ਤਾਜਾ ਖ਼ਬਰਾਂ


ਲੁਟੇਰਿਆ ਵੱਲੋਂ ਟਰੱਕ ਡਰਾਈਵਰ ਨਾਲ ਲੁੱਟ
. . .  1 day ago
ਨਾਭਾ, 17 ਫਰਵਰੀ (ਅਮਨਦੀਪ ਸਿੰਘ ਲਵਲੀ) - ਨਾਭਾ ਵਿਖੇ 4-5 ਅਣਪਛਾਤੇ ਲੁਟੇਰੇ ਇੱਕ ਟਰੱਕ ਡਰਾਈਵਰ ਨਾਲ ਮਾਰਕੁੱਟ ਕਰਨ ਤੋਂ ਬਾਅਦ ਉਸ ਕੋਲੋਂ 5ਹਜਾਰ ਦੀ ਨਗਦੀ, ਮੋਬਾਈਲ ਫ਼ੋਨ...
ਰਾਜਸਥਾਨ 'ਚ ਸਵਾਈਨ ਫਲੂ ਕਾਰਨ ਇਸ ਸਾਲ 127 ਮੌਤਾਂ
. . .  1 day ago
ਜੈਪੁਰ, 17 ਫਰਵਰੀ - ਰਾਜਸਥਾਨ 'ਚ ਸਵਾਈਨ ਫਲੂ ਕਾਰਨ ਇਸ ਸਾਲ 127 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ ਸਵਾਈਨ ਫਲੂ ਦੇ 3508 ਮਰੀਜ਼ਾਂ ਦੀ ਪੁਸ਼ਟੀ ਹੋ ਚੁੱਕੀ...
ਦਿਲਜੀਤ ਦੁਸਾਂਝ ਵਲੋਂ ਸ਼ਹੀਦ ਜਵਾਨਾਂ ਦੇ ਪਰਿਵਾਰਾਂ ਨੂੰ ਮਦਦ
. . .  1 day ago
ਨਵੀਂ ਦਿੱਲੀ, 17 ਫਰਵਰੀ - ਮੀਡੀਆ ਰਿਪੋਰਟਾਂ ਮੁਤਾਬਿਕ ਦੇਸ਼ ਵਿਦੇਸ਼ ਵਿਚ ਮਕਬੂਲ ਪੰਜਾਬੀ ਸਿੰਗਰ ਦਿਲਜੀਤ ਦੁਸਾਂਝ ਨੇ ਪੁਲਵਾਮਾਂ ਦੇ ਸ਼ਹੀਦ ਜਵਾਨਾਂ ਦੇ ਪਰਿਵਾਰਾਂ ਲਈ ਆਰਥਿਕ ਮਦਦ ਦਾ ਐਲਾਨ ਕੀਤਾ ਹੈ। ਦਿਲਜੀਤ ਦੁਸਾਂਝ ਨੇ ਸੀ.ਆਰ.ਪੀ.ਐਫ. ਵਾਈਫਜ਼ ਵੈਲਫੇਅਰ...
ਪੁਲਵਾਮਾ ਹਮਲੇ 'ਤੇ ਜਸ਼ਨ ਮਨਾਉਣ 'ਤੇ 4 ਵਿਦਿਆਰਥਣਾਂ ਨੂੰ ਸਿੱਖਿਆ ਅਦਾਰੇ ਤੋਂ ਕੀਤਾ ਸਸਪੈਂਡ
. . .  1 day ago
ਜੈਪੁਰ, 17 ਫਰਵਰੀ - ਪੁਲਵਾਮਾ 'ਚ ਸੀ.ਆਰ.ਪੀ.ਐਫ. ਜਵਾਨਾਂ ਦੇ ਕਾਫ਼ਲੇ 'ਤੇ ਹੋਏ ਕਾਇਰਤਾ ਭਰੇ ਅੱਤਵਾਦੀ ਹਮਲੇ ਤੋਂ ਬਾਅਦ ਇੱਥੇ ਇਕ ਨਿੱਜੀ ਸੰਸਥਾ ਦੀਆਂ 4 ਕਸ਼ਮੀਰੀ ਵਿਦਿਆਰਥਣਾਂ ਵੱਲੋਂ ਜਸ਼ਨ ਮਨਾਏ ਜਾਣ 'ਤੇ ਸੰਸਥਾ ਨੇ ਇਨ੍ਹਾਂ ਚਾਰ ਪੈਰਾਮੈਡੀਕਲ ਵਿਦਿਆਰਥਣਾਂ...
ਔਰਤ ਦਾ ਕਤਲ, ਪਤੀ ਦੀ ਕੀਤੀ ਜਾ ਰਹੀ ਹੈ ਤਲਾਸ਼
. . .  1 day ago
ਜਲੰਧਰ, 17 ਫਰਵਰੀ - ਜਲੰਧਰ ਦੀ ਬਸਤੀ ਪੀਰ ਦਾਦ 'ਚ ਇਕ ਪਤੀ ਆਪਣੀ ਪਤਨੀ ਨੂੰ ਕਥਿਤ ਤੌਰ 'ਤੇ ਕਤਲ ਕਰਕੇ ਘਰ ਨੂੰ ਕੁੰਡੀ ਲਗਾ ਕੇ ਭੱਜ ਗਿਆ। ਘਟਨਾ ਦਾ ਖੁਲਾਸਾ ਉਸ ਵਕਤ ਹੋਇਆ। ਜਦੋਂ ਘਰ ਤੋਂ ਬਦਬੂ ਆਈ। ਫਿਲਹਾਲ ਥਾਣਾ ਬਸਤੀ ਬਾਵਾ ਖੇਲ ਦੀ ਪੁਲਿਸ...
ਚੀਫ਼ ਖ਼ਾਲਸਾ ਦੀਵਾਨ ਦੇ ਸ. ਨਿਰਮਲ ਸਿੰਘ ਬਣੇ ਨਵੇਂ ਪ੍ਰਧਾਨ
. . .  1 day ago
ਅੰਮ੍ਰਿਤਸਰ, 17 ਫਰਵਰੀ (ਜੱਸ) - ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਸਮੇਤ ਹੋਰ ਅਹੁਦੇਦਾਰਾਂ ਦੀਆਂ ਹੋਈਆਂ ਚੋਣਾਂ ਵਿਚ ਅਣਖੀ ਮਜੀਠਾ ਗਰੁੱਪ ਦੇ ਸ. ਨਿਰਮਲ ਸਿੰਘ ਜੇਤੂ ਕਰਾਰ ਦਿੱਤੇ ਗਏ ਹਨ। ਉਨ੍ਹਾਂ ਨੇ ਆਪਣੇ ਵਿਰੋਧੀ ਸਰਬਜੀਤ ਸਿੰਘ ਨੂੰ 33 ਵੋਟਾਂ ਦੇ ਫ਼ਰਕ ਨਾਲ ਹਰਾਇਆ...
ਭਾਰਤ 'ਚ ਦੇਖਣ ਨੂੰ ਨਹੀਂ ਮਿਲੇਗਾ 'ਪਾਕਿਸਤਾਨ ਸੁਪਰ ਲੀਗ' ਦਾ ਪ੍ਰਸਾਰਨ, ਡੀ ਸਪੋਰਟ ਨੇ ਲਗਾਈ ਰੋਕ
. . .  1 day ago
ਨਵੀਂ ਦਿੱਲੀ, 17 ਫਰਵਰੀ- ਜੰਮੂ ਕਸ਼ਮੀਰ ਦੇ ਪੁਲਵਾਮਾ 'ਚ ਸੀ.ਆਰ.ਪੀ.ਐਫ 'ਤੇ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਸਰਕਾਰ ਇਸ ਦਾ ਮੂੰਹ ਤੋੜ ਜਵਾਬ ਦੇਣ ਦੀ ਤਿਆਰੀ ਕਰ ਰਹੀ ਹੈ। ਇਸ ਦਾ ਅਸਰ ਹੁਣ ਸਪੋਰਟਸ 'ਤੇ ਦੇਖਣ ਨੂੰ ਮਿਲ ਰਿਹਾ ....
ਖੰਨਾ 'ਚ ਸਵਾਈਨ ਫਲੂ ਕਾਰਨ ਔਰਤ ਦੀ ਹੋਈ ਮੌਤ
. . .  1 day ago
ਖੰਨਾ, 17 ਫਰਵਰੀ (ਹਰਜਿੰਦਰ ਸਿੰਘ ਲਾਲ)- ਸਵਾਈਨ ਫਲੂ ਕਾਰਨ ਮਰਨ ਵਾਲਿਆਂ ਦੀ ਗਿਣਤੀ 'ਚ ਲਗਾਤਾਰ ਵਾਧਾ ਹੋ ਰਿਹਾ ਹੈ। ਅਜਿਹਾ ਹੀ ਮਾਮਲਾ ਖੰਨਾ 'ਚ ਸਾਹਮਣੇ ਆਇਆ ਹੈ ਜਿੱਥੇ ਇਸ ਬਿਮਾਰੀ ਕਾਰਨ ਬੀਤੀ ਰਾਤ 56 ਸਾਲ ਦੀ ਸੁਰਿੰਦਰ ਕੌਰ ....
ਇਟਲੀ 'ਚ ਪੰਜਾਬੀ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ, ਇੱਕ ਜ਼ਖਮੀ
. . .  1 day ago
ਮਿਲਾਨ(ਇਟਲੀ)17 ਫਰਵਰੀ ( ਇੰਦਰਜੀਤ ਸਿੰਘ ਲੁਗਾਣਾ) - ਇਟਲੀ 'ਚ ਬੀਤੇ ਦਿਨੀਂ ਇਕ ਪੰਜਾਬੀ ਦੇ ਹੋਏ ਕਤਲ ਦਾ ਮਾਮਲਾ ਅਜੇ ਠੰਢਾ ਨਹੀ ਸੀ ਪਿਆ ਕਿ ਕਲ ਇਕ ਹੋਰ ਆਪਸੀ ਝਗੜੇ 'ਚ ਇਕ ਪੰਜਾਬੀ ਵੱਲੋਂ ਆਪਣੇ ਹੀ ਇਕ ਪੰਜਾਬੀ ਭਰਾ ਨੂੰ ਬੇਦਰਦੀ ਨਾਲ ....
'ਆਪ' ਵਿਧਾਇਕਾ ਬਲਜਿੰਦਰ ਕੌਰ ਦੇ ਵਿਆਹ ਸਮਾਗਮ 'ਚ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਕੀਤੀ ਸ਼ਮੂਲੀਅਤ
. . .  1 day ago
ਬਠਿੰਡਾ, 17 ਫਰਵਰੀ (ਕਮਲਜੀਤ ਸਿੰਘ) - ਆਮ ਆਦਮੀ ਪਾਰਟੀ ਦੀ ਵਿਧਾਇਕਾ ਬੀਬਾ ਬਲਜਿੰਦਰ ਕੌਰ ਦਾ ਅੱਜ ਮਾਝਾ ਜ਼ੋਨ ਦੇ ਪ੍ਰਧਾਨਸੁਖਰਾਜ ਸਿੰਘ ਬਲ ਨਾਲ ਵਿਆਹ ਹੋ ਗਿਆ ਹੈ। ਉਨ੍ਹਾਂ ਦਾ ਵਿਆਹ ਸਮਾਗਮ ਬਹੁਤ ਹੀ ਸਾਦੇ ਢੰਗ ਨਾਲ ਸੰਪੂਰਨ ਹੋਇਆ। ਇਸ ਮੌਕੇ ਵੱਖ-ਵੱਖ .....
ਹੋਰ ਖ਼ਬਰਾਂ..

ਅਜੀਤ ਮੈਗਜ਼ੀਨ

2018 ਵਿਚ ਪਾਲੀਵੁੱਡ: ਚੱਲੀ ਬਦਲਾਅ ਦੀ ਹਵਾ ਮਸਤਾਨੀ

ਮੰਨਣਾ ਹੀ ਪਵੇਗਾ ਕਿ 2018 ਵਿਚ ਪੰਜਾਬੀ ਸਿਨੇਮਾ ਨੇ ਜ਼ਬਰਦਸਤ ਵਿਭਿੰਨਤਾ ਅਤੇ ਬਦਲਾਅ ਵਾਲੀ ਪ੍ਰਗਤੀ ਦਾ ਪ੍ਰਗਟਾਵਾ ਕੀਤਾ ਹੈ | ਇਸ ਵਰ੍ਹੇ ਦੀ ਸਭ ਤੋਂ ਵੱਡੀ ਉਪਲਬੱਧੀ ਤਾਂ ਇਹ ਰਹੀ ਹੈ ਕਿ ਇਸ ਪ੍ਰਾਂਤਿਕ ਸਿਨੇਮਾ ਦੇ ਨਾਲ ਜੁੜੇ ਹੋਏ ਬਹੁਤ ਸਾਰੇ ਕਲਾਕਾਰ, ਗਾਇਕ ਅਤੇ ਤਕਨੀਸ਼ੀਅਨ ਹਿੰਦੀ ਸਿਨੇਮਾ ਦੇ ਨਾਲ ਜੁੜਨ 'ਚ ਕਾਫ਼ੀ ਹੱਦ ਤੱਕ ਸਫ਼ਲ ਰਹੇ ਸਨ | ਇਹ ਪ੍ਰਾਪਤੀ ਇਸ ਕਰਕੇ ਵੀ ਵਿਲੱਖਣ ਸੀ, ਕਿਉਂਕਿ ਆਮ ਤੌਰ 'ਤੇ ਪੰਜਾਬੀ ਸਿਨੇਮਾ ਨੂੰ ਹਿੰਦੀ ਸਿਨੇਮਾ ਦੇ ਮੁਕਾਬਲੇ 'ਚ ਘਟੀਆ ਨਜ਼ਰ ਨਾਲ ਦੇਖਿਆ ਜਾਂਦਾ ਰਿਹਾ ਹੈ |
ਨਿਰਦੇਸ਼ਕਾਂ ਦੀ ਸ਼੍ਰੇਣੀ 'ਚੋਂ ਹੀ ਨਵਨੀਅਤ ਸਿੰਘ ('ਮੇਲ ਕਰਾ ਦੇ ਰੱਬਾ', 'ਸਿੰਘ ਵਰਸਿਜ਼ ਕੌਰ') ਨੇ ਵੀ 'ਯਮਲਾ, ਪਗਲਾ, ਦੀਵਾਨਾ ਫਿਰ ਸੇ' ਦੇ ਰਾਹੀਂ ਬਾਲੀਵੁੱਡ 'ਚ ਪ੍ਰਵੇਸ਼ ਕੀਤਾ ਸੀ | ਇਸ ਸਬੰਧ 'ਚ ਨਵਨੀਅਤ ਸਿੰਘ ਕਹਿੰਦਾ ਹੈ, 'ਪੰਜਾਬੀ ਤੋਂ ਹਿੰਦੀ ਫ਼ਿਲਮਾਂ ਵੱਲ ਜਾਣਾ ਮੇਰੇ ਲਈ ਬਹੁਤ ਕਠਿਨ ਨਹੀਂ ਸੀ, ਕਿਉਂਕਿ ਮੈਂ ਜਿਸ ਹਿੰਦੀ ਫ਼ਿਲਮ ਦਾ ਨਿਰਦੇਸ਼ਨ ਕੀਤਾ ਸੀ, ਉਹ ਬਹੁਤ ਹੱਦ ਤੱਕ ਪੰਜਾਬ ਦੇ ਸੱਭਿਆਚਾਰ ਦੀ ਹੀ ਤਰਜ਼ਮਾਨੀ ਕਰਦੀ ਸੀ |'
ਲਗਪਗ ਇਸੇ ਤਰ੍ਹਾਂ ਦੇ ਹੀ ਵਿਚਾਰ ਪੰਜਾਬੀ ਫ਼ਿਲਮ ਨਿਰਦੇਸ਼ਕ ਅਮਿਤ ਪਰਾਸ਼ਰ ('ਮੈਂ ਤੇਰਾ 22 ਤੂੰ ਮੇਰਾ 22') ਨੇ ਵੀ ਪ੍ਰਗਟ ਕੀਤੇ ਹਨ | ਅਮਿਤ ਕਹਿੰਦਾ ਹੈ, 'ਮੈਂ ਥੀਏਟਰ ਨਾਲ ਜੁੜਨ ਤੋਂ ਬਾਅਦ ਪੰਜਾਬੀ ਫ਼ਿਲਮਾਂ ਦਾ ਨਿਰਦੇਸ਼ਕ ਤਾਂ ਜ਼ਰੂਰ ਬਣ ਗਿਆ ਸੀ ਪਰ ਹਿੰਦੀ ਫ਼ਿਲਮਾਂ 'ਚ ਪ੍ਰਵੇਸ਼ ਕਰਨਾ ਮੇਰਾ ਇਕ ਬਹੁਤ ਪੁਰਾਣਾ ਸੰਕਲਪ ਸੀ | ਇਸ ਲਈ ਜਦੋਂ ਮੈਨੂੰ ਇਹ ਪ੍ਰਸਤਾਵ ਮਿਲਿਆ ਤਾਂ ਮੈਂ ਨਾਂਹ ਨਹੀਂ ਕਰ ਸਕਿਆ ਸੀ |'
ਦੂਜੇ ਪਾਸੇ ਦਿਲਜੀਤ ਸਿੰਘ ਨੂੰ ਜਦੋਂ ਤੋਂ 'ਉੜਤਾ ਪੰਜਾਬ' ਰਾਹੀਂ ਹਿੰਦੀ ਫ਼ਿਲਮਾਂ 'ਚ ਜਗ੍ਹਾ ਮਿਲੀ ਹੈ, ਉਦੋਂ ਦੇ ਕੁਝ ਦੂਜੇ ਪੰਜਾਬੀ ਅਦਾਕਾਰਾਂ ਲਈ ਵੀ ਬਾਲੀਵੁੱਡ ਦੇ ਦਰਵਾਜ਼ੇ ਖੁੱਲ੍ਹ ਗਏ ਹਨ | ਲਿਹਾਜ਼ਾ, ਗਿੱਪੀ ਗਰੇਵਾਲ ਹਿੰਦੀ ਫ਼ਿਲਮਾਂ 'ਚ ਅਦਾਕਾਰੀ ਹੀ ਨਹੀਂ ਕਰ ਰਿਹਾ ਹੈ, ਬਲਕਿ ਆਪਣੇ ਗੀਤਾਂ ਨਾਲ ਵੀ ਬਾਲੀਵੁੱਡ ਨੂੰ ਮਾਲਾਮਾਲ ਕਰ ਰਿਹਾ ਹੈ | ਇਹੀ ਹਾਲ ਐਮੀ ਵਿਰਕ (ਨਿੱਕਾ ਜ਼ੈਲਦਾਰ) ਦਾ ਹੈ |
ਇਸੇ ਤਰ੍ਹਾਂ ਹੀ ਜੱਸੀ ਗਿੱਲ ਨੇ 'ਹੈਪੀ ਫਿਰ ਭਾਗ ਜਾਏਗੀ' ਦੇ ਮਾਧਿਅਮ ਰਾਹੀਂ ਆਪਣੀ ਹਾਜ਼ਰੀ ਹਿੰਦੀ ਫ਼ਿਲਮ ਜਗਤ 'ਚ ਲੁਆਈ ਹੈ |
ਜਿਥੇ 2018 ਵਿਚ ਪੰਜਾਬੀ ਸਿਨੇਮਾ ਨਾਲ ਸਬੰਧਿਤ ਕਈ ਸ਼ਖ਼ਸੀਅਤਾਂ ਨੂੰ ਹਿੰਦੀ ਫ਼ਿਲਮ ਜਗਤ 'ਚ ਸਨਮਾਨ ਮਿਲਿਆ ਸੀ, ਉਥੇ ਇਸ ਸਾਲ ਪੰਜਾਬੀ ਫ਼ਿਲਮਾਂ ਦੇ ਨਿਰਮਾਣ 'ਚ ਵੀ ਵਿਵਿਧਤਾ ਅਤੇ ਵਿਲੱਖਣਤਾ ਦਾ ਪ੍ਰਗਟਾਵਾ ਮਿਲਿਆ ਸੀ | ਮਿਸਾਲ ਦੇ ਤੌਰ 'ਤੇ ਇਸ ਵਰ੍ਹੇ ਬਾਇਓਪਿਕ ਸ਼੍ਰੇਣੀ 'ਚ 'ਸੱਜਣ ਸਿੰਘ ਰੰਗਰੂਟ' ਅਤੇ 'ਸੂਬੇਦਾਰ ਜੁਗਿੰਦਰ ਸਿੰਘ' ਵਰਗੀਆਂ ਫ਼ੌਜੀ ਜੀਵਨ ਨਾਲ ਸਬੰਧਿਤ ਕਿਰਤਾਂ ਦਰਸ਼ਕਾਂ ਨੇ ਬਹੁਤ ਪਸੰਦ ਕੀਤੀਆਂ ਸਨ | ਵੈਸੇ ਤਾਂ ਫ਼ੌਜੀ ਜੀਵਨ ਨਾਲ ਜੁੜੀਆਂ ਹੋਈਆਂ ਕੁਝ ਪੁਰਾਣੀਆਂ ਫ਼ਿਲਮਾਂ ('ਧਰਤੀ ਵੀਰਾਂ ਦੀ', 'ਕਿੱਕਲੀ', 'ਉਡੀਕਾਂ') ਵੀ ਦਰਸ਼ਕਾਂ ਨੇ ਪਸੰਦ ਕੀਤੀਆਂ ਸਨ | ਵਿਸ਼ੇਸ਼ ਤੌਰ 'ਤੇ 'ਉਡੀਕਾਂ' ਨੇ ਤਾਂ ਪੰਜਾਬੀ ਸਿਨੇਮਾ ਦਾ ਨਵਾਂ ਮਿਆਰ ਵੀ ਸਥਾਪਤ ਕੀਤਾ ਸੀ | ਪਰ ਇਸ ਸਾਲ ਦੀਆਂ ਇਨ੍ਹਾਂ ਫ਼ੌਜੀ ਫ਼ਿਲਮਾਂ ਦੀ ਵਿਸ਼ੇਸ਼ਤਾ ਇਨ੍ਹਾਂ ਦਾ ਨਵਾਂ ਕਥਾਨਕ ਅਤੇ ਤਕਨੀਕੀ ਪੱਖ ਦੀ ਸ੍ਰੇਸ਼ਠਤਾ ਹੀ ਸੀ | ਵਿਸ਼ੇਸ਼ ਤੌਰ 'ਤੇ 'ਸੱਜਣ ਸਿੰਘ ਰੰਗਰੂਟ' ਦਾ ਦੁਖਾਂਤਕ ਅੰਤ ਹੀ ਪੰਜਾਬੀ ਦਰਸ਼ਕਾਂ ਲਈ ਇਕ ਨਵਾਂ ਮੋੜ ਸੀ |
ਕਾਮੇਡੀ ਦੇ ਖੇਤਰ 'ਚ ਵੀ ਇਸ ਵਰ੍ਹੇ ਕੁਝ ਪ੍ਰਗਤੀ ਨਜ਼ਰ ਆਈ ਸੀ | ਹੁਣ ਨਿਰਮਾਤਾਵਾਂ ਨੇ ਕਾਮੇਡੀ ਨੂੰ ਲਚਰਤਾ ਦੇ ਦਾਇਰੇ 'ਚੋਂ ਕੱਢ ਕੇ ਇਸ ਨੂੰ ਸਮਾਜਿਕ ਤੱਥਾਂ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਸੀ | ਇਸ ਲਈ 'ਲਾਵਾਂ ਫੇਰੇ', 'ਲਾਟੂ', 'ਗੋਲਕ ਬੁਗਨੀ ਬੈਂਕ ਅਤੇ ਬਟੂਆ', 'ਕੈਰੀ ਆਨ ਜੱਟਾ-2', 'ਮਰ ਗਏ ਓਏ ਲੋਕੋ', 'ਕੁੜਮਾਈਆਂ' ਅਤੇ 'ਅਫ਼ਸਰ' ਆਦਿ ਫ਼ਿਲਮਾਂ ਨੇ ਪੰਜਾਬੀ ਸਿਨੇਮਾ ਨੂੰ ਅੱਗੇ ਤੋਰਿਆ ਸੀ |
ਅਦਾਕਾਰ ਜਿੰਮੀ ਸ਼ੇਰਗਿੱਲ ਸਦਾ ਹੀ ਪੰਜਾਬੀ ਫ਼ਿਲਮਾਂ ਪ੍ਰਤੀ ਪ੍ਰਤੀਬੱਧ ਰਿਹਾ ਹੈ | ਪਰ ਇਸ ਸਾਲ ਉਸ ਦੀ 'ਦਾਣਾ ਪਾਣੀ' ਬਾਕਸ ਆਫਿਸ 'ਤੇ ਪਾਣੀ ਮੰਗਦੀ ਨਜ਼ਰ ਨਹੀਂ ਆਈ ਸੀ | ਹਾਲਾਂਕਿ ਇਸ ਦਾ ਕਥਾਨਕ ਲੀਕ ਤੋਂ ਹਟ ਕੇ ਸੀ, ਪਰ ਦਰਸ਼ਕਾਂ ਦੀ ਨਜ਼ਰ ਇਸ ਪ੍ਰਤੀ ਸਵੱਲੀ ਨਹੀਂ ਸੀ |
ਪ੍ਰਤੀਬੱਧਤਾ ਦਾ ਪ੍ਰਗਟਾਵਾ ਤਾਂ ਨੀਰੂ ਨੇ ਵੀ ਬਤੌਰ ਸਹਿ-ਨਿਰਮਾਤਰੀ 'ਲੌਾਗ ਲਾਚੀ' ਅਤੇ 'ਆਟੇ ਦੀ ਚਿੜੀ' ਰਾਹੀਂ ਵੀ ਕੀਤਾ ਸੀ, ਪਰ ਉਸ ਦੀਆਂ ਕੋਸ਼ਿਸ਼ਾਂ ਨੂੰ ਵੀ ਬੂਰ ਨਹੀਂ ਪਿਆ ਸੀ | ਹਾਂ, 'ਲੌਾਗ ਲਾਚੀ' ਦਾ ਟਾਈਟਲ ਗੀਤ 'ਸੰਦਲੀ ਸੰਦਲੀ ਨੈਣਾਂ 'ਚ' ਇਸ ਵਰ੍ਹੇ ਦੀ ਸਰਬੋਤਮ ਪੰਜਾਬੀ ਸੰਗੀਤ ਰਚਨਾ ਜ਼ਰੂਰ ਕਹੀ ਜਾ ਸਕਦੀ ਹੈ ਪਰ ਜਿਸ ਦਿਸ਼ਾ 'ਚ ਨੀਰੂ ਨੇ ਪੰਜਾਬੀ ਸਿਨੇਮਾ ਨੂੰ ਮੋੜਨ ਦੀ ਕੋਸ਼ਿਸ਼ ਕੀਤੀ, ਉਸ 'ਚ ਤਾਂ ਉਹ ਅਸਫ਼ਲ ਹੀ ਰਹੀ ਸੀ |
ਲਗਪਗ ਅਜਿਹਾ ਹੀ ਹਾਲ ਕੁਝ ਨਾਇਕ-ਗਾਇਕਾਂ ਦਾ ਵੀ ਰਿਹਾ ਹੈ | ਰਣਜੀਤ ਬਾਵਾ ਦੀ 'ਖਿੱਦੋ ਖੰੂਡੀ' ਦਾ ਤਾਂ ਇਹ ਹਾਲ ਹੋਇਆ ਸੀ ਕਿ ਪਹਿਲੇ ਹੀ ਸ਼ੋਅ ਤੋਂ ਬਾਅਦ ਕਈ ਸਿਨੇਮਾ ਘਰਾਂ ਤੋਂ ਇਸ ਦਾ ਪ੍ਰਦਰਸ਼ਨ ਰੋਕ ਦਿੱਤਾ ਗਿਆ ਸੀ | ਅਮਰਿੰਦਰ ਗਿੱਲ ਨੇ ਵੀ 'ਅਸ਼ਕੇ' ਰਾਹੀਂ ਇਕ ਨਵਾਂ ਬਿੰਬ ਘੜਨ ਦੀ ਕੋਸ਼ਿਸ਼ ਤਾਂ ਜ਼ਰੂਰ ਕੀਤੀ ਸੀ ਪਰ ਇਹ ਤਜਰਬਾ ਉਸ ਲਈ ਵੀ ਮਹਿੰਗਾ ਹੀ ਪਿਆ ਸੀ |
ਪ੍ਰਸਿੱਧ ਕਾਮੇਡੀਅਨ ਕਪਿਲ ਸ਼ਰਮਾ ਨੇ ਵੀ ਜਦੋਂ 'ਸਨ ਆਫ਼ ਮਨਜੀਤ ਸਿੰਘ' ਦੇ ਮਾਧਿਅਮ ਰਾਹੀਂ ਕੁਝ ਨਵਾਂ ਕਹਿਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਵੀ ਕੌੜਾ ਅਨੁਭਵ ਹੀ ਹੋਇਆ ਸੀ | ਹਾਲਾਂਕਿ ਵਿਸ਼ੇ ਪੱਖ ਤੋਂ ਇਹ ਕਿਰਤ ਇਕ ਤਾਜ਼ੀ ਹਵਾ ਦਾ ਝੋਕਾ ਲੈ ਕੇ ਹੀ ਆਈ ਸੀ |
ਹੁਣ ਇਹ ਪ੍ਰਸ਼ਨ ਸੁਭਾਵਿਕ ਹੀ ਉਠਦਾ ਹੈ ਕਿ ਬਾਵਜੂਦ ਇਨ੍ਹਾਂ ਕੋਸ਼ਿਸ਼ਾਂ ਦੇ 2018 ਵਿਚ ਇਕ ਵੀ ਫ਼ਿਲਮ ਬਲਾਕ ਬਸਟਰ ਕਿਉਂ ਨਹੀਂ ਸਿੱਧ ਹੋ ਸਕੀ? ਉਲਟਾ ਸਥਿਤੀ ਤਾਂ ਇਹ ਰਹੀ ਕਿ 'ਸੈਂਟਰ ਮਾਲ' ਚੰਡੀਗੜ੍ਹ 'ਚ 'ਰੇਡੂਆ' ਦਾ ਪਹਿਲਾ ਹੀ ਸ਼ੋਅ ਇਸ ਕਰਕੇ ਕੈਂਸਲ ਕਰਨਾ ਪਿਆ ਸੀ, ਕਿਉਂਕਿ ਇਕ ਵੀ ਟਿਕਟ ਇਸ ਸ਼ੋਅ ਦੀ ਨਹੀਂ ਸੀ ਵਿਕ ਸਕੀ | ਲਗਪਗ ਅਜਿਹੀ ਹੀ ਸਥਿਤੀ ਕੁਝ ਹੋਰ ਫ਼ਿਲਮਾਂ ਦੀ ਵੀ ਰਹੀ |
ਇਸ ਸੰਦਰਭ 'ਚ ਪਹਿਲੀ ਤਾਂ ਗੱਲ ਇਹ ਹੈ ਕਿ ਸਾਡੇ ਨਿਰਮਾਤਾ ਧੜਾਧੜ ਫ਼ਿਲਮਾਂ ਰਿਲੀਜ਼ ਕਰਨ 'ਚ ਵਿਸ਼ਵਾਸ ਕਰ ਰਹੇ ਹਨ | ਲਿਹਾਜ਼ਾ, ਇਕ ਹੀ ਹਫ਼ਤੇ 'ਚ ਦੋ-ਦੋ ਪੰਜਾਬੀ ਫ਼ਿਲਮਾਂ ਬਾਕਸ ਆਫਿਸ 'ਤੇ ਟੱਕਰ ਲੈਂਦੀਆਂ ਦੇਖੀਆਂ ਗਈਆਂ ਸਨ | ਇਸ ਟਾਕਰੇ ਨਾਲ ਨਿਰਮਾਤਾ ਦਾ ਜ਼ਖ਼ਮੀ ਹੋਣਾ ਸੁਭਾਵਿਕ ਹੀ ਹੈ |
ਸਾਲ 2018 ਵਿਚ ਬਹੁ-ਗਿਣਤੀ 'ਚ ਫ਼ਿਲਮਾਂ ਦੇ ਫਲਾਪ ਹੋਣ ਦਾ ਇਕ ਆਧਾਰ ਇਹ ਵੀ ਹੈ ਕਿ ਇਨ੍ਹਾਂ ਫ਼ਿਲਮਾਂ 'ਚ ਕਹਾਣੀ ਦੀ ਮੰਗ ਦੇ ਪ੍ਰਤੀਕੂਲ ਬਹੁਤ ਸਾਰੇ ਪਾਤਰ ਜਾਂ ਅਦਾਕਾਰ ਘੜੀ-ਮੁੜੀ ਇਕ ਹੀ ਸ਼ੈਲੀ 'ਚ ਪੇਸ਼ ਕੀਤੇ ਗਏ ਸਨ | ਲਿਹਾਜ਼ਾ, ਕਹਾਣੀ ਦਾ ਸੁਭਾਅ ਭਾਵੇਂ ਦੁਖਾਂਤਕ ਹੀ ਹੋਵੇ ਪਰ ਉਸ 'ਚ ਵੀ ਨਿਰਮਾਤਾ ਦੀ ਕੋਸ਼ਿਸ਼ ਹੁੰਦੀ ਰਹੀ ਹੈ ਕਿ ਕਿਸੇ ਨਾ ਕਿਸੇ ਤਰ੍ਹਾਂ ਘੁੱਗੀ, ਬੀ.ਐਨ. ਸ਼ਰਮਾ, ਬੀਨੂੰ ਢਿੱਲੋਂ ਅਤੇ ਜਸਵਿੰਦਰ ਭੱਲਾ ਦੀ ਹਾਜ਼ਰੀ ਲਗਾ ਕੇ ਉਸ 'ਚ ਕਾਮੇਡੀ ਦਾ ਤੜਕਾ ਲਗਾਇਆ ਜਾਵੇ | ਸਪੱਸ਼ਟ ਹੈ, ਨਿਰਮਾਤਾ ਖ਼ਤਰਾ ਮੁੱਲ ਨਹੀਂ ਲੈਣਾ ਚਾਹੁੰਦਾ | ਇਸ ਲਈ ਇਨ੍ਹਾਂ ਕਲਾਕਾਰਾਂ ਨੂੰ ਦੁਹਰਾਇਆ ਜਾ ਰਿਹਾ ਹੈ | ਦਰਸ਼ਕ ਵੀ ਤਾੜ ਜਾਂਦੇ ਹਨ ਕਿ ਉਨ੍ਹਾਂ ਨੂੰ ਵਰਗਲਾਇਆ ਜਾ ਰਿਹਾ ਹੈ |
ਪੰਜਾਬੀ ਸਿਨੇਮਾ ਦੀ ਇਹ ਵੀ ਇਕ ਬਦਕਿਸਮਤੀ ਰਹੀ ਹੈ, ਬਹੁਤ ਘੱਟ ਅਜਿਹੇ ਬੈਨਰ ਹਨ ਜਿਹੜੇ ਨਿਰੰਤਰ ਜਾਂ ਸਥਾਈ ਰੂਪ 'ਚ ਪੰਜਾਬੀ ਫ਼ਿਲਮਾਂ ਦਾ ਨਿਰਮਾਣ ਕਰ ਰਹੇ ਹਨ | ਸੱਚਾਈ ਤਾਂ ਇਹ ਹੈ ਕਿ ਬਹੁ-ਗਿਣਤ ਪੰਜਾਬੀ ਫ਼ਿਲਮਾਂ ਵਿਦੇਸ਼ਾਂ 'ਚ ਰਹਿ ਰਹੇ ਪੰਜਾਬੀਆਂ ਰਾਹੀਂ ਹੀ ਫਾਈਨਾਂਸ ਹੋ ਰਹੀਆਂ ਹਨ | ਇਹ ਫਾਈਨਾਂਸਰ ਸ਼ੌਕੀਆ ਤੌਰ 'ਤੇ ਹੀ ਪੰਜਾਬੀ ਫ਼ਿਲਮਾਂ ਦਾ ਨਿਰਮਾਣ ਕਰਦੇ ਹਨ | ਇਸ ਲਈ ਇਹ ਪ੍ਰੋਫੈਸ਼ਨਲ ਤੌਰ 'ਤੇ ਅਨਾੜੀ ਹੀ ਹੁੰਦੇ ਹਨ | ਫਿਰ ਜਦੋਂ ਫ਼ਿਲਮ-ਨਿਰਮਾਣ ਦੀ ਪ੍ਰਣਾਲੀ ਨਾਲ ਉਨ੍ਹਾਂ ਦਾ ਟਾਕਰਾ ਹੁੰਦਾ ਹੈ ਤਾਂ ਉਹ ਮੰੂਹ ਮੋੜ ਲੈਂਦੇ ਹਨ ਅਤੇ ਆਪਣਾ ਬਚਾਅ ਕਰਨ ਲਈ ਸਮਝੌਤੇ ਕਰਨ ਲਈ ਮਜਬੂਰ ਹੋ ਜਾਂਦੇ ਹਨ |
ਇਸ ਲਈ ਇਹ ਇਕ ਬਹੁਤ ਹੀ ਮੰਦਭਾਗੀ ਸਥਿਤੀ ਹੈ ਕਿ ਬਾਵਜੂਦ ਪੰਜਾਬੀ ਫ਼ਿਲਮਾਂ ਦੀ ਬਰਸਾਤ ਦੇ, 2018 ਵਿਚ ਬਾਕਸ ਆਫਿਸ 'ਤੇ ਸੋਕਾ ਹੀ ਨਜ਼ਰ ਆਇਆ ਸੀ | ਬਦਲਾਅ ਦੀ ਪ੍ਰਵਿਰਤੀ ਵਿਭਿੰਨ ਮਾਧਿਅਮ ਰਾਹੀਂ ਦਿ੍ਸ਼ਟੀਗੋਚਰ ਜ਼ਰੂਰ ਹੋਈ ਸੀ | ਇਸ ਸੰਦਰਭ 'ਚ ਇਕ ਵਾਰ ਤਾਂ ਇਹ ਵੀ ਪ੍ਰਤੀਤ ਹੋਇਆ ਕਿ ਪਾਲੀਵੁੱਡ ਅਤੇ ਬਾਲੀਵੁੱਡ ਦੀਆਂ ਦੂਰੀਆਂ ਖ਼ਤਮ ਹੋ ਰਹੀਆਂ ਹਨ ਅਤੇ ਦੋਵੇਂ ਸਮਾਨਾਂਤਰ ਦਿਸ਼ਾ 'ਚ ਜਾ ਰਹੇ ਹਨ | ਇਸ ਲਈ ਪੰਜਾਬੀ ਸਿਨੇਮਾ ਦੇ ਖੇਤਰ ਵਿਚ ਕਈ ਤੱਥ ਉਹ ਵੀ ਉਜਾਗਰ ਹੋਏ ਜਿਹੜੇ ਹੁਣ ਤੱਕ ਹਿੰਦੀ ਸਿਨੇਮਾ ਤੱਕ ਹੀ ਸੀਮਤ ਸਨ |
ਲਿਹਾਜ਼ਾ, ਹੁਣ ਪਾਲੀਵੁੱਡ 'ਚ ਵੀ ਫਿਰੌਤੀ ਮੰਗਣ ਦਾ ਦੌਰ ਸ਼ੁਰੂ ਹੋ ਗਿਆ ਹੈ | 2018 ਵਿਚ ਪਰਮੀਸ਼ ਵਰਮਾ ਦਾ ਗੋਲੀ ਲੱਗ ਕੇ ਜ਼ਖ਼ਮੀ ਹੋਣਾ ਅਤੇ ਗਿੱਪੀ ਗਰੇਵਾਲ ਨੂੰ ਧਮਕੀਆਂ ਮਿਲਣਾ ਅਜਿਹੇ ਸੰਕੇਤ ਹਨ ਕਿ ਬਾਲੀਵੁੱਡ ਵਰਗਾ ਮਾਫੀਆ ਪੰਜਾਬੀ ਸਿਨੇਮਾ ਦੇ ਖੇਤਰ ਵਿਚ ਵੀ ਇਸ ਸਾਲ ਹੋਂਦ 'ਚ ਆ ਗਿਆ ਹੈ |
ਸਪੱਸ਼ਟ ਹੈ, ਬਾਵਜੂਦ ਨਵੀਆਂ ਪ੍ਰਾਪਤੀਆਂ ਦੇ 2018 ਦਾ ਪੰਜਾਬੀ ਸਿਨੇਮਾ ਬਾਕਸ ਆਫਿਸ 'ਤੇ ਕੁਝ ਨਵਾਂ ਹਾਸਲ ਨਹੀਂ ਕਰ ਸਕਿਆ ਹੈ | ਸੱਚਾਈ ਤਾਂ ਇਹ ਹੈ ਕਿ ਇਸ ਵਰ੍ਹੇ ਪੰਜਾਬੀ ਫ਼ਿਲਮਾਂ ਦੀ ਸਫ਼ਲਤਾ ਦੀ ਦਰ ਸਿਰਫ਼ 20 ਫ਼ੀਸਦੀ ਤੱਕ ਹੀ ਸੀਮਤ ਰਹੀ ਹੈ | ਇਸ ਹਿਸਾਬ ਨਾਲ ਜੇਕਰ ਇਕ ਪੰਜਾਬੀ ਫ਼ਿਲਮ 3 ਕਰੋੜ ਦਾ ਵਪਾਰ ਕਰਦੀ ਹੈ ਤਾਂ ਇਸ ਵਾਰ ਪਾਲੀਵੁੱਡ ਦਾ ਕੁਝ ਵਣਜ 60 ਕਰੋੜ ਦੇ ਨਜ਼ਦੀਕ ਰਿਹਾ ਹੈ | ਇਹ ਇਕ ਬਹੁਤ ਹੀ ਸੀਮਤ ਅੰਕੜਾ ਹੈ | ਇਸ ਲਈ ਪੰਜਾਬੀ ਸਿਨੇਮਾ ਨੂੰ ਇਸ ਸੀਮਾ ਨੂੰ ਤੋੜਨਾ ਹੀ ਪਵੇਗਾ | ਵੈਸੇ ਪ੍ਰਯੋਗਾਤਮਿਕ ਤੌਰ 'ਤੇ ਕੁਝ ਨਵੇਂ ਨਿਰਦੇਸ਼ਕ ਨਵੀਆਂ-ਨਵੀਆਂ ਕਿਰਤਾਂ ਪੇਸ਼ ਕਰ ਰਹੇ ਹਨ | ਪਰ ਇਨ੍ਹਾਂ ਨਿਰਦੇਸ਼ਕਾਂ ਦੀਆਂ ਫ਼ਿਲਮਾਂ ਸਿਰਫ਼ ਫ਼ਿਲਮ ਉਤਸਵਾਂ ਤੱਕ ਹੀ ਸੀਮਤ ਰਹਿ ਗਈਆਂ ਹਨ | ਅਨੂਪ ਸਿੰਘ, ਰਾਜੀਵ ਅਤੇ ਜੀਤ ਮਠਾਰੂ ਆਦਿ ਅਜਿਹੇ ਹੀ ਨਿਰਦੇਸ਼ਕ ਹਨ |
ਇਸ ਲਈ ਸੰਖੇਪ ਰੂਪ 'ਚ ਅਸੀਂ 2018 ਨੂੰ ਪਾਲੀਵੁੱਡ ਲਈ ਵਿਭਿੰਨਤਾ ਵਾਲਾ ਸਾਲ ਤਾਂ ਜ਼ਰੂਰ ਕਹਿ ਸਕਦੇ ਹਾਂ, ਪਰ ਵਣਜੀ ਤੌਰ 'ਤੇ ਇਹ ਅਸਥਿਰਤਾ ਅਤੇ ਅਸਫ਼ਲਤਾ ਦਾ ਪ੍ਰਗਟਾਵਾ ਹੀ ਕਰਦਾ ਰਿਹਾ ਹੈ | ਲਿਹਾਜ਼ਾ, ਇਸ ਦੀ ਸਮੁੱਚੀ ਸਥਿਤੀ ਇਸ ਪ੍ਰਕਾਰ ਰਹੀ ਸੀ:
ਚਾਹਿਆ ਤਾਂ ਸੀ ਪਰਬਤ ਬਣਨਾ
ਜਾਂ ਦਰਿਆ ਜਾਂ ਝੀਲ |
ਰੇਤਾ ਬਣ ਕੇ ਫੈਲ ਗਿਆ ਪਰ
ਮੈਂ ਮੀਲਾਂ ਦੇ ਮੀਲ |

ਬੀਬਾ ਬਲਵੰਤ)
-103, ਸਨੀ ਕਾਟੇਜ, ਕ੍ਰਿਸ਼ਨਾ ਨਗਰ, ਬਟਾਲਾ-143505 (ਪੰਜਾਬ) | ਮੋਬਾ : 099154-93043.


ਖ਼ਬਰ ਸ਼ੇਅਰ ਕਰੋ

ਕੀ ਹੈ ਜੀਨ ਅਤੇ ਜੀਵਨ ਦਾ ਰਹੱਸ?

ਧੂੜ 'ਚ ਲਿਪਟੀ ਪਥਰੀਲੀ ਪਿ੍ਥਵੀ ਜੇਕਰ ਅੱਜ ਨੀਲਮਣੀ ਬਣੀ ਝਿਲ-ਮਿਲ ਕਰ ਰਹੀ ਹੈ, ਤਦ ਇਕ ਅਜਿਹੇ ਅਣੂ ਦੇ ਹੋਂਦ 'ਚ ਆ ਜਾਣ ਕਰਕੇ, ਜਿਹੜਾ ਆਪਣਾ ਪ੍ਰਤੀਰੂਪ ਸਿਰਜਦਾ ਹੋਇਆ, ਆਲੇ-ਦੁਆਲੇ ਵਿਆਪਕ ਬੇ-ਤਰਤੀਬੀ ਨੂੰ ਤਰਤੀਬ ਅਰਪਣ ਕਰ ਰਿਹਾ ਹੈ | ਇਹ ਅਣੂ ਹੈ ਡੀ. ਐਨ. ਏ., ਜਿਸ 'ਚੋਂ ਜੀਵਨ ਪੁੰਗਰਿਆ ਅਤੇ ਜਿਸ ਦੀ ਅੰਤਰੀਵੀ ਤਰਤੀਬ 'ਚ ਫੇਰ-ਬਦਲ ਦੇ ਫਲਸਰੂਪ ਨਵੀਆਂ-ਨਵੀਆਂ ਜੀਵ-ਨਸਲਾਂ ਹੋਂਦ 'ਚ ਆ ਕੇ ਸੰਸਾਰ ਦਾ ਸ਼ਿੰਗਾਰ ਬਣਦੀਆਂ ਰਹੀਆਂ | ਇਸੇ ਪ੍ਰਕਿਰਿਆ ਅਧੀਨ ਇਕ ਅਜਿਹਾ ਜੀਵ ਵੀ ਹੋਂਦ 'ਚ ਆ ਗਿਆ, ਜਿਸ ਦਾ ਦਿਮਾਗ਼ ਵਿਆਪਕ ਪਰਿਸਥਿਤੀਆਂ ਭਾਂਪ ਰਿਹਾ ਹੈ ਅਤੇ ਇਨ੍ਹਾਂ ਨੂੰ ਸਮਝ ਵੀ ਰਿਹਾ ਹੈ | ਇਹ ਜੀਵ ਹੈ, ਮਨੁੱਖ |
ਮਨੁੱਖ ਦਾ ਸਰੀਰ ਖ਼ਰਬਾਂ ਸੈ ੱਲਾਂ ਦਾ ਬਣਿਆ ਹੋਇਆ ਹੈ, ਲਗਪਗ 100 ਖ਼ਰਬ ਸੈ ੱਲਾਂ ਦਾ | ਇਨ੍ਹਾਂ 'ਚੋਂ ਬਹੁਤੇ ਸੈ ੱਲ ਮਿਲੀਮੀਟਰ ਦੇ ਦਸਵੇਂ ਭਾਗ ਨਾਲੋਂ ਵੀ ਮਹੀਨ ਹਨ | ਇਨ੍ਹਾਂ ਸੈ ੱਲਾਂ ਚੋਂ ਲਗਪਗ ਹਰ ਇਕ ਦੇ ਕੇਂਦਰ 'ਚ ਗਹਿਰੇ ਰੰਗ ਦਾ ਨਿਊਕਲੀਅਸ ਹੈ, ਜਿਸ ਵਿਚ ਡੀ. ਐਨ. ਏ. ਦਾ ਪ੍ਰਵੇਸ਼ ਹੈ | ਹਰ ਇਕ ਸੈ ੱਲ 'ਚ ਡੀ. ਐਨ. ਏ. ਅਣੂ ਦੀ 0.2 ਮਿਲੀਮੀਟਰ ਲੰਬਾਈ, ਗੁੱਛਾ-ਮੁੱਛਾ ਬਣੀ, ਨਿਊਕਲੀਅਸ 'ਚ ਸਿਮਟੀ ਹੋਈ ਹੈ, ਪਰ ਸਮੁੱਚਾ ਡੀ. ਐਨ. ਏ. ਕਿ੍ਆਸ਼ੀਲ ਨਹੀਂ, ਇਸ ਦੇ ਨਿੱਖੜਵੇਂ ਖੇਤਰ ਕਿ੍ਆਸ਼ੀਲ ਹਨ, ਜਿਹੜੇ ਜੀਨ ਹਨ ਅਤੇ ਜਿਨ੍ਹਾਂ ਦੀ ਮਨੁੱਖ ਵਿਚ 30 ਹਜ਼ਾਰ ਤੋਂ ਲੈ ਕੇ 80 ਹਜ਼ਾਰ ਤੱਕ ਦੀ ਗਿਣਤੀ ਹੋਣ ਦਾ ਅਨੁਮਾਨ ਹੈ |
ਅਸੀਂ ਆਪਣੇ ਜੀਵਨ ਬਾਰੇ ਸੋਚੀਏ ਤਾਂ, ਹਕੀਕਤ ਇਹ ਹੈ ਕਿ ਵਿਰਸੇ 'ਚ ਮਿਲੇ ਜੀਨ ਹੀ ਸਾਡਾ ਜੀਵਨ ਹਨ, ਸਾਡੀ ਜਿੰਦ-ਜਾਨ ਹਨ | ਇਹ ਵੀ ਸਾਡੇ ਹਿੱਸੇ ਆਏ ਜੀਨਾਂ ਉੱਪਰ ਨਿਰਭਰ ਹੁੰਦਾ ਹੈ ਕਿ ਸਾਡੇ ਜੀਵਨ ਦਾ ਅੰਤ ਕਿਵੇਂ ਹੋਵੇਗਾ | ਜੀਨਾਂ ਅੰਦਰ ਸਿਮਟੀ ਜਾਣਕਾਰੀ ਵਾਚਣੀ ਸੌਖੀ ਨਹੀਂ | ਕਈ ਪੜਾਵਾਂ ਵਿਚੋਂ ਦੀ ਹੁੰਦਾ ਹੋਇਆ ਇਸ ਦਾ ਅਨੁਵਾਦ ਅਜਿਹੀਆ ਪ੍ਰੋਟੀਨਾਂ 'ਚ ਹੁੰਦਾ ਰਹਿੰਦਾ ਹੈ, ਜਿਹੜੀਆਂ ਸਰੀਰਕ ਉਸਾਰੀ ਲਈ, ਸਰੀਰਕ ਟੁੱਟ-ਭੰਨ ਦੀ ਮੁਰੰਮਤ ਲਈ, ਮਾਨਸਿਕ ਉਧੇੜ-ਬੁਣ ਲਈ ਅਤੇ ਹੋਣ ਵਾਲੇ ਰੋਗਾਂ ਤੋਂ ਬਚਾਅ ਲਈ ਜ਼ਿੰਮੇਵਾਰ ਹਨ | ਗੱਲ ਕੀ, ਹਰ ਤਰ੍ਹਾਂ ਦੀ ਸਰੀਰਕ ਸਰਗਰਮੀ ਪ੍ਰੋਟੀਨੀ ਅਣੂਆਂ ਉੱਪਰ ਨਿਰਭਰ ਹੈ, ਜਿਨ੍ਹਾਂ ਨੂੰ ਜੀਨ ਉਪਜਾ ਰਹੇ ਹਨ | ਜਿਹੜੀ ਪ੍ਰੋਟੀਨ ਜੀਨ ਦੀ ਉਪਜ ਨਹੀਂ, ਉਹ ਸਰੀਰ 'ਚ ਹੁੰਦੀ ਹੀ ਨਹੀਂ | ਜੇਕਰ ਓਪਰੀ ਪ੍ਰੋਟੀਨ ਕਿਸੇ ਕਾਰਨ ਸਰੀਰ ਵਿਚ ਦਾਖ਼ਲ ਹੋ ਵੀ ਜਾਵੇ, ਤਦ ਸਰੀਰ ਇਸ ਨੂੰ ਸਵੀਕਾਰ ਨਹੀਂ ਕਰਦਾ ਅਤੇ ਐਲਰਜੀ ਸੱਦੇ ਜਾ ਰਹੇ ਰੋਗ ਦਾ ਇਹ ਕਾਰਨ ਬਣ ਜਾਂਦੀ ਹੈ |
ਜੀਨਾਂ ਅੰਦਰ ਜਾਣਕਾਰੀ ਖਾਰੀ-ਤਿਕੜੀਆਂ ਦੁਆਰਾ ਲਿਖੀ ਲਿਖਤ ਹੈ | ਇਕ ਇਕ ਖਾਰੀ ਤਿਕੜੀ, ਇਕ ਇਕ ਐਮਿਨੋ-ਤੇਜ਼ਾਬ ਲਈ ਵਿਸ਼ੇਸ਼ ਹੈ | ਐਮਿਨੋਂ-ਤੇਜ਼ਾਬ ਪ੍ਰੋਟੀਨੀ ਬਣਤਰ 'ਚ ਸਮਾਏ ਤੱਤ ਹਨ | ਪ੍ਰੋਟੀਨੀਂ ਅਣੂ ਵਿਚ ਐਮਿਨੋ-ਤੇਜ਼ਾਬ ਨੇ ਕਿਥੇ ਸਥਾਨ ਗ੍ਰਹਿਣ ਕਰਨਾ ਹੈ, ਇਸ ਲਈ ਉਸ ਜੀਨ ਅੰਦਰਲੀ ਜਾਣਕਾਰੀ ਨਿਰਣਾਇਕ ਹੁੰਦੀ ਹੈ, ਜਿਸ ਦੀ ਅਗਵਾਈ ਅਧੀਨ ਇਹ ਅਣੂ ਉਪਜ ਰਿਹਾ ਹੈ | ਜੀਨਾਂ ਦੀ ਲੰਬੀ-ਚੌੜੀ ਸ਼ਬਦਾਵਲੀ ਵੀ ਨਹੀਂ | ਕੇਵਲ 4 ਖਾਰ ਇਸ ਦਾ ਭਾਗ ਹਨ : ਏ, ਸੀ, ਜੀ ਅਤੇ ਟੀ, ਜਿਹੜੇ ਕ੍ਰਮਵਾਰ ਐਡੀਨੀਨ, ਸਾਇਟਸੀਨ, ਗੁਆਨੀਨ ਅਤੇ ਥਾਇਮਿਨ ਸੱਦੇ ਜਾ ਰਹੇ ਖਾਰਾਂ ਦੇ ਸੰਕੇਤ ਹਨ | ਇਹ ਚਾਰੇ ਨਾਈਟ੍ਰੋਜਨੀ ਖਾਰ ਡੀ. ਐਨ. ਏ. ਅਣੂ ਦੀ ਲੰਬਾਈ ਅੰਦਰ, ਜੋੜਿਆਂ 'ਚ ਬੱਝੇ, ਅਗਾਂਹ-ਪਿਛਾਂਹ ਫਿੱਟ ਹਨ | ਇਸ ਤਰ੍ਹਾਂ, ਡੀ. ਐਨ. ਏ. ਦੀ ਲੱਕੜ ਦੀ ਪੌੜੀ ਜਿਹੀ ਨੁਹਾਰ ਹੈ, ਜਿਹੜੀ ਤਰਤੀਬਵਾਰ ਵਲਾਂ ਵਿਚ ਗ੍ਰਸੀ ਹੈ | ਡੀ. ਐਨ. ਏ. ਅੰਰਦਲੇ ਚਾਰ ਖਾਰ ਵੀ ਅਗਾਂਹ ਦੋ ਜੋੜਿਆਂ 'ਚ ਵੱਖ ਹਨ | ਏ ਕੇਵਲ ਟੀ ਨਾਲ ਜੁੜਨ ਯੋਗ ਹੈ ਅਤੇ ਜੀ, ਸੀ ਨਾਲ | ਨਾ ਏ ਜਾਂ ਟੀ, ਸੀ ਜਾਂ ਜੀ ਨਾਲ ਜੋੜਾ ਬਣਾਉਣ ਯੋਗ ਹਨ ਅਤੇ ਨਾ ਹੀ ਸੀ ਜਾਂ ਜੀ, ਏ ਜਾਂ ਟੀ ਨਾਲ | ਇਸ ਤਰ੍ਹਾਂ, ਡੀ. ਐਨ. ਏ. ਅੰਦਰ ਸਿਮਟੀ ਜਾਣਕਾਰੀ ਦੀ ਅਤੀ ਸਰਲ ਵਿਉਂਤ ਹੈ |
ਸਾਡੇ ਡੀ. ਐਨ. ਏ. 'ਚ ਤਿੰਨ ਅਰਬ ਦੇ ਲਗਪਗ ਖਾਰੀ ਜੋੜੇ ਸਮਾਏ ਹੋਏ ਹਨ ਪਰ ਜੀਨਾਂ ਦਾ ਭਾਗ ਬਣੇ ਖਾਰੀ ਜੋੜੇ ਘੱਟ ਗਿਣਤੀ 'ਚ ਹਨ | ਜੀਨਾਂ ਦੀ ਕਿਰਿਆ ਆਰੰਭ ਕਰਨ ਲਈ ਅਤੇ ਆਰੰਭ ਹੋਈ ਕਿਰਿਆ ਨੂੰ ਰੋਕਣ ਲਈ, ਇਨ੍ਹਾਂ ਨਾਲ ਸਵਿੱਚ ਲੱਗੇ ਹੋਏ ਹਨ | ਜੀਨਾਂ ਦੀ ਅਗਵਾਈ ਅਧੀਨ ਅਤੇ ਸਰੀਰ ਦੀ ਲੋੜ ਅਨੁਕੂਲ ਪ੍ਰੋਟੀਨੀ ਅਣੂ ਉਪਜਦੇ ਰਹਿੰਦੇ ਹਨ ਅਤੇ ਲੋੜ ਪੂਰੀ ਹੋ ਜਾਣ ਉਪਰੰਤ ਇਨ੍ਹਾਂ ਨੂੰ ਉਪਜਾ ਰਹੇ ਜੀਨ ਦੇ ਸ਼ਾਂਤ ਅਵਸਥਾ 'ਚ ਆ ਜਾਣ ਕਰਕੇ, ਇਨ੍ਹਾਂ ਦੀ ਉਪਜ ਵੀ ਰੁਕ ਜਾਂਦੀ ਹੈ | ਜੇਕਰ ਜੀਨ ਨੂੰ ਆਨ-ਆਫ਼ ਕਰ ਰਹੇ ਸਵਿੱਚ 'ਚ ਕਿਸੇ ਕਾਰਨ ਨੁਕਸ ਪੈ ਜਾਵੇ ਤਾਂ ਆਰੰਭ ਹੋਈ ਪ੍ਰੋਟੀਨੀ ਉਪਜ ਰੁਕਦੀ ਨਹੀਂ, ਜਾਰੀ ਰਹਿੰਦੀ ਹੈ | ਅਜਿਹੀ ਸਥਿਤੀ ਦਾ ਸਿੱਟਾ ਕੈਂਸਰ ਰੋਗ 'ਚ ਨਿਕਲਣ ਦੀ ਸੰਭਾਵਨਾ ਹੁੰਦੀ ਹੈ | ਸਰੀਰ ਦਾ ਹਰ ਇਕ ਸੈ ੱਲ, ਉਂਜ, ਹੁੰਦਾ ਤਾਂ ਹੈ ਵਿਰਸੇ 'ਚ ਮਿਲੇ ਸਾਰੇ ਜੀਨਾਂ ਦਾ ਮਾਲਕ, ਪਰ ਜਿਹੜੀ ਕਿਰਿਆ ਨਿਭਾਉਣ ਲਈ ਇਕ ਸੈ ੱਲ ਰਾਖਵਾਂ ਹੁੰਦਾ ਹੈ, ਕੇਵਲ ਉਸੇ ਨਾਲ ਸਬੰਧਤ ਜੀਨ ਕਿ੍ਆਸ਼ੀਲ ਹੁੰਦੇ ਰਹਿੰਦੇ ਹਨ ਅਤੇ ਹੋਰ ਸਾਰੇ ਜੀਨ ਸ਼ਾਂਤ ਅਵਸਥਾ ਧਾਰਨ ਕਰੀ ਰੱਖਦੇ ਹਨ |
ਇਕ ਪ੍ਰੋਟੀਨ ਜਿਹੜੀ ਕਿਰਿਆ ਪੂਰੀ ਕਰ ਰਹੀ ਹੈ, ਇਹ ਇਸ ਅੰਦਰ ਸਮਾਏ ਐਮਿਨੋ-ਤੇਜ਼ਾਬਾਂ ਦੀ ਤਰਤੀਬ ਉੱਪਰ ਨਿਰਭਰ ਹੁੰਦਾ ਹੈ | ਪ੍ਰੋਟੀਨ ਅੰਦਰ ਇਕ ਐਮਿਨੋਂ-ਤੇਜ਼ਾਬ ਦੇ ਨਿਸਚਿਤ ਸਥਾਨ ਤੋਂ ਏਧਰ-ਓਧਰ ਹੋ ਜਾਣ ਨਾਲ, ਇਸ ਦੁਆਰਾ ਨਿਭਾਈ ਜਾ ਰਹੀ ਕਿਰਿਆ 'ਚ ਵਿਘਨ ਪੈ ਜਾਣਾ ਸੁਭਾਵਕ ਹੈ ਅਤੇ ਅਜਿਹਾ ਹੋਣਾ ਵੀ ਰੋਗ ਦਾ ਰੂਪ ਧਾਰਨ ਕਰਨ ਬਰਾਬਰ ਹੈ | ਸਿਕਲ-ਸੈ ੱਲ ਅਨੀਮੀਆ, ਹੀਮੋਗਲੋਬਿਨ ਪ੍ਰੋਟੀਨ ਕੇਵਲ ਇਕ ਐਮਿਨੋ-ਤੇਜ਼ਾਬ ਦੇ ਸਥਾਨ ਤਬਦੀਲੀ ਦਾ ਸਿੱਟਾ ਹੈ | ਜੀਨਾਂ ਦੁਆਰਾ ਉਪਜਾਈਆਂ ਜਾ ਰਹੀਆਂ ਪ੍ਰੋਟੀਨਾਂ ਫੇਫੜਿਆਂ ਨੂੰ ਸਾਹ ਲੈਣ ਯੋਗ, ਦਿਲ ਨੂੰ ਧੜਕਦੇ ਰਹਿਣ ਯੋਗ ਅਤੇ ਦਿਮਾਗ਼ ਨੂੰ ਸੋਚਦੇ-ਵਿਚਾਰਦੇ ਰਹਿਣ ਯੋਗ ਬਣਾ ਰਹੀਆਂ ਹਨ | ਪ੍ਰੋਟੀਨਾਂ ਦੇ ਨਿਰਮਾਣ ਲਈ ਵਰਤੋਂ 'ਚ ਆ ਰਹੇ ਐਮਿਨੋ-ਤੇਜ਼ਾਬ ਅਸੀਂ ਭੋਜਨ ਦੁਆਰਾ ਪ੍ਰਾਪਤ ਕਰ ਰਹੇ ਹਾਂ ਅਤੇ ਇਨ੍ਹਾਂ ਨੂੰ ਪ੍ਰੋਟੀਨਾਂ 'ਚ ਵਿਉਂਤਬੱਧ ਕਰ ਰਹੇ ਜੀਨ ਸਾਨੂੰ ਵਿਰਸੇ 'ਚ ਮਿਲ ਰਹੇ ਹਨ |
ਡੀ. ਐਨ. ਏ. ਆਪ ਭਾਵੇਂ ਨਿਰਜੀਵ ਅਣੂ ਹੈ, ਪਰ ਹੈ ਇਹ ਜੀਵਨ ਦਾ ਸ੍ਰੋਤ | ਡੀ. ਐਨ. ਏ. ਦੇ ਹੋਂਦ 'ਚ ਆਉਣ ਨਾਲ ਹੀ, ਪਿ੍ਥਵੀ ਉਪਰ ਜੀਵਨ ਪੁੰਗਰਿਆ | ਡੀ. ਐਨ. ਏ. ਦੇ ਸਿਰੜ ਸਹਿਤ ਬਣੇ ਰਹਿਣਯੋਗ ਹੋਣ ਕਰਕੇ, ਅੱਜ ਤੋਂ ਲਗਪਗ 3.5 ਅਰਬ ਵਰ੍ਹੇ ਪਹਿਲਾਂ ਪੁੰਗਰਿਆ ਜੀਵਨ, ਅੱਜ ਤੱਕ ਵਿਕਸਿਤ ਹੁੰਦਾ ਹੋਇਆ ਚਲਦਾ ਆ ਰਿਹਾ ਹੈ | ਉਲਟ ਹਾਲਾਤ ਅਧੀਨ ਵੀ ਡੀ. ਐਨ. ਏ. ਦੇ ਬਣੇ ਰਹਿਣ ਦੇ ਪ੍ਰਮਾਣ ਮਿਲ ਰਹੇ ਹਨ | 40 ਹਜ਼ਾਰ ਵਰ੍ਹੇ ਪਹਿਲਾਂ ਲੁਪਤ ਹੋ ਚੁਕੇ ਨਿਆਂਡਰਥਲ ਮਨੁੱਖ ਦੇ ਡੀ. ਐਨ. ਏ. ਨੂੰ ਹੁਣ ਜਾਂਚਿਆ-ਪਰਖਿਆ ਜਾ ਰਿਹਾ ਹੈ, ਜਿਸ ਨੂੰ ਹੱਡੀਆਂ 'ਚੋਂ ਪ੍ਰਾਪਤ ਕੀਤਾ ਗਿਆ ਹੈ | ਵਿਚਾਰ ਤਾਂ ਇਹ ਵੀ ਹੈ ਕਿ ਮੁੱਢ 'ਚ ਹੋਂਦ 'ਚ ਆਏ ਡੀ. ਐਨ. ਏ. ਦੇ ਟੁਕੜੇ, ਅੱਜ ਵੀ, ਕਿਸੇ ਨਾ ਕਿਸੇ ਜੀਵ 'ਚ, ਪ੍ਰੋਟੀਨੀ ਉਪਜ 'ਚ ਭਾਗ ਲੈ ਰਹੇ ਹਨ |
ਡੀ. ਐਨ. ਏ. ਦੇ ਹੋਂਦ 'ਚ ਆ ਜਾਣ ਉਪਰੰਤ, ਪਹਿਲਾਂ ਜਿਹੜੇ ਜੀਵ ਵਿਕਸਿਤ ਹੋਏ, ਉਹ ਕੀਟਾਣੂ ਸਨ | ਕੀਟਾਣੂ ਅਜਿਹੇ ਇਕ ਸੈ ੱਲ ਦੇ ਬਣੇ ਜੀਵ ਹਨ, ਜਿਨ੍ਹਾਂ 'ਚ ਨਿਊਕਲੀਅਸ ਨਹੀਂ ਹੈ | ਨਿਊਕਲੀਅਸ ਸਹਿਤ ਸੈ ੱਲ ਪਿਛੋਂ ਵਿਕਸਿਤ ਹੋਏ | ਇਸ ਉਪਰੰਤ ਡੀ. ਐਨ. ਏ. ਦੇ ਨਿਊਕਲੀਅਸ ਅੰਦਰਲੇ ਸ਼ਾਂਤ ਵਾਤਾਵਰਨ 'ਚ ਸਥਾਪਤ ਹੋ ਜਾਣ ਸਦਕਾ, ਇਸ ਅੰਦਰਲੀ ਤਰਤੀਬ 'ਚ ਵਿਘਨ ਪੈਣ ਦੀ ਮਾਮੂਲੀ ਸੰਭਾਵਨਾ ਰਹਿ ਗਈ ਸੀ | ਫਿਰ ਵੀ ਡੀ. ਐਨ. ਏ. ਅੰਦਰ ਕਿਧਰੇ ਕਿਧਰੇ ਨੁਕਾਤੀ ਬਦਲਾਅ ਆਉਂਦੇ ਰਹੇ ਅਤੇ ਨਵੀਆਂ-ਨਵੀਆਂ ਜੀਵ ਨਸਲਾਂ ਸੰਸਾਰ ਦਾ ਸ਼ਿੰਗਾਰ ਬਣਦੀਆਂ ਰਹੀਆਂ | ਗ਼ੁਲਾਬ, ਥੋਹਰ, ਬੋਹੜ ਆਦਿ ਜਾਂ ਫਿਰ ਵ੍ਹੇਲ-ਮੱਛੀ, ਮਗਰਮੱਛ, ਮੋਰ ਆਦਿ ਇਹ ਸਭ ਅਤੇ ਮਨੁੱਖ ਵੀ ਡੀ. ਐਨ. ਏ. ਅੰਦਰ ਆਉਂਦੇ ਰਹੇ, ਇਹ ਅਜਿਹੇ ਫੇਰ-ਬਦਲ ਦੀ ਹੀ ਉਪਜ ਹਨ |
ਡੀ. ਐਨ. ਏ. ਨਾਲ ਸਾਡੀ ਪਛਾਣ ਕੇਵਲ 65 ਵਰ੍ਹੇ ਪੁਰਾਣੀ ਹੈ | ਇਸ ਕਾਰਨ ਜੀਨਾਂ ਅੰਦਰ ਅੰਕਿਤ ਜਾਣਕਾਰੀ ਦੇ ਤੁੱਛ ਭਾਗ ਨਾਲ ਹੀ ਸਾਡੀ ਪਛਾਣ ਹੋ ਸਕੀ ਹੈ | ਇਨ੍ਹਾਂ ਅੰਦਰਲੇ ਢੇਰਾਂ ਰਹੱਸ ਫਰੋਲਣੇ ਹਾਲੀਂ ਰਹਿੰਦੇ ਹਨ | ਅਸੀਂ ਨਹੀਂ ਜਾਣਦੇ ਕਿ ਭਾਵਨਾਵਾਂ ਦੇ ਪ੍ਰਭਾਵ ਅਧੀਨ ਸਾਡੀ ਸੂਝ ਕਿਉਂ ਕਿਧਰੇ ਟਲ ਜਾਂਦੀ ਹੈ; ਰੂਹ ਦੇ ਅਮਰ ਹੋਣ ਨੂੰ ਅਸੀਂ ਕਿਉਂ ਸਵੀਕਾਰ ਕਰ ਰਹੇ ਹਾਂ, ਜਦ ਕਿ ਇਸ ਦੀ ਹਿਮਾਇਤ ਕਰਦਾ ਕੋਈ ਸਬੂਤ ਉਪਲਬਧ ਨਹੀਂ | ਸੂਝਵਾਨ ਹੁੰਦੇ ਹੋਏ ਵੀ ਅਸੀਂ ਸੂਝ ਨਾਲੋਂ ਅੰਧਵਿਸ਼ਵਾਸ ਉਪਰ ਨਿਰਭਰ ਹੋਣ ਨੂੰ ਕਿਉਂ ਤਰਜੀਹ ਦੇ ਰਹੇ ਹਾਂ? ਸਾਡੇ ਵਤੀਰੇ ਦੀ ਨੁਹਾਰ ਤਰਾਸ਼ਣ 'ਚ, ਨਿਰਸੰਦੇਹ, ਜੀਨਾਂ ਦੀ ਭੂਮਿਕਾ ਹੈ, ਪਰ ਕਿਸ ਹੱਦ ਤਕ: ਇਹ ਜਾਣਨਾ ਵੀ ਰਹਿੰਦਾ ਹੈ | ਇਨ੍ਹਾਂ ਦੇ ਅਤੇ ਇਨ੍ਹਾਂ ਜਿਹੇ ਹੋਰਨਾਂ ਅਨੇਕਾਂ ਪ੍ਰਸ਼ਨਾਂ ਦੇ ਉ ੱਤਰ ਜੀਨਾਂ ਅੰਦਰਲੀ ਜਾਣਕਾਰੀ ਉਘੇੜਿਆਂ ਹੀ ਪ੍ਰਾਪਤ ਕਰਨੇ ਸੰਭਵ ਹਨ |
ਜੀਨਾਂ ਦੁਆਰਾ ਪ੍ਰਾਪਤ ਗਿਆਨ ਨੇ ਸਾਰੀਆਂ ਕੌਮਾਂ ਨੂੰ ਇਕ ਪੱਧਰ 'ਤੇ ਖੜ੍ਹਾ ਕਰ ਦਿੱਤਾ ਹੈ, ਫਿਰਕਿਆਂ ਵਿਚਕਾਰਲੇ ਵਿਤਕਰੇ ਮੇਟ ਦਿੱਤੇ ਹਨ ਅਤੇ ਉੱਤਮ ਅਤੇ ਨੀਚ ਵਿਚਕਾਰ ਭੇਦ-ਭਾਵ ਨਹੀਂ ਰਹਿਣ ਦਿੱਤੇ | ਡੀ. ਐਨ. ਏ. ਨਾਲ ਪਛਾਣ ਹੋਣ ਤੋਂ ਪਹਿਲਾਂ ਅਜਿਹੀ ਸਥਿਤੀ ਨਹੀਂ ਸੀ | ਫਿਰ ਵੀ ਪਤਾ ਨਹੀਂ ਕਿਉਂ ਬੁੱਸ ਰਹੇ ਵਿਚਾਰਾਂ ਦਾ ਪੱਲਾ ਅਸੀਂ ਫੜ ਰੱਖਿਆ ਹੈ ਅਤੇ ਤਾਜ਼ੀ ਹਵਾ 'ਚ ਸਾਹ ਲੈਣੋ ਅਸੀਂ ਝਿਜਕ ਰਹੇ ਹਾਂ? ਸਾਡੇ ਅਜਿਹੇ ਵਤੀਰੇ ਲਈ ਵੀ ਭਾਵੇਂ ਜੀਨਾਂ ਦਾ ਹੀ ਦੋਸ਼ ਹੈ | ਆਪਸ 'ਚ ਨੇੜੇ-ਨੇੜੇ ਰਹਿੰਦੇ ਹੋਏ ਵੀ ਅਸੀਂ ਇਕ-ਦੂਜੇ ਤੋਂ ਦੂਰ ਦੂਰ ਹਾਂ ਅਤੇ ਸਾਡੀ ਆਪਸ 'ਚ ਅਮਿਟ ਵਿਥ ਹੈ :
'ਹਮਆਹੰਗੀ ਭੀ ਹਮਾਰੀ,
ਦੂਰੀ-ਏ ਕੁਰਬਤ ਨਿਕਲੀ,
ਕਿ ਆਪਸ ਮੇਂ ਮਿਲਕੇ ਭੀ,
ਮੁਲਾਕਾਤ ਨਹੀਂ ਹੋਤੀ |''

-ਫੋਨ ਨੰ : 0175-2214547

ਮਿਲਣ ਦਾ ਵਿਸ਼ਵਵਿਆਪੀ ਢੰਗ ਹੱਥ ਮਿਲਾਉਣਾ

ਸਾਡੇ ਸੁਭਾਅ ਦੀ ਸ਼ਾਲੀਨਤਾ ਦਾ ਸਭ ਤੋਂ ਖਾਸ ਪੱਖ ਹੁੰਦਾ ਹੈ ਕਿ ਕਿਸੇ ਨੂੰ ਮਿਲਣ ਸਮੇਂ ਅਸੀਂ ਕਿਵੇਂ ਦਾ ਵਿਹਾਰ ਕਰਦੇ ਹਾਂ | ਇਸ ਧਰਤੀ 'ਤੇ ਵੱਸਦੀਆਂ ਵੱਖ-ਵੱਖ ਸੱਭਿਅਤਾਵਾਂ ਵਿਚ ਇਕ-ਦੂਸਰੇ ਨੂੰ ਮਿਲਣ ਦੇ ਅਨੇਕਾਂ ਖੂਬਸੂਰਤ ਢੰਗ ਅਤੇ ਰਸਮੋ-ਰਿਵਾਜ ਵਿਕਸਤ ਹੋਏ ਜੋ ਸਬੰਧਿਤ ਦੇਸ਼ ਜਾਂ ਭਾਈਚਾਰੇ ਦੇ ਲੋਕਾਂ ਦੇ ਵਰਤੋਂ ਵਿਹਾਰ ਦਾ ਅਨਿੱਖੜਵਾਂ ਅੰਗ ਬਣੇ |
ਆਪਸ ਵਿਚ ਮਿਲਦੇ ਸਮੇਂ ਸੱਜੇ ਹੱਥਾਂ ਨੂੰ ਮਿਲਾਉਣਾ ਦੁਨੀਆ ਵਿਚ ਸਭ ਤੋਂ ਜ਼ਿਆਦਾ ਵਰਤਿਆ ਜਾਣ ਵਾਲਾ ਅਤੇ ਪ੍ਰਚੱਲਿਤ ਮਿਲਣ-ਢੰਗ ਹੈ | ਦੁਨੀਆ ਦੀਆਂ ਬਹੁਗਿਣਤੀ ਕੌਮਾਂ ਭਾਵੇਂ ਦੁਆ-ਸਲਾਮ ਦੇ ਸ਼ਬਦਾਂ ਨੂੰ ਆਪੋ-ਆਪਣੀ ਬੋਲੀ 'ਚ ਹੀ ਬੋਲਣ ਪਰ ਸਰੀਰਕ ਵਿਹਾਰ ਦੇ ਤੌਰ 'ਤੇ ਸੱਜੇ ਹੱਥਾਂ ਨੂੰ ਮਿਲਾਉਣ ਦਾ ਰਿਵਾਜ ਵਿਸ਼ਵ-ਵਿਆਪੀ ਬਣ ਚੁੱਕਾ ਹੈ | ਮਿਲਣੀ-ਮੌਕਾ ਭਾਵੇਂ ਸਮਾਜਿਕ ਹੋਵੇ ਜਾਂ ਰਾਜਨੀਤਕ, ਕਾਰੋਬਾਰੀ ਹੋਵੇ ਜਾਂ ਮਹਿਜ਼ ਦੋਸਤਾਨਾ, ਖੁਸ਼ੀ ਭਰਿਆ ਹੋਵੇ ਜਾਂ ਉਦਾਸ, ਪਰ ਇਹ ਰਸਮ ਸੁਤੇ ਸਿਧ ਹੀ ਨਿਭਾਈ ਜਾ ਰਹੀ ਹੈ | ਹੱਥ ਮਿਲਾਉਣਾ ਆਪਸੀ ਸਾਂਝ, ਸਤਿਕਾਰ, ਦੋਸਤੀ ਅਤੇ ਸਦਭਾਵਨਾ ਦਾ ਪ੍ਰਤੀਕ ਹੈ | ਕਿਸੇ ਮਿਲਣੀ ਦੀ ਸ਼ੁਰੂਆਤ ਵਿਚ ਹੱਥ ਮਿਲਾਉਣ ਤੋਂ ਭਾਵ ਹੁੰਦਾ ਹੈ ਕਿ ਅਸੀਂ ਦੋਸਤੀ ਅਤੇ ਵਿਸ਼ਵਾਸ ਵਾਲੇ ਮਾਹੌਲ ਵਿਚ ਗੱਲਬਾਤ ਕਰਨ ਜਾ ਰਹੇ ਹਾਂ | ਮਿਲਣੀ ਦੇ ਅਖੀਰ ਵਿਚ ਹੱਥ ਮਿਲਾਉਣ ਤੋਂ ਭਾਵ ਹੁੰਦਾ ਹੈ ਕਿ ਗੱਲਬਾਤ ਸਦਭਾਵਨਾ ਅਤੇ ਦੋਸਤੀ ਭਰਪੂਰ ਰਹੀ ਹੈ |
ਭਾਵੇਂ ਕਿ ਇਸ ਮਿਲਣ-ਢੰਗ ਨੂੰ ਆਧੁਨਿਕ ਸੱਭਿਅਤਾ ਨਾਲ ਜੋੜ ਕੇ ਵੇਖਿਆ ਜਾਂਦਾ ਹੈ ਪਰ ਸੱਚ ਇਹ ਹੈ ਕਿ ਇਸ ਰਿਵਾਜ ਦੀ ਵਰਤੋਂ ਦੇ ਸਬੂਤ ਪੰਜਵੀਂ ਈ. ਪੂ. ਸਦੀ ਤੱਕ ਜੁੜੇ ਹੋਏ ਹਨ | ਇਸ ਤੱਥ ਦੇ ਸਟੀਕ ਪ੍ਰਮਾਣ ਮੌਜੂਦ ਹਨ ਕਿ ਯੂਨਾਨੀ ਲੋਕਾਂ ਵਿਚ ਮਿਲਣੀਆਂ ਸਮੇਂ ਹੱਥ ਮਿਲਾਉਣ ਦੀ ਰਸਮ ਮੌਜੂਦ ਸੀ | ਯੂਨਾਨ ਦੀ ਰਾਜਧਾਨੀ ਏਥਨਜ਼ ਦੇ ਮਸ਼ਹੂਰ ਐਕਰੋਪੋਲਿਸ ਅਜਾਇਬਘਰ ਵਿਚ ਗਰੀਕ ਦੇਵੀਆਂ ਹੇਰਾ ਅਤੇ ਐਥੀਨਾ ਦੀ ਪੱਥਰ ਵਿਚ ਖੁਦੀ ਪੰਜਵੀਂ ਈ.ਪੂ. ਦੀ ਮੂਰਤੀ ਇਸ ਰਸਮ ਦੀ ਇਤਿਹਾਸ ਵਿਚ ਮੌਜੂਦਗੀ ਦਾ ਕਰੀਬ ਸਭ ਤੋਂ ਪੁਰਾਣਾ ਸਬੂਤ ਮੰਨੀ ਜਾਂਦੀ ਹੈ | ਇਸ ਮੂਰਤੀ ਵਿਚ ਦੋਵੇਂ ਦੇਵੀਆਂ ਆਹਮੋ ਸਾਹਮਣੇ ਖੜ੍ਹੀਆਂ ਹੋ ਕੇ ਸੱਜੇ ਹੱਥਾਂ ਨੂੰ ਆਪਸ ਵਿਚ ਮਿਲਾ ਰਹੀਆਂ ਹਨ | ਇਸ ਤੋਂ ਇਲਾਵਾ ਬਰਲਿਨ ਦੇ ਪੈਰਗਾਮੋਨ ਅਜਾਇਬਘਰ ਵਿਚ ਚੌਥੀ ਈ.ਪੂ. ਸਦੀ ਨਾਲ ਸਬੰਧਿਤ ਇਕ ਪ੍ਰਤੀਕ ਵਿਚ ਵੀ ਦੋ ਸਿਪਾਹੀਆਂ ਦੇ ਆਪਸ ਵਿਚ ਹੱਥ ਮਿਲਾਉਣ ਦਾ ਦਿ੍ਸ਼ ਅੰਕਤ ਹੈ | ਦਰਅਸਲ ਉਸ ਸਮੇਂ ਹੱਥ ਮਿਲਾਉਣ ਦੀ ਰਸਮ ਦਾ ਸਿੱਧਾ ਭਾਵ ਇਹ ਤਸੱਲੀ ਕਰਨਾ ਸੀ ਕਿ ਮਿਲਣ ਵਾਲਿਆਂ ਦੇ ਦੁਵੱਲੀ ਸੱਜੇ ਹੱਥ ਖਾਲੀ ਹਨ, ਭਾਵ ਹੱਥਾਂ ਵਿਚ ਕਿਸੇ ਕਿਸਮ ਦਾ ਪ੍ਰਗਟ ਜਾਂ ਲੁਕਵਾਂ ਹਥਿਆਰ ਮੌਜੂਦ ਨਹੀਂ | ਸੋ, ਉਨ੍ਹਾਂ ਨੂੰ ਇਕ-ਦੂਸਰੇ ਤੋਂ ਕੋਈ ਖਤਰਾ ਨਹੀਂ ਹੈ | ਯੂਨਾਨੀ ਸੱਭਿਅਤਾ ਨੂੰ ਉਸ ਸਮੇਂ ਦੁਨੀਆ ਦੀ ਅਮੀਰ ਅਤੇ ਸ਼ਾਨਾਂਮੱਤੀ ਸੱਭਿਅਤਾ ਸਮਝਿਆ ਜਾਂਦਾ ਸੀ ਅਤੇ ਇਸ ਦੇ ਰਸਮੋ ਰਿਵਾਜ ਦੂਜੀਆਂ ਕੌਮਾਂ ਵਲੋਂ ਸੁਤੇ-ਸਿਧ ਅਪਣਾਏ ਜਾਂਦੇ ਸਨ | ਜਦ ਰੋਮਨਾਂ ਨੇ ਇਸ ਮਿਲਣ ਢੰਗ ਨੂੰ ਅਪਣਾਇਆ ਤਾਂ ਇਹ ਪੂਰੇ ਯੂਰਪ ਵਿਚ ਫੈਲ ਗਈ | ਵੈਸੇ ਰੋਮਨ ਯੋਧਿਆਂ ਦਾ ਹੱਥ ਮਿਲਾਉਣ ਦਾ ਢੰਗ ਥੋੜ੍ਹਾ ਜਿਹਾ ਵੱਖਰਾ ਸੀ | ਉਹ ਇਕ-ਦੂਸਰੇ ਦੀ ਕੂਹਣੀ ਤੱਕ ਹੱਥ ਵਧਾ ਕੇ ਸਖਤ ਪਕੜ ਨਾਲ ਹੱਥ ਮਿਲਾਉਂਦੇ ਸਨ | ਬਾਅਦ ਵਿਚ ਇਹ ਰਿਵਾਜ ਹੱਥਾਂ ਦੀਆਂ ਤਲੀਆਂ ਨੂੰ ਆਪਸ ਵਿਚ ਮਿਲਾ ਕੇ ਅਤੇ ਉਂਗਲਾਂ ਦੀ ਪਕੜ ਨੂੰ ਕੱਸਣ ਦੇ ਰਿਵਾਜ ਵਿਚ ਬਦਲ ਗਿਆ |
ਇਹ ਮਿਲਣ ਵਾਲਿਆਂ ਦੇ ਆਪਸੀ ਰਿਸ਼ਤੇ, ਨਜ਼ਦੀਕੀ, ਉਮਰ ਅਤੇ ਮੌਕੇ ਦੀ ਸਥਿਤੀ 'ਤੇ ਨਿਰਭਰ ਕਰਦਾ ਹੈ ਕਿ ਉਨ੍ਹਾਂ ਦੀ ਮਿਲਣੀ ਵਿਚ ਕਿੰਨੀ ਕੁ ਉਪਚਾਰਕਤਾ, ਸਤਿਕਾਰ, ਸੰਜਮ, ਗਰਮਜੋਸ਼ੀ ਜਾਂ ਕੂਲਾਪਣ ਮੌਜੂਦ ਹੈ | ਵੱਖ-ਵੱਖ ਕੌਮਾਂ ਨੇ ਇਸ ਢੰਗ ਨੂੰ ਅਪਣਾਉਂਦਿਆਂ ਹੋਇਆਂ ਇਸ ਵਿਚ ਆਪਣੇ ਨਿੱਜੀ ਸੱਭਿਆਚਾਰਕ ਤੱਤ ਵੀ ਸ਼ਾਮਲ ਕੀਤੇ ਹਨ ਜਿਸ ਕਾਰਨ ਇਸ ਰਸਮ ਦੀਆਂ ਦਰਜਨਾਂ ਵੰਨਗੀਆਂ ਮੌਜੂਦ ਹਨ | ਮਿਸਾਲ ਦੇ ਤੌਰ 'ਤੇ ਅਫਰੀਕਨ ਮੁਲਕਾਂ ਵਿਚ ਹੱਥ ਮਜ਼ਬੂਤੀ ਨਾਲ ਮਿਲਾਏ ਜਾਂਦੇ ਹਨ ਅਤੇ ਇਕਦਮ ਨਹੀਂ ਛੱਡੇ ਜਾਂਦੇ | ਨੈਂਬੀਆ ਵਿਚ ਹੱਥ ਮਿਲਾਉਣ ਤੋਂ ਬਾਅਦ ਦੋਵਾਂ ਅੰਗੂਠਿਆਂ ਨੂੰ ਵੀ ਆਪਸ ਵਿਚ ਜੋੜਿਆ ਜਾਂਦਾ ਹੈ | ਪੂਰਬੀ ਅਤੇ ਦੱਖਣੀ ਅਫਰੀਕਨ ਮੁਲਕਾਂ ਵਿਚ ਸੱਜੇ ਹੱਥ ਨੂੰ ਮਿਲਾਉਂਦੇ ਸਮੇਂ ਖੱਬੇ ਹੱਥ ਨਾਲ ਸੱਜੇ ਹੱਥ ਦੀ ਕੂਹਣੀ ਨੂੰ ਸਹਾਰਾ ਦੇਣਾ ਦੂਸਰੇ ਨੂੰ ਜ਼ਿਆਦਾ ਸਤਿਕਾਰ ਦੇਣ ਦਾ ਪ੍ਰਤੀਕ ਹੈ |
ਭਾਰਤ ਵਿਚ ਵੀ ਸਤਿਕਾਰ ਦੇਣ ਦੀ ਭਾਵਨਾ ਨਾਲ ਥੋੜ੍ਹਾ ਜਿਹਾ ਝੁਕ ਕੇ ਅਤੇ ਸਾਹਮਣੇ ਵਾਲੇ ਸ਼ਖ਼ਸ ਦੇ ਹੱਥ ਨੂੰ ਦੋਵੇਂ ਹੱਥ ਹੀ ਅੱਗੇ ਵਧਾ ਕੇ ਮਿਲਾਉਣ ਦਾ ਢੰਗ ਪ੍ਰਚਲਿਤ ਹੈ | ਕਈ ਵਾਰ ਭਾਰਤੀ ਢੰਗ ਨਾਲ ਪਹਿਲਾਂ ਦੋਵਾਂ ਹੱਥਾਂ ਨੂੰ ਜੋੜ ਕੇ ਨਮਸਕਾਰ ਕਰਕੇ ਬਾਅਦ ਵਿਚ ਹੱਥ ਮਿਲਾਏ ਜਾਂਦੇ ਹਨ | ਪੱਛਮੀ ਸਮਾਜ ਵਿਚ ਹੱਥ ਮਿਲਾਉਂਦੇ ਸਮੇਂ ਦੋਵਾਂ ਗੱਲ੍ਹਾਂ ਨੂੰ ਆਪਸ ਵਿਚ ਮਿਲਾਉਣ ਦਾ ਦਿਲਚਸਪ ਢੰਗ ਮੌਜੂਦ ਹੈ | ਪੱਛਮ ਵਿਚ ਅੱਖਾਂ ਵਿਚ ਅੱਖਾਂ ਪਾ ਕੇ ਅਤੇ ਮੁਸਕਰਾ ਕੇ ਹੱਥ ਮਿਲਾਉਣਾ ਸੱਭਿਅਕ ਮੰਨਿਆਂ ਜਾਂਦਾ ਹੈ ਪਰ ਦੂਜੇ ਪਾਸੇ ਜਾਪਾਨ ਵਿਚ ਹੱਥ ਮਿਲਾਉਂਦੇ ਸਮੇਂ ਅੱਖਾਂ ਨਾ ਮਿਲਾਉਣਾ ਸ਼ਾਲੀਨਤਾ ਵਾਲਾ ਵਿਹਾਰ ਮੰਨਿਆ ਗਿਆ ਹੈ | ਇਕ ਤੱਥ ਸਾਰੀ ਦੁਨੀਆ ਵਿਚ ਸਾਂਝਾ ਹੈ ਕਿ ਖੱਬੇ ਹੱਥਾਂ ਨੂੰ ਮਿਲਾਉਣਾ ਠੀਕ ਨਹੀਂ ਸਮਝਿਆ ਜਾਂਦਾ | ਆਸਟ੍ਰੇਲੀਅਨ ਸੱਭਿਆਚਾਰ ਦੀਆਂ ਰਵਾਇਤਾਂ ਵਿਚ ਔਰਤ ਅਤੇ ਆਦਮੀ ਦੇ ਹੱਥ ਮਿਲਾਉਣ ਸਮੇਂ ਪਹਿਲ ਕਰਨ ਦਾ ਅਧਿਕਾਰ ਔਰਤ ਕੋਲ ਹੈ, ਭਾਵ ਜੇ ਔਰਤ ਨੇ ਖੁਦ ਆਪਣਾ ਹੱਥ ਅੱਗੇ ਵਧਾਇਆ ਹੈ ਤਾਂ ਹੀ ਆਦਮੀ ਔਰਤ ਨਾਲ ਮਿਲਾਏਗਾ | ਜਦ ਕਰੀਬੀ ਦੋਸਤ ਹੱਥ ਮਿਲਾਉਂਦੇ ਹਨ ਤਾਂ ਹੱਥਾਂ ਦੀ ਪਕੜ ਅਕਸਰ ਸਖ਼ਤ ਹੁੰਦੀ ਹੈ | ਖੇਡ-ਜਗਤ ਵਿਚ ਦੋਵਾਂ ਹੱਥਾਂ ਦੀਆਂ ਮੁੱਕੀਆਂ ਬਣਾ ਕੇ ਹਲਕੇ ਢੰਗ ਨਾਲ ਆਪਸ ਵਿਚ ਟਕਰਾਉਣ ਦਾ ਰਿਵਾਜ ਹੈ ਜਿਸ ਤੋਂ ਅਰਥ ਤਾਕਤ ਅਤੇ ਮਜ਼ਬੂਤੀ ਦਾ ਪ੍ਰਭਾਵ ਦੇਣਾ ਹੁੰਦਾ ਹੈ | ਖੇਡਾਂ ਵਿਚ ਕਿਸੇ ਉਤਸ਼ਾਹ ਭਰੇ ਪਲ ਵਿਚ ਕਿਸੇ ਇਕ ਟੀਮ ਦੇ ਮੈਂਬਰ ਹੱਥ ਉੱਚੇ ਕਰਕੇ ਇਕ ਜਾਂ ਦੋਵਾਂ ਹੱਥਾਂ ਦੀਆਂ ਤਲੀਆਂ ਨੂੰ ਆਪਸ ਵਿਚ ਟਕਰਾਉਂਦੇ ਵੇਖੇ ਜਾ ਸਕਦੇ ਹਨ ਜਿਸ ਦਾ ਭਾਵ ਪਰਸਪਰ ਸਹਿਯੋਗ ਨਾਲ ਮਿਲੀ ਸਫਲਤਾ ਨੂੰ ਪ੍ਰਗਟ ਕਰਨਾ ਹੁੰਦਾ ਹੈ | ਕਿਸੇ ਰਾਜਨੀਤਕ ਜਾਂ ਕਾਰੋਬਾਰੀ ਸਮਝੌਤੇ ਤੋਂ ਬਾਅਦ ਜਦ ਦੋਵੇਂ ਧਿਰਾਂ ਹੱਥ ਮਿਲਾਉਂਦੀਆਂ ਹਨ ਤਾਂ ਹੱਥ ਮਿਲਾ ਕੇ ਕੁਝ ਸਮਾਂ ਜੁੜੇ ਹੱਥਾਂ ਨੂੰ ਗਰਮਜੋਸ਼ੀ ਨਾਲ ਤਿੰਨ ਵਾਰ ਹਲਕੇ ਝਟਕੇ ਦਿੱਤੇ ਜਾਂਦੇ ਹਨ ਜਿਸ ਦਾ ਭਾਵ ਕੀਤੇ ਗਏ ਸਮਝੌਤੇ ਦੀ ਪਕਿਆਈ ਜ਼ਾਹਿਰ ਕਰਨਾ ਹੁੰਦਾ ਹੈ |
ਨਜ਼ਰਾਂ ਮਿਲਾ ਕੇ ਅਤੇ ਚਿਹਰੇ 'ਤੇ ਥੋੜ੍ਹੀ ਜਿਹੀ ਮੁਸਕਰਾਹਟ ਲਿਆ ਕੇ ਮਜ਼ਬੂਤੀ ਨਾਲ ਹੱਥ ਮਿਲਾਉਣਾ ਇਸ ਰਸਮ ਦੀ ਸਭ ਤੋਂ ਪ੍ਰਵਾਨਤ ਵੰਨਗੀ ਹੈ | ਇਸ ਢੰਗ ਨਾਲ ਦੁਵੱਲੀਆਂ ਧਿਰਾਂ ਦੇ ਮਨਾਂ ਵਿਚ ਆਤਮ-ਵਿਸ਼ਵਾਸ ਅਤੇ ਭਰੋਸਾ ਪੈਦਾ ਹੁੰਦਾ ਹੈ |

-ਵਾਰਸਾ, ਪੋਲੈਂਡ |
ਮੋਬਾਈਲ : 0048516732105
yadsatkoha@yahoo.com

ਇਕ ਲੋਕ-ਗੀਤ ਜੋ ਸਾਨੂੰ ਸੀਤਾ ਦੀ ਅਗਨੀ-ਪ੍ਰੀਖਿਆ ਯਾਦ ਕਰਾ ਗਿਆ

ਲੋਕ-ਗੀਤਾਂ ਵਿਚ ਜ਼ਿੰਦਗੀ ਦਾ ਹਰ ਰੰਗ ਭਰਿਆ ਨਜ਼ਰ ਆਉਂਦਾ ਹੈ | ਖੁਸ਼ੀਆਂ ਦੇ ਮੰਜ਼ਰ ਵੀ ਨਜ਼ਰ ਆਉਂਦੇ ਹਨ, ਗ਼ਮੀਆਂ ਦੇ ਵੀ | ਕਿਤੇ-ਕਿਤੇ ਇਨ੍ਹਾਂ ਵਿਚ ਕਿੱਕਲੀਆਂ ਤੇ ਕਿਲਕਾਰੀਆਂ ਦੇ ਦਰਸ਼ਨ ਦੀਦਾਰੇ ਹੁੰਦੇ ਹਨ ਪਰ ਕਿਤੇ-ਕਿਤੇ ਅਜਿਹੇ ਲੋਕ-ਗੀਤ ਵੀ ਮਿਲਦੇ ਹਨ ਜੋ ਦਿਲ ਝੰਜੋੜ ਕੇ ਰੱਖ ਦਿੰਦੇ ਹਨ | ਮਨ ਵਲੂੰਧਰਿਆ ਜਾਂਦਾ ਹੈ | ਰੂਹ ਕੁਰਲਾ ਉੱਠਦੀ ਹੈ | ਅਜਿਹਾ ਹੀ ਇਕ ਲੋਕ-ਗੀਤ 'ਥਾਲ' ਦੀ ਵੰਨਗੀ ਵਿਚ ਮਿਲਦਾ ਹੈ, ਜੋ ਵਜੂਦ ਵਿਚ ਤਾਂ ਛੋਟਾ ਹੈ ਪਰ ਸੀਤਾ-ਸਵਿਤਰੀਆਂ ਦੀ ਵੱਡੀ ਹੋਣੀ ਯਾਦ ਕਰਾ ਦਿੰਦਾ ਹੈ | 'ਥਾਲ' ਦੀ ਖੇਡ ਛੋਟੀ ਉਮਰ ਦੀਆਂ ਕੁੜੀਆਂ ਖੇਡਦੀਆਂ ਹਨ | ਇਸ ਵਿਚ ਇਕ ਤੋਂ ਵੱਧ ਬਾਲੜੀਆਂ ਇਕ ਗੇਂਦ ਨਾਲ ਖੇਡਦੀਆਂ-ਖੇਡਦੀਆਂ ਗੀਤ ਗਾਉਂਦੀਆਂ ਹਨ | ਇਕ ਚੱਕਰ ਵਿਚ ਬੈਠ ਜਾਂਦੀਆਂ ਹਨ | ਨਿਯਮਾਂ ਸਹਿਤ ਖੇਡਣਾ ਹੁੰਦਾ ਹੈ | ਗੇਂਦ ਨੂੰ ਹੱਥ ਨਾਲ ਟਪਾਉਣਾ ਹੁੰਦਾ ਹੈ ਅਤੇ ਚੱਕਰ ਦੇ ਵਿਚ ਵਿਚ ਰੱਖਣਾ ਹੁੰਦਾ ਹੈ | ਗੇਂਦ ਉਭਾਰਦਿਆਂ-ਉਭਾਰਦਿਆਂ ਦਸ-ਬਾਰਾਂ ਲਾਈਨਾਂ ਦਾ ਗੀਤ ਪੂਰਾ ਕਰਨਾ ਹੁੰਦਾ ਹੈ | ਜੇ ਗੇਂਦ ਹੱਥੋਂ ਖਿਸਕ ਜਾਵੇ ਜਾਂ ਉੱਭਰੇ ਨਾ ਜਾਂ ਚੱਕਰ ਵਿਚੋਂ ਬਾਹਰ ਬੁੜਕ ਜਾਵੇ ਤਾਂ ਵਾਰੀ (ਪਾਰੀ) ਅਗਲੀ ਕੁੜੀ ਕੋਲ ਚਲੀ ਜਾਂਦੀ ਹੈ | ਵਣਜਾਰਾ ਬੇਦੀ ਦਾ ਮੰਨਣਾ ਹੈ ਕਿ 'ਥਾਲ' ਲਫ਼ਜ਼ 'ਤਾਲ' ਤੋਂ ਬਣਿਆ ਲਗਦਾ ਹੈ ਕਿਉਂਕਿ ਗੇਂਦ ਟਪਾਉਣ ਦੇ ਸੁਰਤਾਲ ਅਨੁਸਾਰ ਗੀਤ ਦਾ ਸੁਰਤਾਲ ਕਾਇਮ ਰੱਖਣਾ ਹੁੰਦਾ ਹੈ | ਲੋਹੜੀ ਦੇ ਲੋਕ-ਗੀਤਾਂ ਵਾਂਗ ਹੀ ਇਹ ਨਿੱਕੇ-ਨਿੱਕੇ ਗੀਤ ਕੁੜੀਆਂ ਆਪ ਘੜਦੀਆਂ ਹਨ | ਇਨ੍ਹਾਂ ਗੀਤਾਂ ਦਾ ਕੋਈ ਗੰਭੀਰ ਵਿਸ਼ਾ ਨਹੀਂ ਹੁੰਦਾ ਬਹੁਤੀ ਵਾਰ ਵਿਅਰਥ ਤੇ ਅਟਕਲ-ਪੱਚੂ ਗੱਲਾਂ ਹੀ ਹੁੰਦੀਆਂ ਹਨ | ਬਹੁਤੀ ਵਾਰ ਇਨ੍ਹਾਂ ਦਾ ਵਿਸ਼ਾ ਘਰੇਲੂ ਜ਼ਿੰਦਗੀ, ਨੂੰ ਹ-ਸੱਸ ਦੇ ਝਗੜੇ, ਨਨਾਣ-ਭਰਜਾਈ ਦੇ ਬਖੇੜੇ ਅਤੇ ਭੈਣ-ਭਰਾ ਦਾ ਪਿਆਰ ਹੁੰਦਾ ਹੈ | ਪਰ ਹੇਠ ਲਿਖਿਆ 'ਥਾਲ' ਪੜ੍ਹਦਿਆਂ ਸਾਨੂੰ ਔਰਤ ਦੀ ਹੋਣੀ ਦੀ ਅਜਿਹੀ ਤਸਵੀਰ ਨਜ਼ਰ ਆਉਂਦੀ ਹੈ ਕਿ ਮਨ ਦੁਖੀ ਹੋ ਉੱਠਦਾ ਹੈ ਅਤੇ ਸਾਨੂੰ ਗਹਿਰੇ ਚਿੰਤਨ ਵਿਚ ਲੈ ਜਾਂਦਾ ਹੈ:
ਆਓ ਕੁੜੀਓ ਆਓ
ਮੇਰੇ ਲਈ ਅੱਗ ਮਚਾਓ
ਕੋਠੇ 'ਤੇ ਕਾਂ
ਮੈਂ ਮਰ ਜਾਂ
ਸੱਜੇ ਬੈਠੜਿਓ ਸਲਾਮ
ਖੱਬੇ ਬੈਠੜਿਓ ਸਲਾਮ
ਮਾਂ ਰਾਣੀ ਨੂੰ ਸਲਾਮ
ਬਾਬਲ ਰਾਜੇ ਨੂੰ ਸਲਾਮ
ਖੂਹ ਦੀਆਂ ਟਿੰਡਾਂ ਨੂੰ ਸਲਾਮ
ਵੀਰ ਦਿਆਂ ਪਿੰਡਾਂ ਨੂੰ ਸਲਾਮ
ਤੁਰਦੀ ਕੀੜੀ ਨੂੰ ਸਲਾਮ
ਭਾਬੋ ਦੀ ਪੀੜ੍ਹੀ ਨੂੰ ਸਲਾਮ
ਵੀਰ ਦੀ ਪੱਗ ਨੂੰ ਸਲਾਮ
ਬਲਦੀ ਅੱਗ ਨੂੰ ਸਲਾਮ
ਕੁੜੀਏ ਥਾਲ ਈ.......
ਸਾਹਿਤ ਵਿਚ ਕਈ ਸ਼ਾਇਰਾਂ ਨੇ ਜ਼ਿੰਦਗੀ ਤੋਂ ਆਤੁਰ ਹੋ ਕੇ ਮੌਤ ਨੂੰ ਆਵਾਜ਼ਾਂ ਮਾਰੀਆਂ ਹਨ | ਜੋਬਨ-ਰੁੱਤੇ ਮਰਨ ਦੀ ਚਾਹਣਾ ਸ਼ਿਵ ਬਟਾਲਵੀ ਵਿਚ ਵੀ ਸਿਖਰਾਂ 'ਤੇ ਨਜ਼ਰ ਆਉਂਦੀ ਹੈ ਅਤੇ ਅੰਗਰੇਜ਼ੀ ਦੇ ਕਵੀ ਜੌਨ ਕੀਟਸ ਵਿਚ ਵੀ | ਇਨ੍ਹਾਂ ਜਾਂ ਹੋਰ ਸ਼ਾਇਰਾਂ ਦੀ ਜ਼ਿੰਦਗੀ ਵਿਚੋਂ ਉਦਾਸੀਨਤਾ ਦੇ ਕਾਰਨ ਲੱਭ ਜਾਂਦੇ ਹਨ, ਪੰ੍ਰਤੂ ਇਕ ਬਾਲੜੀ ਚਿਖਾ ਵਿਚ ਜਾਣਾ ਲੋਚੇ ਬੜਾ ਅਲੋਕਾਰੀ ਅਤੇ ਅਜੀਬ ਲਗਦਾ ਹੈ | ਆਤਮ-ਦਾਹ ਦੀ ਚਾਹਣਾ ਦਾ ਅਰਥ ਹੈ ਜ਼ਿੰਦਗੀ ਦਾ ਮੌਤ ਤੋਂ ਵੱਧ ਦੁਖਦਾਈ ਹੋ ਜਾਣਾ | ਜਦੋਂ ਜ਼ਿੰਦਗੀ ਅਤਿ ਕੌੜੀ ਹੋ ਜਾਵੇ ਮੌਤ ਮਿੱਠੀ ਲੱਗਣ ਲਗਦੀ ਹੈ | ਆਤਮ-ਘਾਤ ਦੀ ਮਾਨਸਿਕਤਾ ਅਤੇ ਅਪਣਾਏ ਜਾਂਦੇ ਤੌਰ-ਤਰੀਕਿਆਂ ਦੇ ਸਰਵੇਖਣ ਇਹ ਵੀ ਦੱਸਦੇ ਹਨ ਕਿ ਔਰਤਾਂ ਵਿਚ ਆਤਮ-ਹੱਤਿਆ ਕਰਨ ਲਈ ਸੜ-ਮਰਨ ਦਾ ਤਰੀਕਾ ਸਭ ਤੋਂ ਵੱਧ ਅਖਤਿਆਰ ਕੀਤਾ ਜਾਂਦਾ ਹੈ, ਹਾਲਾਂਕਿ ਇਹ ਸਾਧਨ ਬਹੁਤ ਦੁਖਦਾਈ ਹੈ, ਪਰ ਔਰਤ ਦਾ ਅਗਨੀ ਨਾਲ ਬਹੁਤ ਗਹਿਰਾ ਸੰਬੰਧ ਹੈ | ਇਹ ਤਰੀਕਾ ਅਪਨਾਉਣ ਲਈ ਕਿਤੇ ਜਾਣਾ ਵੀ ਨਹੀਂ ਪੈਂਦਾ ਅਤੇ ਲੋੜੀਂਦਾ ਸਮਾਨ ਵੀ ਸਹਿਜੇ ਹੀ ਉਸ ਦੀ ਪਹੁੰਚ ਵਿਚ ਹੁੰਦਾ ਹੈ |
ਵਿਚਾਰ ਅਧੀਨ ਲੋਕ-ਗੀਤ ਵਿਚ ਬਾਲੜੀ ਦਾ ਜ਼ਿੰਦਗੀ ਤੋਂ ਏਨਾਂ ਉਚਾਟ ਹੋਣਾਂ ਸਾਡੇ ਲਈ ਗਹਿਰੀ ਚਿੰਤਾ ਦਾ ਕਾਰਨ ਹੈ | ਇਹ ਗੀਤ ਉਸ ਨੇ ਖੁਦ ਨਹੀਂ ਘੜਿਆ ਲਗਦਾ, ਉਸ ਦੀ ਹੋਣੀ ਨੇ ਉਸਾਰਿਆ ਹੈ | ਇਹ ਉਸ ਦੀ ਚਾਹਣਾ ਨਹੀਂ, ਉਸ ਦੀ ਮਜਬੂਰੀ ਹੈ | ਇਹ ਖਾਹਸ਼ ਨਹੀਂ, ਸੁਣਾਈ ਗਈ ਸਜ਼ਾ ਹੈ | ਇਹ ਸਮਝ ਲੈਣਾ ਵੀ ਜ਼ਰੂਰੀ ਹੈ | ਸਤੀ ਹੋਣ ਦੀ ਖਾਹਸ਼ ਹਮੇਸ਼ਾਂ ਮਨ ਮਸਤਕ ਦੀ ਖਾਹਸ਼ ਹੀ ਨਹੀਂ ਹੁੰਦੀ, ਸਮਾਜ ਦੀ ਸੋਚੀ ਸਮਝੀ ਸਜ਼ਾ ਵੀ ਹੁੰਦੀ ਹੈ | ਇਸ ਥਾਲ ਵਿਚ ਬਾਲੜੀ ਦਾ ਅਭਿਵਿਅਕਤ ਹੋ ਰਿਹਾ ਮਨੋ-ਭਾਵ ਸਮਾਜ ਲਈ ਬੜਾ ਲਾਹਨਤ-ਮਈ ਹੈ | ਕਿਸੇ ਕਲੀ ਦਾ ਖਿੜਨ ਤੋਂ ਪਹਿਲਾਂ ਹੀ ਮਰਨ-ਮੁਰਝਾਉਣ ਬਾਰੇ ਚਾਹੁਣਾ, ਬੜਾ ਪੀੜ-ਭਰਿਆ ਹੈ | ਉਹ ਮੌਤ ਦਾ ਮੰਜ਼ਰ ਇੰਝ ਸਿਰਜਦੀ ਹੈ, ਜਿਵੇਂ ਸਤੀ ਹੋਣ ਜਾ ਰਹੀ ਹੋਵੇ | ਜਿਵੇਂ ਕੋਈ ਸੀਤਾ ਅਡੋਲ-ਚਿੱਤ ਅਗਨੀ-ਪ੍ਰੀਖਿਆ ਲਈ ਉਡੀਕਵਾਨ ਹੋਵੇ | ਜਿਵੇਂ ਕੋਈ ਅਹਿਲਿਆ ਅੱਗ ਦੀਆਂ ਲਪਟਾਂ ਤੋਂ ਬੇ-ਪਰਵਾਹ ਹੋਵੇ | ਜਿਵੇਂ ਕੋਈ ਸੁਕਰਾਤ ਜ਼ਹਿਰ-ਪਿਆਲੇ ਨੂੰ ਆਰਾਮ ਨਾਲ ਬੁੱਲ੍ਹੀਂ ਲਾ ਡੀਕ ਲਵੇ | ਜਿਵੇਂ ਕੋਈ ਮਹਾਨ ਆਤਮਾਂ ਕੁਰਬਾਨ ਹੋ ਜਾਣ ਵੇਲੇ ਕੋਈ ਗਿਲਾ ਗੁਜ਼ਾਰੀ ਨਾ ਕਰੇ, ਕੋਈ ਗਿਲਾ ਸ਼ਿਕਵਾ ਨਾ ਕਰੇ, ਉਜ਼ਰ ਨਾ ਕਰੇ | ਉਹ ਤਾਂ ਸਗੋਂ ਸਭ ਨੂੰ ਪ੍ਰੇਸ਼ਾਨ-ਪਸ਼ੇਮਾਨ ਕਰਦਿਆਂ ਕਿਸੇ ਪਹੁੰਚੇ ਹੋਏ ਵਿਅਕਤੀ ਵਾਂਗ ਅੱਗ ਦੇ ਸਮੁੰਦਰ ਵਿਚ ਸਹਿਜ-ਕਦਮੀ ਨਾਲ ਅਲਿਪਤ ਹੋਣ ਦੀ ਤਿਆਰੀ ਵਿਚ ਹੈ |
ਇਸ ਲੋਕ-ਗੀਤ ਦੀ ਨਾਇਕਾ ਕਿਸੇ ਸੀਤਾ ਮਹਾਨ ਨਾਲੋਂ ਘੱਟ ਨਹੀਂ | ਉਸ ਨੂੰ ਆਪਣੇ ਸੜਨ-ਮਰਨ ਦੀ ਪ੍ਰਤੀਕਿਰਿਆ ਦਾ ਕੋਈ ਦੁੱਖ ਨਹੀਂ | ਬਲਦੀ ਚਿਖਾ ਵਿਚ ਕਦਮ ਰੱਖਣ ਤੋਂ ਪਹਿਲਾਂ ਉਹ ਆਪਣੇ ਨੇੜਲਿਆਂ ਅਤੇ ਸਕੇ-ਸੰਬੰਧੀਆਂ ਨੂੰ ਬੜੇ ਸ਼ਾਂਤ-ਚਿੱਤ ਤੇ ਸਹਿਜ-ਭਾਅ ਸਲਾਮ ਕਹਿੰਦੀ ਹੈ, ਵਿਛੋੜੇ ਦੇ ਕੀਰਨੇ ਨਹੀਂ ਪਾਉਂਦੀ | ਉਹ ਮੋਹ ਦੀਆਂ ਤੰਦਾਂ ਤੋੜ ਚੁੱਕੀ ਹੈ | ਉਹਦੇ ਆਪਣਿਆਂ ਵਿਚ ਮਾਂ-ਬਾਪ, ਭਰਾ-ਭਰਜਾਈ, ਖੂਹ ਦੀਆਂ ਟਿੰਡਾਂ, ਵੀਰੇ ਦੇ ਪਿੰਡ, ਤੁਰਦੀ ਜਾਂਦੀ ਕੀੜੀ, ਭਾਬੋ ਦੀ ਪੀੜ੍ਹੀ, ਵੀਰੇ ਦੀ ਪੱਗ ਅਤੇ ਬਲਦੀ ਅੱਗ ਸ਼ਾਮਲ ਹਨ | 'ਥਾਲ' ਦੀ ਭਾਸ਼ਾ ਵਿਚ ਵਰਤੇ ਲਫਜ਼ ਮਾਂ-ਰਾਣੀ, ਬਾਬਲ-ਰਾਜਾ, ਭਾਬੋ ਦੀ ਪੀੜ੍ਹੀ, ਵੀਰ ਦੀ ਪੱਗ, ਸੁਹਾਗਾਂ ਅਤੇ ਘੋੜੀਆਂ ਵਾਲੇ ਹਨ | ਜਿਵੇਂ ਕੋਈ ਲਾੜੀ ਮੌਤ ਨੂੰ ਵਰ-ਪ੍ਰਾਪਤਾ ਹੋ ਰਹੀ ਹੋਵੇ | ਇੰਜ ਵੀ ਮਹਿਸੂਸ ਹੁੰਦਾ ਹੈ ਜਿਵੇਂ ਗੀਤ ਦੀ ਨਾਇਕਾ ਮੁਸਲਮਾਨ ਪਰਿਵਾਰ ਵਿਚੋਂ ਹੋਵੇ | ਸ਼ਬਦ 'ਸਲਾਮ' ਤੋਂ ਬਿਨਾਂ 'ਸੱਜੇ ਬੈਠੜਿਓ ਸਲਾਮ, ਖੱਬੇ ਬੈਠੜਿਓ ਸਲਾਮ' ਵੀ ਅਜਿਹੇ ਇਸ਼ਾਰੇ ਹਨ | ਨਮਾਜ਼ ਪੜ੍ਹਨ ਉਪਰੰਤ ਧਾਰਮਿਕ ਅਦਾ ਵਿਚ ਸੱਜੇ-ਖੱਬੇ ਵੇਖਿਆ ਜਾਂਦਾ ਹੈ ਜਿਸ ਦਾ ਅਰਥ ਹੈ ਕਿ ਖੁਦਾਵੰਦ ਸੱਜੇ-ਖੱਬੇ ਬੈਠਿਆਂ ਲਈ ਮਿਹਰਵਾਨ ਹੋਵੇ | ਥਾਲ ਦਾ ਵਿਸ਼ਲੇਸ਼ਣ ਕਰਦਿਆਂ ਇਹ ਜਾਣ ਸਕਣਾ ਤਾਂ ਔਖਾ ਹੈ ਕਿ ਇਸ ਦਾ ਰਚਨ-ਕਾਲ ਕੀ ਹੋਵੇਗਾ ਪਰ ਇਹ 'ਥਾਲ' ਸਭ ਸਮਿਆਂ ਦੀ ਅਬਲਾ-ਦਾਸਤਾਨ ਹੈ |

-ਪਿੰਡ ਤੇ ਡਾਕ: ਨਡਾਲਾ, ਜ਼ਿਲ੍ਹਾ ਕਪੂਰਥਲਾ |
ਮੋਬਾਈਲ : 98152—53245

ਪੰਜਾਬੀ ਸੱਭਿਆਚਾਰ ਦਾ ਝੰਡਾ-ਬਰਦਾਰ ਆਕਾਸ਼ਵਾਣੀ ਜਲੰਧਰ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
2013 ਤਾੲੀਂ ਭਾਰਤ ਦੇ ਸੂਚਨਾ ਤੇ ਪ੍ਰਸਾਰਨ ਮੰਤਰੀ ਮਨੀਸ਼ ਤਿਵਾੜੀ ਨੇ ਆਪਣੇ ਕਾਰਜਕਾਲ ਸਮੇਂ ਲੁਧਿਆਣਾ ਵਾਸਤੇ ਐਫ.ਐਮ. ਗੋਲਡ (ਐਫ.ਐਮ. ਗੋਲਡ) ਸੇਵਾ ਮਨਜ਼ੂਰ ਕੀਤੀ ਸੀ | ਇਸ ਦੀ ਦਾ ਪ੍ਰਸਾਰਣ 100.1 ਐਫ.ਐਮ. ਤੋਂ ਹੁੰਦਾ ਹੈ | ਐਸ ਵਕਤ ਇਸ ਵਾਸਤੇ 2.5 ਕਿਲੋਵਾਟ ਦੇ ਦੋ ਟਰਾਂਸਮੀਟਰ ਨਾਲੋ-ਨਾਲ ਕੰਮ ਕਰ ਰਹੇ ਹਨ | ਇਸ ਦੇ ਵਧੇਰੇ ਪ੍ਰੋਗਰਾਮ ਦਿੱਲੀ ਤੋਂ ਆਉਂਦੇ ਹਨ, ਜੋ ਅੰਗਰੇਜ਼ੀ ਅਤੇ ਹਿੰਦੀ ਵਿਚ ਹਨ | ਐਸ ਵਕਤ ਇਸ ਦਾ ਕੋਈ ਵਾਲੀ ਵਾਰਿਸ ਨਹੀਂ | ਇਸ ਦੇ ਸਟੂਡੀਓ ਅਤੇ ਟਰਾਂਸਮੀਟਰ ਪੰਜਾਬ ਖੇਤੀ ਯੂਨੀਵਰਸਿਟੀ ਵਿਚ ਬਣਨੇ ਹਨ | ਇਸ ਦੇ ਮੁਕਾਮੀ ਪ੍ਰੋਗਰਾਮ ਸਾਰੇ ਦੇ ਸਾਰੇ ਪੰਜਾਬੀ ਵਿਚ ਹੀ ਹੋਣਗੇ |
1953 ਵਿਚ ਬੰਦ ਹੋਣ ਸਮੇਂ ਵੀ ਅੰਮਿ੍ਤਸਰ ਦਾ ਰੇਡੀਓ ਸਟੇਸ਼ਨ ਆਲ ਇੰਡੀਆ ਰੇਡੀਓ ਹੀ ਸੀ | ਹੁਣ ਵੀ ਇਹ ਆਲ ਇੰਡੀਆ ਰੇਡੀਓ ਸਟੇਸ਼ਨ ਹੀ ਹੈ | ਕਾਰਨ ਇਹ ਹੈ ਕਿ ਇਥੋਂ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮ ਮੁੱਖ ਤੌਰ 'ਤੇ 'ਆਲ ਇੰਡੀਆ ਰੇਡੀਓ ਦੀ ਉਰਦੂ ਸਰਵਿਸ' ਦੇ ਹੀ ਹਨ | ਇਸ ਸਟੇਸ਼ਨ ਤੋਂ 12 ਘੰਟੇ ਉਰਦੂ ਸਰਵਿਸ ਪੇਸ਼ ਹੁੰਦੀ ਹੈ ਅਤੇ ਤਿੰਨ-ਤਿੰਨ ਘੰਟਿਆਂ ਵਾਸਤੇ ਦੇਸ਼ ਪੰਜਾਬ ਅਤੇ ਐਫ.ਐਮ. ਰੇਨਬੋ ਜਲੰਧਰ ਪ੍ਰਸਾਰਿਤ ਕੀਤੀ ਜਾਂਦੀ ਹੈ | ਇਸ ਦਾ ਟਰਾਂਸਮੀਟਰ 20 ਕਿਲੋਵਾਟ ਦਾ ਹੈ ਜੋ ਪੰਜਾਬ ਵਿਚ ਸਭ ਤੋਂ ਵੱਧ ਤਾਕਤਵਰ ਹੈ | ਪਰ ਇਸ ਦਾ ਮੁੱਖ ਪ੍ਰਸਾਰਨ ਟਾਵਰ ਜੋ 300 ਮੀਟਰ ਉੱਚਾ ਹੈ, ਉਹ ਅਜੇ ਚਾਲੂ ਨਹੀਂ ਹੋਇਆ | ਐਸ ਵੇਲੇ ਇਹ 30 ਮੀਲ ਵਿਚ ਸੁਣਾਈ ਦਿੰਦਾ ਹੈ, ਚਾਲੂ ਹੋਣ ਤੋਂ ਬਾਅਦ ਇਹ 100 ਕਿਲੋਮੀਟਰ ਵਿਚ ਸੁਣੇਗਾ |
ਆਕਾਸ਼ਵਾਣੀ ਜਲੰਧਰ ਨੂੰ ਹਾਲ ਵਿਚ ਹੀ ਦੋ ਵਾਧੂ ਉੱਚ ਸ਼ਕਤੀ ਟਰਾਂਸਮੀਟਰ ਮੁਹੱਈਆ ਹੋਏ ਹਨ | ਇਹ ਹਨ ਕਸੌਲੀ ਵਿਚ 10 ਕਿਲੋਵਾਟ ਦਾ ਟਰਾਂਮੀਟਰ ਜਿਸ ਦਾ ਘੇਰਾ 160 ਕਿਲੋਮੀਟਰ ਹੈ ਅਤੇ ਫਾਜ਼ਿਲਕਾ ਵਿਚ 20 ਕਿਲੋਵਾਟ ਦਾ ਟਰਾਂਮੀਟਰ ਜਿਸ ਦਾ ਘੇਰਾ 100 ਕਿਲੋਮੀਟਰ ਹੈ | ਇਹ 100.9 ਅਤੇ 100.8 'ਤੇ ਸੁਣਾਈ ਦਿੰਦੇ ਹਨ | ਇਨ੍ਹਾਂ ਦੇ ਕਾਰਨ 80 ਫ਼ੀਸਦੀ ਪੰਜਾਬ ਵਿਚ ਆਕਾਸ਼ਵਾਣੀ ਜਲੰਧਰ ਸੁਣਾਈ ਦਿੰਦਾ ਹੈ ਅਤੇ ਪੰਜਾਬੀ ਸੱਭਿਆਚਾਰ ਦੀ ਸੇਵਾ ਹੋ ਰਹੀ ਹੈ | (ਸਮਾਪਤ)

ਫੋਨ : 98149-06024.
harjapaujla@gmail.com

ਪੰਜਾਬੀ ਸਿਨੇਮਾ ਦੇ ਝਰੋਖੇ 'ਚੋਂ-16: ਸਮਾਨਾਂਤਰ ਪੰਜਾਬੀ ਸਿਨੇਮਾ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਵੈਸੇ ਵੀ ਗੁਰਵਿੰਦਰ ਦੀ ਕਿਸਮਤੀ ਇਹ ਸੀ ਕਿ ਦਿੱਲੀ ਦਾ ਹੋਣ ਕਰਕੇ ਉਸ ਲਈ ਐਨ.ਐਫ.ਡੀ.ਸੀ. ਨਾਲ ਨਿਰੰਤਰ ਸੰਪਰਕ ਬਣਾਈ ਰੱਖਣਾ ਬਹੁਤ ਹੀ ਸੌਖਾ ਸੀ | ਲਿਹਾਜ਼ਾ ਉਸ ਨੇ ਇਸੇ ਸੰਸਥਾ ਦੀ ਹੀ ਮਦਦ ਨਾਲ 'ਚੌਥੀ ਕੂਟ' ਦਾ ਨਿਰਮਾਣ-ਨਿਰਦੇਸ਼ਨ ਕੀਤਾ ਸੀ | ਇਹ ਵਰਿਆਮ ਸੰਧੂ ਦੀਆਂ 'ਕਹਾਣੀਆਂ' 'ਤੇ ਆਧਾਰਿਤ ਸੀ | ਪਰ 'ਚੌਥੀ ਕੂਟ' ਦੀ ਚਰਚਾ ਵੀ ਫ਼ਿਲਮ ਉਤਸਵਾਂ ਤੱਕ ਹੀ ਸੀਮਤ ਰਹਿ ਗਈ ਸੀ |
ਉਂਜ ਸਾਹਿਤਕ ਕਿਰਤਾਂ ਨੂੰ ਲੈ ਕੇ ਕਈ ਫ਼ਿਲਮਸਾਜ਼ਾਂ ਨੇ ਗੰਭੀਰ ਸਿਨੇਮਾ ਪ੍ਰਤੀ ਕਦਮ ਵਧਾਏ ਹਨ | 'ਕੁਦੇਸਣ', 'ਕਿੱਸਾ', 'ਸਿੱਕਾ' ਆਦਿ ਕਿਰਤਾਂ ਇਸੇ ਹੀ ਸ਼੍ਰੇਣੀ 'ਚ ਆਉਂਦੀਆਂ ਸਨ | 'ਕਿੱਸਾ' ਭਾਵੇਂ ਸਾਹਿਤਕ ਕਿਰਤ ਨਹੀਂ ਸੀ ਪਰ ਜਿਸ ਢੰਗ ਨਾਲ ਇਸ ਨੇ 1947 ਦੀ ਦੇਸ਼ ਵੰਡ ਦੀ ਤ੍ਰਾਸਦੀ ਦਾ ਚਿਤਰਣ ਕੀਤਾ, ਉਹ ਵਿਸ਼ਵ-ਵਿਆਪੀ ਆਕਰਸ਼ਣ ਰੱਖਦਾ ਸੀ | ਫਿਰ 'ਕਿੱਸਾ' ਵਿਚ ਇਰਫ਼ਾਨ ਖ਼ਾਨ ਨੇ ਗਜ਼ਬ ਦੀ ਅਦਾਕਾਰੀ ਦਾ ਪ੍ਰਦਰਸ਼ਨ ਕੀਤਾ ਸੀ | ਇਕ ਟੁੱਟੀ ਹੋਈ ਮਾਨਸਿਕਤਾ ਕਿਵੇਂ ਯੁੱਧ ਤੋਂ ਵੀ ਵਧੇਰੇ ਖ਼ਤਰਨਾਕ ਹੁੰਦੀ ਹੈ, ਇਸ ਦੀ ਅਦਭੁੱਤ ਮਿਸਾਲ 'ਕਿੱਸਾ' ਦੇ ਰਾਹੀਂ ਪੇਸ਼ ਕੀਤੀ ਗਈ ਸੀ |
ਪਿਛਲੇ ਕੁਝ ਸਮੇਂ ਤੋਂ ਪੰਜਾਬੀ 'ਚ ਲਘੂ ਫ਼ਿਲਮਾਂ ਬਣਾਉਣ ਦਾ ਵੀ ਉਪਰਾਲਾ ਕੀਤਾ ਗਿਆ ਸੀ, ਇਸ ਦਿ੍ਸ਼ਟੀਕੋਣ ਤੋਂ ਅਮਰਦੀਪ ਗਿੱਲ ਨੇ ਕੁਝ ਪੰਜਾਬੀ ਦੇ ਕਹਾਣੀਕਾਰਾਂ ਦੀਆਂ ਰਚਨਾਵਾਂ ਨੂੰ ਲੈ ਕੇ ਲਘੂ ਫ਼ਿਲਮਾਂ ਵੱਲ ਕਦਮ ਵਧਾਏ ਹਨ, ਉਸ ਦੀ 'ਸੁੱਤਾ ਨਾਗ' ਰਾਮ ਸਰੂਪ ਅਣਖੀ ਦੀ ਇਕ ਛੋਟੀ ਕਹਾਣੀ 'ਤੇ ਆਧਾਰਿਤ ਸੀ | ਇਸੇ ਹੀ ਤਰ੍ਹਾਂ ਗੁਰਬਚਨ ਭੁੱਲਰ ਦੀ ਰਚਨਾ ਨੂੰ ਵੀ ਉਸ ਨੇ ਆਪਣੀ ਇਕ ਹੋਰ ਲਘੂ ਫ਼ਿਲਮ ਦਾ ਆਧਾਰ ਬਣਾਇਆ ਸੀ |
ਇਥੇ ਇਹ ਸਪੱਸ਼ਟ ਕਰ ਦੇਣਾ ਜ਼ਰੂਰੀ ਹੈ ਕਿ ਪੰਜਾਬੀ ਸਮਾਨਾਂਤਰ ਸਿਨੇਮਾ ਨੂੰ ਜੀਵਤ ਰੱਖਣ ਵਾਲੇ ਉਹ ਲੋਕ ਹਨ, ਜਿਹੜੇ ਵਣਜੀ ਦਿ੍ਸ਼ਟੀਕੋਣ ਨੂੰ ਬਿਲਕੁਲ ਹੀ ਤਰਜੀਹ ਨਹੀਂ ਦਿੰਦੇ ਹਨ | ਇਹ ਉਨ੍ਹਾਂ ਦਾ ਆਪਣਾ ਜਾਨੂੰਨ ਹੀ ਹੈ, ਜਿਹੜਾ ਉਨ੍ਹਾਂ ਨੂੰ ਅਜਿਹਾ ਕਰਨ ਦੀ ਪੇ੍ਰਰਨਾ ਦਿੰਦਾ ਹੈ | ਬਹੁਤੀ ਵਾਰ ਤਾਂ ਇਹ ਫ਼ਿਲਮਸਾਜ਼ ਜੇਬ 'ਚੋਂ ਪੈਸੇ ਖਰਚ ਕੇ ਹੀ ਆਪਣਾ ਸ਼ੌਕ ਪੂਰਾ ਕਰਦੇ ਹਨ | ਇਸ ਲਿਹਾਜ਼ ਨਾਲ ਜਤਿੰਦਰ ਬਰਾੜ ਦੀ ਨਾਟਸ਼ਾਲਾ ਅਤੇ ਉਸ ਦੇ ਆਪਣੇ ਯਤਨ ਇਸ ਗੱਲ ਦੇ ਪ੍ਰਤੀਕ ਹਨ ਕਿ ਪੰਜਾਬੀ ਸਿਨੇਮਾ ਨੂੰ ਸੰਵੇਦਨਸ਼ੀਲਤਾ ਅਤੇ ਗਹਿਰਾਈ ਪ੍ਰਦਾਨ ਕਰਨ ਲਈ ਕੁਝ ਲੋਕ ਘਰ ਫੂਕ ਕੇ ਵੀ ਤਮਾਸ਼ਾ ਦੇਖ ਰਹੇ ਹਨ | ਬੇਸ਼ੱਕ ਵਣਜੀ ਸ਼ਿਲਪਕਾਰਾਂ ਨੂੰ ਸਮਾਨਾਂਤਰ ਸਿਨੇਮਾ ਦੇ ਪੈਰੋਕਾਰ ਇਕ ਮਜ਼ਾਕ ਦਾ ਸਾਧਨ ਬਣ ਰਹੇ ਹੋਣ, ਪਰ ਇਤਿਹਾਸ ਗਵਾਹ ਹੈ ਕਿ ਅੰਤ 'ਚ ਦੁਨੀਆ ਉਸ ਨੂੰ ਹੀ ਯਾਦ ਰੱਖਦੀ ਹੈ, ਜਿਹੜਾ ਵਿਅਕਤੀ ਲੀਕ ਤੋਂ ਹਟ ਕੇ ਦੁਨੀਆ ਨੂੰ ਨਵੀਆਂ ਚੁਣੌਤੀਆਂ ਦੇ ਸਕਣ ਦੇ ਸਮਰੱਥ ਹੋਵੇ | ਇਸ ਸਬੰਧੀ 'ਖਾਰੇ ਪਾਣੀ' ਫ਼ਿਲਮ ਦਾ ਇਕ ਡਾਇਲਾਗ ਬਹੁਤ ਹੀ ਢੁਕਵਾਂ ਲਗਦਾ ਹੈ—'ਜਿਸ ਨੇ ਖਾਰਾ ਪਾਣੀ ਪੀਤਾ ਹੀ ਨਹੀਂ, ਉਹ ਮਿੱਠੇ ਪਾਣੀ ਦੇ ਸੁਆਦ ਨੂੰ ਕਿਵੇਂ ਮਾਣ ਸਕਦਾ ਹੈ?'

-ਪ੍ਰੋ: ਸੁਰਿੰਦਰ ਮੱਲ੍ਹੀ

ਭੁੱਲੀਆਂ ਵਿਸਰੀਆਂ ਯਾਦਾਂ

ਇਹ ਤਸਵੀਰ ਉਸ ਸਮੇਂ ਦੀ ਹੈ, ਜਦੋਂ ਸ: ਸੁਰਜੀਤ ਸਿੰਘ ਬਰਨਾਲਾ ਮੁੱਖ ਮੰਤਰੀ ਬਣੇ ਸਨ | ਇਹ ਤਸਵੀਰ ਪੰਜਾਬ ਭਵਨ ਵਿਚ ਖਿੱਚੀ ਗਈ ਸੀ | ਸ: ਸੁਰਜੀਤ ਸਿੰਘ ਬਰਨਾਲਾ ਨੂੰ ਮੁੱਖ ਮੰਤਰੀ ਬਣਨ ਦੀ ਵਧਾਈ ਦੇਣ ਵਾਸਤੇ ਕਈ ਉੱਘੇ ਅਕਾਲੀ ਲੀਡਰ ਆਏ ਸਨ | ਜਿਵੇਂ ਸ: ਬਲਵੰਤ ਸਿੰਘ, ਸ: ਪ੍ਰਕਾਸ਼ ਸਿੰਘ ਬਾਦਲ, ਜਥੇਦਾਰ ਗੁਰਚਰਨ ਸਿੰਘ ਟੌਹੜਾ, ਸ: ਸੁਖਦੇਵ ਸਿੰਘ, ਸ: ਸੁਖਜਿੰਦਰ ਸਿੰਘ ਤੇ ਹੋਰ ਕਈ ਅਕਾਲੀ ਵਰਕਰ ਆਏ ਸਨ |

ਮੋਬਾਈਲ : 98767-41231

ਪੋਲਸਡਨ ਲੇਸੀ ਹਾਊਸ : ਅੰਗਰੇਜ਼ ਘਰਾਣਿਆਂ ਤੋਂ ਭਾਰਤੀ ਮਹਾਰਾਜਿਆਂ ਤੱਕ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਉਸ ਕਮਰੇ ਦੀ ਵਲੰਟੀਅਰ ਔਰਤ ਸ੍ਰੀਮਤੀ ਫ੍ਰੈਸਿਸ ਗ੍ਰੇ ਨੇ ਸਾਨੂੰ ਅਨੇਕ ਰੌਚਕ ਤੱਥਾਂ ਤੋਂ ਜਾਣੂ ਕਰਾਇਆ | ਉਹ ਅਕਸਰ ਇਤਿਹਾਸ 'ਤੇ ਆਧਾਰਿਤ ਗੱਲਾਂ ਕਰਦੀ ਸੀ ਅਤੇ ਉਨ੍ਹਾਂ ਨੇ ਪੜਿ੍ਹਆ ਸੀ ਕਿ ਮਹਾਰਾਜਾ ਕਪੂਰਥਲਾ ਕਈ ਵਾਰ ਸ੍ਰੀਮਤੀ ਗ੍ਰੇਵਿਲ ਦੇ ਸ਼ਾਨਦਾਰ ਘਰ ਪੋਲਸਡਨ ਲੇਸੀ ਵਿਖੇ ਮਹਿਮਾਨ ਦੇ ਰੂਪ ਵਿਚ 1934, 1937 ਅਤੇ 1938 ਵਿਚ ਆਏ ਅਤੇ ਘਰ ਵਿਚ ਰਹੇ |
ਫ੍ਰੈਂਸਿਸ ਗ੍ਰੇ ਨੇ ਦੱਸਿਆ ਕਿ ਜਦੋਂ ਸ੍ਰੀਮਤੀ ਗ੍ਰੇਵਿਲ 1922 ਵਿਚ ਭਾਰਤ ਗਈ ਤਾਂ ਭਾਰਤ ਨੇ ਉਨ੍ਹਾਂ ਦੇ ਮਨ 'ਤੇ ਅਤੇ ਭਾਵਨਾਵਾਂ 'ਤੇ ਡੂੰਘੀ ਛਾਪ ਛੱਡੀ ਜਿਸ ਦੀ ਯਾਦ ਉਨ੍ਹਾਂ ਨੂੰ ਉਮਰ ਭਰ ਰਹੀ | ਸੰਭਵ ਹੈ ਕਿ ਇਹੀ ਕਾਰਨ ਸੀ ਕਿ ਉਹ ਇੰਗਲੈਂਡ ਆਏ ਭਾਰਤੀ ਮਹਾਰਾਜਿਆਂ ਦੀ ਆਓ-ਭਗਤ ਕਰਨ ਨੂੰ ਪਹਿਲ ਦਿੰਦੀ ਸੀ | ਉਹ ਕਦੀ ਵੀ ਭਾਰਤੀ ਮਹਾਰਾਜਿਆਂ ਵਲੋਂ ਉਨ੍ਹਾਂ ਦਾ ਭਾਰਤ 'ਚ ਕੀਤਾ ਸਵਾਗਤ ਭੁੱਲ ਨਾ ਸਕੀ |
ਮਹਾਰਾਜਾ ਕਪੂਰਥਲਾ ਤੋਂ ਇਲਾਵਾ ਪੋਲਸਡਨ ਲੇਸੀ ਭਵਨ ਵਿਚ ਸੱਦੇ ਹੋਰ ਮਹਾਰਾਜਾ ਹਨ : ਕੂਚ ਬਿਹਾਰ ਦੇ ਮਹਾਰਾਜਾ ਜਿਤੇਂਦਰ ਅਤੇ ਪਤਨੀ ਇੰਦਰਾ, ਜੈਪੁਰ ਦੇ ਮਹਾਰਾਜਾ ਮਾਨ ਸਿੰਘ ਦੂਜੇ, ਮੈਸੂਰ ਦੇ ਮਹਾਰਾਜਾ ਕ੍ਰਿਸ਼ਨਾ ਰਾਜਾ-ਵੋਡੀਆਰ ਅਤੇ ਨਵਾਨਗਰ-ਕੱਛ ਦੇ ਮਹਾਰਾਜਾ ਰਾਏਜੀਤ ਸਿੰਘ |
ਕਮਰੇ ਦੇ ਦੂਜੇ ਪਾਸੇ ਬਿਲੀਅਰਡ ਟੇਬਲ ਰੱਖਿਆ ਸੀ ਜਿਸ ਕਾਰਨ ਕਮਰੇ ਦਾ ਇਹ ਨਾਂਅ ਪੈ ਗਿਆ | ਇਹ ਮਹਾਰਾਜਾ ਐਡਵਰਡ ਦੇ ਸਮੇਂ ਦਾ ਲੋਕਪਿ੍ਆ ਖੇਡ ਸੀ ਜਿਸ ਨਾਲ ਸ੍ਰੀਮਤੀ ਗ੍ਰੇਵਿਲ ਦੇ ਮਰਦ ਮਹਿਮਾਨ ਆਪਣਾ ਮਨੋਰੰਜਨ ਕਰਦੇ ਸਨ | ਕਲਪਨਾ ਦੇ ਸੰਸਾਰ ਵਿਚ ਜਾਂਦਿਆਂ ਮੈਂ ਦੇਖਿਆ ਕਿ ਮਹਾਰਾਜਾ ਐਡਵਰਡ-ਸੱਤਵਾਂ, ਪ੍ਰਧਾਨ ਮੰਤਰੀ ਸ੍ਰੀ ਵਿਨਸਟਨ ਚਰਚਿਲ ਅਤੇ ਪਿ੍ੰਸ ਆਗਾ ਖਾਨ ਇਥੇ ਆਰਾਮ ਕਰ ਰਹੇ ਹਨ—ਅਖ਼ਬਾਰਾਂ ਪੜ੍ਹ ਕੇ, ਤਾਸ਼ ਖੇਡ ਖੇਡ ਜਾਂ ਗ੍ਰਾਮੋ ਫੋਨ 'ਤੇ ਗੀਤਾਂ ਦਾ ਆਨੰਦ ਲੈ ਕੇ ਜਾਂ ਗੱਲਬਾਤ ਵਿਚ ਮਗਨ ਹਨ | ਵਿਚਾਰਾਂ ਤੋਂ ਯਥਾਰਥ ਵਿਚ ਆ ਕੇ ਮੈਂ ਪੱਟੀ 'ਤੇ ਪੜਿ੍ਹਆ ਕਿ ਇਸ ਕਮਰੇ ਵਿਚ 1909 ਵਿਚ ਪਹਿਲੀ ਹਾਊਸ ਪਾਰਟੀ ਕੀਤੀ ਗਈ ਸੀ ਜਿਸ ਵਿਚ ਮਹਾਰਾਜਾ ਐਡਵਰਡ-ਸੱਤਵਾਂ ਮੁੱਖ ਮਹਿਮਾਨ ਸਨ ਅਤੇ ਉਸ ਦੀ ਫੋਟੋ ਅਸੀਂ ਕੁਝ ਦੇਰ ਪਹਿਲਾਂ ਫੋਟੋ ਗੈਲਰੀ ਵਿਚ ਦੇਖੀ ਸੀ |
ਕਮਰੇ ਵਿਚ ਮਨਮੋਹਕ, ਮੁੱਲਵਾਨ ਪਰਸ਼ੀਅਨ ਕਲੀਨ ਵਿਛੇ ਹੋਏ ਸਨ ਜੋ 1800 ਤੋਂ 1950 ਦੇ ਦਰਮਿਆਨ ਈਰਾਨ ਦੇਸ਼ ਦੇ ਤਹਿਰਾਨ ਸ਼ਹਿਰ ਵਿਚ ਬੁਣੇ ਗਏ ਸਨ | ਹਰੇਕ ਕਾਲੀਨ ਬੁਣਾਈ ਕਲਾ ਦਾ ਉੱਤਮ ਨਮੂਨਾ ਸੀ ਅਤੇ ਹਰੇਕ ਕਾਰਪੇਟ ਦੇ ਵਿਸ਼ੇ ਵਿਚ ਉਥੇ ਪਈ ਪੁਸਤਕ ਵਿਚ ਵੇਰਵਾ ਦਰਜ ਸੀ |
ਕਮਰੇ ਤੋਂ ਬਾਹਰ ਜਾਂਦੇ ਹੋਏ ਲੈਦਰ ਕੈਲੇਂਡਰ 'ਤੇ ਨਜ਼ਰ ਪਈ ਜਿਸ 'ਤੇ ਸਤੰਬਰ 1942 ਦੀ ਤਰੀਕ ਉਂਝ ਹੀ ਛੱਡ ਦਿੱਤੀ ਗਈ ਸੀ ਜਿਸ ਦਿਨ ਸ੍ਰੀਮਤੀ ਗ੍ਰੇਵਿਲ ਨੇ ਸੰਸਾਰ ਤੋਂ ਵਿਦਾ ਲਈ |
ਸੁਨਹਿਰਾ ਸੁੰਦਰ ਡ੍ਰਾਇੰਗ ਰੂਮ
ਉਥੋਂ ਅਸੀਂ ਸੁਨਹਿਰੇ ਡ੍ਰਾਇੰਗ ਰੂਮ ਵਿਚ ਗਏ ਜਿਸ ਦੀ ਸੁੰਦਰਤਾ ਅਤੇ ਸਾਜ-ਸੱਜਾ ਕਿਸੇ ਰਾਜਮਹੱਲ ਤੋਂ ਘੱਟ ਨਹੀਂ ਸੀ | ਅਗਲੇ ਅੱਧੇ ਘੰਟੇ ਵਿਚ ਅਸੀਂ ਇਕ-ਇਕ ਬਹੁਕੀਮਤੀ ਪ੍ਰਦਰਸ਼ਨ ਨੂੰ ਦੇਖਿਆ ਜਿਸ ਵਿਚ ਮੁੱਲਵਾਨ ਕਾਰਟੀਅਰ ਅਤੇ ਫੈਬਰਨ ਕੰਪਨੀ ਦੀਆਂ ਕਲਾਤਮਕ ਚੀਜ਼ਾਂ ਸਨ ਜੋ ਸ੍ਰੀਮਤੀ ਗ੍ਰੇਵਿਲ ਦੇ ਆਪਣੇ ਨਿੱਜੀ ਸੰਗ੍ਰਹਿ ਦੀਆਂ ਸਨ ਜਾਂ ਉਨ੍ਹਾਂ ਨੂੰ ਤੋਹਫ਼ੇ ਦੇ ਰੂਪ ਵਿਚ ਮਿਲੀਆਂ ਸਨ | ਖ਼ਾਸ ਫਰਨੀਚਰ ਵਿਚ ਵੀ ਮਹਾਰਾਜਾ ਐਡਵਰਡ ਸ਼ੈਲੀ ਦੀ ਝਲਕ ਸੀ | ਕਮਰੇ ਦੇ ਆਰਕੀਟੈਕਟ ਡੇਵਿਸ ਨੇ ਪ੍ਰਸਿੱਧ ਰਿਟਜ਼ ਹੋਟਲ ਵੀ ਬਣਵਾਇਆ ਸੀ ਜਿਸ ਦੀ ਸਾਜ-ਸੱਜਾ ਤੋਂ ਪ੍ਰੇਰਿਤ ਹੋ ਕੇ ਸ੍ਰੀਮਤੀ ਗ੍ਰੇਵਿਲ ਨੇ ਆਪਣੀ ਕੰਪਨੀ ਨੂੰ ਆਪਣੇ ਸੰਪੂਰਨ ਘਰ ਪੋਲਸਡਨ ਲੇਸੀ ਨੂੰ ਬਿਲਕੁਲ ਉਹੋ ਜਿਹਾ ਹੀ ਸਜਾਉਣ ਦਾ ਸੱਦਾ ਦਿੱਤਾ ਸੀ | ਡੇਵਿਸ ਨੇ 1700 ਏ. ਡੀ. ਦੇ ਇਕ ਇਟਾਲੀਅਨ ਪੈਲੇਸ ਦੇ 'ਸੈਲੋਨ' ਵਰਗਾ ਸੁਨਹਿਰਾ ਡਰਾਇੰਗ ਰੂਮ ਬਣਵਾਇਆ ਸੀ | ਦੀਵਾਰਾਂ ਅਤੇ ਛੱਤ 'ਤੇ ਸੁਨਹਿਰੀ ਨਕਾਸ਼ੀ ਅਤੇ ਪੈਨੇਲਿੰਗ ਦਾ ਬਹੁਤ ਵਧੀਆ ਕੰਮ ਹੈ ਜੋ ਇਟਾਲੀਅਨ ਮਹੱਲ ਦਾ ਪ੍ਰਤੀਬਿੰਬ ਹੈ | ਹਰ ਕੋਣ ਤੋਂ ਫੋਟੋਗ੍ਰਾਫੀ ਤੋਂ ਬਾਅਦ ਅਸੀਂ ਆਪਣੇ ਟੂਰ ਦੇ ਆਖ਼ਰੀ ਹਿੱਸੇ ਵਿਚ ਪਹੁੰਚੇ |
ਲਾਇਬ੍ਰੇਰੀ ਅਤੇ ਪੜ੍ਹਨ ਕਮਰਾ
ਪੋਲਸਡਨ ਲੇਸੀ ਗ੍ਰਹਿ ਦੇ ਦੌਰੇ ਦੇ ਅਖੀਰ ਵਿਚ ਅਸੀਂ ਸੁੰਦਰ ਡਰਾਇੰਗ ਰੂਮ ਨਾਲ ਜੁੜੀ ਲਾਇਬ੍ਰੇਰੀ ਅਤੇ ਪੜ੍ਹਨ ਕਮਰੇ ਵਿਚ ਦਾਖਲ ਹੋਏ | ਕ੍ਰੀਮ ਰੰਗ ਦੇ ਪਰਦੇ, ਕ੍ਰਿਸਟਲ ਦਾ ਜਗਮਗਾਉਂਦਾ ਝੂਮਰ ਅਤੇ ਡਾਰਕ ਪਾਲਿਸ਼ ਵਾਲਾ ਫਰਨੀਚਰ, ਇਸ ਕਮਰੇ ਦੀ ਖਾਸੀਅਤ ਹੈ ਜੋ ਸ੍ਰੀਮਤੀ ਗ੍ਰੇਵਿਲ ਦੀ ਉੱਤਮ ਚੋਣ ਦਾ ਪ੍ਰਤੀਕ ਹੈ |
ਕਾਰ ਪਾਰਕ ਕੀਤੀ ਅਤੇ ਜਾਂਦੇ ਹੋਏ ਅਸੀਂ ਚਾਹ ਦੀ ਦੁਕਾਨ 'ਤੇ ਰੁਕੇ | ਚਾਹ ਪੀਂਦੇ ਹੋਏ ਮਨ ਵਿਚ ਸਵਾਲ ਪੈਦਾ ਹੋਇਆ ਕਿ ਉਹ ਕੀ ਕਸ਼ਿਸ਼ ਸੀ ਜੋ ਰਾਜਾ-ਮਹਾਰਾਜਿਆਂ ਨੂੰ ਪੋਲਸਡਨ ਲੇਸੀ ਭਵਨ ਵੱਲ ਖਿੱਚਦੀ ਸੀ? ਸਟਾਫ ਨੇ ਸਾਨੂੰ ਦੱਸਿਆ ਕਿ ਇੰਗਲੈਂਡ ਦੇ ਮਹਾਰਾਜਾ ਐਡਵਰਡ ਇਥੇ ਸਨਿੱਚਰਵਾਰ ਵਾਲੇ ਦਿਨ ਆ ਕੇ ਆਰਾਮ ਕਰਦੇ ਸਨ ਅਤੇ ਸੋਮਵਾਰ ਨੂੰ ਹੀ ਵਾਪਸ ਜਾਂਦੇ ਸਨ |
ਲੰਡਨ ਜਾਂਦੇ ਸਮੇਂ ਅਸੀਂ ਪਿਛਲੀ ਸਦੀ ਦੀ ਵਿਸ਼ੇਸ਼ ਸ਼ਖ਼ਸੀਅਤ ਵਾਲੀ ਔਰਤ ਸ੍ਰੀਮਤੀ ਗ੍ਰੇਵਿਲ ਅਤੇ ਉਨ੍ਹਾਂ ਦੇ ਪਿਆਰੇ ਪੋਲਸਡਨ ਲੇਸੀ ਘਰ ਦੀਆਂ ਯਾਦਾਂ ਨੂੰ ਅਲਵਿਦਾ ਕਿਹਾ ਜਿਥੇ ਅੰਗਰੇਜ਼ੀ ਰਾਜ ਪਰਿਵਾਰ ਤੋਂ ਲੈ ਕੇ ਭਾਰਤੀ ਮਹਾਰਾਜਿਆਂ ਤੱਕ ਦਾ ਆਉਣਾ-ਜਾਣਾ ਰਹਿੰਦਾ ਸੀ | (ਸਮਾਪਤ)

seemaanandchopra@gmail.com

ਮੰਗਲ ਦੇ ਦਰ ਉਤੇ ਤਾਜ਼ਾ ਦਸਤਕ :ਇਨਸਾਈਟ ਲੈਂਡਰ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਧਰਤੀ ਉਤੇ ਅਜਿਹੇ ਅਧਿਐਨ ਭਾਵੇਂ ਹੋ ਚੁੱਕੇ ਹਨ ਤੇ ਅਜੇ ਵੀ ਹੋ ਰਹੇ ਹਨ, ਮੰਗਲ ਉਤੇ ਇਨ੍ਹਾਂ ਖੋਜਾਂ ਨਾਲ ਇਨ੍ਹਾਂ ਅਧਿਐਨਾਂ ਵਾਸਤੇ ਕਈ ਨਵੀਆਂ ਅੰਤਰ-ਦਿ੍ਸ਼ਟੀਆਂ ਮਿਲਣ ਦੀ ਆਸ ਸਾਡੇ ਵਿਗਿਆਨੀਆਂ ਨੂੰ ਹੈ | 5 ਮਈ ਨੂੰ ਲਾਂਚ ਹੋਇਆ ਇਨਸਾਈਟ ਜਦੋਂ ਮੰਗਲ ਦੇ ਵਾਯੂਮੰਡਲ ਵਿਚ ਪੁੱਜਾ ਤਾਂ ਇਸ ਦੀ ਸਪੀਡ 12 ਹਜ਼ਾਰ ਮੀਲ ਪ੍ਰਤੀ ਘੰਟਾ ਸੀ | 6 ਕੁ ਮਿੰਟ ਵਿਚ ਇਸ ਨੇ ਮੰਗਲ ਦੀ ਪੱਧਰੀ, ਕਠੋਰ ਧਰਤੀ ਉਤੇ ਜ਼ੀਰੋ ਸਪੀਡ ਕਰਕੇ ਚੌਾਕੜੀ ਮਾਰ ਲਈ | ਇਸੇ ਦੌਰਾਨ ਇਹ ਇਕ ਪੈਰਾਸ਼ੂਟ ਵਿਚੋਂ ਨਿਕਲਿਆ, ਆਪਣੇ ਰੈਟਰੋ ਇੰਜਣ ਚਲਾ ਕੇ ਸਪੀਡ ਘਟਾਈ ਅਤੇ ਤਿੰਨ ਲੱਤਾਂ ਮੰਗਲ ਉਤੇ ਟਿਕਾ ਦਿੱਤੀਆਂ, ਜਿਥੇ ਹੁਣ ਇਸ ਨੇ ਪੂਰੇ ਦੋ ਸਾਲ ਰਹਿਣਾ ਹੈ | ਇਸ ਦੀ ਰੋਬੋਟਿਕ ਬਾਂਹ 6 ਫੁੱਟ ਲੰਬੀ ਹੈ ਜੋ ਉਪਰ-ਹੇਠਾਂ, ਸੱਜੇ-ਖੱਬੇ ਚਾਰੇ ਪਾਸੇ ਭਾਂਤ-ਭਾਂਤ ਦੇ ਕੰਮ ਕਰੇਗੀ | ਮੰਗਲ ਦੀ ਭੂ-ਮੱਧ ਰੇਖਾ ਨੇੜਲੇ ਐਲੀਜ਼ੀਅਮ ਪਲੈਨੀਟੀਅਮ ਨਾਂਅ ਦੇ ਮੈਦਾਨ ਵਿਚ ਉਤਰਿਆ ਹੈ ਇਹ | ਭਾਰਤੀ ਸਮੇਂ ਅਨੁਸਾਰ ਇਨਸਾਈਟ ਦੀ ਸਫ਼ਲ ਲੈਡਿੰਗ ਦੀ ਪੁਸ਼ਟੀ 27 ਨਵੰਬਰ ਸਵੇਰੇ 1 ਵੱਜ ਕੇ 24 ਮਿੰਟ ਉਤੇ ਹੋਈ ਅਤੇ ਭਾਰਤੀ ਅਖ਼ਬਾਰਾਂ ਨੇ ਇਹ ਖ਼ਬਰ 28 ਨਵੰਬਰ ਨੂੰ 27 ਨਵੰਬਰ ਦੀ ਪਿ੍ੰਟ ਲਾਈਨ ਨਾਲ ਪਰੋਸੀ | ਚੰਦ ਉਤੇ ਉਤਾਰੇ ਦੀ ਖ਼ਬਰ ਵੇਲੇ ਵੀ ਭਾਰਤੀ/ਅਮਰੀਕੀ ਸਮੇਂ/ਮਿਤੀ ਦੇ ਅੰਤਰ ਕਾਰਨ ਇਹੋ ਜਿਹੇ ਵਖਰੇਵੇਂ ਸਾਹਮਣੇ ਆਏ ਸਨ | ਖ਼ੈਰ ਅਮਰੀਕਾ ਵਿਚ ਉਸ ਸਮੇਂ ਬਾਅਦ ਦੁਪਹਿਰ ਦਾ ਸਮਾਂ ਸੀ ਅਤੇ ਲੋਕਾਂ ਦੀਆਂ ਭੀੜਾਂ ਥਾਂ-ਥਾਂ, ਸ਼ਹਿਰ-ਸ਼ਹਿਰ ਇਸ ਮਹੱਤਵਪੂਰਨ ਘਟਨਾ ਬਾਰੇ ਚਰਚਾ ਕਰਨ, ਇਸ ਬਾਰੇ ਵਿਗਿਆਨੀਆਂ ਦੇ ਪ੍ਰਤੀਕਰਮ ਜਾਣਨ ਅਤੇ ਸਿੱਧੇ/ਅਸਿੱਧੇ ਰੂਪ ਵਿਚ ਇਸ ਨਾਲ ਰਾਬਤਾ ਜੋੜਨ ਲਈ ਉਮੜਦੀਆਂ ਵੇਖੀਆਂ ਗਈਆਂ | ਸਾਡੇ ਪੰਜਾਬ/ਭਾਰਤ ਵਿਚ ਅਜਿਹਾ ਉਤਸ਼ਾਹ ਕਿਤੇ ਵੀ ਦੇਖਣ ਨੂੰ ਨਹੀਂ ਮਿਲਿਆ |
ਖ਼ੈਰ ਮੰਗਲ ਦੇ ਵਾਯੂਮੰਡਲ ਵਿਚ ਪਹੁੰਚਣ, ਪੈਰਾਸ਼ੂਟ ਖੋਲ੍ਹ ਕੇ ਸਪੀਡ ਘਟਾ ਕੇ ਮੰਗਲ ਉਤੇ ਉਤਰਨ ਦੇ 6-7 ਮਿੰਟ ਡਰ-ਭੈਅ ਤੇ ਅਨਿਸ਼ਚਿਤਤਾ ਨਾਲ ਭਰਪੂਰ ਸਨ | ਮਿਸ਼ਨ ਦੇ ਮੁਖ ਵਿਗਿਆਨੀ ਬਰੂਸ ਬੇਨਰਡਟ ਨੇ ਆਪ ਇਸ ਗੱਲ ਨੂੰ ਮੰਨਿਆ ਹੈ | ਇਨਸਾਈਟ ਨੂੰ ਲਾਕਹੀਡ ਮਾਰਟਿਨ ਕੰਪਨੀ ਨੇ ਬਣਾਇਆ ਹੈ ਅਤੇ ਇਸ ਪਰੋਬ ਦੀ ਜ਼ਿਮੇਵਾਰੀ ਨਾਸਾ ਦੀ ਜੈੱਟ ਪਰੋਪਲਸ਼ਨ ਲੈਬ ਕੋਲ ਹੈ | ਐਟਲਸ-5 ਰਾਕਟ ਨਾਲ ਕੈਲੀਫੋਰਨੀਆ ਦੇ ਵੈਂਡਰਬਰਗ ਏਅਰ ਫੋਰਸ ਤੋਂ ਇਸ ਨੂੰ ਲਾਂਚ ਕੀਤਾ ਗਿਆ | ਇਸ ਨੂੰ ਮਾਰਚ 2016 ਵਿਚ ਲਾਂਚ ਕੀਤਾ ਜਾਣਾ ਸੀ ਪਰ ਇਸ ਦੇ ਭੁਚਾਲ-ਅਧਿਐਨ ਜੰਤਰ ਵਿਚ ਨੁਕਸ ਪੈਣ ਕਾਰਨ ਇਹ ਲਾਂਚ ਅੱਗੇ ਪਾਉਣੀ ਪਈ | ਇਨਸਾਈਟ ਉਤੇ 83 ਕਰੋੜ ਅਮਰੀਕੀ ਡਾਲਰ ਲੱਗੇ ਹਨ | ਦੋ ਮਾਈਕ੍ਰੋ ਸੈਟੇਲਾਈਟ (ਮਾਰਾਕੋ) ਇਸ ਦੇ ਨਾਲ ਹੀ ਭੇਜੇ ਗਏ ਜੋ ਇਸ ਨੂੰ ਮੰਗਲ ਉਤੇ ਪਹੁੰਚਾ ਕੇ ਇਸ ਦੇ ਉਤਰਨ ਦੀ ਖ਼ਬਰ ਦੇ ਕੇ ਪਾਸੇ ਹੋ ਗਏ ਹਨ | ਲਾਂਚ ਲਈ ਤੁਰੇ ਇਨਸਾਈਟ ਦਾ ਭਾਰ 694 ਕਿਲੋ ਸੀ ਜੋ ਲੈਂਡਿੰਗ ਸਮੇਂ ਬਾਲਣ ਫੂਕ ਕੇ ਘਟਦਾ ਹੋਇਆ 358 ਕਿਲੋ ਰਹਿ ਗਿਆ ਹੈ | ਇਸ ਸਮੇਂ ਇਹ 6 ਮੀਟਰ ਜ਼ਰਬ 1.56 ਮੀਟਰ__1MP__ਇਕ ਮੀਟਰ ਦਾ ਹੈ | ਇਸ ਉਤੇ 600 ਵਾਟ ਦੀਆਂ ਸੋਲਰ ਪੈਨਲਾਂ ਹਨ ਅਤੇ ਲਿਥੀਅਨ ਆਇਨ ਬੈਟਰੀ ਵੀ ਹੈ | ਭਾਂਤ-ਭਾਂਤ ਦੇ ਵਿਗਿਆਨਕ ਯੰਤਰ ਖੁੱਲ੍ਹ ਕੇ ਅਜੇ ਤਿੰਨ ਕੁ ਮਹੀਨੇ ਤੱਕ ਪੂਰੀ ਤਰ੍ਹਾਂ ਕੰਮ ਸ਼ੁਰੂ ਕਰਨਗੇ | ਉਂਜ ਸਭ ਅੱਛਾ ਦੇ ਸਾਰੇ ਸੁਨੇਹੇ ਇਸ ਤੋਂ ਮਿਲ ਚੁੱਕੇ ਹਨ |
ਇਨਸਾਈਟ ਨੇ ਚਟਾਨੀ ਮੰਗਲ ਗ੍ਰਹਿ ਦੀ ਕੋਰ ਮੈਂਟਲ ਤੇ ਕਰਸਟ ਭਾਵ ਧੁਰ ਅੰਦਰ ਤੋਂ ਉਪਰਲੀ ਸਤ੍ਹਾ ਤੱਕ ਦੀ ਮੋਟਾਈ, ਘਣਤਾ, ਬਣਤਰ ਤੇ ਇਸ ਵਿਚਲੇ ਤਾਪਮਾਨਾਂ ਨੂੰ ਜਾਣਨਾ ਹੈ | ਇਹ ਦੇਖਣਾ ਹੈ ਕਿ ਮੰਗਲ ਦੀ ਕੋਰ ਤਰਲ ਹੈ ਕਿ ਠੋਸ | ਮੰਗਲ ਦੀ ਧਰਤੀ ਹੇਠ ਕੀ ਕੋਈ ਭੁਚਾਲੀ ਗਤੀ ਵਿਧੀ ਹੋ ਰਹੀ ਹੈ ਜਾਂ ਨਹੀਂ | ਇਸ ਦੀਆਂ ਧਰਤ ਹੇਠਲੀਆਂ ਚੱਟਾਨਾਂ ਦਾ ਵਿਹਾਰ ਕੀ ਹੈ | ਇਸ ਉਤੇ ਹੋ ਰਹੀ ਮੀਟੀਅਰ ਵਰਖਾ ਦਾ ਇਸ ਦੀ ਧਰਤੀ/ਧਰਤੀ ਦੇ ਹੇਠਲੇ ਹਿੱਸੇ ਉਤੇ ਕੀ ਅਸਰ ਹੋਇਆ ਹੈ ਜਾਂ ਹੋ ਰਿਹਾ ਹੈ | ਇਸ ਸਾਰੇ ਕੁਝ ਲਈ ਖੋਜ ਕਰਨ ਵਾਸਤੇ ਇਨਸਾਈਟ ਉਤੇ ਵਿਸ਼ੇਸ਼ ਯੰਤਰ ਹਨ | ਇਨ੍ਹਾਂ ਵਿਚੋਂ ਪਹਿਲਾ ਹੈ ਸੀਸਮਿਕ ਐਕਸਪੈਰੀਮੈਂਟ ਫਾਰ ਇੰਟੀਰੀਅਰ ਸਟਰਕਚਰ ਜੋ ਨਿਸ਼ਚੇ ਹੀ ਭੁਚਾਲ-ਵਿਗਿਆਨ ਦੇ ਖੇਤਰ ਦੀ ਸ਼ੈਅ ਹੈ, ਇਹ ਫਰਾਂਸ ਨੇ ਬਣਾਇਆ ਹੈ | ਦੂਜਾ ਹੈ ਹੀਟ ਐਾਡ ਫਿਜ਼ੀਕਲ ਪਰਾਪਰਟੀਜ਼ ਪੈਕੇਜ ਜੋ ਜਰਮਨੀ ਨੇ ਦਿੱਤਾ ਹੈ | ਇਸ ਦਾ ਸਬੰਧ ਤਾਪ ਤੇ ਤਾਪ ਗਤੀ ਵਿਗਿਆਨ ਨਾਲ ਹੈ | ਤੀਜਾ ਉਪਕਰਨ ਹੈ ਰਾਈਜ਼ ਭਾਵ ਰੋਟੇਸ਼ਨ ਐਾਡ ਇੰਟੀਰੀਅਰ ਸਟਰਕਚਰ ਐਕਸਪੈਰੀਮੈਂਟ | ਇਹ ਗ੍ਰਹਿ ਦੀਆਂ ਗਤੀਆਂ ਤੇ ਰੇਡੀਓ ਵਿਗਿਆਨ ਦੇ ਖੇਤਰ ਨਾਲ ਸਬੰਧਿਤ ਹੈ | ਟਵਿਨਜ਼ ਨਾਂਅ ਦਾ ਉਪਕਰਨ ਇਨਸਾਈਟ ਵਾਸਤੇ ਸਪੇਨ ਨੇ ਦਿੱਤਾ ਹੈ | ਇਹ ਤਾਪਮਾਨ ਤੇ ਪੌਣਾਂ ਨਾਲ ਸਬੰਧਿਤ ਖੋਜ ਕਰੇਗਾ | ਇਕ ਹੋਰ ਮਹੱਤਵਪੂਰਨ ਯੰਤਰ ਹੈ ਲਾਰੀ, ਪੂਰਾ ਨਾਂਅ ਲੇਜ਼ਰ ਰੈਟਰੋ ਰੀਫਲੈਕਟਰ ਫਾਰ ਇਨਸਾਈਟ | ਇਹ ਇਟਲੀ ਨੇ ਦਿੱਤਾ ਹੈ | ਇਹ ਲੇਜ਼ਰ ਵਿਗਿਆਨ ਨਾਲ ਖੋਜਾਂ ਕਰੇਗਾ | ਇੰਸਟਰੂਮੈਂਟ ਡਿਪਲਾਏਮੈਂਟ ਆਰਮ ਇੰਸਟਰੂਮੈਂਟ ਡਿਪਲਾਏਮੈਂਟ ਕੈਮਰਾ ਤੇ ਇੰਸਟਰੂਮੈਂਟ ਕੰਟੈਕਸਟ ਕੈਮਰਾ ਇਨਸਾਈਟ ਦੇ ਤਿੰਨ ਹੋਰ ਵਰਣਨਯੋਗ ਉਪਕਰਨ ਹਨ |
ਇਨਸਾਈਟ ਤੇ ਇਸ ਦੇ ਭਾਂਤ-ਭਾਂਤ ਦੇ ਵਿਗਿਆਨਕ ਯੰਤਰਾਂ ਨੇ ਬਣਾਉਣ, ਚਲਾਉਣ ਤੇ ਸੰਭਾਲਣ ਵਿਚ ਇਕ ਨਹੀਂ ਕਿੰਨੇ ਹੀ ਦੇਸ਼ਾਂ/ਸੰਸਥਾਵਾਂ ਦੇ ਇੰਜੀਨੀਅਰਾਂ, ਵਿਗਿਆਨੀਆਂ ਦਾ ਸਾਂਝਾ ਯੋਗਦਾਨ ਹੈ | ਅਮਰੀਕਾ, ਫਰਾਂਸ, ਜਰਮਨੀ, ਆਸਟਰੀਆ, ਬੈਲਜ਼ੀਅਮ, ਕੈਨੇਡਾ, ਜਾਪਾਨ, ਸਵਿਟਜ਼ਰਲੈਂਡ, ਪੋਲੈਂਡ ਤੇ ਇੰਗਲੈਂਡ ਇਨ੍ਹਾਂ ਵਿਚ ਸ਼ਾਮਿਲ ਹਨ | ਬਰੂਸ ਬੇਨਰਡਟ ਇਸ ਪ੍ਰਾਜੈਕਟ ਦਾ ਪਿੰ੍ਰਸੀਪਲ ਇਨਵੈਸਟੀਗੇਟਰ ਹੈ ਜਾਂ ਇਉਂ ਕਹੋ ਕਿ ਮੁੱਖ ਖੋਜੀ | ਉਹ ਸੀਸ ਨਾਂਅ ਦੇ ਭੁਚਾਲ ਉਪਕਰਨ ਨੂੰ ਵਿਸ਼ੇਸ਼ ਰੂਪ ਵਿਚ ਵੇਖ ਰਿਹਾ ਹੈ | ਸੁਜ਼ੇਨ ਸਮਰਕਰ ਨੂੰ ਤਾਪ ਗਤੀ ਤੇ ਤਾਪ ਵਾਲੇ ਯੰਤਰ ਸੌਾਪੇ ਗਏ ਹਨ | ਰਾਈਜ਼ ਦੀ ਜ਼ਿੰਮੇਵਾਰੀ ਵਿਲੀਅਮ ਫੋਲਕਨਰ ਕੋਲ ਹੈ | ਟਾਮ ਹਾਫਮੈਨ ਤੇ ਹੈਨਰੀ ਸਟੋਨ ਇਨਸਾਈਟ ਦੇ ਪ੍ਰਾਜੈਕਟ ਮੈਨੇਜਰ ਤੇ ਡਿਪਟੀ ਪ੍ਰਾਜੈਕਟ ਮੈਨੇਜਰ ਹਨ | ਵੱਡੇ ਖਰਚੇ ਲਈ ਪੈਸਾ ਇਕੱਠਾ ਕਰਨ ਲਈ ਨਾਸਾ ਨੇ ਇਸ਼ਤਿਹਾਰਬਾਜ਼ੀ ਕਰਕੇ 10 ਲੱਖ ਲੋਕਾਂ ਦੇ ਨਾਂਅ ਇਸ ਲੈਂਡਰ ਉਤੇ ਉਕਰਨ ਦਾ ਫ਼ੈਸਲਾ ਕੀਤਾ | ਇਨ੍ਹਾਂ ਸਾਰਿਆਂ ਦੇ ਨਾਂਅ ਇਲੈਕਟ੍ਰਾਨ ਬੀਮ ਨਾਲ ਸਿਲੀਕਾਨ ਚਿੱਪਾਂ ਉਤੇ ਲਿਖ ਕੇ ਲੈਂਡਰ ਨਾਲ ਮੰਗਲ ਉਤੇ ਭੇਜੇ ਗਏ ਹਨ | ਨਾਂਅ ਲਈ ਪੈਸੇ ਦੇਣ ਵਾਲਿਆਂ ਨੂੰ ਤਸੱਲੀ ਹੈ ਕਿ ਉਹ ਨਹੀਂ ਤਾਂ ਉਨ੍ਹਾਂ ਦਾ ਨਾਂਅ ਤਾਂ ਮੰਗਲ ਉਤੇ ਪਹੁੰਚ ਗਿਆ ਹੈ | ਕੌਣ ਕਹਿੰਦਾ ਹੈ ਕਿ ਨਾਂਅ ਵਿਚ ਕੀ ਪਿਆ ਹੈ | ਨਾਂਅ ਲਈ ਲੋਕ ਕੀ ਕੁਝ ਨਹੀਂ ਕਰਦੇ |
ਤੇ ਅੰਤ ਵਿਚ ਨਾਸਾ ਦੇ ਪ੍ਰਸ਼ਾਸਕ ਜਿਮ ਬਰਿਡਨਸਟਾਈਨ ਨੇ ਇਨਸਾਈਟ ਦੀ ਸਫ਼ਲ ਲੈਂਡਿੰਗ ਉਤੇ ਕੀਤੀ ਟਿੱਪਣੀ, 'ਅੱਜ ਦਾ ਦਿਨ ਇਸ ਲਈ ਮਹੱਤਵਪੂਰਨ ਹੈ ਕਿ ਅੱਜ ਅਸੀਂ ਅੱਠਵੀਂ ਵਾਰ ਸਫ਼ਲਤਾ ਸਹਿਤ ਮੰਗਲ ਉਤੇ ਪਹੁੰਚੇ ਹਾਂ | ਇਨਸਾਈਟ ਮੰਗਲ ਦਾ ਨਿਕਟ ਅਧਿਐਨ ਕਰ ਕੇ ਅਹਿਮ ਜਾਣਕਾਰੀ ਦੇਵੇਗਾ | ਇਸ ਨਾਲ ਇਕ ਪਾਸੇ ਧਰਤੀ ਤੇ ਸੂਰਜ ਪਰਿਵਾਰ ਦੇ ਜਨਮ/ਵਿਕਾਸ ਬਾਰੇ ਨਵੀਆਂ ਅੰਤਰ-ਦਿ੍ਸ਼ਟੀਆਂ ਮਿਲਣਗੀਆਂ ਤੇ ਦੂਜੇ ਪਾਸੇ ਚੰਨ ਅਤੇ ਮੰਗਲ ਉਤੇ ਮਨੁੱਖ ਦੇ ਉਤਾਰੇ ਵਿਚ ਸਹਾਇਕ ਹੋਣ ਵਾਲੀ ਢੇਰ ਵਿਗਿਆਨਕ ਸਮੱਗਰੀ ਹਾਸਲ ਹੋਵੇਗੀ |'
ਇਨਸਾਈਟ ਨੇ ਮੰਗਲ ਉਤੇ ਉੱਤਰ ਕੇ ਅੱਖਾਂ ਖੋਲ੍ਹ ਲਈਆਂ ਹਨ | ਆਪਣਾ ਕੰਮ ਪੂਰੀ ਤੀਬਰਤਾ ਤੇ ਸਮਰੱਥਾ ਨਾਲ ਕਰਨਾ ਅਜੇ ਇਸ ਨੇ ਸ਼ੁਰੂ ਕਰਨਾ ਹੈ | ਵਿਗਿਆਨੀ ਇਸ ਦੀ ਉਡੀਕ ਬੜੀਆਂ ਰੀਝਾਂ ਤੇ ਵੱਡੀਆਂ ਇੱਛਾਵਾਂ ਨਾਲ ਕਰ ਰਹੇ ਹਨ | (ਸਮਾਪਤ)

-ਹਾਊਸ ਨੰਬਰ 2, ਸਟਰੀਟ ਨੰਬਰ 9, ਗੁਰੂ ਨਾਨਕ ਨਗਰ, ਪਟਿਆਲਾ |
ਫੋਨ ਨੰ: 98722-60550. ਫੋਨ : 0175-2372010, 2372998,


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX