ਤਾਜਾ ਖ਼ਬਰਾਂ


ਮਾਣਹਾਨੀ ਮਾਮਲੇ 'ਚ ਲੁਧਿਆਣਾ ਅਦਾਲਤ ਪੁੱਜੇ ਸੰਜੈ ਸਿੰਘ
. . .  12 minutes ago
ਲੁਧਿਆਣਾ,19 ਜਨਵਰੀ (ਪਰਮਿੰਦਰ ਸਿੰਘ ਅਹੂਜਾ)- ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਵਿਕਰਮ ਸਿੰਘ ਮਜੀਠੀਆ ਵੱਲੋਂ ਦਾਇਰ ਕੀਤੇ ਮਾਣਹਾਨੀ ਮਾਮਲੇ 'ਚ ਆਮ ਆਦਮੀ ਪਾਰਟੀ ਦੇ ਐਮ.ਪੀ. ਸੰਜੇ ਸਿੰਘ ਅਦਾਲਤ ਪਹੁਚੇ ਹਨ । ਅਦਾਲਤ 'ਚ ਹਾਜ਼ਰੀ ਲਗਾਉਣ ......
ਲਾਲੂ ਪ੍ਰਸਾਦ ਯਾਦਵ ਨਾਲ ਜੁੜੇ ਆਈ.ਆਰ.ਸੀ.ਟੀ.ਸੀ. ਘੋਟਾਲਾ ਮਾਮਲੇ ਦੀ 11 ਫਰਵਰੀ ਨੂੰ ਹੋਵੇਗੀ ਸੁਣਵਾਈ
. . .  27 minutes ago
ਨਵੀਂ ਦਿੱਲੀ, 19 ਜਨਵਰੀ- ਦਿੱਲੀ ਦੀ ਪਟਿਆਲਾ ਹਾਊਸ ਕੋਰਟ ਲਾਲੂ ਪ੍ਰਸਾਦ ਯਾਦਵ ਨਾਲ ਜੁੜੇ ਆਈ.ਆਰ.ਸੀ.ਟੀ.ਸੀ. ਘੋਟਾਲਾ ਮਾਮਲੇ 'ਚ 11 ਫਰਵਰੀ ਨੂੰ ਸੁਣਵਾਈ ....
ਕੋਹਰੇ ਅਤੇ ਸੰਘਣੀ ਧੁੰਦ ਕਾਰਨ ਦੇਰੀ ਨਾਲ ਚੱਲ ਰਹੀਆਂ ਹਨ ਟਰੇਨਾਂ
. . .  44 minutes ago
ਨਵੀਂ ਦਿੱਲੀ, 19 ਜਨਵਰੀ- ਕੋਹਰੇ ਅਤੇ ਸੰਘਣੀ ਧੁੰਦ ਕਾਰਨ ਦਿੱਲੀ ਆਉਣ ਵਾਲੀਆਂ 10 ਟਰੇਨਾਂ ਤੈਅ ਸਮੇਂ ਤੋਂ ਦੇਰੀ ਨਾਲ ਚੱਲ ਰਹੀਆਂ .....
ਸਬਰੀਮਾਲਾ ਮਾਮਲਾ : 2018 ਤੋਂ ਹੁਣ ਤੱਕ ਪੁਲਿਸ ਵਲੋਂ 67,094 ਲੋਕਾਂ 'ਤੇ ਮਾਮਲਾ ਦਰਜ
. . .  56 minutes ago
ਤਿਰੂਵਨੰਤਪੁਰਮ, 19 ਜਨਵਰੀ- ਕੇਰਲ ਪੁਲਿਸ ਨੇ ਸਬਰੀਮਾਲਾ ਸਥਿਤ ਭਗਵਾਨ ਅਯੱਪਾ ਦੇ ਮੰਦਰ 'ਚ 10 ਤੋਂ 50 ਸਾਲ ਦੀ ਉਮਰ ਵਾਲੀਆਂ ਔਰਤਾਂ ਦੇ ਪ੍ਰਵੇਸ਼ ਨੂੰ ਲੈ ਕੇ ਪ੍ਰਦਰਸ਼ਨ ਕਰਨ ਵਾਲੇ 67,094 ਲੋਕਾਂ ਵਿਰੁੱਧ ਮਾਮਲੇ ਦਰਜ ਕੀਤੇ ਹਨ। ਸੁਪਰੀਮ ਕੋਰਟ 'ਚ...
ਲੱਦਾਖ਼ 'ਚ ਬਰਫ਼ੀਲੇ ਤੂਫ਼ਾਨ ਦੀ ਲਪੇਟ 'ਚ ਆਉਣ ਕਾਰਨ ਮਾਰੇ ਲੋਕਾਂ ਦੇ ਪਰਿਵਾਰਾਂ ਲਈ ਮੁਆਵਜ਼ੇ ਦਾ ਐਲਾਨ
. . .  about 1 hour ago
ਸ੍ਰੀਨਗਰ, 19 ਜਨਵਰੀ- ਜੰਮੂ-ਕਸ਼ਮੀਰ 'ਚ ਲੱਦਾਖ਼ ਖੇਤਰ ਦੇ ਖਾਰਦੁੰਗ ਲਾ 'ਚ ਬਰਫ਼ੀਲੇ ਤੂਫ਼ਾਨ ਦੀ ਲਪੇਟ 'ਚ ਆਉਣ ਕਾਰਨ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨੂੰ ਸੂਬਾ ਸਰਕਾਰ ਨੇ 5 ਲੱਖ ਰੁਪਏ ਰਾਹਤ ਰਾਸ਼ੀ ਦੇਣ ਦਾ ਐਲਾਨ ਕੀਤਾ ਹੈ। ਦੱਸਣਯੋਗ ਹੈ ਕਿ ਖਾਰਦੁੰਗ ਲਾ...
ਫਰਵਰੀ 'ਚ ਫਿਰ ਮਿਲਣਗੇ ਟਰੰਪ ਅਤੇ ਕਿਮ, ਵ੍ਹਾਈਟ ਹਾਊਸ ਵਲੋਂ ਖ਼ੁਲਾਸਾ
. . .  about 2 hours ago
ਵਾਸ਼ਿੰਗਟਨ, 19 ਜਨਵਰੀ- ਵ੍ਹਾਈਟ ਹਾਊਸ ਦਾ ਕਹਿਣਾ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਵਿਚਾਲੇ ਆਉਣ ਵਾਲੇ ਫਰਵਰੀ ਮਹੀਨੇ ਦੇ ਆਖ਼ਰੀ ਦਿਨਾਂ 'ਚ ਮੁਲਾਕਾਤ ਹੋਵੇਗੀ। ਟਰੰਪ ਅਤੇ ਕਿਮ ਵਿਚਾਲੇ ਇਹ ਦੂਜੀ...
ਕੋਲਕਾਤਾ 'ਚ ਅੱਜ ਮਮਤਾ ਕਰੇਗੀ ਮਹਾਂ ਰੈਲੀ, ਨਜ਼ਰ ਆਏਗੀ ਵਿਰੋਧੀ ਧਿਰਾਂ ਦੀ ਏਕਤਾ
. . .  about 2 hours ago
ਨਵੀਂ ਦਿੱਲੀ, 19 ਜਨਵਰੀ- ਟੀ. ਐੱਮ. ਸੀ. ਦੀ ਪ੍ਰਧਾਨ ਅਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਲੋਕ ਸਭਾ ਚੋਣਾਂ ਤੋਂ ਪਹਿਲਾਂ ਆਪਣੀ ਤਾਕਤ ਦਿਖਾਉਣ ਲਈ ਅੱਜ ਕੋਲਕਾਤਾ 'ਚ ਇੱਕ ਮਹਾਂ ਰੈਲੀ ਕਰੇਗੀ। ਉਨ੍ਹਾਂ ਨੇ ਵਿਰੋਧੀ ਧਿਰਾਂ ਦੇ ਨੇਤਾਵਾਂ ਨੂੰ ਇਸ ਸੰਬੰਧੀ...
ਅੱਜ ਦਾ ਵਿਚਾਰ
. . .  about 3 hours ago
ਨੌਜਵਾਨ ਉੱਪਰ ਹਮਲਾ ਕਰਕੇ ਨਕਦੀ, ਮੋਟਰਸਾਈਕਲ ਅਤੇ ਮੋਬਾਈਲ ਦੀ ਲੁੱਟ
. . .  1 day ago
ਅਜਨਾਲਾ, 18 ਜਨਵਰੀ (ਗੁਰਪ੍ਰੀਤ ਸਿੰਘ ਢਿੱਲੋਂ) - ਦੇਰ ਸ਼ਾਮ ਅਜਨਾਲਾ ਤੋਂ ਆਪਣੇ ਪਿੰਡ ਜਾ ਰਹੇ ਇੱਕ ਨੌਜਵਾਨ ਤੇ ਤਿੰਨ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਹਮਲਾ ਕਰ ਕੇ ਉਸ ਦਾ ਮੋਟਰਸਾਈਕਲ...
ਕਈ ਸਿਆਸੀ ਪਾਰਟੀਆਂ ਦੇ ਆਗੂ ਪਹੁੰਚੇ ਕੋਲਕਾਤਾ
. . .  1 day ago
ਕੋਲਕਾਤਾ, 18 ਜਨਵਰੀ - ਕਰਨਾਟਕ ਦੇ ਮੁੱਖ ਮੰਤਰੀ ਕੁਮਾਰਸਵਾਮੀ, ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰ ਬਾਬੂ ਨਾਇਡੂ, ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫਾਰੁੱਖ ਅਬਦੁੱਲਾ ਅਤੇ...
ਹੋਰ ਖ਼ਬਰਾਂ..

ਫ਼ਿਲਮ ਅੰਕ

ਦਿਸ਼ਾ ਪਟਾਨੀ

ਸਹੀ ਦਿਸ਼ਾ ਵੱਲ

ਨਜ਼ਰਾਂ ਮਿਲਾਈਆਂ ਹੀ ਦਿਸ਼ਾ ਪਟਾਨੀ ਤੇ ਸ਼ਰਾਫ਼ ਟਾਈਗਰ ਨੇ ਕਿ ਲੋਕਾਂ ਦੇ ਬੁੱਲ੍ਹਾਂ 'ਤੇ ਇਨ੍ਹਾਂ ਪ੍ਰੇਮ ਪੰਛੀਆਂ ਦੇ ਚਰਚੇ ਗਲੀ-ਗਲੀ ਫ਼ਿਲਮੀ ਮੁਹੱਲੇ-ਮੁਹੱਲੇ ਹੋ ਗਏ। ਦਿਸ਼ਾ ਦੀ ਦਸ਼ਾ ਸਹੀ ਚੱਲ ਰਹੀ ਹੈ ਤੇ ਕੁਮਾਰੀ ਪਟਾਨੀ ਇਸ ਵੇਲੇ 'ਭਾਰਤ' ਦੀ ਹੀਰੋਇਨ ਹੈ। ਸਲਮਾਨ ਖਾਨ ਦੇ ਨਾਲ ਤੇ 'ਭਾਰਤ' 'ਚ ਦਿਸ਼ਾ ਦੇ ਐਕਸ਼ਨ ਤਕੜੇ ਹਨ। ਦਿਸ਼ਾ ਦੇ ਐਕਸ਼ਨ ਦੇਖ ਕੇ ਟਾਈਗਰ ਨੇ ਤਾੜੀਆਂ ਵਜਾ ਕੇ ਉਸ ਨੂੰ ਹੌਸਲਾ ਦਿੱਤਾ ਕਿ ਆਪਾਂ ਹਾਲੇ ਇਕੱਠੇ ਹਾਂ। ਰਾਹ ਵੱਖਰੇ-ਵੱਖਰੇ ਪਰ ਮੰਜ਼ਿਲ ਇਕ ਤੇ ਏਕ-ਦੂਜੇ ਕੇ ਲੀਏ ਦਿਸ਼ਾ-ਟਾਈਗਰ। ਪੰਜਾਬ ਦੀ ਸੈਰ 'ਭਾਰਤ' ਦੇ ਫ਼ਿਲਮਾਂਕਣ ਸਮੇਂ ਦਿਸ਼ਾ ਨੇ ਪੰਜਾਬ ਨੇੜਿਓਂ ਤੱਕਿਆ ਤੇ ਮੱਕੀ ਦੀ ਰੋਟੀ ਤੇ ਸਰ੍ਹੋਂ ਦੇ ਸਾਗ ਦਾ ਮਜ਼ਾ ਵੀ ਲਿਆ। 'ਮੰਗਲਯਾਨ' ਦਿਸ਼ਾ ਨੇ ਛੱਡ ਦਿੱਤੀ ਹੈ। ਅਕਸ਼ੈ ਤਦ ਤੋਂ ਹੀ ਦਿਸ਼ਾ ਨਾਲ ਨਾਰਾਜ਼ ਹੈ। ਦਿਸ਼ਾ ਨੇ ਚਾਹੇ 'ਮੰਗਲਯਾਨ' ਠੁਕਰਾਈ ਹੈ ਪਰ ਇਧਰ ਕਿਆਰਾ ਅਡਵਾਨੀ ਨੇ ਦਿਸ਼ਾ ਹੱਥੋਂ 'ਟੈਲਕਮ' ਪਾਊਡਰ ਦਾ ਵਿਗਿਆਪਨ ਖੋਹ ਲਿਆ ਹੈ। ਲਾਲ ਰੰਗ ਦਾ ਲਹਿੰਗਾ ਪਾ ਕੇ ਲੱਖ ਰੈਂਪ ਕਰੇ ਦਿਸ਼ਾ ਪਟਾਨੀ ਪਰ ਇਕੱਲੇ 'ਭਾਰਤ' ਦੇ ਸਿਰ 'ਤੇ ਉਸ ਦੀ ਛਾਲ ਬਹੁਤ ਉੱਚੀ ਨਹੀਂ ਜਾ ਸਕਦੀ। ਆਪਣੇ ਖੁੱਲ੍ਹੇ-ਡੁੱਲ੍ਹੇ ਅੰਦਾਜ਼ ਤੇ ਵਿਚਾਰਾਂ ਲਈ ਪ੍ਰਸਿੱਧ ਦਿਸ਼ਾ ਪਟਾਨੀ ਬੀਤੇ ਦਿਨੀਂ ਖਾਸ ਤੌਰ 'ਤੇ ਬਰੇਲੀ ਗਈ। ਕਾਰਨ ਇਹ ਕਿ ਪ੍ਰਿਅੰਕਾ ਚੋਪੜਾ ਦੇ ਵਿਆਹ ਮੌਕੇ ਉਸ ਦੇ ਪੁਰਾਣੇ ਇਕੱਲੇ ਪਏ ਬਰੇਲੀ ਵਾਲੇ ਘਰ ਨੂੰ ਦਿਸ਼ਾ ਨੇ ਆਪਣੇ ਪਾਪਾ ਜਗਦੀਸ਼ ਪਟਾਨੀ ਨਾਲ ਮਿਲ ਕੇ ਸੰਵਾਰਿਆ। ਯਾਦ ਰਹੇ ਬਰੇਲੀ 'ਚ ਪ੍ਰਿਅੰਕਾ-ਦਿਸ਼ਾ ਇਕੱਠੀਆਂ ਵੀ ਰਹੀਆਂ ਹਨ। ਸਿੱਧੀ ਗੱਲ ਕਿ ਦਿਸ਼ਾ ਪਟਾਨੀ ਇਸ ਸਮੇਂ ਪ੍ਰਿਅੰਕਾ ਨਾਲ ਦੋਸਤੀ ਨਿਭਾਅ ਰਹੀ ਹੈ। ਉਸ ਦਾ ਅਸ਼ੀਰਵਾਦ ਲੈ ਰਹੀ ਹੈ। ਇਹ ਅਸ਼ੀਰਵਾਦ ਹੀ ਉਸ ਦਾ ਭਵਿੱਖ ਸੰਵਾਰੇਗਾ। ਐਮ.ਐਸ. ਧੋਨੀ ਦੀ ਅਨਟੋਲਡ ਸਟੋਰੀ', 'ਬਾਗੀ-2' ਵਾਲੀ ਅੰਤਰਮੁਖੀ ਕੁੜੀ ਦਿਸ਼ਾ ਪਟਾਨੀ ਫੈਸ਼ਨ ਸ਼ੋਅਜ਼ ਹੁਣ ਘੱਟ ਕਰੇਗੀ। ਟਾਈਗਰ ਨਾਲ ਨਵੇਂ ਸਾਲ 'ਚ ਰਿਸ਼ਤੇ ਕਿੱਧਰ ਜਾਣਗੇ? ਬਿਕਨੀ ਪਾ ਕੇ ਐਕਸ਼ਨ ਕਰ ਕੇ ਸਲਮਾਨ ਖ਼ਾਨ ਨਾਲ 'ਭਾਰਤ' 'ਚ ਭੂਮਿਕਾ ਤੇ ਅਕਸ਼ੈ ਨਾਲ ਨਾਰਾਜ਼ਗੀ, ਖੱਟੀਆਂ-ਮਿੱਠੀਆਂ ਗੱਲਾਂ, ਦਿਸ਼ਾ ਪਟਾਨੀ ਨੂੰ ਚਾਹੇ ਯਾਦ ਰਹਿਣ ਜਾਂ ਭੁੱਲ ਜਾਣ ਪਰ ਇਹ ਨਹੀਂ ਭੁੱਲੇਗਾ ਕਿ ਉਸ ਦੀ ਦਿਸ਼ਾ ਤੇ ਦਸ਼ਾ 2018 'ਚ ਸਹੀ ਹੀ ਰਹੀ ਹੈ।


ਖ਼ਬਰ ਸ਼ੇਅਰ ਕਰੋ

ਹੁਣ ਮੇਰੀ ਆਖ਼ਰੀ ਇੱਛਾ ਵੀ ਪੂਰੀ ਹੋ ਗਈ : ਅਨੁਸ਼ਕਾ ਸ਼ਰਮਾ

12 ਦਸੰਬਰ 2008 ਵਾਲੇ ਦਿਨ 'ਰੱਬ ਨੇ ਬਨਾ ਦੀ ਜੋੜੀ' ਪ੍ਰਦਰਸ਼ਿਤ ਹੋਈ ਸੀ ਅਤੇ ਇਸ ਦੀ ਰਿਲੀਜ਼ ਦੇ ਨਾਲ ਬਾਲੀਵੁੱਡ ਨੂੰ ਅਨੁਸ਼ਕਾ ਸ਼ਰਮਾ ਦੇ ਰੂਪ ਵਿਚ ਇਕ ਖ਼ੂਬਸੂਰਤ ਨਾਇਕਾ ਮਿਲੀ। ਅਨੁਸ਼ਕਾ ਦੀ ਅਭਿਨੈ ਯਾਤਰਾ ਨੇ ਦਸ ਸਾਲ ਪੂਰੇ ਕਰ ਲਏ ਹਨ ਅਤੇ ਆਪਣੇ ਇਸ ਸਫ਼ਰ ਦੌਰਾਨ ਅਨੁਸ਼ਕਾ ਨੇ 'ਬੈਂਡ ਬਾਜਾ ਬਾਰਾਤ', 'ਪੀਕੇ', 'ਸੁਲਤਾਨ', 'ਸੂਈ ਧਾਗਾ' ਸਮੇਤ ਕਈ ਹਿੱਟ ਫ਼ਿਲਮਾਂ ਦਿੱਤੀਆਂ। ਹੁਣ ਉਹ ਆਪਣੀ ਪਹਿਲੀ ਫ਼ਿਲਮ ਦੇ ਨਾਇਕ ਸ਼ਾਹਰੁਖ ਖਾਨ ਦੇ ਨਾਲ 'ਜ਼ੀਰੋ' ਵਿਚ ਆ ਰਹੀ ਹੈ। ਭਾਵ ਆਪਣੇ ਕੈਰੀਅਰ ਦੀ ਸ਼ੁਰੂਆਤ ਤੋਂ ਬਾਅਦ ਹੁਣ ਦਸਵੇਂ ਸਾਲ ਦੇ ਪੜਾਅ ਦੇ ਅਖੀਰ ਵਿਚ ਉਹ ਸ਼ਾਹਰੁਖ ਨਾਲ ਕੰਮ ਕਰ ਰਹੀ ਹੈ।
ਆਪਣੇ ਇਸ ਹੀਰੋ ਬਾਰੇ ਉਹ ਕਹਿੰਦੀ ਹੈ, 'ਮੈਂ ਦਸ ਸਾਲ ਦੇ ਸਮੇਂ ਦੌਰਾਨ ਸ਼ਾਹਰੁਖ ਨਾਲ ਚਾਰ ਫ਼ਿਲਮਾਂ ਕੀਤੀਆਂ ਹਨ। ਮੇਰੀ ਪਹਿਲੀ ਫ਼ਿਲਮ ਉਨ੍ਹਾਂ ਨਾਲ ਸੀ ਤੇ ਹੁਣ 'ਜ਼ੀਰੋ' ਉਨ੍ਹਾਂ ਨਾਲ ਹੈ। ਦੋਵਾਂ ਨੇ 'ਜਬ ਤਕ ਹੈ ਜਾਨ' ਤੇ 'ਜਬ ਹੈਰੀ ਮੈਟ ਸੇਜਲ' ਵੀ ਕੀਤੀਆਂ। ਉਮੀਦ ਹੈ ਕਿ ਅੱਗੇ ਵੀ ਇਕੱਠਿਆਂ ਕੰਮ ਕਰਨ ਦੇ ਮੌਕੇ ਮਿਲਦੇ ਰਹਿਣਗੇ।'
* ਉਂਜ ਹੁਣ ਜਦੋਂ ਤੁਸੀਂ ਆਪਣੇ ਦਸ ਸਾਲ ਦੇ ਕੈਰੀਅਰ ਨੂੰ ਲੈ ਕੇ ਪਿੱਛੇ ਮੁੜ ਕੇ ਦੇਖਦੇ ਹੋ ਤਾਂ ਕੀ ਕੁਝ ਖ਼ਾਸ ਨਜ਼ਰ ਆਉਂਦਾ ਹੈ?
-ਜਦੋਂ ਮੈਂ ਆਪਣੇ ਕੈਰੀਅਰ ਬਾਰੇ ਸੋਚਦੀ ਹਾਂ ਤਾਂ ਸਭ ਤੋਂ ਪਹਿਲਾਂ ਮੈਨੂੰ ਆਪਣੀ ਪਹਿਲੀ ਫ਼ਿਲਮ 'ਰੱਬ ਨੇ ਬਨਾ ਦੀ ਜੋੜੀ' ਯਾਦ ਆਉਂਦੀ ਹੈ। ਯਸ਼ਰਾਜ ਬੈਨਰ ਨੇ ਮੈਨੂੰ ਮੌਕਾ ਦਿੱਤਾ ਅਤੇ ਮੈਨੂੰ ਸ਼ਾਹਰੁਖ ਦੀ ਹੀਰੋਇਨ ਦੇ ਰੂਪ ਵਿਚ ਪੇਸ਼ ਕੀਤਾ ਗਿਆ। ਇਸ ਤਰ੍ਹਾਂ ਦਾ ਵੱਡਾ ਮੌਕਾ ਪਾਉਣਾ ਹੀ ਮੇਰੇ ਲਈ ਬਹੁਤ ਵੱਡੀ ਗੱਲ ਸੀ। ਫਿਰ ਮੇਰੀ ਦੂਜੀ ਫ਼ਿਲਮ 'ਬੈਂਡ ਬਾਜਾ ਬਾਰਾਤ' ਨੇ ਬਾਲੀਵੁੱਡ ਵਿਚ ਮੇਰੀ ਮੌਜੂਦਗੀ ਬਹੁਤ ਮਜ਼ਬੂਤ ਕੀਤੀ ਹੈ। ਮੇਰੀ ਪਹਿਲੀ ਫ਼ਿਲਮ ਦੀ ਸਫਲਤਾ ਦਾ ਸਿਹਰਾ ਸ਼ਾਹਰੁਖ ਨੂੰ ਦਿੱਤਾ ਗਿਆ ਪਰ 'ਬੈਂਡ ਬਾਜਾ ਬਾਰਾਤ ਦੀ ਸਫਲਤਾ ਲਈ ਮੈਨੂੰ ਵੀ ਜ਼ਿੰਮੇਦਾਰ ਮੰਨਿਆ ਗਿਆ। ਮੈਂ ਜਦੋਂ ਫ਼ਿਲਮਾਂ ਵਿਚ ਆਈ ਸੀ, ਉਦੋਂ ਮੈਂ ਉਨ੍ਹਾਂ ਨਿਰਦੇਸ਼ਕਾਂ ਦੀ ਸੂਚੀ ਤਿਆਰ ਕੀਤੀ ਸੀ ਕਿ ਜਿਨ੍ਹਾਂ ਦੇ ਨਾਲ ਮੈਂ ਕੰਮ ਕਰਨਾ ਚਾਹੁੰਦੀ ਸੀ ਅਤੇ ਇਨ੍ਹਾਂ ਦਸ ਸਾਲਾਂ ਵਿਚ ਉਨ੍ਹਾਂ ਸਾਰੇ ਨਿਰਦੇਸ਼ਕਾਂ ਦੇ ਨਾਲ ਮੈਂ ਫ਼ਿਲਮਾਂ ਕਰ ਲਈਆਂ। ਫ਼ਿਲਮ ਨਿਰਮਾਣ ਕਰਨ ਦੀ ਇੱਛਾ ਵੀ ਦਹਾਕੇ ਦੌਰਾਨ ਪੂਰੀ ਹੋ ਗਈ ਅਤੇ ਮੈਂ 'ਫਿਲੌਰੀ' ਤੇ 'ਪਰੀ' ਬਣਾ ਕੇ ਆਪਣੇ ਬੈਨਰ ਨੂੰ ਵੀ ਸਥਾਪਿਤ ਕਰ ਲਿਆ ਹੈ। ਵੱਡੇ ਬ੍ਰਾਂਡ ਦੇ ਉਤਪਾਦਾਂ ਲਈ ਮੈਂ ਆਪਣਾ ਚਿਹਰਾ ਚਮਕਾਉਣਾ ਚਾਹੁੰਦੀ ਸੀ ਅਤੇ ਕਈ ਨਾਮੀ ਬ੍ਰਾਂਡ ਲਈ ਮਾਡਲਿੰਗ ਕਰ ਕੇ ਇਹ ਇੱਛਾ ਵੀ ਪੂਰੀ ਕਰ ਲਈ। ਮੈਂ ਕਿ ਵੱਖਰੇ ਤਰ੍ਹਾਂ ਦੀ ਭੂਮਿਕਾ ਨਿਭਾਉਣਾ ਚਾਹੁੰਦੀ ਸੀ ਅਤੇ ਇਹ ਇੱਛਾ ਹੁਣ 'ਜ਼ੀਰੋ' ਰਾਹੀਂ ਪੂਰੀ ਹੋ ਰਹੀ ਹੈ। ਭਾਵ ਹੁਣ ਤਕ ਦਸ ਸਾਲ ਦਾ ਕੈਰੀਅਰ ਸ਼ਾਨਦਾਰ ਰਿਹਾ।

ਤਮੰਨਾ ਭਾਟੀਆ : ਪ੍ਰੇਸ਼ਾਨੀ ਕੰਮ ਘਟਣ ਦੀ

ਔਰਤਾਂ ਦੇ ਹੱਕਾਂ ਲਈ ਤਮੰਨਾ ਭਾਟੀਆ ਹੱਥੀਂ ਪੈਣ ਤੱਕ ਜਾਂਦੀ ਹੈ। 'ਮੀ ਟੂ' ਦੀ ਚਰਚਾ ਹੋਵੇ ਤੇ ਤਮੰਨਾ ਚੁੱਪ ਰਹੇ, ਨਹੀਂ ਜੀ ਨਹੀਂ, ਉਸ ਨੇ ਤਾਂ ਬਲਦੀ 'ਤੇ ਤੇਲ ਪਾਉਣਾ ਹੈ। ਤਮੰਨਾ ਦਾ ਵੱਸ ਚੱਲੇ ਤਾਂ ਸੰਸਦ 'ਚ ਅਜਿਹੇ ਕਾਨੂੰਨ ਘੜ ਦੇਵੇ ਕਿ ਮੁੰਡੇ ਪੁੱਛ ਕੇ ਘਰੋਂ ਤੁਰਿਆ ਕਰਨ ਕਿ ਸਾਹਮਣੇ ਕੁੜੀ ਆ ਗਈ ਤਾਂ ਕਿਸ ਤਰ੍ਹਾਂ ਸਾਹਮਣਾ ਕਰਨਾ ਹੈ ਜਾਂ ਰਾਹ ਛੱਡ ਦੂਜੇ ਰਾਹ ਹੋ ਜਾਣਾ ਹੈ। ਅਸੀਂ ਨਹੀਂ ਇਹ ਗੱਲਾਂ ਸੋਸ਼ਲ ਮੀਡੀਆ 'ਤੇ ਤਮੰਨਾ ਦੀਆਂ ਟਿੱਪਣੀਆਂ ਤੋਂ ਅੱਕੇ ਬੰਦਿਆਂ ਨੇ ਕੀਤੀਆਂ ਹਨ ਤੇ ਤਮੰਨਾ ਨੂੰ ਸਲਾਹ ਦਿੱਤੀ ਹੈ ਕਿ 'ਬਾਹੂਬਲੀ' ਔਰਤ ਬਣਨ ਦੀ ਥਾਂ ਉਹ ਰਾਜਨੀਤੀ 'ਚ ਆ ਜਾਵੇ ਤੇ ਅਭਿਨੈ ਦੀ ਦੁਨੀਆ ਤੋਂ ਪਰ੍ਹਾਂ ਹੋ ਜਾਏ। ਤਮੰਨਾ ਨੇ ਬਾਕਾਇਦਾ ਪੋਸਟ ਪਾਈ ਹੈ ਕਿ ਜਬਰੀ ਗਲੇ ਲਾਉਣਾ, ਛੂਹ ਲੈਣਾ ਜਾਂ ਚੂੰਢੀ-ਥੱਪਾ ਕਰਨਾ ਇਹ ਵੀ 'ਕਾਮੁਕ ਸ਼ੋਸ਼ਣ' ਤੇ ਪ੍ਰੇਸ਼ਾਨ ਕਰਨ ਵਾਲੀ ਅਵਸਥਾ ਹੈ। ਇਸ ਲਈ ਸਜ਼ਾ ਸਖ਼ਤ ਹੋਵੇ। ਇਥੇ ਹੀ ਬੱਸ ਨਹੀਂ, ਤਮੰਨਾ ਨੇ ਬਕਾਇਦਾ ਇਕ ਅਖ਼ਬਾਰੀ ਮੁਲਾਕਾਤ ਵਿਚ ਕਿਹਾ ਕਿ ਕੱਪੜਿਆਂ 'ਤੇ ਫੱਬਤੀ ਕੱਸਣੀ, ਗੰਦੀ ਗਾਲ੍ਹ, ਗੰਦੇ ਚੁਟਕਲੇ ਜਾਂ ਸੁਨੇਹੇ ਘੱਲਣੇ ਇਹ ਵੀ ਅਪਰਾਧਯੋਗ ਹੈ। ਦੇਖੋ ਫ਼ਿਲਮਾਂ ਘੱਟ ਹਨ ਤਾਂ ਤਮੰਨਾ ਭਾਟੀਆ ਇਸ ਵਿਸ਼ੇ 'ਤੇ ਗੱਲਾਂ ਕਰ ਕੇ ਮੌਜੂਦਾ ਸਮੇਂ ਦੀ ਨਾਰੀ ਸ਼ਕਤੀ ਦਾ ਬਿੰਬ ਬਣਨ ਦੀ ਕੋਸ਼ਿਸ਼ 'ਚ ਹੈ। ਸਟਾਰ ਪਲੱਸ ਦੇ ਸ਼ੋਅ 'ਲਿਪ ਸਿੰਗ ਬੈਟਲ' 'ਚ ਰਜਨੀਕਾਂਤ ਬਣ 'ਲੂੰਗੀ ਡਾਂਸ' ਕਰਨ ਵਾਲੀ ਤਮੰਨਾ ਭਾਟੀਆ ਨੂੰ ਜਦ ਕਿਸੇ ਨੇ ਕਿਹਾ ਕਿ ਪਿਆਰ ਦ੍ਰਿਸ਼ਾਂ 'ਚ ਹੀਰੋ ਤੁਹਾਨੂੰ ਚੁੰਮਣ ਤੱਕ ਜਾਂਦਾ ਹੈ, ਕੇਸ ਕਰ ਦਿਓ ਤਾਂ ਤਮੰਨਾ ਝੂਠੀ ਜਿਹੀ ਪੈ ਗਈ ਤੇ ਅਭਿਨੈ ਕਹਿ ਕੇ ਟਾਲਾ ਵੱਟ ਗਈ। ਆਪਣੀਆਂ ਵਿਵਾਦਤ ਗੱਲਾਂ ਲਈ ਤਮੰਨਾ ਭਾਟੀਆ ਨੇ ਪਿਛਲੇ ਦਿਨੀਂ ਹੈਦਰਾਬਾਦ 'ਚ ਆਪਣੇ 'ਤੇ 'ਜੁੱਤੀ ਵਰਖਾ' ਹੁੰਦੀ ਵੀ ਤੱਕੀ। ਤਮੰਨਾ ਬੇਸ਼ੱਕ ਚੰਗੀ ਅਭਿਨੇਤਰੀ ਹੈ, ਸਫ਼ਲ ਹੀਰੋਇਨ ਹੈ, ਦੱਖਣ ਤੋਂ ਬਾਅਦ ਹਿੰਦੀ 'ਚ ਵੀ ਕਹਿੰਦੀਆਂ-ਕਹਾਉਂਦੀਆਂ ਹੀਰੋਇਨਾਂ ਦੀ ਕਤਾਰ 'ਚ ਮੂਹਰੇ ਹੈ ਪਰ ਕੰਮ ਉਮੀਦ ਨਾਲੋਂ ਕਿਤੇ ਘੱਟ ਮਿਲਣ ਕਾਰਨ ਪ੍ਰੇਸ਼ਾਨ ਹੈ। ਲੋਕਾਂ ਨਾਲ ਪੁੱਠੇ-ਸਿੱਧੇ ਬਿਆਨ ਦੇ ਕੇ ਨਾਰਾਜ਼ਗੀ ਹੋਰ ਵਧਾ ਰਹੀ ਹੈ ਤੇ ਪ੍ਰਸੰਸਕ ਸੰਖਿਆ ਵੀ ਉਸ ਦੀ ਘਟ ਰਹੀ ਹੈ। ਅਭਿਨੇਤਾ ਵੀ ਵੋਟਾਂ ਨਾਲ ਹੁੰਦੇ ਹਨ ਤੇ ਜਨਤਾ ਵੋਟ ਹੱਥੋਂ ਗਈ ਤਾਂ ਤਮੰਨਾ ਭਾਟੀਆ ਦੀ ਹਰ ਤਮੰਨਾ ਨੂੰ 'ਬਰੇਕ' ਲੱਗਣੀ ਸ਼ੁਰੂ ਹੋ ਜਾਵੇਗੀ ਤੇ ਇਕ ਰੋਜ਼ ਕਿਤੇ ਬਰੇਕ... ਪੱਕੀ ਹੀ ਨਾ ਲੱਗ ਜਾਏ।

ਸ਼ਾਹਰੁਖ ਖ਼ਾਨ : 'ਹੀਰੋ' ਜਾਂ ਫਿਰ 'ਜ਼ੀਰੋ'

ਸ਼ਾਹਰੁਖ ਦੀ 'ਜ਼ੀਰੋ' ਦਾ ਇਕ ਪੋਸਟਰ ਨੂੰ ਲੈ ਕੇ ਸਿੱਖ ਕੌਮ ਨਾਲ ਵਿਵਾਦ ਵੀ ਹੈ ਤੇ ਇਹ ਹਟਣਾ ਚਾਹੀਦਾ ਹੈ 'ਕ੍ਰਿਸਮਸ' ਦਾ ਦਿਨ ਚੁਣਿਆ ਹੈ 'ਜ਼ੀਰੋ' ਲਈ ਸ਼ਾਹਰੁਖ ਨੇ ਤੇ ਪੱਛਮੀ ਬੰਗਾਲ ਦੀ ਮਾਣਯੋਗ ਮੁੱਖ ਮੰਤਰੀ ਕੁਮਾਰੀ ਮਮਤਾ ਬੈਨਰਜੀ ਨੇ ਸ਼ਾਹਰੁਖ ਦਾ ਕੋਲਕਾਤਾ ਵਿਚ ਆਉਣ 'ਤੇ ਸਵਾਗਤ ਕਰਦਿਆਂ ਕਿਹਾ, 'ਹੀਰੋ' 'ਜ਼ੀਰੋ' ਕਿਵੇਂ ਹੋ ਗਿਆ? ਮਤਲਬ ਸਾਫ਼ ਹੈ ਕਿ 'ਜ਼ੀਰੋ' ਲਈ ਪੱਛਮੀ ਬੰਗਾਲ 'ਚ ਸ਼ਾਹਰੁਖ ਦਾ ਪ੍ਰਚਾਰ ਵੱਡੇ ਹੱਥੀਂ ਹੈ। ਇਧਰ ਸ਼ਾਹਰੁਖ ਦੀ ਧੀ ਸੁਹਾਨਾ ਥੀਏਟਰ ਪ੍ਰੇਮਣ ਹੈ। ਸੁਹਾਨਾ ਨੇ ਹੁਣੇ ਜਿਹੇ ਹੀ ਪਾਪਾ ਦੇ ਅਸ਼ੀਰਵਾਦ ਨਾਲ ਨਾਟਕ 'ਜੂਲੀਅਟ' ਖੇਡਿਆ ਹੈ। 'ਜ਼ੀਰੋ' ਲਈ ਹਰ ਹਰਬਾ ਸ਼ਾਹਰੁਖ ਮੀਆਂ ਵਰਤ ਰਹੇ ਹਨ, ਚਾਹੇ ਲੰਦਨ ਜਾ ਕੇ ਥੀਏਟਰ 'ਜੂਲੀਅਟ' ਨਾਟਕ, ਬੇਟੀ ਸੁਹਾਨਾ ਦਾ ਜ਼ਿਕਰ ਜਾਂ ਨਿੱਕੇ ਅਬਰਾਹਮ ਦਾ ਮੋਹ ਹੋਵੇ, ਗੱਲ 'ਜ਼ੀਰੋ' ਨਾਲ ਜੋੜ ਦਿੰਦੇ ਹਨ ਕਿ 'ਜ਼ੀਰੋ' ਕਰਦੇ ਸਮੇਂ ਇਨ੍ਹਾਂ ਚੀਜ਼ਾਂ ਨੇ ਅਸਰ ਪਾਇਆ। 'ਜ਼ੀਰੋ' ਦਾ ਗੀਤ 'ਇਸ਼ਕਬਾਜ਼ੀ' ਚਰਚਾ ਵਿਚ ਹੈ। 'ਜ਼ੀਰੋ' ਨੂੰ ਲੈ ਕੇ ਸ਼ਾਹਰੁਖ ਦੀਆਂ ਸਕੀਮਾਂ ਬਹੁਤ ਹਨ। ਜਾਂਦੇ ਸਾਲ 'ਚ 'ਜ਼ੀਰੋ' ਹਿੱਟ ਤਾਂ ਸ਼ਾਹਰੁਖ ਫਿਰ ਬੀ-ਟਾਊਨ ਦਾ 2018 ਦਾ ਹਿੱਟ 'ਹੀਰੋ' ਬਾਕੀ ਸਾਰੇ 'ਜ਼ੀਰੋ'। ਵੈਸੇ 'ਜ਼ੀਰੋ' 'ਚ ਅਪਾਹਜ ਬੌਣੇ ਬਣੇ ਸ਼ਾਹਰੁਖ ਨਾਲ ਸਵਰਗੀ ਸ੍ਰੀਦੇਵੀ ਵੀ ਹੈ। ਸ੍ਰੀਦੇਵੀ ਦੀ ਮੌਜੂਦਗੀ ਵਾਲੇ 'ਜ਼ੀਰੋ' ਦੇ ਗਾਣੇ 'ਚ ਆਲੀਆ ਤੇ ਕ੍ਰਿਸ਼ਮਾ ਕਪੂਰ ਵੀ ਹਨ। ਦਰਅਸਲ 'ਜ਼ੀਰੋ' ਦੇ 'ਕੈਮਿਓ' 'ਚ ਸਲਮਾਨ, ਕਾਜੋਲ, ਮਾਧੁਰੀ, ਸ੍ਰੀਦੇਵੀ ਵੀ ਹਨ। 21 ਨੂੰ ਇਹ ਫ਼ਿਲਮ ਆ ਰਹੀ ਹੈ।


-ਸੁਖਜੀਤ ਕੌਰ

ਸੋਨਮ ਕਪੂਰ : ਪੁਲਿਸ ਅਫ਼ਸਰ ਬਣੇਗੀ

ਸੋਨਮ ਕਪੂਰ 'ਏਕ ਲੜਕੀ ਕੋ ਦੇਖਾ' ਲਈ ਰਾਜਕੁਮਾਰ ਰਾਓ ਤੇ ਪਿਤਾ ਅਨਿਲ ਕਪੂਰ ਨਾਲ ਦਿਨ-ਰਾਤ ਸਮਾਂ ਦੇ ਕੇ ਫ਼ਿਲਮਾਂਕਣ ਪ੍ਰਕਿਰਿਆ 'ਚ ਭਾਗ ਲੈ ਰਹੀ ਹੈ। 'ਖ਼ੂਬਸੂਰਤ' ਫ਼ਿਲਮ ਦੇ ਚਾਰ ਸਾਲ ਪੂਰੇ ਹੋਣ 'ਤੇ ਕੁਝ ਜ਼ਿਆਦਾ ਹੀ ਇਹ ਮੂੰਹ ਫੱਟ ਨਾਇਕਾ ਭਾਵੁਕ ਹੈ। ਫਵਾਦ ਖ਼ਾਨ ਨਾਲ ਬਿਤਾਏ ਪਲ ਉਹ ਅੱਜ ਵੀ ਯਾਦ ਕਰ ਰਹੀ ਹੈ ਪਰ ਕੀ ਇਹ ਆਨੰਦ ਆਹੂਜਾ ਦੀ ਤੌਹੀਨ ਨਹੀਂ ਹੈ? ਚਲੋ ਨਿਖਿਲ ਅਡਵਾਨੀ ਨੇ ਸੋਨਮ ਨੂੰ 'ਖ਼ੂਬਸੂਰਤ' ਤੋਹਫ਼ਾ ਦੇਣ ਦਾ ਫ਼ੈਸਲਾ ਲਿਆ ਹੈ। ਸਭ ਠੀਕ ਰਿਹਾ ਤਾਂ ਨਿਖਿਲ ਦੀ ਫ਼ਿਲਮ 'ਸਨੋਅ' 'ਚ ਸੋਨਮ ਕਪੂਰ ਪੁਲਿਸ ਅਫ਼ਸਰ ਬਣ ਆਏਗੀ। 'ਨੀਰਜਾ' ਤੋਂ ਬਾਅਦ 'ਸਨੋੋਅ' ਨਾਲ ਫਿਰ ਉਸ ਦੀ 'ਚਮਕੀਲੀ ਦਿੱਖ' ਤਬਦੀਲ ਹੋ ਜਾਵੇਗੀ। 'ਵੀਰੇ ਦੀ ਵੈਡਿੰਗ', 'ਸੰਜੂ' ਨੇ ਸੋਨਮ ਦਾ ਕੱਦ ਵਧਾਇਆ ਹੈ। 'ਸਨੋਅ' ਇਕ ਐਕਸ਼ਨ ਫ਼ਿਲਮ ਹੋਵੇਗੀ। ਆਨੰਦ ਆਹੂਜਾ ਨੂੰ ਬੋਲਣ ਜੋਗਾ ਸੋਨਮ ਨੇ ਛੱਡਣਾ ਹੀ ਨਹੀਂ ਹੈ ਕਿਉਂਕਿ 'ਏਕ ਲੜਕੀ ਕੋ ਦੇਖਾ' ਦੀ ਰਿਪੋਰਟ ਵੀ ਗਰਮ ਹੈ ਤੇ ਨਿਖਿਲ ਦੀ 'ਸਨੋਅ' ਸੋਨਮ ਦਾ ਸਮਾਂ ਹਾਲੇ ਹੈ, ਦਾ ਪ੍ਰਮਾਣ ਹੈ। ਆਨੰਦ ਦੇ ਘਰ ਜਾ ਕੇ ਪੰਜ ਮਹੀਨੇ ਤਾਂ ਉਹ ਮਸਤੀ ਕਰਦੀ ਰਹੀ ਹੈ ਤੇ ਰਿਸ਼ਤੇਦਾਰੀਆਂ 'ਚ ਘੁੰਮਦੀ ਰਹੀ ਪਰ ਹੁਣ ਕੰਮ 'ਤੇ ਆ ਕੇ 'ਜ਼ੋਯਾ ਫੈਕਟਰ' 'ਏਕ ਲੜਕੀ ਕੋ ਦੇਖਾ' ਦੇ ਫ਼ਿਲਮਾਂਕਣ ਸੋਨਮ ਫਿਰ ਰੁੱਝ ਗਈ ਹੈ। ਸੋਨਮ ਨੇ ਕੰਗਨਾ ਰਣੌਤ ਨਾਲ ਲੜਾਈ 'ਚ ਆਪ ਚੁੱਪ ਕਰ ਕੇ ਮਾਮਲਾ ਠੰਢਾ ਕਰ ਲਿਆ ਹੈ। ਤਿੰਨ ਮਹੀਨੇ ਪਹਿਲਾਂ 11.45 'ਤੇ ਸੋਨਮ ਨੇ ਟਵਿੱਟਰ ਤੋਂ ਅਲਵਿਦਾ ਲਈ ਸੀ। ਅਸਲ 'ਚ ਟਵਿਟਰ ਤੇ ਸੋਨਮ ਦਾ ਮਖੌਲ ਉੱਡ ਰਿਹਾ ਸੀ ਤੇ ਲੋਕਾਂ ਨੇ ਕਿਹਾ ਹੈ ਕਿ ਸੋਨਮ ਦੇ ਟਵਿੱਟਰ ਛੱਡਣ ਨਾਲ ਕਿਹੜੀ ਹਨੇਰੀ ਆ ਗਈ ਹੈ ਚੰਗਾ ਹੋਵੇ ਸੋਨਮ ਅਜਿਹੇ ਫੈਸਲੇ ਕਰਨ ਦੀ ਥਾਂ ਆਪਣੇ ਵਧੀਆ ਚੱਲ ਰਹੇ ਕੈਰੀਅਰ 'ਚ ਹੀ ਕੇਂਦਰਿਤ ਰੱਖੇ ਧਿਆਨ ਕਿਉਂਕਿ ਅਜੇ ਵੀ ਉਸ ਦਾ ਸਮਾਂ ਵਧੀਆ ਹੈ ਤੇ ਤਕੜੀਆਂ ਫ਼ਿਲਮਾਂ ਉਸ ਕੋਲ ਹਨ।

ਛੜਿਆਂ ਦੀ ਕਹਾਣੀ ਹੈ 'ਭੱਜੋ ਵੀਰੋ ਵੇ...'

ਛੜਾ ਸਾਡੇ ਸਮਾਜ ਦਾ ਇਕ ਅਹਿਮ ਪਾਤਰ ਰਿਹਾ ਹੈ। ਜਿਸ ਬਾਰੇ ਬਹੁਤ ਸਾਰੇ ਗਾਇਕਾਂ ਨੇ ਗੀਤ ਵੀ ਗਾਏ ਹਨ। 'ਰੰਨਾਂ ਵਾਲਿਆਂ ਦੇ ਪੱਕਣ ਪਰੌਠੇ ਛੜਿਆਂ ਦੀ ਅੱਗ ਨਾ ਬਲੇ' ਕਹਾਵਤ ਅਸੀ ਗੀਤਾਂ ਅਤੇ ਲੋਕ ਬੋਲੀਆਂ 'ਚ ਚਿਰਾਂ ਤੋਂ ਸੁਣਦੇ ਆਏ ਹਾਂ ਪਰ ਲੇਖਕ ਤੇ ਨਿਰਦੇਸਕ ਅੰਬਰਦੀਪ ਸਿੰਘ ਦੀ ਨਵੀਂ ਫ਼ਿਲਮ 'ਭੱਜੋ ਵੀਰੋ ਵੇ' 'ਚ ਛੜਿਆਂ ਦਾ ਹਾਲ ਤੁਸੀਂ ਅੱਖੀਂ ਵੇਖ ਸਕੋਗੇ। ਛੜਿਆਂ ਦੇ ਦੌਰ ਦੀ ਗੱਲ ਕਰਦੀ ਇਹ ਫ਼ਿਲਮ ਇਕ ਕਾਮੇਡੀ ਅਤੇ ਪਰਿਵਾਰਕ ਫ਼ਿਲਮ ਹੈ, ਇਸ ਵਿਚ ਅੰਬਰਦੀਪ, ਅਦਾਕਾਰਾ ਸਿੰਮੀ ਚਾਹਲ ਨਾਲ ਬਤੌਰ ਨਾਇਕ ਨਜ਼ਰ ਆਵੇਗਾ।
ਰਿੱਦਮ ਬੁਆਏਜ਼,ਹੇਅਰ ਓਮ ਜੀ ਸਟੂਡੀਓ ਦੀ ਪੇਸ਼ਕਸ ਇਸ ਫ਼ਿਲਮ ਦੀ ਕਹਾਣੀ 1960 ਦੇ ਸਮਿਆਂ ਦੀ ਹੈ, ਜੋ ਪੁਰਾਤਨ ਪੰਜਾਬ ਦੇ ਉਸ ਦੌਰ ਦੀ ਗੱਲ ਕਰੇਗੀ ਜਦੋਂ ਬਹੁਤੇ ਸਾਂਝੇ ਪਰਿਵਾਰਾਂ ਵਿਚ ਇਕ ਬੰਦੇ ਦਾ ਹੀ ਵਿਆਹ ਹੁੰਦਾ ਸੀ ਤੇ ਬਾਕੀ ਛੜੇ ਹੁੰਦੇ ਸੀ। ਛੜੇ ਬੰਦੇ ਦੀ ਜ਼ਿੰਦਗੀ 'ਚ ਤੀਂਵੀ ਦੀ ਕੀ ਅਹਿਮੀਅਤ ਹੁੰਦੀ ਸੀ, ਇਹੋ ਫ਼ਿਲਮ ਦਾ ਮੁੱਖ ਵਿਸ਼ਾ ਹੈ ਜਿਸ ਨੂੰ ਕਾਮੇਡੀ ਦਾ ਤੜਕਾ ਲਗਾ ਕੇ ਮਨੋਰੰਜਨ ਭਰਪੂਰ ਬਣਾਇਆ ਗਿਆ ਹੈ। ਫ਼ਿਲਮ ਦੇ ਨਿਰਮਾਤਾ ਕਾਰਜ ਗਿੱਲ, ਤਲਵਿੰਦਰ ਹੇਅਰ ਤੇ ਸਹਿ ਨਿਰਮਾਤਾ ਮੁਨੀਸ਼ ਸਾਹਨੀ ਹਨ। ਫ਼ਿਲਮ ਵਿਚ ਅੰਬਰਦੀਪ, ਸਿੰਮੀ ਚਾਹਲ, ਗੁੱਗੂ ਗਿੱਲ, ਨਿਰਮਲ ਰਿਸ਼ੀ, ਹੌਬੀ ਧਾਲੀਵਾਲ, ਹਰਦੀਪ ਗਿੱਲ, ਯਾਦ ਗਰੇਵਾਲ ਤੇ ਸੁਖਵਿੰਦਰ ਰਾਜ ਨੇ ਅਹਿਮ ਕਿਰਦਾਰ ਨਿਭਾਏ ਹਨ। ਫ਼ਿਲਮ ਦਾ ਸੰਗੀਤ ਜਤਿੰਦਰ ਸ਼ਾਹ ਵਲੋਂ ਤਿਆਰ ਕੀਤਾ ਗਿਆ ਹੈ। ਅਮਰਿੰਦਰ ਗਿੱਲ, ਸੁਰਿੰਦਰ ਛਿੰਦਾ, ਗੁਰਸ਼ਬਦ, ਬੀਰ ਸਿੰਘ ਤੇ ਗੁਰਪ੍ਰੀਤ ਮਾਨ ਨੇ ਪਲੇਅ ਬੈਕ ਗਾਇਆ ਹੈ। 14 ਦਸੰਬਰ ਨੂੰ ਇਹ ਫ਼ਿਲਮ ਓਮ ਜੀ ਗਰੁੱਪ ਵਲੋਂ ਰਿਲੀਜ਼ ਕੀਤੀ ਜਾਵੇਗੀ।


-ਸੁਰਜੀਤ ਜੱਸਲ

ਬਿਨਾਂ ਖੋਜ ਕੰਮ ਨਹੀਂ ਕਰਦੇ ਸ਼ੇਖਰ ਸੇਨ

ਜਦੋਂ 30 ਨਵੰਬਰ ਨੂੰ ਸ਼ੇਖਰ ਸੇਨ ਨੇ ਆਪਣੇ ਸ਼ੋਅ 'ਕਬੀਰ' ਨੂੰ ਮੁੰਬਈ ਵਿਚ ਪੇਸ਼ ਕੀਤਾ ਅਤੇ ਇਸ ਦੇ ਨਾਲ ਇਕ ਹਜ਼ਾਰ ਸ਼ੋਅ ਕਰਨ ਦੀ ਅਨੋਖੀ ਸਿੱਧੀ ਉਨ੍ਹਾਂ ਦੇ ਨਾਂਅ ਦਰਜ ਹੋ ਗਈ। ਇਕ ਜ਼ਮਾਨੇ ਵਿਚ ਸੰਗੀਤਕਾਰ ਬਣਨ ਲਈ ਮੁੰਬਈ ਆਏ ਸ਼ੇਖਰ ਸੇਨ ਨੇ ਉਦੋਂ ਸੁਪਨੇ ਵਿਚ ਵੀ ਨਹੀਂ ਸੋਚਿਆ ਸੀ ਕਿ ਇਥੇ ਸਫ਼ਲਤਾ ਉਨ੍ਹਾਂ ਨੂੰ ਰੰਗਮੰਚ ਦੀ ਬਦੌਲਤ ਮਿਲੇਗੀ। ਆਪਣੇ ਕੈਰੀਅਰ ਦੇ ਸ਼ੁਰੂਆਤੀ ਦੌਰ ਵਿਚ ਸ਼ੇਖਰ ਨੇ ਭਜਨ ਐਲਬਮਾਂ ਲਈ ਸੰਗੀਤ ਦਿੱਤਾ ਸੀ ਅਤੇ ਨਾਲ ਹੀ ਆਪਣੀ ਆਵਾਜ਼ ਵਿਚ ਭਜਨ ਐਲਬਮਾਂ ਨੂੰ ਵੀ ਪੇਸ਼ ਕੀਤਾ। ਕੁਝ ਸਾਲ ਤੱਕ ਇਹੀ ਕੰਮ ਕਰਦੇ ਰਹਿਣ ਤੋਂ ਬਾਅਦ ਉਨ੍ਹਾਂ ਨੂੰ ਇਸ ਵਿਚ ਰੁਟੀਨ ਕੰਮ ਵਾਲੀ ਗੱਲ ਲੱਗਣ ਲੱਗੀ ਅਤੇ ਉਦੋਂ ਤੋਂ ਕੁਝ ਨਵਾਂ ਕਰਨ ਬਾਰੇ ਸੋਚਣ ਲੱਗੇ। ਉਨ੍ਹਾਂ ਸੋਚਿਆ ਕਿ ਕਿਉਂ ਨਾ ਸੰਤ ਤੁਲਸੀ ਦਾਸ ਦੀ ਜੀਵਨੀ ਨੂੰ ਮੰਚ 'ਤੇ ਪੇਸ਼ ਕੀਤਾ ਜਾਵੇ। ਬਚਪਨ ਵਿਚ ਉਹ ਆਪਣੀ ਮਾਂ ਦੇ ਮੂੰਹੋਂ ਰਾਮ ਚਰਿਤ ਮਾਨਸ ਸੁਣਿਆ ਕਰਦੇ ਸੀ ਅਤੇ ਇਨ੍ਹਾਂ ਸੰਸਕਾਰਾਂ ਦੀ ਵਜ੍ਹਾ ਕਰਕੇ ਉਹ ਤੁਲਸੀਦਾਸ ਦੀ ਜੀਵਨੀ ਨੂੰ ਮੰਚ 'ਤੇ ਲਿਆਉਣ ਬਾਰੇ ਸੋਚਣ ਲੱਗੇ। 10 ਅਪ੍ਰੈਲ, 1998 'ਚ ਉਨ੍ਹਾਂ ਨੇ 'ਤੁਲਸੀ' ਦਾ ਪਹਿਲਾ ਸ਼ੋਅ ਪੇਸ਼ ਕੀਤਾ ਅਤੇ ਦੇਖਦੇ ਹੀ ਦੇਖਦੇ ਸ਼ੋਅ ਨੂੰ ਹਰਮਨ-ਪਿਆਰਤਾ ਮਿਲਣ ਲੱਗੀ। ਫਿਰ ਉਨ੍ਹਾਂ ਨੇ 'ਕਬੀਰ', 'ਵਿਵੇਕਾਨੰਦ', 'ਸਾਹਿਬ', 'ਸੂਰਦਾਸ' ਅਤੇ 'ਸੰਮਤੀ' ਸ਼ੋਅ ਪੇਸ਼ ਕੀਤੇ। ਇਹ ਸਾਰੇ ਸ਼ੋਅ ਇਕ ਪਾਤਰੀ ਹਨ ਅਤੇ ਇਨ੍ਹਾਂ ਦਾ ਲੇਖਨ ਪੱਖ ਵੀ ਸ਼ੇਖਰ ਸੇਨ ਵਲੋਂ ਕੀਤਾ ਗਿਆ ਹੈ ਤੇ ਸੰਗੀਤ ਵੀ ਉੁਨ੍ਹਾਂ ਨੇ ਦਿੱਤਾ ਹੈ। ਇਨ੍ਹਾਂ ਦੇ ਸ਼ੋਅ ਦੇ ਵਿਸ਼ੇ ਸੱਭਿਆਚਾਰ ਦੀਆਂ ਜੜ੍ਹਾਂ ਨਾਲ ਜੁੜੇ ਹੋਏ ਹਨ। ਇਸ ਵਜ੍ਹਾ ਕਰਕੇ ਉਹ ਆਪਣੇ ਸ਼ੋਅ ਵਿਚ ਕੀ-ਬੋਰਡ ਰਾਹੀਂ ਪੈਦਾ ਕੀਤਾ ਗਿਆ ਸੰਗੀਤ ਵਰਤਦੇ ਹਨ। ਸ਼ੇਖਰ ਸੇਨ ਨੂੰ ਆਪਣੇ ਸਾਰੇ ਨਾਟਕ ਪਿਆਰੇ ਹਨ, ਦਿਲ ਦੇ ਨੇੜੇ ਹਨ ਪਰ ਉਨ੍ਹਾਂ ਅਨੁਸਾਰ ਜਨਤਾ ਵਲੋਂ 'ਕਬੀਰ' ਨੂੰ ਜ਼ਿਆਦਾ ਪਿਆਰ ਨਸੀਬ ਹੋਇਆ ਹੈ ਅਤੇ ਇਸ ਵਜ੍ਹਾ ਕਰਕੇ ਇਸ ਦੇ ਹੁਣ ਤੱਕ 426 ਸ਼ੋਅ ਪੇਸ਼ ਹੋ ਚੁੱਕੇ ਹਨ। ਯੂਰਪ ਤੇ ਅਮਰੀਕਾ ਤੋਂ ਲੈ ਕੇ ਜਾਪਾਨ ਤੇ ਵੈਸਟਇੰਡੀਜ਼ ਸਮੇਤ ਕਈ ਦੇਸ਼ਾਂ ਵਿਚ ਉਹ ਆਪਣੇ ਸ਼ੋਅ ਪੇਸ਼ ਕਰ ਚੁੱਕੇ ਹਨ। ਦੇਸ਼ ਦੀ ਲੋਕ ਸਭਾ ਤੇ ਰਾਸ਼ਟਰਪਤੀ ਭਵਨ ਵੀ ਇਨ੍ਹਾਂ ਦੇ ਸ਼ੋਅ ਦੇ ਗਵਾਹ ਬਣੇ ਹਨ। ਸ਼ੇਖਰ ਸੇਨ ਆਪਣੇ ਹਰ ਸ਼ੋਅ ਦੇ ਵਿਸ਼ੇ ਲਈ ਬਹੁਤ ਮਿਹਨਤ ਕਰਦੇ ਹਨ। ਜਦੋਂ ਉਹ 'ਸੂਰਦਾਸ' ਦਾ ਲੇਖਨ ਪੱਖ ਤਿਆਰ ਕਰ ਰਹੇ ਸਨ, ਉਦੋਂ ਉਨ੍ਹਾਂ ਤਾਨਸੇਨ, ਅਬੁਲ ਫਜ਼ਲ, ਲੋਦੀ ਸਾਮਰਾਜ 'ਤੇ ਵੀ ਕਾਫ਼ੀ ਖੋਜ ਕੀਤੀ ਸੀ, ਕਿਉਂਕਿ ਉਹ ਸਾਰੇ ਸੂਰਦਾਸ ਦੇ ਕਾਲ-ਖੰਡ ਨਾਲ ਸਬੰਧ ਰੱਖਦੇ ਹਨ।
ਹਾਂ, ਉਨ੍ਹਾਂ ਨੂੰ ਅਫ਼ਸੋਸ ਇਸ ਗੱਲ ਦਾ ਹੈ ਕਿ ਸਾਡੇ ਦੇਸ਼ ਵਿਚ ਰੰਗਮੰਚ ਦਾ ਏਨਾ ਵਿਕਾਸ ਨਹੀਂ ਹੋਇਆ ਜਿੰਨਾ ਹੋਣਾ ਚਾਹੀਦਾ ਸੀ। ਉਹ ਕਹਿੰਦੇ ਹਨ, 'ਲਗਪਗ ਚੌਵੀ ਸੌ ਸਾਲ ਪਹਿਲਾਂ ਇਸੇ ਦੇਸ਼ ਵਿਚ ਭਰਤ ਮੁਨੀ ਵਲੋਂ ਨਾਟਸ਼ਾਸਤਰ ਲਿਖਿਆ ਲਿਆ ਗਿਆ ਅਤੇ ਉਸ ਵਿਚ ਨਾਟਕਾਂ ਦੇ ਨੌਂ ਰਸ ਤੋਂ ਲੈ ਕੇ ਰੰਗਮੰਚ ਦੇ ਨਾਪ ਤੱਕ ਬਾਰੇ ਵਿਸਥਾਰ ਨਾਲ ਲਿਖਿਆ ਗਿਆ। ਇਸ ਤਰ੍ਹਾਂ ਦੇ ਗੁਣੀ ਜਨ ਦੇ ਦੇਸ਼ ਵਿਚ ਨਾਟਕ ਦਾ ਵਿਕਾਸ ਜ਼ਿਆਦਾ ਨਾ ਹੋਇਆ ਦੇਖ ਕੇ ਅਫ਼ਸੋਸ ਹੁੰਦਾ ਹੈ।

ਕੁਝ ਬਣਨਾ ਹੈ ਦੁਨੀਆ 'ਚ...

ਕਮਲ ਖੰਗੂੜਾ

ਰਵੀ ਪੁੰਜ ਦੀ ਆ ਰਹੀ ਪੰਜਾਬੀ ਫ਼ਿਲਮ 'ਟਾਈਟੈਨਿਕ' ਦੀ ਹੀਰੋਇਨ ਕਮਲ ਖੰਗੂੜਾ ਦੀ ਪ੍ਰੋਫਾਇਲ ਦੇਖੋ ਤਾਂ ਪਤਾ ਲਗਦਾ ਹੈ ਕਿ ਰੱਜ ਕੇ ਸੋਹਣੀ, ਨੈਣ-ਨਕਸ਼ ਕੁਦਰਤ ਦੀ ਮੀਨਾਕਾਰੀ, ਉੱਚਾ-ਲੰਮਾ ਕੱਦ-ਕਾਠ, ਸੋਹਣੀ ਸਰੀਰਕ ਬਣਤਰ, ਸੁੰਦਰ ਚਿਹਰਾ, ਮੋਹਣੀਆਂ ਅੱਖਾਂ ਤੇ ਬੋਲ-ਬਾਣੀ ਸਭ 'ਏਕ ਸੇ ਬੜ ਕਰ ਏਕ' ਹੈ ਤਾਂ ਹੀ 250 ਦੇ ਕਰੀਬ ਪੰਜਾਬੀ ਐਲਬਮ ਗੀਤਾਂ ਦੀ ਮੁੱਖ ਮਾਡਲ, ਤਿੰਨ ਦਰਜਨ ਗੀਤਾਂ ਦੀ ਵੀਡੀਓ ਡਾਇਰੈਕਟਰ ਹੈ। ਪੜ੍ਹੀ ਵੀ ਚੰਡੀਗੜ੍ਹ, ਪੋਸਟ ਗਰੈਜੂਏਟ ਤੇ ਅਭਿਨੈ ਨਾਲ ਸਕੂਲ ਤੋਂ ਹੀ ਸਬੰਧ। ਬਲਜਿੰਦਰ ਸਿੰਘ, ਹੈਰੀ ਪੁੰਜ ਤੇ ਕਰਮਪ੍ਰੀਤ ਸਮਰਾ ਨੇ ਜਦ ਸਟਾਰ ਗਾਇਕ-ਨਾਇਕ ਦਿਲਜੀਤ ਦੁਸਾਂਝ ਦਾ ਵੀਡੀਓ ਗੀਤ 'ਅੱਖਰਾਂ 'ਚ ਤੂੰ ਦਿਸਦੀ' ਦੇਖਿਆ ਤਾਂ ਉਸ ਦੀ ਨਾਇਕਾ ਕਮਲ ਖੰਗੂੜਾ ਦੇ ਘਰੇ ਤੜਕੇ ਹੀ ਪੁੱਜ ਗਏ ਤੇ ਕਹਾਣੀ ਸੁਣਾ 'ਟਾਈਟੈਨਿਕ' ਫ਼ਿਲਮ ਦੀ ਹੀਰੋਇਨ ਲੈ ਲਿਆ। ਜੱਸੀ ਸਿੱਧੂ ਦੇ ਗੀਤ 'ਚੰਡੀਗੜ੍ਹ ਕਰੇ ਆਸ਼ਕੀ' ਨਾਲ ਮਾਡਲ ਬਣ ਰਾਤੋ-ਰਾਤ ਪ੍ਰਸਿੱਧ ਹੋਈ ਪੰਜਾਬਣ ਕੁੜੀ ਕਮਲ ਖੰਗੂੜਾ ਨੇ ਫਿਰ ਗਿੱਪੀ ਗਰੇਵਾਲ, ਨਛੱਤਰ ਗਿੱਲ, ਅਮਰਿੰਦਰ ਗਿੱਲ, ਜੱਸੀ ਸੋਹਲ ਦੇ ਵੀਡੀਓ ਗੀਤਾਂ ਦੀ ਨਾਇਕਾ ਬਣ ਵੀਡੀਓ ਕਾਮਯਾਬੀ 'ਚ ਆਪਣਾ ਹਿੱਸਾ ਪਾਇਆ ਤੇ ਫਿਰ ਕੈਨੇਡਾ ਐਕਟਿੰਗ ਕੋਰਸ ਕਰਨ ਲਈ ਕੈਨੇਡੀਅਨ ਪੱਕੀ ਨਾਗਰਿਕ ਬਣ ਕੇ ਪਰਤੀ ਤਾਂ ਰਵੀ ਪੁੰਜ ਨੇ ਰਾਜ ਸਿੰਘ ਝਿੰਜਰ (ਹਰਜੀਤਾ ਫ਼ਿਲਮ ਫੇਮ) ਨਾਲ ਕਮਲ ਖੰਗੂੜਾ ਨੂੰ ਨਾਇਕਾ ਲੈ ਅੱਜ ਰਿਲੀਜ਼ 'ਤੇ ਪਹੁੰਚਾ ਦਿੱਤਾ ਹੈ। 'ਟਾਈਟੈਨਿਕ' 'ਚ ਉਸ ਨਾਲ ਪਾਲੀਵੁੱਡ ਸਟਾਰਜ਼ ਹੌਬੀ ਧਾਲੀਵਾਲ, ਮਲਕੀਤ ਰੌਣੀ, ਸਿਮਰਨ ਸਹਿਜਪਾਲ, ਨਿਹਾਲ ਪੁਰਬਾ ਤੇ ਗੁਰਪ੍ਰੀਤ ਕੌਰ ਭੰਗੂ ਵੀ ਹਨ। ਕਮਲ ਕਹਿ ਰਹੀ ਹੈ ਕਿ 'ਟਾਈਟੈਨਿਕ' ਵੱਖਰੀ ਕਿਸਮ ਦੀ ਫ਼ਿਲਮ ਹੈ, ਜਿਸ 'ਚ ਐਕਸ਼ਨ, ਡਰਾਮਾ, ਮਨੋਰੰਜਨ ਦੇ ਨਾਲ ਨਿੰਜਾ, ਗੁਰਨਾਮ ਭੁੱਲਰ, ਦੀਪਕ ਢਿੱਲੋਂ, ਫਿਰੋਜ਼ ਖ਼ਾਨ ਜਿਹੇ ਗਾਇਕਾਂ ਦੇ ਗੀਤ ਹਨ। ਮਤਲਬ ਸੰਗੀਤ ਪੱਖੋਂ ਵੀ ਅਮੀਰ ਤੇ ਕਹਾਣੀ ਉਹੀ ਘਿਸੇ-ਪਿੱਟੇ ਵਿਸ਼ੇ ਨਹੀਂ, ਬਲਕਿ ਭ੍ਰਿਸ਼ਟ ਸਿਸਟਮ, ਬੇਰੁਜ਼ਗਾਰੀ ਤੇ ਜਵਾਨੀ ਦੇ ਸੁਪਨਿਆਂ ਦੀ ਗੱਲ 'ਕੁਝ ਬਣਨਾ ਹੈ ਦੁਨੀਆ 'ਤੇ' ਆਧਾਰਿਤ ਹੈ। 'ਟਾਈਟੈਨਿਕ' ਰਿਲੀਜ਼ ਦਾ ਚਾਅ ਉਸ ਨੂੰ ਵਿਆਹ ਜਿਹਾ ਹੈ, ਕਿਉਂਕਿ ਪਤਾ ਹੈ ਕਿ ਫਿਰ ਮਾਡਲਿੰਗ ਦੀ ਤਰ੍ਹਾਂ ਹੀ ਉਹ ਪਾਲੀਵੁੱਡ ਦੀ ਚਹੇਤੀ ਹੀਰੋਇਨ ਬਣ ਜਾਏਗੀ। ਕੰਮ ਪੰਜਾਬ 'ਚ ਹੀ 24 ਘੰਟੇ 7 ਦਿਨ ਨਹੀਂ ਮੁੱਕਣਾ, ਮੁੰਬਈ ਦੀ ਤਾਂ ਕੀ, ਕੈਨੇਡਾ ਦੀ ਵੀ ਯਾਦ ਭੁੱਲ ਜੂ, ਆਤਮ-ਵਿਸ਼ਵਾਸ ਹੋਵੇ ਤਾਂ ਕਮਲ ਖੰਗੂੜਾ ਜਿਹਾ।


-ਅੰਮ੍ਰਿਤ ਪਵਾਰ

ਬਾਲੀਵੁੱਡ ਫ਼ਲੈਸ਼ਬੈਕ

ਗੀਤਾ ਬਾਲੀ ਨੇ ਕੀਤਾ ਸੀ ਦੋ ਕਪੂਰ ਖ਼ਾਨਦਾਨਾਂ 'ਤੇ ਵੱਡਾ ਅਹਿਸਾਨ

ਆਪਣੇ ਜ਼ਮਾਨੇ ਦੀ ਬੇਹੱਦ ਹਸੀਨ ਅਦਾਕਾਰਾ ਗੀਤਾ ਬਾਲੀ ਦਾ ਅਸਲ ਨਾਂ ਹਰਕੀਰਤਨ ਕੌਰ ਸੀ। ਫ਼ਿਲਮ 'ਮਿਸ ਕੋਕਾ ਕੋਲਾ' ਦੀ ਸ਼ੂਟਿੰਗ ਦੌਰਾਨ ਗੀਤਾ ਬਾਲੀ ਦੀ ਨੇੜਤਾ ਕਪੂਰ ਖ਼ਾਨਦਾਨ ਦੇ ਰੌਸ਼ਨ ਚਿਰਾਗ਼ ਸ਼ੰਮੀ ਕਪੂਰ ਨਾਲ ਹੋ ਗਈ ਸੀ ਤੇ ਵਧਦੀ ਵਧਦੀ ਗੱਲ ਸ਼ਾਦੀ ਤੱਕ ਜਾ ਪੁੱਜੀ ਸੀ। ਪ੍ਰਿਥਵੀ ਰਾਜ ਕਪੂਰ ਦੇ ਦਬਦਬਾ ਹੇਠ ਚੱਲਣ ਵਾਲੇ ਕਪੂਰ ਪਰਿਵਾਰ ਨੂੰ ਇਹ ਪ੍ਰੇਮ ਵਿਆਹ ਦਾ ਪ੍ਰਸਤਾਵ ਸਵੀਕਾਰ ਨਹੀਂ ਸੀ। ਕਪੂਰ ਪਰਿਵਾਰ ਨਾਲ ਕਈ ਮੁਲਾਕਾਤਾਂ ਅਤੇ ਢੇਰ ਸਾਰੀ ਬਹਿਸਬਾਜ਼ੀ ਤੇ ਸ਼ੋਰ ਸ਼ਰਾਬੇ ਪਿੱਛੋਂ ਅਖ਼ੀਰ ਗੀਤਾ ਆਪਣੀ ਜ਼ਿਦ ਮੰਨਵਾ ਕੇ ਹੀ ਹਟੀ ਤੇ ਉਸ ਦੀ ਸ਼ਾਦੀ ਸ਼ੰਮੀ ਕਪੂਰ ਨਾਲ ਹੋ ਹੀ ਗਈ। ਅਸਲ ਗੱਲ ਇਹ ਸੀ ਕਿ ਕਪੂਰ ਖ਼ਾਨਦਾਨ ਕਿਸੇ ਅਦਾਕਾਰਾ ਨੂੰ ਆਪਣੇ ਪਰਿਵਾਰ ਵਿਚ ਬਹੂ ਬਣਾ ਕੇ ਨਹੀਂ ਲਿਆਉਣਾ ਚਾਹੁੰਦਾ ਸੀ ਪਰ ਗੀਤਾ ਦੀਆਂ ਵਜ਼ਨਦਾਰ ਦਲੀਲਾਂ ਅਤੇ ਦਿਲਕਸ਼ ਸ਼ਖ਼ਸੀਅਤ ਨੇ ਆਖ਼ਿਰ ਇਸ ਖ਼ਾਨਦਾਨ ਨੂੰ ਆਪਣੀ ਸੋਚ ਅਤੇ ਆਪਣਾ ਫ਼ੈਸਲਾ ਬਦਲਣ ਲਈ ਮਜਬੂਰ ਕਰ ਦਿੱਤਾ। ਗੀਤਾ ਬਾਲੀ ਦੀ ਇਸ ਪਹਿਲ ਦਾ ਸਿੱਟਾ ਇਹ ਨਿੱਕਲਿਆ ਸੀ ਕਿ ਉਸ ਤੋਂ ਬਾਅਦ ਬਬੀਤਾ, ਨੀਤੂ ਸਿੰਘ ਅਤੇ ਜੈਨੀਫ਼ਰ ਕੈਂਡਲ ਆਦਿ ਜਿਹੀਆਂ ਅਭਿਨੇਤਰੀਆਂ ਵੀ ਕਪੂਰ ਖ਼ਾਨਦਾਨ ਦੀਆਂ ਬਹੂਆਂ ਬਣਨ ਵਿਚ ਸਫ਼ਲ ਰਹੀਆਂ ਸਨ। ਉਪਰੋਕਤ ਤਿੰਨੇ ਕਾਬਿਲ ਤੇ ਸੂਝਵਾਨ ਅਦਾਕਾਰਾਵਾਂ ਦਾ ਕਪੂਰ ਖ਼ਾਨਦਾਨ ਵਿਚ ਪ੍ਰਵੇਸ਼ ਸੰਭਵ ਬਣਾਉਣ ਲਈ ਸਮੁੱਚਾ ਕਪੂਰ ਪਰਿਵਾਰ ਗੀਤਾ ਬਾਲੀ ਦਾ ਸਦਾ ਹੀ ਅਹਿਸਾਨ ਮਹਿਸੂਸ ਕਰਦਾ ਹੈ। ਅਦਾਕਾਰ ਸ਼ੰਮੀ ਕਪੂਰ ਦੇ ਸੈਕਟਰੀ ਸੁਰਿੰਦਰ ਕਪੂਰ ਨੂੰ ਗੀਤਾ ਬਾਲੀ ਨੇ ਹੀ ਫ਼ਿਲਮ ਨਿਰਮਾਤਾ ਬਣਨ ਲਈ ਪ੍ਰੇਰਿਤ ਕੀਤਾ ਸੀ ਤੇ ਉਸਦੀ ਪ੍ਰੇਰਨਾ ਦਾ ਲੜ ਫੜ ਕੇ ਫ਼ਿਲਮ ਨਿਰਮਾਣ ਦੇ ਖੇਤਰ ਵਿਚ ਉਤਰੇ ਸੁਰਿੰਦਰ ਕਪੂਰ ਸਾਹਿਬ ਛੇਤੀ ਹੀ ਬਾਲੀਵੁੱਡ ਦੇ ਨਾਮਵਰ ਫ਼ਿਲਮ ਨਿਰਮਾਤਾ ਹੋ ਨਿੱਬੜੇ ਸਨ। ਅੱਜ ਵੀ ਸੁਰਿੰਦਰ ਕਪੂਰ ਦੇ ਹੋਣਹਾਰ ਫ਼ਰਜ਼ੰਦ ਬੋਨੀ ਕਪੂਰ, ਅਨਿਲ ਕਪੂਰ ਅਤੇ ਸੰਜੇ ਕਪੂਰ ਬਾਲੀਵੁੱਡ ਵਿਚ ਬਤੌਰ ਫ਼ਿਲਮ ਨਿਰਮਾਤਾ ਅਤੇ ਅਦਾਕਾਰ ਚੰਗਾ ਰਸੂਖ਼ ਰੱਖਦੇ ਹਨ।


-ਪ੍ਰੋ: ਪਰਮਜੀਤ ਸਿੰਘ ਨਿੱਕੇ ਘੁੰਮਣ

ਛੋਟੇ ਪਰਦੇ 'ਤੇ ਇਕ ਹੋਰ ਭੂਤਾਂ ਵਾਲਾ ਲੜੀਵਾਰ ਡਾਇਣ

ਹੁਣ ਏਕਤਾ ਕਪੂਰ ਐਂਡ ਟੀ. ਵੀ. ਚੈਨਲ 'ਤੇ 'ਡਾਇਣ' ਲੜੀਵਾਰ ਲੈ ਆਈ ਹੈ। ਇਸ ਦੇ ਨਾਂਅ ਕਰਕੇ ਇਹ ਦੱਸਣ ਦੀ ਜ਼ਰੂਰਤ ਨਹੀਂ ਕਿ ਇਸ ਵਿਚ ਕੀ ਕੁਝ ਪੇਸ਼ ਕੀਤਾ ਜਾਵੇਗਾ। ਉਂਜ ਇਸ ਦਾ ਇਕ ਨਜ਼ਾਰਾ ਤਾਂ ਇਸ ਲੜੀਵਾਰ ਦੇ ਸਿਲਸਿਲੇ ਵਿਚ ਆਯੋਜਿਤ ਕੀਤੀ ਗਈ ਪ੍ਰੈੱਸ ਕਾਨਫਰੰਸ ਵਿਚ ਹੀ ਪੇਸ਼ ਕਰ ਦਿੱਤਾ ਗਿਆ ਸੀ। ਜਿਸ ਹੋਟਲ ਵਿਚ ਇਸ ਦਾ ਆਯੋਜਨ ਕੀਤਾ ਗਿਆ ਸੀ, ਉਸ ਦੀਆਂ ਪੌੜੀਆਂ 'ਤੇ ਕਾਲੇ ਕੱਪੜੇ ਪਾ ਕੇ ਕ੍ਰਿਸ਼ਨਾ ਬੰਸਲ ਨਾਮੀ ਕਲਾਕਾਰ ਨੂੰ ਬਿਠਾਇਆ ਗਿਆ ਸੀ। ਹੱਥ ਵਿਚ ਮੋਰ ਖੰਭਾਂ ਦਾ ਗੁੱਛਾ ਫੜੀ ਉਹ ਹਰ ਕਿਸੇ 'ਤੇ ਨਕਲੀ ਝਾੜ-ਭੂਕ ਕਰ ਕੇ ਹਾਲ ਵਿਚ ਦਾਖਲ ਹੋਣ ਦਿੰਦਾ ਸੀ।
ਇਸ ਤਰ੍ਹਾਂ ਦੇ ਮਾਹੌਲ ਵਿਚ ਲੜੀਵਾਰ ਦੇ ਕਲਾਕਾਰਾਂ ਦੀ ਪਛਾਣ ਕੀਤੀ ਗਈ। ਇਥੇ ਟੀਨਾ ਦੱਤਾ ਵਲੋਂ ਜਾਹਨਵੀ ਮੌਰਿਆ ਦੀ ਭੂਮਿਕਾ ਨਿਭਾਈ ਜਾ ਰਹੀ ਹੈ। ਕਹਾਣੀ ਅਨੁਸਾਰ ਉਹ ਦਿੱਲੀ ਤੋਂ ਆਪਣੇ ਸ਼ਹਿਰ ਉਜੈਨ ਆਉਂਦੀ ਹੈ ਅਤੇ ਇਥੇ ਦੋ ਬੱਚੇ ਉਸ ਅੱਗੇ ਆਪਣੀ ਜਾਨ ਬਚਾ ਲੈਣ ਦੀ ਗੁਹਾਰ ਲਗਾਉਂਦੇ ਹਨ ਅਤੇ ਇਸ ਦੇ ਨਾਲ ਹੀ ਅਜੀਬੋ-ਗਰੀਬ ਘਟਨਾਵਾਂ ਦਾ ਚੱਕਰ ਸ਼ੁਰੂ ਹੋ ਜਾਂਦਾ ਹੈ। ਜਾਹਨਵੀ ਦੇ ਬਚਪਨ ਦੇ ਦੋਸਤ ਆਕਰਸ਼ ਸ਼ਰਮਾ ਦੀ ਭੂਮਿਕਾ ਮੋਹਿਤ ਮਲਹੋਤਰਾ ਵਲੋਂ ਨਿਭਾਈ ਗਈ ਹੈ ਅਤੇ ਇਨ੍ਹਾਂ ਦੇ ਨਾਲ ਆਕਾਸ਼ ਤਲਵਾਰ, ਅਮਿਤ ਠਾਕੁਰ, ਰਿਸ਼ੀਤਾ ਨਾਗ, ਕਨਿਕਾ ਸ਼ਿਵਪੁਰੀ, ਪ੍ਰਭਾਤ ਭੱਟਾਚਾਰੀਆ, ਪ੍ਰਿਆ ਭਤੀਜਾ ਵੀ ਇਸ ਵਿਚ ਅਭਿਨੈ ਕਰ ਰਹੇ ਹਨ। ਕਹਾਣੀ ਦੀ ਖ਼ਾਸ ਗੱਲ ਇਹ ਹੈ ਕਿ ਕਿਰਦਾਰਾਂ ਵਿਚੋਂ ਕਿਹੜਾ ਡਾਇਣ ਹੈ, ਇਸ ਤੋਂ ਅਖੀਰ ਵਿਚ ਪਰਦਾ ਚੁੱਕਿਆ ਜਾਵੇਗਾ। 15 ਦਸੰਬਰ ਤੋਂ ਐਂਡ ਟੀ. ਵੀ. 'ਤੇ ਹਰ ਸਨਿੱਚਰਵਾਰ ਰਾਤ ਨੌਂ ਵਜੇ ਪ੍ਰਸਾਰਿਤ ਹੋ ਰਿਹਾ ਇਹ ਲੜੀਵਾਰ ਦਰਸ਼ਕਾਂ ਨੂੰ ਡਰਾਉਣ ਵਿਚ ਕਿੰਨਾ ਸਫਲ ਹੋਵੇਗਾ, ਇਹ ਆਉਣ ਵਾਲਾ ਸਮਾਂ ਹੀ ਦੱਸੇਗਾ।


-ਮੁੰਬਈ ਪ੍ਰਤੀਨਿਧ

ਰਣਵਿਜੇ ਸਿੰਘ ਨੇ ਵੰਡੇ ਇਨਾਮ

ਅੱਜ ਦੇ ਆਨਲਾਈਨ ਜ਼ਮਾਨੇ ਵਿਚ ਖੇਡਾਂ ਵੀ ਘਰ ਬੈਠੇ ਖੇਡੀਆਂ ਜਾਣ ਲੱਗੀਆਂ ਹਨ। ਕ੍ਰਿਕਟ, ਲੁਡੂ ਤੇ ਹੋਰ ਖੇਡਾਂ ਦੇ ਨਾਲ-ਨਾਲ ਪੋਕਰ ਵੀ ਕੰਪਿਊਟਰ ਜਾਂ ਮੋਬਾਈਲ ਫੋਨ ਦੀ ਸਕਰੀਨ 'ਤੇ ਖੇਡਿਆ ਜਾਣ ਲੱਗਿਆ ਹੈ। ਆਨਲਾਈਨ ਦੇ ਖੇਤਰ ਵਿਚ ਪੋਕਰ ਦੀ ਖੇਡ ਨੂੰ ਲੋਕਪ੍ਰਿਆ ਬਣਾਉਣ ਦਾ ਸਿਹਰਾ ਅਮੀਨ ਰੋਝਾਨੀ ਨੂੰ ਜਾਂਦਾ ਹੈ ਜਿਨ੍ਹਾਂ ਨੇ ਸਪਾਰਟਨ ਪੋਕਰ ਐਪ ਰਾਹੀਂ ਇਸ ਖੇਡ ਦਾ ਵਿਸਤਾਰ ਬਹੁਤ ਵਧਾ ਦਿੱਤਾ ਹੈ। ਇਥੇ ਹੀ ਬੱਸ ਨਹੀਂ, ਉਹ ਇੰਡੀਅਨ ਪੋਕਰ ਚੈਂਪੀਅਨਸ਼ਿਪ ਰਾਹੀਂ ਜੇਤੂਆਂ ਨੂੰ ਵੱਡੀ ਰਕਮ ਦੇ ਇਨਾਮ ਵੀ ਦਿੰਦੇ ਹਨ। ਇਸ ਚੈਂਪੀਅਨਸ਼ਿਪ ਦੀ ਦੂਜੇ ਸੀਜ਼ਨ ਦੇ ਮੁੱਖ ਜੇਤੂ ਰਿਸ਼ਭ ਜੈਨ ਰਹੇ ਅਤੇ ਟੀ. ਵੀ. ਹੋਸਟ ਅਤੇ ਅਦਾਕਾਰ ਰਣਵਿਜੇ ਸਿੰਘ ਦੇ ਹੱਥੋਂ ਉਨ੍ਹਾਂ ਨੂੰ ਇਨਾਮ ਦਿੱਤਾ ਗਿਆ। ਆਪਣੇ ਬਿਆਨ ਵਿਚ ਨੌਜਵਾਨਾਂ ਨੂੰ ਆਪਣਾ ਸੰਦੇਸ਼ ਦਿੰਦੇ ਹੋਏ ਰਣਵਿਜੇ ਸਿੰਘ ਨੇ ਕਿਹਾ ਕਿ ਅੱਜ ਦੇ ਸਮੇਂ ਵਿਚ ਸਰੀਰਕ ਖੇਡ ਦੇ ਨਾਲ-ਨਾਲ ਮਾਨਸਿਕ ਖੇਡਾਂ ਵੀ ਜ਼ਰੂਰੀ ਬਣ ਗਈਆਂ ਹਨ। ਆਨਲਾਈਨ ਖੇਡਾਂ ਦੀ ਵਜ੍ਹਾ ਕਰਕੇ ਦੇਸ਼ ਦੇ ਬੌਧਿਕ ਧਨ ਵਿਚ ਬਹੁਤ ਵਾਧਾ ਹੋਇਆ ਹੈ ਅਤੇ ਇਹ ਤਾਂ ਵਿਗਿਆਨ ਵੀ ਕਹਿੰਦਾ ਹੈ ਕਿ ਦਿਮਾਗ਼ੀ ਖੇਡ ਖੇਡਣ ਨਾਲ ਬੁੱਧੀ ਵਧਦੀ ਹੈ। ਉਨ੍ਹਾਂ ਨੇ ਇਹ ਵੀ ਉਮੀਦ ਪ੍ਰਗਟਾਈ ਕਿ ਅਗਲੀ ਪ੍ਰਤੀਯੋਗਤਾ ਵਿਚ ਪ੍ਰਤੀਯੋਗੀਆਂ ਦੀ ਗਿਣਤੀ ਹੋਰ ਜ਼ਿਆਦਾ ਹੋਵੇਗੀ ਤਾਂ ਕਿ ਇਸ ਖੇਡ ਜ਼ਰੀਏ ਹੋਰ ਜ਼ਿਆਦਾ ਲੋਕ ਆਪਣੇ ਦਿਮਾਗ਼ ਨੂੰ ਤੇਜ਼ ਕਰ ਸਕਣ।


-ਮੁੰਬਈ ਪ੍ਰਤੀਨਿਧ

ਸ਼ਹੀਦ ਸਿਪਾਹੀਆਂ ਲਈ ਅੱਗੇ ਆਏ ਫ਼ਿਲਮ ਕਲਾਕਾਰ

ਭਾਰਤੀ ਫ਼ੌਜ ਦੇ ਸ਼ਹੀਦਾਂ ਅਤੇ ਸੂਰਵੀਰਾਂ ਲਈ ਅਥਰਵ ਫਾਊਂਡੇਸ਼ਨ ਵਲੋਂ ਇਕ ਪ੍ਰੋਗਰਾਮ 'ਵਨ ਫਾਰ ਆਲ, ਆਲ ਫਾਰ ਵਨ' ਪਹਿਲਾਂ ਆਯੋਜਿਤ ਕੀਤਾ ਗਿਆ ਸੀ। ਹੁਣ ਇਸ ਦੇ ਦੂਜੇ ਭਾਗ ਦਾ ਐਲਾਨ ਕੀਤਾ ਗਿਆ ਹੈ ਅਤੇ ਇਹ ਪ੍ਰੋਗਰਾਮ 31 ਜਨਵਰੀ ਨੂੰ ਮੁੰਬਈ ਵਿਚ ਆਯੋਜਿਤ ਹੋਵੇਗਾ। ਇਸ ਐਲਾਨ ਦੇ ਮੌਕੇ 'ਤੇ ਅਥਰਵ ਫਾਊਂਡੇਸ਼ਨ ਦੇ ਸੁਨੀਲ ਰਾਣੇ ਦੇ ਨਾਲ-ਨਾਲ ਮਹਿਮਾ ਚੌਧਰੀ, ਜਾਏਦ ਖਾਨ, ਰਜ਼ਾ ਮੁਰਾਦ, ਅਰਚਨਾ ਵੇਦਾ, ਮੋਨਿਕਾ ਸ਼ਰਮਾ ਆਦਿ ਕਲਾਕਾਰ ਵੀ ਮੌਜੂਦ ਰਹੇ ਸਨ। ਨਾਲ ਹੀ ਕਈ ਰਿਟਾਇਰਡ ਫ਼ੌਜੀ ਅਫ਼ਸਰ ਵੀ ਸਨ। ਇਸ ਮੌਕੇ 'ਤੇ ਸਾਰੇ ਕਲਾਕਾਰਾਂ ਨੇ ਦੇਸ਼ ਦੇ ਫ਼ੌਜੀਆਂ ਦੇ ਜਜ਼ਬੇ ਨੂੰ ਸਲਾਮ ਕੀਤਾ ਅਤੇ ਇਕ ਆਵਾਜ਼ ਵਿਚ ਇਹ ਕਿਹਾ ਕਿ ਫ਼ੌਜੀ ਭਰਾ ਤੇ ਉਨ੍ਹਾਂ ਦੇ ਪਰਿਵਾਰ ਨੂੰ ਸਹਾਇਤਾ ਕਰਨ ਲਈ ਉਹ ਹਰ ਵੇਲੇ ਤਿਆਰ ਹਨ। ਇਸ ਮੌਕੇ 'ਤੇ ਮਹਿਮਾ ਨੇ ਸ਼ਹੀਦ ਫ਼ੌਜੀਆਂ ਦੀਆਂ ਬੇਟੀਆਂ ਨੂੰ ਲੈਪਟਾਪ ਵੰਡਣ ਦੀ ਯੋਜਨਾ ਦਾ ਸਵਾਗਤ ਕੀਤਾ ਅਤੇ ਕਿਹਾ ਕਿ ਇਸ ਨਾਲ ਦੇਸ਼ ਦੀਆਂ ਬੇਟੀਆਂ ਨੂੰ ਆਪਣੀ ਜ਼ਿੰਦਗੀ ਵਿਚ ਅੱਗੇ ਵਧਣ ਵਿਚ ਕਾਫ਼ੀ ਸਹੂਲਤ ਹੋਵੇਗੀ।


-ਮੁੰਬਈ ਪ੍ਰਤੀਨਿਧ

ਹੁਣ ਬਾਲੀਵੁੱਡ ਵਿਚ ਆਪਣੀ ਪਛਾਣ ਬਣਾਉਣਾ ਚਾਹੁੰਦਾ ਹਾਂ : ਰਾਜਿੰਦਰ ਸਿੰਘ ਅਰੋੜਾ

ਮੂਲ ਤੌਰ 'ਤੇ ਲੁਧਿਆਣਾ ਵਾਸੀ ਰਾਜਿੰਦਰ ਸਿੰਘ ਅਰੋੜਾ ਲੰਬੇ ਸਮੇਂ ਤੋਂ ਦਿੱਲੀ ਵਿਚ ਸਥਾਈ ਤੌਰ 'ਤੇ ਰਹਿ ਰਹੇ ਹਨ ਅਤੇ ਉਹ ਬਤੌਰ ਟੈਕਸ ਸਲਾਹਕਾਰ ਤੇ ਕਾਰਪੋਰੇਟ ਵਕੀਲ ਦੇ ਤੌਰ 'ਤੇ ਚੰਗੇ ਰੁੱਝੇ ਰਹਿੰਦੇ ਹਨ। ਵਕੀਲ ਦੇ ਨਾਲ-ਨਾਲ ਉਨ੍ਹਾਂ ਦੀ ਇਕ ਵੱਖਰੀ ਪਛਾਣ ਇਹ ਵੀ ਹੈ ਕਿ ਉਹ ਚੰਗੇ ਸ਼ਾਇਰ ਵੀ ਹਨ। ਦਿੱਲੀ ਦੇ ਸਾਹਿਤਕ ਖੇਤਰਾਂ ਵਿਚ ਉਹ ਦਿਲਦਾਰ ਦੇਹਲਵੀ ਦੇ ਨਾਂਅ ਨਾਲ ਜਾਣੇ ਜਾਂਦੇ ਹਨ। ਉਨ੍ਹਾਂ ਵਲੋਂ ਲਿਖੀਆਂ ਗ਼ਜ਼ਲਾਂ ਅਖ਼ਬਾਰਾਂ, ਮੈਗਜ਼ੀਨਾਂ ਵਿਚ ਪ੍ਰਕਾਸ਼ਿਤ ਹੁੰਦੀਆਂ ਰਹਿੰਦੀਆਂ ਹਨ ਅਤੇ ਉਹ ਤਾਰੀਫ਼ਾਂ ਖੱਟਦੇ ਰਹਿੰਦੇ ਹਨ। ਗ਼ਜ਼ਲਾਂ 'ਤੇ ਉਨ੍ਹਾਂ ਵਲੋਂ ਲਿਖੀ ਕਿਤਾਬ 'ਸੂਰਜ ਕਾ ਖ਼ਵਾਬ ਹੈ' ਪ੍ਰਕਾਸ਼ਿਤ ਹੋ ਚੁੱਕੀ ਹੈ ਅਤੇ ਗ਼ਜ਼ਲਾਂ ਦਾ ਗੁਲਦਸਤਾ ਨੁਮਾ ਉਨ੍ਹਾਂ ਦੀ ਦੂਜੀ ਕਿਤਾਬ 'ਤੋ ਜ਼ਿੰਦਗੀ ਸੰਵਰ ਗਈ' ਦਾ ਉਦਘਾਟਨ ਮੁੰਬਈ ਵਿਚ ਕੀਤਾ ਗਿਆ।
ਆਪਣੀ ਇਸ ਨਵੀਂ ਕਿਤਾਬ ਵਿਚ ਪੇਸ਼ ਕੀਤੀਆਂ ਗ਼ਜ਼ਲਾਂ ਬਾਰੇ ਉਹ ਕਹਿੰਦੇ ਹਨ, 'ਮੈਂ ਇਸ ਵਿਚ ਸਰਲ ਸ਼ਬਦਾਂ ਵਿਚ ਗ਼ਜ਼ਲਾਂ ਪੇਸ਼ ਕੀਤੀਆਂ ਹਨ ਤਾਂ ਕਿ ਆਮ ਆਦਮੀ ਇਸ ਦਾ ਲੁਤਫ਼ ਲੈ ਸਕੇ। ਆਮ ਇਨਸਾਨ ਦੀ ਦਿਮਾਗ਼ੀ ਸੋਚ ਇਨ੍ਹਾਂ ਗ਼ਜ਼ਲਾਂ ਵਿਚ ਪੇਸ਼ ਕੀਤੀ ਗਈ ਹੈ। ਇਨ੍ਹਾਂ ਵਿਚੋਂ ਕੁਝ ਰੋਮਾਂਟਿਕ ਹਨ ਤੇ ਕੁਝ ਦਿਲਾਂ ਦਾ ਦਰਦ ਬਿਆਨ ਕਰਦੀਆਂ ਹਨ। ਇਨ੍ਹਾਂ ਗ਼ਜ਼ਲਾਂ ਵਿਚ ਉਸ ਦਰਦ ਦੀ ਗੱਲ ਕੀਤੀ ਗਈ ਹੈ ਜੋ ਆਲੇ-ਦੁਆਲੇ ਦੀ ਦੁਨੀਆ ਵਿਚ ਦੇਖ ਕੇ ਦਿਲ ਵਿਚ ਹੁੰਦਾ ਹੈ।'
ਕਈ ਨਾਮੀ ਗਾਇਕ ਇਨ੍ਹਾਂ ਦੀਆਂ ਗ਼ਜ਼ਲਾਂ ਨੂੰ ਆਵਾਜ਼ ਦੇ ਚੁੱਕੇ ਹਨ ਅਤੇ ਹੁਣ ਇਸ ਗ਼ਜ਼ਲਕਾਰ ਨੇ ਫ਼ਿਲਮੀ ਗੀਤਾਂ ਵੱਲ ਆਪਣਾ ਰੁਖ਼ ਕੀਤਾ ਹੈ। ਉਹ ਕਹਿੰਦੇ ਹਨ, 'ਮੈਂ ਇਕ ਪੰਜਾਬੀ ਫ਼ਿਲਮ ਲਈ ਗੀਤ ਲਿਖੇ ਹਨ ਅਤੇ ਇਹ ਫ਼ਿਲਮ ਨਿਰਮਾਣ ਅਧੀਨ ਹੈ। ਮੈਂ ਹੁਣ ਬਾਲੀਵੁੱਡ ਵਿਚ ਆਪਣੀ ਪਛਾਣ ਬਣਾਉਣੀ ਚਾਹੁੰਦਾ ਹਾਂ ਅਤੇ ਇਸੇ ਵਜ੍ਹਾ ਕਰਕੇ ਮੈਂ ਇਸ ਕਿਤਾਬ ਦਾ ਉਦਘਾਟਨ ਪ੍ਰੋਗਰਾਮ ਦਿੱਲੀ ਦੀ ਬਜਾਏ ਮੁੰਬਈ ਵਿਚ ਕਰਨਾ ਚੰਗਾ ਸਮਝਿਆ ਤਾਂ ਕਿ ਇਥੇ ਮੇਰੀ ਪਛਾਣ ਮਜ਼ਬੂਤ ਹੋ ਸਕੇ। ਮੈਂ ਆਪਣੇ ਫ਼ਿਲਮੀ ਗੀਤਾਂ ਵਿਚ ਵੀ ਗ਼ਜ਼ਲ ਦਾ ਟਚ ਰੱਖਣਾ ਚਾਹਾਂਗਾ ਕਿਉਂਕਿ ਗ਼ਜ਼ਲਾਂ ਦੀ ਉਮਰ ਬਹੁਤ ਲੰਬੀ ਹੁੰਦੀ ਹੈ। ਇਕ ਚੰਗੀ ਗ਼ਜ਼ਲ ਇਸ ਦੇ ਰਚਨਾਕਾਰ ਨੂੰ ਅਮਰ ਬਣਾ ਦਿੰਦੀ ਹੈ ਅਤੇ ਆਪਣੀ ਕਲਮ ਦੇ ਦਮ 'ਤੇ ਅਮਰਤਾ ਹਾਸਲ ਕਰਨ ਦੀ ਇੱਛਾ ਕਿਸ ਕਲਾਕਾਰ ਵਿਚ ਨਹੀਂ ਹੁੰਦੀ।' ਇਹ ਕਹਿ ਕੇ ਉਹ ਆਪਣੀ ਗੱਲ ਖ਼ਤਮ ਕਰਦੇ ਹਨ ਕਿ 'ਜ਼ਿੰਦਗੀ ਕੀ ਜ਼ਰੂਰਤੋਂ ਨੇ ਮੁਝੇ ਲਾਇਰ ਬਨਾ ਦਿਆ, ਪਰ ਮੇਰੇ ਸ਼ੌਕ ਨੇ ਮੁਝੇ ਸ਼ਾਇਰ ਬਨਾ ਦਿਆ।'

-ਮੁੰਬਈ ਪ੍ਰਤੀਨਿਧ

ਬਹੁਪੱਖੀ ਪ੍ਰਤਿਭਾ ਦੀ ਮਾਲਕ ਅਨੁਪਮਾ ਸ਼ਰਮਾ

ਅਨੁਮਪਮਾ ਨੇ ਭਾਰਤ ਦੀ ਪ੍ਰਤੀਨਿੱਧਤਾ ਕਰਦਿਆਂ 'ਮਿਸੇਜ਼ ਯੂਨੀਵਰਸ 2017' ਡਰਬਨ, ਸਾਊਥ ਅਫ਼ਰੀਕਾ ਅਤੇ 'ਵੁਮੈਨ ਮਿਸੇਜ਼ ਯੂਨੀਵਰਸ ਗੋਲਡਨ ਹਾਰਟ 2017' ਦਾ ਖ਼ਿਤਾਬ ਆਪਣੇ ਨਾਂਅ ਕੀਤਾ। ਇਸਦੇ ਇਲਾਵਾ ਅਨੁਪਮਾ ਨੇ 'ਮਿਸੇਜ਼ ਯੂਨੀਵਰਸ ਅਰਬ ਏਸ਼ੀਆ 2017' 'ਮਿਸੇਜ਼ ਇੰਡੀਆ 2016' 'ਮਿਸੇਜ਼ ਪੰਜਾਬਣ ਇੰਟਰਨੈਸ਼ਨਲ 2016' ਸੁੰਦਰਤਾ ਪ੍ਰਤੀਯੋਗਤਾਵਾਂ ਵੀ ਜਿੱਤ ਚੁੱਕੀ ਹੈ ਅਤੇ ਇਸਦੇ ਨਾਲ-ਨਾਲ ਹੀ ਦਰਜ਼ਨਾਂ ਅਵਾਰਡਜ਼ ਅਤੇ ਟਾਈਟਲ ਵੀ ਆਪਣੇ ਨਾਂਅ ਕਰ ਚੁੱਕੀ ਹੈ। ਅਨੁਪਮਾ ਦਾ ਜਨਮ ਨਾਲਾਗੜ੍ਹ 'ਚ ਹੋਇਆ। ਉਨ੍ਹਾਂ ਨੇ ਸਿਰਫ਼ ਪਰਿਵਾਰ, ਸ਼ਹਿਰ, ਜ਼ਿਲ੍ਹੇ ਅਤੇ ਸੂਬੇ ਦਾ ਹੀ ਨਹੀਂ ਬਲਕਿ ਆਪਣੇ ਦੇਸ਼ ਦਾ ਨਾਂਅ ਵੀ ਵਿਸ਼ਵ ਪੱਧਰ 'ਤੇ ਚਮਕਾਇਆ ਹੈ। ਇਕ ਕੌਮਾਂਤਰੀ ਖ਼ਿਤਾਬ ਜਿੱਤਣਾ ਅਤੇ ਆਪਣੇ ਦੇਸ਼ ਦੀ ਪ੍ਰਤੀਨਿਧ ਹੋਣਾ ਬਹੁਤ ਹੀ ਗ਼ੌਰਵਸ਼ਾਲੀ ਗੱਲ ਹੈ। ਇਨ੍ਹਾਂ ਪ੍ਰਾਪਤੀਆਂ ਦੇ ਲਈ ਉਸ ਦਾ ਕਹਿਣਾ ਹੈ ਕਿ ਇਸਦਾ ਸਾਰਾ ਸਿਹਰਾ ਆਪਣੇ ਮਾਤਾ-ਪਿਤਾ, ਪਤੀ 'ਤੇ ਸਮੂਹ ਪਰਿਵਾਰ ਨੂੰ ਦਿੰਦੀ ਹਾਂ, ਜਿਨ੍ਹਾਂ ਨੇ ਹਮੇਸ਼ਾ ਉਸਨੂੰ ਅਜਿਹੇ ਮੁਕਾਬਲਿਆਂ ਲਈ ਉਤਸ਼ਾਹਿਤ ਕੀਤਾ 'ਤੇ ਮੇਰੇ ਹਰ ਫ਼ੈਸਲੇ 'ਚ ਮੇਰਾ ਡਟ ਕੇ ਸਾਥ ਦਿੱਤਾ। ਅਨੁਪਮਾ ਦਾ ਕਹਿਣਾ ਹੈ ਕਿ ਮੇਰਾ ਨਿਸ਼ਾਨਾ 'ਘਰੇਲੂ ਹਿੰਸਾ' ਜੋ ਔਰਤਾਂ ਅਤੇ ਬੱਚਿਆਂ ਦੇ ਪ੍ਰਤੀ ਔਰਤਾਂ ਅੰਦਰ ਜਾਗਰੂਕਤਾ ਫ਼ੈਲਾਉਣਾ ਹੈ।


-ਮੁਹੰਮਦ ਹਨੀਫ਼ ਥਿੰਦ
ਪ੍ਰਤੀਨਿਧ ਰੋਜ਼ਾਨਾ ਅਜੀਤ ਮਲੇਰਕੋਟਲਾ।


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX