕ ਹੋ ਜਾਂਦੀਆਂ ਹਨ। ਉਨ੍ਹਾਂ ਵਿਚ ਚਮਕ ਨਹੀਂ ਰਹਿ ਜਾਂਦੀ। ਕੱਚੇ ਆਲੂ ਨੂੰ ਕੱਦੂਕਸ ਨਾਲ ਰਗੜ ਕੇ ਜੁੱਤੀਆਂ 'ਤੇ ਮਲੋ, ਫਿਰ ਸੁੱਕਣ ਦਿਓ। ਹੁਣ ਜੁੱਤੀਆਂ 'ਤੇ ਪਾਲਿਸ਼ ਕਰੋ। ਚਮਕ ਜਾਣਗੀਆਂ।
* ਜੁੱਤੀਆਂ ਆਦਿ ਸੁੱਕ ਗਈਆਂ ਹੋਣ ਤਾਂ ਉਨ੍ਹਾਂ 'ਤੇ ਜੈਤੂਨ ਦਾ ਤੇਲ ਕੁਝ ਬੂੰਦਾਂ ਪਾਓ ਅਤੇ ਪਾਲਿਸ਼ ਕਰੋ।
* ਚਮੜੇ ਦੀ ਜੁੱਤੀ ਨੂੰ ਪਹਿਨਣ 'ਤੇ ਬੱਚੇ ਅਕਸਰ ਤਿਲਕ ਜਾਂਦੇ ਹਨ। ਤਲਿਆਂ 'ਤੇ ਸਟਿਕਿੰਗ ਪਲਾਸਟਰ ਦੀਆਂ ਇਕ-ਦੋ ਪੱਟੀਆਂ ਚਿਪਕਾ ਦਿਓ। ਬੱਚਿਆਂ ਦੇ ਤਿਲਕਣ ਦਾ ਖ਼ਤਰਾ ਹਟ ਜਾਂਦਾ ਹੈ।
* ਭੂਰੇ ਰੰਗ ਦੀਆਂ ਜੁੱਤੀਆਂ ਜਦੋਂ ਬਦਰੰਗ ਹੋ ਜਾਣ ਤਾਂ ਉਨ੍ਹਾਂ 'ਤੇ ਟਿੰਚਰ ਆਇਓਡੀਨ ਮਲ ਦਿਓ ਅਤੇ ਕੁਝ ਘੰਟਿਆਂ ਬਾਅਦ ਪਾਲਿਸ਼ ਕਰੋ। ਨਵੀਂ ਚਮਕ ਆ ਜਾਵੇਗੀ।
* ਚਿਹਰੇ ਦੀ ਬੇਲੋੜੀ ਚਿਕਨਾਈ ਦੂਰ ਕਰਨ ਲਈ ਖੀਰੇ ਨੂੰ ਕੱਦੂਕਸ਼ ਕਰਕੇ ਜ਼ਿਆਦਾ ਚਿਕਨਾਈ ਵਾਲੀ ਜਗ੍ਹਾ 'ਤੇ ਮਲੋ, ਫਿਰ ਸਾਫ਼ ਪਾਣੀ ਨਾਲ ਧੋ ਦਿਓ।
* ਚਿਹਰੇ 'ਤੇ ਚਮਕ ਲਿਆਉਣ ਲਈ ਤਿੱਲੀ ਦੇ ਤੇਲ ਵਿਚ ਬੇਸਣ ਮਿਲਾ ਕੇ ਉਬਟਨ ਬਣਾਓ ਅਤੇ ਚਿਹਰੇ 'ਤੇ ਲਗਾਓ। ਫਿਰ ਸਾਫ਼ ਪਾਣੀ ਨਾਲ ਧੋ ਦਿਓ। ਹੌਲੀ-ਹੌਲੀ ਚਿਹਰੇ 'ਤੇ ਨਿਖਾਰ ਆਵੇਗਾ।
* ਜੇ ਕੱਪੜੇ ਨੂੰ ਬਿਨਾਂ ਨੁਕਸਾਨ ਪਹੁੰਚਾਏ ਬਟਨ ਕੱਢਣਾ ਹੋਵੇ ਤਾਂ ਬਟਨ ਦੇ ਹੇਠਾਂ ਕੰਘਾ ਲਗਾ ਕੇ ਬਟਨ ਕੱਢੋ।
* ਹਰੀ ਮਿਰਚ ਜ਼ਿਆਦਾ ਦਿਨਾਂ ਤੱਕ ਤਾਜ਼ੀ ਰੱਖਣ ਲਈ ਹਰੀ ਮਿਰਚ ਵਿਚ ਪੀਸੀ ਹਲਦੀ ਲਗਾ ਕੇ ਸ਼ੀਸ਼ੀ ਵਿਚ ਬੰਦ ਕਰਕੇ ਰੱਖੋ।
* ਕਮੀਜ਼ਾਂ ਦੇ ਕਾਲਰ ਜ਼ਿਆਦਾ ਗੰਦੇ ਹੋਣ ਤਾਂ ਉਨ੍ਹਾਂ 'ਤੇ ਟੈਲਕਮ ਪਾਊਡਰ ਲਗਾ ਕੇ ਇਕ ਰਾਤ ਲਈ ਰੱਖ ਦਿਓ। ਮੈਲ ਨਿਕਲ ਜਾਵੇਗੀ।
* ਫਰਿੱਜ ਵਿਚ ਨਵਾਂ ਸਾਮਾਨ ਭਰਦੇ ਸਮੇਂ ਹਮੇਸ਼ਾ ਪੁਰਾਣਾ ਸਾਮਾਨ ਕੱਢ ਲਓ।
* ਖ਼ਰੀਦਦਾਰੀ ਕਰਦੇ ਸਮੇਂ ਪਹਿਲਾਂ ਲੋੜ ਵਾਲਾ ਸਾਮਾਨ ਹੀ ਖ਼ਰੀਦੋ, ਫਿਰ ਹੋਰ ਸਾਮਾਨ ਨੂੰ ਦੇਖੋ।
* ਰੰਗੀਨ ਕੱਪੜਿਆਂ ਨੂੰ ਕਦੇ ਸਫੈਦ ਕੱਪੜਿਆਂ ਦੇ ਨਾਲ ਨਾ ਧੋਵੋ।
* ਬੱਚਿਆਂ ਦੇ ਕੱਪੜੇ ਖ਼ਰੀਦਦੇ ਸਮੇਂ ਹਮੇਸ਼ਾ ਦੋ ਜਾਂ ਤਿੰਨ ਰੰਗ ਦੇ ਮੈਚਿੰਗ ਕੱਪੜੇ ਖਰੀਦੋ। ਇਸ ਨਾਲ ਉਨ੍ਹਾਂ ਨੂੰ ਡ੍ਰੈਸਅਪ ਕਰਨ ਵਿਚ ਆਸਾਨੀ ਹੋਵੇਗੀ।
* ਬਿਨਾਂ ਲੋੜ ਤੋਂ ਦਰਵਾਜ਼ੇ 'ਤੇ ਸੇਲਜ਼ਮੈਨਾਂ ਕੋਲੋਂ ਸਾਮਾਨ ਨਾ ਖ਼ਰੀਦੋ। ਇਸ ਨਾਲ ਤੁਹਾਡਾ ਬਜਟ ਵਿਗੜ ਜਾਵੇਗਾ।
* ਆਪਣੇ ਜ਼ਰੂਰੀ ਕਾਗਜ਼ਾਤ ਵੱਖ-ਵੱਖ ਵਿਸ਼ਿਆਂ ਦੇ ਵੱਖ-ਵੱਖ ਲਿਫਾਫਿਆਂ ਵਿਚ ਰੱਖੋ ਅਤੇ ਸਾਰਿਆਂ ਨੂੰ ਸਲੀਕੇ ਨਾਲ ਇਕ ਬੈਗ ਵਿਚ ਰੱਖੋ। ਲੱਭਣ ਵਿਚ ਆਸਾਨੀ ਹੋਵੇਗੀ।
* ਵੱਖ-ਵੱਖ ਉਪਕਰਨਾਂ ਨਾਲ ਸਬੰਧਿਤ ਨਿਰਦੇਸ਼ ਪੁਸਤਕਾਂ ਇਕ ਲਿਫਾਫੇ ਵਿਚ ਜਾਂ ਫਾਈਲ ਵਿਚ ਰੱਖੋ।
* ਬਿੱਲਾਂ ਦਾ ਭੁਗਤਾਨ ਕਰਨ ਤੋਂ ਬਾਅਦ ਰਸੀਦਾਂ ਇਕ ਫਾਈਲ ਵਿਚ ਰੱਖੋ, ਤਾਂ ਕਿ ਲੋੜ ਪੈਣ 'ਤੇ ਅਸਾਨੀ ਨਾਲ ਮਿਲ ਜਾਣ।
* ਸ਼ਹਿਦ ਦੀ ਬੋਤਲ ਵਿਚ ਦੋ ਲੌਂਗ ਪਾਉਣ ਨਾਲ ਕੀੜੀਆਂ ਨਹੀਂ ਆਉਂਦੀਆਂ।
* ਉਬਲੇ ਹੋਏ ਆਲੂਆਂ ਨੂੰ ਨਹੁੰਆਂ 'ਤੇ ਰਗੜਨ ਨਾਲ ਉਨ੍ਹਾਂ ਵਿਚ ਚਮਕ ਆ ਜਾਵੇਗੀ।
* ਕੇਕ ਬਣਾਉਂਦੇ ਸਮੇਂ ਉਸ ਵਿਚ ਚੁਟਕੀ ਕੁ ਲੂਣ ਪਾ ਦਿਓ, ਇਸ ਨਾਲ ਸਵਾਦ ਵਿਚ ਅਨੂਠਾਪਨ ਆ ਜਾਵੇਗਾ।

ਮੇਕਅੱਪ ਕਰਦੇ ਸਮੇਂ ਬਚੋ ਗ਼ਲਤੀਆਂ ਤੋਂ

ਔਰਤਾਂ ਨੂੰ ਮੇਕਅਪ ਦਾ ਖਾਸ ਸ਼ੌਕ ਹੁੰਦਾ ਹੈ, ਕਿਉਂਕਿ ਮੇਕਅਪ ਖੂਬਸੂਰਤੀ ਦੇ ਨਾਲ ਆਤਮਵਿਸ਼ਵਾਸ ਵੀ ਵਧਾਉਂਦਾ ਹੈ। ਪਰ ਚਮੜੀ ਦੀ ਸੁੰਦਰਤਾ ਅਤੇ ਮੇਕਅਪ ਨਾਲ ਜੁੜੀਆਂ ਕੁਝ ਗ਼ਲਤ ਧਾਰਨਾਵਾਂ ਅਤੇ ਸਹੀ ਜਾਣਕਾਰੀ ਦੀ ਕਮੀ ਦੀ ਵਜ੍ਹਾ ਕਰਕੇ ਔਰਤਾਂ ਅਕਸਰ ਕੁਝ ਗ਼ਲਤੀਆਂ ਕਰ ਬੈਠਦੀਆਂ ਹਨ, ਜਿਨ੍ਹਾਂ ਨੂੰ ਆਮ ਭਾਸ਼ਾ ਵਿਚ ਬਿਊਟੀ ਬਲੰਡਰ (ਸੁੰਦਰਤਾ ਵਿਚ ਗ਼ਲਤੀਆਂ) ਕਿਹਾ ਜਾਂਦਾ ਹੈ।
* ਸਾਬਣ ਅਤੇ ਪਾਣੀ ਨਾਲ ਮੂੰਹ ਧੋਣਾ ਚੰਗਾ ਸ਼ੁੱਧ ਤਰੀਕਾ ਹੈ?
-ਨਹੀਂ, ਅਸਲ ਵਿਚ ਸਾਬਣ ਨਾਲ ਬਨਾਵਟੀ ਸੁੰਦਰਤਾ ਮੈਲ ਅਤੇ ਪ੍ਰਦੂਸ਼ਣ ਪੂਰੀ ਤਰ੍ਹਾਂ ਨਹੀਂ ਹਟਾਏ ਜਾ ਸਕਦੇ। ਇਸ ਤੋਂ ਬਾਅਦ ਬਹੁਤੇ ਸਾਬਣ ਖਾਰੀ ਹੁੰਦੇ ਹਨ, ਜੋ ਕਿ ਚਮੜੀ ਦੇ ਆਮ ਅਮਲੀਯ ਖਾਰੀ ਸੰਤੁਲਨ ਨੂੰ ਵਿਗਾੜਦੇ ਹਨ ਅਤੇ ਚਮੜੀ ਨੂੰ ਖੁਸ਼ਕ ਵੀ ਬਣਾ ਦਿੰਦੇ ਹਨ।
* ਚੀਕਣੀ ਅਤੇ ਜਟਿਲ ਚਮੜੀ ਲਈ ਚਿਹਰੇ ਨੂੰ ਸਾਬਣ ਅਤੇ ਪਾਣੀ ਨਾਲ ਵਾਰ-ਵਾਰ ਧੋਣਾ ਚਾਹੀਦਾ?
-ਨਹੀਂ, ਇਹ ਸਹੀ ਨਹੀਂ ਹੈ। ਚਮੜੀ ਨੂੰ ਸਾਬਣ ਅਤੇ ਪਾਣੀ ਨਾਲ ਦਿਨ ਵਿਚ ਦੋ ਵਾਰ ਤੋਂ ਵੱਧ ਨਹੀਂ ਧੋਣਾ ਚਾਹੀਦਾ। ਸਾਬਣ ਦੀ ਲਗਾਤਾਰ ਵਰਤੋਂ ਨਾਲ ਚਮੜੀ ਵਿਚ ਖੁਸ਼ਕੀ ਵਧ ਜਾਂਦੀ ਹੈ, ਜਿਸ ਨਾਲ ਚਮੜੀ 'ਤੇ ਬੈਕਟੀਰੀਅਲ ਹਮਲੇ ਦੀ ਪ੍ਰਵਿਰਤੀ ਵਧ ਜਾਂਦੀ ਹੈ ਅਤੇ ਇਸ ਨਾਲ ਚਮੜੀ 'ਤੇ ਕਾਲੇ ਮੁਹਾਸੇ ਪੈਦਾ ਹੋ ਜਾਂਦੇ ਹਨ।
* ਸੈਲੂਨ ਫੇਸ਼ੀਅਲ ਮਸਾਜ ਸਾਰੇ ਤਰ੍ਹਾਂ ਦੀ ਚਮੜੀ ਲਈ ਲਾਭਦਾਇਕ ਸਾਬਤ ਹੁੰਦੀ ਹੈ?
-ਸੇਲੂਨ ਫੇਸ਼ੀਅਲ ਮਸਾਜ ਵਿਚ ਵਿਭਿੰਨ ਤਰ੍ਹਾਂ ਦੀਆਂ ਕ੍ਰੀਮਾਂ ਦੀ ਵਰਤੋਂ ਕੀਤੀ ਜਾਂਦੀ ਹੈ ਅਤੇ ਤੇਲੀ ਚਮੜੀ ਦੀ ਕ੍ਰੀਮ ਨਾਲ ਮਾਲਿਸ਼ ਨਹੀਂ ਕੀਤੀ ਜਾਣੀ ਚਾਹੀਦੀ, ਕਿਉਂਕਿ ਇਸ ਨਾਲ ਤੇਲੀ ਗ੍ਰੰਥੀਆਂ ਉਤੇਜਿਤ ਹੁੰਦੀਆਂ ਹਨ। ਜੇ ਤੇਲੀ ਚਮੜੀ ਵਿਚ ਫੇਸ਼ੀਅਲ ਕਰਨਾ ਹੋਵੇ ਤਾਂ ਉਸ ਵਿਚ ਸਿਰਫ ਕਲੀਜ਼ਿੰਗ, ਟੋਨਿੰਗ, ਮਾਸਕ ਅਤੇ ਐਕਸਫੋਲੀਏਸ਼ਨ ਦੀ ਹੀ ਵਰਤੋਂ ਕਰਨੀ ਚਾਹੀਦੀ ਹੈ।
* ਚਮੜੀ 'ਤੇ ਕ੍ਰੀਮ ਨੂੰ ਲਗਾ ਕਰਕੇ ਪੂਰੀ ਰਾਤ ਤੱਕ ਚਮੜੀ 'ਤੇ ਲੱਗੀ ਰਹਿਣ ਦੇਣਾ ਚਾਹੀਦਾ?
-ਚਮੜੀ ਇਕ ਹੱਦ ਤੱਕ ਹੀ ਕ੍ਰੀਮ ਸੋਖ ਸਕਦੀ ਹੈ ਅਤੇ ਇਸ ਤੋਂ ਬਾਅਦ ਉਹ ਕ੍ਰੀਮ ਦੀ ਵਰਤੋਂ ਨਹੀਂ ਕਰ ਸਕਦੀ। ਅਸਲ ਵਿਚ ਸੌਣ ਸਮੇਂ ਚਮੜੀ ਦੇ ਮੁਸਾਮ ਕ੍ਰੀਮ ਤੋਂ ਪੂਰੀ ਤਰ੍ਹਾਂ ਮੁਕਤ ਹੋਣੇ ਚਾਹੀਦੇ ਹਨ। ਫਿਰ ਵੀ ਜੇ ਚਮੜੀ ਬਹੁਤ ਜ਼ਿਆਦਾ ਖੁਸ਼ਕ ਹੋਵੇ ਤਾਂ ਵਾਧੂ ਕ੍ਰੀਮ ਨੂੰ ਗਿੱਲੇ ਰੂੰ ਨਾਲ ਹਟਾ ਕੇ ਹਲਕਾ ਤਰਲ ਮਾਇਸਚਰਾਈਜ਼ਰ ਲਗਾਇਆ ਜਾ ਸਕਦਾ ਹੈ।
* ਰਾਤ ਨੂੰ ਅੱਖਾਂ ਦੇ ਆਸੇ-ਪਾਸੇ ਰਾਤ ਭਰ ਕ੍ਰੀਮ ਲਗਾਉਣ ਨਾਲ ਝੁਰੜੀਆਂ ਰੋਕਣ ਵਿਚ ਮਦਦ ਮਿਲਦੀ ਹੈ?
-ਇਹ ਗ਼ਲਤ ਪਰੰਪਰਾ ਹੈ। ਅਸਲ ਵਿਚ ਅੱਖਾਂ ਦੇ ਆਸੇ-ਪਾਸੇ ਦੀ ਚਮੜੀ ਬਾਕੀ ਚਮੜੀ ਨਾਲੋਂ ਕਾਫੀ ਸੰਵੇਦਨਸ਼ੀਲ ਅਤੇ ਪਤਲੀ ਹੁੰਦੀ ਹੈ। ਕ੍ਰੀਮ ਨੂੰ ਰਾਤ ਭਰ ਅੱਖਾਂ ਦੇ ਆਲੇ-ਦੁਆਲੇ ਲਗਾ ਕੇ ਨਹੀਂ ਰੱਖਣਾ ਚਾਹੀਦਾ। ਇਕ ਵਿਸ਼ੇਸ਼ ਤਰ੍ਹਾਂ ਦੀ 'ਅੰਡਰ ਆਈ' ਕ੍ਰੀਮ ਨੂੰ ਅੱਖਾਂ ਦੇ ਆਲੇ-ਦੁਆਲੇ ਦੀ ਚਮੜੀ 'ਤੇ ਲਗਾ ਕੇ 10 ਮਿੰਟ ਬਾਅਦ ਧੋ ਦੇਣਾ ਚਾਹੀਦਾ ਹੈ।
* ਆਮ ਚਮੜੀ ਨੂੰ ਨਿਯਮਤ ਦੇਖਭਾਲ ਦੀ ਲੋੜ ਨਹੀਂ ਹੁੰਦੀ?
-ਇਹ ਆਮ ਧਾਰਨਾ ਹੈ। ਚਮੜੀ 'ਤੇ ਜੰਮੀ ਮੈਲ ਅਤੇ ਪ੍ਰਦੂਸ਼ਣ ਨੂੰ ਹਟਾਉਣ ਲਈ ਸਾਰੇ ਤਰ੍ਹਾਂ ਦੀ ਚਮੜੀ ਨੂੰ ਨਿਯਮਤ ਦੇਖਭਾਲ ਦੀ ਲੋੜ ਹੁੰਦੀ ਹੈ ਤਾਂ ਕਿ ਉਸ ਦੀ ਸੁੰਦਰਤਾ ਅਤੇ ਤੰਦਰੁਸਤੀ ਨੂੰ ਬਣਾਈ ਰੱਖਿਆ ਜਾ ਸਕੇ।
* ਕਾਲੇ ਮਸੇ ਅਤੇ ਮੁਹਾਸੇ ਮੁਸਾਮਾਂ 'ਤੇ ਜਮ੍ਹਾਂ ਗੰਦਗੀ ਹੁੰਦੀ ਹੈ?
-ਇਹ ਸਹੀ ਨਹੀਂ ਹੈ। ਕਾਲੇ ਮਸੇ ਅਤੇ ਮੁਹਾਸੇ ਚਮੜੀ ਦੇ ਕੁਦਰਤੀ ਤੇਲ ਸੀਵਮ ਦੇ ਸਖ਼ਤ ਹੋਣ ਦੀ ਵਜ੍ਹਾ ਨਾਲ ਹੁੰਦੇ ਹਨ। ਕਿਉਂਕਿ ਚਮੜੀ ਦੇ ਮੁਸਾਮ ਖੁੱਲ੍ਹੇ ਹੁੰਦੇ ਹਨ ਅਤੇ ਇਸ ਦੀ ਨੋਕ ਹਵਾ ਵੱਲ ਉਜਾਗਰ ਹੁੰਦੀ ਹੈ, ਜਿਸ ਨਾਲ ਇਸ ਦਾ ਆਕਸੀਕਰਨ ਹੋ ਜਾਂਦਾ ਹੈ ਅਤੇ ਇਸ ਦਾ ਰੰਗ ਕਾਲਾ ਪੈ ਜਾਂਦਾ ਹੈ, ਜਿਸ ਨਾਲ ਇਸ ਨੂੰ ਕਾਲੇ ਮਸੇ ਕਹਿੰਦੇ ਹਨ।
* ਅੱਲੜ੍ਹ ਬੱਚਿਆਂ ਨੂੰ ਮੁਹਾਸਿਆਂ ਦੀ ਕੋਈ ਪ੍ਰਵਾਹ ਨਹੀਂ ਕਰਨੀ ਚਾਹੀਦੀ, ਕਿਉਂਕਿ ਇਹ ਆਪਣੇ-ਆਪ ਹੀ ਖ਼ਤਮ ਹੋ ਜਾਣਗੇ?
-ਇਹ ਬਿਲਕੁਲ ਗ਼ਲਤ ਸਲਾਹ ਹੈ। ਅਸਲ ਵਿਚ ਅੱਲੜ੍ਹ ਬੱਚਿਆਂ ਨੂੰ ਮੁਹਾਸਿਆਂ ਤੋਂ ਬਚਾਅ ਅਤੇ ਇਲਾਜ ਦੀ ਜ਼ਿਆਦਾ ਲੋੜ ਹੁੰਦੀ ਹੈ, ਕਿਉਂਕਿ ਇਹ ਸਰੀਰ ਦੇ ਦੂਜੇ ਹਿੱਸਿਆਂ ਵਿਚ ਫੈਲ ਕੇ ਵੱਡਾ ਨੁਕਸਾਨ ਪਹੁੰਚਾ ਸਕਦੇ ਹਨ। ਮੁਹਾਸਿਆਂ ਨੂੰ ਹਰ ਰੋਜ਼ ਉਚਿਤ ਇਲਾਜ ਨਾਲ ਰੋਕਿਆ ਅਤੇ ਨਿਯਮਤ ਕੀਤਾ ਜਾ ਸਕਦਾ ਹੈ।
* ਚਿਹਰੇ 'ਤੇ ਨਿਸ਼ਾਨ ਅਤੇ ਧੱਬੇ ਗਰਭ ਅਵਸਥਾ ਤੋਂ ਬਾਅਦ ਹੀ ਉੱਭਰਦੇ ਹਨ?
-ਇਹ ਸੱਚ ਨਹੀਂ ਹੈ। ਚਿਹਰੇ 'ਤੇ ਦਾਗ-ਧੱਬਿਆਂ ਦੇ ਨਿਸ਼ਾਨ ਗਰਭ ਅਵਸਥਾ ਤੋਂ ਪਹਿਲਾਂ ਵੀ ਉੱਭਰ ਸਕਦੇ ਹਨ, ਕਿਉਂਕਿ ਇਹ ਚਮੜੀ ਵਿਚ ਲਚੀਲੇਪਨ ਦੀ ਕਮੀ ਨਾਲ ਪੈਦਾ ਹੁੰਦੇ ਹਨ। ਇਹ ਆਮ ਤੌਰ 'ਤੇ ਭਾਰ ਵਧਣ ਤੋਂ ਬਾਅਦ ਭਾਰ ਘਟਾਉਣ ਦੀ ਪ੍ਰਕਿਰਿਆ ਦੌਰਾਨ ਉੱਭਰਦੇ ਹਨ।
* ਸਰਦੀਆਂ ਵਿਚ ਸਨਸਕ੍ਰੀਨ ਲਗਾਉਣ ਦੀ ਕੋਈ ਲੋੜ ਨਹੀਂ ਹੁੰਦੀ?
-ਸਨਸਕ੍ਰੀਨ ਸਰਦੀਆਂ ਵਿਚ ਵੀ ਲਗਾਉਣਾ ਚਾਹੀਦਾ, ਖਾਸ ਕਰਕੇ ਜਦੋਂ ਸਰਦੀਆਂ ਵਿਚ ਕਾਫੀ ਸਮਾਂ ਸੂਰਜ ਦੀਆਂ ਕਿਰਨਾਂ ਦਾ ਸਾਹਮਣਾ ਕਰਨਾ ਪਵੇ। ਸਨਸਕ੍ਰੀਨ ਚਮੜੀ ਨੂੰ ਹਾਨੀਕਾਰਕ ਪੈਰਾਬੈਂਗਣੀ ਕਿਰਨਾਂ ਤੋਂ ਬਚਾਉਣ ਵਿਚ ਮਦਦਗਾਰ ਸਾਬਤ ਹੁੰਦਾ ਹੈ।
* ਜਦੋਂ ਵਾਲ ਲਗਾਤਾਰ ਝੜ ਰਹੇ ਹੋਣ ਤਾਂ ਸਿਰ ਵਿਚ ਤੇਲ ਦੀ ਮਾਲਿਸ਼ ਕਰਨ ਨਾਲ ਵਾਲਾਂ ਵਿਚ ਵਾਧਾ ਹੁੰਦਾ ਹੈ?
-ਇਹ ਸਹੀ ਨਹੀਂ ਹੈ। ਜੇ ਵਾਲ ਝੜ ਰਹੇ ਹਨ ਤਾਂ ਵਾਲਾਂ ਦੀਆਂ ਜੜ੍ਹਾਂ ਕਮਜ਼ੋਰ ਹਨ ਅਤੇ ਵਾਲਾਂ ਦੀ ਮਾਲਿਸ਼ ਕਰਨ ਨਾਲ ਵਾਲਾਂ ਦਾ ਝੜਨਾ ਵਧ ਸਕਦਾ ਹੈ। ਮਾਲਿਸ਼ ਕਰਦੇ ਵਾਰ-ਵਾਰ ਵਾਲਾਂ ਨੂੰ ਨਾ ਰਗੜੋ। ਅਸਲ ਵਿਚ ਖੋਪੜੀ ਦੀ ਚਮੜੀ ਦੀ ਉਂਗਲੀਆਂ ਨਾਲ ਗੋਲਾਕਾਰ ਤਰੀਕੇ ਨਾਲ ਮਾਲਿਸ਼ ਕਰੋ।

ਇੰਜ ਰੱਖੋ ਫੁੱਲਾਂ ਨੂੰ ਤਰੋਤਾਜ਼ਾ

* ਅਜਿਹੇ ਫੁੱਲਾਂ ਦੇ ਪੌਦਿਆਂ ਦੀ ਚੋਣ ਕਰੋ, ਜੋ ਛੇਤੀ ਹੀ ਨਾ ਮੁਰਝਾਉਂਦੇ ਹੋਣ।
* ਫੁੱਲਾਂ ਨੂੰ ਕੱਟਣ ਦਾ ਸਮਾਂ ਸਵੇਰੇ ਪ੍ਰਾਤ: ਕਾਲ ਜਾਂ ਸ਼ਾਮ ਸਾਯੰਕਾਲ ਦਾ ਸਮਾਂ ਰੱਖੋ ਅਤੇ ਕੱਟਦੇ ਸਮੇਂ ਹੀ ਪਾਣੀ ਵਿਚ ਪਾਉਂਦੇ ਰਹੋ। * ਫੁੱਲਦਾਨ ਨੂੰ ਕਾਈ ਤੋਂ ਬਚਾਅ ਲਈ ਉਸ ਦੀ ਤਲੀ ਵਿਚ ਥੋੜ੍ਹਾ ਪੈਰਾਫਿਨ ਤੇਲ ਜਾਂ ਐਲੂਮੀਨੀਅਮ ਦਾ ਪਟਰਾ ਪਾ ਦਿਓ।
* ਦੋ ਛੋਟੇ ਚਮਚ ਖੰਡ ਅਤੇ ਸਿਰਕਾ ਮਿਲਾ ਕੇ ਫੁੱਲਦਾਨ ਦੇ ਪਾਣੀ ਵਿਚ ਮਿਲਾਉਣ ਨਾਲ ਉਹ ਕਾਫੀ ਦਿਨਾਂ ਤੱਕ ਤਾਜ਼ਾ ਰਹਿਣਗੇ।
* ਫੁੱਲਦਾਨ ਨੂੰ ਅਜਿਹੀ ਜਗ੍ਹਾ 'ਤੇ ਕਦੇ ਨਾ ਰੱਖੋ, ਜਿਥੇ ਧੁੱਪ, ਗਰਮ ਹਵਾ ਅਤੇ ਹੁੰਮਸ ਹੋਵੇ। ਸਿਰਫ ਠੰਢੀਆਂ ਥਾਵਾਂ 'ਤੇ ਫੁੱਲਦਾਨ ਨੂੰ ਰੱਖਣ ਨਾਲ ਹੀ ਫੁੱਲ ਜ਼ਿਆਦਾ ਸਮੇਂ ਤੱਕ ਤਰੋਤਾਜ਼ਾ ਰਹਿਣਗੇ।
* ਫੁੱਲ ਦੇ ਪੌਦਿਆਂ ਦੀ ਟਹਿਣੀਆਂ ਜਾਂ ਮੁਰਝਾਏ ਹਿੱਸੇ ਨੂੰ ਕੈਂਚੀ ਨਾਲ ਛਾਂਟ ਲਓ। ਛਾਂਟਦੇ ਸਮੇਂ ਧਿਆਨ ਰੱਖੋ ਕਿ ਕਿਤੇ ਉਨ੍ਹਾਂ ਵਿਚ ਕੀੜਾ ਤਾਂ ਨਹੀਂ ਵੜ ਗਿਆ।
* ਫੁੱਲਾਂ ਦੀਆਂ ਟਹਿਣੀਆਂ ਨੂੰ ਧਾਰਦਾਰ ਤੇਜ਼ ਕੈਂਚੀ ਜਾਂ ਚਾਕੂ ਨਾਲ ਤਿਰਛਾ ਕੱਟੋ, ਜਿਸ ਨਾਲ ਉਹ ਜ਼ਿਆਦਾ ਪਾਣੀ ਸੋਖ ਸਕਣ।
* ਜੇ ਰੋਜ਼ ਪਾਣੀ ਬਦਲਣ ਦੀ ਮੁਸ਼ਕਿਲ ਤੋਂ ਬਚਣ ਦੀ ਇੱਛਾ ਹੋਵੇ ਤਾਂ 250 ਮਿਲੀਲਿਟਰ ਪਾਣੀ ਵਿਚ ਇਕ ਔਂਸ ਹਾਈਡ੍ਰੋਜਨ ਸਲਫੇਟ ਮਿਲਾ ਲਓ। ਇਹ ਘੋਲ 10 ਲਿਟਰ ਪਾਣੀ ਵਿਚ ਮਿਲਾਇਆ ਜਾ ਸਕਦਾ ਹੈ। ਫੁੱਲਦਾਨ ਵਿਚ ਪਾਣੀ ਭਰ ਕੇ ਦੋ ਚਮਚ ਘੋਲ ਪਾ ਦਿਓ। * ਗੁਲਦਸਤੇ ਦੇ ਪਾਣੀ ਵਿਚ ਥੋੜ੍ਹਾ ਨਮਕ ਕਪੂਰ ਪਾ ਦੇਣ ਨਾਲ ਉਹ ਛੇਤੀ ਨਹੀਂ ਮੁਰਝਾਉਣਗੇ। * ਪਾਰਟੀਆਂ ਵਿਚ ਫੁੱਲਾਂ ਦੀ ਸਜਾਵਟ ਟੇਬਲ ਦੇ ਵਿਚਕਾਰ ਕਰੋ। * ਗੁਲਦਸਤੇ ਦੇ ਪਾਣੀ ਨੂੰ ਰੋਜ਼ ਸਵੇਰੇ ਬਦਲ ਦਿਓ। ਨਾਲ ਹੀ ਟਹਿਣੀਆਂ ਨੂੰ ਵੀ ਹਲਕਾ ਜਿਹਾ ਛਾਂਟ ਲਓ। * ਡਾਇਨਿੰਗ ਟੇਬਲ 'ਤੇ ਤੇਜ਼ ਮਹਿਕ ਵਾਲੇ ਫੁੱਲ ਨਾ ਰੱਖੋ।


-ਮੌ: ਅਹਿਤਸ਼ਾਮ ਅਲੀ 'ਸ਼ਾਦ'


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX