ਤਾਜਾ ਖ਼ਬਰਾਂ


ਸ਼੍ਰੋਮਣੀ ਕਮੇਟੀ ਦੀਆ ਚੋਣਾਂ ਡਟ ਕੇ ਲੜਾਂਗੇ : ਬ੍ਰਹਮਪੁਰਾ
. . .  42 minutes ago
ਅੰਮ੍ਰਿਤਸਰ, 14 ਦਸੰਬਰ (ਰਾਜੇਸ਼ ਕੁਮਾਰ) : ਅਕਾਲੀ ਦਲ ਤੋਂ ਵੱਖਰੇ ਹੋਏ ਟਕਸਾਲੀ ਆਗੂ ਰਣਜੀਤ ਸਿੰਘ ਬ੍ਰਹਮਪੁਰਾ ਨੇ ਅੱਜ ਇੱਥੇ ਪ੍ਰੈੱਸ ਕਾਨਫ਼ਰੰਸ ਦੌਰਾਨ ਐਲਾਨ ਕੀਤਾ ਕਿ ਉਹ ਆਪਣੇ ਸਾਥੀਆਂ ਨਾਲ ਸ਼੍ਰੋਮਣੀ ਕਮੇਟੀ ਦੀਆ ਚੋਣਾਂ ਲੜਨਗੇ । ਇਸ ਦੇ ਨਾਲ ਹੀ ਉਨ੍ਹਾਂ ....
ਬ੍ਰਹਮਪੁਰਾ, ਅਜਨਾਲਾ, ਸੇਖਵਾਂ ਵੱਲੋਂ ਨਵੀ ਬਣਾਈ ਪਾਰਟੀ ਦੇ ਮੁਤੱਲਕ ਪ੍ਰੈੱਸ ਕਾਨਫ਼ਰੰਸ ਆਯੋਜਿਤ
. . .  43 minutes ago
ਅੰਮ੍ਰਿਤਸਰ, 14 ਦਸੰਬਰ (ਰਾਜੇਸ਼ ਕੁਮਾਰ) : ਅਕਾਲੀ ਦਲ ਤੋਂ ਵੱਖਰੇ ਹੋਏ ਟਕਸਾਲੀ ਆਗੂਆਂ ਰਣਜੀਤ ਸਿੰਘ ਬ੍ਰਹਮਪੁਰਾ, ਸੇਵਾ ਸਿੰਘ ਸੇਖਵਾਂ, ਰਤਨ ਸਿੰਘ ਅਜਨਾਲਾ ਅਤੇ ਹੋਰ ਸਾਥੀ ਆਗੂਆਂ ਵੱਲੋਂ ਅੱਜ ਇੱਥੇ ਪ੍ਰੈੱਸ
ਜੀ.ਕੇ ਖਿਲਾਫ ਮਾਮਲਾ ਦਰਜ ਕਰਨ 'ਤੇ ਅਦਾਲਤ ਨੇ ਲਗਾਈ ਰੋਕ
. . .  54 minutes ago
ਨਵੀਂ ਦਿੱਲੀ, 14 ਦਸੰਬਰ (ਜਗਤਾਰ ਸਿੰਘ) - ਸੈਸ਼ਨ ਕੋਰਟ ਨੇ ਦਿੱਲੀ ਕਮੇਟੀ ਦੇ ਮੁਅੱਤਲ ਜਨਰਲ ਮੈਨੇਜਰ ਹਰਜੀਤ ਸਿੰਘ ਸੂਬੇਦਾਰ ਦੀ ਪਟੀਸ਼ਨ 'ਤੇ ਸੁਣਵਾਈ ਕਰਦੇ ਹੋਏ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਤੇ ਹੋਰਾਂ ਖਿਲਾਫ ਮਾਮਲਾ ਦਰਜ ਕਰਨ 'ਤੇ ਰੋਕ ਲਗਾ ਦਿੱਤੀ ਹੈ...
ਭਾਰਤ ਆਸਟ੍ਰੇਲੀਆ ਪਰਥ ਟੈਸਟ ਮੈਚ : ਆਸਟ੍ਰੇਲੀਆ ਨੇ ਪਹਿਲੇ ਦਿਨ ਦੀ ਖੇਡ ਖ਼ਤਮ ਹੋਣ ਤੱਕ 6 ਵਿਕਟਾਂ 'ਤੇ ਬਣਾਈਆਂ 277 ਦੌੜਾਂ
. . .  about 1 hour ago
ਭਾਰਤ ਆਸਟ੍ਰੇਲੀਆ ਪਰਥ ਟੈਸਟ ਮੈਚ : ਆਸਟ੍ਰੇਲੀਆ ਨੇ ਪਹਿਲੇ ਦਿਨ ਦੀ ਖੇਡ ਖ਼ਤਮ ਹੋਣ ਤੱਕ 6 ਵਿਕਟਾਂ 'ਤੇ ਬਣਾਈਆਂ 277 ਦੌੜਾਂ...
ਸਮਝੌਤੇ ਤੋਂ ਬਾਅਦ ਕੰਮ 'ਤੇ ਪਰਤੇ ਸੂਬੇ ਦੇ ਪਟਵਾਰੀ
. . .  about 1 hour ago
ਸੰਗਰੂਰ, 14 ਦਸੰਬਰ (ਧੀਰਜ ਪਸ਼ੋਰੀਆ)- ਜ਼ਿਲ੍ਹਾ ਪ੍ਰਸ਼ਾਸਨ ਬਠਿੰਡਾ ਵੱਲੋਂ ਸੰਘਰਸ਼ ਕਰ ਰਹੇ ਰਾਜ ਦੇ ਪਟਵਾਰੀਆਂ ਅਤੇ ਕਾਨੂੰਗੋਆਂ ਦੀਆਂ ਮੰਗਾਂ ਮੰਨ ਲਏ ਜਾਣ ਪਿੱਛੋਂ ਸੂਬੇ ਦੇ ਪਟਵਾਰੀ ਅਤੇ ਕਾਨੂੰਗੋ ਕੰਮ 'ਤੇ ਪਰਤ ਆਏ ਹਨ। ਐਸੋਸੀਏਸ਼ਨ ਦੇ ਆਗੂ ਦੀਦਾਰ ਸਿੰਘ .....
ਵਸਤਾਂ ਅਤੇ ਸੇਵਾਵਾਂ ਸੋਧ ਬਿਲ 2018 ਸੰਬੰਧੀ ਮਨਪ੍ਰੀਤ ਬਾਦਲ ਵੱਲੋਂ ਸਦਨ 'ਚ ਪੇਸ਼ ਕੀਤਾ ਗਿਆ ਪ੍ਰਸਤਾਵ
. . .  about 1 hour ago
ਪੰਚਾਇਤੀ ਰਾਜ ਸੋਧ ਬਿਲ 2018 ਪੰਜਾਬ ਵਿਧਾਨ ਸਭਾ 'ਚ ਪਾਸ
. . .  about 1 hour ago
ਸੰਵਿਧਾਨਿਕ ਮਜਬੂਰੀ ਦੇ ਚੱਲਦਿਆਂ ਪੰਚਾਇਤੀ ਚੋਣਾਂ ਅੱਗੇ ਨਹੀਂ ਪਾਈਆਂ ਜਾ ਸਕਦੀਆਂ- ਤ੍ਰਿਪਤ ਬਾਜਵਾ
. . .  about 1 hour ago
ਚੰਡੀਗੜ੍ਹ, 14 ਦਸੰਬਰ (ਵਿਕਰਮਜੀਤ ਸਿੰਘ ਮਾਨ)- ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਨੇ ਕਿਹਾ ਸੰਵਿਧਾਨਿਕ ਮਜਬੂਰੀ ਦੇ ਚੱਲਦਿਆਂ ਪੰਚਾਇਤੀ ਚੋਣਾਂ ਅੱਗੇ ਨਹੀਂ ਪਾਈਆਂ ਜਾ ਸਕਦੀਆਂ। ਉਨ੍ਹਾਂ ਕਿਹਾ ਕਿ 30 ਨੂੰ ਚੋਣਾਂ ਹਨ ਜਦਕਿ 28 ਨੂੰ ਸ਼ਹੀਦੀ ਦਿਵਸ....
ਟਕਸਾਲੀ ਆਗੂਆਂ ਨੂੰ ਨਵੀ ਪਾਰਟੀ ਦੇ ਗਠਨ ਤੋਂ ਪਹਿਲਾਂ ਮਿਲਿਆ ਭਰਵਾਂ ਹੁੰਗਾਰਾ
. . .  about 1 hour ago
ਅੰਮ੍ਰਿਤਸਰ, 14 ਦਸੰਬਰ (ਸੁਰਿੰਦਰਪਾਲ ਸਿੰਘ)- ਸਵ. ਮਨਜੀਤ ਸਿੰਘ ਕਲਕੱਤੇ ਦੇ ਬੇਟੇ ਗੁਰਪ੍ਰੀਤ ਸਿੰਘ ਕਲਕੱਤਾ ਅਤੇ ਪ੍ਰਦੀਪ ਸਿੰਘ ਵਾਲੀਆ ਆਪਣੇ ਸਾਥੀਆਂ ਸਮੇਤ ਟਕਸਾਲੀ ਆਗੂ ਰਣਜੀਤ ਸਿੰਘ ਬ੍ਰਹਮਪੁਰਾ, ਰਤਨ ਸਿੰਘ ਅਜਨਾਲਾ ਤੇ ਸੇਵਾ ਸਿੰਘ ਸੇਖਵਾਂ ਦੇ ਧੜੇ .....
ਪੰਚਾਇਤੀ ਰਾਜ ਸੋਧ ਬਿੱਲ ਪਾਸ ਕਰਨ ਮੌਕੇ ਨਾਗਰਾ ਅਤੇ ਮਜੀਠੀਆ ਵਿਚਾਲੇ ਤਿੱਖੀਆਂ ਝੜਪਾਂ
. . .  about 1 hour ago
ਹੋਰ ਖ਼ਬਰਾਂ..

ਸਾਡੀ ਸਿਹਤ

ਜ਼ਹਿਰੀਲੀ ਹਵਾ ਤੋਂ ਕਿਵੇਂ ਬਚੀਏ?

ਦੇਸ਼ ਵਿਚ ਪ੍ਰਦੂਸ਼ਣ ਨਾਲ ਦਿੱਲੀ ਸਮੇਤ ਅਨੇਕ ਸ਼ਹਿਰਾਂ ਦੀ ਹਵਾ ਜ਼ਹਿਰੀਲੀ ਹੋ ਗਈ ਹੈ, ਜੋ ਬਿਮਾਰੀਆਂ ਫੈਲਾਅ ਰਹੀ ਹੈ। ਇਸ ਤੋਂ ਆਪਣਾ ਬਚਾਅ ਕਰਨਾ ਹੁਣ ਜ਼ਰੂਰੀ ਹੋ ਗਿਆ ਹੈ। ਹਵਾ ਵਿਚ ਜ਼ਹਿਰੀਲੀਆਂ ਗੈਸਾਂ ਦੀ ਮਾਤਰਾ ਵਧਣ ਨਾਲ ਲੋਕਾਂ ਨੂੰ ਸਾਹ ਲੈਣ ਵਿਚ ਮੁਸ਼ਕਿਲ ਹੋਣ ਦੇ ਨਾਲ-ਨਾਲ ਅੱਖਾਂ ਵਿਚ ਜਲਣ ਦੀ ਵੀ ਸ਼ਿਕਾਇਤ ਸਾਹਮਣੇ ਆ ਰਹੀ ਹੈ।
ਆਕਸੀਜਨ ਦੀ ਕਮੀ : ਆਕਸੀਜਨ ਨਾ ਮਿਲਣ ਦੇ ਕਾਰਨ ਖੂਨ ਦੀਆਂ ਧਮਨੀਆਂ ਫਟ ਜਾਂਦੀਆਂ ਹਨ, ਜਿਸ ਨਾਲ ਦਿਮਾਗ ਵਿਚ ਖੂਨ ਦੀ ਸਪਲਾਈ ਬੰਦ ਹੋ ਜਾਂਦੀ ਹੈ। ਖੂਨ ਦੀ ਸਪਲਾਈ ਬੰਦ ਹੋਣ ਨਾਲ ਥੱਕੇ ਜੰਮਣੇ ਸ਼ੁਰੂ ਹੋ ਜਾਂਦੇ ਹਨ, ਜਿਸ ਨਾਲ ਬ੍ਰੇਨ ਸਟ੍ਰੋਕ ਜਾਂ ਬ੍ਰੇਨ ਹੈਮਰੇਜ ਦਾ ਖ਼ਤਰਾ ਵਧ ਜਾਂਦਾ ਹੈ। ਇਸ ਤੋਂ ਇਲਾਵਾ ਕੰਮ ਦਾ ਤਣਾਅ, ਉੱਚ ਖੂਨ ਦਬਾਅ ਅਤੇ ਸਿਗਰਟਨੋਸ਼ੀ ਵੀ ਬ੍ਰੇਨ ਸਟ੍ਰੋਕ ਦਾ ਇਕ ਕਾਰਨ ਹੈ। ਸਵੇਰ ਦੀ ਕਸਰਤ ਹੋਈ ਖ਼ਤਰਨਾਕ : ਸਵੇਰ ਦੇ ਸਮੇਂ ਕਸਰਤ ਕਰਨਾ ਸਿਹਤ ਲਈ ਸਭ ਤੋਂ ਜ਼ਿਆਦਾ ਲਾਭਦਾਇਕ ਮੰਨਿਆ ਜਾਂਦਾ ਹੈ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਵਾਤਾਵਰਨ ਵਿਚ ਵਧਦੇ ਪ੍ਰਦੂਸ਼ਣ ਕਾਰਨ ਹੁਣ ਸਵੇਰ ਦੇ ਸਮੇਂ ਕਸਰਤ ਕਰਨੀ ਸਿਹਤ ਲਈ ਸਭ ਤੋਂ ਵੱਧ ਘਾਤਕ ਬਣ ਚੁੱਕੀ ਹੈ। ਸਵੇਰੇ ਅਤੇ ਸ਼ਾਮ ਨੂੰ ਪ੍ਰਦੂਸ਼ਣ ਦਾ ਪੱਧਰ ਸਭ ਤੋਂ ਖ਼ਤਰਨਾਕ ਹੱਦ ਤੱਕ ਪਹੁੰਚ ਜਾਂਦਾ ਹੈ। ਨਤੀਜੇ ਵਜੋਂ ਇਸ ਦੌਰਾਨ ਖੁੱਲ੍ਹੀ ਜਗ੍ਹਾ 'ਤੇ ਕਸਰਤ ਕਰਨ ਵਾਲੇ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਆਪਣਾ ਸ਼ਿਕਾਰ ਬਣਾ ਸਕਦੀਆਂ ਹਨ। ਅਸਲ ਵਿਚ ਵਧਦੇ ਪ੍ਰਦੂਸ਼ਣ ਦੇ ਚਲਦੇ ਇਹ ਪ੍ਰੇਸ਼ਾਨੀਆਂ ਹੋਣੀਆਂ ਆਮ ਗੱਲ ਹੈ।
ਸਮਾਗ ਅਰਥਾਤ ਧੂੰਏਂ ਅਤੇ ਧੁੰਦ ਦਾ ਮਿਸ਼ਰਣ : ਹੁਣ ਘੱਟ ਤਾਪਮਾਨ ਅਤੇ ਕੋਹਰਾ ਮਿਲ ਕੇ ਵਾਤਾਵਰਨ ਵਿਚ ਕੰਬਲ ਦੀ ਤਰ੍ਹਾਂ ਪ੍ਰਦੂਸ਼ਣ ਦੀ ਇਕ ਪਰਤ ਤਿਆਰ ਕਰਦੇ ਹਨ। ਇਸ ਪਰਤ 'ਤੇ ਧੂੜ ਦੇ ਕਣ ਇਕੱਠੇ ਹੋ ਜਾਂਦੇ ਹਨ ਅਤੇ ਵਾਪਸ ਵਾਤਾਵਰਨ ਵਿਚ ਘੁੰਮਦੇ ਰਹਿੰਦੇ ਹਨ। ਪ੍ਰਦੂਸ਼ਣ ਦੇ ਵਿਚ ਇਨ੍ਹਾਂ ਦਿਨਾਂ ਵਿਚ ਸਮਾਗ ਸ਼ਬਦ ਵੀ ਬਹੁਤ ਚਰਚਾ ਵਿਚ ਹੈ। ਸਮਾਗ ਦੋ ਸ਼ਬਦਾਂ ਨੂੰ ਮਿਲ ਕੇ ਬਣਿਆ ਇਕ ਸ਼ਬਦ ਹੈ। ਇਸ ਦਾ ਮਤਲਬ ਹੈ ਧੂੰਆਂ ਅਤੇ ਧੁੰਦ ਦਾ ਮਿਸ਼ਰਣ।
ਪ੍ਰਦੂਸ਼ਣ ਨਾਲ ਹੋਣ ਵਾਲੀਆਂ ਬਿਮਾਰੀਆਂ ਦੇ ਲੱਛਣ : ਜ਼ੁਕਾਮ ਹੋਣਾ, ਸਾਹ ਲੈਣ ਵਿਚ ਅੜਚਣ, ਅੱਖਾਂ ਵਿਚ ਜਲਣ, ਖੰਘ, ਟੀ. ਬੀ. ਅਤੇ ਗਲੇ ਵਿਚ ਸੰਕ੍ਰਮਣ, ਸਾਇਨਸ, ਅਸਥਮਾ, ਫੇਫੜਿਆਂ ਨਾਲ ਸਬੰਧਿਤ ਬਿਮਾਰੀਆਂ।
ਹਵਾ ਪ੍ਰਦੂਸ਼ਣ ਤੋਂ ਬਚਾਅ : * ਘਰੋਂ ਬਾਹਰ ਨਿਕਲਦੇ ਸਮੇਂ ਹਮੇਸ਼ਾ ਮੂੰਹ 'ਤੇ ਮਾਸਕ ਦੀ ਵਰਤੋਂ ਕਰੋ। ਇਸ ਤੋਂ ਇਲਾਵਾ ਅੱਖਾਂ 'ਤੇ ਚਸ਼ਮਾ ਵੀ ਲਗਾਓ। ਧਿਆਨ ਰੱਖੋ, ਚਿਹਰੇ 'ਤੇ ਲੱਗੇ ਮਾਸਕ ਨੂੰ ਵਾਰ-ਵਾਰ ਛੂਹਣਾ ਨਹੀਂ ਚਾਹੀਦਾ।
* ਇਕ ਮਾਸਕ ਨੂੰ ਇਕ ਵਾਰ ਹੀ ਵਰਤੋ। ਇਕ ਹੀ ਮਾਸਕ ਦੀ ਵਰਤੋਂ ਵਾਰ-ਵਾਰ ਕਰਕੇ ਤੁਸੀਂ ਵਾਇਰਸ ਅਤੇ ਕਈ ਤਰ੍ਹਾਂ ਦੇ ਸੰਕ੍ਰਮਣ ਫੈਲਾਉਣ ਵਾਲੇ ਬੈਕਟੀਰੀਆ ਦੀ ਚਪੇਟ ਵਿਚ ਆ ਸਕਦੇ ਹੋ।
* ਘਰ ਦੇ ਬਾਹਰ ਦੀ ਸੜਕ ਨੂੰ ਗਿੱਲਾ ਕਰਕੇ ਰੱਖੋ ਤਾਂ ਕਿ ਧੂੜ ਦੇ ਦੂਸ਼ਿਤ ਕਣ ਹਵਾ ਵਿਚ ਨਾ ਉੱਡਣ। ਇਸ ਤੋਂ ਇਲਾਵਾ ਘਰ ਵਿਚ ਵੀ ਸਾਫ਼-ਸਫ਼ਾਈ ਦਾ ਪੂਰਾ ਧਿਆਨ ਰੱਖੋ।
* ਘਰੋਂ ਬਾਹਰ ਟਹਿਲਣ ਲਈ ਉਦੋਂ ਹੀ ਨਿਕਲੋ, ਜਦੋਂ ਵਾਤਾਵਰਨ ਵਿਚ ਪ੍ਰਦੂਸ਼ਣ ਦਾ ਪੱਧਰ ਘੱਟ ਹੋਵੇ।
ਆਹਾਰ
* ਖਾਣਾ ਖਾਣ ਤੋਂ ਬਾਅਦ ਥੋੜ੍ਹਾ ਜਿਹਾ ਗੁੜ ਜ਼ਰੂਰ ਖਾਓ। ਗੁੜ ਖੂਨ ਸਾਫ਼ ਕਰਦਾ ਹੈ। ਇਸ ਨਾਲ ਤੁਸੀਂ ਪ੍ਰਦੂਸ਼ਣ ਤੋਂ ਬਚੇ ਰਹੋਗੇ।
* ਫੇਫੜਿਆਂ ਨੂੰ ਧੂੜ ਦੇ ਕਣਾਂ ਤੋਂ ਬਚਾਉਣ ਲਈ ਤੁਸੀਂ ਰੋਜ਼ਾਨਾ ਇਕ ਗਿਲਾਸ ਗਰਮ ਦੁੱਧ ਜ਼ਰੂਰ ਪੀਓ।
* ਅਦਰਕ ਦਾ ਰਸ ਅਤੇ ਸਰ੍ਹੋਂ ਦਾ ਤੇਲ ਨੱਕ ਵਿਚ ਬੂੰਦ-ਬੂੰਦ ਕਰਕੇ ਪਾਉਣ ਨਾਲ ਵੀ ਤੁਸੀਂ ਹਾਨੀਕਾਰਕ ਧੂੜ ਦੇ ਕਣਾਂ ਤੋਂ ਬਚੇ ਰਹੋਗੇ।
* ਖੁਦ ਨੂੰ ਪ੍ਰਦੂਸ਼ਣ ਦੇ ਪ੍ਰਭਾਵ ਤੋਂ ਬਚਾਉਣ ਲਈ ਤੁਸੀਂ ਵੱਧ ਤੋਂ ਵੱਧ ਪਾਣੀ ਦਾ ਸੇਵਨ ਕਰੋ।
ਕੁਝ ਆਯੁਰਵੈਦਿਕ ਉਪਾਅ
* ਸ਼ਹਿਦ ਵਿਚ ਕਾਲੀ ਮਿਰਚ ਮਿਲਾ ਕੇ ਖਾਓ। ਤੁਹਾਡੇ ਫੇਫੜਿਆਂ ਵਿਚ ਜੰਮੀ ਕਫ ਅਤੇ ਗੰਦਗੀ ਬਾਹਰ ਨਿਕਲ ਜਾਵੇਗੀ।
* ਅਜ਼ਵਾਇਣ ਦੀਆਂ ਪੱਤੀਆਂ ਦਾ ਪਾਣੀ ਪੀਣ ਨਾਲ ਵੀ ਵਿਅਕਤੀ ਦਾ ਖੂਨ ਸਾਫ਼ ਹੋਣ ਨਾਲ ਸਰੀਰ ਦੇ ਅੰਦਰ ਮੌਜੂਦ ਦੂਸ਼ਿਤ ਤੱਤ ਬਾਹਰ ਨਿਕਲ ਜਾਂਦੇ ਹਨ।
* ਤੁਲਸੀ ਪ੍ਰਦੂਸ਼ਣ ਤੋਂ ਤੁਹਾਡੀ ਰੱਖਿਆ ਕਰਦੀ ਹੈ। ਇਸ ਲਈ ਰੋਜ਼ਾਨਾ ਤੁਲਸੀ ਦੇ ਪੱਤਿਆਂ ਦਾ ਪਾਣੀ ਪੀਣ ਨਾਲ ਤੁਸੀਂ ਤੰਦਰੁਸਤ ਰਹੋਗੇ।
* ਠੰਢੇ ਪਾਣੀ ਦੀ ਜਗ੍ਹਾ ਕੋਸੇ ਪਾਣੀ ਦਾ ਸੇਵਨ ਕਰਨਾ ਸ਼ੁਰੂ ਕਰ ਦਿਓ।
**


ਖ਼ਬਰ ਸ਼ੇਅਰ ਕਰੋ

ਦੁੱਧ ਕਿੰਨਾ ਜ਼ਰੂਰੀ ਹੈ ਸਰੀਰਕ ਵਿਕਾਸ ਲਈ

ਦੁੱਧ ਇਕ ਅਜਿਹਾ ਪੀਣ ਵਾਲਾ ਪਦਾਰਥ ਹੈ, ਜਿਸ ਨੂੰ ਹਰ ਉਮਰ ਵਾਲਾ ਪੀ ਸਕਦਾ ਹੈ, ਕਿਉਂਕਿ ਇਸ ਵਿਚ ਮੌਜੂਦ ਕੈਲਸ਼ੀਅਮ ਅਤੇ ਵਿਟਾਮਿਨ ਸਰੀਰ ਨੂੰ ਤੰਦਰੁਸਤ ਰੱਖਣ ਵਿਚ ਮਦਦ ਕਰਦੇ ਹਨ। ਸ਼ਾਇਦ ਇਸੇ ਲਈ ਮਾਵਾਂ ਬਚਪਨ ਤੋਂ ਹੀ ਬੱਚਿਆਂ ਨੂੰ ਦੁੱਧ ਪਿਲਾਉਂਦੀਆਂ ਹਨ, ਤਾਂ ਕਿ ਬੱਚਿਆਂ ਦਾ ਸਰੀਰਕ ਵਿਕਾਸ ਢੰਗ ਨਾਲ ਹੋ ਸਕੇ ਅਤੇ ਉਨ੍ਹਾਂ ਦੇ ਦੰਦ, ਹੱਡੀਆਂ ਮਜ਼ਬੂਤ ਬਣੀਆਂ ਰਹਿਣ। ਬੱਚਿਆਂ ਅਤੇ ਵੱਡਿਆਂ ਦੋਵਾਂ ਨੂੰ ਦੁੱਧ ਨਾਲ ਪੋਸ਼ਟਿਕ ਤੱਤ ਮਿਲਦੇ ਹਨ। ਤਾਂ ਹੀ ਇਸ ਨੂੰ ਸੰਪੂਰਨ ਖੁਰਾਕ ਵੀ ਮੰਨਿਆ ਗਿਆ ਹੈ।
ਕੈਲਸ਼ੀਅਮ ਦਾ ਚੰਗਾ ਸਰੋਤ ਹੈ ਦੁੱਧ : ਦੁੱਧ ਵਿਚ ਕੈਲਸ਼ੀਅਮ ਦੀ ਮਾਤਰਾ ਹੁੰਦੀ ਹੈ। ਹਰ 100 ਗ੍ਰਾਮ ਦੁੱਧ ਵਿਚ 280 ਤੋਂ 300 ਮਿ: ਗ੍ਰਾ: ਕੈਲਸ਼ੀਅਮ ਪਾਇਆ ਜਾਂਦਾ ਹੈ। ਜੇ ਅਸੀਂ ਬਚਪਨ ਤੋਂ ਨਿਯਮਤ ਦੁੱਧ ਪੀਈਏ ਤਾਂ ਸਾਡੇ ਸਰੀਰ ਵਿਚ ਕੈਲਸ਼ੀਅਮ ਦੀ ਮਾਤਰਾ ਕੁਦਰਤੀ ਰੂਪ ਨਾਲ ਜਾਂਦੀ ਰਹੇਗੀ, ਜੋ ਹੱਡੀਆਂ ਅਤੇ ਦੰਦਾਂ ਦੀ ਮਜ਼ਬੂਤੀ ਲਈ ਜ਼ਰੂਰੀ ਹੈ।
ਦੁੱਧ ਆਪਣੇ-ਆਪ ਵਿਚ ਪੂਰਨ ਆਹਾਰ ਹੈ : ਦੁੱਧ ਵਿਚ ਨਿਊਟ੍ਰੀਏਂਟਸ ਦੀ ਮਾਤਰਾ ਕਾਫੀ ਹੁੰਦੀ ਹੈ, ਜਿਵੇਂ ਪ੍ਰੋਟੀਨ, ਵਿਟਾਮਿਨ 'ਏ', 'ਬੀ-12', ਕੈਲਸ਼ੀਅਮ, ਫਾਸਫੋਰਸ, ਜ਼ਿੰਕ, ਮੈਗਨੀਸ਼ੀਅਮ ਅਤੇ ਪੋਟਾਸ਼ੀਅਮ ਆਦਿ। ਕਾਫੀ ਪੋਸ਼ਟਿਕ ਤੱਤਾਂ ਨਾਲ ਭਰਪੂਰ ਦੁੱਧ ਨੂੰ ਪੂਰਨ ਆਹਾਰ ਮੰਨਿਆ ਜਾਂਦਾ ਹੈ। ਦੁੱਧ ਤੋਂ ਇਲਾਵਾ ਵੀ ਸਾਨੂੰ ਅਜਿਹੇ ਖਾਧ ਪਦਾਰਥਾਂ ਦਾ ਨਿਯਮਤ ਸੇਵਨ ਕਰਨਾ ਚਾਹੀਦਾ ਹੈ, ਜਿਨ੍ਹਾਂ ਵਿਚ ਵਿਟਾਮਿਨ 'ਸੀ' ਅਤੇ ਆਇਰਨ ਵੀ ਹੋਵੇ, ਤਾਂ ਹੀ ਸਾਡੀ ਖੁਰਾਕ ਸੰਤੁਲਤ ਹੋਵੇਗੀ।
ਨਾਸ਼ਤੇ ਵਿਚ ਪੀਓ ਦੁੱਧ : ਦੁੱਧ ਵਿਚ ਕਾਫੀ ਸਾਰੇ ਪੋਸ਼ਟਿਕ ਤੱਤ ਹੋਣ ਕਾਰਨ ਨਾਸ਼ਤੇ ਵਿਚ ਇਸ ਦਾ ਸੇਵਨ ਚੰਗਾ ਹੁੰਦਾ ਹੈ। ਖਾਲੀ ਦੁੱਧ ਨਾ ਲਓ। ਇਸ ਦੇ ਨਾਲ ਦਲੀਆ, ਓਟਸ, ਸੀਰਿਯਲਸ ਆਦਿ ਲਓ ਤਾਂ ਕਿ ਤੁਹਾਡਾ ਨਾਸ਼ਤਾ ਪੋਸ਼ਟਿਕਤਾ ਨਾਲ ਭਰਪੂਰ ਹੋਵੇ। ਰਾਤ ਦੇ ਖਾਣੇ ਅਤੇ ਨਾਸ਼ਤੇ ਵਿਚ 8 ਤੋਂ 10 ਘੰਟੇ ਦਾ ਫਰਕ ਹੁੰਦਾ ਹੈ, ਇਸ ਲਈ ਨਾਸ਼ਤਾ ਪੋਸ਼ਟਿਕਤਾ ਨਾਲ ਭਰਪੂਰ ਹੋਣਾ ਚਾਹੀਦਾ ਹੈ।
ਚਮੜੀ ਲਈ ਦੁੱਧ ਚੰਗਾ ਹੈ : ਨਿਯਮਤ ਦੁੱਧ ਦੇ ਸੇਵਨ ਨਾਲ ਤੁਹਾਡੀ ਚਮੜੀ ਵਿਚ ਕੁਦਰਤੀ ਨਮੀ ਬਣੀ ਰਹਿੰਦੀ ਹੈ, ਜਿਸ ਨਾਲ ਚਮੜੀ ਖੁਸ਼ਕ ਨਹੀਂ ਹੁੰਦੀ। ਕੱਚੇ ਦੁੱਧ ਨੂੰ ਚਮੜੀ 'ਤੇ ਵੀ ਲਗਾਇਆ ਜਾ ਸਕਦਾ ਹੈ ਅਤੇ ਹੋਰ ਚੀਜ਼ਾਂ ਨਾਲ ਮਿਲਾ ਕੇ ਇਸ ਨਾਲ ਉਬਟਨ ਤਿਆਰ ਕੀਤਾ ਜਾ ਸਕਦਾ ਹੈ, ਜੋ ਚਮੜੀ ਦੀ ਰੰਗਤ ਸਾਫ਼ ਕਰਨ ਵਿਚ ਮਦਦ ਕਰਦਾ ਹੈ। ਦੁੱਧ ਲਗਾਉਣ ਤੋਂ ਪਹਿਲਾਂ ਉਸ ਨੂੰ ਚਮੜੀ, ਕੂਹਣੀ ਦੇ ਅੰਦਰ ਲਗਾ ਕੇ ਕੁਝ ਸਮੇਂ ਲਈ ਛੱਡ ਦਿਓ, ਕਿਉਂਕਿ ਮਿਲਾਵਟੀ ਦੁੱਧ ਚਮੜੀ ਨੂੰ ਨੁਕਸਾਨ ਵੀ ਪਹੁੰਚਾ ਸਕਦਾ ਹੈ।
ਹੱਡੀਆਂ ਨੂੰ ਮਿਲਦੀ ਹੈ ਮਜ਼ਬੂਤੀ : ਇਹ ਸੱਚ ਹੈ ਕਿ ਦੁੱਧ ਦਾ ਨਿਯਮਤ ਸੇਵਨ ਹੱਡੀਆਂ ਨੂੰ ਮਜ਼ਬੂਤ ਬਣਾਉਂਦਾ ਹੈ। ਵਧਦੀ ਉਮਰ ਵਿਚ ਬੱਚਿਆਂ ਨੂੰ ਦਿਨ ਵਿਚ ਦੋ ਵਾਰ ਦੁੱਧ ਦਿਓ। ਇਕ ਸਰਵੇਖਣ ਅਨੁਸਾਰ ਕਈ ਦੇਸ਼ਾਂ ਵਿਚ ਬੱਚਿਆਂ ਵਿਚ ਹੱਡੀਆਂ ਦੀ ਸਮੱਸਿਆ ਪਾਈ ਗਈ, ਜਿਸ ਦੀ ਵਜ੍ਹਾ ਦੁੱਧ ਦਾ ਬਹੁਤ ਘੱਟ ਸੇਵਨ ਸੀ।
**

ਇੰਜ ਕਰੋ ਭੋਜਨ ਪਦਾਰਥਾਂ ਵਿਚ ਮਿਲਾਵਟ ਦੀ ਪਛਾਣ

ਅੱਜ ਦੀ ਤਾਰੀਖ ਵਿਚ ਸਭ ਖਾਧ ਪਦਾਰਥ ਵਿਸ਼ੇਸ਼ ਕਰਕੇ ਕਣਕ, ਚੌਲ, ਦਾਲਾਂ, ਦੁੱਧ, ਮਸਾਲੇ, ਚਾਹ ਦੀ ਪੱਤੀ, ਤੇਲ, ਘਿਓ ਅਤੇ ਨਮਕ ਆਦਿ ਵਿਚ ਮਿਲਾਵਟ ਹੋਣੀ ਇਕ ਆਮ ਗੱਲ ਹੋ ਗਈ ਹੈ, ਜਿਸ ਦੀ ਵਜ੍ਹਾ ਨਾਲ ਵਿਅਕਤੀ ਨੂੰ ਆਪਣਾ ਸਰੀਰ ਤੰਦਰੁਸਤ ਬਣਾਈ ਰੱਖਣਾ ਬੜੀ ਟੇਢੀ ਖੀਰ ਸਾਬਤ ਹੋ ਰਿਹਾ ਹੈ।
ਕੀ ਹਨ ਮਿਲਾਵਟ ਵਾਲੇ ਖਾਧ ਪਦਾਰਥ
ਜਦੋਂ ਕਿਸੇ ਖਾਧ ਪਦਾਰਥ ਵਿਚ ਕੋਈ ਬਾਹਰੀ ਚੀਜ਼ ਮਿਲਾ ਕੇ ਉਸ ਵਿਚੋਂ ਜ਼ਰੂਰੀ ਤੱਤਾਂ ਨੂੰ ਕੱਢ ਲਿਆ ਜਾਂਦਾ ਹੈ ਜਾਂ ਗ਼ਲਤ ਤਰੀਕੇ ਨਾਲ ਸੰਗ੍ਰਹਿਤ ਕੀਤਾ ਜਾਂਦਾ ਹੈ ਅਤੇ ਇਸ ਨਾਲ ਉਸ ਦੀ ਸ਼ੁੱਧਤਾ ਵਿਚ ਕਮੀ ਆ ਜਾਂਦੀ ਹੈ ਤਾਂ ਉਸ ਖਾਧ ਸਮੱਗਰੀ ਜਾਂ ਖਾਧ ਪਦਾਰਥ ਨੂੰ ਮਿਲਾਵਟ ਵਾਲਾ ਪਦਾਰਥ ਕਿਹਾ ਜਾਂਦਾ ਹੈ।
ਇਸ ਤਰ੍ਹਾਂ ਦੀ ਮਿਲਾਵਟ ਨਾਲ ਖਾਣ ਵਾਲਿਆਂ ਨੂੰ ਖਾਧ ਪਦਾਰਥਾਂ ਵਿਚੋਂ ਮਿਲਣ ਵਾਲੇ ਜ਼ਰੂਰੀ ਪੋਸ਼ਕ ਤੱਤਾਂ ਤੋਂ ਵਾਂਝਾ ਹੋਣਾ ਪੈਂਦਾ ਹੈ ਅਤੇ ਉਹ ਇਸ ਜ਼ਿਆਦਾ ਮਿਲਾਵਟੀ ਆਹਾਰ ਨੂੰ ਲੈਣ ਨਾਲ ਅਨੇਕ ਬਿਮਾਰੀਆਂ ਦੇ ਸ਼ਿਕਾਰ ਹੋ ਜਾਂਦੇ ਹਨ। ਇਸ ਲਈ ਖਪਤਕਾਰਾਂ ਨੂੰ ਹਮੇਸ਼ਾ ਸਾਮਾਨ ਖਰੀਦਦੇ ਸਮੇਂ ਉਸ ਦੇ ਗੁਣਾਂ, ਰੰਗਾਂ ਤੋਂ ਇਲਾਵਾ ਸ਼ੁੱਧਤਾ ਨੂੰ ਜਾਂਚਣ ਦੀ ਜਾਣਕਾਰੀ ਜ਼ਰੂਰ ਹੋਣੀ ਚਾਹੀਦੀ ਹੈ। ਇਸ ਲਈ ਖਾਧ ਪਦਾਰਥਾਂ ਵਿਚ ਮਿਲਾਵਟ ਲਾਭ ਕਮਾਉਣ ਲਈ ਕੀਤੀ ਜਾਂਦੀ ਹੈ।
ਕਿਵੇਂ ਕਰੀਏ ਮਿਲਾਵਟ ਦੀ ਪਛਾਣ?
ਵੈਸੇ ਤਾਂ ਮਿਲਾਵਟੀ ਪਦਾਰਥਾਂ ਦੀ ਪਛਾਣ ਕਰਨੀ ਕਾਫੀ ਮੁਸ਼ਕਿਲ ਹੈ ਪਰ ਜੇ ਤੁਸੀਂ ਕੁਝ ਘਰੇਲੂ ਤਰੀਕਿਆਂ ਨਾਲ ਜਾਂਚ ਕਰਦੇ ਹੋ ਤਾਂ ਜ਼ਰੂਰ ਇਸ ਦੀ ਅਸਲੀ ਸ਼ੁੱਧਤਾ ਦੀ ਪਰਖ ਕਰ ਸਕਦੇ ਹੋ। ਖਪਤਕਾਰਾਂ ਨੂੰ ਇਸ ਗੱਲ ਦੀ ਜਾਣਕਾਰੀ ਜ਼ਰੂਰ ਹੋਣੀ ਚਾਹੀਦੀ ਹੈ ਕਿ ਖਾਧ ਪਦਾਰਥਾਂ ਵਿਚ ਕਿਸ-ਕਿਸ ਤਰ੍ਹਾਂ ਦੀ ਮਿਲਾਵਟ ਕੀਤੀ ਜਾਂਦੀ ਹੈ ਅਤੇ ਇਸ ਨੂੰ ਕਿਵੇਂ ਜਾਂਚਿਆ ਜਾ ਸਕਦਾ ਹੈ। ਆਓ ਜਾਣੀਏ-
ਦੁੱਧ : ਦੁੱਧ ਦੀ ਸਚਾਈ ਜਾਣਨ ਲਈ ਤੁਹਾਨੂੰ ਲੈਕਟੋਮੀਟਰ ਦੀ ਲੋੜ ਪਵੇਗੀ। ਤਾਂ ਹੀ ਇਸ ਦੀ ਅਸਲੀਅਤ ਜਾਂਚ ਹੋ ਸਕਦੀ ਹੈ। ਇਸ ਤੋਂ ਇਲਾਵਾ ਤੁਸੀਂ ਦੁੱਧ ਦੀ ਸ਼ੁੱਧਤਾ ਨੂੰ ਨਾਈਟ੍ਰਿਕ ਐਸਿਡ ਦੇ ਜ਼ਰੀਏ ਵੀ ਨਾਪ ਸਕਦੇ ਹੋ। ਇਸ ਵਾਸਤੇ ਦੁੱਧ ਵਿਚ ਦੋ ਬੂੰਦਾਂ ਨਾਈਟ੍ਰਿਕ ਐਸਿਡ ਦੀਆਂ ਮਿਲਾਓ। ਤੁਸੀਂ ਦੇਖੋਗੇ ਕਿ ਦੁੱਧ ਅਤੇ ਪਾਣੀ ਦੋਵੇਂ ਵੱਖ-ਵੱਖ ਹੋ ਗਏ ਹਨ। ਇਸ ਨਾਲ ਵੀ ਵਿਅਕਤੀ ਦੀ ਸਿਹਤ ਕਾਫੀ ਹੱਦ ਤੱਕ ਪ੍ਰਭਾਵਿਤ ਹੁੰਦੀ ਹੈ।
ਹਲਦੀ : ਬੇਸਣ ਅਤੇ ਹਲਦੀ ਵਿਚ ਅਕਸਰ ਰੰਗ ਮਿਲਾਇਆ ਜਾਂਦਾ ਹੈ, ਜਿਸ ਵਾਸਤੇ ਇਕ ਚਮਚ ਹਲਦੀ ਨੂੰ ਇਕ ਪਰਖ ਨਲੀ ਵਿਚ ਪਾਉਣ ਤੋਂ ਬਾਅਦ ਉਸ ਵਿਚ ਸਾਂਦ੍ਰ ਹਾਈਡ੍ਰੋਕਲੋਰਿਕ ਅਮਲ ਦੀਆਂ ਕੁਝ ਕੁ ਬੂੰਦਾਂ ਪਾਓ। ਜੇ ਬੈਂਗਣੀ ਰੰਗ ਦਿਸਦਾ ਹੈ ਅਤੇ ਮਿਸ਼ਰਣ ਵਿਚ ਪਾਣੀ ਪਾਉਣ 'ਤੇ ਇਹ ਰੰਗ ਓਝਲ ਹੋ ਜਾਂਦਾ ਹੈ ਤਾਂ ਹਲਦੀ ਸ਼ੁੱਧ ਹੈ, ਨਹੀਂ ਤਾਂ ਮਿਲਾਵਟੀ ਹੈ, ਜੋ ਕਿ ਪ੍ਰਜਨਣ ਤੰਤਰ ਨੂੰ ਨੁਕਸਾਨ ਪਹੁੰਚਾ ਸਕਦੀ ਹੈ ਅਤੇ ਯਕ੍ਰਤ ਅਤੇ ਗੁਰਦੇ ਨੂੰ ਵੀ ਨੁਕਸਾਨ ਪਹੁੰਚਾ ਦੇਵੇਗੀ।
ਚਾਹ ਦੀ ਪੱਤੀ : ਚਾਹ ਦੀ ਪੱਤੀ ਵਿਚ ਮਿਲਾਵਟ ਦਾ ਪਤਾ ਲਗਾਉਣ ਲਈ ਕਿਸੇ ਸਫੈਦ ਗਿੱਲੇ ਕਾਗਜ਼ 'ਤੇ ਸਭ ਤੋਂ ਪਹਿਲਾਂ ਉਸ ਨੂੰ ਪਾਓ। ਜੇ ਕੋਈ ਰੰਗ ਮਿਲਾਇਆ ਗਿਆ ਹੋਵੇਗਾ ਤਾਂ ਤੁਰੰਤ ਕਾਗਜ਼ 'ਤੇ ਉਤਰ ਆਵੇਗਾ, ਜੋ ਕਿ ਭਵਿੱਖ ਵਿਚ ਤੁਹਾਨੂੰ ਆਹਾਰ ਤੰਤਰ ਰੂਪੀ ਕਈ ਬਿਮਾਰੀਆਂ ਲਾ ਸਕਦਾ ਹੈ।
ਸਰ੍ਹੋਂ ਦਾ ਤੇਲ : ਸਰ੍ਹੋਂ ਦੇ ਤੇਲ ਵਿਚ ਵੀ ਸੋਇਆਬੀਨ, ਰੇਪਸੀਡ ਅਤੇ ਆਰਜਿਮੋਨ ਤੇਲ ਦੀ ਵਰਤੋਂ ਕੀਤੀ ਜਾਂਦੀ ਹੈ। ਮਿਲਾਵਟ ਦੀ ਸਟੀਕ ਜਾਂਚ ਲਈ ਟੈਸਟ ਟਿਊਬ ਵਿਚ ਸਲਫਿਊਰਿਕ ਐਸਿਡ ਅਤੇ ਤੇਲ ਮਿਲਾ ਕੇ ਹਿਲਾਓ। ਜੇ ਤੇਲ ਮਿਲਾਵਟੀ ਹੋਵੇਗਾ ਤਾਂ ਹੇਠਾਂ ਪੀਲਾ ਰੰਗ ਦਿਖਾਈ ਦੇਣ ਲੱਗੇਗਾ, ਜੋ ਕਿ ਅੱਗੇ ਚੱਲ ਕੇ ਬੇਕਾਬੂ ਜਬਰ ਨਾਲ ਜੂਝਣ 'ਤੇ ਮਜਬੂਰ ਕਰ ਦੇਵੇਗਾ।
ਕਾਲੀ ਮਿਰਚ : ਅੰਤ ਵਿਚ ਅਸੀਂ ਗੱਲ ਕਰਦੇ ਹਾਂ ਕਾਲੀ ਮਿਰਚ ਦੀ। ਵੈਸੇ ਤਾਂ ਕਾਲੀ ਮਿਰਚ ਵਿਚ ਪਪੀਤੇ ਦੇ ਬੀਜ ਹੀ ਮਿਲਾਏ ਜਾਂਦੇ ਹਨ, ਜਿਸ ਦੀ ਪਛਾਣ ਦੇਖਣ ਨਾਲ ਹੀ ਹੋ ਜਾਂਦੀ ਹੈ ਪਰ ਜੇ ਫਿਰ ਵੀ ਸ਼ੁੱਧਤਾ ਵਿਚ ਸ਼ੱਕ ਰਹਿ ਜਾਂਦਾ ਹੈ ਤਾਂ ਕਾਲੀ ਮਿਰਚ ਨੂੰ ਪਾਣੀ ਵਿਚ ਪਾ ਦਿਓ। ਜੇ ਪਪੀਤੇ ਦੇ ਬੀਜਾਂ ਦਾ ਮਿਸ਼ਰਣ ਹੈ ਤਾਂ ਉਹ ਪਾਣੀ ਵਿਚ ਤੈਰਨ ਲੱਗੇਗਾ ਅਤੇ ਸ਼ੁੱਧ ਕਾਲੀ ਮਿਰਚ ਡੁੱਬ ਜਾਵੇਗੀ। ਇਸ ਤਰ੍ਹਾਂ ਤੁਸੀਂ ਇਸ ਵਿਚ ਹੋਈ ਮਿਲਾਵਟ ਦੀ ਪਛਾਣ ਨੂੰ ਅਸਾਨੀ ਨਾਲ ਦੇਖਣ ਵਿਚ ਸਫ਼ਲ ਹੋ ਜਾਓਗੇ।

ਨਿਯਮਤ ਦੇਖਭਾਲ ਜ਼ਰੂਰੀ ਹੈ ਕਿੱਲ-ਮੁਹਾਸਿਆਂ ਦੀ

ਜਵਾਨੀ ਦੀ ਦਹਿਲੀਜ਼ 'ਤੇ ਪੈਰ ਰੱਖਦੇ ਹੀ ਅੱਲੜ੍ਹ-ਮੁਟਿਆਰਾਂ ਵਿਚ ਹੋਣ ਵਾਲੇ ਹਾਰਮੋਨਲ ਪਰਿਵਰਤਨਾਂ ਨਾਲ ਚਿਹਰੇ 'ਤੇ ਮੁਹਾਸੇ ਨਿਕਲਣੇ ਸ਼ੁਰੂ ਹੋ ਜਾਂਦੇ ਹਨ। ਇਸ ਤੋਂ ਇਲਾਵਾ ਖਾਣ-ਪੀਣ ਦੀਆਂ ਗ਼ਲਤ ਆਦਤਾਂ ਵੀ ਇਸ ਦੀਆਂ ਜ਼ਿੰਮੇਵਾਰ ਹੁੰਦੀਆਂ ਹਨ। ਸਮੇਂ ਸਿਰ ਭੋਜਨ ਨਾ ਕਰਨਾ, ਖੂਬ ਤਲੀਆਂ-ਭੁੰਨੀਆਂ ਚੀਜ਼ਾਂ ਖਾਣੀਆਂ, ਖਾਣੇ ਵਿਚ ਸਟਾਰਚ, ਖੰਡ ਅਤੇ ਚਰਬੀ ਦੀ ਜ਼ਿਆਦਾ ਵਰਤੋਂ ਇਨ੍ਹਾਂ ਦਾ ਕਾਰਨ ਹੁੰਦਾ ਹੈ।
ਕਬਜ਼ ਰਹਿਣ ਨਾਲ ਵੀ ਮੁਹਾਸੇ ਹੋ ਜਾਂਦੇ ਹਨ। ਖਰਾਬ ਵਾਤਾਵਰਨ ਵਿਚ ਰਹਿਣ ਨਾਲ ਵੀ ਮੁਹਾਸੇ ਹੋ ਜਾਂਦੇ ਹਨ। ਜ਼ਿਆਦਾ ਮਾਤਰਾ ਵਿਚ ਚਾਹ, ਕੌਫੀ, ਤੰਬਾਕੂ ਸੇਵਨ ਨਾਲ ਵੀ ਮੁਹਾਸੇ ਹੋ ਸਕਦੇ ਹਨ। ਚਿਹਰੇ 'ਤੇ ਜ਼ਿਆਦਾ ਮੇਕਅਪ ਕਰਨ ਨਾਲ ਚਿਹਰੇ ਦੀ ਚਮੜੀ ਦੇ ਮੁਸਾਮ ਬੰਦ ਹੋ ਜਾਂਦੇ ਹਨ। ਇਸ ਕਾਰਨ ਵੀ ਮੁਹਾਸੇ ਨਿਕਲ ਆਉਂਦੇ ਹਨ। ਤੇਲੀ ਚਮੜੀ ਦੇ ਕਾਰਨ ਵੀ ਗੰਦਗੀ ਅਤੇ ਧੂੜ ਜੰਮ ਕੇ ਮੁਸਾਮਾਂ ਨੂੰ ਬੰਦ ਕਰਦੀ ਹੈ ਅਤੇ ਇਸ ਨਾਲ ਮੁਹਾਸੇ ਨਿਕਲ ਆਉਂਦੇ ਹਨ। ਜ਼ਿਆਦਾ ਸ਼ਰਾਬ ਪੀਣ ਕਰਕੇ ਵੀ ਮੁਹਾਸੇ ਨਿਕਲਦੇ ਹਨ।
ਕ੍ਰਿਤਰਮ ਇਲਾਜ : ਮੁਹਾਸਿਆਂ ਦੇ ਇਲਾਜ ਦੇ ਕਿਸੇ ਲੇਪ ਜਾਂ ਮਲ੍ਹਮ ਦੀ ਵਰਤੋਂ ਨਾਲ ਸਥਾਈ ਲਾਭ ਨਹੀਂ ਹੁੰਦਾ। ਇਸ ਨਾਲ ਚਰਬੀ ਗ੍ਰੰਥੀਆਂ ਅਸਥਾਈ ਰੂਪ ਨਾਲ ਦੱਬ ਜਾਂਦੀਆਂ ਹਨ। ਜੇ ਚਿਹਰੇ 'ਤੇ ਮੁਹਾਸੇ ਹੋਣ ਤਾਂ ਚਿਹਰੇ ਦੀ ਚੰਗੀ ਤਰ੍ਹਾਂ ਸਫ਼ਾਈ ਕਰਨੀ ਚਾਹੀਦੀ ਹੈ। ਦਿਨ ਵਿਚ ਦੋ ਜਾਂ ਤਿੰਨ ਵਾਰ ਕਲੀਂਜ਼ਿੰਗ ਮਿਲਕ ਜਾਂ ਕਿਸੇ ਚੰਗੇ ਲੋਸ਼ਨ ਨੂੰ ਰੂੰ 'ਤੇ ਲਗਾ ਕੇ ਚਿਹਰਾ ਸਾਫ਼ ਕਰਨਾ ਚਾਹੀਦਾ ਹੈ। ਫਿਰ ਸ਼ੁੱਧ ਪਾਣੀ ਨਾਲ ਚਿਹਰਾ ਚੰਗੀ ਤਰ੍ਹਾਂ ਧੋਣਾ ਚਾਹੀਦਾ ਹੈ।
ਚਿਹਰੇ ਦੀ ਸਫ਼ਾਈ ਲਈ ਸਾਧਾਰਨ ਸਾਬਣ ਦੀ ਵਰਤੋਂ ਕਦੇ ਨਹੀਂ ਕਰਨੀ ਚਾਹੀਦੀ। ਹਮੇਸ਼ਾ ਮੈਡੀਕੇਟਿਡ ਜਾਂ ਐਂਟੀਸੈਪਟਿਕ ਸਾਬਣ ਜਾਂ ਫੇਸ ਵਾਸ਼ ਦੀ ਵਰਤੋਂ ਕਰਨੀ ਚਾਹੀਦੀ ਹੈ। ਚਿਹਰੇ ਦੀ ਚਮੜੀ ਦੀ ਬਾਹਰੀ ਸਫ਼ਾਈ ਕਰਨ ਨਾਲੋਂ ਜ਼ਿਆਦਾ ਜ਼ਰੂਰੀ ਹੈ ਚਮੜੀ ਦੇ ਅੰਦਰੋਂ ਸਫ਼ਾਈ ਕਰਨੀ। ਇਸ ਲਈ ਘੱਟ ਤੋਂ ਘੱਟ ਇਕ ਵਾਰ 5 ਤੋਂ 8 ਮਿੰਟ ਤੱਕ ਭਾਫ ਲੈਣੀ ਜ਼ਰੂਰੀ ਹੈ। ਭਾਫ ਲੈਣ ਲਈ ਇਕ ਪਤੀਲੇ ਵਿਚ ਪਾਣੀ ਉਬਾਲੋ। ਉਸ ਵਿਚ ਇਕ ਵੱਡਾ ਚਮਚ ਸੋਢਾ ਬਾਈਕਾਰਬੋਨੇਟ ਪਾਓ ਅਤੇ ਤੌਲੀਏ ਨਾਲ ਢਕ ਕੇ ਚਿਹਰੇ 'ਤੇ ਭਾਫ ਦਿਓ। ਇਸ ਤੋਂ ਬਾਅਦ ਬਰਫ ਨਾਲ ਮਾਲਿਸ਼ ਕਰੋ ਅਤੇ ਐਸਟ੍ਰਿੰਜੈਂਟ ਲਗਾਓ। ਕਬਜ਼ ਤੋਂ ਬਚੋ, ਪੇਟ ਹਮੇਸ਼ਾ ਸਾਫ਼ ਰੱਖੋ।
ਕਬਜ਼ ਦੂਰ ਕਰਨ ਲਈ ਸਵੇਰੇ ਉੱਠਣ ਤੋਂ ਬਾਅਦ ਇਕ ਗਿਲਾਸ ਕੋਸੇ ਪਾਣੀ ਵਿਚ ਇਕ ਚੁਟਕੀ ਸਾਫ਼ ਨਮਕ ਅਤੇ ਇਕ ਨਿੰਬੂ ਦਾ ਰਸ ਪਾ ਕੇ ਪੀਓ। ਇਸ ਨਾਲ ਪੇਟ ਸਾਫ਼ ਹੋਣ ਦੇ ਨਾਲ-ਨਾਲ ਖੂਨ ਵੀ ਸਾਫ਼ ਹੁੰਦਾ ਹੈ, ਸਰੀਰ ਵੀ ਤੰਦਰੁਸਤ ਰਹਿੰਦਾ ਹੈ ਅਤੇ ਮੁਹਾਸੇ ਵੀ ਘੱਟ ਨਿਕਲਦੇ ਹਨ। ਜੇ ਚਿਹਰੇ 'ਤੇ ਜ਼ਿਆਦਾ ਮੁਹਾਸੇ ਹੋਣ ਅਤੇ ਜ਼ਿਆਦਾ ਦਿਨਾਂ ਤੋਂ ਠੀਕ ਨਾ ਹੋ ਰਹੇ ਹੋਣ ਤਾਂ ਵਿਟਾਮਿਨ 'ਏ' ਦਾ ਸੇਵਨ ਕਰੋ। ਵਿਟਾਮਿਨ 'ਏ' ਦੀ ਗੋਲੀ ਨਿਯਮਤ ਇਕ ਮਹੀਨੇ ਤੱਕ ਲੈਣ ਨਾਲ ਲਾਭ ਹੁੰਦਾ ਹੈ।
ਕੁਦਰਤੀ ਇਲਾਜ : ਮੁਹਾਸਿਆਂ ਤੋਂ ਪੀੜਤ ਵਿਅਕਤੀ ਨੂੰ ਲਗਪਗ ਇਕ ਹਫ਼ਤੇ ਤੱਕ ਸਿਰਫ ਫਲਾਂ ਅਤੇ ਉਨ੍ਹਾਂ ਦੇ ਰਸਾਂ ਨੂੰ ਹੀ ਭੋਜਨ ਦੇ ਰੂਪ ਵਿਚ ਲੈਣ ਦੀ ਸਲਾਹ ਦਿੱਤੀ ਜਾਂਦੀ ਹੈ। ਰੋਗੀ ਨੂੰ ਸਿਰਫ ਤਿੰਨ ਸਮੇਂ ਫਲ ਖਾਣ ਲਈ ਦਿੱਤੇ ਜਾਂਦੇ ਹਨ, ਜਿਨ੍ਹਾਂ ਵਿਚ ਸੇਬ, ਨਾਸ਼ਪਾਤੀ, ਅੰਗੂਰ, ਅਨਾਨਾਸ ਅਤੇ ਆੜੂ ਵਰਗੇ ਰਸੀਲੇ ਫਲ ਹੀ ਸ਼ਾਮਿਲ ਹਨ। ਸੰਤਰਾ, ਨਿੰਬੂ, ਕੇਲੇ, ਸੁੱਕੇ ਮੇਵੇ ਅਤੇ ਡੱਬਾਬੰਦ ਫਲ ਖਾਣੇ ਸਖ਼ਤ ਮਨ੍ਹਾਂ ਹਨ।
ਨਿੰਬੂ-ਪਾਣੀ ਜਾਂ ਸਾਦਾ ਪਾਣੀ ਪੀਣ ਲਈ ਕਿਹਾ ਜਾਂਦਾ ਹੈ। ਹਲਕਾ ਕੋਸਾ ਪਾਣੀ ਜ਼ਿਆਦਾ ਲਾਭਦਾਇਕ ਹੁੰਦਾ ਹੈ। ਪਾਣੀ ਦਾ ਸੇਵਨ ਵੱਧ ਤੋਂ ਵੱਧ ਕਰਨਾ ਚਾਹੀਦਾ ਹੈ। ਇਕ ਹਫ਼ਤਾ ਫਲਾਂ 'ਤੇ ਰੱਖ ਕੇ ਫਿਰ ਹੌਲੀ-ਹੌਲੀ ਰੋਗੀ ਨੂੰ ਸੰਤੁਲਿਤ ਭੋਜਨ ਦਿੱਤਾ ਜਾਂਦਾ ਹੈ। ਇਸ ਵਿਚ ਤਾਜ਼ੇ ਫਲ, ਹਰੀਆਂ ਸਬਜ਼ੀਆਂ, ਪੁੰਗਰੇ ਛੋਲੇ, ਮੂੰਗ, ਕੜੀ ਛਿੱਲ ਵਾਲੇ ਫਲ, ਰੇਸ਼ੇਯੁਕਤ ਖਾਧ ਪਦਾਰਥ ਸ਼ਾਮਿਲ ਹੋਣ। ਸਟਾਰਚ, ਪ੍ਰੋਟੀਨ ਅਤੇ ਚਰਬੀ ਵਾਲਾ ਭੋਜਨ ਨਾ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਮਾਸ, ਖੰਡ, ਸ਼ਰਾਬ, ਚਾਹ, ਕੌਫੀ, ਮਿਰਚ, ਮਸਾਲਾ, ਸਾਫਟ ਡ੍ਰਿੰਕ, ਆਈਸਕ੍ਰੀਮ ਦਾ ਘੱਟ ਤੋਂ ਘੱਟ ਸੇਵਨ ਕਰਨਾ ਚਾਹੀਦਾ ਹੈ। ਮੈਦੇ ਤੋਂ ਬਣੇ ਖਾਧ ਪਦਾਰਥਾਂ ਦਾ ਸੇਵਨ ਵੀ ਨਹੀਂ ਕਰਨਾ ਚਾਹੀਦਾ।
ਘਰੇਲੂ ਇਲਾਜ : ਸੰਤਰੇ ਦੀ ਛਿੱਲ ਮੁਹਾਸਿਆਂ ਲਈ ਕਾਫੀ ਫਾਇਦੇਮੰਦ ਹੁੰਦੀ ਹੈ। ਸੰਤਰਿਆਂ ਦੀਆਂ ਛਿੱਲਾਂ ਨੂੰ ਪਾਣੀ ਵਿਚ ਪੀਸ ਕੇ ਮੁਹਾਸਿਆਂ 'ਤੇ ਲੇਪ ਦੀ ਤਰ੍ਹਾਂ ਲਗਾਓ। ਥੋੜ੍ਹੀ ਦੇਰ ਬਾਅਦ ਸ਼ੁੱਧ ਪਾਣੀ ਨਾਲ ਚਿਹਰਾ ਧੋ ਦਿਓ। ਰਾਤ ਨੂੰ ਸੌਣ ਤੋਂ ਪਹਿਲਾਂ ਇਕ ਚਮਚਾ ਹਰੇ ਧਨੀਏ ਦੇ ਪੱਤੇ ਪੀਸ ਕੇ ਮੁਹਾਸਿਆਂ 'ਤੇ ਲਗਾਓ ਤਾਂ ਕਾਫੀ ਲਾਭ ਹੁੰਦਾ ਹੈ।

ਫੇਫੜਿਆਂ ਦੇ ਸੰਕ੍ਰਮਣ ਦਾ ਨਤੀਜਾ ਹੈ ਟੀ.ਬੀ.

ਯਕਸ਼ਮਾ, ਕਸ਼ਯ ਰੋਗ, ਤਪਦਿਕ ਅਤੇ ਥਾਇਸਿਸ ਆਦਿ ਨਾਵਾਂ ਨਾਲ ਜਾਣਿਆ ਜਾਣ ਵਾਲਾ ਟੀ. ਬੀ. ਰੋਗ ਇਕ ਸੰਕ੍ਰਾਮਕ ਰੋਗ ਹੈ, ਜੋ ਇਕ ਬੈਕਟੀਰੀਆ ਦੇ ਸੰਕ੍ਰਮਣ ਦੇ ਕਾਰਨ ਹੁੰਦਾ ਹੈ। ਵੈਸੇ ਤਾਂ ਇਹ ਫੇਫੜਿਆਂ ਦਾ ਰੋਗ ਹੈ ਪਰ ਇਹ ਫੇਫੜਿਆਂ ਤੋਂ ਖੂਨ ਪ੍ਰਵਾਹ ਦੇ ਨਾਲ ਹੱਡੀਆਂ, ਹੱਡੀਆਂ ਦੀਆਂ ਸੰਧੀਆਂ, ਲਿੰਫ ਗ੍ਰੰਥੀਆਂ, ਅੰਤੜੀ, ਮੂਤਰ ਅਤੇ ਪ੍ਰਜਨਣ ਤੰਤਰ ਦੇ ਅੰਗ, ਦਿਮਾਗ ਅਤੇ ਚਮੜੀ ਆਦਿ ਸਰੀਰ ਦੇ ਦੂਜੇ ਅੰਗਾਂ ਵਿਚ ਵੀ ਫੈਲ ਸਕਦਾ ਹੈ।
ਇਸ ਰੋਗ ਦੇ ਬੈਕਟੀਰੀਆ ਸਾਹ ਦੁਆਰਾ ਸਰੀਰ ਵਿਚ ਜਾਂਦੇ ਹਨ। ਰੋਗੀ ਵਿਅਕਤੀ ਦੇ ਖੰਘਣ, ਬੋਲਣ, ਛਿੱਕਣ ਜਾਂ ਥੁੱਕਣ ਸਮੇਂ ਬਲਗਮ ਜਾਂ ਥੁੱਕ ਦੀਆਂ ਛੋਟੀਆਂ-ਛੋਟੀਆਂ ਬੂੰਦਾਂ ਹਵਾ ਵਿਚ ਫੈਲ ਜਾਂਦੀਆਂ ਹਨ। ਇਨ੍ਹਾਂ ਵਿਚ ਮੌਜੂਦ ਇਸ ਰੋਗ ਦੇ ਬੈਕਟੀਰੀਆ ਕਈ ਘੰਟਿਆਂ ਤੱਕ ਹਵਾ ਵਿਚ ਜੀਵਤ ਰਹਿੰਦੇ ਹਨ ਅਤੇ ਤੰਦਰੁਸਤ ਵਿਅਕਤੀ ਦੇ ਸਰੀਰ ਵਿਚ ਇਹ ਬੈਕਟੀਰੀਆ ਸਾਹ ਰਾਹੀਂ ਦਾਖਲ ਹੋ ਕੇ ਉਸ ਨੂੰ ਰੋਗੀ ਬਣਾ ਦਿੰਦੇ ਹਨ। ਰੋਗ ਤੋਂ ਪ੍ਰਭਾਵਿਤ ਅੰਗਾਂ ਵਿਚ ਛੋਟੀਆਂ-ਛੋਟੀਆਂ ਗੰਢਾਂ ਬਣ ਜਾਂਦੀਆਂ ਹਨ। ਇਲਾਜ ਨਾ ਕਰਾਉਣ 'ਤੇ ਰੋਗਗ੍ਰਸਤ ਅੰਗ ਕੰਮ ਕਰਨਾ ਬੰਦ ਕਰ ਦਿੰਦਾ ਹੈ, ਜਿਸ ਨਾਲ ਰੋਗੀ ਦੀ ਮੌਤ ਹੋ ਜਾਂਦੀ ਹੈ।
ਕਾਰਨ : ਇਹ ਰੋਗ ਕਈ ਕਾਰਨਾਂ ਕਰਕੇ ਹੁੰਦਾ ਹੈ ਪਰ ਗਰੀਬੀ, ਨਾਕਾਫੀ ਅਤੇ ਅਪੋਸ਼ਟਿਕ ਭੋਜਨ, ਘੱਟ ਜਗ੍ਹਾ ਵਿਚ ਜ਼ਿਆਦਾ ਲੋਕਾਂ ਦਾ ਰਹਿਣਾ, ਗੰਦਗੀ, ਗਾਂ ਦਾ ਕੱਚਾ ਦੁੱਧ ਪੀਣਾ ਆਦਿ ਇਸ ਰੋਗ ਦੇ ਕੁਝ ਕਾਰਨ ਹਨ। ਰੋਗੀ ਦੇ ਸੰਪਰਕ ਵਿਚ ਰਹਿਣ ਜਾਂ ਉਸ ਦੀਆਂ ਚੀਜ਼ਾਂ ਦੀ ਵਰਤੋਂ ਕਰਨ ਨਾਲ ਵੀ ਰੋਗ ਹੁੰਦਾ ਹੈ। ਲਾਪ੍ਰਵਾਹੀ ਨਾਲ ਰੋਗੀ ਦਾ ਖੂਨ ਕਿਸੇ ਹੋਰ ਵਿਅਕਤੀ ਨੂੰ ਚੜ੍ਹਾਉਣ ਨਾਲ ਉਹ ਵਿਅਕਤੀ ਵੀ ਇਸ ਦਾ ਸ਼ਿਕਾਰ ਹੋ ਜਾਂਦਾ ਹੈ।
ਟੀ. ਬੀ. ਦੇ ਮਰੀਜ਼ ਵਲੋਂ ਜਗ੍ਹਾ-ਜਗ੍ਹਾ ਥੁੱਕਣ ਨਾਲ ਇਸ ਦੇ ਵਿਸ਼ਾਣੂ ਤੰਦਰੁਸਤ ਵਿਅਕਤੀ ਦੇ ਸਰੀਰ ਵਿਚ ਦਾਖਲ ਹੋ ਕੇ ਉਸ ਨੂੰ ਰੋਗੀ ਬਣਾ ਦਿੰਦੇ ਹਨ। ਕੱਪੜਾ ਮਿੱਲ ਵਿਚ ਕੰਮ ਕਰਨ ਵਾਲੇ ਮਜ਼ਦੂਰ, ਰੇਸ਼ੇ-ਰੂੰ ਦੇ ਸੰਪਰਕ ਵਿਚ ਰਹਿਣ ਵਾਲੇ ਲੋਕ, ਬੁਨਕਰ, ਧੂੜ ਦੇ ਸੰਪਰਕ ਵਿਚ ਰਹਿਣ ਵਾਲੇ ਲੋਕ ਅਤੇ ਹਨੇਰੀਆਂ ਕੋਠੜੀਆਂ ਜਾਂ ਚਾਲਾਂ ਵਿਚ ਰਹਿਣ ਵਾਲੇ ਲੋਕ ਵੀ ਇਸ ਰੋਗ ਦਾ ਸ਼ਿਕਾਰ ਹੋ ਜਾਂਦੇ ਹਨ। ਸ਼ਰਾਬ ਪੀਣ, ਸਿਗਰਟਨੋਸ਼ੀ ਅਤੇ ਰੋਗਗ੍ਰਸਤ ਪਸ਼ੂ ਦਾ ਮਾਸ ਖਾਣ ਵਾਲੇ ਲੋਕ ਵੀ ਟੀ. ਬੀ. ਦਾ ਸ਼ਿਕਾਰ ਹੋ ਸਕਦੇ ਹਨ।
ਰੋਗ ਦਾ ਫੈਲਣਾ : ਰੋਗ ਦੇ ਬੈਕਟੀਰੀਆ ਸਾਹ ਰਾਹੀਂ ਫੇਫੜਿਆਂ ਵਿਚ ਪਹੁੰਚ ਜਾਂਦੇ ਹਨ ਅਤੇ ਉਥੇ ਆਪਣੀ ਗਿਣਤੀ ਵਧਾਉਣ ਲਗਦੇ ਹਨ। ਇਨ੍ਹਾਂ ਦੇ ਸੰਕ੍ਰਮਣ ਦੇ ਕਾਰਨ ਫੇਫੜਿਆਂ ਵਿਚ ਛੋਟੇ-ਛੋਟੇ ਜ਼ਖਮ ਬਣ ਜਾਂਦੇ ਹਨ, ਜਿਸ ਦਾ ਪਤਾ ਐਕਸਰੇ ਦੁਆਰਾ ਲੱਗ ਜਾਂਦਾ ਹੈ। ਜ਼ਿਆਦਾਤਰ ਰੋਗੀਆਂ ਵਿਚ ਰੋਗ ਦੇ ਲੱਛਣ ਨਹੀਂ ਪੈਦਾ ਹੁੰਦੇ ਪਰ ਸਰੀਰ ਵਿਚ ਰੋਗਾਂ ਨਾਲ ਲੜਨ ਦੀ ਸਮਰੱਥਾ ਘੱਟ ਹੋਣ 'ਤੇ ਰੋਗ ਦੇ ਲੱਛਣ ਛੇਤੀ ਦਿਖਾਈ ਦੇਣ ਲਗਦੇ ਹਨ ਅਤੇ ਉਹ ਪੂਰੀ ਤਰ੍ਹਾਂ ਰੋਗਗ੍ਰਸਤ ਹੋ ਜਾਂਦਾ ਹੈ। ਅਜਿਹੇ ਰੋਗੀਆਂ ਦੇ ਫੇਫੜਿਆਂ ਜਾਂ ਲਿੰਫ ਗ੍ਰੰਥੀਆਂ ਵਿਚ ਟੀ. ਬੀ. ਦੇ ਬੈਕਟੀਰੀਆ ਪਾਏ ਜਾਂਦੇ ਹਨ। ਵੈਸੇ ਰੋਗੀਆਂ ਵਿਚ, ਜਿਨ੍ਹਾਂ ਦੀ ਰੋਗਾਂ ਨਾਲ ਲੜਨ ਦੀ ਸਮਰੱਥਾ ਜ਼ਿਆਦਾ ਹੁੰਦੀ ਹੈ, ਉਹ ਜੀਵਾਣੂ ਆਪਣੇ-ਆਪ ਨੂੰ ਕੈਲਸ਼ੀਅਮ ਜਾਂ ਫਾਈਬ੍ਰੋਸਿਸ ਦੇ ਖੋਲ ਦੇ ਅੰਦਰ ਬੰਦ ਕਰ ਲੈਂਦੇ ਹਨ। ਅਜਿਹੇ ਜੀਵਾਣੂ ਸਰੀਰ ਵਿਚ ਕਈ ਸਾਲਾਂ ਤੱਕ ਰਹਿ ਸਕਦੇ ਹਨ। ਅਜਿਹੀ ਹਾਲਤ ਵਿਚ ਸਰੀਰ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਉਂਦੇ ਪਰ ਇਨ੍ਹਾਂ ਦੇ ਵਿਰੁੱਧ ਵੀ ਕੁਝ ਨਹੀਂ ਕੀਤਾ ਜਾ ਸਕਦਾ। ਜਦੋਂ ਸਰੀਰ ਦੀ ਰੋਗਾਂ ਨਾਲ ਲੜਨ ਦੀ ਸਮਰੱਥਾ ਘਟਦੀ ਹੈ, ਉਦੋਂ ਰੋਗ ਦੇ ਲੱਛਣ ਪੈਦਾ ਹੋਣ ਲਗਦੇ ਹਨ।
ਇਸ ਰੋਗ ਦੇ ਲੱਛਣ ਨਿਮੋਨੀਆ, ਬ੍ਰੋਂਕਾਈਟਿਸ ਅਤੇ ਫੇਫੜਿਆਂ ਦੇ ਕੈਂਸਰ ਆਦਿ ਰੋਗਾਂ ਦੇ ਲੱਛਣ ਵਰਗੇ ਹੀ ਹੁੰਦੇ ਹਨ। ਇਸ ਲਈ ਜਦੋਂ ਤੱਕ ਕਿਸੇ ਰੋਗ ਦਾ ਨਿਸਚਿਤ ਹੱਲ ਨਾ ਹੋ ਜਾਵੇ, ਇਸ ਰੋਗ ਦੇ ਹੋਣ ਦੀ ਸੰਭਾਵਨਾ ਹੁੰਦੀ ਹੈ।

ਥਕਾਵਟ ਨੂੰ ਦੂਰ ਕਰਦੀ ਹੈ ਮਾਲਿਸ਼

ਮਾਲਿਸ਼ ਥਕਾਵਟ ਨੂੰ ਦੂਰ ਕਰਨ ਲਈ ਇਕ ਵਧੀਆ ਉਪਾਅ ਹੈ। ਇਹ ਇਕ ਤਰ੍ਹਾਂ ਨਾਲ ਸਰੀਰ ਦੀਆਂ ਮਾਸਪੇਸ਼ੀਆਂ ਦੀ ਕਸਰਤ ਹੈ। ਇਸ ਨਾਲ ਸਰੀਰ ਵਿਚ ਚੁਸਤੀ-ਫੁਰਤੀ ਆਉਂਦੀ ਹੈ। ਮਾਲਿਸ਼ ਲਕਵਾ, ਉਨੀਂਦਰਾ, ਮੋਟਾਪਾ, ਪੋਲੀਓ, ਉੱਚ ਖੂਨ ਦਬਾਅ ਆਦਿ ਰੋਗਾਂ ਵਿਚ ਵੀ ਲਾਭਕਾਰੀ ਹੈ।
* ਮਾਲਿਸ਼ ਕਰਨ ਤੋਂ ਪਹਿਲਾਂ ਹੱਥਾਂ ਦੇ ਨਹੁੰਆਂ ਨੂੰ ਜ਼ਰੂਰ ਕੱਟ ਲਓ।
* ਭੋਜਨ ਤੋਂ ਤੁਰੰਤ ਬਾਅਦ ਅਤੇ ਭੁੱਖੇ ਪੇਟ ਮਾਲਿਸ਼ ਕਰਨਾ ਹਾਨੀਕਾਰਕ ਹੈ।
* ਸਰਦੀਆਂ ਵਿਚ ਕੋਸੇ ਤੇਲ ਨਾਲ ਮਾਲਿਸ਼ ਕਰਨੀ ਲਾਭਦਾਇਕ ਹੈ।
* ਮਾਲਿਸ਼ ਧੁੱਪ ਵਿਚ ਕੀਤੀ ਜਾਵੇ ਤਾਂ ਚੰਗਾ ਹੋਵੇਗਾ।
* ਮਾਲਿਸ਼ ਕਰਨ ਤੋਂ ਪਹਿਲਾਂ ਹੱਥਾਂ ਨੂੰ ਪਰਸਪਰ ਰਗੜ ਕੇ ਗਰਮ ਕਰ ਲੈਣਾ ਚਾਹੀਦਾ ਹੈ। * ਹਵਾਦਾਰ ਜਗ੍ਹਾ ਵਿਚ ਮਾਲਿਸ਼ ਕਰਨੀ ਲਾਭਦਾਇਕ ਹੈ।
* ਮਾਲਿਸ਼ 25 ਤੋਂ 30 ਮਿੰਟ ਤੱਕ ਹੀ ਕਰੋ। * ਛੋਟੇ ਬੱਚੇ ਦੀ ਮਾਲਿਸ਼ ਹੌਲੀ-ਹੌਲੀ ਹੀ ਕਰੋ। ਧਿਆਨ ਰਹੇ ਕਿ ਬੱਚੇ ਦੇ ਸਰੀਰ ਦੇ ਅੰਗ ਦੱਬੇ ਨਾ ਜਾਣ।
* ਤੇਲ ਨਾਲ ਮਾਲਿਸ਼ ਕਰਨ ਤੋਂ ਬਾਅਦ ਕੋਸੇ ਪਾਣੀ ਨਾਲ ਨਹਾਉਣਾ ਚਾਹੀਦਾ ਹੈ, ਕਿਉਂਕਿ ਤੇਲ ਨਾਲ ਚਮੜੀ ਦੇ ਮੁਸਾਮਾਂ ਵਿਚ ਮੈਲ ਭਰ ਜਾਂਦੀ ਹੈ। ਜੇ ਤੁਸੀਂ ਨਹਾਉਣਾ ਨਹੀਂ ਚਾਹੁੰਦੇ ਤਾਂ ਸਰੀਰ ਨੂੰ ਕੋਸੇ ਪਾਣੀ ਨਾਲ ਚੰਗੀ ਤਰ੍ਹਾਂ ਪੂੰਝ ਲਓ।
-ਭਾਸ਼ਣਾ ਬਾਂਸਲ

ਸਿਹਤ ਖ਼ਬਰਨਾਮਾ

ਅਨਾਜ ਦੌਰੇ ਦੀ ਸੰਭਾਵਨਾ ਨੂੰ ਘੱਟ ਕਰਦਾ ਹੈ

ਹਾਲ ਹੀ ਵਿਚ ਇਕ ਨਵੀਂ ਖੋਜ ਅਨੁਸਾਰ ਅਨਾਜਾਂ ਦਾ ਸੇਵਨ ਦੌਰੇ ਦੀ ਸੰਭਾਵਨਾ ਨੂੰ ਘੱਟ ਕਰਦਾ ਹੈ। ਇਸ ਖੋਜ ਵਿਚ 1,21,000 ਔਰਤਾਂ 'ਤੇ ਇਕ ਅਧਿਐਨ ਕੀਤਾ ਗਿਆ। ਇਸ ਵਿਚੋਂ 75,000 ਔਰਤਾਂ ਨੂੰ ਨਾ ਤਾਂ ਕਦੇ ਸ਼ੂਗਰ ਅਤੇ ਨਾ ਹੀ ਦਿਲ ਦਾ ਰੋਗ ਹੋਇਆ ਸੀ। ਮਾਹਿਰਾਂ ਨੇ ਇਨ੍ਹਾਂ ਔਰਤਾਂ ਦੀਆਂ ਖਾਣੇ ਦੀਆਂ ਆਦਤਾਂ ਨੂੰ ਜਾਣਿਆ ਅਤੇ ਪਾਇਆ ਕਿ ਜੋ ਔਰਤਾਂ ਅਨਾਜਾਂ ਦਾ ਜ਼ਿਆਦਾ ਸੇਵਨ ਕਰਦੀਆਂ ਹਨ, ਉਨ੍ਹਾਂ ਨੂੰ ਅਨਾਜਾਂ ਦਾ ਸੇਵਨ ਨਾ ਕਰਨ ਵਾਲੀਆਂ ਔਰਤਾਂ ਦੀ ਤੁਲਨਾ ਵਿਚ 40 ਫੀਸਦੀ ਘੱਟ ਦਿਮਾਗੀ ਦੌਰਾ ਪੈਣ ਦੀ ਸੰਭਾਵਨਾ ਪਾਈ ਗਈ। ਮੰਦੇ ਭਾਗਾਂ ਨਾਲ ਬਹੁਤੇ ਲੋਕ ਰਿਫਾਇੰਡ ਅਨਾਜ ਵਰਗੇ ਬ੍ਰੈੱਡ, ਪਾਸਤਾ ਆਦਿ ਦਾ ਸੇਵਨ ਕਰਦੇ ਹਨ, ਜਿਸ ਨਾਲ ਉਨ੍ਹਾਂ ਨੂੰ ਲੋੜੀਂਦੇ ਪੋਸ਼ਕ ਤੱਤ ਨਹੀਂ ਮਿਲਦੇ, ਇਸ ਲਈ ਸਫੈਦ ਚੌਲ ਦੀ ਜਗ੍ਹਾ ਬਰਾਊਨ ਚੌਲ, ਮੈਦੇ ਦੀ ਜਗ੍ਹਾ ਆਟੇ ਦਾ ਸੇਵਨ ਕਰੋ।
ਓਮੇਗਾ-3 ਫੈਟੀ ਐਸਿਡ ਸਿਹਤ ਲਈ ਲਾਭਦਾਇਕ

ਨਵੀਆਂ ਖੋਜਾਂ ਅਨੁਸਾਰ ਮੱਛੀ ਦਾ ਸੇਵਨ ਦੌਰੇ ਦੀ ਸੰਭਾਵਨਾ ਨੂੰ ਘੱਟ ਕਰਦਾ ਹੈ। ਇਹ ਖੋਜ 80,000 ਅਮਰੀਕਨ ਔਰਤਾਂ 'ਤੇ ਕੀਤੀ ਗਈ, ਜਿਨ੍ਹਾਂ ਦੀ ਉਮਰ 34-35 ਸਾਲ ਸੀ। ਇਸ ਖੋਜ ਅਨੁਸਾਰ ਜਿਨ੍ਹਾਂ ਔਰਤਾਂ ਨੇ ਮੱਛੀ ਦਾ ਜ਼ਿਆਦਾ ਸੇਵਨ ਕੀਤਾ, ਉਨ੍ਹਾਂ ਵਿਚ ਮੱਛੀ ਦਾ ਸੇਵਨ ਨਾ ਕਰਨ ਵਾਲੀਆਂ ਔਰਤਾਂ ਦੀ ਤੁਲਨਾ ਵਿਚ ਦੌਰਾ ਪੈਣ ਦੀ ਸੰਭਾਵਨਾ 52 ਫੀਸਦੀ ਘੱਟ ਪਾਈ ਗਈ। ਇਸ ਖੋਜ ਦੇ ਮਾਹਿਰ ਡਾ: ਕੈਥਰੀਨ ਐਮ. ਰੇਕਸਰੋਡ ਦਾ ਕਹਿਣਾ ਹੈ ਕਿ ਦੌਰੇ ਦੀ ਸੰਭਾਵਨਾ ਘੱਟ ਹੋਣ ਦਾ ਕਾਰਨ ਓਮੇਗਾ-3 ਫੈਟੀ ਅਮਲਾਂ ਦੁਆਰਾ ਖੂਨ ਦੇ ਥੱਕਿਆਂ ਨੂੰ ਬਣਾਉਣ ਤੋਂ ਰੋਕਦਾ ਹੈ। ਦੌਰਾ ਪੈਣ ਦਾ 80 ਫੀਸਦੀ ਕਾਰਨ ਇਹ ਥੱਕੇ ਹੀ ਹਨ।

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX