ਭਾਰਤ ਯੋਧਿਆਂ, ਸੂਰਬੀਰਾਂ, ਗੁਰੂਆਂ, ਪੀਰਾਂ, ਰਾਜਿਆਂ, ਮਹਾਰਾਜਿਆਂ, ਖਿਡਾਰੀਆਂ ਦਾ ਦੇਸ਼ ਹੈ। ਵੱਖ-ਵੱਖ ਖੇਡਾਂ ਦੇ ਖਿਡਾਰੀ ਭਾਰਤ ਦਾ ਨਾਂਅ ਦੁਨੀਆ ਭਰ 'ਚ ਰੌਸ਼ਨ ਕਰ ਚੁੱਕੇ ਹਨ। ਭਾਰਤ ਵਿਚ ਅਨੇਕਾ ਖੇਡਾਂ ਖੇਡੀਆਂ ਜਾਂਦੀਆਂ ਹਨ, ਜਿਨ੍ਹਾਂ ਤੋਂ ਅਸੀਂ ਚੰਗੀ ਤਰ੍ਹਾਂ ਵਾਕਿਫ਼ ਹਾਂ, ਜਿਵੇਂ ਕ੍ਰਿਕਟ, ਕਬੱਡੀ, ਹਾਕੀ ਅਤੇ ਅਥਲੈਟਿਕਸ ਆਦਿ ਇਹ ਸਭ ਖੇਡਾਂ ਇਕ ਤੰਦਰੁਸਤ ਸਰੀਰ ਵਾਲਾ ਆਦਮੀ ਹੀ ਖੇਡ ਸਕਦਾ ਹੈ ਪਰ ਇਸ ਦੇ ਨਾਲ ਹੀ ਕੁਝ ਅਪਾਹਜ ਵਿਅਕਤੀਆਂ ਦੁਆਰਾ ਵੀ ਖੇਡਾਂ ਖੇਡੀਆਂ ਜਾਂਦੀਆ ਹਨ। ਇਨ੍ਹਾਂ ਖੇਡਾਂ ਨੂੰ ਪੈਰਾ ਉਲੰਪਿਕ ਖੇਡਾਂ ਦਾ ਨਾਂਅ ਦਿੱਤਾ ਗਿਆ ਹੈ। ਇਨ੍ਹਾਂ ਖੇਡਾਂ ਵਿਚ ਭਾਰਤ ਦੇ ਪੈਰਾ ਖਿਡਾਰੀਆਂ ਨੇ ਵੱਖ-ਵੱਖ ਸਮੇਂ ਵਧੀਆ ਪ੍ਰਦਰਸ਼ਨ ਕਰਕੇ ਭਾਰਤ ਦਾ ਨਾਂਅ ਰੌਸ਼ਨ ਕੀਤਾ ਹੈ। ਇਨ੍ਹਾਂ ਵਿਚ ਪ੍ਰਮੁੱਖ ਨਾਂਅ ਦਵਿੰਦਰ ਝੰਜਰੀਆ (ਜੈਵਲਿਨ ਥ੍ਰੋਅ), ਦੀਪਾ ਮਲਿਕ (ਸ਼ਾਟਪੁੱਟ), ਸੰਦੀਪ ਸਿੰਘ ਮਾਨ (200, 400 ਮੀਟਰ ਰੇਸ) ਆਦਿ ਹਨ, ਜਿਨ੍ਹਾਂ ਨੇ ਆਪਣੇ ਪ੍ਰਦਰਸ਼ਨ ਨਾਲ ਸਾਬਤ ਕਰ ਦਿੱਤਾ ਹੈ ਕਿ ਉਹ ਵੀ ਕਿਸੇ ਨਾਲੋਂ ਘੱਟ ਨਹੀਂ ਹਨ। ਇਸ ਤੋਂ ਇਲਾਵਾ ਅਸੀਂ ਅੱਜ ਜਿਸ ਖੇਡ ਦੀ ਗੱਲ ਕਰਨੀ ਹੈ, ਉਹ ਬਾਕੀ ਪੈਰਾ ਉਲੰਪਿਕ ਖੇਡਾਂ ਤੋਂ ਆਪਣੀ ਇਕ ਖਾਸ ਵਿਲੱਖਣਤਾ ਰੱਖਦੀ ਹੈ, ਜਿਸ ਨੂੰ ਉਨ੍ਹਾਂ ਅਪਾਹਜ ਖਿਡਾਰੀਆਂ ਦੁਆਰਾ ਖੇਡਿਆ ਜਾਂਦਾ ਹੈ, ਜੋ ਨਾ ਹੀ ਆਪਣੇ-ਆਪ ਕੁਝ ਖਾ ਸਕਦੇ ਹਨ, ਨਾ ਉੱਠ ਸਕਦੇ ਹਨ, ਨਾ ਹੀ ਆਪਣੇ-ਆਪ ਬੈਠ ਸਕਦੇ ਹਨ, ਨਾ ਹੀ ਕੋਈ ਜ਼ਿਆਦਾ ਭਾਰੀ ਵਸਤੂ ਚੁੱਕਣ ਵਿਚ ਸਮਰੱਥ ਹੁੰਦੇ ਹਨ। ਇਸ ਖੇਡ ਦਾ ਨਾਂਅ ਹੈ 'ਬੋਸ਼ੀਆ'। ਇਹ ਖੇਡ 1984 ਤੋਂ ਪੈਰਾ ਉਲੰਪਿਕ ਖੇਡਾਂ ਵਿਚ ਖੇਡੀ ਜਾਣ ਵਾਲੀ ਅਪੰਗ ਖਿਡਾਰੀਆ ਦੀ ਖੇਡ ਹੈ, ਜੋ ਅੱਜ ਲਗਪਗ 120 ਦੇਸ਼ਾਂ ਵਿਚ ਖੇਡੀ ਜਾਂਦੀ ਹੈ ਅਤੇ ਪਸੰਦ ਕੀਤੀ ਜਾ ਰਹੀ ਹੈ ਪਰ ਭਾਰਤ ਵਿਚ ਇਸ ਖੇਡ ਨੂੰ 2016 ਵਿਚ ਸ਼ੁਰੂ ਕੀਤਾ ਗਿਆ ਹੈ। ਇਸ ਦੀ ਨੈਸ਼ਨਲ ਸਪੋਰਟਸ ਫੈਡਰੇਸ਼ਨ ਦਾ ਨਾਂਅ 'ਪੈਰਾ ਬੋਸ਼ੀਆ ਸਪੋਰਟਸ ਵੈੱਲਫੇਅਰ ਸੁਸਾਇਟੀ ਇੰਡੀਆ' ਹੈ। ਇਸ ਦਾ ਮੁੱਖ ਦਫਤਰ ਜ਼ਿਲ੍ਹਾ ਬਠਿੰਡਾ, ਪੰਜਾਬ ਵਿਖੇ ਸਥਿਤ ਹੈ। ਇਸ ਖੇਡ ਨੂੰ ਭਾਰਤ ਵਿਚ ਲੈ ਕੇ ਆਉਣ ਵਾਲੀ ਸ਼ਖ਼ਸੀਅਤ ਸ: ਜਸਪ੍ਰੀਤ ਸਿੰਘ ਧਾਲੀਵਾਲ ਹਨ, ਜੋ ਇਕ ਨਿੱਕੇ ਜਿਹੇ ਪਿੰਡ ਅਬਲੂ ਜ਼ਿਲ੍ਹਾ ਬਠਿੰਡਾ (ਪੰਜਾਬ) ਦੇ ਰਹਿਣ ਵਾਲੇ ਹਨ। ਇਨ੍ਹਾਂ ਤੋਂ ਇਲਾਵਾ ਸ: ਮਨਜੀਤ ਸਿੰਘ ਰਾਏ ਮੈਂਬਰ 'ਮਨਿਓਰਟੀ ਕਮਿਸ਼ਨ ਆਫ਼ ਇੰਡੀਆ' ਨੇ 'ਬੋਸ਼ੀਆ' ਖੇਡ ਨੂੰ ਭਾਰਤ ਵਿਚ ਲਿਆਉਣ ਅਤੇ ਸਪੋਰਟ ਕਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਪਿਛਲੇ ਸੱਤ ਸਾਲਾਂ ਤੋਂ ਜਸਪ੍ਰੀਤ ਸਿੰਘ ਧਾਲੀਵਾਲ ਆਪਣੀ ਛੋਟੀ ਅਜਿਹੀ ਟੀਮ ਸਰਪੰਚ ਸ਼ਮਿੰਦਰ ਸਿੰਘ ਢਿੱਲੋਂ, ਗੁਰਜੀਤ ਸਿੰਘ, ਟੱਫੀ ਬਰਾੜ, ਗੁਰਪ੍ਰੀਤ ਸਿੰਘ, ਜਸਵਿੰਦਰ ਸਿੰਘ ਧਾਲੀਵਾਲ, ਡਾ: ਰਮਨਦੀਪ ਸਿੰਘ, ਗੁਰਪ੍ਰੀਤ ਸਿੰਘ ਧਾਲੀਵਾਲ, ਮਨਪ੍ਰੀਤ ਸਿੰਘ ਸੇਖੋਂ, ਪ੍ਰਮੋਦ ਕੁਮਾਰ ਧੀਰ, ਜਸਵਿੰਦਰ ਢਿੱਲੋਂ, ਗੁਰਵੀਰ ਬਰਾੜ ਆਦਿ ਮੈਂਬਰਾਂ ਦੇ ਸਹਿਯੋਗ ਨਾਲ ਇਸ ਖੇਡ ਨੂੰ ਭਾਰਤ ਵਿਚ ਵਿਕਸਿਤ ਕਰਨ ਲਈ ਭਰਪੂਰ ਯਤਨ ਕਰ ਰਹੇ ਹਨ। ਆਪਣੀ ਮਿਹਨਤ ਅਤੇ ਯਤਨ ਸਦਕਾ ਉਹ ਇਸ ਖੇਡ ਨੂੰ ਭਾਰਤ ਵਿਚ ਲੈ ਕੇ ਆਉਣ ਵਿਚ ਕਾਮਯਾਬ ਹੋਏ ਹਨ। ਇਸ ਦੇ ਪਿਛਕੋੜ ਨੂੰ ਜਾਣਨ ਤੋਂ ਬਾਅਦ ਹੁਣ ਪਤਾ ਕਰਦੇ ਹਾਂ ਕਿ ਇਸ ਨੂੰ ਕਿਵੇਂ ਖੇਡਿਆ ਜਾਂਦਾ ਹੈ? ਕੌਣ-ਕੌਣ ਇਸ ਨੂੰ ਖੇਡ ਸਕਦਾ ਹੈ? ਆਓ ਇਸ ਬਾਰੇ ਵਿਸਥਾਰਪੂਰਵਕ ਜਾਣੀਏ। ਬੋਸ਼ੀਆ ਉਨ੍ਹਾਂ ਅਪਾਹਜ ਵਿਅਕਤੀਆਂ ਦੁਆਰਾ ਖੇਡੀ ਜਾਂਦੀ ਹੈ, ਜੋ ਸੈਰੇਬਿਲ ਪਾਲਸੀ ਨਾਮਕ ਬਿਮਾਰੀ ਤੋਂ ਪੀੜਤ ਹੁੰਦੇ ਹਨ ਜਾਂ ਜਿਨ੍ਹਾਂ ਦਾ ਇੰਜੁਰੀ ਲੈਵਲ ਸੀ-1 ਤੋਂ ਸੀ -5 ਤੱਕ ਹੁੰਦਾ ਹੈ ਇਸ ਨੂੰ ਖੇਡਣ ਲਈ 13 ਗੇਂਦਾਂ ਦੀ ਵਰਤੋਂ ਕੀਤੀ ਜਾਂਦੀ ਹੈ, ਜਿਸ ਵਿਚ 6 ਗੇਂਦਾਂ ਲਾਲ ਰੰਗ ਦੀਆਂ, 3 ਨੀਲੇ ਰੰਗ ਦੀਆਂ ਅਤੇ 1 ਚਿੱਟੇ ਰੰਗ ਦੀ ਹੁੰਦੀ ਹੈ। ਜੋ ਗੇਂਦ ਚਿੱਟੇ ਰੰਗ ਦੀ ਹੁੰਦੀ ਹੈ, ਉਹ ਖੇਡਣ ਸਮੇਂ ਟਾਰਗੇਟ ਬਾਲ ਦਾ ਕੰਮ ਕਰਦੀ ਹੈ।
ਇਸ ਖੇਡ ਨੂੰ ਖੇਡਣ ਦੀ ਵਿਧੀ
ਇਸ ਵਿਚ ਕੁੱਲ 3 ਈਵੈਂਟ ਹਨ-ਸਿੰਗਲ, ਡਬਲ ਅਤੇ ਟੀਮ। ਇਨ੍ਹਾਂ ਵਿਚ ਸਭ ਨੂੰ 6-6 ਗੇਂਦਾਂ ਦਿੱਤੀਆਂ ਜਾਂਦੀਆਂ ਹਨ। ਇਸ ਵਿਚ ਖਿਡਾਰੀਆਂ ਦਾ ਮੁੱਖ ਮੰਤਵ ਖੇਡ ਵਿਚ ਆਪਣੀ ਗੇਂਦ ਨੂੰ ਟਾਰਗੇਟ ਗੇਂਦ ਦੇ ਕੋਲ ਰੋਕਣਾ ਹੁੰਦਾ ਹੈ। ਲਗਾਤਾਰ ਖੇਡਣ ਸਮੇਂ ਰੈਫਰੀ ਦੁਆਰਾ ਸਮੇਂ-ਸਮੇਂ ਉੱਪਰ ਗੇਂਦਾਂ ਦੀ ਆਪਸੀ ਦੂਰੀ ਦੀ ਜਾਂਚ ਕੀਤੀ ਜਾਂਦੀ ਹੈ। ਕਿਸ ਖਿਡਾਰੀ ਦੀ ਗੇਂਦ ਟਾਰਗੇਟ ਬਾਲ (ਗੇਂਦ) ਦੇ ਨੇੜੇ ਹੈ, ਜਿਸ ਖਿਡਾਰੀ ਦੀ ਬਾਲ ਟਾਰਗੇਟ ਬਾਲ ਦੇ ਨੇੜੇ ਹੁੰਦੀ ਹੈ, ਉਸ ਦੇ ਵਿਰੋਧੀ ਨੂੰ ਰੈਫ਼ਰੀ ਦੁਆਰਾ ਆਪਣੀ ਗੇਂਦ ਨਾਲ ਖੇਡਣ ਦਾ ਇਸ਼ਾਰਾ ਕੀਤਾ ਜਾਂਦਾ ਹੈ। ਖੇਡ ਦੇ ਅੰਤ ਵਿਚ ਰੈਫ਼ਰੀ ਸਾਰੀਆਂ ਗੇਂਦਾਂ ਦੀ ਜਾਂਚ ਕਰਦਾ ਹੈ ਅਤੇ ਦੇਖਦਾ ਹੈ ਕਿ ਕਿਹੜੀ ਗੇਂਦ ਟਾਰਗੇਟ ਬਾਲ ਦੇ ਸਭ ਤੋਂ ਜ਼ਿਆਦਾ ਨਜ਼ਦੀਕ ਹੈ। ਉਸ ਦੇ ਆਧਾਰ 'ਤੇ ਖਿਡਾਰੀਆਂ ਨੂੰ ਅੰਕ ਦਿੱਤੇ ਜਾਂਦੇ ਹਨ, ਇਸ ਵਿਚ 4 ਰਾਊਂਡ ਦੀ ਖੇਡ ਖੇਡੀ ਜਾਂਦੀ ਹੈ। ਜਿਸ ਖਿਡਾਰੀ ਦੇ ਅੰਕ ਜ਼ਿਆਦਾ ਹੋਣ, ਉਸ ਨੂੰ ਜੇਤੂ ਕਰਾਰ ਦਿੱਤਾ ਜਾਂਦਾ ਹੈ। ਇਸ ਖੇਡ ਵਿਚ ਵਰਤੀ ਜਾਣ ਵਾਲੀ ਗੇਂਦ ਕੋਈ ਆਮ ਗੇਂਦ ਨਹੀਂ ਹੁੰਦੀ। ਇਹ ਅਲੱਗ-ਅਲੱਗ ਤਰ੍ਹਾਂ ਨਾਲ ਬਣਾਈਆਂ ਜਾਂਦੀਆਂ ਹਨ। ਭਾਰਤ ਵਿਚ ਇਨ੍ਹਾਂ ਨੂੰ ਤਿਆਰ ਨਹੀਂ ਕੀਤਾ ਜਾਂਦਾ। ਇਨ੍ਹਾਂ ਵਿਚ ਗੇਂਦਾਂ ਦੀਆਂ ਵੀ ਅਲੱਗ-ਅਲੱਗ ਕਿਸਮਾਂ ਹਨ। ਇਨ੍ਹਾਂ ਦਾ ਭਾਰ 775 ਗ੍ਰਾਮ ਹੁੰਦਾ ਹੈ। ਖੇਡ ਤੋਂ ਪਹਿਲਾਂ ਖਿਡਾਰੀਆਂ ਨੂੰ ਉਨ੍ਹਾਂ ਦੀਆਂ ਸੱਟਾਂ ਦੇ ਆਧਾਰ 'ਤੇ ਡਾਕਟਰਾਂ ਦੁਆਰਾ ਕਲਾਸੀਫਾਈ ਕੀਤਾ ਜਾਂਦਾ ਹੈ। ਇਨ੍ਹਾਂ ਦੀਆਂ ਵੱਖ-ਵੱਖ ਸ਼੍ਰੇਣੀਆਂ ਹਨ, ਜਿਵੇਂ ਬੀਸੀ-1, ਬੀਸੀ-2, ਬੀਸੀ-3, ਬੀਸੀ-4। ਜਿਸ ਤੋਂ ਬਾਅਦ ਖਿਡਾਰੀਆਂ ਨੂੰ ਆਪਣੀ-ਆਪਣੀ ਸ਼੍ਰੇਣੀ ਵਿਚ ਖੇਡਣ ਦੀ ਆਗਿਆ ਦਿੱਤੀ ਜਾਂਦੀ ਹੈ। (ਚਲਦਾ)
-ਕੰਪਿਊਟਰ ਅਧਿਆਪਕ, ਸ: ਹਾ: ਸਕੂਲ ਢੈਪਈ (ਫਰੀਦਕੋਟ)।
ਈਮੇਲ: pkjaitu@gmail.com
ਭੁਵਨੇਸ਼ਵਰ ਵਿਖੇ ਚੱਲ ਰਿਹਾ ਵਿਸ਼ਵ ਕੱਪ ਹਾਕੀ ਟੂਰਨਾਮੈਂਟ ਸਾਨੂੰ ਉਨ੍ਹਾਂ ਦਿਨਾਂ ਦੀ ਯਾਦ ਕਰਵਾਉਂਦਾ ਹੈ, ਜਦੋਂ ਫਿਲਮ ਹਸਤੀਆਂ ਵੀ ਹਾਕੀ ਦੀਆਂ ਦੀਵਾਨੀਆਂ ਸਨ। ਉਹ 1975 ਵਿਸ਼ਵ ਕੱਪ ਹਾਕੀ ਵਾਲਾ ਯਾਦਗਾਰੀ ਦੌਰ ਸੀ। ਅੱਜ ਉਨ੍ਹਾਂ ਪੁਰਾਣੇ ਸੁਨਹਿਰੀ ਦਿਨਾਂ ਦੀ ਯਾਦ ਤਾਜ਼ਾ ਕਰਨ ਨੂੰ ਮਨ ਕਰਦਾ ਹੈ, ਜਦੋਂ ਹਾਕੀ ਦੇ ਜਾਦੂਗਰਾਂ ਨੇ ਪੂਰੇ ਦੇਸ਼ ਨੂੰ ਆਪਣੇ ਜਾਦੂ ਨਾਲ ਮੰਤਰ-ਮੁਗਧ ਕੀਤਾ ਹੋਇਆ ਸੀ। ਭਾਰਤ ਤਾਂ ਕੀ, ਪੂਰੇ ਵਿਸ਼ਵ ਵਿਚ ਭਾਰਤੀ ਹਾਕੀ ਦੀ ਚਰਚਾ ਸੀ। ਹਾਕੀ ਦੇ ਦਿਨਾਂ 'ਚ ਜਾਦੂਗਰਾਂ ਨੇ ਆਪਣੀ ਕਲਾ ਦੇ ਬਲਬੂਤੇ ਫਿਲਮੀ ਅਦਾਕਾਰਾਂ ਨੂੰ ਵੀ ਕਾਫੀ ਪ੍ਰਭਾਵਿਤ ਕੀਤਾ ਹੋਇਆ ਸੀ। ਆਪਣੇ ਵੱਲ ਖਿੱਚਿਆ ਹੋਇਆ ਸੀ। ਉਨ੍ਹਾਂ ਨੂੰ ਬੇਨਤੀ ਕਰਨ ਦੀ ਲੋੜ ਨਹੀਂ।
ਇਹ ਜ਼ਿਕਰਯੋਗ ਹੈ ਕਿ ਭਾਰਤ ਅਤੇ ਵਿਸ਼ਵ ਦੇ ਦੂਜੇ ਦੇਸ਼ਾਂ ਵਿਚ ਫਿਲਮੀ ਸਿਤਾਰੇ ਹਮੇਸ਼ਾ ਖੇਡਾਂ ਦੀ ਦੁਨੀਆ ਨਾਲ ਜੁੜੇ ਰਹੇ ਹਨ ਜਾਂ ਫਿਰ ਚਮਕ-ਦਮਕ ਵਾਲੇ ਦੂਜੇ ਖੇਤਰਾਂ ਨਾਲ। ਬਿਹਤਰੀਨ ਫਿਲਮੀ ਸਿਤਾਰਿਆਂ ਦੀਆਂ ਬਿਹਤਰੀਨ ਫਿਲਮਾਂ ਦੇਖਣ ਲਈ ਜਿਸ ਤਰ੍ਹਾਂ ਹਾਕੀ ਦੇ ਸਿਤਾਰੇ ਭਾਰੀ ਇਕੱਠ ਵਿਚ ਜੁੜਦੇ ਸਨ, ਉਸ ਤਰ੍ਹਾਂ ਇਸ ਲੋਕਪ੍ਰਿਆ ਤੇ ਕੌਮੀ ਖੇਡ ਨੂੰ ਵਧੀਆ-ਵਧੀਆ ਮੈਦਾਨਾਂ ਵਿਚ ਦੇਖਣ ਲਈ ਫਿਲਮੀ ਅਦਾਕਾਰ ਖੇਡ ਦੇ ਮੈਦਾਨਾਂ ਵਿਚ ਪਹੁੰਚਦੇ ਸਨ। ਪਰ ਉਨ੍ਹਾਂ ਲਈ ਮੁਸੀਬਤ ਇਹ ਹੁੰਦੀ ਸੀ ਕਿ ਉਹ ਆਪਣੇ ਚਹੇਤਿਆਂ ਤੋਂ ਲੁਕ-ਲੁਕ ਕੇ ਇਕ ਸਾਈਡ 'ਤੇ ਬੈਠ ਕੇ ਹਾਕੀ ਦੇ ਮੈਦਾਨਾਂ ਵਿਚ ਹਾਕੀ ਸਿਤਾਰਿਆਂ ਦਾ ਖੂਬਸੂਰਤ ਪ੍ਰਦਰਸ਼ਨ ਦੇਖਦੇ ਹੁੰਦੇ ਸਨ। ਮੁੰਬਈ ਵਿਚ ਹੋਣ ਵਾਲੇ 'ਆਗਾ ਖ਼ਾਨ' ਟੂਰਨਾਮੈਂਟ ਵਿਚ ਫਿਲਮੀ ਸਿਤਾਰਿਆਂ ਦੀ ਭੀੜ ਹੁੰਦੀ ਸੀ। ਰਾਜ ਕਪੂਰ, ਪ੍ਰਾਣ, ਸ਼ਸ਼ੀ ਕਪੂਰ, ਰਾਜ ਖੋਸਲਾ, ਓਮ ਪ੍ਰਕਾਸ਼, ਮਨੋਜ ਕੁਮਾਰ, ਧਰਮਿੰਦਰ, ਜਤਿੰਦਰ, ਰਣਜੀਤ, ਵਿਨੋਦ ਖੰਨਾ, ਸਿੰਪਲ ਕਪਾਡੀਆ, ਸ਼ਸ਼ੀ ਕਪੂਰ ਅਤੇ ਦਾਰਾ ਸਿੰਘ ਵਰਗੇ ਕਈ ਫਿਲਮੀ ਸਿਤਾਰੇ ਵਿਸ਼ੇਸ਼ ਕਰਕੇ ਪੰਜਾਬੀ ਫਿਲਮੀ ਅਦਾਕਾਰ ਅਤੇ ਫਿਲਮੀ ਐਕਟਰਸਾਂ ਹਾਕੀ ਦੀਆਂ ਦੀਵਾਨੀਆਂ ਸਨ।
ਤੁਹਾਨੂੰ ਯਾਦ ਰਹੇ ਕਿ 1975 ਵਿਚ ਜਦੋਂ ਭਾਰਤ ਨੇ ਕੁਆਲਾਲੰਪੁਰ ਵਿਖੇ ਪਹਿਲਾ ਵਿਸ਼ਵ ਕੱਪ ਜਿੱਤਿਆ ਤਾਂ ਉਸ ਸਮੇਂ ਭਾਰਤੀ ਹਾਕੀ ਬੁਲੰਦੀ 'ਤੇ ਸੀ। ਕਿਉਂਕਿ ਇਸ ਤੋਂ ਪਹਿਲਾਂ ਭਾਰਤ ਅੱਠ ਵਾਰ ਉਲੰਪਿਕ ਜੇਤੂ ਰਹਿ ਚੁੱਕਾ ਸੀ ਅਤੇ ਇਸ ਸਮੇਂ ਵਿਸ਼ਵ ਕੱਪ ਜੇਤੂ ਬਣ ਕੇ ਇਸ ਖੇਡ ਨੂੰ ਹੋਰ ਵੀ ਲੋਕਪ੍ਰਿਆ ਕਰ ਦਿੱਤਾ। ਇਸ ਲੋਕਪ੍ਰਿਅਤਾ ਕਰਕੇ ਕਈ ਹੋਰ ਫਿਲਮੀ ਸਿਤਾਰੇ ਵੀ ਹਾਕੀ ਦੇ ਨਾਲ ਜੁੜਦੇ ਗਏ। ਉਸ ਸਮੇਂ ਭਾਰਤ ਵਿਚ ਹਾਕੀ ਵਾਲਿਆਂ ਦੀ ਬੜੀ ਤਾਰੀਫ ਹੋਈ ਸੀ ਕਿ ਇਹ ਹਾਕੀ ਦੇ ਸਿਤਾਰੇ ਫਿਲਮੀ ਸਿਤਾਰਿਆਂ ਦੀ ਤਰ੍ਹਾਂ ਛਾ ਗਏ। ਦੱਸਦਾ ਜਾਵਾਂ ਕਿ ਉਨ੍ਹਾਂ ਦਿਨਾਂ ਵਿਚ ਮੁੰਬਈ ਦੇ ਇਕ ਸਟੇਡੀਅਮ ਵਿਚ ਫਿਲਮੀ ਸਿਤਾਰਿਆਂ ਵਲੋਂ ਉਸ ਟੀਮ ਦਾ ਸਨਮਾਨ ਵੀ ਕੀਤਾ ਗਿਆ, ਜੋ ਕਪਤਾਨ ਅਜੀਤਪਾਲ ਦੀ ਕਪਤਾਨੀ ਵਿਚ ਇਹ ਵਿਸ਼ਵ ਕੱਪ ਜਿੱਤੀ ਸੀ। ਦਿਲੀ ਸ਼ਰਧਾ ਤੇ ਦਿਲੀ ਸਤਿਕਾਰ ਨਾਲ ਫਿਲਮੀ ਸਿਤਾਰਿਆਂ ਨੇ ਦੇਸ਼ ਦੀ ਰਾਸ਼ਟਰੀਖੇਡ ਹਾਕੀ ਦੇ ਜੇਤੂ ਸਿਤਾਰਿਆਂ ਨੂੰ ਆਪਣੇ ਵਲੋਂ ਇੱਜ਼ਤ ਦੇਣ ਦਾ ਖੂਬਸੂਰਤ ਉਪਰਾਲਾ ਕੀਤਾ। ਦਿਲਚਸਪ ਗੱਲ ਇਸ ਦੌਰਾਨ ਫਿਲਮੀ ਸਿਤਾਰਿਆਂ ਅਤੇ ਜੇਤੂ ਹਾਕੀ ਸਿਤਾਰਿਆਂ ਦੇ ਦਰਮਿਆਨ ਇਕ ਦੋਸਤਾਨਾ ਮੈਚ ਵੀ ਖੇਡਿਆ ਗਿਆ, ਜਿਸ ਨੂੰ ਦੇਖਣ ਲਈ 40 ਹਜ਼ਾਰ ਦੇ ਕਰੀਬ ਦਰਸ਼ਕਾਂ ਨੇ ਮੈਦਾਨ ਨੂੰ ਸੁਸ਼ੋਭਿਤ ਕੀਤਾ, ਆਪਣੀ ਹਾਜ਼ਰੀ ਨਾਲ।
ਦੂਜੇ ਪਾਸੇ ਹਾਕੀ ਵਾਲੇ ਵੀ ਆਪਣੇ ਦਮ-ਖਮ ਨਾਲ ਦਿਲਾਂ ਦੇ ਬਹੁਤ ਕਰੀਬ ਹੋ ਗਏ ਸਨ। ਇਕ ਪਾਸੇ ਅਜੀਤਪਾਲ ਕਪਤਾਨ ਹਾਕੀ ਸਿਤਾਰਿਆਂ ਵਲੋਂ, ਦੂਜੇ ਪਾਸੇ ਰਾਜ ਕਪੂਰ ਕਪਤਾਨ ਫਿਲਮੀ ਸਿਤਾਰਿਆਂ ਵਲੋਂ, ਦੋਵਾਂ ਦੀ ਕਪਤਾਨੀ ਵਿਚ ਮੈਦਾਨ ਕੁਝ ਅਜੀਬ ਹੀ ਪ੍ਰਕਾਰ ਦਾ ਰੁਮਾਂਚਿਕ ਮਾਹੌਲ ਸੀ। ਕਿਸ ਕਦਰ ਉਸ ਸਮੇਂ ਹਾਕੀ ਦੇ ਮਸ਼ਹੂਰ ਸਿਤਾਰੇ ਗੋਬਿੰਦਾ ਦੀ ਖੇਡ ਸ਼ੈਲੀ ਦੀ ਤਾਰੀਫ ਹੋਈ, ਕਿਸ ਕਦਰ ਲੋਕਾਂ ਨੇ ਅਸਲਮ ਸ਼ੇਰ ਖਾਨ, ਹਰਚਰਨ ਸਿੰਘ, ਅਸ਼ੋਕ ਦੀਵਾਨ, ਸੁਰਜੀਤ ਸਿੰਘ, ਵਰਿੰਦਰ ਸਿੰਘ, ਉਂਕਾਰ ਸਿੰਘ, ਮਹਿੰਦਰ ਸਿੰਘ, ਐਚ. ਚਿਮਨੀ ਲਈ ਤਾੜੀਆਂ ਵਜਾਈਆਂ। ਕਿਸ ਕਦਰ ਐਮ. ਕਿੰਡੋ ਵੀ. ਜੇ. ਫਿਲਿਪਸ, ਐਚ.ਆਰ.ਪਵਾਰ, ਅਸ਼ੋਕ ਕੁਮਾਰ ਆਦਿ ਹਾਕੀ ਸਿਤਾਰਿਆਂ ਨੂੰ ਲੋਕਾਂ ਉੱਠ-ਉੱਠ ਕੇ ਚੀਕ-ਚੀਕ ਕੇ ਦਾਦ ਦਿੱਤੀ, ਉਨ੍ਹਾਂ ਨੂੰ ਯਾਦ ਕਰਕੇ ਅੱਜ ਵੀ ਹਾਕੀ ਪ੍ਰੇਮੀ ਆਹ ਭਰਦੇ ਹਨ। ਇਹ ਰੁਮਾਂਚਕਾਰੀ ਪ੍ਰਦਰਸ਼ਨ ਇਸ ਗੱਲ ਦਾ ਸਬੂਤ ਹੈ ਕਿ ਉਸ ਸਮੇਂ ਕਿਸ ਤਰ੍ਹਾਂ ਲੋਕ ਆਪਣੇ ਦੇਸ਼ ਦੀ ਰਾਸ਼ਟਰੀ ਖੇਡ ਹਾਕੀ ਨੂੰ ਪਿਆਰਦੇ ਸਨ।
-ਡੀ. ਏ. ਵੀ. ਕਾਲਜ, ਅੰਮ੍ਰਿਤਸਰ। ਮੋਬਾ: 98155-35410
ਅੱਜ ਸਾਡੇ ਦੇਸ਼ ਦੀਆਂ ਧੀਆਂ ਜਿਸ ਤੇਜ਼ੀ ਨਾਲ ਹਰ ਖੇਤਰ ਵਿਚ ਅੱਗੇ ਵਧ ਰਹੀਆਂ ਹਨ, ਉਹ ਆਪਣੇ-ਆਪ ਵਿਚ ਇਕ ਵਿਲੱਖਣ ਉਦਾਹਰਨ ਹੈ। ਖੇਡਾਂ ਦੇ ਖੇਤਰ ਵਿਚ ਵੀ ਇਨ੍ਹਾਂ ਨੇ ਮੈਡਲ ਸੂਚੀ ਵਿਚ ਪੁਰਸ਼ਾਂ ਨੂੰ ਪਿੱਛੇ ਛੱਡਣਾ ਸ਼ੁਰੂ ਕਰ ਦਿੱਤਾ ਹੈ। ਆਓ ਅੱਜ ਦੇਸ਼ ਦੀ ਉਸ ਧੀ ਬਾਰੇ ਗੱਲ ਕਰਦੇ ਹਾਂ, ਜਿਸ ਨੇ ਨਾ ਸਿਰਫ ਇਕ ਵਿਸ਼ੇਸ਼ ਮਾਅਰਕਾ ਮਾਰਿਆ ਹੈ, ਬਲਕਿ ਆਪਣੇ-ਆਪ ਨੂੰ ਉਸ ਸਥਾਨ 'ਤੇ ਲਿਆ ਖੜ੍ਹਾ ਕੀਤਾ ਹੈ, ਜਿੱਥੇ ਅਜੇ ਤੱਕ ਕੋਈ ਪੁਰਸ਼ ਖਿਡਾਰੀ ਵੀ ਨਹੀਂ ਪਹੁੰਚ ਪਾਇਆ ਹੈ...। ਜੀ ਹਾਂ, ਅਸੀਂ ਗੱਲ ਕਰ ਰਹੇ ਹਾਂ ਖੇਡ ਜਗਤ ਦੀਆਂ ਸੁਰਖੀਆਂ ਦਾ ਵਿਸ਼ਾ ਬਣੀ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਖਿਡਾਰਨ ਮਿਥਾਲੀ ਰਾਜ ਦੀ, ਜਿਸ ਨੇ ਆਪਣੇ ਨਾਂਅ ਦੇ ਮੁਤਾਬਿਕ ਕ੍ਰਿਕਟ ਮੈਦਾਨ 'ਤੇ ਆਪਣਾ ਰਾਜ ਕਾਇਮ ਕਰ ਲਿਆ ਹੈ। ਮਿਥਾਲੀ ਦੀਆਂ ਹੋਰ ਵਿਸ਼ਵ ਪੱਧਰੀ ਪ੍ਰਾਪਤੀਆਂ ਦਾ ਜ਼ਿਕਰ ਕਰਨ ਤੋਂ ਪਹਿਲਾਂ ਦੱਸ ਦੇਈਏ ਕਿ ਕਿਵੇਂ ਉਸ ਨੇ ਆਪਣੇ ਨਾਂਅ ਦਾ ਝੰਡਾ ਵਿਸ਼ਵ ਕ੍ਰਿਕਟ ਮੈਦਾਨ 'ਤੇ ਗੱਡਿਆ ਹੈ। ਵੈਸਟ ਇੰਡੀਜ਼ ਵਿਚ ਚੱਲ ਰਹੇ ਟੀ-20 ਕ੍ਰਿਕਟ ਵਿਸ਼ਵ ਕੱਪ ਵਿਚ ਮਿਥਾਲੀ ਨੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਸਭ ਤੋਂ ਵੱਧ ਅੰਤਰਰਾਸ਼ਟਰੀ ਟੀ-20 ਮੈਚ ਦੌੜਾਂ (ਪੁਰਸ਼ ਅਤੇ ਮਹਿਲਾਵਾਂ ਦੋਵਾਂ ਵਿਚ) ਬਣਾਉਣ ਦਾ ਕਾਰਨਾਮਾ ਕਰ ਦਿਖਾਇਆ ਹੈ।
ਮਿਥਾਲੀ ਨੇ ਹੁਣ ਤੱਕ ਆਪਣੇ ਅੰਤਰਰਾਸ਼ਟਰੀ ਟੀ-20 ਕੈਰੀਅਰ ਦੇ 85 ਮੈਚਾਂ ਵਿਚ 37.42 ਦੀ ਔਸਤ ਨਾਲ ਕੁੱਲ 2283 ਦੌੜਾਂ ਬਣਾ ਕੇ ਸਭ ਤੋਂ ਵੱਧ ਟੀ-20 ਦੌੜਾਂ ਬਣਾਉਣ ਵਾਲੇ ਭਾਰਤੀ ਖਿਡਾਰੀ ਰੋਹਿਤ ਸ਼ਰਮਾ ਨੂੰ ਵੀ ਪਿੱਛੇ ਛੱਡ ਦਿੱਤਾ ਹੈ ਅਤੇ ਸਭ ਤੋਂ ਵੱਧ ਟੀ-20 ਦੌੜਾਂ ਬਣਾਉਣ ਵਾਲੀ ਭਾਰਤੀ ਖਿਡਾਰੀ ਬਣ ਗਈ ਹੈ। ਦੂਸਰੇ ਨੰਬਰ 'ਤੇ ਇਸ ਸਮੇਂ ਰੋਹਿਤ ਸ਼ਰਮਾ ਹੈ, ਜਿਸ ਨੇ ਕਿ 87 ਮੈਚਾਂ ਵਿਚ 33.43 ਦੀ ਔਸਤ ਨਾਲ 2207 ਦੌੜਾਂ ਅਜੇ ਤੱਕ ਬਣਾਈਆਂ ਹਨ ਅਤੇ ਤੀਸਰੇ ਨੰਬਰ 'ਤੇ 2012 ਦੌੜਾਂ ਨਾਲ ਭਾਰਤੀ ਕਪਤਾਨ ਵਿਰਾਟ ਕੋਹਲੀ ਹੈ। ਇਹ ਇਤਿਹਾਸ ਰਚ ਕੇ ਇਸ ਭਾਰਤੀ ਸ਼ੇਰਨੀ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਔਰਤਾਂ ਨੂੰ ਚੁੱਲ੍ਹੇ-ਚੌਕੇ ਤੱਕ ਸੀਮਿਤ ਰੱਖਣ ਦੀਆਂ ਗੱਲਾਂ ਹੁਣ ਪੁਰਾਣੀਆਂ ਹੋ ਚੁੱਕੀਆਂ ਹਨ। ਆਓ ਨਜ਼ਰ ਮਾਰੀਏ ਇਸ ਇਤਿਹਾਸ ਰਚੇਤਾ ਦੇ ਖੇਡ ਕੈਰੀਅਰ 'ਤੇ।
3 ਦਸੰਬਰ, 1982 ਨੂੰ ਪਿਤਾ ਦੌਰਾਈ ਰਾਜ ਅਤੇ ਮਾਤਾ ਲੀਲਾ ਰਾਜ ਦੇ ਘਰ ਮਿਥਾਲੀ ਦਾ ਜਨਮ ਰਾਜਸਥਾਨ ਦੇ ਜੋਧਪੁਰ ਸ਼ਹਿਰ ਵਿਚ ਹੋਇਆ। ਇਸ ਦੇ ਪਿਤਾ ਜੀ ਭਾਰਤੀ ਹਵਾਈ ਸੈਨਾ ਵਿਚ ਕੰਮ ਕਰਦੇ ਸਨ। 10 ਸਾਲ ਦੀ ਉਮਰ ਵਿਚ ਕ੍ਰਿਕਟ ਦਾ ਬੱਲਾ ਫੜਨ ਵਾਲੀ ਮਿਥਾਲੀ ਸੱਜੇ ਹੱਥ ਦੀ ਬੱਲੇਬਾਜ਼ ਹੈ ਅਤੇ 17 ਸਾਲ ਦੀ ਉਮਰ ਵਿਚ ਭਾਰਤੀ ਮਹਿਲਾ ਟੀਮ ਲਈ ਚੁਣੀ ਗਈ ਸੀ ਅਤੇ 1999 ਵਿਚ ਆਪਣੇ ਪਹਿਲੇ ਹੀ ਅੰਤਰਰਾਸ਼ਟਰੀ ਇਕ-ਦਿਨਾ ਮੈਚ ਵਿਚ ਉਸ ਨੇ ਨਾਬਾਦ 114 ਦੌੜਾਂ ਬਣਾਈਆਂ ਸਨ। ਮਿਥਾਲੀ ਨੇ ਆਪਣੀ ਕਪਤਾਨੀ ਵਿਚ ਭਾਰਤ ਨੂੰ 2005 ਦੇ ਵਿਸ਼ਵ ਕੱਪ ਫਾਈਨਲ ਤੱਕ ਪਹੁੰਚਾਇਆ ਅਤੇ 2017 ਦੇ ਵਿਸ਼ਵ ਕੱਪ ਫਾਈਨਲ ਤੱਕ ਦਾ ਸਫਰ ਵੀ ਮਿਥਾਲੀ ਰਾਜ ਦੀ ਕਪਤਾਨੀ ਹੇਠ ਹੀ ਭਾਰਤ ਨੇ ਤੈਅ ਕੀਤਾ। ਇਸ ਸਮੇਂ ਭਾਰਤ ਦੀ ਇਕ-ਦਿਨਾ ਅਤੇ ਟੈਸਟ ਮੈਚ ਦੀ ਕਪਤਾਨੀ ਕਰ ਰਹੀ ਮਿਥਾਲੀ ਦੁਨੀਆ ਦੀ ਇਕਲੌਤੀ ਇਹੋ ਜਿਹੀ ਖਿਡਾਰਨ ਹੈ, ਜਿਸ ਦੇ ਨਾਂਅ 6,000 ਅੰਤਰਰਾਸ਼ਟਰੀ ਇਕ-ਦਿਨਾ ਮੈਚਾਂ ਦੀਆਂ ਦੌੜਾਂ ਹਨ ਅਤੇ ਹੁਣ ਸਭ ਤੋਂ ਵੱਧ ਟੀ-20 ਅੰਤਰਰਾਸ਼ਟਰੀ ਦੌੜਾਂ ਬਣਾਉਣ ਵਾਲੀ ਵੀ ਭਾਰਤੀ ਖਿਡਾਰੀ ਬਣ ਚੁੱਕੀ ਮਿਥਾਲੀ ਕਰੋੜਾਂ ਭਾਰਤੀ ਕੁੜੀਆਂ ਲਈ ਇਕ ਮਿਸਾਲ ਬਣ ਗਈ ਹੈ, ਜਿਸ ਤੋਂ ਪ੍ਰੇਰਣਾ ਲੈ ਕੇ ਹੋਰ ਕੁੜੀਆਂ ਵੀ ਭਾਰਤ ਦਾ ਨਾਂਅ ਰੌਸ਼ਨ ਕਰਨ ਲਈ ਅੱਗੇ ਆਉਣਗੀਆਂ। ਇਸ ਤੋਂ ਇਲਾਵਾ ਮਿਥਾਲੀ ਨੇ 17 ਅਗਸਤ, 2002 ਨੂੰ ਇੰਗਲੈਂਡ ਖਿਲਾਫ ਆਪਣੇ ਤੀਸਰੇ ਹੀ ਟੈਸਟ ਮੈਚ ਵਿਚ ਕੈਰੇਨ ਰੋਲਟਨ ਦਾ 209 ਸਕੋਰਾਂ ਦਾ ਰਿਕਾਰਡ ਤੋੜ ਕੇ 214 ਸਕੋਰ ਬਣਾਏ ਸਨ। 2017 ਮਿਥਾਲੀ ਨੂੰ ਆਈ.ਸੀ.ਸੀ. ਦੀ ਇਕ-ਦਿਨਾ ਟੀਮ ਲਈ ਵੀ ਨਾਮਾਂਕਿਤ ਕੀਤਾ ਗਿਆ ਸੀ। ਬੱਲੇਬਾਜ਼ੀ ਤੋਂ ਇਲਾਵਾ ਮਿਥਾਲੀ ਭਾਰਤ ਲਈ ਪਾਰਟ ਟਾਈਮ ਗੇਂਦਬਾਜ਼ੀ ਵੀ ਕਰਦੀ ਹੈ। 2005 ਵਿਚ ਮਿਥਾਲੀ ਨੂੰ ਅਰਜਨ ਐਵਾਰਡ ਅਤੇ 2015 ਵਿਚ ਪਦਮ ਸ੍ਰੀ ਐਵਾਰਡ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ।
-ਮੋਬਾ: 94174-79449
ਭਾਰਤ ਅੰਦਰ ਅਕਸਰ ਇਹ ਸਮੱਸਿਆ ਰਹੀ ਹੈ ਕਿ ਕ੍ਰਿਕਟ ਤੋਂ ਛੁੱਟ ਬਾਕੀ ਖੇਡਾਂ ਦੇ ਖਿਡਾਰੀਆਂ ਨੂੰ, ਚਾਹੇ ਉਹ ਜਿੰਨਾ ਮਰਜ਼ੀ ਵਧੀਆ ਪ੍ਰਦਰਸ਼ਨ ਕਰੀ ਜਾਣ, ਉਹ ਮਾਣ-ਸਨਮਾਨ ਨਹੀਂ ਮਿਲਦਾ, ਜਿਸ ਦੇ ਉਹ ਹੱਕਦਾਰ ਹੁੰਦੇ ਹਨ, ਪਰ ਭਾਰਤ ਦੇ ਪੰਕਜ ਅਡਵਾਨੀ ਨੇ ਪਹਿਲਾਂ ਵੀ ਇਸ ਪ੍ਰਥਾ ਨੂੰ ਤੋੜਿਆ ਹੈ ਅਤੇ ਹੁਣ ਵੀ ਇਸ ਪਾਸੇ ਇਕ ਨਵਾਂ ਮਾਅਰਕਾ ਮਾਰਿਆ ਹੈ। ਬੀਤੇ ਦਿਨੀਂ ਭਾਰਤ ਦੇ ਪੰਕਜ ਅਡਵਾਨੀ ਨੇ ਆਈ. ਬੀ. ਐੱਸ. ਐੱਫ. ਵਿਸ਼ਵ ਬਿਲੀਅਰਡਜ਼ ਚੈਂਪੀਅਨਸ਼ਿਪ ਦੇ ਲੰਬੇ ਤੇ ਛੋਟੇ ਦੋਵੇਂ ਸਰੂਪਾਂ ਦੇ ਖਿਤਾਬ ਨੂੰ ਰਿਕਾਰਡ ਚੌਥੀ ਵਾਰ ਆਪਣੇ ਨਾਂਅ ਕੀਤਾ। ਕਰਨਾਟਕ ਸੂਬੇ ਦੇ ਸ਼ਹਿਰ ਬੈਂਗਲੁਰੂ ਦੇ 33 ਸਾਲਾ ਅਡਵਾਨੀ ਲਈ ਇਹ ਕੁੱਲ 21ਵਾਂ ਵਿਸ਼ਵ ਖਿਤਾਬ ਹੈ, ਜੋ ਕਿ ਆਪਣੇ-ਆਪ ਵਿਚ ਇਕ ਹੋਰ ਵੱਡਾ ਵਿਸ਼ਵ ਰਿਕਾਰਡ ਹੈ। ਅਡਵਾਨੀ ਨੇ ਫਾਈਨਲ ਵਿਚ ਦੋ ਵਾਰ ਦੇ ਏਸ਼ਿਆਈ ਚਾਂਦੀ ਤਗਮਾ ਜੇਤੂ ਭਾਰਤ ਦੇ ਹੀ ਬੀ. ਭਾਸਕਰ ਨੂੰ 1500 ਅੰਕ ਪਹਿਲਾਂ ਪੂਰੇ ਕਰਨ ਦੇ ਮੁਕਾਬਲੇ ਵਿਚ ਹਰਾਇਆ ਅਤੇ ਖਿਤਾਬ ਜਿੱਤਿਆ। ਉਸ ਦੀ ਖਿਤਾਬੀ ਜਿੱਤ ਦਾ ਇਕ ਪਹਿਲੂ ਇਹ ਵੀ ਸੀ ਕਿ ਪੰਕਜ ਅਡਵਾਨੀ ਨੇ ਭਾਸਕਰ ਉੱਤੇ ਵੱਡੀ ਬੜ੍ਹਤ ਕਾਇਮ ਕਰ ਲਈ ਸੀ ਅਤੇ ਉਹ ਜਦੋਂ 1000 ਅੰਕਾਂ ਤੱਕ ਪਹੁੰਚਿਆ, ਉਸ ਸਮੇਂ ਭਾਸਕਰ ਦੇ ਸਿਰਫ 206 ਅੰਕ ਸਨ। ਅਡਵਾਨੀ ਦੁਨੀਆ ਦਾ ਇਕਲੌਤਾ ਖਿਡਾਰੀ ਹੈ, ਜਿਹੜਾ ਵਿਸ਼ਵ ਪੱਧਰ ਉੱਤੇ ਬਿਲੀਅਰਡਜ਼ ਤੇ ਸਨੂਕਰ ਖੇਡਦਾ ਹੈ ਅਤੇ ਨਿਰੰਤਰ ਜਿੱਤ ਹਾਸਲ ਕਰਦਾ ਹੈ। ਇਹੀ ਬਸ ਨਹੀਂ, ਪੰਕਜ ਅਡਵਾਨੀ ਸਿਰਫ ਇਸ ਸਾਲ ਅੰਦਰ ਹੀ ਤਿੰਨ ਵਿਸ਼ਵ ਖਿਤਾਬ ਜਿੱਤ ਚੁੱਕਾ ਹੈ। ਰਿਕਾਰਡ 21 ਵਾਰ ਦੇ ਵਿਸ਼ਵ ਚੈਂਪੀਅਨ ਪੰਕਜ ਅਡਵਾਨੀ ਨੇ ਆਉਣ ਵਾਲੀ ਵਿਸ਼ਵ ਚੈਂਪੀਅਨਸ਼ਿਪ ਲਈ ਆਪਣੀ ਦਾਅਵੇਦਾਰੀ ਮਜ਼ਬੂਤ ਕਰਦੇ ਹੋਏ ਚੀਨ ਦੇ ਜਿਨਾਨ ਵਿਚ ਏਸ਼ੀਆ ਸਨੂਕਰ ਟੂਰ ਦੇ ਦੂਸਰੇ ਪੜਾਅ ਦਾ ਖਿਤਾਬ ਜਿੱਤਿਆ ਹੋਇਆ ਹੈ। ਉਹ ਏਸ਼ਿਆਈ ਸਨੂਕਰ ਟੂਰ ਪ੍ਰਤੀਯੋਗਿਤਾ ਜਿੱਤਣ ਵਾਲਾ ਇਕਲੌਤਾ ਭਾਰਤੀ ਖਿਡਾਰੀ ਵੀ ਹੈ।
ਪੰਕਜ ਅਡਵਾਨੀ ਦੇ ਲਈ ਇਹੋ ਜਿਹੀ ਵੱਡੀ ਜਿੱਤ ਪਹਿਲੀ ਵਾਰ ਨਹੀਂ ਆਈ, ਬਲਕਿ ਉਸ ਨੇ ਹਮੇਸ਼ਾ ਵਧੀਆ ਪ੍ਰਦਰਸ਼ਨ ਕੀਤਾ ਹੈ। ਉਸ ਨੇ ਸਾਲ 2005 ਵਿਚ ਆਪਣਾ ਪਹਿਲਾ ਵਿਸ਼ਵ ਬਿਲਿਅਰਡਜ਼ ਖ਼ਿਤਾਬ ਜਿੱਤਿਆ ਸੀ। ਇਸੇ ਸਾਲ ਉਸ ਨੇ ਆਈ.ਬੀ.ਐਸ.ਐਫ. ਵਿਸ਼ਵ ਬਿਲੀਅਰਡਜ਼ ਚੈਂਪੀਅਨਸ਼ਿਪ ਵਿਚ ਸਮੇਂ ਅਤੇ ਅੰਕ ਦੇ ਵਰਗਾਂ ਦੇ ਦੋਵੇਂ ਖ਼ਿਤਾਬ ਜਿੱਤੇ ਸਨ ਅਤੇ ਇਹ ਪ੍ਰਾਪਤੀ ਹਾਸਲ ਕਰਨ ਵਾਲਾ ਉਹ ਦੁਨੀਆ ਦਾ ਪਹਿਲਾ ਖਿਡਾਰੀ ਬਣ ਗਿਆ ਸੀ। ਇਹੀ ਬਸ ਨਹੀਂ, ਉਸ ਨੇ ਇਹੀ ਵਿਲੱਖਣ ਕਾਰਨਾਮਾ ਸਾਲ 2008 ਵਿਚ ਵੀ ਦੁਹਰਾਇਆ ਸੀ। ਅਡਵਾਨੀ ਨੇ ਸੰਨ 2007 ਵਿਚ ਆਈ.ਬੀ.ਐਸ.ਐਫ. ਵਿਸ਼ਵ ਬਿਲੀਅਰਡਜ਼ ਚੈਂਪੀਅਨਸ਼ਿਪ (ਸਮਾਂ ਵਰਗ) ਅਤੇ 2009 ਵਿਚ ਵਿਸ਼ਵ ਪੇਸ਼ੇਵਰ ਬਿਲੀਅਰਡਜ਼ ਖ਼ਿਤਾਬ ਵੀ ਜਿੱਤਿਆ ਸੀ। ਦਰਅਸਲ, ਇਸ ਖੇਡ ਦੇ ਦੋ ਹਿੱਸੇ ਹੁੰਦੇ ਹਨ, ਪਹਿਲਾ ਬਿਲੀਅਰਡਜ਼ ਅਤੇ ਦੂਜਾ ਸਨੂਕਰ। ਬਹੁਤ ਥੋੜ੍ਹੇ ਖਿਡਾਰੀ ਹਨ, ਜੋ ਦੋਵੇਂ ਹਿੱਸਿਆਂ ਨੂੰ ਹੱਥ ਪਾਉਂਦੇ ਹਨ। ਅਡਵਾਨੀ ਨੇ ਸ਼ੁਰੂ ਤੋਂ ਹੀ ਕੌਮਾਂਤਰੀ ਪੱਧਰ ਉੱਤੇ ਬਿਲੀਅਰਡਜ਼ ਅਤੇ ਸਨੂਕਰ, ਦੋਵੇਂ ਖੇਡਣ ਦਾ ਮੁਸ਼ਕਿਲ ਫੈਸਲਾ ਕੀਤਾ ਸੀ ਅਤੇ ਦੋਵਾਂ ਵਰਗਾਂ ਵਿਚ ਉਹ ਬਿਹਤਰੀਨ ਫਾਰਮ ਬਰਕਰਾਰ ਰੱਖਣ ਵਿਚ ਸਫਲ ਰਿਹਾ ਸੀ। ਇਹ ਵੀ ਉਸ ਦੀ ਇਕ ਵੱਡੀ ਪ੍ਰਾਪਤੀ ਹੀ ਕਹੀ ਜਾਵੇਗੀ।
-ਪਿੰਡ ਢਿੱਲਵਾਂ, ਡਾਕ: ਦਕੋਹਾ, ਜ਼ਿਲ੍ਹਾ ਜਲੰਧਰ-144023
E-mail : sudeepsdhillon@ymail.com
'ਲੋ ਮੈਂ ਫਿਰ ਆ ਰਹੀ ਹੂੰ ਹਵਾਓਂ ਕਾ ਰੁਖ਼ ਬਦਲਨੇ, ਜੋ ਕਹਤੇ ਥੇ ਹਮਸੇ ਨਾ ਹੋਗਾ, ਤੁਮਨੇ ਕਹਿ ਦਿਆ ਹਮਨੇ ਕਰ ਵਿਖਾਇਆ।' ਜੀ ਹਾਂ, ਮੈਂ ਗੱਲ ਕਰ ਰਿਹਾ ਹਾਂ ਮਹਾਰਾਸ਼ਟਰ ਰਾਜ ਦੀ ਮਾਣਮੱਤੀ ਧੀ ਮਿਤਾਲੀ ਗਾਇਕਵਾਡ ਦੀ, ਜਿਸ ਨੇ ਉਹ ਕਰ ਵਿਖਾਇਆ, ਜੋ ਕਹਿੰਦੇ ਸੀ ਮਿਤਾਲੀ ਤੂੰ ਇਹ ਨਹੀਂ ਕਰ ਸਕੇਂਗੀ ਕਿਉਂਕਿ ਤੂੰ ਵੀਲ੍ਹਚੇਅਰ 'ਤੇ ਹੈਂ ਪਰ ਜਿਨ੍ਹਾਂ ਦੇ ਹੌਸਲੇ ਬੁਲੰਦ ਅਤੇ ਇਰਾਦੇ ਮਜ਼ਬੂਤ ਹੋਣ, ਉਹ ਕਰਕੇ ਹੀ ਦਮ ਲੈਂਦੇ ਹਨ ਅਤੇ ਮਿਤਾਲੀ ਗਾਇਕਵਾਡ ਵੀ ਉਨ੍ਹਾਂ 'ਚੋਂ ਇਕ ਹੈ, ਜਿਸ ਨੇ ਵੀਲ੍ਹਚੇਅਰ 'ਤੇ ਹੁੰਦਿਆਂ ਹੋਇਆਂ ਵੀ ਨਿਸ਼ਾਨੇਬਾਜ਼ੀ ਵਿਚ ਬੁਲੰਦੀਆਂ ਛੂਹੀਆਂ ਹਨ। ਮਿਤਾਲੀ ਗਾਇਕਵਾਡ ਦਾ ਜਨਮ ਮਹਾਰਾਸ਼ਟਰ ਦੀ ਧਰਤੀ ਦੇ ਸ਼ਹਿਰ ਨਾਸਿਕ ਵਿਚ ਪਿਤਾ ਸ੍ਰੀਕਾਂਤ ਗਾਇਕਵਾਡ ਦੇ ਘਰ ਮਾਤਾ ਸੰਗੀਤਾ ਗਾਇਕਵਾਡ ਦੀ ਕੁੱਖੋਂ 29 ਅਕਤੂਬਰ, 1994 ਨੂੰ ਹੋਇਆ। ਮਿਤਾਲੀ ਗਾਇਕਵਾਡ ਨੂੰ ਜਿੱਥੇ ਖੇਡਾਂ ਦਾ ਸ਼ੌਕ ਸੀ, ਉਥੇ ਉਸ ਨੂੰ ਆਪਣੀਆਂ ਸਹੇਲੀਆਂ, ਸਹਿਪਾਠੀਆਂ ਦੇ ਨਾਲ ਪਾਰਟੀਆਂ ਕਰਨੀਆਂ, ਨੱਚਣ-ਟੱਪਣ ਦਾ ਵੀ ਸ਼ੌਕ ਸੀ ਅਤੇ ਉਹ ਹਮੇਸ਼ਾ ਖੁਸ਼ ਤਬੀਅਤ ਦੀ ਮਾਲਕ ਸੀ।
ਥੋੜ੍ਹਾ ਵਕਤ ਬੀਤਿਆ ਤਾਂ ਸਮੇਂ ਨੇ ਕਰਵਟ ਬਦਲੀ ਮਿਤਾਲੀ ਦੀ ਰੀੜ੍ਹ ਦੀ ਹੱਡੀ ਕੋਲ ਇਕ ਖੂਨ ਦੇ ਗੁੱਛੇ ਦੀ ਗੰਢ ਬਣ ਗਈ ਅਤੇ ਉਸ ਦੇ ਇਲਾਜ ਲਈ ਉਸ ਨੂੰ ਡਾਕਟਰ ਕੋਲ ਲਿਜਾਇਆ ਗਿਆ, ਜਿਥੇ ਉਸ ਦਾ ਆਪ੍ਰੇਸ਼ਨ ਹੋਇਆ ਅਤੇ ਜਦ ਆਪ੍ਰੇਸ਼ਨ ਹੋਣ ਤੋਂ ਬਾਅਦ ਮਿਤਾਲੀ ਨੇ ਤੁਰਨ ਲਈ ਅਗਾਂਹ ਕਦਮ ਪੁੱਟਿਆ ਤਾਂ ਉਸ ਨੂੰ ਅਹਿਸਾਸ ਹੋਇਆ ਕਿ ਉਹ ਚੱਲ ਨਹੀਂ ਸਕੇਗੀ। ਇਸ ਵਾਪਰੀ ਘਟਨਾ ਨਾਲ ਜਿਥੇ ਮਾਂ-ਬਾਪ ਡੂੰਘੇ ਸਦਮੇ ਵਿਚ ਚਲੇ ਗਏ, ਉਥੇ ਮਿਤਾਲੀ ਦੇ ਸਜਾਏ ਸੁਪਨੇ ਵੀ ਚੂਰ-ਚੂਰ ਹੋ ਗਏ ਅਤੇ ਉਹ ਸੋਚਣ ਲੱਗੀ ਕਿ ਆਖਰ ਹੋ ਕੀ ਗਿਆ? ਕੱਲ੍ਹ ਜਿਹੜੀ ਮਿਤਾਲੀ ਆਪਣੀਆਂ ਦੋਸਤਾਂ ਵਿਚ ਹਠਖੇਲੀਆਂ ਕਰਦੀ ਹਾਸਾ-ਠੱਠਾ ਕਰਦੀ ਨਹੀਂ ਸੀ ਥੱਕਦੀ, ਅੱਜ ਉਹੀ ਮਿਤਾਲੀ ਇਕਦਮ ਖਾਮੋਸ਼ ਹੋ ਗਈ। ਇਸ ਸਦਮੇ 'ਚੋਂ ਮਿਤਾਲੀ ਨੂੰ ਬਾਹਰ ਕੱਢਣ ਲਈ ਮਾਂ-ਬਾਪ ਨੇ ਉਸ ਨੂੰ ਹੌਸਲਾ ਦਿੱਤਾ ਅਤੇ ਮਿਤਾਲੀ ਸੋਚਣ ਲੱਗੀ ਸ਼ਾਇਦ ਇਹ ਵੀਲ੍ਹਚੇਅਰ ਹੀ ਹੁਣ ਉਸ ਦੀ ਜ਼ਿੰਦਗੀ ਦੀ ਅਸਲ ਦੋਸਤ ਹੋਵੇਗੀ ਅਤੇ ਉਸ ਨੇ ਲੰਮਾ ਸਾਹ ਲਿਆ ਅਤੇ ਵੀਲ੍ਹਚੇਅਰ ਦੌੜਾਉਣ ਲੱਗੀ ਅਤੇ ਐਸੀ ਵੀਲ੍ਹਚੇਅਰ ਦੌੜਾਈ ਕਿ ਅੱਜ ਤੱਕ ਰੁਕੀ ਨਹੀਂ ਅਤੇ ਹੁਣ ਉਹ ਮਹਾਰਾਸ਼ਟਰ ਦਾ ਮਾਣ ਨਹੀਂ, ਸਗੋਂ ਪੂਰੇ ਭਾਰਤ ਦਾ ਮਾਣ ਹੈ। ਮਿਤਾਲੀ ਨੇ ਵੀਲ੍ਹਚੇਅਰ ਨਾਲ ਦੋਸਤੀ ਕਰ ਲਈ ਅਤੇ ਹੁਣ ਉਹ ਵੀਲ੍ਹਚੇਅਰ 'ਤੇ ਹੀ ਆਪਣੇ-ਆਪ ਨੂੰ ਸਾਬਤ ਕਰਨ ਲਈ ਆਰਚਰੀ ਯਾਨਿ ਨਿਸ਼ਾਨਾ ਸਾਧਣਾ ਦੀ ਖੇਡ ਵਿਚ ਆਪਣੇ-ਆਪ ਨੂੰ ਨਿਪੁੰਨ ਕਰਨ ਲੱਗੀ ਅਤੇ ਉਸ ਦੇ ਕੋਚ ਅਸ਼ਵਨੀ ਥੇਟੇ ਨੇ ਵੀ ਉਸ ਨੂੰ ਆਰਚਰੀ ਵਿਚ ਐਸਾ ਤਰਾਸ਼ਿਆ ਕਿ ਛੇਤੀ ਹੀ ਮਿਤਾਲੀ ਨਿਸ਼ਾਨੇਬਾਜ਼ੀ ਵਿਚ ਜਿੱਤਾਂ ਦਰਜ ਕਰਨ ਲੱਗੀ।
ਮਿਤਾਲੀ ਨੇ ਆਰਚਰੀ ਸਿੱਖਣ ਲਈ ਏਨੀ ਮਿਹਨਤ ਕੀਤੀ ਕਿ ਉਹ ਖਾਣਾ ਵੀ ਭੁੱਲ ਜਾਂਦੀ ਅਤੇ ਦਿਨ ਦੇ ਕਈ ਘੰਟੇ ਉਸ ਨੇ ਅਭਿਆਸ ਲਈ ਖੇਡ ਮੈਦਾਨ ਨੂੰ ਸਮਰਪਿਤ ਕਰ ਦਿੱਤੇ। ਹੁਣੇ-ਹੁਣੇ ਜਕਾਰਤਾ ਵਿਖੇ ਹੋਈਆਂ ਏਸ਼ੀਅਨ ਪੈਰਾ ਖੇਡਾਂ ਵਿਚ ਮਿਤਾਲੀ ਗਾਇਕਵਾਡ ਨਿਸ਼ਾਨੇਬਾਜ਼ੀ ਵਿਚ ਪੂਰੇ ਭਾਰਤ 'ਚੋਂ 11 ਖਿਡਾਰੀਆਂ ਵਿਚ ਚੁਣੀ ਗਈ ਅਤੇ ਉਸ ਨੇ ਏਸ਼ਿਆਈ ਖੇਡਾਂ ਵਿਚ ਭਾਰਤ ਦੀ ਨੁਮਾਇੰਦਗੀ ਕਰਦਿਆਂ ਭਾਰਤ ਦੀ ਝੋਲੀ ਤਗਮੇ ਨਾਲ ਸਰਸ਼ਾਰ ਕੀਤੀ। ਮਿਤਾਲੀ ਦੇ ਕੋਚ ਅਸ਼ਵਨੀ ਥੇਟੇ ਅਤੇ ਨਾਸਿਕ ਆਰਚਰੀ ਐਸੋਸੀਏਸ਼ਨ ਦੇ ਪ੍ਰਧਾਨ ਮੰਗਲ ਪਾਟਿਲ ਮਿਤਾਲੀ ਬਾਰੇ ਆਖਦੇ ਹਨ ਕਿ ਮਿਤਾਲੀ ਦੇ ਮਜ਼ਬੂਤ ਇਰਾਦੇ ਅਤੇ ਕੁਝ ਕਰ ਸਕਣ ਦੀ ਮਿੱਠੀ ਚਾਹਤ ਨੇ ਉਨ੍ਹਾਂ ਦੇ ਕੱਦ ਨੂੰ ਹੋਰ ਉੱਚਾ ਕੀਤਾ ਹੈ ਅਤੇ ਉਹ ਹਮੇਸ਼ਾ ਮਿਤਾਲੀ 'ਤੇ ਮਾਣ ਕਰਦੇ ਹਨ ਅਤੇ ਮਿਤਾਲੀ ਵੀ ਆਖਦੀ ਹੈ ਕਿ 'ਕੁਝ ਭੀ ਤੋ ਮੁਸ਼ਕਿਲ ਨਹੀਂ ਅਗਰ ਕਰਨੇ ਕੀ ਠਾਨ ਲੋ, ਮੰਜ਼ਿਲ ਮਿਲ ਹੀ ਜਾਤੀ ਹੈ ਹਿੰਮਤ ਸੇ ਇਨਸਾਨ ਕੋ।'
-ਮੋਬਾ: 98551-14484
ਹਾਕੀ ਨੂੰ ਜੇਕਰ ਪੰਜਾਬੀਆਂ ਦੀ ਰੂਹ ਦੀ ਖੇਡ ਕਿਹਾ ਜਾਵੇ ਤਾਂ ਇਸ ਵਿਚ ਕੋਈ ਅਤਿਕਥਨੀ ਨਹੀਂ ਹੋਵੇਗੀ। ਪੰਜਾਬੀ ਜਵਾਨਾਂ ਦੀਆਂ ਰਗਾਂ ਵਿਚ ਦੌੜਦਾ ਹੋਇਆ ਫੁਰਤੀਲਾ ਖੂਨ ਅਤੇ ਰਿਸ਼ਟ-ਪੁਸ਼ਟ ਡੀਲ-ਡੌਲ ਨੇ ਹਾਕੀ ਨਾਲ ਖੂਬ ਨਿਭਾਈ। ਪੰਜਾਬ ਦੀ ਧਰਤੀ ਨੇ ਅਨੇਕਾਂ ਹਾਕੀ ਦੇ ਜਰਨੈਲਾਂ ਨੂੰ ਜਨਮ ਦਿੱਤਾ, ਜਿਨ੍ਹਾਂ ਨੇ ਆਪਣਾ ਨਾਂਅ ਪੂਰੀ ਦੁਨੀਆ ਵਿਚ ਚਮਕਾਇਆ। ਜਿਸ ਹਾਕੀ ਦੇ ਮਹਾਂਰਥੀ ਦਾ ਜ਼ਿਕਰ ਹੋਣ ਲੱਗਾ ਹੈ, ਉਹ ਹੈ ਪਿੰਡ ਬੁਤਾਲਾ ਜ਼ਿਲ੍ਹਾ ਅੰਮ੍ਰਿਤਸਰ ਦੀ ਧਰਤੀ 'ਤੇ ਜੰਮਿਆ ਪ੍ਰਭਜੋਤ ਸਿੰਘ। ਹਲਕੇ ਜਿਹੇ ਸਰੀਰ ਦਾ ਮਾਲਕ ਅਤੇ 17 ਵਰ੍ਹਿਆਂ ਦਾ ਜਵਾਨ, ਜੋ ਹਾਕੀ ਨੂੰ ਆਪਣੀ ਜ਼ਿੰਦਗੀ ਬਣਾ ਚੁੱਕਾ ਹੈ। ਉਹ ਹਾਕੀ ਦੇ ਖੇਤਰ ਵਿਚ ਆਪਣੇ-ਆਪ ਨੂੰ ਸਥਾਪਿਤ ਕਰਨ ਲਈ ਯਤਨਸ਼ੀਲ ਹੈ।
ਇਸ ਤਰ੍ਹਾਂ ਪ੍ਰਭਜੋਤ ਨੇ ਹਾਕੀ ਨੂੰ ਜਾਂ ਹਾਕੀ ਨੇ ਪ੍ਰਭਜੋਤ ਨੂੰ ਚੁਣਿਆ। ਪਿੰਡ ਵਿਚ ਖੇਡਦਾ ਹੋਇਆ ਉਹ ਕਈ ਪਿੰਡ ਪੱਧਰੀ ਟੂਰਨਾਮੈਂਟ ਵੀ ਖੇਡਿਆ। ਉਹ ਕਿਸੇ ਵੀ ਮੌਕੇ ਨੂੰ ਆਪਣੇ ਹੱਥੋਂ ਨਹੀਂ ਸੀ ਗਵਾਉਣਾ ਚਾਹੁੰਦਾ। ਸਾਲ 2014 ਵਿਚ ਜਦ ਉਹ ਅਜੇ ਸੱੱਤਵੀਂ ਜਮਾਤ ਵਿਚ ਪੜ੍ਹਦਾ ਸੀ ਤਾਂ ਉਸ ਨੇ ਹਾਕੀ ਲਈ ਘਰ ਛੱਡ ਦਿੱਤਾ। ਉਹ ਅੱਠ ਗੁਰੂ ਸਾਹਿਬਾਨ ਦੀ ਪਾਵਨ ਚਰਨ ਛੋਹ ਪ੍ਰਾਪਤ ਧਰਤੀ ਖਡੂਰ ਸਾਹਿਬ ਵਿਖੇ ਕਾਰ ਸੇਵਾ ਖਡੂਰ ਸਾਹਿਬ ਵਲੋਂ ਚਲਾਈ ਜਾ ਰਹੀ 'ਬਾਬਾ ਉੱਤਮ ਸਿੰਘ ਨੈਸ਼ਨਲ ਹਾਕੀ ਅਕੈਡਮੀ' ਵਿਚ ਆ ਗਿਆ, ਜਿੱਥੇ ਆ ਕੇ ਉਸ ਨੇ ਆਪਣੀ ਖੇਡ ਨੂੰ ਲਿਸ਼ਕਾਉਣਾ ਆਰੰਭ ਕਰ ਦਿੱਤਾ। ਉਹ ਮਿਹਨਤ ਤੋਂ ਕਦੇ ਮੂੰਹ ਨਾ ਮੋੜਦਾ ਅਤੇ ਲਗਾਤਾਰ ਅਭਿਆਸ ਵਿਚ ਜੁਟਿਆ ਰਹਿੰਦਾ।
ਪ੍ਰਸਿੱਧ ਹਾਕੀ ਟੂਰਨਾਮੈਂਟ ਜਿਵੇਂ ਐੱਸ. ਐਨ. ਵੋਹਰਾ ਮੈਮੋਰੀਅਲ ਹਾਕੀ ਟੂਰਨਾਮੈਂਟ ਚੰਡੀਗੜ੍ਹ, ਮਹਿੰਦਰ ਮੁਨਸ਼ੀ ਹਾਕੀ ਟੂਰਨਾਮੈਂਟ ਜਲੰਧਰ, ਆਲ ਇੰਡੀਆ ਬਲਵੰਤ ਕਪੂਰ ਹਾਕੀ ਟੂਰਨਾਮੈਂਟ ਜਲੰਧਰ, ਜਵਾਹਰ ਲਾਲ ਨਹਿਰੂ ਹਾਕੀ ਟੂਰਨਾਮੈਂਟ ਅਤੇ ਆਲ ਇੰਡੀਆ ਇੰਟਰ ਸਕੂਲ ਟੂਰਨਾਮੈਂਟ ਨਾਗਪੁਰ ਆਦਿ ਖੇਡ ਕੇ ਉਸ ਨੇ ਆਪਣੀ ਪਛਾਣ ਕਾਇਮ ਕੀਤੀ। ਮਲੇਸ਼ੀਆ ਵਿਚ ਇਸੇ ਸਾਲ ਛੇ ਦੇਸ਼ਾਂ (ਭਾਰਤ, ਇੰਗਲੈਂਡ, ਆਸਟ੍ਰੇਲੀਆ, ਮਲੇਸ਼ੀਆ, ਜਾਪਾਨ ਅਤੇ ਨਿਊਜ਼ੀਲੈਂਡ) ਦੀਆਂ ਟੀਮਾਂ ਵਿਚਕਾਰ ਹੋਏ ਅੱਠਵੇਂ ਸੁਲਤਾਨ ਆਫ ਜੌਹਰ ਕੱਪ 2018 ਵਿਚ ਉਹ ਜੂਨੀਅਰ ਇੰਡੀਆ ਹਾਕੀ ਟੀਮ ਵਿਚ ਖੇਡਿਆ। ਉਸ ਦੇ ਸ਼ਾਨਦਾਰ ਪ੍ਰਦਰਸ਼ਨ ਵਜੋਂ ਉਸ ਨੂੰ ਸੁਲਤਾਨ ਆਫ ਜੌਹਰ ਕੱਪ 2018 ਵਿਚ ਸਭ ਤੋਂ ਵਧੀਆ ਖਿਡਾਰੀ ਦੇ ਖਿਤਾਬ ਨਾਲ ਸਨਮਾਨਿਤ ਕੀਤਾ ਗਿਆ। ਇਹ ਉਸ ਲਈ ਅਹਿਮ ਪ੍ਰਾਪਤੀ ਸੀ। ਹੁਣ ਉਹ ਆਉਣ ਵਾਲੇ ਸਮੇਂ ਵਿਚ ਹੋਣ ਵਾਲੇ ਹਾਕੀ ਦੇ ਮਹਾਂਯੁੱਧਾਂ ਲਈ ਆਪਣੇ ਆਪ ਨੂੰ ਤਿਆਰ ਕਰਨ ਵਿਚ ਜੁਟਿਆ ਹੋਇਆ ਹੈ।
ਪ੍ਰਭਜੋਤ ਸਿੰਘ ਲਈ ਇਹ ਸਮਾਂ ਸੰਘਰਸ਼ ਦਾ ਹੈ। ਉਸ ਦਾ ਕਹਿਣਾ ਹੈ ਕਿ ਇਸ ਰਸਤੇ ਨੂੰ ਮੈਂ ਆਪ ਚੁਣਿਆ ਹੈ। ਇਸ ਲਈ ਮੇਰਾ ਇਹ ਸੰਘਰਸ਼ ਮੇਰਾ ਸ਼ੌਕ ਹੈ, ਜਿਸ ਨਾਲ ਮੇਰੀ ਖੂਬ ਨਿਭ ਰਹੀ ਹੈ। ਉਹ ਕਹਿੰਦਾ ਹੈ ਕਿ ਖਡੂਰ ਸਾਹਿਬ ਵਿਖੇ ਸ੍ਰੀ ਗੁਰੂ ਅੰਗਦ ਦੇਵ ਜੀ ਦੁਆਰਾ ਕੀਤੀ ਗਈ ਮੱਲ ਅਖਾੜੇ ਦੀ ਸਥਾਪਨਾ ਸਦਾ ਮੇਰੇ ਲਈ ਪ੍ਰੇਰਨਾ ਰਹੀ। ਇਸ ਤਰ੍ਹਾਂ ਮੇਰੀ ਖੇਡ ਨੇ ਮੈਨੂੰ ਉੱਚਾ-ਸੁੱਚਾ ਜੀਵਨ ਬਖਸ਼ਿਆ। ਇਸ ਨੇ ਮੈਨੂੰ ਬਹੁਤ ਸਾਰੀਆਂ ਭੈੜੀਆਂ ਅਲਾਮਤਾਂ ਤੋਂ ਬਚਾਇਆ ਅਤੇ ਜੇਕਰ ਪੰਜਾਬ ਦੀ ਜਵਾਨੀ ਵੀ ਇਸੇ ਰਸਤੇ 'ਤੇ ਚੱਲ ਪਵੇ ਤਾਂ ਭੈੜੀਆਂ ਕੁਰੀਤੀਆਂ ਦੇ ਪਹਾੜ ਚਕਨਾਚੂਰ ਹੋ ਜਾਣਗੇ ਅਤੇ ਰੰਗਲਾ, ਹੱਸਦਾ-ਵਸਦਾ ਪੰਜਾਬ ਫਿਰ ਮਹਿਕ ਉੱਠੇਗਾ, ਜਿਸ ਦੀ ਮਿੱਠੀ ਮਹਿਕ ਦਾ ਜ਼ਿਕਰ ਅੱਜ ਕੇਵਲ ਕਵਿਤਾ-ਕਹਾਣੀਆਂ ਅਤੇ ਗੱਲਾਂ-ਬਾਤਾਂ ਵਿਚ ਹੀ ਰਹਿ ਗਿਆ ਹੈ।
-ਵਿਕਰਮਜੀਤ ਸਿੰਘ ਤਿਹਾੜਾ
ਵਿਦਿਆਰਥੀ, ਸ੍ਰੀ ਗੁਰੂ ਅੰਗਦ ਦੇਵ ਇੰਸਟੀਚਿਊਟ ਆਫ਼ ਰਿਲੀਜੀਅਸ ਸਟੱਡੀਜ਼, ਨਿਸ਼ਾਨ-ਏ-ਸਿੱਖੀ, ਖਡੂਰ ਸਾਹਿਬ। ਮੋਬਾ: 98555-34961
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX