ਤਾਜਾ ਖ਼ਬਰਾਂ


ਲੋਕ ਵਿਦੇਸ਼ਾਂ ਤੋਂ ਇਲਾਜ ਲਈ ਆਉਂਦੇ ਨੇ ਗੁਜਰਾਤ - ਪ੍ਰਧਾਨ ਮੰਤਰੀ
. . .  9 minutes ago
ਅਹਿਮਦਾਬਾਦ, 17 ਜਨਵਰੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੁਜਰਾਤ ਦੇ ਅਹਿਮਦਾਬਾਦ ਵਿਖੇ ਸਰਦਾਰ ਵੱਲਭ ਭਾਈ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸ ਐਂਡ ਰਿਸਰਚ...
ਆਸੀਆ ਅੰਦ੍ਰਾਬੀ ਨੂੰ ਐਨ.ਆਈ.ਏ ਅਦਾਲਤ 'ਚ ਕੀਤਾ ਗਿਆ ਪੇਸ਼
. . .  24 minutes ago
ਨਵੀਂ ਦਿੱਲੀ, 17 ਜਨਵਰੀ - ਅੱਤਵਾਦ ਦੇ ਦੋਸ਼ਾਂ ਵਿਚ ਕਸ਼ਮੀਰ ਦੀ ਵੱਖਵਾਦੀ ਆਗੂ ਆਸੀਆ ਅੰਦ੍ਰਾਬੀ ਨੂੰ ਉਸ ਦੇ 2 ਸਹਿਯੋਗੀਆਂ ਨਾਲ ਐਨ.ਆਈ.ਏ ਅਦਾਲਤ ਵਿਚ ਪੇਸ਼ ਕੀਤਾ...
ਕਾਂਗਰਸ ਵੱਲੋਂ ਵਿਧਾਨ ਸਭਾ ਚੋਣ ਲੜਨ ਵਾਲੇ ਰਾਜਵਿੰਦਰ ਸਿੰਘ ਲੱਖੀ ਅਕਾਲੀ ਦਲ 'ਚ ਸ਼ਾਮਲ
. . .  23 minutes ago
ਨਵੀਂ ਦਿੱਲੀ, 17 ਜਨਵਰੀ (ਜਗਤਾਰ ਸਿੰਘ)- ਨਵਾਂਸ਼ਹਿਰ ਤੋਂ ਕਾਂਗਰਸੀ ਆਗੂ ਰਾਜਵਿੰਦਰ ਸਿੰਘ ਲੱਖੀ ਅੱਜ ਸੁਖਬੀਰ ਸਿੰਘ ਬਾਦਲ ਦੀ ਮੌਜੂਦਗੀ 'ਚ ਸ਼੍ਰੋਮਣੀ ਅਕਾਲੀ ਦਲ ਚ ਸ਼ਾਮਿਲ ਹੋ ਗਏ ਹਨ। ਦੱਸ ਦੇਈਏ ਰਾਜਵਿੰਦਰ ਨੇ 2012 'ਚ ਕਾਂਗਰਸ ਦੀ ਟਿਕਟ 'ਤੇ .....
ਛਤਰਪਤੀ ਹੱਤਿਆ ਮਾਮਲਾ : ਜੱਜ ਨੇ ਫ਼ੈਸਲਾ ਪੜ੍ਹਨਾ ਕੀਤਾ ਸ਼ੁਰੂ
. . .  about 1 hour ago
ਪ੍ਰਧਾਨ ਮੰਤਰੀ ਨੇ ਕੀਤਾ ਸਰਦਾਰ ਵੱਲਭ ਭਾਈ ਪਟੇਲ ਇੰਸਟੀਚਿਊਟ ਦਾ ਉਦਘਾਟਨ
. . .  about 1 hour ago
ਅਹਿਮਦਾਬਾਦ, 17 ਜਨਵਰੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੁਜਰਾਤ ਦੇ ਅਹਿਮਦਾਬਾਦ ਵਿਖੇ ਸਰਦਾਰ ਵੱਲਭ ਭਾਈ ਪਟੇਲ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸ ਐਂਡ ਰਿਸਰਚ...
ਸੁਣਵਾਈ ਦੇ ਦੌਰਾਨ ਛਤਰਪਤੀ ਦੇ ਪਰਿਵਾਰ ਲਈ ਮੁਆਵਜ਼ੇ ਦੀ ਕੀਤੀ ਗਈ ਮੰਗ
. . .  about 1 hour ago
ਪੰਚਕੂਲਾ, 17 ਜਨਵਰੀ (ਰਾਮ ਸਿੰਘ ਬਰਾੜ)- ਸੀ.ਬੀ.ਆਈ. ਕੋਰਟ 'ਚ ਸੁਣਵਾਈ ਦੇ ਦੌਰਾਨ ਮਰਹੂਮ ਪੱਤਰਕਾਰ ਰਾਮ ਚੰਦਰ ਛਤਰਪਤੀ ਦੇ ਪਰਿਵਾਰ ਲਈ ਮੁਆਵਜ਼ੇ ਦੀ ਮੰਗ ਕੀਤੀ ਗਈ ਹੈ। ਇਸ ਦੇ ਨਾਲ ਹੀ ਡੇਰਾ ਮੁਖੀ ਰਾਮ ਰਹੀਮ ਨੂੰ ਦਿੱਤੀ ਗਈ ਸੁਰੱਖਿਆ 'ਚ ਹੋਏ .....
2018 'ਚ ਮਾਰੇ ਗਏ 250 ਅੱਤਵਾਦੀ - ਉੱਤਰੀ ਕਮਾਂਡ ਪ੍ਰਮੁੱਖ
. . .  about 1 hour ago
ਨਵੀਂ ਦਿੱਲੀ, 17 ਜਨਵਰੀ - ਉੱਤਰੀ ਕਮਾਂਡ ਪ੍ਰਮੁੱਖ ਲੈਫ਼ਟੀਨੈਂਟ ਜਨਰਲ ਰਣਵੀਰ ਸਿੰਘ ਨੇ ਕਿਹਾ ਕਿ 2018 ਸੁਰੱਖਿਆ ਬਲਾਂ ਲਈ ਸ਼ਾਨਦਾਰ ਰਿਹਾ ਹੈ। 2018 'ਚ ਸੁਰੱਖਿਆ ਬਲਾਂ ਨੇ...
ਛਤਰਪਤੀ ਹੱਤਿਆ ਮਾਮਲਾ : ਸੀ.ਬੀ.ਆਈ ਦੇ ਵਕੀਲ ਨੇ ਰਾਮ ਰਹੀਮ ਨੂੰ ਫਾਂਸੀ ਦੀ ਸਜ਼ਾ ਦਿੱਤੇ ਜਾਣ ਦੀ ਕੀਤੀ ਮੰਗ
. . .  about 1 hour ago
ਪੰਚਕੂਲਾ, 17 ਜਨਵਰੀ (ਕੇ.ਐੱਸ. ਰਾਣਾ)- ਸੀ.ਬੀ.ਆਈ. ਕੋਰਟ 'ਚ ਮਰਹੂਮ ਪੱਤਰਕਾਰ ਰਾਮ ਚੰਦਰ ਛਤਰਪਤੀ ਦੇ ਹੱਤਿਆ ਕਾਂਡ ਮਾਮਲੇ 'ਚ ਦੋਹਾਂ ਧਿਰਾਂ ਦੀ ਬਹਿਸ ਪੂਰੀ ਹੋ ਚੁੱਕੀ ਹੈ। ਇਸ ਦੇ ਨਾਲ ਹੀ ਜਿੱਥੇ ਰਾਮ ਰਹੀਮ ਦੇ ਵਕੀਲ ਵੱਲੋਂ ਅਦਾਲਤ ਸਾਹਮਣੇ ਘੱਟ ਸਜ਼ਾ.....
ਥਰਮਲ ਮੁਲਾਜ਼ਮ ਜਥੇਬੰਦੀ ਦੇ ਨੁਮਾਇੰਦਿਆਂ ਨੂੰ ਪੁਲਿਸ ਨੇ ਲਿਆ ਹਿਰਾਸਤ
. . .  about 1 hour ago
ਬਠਿੰਡਾ, 17 ਜਨਵਰੀ (ਕਰਮਜੀਤ ਸਿੰਘ) - ਖ਼ਜ਼ਾਨਾ ਮੰਤਰੀ ਪੰਜਾਬ ਮਨਪ੍ਰੀਤ ਸਿੰਘ ਬਾਦਲ ਨੂੰ ਬਠਿੰਡਾ ਵਿਖੇ ਕਾਲੀਆਂ ਝੰਡੀਆਂ ਦਿਖਾਉਣ ਵਾਲੇ ਥਰਮਲ ਮੁਲਾਜ਼ਮ ਜਥੇਬੰਦੀ ਦੇ ਨੁਮਾਇੰਦਿਆਂ...
ਸ਼ਸ਼ੀ ਥਰੂਰ ਖ਼ਿਲਾਫ਼ ਅਪਰਾਧਿਕ ਮਾਣਹਾਨੀ ਮਾਮਲੇ ਦੀ ਸੁਣਵਾਈ ਮੁਲਤਵੀ
. . .  about 1 hour ago
ਨਵੀਂ ਦਿੱਲੀ, 17 ਜਨਵਰੀ - ਪਟਿਆਲਾ ਹਾਊਸ ਕੋਰਟ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖ਼ਿਲਾਫ਼ ਇਤਰਾਜ਼ਯੋਗ ਟਿੱਪਣੀ ਨੂੰ ਲੈ ਕੇ ਕਾਂਗਰਸੀ ਆਗੂ ਸ਼ਸ਼ੀ ਥਰੂਰ ਖ਼ਿਲਾਫ਼ ਅਪਰਾਧਿਕ...
ਹੋਰ ਖ਼ਬਰਾਂ..

ਲੋਕ ਮੰਚ

ਵਾਤਾਵਰਨ ਅਤੇ ਚੌਗਿਰਦੇ ਨੂੰ ਸਾਡੀ ਕੀ ਦੇਣ ਹੈ?

ਸਾਡੀ ਧਰਤੀ ਸਾਨੂੰ ਖਾਣ ਨੂੰ ਅੰਨ ਅਤੇ ਪੀਣ ਨੂੰ ਪਾਣੀ ਦਿੰਦੀ ਹੈ। ਇਸੇ ਧਰਤੀ 'ਤੇ ਲੱਗੇ ਦਰੱਖ਼ਤ ਸਾਨੂੰ ਸਾਹ ਲੈਣ ਨੂੰ ਹਵਾ ਭਾਵ ਆਕਸੀਜਨ ਦਿੰਦੇ ਹਨ। ਪਰ ਜੋ ਕੁਦਰਤ ਮਨੁੱਖੀ ਜੀਵਨ ਦਾ ਮੂਲ ਸਰੋਤ ਹੈ, ਉਸ ਕੁਦਰਤ ਨੂੰ ਸਾਡੀ ਕੀ ਦੇਣ ਹੈ? ਜਿਸ ਧਰਤੀ ਤੋਂ ਅਸੀਂ ਖਾਣ ਲਈ ਦਾਣੇ, ਪੀਣ ਲਈ ਪਾਣੀ ਅਤੇ ਸਾਹ ਲੈਣ ਲਈ ਹਵਾ ਲੈਂਦੇ ਹਾਂ, ਅਸੀਂ ਵਾਪਸ ਉਸ ਨੂੰ ਕੀ ਦੇ ਰਹੇ ਹਾਂ? ਮੰਗਦੇ ਤਾਂ ਅਸੀਂ ਸਾਫ਼ ਹਵਾ, ਸਾਫ਼ ਪਾਣੀ ਅਤੇ ਹੋਰ ਬਹੁਤ ਕੁਝ ਹਾਂ ਪਰ ਸਾਡੀ ਸਾਡੇ ਵਾਤਾਵਰਨ ਅਤੇ ਚੌਗਿਰਦੇ ਨੂੰ ਕੀ ਦੇਣ ਹੈ? ਅਸੀਂ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਕੀ ਦੇ ਕੇ ਜਾ ਰਹੇ ਹਾਂ? ਇਨ੍ਹਾਂ ਗੱਲਾਂ ਦਾ ਜੇਕਰ ਜਵਾਬ ਸੋਚਣ ਲੱਗ ਜਾਈਏ ਤਾਂ ਜਵਾਬ ਬਹੁਤ ਗੰਭੀਰ ਮਿਲਦੇ ਹਨ। ਜਿਹੜੀ ਧਰਤੀ ਸਾਨੂੰ ਖਾਣ ਨੂੰ ਦਾਣੇ, ਪੀਣ ਨੂੰ ਪਾਣੀ ਦਿੰਦੀ ਹੈ ਅਤੇ ਜਿਸ ਚੌਗਿਰਦੇ ਵਿਚ ਅਸੀਂ ਸਾਹ ਲੈਂਦੇ ਹਾਂ, ਉਸ ਨੂੰ ਗੰਧਲਾ ਕਰਨ ਵਿਚ ਅਸੀਂ ਕੋਈ ਕਸਰ ਨਹੀਂ ਛੱਡ ਰਹੇ। ਫੈਕਟਰੀਆਂ ਵਿਚੋਂ ਨਿਕਲੇ ਫਾਲਤੂ ਰਸਾਇਣ ਸਿੱਧੇ ਦਰਿਆਵਾਂ, ਨਹਿਰਾਂ ਵਿਚ ਰੋੜ੍ਹੇ ਜਾਂਦੇ ਹਨ, ਜਿਸ ਨਾਲ ਪੀਣ ਵਾਲਾ ਪਾਣੀ ਪ੍ਰਦੂਸ਼ਿਤ ਹੋ ਰਿਹਾ ਹੈ। ਹੁਣ ਇਕ ਹੋਰ ਤਰੀਕਾ ਅਪਣਾਇਆ ਜਾਣ ਲੱਗਾ ਹੈ। ਗੰਧਲਾ ਵੇਸਟ ਸਿੱਧਾ ਬੋਰ ਕਰਕੇ ਧਰਤੀ ਹੇਠਲੇ ਪਾਣੀ ਵਿਚ ਰਲਣ ਲਈ ਭੇਜ ਦਿੱਤਾ ਜਾਂਦਾ ਹੈ। ਤੁਸੀਂ ਖੁਦ ਸੋੋਚੋ ਇਸ ਪਾਣੀ ਦੇ ਕਿੰਨੇ ਮਾਰੂ ਪ੍ਰਭਾਵ ਹੋਣਗੇ ਅਤੇ ਇਹ ਕਿੰਨੀਆਂ ਬਿਮਾਰੀਆਂ ਨੂੰ ਸੱਦਾ ਦਿੰਦਾ ਹੋਵੇਗਾ। ਫਸਲਾਂ 'ਤੇ ਹੁੰਦੀਆਂ ਲੋੜੋਂ ਵੱਧ ਰੇਹਾਂ, ਸਪਰੇਹਾਂ, ਫਲਾਂ 'ਤੇ ਲਗਾਇਆ ਜਾਣ ਵਾਲਾ ਰਸਾਇਣ ਸਿੱਧਾ ਮਨੁੱਖਤਾ ਨੂੰ ਮੌਤ ਦੇ ਮੂੰਹ ਵੱਲ ਲਿਜਾ ਰਿਹਾ ਹੈ। ਨਕਲੀ ਦੁੱਧ, ਖੋਆ, ਪਨੀਰ, ਪਾਲਿਸ਼ ਕੀਤੀਆਂ ਦਾਲਾਂ, ਚੌਲ, ਖੰਡ ਸਭ ਮਿਲਾਵਟੀ। ਅੱਗੇ ਅਖਾਣ ਸੀ ਕਿ 'ਖਾਓ ਪੀਓ ਐਸ਼ ਕਰੋ' ਪਰ ਇਸ ਦਾ ਅਜੋਕਾ ਰੂਪਾਂਤਰਨ ਕੁਝ ਇਵੇਂ ਦਾ ਹੈ ਕਿ 'ਖਾਉ ਪੀਓ ਤੇ ਬਿਮਾਰੀ ਮੁੱਲ ਲਓ'। ਪਰ ਅਜੇ ਵੀ ਕੁਝ ਨਹੀਂ ਵਿਗੜਿਆ, ਬਸ ਲੋੜ ਹੈ ਥੋੜ੍ਹਾ ਸੋਚਣ ਦੀ ਕਿ ਅਸੀਂ ਆਪਣੇ ਲਈ ਕੀ ਕੰਡੇ ਬੀਜ ਰਹੇ ਹਾਂ। ਇਸ ਸਮੇਂ ਪੰਜਾਬ ਨੂੰ ਕਰੀਬ ਡੇਢ ਕਰੋੜ ਦਰਖ਼ਤ ਚਾਹੀਦੇ ਹਨ। ਇਸ ਕੰਮ ਲਈ ਬਹੁਤ ਸੰਸਥਾਵਾਂ ਅਤੇ ਸ਼ਖ਼ਸੀਅਤਾਂ ਜੁੱਟ ਗਈਆਂ ਹਨ। ਦਰੱਖ਼ਤ ਲਗਾਏ ਜਾ ਰਹੇ ਹਨ। ਜੇ ਕਿਤੇ ਪੈਸਾ ਵਾਤਾਵਰਨ ਸੰਭਾਲ ਅਤੇ ਜਾਗਰੂਕਤਾ ਉਪਰ ਖਰਚਿਆ ਜਾਵੇ ਤਾਂ ਸਾਡੀ 'ਮਾਤਾ ਧਰਤਿ' ਨੂੰ ਹਰਿਆ-ਭਰਿਆ ਬਣਨ ਤੋਂ ਕੋਈ ਨਹੀਂ ਰੋਕ ਸਕਦਾ। ਲੋੜ ਹੈ ਸਾਨੂੰ ਸਭ ਨੂੰ ਰਲ-ਮਿਲ ਕੇ ਹੰਭਲਾ ਮਾਰਨ ਦੀ। ਆਓ ਇਕ ਨਵੀਂ ਸ਼ੁਰੂਆਤ ਦੇ ਜਾਮਨ ਬਣੀਏ।

-ਬਰਨਾਲਾ। ਮੋਬਾ: 94176-39004


ਖ਼ਬਰ ਸ਼ੇਅਰ ਕਰੋ

ਵਧ ਰਿਹਾ ਭੀੜਤੰਤਰ-ਲੋਕਤੰਤਰ ਲਈ ਖ਼ਤਰੇ ਦੀ ਘੰਟੀ

ਸਿਆਣਿਆਂ ਦਾ ਕਥਨ ਹੈ ਕਿ ਭੀੜ ਦਾ ਦਿਮਾਗ ਨਹੀਂ ਹੁੰਦਾ, ਕਿਉਂਕਿ ਬਿਨਾਂ ਕਿਸੇ ਅਗਵਾਈ ਦੇ ਆਪਮੁਹਾਰੀ ਹੋ ਚੁੱਕੀ ਭੀੜ ਪਲਾਂ ਵਿਚ ਹਿੰਸਕ ਰੂਪ ਲੈ ਸਕਦੀ ਹੈ। ਸਾਡੇ ਦੇਸ਼ ਵਿਚ ਵਧ ਰਿਹਾ ਭੀੜਤੰਤਰ ਯਕੀਨਨ ਹੀ ਸਮਾਜ ਲਈ ਖ਼ਤਰੇ ਦੀ ਘੰਟੀ ਹੈ। ਭੜਕੀ ਹੋਈ ਭੀੜ ਕਾਨੂੰਨ ਨੂੰ ਆਪਣੇ ਹੱਥਾਂ ਵਿਚ ਲੈਣ ਲੱਗਿਆਂ ਦੇਰ ਨਹੀਂ ਲਗਾਉਂਦੀ। ਭੀੜ ਵਿਚੋਂ ਸੰਵੇਦਨਸ਼ੀਲਤਾ ਬਿਲਕੁਲ ਮਨਫੀ ਹੋ ਜਾਂਦੀ ਹੈ। ਬੀਤੇ ਦਿਨੀਂ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਵਾਪਰੀਆਂ ਘਟਨਾਵਾਂ ਇਸ ਗੱਲ ਦੀ ਤਸਦੀਕ ਕਰਦੀਆਂ ਹਨ ਕਿ ਭੀੜਤੰਤਰ, ਲੋਕਤੰਤਰ 'ਤੇ ਭਾਰੂ ਪੈ ਚੁੱਕਿਆ ਹੈ। ਬੀਤੇ ਦਿਨੀਂ ਮਹਾਰਾਸ਼ਟਰ ਦੇ ਧੂਲੇ ਜ਼ਿਲ੍ਹੇ ਵਿਚ ਅਜਿਹੀ ਹੀ ਅਫਵਾਹ ਕਰਕੇ ਪੰਜ ਗਰੀਬ ਲੋਕਾਂ ਦੇ ਭੜਕੀ ਭੀੜ ਵਲੋਂ ਬੇਰਹਿਮੀ ਨਾਲ ਮਾਰੇ ਜਾਣ ਦੀ ਖਬਰ ਨਸ਼ਰ ਹੋਈ ਸੀ। ਇਸੇ ਤਰ੍ਹਾਂ ਗੁਜਰਾਤ ਦੇ ਸ਼ਹਿਰ ਰਾਜਕੋਟ ਤੇ ਮਨੀਪੁਰ ਵਿਚ ਵੀ ਬੱਚੇ ਚੁੱਕਣ ਵਾਲਿਆਂ ਦੇ ਭੁਲੇਖੇ ਵਿਚ ਕੁਝ ਲੋਕਾਂ ਦੀ ਹਜੂਮ ਵਲੋਂ ਬੇਕਿਰਕੀ ਨਾਲ ਕੁੱਟਮਾਰ ਕੀਤੀ ਗਈ। ਸਮੁੱਚੇ ਦੇਸ਼ ਵਿਚ ਸਿਰਫ ਬੱਚੇ ਚੁੱਕਣ ਦੀ ਅਫ਼ਵਾਹ ਤਹਿਤ ਹੀ 20 ਤੋਂ ਵੱਧ ਲੋਕਾਂ ਨੂੰ ਭੀੜ ਵਲੋਂ ਕੁੱਟ-ਕੁੱਟ ਕੇ ਮਾਰ ਦਿੱਤਾ ਗਿਆ। ਸੰਵੇਦਨਹੀਣਤਾ ਦੀ ਤਸਦੀਕ ਕਰਦੀ ਇਕ ਘਟਨਾ ਰਾਜਸਥਾਨ ਦੇ ਬਾੜਮੇਰ ਜ਼ਿਲ੍ਹੇ ਦੀ ਹੈ, ਜਿੱਥੇ ਹਾਦਸੇ ਦਾ ਸ਼ਿਕਾਰ 3 ਵਿਅਕਤੀ ਸੜਕ 'ਤੇ ਖੂਨ ਨਾਲ ਲੱਥਪਥ ਪਏ ਤੜਪਦੇ ਰਹੇ। ਬਹੁਗਿਣਤੀ ਲੋਕ ਉਨ੍ਹਾਂ ਨਾਲ ਸੈਲਫੀਆਂ ਲੈਂਦੇ ਦੇਖੇ ਗਏ ਤੇ ਕਿਸੇ ਨੇ ਵੀ ਇਨਸਾਨੀਅਤ ਵਿਖਾਉਂਦਿਆਂ ਉਨ੍ਹਾਂ ਦੀ ਮਦਦ ਨਹੀਂ ਕੀਤੀ। ਗਊ-ਰੱਖਿਅਕਾਂ ਦੇ ਹਿੰਸਕ ਗਰੁੱਪਾਂ ਸਬੰਧੀ ਪਿਛਲੇ ਵਰ੍ਹੇ ਸਤੰਬਰ ਵਿਚ ਸਰਬਉੱਚ ਅਦਾਲਤ ਨੇ ਰਾਜਾਂ ਨੂੰ ਗਊ-ਹਿੰਸਾ ਰੋਕਣ ਲਈ ਸਖਤ ਕਦਮ ਉਠਾਉਣ ਲਈ ਆਖਿਆ ਸੀ। ਭਾਵੇਂ ਦੇਸ਼ ਦੀ ਸਰਬਉੱਚ ਅਦਾਲਤ ਨੇ ਇਕ ਪਟੀਸ਼ਨ 'ਤੇ ਫੈਸਲਾ ਸੁਣਾਉਂਦਿਆਂ ਸੰਸਦ ਨੂੰ ਇਸ ਸਬੰਧੀ ਵੱਖਰਾ ਕਾਨੂੰਨ ਬਣਾਉਣ ਲਈ ਕਿਹਾ ਹੈ ਤੇ ਨਾਲ ਹੀ ਹੇਠਲੀਆਂ ਅਦਾਲਤਾਂ ਨੂੰ ਆਦੇਸ਼ ਦਿੱਤਾ ਹੈ ਕਿ ਉਹ ਅਜਿਹੇ ਅਣਮਨੁੱਖੀ ਕਾਰੇ ਦੇ ਦੋਸ਼ੀਆਂ ਨੂੰ ਕਾਨੂੰਨ 'ਚ ਦਰਸਾਈ ਵੱਧ ਤੋਂ ਵੱਧ ਸਜ਼ਾ ਦੇਵੇ। ਕਿਸੇ ਵਿਅਕਤੀ ਦੀ ਅਪਰਾਧੀ ਵਜੋਂ ਆਪਣੇ ਤੌਰ 'ਤੇ ਸ਼ਨਾਖਤ ਕਰ ਲੈਣਾ ਜਨਤਾ ਦਾ ਕੰਮ ਨਹੀਂ ਹੁੰਦਾ, ਸਗੋਂ ਇਹ ਕੰਮ ਕਾਨੂੰਨ ਦਾ ਹੈ। ਜੇਕਰ ਕੋਈ ਵਿਅਕਤੀ ਸ਼ੱਕੀ ਜਾਪਦਾ ਹੈ ਤਾਂ ਉਸ ਦੀ ਪੁਲਿਸ ਨੂੰ ਜਾਣਕਾਰੀ ਦੇਣੀ ਚਾਹੀਦੀ ਹੈ, ਨਾ ਕਿ ਭੀੜ ਵਲੋਂ ਕਾਨੂੰਨ ਨੂੰ ਹੱਥਾਂ ਵਿਚ ਲੈ ਕੇ ਆਪਣੇ ਤੌਰ 'ਤੇ ਉਸ ਨੂੰ ਸਜ਼ਾ ਦਿੱਤੀ ਜਾਵੇ। ਅਜਿਹੀਆਂ ਪ੍ਰਸਥਿਤੀਆਂ ਨਾਲ ਨਿਪਟਣ ਲਈ ਸਰਕਾਰ, ਸਮਾਜ ਤੇ ਤਕਨੀਕੀ ਕੰਪਨੀਆਂ ਨੂੰ ਰਲਵੇਂ ਉੱਦਮ ਕਰਨੇ ਪੈਣਗੇ। ਸੋਸ਼ਲ ਮੀਡੀਆ 'ਤੇ ਭੜਕਾਊ ਸਮੱਗਰੀ ਫੈਲਾਉਣ ਵਾਲਿਆਂ ਵਿਰੁੱਧ ਕਾਰਵਾਈ ਦਾ ਉਪਬੰਧ ਹੋਣਾ ਚਾਹੀਦਾ ਹੈ। ਸੋਸ਼ਲ ਮੀਡੀਆ 'ਤੇ ਲੋਕਾਂ ਵਲੋਂ ਆਦਾਨ-ਪ੍ਰਦਾਨ ਕੀਤੇ ਜਾਣ ਵਾਲੇ ਸੁਨੇਹਿਆਂ 'ਤੇ ਸਰਕਾਰ ਦੀ ਨਜ਼ਰ ਰਹਿਣੀ ਚਾਹੀਦੀ ਹੈ। ਸਰਕਾਰਾਂ ਨੂੰ ਅਜਿਹੇ ਵਰਤਾਰਿਆਂ ਦੇ ਪਿੱਛੇ ਕਾਰਜਸ਼ੀਲ ਕਾਰਨਾਂ ਦੀ ਘੋਖ ਕਰਕੇ ਤੁਰੰਤ ਪ੍ਰਭਾਵੀ ਕਦਮ ਉਠਾਉਣੇ ਚਾਹੀਦੇ ਹਨ। ਪੁਲਿਸ ਤੰਤਰ ਨੂੰ ਵੀ ਆਪਣੀ ਕਾਰਗੁਜ਼ਾਰੀ ਵਿਚ ਰਵਾਨਗੀ ਤੇ ਭਰੋਸੇਯੋਗਤਾ ਵਧਾਉਣੀ ਚਾਹੀਦੀ ਹੈ, ਤਾਂ ਕਿ ਲੋਕਾਂ ਦੀ ਭੀੜ ਕਾਨੂੰਨ ਨੂੰ ਛਿੱਕੇ ਟੰਗ ਕੇ ਅਜਿਹੀਆਂ ਹਜੂਮੀ ਵਾਰਦਾਤਾਂ ਨੂੰ ਅੰਜ਼ਾਮ ਨਾ ਦੇਵੇ, ਨਹੀਂ ਤਾਂ ਦਿਨ-ਬ-ਦਿਨ ਵਧਦਾ ਜਾ ਰਿਹਾ ਭੀੜਤੰਤਰ ਲੋਕਤੰਤਰ ਲਈ ਖ਼ਤਰੇ ਦੀ ਘੰਟੀ ਸਾਬਤ ਹੋ ਸਕਦਾ ਹੈ।

-ਪੰਜਾਬੀ ਅਧਿਆਪਕਾ, ਸਰਕਾਰੀ ਸੀਨੀ: ਸੈਕੰ: ਸਕੂਲ, ਚਹਿਲਾਂਵਾਲੀ (ਮਾਨਸਾ)। ਮੋਬਾ: 90565-26703

ਮਾਣ-ਮੱਤੇ ਅਧਿਆਪਕ-18

ਅਨਮੋਲ ਖਜ਼ਾਨਾ ਹਨ ਕੌਮੀ ਐਵਾਰਡ ਪ੍ਰਾਪਤ ਅਧਿਆਪਕ ਕ੍ਰਿਸ਼ਨ ਬੇਤਾਬ

ਅਧਿਆਪਕ ਕਿਸੇ ਇਕ ਖੇਤਰ ਨਹੀਂ ਬਲਕਿ ਪੂਰੇ ਵਿਸ਼ਵ ਦੇ ਸੰਦਰਭ ਵਿਚ ਸੋਚਦਾ ਹੈ। ਇਕ ਅਧਿਆਪਕ ਦਾ ਇਹੀ ਸੁਫਨਾ ਹੁੰਦਾ ਹੈ ਕਿ ਉਸ ਦਾ ਵਿਦਿਆਰਥੀ ਸਮਾਜ ਦਾ ਗੌਰਵ ਬਣੇ ਇਸੇ ਸੋਚ ਸਦਕਾ ਚੰਗਾ ਅਧਿਆਪਕ ਆਪਣੇ ਗਿਆਨ ਦਾ ਸਾਰਾ ਖਜ਼ਾਨਾ ਆਪਣੇ ਵਿਦਿਆਰਥੀਆਂ ਅੰਦਰ ਭਰਨ ਦੀ ਕੋਸ਼ਿਸ਼ ਵਿਚ ਆਪਣਾ ਪੂਰਾ ਜੀਵਨ ਲਗਾ ਦਿੰਦਾ ਹੈ। ਅਜਿਹੇ ਹੀ ਵਿਦਵਾਨ ਅਧਿਆਪਕ ਹਨ ਸ੍ਰੀ ਕ੍ਰਿਸ਼ਨ ਬੇਤਾਬ ਜਿਹੜੇ ਸਾਰੀ ਉਮਰ ਪ੍ਰਾਇਮਰੀ ਵਰਗ ਦੇ ਬੱਚਿਆਂ ਨੂੰ ਉਨ੍ਹਾਂ ਵਰਗੇ ਬਣ ਕੇ ਹੀ ਪੜ੍ਹਾਉਂਦੇ ਰਹੇ ਹਨ ਅਤੇ ਜਿਨ੍ਹਾਂ ਵਰਗੀ ਮਹਾਨ ਸ਼ਖ਼ਸੀਅਤ ਨੂੰ ਵਾਰ-ਵਾਰ ਸਿਜਦਾ ਕਰਨ ਨੂੰ ਜੀ ਕਰਦਾ ਹੈ। ਸ੍ਰੀ ਬੇਤਾਬ ਉਹ ਅਮਨਮੋਲ ਹੀਰਾ ਹਨ ਜਿਨ੍ਹਾਂ ਦੀ ਚਮਕ ਨੇ ਹਜ਼ਾਰਾਂ ਵਿਦਿਆਰਥੀਆਂ ਦਾ ਭਵਿੱਖ ਰੌਸ਼ਨ ਕੀਤਾ ਹੈ। 1 ਅਗਸਤ 1933 ਨੂੰ ਜਨਮੇ ਸ੍ਰੀ ਕ੍ਰਿਸ਼ਨ ਬੇਤਾਬ ਜੀ ਹੁਣ ਆਪਣੀ ਉਮਰ ਦੇ 85ਵੇਂ ਵਰ੍ਹੇ ਵਿਚ ਅੱਜ ਵੀ ਜ਼ਿੰਦਾਦਿਲੀ ਦੀ ਵੱਡੀ ਮਿਸਾਲ ਹਨ। ਆਪ ਦੇ ਪਿਤਾ ਸੇਠ ਸ੍ਰੀ ਹਰਪ੍ਰਸਾਦ ਰਿਆਸਤ ਜੀਂਦ ਦੀ ਸਪ੍ਰਸਿੱਧ ਹਸਤੀ ਸਨ ਅਤੇ ਮਾਤਾ ਸਵ: ਸ੍ਰੀਮਤੀ ਕ੍ਰਿਪਾ ਦੇਵੀ ਵਲੋਂ ਦਿੱਤੀ ਚੰਗੀ ਸਿੱਖਿਆ ਕਰਕੇ ਸ੍ਰੀ ਬੇਤਾਬ ਲੋੜਵੰਦਾਂ ਤੇ ਵਿਦਿਆਰਥੀਆਂ ਲਈ ਹਮੇਸ਼ਾ ਤਤਪਰ ਰਹੇ ਹਨ। ਬੀ.ਏ. ਬੀ.ਐੱਡ ਦੀ ਸਿੱਖਿਆ ਪ੍ਰਾਪਤ ਕਰ ਚੁੱਕੇ ਸ੍ਰੀ ਬੇਤਾਬ ਨੇ 1953 ਵਿਚ ਬਤੌਰ ਪ੍ਰਾਇਮਰੀ ਅਧਿਆਪਕ ਹਰਿਆਣਾ ਦੇ ਪਿੰਡ ਹਰੀਗੜ੍ਹ ਹਾਟਵਾਲੀ ਖੇੜੀ ਤੋਂ ਅਧਿਆਪਨ ਦਾ ਪਾਕ ਪਵਿੱਤਰ ਕਿੱਤਾ ਸ਼ੁਰੂ ਕੀਤਾ ਅਤੇ ਫਿਰ ਦਿਨ ਰਾਤ ਬੱਚਿਆਂ ਦੀ ਭਲਾਈ ਲਈ ਇਕ ਕਰ ਦਿੱਤਾ ਉਨ੍ਹਾਂ ਨੇ ਸਕੂਲ ਦੀ ਬਿਹਤਰੀ ਲਈ ਵਧ ਚੜ੍ਹ ਕੇ ਰੋਲ ਅਦਾ ਕੀਤਾ ਅਤੇ ਉਨ੍ਹਾਂ ਸਮਿਆਂ ਦੇ ਵਿਚ ਵੀ ਬਿਹਤਰ ਸਿੱਖਿਆ ਪ੍ਰਦਾਨ ਕੀਤੀ। ਸਾਲ 1993 ਵਿਚ ਸੰਗਰੂਰ ਤੋਂ ਬਤੌਰ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਸੇਵਾ-ਮੁਕਤ ਹੋਏ ਸ੍ਰੀ ਬੇਤਾਬ ਵਲੋਂ ਕੀਤੇ ਵਡਮੁੱਲੇ ਤੇ ਅਣਥੱਕ ਕਾਰਜਾਂ ਕਰਕੇ 1982 ਵਿਚ ਰਾਜ ਸਰਕਾਰ ਵਲੋਂ ਉਨ੍ਹਾਂ ਨੂੰ ਅਧਿਆਪਕ ਰਾਜ ਪੁਰਸਕਾਰ ਨਾਲ ਨਿਵਾਜਿਆ ਗਿਆ। ਸ੍ਰੀ ਬੇਤਾਬ ਨੇ ਜਿਥੇ ਸਿੱਖਿਆ ਵਿਭਾਗ ਤੇ ਬੱਚਿਆਂ ਨੂੰ ਚੰਗੀ ਤਾਲੀਮ ਲਈ ਆਪਣੀ ਡਿਊਟੀ ਤੋਂ ਵਧੇਰੇ ਮਿਹਨਤ ਕੀਤੀ, ਉੱਥੇ ਸਾਹਿਤ ਦੀ ਦੁਨੀਆ ਵਿਚ ਉਨ੍ਹਾਂ ਦੀ ਸੇਵਾ ਕਾਬਲ-ਏ-ਤਾਰੀਫ ਹੈ। ਸ੍ਰੀ ਬੇਤਾਬ ਉਰਦੂ ਦੇ ਸਪ੍ਰਸਿੱਧ ਸ਼ਾਇਰ ਰੁਬਾੲਗੋ ਅਖ਼ਤਰ ਰਜਵਾਨੀ ਨੂੰ ਆਪਣਾ ਉਸਤਾਦ ਮੰਨਦੇ ਹਨ ਉਨ੍ਹਾਂ ਨੇ ਆਪਜ਼ਾ ਉਰਦੂ ਸ਼ਾਇਰੀ ਦਾ ਸਫ਼ਰ ਕੰਵਰ ਨਰਿੰਦਰ ਸਿੰਘ ਬੇਦੀ ਦੀ ਅਗਵਾਈ ਵਿਚ ਸ਼ੁਰੂ ਕੀਤਾ ਅਤੇ ਥੋੜ੍ਹੇ ਸਮੇਂ ਬਾਅਦ ਹੀ ਉਨ੍ਹਾਂ ਦੀ ਗਿਣਤੀ ਮੂਹਰਲੀ ਕਤਾਰ ਦੇ ਸ਼ਇਰਾਂ ਵਿਚ ਹੋਣ ਲੱਗੀ। ਉਰਦੂ ਜ਼ਬਾਨ ਵਿਚ ਨਾਮਣਾ ਖੱਟਣ ਉਪਰੰਤ ਉਨ੍ਹਾਂ ਨੇ ਡਾ: ਤੇਜਵੰਤ ਮਾਨ ਅਤੇ ਸ੍ਰੀ ਗੁਰਮੇਲ ਮਡਾਹੜ ਦੀ ਅਗਵਾਈ ਵਿਚ ਪੰਜਾਬੀ ਮਾਂ-ਬੋਲੀ ਦੀ ਸੇਵਾ ਸ਼ੁਰੂ ਕੀਤੀ ਅਤੇ ਹੁਣ ਤੱਕ ਉਹ 13 ਪੁਸਤਕਾਂ ਪੰਜਾਬੀ ਮਾਂ-ਬੋਲੀ ਦੀ ਝੋਲੀ ਪਾ ਚੁੱਕੇ ਹਨ। ਕੁਦਰਤੀ ਨਜ਼ਾਰਿਆਂ ਦੀ ਸੈਰ ਅਤੇ ਇਤਰਾਂ ਨਾਲ ਪ੍ਰੇਮ ਦੇ ਸ਼ੌਕੀ ਜਨਾਬ ਕ੍ਰਿਸ਼ਨ ਬੇਤਾਬ ਜੀ ਜਦੋਂ ਉਹ ਸੰਗਰੂਰ ਦੇ ਭਾਲਾ ਬਸਤੀ ਪ੍ਰਾਇਮਰੀ ਸਕੂਲ ਵਿਚ ਬਤੌਰ ਸੈਂਟਰ ਹੈੱਡ ਟੀਚਰ ਸੇਵਾਵਾਂ ਨਿਭਾ ਰਹੇ ਸਨ ਤਦ ਉਨ੍ਹਾਂ ਨੂੰ 1988 ਵਿਚ ਭਾਰਤ ਸਰਕਾਰ ਵਲੋਂ ਸਿੱਖਿਆ ਤੇ ਸਾਹਿਤ ਦੇ ਖੇਤਰ ਵਿਚ ਪਾਏ ਵਡਮੁੱਲੇ ਯੋਗਦਾਨ ਬਦਲੇ ਕੌਮੀ ਅਧਿਆਪਕ ਪੁਰਸਕਾਰ ਨਾਲ ਨਿਵਾਜਿਆ ਗਿਆ। ਸ੍ਰੀ ਬੇਤਾਬ ਜੀ ਨੇ ਜਿੱਥੇ ਸਾਹਿਤ ਤੇ ਸਿੱਖਿਆ ਦੀ ਉਮਰ ਭਰ ਸੇਵਾ ਕੀਤੀ ਤੇ ਅੱਜ ਵੀ ਕਰ ਰਹੇ ਹਨ ਉੱਥੇ ਪ੍ਰਮਾਤਮਾ ਨੇ ਵੀ ਉਨ੍ਹਾਂ ਤੇ ਕਿਰਪਾ ਬਣਾਈ ਹੋਈ ਹੈ ਉਨ੍ਹਾਂ ਦਾ ਸਪੁੱਤਰ ਐਡਵੋਕੇਟ ਰਘਵੀਰ ਸ਼ਿਵਹਰੇ ਵਕਾਲਤ ਦੀ ਦੁਨੀਆ ਵਿਚ ਚੰਗਾ ਨਾਮਣਾ ਖੱਟ ਰਿਹਾ ਹੈ ਅਤੇ ਸਪੁੱਤਰੀ ਸ੍ਰੀਮਤੀ ਰੇਸ਼ਮਾ ਆਹਲੂਵਾਲੀਆ ਵੀ ਉੱਚ ਸਿੱਖਿਆ ਪ੍ਰਾਪਤ ਕਰ ਚੁੱਕੀ ਹੈ। ਸ੍ਰੀ ਬੇਤਾਬ ਆਪਣੀ ਜੀਵਨ ਸਾਥਣ ਸ੍ਰੀਮਤੀ ਕਿਰਨ ਸ਼ਿਵ ਹਰੇ ਨਾਲ ਸੰਗਰੂਰ ਵਿਖੇ ਰਹਿ ਕੇ ਅੱਜ ਵੀ ਸਾਹਿਤ ਤੇ ਸਿੱਖਿਆ ਦੀ ਸੇਵਾ ਵਿਚ ਲੱਗੇ ਹੋਏ ਹਨ। ਪ੍ਰਮਾਤਮਾ ਉਨ੍ਹਾਂ ਨੂੰ ਹਮੇਸ਼ਾ ਤੰਦਰੁਸਤ ਰੱਖੇ ਅਤੇ ਉਨ੍ਹਾਂ ਦਾ ਆਸ਼ੀਰਵਾਦ ਸਾਡੇ ਸੰਗਰੂਰ ਵਾਸੀਆਂ ਤੇ ਹਮੇਸ਼ਾ ਬਣਿਆ ਰਹੇ।

-ਰਾਜੇਸ਼ ਰਿਖੀ ਪੰਜਗਰਾਈਆਂ ਪਿੰਡ ਤੇ ਡਾਕ: ਪੰਜਗਰਾਈਆਂ (ਸੰਗਰੂਰ) ਮੋਬਾਈਲ : 936565 52000

ਹੁਣ ਨਹੀਂ ਬਲਦੀਆਂ ਘਰਾਂ 'ਚ ਧੂਣੀਆਂ

ਨਰਮਾ ਚੁਗ ਕੇ ਟਿੰਡੇ ਤੋੜ ਕੇ ਦੀਵਾਲੀ ਤੋਂ ਬਾਅਦ ਚੋਣੇ ਆਪਣੇ ਘਰਾਂ ਨੂੰ ਮੁੜ ਜਾਂਦੇ ਸੀ। ਲੋਕਾਂ ਦੇ ਕੋਠੇ ਟੀਂਡਿਆਂ ਨਾਲ ਭਰੇ ਜਾਂਦੇ ਤੇ ਚੜ੍ਹਦੇ ਸਿਆਲ ਦੀ ਕੋਸੀ ਧੁੱਪ ਟੀਂਡਿਆਂ ਨੂੰ ਨਰਮਾ ਬਣਾ ਦਿੰਦੀ। ਟੋਕਿਆਂ ਨਾਲ ਛਿਟੀਆਂ ਪੱਟ ਕੇ ਜੱਫੇ ਭਰ-ਭਰ ਟਰਾਲੀਆਂ ਭਰੀਆਂ ਜਾਂਦੀਆਂ। ਲੋਕਾਂ ਦੇ ਬਾਰਾਂ ਮੂਹਰੇ ਬਾਲਣ ਖਾਤਰ ਛੌਰ੍ਹ ਲਾਹੇ ਜਾਂਦੇ। ਵਿਹੜੇ ਵਾਲਿਆਂ ਦੇ ਨਿਆਣੇ ਲਿਫਾਫੇ ਫੜ ਕੇ ਛੌਰਾਂ 'ਚੋਂ ਨਰਮਾ ਚੁਗਦੇ ਤੇ ਹੱਟੀ 'ਤੇ ਵੇਚ ਕੇ ਰੂੰਗਾ ਖਾ ਲੈਂਦੇ। ਸਿਆਲ ਦੀਆਂ ਧੂਣੀਆਂ 'ਤੇ ਬੈਠੇ ਬਾਬੇ ਟੀਂਡੇ ਕੱਢੀ ਜਾਂਦੇ। ਨਰਮਾ ਇਕ ਪਾਸੇ ਰੱਖਦੇ ਤੇ ਸਿੱਕਰੀਆਂ ਸੁੰਭਰ ਕੇ ਧੂਣੀ 'ਤੇ ਸੁੱਟ ਦਿੰਦੇ। ਮਾਘ-ਫੱਗਣ ਤੱਕ ਲੋਕ ਨਰਮੇ ਦੇ ਆਹਰੇ ਲੱਗੇ ਰਹਿੰਦੇ। ਕੋਠਿਆਂ ਉੱਪਰੋਂ ਟੀਂਡੇ ਲਾਹ ਕੇ ਫੁੱਟ ਚੁਗ ਲਏ ਜਾਂਦੇ ਤੇ ਜਿਹੜੀਆਂ ਸਿੱਕਰੀਆਂ ਹੁੰਦੀਆਂ ਸਨ, ਉਨ੍ਹਾਂ ਦੀ ਵਿਹੜੇ ਵਿਚਕਾਰ ਧੂਣੀ ਬਾਲੀ ਜਾਂਦੀ ਸੀ। ਉਸ ਸਮੇਂ ਪਰਿਵਾਰ ਸਾਂਝੇ ਹੁੰਦੇ ਸਨ। ਇਕੋ ਪਰਿਵਾਰ ਦੇ ਕਈ-ਕਈ ਜੀਅ ਹੁੰਦੇ ਸਨ ਤੇ ਸਾਰੇ ਇਕੱਠੇ ਹੋ ਕੇ ਧੂਣੀ ਦੁਆਲੇ ਬੈਠ ਜਾਂਦੇ। ਉਸ ਸਮੇਂ ਲੋਕਾਂ ਵਿਚ ਅਪਣੱਤ, ਮੋਹ, ਪਿਆਰ ਬਹੁਤ ਜ਼ਿਆਦਾ ਹੁੰਦਾ ਸੀ। ਆਂਢੀ-ਗੁਆਂਢੀ ਵੀ ਆ ਕੇ ਬੈਠ ਜਾਂਦੇ, ਟੀਂਡੇ ਕੱਢੀ ਜਾਂਦੇ ਤੇ ਨਾਲ-ਨਾਲ ਧੂਣੀ ਸੇਕੀ ਜਾਂਦੇ ਸਨ। ਵਰਤਮਾਨ ਸਮੇਂ ਵਿਚ ਨਰਮੇ ਦੀ ਫ਼ਸਲ ਘੱਟ ਹੋਣ ਕਰਕੇ ਨਾ ਤਾਂ ਛੋਟੀਆਂ ਦੇ ਸੌਰ ਲਗਦੇ ਹਨ, ਜਿਥੇ ਬਚਪਨ ਖੇਡ ਸਕੇ ਤੇ ਨਾ ਹੀ ਧੂਣੀਆਂ ਬਲਦੀਆਂ ਹਨ। ਅਜੋਕੇ ਸਮੇਂ ਵਿਚ ਇਸ ਦੀ ਜਗ੍ਹਾ ਬੇਸ਼ੱਕ ਹੀਟਰਾਂ ਨੇ ਲੈ ਲਈ ਹੈ ਪਰ ਇਹ ਸੱਚਾਈ ਹੈ ਕਿ ਨਾ ਰਿਸ਼ਤਿਆਂ ਵਿਚ ਪਹਿਲਾਂ ਜਿਹਾ ਨਿੱਘ ਰਿਹਾ ਤੇ ਨਾ ਹੀ ਅੱਜਕਲ੍ਹ ਦੇ ਆਧੁਨਿਕ ਤਕਨੀਕ ਨਾਲ ਬਣੀਆਂ ਚੀਜ਼ਾਂ ਤੋਂ ਸਿੱਕਰੀਆਂ ਦੀ ਧੂਣੀ ਜਿਹਾ ਨਿੱਘ ਮਿਲਦਾ ਹੈ।

-ਪਿੰਡ ਕੋਟਲੀ ਅਬਲੂ। ਮੋਬਾ: 73077-36899

ਪੰਚਾਇਤੀ ਅਦਾਰਿਆਂ ਦੀਆਂ ਚੋਣਾਂ ਅਤੇ ਪੇਂਡੂ ਭਾਈਚਾਰਾ

ਪੰਜਾਬ ਵਿਚ ਪੰਚਾਇਤੀ ਅਦਾਰਿਆਂ ਦੀਆਂ ਚੋਣਾਂ ਹੋ ਰਹੀਆਂ ਹਨ। ਛੇਤੀ ਹੀ ਲੋਕਰਾਜ ਚੋਣ ਵਿਧੀ ਦੀਆਂ ਸਾਰੀਆਂ ਰਸਮਾਂ ਪੂਰੀਆਂ ਕਰਕੇ ਪੰਜਾਬ ਦੀਆਂ ਨਵੀਆਂ ਚੁਣੀਆਂ ਪੰਚਾਇਤਾਂ ਆਪੋ-ਆਪਣੇ ਪਿੰਡ ਦਾ ਪ੍ਰਬੰਧ ਸੰਭਾਲ ਲੈਣਗੀਆਂ। ਪੰਚਾਇਤ ਲੋਕਰਾਜ ਦੀ ਮੁਢਲੀ ਇਕਾਈ ਅਤੇ ਪਿੰਡ ਪੱਧਰ ਦੀ ਹੇਠਲੀ ਅਦਾਲਤ ਹੈ। ਪੰਚਾਇਤ ਵਿਚ ਸਰਬਸੰਮਤੀ ਨਾਲ ਹੋਏ ਫੈਸਲੇ ਨੂੰ ਉੱਚ ਅਦਾਲਤ ਅਤੇ ਸਮੂਹ ਅਦਾਰਿਆਂ ਵਿਚ ਮਾਨਤਾ ਮਿਲਦੀ ਹੈ। ਇਤਿਹਾਸ ਗਵਾਹ ਹੈ ਕਿ ਜਦੋਂ ਕਦੇ ਅਤੇ ਕਿਸੇ ਵੀ ਰਾਜਸੀ ਪਾਰਟੀ ਦੀ ਸਰਕਾਰ ਨੇ ਲੋਕ-ਵਿਰੋਧੀ ਅਤੇ ਲੋਕ-ਮਾਰੂ ਨੀਤੀਆਂ ਲੋਕਾਂ ਦੇ ਮਨੁੱਖੀ ਅਧਿਕਾਰ ਖੋਹੇ ਤਾਂ ਵਕਤ ਆਉਣ 'ਤੇ ਪੀੜਤ ਲੋਕਾਂ ਨੇ ਉਸ ਲੋਕ-ਵਿਰੋਧੀ ਸਰਕਾਰ ਨੂੰ ਸਬਕ ਸਿਖਾਇਆ। ਪੰਜਾਬੀਆਂ ਦਾ ਸੁਭਾਅ ਤੇ ਵਿਰਸਾ ਹੈ ਕਿ ਪੰਜਾਬੀ ਜ਼ੁਲਮ ਤੇ ਧੱਕੇਸ਼ਾਹੀਆਂ ਲਈ ਸਦਾ ਲੜਦੇ ਆਏ ਹਨ ਤੇ ਡਟ ਕੇ ਵਿਰੋਧ ਕਰਦੇ ਹਨ, ਜਦੋਂ ਇਨ੍ਹਾਂ ਦਸਾਂ ਸਾਲਾਂ ਦੀਆਂ ਪੰਚਾਇਤੀ ਚੋਣਾਂ 'ਚ ਪਿਛਲੀ ਸਰਕਾਰ ਦੀਆਂ ਚੋਣ ਵਧੀਕੀਆਂ ਦੇਖੀਆਂ ਤਾਂ ਪੰਜਾਬੀਆਂ ਨੇ ਇਸ ਸਰਕਾਰ ਨੂੰ ਵੀ ਬਦਲ ਦਿੱਤਾ। ਕਾਂਗਰਸੀ ਨੇਤਾਵਾਂ ਤੇ ਕਾਰਕੁਨਾਂ ਨੇ ਅਕਾਲੀਆਂ ਵਾਂਗ ਚੋਣ ਦੇ ਬਦਲੇ ਲੈਣ ਦੀਆਂ ਬੜ੍ਹਕਾਂ ਤਾਂ ਨਹੀਂ ਮਾਰੀਆਂ ਪਰ ਅੰਦਰੋ-ਅੰਦਰੀ ਕਾੜ੍ਹਨੀ ਦੇ ਦੁੱਧ ਵਾਂਗ ਉਬਾਲੇ ਜ਼ਰੂਰ ਖਾ ਰਹੇ ਸਨ। ਪੰਜਾਬ ਵਿਚ ਚੋਣ ਸਰਗਰਮੀਆਂ ਦੀਆਂ ਵਾਪਰ ਰਹੀਆਂ ਘਟਨਾਵਾਂ ਤੇ ਮੀਡੀਏ ਅਨੁਸਾਰ ਕਾਂਗਰਸੀ ਅਕਾਲੀਆਂ ਕੋਲੋਂ ਦਸ ਸਾਲਾਂ ਦੀਆਂ ਬੜ੍ਹਕਾਂ ਦੇ ਗਿਣ-ਗਿਣ ਕੇ ਲਏ ਹੋਏ ਬਦਲਿਆਂ ਦੇ ਬਦਲੇ ਲੈ ਰਹੇ ਹਨ। ਪੰਚਾਇਤੀ ਚੋਣਾਂ ਵਿਚ ਦੋਵੇਂ ਰਾਜਸੀ ਪਾਰਟੀਆਂ ਪਿਛਲੇ 15 ਸਾਲਾਂ ਤੋਂ ਜੋ ਕੁਝ ਕਰਦੀਆਂ ਆਈਆਂ ਤੇ ਕਰ ਰਹੀਆਂ ਹਨ, ਇਹ ਲੋਕਰਾਜੀ ਪਰੰਪਰਾਵਾਂ 'ਤੇ ਧੱਬਾ ਹੈ। ਰਾਜਸੀ ਈਰਖਾ ਤੇ ਬਦਲੇ ਦੀ ਭਾਵਨਾ ਪੈਰੋ-ਪੈਰ ਵਧਦੀ ਜਾ ਰਹੀ ਹੈ। ਇਹ ਵਰਤਾਰਾ ਸਮਾਜ ਤੇ ਪੰਜਾਬ ਲਈ ਖਤਰਿਆਂ ਵਾਲਾ ਹੈ। ਅਸਲ ਵਿਚ ਤੁਸੀਂ ਹੀ ਪਿੰਡਾਂ ਦੇ ਅਸਲ ਤੇ ਸਦੀਵੀ ਵਾਰਸ ਹੋ। ਜਿਸ ਪਿੰਡ ਵਿਚ ਤੁਸੀਂ ਵਸਦੇ ਹੋ, ਉਸ ਪਿੰਡ ਦਾ ਸਮੁੱਚਾ ਪ੍ਰਬੰਧ ਪਿੰਡ ਦੀ ਪੰਚਾਇਤ ਕਰਦੀ ਹੈ। ਤੁਹਾਡਾ ਪੰਚਾਇਤ ਨਾਲ ਕਾਨੂੰਨੀ ਤੇ ਗੂੜ੍ਹਾ ਸਬੰਧ ਹੈ। ਪਿਛਲੇ ਕੁਝ ਸਮੇਂ ਤੋਂ ਪਿੰਡਾਂ ਦੇ ਸਰਪੰਚੀ ਦੇ ਉਮੀਦਵਾਰ ਦਾ ਨਾਂਅ ਪਿੰਡਾਂ ਦੇ ਲੋਕਾਂ ਦੀ ਬਜਾਏ ਹਲਕੇ ਦੇ ਰਾਜਸੀ ਨੇਤਾ ਲੱਭਦੇ ਹਨ। ਵਿਚਾਰ ਕਰੀਏ ਕਿ ਨੇਤਾਵਾਂ ਨੂੰ ਕੀ ਪਤਾ ਹੈ ਕਿ ਜਿਸ ਬੰਦੇ ਨੂੰ ਨੇਤਾ ਨੇ ਸਰਪੰਚ ਚੁਣਿਆ, ਉਸ ਦਾ ਸੁਭਾਅ ਤੇ ਕਿਰਦਾਰ-ਵਿਹਾਰ ਕਿਹੋ ਜਿਹਾ ਹੈ। ਨੇਤਾ ਦਾ ਥਾਪਿਆ ਸਰਪੰਚ ਨੇਤਾ ਦੀ ਪਸੰਦ ਤਾਂ ਜ਼ਰੂਰ ਹੈ ਪਰ ਪਿੰਡ ਵਾਸੀਓ, ਤੁਹਾਡੀ ਪਸੰਦ ਨਹੀਂ। ਹੋ ਰਹੀਆਂ ਪੰਚਾਇਤੀ ਚੋਣਾਂ ਵੱਲ ਗੰਭੀਰਤਾ ਨਾਲ ਧਿਆਨ ਦਿਓ। ਪਿੰਡ ਦੀ ਪਸੰਦ ਦਾ ਸਰਪੰਚ ਬਣਾਉਣ ਲਈ ਪਿੰਡ ਵਿਚ ਗਰੀਬਾਂ, ਪਛੜੀਆਂ ਸ਼੍ਰੇਣੀਆਂ ਦੇ ਸਾਰੇ ਵਰਗਾਂ ਦੀ ਸਲਾਹ ਨਾਲ ਸਰਪੰਚੀ ਲਈ ਸਰਬ-ਸਹਿਮਤੀਆਂ ਕਰੋ ਤੇ ਕਰਾਓ। ਨਿਰਪੱਖ, ਇਮਾਨਦਾਰੀ ਤੇ ਹੱਕ-ਸੱਚ, ਇਨਸਾਫ ਦੇ ਸਿਧਾਂਤ ਤੇ ਸਰਬ-ਸਹਿਮਤੀਆਂ ਦੇ ਉਪਰਾਲੇ ਸ਼ੁਰੂ ਕਰੋ। ਚੋਣਾਂ ਵਿਚ ਹੋਣ ਵਾਲੇ ਬੇਲੋੜੇ ਖਰਚਿਆਂ ਅਤੇ ਸਮਾਜ ਵਿਚ ਪੈਣ ਵਾਲੀਆਂ ਭਾਈਚਾਰਕ ਤਰੇੜਾਂ ਮਿਟ ਜਾਣਗੀਆਂ।

-ਪਿੰਡ ਤੇ ਡਾਕ: ਮੁੱਲਾਂਵਾਲ, ਬਲਾਕ ਕਾਹਨੂੰਵਾਨ (ਗੁਰਦਾਸਪੁਰ)। ਮੋਬਾ: 84646-26425

ਜਾਗਰੂਕਤਾ ਹੀ ਉਪਾਅ ਹੈ ਕੈਂਸਰ ਦਾ

ਬਾਹਰਲੇ ਮੁਲਕਾਂ ਨਾਲੋ ਕੈਂਸਰ ਮੌਤ ਦੀ ਦਰ ਪੰਜਾਬ ਵਿਚ ਵੱਧ ਹੈ। ਵਿਕਸਤ ਦੇਸ਼ਾਂ ਵਿਚ ਭਾਵੇ ਕੈਂਸਰ ਰੋਗ ਪਨਪਦਾ ਹੈ ਪਰ ਜਾਗਰੂਕਤਾ ਹੋਣ ਕਾਰਨ ਸਮੇਂ ਸਿਰ ਫੜਿਆ ਜਾਂਦਾ ਹੈ। ਸਾਡੇ ਮੁਲਕ ਵਿਚ ਜਾਗਰੂਕਤਾ ਦੀ ਕਮੀ ਅਤੇ ਮਾਨਸਿਕ ਕਮਜ਼ੋਰੀ ਕਾਰਨ ਕੈਂਸਰ ਦੀ ਛਾਣਬੀਣ ਲੇਟ ਹੋ ਜਾਂਦੀ ਹੈ। ਜ਼ਹਿਰੀਲਾ ਵਾਤਾਵਰਨ ਦੂਸ਼ਿਤ ਪਾਣੀ ਵਰਗੀਆਂ ਅਲਾਮਤਾਂ ਕਰਕੇ ਇਸ ਨਾਮੁਰਾਦ ਬਿਮਾਰੀ ਨੇ ਪੈਰ ਪਸਾਰੇ ਹਨ। ਭਾਵੇਂ ਸਰਕਾਰੀ ਉਪਰਾਲੇ ਜਾਰੀ ਹਨ ਪਰ ਸਹੂਲਤਾਂ ਦਾ ਸਮੇਂ ਸਿਰ ਫਾਇਦਾ ਲੈਣ ਵਿਚ ਜਨਤਾ ਪਛੜ ਜਾਂਦੀ ਹੈ। ਮੈਡੀਕਲ ਖੇਤਰ ਪਹਿਲੇ ਪੜਾਅ 'ਤੇ ਇਸ ਦੇ ਇਲਾਜ ਦਾ ਰੌਲਾ ਪਾਉਂਦਾ ਹੈ ਪਰ ਅਜੇ ਤੱਕ ਇਸ ਦਾ ਇਲਾਜ ਘੁੰਮਣ-ਘੇਰੀਆਂ ਅਤੇ ਲੇਖਿਆਂ-ਜੋਖਿਆਂ ਵਿਚ ਪਿਆ ਹੋਇਆ ਹੈ। ਅੰਧ-ਵਿਸ਼ਵਾਸ ਦੀ ਮਾਰ ਹੇਠ ਵੀ ਇਹ ਰੋਗ ਪੈਰ ਪਸਾਰ ਰਿਹਾ ਹੈ। 'ਨੀਮ ਹਕੀਮ ਖ਼ਤਰਾ ਏ ਜਾਨ' ਵੀ ਆਪਣਾ ਨਾਂਹ-ਪੱਖੀ ਯੋਗਦਾਨ ਪਾ ਰਹੇ ਹਨ। ਇਹ ਵਿਸ਼ੇ ਹੋਰ ਵੀ ਖ਼ਤਰਨਾਕ ਹਨ। ਕੈਂਸਰ ਦੇ ਮਰੀਜ਼ ਧਾਗੇ-ਤਵੀਤਾਂ 'ਤੇ ਵਿਸ਼ਵਾਸ ਕਰਦੇ ਦੇਖੇ ਗਏ ਹਨ। ਉਂਜ ਪੰਜਾਬ ਦੇ ਪਾਣੀਆਂ ਵਿਚ ਵੀ ਕੈਂਸਰ ਦੀ ਕਰੋਪਤਾ ਆ ਰਹੀ ਹੈ, ਵੱਡੀਆਂ ਸੰਸਥਾਵਾਂ ਅਤੇ ਸਰਕਾਰਾਂ ਅਜੇ ਤੱਕ ਖੋਜਾਂ ਵਿਚ ਹੀ ਪਈਆਂ ਹੋਈਆਂ ਹਨ, ਪੱਲੇ ਕੁਝ ਵੀ ਨਹੀਂ ਪਿਆ। ਕੈਂਸਰ ਦਾ ਇਲਾਜ ਏਨਾ ਮਹਿੰਗਾ ਹੈ ਕਿ ਆਮ ਬੰਦੇ ਦੇ ਵੱਸ ਤੋਂ ਬਾਹਰ ਹੁੰਦਾ ਹੈ। ਮੌਤ ਦਰ ਇਸ ਰੋਗ ਨਾਲ ਬਾਕੀ ਦੇਸ਼ਾਂ ਮੁਕਾਬਲੇ ਸਾਡੇ ਦੇਸ਼ ਵਿਚ ਵੱਧ ਹੈ। ਘੱਟ ਜਾਣਕਾਰੀ ਅਤੇ ਮਾਨਸਿਕ ਡਰ ਕਾਰਨ ਝੋਲਾ ਛਾਪ ਡਾਕਟਰਾਂ ਦਾ ਸਹਾਰਾ ਵੀ ਇਸ ਦਾ ਕਾਰਨ ਬਣਦਾ ਹੈ। ਪੰਜਾਬ ਨੂੰ ਲੱਗੀ ਨਜ਼ਰ ਨੇ ਨਸ਼ੇ ਤੋਂ ਬਾਅਦ ਕੈਂਸਰ ਨੂੰ ਦੂਜੇ ਨੰਬਰ 'ਤੇ ਗ੍ਰੱਸਿਆ ਹੈ। ਸਰਕਾਰ ਦੇ ਉਪਰਾਲੇ ਉਦੋਂ ਤੱਕ ਫਿੱਕੇ ਹਨ, ਜਦੋਂ ਤੱਕ ਇਸ ਦੇ ਪੈਦਾ ਹੋਣ ਦੇ ਕਾਰਨਾਂ ਦੀ ਪੜਚੋਲ ਕਰਕੇ ਉਸ ਨਾਲ ਸਖ਼ਤੀ ਨਹੀਂ ਕੀਤੀ ਜਾਦੀ। ਇਸ ਵਿਸ਼ੇ 'ਤੇ ਪੜ੍ਹ, ਲਿਖ ਅਤੇ ਸੁਣ ਬਹੁਤ ਕੁਝ ਲਿਆ ਪਰ ਹੁਣ ਸਮਾਂ ਮੰਗ ਕਰਦਾ ਹੈ ਕਿ ਇਸ ਰੋਗ ਦੇ ਬਚਾਅ ਲਈ ਸਖ਼ਤ ਨੀਤੀ ਨਿਰਧਾਰਤ ਕੀਤੀ ਜਾਵੇ, ਤਾਂ ਜੋ ਭਵਿੱਖ ਸੁਖਾਲਾ ਹੋਣ ਦੀ ਆਸ ਬੱਝੇ।

-ਅਬਿਆਣਾ ਕਲਾਂ। ਮੋਬਾ: 98781-11445

ਬਸਤੀਵਾਦ ਦੇ ਨਵੇਂ ਸੰਕਲਪ ਨੂੰ ਸਮਝਣ ਦੀ ਲੋੜ

ਅੱਜ ਦੇ ਸਮੇਂ ਵਿਚ ਸਥਾਪਤ ਦੇਸ਼ ਕਿਵੇਂ ਵਿਕਾਸਸ਼ੀਲ ਦੇਸ਼ਾਂ ਨੂੰ ਵਿਸ਼ਵੀਕਰਨ ਦੇ ਨਾਂਅ ਹੇਠ ਸਿੱਧੇ-ਅਸਿੱਧੇ ਢੰਗ ਨਾਲ ਆਪਣੇ ਅਧੀਨ ਕਰ ਰਹੇ ਹਨ। ਉਨ੍ਹਾਂ ਵਿਕਾਸਸ਼ੀਲ ਦੇਸ਼ਾਂ ਵਿਚੋਂ ਇਕ ਨਾਂਅ ਭਾਰਤ ਦਾ ਵੀ ਹੈ। ਸਰਕਾਰ ਪੜ੍ਹੇ-ਲਿਖੇ ਨੌਜਵਾਨਾਂ ਨੂੰ ਉਨ੍ਹਾਂ ਦੀ ਯੋਗਤਾ ਮੁਤਾਬਿਕ ਰੁਜ਼ਗਾਰ ਮੁਹੱਈਆ ਕਰਵਾਉਣ ਵਿਚ ਅਸਫਲ ਰਹੀ ਹੈ। ਨਵੀਆਂ ਬਣ ਰਹੀਆਂ ਸਿੱਖਿਆ ਨੀਤੀਆਂ ਨਿੱਜੀਕਰਨ ਨੂੰ ਬੜਾਵਾ ਦੇ ਰਹੀਆਂ ਹਨ। ਸਰਕਾਰੀ ਸਿੱਖਿਆ ਸੰਸਥਾਵਾਂ ਵਿਚ ਅਧਿਆਪਕਾਂ ਦੀ ਘਾਟ ਹੈ। ਨਿੱਜੀ ਸਿੱਖਿਆ ਸੰਸਥਾਵਾਂ ਅਧਿਆਪਕਾਂ ਨੂੰ ਬਹੁਤ ਘੱਟ ਤਨਖਾਹਾਂ 'ਤੇ ਰੱਖ ਕੇ ਉਨ੍ਹਾਂ ਦਾ ਸ਼ੋਸ਼ਣ ਕਰ ਰਹੀਆਂ ਹਨ। ਇਹ ਗੱਲਾਂ ਸਰਕਾਰਾਂ ਤੋਂ ਲੁਕੀਆਂ ਨਹੀਂ ਹਨ। ਇਹ ਵਰਤਾਰਾ ਸਿੱਧੇ ਤੌਰ 'ਤੇ ਉੱਤਰ ਬਸਤੀਵਾਦ ਦਾ ਸੰਕਲਪ ਪੂਰ ਰਿਹਾ ਹੈ, ਜਿਸ ਤੋਂ ਭਾਵ ਹੈ ਕਿ ਬਸਤੀਵਾਦ ਜਿਥੇ ਸਿੱਧੇ ਤੌਰ 'ਤੇ ਬਲ ਰਾਹੀਂ ਸਥਾਪਤ ਵਰਤਾਰਾ ਸੀ, ਉਥੇ ਉੱਤਰ ਬਸਤੀਵਾਦ ਬਲ ਦੀ ਵਰਤੋਂ ਨਾ ਕਰਦੇ ਹੋਏ ਸਥਾਪਤ ਦੇਸ਼ ਵਿਕਾਸਸ਼ੀਲ ਦੇਸ਼ਾਂ ਦੇ ਹੁਕਮਰਾਨ ਅਤੇ ਸਰਮਾਏਦਾਰਾਂ ਨੂੰ ਆਪਣੇ ਵੱਸ ਵਿਚ ਕਰਕੇ ਆਪਣਾ ਰਾਜ ਸਥਾਪਤ ਕਰਦੇ ਹਨ। ਇਹੋ ਕੁਝ ਹੀ ਅੱਜ ਦੇ ਸਮੇਂ ਵਿਚ ਭਾਰਤ ਅਤੇ ਪੰਜਾਬ ਵਿਚ ਦੇਖਣ ਨੂੰ ਮਿਲ ਰਿਹਾ ਹੈ। ਪੰਜਾਬੀਆਂ ਨੂੰ ਖਾਸ ਕਰਕੇ ਨੌਜਵਾਨ ਮੁੰਡੇ-ਕੁੜੀਆਂ ਨੂੰ ਗੀਤਾਂ, ਫਿਲਮਾਂ ਰਾਹੀਂ ਵਿਦੇਸ਼ਾਂ ਦੇ ਰਹਿਣ-ਸਹਿਣ ਬਾਰੇ, ਉਥੋਂ ਦੇ ਸੱਭਿਆਚਾਰ ਬਾਰੇ ਬਹੁਤ ਵਧਾ-ਚੜ੍ਹਾ ਕੇ ਦੱਸਿਆ ਜਾ ਰਿਹਾ ਹੈ, ਜਿਸ ਨੂੰ ਦੇਖ ਕੇ ਨੌਜਵਾਨ ਬਾਹਰ ਜਾਣ ਲਈ ਪ੍ਰਭਾਵਿਤ ਹੋ ਰਿਹਾ ਹੈ, ਜਿਸ ਵਿਚ ਪੂਰੀ ਤਰ੍ਹਾਂ ਜ਼ਿੰਮੇਵਾਰ ਸਰਕਾਰ ਹੀ ਹੈ। ਮੁਨਾਫ਼ੇ ਦੀ ਰਾਜਨੀਤੀ ਕਰ ਰਹੀਆਂ ਸਰਕਾਰਾਂ ਦਾ ਧਿਆਨ ਲੁਪਤ ਹੁੰਦੇ ਜਾਂਦੇ ਵਿਰਾਸਤੀ ਸੱਭਿਆਚਾਰ ਵੱਲ ਬਿਲਕੁਲ ਵੀ ਨਹੀਂ ਹੈ। ਸਰਕਾਰ ਭਾਵੇਂ ਕਿਸੇ ਵੀ ਪਾਰਟੀ ਦੀ ਹੋਵੇ, ਉਹ ਲੋਕਾਈ ਦੇ ਭਲੇ ਨੂੰ ਛੱਡ ਕੇ ਆਪਣੇ ਅਤੇ ਆਪਣੀ ਪਾਰਟੀ ਦੇ ਭਲੇ ਲਈ ਹੀ ਕੰਮ ਕਰ ਰਹੀ ਹੈ। ਬਸਤੀਵਾਦ ਦੇ ਖਾਤਮੇ ਤੋਂ ਬਾਅਦ ਬਸਤੀਕ੍ਰਿਤ ਦੇਸ਼ਾਂ ਨੂੰ ਹੁਣ ਇਕ ਗੱਲ ਸਮਝ ਆ ਗਈ ਹੈ ਕਿ ਜੇਕਰ ਇਨ੍ਹਾਂ ਤੀਜੀ ਦੁਨੀਆ ਕਹੇ ਜਾਣ ਵਾਲੇ ਪਛੜੇ ਅਤੇ ਵਿਕਾਸਸ਼ੀਲ ਦੇਸ਼ਾਂ 'ਤੇ ਮੁੜ ਰਾਜ ਕਰਨਾ ਹੈ ਤਾਂ ਸੈਨਿਕ ਸ਼ਕਤੀ ਨੂੰ ਪਿੱਛੇ ਛੱਡ ਕੇ ਉਨ੍ਹਾਂ ਦੇਸ਼ਾਂ ਦੇ ਸੱਭਿਆਚਾਰ ਨੂੰ ਸਮਝ ਕੇ ਉਸ ਦੇ ਖਾਤਮੇ ਲਈ ਕੰਮ ਕਰਨਾ ਪੈਣਾ ਹੈ। ਬਸਤੀਵਾਦ ਦਾ ਇਕ ਨਵਾਂ ਉੱਘੜਵਾਂ ਰੂਪ ਵਿਸ਼ਵੀਕਰਨ ਹੈ, ਜਿਸ ਨਾਲ ਇਕ ਕੌਮਾਂਤਰੀ ਆਰਥਿਕ ਪ੍ਰਬੰਧ ਸਾਹਮਣੇ ਆ ਰਿਹਾ ਹੈ, ਜਿਥੇ ਗਰੀਬ ਦੇਸ਼ ਆਪਣੀ ਕੌਮੀ ਖੁਦਮੁਖਤਿਆਰੀ ਗੁਆ ਰਹੇ ਹਨ। ਪੱਛਮ ਅਤੇ ਪੂਰਬ ਦੇ ਇਸ ਰਿਸ਼ਤੇ ਨੂੰ ਸਮਝਣ ਦੀ ਲੋੜ ਹੈ। ਇਹ ਲੁੱਟ-ਖਸੁੱਟ ਦਾ ਰਿਸ਼ਤਾ ਹੈ। ਇਥੋਂ ਦੇ ਪੜ੍ਹੇ-ਲਿਖੇ ਨੌਜਵਾਨਾਂ ਨੂੰ ਆਪਣੇ ਦੇਸ਼ਾਂ ਵਿਚ ਲਿਜਾ ਕੇ ਉਥੇ ਬਹੁਤ ਘੱਟ ਰੇਟਾਂ 'ਤੇ ਮਜ਼ਦੂਰੀ ਕਰਵਾਉਣਾ ਅਤੇ ਰੋਜ਼ਾਨਾ ਲੱਖਾਂ-ਕਰੋੜਾਂ ਰੁਪਏ ਫੀਸਾਂ ਦੇ ਰੂਪ ਵਿਚ ਮੰਗਵਾਉਣ ਦੀ ਇਕ ਸਾਜ਼ਿਸ਼ ਹੈ, ਜਿਸ ਨੂੰ ਜਿੰਨੀ ਜਲਦੀ ਅਸੀਂ ਆਮ ਲੋਕ ਸਮਝ ਲਵਾਂਗੇ, ਓਨਾ ਹੀ ਸਾਡੇ ਲਈ ਠੀਕ ਰਹੇਗਾ, ਨਹੀਂ ਕਿਤੇ ਇਹ ਨਾ ਹੋ ਜਾਵੇ ਕਿ ਆਉਣ ਵਾਲੇ 30 ਸਾਲਾਂ ਨੂੰ ਪੰਜਾਬ ਦੀ ਧਰਤੀ ਹੇਠਲੇ ਪਾਣੀ ਦੇ ਨਾਲ-ਨਾਲ ਪੰਜਾਬ ਵਿਚੋਂ ਪੰਜਾਬ ਦੀ ਨੌਜਵਾਨੀ ਵੀ ਖ਼ਤਮ ਹੋ ਜਾਵੇ।

charan.rajor@gmail.com

ਸੇਵਾ ਕਾਲ ਵਾਧੇ ਨਾਲ ਬੇਰੁਜ਼ਗਾਰੀ ਵਧੀ ਅਤੇ ਕੰਮ ਦੀ ਰਫ਼ਤਾਰ ਘਟੀ

ਪੰਜਾਬ ਸਰਕਾਰ ਨੇ ਸਾਲ 2012 ਵਿਚ ਸਰਕਾਰੀ ਕਰਮਚਾਰੀਆਂ ਦੇ ਸੇਵਾ ਕਾਲ ਦੇ 58 ਸਾਲ ਦੀ ਨਿਰਧਾਰਤ ਸੇਵਾ-ਮੁਕਤੀ 'ਚ ਸਾਲ-ਸਾਲ ਕਰਕੇ 2 ਸਾਲ ਦੇ ਵਾਧੇ ਦਾ ਜੋ ਫੈਸਲਾ ਲਿਆ ਹੈ, ਉਸ ਨਾਲ ਬੇਰੁਜ਼ਗਾਰਾਂ ਦੀ ਗਿਣਤੀ ਵਧੀ ਅਤੇ ਸਰਕਾਰੀ ਕੰਮਾਂ ਦੀ ਰਫਤਾਰ ਘਟੀ ਹੈ। ਕਿਉਂਕਿ ਪਿਛਲੇ 5-6 ਸਾਲਾਂ ਤੋਂ ਟਾਈਪ ਮਸ਼ੀਨਾਂ ਦੀ ਥਾਂ ਕੰਪਿਊਟਰਾਂ ਨੇ ਲੈ ਲਈ ਹੈ ਪਰ ਸੇਵਾ-ਮੁਕਤੀ ਦੇ ਨੇੜੇ ਪਹੁੰਚੇ ਅਤੇ ਵਾਧੇ ਵਿਚ ਚੱਲ ਰਹੇ ਅਧਿਕਾਰੀ/ਕਰਮਚਾਰੀ ਹੁਣ ਸਮੇਂ ਦੇ ਹਾਣੀ ਨਹੀਂ ਰਹੇ ਹੋਣ ਕਰਕੇ ਸਰਕਾਰੀ ਕੰਮ-ਕਾਜ ਦੀ ਰਫਤਾਰ ਘਟੀ ਹੈ। ਉਦਾਹਰਨ ਦੇ ਤੌਰ 'ਤੇ ਦੱਸਿਆ ਜਾਂਦਾ ਹੈ ਕਿ ਮੈਂ ਜਲ ਸਰੋਤ ਵਿਭਾਗ ਵਿਚ ਬਤੌਰ ਹੈੱਡ ਡਰਾਫਟਸਮੈਨ ਸੇਵਾ ਨਿਭਾਅ ਰਿਹਾ ਹਾਂ। ਸਰਕਾਰ ਵਲੋਂ ਧੜਾਧੜ ਪੱਤਰ ਆ ਰਹੇ ਹਨ ਕਿ ਸਾਰੇ ਅਨੁਮਾਨ ਆਨਲਾਈਨ ਕੀਤੇ ਜਾਣ ਪਰ ਸੇਵਾ-ਮੁਕਤੀ ਦੇ ਨੇੜੇ ਪਹੁੰਚੇ ਅਤੇ ਵਾਧੇ ਵਿਚ ਚੱਲ ਰਹੇ ਜੇ.ਈ./ਏ.ਈ. ਇਸ ਕੰਮ ਵਿਚ ਨਿਪੁੰਨ ਨਾ ਹੋਣ ਕਰਕੇ ਇਹ ਕਹਿ ਰਹੇ ਹਨ ਕਿ ਇਹ ਕੰਮ ਡਰਾਇੰਗ ਬ੍ਰਾਂਚ ਦਾ ਹੈ, ਜਦੋਂ ਕਿ ਡਰਾਇੰਗ ਕੇਡਰ ਵਿਚ ਸਾਲ 1980 ਅਤੇ ਸਾਲ 1982 ਤੋਂ ਬਾਅਦ ਭਰਤੀ ਨਾ ਹੋਣ ਕਰਕੇ ਪਹਿਲਾਂ ਤਾਂ ਸਟਾਫ ਦੀ ਹੀ ਬਹੁਤ ਕਮੀ ਹੈ ਅਤੇ ਦੂਜਾ ਮੌਜੂਦਾ ਸਟਾਫ ਵਿਚੋਂ ਅੱਧ ਤੋਂ ਜ਼ਿਆਦਾ ਸਟਾਫ ਸੇਵਾ ਮੁਕਤੀ ਦੇ ਨੇੜੇ/ਵਾਧੇ 'ਤੇ ਚੱਲ ਰਹੇ ਹੋਣ ਕਰਕੇ, ਇਸ ਕੰਮ ਵਿਚ ਨਿਪੁੰਨ ਨਾ ਹੋਣ ਕਰਕੇ ਸਰਕਾਰੀ ਅਨੁਮਾਨਾਂ ਨੂੰ ਆਨ-ਲਾਈਨ ਕਰਨ ਵਿਚ ਬਹੁਤ ਦੇਰੀ ਹੋ ਰਹੀ ਹੈ ਅਤੇ ਇਹੀ ਹਾਲ ਬਾਕੀ ਪੰਜਾਬ ਵਿਚ ਇਕਾਈਆਂ ਦਾ ਹੈ। ਮਹਿਜ਼ ਵਿੱਤੀ ਸੰਕਟ ਨੂੰ ਮੱਦੇਨਜ਼ਰ ਰੱਖਦੇ ਹੋਏ ਇਸ ਨੀਤੀ ਨੂੰ ਜਾਰੀ ਰੱਖਣਾ ਠੀਕ ਨਹੀਂ ਹੈ। ਸਰਕਾਰੀ ਵਿਭਾਗਾਂ ਵਿਚ ਕਈ ਅਜਿਹੀਆਂ ਅਸਾਮੀਆਂ ਹਨ, ਜਿਨ੍ਹਾਂ ਦੀ ਅੱਜ ਦੇ ਸਮੇਂ ਵਿਚ ਕੋਈ ਲੋੜ ਨਹੀਂ ਹੈ ਪਰ ਅਜਿਹੇ ਮੁਲਾਜ਼ਮਾਂ ਨੂੰ ਮੁਫਤ ਵਿਚ ਤਨਖਾਹਾਂ ਦਿੱਤੀਆਂ ਜਾ ਰਹੀਆਂ ਹਨ। ਉਦਾਹਰਨ ਦੇ ਤੌਰ 'ਤੇ ਦਫੇਦਾਰ ਦੀ ਅਸਾਮੀ ਹੈ, ਜਿਸ ਦੀ ਉਸ ਸਮੇਂ ਲੋੜ ਸੀ, ਜਦੋਂ ਸਾਰੇ ਮੁਲਾਜ਼ਮਾਂ ਦੀਆਂ ਤਨਖਾਹਾਂ ਬੈਂਕਾਂ ਵਿਚੋਂ ਡਰਾਅ ਕਰਵਾ ਕੇ ਮੁਲਾਜ਼ਮਾਂ ਨੂੰ ਵੰਡੀਆਂ ਜਾਂਦੀਆਂ ਸਨ। ਹੁਣ ਤਨਖਾਹਾਂ ਸਿੱਧੀਆਂ ਸਰਕਾਰੀ ਮੁਲਾਜ਼ਮਾਂ ਦੇ ਬੈਂਕ ਖਾਤਿਆਂ ਵਿਚ ਜਾ ਰਹੀਆਂ ਹਨ ਪਰ ਉਹ ਮੁਲਾਜ਼ਮਾਂ ਨੂੰ ਅੱਜ ਵੀ ਮੁਫਤ ਵਿਚ ਤਨਖਾਹਾਂ ਦਿੱਤੀਆਂ ਜਾ ਰਹੀਆਂ ਹਨ। ਇਸ ਲਈ ਸਰਕਾਰੀ ਵਿਭਾਗਾਂ ਦੀ ਮੁੜ ਬਣਤਰ ਕਰਕੇ ਬੇਲੋੜੀਆਂ ਅਸਾਮੀਆਂ ਨੂੰ ਖ਼ਤਮ ਕਰਕੇ ਵਿੱਤੀ ਸੰਕਟ ਦੂਰ ਕਰਕੇ ਸੇਵਾ ਕਾਲ ਵਿਚ ਕੀਤੇ ਵਾਧੇ ਨੂੰ ਵਾਪਸ ਲੈ ਕੇ ਬੇਰੁਜ਼ਗਾਰਾਂ ਨੂੰ ਨੌਕਰੀ ਦੇ ਕੇ ਸਰਕਾਰ ਦੇ ਕੰਮ ਦੀ ਰਫਤਾਰ ਵਧਾਈ ਜਾਵੇ।

-ਹੈੱਡ ਡਰਾਫਟਸਮੈਨ, ਜਲ ਨਿਕਾਸ ਮੰਡਲ, ਗੁਰਦਾਸਪੁਰ। ਮੋਬਾ: 75089-85168

ਕਿਤੇ ਖੋਖਲਾ ਨਾ ਰਹਿ ਜਾਏ 'ਬੇਟੀ ਬਚਾਓ ਬੇਟੀ ਪੜ੍ਹਾਓ' ਦਾ ਨਾਅਰਾ

ਭਾਰਤ ਦੇਸ਼ ਧਰਮ ਵਿਚ ਅਟੁੱਟ ਆਸਥਾ ਰੱਖਣ ਵਾਲਿਆਂ ਦਾ ਦੇਸ਼ ਹੈ। ਹਰ ਨਾਗਰਿਕ ਆਪਣੀ ਆਸਥਾ ਅਲੱਗ-ਅਲੱਗ ਧਰਮਾਂ ਵਿਚ ਰੱਖਦੇ ਹੋਏ, ਧਾਰਮਿਕ ਗ੍ਰੰਥਾਂ ਵਿਚ ਲਿਖੀ ਹਰ ਗੱਲ ਨੂੰ ਸ਼ਬਦ-ਦਰ-ਸ਼ਬਦ ਸੱਚ ਅਤੇ ਪਵਿੱਤਰ ਮੰਨਦਾ ਹੈ। ਹਰ ਧਾਰਮਿਕ ਗ੍ਰੰਥ ਵਿਚ ਔਰਤ ਨੂੰ ਬੜਾ ਉੱਚਾ ਅਤੇ ਸਨਮਾਨਜਨਕ ਸਥਾਨ ਦਿੱਤਾ ਗਿਆ ਹੈ। ਕਿਹਾ ਜਾਂਦਾ ਹੈ ਕਿ ਜਿਸ ਘਰ ਵਿਚ ਔਰਤ ਨੂੰ ਇੱਜ਼ਤ ਦਿੱਤੀ ਜਾਂਦੀ ਹੈ, ਉਸ ਘਰ ਵਿਚ ਦੇਵਤਿਆਂ ਦਾ ਵਾਸ ਹੁੰਦਾ ਹੈ। ਬੜੇ ਦੁੱਖ ਦੀ ਗੱਲ ਹੈ ਕਿ ਅਜਿਹੇ ਗੌਰਵਸ਼ਾਲੀ ਇਤਿਹਾਸ ਦੇ ਮਾਲਕ ਇਸ ਦੇਸ਼ ਵਿਚ ਅੱਜ ਦੇ ਸਮੇਂ ਵਿਚ ਸਾਡੀ ਸੌੜੀ ਸੋਚ ਕਾਰਨ ਤਿੱਖੀ ਗਿਰਾਵਟ ਨਜ਼ਰ ਆ ਰਹੀ ਹੈ। ਜਿਸ ਤੇਜ਼ੀ ਨਾਲ ਲਿੰਗ ਅਨੁਪਾਤ ਵਿਗੜਦਾ ਜਾ ਰਿਹਾ ਹੈ, ਇਹ ਦੇਖ ਕੇ ਇਕ ਪ੍ਰਸ਼ਨ ਉੱਠਦਾ ਹੈ ਕਿ ਅਸੀਂ ਇਕ ਔਰਤ ਮੁਕਤ ਦੁਨੀਆ ਚਾਹੁੰਦੇ ਹਾਂ? ਅਜਿਹੀ ਸੋਚ ਅਤੇ ਸਥਿਤੀ ਦੀ ਕਲਪਨਾ ਤੋਂ ਹੀ ਇਨਸਾਨੀਅਤ ਨੂੰ ਸ਼ਰਮਿੰਦਾ ਹੋ ਜਾਣਾ ਚਾਹੀਦਾ ਹੈ। ਸਮਾਜ ਵਿਚ ਕਿੰਨੇ ਅਜਿਹੇ ਮਾਪੇ ਹੋਣਗੇ, ਜੋ ਛੇੜਖਾਨੀ ਦੀਆਂ ਘਟਨਾਵਾਂ ਵਿਚ ਆਪਣੇ ਬੇਟੇ ਦਾ ਕਸੂਰ ਸਵੀਕਾਰ ਕਰਨਗੇ? ਹੱਦ ਤਾਂ ਉਦੋਂ ਹੋ ਜਾਂਦੀ ਹੈ ਜਦੋਂ ਸਾਡੇ ਸਮਾਜ ਦੇ ਤਾਰਨਹਾਰ ਸਾਡੇ ਰਾਜਨੇਤਾ 'ਲੜਕੋਂ ਸੇ ਗ਼ਲਤੀ ਹੋ ਜਾਤੀ ਹੈ' ਵਰਗੀ ਆਪਣੀ ਘਟੀਆ ਸੋਚ ਨੂੰ ਲੋਕਾਂ ਵਿਚ ਪ੍ਰਚਾਰਿਤ ਕਰਦੇ ਹਨ। ਅਜਿਹੀ ਛੋਟੀ-ਛੋਟੀ ਛੇੜਖਾਨੀ ਦੀਆਂ ਘਟਨਾਵਾਂ ਅੱਗੇ ਜਾ ਕੇ ਕੁੜੀਆਂ ਦੇ ਅਪਮਾਨ, ਯੌਨ ਸ਼ੋਸ਼ਣ ਅਤੇ ਜਬਰ ਜਨਾਹ ਤੋਂ ਵਧਦੇ ਹੋਏ, ਉਨ੍ਹਾਂ ਨੂੰ ਤੇਜ਼ਾਬ ਨਾਲ ਜਲਾ ਕੇ ਜਾਨੋਂ ਮਾਰਨ ਤੱਕ ਜਾ ਪਹੁੰਚਦੀਆਂ ਹਨ। ਧੀਆਂ ਦੇ ਜਨਮ ਤੋਂ ਘਬਰਾਉਂਦੇ ਮਾਪਿਆਂ ਦੀ ਇਕ ਸੋਚ ਇਹ ਵੀ ਹੈ ਕਿ ਧੀਆਂ ਦੇ ਵਿਆਹ ਲਈ ਦਹੇਜ ਵੀ ਇਕੱਠਾ ਕਰਨਾ ਪਵੇਗਾ। ਪਰ ਸੋਚੋ ਕਿ ਅਸੀਂ ਪੁੱਤਾਂ ਦੇ ਵਿਆਹ 'ਤੇ ਝੂਠੀ ਸ਼ਾਨੋ-ਸ਼ੌਕਤ ਵਧਾਉਣ ਲਈ ਪੈਸਾ ਪਾਣੀ ਦੀ ਤਰ੍ਹਾਂ ਨਹੀਂ ਵਹਾਉਂਦੇ? ਅਸਲ ਵਿਚ ਪੁੱਤ ਹੋਵੇ ਜਾਂ ਧੀ, ਮਾਪਿਆਂ 'ਤੇ ਦੋਵਾਂ ਦਾ ਪਾਲਣ ਪੋਸ਼ਣ ਅਤੇ ਉਨ੍ਹਾਂ ਦਾ ਕਰੀਅਰ ਬਣਾਉਣ ਦੀ ਬਰਾਬਰ ਜ਼ਿੰਮੇਵਾਰੀ ਰਹਿੰਦੀ ਹੈ। ਸਾਨੂੰ ਚਾਹੀਦਾ ਹੈ ਕਿ ਧੀਆਂ ਨੂੰ ਦਹੇਜ ਦਾ ਗਹਿਣਾ ਦੇਣ ਦੀ ਬਜਾਏ ਵਿੱਦਿਆ ਦਾ ਗਹਿਣਾ ਭੇਟ ਕਰੀਏ, ਤਾਂ ਜੋ ਦੋਵੇਂ ਪਰਿਵਾਰ ਦਹੇਜ ਦੀ ਕੁਰੀਤੀ ਤੋਂ ਮੁਕਤੀ ਪਾ ਲੈਣ। ਧੀਆਂ ਨੂੰ ਸਰੀਰਕ ਤੌਰ 'ਤੇ ਕਮਜ਼ੋਰ ਸਮਝਣ ਦੀ ਮਾਨਸਿਕਤਾ ਨੂੰ ਸ਼ਾਇਦ ਅਸੀਂ ਕੁਸ਼ਤੀ ਵਿਚ ਫੋਗਾਟ ਭੈਣਾਂ, ਮੁੱਕੇਬਾਜ਼ੀ ਵਿਚ ਮੇਰੀਕੋਮ, ਦੌੜ ਵਿਚ ਪੀ.ਟੀ. ਊਸ਼ਾ, ਹਿਮਾ ਦਾਸ, ਟੈਨਿਸ ਵਿਚ ਸਾਨੀਆ ਮਿਰਜ਼ਾ, ਬੈਡਮਿੰਟਨ ਵਿਚ ਸਾਇਨਾ ਨੇਹਵਾਲ ਦੇ ਬਾਰੇ ਵਿਚ ਰੋਜ਼ਾਨਾ ਮੀਡੀਆ ਵਿਚ ਪੜ੍ਹ ਕੇ ਵੀ ਬਦਲਣ ਨੂੰ ਤਿਆਰ ਨਹੀਂ ਹਾਂ। ਸਾਡਾ ਸਮਾਜ ਧੀਆਂ ਦੀ ਸੁਰੱਖਿਆ ਲਈ ਕਿੰਨਾ ਗੰਭੀਰ ਹੈ, ਇਸ ਦਾ ਪਤਾ ਰੋਜ਼ਾਨਾ ਅਖ਼ਬਾਰ ਵਿਚ ਛਪਦੀਆਂ ਦੁਸ਼ਕਰਮ ਦੀਆਂ ਘਟਨਾਵਾਂ ਅਤੇ ਜਬਰ ਜਨਾਹ ਦੇ ਅਦਾਲਤਾਂ ਵਿਚ ਚਲਦੇ ਅੰਤਹੀਣ ਮੁਕੱਦਮਿਆਂ ਤੋਂ ਪਤਾ ਚਲਦਾ ਹੈ। ਸਮਾਜ ਦੇ ਸਹਿਯੋਗ ਤੋਂ ਬਿਨਾਂ ਸਾਰੀਆਂ ਸਰਕਾਰੀ ਯੋਜਨਾਵਾਂ ਜ਼ੁਬਾਨੀ ਜਮ੍ਹਾਂ ਖਰਚ ਕਰਦੀਆਂ ਕਾਗਜ਼ਾਂ ਵਿਚ ਸਿਮਟ ਜਾਂਦੀਆਂ ਹਨ। ਸਰਕਾਰ ਦੁਆਰਾ 2012 ਵਿਚ ਪਾਕਸੋ ਐਕਟ ਬਣਾਇਆ ਗਿਆ ਜੋ ਕਿ ਸਖ਼ਤੀ ਨਾਲ ਉਨ੍ਹਾਂ ਅਪਰਾਧੀਆਂ ਨਾਲ ਨਜਿੱਠਦਾ ਹੈ ਜੋ ਨਾਬਾਲਗ ਬੱਚਿਆਂ ਨਾਲ ਕੁਕਰਮ, ਯੌਨ ਅਪਰਾਧ ਅਤੇ ਛੇੜਖਾਨੀ ਦੀਆਂ ਘਟਨਾਵਾਂ ਵਿਚ ਲਿਪਤ ਹੁੰਦੇ ਹਨ। ਪਰ ਇਸ ਨਵੇਂ ਕਾਨੂੰਨ ਦੇ ਬਾਵਜੂਦ ਅਜਿਹੇ ਅਪਰਾਧਾਂ ਵਿਚ ਕਿੰਨੀ ਕਮੀ ਆਈ ਹੈ, ਸਭ ਦੇ ਸਾਹਮਣੇ ਹੈ। ਸਾਨੂੰ ਚਾਹੀਦਾ ਹੈ ਕਿ ਪੁੱਤ ਅਤੇ ਧੀਆਂ ਦੋਹਾਂ ਨੂੰ ਹੀ ਬਚਪਨ ਤੋਂ ਹੀ ਸਹੀ ਪਰਵਰਿਸ਼ ਦਿੰਦੇ ਹੋਏ ਸੁਰੱਖਿਅਤ ਸਮਾਜ ਸਥਾਪਨਾ ਦਾ ਸ਼ੁੱਭ ਆਰੰਭ ਆਪਣੇ ਘਰ ਤੋਂ ਹੀ ਕਰੀਏ। ਧੀਆਂ ਨੂੰ ਚੰਨ ਵਾਂਗ ਸੁੰਦਰ ਬਣਾਉਣ ਦੀ ਥਾਂ ਸੂਰਜ ਵਾਂਗ ਤੇਜ਼ਵਾਨ ਬਣਾਈਏ, ਤਾਂ ਜੋ ਘਟੀਆ ਸੋਚ ਵਾਲਿਆਂ ਦੀਆਂ ਅੱਖਾਂ ਚੁੰਧਿਆ ਜਾਣ। 'ਬੇਟੀ ਬਚਾਓ ਬੇਟੀ ਪੜ੍ਹਾਓ' ਦੇ ਨਾਅਰੇ ਵਿਚ 'ਬੇਟੇ ਨੂੰ ਸਹੀ ਰਾਹ ਦਿਖਾਓ' ਵੀ ਸ਼ਾਮਿਲ ਕਰੀਏ। ਇਹ ਨਾਅਰਾ ਖੋਖਲਾ ਨਾ ਰਹਿ ਜਾਏ, ਇਸ ਲਈ ਆਪਣੀ ਰੂੜੀਵਾਦੀ ਸੋਚ ਬਦਲੀਏ ਅਤੇ ਧੀਆਂ ਨੂੰ ਆਪਣੇ ਖੰਭ ਫੈਲਾਅ ਕੇ ਅੰਤਰਿਕਸ਼ ਦੀਆਂ ਸੀਮਾਵਾਂ ਨਾਪ ਲੈਣ ਦਾ ਮੌਕਾ ਦੇਈਏ।

-ਜਲੰਧਰ। ਮੋਬਾ: 81465-46260


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX