ਤਾਜਾ ਖ਼ਬਰਾਂ


ਸੀ.ਬੀ.ਆਈ ਵੱਲੋਂ ਸਾਂਈ ਦੇ ਠਿਕਾਣਿਆਂ 'ਤੇ ਛਾਪੇਮਾਰੀ
. . .  1 day ago
ਨਵੀਂ ਦਿੱਲੀ, 17 ਜਨਵਰੀ - ਸੀ.ਬੀ.ਆਈ ਵੱਲੋਂ ਰਿਸ਼ਵਤ ਦੇ ਮਾਮਲੇ 'ਚ ਸਪੋਰਟਸ ਅਥਾਰਿਟੀ ਆਫ਼ ਇੰਡੀਆ (ਸਾਈ) ਦੇ ਠਿਕਾਣਿਆਂ 'ਤੇ ਛਾਪੇਮਾਰੀ ਕੀਤੀ ਗਈ ਹੈ।
ਨਵੇਂ ਸਰਪੰਚਾਂ ਨੂੰ ਗਰਾਮ ਪੰਚਾਇਤਾਂ ਦਾ ਰਿਕਾਰਡ 21 ਤੱਕ ਦੇਣ ਦੇ ਹੁਕਮ
. . .  1 day ago
ਖਮਾਣੋਂ ,17 ਜਨਵਰੀ {ਮਨਮੋਹਣ ਸਿੰਘ ਕਲੇਰ}- ਰਾਜ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ {ਚੋਣ ਸ਼ਾਖਾ} ਵੱਲੋਂ ਰਾਜ ਸਮੂਹ ਜ਼ਿਲ੍ਹਾ ਵਿਕਾਸ ਅਫ਼ਸਰਾਂ ਅਤੇ ਬਲਾਕ ਵਿਕਾਸ ਅਫ਼ਸਰਾਂ ਨੂੰ ਇਕ ਪੱਤਰ ਜਾਰੀ ਕਰਦੇ ਹੋਏ ਮੌਜੂਦਾ ...
ਕੈਬਨਿਟ ਦੀ ਨਿਯੁਕਤ ਕਮੇਟੀ ਨੇ ਘਟਾਇਆ ਰਾਕੇਸ਼ ਅਸਥਾਨਾ ਸਮੇਤ 4 ਅਫਸਰਾਂ ਦਾ ਕਾਰਜਕਾਲ
. . .  1 day ago
ਨਵੀਂ ਦਿੱਲੀ, 17 ਜਨਵਰੀ - ਸੀ.ਬੀ.ਆਈ ਦੇ ਵਿਸ਼ੇਸ਼ ਨਿਰਦੇਸ਼ਕ ਰਾਕੇਸ਼ ਅਸਥਾਨਾ ਅਤੇ ਤਿੰਨ ਹੋਰ ਸੀ.ਬੀ.ਆਈ ਅਫਸਰਾਂ ਦਾ ਕਾਰਜਕਾਲ ਕੇਂਦਰੀ ਕੈਬਨਿਟ ਦੀ ਨਿਯੁਕਤ ਕਮੇਟੀ ਵੱਲੋਂ...
ਸੱਚ ਦੀ ਜਿੱਤ ਹੋਈ ਹੈ - ਅੰਸ਼ੁਲ ਛਤਰਪਤੀ
. . .  1 day ago
ਪੰਚਕੂਲਾ, 17 ਜਨਵਰੀ - ਪੱਤਰਕਾਰ ਰਾਮਚੰਦਰ ਛਤਰਪਤੀ ਹੱਤਿਆ ਮਾਮਲੇ 'ਚ ਡੇਰਾ ਸਿਰਸਾ ਪ੍ਰਮੁੱਖ ਗੁਰਮੀਤ ਰਾਮ ਰਹੀਮ ਸਮੇਤ ਚਾਰ ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਏ...
ਸੈਰ ਸਪਾਟਾ ਵਿਭਾਗ ਨੇ 7.90 ਕਰੋੜ ਦੀ ਲਾਗਤ ਨਾਲ ਛੱਤਬੀੜ ਦੀ ਕੀਤੀ ਕਾਇਆ ਕਲਪ - ਸਿੱਧੂ
. . .  1 day ago
ਜ਼ੀਰਕਪੁਰ, 17 ਜਨਵਰੀ (ਹਰਦੀਪ ਸਿੰਘ ਹੈਪੀ ਪੰਡਵਾਲਾ) - ਪੰਜਾਬ ਵਿੱਚ ਜੰਗਲੀ ਜੀਵ ਸੈਲਾਨੀਆਂ ਦੀ ਗਿਣਤੀ ਨੂੰ ਵਧਾਉਣ ਲਈ ਪੰਜਾਬ ਹੈਰੀਟੇਜ ਐਂਡ ਟੂਰਿਜ਼ਮ ਪ੍ਰਮੋਸ਼ਨ ਬੋਰਡ ਵੱਲੋਂ ਛੱਤਬੀੜ...
ਛਤਰਪਤੀ ਹੱਤਿਆ ਮਾਮਲੇ 'ਚ ਰਾਮ ਰਹੀਮ ਨੂੰ ਉਮਰ ਕੈਦ ਦੀ ਸਜ਼ਾ
. . .  1 day ago
ਪੰਚਕੂਲਾ, 17 ਜਨਵਰੀ (ਰਾਮ ਸਿੰਘ ਬਰਾੜ) - ਪੱਤਰਕਾਰ ਰਾਮਚੰਦਰ ਛਤਰਪਤੀ ਹੱਤਿਆ ਮਾਮਲੇ 'ਚ ਸੀ.ਬੀ.ਆਈ ਦੀ ਵਿਸ਼ੇਸ਼ ਅਦਾਲਤ ਨੇ ਡੇਰਾ ਸੱਚਾ ਸੌਦਾ ਪ੍ਰਮੁੱਖ ਗੁਰਮੀਤ ਰਾਮ ਰਹੀਮ...
ਭਾਰਤ ਅਤੇ ਆਸਟ੍ਰੇਲੀਆ ਵਿਚਕਾਰ ਤੀਸਰਾ ਇੱਕ ਦਿਨਾਂ ਮੈਚ ਕੱਲ੍ਹ
. . .  1 day ago
ਮੈਲਬੌਰਨ, 17 ਜਨਵਰੀ - ਭਾਰਤ ਅਤੇ ਆਸਟ੍ਰੇਲੀਆ ਵਿਚਕਾਰ ਤੀਸਰਾ ਅਤੇ ਆਖ਼ਰੀ ਇੱਕ ਦਿਨਾਂ ਮੈਚ 18 ਜਨਵਰੀ ਨੂੰ ਮੈਲਬੌਰਨ 'ਚ ਖੇਡਿਆ ਜਾਵੇਗਾ। ਦੋਵੇਂ ਟੀਮਾਂ 1-1 ਮੈਚ ਜਿੱਤ...
ਮਹਿਲਾ ਕ੍ਰਿਕਟ : ਬੀ.ਸੀ.ਸੀ.ਆਈ ਵੱਲੋਂ ਇੰਗਲੈਂਡ ਖ਼ਿਲਾਫ਼ ਘਰੇਲੂ ਲੜੀ ਲਈ ਪ੍ਰੋਗਰਾਮ ਦਾ ਐਲਾਨ
. . .  1 day ago
ਮੁੰਬਈ, 17 ਜਨਵਰੀ - ਬੀ.ਸੀ.ਸੀ.ਆਈ ਨੇ ਇੰਗਲੈਂਡ ਖ਼ਿਲਾਫ਼ ਘਰੇਲੂ ਲੜੀ ਲਈ ਪ੍ਰੋਗਰਾਮ ਦਾ ਐਲਾਨ ਕਰ ਦਿੱਤਾ ਹੈ। ਇਸ ਲੜੀ ਤਹਿਤ ਭਾਰਤੀ ਮਹਿਲਾ ਕ੍ਰਿਕਟ ਟੀਮ ਅਤੇ ਇੰਗਲੈਂਡ...
ਸੋਸ਼ਲ ਮੀਡੀਆ 'ਤੇ ਆਮ ਚੋਣਾਂ ਦੀ ਫ਼ਰਜ਼ੀ ਤਾਰੀਖ਼ ਜਾਰੀ ਕਰਨ ਵਾਲਿਆ ਖ਼ਿਲਾਫ਼ ਕਾਰਵਾਈ ਹੋਵੇ - ਚੋਣ ਕਮਿਸ਼ਨ
. . .  1 day ago
ਨਵੀਂ ਦਿੱਲੀ, 10 ਜਨਵਰੀ - ਚੋਣ ਕਮਿਸ਼ਨ ਨੇ ਦਿੱਲੀ ਦੇ ਚੋਣ ਅਧਿਕਾਰੀ ਨੂੰ ਸੋਸ਼ਲ ਮੀਡੀਆ 'ਤੇ ਆਮ ਚੋਣਾਂ ਦੀ ਫ਼ਰਜ਼ੀ ਤਾਰੀਖ਼ ਜਾਰੀ ਕਰਨ ਵਾਲਿਆ ਖ਼ਿਲਾਫ਼ ਕਾਰਵਾਈ...
ਬੱਚਿਆ ਨਾਲ ਕਥਿਤ ਸ਼ੋਸ਼ਣ ਨੂੰ ਲੈ ਕੇ ਸੀ.ਬੀ.ਆਈ ਵੱਲੋਂ ਐੱਫ.ਆਈ.ਆਰ ਦਰਜ
. . .  1 day ago
ਪਟਨਾ, 17 ਜਨਵਰੀ - ਬਿਹਾਰ ਦੇ ਸ਼ੈਲਟਰ ਹੋਮ 'ਚ ਬੱਚਿਆ ਨਾਲ ਕਥਿਤ ਸ਼ੋਸ਼ਣ ਨੂੰ ਲੈ ਕੇ ਸੀ.ਬੀ.ਆਈ ਨੇ 8 ਐੱਫ.ਆਈ.ਆਰ ਦਰਜ ਕੀਤੀਆਂ...
ਹੋਰ ਖ਼ਬਰਾਂ..

ਸਾਹਿਤ ਫੁਲਵਾੜੀ

ਮੋਹ ਦੀਆਂ ਤੰਦਾਂ

ਕਈ ਦ੍ਰਿਸ਼, ਵਾਕ ਜਾਂ ਕਹੇ-ਅਣਕਹੇ ਸੁਨੇਹੇ ਅਨਚੇਤਨ ਮਨ 'ਚ ਬੈਠ ਜਾਂਦੇ ਹਨ। ਮਨ ਦੇ ਗੁੱਝੇ ਕੋਨਿਆਂ 'ਚ ਵਸੇ ਇਹ ਭਾਵ ਉਸ ਵੇਲੇ ਚੇਤੇ ਆਉਂਦੇ ਹਨ ਜਦ ਵਿਚਾਰਾਂ ਦਾ ਕੋਈ ਬੁੱਲਾ ਇਕ ਤੋਂ ਬਾਅਦ ਇਕ, ਮਨ ਦੇ ਕਿਵਾੜ ਖੋਲ੍ਹਣ ਲਗਦਾ ਹੈ।
ਰਾਗਿਨੀ ਦੇ ਮਨ 'ਚ ਖ਼ਬਰੇ ਕਿਹੜੇ ਵੇਲੇ ਅਤੇ ਕਿਹੜਾ ਵਿਚਾਰਾਂ ਦਾ ਬੁੱਲਾ ਆਇਆ ਪਰ ਜਦ ਆਖਰੀ ਕਿਵਾੜ ਖੁੱਲ੍ਹਾ ਤਾਂ ਰਾਸ਼ੀ ਦਾ ਚਿਹਰਾ ਉਸ ਦੇ ਸਾਹਮਣੇ ਆ ਗਿਆ।
ਸ਼ਾਮ ਦੇ 7 ਜਾਂ ਸਾਢੇ 7 ਵੱਜੇ ਸਨ। ਰਾਸ਼ੀ ਨੇ ਡੋਰਬੈੱਲ ਵਜਾਈ ਅਤੇ ਸਿੱਧਾ ਆ ਕੇ ਰਾਗਿਨੀ ਦੇ ਗਲੇ ਲੱਗ ਗਈ। ਰਾਗਿਨੀ ਨੇ ਵੀ ਚਿਰਾਂ ਬਾਅਦ ਮਿਲੀ ਭੈਣ ਨੂੰ 5 ਮਿੰਟ ਤੱਕ ਘੁੱਟ ਕੇ ਫੜੀ ਰੱਖਿਆ। ਇਸ ਗਲਵੱਕੜੀ ਨਾਲ ਭੈਣਾਂ ਦੇ ਰਿਸ਼ਤੇ ਦੀ ਖੁਸ਼ਬੋਈ ਪੂਰੇ ਘਰ 'ਚ ਫੈਲ ਗਈ।
ਹਾਲ-ਚਾਲ ਪੁੱਛਣ ਦੇ ਨਾਲ-ਨਾਲ ਰਾਗਿਨੀ ਨੇ ਇਡਲੀ-ਸਾਂਬਰ ਪਰੋਸਣਾ ਸ਼ੁਰੂ ਕਰ ਦਿੱਤਾ। ਦਫ਼ਤਰ ਤੋਂ ਆਈ ਰਾਸ਼ੀ ਇਕ-ਇਕ ਗਰਾਹੀ ਨਾਲ ਰਾਗਿਨੀ ਦੇ ਬਣਾਏ ਖਾਣੇ ਦੀ ਤਾਰੀਫ਼ ਕਰਦੀ ਗਈ।
'ਦੀਦੀ! ਮੈਂ ਸਵੇਰੇ ਇਹ ਹੀ ਆਫਿਸ ਲੈ ਕੇ ਜਾਵਾਂਗੀ', ਰਾਸ਼ੀ ਨੇ ਕਿਹਾ।
'ਅੱਛਾ ਬਾਬਾ! ਮੈਂ ਤੇਰੇ ਲਈ ਵੈਜੀਟੇਬਲ ਇਡਲੀ ਬਣਾ ਦੇਵਾਂਗੀ। ਤੂੰ ਹੁਣ ਤੇ ਖਾ', ਰਾਗਿਨੀ ਨੇ ਪਿਆਰ ਨਾਲ ਕਿਹਾ।
'ਜੋ ਮਰਜ਼ੀ ਬਣਾਉਣਾ, ਬਸ ਮੇਰੇ ਆਫਿਸ ਵਾਲੇ ਉਂਗਲੀਆਂ ਚੱਟਦੇ ਰਹਿਣ', ਰਾਸ਼ੀ ਨੇ ਕਿਹਾ ਤੇ ਰਾਗਿਨੀ ਮੁਸਕਰਾ ਪਈ।
ਖੁੱਲ੍ਹੇ ਕਿਵਾੜ ਦੇ ਪਾਰ ਵੀ ਉਹ ਮੁਸਕਰਾ ਰਹੀ ਸੀ ਅਤੇ ਹੁਣ ਅਵਚੇਤਨ ਮਨ 'ਚ ਆਈ ਰਾਸ਼ੀ ਦੀਆਂ ਨਿੱਕੀਆਂ-ਨਿੱਕੀਆਂ ਮੁਸਕਰਾਹਟਾਂ ਨੂੰ ਯਾਦ ਕਰਕੇ ਵੀ।
ਰਾਸ਼ੀ ਰਾਗਿਨੀ ਦੇ ਮਾਮੇ ਦੀ ਸਭ ਤੋਂ ਛੋਟੀ ਬੇਟੀ ਸੀ। ਉਂਜ ਵੀ ਨਾਨਕੇ ਪਰਿਵਾਰ 'ਚੋਂ ਵੀ ਸਭ ਤੋਂ ਛੋਟੀ ਸੀ। ਪਰ ਉਸ ਨੂੰ ਦੁਲਾਰ ਲੈਣਾ ਵੀ ਆਉਂਦਾ ਸੀ, ਪਿਆਰ ਦੇਣਾ ਵੀ ਅਤੇ ਰੋਹਬ ਨਾਲ ਗੱਲ ਮਨਵਾਉਣੀ ਵੀ।
ਕਈ ਵਾਰ ਗੱਲ ਕਰਦਿਆਂ ਉਹ ਆਪਣੀ ਉਮਰ ਦੇ ਕੱਦ ਨਾਲੋਂ ਕਿਤੇ ਵੱਡੀਆਂ ਗੱਲਾਂ ਕਰਨ ਲਗਦੀ ਅਤੇ ਕਦੇ ਗੋਲਗੱਪੇ ਜਾਂ ਹੋਰ ਅਜਿਹੀਆਂ ਚੀਜ਼ਾਂ ਦੀ ਮੰਗ ਤੁਰੰਤ ਪੂਰੀ ਕਰਵਾਉਣ ਲਈ ਨਿੱਕੇ ਬੱਚਿਆਂ ਵਾਂਗ ਹੜਤਾਲ 'ਤੇ ਵੀ ਬੈਠ ਜਾਂਦੀ।
'ਦੀਦੀ! ਮੈਂ ਨਾ ਕੁਝ ਦਿਨ ਤੁਹਾਡੇ ਕੋਲ ਆਵਾਂਗੀ', ਰਾਸ਼ੀ ਨੇ ਕਿਹਾ।
'ਮੈਨੂੰ ਸਮਝ ਨਹੀਂ ਆਉਂਦੀ, ਤੂੰ ਨੋਇਡਾ ਤੋਂ ਰੋਜ਼ ਗੁੜਗਾਂਓਂ ਜਾਂਦੀ ਕਿਉਂ ਹੈਂ? ਰੋਜ਼ ਆ ਕੇ ਛੁੱਟੀ ਵਾਲੇ ਦਿਨ ਚਲੀ ਜਾਇਆ ਕਰ', ਰਾਗਿਨੀ ਨੇ ਹੋਰ ਹੱਕ ਨਾਲ ਕਿਹਾ।
ਜਦ ਪ੍ਰੋਗਰਾਮ 'ਤੇ ਦੋਵਾਂ ਦੀ ਰਜ਼ਾਮੰਦੀ ਦੀ ਮੋਹਰ ਲੱਗ ਗਈ ਤਾਂ ਅਚਾਨਕ ਰਾਗਿਨੀ ਨੇ ਪੁੱਛਿਆ, 'ਅੱਛਾ! ਡਾਕਟਰ ਨੇ ਕੀ ਕੀ ਖਾਣ ਨੂੰ ਮਨ੍ਹਾਂ ਕੀਤਾ ਹੈ?'
ਰਾਸ਼ੀ ਨੇ ਮੁਸਕਰਾਉਂਦਿਆਂ ਕਿਹਾ, 'ਮੈਂ ਉਹ ਚੀਜ਼ਾਂ ਦੱਸ ਦੇਵਾਂਗੀ ਜੋ ਮੈਂ ਖਾ ਸਕਦੀ ਹਾਂ।'
ਰਾਸ਼ੀ ਨੂੰ ਕਣਕ ਅਤੇ ਇਸ ਤੋਂ ਬਣੀਆਂ ਵਸਤਾਂ ਤੋਂ ਐਲਰਜੀ ਸੀ। ਨਾਲ ਕੁਝ ਹੋਰ ਵੀ ਸਮੱਸਿਆ ਵੀ ਸੀ। ਵੈਸੇ ਤਾਂ ਕਈ ਡਾਕਟਰਾਂ ਨੂੰ ਵਿਖਾ ਚੁੱਕੇ ਸੀ ਪਰ ਅੱਜਕਲ੍ਹ ਰਾਗਿਨੀ ਦੇ ਘਰ ਕੋਲ ਇਕ ਹੋਮਿਉਪੈਥੀ ਡਾਕਟਰ ਕੋਲੋਂ ਇਲਾਜ ਚਲ ਰਿਹਾ ਸੀ।
ਰਾਗਿਨੀ ਨੇ ਕਿਤੇ ਪੜ੍ਹਿਆ ਸੀ ਕਿ ਪਾਣੀ 'ਚ ਉਤਰਨ ਵਾਲੇ ਨੂੰ ਤੈਰਨ ਦੀ ਜਾਚ ਆ ਹੀ ਜਾਂਦੀ ਹੈ। ਰਾਸ਼ੀ ਪਾਣੀ 'ਚ ਉੱਤਰੀ ਉਹ ਇਨਸਾਨ ਸੀ ਜੋ ਤੈਰਾਕ ਬਣਨ ਦਾ ਯਤਨ ਕਰ ਰਹੀ ਸੀ। ਇਸ ਯਤਨ 'ਚ ਉਹ ਪਾਣੀ ਤੋਂ ਬਾਹਰਲੀ ਦੁਨੀਆ ਭੁੱਲੀ ਤਾਂ ਨਹੀਂ ਸੀ ਪਰ ਅਜਿਹਾ ਜਤਾਉਣ ਦੀ ਕੋਸ਼ਿਸ਼ ਕਰਦੀ ਰਹਿੰਦੀ ਸੀ।
ਕਈ ਵਾਰ ਕੁਆਰੇ ਮਨ ਦੀਆਂ ਕਈ ਸਧਰਾਂ ਉਹ ਆਪਣੇ ਆਸ-ਪਾਸ ਖਲੇਰ ਕੇ ਬੈਠ ਜਾਂਦੀ। ਰੰਗ-ਬਰੰਗੀਆਂ ਚੂੜੀਆਂ, ਨਵੇਂ ਫੈਸ਼ਨ ਦੇ ਕੱਪੜੇ, ਬਿੰਦੀਆਂ, ਲਿਪਸਟਿਕਾਂ ਤੋਂ ਲੈ ਕੇ ਉਹ ਸਾਰੇ ਅਸਬਾਬ, ਜੋ ਮਨ ਦੀਆਂ ਤਾਂਘਾਂ ਨੂੰ ਸ਼ਿੰਗਾਰਨ ਲਈ ਜ਼ਰੂਰੀ ਮੰਨੇ ਜਾਂਦੇ ਸੀ, ਸਭ ਉਸ ਕੋਲ ਹੁੰਦੇ ਸਨ।
ਪਰ ਤੈਰਾਕ ਬਣਨ ਲਈ ਉਹ ਜੱਦੋ-ਜਹਿਦ ਕਰ ਰਹੀ ਸੀ, ਜਿਸ ਨੂੰ ਉਸ ਸਮੇਤ ਸਾਰੇ ਵੇਖ ਰਹੇ ਸਨ, ਸਮਝ ਵੀ ਰਹੇ ਸੀ, ਪਰ ਹੌਸਲੇ ਦੀਆਂ ਲੜੀਆਂ ਦਾ ਇਕ-ਇਕ ਸਿਰਾ ਰਾਸ਼ੀ ਨੂੰ ਫੜਾ ਕੇ, ਦੂਜਾ ਲੜ੍ਹ ਫੜੀ ਸਭ ਉਸ ਨਾਲ ਚਲ ਰਹੇ ਸਨ। ਮਾਮਾ, ਮਾਮੀ, ਉਸ ਦੀਆਂ ਤਿੰਨੋ ਭੈਣਾਂ।
ਰਾਸ਼ੀ ਦੀ ਬਿਮਾਰੀ ਦੀਆਂ ਪੇਚੀਦਗੀਆਂ ਵਧ ਰਹੀਆਂ ਸਨ। ਉਸ ਨੇ ਨੌਕਰੀ ਛੱਡ ਦਿੱਤੀ। ਹੁਣ ਉਹ ਜ਼ਿਆਦਾਤਰ ਘਰ ਹੀ ਹੁੰਦੀ ਸੀ। ਇਕ ਦਿਨ ਅਚਾਨਕ ਫੋਨ 'ਤੇ ਮੈਸੇਜ਼ 'ਤੇ ਗੱਲ ਕਰਦਿਆਂ ਕਹਿਣ ਲੱਗੀ, 'ਦੀਦੀ ਜਿਹੜੇ ਤੁਸੀਂ ਮੇਰੇ ਲਈ ਬਿਸਕੁਟ ਬਣਾਏ ਸੀ, ਉਹ ਚਿਪਚਿਪਾਹਟ ਤੋਂ ਬਿਨਾਂ ਸਨ, ਉਹ ਖਾਣ ਨੂੰ ਜੀਅ ਕਰ ਰਿਹਾ ਹੈ। ਥੋੜ੍ਹੀ ਦੇਰ ਬਾਅਦ ਮਾਮੀ ਜੀ ਨੇ ਹੱਸਦਿਆਂ ਫੋਨ ਫੜ ਕੇ ਕਿਹਾ ਕਿ ਫੂਡ ਚੈਨਲ ਵੇਖਦਿਆਂ ਤੈਨੂੰ ਜ਼ਰੂਰ ਯਾਦ ਕਰਦੀ ਹੈ।
ਪਿਆਰ ਦੀ ਇਸ ਨੁਹਾਰ ਨੂੰ ਅਣਸੁਣਿਆਂ ਕਿਵੇਂ ਕੀਤਾ ਜਾ ਸਕਦਾ ਸੀ। ਜਿੰਨੀ ਕੁ ਛੇਤੀ ਰਾਗਿਨੀ ਜਾਣ ਦਾ ਪ੍ਰੋਗਰਾਮ ਬਣਾ ਸਕਦੀ ਸੀ, ਬਣਾ ਕੇ ਉਹ ਰਾਸ਼ੀ ਲਈ ਬਿਸਕੁਟ ਬਣਾ ਕੇ ਉਸ ਕੋਲ ਪਹੁੰਚ ਗਈ।
ਰਾਸ਼ੀ ਉਸ ਦੇ ਅੰਦੇਸ਼ਿਆਂ ਤੋਂ ਕਾਫ਼ੀ ਵੱਧ ਬਿਮਾਰ ਸੀ। ਬੈੱਡ ਤੋਂ ਉੱਠਣ ਲੱਗਿਆਂ ਵੀ ਉਸ ਨੂੰ ਸਹਾਰੇ ਦੀ ਲੋੜ ਪੈਂਦੀ ਸੀ। ਰਾਸ਼ੀ ਦੇ ਉਠਣ ਤੋਂ ਪਹਿਲਾਂ ਰਾਗਿਨੀ ਨੂੰ ਬਾਹਰ ਜਾ ਕੇ ਆਪਣੇ-ਆਪ ਨੂੰ ਸੰਭਾਲਣਾ ਪਿਆ। ਰਾਸ਼ੀ ਨੇ ਉਠ ਕੇ ਓਦਾਂ ਹੀ ਦੁਲਾਰ ਕੀਤਾ, ਛੋਟੀ ਭੈਣ ਵਾਂਗ। ਪਰ ਥੋੜ੍ਹੀ ਦੇਰ ਬਾਅਦ ਹੀ ਕਮਜ਼ੋਰੀ ਕਾਰਨ ਦੁਬਾਰਾ ਲੇਟ ਗਈ ਤੇ ਸੌਂ ਗਈ।
ਮਾਮੀ ਨੇ ਰਾਗਿਨੀ ਨੂੰ ਗੱਲ ਕਰਦਿਆਂ ਦੱਸਿਆ ਕਿ ਸਭ ਤੋਂ ਰੀਝ ਨਾਲ ਫੂਡ ਚੈਨਲ ਹੀ ਵੇਖਦੀ ਹੈ।
'ਰੀਝਾਂ ਦੀ ਬੁੱਕਲ ਦਾ ਭਾਰ ਕਿੰਨਾ ਕੁ ਹੁੰਦਾ ਹੋਏਗਾ', ਉਸ ਦਿਨ ਵਾਪਸ ਘਰ ਜਾਂਦਿਆਂ ਰਾਗਿਨੀ ਸਿਰਫ਼ ਇਹ ਹੀ ਸੋਚਦੀ ਰਹੀ।
ਰਾਗਿਨੀ ਦਾ ਘਰ ਰਾਸ਼ੀ ਤੋਂ ਕਾਫ਼ੀ ਦੂਰ ਹੋਣ ਕਾਰਨ ਉਹ ਕਦੇ-ਕਦਾਈਂ ਹੀ ਉਥੇ ਜਾਂਦੀ ਪਰ ਹੁਣ ਅਕਸਰ ਫੋਨ 'ਤੇ ਜਾਂ ਚੈਟ 'ਤੇ ਗੱਲ ਹੋ ਜਾਂਦੀ। ਜਿਸ 'ਚ ਰਾਸ਼ੀ ਕਦੇ ਉਸ ਨੂੰ ਮਾਸਟਰ ਸੈਫ਼ 'ਚ ਜਾਣ ਨੂੰ ਉਤਸ਼ਾਹਿਤ ਕਰਦੀ ਅਤੇ ਕਦੇ-ਮਿਲਣ ਲਈ ਜ਼ਿੱਦ ਕਰਨ ਲਗਦੀ।
ਰਾਸ਼ੀ ਜ਼ਿਆਦਾਤਰ ਆਪਣੀ ਵੱਡੀ ਭੈਣ ਕੋਲ ਰਹਿੰਦੀ, ਜਿਸ ਨੂੰ ਉਹ 'ਗੋਦ ਲਈ ਮੰਮੀ' ਵੀ ਕਹਿੰਦੀ।
ਸਿਹਤ 'ਚ ਕਈ ਵਾਰ ਕੁਝ ਸੁਧਾਰ ਹੁੰਦਾ ਤਾਂ ਸਭ ਉਸ ਡਾਕਟਰ, ਉਸ ਗੁਰੂ ਜੀ ਵੱਲ ਤੁਰ ਪੈਂਦੇ। ਕਦੇ ਸ਼ੁਕਰਾਨੇ ਲਈ, ਕਦੇ ਹੋਰ ਫਰਿਆਦ ਲੈ ਕੇ। ਕਦੇ ਹਾਲਤ ਇੰਨੀ ਵਿਗੜ ਜਾਂਦੀ ਕਿ ਖਾਣਾ ਫੂਡ ਪਾਈਪ ਰਾਹੀਂ ਖੁਆਉਂਦੇ ਅਤੇ ਕਦੇ ਅਚਾਨਕ ਹਸਪਤਾਲ ਲੈ ਜਾਣਾ ਪੈਂਦਾ ਅਤੇ ਫਿਰ ਸਿਹਤ ਕੁਝ ਬਿਹਤਰੀ ਵੱਲ ਆ ਜਾਂਦੀ।
ਇਕ ਦਿਨ ਅਚਾਨਕ ਰਾਸ਼ੀ ਦਾ ਫੋਨ ਆਇਆ, 'ਦੀਦੀ, ਕਿੰਨੀ ਦੇਰ ਹੋ ਗਈ। ਮਿਲਣ ਕਦੋਂ ਆਓਗੇ।'
ਰਾਗਿਨੀ ਨੇ ਕਿਹਾ ਅਗਲੇ ਐਤਵਾਰ।
ਤਾਂ ਰਾਸ਼ੀ ਦੀ ਹੌਲੀ ਜਿਹੀ ਆਵਾਜ਼ ਆਈ ਤਦ ਤੱਕ ਤਾਂ ਬਹੁਤ ਦੇਰ ਹੋ ਜਾਏਗੀ।
ਦੋਵਾਂ ਨੂੰ ਇਸ ਵਾਕ ਦਾ ਅਰਥ ਕੁਝ ਖਾਸ ਸਮਝ ਨਹੀਂ ਆਇਆ। ਨਾ ਉਸ ਨੂੰ ਬੋਲ ਕੇ, ਨਾ ਉਸ ਨੂੰ ਸੁਣ ਕੇ। ਪਰ ਉਹ ਵਾਕ ਹਵਾ 'ਚ ਜਿਵੇਂ ਕਿਤੇ ਠਹਿਰ ਗਿਆ ਹੋਵੇ। 'ਕਿਉਂ' ਦਾ ਜਵਾਬ ਸ਼ਾਇਦ ਉਸ ਵੇਲੇ ਸਮੇਂ ਦੇ ਗਰਭ 'ਚ ਸੀ।
ਹਾਲੇ ਅਗਲਾ ਐਤਵਾਰ ਆਉਣ 'ਚ 4 ਦਿਨ ਬਾਕੀ ਸਨ ਕਿ ਫੋਨ ਦੀ ਘੰਟੀ ਵੱਜੀ। ਰਾਗਿਨੀ ਦੀ ਮੰਮੀ ਦਾ ਫੋਨ ਸੀ। ਉਹ ਗੁੜਗਾਂਓਂ ਪਹੁੰਚ ਚੁੱਕੇ ਸਨ। ਰਾਗਿਨੀ ਅਗਲੇ ਦਿਨ ਤੜਕੇ ਹੀ ਗੁੜਗਾਂਓਂ ਪਹੁੰਚ ਗਈ।
ਰਾਸ਼ੀ ਹਸਪਤਾਲ 'ਚ ਸੀ। ਰਾਗਿਨੀ ਸਿੱਧੀ ਹਸਪਤਾਲ ਹੀ ਪਹੁੰਚੀ। ਆਈ.ਸੀ.ਯੂ. ਗਈ ਤਾਂ ਦੁੱਧ ਵਾਂਗ ਚਿੱਟੀ ਹੋਈ ਪਈ ਰਾਸ਼ੀ ਦੀਆਂ ਅੱਖਾਂ ਬੰਦ ਸਨ। ਉਹ ਲਾਈਫ਼ ਸਿਸਟਮ 'ਤੇ ਸੀ। ਰਾਗਿਨੀ ਨੇ ਉਸ ਦਾ ਹੱਥ ਫੜਿਆ ਤਾਂ ਉਸ ਨੇ ਅੱਖਾਂ ਖੋਲ੍ਹੀਆਂ। ਪਪੜੀ ਜੰਮੇ ਬੁੱਲ੍ਹ ਹਿੱਲੇ ਜਾਂ ਰਾਗਿਨੀ ਨੂੰ ਝੌਲਾ ਪਿਆ, ਪਤਾ ਨਹੀਂ। ਪਰ ਇਕ ਬੂੰਦ ਰਾਸ਼ੀ ਦੀਆਂ ਅੱਖਾਂ 'ਚੋਂ ਨਿਕਲ ਕੇ ਚਾਦਰ 'ਤੇ ਅਤੇ ਰਾਗਿਨੀ ਦੀਆਂ ਅੱਖਾਂ 'ਚੋਂ ਨਿਕਲ ਕੇ ਜ਼ਮੀਨ 'ਤੇ ਡਿੱਗ ਪਈ।
ਰਾਸ਼ੀ ਦੀਆਂ ਭੈਣਾਂ ਬਾਹਰ ਸਨ। ਉਹ ਉਸ ਲਈ ਕੀ ਦੁਆ ਮੰਗ ਰਹੀਆਂ ਸਨ, ਪਤਾ ਨਹੀਂ ਜਾਂ ਇਹ ਕਹੋ ਕਿ ਕੀ ਦੁਆ ਕਰਨੀ ਚਾਹੀਦੀ ਹੈ ਉਹ ਪਤਾ ਨਹੀਂ ਸੀ।
ਕਈ ਵਾਰ ਮੋਹ ਦੀਆਂ ਤੰਦਾਂ ਇੰਨੀਆਂ ਪੀਡੀਆਂ ਹੋ ਜਾਂਦੀਆਂ ਹਨ ਕਿ ਉਹ ਸਾਹਾਂ ਨੂੰ ਫੜਨ ਦਾ ਯਤਨ ਕਰਦੀਆਂ ਹਨ। ਥੋੜ੍ਹੀ-ਥੋੜ੍ਹੀ ਰਾਸ਼ੀ ਸਾਰਿਆਂ ਕੋਲ ਸੀ, ਮਾਮੀ ਕੋਲ, ਮਾਮੇ ਕੋਲ, ਗੋਦ ਲਈ ਮੰਮੀ ਕੋਲ, ਬਾਕੀ ਦੋਵੇਂ ਭੈਣਾਂ ਕੋਲ ਅਤੇ ਥੋੜ੍ਹੀ ਜਿਹੀ ਰਾਗਿਨੀ ਕੋਲ ਵੀ।
ਮੋਹ ਦੀਆਂ ਤੰਦਾਂ 'ਚ ਉਲਝੀ ਰਾਸ਼ੀ ਆਪਣੇ ਸਾਹਾਂ ਨਾਲ ਸੰਘਰਸ਼ ਕਰ ਰਹੀ ਸੀ। ਸਭ ਨੂੰ ਜੋੜਨ ਅਤੇ ਸਭ ਨਾਲ ਜੁੜਨ ਵਾਲੀ ਰਾਸ਼ੀ ਸ਼ਾਇਦ ਅੱਜ ਰਿਹਾਈ ਮੰਗ ਰਹੀ ਸੀ। ਪਰ ਹਾਲੇ ਵੀ ਆਪਣੇ ਥਕੇਵੇਂ ਤੋਂ ਜ਼ਿਆਦਾ ਉਨ੍ਹਾਂ ਚਿਹਰਿਆਂ ਨੂੰ ਵੇਖ ਰਹੀ ਸੀ, ਜੋ ਇਕ ਖਲਾਅ ਦੇ ਖਿਆਲ ਤੋਂ ਹੀ ਖੌਫ਼ਜ਼ਦਾ ਸੀ।
ਰਾਸ਼ੀ ਦੀ ਅਰਜ਼ੋਈ ਹੁਣ ਸਿਰਫ਼ ਰਿਹਾਈ ਦੀ ਸੀ। ਅਜਿਹੇ ਜੀਵਨ ਤੋਂ ਰਿਹਾਈ, ਜਿਸ 'ਚ ਕਈ ਸਧਰਾਂ ਫਰੇਮ 'ਚ ਟੰਗੀਆਂ ਤਸਵੀਰਾਂ ਵਾਂਗ ਹੀ ਰਹਿ ਗਈਆਂ। ਇਸ ਲਈ ਮੋਹ ਦੀਆਂ ਤੰਦਾਂ ਖੋਲ੍ਹਣ ਦੀ ਲੋੜ ਨਹੀਂ ਸੀ, ਬਸ ਥੋੜ੍ਹੀਆਂ ਢਿੱਲੀਆਂ ਕਰਨ ਦੀ ਲੋੜ ਸੀ।
ਦੋ ਸਾਲ ਹੋ ਗਏ।
ਰਾਸ਼ੀ ਅਜੇ ਵੀ ਅਚਾਨਕ ਆ ਜਾਂਦੀ ਹੈ ਕਦੇ-ਕਦੇ। ਹਾਂ, ਹੁਣ ਉਹ ਡੋਰ ਬੈੱਲ ਨਹੀਂ ਵਜਾਉਂਦੀ। ਸਗੋਂ ਅਵਚੇਤਨ ਮਨ ਦੇ ਕਿਵਾੜ ਖੋਲ੍ਹ ਕੇ ਹੱਸਦੀ, ਮੁਸਕਰਾਉਂਦੀ, ਸਜੀ-ਸੰਵਰੀ, ਸਿੱਧੀ ਦਿਲ ਦੇ ਕਮਰੇ 'ਚ ਦਾਖਲ ਹੁੰਦੀ ਹੈ ਤੇ ਰਾਗਿਨੀ ਕਦੇ ਵੀ ਉਸ ਦੇ ਕੰਨ ਦੇ ਪਿਛੇ ਕਾਲਾ ਟਿੱਕਾ ਲਾਉਣਾ ਨਹੀਂ ਭੁੱਲਦੀ।


ਈਮੇਲ :upma.dagga@gmail.com


ਖ਼ਬਰ ਸ਼ੇਅਰ ਕਰੋ

ਮਿੰਨੀ ਕਹਾਣੀ

ਮਿਲਿਆ ਈ ਨਹੀਂ

ਇਕ ਦਿਨ ਮੈਂ ਆਪਣੇ ਉਪਰ ਲੱਗੇ ਹੋਏ ਝੂਠੇ ਇਲਜ਼ਾਮ ਦਾ ਟੋਕਰਾ ਚੁੱਕੀ ਜਾ ਰਿਹਾ ਸੀ। ਮੈਨੂੰ ਕਿਸੇ ਨੇ ਪੁੱਛਿਆ, 'ਭਾਈ ਸਾਹਿਬ ਕੀ ਵੇਚਦੇ ਹੋ?' ਮੈਂ ਕਿਹਾ ਕਿ, 'ਮੈਂ ਵੇਚਦਾ ਨਹੀਂ ਸਗੋਂ ਲੈਂਦਾ ਹਾਂ।' ਉਸ ਫਿਰ ਕਿਹਾ, 'ਕੀ ਲੈਂਦੇ ਹੋ?' ਮੈਂ ਕਿਹਾ ਕਿ 'ਝੂਠੇ ਇਲਜ਼ਾਮ' ਤੇ ਫਿਰ ਕਿਹਾ, 'ਬਦਲੇ ਵਿਚ ਕੀ ਦਿੰਦੇ ਹੋ?' ਮੈਂ ਕਿਹਾ ਕਿ 'ਲੋਕ ਤਾਂ ਮੈਨੂੰ ਮੁਫ਼ਤ ਵਿਚ ਦੇ ਜਾਂਦੇ ਨੇ।' 'ਫਿਰ ਤੂੰ ਇਨ੍ਹਾਂ ਦਾ ਕੀ ਕਰੇਂਗਾ?' 'ਕਰਨਾ ਕੀ ਹੈ ਬਸ ਚੁਕੀ ਫਿਰਾਂਗਾ।' ਫਿਰ ਉਹ ਬੋਲਿਆ ਕਿ, 'ਤੂੰ ਇਨ੍ਹਾਂ ਨੂੰ ਚਲਦੇ ਪਾਣੀ ਵਿਚ ਵਹਾ ਦੇ।' ਮੈਂ ਕਿਹਾ ਕਿ, 'ਇਹ ਪਾਣੀ ਨਾਲ ਜਾ ਕੇ ਖੇਤਾਂ ਵਿਚ ਬੂਟੇ ਬਣ ਕੇ ਉੱਗ ਪੈਣਗੇ, ਤੇ ਫਿਰ ਇਹ ਬਹੁਤ ਸਾਰੇ ਹੋ ਜਾਣਗੇ।' ਤੇ ਉਸ ਫਿਰ ਕਿਹਾ, 'ਤੂੰ ਇਨ੍ਹਾਂ ਨੂੰ ਟੋਏ ਵਿਚ ਸੁੱਟ ਦੇ, ਤੇ ਮੈਂ ਕਿਹਾ ਕਿ ਇਹ ਉਥੇ ਵੀ ਉੱਗ ਪੈਣਗੇ।'
'ਫਿਰ ਤੂੰ ਇਨ੍ਹਾਂ ਨੂੰ ਕਿੰਨਾ ਕੁ ਚਿਰ ਚੁੱਕੀ ਫਿਰੇਂਗਾ?' ਮੈਂ ਕਿਹਾ, 'ਜਿੰਨਾ ਚਿਰ ਇਨ੍ਹਾਂ ਦੇ ਬੋਝ ਥੱਲੇ ਆ ਕੇ ਮਰ ਨਹੀਂ ਜਾਂਦਾ।' 'ਫਿਰ ਤੈਨੂੰ ਕੀ ਮਿਲੂ?' 'ਮੇਰੇ ਦਿਲ ਨੂੰ ਸਕੂਨ ਕਿ ਕਿਸੇ ਦੇ ਦਿਲ ਵਿਚ ਇਹ ਅਰਮਾਨ ਤਾਂ ਨਹੀਂ ਰਹੂ, ਕਿ ਮੈਂ 'ਨਾਜ਼' 'ਤੇ ਝੂਠਾ ਇਲਜ਼ਾਮ ਲਾਉਣਾ ਸੀ, ਉਹ ਮੈਨੂੰ ਮਿਲਿਆ ਈ ਨਹੀਂ।'


-ਢਿੱਲੋਂ ਕਾਟੇਜ, ਸ਼ਾਮ ਨਗਰ, 155 ਸੈਕਟਰ, 2-ਏ, ਮੰਡੀ ਗੋਬਿੰਦਗੜ੍ਹ, ਜ਼ਿਲ੍ਹਾ ਫਤਹਿਗੜ੍ਹ ਸਾਹਿਬ-147301.
ਮੋਬਾਈਲ : 98554-80191.

ਚਮਚਿਆਂ ਦੀ ਦੁਨੀਆ

ਘਰੇਲੂ ਭਾਂਡਿਆਂ 'ਚੋਂ ਸਭ ਤੋਂ ਵੱਡਾ ਮਾਣ ਪ੍ਰਾਪਤ ਹੈ 'ਚਮਚ' ਯਾਨਿ 'ਚਮਚੇ' ਨੂੰ। ਖਾਣਾ ਖਾਣ ਲੱਗਿਆਂ, ਖੀਰ ਖਾਣ ਲੱਗਿਆਂ 'ਚਮਚਾ' ਜ਼ਰੂਰੀ ਹੈ। 'ਚਮਚੇ' ਦੀ ਮਹਾਨਤਾ ਕੀ ਹੈ?
ਤੁਸੀਂ ਚਾਹ ਪੀ ਰਹੇ ਹੋ, ਚਮਚੇ ਨਾਲ ਪਿਆਲੀ 'ਚ ਖੰਡ ਘੋਲ ਰਹੇ ਹੋ, ਅਚਾਨਕ ਹੱਥੋਂ ਪਿਆਲੀ 'ਚਮਚੇ'ਸੰਗ ਡਿਗ ਪੈਂਦੀ ਹੈ। ਫਰਸ਼ 'ਤੇ ਪਿਆਲੀ ਤਾਂ ਟੋਟੇ-ਟੋਟੇ ਹੋ ਗਈ, ਪਰ 'ਚਮਚਾ' ਸਲਾਮਤ ਹੈ। 'ਚਮਚੇ' ਦੀ ਮਹੱਤਤਾ ਹੀ ਇਹ ਹੈ ਕਿ ਇਕ ਪਿਆਲੀ ਟੁੱਟੀ, ਨਵੀਂ ਪਿਆਲੀ 'ਚ ਮਜ਼ੇ ਨਾਲ ਜਾ ਟਿਕਦਾ ਹੈ।
'ਚਮਚਾ' ਸਿਰਫ਼ ਭਾਂਡਿਆਂ 'ਚ ਹੀ ਸਿਰਮੌਰ ਨਹੀਂ, ਮਨੁੱਖਾਂ 'ਚ ਵੀਇਹ, ਇਸੇ ਮਾਣ ਨਾਲ ਘੁਲਮਿਲ ਗਿਆ ਹੈ। ਉਹ ਬੰਦਾ ਜਿਹੜਾ, ਆਪਣੇ ਇਕ ਵੱਡੇ ਦੀਆਂ ਸਿਫ਼ਤਾਂ ਕਰ ਕਰ ਨਾ ਥੱਕੇ, ਜਦ ਉਹਦੀ ਥਾਲੀ 'ਚੋਂ ਲੁੜ੍ਹਕ ਕੇ, ਦੂਜੇ ਦੀ ਥਾਲੀ 'ਚ ਜਾ ਪਏ,ਉਹਨੂੰ ਬਿਨ-ਆਖਿਆਂ 'ਚਮਚੇ' ਵਾਲੀ ਉਪਾਧੀ ਮਿਲ ਜਾਂਦੀ ਹੈ।
ਇਹ ਉਪਾਧੀ, ਬੀਬੀਆਂ ਨੂੰ ਵੀ ਖਾਸ ਕੋਟੇ ਰਾਹੀਂ ਰਿਜ਼ਰਵ ਹੈ, ਸਿਰਫ਼ ਲਿੰਗ-ਭੇਦ ਬਦਲ ਜਾਂਦਾ ਹੈ, ਇਹੋ ਜਿਹੀ ਨੂੰ 'ਚਮਚੀ' ਆਖਿਆ ਜਾਂਦਾ ਹੈ।
'ਚਮਚੇ' ਤੇ 'ਚਮਚੀਆਂ' ਦੋਵੇਂ ਸੁਸਾਇਟੀ ਨੂੰ 'ਮਨੋਰੰਜਨ' ਪ੍ਰਦਾਨ ਕਰਦੇ ਹਨ। ਸੱਚੀਂ ਲੋਕੀਂ ਮੁਸਕਰਾ ਕੇ ਇਨ੍ਹਾਂ ਦੀ ਸਿਫ਼ਤ ਕਿਸੇ ਦੂਜੇ ਕੋਲ ਇਉਂ ਕਰਦੇ ਹਨ।
* ਇਹ ਫਲਾਣੇ ਦਾ ਚਮਚਾ ਹੈ।
* ਇਹ ਫਾਲਣੇ ਦੀ ਚਮਚੀ ਹੈ।
ਨਾ ਚਮਚਾ, ਨਾ ਚਮਚੀ, ਇਹ ਜਾਤ ਕਿਸੇ ਦੀ ਸਕੀ ਨਹੀਂ, ਇਨ੍ਹਾਂ ਨੂੰ ਆਪਣੇ-ਆਪ 'ਤੇ ਇਹੋ ਮਾਣ ਹੈ ਕਿ ਇਨ੍ਹਾਂ ਦੇ ਮੁਖਾਰ ਬਿੰਦੋਂ, ਜਦ ਆਪਣੇ ਸਾਹਬ ਲਈ ਸਿਫ਼ਤ ਸਲਾਹ ਦੇ ਫੁਲ ਝੜਦੇ ਹਨ ਤਾਂ ਉਹ ਫੁੱਲ ਕੇ ਕੁੱਪਾ ਹੋ ਜਾਂਦਾ ਹੈ।
ਵਾਰਿਸ ਸ਼ਾਹ ਨੇ ਸ਼ਾਇਦ 'ਚਮਚਾ' ਵੇਖਿਆ ਨਹੀਂ ਕਿ ਗੰਨੇ ਦੀਆਂ ਗਨੇਰੀਆਂ ਨੂੰ ਇਹ ਮਾਣ ਦੇ ਦਿੱਤਾ...
ਵਾਰਿਸ ਸ਼ਾਹ ਨਾ ਆਦਤਾਂ ਜਾਂਦੀਆਂ ਨੀਂ,
ਭਾਵੇਂ ਕੱਟੀਏ ਪੋਰੀਆਂ ਪੋਰੀਆਂ ਜੀ।
ਨਾ ਜੀ, ਉਦੋਂ ਵੀ ਤਾਂ ਚਮਚੇ ਹੁੰਦੇ ਹੀ ਸਨ, ਉਹਨੂੰ ਲਿਖਣਾ ਚਾਹੀਦਾ ਸੀ:
ਵਾਰਸਸ਼ਾਹ ਨਾ ਆਦਤਾਂ ਜਾਂਦੀਆਂ ਨੇ,
ਧੰਨ ਚਮਚੇ ਤੇ ਧੰਨ ਚਮਚੀਆਂ ਜੀ।
ਸ਼ੁਰੂ-ਸ਼ੁਰੂ 'ਚ, ਚਮਚੇ ਲੋਹੇ ਦੇ ਹੁੰਦੇ ਸਨ, ਇਨ੍ਹਾਂ ਨੂੰ ਜੰਗ ਲਗ ਜਾਂਦਾ ਸੀ ਪਰ ਅੱਜਕਲ੍ਹ ਚਮਚੇ ਸਟੇਨਲੈੱਸ ਸਟੀਲ ਦੇ ਆ ਗਏ ਹਨ, ਇਨ੍ਹਾਂ ਨੂੰ ਜੰਗ ਨਹੀਂ ਲਗਦਾ, ਇਸ ਲਈ ਇਹ ਸਦਾਬਹਾਰ ਹਨ, ਬੇਸ਼ੱਕ ਚਮਚੇ ਪਲਾਸਟਿਕ ਦੇ ਵੀ ਆ ਗਏ ਹਨ, ਮਾਰਕੀਟ 'ਚ ਪਰ ਇਨ੍ਹਾਂ ਦੀ ਕਦਰ ਖਾਸ ਨਹੀਂ, ਲੋਕੀਂ ਆਈਸਕ੍ਰੀਮ ਜਾਂ ਕੇਕ ਆਦਿ ਖਾਣ ਮਗਰੋਂ ਇਨ੍ਹਾਂ ਨੂੰ ਕੂੜੇ 'ਚ ਸੁੱਟ ਦਿੰਦੇ ਹਨ, ਪਰ ਸਟੇਨਲੈੱਸ ਚਮਚਿਆਂ ਦੀ ਆਨ, ਬਾਨ ਤੇ ਸ਼ਾਨ ਕਾਇਮ ਹੈ।
ਚਮਚੇ, ਸੋਨੇ ਤੇ ਚਾਂਦੀ ਦੇ ਵੀ ਹੁੰਦੇ ਹਨ, ਪਰ ਇਹ ਅਮੀਰਾਂ ਦੀਆਂ ਥਾਲੀਆਂ 'ਚ ਹੀ ਸ਼ੋਭਦੇ ਹਨ, ਸੋਨੇ-ਚਾਂਦੀ ਵਾਲੇ ਚਮਚਾਂ ਦੇ ਚਮਚੇ, ਉਹੀਓ, ਸਟੇਨਲੈੱਸ ਸਟੀਲ ਵਾਲੇ।
ਫ਼ਰਕ ਵੇਖਿਆ! ਸੋਨੇ-ਚਾਂਦੀ ਦੇ ਚਮਚੇ, ਬਾਕੀ ਸਭੇ, ਚਮਚੇ।
ਚਮਚਿਆਂ ਦੀ ਖ਼ਾਸੀਅਤ ਦੀ ਵਿਆਖਿਆ, ਅਕਬਰ ਦੇ ਨੌਂ ਰਤਨਾਂ 'ਚੋਂ ਇਕ ਰਤਨ ਬੀਰਬਲ ਨੇ ਸਹੀ ਕੀਤੀ ਹੈ। ਬਾਦਸ਼ਾਹ ਅਕਬਰ ਨੇ ਬੀਰਬਲ ਨੂੰ 'ਬੈਂਗਣ' ਦੀ ਤਾਰੀਫ਼ ਕਰਦਿਆਂ ਕਿਹਾ, 'ਵੇਖਣ 'ਚ ਸੁੰਦਰ, ਖਾਣ 'ਚ ਸੁਆਦੀ।' ਬੀਰਬਲ ਨੇ ਝੱਟ ਬੈਂਗਣ ਦੀ ਸ਼ਾਨ 'ਚ ਕਸੀਦੇ ਪੜ੍ਹ ਦਿੱਤੇ, 'ਹਜ਼ੂਰ, ਕਯਾ ਬਾਤ ਹੈ ਬੈਂਗਣ ਦੀ, ਸਬਜ਼ੀਆਂ ਦਾ ਬਾਦਸ਼ਾਹ, ਭੜਥਾ ਬਣਾਓ ਜਾਂ ਆਲੂ ਬੈਂਗਣ ਖਾ ਕੇ ਬੰਦਾ ਨਿਹਾਲ ਹੋ ਜਾਂਦਾ ਹੈ।'
ਬਾਦਸ਼ਾਹ ਨੇ ਅੱਗੋਂ ਕਿਹਾ, 'ਪਰ ਇਹ ਤਾਂ ਵਾਈਬਾਦੀ ਕਰਦਾ ਹੈ।' ਬੀਰਬਲ ਨੇ ਝੱਟ ਪਲਟੀ ਮਾਰੀ, ਆਖਿਆ, 'ਹਜ਼ੂਰ ਨੇ ਬਜਾ ਫਰਮਾਇਆ, ਇਹਦਾ ਭੜਥਾ, ਭੈੜ-ਭਵਥਾ, ਇਹਦੀ ਸਬਜ਼ੀ, ਬੇਸੁਆਦੀ, ਗੈਸ ਪੈਦਾ ਕਰੇ, ਪੇਟ ਫੁਲਾਏ, ਸਭ ਵੈਦ-ਹਕੀਮ ਮਨ੍ਹਾਂ ਕਰਦੇ ਹਨ ਕਿ ਇਹਨੂੰ ਬਿਲਕੁਲ ਨਾ ਖਾਓ...।'
ਬਾਦਸ਼ਾਹ ਨੇ ਵਿਚੋਂ ਹੀ ਟੋਕ ਕੇ ਕਿਹਾ, 'ਓਏ ਬੀਰਬਲ ਹੁਣੇ ਤਾਂ ਤੂੰ ਬੈਂਗਣ ਦੀਆਂ ਸਿਫ਼ਤਾਂ ਕਰ ਰਿਹਾ ਸੈਂ, ਹੁਣ ਉਹਦੀਆਂ ਬੁਰਾਈਆਂ ਗਿਣਾਉਣ ਡਿਹੈਂ?'
ਬੀਰਬਲ ਨੇ ਨਿਉਂ ਕੇ ਕਿਹਾ, 'ਹਜ਼ੂਰ ਮੈਂ ਆਪ ਦਾ ਨੌਕਰ ਹਾਂ, ਬੈਂਗਣ ਦਾ ਨਹੀਂ।'
ਹਸਾਓ, ਪਰ ਕਿਸੇ ਦਾ ਦਿਲ ਦੁਖਾ ਕੇ ਨਹੀਂ।
ਜ਼ਬਾਨ ਸੰਭਾਲ ਕੇ...
ਪਹਿਲਾਂ ਤੋਲੋ, ਫਿਰ ਮੂੰਹ ਖੋਲੋ।
ਸਾੜਾ, ਬਾਲਣ, ਸਰੀਰ ਦਾ...
ਸਰੀਰ ਦੀ ਭੱਠੀ 'ਤੇ ਪੀੜਾਂ ਦੇ ਪਰਾਗੇ ਮਤ ਭੁੰਨੋ।
ਲੁਤਰੀ ਲੁਤਰ ਲੁਤਰ ਕਰੇ, ਮੰਦਭਾਗੀਂ,
ਜੋ ਜਨ ਨਿਮਰ ਰਹੇ, ਸੱਚ ਬੋਲੇ...
ਸੇ ਜਨ... ਨਾਨਕ ਘਰ ਕੇ ਗੋਲੇ।
ਸਾਡੇ ਜਨਜੀਵਨ ਵਿਚ ਹਾਸਰਸ ਦੀ ਬਹੁਤ ਕਦਰ ਹੈ, ਅੱਜ ਵੀ ਕਵੀ ਜਿਹੜੇ ਹਾਸਰਸ ਦੀਆਂ ਕਵਿਤਾਵਾਂ ਪੜ੍ਹਦੇ ਹਨ, ਟਕੋਰਾਂ ਕਰਦੇ ਹਨ, ਉਨ੍ਹਾਂ ਨੂੰ ਸਰੋਤੇ ਸਭ ਤੋਂ ਵਧੇਰੇ ਪਸੰਦ ਕਰਦੇ ਹਨ। ਭਾਈ ਸੁਥਰਾ... ਗੁਰ-ਦਰਬਾਰ 'ਚ ਵੀ ਹਾਸਰਸ ਦੀ ਛਹਿਬਰ ਲਾਉਂਦਾ ਸੀ।
ਤੁਸੀਂ ਕੋਈ ਸਰਕਸ ਵੇਖੋ, ਇਨ੍ਹਾਂ ਵਿਚ ਖਾਸ ਖਿੱਚ ਜੋਕਰ ਦੀ ਹੁੰਦੀ ਹੈ, ਜੋਕਰ ਆ ਕੇ ਆਪਣੀਆਂ ਅਨੋਖੀਆਂ ਹਰਕਤਾਂ ਨਾਲ ਆਪਣੀ ਵਿਲੱਖਣ ਬੋਲੀ ਨਾਲ ਦਰਸ਼ਕਾਂ ਨੂੰ ਹਸਾਉਂਦਾ ਹੈ, ਜੋਕਰ ਸਰਕਸ ਦਾ ਖਾਸ ਆਕਰਸ਼ਣ ਹੁੰਦਾ ਹੈ। ਦੁਨੀਆ ਭਰ 'ਚ ਕਿਸੇ ਦੇਸ਼ ਦੀ ਵੀ ਕੋਈ ਸਰਕਸ ਅਜਿਹੀ ਨਹੀਂ, ਜਿਸ 'ਚ ਜੋਕਰ ਨਦਾਰਦ ਹੈ, ਜੋਕਰ ਨਹੀਂ ਤਾਂ ਸਰਕਸ ਨਹੀਂ।
ਅੰਗਰੇਜ਼ੀ ਫ਼ਿਲਮਾਂ 'ਚ 'ਲਾਰਲ ਐਂਡ ਹਾਰਡੀ' ਅਜਿਹੀ ਕਾਮੇਡੀ ਫ਼ਿਲਮ ਹੈ, ਜਿਸ 'ਚ ਲਾਰਲ ਤੇ ਹਾਰਡੀ, ਦੇ ਕਿਰਦਾਰ ਤੁਹਾਨੂੰ ਹਸਾ-ਹਸਾ ਕੇ ਦੂਹਰਾ ਕਰਦੇ ਹਨ, ਬੇਸ਼ੱਕ ਕਿਸੇ ਨੂੰ ਅੰਗਰੇਜ਼ੀ ਸਮਝ ਆਏ ਨਾ ਆਏ, ਉਨ੍ਹਾਂ ਦੀਆਂ ਹਰਕਤਾਂ ਹਸਾਈ ਜਾਂਦੀਆਂ ਹਨ, ਹਾਂ ਸੱਚ ਇਹ ਉਸ ਜ਼ਮਾਨੇ ਦੀਆਂ ਫ਼ਿਲਮਾਂ ਹਨ ਜਦ ਮੂਕ (ਸਾਈਲੈਂਟ) ਫ਼ਿਲਮਾਂ ਦਾ ਯੁੱਗ ਸੀ, ਤਸਵੀਰਾਂ ਬੋਲਦੀਆਂ ਨਹੀਂ ਹੁੰਦੀਆਂ ਸਨ। ਮਗਰੋਂ ਇਨ੍ਹਾਂ ਦੀਆਂ ਫ਼ਿਲਮਾਂ 'ਚ ਵੀ ਦੋਵਾਂ ਕਿਰਦਾਰਾਂ ਦੀ ਆਵਾਜ਼ ਭਰ ਦਿੱਤੀ ਗਈ। ਅੱਜ ਵੀ ਵੇਖੋ ਤਾਂ 'ਲਾਰਲ ਐਂਡ ਹਾਰਡੀ' ਦੀਆਂ ਇਹ ਫ਼ਿਲਮਾਂ ਤੁਹਾਨੂੰ ਬਦੋਬਦੀ ਹਸਾ ਦੇਣਗੀਆਂ। ਇਹ ਫ਼ਿਲਮਾਂ ਜ਼ਿਆਦਾ ਤੋਂ ਜ਼ਿਆਦਾ ਅੱਧੇ ਘੰਟੇ ਦੀਆਂ ਹੁੰਦੀਆਂ ਸਨ। ਇਹ ਦੋਵੇਂ ਕਿਰਦਾਰ ਦੁਨੀਆ ਭਰ 'ਚ ਲੋਕਾਂ ਦੀ ਪਸੰਦ ਬਣ ਗਏ। ਮਗਰੋਂ ਤਾਂ ਡੇਢ-ਡੇਢ, ਦੋ-ਦੋ ਘੰਟਿਆਂ ਦੀ ਲੰਬਾਈ ਵਾਲੀਆਂ, ਅੰਗਰੇਜ਼ੀ ਖਾਸ ਕਾਮੇਡੀਅਨ ਹੀ ਹੁੰਦਾ ਸੀ। ਅੱਜ ਵੀ ਹਸਾਉਣ ਵਾਲੀਆਂ ਫ਼ਿਲਮਾਂ ਇਸ ਭਾਸ਼ਾ 'ਚ ਬਣ ਰਹੀਆਂ ਹਨ।
ਭਾਰਤ 'ਚ ਵੀ, ਹਾਸਾ ਵੰਡਣ ਵਾਲੀਆਂ ਕਈ ਕਾਮੇਡੀ ਫ਼ਿਲਮਾਂ ਬਣੀਆਂ ਹਨ, ਹਰ ਪ੍ਰਾਂਤਕ ਭਾਸ਼ਾ ਵਿਚ ਵੀ, ਜਿਵੇਂ ਬੰਬੇ ਟੂ ਗੋਆ ਆਦਿ। 60 ਵਿਚ, ਭਾਰਤ 'ਚ ਬੇਸ਼ੱਕ ਕੋਈ ਵੀ ਸੀਰੀਅਸ ਫ਼ਿਲਮ ਬਣੇ, ਲੋਕਾਂ ਦੀਆਂ ਅੱਖਾਂ 'ਚੋਂ ਅੱਥਰੂ ਵੀ ਨਿਕਲ ਆਉਣ ਪਰ ਉਨ੍ਹਾਂ ਸਭਨਾਂ ਵਿਚ ਇਕ ਕਾਮੇਡੀ ਟ੍ਰੈਕ ਜ਼ਰੂਰ ਹੁੰਦਾ ਸੀ।
**

ਘਰ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
* ਗ੍ਰਹਿਸਥੀ ਦਾ ਘਰ ਵੀ ਇਕ ਤਪੋਭੂਮੀ ਹੈ। ਸਹਿਣਸ਼ੀਲਤਾ ਅਤੇ ਸੰਜਮ ਖੋਹ ਕੇ ਕੋਈ ਵੀ ਇਸ ਵਿਚ ਸੁਖੀ ਨਹੀਂ ਰਹਿ ਸਕਦਾ।
* ਆਪਣੇ ਘਰ ਦੇ ਕਮਜ਼ੋਰ, ਲਾਚਾਰ, ਲੋਕਾਂ ਨੂੰ ਨਫ਼ਰਤ ਤੇ ਨੀਵੀਂ ਨਜ਼ਰ ਨਾਲ ਨਾ ਵੇਖੋ। ਹੋ ਸਕਦਾ ਹੈ ਕਿ 'ਪਰਮਾਤਮਾ' ਰੋਜ਼ੀ ਤੁਹਾਨੂੰ ਉਨ੍ਹਾਂ ਦੇ ਨਸੀਬ ਨਾਲ ਦਿੰਦਾ ਹੈ।
* ਜਿਹੜਾ ਵਿਅਕਤੀ ਵੱਡੀ ਸੜਕ ਦੇ ਨੇੜੇ ਘਰ ਦੀ ਉਸਾਰੀ ਕਰਦਾ ਹੈ, ਉਸ ਨੂੰ ਨਿੱਤ ਨਵੇਂ ਸਲਾਹਕਾਰ ਟੱਕਰਦੇ ਹਨ।
* ਘਰ ਨੂੰ ਬਰਬਾਦ ਕਰਨ ਲਈ ਘਰ ਦਾ ਇਕ ਜੀਅ ਹੀ ਕਾਫ਼ੀ ਹੁੰਦਾ ਹੈ।
* ਜਿਸ ਘਰ ਵਿਚੋਂ ਅਪਣੱਤ ਗੁਆਚ ਜਾਵੇ, ਸਮਝ ਲਓ ਸਭ ਕੁਝ ਗੁਆਚ ਗਿਆ।
* ਇਹ ਬਿਲਕੁਲ ਠੀਕ ਹੈ ਕਿ ਪੈਸਾ ਸਮੇਂ ਦੀ ਮਹੱਤਵਪੂਰਨ ਜ਼ਰੂਰਤ ਹੈ ਪਰ ਇਸ ਦੇ ਇੰਨੇ ਵੀ ਦੀਵਾਨੇ ਨਾ ਬਣੋ ਕਿ ਘਰ ਦੀ ਅਤੇ ਖੁਦ ਦੀ ਸੁੱਖ-ਸ਼ਾਂਤੀ ਵਿਚ ਦਰਾੜਾਂ ਪੈ ਜਾਣ ਅਤੇ ਬਾਅਦ ਵਿਚ ਤੁਸੀਂ ਆਪਣੇ ਘਰ ਵਿਚ ਇਕੱਲੇ ਪੈ ਜਾਓ।
* ਘਰ ਅੰਦਰਲਾ ਇਕ ਦੁਸ਼ਮਣ ਬਾਹਰਲੇ ਪੰਜਾਹ ਦੁਸ਼ਮਣਾਂ ਨਾਲੋਂ ਵੱਧ ਮਾੜਾ ਹੁੰਦਾ ਹੈ। ਪ੍ਰਸਿੱਧ ਕਹਾਵਤ ਵੀ ਹੈ ਕਿ 'ਘਰ ਦਾ ਭੇਤੀ ਲੰਕਾ ਢਾਏ।' ਦੋ ਗੱਲਾਂ ਇਨਸਾਨ ਨੂੰ ਆਪਣਿਆਂ ਤੋਂ ਦੂਰ ਕਰਦੀਆਂ ਹਨ। ਇਕ ਤਾਂ ਉਸ ਦਾ ਹੰਕਾਰ ਅਤੇ ਦੂਸਰਾ ਉਸ ਦਾ ਵਹਿਮ।
* ਜਿਸ ਘਰ ਵਿਚ ਵੱਡੇ ਝੂਠ ਬੋਲਦੇ ਹੋਣ, ਉਥੇ ਬੱਚੇ ਸੱਚ ਬੋਲਣ ਵਾਲੇ ਕਿਵੇਂ ਹੋ ਸਕਦੇ ਹਨ?
* ਵੱਡਿਆਂ ਨੂੰ ਛੋਟਿਆਂ ਦੀਆਂ ਗੱਲਾਂ ਨੂੰ ਸਤਿਕਾਰ ਦੇਣਾ ਚਾਹੀਦਾ ਹੈ ਅਤੇ ਛੋਟਿਆਂ ਨੂੰ ਵੱਡਿਆਂ ਦੀਆਂ ਗੱਲਾਂ ਨੂੰ ਸਹਿਣ ਕਰਨਾ ਚਾਹੀਦਾ ਹੈ। ਜੇਕਰ ਵੱਡੇ ਤੇ ਛੋਟਿਆਂ ਨੂੰ ਇਕ ਦੂਸਰੇ ਦੇ ਕੇਵਲ ਗੁਣ ਹੀ ਦਿਖਾਈ ਦੇਣ ਤਾਂ ਹੀ ਘਰ ਵਿਚ ਤਾਲਮੇਲ ਰਹਿ ਸਕਦਾ ਹੈ।
* ਅਜਿਹੀ ਔਲਾਦ ਜਿਸ ਨੂੰ ਮਾਪਿਆਂ ਵਲੋਂ ਅਨਪੜ੍ਹ ਰੱਖਿਆ ਜਾਂਦਾ ਹੈ ਜਦ ਜਵਾਨ ਹੋ ਕੇ ਜ਼ਮਾਨੇ ਵੱਲ ਵੇਖਦੀ ਹੈ ਤਾਂ ਉਸ ਨੂੰ ਪਿੱਛੇ ਰਹਿ ਜਾਣ ਦਾ ਡੂੰਘਾ ਅਹਿਸਾਸ ਹੁੰਦਾ ਹੈ ਕਿਉਂਕਿ ਉਸ ਦੀ ਸਥਿਤੀ ਹੰਸਾਂ ਵਿਚ ਘਿਰੇ ਬਗਲੇ ਵਰਗੀ ਹੋ ਜਾਂਦੀ ਹੈ। ਅਜਿਹੀ ਸਥਿਤੀ ਵੀ ਘਰ ਦੇ ਮਾਹੌਲ ਨੂੰ ਤਣਾਅ-ਪੂਰਨ ਬਣਾਉਂਦੀ ਹੈ।
* ਚਾਦਰ ਵੇਖ ਕੇ ਪੈਰ ਪਸਾਰੋ, ਦੂਜਿਆਂ ਦੀ ਨਾ ਨਕਲ ਉਤਾਰੋ ਭਾਵ ਜਿਸ ਘਰ ਵਿਚ ਚਾਦਰ ਵੇਖ ਕੇ ਪੈਰ ਨਹੀਂ ਪਸਾਰੇ ਜਾਂਦੇ ਭਾਵ ਆਮਦਨ ਵੇਖ ਕੇ ਖਰਚ ਨਹੀਂ ਕੀਤਾ ਜਾਂਦਾ, ਉਸ ਪਰਿਵਾਰ ਦਾ ਘਰੇਲੂ ਮਾਹੌਲ ਵੀ ਆਮ ਤੌਰ 'ਤੇ ਠੀਕ ਨਹੀਂ ਰਹਿੰਦਾ।
* ਕਿਸੇ ਵੀ ਗੱਲ ਨੂੰ ਕਰਨ ਤੋਂ ਪਹਿਲਾਂ ਉਸ ਨੂੰ ਚੰਗੀ ਤਰ੍ਹਾਂ ਸੋਚ-ਸਮਝ ਲਵੋ ਤੇ ਫਿਰ ਹੀ ਜ਼ਬਾਨ 'ਤੇ ਲਿਆਓ।
* ਵਿਹਲਾ ਮਨ ਸ਼ੈਤਾਨ ਦਾ ਘਰ ਹੁੰਦਾ ਹੈ। ਇਹ ਕਹਾਵਤ ਸ਼ਾਇਦ ਵਿਹਲੜਾਂ ਵਾਸਤੇ ਬਣਾਈ ਗਈ ਲਗਦੀ ਹੈ। ਘਰ ਦੇ ਸਾਰੇ ਮੈਂਬਰਾਂ ਨੂੰ ਹਰ ਸੰਭਵ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਉਹ ਕੋਈ ਨਾ ਕੋਈ ਕੰਮ ਜ਼ਰੂਰ ਕਰਨ ਅਤੇ ਕੋਈ ਵੀ ਆਪਣੇ-ਆਪ ਨੂੰ ਵਿਹਲੜ ਨਾ ਕਹਾਵੇ। ਰੁਝੇਵਾਂ ਇਕ ਚੰਗੀ ਆਦਤ ਹੈ ਜੋ ਸਿਹਤ ਨੂੰ ਵੀ ਠੀਕ ਰੱਖਦਾ ਹੈ।
* ਮਾਮਲਾ ਕਿਸੇ ਘਰ ਦਾ ਹੋਵੇ ਜਾਂ ਮਾਮਲਾ ਸਮਾਜ, ਧਰਮ ਤੇ ਸਿਆਸਤ ਦਾ ਹੋਵੇ, ਬੁੱਕਲ ਦੇ ਸੱਪਾਂ ਤੋਂ ਬਚਣਾ ਬਹੁਤ ਹੀ ਔਖਾ ਹੁੰਦਾ ਹੈ।
* ਜਿਸ ਪਰਿਵਾਰ 'ਚ ਨਣਦ-ਭਰਜਾਈਆਂ ਸਹੇਲੀਆਂ ਵਾਂਗ, ਦਰਾਣੀ-ਜੇਠਾਣੀ ਭੈਣਾਂ ਵਾਂਗ ਤੇ ਨੂੰਹ-ਸੱਸ ਮਾਵਾਂ-ਧੀਆਂ ਵਾਂਗ ਰਹਿਣ ਅਤੇ ਉਸ ਪਰਿਵਾਰ ਵਿਚ ਕੋਈ ਨਸ਼ਾ, ਬਿਮਾਰੀ, ਮੁਕੱਦਮਾ ਵੀ ਨਾ ਹੋਵੇ, ਆਦਤਾਂ ਚੰਗੀਆਂ ਹੋਣ ਅਤੇ ਢੁੱਕਵੀਂ ਆਮਦਨ ਹੋਵੇ ਤਾਂ ਸਮਝੋ ਕਿ ਉਹ ਘਰ ਕਿਸੇ ਸਵਰਗ ਨਾਲੋਂ ਘੱਟ ਨਹੀਂ ਹੈ।
(ਬਾਕੀ ਅਗਲੇ ਐਤਵਾਰ ਦੇ ਅੰਕ 'ਚ)


-ਮੋਬਾਈਲ : 99155-63406.

ਅਜਾਇਬ ਕਮਲ ਦੀ ਕਾਵਿ-ਰਚਨਾ ਦੇ ਆਰ-ਪਾਰ

ਪੰਜਾਬੀ ਕਵੀ ਅਜਾਇਬ ਕਮਲ ਦਾ ਜਨਮ 5 ਅਕਤੂਬਰ, 1932 ਨੂੰ ਮਾਤਾ ਰਾਇ ਕੌਰ ਤੇ ਪਿਤਾ ਜੰਗ ਸਿੰਘ ਦੇ ਜ਼ਿਮੀਂਦਾਰ ਪਰਿਵਾਰ ਵਿਚ ਪਿੰਡ ਡਾਂਡੀਆਂ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਹੋਇਆ।
ਅਜਾਇਬ ਕਮਲ ਹੁਰੀਂ ਕਵਿਤਾ ਦੇ ਖੇਤਰ ਵਿਚ ਉਸ ਵੇਲੇ ਪ੍ਰਵੇਸ਼ ਕੀਤਾ ਜਦੋਂ ਬਦਲਦੇ ਹਾਲਾਤ ਵਿਚ ਕਵਿਤਾ ਵਿਚ ਬਦਲਾਅ ਤੇ ਨਵੇਂ ਪ੍ਰਯੋਗਾਂ ਦੀ ਜ਼ਰੂਰਤ ਮਹਿਸੂਸ ਹੋਣ ਲੱਗੀ ਸੀ।
ਆਧੁਨਿਕ ਪੰਜਾਬੀ ਕਵਿਤਾ ਦੇ ਖੇਤਰ ਵਿਚ 1960 ਦੁਆਲੇ ਤਿੰਨ ਪੰਜਾਬੀ ਸ਼ਾਇਰਾਂ ਡਾ: ਜਸਬੀਰ ਸਿੰਘ ਆਹਲੂਵਾਲੀਆ, ਅਜਾਇਬ ਕਮਲ ਅਤੇ ਰਵਿੰਦਰ ਰਵੀ ਹੁਰਾਂ ਪ੍ਰਯੋਗਸ਼ੀਲ ਲਹਿਰ ਦਾ ਆਰੰਭ ਕਰ ਦਿੱਤਾ। ਪੰਜਾਬੀ ਕਵਿਤਾ 'ਚ ਆਈ ਖੜੋਤ ਨੂੰ ਤੋੜਿਆ ਤੇ ਨਵੀਂ ਦਿਸ਼ਾ ਦਿੱਤੀ। ਅਜਾਇਬ ਕਮਲ ਹੁਰੀਂ ਪ੍ਰਯੋਗਸ਼ੀਲ ਦ੍ਰਿਸ਼ਟੀ ਤੋਂ ਕਾਵਿਕ ਰਚਨਾ ਹੀ ਨਹੀਂ ਕੀਤੀ ਸਗੋਂ ਪ੍ਰਯੋਗਸ਼ੀਲ ਕਵਿਤਾ ਦੇ ਹੱਕ ਵਿਚ ਆਲੋਚਨਾਤਮਕ ਲੇਖ ਲਿਖ ਕੇ ਇਸ ਦੇ ਮੁਲਵਾਨ ਹੋਣ ਦੀ ਜ਼ੋਰਦਾਰ ਵਕਾਲਤ ਵੀ ਕੀਤੀ। ਤਾਸ਼ ਦੇ ਪੱਤੇ (1962) ਅਤੇ ਸ਼ਤਰੰਜ ਦੀ ਖੇਡ (1964) ਅਜਾਇਬ ਕਮਲ ਹੁਰਾਂ ਦੀਆਂ ਉਹ ਪ੍ਰਯੋਗਸ਼ੀਲ ਕਵਿਤਾਵਾਂ ਦੀਆਂ ਪੁਸਤਕਾਂ ਹਨ ਜੋ ਪ੍ਰਯੋਗਸ਼ੀਲ ਲਹਿਰ ਵੇਲੇ ਲਿਖੀਆਂ ਜਿਨ੍ਹਾਂ ਨੇ ਪ੍ਰਯੋਗਸ਼ੀਲ ਕਵਿਤਾ ਨੂੰ ਪੰਜਾਬੀ ਕਵਿਤਾ ਦੇ ਇਤਿਹਾਸ ਵਿਚ ਸਥਾਪਤ ਕਰਨ ਲਈ ਅਹਿਮ ਮੋਢੀਆਂ ਵਾਲੀ ਭੂਮਿਕਾ ਨਿਭਾਈ। ਇਨ੍ਹਾਂ ਤੋਂ ਇਲਾਵਾ ਅਜਾਇਬ ਕਮਲ ਹੁਰੀਂ ਪ੍ਰਯੋਗਸ਼ੀਲ ਕਵਿਤਾ ਬਾਰੇ ਪਰਚੇ ਲਿਖੇ। ਸੈਮੀਨਾਰਾਂ 'ਤੇ ਗੋਸ਼ਟੀਆਂ ਵਿਚ ਪ੍ਰਯੋਗਵਾਦ ਦੇ ਸੰਕਲਪ ਨੂੰ ਸਪੱਸ਼ਟ ਕਰਨ ਤੇ ਇਸ ਦੀ ਵਕਾਲਤ ਕਰਨ ਲਈ ਸਰਗਰਮ ਹਿੱਸਾ ਲਿਆ।
ਪ੍ਰਯੋਗਸ਼ੀਲ ਲਹਿਰ ਦਾ ਪ੍ਰਭਾਵ ਵਧਣ ਨਾਲ ਨਵੇਂ ਕਵੀਆਂ ਤੋਂ ਇਲਾਵਾ ਪੁਰਾਣੇ ਰੁਮਾਂਸਵਾਦੀ ਕਵੀ ਵੀ ਪ੍ਰਯੋਗਸ਼ੀਲ ਲਹਿਰ 'ਚ ਸ਼ਾਮਿਲ ਹੋ ਗਏ ਤੇ ਉਨ੍ਹਾਂ ਵੀ ਪ੍ਰਯੋਗਸ਼ੀਲ ਕਵਿਤਾਵਾਂ ਲਿਖਣੀਆਂ ਆਰੰਭ ਕਰ ਦਿੱਤੀਆਂ। 1960 ਦੁਆਲੇ ਪ੍ਰਯੋਗਸ਼ੀਲ ਲਹਿਰ ਦੇ ਸਮੇਂ ਡਾ: ਜਸਬੀਰ ਸਿੰਘ ਆਹਲੂਵਾਲੀਆ ਜਲੰਧਰ 'ਚ ਮੈਜਿਸਟ੍ਰੇਟ ਲੱਗੇ ਹੋਏ ਸਨ। ਅਜਾਇਬ ਕਮਲ ਹੁਰੀਂ ਜੇ.ਬੀ.ਟੀ. ਕਲਾਸਾਂ ਬੱਡੋਂ ਵਿਖੇ ਪੜ੍ਹਾਉਂਦੇ ਸਨ ਤੇ ਰਵਿੰਦਰ ਰਵੀ ਹੁਰੀਂ ਆਪਣੇ ਪਿੰਡ ਜਗਤਪੁਰ ਪੜ੍ਹਾਉਂਦੇ ਸਨ। ਹਰ ਸ਼ੁਕਰਵਾਰ ਡਿਊਟੀ ਤੋਂ ਬਾਅਦ ਅਜਾਇਬ ਕਮਲ ਹੁਰੀਂ ਡਾਂਡੀਆਂ ਤੋਂ ਅਤੇ ਰਵਿੰਦਰ ਰਵੀ ਹੁਰੀਂ ਜਗਤਪੁਰ ਤੋਂ ਜਲੰਧਰ ਕਾਫ਼ੀ ਹਾਊਸ ਪਹੁੰਚ ਜਾਂਦੇ ਜੋ ਕਿ ਕੰਪਨੀ ਬਾਗ਼ ਦੇ ਸਾਹਮਣੇ ਸੀ। ਕਾਫ਼ੀ ਹਾਊਸ ਜਲੰਧਰ ਸਾਹਿਤਕ ਗਤੀਵਿਧੀਆਂ ਦਾ ਮੁੱਖ ਕੇਂਦਰ ਸੀ।
'ਕਾਫ਼ੀ ਹਾਊਸ 'ਚ ਬਹਿ ਕੇ' ਨਵਿਆਂ 'ਚ, ਨਵੀਂ ਕਵਿਤਾ ਬਾਰੇ ਬਹਿਸਾਂ ਛੇੜਦੇ, ਇਸ ਦੀ ਨਵੀਂ ਰੂਪ-ਰੇਖਾ ਉਲੀਕਦੇ, ਪਰ ਹੁਣ ਅੱਧੀ ਸਦੀ ਬਾਅਦ ਸਭ ਕੁਝ ਬਦਲ ਚੁੱਕਾ, ਪੁਰਾਣਾ ਫਰਸੂਦਾ ਢਹਿ-ਢੇਰੀ ਹੋ ਚੁੱਕਾ, ਨਵਾਂ ਉਸਰ ਚੁੱਕਾ, ਸਥਾਪਤ ਹੋ ਚੁੱਕਾ।'
(ਨਵੀਂ ਛਪੀ ਕਾਵਿ-ਪੁਸਤਕ) 'ਬ੍ਰਹਿਮੰਡ ਦੇ ਆਰ-ਪਾਰ' ਵਿਚੋਂ)
ਆਧੁਨਿਕ ਚੇਤਨਾ ਦੀ ਪ੍ਰਧਾਨਤਾ ਵਾਲੇ ਕਾਵਿ-ਸੰਗ੍ਰਹਿ 'ਖਲਾਅ 'ਚ ਲਟਕੇ ਮਨੁੱਖ' ਤੇ 'ਵਰਤਮਾਨ ਤੁਰਿਆ ਹੈ' 1973 ਵਿਚ ਛਪੇ। ਇਨ੍ਹਾਂ ਦੀਆਂ ਕਵਿਤਾਵਾਂ ਤਕਨੀਕ ਪਖੋਂ ਪੰਜਾਬੀ ਕਵਿਤਾ ਵਿਚ ਨਵੇਂ ਪ੍ਰਯੋਗ ਪੇਸ਼ ਕਰਦੀਆਂ ਸਨ। ਉਨ੍ਹਾਂ ਦਾ ਰੁਝਾਨ ਹੌਲੀ-ਹੌਲੀ ਲੰਮੀ ਕਵਿਤਾ ਵੱਲ ਹੋ ਗਿਆ। ਉਨ੍ਹਾਂ ਦੀਆਂ ਕੁਝ ਕਵਿਤਾਵਾਂ 150 ਤੋਂ 200 ਸਫਿਆਂ ਤੱਕ ਫੈਲੀਆਂ ਹੋਈਆਂ ਹਨ। ਲੰਮੀਆਂ ਕਵਿਤਾਵਾਂ ਦੇ ਸੰਗ੍ਰਹਿ ਹਨ। 'ਇਕੋਤਰ ਸੌ ਅੱਖਾਂ ਵਾਲਾ ਮਹਾਂਭਾਰਤ', 'ਸਿੰਙਾਂ ਵਾਲਾ ਦੇਵਤਾ', 'ਕੰਧਾਂ 'ਤੇ ਉੱਕਰੇ ਹਸਤਾਖਰ', 'ਖਾਲੀ ਕੁਰਸੀ ਦਾ ਦੁਖਾਂਤ', 'ਅਫ਼ਰੀਕਾ 'ਚ ਨੇਤਰਹੀਣ', 'ਲਿਖ ਤੁਮ ਕਾਲਾ ਘੋੜਾ', 'ਚੁੱਪ ਬੈਠੀ ਕਵਿਤਾ', 'ਤ੍ਰੈਕਾਲਕ', 'ਰੇਤਲੇ ਸ਼ੀਸ਼ੇ', 'ਰੋਜ਼ਨਾਮਚੇ ਦਾ ਸਫ਼ਰ', 'ਇਸ਼ਤਿਹਾਰਾਂ 'ਚੋਂ ਜੰਮੇ ਮਨੁੱਖ', 'ਬਨੇਰੇ 'ਤੇ ਬੈਠੀ ਅੱਖ' ਅਤੇ 'ਆਪਣਾ ਆਪਣਾ ਆਕਾਸ਼'। ਇਨ੍ਹਾਂ ਕਵਿਤਾਵਾਂ ਦਾ ਵਿਸ਼ਾ ਖੇਤਰ ਤੇ ਅਰਥ ਵਿਧਾਨ ਤੇ ਤਕਨੀਕ ਉਨ੍ਹਾਂ ਦੇ ਪਹਿਲੇ ਕਾਵਿ ਸੰਗ੍ਰਹਿ ਨਾਲੋਂ ਵੱਖਰੀ ਹੈ।
ਲੰਮੀਆਂ ਕਵਿਤਾਵਾਂ ਦੇ ਨਾਲ ਉਨ੍ਹਾਂ ਨਿੱਕੀਆਂ ਕਵਿਤਾਵਾਂ ਦੇ ਕਾਵਿ ਸੰਗ੍ਰਹਿ ਵੀ ਪੰਜਾਬੀ ਪਾਠਕਾਂ ਨੂੰ ਦਿੱਤੇ ਜਿਨ੍ਹਾਂ 'ਚ 'ਮੈਂ ਜੋ ਪੈਗ਼ੰਬਰ ਨਹੀਂ', 'ਵਿਦਰੋਹੀ ਪੀੜ੍ਹੀ, ਉਲਾਰ ਨਸਲ ਦਾ ਸਰਾਪ', 'ਬੋਦੀ ਵਾਲਾ ਤਾਰਾ' ਤੇ 'ਸ਼ਬਦ ਨੰਗੇ ਹਨ' ਸ਼ਾਮਿਲ ਹਨ।
ਨਿੱਕੀਆਂ ਤੇ ਲੰਮੀਆਂ ਕਵਿਤਾਵਾਂ ਤੋਂ ਬਾਅਦ ਅਜਾਇਬ ਕਮਲ ਹੁਰੀਂ ਪੰਜਾਬੀ ਵਿਚ ਆਧੁਨਿਕ ਵਿਸ਼ਿਆਂ ਤੇ ਸ਼ੈਲੀਆਂ 'ਤੇ ਆਧਾਰਤ 15 ਕਾਵਿ ਨਾਟਕ ਰਚੇ। ਪ੍ਰਵਾਸੀ ਕਾਵਿ ਨਾਟਕ ਲਿਖਣ ਤੇ ਛਪਵਾਉਣ 'ਚ ਪਹਿਲ ਕਦਮੀ ਅਜਾਇਬ ਕਮਲ ਹੁਰੀਂ ਕੀਤੀ ਜਦੋਂ ਉਹ 1972 ਵਿਚ ਕੀਨੀਆ 'ਚ ਅੰਗਰੇਜ਼ੀ ਬੋਲੀ ਤੇ ਸਾਹਿਤ ਪੜ੍ਹਾਉਂਦੇ ਸਨ। ਉਨ੍ਹਾਂ ਆਪਣਾ ਪਹਿਲਾ ਕਾਵਿ ਨਾਟਕ 'ਚਾਣਕ ਅੰਨ੍ਹੇ ਹਨ' 1972 ਵਿਚ ਲਿਖਿਆ ਤੇ 1973 'ਚ 'ਨਵਯੁਗ ਪਬਲਿਸ਼ਰਜ਼ ਦਿੱਲੀ' ਨੇ ਵਰਤਮਾਨ ਤੁਰਿਆ ਹੈ, ਕਿਤਾਬ ਦੇ ਨਾਲ ਛਾਪਿਆ। ਇਸ ਤੋਂ ਬਾਅਦ 4 ਕਾਵਿ-ਨਾਟਕ ਪੁਸਤਕ 'ਲੰਗੜਾ ਆਸਮਾਨ' 1978 ਵਿਚ ਛਪੀ। ਇਨ੍ਹਾਂ ਪੰਜਾਂ ਕਾਵਿ-ਨਾਟਕਾਂ ਵਿਚ ਮਨੁੱਖ ਦੀਆਂ ਮਾਨਸਿਕ ਗੁੰਝਲਾਂ ਨੂੰ ਪੇਸ਼ ਕੀਤਾ ਗਿਆ। ਇਨ੍ਹਾਂ ਵਿਚ ਨਾਟਕੀ ਸ਼ੈਲੀ ਤੇ ਰੰਗ ਮੰਚੀ ਤਕਨੀਕਾਂ ਦੀ ਵਰਤੋਂ ਕੀਤੀ ਜਾਂਦੀ ਹੈ। ਇਕ ਹੋਰ ਕਾਵਿ-ਨਾਟਕ ਪੁਸਤਕ 'ਸੂਤਰਧਾਰ ਬੋਲਦਾ ਹੈ' ਵਿਚ 7 ਕਾਵਿ-ਨਾਟਕ ਇਕੱਠੇ ਛਾਪੇ ਗਏ। ਇਨ੍ਹਾਂ ਵਿਚ ਮਨੁੱਖੀ ਸੰਕਟਾਂ ਦੀ ਵਿਆਖਿਆ ਹੈ। ਨਾਟਕ 'ਇਕ ਛਾਤੀ ਵਾਲੀ ਔਰਤ' ਵਿਚ ਮਰਦ ਤੇ ਔਰਤ ਦੇ ਸਦੀਵੀ ਰਿਸ਼ਤਿਆਂ ਦੀ ਮੂਲ ਪ੍ਰਵਿਰਤੀ ਵੱਲ ਇਸ਼ਾਰਾ ਹੈ।
'ਮੰਟੋ ਮਰਿਆ ਨਹੀਂ' ਵੱਡਾ ਕਾਵਿ-ਨਾਟਕ ਹੈ। ਇਹ ਮੰਟੋ ਦੀਆਂ ਸਾਹਿਤਕ ਤੇ ਉਸ ਦੀ ਜ਼ਿੰਦਗੀ ਦੀਆਂ ਪਰਤਾਂ ਦਾ ਵਰਣਨ ਤੇ ਲੇਖਕ ਸੁੰਤਤਰਤਾ ਬਾਰੇ ਹੈ। ਮਹਾਂ ਨਾਟਕ 'ਘਰ 'ਚ ਬਘਿਆੜ' ਅਤੇ 'ਦਸਤਾਨਿਆਂ ਵਰਗੇ ਹੱਥ' ਉਨ੍ਹਾਂ ਦੇ ਦੋ ਹੋਰ ਕਾਵਿ-ਨਾਟਕ ਹਨ।
ਅਜਾਇਬ ਕਮਲ ਹੁਰਾਂ ਕੰਪਿਊਟਰ ਕਲਚਰ ਤੇ ਵਿਸ਼ਵ ਭਾਈਚਾਰੇ ਨੂੰ ਆਧਾਰ ਬਣਾ ਕੇ ਇਸ ਨੂੰ ਬ੍ਰਹਿਮੰਡਕ ਚੇਤਨਾ ਦੇ ਰੂਪ ਵਿਚ ਪੇਸ਼ ਕਰਕੇ ਆਪਣੇ ਰਚੇ ਸਾਹਿਤ ਨੂੰ ਵਿਸ਼ਵ ਚੇਤਨਾ ਨਾਲ ਜੋੜਨ ਦਾ ਯਤਨ ਕੀਤਾ ਹੈ। ਉਨ੍ਹਾਂ ਦੇ ਕਾਵਿ-ਨਾਟਕ ਤੇ ਕਵਿਤਾਵਾਂ ਵਿਸ਼ਵ ਸਾਹਿਤ ਦੇ ਹਾਣੀਂ ਬਣਦੀਆਂ ਪ੍ਰਤੀਤ ਹੁੰਦੀਆਂ ਹਨ।
ਪੰਜਾਬ ਦੇ ਭਾਸ਼ਾ ਵਿਭਾਗ ਵਲੋਂ 27 ਮਾਰਚ, 1983 ਨੂੰ ਰਾਜ ਭਵਨ ਚੰਡੀਗੜ੍ਹ ਵਿਚ ਕਰਵਾਏ ਗਏ ਸਮਾਗਮ ਦੌਰਾਨ ਉਸ ਸਮੇਂ ਦੇ ਮਾਣਯੋਗ ਰਾਜਪਾਲ (ਗਵਰਨਰ) ਹੁਰਾਂ ਨੇ ਅਜਾਇਬ ਕਮਲ ਹੁਰਾਂ ਨੂੰ ਸ਼੍ਰੋਮਣੀ ਸਾਹਿਤ ਪੁਰਸਕਾਰ ਦਿੱਤਾ ਸੀ। ਸਨਮਾਨਾਂ ਨੇ ਅਜਾਇਬ ਕਮਲ ਹੁਰਾਂ ਦੀਆਂ ਲਿਖਤਾਂ 'ਚ ਤੇਜ਼ੀ ਲਿਆਂਦੀ। ਵੱਡੀ ਮਾਤਰਾ 'ਚ ਸਾਹਿਤ ਰਚਿਆ। ਉਨ੍ਹਾਂ ਕਵਿਤਾ ਤੇ ਗ਼ਜ਼ਲ ਸੰਗ੍ਰਹਿ (28), ਕਾਵਿ ਨਾਟਕ (15), ਮਹਾਂ ਕਾਵਿ (2), ਨਾਵਲ (5) ਅਤੇ ਆਲੋਚਨਾ ਦੀ ਪੁਸਤਕ 'ਪ੍ਰਯੋਗਵਾਦ ਤੇ ਉਸ ਤੋਂ ਅਗਾਂਹ' ਦੀ ਰਚਨਾ ਕੀਤੀ।
ਸਮੇਂ ਦੇ ਨਾਲ ਜਿਥੇ ਮਾਨਵੀ ਜੀਵਨ ਦੀ ਸਰਬਪੱਖੀ ਰੂਪ-ਰੇਖਾ ਬਦਲਦੀ ਰਹੀ ਉਸ ਦੇ ਪ੍ਰਭਾਵ ਅਧੀਨ ਅਜਾਇਬ ਕਮਲ ਹੁਰਾਂ ਦੀ ਕਾਵਿ-ਸਿਰਜਣ ਪ੍ਰਕਿਰਿਆ ਵੀ ਨਿਰੰਤਰ ਬਦਲਦੀ ਰਹੀ। ਉਨ੍ਹਾਂ ਆਪਣੀ ਨਵੀਨ ਸਿਰਜਣ ਪ੍ਰਕਿਰਿਆ ਦੁਆਰਾ ਕਾਵਿ ਖੇਤਰ 'ਚ ਅਨੇਕਾਂ ਨਵੇਂ ਵਿਸ਼ੇ 'ਤੇ ਸ਼ਿਲਪ ਵਿਧਾਨ ਵੀ ਸਥਾਪਤ ਕੀਤੇ। ਕਮਲ ਹੁਰਾਂ ਦੀ ਕਵਿਤਾ ਨੇ ਪ੍ਰਯੋਗਵਾਦ ਤੋਂ ਸ਼ੁਰੂ ਹੋ ਕੇ ਆਧੁਨਿਕਵਾਦ ਤੇ ਫਿਰ ਗਲੋਬਲ ਚੇਤਨਾ ਦਾ ਸਫ਼ਰ ਤੈਅ ਕੀਤਾ ਹੈ। ਉਨ੍ਹਾਂ ਮੰਡੀਵਾਦ ਤੇ ਵਿਸ਼ਵੀਕਰਨ ਦੇ ਮਨੁੱਖ 'ਤੇ ਪੈ ਰਹੇ ਪ੍ਰਭਾਵ ਬਾਰੇ ਵੀ ਲਿਖਿਆ। 'ਬੀਜ ਤੋਂ ਬ੍ਰਹਿਮੰਡ' (02) ਜਿਥੇ ਉਨ੍ਹਾਂ ਦੀ ਕਵਿਤਾ 'ਚ ਕਾਵਿ-ਸ਼ਾਸਤਰ ਉਥਾਨਦੀ ਹੈ ਉਥੇ 2005 'ਚ ਛਪੀ 'ਗਲੋਬਲ ਯੁੱਗ 'ਚ ਬੋਧ ਬਿਰਖ ਥੱਲੇ' ਅਜੋਕੇ ਗਲੋਬਲ ਤੇ ਮੰਡੀ ਮਨੁੱਖ ਦੇ ਨਵੇਂ ਉਭਰੇ ਸਰਬਪੱਖੀ ਸੰਕਟ ਦਾ ਦਰਪਣ ਹੈ।
ਗੁਰੂ ਨਾਨਕ ਜੀ ਬਾਰੇ ਉਨ੍ਹਾਂ ਲਿਖਿਆ, 'ਉਹ ਅਜਿਹਾ ਏਕਾ ਸੀ ਜਿਸਦਾ ਵਜੂਦ ਜ਼ਮੀਨ ਬਣ ਕੇ ਫੈਲਿਆ ਹੋਇਆ ਸੀ। ਉਹ ਅਜਿਹਾ ਸ਼ਬਦ ਸੀ ਜਿਸ ਦੇ ਤੇਜੱਸਵੀ ਚਿਹਰੇ 'ਤੇ ਅਨੇਕ ਚੰਦ ਸੂਰਜ ਝੁਕੇ ਪਏ ਸੀ, ਉਹ ਅਜਿਹਾ ਅਖਰ ਸੀ, ਜਿਸ ਦੀਆਂ ਤੈਹਾਂ 'ਚ ਅਨੇਕਾਂ ਵੇਦ ਕਤੇਬ ਲੁਕੇ ਪਏ ਸੀ।'
(ਸਰਾਪੇ ਸਮਿਆਂ ਦੇ ਪੈਗ਼ੰਬਰ 1993)
ਅਜਾਇਬ ਕਮਲ ਹੁਰੀਂ ਪੰਜ-ਪੰਜ ਸੌ ਸਫ਼ੇ ਦੇ ਦੋ ਮਹਾਂ-ਕਾਵਿ ਧਰਤੀਨਾਮਾ ਤੇ ਸੂਰਜਨਾਮਾ ਵੀ ਪੰਜਾਬੀ ਪਾਠਕਾਂ ਨੂੰ ਦਿੱਤੇ। ਇਨ੍ਹਾਂ ਮਹਾਂਕਾਵਾਂ ਵਿਚ ਸਮਕਾਲੀ ਗਲੋਬਲ ਮਨੁੱਖ ਦੇ ਜੀਵਨ ਸੰਕਟਾਂ 'ਤੇ ਮਾਨਵੀ ਸੋਚਾਂ 'ਚ ਆਏ, ਪਰਿਵਰਤਨ ਤੇ ਤਣਾਅ ਦਾ ਜ਼ਿਕਰ ਹੈ।
ਅਜਾਇਬ ਕਮਲ ਹੁਰਾਂ ਦੇ ਨਾਵਲ : 'ਸ਼ੀਸ਼ੇ ਤੇ ਚਿਹਰੇ', 'ਅਗਿਆਤਵਾਸੀ' (2002), 'ਮਰਦ ਵਿਚਲੀ ਔਰਤ', 'ਦੋ ਪੱਤਣਾਂ ਦੇ ਤਾਰੂ', 'ਸ਼ੀਸ਼ੇ ਵਿਚਲਾ ਪ੍ਰੋਮੀਥੀਅਸ' ਲੀਹ ਤੋਂ ਹਟ ਕੇ ਲਿਖੇ ਗਏ ਹਨ।
ਇਹ ਨਾਵਲ ਸਿੱਧ ਪੱਧਰੇ ਨਹੀਂ ਇਨ੍ਹਾਂ 'ਚ ਵੀ ਪ੍ਰਯੋਗ ਕੀਤੇ ਗਏ ਹਨ ਤੇ ਨਾਟ ਯੁਗਤਾਂ ਦੀ ਵਰਤੋਂ ਕੀਤੀ ਗਈ ਹੈ। ਤਕਨੀਕ ਪਖੋਂ ਪੰਜਾਬੀ 'ਚ ਰਚੇ ਜਾ ਰਹੇ ਨਾਵਲਾਂ ਨਾਲੋਂ ਵੱਖਰੇ ਹਨ। ਇਹ ਸੱਭਿਆਚਾਰਕ ਤਣਾਓ ਕਾਰਨ ਪੈਦਾ ਹੋਏ ਮਾਨਸਿਕ ਦਵੰਧ 'ਤੇ ਕੇਂਦਰਤ ਹਨ। ਇਨ੍ਹਾਂ ਨਾਵਲਾਂ ਵਿਚ ਜੜ੍ਹਹੀਣ ਪ੍ਰਵਾਸੀਆਂ ਦੇ ਘੋਰ ਇਕਲਾਪੇ, ਉਦਾਸੀ ਤੇ ਭਟਕਣ ਨਾਲ ਜੁੜਦੀਆਂ ਮਾਨਸਿਕ, ਭਾਵੁਕ ਤੇ ਆਰਥਿਕ ਸਮੱਸਿਆਵਾਂ ਦਾ ਵਰਨਣ ਕੀਤਾ ਗਿਆ ਹੈ। ਉਨ੍ਹਾਂ 'ਚੋਂ ਉਪਜੀ ਉਲਾਰ ਬਿਰਤੀ, ਮਾਨਸਿਕ ਤੇ ਭਾਵੁਕ ਅਸਥਿਰਤਾ ਨੂੰ ਵੀ ਟੇਢੀ ਵਿਧੀ ਨਾਲ ਪ੍ਰਗਟਾਇਆ ਹੈ।
ਅਜਾਇਬ ਕਮਲ ਹੁਰੀਂ ਸਮੇਂ ਦੇ ਨਾਲ-ਨਾਲ ਗ਼ਜ਼ਲਾਂ ਵੀ ਲਿਖਦੇ ਰਹੇ। ਉਨ੍ਹਾਂ ਦੀ ਗ਼ਜ਼ਲਾਂ ਦੀ ਪੁਸਤਕ : 'ਸ਼ੀਸ਼ਿਆਂ ਦਾ ਸ਼ਹਿਰ' (1982), ਵਿਚ ਕਾਵਿ-ਟੁਕੜੀ 'ਸ਼ਬਦ ਨੰਗੇ ਹਨ' ਦੇ ਨਾਲ ਛਪੀ।
ਉਨ੍ਹਾਂ ਦਾ ਦੂਸਰਾ ਗ਼ਜ਼ਲ ਸੰਗ੍ਰਹਿ 'ਟੁਕੜੇ ਟੁਕੜੇ ਸੂਰਜ' ਜਿਸ ਵਿਚ 80 ਗ਼ਜ਼ਲਾਂ ਹਨ, 2009 ਵਿਚ ਛਪਿਆ। ਉਸ ਵਿਚੋਂ ਕੁਝ ਮਤਲੇ ਹਨ:
ਕਿਸੇ ਨੂੰ ਪਰ ਲਗਾ ਦਿੱਤੇ ਕਿਸੇ ਦੇ ਪਰ ਕਟਾ ਦਿੱਤੇ
ਸਮੇਂ ਨੇ ਆਦਮੀ ਸ਼ਤਰੰਜ ਦੇ ਮੋਹਰੇ ਬਣਾ ਦਿੱਤੇ।
ਕਿੱਦਾਂ ਉਸ ਦੇ ਦਿਨ ਸਿਧੇ ਹੋ ਸਕਦੇ
ਜੋ ਸੋਚਾਂ ਦੇ ਦਰਿਆ ਵਿਚ ਪੁਠਾ ਤਰਦਾ ਹੈ।
ਅਜਾਇਬ ਕਮਲ ਹੁਰਾਂ ਦਾ ਅਨੁਭਵ ਖੇਤਰ ਵਿਸ਼ਾਲ ਸੀ। ਉਨ੍ਹਾਂ ਦੀ ਸਾਰੀ ਲਿਖਤ ਮੌਲਿਕ ਹੈ, ਕੋਈ ਅਨੁਵਾਦ ਵਗੈਰਾ ਨਹੀਂ। ਆਪਣੇ 55 ਸਾਲਾਂ ਦੇ ਸਾਹਿਤਕ ਜੀਵਨ ਦੌਰਾਨ ਨਾ ਤਾਂ ਉਨ੍ਹਾਂ ਦੀ ਕਵਿਤਾ 'ਚ ਕੋਈ ਖੜੋਤ ਆਈ ਨਾ ਹੀ ਆਪ ਖੜੋਤ ਦਾ ਸ਼ਿਕਾਰ ਹੋਏ। ਨਿਰੰਤਰ ਕਵਿਤਾ ਰਚਦੇ ਰਹੇ। ਸਾਰੀ ਉਮਰ ਅੰਗਰੇਜ਼ੀ ਪੜ੍ਹਾਈ ਪਰ ਲਿਖਿਆ ਪੰਜਾਬੀ ਵਿਚ। ਆਪਣੀ ਲੰਮੀ ਕਵਿਤਾ ਦੀ ਪੁਸਤਕ 'ਆਪਣਾ ਆਪਣਾ ਆਕਾਸ਼' ਦੇ 2010 ਵਿਚ ਛਪਣ ਤੋਂ ਕੁਝ ਮਹੀਨੇ ਬਾਅਦ ਇਕ ਧਾਰਮਿਕ ਸਮਾਗਮ ਦੌਰਾਨ ਗੱਲਾਂ ਕਰਦੇ-ਕਰਦੇ ਇਸ ਸੰਸਾਰ ਤੋਂ ਸਦਾ ਲਈ ਵਿਦਾ ਹੋ ਗਏ।

-ਫੋਨ : 75899-66592.

ਇਕ ਹੱਡ ਬੀਤੀ ਅਮੀਰ ਗ਼ਰੀਬ

ਸਵੇਰ ਦੀ ਘਟਨਾ ਕਰਕੇ ਮੈਨੂੰ ਖਿਝ ਅਤੇ ਗੁੱਸਾ ਚੜਿ੍ਹਆ ਹੋਇਆ ਸੀ | ਮੋਚੀ ਤੋਂ ਬੂਟ ਪਾਲਿਸ਼ ਕਰਵਾ ਕੇ ਜਦੋਂ ਮੈਂ ਪੈਸੇ ਪੁੱਛੇ ਤਾਂ ਉਸ ਦਾ ਉੱਤਰ ਸੁਣ ਕੇ ਮੈਂ ਦੰਗ ਰਹਿ ਗਿਆ | ਉਸ ਦੇ ਚਿਹਰੇ 'ਤੇ ਨਿਮਰਤਾ ਅਤੇ ਸਵੈਮਾਣ ਸੀ | ਉਸ ਦਾ ਵਰਤਾਓ ਦੇਖ ਕੇ ਮੇਰਾ ਮਨ ਸ਼ਾਂਤ ਹੋ ਗਿਆ |
ਕੱਲ ਸੁਬ੍ਹਾ ਮੇਰੇ ਮਾਮਾ ਜੀ ਆਏ ਤਾਂ ਸਾਨੂੰ ਸਾਰੇ ਪਰਿਵਾਰ ਨੂੰ ਬੜਾ ਚਾਅ ਚੜ੍ਹ ਗਿਆ | ਚਾਹ ਪਾਣੀ ਪੀਣ ਵੇਲੇ ਮਾਮਾ ਜੀ ਮੇਰੇ ਬਚਪਨ, ਖੇਡਾਂ, ਫ਼ਸਲਾਂ ਦੀਆਂ ਕੁਝ ਗੱਲਾਂ ਸੁਣਾ ਰਹੇ ਸਨ | ਮੇਰਾ ਬੇਟਾ ਜੋ ਅਜੇ ਪੰਜਵੀਂ ਕਲਾਸ ਵਿਚ ਪੜ੍ਹਦਾ ਸੀ, ਬੜਾ ਰਲੌਟਾ ਸੀ, ਪੁੱਛਣ ਲੱਗਾ ਕਿ ਭਾਪਾ ਜੀ ਇਹ ਕੌਣ ਹਨ? ਤਾਂ ਮੈਂ ਕਿਹਾ ਕਿ ਇਹ ਮੇਰੇ ਮਾਮਾ ਜੀ ਹਨ, ਜਿਵੇਂ ਤੇਰੇ ਗੁਰਪ੍ਰੀਤ ਮਾਮਾ ਜੀ ਹਨ | ਤਾਂ ਕਹਿਣ ਲੱਗਾ, 'ਜਦ ਮੇਰੇ ਗੁਰਪ੍ਰੀਤ ਮਾਮਾ ਜੀ ਆਉਂਦੇ ਹਨ ਤਾਂ ਘਰੇ ਖੂਬ ਮਿੱਠੇ ਪਕਵਾਨ ਬਣਦੇ ਹਨ, ਕੀ ਅੱਜ ਵੀ ਬਣਨਗੇ?' ਮੈਂ ਕਿਹਾ, 'ਹਾਂ ਪੁੱਤਰ ਅੱਜ ਵੀ ਬਣਨਗੇ |' ਮੇਰੀ ਘਰ ਵਾਲੀ ਕਹਿੰਦੀ, 'ਇਸ ਦੀ ਸਾਰਾ ਦਿਨ ਖਾਣ-ਪੀਣ ਲਈ ਚੰੁਝ ਮਚਦੀ ਰਹਿੰਦੀ ਹੈ, ਜੇ ਪੜ੍ਹਾਈ ਦੀ ਗੱਲ ਕਰੀਏ ਤਾਂ ਪਿਛਾਂਹ ਨੂੰ ਜਾਂਦੈ |'
ਸ਼ਹਿਰ ਦੀ ਤੇਜ਼ਤਰਾਰ ਅਤੇ ਭੱਜ-ਦੌੜ ਵਾਲੀ ਜ਼ਿੰਦਗੀ ਵਿਚ ਅਜਿਹੇ ਖ਼ੁਸ਼ੀ ਭਰੇ ਮੌਕੇ ਕਦੇ-ਕਦੇ ਹੀ ਆਉਂਦੇ ਹਨ, ਜਦੋਂ ਰਿਸ਼ਤੇਦਾਰ ਇਕੱਠੇ ਬੈਠ ਕੇ ਅਗਲੀਆਂ-ਪਿਛਲੀਆਂ ਖੁਸ਼ੀ ਭਰੀਆਂ ਗੱਲਾਂ ਕਰਦੇ ਹਨ | ਸਭ ਨੇ ਇਕੱਠੇ ਬੈਠ ਕੇ ਦੁਪਹਿਰ ਦੀ ਰੋਟੀ ਖਾਧੀ | ਮਾਮਾ ਜੀ ਕਹਿੰਦੇ ਕਿ ਸ਼ਹਿਰ ਵਿਚ ਵੱਖ-ਵੱਖ ਪਦਾਰਥਾਂ ਤੋਂ ਤਰ੍ਹਾਂ-ਤਰ੍ਹਾਂ ਦੇ ਪਕਵਾਨ ਬਣਾਏ ਜਾਂਦੇ ਹਨ, ਜਿਨ੍ਹਾਂ ਵਿਚ ਸਵਾਦ ਤਾਂ ਭਰਪੂਰ ਹੁੰਦਾ ਹੈ, ਪਰ ਪੋਸ਼ਟਿਕ ਘੱਟ ਹੁੰਦੇ ਹਨ, ਪਰ ਪਿੰਡਾਂ ਵਿਚ ਬੇਸ਼ੱਕ ਸਰਲ ਅਤੇ ਸਾਦਾ ਭੋਜਨ ਬਣਦਾ ਹੈ, ਪਰ ਪੋਸ਼ਟਿਕ ਅਤੇ ਸਿਹਤ ਲਈ ਨਰੋਆ ਹੁੰਦਾ ਹੈ | ਕੁਝ ਸਮਾਂ ਮੈਂ ਮਾਮਾ ਜੀ ਨੂੰ ਸ਼ਹਿਰ ਘੁਮਾ ਲਿਆਇਆ | ਫ਼ਿਲਮ ਵੇਖਣਾ ਮਾਮਾ ਜੀ ਨੂੰ ਪਸੰਦ ਨਹੀਂ ਸੀ | ਸ਼ਾਮ ਨੂੰ ਮਾਮਾ ਜੀ ਵਾਪਸ ਪਿੰਡ ਜਾਣ ਲਈ ਜ਼ੋਰ ਪਾਉਣ ਲੱਗੇ, ਸਵੇਰੇ ਦਸ ਵਜੇ ਪਾਣੀ ਦੀ ਵਾਰੀ ਸੀ | ਪਰ ਅਸੀਂ ਸਭ ਨੇ ਕਿਹਾ ਕਿ ਕੁਝ ਵੀ ਹੋ ਜਾਵੇ ਅਸਾਂ ਜਾਣ ਨਹੀਂ ਦੇਣਾ | ਮਾਮਾ ਜੀ ਇਸ ਸ਼ਰਤ 'ਤੇ ਮੰਨ ਗਏ ਕਿ ਮੈਨੂੰ ਸੁਬ੍ਹਾ ਪਹਿਲੀ ਬੱਸ ਚੜ੍ਹਾ ਦੇਣਾ |
ਸ਼ਾਮ ਨੂੰ ਰੋਟੀ ਖਾਂਦਿਆਂ ਮੈਨੂੰ ਮਜ਼ਾਕ ਕਰਨ ਲੱਗੇ ਕਿ ਤੈਨੂੰ ਯਾਦ ਹੈ ਜਦੋਂ ਤੂੰ ਮੰਡੀ ਸਾਈਕਲ 'ਤੇ ਸੱਤਵੀਂ ਵਿਚ ਪੜ੍ਹਨ ਜਾਂਦਾ ਸੀ ਤਾਂ ਇਕ ਦਿਨ ਬਸਤਾ ਹੀ ਰਾਹ ਵਿਚ ਸੁੱਟ ਆਇਆ ਸੀ | ਮੈਂ ਕਿਹਾ, 'ਹਾਂ ਮੈਨੂੰ ਯਾਦ ਹੈ, ਮੇਰੇ ਪਿੱਛੇ ਆਉਂਦੇ ਸੇਠਾਂ ਦੇ ਮੰੁਡੇ ਨੇ ਚੁੱਕ ਲਿਆ ਸੀ ਅਤੇ ਆਪਣੇ ਘਰੇ ਫੜਾ ਗਿਆ ਸੀ |' ਅਤੇ 'ਇਕ ਵਾਰੀ ਸੱਤਵੀਂ ਦੇ ਕੱਚੇ ਇਮਤਿਹਾਨਾਂ ਵਿਚ ਨਕਲ ਮਾਰਦਾ ਫੜਿਆ ਗਿਆ ਸੀ, ਤਾਂ ਮਾਸਟਰ ਨੇ ਤੈਨੂੰ ਮੁਰਗਾ ਬਣਾਇਆ ਸੀ |' ਸਾਰੇ ਹੱਸਣ ਲੱਗੇ | ਮੇਰਾ ਕਾਕਾ ਕਹਿੰਦਾ, 'ਮਾਮਾ ਜੀ ਇਨ੍ਹਾਂ ਦੀਆਂ ਅਜਿਹੀਆਂ ਹੋਰ ਵੀ ਗੱਲਾਂ ਸੁਣਾਓ ਤਾਂ ਅਸੀਂ ਫਿਰ ਸਾਰੇ ਹੱਸਣ ਲੱਗੇ |
ਸਵੇਰੇ ਸੁਵੱਖਤੇ ਹੀ ਮਾਮਾ ਜੀ ਨੂੰ ਬਰੇਕਫਾਸਟ ਕਰਵਾ ਕੇ ਪਹਿਲੀ ਬੱਸ ਚੜ੍ਹਾ ਦਿੱਤਾ | ਰਸਤੇ ਵਿਚ ਆਉਂਦੇ ਪੈਟਰੋਲ ਪੰਪ ਤੋਂ ਮੈਂ ਸਕੂਟਰ ਵਿਚ ਡੇਢ ਸੌ ਦਾ ਤੇਲ ਪਵਾ ਲਿਆ | ਪਰ ਇਹ ਕੀ? ਕਾਹਲੀ ਵਿਚ ਪਰਸ ਤਾਂ ਮੈਂ ਘਰੋਂ ਲੈ ਕੇ ਹੀ ਨਹੀਂ ਆਇਆ ਸੀ | ਮੈਂ ਕਰਿੰਦੇ ਨੂੰ ਕਿਹਾ ਕਿ ਮੇਰਾ ਪਰਸ ਘਰ ਰਹਿ ਗਿਆ ਹੈ, ਪੈਸੇ ਮੈਂ ਦਫ਼ਤਰ ਆਉਂਦਾ ਦੇ ਜਾਵਾਂਗਾ | ਉਹ ਰੁੱਖੇ ਲਹਿਜ਼ੇ ਵਿਚ ਬੋਲਆ, 'ਨਾ ਜੀ ਨਾ, ਐਸੇ ਕੈਸੇ ਚਲੇਗਾ, ਹਮ ਨੇ ਭੀ ਮਾਲਕ ਕੋ ਹਿਸਾਬ ਦੇਨਾ ਹੈ?' ਮੈਂ ਦਫ਼ਤਰੀ ਅਹੁਦੇ ਅਨੁਸਾਰ ਆਪਣੀ ਬੇਇਜ਼ਤੀ ਮਹਿਸੂਸ ਕੀਤੀ |
ਮੈਂ ਨਹਿਰੀ ਵਿਭਾਗ ਵਿਚ ਕੰਮ ਕਰਦਾ ਸੀ ਅਤੇ ਸਾਡੇ ਵਿਭਾਗ ਦੀ ਮਸ਼ੀਨਰੀ ਲਈ ਅਸੀਂ ਤੇਲ ਵੀ ਇਸੇ ਪੈਟਰੋਲ ਪੰਪ ਤੋਂ ਲੈਂਦੇ ਸਾਂ ਅਤੇ ਇਸ ਦੀ ਪੇਮੈਂਟ ਵੀ ਮੈਂ ਹੀ ਕਰਦਾ ਸੀ | ਮੈਂ ਇਸ ਦੀ ਪੇਮੈਂਟ ਕਦੇ ਵੀ ਲੇਟ ਨਹੀਂ ਸੀ ਕੀਤੀ | ਮਹੀਨੇ ਦੀ ਦੋ ਜਾਂ ਤਿੰਨ ਤਾਰੀਖ ਨੂੰ ਪੈਟਰੋਲ ਪੰਪ ਮਾਲਕ ਆ ਕੇ ਪੇਮੈਂਟ ਲੈ ਜਾਂਦਾ ਸੀ | ਪੇਮੈਂਟ ਲੈਣ ਆਏ ਪੈਟਰੋਲ ਪੰਪ ਮਾਲਕ ਨੂੰ ਮੈਂ ਸਤਿਕਾਰ ਦਿੰਦਾ, ਕੁਰਸੀ 'ਤੇ ਬਿਠਾ ਕੇ ਪਾਣੀ ਆਦਿ ਪਿਲਾਉਂਦਾ ਅਤੇ ਕਦੇ-ਕਦੇ ਚਾਹ ਵੀ ਪਿਲਾਉਂਦਾ | ਮੈਂ ਉਸ ਨੂੰ ਇਕ ਤਰ੍ਹਾਂ ਆਪਣਾ ਮਿੱਤਰ ਸਮਝਦਾ ਸੀ, ਕਿਉਂਕਿ ਇਹ ਮੇਰਾ ਫ਼ਰਜ਼ ਵੀ ਸੀ |
ਮੈਂ ਮੁਸਕਰਾ ਕੇ ਪੈਟਰੋਲ ਪੰਪ ਮਾਲਕ ਨੂੰ ਕਮਰੇ ਵਿਚ ਇਸ ਵਿਸ਼ਵਾਸ 'ਤੇ ਮਿਲਣ ਚਲਾ ਗਿਆ ਕਿ ਉਹ ਮੇਰਾ ਇਹ ਛੋਟਾ ਜਿਹਾ ਮਸਲਾ ਹੱਸਦਿਆਂ ਝੱਟ ਹੀ ਹੱਲ ਕਰ ਦੇਵੇਗਾ ਅਤੇ ਕਰਿੰਦੇ ਨੂੰ ਡਾਂਟੇਗਾ ਵੀ | ਮੈਂ ਅੰਦਰ ਜਾ ਕੇ ਅਖ਼ਬਾਰ ਪੜ੍ਹ ਰਹੇ ਪੰਪ ਮਾਲਕ ਨੂੰ ਮੁਸਕਰਾ ਕੇ ਸਤਿ ਸ੍ਰੀ ਅਕਾਲ ਬੁਲਾਈ | ਉਸ ਨੇ ਹਲਕਾ ਜਿਹਾ ਸਿਰ ਨਿਵਾ ਕੇ ਮੰਨੀ ਅਤੇ ਪੋਲਾ ਜਿਹਾ ਹੱਥ ਮਿਲਾਇਆ | ਜਿਵੇਂ ਉਸ ਨੇ ਮੈਨੂੰ ਕਦੇ ਕਿਤੇ ਦੇਖਿਆ ਹੋਵੇ ਅਤੇ ਕਿਹਾ, 'ਦੱਸੋ?' ਮੈਂ ਆਸ ਦੇ ਉਲਟ ਛਿੱਥਾ ਜਿਹਾ ਪੈ ਗਿਆ ਅਤੇ ਸਾਰੀ ਗੱਲ ਦੱਸੀ | ਉਸ ਨੇ ਕਿਹਾ ਕਿ, ਇਹ ਤਾਂ ਤੁਹਾਡਾ ਅਤੇ ਕਰਿੰਦੇ ਦਾ ਮਸਲਾ ਹੈ, ਤੁਸੀਂ ਉਸੇ ਨਾਲ ਹੀ ਨਬੇੜੋ?' ਮੈਂ ਉਸ ਦੇ ਵਰਤਾਓ 'ਤੇ ਹੈਰਾਨ ਰਹਿ ਗਿਆ ਅਤੇ ਕੁਝ ਕਰੜੇ ਸ਼ਬਦਾਂ ਵਿਚ ਕਿਹਾ, 'ਯਾਰ ਇਹ ਕਿੱਡਾ ਕੁ ਮਸਲਾ ਹੈ, ਮੈਂ ਹੁਣ ਦਫ਼ਤਰ ਆਉਂਦਾ 150 ਰੁਪਏ ਦੇ ਜਾਵਾਂਗਾ |' ਪਰ ਉਸ ਅਖ਼ਬਾਰ ਪੜ੍ਹਦੇ-ਪੜ੍ਹਦੇ ਨੇ ਹੀ ਕਿਹਾ, 'ਨਹੀਂ ਜੀ ਮੈਂ ਇਸ ਬਾਰੇ ਕੁਝ ਨਹੀਂ ਕਰ ਸਕਦਾ |' ਮੈਨੂੰ ਉਸ ਦੇ ਵਰਤਾਓ 'ਤੇ ਕਾਫੀ ਗੁੱਸਾ ਆਇਆ ਅਤੇ ਭਰਿਆ ਪੀਤਾ ਕਮਰੇ ਤੋਂ ਬਾਹਰ ਆ ਕੇ ਕਿਸੇ ਜਾਣੂ ਨੂੰ ਵੇਖਣ ਲੱਗਾ, ਜਿਸ ਤੋਂ ਪੈਸੇ ਫੜ ਕੇ ਕਰਿੰਦੇ ਨੂੰ ਦਿੱਤੇ ਜਾ ਸਕਣ |
ਕਰਿੰਦਾ ਸਭ ਕੁਝ ਵੇਖ ਰਿਹਾ ਅਤੇ ਮੇਰਾ ਚਿਹਰਾ ਵੇਖ ਕੇ ਸਮਝ ਗਿਆ ਕਿ ਮੇਰੀ ਗੱਲ ਬਣੀ ਨਹੀਂ | ਸ਼ਾਇਦ ਉਸ ਨੂੰ ਮੇਰੇ 'ਤੇ ਕੁਝ ਤਰਸ ਆ ਗਿਆ ਅਤੇ ਕਹਿਣ ਲੱਗਾ, ਕਿ 'ਸਰਦਾਰ ਜੀ ਐਸੇ ਕਰੋ ਕਿ ਹਮਾਰਾ ਏਕ ਆਦਮੀ ਅਪਨੇ ਸਾਥ ਲੈ ਜਾਓ ਔਰ ਪੈਸੇ ਦੇਕਰ ਇਸੇ ਪੈਟਰੋਲ ਪੰਪ ਪਰ ਛੋੜ ਜਾਣਾ |' ਮੈਂ ਇਸੇ ਨੂੰ ਗਨੀਮਤ ਸਮਝਿਆ ਅਤੇ ਉਸ ਦਾ ਸਾਥੀ ਸਕੂਟਰ 'ਤੇ ਚੜ੍ਹਾ ਕੇ ਘਰੋਂ 150 ਰੁਪਏ ਦੇ ਕੇ ਉਸ ਨੂੰ ਪੈਟਰੋਲ ਪੰਪ 'ਤੇ ਫਿਰ ਛੱਡ ਗਿਆ | ਜਾਂਦਾ ਹੋਇਆ ਮੈਂ ਸੋਚ ਰਿਹਾ ਸੀ ਕਿ ਇਹ ਲੋਕ ਕਿੰਨੇ ਰੁੱਖੇ ਅਤੇ ਖੁਦਗਰਜ਼ ਹਨ, ਸਿਰਫ਼ ਪੈਸੇ ਤੱਕ ਹੀ ਆਪਣਾ ਮਤਲਬ ਰੱਖਦੇ ਹਨ | ਮੈਂ ਗੁੱਸੇ ਵਿਚ ਇਹ ਵੀ ਸੋਚ ਗਿਆ ਕਿ ਪੇਮੈਂਟ ਲੈਣ ਆਏ ਪੈਟਰੋਲ ਪੰਪ ਮਾਲਕ ਦੇ ਇਕ-ਦੋ ਚੱਕਰ ਜ਼ਰੂਰ ਲਵਾਇਆ ਕਰਾਂਗਾ ਅਤੇ ਜੇ ਹੋ ਸਕਿਆ ਤਾਂ ਮਹਿਕਮੇ ਦੀ ਮਸ਼ੀਨਰੀ ਲਈ ਤੇਲ ਹੀ ਕਿਸੇ ਹੋਰ ਪੰਪ ਤੋਂ ਲਿਆ ਕਰਾਂਗੇ |
ਨਾਸ਼ਤਾ ਕਰਕੇ ਮੈਂ ਦਫ਼ਤਰ ਆ ਰਿਹਾ ਸੀ | ਸਵੇਰੇ ਜਲਦੀ ਉੱਠਣ ਕਾਰਨ, ਜਲਦੀ ਤਿਆਰ ਹੋ ਗਿਆ ਸਾਂ ਅਤੇ ਦਫ਼ਤਰ ਲੱਗਣ ਵਿਚ ਅਜੇ ਅੱਧਾ ਘੰਟਾ ਬਾਕੀ ਸੀ | ਬੇਸ਼ੱਕ ਸਵੇਰ ਵਾਲਾ ਮਸਲਾ ਹੱਲ ਹੋ ਗਿਆ ਸੀ ਪਰ ਮੇਰੇ ਮਨ ਅੰਦਰ ਗੁੱਸਾ ਅਤੇ ਖਿਝ ਮੱਕੜੀ ਦੇ ਜਾਲੇ ਵਾਂਗ ਲਟਕ ਰਹੇ ਸਨ | ਸਮਾਂ ਹੋਣ ਕਾਰਨ ਮੈਂ ਮੋਚੀ ਤੋਂ ਬੂਟ ਪਾਲਿਸ਼ ਕਰਵਾਉਣ ਲੱਗਾ | ਬੂਟ ਪਾਲਿਸ਼ ਕਰਵਾ ਕੇ ਜਦ ਮੈਂ ਪੈਸੇ ਪੁੱਛੇ ਤਾਂ ਕਹਿੰਦਾ, 'ਜੀ ਵੀਹ ਰੁਪਏ', ਮੈਂ ਕਿਹਾ, 'ਵੀਹ ਰੁਪਏ ਕਿਸ ਤਰ੍ਹਾਂ?' ਤਾਂ ਉਸ ਨੇ ਬੜੀ ਨਿਮਰਤਾ ਅਤੇ ਸਵੈਮਾਣ ਨਾਲ ਜਵਾਬ ਦਿੱਤਾ, 'ਹਫ਼ਤਾ ਕੁ ਪਹਿਲਾਂ ਤੁਸੀਂ ਜਦੋਂ ਬੂਟ ਪਾਲਿਸ਼ ਕਰਵਾਏ ਤਾਂ ਇਥੇ ਤੁਹਾਡਾ ਦੋਸਤ ਆ ਗਿਆ, ਜੋ ਕਾਫ਼ੀ ਦੇਰ ਬਾਅਦ ਮਿਲਿਆ ਲਗਦਾ ਸੀ, ਕਿਉਂਕਿ ਤੁਸੀਂ ਉਸ ਨੂੰ ਬੜੇ ਖੁਸ਼ੀ ਅਤੇ ਚਾਅ ਨਾਲ ਗੱਲਵਕੜੀ ਪਾ ਕੇ ਮਿਲੇ ਸੀ | ਤੁਸੀਂ ਪਾਲਿਸ਼ ਕੀਤੇ ਬੂਟ ਪਾ ਕੇ ਪੈਸੇ ਦਿੱਤੇ ਬਿਨਾਂ ਹੀ ਦੋਸਤ ਨਾਲ ਖੁਸ਼ੀ ਵਿਚ ਗੱਲਾਂ ਕਰਦੇ ਤੁਰ ਗਏ | ਮੈਂ ਤੁਹਾਡੇ ਦੋਸਤ ਸਾਹਮਣੇ ਆਵਾਜ਼ ਮਾਰ ਕੇ ਤੁਹਾਥੋਂ ਪੈਸੇ ਮੰਗਣੇ ਠੀਕ ਨਹੀਂ ਸਮਝੇ | ਸੋ ਦਸ ਰੁਪਏ ਪਹਿਲਾਂ ਵਾਲੇ ਅਤੇ ਦਸ ਰੁਪਏ ਹੁਣ ਦੇ, ਕੁੱਲ ਵੀਹ ਰੁਪਏ ਹੋ ਗਏ | ਜੇਕਰ ਨਹੀਂ ਯਾਦ ਤਾਂ ਬੇਸ਼ੱਕ ਪਿਛਲੇ ਪੈਸੇ ਨਾ ਦਿਓ |' ਮੇਰੇ ਸਭ ਕੁਝ ਯਾਦ ਆ ਗਿਆ, ਤਾਂ ਮੈਂ ਕਿਹਾ, 'ਨਹੀਂ ਨਹੀਂ ਮੇਰੇ ਬਿਲਕੁਲ ਯਾਦ ਹੈ, ਮੈਂ ਭੁੱਲ ਗਿਆ ਸੀ, ਆਹ ਲੈ ਵੀਹ ਰੁਪਏ |' ਅਤੇ ਮੈਂ ਖ਼ੁਸ਼ੀ-ਖੁਸ਼ੀ ਵੀਹ ਰੁਪਏ ਉਸ ਨੂੰ ਦੇ ਦਿੱਤੇ ਅਤੇ ਉਸ ਦਾ ਧੰਨਵਾਦ ਵੀ ਕੀਤਾ |
ਮੈਂ ਵੇਖਿਆ ਕਿ ਗ਼ਰੀਬ ਹੋ ਕੇ ਉਹ ਸਮਾਜ ਦੇ ਕਾਰ-ਵਿਹਾਰ ਅਤੇ ਚੰਗੇ ਵਰਤਾਓ ਵਿਚ ਕਿੰਨਾ ਨਿਪੰੁਨ ਸੀ | ਉਸ ਦੇ ਚਿਹਰੇ 'ਤੇ ਸਬਰ, ਸੰਤੋਖ ਅਤੇ ਸਵੈਮਾਣ ਤੇ ਖੁਸ਼ੀ ਸੀ | ਮੈਂ ਉਸ ਦੇ ਪਿੱਛੇ ਲੱਗੀ ਇਕ ਮਹਾਂਪੁਰਸ਼ ਦੀ ਫੋਟੋ ਨੂੰ ਵੇਖ ਕੇ ਸੋਚਿਆ ਕਿ ਉਹ ਉਨ੍ਹਾਂ ਦਾ ਅਸਲੀ ਭਗਤ ਸੀ |
ਮੇਰੇ ਅੰਦਰ ਪੈਟਰੋਲ ਪੰਪ ਮਾਲਕ ਪ੍ਰਤੀ ਭਰਿਆ ਗੁੱਸਾ ਖੰਭ ਲਾ ਕੇ ਉੱਡ ਗਿਆ ਅਤੇ ਮਨ ਸ਼ਾਂਤ ਹੋ ਗਿਆ | ਹੁਣ ਮੈਂ ਸਹਿਜ ਨਾਲ ਖ਼ੁਸ਼ੀ-ਖ਼ੁਸ਼ੀ ਦਫ਼ਤਰ ਜਾ ਰਿਹਾ ਸੀ |

-ਸਾਹਿਬਜ਼ਾਦਾ ਜੁਝਾਰ ਸਿੰਘ ਨਗਰ, ਗਲੀ ਨੰਬਰ 10, ਬਠਿੰਡਾ | ਮੋਬਾਈਲ : 98151-60994.

ਦੋ ਗ਼ਜ਼ਲਾਂ

ਨਿੱਕਾ ਜੇਹਾ ਆਸਮਾਨ
• ਪ੍ਰੋ: ਕੁਲਵੰਤ ਸਿੰਘ ਔਜਲਾ •

ਨਿੱਕਾ ਜੇਹਾ ਆਸਮਾਨ ਉੱਡਣ ਲਈ ਲੋੜੀਦਾ,
ਕਾਹਦਾ ਝਗੜਾ ਬਹੁਤੀ ਤੇ ਜਾਂ ਥੋੜੀਦਾ |
ਕਿੱਡਾ ਵੀ ਕੋਈ ਬੋਝ ਅਚਾਨਕ ਆ ਧਮਕੇ,
ਟੈਕਾਂ ਦੇ ਨਾਲ ਰੱਬ ਦਾ ਘਰ ਨਹੀਂ ਤੋੜੀਦਾ |
ਸ਼ਬਦਾਂ ਦੀਆਂ ਕਮਾਈਆਂ ਯੁੱਗ ਯੁੱਗ ਜੀਂਵਦੀਆਂ,
ਸ਼ਬਦਾਂ ਨਾਲ ਹਮੇਸ਼ਾ ਟੁੱਟਿਆ ਜੋੜੀਦਾ |
ਜੋਸ਼ ਜਨੂੰਨ 'ਚ ਵਹਿ ਕੇ, ਭੁੱਲ ਕੇ ਸਭ ਕਾਇਦੇ,
ਵਸਦਾ ਰਸਦਾ ਨਹੀਂ ਪਰਿਵਾਰ ਵਿਛੋੜੀਦਾ |
ਆਪਣੇ ਢਿੱਡ ਨੂੰ ਭਰਨ ਵਾਸਤੇ ਕਮਅਕਲਾ,
ਲਹੂ ਮਾਸੂਮਾਂ ਦਾ ਨਹੀਂ ਕਦੇ ਨਿਚੋੜੀਦਾ |
ਜਦੋਂ ਸਭ ਹਥਿਆਰ ਬੇਮਾਅਨਾ ਹੋ ਜਾਵਣ,
ਉਦੋਂ ਵਕਤ ਨੂੰ ਸ਼ਬਦਾਂ ਨਾਲ ਝੰਜੋੜੀਦਾ |
ਬਾਹੂਬਲੀ, ਬਹੁ ਆਏ ਓੜਕ ਕਿਰ ਗਏ ਸਭ
ਬਹੁਤਾ ਨਹੀਂ ਹੰਕਾਰ ਕਰੀਦਾ ਮੋਹੜੀਦਾ |
ਬੇਇਤਬਾਰੇ ਯੁੱਗ ਦੇ ਬੰਦੇ ਕੀ ਜਾਣਨ,
ਕਿੰਨਾ ਮੁੱਲ ਤੇ ਮਾਣ ਸੀ ਗੁੜ ਦੀ ਰੋੜੀਦਾ |
ਦੇਖਿਓ ਨਵੀਂ ਸਵੇਰ ਲਾਜ਼ਮੀ ਫੁੱਟੇਗੀ,
ਵਹਿਣ ਸੁਰਾਂ ਦਾ ਅੰਬਰ ਵੱਲ ਨੂੰ ਮੋੜੀਦਾ |
ਊੜਾ ਐੜਾ ਈੜੀ ਸੱਸਾ ਸਾਂਭ ਲਈਏ,
ਪਿਓ-ਦਾਦੇ ਦਾ ਦਿੱਤਾ ਇੰਜ ਨਹੀਂ ਰੋਹੜੀਦਾ |

-97, ਮਾਡਲ ਟਾਊਨ, ਕਪੂਰਥਲਾ | ਮੋਬਾਈਲ : 84377-88856.

 

• ਸੰਤੋਸ਼ ਸੰਧੀਰ •
ਸੁਪਨੇ ਕਰ ਜੋ ਸੱਚ ਵਿਖਾਉਂਦੇ, ਵਿਰਲੇ ਟਾਵੇਂ ਹੁੰਦੇ ਨੇ |
ਝੱਖੜਾਂ ਵਿਚ ਜੋ ਦੀਪ ਜਗਾਉਂਦੇ, ਵਿਰਲੇ ਟਾਵੇਂ ਹੁੰਦੇ ਨੇ |
ਲੱਤਾਂ ਖਿੱਚਣ ਵਾਲੇ ਇੱਥੇ, ਪੈਰ ਪੈਰ 'ਤੇ ਮਿਲ ਜਾਂਦੇ,
ਉਂਗਲੀ ਫੜ ਜੋ ਤੁਰਨ ਸਿਖਾਉਂਦੇ, ਵਿਰਲੇ ਟਾਵੇਂ ਹੁੰਦੇ ਨੇ |
ਚੀਚੀ ਨੂੰ ਲਾ ਖ਼ੂਨ ਵੀ ਏਥੇ, ਬਣਦੇ ਹਨ ਸ਼ਹੀਦ ਬੜੇ,
ਦੇਸ਼ ਤੋਂ ਜਿੰਦ ਜੋ ਘੋਲ ਘੁਮਾਉਂਦੇ, ਵਿਰਲੇ ਟਾਵੇਂ ਹੁੰਦੇ ਨੇ |
ਦੂਜਿਆਂ ਨੂੰ ਤੱਕ ਸੜਦੇ ਰਹਿਣਾ ਹੈ ਦਸਤੂਰ ਜ਼ਮਾਨੇ ਦਾ,
ਜੋ ਹੋਰਾਂ ਦੇ ਦਰਦ ਵੰਡਾਉਂਦੇ, ਵਿਰਲੇ ਟਾਵੇਂ ਹੁੰਦੇ ਨੇ |
ਗੱਲੀਂ ਬਾਤੀਂ ਦੇਸ਼ ਦੀ ਸੇਵਾ ਖ਼ਬਰਾਂ ਰਾਹੀਂ ਕਰਦੇ ਕਈ,
ਦੇਸ਼ ਦੀ ਮਿੱਟੀ ਲਈ ਜੋ ਜਿਉਂਦੇ, ਵਿਰਲੇ ਟਾਵੇਂ ਹੁੰਦੇ ਨੇ |
ਰਾਜ ਉਹ ਲੋਕਾਂ ਦੇ ਦਿਲ ਉੱਤੇ ਕਰਦੇ ਨੇ ਸੰਤੋਸ਼ ਸਦਾ,
ਸੱਚ ਦੀ ਜੋ ਮਿਸ਼ਾਲ ਜਗਾਉਂਦੇ, ਵਿਰਲੇ ਟਾਵੇਂ ਹੁੰਦੇ ਨੇ |

-ਸਾਇੰਸ ਮਿਸਟਿ੍ਸ, ਸਰਕਾਰੀ ਸੀਨੀ: ਸਕੈਂ: ਸਕੂਲ, ਤਿ੍ਪੜੀ, ਪਟਿਆਲਾ ਮੋਬਾਈਲ : 9915637567.

ਚਰਚਾ ਲਾਂਘੇ ਦੀ

ਰਾਹ, ਰਸਤਾ, ਅੰਗਰੇਜ਼ੀ 'ਚ ਕਾਰੀਡੋਰ... ਇਹਨੂੰ ਹੀ ਠੇਠ ਪੰਜਾਬੀ 'ਚ 'ਲਾਂਘਾ' ਉਚਰਦੇ ਹਨ |
ਬੇਰੀਆਂ ਵੀ ਲੰਘ ਆਈ
ਕਿੱਕਰਾਂ ਵੀ ਲੰਘ ਆਈ... |
ਰਾਜਾ ਹਰੀਸ਼ ਚੰਦਰ ਸੱਚ 'ਤੇ, ਆਪਣਾ ਰਾਜ-ਪਾਟ ਕੁਰਬਾਨ ਕਰ ਕੇ ਰਾਣੀ ਤਾਰਾ ਮਤੀ ਨਾਲ ਪੈਦਲ ਤੁਰਦਾ ਕਾਸ਼ੀ ਜਾ ਰਿਹਾ ਸੀ, ਤੁਰ-ਤੁਰ ਕੇ ਦੁੱਧਾਂ-ਮੱਖਣਾਂ 'ਚ ਪਲੀ ਮਹਿਲਾਂ ਦੀ ਰਾਣੀ ਤਾਰਾ ਮਤੀ ਦੇ ਪੈਰਾਂ 'ਚ ਛਾਲੇ ਪੈ ਗਏ ਸਨ... ਤਾਂ ਉਹ ਵੀ ਹਰੀਸ਼ ਚੰਦਰ ਨੂੰ ਆਹ ਭਰ ਕੇ ਉਲਾਂਭਾ ਦੇ ਰਹੀ ਸੀ...
ਤੁਰਦਿਆਂ ਤੁਰਦਿਆਂ ਪੈਰਾਂ 'ਚ ਪੈ ਗਏ ਛਾਲੇ,
ਅਜੇ ਨਾ ਆਈ ਤੇਰੀ ਕਾਸ਼ੀ,
ਪੈਰ ਤੇ ਲੱਤਾਂ, ਇਹ ਚਲ-ਚਲ ਕੇ ਲਾਂਘੇ ਬਣਾ ਲੈਂਦੇ ਹਨ |
ਤੁਸਾਂ ਆਮ ਵੇਖਿਆ ਹੋਣਾ ਹੈ, ਚੰਗਾ ਭਲਾ ਮੈਦਾਨ ਹੈ, ਪੂਰੀ ਤਰ੍ਹਾਂ ਹਰਾ-ਭਰਿਆ ਮੈਦਾਨ ਹੈ, ਐਨ ਮੈਦਾਨ ਦੇ ਵਿਚੋਂ ਘਾਹ ਮਿਧ-ਮਿਧ ਕੇ ਇਕ ਰਾਹ ਬਣਿਆ ਹੈ, ਇਹ ਲੋਕਾਂ ਨੇ, ਲੰਘ-ਲੰਘ ਕੇ, ਲਾਂਘਾ ਬਣਾ ਲਿਆ ਹੈ |
ਸਰਕਾਰੀ ਤੌਰ 'ਤੇ ਬੋਰਡ ਵੀ ਲੱਗੇ ਹੁੰਦੇ ਹਨ, ਸਾਫ਼ ਨੋਟਿਸ ਲੱਗਿਆ ਹੁੰਦਾ ਹੈ, ਇਹ ਆਮ ਰਸਤਾ ਨਹੀਂ ਹੈ | ਪਰ ਕਿਥੇ ਮੰਨਦੇ ਨੇ ਲੋਕੀਂ | ਉਹ ਚੱਲ-ਚੱਲ ਕੇ ਆਪੇ ਆਮ ਰਸਤਾ ਬਣਾ ਲੈਂਦੇ ਹਨ, ਇਹੀਓ ਲਾਂਘਾ ਏ ਹੋਰ ਕੀ |
'ਲਾਂਘਾ' ਐਨਾ ਪ੍ਰਚਲਿਤ ਸ਼ਬਦ ਨਹੀਂ ਸੀ, ਪਰ ਇਨ੍ਹੀਂ ਦਿਨੀਂ 'ਲਾਂਘਾ' ਕਿੰਨੇ ਜ਼ੋਰ-ਸ਼ੋਰ ਨਾਲ ਪ੍ਰਚਲਿਤ ਹੋ ਗਿਆ ਹੈ |
'ਲਾਂਘਾ' ਕਰਤਾਰਪੁਰ ਸਾਹਿਬ ਦਾ |
ਇਕ ਕਰਤਾਰਪੁਰ ਤਾਂ ਇਥੇ ਹੀ ਹੈ ਨਾ, ਆਪਣੇ ਹੀ ਦੇਸ਼, ਆਪਣੇ ਹੀ ਸੂਬੇ ਐਧਰਲੇ ਪੰਜਾਬ 'ਚ, ਜਲੰਧਰ ਦੇ ਨੇੜੇ ਹੀ ਹੈ, ਰਾਹ 'ਚ | ਇਹ ਪਵਿੱਤਰ ਸ਼ਹਿਰ ਵੀ ਸਮਰਪਿਤ ਹੈ ਗੁਰੂ ਸਾਹਿਬਾਨ ਦੀ ਪਵਿੱਤਰ ਯਾਦ ਨੂੰ , ਇਥੇ 'ਲਾਂਘੇ' ਵਾਲੀ ਕੋਈ ਪ੍ਰਾਬਲਮ ਨਹੀਂ ਹੈ, ਪਰ ਡੇਰਾ ਬਾਬਾ ਨਾਨਕ ਤੋਂ ਪਾਰ, ਰਾਵੀ ਨਦੀ ਕੰਢੇ, ਵੀ ਇਕ ਕਰਤਾਰਪੁਰ ਸਾਹਿਬ ਹੈ, ਜਿਥੇ ਦੱਸਿਆ ਜਾਂਦਾ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜੀਵਨ ਕਾਲ ਦੇ ਅੰਤਿਮ 18 ਸਾਲ ਵਾਸ ਕੀਤਾ ਸੀ ਤੇ ਇਥੇ ਇਕ ਗੁਰਦੁਆਰਾ ਸਾਹਿਬ ਸੁਭਾਏਮਾਨ ਹੈ | ਪਰ ਇਥੇ 'ਲਾਂਘਾ' ਲੰਘ ਨਹੀਂ ਸਕਦੇ | ਦਰਸ਼ਨ ਕਰਨੇ ਨੇ ਗੁਰਦੁਆਰਾ ਸਾਹਿਬ ਦੇ, ਤਾਂ ਸਰਹੱਦ ਤੋਂ ਇਸ ਪਾਰੋਂ, ਫਿਕਸ ਕੀਤੀ ਹੋਈ ਦੂਰਬੀਨ ਦੁਆਰਾ, ਦੂਰੋਂ ਹੀ ਦਰਸ਼ਨ ਕਰ ਸਕਦੇ ਹੋ |
ਹਉਂ ਆਇਆ ਦੂਰੋਂ ਚੱਲ ਕੇ, ਪਰ ਲੰਘਣਾ ਬਿਲਕੁਲ ਅਲਾਊਡ ਨਹੀਂ ਹੈ |
ਦੋ ਸਰਕਾਰਾਂ... ਵਿਚ ਲੱਗੀਆਂ ਤਾਰਾਂ...ਇਸ ਪਾਰ ਬੰਦੂਕਾਂ, ਉਸ ਪਾਰ ਸੰਗੀਨਾਂ, ਉਸ ਪਾਰ ਸੱਜਣ, ਵਿਚ ਲਾਂਘਾ-ਲੰਘਣ ਨਹੀਂ ਦੇਣਾ, ਹੁਕਮ ਇਹੋ ਸਰਕਾਰਾਂ... ਓਸ ਸਰਕਾਰ ਦਾ ਹੱਠ, ਜਿਥੇ ਲੱਖੋ ਮਾਂ ਨੇ ਆਪਣੇ ਇਕੋ-ਇਕ ਬੱਚੇ ਪੁੱਤਰ ਦਾ ਨਾਂਅ ਰੱਖਿਆ ਸੀ, 'ਮਰਜਾਣਾ' ਤੇ ਬਾਬਾ ਨਾਨਕ ਜੀ ਨੇ ਮਾਂ ਨੂੰ ਵਿਸ਼ਵਾਸ ਦਿਵਾਇਆ ਸੀ, ਬੇਬੇ ਤੇਰਾ ਪੁੱਤ ਨਹੀਂ 'ਮਰਜਾਣਾ', ਇਹ ਮਰਦਾ ਨਾ... ਨਾਂਅ ਬਦਲ ਗਿਆ 'ਮਰਦਾਨਾ |'
ਉਹ ਬਾਬਾ ਨਾਨਕ ਜਿਸ ਨੇ ਹੋਕਾ ਦਿੱਤਾ ਸੀ, ਨਾ ਕੋ ਹਿੰਦੂ, ਨਾ ਮੁਸਲਮਾਨ, ਉਮਰ ਭਰ ਮਰਦਾਨਾ ਉਨ੍ਹਾਂ ਦਾ ਸਾਥੀ, ਰਬਾਬੀ ਮਰਦਾਨਾ ਰਿਹਾ, ਉਹਦੇ ਧਰਮ ਦੇ ਆਧਾਰ 'ਤੇ ਬਣੀ 'ਇਸਲਾਮਿਕ ਰੀਪਬਲਿਕਨ ਆਫ਼ ਪਾਕਿਸਤਾਨ' ਸਰਕਾਰ ਉਸ ਗੁਰੂ ਦੇ ਦੁਆਰੇ ਦੇ ਦਰਸ਼ਨਾਂ ਲਈ ਤਰਸਦੇ ਦੁਨੀਆ ਭਰ 'ਚ ਵਸੇ ਉਹਦੇ ਸ਼ਰਧਾਲੂ ਸਿੱਖਾਂ ਦੀ ਸਿੱਕ ਪੂਰੀ ਕਰਨ 'ਚ ਅੜਿੰਗਾ ਪਾ ਕੇ ਬੈਠੀ ਰਹੀ ਹੈ, ਬਸ ਇਕ ਲਾਂਘੇ 'ਤੇ ਪਾਬੰਦੀ ਲਾ ਕੇ |
ਮਰਹੂਮ ਗਾਇਕ ਉਸਤਾਦ ਬੜੇ ਗੁਲਾਮ ਅਲੀ ਖਾਂ ਸਾਹਿਬ ਦੀ ਗਾਈ ਇਕ ਕਾਫ਼ੀ ਹੈ:
ਮੇਰਾ ਯਾਰ ਸੱਜਣ ਉਸ ਪਾਰ ਵਸੇ,
ਕਦੇ ਮੋੜ ਮੁਹਾਰਾਂ, ਆਵੇ ਸੱਜਣ...
ਹਾਂ ਜ਼ਿੰਦੜੀ ਨਿਮਾਣੀ...
ਮੁਹਾਰਾਂ ਕੀ ਮੋੜਨੀਆਂ, ਸੱਜਣ ਬੇਵਸ... ਇਕ ਲਾਂਘਾ... ਲੰਘ ਨਹੀਂ ਸਕਦੇ |
ਲੱਖ ਰੋਕਾਂ ਪਾਓ, ਲੱਖ ਕੰਧਾਂ ਖੜ੍ਹੀਆਂ ਕਰੋ, ਲੋਕੀਂ ਆਪੇ ਲਾਂਘਾ ਲੱਭ ਲੈਂਦੇ ਹਨ | ਤੁਸੀਂ ਵੇਖਿਆ ਹੋਵੇਗਾ, ਰੇਲਵੇ ਲਾਈਨਾਂ ਦੇ ਇਕ ਨਾ ਇਕ ਪਾਸੇ ਜਾਂ ਦੋਵੇਂ ਪਾਸੇ ਆਬਾਦੀ ਹੁੰਦੀ ਹੈ | ਰੇਲਵੇ ਨੇ ਲੋਕਾਂ ਦੀ ਹਿਫ਼ਾਜ਼ਤ ਲਈ ਕੰਧਾਂ ਖੜ੍ਹੀਆਂ ਕੀਤੀਆਂ ਹੁੰਦੀਆਂ ਹਨ, ਪਰ ਲੋਕੀਂ ਇਨ੍ਹਾਂ ਕੰਧਾਂ 'ਚ ਮਘੋਰੇ ਕਰ ਕੇ, ਲਾਂਘਾ ਬਣਾ ਲੈਂਦੇ ਹਨ, ਗੱਡੀਆਂ ਦੇ ਆਵਣ-ਜਾਵਣ ਤੋਂ ਬੇਪ੍ਰਵਾਹ ਰਤਾ ਸਿਰ ਝੁਕਾ ਕੇ ਇਨ੍ਹਾਂ ਮਘੋਰਿਆਂ 'ਚੋਂ ਐਧਰ-ਉਧਰ ਲੰਘੀ ਜਾਂਦੇ ਹਨ |
ਕਈ ਥਾੲੀਂ ਲੋਕਾਂ ਦੀ ਸੁਵਿਧਾ ਲਈ ਚੰਗੀਆਂ-ਭਲੀਆਂ ਪੱਕੀਆਂ ਸੜਕਾਂ ਬਣੀਆਂ ਹੁੰਦੀਆਂ ਹਨ, ਪਰ ਲੋਕਾਂ ਨੂੰ ਸ਼ਾਰਟ-ਕੱਟ ਚਾਹੀਦਾ ਹੈ, ਉਹ ਇਕ ਪਾਸਿਉਂ ਲੰਘਣ ਵਾਲਾ 'ਲਾਂਘਾ' ਬਣਾ ਲੈਂਦੇ ਹਨ, ਖੇਤਾਂ 'ਚ ਤੁਸੀਂ ਵੇਖਿਆ ਹੋਣਾ ਹੈ, ਕਿੱਦਾਂ ਲੋਕਾਂ ਨੇ ਛੋਟੀ ਜਿਹੀ ਪਗਡੰਡੀ 'ਤੇ ਤੁਰ-ਤੁਰ ਕੇ ਲਾਂਘਾ ਸਿਰਜ ਲਿਆ ਹੁੰਦਾ ਹੈ, ਉਂਝ ਇਨ੍ਹਾਂ ਪਗਡੰਡੀਆਂ 'ਤੇ ਕੋਈ ਪੈਰ ਧਰੇ ਤਾਂ ਡਰ ਇਹੋ ਰਹਿੰਦਾ ਹੈ ਕਿ ਪਤਾ ਨਹੀਂ ਐਧਰ ਜਾਂ ਉਧਰ ਡਿੱਗ ਪਏ | ਪਰ ਲੋਕਾਂ ਨੇ ਚਲ-ਚਲ ਕੇ ਇਹਨੂੰ ਬੇਪ੍ਰਵਾਹੀ ਵਾਲਾ ਤੇ ਨਿਡਰਤਾ ਵਾਲਾ ਲਾਂਘਾ ਬਣਾ ਦਿੱਤਾ ਹੁੰਦਾ ਹੈ | ਪੈੜਾਂ ਪਛਾਣ ਕੇ ਇਹੋ ਜਿਹੇ ਲਾਂਘਿਆਂ ਦੀਆਂ | ਆਜਹਾਨੀ ਮਲਿਕਾ-ਏ-ਤਰਨੁਮ ਨੂਰ ਜਹਾਂ ਨੇ ਐਵੇਂ ਤਾਂ ਨਹੀਂ ਗਾ ਦਿੱਤਾ ਸੀ:
ਪਿਛੇ ਪਿਛੇ ਆਉਂਦਾ ਮੇਰੀ ਪੈੜ ਵੇਂਹਦਾ ਆੲੀਂ ਵੇ,
ਚੀਰੇ ਵਾਲਿਆ, ਵੇਖਦਾ ਆੲੀਂ ਵੇ,
ਮੇਰਾ ਲੌਾਗ ਗਵਾਚਾ |
ਲੱਖ, ਕੰਡਿਆਲੀਆਂ ਤਾਰਾਂ ਲਾਓ, ਲੋਕੀਂ ਇਨ੍ਹਾਂ ਤੋਂ ਵੀ ਬੇਪ੍ਰਵਾਹ ਹੋਏ, ਇਨ੍ਹਾਂ 'ਚੋਂ ਆਪਣਾ ਲਾਂਘਾ ਬਣਾ ਹੀ ਲੈਂਦੇ ਹਨ |
ਚੰਗੈ, ਪੰਛੀਆਂ ਲਈ ਕੋਈ 'ਲਾਂਘਾ' ਨਹੀਂ, ਬਸ ਉਡਾਰੀ ਮਾਰਨੀ ਹੈ, ਐਧਰੋਂ ਉੱਡੇ ਪਾਕਿਸਤਾਨ ਪਹੁੰਚ ਗਏ, ਉਧਰੋਂ ਉੱਡੇ ਹਿੰਦੁਸਤਾਨ ਪੁੱਜ ਗਏ |
'ਲਾਂਘੇ' ਮਨੁੱਖ ਬਣਾਉਂਦੇ ਹਨ, ਲਾਂਘੇ ਮਨੁੱਖਾਂ ਨੂੰ , ਇਸ ਰਾਹੋਂ ਲੰਘਣ ਤੋਂ ਰੋਕਣ ਲਈ ਮਨੁੱਖ ਹੀ ਤਦਬੀਰਾਂ ਸੋਚਦੇ ਹਨ ਤੇ ਉਨ੍ਹਾਂ ਨੂੰ ਅੰਜਾਮ ਦਿੰਦੇ ਹਨ |
ਅੱਜ ਵੇਖੋ ਨਾ, ਅਮਰੀਕਾ ਸਰਕਾਰ ਨੇ ਕਿਵੇਂ ਆਪਣੀਆਂ ਮੈਕਸੀਕੋ ਨਾਲ ਲਗਦੀਆਂ ਸਰਹੱਦਾਂ 'ਤੇ ਲੋਹੇ ਦੀਆਂ ਉੱਚੀਆਂ-ਉੱਚੀਆਂ ਦੀਵਾਰਾਂ ਫਿਕਸ ਕੀਤੀਆਂ ਹੋਈਆਂ ਹਨ, ਤਾਂ ਜੋ ਉਨ੍ਹਾਂ ਦੇ ਦੇਸ਼ 'ਚ ਬਾਹਰਲੇ ਦੇਸ਼ਾਂ ਤੋਂ ਗ਼ੈਰ-ਕਾਨੂੰਨੀ ਤੌਰ 'ਤੇ ਆਏ ਲੋਕੀਂ ਘੁਸਪੈਠ ਨਾ ਕਰ ਸਕਣ | ਇਕ 'ਲਾਂਘਾ' ਬੰਦ ਹੋਇਆ, ਲੋਕਾਂ ਦੂਜਾ ਲਾਂਘਾ, ਲੱਭ ਲਿਆ ਹੈ | ਬੇੜੀਆਂ 'ਚ ਬਹਿ ਕੇ, ਲੰਘ ਰਹੇ ਹਨ |
ਦਲਾਈਲਾਮਾ, ਤਿੱਬਤ ਤੋਂ ਲਾਂਘਾ ਲੰਘ ਕੇ ਹਜ਼ਾਰਾਂ ਤਿੱਬਤੀਆਂ ਨਾਲ ਭਾਰਤ 'ਚ ਸ਼ਰਨਾਗਤ ਹੈ |
ਜਰਮਨੀ 'ਚ ਬਰਲਿਨ 'ਚ ਇਕ ਉੱਚੀ-ਪਕੇਰੀ ਕੰਧ ਖੜ੍ਹੀ ਕਰ ਕੇ, ਈਸਟ ਤੇ ਵੈਸਟ ਜਰਮਨ ਲੋਕਾਂ ਲਈ ਆਉਣ-ਜਾਣ ਵਾਲਾ 'ਲਾਂਘਾ' ਬੰਦ ਕਰ ਦਿੱਤਾ ਗਿਆ ਸੀ | ਇਕ ਦਿਨ ਕੰਧ ਟੁੱਟੀ, ਲਾਂਘਾ ਮੁੜ ਖੁੱਲ੍ਹ ਗਿਆ |
ਕਿੰਨੇ ਹੀ ਬੰਗਲਾਦੇਸ਼ੀ, ਆਸਾਮ ਤੇ ਬੰਗਾਲ 'ਚ ਲੱਖਾਂ ਦੀ ਗਿਣਤੀ 'ਚ ਲਾਂਘੇ ਲੰਘ ਕੇ, ਗ਼ੈਰ-ਕਾਨੂੰਨੀ ਤੌਰ 'ਤੇ ਇਨ੍ਹਾਂ ਸੂਬਿਆਂ 'ਚ ਆ ਵਸੇ ਹਨ |
ਕਿੰਨੇ ਹੀ ਪੰਜਾਬੀ ਮੰੁਡੇ, ਵਿਦੇਸ਼ਾਂ 'ਚ ਗ਼ੈਰ-ਕਾਨੂੰਨੀ ਤੌਰ 'ਤੇ ਜਾਣ ਦੀ ਸਿੱਕ ਨਾਲ 'ਲਾਂਘੇ' ਲੱਭਦੇ, ਯਤਨ ਕਰਦੇ, ਨਹਿਰਾਂ ਸਮੰੁਦਰਾਂ 'ਚ ਡੁੱਬ ਗਏ ਹਨ |
ਬਾਬਾ ਨਾਨਕ ਜੀ ਦੀ ਮਿਹਰ ਹੀ ਸਮਝਾਂਗੇ ਕਿ ਹੁਣ ਵਾਹਗਿਉਂ ਉਰਾਰ ਤੇ ਵਾਹਗਿਉਂ ਪਾਰ ਦੀਆਂ ਸਰਕਾਰਾਂ ਨੇ ਕਰਤਾਰਪੁਰ ਗੁਰਦੁਆਰਾ ਸਾਹਿਬ ਤੱਕ ਦਾ 'ਲਾਂਘਾ', ਨਾਨਕ ਜੀ ਦੇ ਸ਼ਰਧਾਲੂਆਂ ਦੀ ਦਰ 'ਤੇ ਮੱਥਣ ਟੇਕਣ ਦੀ ਕਾਮਨਾ ਪੂਰੀ ਕਰਨ ਹਿਤ ਖੋਲ੍ਹਣ ਦਾ ਫ਼ੈਸਲਾ ਕੀਤਾ ਹੈ | ਪਾਕਿਸਤਾਨ ਨੇ ਫਿਲਹਾਲ ਤਾਂ ਆਖਿਆ ਹੈ, ਆਓ ਜੀ ਲੰਘ ਆਓ ਜੀ, ਜੀ ਆਇਆਂ ਨੂੰ |'
ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਇਸ ਦਾ ਸਵਾਗਤ ਕਰਦਿਆਂ ਇਸ ਦਾ ਸਾਰਾ ਸਿਲਾ ਗੁਰੂ ਬਾਬਾ ਨਾਨਕ ਜੀ ਨੂੰ ਦਿੱਤਾ ਹੈ |
••

ਘਰ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
• ਵਿਅਕਤੀ ਦਾ ਮਾਨਸਿਕ ਅਤੇ ਸਰੀਰਕ ਵਿਕਾਸ ਰਸੋਈ ਘਰ 'ਚੋਂ ਹੀ ਹੁੰਦਾ ਹੈ |
• ਜੋ ਸੁੱਖ ਤੁਹਾਨੂੰ ਘਰ ਵਿਚੋਂ ਨਹੀਂ ਮਿਲਦਾ, ਉਹ ਕਿਤੇ ਵੀ ਨਹੀਂ ਮਿਲ ਸਕਦਾ | ਜਿੰਨੀ ਸੰਤੁਸ਼ਟੀ ਆਪਣੇ ਘਰ ਮਿਲਦੀ ਹੈ, ਉਹ ਬਿਗਾਨੇ ਬਣੇ ਸੋਨੇ ਦੇ ਮਹਿਲਾਂ ਵਿਚ ਵੀ ਨਹੀਂ ਮਿਲਦੀ |
• ਆਪਣਾ ਘਰ ਅਤੇ ਮਾਂ ਦਾ ਆਂਚਲ ਸਵਰਗ ਅਤੇ ਸੁੱਖ ਦਾ ਝੂਲਾ ਹੁੰਦਾ ਹੈ |
• ਜਿਸ ਘਰ ਦੀ ਕੁੱਤੀ ਹੀ ਚੋਰਾਂ ਨਾਲ ਰਲ ਜਾਵੇ ਤਾਂ ਉਸ ਘਰ ਨੂੰ ਬਚਾਉਣਾ ਮੁਸ਼ਕਿਲ ਹੀ ਨਹੀਂ, ਸਗੋਂ ਅਸੰਭਵ ਹੀ ਹੋ ਜਾਂਦਾ ਹੈ |
• ਘਰ ਵਿਚ ਇਕ ਮੈਂਬਰ ਕੋਲ ਦੂਜੇ ਦੇ ਖਿਲਾਫ਼ ਚੁਗਲੀ ਕਰਨੀ ਜਾਂ ਆਪਣੇ ਕੋਲੋਂ ਹੋਰ ਮਿਰਚ-ਮਸਾਲਾ ਲਾ ਕੇ ਗਲ ਨੂੰ ਵਧਾ ਚੜ੍ਹਾ ਕੇ ਦੱਸਣ ਨਾਲ ਵੀ ਘਰ ਵਿਚ ਕਲੇਸ਼ ਨੂੰ ਸੱਦਾ ਦੇਣ ਵਰਗੀ ਗੱਲ ਹੁੰਦੀ ਹੈ | ਅਜਿਹਾ ਕਰਨ ਨਾਲ ਕਈ ਵਾਰ ਦੂਰੀਆਂ ਏਨੀਆਂ ਵਧ ਜਾਂਦੀਆਂ, ਜੋ ਹਜ਼ਾਰ ਕੋਸ਼ਿਸ਼ਾਂ ਕਰਨ 'ਤੇ ਵੀ ਮਿਟਦੀਆਂ ਨਹੀਂ |
• ਭਾਈ ਗੁਰਦਾਸ ਜੀ ਦਾ ਕਥਨ ਹੈ ਕਿ ਧਰਤੀ ਨੂੰ ਅਸਮਾਨ ਨਾਲ ਖਹਿੰਦੇ ਉੱਚੇ ਪਹਾੜ ਭਾਰੇ ਨਹੀਂ ਲਗਦੇ | ਘਰ-ਬਾਰ, ਗੜ੍ਹ, ਜੀਵ-ਜੰਤੂ ਵੀ ਭਾਰੇ ਨਹੀਂ ਲਗਦੇ ਪਰ ਉਸ ਨੂੰ ਅਕ੍ਰਿਤਘਣ ਮਨੁੱਖ ਭਾਰੇ ਲਗਦੇ ਹਨ |
• ਦੂਜੇ ਦੇ ਘਰ ਆਸਰਾ ਲੈਣ ਵਾਲਾ ਭਾਵੇਂ ਕਿੰਨਾ ਹੀ ਵੱਡਾ ਕਿਉਂ ਨਾ ਹੋਵੇ, ਬੌਣਾ ਹੋ ਜਾਂਦਾ ਹੈ | ਚੰਦਰਮਾ ਸੂਰਜ ਦੇ ਸਹਾਰੇ ਹੀ ਹੈ | ਇਸੇ ਕਾਰਨ ਦਿਨ ਵਿਚ ਉਸ ਦੇ ਉਗਣ 'ਤੇ ਉਹ ਬੌਣਾ ਹੋ ਜਾਂਦਾ ਹੈ | ਇਸ ਲਈ ਮਹਾਨ ਉਹ ਹੀ ਹੈ ਜੋ ਦੂਜੇ ਦਾ ਆਸਰਾ ਨਾ ਲੈ ਕੇ ਆਪਣੇ ਪੈਰਾਂ 'ਤੇ ਖੜ੍ਹਾ ਹੁੰਦਾ ਹੈ |
• ਘਰ ਜ਼ਿੰਮੇਵਾਰੀ ਦੀ ਅਣਹੋਂਦ ਕਾਰਨ ਨਿਘਰ ਜਾਂਦੇ ਹਨ |
• ਜਿਹੜੇ ਪੰਛੀ ਆਲ੍ਹਣੇ (ਘਰ) ਬਦਲਣ 'ਚ ਲੱਗੇ ਰਹਿੰਦੇ ਹਨ, ਅਖੀਰ ਉਨ੍ਹਾਂ ਨੂੰ ਆਲ੍ਹਣਿਆਂ (ਘਰਾਂ) ਤੋਂ ਬਗੈਰ ਹੀ ਰਹਿਣਾ ਪੈਂਦਾ ਹੈ |
• ਬੰਦਾ ਉਦੋਂ ਆਪਣੇ ਹੀ ਘਰ ਵਿਚ ਬੇਗਾਨਾ ਹੋ ਜਾਂਦਾ ਹੈ, ਜਦੋਂ ਫੁੱਟ ਪੈ ਜਾਵੇ ਅਤੇ ਇਹ ਕਹਿ ਦਿੱਤਾ ਜਾਵੇ ਕਿ ਤੂੰ ਇਸ ਘਰ ਲਈ ਕੀ ਕੀਤਾ ਹੈ?
• ਇਹ ਗੱਲ ਯਾਦ ਰੱਖਣ ਵਾਲੀ ਹੈ ਕਿ ਜੇਕਰ ਗੁਆਂਢੀ ਦਾ ਘਰ ਸੜ ਰਿਹਾ ਹੈ ਤਾਂ ਉਸ ਦਾ ਸੇਕ ਸਾਡੇ ਘਰਾਂ ਤੱਕ ਵੀ ਪਹੁੰਚੇਗਾ |
• ਜਿਸ ਘਰ ਵਿਚ ਕਮਾਉਣ ਵਾਲਾ ਇਕ ਹੀ ਹੋਵੇ ਤੇ ਖਾਣ ਵਾਲੇ ਪੰਜ ਹੋਣ ਤਾਂ ਉਥੇ ਤਾਂ ਕਾਟੋ-ਕਲੇਸ਼ ਰਹਿੰਦਾ ਹੀ ਹੈ ਕਿਉਂਕਿ ਮਹਿੰਗਾਈ ਵਿਚ ਖਰਚੇ ਪੂਰੇ ਨਹੀਂ ਹੁੰਦੇ |
• ਜੇਕਰ ਘਰਾਂ 'ਚ ਪ੍ਰਾਹੁਣਚਾਰੀ ਨਾ ਹੋਵੇ ਤਾਂ ਉਹ ਸ਼ਮਸ਼ਾਨ ਬਣ ਜਾਣਗੇ |
• ਜੇਕਰ ਤੁਹਾਡੇ ਘਰ ਵਿਚ ਆਪਸੀ ਤਾਲ-ਮੇਲ ਹੈ ਤਾਂ ਫਿਰ ਗ੍ਰਹਿਸਥੀ ਵਿਚ ਕੋਈ ਮੁਸ਼ਕਿਲ ਨਹੀਂ | ਜੇ ਪਰਿਵਾਰ ਵਿਚ ਤਾਲ-ਮੇਲ ਨਹੀਂ ਤਾਂ ਘਰ ਨਰਕ ਦੇ ਬਰਾਬਰ ਹੈ |
• ਮੇਰੇ ਅੰਦਾਜ਼ੇ ਮੁਤਾਬਿਕ ਬਹੁਤੇ ਲੋਕ ਬੇਇਨਸਾਫ਼ੀ ਬਾਰੇ ਸਿਰਫ਼ ਉਦੋਂ ਹੀ ਸੋਚਦੇ ਹਨ ਜਦੋਂ ਇਹ ਉਨ੍ਹਾਂ ਨਾਲ ਹੁੰਦੀ ਹੈ |

(ਬਾਕੀ ਅਗਲੇ ਐਤਵਾਰ ਦੇ ਅੰਕ 'ਚ)
ਮੋਬਾਈਲ : 99155-63406.

ਨਹਿਲੇ 'ਤੇ ਦਹਿਲਾ: ਦੂਜੇ ਦਾ ਖਿਆਲ

ਮਹਾਤਮਾ ਗਾਂਧੀ ਜਿਧਰ ਵੀ ਜਾਂਦੇ ਅਖ਼ਬਾਰਾਂ ਦੇ ਪੱਤਰਕਾਰ ਉਨ੍ਹਾਂ ਦੇ ਪਿੱਛੇ-ਪਿੱਛੇ ਜਾਂਦੇ ਅਤੇ ਕੋਸ਼ਿਸ਼ ਕਰਦੇ ਕਿ ਉਨ੍ਹਾਂ ਦੀ ਹਰ ਹਰਕਤ ਉਹ ਨੋਟ ਕਰ ਲੈਣ ਅਤੇ ਆਪਣੀ ਅਖ਼ਬਾਰ ਵਿਚ ਛਪਵਾ ਸਕਣ |
ਮਹਾਤਮਾ ਗਾਂਧੀ ਵੀ ਉਨ੍ਹਾਂ ਦੀ ਇਸ ਭਾਵਨਾ ਨੂੰ ਸਮਝਦੇ ਸਨ | ਇਕ ਵਾਰੀ ਇਕ ਪੱਤਰਕਾਰ ਨੇ ਉਨ੍ਹਾਂ ਨੂੰ ਪੁੱਛਿਆ, 'ਕੀ ਤੁਸੀਂ ਵਿਸ਼ਵਾਸ ਰੱਖਦੇ ਹੋ ਕਿ ਤੁਸੀਂ ਮਰਨ ਤੋਂ ਬਾਅਦ ਸਵਰਗ ਵਿਚ ਹੀ ਜਾਓਗੇ?' ਇਸ ਦੇ ਜਵਾਬ ਵਿਚ ਮਹਾਤਮਾ ਗਾਂਧੀ ਨੇ ਕਿਹਾ, 'ਮੈਂ ਸਵਰਗ ਵਿਚ ਜਾਵਾਂਗਾ ਜਾਂ ਨਰਕ ਵਿਚ, ਪੰ੍ਰਤੂ ਏਨਾ ਜ਼ਰੂਰ ਜਾਣਦਾ ਹਾਂ ਕਿ ਮੈਂ ਜਿਥੇ ਵੀ ਜਾਵਾਂਗਾ ਪੱਤਰਕਾਰ ਉਥੇ ਜ਼ਰੂਰ ਹੋਣਗੇ |'
ਇਕ ਵਾਰੀ ਉਹ ਰੇਲ ਗੱਡੀ ਵਿਚ ਸਫ਼ਰ ਕਰ ਰਹੇ ਸਨ | ਗੱਡੀ ਸਟੇਸ਼ਨ 'ਤੇ ਆ ਕੇ ਰੁਕੀ ਤਾਂ ਉਹ ਗੱਡੀ ਦੇ ਡੱਬੇ ਵਿਚ ਖੜ੍ਹੇ ਹੋ ਗਏ | ਥੋੜ੍ਹੀ ਦੇਰ ਬਾਅਦ ਗੱਡੀ ਤੁਰੀ ਤਾਂ ਅੰਦਰ ਹੋਣ ਲਈ ਮੁੜੇ | ਉਨ੍ਹਾਂ ਦੇ ਪੈਰ ਦੀ ਚੱਪਲ ਡਿੱਗ ਪਈ | ਉਨ੍ਹਾਂ ਛੇਤੀ ਨਾਲ ਦੂਜੀ ਚੱਪਲ ਪੈਰੋਂ ਲਾਹ ਕੇ ਤੁਰਦੀ ਗੱਡੀ ਵਿਚੋਂ ਬਾਹਰ ਸੁੱਟ ਦਿੱਤੀ | ਉਨ੍ਹਾਂ ਦੇ ਨਾਲ ਖੜ੍ਹੇ ਇਕ ਬੰਦੇ ਨੇ ਮਹਾਤਮਾ ਗਾਂਧੀ ਨੂੰ ਪੁੱਛਿਆ, 'ਤੁਹਾਡੀ ਇਕ ਚੱਪਲ ਤਾਂ ਡਿੱਗ ਪਈ ਸੀ ਪਰ ਤੁਸਾਂ ਦੂਜੀ ਵੀ ਪੈਰੋਂ ਲਾਹ ਕੇ ਉਥੇ ਹੀ ਸੁੱਟ ਦਿੱਤੀ, ਕਿਉਂ?' ਮਹਾਤਮਾ ਗਾਂਧੀ ਨੇ ਜਵਾਬ ਦਿੰਦੇ ਹੋਏ ਕਿਹਾ, 'ਮੇਰੀ ਪਹਿਲਾਂ ਡਿੱਗੀ ਚੱਪਲ ਜਿਸ ਨੂੰ ਮਿਲੇਗੀ, ਉਹ ਉਹਦੇ ਕਿਸੇ ਕੰਮ ਦੀ ਨਹੀਂ ਅਤੇ ਜਿਹੜੀ ਚੱਪਲ ਮੇਰੇ ਕੋਲ ਰਹਿ ਗਈ ਸੀ, ਉਹ ਮੇਰੇ ਕਿਸ ਕੰਮ?' ਇਸ ਲਈ ਮੈਂ ਦੂਜੀ ਚੱਪਲ ਸੁੱਟ ਦਿੱਤੀ ਕਿ ਜਿਸ ਨੂੰ ਪਹਿਲੀ ਚੱਪਲ ਮਿਲੇ ਉਹਦੇ ਕੰਮ ਆਏਗੀ |

-ਜੇਠੀ ਨਗਰ, ਮਾਲੇਰਕੋਟਲਾ ਰੋਡ, ਖੰਨਾ-141401. ਮੋਬਾਈਲ : 94170-91668.

ਕਹਾਣੀ: ਪਿੰਜਰੇ ਵਾਲਾ ਖ਼ਰਗੋਸ਼

'ਚੰਗਾ ਬੇਜੀ, ਚਲਦੇ ਆਂ... |'
'ਹੱਛਾ ਪੁੱਤਰ! ਜਵਾਨੀਆਂ ਮਾਣੋ, ਰਾਜ਼ੀ ਰਹੋ, ਦੁੱਧੀਂ ਨਹਾਓ...' ਬੇਜੀ ਨੇ ਆਪਣੇ ਵਲੋਂ ਅਸੀਸਾਂ ਦੇਣ ਦੀ ਕੋਈ ਕਸਰ ਨਾ ਛੱਡੀ |
ਜਗਮੀਤ ਸਿੰਘ ਨੇ ਆਪਣੇ ਸਾਮਾਨ ਵੱਲ ਇਕ ਵਾਰ ਫਿਰ ਨਿਗ੍ਹਾ ਮਾਰੀ, ਪਾਸਪੋਰਟ ਤੇ ਟਿਕਟਾਂ ਵੇਖੀਆਂ | ਸਭ ਠੀਕ-ਠਾਕ ਅਤੇ ਉਸ ਦੇ ਹੈਾਡਬੈਗ ਵਿਚ ਮੌਜੂਦ ਸਨ | ਬਾਹਰ ਇਨੋਵਾ ਗੱਡੀ ਖੜ੍ਹੀ ਸੀ | ਅੰਮਿ੍ਤਸਰ ਦੇ ਰਾਜਾਸਾਂਸੀ ਏਅਰਪੋਰਟ ਤੋਂ ਆਸਟ੍ਰੇਲੀਆ ਦੇ ਮੈਲਬੌਰਨ ਸ਼ਹਿਰ ਲਈ ਉਸ ਦੀ ਹਵਾਈ ਉਡਾਰੀ ਭਰਨ ਵਿਚ ਕੁਝ ਸਮਾਂ ਬਾਕੀ ਪਿਆ ਸੀ | ਬੇਜੀ ਨੂੰ ਆਪਣੇ ਨੂੰ ਹ-ਪੁੱਤਰ ਦੇ ਸਫ਼ਰ ਦੌਰਾਨ ਖਾਣ ਲਈ ਕਰੇਲਿਆਂ ਦੀ ਸੁੱਕੀ ਸਬਜ਼ੀ ਅਤੇ ਦੇਸੀ ਘਿਓ ਦਾ ਹੱਥ ਲੱਗੇ ਪੇੜਿਆਂ ਦੀਆਂ ਰੋਟੀਆਂ ਪਕਾ ਕੇ ਲੜ ਬੰਨ੍ਹ ਦਿੱਤੀਆਂ ਸਨ ਤਾਂ ਜੋ ਰਾਹ ਵਿਚ ਕੋਈ ਮੁਸ਼ਕਿਲ ਨਾ ਆਵੇ | ਨਿੱਕੜੇ ਪੋਤਰੇ ਗੁੰਨਦੀਪ ਲਈ ਆਲੂ ਵਾਲੇ ਪਰੌਾਠੇ ਲਾਹ ਕੇ ਪੈਕ ਕਰ ਦਿੱਤੇ ਸਨ |
'ਗੰੁਨਦੀਪ... ਕਿੱਥੇ ਗਿਆ...?' ਜਸਮੀਤ ਦੀ ਘਰਵਾਲੀ ਨੇ ਚਹੰੁ ਪਾਸੇ ਨਿਗਾਹ ਮਾਰੀ |
'ਰਤਾ ਕੁ ਪਹਿਲਾਂ ਤਾਂ ਇਥੇ ਹੀ ਖੇਡੀ ਜਾਂਦਾ ਸੀ...', ਬੇਜੀ ਨੇ ਅੰਦਰਲੇ ਕਮਰੇ ਵੱਲ ਝਾਤੀ ਮਾਰੀ | ਜਸਮੀਤ ਚੁਕੰਨਾ ਜਿਹਾ ਹੋ ਕੇ ਉੱਚੇ ਸੁਰ ਵਿਚ ਉਸ ਨੂੰ ਆਵਾਜ਼ਾਂ ਮਾਰਨ ਲੱਗ ਪਿਆ,'ਗੰੁਨੀ..., ਓਏ ਗੰੁਨੀ... ਪਰ ਕੋਈ ਹਲਚਲ ਨਾ ਹੋਣ ਕਰਕੇ ਉਸ ਨੂੰ ਪਤਾ ਲੱਗ ਗਿਆ ਕਿ ਗੰੁਨਦੀਪ ਘਰ ਨਹੀਂ ਹੈਗਾ |
'ਫਲਾਈਟ ਦਾ ਟਾਈਮ ਹੋ ਗਿਆ... ਤੇ ਇਹ ਮੰੁਡਾ... ਵੀ ਬਸ...ਗੰੁਨਦੀਪ ਦੀ ਮਾਂ ਮਨਪ੍ਰੀਤ ਨੇ ਮੰੂਹ ਵਿਚ ਹੀ ਕਿਹਾ ਤੇ ਉਸ ਨੂੰ ਫਿਕਰ ਜਿਹੀ ਹੋ ਗਈ |
'ਕੋਈ ਨਾ ਪੁੱਤਰ ਘਬਰਾਓ ਨਾ... ਉਹ ਗੁਆਂਢੀਆਂ ਦੇ ਨਿਆਣਿਆਂ ਨਾਲ ਖੇਡਣ ਦੇ ਲਾਲਚ ਲੱਗਿਆ ਹੋਣਾ...', ਬੇਜੀ ਨੇ ਉਸ ਨੂੰ ਹੌਸਲਾ ਦਿੱਤਾ | ਜਸਮੀਤ ਛੇਤੀ ਨਾਲ ਗੁਆਂਢੀਆਂ ਦੇ ਘਰ ਗਿਆ ਤੇ ਛੇਤੀ ਹੀ ਉਸ ਨੇ ਉਥੇ ਜਾ ਕੇ ਗੰੁਨਦੀਪ ਨੂੰ ਲੱਭ ਲਿਆ, ਜਿਹੜਾ ਬੱਚਿਆਂ ਨਾਲ ਲੁਕਣਮੀਟੀ ਖੇਡਣ ਵਿਚ ਮਸਤ ਸੀ | ਗੁਆਂਢੀਆਂ ਤੋਂ ਵਿਦਾ ਲੈਂਦੇ ਹੋਏ ਜਸਮੀਤ ਨੇ ਗੰੁਨਦੀਪ ਨੂੰ ਬੁਲਾਇਆ, 'ਆ ਜਾ... ਪੁੱਤ... ਚੱਲੀਏ... ਫਲਾਈਟ ਦਾ ਟਾਈਮ ਹੋ ਗਿਆ... |' ਮੰੁਡਾ ਨਾ ਚਾਹੁੰਦਾ ਹੋਇਆ ਵੀ ਅੱਧਮੰਨੇ ਮਨ ਨਾਲ ਵਾਪਸ ਆ ਗਿਆ |
'ਆ ਗਿਆ... ਮੇਰਾ ਖਰਗੋਸ਼ ਪੁੱਤ...', ਬੇਜੀ ਨੇ ਜਦੋਂ ਪਿਆਰ ਨਾਲ ਗੰੁਨਦੀਪ ਨੂੰ ਪੁਕਾਰਿਆ ਤਾਂ ਗੰੁਨਦੀਪ ਆਪਣੇ ਪਿਤਾ ਜਸਮੀਤ ਸਿੰਘ ਤੋਂ ਪੁੱਛਣ ਲੱਗਿਆ, 'ਪਾਪਾ... ਖ਼ਰਗੋਸ਼ ਕੀ ਹੁੰਦਾ ਹੈ...?'
'ਬੇਟਾ, ਰੈਬਿਟ ਨੂੰ ਖ਼ਰਗੋਸ਼ ਆਖਦੇ ਨੇ...', ਜਸਮੀਤ ਨੇ ਸਾਮਾਨ ਗੱਡੀ ਵਿਚ ਰਖਵਾਉਣਾ ਸ਼ੁਰੂ ਕੀਤਾ ਅਤੇ ਛੇਤੀ ਹੀ ਉਹ ਬੇਜੀ ਤੋਂ ਵਿਦਾ ਲੈ ਕੇ ਏਅਰਪੋਰਟ ਦੇ ਰਾਹ ਪਿਆ | ਅਗਲੇ ਦਿਨ ਤੜਕਸਾਰ ਉਹ ਆਪਣੇ ਘਰ ਆਸਟ੍ਰੇਲੀਆ ਆ ਗਏ |
ਹੁਣ ਗੰੁਨਦੀਪ ਦਾ ਇੰਡੀਆ ਤੋਂ ਵਾਪਸ ਆ ਕੇ ਮਨ ਨਹੀਂ ਸੀ ਲੱਗਦਾ | ਜੋ ਮੌਜਾਂ ਤੇ ਖੁੱਲ੍ਹ ਬਹਾਰਾਂ ਇੰਡੀਆ ਵਾਲੇ ਦਾਦਕੇ ਘਰ ਸੀ,ਉਹ ਆਸਟ੍ਰੇਲੀਆ ਵਿਚ ਕਿੱਥੇ...? ਇਨ੍ਹਾਂ ਮੁਸ਼ਕਿਲਾਂ ਦੇ ਕਾਇਦੇ ਕਾਨੂੰਨ ਸਾਡੇ ਦੇਸ਼ ਨਾਲੋਂ ਵੱਖਰੇ ਹਨ, ਨਾ ਕਿਸੇ ਦੇ ਘਰ ਆਉਣਾ ਤੇ ਨਾ ਜਾਣਾ | ਹੁਣ ਤੁਸੀਂ ਹੀ ਦੱਸੋ ਕਿ ਨਿਆਣੇ ਕਿਧਰ ਜਾਣ | ਗੰੁਨਦੀਪ ਬੇਹੱਦ ਉਦਾਸ ਰਹਿਣ ਲੱਗ ਪਿਆ | ਜਸਮੀਤ ਤੇ ਉਸ ਦੀ ਪਤਨੀ ਮਨਪ੍ਰੀਤ ਨੇ ਵੀ ਇਹ ਗੱਲ ਮਹਿਸੂਸ ਕੀਤੀ | ਸਕੂਲੋਂ ਘਰ ਆ ਕੇ ਉਹ ਕਿੰਨੀ ਦੇਰ ਸ਼ੀਸ਼ਿਆਂ ਵਿਚੋਂ ਬਾਹਰ ਵੱਲ ਤੱਕਦਾ ਰਹਿੰਦਾ |
ਇਕ ਦਿਨ ਜਸਮੀਤ ਕਿਸੇ ਦੋਸਤ ਦੇ ਘਰ ਗਿਆ ਤਾਂ ਉਸ ਨੇ ਉਸ ਨੂੰ ਇਕ ਖ਼ਰਗੋਸ਼ ਦਾ ਬੱਚਾ ਗੰੁਨਦੀਪ ਦੇ ਖੇਡਣ ਲਈ ਦਿੱਤਾ | ਜਸਮੀਤ ਉਸ ਛੋਟੇ ਜਿਹੇ ਖ਼ਰਗੋਸ਼ ਨੂੰ ਟੋਕਰੀ ਵਿਚ ਪਾ ਕੇ ਘਰ ਲੈ ਆਇਆ, ਉਸ ਨਿੱਕੜੇ ਖ਼ਰਗੋਸ਼ ਦੇ ਰੂਪ ਵਿਚ ਗੰੁਨਦੀਪ ਨੂੰ ਇਕ ਸਾਥੀ ਮਿਲ ਗਿਆ | ਉਹ ਸਕੂਲੋਂ ਆ ਕੇ ਉਸ ਨਾਲ ਖੇਡਦਾ ਰਹਿੰਦਾ | ਜਸਮੀਤ ਨੇ ਖ਼ਰਗੋਸ਼ ਲਈ ਇੱਕ ਪਿੰਜਰਾ ਲੈ ਆਂਦਾ ਸੀ, ਜਿਸ ਵਿਚ ਖ਼ਰਗੋਸ਼ ਦੇ ਰਾਤ ਨੂੰ ਸੌਣ ਲਈ ਸੁਰੱਖਿਆ ਦੀਆਂ ਸਾਰੀਆਂ ਸਹੂਲਤਾਂ ਮੌਜੂਦ ਸਨ | ਇਕ ਦਿਨ ਜਸਮੀਤ ਦਾ ਇਕ ਦੋਸਤ ਉਸ ਨੂੰ ਸ਼ਾਮ ਵੇਲੇ ਪਾਰਟੀ ਦੇ ਨਾਲ ਲੈ ਕੇ ਜਾਣ ਲਈ ਉਸ ਦੇ ਘਰ ਆਇਆ | ਜਦੋਂ ਉਹ ਦੋਵੇਂ ਘਰੋਂ ਬਾਹਰ ਖੜ੍ਹੀ ਕਾਰ ਵਿਚ ਜਾ ਕੇ ਬੈਠਣ ਲੱਗੇ ਤਾਂ ਗੰੁਨਦੀਪ ਉਸ ਨੂੰ 'ਬਾਏ' ਕਰਨ ਲਈ ਸ਼ੀਸ਼ੇ ਕੋਲ ਆਇਆ ਤਾਂ ਨਿੱਕੜਾ ਖ਼ਰਗੋਸ਼ ਵੀ ਮਗਰ ਹੀ ਆ ਗਿਆ | 'ਜਸਮੀਤ! ਉਹ ਵੇਖ ਤੇਰਾ ਖ਼ਰਗੋਸ਼ ਤੈਨੂੰ ਬਾਏ ਕਰ ਰਿਹਾ ਹੈ...', ਆਪਣੇ ਦੋਸਤ ਦੀ ਗੱਲ ਸੁਣ ਕੇ ਜਸਮੀਤ ਨੇ ਘਰ ਦੇ ਬਾਹਰਲੇ ਸ਼ੀਸ਼ੇ ਵੱਲ ਤੱਕਿਆ, ਜਿਥੇ ਗੰੁਨਦੀਪ ਖੜ੍ਹਾ ਹੱਥ ਹਿਲਾ ਰਿਹਾ ਸੀ ਤੇ ਲਾਗੇ ਖੜ੍ਹੇ ਖ਼ਰਗੋਸ਼ ਵੱਲ ਵੀ ਤੱਕਿਆ | ਉਸ ਨੂੰ ਦੋਵਾਂ ਵਿਚ ਕੋਈ ਫ਼ਰਕ ਨਾ ਲੱਗਿਆ | ਉਹ ਸੋਚ ਰਿਹਾ ਸੀ, 'ਵਾਕਈ, ਗੁੰਨਦੀਪ ਵੀ ਇਕ ਖ਼ਰਗੋਸ਼ ਹੀ ਹੈ, ਜਿਹੜਾ ਕਿ ਘਰ ਰੂਪੀ ਪਿੰਜਰੇ ਵਿਚ ਕੈਦ ਹੈ, ਫ਼ਰਕ ਸਿਰਫ਼ ਐਨਾ ਕੁ ਹੈ ਕਿ ਖ਼ਰਗੋਸ਼ ਜਾਨਵਰ ਜਾਤੀ ਦਾ ਹੈ ਤੇ ਇਕ ਮਨੁੱਖ ਜਾਤੀ ਦਾ |

-ਪਿੰਡ ਤੇ ਡਾਕ: ਮੁੱਦਕੀ, ਜ਼ਿਲ੍ਹਾ ਫ਼ਿਰੋਜ਼ਪੁਰ |






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX