ਤਾਜਾ ਖ਼ਬਰਾਂ


ਅੱਜ ਦਾ ਵਿਚਾਰ
. . .  5 minutes ago
ਸੀ.ਬੀ.ਆਈ ਵੱਲੋਂ ਸਾਂਈ ਦੇ ਠਿਕਾਣਿਆਂ 'ਤੇ ਛਾਪੇਮਾਰੀ
. . .  1 day ago
ਨਵੀਂ ਦਿੱਲੀ, 17 ਜਨਵਰੀ - ਸੀ.ਬੀ.ਆਈ ਵੱਲੋਂ ਰਿਸ਼ਵਤ ਦੇ ਮਾਮਲੇ 'ਚ ਸਪੋਰਟਸ ਅਥਾਰਿਟੀ ਆਫ਼ ਇੰਡੀਆ (ਸਾਈ) ਦੇ ਠਿਕਾਣਿਆਂ 'ਤੇ ਛਾਪੇਮਾਰੀ ਕੀਤੀ ਗਈ ਹੈ।
ਨਵੇਂ ਸਰਪੰਚਾਂ ਨੂੰ ਗਰਾਮ ਪੰਚਾਇਤਾਂ ਦਾ ਰਿਕਾਰਡ 21 ਤੱਕ ਦੇਣ ਦੇ ਹੁਕਮ
. . .  1 day ago
ਖਮਾਣੋਂ ,17 ਜਨਵਰੀ {ਮਨਮੋਹਣ ਸਿੰਘ ਕਲੇਰ}- ਰਾਜ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ {ਚੋਣ ਸ਼ਾਖਾ} ਵੱਲੋਂ ਰਾਜ ਸਮੂਹ ਜ਼ਿਲ੍ਹਾ ਵਿਕਾਸ ਅਫ਼ਸਰਾਂ ਅਤੇ ਬਲਾਕ ਵਿਕਾਸ ਅਫ਼ਸਰਾਂ ਨੂੰ ਇਕ ਪੱਤਰ ਜਾਰੀ ਕਰਦੇ ਹੋਏ ਮੌਜੂਦਾ ...
ਕੈਬਨਿਟ ਦੀ ਨਿਯੁਕਤ ਕਮੇਟੀ ਨੇ ਘਟਾਇਆ ਰਾਕੇਸ਼ ਅਸਥਾਨਾ ਸਮੇਤ 4 ਅਫਸਰਾਂ ਦਾ ਕਾਰਜਕਾਲ
. . .  1 day ago
ਨਵੀਂ ਦਿੱਲੀ, 17 ਜਨਵਰੀ - ਸੀ.ਬੀ.ਆਈ ਦੇ ਵਿਸ਼ੇਸ਼ ਨਿਰਦੇਸ਼ਕ ਰਾਕੇਸ਼ ਅਸਥਾਨਾ ਅਤੇ ਤਿੰਨ ਹੋਰ ਸੀ.ਬੀ.ਆਈ ਅਫਸਰਾਂ ਦਾ ਕਾਰਜਕਾਲ ਕੇਂਦਰੀ ਕੈਬਨਿਟ ਦੀ ਨਿਯੁਕਤ ਕਮੇਟੀ ਵੱਲੋਂ...
ਸੱਚ ਦੀ ਜਿੱਤ ਹੋਈ ਹੈ - ਅੰਸ਼ੁਲ ਛਤਰਪਤੀ
. . .  1 day ago
ਪੰਚਕੂਲਾ, 17 ਜਨਵਰੀ - ਪੱਤਰਕਾਰ ਰਾਮਚੰਦਰ ਛਤਰਪਤੀ ਹੱਤਿਆ ਮਾਮਲੇ 'ਚ ਡੇਰਾ ਸਿਰਸਾ ਪ੍ਰਮੁੱਖ ਗੁਰਮੀਤ ਰਾਮ ਰਹੀਮ ਸਮੇਤ ਚਾਰ ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਏ...
ਸੈਰ ਸਪਾਟਾ ਵਿਭਾਗ ਨੇ 7.90 ਕਰੋੜ ਦੀ ਲਾਗਤ ਨਾਲ ਛੱਤਬੀੜ ਦੀ ਕੀਤੀ ਕਾਇਆ ਕਲਪ - ਸਿੱਧੂ
. . .  1 day ago
ਜ਼ੀਰਕਪੁਰ, 17 ਜਨਵਰੀ (ਹਰਦੀਪ ਸਿੰਘ ਹੈਪੀ ਪੰਡਵਾਲਾ) - ਪੰਜਾਬ ਵਿੱਚ ਜੰਗਲੀ ਜੀਵ ਸੈਲਾਨੀਆਂ ਦੀ ਗਿਣਤੀ ਨੂੰ ਵਧਾਉਣ ਲਈ ਪੰਜਾਬ ਹੈਰੀਟੇਜ ਐਂਡ ਟੂਰਿਜ਼ਮ ਪ੍ਰਮੋਸ਼ਨ ਬੋਰਡ ਵੱਲੋਂ ਛੱਤਬੀੜ...
ਛਤਰਪਤੀ ਹੱਤਿਆ ਮਾਮਲੇ 'ਚ ਰਾਮ ਰਹੀਮ ਨੂੰ ਉਮਰ ਕੈਦ ਦੀ ਸਜ਼ਾ
. . .  1 day ago
ਪੰਚਕੂਲਾ, 17 ਜਨਵਰੀ (ਰਾਮ ਸਿੰਘ ਬਰਾੜ) - ਪੱਤਰਕਾਰ ਰਾਮਚੰਦਰ ਛਤਰਪਤੀ ਹੱਤਿਆ ਮਾਮਲੇ 'ਚ ਸੀ.ਬੀ.ਆਈ ਦੀ ਵਿਸ਼ੇਸ਼ ਅਦਾਲਤ ਨੇ ਡੇਰਾ ਸੱਚਾ ਸੌਦਾ ਪ੍ਰਮੁੱਖ ਗੁਰਮੀਤ ਰਾਮ ਰਹੀਮ...
ਭਾਰਤ ਅਤੇ ਆਸਟ੍ਰੇਲੀਆ ਵਿਚਕਾਰ ਤੀਸਰਾ ਇੱਕ ਦਿਨਾਂ ਮੈਚ ਕੱਲ੍ਹ
. . .  1 day ago
ਮੈਲਬੌਰਨ, 17 ਜਨਵਰੀ - ਭਾਰਤ ਅਤੇ ਆਸਟ੍ਰੇਲੀਆ ਵਿਚਕਾਰ ਤੀਸਰਾ ਅਤੇ ਆਖ਼ਰੀ ਇੱਕ ਦਿਨਾਂ ਮੈਚ 18 ਜਨਵਰੀ ਨੂੰ ਮੈਲਬੌਰਨ 'ਚ ਖੇਡਿਆ ਜਾਵੇਗਾ। ਦੋਵੇਂ ਟੀਮਾਂ 1-1 ਮੈਚ ਜਿੱਤ...
ਮਹਿਲਾ ਕ੍ਰਿਕਟ : ਬੀ.ਸੀ.ਸੀ.ਆਈ ਵੱਲੋਂ ਇੰਗਲੈਂਡ ਖ਼ਿਲਾਫ਼ ਘਰੇਲੂ ਲੜੀ ਲਈ ਪ੍ਰੋਗਰਾਮ ਦਾ ਐਲਾਨ
. . .  1 day ago
ਮੁੰਬਈ, 17 ਜਨਵਰੀ - ਬੀ.ਸੀ.ਸੀ.ਆਈ ਨੇ ਇੰਗਲੈਂਡ ਖ਼ਿਲਾਫ਼ ਘਰੇਲੂ ਲੜੀ ਲਈ ਪ੍ਰੋਗਰਾਮ ਦਾ ਐਲਾਨ ਕਰ ਦਿੱਤਾ ਹੈ। ਇਸ ਲੜੀ ਤਹਿਤ ਭਾਰਤੀ ਮਹਿਲਾ ਕ੍ਰਿਕਟ ਟੀਮ ਅਤੇ ਇੰਗਲੈਂਡ...
ਸੋਸ਼ਲ ਮੀਡੀਆ 'ਤੇ ਆਮ ਚੋਣਾਂ ਦੀ ਫ਼ਰਜ਼ੀ ਤਾਰੀਖ਼ ਜਾਰੀ ਕਰਨ ਵਾਲਿਆ ਖ਼ਿਲਾਫ਼ ਕਾਰਵਾਈ ਹੋਵੇ - ਚੋਣ ਕਮਿਸ਼ਨ
. . .  1 day ago
ਨਵੀਂ ਦਿੱਲੀ, 10 ਜਨਵਰੀ - ਚੋਣ ਕਮਿਸ਼ਨ ਨੇ ਦਿੱਲੀ ਦੇ ਚੋਣ ਅਧਿਕਾਰੀ ਨੂੰ ਸੋਸ਼ਲ ਮੀਡੀਆ 'ਤੇ ਆਮ ਚੋਣਾਂ ਦੀ ਫ਼ਰਜ਼ੀ ਤਾਰੀਖ਼ ਜਾਰੀ ਕਰਨ ਵਾਲਿਆ ਖ਼ਿਲਾਫ਼ ਕਾਰਵਾਈ...
ਹੋਰ ਖ਼ਬਰਾਂ..

ਧਰਮ ਤੇ ਵਿਰਸਾ

ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਡੇਰਾ ਬਾਬਾ ਨਾਨਕ

ਡੇਰਾ ਬਾਬਾ ਨਾਨਕ ਗੁਰਦਾਸਪੁਰ ਜ਼ਿਲ੍ਹੇ ਦਾ ਪ੍ਰਮੁੱਖ ਇਤਿਹਾਸਕ ਨਗਰ ਹੈ। ਇਸ ਇਤਿਹਾਸਕ ਨਗਰ ਅਤੇ ਇਸ ਦੇ ਨਜ਼ਦੀਕੀ ਕਸਬਾ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਲਗਪਗ 18 ਸਾਲ ਖੇਤੀ ਕਰਦੇ ਰਹੇ। ਇਹ ਬਹੁਤ ਪਵਿੱਤਰ ਤੇ ਭਾਗਾਂ ਵਾਲੀ ਧਰਤੀ ਹੈ, ਜੋ ਰੇਲਵੇ ਮਾਰਗ ਰਾਹੀਂ ਸ੍ਰੀ ਅੰਮ੍ਰਿਤਸਰ ਅਤੇ ਸੜਕੀ ਮਾਰਗ ਰਾਹੀਂ ਗੁਰਦਾਸਪੁਰ, ਬਟਾਲਾ, ਅਜਨਾਲਾ ਤੇ ਅੰਮ੍ਰਿਤਸਰ ਨਾਲ ਜੁੜੀ ਹੋਈ ਹੈ। ਇਹ ਅਸਥਾਨ ਅੰਮ੍ਰਿਤਸਰ ਤੋਂ 55 ਕਿਲੋਮੀਟਰ ਤੇ ਬਟਾਲੇ ਤੋਂ 29 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ।
ਕਿਵੇਂ ਬਣਿਆ 'ਡੇਰਾ ਬਾਬੇ ਨਾਨਕ ਦਾ'?
ਗੁਰੂ ਸਾਹਿਬ ਆਪਣੀ ਸੰਸਾਰਕ ਯਾਤਰਾ ਸੰਪੂਰਨ ਕਰਕੇ 22 ਸਤੰਬਰ, 1539 ਈ: ਨੂੰ ਕਰਤਾਰਪੁਰ ਵਿਖੇ ਅਕਾਲ ਪੁਰਖ ਵਿਚ ਅਭੇਦ ਹੋ ਗਏ। ਅੰਤਿਮ ਸੰਸਕਾਰ ਵਾਲੇ ਅਸਥਾਨ 'ਤੇ ਪ੍ਰੇਮੀ ਗੁਰਸਿੱਖਾਂ ਵਲੋਂ ਯਾਦਗਾਰ ਕਾਇਮ ਕੀਤੀ ਗਈ, ਜਿਸ ਨੂੰ ਰਾਵੀ ਦਰਿਆ ਨੇ ਆਪਣੇ ਨਾਲ ਇਕਮਿਕ ਕਰ ਲਿਆ। ਇਹ ਯਾਦਗਾਰ ਰਾਵੀ ਵਿਚ ਵਲੀਨ ਹੋਣ ਪਿੱਛੋਂ ਬਾਬਾ ਸ੍ਰੀਚੰਦ ਤੇ ਉਨ੍ਹਾਂ ਦੇ ਭਤੀਜੇ ਭਾਈ ਧਰਮ ਦਾਸ ਨੇ ਰਾਵੀ ਦਰਿਆ ਦੇ ਦੂਜੇ ਪਾਸੇ ਭਾਈ ਅਜਿਤੇ ਰੰਧਾਵੇ ਦੇ ਖੂਹ 'ਤੇ, ਜੋ ਡੇਰਾ ਬਾਬਾ ਨਾਨਕ ਵਿਖੇ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਵਿਚ ਅੱਜ ਵੀ ਉਸ ਸਮੇਂ ਦੀ ਗਵਾਹੀ ਭਰਦਾ ਹੈ ਅਤੇ ਉਸ ਸਥਾਨ 'ਤੇ ਗੁਰੂ ਨਾਨਕ ਸਾਹਿਬ ਦੀ ਯਾਦਗਾਰ ਕਾਇਮ ਕੀਤੀ ਗਈ ਹੈ। ਇਹ ਸਰਜੀ ਸਾਹਿਬ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ। ਇਹ ਖੂਹ ਪਹਿਲਾਂ ਉਪਰੋਂ ਖੁੱਲ੍ਹਾ ਸੀ, ਪਰ ਜਦੋਂ ਗੁਰਦੁਆਰਾ ਦਰਬਾਰ ਸਾਹਿਬ ਦੀ ਇਮਾਰਤ ਤਿਆਰ ਹੋਈ ਤਾਂ ਇਸ ਨੂੰ ਉਪਰੋਂ ਢਕ ਕੇ ਬਾਉਲੀ ਦੀ ਸ਼ਕਲ ਦੇ ਦਿੱਤੀ ਗਈ। ਇਸ ਖੂਹ ਦਾ ਜਲ ਹੀ ਸਰੋਵਰ ਵਿਚ ਪਾਇਆ ਜਾਂਦਾ ਹੈ। ਇਸ ਅਸਥਾਨ 'ਤੇ ਗੁਰੂ ਨਾਨਕ ਸਾਹਿਬ ਆਪਣੇ ਪ੍ਰੇਮੀ ਸਿੱਖਾਂ ਨਾਲ ਭਾਈ ਅਜਿਤੇ ਰੰਧਾਵਾ ਨੂੰ ਮਿਲਣ ਆਏ ਸਨ। ਸਮੇਂ ਦੇ ਚਲਦਿਆਂ ਇਸ ਦੇ ਆਲੇ-ਦੁਆਲੇ ਨਗਰ ਆਬਾਦ ਹੋ ਗਿਆ। ਲਖਮੀ ਦਾਸ ਦੇ ਸਪੁੱਤਰ ਧਰਮ ਚੰਦ ਨੇ ਇਸ ਬਸਤੀ ਦਾ ਨਾਂਅ ਦੇਹਰਾ ਬਾਬਾ ਨਾਨਕ ਰੱਖਿਆ ਸੀ, ਜੋ ਹੁਣ ਡੇਰਾ ਬਾਬਾ ਨਾਨਕ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ। ਇਸ ਦੇਹਰੇ ਦੀ ਸੇਵਾ ਮਹਾਰਾਜਾ ਰਣਜੀਤ ਸਿੰਘ, ਸ: ਸੁਧ ਸਿੰਘ ਅਤੇ ਪ੍ਰ੍ਰੇਮੀ ਸੰਗਤਾਂ ਨੇ ਬੜੇ ਪ੍ਰੇਮ ਭਾਵ ਨਾਲ ਕਰਵਾਈ ਸੀ।
ਕੌਣ ਸੀ ਅਜਿਤਾ ਰੰਧਾਵਾ?
ਤਲਵੰਡੀ (ਪਾਕਿਸਤਾਨ) ਤੋਂ ਲਾਹੌਰ ਦੇ ਰਸਤੇ ਪਿੰਡ ਪੱਖੋਕੇ ਰੰਧਾਵਾ 110 ਮੀਲ ਦੇ ਕਰੀਬ ਦੂਰੀ 'ਤੇ ਹੈ, ਜੋ ਅੱਜਕਲ੍ਹ ਡੇਰਾ ਬਾਬਾ ਨਾਨਕ ਦੇ ਕੋਲ ਚੜ੍ਹਦੇ ਪੰਜਾਬ ਵਿਚ ਹੈ। ਗੁਰੂ ਨਾਨਕ ਦੇਵ ਜੀ ਦੇ ਪਿਤਾ ਮਹਿਤਾ ਕਲਿਆਣ ਚੰਦ ਜੀ ਵੀ ਪਿੰਡ ਪੱਖੋਕੇ ਵਿਖੇ ਪਟਵਾਰੀ ਦੀ ਨੌਕਰੀ ਕਰਦੇ ਰਹੇ। ਇਸ ਪਿੰਡ ਦੀ ਜ਼ਮੀਨ ਦੇ ਮਾਲਕ ਰੰਧਾਵਾ ਗੋਤ ਦੇ ਜੱਟ ਸਨ। ਇਸ ਕਰਕੇ ਇਸ ਨੂੰ ਰੰਧਾਵਿਆਂ ਦਾ ਪੱਖੋਕੇ ਵੀ ਕਿਹਾ ਜਾਂਦਾ ਹੈ। ਰੰਧਾਵਿਆਂ ਦੇ ਚੌਧਰੀ ਦਾ ਨਾਂਅ ਅਜਿਤਾ ਸੀ। 1515 ਈ: ਨੂੰ ਗੁਰੂ ਨਾਨਕ ਦੇਵ ਜੀ ਤੇ ਭਾਈ ਮਰਦਾਨਾ ਜੀ ਸਮੇਤ ਅਜਿਤੇ ਰੰਧਾਵੇ ਦੇ ਵਗਦੇ ਖੂਹ 'ਤੇ ਘੜੀ ਆਰਾਮ ਕਰਨ ਲਈ ਬੈਠੇ ਸਨ। ਅਜਿਤਾ ਗੁਰੂ ਸਾਹਿਬ ਦੇ ਨਾਂਅ ਤੋਂ ਪਹਿਲਾਂ ਹੀ ਜਾਣੂ ਸੀ। ਇੱਥੇ ਉਸ ਨੂੰ ਗੁਰੂ ਸਾਹਿਬ ਦੇ ਪਹਿਲੀ ਵਾਰ ਦਰਸ਼ਨ ਹੋਏ ਤੇ ਇੱਥੇ ਹੀ ਗੁਰੂ ਸਾਹਿਬ ਨੂੰ ਉਨ੍ਹਾਂ ਦਾ ਪਰਿਵਾਰ, ਬੱਚੇ, ਪਤਨੀ, ਸੱਸ-ਸਹੁਰਾ, ਪ੍ਰੇਮ ਦੇ ਬੱਝੇ ਹੋਏ 8 ਸਾਲਾਂ ਦੇ ਵਿਛੋੜੇ ਬਾਅਦ ਮਿਲੇ ਸਨ। ਅਜਿਤਾ ਅੱਚਲ ਬਟਾਲੇ ਸਿੱਧ ਗੋਸ਼ਟਿ ਵੇਲੇ ਬਾਬਾ ਜੀ ਦੇ ਨਾਲ ਸੀ ਅਤੇ ਨਾਲ ਹੀ ਮੁਲਤਾਨ ਦੇ ਟਿੱਲੇ ਆਦਿ ਥਾਵਾਂ ਦੀ ਯਾਤਰਾ ਉਪਰੰਤ ਕਰਤਾਰਪੁਰ ਵਾਪਸ ਆਇਆ ਸੀ।
ਕਿਵੇਂ ਆਇਆ ਗੁਰੂ ਸਾਹਿਬ ਦਾ ਚੋਲਾ?
ਗੁਰਦੁਆਰਾ ਡੇਰਾ ਸਾਹਿਬ ਦੇ ਨਜ਼ਦੀਕ ਹੀ ਗੁਰਦੁਆਰਾ ਚੋਲਾ ਸਾਹਿਬ ਹੈ। ਕਿਹਾ ਜਾਂਦਾ ਹੈ ਕਿ ਇਹ ਚੋਲਾ ਬਗਦਾਦ ਦੀ ਫੇਰੀ ਦੌਰਾਨ ਗੁਰੂ ਸਾਹਿਬ ਨੂੰ ਹਾਕਮ ਇਸਮਾਈਲ ਸਫਵੀ ਨੇ ਭੇਟ ਕੀਤਾ ਸੀ। ਇਸ ਚੋਲੇ 'ਤੇ ਕੁਰਾਨ ਦੀਆਂ ਆਇਤਾਂ ਅਤੇ ਖੁਦਾ ਦੀ ਮਹਿਮਾ ਕਸ਼ੀਦੇ ਨਾਲ ਕੱਢੀ ਹੋਈ ਹੈ। ਬਾਅਦ ਵਿਚ ਗੁਰੂ ਸਾਹਿਬ ਨੇ ਇਹ ਚੋਲਾ ਇਕ ਪ੍ਰੇਮੀ ਨੂੰ ਦਿੱਤਾ ਸੀ। ਇਹ ਚੋਲਾ ਹੁਣ ਬੇਦੀ ਪਰਿਵਾਰ ਕੋਲ ਹੈ। ਹਰ ਸਾਲ ਚੋਲਾ ਸਾਹਿਬ ਦੇ ਜੋੜ ਮੇਲੇ 'ਤੇ ਲੱਖਾਂ ਸੰਗਤਾਂ ਚੋਲਾ ਸਾਹਿਬ ਦੇ ਦਰਸ਼ਨਾਂ ਲਈ ਆਉਂਦੀਆਂ ਹਨ। ਇੱਥੇ ਪੁਰਾਤਨ ਸਮੇਂ ਦਾ ਇਕ 8 ਨੁੱਕਰਾ ਖੂਹ ਵੀ ਮੌਜੂਦ ਹੈ।
ਕੀਰਤਨ ਅਸਥਾਨ ਕਿਵੇਂ ਬਣਿਆ?
ਸੰਮਤ 1646 ਨੂੰ ਬਾਬਾ ਧਰਮ ਚੰਦ ਜੀ ਜਦ ਅਕਾਲ ਚਲਾਣਾ ਕਰ ਗਏ ਤਾਂ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਜਦ ਇੱਥੇ ਆਏ ਤਾਂ ਕੀਰਤਨ ਅਸਥਾਨ 'ਤੇ ਬੈਠ ਕੇ ਉਨ੍ਹਾਂ ਨੇ ਪ੍ਰਭੂ ਦੀ ਸਿਫ਼ਤ ਸਲਾਹ ਵਜੋਂ ਕੀਰਤਨ ਕਰਨ ਦੀ ਮਰਯਾਦਾ ਕਾਇਮ ਕੀਤੀ। 1827 ਈ: ਵਿਚ ਮਹਾਰਾਜਾ ਰਣਜੀਤ ਸਿੰਘ ਨੇ ਸ੍ਰੀ ਦਰਬਾਰ ਸਾਹਿਬ ਡੇਰਾ ਬਾਬਾ ਨਾਨਕ ਦੇ ਅਸਥਾਨ ਨੂੰ ਬਹੁਤ ਸਾਰੀ ਨਕਦੀ ਤੇ ਜਗੀਰ ਦੇ ਰੂਪ 'ਚ ਜਾਇਦਾਦ ਭੇਟ ਕੀਤੀ ਅਤੇ ਦਰਬਾਰ ਸਾਹਿਬ ਦੀ ਇਮਾਰਤ ਦੀ ਉਸਾਰੀ ਅਤੇ ਸੋਨੇ ਦੀ ਸੇਵਾ ਕਰਵਾਈ। 2003 'ਚ ਕੇਂਦਰ ਸਰਕਾਰ ਵਲੋਂ ਜਾਰੀ ਕੀਤੇ ਗਏ ਨੋਟੀਫਿਕੇਸ਼ਨ ਉਪਰੰਤ ਗੁਰਦੁਆਰਾ ਸਾਹਿਬ ਦਾ ਸਮੁੱਚਾ ਪ੍ਰਬੰਧ ਸ਼੍ਰੋਮਣੀ ਕਮੇਟੀ ਅਧੀਨ ਆ ਗਿਆ, ਜੋ ਹੁਣ ਤੱਕ ਚੱਲ ਰਿਹਾ ਹੈ। ਇਸ ਅਸਥਾਨ ਦੀ ਕਾਰ ਸੇਵਾ ਸੰਤ ਬਾਬਾ ਸੇਵਾ ਸਿੰਘ ਖਡੂਰ ਸਾਹਿਬ ਵਾਲੇ ਕਰਵਾ ਰਹੇ ਹਨ। ਸਰੋਵਰ ਤਿਆਰ ਹੋ ਚੁੱਕਾ ਹੈ। ਇਸ ਤੋਂ ਇਲਾਵਾ ਸੰਗਤਾਂ ਦੀ ਰਿਹਾਇਸ਼ ਲਈ ਆਧੁਨਿਕ ਸਹੂਲਤਾਂ ਵਾਲੀ ਵੱਡੀ ਸਰਾਂ ਤੇ ਲੰਗਰ ਹਾਲ ਵੀ ਉਨ੍ਹਾਂ ਵਲੋਂ ਬਣਾਇਆ ਜਾ ਚੁੱਕਾ ਹੈ।
ਕਿਵੇਂ ਵਸਿਆ ਸ੍ਰੀ ਕਰਤਾਰਪੁਰ ਸਾਹਿਬ?
ਜਦ ਗੁਰੂ ਜੀ ਨੇ ਰਾਵੀ ਦੇ ਕੰਢੇ 'ਤੇ ਪੱਖੋਕੇ ਰੰਧਾਵੇ ਪਾਸ ਕੇਂਦਰੀ ਅਸਥਾਨ ਬਣਾਉਣ ਦੀ ਗੱਲ ਚੌਧਰੀ ਅਜਿਤੇ ਰੰਧਾਵੇ ਕੋਲ ਪ੍ਰਗਟ ਕੀਤੀ ਤਾਂ ਉਹ ਬੜਾ ਪ੍ਰਸੰਨ ਹੋਇਆ। ਬਾਅਦ ਵਿਚ ਪਿੰਡ ਦੇ ਬਾਕੀ ਜੱਟਾਂ ਨੇ ਵੀ ਇਹ ਅਸਥਾਨ ਬਣਨ ਵਿਚ ਖੁਸ਼ੀ ਪ੍ਰਗਟ ਕੀਤੀ। ਨਵਾਂ ਪਿੰਡ ਵਸਾਏ ਜਾਣ ਕਰਕੇ ਸਭ ਨੇ ਮਿਲ ਕੇ ਜ਼ਮੀਨ ਦਿੱਤੀ। ਗੁਰੂ ਸਾਹਿਬ ਨੇ ਸੰਮਤ 1572 ਨੂੰ ਇਸ ਸਥਾਨ 'ਤੇ ਮੋੜ੍ਹੀ ਗੱਡ ਦਿੱਤੀ ਅਤੇ ਪਿੰਡ ਦਾ ਨਾਂਅ ਕਰਤਾਰਪੁਰ ਰੱਖਿਆ। ਇਹ ਅਸਥਾਨ ਡੇਰਾ ਬਾਬਾ ਨਾਨਕ ਤੋਂ ਤਕਰੀਬਨ 5 ਕਿਲੋਮੀਟਰ ਦੂਰੀ ਦੀ ਵਿੱਥ 'ਤੇ ਦਰਿਆ ਦੇ ਪਰਲੇ ਕੰਢੇ 'ਤੇ ਸਥਿਤ ਹੈ। ਜਦੋਂ ਕਰਤਾਰਪੁਰ ਵਿਚ ਕੱਚੇ ਕੋਠੇ ਤਿਆਰ ਹੋਏ ਤਾਂ ਗੁਰੂੂ ਜੀ ਨੇ ਆਪਣੇ ਮਾਤਾ-ਪਿਤਾ ਤੇ ਪਰਿਵਾਰ ਨੂੰ ਇੱਥੇ ਲਿਆਉਣ ਦਾ ਪ੍ਰਬੰਧ ਕੀਤਾ ਤੇ ਬਾਅਦ ਵਿਚ ਭਾਈ ਮਰਦਾਨੇ ਦਾ ਪਰਿਵਾਰ ਵੀ ਕਰਤਾਰਪੁਰ ਆ ਗਿਆ। ਇਸ ਅਸਥਾਨ 'ਤੇ ਹੀ ਗੁਰੂ ਜੀ ਨੇ ਜ਼ਿੰਦਗੀ ਦੇ ਤਕਰੀਬਨ 18 ਸਾਲ ਖੇਤੀ ਕਰਦਿਆਂ ਬਿਤਾਏ। ਉਨ੍ਹਾਂ ਨੇ ਲੋਕਾਈ ਨੂੰ ਨਾਮ ਜਪੋ, ਕਿਰਤ ਕਰੋ ਤੇ ਵੰਡ ਛਕੋ ਦਾ ਉਪਦੇਸ਼ ਦਿੱਤਾ। ਅਖੀਰ 22 ਸਤੰਬਰ, 1539 ਈ: ਨੂੰ ਗੁਰੂ ਅੰਗਦ ਦੇਵ (ਭਾਈ ਲਹਿਣਾ ਜੀ) ਜੀ ਨੂੰ ਗੁਰਤਾਗੱਦੀ ਦੇ ਕੇ ਜੋਤੀ-ਜੋਤਿ ਸਮਾ ਗਏ। ਜੋਤੀ-ਜੋਤਿ ਸਮਾਉਣ ਸਮੇਂ ਜਦ ਸੰਗਤਾਂ ਵਲੋਂ ਗੁਰੂ ਮਹਾਰਾਜ ਜੀ ਦੀ ਚਾਦਰ ਦਾ ਅੰਤਿਮ ਸੰਸਕਾਰ ਕੀਤਾ ਗਿਆ ਤਾਂ ਉਸ ਚਾਦਰ ਦੀ ਰਾਖ ਵਾਲੀ ਗਾਗਰ ਨੂੰ ਗੁਰੂ ਨਾਨਕ ਦੇਵ ਜੀ ਦੇ ਵੱਡੇ ਸਪੁੱਤਰ ਬਾਬਾ ਸ੍ਰੀ ਚੰਦ ਜੀ ਵਲੋਂ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਡੇਰਾ ਬਾਬਾ ਨਾਨਕ ਵਿਖੇ ਲਿਆ ਕੇ ਦਫਨਾਇਆ ਗਿਆ ਸੀ, ਜਿਸ 'ਤੇ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਇਤਿਹਾਸਕ ਥੜ੍ਹਾ ਸਾਹਿਬ ਮੌਜੂਦ ਹੈ।
ਇਤਿਹਾਸਕ ਪਿਛੋਕੜ
ਇਤਿਹਾਸਕ ਕਸਬਾ ਡੇਰਾ ਬਾਬਾ ਨਾਨਕ ਦੇ ਨਜ਼ਦੀਕ ਹੀ ਪਿੰਡ ਪੱਖੋਕੇ ਟਾਹਲੀ ਸਾਹਿਬ ਵਿਖੇ ਗੁਰਦੁਆਰਾ ਬਾਬਾ ਸ੍ਰੀ ਚੰਦ ਜੀ ਸਥਿਤ ਹੈ। ਡੇਰਾ ਬਾਬਾ ਨਾਨਕ ਦੇ ਨਜ਼ਦੀਕੀ ਪਿੰਡ ਚੰਦੂ ਨੰਗਲ ਵਿਖੇ ਵੀ ਇਤਿਹਾਸਕ ਮੰਦਰ ਬਾਬਾ ਸ੍ਰੀਚੰਦ ਜੀ ਸਥਿਤ ਹੈ, ਜਿਥੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵੱਡੇ ਸਪੁੱਤਰ ਬਾਬਾ ਸ੍ਰੀ ਚੰਦ ਜੀ ਬੰਦਗੀ ਕਰਿਆ ਕਰਦੇ ਸਨ।


ਖ਼ਬਰ ਸ਼ੇਅਰ ਕਰੋ

ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਦੀ ਪਾਵਨ ਸ਼ਹਾਦਤ

ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਦੀ ਪਾਵਨ ਸ਼ਹਾਦਤ ਦੁਨੀਆ ਦੇ ਧਾਰਮਿਕ ਇਤਿਹਾਸ ਅੰਦਰ ਆਪਣੇ-ਆਪ ਵਿਚ ਵਿਲੱਖਣ ਹੈ, ਸਿਰਮੌਰ ਹੈ। ਗੁਰੂ ਸਾਹਿਬ ਜੀ ਦੀ ਸ਼ਹਾਦਤ ਦੁਖੀਆਂ ਦੇ ਦੁੱਖ ਹਰਨ ਦਾ ਉਹ ਰਸਤਾ ਹੈ, ਜੋ ਇਹ ਦਰਸਾਉਂਦਾ ਹੈ ਕਿ ਜੇਕਰ ਲੋੜ ਪਵੇ ਤਾਂ ਮਾਨਵਤਾ ਖਾਤਰ ਆਪਣਾ-ਆਪ ਕੁਰਬਾਨ ਕਰਨ ਵਿਚ ਕਦੇ ਵੀ ਪਿੱਛੇ ਨਾ ਹਟੋ। ਅੱਜ ਜਦੋਂ ਸਮਾਜ ਅੰਦਰ ਮੈਂ-ਮੇਰੀ ਅਤੇ ਸਵੈ ਲਾਲਸਾਵਾਂ ਪ੍ਰਬਲ ਹੋ ਚੁੱਕੀਆਂ ਹਨ ਤਾਂ ਅਜਿਹੇ ਵਿਚ ਗੁਰੂ ਸਾਹਿਬ ਜੀ ਦੀ ਸ਼ਹਾਦਤ ਸਮਾਜ ਲਈ ਇਕ ਵੱਡੀ ਪ੍ਰੇਰਨਾ ਹੈ। ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਦੇ ਇਤਿਹਾਸਕ ਪ੍ਰਸੰਗ ਤੋਂ ਪਹਿਲਾਂ ਸਿੱਖ ਧਰਮ ਅੰਦਰ ਸ਼ਹਾਦਤ ਦੇ ਸੰਕਲਪ ਨੂੰ ਸਮਝਣਾ ਵੀ ਜ਼ਰੂਰੀ ਹੈ। ਪਹਿਲੇ ਪਾਤਿਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਦੋਂ ਸਿੱਖ ਧਰਮ ਪ੍ਰਗਟ ਕੀਤਾ ਤਾਂ ਸਿੱਖੀ ਮਹਿਲ ਦੀ ਪਹਿਲੀ ਇੱਟ ਕੁਰਬਾਨੀ ਦੀ ਹੀ ਰੱਖੀ। ਉਨ੍ਹਾਂ ਆਪਣੀ ਪਾਵਨ ਬਾਣੀ ਅੰਦਰ ਇਸ ਪ੍ਰੇਮ ਦੀ ਖੇਡ ਲਈ ਸਿਰ ਤਲੀ ਉੱਤੇ ਧਰਨ ਦੀ ਪ੍ਰੇਰਨਾ ਕੀਤੀ ਅਤੇ ਕਿਹਾ ਕਿ ਇਸ ਰਸਤੇ 'ਤੇ ਚੱਲਣ ਲਈ ਡਰ ਦੀ ਕੋਈ ਥਾਂ ਨਹੀਂ ਹੈ। ਧਰਮ ਪ੍ਰਤੀ ਕੁਰਬਾਨੀ ਅਤੇ ਸ਼ਹਾਦਤ ਦਾ ਸੰਕਲਪ ਉਨ੍ਹਾਂ ਨੇ ਹੀ ਰੌਸ਼ਨ ਕੀਤਾ, ਜਿਸ 'ਤੇ ਚਲਦਿਆਂ ਪੰਜਵੇਂ ਤੇ ਨੌਵੇਂ ਪਾਤਿਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਤੇੇ ਸ੍ਰੀ ਗੁਰੂ ਤੇਗ਼ ਬਹਾਦਰ ਜੀ ਨੇ ਆਪ ਸ਼ਹੀਦੀਆਂ ਦੇ ਕੇ ਸ਼ਹੀਦੀ-ਪਰੰਪਰਾ ਦਾ ਆਰੰਭ ਕੀਤਾ। ਉਸ ਸਮੇਂ ਤੋਂ ਹੁਣ ਤੱਕ ਲੱਖਾਂ ਹੀ ਸਿੱਖ ਕੌਮੀ ਅਣਖ ਤੇ ਅਜ਼ਾਦੀ, ਹੱਕ, ਸੱਚ ਲਈ ਜੂਝੇ ਤੇ ਸ਼ਹੀਦ ਹੋਏ ਹਨ। ਸ਼ਹੀਦੀ ਨਿਡਰਤਾ ਦੀ ਨਿਸ਼ਾਨੀ ਹੈ। 'ਸ਼ਹੀਦ' ਲਫਜ਼ ਦਾ ਆਧਾਰ ਗਵਾਹੀ ਹੈ। ਭਾਵ ਮਕਸਦ, ਨਿਸ਼ਾਨੇ ਵਾਸਤੇ ਦ੍ਰਿੜ੍ਹਤਾ ਨਾਲ ਖੜ੍ਹੇ ਹੋ ਕੇ ਮਿਸਾਲ ਬਣਨਾ।
ਸਿੱਖ ਕੌਮ ਯੋਧਿਆਂ, ਜੁਝਾਰੂਆਂ, ਸ਼ਹੀਦਾਂ ਦੀ ਕੌਮ ਹੈ। ਸ਼ਹਾਦਤ ਨਿਆਂ, ਹੱਕ-ਸੱਚ ਅਤੇ ਧਰਮ ਲਈ ਹੁੰਦੀ ਹੈ। ਨੌਵੇਂ ਪਾਤਿਸ਼ਾਹ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਅਦੁੱਤੀ ਸ਼ਹਾਦਤ ਦੇ ਅਮਲੀ ਵਰਤਾਰੇ ਨੂੰ ਸਿਖਰ ਉੱਤੇ ਪਹੁੰਚਾਇਆ। ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਸ਼ਹਾਦਤ ਮਨੁੱਖੀ ਕਦਰਾਂ-ਕੀਮਤਾਂ ਨੂੰ ਜਿਊਂਦਿਆਂ ਰੱਖਣ ਵਾਲੀ ਹੈ।
ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਦੇ ਇਤਿਹਾਸਕ ਪ੍ਰਸੰਗ ਦੀ ਗੱਲ ਕਰੀਏ ਤਾਂ ਜਦੋਂ ਕਸ਼ਮੀਰ ਵਿਚੋਂ ਆਏ ਪੰਡਤਾਂ ਦੇ ਵਫ਼ਦ ਨੇ ਅਨੰਦਪੁਰ ਸਾਹਿਬ ਵਿਖੇ ਆ ਕੇ ਗੁਰੂ ਸਾਹਿਬ ਨੂੰ ਔਰੰਗਜ਼ੇਬ ਦੀ ਹਕੂਮਤ ਵਲੋਂ ਜਬਰੀ ਧਰਮ ਦੀ ਕੀਤੀ ਜਾ ਰਹੀ ਤਬਦੀਲੀ ਅਤੇ ਦੁੱਖਾਂ ਦੀ ਲੰਬੀ ਦਾਸਤਾਨ ਸੁਣਾਈ ਤਾਂ ਉਨ੍ਹਾਂ ਨੇ ਉੱਤਰ ਦਿੱਤਾ ਕਿ ਕਿਸੇ ਪਵਿੱਤਰ ਆਤਮਾ ਦੀ ਕੁਰਬਾਨੀ ਨਾਲ ਹੀ ਹਕੂਮਤ ਦੇ ਅੱਤਿਆਚਾਰ ਰੁਕ ਸਕਣਗੇ। ਇਸ ਸਮੇਂ ਉਥੇ ਖੜ੍ਹੇ ਨੌਂ ਸਾਲਾਂ ਦੇ ਬਾਲਕ ਗੋਬਿੰਦ ਰਾਇ ਜੀ (ਸ੍ਰੀ ਗੁਰੂ ਗੋਬਿੰਦ ਸਿੰਘ ਜੀ) ਨੇ ਸਹਿਜ ਸੁਭਾਅ ਹੱਥ ਜੋੜ ਕੇ ਬੇਨਤੀ ਕੀਤੀ ਕਿ ਗੁਰੂ ਪਿਤਾ ਜੀ, ਇਸ ਸਮੇਂ ਤੁਹਾਡੇ ਨਾਲੋਂ ਮਹਾਨ ਪੁਰਖ ਹੋਰ ਕੌਣ ਹੋ ਸਕਦਾ ਹੈ? ਆਪ ਨੇ ਬਾਲ ਗੋਬਿੰਦ ਰਾਇ ਜੀ ਨੂੰ ਛਾਤੀ ਨਾਲ ਲਗਾ ਲਿਆ ਅਤੇ ਉਸੇ ਸਮੇਂ ਕਸ਼ਮੀਰੀ ਪੰਡਤਾਂ ਨੂੰ ਕਹਿ ਦਿੱਤਾ ਕਿ ਉਹ ਬਾਦਸ਼ਾਹ ਨੂੰ ਜਾ ਕੇ ਆਖ ਦੇਣ ਕਿ ਪਹਿਲਾਂ ਉਨ੍ਹਾਂ ਦੇ ਗੁਰੂ (ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ) ਨੂੰ ਮੁਹੰਮਦੀ ਸ਼ਰ੍ਹਾ ਵਿਚ ਲੈ ਆਓ, ਫਿਰ ਆਪੇ ਹੀ ਸਭ ਮੁਸਲਮਾਨ ਬਣ ਜਾਣਗੇ। ਇਹ ਇਕ ਧਰਮੀ ਖੇਤਰ ਦੇ ਪਾਤਿਸ਼ਾਹ ਦੀ ਦੁਨਿਆਵੀ ਬਾਦਸ਼ਾਹ ਨੂੰ ਵੰਗਾਰ ਸੀ।
ਇੰਜ ਔਰੰਗਜ਼ੇਬ ਨੇ ਗੁਰੂ ਸਾਹਿਬ ਦੀ ਗ੍ਰਿਫ਼ਤਾਰੀ ਦਾ ਹੁਕਮ ਜਾਰੀ ਕਰ ਦਿੱਤਾ। ਆਗਰੇ ਵਿਖੇ ਗ੍ਰਿਫ਼ਤਾਰ ਹੋਣ ਉਪਰੰਤ ਗੁਰੂ ਸਾਹਿਬ ਨੂੰ ਦਿੱਲੀ ਲਿਆਂਦਾ ਗਿਆ ਤਾਂ ਸਿਦਕੀ ਸਿੱਖ ਭਾਈ ਦਿਆਲਾ ਜੀ, ਭਾਈ ਮਤੀ ਦਾਸ ਜੀ ਅਤੇ ਭਾਈ ਸਤੀ ਦਾਸ ਜੀ ਵੀ ਆਪ ਜੀ ਦੇ ਨਾਲ ਸਨ। ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਉੱਤੇ ਹਕੂਮਤੀ ਵਾਰ ਸ਼ੁਰੂ ਹੋਏ। ਹਕੂਮਤ ਨੇ ਪਹਿਲਾਂ ਤਾਂ ਜ਼ਬਾਨੀ ਡਰਾਵੇ ਅਤੇ ਲਾਲਚ ਦਿੱਤੇ ਕਿ ਉਹ ਮੁਸਲਮਾਨ ਬਣਨਾ ਮੰਨ ਜਾਣ ਪਰ ਜਦੋਂ ਗੁਰੂ ਸਾਹਿਬ ਨਹੀਂ ਮੰਨੇ ਤਾਂ ਹਕੂਮਤੀ ਜ਼ੁਲਮ-ਜਬਰ ਦਾ ਦੌਰ ਸ਼ੁਰੂ ਹੋ ਗਿਆ। ਗੁਰੂ ਜੀ ਦੇ ਅਨਿੰਨ ਅਤੇ ਜਾਨ ਤੋਂ ਵੀ ਪਿਆਰੇ ਸੇਵਕਾਂ ਭਾਈ ਦਿਆਲਾ ਜੀ, ਭਾਈ ਮਤੀ ਦਾਸ ਜੀ ਅਤੇ ਭਾਈ ਸਤੀ ਦਾਸ ਜੀ ਨੂੰ ਗੁਰੂ ਸਾਹਿਬ ਦੀਆਂ ਅੱਖਾਂ ਸਾਹਮਣੇ ਵੱਖ-ਵੱਖ ਤਰੀਕਿਆਂ ਨਾਲ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ। ਹਕੂਮਤ ਨੇ ਗੁਰੂ ਸਾਹਿਬ ਦੇ ਸਾਹਮਣੇ ਦਹਿਸ਼ਤਗਰਦੀ ਦੀ ਹੱਦ ਕਰ ਦਿੱਤੀ ਸੀ। ਹਕੂਮਤ ਬੌਖਲਾ ਉੱਠੀ, ਕਿਉਂਕਿ ਹਾਰ ਉਸ ਦੇ ਸਾਹਮਣੇ ਸੀ, ਗੁਰੂ ਸਾਹਿਬ ਜਿੱਤ ਰਹੇ ਸਨ। ਅਖੀਰ ਜ਼ਾਲਮਾਂ ਨੇ ਗੁਰੂ ਜੀ ਨੂੰ ਵੀ ਸ਼ਹੀਦ ਕਰ ਦਿੱਤਾ।
ਗੁਰੂ ਸਾਹਿਬ ਦੀ ਸ਼ਹਾਦਤ ਦਾ ਆਦਰਸ਼ ਜਿਥੇ ਮਾਨਵ-ਧਰਮ ਦੀ ਸੁਰੱਖਿਆ ਸੀ, ਉਥੇ ਸਮੂਹ ਮਨੁੱਖ ਜਾਤੀ ਦੇ ਵਿਚਾਰ-ਵਿਸ਼ਵਾਸ ਦੀ ਸੁਤੰਤਰਤਾ ਅਤੇ ਉਸ ਦੀ ਜ਼ਮੀਰ ਦੀ ਆਜ਼ਾਦੀ ਵਾਲੇ ਬੁਨਿਆਦੀ ਹੱਕਾਂ-ਅਧਿਕਾਰਾਂ ਦੀ ਬਰਕਰਾਰੀ ਵੀ ਸੀ। ਇਹ ਸਮੇਂ ਦੇ ਸਭ ਤੋਂ ਵੱਡੇ ਸਾਮਰਾਜ, ਮੁਗ਼ਲ ਸਲਤਨਤ ਦੀ ਬੇਲਗਾਮ ਰਾਜ-ਸ਼ਕਤੀ ਲਈ ਇਕ ਭਾਰੀ ਚੁਣੌਤੀ ਅਤੇ ਔਰੰਗਜ਼ੇਬ ਵਲੋਂ ਸਾਰੇ ਹਿੰਦੁਸਤਾਨ ਨੂੰ ਇਸਲਾਮ ਦੇ ਝੰਡੇ ਹੇਠ ਲਿਆਉਣ ਲਈ ਜਬਰੀ ਧਰਮ-ਬਦਲੀ ਵਾਸਤੇ ਅਪਣਾਈ ਹੋਈ ਹਿੰਸਕ ਨੀਤੀ ਨੂੰ ਇਕ ਮਹਾਨ ਵੰਗਾਰ ਵੀ ਸੀ। ਸ੍ਰੀ ਗੁਰੂ ਤੇਗ਼ ਬਹਾਦਰ ਜੀ ਨੇ ਜਿਸ ਪਰਉਪਕਾਰੀ ਭਾਵਨਾ, ਨਿਰਭੈਤਾ ਤੇ ਦ੍ਰਿੜ੍ਹਤਾ ਨਾਲ ਉਸ ਦੀ ਰਾਜਧਾਨੀ ਤੇ ਸ਼ਕਤੀ ਦੇ ਗੜ੍ਹ ਦਿੱਲੀ ਜਾ ਕੇ ਇਹ ਇਨਕਲਾਬੀ ਵੰਗਾਰ ਪਾਈ, ਉਸ ਦੀ ਧਾਰਮਿਕ ਨੀਤੀ ਨੂੰ ਭੰਡਿਆ, ਉਹ ਠੀਕ ਅਰਥਾਂ ਵਿਚ ਇਕ ਯੁੱਗ ਪਲਟਾਊ ਘਟਨਾ ਅਤੇ ਅਦੁੱਤੀ ਸਾਕਾ ਸੀ। ਗੁਰੂ ਸਾਹਿਬ ਜੀ ਦੀ ਸ਼ਹਾਦਤ ਸਾਡੇ ਲਈ ਇਕ ਪ੍ਰੇਰਨਾ ਹੈ। ਸੋ ਆਓ ਗੁਰੂ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਸਮੇਂ ਉਨ੍ਹਾਂ ਵਲੋਂ ਧਰਮ ਦੀ ਆਜ਼ਾਦੀ ਲਈ ਦਿੱਤੀ ਮਹਾਨ ਕੁਰਬਾਨੀ ਨੂੰ ਸਿਰ ਝੁਕਾਉਂਦੇ ਹੋਏ ਗੁਰਮਤਿ ਮਾਰਗ ਦੇ ਰਾਹੀ ਬਣੀਏ। ਇਹੀ ਗੁਰੂ ਸਾਹਿਬ ਨੂੰ ਸੱਚੀ ਸ਼ਰਧਾ ਤੇ ਸਤਿਕਾਰ ਹੈ।


-ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ।

ਸਿਰ ਤੋਂ ਪਰ੍ਹੇ ਇਸ਼ਕ ਦਾ ਡੇਰਾ

ਭਗਤ ਪ੍ਰਹਿਲਾਦ

ਪ੍ਰਹਿਲਾਦ ਦਾ ਜਨਮ ਮੁਲਤਾਨ ਦੇ ਰਾਜੇ ਹਰਨਾਖਸ਼ ਦੇ ਘਰ ਹੋਇਆ। ਇਹ ਬੱਚਾ ਜਨਮ ਤੋਂ ਹੀ ਭਗਤੀ ਭਾਵ ਵਾਲਾ ਸੀ, ਜਦੋਂ ਕਿ ਇਸ ਦਾ ਪਿਤਾ ਰੱਬ ਦੇ ਨਾਂਅ ਤੋਂ ਹੀ ਮੁਨਕਰ ਸੀ। ਦੈਂਤ ਬਿਰਤੀ ਵਾਲੇ ਕਠੋਰ ਪਿਤਾ ਦੇ ਘਰ ਕੋਮਲ ਦਿਲ ਵਾਲਾ ਇਹ ਬਾਲਕ ਇਸ ਤਰ੍ਹਾਂ ਸੀ, ਜਿਵੇਂ ਕੱਲਰ ਵਿਚ ਕੰਵਲ ਖਿੜਿਆ ਹੋਵੇ। ਬਚਪਨ ਵਿਚ ਇਕ ਦਿਨ ਇਹ ਖੇਡ ਰਿਹਾ ਸੀ ਤਾਂ ਦੇਖਿਆ ਕਿ ਘੁਮਿਆਰ ਦਾ ਗਰੀਬ ਪਰਿਵਾਰ ਰੋ ਰਿਹਾ ਹੈ। ਕਾਰਨ ਪੁੱਛਣ 'ਤੇ ਉਨ੍ਹਾਂ ਨੇ ਦੱਸਿਆ ਕਿ ਗ਼ਲਤੀ ਨਾਲ ਅਸੀਂ ਆਵੇ ਵਿਚਲੇ ਉਸ ਘੜੇ ਨੂੰ ਵੀ ਅੱਗ ਵਿਚ ਦੱਬ ਦਿੱਤਾ ਹੈ, ਜਿਸ ਵਿਚ ਬਿੱਲੀ ਨੇ ਬੱਚੇ ਦਿੱਤੇ ਹੋਏ ਸਨ। ਹੁਣ ਬਿੱਲੀ ਕੁਰਲਾ ਰਹੀ ਹੈ ਪਰ ਆਵਾ ਤਾਂ ਪੱਕਣ 'ਤੇ ਹੀ ਖੁੱਲ੍ਹੇਗਾ। ਉਹ ਸਾਰੇ ਬੇਨਤੀਆਂ ਕਰਨ ਲੱਗੇ ਕਿ ਬੱਚੇ ਠੀਕ ਰਹਿਣ। ਕੁਝ ਦਿਨਾਂ ਮਗਰੋਂ ਆਵਾ ਖੋਲ੍ਹਿਆ ਤਾਂ ਬੱਚੇ ਠੀਕ-ਠਾਕ ਸਨ। ਪ੍ਰਹਿਲਾਦ ਦੇ ਦਿਲ ਵਿਚ ਪਰਮਾਤਮਾ ਦਾ ਨਿਸਚਾ ਹੋਰ ਵੀ ਪੱਕਾ ਹੋ ਗਿਆ। ਉਸ ਦਾ ਹੰਕਾਰੀ ਬਾਪ ਆਪਣਾ ਹੀ ਨਾਂਅ ਜਪਾਉਂਦਾ ਸੀ। ਸਾਰੀ ਪਰਜਾ ਨੂੰ ਹੁਕਮ ਸੀ ਕਿ ਕੋਈ ਰੱਬ ਦਾ ਨਾਂਅ ਨਹੀਂ ਲੈ ਸਕਦਾ। ਪਰ ਪ੍ਰਹਿਲਾਦ ਹਮੇਸ਼ਾ ਕਹਿੰਦਾ ਸੀ ਕਿ ਰੱਬ ਕਣ-ਕਣ ਵਿਚ ਮੌਜੂਦ ਹੈ ਅਤੇ ਸਾਰਿਆਂ ਦੀ ਰੱਖਿਆ ਕਰਦਾ ਹੈ, ਜਦ ਕਿ ਹਰਨਾਖਸ਼ ਕਿਸੇ ਨੂੰ ਜੀਵਨ ਦਾਨ ਨਹੀਂ ਦੇ ਸਕਦਾ।
ਹਰਨਾਖਸ਼ ਨੇ ਪ੍ਰਹਿਲਾਦ ਨੂੰ ਪੜ੍ਹਨ ਲਈ ਭੇਜਿਆ ਪਰ ਉਹ ਉਥੇ ਵੀ ਸਾਰੇ ਬੱਚਿਆਂ ਨੂੰ ਰੱਬ ਨਾਲ ਪਿਆਰ ਕਰਨ ਲਈ ਕਹਿੰਦਾ ਸੀ। ਜਦੋਂ ਵਾਰ-ਵਾਰ ਸਮਝਾਉਣ 'ਤੇ ਵੀ ਪ੍ਰਹਿਲਾਦ ਨੇ ਰੱਬ ਨਾਲ ਇਸ਼ਕ ਕਰਨਾ ਨਾ ਛੱਡਿਆ ਤਾਂ ਹਰਨਾਖਸ਼ ਗੁੱਸੇ ਵਿਚ ਆਪੇ ਤੋਂ ਬਾਹਰ ਹੋ ਗਿਆ। ਉਸ ਨੇ ਆਪਣੇ ਹੀ ਪੁੱਤਰ ਨੂੰ ਮਰਵਾਉਣ ਲਈ ਕਦੇ ਉਸ ਨੂੰ ਸੱਪਾਂ ਵਿਚ ਬਿਠਾਇਆ, ਕਦੇ ਪਹਾੜ ਤੋਂ ਡੇਗਿਆ, ਕਦੇ ਤਲਵਾਰ ਦੇ ਵਾਰ ਕੀਤੇ, ਕਦੇ ਪਾਣੀ ਵਿਚ ਡੋਬਣ ਦਾ ਯਤਨ ਕੀਤਾ। ਹਰ ਵਾਰ ਪ੍ਰਹਿਲਾਦ ਦੀ ਰੱਖਿਆ ਪ੍ਰਮੇਸ਼ਰ ਆਪ ਕਰਦਾ ਰਿਹਾ। ਪ੍ਰਹਿਲਾਦ ਦੀ ਭੂਆ ਹੋਲਿਕਾ ਨੂੰ ਅੱਗ ਵਿਚ ਨਾ ਸੜਨ ਦਾ ਵਰ ਪ੍ਰਾਪਤ ਸੀ। ਉਹ ਪ੍ਰਹਿਲਾਦ ਨੂੰ ਗੋਦੀ ਵਿਚ ਲੈ ਕੇ ਅੱਗ ਦੇ ਭਾਂਬੜ ਵਿਚ ਬੈਠ ਗਈ ਪਰ ਆਪ ਹੀ ਸੜ ਗਈ। ਹਰਨਾਖਸ਼ ਨੇ ਤਪੱਸਿਆ ਕਰਕੇ ਵਰ ਲਿਆ ਹੋਇਆ ਸੀ ਕਿ ਉਸ ਨੂੰ ਨਾ ਮਨੁੱਖ ਮਾਰ ਸਕੇ, ਨਾ ਜਾਨਵਰ, ਨਾ ਕੋਈ ਸ਼ਸਤਰ ਮਾਰ ਸਕੇ, ਨਾ ਉਹ ਦਿਨ ਨੂੰ ਮਰੇ, ਨਾ ਰਾਤ ਨੂੰ, ਨਾ ਉਹ ਅੰਦਰ ਮਰੇ, ਨਾ ਬਾਹਰ। ਹਰਨਾਖਸ਼ ਨੇ ਪ੍ਰਹਿਲਾਦ ਨੂੰ ਕਿਹਾ ਕਿ ਉਹ ਤਪਦੇ ਹੋਏ ਥੰਮ੍ਹ ਨੂੰ ਜੱਫੀ ਪਾਵੇ ਤੇ ਦਿਖਾਵੇ ਰੱਬ ਕਿਵੇਂ ਉਹਦੀ ਰੱਖਿਆ ਕਰਦਾ ਹੈ। ਪ੍ਰਹਿਲਾਦ ਹਰ ਕਸ਼ਟ ਸਮੇਂ ਅਡੋਲ ਰਿਹਾ। ਅੰਤ ਭਗਵਾਨ ਨਰ ਸਿੰਘ ਦਾ ਰੂਪ ਧਾਰ ਕੇ ਪ੍ਰਗਟ ਹੋਏ ਅਤੇ ਸੰਧਿਆ ਸਮੇਂ ਨਹੁੰਦਰਾਂ ਨਾਲ ਹਰਨਾਖਸ਼ ਨੂੰ ਮਾਰਿਆ। ਗੁਰਬਾਣੀ ਵਿਚ ਫੁਰਮਾਨ ਹੈ-
ਭਗਤ ਹੇਤਿ ਮਾਰਿਓ ਹਰਨਾਖਸ਼
ਨਰਸਿੰਘ ਰੂਪ ਹੋਇ ਦੇਹ ਧਰਿਓ॥
(ਅੰਗ 1105)
ਇਉਂ ਛੋਟੇ ਜਿਹੇ ਬਾਲਕ ਪ੍ਰਹਿਲਾਦ ਨੇ ਪ੍ਰੇਮਾ ਭਗਤੀ ਦੀ ਮਿਸਾਲ ਕਾਇਮ ਕੀਤੀ। ਉਸ ਨੇ ਲੰਮਾ ਸਮਾਂ ਧਰਮ ਦਾ ਰਾਜ ਕੀਤਾ।

ਲਾਹੌਰ ਉੱਪਰ ਅੰਗਰੇਜ਼ਾਂ ਦਾ ਕਬਜ਼ਾ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਮਈ, 1848 ਵਿਚ ਦੇਸੀ ਸਿਪਾਹੀਆਂ ਦੀ ਵਫ਼ਾਦਾਰੀ ਬਾਰੇ ਸ਼ੰਕਾ ਪੈਦਾ ਕਰਨ ਦੀ ਸਾਜ਼ਿਸ਼ ਸਾਹਮਣੇ ਆ ਗਈ। ਇਕ ਤੇਜ਼ੀ ਨਾਲ ਚਲਾਏ ਮੁਕੱਦਮੇ ਬਾਅਦ ਤਿੰਨਾਂ ਨੂੰ ਫਾਂਸੀ ਦੇ ਦਿੱਤੀ ਗਈ ਤੇ ਇਕ ਨੂੰ ਦੇਸ਼ ਨਿਕਾਲਾ ਦੇ ਦਿੱਤਾ। ਰੈਜ਼ੀਡੈਂਟ ਦਾ ਖਿਆਲ ਸੀ ਮਹਾਰਾਣੀ ਜਿੰਦਾਂ ਸਾਜਿਸ਼ ਵਿਚ ਪੂਰੀ ਤਰ੍ਹਾਂ ਸ਼ਾਮਿਲ ਸੀ। ਇਸ ਦੇ ਬਾਵਜੂਦ ਕਿ ਇਸ ਦੇ ਕੋਈ ਪਾਏਦਾਰ ਸਬੂਤ ਨਹੀਂ ਸਨ ਤੇ ਰੀਜੈਂਸੀ ਕੌਂਸਲ ਵਲੋਂ ਇਸ ਦਾ ਪੂਰਾ ਵਿਰੋਧ ਕੀਤਾ ਜਾਂਦਾ ਸੀ। ਉਸ ਨੇ ਰਾਣੀ ਜਿੰਦਾਂ ਨੂੰ ਪੰਜਾਬ ਵਿਚੋਂ ਜਲਾਵਤਨ ਕਰਨ ਦਾ ਹੁਕਮ ਦੇ ਦਿੱਤਾ। ਰਾਣੀ ਦੇ ਸਾਰੇ ਸਮਾਨ ਦੀ ਚੰਗੀ ਤਰ੍ਹਾਂ ਤਲਾਸ਼ੀ ਲਈ ਗਈ, ਹਾਲਾਂਕਿ ਉਸ ਵਿਚੋਂ ਕੁਝ ਵੀ ਇਤਰਾਜ਼ਯੋਗ ਨਹੀਂ ਸ੍ਰੀ ਮਿਲ ਸਕਿਆ। ਜਿਹੜਾ ਅਫਸਰ ਮਹਾਰਾਣੀ ਦੀ ਤਲਾਸ਼ੀ ਅਤੇ ਜਲਾਵਤਨੀ ਦੇ ਹੁਕਮ ਨੂੰ ਲਾਗੂ ਕਰਨ ਉੱਪਰ ਲਗਾਇਆ ਸੀ, ਉਸ ਨੇ ਮਹਾਰਾਣੀ ਦੇ ਸਮਾਨ ਵਿਚੋਂ ਬਹੁਤ ਸਾਰੇ ਪੱਤਰੇ ਫਰੋਲ ਕੇ ਕੀਮਤੀ ਜ਼ੇਵਾਰਾਤ ਕੱਢ ਲਏ। ਉਸ ਨੂੰ ਤਕੜੇ ਹਥਿਆਰਬੰਦ ਦਸਤੇ ਦੇ ਪਹਿਰੇ ਹੇਠ ਬਨਾਰਸ ਲਿਜਾਇਆ ਗਿਆ ਤੇ ਪੈਨਸ਼ਨ ਹੋਰ ਘਟਾ ਕੇ 12,000 ਰੁਪਏ ਸਾਲਾਨਾ ਕਰ ਦਿੱਤੀ।
ਮਹਾਰਾਣੀ ਨਾਲ ਕੀਤੇ ਇਸ ਸਲੂਕ ਕਰਕੇ ਲੋਕਾਂ ਵਿਚ ਬਹੁਤ ਗੁੱਸਾ ਪੈਦਾ ਹੋ ਗਿਆ। ਹਾਲਾਂਕਿ ਅੰਗਰੇਜ਼ ਅਧਿਕਾਰੀ ਐਡਵਰਡ ਨੇ ਲਿਖਿਆ ਕਿ 'ਸ਼ੇਖੂਪੁਰਾ ਦੇ ਲੋਕ ਮਹਾਰਾਣੀ ਨੂੰ ਭੁੱਲ ਚੁੱਕੇ ਹਨ। ਪੰਜਾਬ ਵਿਚ ਉਸ ਦਾ ਕੋਈ ਪ੍ਰਭਾਵ ਨਹੀਂ ਰਿਹਾ ਤੇ ਕੋਈ ਇਕ ਵੀ ਬੰਦਾ ਨਹੀਂ ਜੋ ਰਾਣੀ ਦੀ ਖਾਤਰ ਬੰਦੂਕ ਚੁੱਕੇਗਾ।' ਪਰ ਇਹ ਪ੍ਰਭਾਵ ਰੈਜ਼ੀਡੈਂਟ ਦੇ ਐਕਸ਼ਨ ਨਾਲ ਇਕਦਮ ਪੈਦਾ ਹੋ ਗਿਆ ਸੀ। ਜਲਾਵਤਨੀ ਦੇ ਇਕ ਹਫ਼ਤਾ ਬਾਅਦ ਹੀ ਰੈਜ਼ੀਡੈਂਟ ਨੇ ਗਵਰਨਰ ਜਨਰਲ ਨੂੰ ਲਿਖਿਆ, 'ਮਹਾਰਾਣੀ ਦੀ ਜਲਾਵਤਨੀ ਦੀ ਖ਼ਬਰ ਨਾਲ ਖ਼ਾਲਸਾ ਫ਼ੌਜ ਵਿਚ ਹਿਲਜੁਲ ਸ਼ੁਰੂ ਹੋ ਗਈ ਜਾਪਦੀ ਹੈ। ਉਹ ਉਸ ਨੂੰ ਖਾਲਸਾ ਮਾਤਾ ਸਮਝਦੇ ਹਨ ਤੇ ਹੁਣ ਉਹ ਇਥੋਂ ਚਲੇ ਗਈ ਹੈ ਤੇ ਮਹਾਰਾਜਾ ਦਲੀਪ ਸਿੰਘ ਸਾਡੇ ਹੱਥਾਂ ਵਿਚ ਹੈ। ਪਤਾ ਨਹੀਂ ਉਹ ਹੁਣ ਕਿਸ ਵਾਸਤੇ ਲੜਨਗੇ।'
ਇਥੋਂ ਤੱਕ ਕਿ ਅਫ਼ਗਾਨਿਸਤਾਨ ਦੇ ਮੀਰ ਦੋਸਤ ਮੁਹੰਮਦ ਖਾਨ ਨੇ ਵੀ ਪੰਜਾਬੀ ਲੋਕਾਂ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ। ਕੈਪਟਨ ਅੱਬੋਰਟ ਦੇ ਨਾਂਅ ਇਕ ਖ਼ਤ ਵਿਚ ਦੋਸਤ ਮੁਹੰਮਦ ਨੇ ਲਿਖਿਆ, 'ਇਸ ਵਿਚ ਕੋਈ ਸ਼ੱਕ ਨਹੀਂ ਕਿ ਸਿੱਖਾਂ ਵਿਚ ਦਿਨੋ-ਦਿਨ ਬੇਚੈਨੀ ਵਧਦੀ ਜਾਂਦੀ ਹੈ। ਕੁਝ ਸਿੱਖ ਸਿਪਾਹੀਆਂ ਨੂੰ ਨੌਕਰੀ ਤੋਂ ਕੱਢ ਦਿੱਤਾ ਤੇ ਬਹੁਤ ਸਾਰਿਆਂ ਨੂੰ ਹਿੰਦੁਸਤਾਨ ਭੇਜ ਦਿੱਤਾ ਗਿਆ ਹੈ। ਖਾਸ ਤੌਰ 'ਤੇ ਮਹਾਰਾਜਾ ਦਲੀਪ ਸਿੰਘ ਦੀ ਮਾਤਾ ਨਾਲ ਤੁਹਾਡਾ ਵਿਹਾਰ ਚੰਗਾ ਨਹੀਂ ਰਿਹਾ। ਉਸ ਨਾਲ ਬੁਰਾ ਸਲੂਕ ਕੀਤਾ ਹੈ ਤੇ ਉਸ ਨੂੰ ਜੇਲ੍ਹ ਵਿਚ ਭੇਜਿਆ ਗਿਆ ਹੈ। ਇਹ ਵਿਹਾਰ ਇਤਰਾਜ਼ਯੋਗ ਹੈ ਅਤੇ ਅਜਿਹੇ ਸਲੂਕ ਨਾਲੋਂ ਤਾਂ ਬੰਦਾ ਮਰਨਾ ਪਸੰਦ ਕਰਦਾ ਹੈ।'
ਇਹ ਬਿਆਨ ਮੁਲਤਾਨ ਦੀ ਇਕ ਘਟਨਾ ਦੇ ਹਵਾਲੇ ਵਿਚ ਦਿੱਤਾ ਗਿਆ ਜੋ ਇਕ ਮਹੀਨਾ ਪਹਿਲਾਂ ਵਾਪਰੀ ਸੀ ਤੇ ਜਿਸ ਨੇ ਸਾਰੇ ਪੰਜਾਬ ਨੂੰ ਝੰਜੋੜ ਦਿੱਤਾ ਸੀ।
ਜ਼ਿਲ੍ਹਾ ਮੁਲਤਾਨ ਦੇ ਇੰਤਜ਼ਾਮ ਦੀ ਬਹੁਤ ਚੰਗੇ ਤਰੀਕੇ ਦੀ ਦੇਖਭਾਲ ਦੀਵਾਨ ਸਾਵਨ ਮੱਲ ਚੋਪੜਾ ਕਰਦਾ ਸੀ, ਜਿਸ ਦਾ 1844 ਵਿਚ ਕਤਲ ਹੋ ਗਿਆ ਸੀ। ਸਾਵਨ ਮੱਲ ਦੇ 5 ਪੁੱਤਰ ਸਨ। ਸਭ ਤੋਂ ਵੱਡਾ ਮੂਲ ਰਾਜ ਝੰਗ ਦਾ ਕੰਮ ਸੰਭਾਲਦਾ ਸੀ, ਉਸ ਦੇ ਛੋਟੇ ਕਰਮ ਨਰਾਇਣ ਨੂੰ ਲੇਆਹ ਦੀ ਜ਼ਿੰਮੇਵਾਰੀ ਮਿਲੀ ਸੀ। ਪਿਤਾ ਦੇ ਮਰਨ ਤੋਂ ਬਾਅਦ ਮੂਲ ਰਾਜ ਜਿਸ ਨੂੰ ਮੂਲਾ ਕਿਹਾ ਜਾਂਦਾ ਸੀ, ਪਿਤਾ ਦੀ ਜਗੀਰ ਦਾ ਮਾਲਕ ਬਣਿਆ ਤੇ ਉਸ ਨੂੰ 30 ਲੱਖ ਰੁਪਏ ਵਿਰਾਸਤ ਦੀ ਫੀਸ ਦੇਣ ਦਾ ਹੁਕਮ ਹੋਇਆ ਸੀ। ਉਸ ਤੋਂ ਬਾਅਦ 1844 ਤੋਂ 1845 ਦੀਆਂ ਸਤਲੁਜ ਦੀਆਂ ਲੜਾਈਆਂ ਤੇ ਫਿਰ ਲਾਹੌਰ ਉੱਪਰ ਅੰਗਰੇਜ਼ਾਂ ਦਾ ਕਬਜ਼ਾ ਹੋ ਗਿਆ। ਇਸ ਵਿਚ ਮੂਲ ਰਾਜ ਨੇ ਅਦਾਇਗੀ ਦਾ ਕੰਮ ਰੋਕੀ ਰੱਖਿਆ। ਐਕਟਿੰਗ ਰੈਜ਼ੀਡੈਂਟ ਨੇ ਜਦੋਂ ਵਸੂਲੀ ਦਾ ਕੰਮ ਸ਼ੁਰੂ ਕੀਤਾ ਤਾਂ ਮੂਲੇ ਨੇ ਰਕਮ ਘੱਟ ਕਰਨ ਦੀ ਦਰਖਾਸਤ ਕੀਤੀ। ਉਸ ਦੀ ਰਕਮ ਘਟਾ ਕੇ 20 ਲੱਖ ਕਰ ਦਿੱਤੀ ਪਰ ਉਸ ਤੋਂ ਝੰਗ ਦਾ ਜ਼ਿਲ੍ਹਾ ਲੈ ਲਿਆ, ਜੋ ਉਸ ਦੀ ਜਗੀਰ ਦਾ ਤੀਜਾ ਹਿੱਸਾ ਬਣਦਾ ਸੀ। ਉਸ ਦੇ ਖਿਲਾਫ ਪਿਛਲੇ ਤਿੰਨ ਸਾਲ ਦੇ ਲਾਗਾਨ ਦਾ ਬਕਾਇਆ ਵੀ 13 ਲੱਖ 74 ਹਜ਼ਾਰ ਰੁਪਏ ਕੱਢ ਦਿੱਤਾ। ਦੀਵਾਨ ਨੇ ਇਹ ਸ਼ਰਤਾਂ ਮੰਨ ਲਈਆਂ ਪਰ ਛੇਤੀ ਦੇਖਿਆ ਕਿ ਉਹ ਇਹ ਰਕਮ ਨਹੀਂ ਤਾਰ ਸਕਦਾ, ਕਿਉਂਕਿ ਉਸ ਦੀ ਵੱਡੀ ਆਮਦਨ ਦਰਿਆ ਰਾਹੀਂ ਢੋਆ-ਢੁਆਈ ਉੱਪਰ ਮਸੂਲ ਦੀ ਸੀ ਜੋ ਰੈਜ਼ੀਡੈਂਟ ਨੇ ਖ਼ਤਮ ਕਰ ਦਿੱਤਾ ਸੀ। ਮੂਲ ਰਾਜ ਦਾ ਇਕ ਦੁਸ਼ਮਣ ਲਾਹੌਰ ਦਰਬਾਰ ਵਿਚ ਰਾਜਾ ਲਾਲ ਸਿੰਘ ਬੈਠਾ ਸੀ, ਜਿਸ ਦਾ ਉਸ ਦੇ ਭਰਾ ਕਰਮ ਨਰਾਇਣ ਨਾਲ ਕੋਈ ਝਗੜਾ ਸੀ, ਜੋ ਮੁਲਤਾਨ ਛੱਡ ਕੇ ਲਾਹੌਰ ਬੈਠਾ ਸੀ। ਲਾਲ ਸਿੰਘ ਨੇ ਰੈਜ਼ੀਡੈਂਟ ਰਾਹੀਂ ਮੂਲ ਰਾਜ ਉੱਪਰ ਦਬਾਅ ਪਵਾਇਆ ਤੇ ਮੂਲ ਰਾਜ ਨੇ ਦਸੰਬਰ, 1847 ਨੂੰ ਅਸਤੀਫ਼ਾ ਦੇ ਦਿੱਤਾ। ਲੇਕਿਨ ਉਸ ਨੂੰ ਮਾਰਚ, 1848 ਤੱਕ ਕੰਮ ਉੱਪਰ ਬਣੇ ਰਹਿਣ ਵਾਸਤੇ ਮਨਾ ਲਿਆ ਗਿਆ, ਜਦੋਂ ਕਿ ਹਾੜ੍ਹੀ ਦੀ ਫ਼ਸਲ ਆਉਣ ਵਾਲੀ ਸੀ।
ਮੂਲ ਰਾਜ ਦੇ ਅਸਤੀਫ਼ੇ ਤੋਂ ਬਾਅਦ ਅੰਗਰੇਜ਼ਾਂ ਨੂੰ ਆਜ਼ਾਦ ਪੰਜਾਬ ਦੇ ਵੱਡੇ ਹਿੱਸੇ ਉੱਪਰ ਕਬਜ਼ੇ ਦਾ ਰਸਤਾ ਮਿਲ ਗਿਆ। ਹਾਲਾਂਕਿ ਇਸ ਦਾ ਦਿਖਾਵਾ ਬਿਲਕੁਲ ਨਹੀਂ ਕੀਤਾ ਜਾਂਦਾ ਸੀ। ਇਕ ਪੰਜਾਬੀ ਅਫਸਰ ਕਾਹਨ ਸਿੰਘ ਨੂੰ ਮੂਲ ਰਾਜ ਦੀ ਜਗ੍ਹਾ ਮੁਕਰਰ ਕਰ ਦਿੱਤਾ ਗਿਆ। ਇਸ ਸਰਦਾਰ ਦੇ ਨਾਲ ਦੋ ਅੰਗਰੇਜ਼ ਅਫਸਰ ਵਾਂਸ ਐਗਨੀਊ ਤੇ ਲੈਫਟੀਨੈਂਟ ਐਂਡਰਸਨ ਨੂੰ ਭੇਜਿਆ, ਜੋ ਪੂਰਬ ਦੀਆਂ ਭਾਸ਼ਾਵਾਂ ਤੋਂ ਇਲਾਵਾ ਸਿੰਧ ਤੇ ਮੁਲਤਾਨ ਦਾ ਵੀ ਚੰਗਾ ਜਾਣਕਾਰ ਸੀ। ਅੰਗਰੇਜ਼ਾਂ ਨੇ ਹੀ ਉਸ ਸੂਬੇ ਦੇ ਅਸਲ ਹਾਕਮ ਹੋਣਾ ਸੀ। ਇਨ੍ਹਾਂ ਦੋ ਅੰਗਰੇਜ਼ ਅਫਸਰਾਂ ਤੇ ਕਾਹਨ ਸਿੰਘ ਨਾਲ 14 ਹਜ਼ਾਰ ਦਰਬਾਰ ਦੇ ਸਿਪਾਹੀ, ਇਕ ਗੋਰਖਾ ਪਿਆਦਾ ਰੈਜਮੈਂਟ, 700 ਘੋੜਸਵਾਰ ਤੇ ਇਕ ਸੌ ਤੋਪਚੀ ਤੇ ਨਾਲ 6 ਤੋਪਾਂ ਭੇਜੀਆਂ। ਅੰਗਰੇਜ਼ ਦਰਿਆ ਦੇ ਰਾਹੀਂ ਗਏ ਤੇ ਕਾਹਨ ਸਿੰਘ ਸਿਪਾਹੀਆਂ ਦੇ ਨਾਲ ਮਾਰਚ ਕਰਦਾ ਗਿਆ।
(ਬਾਕੀ ਅਗਲੇ ਮੰਗਲਵਾਰ ਦੇ ਧਰਮ ਤੇ ਵਿਰਸਾ ਅੰਕ 'ਚ)

ਸੂਬਾ ਖ਼ੈਬਰ ਪਖ਼ਤੂਨਖ਼ਵਾ ਵਿਚ ਮੌਜੂਦ ਹਰੀ ਸਿੰਘ ਨਲਵਾ ਦੀਆਂ ਯਾਦਗਾਰਾਂ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਕਿਲ੍ਹਾ ਫ਼ਤਹਿਗੜ੍ਹ ਦੀਆਂ ਦੀਵਾਰਾਂ 4 ਗਜ਼ ਚੌੜੀਆਂ ਅਤੇ 12 ਗਜ਼ ਉੱਚੀਆਂ ਸਨ। ਇਸ ਵਿਚ ਦੋਹਰੇ ਦਰਵਾਜ਼ੇ ਲਗਵਾਏ ਗਏ ਸਨ। ਇਸ ਕਿਲ੍ਹੇ ਵਿਚ ਸ: ਨਲਵਾ ਨੇ ਆਪਣੇ ਪਾਲਿਤ ਪੁੱਤਰ ਸ: ਮਹਾਂ ਸਿੰਘ ਮੀਰਪੁਰੀਏ (ਇਹ ਭਾਈ ਦਾਤਾ ਰਾਮ ਦਾ ਪੁੱਤਰ ਸੀ) ਨੂੰ ਹਜ਼ਾਰਾ ਤੋਂ ਬੁਲਾ ਕੇ ਕਿਲ੍ਹੇਦਾਰ ਨਿਯੁਕਤ ਕੀਤਾ ਅਤੇ ਸਰਹੱਦ-ਦਾਰ ਦਾ ਰੁਤਬਾ ਬਖ਼ਸ਼ਿਆ। ਉਸ ਦੇ ਅਧੀਨ ਇਸ ਕਿਲ੍ਹੇ ਵਿਚ 800 ਪੈਦਲ ਜਵਾਨ, 200 ਘੋੜਸਵਾਰ, 80 ਤੋਪਚੀ, 10 ਵੱਡੀਆਂ ਅਤੇ 12 ਹਲਕੀਆਂ ਤੋਪਾਂ ਰੱਖੀਆਂ ਗਈਆਂ। ਕਿਲ੍ਹੇ ਵਿਚ ਫ਼ੌਜ ਦੇ ਵਰਤਣ ਲਈ ਪਾਣੀ ਜਮਰੌਦ ਦੇ ਕੱਠੇ ਤੋਂ ਲਿਆ ਜਾਂਦਾ ਸੀ। ਇਸ ਦੇ ਇਲਾਵਾ ਕਿਲ੍ਹੇ ਵਿਚ ਇਕ ਬਹੁਤ ਵੱਡਾ ਖੂਹ ਵੀ ਲਗਵਾਇਆ ਗਿਆ।
ਧੋਖੇ ਨਾਲ ਦੁਸ਼ਮਣ ਦੀ ਗੋਲੀ ਦਾ ਨਿਸ਼ਾਨਾ ਬਣੇ ਸ: ਨਲਵਾ ਨੇ 30 ਅਪ੍ਰੈਲ, 1837 ਨੂੰ ਉਪਰੋਕਤ ਕਿਲ੍ਹੇ ਵਿਚ ਹੀ ਦੇਹ ਤਿਆਗੀ ਅਤੇ ਇਥੇ ਹੀ ਉਨ੍ਹਾਂ ਦੀ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ ਕਿਲ੍ਹੇ ਦੀ ਚੜ੍ਹਦੀ ਨੁੱਕਰ ਵੱਲ ਕਨਾਤਾਂ ਲਗਾ ਕੇ ਕੀਤਾ ਗਿਆ ਸੀ। ਉਨ੍ਹਾਂ ਦੀ ਦੇਹ ਦੀ ਭਸਮ (ਰਾਖ) ਕਿਲ੍ਹੇ ਵਿਚ ਹੀ ਇਕ ਅੰਗੀਠਾ ਤਿਆਰ ਕਰਕੇ ਉਸ ਵਿਚ ਪਾ ਦਿੱਤੀ ਗਈ ਅਤੇ ਉਸੇ ਅੰਗੀਠੇ ਉਪਰ ਸ: ਨਲਵਾ ਦੀ ਸਮਾਧ ਤਿਆਰ ਕੀਤੀ ਗਈ। ਇਹ ਸਮਾਧ ਅੱਜ ਵੀ ਕਿਲ੍ਹੇ ਦੇ ਅੰਦਰ ਦੀਵਾਰ ਦੇ ਬਿਲਕੁਲ ਨਾਲ ਮੌਜੂਦ ਹੈ। ਕਿਲ੍ਹੇ ਦੇ ਅੰਦਰ ਸ: ਨਲਵਾ ਵਲੋਂ ਬਣਵਾਇਆ ਖੂਹ, ਉਨ੍ਹਾਂ ਦੇ ਘੋੜੇ ਬੰਨ੍ਹਣ ਵਾਲਾ ਅਸਤਬਲ ਅਤੇ ਸਰਦਾਰ ਹਰੀ ਸਿੰਘ ਨਲਵਾ ਦੀ ਤਲਵਾਰ ਆਦਿ ਨਿਸ਼ਾਨੀਆਂ ਅੱਜ ਵੀ ਮੌਜੂਦ ਹਨ।
ਕਿਲ੍ਹਾ ਸਿਰੀਕੋਟ, ਹਰੀਪੁਰ
ਨੌਸ਼ਹਿਰੇ ਦੀ ਫ਼ਤਹਿ ਤੋਂ ਬਾਅਦ ਸ: ਨਲਵਾ ਨੇ ਸਿਰੀਕੋਟ ਦੇ ਇਲਾਕੇ ਨੂੰ ਖ਼ਾਲਸਾ ਰਾਜ ਵਿਚ ਮਿਲਾਈ ਰੱਖਣ ਲਈ ਸਿਰੀਕੋਟ ਦੀ ਪਹਾੜੀ ਉਪਰ ਕਿਲ੍ਹੇ ਦਾ ਨਿਰਮਾਣ ਕਰਵਾਇਆ, ਜੋ 'ਕਿਲ੍ਹਾ ਸਿਰੀਕੋਟ' ਦੇ ਨਾਂਅ ਨਾਲ ਹੀ ਪ੍ਰਸਿੱਧ ਹੋ ਗਿਆ। ਇਹ ਕਿਲ੍ਹਾ ਕਾਫ਼ੀ ਵੱਡਾ ਬਣਾਇਆ ਗਿਆ। ਇਸ ਦੀ ਉਚਾਈ ਇੰਨੀ ਜ਼ਿਆਦਾ ਸੀ ਕਿ ਇਥੋਂ ਦਰਿਆ ਲੁੰਡੀ (ਇਸ ਦਰਿਆ ਦੇ ਕਿਨਾਰੇ ਪਿੰਡ ਪੀਰ ਸਬਾਕ ਵਿਚ ਅਕਾਲੀ ਨਿਹੰਗ ਸਿੰਘ ਭਾਈ ਫੂਲਾ ਸਿੰਘ ਦੀ ਸਮਾਧ ਬਣੀ ਹੋਈ ਹੈ) ਜਿਸ ਸਥਾਨ 'ਤੇ ਦਰਿਆ ਅਟਕ ਨਾਲ ਮਿਲਦਾ ਹੈ, ਉਥੋਂ ਤੱਕ ਦਰਿਆ ਦੀਆਂ ਉੱਠਦੀਆਂ ਲਹਿਰਾਂ ਸਾਫ਼ ਨਜ਼ਰ ਆਉਂਦੀਆਂ ਸਨ। ਇਸ ਵੱਡੇ ਕਿਲ੍ਹੇ ਦੇ ਨਾਲ ਹੀ ਸ: ਨਲਵਾ ਵਲੋਂ ਚਾਰ ਹੋਰ ਗੜ੍ਹੀਆਂ ਦਾ ਨਿਰਮਾਣ ਕਰਵਾਇਆ ਗਿਆ। ਇਨ੍ਹਾਂ ਕਿਲ੍ਹਿਆਂ ਵਿਚ ਕਈ ਜ਼ਮੀਨਦੋਜ਼ ਗੁਫਾਵਾਂ ਸਨ ਅਤੇ ਇਨ੍ਹਾਂ ਕਿਲ੍ਹਿਆਂ ਦੇ ਖੰਡਰ ਅਤੇ ਪਾਣੀ ਦੇ ਤਲਾਬ ਲੰਬਾ ਸਮਾਂ ਬਾਅਦ ਵੀ ਮੌਜੂਦ ਰਹੇ।
ਕਿਲ੍ਹਾ ਨਵਾਂ ਸ਼ਹਿਰ, ਹਜ਼ਾਰਾ
ਹਜ਼ਾਰਾ ਵਿਚ ਪੂਰੀ ਤਰ੍ਹਾਂ ਅਮਨ ਬਹਾਲ ਕਰਨ ਤੋਂ ਬਾਅਦ ਸ: ਹਰੀ ਸਿੰਘ ਨਲਵਾ ਨੇ ਮਜ਼ਬੂਤ ਸੜਕਾਂ ਬਣਵਾਈਆਂ ਅਤੇ ਇਸ ਦੇ ਨਾਲ ਹੀ ਸੰਨ 1822 ਵਿਚ ਜੰਗੀ ਕਿਲ੍ਹਿਆਂ ਦਾ ਨਿਰਮਾਣ ਕਰਵਾਇਆ। ਉਨ੍ਹਾਂ ਦੁਆਰਾ ਹਜ਼ਾਰਾ 'ਚ ਬਣਵਾਇਆ ਕਿਲ੍ਹਾ ਨਵਾਂ ਸ਼ਹਿਰ ਬਹੁਤ ਮਜ਼ਬੂਤ ਕਿਲ੍ਹਾ ਸੀ। ਸਹਿਜ ਸੰਭਾਲ ਨਾ ਹੋਣ ਕਰਕੇ ਅਤੇ ਵਰਤੋਂ ਵਿਚ ਨਾ ਆਉਣ ਕਰਕੇ ਇਹ ਕਿਲ੍ਹਾ ਸੰਨ 1939 ਵਿਚ ਢਹਿ ਗਿਆ।
(ਬਾਕੀ ਅਗਲੇ ਮੰਗਲਵਾਰ ਦੇ ਧਰਮ ਤੇ ਵਿਰਸਾ ਅੰਕ 'ਚ)


-ਅੰਮ੍ਰਿਤਸਰ। ਮੋਬਾ: 93561-27771

ਫ਼ਰੀਦ ਬਾਣੀ ਦਾ ਇਕੱਤਰੀਕਰਨ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ
ਧਰਮ ਤੇ ਵਿਰਸਾ ਅੰਕ ਦੇਖੋ)
ਇਸ ਸਬੰਧੀ ਕੁਝ ਰੌਸ਼ਨੀ 'ਮਸਲੇ ਸ਼ੇਖ ਫ਼ਰੀਦ ਕੇ' ਪੁਸਤਕ ਪਾਉਂਦੀ ਦਿਸਦੀ ਹੈ। ਇਸ ਪੁਸਤਕ ਦਾ ਰਚਨਾਕਾਲ ਸਤਾਰ੍ਹਵੀਂ ਸਦੀ ਈਸਵੀ ਮੰਨਿਆ ਗਿਆ ਹੈ। ਇਸ ਵਿਚ ਜਿਨ੍ਹਾਂ ਸੂਫ਼ੀ ਬਜ਼ੁਰਗਾਂ ਨਾਲ ਬਾਬਾ ਫ਼ਰੀਦ ਦਾ ਉੱਠਣ-ਬੈਠਣ ਦਰਸਾਇਆ ਗਿਆ ਹੈ, ਉਨ੍ਹਾਂ ਵਿਚ ਸ਼ਾਮਿਲ ਹਨ ਬਹਾਉੱਦੀਨ ਜ਼ਕਰੀਆ (1182-1262 ਈ:), ਖੁਆਜਾ ਮੁਹੀਉੱਦੀਨ (1141-1238 ਈ:) ਅਤੇ ਲਾਲ ਸੁਹਬਾਜ਼ (1230-1324 ਈ:)। ਇਹ ਉਹ ਸੂਫ਼ੀ ਦਰਵੇਸ਼ ਹਨ ਜੋ ਸ਼ੇਖ਼ ਬ੍ਰਹਮ ਜਾਂ ਫ਼ਰੀਦ ਇਬਰਾਹੀਮ ਸਨੀ ਤੋਂ ਪਹਿਲਾਂ ਦੇ ਹਨ। ਇਹ ਬਾਬਾ ਫ਼ਰੀਦ ਦੇ ਸਮਕਾਲੀ ਜਾਂ ਨਿਕਟ ਸਮਕਾਲੀ ਹਨ। ਇਸ ਪੁਸਤਕ ਵਿਚ ਵੀ ਬਾਬਾ ਫ਼ਰੀਦ ਦੇ ਸਲੋਕ ਮਿਲਦੇ ਹਨ, ਜੋ ਘੱਟੋ-ਘੱਟ ਇਹ ਸਾਬਤ ਕਰਨ ਲਈ ਕਾਫ਼ੀ ਹਨ ਕਿ ਬਾਬਾ ਫ਼ਰੀਦ ਇਕ ਕਵੀ ਵੀ ਹੈ। ਇਨ੍ਹਾਂ ਸਲੋਕਾਂ ਵਿਚ ਕੁਝ ਸਲੋਕ ਅਜਿਹੇ ਹਨ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹਨ ਅਤੇ ਕੁਝ ਉਹ ਹਨ ਜੋ ਦਰਜ ਨਹੀਂ ਹਨ।
ਸ਼ੇਖ ਬ੍ਰਹਮ ਨੇ ਕੋਈ ਕਾਵਿ ਰਚਨਾ ਕੀਤੀ ਹੈ ਜਾਂ ਨਹੀਂ? ਜਦ ਅਸੀਂ ਇਸ ਪ੍ਰਸ਼ਨ ਦਾ ਉੱਤਰ ਲੱਭਣ ਚੜ੍ਹਦੇ ਹਾਂ ਤਾਂ ਪਤਾ ਲਗਦਾ ਹੈ ਕਿ ਉਸ ਨੇ ਕੋਈ ਕਾਵਿ ਰਚਨਾ ਨਹੀਂ ਕੀਤੀ। ਪੰਜਾਬੀ ਸੂਫ਼ੀ ਕਾਵਿ ਦੇ ਇਤਿਹਾਸ ਵਿਚ ਉਸ ਦਾ ਨਾਂਅ ਕਿਧਰੇ ਨਹੀਂ ਆਉਂਦਾ, ਜਦਕਿ ਬਾਬਾ ਫ਼ਰੀਦ ਜੀ ਸਬੰਧੀ ਉੱਪਰ ਸੰਕੇਤਿਕ 'ਮਸਲੇ ਸ਼ੇਖ ਫਰੀਦ ਕੇ' ਤੋਂ ਬਿਨਾਂ ਕੁਝ ਫ਼ਾਰਸੀ ਪੁਸਤਕਾਂ ਵਿਚ ਉਨ੍ਹਾਂ ਦੇ ਕਵੀ ਹੋਣ ਦੇ ਸੰਕੇਤ ਮੌਜੂਦ ਹਨ। ਇਨ੍ਹਾਂ ਹੀ ਕਾਲਮਾਂ ਵਿਚ 'ਫ਼ਵਾਇਤਲ ਫ਼ਵਾਦ' ਅਤੇ 'ਸੀਅਕੁਲ ਔਲੀਆ' ਪੁਸਤਕਾਂ ਦੀ ਚਰਚਾ ਹੋ ਚੁੱਕੀ ਹੈ ਪਰ ਸ਼ੇਖ ਬ੍ਰਹਮ ਦੇ ਹਵਾਲੇ ਜਨਮ ਸਾਖੀਆਂ ਤੋਂ ਬਿਨਾਂ ਹੋਰ ਕਿਧਰੇ ਨਹੀਂ ਲੱਭਦੇ ਅਤੇ ਇਨ੍ਹਾਂ ਸਾਰੀਆਂ ਜਨਮ ਸਾਖੀਆਂ ਦਾ ਇਕ ਹੀ ਸੋਮਾ ਪੁਰਾਤਨ ਜਨਮ ਸਾਖੀ ਹੈ। ਹੋਰ ਤਾਂ ਹੋਰ, ਚਿਸਤੀ ਸੂਫ਼ੀ ਫ਼ਕੀਰਾਂ ਨਾਲ ਜੁੜੀਆਂ ਕਈ ਰਵਾਇਤਾਂ ਅਤੇ ਹੋਰ ਕਥਾ-ਕਹਾਣੀਆਂ ਤਾਂ ਮਿਲ ਜਾਂਦੀਆਂ ਹਨ ਪਰ ਸ਼ੇਖ ਬ੍ਰਹਮ ਨਾਲ ਸਬੰਧਿਤ ਅਜਿਹੀ ਕੋਈ ਰਵਾਇਤ ਪ੍ਰਾਪਤ ਨਹੀਂ। ਕਹਿਣ ਦਾ ਭਾਵ ਇਹ ਹੈ ਕਿ ਸ਼ੇਖ ਬ੍ਰਹਮ, ਬਾਬਾ ਫ਼ਰੀਦ ਵਾਂਗੂੰ ਪੰਜਾਬੀ ਸੱਭਿਆਚਾਰ ਅਤੇ ਮਾਨਸਿਕਤਾ ਦਾ ਅੰਗ ਨਹੀਂ ਬਣ ਸਕਿਆ।
ਨਤੀਜੇ ਵਜੋਂ ਮੰਨਿਆ ਜਾ ਸਕਦਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ ਬਾਣੀ ਸ਼ੇਖ ਫ਼ਰੀਦ ਦੀਨ ਮਸਊਦ ਸ਼ਕਰਗੰਜ ਦੀ ਹੈ, ਸ਼ੇਖ ਬ੍ਰਹਮ ਦੀ ਨਹੀਂ। ਸ਼ੇਖ ਬ੍ਰਹਮ ਦਾ ਯੋਗਦਾਨ ਕੇਵਲ ਏਨਾ ਹੈ ਕਿ ਉਸ ਨੇ ਫ਼ਰੀਦ ਬਾਣੀ ਨੂੰ ਸਾਂਭ ਕੇ ਰੱਖਿਆ, ਜਿਸ ਨੂੰ ਗੁਰੂ ਨਾਨਕ ਦੇਵ ਜੀ ਨੇ ਉਸ ਕੋਲੋਂ ਲਿਖ ਕੇ ਆਪਣੇ ਕੋਲ ਸੁਰੱਖਿਅਤ ਕਰ ਲਿਆ। ਇਹੋ ਬਾਣੀ ਸੰਗ੍ਰਹਿ ਅੱਗੇ ਤੋਂ ਅੱਗੇ ਗੁਰੂ ਸਾਹਿਬਾਨ ਤੋਂ ਹੁੰਦਾ ਹੋਇਆ ਗੁਰੂ ਅਰਜਨ ਦੇਵ ਜੀ ਤੱਕ ਪੁੱਜਾ, ਜਿਨ੍ਹਾਂ ਫ਼ਰੀਦ ਬਾਣੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਯੋਗ ਥਾਂ ਦਿੱਤੀ। ਆਪਣੀ ਗੱਲ ਨੂੰ ਅਸੀਂ ਡਾ: ਮੁਹੰਮਦ ਰਬੀਬ ਦੇ ਸ਼ਬਦਾਂ ਵਿਚ ਖ਼ਤਮ ਕਰਨੀ ਚਾਹਾਂਗੇ। ਕੁਝ ਵਿਦਵਾਨਾਂ ਨੇ ਸੰਦੇਹ ਪ੍ਰਗਟ ਕੀਤੇ ਹਨ ਕਿ ਇਹ ਕਲਾਮ ਅਸਲ ਵਿਚ ਸ਼ੇਖ ਫਰੀਦੁੱਦੀਨ ਗੰਜ-ਏ-ਸ਼ੱਕਰ ਦਾ ਨਹੀਂ, ਸਗੋਂ ਉਸ ਦੇ ਗੱਦੀਨਸ਼ੀਨ ਸ਼ੇਖ ਬ੍ਰਹਮ ਦਾ ਹੈ, ਜਿਹੜੇ ਗੁਰੂ ਨਾਨਕ ਦੇਵ ਜੀ ਦੇ ਸਮਕਾਲੀ ਸਨ ਪਰ ਆਮ ਸਹਿਮਤੀ ਇਹੀ ਹੈ ਕਿ ਇਹ ਕਲਾਮ ਬਾਬਾ ਸ਼ੇਖ ਫ਼ਰੀਦ ਦਾ ਹੀ ਹੈ, ਜਿਹੜੇ ਬਾਰ੍ਹਵੀਂ ਸਦੀ ਵਿਚ ਸਨ। (ਭਾਰਤ ਵਿਚ ਸੂਫ਼ੀਵਾਦ, ਪੰਨਾ 643)


-ਮੋਬਾ: 98889-39808

ਦਸਮ ਪਾਤਸ਼ਾਹ ਦੇ ਲਾਡਲੇ ਸਿੱਖ ਬਾਬਾ ਸੰਗਤ ਸਿੰਘ

ਗੁਰੂ ਗੋਬਿੰਦ ਸਿੰਘ ਨੂੰ ਦੇਸ਼ ਤੇ ਧਰਮ ਦੀ ਖ਼ਾਤਰ ਮੁਗ਼ਲਾਂ ਤੇ ਪਹਾੜੀ ਰਾਜਿਆਂ ਨਾਲ ਕਈ ਯੁੱਧ ਲੜਨੇ ਪਏ। ਮੁਗ਼ਲ ਸਰਕਾਰ ਭਾਰਤ ਦਾ ਧਾਰਮਿਕ ਸ਼ੋਸ਼ਣ ਕਰਨ ਲਈ ਪ੍ਰਸਿੱਧ ਹੈ। ਬਾਦਸ਼ਾਹ ਔਰੰਗਜ਼ੇਬ ਸਰਬ ਭਾਰਤ ਨੂੰ ਜ਼ਬਰਦਸਤੀ ਇਸਲਾਮ ਦਾ ਧਾਰਨੀ ਬਣਾਉਣਾ ਚਾਹੁੰਦਾ ਸੀ। ਰਾਸ਼ਟਰ-ਨਾਇਕ ਗੁਰੂ ਗੋਬਿੰਦ ਸਿੰਘ ਬਾਦਸ਼ਾਹ ਦੀ ਇਸ ਚੁਣੌਤੀ ਦਾ ਡਟ ਕੇ ਮੁਕਾਬਲਾ ਕਰ ਰਹੇ ਸਨ। ਅਫ਼ਸੋਸ ਦੀ ਗੱਲ ਹੈ ਕਿ ਪਹਾੜ ਦੇ ਹਿੰਦੂ ਰਾਜਪੂਤ ਰਾਜੇ ਗੁਰੂ ਜੀ ਦੇ ਵਿਰੁੱਧ ਅੱਤਿਆਚਾਰੀ ਮੁਗ਼ਲ ਸਰਕਾਰ ਦਾ ਸਾਥ ਦੇ ਰਹੇ ਸਨ। ਉਹ ਆਪਣਾ ਰਾਜ-ਭਾਗ ਕਾਇਮ ਰੱਖਣ ਦੀ ਖ਼ਾਤਰ ਆਪਣੇ ਧਰਮ ਦੀ ਕੁਰਬਾਨੀ ਦੇਣ ਲਈ ਤਿਆਰ ਸਨ।
1700 ਈ: ਦੇ ਅਕਤੂਬਰ ਮਹੀਨੇ ਵਿਚ ਦਸਮ ਪਾਤਸ਼ਾਹ ਆਪਣੀ ਫ਼ੌਜ ਨਾਲ ਕੀਰਤਪੁਰ ਦੇ ਨੇੜੇ ਨਿਰਮੋਹਗੜ੍ਹ ਦੀ ਟਿੱਬੀ ਉਤੇ ਠਹਿਰੇ ਹੋਏ ਸਨ ਕਿ ਅਚਾਨਕ ਪਹਾੜੀ ਰਾਜਿਆਂ ਦੀਆਂ ਫ਼ੌਜਾਂ ਨੇ ਗੁਰੂ ਜੀ ਉੱਤੇ ਹਮਲਾ ਕਰ ਦਿੱਤਾ। ਪਹਾੜੀ ਫ਼ੌਜਾਂ ਦੇ ਦਬਾਅ ਕਾਰਨ ਗੁਰੂ ਜੀ ਨੂੰ ਨਿਰਮੋਹਗੜ੍ਹ ਛੱਡਣਾ ਪਿਆ। ਸਤਲੁਜ ਪਾਰ ਬਸਾਲੀ ਦਾ ਰਾਜਾ ਸਲਾਹੀ ਚੰਦ ਗੁਰੂ ਜੀ ਦਾ ਸ਼ਰਧਾਲੂ ਸੀ। ਉਹ ਗੁਰੂ ਜੀ ਨੂੰ ਆਪਣੇ ਨਿਵਾਸ ਅਸਥਾਨ ਬਸਾਲੀ ਲੈ ਆਇਆ। 'ਗੁਰੂ ਕੀਆਂ ਸਾਖੀਆਂ' ਅਨੁਸਾਰ ਗੁਰੂ ਜੀ 15 ਦਿਨ ਬਸਾਲੀ ਰਹੇ ਅਤੇ ਫੇਰ ਬਭੌਰ ਸਾਹਿਬ ਰਾਹੀਂ ਵਾਪਸ ਅਨੰਦਪੁਰ ਸਾਹਿਬ ਆ ਗਏ।
ਨੂਰਪੁਰਬੇਦੀ (ਰੋਪੜ) ਦੇ ਇਲਾਕੇ ਵਿਚ ਇਹ ਰਵਾਇਤ ਪ੍ਰਸਿੱਧ ਹੈ ਕਿ ਗੁਰੂ ਜੀ ਬਸਾਲੀ ਤੋਂ ਬਭੌਰ ਸਾਹਿਬ ਨੂੰ ਜਾਂਦੇ ਹੋਏ ਪਿੰਡ ਜਤੌਲੀ ਤੇ ਕੱਟਾ ਸਬੌਰ ਵਿੱਚੀਂ ਲੰਘੇ ਸਨ। ਪਿੰਡ ਕੱਟਾ ਸਬੌਰ ਵਿਖੇ ਗੁਰੂ ਜੀ ਨੇ ਪਿੰਡ ਦੀ ਸੰਗਤ ਨੂੰ ਕਿਹਾ, 'ਦੇਖੋ ਭਾਈ, ਅਸੀਂ ਧਰਮ ਦੀ ਰਾਖੀ ਲਈ ਮੁਗ਼ਲ ਸਰਕਾਰ ਦਾ ਟਾਕਰਾ ਕਰ ਰਹੇ ਹਾਂ। ਤੁਸੀਂ ਆਪਣੇ ਪਿੰਡ ਦੇ ਕੁਝ ਰਿਸ਼ਟ-ਪੁਸ਼ਟ ਜੁਆਨ ਸਾਡੀ ਫੌਜ ਵਿਚ ਭਰਤੀ ਕਰਾ ਦਿਓ।' ਪਿੰਡ ਦੇ ਸਰਕਰਦਾ ਲੋਕਾਂ ਨੇ ਜਦੋਂ ਕੋਈ ਹੁੰਗਾਰਾ ਨਾ ਭਰਿਆ ਤਾਂ ਇਕ ਗਰੀਬ ਸਿੱਖ ਨੇ ਹੱਥ ਜੋੜ ਕੇ ਬੇਨਤੀ ਕੀਤੀ 'ਸੱਚੇ ਪਾਤਸ਼ਾਹੋ, ਮੇਰੇ ਦੋ ਪੁੱਤਰ ਸੰਗਤ ਸਿੰਘ ਤੇ ਪੰਗਤ ਸਿੰਘ ਹਾਜ਼ਰ ਹਨ। ਇਨ੍ਹਾਂ ਨੂੰ ਆਪਣੀ ਫੌਜ ਵਿਚ ਸ਼ਾਮਲ ਕਰ ਲਓ।' ਉਸੇ ਦਿਨ ਤੋਂ ਸੰਗਤ ਸਿੰਘ ਤੇ ਪੰਗਤ ਸਿੰਘ ਗੁਰੂ ਜੀ ਦੀ ਹਜ਼ੂਰੀ ਵਿਚ ਰਹਿਣ ਲੱਗ ਪਏ। ਦੋਹਾਂ ਭਰਾਵਾਂ ਨੇ ਕਈ ਜੰਗਾਂ ਵਿਚ ਹਿੱਸਾ ਲਿਆ। ਦੋਵੇਂ ਭਰਾ ਸੇਵਾ ਤੇ ਸਮਰਪਨ ਕਾਰਨ ਗੁਰੂ ਜੀ ਦੇ ਲਾਡਲੇ ਸਿੰਘ ਬਣ ਗਏ। ਭਾਈ ਸੰਗਤ ਸਿੰਘ ਦਾ ਮੁਹਾਂਦਰਾ ਗੁਰੂ ਜੀ ਨਾਲ ਮਿਲਦਾ-ਜੁਲਦਾ ਸੀ। ਭਾਈ ਸੰਗਤ ਸਿੰਘ ਅੰਗ-ਰੱਖਿਅਕਾਂ ਵਾਂਗ ਹਰ ਸਮੇਂ ਗੁਰੂ ਜੀ ਦੇ ਨਾਲ ਰਹਿੰਦੇ ਸਨ।
ਜਦੋਂ ਗੁਰੂ ਗੋਬਿੰਦ ਸਿੰਘ ਜੀ ਨੂੰ ਅਨੰਦਪੁਰ ਸਾਹਿਬ ਛੱਡਣਾ ਪਿਆ ਤਾਂ ਕੁਝ ਇਤਿਹਾਸਕਾਰਾਂ ਅਨੁਸਾਰ 500 ਜਾਂ 1500 ਸਿੰਘ ਗੁਰੂ ਜੀ ਦੇ ਨਾਲ ਸਨ। ਮੁਗ਼ਲ ਤੇ ਪਹਾੜੀ ਫ਼ੌਜਾਂ ਨਾਲ ਪਹਿਲੀ ਝੜਪ ਕੀਰਤਪੁਰ ਨੇੜੇ ਸ਼ਾਹੀ ਟਿੱਬੀ 'ਤੇ ਹੋਈ। ਗੁਰੂ ਜੀ ਨੇ ਭਾਈ ਉਦੇ ਸਿੰਘ ਨੂੰ 50 ਸਿੰਘ ਦੇ ਕੇ ਦੁਸ਼ਮਣ ਦਾ ਮੁਕਾਬਲਾ ਕਰਨ ਦਾ ਆਦੇਸ਼ ਦਿੱਤਾ। ਭਾਈ ਉਦੇ ਸਿੰਘ ਆਪਣੇ ਸਿੰਘਾਂ ਸਮੇਤ ਇਸ ਜੰਗ ਵਿਚ ਸ਼ਹੀਦ ਹੋ ਗਏ। 'ਗੁਰੂ ਕੀਆਂ ਸਾਖੀਆਂ' ਅਨੁਸਾਰ ਸਰਸਾ ਨਦੀ 'ਤੇ ਭਾਈ ਜੀਵਨ ਸਿੰਘ ਨੇ 100 ਸਿੰਘਾਂ ਸਮੇਤ ਸ਼ਹੀਦੀ ਪ੍ਰਾਪਤ ਕੀਤੀ। ਚਮਕੌਰ ਦੀ ਜੰਗ ਸਮੇਂ ਦਸਮ ਪਾਤਸ਼ਾਹ ਨੇ ਆਪਣੇ ਤਿੰਨ ਪਿਆਰੇ ਭਾਈ ਹਿੰਮਤ ਸਿੰਘ, ਭਾਈ ਮੋਹਕਮ ਸਿੰਘ ਤੇ ਭਾਈ ਸਾਹਿਬ ਸਿੰਘ ਨੂੰ ਵੀ ਜੰਗ ਵਿਚ ਭੇਜ ਦਿੱਤਾ। ਧੰਨ ਜਿਗਰਾ ਕਲਗੀਧਰ ਪਾਤਸ਼ਾਹ ਦਾ, ਜਿਨ੍ਹਾਂ ਨੇ ਆਪਣੇ ਵੱਡੇ ਸਾਹਿਬਜ਼ਾਦਿਆਂ ਅਜੀਤ ਸਿੰਘ ਤੇ ਜੁਝਾਰ ਸਿੰਘ ਨੂੰ ਜੰਗ ਵਿਚ ਸ਼ਹੀਦ ਹੁੰਦਿਆਂ ਆਪਣੀਆਂ ਅੱਖਾਂ ਨਾਲ ਵੇਖਿਆ।
ਜਦੋਂ ਚਮਕੌਰ ਦੀ ਗੜ੍ਹੀ ਛੱਡਣ ਦਾ ਸਮਾਂ ਆਇਆ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਸੰਗਤ ਸਿੰਘ ਨੂੰ ਆਪਣੇ ਸ਼ਸਤਰ ਵਸਤਰ ਤੇ ਕਲਗੀ ਪਹਿਨਾ ਕੇ ਆਦੇਸ਼ ਦਿੱਤਾ ਕਿ ਅਗਲੀ ਸਵੇਰ ਨੂੰ ਤੁਸੀਂ ਵੈਰੀਆਂ ਦਾ ਡਟ ਕੇ ਮੁਕਾਬਲਾ ਕਰਨਾ, ਦੁਸ਼ਮਣ ਨੂੰ ਪਿੱਠ ਨਹੀਂ ਦਿਖਾਉਣੀ ਅਤੇ ਸਾਹਵੇਂ ਮੱਥੇ ਜੂਝ ਕੇ ਸ਼ਹੀਦੀ ਪਾਉਣੀ ਹੈ। ਬਾਬਾ ਸੰਗਤ ਸਿੰਘ ਜੀ ਨੇ ਆਪਣੇ ਮਹਾਨ ਗੁਰੂ ਦੇ ਆਦੇਸ਼ ਦਾ ਇੰਨ-ਬਿੰਨ ਪਾਲਣ ਕੀਤਾ। ਗੁਰੂ ਜੀ ਦੇ ਪਵਿੱਤਰ ਬਾਣੇ ਤੇ ਕਲਗੀ ਨੂੰ ਦਾਗ ਨਹੀਂ ਲੱਗਣ ਦਿੱਤਾ। ਗੁਰੂ ਜੀ ਦੇ ਉੱਚੇ-ਸੁੱਚੇ ਪੂਜਨੀਕ ਸੀਸ ਦੀ ਖਾਤਰ ਆਪਣਾ ਸਿਰ ਕੁਰਬਾਨ ਕਰ ਦਿੱਤਾ। ਗੁਰ ਬਿਲਾਸ ਪਾਤਸ਼ਾਹੀ ਦਸਵੀਂ ਵਿਚ ਭਾਈ ਸੁੱਖਾ ਸਿੰਘ ਲਿਖਦੇ ਹਨ - ਮੈਦਾਨ-ਇ-ਜੰਗ ਵਿਚ ਤਰਥਲ ਮਚਾ ਕੇ ਭਾਈ ਸੰਗਤ ਸਿੰਘ ਨੇ ਸ਼ਹੀਦੀ ਪ੍ਰਾਪਤ ਕੀਤੀ। ਆਪਣੇ ਸੁਆਮੀ ਦੀ ਖਾਤਰ ਆਪਣਾ ਸੀਸ ਕੁਰਬਾਨ ਕਰ ਕੇ ਇਤਿਹਾਸ ਵਿਚ ਉੱਚੀ ਪਦਵੀ ਹਾਸਲ ਕੀਤੀ-
ਯਾ ਬਿਧਿ ਸੋ ਰਣ ਦੁੰਦ ਮਚਾਇ ਕੇ
ਜੂਝ ਗਯੋ ਗਢ ਮੈਂ ਬਲ ਧਾਨੀ।
ਸਵਾਮੀ ਸੁ ਕਾਰਨ ਸੀਸ ਦਯੋ ਤਿਨ
ਊਚ ਲਿਯੋ ਗ੍ਰਹ ਅਚੁੱਤ ਸਾਨੀ।
ਸ਼ਹੀਦ ਬਾਬਾ ਸੰਗਤ ਸਿੰਘ ਯਾਦਗਾਰੀ ਟਰੱਸਟ ਜਲੰਧਰ ਵਲੋਂ ਬਾਬਾ ਸੰਗਤ ਸਿੰਘ ਜੀ ਦੀ ਯਾਦ ਵਿਚ 16 ਦਸੰਬਰ 2018 ਦਿਨ ਐਤਵਾਰ ਨੂੰ ਕੱਟਾ ਸਬੌਰ ਨੇੜੇ ਨੂਰਪੁਰ ਬੇਦੀ ਜ਼ਿਲ੍ਹਾ ਰੋਪੜ ਵਿਖੇ ਸਾਲਾਨਾ ਸ਼ਹੀਦੀ ਸਮਾਗਮ ਮਨਾਇਆ ਜਾ ਰਿਹਾ ਹੈ। ਸਮੂਹ ਪੰਜਾਬ ਵਿਚੋਂ ਸੰਗਤਾਂ ਪਹੁੰਚ ਕੇ ਬਾਬਾ ਸੰਗਤ ਸਿੰਘ ਜੀ ਨੂੰ ਸਰਧਾਂਜਲੀ ਭੇਟ ਕਰਨਗੀਆਂ।


-ਮੋਬਾਈਲ : 98155-40968

ਸ਼ਬਦ ਵਿਚਾਰ

ਪੁਤਾ ਦੇਖਿ ਵਿਗਸੀਐ ਨਾਰੀ ਸੇਜ ਭਤਾਰ॥

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਧਰਮ ਤੇ ਵਿਰਸਾ ਅੰਕ ਪੜ੍ਹੋ)
ਸਿਰੀਰਾਗੁ ਮਹਲਾ ੧
ਪੁਤਾ ਦੇਖਿ ਵਿਗਸੀਐ
ਨਾਰੀ ਸੇਜ ਭਤਾਰ॥
ਚੋਆ ਚੰਦਨੁ ਲਾਈਐ
ਕਾਪੜੁ ਰੂਪੁ ਸੀਗਾਰੁ॥
ਖੇਹੂ ਖੇਹ ਰਲਾਈਐ
ਛੋਡਿ ਚਲੈ ਘਰ ਬਾਰੁ॥ ੫॥
ਮਹਰ ਮਲੂਕ ਕਹਾਈਐ
ਰਾਜਾ ਰਾਉ ਕਿ ਖਾਨੁ॥
ਚਉਧਰੀ ਰਾਉ ਸਦਾਈਐ
ਜਲਿ ਬਲੀਐ ਅਭਿਮਾਨ॥
ਮਨਮੁਖਿ ਨਾਮੁ ਵਿਸਾਰਿਆ
ਜਿਉ ਡਵਿ ਦਧਾ ਕਾਨੁ॥ ੬॥
ਹਉਮੈ ਕਰਿ ਕਰਿ ਜਾਇਸੀ
ਜੋ ਆਇਆ ਜਗ ਮਾਹਿ॥
ਸਭੁ ਜਗੁ ਕਾਜਲ ਕੋਠੜੀ
ਤਨੁ ਮਨੁ ਦੇਹ ਸੁਆਹਿ॥
ਗੁਰਿ ਰਾਖੇ ਸੇ ਨਿਰਮਲੇ
ਸਬਦਿ ਨਿਵਾਰੀ ਭਾਹਿ॥ ੭॥
ਨਾਨਕ ਤਰੀਐ ਸਚਿ ਨਾਮਿ
ਸਿਰਿ ਸਾਹਾ ਪਾਤਿਸਾਹੁ॥
ਮੈ ਹਰਿ ਨਾਮੁ ਨ ਵੀਸਰੈ
ਹਰਿ ਨਾਮੁ ਰਤਨੁ ਵੇਸਾਹੁ॥
ਮਨਮੁਖ ਭਉਜਲਿ ਪਚਿ ਮੁਏ
ਗੁਰਮੁਖਿ ਤਰੇ ਅਥਾਹੁ॥ ੮॥ ੧੬॥
(ਅੰਗ 63-64)
ਪਦ ਅਰਥ : ਪੁਤਾ-ਪੁੱਤਰਾਂ ਨੂੰ। ਵਿਗਸੀਐ-ਖੁਸ਼ ਹੁੰਦਾ ਹੈ। ਭਤਾਰ-ਮਾਲਕ, ਖਸਮ। ਚੋਆ-ਅਤਰ। ਸੀਗਾਰੁ-ਸ਼ਿੰਗਾਰ। ਖੇਹੂ-ਮਿੱਟੀ ਹੋ ਕੇ। ਖੇਹ-ਮਿੱਟੀ ਵਿਚ। ਰਲਾਈਐ-ਰਲ ਜਾਂਦਾ ਹੈ। ਮਹਰ-ਚੌਧਰੀ, ਸਰਦਾਰ। ਮਲੂਕ-ਬਾਦਸ਼ਾਹ। ਰਾਉ-ਰਾਣਾ, ਰਾਇ ਸਾਹਿਬ। ਅਭਿਮਾਨ-ਹਉਮੈ, ਹੰਕਾਰ। ਡਵਿ-ਬਨ (ਜੰਗਲ) ਦੀ ਅੱਗ ਨਾਲ। ਦੁਧਾ-ਸੜਿਆ ਹੋਇਆ। ਕਾਨੁ-ਕਾਨਾ।
ਜਗ ਮਾਹਿ-ਜੁਗਤ ਵਿਚ। ਕਾਜਲ ਕੋਠੜੀ-ਕਾਲਖ ਦੀ ਕੋਠੜੀ। ਦੇਹ-ਸਰੀਰ। ਸੁਆਹਿ-ਸੁਆਹ ਹੋ ਜਾਂਦੇ ਹਨ। ਨਿਰਮਲੇ-ਸਾਫ਼ ਸੁਥਰੇ, ਪਵਿੱਤਰ ਜੀਵਨ ਵਾਲੇ (ਹੋ ਜਾਂਦੇ ਹਨ)। ਨਿਵਾਰੀ ਭਾਹਿ-ਤ੍ਰਿਸ਼ਨਾ ਰੂਪੀ ਅੱਗ ਬੁਝਾ ਲਈ ਹੈ, ਦੂਰ ਕਰ ਲਈ ਹੈ।
ਸਿਰਿ ਸਾਹਾ-ਸ਼ਾਹਾਂ ਦੇ ਸਿਰ 'ਤੇ। ਨ ਵੀਸਰੈ-(ਕਦੇ) ਭੁੱਲੇ ਨਾ। ਤਰੀਐ-ਤਰ ਕੇ ਪਾਰ ਹੋਈਦਾ ਹੈ। ਵੇਸਾਹੁ-ਆਸਰਾ। ਪਚਿ-ਖੁਆਰ ਹੋ ਕੇ। ਭਉਜਲਿ-ਭਵਸਾਗਰ, ਸੰਸਾਰ ਸਮੁੰਦਰ। ਅਥਾਹੁ-ਬੇਅੰਤ (ਸਮੁੰਦਰ 'ਚੋਂ)।
ਪਰਮਾਤਮਾ ਵਰਗਾ ਸਾਡਾ ਹੋਰ ਕੋਈ ਸਨੇਹੀ ਕੌਣ ਹੋ ਸਕਦਾ ਹੈ, ਜਿਸ ਨੇ ਇਹ ਸਰੀਰ ਅਤੇ ਮਨ ਦੇ ਕੇ ਸਾਡੇ ਅੰਦਰ ਸੁਰਤ ਟਿਕਾ ਦਿੱਤੀ ਹੈ। ਸਭ ਜੀਵਾਂ ਦੀ ਪਾਲਣਾ ਅਤੇ ਸਾਂਭ-ਸੰਭਾਲ ਕਰਨ ਵਾਲਾ ਪ੍ਰਭੂ ਸਭਨਾਂ ਜੀਵਾਂ ਅੰਦਰ ਮੌਜੂਦ ਹੈ ਜੋ ਸਭ ਦੇ ਦਿਲਾਂ ਦੀਆਂ ਜਾਣਦਾ ਹੈ ਅਤੇ ਸਭਨਾਂ ਦੇ ਕੀਤੇ ਕਰਮਾਂ ਨੂੰ ਦੇਖਣ ਵਾਲਾ ਹੈ। ਰਾਗੁ ਮਾਰੂ ਸੋਲਹੇ ਵਿਚ ਗੁਰੂ ਬਾਬੇ ਦੇ ਪਾਵਨ ਬਚਨ ਹਨ-
ਹਰਿ ਸਾ ਮੀਤੁ ਨਾਹੀ ਮੈ ਕੋਈ॥
ਜਿਨਿ ਤਨੁ ਮਨੁ ਦੀਆ ਸੁਰਤਿ ਸਮੋਈ॥
ਸਰਬ ਜੀਆ ਪ੍ਰਤਿਪਾਲਿ ਸਮਾਲੇ
ਸੋ ਅੰਤਰਿ ਦਾਨਾ ਬੀਨਾ ਹੇ॥
(ਅੰਗ 1027)
ਸਾ-ਵਰਗਾ। ਮੀਤੁ-ਮਿੱਤਰ, ਸਨੇਹੀ। ਸਮੋਈ-ਟਿਕਾ ਦਿੱਤੀ ਹੈ। ਸਰਬ-ਸਭ। ਪ੍ਰਤਿਪਾਲਿ ਸਮਾਲੇ-ਪਾਲਦਾ ਅਤੇ ਸੰਭਾਲ ਕਰਦਾ ਹੈ। ਦਾਨਾ-ਦਿਲਾਂ ਦੀਆਂ ਜਾਣਨ ਵਾਲਾ। ਬੀਨਾ-ਦੇਖਣ ਵਾਲਾ।
(ਦੂਜੇ ਬੰਨੇ) ਸਾਰੇ ਜਗਤ ਵਿਚ ਪੁੱਤਰ ਅਤੇ ਇਸਤਰੀ ਨਾਲ ਮੋਹ-ਪਿਆਰ ਪਿਆ ਹੋਇਆ ਹੈ ਅਤੇ ਹਰ ਪਾਸੇ ਮਾਇਆ ਦੇ ਮੋਹ ਦਾ ਹੀ ਖਿਲਾਰਾ ਖਿੱਲਰਿਆ ਹੋਇਆ ਹੈ ਪਰ ਜਿਹੜਾ ਗੁਰੂ ਦੇ ਸਨਮੁਖ ਰਹਿਣ ਵਾਲਾ ਪ੍ਰਾਣੀ ਜਗਤ ਦੇ ਮੂਲ ਪ੍ਰਭੂ ਨੂੰ ਆਪਣੇ ਮਨ ਵਿਚ ਵਸਾਉਂਦਾ ਹੈ। ਸਤਿਗੁਰੂ ਉਸ ਦੀਆਂ ਆਤਮਿਕ ਮੌਤ ਦੀਆਂ ਫਾਹੀਆਂ ਤੋੜ ਦਿੰਦਾ ਹੈ-
ਪੁਤ੍ਰ ਕਲਤ੍ਰ ਜਗਿ ਹੇਤੁ ਪਿਆਰਾ॥
ਮਾਇਆ ਮੋਹੁ ਪਸਰਿਆ ਪਸਾਰਾ॥
ਜਮ ਕੇ ਫਾਹੇ ਸਤਿਗੁਰਿ ਤੋੜੇ
ਗੁਰਮੁਖਿ ਤਤੁ ਬੀਚਾਰਾ ਹੇ॥
(ਅੰਗ 1029)
ਹੇਤੁ-ਹਿਤ, ਮੋਹ। ਫਾਹੇ-ਫਾਹੀਆਂ। ਪਸਰਿਆ-ਖਿੱਲਰਿਆ ਹੋਇਆ ਹੈ। ਪਸਾਰਾ-ਖਿਲਾਰਾ। ਤਤੁ-ਮੂਲ ਪ੍ਰਭੂ।
ਪੰਚਮ ਗੁਰਦੇਵ ਰਾਗੁ ਗਉੜੀ ਵਿਚ ਦ੍ਰਿੜ੍ਹ ਕਰਵਾ ਰਹੇ ਹਨ ਕਿ (ਅਸੀਂ ਦੇਖਿਆ ਹੈ) ਚੌਧਰੀ, ਸੁਲਤਾਨ ਜਾਂ ਖਾਨ ਆਦਿ ਬਣਨ ਨਾਲ ਕਿਸੇ ਦਾ ਮਨ ਨਹੀਂ ਤ੍ਰਿਪਤਿਆ।
ਮਹਰ ਮਲੂਕ ਹੋਇ ਦੇਖਿਆ ਖਾਨ॥
ਤਾ ਤੇ ਨਾਹੀ ਮਨੁ ਤ੍ਰਿਪਤਾਨ॥
(ਅੰਗ 179)
ਤ੍ਰਿਪਤਾਨ-ਤ੍ਰਿਪਤਿਆ, ਤ੍ਰਿਪ ਹੁੰਦਾ ਹੈ।
ਆਪ ਜੀ ਦੇ ਹੋਰ ਬਚਨ ਹਨ ਕਿ ਰਾਜ ਦਰਬਾਰ ਦੀਆਂ ਸਜਾਵਟਾਂ, ਤਖ਼ਤ 'ਤੇ ਬੈਠਣਾ, ਹਰ ਤਰ੍ਹਾਂ ਦੇ ਸਾਰੇ ਮੇਵੇ, ਦਿਲਕਸ਼ ਫੁਲਵਾੜੀਆਂ, ਸ਼ਿਕਾਰ ਅਤੇ ਹੋਰ ਰਾਜਿਆਂ ਦੀਆਂ ਖੇਡਾਂ, ਇਨ੍ਹਾਂ ਸਭਨਾਂ ਨਾਲ ਵੀ ਮਨੁੱਖ ਦਾ ਮਨ ਖੁਸ਼ ਨਹੀਂ ਹੁੰਦਾ, ਸਭ ਯਤਨ ਛੱਲ ਹੀ ਸਿੱਧ ਹੁੰਦੇ ਹਨ-
ਤਖ਼ਤ ਸਭਾ ਮੰਡਨ ਦੋਲੀਚੇ॥
ਸਗਲ ਮੇਵੇ ਸੁੰਦਰ ਬਾਗੀਚੇ॥
ਅਖੇੜ ਬਿਰਤਿ ਰਾਜਨ ਕੀ ਲੀਲਾ॥
ਮਨੁ ਨ ਸੁਹੇਲਾ ਪਰਪੰਚੁ ਹੀਲਾ॥
(ਅੰਗ 179)
ਮੰਡਨ-ਸਜਾਵਟ। ਅਖੇੜ-ਸ਼ਿਕਾਰ। ਬਿਰਤਿ-ਰੁਚੀ। ਸੁਹੇਲਾ-ਸੌਖਾ, ਖੁਸ਼। ਪਰਪੰਚ-ਛਲ। ਹੀਲਾ-ਉੱਦਮ, ਯਤਨ।
ਆਪ ਜੀ ਰਾਗੁ ਭੈਰਉ ਵਿਚ ਵੀ ਦ੍ਰਿੜ੍ਹ ਕਰਵਾ ਰਹੇ ਹਨ ਕਿ ਬਹੁਤ ਧਨ ਖੱਟਣ ਨਾਲ ਸੁੱਖ ਦੀ ਪ੍ਰਾਪਤੀ ਨਹੀਂ ਹੁੰਦੀ, ਨਾ ਹੀ ਬਹੁਤ ਨਾਟਕ ਅਤੇ ਨਾਚ ਤਮਾਸ਼ੇ ਦੇਖਣ ਨਾਲ ਅਤੇ ਨਾ ਹੀ ਬਹੁਤ ਦੇਸ਼ਾਂ ਨੂੰ ਜਿੱਤਣ ਨਾਲ। ਸਾਰੇ ਸੁੱਖਾਂ ਦੀ ਪ੍ਰਾਪਤੀ ਤਾਂ ਪਰਮਾਤਮਾ ਦੇ ਗੁਣਾਂ ਨੂੰ ਗਾਉਣ ਨਾਲ ਹੁੰਦੀ ਹੈ-
ਸੁਖੁ ਨਾਹੀ ਬਹੁਤੈ ਧਨਿ ਖਾਟੇ॥
ਸੁਖੁ ਨਾਹੀ ਪੇਖੇ ਨਿਰਤਿ ਨਾਟੇ॥
ਸੁਖੁ ਨਾਹੀ ਬਹੁ ਦੇਸ ਕਮਾਏ॥
ਸਰਬ ਸੁਖਾ ਹਰਿ ਹਰਿ ਗੁਣ ਗਾਇ॥
(ਅੰਗ 1147)
ਪੇਖੇ-ਦੇਖਣ ਨਾਲ। ਨਿਰਤਿ-ਨਾਚ। ਨਾਟੇ-ਨਾਟਕ। ਕਮਾਇ-ਜਿੱਤਣ ਨਾਲ। ਸਰਬ-ਸਾਰੇ। ਗੁਣ ਗਾਇ-ਗੁਣ ਗਾਉਣ ਨਾਲ।
ਅੱਖਰੀਂ ਅਰਥ : ਪੁੱਤਰਾਂ ਨੂੰ ਦੇਖ-ਦੇਖ ਕੇ ਖੁਸ਼ ਹੋਈਦਾ ਹੈ। (ਇਸ ਤਰ੍ਹਾਂ) ਇਸਤਰੀ ਮਾਲਕ ਨੂੰ ਸੇਜ 'ਤੇ ਦੇਖ ਕੇ ਖੁਸ਼ ਹੁੰਦੀ ਹੈ। ਰੂਪ ਦਾ ਸ਼ਿੰਗਾਰ ਕਰਨ ਨਾਲ ਅਤਰ ਚੰਦਨ ਤਨ (ਸਰੀਰ) 'ਤੇ ਲਾਈਦੇ ਹਨ ਅਤੇ ਸੁੰਦਰ ਕੱਪੜੇ ਪਾਈਦੇ ਹਨ ਪਰ ਆਖਰ ਨੂੰ ਇਹ ਸਰੀਰ ਮਿੱਟੀ ਹੋ ਕੇ ਮਿੱਟੀ ਵਿਚ ਰੁਲ ਜਾਂਦਾ ਹੈ ਅਤੇ ਪ੍ਰਾਣੀ ਘਰ-ਬਾਰ ਛੱਡ ਕੇ ਚਲਿਆ ਜਾਂਦਾ ਹੈ। ਇਸੇ ਤਰ੍ਹਾਂ ਵਡੱਪਣ ਵਜੋਂ ਆਪਣੇ-ਆਪ ਨੂੰ ਭਾਵੇਂ ਸਰਦਾਰ, ਬਾਦਸ਼ਾਹ, ਮਹਾਰਾਜਾ, ਰਾਇ ਸਾਹਿਬ ਜਾਂ ਖਾਨ ਸਾਹਿਬ ਅਤੇ ਚੌਧਰੀ ਸਦਾਈਦਾ ਹੈ ਅਤੇ ਇਸ ਵਡੱਪਣ ਦੇ ਹੰਕਾਰ ਵਿਚ ਸੜ ਮਰੀਦਾ ਹੈ। ਏਨਾ ਕੁਝ ਹੁੰਦੇ ਹੋਏ ਵੀ ਜੇਕਰ ਮਨਮੁਖ ਪਰਮਾਤਮਾ ਨੂੰ ਭੁਲਾ ਦਿੰਦਾ ਹੈ ਤਾਂ ਉਸ ਦੀ ਅੰਤਲੀ ਸਰੀਰਕ ਦਸ਼ਾ ਇੰਜ ਦਿਸਦੀ ਹੈ ਜਿਵੇਂ ਜੰਗਲ ਦੀ ਅੱਗ ਨਾਲ ਸੜਿਆ ਹੋਇਆ ਕਾਨਾ ਹੁੰਦਾ ਹੈ (ਜੋ ਸੜਨ ਨਾਲ ਭਾਵੇਂ ਅੰਦਰੋਂ ਕਾਲਾ ਹੋ ਜਾਂਦਾ ਹੈ ਪਰ ਬਾਹਰੋਂ ਚਮਕਦਾ ਰਹਿੰਦਾ ਹੈ)। ਗੁਰੂ ਜੀ ਦ੍ਰਿੜ੍ਹ ਕਰਵਾ ਰਹੇ ਹਨ ਕਿ ਮਨਮੁਖ ਬਾਹਰੋਂ ਭਾਵੇਂ ਕਿੰਨਾ ਮਿੱਠਾ ਬੋਲਦਾ ਹੋਵੇ ਪਰ ਅੰਦਰੋਂ ਉਹ ਮਨ ਦਾ ਬੜਾ ਕਠੋਰ ਹੁੰਦਾ ਹੈ।
ਇਥੇ ਜੋ ਵੀ ਜਗਤ ਵਿਚ ਆਇਆ ਹੈ, ਮੈਂ-ਮੇਰੀ ਵਿਚ ਗ੍ਰਸਿਆ ਹੋਣ ਦੇ ਕਾਰਨ ਜਗਤ ਵਿਚੋਂ ਖਾਲੀ ਹੱਥੀਂ ਤੁਰ ਜਾਵੇਗਾ। ਇਹ ਸਾਰਾ ਜਗਤ ਕਾਲਖ ਦੀ ਕੋਠੜੀ ਵਾਂਗ ਹੈ, ਜਿਸ ਵਿਚ ਸੜ ਕੇ ਤਨ, ਮਨ ਅਤੇ ਸਰੀਰ ਸਭ ਸੁਆਹ ਹੋ ਜਾਂਦੇ ਹਨ ਪਰ ਜਿਨ੍ਹਾਂ ਦੀ ਸ਼ਬਦ ਦੁਆਰਾ ਗੁਰੂ ਨੇ ਤ੍ਰਿਸ਼ਨਾ ਰੂਪੀ ਅੱਗ ਦੂਰ ਕਰ ਦਿੱਤੀ ਹੈ, ਉਹ ਪਵਿੱਤਰ ਜੀਵਨ ਵਾਲੇ ਹੋ ਜਾਂਦੇ ਹਨ।
ਗੁਰੂ ਬਾਬਾ ਸੋਝੀ ਬਖਸ਼ਿਸ਼ ਕਰ ਰਹੇ ਹਨ ਕਿ ਸਾਰੇ ਸ਼ਾਹਾਂ ਦੇ ਪਾਤਸ਼ਾਹ ਦੇ ਸਦਾ ਥਿਰ ਨਾਮ ਵਿਚ ਜੁੜਨ ਨਾਲ ਭਵ-ਸਾਗਰ 'ਚੋਂ ਤਰ ਕੇ ਪਾਰ ਹੋ ਜਾਈਦਾ ਹੈ। ਇਸ ਲਈ ਹੇ ਪ੍ਰਭੂ, ਮੈਨੂੰ ਕਦੇ ਪ੍ਰਭੂ ਦਾ ਨਾਮ ਨਾ ਵਿਸਰੇ। ਹਰੀ ਦਾ ਨਾਮ ਹੀ ਮੇਰੇ ਜੀਵਨ ਦਾ ਆਸਰਾ ਹੈ। ਆਪ ਜੀ ਦੇ ਪਾਵਨ ਬਚਨ ਹਨ ਕਿ ਜਿਥੇ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਗੁਰਮੁਖ ਭਵ ਸਾਗਰ (ਸੰਸਾਰ ਸਮੁੰਦਰ) ਵਿਚ ਖਪ-ਖਪ ਕੇ ਆਤਮਿਕ ਮੌਤੇ ਮਰਦੇ ਹਨ, ਗੁਰੂ ਦੇ ਦਰਸਾਏ ਮਾਰਗ 'ਤੇ ਚੱਲਣ ਵਾਲੇ ਗੁਰਮੁਖ ਜਨ ਡੂੰਘੇ ਸੰਸਾਰ ਸਮੁੰਦਰ 'ਚੋਂ ਤਰ ਕੇ ਪਾਰ ਹੋ ਜਾਂਦੇ ਹਨ।


-217-ਆਰ, ਮਾਡਲ ਟਾਊਨ, ਜਲੰਧਰ।

ਪ੍ਰੇਰਨਾ-ਸਰੋਤ

ਸਾਰਾ ਬ੍ਰਹਿਮੰਡ ਬ੍ਰਹਮ ਦਾ ਆਭਾਸ ਹੈ

ਅਸੀਂ ਦਰਪਣ ਵਿਚ ਆਪਣਾ ਪ੍ਰਤੀਬਿੰਬ ਦੇਖਦੇ ਹਾਂ ਪਰ ਅਸੀਂ ਉਸ ਨੂੰ ਨਾ ਤਾਂ ਛੂਹ ਸਕਦੇ ਹਾਂ ਅਤੇ ਨਾ ਹੀ ਕਿਸੇ ਪਰਦੇ ਜਾਂ ਸਕਰੀਨ 'ਤੇ ਉਤਾਰ ਸਕਦੇ ਹਾਂ। ਅਜਿਹੇ ਪ੍ਰਤੀਬਿੰਬ ਨੂੰ ਅਸੀਂ ਕੇਵਲ ਦੇਖ ਹੀ ਸਕਦੇ ਹਾਂ। ਇਹ ਬ੍ਰਹਿਮੰਡ ਵੀ ਉਸ ਬ੍ਰਹਮ ਜਾਂ ਪਰਮਾਤਮਾ ਦਾ ਹੀ ਸਰੂਪ ਹੈ। ਸਵਾਮੀ ਵਿਵੇਕਾਨੰਦ ਵੇਦਾਂਤ ਵਿਚ ਲਿਖਦੇ ਹਨ ਕਿ ਅਸੀਂ ਇਸ ਬ੍ਰਹਿਮੰਡ ਦੇ ਭੌਤਿਕ ਪਦਾਰਥਾਂ ਵਿਚ ਉਸ ਬ੍ਰਹਮਾ ਦਾ ਆਭਾਸ ਤਾਂ ਕਰ ਸਕਦੇ ਹਾਂ ਪਰ ਪਰਮਾਤਮਾ ਜਾਂ ਬ੍ਰਹਮ ਨੂੰ ਛੋਹ ਨਹੀਂ ਸਕਦੇ। ਇਹ ਬ੍ਰਹਿਮੰਡ ਅਤੇ ਇਸ ਵਿਚ ਮੌਜੂਦ ਪਦਾਰਥ ਦੇ ਵੱਖ-ਵੱਖ ਰੂਪ ਪਰਿਵਰਤਨਸ਼ੀਲ ਹਨ ਪਰ ਉਨ੍ਹਾਂ ਵਿਚ ਮੌਜੂਦ ਮੂਲ ਕਣ ਜਾਂ ਤੱਤ ਅਤੇ ਊਰਜਾ ਉਹ ਹੀ ਰਹਿੰਦੇ ਹਨ। ਇਸੇ ਤਰ੍ਹਾਂ ਸਾਰੇ ਬ੍ਰਹਿਮੰਡ ਦੀ ਰਚਨਾ ਬਦਲਦੀ ਹੈ ਪਰ ਰਚਨਾਕਾਰ ਨਹੀਂ। ਰੱਸੀ ਭਾਵੇਂ ਸੱਪ ਵਰਗੀ ਦਿਖਾਈ ਦੇਵੇ ਪਰ ਉਹ ਸੱਪ ਨਹੀਂ ਹੋ ਸਕਦੀ। ਨਾ ਹੀ ਰੱਸੀ ਨੂੰ ਸੱਪ ਵਿਚ ਬਦਲ ਸਕਦੇ ਹਾਂ। ਇਸੇ ਤਰ੍ਹਾਂ ਸਚਾਈ ਨੂੰ ਪਰਿਵਰਤਿਤ ਨਹੀਂ ਕੀਤਾ ਜਾ ਸਕਦਾ। ਇਥੇ ਜਿੰਨੇ ਵੀ ਪਰਿਵਰਤਨ ਹੁੰਦੇ ਹਨ, ਉਹ ਅਸਥਾਈ ਹੁੰਦੇ ਹਨ ਪਰ 'ਸੱਚ' ਹੀ ਕੇਵਲ ਸਥਾਈ ਹੈ, ਜਿਸ ਵਿਚ ਪਰਿਵਰਤਨ ਨਹੀਂ ਆਉਂਦਾ। ਮਨੋਵਿਗਿਆਨਕ ਪੱਖ ਤੋਂ ਅਜਿਹਾ ਨਾਂਅ ਅਤੇ ਸਰੂਪ ਕਾਰਨ ਹੁੰਦਾ ਹੈ। ਅਸੀਂ ਨਾਂਅ ਅਤੇ ਸਰੂਪ ਕਾਰਨ ਹੀ ਇਕ-ਦੂਜੀ ਵਸਤੂ ਵਿਚ ਭੇਦ ਕਰਦੇ ਹਾਂ। ਅਸਲ ਵਿਚ ਦੋਵੇਂ ਮੂਲ ਰੂਪ ਵਿਚ ਸਮਾਨ ਹਨ। ਜਿਵੇਂ ਗਿਆਨ ਨਾਲ ਅਸੀਂ ਸੱਪ ਅਤੇ ਰੱਸੀ ਵਿਚ ਭੇਦ ਜਾਣ ਲੈਂਦੇ ਹਾਂ, ਉਸੇ ਤਰ੍ਹਾਂ ਬ੍ਰਹਮ ਦੇ ਗਿਆਨ ਨਾਲ ਮਾਇਆ ਜਾਂ ਅਗਿਆਨਤਾ ਤੋਂ ਛੁਟਕਾਰਾ ਮਿਲਦਾ ਹੈ।


-ਸਵਾਮੀ ਵਿਵੇਕਾਨੰਦ ਸਟੱਡੀ ਸਰਕਲ, ਜਲੰਧਰ। ਮੋਬਾ: 94175-50741

ਪ੍ਰਸਿੱਧ ਹਿੰਦੂ ਤੀਰਥ ਅਤੇ ਸੈਲਾਨੀ ਕੇਂਦਰ ਪੁਸ਼ਕਰ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਧਰਮ ਤੇ ਵਿਰਸਾ ਅੰਕ ਦੇਖੋ)
ਸੈਂਕੜੇ ਏਕੜ ਰੇਤਲੇ ਟਿੱਬਿਆਂ ਵਿਚ ਰੰਗ-ਬੇਰੰਗੇ ਕੱਪੜਿਆਂ, ਟੱਲੀਆਂ, ਨਕੇਲਾਂ ਅਤੇ ਕੱਪੜੇ ਤੋਂ ਬਣੇ ਫੁੱਲਾਂ ਨਾਲ ਸ਼ਿੰਗਾਰੇ ਊਠ ਹੀ ਊਠ ਵਿਖਾਈ ਦਿੰਦੇ ਹਨ। ਇਸ ਦੇ ਨਾਲ ਇੱਥੇ ਘੋੜੇ, ਗਾਵਾਂ, ਮੱਝਾਂ, ਭੇਡਾਂ ਆਦਿ ਪਸ਼ੂ ਵੀ ਵਿਕਣ ਲਈ ਆਉਂਦੇ ਹਨ।
ਇੱਥੇ ਰਾਜਸਥਾਨੀ ਸੱਭਿਆਚਾਰ ਦੇ ਦਰਸ਼ਨ ਹੁੰਦੇ ਹਨ। ਇਸ ਊਠ ਮੇਲੇ ਦੌਰਾਨ ਵੱਖ-ਵੱਖ ਤਰ੍ਹਾਂ ਦੇ ਸੱਭਿਆਚਾਰਕ ਸਮਾਗਮ ਕਰਵਾਏ ਜਾਂਦੇ ਹਨ। ਇੱਥੇ ਲੰਬੀਆਂ ਮੁੱਛਾਂ ਦਾ ਮੁਕਾਬਲਾ, ਮਟਕੀ ਫੋੜ ਮੁਕਾਬਲਾ, ਊਠ ਦੌੜਾਂ ਆਦਿ ਦੇ ਮੁਕਾਬਲੇ ਵੀ ਕਰਵਾਏ ਜਾਂਦੇ ਹਨ। ਸੈਲਾਨੀ ਊਠਾਂ ਦੀ ਸਵਾਰੀ ਕਰਨ ਦਾ ਖੂਬ ਲੁਤਫ ਲੈਂਦੇ ਹਨ। ਇਸ ਮੇਲੇ ਦੀ ਅਜਿਹੀ ਰੰਗੀਨੀ ਕਾਰਨ ਬਹੁਤ ਸਾਰੇ ਲੋਕ ਇਨ੍ਹੀਂ ਦਿਨੀਂ ਹਰ ਸਾਲ ਪੁਸ਼ਕਰ ਪਹੁੰਚਦੇ ਹਨ। ਇਸ ਮੇਲੇ ਵਿਚ 50 ਹਜ਼ਾਰ ਤੋਂ ਵੱਧ ਪਸ਼ੂ ਅਤੇ ਦੋ ਲੱਖ ਤੋਂ ਵੱਧ ਸੈਲਾਨੀਆਂ ਦੇ ਪਹੁੰਚਣ ਦਾ ਅਨੁਮਾਨ ਹੈ। ਕੱਤਕ ਦੀ ਪੂਰਨਮਾਸ਼ੀ ਨੂੰ ਹਿੰਦੂ ਤੀਰਥ ਯਾਤਰੀਆਂ ਦੀ ਭਾਰੀ ਗਿਣਤੀ ਇੱਥੇ ਇਸ਼ਨਾਨ ਕਰਨ ਅਤੇ ਬ੍ਰਹਮਾ ਮੰਦਰ ਦੇ ਦਰਸ਼ਨ ਕਰਨ ਲਈ ਉਮੜਦੀ ਹੈ। ਉਂਜ ਵੀ ਇੱਥੇ ਰੋਜ਼ਾਨਾ ਹਜ਼ਾਰਾਂ ਦੀ ਗਿਣਤੀ ਵਿਚ ਦੇਸੀ-ਵਿਦੇਸ਼ੀ ਸੈਲਾਨੀ ਪਹੁੰਚਦੇ ਹਨ। ਪੁਸ਼ਕਰ ਸਮੁੱਚੇ ਭਾਰਤ ਵਿਚੋਂ ਇਕ ਅਜਿਹਾ ਪੁਰਾਣਿਕ ਸਥਾਨ ਹੈ, ਜਿੱਥੇ ਸਭ ਤੋਂ ਵੱਧ ਸੈਲਾਨੀ ਸੈਰ-ਸਪਾਟੇ ਲਈ ਆਉਂਦੇ ਹਨ। ਇਸ ਵਾਰ ਦਾ ਪੁਸ਼ਕਰ ਦਾ ਊਠ ਮੇਲਾ 15 ਨਵੰਬਰ ਤੋਂ ਸ਼ੁਰੂ ਹੋ ਕੇ 23 ਨਵੰਬਰ ਤੱਕ ਜਾਰੀ ਰਹੇਗਾ। (ਸਮਾਪਤ)


-ਪਿੰਡ ਤੇ ਡਾਕ: ਆਦਮਕੇ, ਤਹਿ: ਸਰਦੂਲਗੜ੍ਹ (ਮਾਨਸਾ)। ਮੋਬਾ: 81469-24800

ਸ੍ਰੀ ਗੁਰੂ ਨਾਨਕ ਦੇਵ ਦੀਆਂ ਚਾਰ ਉਦਾਸੀਆਂ

ਮੁੱਢਲਾ ਹਾਲ ਸੰ: 1526-1554 ਬਿ:

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਸਿੱਧ ਅਥਵਾ ਜੋਗੀ, ਜਿਨ੍ਹਾਂ ਨੂੰ ਕੰਨਪਾਟੇ ਹੋਣ ਕਰਕੇ ਨਾਥ ਵੀ ਕਿਹਾ ਜਾਂਦਾ ਹੈ, ਦਰਅਸਲ ਬੁੱਧ ਧਰਮ ਦੀ ਇਕ ਪਰਮ ਪ੍ਰਸਿੱਧ ਸ਼ਾਖ ਮਹਾਯਾਨ ਸੰਪ੍ਰਦਾਇ ਦੇ ਹੀ ਜੰਮਪਲ ਹਨ। 12ਵੀਂ-13ਵੀਂ ਸਦੀ ਈ: ਵਿਚ ਜਦੋਂ ਮੁਸਲਮਾਨਾਂ ਨੇ ਹਮਲਾ ਕਰਕੇ ਬਿਹਾਰ ਦੇ ਬੋਧੀ ਮਠ ਢਾਹੇ ਤੇ ਨਾਲੰਦਾ ਯੂਨੀਵਰਸਿਟੀ ਬਰਬਾਦ ਕੀਤੀ ਤਾਂ ਬਹੁਤ ਸਾਰੇ ਬੋਧੀ ਸਾਧੂ, ਜੋ ਮਹਾਯਾਨ ਸੰਪ੍ਰਦਾਇ ਨਾਲ ਸਬੰਧ ਰੱਖਦੇ ਸਨ, ਮੁਸਲਮਾਨਾਂ ਦੇ ਹੱਥੋਂ ਮਾਰੇ ਗਏ ਤੇ ਬਾਕੀ ਬਚੇ-ਖੁਚੇ ਸਾਧੂ ਉੱਤਰਾਖੰਡ ਦੀਆਂ ਪਰਬਤ ਘਾਟੀਆਂ ਵਿਚ ਜਾ ਲੁਕੇ ਸਨ। ਯੋਗ ਬਲ ਨਾਲ ਆਪਣੀਆਂ ਉਮਰਾਂ ਕਿਉਂਕਿ ਉਨ੍ਹਾਂ ਨੇ ਬਹੁਤੀਆਂ ਵਧਾ ਲਈਆਂ ਸਨ, ਇਸ ਲਈ ਜਦ ਸ੍ਰੀ ਗੁਰੂ ਨਾਨਕ ਦੇਵ ਜੀ ਵੀ ਉੱਤਰਾਖੰਡ ਦੀ ਸੈਰ ਕਰਦੇ ਹੋਏ ਸੁਮੇਰ ਪਰਬਤ 'ਤੇ ਗਏ ਤਾਂ ਉਨ੍ਹਾਂ ਜੋਗੀਆਂ ਨਾਲ ਗੁਰੂ ਜੀ ਦਾ ਮਿਲਾਪ ਹੋਇਆ। ਭਾਈ ਗੁਰਦਾਸ ਨੇ ਇਸ ਮਿਲਾਪ ਬਾਰੇ ਆਪਣੀ ਬਾਣੀ ਵਿਚ ਜ਼ਿਕਰ ਕਰਦਿਆਂ ਇਸੇ ਕਾਰਨ 'ਸਿਧ ਛਪ ਬੈਠੇ ਪਰਬਤੀ ਕਉਣ ਜਗਤ ਕਉ ਪਾਰ ਉਤਾਰਾ।' ਨਸੀਹਤ ਰੂਪ ਵਾਕ ਲਿਖਿਆ ਹੈ। ਇਥੇ ਹੀ ਬਸ ਨਹੀਂ, ਸਿੱਧ ਚੂੰਕਿ ਵਾਮ ਮਾਰਗੀਆਂ ਵਾਂਗੂੰ ਅੰਧਾਧੁੰਦ ਮੱਦ, ਭੰਗ ਆਦਿ ਨਸ਼ਿਆਂ ਦੇ ਆਦੀ ਸਨ, ਇਸ ਲਈ ਗੁਰੂ ਸਾਹਿਬ ਨੇ ਮਦ-ਪਾਨ ਦਾ ਖੰਡਨ ਕਰਕੇ ਉਨ੍ਹਾਂ ਦਾ ਇਹ ਅਗਿਆਨ-ਅੰਧੇਰਾ ਵੀ ਦੂਰ ਕੀਤਾ ਤੇ ਉਨ੍ਹਾਂ ਨੂੰ ਗੁਰਮਤਿ ਦਾ ਸੱਚਾ ਰਾਹ ਦੱਸਿਆ।
ਸ੍ਰੀ ਗੁਰੂ ਨਾਨਕ ਦੇਵ ਜੀ ਸੁਮੇਰ ਪਰਬਤ ਤੋਂ ਹੋ ਕੇ ਨਿਪਾਲ, ਮਾਨ ਸਰੋਵਰ, ਨਾਨਕਿੰਗ (ਚੀਨ) ਤੇ ਸਿੰਗਾਪੁਰ (ਮਲਾਇਆ) ਆਦਿ ਥੀਂ ਹੁੰਦੇ ਹੋਏ ਅੰਦਾਜ਼ਨ ਸੰਮਤ 1577 ਬਿ: ਵਿਚ ਵਾਪਸ ਦੇਸ਼ ਪਹੁੰਚ ਗਏ ਅਤੇ ਇਹ ਪਹਾੜੀ ਰਸਤਾ, ਜੋ ਬੜਾ ਭਿਆਨਕ ਤੇ ਉੱਚ-ਨੀਵਾਣਾਂ ਨਾਲ ਭਰਪੂਰ ਸੀ, 3 ਸਾਲ 5 ਮਹੀਨੇ ਦੇ ਥੋੜ੍ਹੇ ਜਿਹੇ ਸਮੇਂ ਵਿਚ ਤੈਅ ਕਰਨਾ ਇਕ ਅੱਛੀ-ਖਾਸੀ ਮਾਅਰਕੇ ਦੀ ਯਾਤਰਾ ਸਾਬਤ ਹੁੰਦੀ ਹੈ।
(ਬਾਕੀ ਅਗਲੇ ਮੰਗਲਵਾਰ ਦੇ ਧਰਮ ਤੇ ਵਿਰਸਾ ਅੰਕ 'ਚ)

ਇਤਿਹਾਸਕ ਕਿਲ੍ਹਾ ਬਸੌਲੀ ਕਠੂਆ (ਜੰਮੂ-ਕਸ਼ਮੀਰ)

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਇਸ ਵਿਚ ਬਹੁਤ ਸਾਰੇ ਪੌਸ਼ਟਿਕ ਤੱਤ ਹੁੰਦੇ ਹਨ ਜੋ ਫ਼ੌਜੀ ਦ੍ਰਿਸ਼ਟੀ ਤੋਂ ਉੱਤਮ/ਤਾਕਤਵਰ ਭੋਜਨ ਸੀ ਅਤੇ ਮੁਗਲ ਫ਼ੌਜ ਲਈ ਯੁੱਧ ਦੇ ਮੈਦਾਨ ਵਿਚ ਵਰਦਾਨ ਸੀ। ਪੰਜਾਬ ਉੱਤੇ ਹਮਲੇ ਕਰਨ ਵਾਲੇ ਸਾਰੇ ਵਿਦੇਸ਼ੀ ਹਮਲਾਵਰ ਫ਼ੌਜੀ ਖਜੂਰ ਦੇ ਫਲ ਦਾ ਇਸਤੇਮਾਲ ਯੁੱਧ ਦੇ ਮੈਦਾਨ ਵਿਚ ਕਰਦੇ ਆਏ ਹਨ। ਉਹ ਆਪਣੇ ਇਲਾਕੇ ਤੋਂ ਖਜੂਰਾਂ ਦਾ ਫਲ ਲੈ ਕੇ ਹੀ ਪੰਜਾਬ ਵੱਲ ਆਉਂਦੇ ਸਨ। ਇੱਥੋਂ ਦੇ ਲੋਕ ਡੋਗਰੀ, ਪਹਾੜੀ, ਪੰਜਾਬੀ, ਊਰਦੂ, ਹਿੰਦੀ ਅਤੇ ਹੋਰ ਸਥਾਨਕ ਭਾਸ਼ਾਵਾਂ ਬੋਲਦੇ ਹਨ। ਹਿੰਦੂ, ਸਿੱਖ, ਮੁਸਲਮਾਨ ਅਤੇ ਹੋਰ ਧਰਮਾਂ ਨੂੰ ਮੰਨਣ ਵਾਲੇ ਲੋਕ ਇੱਥੇ ਆਮ ਹੀ ਮਿਲਦੇ ਹਨ।
ਬਸੌਲੀ ਦੀ ਰਾਮਲੀਲ੍ਹਾ ਅੱਜ ਵੀ ਬਹੁਤ ਮਸ਼ਹੂਰ ਹੈ। ਇਥੋਂ ਦੀ ਰਾਮਲੀਲ੍ਹਾ ਲੋਕ ਦੂਰੋਂ-ਦੂਰੋਂ ਵੇਖਣ ਨੂੰ ਆਉਂਦੇ ਹਨ। ਸਾਲ 2015 ਵਿਚ ਇਸ ਇਲਾਕੇ ਵਿਚ ਪੰਜਾਬ ਅਤੇ ਜੰਮੂ-ਕਸ਼ਮੀਰ ਦੇ ਬਾਰਡਰ ਉੱਤੇ ਰਾਵੀ ਨਦੀ ਉੱਤੇ ਅਟਲ-ਸੇਤੂ ਪੁਲ ਦਾ ਨਿਰਮਾਣ ਕੀਤਾ ਗਿਆ। ਇਹ ਪੁਲ ਬਸੌਲੀ ਟਾਊਨ ਲਈ ਅਤੇ ਇਸ ਇਲਾਕੇ ਲਈ ਸੋਨੇ ਅਤੇ ਹੀਰੇ ਦੇ ਬਰਾਬਰ ਹੈ। ਇਸ ਪੁਲ ਦੇ ਬਣਨ ਤੋਂ ਬਾਅਦ ਬਸੌਲੀ ਨਾਲ ਲਗਦੇ ਪੰਜਾਬ ਪਠਾਨਕੋਟ ਦੇ ਇਲਾਕੇ ਅਤੇ ਜੰਮੂ-ਕਸ਼ਮੀਰ ਦੇ ਇਲਾਕੇ ਵਿਚ ਤੇਜ਼ੀ ਨਾਲ ਵਿਕਾਸ ਹੋਇਆ ਹੈ। ਦੋਵਾਂ ਰਾਜਾਂ ਦੀ ਸਰਹੱਦ ਅੰਦਰ ਅਟਲ-ਸੇਤੂ ਪੁਲ ਦੇ ਆਰ-ਪਾਰ ਦੂਰ-ਦਰਾਜ ਹੋਟਲ ਅਤੇ ਦੁਕਾਨਾਂ ਬੇਸ਼ੁਮਾਰ ਬਣ ਰਹੀਆਂ ਹਨ ਅਤੇ ਬਣ ਗਈਆਂ ਹਨ। ਜ਼ਿਲ੍ਹਾ ਕਠੂਆ ਅਤੇ ਪੰਜਾਬ ਵਿਚਕਾਰ ਵਪਾਰ ਵੀ ਤੇਜ਼ੀ ਨਾਲ ਵਧਿਆ ਹੈ। ਬਸੌਲੀ ਟਾਊਨ ਦੇ ਬੱਸ ਸਟੈਂਡ ਉੱਤੇ ਵੀ ਪਹਿਲਾਂ ਨਾਲੋਂ ਵਧੇਰੇ ਰੌਣਕ ਹੈ। ਅਟਲ-ਸੇਤੂ ਪੁਲ ਨੂੰ ਵੇਖਣ ਹਰ ਰੋਜ਼ ਬਹੁਤ ਸਾਰੇ ਲੋਕ/ਸੈਲਾਨੀ ਆਉਂਦੇ ਹਨ। ਇੱਥੇ ਮੌਜੂਦ ਰਣਜੀਤ ਸਾਗਰ ਡੈਮ ਦੀ ਝੀਲ ਨੂੰ ਵੇਖਣ ਹਜ਼ਾਰਾਂ ਲੋਕ/ਸੈਲਾਨੀ ਛੁੱਟੀਆਂ ਵਿਚ ਅਤੇ ਆਮ ਦਿਨਾਂ ਵਿਚ ਹਰ ਰੋਜ਼ ਆ ਰਹੇ ਹਨ। ਪ੍ਰੀ-ਵੈਡਿੰਗ ਸ਼ੂਟ/ਫਿਲਮਾਂ ਬਣਾਉਣ ਵਾਲੇ ਵੀ ਅਕਸਰ ਹਰ ਰੋਜ਼ ਇਧਰ ਆ ਰਹੇ ਹਨ। ਇਨ੍ਹਾਂ ਸਾਰੇ ਸੈਲਾਨੀਆਂ/ਯਾਤਰੀਆਂ ਦੀ ਖਿੱਚ ਦਾ ਕੇਂਦਰ ਅਟਲ-ਸੇਤੂ ਪੁਲ, ਡੈਮ ਦੀ ਝੀਲ, ਬਸੌਲੀ ਦੇ ਮੰਦਰ, ਬਸੌਲੀ ਦਾ ਕੁਦਰਤੀ ਪਹਾੜੀ ਵਾਤਾਵਰਨ ਹੈ। ਇਸ ਦੇ ਨਾਲ ਹੀ ਬਸੌਲੀ ਦਾ ਕਿਲ੍ਹਾ ਵੀ ਯਾਤਰੀਆਂ ਦੀ ਪਹਿਲੀ ਪਸੰਦ ਹੈ। ਇਹ ਕਿਲ੍ਹਾ ਵੀ ਯਾਤਰੀਆਂ ਦੀ ਖਿੱਚ ਦਾ ਕੇਂਦਰ ਹੈ।
ਇਸ ਇਲਾਕੇ ਵਿਚ ਜਾਣ ਵਾਲਾ ਹਰ ਸੈਲਾਨੀ ਇਸ ਕਿਲ੍ਹੇ ਨੂੰ ਵੇਖਣ ਦੀ ਇੱਛਾ ਰੱਖਦਾ ਹੈ। ਪਰ ਕਿਲ੍ਹੇ ਦਾ ਰੱਖ-ਰਖਾਵ ਕਿਸੇ ਵੀ ਮੈਨੈਜਮੈਂਟ ਕੋਲ ਨਹੀਂ ਹੈ। ਕਿਲ੍ਹੇ ਦਾ ਕੋਈ ਵੀ ਪ੍ਰਬੰਧ ਕਰਨ ਵਾਲਾ ਨਹੀਂ ਹੈ। ਕਿਲ੍ਹੇ ਦਾ ਸਹੀ ਪ੍ਰਬੰਧ ਨਾ ਹੋਣ ਕਾਰਨ ਅਤੇ ਅਣਗੌਲਿਆ ਹੋਣ ਕਾਰਨ ਇਸ ਨੂੰ ਘੁੰਮ ਕੇ ਵੇਖਣਾ ਔਖਾ ਹੈ। ਇਸ ਅੰਦਰ ਬੇਸ਼ੁਮਾਰ ਜੰਗਲੀ ਬਾਂਦਰ/ਜਾਨਵਰ, ਘਾਹ-ਫੂਸ, ਸਰਕੰਡਾ ਅਤੇ ਜੜ੍ਹੀਆਂ-ਬੂਟੀਆਂ, ਝਾੜੀਆਂ ਆਦਿ ਹਨ। ਕਿਲ੍ਹੇ ਅੰਦਰ ਰੌਸ਼ਨੀ ਦਾ ਪ੍ਰਬੰਧ ਨਹੀਂ ਹੈ। ਹੋਰ ਕਿਲ੍ਹਿਆਂ ਵਾਂਗ ਇਸ ਅੰਦਰ ਕੋਈ ਸੁੰਦਰ ਬਾਗ ਮੌਜੂਦਾ ਸਮੇਂ ਨਹੀਂ ਹੈ, ਪਾਰਕ ਨਹੀਂ ਹੈ। ਕਿਲ੍ਹੇ ਨੂੰ ਵੇਖਣ ਗਏ ਯਾਤਰੀਆਂ ਨੂੰ ਨਿਰਾਸ਼ਾ ਹੀ ਹੱਥ ਲੱਗਦੀ ਹੈ। ਜੇਕਰ ਸਰਕਾਰ ਜਾਂ ਭਾਰਤੀ ਪੁਰਾਤਤਵ ਵਿਭਾਗ ਇਸ ਕਿਲ੍ਹੇ ਦੀ ਸਾਂਭ-ਸੰਭਾਲ ਦੀ ਜ਼ਿੰਮੇਵਾਰੀ ਆਪਣੇ ਹੱਥ ਵਿਚ ਲੈ ਲਵੇ ਤਾਂ ਇਹ ਹੋਰ ਯਾਤਰੀਆਂ ਨੂੰ ਆਪਣੇ ਵੱਲ ਖਿੱਚ ਸਕਦਾ ਹੈ। ਇਹ ਕਿਲ੍ਹਾ ਜੰਮੂ-ਕਸ਼ਮੀਰ ਸਰਕਾਰ/ਪੰਜਾਬ ਸਰਕਾਰ/ਭਾਰਤ ਸਰਕਾਰ/ਆਰਕੈਲੋਜੀਕਲ ਸਰਵੇ ਆਫ ਇੰਡੀਆ ਲਈ ਆਮਦਨ ਦਾ ਸਰੋਤ ਬਣ ਸਕਦਾ ਹੈ। ਇੱਥੇ ਕਈ ਲੋਕਾਂ ਨੂੰ ਰੁਜ਼ਗਾਰ ਵੀ ਮਿਲ ਸਕਦਾ ਹੈ। ਪੁਰਾਤਨ ਇਤਿਹਾਸ ਨੂੰ ਬਚਾਇਆ ਜਾ ਸਕਦਾ ਹੈ। ਵਾਤਾਵਰਨ ਅਤੇ ਭੂਗੋਲਿਕ ਦ੍ਰਿਸ਼ਟੀ ਤੋਂ ਇਹ ਇਲਾਕਾ ਸੈਰ-ਸਪਾਟੇ ਲਈ ਬਿਲਕੁੱਲ ਕੁਦਰਤੀ ਤੌਰ 'ਤੇ ਢੁੱਕਵਾਂ ਹੈ। ਪੰਜਾਬ, ਜੰਮੂ-ਕਸ਼ਮੀਰ ਅਤੇ ਭਾਰਤ ਦੇ ਲੋਕਾਂ ਲਈ ਇਹ ਬਸੌਲੀ ਦਾ ਕਿਲ੍ਹਾ ਅਤੇ ਇਲਾਕਾ ਮੁੱਖ ਦੇਖਣਯੋਗ ਸਥਾਨ ਬਣ ਸਕਦਾ ਹੈ। (ਸਮਾਪਤ)


-172, ਸੈਣੀ ਮੁਹੱਲਾ, ਬੱਜਰੀ ਕੰਪਨੀ, ਪਠਾਨਕੋਟ-145001. ਮੋਬਾ: 84279-19192

ਗੁਰਦੁਆਰਾ ਸ੍ਰੀ ਮੰਜੀ ਸਾਹਿਬ ਪਾਤਸ਼ਾਹੀ ਨੌਵੀਂ ਨਵਾਂਸ਼ਹਿਰ

ਸਿੱਖ ਧਰਮ ਪ੍ਰਚਾਰ ਵਾਸਤੇ ਦਸ ਗੁਰੂ ਸਾਹਿਬਾਨਾਂ ਨੇ ਜਿਥੇ-ਜਿਥੇ ਵੀ ਆਪਣੇ ਪਾਵਨ ਪਵਿੱਤਰ ਚਰਨ ਪਾਏ, ਉਹ ਧਰਤੀ ਸੁਭਾਗੀ ਅਤੇ ਪੂਜਨੀਕ ਬਣ ਗਈ। ਇਹੋ ਜਿਹਾ ਹੀ ਭਾਗਾਂ ਵਾਲਾ ਪਾਵਨ ਇਤਿਹਾਸਕ ਅਸਥਾਨ ਦੁਆਬੇ ਦੀ ਧਰਤੀ 'ਤੇ ਜ਼ਿਲ੍ਹਾ ਨਵਾਂਸ਼ਹਿਰ ਵਿਖੇ ਸ੍ਰੀ ਗੁਰੂ ਤੇਗ਼ ਬਾਹਦਰ ਸਾਹਿਬ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਸੁਸ਼ੋਭਿਤ ਹੈ। ਇਤਿਹਾਸਕ ਹਵਾਲਿਆਂ ਅਤੇ ਸਰੋਤਾਂ ਅਨੁਸਾਰ ਗੁਰੂ ਤੇਗ਼ ਬਹਾਦਰ ਸਾਹਿਬ ਇਸ ਅਸਥਾਨ 'ਤੇ 6 ਅਗਸਤ, 1665 ਈ: ਨੂੰ ਪਧਾਰੇ ਸਨ। ਇਤਿਹਾਸਕ ਸਰੋਤਾਂ ਅਨੁਸਾਰ ਗੁਰੂ ਜੀ ਨੇ ਇਸ ਪਵਿੱਤਰ ਅਸਥਾਨ 'ਤੇ 5 ਮਹੀਨੇ 19 ਦਿਨ ਨਿਵਾਸ ਕਰਕੇ ਇਲਾਕਾ ਨਿਵਾਸੀ ਸਿੱਖ ਸੰਗਤਾਂ ਨੂੰ ਸੱਚ ਧਰਮ ਦਾ ਪਵਿੱਤਰ ਉਪਦੇਸ਼ ਦੇ ਕੇ ਨਿਹਾਲ ਕੀਤਾ।
ਇਸ ਅਸਥਾਨ ਦੀ ਮਹੱਤਤਾ ਨੂੰ ਮੁੱਖ ਰੱਖਦਿਆਂ 1978 ਵਿਚ ਗੁਰਦੁਆਰਾ ਸਾਹਿਬ ਜੀ ਦੀ ਸੇਵਾ ਤੇ ਪ੍ਰਬੰਧ ਮਿਸਲ ਸ਼ਹੀਦਾਂ ਤਰਨਾ ਦਲ ਹਰੀਆਂ ਵੇਲਾਂ ਦੇ ਜਥੇਦਾਰ ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ ਦੇ ਸਪੁਰਦ ਕਰ ਦਿੱਤਾ। ਆਪ ਨੇ ਪੰਜਾਂ ਪਿਆਰਿਆਂ ਸਹਿਤ ਇਸ ਪਵਿੱਤਰ ਅਸਥਾਨ ਦਾ ਆਪਣੇ ਕਰ ਕਮਲਾਂ ਨਾਲ 1978 ਈ: ਵਿਚ ਨੀਂਹ-ਪੱਥਰ ਰੱਖ ਕੇ ਸੰਗਤਾਂ ਦੇ ਸਹਿਯੋਗ ਨਾਲ ਬਹੁਤ ਹੀ ਰਮਣੀਕ ਸ਼ਾਨਦਾਰ ਗੁਰੂ-ਘਰ ਦੀ ਇਮਾਰਤ ਤਿਆਰ ਕਰਵਾਈ। ਇਸ ਪਵਿੱਤਰ ਅਸਥਾਨ 'ਤੇ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਇਸ ਵਾਰ 10 ਤੋਂ 12 ਦਸੰਬਰ ਨੂੰ ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ ਵਾਲਿਆਂ ਦੀ ਅਗਵਾਈ ਹੇਠ, ਸੰਗਤਾਂ ਦੇ ਸਹਿਯੋਗ ਨਾਲ ਸ਼ਰਧਾ ਸਹਿਤ ਮਨਾਇਆ ਜਾ ਰਿਹਾ ਹੈ। ਇਸ ਸਬੰਧ ਵਿਚ 10 ਦਸੰਬਰ ਨੂੰ ਅਲੌਕਿਕ ਨਗਰ ਕੀਰਤਨ ਸਜੇਗਾ, 12 ਦਸੰਬਰ ਨੂੰ ਸਵੇਰੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਵਿਸ਼ੇਸ਼ ਦੀਵਾਨ ਸਜਣਗੇ।
**

ਧਾਰਮਿਕ ਸਾਹਿਤ

ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਭਾਰਤੀ ਮਿਥ ਪਰੰਪਰਾ
ਲੇਖਿਕਾ : ਡਾ: ਗਗਨਦੀਪ ਕੌਰ
ਪ੍ਰਕਾਸ਼ਕ : ਲੋਕਗੀਤ ਪ੍ਰਕਾਸ਼ਨ, ਚੰਡੀਗੜ੍ਹ।
ਮੁੱਲ : 450 ਰੁਪਏ, ਪੰਨੇ : 215
ਸੰਪਰਕ : 97797-70343


ਇਸ ਪੁਸਤਕ ਵਿਚ ਗੁਰਬਾਣੀ ਵਿਚ ਆਏ ਮਿਥਿਹਾਸਕ ਹਵਾਲਿਆਂ ਦਾ ਵਰਨਣ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿਚ ਸਮੇਂ ਦੇ ਮਿਥਕ ਸੰਕੇਤਾਂ ਦੁਆਰਾ ਡੂੰਘੀਆਂ ਰਮਜ਼ਾਂ ਸਮਝਾਈਆਂ ਗਈਆਂ ਹਨ। ਮਿਥਿਹਾਸਕ ਪਾਤਰਾਂ ਵਿਚ ਦੇਵੀ-ਦੇਵਤੇ, ਅਸੁਰ, ਰਾਜੇ-ਰਾਣੀਆਂ ਅਤੇ ਭਗਤਾਂ-ਰਿਸ਼ੀਆਂ ਦਾ ਬਿਰਤਾਂਤ ਹੈ। ਇਹ ਸਾਰੀਆਂ ਰੂਹਾਂ ਅਕਾਲ ਪੁਰਖ ਦੇ ਅਧੀਨ ਹਨ। ਪਰਮਾਤਮਾ ਸਿਰਫ ਇਕ ਹੈ ਅਤੇ ਕੋਈ ਵੀ ਉਸ ਦੀ ਬਰਾਬਰੀ ਨਹੀਂ ਕਰ ਸਕਦਾ। ਉਸ ਨੇ ਸੰਸਾਰ ਨੂੰ ਚਲਾਉਣ ਹਿਤ ਕਈ ਸ਼ਕਤੀਆਂ ਦੀਆਂ ਸੇਵਾਵਾਂ ਲਈਆਂ ਹੋਈਆਂ ਹਨ, ਜਿਵੇਂ ਬ੍ਰਹਮਾ ਉਤਪਤੀ, ਵਿਸ਼ਨੂੰ ਪਾਲਣਾ ਅਤੇ ਸ਼ਿਵ ਸੰਘਾਰ ਕਰਦੇ ਹਨ ਪਰ ਇਹ ਤ੍ਰੈਮੂਰਤੀ ਵੀ ਪਰਮਾਤਮਾ ਦੇ ਹੁਕਮ ਵਿਚ ਹੀ ਹੈ। ਅੱਗ, ਪਾਣੀ, ਇੰਦਰ, ਸੂਰਜ, ਚੰਨ, ਤਾਰੇ, ਗਣ, ਗੰਧਰਵ, ਚਿੱਤਰਗੁਪਤ, ਧਰਮਰਾਜ, ਮਾਇਆ ਆਦਿ ਸਭ ਪ੍ਰਭੂ ਦੇ ਅਧੀਨ ਹਨ ਅਤੇ ਉਸੇ ਦੇ ਗੁਣ ਗਾ ਰਹੇ ਹਨ। ਸ੍ਰੀ ਜਪੁਜੀ ਸਾਹਿਬ ਵਿਚ ਫ਼ਰਮਾਨ ਹੈ-
ਏਕਾ ਮਾਈ ਜੁਗਤਿ ਵਿਆਈ ਤਿਨਿ ਚੇਲੇ ਪਰਵਾਣੁ॥
ਇਕੁ ਸੰਸਾਰੀ ਇਕੁ ਭੰਡਾਰੀ ਇਕ ਲਾਏ ਦੀਬਾਣੁ॥
ਬਾਣੀ ਵਿਚ ਉਨ੍ਹਾਂ ਭਗਤਾਂ ਦਾ ਜ਼ਿਕਰ ਹੈ, ਜਿਨ੍ਹਾਂ ਨੇ ਪਰਮਾਤਮਾ ਨਾਲ ਡੂੰਘਾ ਪਿਆਰ ਪਾ ਕੇ ਅਭੇਦਤਾ ਹਾਸਲ ਕਰ ਲਈ, ਜਿਵੇਂ ਧਰੂ, ਪ੍ਰਹਿਲਾਦ, ਬਿਦਰ ਆਦਿ। ਕੁਝ ਧਰਮੀ ਰਾਜੇ-ਰਾਣੀਆਂ ਦਾ ਵੀ ਹਵਾਲਾ ਦਿੱਤਾ ਗਿਆ ਹੈ, ਜਿਵੇਂ ਉਗ੍ਰ ਸੈਣ, ਅੰਬਰੀਕ, ਹਰੀਸ਼ ਚੰਦਰ, ਚੰਦ੍ਰ ਹਾਂਸ, ਜਨਕ, ਭਗੀਰਥ ਆਦਿ। ਰਿਸ਼ੀਆਂ-ਮੁਨੀਆਂ ਵਿਚੋਂ ਅੰਗਰਿਸ਼, ਕਪਿਲ, ਗੌਤਮ, ਨਾਰਦ, ਦੁਰਬਾਸਾ, ਬਾਲਮੀਕ, ਮਾਰਕੰਡਾ, ਵਸ਼ਿਸ਼ਟ, ਵਿਆਸ ਆਦਿ ਦੇ ਹਵਾਲੇ ਦੇ ਕੇ ਭਗਤੀ ਵੱਲ ਪ੍ਰੇਰਿਆ ਗਿਆ ਹੈ। ਕੁਝ ਮਿਥਕ ਜੀਵਾਂ ਦਾ ਵੀ ਜ਼ਿਕਰ ਹੈ, ਜਿਵੇਂ ਸ਼ੇਸ਼ਨਾਗ, ਕਾਲੀਨਾਗ, ਧੌਲ, ਕਾਮਧੇਨ, ਗਰੁੜ, ਅਰੁਣ ਆਦਿ। ਇਨ੍ਹਾਂ ਤੋਂ ਇਲਾਵਾ ਵਿਸ਼ੇਸ਼ ਨਾਰੀ ਪਾਤਰਾਂ ਦਾ ਵੀ ਉਲੇਖ ਹੈ, ਜਿਵੇਂ ਸੀਤਾ, ਜਸ਼ੋਧਾ, ਚੰਦ੍ਰਾਵਲੀ, ਅਹੱਲਿਆ, ਕੁਬਿਜਾਂ ਆਦਿ। ਇਸੇ ਤਰ੍ਹਾਂ ਕੁਝ ਸਥਾਨਾਂ ਦਾ ਵਿਵਰਣ ਹੈ, ਜਿਵੇਂ ਸਪਤਦੀਪ, ਸਪਤ ਸਾਗਰ, ਸਵਰਗ, ਸੁਮੇਰ ਪਰਬਤ, ਨਰਕ ਆਦਿ। ਕੁਝ ਤੀਰਥਾਂ, ਧਾਰਮਿਕ ਸਥਾਨਾਂ ਅਤੇ ਨਦੀਆਂ ਦਾ ਵੀ ਜ਼ਿਕਰ ਹੈ, ਜਿਵੇਂ ਕਾਅਬਾ, ਗਯਾ, ਕੇਦਾਰ, ਗੰਗਾ, ਗੋਦਾਵਰੀ, ਜਮਨਾ, ਗੋਮਤੀ, ਬਨਾਰਸ, ਬ੍ਰਿੰਦਾਬਨ, ਮਥੁਰਾ ਆਦਿ। ਇਸ ਅਨੰਤ ਰਚਨਾ ਵਿਚ ਕੇਵਲ ਪਰਮਾਤਮਾ ਹੀ ਅਬਿਨਾਸ਼ੀ ਹੈ। ਇਹ ਪੁਸਤਕ ਬੜੀ ਮਿਹਨਤ ਅਤੇ ਖੋਜ ਨਾਲ ਲਿਖੀ ਗਈ ਹੈ।


-ਡਾ: ਸਰਬਜੀਤ ਕੌਰ ਸੰਧਾਵਾਲੀਆ

ਕਰਤਾਰਪੁਰ ਸਾਹਿਬ ਦੀ ਇਤਿਹਾਸਕ ਮਹੱਤਤਾ

ਭਾਰਤ ਦੇਸ਼ 1947 ਈ: ਨੂੰ ਦੋ ਹਿੱਸਿਆਂ ਵਿਚ ਵੰਡਿਆ ਗਿਆ | ਪਾਕਿਸਤਾਨ ਵਿਚ ਰਹਿ ਰਹੇ ਸਿੱਖ ਤੇ ਹਿੰਦੂ ਆਪਣੀਆਂ ਕੀਮਤੀ ਜਾਇਦਾਦਾਂ ਪਾਕਿਸਤਾਨ ਵਿਚ ਛੱਡ ਕੇ ਭਾਰਤ ਵੱਲ ਤੁਰ ਪਏ | ਸਿੱਖ ਆਪਣੇ ਪ੍ਰਾਣਾਂ ਨਾਲੋਂ ਪਿਆਰੇ ਇਤਿਹਾਸਕ ਅਤੇ ਧਾਰਮਿਕ ਅਸਥਾਨਾਂ ਨੂੰ ਛੱਡ ਕੇ ਭਾਰਤ ਆ ਵਸੇ | ਪਾਕਿਸਤਾਨ ਵਿਚ ਸਿੱਖਾਂ ਦੇ ਸੈਂਕੜੇ ਧਾਰਮਿਕ ਅਤੇ ਇਤਿਹਾਸਕ ਅਸਥਾਨ ਹਨ | ਸ੍ਰੀ ਗੁਰੂ ਨਾਨਕ ਦੇਵ ਜੀ ਦੀ ਯਾਦ ਨਾਲ ਜੁੜਿਆ ਕਰਤਾਰਪੁਰ ਸਾਹਿਬ ਦਾ ਗੁਰਦੁਆਰਾ ਉਨ੍ਹਾਂ ਵਿਚੋਂ ਇਕ ਹੈ | ਖ਼ਾਲਸਾ ਪੰਥ ਪਿਛਲੇ 71 ਸਾਲਾਂ ਤੋਂ ਹਰ ਸਮੇਂ ਅਰਦਾਸ ਕਰਦਾ ਹੋਇਆ ਵਾਹਿਗੁਰੂ ਅੱਗੇ ਜੋਦੜੀ ਕਰਦਾ ਰਿਹਾ ਹੈ-
'ਹੇ ਅਕਾਲ ਪੁਰਖ, ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ! ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ, ਗੁਰਧਾਮਾਂ ਦੇ, ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੱੁਲ੍ਹੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖ਼ਾਲਸਾ ਜੀ ਨੂੰ ਬਖਸ਼ੋ |'
ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਦੇਸ਼ ਦੀ ਆਜ਼ਾਦੀ ਸਮੇਂ ਗੁਰੂ ਪੰਥ ਦੇ ਉਜਲ ਭਵਿੱਖ ਨੂੰ ਮੱੁਖ ਰੱਖ ਕੇ ਨਵੰਬਰ, 1948 ਈ: ਦੀ ਦੀਪਮਾਲਾ ਸਮੇਂ ਇਕ ਹੁਕਮਨਾਮਾ ਜਾਰੀ ਹੋਇਆ ਸੀ-
'ਅੰਮਿ੍ਤਸਰ ਦੀਪਮਾਲਾ ਦਾ ਵਾਰਸ਼ਿਕ ਇਕੱਠ ਉੱਤੇ ਦੂਰ-ਨੇੜੇ ਤੋਂ ਆਈਆਂ ਸਿੱਖ ਸੰਗਤਾਂ ਦੀ ਸੇਵਾ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਸੰਦੇਸ਼ :
ਸਾਡਾ ਭਾਰਤ ਵਿਦੇਸ਼ੀ ਗੁਲਾਮੀ ਤੋਂ ਆਜ਼ਾਦ ਹੋ ਚੱੁਕਾ ਹੈ ਤੇ ਆਜ਼ਾਦੀ ਦੀ ਭੇਟਾ ਸਿੱਖ ਸੰਗਤਾਂ ਨੇ ਬਹੁਤ ਦਿੱਤੀ ਹੈ | ਆਜ਼ਾਦ ਭਾਰਤ ਵਿਚ ਅਸੀਂ ਪੰਥ ਨੂੰ ਚੜ੍ਹਦੀਆਂ ਕਲਾਂ ਵਿਚ ਰੱਖਣਾ ਹੈ ਅਤੇ ਦੇਸ਼ ਨੂੰ ਤਰੱਕੀ ਦੇ ਸਿਖਰ ਉੱਤੇ ਪਹੁੰਚਾਉਣਾ ਹੈ | ਇਸ ਲਈ ਸਿੱਖ ਸੰਗਤਾਂ ਨੂੰ ਅਗਲੇ ਸਾਲ ਹੇਠ ਲਿਖੀਆਂ ਗੱਲਾਂ ਵੱਲ ਖਾਸ ਧਿਆਨ ਦੇਣਾ ਚਾਹੀਦਾ ਹੈ :
1. ਪਾਕਿਸਤਾਨ ਵਿਚ ਰਹਿ ਗਏ ਗੁਰਦੁਆਰਿਆਂ ਤੇ ਮਾਸੂਮ ਹਿੰਦੀ ਭੈਣਾਂ ਦੀ ਆਜ਼ਾਦੀ ਲਈ ਅਕਾਲ ਪੁਰਖ ਅੱਗੇ ਅਰਦਾਸ ਕਰਨੀ |
2. ਪਾਕਿਸਤਾਨ ਵਿਚ ਘਰ-ਘਾਟ ਲੁਟਾ ਆਏ ਭਰਾਵਾਂ ਦੇ ਮੁੜ ਵਸੇਬੇ ਲਈ ਉੱਦਮ ਤੇ ਸਹਾਇਤਾ ਕਰਨੀ |
3. ਦੇਸ਼ ਦੀ ਰੱਖਿਆ ਲਈ ਫੌਜੀ ਸਿੱਖਿਆ ਲੈਣੀ |
4. ਸ਼ਰਾਬ ਪੀਣ ਦਾ ਤਿਆਗ ਕਰਨਾ |
ਉਸੇ ਸਮੇਂ ਤੋਂ ਸਿੱਖ ਸੰਗਤਾਂ ਗੁਰਦੁਆਰਿਆਂ ਦੇ ਦਰਸ਼ਨ ਦੀਦਾਰੇ ਲਈ ਅਰਦਾਸਾਂ ਕਰਦੀਆਂ ਆ ਰਹੀਆਂ ਹਨ | ਉਸ ਸਮੇਂ ਜਥੇਦਾਰ ਮੋਹਨ ਸਿੰਘ 'ਨਾਗੋਕੇ' ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਨ |
ਕਰਤਾਰਪੁਰ ਦਾ ਅਸਥਾਨ ਵੀ ਉਨ੍ਹਾਂ ਵਿਚੋਂ ਹੈ, ਜਿਸ ਨਾਲੋਂ ਪੰਥ ਨੂੰ ਵਿਛੋੜਿਆ ਗਿਆ ਹੈ | ਗੁਰੂ ਨਾਨਕ ਸਾਹਿਬ ਨੇ ਪਹਿਲੀ ਉਦਾਸੀ ਤੋਂ ਬਾਅਦ ਹੀ ਦੇਖ ਲਿਆ ਸੀ ਕਿ ਜੋ ਕੁਝ ਉਹ ਲੋਕਾਂ ਨੂੰ ਪ੍ਰਚਾਰ ਆਏ ਹਨ, ਉਸ ਦਾ ਪ੍ਰਤੱਖ ਪ੍ਰਮਾਣ ਦੇਣ ਲਈ ਕੋਈ ਨਾ ਕੋਈ ਸਥਾਨ ਕਾਇਮ ਕਰਨਾ ਜ਼ਰੂਰੀ ਹੈ | ਤਲਵੰਡੀ ਇਕ ਪਾਸੇ ਸੀ, ਗੁਰੂ ਜੀ ਨੇ ਰਾਵੀ, ਚਨਾਬ ਤੇ ਪਹਾੜੀ ਇਲਾਕੇ ਦੇ ਨੇੜੇ ਕੋਈ ਥਾਂ ਚੁਣਨ ਲਈ ਸੋਚਿਆ | ਉਸ ਸਮੇਂ ਬਾਬਰ ਏਮਨਾਬਾਦ ਤੋਂ ਤਾਂ ਵਾਪਸ ਚਲਾ ਗਿਆ ਸੀ ਪਰ ਉਸ ਦਾ ਹਮਲਾ ਕੋਈ ਆਖਰੀ ਹਮਲਾ ਨਹੀਂ ਸੀ | ਜਰਨੈਲੀ ਸੜਕ ਦੇ ਨੇੜੇ ਕਿਸੇ ਅਸਥਾਨ ਦਾ ਨਿਰਮਾਣ ਕਰਨਾ ਉਸ ਜੱੁਗ-ਗਰਦੀ ਦੇ ਜ਼ਮਾਨੇ ਵਿਚ ਉਚਿਤ ਨਹੀਂ ਸੀ | ਕਰਤਾਰਪੁਰ ਦਾ ਸਾਰਾ ਇਲਾਕਾ ਦੱਬਿਆ ਹੋਇਆ ਅਤੇ ਪਛੜਿਆ ਹੋਇਆ ਸੀ | ਜਿਸ ਥਾਂ ਨੂੰ ਗੁਰੂ ਨਾਨਕ ਪਾਤਸ਼ਾਹ ਨੇ ਚੁਣਿਆ, ਉਹ ਕਲਾਨੌਰ ਦੇ ਪਰਗਣੇ ਵਿਚ ਪੈਂਦਾ ਸੀ |
ਗੁਰੂ ਨਾਨਕ ਦੇਵ ਜੀ ਦੁਨੀ ਚੰਦ ਨੂੰ ਸਮਾਰਗ ਪਾ ਕੇ ਲਾਹੌਰ ਤੋਂ ਰਾਵੀ ਦੇ ਖੱਬੇ ਕਿਨਾਰੇ ਦੇ ਨਾਲ-ਨਾਲ ਚਲਦੇ ਹੋਏ ਪੱਖੋਕੇ ਰੰਧਾਵੇ ਪਹੁੰਚ ਕੇ ਪਿੰਡ ਤੋਂ ਬਾਹਰ ਇਕ ਬੋਹੜ ਹੇਠਾਂ ਬੈਠ ਗਏ | ਪੱਖੋਕੇ ਰੰਧਾਵੇ ਪਿੰਡ ਦਾ ਗੁਰੂ ਜੀ ਦਾ ਸਹੁਰਾ ਮੂਲਾ ਚੋਣਾ ਪਟਵਾਰੀ ਸੀ ਅਤੇ ਇਸ ਸਮੇਂ ਮਾਤਾ ਸੁਲੱਖਣੀ ਜੀ ਤੇ ਦੋਵੇਂ ਸਾਹਿਬਜ਼ਾਦੇ ਵੀ ਇਥੇ ਹੀ ਰਹਿੰਦੇ ਸਨ | ਜਦ ਮੂਲੇ ਚੋਣੇ ਨੂੰ ਪਤਾ ਲੱਗਾ ਕਿ ਗੁਰੂ ਨਾਨਕ ਦੇਵ ਜੀ ਬਾਹਰ ਬੋਹੜ ਹੇਠ ਫ਼ਕੀਰੀ ਭੇਸ ਵਿਚ ਬੈਠੇ ਹੋਏ ਹਨ ਤਾਂ ਉਹ ਪਿੰਡ ਦੇ ਚੌਧਰੀ ਅਜਿਤੇ ਰੰਧਾਵੇ ਨੂੰ ਨਾਲ ਲੈ ਕੇ ਗੁਰੂ ਜੀ ਕੋਲ ਆਇਆ ਅਤੇ ਬਹੁਤ ਵੱਧ-ਘੱਟ ਗੱਲਾਂ ਕੀਤੀਆਂ | ਪਰ ਕੁਝ ਦਿਨਾਂ ਬਾਅਦ ਗੁਰੂ ਸਾਹਿਬ ਨੇ ਕਰਤਾਰਪੁਰ ਵਸਾਉਣ ਦਾ ਵਿਚਾਰ ਭਾਈ ਅਜਿਤੇ ਰੰਧਾਵੇ ਨੂੰ ਦੱਸਿਆ | ਉਹ ਨਾ ਸਿਰਫ ਖੁਸ਼ ਹੋਇਆ, ਸਗੋਂ ਕੁਝ ਪਿੰਡਾਂ ਕੋਲੋਂ ਜ਼ਮੀਨ ਵੀ ਲੈ ਦਿੱਤੀ | ਭਾਈ ਅਜਿਤੇ ਰੰਧਾਵੇ ਨੇ ਗੁਰੂ ਜੀ ਦੇ ਨਿਵਾਸ ਵਾਸਤੇ ਛੇਤੀ ਹੀ ਕੋਠੇ ਪਾ ਦਿੱਤੇ | ਇਤਿਹਾਸ ਵਿਚ ਜ਼ਿਕਰ ਹੈ ਕਿ 13 ਮਾਘ ਸੰਮਤ 1572 ਨੂੰ ਮੋੜ੍ਹੀ ਗੱਡੀ, ਇਸ ਤਰ੍ਹਾਂ ਇਹ ਜਨਵਰੀ ਦੀ 9 ਤਰੀਕ ਸੰਨ 1516 ਈ: ਬਣਦੀ ਹੈ |
ਲਾਹੌਰ ਦਾ ਰਹਿਣ ਵਾਲਾ ਇਕ ਖੱਤਰੀ ਦੁਨੀ ਚੰਦ ਕਲਾਨੌਰ ਪਰਗਣੇ ਦਾ ਹਾਕਮ ਸੀ | ਉਹ ਕਰੋੜੀ ਮਲ ਦੇ ਨਾਂਅ ਨਾਲ ਵੀ ਮਸ਼ਹੂਰ ਸੀ | ਉਸ ਦੇ ਮਨ ਵਿਚ ਪਹਿਲਾਂ ਸਤਿਗੁਰੂ ਜੀ ਦੇ ਪ੍ਰਤੀ ਨਫਰਤ ਸੀ ਕਿ ਘਰ-ਘਾਟ ਛੱਡ ਕੇ ਇਕ ਮੁਸਲਮਾਨ ਮਿਰਾਸੀ ਨੂੰ ਨਾਲ ਲੈ ਕੇ ਫ਼ਕੀਰ ਬਣ ਗਏ ਹਨ | ਪਹਿਲਾਂ ਇਸ ਨੇ ਪਿੰਡ ਵਸਾਉਣ ਦੇ ਰਾਹ ਵਿਚ ਰੁਕਾਵਟਾਂ ਪਾਈਆਂ ਪਰ ਫਿਰ ਦਰਸ਼ਨ ਕਰਕੇ ਸ਼ਰਧਾਲੂ ਬਣ ਗਿਆ | ਪਿੰਡ ਦਾ ਪਟਾ ਲਿਖਾ ਕੇ ਉਸ ਨੇ ਆਪ ਸੂਬੇ ਤੋਂ ਤਸਦੀਕ ਕਰਵਾ ਲਿਆਂਦਾ | ਜਦੋਂ ਕੋਠੇ ਤਿਆਰ ਹੋ ਗਏ ਤਾਂ ਸਤਿਗੁਰੂ ਜੀ ਇਥੇ ਆਪਣੇ ਮਾਪਿਆਂ ਨੂੰ ਵੀ ਲੈ ਆਏ | ਭਾਈ ਮਰਦਾਨਾ ਵੀ ਆਪਣੇ ਸਾਰੇ ਪਰਿਵਾਰ ਨੂੰ ਕਰਤਾਰਪੁਰ ਲੈ ਆਇਆ |
ਕਰਤਾਰਪੁਰ ਵਸਣ ਸਮੇਂ ਕੱਟੜ ਖਿਆਲਾਂ ਦੇ ਮੁਸਲਮਾਨਾਂ ਨੇ ਰੌਲਾ ਵੀ ਪਾਇਆ ਅਤੇ ਕਰੋੜੀ ਮੱਲ ਸਭ ਤੋਂ ਮੂਹਰੇ ਸੀ | ਮੁਫ਼ਤੀ ਅਲੀ-ਉਦ-ਦੀਨ ਨੇ ਇਬਾਰਤਨਾਮਾ ਭਾਗ ਤੀਜੇ ਵਿਚ ਲਿਖਿਆ ਹੈ ਕਿ 'ਕਰੋੜੀ ਮੱਲ ਇਹ ਆਖੀ ਫਿਰਦਾ ਸੀ ਕਿ ਇਹ ਅਜੀਬ ਮਹਾਂਪੁਰਸ਼ ਹੈ, ਜਿਸ ਨੇ ਹਿੰਦੂ-ਮੁਸਲਮਾਨ ਦੋਵਾਂ ਦੇ ਧਰਮਾਂ ਵਿਚ ਹਲਚਲ ਮਚਾ ਦਿੱਤੀ ਹੈ | ਕੱਢ ਦਿਓ ਇਸ ਨੂੰ ਇਥੋਂ |' ਪਰ ਫਿਰ ਬਾਅਦ ਵਿਚ ਗੁਰੂ ਪਾਤਸ਼ਾਹ ਦਾ ਹੀ ਮੁਰੀਦ ਹੋ ਗਿਆ |
ਕਰਤਾਰਪੁਰ ਦੇ ਵਸਣ ਦੇ ਨਾਲ ਹੀ ਤਲਵੰਡੀ ਦੀ ਬਹੁਤੀ ਵਸੋਂ ਕਰਤਾਰਪੁਰ ਆ ਗਈ | ਗੁਰੂ ਸਾਹਿਬ ਨੇ ਧਰਮਸ਼ਾਲਾ ਬਣਵਾਈ | ਬਲਵੰਡ ਜੀ ਵੀ ਇਥੇ ਆ ਗਏ ਅਤੇ ਰੋਜ਼ ਕੀਰਤਨ ਹੁੰਦਾ | ਕਰਤਾਰਪੁਰ ਟਿਕ ਕੇ ਗੁਰੂ ਪਾਤਸ਼ਾਹ ਨੇ ਸ਼ਬਦ ਨੂੰ ਹੀ ਦਿ੍ੜ੍ਹਾਇਆ | ਸਵੇਰ ਸਮੇਂ ਜਪੁਜੀ ਸਾਹਿਬ ਦਾ ਪਾਠ ਹੁੰਦਾ, ਦਿਨ ਦੇ ਸਮੇਂ ਕਿਰਤ ਅਤੇ ਸ਼ਾਮ ਨੂੰ ਸੋਦਰ ਤੇ ਆਰਤੀ ਗਾਈ ਜਾਂਦੀ |
ਮੁਨਸ਼ੀ ਸੋਹਣ ਲਾਲ ਦਾ ਕਹਿਣਾ ਹੈ ਕਿ ਆਤਮਿਕ ਸ਼ਾਂਤੀ ਲਈ ਵੱਖ-ਵੱਖ ਸ਼ਹਿਰਾਂ ਤੇ ਪਿੰਡਾਂ ਦੇ ਲੋਕੀਂ ਗੁਰੂ ਦੀ ਸੇਵਾ ਵਿਚ ਹਾਜ਼ਰ ਹੁੰਦੇ ਤੇ ਖੁਸ਼ੀਆਂ ਪ੍ਰਾਪਤ ਕਰਦੇ |
ਕਰਤਾਰਪੁਰ ਵਸਣ ਤੋਂ ਬਾਅਦ ਹਰ ਰੋਜ਼ ਅਨੇਕਾਂ ਸੰਗਤਾਂ ਪਹੁੰਚਦੀਆਂ ਤੇ ਦਰਸ਼ਨ ਦੀਦਾਰੇ ਕਰਦੀਆਂ | ਪਰ ਭਾਈ ਗੁਰਦਾਸ ਜੀ ਨੇ ਵੀਹ ਸਿੱਖਾਂ ਦਾ ਵਿਸ਼ੇਸ਼ ਤੌਰ 'ਤੇ ਜ਼ਿਕਰ ਕੀਤਾ ਹੈ, ਜਿਨ੍ਹਾਂ ਨੇ ਜੀਵਨ ਪਦਵੀ ਪਾਈ | ਉਨ੍ਹਾਂ ਵਿਚ ਭਾਈ ਤਾਰੂ ਜੀ, ਭਾਈ ਮੂਲਾ ਕੀੜ, ਭਾਈ ਪਿ੍ਥਾ, ਭਾਈ ਖੇਡਾ, ਭਾਈ ਮਰਦਾਨਾ, ਭਾਈ ਰਾਮਾ ਡਿਡੀ, ਭਾਈ ਦੌਲਤ ਖਾਨ, ਭਾਈ ਮਾਲੋ, ਭਾਈ ਮਾਂਗਾ ਜੀ, ਭਾਈ ਕਾਲੂ ਖੱਤਰੀ, ਭਾਈ ਭਗਤਾ ਜਾਪੂ, ਭਾਈ ਵੰਸੀ, ਭਾਈ ਸੀਹਾਂ, ਭਾਈ ਗਜਣ ਉਪਲ, ਭਾਈ ਭਗੀਰਥ, ਭਾਈ ਅਜਿੱਤਾ, ਬਾਬਾ ਬੱੁਢਾ ਜੀ, ਭਾਈ ਫਿਰਣਾ ਜੀ ਅਤੇ ਭਾਈ ਜੋਧ ਜੀ ਦਾ ਨਾਂਅ ਆਉਂਦਾ ਹੈ | ਭਾਈ ਗੁਰਦਾਸ ਜੀ ਨੇ ਇਸ ਸੂਚੀ ਰਾਹੀਂ ਦੱਸਿਆ ਹੈ ਕਿ ਗੁਰੂ ਨਾਨਕ ਸਾਹਿਬ ਜੀ ਕੋਲ ਹਰ ਜਾਤ-ਪਾਤ, ਹਰ ਦੇਸ਼, ਹਰ ਧਰਮ, ਹਰ ਪ੍ਰਕਾਰ ਦੇ ਲੋਕ ਆਉਂਦੇ ਤੇ ਉਪਦੇਸ਼ ਪ੍ਰਾਪਤ ਕਰਕੇ ਆਪਣਾ ਜੀਵਨ ਸਵਾਰਦੇ | ਮੁਹਸਨ ਫ਼ਾਨੀ ਨੇ ਇਸੇ ਲਈ 'ਦਾਬਿਸਤਾਨਿ ਮਜ਼੍ਹਬ' ਵਿਚ ਲਿਖਿਆ ਹੈ ਕਿ 'ਜੋ ਨਾਨਕ ਦੇ ਰਾਹ ਟੁਰ ਪੈਂਦੇ ਸਨ, ਉਨ੍ਹਾਂ ਨੂੰ 'ਕਰਤਾਰੀ' ਕਿਹਾ ਜਾਂਦਾ ਸੀ | ਮੰਨਣ ਵਾਲੇ ਇਕ ਤਾਂ ਕਰਤਾਰ ਵਾਹਿਗੁਰੂ ਦੇ ਉਪਾਸ਼ਕ ਹੁੰਦੇ ਸਨ, ਦੂਜੇ ਕਰਤਾਰਪੁਰ ਦੀ ਮਰਿਆਦਾ ਜਾ ਕੇ ਆਪਣੇ ਨਗਰਾਂ ਤੇ ਜੀਵਨ ਵਿਚ ਨਿਭਾਉਂਦੇ ਸਨ |'
ਕਰਤਾਰਪੁਰ ਦੀ ਮਰਿਆਦਾ ਸਮਝਣੀ ਕੋਈ ਸੌਖਾ ਕੰਮ ਨਹੀਂ ਸੀ | ਕਈ ਕਰਤਾਰਪੁਰ ਆਉਂਦੇ ਗੁਰੂ ਜੀ ਨੂੰ ਖੇਤਾਂ ਵਿਚ ਹਲ ਵਾਹੁੰਦਿਆਂ ਦੇਖ ਕੇ ਵਾਪਸ ਚਲੇ ਜਾਂਦੇ | ਕਈ ਗੁਰੂ ਜੀ ਨੂੰ ਗ੍ਰਹਿਸਤੀ ਦੇਖ ਨੱਕ ਚੜ੍ਹਾਉਂਦੇ | ਇਕ ਵਾਰ ਇਕ ਸਾਧੂਆਂ ਦੀ ਮੰਡਲੀ ਆਈ ਤੇ ਉਨ੍ਹਾਂ ਨੇ ਗੁਰੂ ਜੀ ਦੇ ਮਿੱਟੀ ਵਿਚ ਲਿਬੜੇ ਹੱਥ ਤੇ ਸੇਵਕਾਂ ਨੂੰ ਲੱਕੜਾਂ ਪਾੜਦੇ, ਲੰਗਰ ਤਿਆਰ ਕਰਦੇ ਦੇਖ ਕੇ ਕਿਹਾ, 'ਗੁਰੂ ਨਾਨਕ, ਤੁਸੀਂ ਤਾਂ ਜਾਨਵਰ ਪਾਲ ਰੱਖੇ ਹਨ |' ਗੁਰੂ ਜੀ ਨੇ ਉੱਤਰ ਦੇਣ ਦੀ ਥਾਂ ਉਸ ਟੋਲੀ ਦੇ ਮੁਖੀ ਨੂੰ ਕੁਝ ਦਿਨ ਹੋਰ ਟਿਕਣ ਲਈ ਕਿਹਾ ਅਤੇ ਜਦ ਉਹ ਕੁਝ ਦਿਨਾਂ ਬਾਅਦ ਵਾਪਸ ਜਾਣ ਲੱਗੇ ਤਾਂ ਉਸ ਟੋਲੀ ਦੇ ਮੁਖੀ ਨੇ ਕਿਹਾ ਕਿ, 'ਨਾਨਕ ਜੀ, ਤੁਸੀਂ ਤਾਂ ਇਨਸਾਨ ਪਾਲ ਰੱਖੇ ਹਨ |' ਮਹਾਰਾਜ ਨੇ ਕੁਝ ਦਿਨ ਹੋਰ ਰਹਿਣ ਲਈ ਕਿਹਾ | ਜਦੋਂ ਫਿਰ ਜਾਣ ਲੱਗੇ ਤਾਂ ਉਨ੍ਹਾਂ ਨੇ ਕਿਹਾ ਕਿ, 'ਗੁਰੂ ਨਾਨਕ ਜੀ, ਤੁਸੀਂ ਤਾਂ ਦੇਵਤੇ ਪਾਲ ਰੱਖੇ ਹਨ |' ਮਹਾਰਾਜ ਨੇ ਕੁਝ ਦਿਨ ਹੋਰ ਟਿਕਣ ਲਈ ਕਿਹਾ | ਜਦ ਉਹ ਅੰਤਿਮ ਵਿਦਾਇਗੀ ਲੈਣ ਲੱਗੇ ਤਾਂ ਸਾਰੇ ਗੁਰੂ ਪਾਤਸ਼ਾਹ ਦੇ ਚਰਨਾਂ 'ਤੇ ਝੁਕ ਗਏ ਤੇ ਇਕ ਜ਼ਬਾਨ ਨਾਲ ਬੋਲ ਉਠੇ ਕਿ 'ਮਹਾਰਾਜ, ਤੁਸੀਂ ਤਾਂ ਪਰਮਾਤਮਾ ਦੇ ਰੂਪ ਪਾਲੇ ਹੋਏ ਹਨ |' ਭਾਈ ਵੀਰ ਸਿੰਘ ਨੇ ਲਿਖਿਆ ਹੈ ਕਿ 'ਗੁਰੂ ਨਾਨਕ ਜਗਤ ਵਿਚ ਆਇਆ, ਸਾਨੂੰ ਆਦਮੀ ਬਣਾਇਆ | ਫਿਰ ਆਦਮੀ ਤੋਂ ਸਾਨੂੰ ਦੇਵਤਾ ਬਣਾ ਦਿੱਤਾ | ਸਾਡਾ ਹੁਣ ਧਰਮ ਇਹ ਹੈ ਕਿ ਧਰਮ ਦੀ ਕਿਰਤ ਕਰੀਏ, ਨਾਮ ਜਪੀਏ ਅਤੇ ਵੰਡ ਛਕੀਏ |'
ਗੁਰੂ ਨਾਨਕ ਪਾਤਸ਼ਾਹ ਨੇ ਕਰਤਾਰਪੁਰ ਦੀ ਧਰਤੀ 'ਤੇ ਇਨਕਲਾਬ ਲਿਆਂਦਾ, ਜਦੋਂ ਪੱੁਤਰਾਂ ਨੂੰ ਛੱਡ ਭਾਈ ਲਹਿਣਾ ਜੀ ਨੂੰ ਗੁਰਗੱਦੀ ਬਖਸ਼ੀ | ਇਸੇ ਧਰਤੀ 'ਤੇ ਗੁਰੂ ਨਾਨਕ ਪਾਤਸ਼ਾਹ 22 ਸਤੰਬਰ, 1539 ਈ: ਨੂੰ ਜੋਤੀ ਜੋਤ ਸਮਾਏ | ਆਰਚਰ ਦੇ ਕਹਿਣ ਮੁਤਾਬਿਕ ਕੇਵਲ ਇਕ ਗੁਰੂ ਨਾਨਕ ਜੀ ਹਨ, ਜਿਨ੍ਹਾਂ ਨੇ ਆਪਣੀ ਹਯਾਤੀ ਵਿਚ ਹੀ ਜਾਨਸ਼ੀਨ ਚੁਣਿਆ ਅਤੇ ਉਸ ਜ਼ਿੰਮੇ ਕੰਮ ਲਗਾਇਆ ਕਿ ਉਹ ਉਨ੍ਹਾਂ ਪਾਵਨ ਅਸੂਲਾਂ ਨੂੰ ਸਾਂਭੇ ਤੇ ਪ੍ਰਚਾਰ ਕਰੇ |
ਗੁਰੂ ਨਾਨਕ ਦੇਵ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਕਾਫੀ ਝਗੜਾ ਹੋਇਆ ਪਰ ਸਮੇਂ ਸਿਰ ਨਜਿੱਠ ਲਿਆ ਗਿਆ | ਰਾਬਰਟ ਐਨ. ਕਸਟ ਦਾ ਲਿਖਣਾ ਹੈ ਕਿ, 'ਸੰਸਾਰ ਵਿਚ ਕਿਧਰੇ ਇਹ ਨਹੀਂ ਦੇਖਿਆ ਜਾ ਸਕਦਾ ਕਿ ਇਕੋ ਪੁਰਸ਼ ਦਾ ਮਕਬਰਾ ਤੇ ਸਮਾਧ ਬਣੀ ਹੋਵੇ ਤੇ ਇਹ ਦੀਵਾਰ ਸਾਂਝੀ ਹੋਵੇ |' ਮਰਾਠੀ ਵਿਦਵਾਨ ਮਹੀਪਤ ਨੇ ਭਗਤ ਲੀਲਾਮਿ੍ਤ ਵਿਚ ਲਿਖਿਆ ਹੈ ਕਿ 'ਗੁਰੂ ਨਾਨਕ ਨੂਰਾਨੀ ਸੀ ਤੇ ਉਸ ਦਾ ਕੋਈ ਪ੍ਰਛਾਵਾਂ ਨਹੀਂ ਸੀ |'
ਅੱਜ 71 ਸਾਲ ਬਾਅਦ ਕਰਤਾਰਪੁਰ ਲਾਂਘੇ ਦਾ ਨੀਂਹ-ਪੱਥਰ ਰੱਖਿਆ ਜਾਣਾ ਇਕ ਮਹੱਤਵਪੂਰਨ ਘਟਨਾ ਹੈ | ਗੁਰੂ ਨਾਨਕ ਸਾਹਿਬ ਦਾ ਸੰਦੇਸ਼ ਹੀ ਦੋਵਾਂ ਦੇਸ਼ਾਂ ਵਿਚਕਾਰ ਸ਼ਾਂਤੀ ਲਿਆਉਣ ਵਿਚ ਸਹਾਈ ਹੋ ਸਕਦਾ ਹੈ |

-ਬਠਿੰਡਾ | ਮੋਬਾ: 98155-33725

ਇਤਿਹਾਸਕ ਕਿਲ੍ਹਾ ਬਸੌਲੀ ਕਠੂਆ (ਜੰਮੂ-ਕਸ਼ਮੀਰ)

ਪੰਜਾਬ ਪਠਾਨਕੋਟ ਦੇ ਬਾਰਡਰ ਨਾਲ ਲੱਗਦੀ ਜੰਮੂ-ਕਸ਼ਮੀਰ ਰਾਜ ਦੀ ਸਰਹੱਦ ਦੇ ਨਜ਼ਦੀਕ ਜ਼ਿਲ੍ਹਾ ਕਠੂਆ (ਜੰਮੂ-ਕਸ਼ਮੀਰ) ਵਿਚ ਰਾਵੀ ਦੇ ਕੰਢੇ ਉੱਤੇ ਬਸੌਲੀ ਟਾਊਨ ਸਥਿਤ ਹੈ | ਇਸ ਟਾਊਨ ਵਿਚ ਬਸੌਲੀ ਦਾ ਪੁਰਾਣਾ ਖੰਡਰ ਹੋਇਆ ਕਿਲ੍ਹਾ ਅੱਜ ਵੀ ਮੌਜੂਦ ਹੈ | ਇਸ ਕਸਬੇ ਨੂੰ ਸਾਲ 1635 ਵਿਚ ਰਾਜਾ ਭੂਪੱਤ ਪਾਲ ਨੇ ਵਸਾਇਆ ਦੱਸਿਆ ਜਾਂਦਾ ਹੈ | ਬਸੌਲੀ ਦੇ ਕਿਲ੍ਹੇ ਦੇ ਆਸ-ਪਾਸ ਪੁਰਾਤਨ ਅਤੇ ਨਵੇਂ ਮੰਦਰ ਵੀ ਹਨ | ਬਸੌਲੀ ਦੇ ਕਿਲ੍ਹੇ ਦੀਆਂ ਦੀਵਾਰਾਂ ਇਸ ਸਮੇਂ ਬਹੁਤ ਤਰਸਯੋਗ ਹਾਲਤ ਵਿਚ ਹਨ | ਬਸੌਲੀ ਕਿਲ੍ਹੇ ਦੇ ਅੰਦਰ ਇਸ ਸਮੇਂ ਸ਼ੁਰੂ ਵਿਚ ਥੋੜ੍ਹਾ ਜਿਹਾ ਬਾਗ ਜ਼ਰੂਰ ਹੈ ਅਤੇ ਬਾਕੀ ਕਿਲ੍ਹਾ ਖੰਡਰ ਰੂਪ ਵਿਚ ਹੈ | ਸਾਰੇ ਕਿਲ੍ਹੇ ਅੰਦਰ ਘੁੰਮਣਾ-ਫਿਰਨਾ, ਬੈਠਣਾ ਮੁਸ਼ਕਿਲ ਹੈ | ਕਿਲ੍ਹੇ ਦਾ ਬਹੁਤ ਸਾਰਾ ਹਿੱਸਾ ਜੰਗਲ ਦਾ ਰੂਪ ਲੈ ਚੁੱਕਾ ਹੈ | ਇਸ ਕਿਲ੍ਹੇ ਅੰਦਰ ਸਾਫ਼-ਸਫ਼ਾਈ ਦੀ ਕਮੀ ਕਾਰਨ ਇੱਥੇ ਬਹੁਤ ਸਾਰੇ ਬਾਂਦਰ ਇਸ ਸਮੇਂ ਮੌਜੂਦ ਹਨ | ਬਾਂਦਰਾਂ ਦੀ ਦਹਿਸ਼ਤ ਕਾਰਨ ਕਿਲ੍ਹੇ ਅੰਦਰ ਜਾਣਾ ਔਖਾ ਕੰਮ ਹੈ | ਕਿਲ੍ਹੇ ਦੇ ਆਸ-ਪਾਸ ਅੱਜ ਵੀ ਰਿਹਾਇਸ਼ੀ ਇਲਾਕਾ ਹੈ | ਇਸ ਇਲਾਕੇ ਵਿਚ ਕਈ ਥਾਂ ਕਿਲ੍ਹੇ ਦੇ ਪੁਰਾਤਨ ਅਵਸ਼ੇਸ਼ ਅੱਜ ਵੀ ਵੇਖਣ ਨੂੰ ਮਿਲਦੇ ਹਨ | ਕਿਲ੍ਹੇ ਦੇ ਕੁਝ ਹਿੱਸਿਆਂ ਵਿਚ ਮੰਦਰ ਵੀ ਹਨ | ਮੰਦਰਾਂ ਦੀ ਹਾਲਤ ਲਗਪਗ ਠੀਕ ਹੈ | ਕਿਲ੍ਹੇ ਦੇ ਕੁਝ ਹਿੱਸੇ ਡਿਗਣ ਦੀ ਕਗਾਰ ਉੱਤੇ ਹਨ |
ਕਿਲ੍ਹਾ ਇਕ ਛੋਟੀ ਪਹਾੜੀਨੁਮਾ ਸਭ ਤੋਂ ਉੱਚੀ ਥਾਂ ਉੱਤੇ ਮੌਜੂਦ ਹੈ | ਇਤਿਹਾਸਕ ਨਜ਼ਰੀਏ ਨਾਲ ਵੇਖਣ ਤੋਂ ਪਤਾ ਚਲਦਾ ਹੈ ਕਿ ਮਾਤਾ ਚੰਚਲੋ ਮੰਦਰ, ਨੀਲਕੰਠ ਮੰਦਰ, ਰਾਮਲੀਲ੍ਹਾ ਗਰਾਊਾਡ, ਨਵਦੁਰਗਾ ਮੰਦਰ ਅਤੇ ਮੌਜੂਦਾ ਕੁਝ ਰਿਹਾਇਸ਼ੀ ਇਲਾਕਾ ਇਸ ਕਿਲ੍ਹੇ ਦਾ ਹੀ ਹਿੱਸਾ ਹੈ, ਕਿਉਂਕਿ ਇਨ੍ਹਾਂ ਥਾਵਾਂ ਉੱਤੇ ਕਿਤੇ ਨਾ ਕਿਤੇ ਪੁਰਾਣੀ ਇੱਟ ਦੇ ਖੰਡਰ ਮੌਜੂਦ ਹਨ | ਚੰਚਲੋ ਦੇਵੀ ਦੇ ਮੰਦਰ ਅਤੇ ਕਿਲ੍ਹੇ ਦੇ ਵਿਚਕਾਰ ਕੁਦਰਤੀ ਨਹਿਰਨੁਮਾ ਨਾਲਾ ਵੀ ਹੈ, ਜੋ ਕਦੇ ਕਿਲ੍ਹੇ ਲਈ ਪਾਣੀ ਦੀ ਪੂਰਤੀ ਕਰਦਾ ਹੋਵੇਗਾ ਅਤੇ ਸੁਰੱਖਿਆ ਦਾ ਕੰਮ ਕਰਦਾ ਹੋਵੇਗਾ | ਕਿਲ੍ਹੇ ਨਾਲ ਲੱਗਦੇ ਸਾਰੇ ਮੰਦਰਾਂ ਨੂੰ ਵੇਖਣ ਤੋਂ ਪਤਾ ਲੱਗਦਾ ਹੈ ਕਿ ਉਹ ਕਦੇ ਬਸੌਲੀ ਕਿਲ੍ਹੇ ਦੀਆਂ ਹੀ ਇਮਾਰਤਾਂ ਸਨ | ਇੱਥੇ ਕਿਧਰੇ ਨਾ ਕਿਧਰੇ ਛੋਟੀ ਪੁਰਾਤਨ ਇੱਟ ਅੱਜ ਵੀ ਮੌਜੂਦ ਹੈ ਜਾਂ ਖੰਡਰ ਮੌਜੂਦ ਹੈ | ਕਿਲ੍ਹਾ ਬਸੌਲੀ ਟਾਊਨ ਦੇ ਸਭ ਤੋਂ ਉੱਚੇ ਇਲਾਕੇ ਵਿਚ ਬਣਾਇਆ ਗਿਆ ਹੈ, ਤਾਂ ਜੋ ਦੂਰ-ਦੂਰ ਦੀਆਂ ਗਤੀਵਿਧੀਆਂ ਉੱਤੇ ਨਜ਼ਰ ਰੱਖੀ ਜਾ ਸਕੇ | ਕਿਲ੍ਹੇ ਦੀ ਹੱਦਬੰਦੀ ਤੋਂ ਬਾਹਰ ਹੀ ਬਸੌਲੀ ਕਸਬਾ ਵਸਿਆ ਹੋਇਆ ਸੀ | ਬਸੌਲੀ ਟਾਊਨ ਦੇ ਆਸ-ਪਾਸ ਹੋਰ ਥਾਵਾਂ ਉੱਤੇ ਅੱਜ ਵੀ ਪੁਰਾਤਨ ਰਾਜਿਆਂ ਦੇ ਰਾਜ ਦੇ ਖੰਡਰ ਮੌਜੂਦ ਹਨ | ਸਾਰੇ ਪੁਰਾਤਨ ਖੰਡਰ ਇਸ ਗੱਲ ਦੀ ਗਵਾਹੀ ਭਰਦੇ ਹਨ | ਕਿਲ੍ਹਾ ਰਾਵੀ ਨਦੀ ਦੇ ਕਿਨਾਰੇ ਜੰਮੂ-ਕਸ਼ਮੀਰ ਦੀ ਹੱਦ ਅੰਦਰ ਬਣਾਇਆ ਗਿਆ ਸੀ | ਦੂਜੇ ਪਾਸੇ ਰਾਵੀ ਤੋਂ ਪਾਰ ਪੰਜਾਬ ਦੀ ਤਹਿਸੀਲ ਧਾਰ (ਪਠਾਨਕੋਟ) ਦਾ ਬਾਰਡਰ ਲੱਗਦਾ ਹੈ |
ਪੰਜਾਬ ਦਾ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਬਸੌਲੀ ਦੇ ਰਾਜਿਆਂ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਕਈ ਵਾਰ ਮਦਦ ਲਈ ਬਸੌਲੀ ਬੁਲਾਇਆ ਸੀ | ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕਈ ਵਾਰ ਬਸੌਲੀ ਦੇ ਰਾਜੇ ਦੇ ਸੱਦੇ ਉੱਤੇ ਬਸੌਲੀ ਗਏ ਸਨ | ਮੁਗਲਾਂ ਨੇ ਬਸੌਲੀ ਦੇ ਇਲਾਕੇ ਉੱਤੇ ਆਪਣੇ ਹਮਲੇ ਸ਼ੁਰੂ ਕਰ ਦਿੱਤੇ ਸਨ | ਉਨ੍ਹਾਂ ਦੇ ਹਮਲਿਆਂ ਦਾ ਜਵਾਬ ਦੇਣ ਲਈ ਬਸੌਲੀ ਦੇ ਰਾਜੇ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਨੂੰ ਬਸੌਲੀ ਬੁਲਾਇਆ ਸੀ | ਇਸ ਇਲਾਕੇ ਵਿਚ ਵਧ ਰਹੇ ਇਸਲਾਮ ਦੇ ਪ੍ਰਭਾਵ ਨੂੰ ਰੋਕਣ ਲਈ ਅਤੇ ਧਰਮ ਪਰਿਵਰਤਨ ਨੂੰ ਰੋਕਣ ਲਈ ਵੀ ਬਸੌਲੀ ਦੇ ਰਾਜੇ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਮਦਦ ਲਈ ਬੁਲਾਇਆ ਸੀ | ਬਾਅਦ ਵਿਚ ਹੋਰ ਪਹਾੜੀ ਰਾਜਿਆਂ ਨਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਬਸੌਲੀ ਵਿਖੇ ਇਤਿਹਾਸਕ ਲੜਾਈ ਵੀ ਹੋਈ ਸੀ |
ਇਤਿਹਾਸ ਵਿਚ ਇਸ ਲੜਾਈ ਨੂੰ ਬਸੌਲੀ ਦੀ ਲੜਾਈ ਕਿਹਾ ਜਾਂਦਾ ਹੈ | ਇਤਿਹਾਸਕ ਦਿ੍ਸ਼ਟੀ ਨਾਲ ਵੇਖਣ ਤੋਂ ਪਤਾ ਚੱਲਦਾ ਹੈ ਕਿ ਬਸੌਲੀ ਟਾਊਨ ਦੇ ਆਸ-ਪਾਸ ਅਤੇ ਬਾਹਰਲੇ ਪਾਸੇ ਅੱਜ ਵੀ ਮੁਗ਼ਲ ਕਾਲ ਨਾਲ ਸਬੰਧਤ ਜੰਗਲੀ ਖਜੂਰਾਂ ਦੇ ਬਹੁਤ ਸਾਰੇ ਰੁੱਖ/ਝੁੰਡ ਮੌਜੂਦ ਹਨ | ਇਸ ਇਲਾਕੇ ਵਿਚ ਇੰਨੀ ਵੱਡੀ ਮਾਤਰਾ ਵਿਚ ਖਜੂਰਾਂ ਦਾ ਹੋਣਾ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਇੱਥੇ ਮੁਗਲ ਫ਼ੌਜਾਂ ਡੇਰਾ ਜਮਾ ਕੇ ਕਦੇ ਬੈਠੀਆਂ ਸਨ ਅਤੇ ਕਦੇ ਬਸੌਲੀ ਦੇ ਕਿਲ੍ਹੇ ਦਾ ਘਿਰਾਓ ਕੀਤਾ ਹੋਵੇਗਾ | ਮੁਗਲ ਫ਼ੌਜ ਖਜੂਰ ਦੇ ਫਲ ਨੂੰ ਯੁੱਧ ਦੇ ਮੈਦਾਨ ਵਿਚ ਭੋਜਨ ਵਜੋਂ ਵਰਤਦੇ ਸਨ | ਉਨ੍ਹਾਂ ਦੀ ਫ਼ੌਜ ਲਈ ਇਹ ਸੁੱਕਾ-ਮੇਵਾ ਸੀ | ਇਸ ਫਲ ਨੂੰ ਇਧਰ-ਉਧਰ ਲੈ ਕੇ ਜਾਣਾ ਆਸਾਨ ਸੀ |

(ਬਾਕੀ ਅਗਲੇ ਮੰਗਲਵਾਰ ਦੇ ਧਰਮ ਤੇ ਵਿਰਸਾ ਅੰਕ 'ਚ)
-172, ਸੈਣੀ ਮੁਹੱਲਾ, ਬੱਜਰੀ ਕੰਪਨੀ, ਪਠਾਨਕੋਟ-145001. ਮੋਬਾ: 84279-19192

ਸਿਰ ਤੋਂ ਪਰ੍ਹੇ ਇਸ਼ਕ ਦਾ ਡੇਰਾ ਰਾਇ ਬੁਲਾਰ ਖ਼ਾਨ ਜੀ

ਤਲਵੰਡੀ ਦੇ ਹਾਕਮ ਰਾਇ ਬੁਲਾਰ ਖ਼ਾਨ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਮੁਹੱਬਤ ਦੀ ਜ਼ਾਹਿਰਾ ਤਸਵੀਰ ਸਨ | ਉਨ੍ਹਾਂ ਕੋਲ ਉਹ ਬਿਅੰਨ ਅੱਖੀਆਂ ਸਨ, ਜਿਨ੍ਹਾਂ ਨਾਲ ਉਨ੍ਹਾਂ ਨੇ ਗੁਰੂ ਨਾਨਕ ਸਾਹਿਬ ਜੀ ਵਿਚੋਂ ਅੱਲਾ ਦੇ ਦਰਸ਼ਨ ਕੀਤੇ | ਉਨ੍ਹਾਂ ਨੇ ਇਸ ਇਲਾਹੀ ਨੂਰ ਨੂੰ ਪਛਾਣਿਆ, ਸਤਿਕਾਰਿਆ, ਪਿਆਰਿਆ ਅਤੇ ਆਪਣਾ ਸਭ ਕੁਝ ਨਿਛਾਵਰ ਕਰ ਦਿੱਤਾ | ਉਨ੍ਹਾਂ ਨੇ ਮਹਾਰਾਜ ਜੀ ਦੇ ਬਚਪਨ ਨੂੰ ਦੇਖਿਆ, ਮਾਣਿਆ ਅਤੇ ਨਿਹਾਲ ਹੋ ਕੇ ਕਈ ਵਾਰ ਕਿਹਾ ਕਿ ਇਨ੍ਹਾਂ ਦੇ ਸਦਕੇ ਹੀ ਮੇਰਾ ਨਗਰ ਵਸਦਾ ਹੈ | ਜਦੋਂ ਜਗਤ ਦੇ ਉਧਾਰ ਹਿਤ ਸਾਹਿਬਾਂ ਨੇ ਲੰਮੀਆਂ ਉਦਾਸੀਆਂ ਆਰੰਭੀਆਂ ਤਾਂ ਰਾਇ ਜੀ ਦੇ ਪਿਆਰ ਦੀ ਖਿੱਚ ਕਾਰਨ ਕਈ ਵਾਰ ਅੱਧ-ਵਾਟਿਓਾ ਮੁੜ ਕੇ ਉਨ੍ਹਾਂ ਨੂੰ ਨਿਹਾਲ ਕੀਤਾ | ਇਹ ਜ਼ਾਹਿਰਾ ਪੀਰ ਰਾਇ ਜੀ ਦੀ ਜ਼ਿੰਦਗੀ, ਬੰਦਗੀ, ਰਿੰਦਗੀ ਅਤੇ ਮਸਤਾਨਗੀ ਸਨ | ਉਹ ਸਦਾ ਮਹਾਰਾਜ ਜੀ ਦੇ ਮੁਬਾਰਕ ਚਰਨਾਂ ਨੂੰ ਚੁੰਮ ਕੇ ਬਰਕਤਾਂ ਅਤੇ ਬਖਸ਼ਿਸ਼ਾਂ ਪ੍ਰਾਪਤ ਕਰਦੇ ਰਹੇ |
ਰਾਇ ਜੀ ਨੇ ਆਪਣੇ ਸਾਹਿਬ ਦੇ ਨਾਂਅ ਅੱਧੀ ਜ਼ਮੀਨ ਇੰਤਕਾਲ ਕਰ ਦਿੱਤੀ, ਜੋ ਸਾਢੇ ਸੱਤ ਸੌ ਮੁਰੱਬਾ ਬਣਦੀ ਸੀ | ਅੱਜ ਵੀ ਫਰਦ ਵਿਚ ਦਰਜ ਹੈ ਕਿ ਇਸ ਜ਼ਮੀਨ ਦਾ ਮਾਲਕ, ਕਾਬਜ਼, ਕਾਸ਼ਤਕਾਰ ਹਜ਼ਰਤ ਬਾਬਾ ਨਾਨਕ ਅਲਹਿ ਸਲਾਮ | ਉਸ ਨੇ ਵਲੀ ਅੱਲਾ ਨਾਨਕ ਜੀ ਲਈ ਨਨਕਾਣਾ ਸਾਹਿਬ ਵਿਚ ਪਹਿਲਾ ਸਰੋਵਰ ਬਣਾਇਆ | ਉਸ ਨੇ ਤਲਵੰਡੀ ਦਾ ਨਾਂਅ ਵੀ ਆਪਣੇ ਪਾਤਸ਼ਾਹ ਜੀ ਦੇ ਨਾਂਅ 'ਤੇ ਨਨਕਾਣਾ ਸਾਹਿਬ ਰੱਖਿਆ ਸੀ | ਉਹ ਹਮੇਸ਼ਾ ਸਰੂਰ ਵਿਚ ਆ ਕੇ ਕਿਹਾ ਕਰਦੇ ਕਿ ਆਲਮ ਵਿਚ ਸਾਡੇ ਜਿਹਾ ਖੁਸ਼ਨਸੀਬ ਕੌਣ ਹੈ, ਜਿਨ੍ਹਾਂ ਨੇ ਬੈਠੇ-ਬਿਠਾਏ ਇਲਾਹੀ ਨੂਰ ਨਾਲ ਝੋਲੀ ਭਰ ਲਈ | 40 ਵਰਿ੍ਹਆਂ ਦੀ ਉਮਰ ਤੱਕ ਵੀ ਰਾਇ ਜੀ ਸੰਤਾਨਹੀਣ ਸਨ | ਉਨ੍ਹਾਂ ਨੇ 15 ਵਰਿ੍ਹਆਂ ਦੇ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਵਿਚ ਡਿਗ ਕੇ ਮੁਰਾਦ ਮੰਗੀ, ਜੋ ਪੂਰੀ ਹੋਈ | ਆਪਣੇ ਪੱੁਤਰ ਦੇ ਜਨਮ 'ਤੇ ਰਾਇ ਜੀ ਨੇ 18750 ਏਕੜ ਰਕਬੇ ਦੀ ਮਲਕੀਅਤ ਬਾਬਾ ਜੀ ਦੇ ਨਾਮ ਕਰ ਦਿੱਤੀ | ਰਾਇ ਜੀ ਸਦਾ ਹੀ ਗੁਰੂ ਸਾਹਿਬ ਜੀ ਦੇ ਦੀਦਾਰ ਦੀ ਅਰਜ਼ ਗੁਜ਼ਾਰਦੇ ਰਹੇ | ਬਿਰਧ ਹੋਏ ਰਾਇ ਜੀ ਨੂੰ ਸਾਹਿਬ ਦਰਸ਼ਨ ਦੇਣ ਆਏ ਤਾਂ ਰਾਇ ਜੀ ਬੋਲੇ ਕਿ ਮੈਨੂੰ ਬਖਸ਼ੋ ਤੇ ਰੱਬ ਤੋਂ ਬਖਸ਼ਾਓ | ਮਹਾਰਾਜ ਜੀ ਨੇ ਕਿਹਾ ਕਿ ਤੁਸੀਂ ਧੁਰੋਂ ਹੀ ਬਖਸ਼ੇ ਹੋਏ ਹੋ | ਰਾਇ ਜੀ ਉਮਰ ਭਰ ਆਪਣੇ ਪਿਆਰੇ ਦੇ ਸਿਮਰਨ ਵਿਚ ਰਹੇ | ਰਾਇ ਜੀ ਦੀ ਖਿੱਚ ਕਾਰਨ ਮਹਾਰਾਜ ਜੀ ਸਿੱਧੇ ਉਨ੍ਹਾਂ ਕੋਲ ਪਹੁੰਚੇ | ਸੰਨ 1515 ਈ: ਵਿਚ ਆਪਣੇ ਹੱਥੀਂ ਆਪਣੇ ਪਿਆਰੇ ਨੂੰ ਅਣਡਿੱਠੇ ਦੇਸ਼ ਵੱਲ ਰੁਖ਼ਸਤ ਕੀਤਾ | ਭੱਟੀਆਂ ਦੇ ਇਸ ਸਰਦਾਰ ਦੀ ਪੇਂਟਿੰਗ ਸ੍ਰੀ ਦਰਬਾਰ ਸਾਹਿਬ ਦੇ ਸਿੱਖ ਅਜਾਇਬਘਰ ਵਿਚ ਸੁਸ਼ੋਭਿਤ ਹੈ | ਉਨ੍ਹਾਂ ਦੇ ਮਕਬਰੇ ਦੀ ਸੇਵਾ-ਸੰਭਾਲ ਵੀ ਸਿੱਖ ਪਰਿਵਾਰ ਹੀ ਕਰ ਰਹੇ ਹਨ | ਇਹ ਇਕ ਸੱਚੀ-ਸੱੁਚੀ ਮੁਹੱਬਤ ਨੂੰ ਸੱਚੀ ਸ਼ਰਧਾਂਜਲੀ ਹੈ |

ਰਾਣੀ ਜਿੰਦਾਂ ਨੂੰ ਜਲਾਵਤਨ ਕਰਨ ਦੇ ਯਤਨ ਸ਼ੁਰੂ ਹੋਏ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਭੈਰੋਵਾਲ ਦੀ ਸੰਧੀ ਨਾਲ ਰਾਣੀ ਜਿੰਦਾਂ ਦੀਆਂ ਵੀ ਸਭ ਸ਼ਕਤੀਆਂ ਖੋਹ ਲਈਆਂ ਸਨ | ਉਸ ਨੂੰ ਡੇਢ ਲੱਖ ਰੁਪਈਆ ਪੈਨਸ਼ਨ ਦੇ ਕੇ ਪਾਸੇ ਕਰ ਦਿੱਤਾ ਗਿਆ ਸੀ |
ਪਰ ਜ਼ਨਾਨਖਾਨੇ ਦੇ ਪਰਦਿਆਂ ਵਿਚੋਂ ਵੀ ਰਾਣੀ ਜਿੰਦਾਂ ਨੇ ਆਪਣੀ ਅਹਿਮੀਅਤ ਦਾ ਅਹਿਸਾਸ ਕਰਵਾ ਦਿੱਤਾ, ਕਿਉਂਕਿ ਮਹਾਰਾਜਾ ਰਣਜੀਤ ਸਿੰਘ ਦੇ ਪਰਿਵਾਰ ਦੇ ਸਾਰੇ ਬਾਲਗ ਮਰਦ ਲੋਕ ਮਾਰੇ ਜਾ ਚੱੁਕੇ ਸਨ ਤੇ ਦਲੀਪ ਸਿੰਘ ਨਾਬਾਲਗ ਸੀ | ਆਮ ਲੋਕਾਂ ਦੇ ਸਾਹਮਣੇ ਇਹ ਵਿਧਵਾ ਹੀ ਸਭ ਤੋਂ ਉੱਪਰ ਸੀ | ਰਾਣੀ ਜਿੰਦਾਂ ਕਿਲ੍ਹੇ ਵਿਚ ਆਪਣਾ ਅਸਰ ਰਸੂਖ ਬਣਾਈ ਰੱਖਦੀ ਸੀ | ਫਰੰਗੀਆਂ ਵਲੋਂ ਕਈ ਪਾਬੰਦੀਆਂ ਦੇ ਬਾਵਜੂਦ ਉਹ ਰਾਜਮਾਤਾ ਸੀ | ਬਿ੍ਟਿਸ਼ ਰੈਜ਼ੀਡੈਂਟ ਨੇ ਉਸ ਨੂੰ ਰਸਤੇ ਵਿਚੋਂ ਕੱਢਣ ਦੀ ਸਕੀਮ ਬਣਾਈ |
ਇਸ ਕੰਮ ਦੀ ਪਹਿਲੀ ਕੋਸ਼ਿਸ਼ ਫਰਵਰੀ, 1847 ਨੂੰ ਕੀਤੀ ਗਈ ਸੀ | ਕਿਸੇ 'ਪਰੇਮਾਂ' ਨਾਂਅ ਦੀ ਔਰਤ ਉੱਪਰ ਇਲਜ਼ਾਮ ਲਗਾਇਆ ਗਿਆ ਕਿ ਉਹ ਅੰਗਰੇਜ਼ ਰੈਜ਼ੀਡੈਂਟ ਤੇ ਤੇਜ ਸਿੰਘ ਨੂੰ ਬਸੰਤ ਪੰਚਮੀ ਦੇ ਮੌਕੇ ਕਤਲ ਕਰਨਾ ਚਾਹੁੰਦੀ ਸੀ | ਪਰੇਮਾਂ ਦਾ ਮੇਲ-ਜੋਲ ਮਹਾਰਾਣੀ ਦੀ ਇਕ ਕਲਰਕ ਨਾਲ ਸੀ ਤੇ ਇਹ ਚਰਚਾ ਕੀਤੀ ਗਈ ਕਿ ਕਤਲਾਂ ਦੀ ਸਾਜ਼ਿਸ਼ ਵਿਚ ਮਹਾਰਾਣੀ ਦਾ ਹੱਥ ਸੀ | ਗਵਾਹੀ ਪਾਏਦਾਰ ਨਹੀਂ ਸੀ ਤੇ ਲਾਰਡ ਹਾਰਡਿੰਗ ਨੇ ਰੈਜ਼ੀਡੈਂਟ ਨੂੰ ਕਿਹਾ ਕਿ ਉਹ ਮਹਾਰਾਣੀ ਜਿੰਦਾਂ ਨੂੰ ਇਸ ਕੇਸ ਵਿਚ ਨਾ ਘਸੀਟੇ ਪਰ ਉਸ ਨੇ ਕਿਸੇ ਹੋਰ ਤਰੀਕੇ ਨਾਲ ਰਾਣੀ ਜਿੰਦਾਂ ਦਾ ਅਸਰ ਘਟਾਉਣ ਵਾਸਤੇ ਜ਼ਰੂਰ ਉਤਸ਼ਾਹਤ ਕੀਤਾ |
ਦੂਜੀ ਕੋਸ਼ਿਸ਼ ਵੀ ਏਨੀ ਹੀ ਕੱਚੀ ਸੀ ਪਰ ਉਸ ਨਾਲ ਰੈਜ਼ੀਡੈਂਟ ਨੂੰ ਗਵਰਨਰ ਜਨਰਲ ਦੀ ਮਨਜ਼ੂਰੀ ਮਿਲ ਗਈ ਸੀ | ਉਸ ਨੇ 7 ਅਗਸਤ, 1847 ਨੂੰ ਦਰਬਾਰ ਸੱਦਿਆ ਤੇ ਮਹਾਰਾਜਾ ਦਲੀਪ ਸਿੰਘ ਨੂੰ ਕਿਹਾ ਕਿ ਉਹ ਉਨ੍ਹਾਂ ਸਰਦਾਰਾਂ ਨੂੰ ਸਨਮਾਨ ਦੇਵੇ, ਜਿਨ੍ਹਾਂ ਨੇ ਅੰਗਰੇਜ਼ਾਂ ਦੀ ਖਿਦਮਤ ਵਿਚ ਚੰਗੇ ਕੰਮ ਕੀਤੇ ਸਨ | ਇਸ ਲਿਸਟ ਵਿਚ ਸਭ ਤੋਂ ਉੱਪਰ ਤੇਜ ਸਿੰਘ ਦਾ ਨਾਂਅ ਸੀ | ਜਦੋਂ ਤੇਜ ਸਿੰਘ ਸਨਮਾਨ ਲੈਣ ਵਾਸਤੇ ਤਖ਼ਤ ਦੇ ਸਾਹਮਣੇ ਪਹੁੰਚਿਆ ਤਾਂ ਮਹਾਰਾਜਾ ਨੇ ਹੱਥ ਜੋੜ ਲਏ ਤੇ ਉਸ ਦੇ ਮੱਥੇ ਉੱਪਰ ਸੰਧੂਰ ਦਾ ਟਿੱਕਾ ਲਗਾਉਣ ਤੋਂ ਇਨਕਾਰ ਕਰ ਦਿੱਤਾ | ਹੈਨਰੀ ਲਾਰੈਂਸ ਨੇ ਗਵਰਨਮੈਂਟ ਨੂੰ ਲਿਖਿਆ ਕਿ 'ਹਿਜ਼ ਹਾਈਨੈੱਸ ਪਿੱਛੇ ਹਟ ਕੇ ਆਪਣੇ ਤਖ਼ਤ ਉੱਪਰ ਬੈਠ ਗਏ, ਜੋ ਉਨ੍ਹਾਂ ਦੀ ਉਮਰ ਤੇ ਸੁਭਾਅ ਦੇ ਮੁਤਾਬਿਕ ਹੈਰਾਨੀ ਵਾਲਾ ਕਦਮ ਸੀ |' ਉਸ ਨੇ ਇਸ ਦੇ ਪਿੱਛੇ ਅਦਿੱਖ ਹੱਥ ਰਾਜਮਾਤਾ ਮਹਾਰਾਣੀ ਜਿੰਦਾਂ ਦਾ ਮਹਿਸੂਸ ਕੀਤਾ ਤੇ ਦੋ ਦਿਨ ਬਾਅਦ ਹੀ ਉਸ ਦੀ ਜਲਾਵਤਨੀ ਦਾ ਐਲਾਨ ਕੀਤਾ | ਅਗਸਤ ਦੇ ਮਹੀਨੇ ਵਿਚ ਹੀ ਮਹਾਰਾਣੀ ਨੂੰ ਗਵਰਨਰ ਜਨਰਲ ਦੇ ਹੁਕਮ ਨਾਲ ਲਾਹੌਰ ਵਿਚੋਂ ਬੇਦਖਲ ਕਰ ਦਿੱਤਾ ਗਿਆ | ਗਵਰਨਰ ਜਨਰਲ ਪਹਿਲਾਂ ਵੀ ਕਹਿ ਚੱੁਕਾ ਸੀ ਕਿ ਉਹ ਸ਼ਹਿਜ਼ਾਦੇ ਦੀ ਸਿੱਖਿਆ ਤੇ ਪਰਵਰਸ਼ ਵਾਸਤੇ ਇਕ ਪਿਤਾ ਦੀ ਤਰ੍ਹਾਂ ਜ਼ਿੰਮੇਵਾਰੀ ਸਮਝਦਾ ਹੈ, ਇਸੇ ਰਿਸ਼ਤੇ ਨੂੰ ਦੁਹਰਾਉਂਦਿਆਂ ਉਸ ਨੇ ਕਿਹਾ ਕਿ ਉਸ ਦੀ ਚੰਗੀ ਸਿੱਖਿਆ ਤੇ ਆਪਾ ਵਿਸ਼ਵਾਸ ਵਾਸਤੇ ਉਸ ਦਾ ਆਪਣੀ ਮਾਂ ਤੋਂ ਅੱਡ ਰਹਿਣਾ ਜ਼ਰੂਰੀ ਸਮਝਿਆ ਜਾ ਰਿਹਾ ਹੈ |
ਰਾਣੀ ਜਿੰਦਾਂ ਦੀ ਪੈਨਸ਼ਨ ਵੀ ਘਟਾ ਕੇ ਪਹਿਲਾਂ ਨਾਲੋਂ ਤੀਜਾ ਹਿੱਸਾ, 48,000 ਰੁਪਏ ਸਾਲਾਨਾ ਕਰ ਦਿੱਤੀ ਤੇ ਉਸ ਨੂੰ ਸ਼ੇਖੂਪੁਰਾ ਦੇ ਕਿਲ੍ਹੇ ਵਿਚ ਨਜ਼ਰਬੰਦ ਕਰ ਦਿੱਤਾ | ਮਹਾਰਾਣੀ ਨੇ ਲੋਕਾਂ ਦੇ ਜਜ਼ਬਾਤ ਦੀ ਤਰਜਮਾਨੀ ਕੀਤੀ, ਜਦੋਂ ਉਸ ਨੇ ਹੈਨਰੀ ਲਾਰੈਂਸ ਨੂੰ ਲਿਖਿਆ, 'ਯਕੀਨ ਨਾਲ ਕਿਹਾ ਜਾ ਸਕਦਾ ਹੈ ਕਿ ਕਦੇ ਵੀ ਕਿਸੇ ਸ਼ਾਹੀ ਘਰਾਣੇ ਨਾਲ ਇਸ ਤਰ੍ਹਾਂ ਦਾ ਸਲੂਕ ਨਹੀਂ ਹੋਇਆ, ਜਿਸ ਤਰ੍ਹਾਂ ਦਾ ਤੁਸੀਂ ਸਾਡੇ ਨਾਲ ਕਰ ਰਹੇ ਹੋ | ਇਸ ਤਰ੍ਹਾਂ ਗੁਪਤ ਤਰੀਕੇ ਨਾਲ ਇਸ ਰਿਆਸਤ ਦੇ ਬਾਦਸ਼ਾਹ ਬਣਨ ਦੀ ਬਜਾਏ ਤੁਸੀਂ ਖੱੁਲ੍ਹੇਆਮ ਆਪਣੇ ਵਾਸਤੇ ਇਹ ਰੁਤਬਾ ਕਿਉਂ ਨਹੀਂ ਐਲਾਨ ਕਰ ਦਿੰਦੇ? ਤੁਸੀਂ ਦੋਸਤੀ ਦੀਆਂ ਗੱਲਾਂ ਕਰਦੇ ਹੋ ਤੇ ਸਾਨੂੰ ਕੈਦ ਵਿਚ ਧੱਕਦੇ ਹੋ | ਤੁਸੀਂ ਲਾਹੌਰ ਵਿਚ ਗੱਦਾਰ ਪਾਲ ਲਏ ਹਨ ਤੇ ਹੁਣ ਉਨ੍ਹਾਂ ਦੀ ਮਦਦ ਨਾਲ ਪੰਜਾਬ ਨੂੰ ਮਾਰ ਰਹੇ ਹੋ |'
ਭਾਈ ਮਹਾਰਾਜ ਸਿੰਘ ਤੇ ਰਾਣੀ ਜਿੰਦਾਂ ਦੀ ਜਲਾਵਤਨੀ
ਰੈਜ਼ੀਡੈਂਟ ਦੇ ਰਾਜ ਦੇ ਇਕ ਸਾਲ ਬਾਅਦ ਪੰਜਾਬੀਆਂ ਨੂੰ ਅਹਿਸਾਸ ਹੋ ਗਿਆ ਸੀ ਕਿ ਆਪਣੀਆਂ ਪਹਿਲੀਆਂ ਜਿੱਤਾਂ ਨੂੰ ਪੱਕਿਆਂ ਕਰਨ ਤੋਂ ਬਾਅਦ ਅੰਗਰੇਜ਼ ਸਾਰੇ ਪੰਜਾਬ ਨੂੰ ਆਪਣੇ ਕਬਜ਼ੇ ਵਿਚ ਲੈ ਲੈਣਗੇ | ਬੇਚੈਨੀ ਵਧਦੀ ਜਾ ਰਹੀ ਸੀ ਤੇ ਇਲਾਕੇ ਦੀ ਕਿਸਾਨੀ ਛੇਤੀ ਹੀ ਇਕ ਕਿਸਾਨ ਲੀਡਰ, ਲੁਧਿਆਣਾ ਦੇ ਨਜ਼ਦੀਕ ਪਿੰਡ ਰੱਬੋਂ ਦੇ ਵਸਨੀਕ ਮਹਾਰਾਜ ਸਿੰਘ ਦੇ ਘੇਰੇ ਵਿਚ ਇਕੱਠੀ ਹੋ ਗਈ | ਮਹਾਰਾਜ ਸਿੰਘ ਭਾਈ ਬੀਰ ਸਿੰਘ ਦੇ ਡੇਰੇ ਨਾਲ ਸਬੰਧਤ ਸੀ ਤੇ ਜਦੋਂ 1844 ਵਿਚ ਦਰਬਾਰ ਦੀਆਂ ਫੌਜਾਂ ਦੇ ਹੱਥੋਂ ਭਾਈ ਜੀ ਦੀ ਮੌਤ ਹੋਈ ਸੀ ਤਾਂ ਮਹਾਰਾਜ ਸਿੰਘ ਡੇਰੇ ਵਿਚ ਹੀ ਸੀ | ਭਾਈ ਬੀਰ ਸਿੰਘ ਤੋਂ ਬਾਅਦ ਮਹਾਰਾਜ ਸਿੰਘ ਹੀ ਨਾਰੰਗਾਬਾਦ ਦੇ ਉਸ ਡੇਰੇ ਦਾ ਮੁਖੀ ਬਣਿਆ ਤੇ ਭਾਈ ਸਾਹਿਬ ਦੀ ਤਰ੍ਹਾਂ ਜਲਦੀ ਹੀ ਮਾਝਾ, ਮਾਲਵਾ ਤੇ ਦੋਆਬਾ ਦੀ ਸਿੱਖ ਕਿਸਾਨੀ ਵਿਚ ਬਹੁਤ ਹਰਮਨ ਪਿਆਰਾ ਹੋ ਗਿਆ | ...ਉਸ ਦੇ ਅਸਰ ਹੇਠ ਆਉਣ ਵਾਲੀਆਂ ਵੱਡੀਆਂ ਹਸਤੀਆਂ ਵਿਚ ਮਹਾਰਾਣੀ ਜਿੰਦਾਂ ਤੇ ਦਰਬਾਰ ਦੇ ਹੋਰ ਕਈ ਅਹੁਦੇਦਾਰ ਸਨ | ਭਾਈ ਜੀ ਨੇ ਕੇਂਦਰੀ ਪੰਜਾਬ ਵਿਚ ਕਈ ਸਭਾਵਾਂ ਕੀਤੀਆਂ ਤੇ ਲੋਕਾਂ ਨੂੰ ਆਪਣੇ ਵਤਨ ਦੀ ਰੱਖਿਆ ਵਾਸਤੇ ਅੱਗੇ ਆਉਣ ਵਾਸਤੇ ਕਿਹਾ | ਉਸ ਨੇ ਰਾਣੀ ਜਿੰਦਾਂ ਦਾ ਨਾਂਅ ਉਸ ਹੇਠਲੀ ਪੱਧਰ ਤੋਂ ਕੱਢ ਲਿਆ, ਜਿਥੇ ਬਾਜ਼ਾਰ ਦੀਆਂ ਕਾਨਾਫੂਸੀਆਂ ਕਰਕੇ ਡੇਗਿਆ ਗਿਆ ਸੀ ਤੇ ਉਸ ਨੂੰ 'ਖਾਲਸਾ ਮਾਤਾ' ਦੀ ਵੱਡੀ ਪਦਵੀ ਨਾਲ ਨਿਵਾਜਿਆ | ਅੰਗਰੇਜ਼ ਰੈਜ਼ੀਡੈਂਟ ਸਮਝ ਗਿਆ ਕਿ ਭਾਈ ਦੀਆਂ ਸਰਗਰਮੀਆਂ ਉਨ੍ਹਾਂ ਵਲੋਂ ਸਾਰੇ ਪੰਜਾਬ ਉੱਪਰ ਕਬਜ਼ਾ ਕਰਨ ਦੀਆਂ ਕੋਸ਼ਿਸ਼ਾਂ ਨੂੰ ਧੱਕਾ ਲਾ ਸਕਦੀਆਂ ਹਨ | ਉਸ ਨੇ ਭਾਈ ਜੀ ਨੂੰ ਗਿ੍ਫਤਾਰ ਕਰਨ ਦਾ ਹੁਕਮ ਸੁਣਾ ਦਿੱਤਾ | ਭਾਈ ਪੁਲਿਸ ਨੂੰ ਚਕਮਾ ਦੇ ਕੇ ਰੂਪੋਸ਼ ਹੋ ਗਿਆ ਤੇ ਜਿਥੇ ਵੀ ਜਾਂਦਾ, ਬਹੁਤ ਵੱਡੀ ਭੀੜ ਉਸ ਨੂੰ ਸੁਣਨ ਵਾਸਤੇ ਇਕੱਠੀ ਹੋ ਜਾਂਦੀ | ਰੈਜ਼ੀਡੈਂਟ ਨੇ ਸੋਚਿਆ ਕਿ ਚੰਗੀ ਗੱਲ ਇਹ ਹੋਵੇਗੀ ਕਿ ਉਹ ਠੀਕ ਬਹਾਨਾ ਲਗਾ ਕੇ ਰਾਣੀ ਨੂੰ ਪੰਜਾਬ ਤੋਂ ਬਾਹਰ ਕੱਢ ਦੇਵੇ, ਜਿਹੜੀ ਪੰਜਾਬੀਆਂ ਵਿਚ ਬੇਚੈਨੀ ਦਾ ਚਿੰਨ੍ਹ ਬਣਦੀ ਜਾ ਰਹੀ ਹੈ |
(ਬਾਕੀ ਅਗਲੇ ਮੰਗਲਵਾਰ ਦੇ ਧਰਮ ਤੇ ਵਿਰਸਾ ਅੰਕ 'ਚ)

ਸੂਬਾ ਖ਼ੈਬਰ ਪਖ਼ਤੂਨਖ਼ਵਾ ਵਿਚ ਮੌਜੂਦ ਹਰੀ ਸਿੰਘ ਨਲਵਾ ਦੀਆਂ ਯਾਦਗਾਰਾਂ

ਜਰਨੈਲ ਸ: ਹਰੀ ਸਿੰਘ ਨਲਵਾ ਇਕ ਵੀਰ ਨਾਇਕ ਅਤੇ ਉੱਚ ਪ੍ਰਬੰਧਕ ਹੋਣ ਦੇ ਨਾਲ-ਨਾਲ ਇੰਜੀਨੀਅਰ ਹੋਣ ਦਾ ਵੀ ਗੁਣ ਰੱਖਦੇ ਸਨ | ਉਨ੍ਹਾਂ ਜਿੱਥੇ ਕਈ ਜੰਗੀ ਕਿਲਿ੍ਹਆਂ ਦਾ ਨਿਰਮਾਣ ਕਰਵਾਇਆ, ਉਥੇ ਹੀ ਹਰੀਪੁਰ ਵਰਗੇ ਸੁੰਦਰ ਸ਼ਹਿਰ ਵੀ ਵਸਾਏ | ਇਸ ਦੇ ਨਾਲ ਹੀ ਹਰ ਧਰਮ ਦੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਦੀ ਕਦਰ ਅਤੇ ਅਦਬ-ਸਤਿਕਾਰ ਕਰਦੇ ਹੋਏ ਕਈ ਮੰਦਰ-ਸ਼ਿਵਾਲੇ, ਮਸੀਤਾਂ ਅਤੇ ਗੁਰਦੁਆਰੇ ਬਣਵਾਏ | ਇਨ੍ਹਾਂ ਸਭ ਸਮਾਰਕਾਂ ਵਿਚ ਸਭ ਤੋਂ ਵਿਸ਼ੇਸ਼ ਗੱਲ ਇਹ ਸੀ ਕਿ ਉਹ ਹਰ ਇਮਾਰਤ ਨੂੰ ਬਣਾਉਣ ਤੋਂ ਪਹਿਲਾਂ ਉਸ ਦੀ ਰੂਪ-ਰੇਖਾ ਪੂਰੀ ਵਿਉਂਤਬੰਦੀ ਨਾਲ ਖ਼ੁਦ ਤਿਆਰ ਕਰਦੇ ਸਨ |
ਇਤਿਹਾਸ ਵਿਚ ਦਰਜ ਸਰਦਾਰ ਹਰੀ ਸਿੰਘ ਨਲਵਾ ਨਾਲ ਸਬੰਧਿਤ 42 ਯਾਦਗਾਰਾਂ ਦੀ ਜਾਣਕਾਰੀ ਪੜ੍ਹਨ ਨੂੰ ਮਿਲਦੀ ਹੈ, ਜਿਨ੍ਹਾਂ ਵਿਚੋਂ ਮੌਜੂਦਾ ਪਾਕਿਸਤਾਨ ਦੇ ਸੂਬਾ ਖ਼ੈਬਰ ਪਖ਼ਤੂਨਖ਼ਵਾ ਵਿਚਲੇ ਕੁਝ ਮਹੱਤਵਪੂਰਨ ਕਿਲਿ੍ਹਆਂ ਦੀ ਸੰਖੇਪ ਰੂਪ ਵਿਚ ਜਾਣਕਾਰੀ ਦੇ ਰਹੇ ਹਾਂ :
ਕਿਲ੍ਹਾ ਹਰਿਕਿ੍ਸ਼ਨ ਗੜ੍ਹ, ਹਰੀਪੁਰ
ਸ: ਹਰੀ ਸਿੰਘ ਨਲਵਾ ਦੁਆਰਾ ਵਸਾਇਆ ਸ਼ਹਿਰ ਹਰੀਪੁਰ ਮੌਜੂਦਾ ਸਮੇਂ ਖ਼ੈਬਰ ਪਖਤੂਨਖ਼ਵਾ ਦੀ ਹਜ਼ਾਰਾ ਡਿਵੀਜ਼ਨ ਦਾ ਸ਼ਹਿਰ ਹੈ ਅਤੇ ਇਹ ਇਸਲਾਮਾਬਾਦ ਤੋਂ 65 ਕਿਲੋਮੀਟਰ ਦੀ ਦੂਰੀ 'ਤੇ ਹੈ | ਸ: ਨਲਵਾ ਨੇ ਸੰਨ 1822-23 ਵਿਚ ਇਸ ਸ਼ਹਿਰ ਦਾ ਨਿਰਮਾਣ ਸ਼ੁਰੂ ਕਰਵਾਇਆ | ਬੈਰਨ ਚਾਰਲਸ ਹਿਊਗਲ 'ਟਰੈਵਲਜ਼ ਇਨ ਕਸ਼ਮੀਰ ਐਾਡ ਪੰਜਾਬ', ਭਾਸ਼ਾ ਵਿਭਾਗ ਪਟਿਆਲਾ, 1970 ਦੇ ਸਫ਼ਾ 207 'ਤੇ ਲਿਖਦਾ ਹੈ-'ਜਦੋਂ 23 ਦਸੰਬਰ, 1835 ਨੂੰ ਕਸ਼ਮੀਰ ਤੋਂ ਵਾਪਸੀ ਸਮੇਂ ਮੈਂ ਅਤੇ ਜੀ.ਟੀ. ਵਾਇਨ (ਯੂਰਪੀਅਨ ਯਾਤਰੂ) ਨੇ ਹਰੀਪੁਰ ਸ਼ਹਿਰ ਵੇਖਿਆ | ਉਸ ਸਮੇਂ ਇਹ ਘੁੱਗ ਵਸਦਾ ਸ਼ਹਿਰ ਸੀ ਅਤੇ ਸ਼ਹਿਰ ਵਿਚ ਬਹੁਤ ਗਹਿਮਾ-ਗਹਿਮੀ ਸੀ | ਸ: ਨਲਵਾ ਨੇ ਹਰੀਪੁਰ ਸ਼ਹਿਰ ਦੇ ਚਾਰੇ ਪਾਸੇ ਚਾਰ ਗਜ਼ ਚੌੜੀ ਅਤੇ 16 ਗਜ਼ ਉੱਚੀ ਪੱਕੀ ਫ਼ਸੀਲ (ਦੀਵਾਰ) ਬਣਵਾਈ ਹੋਈ ਸੀ ਅਤੇ ਫ਼ਸੀਲ ਵਿਚ ਥੋੜ੍ਹੀ-ਥੋੜ੍ਹੀ ਦੂਰੀ 'ਤੇ ਚਾਰ ਦਰਵਾਜ਼ੇ ਵੀ ਬਣਵਾਏ ਹੋਏ ਸਨ |'
ਦੱਸਿਆ ਜਾਂਦਾ ਹੈ ਕਿ ਸੰਨ 1822 ਵਿਚ ਹਜ਼ਾਰਾ ਦੀ ਗਵਰਨਰੀ ਸਮੇਂ ਸ: ਨਲਵਾ ਨੇ ਹਜ਼ਾਰਾ ਦੀਆਂ ਲੜਾਕੀਆਂ ਕੌਮਾਂ ਤਰੀਨ, ਤਾਰਖ਼ਲੀ, ਉਤਸਾਨਜ਼ਈ ਅਤੇ ਮਸ਼ਵਾਨੀ ਖ਼ੇਲਾਂ ਨੂੰ ਹਾਰ ਦੇਣ ਤੋਂ ਬਾਅਦ ਉਨ੍ਹਾਂ ਨੂੰ ਖ਼ਾਲਸਾ ਰਾਜ ਦਾ ਅਨੁਸਾਰੀ ਰੱਖਣ ਲਈ ਉਨ੍ਹਾਂ ਦੀ ਸ਼ਾਮਲਾਤ 'ਚ ਖ਼ਾਲਸਾ ਫ਼ੌਜ ਲਈ ਇਕ ਕਿਲ੍ਹੇ ਦਾ ਨਿਰਮਾਣ ਕਰਵਾਇਆ, ਜਿਸ ਦਾ ਨਾਂਅ ਗੁਰੂ ਸ੍ਰੀ ਹਰਿਕਿ੍ਸ਼ਨ ਸਾਹਿਬ ਜੀ ਦੇ ਨਾਂਅ 'ਤੇ 'ਕਿਲ੍ਹਾ ਹਰਿਕਿ੍ਸ਼ਨਗੜ੍ਹ' ਰੱਖਿਆ ਗਿਆ | ਇਹ ਹਰੀਪੁਰ ਸ਼ਹਿਰ ਤੋਂ ਪੌਣਾ ਕੁ ਕਿਲੋਮੀਟਰ ਦੀ ਦੂਰੀ 'ਤੇ ਹੈ |
ਡਿਸਟਿ੍ਕਟ ਗਜ਼ਟੀਅਰ ਹਜ਼ਾਰਾ, ਸੰਨ 1883-84 ਦੇ ਅਨੁਸਾਰ ਸ: ਹਰੀ ਸਿੰਘ ਨਲਵਾ ਨੇ ਇਹ ਕਿਲ੍ਹਾ ਗੁੱਜਰ ਕਬੀਲੇ ਦੇ ਮੁਖੀ ਮੁਖ਼ਾਦਮ ਮੁਸ਼ਰਫ ਦੀ ਸਲਾਹ 'ਤੇ ਆਪਣੀ ਫੌਜ ਦੇ ਨਿਵਾਸ ਅਤੇ ਹਜ਼ਾਰਾ ਦੀ ਸੁਰਖਿਆ ਲਈ ਬਣਵਾਇਆ ਸੀ | ਸਿੱਖ ਰਾਜ ਦੀ ਸਮਾਪਤੀ ਤੋਂ ਬਾਅਦ ਸੰਨ 1849 ਤੋਂ ਸੰਨ 1853 ਤੱਕ ਬਿ੍ਟਿਸ਼ ਸ਼ਾਸਨ ਸਮੇਂ ਇਹ ਕਿਲ੍ਹਾ ਹਜ਼ਾਰਾ ਦਾ ਹੈੱਡਕਵਾਟਰ ਰਿਹਾ | ਬਾਅਦ ਵਿਚ ਇਹ ਕਿਲ੍ਹਾ ਬਿ੍ਟਿਸ਼ ਪੁਲਿਸ ਅਤੇ ਮਾਲ ਵਿਭਾਗ ਨੂੰ ਦੇ ਦਿੱਤਾ ਗਿਆ |
ਮੌਜੂਦਾ ਸਮੇਂ 35,420 ਸਰਵੇਅਰ ਮੀਟਰ 'ਚ ਫੈਲੇ ਕਿਲ੍ਹਾ ਹਰਿਕਿ੍ਸ਼ਨਗੜ੍ਹ ਦੀਆਂ ਦੀਵਾਰਾਂ ਸਾਢੇ ਤਿੰਨ ਮੀਟਰ ਚੌੜੀਆਂ ਅਤੇ ਸਾਢੇ 14 ਮੀਟਰ ਉੱਚੀਆਂ ਹਨ | ਇਸ ਦੇ ਦੋ ਖ਼ੂਬਸੂਰਤ ਦਰਵਾਜ਼ੇ ਹਨ, ਜੋ ਸੇਵਾ ਸੰਭਾਲ ਨਾ ਕੀਤੇ ਜਾਣ ਕਾਰਨ 3-4 ਫੁੱਟ ਤੱਕ ਧਰਤੀ 'ਚ ਧੱਸ ਚੁੱਕੇ ਹਨ ਅਤੇ ਮੌਜੂਦਾ ਸਮੇਂ ਕਿਲ੍ਹੇ ਦੀ ਬਾਹਰੀ ਖਾਈ ਸਮੇਤ ਕੁਝ ਸਮਾਰਕਾਂ ਨੂੰ ਜ਼ਮੀਨਦੋਜ਼ ਕਰਕੇ ਉੱਥੇ ਫੈਮਲੀ ਪਾਰਕ ਤੇ ਰੈਸਟੋਰੈਂਟ ਆਦਿ ਬਣਾਏ ਜਾ ਰਹੇ ਹਨ |
ਕਿਲ੍ਹਾ ਜਮਰੌਦ
ਸੰਨ 1836 ਵਿਚ ਕਾਬਲ ਤੋਂ ਪਿਸ਼ਾਵਰ ਆਉਣ ਵਾਲੇ ਦੱਰਿਆਂ ਦੀ ਨਿਗਰਾਨੀ ਲਈ ਸ: ਨਲਵਾ ਨੇ ਜਮਰੌਦ ਦੇ ਨਾਂਅ ਨਾਲ ਪ੍ਰਸਿੱਧ ਕੱਚੀ ਗੜ੍ਹੀ ਦੇ ਸਥਾਨ 'ਤੇ 17 ਅਕਤੂਬਰ, 1836 ਨੂੰ ਨੀਂਹ ਪੱਥਰ ਰੱਖ ਕੇ ਇਕ ਮਜ਼ਬੂਤ ਕਿਲ੍ਹੇ ਦਾ ਨਿਰਮਾਣ ਸ਼ੁਰੂ ਕਰਵਾਇਆ | ਕਈ ਹਜ਼ਾਰ ਰਾਜ ਮਿਸਤਰੀ ਅਤੇ ਮਜ਼ਦੂਰ ਲਗਾ ਕੇ ਜੰਗੀ ਪੱਧਰ 'ਤੇ ਇਸ ਕਿਲ੍ਹੇ ਦਾ ਨਿਰਮਾਣ ਇਕ ਮਹੀਨਾ ਅਤੇ 25 ਦਿਨਾਂ ਵਿਚ ਪੂਰਾ ਕੀਤਾ ਗਿਆ | ਲੈਫ਼ਟੀਨੈਂਟ ਵਿਲੀਅਮ ਬਾਰ 'ਜਨਰਲ ਆਫ਼ ਏ ਮਾਰਚ ਫ਼ਰਾਮ ਦਿੱਲੀ ਟੂ ਕਾਬਲ' ਦੇ ਸਫ਼ਾ 303 'ਤੇ ਲਿਖਦਾ ਹੈ ਕਿ ਕਿਲ੍ਹਾ ਬਣਨ 'ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਦਾ ਭੋਗ ਪਾਉਣ ਤੋਂ ਬਾਅਦ ਕਿਲ੍ਹੇ ਦਾ ਨਾਂਅ 'ਫ਼ਤਹਿਗੜ੍ਹ' ਰੱਖਿਆ ਗਿਆ |

(ਬਾਕੀ ਅਗਲੇ ਮੰਗਲਵਾਰ ਦੇ ਧਰਮ ਤੇ ਵਿਰਸਾ ਅੰਕ 'ਚ)
ਅੰਮਿ੍ਤਸਰ | ਮੋਬਾ: 93561-27771

ਗ਼ਦਰੀ ਤੇ ਸ਼ਹੀਦ ਊਧਮ ਸਿੰਘ ਸੁਨਾਮ ਦੇ ਪਰਮ-ਮਿੱਤਰ—ਬਾਵਾ ਨਨਕਾਣਾ ਬਿਸ਼ਨ

ਅਮਰੀਕਾ ਵਿਚ ਰਹਿ ਕੇ ਦਹਾਕਿਆਂ ਬੱਧੀ ਗ਼ਦਰ ਪਾਰਟੀ ਦੇ ਕਾਰਜਾਂ ਨੂੰ ਗੁੰਮਨਾਮ ਰੂਪ 'ਚ ਲਗਾਤਾਰ ਜਾਰੀ ਰੱਖਣ ਵਾਲੇ ਤੇ ਸ਼ਹੀਦ ਊਧਮ ਸਿੰਘ ਸੁਨਾਮ ਨਾਲ ਬਹੁਤ ਹੀ ਕਰੀਬੀ ਦੋਸਤੀ ਨਿਭਾਉਣ ਵਾਲੀ ਮਹਾਨ ਹਸਤੀ ਦਾ ਨਾਂਅ ਹੈ-ਬਾਵਾ ਨਨਕਾਣਾ ਬਿਸ਼ਨ | ਆਪ ਦੇ ਪਿਤਾ ਸੰਤਰਾਮ ਜੀ ਢੁੱਡੀਕੇ ਪਿੰਡ ਤੋਂ ਚੱਲ ਕੇ ਨਨਕਾਣਾ ਸਾਹਿਬ (ਹੁਣ ਪਾਕਿਸਤਾਨ 'ਚ) ਦੀਆਂ ਜੜ੍ਹਾਂ 'ਚ ਜਾ ਵਸੇ, ਜਿਥੇ ਉਨ੍ਹਾਂ ਨੇ ਪਿੰਡ ਕੋਟ ਸੰਤਰਾਮ ਵਸਾਇਆ, ਜੋ ਕਿ ਹੁਣ ਨਨਕਾਣਾ ਸਾਹਿਬ ਦੀ ਸੰਤਰਾਮ ਕਾਲੋਨੀ ਹੈ |
ਆਪ ਦਾ ਜਨਮ 1 ਦਸੰਬਰ 1877 ਨੂੰ ਮਾਤਾ ਬਸੰਤ ਕੌਰ ਦੀ ਕੁੱਖੋਂ ਹੋਇਆ | ਮੁੱਢਲੀ ਸਿੱਖਿਆ ਦੌਰਾਨ ਆਪ ਨੇ ਗੁਰਮੁਖੀ ਤੇ ਉਰਦੂ ਭਾਸ਼ਾ ਸਿੱਖੀ | ਰੁਜ਼ਗਾਰ ਤੇ ਚੰਗੀ ਜ਼ਿੰਦਗੀ ਦੀ ਭਾਲ ਲਈ ਆਪ ਚੁੱਪ-ਚਾਪ ਮਾਤਾ ਜੀ ਦੇ ਰੱਖੇ ਹੋਏ 82 ਰੁਪਏ ਲੈ ਕੇ ਰੇਲ ਗੱਡੀ ਰਾਹੀਂ ਬਰਮਾ ਪੁੱਜੇ 1895 'ਚ | ਮਿਹਨਤ-ਮਜ਼ਦੂਰੀ ਕਰਦਿਆਂ ਆਪ ਨੇ ਕਰੀਬ 3 ਸਾਲ ਬਰਮਾ 'ਚ ਬਿਤਾਏ | ਉਸ ਤੋਂ ਪਿੱਛੋਂ ਚੀਨ ਜਾ ਕੇ ਸਭ ਤੋਂ ਔਖੀ ਭਾਸ਼ਾ ਚੀਨੀ ਦਾ ਸਰਟੀਫਿਕੇਟ ਪਾਸ ਕੀਤਾ ਤੇ ਚੀਨੀ ਪੁਲਿਸ ਵਿਚ 2 ਸਾਲ ਨੌਕਰੀ ਕੀਤੀ | ਇਸ ਤੋਂ ਬਾਅਦ ਸਿੰਗਾਪੁਰ ਪੁੱਜ ਕੇ 4 ਸਾਲ ਫ਼ੌਜੀ ਸਰਵਿਸ ਕੀਤੀ ਤੇ ਪਿੰਡੋਂ ਮੰਗਵਾਈ ਜ਼ਰੂਰੀ ਚਿੱਠੀ ਰਾਹੀਂ ਡਿਸਚਾਰਜ ਹੋ ਕੇ 1904 'ਚ ਸਾਨਫਰਾਂਸਿਸਕੋ (ਅਮਰੀਕਾ) ਵਿਖੇ ਪਹੁੰਚੇ | ਮਜ਼ਦੂਰੀ ਕਰਦਿਆਂ ਆਪ ਨੇ ਕਾਫੀ ਡਾਲਰ ਜੋੜੇ ਤੇ ਕੁਝ ਹੋਰ ਸੱਜਣਾਂ ਨਾਲ ਜੁੜ ਕੇ ਇਕ ਹਜ਼ਾਰ ਏਕੜ ਦਾ ਫਾਰਮ ਠੇਕੇ 'ਤੇ ਲੈ ਕੇ ਸਬਜ਼ੀਆਂ ਦੀ ਕਾਸ਼ਤ ਕਰਨ ਤੇ ਘਰ-ਘਰ ਵੇਚਣ ਦਾ ਕਾਰੋਬਾਰ ਸ਼ੁਰੂ ਕਰ ਦਿੱਤਾ | ਬਿਸ਼ਨ ਜੀ ਗੁਰਦੁਆਰਿਆਂ 'ਚ ਹੋਣ ਵਾਲੇ ਭਾਰਤੀਆਂ ਦੇ ਹਫ਼ਤਾਵਾਰੀ ਇਕੱਠਾਂ ਵਿਚ ਜਾਂਦੇ, ਜਿਥੇ ਪ੍ਰਵਾਸੀਆਂ ਦੀਆਂ ਸਮੱਸਿਆਵਾਂ, ਦੁੱਖਾਂ ਅਤੇ ਹੱਲ ਬਾਰੇ ਵਿਚਾਰਾਂ ਹੁੰਦੀਆਂ | 1911-12 ਦੌਰਾਨ ਆਪ ਜੀ ਦਾ ਮੇਲ ਭਾਰਤੀ ਕ੍ਰਾਂਤੀਕਾਰੀ ਆਗੂਆਂ ਲਾਲਾ ਹਰਦਿਆਲ ਤੇ ਸਾਥੀਆਂ ਨਾਲ ਹੋਇਆ | 1913 ਵਿਚ ਗ਼ਦਰ ਪਾਰਟੀ (ਹਿੰਦੀ ਪੈਸੀਫਿਕ ਕੋਸਟ ਐਸੋਸੀਏਸ਼ਨ) ਬਣਨ ਉਪਰੰਤ ਆਪ ਗ਼ਦਰ ਪਾਰਟੀ ਦੇ ਮਾੈਬਰ ਬਣ ਗਏ | ਗ਼ਦਰ ਪਾਰਟੀ ਦੀ ਲਹਿਰ ਤੇ ਗ਼ਦਰ ਅਖ਼ਬਾਰ ਦੀਆਂ ਸਾਰੀਆਂ ਸਰਗਰਮੀਆਂ ਵਿਚ ਹਿੱਸਾ ਲੈਣ ਲੱਗੇ |
1922-23 'ਚ ਜਦੋਂ ਊਧਮ ਸਿੰਘ ਅਮਰੀਕਾ ਪੁੱਜਾ ਤਾਂ ਆਪ ਨਾਲ ਗ਼ਦਰ ਪਾਰਟੀ ਰਾਹੀਂ ਉਸ ਦਾ ਮੇਲਜੋਲ ਬਣਿਆ | ਦੋਨੋਂ ਪੱਕੇ ਮਿੱਤਰ ਬਣ ਗਏ ਤੇ ਮੈਰੀਲੈਂਡ ਵਿਖੇ ਦੋ ਸਾਲ ਇਕੱਠੇ ਰਹੇ | ਮਕਾਨ 'ਤੇ ਅਮਰੀਕੀ ਪੁਲਿਸ ਦਾ ਛਾਪਾ ਪੈਣ ਉਪਰੰਤ ਊਧਮ ਸਿੰਘ ਸਫਲਤਾ ਨਾਲ ਪਿਛਲੇ ਪਾਸੇ ਦੀ ਬਚ ਨਿਕਲਿਆ | ਆਪ ਨੇ ਊਧਮ ਸਿੰਘ ਦੀ ਪੈਸੇ ਨਾਲ ਭਾਰੀ ਮਦਦ ਕੀਤੀ ਤੇ ਹੋਰ ਸਾਥੀਆਂ ਤੋਂ ਵੀ ਕਰਵਾਈ | ਉਸ ਨੇ ਕੀਮਤੀ ਅਸਲ੍ਹਾ ਖਰੀਦਿਆ, ਗ਼ਦਰ ਸਾਹਿਤ ਲਿਆ ਤੇ ਭਾਰਤ ਨੂੰ ਚਾਲੇ ਪਾ ਦਿੱਤੇ | 1927 'ਚ ਊਧਮ ਸਿੰਘ ਅੰਮਿ੍ਤਸਰ ਤੋਂ ਫੜੇ ਗਏ ਤੇ 1928 'ਚ 5 ਸਾਲ ਦੀ ਕੈਦ ਹੋ ਗਈ | ਫੱਕਰ ਸੁਭਾਅ ਵਾਲੇ ਬਿਸ਼ਨ ਜੀ 32 ਸਾਲ ਬਾਅਦ ਪਹਿਲੀ ਵਾਰ ਘਰੇ ਨਨਕਾਣਾ ਸਾਹਿਬ ਪਰਤੇ ਅਤੇ ਅੰਮਿ੍ਤਸਰ ਜਾ ਕੇ ਊਧਮ ਸਿੰਘ ਨਾਲ ਮੁਲਾਕਾਤ ਕੀਤੀ | ਬਿਸ਼ਨ ਜੀ ਨੇ ਦੱਸਿਆ ਸੀ ਕਿ 1932 ਵਿਚ ਊਧਮ ਸਿੰਘ ਰਿਹਾਅ ਹੋ ਕਿ ਜੰਮੂ-ਕਸ਼ਮੀਰ ਦੇ ਪਹਾੜਾਂ ਵੱਲ ਨੂੰ ਚਲਾ ਗਿਆ, ਇਕ ਸਾਧੂ ਦਾ ਭੇਸ ਧਾਰ ਕੇ | ਇਥੇ ਉਸ ਦਾ ਮੇਲ ਇਕ ਅਮੀਰ ਆਦਮੀ ਨਾਲ ਹੋਇਆ, ਜਿਸ ਨੇ ਉਸ ਤੋਂ ਪ੍ਰਭਾਵਿਤ ਹੋ ਕੇ ਊਧਮ ਸਿੰਘ ਨੂੰ 'ਬਾਵਾ' ਦੇ ਨਾਂਅ ਹੇਠ ਲਾਹੌਰ ਤੋਂ ਨਵਾਂ ਪਾਸਪੋਰਟ ਜਾਰੀ ਕਰਵਾਇਆ ਤੇ ਵਲੈਤ (ਇੰਗਲੈਂਡ) ਭਿਜਵਾਇਆ | ਬਿਸ਼ਨ ਤੇ ਊਧਮ ਸਿੰਘ ਦਾ ਮੇਲ-ਜੋਲ ਚਿੱਠੀ-ਪੱਤਰ ਰਾਹੀਂ ਲਗਾਤਾਰ ਬਣਿਆ ਰਿਹਾ |
1940 'ਚ ਲੰਡਨ ਵਿਚ ਕੀਤੇ ਜਾਣ ਵਾਲੇ ਸਰ ਮਾਈਕਲ ਉਡਵਾਇਰ ਵਾਲੇ ਕੌਮੀ ਬਦਲੇ ਦੇੇ ਇਤਿਹਾਸਕ ਸਾਕੇ ਤੋਂ ਥੋੜ੍ਹਾ ਅਰਸਾ ਪਹਿਲਾਂ ਊਧਮ ਸਿੰਘ ਨੇ ਪਰਮ ਮਿੱਤਰ ਹੋਣ ਕਰਕੇ ਆਪ ਨੂੰ ਇੰਗਲੈਂਡ ਸੱਦਿਆ ਤੇ ਪੂਰੇ 20 ਦਿਨ ਦੋਵਾਂ ਨੇ ਇਕੱਠਿਆਂ ਗੁਜ਼ਾਰੇ ਅਤੇ ਵਾਪਸੀ ਮੌਕੇ ਦੱਸਿਆ ਕਿ ਜਲਦੀ ਹੀ ਤੁਹਾਨੂੰ ਅਜਿਹੀ ਨਿਵੇਕਲੀ ਖ਼ਬਰ ਮਿਲੇਗੀ, ਜਿਸ ਨਾਲ ਮੇਰੀ ਜ਼ਿੰਦਗੀ ਦਾ ਵੱਡਾ ਟੀਚਾ ਪੂਰਾ ਹੋ ਜਾਵੇਗਾ, ਜੋ ਕਿ 13 ਮਾਰਚ, 1940 ਨੂੰ ਵਾਪਰਿਆ |
ਆਪ ਦੇ ਪਿਆਰੇ ਵਤਨ ਤੇ ਵਤਨ ਵਾਸੀਆਂ ਦੇ ਖਿੱਚੇ, ਬਿਸ਼ਨ ਜੀ 1952 'ਚ ਅਮਰੀਕਾ ਤੋਂ ਪਰਿਵਾਰ ਪਾਸ ਡਡਹੇੜੀ ਪਿੰਡ ਪਹੁੰਚੇ ਤੇ ਬਾਅਦ 'ਚ ਪਰਿਵਾਰ ਸਮੇਤ ਮੰਡੀ ਗੋਬਿੰਦਗੜ੍ਹ (ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ) ਰਹਿਣ ਲੱਗੇ | ਆਪ ਦੇਸ਼ਭਗਤੀ ਤੇ ਲੋਕ ਸੇਵਾ ਨੂੰ ਸਮਰਪਿਤ ਰਹੇ | ਆਪ ਜੀ ਭਲੀਭਾਂਤ ਸਮਝਦੇ ਸਨ ਕਿ ਭਾਵੇਂ 1947 'ਚ ਅੰਗਰੇਜ਼ਾਂ ਨੂੰ ਇਥੋਂ ਨਿਕਲਣਾ ਪਿਆ, ਪਰ ਸਾਮਰਾਜੀ ਕੰਪਨੀਆਂ, ਵੱਡੇ ਸਰਮਾਏਦਾਰ, ਜਗੀਰਦਾਰ, ਭਿ੍ਸ਼ਟ ਅਫਸਰਸ਼ਾਹੀ ਰੂਪੀ ਕਾਲੇ ਅੰਗਰੇਜ਼ ਕਾਬਜ਼ ਹੋ ਗਏ ਹਨ, ਜਿਨ੍ਹਾਂ ਨੂੰ ਆਜ਼ਾਦੀ ਦਾ ਰੱਜ ਕੇ ਲਾਭ ਮਿਲਿਆ ਹੈ | ਦੂਜੇ ਪਾਸੇ ਦਿਨ-ਰਾਤ ਮਿਹਨਤ ਕਰਨ ਵਾਲੇ ਕਿਸਾਨਾਂ, ਮਜ਼ਦੂਰਾਂ ਤੇ ਹੋਰ ਮਿਹਨਤੀ ਲੋਕਾਂ ਦੇ ਘਰਾਂ 'ਚ ਆਜ਼ਾਦੀ ਦੀ ਲਾਲੀ ਅੱਜ ਤੱਕ ਨਹੀਂ ਪਹੁੰਚੀ | ਸ਼ਹੀਦ ਊਧਮ ਸਿੰਘ ਸੁਨਾਮ ਦੇ ਪਰਮ-ਮਿੱਤਰ ਬਾਵਾ ਨਨਕਾਣਾ ਬਿਸ਼ਨ ਜੀ ਇਕ ਹੋਰ ਨਵੇਂ ਗ਼ਦਰ ਦੀ ਸਫਲਤਾ ਲਈ ਤਾਂਘ, ਬੇਚੈਨੀ ਤੇ ਆਸ ਨੂੰ ਪਾਲਦੇ ਹੋਏ 16.6.1975 ਨੂੰ ਦੇਸ਼ ਵਾਸੀਆਂ ਨੂੰ ਸਦੀਵੀ ਵਿਛੋੜਾ ਦੇ ਗਏ |
ਨੋਟ-ਪ੍ਰਸਿੱਧ ਇਤਿਹਾਸਕਾਰ ਪ੍ਰੋ: ਮਲਵਿੰਦਰਜੀਤ ਸਿੰਘ ਵੜੈਚ ਦੀ ਰਹਿਨੁਮਾਈ ਤੇ ਅਵਤਾਰ ਸਿੰਘ ਬਿਸ਼ਨ(ਸਪੁੱਤਰ ਬਾਵਾ ਨਨਕਾਣਾ ਬਿਸ਼ਨ ਜੀ) ਦੀ ਮੁਲਾਕਾਤ 'ਤੇ ਆਧਾਰਿਤ |

-ਫੋਨ : 01612805677

ਸ੍ਰੀ ਗੁਰੂ ਨਾਨਕ ਦੇਵ ਦੀਆਂ ਚਾਰ ਉਦਾਸੀਆਂ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਗੁਰੂ ਸਾਹਿਬ ਦੀ ਦੂਜੀ ਉਦਾਸੀ :
ਸੰਮਤ 1567-1572 ਬਿ:

ਦੂਜੀ ਉਦਾਸੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਦੱਖਣ ਦੀ ਹੈ, ਜਿਸ ਵਿਚ ਗੁਰੂ ਸਾਹਿਬ ਸਰਸਾ, ਬੀਕਾਨੇਰ, ਜੈਸਲਮੇਰ, ਜੈਪੁਰ, ਜੋਧਪੁਰ, ਸਿਰੋਹੀ, ਅਜਮੇਰ, ਪੁਸ਼ਕਰ, ਝਾਲਾ ਪਾਟਮ, ਆਬੂ, ਨਾਥ ਦੁਆਰੇ, ਲੋਧੀਪੁਰ, ਉਜੈਨ, ਬਿਦਰ, ਨਰ ਸਿੰਘ ਪੁਰ, ਬਾਲਾ ਘਾਟ, ਬਰਹਾਨਪੁਰ, ਰਾਮ ਟੇਕਰੀ, ਗੰਤੂਰ, ਤਿ੍ਚਨਾਪਲੀ, ਪਾਂਡੀਚਰੀ, ਇੰਦੌਰ, ਮਦਰਾਸ, ਨਾਗਾ ਪਟਮ, ਸ੍ਰੀ ਰੰਗ ਪਟਮ, ਚੀਨਾ ਪਟਮ, ਸੰਗਲਾਦੀਪ (ਲੰਕਾ) ਆਦਿ ਥਾਈਾ ਗਏ ਤੇ ਸੇਤ ਬੰਧੁ (ਰਾਮੇਸ਼ਵਰ) ਮਾਲਾਬਾਰ, ਮੱਕਾ, ਮਦੀਨਾ, ਸਾਰਾਗੜ੍ਹ, ਦੁਆਰਕਾ, ਜੂਨਾਗੜ੍ਹ ਕਾਠੀਆਵਾੜ ਸਿੰਧ, ਸ਼ਤਘਰਾ (ਮਿੰਟਗੁਮਰੀ) ਆਦਿ ਨਗਰਾਂ ਤੇ ਇਲਾਕਿਆਂ ਦੀ ਯਾਤਰਾ ਵੀ ਉਨ੍ਹਾਂ ਦੀ ਇਸੇ ਉਦਾਸੀ ਵਿਚ ਸ਼ਾਮਿਲ ਹੈ | ਇਹ ਉਦਾਸੀ ਜਿਵੇਂ ਕਿ ਗਿਆਨੀ ਗਿਆਨ ਸਿੰਘ ਨੇ ਇਤਿਹਾਸ ਗੁਰੂ ਖ਼ਾਲਸਾ ਭਾਗ ਪਹਿਲਾ ਵਿਚ ਲਿਖਿਆ ਹੈ, ਸੰਮਤ 1567 ਬਿ: ਵਿਚ ਹਾੜ੍ਹ ਦੇ ਮਹੀਨੇ ਸ਼ੁਰੂ ਹੋਈ ਸੀ |
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਸ ਉਦਾਸੀ ਵਿਚ ਬੀਕਾਨੇਰ (ਰਾਜਸਥਾਨ) ਦੇ ਅਹਿੰਸਾਵਾਦੀ ਜੈਨ ਸਾਧੂਆਂ ਨੂੰ ਉਜੈਨ (ਮਾਲਵਾ) ਵਿਚ, ਓਅੰਕਾਰ ਮਹਾਂਕਾਲੇਸ਼ਵਰ ਸ਼ਿਵ ਮੰਦਰ ਦੇ ਪੁਜਾਰੀਆਂ ਨੂੰ ਕਰਨੂਰ (ਮਹਾਰਾਸ਼ਟਰ) ਵਿਚ, ਗਣੇਸ਼ ਦੇਵਤਾ ਦੇ ਸ਼ਰਧਾਲੂਆਂ ਨੂੰ ਮਾਗਲਪੁਰ (ਤਿਲੰਗ ਦੇਸ਼) ਦੇ ਜੋਗੀਆਂ ਨੂੰ ਮਟੀਆ ਕਲਮ (ਸੰਗਲਾਦੀਪ) ਵਿਚ, ਰਾਜਾ ਸ਼ਿਵ ਨਾਭ ਨੂੰ ਦੀਬਰ ਨਗਰ ਦੇ ਭਾਟੜਿਆਂ ਨੂੰ ਮੱਕਾ ਮਦੀਨਾ (ਅਰਬ) ਤੇ ਬਗਦਾਦ (ਇਰਾਕ) ਦੇ ਰੁਕਨੁਦੀਨ, ਮੱੁਲਾਂ ਜੀਵਨ ਆਦਿ ਮਜਾਵਰਾਂ, ਮੱੁਲਾਂ, ਕਾਜ਼ੀਆਂ ਤੇ ਸੂਫ਼ੀਆਂ (ਫਕੀਰਾਂ) ਨੂੰ ਗਿਰਿਨਾਰ ਪਰਬਤ (ਕਾਠੀਆਵਾੜ) ਦੇ ਅਘੋਰ ਪੰਥੀਆਂ ਨੂੰ ਸੋਮ ਨਾਥ ਦੇ ਪੰਡਿਆਂ ਤੇ ਦੁਆਰਕਾ ਦੇ ਕ੍ਰਿਸ਼ਨਾ ਨੰਦੀ ਵੈਸ਼ਣਵਾਂ ਨੂੰ ਅਤੇ ਆਸਾਪੁਰੀ (ਕੱਛ ਦੇਸ) ਦੇ ਕਾਪੜੀਆ ਪੰਥੀਆਂ ਨੂੰ ਸਤਿਨਾਮ ਦਾ ਉਪਦੇਸ਼ ਦੇ ਕੇ ਭਰਮਜਾਲ ਵਿਚੋਂ ਕੱਢਿਆ ਤੇ ਗੁਰਮਤਿ ਦੇ ਅਨੁਸਾਰ ਅਕਾਲ ਪੁਰਖ ਦੀ ਭਜਨ ਬੰਦਗੀ ਦਾ ਸੱਚਾ ਰਾਹ ਦਿਖਾਇਆ ਸੀ |
ਬਗਦਾਦ ਦੇ ਇਕ ਤੁਰਕੀ ਸ਼ਿਲਾਲੇਖ ਦੇ ਅਨੁਸਾਰ ਜੋ ਉਥੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਯਾਦਗਾਰੀ ਸਥਾਨ 'ਤੇ ਲੱਗਾ ਹੋਇਆ ਹੈ, ਗੁਰੂ ਜੀ ਦੀ ਬਗਦਾਦ ਫੇਰੀ ਸੰਨ 917 ਹਿਜਰੀ ਮੁਤਾਬਿਕ ਸੰਮਤ 1569 ਬਿ: (ਸੰਨ 1512 ਈ:) ਵਿਚ ਬਣਦੀ ਹੈ | ਇਸ ਤੋਂ ਸਾਬਤ ਹੁੰਦਾ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਇਸ ਦੱਖਣ ਦੀ ਉਦਾਸੀ ਵਿਚ ਹੀ ਸੰਗਲਾਦੀਪ ਥੀਂ ਹੋ ਕੇ ਸਿੱਧੇ ਮੱਕੇ ਮਦੀਨੇ (ਅਰਬ) ਤੇ ਬਗਦਾਦ (ਇਰਾਕ) ਗਏ ਸਨ, ਤੀਜੀ ਜਾਂ ਚੌਥੀ ਉਦਾਸੀ ਸਮੇਂ ਨਹੀਂ, ਜਿਵੇਂ ਕਿ ਭਾਈ ਸੰਤੋਖ ਸਿੰਘ, ਗਿਆਨੀ ਗਿਆਨ ਸਿੰਘ ਆਦਿ ਕਈ ਲਿਖਾਰੀਆਂ ਨੇ ਕੁਝ ਅਨੁਮਾਨ ਲਗਾਏ ਹਨ |
ਗੁਰੂ ਜੀ ਦੀ ਇਹ ਦੂਜੀ ਉਦਾਸੀ, ਜੋ ਦੱਖਣ ਦੀ ਉਦਾਸੀ ਦੇ ਨਾਂਅ ਨਾਲ ਪ੍ਰਸਿੱਧ ਹੈ, ਲਗਪਗ ਪੰਜ ਸਾਲਾਂ ਵਿਚ ਪੂਰੀ ਹੋਈ ਮੰਨੀ ਜਾਂਦੀ ਹੈ | ਗੁਰੂ ਸਾਹਿਬ ਇਸ ਉਦਾਸੀ ਵਿਚ ਮੁਲਤਾਨ ਦੇ ਰਸਤੇ ਵਾਪਸ ਤਲਵੰਡੀ ਆਏ ਸਨ |
ਗੁਰੂ ਸਾਹਿਬ ਦੀ ਤੀਜੀ ਉਦਾਸੀ : ਸੰਮਤ 1574-1577 ਬਿ:
ਸ੍ਰੀ ਗੁਰੂ ਨਾਨਕ ਦੇਵ ਜੀ ਦੀ ਤੀਜੀ ਉਦਾਸੀ, ਜੋ ਉਤਰਾਖੰਡ ਅਥਵਾ ਹਿਮਾਚਲ ਪ੍ਰਦੇਸ਼ ਦੀ ਉਦਾਸੀ ਦੇ ਨਾਂਅ ਨਾਲ ਪ੍ਰਸਿੱਧ ਹੈ, ਇਹ ਉਦਾਸੀ ਜਿਸ ਤਰ੍ਹਾਂ ਕਿ ਸਿਰਲੇਖ ਤੋਂ ਹੀ ਪ੍ਰਗਟ ਹੈ, 15 ਅੱਸੂ ਸੰਮਤ 1574 ਬਿ: ਤੋਂ ਅਖੀਰ ਫੱਗਣ ਸੰਮਤ 1576 ਬਿ: ਤੱਕ ਲਗਪਗ 3 ਸਾਲ 5 ਮਹੀਨੇ ਵਿਚ ਸਥਾਪਤ ਹੁੰਦੀ ਹੈ | ਇਸ ਉਦਾਸੀ ਵਿਚ ਗੁਰੂ ਸਾਹਿਬ, ਗਿਆਨੀ ਗਿਆਨ ਸਿੰਘ ਦੇ ਕਥਨ ਅਨੁਸਾਰ ਤਲਵੰਡੀਓਾ ਕਲਾਨੌਰ, ਗੁਰਦਾਸਪੁਰ, ਦਸੂਹੇ ਕੋਟਲੇ, ਤਿਲੋਕ ਨਾਥ, ਪਾਲਮਪੁਰ, ਮੁੜੇਰਨ, ਕਾਂਗੜਾ ਜੁਆਲਾਮੁਖੀ, ਮੰਡੀ ਸੁਕੇਤ, ਰਵਾਲਸਰ, ਚੰਬਾ, ਬਿਜਲੀਆ ਮਹਾਂਦੇਵ (ਕੱੁਲੂ), ਕਹਿਲੂਰ, ਕੀਰਤਪੁਰ, ਪੰਜੌਰ, ਧਾਰਾ ਤੀਰਥ, ਕਰੋਲ, ਸ਼ਿਮਲਾ, ਸਪਾਟੂ, ਜੌਹੜਸਰ ਤੀਰਥ, ਡੇਹਰਾਦੂਨ (ਗੜ੍ਹਵਾਲ), ਮਨਸੂਰੀ, ਚਕਰੌਦੇ, ਬਸ਼ਹਿਰ, ਯਮੁਨੋਤਰੀ, ਗੰਗੋਤਰੀ, ਗੋਮੁਖੀ, ਬਦਰੀਨਾਥ, ਹੇਮਕੁੰਟ, ਸਪਤਸ਼ਿ੍ੰਗ ਆਦਿ ਥੀਂ ਹੋ ਕੇ ਹਿਮਾਲਿਆ ਦੀ ਪਰਬਤ ਘਾਟੀ ਸੁਮੇਰ ਪਰਬਤ 'ਤੇ ਪਹੁੰਚੇ ਤੇ ਉਥੇ ਗੋਰਖਨਾਥ, ਗੋਪੀਚੰਦ, ਰਾਜਾ ਭਰਥਰੀ ਨਾਥ, ਚਰਪਟ ਨਾਥ ਆਦਿ ਸਿੱਧਾਂ ਨਾਲ ਉਨ੍ਹਾਂ ਨੇ ਗੋਸ਼ਟੀ ਕੀਤੀ |
(ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)

ਸ਼ਬਦ ਵਿਚਾਰ

ਡੰੂਗਰੁ ਦੇਖਿ ਡਰਾਵਣੋ ਪੇਈਅੜੈ ਡਰੀਆਸੁ॥

ਸਿਰੀਰਾਗੁ ਮਹਲਾ ੧
ਡੂੰਗਰੁ ਦੇਖਿ ਡਰਾਵਣੋ
ਪੇਈਅੜੈ ਡਰੀਆਸੁ॥
ਊਚਉ ਪਰਬਤੁ ਗਾਖੜੋ
ਨਾ ਪਉੜੀ ਤਿਤੁ ਤਾਸੁ॥
ਗੁਰਮੁਖਿ ਅੰਤਰਿ ਜਾਣਿਆ
ਗੁਰਿ ਮੇਲੀ ਤਰੀਆਸੁ॥ ੧॥
ਭਾਈ ਰੇ ਭਵਜਲੁ ਬਿਖਮੁ ਡਰਾਂਉ॥
ਪੂਰਾ ਸਤਿਗੁਰੁ ਰਸਿ ਮਿਲੈ
ਗੁਰੁ ਤਾਰੇ ਹਰਿ ਨਾਉ॥ ੧॥ ਰਹਾਉ॥
ਚਲਾ ਚਲਾ ਜੇ ਕਰੀ ਜਾਣਾ ਚਲਣਹਾਰੁ॥
ਜੋ ਆਇਆ ਸੋ ਚਲਸੀ ਅਮਰੁ ਸੁ ਗੁਰੁ ਕਰਤਾਰੁ॥
ਭੀ ਸਚਾ ਸਾਲਾਹਣਾ ਸਚੈ ਥਾਨਿ ਪਿਆਰੁ॥ ੨॥
ਦਰ ਘਰ ਮਹਲਾ ਸੋਹਣੇ ਪਕੇ ਕੋਟ ਹਜਾਰ॥
ਹਸਤੀ ਘੋੜੇ ਪਾਖਰੇ ਲਸਕਰ ਲਖ ਅਪਾਰ॥
ਕਿਸ ਹੀ ਨਾਲਿ ਨ ਚਲਿਆ
ਖਪਿ ਖਪਿ ਮੁਏ ਅਸਾਰ॥ ੩॥
ਸੁਇਨਾ ਰੁਪਾ ਸੰਚੀਐ ਮਾਲੁ ਜਾਲੁ ਜੰਜਾਲੁ॥
ਸਭ ਜਗ ਮਹਿ ਦੋਹੀ ਫੇਰੀਐ
ਬਿਨੁ ਨਾਵੈ ਸਿਰਿ ਕਾਲੁ॥
ਪਿੰਡੁ ਪੜੈ ਜਿਉ ਖੇਲਸੀ
ਬਦਫੈਲੀ ਕਿਆ ਹਾਲੁ॥ ੪॥
ਪੁਤਾ ਦੇਖਿ ਵਿਗਸੀਐ ਨਾਰੀ ਸੇਜ ਭਤਾਰ।
ਚੋਆ ਚੰਦਨੁ ਲਾਈਐ ਕਾਪੜੁ ਰੂਪੁ ਸੀਗਾਰੁ॥
ਖੇਹੂ ਖੇਹ ਰਲਾਈਐ
ਛੋਡਿ ਚਲੈ ਘਰ ਬਰੁ॥ ੫॥
ਮਹਰ ਮਲੂਕ ਕਹਾਈਐ ਰਾਜਾ ਰਾਉ ਕਿ ਖਾਨੁ॥
ਚਉਧਰੀ ਰਾਉ ਸਦਾਈਐ
ਜਲਿ ਬਲੀਐ ਅਭਿਮਾਨ॥
ਮਨਮੁਖਿ ਨਾਮੁ ਵਿਸਾਰਿਆ
ਜਿਉ ਡਵਿ ਦਧਾ ਕਾਨੁ॥ ੬॥
ਹਉਮੈ ਕਰਿ ਕਰਿ ਜਾਇਸੀ
ਜੋ ਆਇਆ ਜਗ ਮਾਹਿ॥
ਸਭੁ ਜਗੁ ਕਾਜਲ ਕੋਠੜੀ
ਤਨੁ ਮਨੁ ਦੇਹ ਸੁਆਹਿ॥
ਗੁਰਿ ਰਾਖੇ ਸੇ ਨਿਰਮਲੇ
ਸਬਦਿ ਨਿਵਾਰੀ ਭਾਹਿ॥ ੭॥
ਨਾਨਕ ਤਰੀਐ ਸਚਿ ਨਾਮਿ
ਸਿਰਿ ਸਾਹਾ ਪਾਤਿਸਾਹੁ॥
ਮੈ ਹਰਿ ਨਾਮੁ ਨ ਵੀਸਰੈ
ਹਰਿ ਨਾਮੁ ਰਤਨੁ ਵੇਸਾਹੁ॥
ਮਨਮੁਖ ਭਉਜਲਿ ਪਚਿ ਮੁਏ
ਗੁਰਮੁਖਿ ਤਰੇ ਅਥਾਹੁ॥ ੮॥ ੧੬॥
(ਅੰਗ 63-64)
ਪਦ ਅਰਥ : ਡੂੰਗਰੁ-ਉੱਚਾ ਪਰਬਤ (ਪਹਾੜ)। ਡਰਾਵਣੋ-ਡਰਾਉਣਾ। ਪੇਈਅੜੈ-ਪੇਕੇ ਘਰ ਵਿਚ। ਡਰੀਆਸੁ-ਡਰ ਰਹੀ ਹੈ। ਗਾਖੜੋ-ਕਠਿਨ, ਔਖਾ। ਤਿਤੁ ਤਾਸੁ-ਉਸ ਪਾਸ। ਮੇਲੀ-ਮਿਲਾ ਲਿਆ। ਤਰੀਆਸੁ-ਤਰ ਕੇ ਪਾਰ ਲੰਘ ਗਈ ਹੈ। ਭਵਜਲੁ-ਸੰਸਾਰ ਸਮੁੰਦਰ। ਬਿਖਮੁ-ਔਖਾ, ਕਠਿਨ। ਡਰਾਂਉ-ਡਰਾਉਣਾ। ਰਸਿ ਮਿਲੈ-ਖੁਸ਼ ਹੋ ਕੇ ਮਿਲੇ, ਪਿਆਰ ਨਾਲ ਮਿਲੇ।
ਚਲਾ ਚਲਾ-ਚਲੇ ਜਾਣਾ ਹੈ, (ਇਸ ਸੰਸਾਰ ਤੋਂ) ਚਲੇ ਜਾਣਾ ਹੈ। ਜਾਣਾ-ਜਾਣ ਲਵਾਂ। ਚਲਣਹਾਰੁ-(ਸਭ) ਚਲਣਹਾਰ ਹਨ, ਸਭ ਨੇ ਚਲੇ ਜਾਣਾ ਹੈ, ਤੁਰ ਜਾਣਾ ਹੈ। ਅਮਰੁ-ਸਦਾ ਕਾਇਮ ਰਹਿਣ ਵਾਲਾ, ਮੌਤ ਤੋਂ ਰਹਿਤ। ਸਚੈ ਥਾਨਿ-ਸਦਾ ਥਿਰ ਰਹਿਣ ਵਾਲਾ ਸਥਾਨ, ਸਤਿਸੰਗ ਵਿਚ। ਦਰ-ਦਰ ਦਰਵਾਜ਼ੇ। ਮਹਲਾ-ਮਹਲ। ਕੋਟ-ਕਿਲ੍ਹੇ। ਹਸਤੀ-ਹਾਥੀ। ਪਾਖਰੇ-ਕਾਠੀਆਂ। ਅਪਾਰ-ਬੇਅੰਤ। ਕਿਸਹੀ ਨਾਲਿ-ਕੋਈ ਕਿਸੇ ਨਾਲ। ਨ ਚਲਿਆ-ਨਹੀਂ ਜਾਂਦੇ। ਅਸਾਰ-ਬੇਖ਼ਬਰ, ਬੇਸਮਝ। ਰੁਪਾ-ਚਾਂਦੀ। ਸੰਚੀਐ-ਇਕੱਠਾ ਕਰ ਲਈਏ। ਮਾਲੁ ਜਾਲੁ-ਮਾਲ ਧਨ। ਦੋਹੀ-ਦੁਹਾਈ, ਢੰਡੋਰਾ। ਦੋਹੀ ਫੇਰੀਐ-ਢੰਡੋਰਾ ਫਿਰਾ ਦੇਵੇ, ਢੰਡੋਰਾ ਪਿਟਾ ਦੇਵੇ। ਸਿਰਿ ਕਾਲੁ-ਸਿਰ ਉੱਪਰ ਕਾਲ (ਖੜ੍ਹਾ ਹੀ ਰਹਿੰਦਾ ਹੈ)। ਪਿੰਡੁ-ਸਰੀਰ। ਪਿੰਡੁ ਪੜੈ-ਸਰੀਰ ਢਹਿ ਪੈਂਦਾ ਹੈ। ਜੀਉ ਜੀਵ ਆਤਮਾ। ਖੇਲਸੀ-ਖੇਲੇਗਾ, ਉਡਾਰੀ ਮਾਰ ਜਾਵੇਗਾ। ਬਦਫੈਲੀ-ਬੁਰੇ ਕਰਮ ਕਰਨ ਨਾਲ। ਕਿਆ ਹਾਲੁ-ਕਿਆ ਹਸ਼ਰ ਹੁੰਦਾ ਹੈ।
ਅਸਟਪਦੀ ਦੀਆਂ ਰਹਾਉ ਵਾਲੀਆਂ ਤੁਕਾਂ ਵਿਚ ਗੁਰੂ ਬਾਬਾ ਸੋਝੀ ਬਖਸ਼ਿਸ਼ ਕਰ ਰਹੇ ਹਨ ਕਿ ਇਸ ਸੰਸਾਰ ਸਮੁੰਦਰ 'ਚੋਂ ਤਰਨਾ ਬੜਾ ਕਠਿਨ ਹੈ ਅਤੇ ਡਰਾਉਣਾ ਵੀ ਪਰ ਜੇਕਰ ਸਤਿਗੁਰੂ ਨਾਲ ਮਿਲਾਪ ਹੋ ਜਾਵੇ ਤਾਂ ਪਰਮਾਤਮਾ ਦੇ ਨਾਮ ਵਿਚ ਲਿਵ ਨੂੰ ਜੋੜਨ ਨਾਲ ਪ੍ਰਾਣੀ (ਭਵਸਾਗਰ 'ਚੋਂ ਤਰ ਕੇ) ਪਾਰ ਹੋ ਜਾਂਦਾ ਹੈ।
ਵਾਸਤਵ ਵਿਚ ਪਰਮਾਤਮਾ ਇਕ ਬੜਾ ਸੁੰਦਰ ਹਰਿਮੰਦਰ ਹੈ, ਜੋ ਨਾਮ ਰੂਪੀ ਮੋਤੀਆਂ, ਹੀਰਿਆਂ ਅਤੇ ਚਮਕਦੇ ਲਾਲਾਂ ਨਾਲ ਭਰਿਆ ਹੋਇਆ ਹੈ, ਜਿਸ ਦੇ ਚਾਰ-ਚੁਫੇਰੇ ਸੋਨੇ ਦਾ ਸੁੰਦਰ ਕਿਲ੍ਹਾ ਉਸਰਿਆ ਹੋਇਆ ਹੈ ਪਰ ਇਸ ਸੁੰਦਰ ਕਿਲ੍ਹੇ 'ਤੇ ਪੌੜੀ ਤੋਂ ਬਿਨਾਂ ਕਿਵੇਂ ਚੜ੍ਹਿਆ ਜਾਵੇ (ਕਿਵੇਂ ਦਰਸ਼ਨ ਕੀਤੇ ਜਾਣ), ਗੁਰੂ ਬਾਬਾ ਸੋਝੀ ਬਖਸ਼ਿਸ਼ ਕਰ ਰਹੇ ਹਨ ਕਿ ਜੇਕਰ ਗੁਰੂ ਦੇ ਚਰਨਾਂ ਅਥਵਾ ਪ੍ਰਭੂ ਵਿਚ ਧਿਆਨ ਧਰਿਆ ਜਾਵੇ ਤਾਂ ਸਹਿਜੇ ਹੀ ਦਰਸ਼ਨ ਹੋ ਜਾਂਦੇ ਹਨ-
ਪ੍ਰਭੁ ਹਰਿਮੰਦਰੁ ਸੋਹਣਾ
ਤਿਸੁ ਮਹਿ ਮਾਣਕ ਲਾਲ॥
ਮੋਤੀ ਹੀਰਾ ਨਿਰਮਲਾ
ਕੰਚਨ ਕੋਟ ਰੀਸਾਲ॥
ਬਿਨੁ ਪਉੜੀ ਗੜਿ ਕਿਉ ਚੜਉ
ਗੁਰ ਹਰਿ ਧਿਆਨ ਨਿਹਾਲ॥
(ਸਿਰੀਰਾਗੁ ਮਹਲਾ ੧, ਅੰਗ 17)
ਮਾਣਕ-ਮੋਤੀ। ਕੰਚਨ ਕੋਟ-ਸੋਨੇ ਦਾ ਕਿਲ੍ਹਾ। ਰੀਸਾਲ-ਸੋਹਣਾ, ਸੁੰਦਰ। ਗੜਿ-ਕਿਲ੍ਹੇ 'ਤੇ। ਨਿਹਾਲ-ਦਰਸ਼ਨ ਹੋ ਜਾਂਦੇ ਹਨ।
ਮਨੁੱਖ ਇਸ ਸੰਸਾਰ ਵਿਚ ਨੰਗਾ ਆਉਂਦਾ ਹੈ ਅਤੇ ਅੰਤ ਨੂੰ ਨੰਗਾ ਹੀ (ਖਾਲੀ ਹੱਥ) ਤੁਰ ਜਾਂਦਾ ਹੈ। ਰਾਜਾ ਹੋਵੇ ਜਾਂ ਅਮੀਰ, ਕੋਈ ਵੀ ਇਥੇ ਸਦਾ ਲਈ ਨਹੀਂ ਰਹਿੰਦਾ। ਰਾਗੁ ਭੈਰਉ ਵਿਚ ਆਪ ਜੀ ਦੇ ਪਾਵਨ ਬਚਨ ਹਨ-
ਨਾਂਗੇ ਆਵਨੁ ਨਾਂਗੇ ਜਾਨਾ॥
ਕੋਇ ਨ ਰਹਿਹੈ ਰਾਜਾ ਰਾਨਾ॥
(ਅੰਗ 1157-58)
ਜਿਸ ਦੇ ਬੂਹੇ 'ਤੇ ਹਾਥੀ ਬੱਧੇ ਰਹਿੰਦੇ ਸੀ, ਉਹ (ਅੱਜ) ਕਿਥੇ ਗਏ। (ਦੱਸਦੇ ਹਨ ਕਿ) ਲੰਕਾ ਦਾ ਕਿਲ੍ਹਾ ਸੋਨੇ ਦਾ ਬਣਿਆ ਹੋਇਆ ਸੀ। ਮੂਰਖ ਰਾਵਣ ਆਖਰ ਨੂੰ ਆਪਣੇ ਨਾਲ ਕੁਝ ਵੀ ਤਾਂ ਲੈ ਕੇ ਨਹੀਂ ਗਿਆ-
ਕਹਾ ਭਇਓ ਦਰਿ ਬਾਂਧੇ ਹਾਥੀ॥
ਅਥਵਾ
ਲੰਕਾ ਗਢੁ ਸੋਨੇ ਕਾ ਭਇਆ॥
ਮੂਰਖੁ ਰਾਵਨੁ ਕਿਆ ਲੇ ਗਇਆ॥
(ਅੰਗ 1158)
ਅੰਤ ਨੂੰ ਕੀਤੇ ਚੰਗੇ-ਮੰਦੇ ਕੰਮਾਂ ਦਾ ਫਲ ਆਪ ਹੀ ਭੁਗਤਣਾ ਪੈਂਦਾ ਹੈ-
ਮੰਦਾ ਚੰਗਾ ਆਪਣਾ
ਆਪੇ ਹੀ ਕੀਤਾ ਪਾਵਣਾ॥
(ਰਾਗੁ ਆਸਾ ਮਹਲਾ ੧, ਅੰਗ 470)
ਅਥਵਾ
ਕਰਿ ਅਉਗਣ ਪਛੋਤਾਵਣਾ॥
(ਅੰਗ 470)
ਅੱਖਰੀਂ ਅਰਥ : ਉੱਚੇ ਡਰਾਉਣੇ ਪਰਬਤਾਂ ਨੂੰ ਦੇਖ ਕੇ ਪੇਕੇ ਘਰ ਵਿਚ ਜੀਵ-ਇਸਤਰੀ ਬੜੀ ਡਰ ਗਈ। ਅਜਿਹੇ ਉੱਚੇ ਪਰਬਤਾਂ 'ਤੇ ਜਿਥੇ ਪਰਮਾਤਮਾ ਆਪ ਵਸਦਾ ਹੈ, ਉਥੇ ਚੜ੍ਹਨਾ ਬੜਾ ਕਠਿਨ ਹੈ, ਕਿਉਂਕਿ ਉਸ ਨੂੰ ਕੋਈ ਪੌੜੀ ਨਹੀਂ ਲੱਗੀ ਹੋਈ, ਜਿਸ ਦੁਆਰਾ ਪਰਮਾਤਮਾ ਤੱਕ ਪੁੱਜ ਸਕੀਏ ਪਰ ਜਿਸ ਗੁਰਮੁਖ ਜੀਵ-ਇਸਤਰੀ ਨੂੰ ਗੁਰੂ ਨੇ ਪ੍ਰਭੂ ਦੇ ਚਰਨਾਂ ਵਿਚ ਮਿਲਾ ਲਿਆ, ਉਸ ਨੇ ਆਪਣੇ ਹੀ ਅੰਦਰ ਵਸਦੇ ਪ੍ਰਭੂ ਨੂੰ ਪਛਾਣ ਲਿਆ ਹੈ ਅਤੇ ਉਹ ਤਰ ਕੇ ਸੰਸਾਰ ਸਮੁੰਦਰ 'ਚੋਂ ਪਾਰ ਲੰਘ ਗਈ।
ਹੇ ਭਾਈ, ਇਸ ਸੰਸਾਰ ਸਮੁੰਦਰ 'ਚੋਂ ਤਰਨਾ ਬੜਾ ਔਖਾ ਹੈ ਅਤੇ ਡਰਾਉਣਾ ਵੀ ਪਰ ਪੂਰਾ ਸਤਿਗੁਰੂ ਜੇਕਰ ਪ੍ਰਸੰਨ ਹੋ ਕੇ ਮਿਲ ਪਵੇ ਤਾਂ ਪਰਮਾਤਮਾ ਦੇ ਨਾਮ ਸਦਕਾ ਉਹ ਜੀਵ ਦਾ ਪਾਰਉਤਾਰਾ ਕਰ ਦਿੰਦਾ ਹੈ।
ਜੇਕਰ ਇਹ ਚੇਤੇ ਰੱਖੀਏ ਕਿ ਮੈਂ ਇਥੋਂ ਜ਼ਰੂਰ ਤੁਰ ਜਾਣਾ ਹੈ ਅਤੇ ਇਹ ਵੀ ਸਮਝ ਲਈਏ ਕਿ ਸਾਰਾ ਜਗਤ ਹੀ ਚੱਲਣਹਾਰ ਹੈ, ਜੋ ਵੀ ਜਗਤ ਵਿਚ ਆਇਆ ਹੈ, ਉਸ ਨੇ ਤੁਰ ਜਾਣਾ ਹੈ, ਮੌਤ ਤੋਂ ਰਹਿਤ ਕੇਵਲ ਗੁਰੂ ਪਰਮਾਤਮਾ ਹੀ ਹੈ ਤਾਂ ਫਿਰ ਸਤਿਸੰਗਤ ਵਿਚ ਪਿਆਰ ਪਾ ਕੇ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਨੀ ਚਾਹੀਦੀ ਹੈ।
ਸੁੰਦਰ ਦਰਵਾਜ਼ਿਆਂ ਵਾਲੇ ਘਰ, ਮਹਲ, ਹਜ਼ਾਰਾਂ ਪੱਕੇ ਕਿਲ੍ਹੇ, ਹਾਥੀ, ਘੋੜੇ, ਕਾਠੀਆਂ ਅਤੇ ਲੱਖਾਂ ਬੇਅੰਤ ਫੌਜਾਂ ਦੇ ਮਾਲਕ ਵੀ ਕਿਉਂ ਨਾ ਹੋਈਏ, ਅੰਤ ਵੇਲੇ ਕੁਝ ਵੀ ਕਿਸੇ ਦੇ ਨਾਲ ਨਹੀਂ ਜਾਂਦਾ। ਬੇਸਮਝ ਮਨੁੱਖ ਐਵੇਂ ਹੀ ਖਪ-ਖਪ ਕੇ ਮਰਦੇ ਰਹੇ।
ਸੋਨਾ, ਚਾਂਦੀ ਇਕੱਠਾ ਕਰਨਾ ਇਹ ਸਭ ਮਾਇਆ ਵਿਚ ਫਸਣ ਲਈ ਜਾਲ ਹੀ ਬਣਦਾ ਹੈ। ਜੇਕਰ ਮਨੁੱਖ ਸਾਰੇ ਜਗਤ ਵਿਚ (ਆਪਣੇ ਵਡੱਪਣ) ਦਾ ਢੰਡੋਰਾ ਵੀ ਪਿਟਾ ਦੇਵੇ ਪਰ ਫਿਰ ਵੀ ਪ੍ਰਭੂ ਦੇ ਨਾਮ ਤੋਂ ਬਿਨਾਂ ਮੌਤ ਦਾ ਡਰ ਸਦਾ ਬਣਿਆ ਰਹਿੰਦਾ ਹੈ। ਜਦੋਂ ਸਰੀਰ ਢਹਿ-ਢੇਰੀ ਹੋ ਜਾਂਦਾ ਹੈ ਅਤੇ ਜੀਵ ਆਤਮਾ ਉਡਾਰੀ ਮਾਰ ਜਾਵੇਗਾ, ਉਦੋਂ ਪਤਾ ਲੱਗੇਗਾ ਕਿ ਬੁਰੇ ਕਰਮ ਕਰਨ ਨਾਲ (ਅੱਗੇ) ਕਿਆ ਹਸ਼ਰ ਹੁੰਦਾ ਹੈ?
(ਬਾਕੀ ਅਗਲੇ ਮੰਗਲਵਾਰ ਦੇ ਅੰਕ ਵਿਚ)

-217-ਆਰ, ਮਾਡਲ ਟਾਊਨ, ਜਲੰਧਰ।

ਪ੍ਰੇਰਨਾ-ਸਰੋਤ

ਸੰਤੋਖ ਲਈ ਜ਼ਰੂਰੀ ਹੈ ਇੱਛਾ ਰਹਿਤ ਕਰਮਯੋਗ

ਇੱਛਾ ਰਹਿਤ ਕਰਮਯੋਗ, ਲਾਲਚ ਦਾ ਤਿਆਗ, ਇੱਛਾਵਾਂ 'ਤੇ ਕਾਬੂ ਅਤੇ ਗਿਆਨ ਇੰਦਰੀਆਂ 'ਤੇ ਕਾਬੂ ਪਾ ਕੇ ਸੰਤੋਖ ਪ੍ਰਾਪਤ ਕੀਤਾ ਜਾ ਸਕਦਾ ਹੈ | ਅੱਖਾਂ, ਨੱਕ, ਕੰਨ, ਜੀਭ, ਚਮੜੀ ਅਜਿਹੀਆਂ ਗਿਆਨ ਇੰਦਰੀਆਂ ਹਨ, ਜੋ ਸਾਨੂੰ ਬਾਹਰੀ ਦੁਨੀਆ ਦੀ ਜਾਣਕਾਰੀ ਦਿੰਦੀਆਂ ਹਨ ਪਰ ਇਨ੍ਹਾਂ ਗਿਆਨ ਇੰਦਰੀਆਂ 'ਤੇ ਕਾਬੂ ਕਰਨ ਵਾਲਾ ਹੈ ਦਿਮਾਗ ਪਰ ਦਿਮਾਗ ਵਿਚ ਹੀ ਵਿਚਾਰ ਅਤੇ ਇੱਛਾਵਾਂ ਪੈਦਾ ਹੁੰਦੀਆਂ ਹਨ | ਸਵਾਮੀ ਵਿਵੇਕਾਨੰਦ ਕਰਮਯੋਗ ਵਿਚ ਲਿਖਦੇ ਹਨ ਕਿ ਇੱਛਾਵਾਂ 'ਤੇ ਕਾਬੂ ਰੱਖ ਕੇ ਕੀਤਾ ਕਰਮ ਅਸਲ ਸੰਤੋਖ ਦਿੰਦਾ ਹੈ | ਸੰਤੋਖ ਹੀ ਸਭ ਤੋਂ ਵੱਡਾ ਧਰਮ ਹੈ | ਭਾਰਤੀ ਸੱਭਿਆਚਾਰ ਸੰਤੋਖ 'ਤੇ ਆਧਾਰਿਤ ਹੈ | ਸੰਤੋਖ ਹੀ ਸਭ ਤੋਂ ਵੱਡੀ ਸੰਪਤੀ ਹੈ | ਭੌਤਿਕ ਸੁੱਖ-ਸਹੂਲਤਾਂ ਦੇ ਸਾਧਨ ਤਾਂ ਸਭ ਬਣਾਵਟੀ ਹਨ | ਅਧਿਆਤਮਕ ਤੌਰ 'ਤੇ ਸੁਖੀ ਹੋਣ ਤੋਂ ਭਾਵ ਹੈ ਦੂਜਿਆਂ ਨੂੰ ਸੁਖੀ ਕਰਨਾ | ਜੀਵਨ ਦੀ ਗਤੀ ਨਾਲ ਭੌਤਿਕ ਸਾਧਨ ਇਕੱਤਰ ਕਰਕੇ ਸੁੱਖ ਤੇ ਸ਼ਾਂਤੀ ਨਹੀਂ ਪਾਏ ਜਾ ਸਕਦੇ | ਵਿਵੇਕਾਨੰਦ ਕਹਿੰਦੇ ਹਨ ਕਿ ਸੰਤੋਖ ਦਾ ਆਦਰਸ਼ ਤਾਂ ਇਹ ਹੀ ਹੈ ਕਿ ਅਸੀਂ ਆਪਣੀਆਂ ਇੱਛਾਵਾਂ 'ਤੇ ਕਾਬੂ ਰੱਖ ਕੇ ਇਮਾਨਦਾਰੀ ਨਾਲ ਕਰਮ ਕਰੀਏ | ਇਸ ਦੇ ਫਲ ਪ੍ਰਾਪਤੀ ਬਾਰੇ ਬਹੁਤਾ ਨਾ ਸੋਚੀਏ ਅਤੇ ਫਲ ਨੂੰ ਹਾਲਾਤ 'ਤੇ ਛੱਡ ਦੇਈਏ | ਸਮਾਜ ਲਈ ਉਪਯੋਗੀ ਹੋਣ ਦੀ ਭਾਵਨਾ ਨਾਲ ਕਰਮ ਕਰੋ | ਅਜਿਹਾ ਕਰਮ ਤੁਹਾਨੂੰ ਭੌਤਿਕ ਸੱੁਖ ਤਾਂ ਭਾਵੇਂ ਘੱਟ ਦੇਵੇ ਪਰ ਇਹ ਤੁਹਾਨੂੰ ਮਾਨਸਿਕ ਸੁੱਖ ਤੇ ਸੰਤੋਖ ਦੇਵੇਗਾ |

-ਸਵਾਮੀ ਵਿਵੇਕਾਨੰਦ ਸਟੱਡੀ ਸਰਕਲ, ਜਲੰਧਰ | ਮੋਬਾ: 62805-75943

ਧਾਰਮਿਕ ਅਤੇ ਸਮਾਜ ਸੇਵੀ ਕਾਰਜਾਂ ਨੂੰ ਸਮਰਪਿਤ ਸ਼ਖ਼ਸੀਅਤ ਭਾਈ ਹਰਿੰਦਰ ਸਿੰਘ ਚੁੰਨੀਮਾਜਰੇ ਵਾਲੇ

ਪ੍ਰੀਤ ਫਰਨੀਚਰ ਹਾਊਸ ਝੰਜੇੜੀ (ਮੁਹਾਲੀ) ਦੇ ਐਮ. ਡੀ. ਭਾਈ ਹਰਿੰਦਰ ਸਿੰਘ ਚੁੰਨੀਮਾਜਰੇ ਵਾਲਿਆਂ ਨੇ ਕਈ ਸਾਲ ਸੱਚਖੰਡ ਵਾਸੀ ਬ੍ਰਹਮ ਗਿਆਨੀ ਸੰਤ ਅਜੀਤ ਸਿੰਘ ਹੰਸਾਲੀ ਸਾਹਿਬ ਵਾਲਿਆਂ ਦੇ ਅਸਥਾਨ 'ਤੇ ਸੇਵਾ ਕੀਤੀ ਅਤੇ ਆਪਣੇ ਪਰਿਵਾਰ ਤੋਂ ਅਲੱਗ ਰਹਿ ਕੇ ਉੱਥੇ ਸੰਤਾਂ ਦੇ ਬਚਨਾਂ ਸਦਕਾ ਸੰਗਤ ਦੀ ਸੇਵਾ 'ਚ ਹਾਜ਼ਰ ਰਹੇ | ਉਥੇ ਹੀ ਉਨ੍ਹਾਂ ਨੂੰ ਸਮਾਜ ਸੇਵਾ ਅਤੇ ਧਾਰਮਿਕ ਕਾਰਜਾਂ ਦੀ ਹੋਰ ਲਗਨ ਲੱਗੀ | ਉਨ੍ਹਾਂ ਕਰੀਬ ਢਾਈ ਸਾਲ ਟਕਸਾਲ ਤੋਂ ਸੰਥਿਆ ਲਈ ਅਤੇ ਦੋ ਸਾਲ ਪਿੰਡ ਦੇ ਗੁਰੂ-ਘਰ ਸੇਵਾ ਕੀਤੀ | ਉਪਰੰਤ ਗੁਰਦੁਆਰਾ ਹੰਸਾਲੀ ਸਾਹਿਬ ਵਿਖੇ ਸੰਤ ਅਜੀਤ ਸਿੰਘ ਹੰਸਾਲੀ ਵਾਲਿਆਂ ਨਾਲ ਕਰੀਬ ਪੰਜ ਸਾਲ ਦਾ ਸਮਾਂ ਬਿਤਾਇਆ ਅਤੇ ਸੇਵਾ ਕੀਤੀ | ਭਾਈ ਹਰਿੰਦਰ ਸਿੰਘ ਦਾ ਜਨਮ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਪਿੰਡ ਚੁੰਨੀਮਾਜਰਾ ਨੇੜੇ ਹੰਸਾਲੀ ਸਾਹਿਬ ਵਿਖੇ ਹੋਇਆ ਅਤੇ ਸ਼ੁਰੂ ਤੋਂ ਹੀ ਉਨ੍ਹਾਂ ਦੀ ਗੁਰੂ-ਘਰ ਨਾਲ ਲਗਨ ਅਤੇ ਧਾਰਮਿਕ ਖੇਤਰ 'ਚ ਰੁਝਾਨ ਕਰਕੇ ਉਹ ਜ਼ਿਆਦਾਤਰ ਸੰਤ ਅਜੀਤ ਸਿੰਘ ਹੰਸਾਲੀ ਵਾਲਿਆਂ ਦੇ ਅਸਥਾਨ 'ਤੇ ਹੀ ਸੰਗਤਾਂ ਦੀ ਸੇਵਾ 'ਚ ਆਪਣਾ ਜੀਵਨ ਬਤੀਤ ਕਰਦੇ |
ਉਨ੍ਹਾਂ ਕਈ ਸਾਲ ਹੰਸਾਲੀ ਸਾਹਿਬ ਰਹਿ ਕੇ ਪਾਠ ਬੰਦਗੀ ਕੀਤੀ ਅਤੇ ਬਾਅਦ ਵਿਚ ਸੰਤ ਅਜੀਤ ਸਿੰਘ ਹੰਸਾਲੀ ਵਾਲਿਆਂ ਨੇ ਬਚਨ ਕੀਤੇ ਕਿ ਉਹ ਆਪਣੀ ਸੇਵਾ ਦੇ ਨਾਲ-ਨਾਲ ਕਿਰਤ ਕਰਨ ਅਤੇ ਆਪਣੇ ਪਰਿਵਾਰ ਵਿਚ ਰਹਿ ਕੇ ਸੰਗਤ ਦੀ ਸੇਵਾ ਕਰਨ | ਇਸ ਉਪਰੰਤ ਭਾਈ ਹਰਿੰਦਰ ਸਿੰਘ ਆਪਣੇ ਘਰ ਗਏ ਅਤੇ ਆਪਣਾ ਗ੍ਰਹਿਸਤੀ ਜੀਵਨ ਆਰੰਭ ਕੀਤਾ ਅਤੇ ਫਰਨੀਚਰ ਦੀ ਦੁਕਾਨ ਲਖਨੌਰ ਵਿਖੇ ਕੀਤੀ, ਜਿਸ ਵਿਚ 2013 ਵਿਚ ਸੰਤ ਅਜੀਤ ਸਿੰਘ ਹੰਸਾਲੀ ਵਾਲੇ ਪੁੱਜੇ ਅਤੇ ਕਾਰਜ ਦੀ ਵਧਾਈ ਦਿੱਤੀ | ਭਾਈ ਹਰਿੰਦਰ ਸਿੰਘ ਦਾ ਕਹਿਣਾ ਹੈ ਕਿ ਆਪਣੇ ਦੁਨਿਆਵੀ ਕਾਰੋਬਾਰ ਦੇ ਨਾਲ-ਨਾਲ ਕਿਰਤ ਕਰਦਿਆਂ ਦੂਜਿਆਂ ਦੇ ਲਈ ਵੀ ਧਾਰਮਿਕ ਕਾਰਜਾਂ 'ਚ ਸ਼ਿਰਕਤ ਕਰਨਾ ਮੇਰੇ ਜੀਵਨ ਦਾ ਅੰਗ ਬਣ ਗਿਆ ਹੈ | ਉਨ੍ਹਾਂ ਕਿਹਾ ਕਿ ਉਨ੍ਹਾਂ ਵਲੋਂ ਹਰ ਸਾਲ ਧਾਰਮਿਕ ਯਾਤਰਾਵਾਂ ਤੋਂ ਇਲਾਵਾ ਨਗਰ ਕੀਰਤਨ ਵੀ ਕੱਢੇ ਗਏ ਹਨ ਅਤੇ ਵੱਖ-ਵੱਖ ਧਾਰਮਿਕ ਸ਼ਖ਼ਸੀਅਤਾਂ ਨਾਲ ਮਿਲ ਕੇ ਧਰਮ ਦੇ ਪ੍ਰਚਾਰ 'ਚ ਵੀ ਆਪਣਾ ਬਣਦਾ ਯੋਗਦਾਨ ਪਾਇਆ ਜਾ ਰਿਹਾ ਹੈ |

-ਮੁਹਾਲੀ | ਮੋਬਾ: 98157-07865

ਬਰਸੀ 'ਤੇ ਵਿਸ਼ੇਸ਼

ਪਰਉਪਕਾਰੀ ਮਹਾਂਪੁਰਸ਼ ਬਾਬਾ ਮੱਘਰ ਸਿੰਘ ਰਾਮਗੜ੍ਹ ਵਾਲੇ

ਸ੍ਰੀ ਗੁਰੂ ਨਾਨਕ ਦੇਵ ਜੀ ਵਲੋਂ ਭੱੁਲੀ-ਭਟਕੀ ਲੋਕਾਈ ਨੂੰ ਸ਼ਾਂਤਮਈ ਢੰਗ ਨਾਲ ਗੁਰਬਾਣੀ ਉਪਦੇਸ਼ ਨਾਲ ਸੱਚ ਦੇ ਮਾਰਗ 'ਤੇ ਤੋਰਨ ਲਈ ਜੋ ਮਿਸ਼ਨ ਚਲਾਇਆ, ਉਹ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੱਕ ਗਰੀਬ-ਮਜ਼ਲੂਮਾਂ 'ਤੇ ਜ਼ਾਲਮ ਹਕੂਮਤ ਵਲੋਂ ਹੋ ਰਹੇ ਜ਼ੁਲਮ ਨਾਲ ਟੱਕਰ ਲੈਣ ਲਈ ਖ਼ਾਲਸਾ ਪੰਥ ਦੀ ਸਾਜਨਾ ਤੋਂ ਲੈ ਕੇ ਕੌਮ ਲਈ ਸਰਬੰਸ ਵਾਰਨ ਤੱਕ ਹੀ ਸੀਮਤ ਨਹੀਂ ਰਿਹਾ, ਸਗੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਰਾਹੀਂ ਭੁੱਲੀ-ਭਟਕੀ ਲੋਕਾਈ ਨੂੰ ਸੇਧ ਦੇਣ ਲਈ ਸੰਤ-ਮਹਾਂਪੁਰਸ਼ ਅੱਜ ਵੀ ਇਸ ਦੁਨੀਆ 'ਤੇ ਵਿਚਰਦੇ ਪਰਉਪਕਾਰ ਕਮਾ ਰਹੇ ਹਨ, ਜਿਨ੍ਹਾਂ ਵਿਚੋਂ ਬਾਬਾ ਮੱਘਰ ਸਿੰਘ ਰਾਮਗੜ੍ਹ ਵਾਲਿਆਂ ਦਾ ਵਿਸ਼ੇਸ਼ ਜ਼ਿਕਰ ਆਉਂਦਾ ਹੈ |
ਬਾਬਾ ਜੀ ਨੇ ਜੈਤੋ ਦੇ ਮੋਰਚੇ ਲਈ ਸਿੰਘਾਂ ਦੇ ਜਥੇ ਭੇਜੇ, ਹੇਰਾਂ ਪਿੰਡ ਦੇ ਗੁਰਦੁਆਰੇ ਨੂੰ ਮਹੰਤਾਂ ਤੋਂ ਆਜ਼ਾਦ ਕਰਵਾਉਣ ਲਈ ਲੱਗੇ ਮੋਰਚੇ ਦੀ ਅਗਵਾਈ ਕੀਤੀ | ਆਖਰੀ ਦਿਨਾਂ ਵਿਚ ਬਾਬਾ ਜੀ ਪਿੰਡ ਦੇਹੜਕਾ ਵਿਖੇ ਚੜ੍ਹਦੇ ਪਾਸੇ ਆ ਕੇ ਬਿਰਾਜੇ ਸਨ ਅਤੇ ਪ੍ਰਭੂ ਭਗਤੀ ਵਿਚ ਲੀਨ ਰਹੇ |
ਬਾਬਾ ਮੱਘਰ ਸਿੰਘ ਦਾ ਜਨਮ ਪਿੰਡ ਰਾਮਗੜ੍ਹ ਭੁੱਲਰ (ਜਗਰਾਉਂ) ਵਿਖੇ ਪਿਤਾ ਸ਼ੋਭਾ ਸਿੰਘ ਦੇ ਘਰ ਮਾਤਾ ਨੰਦ ਕੌਰ ਦੀ ਕੁੱਖੋਂ 30 ਮੱਘਰ ਸੰਮਤ 1947 (13 ਦਸੰਬਰ, 1890) ਨੂੰ ਹੋਇਆ | ਆਪ ਦੇ ਦੋ ਵਿਆਹ ਹੋਏ, ਪਹਿਲਾ ਵਿਆਹ ਟੂਸੇ ਪਿੰਡ ਦੇ ਸਮੁੰਦ ਸਿੰਘ ਦੀ ਲੜਕੀ ਬੀਬੀ ਧੰਨ ਕੌਰ ਨਾਲ ਹੋਇਆ ਤੇ ਦੂਸਰਾ ਵਿਆਹ ਪਿੰਡ ਮੱਲ੍ਹਾ (ਜਗਰਾਉਂ) ਦੇ ਬੁੱਧ ਸਿੰਘ ਦੀ ਲੜਕੀ ਨਾਲ ਹੋਇਆ ਪਰ ਆਪ ਜੀ ਦੇ ਕੋਈ ਔਲਾਦ ਨਹੀਂ ਸੀ | 2 ਜਨਵਰੀ, 1911 ਨੂੰ ਆਪ ਜੀ ਫ਼ੌਜ ਵਿਚ ਭਰਤੀ ਹੋ ਗਏ ਅਤੇ ਫ਼ੌਜ ਛੱਡਣ ਉਪਰੰਤ ਧਰਮ ਦਾ ਪ੍ਰਚਾਰ ਕਰਦਿਆਂ 34 ਸਾਲ ਦੀ ਉਮਰ ਬਿਤਾਅ ਕੇ 4 ਦਸੰਬਰ, 1924 ਨੂੰ ਪਿੰਡ ਦੇਹੜਕਾ ਵਿਖੇ ਪੰਜ ਭੂਤਕ ਸਰੀਰ ਦਾ ਪ੍ਰਤਿਆਗ ਕਰਕੇ ਨਿਰੰਕਾਰ ਦੇ ਦੇਸ਼ ਜਾ ਬਿਰਾਜੇ | ਦੇਹੜਕੇ ਤੇ ਇਲਾਕੇ ਦੀਆਂ ਸੰਗਤਾਂ ਨੇ ਉਨ੍ਹਾਂ ਦੇ ਪੰਜ ਭੂਤਕ ਸਰੀਰ ਦਾ ਅੰਤਿਮ ਸੰਸਕਾਰ ਉਨ੍ਹਾਂ ਦੀ ਇੱਛਾ ਅਨੁਸਾਰ ਗੁਰਦੁਆਰਾ ਟਾਹਲੀਆਣਾ ਸਾਹਿਬ ( ਰਾਏਕੋਟ) ਵਿਖੇ ਕੀਤਾ, ਜਿੱਥੇ ਉਨ੍ਹਾਂ ਦੀ ਯਾਦ ਵੀ ਬਣੀ ਹੋਈ ਹੈ |
ਮੱਘਰ ਮਹੀਨੇ ਜਨਮੇ ਬਾਬਾ ਮੱਘਰ ਸਿੰਘ, ਮੱਘਰ ਮਹੀਨੇ ਹੀ ਸੱਚਖੰਡ ਪਿਆਨਾ ਕਰ ਗਏ | ਅੱਜ ਉਨ੍ਹਾਂ ਦੀ 94ਵੀਂ ਬਰਸੀ ਨੂੰ ਸਮਰਪਿਤ ਉਨ੍ਹਾਂ ਦੇ ਤਪ ਅਸਥਾਨ ਗੁਰਦੁਆਰਾ ਬਾਬਾ ਮੱਘਰ ਸਿੰਘ ਪਿੰਡ ਦੇਹੜਕਾ (ਲੁਧਿਆਣਾ) ਵਿਖੇ ਸੰਗਤਾਂ ਵਲੋਂ ਉਨ੍ਹਾਂ ਪ੍ਰਤੀ ਸ਼ਰਧਾ ਭਾਵਨਾ ਤੇ ਆਪਸੀ ਏਕੇ ਦਾ ਪ੍ਰਗਟਾਵਾ ਕਰਦਿਆਂ 7 ਰੋਜ਼ਾ ਕਰਵਾਏ ਜਾ ਰਹੇ ਮਹਾਨ ਧਾਰਮਿਕ ਸਮਾਗਮ ਦੀ ਸਮਾਪਤੀ ਮੌਕੇ 3 ਸ੍ਰੀ ਸੰਪਟ ਅਖੰਡ ਪਾਠ, ਅਤੇ 150 ਸ੍ਰੀ ਅਖੰਡ ਪਾਠਾਂ ਦੇ ਭੋਗ ਪੈ ਰਹੇ ਹਨ, ਜਿਸ ਵਿਚ ਸ਼ਰਧਾਲੂ ਸੰਗਤਾਂ ਦੂਰ-ਦੂਰ ਤੋਂ ਪੁੱਜੀਆਂ ਹੋਈਆਂ ਹਨ | ਬਾਬਾ ਮੱਘਰ ਸਿੰਘ ਦੇ ਬਰਸੀ ਸਮਾਗਮ ਪਿੰਡ ਛੀਨੀਵਾਲ ਵੀ ਮਨਾਏ ਜਾਂਦੇ ਹਨ ਅਤੇ ਉਨ੍ਹਾਂ ਦੇ ਸਹੁਰਾ ਪਿੰਡ ਮੱਲ੍ਹੇ ਤੇ ਜਨਮ ਨਗਰ ਪਿੰਡ ਰਾਮਗੜ੍ਹ ਭੁੱਲਰ ਵਿਖੇ ਵੀ ਬਾਬਾ ਜੀ ਦਾ ਜਨਮ ਦਿਹਾੜਾ ਮਨਾਇਆ ਜਾਂਦਾ ਹੈ |

-ਮੋਬਾ: 98721-93320

ਫ਼ਰੀਦ ਬਾਣੀ ਦਾ ਇਕੱਤਰੀਕਰਨ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਲੋਕੀਂ ਹੈਰਾਨ ਹੋ ਕੇ ਪੱੁਛਣ ਲੱਗੇ ਕਿ ਉਨ੍ਹਾਂ ਕਦੋਂ ਰੋਟੀ ਖਾ ਲਈ ਹੈ ਤਾਂ ਬਾਬਾ ਫ਼ਰੀਦ ਨੇ ਕਾਠ ਦੀ ਰੋਟੀ ਵਾਲੀ ਗੱਲ ਸੁਣਾ ਦਿੱਤੀ | ਇਹ ਇਕ ਤਰ੍ਹਾਂ ਦਾ ਝੂਠ ਸੀ | ਇਸ ਝੂਠ ਦਾ ਫ਼ਰੀਦ ਦੇ ਮਨ ਉੱਪਰ ਕੀ ਅਸਰ ਹੋਇਆ? ਇਸ ਬਾਰੇ ਸਾਖੀਕਾਰ ਲਿਖਦਾ ਹੈ, 'ਤਬ ਸੇਖ ਫਰੀਦ ਰੋਟੀ ਕਾਠ ਕੀ ਸੁਟ ਪਾਈ | ਆਖਿਓਸੁ ਇਕ ਵਾਰੀ ਕੂੜ ਆਖੇ ਦਾ ਸਦਕਾ ਰਾਜੇ ਇਤਨੀ ਸਜਾਇ ਪਾਈ ਹੈ, ਮੇਰਾ ਕਿਆ ਹਵਾਲ ਹੋਵੈਗਾ | ਤਬ ਸਾਬੇ ਦੀ ਖੁਸੀ ਹੋਈ | ਸੇਖ ਫ਼ਰੀਦ ਵਿੱਦਿਆ ਕੀਤਾ |'
'ਪੁਰਾਤਨ ਜਨਮ ਸਾਖੀ' ਦੀ ਹੀ ਸਾਖੀ ਨੰ: 32 'ਸ਼ੇਖ ਬਿ੍ਹਮ ਨਾਲ ਗੋਸ਼ਟਿ' ਹੈ, ਜਿਸ ਵਿਚ ਸਾਖੀਕਾਰ ਸਪੱਸ਼ਟ ਤੌਰ 'ਤੇ ਲਿਖਦਾ ਹੈ ਕਿ ਗੁਰੂ ਨਾਨਕ ਦੇਵ ਜੀ ਵੇਲੇ ਸ਼ੇਖ਼ ਫ਼ਰੀਦ ਦੀ ਗੱਦੀ ਉੱਪਰ ਸ਼ੇਖ ਬਿ੍ਹਮ (ਇਬਰਾਹੀਮ) ਬੈਠਾ ਸੀ | ਗੁਰੂ ਜੀ ਪਾਕਪਟਨ ਗਏ ਅਤੇ ਸ਼ਹਿਰ ਦੇ ਬਾਹਰਵਾਰ ਜਾ ਡੇਰਾ ਲਾਇਆ | ਉਥੇ ਹੀ ਸ਼ੇਖ ਬ੍ਰਹਮ ਦਾ ਮੁਰੀਦ ਸ਼ੇਖ ਕਮਾਲ ਆਣ ਨਿਕਲਿਆ, ਜੋ ਜੰਗਲ ਵਿਚ ਲੱਕੜੀਆਂ ਇਕੱਠੀਆਂ ਕਰ ਰਿਹਾ ਸੀ | ਮਰਦਾਨੇ ਨੇ ਰਬਾਬ ਛੇੜ ਰੱਖੀ ਸੀ ਅਤੇ ਗੁਰੂ ਜੀ ਰਾਗ ਆਸਾ ਵਿਚ ਸ਼ਬਦ ਉਚਾਰ ਰਹੇ ਸਨ | ਉਹ ਸ਼ਬਦ ਸੁਣ ਕੇ ਸ਼ੇਖ ਕਮਾਲ ਆਪਣੇ ਮੁਰਸ਼ਦ ਨੂੰ ਇਹ ਦੱਸਣ ਲਈ ਦੌੜਾ ਆਇਆ ਕਿ ਉਜਾੜ ਵਿਚ ਇਕ ਤਪਾ ਆਇਆ ਬੈਠਾ ਹੈ ਜੋ ਕਹਿ ਰਿਹਾ ਹੈ ਕਿ ਪਰਮਾਤਮਾ ਕੇਵਲ ਇਕ ਹੈ | ਸ਼ੇਖ ਬ੍ਰਹਮ ਮੁਰੀਦ ਦੇ ਨਾਲ ਹੀ ਜੰਗਲ ਵਿਚ ਬਾਬਾ ਜੀ ਕੋਲ ਆ ਗਿਆ ਤੇ ਆਉਂਦੇ ਹੀ ਗੁਰੂ ਜੀ ਨੂੰ ਸਵਾਲ ਕੀਤਾ ਕਿ ਹਿੰਦੂ ਆਖਦੇ ਹਨ ਕਿ ਸਾਡਾ ਵਿਸ਼ਵਾਸ (ਬਹੁਦੇਵ ਅਤੇ ਅਵਤਾਰਵਾਦ ਵਾਲਾ) ਸਹੀ ਹੈ ਪਰ ਤੁਸੀਂ ਤਾਂ ਕਹਿ ਰਹੇ ਹੋ ਕਿ ਪਰਮਾਤਮਾ ਕੇਵਲ ਇਕ ਹੈ | ਕਹਿਣ ਦਾ ਭਾਵ ਇਹ ਹੈ ਕਿ ਸਾਖੀਕਾਰ ਇਥੇ ਸ਼ੇਖ ਫ਼ਰੀਦ ਨਹੀਂ, ਸ਼ੇਖ ਬ੍ਰਹਮ ਦਾ ਜ਼ਿਕਰ ਕਰ ਰਿਹਾ ਹੈ | ਇਨ੍ਹਾਂ ਦੋਵਾਂ ਸਾਖੀਆਂ ਵਿਚ ਸਾਂਝੀ ਗੱਲ ਇਹ ਹੈ ਕਿ ਸ਼ੇਖ਼ ਫ਼ਰੀਦ ਬਾਣੀਕਾਰ ਵੀ ਹੈ | (ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)

-ਮੋਬਾ: 98889-39808

ਪ੍ਰਸਿੱਧ ਹਿੰਦੂ ਤੀਰਥ ਅਤੇ ਸੈਲਾਨੀ ਕੇਂਦਰ ਪੁਸ਼ਕਰ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਪੁਸ਼ਕਰ ਨਾਲ ਸਿੱਖ ਗੁਰੂ ਸਾਹਿਬਾਨਾਂ ਦਾ ਵੀ ਸਬੰਧ ਹੈ | ਇੱਥੇ ਗੁਰੂ ਨਾਨਕ ਦੇਵ ਜੀ ਆਪਣੀ ਦੱਖਣ ਵੱਲ ਦੀ ਉਦਾਸੀ ਤੋਂ ਵਾਪਸੀ ਸਮੇਂ 1511 ਈ: ਵਿਚ ਪਹੁੰਚੇ ਸਨ | ਕਿਹਾ ਜਾਂਦਾ ਹੈ ਕਿ ਇੱਥੇ ਗੁਰੂ ਨਾਨਕ ਦੇਵ ਜੀ ਨੇ ਸਾਧੂਆਂ ਨਾਲ ਗੋਸ਼ਟੀ ਕੀਤੀ ਅਤੇ ਉਨ੍ਹਾਂ ਨੂੰ ਵਿਖਾਵਿਆਂ ਦੀ ਬਜਾਏ ਚੰਗੇ ਕਰਮ ਕਮਾਉਣ ਅਤੇ ਲੋੜਵੰਦਾਂ ਦੀ ਸਹਾਇਤਾ ਕਰਨ ਦਾ ਉਪਦੇਸ਼ ਦਿੱਤਾ | ਦੱਖਣ ਵੱਲ ਜਾਂਦੇ ਸਮੇਂ ਗੁਰੂ ਗੋਬਿੰਦ ਸਿੰਘ ਜੀ 1707 ਈ: ਵਿਚ ਇੱਥੇ ਰੁਕੇ ਸਨ | ਸਥਾਨਕ ਲੋਕਾਂ ਦੇ ਅਨੁਸਾਰ ਪੁਸ਼ਕਰ ਝੀਲ ਦੇ ਇਕ ਘਾਟ ਦਾ ਨਾਂਅ ਵੀ ਗੋਬਿੰਦ ਘਾਟ ਰੱਖਿਆ ਗਿਆ ਸੀ ਪਰ ਬਾਅਦ ਵਿਚ ਬਦਲ ਕੇ ਇਸ ਦਾ ਨਾਂਅ ਗੋ (ਗਊ) ਘਾਟ ਕਰ ਦਿੱਤਾ ਗਿਆ | ਪੁਸ਼ਕਰ ਦੇ ਇਕ ਮਾਰਗ ਦਾ ਨਾਂਅ ਗੁਰੂ ਗੋਬਿੰਦ ਸਿੰਘ ਜੀ ਮਾਰਗ ਰੱਖਿਆ ਗਿਆ ਹੈ | ਇੱਥੇ ਗੁਰੂ ਸਾਹਿਬਾਨਾਂ ਦੀ ਯਾਦ ਵਿਚ 1929 ਈ: ਵਿਚ ਕੋਟੇ ਵਾਲੇ ਸੰਤਾਂ ਵਲੋਂ ਗੁਰਦੁਆਰਾ ਸਾਹਿਬ ਦਾ ਨਿਰਮਾਣ ਕਰਵਾਇਆ ਗਿਆ | ਇਸ ਗੁਰਦੁਆਰਾ ਸਾਹਿਬ ਦੀ ਇਮਾਰਤ ਕਾਫੀ ਵੱਡੀ ਹੈ | ਇੱਥੇ ਲੰਗਰ ਅਤੇ ਰਹਿਣ ਲਈ ਕਮਰਿਆਂ ਦਾ ਪ੍ਰਬੰਧ ਹੈ | ਪੰਜਾਬੋਂ ਗਏ ਯਾਤਰੀ ਅਤੇ ਸੈਲਾਨੀ ਅਕਸਰ ਇੱਥੇ ਠਹਿਰਦੇ ਹਨ | 2016 ਈ: ਦੀ ਨੋਟਬੰਦੀ ਵੇਲੇ ਵਿਦੇਸ਼ੀ ਸੈਲਾਨੀ ਇਸ ਗੁਰਦੁਆਰਾ ਸਾਹਿਬ ਵਿਚੋਂ ਵੱਡੀ ਗਿਣਤੀ ਵਿਚ ਲੰਗਰ ਛਕਦੇ ਰਹੇ |
ਪੁਸ਼ਕਰ ਦਾ ਮੇਲਾ ਹਰ ਸਾਲ ਕੱਤਕ ਦੀ ਪੂਰਨਮਾਸ਼ੀ ਨੂੰ ਲਗਦਾ ਹੈ | ਇਸ ਸਮੇਂ ਵੱਡੀ ਗਿਣਤੀ ਵਿਚ ਦੇਸ਼ੀ-ਵਿਦੇਸ਼ੀ ਸੈਲਾਨੀ ਇੱਥੇ ਪਹੁੰਚਦੇ ਹਨ | ਹਜ਼ਾਰਾਂ ਦੀ ਗਿਣਤੀ ਵਿਚ ਹਿੰਦੂ ਯਾਤਰੀ ਪੁਸ਼ਕਰ ਸਰੋਵਰ ਵਿਚ ਇਸ਼ਨਾਨ ਕਰਕੇ ਬ੍ਰਹਮਾ ਦੀ ਪੂਜਾ ਕਰਦੇ ਹਨ | ਇਸ ਮੇਲੇ ਤੋਂ ਹਫਤਾ ਪਹਿਲਾਂ ਇੱਥੇ ਵਿਸ਼ਵ ਦੇ ਸਭ ਤੋਂ ਵੱਡੇ ਊਠ ਮੇਲਿਆਂ ਵਿਚੋਂ ਇਕ ਅਤੇ ਵਿਸ਼ਵ ਪ੍ਰਸਿੱਧ ਊਠ ਮੇਲਾ ਸ਼ੁਰੂ ਹੋ ਜਾਂਦਾ ਹੈ, ਜਿਹੜਾ ਕੱਤਕ ਦੀ ਪੂਰਨਮਾਸ਼ੀ ਤੱਕ ਜਾਰੀ ਰਹਿੰਦਾ ਹੈ | ਇਸ ਮੇਲੇ ਦੀ ਪ੍ਰਸਿੱਧੀ ਦਾ ਅਨੁਮਾਨ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਇਸ ਦਾ ਆਨੰਦ ਮਾਨਣ ਲਈ ਲੱਖਾਂ ਦੇਸ਼ੀ-ਵਿਦੇਸ਼ੀ ਸੈਲਾਨੀ ਹਰ ਸਾਲ ਇਸ ਪਸ਼ੂ ਮੇਲੇ ਵਿਚ ਪਹੁੰਚਦੇ ਹਨ | ਇਸ ਮੇਲੇ ਵਿਚ ਜਿੱਥੇ ਵੱਖ-ਵੱਖ ਸੱਭਿਆਚਾਰਾਂ ਨਾਲ ਸਬੰਧਤ ਸੈਲਾਨੀ ਇੱਥੇ ਪਹੁੰਚਦੇ ਹਨ, ਉੱਥੇ ਰਾਜਸਥਾਨ ਦੇ ਪੇਂਡੂ ਲੋਕ ਆਪਣੇ ਪਸ਼ੂ ਵੇਚਣ ਅਤੇ ਖਰੀਦਣ ਲਈ ਇੱਥੇ ਵੱਡੀ ਗਿਣਤੀ ਵਿਚ ਪਹੁੰਚਦੇ ਹਨ | (ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)

-ਪਿੰਡ ਤੇ ਡਾਕ: ਆਦਮਕੇ, ਤਹਿ: ਸਰਦੂਲਗੜ੍ਹ (ਮਾਨਸਾ) |
ਮੋਬਾ: 81469-24800






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX