ਤਾਜਾ ਖ਼ਬਰਾਂ


ਸੀ.ਬੀ.ਆਈ ਵੱਲੋਂ ਸਾਂਈ ਦੇ ਠਿਕਾਣਿਆਂ 'ਤੇ ਛਾਪੇਮਾਰੀ
. . .  1 day ago
ਨਵੀਂ ਦਿੱਲੀ, 17 ਜਨਵਰੀ - ਸੀ.ਬੀ.ਆਈ ਵੱਲੋਂ ਰਿਸ਼ਵਤ ਦੇ ਮਾਮਲੇ 'ਚ ਸਪੋਰਟਸ ਅਥਾਰਿਟੀ ਆਫ਼ ਇੰਡੀਆ (ਸਾਈ) ਦੇ ਠਿਕਾਣਿਆਂ 'ਤੇ ਛਾਪੇਮਾਰੀ ਕੀਤੀ ਗਈ ਹੈ।
ਨਵੇਂ ਸਰਪੰਚਾਂ ਨੂੰ ਗਰਾਮ ਪੰਚਾਇਤਾਂ ਦਾ ਰਿਕਾਰਡ 21 ਤੱਕ ਦੇਣ ਦੇ ਹੁਕਮ
. . .  1 day ago
ਖਮਾਣੋਂ ,17 ਜਨਵਰੀ {ਮਨਮੋਹਣ ਸਿੰਘ ਕਲੇਰ}- ਰਾਜ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ {ਚੋਣ ਸ਼ਾਖਾ} ਵੱਲੋਂ ਰਾਜ ਸਮੂਹ ਜ਼ਿਲ੍ਹਾ ਵਿਕਾਸ ਅਫ਼ਸਰਾਂ ਅਤੇ ਬਲਾਕ ਵਿਕਾਸ ਅਫ਼ਸਰਾਂ ਨੂੰ ਇਕ ਪੱਤਰ ਜਾਰੀ ਕਰਦੇ ਹੋਏ ਮੌਜੂਦਾ ...
ਕੈਬਨਿਟ ਦੀ ਨਿਯੁਕਤ ਕਮੇਟੀ ਨੇ ਘਟਾਇਆ ਰਾਕੇਸ਼ ਅਸਥਾਨਾ ਸਮੇਤ 4 ਅਫਸਰਾਂ ਦਾ ਕਾਰਜਕਾਲ
. . .  1 day ago
ਨਵੀਂ ਦਿੱਲੀ, 17 ਜਨਵਰੀ - ਸੀ.ਬੀ.ਆਈ ਦੇ ਵਿਸ਼ੇਸ਼ ਨਿਰਦੇਸ਼ਕ ਰਾਕੇਸ਼ ਅਸਥਾਨਾ ਅਤੇ ਤਿੰਨ ਹੋਰ ਸੀ.ਬੀ.ਆਈ ਅਫਸਰਾਂ ਦਾ ਕਾਰਜਕਾਲ ਕੇਂਦਰੀ ਕੈਬਨਿਟ ਦੀ ਨਿਯੁਕਤ ਕਮੇਟੀ ਵੱਲੋਂ...
ਸੱਚ ਦੀ ਜਿੱਤ ਹੋਈ ਹੈ - ਅੰਸ਼ੁਲ ਛਤਰਪਤੀ
. . .  1 day ago
ਪੰਚਕੂਲਾ, 17 ਜਨਵਰੀ - ਪੱਤਰਕਾਰ ਰਾਮਚੰਦਰ ਛਤਰਪਤੀ ਹੱਤਿਆ ਮਾਮਲੇ 'ਚ ਡੇਰਾ ਸਿਰਸਾ ਪ੍ਰਮੁੱਖ ਗੁਰਮੀਤ ਰਾਮ ਰਹੀਮ ਸਮੇਤ ਚਾਰ ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਏ...
ਸੈਰ ਸਪਾਟਾ ਵਿਭਾਗ ਨੇ 7.90 ਕਰੋੜ ਦੀ ਲਾਗਤ ਨਾਲ ਛੱਤਬੀੜ ਦੀ ਕੀਤੀ ਕਾਇਆ ਕਲਪ - ਸਿੱਧੂ
. . .  1 day ago
ਜ਼ੀਰਕਪੁਰ, 17 ਜਨਵਰੀ (ਹਰਦੀਪ ਸਿੰਘ ਹੈਪੀ ਪੰਡਵਾਲਾ) - ਪੰਜਾਬ ਵਿੱਚ ਜੰਗਲੀ ਜੀਵ ਸੈਲਾਨੀਆਂ ਦੀ ਗਿਣਤੀ ਨੂੰ ਵਧਾਉਣ ਲਈ ਪੰਜਾਬ ਹੈਰੀਟੇਜ ਐਂਡ ਟੂਰਿਜ਼ਮ ਪ੍ਰਮੋਸ਼ਨ ਬੋਰਡ ਵੱਲੋਂ ਛੱਤਬੀੜ...
ਛਤਰਪਤੀ ਹੱਤਿਆ ਮਾਮਲੇ 'ਚ ਰਾਮ ਰਹੀਮ ਨੂੰ ਉਮਰ ਕੈਦ ਦੀ ਸਜ਼ਾ
. . .  1 day ago
ਪੰਚਕੂਲਾ, 17 ਜਨਵਰੀ (ਰਾਮ ਸਿੰਘ ਬਰਾੜ) - ਪੱਤਰਕਾਰ ਰਾਮਚੰਦਰ ਛਤਰਪਤੀ ਹੱਤਿਆ ਮਾਮਲੇ 'ਚ ਸੀ.ਬੀ.ਆਈ ਦੀ ਵਿਸ਼ੇਸ਼ ਅਦਾਲਤ ਨੇ ਡੇਰਾ ਸੱਚਾ ਸੌਦਾ ਪ੍ਰਮੁੱਖ ਗੁਰਮੀਤ ਰਾਮ ਰਹੀਮ...
ਭਾਰਤ ਅਤੇ ਆਸਟ੍ਰੇਲੀਆ ਵਿਚਕਾਰ ਤੀਸਰਾ ਇੱਕ ਦਿਨਾਂ ਮੈਚ ਕੱਲ੍ਹ
. . .  1 day ago
ਮੈਲਬੌਰਨ, 17 ਜਨਵਰੀ - ਭਾਰਤ ਅਤੇ ਆਸਟ੍ਰੇਲੀਆ ਵਿਚਕਾਰ ਤੀਸਰਾ ਅਤੇ ਆਖ਼ਰੀ ਇੱਕ ਦਿਨਾਂ ਮੈਚ 18 ਜਨਵਰੀ ਨੂੰ ਮੈਲਬੌਰਨ 'ਚ ਖੇਡਿਆ ਜਾਵੇਗਾ। ਦੋਵੇਂ ਟੀਮਾਂ 1-1 ਮੈਚ ਜਿੱਤ...
ਮਹਿਲਾ ਕ੍ਰਿਕਟ : ਬੀ.ਸੀ.ਸੀ.ਆਈ ਵੱਲੋਂ ਇੰਗਲੈਂਡ ਖ਼ਿਲਾਫ਼ ਘਰੇਲੂ ਲੜੀ ਲਈ ਪ੍ਰੋਗਰਾਮ ਦਾ ਐਲਾਨ
. . .  1 day ago
ਮੁੰਬਈ, 17 ਜਨਵਰੀ - ਬੀ.ਸੀ.ਸੀ.ਆਈ ਨੇ ਇੰਗਲੈਂਡ ਖ਼ਿਲਾਫ਼ ਘਰੇਲੂ ਲੜੀ ਲਈ ਪ੍ਰੋਗਰਾਮ ਦਾ ਐਲਾਨ ਕਰ ਦਿੱਤਾ ਹੈ। ਇਸ ਲੜੀ ਤਹਿਤ ਭਾਰਤੀ ਮਹਿਲਾ ਕ੍ਰਿਕਟ ਟੀਮ ਅਤੇ ਇੰਗਲੈਂਡ...
ਸੋਸ਼ਲ ਮੀਡੀਆ 'ਤੇ ਆਮ ਚੋਣਾਂ ਦੀ ਫ਼ਰਜ਼ੀ ਤਾਰੀਖ਼ ਜਾਰੀ ਕਰਨ ਵਾਲਿਆ ਖ਼ਿਲਾਫ਼ ਕਾਰਵਾਈ ਹੋਵੇ - ਚੋਣ ਕਮਿਸ਼ਨ
. . .  1 day ago
ਨਵੀਂ ਦਿੱਲੀ, 10 ਜਨਵਰੀ - ਚੋਣ ਕਮਿਸ਼ਨ ਨੇ ਦਿੱਲੀ ਦੇ ਚੋਣ ਅਧਿਕਾਰੀ ਨੂੰ ਸੋਸ਼ਲ ਮੀਡੀਆ 'ਤੇ ਆਮ ਚੋਣਾਂ ਦੀ ਫ਼ਰਜ਼ੀ ਤਾਰੀਖ਼ ਜਾਰੀ ਕਰਨ ਵਾਲਿਆ ਖ਼ਿਲਾਫ਼ ਕਾਰਵਾਈ...
ਬੱਚਿਆ ਨਾਲ ਕਥਿਤ ਸ਼ੋਸ਼ਣ ਨੂੰ ਲੈ ਕੇ ਸੀ.ਬੀ.ਆਈ ਵੱਲੋਂ ਐੱਫ.ਆਈ.ਆਰ ਦਰਜ
. . .  1 day ago
ਪਟਨਾ, 17 ਜਨਵਰੀ - ਬਿਹਾਰ ਦੇ ਸ਼ੈਲਟਰ ਹੋਮ 'ਚ ਬੱਚਿਆ ਨਾਲ ਕਥਿਤ ਸ਼ੋਸ਼ਣ ਨੂੰ ਲੈ ਕੇ ਸੀ.ਬੀ.ਆਈ ਨੇ 8 ਐੱਫ.ਆਈ.ਆਰ ਦਰਜ ਕੀਤੀਆਂ...
ਹੋਰ ਖ਼ਬਰਾਂ..

ਅਜੀਤ ਮੈਗਜ਼ੀਨ

2018 ਮਸਲੇ ਅਤੇ ਮਸਾਲੇ ਵਿਚਕਾਰ ਲਟਕਦਾ ਰਿਹਾ ਹਿੰਦੀ ਸਿਨੇਮਾ

ਸਾਲ 2018 ਦਾ ਆਰੰਭ ਹੀ ਦੋ ਵਿਰੋਧਾਭਾਸੀ ਫ਼ਿਲਮਾਂ ਦੀ ਸਫ਼ਲਤਾ ਦੇ ਨਾਲ ਹੋਇਆ ਸੀ। ਇਸ ਸੰਦਰਭ 'ਚ 'ਪਦਮਾਵਤ' ਵਰਗੀ ਪੀਰੀਅਡ ਫ਼ਿਲਮ ਵਿਵਾਦਾਂ 'ਚ ਘਿਰੀ ਹੋਣ ਦੇ ਬਾਵਜੂਦ ਸਫ਼ਲਤਾ ਦੀਆਂ ਪੌੜੀਆਂ ਚੜ੍ਹ ਗਈ ਸੀ। ਦੂਜੇ ਪਾਸੇ ਸਾਲ ਦੀ ਦੂਜੀ ਸ਼ੁਰੂਆਤੀ ਫ਼ਿਲਮ ਬਾਇਓਪਿਕ 'ਸੰਜੂ' ਸੀ। ਕਲਾਕਾਰ ਸੰਜੇ ਦੱਤ ਦੇ ਜੀਵਨ 'ਤੇ ਆਧਾਰਿਤ ਇਸ ਫ਼ਿਲਮ ਵਿਚ ਨਾ ਤਾਂ 'ਪਦਮਾਵਤ' ਵਰਗੀ ਵਿਸ਼ਾਲਤਾ ਅਤੇ ਮਹਿੰਗੇ ਸੈੱਟਾਂ ਦੀ ਭਰਮਾਰ ਸੀ ਅਤੇ ਨਾ ਹੀ ਇਸ ਦੀ ਕਥਾ-ਵਸਤੂ ਕਿਸੇ ਸਰਬ-ਵਿਆਪਕ ਪ੍ਰਸੰਗ ਵਲ ਇਸ਼ਾਰਾ ਕਰਦੀ ਸੀ।
ਫਿਰ ਕੀ ਕਾਰਨ ਸੀ ਕਿ 'ਸੰਜੂ' ਨੂੰ 2018 ਦੇ ਆਰੰਭ ਦੀ ਸਭ ਤੋਂ ਸਫ਼ਲ ਫ਼ਿਲਮ ਘੋਸ਼ਿਤ ਕੀਤਾ ਗਿਆ ਸੀ? ਸਿਰਫ਼ ਦੋ-ਤਿੰਨ ਦਿਨਾਂ 'ਚ ਹੀ ਇਹ ਕਿਰਤ 100 ਕਰੋੜੀ ਫ਼ਿਲਮਾਂ ਦੇ ਕਲੱਬ 'ਚ ਸ਼ਾਮਿਲ ਹੋ ਗਈ ਸੀ। 'ਸੰਜੂ' ਨੇ 'ਪਦਮਾਵਤ' ਦੇ ਬਾਕਸ ਆਫਿਸ ਦਿਆਂ ਅੰਕੜਿਆਂ ਨਾਲ ਜ਼ਬਰਦਸਤ ਮੁਕਾਬਲਾ ਕੀਤਾ ਅਤੇ ਦਰਸ਼ਕਾਂ ਨੇ ਇਕ ਤਰ੍ਹਾਂ ਨਾਲ ਇਨ੍ਹਾਂ ਦੋਵਾਂ ਹੀ ਕਿਰਤਾਂ ਨੂੰ ਆਪਣੇ ਸਨੇਹ ਨਾਲ ਨਿਵਾਜਿਆ।
ਇਹ ਵਿਰੋਧਾਭਾਸੀ ਪ੍ਰਵਿਰਤੀਆਂ 2018 ਦੇ ਸਾਰੇ ਹੀ ਸਮੇਂ ਦੌਰਾਨ ਦੇਖਣ 'ਚ ਆਈਆਂ ਸਨ। ਇਕ ਪਾਸੇ ਤਾਂ 'ਪ੍ਰਮਾਣੂ-ਦਿ ਸਟੋਰੀ ਆਫ਼ ਪੋਖਾਰਨ' ਅਤੇ 'ਹਿਚਕੀ' ਵਰਗੀਆਂ ਫ਼ਿਲਮਾਂ ਨੂੰ ਆਲੋਚਕਾਂ ਅਤੇ ਦਰਸ਼ਕਾਂ ਦਾ ਭਰਪੂਰ ਸਮਰਥਨ ਮਿਲ ਰਿਹਾ ਸੀ ਤੇ ਦੂਜੇ ਪਾਸੇ ਰਵਾਇਤੀ ਸਿਨੇਮਾ ਨਾਲ ਸਬੰਧਿਤ 'ਰੇਸ-3' ਵਰਗੀਆਂ ਮਸਾਲਾ ਫ਼ਿਲਮਾਂ ਵੀ ਟਿਕਟ ਖਿੜਕੀ 'ਤੇ ਧਮਾਕਾ ਕਰ ਰਹੀਆਂ ਸਨ।
ਇਕ ਦ੍ਰਿਸ਼ਟੀਕੋਣ ਤੋਂ ਸਭ ਤੋਂ ਜ਼ਿਆਦਾ ਦਿਲਚਸਪ ਗੱਲ ਤਾਂ ਇਹ ਹੋਈ ਕਿ ਇਕ ਹਾਰਰ ਕਾਮੇਡੀ 'ਇਸਤਰੀ' ਨੂੰ ਵੀ ਇਸੇ ਸਾਲ 100 ਕਰੋੜੀ ਕਲੱਬ ਵਿਚ ਸ਼ਾਮਿਲ ਹੋਣ ਦਾ ਸਨਮਾਨ ਮਿਲਿਆ ਸੀ। ਇਸ ਤਰ੍ਹਾਂ ਦੀ ਬਾਕਸ ਆਫਿਸ ਸਫ਼ਲਤਾ ਤਾਂ ਇਸ ਪ੍ਰਕਾਰ ਦੇ ਸਿਨੇਮਾ ਨੂੰ ਪ੍ਰਚਾਰਿਤ ਕਰਨ ਵਾਲੇ ਰਾਮਸੇ ਭਰਾਵਾਂ ਨੂੰ ਵੀ ਨਸੀਬ ਨਹੀਂ ਸੀ ਹੋਈ।
2018 ਦੇ ਇਸ ਵਿਰੋਧਾਭਾਸ ਨੂੰ ਵਧੇਰੇ ਸਪੱਸ਼ਟ ਕਰਦਿਆਂ ਹੋਇਆਂ ਨਿਰਮਾਤਾ ਭੂਸ਼ਨ ਕੁਮਾਰ ਦੀ ਟਿੱਪਣੀ ਵੀ ਕਾਫੀ ਕੁਝ ਸਥਿਤੀ ਨੂੰ ਸਪੱਸ਼ਟ ਕਰਦੀ ਹੈ। ਯਾਦ ਰਹੇ ਭੂਸ਼ਨ ਕੁਮਾਰ ਨੇ ਇਸੇ ਸਾਲ 'ਸੋਨੂੰ ਕੇ ਟੀਟੂ ਕੀ ਸਵੀਟੀ' ਵਰਗੀ ਕਾਮੇਡੀ 'ਰੇਡ' ਨਾਮਕ ਐਕਸ਼ਨ ਥ੍ਰਿਲਰ ਦਾ ਨਿਰਮਾਣ ਕੀਤਾ ਸੀ। ਉਲਟ ਪ੍ਰਭਾਵ ਵਾਲੀਆਂ ਪਟਕਥਾਵਾਂ ਹੋਣ ਦੇ ਬਾਵਜੂਦ ਇਹ ਫ਼ਿਲਮਾਂ ਨਿਰਮਾਤਾ ਲਈ ਮਾਇਕ ਤੌਰ 'ਤੇ ਵਰਦਾਨ ਸਿੱਧ ਹੋਈਆਂ ਸਨ। ਭੂਸ਼ਨ ਅਨੁਸਾਰ ਵਿਭਿੰਨਤਾ ਹੀ ਹੁਣ ਸਫ਼ਲਤਾ ਹੈ।
ਆਪਣੀ ਇਸ ਸਫ਼ਲਤਾ ਦਾ ਵਿਸ਼ਲੇਸ਼ਣ ਭੂਸ਼ਨ ਕੁਮਾਰ ਨੇ ਇੰਜ ਕੀਤਾ ਹੈ, 'ਭਾਰਤੀ ਦਰਸ਼ਕ ਹੁਣ ਬਹੁਤ ਸਿਆਣੇ ਹੋ ਗਏ ਹਨ। ਹੁਣ ਫਾਰਮੂਲਾ ਫ਼ਿਲਮਾਂ ਉਨ੍ਹਾਂ ਲਈ ਮਹੱਤਵਹੀਣ ਹੋ ਗਈਆਂ ਹਨ। ਸ਼ਾਇਦ ਇਸ ਦਾ ਪ੍ਰਮੁੱਖ ਕਾਰਨ ਅੰਤਰਰਾਸ਼ਟਰੀ ਸਿਨੇਮਾ ਦਾ ਭਾਰਤ 'ਚ ਲੋਕਪ੍ਰਿਅਤਾ ਪ੍ਰਾਪਤ ਕਰਨਾ ਵੀ ਹੋ ਸਕਦਾ ਹੈ। ਸਾਡੇ ਨਿਰਮਾਤਾ ਵੀ ਕਹਾਣੀ ਦੀ ਭਾਲ ਕਰਨ 'ਚ ਦਲੇਰੀ ਦਿਖਾ ਰਹੇ ਹਨ ਅਤੇ ਕੋਈ ਨਾ ਕੋਈ ਨਵੀਨਤਾ ਦੀ ਤਲਾਸ਼ ਕਰਨ 'ਚ ਰਹਿੰਦੇ ਹਨ।
ਕੁਝ ਇਸ ਤਰ੍ਹਾਂ ਪ੍ਰਤੀਤ ਹੋ ਰਿਹਾ ਹੈ ਕਿ 2018 ਵਿਚ ਬਾਲੀਵੁੱਡ ਨੇ ਨਵੇਂ ਬਿੰਬ ਅਤੇ ਮਿਥ ਘੜਨ ਦੀ ਕੋਸ਼ਿਸ਼ 'ਚ ਕਈ ਪ੍ਰਕਾਰ ਦੀਆਂ ਫ਼ਿਲਮਾਂ ਦੇ 'ਯਾਨਰ' (ਦੌਰ) ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਸ ਪ੍ਰਸੰਗ 'ਚ 'ਇਸਤਰੀ' ਫ਼ਿਲਮ ਦੇ ਸਹਿ-ਨਿਰਮਾਤਾ ਦਿਨੇਸ਼ ਵਿਜਨ ਦਾ ਇਹ ਕਥਨ ਵੀ ਮਹੱਤਵਪੂਰਨ ਹੋ ਜਾਂਦਾ ਹੈ ਕਿ 'ਇਸਤਰੀ' ਫ਼ਿਲਮ ਇਕ ਭਿੰਨ ਪ੍ਰਕਾਰ ਦੀ ਕਹਾਣੀ ਹੀ ਨਹੀਂ, ਬਲਕਿ ਇਕ ਵੱਖਰੀ ਪ੍ਰਕਾਰ ਦਾ ਸਿਨੇਮਾ ਸੀ। ਮੈਨੂੰ ਖ਼ੁਸ਼ੀ ਹੈ ਕਿ ਸਾਡੀ ਇਸ ਵਿਲੱਖਣਤਾ ਨੂੰ ਦਰਸ਼ਕਾਂ ਦਾ ਸਤਿਕਾਰ ਮਿਲਿਆ ਹੈ।'
ਸ਼ਾਇਦ ਇਸੇ ਕਰਕੇ ਹੀ ਬਹੁਤ ਸਾਰੇ ਵਰਜਿਤ ਵਿਸ਼ਿਆਂ ਨੂੰ ਵੀ ਇਸ ਵਰ੍ਹੇ ਵੱਡੇ ਪਰਦੇ 'ਤੇ ਕਾਫੀ ਸਫ਼ਲਤਾ ਮਿਲੀ ਹੈ। 'ਪੈਡਮੈਨ' ਦੀ ਕਹਾਣੀ ਇਸਤਰੀਆਂ ਦੀ ਮਾਹਵਾਰੀ (ਮਾਸਿਕ ਧਰਮ) ਨਾਲ ਸਬੰਧਿਤ ਸੀ। ਇਹੋ ਜਿਹੇ ਕਠਿਨ ਵਿਸ਼ੇ ਨੂੰ ਪਰਦੇ 'ਤੇ ਉਤਾਰਨਾ ਹੀ ਇਕ ਚੁਣੌਤੀ ਸੀ। ਪਰ ਇਸ ਫ਼ਿਲਮ ਦਾ ਨਿਰਮਾਤਾ-ਨਾਇਕ ਅਕਸ਼ੈ ਕੁਮਾਰ ਇਸ ਨਾਲ ਫ਼ਿਲਮਿਕ ਵਿਸ਼ੇ ਨੂੰ ਮਨੋਰੰਜਨ ਭਰਪੂਰ ਢੰਗ ਨਾਲ ਵੱਡੇ ਪਰਦੇ 'ਤੇ ਲਿਆਉਣ ਲਈ ਪ੍ਰਤੀਬੱਧ ਸੀ। ਲਿਹਾਜ਼ਾ, ਉਹ ਸਫ਼ਲ ਵੀ ਹੋਇਆ ਸੀ।
ਦੂਜੇ ਪਾਸੇ ਇਸੇ ਹੀ ਨਾਇਕ-ਨਿਰਮਾਤਾ ਨੇ 'ਗੋਲਡ' ਦੇ ਮਾਧਿਅਮ ਦੁਆਰਾ ਖੇਡ ਨਾਲ ਸਬੰਧਿਤ ਮਾਨਸਿਕ ਦਵੰਦਾਂ ਨੂੰ ਪੇਸ਼ ਕਰਨ ਦੀ ਜਦੋਂ ਹਿੰਮਤ ਕੀਤੀ ਤਾਂ ਉਹ ਉਸ ਵਿਚ ਵੀ ਸਫ਼ਲ ਰਿਹਾ ਸੀ। ਅਕਸ਼ੈ ਕੁਮਾਰ ਇਨ੍ਹਾਂ ਦੋਵਾਂ ਫ਼ਿਲਮਾਂ ਦੀ ਸਫ਼ਲਤਾ ਦੇ ਬਾਰੇ 'ਚ ਕਹਿੰਦਾ ਹੈ ਕਿ 'ਜੇਕਰ ਤੁਸੀਂ ਕਿਸੇ ਕਹਾਣੀ ਨੂੰ ਪੂਰੀ ਇਮਾਨਦਾਰੀ ਨਾਲ ਕਹਿਣ ਜਾਂ ਦੱਸਣ ਦੀ ਕੋਸ਼ਿਸ਼ ਕਰੋਗੇ ਤਾਂ ਦਰਸ਼ਕਾਂ ਦਾ ਵੀ ਤੁਹਾਨੂੰ ਪੂਰਾ-ਪੂਰਾ ਸਹਿਯੋਗ ਮਿਲੇਗਾ।'
ਸ਼ਾਇਦ 2018 ਦਾ ਸਭ ਤੋਂ ਪ੍ਰਮੁੱਖ ਆਕਰਸ਼ਣ ਇਸ ਦੀਆਂ ਫ਼ਿਲਮਾਂ ਦੀ ਵਿਭਿੰਨਤਾ ਹੀ ਹੈ। ਇਕ ਪਾਸੇ 'ਸੂਈ ਧਾਗਾ' ਵਰਗੀ ਸਮਾਜਿਕ ਵਿਸ਼ੇ ਨਾਲ ਸਬੰਧਿਤ ਫ਼ਿਲਮ ਚਰਚਿਤ ਹੋ ਰਹੀ ਹੁੰਦੀ ਹੈ ਤਾਂ ਦੂਜੇ ਪਾਸੇ 4 ਕਰੋੜ ਦੇ ਛੋਟੇ ਬਜਟ ਨਾਲ ਬਣਾਈ ਗਈ ਫ਼ਿਲਮ 'ਅਕਤੂਬਰ' 45 ਕਰੋੜ ਦਾ ਵਪਾਰ ਕਰ ਕੇ ਫ਼ਿਲਮ ਜਗਤ ਨੂੰ ਹੈਰਾਨ ਕਰ ਦਿੰਦੀ ਹੈ। ਲਿਹਾਜ਼ਾ, ਇਤਿਹਾਸ, ਕਾਮੇਡੀ, ਸਮਾਜਿਕ ਸਮੱਸਿਆਵਾਂ, ਦੇਸ਼ ਭਗਤੀ ਦੀਆਂ ਪਟਕਥਾਵਾਂ ਅਤੇ ਯਥਾਰਥਵਾਦੀ ਸੰਦਰਭਾਂ ਨੂੰ ਬਰਾਬਰ ਰੂਪ 'ਚ ਸਿਨੇਮਾ ਪ੍ਰੇਮੀ ਪਸੰਦ ਕਰ ਰਹੇ ਹਨ। ਸ਼ਰਤ ਇਕੋ ਹੀ ਹੈ ਕਿ ਕਹਾਣੀ ਦੀ ਪੇਸ਼ਕਾਰੀ ਵਿਚ ਦਮ ਹੋਣਾ ਚਾਹੀਦਾ ਹੈ।
ਇਸ ਪਰਿਪੇਖ ਨੂੰ ਵਧੇਰੇ ਸਪੱਸ਼ਟ ਕਰਦਿਆਂ ਮੇਘਨਾ ਗੁਲਜ਼ਾਰ ਆਪਣੀ ਫ਼ਿਲਮ 'ਰਾਜ਼ੀ' ਦੀ ਸਫ਼ਲਤਾ ਨੂੰ ਇੰਜ ਬਿਆਨ ਕਰਦੀ ਹੈ, 'ਮੈਂ ਜਦੋਂ ਇਹ ਕਹਾਣੀ ਪੜ੍ਹੀ ਤਾਂ ਮੈਂ ਇਹ ਨਹੀਂ ਸੋਚਿਆ ਸੀ ਕਿ ਇਹ ਕਿਸ ਫਾਰਮੂਲੇ 'ਚ ਫਿਟ ਹੋਵੇਗੀ। ਮੈਨੂੰ ਇਸ 'ਚ ਐਕਸ਼ਨ, ਜਜ਼ਬਾਤ ਅਤੇ ਦੇਸ਼ ਭਗਤੀ ਦਾ ਸਮੁੱਚਾ ਮਿਸ਼ਰਨ ਨਜ਼ਰ ਆਇਆ ਸੀ। ਮੈਨੂੰ ਖੁਸ਼ੀ ਹੈ ਕਿ ਮੇਰੀ ਇਸ ਸੋਚ ਨੂੰ ਦਰਸ਼ਕਾਂ ਦਾ ਵੀ ਸਮਰਥਨ ਮਿਲਿਆ ਹੈ।'
ਇਸੇ ਤਰ੍ਹਾਂ ਹੀ ਗ਼ੈਰ-ਰਵਾਇਤੀ ਕਹਾਣੀ 'ਤੇ ਆਧਾਰਿਤ 'ਵੀਰੇ ਦੀ ਵੈਡਿੰਗ' ਨੂੰ ਵੀ ਬਾਕਸ ਆਫਿਸ 'ਤੇ ਸਫ਼ਲਤਾ ਇਸ ਕਰਕੇ ਮਿਲੀ ਸੀ ਕਿਉਂਕਿ ਇਸ 'ਚ ਨਾਰੀ-ਜਗਤ ਨੂੰ ਪ੍ਰਮੁੱਖਤਾ ਦਿੱਤੀ ਗਈ ਸੀ।
ਬਾਲੀਵੁੱਡ 'ਚ ਹੈਰਾਨਗੀ ਦਾ ਪ੍ਰਗਟਾਵਾ ਤਾਂ ਉਸ ਵੇਲੇ ਹੋਇਆ ਜਦੋਂ ਛੋਟੇ ਬਜਟ ਨਾਲ ਬਣਾਈ ਗਈ 'ਬਧਾਈ ਹੋ' ਵੀ ਪ੍ਰਦਰਸ਼ਨ ਦੇ ਪਹਿਲੇ ਹਫ਼ਤੇ 'ਚ ਹੀ 100 ਕਰੋੜੀ ਕਲੱਬ 'ਚ ਸ਼ਾਮਿਲ ਹੋ ਗਈ। ਇਸੇ ਹੀ ਤਰ੍ਹਾਂ ਦੀਵਾਲੀ ਦੇ ਮੌਕੇ 'ਤੇ ਪ੍ਰਦਰਸ਼ਿਤ ਹੋਈ 'ਸਰਕਾਰ' ਵੀ ਨਿਰਮਾਤਾਵਾਂ ਲਈ ਸ਼ੁੱਭ ਸਾਬਤ ਹੋਈ ਸੀ।
ਦਰਅਸਲ ਬਾਲੀਵੁੱਡ ਇਸ ਵੇਲੇ ਕਿਸੇ ਨਿਸ਼ਚਿਤ ਫਾਰਮੂਲੇ ਨੂੰ ਲੈ ਕੇ ਨਹੀਂ ਚਲ ਰਿਹਾ। 2018 ਵਿਚ ਦਰਸ਼ਕਾਂ ਨੇ ਆਮ ਜਨ-ਜੀਵਨ ਨਾਲ ਸਬੰਧਿਤ ਵਿਸ਼ਿਆਂ ਪ੍ਰਤੀ ਕਾਫੀ ਦਿਲਚਸਪੀ ਦਿਖਾਈ ਸੀ। ਇਸ ਲਈ ਨਿਰਮਾਤਾ ਵੀ ਲੇਖਕਾਂ ਨੂੰ ਮੌਲਿਕ ਅਤੇ ਆਫ਼ ਬੀਟ ਵਿਸ਼ਿਆਂ ਨੂੰ ਸੁਨਹਿਰੀ ਪਰਦੇ 'ਤੇ ਪੇਸ਼ ਕਰਨ ਲਈ ਉਤਸ਼ਾਹਿਤ ਕਰਦੇ ਰਹੇ ਸਨ।
ਜਿਥੇ ਇਸ ਵਰ੍ਹੇ ਹਿੰਦੀ ਸਿਨੇਮਾ ਯਥਾਰਥਵਾਦ ਅਤੇ ਸਧਾਰਨ ਜੀਵਨ ਨਾਲ ਜੁੜਨ ਦੀ ਕੋਸ਼ਿਸ਼ ਕਰਦਾ ਰਿਹਾ, ਉਥੇ ਉਸ ਨੇ ਆਪਣਾ ਮੂਲ ਸੁਭਾਅ ਅਰਥਾਤ ਗਲੈਮਰ ਵੀ ਬਾਖੂਬੀ ਕਾਇਮ ਰੱਖਿਆ ਸੀ। ਯਸ਼ਰਾਜ ਫ਼ਿਲਮਜ਼ ਨੇ ਸਮਾਜਿਕ ਫ਼ਿਲਮ 'ਸੂਈ ਧਾਗਾ' ਬਣਾਉਣ ਤੋਂ ਇਲਾਵਾ ਐਕਸ਼ਨ ਅਤੇ ਵਿਜ਼ੂਅਲ ਨਾਲ ਭਰਪੂਰ 'ਠੱਗਜ਼ ਆਫ਼ ਹਿੰਦੁਸਤਾਨ' ਦਾ ਵੀ ਨਿਰਮਾਣ ਕੀਤਾ ਸੀ। ਵੱਡੇ ਬਜਟ ਨਾਲ ਬਣਾਈ ਗਈ ਇਸ ਫ਼ਿਲਮ ਵਿਚ ਮਲਟੀ ਸਟਾਰ ਕਾਸਟ (ਆਮਿਰ ਖ਼ਾਨ, ਅਮਿਤਾਬ ਬੱਚਨ, ਕੈਟਰੀਨਾ ਕੈਫ਼) ਨੂੰ ਪੇਸ਼ ਕੀਤਾ ਗਿਆ ਸੀ। ਹਾਲੀਵੁੱਡ ਦੀਆਂ ਫ਼ਿਲਮਾਂ ਦੀ ਤਰਜ਼ 'ਤੇ ਬਣਾਈ ਗਈ ਇਹ ਫ਼ਿਲਮ ਸਮੁੰਦਰੀ ਸਟੰਟ ਦ੍ਰਿਸ਼ਾਂ ਦੀ ਦਿਲਚਸਪ ਗਾਥਾ ਬੜੇ ਹੀ ਵਿਸ਼ਾਲ ਪੱਧਰ 'ਤੇ ਦਰਸ਼ਕਾਂ ਦੀ ਨਜ਼ਰ ਕਰਦੀ ਸੀ। ਪਰ ਇਸ ਫ਼ਿਲਮ ਦੀ ਇਕ ਵਿਸ਼ੇਸ਼ਤਾ ਇਹ ਵੀ ਸੀ ਕਿ ਬਾਵਜੂਦ ਫ਼ਿਲਮੀ ਮਸਾਲੇ ਜਾਂ ਰਵਾਇਤੀ ਬਣਤਰ ਦੇ ਇਹ ਆਪਣੇ-ਆਪ 'ਚ ਨਵੀਨਤਾ ਲੈ ਕੇ ਆਈ ਸੀ। ਖਾਸ ਤੌਰ 'ਤੇ ਜਿਸ ਲਹਿਜ਼ੇ 'ਚ ਆਮਿਰ ਖਾਨ ਦਾ ਕਿਰਦਾਰ ਘੜਿਆ ਗਿਆ, ਉਹ ਹਿੰਦੀ ਸਿਨੇਮਾ ਦੇ ਰਵਾਇਤੀ ਨਾਇਕ ਤੋਂ ਬਿਲਕੁਲ ਅਲੱਗ ਸੀ।
ਫਿਰ ਵੀ 2018 ਦੀ ਸਭ ਤੋਂ ਵੱਡੀ ਖੂਬੀ ਤਾਂ ਇਹ ਰਹੀ ਕਿ ਇਸ ਨੇ ਸਟਾਰ ਸਿਸਟਮ ਨੂੰ ਬਹੁਤ ਤਰਜੀਹ ਨਹੀਂ ਦਿੱਤੀ। ਦਰਸ਼ਕਾਂ ਨੇ ਸਲਮਾਨ ਖ਼ਾਨ ਦੀ 'ਰੇਸ-3' ਨੂੰ ਵੀ ਉਸੇ ਤਰਾਜ਼ੂ 'ਚ ਤੋਲਿਆ, ਜਿਸ 'ਚ ਉਨ੍ਹਾਂ ਨੇ ਵਰੁਣ ਧਵਨ ਦੀ 'ਸੂਈ ਧਾਗਾ' ਨੂੰ ਤੋਲਿਆ ਸੀ। ਇਸੇ ਹੀ ਤਰ੍ਹਾਂ ਆਯੂਸ਼ਮਨ ਖੁਰਾਣਾ ਨੂੰ ਵੀ ਅਸਾਧਾਰਨ 'ਬਧਾਈ' ਨਾਲ ਦਰਸ਼ਕਾਂ ਨੇ ਨਿਵਾਜਿਆ ਸੀ। ਹਾਂ, ਰਣਬੀਰ ਕਪੂਰ ਨੇ 'ਸੰਜੂ' ਦੇ ਮਾਧਿਅਮ ਰਾਹੀਂ ਸਟਾਰਡਮ ਦੇ ਖੇਤਰ 'ਚ ਦੁਬਾਰਾ ਐਂਟਰੀ ਜ਼ਰੂਰ ਕੀਤੀ ਸੀ। ਰਣਵੀਰ ਸਿੰਘ ਵੀ ਠੀਕ-ਠਾਕ ਹੀ ਰਿਹਾ ਸੀ।
ਨਾਇਕਾਵਾਂ 'ਚੋਂ ਵਿਸ਼ੇਸ਼ ਤੌਰ 'ਤੇ ਤਿੰਨ ਨਾਇਕਾਵਾਂ (ਦੀਪਿਕਾ ਪਾਦੂਕੋਣ, ਪ੍ਰਿਅੰਕਾ ਚੋਪੜਾ ਅਤੇ ਕੈਟਰੀਨਾ ਕੈਫ਼) ਕਿਸੇ ਨਾ ਕਿਸੇ ਕਾਰਨ ਚਰਚਾ ਦਾ ਵਿਸ਼ਾ ਜ਼ਰੂਰ ਬਣੀਆਂ ਰਹੀਆਂ ਸਨ। ਦੀਪਿਕਾ ਪਾਦੂਕੋਣ ਜਿਥੇ 'ਪਦਮਾਵਤ' ਕਰਕੇ ਵਿਵਾਦਾਂ 'ਚ ਛਾਈ ਰਹੀ ਸੀ, ਉਥੇ ਸਾਲ ਦੇ ਅਖੀਰ 'ਚ ਆਪਣੀ ਸ਼ਾਦੀ ਕਰਕੇ ਵੀ ਅਖ਼ਬਾਰਾਂ ਦੀਆਂ ਸੁਰਖੀਆਂ 'ਚ ਦ੍ਰਿਸ਼ਟੀਗੋਚਰ ਹੋਈ ਸੀ ਪਰ ਦਿਲਚਸਪ ਗੱਲ ਤਾਂ ਇਹ ਹੋਈ ਕਿ 'ਪਦਮਾਵਤ' ਦੇ ਖੇਤਰ 'ਚ ਉਸ ਨੂੰ ਸਫ਼ਲਤਾ ਮਿਲੀ ਅਤੇ ਨਿੱਜੀ ਜੀਵਨ 'ਚ ਸ਼ਾਦੀ ਦਾ ਬੰਧਨ ਵੀ ਕਾਮਯਾਬ ਹੋਇਆ। ਪ੍ਰਿਅੰਕਾ ਚੋਪੜਾ ਦਾ ਵੀ ਹਾਲੀਵੁੱਡ 'ਚ ਰੱਖਿਆ ਕਦਮ ਸਫ਼ਲ ਹੋਇਆ ਅਤੇ ਉਹ ਉਥੋਂ ਦੇ ਹੀ ਨਾਇਕ ਨਾਲ ਜੀਵਨ ਸਾਥੀ ਹੋਣ ਦਾ ਸੰਕਲਪ ਵੀ ਲੈ ਆਈ ਸੀ। ਕੈਟਰੀਨਾ ਲਈ ਇਹ ਸਾਲ ਇਸ ਲਈ ਵਿਸ਼ੇਸ਼ ਹੈ, ਕਿਉਂਕਿ ਇਸ ਸਾਲ 'ਠੱਗਜ਼ ਆਫ਼ ਹਿੰਦੁਸਤਾਨ' ਦੇ ਰਾਹੀਂ ਉਸ ਨੇ ਜ਼ਬਰਦਸਤ ਵਾਪਸੀ ਕੀਤੀ ਹੈ। ਯਾਦ ਰਹੇ ਰਣਬੀਰ ਕਪੂਰ ਨਾਲੋਂ ਅਲੱਗ ਹੋ ਜਾਣ ਤੋਂ ਬਾਅਦ ਉਸ ਨੂੰ ਫਲਾਪ ਨਾਇਕਾਵਾਂ ਦੀ ਸੂਚੀ 'ਚ ਪਾ ਦਿੱਤਾ ਗਿਆ ਸੀ।
ਕਹਿਣਾ ਹੀ ਪਵੇਗਾ ਕਿ 2018 ਵਿਚ ਬਾਲੀਵੁੱਡ ਦਾ ਮੁਹਾਂਦਰਾ ਕਾਫ਼ੀ ਹੱਦ ਤੱਕ ਬਦਲਿਆ ਹੋਇਆ ਨਜ਼ਰ ਆਇਆ। ਜਿਥੇ ਪਹਿਲਾਂ ਕਿਸੇ ਫ਼ਿਲਮ ਨੂੰ 100 ਕਰੋੜੀ ਕਲੱਬ 'ਚ ਸ਼ਾਮਿਲ ਹੋਣ ਲਈ ਬਾਕਸ ਆਫਿਸ 'ਤੇ ਬਲਾਕ ਬਸਟਰ ਸਮਝਿਆ ਜਾਂਦਾ ਸੀ, ਹੁਣ ਉਹ ਅੰਕੜਾ 400 ਜਾਂ 500 ਕਰੋੜ ਤੱਕ ਪਹੁੰਚ ਗਿਆ ਹੈ।
ਦੂਜਾ ਵੱਡਾ ਬਦਲਾਅ ਵਿਸ਼ੇ-ਪੱਖ ਦੀ ਪ੍ਰਮੁੱਖਤਾ ਪ੍ਰਤੀ ਹੈ। ਇਸ ਵਰ੍ਹੇ ਪੀਰੀਅਡ ਫ਼ਿਲਮਾਂ 'ਪਦਮਾਵਤ', ਬਾਇਓਪਿਕ 'ਸੰਜੂ', ਐਕਸ਼ਨ ਫ਼ਿਲਮਾਂ 'ਠੱਗਜ਼ ਆਫ਼ ਹਿੰਦੁਸਤਾਨ', ਹਾਰਰ ਕਾਮੇਡੀ 'ਇਸਤਰੀ', ਵਿਗਿਆਨਕ ਫ਼ਿਲਮਾਂ 'ਪ੍ਰਮਾਣੂ', ਸਮਾਜਿਕ ਫ਼ਿਲਮਾਂ 'ਸੂਈ ਧਾਗਾ', ਮਨੋਰੰਜਕ ਫ਼ਿਲਮਾਂ 'ਬਧਾਈ ਹੋ' ਅਤੇ ਗ਼ੈਰ-ਰਵਾਇਤੀ ਫ਼ਿਲਮਾਂ 'ਪੈਡਮੈਨ' ਆਦਿ ਨੇ ਅਲੱਗ-ਅਲੱਗ ਸ਼੍ਰੇਣੀ ਦੇ ਨਵੇਂ-ਨਵੇਂ ਵਰਗ ਵੀ ਸਥਾਪਤ ਕੀਤੇ ਸਨ।
ਸਿਤਾਰਿਆਂ ਦੇ ਦ੍ਰਿਸ਼ਟੀਕੋਣ ਤੋਂ ਵੀ ਇਹ ਸਾਲ ਇਸ ਕਰਕੇ ਵਿਸ਼ੇਸ਼ ਰਿਹਾ ਹੈ ਕਿ ਦਰਸ਼ਕ ਹੁਣ ਸਟਾਰਡਮ ਦੇ ਨਹੀਂ, ਬਲਕਿ ਕਹਾਣੀ-ਪੱਖ ਦੇ ਦੀਵਾਨੇ ਹੋ ਰਹੇ ਹਨ। ਲਿਹਾਜ਼ਾ, ਸਲਮਾਨ ਖ਼ਾਨ ਦੀ 'ਰੇਸ-3' ਵੀ ਉਸੇ ਤਰਾਜ਼ੂ 'ਚ ਤੋਲੀ ਗਈ ਸੀ, ਜਿਸ ਤਰਾਜ਼ੂ 'ਚ ਆਯੂਸ਼ਮਨ ਖੁਰਾਣਾ ਦੀ 'ਬਧਾਈ ਹੋ' ਨੂੰ ਤੋਲਿਆ ਗਿਆ ਸੀ। ਕਹਿਣ ਦਾ ਭਾਵ ਇਹ ਹੈ ਕਿ ਦਰਸ਼ਕਾਂ ਨੇ ਮਸਾਲੇ ਅਤੇ ਮਸਲੇ ਨੂੰ ਬਰਾਬਰ ਦੀ ਪਹਿਲ ਦਿੱਤੀ ਸੀ।


-103, ਸਨੀ ਕਾਟੇਜ, ਕ੍ਰਿਸ਼ਨਾ ਨਗਰ, ਬਟਾਲਾ-143505 (ਪੰਜਾਬ)।
ਮੋਬਾਈਲ : 099154-93043.


ਖ਼ਬਰ ਸ਼ੇਅਰ ਕਰੋ

ਬਰਬਾਦੀ ਵੱਲ ਲੈ ਜਾਵੇਗੀ ਮੌਸਮਾਂ ਨਾਲ ਛੇੜ-ਛਾੜ

ਕੁਦਰਤ ਦੇ ਆਪਣੇ ਨਿਯਮ ਹਨ, ਜਿਨ੍ਹਾਂ ਸਦਕਾ ਮੌਸਮ ਬਦਲਦੇ ਨੇ, ਪਰੰਤੂ ਮਨੁੱਖ ਬਹੁਤ ਹੀ ਲਾਲਚੀ ਹੁੰਦਾ ਜਾ ਰਿਹਾ ਹੈ, ਉਸ ਨੇ ਕੁਦਰਤ ਦੇ ਇਸ ਨਿਜ਼ਾਮ ਨੂੰ ਆਪਣੀਆਂ ਲੋੜਾਂ ਅਨੁਸਾਰ ਭੰਨਣਾ, ਤੋੜਨਾ ਅਤੇ ਬਦਲਣਾ ਸ਼ੁਰੂ ਕੀਤਾ ਹੋਇਆ ਹੈ। ਇਸ ਕਾਰਨ ਪੂਰੀ ਦੁਨੀਆ ਵਿਚ ਮੌਸਮ ਬਦਲ ਰਹੇ ਹਨ ਤੇ ਕੁਦਰਤੀ ਕਰੋਪੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮਨੁੱਖ ਵਲੋਂ ਜੰਗਲ ਕੱਟੇ ਜਾ ਰਹੇ ਹਨ, ਪਾਣੀ ਪ੍ਰਦੂਸ਼ਿਤ ਕੀਤੇ ਜਾ ਰਹੇ ਹਨ। ਜੇ ਧਰਤੀ 'ਤੇ ਪੀਣ ਯੋਗ ਪਾਣੀ ਜਾਂ ਬਨਸਪਤੀ ਹੀ ਨਾ ਰਹੇ ਤਾਂ ਇਕ ਦਿਨ ਮਨੁੱਖ ਵੀ ਖ਼ਤਮ ਹੋ ਜਾਵੇਗਾ।
ਜੇਕਰ ਮਨੁੱਖ ਨੇ ਗਰੀਨ ਹਾਊਸ ਗੈਸਾਂ ਦਾ ਉਤਪਾਦਨ ਬੰਦ ਨਾ ਕੀਤਾ ਤੇ ਓਜ਼ੋਨ ਪੱਟੀ ਇਸੇ ਤਰ੍ਹਾਂ ਲੀਰੋ ਲੀਰ ਹੁੰਦੀ ਰਹੀ ਤਾਂ ਮਨੁੱਖਤਾ ਚਮੜੀ ਦੇ ਕੈਂਸਰ ਦੀ ਮਾਰ ਨਾਲ ਤ੍ਰਾਹ-ਤ੍ਰਾਹ ਕਰ ਉੱਠੇਗੀ। ਵਧੇ ਹੋਏ ਤਾਪ ਕਾਰਨ ਗਲੇਸ਼ੀਅਰ ਖੁਰ ਜਾਣਗੇ, ਸਮੁੰਦਰੀ ਸਤਾਹ ਉੱਪਰ ਉੱਠਣ ਨਾਲ ਸੈਂਕੜੇ ਸ਼ਹਿਰ ਪਾਣੀ ਵਿਚ ਗਰਕ ਹੋ ਜਾਣਗੇ। ਇਹ ਸਾਰੀਆਂ ਗੱਲਾਂ ਅਤੇ ਗ਼ਲਤੀਆਂ, ਮਨੁੱਖ ਵਲੋਂ ਅਣਜਾਣੇ ਵਿਚ ਕੀਤੀਆਂ ਵੀ ਹੋ ਸਕਦੀਆਂ ਹਨ ਪਰ ਦੁੱਖ ਇਸ ਗੱਲ ਦਾ ਹੈ ਕਿ ਵਿਗਿਆਨ ਨੂੰ ਵੀ ਅਜਿਹੇ ਪੁੱਠੇ ਕੰਮਾਂ ਲਈ ਵਰਤਿਆ ਜਾ ਰਿਹਾ ਹੈ। ਹੁਣ ਮਨੁੱਖ ਵਲੋਂ ਮੌਸਮਾਂ ਨੂੰ ਵੀ ਹਥਿਆਰਾਂ ਦੇ ਤੌਰ 'ਤੇ ਵਰਤਿਆ ਜਾਣ ਲੱਗਾ ਹੈ।
ਮੈਂ ਜਿਸ ਪ੍ਰਾਜੈਕਟ ਦੀ ਗੱਲ ਕਰ ਰਿਹਾ ਹਾਂ, ਇਹ ਇਸੇ ਮਕਸਦ ਲਈ ਤਿਆਰ ਕੀਤਾ ਗਿਆ ਹੈ ਤੇ ਅਮਰੀਕਾ ਵਲੋਂ ਅਲਾਸਕਾ ਵਿਚ ਇਹ ਚਲਾਇਆ ਜਾ ਰਿਹਾ ਹੈ। ਇਸ ਦਾ ਛੋਟਾ ਨਾਂਅ 'ਹਾਰਪ' ਹੈ ਤੇ ਪੂਰਾ ਨਾਂਅ ਹੈ 'ਹਾਈ ਫਰੀਕੁਐਂਸੀ ਐਕਟਿਵ ਅਰੋਰਲ ਰਿਸਰਚ ਪ੍ਰੋਗਰਾਮ'। ਇਸ ਨਾਲ ਯੂ ਐੱਸ ਏਅਰ ਫੋਰਸ, ਯੂ ਐੱਸ ਨੇਵੀ, ਯੂਨੀਵਰਸਿਟੀ ਆਫ਼ ਅਲਾਸਕਾ, ਡਿਫੈਂਸ ਐਡਵਾਂਸ ਰਿਸਰਚ ਪ੍ਰਾਜੈਕਟ ਏਜੰਸੀ (ਡਾਰਪਾ) ਅਤੇ ਬੀ ਏ ਈ ਐਡਵਾਂਸ ਟੈਕਨਾਲੋਜੀ ਵਰਗੀਆਂ ਸੰਸਥਾਵਾਂ ਵੀ ਜੁੜੀਆਂ ਹੋਈਆਂ ਹਨ।
ਇਹ ਪ੍ਰਾਜੈਕਟ 1993 ਵਿਚ ਸ਼ੁਰੂ ਕੀਤਾ ਗਿਆ ਸੀ ਤੇ 2007 ਵਿਚ ਜਾ ਕੇ ਇਹ ਮੁਕੰਮਲ ਹੋਇਆ। ਇਸ ਪ੍ਰਾਜੈਕਟ ਉੱਪਰ ਉਦੋਂ ਟੈਕਸ ਦੇਣ ਵਾਲਿਆਂ ਦਾ 250 ਮਿਲੀਅਨ ਡਾਲਰ ਲੱਗਿਆ ਸੀ। ਇਹ ਪ੍ਰਾਜੈਕਟ ਅਲਾਸਕਾ ਦੇ ਕਸਬੇ ਗਕੋਨਾ ਵਿਚ ਲਾਇਆ ਗਿਆ। ਜਦੋਂ ਤੁਸੀ ਇਸ ਇਲਾਕੇ ਵਿਚ ਜਾਂਦੇ ਹੋ ਤਾਂ 40 ਏਕੜ ਜ਼ਮੀਨ ਵਿਚ ਤੁਸੀਂ 180 ਦੇ ਕਰੀਬ ਆਸਮਾਨ ਛੋਂਹਦੇ ਐਨਟੀਨੇ ਵੇਖਦੇ ਹੋ। ਇਹ ਹਾਈ ਪਾਵਰ ਰੇਡੀਓ ਫਰੀਕੁਐਂਸੀ ਟਰਾਂਸਮੀਟਰ ਹਨ, ਜੋ ਵਾਤਾਵਰਨੀ ਪਰਤਾਂ ਨੂੰ ਪ੍ਰਭਾਵਤ ਕਰ ਕੇ, ਆਪਣੇ ਹਿਸਾਬ ਨਾਲ ਧਰਤੀ ਦਾ ਮੌਸਮ ਬਦਲ ਸਕਦੇ ਹਨ ਤੇ ਕੁਦਰਤੀ ਆਫ਼ਤਾਂ ਰਾਹੀਂ ਕਿਸੇ ਵੀ ਮੁਲਕ ਨੂੰ ਬਰਬਾਦ ਕਰ ਸਕਦੇ ਹਨ।
ਇਨ੍ਹਾਂ ਨਾਲ ਬਹੁਤ ਜ਼ਬਰਦਸਤ ਹੜ੍ਹ, ਭੁਚਾਲ, ਚੱਕਰਵਾਤ, ਸੁਨਾਮੀਆਂ ਤਾਂ ਸਹਿਜੇ ਹੀ ਲਿਆਂਦੇ ਜਾ ਸਕਦੇ ਹਨ ਤੇ ਉਲਕਾ ਪਿੰਡਾਂ ਨੂੰ ਕਿਸੇ ਖਾਸ ਖਿੱਤੇ 'ਤੇ ਕੇਂਦਰਤ ਕੀਤਾ ਜਾ ਸਕਦਾ ਹੈ। ਇਹ ਸਿਸਟਮ ਐਨਾ ਸ਼ਕਤੀਸ਼ਾਲੀ ਹੈ, ਜੋ ਧਰਤੀ ਦੇ ਧਰੁਵ (ਪੋਲ) ਵੀ ਬਦਲ ਸਕਦਾ ਹੈ। ਜਦੋਂ ਉਤਰੀ ਧਰੁਵ ਦੱਖਣੀ ਧਰੁਵ ਵਿਚ ਅਤੇ ਦੱਖਣੀ ਧਰੁਵ ਵਿਚ ਉੱਤਰੀ ਧਰੁਵ ਵਿਚ ਬਦਲਦਾ ਹੈ, ਤਾਂ ਧਰਤੀ ਦੀ ਗਤੀ ਕੁਝ ਸਮੇਂ ਲਈ ਰੁਕਦੀ ਹੈ ਤੇ ਫੇਰ ਧਰਤੀ ਉਲਟ ਦਿਸ਼ਾ ਵੱਲ ਘੁੰਮਣ ਲੱਗਦੀ ਹੈ। ਅਜਿਹੇ ਸਮੇਂ ਸਮੁੰਦਰ ਛਲਕ ਜਾਂਦੇ ਹਨ ਤੇ ਮਹਾਂ ਪਰਲੋ ਆ ਜਾਂਦੀ ਹੈ। ਫੇਰ ਜੀਵਨ ਵੀ ਖ਼ਤਮ ਹੋ ਸਕਦਾ ਹੈ। ਧਰਤੀ ਧਰੂ ਤਾਰੇ ਨੂੰ ਛੱਡ ਕੇ ਵੈਗਾ ਤਾਰੇ ਦੀ ਗਰੂਤਾ ਵਿਚ ਚਲੀ ਜਾਂਦੀ ਹੈ। ਇਹ ਇਕ ਸਾਈਕਲ ਹੈ, ਜੋ ਪਹਿਲਾਂ ਕੁਦਰਤ ਦੇ ਅਧੀਨ ਸੀ, ਪਰ ਹੁਣ ਹਾਰਪ ਵਰਗੇ ਪ੍ਰਾਜੈਕਟਾਂ ਨਾਲ ਇਹ ਸਾਰਾ ਕੁੱਝ ਮਨੁੱਖ ਵੀ ਕਰ ਸਕਦਾ ਹੈ।
ਇਹ ਵੀ ਕਿਹਾ ਜਾਂਦਾ ਹੈ ਕਿ ਇਸੇ ਨਾਲ ਜਾਪਾਨ ਵਿਚ ਦੋ ਵਾਰ ਸੁਨਾਮੀ ਲਿਆਂਦੀ ਜਾ ਚੁੱਕੀ ਹੈ ਤੇ ਮੁੰਬਈ ਵਿਚ ਕਈ ਦਿਨ ਮੋਹਲੇਧਾਰ ਬਾਰਿਸ਼ ਅਤੇ ਬੰਗਲਾਦੇਸ਼ ਵਿਚ ਹੜ੍ਹ ਲਿਆਂਦੇ ਜਾ ਚੁੱਕੇ ਹਨ। ਇਸ ਦੇ ਸਾਰੇ ਪ੍ਰੋਗਰਾਮ ਬਹੁਤ ਹੀ ਗੁਪਤ ਰੱਖੇ ਜਾਂਦੇ ਹਨ। ਜਿੱਥੇ ਇਹ ਐਨਟੀਨੇ ਲਗਾਏ ਗਏ ਹਨ, ਉਥੇ ਰੇਡੀਏਸ਼ਨ ਏਨੀ ਜ਼ਿਆਦਾ ਹੈ ਕਿ ਪਰਿੰਦੇ ਮਰ ਗਏ ਹਨ ਤੇ ਮਨੁੱਖ ਹਜ਼ਾਰਾਂ ਬਿਮਾਰੀਆਂ ਵਿਚ ਗ੍ਰਸੇ ਜਾਂਦੇ ਹਨ। ਜਦੋਂ ਅਮਰੀਕਾ ਦੇ ਲੋਕਾਂ ਨੂੰ ਇਸ ਏਜੰਡੇ ਦਾ ਪਤਾ ਲੱਗਾ ਤਾਂ ਸੰਨ 2013 ਵਿਚ ਸਰਕਾਰ ਨੂੰ ਇਹ ਬੰਦ ਕਰਨਾ ਪਿਆ। ਸੰਨ 2014 ਵਿਚ ਭਾਵੇਂ ਇਸ ਨੂੰ ਪੱਕਾ ਹੀ ਬੰਦ ਕਰਨ ਦਾ ਐਲਾਨ ਕਰ ਦਿੱਤਾ ਗਿਆ ਪਰ ਖੋਜ ਦੇ ਤੌਰ 'ਤੇ ਇਹ ਅਜੇ ਵੀ ਚੱਲ ਰਿਹਾ ਹੈ।
ਇਸ ਪ੍ਰਾਜੈਕਟ ਰਾਹੀਂ 36 ਲੱਖ ਟਨ ਊਰਜਾ ਆਈਨੋ ਸਫੀਅਰ ਵਿਚ ਭੇਜੀ ਜਾ ਰਹੀ ਹੈ। ਇਹ ਊਰਜਾ ਇਸ ਤਹਿ ਨੂੰ ਬਹੁਤ ਗਰਮ ਕਰ ਰਹੀ ਹੈ, ਜੋ ਮੌਸਮਾਂ ਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕਰ ਰਹੀ ਹੈ। ਇਸ ਨਾਲ ਕਿਤੇ ਵੀ ਗਰਮੀ ਲੋੜ ਤੋਂ ਵੱਧ ਵਧਾਈ ਜਾ ਸਕਦੀ ਹੈ ਜਾਂ ਬਰਫ਼ ਪੁਆਈ ਜਾ ਸਕਦੀ ਹੈ ਅਤੇ ਅਜਿਹਾ ਹੋ ਵੀ ਰਿਹਾ ਹੈ। ਇਹ ਤਾਪਮਾਨ ਵੈਨ ਐਲਨ ਰੇਡੀਏਸ਼ਨ ਬੈਲਟ ਨੂੰ ਵੀ ਬਹੁਤ ਪ੍ਰਭਾਵਿਤ ਕਰਦਾ ਹੈ। ਜੇਕਰ ਇਹ ਬੈਲਟ ਪ੍ਰਭਾਵਿਤ ਹੁੰਦੀ ਹੈ ਤਾਂ ਜ਼ਮੀਨ ਵੱਲ ਆ ਰਹੇ ਕਿਸੇ ਵੀ ਪਦਾਰਥ (ਆਬਜੈਕਟ) ਨੂੰ ਰੋਕਣਾ ਮੁਸ਼ਕਿਲ ਹੈ। ਉਲਕਾ ਪਿੰਡ ਧਰਤੀ ਨਾਲ ਟਕਰਾ ਸਕਦੇ ਹਨ ਤੇ ਸੂਰਜੀ ਕਰੰਟ ਧਰਤੀ ਤੱਕ ਪਹੁੰਚ ਕੇ ਬਹੁਤ ਵੱਡਾ ਨੁਕਸਾਨ ਪਹੁੰਚਾ ਸਕਦਾ ਹੈ। ਏਥੋਂ ਤੱਕ ਕਿ ਇਸ ਪ੍ਰਾਜੈਕਟ ਵਿਚ ਏਨੀ ਸਮਰੱਥਾ ਹੈ ਕਿ ਇਹ ਧਰਤੀ 'ਤੇ ਮਹਾਂ ਪਰਲੋ ਲਿਆ ਸਕਦਾ ਹੈ।
ਇਸ ਪ੍ਰਾਜੈਕਟ ਨਾਲ ਓਜ਼ੋਨ ਪਰਤ ਵਿਚ ਛੇਕ ਕੀਤੇ ਜਾ ਸਕਦੇ ਹਨ। ਅਜਿਹਾ ਕਰਨ ਨਾਲ ਫਿਲਟਰ ਹੋਣ ਤੋਂ ਬਿਨਾਂ ਨਿੱਕਲੀਆਂ ਅਲਟਰਾ ਵਾਇਲਟ ਕਿਰਨਾਂ, ਰੇਡੀਏਸ਼ਨ ਸੂਰਜ ਵਲੋਂ ਆ ਰਹੀ ਊਰਜਾ ਸਿੱਧੀ ਧਰਤੀ ਨਾਲ ਟਕਰਾਏਗੀ ਜਿੱਥੇ ਇਹ ਕਿਰਨਾਂ ਪੈਣਗੀਆਂ, ਉਥੇ ਸਮੁੰਦਰ ਦਾ ਤਾਪਮਾਨ ਇਕ ਦਮ ਵਧੇਗਾ, ਭੰਵਰ ਬਣਨਗੇ ਤੇ ਨਕਲੀ ਸੁਨਾਮੀਆਂ ਪੈਦਾ ਕੀਤੀਆਂ ਜਾ ਸਕਣਗੀਆਂ।
ਇਕ ਗੁਪਤ ਜਾਣਕਾਰੀ ਅਨੁਸਾਰ ਜਦੋਂ ਜਾਪਾਨ ਨੇ ਦੁਨੀਆ ਵਿਚ ਇਕ ਨਵੀਂ ਅੰਤਰਰਾਸ਼ਟਰੀ ਕਰੰਸੀ ਲਿਆਉਣ ਦੀ ਤਿਆਰੀ ਕੀਤੀ, ਜਿਸ ਨਾਲ ਏਸ਼ੀਆ, ਯੂਰਪ ਤੇ ਦੁਨੀਆ ਵਿਚ ਆਟੋ ਇੰਡਸਟਰੀ ਤੇ ਇਲੈਕਟ੍ਰਾਨਿਕ ਜਗਤ ਵਿਚ ਧਾਂਕ ਜਮਾਈ ਜਾ ਸਕਦੀ ਸੀ ਅਤੇ ਅਮਰੀਕਨ ਡਾਲਰ ਨੂੰ ਮਾਰਕੀਟ ਵਿਚੋਂ ਬਾਹਰ ਕੀਤਾ ਜਾ ਸਕਦਾ ਸੀ, ਜਿਸ ਨਾਲ ਅਮਰੀਕਨ ਆਰਥਿਕਤਾ ਬੁਰੀ ਤਰ੍ਹਾਂ ਬਰਬਾਦ ਹੋ ਸਕਦੀ ਸੀ ਤਾਂ ਅਮਰੀਕਾ ਨੇ ਜਾਪਾਨ ਨੂੰ ਅਜਿਹਾ ਕਰਨੋਂ ਵਰਜਿਆ ਕਿ ਜੇ ਉਹ ਨਾ ਟਲਿਆ ਤਾਂ ਕੁਦਰਤੀ ਆਫ਼ਤਾਂ ਦੀ ਮਾਰ ਲਈ ਤਿਆਰ ਰਹੇ। ਜਾਪਾਨ ਹੱਸਿਆ ਕਿ ਕੁਦਰਤ ਕਿਹੜਾ ਅਮਰੀਕਾ ਦੇ ਹੱਥ ਵਿਚ ਹੈ, ਜੋ ਉਸ ਨੂੰ ਸਰਾਪ ਦੇ ਰਿਹਾ ਹੈ। ਪਰ 11 ਮਾਰਚ 2011 ਨੂੰ ਇਕ ਅਜਿਹੀ ਸੁਨਾਮੀ ਆਈ, ਜਿਸ ਨੇ ਜਾਪਾਨ ਦੀ ਆਰਥਿਕਤਾ ਨੂੰ ਬੁਰੀ ਤਰ੍ਹਾਂ ਬਰਬਾਦ ਕਰ ਦਿੱਤਾ। ਉਹ ਅਜਿਹਾ ਉਲਝਿਆ ਕਿ ਏਸ਼ੀਅਨ ਡਾਲਰ ਨਾਲ ਵਪਾਰ ਕਰਨ ਦੀ ਤੇ ਨਵੀਂ ਕਰੰਸੀ ਲਿਆਉਣ ਦੀ ਗੱਲ ਹੀ ਭੁੱਲ ਗਿਆ। ਅਜਿਹੇ ਝਟਕੇ ਅਮਰੀਕਾ ਹੋਰ ਦੇਸ਼ਾਂ ਨੂੰ ਵੀ ਦੇ ਸਕਦਾ ਹੈ। ਹੁਣ ਦੁਨੀਆ ਵਿਚ ਜੋ ਟਰੇਡ ਵਾਰ ਚੱਲ ਰਹੀ ਹੈ, ਅਮਰੀਕਾ ਇਸ ਦਾ ਮੋਹਰੀ ਹੈ।
ਕੋਈ ਸਮਾਂ ਸੀ ਜਦੋਂ ਤਾਕਤਵਰ ਲੋਕ ਕਮਜ਼ੋਰ ਦੇਸ਼ਾਂ ਉੱਤੇ ਹਮਲੇ ਕਰ ਕੇ ਲੁੱਟਿਆ ਕਰਦੇ ਸਨ, ਪਰ ਹੁਣ ਇਹ ਜੰਗ ਵਪਾਰਕ ਹਿੱਤਾਂ ਦੀ ਹੋ ਗਈ ਹੈ। ਇਹ ਸਾਰੀ ਸੋਚ ਰੀਪਬਲਕਿਨ ਸੈਨੇਟਰ ਟੈਡ ਸਟੀਵਨਜ਼ ਦੀ ਸੀ। ਇਸ ਪ੍ਰਾਜੈਕਟ ਨਾਲ 36 ਮਿਲੀਅਨ ਵਾਟ ਊਰਜਾ ਪੈਦਾ ਕੀਤੀ ਜਾ ਸਕਦੀ ਹੈ। ਏਨੀ ਊਰਜਾ 72000 ਰੇਡੀਓ ਸਟੇਸ਼ਨ ਚਲਾ ਸਕਦੀ ਹੈ। ਇਹ ਪ੍ਰਾਜੈਕਟ ਪੂਰੀ ਦੁਨੀਆ ਲਈ ਖ਼ਤਰੇ ਦੀ ਘੰਟੀ ਹੈ, ਜੋ ਹਜ਼ਾਰਾਂ ਪ੍ਰਮਾਣੂ ਬੰਬਾਂ ਜਿੰਨੀ ਬਰਬਾਦੀ ਇਕੱਲਾ ਹੀ ਕਰ ਸਕਦਾ ਹੈ ਅਤੇ ਪੂਰੀ ਧਰਤੀ ਨੂੰ ਹੀ ਖ਼ਤਮ ਕਰਨ ਦੇ ਸਮਰੱਥ ਹੈ। ਜੋ ਦੇਸ਼ ਅਮਰੀਕਾ ਵਰਗੀ ਮਹਾਂਸ਼ਕਤੀ ਦਾ ਕਹਿਣਾ ਨਹੀਂ ਮੰਨਣਗੇ, ਜਾਂ ਅੱਖਾਂ ਦਿਖਾਉਣਗੇ, ਉਨ੍ਹਾਂ ਨੂੰ ਇਸ ਰਾਹੀਂ ਸਬਕ ਸਿਖਾਇਆ ਜਾ ਸਕਦਾ ਹੈ ਤੇ ਉਸ ਦੇਸ਼ ਦਾ ਬੁਰੀ ਤਰ੍ਹਾਂ ਲੱਕ ਤੋੜਿਆ ਜਾ ਸਕਦਾ ਹੈ।
ਸੋ, ਆਉਣ ਵਾਲਾ ਸਮਾਂ ਬਹੁਤ ਹੀ ਖ਼ਤਰਨਾਕ ਹੈ। ਮਨੁੱਖ ਨੇ ਆਪਣੇ ਸੌੜੇ ਹਿੱਤਾਂ ਲਈ ਕੁਦਰਤ ਨੂੰ ਆਪਣੇ ਵੱਸ ਵਿਚ ਕਰਨ ਦੇ ਕੋਝੇ ਯਤਨ ਆਰੰਭ ਕੀਤੇ ਹੋਏ ਹਨ, ਪਰ ਉਹ ਭੁੱਲ ਜਾਂਦਾ ਹੈ ਕਿ ਉਸ ਦੀ ਔਕਾਤ ਇਸ ਬ੍ਰਹਿਮੰਡ ਵਿਚ ਇਕ ਰੇਤ ਦੇ ਕਿਣਕੇ ਸਮਾਨ ਵੀ ਨਹੀਂ ਹੈ। ਆਪਣੀਆਂ ਇਨ੍ਹਾਂ ਹੋਛੀਆਂ ਹਰਕਤਾਂ ਕਰਕੇ, ਘੁਮੰਡੀ ਕਿਸਮ ਦੇ ਲੋਕ ਪੂਰੀ ਧਰਤੀ ਦੀ ਹੋਂਦ ਖ਼ਤਰੇ ਵਿਚ ਪਾ ਸਕਦੇ ਹਨ। ਮੌਸਮਾਂ ਨੂੰ ਕੰਟਰੋਲ ਕਰਨਾ, ਮਨੁੱਖੀ ਕਲੋਨਿੰਗ ਕਰਨੀ, ਮਨੁੱਖ ਨੂੰ ਮਸ਼ੀਨ ਬਣਾ ਕੇ ਵਰਤਣਾ, ਰਿਸ਼ਤਿਆਂ ਨੂੰ ਕੁਦਰਤ ਦੇ ਅਸੂਲਾਂ ਖ਼ਿਲਾਫ਼ ਵਰਤਣਾ, ਇਹ ਸਭ ਬਰਬਾਦੀ ਵੱਲ ਜਾਂਦੇ ਰਸਤੇ ਹਨ।
ਜੇ ਮਨੁੱਖ ਆਪਣੀਆਂ ਇਨ੍ਹਾਂ ਹਰਕਤਾਂ ਤੋਂ ਬਾਜ ਨਾ ਆਇਆ ਤਾਂ ਧਰਤੀ ਵੀ ਇਕ ਦਿਨ ਮੰਗਲ ਗ੍ਰਹਿ ਵਰਗਾ ਜੀਵਨ ਰਹਿਤ ਗ੍ਰਹਿ (ਪਲੈਨਟ) ਬਣ ਜਾਵੇਗੀ। ਉਦੋਂ ਇਹ ਸਭ ਕਰਤੂਤਾਂ ਕਰਨ ਵਾਲੇ ਵੀ ਨਹੀਂ ਬਚਣਗੇ। ਅਜਿਹੀਆਂ ਹਰਕਤਾਂ ਲਈ ਸਾਨੂੰ ਵਕਤ ਕਦੇ ਮੁਆਫ਼ ਨਹੀਂ ਕਰੇਗਾ। ਮੌਸਮਾਂ ਨਾਲ ਇਹ ਛੇੜ-ਛਾੜ ਸਾਨੂੰ ਬਰਬਾਦੀ ਵੱਲ ਲੈ ਜਾਵੇਗੀ।
(ਨੋਟ : ਇਹ ਵਿਚਾਰ ਲੇਖਕ ਦੇ ਆਪਣੇ ਹਨ, ਅਦਾਰੇ ਦਾ ਇਨ੍ਹਾਂ ਨਾਲ ਸਹਿਮਤ ਹੋਣਾ ਜ਼ਰੂਰੀ ਨਹੀਂ ਹੈ)


ਫੋਨ : 001-416-727-2071
major.mangat@gmail.com

ਦੁਬਈ ਦਾ ਵਿਸ਼ਵ ਪ੍ਰਸਿੱਧ ਮਿਰਾਕਲ ਗਾਰਡਨ

ਧਰਤ ਦਾ ਅਸਲ ਸ਼ਿੰਗਾਰ ਫੁੱਲ ਹਨ ਤੇ ਜਦ ਕੁਦਰਤ ਜਾਂ ਫਿਰ ਕੁਦਰਤੀ ਫੁੱਲਾਂ ਨਾਲ ਧਰਤ ਨੂੰ ਸ਼ਿੰਗਾਰਿਆ ਜਾਂਦਾ ਹੈ ਤਾਂ ਵੇਖਣ ਵਾਲੇ ਦਾ ਮਨ ਬਾਗੋਬਾਗ ਹੋਣਾ ਲਾਜ਼ਮੀ ਹੁੰਦਾ ਹੈ। ਤੁਸੀਂ ਸੋਚੋ ਕਿ ਤੁਹਾਨੂੰ ਰੇਤਲੇ ਟਿੱਬਿਆਂ ਦੀ ਮਾਰੂਥਲੀ ਦੁਨੀਆ ਵਿਚ ਹਜ਼ਾਰਾਂ ਨਹੀਂ ਲੱਖਾਂ ਨਹੀਂ ਬਲਕਿ ਕਰੋੜਾਂ ਫੁੱਲ ਇਕੋ ਸਥਾਨ 'ਤੇ ਖਿੜੇ ਮਿਲ ਜਾਣ ਤਾਂ ਇਨਸਾਨ ਦੇ ਦਿਲੋ-ਦਿਮਾਗ ਦੀ ਸਥਿਤੀ ਕਿਹੋ ਜਿਹੀ ਹੋਵੇਗੀ? ਜਵਾਬ ਬੜਾ ਸਪੱਸ਼ਟ ਹੈ ਕਿ ਕੁਦਰਤ ਪ੍ਰੇਮੀ ਦਾ ਹਾਲ ਤਾਂ ਸ਼ੈਦਾਈਆਂ ਵਰਗਾ ਹੋਣਾ ਲਾਜ਼ਮੀ ਹੋਵੇਗਾ। ਅਜਿਹਾ ਹੀ ਮੇਰੇ ਨਾਲ ਵਾਪਰਿਆ ਜਦ ਪਿਛਲੇ ਦਿਨੀਂ ਮੈਨੂੰ ਦੁਬਈ ਵਿਚ ਬਣੇ 'ਦੁਬਈ ਮਿਰਾਕਲ ਗਾਰਡਨ' ਨੂੰ ਦੇਖਣ ਦਾ ਸਬੱਬ ਬਣਿਆ। ਸਰਲ ਸ਼ਬਦਾਂ ਵਿਚ ਕਹਾਂ ਤਾਂ ਬਸ ਇਸ ਬਗੀਚੇ ਵਿਚ ਪੁੱਜਣ 'ਤੇ ਇੰਜ ਜਾਪਦਾ ਹੈ, ਮਾਨੋ ਤੁਸੀਂ ਜੰਨਤ ਵਿਚ ਹੀ ਪੁੱਜ ਗਏ ਹੋਵੋ, ਪਹਿਲੀ ਨਜ਼ਰੇ ਹੀ ਮਨ, ਵਿਚ ਸਵਰਗ ਦੇ ਦ੍ਰਿਸ਼ਾਂ ਦੀਆਂ ਕਾਲਪਨਿਕ ਤਸਵੀਰਾਂ ਹਕੀਕਤ ਦਾ ਰੂਪ ਲੈਂਦੀਆਂ ਨਜ਼ਰ ਆਉਂਦੀਆਂ ਹਨ।
ਬੇਹੱਦ ਹੁਸੀਨ ਤੇ ਖੂਬਸੂਰਤ ਦਿੱਖ ਵਾਲਾ ਇਹ ਬਗੀਚਾ ਸੰਨ 2013 ਵਿਚ ਫਰਵਰੀ ਮਹੀਨੇ 14 ਤਰੀਕ ਯਾਨੀ ਵੈਲੇਨਟਾਈਨ-ਡੇਅ ਦੇ ਮੌਕੇ ਜਨਤਕ ਤੌਰ 'ਤੇ ਖੋਲ੍ਹਿਆ ਗਿਆ ਸੀ। ਤਕਰੀਬਨ 18 ਏਕੜ ਵਿਚ ਬਣੇ ਇਸ ਬਗੀਚੇ ਨੂੰ ਵਿਸ਼ਵ ਦੇ ਸਭ ਤੋਂ ਵੱਡੇ ਕੁਦਰਤੀ ਫੁੱਲਾਂ ਨਾਲ ਸਜਾਏ ਬਗੀਚੇ ਵਜੋਂ ਜਾਣਿਆ ਜਾਂਦਾ ਹੈ। ਪੂਰੇ ਬਗੀਚੇ ਵਿਚ ਖਿੜੇ ਕਰੋੜਾਂ ਫੁੱਲਾਂ ਨੂੰ ਜ਼ਿਆਦਾ ਪਲਾਸਟਿਕ ਦੇ ਗਮਲਿਆਂ ਜਾਂ ਧਰਤੀ ਉੱਪਰ ਲਾਇਆ ਗਿਆ ਹੈ ਅਤੇ ਅਨੇਕਾਂ ਫੁੱਲ ਵੰਨਗੀਆਂ ਵਿਚੋਂ ਮੁੱਖ ਰੂਪ ਵਿਚ ਮੌਸਮੀ ਫੁੱਲ ਹਨ, ਜਿਨ੍ਹਾਂ ਦੇ ਖਿੜਨ ਦਾ ਖਾਸ ਮੌਕਾ ਹੋਣ ਕਰਕੇ ਇਹ ਬਗੀਚਾ ਸਾਰਾ ਸਾਲ ਖੁੱਲ੍ਹਾ ਨਹੀਂ ਰਹਿੰਦਾ। ਇਸ ਸਾਲ ਇਹ ਬਗੀਚਾ ਲੋਕਾਂ ਲਈ 1 ਨਵੰਬਰ, 2018 ਨੂੰ ਖੋਲ੍ਹ ਦਿੱਤਾ ਗਿਆ ਸੀ ਅਤੇ ਇਹ 5 ਮਈ, 2019 ਤੱਕ ਆਮ ਜਨਤਾ ਲਈ ਖੁੱਲ੍ਹਾ ਰਹੇਗਾ। ਸਾਲ ਦੇ ਬਾਕੀ ਮਹੀਨੇ ਮੌਸਮ ਫੁੱਲਾਂ ਲਈ ਢੁਕਵਾਂ ਨਾ ਹੋਣ ਕਾਰਨ ਪ੍ਰਬੰਧਕਾਂ ਨੂੰ ਗਾਰਡਨ ਬੰਦ ਕਰਨਾ ਪੈਂਦਾ ਹੈ। ਬਗੀਚੇ ਅੰਦਰ ਜਾਣ ਲਈ ਤੁਹਾਨੂੰ 50 ਦਰਾਮ ਯਾਨੀ ਉਥੋਂ ਦੀ ਕਰੰਸੀ ਮੁਤਾਬਿਕ ਜੋ ਕਿ ਮੌਜੂਦਾ ਰੁਪਏ ਦੇ ਭਾਅ ਮੁਤਾਬਿਕ ਭਾਰਤ ਦੇ ਹਜ਼ਾਰ ਰੁਪਏ ਤੋਂ ਕੁਝ ਕੁ ਰੁਪਏ (966) ਘੱਟ ਦੇ ਕਰੀਬ ਬਣਦੀ ਹੈ। ਹਰ ਸਾਲ ਇਸ ਬਗੀਚੇ ਨੂੰ ਵੇਖਣ ਲੱਖਾਂ ਲੋਕ ਵਿਸ਼ਵ ਦੇ ਵੱਖ-ਵੱਖ ਕੋਨਿਆਂ ਤੋਂ ਪੁੱਜਦੇ ਹਨ। ਬਾਲੀਵੁੱਡ ਫਿਲਮ 'ਹਮਾਰੀ ਅਧੂਰੀ ਕਹਾਨੀ' ਦੀ ਸ਼ੂਟਿੰਗ ਇਸ ਬਗੀਚੇ ਵਿਚ ਵੀ ਕੀਤੀ ਗਈ ਸੀ।
ਮਿਰਾਕਲ ਗਾਰਡਨ ਦਾ ਹਰ ਕੋਨਾ ਖੂਬਸੂਰਤ ਹੈ ਪ੍ਰੰਤੂ ਵਿਸ਼ਵ ਦੀ ਸਭ ਤੋਂ ਵੱਡੀ ਫੁੱਲ ਘੜੀ ਵੇਖਣਯੋਗ ਹੈ। ਬਗੀਚੇ ਵਿਚ ਮੌਜੂਦ ਕੁਦਰਤੀ ਫੁੱਲਾਂ ਦੀ ਦੀਵਾਰ ਗਿੰਨੀਜ਼ ਬੁੱਕ ਆਫ਼ ਵਰਲਡ ਰਿਕਾਰਡ ਵਿਚ ਦਰਜ ਹੈ। ਬਗੀਚੇ ਵਿਚ ਮੌਜੂਦ ਬਟਰਫਲਾਈ ਗਾਰਡਨ ਵਿਸ਼ੇਸ਼ ਤੌਰ 'ਤੇ ਤਿਤਲੀਆਂ ਨੂੰ ਆਕਰਸ਼ਿਤ ਕਰਨ ਹਿਤ ਤਿਆਰ ਕੀਤਾ ਗਿਆ ਹੈ, ਜਿਸ ਵਿਚ ਸੈਂਕੜੇ ਕਿਸਮਾਂ ਦੀਆਂ ਤਿਤਲੀਆਂ ਆਪਣੀ ਹਾਜ਼ਰੀ ਲਵਾਉਂਦੀਆਂ ਹਨ। ਗਾਰਡਨ ਵਿਚ ਮੌਜੂਦ ਅਸਲ ਜਹਾਜ਼ (ਏਅਰ ਬੱਸ ਏ 380) ਨੂੰ ਪੂਰਨ ਰੂਪ ਵਿਚ ਫੁੱਲਾਂ ਨਾਲ ਸ਼ਿੰਗਾਰਿਆ ਗਿਆ ਹੈ। ਪੂਰੇ ਦਾ ਪੂਰਾ ਫੁੱਲਾਂ ਲੱਦਿਆ ਜਹਾਜ਼ ਵੇਖ ਕੇ ਦਿਲ ਪ੍ਰਸੰਨ ਹੋ ਜਾਂਦਾ ਹੈ। ਫੁੱਲਾਂ ਨੂੰ ਦਿੱਤੀ ਹੋਈ ਤਾਜ ਮਹੱਲ ਦੀ ਦਿੱਖ ਨੂੰ ਮੋਹਿਤ ਕਰਦੀ ਹੈ। ਇਸ ਤੋਂ ਇਲਾਵਾ ਦਿਲ ਦੀ ਸ਼ਕਲ ਵਾਲੇ ਗੇਟ, ਹੱਟ, ਫੁੱਲਾਂ ਨੂੰ ਦਿੱਤਾ ਨਦੀਆਂ ਦਾ ਰੂਪ, ਫੁੱਲਾਂ ਦੇ ਬਣਾਏ ਗਏ 'ਫਲਾਵਰ ਕੈਸਲ' ਆਦਿ ਤੁਹਾਨੂੰ ਕਿਸੇ ਹੋਰ ਹੀ ਦੁਨੀਆ ਵਿਚ ਲੈ ਜਾਂਦੇ ਹਨ।
ਬੱਚਿਆਂ ਨੂੰ ਆਕਰਸ਼ਿਤ ਕਰਨ ਅਤੇ ਉਨ੍ਹਾਂ ਦੇ ਦਿਲ ਲਾਉਣ ਖਾਤਰ, ਅਨੇਕਾਂ ਹੀ ਕਾਰਟੂਨ ਕਰੈਕਟਰ ਖਾਸ ਕਰ ਮਿੱਕੀ ਮਾਊਸ, ਟੈਡੀ ਬੀਅਰ ਆਦਿ ਬੇਹੱਦ ਵੱਡੇ ਆਕਾਰ ਅਤੇ ਬੇਹੱਦ ਹੀ ਖੂਬਸੂਰਤ ਬਣਾਏ ਗਏ ਹਨ। ਕਾਰਟੂਨ ਤੋਂ ਇਲਾਵਾ ਇਕ ਗੇਟ 'ਤੇ ਬਣਿਆ ਵੱਡ-ਅਕਾਰੀ ਕੱਛੂ, ਫੁੱਲਾਂ ਨਾਲ ਲੱਦੀਆਂ ਹੋਈਆਂ ਵੱਡ-ਅਕਾਰੀ ਕੀੜੀਆਂ, ਬਹੁਤ ਹੀ ਵੱਡੀਆਂ ਤੇ ਲਾਜਵਾਬ ਬਿੱਲੀਆਂ ਵੇਖ ਕੇ ਤਾਂ ਇਨਸਾਨ ਦੰਗ ਹੀ ਰਹਿ ਜਾਂਦਾ ਹੈ। ਬੂਟਿਆਂ ਦੀ ਸਹਾਇਤਾ ਤੇ ਢਾਂਚੇ ਦੇ ਆਸਰੇ ਨਾਲ ਬਣੀਆਂ ਇਹ ਬਿੱਲੀਆਂ ਜਿਊਂਦੀਆਂ ਜਾਗਦੀਆਂ ਜਾਪਦੀਆਂ ਹਨ। ਬਿੱਲੀਆਂ ਤੋਂ ਇਲਾਵਾ ਹਾਥੀਆਂ ਦੀਆਂ ਟੋਪਿਆਰੀਆਂ ਵੀ ਬਾਕਮਾਲ ਜਾਪਦੀਆਂ ਹਨ। ਬਗੀਚੇ ਵਿਚ ਪਾਣੀ ਨਾ ਹੋਵੇ ਇਹ ਤਾਂ ਹੋ ਨਹੀਂ ਸਕਦਾ। ਬਗੀਚੇ ਵਿਚ ਬਣੀ ਲੇਕ ਯਾਨੀ ਝੀਲ ਰੂਪੀ ਦ੍ਰਿਸ਼ ਜਿਸ ਵਿਚ ਅਤੇ ਬਾਹਰ ਅਲੱਗ-ਅਲੱਗ ਖੂਬਸੂਰਤ ਅਕ੍ਰਿਤੀਆਂ ਤੁਹਾਨੂੰ ਆਪਣੇ ਵੱਲ ਖਿੱਚ ਕੇ ਰੱਖਦੀਆਂ ਹਨ।
ਏਨੇ ਵਿਸ਼ਾਲ ਬਗੀਚੇ ਨੂੰ ਬਣਾਉਣਾ ਅਤੇ ਫਿਰ ਉਸ ਦਾ ਰੱਖ-ਰਖਾਅ ਕਰਨਾ ਕੋਈ ਛੋਟਾ-ਮੋਟਾ ਕੰਮ ਨਹੀਂ ਹੈ। ਸਾਰੇ ਦੇ ਸਾਰੇ ਬਗੀਚੇ ਨੂੰ ਬੜੇ ਹੀ ਤਕਨੀਕੀ ਪੱਖ ਨਾਲ ਬਣਾਇਆ ਤੇ ਸੰਭਾਲਿਆ ਜਾ ਰਿਹਾ ਹੈ। ਰੇਤਲੇ ਇਲਾਕੇ ਵਿਚ ਪਾਣੀ ਦਾ ਅਹਿਮ ਕੰਮ ਹੋ ਨਿੱਬੜਦਾ ਹੈ। ਪ੍ਰਬੰਧਕਾਂ ਨੇ ਵਰਤੇ ਪਾਣੀ ਨੂੰ ਟਰੀਟ ਕਰ ਕੇ ਬਗੀਚੇ ਦੇ ਹਰ ਫੁੱਲ, ਕਿਆਰੀ ਨੂੰ ਲਾਉਣ ਦਾ ਪ੍ਰਬੰਧ ਕੀਤਾ ਹੋਇਆ ਹੈ। ਸਾਰਾ ਬਗੀਚਾ ਤੁਪਕਾ ਪ੍ਰਣਾਲੀ ਆਧਾਰਿਤ ਬਣਿਆ ਹੋਇਆ ਹੈ। ਲੱਖਾਂ ਗਮਲਿਆਂ 'ਚ ਲੱਗੇ ਫੁੱਲਾਂ ਨੂੰ ਸ਼ਿੱਦਤ ਨਾਲ ਤਿਆਰ ਕੀਤਾ ਜਾਂਦਾ ਹੈ ਤੇ ਸਮਾਂ ਆਉਣ 'ਤੇ ਢਾਂਚਿਆਂ ਵਿਚ ਫਿਟ ਕਰ ਦਿੱਤਾ ਜਾਂਦਾ ਹੈ। ਮੇਰੀ ਇਸ ਬਗੀਚਾ ਫੇਰੀ ਵਿਚ ਵਿਸ਼ੇਸ ਤੌਰ 'ਤੇ ਸੰਤ ਬਾਬਾ ਗੁਰਮੀਤ ਸਿੰਘ ਜੀ ਖੋਸਾ ਪਾਂਡੋ (ਮੋਗਾ) ਤੋਂ ਨਾਲ ਗਏ ਸਨ ਅਤੇ ਉਨ੍ਹਾਂ ਤੋਂ ਇਲਾਵਾ ਸ: ਸਤਵੀਰ ਸਿੰਘ ਟੋਨੀ ਅਤੇ ਗੁਰਪ੍ਰੀਤ ਸਿੰਘ ਵੀ ਨਾਲ ਸਨ, ਤਾਂ ਜੋ ਉਥੋਂ ਦੀਆਂ ਬਾਰੀਕੀਆਂ ਨੂੰ ਸਮਝਿਆ ਜਾ ਸਕੇ ਅਤੇ ਆਪਣੇ ਪਿੰਡਾਂ ਵਿਚ ਵੀ ਛੋਟੇ-ਛੋਟੇ ਹੁਸੀਨ ਬਗੀਚੇ ਬਣਾਏ ਜਾਣ। ਬਗੀਚੇ ਵਿਚ ਅਨੇਕਾਂ ਕਿਸਮਾਂ ਦੇ ਫੁੱਲ ਬੂਟੇ ਲਾਏ ਗਏ ਹਨ ਪ੍ਰੰਤੂ ਪਟੂਨੀਆ ਅਤੇ ਸਜਾਵਟੀ ਸੂਰਜਮੁਖੀ ਖੂਬ ਨਜ਼ਰ ਆਉਂਦੇ ਹਨ। ਪਟੂਨੀਆ ਦੇ ਖਿੜਨ ਦਾ ਸਮਾਂ ਦੂਸਰੇ ਮੌਸਮੀ ਫੁੱਲਾਂ ਨਾਲੋਂ ਜ਼ਿਆਦਾ ਵੀ ਹੁੰਦਾ ਹੈ ਅਤੇ ਇਸ ਦੇ ਰੰਗ ਵੀ ਬੇਸ਼ੁਮਾਰ ਹੁੰਦੇ ਹਨ।
ਬਗੀਚੇ ਵਿਚ ਮੌਸਮੀ ਫੁੱਲਾਂ ਤੋਂ ਇਲਾਵਾ ਵੇਲਾਂ, ਭੌਂ-ਕੱਜਣੇ ਬੂਟੇ ਅਤੇ ਹੋਰ ਵੀ ਅਨੇਕਾਂ ਕਿਸਮਾਂ ਦੇ ਫੁੱਲ ਵਰਤੇ ਗਏ ਹਨ। ਗਾਰਡਨ ਦੇ ਅੰਦਰ ਆਉਣ ਖਾਤਰ ਇਕ ਗੇਟ ਬਹੁਤ ਹੀ ਵੱਡਾ ਤੇ ਵਿਸ਼ਾਲ ਦਿੱਖ ਵਾਲਾ ਲਾਇਆ ਗਿਆ ਹੈ। ਬਗੀਚੇ ਵਿਚ ਆਰਾਮ ਕਰਨ ਖਾਤਰ ਬੈਠਣ ਵਾਲੇ ਸਥਾਨ ਮੌਜੂਦ ਹਨ, ਮਨ ਬਹਿਲਾਉਣ ਲਈ ਸੰਗੀਤ ਵੀ ਹੈ, ਖਾਣ-ਪੀਣ ਲਈ ਜੂਸ ਤੇ ਹੋਰਨਾਂ ਵਸਤਾਂ ਦੀਆਂ ਦੁਕਾਨਾਂ ਮੌਜੂਦ ਹਨ। 18 ਏਕੜ ਵਿਚ ਬਣੇ ਬਗੀਚੇ ਨੂੰ ਵੇਖਣ ਖਾਤਰ ਰਸਤੇ-ਪੌੜੀਆਂ ਤੁਰਦੇ-ਚੜ੍ਹਦੇ ਤੁਸੀਂ ਇਕ ਕੋਨੇ ਤੋਂ ਦੂਸਰੇ ਕੋਨੇ ਤੱਕ ਕਦ ਪਹੁੰਚ ਜਾਂਦੇ ਹੋ, ਤੁਹਾਨੂੰ ਪਤਾ ਹੀ ਨਹੀਂ ਲਗਦਾ। ਇਸ ਬਗੀਚੇ ਵਿਚ ਅਨੇਕਾਂ ਹੀ ਸ਼ਿੰਗਾਰਨ ਵਾਲੇ ਢਾਂਚੇ ਹਰ ਸਾਲ ਬਦਲੇ ਵੀ ਜਾਂਦੇ ਹਨ। ਕੁਝ ਢਾਂਚੇ ਪੱਕੇ ਹਨ ਅਤੇ ਕੁਝ ਜਿਵੇਂ ਕਿ ਟੂਟੀ ਵਿਚੋਂ ਡੁਲ੍ਹਦੀ ਫੁੱਲਾਂ ਦੀ ਨਦੀ, ਮੋਰ, ਪੰਛੀ ਆਦਿ ਅਨੇਕਾਂ ਨੂੰ ਬਦਲ ਕੇ ਸੋਹਣੀ ਦਿੱਖ ਦਿੱਤੀ ਜਾਂਦੀ ਹੈ।
ਇਹ ਲਾਜਵਾਬ ਬਗੀਚਾ ਵੇਖਦਿਆਂ ਮੂੰਹੋਂ ਇਕ ਗੱਲ ਜ਼ਰੂਰੀ ਨਿਕਲਦੀ ਹੈ, 'ਅੱਖੀਂ ਵੇਖ ਨਾ ਰੱਜੀਆਂ' ਮੈਂ ਆਪਣੇ ਅੱਖੀਂ ਵੇਖਦੇ ਨਜ਼ਾਰੇ ਨੂੰ ਸ਼ਬਦਾਂ ਰਾਹੀਂ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ। ਮੈਂ ਦਾਅਵੇ ਨਾਲ ਕਹਿੰਦਾ ਹਾਂ ਕਿ ਬਗੀਚੇ ਵਿਚ ਏਨੇ ਜ਼ਿਆਦਾ ਖੂਬਸੂਰਤ ਫੁੱਲ ਤੇ ਨਜ਼ਾਰੇ ਹਨ ਕਿ ਤੁਹਾਡਾ ਦਿਲ ਬਾਗ਼-ਬਾਗ਼ ਹੋ ਜਾਵੇਗਾ। ਸ਼ਾਲਾ! ਅਜਿਹੇ ਹੁਸੀਨ ਬਗੀਚਿਆਂ ਦੀ ਗਿਣਤੀ ਧਰਤ ਉੱਪਰ ਦਿਨ-ਬ-ਦਿਨ ਵਧਦੀ ਨਜ਼ਰ ਆਵੇ।


-ਮੋਬਾਈਲ : 98142-39041.
landscapingpeople@rediffmail.com

'ਜੰਨਤ' ਜਾਮ ਹੈ!

ਨੰਗਲ ਡੈਮ ਤੋਂ ਬਰਫ਼ੀ ਖਾ ਕੇ ਸਫ਼ਰ ਸ਼ੁਰੂ ਕੀਤਾ। ਦੁਪਹਿਰੇ ਲਖਨਪੁਰ ਦੇ ਲੱਡੂਆਂ ਨੇ ਰੋਕ ਲਿਆ। 222,236 ਸਕੇਅਰ ਕਿਲੋਮੀਟਰ ਖੇਤਰ 'ਚ ਫੈਲੇ ਧਰਤੀ 'ਤੇ ਸਵਰਗ ਜੰਮੂ-ਕਸ਼ਮੀਰ ਦਾ ਪ੍ਰਵੇਸ਼ ਦੁਆਰ ਹੈ ਲਖਨਪੁਰ। ਲਖਨਪੁਰ 'ਚ 100 ਤੋਂ ਵੱਧ ਛੋਟੀਆਂ-ਵੱਡੀਆਂ ਰੇਹੜੀਆਂ ਹਨ, ਜਿਥੇ 24 ਘੰਟੇ ਦਾਲ ਦੇ ਲੱਡੂ, ਵੜੇ ਸੈਲਾਨੀਆਂ ਦਾ ਸਵਾਗਤ ਕਰਦੇ ਹਨ। ਤਾਜ਼ਗੀ ਤੇ ਜਾਇਕਾ ਦੋਵੇਂ ਕਮਾਲ, ਕੂੰਡੇ-ਸੋਟੇ ਨਾਲ ਦਾਲ ਘੋਟੀ ਜਾ ਰਹੀ ਹੈ, ਕੜਾਹੀ 'ਚ ਤਲਾਈ ਹੋ ਰਹੀ ਹੈ। ਸੈਲਾਨੀ ਵੀ ਰੁਕਦੇ ਹਨ ਤੇ ਵੱਡੇ-ਵੱਡੇ ਸਟਾਰ ਵੀ। ਮੇਰੇ ਮਿੱਤਰਾਂ ਬਲਜੀਤ ਸਿੰਘ ਬਡਵਾਲ, ਪੱਤਰਕਾਰ ਸ਼ਿਵ ਕੁਮਾਰ ਕਾਲੀਆ, ਯੋਗੇਸ਼ ਸਚਦੇਵਾ ਸੁਰਿੰਦਰ ਸੂਫੀ ਨੇ ਤਕਰੀਬਨ 60 ਵਰ੍ਹਿਆਂ ਤੋਂ ਚੱਲ ਰਹੇ ਇਸ ਕਾਰੋਬਾਰ ਬਾਰੇ ਜਾਣਕਾਰੀ ਲਈ। ਅੱਜਕਲ੍ਹ ਸਾਂਬਾ ਸ਼ਹਿਰ 'ਚ ਵੀ ਲੱਡੂਆਂ ਵਾਲੇ ਹਨ ਪਰ ਅਸਲ ਸਰਦਾਰੀ ਲਖਨਪੁਰ ਦੀ ਹੀ ਹੈ। ਲਖਨਪੁਰ ਟੱਪਦਿਆਂ ਹੀ ਮੋਬਾਈਲ ਜਾਮ ਹੋ ਗਏ। ਜੰਮੂ-ਕਸ਼ਮੀਰ 'ਚ ਸਿਰਫ਼ ਪੋਸਟ ਪੇਡ ਮੋਬਾਈਲ ਫੋਨ ਹੀ ਚੱਲਦੇ ਹਨ। ਟੂਰਿਸਟ ਸਿੰਮ ਲੈਣ ਲਈ ਇਕ-ਦੋ ਥਾਈਂ ਰੁਕੇ ਪਰ ਗੱਲ ਨਹੀਂ ਬਣੀ। ਸ਼ਾਮੀਂ ਊਧਮਪੁਰ ਟੱਪਦਿਆਂ ਹੀ ਟ੍ਰੈਫਿਕ ਬੜੀ ਬੁਰੀ ਤਰ੍ਹਾਂ ਜਾਮ ਹੋ ਗਿਆ। ਅਕਤੂਬਰ 'ਚ ਸੇਬ ਦੇ ਸੀਜ਼ਨ ਦੌਰਾਨ ਅਜਿਹਾ ਹੁੰਦਾ ਹੀ ਹੈ। ਉਂਜ ਵੀ ਜੰਮੂ-ਸ੍ਰੀਨਗਰ ਅਤੇ ਸ੍ਰੀਨਗਰ-ਲੇਹ ਮਾਰਗ 'ਤੇ ਸਫ਼ਰ ਕਰਨਾ ਸੌਖਾ ਨਹੀਂ। ਕੀ ਪਤਾ ਕਦੋਂ ਕਿਥੇ ਜਾਮ ਲੱਗ ਜਾਵੇ। ਜੰਮੂ-ਸ੍ਰੀਨਗਰ ਮਾਰਗ 'ਤੇ ਟਰੱਕਾਂ, ਮਿਲਟਰੀ ਵਾਹਨਾਂ, ਸੈਲਾਨੀ ਵਾਹਨਾਂ ਦੀ ਬਹੁਤਾਤ ਰਹਿੰਦੀ ਹੈ। ਟ੍ਰੈਫਿਕ ਜਾਮ ਆਮ ਗੱਲ ਹੈ। ਸਮਾਂ ਕਿੰਨਾ ਲੱਗੇਗਾ ਕੋਈ ਪਤਾ ਨਹੀਂ। ਸੜਕ ਦਾ ਨਿਰਮਾਣ ਕਾਰਜ ਵੀ ਚੱਲ ਰਿਹਾ ਹੈ। ਪਤਨੀਟਾਪ ਲਾਗੇ ਨਵੀਂ ਬਣੀ 9 ਕਿਲੋਮੀਟਰ ਲੰਬੀ ਸੁਰੰਗ ਨੇ ਸਫ਼ਰ ਸੌਖਾ ਵੀ ਕੀਤਾ ਹੈ ਪਰ ਭਾਰਤ 'ਚ ਮਸਲਾ ਇਕ ਨਹੀਂ। ਚਾਣਚੱਕ ਸੜਕ 'ਤੇ ਸੈਂਕੜੇ ਭੇਡਾਂ ਵਾਲੇ ਗਡਰੀਏ ਆ ਬਹੁੜਦੇ ਹਨ, ਫੜ ਲਓ, ਡਿਜੀਟਲ ਇੰਡੀਆ ਦੀ ਪੂਛ। ਰਾਤੀਂ ਕਸਬਾ ਕੁੱਦ ਦੀਆਂ ਰੰਗ-ਬਰੰਗੀਆਂ ਰੌਸ਼ਨੀਆਂ ਨੇ ਸਾਡਾ ਸਵਾਗਤ ਕੀਤਾ। ਕੁੱਦ ਦਾ ਪਤੀਸਾ ਆਪਣੇ ਵਿਲੱਖਣ ਜਾਇਕੇ ਲਈ ਪ੍ਰਸਿੱਧ ਹੈ। ਮਿੱਤਰ ਮੰਡਲੀ ਨੇ ਪਤੀਸੇ ਨੂੰ ਚੰਗਾ ਗੇੜਾ ਦਿੱਤਾ। ਅਸਲ 'ਚ ਭੁੱਖ ਸਵਾਦ ਹੁੰਦੀ ਹੈ। ਬੜੇ ਹਿੰਮਤੀ ਡਰਾਈਵਰ ਮੁਹੰਮਦ ਰਫ਼ੀਕ ਬੱਬੂ ਨੇ ਰਾਮਬਟ 'ਚ ਰਾਤ ਠਹਿਰਣ ਦੀ ਸਲਾਹ ਦਿੱਤੀ। ਬੱਸ ਸਟੈਂਡ ਲਾਗੇ ਇਕ ਹੋਟਲ 'ਚ ਡੇਰੇ ਤਾਂ ਲਾ ਲਏ ਪਰ ਸਾਰੀ ਰਾਤ ਟਰੱਕਾਂ ਦੇ ਹਾਰਨ ਸਿਰ ਖਾ ਗਏ। ਕਹਾਵਤ ਵੀ ਯਾਦ ਆਈ, 'ਜੋ ਸੁੱਖ ਛੱਜੂ ਦੇ ਚੁਬਾਰੇ ਨਾ ਉਹ ਬਲਖ ਨਾ ਬੁਖਾਰੇ।'
ਸਵੇਰੇ ਫੁਰਤੀ ਮਾਰੀ, ਬਿਸਤਰੇ ਛੱਡੇ, ਬਰੇਕਫਾਸਟ ਛੱਡਿਆ। ਸਫ਼ਰ ਮੁੜ ਸ਼ੁਰੂ ਕੀਤਾ। ਟਾਈਟੈਨਿਕ ਵਿਯੂ ਪੁਆਇੰਟ ਕੋਲ ਬਰੇਕ ਲੱਗਣੀ ਸੀ। ਕਮਾਲ ਦਾ ਦ੍ਰਿਸ਼। ਜੰਨਤ ਦੀ ਕੋਸੀ-ਕੋਸੀ ਧੁੱਪ। ਸਾਫ਼ ਹਵਾ, ਸੋਹਣੇ ਚਿਨਾਰ। ਪਹਾੜ ਤੋਂ ਵਾਦੀ ਦਾ ਕਮਾਲ ਦਾ ਦ੍ਰਿਸ਼ ਨਜ਼ਰ ਆ ਰਿਹਾ ਸੀ। ਚਾਹੀਦੀਆਂ ਚੁਸਕੀਆਂ ਲੈਂਦਿਆਂ ਅਸੀਂ ਫ਼ੈਸਲਾ ਕੀਤਾ ਕਿ ਰਾਤ ਗੁਲਮਰਗ ਰੁਕਿਆ ਜਾਵੇ। ਸਾਰਾ ਦਿਨ ਸੈਰ-ਸਪਾਟੇ ਲਈ ਕਾਫ਼ੀ ਸਮਾਂ ਸੀ। ਜਿਵੇਂ-ਜਿਵੇਂ ਅਸੀਂ ਗੁਲਮਰਗ ਵੱਲ ਵਧ ਰਹੇ ਸਾਂ ਕੁਦਰਤੀ ਦ੍ਰਿਸ਼ ਹੁਸੀਨ ਹੁੰਦੇ ਜਾ ਰਹੇ ਸਨ। ਖ਼ੂਬਸੂਰਤ ਸੜਕ 'ਤੇ ਠੰਢੀ ਪੌਣ, ਚਿਨਾਰ ਤੇ ਦੇਵਦਾਰ ਦੇ ਰੁੱਖ ਸਾਡਾ ਸਵਾਗਤ ਕਰ ਰਹੇ ਸਨ। ਰਾਹ 'ਚ ਰੁਕ-ਰੁਕ ਕੇ ਫੋਟੋਆਂ ਖਿੱਚਦੇ ਅਸੀਂ ਸ਼ਾਮੀਂ ਚਾਰ ਵਜੇ ਗੁਲਮਰਗ ਪਹੁੰਚੇ। ਗੁਲਮਰਗ ਪਹੁੰਚਦਿਆਂ ਹੀ ਗਾਈਡ, ਘੋੜੇ ਵਾਲੇ, ਹੋਟਲ ਏਜੰਟ ਸਾਡੇ ਮਗਰ ਪੈ ਗਏ। ਮਸਾਂ ਖਹਿੜਾ ਛੁਡਾਇਆ। ਅਸੀਂ ਹੋਟਲ ਯਮਯਮ 'ਚ ਦੋ ਰੂਮ ਲੈ ਲਏ। ਔਫ਼ ਸੀਜ਼ਨ 'ਚ ਕਮਰਾ 2000 ਰੁਪਏ ਦਾ ਹੁੰਦਾ ਹੈ ਜਿਹੜਾ ਆਨ ਸੀਜ਼ਨ 'ਚ 5000 ਰੁਪਏ ਦਾ ਹੁੰਦਾ ਹੈ। ਗੁਲਮਰਗ 'ਚ ਖੰਡਰ ਬਣੀ ਹੋਟਲ ਅਸ਼ੋਕ ਦੀ ਅੱਧੀ-ਅਧੂਰੀ ਇਮਾਰਤ ਵੀ ਖੜ੍ਹੀ ਹੈ। ਅਸਲ 'ਚ ਗੜਬੜੀ ਵਾਲੇ ਹਾਲਾਤ ਨੇ ਸੂਬੇ ਦੇ ਵਿਕਾਸ, ਸੈਰ-ਸਪਾਟੇ ਨੂੰ ਵੱਡੀ ਸੱਟ ਮਾਰੀ ਹੈ। ਗੁਲਮਰਗ 'ਚ ਹੋਟਲ ਖ਼ੈਬਰ ਸਭ ਤੋਂ ਮਹਿੰਗਾ ਹੈ, ਜਿਥੇ ਸਸਤੇ ਤੋਂ ਸਸਤਾ ਰੂਮ 20,000 ਰੁਪਏ ਦਾ ਹੈ। ਗੁਲਮਰਗ ਵੀ ਖਜਿਆਰ ਵਰਗਾ ਹੈ ਪਰ ਖਜਿਆਰ ਤੋਂ ਕਿਤੇ ਜ਼ਿਆਦਾ ਖੂਬਸੂਰਤ, ਗੁਲਮਰਗ ਸ਼ਾਂਤ ਹੈ, ਸੋਹਣਾ ਹੈ ਅਤੇ ਸੁਰੱਖਿਅਤ ਵੀ।
ਸਮੁੱਚੇ ਸੰਸਾਰ ਤੋਂ ਸਕੀਟਿੰਗ ਦੇ ਸ਼ੌਕੀਨ ਜਨਵਰੀ 'ਚ ਇਥੇ ਆਉਂਦੇ ਹਨ, ਕਿਉਂਕਿ ਗੁਲਮਰਗ ਬਰਫ਼ ਦੀ ਵੱਡੀ ਚਾਦਰ ਬਣ ਜਾਂਦਾ ਹੈ। ਹਿਮਾਚਲ ਦਾ ਸੋਲਾਂਗ (ਮਨਾਲੀ) ਵੀ ਸਕੀਟਿੰਗ ਲਈ ਪ੍ਰਸਿੱਧ ਹੈ। ਗੁਲਮਰਗ 'ਚ ਆਰਮੀ ਅਫ਼ਸਰ ਵੀ ਛੁੱਟੀਆਂ ਕੱਟਣ ਆਉਂਦੇ ਹਨ। ਕਮਾਲ ਦਾ ਬੰਦੋਬਸਤ ਹੈ। ਸੁਰੱਖਿਆ ਵੀ ਤੇ ਸਹੂਲਤਾਂ ਵੀ। ਆਰਮੀ ਟੀਮਾਂ ਹੋਟਸ ਕਮਾਲ ਦੀਆਂ ਹਨ। ਗੁਲਮਰਗ 'ਚ ਸਭ ਤੋਂ ਵੱਡਾ ਆਕਰਸ਼ਨ ਹੈ ਖੰਡੋਲਾ (ਰੋਪ ਵੇਅ) ਜਿਹੜਾ ਸੈਲਾਨੀਆਂ ਨੂੰ ਬਰਫ਼ੀਲੀ ਚੋਟੀ 'ਤੇ ਲੈ ਕੇ ਜਾਂਦਾ ਹੈ। ਮਹਾਰਾਜਾ ਹਰੀ ਸਿੰਘ ਦਾ ਪੈਲੇਸ ਵੀ ਦਿਲਕਸ਼ ਹੈ, ਜਿਸ 'ਚ ਲੱਕੜੀ ਦੀ ਵਰਤੋਂ ਬੜੇ ਹੀ ਢੰਗ ਨਾਲ ਕੀਤੀ ਗਈ। ਪੁਰਾਤਨ ਹਥਿਆਰ ਵੀ ਦੇਖਣਯੋਗ ਹਨ। ਹੁਣ ਤਾਂ ਸਮੇਂ ਨੇ ਪੈਲੇਸ ਦਾ ਰੰਗ-ਰੂਪ ਬਦਲ ਦਿੱਤਾ ਹੈ। ਪੈਲੇਸ 'ਚ ਏ.ਸੀ. ਲੱਗ ਗਏ ਹਨ। ਸੈਰ-ਸਪਾਟੇ ਸਮੇਂ ਬਟੂਆ ਖੁੱਲ੍ਹਾ ਹੀ ਰੱਖਣਾ ਪੈਂਦਾ ਹੈ, ਕਿਉਂਕਿ ਚੱਪੇ-ਚੱਪੇ 'ਤੇ ਖਰਚ ਹੋਣਾ ਹੀ ਹੈ। ਸੂਝਵਾਨ ਸੈਲਾਨੀ ਸੰਜਮ ਨਾਲ ਖਰਚ ਕਰਦੇ ਹਨ। ਇਹ ਫ਼ੈਸਲਾ ਤੁਸੀਂ ਕਰਨਾ ਹੈ ਕਿ ਖੰਡੋਲਾ/ਮਹਾਰਾਜਾ ਪੈਲੇਸ/ਚਿਲਡਰਨ ਪਾਰਕ ਤੁਸੀਂ ਘੋੜੇ 'ਤੇ ਜਾਣਾ ਹੈ ਜਾਂ ਖੁਦ ਘੋੜਾ ਬਣ ਕੇ। ਤੁਰ ਕੇ ਸਭ ਮੁਫ਼ਤ ਤੇ ਘੋੜੇ 'ਤੇ 800-1000 ਰੁਪਏ। ਗੁਲਮਰਗ 'ਚ ਮਾਤਾ ਰਾਣੀ ਦਾ ਮੰਦਰ ਵੀ ਹੈ। ਗੁਲਮਰਗ 'ਚ ਚਾਹ ਦੀਆਂ ਦੁਕਾਨਾਂ 'ਤੇ ਕਾਹਵਾ ਵੀ ਮਿਲਦਾ ਹੈ। ਕਸ਼ਮੀਰ 'ਚ ਕਾਹਵੇ ਦੀ ਸਰਦਾਰੀ ਹੈ। ਸਿਹਤ ਲਈ ਕਾਹਵਾ ਚੰਗਾ ਹੈ। ਮਾੜੀ-ਮੋਟੀ ਠੰਢ ਲੱਗਣ 'ਤੇ ਦਾਲ-ਚੀਨੀ ਅਤੇ ਇਲੈਚੀ-ਅਦਰਕ ਪਾ ਕੇ ਕਾਹਵਾ ਤਿਆਰ ਕੀਤਾ ਜਾਂਦਾ ਹੈ। ਚਾਹ ਦੀਆਂ ਦੁਕਾਨਾਂ 'ਤੇ ਬੇਕਰੀ ਦੇ ਵੱਡੇ-ਵੱਡੇ ਬਿਸਕੁਟ ਮਿਲਦੇ ਹਨ। ਹੋਟਲ ਵਾਲੇ ਫੈਣੀਆਂ ਵੀ ਪਰੋਸਦੇ ਹਨ। ਰਾਜਮਾਂਹ, ਮਟਨ, ਚਿਕਨ ਦਾ ਕਸ਼ਮੀਰੀ ਜਾਇਕਾ ਕਮਾਲ ਦਾ ਹੈ, ਲਾਲ ਰੰਗ ਦੀ ਮਸਾਲਾ ਟਿੱਕੀ ਰਸੋਈ 'ਚ ਵਰਤੀ ਜਾਂਦੀ ਹੈ। ਗੁਲਮਰਗ ਸੱਚੀਂ ਸਵਰਗ ਹੈ ਅਤੇ ਸਵਰਗ ਪੈਦਲ ਹੀ ਦੇਖਣਾ ਚਾਹੀਦਾ ਹੈ। ਗੁਲਮਰਗ ਤੋਂ ਬਾਅਦ ਸ੍ਰੀਨਗਰ ਜਾਣ ਦਾ ਪ੍ਰੋਗਰਾਮ ਸੀ। ਰਾਹ 'ਚ ਇਕ ਸੇਬਾਂ ਦੇ ਬਾਗ਼ 'ਚੋਂ ਸਾਰਿਆਂ ਨੇ ਸੇਬਾਂ ਦੀ ਇਕ-ਇਕ ਪੇਟੀ ਲਈ। ਸੇਬਾਂ ਦੀ ਸੰਭਾਲ ਲਈ ਤਰਪਾਲ ਲਈ। ਇਹ ਗੱਲ ਵੱਖਰੀ ਹੈ ਕਿ ਨੰਗਲ ਆ ਕੇ ਜਦੋਂ ਪੇਟੀਆਂ ਖੋਲ੍ਹੀਆਂ ਤਾਂ 70 ਫ਼ੀਸਦੀ ਸੇਬ ਬੇਕਾਰ ਨਿਕਲੇ। ਸ਼ਾਪਿੰਗ ਵੀ ਆਰਟ ਹੈ, ਜਿਹੜਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ। ਸ੍ਰੀਨਗਰ ਪਹੁੰਚ ਕੇ ਮੁਹੰਮਦ ਰਫ਼ੀਕ ਨੇ ਡੱਲ ਝੀਲ ਕੰਢੇ ਗੱਡੀ ਪਾਰਕ ਕੀਤੀ। ਦੋ ਸ਼ਿਕਾਰੇ ਲੈ ਕੇ ਮਿੱਤਰ ਮੰਡਲੀ ਨੇ ਬੋਟਿੰਗ ਕਰਨੀ ਸ਼ੁਰੂ ਕੀਤੀ। ਬੋਟਿੰਗ ਵੀ, ਸ਼ਾਪਿੰਗ ਵੀ। ਡੱਲ ਝੀਲ ਵੱਖਰਾ ਹੀ ਸੰਸਾਰ ਹੈ। ਇਹ ਸੰਸਾਰ ਪਤਾ ਨਹੀਂ ਕਿੰਨੀਆਂ ਕੁ ਫ਼ਿਲਮਾਂ ਦਾ ਸ਼ਿੰਗਾਰ ਬਣ ਚੁੱਕਾ ਹੈ। ਜਦੋਂ ਤੁਸੀਂ ਸ਼ਿਕਾਰੇ 'ਚ ਘੁੰਮ ਰਹੇ ਹੁੰਦੇ ਹੋ ਤਾਂ ਨਕਲੀ ਗਹਿਣੇ, ਕੇਸਰ, ਸ਼ਿਲਾਜੀਤ, ਸ਼ਾਲ, ਸਨੈਕਸ, ਵਸਤਰ, ਚਾਹ, ਕਾਹਵਾ, ਸਜਾਵਟੀ ਸਾਮਾਨ ਵੇਚਣ ਵਾਲੇ ਤੁਹਾਡੇ ਨਾਲ ਸੰਪਰਕ ਕਰਦੇ ਹਨ। ਉਹ ਆਪਣੀ ਨਿੱਕੀ ਕਿਸ਼ਤੀ ਤੁਹਾਡੇ ਸ਼ਿਕਾਰੇ ਦੇ ਲਾਗੇ ਲਿਆ ਕੇ ਤੁਹਾਨੂੰ ਸਾਮਾਨ ਵਿਖਾਉਂਦੇ ਹਨ। ਇਨ੍ਹਾਂ ਦੀ ਰੋਜ਼ੀ-ਰੋਟੀ ਸੈਲਾਨੀ ਹੀ ਹਨ। ਗੰਜੇ ਨੂੰ ਕੰਘੀ ਵੇਚਣ ਦੀ ਸਮਰੱਥਾ ਰੱਖਦੇ ਸੇਲਜ਼ਮੈਨ ਹਰ ਚੀਜ਼ ਦਾ ਭਾਅ ਪਹਿਲਾਂ ਅਸਮਾਨੀ ਚਾੜ੍ਹ ਦਿੰਦੇ ਹਨ ਤੇ ਫਿਰ ਗਾਹਕ ਦੀ ਨਬਜ਼ ਵੇਖ ਕੇ ਭਾਅ ਧਰਤੀ 'ਤੇ ਲੈ ਆਉਂਦੇ ਹਨ। ਗੱਲਾਂ ਦਾ ਕੜਾਹ ਬਣਾਉਣ ਦੇ ਸੁਪਰ ਸਪੈਸ਼ਲਿਸਟ ਹਨੀਮੂਨ ਮਨਾਉਣ ਆਏ ਜੋੜੇ ਨੂੰ ਇਕ ਮੁਖਾਤਿਬ ਹੁੰਦੇ ਹਨ 'ਲੇ ਲੋ ਸਾਹਿਬ ਮੇਮ ਸਾਹਬ ਯਹ ਸ਼ਾਲ ਓੜ ਕਰ ਚਲੇਗੀ ਤੋਂ ਟ੍ਰੈਫਿਕ ਜਾਮ ਹੋ ਜਾਏਗਾ, ਲੋਗ ਰੁਕ ਰੁਕ ਕਰ ਦੇਖੇਂਗੇ।' ਡੱਲ ਝੀਲ 'ਚ ਵੱਡਾ ਬਾਜ਼ਾਰ ਹੈ।
(ਬਾਕੀ ਅਗਲੇ ਐਤਵਾਰ ਦੇ ਅੰਕ 'ਚ)


-ਭਾਖੜਾ ਰੋਡ, ਨੰਗਲ-140124.
ਮੋਬਾ : 98156-24927. grewal.dam@gmail.com

ਗ਼ਜ਼ਲ

* ਜਸਵੰਤ ਸਿੰਘ ਸੇਖਵਾਂ *

ਖੰਡਰ ਹੀ ਦੱਸ ਰਹੇ ਨੇ, ਕਿੰਜ ਝੱਲੀਆਂ ਸੀ ਮਾਰਾਂ।
ਰੰਗੀਆਂ ਸੀ ਜੋ ਲਹੂ ਨੇ, ਮੌਜੂਦ ਨੇ ਦੀਵਾਰਾਂ।

ਇਹ ਜੋ ਸਫ਼ਰ ਜ਼ਿੰਦਗੀ ਦਾ, ਹਰ ਮੋੜ 'ਤੇ ਬਦਲਦਾ ਹੈ,
ਕਿਤੇ ਲੋੜ ਸਿਮਰਨੇ ਦੀ, ਕਿਤੇ ਚਾਹੀਦੀਆਂ ਕਟਾਰਾਂ।

ਹੈ ਡਰ ਵੀ ਮੌਸਮਾਂ ਦਾ, ਚੋਗੇ ਦੀ ਭਾਲ ਵੀ ਹੈ,
ਹੈ ਸਫ਼ਰ ਉਮਰ ਭਰ ਦਾ, ਚਲਦੇ ਨੇ ਬਣ ਕੇ ਡਾਰਾਂ।

ਗੋਹੜੇ 'ਚੋਂ ਮੈਂ ਤਾਂ ਹਾਲੇ, ਪੂਣੀ ਵੀ ਨਹੀਓਂ ਛੋਹੀ,
ਸੀਨੇ 'ਚ ਧੁਖਦੀਆਂ ਜੋ, ਰੀਝਾਂ ਨੂੰ ਕਿੰਜ ਠਾਰਾਂ।

ਦੁਨੀਆ ਦੀ ਭੀੜ ਅੰਦਰ, ਕਦੇ ਫੇਰ ਵੀ ਮਿਲਾਂਗੇ,
ਸ਼ਾਇਦ, ਮਿਲ ਹੀ ਜਾਵਣ, ਫਿਰ ਸਾਡੀਆਂ ਵਿਚਾਰਾਂ।

ਨੇਰ੍ਹੇ ਨੂੰ ਚੀਰ ਕੇ ਹੀ, ਨਿਕਲੇਗਾ ਪਹੁਫੁਟਾਲਾ,
ਨਾ ਡਰ ਤੂੰ ਪਤਝੜਾਂ ਤੋਂ, ਫਿਰ ਆਉਣੀਆਂ ਬਹਾਰਾਂ।

ਮਰਨਾ ਹੈ ਅਮਰ ਉਸ ਦਾ, ਰੋਵੇ ਜਹਾਨ ਜਿਸਨੂੰ,
ਲੱਗਣ ਚਿਤਾ 'ਤੇ ਮੇਲੇ, ਢਾਡੀ ਵੀ ਗਾਉਣ ਵਾਰਾਂ।

ਸ਼ੱਕ ਦੁਸ਼ਮਣਾਂ 'ਤੇ ਐਵੇਂ, ਰਿਹਾ ਸੇਖਵਾਂ ਸੀ ਕਰਦਾ,
ਖੁੱਲ੍ਹਿਆ ਸੀ ਰਾਜ਼ ਉਦੋਂ, ਜਦ ਮਾਰਿਆ ਸੀ ਯਾਰਾਂ।


-ਮੋਬਾਈਲ : 98184-89010.

ਹੰਕਾਰ

ਹੰਕਾਰ ਪੰਜ ਵਿਕਾਰਾਂ ਵਿਚੋਂ ਪੰਜਵੇਂ ਨੰਬਰ 'ਤੇ ਆਉਂਦਾ ਹੈ। ਜਿਥੇ ਇਹ ਦੂਜੇ ਨੂੰ ਤੰਗ ਕਰਦਾ ਹੈ, ਉਥੇ ਇਹ ਹੰਕਾਰੀ ਮਨੁੱਖ ਨੂੰ ਛੇਤੀ ਹੀ ਸਬਕ ਸਿਖਾ ਕੇ ਅਗਾਂਹ ਤੁਰਦਾ ਬਣਦਾ ਹੈ। ਕਿਸੇ ਨੇ ਠੀਕ ਹੀ ਕਿਹਾ ਹੈ ਕਿ ਮਨੁੱਖ ਜਿੰਨਾ ਆਪ ਛੋਟਾ ਹੁੰਦਾ ਹੈ, ਉਸ ਦਾ ਹੰਕਾਰ ਓਨਾ ਹੀ ਵੱਡਾ ਹੁੰਦਾ ਹੈ। ਇਸ ਤਰ੍ਹਾਂ ਕਈ ਵਾਰ ਕਈ ਮਾਨਵ ਹੰਕਾਰ ਵਿਚ ਆ ਕੇ ਦਾਨਵ ਦਾ ਰੂਪ ਧਾਰਨ ਕਰਨ ਵਿਚ ਦੇਰੀ ਨਹੀਂ ਲਾਉਂਦੇ। ਕਿਸੇ ਵਿਅਕਤੀ ਕੋਲ ਥੋੜ੍ਹੀ ਜਿਹੀ ਦੌਲਤ ਤਾਂ ਸ਼ੋਹਰਤ ਆ ਜਾਵੇ ਤੇ ਉਹ ਫਿਰ ਨਿੱਕੇ ਜਿਹੇ ਘਰ ਨੂੰ ਕੋਠੀ, ਮਹਿਲ ਜਾਂ ਬੰਗਲਾ ਦੱਸਣ ਲੱਗ ਜਾਵੇ ਤਾਂ ਸਮਝੋ ਉਹ ਹੰਕਾਰ ਦੀ ਲਪੇਟ 'ਚ ਆ ਗਿਆ ਹੈ। ਹੰਕਾਰੀ ਬੰਦਾ ਪੁਰਾਣੇ ਮਿੱਤਰਾਂ ਨੂੰ ਅਤੇ ਖ਼ਾਸ-ਖ਼ਾਸ ਰਿਸ਼ਤੇ ਨਾਤੇ ਭੁੱਲ ਕੇ ਹੰਕਾਰ ਦੀ ਅੱਗ ਵਿਚ ਸੜਦਾ ਬਲਦਾ ਹੋਇਆ ਆਪਣਿਆਂ ਅਤੇ ਦੂਜਿਆਂ ਦੀਆਂ ਆਤਮਾਵਾਂ ਨੂੰ ਜ਼ਖ਼ਮੀ ਕਰਦਾ ਹੋਇਆ ਬੰਦੇ ਨੂੰ ਬੰਦਾ ਸਮਝਣ ਦੀ ਸਮਝ ਗੁਆ ਬੈਠਦਾ ਹੈ।
ਹੰਕਾਰੀ ਵਿਅਕਤੀ ਪਿਆਰ ਦੀਆਂ ਭਾਵਨਾਵਾਂ ਦੀ ਡੂੰਘਾਈ ਨਹੀਂ ਮਾਪ ਸਕਦਾ, ਕਿਉਂਕਿ ਉਸ ਦੀ ਸੋਚ ਦਾ ਦਾਇਰਾ ਛੋਟਾ ਹੋ ਜਾਂਦਾ ਹੈ। ਉਹ ਫਿਰ ਆਪੇ ਤੋਂ ਬਾਹਰ ਹੋ ਕੇ ਆਪਣੀ ਸਮਝ ਗੁਆ ਬੈਠਦਾ ਹੈ।
ਹੰਕਾਰ ਦੇ ਨਸ਼ੇ ਵਿਚ ਰੱਬ ਬਣੇ ਮਨੁੱਖ ਨੂੰ ਧਰਤੀ ਆਕਾਸ਼ ਕਾਦਰ ਦੀ ਕੁਦਰਤ ਅਤੇ ਸਮਾਜ ਵੀ ਅਜਿਹੀ ਸਜ਼ਾ ਦਿੰਦਾ ਹੈ ਕਿ ਉਹ ਆਪਣੇ ਹੀ ਪੁੱਟੇ ਟੋਇਆਂ ਵਿਚ ਡਿਗਦਾ ਹੈ ਅਤੇ ਆਪਣੇ ਬੁਣੇ ਹੋਏ ਜਾਲ ਵਿਚ ਫਸਦਾ ਹੈ। ਇਸ ਲਈ ਇਸ ਵਿਚਾਰ ਅਤੇ ਹੰਕਾਰ ਰੂਪੀ ਨਸ਼ੇ ਤੋਂ ਬਚਣ ਵਿਚ ਹੀ ਭਲਾਈ ਹੈ। ਕਹਿੰਦੇ ਹਨ ਹੰਕਾਰੀ ਮਨੁੱਖ ਜਿੰਨਾ ਜ਼ਮੀਨ ਤੋਂ ਉੱਪਰ ਉੱਠਦਾ ਹੈ, ਓਨਾ ਹੀ ਜੜ੍ਹ ਨਾਲੋਂ ਟੁਟ ਕੇ ਇਕ ਦਿਨ ਮੂਧੇ ਮੂੰਹ ਡਿਗਦਾ ਹੈ। ਅਜੋਕੇ ਰਿਸ਼ਤਿਆਂ ਵਿਚ ਆਏ ਫਿੱਕੇਪਣ ਦਾ ਕਾਰਨ ਵੀ ਬੇਲੋੜੇ ਪੈਸੇ ਦਾ ਹੰਕਾਰ ਹੀ ਬਣਦਾ ਹੈ। ਨੈਤਿਕ ਕਦਰਾਂ-ਕੀਮਤਾਂ ਦੇ ਹੰਕਾਰੀ ਵਿਅਕਤੀ ਪ੍ਰਵਾਹ ਨਹੀਂ ਕਰਦੇ। ਹੰਕਾਰ ਰਿਸ਼ਤਿਆਂ ਵਿਚ ਦੀਵਾਰ ਵਾਂਗ ਆ ਖੜ੍ਹਦਾ ਹੈ। ਮਹਾਂ ਉਪਨਿਸ਼ਦ 'ਚ ਲਿਖਿਆ ਹੈ ਕਿ ਹੰਕਾਰ (ਹਊਮੈ) ਦੀ ਰੁਚੀ ਹੋਣਾ ਆਪਣੀ ਆਤਮਾ ਦੇ ਸੱਚ ਤੋਂ ਡਿਗਣਾ ਹੈ।
ਆਪਣੇ ਆਲੇ-ਦੁਆਲੇ ਦੀ ਹਰਿਆਲੀ ਤੇ ਖ਼ੁਸ਼ਹਾਲੀ ਨੂੰ ਬਰਕਰਾਰ ਰੱਖਣ ਲਈ ਸਾਨੂੰ ਹੰਕਾਰ ਤੋਂ ਬਚਣਾ ਚਾਹੀਦਾ ਹੈ। ਸਮਾਜ ਵਿਚ ਫੇਰ ਹੀ ਵਡਿਆਈ ਤੇ ਚੰਗਿਆਈ ਹੋ ਸਕਦੀ ਹੈ। ਸੋ, ਅਤੀਤ ਅਤੇ ਔਕਾਤ ਨੂੰ ਹਮੇਸ਼ਾ ਯਾਦ ਰੱਖੋ। ਕਿਸੇ ਦੀ ਆਤਮਾ ਨੂੰ ਕਦੇ ਵੀ ਦੁੱਖ ਨਾ ਪਹੁੰਚਾਈਏ। ਆਪਣੇ ਮਨ ਮੰਦਰ ਨੂੰ ਸੁੰਦਰ ਅਤੇ ਸੋਹਣੇ ਵਿਚਾਰਾਂ ਨਾਲ ਸਜਾਈਏ। ਚੰਗੇ ਵਿਚਾਰਾਂ ਅਤੇ ਚੰਗੀ ਸੰਗਤ ਕਰਨ ਨਾਲ ਹੀ ਹੰਕਾਰ ਤੋਂ ਬਚਿਆ ਜਾ ਸਕਦਾ ਹੈ। ਇਸ ਲਈ ਹਰ ਇਕ ਨਾਲ ਹੰਕਾਰ ਤਿਆਗ ਕੇ ਵਿਵਹਾਰ ਕੀਤਾ ਜਾਵੇ ਤਾਂ ਫੇਰ ਦੇਖੋ ਤੁਹਾਡੀ ਰੂਹ ਨੂੰ ਕਿੰਨਾ ਸਕੂਨ ਮਿਲਦਾ ਹੈ।
ਸੋ, ਆਪਣੀ ਮਾਨਸਿਕ ਅਤੇ ਸਰੀਰਕ ਊਰਜਾ ਈਰਖਾ ਨਿੰਦਾ ਅਤੇ ਹੰਕਾਰ ਜਿਹੇ ਵਿਕਾਰਾਂ ਦੀ ਲਪੇਟ ਵਿਚ ਲਿਆ ਕੇ ਨਸ਼ਟ ਨਾ ਕਰੋ। ਅਜਿਹੇ ਵਿਕਾਰਾਂ ਤੋਂ ਬਚਣਾ ਹੀ ਚੰਗਾ ਹੈ। ਸੋ, ਚੰਗੇ ਵਿਚਾਰਾਂ ਦਾ ਅਧਿਐਨ ਕਰਦੇ ਰਹਿਣ ਨਾਲ ਚੰਗੀ ਸਾਂਝ ਦੀ ਤੰਦ ਜੁੜਦੀ ਹੈ ਅਤੇ ਮਜ਼ਬੂਤ ਹੁੰਦੀ ਹੈ। ਚੰਗੇ ਲੋਕਾਂ ਦੀ ਸੰਗਤ ਦੇ ਸਾਥ ਤੋਂ ਵਿਰਵੇ ਵਿਅਕਤੀ ਅਨ੍ਹੇਵਾਹ ਹੀ ਹਊਮੈ ਦੀ ਲਪੇਟ ਵਿਚ ਆ ਜਾਂਦੇ ਹਨ। ਕਦੇ ਵੀ ਦੂਜਿਆਂ ਨੂੰ ਨੀਵਾਂ ਦਿਖਾਉਣ ਦਾ ਭਰਮ-ਭੁਲੇਖਾ ਪੈਦਾ ਨਾ ਕਰੋ, ਹੰਕਾਰ ਦੇ ਨਸ਼ੇ ਵਿਚ ਆ ਕੇ ਆਪੇ ਤੋਂ ਬਾਹਰ ਹੋ ਕੇ ਕਿਸੇ ਦੀ ਆਤਮਾ ਨੂੰ ਤੰਗ ਪ੍ਰੇਸ਼ਾਨ ਕਰਨ ਦਾ ਕਦੇ ਵੀ ਹੱਕ ਨਹੀਂ ਜਤਾਉਣਾ ਚਾਹੀਦਾ। ਸੁਨੱਖਾ, ਸੁਚੱਜਾ ਸਲੀਕੇ ਵਾਲਾ ਅਤੇ ਸ਼ਿਸ਼ਟਾਚਾਰ, ਸਦਾਚਾਰੀ ਜੀਵਨ ਹੀ ਸਾਨੂੰ ਜੜ੍ਹਾਂ ਨਾਲ ਜੋੜਦਾ ਹੈ। ਕੁੱਲ ਮਿਲਾ ਕੇ ਹੰਕਾਰ ਤੋਂ ਰਹਿਤ ਹੋ ਕੇ ਨਵੇਂ ਅਤੇ ਪੁਰਾਣੇ ਰਿਸ਼ਤਿਆਂ ਦੀਆਂ ਗੰਢਾਂ ਨੂੰ ਮਜ਼ਬੂਤ ਬਣਾਈਏ ਤਾਂ ਕਿ ਖ਼ੂਨ ਦੇ ਅਤੇ ਦਿਲਾਂ ਦੇ ਰਿਸ਼ਤਿਆਂ ਦੀ ਉਮਰ ਵਡੇਰੀ ਹੋਵੇ।


-ਸਨੇਹਇੰਦਰ ਸਿੰਘ ਮੀਲੂ ਫਰੌਰ
932/25, ਖੰਨਾ-141401.
ਸੰਪਰਕ : 93163-17356

ਭੁੱਲੀਆਂ ਵਿਸਰੀਆਂ ਯਾਦਾਂ

ਇਹ ਤਸਵੀਰ ਉਸ ਸਮੇਂ ਦੀ ਖਿੱਚੀ ਹੋਈ ਏ ਜਦੋਂ ਸੰਤ ਹਰਚੰਦ ਸਿੰਘ ਲੌਂਗੋਵਾਲ, ਗਵਾਲੀਅਰ ਦੀ ਜੇਲ੍ਹ ਵਿਚੋਂ ਰਿਹਾਅ ਹੋ ਕੇ ਆਏ ਸਨ। ਸ: ਸੋਭਾ ਸਿੰਘ ਆਰਟਿਸਟ ਦੀ ਸੰਤ ਜੀ ਨਾਲ ਨੇੜਤਾ ਸੀ ਕਿਉਂਕਿ ਸੰਤ ਜੀ ਸ: ਸੋਭਾ ਸਿੰਘ ਦੇ ਜਨਮ ਦਿਨ 'ਤੇ ਅੰਦਰੇਟੇ ਉਨ੍ਹਾਂ ਨੂੰ ਜਨਮ ਦਿਨ ਦੀ ਵਧਾਈ ਦੇਣ ਅਕਸਰ ਜਾਂਦੇ ਹੁੰਦੇ ਸਨ। ਇਸ ਕਰਕੇ ਸ: ਸੋਭਾ ਸਿੰਘ ਸੰਤ ਜੀ ਨੂੰ ਵਿਸ਼ੇਸ਼ ਤੌਰ 'ਤੇ ਅੰਮ੍ਰਿਤਸਰ ਮਿਲਣ ਲਈ ਆਏ ਸੀ। ਸੰਤ ਜੀ ਨੇ ਸ: ਸੋਭਾ ਸਿੰਘ ਨੂੰ ਕੁਝ ਦੇਣਾ ਚਾਹਿਆ ਪਰ ਸ: ਸੋਭਾ ਸਿੰਘ ਨੇ ਆਪਣੇ ਦੋਵੇਂ ਹੱਥ ਜੋੜ ਦਿੱਤੇ। ਸ: ਸੋਭਾ ਸਿੰਘ ਨੇ ਇਹ ਕਿਹਾ ਸੀ 'ਅਸੀਂ ਆਪ ਜੀ ਦੇ ਦਰਸ਼ਨ ਕਰਨ ਲਈ ਆਏ ਸੀ।'


-ਮੋਬਾਈਲ : 98767-41231

ਨਹਿਲੇ 'ਤੇ ਦਹਿਲਾ

ਅੱਗ ਤੇ ਪਾਣੀ

ਜੋਸ਼ ਮਲੀਹਾਬਾਦੀ ਉਰਦੂ ਜ਼ਬਾਨ ਦੇ ਮੰਨੇ-ਪ੍ਰਮੰਨੇ ਸ਼ਾਇਰ ਸਨ। ਮਲੀਹਾਬਾਦ ਲਖਨਊ ਤੋਂ ਕਾਫੀ ਦੂਰ ਉਰਲੇ ਪਾਸੇ ਸਥਿਤ ਹੈ। ਜੋਸ਼ ਸਾਹਿਬ ਵੱਡੇ ਜ਼ਿਮੀਂਦਾਰ ਸਨ ਅਤੇ ਉਨ੍ਹਾਂ ਦੇ ਅੰਬਾਂ ਦੇ ਬਾਗ਼ ਸਨ। ਮਲੀਹਾਬਾਦ ਦੇ ਲਾਗੇ ਇਕ ਛੋਟਾ ਜਿਹਾ ਪਿੰਡ ਦਸਹਿਰੀ ਹੈ, ਜਿਥੋਂ ਦੇ ਦਸਹਿਰੀ ਅੰਬ ਬੜੇ ਸੁਆਦੀ ਹੁੰਦੇ ਹਨ।
ਜੋਸ਼ ਸਾਹਬ ਨੂੰ ਸ਼ਰਾਬ ਪੀਣ ਦਾ ਸ਼ੌਕ ਸੀ। ਉਨ੍ਹਾਂ ਦੀ ਬੇਗ਼ਮ ਉਨ੍ਹਾਂ ਦੀ ਸ਼ਾਇਰੀ ਕਰਕੇ ਵੀ ਉਨ੍ਹਾਂ ਦੀ ਅੰਤਾਂ ਦੀ ਕਦਰ ਕਰਦੀ ਸੀ। ਸ਼ਾਮ ਹੁੰਦੇ ਹੀ ਉਨ੍ਹਾਂ ਦੀ ਬੇਗ਼ਮ ਪੈੱਗ ਬਣਾ-ਬਣਾ ਕੇ ਭੇਜਦੀ ਰਹਿੰਦੀ ਅਤੇ ਉਹ ਪੀਂਦੇ ਰਹਿੰਦੇ, ਦੋ-ਤਿੰਨ ਘੰਟੇ ਰੋਜ਼ ਉਨ੍ਹਾਂ ਦਾ ਸਿਲਸਿਲਾ ਜਾਰੀ ਰਹਿੰਦਾ। ਇਸ ਤੋਂ ਬਾਅਦ ਉਹ ਖਾਣਾ ਖਾਂਦੇ ਅਤੇ ਆਰਾਮ ਕਰਦੇ ਸਨ।
ਉਨ੍ਹਾਂ ਦੇ ਇਕ ਮਿੱਤਰ ਆਜ਼ਾਦ ਅਨਸਾਰੀ ਜੋਸ਼ ਸਾਹਿਬ ਨੂੰ ਮਿਲਣ ਆਏ। ਉਨ੍ਹਾਂ ਦੀ ਬੇਗਮ ਅਨਸਾਰੀ ਸਾਹਬ ਤੋਂ ਬੜੀ ਚਿੜਦੀ ਸੀ। ਜੋਸ਼ ਸਾਹਬ ਨੇ ਆਪਣੀ ਬੇਗ਼ਮ ਨੂੰ ਸ਼ਰਾਬ ਦੀ ਬੋਤਲ ਭੇਜਣ ਲਈ ਆਵਾਜ਼ ਮਾਰੀ। ਬੇਗ਼ਮ ਨੇ ਇਕ ਬੋਤਲ ਬਾਹਰ ਭੇਜ ਦਿੱਤੀ। ਜੋਸ਼ ਸਾਹਬ ਸੋਡਾ ਅਤੇ ਖਾਣ ਲਈ ਨਮਕੀਨਾਂ ਦੀ ਉਡੀਕ ਕਰਦੇ ਰਹੇ। ਜਦੋਂ ਕਾਫੀ ਦੇਰ ਹੋ ਗਈ ਤਾਂ 'ਵਾਜ਼ ਮਾਰ ਕੇ ਬੇਗ਼ਮ ਨੂੰ ਬਾਹਰ ਬੁਲਾ ਲਿਆ। ਬੇਗ਼ਮ ਬਾਹਰ ਆਈ ਤਾਂ ਜੋਸ਼ ਸਾਹਬ ਨੇ ਬੜੀ ਨਰਮੀ ਨਾਲ ਉਨ੍ਹਾਂ ਨੂੰ ਇਹ ਸ਼ਿਅਰ ਸੁਣਾਇਆ:
ਕਸ਼ਤੀ-ਏ-ਮੈਅ ਕੋ ਹੁਕਮ-ਏ-ਰਵਾਨੀ ਭੀ ਭੇਜ ਦੋ,
ਜਬ ਆਗ ਭੇਜਦੀ ਹੈ ਤੋ ਪਾਨੀ ਭੀ ਭੇਜ ਦੋ।
ਇਹ ਸ਼ਿਅਰ ਸੁਣ ਕੇ ਉਨ੍ਹਾਂ ਦੀ ਬੇਗ਼ਮ ਮੁਸਕਰਾਈ ਅਤੇ ਅੰਦਰੋਂ ਇਕ ਬੋਤਲ ਸੋਡਾ ਅਤੇ ਤਾਜ਼ਾ ਬਣੇ ਕਬਾਬ ਵੀ ਭੇਜ ਦਿੱਤੇ।


-ਜੇਠੀ ਨਗਰ, ਮਾਲੇਰਕੋਟਲਾ ਰੋਡ, ਖੰਨਾ-141401.
ਮੋਬਾਈਲ : 94170-91668.

2018 ਵਿਚ ਪਾਲੀਵੁੱਡ: ਚੱਲੀ ਬਦਲਾਅ ਦੀ ਹਵਾ ਮਸਤਾਨੀ

ਮੰਨਣਾ ਹੀ ਪਵੇਗਾ ਕਿ 2018 ਵਿਚ ਪੰਜਾਬੀ ਸਿਨੇਮਾ ਨੇ ਜ਼ਬਰਦਸਤ ਵਿਭਿੰਨਤਾ ਅਤੇ ਬਦਲਾਅ ਵਾਲੀ ਪ੍ਰਗਤੀ ਦਾ ਪ੍ਰਗਟਾਵਾ ਕੀਤਾ ਹੈ | ਇਸ ਵਰ੍ਹੇ ਦੀ ਸਭ ਤੋਂ ਵੱਡੀ ਉਪਲਬੱਧੀ ਤਾਂ ਇਹ ਰਹੀ ਹੈ ਕਿ ਇਸ ਪ੍ਰਾਂਤਿਕ ਸਿਨੇਮਾ ਦੇ ਨਾਲ ਜੁੜੇ ਹੋਏ ਬਹੁਤ ਸਾਰੇ ਕਲਾਕਾਰ, ਗਾਇਕ ਅਤੇ ਤਕਨੀਸ਼ੀਅਨ ਹਿੰਦੀ ਸਿਨੇਮਾ ਦੇ ਨਾਲ ਜੁੜਨ 'ਚ ਕਾਫ਼ੀ ਹੱਦ ਤੱਕ ਸਫ਼ਲ ਰਹੇ ਸਨ | ਇਹ ਪ੍ਰਾਪਤੀ ਇਸ ਕਰਕੇ ਵੀ ਵਿਲੱਖਣ ਸੀ, ਕਿਉਂਕਿ ਆਮ ਤੌਰ 'ਤੇ ਪੰਜਾਬੀ ਸਿਨੇਮਾ ਨੂੰ ਹਿੰਦੀ ਸਿਨੇਮਾ ਦੇ ਮੁਕਾਬਲੇ 'ਚ ਘਟੀਆ ਨਜ਼ਰ ਨਾਲ ਦੇਖਿਆ ਜਾਂਦਾ ਰਿਹਾ ਹੈ |
ਨਿਰਦੇਸ਼ਕਾਂ ਦੀ ਸ਼੍ਰੇਣੀ 'ਚੋਂ ਹੀ ਨਵਨੀਅਤ ਸਿੰਘ ('ਮੇਲ ਕਰਾ ਦੇ ਰੱਬਾ', 'ਸਿੰਘ ਵਰਸਿਜ਼ ਕੌਰ') ਨੇ ਵੀ 'ਯਮਲਾ, ਪਗਲਾ, ਦੀਵਾਨਾ ਫਿਰ ਸੇ' ਦੇ ਰਾਹੀਂ ਬਾਲੀਵੁੱਡ 'ਚ ਪ੍ਰਵੇਸ਼ ਕੀਤਾ ਸੀ | ਇਸ ਸਬੰਧ 'ਚ ਨਵਨੀਅਤ ਸਿੰਘ ਕਹਿੰਦਾ ਹੈ, 'ਪੰਜਾਬੀ ਤੋਂ ਹਿੰਦੀ ਫ਼ਿਲਮਾਂ ਵੱਲ ਜਾਣਾ ਮੇਰੇ ਲਈ ਬਹੁਤ ਕਠਿਨ ਨਹੀਂ ਸੀ, ਕਿਉਂਕਿ ਮੈਂ ਜਿਸ ਹਿੰਦੀ ਫ਼ਿਲਮ ਦਾ ਨਿਰਦੇਸ਼ਨ ਕੀਤਾ ਸੀ, ਉਹ ਬਹੁਤ ਹੱਦ ਤੱਕ ਪੰਜਾਬ ਦੇ ਸੱਭਿਆਚਾਰ ਦੀ ਹੀ ਤਰਜ਼ਮਾਨੀ ਕਰਦੀ ਸੀ |'
ਲਗਪਗ ਇਸੇ ਤਰ੍ਹਾਂ ਦੇ ਹੀ ਵਿਚਾਰ ਪੰਜਾਬੀ ਫ਼ਿਲਮ ਨਿਰਦੇਸ਼ਕ ਅਮਿਤ ਪਰਾਸ਼ਰ ('ਮੈਂ ਤੇਰਾ 22 ਤੂੰ ਮੇਰਾ 22') ਨੇ ਵੀ ਪ੍ਰਗਟ ਕੀਤੇ ਹਨ | ਅਮਿਤ ਕਹਿੰਦਾ ਹੈ, 'ਮੈਂ ਥੀਏਟਰ ਨਾਲ ਜੁੜਨ ਤੋਂ ਬਾਅਦ ਪੰਜਾਬੀ ਫ਼ਿਲਮਾਂ ਦਾ ਨਿਰਦੇਸ਼ਕ ਤਾਂ ਜ਼ਰੂਰ ਬਣ ਗਿਆ ਸੀ ਪਰ ਹਿੰਦੀ ਫ਼ਿਲਮਾਂ 'ਚ ਪ੍ਰਵੇਸ਼ ਕਰਨਾ ਮੇਰਾ ਇਕ ਬਹੁਤ ਪੁਰਾਣਾ ਸੰਕਲਪ ਸੀ | ਇਸ ਲਈ ਜਦੋਂ ਮੈਨੂੰ ਇਹ ਪ੍ਰਸਤਾਵ ਮਿਲਿਆ ਤਾਂ ਮੈਂ ਨਾਂਹ ਨਹੀਂ ਕਰ ਸਕਿਆ ਸੀ |'
ਦੂਜੇ ਪਾਸੇ ਦਿਲਜੀਤ ਸਿੰਘ ਨੂੰ ਜਦੋਂ ਤੋਂ 'ਉੜਤਾ ਪੰਜਾਬ' ਰਾਹੀਂ ਹਿੰਦੀ ਫ਼ਿਲਮਾਂ 'ਚ ਜਗ੍ਹਾ ਮਿਲੀ ਹੈ, ਉਦੋਂ ਦੇ ਕੁਝ ਦੂਜੇ ਪੰਜਾਬੀ ਅਦਾਕਾਰਾਂ ਲਈ ਵੀ ਬਾਲੀਵੁੱਡ ਦੇ ਦਰਵਾਜ਼ੇ ਖੁੱਲ੍ਹ ਗਏ ਹਨ | ਲਿਹਾਜ਼ਾ, ਗਿੱਪੀ ਗਰੇਵਾਲ ਹਿੰਦੀ ਫ਼ਿਲਮਾਂ 'ਚ ਅਦਾਕਾਰੀ ਹੀ ਨਹੀਂ ਕਰ ਰਿਹਾ ਹੈ, ਬਲਕਿ ਆਪਣੇ ਗੀਤਾਂ ਨਾਲ ਵੀ ਬਾਲੀਵੁੱਡ ਨੂੰ ਮਾਲਾਮਾਲ ਕਰ ਰਿਹਾ ਹੈ | ਇਹੀ ਹਾਲ ਐਮੀ ਵਿਰਕ (ਨਿੱਕਾ ਜ਼ੈਲਦਾਰ) ਦਾ ਹੈ |
ਇਸੇ ਤਰ੍ਹਾਂ ਹੀ ਜੱਸੀ ਗਿੱਲ ਨੇ 'ਹੈਪੀ ਫਿਰ ਭਾਗ ਜਾਏਗੀ' ਦੇ ਮਾਧਿਅਮ ਰਾਹੀਂ ਆਪਣੀ ਹਾਜ਼ਰੀ ਹਿੰਦੀ ਫ਼ਿਲਮ ਜਗਤ 'ਚ ਲੁਆਈ ਹੈ |
ਜਿਥੇ 2018 ਵਿਚ ਪੰਜਾਬੀ ਸਿਨੇਮਾ ਨਾਲ ਸਬੰਧਿਤ ਕਈ ਸ਼ਖ਼ਸੀਅਤਾਂ ਨੂੰ ਹਿੰਦੀ ਫ਼ਿਲਮ ਜਗਤ 'ਚ ਸਨਮਾਨ ਮਿਲਿਆ ਸੀ, ਉਥੇ ਇਸ ਸਾਲ ਪੰਜਾਬੀ ਫ਼ਿਲਮਾਂ ਦੇ ਨਿਰਮਾਣ 'ਚ ਵੀ ਵਿਵਿਧਤਾ ਅਤੇ ਵਿਲੱਖਣਤਾ ਦਾ ਪ੍ਰਗਟਾਵਾ ਮਿਲਿਆ ਸੀ | ਮਿਸਾਲ ਦੇ ਤੌਰ 'ਤੇ ਇਸ ਵਰ੍ਹੇ ਬਾਇਓਪਿਕ ਸ਼੍ਰੇਣੀ 'ਚ 'ਸੱਜਣ ਸਿੰਘ ਰੰਗਰੂਟ' ਅਤੇ 'ਸੂਬੇਦਾਰ ਜੁਗਿੰਦਰ ਸਿੰਘ' ਵਰਗੀਆਂ ਫ਼ੌਜੀ ਜੀਵਨ ਨਾਲ ਸਬੰਧਿਤ ਕਿਰਤਾਂ ਦਰਸ਼ਕਾਂ ਨੇ ਬਹੁਤ ਪਸੰਦ ਕੀਤੀਆਂ ਸਨ | ਵੈਸੇ ਤਾਂ ਫ਼ੌਜੀ ਜੀਵਨ ਨਾਲ ਜੁੜੀਆਂ ਹੋਈਆਂ ਕੁਝ ਪੁਰਾਣੀਆਂ ਫ਼ਿਲਮਾਂ ('ਧਰਤੀ ਵੀਰਾਂ ਦੀ', 'ਕਿੱਕਲੀ', 'ਉਡੀਕਾਂ') ਵੀ ਦਰਸ਼ਕਾਂ ਨੇ ਪਸੰਦ ਕੀਤੀਆਂ ਸਨ | ਵਿਸ਼ੇਸ਼ ਤੌਰ 'ਤੇ 'ਉਡੀਕਾਂ' ਨੇ ਤਾਂ ਪੰਜਾਬੀ ਸਿਨੇਮਾ ਦਾ ਨਵਾਂ ਮਿਆਰ ਵੀ ਸਥਾਪਤ ਕੀਤਾ ਸੀ | ਪਰ ਇਸ ਸਾਲ ਦੀਆਂ ਇਨ੍ਹਾਂ ਫ਼ੌਜੀ ਫ਼ਿਲਮਾਂ ਦੀ ਵਿਸ਼ੇਸ਼ਤਾ ਇਨ੍ਹਾਂ ਦਾ ਨਵਾਂ ਕਥਾਨਕ ਅਤੇ ਤਕਨੀਕੀ ਪੱਖ ਦੀ ਸ੍ਰੇਸ਼ਠਤਾ ਹੀ ਸੀ | ਵਿਸ਼ੇਸ਼ ਤੌਰ 'ਤੇ 'ਸੱਜਣ ਸਿੰਘ ਰੰਗਰੂਟ' ਦਾ ਦੁਖਾਂਤਕ ਅੰਤ ਹੀ ਪੰਜਾਬੀ ਦਰਸ਼ਕਾਂ ਲਈ ਇਕ ਨਵਾਂ ਮੋੜ ਸੀ |
ਕਾਮੇਡੀ ਦੇ ਖੇਤਰ 'ਚ ਵੀ ਇਸ ਵਰ੍ਹੇ ਕੁਝ ਪ੍ਰਗਤੀ ਨਜ਼ਰ ਆਈ ਸੀ | ਹੁਣ ਨਿਰਮਾਤਾਵਾਂ ਨੇ ਕਾਮੇਡੀ ਨੂੰ ਲਚਰਤਾ ਦੇ ਦਾਇਰੇ 'ਚੋਂ ਕੱਢ ਕੇ ਇਸ ਨੂੰ ਸਮਾਜਿਕ ਤੱਥਾਂ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਸੀ | ਇਸ ਲਈ 'ਲਾਵਾਂ ਫੇਰੇ', 'ਲਾਟੂ', 'ਗੋਲਕ ਬੁਗਨੀ ਬੈਂਕ ਅਤੇ ਬਟੂਆ', 'ਕੈਰੀ ਆਨ ਜੱਟਾ-2', 'ਮਰ ਗਏ ਓਏ ਲੋਕੋ', 'ਕੁੜਮਾਈਆਂ' ਅਤੇ 'ਅਫ਼ਸਰ' ਆਦਿ ਫ਼ਿਲਮਾਂ ਨੇ ਪੰਜਾਬੀ ਸਿਨੇਮਾ ਨੂੰ ਅੱਗੇ ਤੋਰਿਆ ਸੀ |
ਅਦਾਕਾਰ ਜਿੰਮੀ ਸ਼ੇਰਗਿੱਲ ਸਦਾ ਹੀ ਪੰਜਾਬੀ ਫ਼ਿਲਮਾਂ ਪ੍ਰਤੀ ਪ੍ਰਤੀਬੱਧ ਰਿਹਾ ਹੈ | ਪਰ ਇਸ ਸਾਲ ਉਸ ਦੀ 'ਦਾਣਾ ਪਾਣੀ' ਬਾਕਸ ਆਫਿਸ 'ਤੇ ਪਾਣੀ ਮੰਗਦੀ ਨਜ਼ਰ ਨਹੀਂ ਆਈ ਸੀ | ਹਾਲਾਂਕਿ ਇਸ ਦਾ ਕਥਾਨਕ ਲੀਕ ਤੋਂ ਹਟ ਕੇ ਸੀ, ਪਰ ਦਰਸ਼ਕਾਂ ਦੀ ਨਜ਼ਰ ਇਸ ਪ੍ਰਤੀ ਸਵੱਲੀ ਨਹੀਂ ਸੀ |
ਪ੍ਰਤੀਬੱਧਤਾ ਦਾ ਪ੍ਰਗਟਾਵਾ ਤਾਂ ਨੀਰੂ ਨੇ ਵੀ ਬਤੌਰ ਸਹਿ-ਨਿਰਮਾਤਰੀ 'ਲੌਾਗ ਲਾਚੀ' ਅਤੇ 'ਆਟੇ ਦੀ ਚਿੜੀ' ਰਾਹੀਂ ਵੀ ਕੀਤਾ ਸੀ, ਪਰ ਉਸ ਦੀਆਂ ਕੋਸ਼ਿਸ਼ਾਂ ਨੂੰ ਵੀ ਬੂਰ ਨਹੀਂ ਪਿਆ ਸੀ | ਹਾਂ, 'ਲੌਾਗ ਲਾਚੀ' ਦਾ ਟਾਈਟਲ ਗੀਤ 'ਸੰਦਲੀ ਸੰਦਲੀ ਨੈਣਾਂ 'ਚ' ਇਸ ਵਰ੍ਹੇ ਦੀ ਸਰਬੋਤਮ ਪੰਜਾਬੀ ਸੰਗੀਤ ਰਚਨਾ ਜ਼ਰੂਰ ਕਹੀ ਜਾ ਸਕਦੀ ਹੈ ਪਰ ਜਿਸ ਦਿਸ਼ਾ 'ਚ ਨੀਰੂ ਨੇ ਪੰਜਾਬੀ ਸਿਨੇਮਾ ਨੂੰ ਮੋੜਨ ਦੀ ਕੋਸ਼ਿਸ਼ ਕੀਤੀ, ਉਸ 'ਚ ਤਾਂ ਉਹ ਅਸਫ਼ਲ ਹੀ ਰਹੀ ਸੀ |
ਲਗਪਗ ਅਜਿਹਾ ਹੀ ਹਾਲ ਕੁਝ ਨਾਇਕ-ਗਾਇਕਾਂ ਦਾ ਵੀ ਰਿਹਾ ਹੈ | ਰਣਜੀਤ ਬਾਵਾ ਦੀ 'ਖਿੱਦੋ ਖੰੂਡੀ' ਦਾ ਤਾਂ ਇਹ ਹਾਲ ਹੋਇਆ ਸੀ ਕਿ ਪਹਿਲੇ ਹੀ ਸ਼ੋਅ ਤੋਂ ਬਾਅਦ ਕਈ ਸਿਨੇਮਾ ਘਰਾਂ ਤੋਂ ਇਸ ਦਾ ਪ੍ਰਦਰਸ਼ਨ ਰੋਕ ਦਿੱਤਾ ਗਿਆ ਸੀ | ਅਮਰਿੰਦਰ ਗਿੱਲ ਨੇ ਵੀ 'ਅਸ਼ਕੇ' ਰਾਹੀਂ ਇਕ ਨਵਾਂ ਬਿੰਬ ਘੜਨ ਦੀ ਕੋਸ਼ਿਸ਼ ਤਾਂ ਜ਼ਰੂਰ ਕੀਤੀ ਸੀ ਪਰ ਇਹ ਤਜਰਬਾ ਉਸ ਲਈ ਵੀ ਮਹਿੰਗਾ ਹੀ ਪਿਆ ਸੀ |
ਪ੍ਰਸਿੱਧ ਕਾਮੇਡੀਅਨ ਕਪਿਲ ਸ਼ਰਮਾ ਨੇ ਵੀ ਜਦੋਂ 'ਸਨ ਆਫ਼ ਮਨਜੀਤ ਸਿੰਘ' ਦੇ ਮਾਧਿਅਮ ਰਾਹੀਂ ਕੁਝ ਨਵਾਂ ਕਹਿਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਵੀ ਕੌੜਾ ਅਨੁਭਵ ਹੀ ਹੋਇਆ ਸੀ | ਹਾਲਾਂਕਿ ਵਿਸ਼ੇ ਪੱਖ ਤੋਂ ਇਹ ਕਿਰਤ ਇਕ ਤਾਜ਼ੀ ਹਵਾ ਦਾ ਝੋਕਾ ਲੈ ਕੇ ਹੀ ਆਈ ਸੀ |
ਹੁਣ ਇਹ ਪ੍ਰਸ਼ਨ ਸੁਭਾਵਿਕ ਹੀ ਉਠਦਾ ਹੈ ਕਿ ਬਾਵਜੂਦ ਇਨ੍ਹਾਂ ਕੋਸ਼ਿਸ਼ਾਂ ਦੇ 2018 ਵਿਚ ਇਕ ਵੀ ਫ਼ਿਲਮ ਬਲਾਕ ਬਸਟਰ ਕਿਉਂ ਨਹੀਂ ਸਿੱਧ ਹੋ ਸਕੀ? ਉਲਟਾ ਸਥਿਤੀ ਤਾਂ ਇਹ ਰਹੀ ਕਿ 'ਸੈਂਟਰ ਮਾਲ' ਚੰਡੀਗੜ੍ਹ 'ਚ 'ਰੇਡੂਆ' ਦਾ ਪਹਿਲਾ ਹੀ ਸ਼ੋਅ ਇਸ ਕਰਕੇ ਕੈਂਸਲ ਕਰਨਾ ਪਿਆ ਸੀ, ਕਿਉਂਕਿ ਇਕ ਵੀ ਟਿਕਟ ਇਸ ਸ਼ੋਅ ਦੀ ਨਹੀਂ ਸੀ ਵਿਕ ਸਕੀ | ਲਗਪਗ ਅਜਿਹੀ ਹੀ ਸਥਿਤੀ ਕੁਝ ਹੋਰ ਫ਼ਿਲਮਾਂ ਦੀ ਵੀ ਰਹੀ |
ਇਸ ਸੰਦਰਭ 'ਚ ਪਹਿਲੀ ਤਾਂ ਗੱਲ ਇਹ ਹੈ ਕਿ ਸਾਡੇ ਨਿਰਮਾਤਾ ਧੜਾਧੜ ਫ਼ਿਲਮਾਂ ਰਿਲੀਜ਼ ਕਰਨ 'ਚ ਵਿਸ਼ਵਾਸ ਕਰ ਰਹੇ ਹਨ | ਲਿਹਾਜ਼ਾ, ਇਕ ਹੀ ਹਫ਼ਤੇ 'ਚ ਦੋ-ਦੋ ਪੰਜਾਬੀ ਫ਼ਿਲਮਾਂ ਬਾਕਸ ਆਫਿਸ 'ਤੇ ਟੱਕਰ ਲੈਂਦੀਆਂ ਦੇਖੀਆਂ ਗਈਆਂ ਸਨ | ਇਸ ਟਾਕਰੇ ਨਾਲ ਨਿਰਮਾਤਾ ਦਾ ਜ਼ਖ਼ਮੀ ਹੋਣਾ ਸੁਭਾਵਿਕ ਹੀ ਹੈ |
ਸਾਲ 2018 ਵਿਚ ਬਹੁ-ਗਿਣਤੀ 'ਚ ਫ਼ਿਲਮਾਂ ਦੇ ਫਲਾਪ ਹੋਣ ਦਾ ਇਕ ਆਧਾਰ ਇਹ ਵੀ ਹੈ ਕਿ ਇਨ੍ਹਾਂ ਫ਼ਿਲਮਾਂ 'ਚ ਕਹਾਣੀ ਦੀ ਮੰਗ ਦੇ ਪ੍ਰਤੀਕੂਲ ਬਹੁਤ ਸਾਰੇ ਪਾਤਰ ਜਾਂ ਅਦਾਕਾਰ ਘੜੀ-ਮੁੜੀ ਇਕ ਹੀ ਸ਼ੈਲੀ 'ਚ ਪੇਸ਼ ਕੀਤੇ ਗਏ ਸਨ | ਲਿਹਾਜ਼ਾ, ਕਹਾਣੀ ਦਾ ਸੁਭਾਅ ਭਾਵੇਂ ਦੁਖਾਂਤਕ ਹੀ ਹੋਵੇ ਪਰ ਉਸ 'ਚ ਵੀ ਨਿਰਮਾਤਾ ਦੀ ਕੋਸ਼ਿਸ਼ ਹੁੰਦੀ ਰਹੀ ਹੈ ਕਿ ਕਿਸੇ ਨਾ ਕਿਸੇ ਤਰ੍ਹਾਂ ਘੁੱਗੀ, ਬੀ.ਐਨ. ਸ਼ਰਮਾ, ਬੀਨੂੰ ਢਿੱਲੋਂ ਅਤੇ ਜਸਵਿੰਦਰ ਭੱਲਾ ਦੀ ਹਾਜ਼ਰੀ ਲਗਾ ਕੇ ਉਸ 'ਚ ਕਾਮੇਡੀ ਦਾ ਤੜਕਾ ਲਗਾਇਆ ਜਾਵੇ | ਸਪੱਸ਼ਟ ਹੈ, ਨਿਰਮਾਤਾ ਖ਼ਤਰਾ ਮੁੱਲ ਨਹੀਂ ਲੈਣਾ ਚਾਹੁੰਦਾ | ਇਸ ਲਈ ਇਨ੍ਹਾਂ ਕਲਾਕਾਰਾਂ ਨੂੰ ਦੁਹਰਾਇਆ ਜਾ ਰਿਹਾ ਹੈ | ਦਰਸ਼ਕ ਵੀ ਤਾੜ ਜਾਂਦੇ ਹਨ ਕਿ ਉਨ੍ਹਾਂ ਨੂੰ ਵਰਗਲਾਇਆ ਜਾ ਰਿਹਾ ਹੈ |
ਪੰਜਾਬੀ ਸਿਨੇਮਾ ਦੀ ਇਹ ਵੀ ਇਕ ਬਦਕਿਸਮਤੀ ਰਹੀ ਹੈ, ਬਹੁਤ ਘੱਟ ਅਜਿਹੇ ਬੈਨਰ ਹਨ ਜਿਹੜੇ ਨਿਰੰਤਰ ਜਾਂ ਸਥਾਈ ਰੂਪ 'ਚ ਪੰਜਾਬੀ ਫ਼ਿਲਮਾਂ ਦਾ ਨਿਰਮਾਣ ਕਰ ਰਹੇ ਹਨ | ਸੱਚਾਈ ਤਾਂ ਇਹ ਹੈ ਕਿ ਬਹੁ-ਗਿਣਤ ਪੰਜਾਬੀ ਫ਼ਿਲਮਾਂ ਵਿਦੇਸ਼ਾਂ 'ਚ ਰਹਿ ਰਹੇ ਪੰਜਾਬੀਆਂ ਰਾਹੀਂ ਹੀ ਫਾਈਨਾਂਸ ਹੋ ਰਹੀਆਂ ਹਨ | ਇਹ ਫਾਈਨਾਂਸਰ ਸ਼ੌਕੀਆ ਤੌਰ 'ਤੇ ਹੀ ਪੰਜਾਬੀ ਫ਼ਿਲਮਾਂ ਦਾ ਨਿਰਮਾਣ ਕਰਦੇ ਹਨ | ਇਸ ਲਈ ਇਹ ਪ੍ਰੋਫੈਸ਼ਨਲ ਤੌਰ 'ਤੇ ਅਨਾੜੀ ਹੀ ਹੁੰਦੇ ਹਨ | ਫਿਰ ਜਦੋਂ ਫ਼ਿਲਮ-ਨਿਰਮਾਣ ਦੀ ਪ੍ਰਣਾਲੀ ਨਾਲ ਉਨ੍ਹਾਂ ਦਾ ਟਾਕਰਾ ਹੁੰਦਾ ਹੈ ਤਾਂ ਉਹ ਮੰੂਹ ਮੋੜ ਲੈਂਦੇ ਹਨ ਅਤੇ ਆਪਣਾ ਬਚਾਅ ਕਰਨ ਲਈ ਸਮਝੌਤੇ ਕਰਨ ਲਈ ਮਜਬੂਰ ਹੋ ਜਾਂਦੇ ਹਨ |
ਇਸ ਲਈ ਇਹ ਇਕ ਬਹੁਤ ਹੀ ਮੰਦਭਾਗੀ ਸਥਿਤੀ ਹੈ ਕਿ ਬਾਵਜੂਦ ਪੰਜਾਬੀ ਫ਼ਿਲਮਾਂ ਦੀ ਬਰਸਾਤ ਦੇ, 2018 ਵਿਚ ਬਾਕਸ ਆਫਿਸ 'ਤੇ ਸੋਕਾ ਹੀ ਨਜ਼ਰ ਆਇਆ ਸੀ | ਬਦਲਾਅ ਦੀ ਪ੍ਰਵਿਰਤੀ ਵਿਭਿੰਨ ਮਾਧਿਅਮ ਰਾਹੀਂ ਦਿ੍ਸ਼ਟੀਗੋਚਰ ਜ਼ਰੂਰ ਹੋਈ ਸੀ | ਇਸ ਸੰਦਰਭ 'ਚ ਇਕ ਵਾਰ ਤਾਂ ਇਹ ਵੀ ਪ੍ਰਤੀਤ ਹੋਇਆ ਕਿ ਪਾਲੀਵੁੱਡ ਅਤੇ ਬਾਲੀਵੁੱਡ ਦੀਆਂ ਦੂਰੀਆਂ ਖ਼ਤਮ ਹੋ ਰਹੀਆਂ ਹਨ ਅਤੇ ਦੋਵੇਂ ਸਮਾਨਾਂਤਰ ਦਿਸ਼ਾ 'ਚ ਜਾ ਰਹੇ ਹਨ | ਇਸ ਲਈ ਪੰਜਾਬੀ ਸਿਨੇਮਾ ਦੇ ਖੇਤਰ ਵਿਚ ਕਈ ਤੱਥ ਉਹ ਵੀ ਉਜਾਗਰ ਹੋਏ ਜਿਹੜੇ ਹੁਣ ਤੱਕ ਹਿੰਦੀ ਸਿਨੇਮਾ ਤੱਕ ਹੀ ਸੀਮਤ ਸਨ |
ਲਿਹਾਜ਼ਾ, ਹੁਣ ਪਾਲੀਵੁੱਡ 'ਚ ਵੀ ਫਿਰੌਤੀ ਮੰਗਣ ਦਾ ਦੌਰ ਸ਼ੁਰੂ ਹੋ ਗਿਆ ਹੈ | 2018 ਵਿਚ ਪਰਮੀਸ਼ ਵਰਮਾ ਦਾ ਗੋਲੀ ਲੱਗ ਕੇ ਜ਼ਖ਼ਮੀ ਹੋਣਾ ਅਤੇ ਗਿੱਪੀ ਗਰੇਵਾਲ ਨੂੰ ਧਮਕੀਆਂ ਮਿਲਣਾ ਅਜਿਹੇ ਸੰਕੇਤ ਹਨ ਕਿ ਬਾਲੀਵੁੱਡ ਵਰਗਾ ਮਾਫੀਆ ਪੰਜਾਬੀ ਸਿਨੇਮਾ ਦੇ ਖੇਤਰ ਵਿਚ ਵੀ ਇਸ ਸਾਲ ਹੋਂਦ 'ਚ ਆ ਗਿਆ ਹੈ |
ਸਪੱਸ਼ਟ ਹੈ, ਬਾਵਜੂਦ ਨਵੀਆਂ ਪ੍ਰਾਪਤੀਆਂ ਦੇ 2018 ਦਾ ਪੰਜਾਬੀ ਸਿਨੇਮਾ ਬਾਕਸ ਆਫਿਸ 'ਤੇ ਕੁਝ ਨਵਾਂ ਹਾਸਲ ਨਹੀਂ ਕਰ ਸਕਿਆ ਹੈ | ਸੱਚਾਈ ਤਾਂ ਇਹ ਹੈ ਕਿ ਇਸ ਵਰ੍ਹੇ ਪੰਜਾਬੀ ਫ਼ਿਲਮਾਂ ਦੀ ਸਫ਼ਲਤਾ ਦੀ ਦਰ ਸਿਰਫ਼ 20 ਫ਼ੀਸਦੀ ਤੱਕ ਹੀ ਸੀਮਤ ਰਹੀ ਹੈ | ਇਸ ਹਿਸਾਬ ਨਾਲ ਜੇਕਰ ਇਕ ਪੰਜਾਬੀ ਫ਼ਿਲਮ 3 ਕਰੋੜ ਦਾ ਵਪਾਰ ਕਰਦੀ ਹੈ ਤਾਂ ਇਸ ਵਾਰ ਪਾਲੀਵੁੱਡ ਦਾ ਕੁਝ ਵਣਜ 60 ਕਰੋੜ ਦੇ ਨਜ਼ਦੀਕ ਰਿਹਾ ਹੈ | ਇਹ ਇਕ ਬਹੁਤ ਹੀ ਸੀਮਤ ਅੰਕੜਾ ਹੈ | ਇਸ ਲਈ ਪੰਜਾਬੀ ਸਿਨੇਮਾ ਨੂੰ ਇਸ ਸੀਮਾ ਨੂੰ ਤੋੜਨਾ ਹੀ ਪਵੇਗਾ | ਵੈਸੇ ਪ੍ਰਯੋਗਾਤਮਿਕ ਤੌਰ 'ਤੇ ਕੁਝ ਨਵੇਂ ਨਿਰਦੇਸ਼ਕ ਨਵੀਆਂ-ਨਵੀਆਂ ਕਿਰਤਾਂ ਪੇਸ਼ ਕਰ ਰਹੇ ਹਨ | ਪਰ ਇਨ੍ਹਾਂ ਨਿਰਦੇਸ਼ਕਾਂ ਦੀਆਂ ਫ਼ਿਲਮਾਂ ਸਿਰਫ਼ ਫ਼ਿਲਮ ਉਤਸਵਾਂ ਤੱਕ ਹੀ ਸੀਮਤ ਰਹਿ ਗਈਆਂ ਹਨ | ਅਨੂਪ ਸਿੰਘ, ਰਾਜੀਵ ਅਤੇ ਜੀਤ ਮਠਾਰੂ ਆਦਿ ਅਜਿਹੇ ਹੀ ਨਿਰਦੇਸ਼ਕ ਹਨ |
ਇਸ ਲਈ ਸੰਖੇਪ ਰੂਪ 'ਚ ਅਸੀਂ 2018 ਨੂੰ ਪਾਲੀਵੁੱਡ ਲਈ ਵਿਭਿੰਨਤਾ ਵਾਲਾ ਸਾਲ ਤਾਂ ਜ਼ਰੂਰ ਕਹਿ ਸਕਦੇ ਹਾਂ, ਪਰ ਵਣਜੀ ਤੌਰ 'ਤੇ ਇਹ ਅਸਥਿਰਤਾ ਅਤੇ ਅਸਫ਼ਲਤਾ ਦਾ ਪ੍ਰਗਟਾਵਾ ਹੀ ਕਰਦਾ ਰਿਹਾ ਹੈ | ਲਿਹਾਜ਼ਾ, ਇਸ ਦੀ ਸਮੁੱਚੀ ਸਥਿਤੀ ਇਸ ਪ੍ਰਕਾਰ ਰਹੀ ਸੀ:
ਚਾਹਿਆ ਤਾਂ ਸੀ ਪਰਬਤ ਬਣਨਾ
ਜਾਂ ਦਰਿਆ ਜਾਂ ਝੀਲ |
ਰੇਤਾ ਬਣ ਕੇ ਫੈਲ ਗਿਆ ਪਰ
ਮੈਂ ਮੀਲਾਂ ਦੇ ਮੀਲ |

ਬੀਬਾ ਬਲਵੰਤ)
-103, ਸਨੀ ਕਾਟੇਜ, ਕ੍ਰਿਸ਼ਨਾ ਨਗਰ, ਬਟਾਲਾ-143505 (ਪੰਜਾਬ) | ਮੋਬਾ : 099154-93043.

ਕੀ ਹੈ ਜੀਨ ਅਤੇ ਜੀਵਨ ਦਾ ਰਹੱਸ?

ਧੂੜ 'ਚ ਲਿਪਟੀ ਪਥਰੀਲੀ ਪਿ੍ਥਵੀ ਜੇਕਰ ਅੱਜ ਨੀਲਮਣੀ ਬਣੀ ਝਿਲ-ਮਿਲ ਕਰ ਰਹੀ ਹੈ, ਤਦ ਇਕ ਅਜਿਹੇ ਅਣੂ ਦੇ ਹੋਂਦ 'ਚ ਆ ਜਾਣ ਕਰਕੇ, ਜਿਹੜਾ ਆਪਣਾ ਪ੍ਰਤੀਰੂਪ ਸਿਰਜਦਾ ਹੋਇਆ, ਆਲੇ-ਦੁਆਲੇ ਵਿਆਪਕ ਬੇ-ਤਰਤੀਬੀ ਨੂੰ ਤਰਤੀਬ ਅਰਪਣ ਕਰ ਰਿਹਾ ਹੈ | ਇਹ ਅਣੂ ਹੈ ਡੀ. ਐਨ. ਏ., ਜਿਸ 'ਚੋਂ ਜੀਵਨ ਪੁੰਗਰਿਆ ਅਤੇ ਜਿਸ ਦੀ ਅੰਤਰੀਵੀ ਤਰਤੀਬ 'ਚ ਫੇਰ-ਬਦਲ ਦੇ ਫਲਸਰੂਪ ਨਵੀਆਂ-ਨਵੀਆਂ ਜੀਵ-ਨਸਲਾਂ ਹੋਂਦ 'ਚ ਆ ਕੇ ਸੰਸਾਰ ਦਾ ਸ਼ਿੰਗਾਰ ਬਣਦੀਆਂ ਰਹੀਆਂ | ਇਸੇ ਪ੍ਰਕਿਰਿਆ ਅਧੀਨ ਇਕ ਅਜਿਹਾ ਜੀਵ ਵੀ ਹੋਂਦ 'ਚ ਆ ਗਿਆ, ਜਿਸ ਦਾ ਦਿਮਾਗ਼ ਵਿਆਪਕ ਪਰਿਸਥਿਤੀਆਂ ਭਾਂਪ ਰਿਹਾ ਹੈ ਅਤੇ ਇਨ੍ਹਾਂ ਨੂੰ ਸਮਝ ਵੀ ਰਿਹਾ ਹੈ | ਇਹ ਜੀਵ ਹੈ, ਮਨੁੱਖ |
ਮਨੁੱਖ ਦਾ ਸਰੀਰ ਖ਼ਰਬਾਂ ਸੈ ੱਲਾਂ ਦਾ ਬਣਿਆ ਹੋਇਆ ਹੈ, ਲਗਪਗ 100 ਖ਼ਰਬ ਸੈ ੱਲਾਂ ਦਾ | ਇਨ੍ਹਾਂ 'ਚੋਂ ਬਹੁਤੇ ਸੈ ੱਲ ਮਿਲੀਮੀਟਰ ਦੇ ਦਸਵੇਂ ਭਾਗ ਨਾਲੋਂ ਵੀ ਮਹੀਨ ਹਨ | ਇਨ੍ਹਾਂ ਸੈ ੱਲਾਂ ਚੋਂ ਲਗਪਗ ਹਰ ਇਕ ਦੇ ਕੇਂਦਰ 'ਚ ਗਹਿਰੇ ਰੰਗ ਦਾ ਨਿਊਕਲੀਅਸ ਹੈ, ਜਿਸ ਵਿਚ ਡੀ. ਐਨ. ਏ. ਦਾ ਪ੍ਰਵੇਸ਼ ਹੈ | ਹਰ ਇਕ ਸੈ ੱਲ 'ਚ ਡੀ. ਐਨ. ਏ. ਅਣੂ ਦੀ 0.2 ਮਿਲੀਮੀਟਰ ਲੰਬਾਈ, ਗੁੱਛਾ-ਮੁੱਛਾ ਬਣੀ, ਨਿਊਕਲੀਅਸ 'ਚ ਸਿਮਟੀ ਹੋਈ ਹੈ, ਪਰ ਸਮੁੱਚਾ ਡੀ. ਐਨ. ਏ. ਕਿ੍ਆਸ਼ੀਲ ਨਹੀਂ, ਇਸ ਦੇ ਨਿੱਖੜਵੇਂ ਖੇਤਰ ਕਿ੍ਆਸ਼ੀਲ ਹਨ, ਜਿਹੜੇ ਜੀਨ ਹਨ ਅਤੇ ਜਿਨ੍ਹਾਂ ਦੀ ਮਨੁੱਖ ਵਿਚ 30 ਹਜ਼ਾਰ ਤੋਂ ਲੈ ਕੇ 80 ਹਜ਼ਾਰ ਤੱਕ ਦੀ ਗਿਣਤੀ ਹੋਣ ਦਾ ਅਨੁਮਾਨ ਹੈ |
ਅਸੀਂ ਆਪਣੇ ਜੀਵਨ ਬਾਰੇ ਸੋਚੀਏ ਤਾਂ, ਹਕੀਕਤ ਇਹ ਹੈ ਕਿ ਵਿਰਸੇ 'ਚ ਮਿਲੇ ਜੀਨ ਹੀ ਸਾਡਾ ਜੀਵਨ ਹਨ, ਸਾਡੀ ਜਿੰਦ-ਜਾਨ ਹਨ | ਇਹ ਵੀ ਸਾਡੇ ਹਿੱਸੇ ਆਏ ਜੀਨਾਂ ਉੱਪਰ ਨਿਰਭਰ ਹੁੰਦਾ ਹੈ ਕਿ ਸਾਡੇ ਜੀਵਨ ਦਾ ਅੰਤ ਕਿਵੇਂ ਹੋਵੇਗਾ | ਜੀਨਾਂ ਅੰਦਰ ਸਿਮਟੀ ਜਾਣਕਾਰੀ ਵਾਚਣੀ ਸੌਖੀ ਨਹੀਂ | ਕਈ ਪੜਾਵਾਂ ਵਿਚੋਂ ਦੀ ਹੁੰਦਾ ਹੋਇਆ ਇਸ ਦਾ ਅਨੁਵਾਦ ਅਜਿਹੀਆ ਪ੍ਰੋਟੀਨਾਂ 'ਚ ਹੁੰਦਾ ਰਹਿੰਦਾ ਹੈ, ਜਿਹੜੀਆਂ ਸਰੀਰਕ ਉਸਾਰੀ ਲਈ, ਸਰੀਰਕ ਟੁੱਟ-ਭੰਨ ਦੀ ਮੁਰੰਮਤ ਲਈ, ਮਾਨਸਿਕ ਉਧੇੜ-ਬੁਣ ਲਈ ਅਤੇ ਹੋਣ ਵਾਲੇ ਰੋਗਾਂ ਤੋਂ ਬਚਾਅ ਲਈ ਜ਼ਿੰਮੇਵਾਰ ਹਨ | ਗੱਲ ਕੀ, ਹਰ ਤਰ੍ਹਾਂ ਦੀ ਸਰੀਰਕ ਸਰਗਰਮੀ ਪ੍ਰੋਟੀਨੀ ਅਣੂਆਂ ਉੱਪਰ ਨਿਰਭਰ ਹੈ, ਜਿਨ੍ਹਾਂ ਨੂੰ ਜੀਨ ਉਪਜਾ ਰਹੇ ਹਨ | ਜਿਹੜੀ ਪ੍ਰੋਟੀਨ ਜੀਨ ਦੀ ਉਪਜ ਨਹੀਂ, ਉਹ ਸਰੀਰ 'ਚ ਹੁੰਦੀ ਹੀ ਨਹੀਂ | ਜੇਕਰ ਓਪਰੀ ਪ੍ਰੋਟੀਨ ਕਿਸੇ ਕਾਰਨ ਸਰੀਰ ਵਿਚ ਦਾਖ਼ਲ ਹੋ ਵੀ ਜਾਵੇ, ਤਦ ਸਰੀਰ ਇਸ ਨੂੰ ਸਵੀਕਾਰ ਨਹੀਂ ਕਰਦਾ ਅਤੇ ਐਲਰਜੀ ਸੱਦੇ ਜਾ ਰਹੇ ਰੋਗ ਦਾ ਇਹ ਕਾਰਨ ਬਣ ਜਾਂਦੀ ਹੈ |
ਜੀਨਾਂ ਅੰਦਰ ਜਾਣਕਾਰੀ ਖਾਰੀ-ਤਿਕੜੀਆਂ ਦੁਆਰਾ ਲਿਖੀ ਲਿਖਤ ਹੈ | ਇਕ ਇਕ ਖਾਰੀ ਤਿਕੜੀ, ਇਕ ਇਕ ਐਮਿਨੋ-ਤੇਜ਼ਾਬ ਲਈ ਵਿਸ਼ੇਸ਼ ਹੈ | ਐਮਿਨੋਂ-ਤੇਜ਼ਾਬ ਪ੍ਰੋਟੀਨੀ ਬਣਤਰ 'ਚ ਸਮਾਏ ਤੱਤ ਹਨ | ਪ੍ਰੋਟੀਨੀਂ ਅਣੂ ਵਿਚ ਐਮਿਨੋ-ਤੇਜ਼ਾਬ ਨੇ ਕਿਥੇ ਸਥਾਨ ਗ੍ਰਹਿਣ ਕਰਨਾ ਹੈ, ਇਸ ਲਈ ਉਸ ਜੀਨ ਅੰਦਰਲੀ ਜਾਣਕਾਰੀ ਨਿਰਣਾਇਕ ਹੁੰਦੀ ਹੈ, ਜਿਸ ਦੀ ਅਗਵਾਈ ਅਧੀਨ ਇਹ ਅਣੂ ਉਪਜ ਰਿਹਾ ਹੈ | ਜੀਨਾਂ ਦੀ ਲੰਬੀ-ਚੌੜੀ ਸ਼ਬਦਾਵਲੀ ਵੀ ਨਹੀਂ | ਕੇਵਲ 4 ਖਾਰ ਇਸ ਦਾ ਭਾਗ ਹਨ : ਏ, ਸੀ, ਜੀ ਅਤੇ ਟੀ, ਜਿਹੜੇ ਕ੍ਰਮਵਾਰ ਐਡੀਨੀਨ, ਸਾਇਟਸੀਨ, ਗੁਆਨੀਨ ਅਤੇ ਥਾਇਮਿਨ ਸੱਦੇ ਜਾ ਰਹੇ ਖਾਰਾਂ ਦੇ ਸੰਕੇਤ ਹਨ | ਇਹ ਚਾਰੇ ਨਾਈਟ੍ਰੋਜਨੀ ਖਾਰ ਡੀ. ਐਨ. ਏ. ਅਣੂ ਦੀ ਲੰਬਾਈ ਅੰਦਰ, ਜੋੜਿਆਂ 'ਚ ਬੱਝੇ, ਅਗਾਂਹ-ਪਿਛਾਂਹ ਫਿੱਟ ਹਨ | ਇਸ ਤਰ੍ਹਾਂ, ਡੀ. ਐਨ. ਏ. ਦੀ ਲੱਕੜ ਦੀ ਪੌੜੀ ਜਿਹੀ ਨੁਹਾਰ ਹੈ, ਜਿਹੜੀ ਤਰਤੀਬਵਾਰ ਵਲਾਂ ਵਿਚ ਗ੍ਰਸੀ ਹੈ | ਡੀ. ਐਨ. ਏ. ਅੰਰਦਲੇ ਚਾਰ ਖਾਰ ਵੀ ਅਗਾਂਹ ਦੋ ਜੋੜਿਆਂ 'ਚ ਵੱਖ ਹਨ | ਏ ਕੇਵਲ ਟੀ ਨਾਲ ਜੁੜਨ ਯੋਗ ਹੈ ਅਤੇ ਜੀ, ਸੀ ਨਾਲ | ਨਾ ਏ ਜਾਂ ਟੀ, ਸੀ ਜਾਂ ਜੀ ਨਾਲ ਜੋੜਾ ਬਣਾਉਣ ਯੋਗ ਹਨ ਅਤੇ ਨਾ ਹੀ ਸੀ ਜਾਂ ਜੀ, ਏ ਜਾਂ ਟੀ ਨਾਲ | ਇਸ ਤਰ੍ਹਾਂ, ਡੀ. ਐਨ. ਏ. ਅੰਦਰ ਸਿਮਟੀ ਜਾਣਕਾਰੀ ਦੀ ਅਤੀ ਸਰਲ ਵਿਉਂਤ ਹੈ |
ਸਾਡੇ ਡੀ. ਐਨ. ਏ. 'ਚ ਤਿੰਨ ਅਰਬ ਦੇ ਲਗਪਗ ਖਾਰੀ ਜੋੜੇ ਸਮਾਏ ਹੋਏ ਹਨ ਪਰ ਜੀਨਾਂ ਦਾ ਭਾਗ ਬਣੇ ਖਾਰੀ ਜੋੜੇ ਘੱਟ ਗਿਣਤੀ 'ਚ ਹਨ | ਜੀਨਾਂ ਦੀ ਕਿਰਿਆ ਆਰੰਭ ਕਰਨ ਲਈ ਅਤੇ ਆਰੰਭ ਹੋਈ ਕਿਰਿਆ ਨੂੰ ਰੋਕਣ ਲਈ, ਇਨ੍ਹਾਂ ਨਾਲ ਸਵਿੱਚ ਲੱਗੇ ਹੋਏ ਹਨ | ਜੀਨਾਂ ਦੀ ਅਗਵਾਈ ਅਧੀਨ ਅਤੇ ਸਰੀਰ ਦੀ ਲੋੜ ਅਨੁਕੂਲ ਪ੍ਰੋਟੀਨੀ ਅਣੂ ਉਪਜਦੇ ਰਹਿੰਦੇ ਹਨ ਅਤੇ ਲੋੜ ਪੂਰੀ ਹੋ ਜਾਣ ਉਪਰੰਤ ਇਨ੍ਹਾਂ ਨੂੰ ਉਪਜਾ ਰਹੇ ਜੀਨ ਦੇ ਸ਼ਾਂਤ ਅਵਸਥਾ 'ਚ ਆ ਜਾਣ ਕਰਕੇ, ਇਨ੍ਹਾਂ ਦੀ ਉਪਜ ਵੀ ਰੁਕ ਜਾਂਦੀ ਹੈ | ਜੇਕਰ ਜੀਨ ਨੂੰ ਆਨ-ਆਫ਼ ਕਰ ਰਹੇ ਸਵਿੱਚ 'ਚ ਕਿਸੇ ਕਾਰਨ ਨੁਕਸ ਪੈ ਜਾਵੇ ਤਾਂ ਆਰੰਭ ਹੋਈ ਪ੍ਰੋਟੀਨੀ ਉਪਜ ਰੁਕਦੀ ਨਹੀਂ, ਜਾਰੀ ਰਹਿੰਦੀ ਹੈ | ਅਜਿਹੀ ਸਥਿਤੀ ਦਾ ਸਿੱਟਾ ਕੈਂਸਰ ਰੋਗ 'ਚ ਨਿਕਲਣ ਦੀ ਸੰਭਾਵਨਾ ਹੁੰਦੀ ਹੈ | ਸਰੀਰ ਦਾ ਹਰ ਇਕ ਸੈ ੱਲ, ਉਂਜ, ਹੁੰਦਾ ਤਾਂ ਹੈ ਵਿਰਸੇ 'ਚ ਮਿਲੇ ਸਾਰੇ ਜੀਨਾਂ ਦਾ ਮਾਲਕ, ਪਰ ਜਿਹੜੀ ਕਿਰਿਆ ਨਿਭਾਉਣ ਲਈ ਇਕ ਸੈ ੱਲ ਰਾਖਵਾਂ ਹੁੰਦਾ ਹੈ, ਕੇਵਲ ਉਸੇ ਨਾਲ ਸਬੰਧਤ ਜੀਨ ਕਿ੍ਆਸ਼ੀਲ ਹੁੰਦੇ ਰਹਿੰਦੇ ਹਨ ਅਤੇ ਹੋਰ ਸਾਰੇ ਜੀਨ ਸ਼ਾਂਤ ਅਵਸਥਾ ਧਾਰਨ ਕਰੀ ਰੱਖਦੇ ਹਨ |
ਇਕ ਪ੍ਰੋਟੀਨ ਜਿਹੜੀ ਕਿਰਿਆ ਪੂਰੀ ਕਰ ਰਹੀ ਹੈ, ਇਹ ਇਸ ਅੰਦਰ ਸਮਾਏ ਐਮਿਨੋ-ਤੇਜ਼ਾਬਾਂ ਦੀ ਤਰਤੀਬ ਉੱਪਰ ਨਿਰਭਰ ਹੁੰਦਾ ਹੈ | ਪ੍ਰੋਟੀਨ ਅੰਦਰ ਇਕ ਐਮਿਨੋਂ-ਤੇਜ਼ਾਬ ਦੇ ਨਿਸਚਿਤ ਸਥਾਨ ਤੋਂ ਏਧਰ-ਓਧਰ ਹੋ ਜਾਣ ਨਾਲ, ਇਸ ਦੁਆਰਾ ਨਿਭਾਈ ਜਾ ਰਹੀ ਕਿਰਿਆ 'ਚ ਵਿਘਨ ਪੈ ਜਾਣਾ ਸੁਭਾਵਕ ਹੈ ਅਤੇ ਅਜਿਹਾ ਹੋਣਾ ਵੀ ਰੋਗ ਦਾ ਰੂਪ ਧਾਰਨ ਕਰਨ ਬਰਾਬਰ ਹੈ | ਸਿਕਲ-ਸੈ ੱਲ ਅਨੀਮੀਆ, ਹੀਮੋਗਲੋਬਿਨ ਪ੍ਰੋਟੀਨ ਕੇਵਲ ਇਕ ਐਮਿਨੋ-ਤੇਜ਼ਾਬ ਦੇ ਸਥਾਨ ਤਬਦੀਲੀ ਦਾ ਸਿੱਟਾ ਹੈ | ਜੀਨਾਂ ਦੁਆਰਾ ਉਪਜਾਈਆਂ ਜਾ ਰਹੀਆਂ ਪ੍ਰੋਟੀਨਾਂ ਫੇਫੜਿਆਂ ਨੂੰ ਸਾਹ ਲੈਣ ਯੋਗ, ਦਿਲ ਨੂੰ ਧੜਕਦੇ ਰਹਿਣ ਯੋਗ ਅਤੇ ਦਿਮਾਗ਼ ਨੂੰ ਸੋਚਦੇ-ਵਿਚਾਰਦੇ ਰਹਿਣ ਯੋਗ ਬਣਾ ਰਹੀਆਂ ਹਨ | ਪ੍ਰੋਟੀਨਾਂ ਦੇ ਨਿਰਮਾਣ ਲਈ ਵਰਤੋਂ 'ਚ ਆ ਰਹੇ ਐਮਿਨੋ-ਤੇਜ਼ਾਬ ਅਸੀਂ ਭੋਜਨ ਦੁਆਰਾ ਪ੍ਰਾਪਤ ਕਰ ਰਹੇ ਹਾਂ ਅਤੇ ਇਨ੍ਹਾਂ ਨੂੰ ਪ੍ਰੋਟੀਨਾਂ 'ਚ ਵਿਉਂਤਬੱਧ ਕਰ ਰਹੇ ਜੀਨ ਸਾਨੂੰ ਵਿਰਸੇ 'ਚ ਮਿਲ ਰਹੇ ਹਨ |
ਡੀ. ਐਨ. ਏ. ਆਪ ਭਾਵੇਂ ਨਿਰਜੀਵ ਅਣੂ ਹੈ, ਪਰ ਹੈ ਇਹ ਜੀਵਨ ਦਾ ਸ੍ਰੋਤ | ਡੀ. ਐਨ. ਏ. ਦੇ ਹੋਂਦ 'ਚ ਆਉਣ ਨਾਲ ਹੀ, ਪਿ੍ਥਵੀ ਉਪਰ ਜੀਵਨ ਪੁੰਗਰਿਆ | ਡੀ. ਐਨ. ਏ. ਦੇ ਸਿਰੜ ਸਹਿਤ ਬਣੇ ਰਹਿਣਯੋਗ ਹੋਣ ਕਰਕੇ, ਅੱਜ ਤੋਂ ਲਗਪਗ 3.5 ਅਰਬ ਵਰ੍ਹੇ ਪਹਿਲਾਂ ਪੁੰਗਰਿਆ ਜੀਵਨ, ਅੱਜ ਤੱਕ ਵਿਕਸਿਤ ਹੁੰਦਾ ਹੋਇਆ ਚਲਦਾ ਆ ਰਿਹਾ ਹੈ | ਉਲਟ ਹਾਲਾਤ ਅਧੀਨ ਵੀ ਡੀ. ਐਨ. ਏ. ਦੇ ਬਣੇ ਰਹਿਣ ਦੇ ਪ੍ਰਮਾਣ ਮਿਲ ਰਹੇ ਹਨ | 40 ਹਜ਼ਾਰ ਵਰ੍ਹੇ ਪਹਿਲਾਂ ਲੁਪਤ ਹੋ ਚੁਕੇ ਨਿਆਂਡਰਥਲ ਮਨੁੱਖ ਦੇ ਡੀ. ਐਨ. ਏ. ਨੂੰ ਹੁਣ ਜਾਂਚਿਆ-ਪਰਖਿਆ ਜਾ ਰਿਹਾ ਹੈ, ਜਿਸ ਨੂੰ ਹੱਡੀਆਂ 'ਚੋਂ ਪ੍ਰਾਪਤ ਕੀਤਾ ਗਿਆ ਹੈ | ਵਿਚਾਰ ਤਾਂ ਇਹ ਵੀ ਹੈ ਕਿ ਮੁੱਢ 'ਚ ਹੋਂਦ 'ਚ ਆਏ ਡੀ. ਐਨ. ਏ. ਦੇ ਟੁਕੜੇ, ਅੱਜ ਵੀ, ਕਿਸੇ ਨਾ ਕਿਸੇ ਜੀਵ 'ਚ, ਪ੍ਰੋਟੀਨੀ ਉਪਜ 'ਚ ਭਾਗ ਲੈ ਰਹੇ ਹਨ |
ਡੀ. ਐਨ. ਏ. ਦੇ ਹੋਂਦ 'ਚ ਆ ਜਾਣ ਉਪਰੰਤ, ਪਹਿਲਾਂ ਜਿਹੜੇ ਜੀਵ ਵਿਕਸਿਤ ਹੋਏ, ਉਹ ਕੀਟਾਣੂ ਸਨ | ਕੀਟਾਣੂ ਅਜਿਹੇ ਇਕ ਸੈ ੱਲ ਦੇ ਬਣੇ ਜੀਵ ਹਨ, ਜਿਨ੍ਹਾਂ 'ਚ ਨਿਊਕਲੀਅਸ ਨਹੀਂ ਹੈ | ਨਿਊਕਲੀਅਸ ਸਹਿਤ ਸੈ ੱਲ ਪਿਛੋਂ ਵਿਕਸਿਤ ਹੋਏ | ਇਸ ਉਪਰੰਤ ਡੀ. ਐਨ. ਏ. ਦੇ ਨਿਊਕਲੀਅਸ ਅੰਦਰਲੇ ਸ਼ਾਂਤ ਵਾਤਾਵਰਨ 'ਚ ਸਥਾਪਤ ਹੋ ਜਾਣ ਸਦਕਾ, ਇਸ ਅੰਦਰਲੀ ਤਰਤੀਬ 'ਚ ਵਿਘਨ ਪੈਣ ਦੀ ਮਾਮੂਲੀ ਸੰਭਾਵਨਾ ਰਹਿ ਗਈ ਸੀ | ਫਿਰ ਵੀ ਡੀ. ਐਨ. ਏ. ਅੰਦਰ ਕਿਧਰੇ ਕਿਧਰੇ ਨੁਕਾਤੀ ਬਦਲਾਅ ਆਉਂਦੇ ਰਹੇ ਅਤੇ ਨਵੀਆਂ-ਨਵੀਆਂ ਜੀਵ ਨਸਲਾਂ ਸੰਸਾਰ ਦਾ ਸ਼ਿੰਗਾਰ ਬਣਦੀਆਂ ਰਹੀਆਂ | ਗ਼ੁਲਾਬ, ਥੋਹਰ, ਬੋਹੜ ਆਦਿ ਜਾਂ ਫਿਰ ਵ੍ਹੇਲ-ਮੱਛੀ, ਮਗਰਮੱਛ, ਮੋਰ ਆਦਿ ਇਹ ਸਭ ਅਤੇ ਮਨੁੱਖ ਵੀ ਡੀ. ਐਨ. ਏ. ਅੰਦਰ ਆਉਂਦੇ ਰਹੇ, ਇਹ ਅਜਿਹੇ ਫੇਰ-ਬਦਲ ਦੀ ਹੀ ਉਪਜ ਹਨ |
ਡੀ. ਐਨ. ਏ. ਨਾਲ ਸਾਡੀ ਪਛਾਣ ਕੇਵਲ 65 ਵਰ੍ਹੇ ਪੁਰਾਣੀ ਹੈ | ਇਸ ਕਾਰਨ ਜੀਨਾਂ ਅੰਦਰ ਅੰਕਿਤ ਜਾਣਕਾਰੀ ਦੇ ਤੁੱਛ ਭਾਗ ਨਾਲ ਹੀ ਸਾਡੀ ਪਛਾਣ ਹੋ ਸਕੀ ਹੈ | ਇਨ੍ਹਾਂ ਅੰਦਰਲੇ ਢੇਰਾਂ ਰਹੱਸ ਫਰੋਲਣੇ ਹਾਲੀਂ ਰਹਿੰਦੇ ਹਨ | ਅਸੀਂ ਨਹੀਂ ਜਾਣਦੇ ਕਿ ਭਾਵਨਾਵਾਂ ਦੇ ਪ੍ਰਭਾਵ ਅਧੀਨ ਸਾਡੀ ਸੂਝ ਕਿਉਂ ਕਿਧਰੇ ਟਲ ਜਾਂਦੀ ਹੈ; ਰੂਹ ਦੇ ਅਮਰ ਹੋਣ ਨੂੰ ਅਸੀਂ ਕਿਉਂ ਸਵੀਕਾਰ ਕਰ ਰਹੇ ਹਾਂ, ਜਦ ਕਿ ਇਸ ਦੀ ਹਿਮਾਇਤ ਕਰਦਾ ਕੋਈ ਸਬੂਤ ਉਪਲਬਧ ਨਹੀਂ | ਸੂਝਵਾਨ ਹੁੰਦੇ ਹੋਏ ਵੀ ਅਸੀਂ ਸੂਝ ਨਾਲੋਂ ਅੰਧਵਿਸ਼ਵਾਸ ਉਪਰ ਨਿਰਭਰ ਹੋਣ ਨੂੰ ਕਿਉਂ ਤਰਜੀਹ ਦੇ ਰਹੇ ਹਾਂ? ਸਾਡੇ ਵਤੀਰੇ ਦੀ ਨੁਹਾਰ ਤਰਾਸ਼ਣ 'ਚ, ਨਿਰਸੰਦੇਹ, ਜੀਨਾਂ ਦੀ ਭੂਮਿਕਾ ਹੈ, ਪਰ ਕਿਸ ਹੱਦ ਤਕ: ਇਹ ਜਾਣਨਾ ਵੀ ਰਹਿੰਦਾ ਹੈ | ਇਨ੍ਹਾਂ ਦੇ ਅਤੇ ਇਨ੍ਹਾਂ ਜਿਹੇ ਹੋਰਨਾਂ ਅਨੇਕਾਂ ਪ੍ਰਸ਼ਨਾਂ ਦੇ ਉ ੱਤਰ ਜੀਨਾਂ ਅੰਦਰਲੀ ਜਾਣਕਾਰੀ ਉਘੇੜਿਆਂ ਹੀ ਪ੍ਰਾਪਤ ਕਰਨੇ ਸੰਭਵ ਹਨ |
ਜੀਨਾਂ ਦੁਆਰਾ ਪ੍ਰਾਪਤ ਗਿਆਨ ਨੇ ਸਾਰੀਆਂ ਕੌਮਾਂ ਨੂੰ ਇਕ ਪੱਧਰ 'ਤੇ ਖੜ੍ਹਾ ਕਰ ਦਿੱਤਾ ਹੈ, ਫਿਰਕਿਆਂ ਵਿਚਕਾਰਲੇ ਵਿਤਕਰੇ ਮੇਟ ਦਿੱਤੇ ਹਨ ਅਤੇ ਉੱਤਮ ਅਤੇ ਨੀਚ ਵਿਚਕਾਰ ਭੇਦ-ਭਾਵ ਨਹੀਂ ਰਹਿਣ ਦਿੱਤੇ | ਡੀ. ਐਨ. ਏ. ਨਾਲ ਪਛਾਣ ਹੋਣ ਤੋਂ ਪਹਿਲਾਂ ਅਜਿਹੀ ਸਥਿਤੀ ਨਹੀਂ ਸੀ | ਫਿਰ ਵੀ ਪਤਾ ਨਹੀਂ ਕਿਉਂ ਬੁੱਸ ਰਹੇ ਵਿਚਾਰਾਂ ਦਾ ਪੱਲਾ ਅਸੀਂ ਫੜ ਰੱਖਿਆ ਹੈ ਅਤੇ ਤਾਜ਼ੀ ਹਵਾ 'ਚ ਸਾਹ ਲੈਣੋ ਅਸੀਂ ਝਿਜਕ ਰਹੇ ਹਾਂ? ਸਾਡੇ ਅਜਿਹੇ ਵਤੀਰੇ ਲਈ ਵੀ ਭਾਵੇਂ ਜੀਨਾਂ ਦਾ ਹੀ ਦੋਸ਼ ਹੈ | ਆਪਸ 'ਚ ਨੇੜੇ-ਨੇੜੇ ਰਹਿੰਦੇ ਹੋਏ ਵੀ ਅਸੀਂ ਇਕ-ਦੂਜੇ ਤੋਂ ਦੂਰ ਦੂਰ ਹਾਂ ਅਤੇ ਸਾਡੀ ਆਪਸ 'ਚ ਅਮਿਟ ਵਿਥ ਹੈ :
'ਹਮਆਹੰਗੀ ਭੀ ਹਮਾਰੀ,
ਦੂਰੀ-ਏ ਕੁਰਬਤ ਨਿਕਲੀ,
ਕਿ ਆਪਸ ਮੇਂ ਮਿਲਕੇ ਭੀ,
ਮੁਲਾਕਾਤ ਨਹੀਂ ਹੋਤੀ |''

-ਫੋਨ ਨੰ : 0175-2214547

ਮਿਲਣ ਦਾ ਵਿਸ਼ਵਵਿਆਪੀ ਢੰਗ ਹੱਥ ਮਿਲਾਉਣਾ

ਸਾਡੇ ਸੁਭਾਅ ਦੀ ਸ਼ਾਲੀਨਤਾ ਦਾ ਸਭ ਤੋਂ ਖਾਸ ਪੱਖ ਹੁੰਦਾ ਹੈ ਕਿ ਕਿਸੇ ਨੂੰ ਮਿਲਣ ਸਮੇਂ ਅਸੀਂ ਕਿਵੇਂ ਦਾ ਵਿਹਾਰ ਕਰਦੇ ਹਾਂ | ਇਸ ਧਰਤੀ 'ਤੇ ਵੱਸਦੀਆਂ ਵੱਖ-ਵੱਖ ਸੱਭਿਅਤਾਵਾਂ ਵਿਚ ਇਕ-ਦੂਸਰੇ ਨੂੰ ਮਿਲਣ ਦੇ ਅਨੇਕਾਂ ਖੂਬਸੂਰਤ ਢੰਗ ਅਤੇ ਰਸਮੋ-ਰਿਵਾਜ ਵਿਕਸਤ ਹੋਏ ਜੋ ਸਬੰਧਿਤ ਦੇਸ਼ ਜਾਂ ਭਾਈਚਾਰੇ ਦੇ ਲੋਕਾਂ ਦੇ ਵਰਤੋਂ ਵਿਹਾਰ ਦਾ ਅਨਿੱਖੜਵਾਂ ਅੰਗ ਬਣੇ |
ਆਪਸ ਵਿਚ ਮਿਲਦੇ ਸਮੇਂ ਸੱਜੇ ਹੱਥਾਂ ਨੂੰ ਮਿਲਾਉਣਾ ਦੁਨੀਆ ਵਿਚ ਸਭ ਤੋਂ ਜ਼ਿਆਦਾ ਵਰਤਿਆ ਜਾਣ ਵਾਲਾ ਅਤੇ ਪ੍ਰਚੱਲਿਤ ਮਿਲਣ-ਢੰਗ ਹੈ | ਦੁਨੀਆ ਦੀਆਂ ਬਹੁਗਿਣਤੀ ਕੌਮਾਂ ਭਾਵੇਂ ਦੁਆ-ਸਲਾਮ ਦੇ ਸ਼ਬਦਾਂ ਨੂੰ ਆਪੋ-ਆਪਣੀ ਬੋਲੀ 'ਚ ਹੀ ਬੋਲਣ ਪਰ ਸਰੀਰਕ ਵਿਹਾਰ ਦੇ ਤੌਰ 'ਤੇ ਸੱਜੇ ਹੱਥਾਂ ਨੂੰ ਮਿਲਾਉਣ ਦਾ ਰਿਵਾਜ ਵਿਸ਼ਵ-ਵਿਆਪੀ ਬਣ ਚੁੱਕਾ ਹੈ | ਮਿਲਣੀ-ਮੌਕਾ ਭਾਵੇਂ ਸਮਾਜਿਕ ਹੋਵੇ ਜਾਂ ਰਾਜਨੀਤਕ, ਕਾਰੋਬਾਰੀ ਹੋਵੇ ਜਾਂ ਮਹਿਜ਼ ਦੋਸਤਾਨਾ, ਖੁਸ਼ੀ ਭਰਿਆ ਹੋਵੇ ਜਾਂ ਉਦਾਸ, ਪਰ ਇਹ ਰਸਮ ਸੁਤੇ ਸਿਧ ਹੀ ਨਿਭਾਈ ਜਾ ਰਹੀ ਹੈ | ਹੱਥ ਮਿਲਾਉਣਾ ਆਪਸੀ ਸਾਂਝ, ਸਤਿਕਾਰ, ਦੋਸਤੀ ਅਤੇ ਸਦਭਾਵਨਾ ਦਾ ਪ੍ਰਤੀਕ ਹੈ | ਕਿਸੇ ਮਿਲਣੀ ਦੀ ਸ਼ੁਰੂਆਤ ਵਿਚ ਹੱਥ ਮਿਲਾਉਣ ਤੋਂ ਭਾਵ ਹੁੰਦਾ ਹੈ ਕਿ ਅਸੀਂ ਦੋਸਤੀ ਅਤੇ ਵਿਸ਼ਵਾਸ ਵਾਲੇ ਮਾਹੌਲ ਵਿਚ ਗੱਲਬਾਤ ਕਰਨ ਜਾ ਰਹੇ ਹਾਂ | ਮਿਲਣੀ ਦੇ ਅਖੀਰ ਵਿਚ ਹੱਥ ਮਿਲਾਉਣ ਤੋਂ ਭਾਵ ਹੁੰਦਾ ਹੈ ਕਿ ਗੱਲਬਾਤ ਸਦਭਾਵਨਾ ਅਤੇ ਦੋਸਤੀ ਭਰਪੂਰ ਰਹੀ ਹੈ |
ਭਾਵੇਂ ਕਿ ਇਸ ਮਿਲਣ-ਢੰਗ ਨੂੰ ਆਧੁਨਿਕ ਸੱਭਿਅਤਾ ਨਾਲ ਜੋੜ ਕੇ ਵੇਖਿਆ ਜਾਂਦਾ ਹੈ ਪਰ ਸੱਚ ਇਹ ਹੈ ਕਿ ਇਸ ਰਿਵਾਜ ਦੀ ਵਰਤੋਂ ਦੇ ਸਬੂਤ ਪੰਜਵੀਂ ਈ. ਪੂ. ਸਦੀ ਤੱਕ ਜੁੜੇ ਹੋਏ ਹਨ | ਇਸ ਤੱਥ ਦੇ ਸਟੀਕ ਪ੍ਰਮਾਣ ਮੌਜੂਦ ਹਨ ਕਿ ਯੂਨਾਨੀ ਲੋਕਾਂ ਵਿਚ ਮਿਲਣੀਆਂ ਸਮੇਂ ਹੱਥ ਮਿਲਾਉਣ ਦੀ ਰਸਮ ਮੌਜੂਦ ਸੀ | ਯੂਨਾਨ ਦੀ ਰਾਜਧਾਨੀ ਏਥਨਜ਼ ਦੇ ਮਸ਼ਹੂਰ ਐਕਰੋਪੋਲਿਸ ਅਜਾਇਬਘਰ ਵਿਚ ਗਰੀਕ ਦੇਵੀਆਂ ਹੇਰਾ ਅਤੇ ਐਥੀਨਾ ਦੀ ਪੱਥਰ ਵਿਚ ਖੁਦੀ ਪੰਜਵੀਂ ਈ.ਪੂ. ਦੀ ਮੂਰਤੀ ਇਸ ਰਸਮ ਦੀ ਇਤਿਹਾਸ ਵਿਚ ਮੌਜੂਦਗੀ ਦਾ ਕਰੀਬ ਸਭ ਤੋਂ ਪੁਰਾਣਾ ਸਬੂਤ ਮੰਨੀ ਜਾਂਦੀ ਹੈ | ਇਸ ਮੂਰਤੀ ਵਿਚ ਦੋਵੇਂ ਦੇਵੀਆਂ ਆਹਮੋ ਸਾਹਮਣੇ ਖੜ੍ਹੀਆਂ ਹੋ ਕੇ ਸੱਜੇ ਹੱਥਾਂ ਨੂੰ ਆਪਸ ਵਿਚ ਮਿਲਾ ਰਹੀਆਂ ਹਨ | ਇਸ ਤੋਂ ਇਲਾਵਾ ਬਰਲਿਨ ਦੇ ਪੈਰਗਾਮੋਨ ਅਜਾਇਬਘਰ ਵਿਚ ਚੌਥੀ ਈ.ਪੂ. ਸਦੀ ਨਾਲ ਸਬੰਧਿਤ ਇਕ ਪ੍ਰਤੀਕ ਵਿਚ ਵੀ ਦੋ ਸਿਪਾਹੀਆਂ ਦੇ ਆਪਸ ਵਿਚ ਹੱਥ ਮਿਲਾਉਣ ਦਾ ਦਿ੍ਸ਼ ਅੰਕਤ ਹੈ | ਦਰਅਸਲ ਉਸ ਸਮੇਂ ਹੱਥ ਮਿਲਾਉਣ ਦੀ ਰਸਮ ਦਾ ਸਿੱਧਾ ਭਾਵ ਇਹ ਤਸੱਲੀ ਕਰਨਾ ਸੀ ਕਿ ਮਿਲਣ ਵਾਲਿਆਂ ਦੇ ਦੁਵੱਲੀ ਸੱਜੇ ਹੱਥ ਖਾਲੀ ਹਨ, ਭਾਵ ਹੱਥਾਂ ਵਿਚ ਕਿਸੇ ਕਿਸਮ ਦਾ ਪ੍ਰਗਟ ਜਾਂ ਲੁਕਵਾਂ ਹਥਿਆਰ ਮੌਜੂਦ ਨਹੀਂ | ਸੋ, ਉਨ੍ਹਾਂ ਨੂੰ ਇਕ-ਦੂਸਰੇ ਤੋਂ ਕੋਈ ਖਤਰਾ ਨਹੀਂ ਹੈ | ਯੂਨਾਨੀ ਸੱਭਿਅਤਾ ਨੂੰ ਉਸ ਸਮੇਂ ਦੁਨੀਆ ਦੀ ਅਮੀਰ ਅਤੇ ਸ਼ਾਨਾਂਮੱਤੀ ਸੱਭਿਅਤਾ ਸਮਝਿਆ ਜਾਂਦਾ ਸੀ ਅਤੇ ਇਸ ਦੇ ਰਸਮੋ ਰਿਵਾਜ ਦੂਜੀਆਂ ਕੌਮਾਂ ਵਲੋਂ ਸੁਤੇ-ਸਿਧ ਅਪਣਾਏ ਜਾਂਦੇ ਸਨ | ਜਦ ਰੋਮਨਾਂ ਨੇ ਇਸ ਮਿਲਣ ਢੰਗ ਨੂੰ ਅਪਣਾਇਆ ਤਾਂ ਇਹ ਪੂਰੇ ਯੂਰਪ ਵਿਚ ਫੈਲ ਗਈ | ਵੈਸੇ ਰੋਮਨ ਯੋਧਿਆਂ ਦਾ ਹੱਥ ਮਿਲਾਉਣ ਦਾ ਢੰਗ ਥੋੜ੍ਹਾ ਜਿਹਾ ਵੱਖਰਾ ਸੀ | ਉਹ ਇਕ-ਦੂਸਰੇ ਦੀ ਕੂਹਣੀ ਤੱਕ ਹੱਥ ਵਧਾ ਕੇ ਸਖਤ ਪਕੜ ਨਾਲ ਹੱਥ ਮਿਲਾਉਂਦੇ ਸਨ | ਬਾਅਦ ਵਿਚ ਇਹ ਰਿਵਾਜ ਹੱਥਾਂ ਦੀਆਂ ਤਲੀਆਂ ਨੂੰ ਆਪਸ ਵਿਚ ਮਿਲਾ ਕੇ ਅਤੇ ਉਂਗਲਾਂ ਦੀ ਪਕੜ ਨੂੰ ਕੱਸਣ ਦੇ ਰਿਵਾਜ ਵਿਚ ਬਦਲ ਗਿਆ |
ਇਹ ਮਿਲਣ ਵਾਲਿਆਂ ਦੇ ਆਪਸੀ ਰਿਸ਼ਤੇ, ਨਜ਼ਦੀਕੀ, ਉਮਰ ਅਤੇ ਮੌਕੇ ਦੀ ਸਥਿਤੀ 'ਤੇ ਨਿਰਭਰ ਕਰਦਾ ਹੈ ਕਿ ਉਨ੍ਹਾਂ ਦੀ ਮਿਲਣੀ ਵਿਚ ਕਿੰਨੀ ਕੁ ਉਪਚਾਰਕਤਾ, ਸਤਿਕਾਰ, ਸੰਜਮ, ਗਰਮਜੋਸ਼ੀ ਜਾਂ ਕੂਲਾਪਣ ਮੌਜੂਦ ਹੈ | ਵੱਖ-ਵੱਖ ਕੌਮਾਂ ਨੇ ਇਸ ਢੰਗ ਨੂੰ ਅਪਣਾਉਂਦਿਆਂ ਹੋਇਆਂ ਇਸ ਵਿਚ ਆਪਣੇ ਨਿੱਜੀ ਸੱਭਿਆਚਾਰਕ ਤੱਤ ਵੀ ਸ਼ਾਮਲ ਕੀਤੇ ਹਨ ਜਿਸ ਕਾਰਨ ਇਸ ਰਸਮ ਦੀਆਂ ਦਰਜਨਾਂ ਵੰਨਗੀਆਂ ਮੌਜੂਦ ਹਨ | ਮਿਸਾਲ ਦੇ ਤੌਰ 'ਤੇ ਅਫਰੀਕਨ ਮੁਲਕਾਂ ਵਿਚ ਹੱਥ ਮਜ਼ਬੂਤੀ ਨਾਲ ਮਿਲਾਏ ਜਾਂਦੇ ਹਨ ਅਤੇ ਇਕਦਮ ਨਹੀਂ ਛੱਡੇ ਜਾਂਦੇ | ਨੈਂਬੀਆ ਵਿਚ ਹੱਥ ਮਿਲਾਉਣ ਤੋਂ ਬਾਅਦ ਦੋਵਾਂ ਅੰਗੂਠਿਆਂ ਨੂੰ ਵੀ ਆਪਸ ਵਿਚ ਜੋੜਿਆ ਜਾਂਦਾ ਹੈ | ਪੂਰਬੀ ਅਤੇ ਦੱਖਣੀ ਅਫਰੀਕਨ ਮੁਲਕਾਂ ਵਿਚ ਸੱਜੇ ਹੱਥ ਨੂੰ ਮਿਲਾਉਂਦੇ ਸਮੇਂ ਖੱਬੇ ਹੱਥ ਨਾਲ ਸੱਜੇ ਹੱਥ ਦੀ ਕੂਹਣੀ ਨੂੰ ਸਹਾਰਾ ਦੇਣਾ ਦੂਸਰੇ ਨੂੰ ਜ਼ਿਆਦਾ ਸਤਿਕਾਰ ਦੇਣ ਦਾ ਪ੍ਰਤੀਕ ਹੈ |
ਭਾਰਤ ਵਿਚ ਵੀ ਸਤਿਕਾਰ ਦੇਣ ਦੀ ਭਾਵਨਾ ਨਾਲ ਥੋੜ੍ਹਾ ਜਿਹਾ ਝੁਕ ਕੇ ਅਤੇ ਸਾਹਮਣੇ ਵਾਲੇ ਸ਼ਖ਼ਸ ਦੇ ਹੱਥ ਨੂੰ ਦੋਵੇਂ ਹੱਥ ਹੀ ਅੱਗੇ ਵਧਾ ਕੇ ਮਿਲਾਉਣ ਦਾ ਢੰਗ ਪ੍ਰਚਲਿਤ ਹੈ | ਕਈ ਵਾਰ ਭਾਰਤੀ ਢੰਗ ਨਾਲ ਪਹਿਲਾਂ ਦੋਵਾਂ ਹੱਥਾਂ ਨੂੰ ਜੋੜ ਕੇ ਨਮਸਕਾਰ ਕਰਕੇ ਬਾਅਦ ਵਿਚ ਹੱਥ ਮਿਲਾਏ ਜਾਂਦੇ ਹਨ | ਪੱਛਮੀ ਸਮਾਜ ਵਿਚ ਹੱਥ ਮਿਲਾਉਂਦੇ ਸਮੇਂ ਦੋਵਾਂ ਗੱਲ੍ਹਾਂ ਨੂੰ ਆਪਸ ਵਿਚ ਮਿਲਾਉਣ ਦਾ ਦਿਲਚਸਪ ਢੰਗ ਮੌਜੂਦ ਹੈ | ਪੱਛਮ ਵਿਚ ਅੱਖਾਂ ਵਿਚ ਅੱਖਾਂ ਪਾ ਕੇ ਅਤੇ ਮੁਸਕਰਾ ਕੇ ਹੱਥ ਮਿਲਾਉਣਾ ਸੱਭਿਅਕ ਮੰਨਿਆਂ ਜਾਂਦਾ ਹੈ ਪਰ ਦੂਜੇ ਪਾਸੇ ਜਾਪਾਨ ਵਿਚ ਹੱਥ ਮਿਲਾਉਂਦੇ ਸਮੇਂ ਅੱਖਾਂ ਨਾ ਮਿਲਾਉਣਾ ਸ਼ਾਲੀਨਤਾ ਵਾਲਾ ਵਿਹਾਰ ਮੰਨਿਆ ਗਿਆ ਹੈ | ਇਕ ਤੱਥ ਸਾਰੀ ਦੁਨੀਆ ਵਿਚ ਸਾਂਝਾ ਹੈ ਕਿ ਖੱਬੇ ਹੱਥਾਂ ਨੂੰ ਮਿਲਾਉਣਾ ਠੀਕ ਨਹੀਂ ਸਮਝਿਆ ਜਾਂਦਾ | ਆਸਟ੍ਰੇਲੀਅਨ ਸੱਭਿਆਚਾਰ ਦੀਆਂ ਰਵਾਇਤਾਂ ਵਿਚ ਔਰਤ ਅਤੇ ਆਦਮੀ ਦੇ ਹੱਥ ਮਿਲਾਉਣ ਸਮੇਂ ਪਹਿਲ ਕਰਨ ਦਾ ਅਧਿਕਾਰ ਔਰਤ ਕੋਲ ਹੈ, ਭਾਵ ਜੇ ਔਰਤ ਨੇ ਖੁਦ ਆਪਣਾ ਹੱਥ ਅੱਗੇ ਵਧਾਇਆ ਹੈ ਤਾਂ ਹੀ ਆਦਮੀ ਔਰਤ ਨਾਲ ਮਿਲਾਏਗਾ | ਜਦ ਕਰੀਬੀ ਦੋਸਤ ਹੱਥ ਮਿਲਾਉਂਦੇ ਹਨ ਤਾਂ ਹੱਥਾਂ ਦੀ ਪਕੜ ਅਕਸਰ ਸਖ਼ਤ ਹੁੰਦੀ ਹੈ | ਖੇਡ-ਜਗਤ ਵਿਚ ਦੋਵਾਂ ਹੱਥਾਂ ਦੀਆਂ ਮੁੱਕੀਆਂ ਬਣਾ ਕੇ ਹਲਕੇ ਢੰਗ ਨਾਲ ਆਪਸ ਵਿਚ ਟਕਰਾਉਣ ਦਾ ਰਿਵਾਜ ਹੈ ਜਿਸ ਤੋਂ ਅਰਥ ਤਾਕਤ ਅਤੇ ਮਜ਼ਬੂਤੀ ਦਾ ਪ੍ਰਭਾਵ ਦੇਣਾ ਹੁੰਦਾ ਹੈ | ਖੇਡਾਂ ਵਿਚ ਕਿਸੇ ਉਤਸ਼ਾਹ ਭਰੇ ਪਲ ਵਿਚ ਕਿਸੇ ਇਕ ਟੀਮ ਦੇ ਮੈਂਬਰ ਹੱਥ ਉੱਚੇ ਕਰਕੇ ਇਕ ਜਾਂ ਦੋਵਾਂ ਹੱਥਾਂ ਦੀਆਂ ਤਲੀਆਂ ਨੂੰ ਆਪਸ ਵਿਚ ਟਕਰਾਉਂਦੇ ਵੇਖੇ ਜਾ ਸਕਦੇ ਹਨ ਜਿਸ ਦਾ ਭਾਵ ਪਰਸਪਰ ਸਹਿਯੋਗ ਨਾਲ ਮਿਲੀ ਸਫਲਤਾ ਨੂੰ ਪ੍ਰਗਟ ਕਰਨਾ ਹੁੰਦਾ ਹੈ | ਕਿਸੇ ਰਾਜਨੀਤਕ ਜਾਂ ਕਾਰੋਬਾਰੀ ਸਮਝੌਤੇ ਤੋਂ ਬਾਅਦ ਜਦ ਦੋਵੇਂ ਧਿਰਾਂ ਹੱਥ ਮਿਲਾਉਂਦੀਆਂ ਹਨ ਤਾਂ ਹੱਥ ਮਿਲਾ ਕੇ ਕੁਝ ਸਮਾਂ ਜੁੜੇ ਹੱਥਾਂ ਨੂੰ ਗਰਮਜੋਸ਼ੀ ਨਾਲ ਤਿੰਨ ਵਾਰ ਹਲਕੇ ਝਟਕੇ ਦਿੱਤੇ ਜਾਂਦੇ ਹਨ ਜਿਸ ਦਾ ਭਾਵ ਕੀਤੇ ਗਏ ਸਮਝੌਤੇ ਦੀ ਪਕਿਆਈ ਜ਼ਾਹਿਰ ਕਰਨਾ ਹੁੰਦਾ ਹੈ |
ਨਜ਼ਰਾਂ ਮਿਲਾ ਕੇ ਅਤੇ ਚਿਹਰੇ 'ਤੇ ਥੋੜ੍ਹੀ ਜਿਹੀ ਮੁਸਕਰਾਹਟ ਲਿਆ ਕੇ ਮਜ਼ਬੂਤੀ ਨਾਲ ਹੱਥ ਮਿਲਾਉਣਾ ਇਸ ਰਸਮ ਦੀ ਸਭ ਤੋਂ ਪ੍ਰਵਾਨਤ ਵੰਨਗੀ ਹੈ | ਇਸ ਢੰਗ ਨਾਲ ਦੁਵੱਲੀਆਂ ਧਿਰਾਂ ਦੇ ਮਨਾਂ ਵਿਚ ਆਤਮ-ਵਿਸ਼ਵਾਸ ਅਤੇ ਭਰੋਸਾ ਪੈਦਾ ਹੁੰਦਾ ਹੈ |

-ਵਾਰਸਾ, ਪੋਲੈਂਡ |
ਮੋਬਾਈਲ : 0048516732105
yadsatkoha@yahoo.com

ਇਕ ਲੋਕ-ਗੀਤ ਜੋ ਸਾਨੂੰ ਸੀਤਾ ਦੀ ਅਗਨੀ-ਪ੍ਰੀਖਿਆ ਯਾਦ ਕਰਾ ਗਿਆ

ਲੋਕ-ਗੀਤਾਂ ਵਿਚ ਜ਼ਿੰਦਗੀ ਦਾ ਹਰ ਰੰਗ ਭਰਿਆ ਨਜ਼ਰ ਆਉਂਦਾ ਹੈ | ਖੁਸ਼ੀਆਂ ਦੇ ਮੰਜ਼ਰ ਵੀ ਨਜ਼ਰ ਆਉਂਦੇ ਹਨ, ਗ਼ਮੀਆਂ ਦੇ ਵੀ | ਕਿਤੇ-ਕਿਤੇ ਇਨ੍ਹਾਂ ਵਿਚ ਕਿੱਕਲੀਆਂ ਤੇ ਕਿਲਕਾਰੀਆਂ ਦੇ ਦਰਸ਼ਨ ਦੀਦਾਰੇ ਹੁੰਦੇ ਹਨ ਪਰ ਕਿਤੇ-ਕਿਤੇ ਅਜਿਹੇ ਲੋਕ-ਗੀਤ ਵੀ ਮਿਲਦੇ ਹਨ ਜੋ ਦਿਲ ਝੰਜੋੜ ਕੇ ਰੱਖ ਦਿੰਦੇ ਹਨ | ਮਨ ਵਲੂੰਧਰਿਆ ਜਾਂਦਾ ਹੈ | ਰੂਹ ਕੁਰਲਾ ਉੱਠਦੀ ਹੈ | ਅਜਿਹਾ ਹੀ ਇਕ ਲੋਕ-ਗੀਤ 'ਥਾਲ' ਦੀ ਵੰਨਗੀ ਵਿਚ ਮਿਲਦਾ ਹੈ, ਜੋ ਵਜੂਦ ਵਿਚ ਤਾਂ ਛੋਟਾ ਹੈ ਪਰ ਸੀਤਾ-ਸਵਿਤਰੀਆਂ ਦੀ ਵੱਡੀ ਹੋਣੀ ਯਾਦ ਕਰਾ ਦਿੰਦਾ ਹੈ | 'ਥਾਲ' ਦੀ ਖੇਡ ਛੋਟੀ ਉਮਰ ਦੀਆਂ ਕੁੜੀਆਂ ਖੇਡਦੀਆਂ ਹਨ | ਇਸ ਵਿਚ ਇਕ ਤੋਂ ਵੱਧ ਬਾਲੜੀਆਂ ਇਕ ਗੇਂਦ ਨਾਲ ਖੇਡਦੀਆਂ-ਖੇਡਦੀਆਂ ਗੀਤ ਗਾਉਂਦੀਆਂ ਹਨ | ਇਕ ਚੱਕਰ ਵਿਚ ਬੈਠ ਜਾਂਦੀਆਂ ਹਨ | ਨਿਯਮਾਂ ਸਹਿਤ ਖੇਡਣਾ ਹੁੰਦਾ ਹੈ | ਗੇਂਦ ਨੂੰ ਹੱਥ ਨਾਲ ਟਪਾਉਣਾ ਹੁੰਦਾ ਹੈ ਅਤੇ ਚੱਕਰ ਦੇ ਵਿਚ ਵਿਚ ਰੱਖਣਾ ਹੁੰਦਾ ਹੈ | ਗੇਂਦ ਉਭਾਰਦਿਆਂ-ਉਭਾਰਦਿਆਂ ਦਸ-ਬਾਰਾਂ ਲਾਈਨਾਂ ਦਾ ਗੀਤ ਪੂਰਾ ਕਰਨਾ ਹੁੰਦਾ ਹੈ | ਜੇ ਗੇਂਦ ਹੱਥੋਂ ਖਿਸਕ ਜਾਵੇ ਜਾਂ ਉੱਭਰੇ ਨਾ ਜਾਂ ਚੱਕਰ ਵਿਚੋਂ ਬਾਹਰ ਬੁੜਕ ਜਾਵੇ ਤਾਂ ਵਾਰੀ (ਪਾਰੀ) ਅਗਲੀ ਕੁੜੀ ਕੋਲ ਚਲੀ ਜਾਂਦੀ ਹੈ | ਵਣਜਾਰਾ ਬੇਦੀ ਦਾ ਮੰਨਣਾ ਹੈ ਕਿ 'ਥਾਲ' ਲਫ਼ਜ਼ 'ਤਾਲ' ਤੋਂ ਬਣਿਆ ਲਗਦਾ ਹੈ ਕਿਉਂਕਿ ਗੇਂਦ ਟਪਾਉਣ ਦੇ ਸੁਰਤਾਲ ਅਨੁਸਾਰ ਗੀਤ ਦਾ ਸੁਰਤਾਲ ਕਾਇਮ ਰੱਖਣਾ ਹੁੰਦਾ ਹੈ | ਲੋਹੜੀ ਦੇ ਲੋਕ-ਗੀਤਾਂ ਵਾਂਗ ਹੀ ਇਹ ਨਿੱਕੇ-ਨਿੱਕੇ ਗੀਤ ਕੁੜੀਆਂ ਆਪ ਘੜਦੀਆਂ ਹਨ | ਇਨ੍ਹਾਂ ਗੀਤਾਂ ਦਾ ਕੋਈ ਗੰਭੀਰ ਵਿਸ਼ਾ ਨਹੀਂ ਹੁੰਦਾ ਬਹੁਤੀ ਵਾਰ ਵਿਅਰਥ ਤੇ ਅਟਕਲ-ਪੱਚੂ ਗੱਲਾਂ ਹੀ ਹੁੰਦੀਆਂ ਹਨ | ਬਹੁਤੀ ਵਾਰ ਇਨ੍ਹਾਂ ਦਾ ਵਿਸ਼ਾ ਘਰੇਲੂ ਜ਼ਿੰਦਗੀ, ਨੂੰ ਹ-ਸੱਸ ਦੇ ਝਗੜੇ, ਨਨਾਣ-ਭਰਜਾਈ ਦੇ ਬਖੇੜੇ ਅਤੇ ਭੈਣ-ਭਰਾ ਦਾ ਪਿਆਰ ਹੁੰਦਾ ਹੈ | ਪਰ ਹੇਠ ਲਿਖਿਆ 'ਥਾਲ' ਪੜ੍ਹਦਿਆਂ ਸਾਨੂੰ ਔਰਤ ਦੀ ਹੋਣੀ ਦੀ ਅਜਿਹੀ ਤਸਵੀਰ ਨਜ਼ਰ ਆਉਂਦੀ ਹੈ ਕਿ ਮਨ ਦੁਖੀ ਹੋ ਉੱਠਦਾ ਹੈ ਅਤੇ ਸਾਨੂੰ ਗਹਿਰੇ ਚਿੰਤਨ ਵਿਚ ਲੈ ਜਾਂਦਾ ਹੈ:
ਆਓ ਕੁੜੀਓ ਆਓ
ਮੇਰੇ ਲਈ ਅੱਗ ਮਚਾਓ
ਕੋਠੇ 'ਤੇ ਕਾਂ
ਮੈਂ ਮਰ ਜਾਂ
ਸੱਜੇ ਬੈਠੜਿਓ ਸਲਾਮ
ਖੱਬੇ ਬੈਠੜਿਓ ਸਲਾਮ
ਮਾਂ ਰਾਣੀ ਨੂੰ ਸਲਾਮ
ਬਾਬਲ ਰਾਜੇ ਨੂੰ ਸਲਾਮ
ਖੂਹ ਦੀਆਂ ਟਿੰਡਾਂ ਨੂੰ ਸਲਾਮ
ਵੀਰ ਦਿਆਂ ਪਿੰਡਾਂ ਨੂੰ ਸਲਾਮ
ਤੁਰਦੀ ਕੀੜੀ ਨੂੰ ਸਲਾਮ
ਭਾਬੋ ਦੀ ਪੀੜ੍ਹੀ ਨੂੰ ਸਲਾਮ
ਵੀਰ ਦੀ ਪੱਗ ਨੂੰ ਸਲਾਮ
ਬਲਦੀ ਅੱਗ ਨੂੰ ਸਲਾਮ
ਕੁੜੀਏ ਥਾਲ ਈ.......
ਸਾਹਿਤ ਵਿਚ ਕਈ ਸ਼ਾਇਰਾਂ ਨੇ ਜ਼ਿੰਦਗੀ ਤੋਂ ਆਤੁਰ ਹੋ ਕੇ ਮੌਤ ਨੂੰ ਆਵਾਜ਼ਾਂ ਮਾਰੀਆਂ ਹਨ | ਜੋਬਨ-ਰੁੱਤੇ ਮਰਨ ਦੀ ਚਾਹਣਾ ਸ਼ਿਵ ਬਟਾਲਵੀ ਵਿਚ ਵੀ ਸਿਖਰਾਂ 'ਤੇ ਨਜ਼ਰ ਆਉਂਦੀ ਹੈ ਅਤੇ ਅੰਗਰੇਜ਼ੀ ਦੇ ਕਵੀ ਜੌਨ ਕੀਟਸ ਵਿਚ ਵੀ | ਇਨ੍ਹਾਂ ਜਾਂ ਹੋਰ ਸ਼ਾਇਰਾਂ ਦੀ ਜ਼ਿੰਦਗੀ ਵਿਚੋਂ ਉਦਾਸੀਨਤਾ ਦੇ ਕਾਰਨ ਲੱਭ ਜਾਂਦੇ ਹਨ, ਪੰ੍ਰਤੂ ਇਕ ਬਾਲੜੀ ਚਿਖਾ ਵਿਚ ਜਾਣਾ ਲੋਚੇ ਬੜਾ ਅਲੋਕਾਰੀ ਅਤੇ ਅਜੀਬ ਲਗਦਾ ਹੈ | ਆਤਮ-ਦਾਹ ਦੀ ਚਾਹਣਾ ਦਾ ਅਰਥ ਹੈ ਜ਼ਿੰਦਗੀ ਦਾ ਮੌਤ ਤੋਂ ਵੱਧ ਦੁਖਦਾਈ ਹੋ ਜਾਣਾ | ਜਦੋਂ ਜ਼ਿੰਦਗੀ ਅਤਿ ਕੌੜੀ ਹੋ ਜਾਵੇ ਮੌਤ ਮਿੱਠੀ ਲੱਗਣ ਲਗਦੀ ਹੈ | ਆਤਮ-ਘਾਤ ਦੀ ਮਾਨਸਿਕਤਾ ਅਤੇ ਅਪਣਾਏ ਜਾਂਦੇ ਤੌਰ-ਤਰੀਕਿਆਂ ਦੇ ਸਰਵੇਖਣ ਇਹ ਵੀ ਦੱਸਦੇ ਹਨ ਕਿ ਔਰਤਾਂ ਵਿਚ ਆਤਮ-ਹੱਤਿਆ ਕਰਨ ਲਈ ਸੜ-ਮਰਨ ਦਾ ਤਰੀਕਾ ਸਭ ਤੋਂ ਵੱਧ ਅਖਤਿਆਰ ਕੀਤਾ ਜਾਂਦਾ ਹੈ, ਹਾਲਾਂਕਿ ਇਹ ਸਾਧਨ ਬਹੁਤ ਦੁਖਦਾਈ ਹੈ, ਪਰ ਔਰਤ ਦਾ ਅਗਨੀ ਨਾਲ ਬਹੁਤ ਗਹਿਰਾ ਸੰਬੰਧ ਹੈ | ਇਹ ਤਰੀਕਾ ਅਪਨਾਉਣ ਲਈ ਕਿਤੇ ਜਾਣਾ ਵੀ ਨਹੀਂ ਪੈਂਦਾ ਅਤੇ ਲੋੜੀਂਦਾ ਸਮਾਨ ਵੀ ਸਹਿਜੇ ਹੀ ਉਸ ਦੀ ਪਹੁੰਚ ਵਿਚ ਹੁੰਦਾ ਹੈ |
ਵਿਚਾਰ ਅਧੀਨ ਲੋਕ-ਗੀਤ ਵਿਚ ਬਾਲੜੀ ਦਾ ਜ਼ਿੰਦਗੀ ਤੋਂ ਏਨਾਂ ਉਚਾਟ ਹੋਣਾਂ ਸਾਡੇ ਲਈ ਗਹਿਰੀ ਚਿੰਤਾ ਦਾ ਕਾਰਨ ਹੈ | ਇਹ ਗੀਤ ਉਸ ਨੇ ਖੁਦ ਨਹੀਂ ਘੜਿਆ ਲਗਦਾ, ਉਸ ਦੀ ਹੋਣੀ ਨੇ ਉਸਾਰਿਆ ਹੈ | ਇਹ ਉਸ ਦੀ ਚਾਹਣਾ ਨਹੀਂ, ਉਸ ਦੀ ਮਜਬੂਰੀ ਹੈ | ਇਹ ਖਾਹਸ਼ ਨਹੀਂ, ਸੁਣਾਈ ਗਈ ਸਜ਼ਾ ਹੈ | ਇਹ ਸਮਝ ਲੈਣਾ ਵੀ ਜ਼ਰੂਰੀ ਹੈ | ਸਤੀ ਹੋਣ ਦੀ ਖਾਹਸ਼ ਹਮੇਸ਼ਾਂ ਮਨ ਮਸਤਕ ਦੀ ਖਾਹਸ਼ ਹੀ ਨਹੀਂ ਹੁੰਦੀ, ਸਮਾਜ ਦੀ ਸੋਚੀ ਸਮਝੀ ਸਜ਼ਾ ਵੀ ਹੁੰਦੀ ਹੈ | ਇਸ ਥਾਲ ਵਿਚ ਬਾਲੜੀ ਦਾ ਅਭਿਵਿਅਕਤ ਹੋ ਰਿਹਾ ਮਨੋ-ਭਾਵ ਸਮਾਜ ਲਈ ਬੜਾ ਲਾਹਨਤ-ਮਈ ਹੈ | ਕਿਸੇ ਕਲੀ ਦਾ ਖਿੜਨ ਤੋਂ ਪਹਿਲਾਂ ਹੀ ਮਰਨ-ਮੁਰਝਾਉਣ ਬਾਰੇ ਚਾਹੁਣਾ, ਬੜਾ ਪੀੜ-ਭਰਿਆ ਹੈ | ਉਹ ਮੌਤ ਦਾ ਮੰਜ਼ਰ ਇੰਝ ਸਿਰਜਦੀ ਹੈ, ਜਿਵੇਂ ਸਤੀ ਹੋਣ ਜਾ ਰਹੀ ਹੋਵੇ | ਜਿਵੇਂ ਕੋਈ ਸੀਤਾ ਅਡੋਲ-ਚਿੱਤ ਅਗਨੀ-ਪ੍ਰੀਖਿਆ ਲਈ ਉਡੀਕਵਾਨ ਹੋਵੇ | ਜਿਵੇਂ ਕੋਈ ਅਹਿਲਿਆ ਅੱਗ ਦੀਆਂ ਲਪਟਾਂ ਤੋਂ ਬੇ-ਪਰਵਾਹ ਹੋਵੇ | ਜਿਵੇਂ ਕੋਈ ਸੁਕਰਾਤ ਜ਼ਹਿਰ-ਪਿਆਲੇ ਨੂੰ ਆਰਾਮ ਨਾਲ ਬੁੱਲ੍ਹੀਂ ਲਾ ਡੀਕ ਲਵੇ | ਜਿਵੇਂ ਕੋਈ ਮਹਾਨ ਆਤਮਾਂ ਕੁਰਬਾਨ ਹੋ ਜਾਣ ਵੇਲੇ ਕੋਈ ਗਿਲਾ ਗੁਜ਼ਾਰੀ ਨਾ ਕਰੇ, ਕੋਈ ਗਿਲਾ ਸ਼ਿਕਵਾ ਨਾ ਕਰੇ, ਉਜ਼ਰ ਨਾ ਕਰੇ | ਉਹ ਤਾਂ ਸਗੋਂ ਸਭ ਨੂੰ ਪ੍ਰੇਸ਼ਾਨ-ਪਸ਼ੇਮਾਨ ਕਰਦਿਆਂ ਕਿਸੇ ਪਹੁੰਚੇ ਹੋਏ ਵਿਅਕਤੀ ਵਾਂਗ ਅੱਗ ਦੇ ਸਮੁੰਦਰ ਵਿਚ ਸਹਿਜ-ਕਦਮੀ ਨਾਲ ਅਲਿਪਤ ਹੋਣ ਦੀ ਤਿਆਰੀ ਵਿਚ ਹੈ |
ਇਸ ਲੋਕ-ਗੀਤ ਦੀ ਨਾਇਕਾ ਕਿਸੇ ਸੀਤਾ ਮਹਾਨ ਨਾਲੋਂ ਘੱਟ ਨਹੀਂ | ਉਸ ਨੂੰ ਆਪਣੇ ਸੜਨ-ਮਰਨ ਦੀ ਪ੍ਰਤੀਕਿਰਿਆ ਦਾ ਕੋਈ ਦੁੱਖ ਨਹੀਂ | ਬਲਦੀ ਚਿਖਾ ਵਿਚ ਕਦਮ ਰੱਖਣ ਤੋਂ ਪਹਿਲਾਂ ਉਹ ਆਪਣੇ ਨੇੜਲਿਆਂ ਅਤੇ ਸਕੇ-ਸੰਬੰਧੀਆਂ ਨੂੰ ਬੜੇ ਸ਼ਾਂਤ-ਚਿੱਤ ਤੇ ਸਹਿਜ-ਭਾਅ ਸਲਾਮ ਕਹਿੰਦੀ ਹੈ, ਵਿਛੋੜੇ ਦੇ ਕੀਰਨੇ ਨਹੀਂ ਪਾਉਂਦੀ | ਉਹ ਮੋਹ ਦੀਆਂ ਤੰਦਾਂ ਤੋੜ ਚੁੱਕੀ ਹੈ | ਉਹਦੇ ਆਪਣਿਆਂ ਵਿਚ ਮਾਂ-ਬਾਪ, ਭਰਾ-ਭਰਜਾਈ, ਖੂਹ ਦੀਆਂ ਟਿੰਡਾਂ, ਵੀਰੇ ਦੇ ਪਿੰਡ, ਤੁਰਦੀ ਜਾਂਦੀ ਕੀੜੀ, ਭਾਬੋ ਦੀ ਪੀੜ੍ਹੀ, ਵੀਰੇ ਦੀ ਪੱਗ ਅਤੇ ਬਲਦੀ ਅੱਗ ਸ਼ਾਮਲ ਹਨ | 'ਥਾਲ' ਦੀ ਭਾਸ਼ਾ ਵਿਚ ਵਰਤੇ ਲਫਜ਼ ਮਾਂ-ਰਾਣੀ, ਬਾਬਲ-ਰਾਜਾ, ਭਾਬੋ ਦੀ ਪੀੜ੍ਹੀ, ਵੀਰ ਦੀ ਪੱਗ, ਸੁਹਾਗਾਂ ਅਤੇ ਘੋੜੀਆਂ ਵਾਲੇ ਹਨ | ਜਿਵੇਂ ਕੋਈ ਲਾੜੀ ਮੌਤ ਨੂੰ ਵਰ-ਪ੍ਰਾਪਤਾ ਹੋ ਰਹੀ ਹੋਵੇ | ਇੰਜ ਵੀ ਮਹਿਸੂਸ ਹੁੰਦਾ ਹੈ ਜਿਵੇਂ ਗੀਤ ਦੀ ਨਾਇਕਾ ਮੁਸਲਮਾਨ ਪਰਿਵਾਰ ਵਿਚੋਂ ਹੋਵੇ | ਸ਼ਬਦ 'ਸਲਾਮ' ਤੋਂ ਬਿਨਾਂ 'ਸੱਜੇ ਬੈਠੜਿਓ ਸਲਾਮ, ਖੱਬੇ ਬੈਠੜਿਓ ਸਲਾਮ' ਵੀ ਅਜਿਹੇ ਇਸ਼ਾਰੇ ਹਨ | ਨਮਾਜ਼ ਪੜ੍ਹਨ ਉਪਰੰਤ ਧਾਰਮਿਕ ਅਦਾ ਵਿਚ ਸੱਜੇ-ਖੱਬੇ ਵੇਖਿਆ ਜਾਂਦਾ ਹੈ ਜਿਸ ਦਾ ਅਰਥ ਹੈ ਕਿ ਖੁਦਾਵੰਦ ਸੱਜੇ-ਖੱਬੇ ਬੈਠਿਆਂ ਲਈ ਮਿਹਰਵਾਨ ਹੋਵੇ | ਥਾਲ ਦਾ ਵਿਸ਼ਲੇਸ਼ਣ ਕਰਦਿਆਂ ਇਹ ਜਾਣ ਸਕਣਾ ਤਾਂ ਔਖਾ ਹੈ ਕਿ ਇਸ ਦਾ ਰਚਨ-ਕਾਲ ਕੀ ਹੋਵੇਗਾ ਪਰ ਇਹ 'ਥਾਲ' ਸਭ ਸਮਿਆਂ ਦੀ ਅਬਲਾ-ਦਾਸਤਾਨ ਹੈ |

-ਪਿੰਡ ਤੇ ਡਾਕ: ਨਡਾਲਾ, ਜ਼ਿਲ੍ਹਾ ਕਪੂਰਥਲਾ |
ਮੋਬਾਈਲ : 98152—53245

ਪੰਜਾਬੀ ਸੱਭਿਆਚਾਰ ਦਾ ਝੰਡਾ-ਬਰਦਾਰ ਆਕਾਸ਼ਵਾਣੀ ਜਲੰਧਰ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
2013 ਤਾੲੀਂ ਭਾਰਤ ਦੇ ਸੂਚਨਾ ਤੇ ਪ੍ਰਸਾਰਨ ਮੰਤਰੀ ਮਨੀਸ਼ ਤਿਵਾੜੀ ਨੇ ਆਪਣੇ ਕਾਰਜਕਾਲ ਸਮੇਂ ਲੁਧਿਆਣਾ ਵਾਸਤੇ ਐਫ.ਐਮ. ਗੋਲਡ (ਐਫ.ਐਮ. ਗੋਲਡ) ਸੇਵਾ ਮਨਜ਼ੂਰ ਕੀਤੀ ਸੀ | ਇਸ ਦੀ ਦਾ ਪ੍ਰਸਾਰਣ 100.1 ਐਫ.ਐਮ. ਤੋਂ ਹੁੰਦਾ ਹੈ | ਐਸ ਵਕਤ ਇਸ ਵਾਸਤੇ 2.5 ਕਿਲੋਵਾਟ ਦੇ ਦੋ ਟਰਾਂਸਮੀਟਰ ਨਾਲੋ-ਨਾਲ ਕੰਮ ਕਰ ਰਹੇ ਹਨ | ਇਸ ਦੇ ਵਧੇਰੇ ਪ੍ਰੋਗਰਾਮ ਦਿੱਲੀ ਤੋਂ ਆਉਂਦੇ ਹਨ, ਜੋ ਅੰਗਰੇਜ਼ੀ ਅਤੇ ਹਿੰਦੀ ਵਿਚ ਹਨ | ਐਸ ਵਕਤ ਇਸ ਦਾ ਕੋਈ ਵਾਲੀ ਵਾਰਿਸ ਨਹੀਂ | ਇਸ ਦੇ ਸਟੂਡੀਓ ਅਤੇ ਟਰਾਂਸਮੀਟਰ ਪੰਜਾਬ ਖੇਤੀ ਯੂਨੀਵਰਸਿਟੀ ਵਿਚ ਬਣਨੇ ਹਨ | ਇਸ ਦੇ ਮੁਕਾਮੀ ਪ੍ਰੋਗਰਾਮ ਸਾਰੇ ਦੇ ਸਾਰੇ ਪੰਜਾਬੀ ਵਿਚ ਹੀ ਹੋਣਗੇ |
1953 ਵਿਚ ਬੰਦ ਹੋਣ ਸਮੇਂ ਵੀ ਅੰਮਿ੍ਤਸਰ ਦਾ ਰੇਡੀਓ ਸਟੇਸ਼ਨ ਆਲ ਇੰਡੀਆ ਰੇਡੀਓ ਹੀ ਸੀ | ਹੁਣ ਵੀ ਇਹ ਆਲ ਇੰਡੀਆ ਰੇਡੀਓ ਸਟੇਸ਼ਨ ਹੀ ਹੈ | ਕਾਰਨ ਇਹ ਹੈ ਕਿ ਇਥੋਂ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮ ਮੁੱਖ ਤੌਰ 'ਤੇ 'ਆਲ ਇੰਡੀਆ ਰੇਡੀਓ ਦੀ ਉਰਦੂ ਸਰਵਿਸ' ਦੇ ਹੀ ਹਨ | ਇਸ ਸਟੇਸ਼ਨ ਤੋਂ 12 ਘੰਟੇ ਉਰਦੂ ਸਰਵਿਸ ਪੇਸ਼ ਹੁੰਦੀ ਹੈ ਅਤੇ ਤਿੰਨ-ਤਿੰਨ ਘੰਟਿਆਂ ਵਾਸਤੇ ਦੇਸ਼ ਪੰਜਾਬ ਅਤੇ ਐਫ.ਐਮ. ਰੇਨਬੋ ਜਲੰਧਰ ਪ੍ਰਸਾਰਿਤ ਕੀਤੀ ਜਾਂਦੀ ਹੈ | ਇਸ ਦਾ ਟਰਾਂਸਮੀਟਰ 20 ਕਿਲੋਵਾਟ ਦਾ ਹੈ ਜੋ ਪੰਜਾਬ ਵਿਚ ਸਭ ਤੋਂ ਵੱਧ ਤਾਕਤਵਰ ਹੈ | ਪਰ ਇਸ ਦਾ ਮੁੱਖ ਪ੍ਰਸਾਰਨ ਟਾਵਰ ਜੋ 300 ਮੀਟਰ ਉੱਚਾ ਹੈ, ਉਹ ਅਜੇ ਚਾਲੂ ਨਹੀਂ ਹੋਇਆ | ਐਸ ਵੇਲੇ ਇਹ 30 ਮੀਲ ਵਿਚ ਸੁਣਾਈ ਦਿੰਦਾ ਹੈ, ਚਾਲੂ ਹੋਣ ਤੋਂ ਬਾਅਦ ਇਹ 100 ਕਿਲੋਮੀਟਰ ਵਿਚ ਸੁਣੇਗਾ |
ਆਕਾਸ਼ਵਾਣੀ ਜਲੰਧਰ ਨੂੰ ਹਾਲ ਵਿਚ ਹੀ ਦੋ ਵਾਧੂ ਉੱਚ ਸ਼ਕਤੀ ਟਰਾਂਸਮੀਟਰ ਮੁਹੱਈਆ ਹੋਏ ਹਨ | ਇਹ ਹਨ ਕਸੌਲੀ ਵਿਚ 10 ਕਿਲੋਵਾਟ ਦਾ ਟਰਾਂਮੀਟਰ ਜਿਸ ਦਾ ਘੇਰਾ 160 ਕਿਲੋਮੀਟਰ ਹੈ ਅਤੇ ਫਾਜ਼ਿਲਕਾ ਵਿਚ 20 ਕਿਲੋਵਾਟ ਦਾ ਟਰਾਂਮੀਟਰ ਜਿਸ ਦਾ ਘੇਰਾ 100 ਕਿਲੋਮੀਟਰ ਹੈ | ਇਹ 100.9 ਅਤੇ 100.8 'ਤੇ ਸੁਣਾਈ ਦਿੰਦੇ ਹਨ | ਇਨ੍ਹਾਂ ਦੇ ਕਾਰਨ 80 ਫ਼ੀਸਦੀ ਪੰਜਾਬ ਵਿਚ ਆਕਾਸ਼ਵਾਣੀ ਜਲੰਧਰ ਸੁਣਾਈ ਦਿੰਦਾ ਹੈ ਅਤੇ ਪੰਜਾਬੀ ਸੱਭਿਆਚਾਰ ਦੀ ਸੇਵਾ ਹੋ ਰਹੀ ਹੈ | (ਸਮਾਪਤ)

ਫੋਨ : 98149-06024.
harjapaujla@gmail.com

ਪੰਜਾਬੀ ਸਿਨੇਮਾ ਦੇ ਝਰੋਖੇ 'ਚੋਂ-16: ਸਮਾਨਾਂਤਰ ਪੰਜਾਬੀ ਸਿਨੇਮਾ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਵੈਸੇ ਵੀ ਗੁਰਵਿੰਦਰ ਦੀ ਕਿਸਮਤੀ ਇਹ ਸੀ ਕਿ ਦਿੱਲੀ ਦਾ ਹੋਣ ਕਰਕੇ ਉਸ ਲਈ ਐਨ.ਐਫ.ਡੀ.ਸੀ. ਨਾਲ ਨਿਰੰਤਰ ਸੰਪਰਕ ਬਣਾਈ ਰੱਖਣਾ ਬਹੁਤ ਹੀ ਸੌਖਾ ਸੀ | ਲਿਹਾਜ਼ਾ ਉਸ ਨੇ ਇਸੇ ਸੰਸਥਾ ਦੀ ਹੀ ਮਦਦ ਨਾਲ 'ਚੌਥੀ ਕੂਟ' ਦਾ ਨਿਰਮਾਣ-ਨਿਰਦੇਸ਼ਨ ਕੀਤਾ ਸੀ | ਇਹ ਵਰਿਆਮ ਸੰਧੂ ਦੀਆਂ 'ਕਹਾਣੀਆਂ' 'ਤੇ ਆਧਾਰਿਤ ਸੀ | ਪਰ 'ਚੌਥੀ ਕੂਟ' ਦੀ ਚਰਚਾ ਵੀ ਫ਼ਿਲਮ ਉਤਸਵਾਂ ਤੱਕ ਹੀ ਸੀਮਤ ਰਹਿ ਗਈ ਸੀ |
ਉਂਜ ਸਾਹਿਤਕ ਕਿਰਤਾਂ ਨੂੰ ਲੈ ਕੇ ਕਈ ਫ਼ਿਲਮਸਾਜ਼ਾਂ ਨੇ ਗੰਭੀਰ ਸਿਨੇਮਾ ਪ੍ਰਤੀ ਕਦਮ ਵਧਾਏ ਹਨ | 'ਕੁਦੇਸਣ', 'ਕਿੱਸਾ', 'ਸਿੱਕਾ' ਆਦਿ ਕਿਰਤਾਂ ਇਸੇ ਹੀ ਸ਼੍ਰੇਣੀ 'ਚ ਆਉਂਦੀਆਂ ਸਨ | 'ਕਿੱਸਾ' ਭਾਵੇਂ ਸਾਹਿਤਕ ਕਿਰਤ ਨਹੀਂ ਸੀ ਪਰ ਜਿਸ ਢੰਗ ਨਾਲ ਇਸ ਨੇ 1947 ਦੀ ਦੇਸ਼ ਵੰਡ ਦੀ ਤ੍ਰਾਸਦੀ ਦਾ ਚਿਤਰਣ ਕੀਤਾ, ਉਹ ਵਿਸ਼ਵ-ਵਿਆਪੀ ਆਕਰਸ਼ਣ ਰੱਖਦਾ ਸੀ | ਫਿਰ 'ਕਿੱਸਾ' ਵਿਚ ਇਰਫ਼ਾਨ ਖ਼ਾਨ ਨੇ ਗਜ਼ਬ ਦੀ ਅਦਾਕਾਰੀ ਦਾ ਪ੍ਰਦਰਸ਼ਨ ਕੀਤਾ ਸੀ | ਇਕ ਟੁੱਟੀ ਹੋਈ ਮਾਨਸਿਕਤਾ ਕਿਵੇਂ ਯੁੱਧ ਤੋਂ ਵੀ ਵਧੇਰੇ ਖ਼ਤਰਨਾਕ ਹੁੰਦੀ ਹੈ, ਇਸ ਦੀ ਅਦਭੁੱਤ ਮਿਸਾਲ 'ਕਿੱਸਾ' ਦੇ ਰਾਹੀਂ ਪੇਸ਼ ਕੀਤੀ ਗਈ ਸੀ |
ਪਿਛਲੇ ਕੁਝ ਸਮੇਂ ਤੋਂ ਪੰਜਾਬੀ 'ਚ ਲਘੂ ਫ਼ਿਲਮਾਂ ਬਣਾਉਣ ਦਾ ਵੀ ਉਪਰਾਲਾ ਕੀਤਾ ਗਿਆ ਸੀ, ਇਸ ਦਿ੍ਸ਼ਟੀਕੋਣ ਤੋਂ ਅਮਰਦੀਪ ਗਿੱਲ ਨੇ ਕੁਝ ਪੰਜਾਬੀ ਦੇ ਕਹਾਣੀਕਾਰਾਂ ਦੀਆਂ ਰਚਨਾਵਾਂ ਨੂੰ ਲੈ ਕੇ ਲਘੂ ਫ਼ਿਲਮਾਂ ਵੱਲ ਕਦਮ ਵਧਾਏ ਹਨ, ਉਸ ਦੀ 'ਸੁੱਤਾ ਨਾਗ' ਰਾਮ ਸਰੂਪ ਅਣਖੀ ਦੀ ਇਕ ਛੋਟੀ ਕਹਾਣੀ 'ਤੇ ਆਧਾਰਿਤ ਸੀ | ਇਸੇ ਹੀ ਤਰ੍ਹਾਂ ਗੁਰਬਚਨ ਭੁੱਲਰ ਦੀ ਰਚਨਾ ਨੂੰ ਵੀ ਉਸ ਨੇ ਆਪਣੀ ਇਕ ਹੋਰ ਲਘੂ ਫ਼ਿਲਮ ਦਾ ਆਧਾਰ ਬਣਾਇਆ ਸੀ |
ਇਥੇ ਇਹ ਸਪੱਸ਼ਟ ਕਰ ਦੇਣਾ ਜ਼ਰੂਰੀ ਹੈ ਕਿ ਪੰਜਾਬੀ ਸਮਾਨਾਂਤਰ ਸਿਨੇਮਾ ਨੂੰ ਜੀਵਤ ਰੱਖਣ ਵਾਲੇ ਉਹ ਲੋਕ ਹਨ, ਜਿਹੜੇ ਵਣਜੀ ਦਿ੍ਸ਼ਟੀਕੋਣ ਨੂੰ ਬਿਲਕੁਲ ਹੀ ਤਰਜੀਹ ਨਹੀਂ ਦਿੰਦੇ ਹਨ | ਇਹ ਉਨ੍ਹਾਂ ਦਾ ਆਪਣਾ ਜਾਨੂੰਨ ਹੀ ਹੈ, ਜਿਹੜਾ ਉਨ੍ਹਾਂ ਨੂੰ ਅਜਿਹਾ ਕਰਨ ਦੀ ਪੇ੍ਰਰਨਾ ਦਿੰਦਾ ਹੈ | ਬਹੁਤੀ ਵਾਰ ਤਾਂ ਇਹ ਫ਼ਿਲਮਸਾਜ਼ ਜੇਬ 'ਚੋਂ ਪੈਸੇ ਖਰਚ ਕੇ ਹੀ ਆਪਣਾ ਸ਼ੌਕ ਪੂਰਾ ਕਰਦੇ ਹਨ | ਇਸ ਲਿਹਾਜ਼ ਨਾਲ ਜਤਿੰਦਰ ਬਰਾੜ ਦੀ ਨਾਟਸ਼ਾਲਾ ਅਤੇ ਉਸ ਦੇ ਆਪਣੇ ਯਤਨ ਇਸ ਗੱਲ ਦੇ ਪ੍ਰਤੀਕ ਹਨ ਕਿ ਪੰਜਾਬੀ ਸਿਨੇਮਾ ਨੂੰ ਸੰਵੇਦਨਸ਼ੀਲਤਾ ਅਤੇ ਗਹਿਰਾਈ ਪ੍ਰਦਾਨ ਕਰਨ ਲਈ ਕੁਝ ਲੋਕ ਘਰ ਫੂਕ ਕੇ ਵੀ ਤਮਾਸ਼ਾ ਦੇਖ ਰਹੇ ਹਨ | ਬੇਸ਼ੱਕ ਵਣਜੀ ਸ਼ਿਲਪਕਾਰਾਂ ਨੂੰ ਸਮਾਨਾਂਤਰ ਸਿਨੇਮਾ ਦੇ ਪੈਰੋਕਾਰ ਇਕ ਮਜ਼ਾਕ ਦਾ ਸਾਧਨ ਬਣ ਰਹੇ ਹੋਣ, ਪਰ ਇਤਿਹਾਸ ਗਵਾਹ ਹੈ ਕਿ ਅੰਤ 'ਚ ਦੁਨੀਆ ਉਸ ਨੂੰ ਹੀ ਯਾਦ ਰੱਖਦੀ ਹੈ, ਜਿਹੜਾ ਵਿਅਕਤੀ ਲੀਕ ਤੋਂ ਹਟ ਕੇ ਦੁਨੀਆ ਨੂੰ ਨਵੀਆਂ ਚੁਣੌਤੀਆਂ ਦੇ ਸਕਣ ਦੇ ਸਮਰੱਥ ਹੋਵੇ | ਇਸ ਸਬੰਧੀ 'ਖਾਰੇ ਪਾਣੀ' ਫ਼ਿਲਮ ਦਾ ਇਕ ਡਾਇਲਾਗ ਬਹੁਤ ਹੀ ਢੁਕਵਾਂ ਲਗਦਾ ਹੈ—'ਜਿਸ ਨੇ ਖਾਰਾ ਪਾਣੀ ਪੀਤਾ ਹੀ ਨਹੀਂ, ਉਹ ਮਿੱਠੇ ਪਾਣੀ ਦੇ ਸੁਆਦ ਨੂੰ ਕਿਵੇਂ ਮਾਣ ਸਕਦਾ ਹੈ?'

-ਪ੍ਰੋ: ਸੁਰਿੰਦਰ ਮੱਲ੍ਹੀ

ਭੁੱਲੀਆਂ ਵਿਸਰੀਆਂ ਯਾਦਾਂ

ਇਹ ਤਸਵੀਰ ਉਸ ਸਮੇਂ ਦੀ ਹੈ, ਜਦੋਂ ਸ: ਸੁਰਜੀਤ ਸਿੰਘ ਬਰਨਾਲਾ ਮੁੱਖ ਮੰਤਰੀ ਬਣੇ ਸਨ | ਇਹ ਤਸਵੀਰ ਪੰਜਾਬ ਭਵਨ ਵਿਚ ਖਿੱਚੀ ਗਈ ਸੀ | ਸ: ਸੁਰਜੀਤ ਸਿੰਘ ਬਰਨਾਲਾ ਨੂੰ ਮੁੱਖ ਮੰਤਰੀ ਬਣਨ ਦੀ ਵਧਾਈ ਦੇਣ ਵਾਸਤੇ ਕਈ ਉੱਘੇ ਅਕਾਲੀ ਲੀਡਰ ਆਏ ਸਨ | ਜਿਵੇਂ ਸ: ਬਲਵੰਤ ਸਿੰਘ, ਸ: ਪ੍ਰਕਾਸ਼ ਸਿੰਘ ਬਾਦਲ, ਜਥੇਦਾਰ ਗੁਰਚਰਨ ਸਿੰਘ ਟੌਹੜਾ, ਸ: ਸੁਖਦੇਵ ਸਿੰਘ, ਸ: ਸੁਖਜਿੰਦਰ ਸਿੰਘ ਤੇ ਹੋਰ ਕਈ ਅਕਾਲੀ ਵਰਕਰ ਆਏ ਸਨ |

ਮੋਬਾਈਲ : 98767-41231

ਪੋਲਸਡਨ ਲੇਸੀ ਹਾਊਸ : ਅੰਗਰੇਜ਼ ਘਰਾਣਿਆਂ ਤੋਂ ਭਾਰਤੀ ਮਹਾਰਾਜਿਆਂ ਤੱਕ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਉਸ ਕਮਰੇ ਦੀ ਵਲੰਟੀਅਰ ਔਰਤ ਸ੍ਰੀਮਤੀ ਫ੍ਰੈਸਿਸ ਗ੍ਰੇ ਨੇ ਸਾਨੂੰ ਅਨੇਕ ਰੌਚਕ ਤੱਥਾਂ ਤੋਂ ਜਾਣੂ ਕਰਾਇਆ | ਉਹ ਅਕਸਰ ਇਤਿਹਾਸ 'ਤੇ ਆਧਾਰਿਤ ਗੱਲਾਂ ਕਰਦੀ ਸੀ ਅਤੇ ਉਨ੍ਹਾਂ ਨੇ ਪੜਿ੍ਹਆ ਸੀ ਕਿ ਮਹਾਰਾਜਾ ਕਪੂਰਥਲਾ ਕਈ ਵਾਰ ਸ੍ਰੀਮਤੀ ਗ੍ਰੇਵਿਲ ਦੇ ਸ਼ਾਨਦਾਰ ਘਰ ਪੋਲਸਡਨ ਲੇਸੀ ਵਿਖੇ ਮਹਿਮਾਨ ਦੇ ਰੂਪ ਵਿਚ 1934, 1937 ਅਤੇ 1938 ਵਿਚ ਆਏ ਅਤੇ ਘਰ ਵਿਚ ਰਹੇ |
ਫ੍ਰੈਂਸਿਸ ਗ੍ਰੇ ਨੇ ਦੱਸਿਆ ਕਿ ਜਦੋਂ ਸ੍ਰੀਮਤੀ ਗ੍ਰੇਵਿਲ 1922 ਵਿਚ ਭਾਰਤ ਗਈ ਤਾਂ ਭਾਰਤ ਨੇ ਉਨ੍ਹਾਂ ਦੇ ਮਨ 'ਤੇ ਅਤੇ ਭਾਵਨਾਵਾਂ 'ਤੇ ਡੂੰਘੀ ਛਾਪ ਛੱਡੀ ਜਿਸ ਦੀ ਯਾਦ ਉਨ੍ਹਾਂ ਨੂੰ ਉਮਰ ਭਰ ਰਹੀ | ਸੰਭਵ ਹੈ ਕਿ ਇਹੀ ਕਾਰਨ ਸੀ ਕਿ ਉਹ ਇੰਗਲੈਂਡ ਆਏ ਭਾਰਤੀ ਮਹਾਰਾਜਿਆਂ ਦੀ ਆਓ-ਭਗਤ ਕਰਨ ਨੂੰ ਪਹਿਲ ਦਿੰਦੀ ਸੀ | ਉਹ ਕਦੀ ਵੀ ਭਾਰਤੀ ਮਹਾਰਾਜਿਆਂ ਵਲੋਂ ਉਨ੍ਹਾਂ ਦਾ ਭਾਰਤ 'ਚ ਕੀਤਾ ਸਵਾਗਤ ਭੁੱਲ ਨਾ ਸਕੀ |
ਮਹਾਰਾਜਾ ਕਪੂਰਥਲਾ ਤੋਂ ਇਲਾਵਾ ਪੋਲਸਡਨ ਲੇਸੀ ਭਵਨ ਵਿਚ ਸੱਦੇ ਹੋਰ ਮਹਾਰਾਜਾ ਹਨ : ਕੂਚ ਬਿਹਾਰ ਦੇ ਮਹਾਰਾਜਾ ਜਿਤੇਂਦਰ ਅਤੇ ਪਤਨੀ ਇੰਦਰਾ, ਜੈਪੁਰ ਦੇ ਮਹਾਰਾਜਾ ਮਾਨ ਸਿੰਘ ਦੂਜੇ, ਮੈਸੂਰ ਦੇ ਮਹਾਰਾਜਾ ਕ੍ਰਿਸ਼ਨਾ ਰਾਜਾ-ਵੋਡੀਆਰ ਅਤੇ ਨਵਾਨਗਰ-ਕੱਛ ਦੇ ਮਹਾਰਾਜਾ ਰਾਏਜੀਤ ਸਿੰਘ |
ਕਮਰੇ ਦੇ ਦੂਜੇ ਪਾਸੇ ਬਿਲੀਅਰਡ ਟੇਬਲ ਰੱਖਿਆ ਸੀ ਜਿਸ ਕਾਰਨ ਕਮਰੇ ਦਾ ਇਹ ਨਾਂਅ ਪੈ ਗਿਆ | ਇਹ ਮਹਾਰਾਜਾ ਐਡਵਰਡ ਦੇ ਸਮੇਂ ਦਾ ਲੋਕਪਿ੍ਆ ਖੇਡ ਸੀ ਜਿਸ ਨਾਲ ਸ੍ਰੀਮਤੀ ਗ੍ਰੇਵਿਲ ਦੇ ਮਰਦ ਮਹਿਮਾਨ ਆਪਣਾ ਮਨੋਰੰਜਨ ਕਰਦੇ ਸਨ | ਕਲਪਨਾ ਦੇ ਸੰਸਾਰ ਵਿਚ ਜਾਂਦਿਆਂ ਮੈਂ ਦੇਖਿਆ ਕਿ ਮਹਾਰਾਜਾ ਐਡਵਰਡ-ਸੱਤਵਾਂ, ਪ੍ਰਧਾਨ ਮੰਤਰੀ ਸ੍ਰੀ ਵਿਨਸਟਨ ਚਰਚਿਲ ਅਤੇ ਪਿ੍ੰਸ ਆਗਾ ਖਾਨ ਇਥੇ ਆਰਾਮ ਕਰ ਰਹੇ ਹਨ—ਅਖ਼ਬਾਰਾਂ ਪੜ੍ਹ ਕੇ, ਤਾਸ਼ ਖੇਡ ਖੇਡ ਜਾਂ ਗ੍ਰਾਮੋ ਫੋਨ 'ਤੇ ਗੀਤਾਂ ਦਾ ਆਨੰਦ ਲੈ ਕੇ ਜਾਂ ਗੱਲਬਾਤ ਵਿਚ ਮਗਨ ਹਨ | ਵਿਚਾਰਾਂ ਤੋਂ ਯਥਾਰਥ ਵਿਚ ਆ ਕੇ ਮੈਂ ਪੱਟੀ 'ਤੇ ਪੜਿ੍ਹਆ ਕਿ ਇਸ ਕਮਰੇ ਵਿਚ 1909 ਵਿਚ ਪਹਿਲੀ ਹਾਊਸ ਪਾਰਟੀ ਕੀਤੀ ਗਈ ਸੀ ਜਿਸ ਵਿਚ ਮਹਾਰਾਜਾ ਐਡਵਰਡ-ਸੱਤਵਾਂ ਮੁੱਖ ਮਹਿਮਾਨ ਸਨ ਅਤੇ ਉਸ ਦੀ ਫੋਟੋ ਅਸੀਂ ਕੁਝ ਦੇਰ ਪਹਿਲਾਂ ਫੋਟੋ ਗੈਲਰੀ ਵਿਚ ਦੇਖੀ ਸੀ |
ਕਮਰੇ ਵਿਚ ਮਨਮੋਹਕ, ਮੁੱਲਵਾਨ ਪਰਸ਼ੀਅਨ ਕਲੀਨ ਵਿਛੇ ਹੋਏ ਸਨ ਜੋ 1800 ਤੋਂ 1950 ਦੇ ਦਰਮਿਆਨ ਈਰਾਨ ਦੇਸ਼ ਦੇ ਤਹਿਰਾਨ ਸ਼ਹਿਰ ਵਿਚ ਬੁਣੇ ਗਏ ਸਨ | ਹਰੇਕ ਕਾਲੀਨ ਬੁਣਾਈ ਕਲਾ ਦਾ ਉੱਤਮ ਨਮੂਨਾ ਸੀ ਅਤੇ ਹਰੇਕ ਕਾਰਪੇਟ ਦੇ ਵਿਸ਼ੇ ਵਿਚ ਉਥੇ ਪਈ ਪੁਸਤਕ ਵਿਚ ਵੇਰਵਾ ਦਰਜ ਸੀ |
ਕਮਰੇ ਤੋਂ ਬਾਹਰ ਜਾਂਦੇ ਹੋਏ ਲੈਦਰ ਕੈਲੇਂਡਰ 'ਤੇ ਨਜ਼ਰ ਪਈ ਜਿਸ 'ਤੇ ਸਤੰਬਰ 1942 ਦੀ ਤਰੀਕ ਉਂਝ ਹੀ ਛੱਡ ਦਿੱਤੀ ਗਈ ਸੀ ਜਿਸ ਦਿਨ ਸ੍ਰੀਮਤੀ ਗ੍ਰੇਵਿਲ ਨੇ ਸੰਸਾਰ ਤੋਂ ਵਿਦਾ ਲਈ |
ਸੁਨਹਿਰਾ ਸੁੰਦਰ ਡ੍ਰਾਇੰਗ ਰੂਮ
ਉਥੋਂ ਅਸੀਂ ਸੁਨਹਿਰੇ ਡ੍ਰਾਇੰਗ ਰੂਮ ਵਿਚ ਗਏ ਜਿਸ ਦੀ ਸੁੰਦਰਤਾ ਅਤੇ ਸਾਜ-ਸੱਜਾ ਕਿਸੇ ਰਾਜਮਹੱਲ ਤੋਂ ਘੱਟ ਨਹੀਂ ਸੀ | ਅਗਲੇ ਅੱਧੇ ਘੰਟੇ ਵਿਚ ਅਸੀਂ ਇਕ-ਇਕ ਬਹੁਕੀਮਤੀ ਪ੍ਰਦਰਸ਼ਨ ਨੂੰ ਦੇਖਿਆ ਜਿਸ ਵਿਚ ਮੁੱਲਵਾਨ ਕਾਰਟੀਅਰ ਅਤੇ ਫੈਬਰਨ ਕੰਪਨੀ ਦੀਆਂ ਕਲਾਤਮਕ ਚੀਜ਼ਾਂ ਸਨ ਜੋ ਸ੍ਰੀਮਤੀ ਗ੍ਰੇਵਿਲ ਦੇ ਆਪਣੇ ਨਿੱਜੀ ਸੰਗ੍ਰਹਿ ਦੀਆਂ ਸਨ ਜਾਂ ਉਨ੍ਹਾਂ ਨੂੰ ਤੋਹਫ਼ੇ ਦੇ ਰੂਪ ਵਿਚ ਮਿਲੀਆਂ ਸਨ | ਖ਼ਾਸ ਫਰਨੀਚਰ ਵਿਚ ਵੀ ਮਹਾਰਾਜਾ ਐਡਵਰਡ ਸ਼ੈਲੀ ਦੀ ਝਲਕ ਸੀ | ਕਮਰੇ ਦੇ ਆਰਕੀਟੈਕਟ ਡੇਵਿਸ ਨੇ ਪ੍ਰਸਿੱਧ ਰਿਟਜ਼ ਹੋਟਲ ਵੀ ਬਣਵਾਇਆ ਸੀ ਜਿਸ ਦੀ ਸਾਜ-ਸੱਜਾ ਤੋਂ ਪ੍ਰੇਰਿਤ ਹੋ ਕੇ ਸ੍ਰੀਮਤੀ ਗ੍ਰੇਵਿਲ ਨੇ ਆਪਣੀ ਕੰਪਨੀ ਨੂੰ ਆਪਣੇ ਸੰਪੂਰਨ ਘਰ ਪੋਲਸਡਨ ਲੇਸੀ ਨੂੰ ਬਿਲਕੁਲ ਉਹੋ ਜਿਹਾ ਹੀ ਸਜਾਉਣ ਦਾ ਸੱਦਾ ਦਿੱਤਾ ਸੀ | ਡੇਵਿਸ ਨੇ 1700 ਏ. ਡੀ. ਦੇ ਇਕ ਇਟਾਲੀਅਨ ਪੈਲੇਸ ਦੇ 'ਸੈਲੋਨ' ਵਰਗਾ ਸੁਨਹਿਰਾ ਡਰਾਇੰਗ ਰੂਮ ਬਣਵਾਇਆ ਸੀ | ਦੀਵਾਰਾਂ ਅਤੇ ਛੱਤ 'ਤੇ ਸੁਨਹਿਰੀ ਨਕਾਸ਼ੀ ਅਤੇ ਪੈਨੇਲਿੰਗ ਦਾ ਬਹੁਤ ਵਧੀਆ ਕੰਮ ਹੈ ਜੋ ਇਟਾਲੀਅਨ ਮਹੱਲ ਦਾ ਪ੍ਰਤੀਬਿੰਬ ਹੈ | ਹਰ ਕੋਣ ਤੋਂ ਫੋਟੋਗ੍ਰਾਫੀ ਤੋਂ ਬਾਅਦ ਅਸੀਂ ਆਪਣੇ ਟੂਰ ਦੇ ਆਖ਼ਰੀ ਹਿੱਸੇ ਵਿਚ ਪਹੁੰਚੇ |
ਲਾਇਬ੍ਰੇਰੀ ਅਤੇ ਪੜ੍ਹਨ ਕਮਰਾ
ਪੋਲਸਡਨ ਲੇਸੀ ਗ੍ਰਹਿ ਦੇ ਦੌਰੇ ਦੇ ਅਖੀਰ ਵਿਚ ਅਸੀਂ ਸੁੰਦਰ ਡਰਾਇੰਗ ਰੂਮ ਨਾਲ ਜੁੜੀ ਲਾਇਬ੍ਰੇਰੀ ਅਤੇ ਪੜ੍ਹਨ ਕਮਰੇ ਵਿਚ ਦਾਖਲ ਹੋਏ | ਕ੍ਰੀਮ ਰੰਗ ਦੇ ਪਰਦੇ, ਕ੍ਰਿਸਟਲ ਦਾ ਜਗਮਗਾਉਂਦਾ ਝੂਮਰ ਅਤੇ ਡਾਰਕ ਪਾਲਿਸ਼ ਵਾਲਾ ਫਰਨੀਚਰ, ਇਸ ਕਮਰੇ ਦੀ ਖਾਸੀਅਤ ਹੈ ਜੋ ਸ੍ਰੀਮਤੀ ਗ੍ਰੇਵਿਲ ਦੀ ਉੱਤਮ ਚੋਣ ਦਾ ਪ੍ਰਤੀਕ ਹੈ |
ਕਾਰ ਪਾਰਕ ਕੀਤੀ ਅਤੇ ਜਾਂਦੇ ਹੋਏ ਅਸੀਂ ਚਾਹ ਦੀ ਦੁਕਾਨ 'ਤੇ ਰੁਕੇ | ਚਾਹ ਪੀਂਦੇ ਹੋਏ ਮਨ ਵਿਚ ਸਵਾਲ ਪੈਦਾ ਹੋਇਆ ਕਿ ਉਹ ਕੀ ਕਸ਼ਿਸ਼ ਸੀ ਜੋ ਰਾਜਾ-ਮਹਾਰਾਜਿਆਂ ਨੂੰ ਪੋਲਸਡਨ ਲੇਸੀ ਭਵਨ ਵੱਲ ਖਿੱਚਦੀ ਸੀ? ਸਟਾਫ ਨੇ ਸਾਨੂੰ ਦੱਸਿਆ ਕਿ ਇੰਗਲੈਂਡ ਦੇ ਮਹਾਰਾਜਾ ਐਡਵਰਡ ਇਥੇ ਸਨਿੱਚਰਵਾਰ ਵਾਲੇ ਦਿਨ ਆ ਕੇ ਆਰਾਮ ਕਰਦੇ ਸਨ ਅਤੇ ਸੋਮਵਾਰ ਨੂੰ ਹੀ ਵਾਪਸ ਜਾਂਦੇ ਸਨ |
ਲੰਡਨ ਜਾਂਦੇ ਸਮੇਂ ਅਸੀਂ ਪਿਛਲੀ ਸਦੀ ਦੀ ਵਿਸ਼ੇਸ਼ ਸ਼ਖ਼ਸੀਅਤ ਵਾਲੀ ਔਰਤ ਸ੍ਰੀਮਤੀ ਗ੍ਰੇਵਿਲ ਅਤੇ ਉਨ੍ਹਾਂ ਦੇ ਪਿਆਰੇ ਪੋਲਸਡਨ ਲੇਸੀ ਘਰ ਦੀਆਂ ਯਾਦਾਂ ਨੂੰ ਅਲਵਿਦਾ ਕਿਹਾ ਜਿਥੇ ਅੰਗਰੇਜ਼ੀ ਰਾਜ ਪਰਿਵਾਰ ਤੋਂ ਲੈ ਕੇ ਭਾਰਤੀ ਮਹਾਰਾਜਿਆਂ ਤੱਕ ਦਾ ਆਉਣਾ-ਜਾਣਾ ਰਹਿੰਦਾ ਸੀ | (ਸਮਾਪਤ)

seemaanandchopra@gmail.com

ਮੰਗਲ ਦੇ ਦਰ ਉਤੇ ਤਾਜ਼ਾ ਦਸਤਕ :ਇਨਸਾਈਟ ਲੈਂਡਰ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਧਰਤੀ ਉਤੇ ਅਜਿਹੇ ਅਧਿਐਨ ਭਾਵੇਂ ਹੋ ਚੁੱਕੇ ਹਨ ਤੇ ਅਜੇ ਵੀ ਹੋ ਰਹੇ ਹਨ, ਮੰਗਲ ਉਤੇ ਇਨ੍ਹਾਂ ਖੋਜਾਂ ਨਾਲ ਇਨ੍ਹਾਂ ਅਧਿਐਨਾਂ ਵਾਸਤੇ ਕਈ ਨਵੀਆਂ ਅੰਤਰ-ਦਿ੍ਸ਼ਟੀਆਂ ਮਿਲਣ ਦੀ ਆਸ ਸਾਡੇ ਵਿਗਿਆਨੀਆਂ ਨੂੰ ਹੈ | 5 ਮਈ ਨੂੰ ਲਾਂਚ ਹੋਇਆ ਇਨਸਾਈਟ ਜਦੋਂ ਮੰਗਲ ਦੇ ਵਾਯੂਮੰਡਲ ਵਿਚ ਪੁੱਜਾ ਤਾਂ ਇਸ ਦੀ ਸਪੀਡ 12 ਹਜ਼ਾਰ ਮੀਲ ਪ੍ਰਤੀ ਘੰਟਾ ਸੀ | 6 ਕੁ ਮਿੰਟ ਵਿਚ ਇਸ ਨੇ ਮੰਗਲ ਦੀ ਪੱਧਰੀ, ਕਠੋਰ ਧਰਤੀ ਉਤੇ ਜ਼ੀਰੋ ਸਪੀਡ ਕਰਕੇ ਚੌਾਕੜੀ ਮਾਰ ਲਈ | ਇਸੇ ਦੌਰਾਨ ਇਹ ਇਕ ਪੈਰਾਸ਼ੂਟ ਵਿਚੋਂ ਨਿਕਲਿਆ, ਆਪਣੇ ਰੈਟਰੋ ਇੰਜਣ ਚਲਾ ਕੇ ਸਪੀਡ ਘਟਾਈ ਅਤੇ ਤਿੰਨ ਲੱਤਾਂ ਮੰਗਲ ਉਤੇ ਟਿਕਾ ਦਿੱਤੀਆਂ, ਜਿਥੇ ਹੁਣ ਇਸ ਨੇ ਪੂਰੇ ਦੋ ਸਾਲ ਰਹਿਣਾ ਹੈ | ਇਸ ਦੀ ਰੋਬੋਟਿਕ ਬਾਂਹ 6 ਫੁੱਟ ਲੰਬੀ ਹੈ ਜੋ ਉਪਰ-ਹੇਠਾਂ, ਸੱਜੇ-ਖੱਬੇ ਚਾਰੇ ਪਾਸੇ ਭਾਂਤ-ਭਾਂਤ ਦੇ ਕੰਮ ਕਰੇਗੀ | ਮੰਗਲ ਦੀ ਭੂ-ਮੱਧ ਰੇਖਾ ਨੇੜਲੇ ਐਲੀਜ਼ੀਅਮ ਪਲੈਨੀਟੀਅਮ ਨਾਂਅ ਦੇ ਮੈਦਾਨ ਵਿਚ ਉਤਰਿਆ ਹੈ ਇਹ | ਭਾਰਤੀ ਸਮੇਂ ਅਨੁਸਾਰ ਇਨਸਾਈਟ ਦੀ ਸਫ਼ਲ ਲੈਡਿੰਗ ਦੀ ਪੁਸ਼ਟੀ 27 ਨਵੰਬਰ ਸਵੇਰੇ 1 ਵੱਜ ਕੇ 24 ਮਿੰਟ ਉਤੇ ਹੋਈ ਅਤੇ ਭਾਰਤੀ ਅਖ਼ਬਾਰਾਂ ਨੇ ਇਹ ਖ਼ਬਰ 28 ਨਵੰਬਰ ਨੂੰ 27 ਨਵੰਬਰ ਦੀ ਪਿ੍ੰਟ ਲਾਈਨ ਨਾਲ ਪਰੋਸੀ | ਚੰਦ ਉਤੇ ਉਤਾਰੇ ਦੀ ਖ਼ਬਰ ਵੇਲੇ ਵੀ ਭਾਰਤੀ/ਅਮਰੀਕੀ ਸਮੇਂ/ਮਿਤੀ ਦੇ ਅੰਤਰ ਕਾਰਨ ਇਹੋ ਜਿਹੇ ਵਖਰੇਵੇਂ ਸਾਹਮਣੇ ਆਏ ਸਨ | ਖ਼ੈਰ ਅਮਰੀਕਾ ਵਿਚ ਉਸ ਸਮੇਂ ਬਾਅਦ ਦੁਪਹਿਰ ਦਾ ਸਮਾਂ ਸੀ ਅਤੇ ਲੋਕਾਂ ਦੀਆਂ ਭੀੜਾਂ ਥਾਂ-ਥਾਂ, ਸ਼ਹਿਰ-ਸ਼ਹਿਰ ਇਸ ਮਹੱਤਵਪੂਰਨ ਘਟਨਾ ਬਾਰੇ ਚਰਚਾ ਕਰਨ, ਇਸ ਬਾਰੇ ਵਿਗਿਆਨੀਆਂ ਦੇ ਪ੍ਰਤੀਕਰਮ ਜਾਣਨ ਅਤੇ ਸਿੱਧੇ/ਅਸਿੱਧੇ ਰੂਪ ਵਿਚ ਇਸ ਨਾਲ ਰਾਬਤਾ ਜੋੜਨ ਲਈ ਉਮੜਦੀਆਂ ਵੇਖੀਆਂ ਗਈਆਂ | ਸਾਡੇ ਪੰਜਾਬ/ਭਾਰਤ ਵਿਚ ਅਜਿਹਾ ਉਤਸ਼ਾਹ ਕਿਤੇ ਵੀ ਦੇਖਣ ਨੂੰ ਨਹੀਂ ਮਿਲਿਆ |
ਖ਼ੈਰ ਮੰਗਲ ਦੇ ਵਾਯੂਮੰਡਲ ਵਿਚ ਪਹੁੰਚਣ, ਪੈਰਾਸ਼ੂਟ ਖੋਲ੍ਹ ਕੇ ਸਪੀਡ ਘਟਾ ਕੇ ਮੰਗਲ ਉਤੇ ਉਤਰਨ ਦੇ 6-7 ਮਿੰਟ ਡਰ-ਭੈਅ ਤੇ ਅਨਿਸ਼ਚਿਤਤਾ ਨਾਲ ਭਰਪੂਰ ਸਨ | ਮਿਸ਼ਨ ਦੇ ਮੁਖ ਵਿਗਿਆਨੀ ਬਰੂਸ ਬੇਨਰਡਟ ਨੇ ਆਪ ਇਸ ਗੱਲ ਨੂੰ ਮੰਨਿਆ ਹੈ | ਇਨਸਾਈਟ ਨੂੰ ਲਾਕਹੀਡ ਮਾਰਟਿਨ ਕੰਪਨੀ ਨੇ ਬਣਾਇਆ ਹੈ ਅਤੇ ਇਸ ਪਰੋਬ ਦੀ ਜ਼ਿਮੇਵਾਰੀ ਨਾਸਾ ਦੀ ਜੈੱਟ ਪਰੋਪਲਸ਼ਨ ਲੈਬ ਕੋਲ ਹੈ | ਐਟਲਸ-5 ਰਾਕਟ ਨਾਲ ਕੈਲੀਫੋਰਨੀਆ ਦੇ ਵੈਂਡਰਬਰਗ ਏਅਰ ਫੋਰਸ ਤੋਂ ਇਸ ਨੂੰ ਲਾਂਚ ਕੀਤਾ ਗਿਆ | ਇਸ ਨੂੰ ਮਾਰਚ 2016 ਵਿਚ ਲਾਂਚ ਕੀਤਾ ਜਾਣਾ ਸੀ ਪਰ ਇਸ ਦੇ ਭੁਚਾਲ-ਅਧਿਐਨ ਜੰਤਰ ਵਿਚ ਨੁਕਸ ਪੈਣ ਕਾਰਨ ਇਹ ਲਾਂਚ ਅੱਗੇ ਪਾਉਣੀ ਪਈ | ਇਨਸਾਈਟ ਉਤੇ 83 ਕਰੋੜ ਅਮਰੀਕੀ ਡਾਲਰ ਲੱਗੇ ਹਨ | ਦੋ ਮਾਈਕ੍ਰੋ ਸੈਟੇਲਾਈਟ (ਮਾਰਾਕੋ) ਇਸ ਦੇ ਨਾਲ ਹੀ ਭੇਜੇ ਗਏ ਜੋ ਇਸ ਨੂੰ ਮੰਗਲ ਉਤੇ ਪਹੁੰਚਾ ਕੇ ਇਸ ਦੇ ਉਤਰਨ ਦੀ ਖ਼ਬਰ ਦੇ ਕੇ ਪਾਸੇ ਹੋ ਗਏ ਹਨ | ਲਾਂਚ ਲਈ ਤੁਰੇ ਇਨਸਾਈਟ ਦਾ ਭਾਰ 694 ਕਿਲੋ ਸੀ ਜੋ ਲੈਂਡਿੰਗ ਸਮੇਂ ਬਾਲਣ ਫੂਕ ਕੇ ਘਟਦਾ ਹੋਇਆ 358 ਕਿਲੋ ਰਹਿ ਗਿਆ ਹੈ | ਇਸ ਸਮੇਂ ਇਹ 6 ਮੀਟਰ ਜ਼ਰਬ 1.56 ਮੀਟਰ__1MP__ਇਕ ਮੀਟਰ ਦਾ ਹੈ | ਇਸ ਉਤੇ 600 ਵਾਟ ਦੀਆਂ ਸੋਲਰ ਪੈਨਲਾਂ ਹਨ ਅਤੇ ਲਿਥੀਅਨ ਆਇਨ ਬੈਟਰੀ ਵੀ ਹੈ | ਭਾਂਤ-ਭਾਂਤ ਦੇ ਵਿਗਿਆਨਕ ਯੰਤਰ ਖੁੱਲ੍ਹ ਕੇ ਅਜੇ ਤਿੰਨ ਕੁ ਮਹੀਨੇ ਤੱਕ ਪੂਰੀ ਤਰ੍ਹਾਂ ਕੰਮ ਸ਼ੁਰੂ ਕਰਨਗੇ | ਉਂਜ ਸਭ ਅੱਛਾ ਦੇ ਸਾਰੇ ਸੁਨੇਹੇ ਇਸ ਤੋਂ ਮਿਲ ਚੁੱਕੇ ਹਨ |
ਇਨਸਾਈਟ ਨੇ ਚਟਾਨੀ ਮੰਗਲ ਗ੍ਰਹਿ ਦੀ ਕੋਰ ਮੈਂਟਲ ਤੇ ਕਰਸਟ ਭਾਵ ਧੁਰ ਅੰਦਰ ਤੋਂ ਉਪਰਲੀ ਸਤ੍ਹਾ ਤੱਕ ਦੀ ਮੋਟਾਈ, ਘਣਤਾ, ਬਣਤਰ ਤੇ ਇਸ ਵਿਚਲੇ ਤਾਪਮਾਨਾਂ ਨੂੰ ਜਾਣਨਾ ਹੈ | ਇਹ ਦੇਖਣਾ ਹੈ ਕਿ ਮੰਗਲ ਦੀ ਕੋਰ ਤਰਲ ਹੈ ਕਿ ਠੋਸ | ਮੰਗਲ ਦੀ ਧਰਤੀ ਹੇਠ ਕੀ ਕੋਈ ਭੁਚਾਲੀ ਗਤੀ ਵਿਧੀ ਹੋ ਰਹੀ ਹੈ ਜਾਂ ਨਹੀਂ | ਇਸ ਦੀਆਂ ਧਰਤ ਹੇਠਲੀਆਂ ਚੱਟਾਨਾਂ ਦਾ ਵਿਹਾਰ ਕੀ ਹੈ | ਇਸ ਉਤੇ ਹੋ ਰਹੀ ਮੀਟੀਅਰ ਵਰਖਾ ਦਾ ਇਸ ਦੀ ਧਰਤੀ/ਧਰਤੀ ਦੇ ਹੇਠਲੇ ਹਿੱਸੇ ਉਤੇ ਕੀ ਅਸਰ ਹੋਇਆ ਹੈ ਜਾਂ ਹੋ ਰਿਹਾ ਹੈ | ਇਸ ਸਾਰੇ ਕੁਝ ਲਈ ਖੋਜ ਕਰਨ ਵਾਸਤੇ ਇਨਸਾਈਟ ਉਤੇ ਵਿਸ਼ੇਸ਼ ਯੰਤਰ ਹਨ | ਇਨ੍ਹਾਂ ਵਿਚੋਂ ਪਹਿਲਾ ਹੈ ਸੀਸਮਿਕ ਐਕਸਪੈਰੀਮੈਂਟ ਫਾਰ ਇੰਟੀਰੀਅਰ ਸਟਰਕਚਰ ਜੋ ਨਿਸ਼ਚੇ ਹੀ ਭੁਚਾਲ-ਵਿਗਿਆਨ ਦੇ ਖੇਤਰ ਦੀ ਸ਼ੈਅ ਹੈ, ਇਹ ਫਰਾਂਸ ਨੇ ਬਣਾਇਆ ਹੈ | ਦੂਜਾ ਹੈ ਹੀਟ ਐਾਡ ਫਿਜ਼ੀਕਲ ਪਰਾਪਰਟੀਜ਼ ਪੈਕੇਜ ਜੋ ਜਰਮਨੀ ਨੇ ਦਿੱਤਾ ਹੈ | ਇਸ ਦਾ ਸਬੰਧ ਤਾਪ ਤੇ ਤਾਪ ਗਤੀ ਵਿਗਿਆਨ ਨਾਲ ਹੈ | ਤੀਜਾ ਉਪਕਰਨ ਹੈ ਰਾਈਜ਼ ਭਾਵ ਰੋਟੇਸ਼ਨ ਐਾਡ ਇੰਟੀਰੀਅਰ ਸਟਰਕਚਰ ਐਕਸਪੈਰੀਮੈਂਟ | ਇਹ ਗ੍ਰਹਿ ਦੀਆਂ ਗਤੀਆਂ ਤੇ ਰੇਡੀਓ ਵਿਗਿਆਨ ਦੇ ਖੇਤਰ ਨਾਲ ਸਬੰਧਿਤ ਹੈ | ਟਵਿਨਜ਼ ਨਾਂਅ ਦਾ ਉਪਕਰਨ ਇਨਸਾਈਟ ਵਾਸਤੇ ਸਪੇਨ ਨੇ ਦਿੱਤਾ ਹੈ | ਇਹ ਤਾਪਮਾਨ ਤੇ ਪੌਣਾਂ ਨਾਲ ਸਬੰਧਿਤ ਖੋਜ ਕਰੇਗਾ | ਇਕ ਹੋਰ ਮਹੱਤਵਪੂਰਨ ਯੰਤਰ ਹੈ ਲਾਰੀ, ਪੂਰਾ ਨਾਂਅ ਲੇਜ਼ਰ ਰੈਟਰੋ ਰੀਫਲੈਕਟਰ ਫਾਰ ਇਨਸਾਈਟ | ਇਹ ਇਟਲੀ ਨੇ ਦਿੱਤਾ ਹੈ | ਇਹ ਲੇਜ਼ਰ ਵਿਗਿਆਨ ਨਾਲ ਖੋਜਾਂ ਕਰੇਗਾ | ਇੰਸਟਰੂਮੈਂਟ ਡਿਪਲਾਏਮੈਂਟ ਆਰਮ ਇੰਸਟਰੂਮੈਂਟ ਡਿਪਲਾਏਮੈਂਟ ਕੈਮਰਾ ਤੇ ਇੰਸਟਰੂਮੈਂਟ ਕੰਟੈਕਸਟ ਕੈਮਰਾ ਇਨਸਾਈਟ ਦੇ ਤਿੰਨ ਹੋਰ ਵਰਣਨਯੋਗ ਉਪਕਰਨ ਹਨ |
ਇਨਸਾਈਟ ਤੇ ਇਸ ਦੇ ਭਾਂਤ-ਭਾਂਤ ਦੇ ਵਿਗਿਆਨਕ ਯੰਤਰਾਂ ਨੇ ਬਣਾਉਣ, ਚਲਾਉਣ ਤੇ ਸੰਭਾਲਣ ਵਿਚ ਇਕ ਨਹੀਂ ਕਿੰਨੇ ਹੀ ਦੇਸ਼ਾਂ/ਸੰਸਥਾਵਾਂ ਦੇ ਇੰਜੀਨੀਅਰਾਂ, ਵਿਗਿਆਨੀਆਂ ਦਾ ਸਾਂਝਾ ਯੋਗਦਾਨ ਹੈ | ਅਮਰੀਕਾ, ਫਰਾਂਸ, ਜਰਮਨੀ, ਆਸਟਰੀਆ, ਬੈਲਜ਼ੀਅਮ, ਕੈਨੇਡਾ, ਜਾਪਾਨ, ਸਵਿਟਜ਼ਰਲੈਂਡ, ਪੋਲੈਂਡ ਤੇ ਇੰਗਲੈਂਡ ਇਨ੍ਹਾਂ ਵਿਚ ਸ਼ਾਮਿਲ ਹਨ | ਬਰੂਸ ਬੇਨਰਡਟ ਇਸ ਪ੍ਰਾਜੈਕਟ ਦਾ ਪਿੰ੍ਰਸੀਪਲ ਇਨਵੈਸਟੀਗੇਟਰ ਹੈ ਜਾਂ ਇਉਂ ਕਹੋ ਕਿ ਮੁੱਖ ਖੋਜੀ | ਉਹ ਸੀਸ ਨਾਂਅ ਦੇ ਭੁਚਾਲ ਉਪਕਰਨ ਨੂੰ ਵਿਸ਼ੇਸ਼ ਰੂਪ ਵਿਚ ਵੇਖ ਰਿਹਾ ਹੈ | ਸੁਜ਼ੇਨ ਸਮਰਕਰ ਨੂੰ ਤਾਪ ਗਤੀ ਤੇ ਤਾਪ ਵਾਲੇ ਯੰਤਰ ਸੌਾਪੇ ਗਏ ਹਨ | ਰਾਈਜ਼ ਦੀ ਜ਼ਿੰਮੇਵਾਰੀ ਵਿਲੀਅਮ ਫੋਲਕਨਰ ਕੋਲ ਹੈ | ਟਾਮ ਹਾਫਮੈਨ ਤੇ ਹੈਨਰੀ ਸਟੋਨ ਇਨਸਾਈਟ ਦੇ ਪ੍ਰਾਜੈਕਟ ਮੈਨੇਜਰ ਤੇ ਡਿਪਟੀ ਪ੍ਰਾਜੈਕਟ ਮੈਨੇਜਰ ਹਨ | ਵੱਡੇ ਖਰਚੇ ਲਈ ਪੈਸਾ ਇਕੱਠਾ ਕਰਨ ਲਈ ਨਾਸਾ ਨੇ ਇਸ਼ਤਿਹਾਰਬਾਜ਼ੀ ਕਰਕੇ 10 ਲੱਖ ਲੋਕਾਂ ਦੇ ਨਾਂਅ ਇਸ ਲੈਂਡਰ ਉਤੇ ਉਕਰਨ ਦਾ ਫ਼ੈਸਲਾ ਕੀਤਾ | ਇਨ੍ਹਾਂ ਸਾਰਿਆਂ ਦੇ ਨਾਂਅ ਇਲੈਕਟ੍ਰਾਨ ਬੀਮ ਨਾਲ ਸਿਲੀਕਾਨ ਚਿੱਪਾਂ ਉਤੇ ਲਿਖ ਕੇ ਲੈਂਡਰ ਨਾਲ ਮੰਗਲ ਉਤੇ ਭੇਜੇ ਗਏ ਹਨ | ਨਾਂਅ ਲਈ ਪੈਸੇ ਦੇਣ ਵਾਲਿਆਂ ਨੂੰ ਤਸੱਲੀ ਹੈ ਕਿ ਉਹ ਨਹੀਂ ਤਾਂ ਉਨ੍ਹਾਂ ਦਾ ਨਾਂਅ ਤਾਂ ਮੰਗਲ ਉਤੇ ਪਹੁੰਚ ਗਿਆ ਹੈ | ਕੌਣ ਕਹਿੰਦਾ ਹੈ ਕਿ ਨਾਂਅ ਵਿਚ ਕੀ ਪਿਆ ਹੈ | ਨਾਂਅ ਲਈ ਲੋਕ ਕੀ ਕੁਝ ਨਹੀਂ ਕਰਦੇ |
ਤੇ ਅੰਤ ਵਿਚ ਨਾਸਾ ਦੇ ਪ੍ਰਸ਼ਾਸਕ ਜਿਮ ਬਰਿਡਨਸਟਾਈਨ ਨੇ ਇਨਸਾਈਟ ਦੀ ਸਫ਼ਲ ਲੈਂਡਿੰਗ ਉਤੇ ਕੀਤੀ ਟਿੱਪਣੀ, 'ਅੱਜ ਦਾ ਦਿਨ ਇਸ ਲਈ ਮਹੱਤਵਪੂਰਨ ਹੈ ਕਿ ਅੱਜ ਅਸੀਂ ਅੱਠਵੀਂ ਵਾਰ ਸਫ਼ਲਤਾ ਸਹਿਤ ਮੰਗਲ ਉਤੇ ਪਹੁੰਚੇ ਹਾਂ | ਇਨਸਾਈਟ ਮੰਗਲ ਦਾ ਨਿਕਟ ਅਧਿਐਨ ਕਰ ਕੇ ਅਹਿਮ ਜਾਣਕਾਰੀ ਦੇਵੇਗਾ | ਇਸ ਨਾਲ ਇਕ ਪਾਸੇ ਧਰਤੀ ਤੇ ਸੂਰਜ ਪਰਿਵਾਰ ਦੇ ਜਨਮ/ਵਿਕਾਸ ਬਾਰੇ ਨਵੀਆਂ ਅੰਤਰ-ਦਿ੍ਸ਼ਟੀਆਂ ਮਿਲਣਗੀਆਂ ਤੇ ਦੂਜੇ ਪਾਸੇ ਚੰਨ ਅਤੇ ਮੰਗਲ ਉਤੇ ਮਨੁੱਖ ਦੇ ਉਤਾਰੇ ਵਿਚ ਸਹਾਇਕ ਹੋਣ ਵਾਲੀ ਢੇਰ ਵਿਗਿਆਨਕ ਸਮੱਗਰੀ ਹਾਸਲ ਹੋਵੇਗੀ |'
ਇਨਸਾਈਟ ਨੇ ਮੰਗਲ ਉਤੇ ਉੱਤਰ ਕੇ ਅੱਖਾਂ ਖੋਲ੍ਹ ਲਈਆਂ ਹਨ | ਆਪਣਾ ਕੰਮ ਪੂਰੀ ਤੀਬਰਤਾ ਤੇ ਸਮਰੱਥਾ ਨਾਲ ਕਰਨਾ ਅਜੇ ਇਸ ਨੇ ਸ਼ੁਰੂ ਕਰਨਾ ਹੈ | ਵਿਗਿਆਨੀ ਇਸ ਦੀ ਉਡੀਕ ਬੜੀਆਂ ਰੀਝਾਂ ਤੇ ਵੱਡੀਆਂ ਇੱਛਾਵਾਂ ਨਾਲ ਕਰ ਰਹੇ ਹਨ | (ਸਮਾਪਤ)

-ਹਾਊਸ ਨੰਬਰ 2, ਸਟਰੀਟ ਨੰਬਰ 9, ਗੁਰੂ ਨਾਨਕ ਨਗਰ, ਪਟਿਆਲਾ |
ਫੋਨ ਨੰ: 98722-60550. ਫੋਨ : 0175-2372010, 2372998,






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX