ਤਾਜਾ ਖ਼ਬਰਾਂ


ਅੱਜ ਦਾ ਵਿਚਾਰ
. . .  3 minutes ago
ਸੀ.ਬੀ.ਆਈ ਵੱਲੋਂ ਸਾਂਈ ਦੇ ਠਿਕਾਣਿਆਂ 'ਤੇ ਛਾਪੇਮਾਰੀ
. . .  1 day ago
ਨਵੀਂ ਦਿੱਲੀ, 17 ਜਨਵਰੀ - ਸੀ.ਬੀ.ਆਈ ਵੱਲੋਂ ਰਿਸ਼ਵਤ ਦੇ ਮਾਮਲੇ 'ਚ ਸਪੋਰਟਸ ਅਥਾਰਿਟੀ ਆਫ਼ ਇੰਡੀਆ (ਸਾਈ) ਦੇ ਠਿਕਾਣਿਆਂ 'ਤੇ ਛਾਪੇਮਾਰੀ ਕੀਤੀ ਗਈ ਹੈ।
ਨਵੇਂ ਸਰਪੰਚਾਂ ਨੂੰ ਗਰਾਮ ਪੰਚਾਇਤਾਂ ਦਾ ਰਿਕਾਰਡ 21 ਤੱਕ ਦੇਣ ਦੇ ਹੁਕਮ
. . .  1 day ago
ਖਮਾਣੋਂ ,17 ਜਨਵਰੀ {ਮਨਮੋਹਣ ਸਿੰਘ ਕਲੇਰ}- ਰਾਜ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ {ਚੋਣ ਸ਼ਾਖਾ} ਵੱਲੋਂ ਰਾਜ ਸਮੂਹ ਜ਼ਿਲ੍ਹਾ ਵਿਕਾਸ ਅਫ਼ਸਰਾਂ ਅਤੇ ਬਲਾਕ ਵਿਕਾਸ ਅਫ਼ਸਰਾਂ ਨੂੰ ਇਕ ਪੱਤਰ ਜਾਰੀ ਕਰਦੇ ਹੋਏ ਮੌਜੂਦਾ ...
ਕੈਬਨਿਟ ਦੀ ਨਿਯੁਕਤ ਕਮੇਟੀ ਨੇ ਘਟਾਇਆ ਰਾਕੇਸ਼ ਅਸਥਾਨਾ ਸਮੇਤ 4 ਅਫਸਰਾਂ ਦਾ ਕਾਰਜਕਾਲ
. . .  1 day ago
ਨਵੀਂ ਦਿੱਲੀ, 17 ਜਨਵਰੀ - ਸੀ.ਬੀ.ਆਈ ਦੇ ਵਿਸ਼ੇਸ਼ ਨਿਰਦੇਸ਼ਕ ਰਾਕੇਸ਼ ਅਸਥਾਨਾ ਅਤੇ ਤਿੰਨ ਹੋਰ ਸੀ.ਬੀ.ਆਈ ਅਫਸਰਾਂ ਦਾ ਕਾਰਜਕਾਲ ਕੇਂਦਰੀ ਕੈਬਨਿਟ ਦੀ ਨਿਯੁਕਤ ਕਮੇਟੀ ਵੱਲੋਂ...
ਸੱਚ ਦੀ ਜਿੱਤ ਹੋਈ ਹੈ - ਅੰਸ਼ੁਲ ਛਤਰਪਤੀ
. . .  1 day ago
ਪੰਚਕੂਲਾ, 17 ਜਨਵਰੀ - ਪੱਤਰਕਾਰ ਰਾਮਚੰਦਰ ਛਤਰਪਤੀ ਹੱਤਿਆ ਮਾਮਲੇ 'ਚ ਡੇਰਾ ਸਿਰਸਾ ਪ੍ਰਮੁੱਖ ਗੁਰਮੀਤ ਰਾਮ ਰਹੀਮ ਸਮੇਤ ਚਾਰ ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਏ...
ਸੈਰ ਸਪਾਟਾ ਵਿਭਾਗ ਨੇ 7.90 ਕਰੋੜ ਦੀ ਲਾਗਤ ਨਾਲ ਛੱਤਬੀੜ ਦੀ ਕੀਤੀ ਕਾਇਆ ਕਲਪ - ਸਿੱਧੂ
. . .  1 day ago
ਜ਼ੀਰਕਪੁਰ, 17 ਜਨਵਰੀ (ਹਰਦੀਪ ਸਿੰਘ ਹੈਪੀ ਪੰਡਵਾਲਾ) - ਪੰਜਾਬ ਵਿੱਚ ਜੰਗਲੀ ਜੀਵ ਸੈਲਾਨੀਆਂ ਦੀ ਗਿਣਤੀ ਨੂੰ ਵਧਾਉਣ ਲਈ ਪੰਜਾਬ ਹੈਰੀਟੇਜ ਐਂਡ ਟੂਰਿਜ਼ਮ ਪ੍ਰਮੋਸ਼ਨ ਬੋਰਡ ਵੱਲੋਂ ਛੱਤਬੀੜ...
ਛਤਰਪਤੀ ਹੱਤਿਆ ਮਾਮਲੇ 'ਚ ਰਾਮ ਰਹੀਮ ਨੂੰ ਉਮਰ ਕੈਦ ਦੀ ਸਜ਼ਾ
. . .  1 day ago
ਪੰਚਕੂਲਾ, 17 ਜਨਵਰੀ (ਰਾਮ ਸਿੰਘ ਬਰਾੜ) - ਪੱਤਰਕਾਰ ਰਾਮਚੰਦਰ ਛਤਰਪਤੀ ਹੱਤਿਆ ਮਾਮਲੇ 'ਚ ਸੀ.ਬੀ.ਆਈ ਦੀ ਵਿਸ਼ੇਸ਼ ਅਦਾਲਤ ਨੇ ਡੇਰਾ ਸੱਚਾ ਸੌਦਾ ਪ੍ਰਮੁੱਖ ਗੁਰਮੀਤ ਰਾਮ ਰਹੀਮ...
ਭਾਰਤ ਅਤੇ ਆਸਟ੍ਰੇਲੀਆ ਵਿਚਕਾਰ ਤੀਸਰਾ ਇੱਕ ਦਿਨਾਂ ਮੈਚ ਕੱਲ੍ਹ
. . .  1 day ago
ਮੈਲਬੌਰਨ, 17 ਜਨਵਰੀ - ਭਾਰਤ ਅਤੇ ਆਸਟ੍ਰੇਲੀਆ ਵਿਚਕਾਰ ਤੀਸਰਾ ਅਤੇ ਆਖ਼ਰੀ ਇੱਕ ਦਿਨਾਂ ਮੈਚ 18 ਜਨਵਰੀ ਨੂੰ ਮੈਲਬੌਰਨ 'ਚ ਖੇਡਿਆ ਜਾਵੇਗਾ। ਦੋਵੇਂ ਟੀਮਾਂ 1-1 ਮੈਚ ਜਿੱਤ...
ਮਹਿਲਾ ਕ੍ਰਿਕਟ : ਬੀ.ਸੀ.ਸੀ.ਆਈ ਵੱਲੋਂ ਇੰਗਲੈਂਡ ਖ਼ਿਲਾਫ਼ ਘਰੇਲੂ ਲੜੀ ਲਈ ਪ੍ਰੋਗਰਾਮ ਦਾ ਐਲਾਨ
. . .  1 day ago
ਮੁੰਬਈ, 17 ਜਨਵਰੀ - ਬੀ.ਸੀ.ਸੀ.ਆਈ ਨੇ ਇੰਗਲੈਂਡ ਖ਼ਿਲਾਫ਼ ਘਰੇਲੂ ਲੜੀ ਲਈ ਪ੍ਰੋਗਰਾਮ ਦਾ ਐਲਾਨ ਕਰ ਦਿੱਤਾ ਹੈ। ਇਸ ਲੜੀ ਤਹਿਤ ਭਾਰਤੀ ਮਹਿਲਾ ਕ੍ਰਿਕਟ ਟੀਮ ਅਤੇ ਇੰਗਲੈਂਡ...
ਸੋਸ਼ਲ ਮੀਡੀਆ 'ਤੇ ਆਮ ਚੋਣਾਂ ਦੀ ਫ਼ਰਜ਼ੀ ਤਾਰੀਖ਼ ਜਾਰੀ ਕਰਨ ਵਾਲਿਆ ਖ਼ਿਲਾਫ਼ ਕਾਰਵਾਈ ਹੋਵੇ - ਚੋਣ ਕਮਿਸ਼ਨ
. . .  1 day ago
ਨਵੀਂ ਦਿੱਲੀ, 10 ਜਨਵਰੀ - ਚੋਣ ਕਮਿਸ਼ਨ ਨੇ ਦਿੱਲੀ ਦੇ ਚੋਣ ਅਧਿਕਾਰੀ ਨੂੰ ਸੋਸ਼ਲ ਮੀਡੀਆ 'ਤੇ ਆਮ ਚੋਣਾਂ ਦੀ ਫ਼ਰਜ਼ੀ ਤਾਰੀਖ਼ ਜਾਰੀ ਕਰਨ ਵਾਲਿਆ ਖ਼ਿਲਾਫ਼ ਕਾਰਵਾਈ...
ਹੋਰ ਖ਼ਬਰਾਂ..

ਸਾਡੇ ਪਿੰਡ ਸਾਡੇ ਖੇਤ

ਲਾਹੇਵੰਦ ਹੈ ਮਿਰਚ ਦੀ ਨਵੀਂ ਦੋਗਲੀ ਕਿਸਮ

ਮਿਰਚ ਭਾਰਤ ਵਿਚ ਬੀਜੀ ਜਾਣ ਵਾਲੀ ਇਕ ਮੁੱਖ ਫ਼ਸਲ ਹੈ। ਇਸ ਵਿਚ ਕੁੜੱਤਣ ਹੋਣ ਕਰਕੇ ਲਾਲ ਮਿਰਚ ਨੂੰ ਮਸਾਲਿਆਂ ਦੇ ਤੌਰ 'ਤੇ ਅਤੇ ਹਰੀ ਮਿਰਚ ਨੂੰ ਸਬਜ਼ੀ ਦੇ ਤੌਰ 'ਤੇ ਵਰਤਿਆ ਜਾਂਦਾ ਹੈ। ਮਿਰਚ ਦੀ ਫ਼ਸਲ ਮੌਸਮ, ਬੀਮਾਰੀਆਂ ਅਤੇ ਕੀੜੇ-ਮਕੌੜਿਆਂ ਨਾਲ ਕਾਫ਼ੀ ਪ੍ਰਭਾਵਿਤ ਹੁੰਦੀ ਹੈ। ਸਾਲ 2015 ਵਿਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਲੋਂ ਸੀ.ਐਚ.-27 ਹਾਈਬ੍ਰਿਡ ਦੀ ਖੋਜ ਕਰਨ ਉਪਰੰਤ ਇਸ ਨੂੰ ਪੰਜਾਬ ਵਿਚ ਕਾਸ਼ਤ ਕਰਨ ਲਈ ਸਿਫ਼ਾਰਿਸ਼ ਕੀਤਾ ਗਿਆ। ਇਹ ਦੋਗਲੀ ਕਿਸਮ ਪੰਜਾਬ ਦੇ ਕਿਸਾਨਾਂ ਵਿਚ ਕਾਫ਼ੀ ਪ੍ਰਚਲਿਤ ਹੋਈ ਹੈ। ਇਹ ਕਿਸਮ ਦੁਰੇਡੇ ਮੰਡੀਕਰਨ ਵਾਸਤੇ ਬਹੁਤ ਢੁੱਕਵੀ ਹੈ।
ਹਾਈਬ੍ਰਿਡ ਸੀ.ਐਚ-27 ਦੇ ਮੁੱਖ ਗੁਣ: ਇਹ ਇਕ ਦੋਗਲੀ ਕਿਸਮ ਹੈ। ਇਸ ਦੇ ਮਾਪੇ ਐਮ ਐੱਸ-12 (ਮਾਦਾ) ਅਤੇ ਐਸ-343 (ਨਰ) ਹਨ। ਇਸ ਕਿਸਮ ਦੇ ਪੌਦੇ ਉੱਚੇ ਅਤੇ ਫੈਲਾਅ ਵਾਲੇ ਅਤੇ ਲੰਮੇ ਸਮੇਂ ਤੱਕ ਫਲ ਦਿੰਦੇ ਰਹਿੰਦੇ ਹਨ। ਇਸ ਦੇ ਫਲ ਦਰਮਿਆਨੇ ਲੰਮੇ 6.7 (ਸੈਂਟੀਮੀਟਰ), ਪਤਲੀ ਛਿੱਲੜ ਵਾਲੇ ਅਤੇ ਹਲਕੇ ਹਰੇ ਰੰਗ ਦੇ ਹੁੰਦੇ ਹਨ ਪਰ ਪੱਕ ਕੇ ਇਨ੍ਹਾਂ ਦਾ ਰੰਗ ਗੂੜ੍ਹਾ ਲਾਲ ਹੋ ਜਾਂਦਾ ਹੈ। ਸੁੱਕੀਆਂ ਮਿਰਚਾਂ ਵਿਚ ਕੁੜੱਤਣ ਤੱਤ ਦੀ ਮਾਤਰਾ 0.7 ਪ੍ਰਤੀਸ਼ਤ ਅਤੇ ਜ਼ਿਆਦਾ ਸੁੱਕਾ ਮਾਦਾ (26 ਪ੍ਰਤੀਸ਼ਤ) ਹੁੰਦੇ ਹਨ। ਇਸ ਕਿਸਮ ਦਾ ਲਾਲ ਮਿਰਚ ਦਾ ਝਾੜ 96 ਕੁਇੰਟਲ ਪ੍ਰਤੀ ਏਕੜ ਹੈ। ਇਸ ਕਿਸਮ ਵਿਚ ਪੱਤਾ ਲਪੇਟ ਵਾਇਰਸ, ਜੜ੍ਹ ਸੂਤਰ ਨਿਮਾਟੋਡ ਅਤੇ ਫਲ ਗਲਣਾ ਆਦਿ ਬਿਮਾਰੀਆਂ ਦਾ ਟਾਕਰਾ ਕਰਨ ਦੀ ਸਮਰੱਥਾ ਹੈ। ਇਹ ਕਿਸਮ ਥਰਿੱਪ ਅਤੇ ਜੂੰ ਵਰਗੇ ਕੀੜਿਆਂ ਨੂੰ ਵੀ ਸਹਾਰ ਸਕਦੀ ਹੈ। ਇਹ ਕਿਸਮ ਪ੍ਰੋਸੈਸਿੰਗ ਵਾਸਤੇ ਢੁੱਕਵੀਂ ਹੈ।
ਕਾਸ਼ਤ ਸਬੰਧੀ ਨੁਕਤੇ : ਬੀਜ ਦੀ ਮਾਤਰਾ ਅਤੇ ਬਿਜਾਈ ਦਾ ਸਮਾਂ : ਇਕ ਏਕੜ ਦੀ ਪਨੀਰੀ ਤਿਆਰ ਕਰਨ ਲਈ 200 ਗ੍ਰਾਮ ਬੀਜ ਨੂੰ ਇਕ ਮਰਲਾ (25 ਵਰਗ ਮੀਟਰ) ਵਿਚ ਕਿਆਰੀਆਂ ਵਿਚ ਜਿਹੜੀ ਪਹਿਲਾਂ ਤੋਂ ਬੀਜੀ ਹੋਈ ਪਨੀਰੀ ਨੂੰ ਫ਼ਰਵਰੀ-ਮਾਰਚ ਵਿਚ ਖੇਤ ਵਿਚ ਲਾ ਦਿਉ।
ਪਨੀਰੀ ਬੀਜਣ ਦਾ ਤਰੀਕਾ : ਪਨੀਰੀ ਤਿਆਰ ਕਰਨ ਲਈ ਸਵਾ ਮੀਟਰ ਚੌੜਾਈ ਦੀਆਂ ਕਿਆਰੀਆਂ ਜੋ ਜ਼ਮੀਨ ਤੋਂ 15 ਸੈਂਟੀਮੀਟਰ ਉੱਚੀਆਂ ਹੋਣ ਬਣਾ ਲਓ। ਕਿਆਰੀਆਂ ਬਣਾਉਣ ਉਪਰੰਤ ਜ਼ਮੀਨ ਨੂੰ ਕਹੀ ਜਾਂ ਖੁਰਪੇ ਨਾਲ ਪੋਲਾ ਕਰ ਲਓ। ਜੇਕਰ ਮੱਲੜ੍ਹ ਪਾਉਣ ਦੀ ਲੋੜ ਹੋਵੇ ਤਾਂ ਧਿਆਨ ਰੱਖੋ ਕਿ ਇਹ ਚੰਗੀ ਤਰ੍ਹਾਂ ਗਲਿਆ ਸੜਿਆ ਹੋਵੇ ਤੇ ਜ਼ਮੀਨ ਵਿਚ ਚੰਗੀ ਤਰ੍ਹਾਂ ਮਿਲਾ ਲਓ। ਇਸ ਤੋਂ ਬਾਅਦ ਜ਼ਮੀਨ ਨੂੰ ਫਾਰਮਾਲੀਨ ਦਵਾਈ ਦੇ 1.5-2.0% ਤਾਕਤ ਦੇ ਘੋਲ ਨਾਲ ਸੋਧ ਲਓ। ਇਹ ਕਰਨ ਵਾਸਤੇ 15-20 ਮਿਲੀਲਿਟਰ ਦਵਾਈ ਇਕ ਲਿਟਰ ਪਾਣੀ ਵਿਚ ਪਾਓ। ਇਹ ਘੋਲ ਤਕਰੀਬਨ 4-5 ਲਿਟਰ ਪ੍ਰਤੀ ਵਰਗ ਮੀਟਰ ਵਿਚ ਪਾਓ ਤਾਂ ਜੋ ਮਿੱਟੀ ਦੀ ਤਕਰੀਬਨ 6 ਇੰਚ ਤਹਿ ਗੜੁੱਚ ਹੋ ਜਾਵੇ। ਇਸ ਤੋਂ ਬਾਅਦ ਕਿਆਰੀਆਂ ਨੂੰ ਪੋਲੀਥੀਨ ਦੀ ਚਾਦਰ ਨਾਲ 48-72 ਘੰਟੇ ਲਈ ਚੰਗੀ ਤਰ੍ਹਾਂ ਢੱਕ ਦਿਓ। ਚਾਦਰ ਚੁੱਕਣ ਤੋਂ ਬਾਅਦ ਮਿੱਟੀ ਨੂੰ ਦੋਬਾਰਾ ਖੁਰਪੇ ਨਾਲ ਪੋਲਾ ਕਰੋ ਤਾਂ ਜੋ ਦਵਾਈ ਵਾਸ਼ਪੀਕਰਨ ਦੁਆਰਾ ਹਵਾ ਵਿਚ ਚਲੀ ਜਾਵੇ। ਇਸ ਤਰ੍ਹਾਂ ਕਰਨ ਨਾਲ ਬੀਜ ਦੀ ਉੱਗਣ ਸ਼ਕਤੀ ਬਣੀ ਰਹਿੰਦੀ ਹੈ। ਇਸ ਤੋਂ 3-4 ਦਿਨਾਂ ਬਾਅਦ ਬਿਜਾਈ ਕੀਤੀ ਜਾ ਸਕਦੀ ਹੈ। ਬਿਜਾਈ ਚੌੜੇ ਰੁੱਖ ਕਤਾਰਾਂ ਵਿਚ 5 ਸੈਂਟੀਮੀਟਰ ਦੇ ਫ਼ਾਸਲੇ 'ਤੇ ਕਰੋ । ਮਿਰਚਾਂ ਦੇ ਦੋਗਲੇ ਬੀਜ ਤੋਂ ਕਾਮਯਾਬੀ ਨਾਲ ਸਿਹਤਮੰਦ ਬੂਟੇ ਤਿਆਰ ਕਰਨ ਲਈ ਪਨੀਰੀ ਨੂੰ ਪੌਲੀਹਾਊਸ (24'13'6') ਵਿਚ ਉਗਾਇਆ ਜਾ ਸਕਦਾ ਹੈ।
ਫ਼ਾਸਲਾ : ਪਨੀਰੀ ਲਗਾਉਣ ਸਮੇਂ ਬੂਟੇ ਨਿੱਗਰ ਅਤੇ ਮਜ਼ਬੂਤ ਹੋਣੇ ਚਾਹੀਦੇ ਹਨ। ਬੂਟਿਆਂ ਨੂੰ ਵੱਟਾਂ ਉਪਰ 75 ਸੈਂਟੀਮੀਟਰ ਦੇ ਫ਼ਾਸਲੇ 'ਤੇ ਲਗਾਓ ਅਤੇ ਬੂਟਿਆਂ ਵਿਚਕਾਰ ਫ਼ਾਸਲਾ 45 ਸੈਂਟੀਮੀਟਰ ਰੱਖੋ। ਜੇਕਰ ਵੱਟਾਂ ਬੈੱਡ ਮੇਕਰ ਨਾਲ ਬਣਾਉਣੀਆਂ ਹੋਣ ਤਾਂ ਕਤਾਰਾਂ ਵਿਚਲਾ ਫ਼ਾਸਲਾ ਵਧਾਇਆ ਜਾ ਸਕਦਾ ਹੈ।
ਸਿੰਚਾਈ : ਖਾਲ਼ਾਂ ਰਾਹੀ : ਪਹਿਲਾ ਪਾਣੀ ਪਨੀਰੀ ਖੇਤ ਵਿਚ ਲਾਉਣ ਤੋਂ ਤੁਰੰਤ ਬਾਅਦ ਲਾਓ। ਬਾਅਦ ਵਿਚ ਗਰਮੀਆਂ ਵਿਚ ਸਿੰਚਾਈ 7-10 ਦਿਨ ਦੇ ਵਕਫ਼ੇ 'ਤੇ ਕਰੋ। ਸਿੰਚਾਈ ਦੀ ਮਾਤਰਾ ਅਤੇ ਵਕਫ਼ਾ ਮੌਸਮ ਅਤੇ ਮਿਟੀ ਦੇ ਹਿਸਾਬ ਨਾਲ ਰੱਖੋ। ਇਸ ਫ਼ਸਲ ਦੀਆਂ ਜੜ੍ਹਾਂ ਜ਼ਿਆਦਾ ਨਮੀ ਅਤੇ ਪਾਣੀ ਨਹੀਂ ਸਹਾਰਦੀਆਂ।
ਤੁਪਕਾ ਸਿੰਚਾਈ ਵਿਧੀ ਰਾਹੀਂ : ਤੁਪਕਾ ਸਿੰਚਾਈ ਵਿਧੀ ਨਾਲ ਪਾਣੀ ਲਾਉਣ 'ਤੇ ਨਾ ਕੇਵਲ ਝਾੜ ਹੀ ਵਧਦਾ ਹੈ ਸਗੋਂ 46 ਪ੍ਰਤੀਸ਼ਤ ਪਾਣੀ ਦੀ ਵੀ ਬੱਚਤ ਹੁੰਦੀ ਹੈ। ਇਸ ਵਿਧੀ ਨਾਲ ਸਿੰਚਾਈ 2 ਦਿਨਾਂ ਦੇ ਅੰਤਰ 'ਤੇ ਕੀਤੀ ਜਾਂਦੀ ਹੈ । ਇਸ ਵਿਧੀ ਲਈ ਮਿਰਚਾਂ ਦੀਆਂ 2 ਕਤਾਰਾਂ 80 ਸੈਂਟੀਮੀਟਰ ਚੌੜੇ ਬੈੱਡ 'ਤੇ ਲਾਉ ਅਤੇ ਕਤਾਰਾਂ ਦੇ ਵਿਚ ਫ਼ਾਸਲਾ 60 ਸੈਂਟੀਮੀਟਰ ਅਤੇ ਬੂਟੇ ਤੋਂ ਬੂਟੇ ਦੀ ਦੂਰੀ 45 ਸੈਂਟੀਮੀਟਰ ਰੱਖੋ। 2 ਬੈੱਡਾਂ ਵਿਚਕਾਰ 40 ਸੈਂਟੀਮੀਟਰ ਦਾ ਫ਼ਾਸਲਾ ਰੱਖੋ। ਇਸ ਫ਼ਸਲ ਨੂੰ ਪਾਣੀ ਦੇਣ ਲਈ ਇਕ ਡਰਿਪ ਲੇਟਰਲ ਪ੍ਰਤੀ ਬੈੱਡ ਦਾ ਇਸਤੇਮਾਲ ਕਰੋ ਅਤੇ ਲੇਟਰਲ ਤੇ ਡਰਿੱਪਰ ਤੋਂ ਡਰਿੱਪਰ ਦੀ ਦੂਰੀ 30 ਸੈਂਟੀਮੀਟਰ ਰੱਖੋ। (ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)


-ਮੋਬਾਈਲ : 89687-66600.


ਖ਼ਬਰ ਸ਼ੇਅਰ ਕਰੋ

ਜੈਵਿਕ ਫ਼ਸਲਾਂ ਦੇ ਉਤਪਾਦਨ ਦੀ ਲੋੜ

ਪੰਜਾਬ ਵਿਚ ਅਨਾਜ ਪੈਦਾ ਕਰਨ ਲਈ ਰਸਾਇਣਕ ਖਾਦਾਂ ਅਤੇ ਕੀਟਨਾਸ਼ਕਾਂ ਦੀ ਵਰਤੋਂ ਬਹੁਤ ਜ਼ਿਆਦਾ ਹੋ ਰਹੀ ਹੈ। ਜਿਸ ਦੇ ਸਿੱਟੇ ਵਜੋਂ ਕੀਟਨਾਸ਼ਕ ਅਤੇ ਰਸਾਇਣਕ ਖਾਦ ਨਾਲ ਲੋਕਾਂ ਦੀ ਸਿਹਤ 'ਤੇ ਬਹੁਤ ਮਾੜਾ ਅਸਰ ਪਿਆ ਹੈ। ਪੰਜਾਬ ਦੇ ਲੋਕਾਂ ਨੂੰ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਤੋਂ ਬਚਣ ਲਈ ਜੈਵਿਕ ਹਰਾ ਚਾਰਾ, ਜੈਵਿਕ ਸਬਜ਼ੀਆਂ ਅਤੇ ਜੈਵਿਕ ਕਣਕ ਦੀ ਪੈਦਾਵਾਰ ਕਰਨੀ ਚਾਹੀਦੀ ਹੈ ਅਤੇ ਕੈਂਸਰ ਨਾਲ ਲੜਨ ਲਈ ਆਪਣੇ ਭੋਜਨ ਵਿਚ ਬਦਲਾਅ ਲਿਆਉਣ ਦੀ ਲੋੜ ਹੈ। ਅੱਜਕਲ੍ਹ ਜੈਵਿਕ ਖੇਤੀ ਦੀ ਮੰਗ ਲਗਾਤਾਰ ਵਧ ਰਹੀ ਹੈ। ਆਰਗੈਨਿਕ ਤਰੀਕੇ ਨਾਲ ਤਿਆਰ ਅਨਾਜ ਰਸਾਇਣਕ ਖਾਦ ਆਧਾਰਤ ਅਨਾਜ ਦੇ ਮੁਕਾਬਲੇ ਡੇਢ ਤੋਂ ਦੁੱਗਣੀ ਕੀਮਤ 'ਤੇ ਵਿਕਦਾ ਹੈ। ਜੈਵਿਕ ਖੇਤੀ ਵਿਚ ਕਿਸੇ ਵੀ ਤਰ੍ਹਾਂ ਦੇ ਰਸਾਇਣ ਵਰਤ ਨਹੀਂ ਸਕਦੇ ਹਾਂ ਅਤੇ ਇਸ ਵਿਚ ਜ਼ਮੀਨ ਦੀ ਉਪਜਾਊ ਸ਼ਕਤੀ ਵਧਾਉਣ ਅਤੇ ਫ਼ਸਲਾਂ ਨੂੰ ਲੋੜੀਂਦੇ ਖ਼ੁਰਾਕੀ ਤੱਤਾਂ ਦੀ ਪੂਰਤੀ ਲਈ ਫ਼ਸਲੀ ਚੱਕਰਾਂ, ਫ਼ਸਲਾਂ ਦੀ ਰਹਿੰਦ-ਖੂੰਹਦ, ਰੂੜੀ ਦੀ ਖਾਦ, ਕੰਪੋਸਟ, ਫ਼ਲੀਦਾਰ ਫ਼ਸਲਾਂ ਅਤੇ ਹਰੀ ਖਾਦ ਦੀ ਵਰਤੋਂ ਕੀਤੀ ਜਾਂਦੀ ਹੈ। ਜੈਵਿਕ ਅਨਾਜ ਪੈਦਾ ਕਰਨ ਲਈ ਫਾਰਮ ਨੂੰ ਇਕ ਜੈਵਿਕ ਨਿਯੰਤ੍ਰਣ ਸੰਸਥਾ ਨਾਲ ਰਜਿਸਟਰ ਕੀਤਾ ਜਾਣਾ ਚਾਹੀਦਾ ਹੈ ਅਤੇ ਅਪਣਾਈ ਉਤਪਾਦਨ ਪ੍ਰਣਾਲੀ ਨੂੰ ਨਿਸਚਿਤ ਕੀਤੇ ਗਏ ਜੈਵਿਕ ਮਿਆਰ ਪੂਰੇ ਕਰਨੇ ਚਾਹੀਦੇ ਹਨ। ਹਰ ਕੰਟਰੋਲ ਬਾਡੀ ਦੇ ਆਪਣੇ ਵੇਰਵੇ ਸਹਿਤ ਮਾਪਦੰਡ ਹੁੰਦੇ ਹਨ ਅਤੇ ਇਹ ਯਕੀਨੀ ਬਣਾਉਣਾ ਬਹੁਤ ਮਹੱਤਵਪੂਰਨ ਹੁੰਦਾ ਹੈ ਕਿ ਉਤਪਾਦਨ ਪ੍ਰਣਾਲੀ ਅਪਣਾਏ ਜਾਣ ਨਾਲ ਤੁਹਾਡੇ ਦੁਆਰਾ ਰਜਿਸਟਰ ਕਰਨ ਲਈ ਚੁਣੇ ਗਏ ਜੈਵਿਕ ਮਿਆਰ ਦੀਆਂ ਜ਼ਰੂਰਤਾਂ ਦੀ ਪਾਲਣਾ ਕੀਤੀ ਜਾਵੇ।
ਜੈਵਿਕ ਤਰੀਕੇ ਨਾਲ ਸਬਜ਼ੀਆਂ ਦਾ ਉਤਪਾਦਨ
ਅੱਜਕਲ੍ਹ ਸਬਜ਼ੀਆਂ ਦਾ ਉਤਪਾਦਨ ਕਰਨ ਵਾਲੇ ਲੋਕ ਕੀੜੇ-ਮਕੌੜੇ ਅਤੇ ਬਿਮਾਰੀਆਂ ਤੋਂ ਬਚਾਉਣ ਲਈ ਕੀਟ ਨਾਸ਼ਕਾਂ ਦੀ ਬੇਲੋੜੀ ਵਰਤੋਂ ਕਰਦੇ ਹਨ। ਪਰ ਤਾਜ਼ੀ, ਤੱਤ ਭਰਪੂਰ ਅਤੇ ਕੀਟ ਨਾਸ਼ਕਾਂ ਤੋਂ ਰਹਿਤ ਸਬਜ਼ੀ ਘਰ ਬਗੀਚੀ ਵਿਚੋਂ ਮਿਲ ਸਕਦੀ ਹੈ। ਘਰੇਲੂ ਬਗੀਚੀ ਵਿਚ ਸਬਜ਼ੀਆਂ ਸਾਰਾ ਸਾਲ ਪਰਿਵਾਰ ਦੀਆਂ ਜਰੂਰਤਾਂ ਪੂਰੀਆਂ ਕਰਨ ਲਈ ਬਦਲ-ਬਦਲ ਕੇ ਬੀਜੀਆਂ ਜਾ ਸਕਦੀਆਂ ਹਨ। ਇਕ ਸਾਲ ਵਿਚ 6×6 ਮੀਟਰ ਦੇ ਜ਼ਮੀਨ ਦੇ ਟੁਕੜੇ ਉਪਰ 27 ਅਲੱਗ-ਅਲੱਗ ਸਬਜ਼ੀਆਂ ਪੈਦਾ ਕੀਤੀਆਂ ਜਾ ਸਕਦੀਆਂ ਹਨ ਅਤੇ ਤਕਰੀਬਨ 300 ਕਿਲੋ ਸਬਜ਼ੀ ਪ੍ਰਾਪਤ ਕੀਤੀ ਜਾ ਸਕਦੀ ਹੈ। ਇਸ ਤਰ੍ਹਾਂ ਚਾਰ ਮੈਂਬਰਾਂ ਦੇ ਪਰਿਵਾਰ (ਦੋ ਬਾਲਗ ਅਤੇ ਦੋ ਬੱਚੇ) ਦੀ ਵਿਟਾਮਿਨ, ਧਾਤਾਂ ਅਤੇ ਹੋਰ ਜ਼ਰੂਰੀ ਤੱਤਾਂ ਦੀ ਪੂਰਤੀ ਹੋ ਜਾਂਦੀ ਹੈ।
ਮੱਕੀ-ਆਲੂ-ਪਿਆਜ਼ ਫ਼ਸਲੀ ਚੱਕਰ ਵਿਚ ਆਲੂ ਵਿਚ ਮੂਲੀ ਦੀ ਰਲਵੀਂ ਫ਼ਸਲ ਅਤੇ ਪਿਆਜ਼ ਵਿਚ ਧਨੀਏ ਦੀ ਰਲਵੀਂ ਫ਼ਸਲ ਬੀਜਣੀ ਚਾਹੀਦੀ ਹੈ ਜਿਸ ਨਾਲ ਜੈਵਿਕ ਖੇਤੀ ਵਿਚ ਪਹਿਲੇ ਸਾਲ ਹੀ ਰਸਾਇਣਕ ਖੇਤੀ ਦੇ ਬਰਾਬਰ ਆਮਦਨ ਹੋ ਸਕਦੀ ਹੈ। ਮੱਕੀ ਲਈ 1.7 ਟਨ ਰੂੜੀ ਦੀ ਖਾਦ + 1.1 ਟਨ ਗੰਡੋਇਆਂ ਦੀ ਖਾਦ + 0.7 ਟਨ ਨਾ ਖਾਣ ਯੋਗ ਰਿੰਡ ਦੀ ਖਲ਼ ਪ੍ਰਤੀ ਏਕੜ ਦੇ ਹਿਸਾਬ ਨਾਲ ਖੇਤ ਵਿਚ ਪਾਉ। ਇਸੇ ਤਰ੍ਹਾਂ ਆਲੂਆਂ ਦੀ ਫ਼ਸਲ ਲਈ 2.5 ਟਨ ਰੂੜੀ ਦੀ ਖਾਦ + 1.7 ਟਨ ਗੰਡੋਇਆ ਖਾਦ + 1.0 ਟਨ ਨਾ ਖਾਣ ਯੋਗ ਰਿੰਡ ਦੀ ਖਲ਼ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਉ। ਪਿਆਜ਼ ਲਈ ਪ੍ਰਤੀ ਏਕੜ ਨੂੰ 1.3 ਟਨ ਰੂੜੀ ਦੀ ਖਾਦ + 0.9 ਟਨ ਗੰਡੋਇਆ ਖਾਦ + 0.5 ਟਨ ਨਾ ਖਾਣ ਯੋਗ ਰਿੰਡ ਦੀ ਖਲ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਉ। ਮੱਕੀ ਦੀ ਫ਼ਸਲ ਨੂੰ ਜੂਨ ਦੇ ਪਹਿਲੇ ਪੰਦਰਵਾੜੇ, ਆਲੂ ਅਕਤੂਬਰ ਦੇ ਪਹਿਲੇ ਪੰਦਰਵਾੜੇ ਅਤੇ ਪਿਆਜ਼ ਜਨਵਰੀ ਦੇ ਪਹਿਲੇ ਪੰਦਰਵਾੜੇ ਵਿਚ ਬੀਜੋ। ਮੂਲੀ ਨੂੰ ਅਕਤੂਬਰ ਦੇ ਪਹਿਲੇ ਪੰਦਰਵਾੜੇ ਵਿਚ ਆਲੂਆਂ ਦੀ ਹਰੇਕ ਵੱਟ ਦੇ ਦੱਖਣ ਵਾਲੇ ਪਾਸੇ ਬੀਜ ਕੇ, ਦਸੰਬਰ ਦੇ ਮਹੀਨੇ ਵਿਚ ਬਿਜਾਈ ਤੋਂ 50 ਤੋਂ 70 ਦਿਨਾਂ ਵਿਚ 2-3 ਵਾਰੀ ਪੁੱਟ ਲਵੋ। ਧਨੀਏ ਦੀ ਇਕ ਕਤਾਰ ਪਿਆਜ਼ ਦੀਆਂ 5 ਕਤਾਰਾਂ ਬਾਅਦ ਜਨਵਰੀ ਦੇ ਪਹਿਲੇ ਪੰਦਰਵਾੜੇ ਵਿਚ ਪਿਆਜ਼ ਦੀ ਪਨੀਰੀ ਲਾਉਣ 'ਤੇ ਪਹਿਲਾ ਪਾਣੀ ਦੇਣ ਉਪਰੰਤ ਲਾਓ। ਹਰੇ ਧਨੀਏ ਦੀ ਬਿਜਾਈ ਤੋਂ ਚਾਲੀ ਦਿਨਾਂ ਬਾਅਦ ਪਹਿਲੀ ਕਟਾਈ ਕਰੋ ਅਤੇ ਬੀਜ ਦੇ ਤੌਰ ਤੇ ਧਨੀਏ ਨੂੰ ਮਈ ਦੇ ਦੂਸਰੇ ਹਫ਼ਤੇ ਕੱਟ ਲਓ। ਜੈਵਿਕ ਹਲਦੀ ਲਈ ਖ਼ੁਰਾਕੀ ਤੱਤਾਂ ਦੀ ਲੋੜ ਨੂੰ 6 ਟਰਾਲੀਆਂ ਰੂੜੀ ਦੀ ਖਾਦ (6 ਟਨ ਸੁੱਕੀ ਰੂੜੀ) ਵਰਤ ਕੇ ਪੂਰਾ ਕੀਤਾ ਜਾ ਸਕਦਾ ਹੈ। ਜੇ ਰੂੜੀ ਦੀ ਖਾਦ ਪੂਰੀ ਮਾਤਰਾ ਵਿਚ ਉਪਲਬਧ ਨਾ ਹੋਵੇ ਤਾਂ 4 ਟਰਾਲੀਆਂ ਰੂੜੀ ਦੀ ਖਾਦ (4 ਟਨ ਸੁੱਕੀ ਰੂੜੀ) ਦੇ ਨਾਲ 1.3 ਟਨ ਗੰਡੋਆ ਖਾਦ (1.5 ਪ੍ਰਤੀਸ਼ਤ ਨਾਈਟ੍ਰੋਜਨ) ਦੀ ਵਰਤੋ ਕੀਤੀ ਜਾ ਸਕਦੀ ਹੈ। ਜੈਵਿਕ ਪਿਆਜ਼ ਵਿਚ ਖੁਰਾਕੀ ਤੱਤਾਂ ਦੀ ਲੋੜ ਨੂੰ 4 ਟਰਾਲੀਆਂ ਰੂੜੀ ਦੀ ਖਾਦ (4 ਟਨ ਸੁੱਕੀ ਰੂੜੀ) ਵਰਤ ਕੇ ਪੂਰਾ ਕੀਤਾ ਜਾ ਸਕਦਾ ਹੈ। ਜੇ ਰੂੜੀ ਦੀ ਖਾਦ ਪੂਰੀ ਮਾਤਰਾ ਵਿਚ ਉਪਲਬਧ ਨਾ ਹੋਵੇ ਤਾਂ 3 ਟਰਾਲੀਆਂ ਰੂੜੀ ਦੀ ਖਾਦ (2.7 ਟਨ ਸੁੱਕੀ ਰੂੜੀ) ਦੇ ਨਾਲ 0.9 ਟਨ ਗੰਡੋਆ ਖਾਦ ਦੀ ਵਰਤੋਂ ਕੀਤੀ ਜਾ ਸਕਦੀ ਹੈ। ਹਲਦੀ ਵਿਚ ਨਦੀਨਾਂ ਦੀ ਰੋਕਥਾਮ ਲਈ ਬਿਜਾਈ ਸਮੇਂ 40 ਕੁਇੰਟਲ ਪ੍ਰਤੀ ਏਕੜ ਝੋਨੇ ਦੀ ਪਰਾਲੀ ਪਾਓ ਅਤੇ ਜੇ ਲੋੜ ਪਵੇ ਤਾਂ 3 ਮਹੀਨੇ ਬਾਅਦ ਇਕ ਗੋਡੀ ਕਰੋ। ਜੇਕਰ ਪਰਾਲੀ ਨਹੀਂ ਪਾਈ ਤਾਂ ਤਿੰਨ ਗੋਡੀਆਂ ਬਿਜਾਈ ਤੋਂ 1, 2 ਅਤੇ 3 ਮਹੀਨੇ ਬਾਅਦ ਕਰੋ। ਪਿਆਜ਼ ਵਿਚ ਨਦੀਨਾਂ ਦੀ ਰੋਕਥਾਮ ਲਈ ਲੋੜ ਅਨੁਸਾਰ ਗੋਡੀ ਕਰੋ।


-ਕ੍ਰਿਸ਼ੀ ਵਿਗਿਆਨ ਕੇਂਦਰ, ਬਠਿੰਡਾ ਮੋਬਾਈਲ : 94654-20097

ਜਿਨ੍ਹਾਂ ਕੰਮ ਕਰਨਾ ਹੁੰਦੈ

ਅਸੀਂ ਪੰਜਾਬੀ ਖੇਤੀ ਤਾਂ ਕਰਦੇ ਹਾਂ, ਪਰ ਇਸ ਪ੍ਰਤੀ ਸਾਡਾ ਵਤੀਰਾ, ਗ਼ੈਰ-ਸੰਜੀਦਾ ਹੈ। ਅਸੀਂ ਖੇਤੀ ਉਪਜ ਨੂੰ ਦੂਜਿਆਂ ਦੇ ਰਹਿਮ 'ਤੇ ਛੱਡ ਦਿੰਦੇ ਹਾਂ। ਖੇਤੀ ਨੂੰ ਅਸੀਂ ਕਦੀ ਵੀ ਵਪਾਰ ਨਹੀਂ ਸਮਝਦੇ ਤੇ ਬਾਜ਼ਾਰ ਦੀਆਂ ਲੋੜਾਂ ਨੂੰ ਜਾਨਣ ਦੀ ਕੋਸ਼ਿਸ਼ ਨਹੀਂ ਕਰਦੇ। ਆਪਣੀ ਇਸ ਨਾਸਮਝੀ ਨੂੰ ਲੁਕਾਉਣ ਲਈ ਸਾਡੇ ਕੋਲ ਸੌ ਬਹਾਨੇ ਹਨ। ਜੇ ਹੋਰ ਕੁਝ ਨਾ ਸੁੱਝੇ ਤਾਂ, ਵਿਆਹ-ਸ਼ਾਦੀ ਜਾਂ ਭੋਗ ਦਾ ਬਹਾਨਾ ਤਾਂ ਵੱਟ 'ਤੇ ਪਿਆ। ਪਰ ਇਥੇ ਹੀ ਪਿਆਰਾ ਸਿੰਘ ਵਰਗੇ ਕੁਝ ਇਹੋ ਜਿਹੇ ਲੋਕ ਵੀ ਹਨ, ਜਿਨ੍ਹਾਂ ਦੀ ਆਪਣੀ ਪੈਲੀ ਭਾਵੇਂ ਘੱਟ ਹੀ ਹੋਵੇ ਪਰ ਠੇਕੇ 'ਤੇ ਦਰਜਨਾਂ ਖੇਤ ਲੈ ਲੈਂਦੇ ਹਨ। ਇਹ ਲੁਧਿਆਣਾ ਸ਼ਹਿਰ ਦੇ ਲਾਗੇ, ਆਏ ਸਾਲ ਤੋਰੀਆ ਬੀਜਦੇ ਹਨ ਤੇ ਪੰਜ ਜਾਂ ਛੇ ਪੱਠਿਆਂ ਦੇ ਲੌਅ ਲੈ ਲੈਂਦੇ ਹਨ। ਇੰਜ ਰਵਾਇਤੀ ਫ਼ਸਲਾਂ ਨਾਲੋਂ ਕਮਾਈ ਵੀ ਵੱਧ ਹੁੰਦੀ ਹੈ ਤੇ ਲੋੜ ਅਨੁਸਾਰ ਭਾਅ ਵੀ ਆਪੇ ਘੱਟ ਵਧ ਕਰ ਲੈਂਦੇ ਹਨ। ਇਲਾਕੇ ਵਿਚ ਸੈਂਕੜੇ ਏਕੜ ਤੋਰੀਏ ਦੇ ਫੁੱਲਾਂ ਕਰਕੇ ਸ਼ਹਿਦ ਵੀ ਵੱਧ ਤੇ ਵਧੀਆ ਬਣਦਾ ਹੈ। ਇਹ ਤਾਂ ਇਕ ਉਦਾਹਰਨ ਹੈ। ਹਰ ਕਿਸਾਨ, ਥੋੜ੍ਹੀ ਆਲੇ-ਦੁਆਲੇ ਪੁੱਛ-ਤਾਛ ਕਰ ਕੇ ਆਪਣੇ-ਆਪਣੇ ਇਲਾਕੇ ਵਿਚ, ਕਾਮਯਾਬ ਹੋ ਸਕਦਾ ਹੈ।


-ਮੋਬਾ: 98159-45018

ਹਾੜ੍ਹੀ ਅਤੇ ਬਹਾਰ ਰੁੱਤ ਦੀਆਂ ਫ਼ਸਲਾਂ ਲਈ ਪਾਣੀ ਪ੍ਰਬੰਧ ਦੀ ਭੂਮਿਕਾ

ਅਨਾਜ ਵਾਲੀਆਂ ਫ਼ਸਲਾਂ
ਕਣਕ: ਸਮੇਂ ਸਿਰ, ਪਿਛੇਤੀ ਜਾਂ ਬਹੁਤ ਪਿਛੇਤੀ ਕਣਕ ਦੀ ਬਿਜਾਈ ਭਰਵੀਂ ਰੌਣੀ (10 ਸੈਂਟੀਮੀਟਰ) ਨਾਲ ਕਰੋ। ਜਦੋਂ ਕਣਕ ਝੋਨੇ ਪਿੱਛੋਂ ਬੀਜਣੀ ਹੋਵੇ ਤਾਂ ਭਾਰੀ ਰੌਣੀ ਦੀ ਲੋੜ ਨਹੀਂ ਹੈ। ਝੋਨੇ ਦੀ ਫ਼ਸਲ ਪਿੱਛੋਂ ਕਣਕ ਦੀ ਬਿਜਾਈ ਕਰਨੀ ਹੋਵੇ ਤਾਂ ਝੋਨੇ ਦੀ ਖੜ੍ਹੀ ਫ਼ਸਲ ਵਿਚ ਜ਼ਮੀਨ ਦੀ ਕਿਸਮ ਅਨੁਸਾਰ 5-10 ਦਿਨ ਪਹਿਲਾਂ ਰੌਣੀ ਕਰ ਦੇਣੀ ਚਾਹੀਦੀ ਹੈ ਤਾਂ ਕਿ ਕਣਕ ਦੀ ਬਿਜਾਈ ਪਿਛੇਤੀ ਨਾ ਹੋਵੇ। ਪਾਣੀ ਦੀ ਸੁਚੱਜੀ ਵਰਤੋਂ ਵਾਸਤੇ ਭਾਰੀਆਂ ਜ਼ਮੀਨਾਂ ਵਿਚ 8 ਕਿਆਰੇ ਪ੍ਰਤੀ ਏਕੜ ਅਤੇ ਰੇਤਲੀਆਂ ਜ਼ਮੀਨਾਂ ਵਿਚ 16 ਕਿਆਰੇ ਪ੍ਰਤੀ ਏਕੜ ਬਣਾਉਣ ਦੀ ਸਿਫ਼ਾਰਿਸ਼ ਕੀਤੀ ਜਾਂਦੀ ਹੈ। ਇਹ ਦੇਖਣ ਵਿਚ ਆਇਆ ਹੈ ਕਿ ਜਦੋਂ ਕਣਕ ਨੂੰ ਪਹਿਲਾ ਪਾਣੀ ਜ਼ਿਆਦਾ ਭਾਰਾ ਲਾਇਆ ਜਾਂਦਾ ਹੈ ਤਾਂ ਜ਼ਮੀਨ ਵਿਚ ਹਵਾ ਦੀ ਆਵਾਜਾਈ ਘੱਟ ਜਾਂਦੀ ਹੈ ਅਤੇ ਕਣਕ ਪੀਲੀ ਪੈ ਜਾਂਦੀ ਹੈ। ਇਸ ਕਰਕੇ ਕਣਕ ਦੀ ਫ਼ਸਲ ਨੂੰ ਪਹਿਲਾ ਪਾਣੀ ਦੂਸਰੀਆਂ ਸਿੰਚਾਈਆਂ ਦੇ ਮੁਕਾਬਲੇ ਹਲਕਾ ਦੇਣਾ ਚਾਹੀਦਾ ਹੈ। ਹਲਕੀਆਂ ਜ਼ਮੀਨਾਂ ਵਿਚ ਪਹਿਲਾ ਪਾਣੀ ਕੁਝ ਅਗੇਤਾ ਅਤੇ ਭਾਰੀਆਂ ਜ਼ਮੀਨਾਂ ਵਿਚ ਸਿੰਚਾਈ ਪਿਛੇਤੀ ਕਰ ਦਿਉ। ਬਰਸਾਤ ਹੋਣ ਦੀ ਸੂਰਤ ਵਿਚ ਹਰ ਇਕ ਸੈਂਟੀਮੀਟਰ ਵਰਖਾ ਪਿੱਛੋਂ ਪਹਿਲਾ ਪਾਣੀ ਜਨਵਰੀ ਦੇ ਅਖੀਰ ਤੱਕ 5 ਦਿਨ ਪਿਛੇਤਾ ਅਤੇ ਜਨਵਰੀ ਤੋਂ ਬਾਅਦ ਦੋ ਦਿਨ ਤੱਕ ਪਿਛੇਤਾ ਕਰ ਦੇਣਾ ਚਾਹੀਦਾ ਹੈ। ਚੰਗੇ ਪਾਣੀ ਦੀ ਘਾਟ ਦੀ ਸੂਰਤ ਵਿਚ ਕਣਕ ਦੇ ਅਖੀਰਲੇ ਵਾਧੇ ਦੌਰਾਨ ਸਿੰਚਾਈਆਂ ਮਾੜੇ ਪਾਣੀ ਨਾਲ ਹਲਕੀਆਂ ਜ਼ਮੀਨਾਂ ਵਿਚ ਕੀਤੀਆਂ ਜਾ ਸਕਦੀਆਂ ਹਨ ਕਿਉਕਿ ਇਸ ਸਮਂੇ ਫ਼ਸਲ ਮਾੜੇ ਪਾਣੀ ਨੂੰ ਸਹਾਰ ਸਕਦੀ ਹੈ।
ਕਣਕ ਦੀ ਫ਼ਸਲ ਨੂੰ ਬਿਜਾਈ ਦੀ ਤਾਰੀਕ ਮੁਤਾਬਿਕ ਹੇਠ ਦੱਸੀ ਤਰਤੀਬ ਅਨੁਸਾਰ ਪਾਣੀ ਦਿਉ:
ਜੌਂਅ : ਪੰਜਾਬ ਦੇ ਦੱਖਣ ਪੱਛਮੀ ਖੁਸ਼ਕ ਜ਼ਿਲ੍ਹਿਆਂ ਵਿਚ ਦੋ ਪਾਣੀ ਅਤੇ ਬਾਕੀ ਜ਼ਿਲ੍ਹਿਆਂ ਵਿਚ ਇਕ ਹੀ ਪਾਣੀ ਕਾਫੀ ਹੈ ਜੋ ਕਿ ਬਿਜਾਈ ਤੋਂ 5-6 ਹਫਤੇ ਬਾਅਦ ਦੇਣਾ ਚਾਹੀਦਾ ਹੈ। ਹਲਕੀਆਂ ਜ਼ਮੀਨਾਂ ਵਿਚ ਜੌਆਂ ਨੂੰ ਮਾੜਾ ਪਾਣੀ ਅਤੇ ਚੰਗਾ ਪਾਣੀ ਅਦਲ-ਬਦਲ ਕੇ ਲਾਇਆ ਜਾ ਸਕਦਾ ਹੈ।
ਸਿਆਲੂ ਮੱਕੀ: ਪਹਿਲਾ ਪਾਣੀ ਬਿਜਾਈ ਤੋਂ 25-30 ਦਿਨਾਂ ਬਾਅਦ ਦੇ ਦੇਣਾ ਚਾਹੀਦਾ ਹੈ। ਬਾਕੀ ਸਿੰਚਾਈਆਂ 2 ਹਫਤਿਆਂ ਦੇ ਵਕਫੇ ਤੇ 10 ਅਪ੍ਰੈਲ ਤੱਕ ਦਿੰਦੇ ਰਹਿਣਾ ਚਾਹੀਦਾ ਹੈ। ਇਸ ਤੋਂ ਬਾਅਦ ਇਕ ਹਫਤੇ ਦੇ ਵਕਫੇ ਤੇ ਫ਼ਸਲ ਪੱਕਣ ਤੱਕ ਦਿੰਦੇ ਰਹਿਣਾ ਚਾਹੀਦਾ ਹੈ। ਦਾਣਿਆਂ ਦੇ ਵਾਧੇ ਸਮੇਂ ਫ਼ਸਲ ਨੂੰ ਪਾਣੀ ਦੀ ਘਾਟ ਨਹੀਂ ਆਉਣ ਦੇਣੀ ਚਾਹੀਦੀ। ਮੱਕੀ ਦੀ ਫ਼ਸਲ ਖੜ੍ਹਾ ਪਾਣੀ ਨਹੀਂ ਸਹਾਰ ਸਕਦੀ ਇਸ ਲਈ ਵਾਧੂ ਪਾਣੀ ਖੇਤ ਵਿਚੋਂ ਕੱਢ ਦੇਣਾ ਚਾਹੀਦਾ ਹੈ। ਮੱਕੀ ਨੂੰ ਤੁਪਕਾ ਸਿੰਚਾਈ ਰਾਹੀਂ ਵੀ ਪਾਣੀ ਦਿੱਤਾ ਜਾ ਸਕਦਾ ਹੈ। ਇਸ ਦੇ ਲਈ ਬੈਡ 80 ਸੈਟੀਮੀਟਰ ਚੌੜੇ ਅਤੇ ਬੈਡ ਤੋਂ ਬੈਡ ਦਾ ਫਾਸਲਾ 40 ਸੈਂਟੀਮੀਟਰ ਹੋਣਾ ਚਾਹੀਦਾ ਹੈ। ਮੱਕੀ ਦੀਆਂ ਦੋ ਕਤਾਰਾਂ ਵਿਚ ਇਕ ਡਰਿੱਪ ਲਾਈਨ ਦੀ ਵਰਤੋਂ ਕਰੋ ਜਿਸ ਵਿਚ ਡਰਿੱਪਰ ਤੋਂ ਡਰਿੱਪਰ ਦਾ ਫਾਸਲਾ 30 ਸੈਂਟੀਮੀਟਰ ਹੋਵੇ। ਡਰਿੱਪਰ ਡਿਸਚਾਰਜ 2.2 ਲਿਟਰ ਪ੍ਰਤੀ ਘੰਟੇ ਨੂੰ 22 ਮਿੰਟ ਸਿੰਚਾਈ ਫਰਵਰੀ ਮਹੀਨੇ ਵਿਚ, 64 ਮਿੰਟ ਮਾਰਚ, 120 ਮਿੰਟ ਅਪ੍ਰੈਲ, 130 ਮਿੰਟ ਮਈ ਮਹੀਨੇ ਵਿਚ ਦਿਉ।
ਦਾਲ਼ਾਂ ਵਾਲੀਆਂ ਫ਼ਸਲਾਂ
ਛੋਲੇ: ਸੇਂਜੂ ਜ਼ਮੀਨ ਵਿਚ ਬਿਜਾਈ ਤੋਂ ਪਹਿਲਾਂ ਚੰਗੇ ਪਾਣੀ ਨਾਲ ਭਰਵੀਂ ਰੌਣੀ ਕਰਨੀ ਬਹੁਤ ਜ਼ਰੂਰੀ ਹੈ। ਛੋਲਿਆਂ ਨੂੰ ਲੂਣਾ ਖਾਰਾ ਪਾਣੀ ਕਦੇ ਵੀ ਨਹੀਂ ਲਾਉਣਾ ਚਾਹੀਦਾ ਕਿਉਂਕਿ ਇਹ ਲੂਣੇ ਪਾਣੀ ਜਾਂ ਖਾਰੇ ਪਾਣੀ ਨੂੰ ਸਹਾਰ ਨਹੀਂ ਸਕਦੇ। ਫ਼ਸਲ ਨੂੰ ਬਾਅਦ ਵਿਚ ਲੋੜ ਮੁਤਾਬਿਕ ਕੇਵਲ ਇਕ ਪਾਣੀ ਦੇਣ ਦੀ ਲੋੜ ਹੈ। ਇਹ ਪਾਣੀ ਬਿਜਾਈ ਦੇ ਸਮੇਂ ਅਤੇ ਬਾਰਿਸ਼ ਅਨੁਸਾਰ ਅੱਧ ਦਸੰਬਰ ਤੋਂ ਅੰਤ ਜਨਵਰੀ ਦਰਮਿਆਨ ਦੇਣਾ ਚਾਹੀਦਾ ਹੈ। ਇਹ ਪਾਣੀ ਕਿਸੇ ਵੀ ਹਾਲਤ ਵਿਚ ਬਿਜਾਈ ਤੋਂ 4 ਹਫਤੇ ਦੇ ਅੰਦਰ ਨਹੀਂ ਦੇਣਾ ਚਾਹੀਦਾ। ਜੇਕਰ ਬਾਰਿਸ਼ ਪਹਿਲਾਂ ਹੋ ਜਾਵੇ ਤਾਂ ਇਹ ਪਾਣੀ ਹੋਰ ਪਿਛੇਤਾ ਕਰ ਦਿਉ। ਬਹੁਤ ਪਾਣੀ ਦੇਣ ਨਾਲ ਬੂਟੇ ਦਾ ਫੁਲਾਟ ਬਹੁਤ ਵਧ ਜਾਂਦਾ ਹੈ ਅਤੇ ਫਲ ਘੱਟ ਲਗਦਾ ਹੈ। ਭਾਰੀਆਂ ਜ਼ਮੀਨਾਂ, ਖਾਸ ਕਰਕੇ ਝੋਨੇ ਪਿੱਛਂੋ ਬੀਜੇ ਛੋਲਿਆਂ ਨੂੰ ਪਾਣੀ ਬਿਲਕੁਲ ਨਹੀਂ ਲਾਉਣਾ ਚਾਹੀਦਾ। ਡੱਡੇ ਬਣਨ ਵੇਲੇ ਪਾਣੀ ਦੀ ਘਾਟ ਨੂੰ ਪੂਰਾ ਕਰਨ ਲਈ, ਝੋਨੇ ਪਿੱਛੋਂ ਵੱਟਾਂ ਉਤੇ ਬੀਜੇ ਛੋਲਿਆਂ ਨੂੰ ਪਾਣੀ ਲਾਇਆ ਜਾ ਸਕਦਾ ਹੈ।
ਮਸਰ: ਮਸਰਾਂ ਨੂੰ ਵਰਖਾ ਦੇ ਅਧਾਰ 'ਤੇ 1-2 ਪਾਣੀਆਂ ਦੀ ਲੋੜ ਹੁੰਦੀ ਹੈ। ਜੇ ਇਕ ਪਾਣੀ ਦੇਣਾ ਹੋਵੇ ਤਾਂ ਬਿਜਾਈ ਤੋਂ 6 ਹਫਤੇ ਬਾਅਦ ਦਿਉ। ਜੇਕਰ ਦੋ ਪਾਣੀ ਲਾਉਣੇ ਹੋਣ ਤਾਂ ਪਹਿਲਾ ਪਾਣੀ ਬਿਜਾਈ ਤੋਂ4 ਹਫਤੇ ਬਾਅਦ ਅਤੇ ਦੂਜਾ ਫੁੱਲ ਪੈਣ ਸਮੇਂ ਜਾਂ ਫਲੀਆਂ ਪੈਣ ਸਮੇਂ ਮੌਸਮ ਅਨੁਸਾਰ ਦੇਣਾ ਚਾਹੀਦਾ ਹੈ। ਇਸ ਦੀ ਟਿਊਬਵੈਲ ਦੇ ਮਾੜੇ ਪਾਣੀ ਨਾਲ ਸਿੰਚਾਈ ਨਹੀਂ ਕਰਨੀ ਚਾਹੀਦੀ।
ਤੇਲ ਬੀਜ ਫ਼ਸਲਾਂ
ਰਾਇਆ, ਸਰ੍ਹੋਂ ਅਤੇ ਤਾਰਾਮੀਰਾ: ਜੇ ਰਾਇਆ ਤੇ ਗੋਭੀ ਸਰ੍ਹਂੋ ਦੀ ਬਿਜਾਈ ਭਾਰੀ ਰੌਣੀ (10-12 ਸੈਂਟੀਮੀਟਰ) ਤੋਂ ਬਾਅਦ ਕੀਤੀ ਗਈ ਹੋਵੇ ਤਾਂ ਪਹਿਲੀ ਸਿੰਚਾਈ ਤਿੰਨ ਤੋਂ ਚਾਰ ਹਫ਼ਤੇ ਬਾਅਦ ਕਰਨੀ ਚਾਹੀਦੀ ਹੈ। ਰਾਇਆ ਦੀ ਫ਼ਸਲ ਨੂੰ ਜੇ ਜ਼ਰੂਰਤ ਹੋਵੇ ਤਾਂ ਦੂਸਰਾ ਪਾਣੀ ਫੁੱਲ ਪੈਣ 'ਤੇ ਦਿਉ। ਜੇ ਕੋਰਾ ਪੈਣ ਦਾ ਡਰ ਹੋਵੇ ਤਾਂ ਦੂਸਰਾ ਪਾਣੀ ਪਹਿਲਾਂ ਵੀ ਦਿੱਤਾ ਜਾ ਸਕਦਾ ਹੈ। ਗੋਭੀ ਸਰ੍ਹਂੋ ਦੀ ਫ਼ਸਲ ਨੂੰ ਦੂਸਰਾ ਪਾਣੀ ਦਸੰਬਰ ਅਖੀਰ ਜਾਂ ਜਨਵਰੀ ਦੇ ਸ਼ੁਰੂ ਵਿਚ ਦਿਉ। ਤੀਜੀ ਅਤੇ ਆਖਰੀ ਸਿੰਚਾਈ ਫਰਵਰੀ ਦੇ ਦੂਜੇ ਪੰਦਰਵਾੜੇ ਵਿਚ ਕੀਤੀ ਜਾ ਸਕਦੀ ਹੈ। ਇਸ ਤੋਂ ਬਾਅਦ ਪਾਣੀ ਨਹੀਂ ਦੇਣਾ ਚਾਹੀਦਾ ਨਹੀਂ ਤਾਂ ਫ਼ਸਲ ਦੇ ਡਿਗਣ ਦਾ ਡਰ ਰਹਿੰਦਾ ਹੈ।ਜੇਕਰ ਪਾਣੀ ਦੀ ਕਿੱਲਤ ਹੋਵੇ ਤਾਂ ਰਾਇਆ ਨੂੰ ਵੀ ਮਾੜਾ ਪਾਣੀ ਅਤੇ ਚੰਗਾ ਪਾਣੀ ਅਦਲ-ਬਦਲ ਕੇ ਲਾਇਆ ਜਾ ਸਕਦਾ ਹੈ।
ਸੂਰਜਮੁਖੀ: ਬਹਾਰ ਰੁੱਤ ਦੀ ਸੂਰਜਮੁਖੀ ਦੀ ਫ਼ਸਲ ਨੂੰ ਜ਼ਮੀਨ ਦੀ ਕਿਸਮ, ਮੀਂਹ ਅਤੇ ਮੌਸਮ ਦੇ ਮੁਤਾਬਿਕ 6-9 ਸਿੰਚਾਈਆਂ ਦੀ ਲੋੜ ਪੈਂਦੀ ਹੈ। ਪੱਧਰੀ ਬਿਜਾਈ ਲਈ ਪਹਿਲਾ ਪਾਣੀ ਬਿਜਾਈ ਤੋਂ ਇਕ ਮਹੀਨੇ ਬਾਅਦ ਅਤੇ ਅਗਲੀਆਂ ਸਿੰਚਾਈਆਂ 2 ਤੋਂ 3 ਹਫਤੇ ਦੇ ਅੰਤਰ ਤੇ ਕਰੋ। ਸਿੰਚਾਈਆਂ ਦਾ ਵਕਫਾ ਮਾਰਚ ਦੇ ਮਹੀਨੇ ਵਿਚ 2 ਹਫਤੇ ਅਤੇ ਅਪਰੈਲ-ਮਈ ਦੇ ਗਰਮ ਮਹੀਨਿਆਂ ਵਿਚ 8-10 ਦਿਨਾਂ ਦਾ ਰੱਖਣਾ ਚਾਹੀਦਾ ਹੈ। ਫ਼ਸਲ ਕੱਟਣ ਤੋਂ 12-14 ਦਿਨ ਪਹਿਲਾਂ ਪਾਣੀ ਦੇਣਾ ਬੰਦ ਕਰ ਦੇਣਾ ਚਾਹੀਦਾ ਹੈ। ਫ਼ਸਲ ਨੂੰ 50 ਪ੍ਰਤੀਸਤ ਫੁੱਲ ਪੈਣ ਸਮੇਂ, ਦਾਣਿਆਂ ਦੇ ਨਰਮ ਅਤੇ ਸਖਤ ਦੋਧੇ ਸਮੇਂ ਤੇ ਸਿੰਚਾਈ ਅਤਿ ਜ਼ਰੂਰੀ ਹੈ। ਤੁਪਕਾ ਸਿੰਚਾਈ ਵਿਧੀਵੱਧ ਝਾੜ, ਪਾਣੀ ਅਤੇ ਖਾਦਾਂ ਦੀ ਬੱਚਤ (20 ਪ੍ਰਤੀਸ਼ਤ) ਲਈ ਇਕ ਕਾਰਗਰ ਸਿੰਚਾਈ ਵਿਧੀ ਹੈ।
ਕਮਾਦ: ਬਸੰਤ ਰੁੱਤ ਦੇ ਕਮਾਦ ਨੂੰ ਅਪ੍ਰੈਲ ਤੋਂ ਜੂਨ ਤੱਕ 7-12 ਦਿਨਾਂ ਦੇ ਵਕਫੇ ਅੰਦਰ ਲੋੜ ਮੁਤਾਬਿਕ ਪਾਣੀ ਦਿੰਦੇ ਰਹੋ। ਬਾਰਿਸ਼ ਦੇ ਦਿਨਾਂ ਵਿਚ ਜੇਕਰ ਖੇਤ ਵਿਚ ਬਾਰਿਸ਼ਾਂ ਨਾਲ ਬਹੁਤਾ ਪਾਣੀ ਖੜ੍ਹਾ ਹੋ ਜਾਵੇ ਤਾਂ ਉਸ ਨੂੰ ਬਾਹਰ ਕੱਢ ਦਿਓ। ਸਰਦੀਆਂ ਵਿਚ (ਨਵੰਬਰ-ਜਨਵਰੀ) ਕਮਾਦ ਨੂੰ ਪਾਣੀ ਇਕ ਮਹੀਨੇ ਦੇ ਵਕਫੇ 'ਤੇ ਲਾਉਣਾ ਚਾਹੀਦਾ ਹੈ। ਫ਼ਸਲ ਨੂੰ ਕੋਰੇ ਤੋਂ ਬਚਾਉਣ ਲਈ ਇਕ ਪਾਣੀ ਦਸੰਬਰ ਦੇ ਅੱਧ ਵਿਚ ਅਤੇ ਇਕ ਹੋਰ ਪਾਣੀ ਜਨਵਰੀ ਦੇ ਪਹਿਲੇ ਹਫਤੇ ਲਾਓ।
ਉਪਰੋਕਤ ਨੁਕਤਿਆਂ ਦੇ ਨਾਲ-ਨਾਲ ਕਿਸਾਨ ਵੀਰਾਂ ਨੂੰ ਇਹ ਧਿਆਨ ਗੋਚਰੇ ਰੱਖਣਾ ਚਾਹੀਦਾ ਹੈ ਕਿ ਪਾਣੀ ਦੀ ਇਕਸਾਰ ਵਰਤੋਂ ਕਰਨ ਅਤੇ ਪਾਣੀ ਦੀ ਬੱਚਤ ਕਰਨ ਲਈ ਖੇਤ ਨੂੰ ਬਿਲਕੁਲ ਪੱਧਰਾ ਰੱਖਿਆ ਜਾਵੇ। ਕੁਦਰਤ ਦੀ ਇਸ ਅਨਮੋਲ ਦਾਤ ਨੂੰ ਸਾਂਭ ਕੇ ਰੱਖਣ ਅਤੇ ਸੰਭਾਲ ਕੇ ਵਰਤਣ ਦੀ ਸਾਡੀ ਸਾਰਿਆਂ ਦੀ ਨੈਤਿਕ ਅਤੇ ਸਮਾਜਿਕ ਜ਼ਿੰਮੇਵਾਰੀ ਬਣਦੀ ਹੈ।


-ਖੇਤਰੀ ਖੋਜ ਕੇਂਦਰ, ਬਠਿੰੰਡਾ
ਮੋਬਾਈਲ : 94177-53063.

ਇਸ ਮਹੀਨੇ ਦੇ ਖੇਤੀ ਰੁਝੇਵੇਂ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਗੁੱਲੀ ਡੰਡੇ ਅਤੇ ਜੰਗਲੀ ਜਵੀ ਦੀ ਰੋਕਥਾਮ ਲਈ ਆਈਸੋਪ੍ਰੋਟੂਰੌਨ ਨਦੀਨ ਨਾਸ਼ਕ ਦਾ ਛਿੜਕਾਅ ਪਹਿਲੇ ਪਾਣੀ ਤੋਂ 2-3 ਦਿਨ ਪਹਿਲਾਂ ਕਰੋ। ਭਾਰੀਆਂ ਜ਼ਮੀਨਾਂ ਲਈ ਆਈਸੋਪ੍ਰੋਟੂਰੌਨ 75 ਡਬਲਊ ਪੀ 500 ਗ੍ਰਾਮ ਅਤੇ ਦਰਮਿਆਨੀਆਂ ਜ਼ਮੀਨਾਂ ਲਈ ਆਈਸੋਪ੍ਰੋਟੂਰੌਨ 75 ਡਬਲਊ ਪੀ 400 ਗ੍ਰਾਮ ਪ੍ਰਤੀ ਏਕੜ ਵਰਤੋ। ਹਲਕੀਆਂ ਜ਼ਮੀਨਾਂ ਲਈ ਇਸ ਨਦੀਨ ਨਾਸ਼ਕ ਦੀ ਮਾਤਰਾ 300 ਗ੍ਰਾਮ ਪ੍ਰਤੀ ਏਕੜ ਵਰਤੋ। ਜਾਂ ਸਲਫੋਸਲਫੂਰਾਨ 13 ਗ੍ਰਾਮ ਪ੍ਰਤੀ ਏਕੜ ਦਾ ਪਹਿਲੇ ਪਾਣੀ ਤੋਂ 2-3 ਦਿਨ ਪਹਿਲਾ 150 ਲਿਟਰ ਪਾਣੀ ਵਰਤ ਕੇ ਛਿੜਕਾਅ ਕਰੋ।
ਗੁੱਲੀ ਡੰਡੇ ਅਤੇ ਚੌੜੇ ਪੱਤੇ ਵਾਲੇ ਨਦੀਨਾਂ ਦੀ ਰੋਕਥਾਮ ਲਈ 160 ਗ੍ਰਾਮ ਐਟਲਾਂਟਿਸ 3.6 ਡਬਲਯੂ ਡੀ ਜੀ ਜਾਂ 16 ਗ੍ਰਾਮ ਟੋਟਲ/ਮਾਰਕਪਾਵਰ 75 ਡਬਲਯੂ ਜੀ ਦੀ ਵਰਤੋਂ 150 ਲਿਟਰ ਪਾਣੀ ਨਾਲ 30-35 ਦਿਨਾਂ ਦੀ ਫ਼ਸਲ 'ਤੇ ਕਰੋ। ਕਣਕ-ਝੋਨੇ ਦੇ ਫ਼ਸਲੀ ਚੱਕਰ ਵਿਚ ਅੜੀਅਲ ਗੁੱਲੀ ਡੰਡੇ ਨੂੰ ਮਾਰਨ ਲਈ ਬਿਜਾਈ ਤੋਂ 2 ਦਿਨਾਂ ਅੰਦਰ ਸਟੌਂਪ/ ਦੌਸਤ/ ਪੈਂਡਾ/ ਮਾਰਕਪੈਂਡੀ/ ਪੈਂਡਿਨ/ ਬੰਕਰ/ ਜਾਕੀਜਾਮਾ 30 ਈ ਸੀ (ਪੈਂਡੀਮੈਥਾਲਿਨ) 1.5 ਲਿਟਰ ਪ੍ਰਤੀ ਏਕੜ 200 ਲਿਟਰ ਪਾਣੀ ਦੇ ਨਾਲ ਵਰਤੋ। ਇਸ ਦੇ ਨਾਲ-ਨਾਲ ਕਲੋਡੀਨਾਫੌਪ 15 ਡਬਲਯੂ ਪੀ ੍ਰ 160 ਗ੍ਰਾਮ ਜਾਂ ਫੌਨੌਕਸਾਪ੍ਰੌਪ ਈਥਾਇਲ 10 ਈ. ਸੀ 400 ਮਿ.ਲੀ ਜਾਂ ਲੀਡਰ/ਐਸ ਐਫ 10/ ਸਫਲ/ ਮਾਰਕਸਲਫੋ 75 ਡਬਲਯੂ ਜੀ (ਸਲਫੋਸਲਫੂਰਾਨ) 13 ਗ੍ਰਾਮ ਜਾਂ ਐਕਸੀਅਲ 5 ਈ. ਸੀ. (ਪਿਨੌਕਸਾਡਨ) 400 ਮਿ. ਲੀ. ਜਾਂ ਐਟਲਾਂਟਿਸ 3.6 ਡਬਲਯੂ ਡੀ ਜੀ (ਮੀਜ਼ੋਸਲਫੂਰਾਨ + ਆਈਓਡੋਸਲਫੂਰਾਨ) 160 ਗ੍ਰਾਮ ਜਾਂ ਟੋਟਲ/ਮਾਰਕਪਾਵਰ 75 ਡਬਲਯੂ ਜੀ (ਸਲਫੋਸਲਫੂਰਾਨ + ਮੈਟਸਲਫੂਰਾਨ) 16 ਗ੍ਰਾਮ ਜਾਂ ਅਕੌਡ ਪੱਲਸ (ਫੌਨੌਕਸਾਪ੍ਰੌਪ + ਮੈਟਰੀਬੂਜਿਨ) 500 ਮਿਲੀਲਿਟਰ ਜਾਂ 200 ਗ੍ਰਾਮ ਸ਼ਗਨ 21-11 ਪ੍ਰਤੀ ਏਕੜ ਵਰਤੋ। ਛਿੜਕਾਅ 150 ਲਿਟਰ ਪਾਣੀ ਦੀ ਵਰਤੋਂ ਨਾਲ 30-35 ਦਿਨਾਂ ਬਾਅਦ ਫਲੈਟ ਫੈਨ ਨੋਜ਼ਲ ਨਾਲ ਕਰੋ। ਕਣਕ ਦੀ ਪੀਬੀਡਬਲਯੂ 550 ਅਤੇ ਉੱਨਤ ਪੀਬੀਡਬਲਯੂ 550 ਕਿਸਮਾਂ ਉਪਰ ਅਕੌਡ ਪਲੱਸ/ਸ਼ਗਨ 21-11 ਦਾ ਛਿੜਕਾਅ ਨਾ ਕਰੋ। ਹਲਕੀਆਂ ਜ਼ਮੀਨਾਂ ਵਿਚ ਸ਼ਗਨ ਦੀ ਵਰਤੋਂ ਨਾ ਕਰੋ। ਜਿੱਥੇ ਸਲਸਲਫੂਰਾਨ ਦੀ ਵਰਤੋਂ ਕੀਤੀ ਹੋਵੇ ਉੱਥੇ ਸਾਉਣੀ ਸਮੇਂ ਚਰ੍ਹੀ ਅਤੇ ਮੱਕੀ ਨਾ ਬੀਜੋ।
ਜੰਗਲੀ ਜਵੀ ਦੇ ਉੱਗਣ ਤੋਂ ਬਾਅਦ ਇਸ ਦੀ ਰੋਕਥਾਮ ਲਈ ਆਈਸੋਪ੍ਰੋਟਯੂਰਾਨ 75 ਘੁਲਣਸ਼ੀਲ 300 ਗ੍ਰਾਮ ਪ੍ਰਤੀ ਏਕੜ ਪਹਿਲੇ ਪਾਣੀ ਤੋਂ 2-3 ਦਿਨ ਪਹਿਲਾਂ ਛਿੜਕਾਅ ਕਰੋ। ਉੱਪਰ ਦੱਸੇ ਗੁੱਲੀ ਡੰਡਾ ਮਾਰਣ ਵਾਲੇ ਨਦੀਨ ਨਾਸ਼ਕ ਵੀ ਜੰਗਲੀ ਜਵੀ ਦਾ ਖਾਤਮਾ ਕਰਦੇ ਹਨ।
ਕਣਕ ਨੂੰ ਪਹਿਲਾ ਪਾਣੀ ਬਿਜਾਈ ਦੇ ਚਾਰ ਹਫ਼ਤੇ ਬਾਅਦ ਦਿਉ। ਹਲਕੀਆਂ ਜ਼ਮੀਨਾਂ ਵਿਚ ਇਹ ਪਾਣੀ ਇਕ ਹਫ਼ਤਾ ਪਹਿਲਾਂ ਦੇਣਾ ਚਾਹੀਦਾ ਹੈ। ਕਣਕ ਨੂੰ ਪਹਿਲੇ ਪਾਣੀ ਨਾਲ 55 ਕਿਲੋ ਯੂਰੀਆ ਪ੍ਰਤੀ ਏਕੜ ਪਾ ਦਿਉ। ਹਲਕੀਆਂ ਅਤੇ ਕੱਲਰ ਵਾਲੀਆਂ ਜ਼ਮੀਨਾਂ ਵਿਚ ਪਹਿਲੇ ਪਾਣੀ ਤੋਂ ਬਾਅਦ ਜ਼ਿੰਕ ਦੀ ਘਾਟ ਆ ਸਕਦੀ ਹੈ। ਜ਼ਿੰਕ ਦੀ ਘਾਟ ਬੂਟੇ ਦੇ ਉੱਪਰਲੇ ਹਿੱਸੇ 'ਤੇ ਤੀਸਰੇ ਜਾਂ ਚੌਥੇ ਪੱਤੇ 'ਤੇ ਆਉਂਦੀ ਹੈ। ਇਹ ਪੱਤੇ ਲੱਕ ਵਿਚਕਾਰੋਂ ਪੀਲੇ ਪੈ ਜਾਂਦੇ ਹਨ ਤੇ ਬਾਅਦ ਵਿਚ ਪੱਤੇ ਸੁੱਕ ਕੇ ਟੁੱਟ ਜਾਂਦੇ ਹਨ। ਜੇਕਰ ਇਹੋ ਜਿਹੀਆਂ ਨਿਸ਼ਾਨੀਆਂ ਖੇਤ ਵਿਚ ਨਜ਼ਰ ਆਉਣ ਤਾਂ 25 ਕਿਲੋ ਜ਼ਿੰਕ ਸਲਫੇਟ (21%) ਪ੍ਰਤੀ ਏਕੜ ਨੂੰ ਏਨੀ ਹੀ ਮਿਕਦਾਰ ਵਿਚ ਮਿੱਟੀ ਲੈ ਕੇ ਮਿਲਾ ਲਉ ਅਤੇ ਛੱਟਾ ਦੇ ਦਿਉ। ਹਲਕੀਆਂ ਜ਼ਮੀਨਾਂ ਵਿਚ ਝੋਨੇ ਤੋਂ ਬਾਅਦ ਬੀਜੀ ਕਣਕ ਉੱਪਰ ਮੈਂਗਨੀਜ਼ ਦੀ ਘਾਟ ਆ ਸਕਦੀ ਹੈ। ਜੇਕਰ ਪੱਤੇ ਦਾ ਵਿਚਕਾਰਲਾ ਹਿੱਸਾ ਪੀਲਾ ਨਜ਼ਰ ਆਵੇ ਅਤੇ ਪੱਤੇ ਉੱਪਰ ਹਲਕੇ ਪੀਲੇ ਤੋਂ ਸਲੇਟੀ ਗੁਲਾਬੀ ਭੂਰੇ ਰੰਗ ਦੇ ਛੋਟੇ-ਛੋਟੇ ਧੱਬੇ ਪੈ ਜਾਣ ਜੋ ਬਾਅਦ ਵਿਚ ਸਲੇਟੀ ਗੁਲਾਬੀ ਧਾਰੀਆਂ ਵਿਚ ਬਦਲ ਜਾਂਦੇ ਹਨ ਤਾਂ ਇਹ ਮੈਂਗਨੀਜ਼ ਦੀ ਘਾਟ ਦੀਆਂ ਨਿਸ਼ਾਨੀਆਂ ਹਨ।
(ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)


-ਪੇਸ਼ਕਸ਼ :ਅਮਰਜੀਤ ਸਿੰਘ

ਵਿਰਸੇ ਦੀਆਂ ਬਾਤਾਂ

ਖੰਡਰ ਹੁੰਦੀਆਂ ਇਮਾਰਤਾਂ ਦੀ ਅਣਸੁਣੀ ਕਹਾਣੀ

ਤੁਹਾਡੇ ਨੇੜੇ-ਤੇੜੇ ਕਿੰਨੀਆਂ ਇਮਾਰਤਾਂ ਹੋਣਗੀਆਂ, ਜਿਨ੍ਹਾਂ ਦੇ ਮੱਥੇ 'ਤੇ ਤਰੀਕਾਂ ਲਿਖੀਆਂ ਹੋਣੀਆਂ। ਕੋਈ ਸੌ ਵਰ੍ਹੇ ਪੁਰਾਣੀ, ਕੋਈ ਘੱਟ-ਵੱਧ। ਉਨ੍ਹਾਂ ਇਮਾਰਤਾਂ ਨੂੰ ਧਿਆਨ ਨਾਲ ਦੇਖੋ, ਕਈ ਕੁਝ ਬੋਲਣਗੀਆਂ। ਉਨ੍ਹਾਂ ਨੂੰ ਹੱਥ ਲਾਓਗੇ ਤਾਂ ਇੰਜ ਲੱਗੇਗਾ, ਜਿਵੇਂ ਕਿਸੇ ਦੇ ਪਿੰਡੇ 'ਤੇ ਫੇਰਦੇ ਹੋਵੇ। ਕੰਧਾਂ ਕਹਿਣਗੀਆਂ, 'ਤੁਸੀਂ ਜਿਵੇਂ ਬਣਾਇਆ ਅਸੀਂ ਬਣ ਗਈਆਂ, ਖੜ੍ਹ ਗਈਆਂ, ਹੁਣ ਮਰਨ-ਡਿੱਗਣ ਵਾਲੀਆਂ ਹਾਂ, ਸਾਡਾ ਚੰਮ ਲਹਿ ਰਿਹਾ, ਸਾਡਾ ਇਲਾਜ ਕਿਉਂ ਨਹੀਂ ਕਰਾਉਂਦੇ।'
ਪੰਜਾਬ ਦੇ ਹਰ ਜ਼ਿਲ੍ਹੇ ਵਿਚ ਇਹੋ ਜਿਹੀਆਂ ਇਮਾਰਤਾਂ ਹਨ। ਕਈ ਰਿਆਸਤੀ ਤੇ ਕਈ ਨਿੱਜੀ। ਕਈ ਨਾਨਕਸ਼ਾਹੀ ਇੱਟਾਂ ਵਾਲੀਆਂ ਤੇ ਕਈ ਹੋਰ ਵੰਨ-ਸੁਵੰਨੇ ਪੱਥਰਾਂ ਵਾਲੀਆਂ। ਉਨ੍ਹਾਂ ਦਾ ਆਪਣਾ ਅਮੀਰ ਅਤੀਤ ਹੈ। ਕਿਸੇ ਵੇਲੇ ਉਹ ਅਮੀਰਾਂ ਦੀ ਅਰਾਮਗਾਹ ਹੁੰਦੀਆਂ ਸਨ। ਉਨ੍ਹਾਂ ਇਮਾਰਤਾਂ ਨੂੰ ਬਣਾਉਣ ਵਾਲੇ ਹੱਥਾਂ ਨੂੰ ਚੁੰਮਿਆ ਜਾਂਦਾ ਸੀ। ਉਨ੍ਹਾਂ ਨੂੰ ਦੇਖਣ ਦੂਰੋਂ-ਦੂਰੋਂ ਲੋਕ ਆਉਂਦੇ ਸਨ। ਪਰ ਪੀੜ੍ਹੀਆਂ ਬਦਲਦੀਆਂ ਗਈਆਂ ਤਾਂ ਇਮਾਰਤਾਂ ਵੱਲ ਧਿਆਨ ਜਾਣਾ ਘਟਦਾ ਗਿਆ।
ਇਕ ਦਿਨ ਮੈਨੂੰ ਮੇਰਾ ਸਾਥੀ ਖੂਹ 'ਤੇ ਲੈ ਗਿਆ। ਇਮਾਰਤ ਖੰਡਰ ਬਣਦੀ ਜਾ ਰਹੀ ਸੀ। ਮੈਂ ਕਿਹਾ, 'ਸਰਦਾ ਪੁੱਜਦਾ ਐਂ, ਦਾਦੇ-ਪੜਦਾਦੇ ਦੀ ਇਸ ਯਾਦ ਦੀ ਭੋਰਾ ਮੁਰੰਮਤ ਕਰਾ ਲੈ, ਨਿਆਣੇ ਦੇਖਿਆ ਕਰਨਗੇ।'
ਉਹਨੇ ਘੇਸਲ ਮਾਰੀ, 'ਛੱਡ ਪਰ੍ਹਾਂ, ਅੱਜ ਦੇ ਨਿਆਣੇ ਇਨ੍ਹਾਂ ਚੀਜ਼ਾਂ ਵਿਚ ਕਿੱਥੇ ਰੁਚੀ ਰੱਖਦੇ ਆ।'
ਕਈ ਸ਼ਹਿਰਾਂ ਵਿਚ ਰਿਆਸਤੀ ਕਿਲ੍ਹੇ, ਮਹਿਲ ਤੇ ਹੋਰ ਇਮਾਰਤਾਂ ਹਨ। ਉਨ੍ਹਾਂ ਦੀਆਂ ਕੰਧਾਂ 'ਤੇ ਪਏ ਨਮੂਨੇ ਵੇਖ ਮਨ ਪ੍ਰਸੰਨ ਹੋ ਜਾਂਦਾ। ਉਨ੍ਹਾਂ ਦੀਆਂ ਛੱਤਾਂ, ਮਜ਼ਬੂਤ ਕੰਧਾਂ, ਦਰਵਾਜ਼ੇ, ਬੜਾ ਕੁਝ ਸਮਝਾ ਜਾਂਦੇ ਹਨ। ਪਰ ਉਨ੍ਹਾਂ ਦੀ ਸੰਭਾਲ ਵਾਲਾ ਕੋਈ ਨਹੀਂ।
ਜੇ ਉਨ੍ਹਾਂ ਦੀ ਥੋੜ੍ਹੀ ਬਹੁਤ ਮੁਰੰਮਤ, ਰੰਗ ਰੋਗਨ ਹੋ ਜਾਵੇ ਤਾਂ ਮੁੜ ਦੇਖਣਯੋਗ ਬਣ ਜਾਣ। ਜੇ ਉਨ੍ਹਾਂ ਦੀ ਯਾਦ ਤੇ ਇਤਿਹਾਸ ਬਾਰੇ ਕਿਤਾਬਚੇ ਛਾਪ ਕੇ ਦੇਖਣ ਵਾਲਿਆਂ ਨੂੰ ਦਿੱਤੇ ਜਾਣ ਤਾਂ ਗੱਲ ਕਿੰਨੀ ਦੂਰ ਤੱਕ ਜਾਵੇਗੀ। ਪਰ ਇੰਜ ਨਹੀਂ ਹੋਵੇਗਾ, ਕਿਉਂਕਿ ਇਹਦੇ ਵਿਚ ਸਾਡਾ ਕੋਈ ਫ਼ਾਇਦਾ ਨਹੀਂ ਤੇ ਮਨੁੱਖ ਹੋਣ ਦਾ ਅਰਥ ਹੀ ਇਹ ਰਹਿ ਗਿਆ ਕਿ ਕੰਮ ਉਹ ਕਰਨਾ, ਜੀਹਦੇ ਵਿਚੋਂ ਨਫ਼ਾ ਦਿਸਦਾ ਹੋਵੇ।


-37, ਪ੍ਰੀਤ ਇਨਕਲੇਵ, ਲੱਧੇਵਾਲੀ, ਜਲੰਧਰ।
ਮੋਬਾਈਲ : 98141-78883

ਇਸ ਮਹੀਨੇ ਦੇ ਬਾਗ਼ਬਾਨੀ ਰੁਝੇਵੇਂ

ਸਰਦੀਆਂ ਦੇ ਮੌਸਮ ਵਿਚ ਫਲਦਾਰ ਬੁੂਟਿਆਂ ਵੱਲ ਖਾਸ ਧਿਆਨ ਦੇਣ ਦੀ ਲੋੜ ਹੁੰਦੀ ਹੈ। ਸਦਾਬਹਾਰ ਫਲਦਾਰ ਨਵੇਂ ਲਗਾਏ ਬੂਟਿਆਂ ਦੀ ਦੇਖਭਾਲ ਵੱਲ ਉਚੇਚਾ ਧਿਆਨ ਦਿੱਤਾ ਜਾਵੇ। ਮੁਢਲੀ ਹਾਲਤ ਵਿਚ ਬਿਨਾਂ ਚੰਗੀ ਤਰ੍ਹਾਂ ਦੇਖ-ਭਾਲ ਦੇ ਬੂਟੇ ਵਧਦੇ-ਫੁਲਦੇ ਨਹੀਂ ਅਤੇ ਕਈ ਵਾਰ ਤਾਂ ਅਣਗਹਿਲੀ ਕਾਰਨ ਬੂਟੇ ਮਰ ਵੀ ਜਾਂਦੇ ਹਨ। ਪਿਉਂਦ ਤੋਂ ਹੇਠਾਂ ਦੀਆਂ ਫੁੱਟ ਰਹੀਆਂ ਟਾਹਣੀਆਂ ਨੂੰ ਕਟਦੇ ਰਹੋ। ਅਣਚਾਹਿਆ ਫੁਟਾਰਾ ਹਰ 10-15 ਦਿਨਾਂ ਪਿਛੋਂ ਬਹੁਤ ਹੀ ਧਿਆਨ ਨਾਲ ਕੱਟ ਦੇਣਾ ਚਾਹੀਦਾ ਹੈ। ਸਦਾਬਹਾਰ ਫਲਦਾਰ ਛੋਟੇ ਬੂਟਿਆਂ ਉਪਰ ਸਰਕੰਡੇ, ਪਰਾਲੀ ਜਾਂ ਮੱਕੀ ਦੇ ਟਾਂਡਿਆਂ ਨਾਲ ਛਤਰੀਆਂ ਬਣਾ ਕੇ ਆਉਣ ਵਾਲੇ ਸਰਦੀ ਦੇ ਮੌਸਮ ਦੇ ਭੈੜੇ ਅਸਰ ਤੋਂ ਬਚਾਉ ਕਰ ਸਕਦੇ ਹਾਂ। ਨਿੰਬੂ ਜਾਤੀ ਦੇ ਬੂਟੇ ਜ਼ਿਆਦਾ ਠੰਢ ਨਹੀਂ ਸਹਾਰ ਸਕਦੇ, ਜੇਕਰ 0 ਡਿਗਰੀ ਸੈਂਟੀਗਰੇਡ ਤੋਂ ਘੱਟ ਤਾਪਮਾਨ ਲੰਮੇ ਸਮੇਂ ਲਈ ਰਹਿ ਜਾਵੇ ਤਾਂ ਨਿੰਬੂ ਜਾਤੀ ਦੇ ਬੂਟਿਆਂ ਲਈ ਹਾਨੀਕਾਰਕ ਹੁੰਦਾ ਹੈ। ਛੋਟੇ ਬੂਟਿਆਂ ਨੂੰ ਛੇਤੀ-ਛੇਤੀ ਅਤੇ ਹਲਕਾ ਪਾਣੀ ਦਿੰਦੇ ਰਹਿਣਾ ਚਾਹੀਦਾ ਹੈ। ਭਰਵੀਂ ਸਿੰਚਾਈ ਨਹੀਂ ਕਰਨੀ ਚਾਹੀਦੀ। ਬੂਟਿਆਂ ਨੂੰ ਪਾਣੀ 'ਸੁਧਰੇ ਦੌਰ ਢੰਗ' ਨਾਲ ਦੇਣਾ ਚਾਹੀਦਾ ਹੈ। ਤੁਪਕਾ ਸਿੰਚਾਈ ਤਰੀਕੇ ਨਾਲ ਪਾਣੀ ਦਾ ਉਚਿਤ ਪ੍ਰਯੋਗ ਕਰਕੇ ਉਤਪਾਦਨ ਵਿਚ ਵੀ ਵਾਧਾ ਕੀਤਾ ਜਾ ਸਕਦਾ ਹੈ। ਨਵੇਂ ਲਗਾਏ ਬੂਟਿਆਂ ਨੂੰ ਸਿੱਧਾ ਰੱਖਣ ਲਈ ਸੋਟੀ ਦਾ ਸਹਾਰਾ ਦਿਉ। 'ਸੁਧਰਿਆ ਲੀਡਰ ਢੰਗ' ਬਹੁਤ ਸਾਰੇ ਫਲਦਾਰ ਬੂਟਿਆਂ ਲਈ ਢੁੱਕਵਾਂ ਹੈ। ਨਿੰਬੂ ਜਾਤੀ ਦੇ ਫਲਾਂ ਦੀ ਕਾਂਟ-ਛਾਂਟ ਫਲ ਤੋੜਨ ਤੋਂ ਬਾਅਦ ਸਰਦੀ ਦੇ ਅੰਤ ਜਾਂ ਬਹਾਰ ਦੇ ਸ਼ੁਰੂ ਵਿਚ ਹੀ ਕਰਨੀ ਚਾਹੀਦੀ ਹੈ।
ਬੇਰ ਦੇ ਬੂਟਿਆਂ ਦੀ ਪੱਤਾ ਸੈਂਪਲਿੰਗ ਲਈ ਦਸੰਬਰ ਤੋਂ ਜਨਵਰੀ ਢੁਕਵਾਂ ਸਮਾਂ ਹੈ। ਇਸ ਲਈ ਟਾਹਣੀ ਦੇ ਅੱਧ ਵਿਚਕਾਰੋਂ 5-7 ਮਹੀਨੇ ਪੁਰਾਣੇ 70 ਪੱਤੇ ਇਕੱਠੇ ਕਰਨੇ ਚਾਹੀਦੇ ਹਨ ਅਤੇ ਲੋੜ ਮੁਤਾਬਿਕ ਹੀ ਖੁਰਾਕੀ ਤੱਤ ਵਰਤਣੇ ਚਾਹੀਦੇ ਹਨ। ਲੀਚੀ, ਨਾਖ, ਆੜੂ, ਅਲੂਚਾ, ਚੀਕੂ, ਨਿੰਬੂ-ਜਾਤੀ, ਅਤੇ ਕਿੰਨੂ ਨੂੰ ਗੋਹੇ ਦੀ ਗਲੀ ਸੜੀ ਰੂੜੀ ਦਸੰਬਰ 'ਚ ਪਾਈ ਜਾਂਦੀ ਹੈ। ਨਾਸ਼ਪਾਤੀ ਨੂੰ ਸਾਰੀ ਰੂੜੀ, ਸੁਪਰਫਾਸਫੇਟ ਅਤੇ ਮਿਊਰੇਟ ਆਫ ਪੋਟਾਸ਼ ਦਸੰਬਰ ਮਹੀਨੇ ਪਾਉ।
ਪਤਝੜ ਦੇ ਫਲਦਾਰ ਬੂਟੇ ਲਗਾਉਣ ਦਾ ਢੁੱਕਵਾਂ ਸਮਾਂ ਇਨ੍ਹਾਂ ਦਾ ਸੁਸਤ ਪੜਾਅ ਹੈ ਜੋ ਕਿ ਦਸੰਬਰ ਤੋਂ ਜਨਵਰੀ ਵਿਚ ਹੁੰਦਾ ਹੈ, ਨਵੀਂ ਬੜੋਤਰੀ ਸ਼ੁਰੂ ਹੋਣ ਤੋਂ ਪਹਿਲਾਂ। ਨਵੇਂ ਲਗਾਏ ਬੂਟਿਆਂ ਵਿਚ ਖਾਲੀ ਥਾਂ 'ਤੇ ਹਾੜ੍ਹੀ ਦੀਆਂ ਫਸਲਾਂ ਵਿਚੋਂ ਕਣਕ, ਮਟਰ ਅਤੇ ਛੋਲੇ ਆਦਿ ਦੀ ਬਿਜਾਈ ਕੀਤੀ ਜਾ ਸਕਦੀ ਹੈ ਪਰ ਫਲਦਾਰ ਬੂਟਿਆਂ ਦਾ ਪਾਣੀ ਦਾ ਪ੍ਰਬੰਧ ਵੱਖਰਾ ਹੀ ਹੋਣਾ ਚਾਹੀਦਾ ਹੈ।
ਇਨ੍ਹਾਂ ਮਹੀਨਿਆਂ ਵਿਚ ਨਦੀਨਾਂ ਦੀ ਰੋਕਥਾਮ ਲਈ ਢੁਕਵਾਂ ਸਮਾਂ ਹੈ। ਬੂਟਿਆਂ ਦੇ ਦੌਰ ਕਹੀ ਨਾਲ ਨਹੀਂ ਪੁੱਟਣੇ ਚਾਹੀਦੇ ਸਗੋਂ ਉਨ੍ਹਾਂ ਵਿਚੋਂ ਖੁਰਪੇ ਆਦਿ ਨਾਲ ਨਦੀਨਾਂ ਦਾ ਨਾਸ਼ ਕਰਨਾ ਚਾਹੀਦਾ ਹੈ। ਬਾਗ਼ਾਂ ਵਿਚ ਆਡਾਂ, ਸੜਕਾਂ ਅਤੇ ਰਸਤਿਆਂ ਦੇ ਆਸੇ-ਪਾਸੇ ਵਾਲੇ ਨਦੀਨ ਨਸ਼ਟ ਕਰਨੇ ਜ਼ਰੂਰੀ ਹਨ, ਤਾਂ ਜੋ ਇਹ ਬਾਗ਼ ਦੀ ਜ਼ਮੀਨ ਵਿਚ ਆਪਣੇ ਬੀਜ ਨਾ ਸੁੱਟ ਸਕਣ। ਬਰੂ, ਕਾਹੀ ਅਤੇ ਮੋਥੇ ਵਰਗੇ ਸਖ਼ਤ ਨਦੀਨਾਂ ਨੂੰ ਨਸ਼ਟ ਕਰਨਾ ਬਹੂਤ ਜ਼ਰੂਰੀ ਹੈ। ਪੱਕੇ ਹੋਏ ਫਲਾਂ ਨੂੰ ਸਰਦੀਆਂ ਵਿਚ ਖਾਸ ਕਰਕੇ ਅਮਰੂਦ ਨੂੰ 48-72 ਘੰਟੇ ਲਈ ਕਮਰੇ ਦੇ ਤਾਪਮਾਨ 'ਤੇ ਵੀ ਰੱਖਿਆ ਜਾ ਸਕਦਾ ਹੈ।


-ਸੁਰਜੀਤ ਸਿੰਘ ਐਮ.ਐਸ.ਸੀ. ਹਾਰਟੀਕਲਚਰ
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ, ਪੰਜਾਬ।

ਬਰਸੀਮ ਦਾ ਵੱਧ ਝਾੜ ਕਿਵੇਂ ਲਈਏ

ਬਰਸੀਮ ਹਾੜ੍ਹੀ ਦੀ ਇਕ ਮੁੱਖ ਚਾਰੇ ਦੀ ਫ਼ਸਲ ਹੈ | ਪੰਜਾਬ ਵਿਚ ਡੇਅਰੀ ਫਾਰਮਿੰਗ ਦਾ ਧੰਦਾ ਸਾਲ ਵਿਚ ਜ਼ਿਆਦਾ ਸਮਾਂ ਭਾਵ ਅਕਤੂਬਰ ਤੋਂ ਮਈ ਤੱਕ ਇਸੇ ਫ਼ਸਲ 'ਤੇ ਹੀ ਨਿਰਭਰ ਕਰਦਾ ਹੈ, ਕਿਉਂਕਿ ਬਰਸੀਮ ਦੀ ਫ਼ਸਲ ਦੀਆਂ ਕਈ ਕਟਾਈਆਂ ਕੀਤੀਆਂ ਜਾ ਸਕਦੀਆਂ ਹਨ |
ਨਦੀਨਾਂ ਦੀ ਰੋਕਥਾਮ:- ਬਰਸੀਮ ਦੀ ਫ਼ਸਲ ਵਿਚ ਕਈ ਤਰ੍ਹਾਂ ਦੇ ਨਦੀਨ ਉੱਗ ਆਉਂਦੇ ਹਨ, ਜਿਨ੍ਹਾਂ ਵਿਚੋਂ ਇਟਸਿਟ ਨਾਂਅ ਦਾ ਨਦੀਨ ਬਹੁਤ ਸਮੱਸਿਆ ਪੈਦਾ ਕਰਦਾ ਹੈ | ਇਹ ਨਦੀਨ ਬਰਸੀਮ ਦੇ ਵਾਧੇ 'ਤੇ ਬਹੁਤ ਅਸਰ ਪਾਉਂਦਾ ਹੈ | ਇਸ ਤੋਂ ਇਲਾਵਾ ਕਾਸ਼ਨੀ, ਸ਼ਫਤਲ ਆਦਿ ਨਦੀਨ ਵੀ ਕਈ ਵਾਰੀ ਫ਼ਸਲ ਦਾ ਨੁਕਸਾਨ ਕਰਦੇ ਹਨ | ਫ਼ਸਲ ਦਾ ਚੰਗਾ ਝਾੜ ਲੈਣ ਲਈ ਇਨ੍ਹਾਂ ਨਦੀਨਾਂ ਦੀ ਰੋਕਥਾਮ ਕਰਨੀ ਬਹੁਤ ਜ਼ਰੂਰੀ ਹੈ | ਜਿਹੜੇ ਖੇਤਾਂ ਵਿਚ ਪਿਛਲੇ ਸਾਲ ਦੌਰਾਨ ਇਟਸਿਟ ਦੀ ਸਮੱਸਿਆ ਜ਼ਿਆਦਾ ਆਈ ਹੋਵੇ ਤਾਂ ਅਜਿਹੇ ਖੇਤਾਂ ਵਿਚ ਬਰਸੀਮ ਦੀ ਬਿਜਾਈ ਨਹੀਂ ਕਰਨੀ ਚਾਹੀਦੀ ਜਾਂ ਬਿਜਾਈ ਅਗੇਤੀ ਨਹੀਂ ਕਰਨੀ ਚਾਹੀਦੀ, ਸਗੋਂ ਅਕਤੂਬਰ ਦੇ ਦੂਜੇ ਹਫ਼ਤੇ ਵਿਚ ਕਰਨੀ ਚਾਹੀਦੀ ਹੈ | ਇਸ ਤਰ੍ਹਾਂ ਅਕਤੂਬਰ ਵਿਚ ਤਾਪਮਾਨ ਘਟਣ ਕਰਕੇ ਬਰਸੀਮ ਵਿਚ ਇਟਸਿਟ ਨਦੀਨ ਘੱਟ ਉੱਗਦਾ ਹੈ | ਇਸ ਦੇ ਨਾਲ ਹੀ ਬਰਸੀਮ ਵਿਚ ਰਾਇਆ ਰਲਾ ਕੇ ਬੀਜਣਾ ਚਾਹੀਦਾ ਹੈ | ਅਜਿਹਾ ਕਰਨ ਨਾਲ ਇਕ ਤਾਂ ਗੁਣਕਾਰੀ ਮਿਸ਼ਰਣ ਚਾਰਾ ਬਣ ਜਾਂਦਾ ਹੈ ਅਤੇ ਦੂਜਾ ਰਇਆ ਦਾ ਵਾਧਾ ਛੇਤੀ ਹੋਣ ਕਰਕੇ ਇਹ ਨਦੀਨਾਂ ਨੂੰ ਦੱਬ ਲੈਂਦਾ ਹੈ | ਇਹ ਵੀ ਖਿਆਲ ਰੱਖਣਾ ਚਾਹੀਦਾ ਹੈ ਕਿ ਬਿਜਾਈ ਕਰਨ ਲੱਗਿਆਂ ਬਰਸੀਮ ਦੇ ਬੀਜ ਵਿਚ ਜੇਕਰ ਕਾਸ਼ਨੀ ਨਾਂਅ ਦੇ ਨਦੀਨ ਦਾ ਬੀਜ ਰਲਿਆ ਹੋਵੇ ਤਾਂ ਬੀਜ ਨੂੰ ਪਾਣੀ ਵਿਚ ਡੋਬ ਦਿਓ, ਜਿਸ ਨਾਲ ਕਾਸ਼ਨੀ ਦਾ ਬੀਜ ਪਾਣੀ ਦੇ ਉੱਪਰ ਤਰ ਆਵੇਗਾ ਅਤੇ ਉਸ ਨੂੰ ਵੱਖ ਕਰ ਦੇਣਾ ਚਾਹੀਦਾ ਹੈ |
ਸਿੰਚਾਈ:- ਬੀਜ ਦੇ ਚੰਗੇ ਜੰਮ ਅਤੇ ਫ਼ਸਲ ਦੇ ਚੰਗੇ ਵਾਧੇ ਲਈ ਪਹਿਲਾ ਪਾਣੀ ਬਹੁਤ ਜ਼ਰੂਰੀ ਹੁੰਦਾ ਹੈ | ਜੇਕਰ ਜ਼ਮੀਨ ਹਲਕੀ ਹੋਵੇ ਤਾਂ ਬਿਜਾਈ ਤੋਂ 3-5 ਦਿਨਾਂ ਬਾਅਦ ਬਰਸੀਮ ਨੂੰ ਪਹਿਲਾ ਪਾਣੀ ਲਾ ਦੇਣਾ ਚਾਹੀਦਾ ਹੈ ਪਰ ਭਾਰੀਆਂ ਜ਼ਮੀਨਾਂ ਵਿਚ ਪਹਿਲਾ ਪਾਣੀ ਬਿਜਾਈ ਤੋਂ 6-8 ਦਿਨਾਂ ਬਾਅਦ ਜ਼ਰੂਰ ਲਾਉਣਾ ਚਾਹੀਦਾ ਹੈ | ਇਸ ਤੋਂ ਬਾਅਦ ਮੌਸਮ ਨੂੰ ਖਿਆਲ ਵਿਚ ਰੱਖਦੇ ਹੋਏ ਸਰਦੀਆਂ ਵਿਚ ਪਾਣੀ 10-15 ਦਿਨਾਂ ਦੇ ਅੰਤਰਾਲ 'ਤੇ ਲਾਉਣਾ ਚਾਹੀਦਾ ਹੈ, ਜਦੋਂ ਕਿ ਗਰਮੀਆਂ ਵਿਚ ਇਹ ਅੰਤਰਾਲ 8-10 ਦਿਨਾਂ ਦਾ ਰੱਖਣਾ ਚਾਹੀਦਾ ਹੈ |
ਲਘੂ-ਤੱਤਾਂ ਦੀ ਘਾਟ:- ਬਰਸੀਮ ਦੀ ਫ਼ਸਲ ਵਿਚ ਆਮ ਤੌਰ 'ਤੇ ਮੈਂਗਨੀਜ਼ ਤੱਤ ਦੀ ਘਾਟ ਆਉਂਦੀ ਹੈ | ਖਾਸ ਕਰਕੇ ਹਲਕੀਆਂ ਰੇਤਲੀਆਂ ਜ਼ਮੀਨਾਂ ਵਿਚ ਜਿੱਥੇ ਝੋਨੇ ਦੀ ਫ਼ਸਲ ਪਿਛੋਂ ਬਰਸੀਮ ਬੀਜਿਆ ਗਿਆ ਹੋਵੇ ਤਾਂ ਅਜਿਹੇ ਖੇਤਾਂ ਵਿਚ ਮੈਂਗਨੀਜ਼ ਦੀ ਘਾਟ ਆ ਸਕਦੀ ਹੈ | ਇਸ ਤੱਤ ਦੀ ਘਾਟ ਦੀਆਂ ਨਿਸ਼ਾਨੀਆਂ ਬੂਟੇ ਦੇ ਵਿਚਕਾਰਲੇ ਤਣੇ ਦੇ ਪੱਤਿਆਂ 'ਤੇ ਆਉਂਦੀਆਂ ਹਨ | ਪਹਿਲਾਂ ਪੱਤਿਆਂ ਦਾ ਰੰਗ ਵਿਚਕਾਰੋਂ ਸਲੇਟੀ ਤੋਂ ਪੀਲਾ ਹੋ ਜਾਂਦਾ ਹੈ ਅਤੇ ਪੱਤੇ ਸੁੱਕ ਜਾਂਦੇ ਹਨ | ਪਰ ਅਜਿਹੇ ਪੱਤਿਆਂ ਦਾ ਆਲੇ-ਦੁਆਲੇ ਦਾ ਹਿੱਸਾ, ਨੋਕ ਅਤੇ ਇਕ ਤਿਹਾਈ ਮੁੱਢ ਵਾਲਾ ਹਿੱਸਾ ਹਰਾ ਰਹਿੰਦਾ ਹੈ | ਬਾਅਦ ਵਿਚ ਪੱਤੇ ਦਾ ਰੰਗ ਗੁਲਾਬੀ ਤੋਂ ਭੂਰਾ ਹੋ ਜਾਂਦਾ ਹੈ ਅਤੇ ਸਾਰਾ ਹੀ ਪੱਤਾ ਸੁੱਕ ਕੇ ਛਾਨਣੀ ਹੋ ਜਾਂਦਾ ਹੈ | ਮੈਂਗਨੀਜ਼ ਤੱਤ ਦੀ ਘਾਟ ਪੂਰੀ ਕਰਨ ਲਈ ਫ਼ਸਲ 'ਤੇ ਸਾਫ਼ ਧੁੱਪ ਵਾਲੇ ਦਿਨ ਮੈਂਗਨੀਜ਼ ਸਲਫੇਟ ਦਾ ਛਿੜਕਾਅ ਕਰਨਾ ਚਾਹੀਦਾ ਹੈ |
ਪੌਦ ਸੁਰੱਖਿਆ:- ਬਰਸੀਮ ਦੀ ਫ਼ਸਲ ਵਿਚ ਕਈ ਕਿਸਮ ਦੇ ਕੀੜੇ ਅਤੇ ਬਿਮਾਰੀਆਂ ਆਉਂਦੀਆਂ ਹਨ, ਜਿਨ੍ਹਾਂ ਨੂੰ ਸਮੇਂ ਸਿਰ ਕਾਬੂ ਕਰਕੇ ਫ਼ਸਲ ਦੀ ਸੁਰੱਖਿਆ ਕਰਨੀ ਚਾਹੀਦੀ ਹੈ |
1) ਭੱਬੂ ਕੁੱਤਾ :- ਇਸ ਕੀੜੇ ਦੀਆਂ ਸੁੰਡੀਆਂ ਬਰਸੀਮ ਦੀ ਫ਼ਸਲ ਨੂੰ ਪਹਿਲਾਂ ਉੱਗਣ ਵੇਲੇ ਹੀ ਪੱਤੇ ਖਾ ਕੇ ਬਹੁਤ ਨੁਕਸਾਨ ਕਰਦੀਆਂ ਹਨ | ਕਈ ਵਾਰ ਫ਼ਸਲ ਦੁਬਾਰਾ ਬੀਜਣੀ ਪੈਂਦੀ ਹੈ | ਫਿਰ ਦੁਬਾਰਾ ਅਪ੍ਰੈਲ ਵਿਚ ਫ਼ਸਲ ਦੇ ਪੱਤੇ ਖਾ ਕੇ ਨੁਕਸਾਨ ਕਰਦੀਆਂ ਹਨ | ਇਸ ਦੀ ਰੋਕਥਾਮ ਲਈ ਖੇਤਾਂ ਦੇ ਦੁਆਲੇ ਉੱਗੇ ਹੋਏ ਨਦੀਨ ਜਿਵੇਂ ਕਿ ਗੁੱਤ ਪੁੱਟਣਾ, ਭੰਗ, ਬਾਥੂ, ਜੰਗਲੀ ਪਾਲਕ ਆਦਿ ਦੇ ਬੂਟੇ ਨਸ਼ਟ ਕਰ ਦੇਣੇ ਚਾਹੀਦੇ ਹਨ, ਕਿਉਂਕਿ ਇਹ ਕੀੜਾ ਪਹਿਲਾਂ ਇਨ੍ਹਾਂ ਨਦੀਨਾਂ ਉੱਪਰ ਪਲਦਾ ਹੈ ਅਤੇ ਬਾਅਦ ਵਿਚ ਇਹ ਬਰਸੀਮ 'ਤੇ ਚਲਾ ਜਾਂਦਾ ਹੈ |
2) ਕੁੰਡਮਾਰ ਹਰੀ ਸੁੰਡੀ :- ਇਹ ਹਰੇ ਰੰਗ ਦੀ ਸੁੰਡੀ ਮਾਰਚ-ਅਪ੍ਰੈਲ ਵਿਚ ਬਰਸੀਮ ਦੇ ਪੱਤੇ ਖਾ ਕੇ ਬਹੁਤ ਨੁਕਸਾਨ ਕਰਦੀ ਹੈ | ਇਹ ਸੁੰਡੀ ਪੱਤਿਅਾਾ ਵਿਚ ਗੋਲ ਛੇਕ ਕਰ ਦਿੰਦੀ ਹੈ | ਕਈ ਵਾਰੀ ਇਹ ਸੰੁਡੀ ਬੂਟੇ ਦੇ ਸਾਰੇ ਪੱਤੇ ਹੀ ਖਾ ਲੈਂਦੀ ਹੈ | ਇਸ ਦੀ ਰੋਕਥਾਮ ਕਰਨ ਲਈ ਫ਼ਸਲ ਦੀ ਕਟਾਈ ਸਮੇਂ ਸਿਰ ਭਾਵ 30 ਦਿਨਾਂ ਦੇ ਅੰਤਰਾਲ ਨਾਲ ਕਰਦੇ ਰਹਿਣਾ ਚਾਹੀਦਾ ਹੈ, ਤਾਂ ਕਿ ਫ਼ਸਲ ਢਹਿ ਨਾ ਜਾਵੇ | ਇਸ ਤਰ੍ਹਾਂ ਪੰਛੀ ਇਨ੍ਹਾਂ ਸੁੰਡੀਆਂ ਨੂੰ ਖਾ ਲੈਂਦੇ ਹਨ ਅਤੇ ਇਨ੍ਹਾਂ ਸੁੰਡੀਆਂ ਦੀ ਗਿਣਤੀ ਘੱਟ ਜਾਂਦੀ ਹੈ |
3) ਛੋਲਿਆਂ ਦੀ ਸੁੰਡੀ :- ਇਹ ਸੁੰਡੀ ਬੀਜ ਵਾਲੀ ਫ਼ਸਲ ਦਾ ਬਹੁਤ ਨੁਕਸਾਨ ਕਰਦੀ ਹੈ | ਇਸ ਨੂੰ ਅਮਰੀਕਨ ਸੁੰਡੀ ਵੀ ਕਿਹਾ ਜਾਂਦਾ ਹੈ | ਇਹ ਫੁੱਲਾਂ ਵਿਚ ਬਣ ਰਹੇ ਦਾਣੇ ਖਾ ਜਾਂਦੀ ਹੈ, ਜਿਸ ਕਰਕੇ ਬਰਸੀਮ ਦੇ ਬੀਜ ਦਾ ਝਾੜ ਬਹੁਤ ਘੱਟ ਜਾਂਦਾ ਹੈ | ਇਹ ਸੁੰਡੀ ਟਮਾਟਰ, ਛੋਲੇ, ਸੱਠੀ ਮੂੰਗੀ, ਮਾਂਹ, ਸੂਰਜਮੁਖੀ ਆਦਿ ਫ਼ਸਲਾਂ 'ਤੇ ਬਹੁਤ ਆਉਦੀਂ ਹੈ ਅਤੇ ਇੱਥੋਂ ਹੀ ਬਰਸੀਮ 'ਤੇ ਚਲੀ ਜਾਂਦੀ ਹੈ, ਇਸ ਲਈ ਬਰਸੀਮ ਨੂੰ ਇਨ੍ਹਾਂ ਫ਼ਸਲਾਂ ਦੇ ਨੇੜੇ ਨਹੀ ਬੀਜਣਾ ਚਾਹੀਦਾ |
5) ਬਿਮਾਰੀਆਂ ਦੀ ਰੋਕਥਾਮ:-ਬਰਸੀਮ ਦੀ ਫ਼ਸਲ 'ਤੇ ਤਣੇ ਦੇ ਗਲਣ ਨਾਮਕ ਬਿਮਾਰੀ ਆਉਂਦੀ ਹੈ, ਜੋ ਕਿ ਇਕ ਉੱਲੀ ਕਰਕੇ ਪੈਦਾ ਹੁੰਦੀ ਹੈ | ਸਭ ਤੋਂ ਪਹਿਲਾਂ ਇਹ ਤਣੇ ਦੇ ਹੇਠਲੇ ਹਿੱਸੇ 'ਤੇੇ ਹਮਲਾ ਕਰਦੀ ਹੈ | ਇਸ ਨਾਲ ਤਣੇ 'ਤੇ ਚਿੱਟੇ ਰੰਗ ਦਾ ਜਾਲਾ ਬਣ ਜਾਂਦਾ ਹੈ, ਜਿਸ ਕਾਰਨ ਤਣਾ ਗਲ ਜਾਂਦਾ ਹੈ | ਹੌਲੀ-ਹੌਲੀ ਇਹ ਧੋੜੀਆਂ ਵਿਚ ਹੋਰ ਬੂਟਿਆਂ 'ਤੇ ਵੀ ਫੈਲ ਜਾਂਦੀ ਹੈ ਅਤੇ ਦੂਰ ਤੋਂ ਹੀ ਪਛਾਣੀ ਜਾ ਸਕਦੀ ਹੈ | ਇਸ ਬਿਮਾਰੀ ਦੀ ਰੋਕਥਾਮ ਲਈ ਗਰਮੀਆਂ ਵਿਚ ਅਜਿਹੇ ਖੇਤਾਂ ਵਿਚ ਭਰਵਾਂ ਪਾਣੀ ਲਾਓ ਤਾਂ ਜੋ ਉੱਲੀ ਦੇ ਕਣਾਂ ਨੂੰ ਨਸ਼ਟ ਕੀਤਾ ਜਾ ਸਕੇ | ਬਿਮਾਰੀ ਨਜ਼ਰ ਆਉਣ 'ਤੇ ਫ਼ਸਲ ਕੱਟ ਲੈਣੀ ਚਾਹੀਦੀ ਹੈ ਤਾਂ ਜ਼ਮੀਨ 'ਤੇ ਧੁੱਪ ਪੈ ਸਕੇ | ਜੇਕਰ ਬਿਮਾਰੀ ਦਾ ਹਮਲਾ ਬਹੁਤ ਜ਼ਿਆਦਾ ਹੋਵੇ ਤਾਂ ਅਜਿਹੇ ਖੇਤਾਂ ਵਿਚ 3-4 ਸਾਲ ਤੱਕ ਬਰਸੀਮ ਦੀ ਫ਼ਸਲ ਨਹੀਂ ਬੀਜਣੀ ਚਾਹੀਦੀ |

-ਫਾਰਮ ਸਲਾਹਕਾਰ ਸੇਵਾ ਕੇਂਦਰ, ਗੁਰਦਾਸਪੁਰ |
ਮੋਬਾਈਲ : 98784-68672

ਆਲੂਆਂ ਦੇ ਪਛੇਤੇ ਝੁਲਸ ਰੋਗ ਦੀ ਰੋਕਥਾਮ ਸਮੇਂ ਸਿਰ ਕਰੋ

ਝੁਲਸ ਰੋਗ ਇਕ ਬਹੁਤ ਹੀ ਭਿਆਨਕ ਬਿਮਾਰੀ ਹੈ, ਜੋ ਕਿ ਪੰਜਾਬ ਵਿਚ ਆਲੂਆਂ ਦੀ ਫ਼ਸਲ ਦਾ ਬਹੁਤ ਨੁਕਸਾਨ ਕਰਦੀ ਹੈ ਅਤੇ ਜੇਕਰ ਸਹੀ ਸਮੇਂ 'ਤੇ ਇਸ ਬਿਮਾਰੀ ਦੀ ਰੋਕਥਾਮ ਨਾ ਕੀਤੀ ਜਾਵੇ ਤਾਂ ਇਸ ਦੇ ਹੱਲੇ ਨਾਲ ਬਹੁਤ ਥੋੜੇ੍ਹ ਸਮੇਂ ਵਿਚ ਹੀ ਆਲੂਆਂ ਦੀ ਫ਼ਸਲ ਤਬਾਹ ਹੋ ਜਾਂਦੀ ਹੈ | ਇਹ ਰੋਗ ਫਾਈਟੋਪਥੋਰਾ ਨਾਮਕ ਉੱਲੀ ਕਰਕੇ ਹੁੰਦਾ ਹੈ | ਬਿਮਾਰੀ ਦੇ ਗੰਭੀਰ ਹਮਲੇ ਵਾਲੇ ਸਾਲਾਂ ਦੌਰਾਨ ਸਾਡੇ ਆਲੂ ਉਤਪਾਦਕਾਂ ਦਾ 80 ਪ੍ਰਤੀਸ਼ਤ ਤੱਕ ਝਾੜ ਦਾ ਨੁਕਸਾਨ ਹੋਇਆ ਹੈ | ਪੌਦਾ ਰੋਗ ਵਿਭਾਗ ਵਲੋਂ ਕੀਤੇ ਗਏ ਲਗਾਤਾਰ ਸਰਵੇਖਣ ਨਾਲ ਪੰਜਾਬ ਵਿਚ ਬਿਮਾਰੀ ਵਾਲੇ ਅਤੇ ਬਿਮਾਰੀ ਰਹਿਤ ਖੇਤਰਾਂ ਦਾ ਪਤਾ ਲਗਾਉਣ ਵਿਚ ਬਹੁਤ ਯੋਗਦਾਨ ਰਿਹਾ | ਪਿਛਲੇ ਕਈ ਸਾਲਾਂ ਦੇ ਸਰਵੇਖਣ ਤੋਂ ਇਹ ਪਾਇਆ ਗਿਆ ਹੈ ਕਿ ਹੁਸ਼ਿਆਰਪੁਰ, ਜਲੰਧਰ ਅਤੇ ਕਪੂਰਥਲਾ ਜ਼ਿਲਿ੍ਹਆਂ ਵਿਚ ਇਸ ਬਿਮਾਰੀ ਦਾ ਹਮਲਾ ਵਧੇਰੇ ਹੁੰਦਾ ਹੈ | ਹੁਸ਼ਿਆਰਪੁਰ ਨੂੰ ਸਭ ਤੋਂ ਵਧੇਰੇ ਬਿਮਾਰੀ ਵਾਲਾ ਖੇਤਰ ਮੰਨਿਆ ਗਿਆ ਹੈ ਅਤੇ ਜ਼ਿਆਦਾਤਰ ਇਹ ਬਿਮਾਰੀ ਸ਼ਾਮਚੁਰਾਸੀ, ਮੇਹਟੀਆਣਾ, ਫੁਗਲਾਣਾ ਅਤੇ ਟਾਂਡੇ ਦੇ ਨੇੜਲੇ ਇਲਾਕਿਆਂ ਵਿਚ ਸ਼ੁਰੂ ਹੁੰਦੀ ਹੈ ਅਤੇ ਅਨੁਕੂਲ ਮੌਸਮੀ ਹਾਲਤਾਂ ਵਿਚ ਇਨ੍ਹਾਂ ਇਲਾਕਿਆਂ ਵਿਚੋਂ ਦੂਜੇ ਇਲਾਕਿਆਂ ਵਿਚ ਫੈਲ ਜਾਂਦੀ ਹੈ | ਅਨੁਕੂਲ ਮੌਸਮੀ ਹਾਲਾਤ (ਤਾਪਮਾਨ ਅਤੇ ਨਮੀ) ਪਿਛੇਤੇ ਝੁਲਸ ਰੋਗ ਨੂੰ ਵਧਾਉਣ ਵਿਚ ਬੜਾ ਹੀ ਅਹਿਮ ਭੂਮਿਕਾ ਅਦਾ ਕਰਦੇ ਹਨ | ਪੰਜਾਬ ਵਿਚ ਪਛੇਤਾ ਝੁਲਸ ਰੋਗ ਦਾ ਹਮਲਾ ਅੱਧ ਨਵੰਬਰ ਦੇ ਨੇੜੇ-ਤੇੜੇ ਜਦੋਂ ਕਿ ਫ਼ਸਲ 40 ਤੋਂ 50 ਦਿਨਾਂ ਦੀ ਹੋਵੇ ਉਦੋਂ ਸ਼ੁਰੂ ਹੁੰਦਾ ਹੈ | ਸਤੰਬਰ ਵਿਚ ਲੱਗੀ ਹੋਈ ਕੱਚੀ ਪੁਟਾਈ ਵਾਲੀ ਅਗੇਤੀ ਆਲੂਆਂ ਦੀ ਫ਼ਸਲ 'ਤੇ ਇਸ ਰੋਗ ਦਾ ਹਮਲਾ ਘੱਟ ਹੁੰਦਾ ਹੈ, ਕਿਉਂਕਿ ਉਸ ਸਮੇਂ ਮੌਸਮ ਗਰਮ ਰਹਿੰਦਾ ਹੈ | ਅਕਤੂਬਰ ਵਿਚ ਬੀਜੀ ਗਈ ਆਲੂ ਦੀ ਮੁੱਖ ਫ਼ਸਲ ਅਤੇ ਬਹਾਰ ਰੁੱਤ ਦੀ ਫ਼ਸਲ 'ਤੇ ਇਸ ਬਿਮਾਰੀ ਦਾ ਹਮਲਾ ਅਨੁਕੂਲ ਮੌਸਮੀ ਹਾਲਤਾਂ ਕਰਕੇ ਵਧੇਰੇ ਹੁੰਦਾ ਹੈ | ਉਸ ਸਮੇਂ ਦੌਰਾਨ ਹਵਾ ਵਿਚਲਾ ਤਾਪਮਾਨ 15 ਤੋਂ 28 ਡਿਗਰੀ ਸੈਂਟੀਗ੍ਰੇਡ ਅਤੇ ਨਮੀ ਦੀ ਮਾਤਰਾ 65-80 ਪ੍ਰਤੀਸ਼ਤ ਤੱਕ ਹੁੰਦੀ ਹੈ ਅਤੇ ਰਾਤ ਸਮੇਂ ਤਰੇਲ ਪੈਂਦੀ ਹੈ | ਇਨ੍ਹਾਂ ਹਾਲਤਾਂ ਵਿਚ ਇਸ ਰੋਗ ਦਾ ਹਮਲਾ ਮੱਧਮ ਤੇ ਕੁਝ ਖੇਤਾਂ ਵਿਚ ਹੀ ਰਹਿੰਦਾ ਹੈ, ਪ੍ਰੰਤੂ ਜਦੋਂ ਨਵੰਬਰ ਤੋਂ ਦਸੰਬਰ ਸਰਦੀ ਦੇ ਮੌਸਮ ਦੌਰਾਨ ਮੀਂਹ ਪੈਂਦਾ ਹੈ ਤਾਂ ਹਵਾ ਵਿਚਲੀ ਨਮੀਂ ਦੀ ਮਾਤਰਾ 90 ਪ੍ਰਤੀਸ਼ਤ ਤੋਂ ਜਿਆਦਾ ਹੋ ਜਾਂਦੀ ਹੈ ਅਤੇ ਨਾਲ ਹੀ ਨਾਲ ਦਿਨ ਵੇਲੇ ਬੱਦਲਵਾਈ ਜਾਂ 6-7 ਦਿਨ ਲਈ ਧੁੰਦ ਪਵੇ ਅਤੇ ਤਾਪਮਾਨ 10-20 ਡਿਗਰੀ ਸੈਲਸੀਅਸ ਰਹਿੰਦਾ ਹੋਵੇ ਤਾਂ ਪਛੇਤਾ ਝੁਲਸ ਰੋਗ ਪੱਤਿਆਂ ਅਤੇ ਤਣਿਆਂ ਉੱਤੇ ਵੇਖਿਆ ਜਾ ਸਕਦਾ ਹੈ ਅਤੇ ਇਸ ਉੱਲੀ ਦੇ ਕਣ ਹਵਾ ਨਾਲ ਉੱਡ ਕੇ ਨੇੜਲੇ ਬੂਟੇ ਅਤੇ ਖੇਤਾਂ ਵਿਚ ਬਿਮਾਰੀ ਫੈਲਾਅ ਦਿੰਦੇ ਹਨ | ਇਸ ਕਰਕੇ ਸਰਦੀ ਦੀ ਰੁੱਤ ਵਿਚ ਮੀਂਹ ਤੋਂ ਤੁਰੰਤ ਬਾਅਦ ਇਸ ਰੋਗ ਲਈ ਸਮੇਂ-ਸਮੇਂ 'ਤੇ ਨਿਰੀਖਣ ਕਰਦੇ ਰਹਿਣਾ ਚਾਹੀਦਾ ਹੈ ਤਾਂ ਜੋ ਖੇਤ ਵਿਚ ਝੁਲਸ ਰੋਗ ਦੇ ਲੱਛਣਾਂ ਦਾ ਪਤਾ ਲੱਗ ਸਕੇ | ਸਭ ਤੋਂ ਪਹਿਲਾਂ ਬਿਮਾਰੀ ਦੇ ਲੱਛਣ ਹੇਠਲੇ ਪੱਤਿਆਂ 'ਤੇ ਨਜ਼ਰ ਆਉਂਦੇ ਹਨ | ਸ਼ੁਰੂ ਵਿਚ ਬਿਮਾਰੀ ਦੇ ਹਮਲੇ ਨਾਲ ਪਹਿਲਾਂ ਪੱਤਿਆਂ ਦੇ ਕਿਨਾਰਿਆਂ 'ਤੇ ਪਾਣੀ ਭਿੱਜੇ ਦਾਗ ਪੈ ਜਾਂਦੇ ਹਨ, ਜੋ ਕਿ ਵੱਡੇ ਹੋ ਕੇ ਕਾਲੇ ਭੂਰੇ ਰੰਗ ਵਿਚ ਤਬਦੀਲ ਹੋ ਜਾਂਦੇ ਹਨ | ਨਮੀ ਭਰੇੇ ਦਿਨਾਂ ਵਿਚ ਸਵੇਰ ਵੇਲੇ ਚਿੱਟੇ ਰੰਗ ਦੀ ਉੱਲੀ ਇਨ੍ਹਾਂ ਧੱਬਿਆਂ ਦੇ ਹੇਠਲੇ ਪਾਸੇ ਪ੍ਰਤੱਖ ਦਿਖਾਈ ਦਿੰਦੀ ਹੈ | ਬਾਅਦ ਵਿਚ ਤਣੇ ਅਤੇ ਪੱਤਿਆਂ ਦੀਆਂ ਡੰਡੀਆਂ ਉੱਤੇ ਵੀ ਭੂਰੇ ਰੰਗ ਦੀਆਂ ਲੰਬੀਆਂ ਧਾਰੀਆਂ ਵਾਲੇ ਦਾਗ ਪੈ ਜਾਂਦੇ ਹਨ | ਕਈ ਵਾਰ ਤਣੇ ਦੇ ਉੱਪਰਲੇ ਹਿੱਸੇ 'ਤੇ ਹਮਲਾ ਹੋਣ ਨਾਲ ਬੂਟਾ ਉੱਪਰੋਂ ਸੁੱਕਣਾ ਸ਼ੁਰੂ ਹੋ ਜਾਂਦਾ ਹੈ ਅਤੇ ਫ਼ਸਲ ਦੂਰੋਂ ਹੀ ਝੁਲਸੀ ਹੋਈ ਨਜ਼ਰ ਆਉਂਦੀ ਹੈ | ਇਨ੍ਹਾਂ ਦਾਗਾਂ ਦਾ ਅੰਦਰ ਵਾਲਾ ਹਿੱਸਾ ਭੂਰਾ ਅਤੇ ਥੋੜਾ ਡੂੰਘਾ ਹੁੰਦਾ ਹੈ | ਨੀਮ ਪਹਾੜੀ ਇਲੱਕਿਆਂ ਦੇ ਕਿਸਾਨ ਇਨ੍ਹਾਂ ਦਾਗਾਂ ਨੂੰ ਪੱਥਰ ਦਾਗ ਵੀ ਆਖਦੇ ਹਨ | ਬਹਾਰ ਰੁੱਤ ਦੀ ਆਲੂਆਂ ਦੀ ਫ਼ਸਲ 'ਤੇ ਇਹ ਬਿਮਾਰੀ ਪਿਛਲੀ ਬੀਜੀ ਫ਼ਸਲ ਤੋਂ ਆ ਜਾਂਦੀ ਹੈ, ਜਿਸ ਕਾਰਨ ਇਸ ਫ਼ਸਲ ਦੀਆਂ ਕਰੂੰਬਲਾਂ ਮਰ ਜਾਂਦੀਆਂ ਹਨ ਅਤੇ ਤਣੇ 'ਤੇ ਭੂਰੀਆਂ ਧਾਰੀਆਂ ਪੈ ਜਾਂਦੀਆਂ ਹਨ | ਛੋਟੀ ਉਮਰ ਦੇ ਬੂਟੇ ਜਲਦੀ ਮਰ ਜਾਂਦੇ ਹਨ |
ਝੁਲਸ ਰੋਗ ਦੀ ਲਾਗ ਬਿਮਾਰੀ ਵਾਲੇ ਆਲੂਆਂ ਦੇ ਬੀਜ ਤੋਂ ਲੱਗਦੀ ਹੈ | ਬਿਮਾਰੀ ਵਾਲੇ ਆਲੂਆਂ ਉੱਪਰ ਬੇਢੰਗੇ ਭੂਰੇ ਰੰਗ ਦੇ ਦਾਗ ਇਸ ਬਿਮਾਰੀ ਦੇ ਲੱਛਣ ਹਨ | ਠੰਢੇ ਗੋਦਾਮਾਂ ਵਿਚੋਂ ਕੱਢੇ ਗਏ ਇਹ ਰੋਗੀ ਆਲੂ ਇਸ ਬਿਮਾਰੀ ਦੇ ਮੁਢਲੇ ਕਾਰਨ ਬਣਦੇ ਹਨ | ਆਲੂਆਂ ਦੀ ਛਾਂਟੀ ਤੋਂ ਬਾਅਦ ਸੋਮਾ ਬਿਮਾਰੀ ਵਾਲੇ ਆਲੂ ਗੋਦਾਮਾਂ ਦੇ ਨੇੜੇ ਹੀ ਸੁੱਟ ਦਿੱਤੇ ਜਾਂਦੇ ਹਨ, ਜੋ ਕਿ ਬਿਮਾਰੀ ਫੈਲਾਉਣ ਦਾ ਮੁੱੱਖ ਕਾਰਨ ਬਣਦੇ ਹਨ | ਇਸ ਕਰਕੇ ਪੌਦਾ ਰੋਗ ਵਿਭਾਗ ਵਲੋਂ ਸਮੇਂ-ਸਮੇਂ ਸਿਰ ਪਛੇਤੇ ਝੁਲਸ ਰੋਗ ਲਈ ਚਲਾਈਆਂ ਗਈਆਂ ਮੁਹਿੰਮਾਂ ਰਾਹੀਂ ਲਗਾਤਾਰ ਇਸ ਗੱਲ ਉੱਪਰ ਜ਼ੋਰ ਦਿੱਤਾ ਜਾਂਦਾ ਹੈ ਕਿ ਇਨ੍ਹਾਂ ਬਿਮਾਰੀ ਵਾਲੇ ਆਲੂਆਂ ਨੂੰ ਠੰਢੇ ਗੋਦਾਮਾਂ ਵਿਚੋਂ ਕੱਢਣ ਤੋਂ ਬਾਅਦ ਛਾਂਟੀ ਕਰਕੇ ਨਸ਼ਟ ਕਰ ਦਿਓ | ਪਿਛਲੇ ਪੰਜ ਸਾਲਾਂ ਵਿਚ ਪਿਛੇਤੇ ਝੁਲਸ ਰੋਗ ਦਾ ਹਮਲਾ ਘੱਟ ਵੇਖਿਆ ਗਿਆ ਹੈ |
ਸਮੇਂ ਸਿਰ ਉੱਲੀਨਾਸ਼ਕਾਂ ਦਾ ਛਿੜਕਾਅ ਇਸ ਬਿਮਾਰੀ ਦੀ ਰੋਕਥਾਮ ਲਈ ਕਾਰਗਰ ਸਾਬਿਤ ਹੁੰਦਾ ਹੈ | ਜਿਵੇਂ ਹੀ ਇਸ ਰੋਗ ਦੇ ਲੱਛਣ ਖੇਤ ਵਿਚ ਨਜ਼ਰ ਆਉਣ ਤਾਂ ਸਿਫਾਰਿਸ਼ ਕੀਤੇ ਗਏ ਉੱਲੀਨਾਸ਼ਕਾਂ ਦਾ ਛਿੜਕਾਅ ਕਰਨਾ ਚਾਹੀਦਾ ਹੈ | ਛਿੜਕਾਅ ਲਈ ਸਹੀ ਨੋਜ਼ਲ (ਕੋਨ) ਅਤੇ ਪੂਰੇ ਪਾਣੀ ਦਾ ਇਸਤੇਮਾਲ ਕਰ ਲੈਣਾ ਚਾਹੀਦਾ ਹੈ |

-ਮੋਬਾਈਲ : 94637-47280.

ਕਿਸਾਨਾਂ ਦੀ ਹਾਲਤ ਸੁਧਾਰਨ ਲਈ ਖੇਤੀ ਖੋਜ ਤੇ ਪ੍ਰਸਾਰ ਸੇਵਾ ਪ੍ਰਣਾਲੀ 'ਤੇ ਨਜ਼ਰਸਾਨੀ ਦੀ ਲੋੜ

ਜੀ. ਡੀ. ਪੀ. ਵਿਚ ਖੇਤੀ ਦਾ ਯੋਗਦਾਨ ਕੇਵਲ 14 ਫ਼ੀਸਦੀ ਹੈ | ਜਦੋਂ ਕਿ 64 ਫ਼ੀਸਦੀ ਦੇ ਕਰੀਬ ਪਿੰਡਾਂ ਵਿਚ ਲੋਕ ਇਸ 'ਤੇ ਨਿਰਭਰ ਹਨ | ਖੇਤੀ 'ਤੇ ਨਿਰਭਰ ਲੋਕਾਂ ਵਿਚੋਂ ਬਹੁ–ਗਿਣਤੀ ਛੋਟੇ ਕਿਸਾਨਾਂ ਦੀ ਹੈ, ਜਿਨ੍ਹਾਂ ਦੀ ਹਾਲਤ ਅੱਜ ਦੇਸ਼ ਆਜ਼ਾਦ ਹੋਣ ਤੋਂ 70 ਸਾਲ ਬਾਅਦ ਵੀ ਤਰਸਯੋਗ ਹੈ | ਇਨ੍ਹਾਂ ਵਿਚੋਂ ਬਹੁਮਤ ਕੋਲ ਜ਼ਮੀਨ ਇਕ ਹੈਕਟੇਅਰ ਤੋਂ ਵੀ ਘੱਟ ਹੈ | ਇਨ੍ਹਾਂ ਦੇ ਨਾਲ ਖੇਤ ਮਜ਼ਦੂਰ ਅਤੇ ਬੇਜ਼ਮੀਨੇ ਜੋ ਠੇਕੇ 'ਤੇ ਲੈ ਕੇ ਵਾਹੀ ਕਰਦੇ ਹਨ, ਉਹ ਵੀ ਭੈੜੀ ਦਿਸ਼ਾ ਵਿਚੋਂ ਲੰਘਦੇ ਹੋਏ ਆਪਣਾ ਗੁਜ਼ਾਰਾ ਕਰ ਰਹੇ ਹਨ | ਇਸ ਸ਼੍ਰੇਣੀ ਦੇ ਵਾਹੀਕਾਰਾਂ 'ਤੇ ਕਰਜ਼ਿਆਂ ਦਾ ਬੋਝ ਵੀ ਹੈ | ਪ੍ਰਧਾਨ ਮੰਤਰੀ ਵਲੋਂ ਜੋ ਕਿਸਾਨਾਂ ਦੀ ਆਮਦਨ ਪੰਜ ਸਾਲ ਵਿਚ ਦੁੱਗਣੀ ਕਰਨ ਦੀ ਯੋਜਨਾ ਦਿੱਤੀ ਗਈ ਹੈ (ਉਸ ਦੀ ਭਾਵੇਂ ਸਿਰੇ ਚੜ੍ਹਨ ਦੀ ਸੰਭਾਵਨਾ ਨਹੀਂ), ਪਰ ਇਸ ਸ਼ੇ੍ਰਣੀ ਦੇ ਕਿਸਾਨ ਵੀ ਉਸ ਯੋਜਨਾ ਦੇ ਘੇਰੇ 'ਚ ਆਉਂਦੇ ਹਨ | ਵੱਡੇ-ਵੱਡੇ ਬਾਰਸੂਖ ਅਤੇ ਰਾਜਨੀਤੀ ਨਾਲ ਜੁੜੇ ਹੋਏ ਕਿਸਾਨ ਤਾਂ ਨਵੇਂ ਖੇਤੀ ਵਿਗਿਆਨ ਤੋਂ ਲਾਭ ਉਠਾ ਲੈਂਦੇ ਹਨ ਪਰ ਇਹ ਵਿਗਿਆਨ ਛੋਟੇ ਕਿਸਾਨਾਂ ਕੋਲ ਪਿੰਡਾਂ ਵਿਚ ਨਹੀਂ ਪਹੁੰਚਦਾ | ਇਨ੍ਹਾਂ ਨੂੰ ਨਵੇਂ ਬੀਜ, ਮਿਆਰੀ ਨਦੀਨ ਨਾਸ਼ਕ ਤੇ ਕੀਟਨਾਸ਼ਕ ਵੀ ਉਪਲਬਧ ਨਹੀਂ | ਇਸ ਸ਼੍ਰੇਣੀ ਦੇ ਕਿਸਾਨ ਮੀਡੀਆ ਰਾਹੀਂ ਦਿੱਤੇ ਜਾ ਰਹੇ ਗਿਆਨ–ਵਿਗਿਆਨ ਤੋਂ ਮੁਸਤਫੀਦ ਨਹੀਂ ਹੁੰਦੇ | ਇਨ੍ਹਾਂ ਲਈ ਪਿਛਲੀ ਸ਼ਤਾਬਦੀ ਦੇ 6ਵੇਂ ਦਹਾਕੇ ਵਿਚ ਸ਼ੁਰੂ ਕੀਤੇ ਗਏ ਸਮੂਹਿਕ ਵਿਕਾਸ ਪ੍ਰੋਗਰਾਮ ਨਾਲ ਜੁੜੀ ਖੇਤੀ ਪ੍ਰਸਾਰ ਸੇਵਾ ਜਿਹੀ ਨਿੱਜੀ ਸੰਪਰਕ ਰਾਹੀਂ ਨਵੀਂ ਖੋਜ ਉਨ੍ਹਾਂ ਤੱਕ ਪਹੁੰਚਾਉਣ ਅਤੇ ਅਪਨਵਾਉਣ ਲਈ ਉਹੋ ਜਿਹੀ ਪ੍ਰਣਾਲੀ ਦੀ ਲੋੜ ਹੈ, ਜੋ ਪ੍ਰਚਲਿਤ ਢਾਂਚੇ ਵਿਚ ਨਦਾਰਦ ਹੈ | ਪੰਜਾਬ ਖੇਤੀ ਯੂਨੀਵਰਸਿਟੀ ਵਲੋਂ ਕਿਸਾਨ ਮੇਲਿਆਂ ਤੋਂ ਇਲਾਵਾ ਕੋਈ ਖੇਤੀ ਪ੍ਰਸਾਰ ਸੇਵਾ ਨਹੀਂ | ਖੇਤੀਬਾੜੀ ਵਿਭਾਗ ਵੀ ਕਾਗ਼ਜ਼ਾਂ ਵਿਚ ਹੀ ਕਿਸਾਨ ਸਿਖਲਾਈ ਕੈਂਪ ਕਰਦਾ ਹੈ | ਇਨ੍ਹਾਂ ਮੇਲਿਆਂ ਤੇ ਕੈਂਪਾਂ ਵਿਚ ਹਰ ਸਾਲ ਉਹੀ ਕਿਸਾਨ ਆਉਂਦੇ ਹਨ | ਛੋਟੇ ਤੇ ਨਵੇਂ ਕਿਸਾਨ ਜੋ ਖੇਤੀ ਖੋਜ ਤੇ ਗਿਆਨ–ਵਿਗਿਆਨ ਤੋਂ ਵਾਂਝੇ ਹਨ, ਇਨ੍ਹਾਂ ਉਤਸਵਾਂ ਦੀ ਲਪੇਟ 'ਚ ਨਹੀਂ |
ਪੰਜਾਬ ਖੇਤੀ 'ਵਰਸਿਟੀ ਵਿਚ ਤਾਂ ਖੇਤੀ ਖੋਜ ਵੀ ਪੱਛੜ ਗਈ ਹੈ | 'ਵਰਸਿਟੀ ਵੱਲੋਂ ਵਿਕਸਿਤ ਕੀਤੀਆਂ ਕਣਕ ਅਤੇ ਬਾਸਮਤੀ ਜਿਹੀਆਂ ਮੁੱਖ ਫ਼ਸਲਾਂ ਦੀਆਂ ਕਿਸਮਾਂ ਦੇ ਬੀਜ ਐਵੇਂ ਨਾ ਮਾਤਰ ਰਕਬੇ ਵਿਚ ਹੀ ਵਰਤੇ ਜਾਂਦੇ ਹਨ | ਲਗਭਗ ਤਿੰਨ–ਚੌਥਾਈ ਰਕਬੇ 'ਤੇ ਆਈ. ਸੀ. ਏ. ਆਰ.– ਭਾਰਤੀ ਖੇਤੀ ਖੋਜ ਸੰਸਥਾਨ ਵਲੋਂ ਵਿਕਸਿਤ ਕਣਕ ਅਤੇ ਬਾਸਮਤੀ ਦੀਆਂ ਕਿਸਮਾਂ ਦੀ ਕਾਸ਼ਤ ਕੀਤੀ ਜਾ ਰਹੀ ਹੈ | ਆਈ. ਸੀ. ਏ. ਆਰ.–ਭਾਰਤੀ ਕਣਕ ਤੇ ਜੌਾਅ ਖੋਜ ਸੰਸਥਾਨ ਅਤੇ ਭਾਰਤੀ ਖੇਤੀ ਖੋਜ ਸੰਸਥਾਨ ਵਲੋਂ ਵਿਕਸਿਤ ਕੀਤੀਆਂ ਗਈਆਂ ਕਣਕ ਦੀਆਂ ਐਚ. ਡੀ. –2967, ਐਚ. ਡੀ.–3086, ਡੀ. ਬੀ. ਡਬਲਿਊ.–173 ਅਤੇ ਐਚ. ਡੀ. ਸੀ. ਐਸ. ਡਬਲਿਊ.–18 ਜਿਹੀਆਂ ਕਿਸਮਾਂ ਹੀ ਵਿਸ਼ਾਲ ਰਕਬੇ 'ਤੇ ਕਾਸ਼ਤ ਕੀਤੀਆਂ ਜਾ ਰਹੀਆਂ ਹਨ | ਖੇਤੀ ਯੂੂਨੀਵਰਸਿਟੀ ਕੋਲ ਕਾਸ਼ਤ ਯੋਗ ਰਕਬਾ ਤੇ ਫਾਰਮ ਕਾਫੀ ਵੱਡੀ ਮਾਤਰਾ ਵਿਚ ਹਨ, ਜਿਥੇ ਖੋਜ ਕੀਤੀ ਜਾ ਸਕਦੀ ਹੈ | ਪਰ ਪੀ. ਏ. ਯੂ. ਨੇ ਤਾਂ ਇਹ ਫਾਰਮ ਵਪਾਰਕ ਬਣਾ ਕੇ ਇਥੇ ਵੱਖੋ-ਵੱਖ ਕਿਸਮਾਂ ਦੇ ਬੀਜ ਪੈਦਾ ਕਰਕੇ ਮੁਨਾਫੇ ਨਾਲ ਦੁਕਾਨਾਂ 'ਤੇ ਹੀ ਵੇਚਣੇ ਸ਼ੁਰੂ ਕਰ ਦਿੱਤੇ | ਬਾਰਡਰ ਦੇ ਇਲਾਕੇ ਤਾਂ ਇਨ੍ਹਾਂ ਬੀਜਾਂ ਦੀ ਉਪਲਬਧਤਾ ਤੋਂ ਵੀ ਖਾਲੀ ਹਨ |
ਪੀ. ਏ. ਯੂ. ਵਲੋਂ ਕਿਸਾਨਾਂ ਨੰੂ ਸ਼ੁੱਧ ਬੀਜ ਸਪਲਾਈ ਕਰਨ ਦਾ ਇਹ ਹਾਲ ਹੈ ਕਿ ਪਿੱਛੇ ਜਿਹੇ ਕੁਝ ਕਿਸਾਨ 'ਵਰਸਿਟੀ ਤੋਂ ਤੋਰੀਆ ਟੀ. ਐਲ.-17 ਦਾ ਬੀਜ ਖਰੀਦ ਕੇ ਲੈ ਗਏ ਜੋ ਉੱਗਣ ਉਪਰੰਤ ਸਰੋ੍ਹਾ ਹੀ ਨਿਕਲਿਆ | ਇਹ ਕਿਸਾਨ ਅਤਿ ਨਿਰਾਸ਼ ਹਨ | ਪੀ. ਏ. ਯੂ. ਵਲੋਂ ਕੀਤੀ ਗਈ ਸਿਫਾਰਸ਼ ਦੇ ਆਧਾਰ 'ਤੇ ਪੰਜਾਬ ਸਰਕਾਰ ਨੇ ਝੋਨਾ ਲਗਾਉਣ ਦੀ ਮਿਤੀ ਵਧਾ ਕੇ 20 ਜੂਨ ਕਰ ਦਿੱਤੀ, ਜਿਸ ਕਾਰਨ ਕਿਸਾਨਾਂ ਨੰੂ ਝੋਨੇ ਦੇ ਮੰਡੀਕਰਨ, ਵਿਕਰੀ ਅਤੇ ਉਤਪਾਦਕਤਾ ਵਜੋਂ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪਿਆ ਅਤੇ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਨੂੰ ਕਿਸਾਨਾਂ ਦੇ ਜ਼ਬਰਦਸਤ ਰੋਹ ਦਾ ਸਾਹਮਣਾ ਕਰਨਾ ਪਿਆ |
ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਨੂੰ ਖੇਤੀ ਪ੍ਰਸਾਰ ਸੇਵਾ ਸੌਾਪੀ ਗਈ ਹੈ | ਵਿਭਾਗ ਕੋਲ ਇਹ ਸੇਵਾ ਕਿਸਾਨਾਂ ਨੂੰ ਦੇਣ ਲਈ ਅਮਲਾ ਹੀ ਨਹੀਂ ਅਤੇ ਅਣਗਿਣਤ ਅਸਾਮੀਆਂ ਖਾਲੀ ਪਈਆਂ ਹਨ | ਕਈ ਸਾਲ ਤੋਂ ਕੋਈ ਪੱਕਾ ਡਾਇਰੈਕਟਰ ਨਹੀਂ | ਮੌਜੂਦਾ ਡਾਇਰੈਕਟਰ ਵੀ ਡੰਗ–ਟਪਾਊ ਆਧਾਰ 'ਤੇ ਚਲ ਰਿਹਾ ਹੈ, ਜਿਸ ਨੇ ਅਗਲੇ ਦੋ ਮਹੀਨਿਆਂ ਬਾਅਦ ਸੇਵਾ–ਮੁਕਤ ਹੋ ਜਾਣਾ ਹੈ | ਡਿਪਟੀ ਡਾਇਰੈਕਟਰਾਂ ਦੀਆਂ 53 ਅਸਾਮੀਆਂ ਹਨ, ਜਿਨ੍ਹਾਂ ਵਿਚੋਂ 36 ਅਸਾਮੀਆਂ ਖਾਲੀ ਹਨ | ਕੁੱਲ 22 ਜ਼ਿਲ੍ਹੇ ਹਨ, ਜਿਨ੍ਹਾਂ ਵਿਚੋਂ 15 ਜ਼ਿਲਿ੍ਹਆਂ ਵਿਚ ਮੁੱਖ ਖੇਤੀਬਾੜੀ ਅਫ਼ਸਰ ਵੀ ਤਾਇਨਾਤ ਨਹੀਂ | ਇਨ੍ਹਾਂ ਜ਼ਿਲਿ੍ਹਆਂ ਵਿਚ ਮੁੱਖ ਮੰਤਰੀ ਦਾ ਆਪਣਾ ਪਟਿਆਲਾ ਜ਼ਿਲ੍ਹਾ ਵੀ ਸ਼ਾਮਿਲ ਹੈ | ਇਨ੍ਹਾ 15 ਜ਼ਿਲਿ੍ਹਆਂ ਦੀ ਨਿਗਰਾਨੀ ਕਾਇਮ ਮੁਕਾਮ ਅਧਿਕਾਰੀਆਂ ਨੂੰ ਸੌਾਪੀ ਹੋਈ ਹੈ | ਡਿਪਟੀ ਡਾਇਰੈਕਟਰ (ਹੈੱਡ-ਕੁਆਰਟਰ) , ਡਿਪਟੀ ਡਾਇਰੈਕਟਰ (ਲੋਕਸਟ ਕੰਟਰੋਲ ਤੇ ਪਲਾਂਟ ਪ੍ਰੋਟੈਕਸ਼ਨ), ਡਿਪਟੀ ਡਾਇਰੈਕਟਰ (ਤੇਲ ਬੀਜ ਫ਼ਸਲਾਂ), ਡਿਪਟੀ ਡਾਇਰੈਕਟਰ (ਕਪਾਹ) ਜਿਹੀਆਂ ਅਹਿਮ ਅਸਾਮੀਆਂ ਵੀ ਖਾਲ੍ਹੀ ਪਈਆਂ ਹਨ | ਜ਼ਿਲ੍ਹਾ ਸਿਖਲਾਈ ਅਫ਼ਸਰਾਂ ਦੀਆਂ ਸਾਰੇ ਹੀ ਜ਼ਿਲਿ੍ਹਆਂ ਵਿਚ ਅਸਾਮੀਆਂ ਖਾਲੀ ਹਨ | ਬੀਜ ਪਰਖ ਪ੍ਰਯੋਗਸ਼ਾਲਾਵਾਂ ਦੀਆਂ ਸਾਰੀਆਂ ਅਸਾਮੀਆਂ ਜਿਸ ਵਿਚ ਬਠਿੰਡਾ, ਲੁਧਿਆਣਾ, ਗੁਰਦਾਸਪੁਰ ਸ਼ਾਮਿਲ ਹਨ, ਖਾਲੀ ਹਨ | ਕੀਟਨਾਸ਼ਕ ਦੀ ਪਰਖ ਲਈ ਸਥਾਪਤ ਕੀਤੀ ਗਈ ਬਠਿੰਡਾ ਪ੍ਰਯੋਗਸ਼ਾਲਾ ਦੇ ਅਧਿਕਾਰੀ ਦੀ ਥਾਂ ਵੀ ਖਾਲੀ ਪਈ ਹੈ | ਜਦੋਂ ਇਨ੍ਹਾਂ ਪ੍ਰਯੋਗਸ਼ਾਲਾਵਾਂ (ਲੈਬੋਰਟਰੀਆਂ) 'ਤੇ ਹੀ ਅਧਿਕਾਰੀ ਤਾਇਨਾਤ ਨਹੀਂ ਤਾਂ ਮੰਡੀ ਵਿਚ ਤਾਂ ਗ਼ੈਰ-ਮਿਆਰੀ ਕੀਟਨਾਸ਼ਕ ਤੇ ਬੀਜ ਵਿਕਣੇ ਹੀ ਹਨ | ਮੋਗਾ ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫ਼ਸਰ ਨੰੂ ਲੁਧਿਆਣਾ ਜ਼ਿਲ੍ਹੇ ਦਾ ਚਾਰਜ ਵੀ ਦੇ ਰੱਖਿਆ ਹੈ ਅਤੇ ਉਹ ਬੀਜ ਪਰਖ ਪ੍ਰਯੋਗਸ਼ਾਲਾ ਦੀ ਵੀ ਦੇਖਭਾਲ ਕਰਨ ਲਈ ਜ਼ਿੰਮੇਵਾਰ ਹੈ | ਇਸ ਤਰ੍ਹਾਂ ਦਾ ਡੰਗ–ਟਪਾਊ ਪ੍ਰਬੰਧ ਬਠਿੰਡਾ ਲੈਬਾਰਟਰੀ 'ਚ ਵੀ ਕੀਤਾ ਹੋਇਆ ਹੈ | ਹੈਰਾਨੀ ਦੀ ਗੱਲ ਇਹ ਹੈ ਕਿ ਕੀੜੇਮਾਰ ਦਵਾਈਆਂ ਤੇ ਬੀਜਾਂ ਦਾ ਇਕੋ ਅਧਿਕਾਰੀ ਨਮੂੁਨੇ ਲੈਂਦਾ ਹੈ ਅਤੇ ਉਹ ਹੀ ਪਰਖ ਕਰਦਾ ਹੈ ਅਤੇ ਉਹ ਹੀ ਫੇਰ ਅਨੁਸ਼ਾਸਨਿਕ ਕਾਰਵਾਈ ਕਰਦਾ ਹੈ | ਇੰਝ ਲਗਦਾ ਹੈ ਕਿ ਕੁਆਲਟੀ ਕੰਟਰੋਲ ਦਾ ਕੋਈ ਯੋਗ ਪ੍ਰਬੰਧ ਨਹੀਂ ਹੈ, ਜਿਸ ਕਾਰਨ ਕਿਸਾਨਾਂ ਨੂੰ ਸ਼ੁੱਧ ਸਮੱਗਰੀ ਨਹੀਂ ਮਿਲ ਰਹੀ ਅਤੇ ਰਾਜ ਦੇ ਕਿਸਾਨਾਂ ਵਲੋਂ ਹਰ ਸਾਲ ਹਾਹਾਕਾਰ ਮਚਦੀ ਹੈ | ਇਸ ਤੋਂ ਇਲਾਵਾ ਖੇਤੀ ਵਿਕਾਸ ਅਫ਼ਸਰਾਂ ਦੀਆਂ ਅਣਗਿਣਤ ਅਸਾਮੀਆਂ ਬਲਾਕਾਂ ਵਿਚ ਖਾਲੀ ਪਈਆਂ ਹਨ | ਇਨ੍ਹਾਂ ਅਧਿਕਾਰੀਆਂ ਨੇ ਹੀ ਕਿਸਾਨਾਂ ਨਾਲ ਸੰਪਰਕ ਰੱਖਣਾ ਹੁੰਦਾ ਹੈ ਅਤੇ ਖੇਤੀ ਵਿਗਿਆਨ ਪਿੰਡਾਂ ਵਿਚ ਪਹੁੰਚਾਉਣਾ ਹੁੰਦਾ ਹੈ |
ਅਜਿਹੇ ਹਾਲਾਤ ਨੂੰ ਮੁੱਖ ਰੱਖਦਿਆਂ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਅੰਦਰਲੇ ਪਿੰਡਾਂ ਵਿਚ ਛੋਟੇ ਤੇ ਪੱਛੜੇ ਕਿਸਾਨਾਂ ਤੱਕ ਪੰਹੁਚ ਕੇ ਕਿਵੇਂ ਉਨ੍ਹਾਂ ਤੋਂ ਨਵੀਆਂ ਤਕਨੀਕਾਂ ਤੇ ਖੋਜ ਅਪਨਵਾ ਸਕਦੇ ਹਨ? ਕੀ ਉਹ ਉਨ੍ਹਾਂ ਨੰੂ ਨਵੀਆਂ ਕਿਸਮਾਂ ਤੇ ਨਵੀਂ ਖੋਜ ਦੇ ਦਿਖਾਵੇ ਦੇ ਕੇ ਪ੍ਰੇਰਨਾ ਦੇ ਸਕਦੇ ਹਨ? ਕੀ ਕੋਈ ਉਨ੍ਹਾਂ ਦਾ ਛੋਟੇ ਕਿਸਾਨਾਂ ਨਾਲ ਨਿੱਜੀ ਸੰਪਰਕ ਸੰਭਵ ਹੈ? ਹਰ ਥਾਂ ਕਿਸਾਨਾਂ ਦੀ ਸ਼ਿਕਾਇਤ ਹੈ ਕਿ ਉਨ੍ਹਾਂ ਨੇ ਪਿੰਡਾਂ ਵਿਚ ਕਦੇ ਕੋਈ ਖੇਤੀਬਾੜੀ ਅਧਿਕਾਰੀ ਵੇਖਿਆ ਹੀ ਨਹੀਂ |
ਜੇ ਪੰਜ ਸਾਲ ਵਿਚ ਇਨ੍ਹਾਂ ਕਿਸਾਨਾਂ ਦੀ ਆਮਦਨ ਪ੍ਰਧਾਨ ਮੰਤਰੀ ਦੀ ਯੋਜਨਾ ਅਨੁਸਾਰ ਦੁੱਗਣੀ ਵੀ ਹੋ ਜਾਵੇ (ਜੋ ਅੰਸਭਵ ਹੈ) ਤਾਂ ਵੀ ਇਸ ਸ਼੍ਰੇਣੀ ਦੇ ਕਿਸਾਨਾਂ ਦੀ ਆਮਦਨ ਸਰਕਾਰ ਦੇ ਇਕ ਛੋਟੇ ਤੋਂ ਛੋਟੇ ਚਪੜਾਸੀ ਦੇ ਪੱਧਰ 'ਤੇ ਵੀ ਨਹੀਂ ਹੋਵੇਗੀ | ਅਜਿਹੀ ਹਾਲਤ ਵੇਖਦੇ ਹੋਏ ਕਿਸਾਨ ਖੇਤੀ ਨੰੂ ਛੱਡਦੇ ਜਾ ਰਹੇ ਹਨ ਅਤੇ ਪਿੰਡਾਂ ਵਿਚੋਂ ਨੌਜਵਾਨ ਆਪਣੇ ਪਰਿਵਾਰ ਦੀਆਂ ਜ਼ਮੀਨਾਂ ਵਪਾਰੀਆਂ ਨੰੂ ਵੇਚ ਕੇ ਵਿਦੇਸ਼ਾਂ ਵਿਚ ਕੰਮ-ਕਾਜ ਕਰਨ ਲਈ ਭੱਜ ਰਹੇ ਹਨ | ਕਿਸਾਨ ਜ਼ਮੀਨਾਂ ਨੂੰ ਠੇਕੇ 'ਤੇ ਵੀ ਦੇਈ ਜਾ ਰਹੇ ਹਨ | ਵੱਡੀਆਂ-ਵੱਡੀਆਂ ਕੰਪਨੀਆਂ ਤੇ ਵਪਾਰੀ ਅਤੇ ਪ੍ਰਭਾਵਸ਼ਾਲੀ ਸਿਆਸਤਦਾਨ, ਪੁਲਿਸ ਅਧਿਕਾਰੀ ਵੱਡੇ-ਵੱਡੇ ਫਾਰਮ ਖਰੀਦ ਕੇ ਇਸ ਕਿੱਤੇ 'ਚ ਪ੍ਰਵੇਸ਼ ਕਰ ਰਹੇ ਹਨ | ਅਜਿਹੇ ਹਾਲਾਤ ਵਿਚ ਖੇਤੀ ਦਾ ਕੋਈ ਭਵਿੱਖ ਨਹੀਂ ਅਤੇ ਬੇਰੁਜ਼ਗਾਰੀ ਵਧਣ ਦੀ ਸੰਭਾਵਨਾ ਹੈ | ਸਰਕਾਰ ਨੂੰ ਖੇਤੀ ਦੇ ਕਿੱਤੇ ਨੂੰ ਲਾਹੇਵੰਦ ਅਤੇ ਛੋਟੇ ਕਿਸਾਨਾਂ ਦੀ ਤਰਸਯੋਗ ਹਾਲਤ ਵਿਚ ਸੁਧਾਰ ਲਿਆ ਕੇ ਉਨ੍ਹਾਂ ਨੂੰ ਆਜ਼ਾਦੀ ਅਤੇ ਜਮਹੂਰੀਅਤ ਦਾ ਆਨੰਦ ਮਾਨਣ ਦੇ ਯੋਗ ਬਣਾਉਣ ਦੀ ਲੋੜ ਹੈ |

-ਮੋਬਾਈਲ : 98152-36307

ਰੇਤ ਦੇ ਜਹਾਜ਼ਾਂ ਨਾਲ

ਇਹ ਦੁਨੀਆ, ਸਣੇ ਪੰਜਾਬ, ਰੇਤ ਦੀ ਬਣੀ ਹੁੰਦੀ ਸੀ | ਚਾਰੇ ਪਾਸੇ ਰੇਤਾ ਹੀ ਰੇਤਾ | ਇਸ ਰੇਤ ਨੂੰ ਚੀਰ ਕੇ ਜੇ ਕੋਈ ਲੰਘਣ ਦੀ ਸਮਰੱਥਾ ਰੱਖਦਾ ਸੀ ਤਾਂ ਉਹ ਸਿਰਫ਼ ਊਠ ਉਰਫ਼ ਬੋਤਾ ਹੀ ਹੁੰਦਾ ਸੀ | ਪੰਜਾਬ ਵਿਚ ਊਠ ਆਮ ਮਿਲ ਜਾਂਦੇ ਸਨ, ਹਰ ਪਿੰਡ ਦੇ ਕਈ ਘਰਾਂ ਵਿਚ ਹੁੰਦੇ ਸਨ | ਖੇਤੀ ਦੇ ਕੰਮਾਂ ਤੋਂ ਇਲਾਵਾ ਇਨ੍ਹਾਂ ਦੀਆਂ ਅੱਖਾਂ 'ਤੇ ਖੋਪੇ ਬੰਨ੍ਹ ਕੇ ਹਲਟ 'ਤੇ ਜੋੜੇ ਜਾਂਦੇ ਸਨ | ਪਰ 70ਵਿਆਂ ਤੋਂ ਬਾਅਦ ਇਹ ਪੰਜਾਬ 'ਚੋਂ ਖ਼ਤਮ ਹੋਣੇ ਸ਼ੁਰੂ ਹੋ ਗਏ | ਜਿਵੇਂ-ਜਿਵੇਂ ਬੇਲੋੜੇ ਟਰੈਕਟਰ ਵੱਧਦੇ ਗਏ, ਊਠ ਰਾਜਸਥਾਨ ਵੱਲ ਨੂੰ ਧੱਕੇ ਗਏ | ਹੁਣ ਤਾਂ ਇਨ੍ਹਾਂ ਦੀ ਲੋੜ ਉੱਥੇ ਵੀ ਘਟਦੀ ਜਾ ਰਹੀ ਹੈ | ਪੁਸ਼ਕਰ ਦਾ ਮਸ਼ਹੂਰ ਮੇਲਾ ਕਦੇ ਸਿਰਫ਼ ਊਠਾਂ ਕਰਕੇ ਭਰਦਾ ਸੀ | ਪਰ ਅੱਜਕਲ੍ਹ ਉੱਥੇ ਵੀ ਘੋੜੀਆਂ ਤੇ ਹੋਰਨਾਂ ਪਸ਼ੂਆਂ ਦੇ ਸੌਦੇ ਜ਼ਿਆਦਾ ਹੁੰਦੇ ਹਨ | ਵਪਾਰੀ ਮੰਨਦੇ ਹਨ ਕਿ ਊਠ ਖਰੀਦਣ ਵਾਲਿਆਂ ਨਾਲੋਂ ਵੇਚਣ ਵਾਲੇ ਜ਼ਿਆਦਾ ਹੁੰਦੇ ਹਨ | ਖੇਤੀਬਾੜੀ ਦਾ ਮਸ਼ੀਨੀਕਰਨ ਇਕ ਦਿਨ ਇਨ੍ਹਾਂ ਨੂੰ ਵੀ ਲੋਕਾਂ 'ਚੋਂ ਖ਼ਤਮ ਕਰਕੇ, ਸਿਰਫ਼ ਅਜਾਇਬ ਘਰਾਂ ਜੋਗੇ ਕਰ ਦੇਵੇਗਾ | ਹੋ ਸਕਦਾ ਪੰਜਾਬੀ ਕੈਦਿਆਂ ਵਿਚੋਂ ਵੀ ਊੜਾ-ਊਠ ਬਦਲਣਾ ਪੈ ਜਾਵੇ |

-ਮੋਬਾ: 98159-45018

ਇਸ ਮਹੀਨੇ ਦੇ ਖੇਤੀ ਰੁਝੇਵੇਂ

ਕਣਕ: ਪਿਛੇਤੀ ਬਿਜਾਈ ਲਈ ਘੱਟ ਸਮਾਂ ਲੈਣ ਵਾਲੀਆਂ ਕਿਸਮਾਂ ਜਿਵੇਂ ਕਿ ਪੀ ਬੀ ਡਬਲਯੂ 658 ਅਤੇ ਪੀ ਬੀ ਡਬਲਯੂ 590 ਦੀ ਕਾਸ਼ਤ ਕਰੋ | ਬਿਜਾਈ ਵੇਲੇ 45 ਕਿਲੋ ਯੂਰੀਆ ਅਤੇ 155 ਕਿਲੋ ਸਿੰਗਲ ਸੁਪਰਫਾਸਫੇਟ ਜਾਂ 55 ਕਿਲੋ ਡੀਏਪੀ ਪ੍ਰਤੀ ਏਕੜ ਪਾਉ | ਜੇਕਰ 55 ਕਿਲੋ ਡੀ.ਏ.ਪੀ. ਵਰਤੀ ਹੈ ਤਾਂ 20 ਕਿਲੋ ਯੂਰੀਆ ਪ੍ਰਤੀ ਏਕੜ ਦੇ ਹਿਸਾਬ ਘਟਾ ਦਿਓ | ਪਛੇਤੀ ਬੀਜੀ ਜਾਣ ਵਾਲੀ ਕਣਕ ਵਿਚ ਵੀ ਪੀ.ਏ.ਯੂ.-ਪੱਤਾ ਰੰਗ ਚਾਰਟ ਦੀ ਵਰਤੋਂ ਨਾਲ ਖਾਦ ਪਾਈ ਜਾ ਸਕਦੀ ਹੈ |
ਸਿੱਟੇ ਦੀ ਕਾਂਗਿਆਰੀ ਅਤੇ ਪੱਤਿਆਂ ਦੀ ਕਾਂਗਿਆਰੀ ਦੀ ਰੋਕਥਾਮ ਲਈ ਬੀਜ ਨੂੰ ਰੈਕਸਿਲ ਈ ਜੀ / ਓਰੀਅਸ 6 ਐਫ ਐਸ 13 ਮਿ.ਲਿ. ਜਾਂ ਵੀਟਾਵੈਕਸ ਪਾਵਰ 120 ਗ੍ਰਾਮ ਜਾਂ ਵੀਟਾਵੈਕਸ 80 ਗ੍ਰਾਮ ਜਾਂ ਟੈਬੂਸੀਡ/ ਸੀਡੈਕਸ/ ਐਕਸਜ਼ੋਲ 40 ਗ੍ਰਾਮ ਪ੍ਰਤੀ 40 ਕਿਲੋ ਬੀਜ ਦੇ ਹਿਸਾਬ ਨਾਲ ਸੋਧ ਲਓ |
ਬੀਜ ਦੀ ਸੋਧ ਬਿਜਾਈ ਤੋਂ ਇਕ ਮਹੀਨੇ ਤੋਂ ਪਹਿਲਾਂ ਨਾ ਕਰੋ ਨਹੀ ਤਾਂ ਬੀਜ ਦੀ ਉਗਣ ਸ਼ਕਤੀ 'ਤੇ ਮਾੜਾ ਅਸਰ ਪੈਂਦਾ ਹੈ ਕਣਕ ਦੀ ਪੀਲੀ ਕੁੰਗੀ ਦੀ ਪਹਿਲੀ ਆਮਦ ਦੇਖਣ ਲਈ ਨੀਮ ਪਹਾੜੀ ਇਲਾਕਿਆਂ ਦਾ ਸਰਵੇਖਣ ਕਰੋ | ਜੇਕਰ ਪੀਲੀ ਕੁੰਗੀ ਕਣਕ 'ਤੇ ਦਿਖਾਈ ਦਿੰਦੀ ਹੈ ਉਸ ਨੂੰ 0.1 ਪ੍ਰਤੀਸ਼ਤ ਟਿਲਟ ਜਾਂ ਸ਼ਾਇਨ ਜਾਂ ਬੰਪਰ ਜਾਂ ਕੰਮਪਾਸ ਜਾਂ ਸਟਿਲਟ ਜਾਂ ਮਾਰਕਜ਼ੋਲ ਦੇ ਘੋਲ ਨਾਲ ਨਸ਼ਟ ਕਰ ਦਿਓ |
ਜੇਕਰ ਫ਼ਸਲ 'ਤੇ ਤਣੇ ਦੀ ਗੁਲਾਬੀ ਸੁੰਡੀ ਦਾ ਹਮਲਾ ਨਜ਼ਰ ਆਵੇ ਤਾਂ 800 ਮਿਲੀਲਿਟਰ ਏਕਾਲਕਸ 25 ਈ ਸੀ (ਕੁਇਨਲਫਾਸ) ਨੂੰ 100 ਲਿਟਰ ਪਾਣੀ ਵਿਚ ਘੋਲ ਕੇ ਪ੍ਰਤੀ ਏਕੜ ਛਿੜਕਾਅ ਕਰੋ |
ਜੇਕਰ ਕਣਕ ਵਿਚ ਚੌੜੇ ਪੱਤੇ ਵਾਲੇ ਨਦੀਨ ਹੋਣ ਤਾਂ 250 ਗ੍ਰਾਮ ਪ੍ਰਤੀ ਏਕੜ 2, 4 ਡੀ ਦੀ ਵਰਤੋਂ ਕਣਕ ਦੀ ਬਿਜਾਈ ਤੋਂ 35-45 ਦਿਨਾਂ ਵਿਚ ਕਰੋ ਅਤੇ ਪਿਛੇਤੀ ਬੀਜੀ ਫ਼ਸਲ 'ਤੇ 45 ਤੋਂ 55 ਦਿਨਾਂ ਵਿਚ ਕਰੋ | ਸਖ਼ਤ ਜਾਨ ਨਦੀਨਾਂ ਜਿਵੇਂ ਜੰਗਲੀ ਪਾਲਕ, ਮੈਣਾ, ਮੈਣੀ, ਸੇਂਜੀ, ਤਕਲਾ ਆਦਿ ਲਈ ਐਲਗਰਿਪ/ ਐਲਗਰਿਪ ਰਾਇਲ/ ਮਾਰਕਗਰਿਪ (ਮੈਟਸਲਫ਼ੂਰਾਨ 20 ਤਾਕਤ) 10 ਗ੍ਰਾਮ/ ਏਕੜ 150 ਲਿਟਰ ਪਾਣੀ ਨਾਲ 30-35 ਦਿਨਾਂ ਪਿੱਛੋਂ ਛਿੜਕਾਅ ਕਰੋ | ਜਿਨ੍ਹਾਂ ਖੇਤਾਂ ਵਿਚ ਬਟਨ ਬੂਟੀ ਦੀ ਸਮੱਸਿਆ ਹੋਵੇ, ਉਥੇ ਏਮ/ ਅਫ਼ਿਨਟੀ (ਕਾਰਫ਼ੈਨਟਾਜੋਨ ਈਥਾਇਲ 40 ਡੀ ਐਫ) 20 ਗ੍ਰਾਮ/ਏਕੜ ਨੂੰ 200 ਲਿਟਰ ਪਾਣੀ ਨਾਲ 25-30 ਦਿਨਾਂ ਪਿੱਛੋਂ ਛਿੜਕਾਅ ਕਰੋ | ਜਿੱਥੇ ਮਕੋਹ, ਜੰਗਲੀ ਪਾਲਕ, ਰਵਾੜੀ, ਹਿਰਨਖੁਰੀ ਹੋਵੇ, ਤਾਂ ਉੱਥੇ ਲਾਂਫਿਡਾ 50 ਡੀ ਐਫ 20 ਗ੍ਰਾਮ ਪ੍ਰਤੀ ਏਕੜ ਬਿਜਾਈ ਤੋਂ 25-30 ਦਿਨਾਂ ਵਿਚ 150 ਲਿਟਰ ਪਾਣੀ ਵਰਤ ਕੇ ਛਿੜਕਾਅ ਕਰੋ |

(ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)
-ਪੇਸ਼ਕਸ਼ : ਅਮਰਜੀਤ ਸਿੰਘ

ਕਣਕ ਦਾ ਵਧੇਰੇ ਝਾੜ ਲੈਣ ਲਈ ਕਾਸ਼ਤ ਦੇ ਉੱਨਤ ਢੰਗ

ਕਣਕ ਪੰਜਾਬ ਦੀ ਹਾੜ੍ਹੀ ਰੁੱਤ ਦੀ ਮੁੱਖ ਫ਼ਸਲ ਹੈ | ਹਾੜ੍ਹੀ 2018-19 ਦੌਰਾਨ ਤਕਰੀਬਨ 34.80 ਲੱਖ ਹੈਕਟੇਅਰ ਰਕਬੇ ਵਿਚ ਕਣਕ ਦੀ ਬਿਜਾਈ ਦੀ ਸੰਭਾਵਨਾ ਹੈ | ਇਸ ਵਾਰ ਜ਼ਿਮੀਂਦਾਰ ਪੀ. ਏ. ਯੂ. ਲੁਧਿਆਣਾ ਵਲੋਂ ਪਰਾਲੀ ਦੀ ਸਾਂਭ-ਸੰਭਾਲ ਲਈ ਪ੍ਰਵਾਨਿਤ ਮਸ਼ੀਨਾਂ ਦੀ ਵਰਤੋਂ ਹੁੰਮ-ਹੁਮਾ ਕੇ ਕਰ ਰਹੇ ਹਨ | ਇਨ੍ਹਾਂ ਮਸ਼ੀਨਾਂ ਨਾਲ ਝੋਨੇ ਦੇ ਵੱਢ ਵਿਚ ਕਣਕ ਦੀ ਸਿੱਧੀ ਬਿਜਾਈ ਬਿਨਾਂ ਵਾਹੇ ਸਹਿਜੇ ਹੀ ਹੋ ਜਾਂਦੀ ਹੈ | ਸਭ ਤੋਂ ਵੱਡਾ ਫ਼ਾਇਦਾ ਇਹ ਹੁੰਦਾ ਹੈ ਕਿ ਕਿਸਾਨਾਂ ਦੇ ਸਿਰਦਰਦ ਗੁੱਲੀ-ਡੰਡੇ ਦੀ ਸਮਿੱਸਆ ਹੈਪੀ ਸੀਡਰ ਨਾਲ ਬੀਜੀ ਕਣਕ ਵਿਚ ਬਿਲਕੁਲ ਨਹੀਂ ਆਉਂਦੀ | ਕਣਕ ਪੀਲੀ ਨਹੀਂ ਪੈਂਦੀ ਅਤੇ 2-3 ਸਾਲਾਂ ਦੀ ਪਰਾਲੀ ਗਲ਼-ਸੜ ਕੇ ਜ਼ਮੀਨ ਦੀ ਉਪਜਾਊ ਸ਼ਕਤੀ ਵੀ ਵਧਾਉਂਦੀ ਹੈ |
ਹਾੜ੍ਹੀ ਦੀ ਇਸ ਰੁੱਤ ਦੌਰਾਨ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਲੋਂ ਜ਼ਿਮੀਂਦਾਰਾਂ ਨੂੰ ਕਣਕ ਦੀਆਂ ਜਿਹੜੀਆਂ ਉੱਨਤ ਕਿਸਮਾਂ ਦੀ ਸਿਫ਼ਾਰਸ਼ ਕੀਤੀ ਗਈ ਹੈ ਉਨ੍ਹਾਂ ਵਿਚ ਉੱਨਤ ਪੀ ਬੀ ਡਬਲਯੂ 343, ਉੱਨਤ ਪੀ ਬੀ ਡਬਲਯੂ 550, ਪੀ ਬੀ ਡਬਲਯੂ ਜ਼ਿੰਕ-1, ਪੀ ਬੀ ਡਬਲਯੂ 725, ਪੀ ਬੀ ਡਬਲਯੂ 677, ਐੱਚ ਡੀ 3086, ਐੱਚ ਡੀ 2967, ਪੀ ਬੀ ਡਬਲਯੂ 621 ਅਤੇ ਪੀ ਬੀ ਡਬਲਯੂ 550 ਸ਼ਾਮਲ ਹਨ | ਇਨ੍ਹਾਂ ਵਿਚੋਂ ਪਹਿਲੀਆਂ ਤਿੰਨ ਕਿਸਮਾਂ ਬਿਲਕੁਲ ਨਵੀਆਂ ਹਨ ਅਤੇ ਇਹ ਪੀਲੀ ਕੁੰਗੀ ਦਾ ਵਧੀਆ ਟਾਕਰਾ ਕਰ ਸਕਦੀਆਂ ਹਨ |
ਕਣਕ ਦੇ ਬੀਜ ਦੀ ਸੋਧ-ਜਿਹੜੇ ਜ਼ਿਮੀਦਾਰਾਂ ਨੇ ਕਣਕ ਦੀ ਬਿਜਾਈ ਅਜੇ ਕਰਨੀ ਹੈ, ਉਨ੍ਹਾਂ ਨੂੰ ਸਿਉਂਕ ਤੋਂ ਬਚਾਅ ਲਈ 4 ਮਿਲੀਲਿਟਰ ਪ੍ਰਤੀ ਕਿਲੋ ਬੀਜ ਦੇ ਹਿਸਾਬ ਨਾਲ ਸੋਧ ਲੈਣਾ ਚਾਹੀਦਾ ਹੈ | ਕਣਕ ਦੇ ਪੱਤਿਆਂ ਅਤੇ ਸਿੱਟਿਆਂ ਦੀ ਕਾਂਗਿਆਰੀ ਦੀ ਰੋਕਥਾਮ ਲਈ ਬੀਜ ਨੂੰ 13 ਮਿਲੀਲਿਟਰ ਰੈਕਸਲ ਈਜ਼ੀ/ਓਰੀਅਸ 6 ਐਫ ਐਸ (ਟੈਬੂਕੋਨਾਜ਼ੋਲ) ਨੂੰ 400 ਮਿਲੀਲਿਟਰ ਪਾਣੀ ਵਿਚ ਘੋਲ ਕੇ 40 ਕਿੱਲੋ ਬੀਜ ਨੂੰ ਸੋਧੋ ਜਾਂ 120 ਗ੍ਰਾਮ ਵੀਟਾਵੈਕਸ ਪਾਵਰ 75 ਡਬਲਯੂ ਐੱਸ (ਕਾਰਬੋਕਸਿਨ+ਟੈਟਰਾਮੀਥਾਈਲ ਥਾਈਯੂਰਮ ਡਾਈਸਲਫਾਈਡ) ਜਾਂ 80 ਗ੍ਰਾਮ ਵੀਟਾਵੈਕਸ 75 ਡਬਲਯੂ ਪੀ (ਕਾਰਬੋਕਸਿਨ) ਜਾਂ 40 ਗ੍ਰਾਮ ਟੈਬੂਸੀਡ/ ਸੀਡੈਕਸ/ ਐਕਸਜ਼ੋਲ 2 ਡੀ ਐਸ (ਟੈਬੂਕੋਨਾਜ਼ੋਲ) ਪ੍ਰਤੀ 40 ਕਿੱਲੋ ਬੀਜ ਦੇ ਹਿਸਾਬ ਨਾਲ ਸੋਧੋ | ਬੀਜ ਦੀ ਸੋਧ ਬਿਜਾਈ ਤੋਂ ਕਦੇ ਵੀ ਇਕ ਮਹੀਨੇ ਤਾ ਪਹਿਲਾਂ ਨਾ ਕਰੋ, ਨਹੀਂ ਤਾਂ ਬੀਜ ਦੀ ਉੱਗਣ ਸ਼ਕਤੀ 'ਤੇ ਮਾੜਾ ਅਸਰ ਪੈਂਦਾ ਹੈ | ਬੀਜ ਦੀ ਸੋਧ, ਬੀਜ ਸੋਧਕ ਡਰੰਮ ਨਾਲ ਚੰਗੀ ਤਰ੍ਹਾਂ ਕਰੋ |
ਕਣਕ ਦਾ ਝਾੜ ਪੰਜਾਬ ਦੇ ਅੱਡੋ-ਅੱਡ ਜ਼ਿਲਿ੍ਹਆਂ ਵਿਚ ਵੱਖ-ਵੱਖ ਹੁੰਦਾ ਹੈ ਜਿਸ ਦਾ ਕਾਰਨ ਕਈ ਵਾਰ ਬਿਮਾਰੀਆਂ ਦਾ ਹਮਲਾ ਹੁੰਦਾ ਹੈ, ਜੋ ਕਿ ਝਾੜ ਘਟਾ-ਵਧਾ ਦਿੰਦੀਆਂ ਹਨ | ਕਣਕ ਦੇ ਬੂਟਿਆਂ ਤੇ ਹੇਠ ਲਿਖੀਆਂ ਬਿਮਾਰੀਆਂ ਹਮਲਾ ਕਰਦੀਆਂ ਹਨ:-
ਪੀਲੀ ਕੁੰਗੀ-ਇਸ ਬਿਮਾਰੀ ਦੇ ਹਮਲੇ ਕਾਰਨ ਫ਼ਸਲ ਪੀਲੀ ਪੈ ਜਾਂਦੀ ਹੈ, ਪੱਤਿਆਂ 'ਤੇ ਪੀਲੇ ਧੱਬੇ ਲੰਮੀਆਂ ਧਾਰੀਆਂ ਦੇ ਰੂਪ ਵਿਚ ਦਿਖਾਈ ਦਿੰਦੇ ਹਨ ਜਿਨ੍ਹਾਂ 'ਤੇ ਪੀਲਾ ਹਲਦੀਨੁਮਾ ਧੂੜਾ ਨਜ਼ਰ ਆਉਂਦਾ ਹੈ | ਇਕ ਵਾਰੀ ਬਿਮਾਰੀ ਦੇ ਚਿੰਨ੍ਹ ਨਜ਼ਰ ਆਉਣ 'ਤੇ ਇਹ ਬਿਮਾਰੀ ਬੜੀ ਤੇਜ਼ੀ ਨਾਲ ਵਧਦੀ ਹੈ ਅਤੇ ਫ਼ਸਲ ਦਾ ਝਾੜ ਕਾਫ਼ੀ ਘਟਾ ਸਕਦੀ ਹੈ | ਇਸ ਬਿਮਾਰੀ ਦੇ ਉੱਲੀਨੁਮਾ ਜੀਵਾਣੂੰ ਠੰਢ ਅਤੇ ਬੱਦਲਵਾਈ ਦੀਆਂ ਹਾਲਤਾਂ ਵਿਚ ਵਧੇਰੇ ਹਮਲਾ ਕਰਨ ਦੀ ਸਮਰੱਥਾ ਰੱਖਦੇ ਹਨ | ਪੰਜਾਬ ਸੂਬੇ ਦੇ ਨੀਮ ਪਹਾੜੀ ਇਲਾਕਿਆਂ ਅਤੇ ਇਨ੍ਹਾਂ ਦੇ ਨਾਲ ਲੱਗਦੇ ਜ਼ਿਲਿ੍ਹਆਂ ਵਿਚ ਕਣਕ ਦੀ ਫ਼ਸਲ ਇਸ ਬਿਮਾਰੀ ਦੇ ਹਮਲੇ ਦੀ ਜਲਦੀ ਸ਼ਿਕਾਰ ਹੋ ਜਾਂਦੀ ਹੈ, ਕਿਉਂਕਿ ਬਿਮਾਰੀ ਦੇ ਜੀਵਾਣੂੰ ਪਹਾੜੀ ਇਲਾਕਿਆਂ ਤੇ ਪਲਦੇ ਹਨ ਅਤੇ ਹਵਾ ਰਾਹੀਂ ਕਣਕ ਦੇ ਖੇਤਾਂ ਵਿਚ ਹਮਲਾ ਕਰਦੇ ਹਨ |
ਰੋਕਥਾਮ:- ਪੀਲੀ ਕੁੰਗੀ ਤੋਂ ਬਚਣ ਲਈ ਸਭ ਤੋਂ ਸਸਤਾ ਤਰੀਕਾ ਹੈ ਕਿ ਸਾਨੂੰ ਰੋਗ ਰਹਿਤ ਕਿਸਮਾਂ ਜਿਵੇਂ ਕਿ ਪੀ ਬੀ ਡਬਲਯੂ 725, ਪੀ ਬੀ ਡਬਲਯੂ 677, ਐੱਚ ਡੀ 3086, ਉੱਨਤ ਪੀ ਬੀ ਡਬਲਯੂ 550, ਡਬਲਯੂ ਐੱਚ ਡੀ 943, ਪੀ ਡੀ ਡਬਲਯੂ 291, ਟੀ ਐੱਲ 2908 ਅਤੇ ਪੀ ਬੀ ਡਬਲਯੂ 660 ਹੀ ਬੀਜਣੀਆਂ ਚਾਹੀਦੀਆਂ ਹਨ | ਪਾਣੀ ਲਾਉਣ ਜਾਂ ਮੀਂਹ ਪੈਣ ਤੋਂ ਬਾਅਦ ਪੀਲੀ ਕੁੰਗੀ ਦੀ ਆਮਦ ਦੇਖਣ ਲਈ ਅੱਧ ਦਸੰਬਰ ਤੋਂ ਬਾਅਦ ਖੇਤਾਂ ਦਾ ਸਰਵੇਖਣ ਕਰੋ | ਬਿਮਾਰੀ ਨਜ਼ਰ ਆਉਣ ਤੇ 120 ਗ੍ਰਾਮ ਨਟੀਵੋ 75 ਡਬਲਯੂ ਜੀ (ਟ੍ਰਾਈਫਲੋਕਸੀਸਟ੍ਰੋਬਿਨ + ਟੈਬੂਕੋਨਾਜ਼ੋਲ) ਜਾਂ 200 ਮਿਲੀਲਿਟਰ ਟਿਲਟ 25 ਈ ਸੀ/ਸ਼ਾਈਨ 25 ਈ ਸੀ/ਬੰਪਰ 25 ਈ ਸੀ/ ਸਟਿਲਟ 25 ਈ ਸੀ/ਕੰਮਪਾਸ 25 ਈ ਸੀ/ਮਾਰਕਜ਼ੋਲ 25 ਈ ਸੀ (ਪ੍ਰੋਪੀਕੋਨਾਜ਼ੋਲ) ਨੂੰ 200 ਲਿਟਰ ਪਾਣੀ ਵਿਚ ਘੋਲ ਕੇ ਪ੍ਰਤੀ ਏਕੜ ਛਿੜਕਾਅ ਕਰਨਾ ਚਾਹੀਦਾ ਹੈ | ਖੇਤ ਦਾ ਲਗਾਤਾਰ ਸਰਵੇਖਣ ਕਰੋ ਅਤੇ ਲੋੜ ਪੈਣ ਤੇ ਛਿੜਕਾਅ ਦੁਹਰਾਉ |
ਭੂਰੀ ਕੁੰਗੀ-ਪੱਤਿਆਂ ਉੱਪਰ ਗੋਲ ਸੰਤਰੀ ਰੰਗ ਦੇ ਧੱਬੇ ਜੋ ਕਿ ਬੇਤਰਤੀਬੇ ਜਾਂ ਇਕੱਠੇ ਹੁੰਦੇ ਹਨ, ਪੈ ਜਾਂਦੇ ਹਨ ਅਤੇ ਇਨ੍ਹਾਂ 'ਤੇ ਸੰਤਰੀ ਰੰਗ ਦਾ ਧੂੜਾ ਨਜ਼ਰ ਆਉਂਦਾ ਹੈ | ਭੂਰੀ ਕੁੰਗੀ ਤੋਂ ਬਚਾਅ ਲਈ ਰੋਗ ਰਹਿਤ ਕਿਸਮਾਂ ਜਿਵੇਂ ਕਿ ਪੀ ਬੀ ਡਬਲਯੂ 725, ਪੀ ਬੀ ਡਬਲਯੂ 677, ਉੱਨਤ ਪੀ ਬੀ ਡਬਲਯੂ 343, ਉੱਨਤ ਪੀ ਬੀ ਡਬਲਯੂ 550, ਪੀ ਬੀ ਡਬਲਯੂ ਜ਼ਿੰਕ-1 ਹੀ ਬੀਜਣੀਆਂ ਚਾਹੀਦੀਆਂ ਹਨ | ਬਿਮਾਰੀ ਨਜ਼ਰ ਆਉਣ ਤੇ ਪੀਲੀ ਕੁੰਗੀ ਲਈ ਵਰਤੇ ਗਏ ਉੱਲੀਨਾਸ਼ਕਾਂ ਦੀ ਹੀ ਵਰਤੋਂ ਕਰੋ |
ਕਰਨਾਲ ਬੰਟ–ਇਹ ਬਿਮਾਰੀ ਬੀਜ, ਮਿੱਟੀ ਅਤੇ ਹਵਾ ਨਾਲ ਲੱਗਦੀ ਹੈ | ਇਸ ਬਿਮਾਰੀ ਨਾਲ ਸਿੱਟਿਆਂ ਵਿਚ ਕੁਝ ਦਾਣਿਆਂ ਦਾ ਥੋੜਾ ਹਿੱਸਾ ਜਾਂ ਪੂਰੇ ਦਾਣੇ ਕਾਲੇ ਪੈ ਜਾਂਦੇ ਹਨ | ਜੇਕਰ ਬਿਮਾਰੀ ਵਾਲੇ ਦਾਣਿਆਂ ਨੂੰ ਹੱਥਾਂ ਵਿਚ ਲੈ ਕੇ ਮਲਿਆ ਜਾਵੇ ਤਾਂ ਕਾਲੇ ਰੰਗ ਦੇ ਕਿਣਕੇ ਬਾਹਰ ਨਿਕਲਦੇ ਹਨ, ਜਿਨ੍ਹਾਂ ਦੀ ਭੈੜੀ ਦੁਰਗੰਧ ਹੁੰਦੀ ਹੈ | ਬੀਜ ਵਾਲੀ ਫ਼ਸਲ 'ਤੇ ਇਸ ਬਿਮਾਰੀ ਦੀ ਰੋਕਥਾਮ ਲਈ 200 ਮਿਲੀਲਿਟਰ ਟਿਲਟ (ਪ੍ਰੋਪੀਕੋਨਾਜ਼ੋਲ) ਨੂੰ 200 ਲਿਟਰ ਪਾਣੀ ਵਿਚ ਘੋਲ ਕੇ ਸਿੱਟੇ ਨਿਕਲਣ ਵੇਲੇ ਪ੍ਰਤੀ ਏਕੜ ਇਕ ਛਿੜਕਾਅ ਕਰੋ |
ਸਿੱਟੇ ਦੀ ਕਾਂਗਿਆਰੀ-ਇਹ ਇਕ ਉੱਲੀ ਦੀ ਬਿਮਾਰੀ ਹੈ | ਜਿਸ ਨਾਲ ਕਣਕ ਦੇ ਸਿੱਟੇ ਕਾਲੇ ਪਾਊਡਰ ਵਾਂਗ ਹੋ ਜਾਂਦੇ ਹਨ ਅਤੇ ਕੋਈ ਦਾਣਾ ਨਹੀ ਬਣਦਾ |
ਪੱਤਿਆਂ ਦੀ ਕਾਂਗਿਆਰੀ–ਪੱਤਿਆਂ ਦੇ ਉੱਪਰ ਸਲੇਟੀ ਜਾਂ ਕਾਲੇ ਰੰਗ ਦੀਆਂ ਧਾਰੀਆਂ ਪੈ ਜਾਂਦੀਆਂ ਹਨ | ਫੱਟਣ ਤੋ ਬਾਅਦ ਇਨ੍ਹਾਂ ਧਾਰੀਆਂ ਵਿਚੋ ਕਾਲਾ ਧੂੜਾ ਨਿਕਲਦਾ ਹੈ |
ਕਣਕ ਦੀ ਕਾਂਗਿਆਰੀਆਂ ਦੀ ਰੋਕਥਾਮ ਲਈ ਬੀਜ ਦੀ ਸੋਧ ਉੱਪਰ ਦਿੱਤੇ ਢੰਗ ਨਾਲ ਕਰੋ |


-ਡਾ: ਹਰਪ੍ਰੀਤ ਸਿੰਘ ਅਤੇ
ਡਾ: ਪ੍ਰਦੀਪ ਕੁਮਾਰ
-ਸਾਇੰਸਦਾਨ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੇ ਅਦਾਰੇ ਫ਼ਾਰਮ ਸਲਾਹਕਾਰ ਸੇਵਾ ਕੇਂਦਰ, ਕਪੂਰਥਲਾ ਨਾਲ ਸਬੰਧਿਤ ਹਨ |
ਸੰਪਰਕ: 01822-232543






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX