ਤਾਜਾ ਖ਼ਬਰਾਂ


ਇੱਕ ਲੜਕੀ ਤੇ ਦੋ ਨਬਾਲਗ ਲੜਕਿਆਂ ਖਾਧੀ ਜ਼ਹਿਰੀਲੀ ਦਵਾਈ, ਇੱਕ ਲੜਕੇ ਦੀ ਮੌਤ
. . .  1 day ago
ਕਲਾਨੌਰ, 21 ਫਰਵਰੀ (ਪੁਰੇਵਾਲ)-ਜ਼ਿਲ੍ਹਾ ਗੁਰਦਾਸਪੁਰ ਦੇ ਬਲਾਕ ਕਲਾਨੌਰ ਅਧੀਨ ਪੈਂਦੇ ਦੋ ਵੱਖ-ਵੱਖ ਪਿੰਡਾਂ 'ਚ ਬਾਅਦ ਦੁਪਹਿਰ ਦੋ ਨਾਬਾਲਗ ਲੜਕਿਆਂ ਅਤੇ ਇੱਕ ਲੜਕੀ ਵੱਲੋਂ ਜ਼ਹਿਰੀਲੀ ਦਵਾਈ ਖਾਣ ਦੀ ਖ਼ਬਰ ...
ਇਰਾਕ ਦੀ ਖ਼ੁਫ਼ੀਆ ਏਜੰਸੀ ਵੱਲੋਂ ਆਈ.ਐੱਸ ਨਾਲ ਸਬੰਧਿਤ 13 ਫਰਾਂਸੀਸੀ ਨਾਗਰਿਕ ਗ੍ਰਿਫ਼ਤਾਰ
. . .  1 day ago
ਬਗ਼ਦਾਦ, 21 ਫਰਵਰੀ - ਇਰਾਕ ਦੀ ਖ਼ੁਫ਼ੀਆ ਏਜੰਸੀ ਨੇ ਗੁਆਂਢੀ ਦੇਸ਼ ਸੀਰੀਆ ਤੋਂ ਆਈ.ਐੱਸ ਨਾਲ ਸਬੰਧਿਤ 13 ਫਰਾਂਸੀਸੀ ਨਾਗਰਿਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਆਰਥਿਕ ਤੰਗੀ ਕਾਰਨ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ
. . .  1 day ago
ਵੇਰਕਾ 21 ਫਰਵਰੀ (ਪਰਮਜੀਤ ਸਿੰਘ ਬੱਗਾ)- ਕਸਬਾ ਵੱਲਾ ਤੇ ਮਕਬੂਲਪੁਰਾ ਵਿਚਕਾਰ ਪੈਂਦੇ ਇਲਾਕੇ ਸ਼੍ਰੀ ਗੁਰੂ ਤੇਗ ਬਹਾਦਰ ਨਗਰ ਵਿਚ ਆਰਥਿਕ ਤੰਗੀ ਤੇ ਮਾਨਸਿਕ ਪ੍ਰੇਸ਼ਾਨੀ ਕਾਰਨ 26 ਸਾਲਾਂ ਦੋ ਬੇਟੀਆਂ ਦੇ ਪਿਤਾ ਵੱਲੋਂ ਪਤਨੀ ...
ਡੇਢ ਹਫ਼ਤੇ ਬਾਅਦ ਪੁੰਛ-ਰਾਵਲਕੋਟ ਰਸਤੇ ਪਾਕਿਸਤਾਨ ਨਾਲ ਵਪਾਰ ਮੁੜ ਤੋਂ ਸ਼ੁਰੂ
. . .  1 day ago
ਪੁੰਛ, 21 ਫਰਵਰੀ - ਪਾਕਿਸਤਾਨ ਨਾਲ ਡੇਢ ਹਫ਼ਤੇ ਤੋਂ ਬਾਅਦ ਭਾਰਤ ਦਾ ਵਪਾਰ ਮੁੜ ਤੋਂ ਸ਼ੁਰੂ ਹੋ ਗਿਆ ਹੈ। ਇਸ ਸਬੰਧੀ ਕਰਾਸ ਐੱਲ.ਓ.ਸੀ ਟਰੇਡਰਜ਼ ਐਸੋਸੀਏਸ਼ਨ ਪੁੰਛ ਦੇ ਪ੍ਰਧਾਨ ਪਵਨ ਅਨੰਦ...
ਲੈਫਟੀਨੈਂਟ ਜਨਰਲ ਰਵੀ ਥੋਡਗੇ ਹੋਣਗੇ ਸੀ.ਓ.ਏ ਦੇ ਤੀਸਰੇ ਮੈਂਬਰ
. . .  1 day ago
ਨਵੀਂ ਦਿੱਲੀ, 21 ਫਰਵਰੀ - ਸੁਪਰੀਮ ਕੋਰਟ ਵੱਲੋਂ ਲੈਫਟੀਨੈਂਟ ਜਨਰਲ ਰਵੀ ਥੋਡਗੇ ਨੂੰ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੇ ਪ੍ਰਸ਼ਾਸਕਾਂ ਦੀ ਕਮੇਟੀ ਦਾ ਤੀਸਰਾ ਮੈਂਬਰ ਨਿਯੁਕਤ ਕੀਤਾ...
ਹਿਮਾਚਲ ਦੇ ਲਾਹੌਲ ਤੇ ਸਪਿਤੀ 'ਚ ਹੋਈ ਤਾਜ਼ਾ ਬਰਫ਼ਬਾਰੀ
. . .  1 day ago
ਸ਼ਿਮਲਾ, 21 ਫਰਵਰੀ - ਹਿਮਾਚਲ ਪ੍ਰਦੇਸ਼ ਦੇ ਲਾਹੌਲ ਤੇ ਸਪਿਤੀ 'ਚ ਤਾਜ਼ਾ ਬਰਫ਼ਬਾਰੀ ਹੋਈ...
ਸਾਬਕਾ ਵਿਧਾਇਕ ਸੂੰਢ ਮੁੜ ਕਾਂਗਰਸ 'ਚ ਸ਼ਾਮਲ
. . .  1 day ago
ਬੰਗਾ, 21ਫਰਵਰੀ (ਜਸਵੀਰ ਸਿੰਘ ਨੂਰਪੁਰ) - ਵਿਧਾਨ ਸਭਾ ਹਲਕਾ ਬੰਗਾ ਦੇ ਸਾਬਕਾ ਵਿਧਾਇਕ ਚੌਧਰੀ ਤਰਲੋਚਨ ਸਿੰਘ ਸੂੰਢ ਮੁੜ ਤੋਂ ਕਾਂਗਰਸ ਵਿਚ ਸ਼ਾਮਲ ਹੋ ਗਏ ਹਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ...
ਰਾਹੁਲ ਗਾਂਧੀ ਨੇ ਰਾਸ਼ਟਰੀ ਸੁਰੱਖਿਆ ਲਈ ਬਣਾਈ ਟਾਸਕ ਫੋਰਸ
. . .  1 day ago
ਨਵੀਂ ਦਿੱਲੀ, 21 ਫਰਵਰੀ - ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਰਾਸ਼ਟਰੀ ਸੁਰੱਖਿਆ ਲਈ ਟਾਸਕ ਫੋਰਸ ਬਣਾਈ ਹੈ। ਰਿਟਾਇਰਡ ਲੈਫ਼ਟੀਨੈਂਟ ਜਨਰਲ ਡੀ.ਐੱਸ ਹੁੱਡਾ ਟਾਸਕ ਫੋਰਸ...
ਅਗਲੇ 15 ਸਾਲਾਂ 'ਚ ਸਾਡਾ ਮਕਸਦ ਚੋਟੀ ਦੇ ਤਿੰਨ ਦੇਸ਼ਾਂ 'ਚ ਸ਼ਾਮਲ ਹੋਣਾ - ਪ੍ਰਧਾਨ ਮੰਤਰੀ
. . .  1 day ago
ਸਿਓਲ, 21 ਫਰਵਰੀ - ਦੱਖਣੀ ਕੋਰੀਆਂ ਪਹੁੰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਿਓਲ 'ਚ ਭਾਰਤੀ ਭਾਈਚਾਰੇ ਨੂੰ ਸੰਬੋਧਨ ਕਰਦਿਆ ਕਿਹਾ ਕਿ ਅਗਲੇ 15 ਸਾਲਾਂ 'ਚ ਉਨ੍ਹਾਂ ਦਾ ਮਕਸਦ ਦੁਨੀਆ ਦੇ ਚੋਟੀ ਦੇ ਤਿੰਨ ਦੇਸ਼ਾਂ 'ਚ ਸ਼ਾਮਲ...
ਪਾਕਿਸਤਾਨ ਜਾ ਰਿਹਾ ਭਾਰਤ ਦੇ ਅਧਿਕਾਰ ਵਾਲਾ ਪਾਣੀ ਵਾਪਸ ਲਿਆਂਦਾ ਜਾਵੇਗਾ ਯਮੁਨਾ ਨਦੀ 'ਚ - ਗਡਕਰੀ
. . .  1 day ago
ਨਵੀਂ ਦਿੱਲੀ, 21 ਫਰਵਰੀ - ਕੇਂਦਰੀ ਮੰਤਰੀ ਨਿਤਿਨ ਗਡਕਰੀ ਦਾ ਕਹਿਣਾ ਹੈ ਕਿ ਭਾਰਤ-ਪਾਕਿਸਤਾਨ ਦੇ ਵੱਖ ਵੱਖ ਹੋਣ ਤੋਂ ਬਾਅਦ ਤਿੰਨ ਨਦੀਆਂ ਪਾਕਿਸਤਾਨ ਨੂੰ ਮਿਲੀਆਂ ਸਨ ਤੇ...
ਹੋਰ ਖ਼ਬਰਾਂ..

ਸਾਡੇ ਪਿੰਡ ਸਾਡੇ ਖੇਤ

ਲਾਹੇਵੰਦ ਹੈ ਮਿਰਚ ਦੀ ਨਵੀਂ ਦੋਗਲੀ ਕਿਸਮ

ਮਿਰਚ ਭਾਰਤ ਵਿਚ ਬੀਜੀ ਜਾਣ ਵਾਲੀ ਇਕ ਮੁੱਖ ਫ਼ਸਲ ਹੈ। ਇਸ ਵਿਚ ਕੁੜੱਤਣ ਹੋਣ ਕਰਕੇ ਲਾਲ ਮਿਰਚ ਨੂੰ ਮਸਾਲਿਆਂ ਦੇ ਤੌਰ 'ਤੇ ਅਤੇ ਹਰੀ ਮਿਰਚ ਨੂੰ ਸਬਜ਼ੀ ਦੇ ਤੌਰ 'ਤੇ ਵਰਤਿਆ ਜਾਂਦਾ ਹੈ। ਮਿਰਚ ਦੀ ਫ਼ਸਲ ਮੌਸਮ, ਬੀਮਾਰੀਆਂ ਅਤੇ ਕੀੜੇ-ਮਕੌੜਿਆਂ ਨਾਲ ਕਾਫ਼ੀ ਪ੍ਰਭਾਵਿਤ ਹੁੰਦੀ ਹੈ। ਸਾਲ 2015 ਵਿਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਲੋਂ ਸੀ.ਐਚ.-27 ਹਾਈਬ੍ਰਿਡ ਦੀ ਖੋਜ ਕਰਨ ਉਪਰੰਤ ਇਸ ਨੂੰ ਪੰਜਾਬ ਵਿਚ ਕਾਸ਼ਤ ਕਰਨ ਲਈ ਸਿਫ਼ਾਰਿਸ਼ ਕੀਤਾ ਗਿਆ। ਇਹ ਦੋਗਲੀ ਕਿਸਮ ਪੰਜਾਬ ਦੇ ਕਿਸਾਨਾਂ ਵਿਚ ਕਾਫ਼ੀ ਪ੍ਰਚਲਿਤ ਹੋਈ ਹੈ। ਇਹ ਕਿਸਮ ਦੁਰੇਡੇ ਮੰਡੀਕਰਨ ਵਾਸਤੇ ਬਹੁਤ ਢੁੱਕਵੀ ਹੈ।
ਹਾਈਬ੍ਰਿਡ ਸੀ.ਐਚ-27 ਦੇ ਮੁੱਖ ਗੁਣ: ਇਹ ਇਕ ਦੋਗਲੀ ਕਿਸਮ ਹੈ। ਇਸ ਦੇ ਮਾਪੇ ਐਮ ਐੱਸ-12 (ਮਾਦਾ) ਅਤੇ ਐਸ-343 (ਨਰ) ਹਨ। ਇਸ ਕਿਸਮ ਦੇ ਪੌਦੇ ਉੱਚੇ ਅਤੇ ਫੈਲਾਅ ਵਾਲੇ ਅਤੇ ਲੰਮੇ ਸਮੇਂ ਤੱਕ ਫਲ ਦਿੰਦੇ ਰਹਿੰਦੇ ਹਨ। ਇਸ ਦੇ ਫਲ ਦਰਮਿਆਨੇ ਲੰਮੇ 6.7 (ਸੈਂਟੀਮੀਟਰ), ਪਤਲੀ ਛਿੱਲੜ ਵਾਲੇ ਅਤੇ ਹਲਕੇ ਹਰੇ ਰੰਗ ਦੇ ਹੁੰਦੇ ਹਨ ਪਰ ਪੱਕ ਕੇ ਇਨ੍ਹਾਂ ਦਾ ਰੰਗ ਗੂੜ੍ਹਾ ਲਾਲ ਹੋ ਜਾਂਦਾ ਹੈ। ਸੁੱਕੀਆਂ ਮਿਰਚਾਂ ਵਿਚ ਕੁੜੱਤਣ ਤੱਤ ਦੀ ਮਾਤਰਾ 0.7 ਪ੍ਰਤੀਸ਼ਤ ਅਤੇ ਜ਼ਿਆਦਾ ਸੁੱਕਾ ਮਾਦਾ (26 ਪ੍ਰਤੀਸ਼ਤ) ਹੁੰਦੇ ਹਨ। ਇਸ ਕਿਸਮ ਦਾ ਲਾਲ ਮਿਰਚ ਦਾ ਝਾੜ 96 ਕੁਇੰਟਲ ਪ੍ਰਤੀ ਏਕੜ ਹੈ। ਇਸ ਕਿਸਮ ਵਿਚ ਪੱਤਾ ਲਪੇਟ ਵਾਇਰਸ, ਜੜ੍ਹ ਸੂਤਰ ਨਿਮਾਟੋਡ ਅਤੇ ਫਲ ਗਲਣਾ ਆਦਿ ਬਿਮਾਰੀਆਂ ਦਾ ਟਾਕਰਾ ਕਰਨ ਦੀ ਸਮਰੱਥਾ ਹੈ। ਇਹ ਕਿਸਮ ਥਰਿੱਪ ਅਤੇ ਜੂੰ ਵਰਗੇ ਕੀੜਿਆਂ ਨੂੰ ਵੀ ਸਹਾਰ ਸਕਦੀ ਹੈ। ਇਹ ਕਿਸਮ ਪ੍ਰੋਸੈਸਿੰਗ ਵਾਸਤੇ ਢੁੱਕਵੀਂ ਹੈ।
ਕਾਸ਼ਤ ਸਬੰਧੀ ਨੁਕਤੇ : ਬੀਜ ਦੀ ਮਾਤਰਾ ਅਤੇ ਬਿਜਾਈ ਦਾ ਸਮਾਂ : ਇਕ ਏਕੜ ਦੀ ਪਨੀਰੀ ਤਿਆਰ ਕਰਨ ਲਈ 200 ਗ੍ਰਾਮ ਬੀਜ ਨੂੰ ਇਕ ਮਰਲਾ (25 ਵਰਗ ਮੀਟਰ) ਵਿਚ ਕਿਆਰੀਆਂ ਵਿਚ ਜਿਹੜੀ ਪਹਿਲਾਂ ਤੋਂ ਬੀਜੀ ਹੋਈ ਪਨੀਰੀ ਨੂੰ ਫ਼ਰਵਰੀ-ਮਾਰਚ ਵਿਚ ਖੇਤ ਵਿਚ ਲਾ ਦਿਉ।
ਪਨੀਰੀ ਬੀਜਣ ਦਾ ਤਰੀਕਾ : ਪਨੀਰੀ ਤਿਆਰ ਕਰਨ ਲਈ ਸਵਾ ਮੀਟਰ ਚੌੜਾਈ ਦੀਆਂ ਕਿਆਰੀਆਂ ਜੋ ਜ਼ਮੀਨ ਤੋਂ 15 ਸੈਂਟੀਮੀਟਰ ਉੱਚੀਆਂ ਹੋਣ ਬਣਾ ਲਓ। ਕਿਆਰੀਆਂ ਬਣਾਉਣ ਉਪਰੰਤ ਜ਼ਮੀਨ ਨੂੰ ਕਹੀ ਜਾਂ ਖੁਰਪੇ ਨਾਲ ਪੋਲਾ ਕਰ ਲਓ। ਜੇਕਰ ਮੱਲੜ੍ਹ ਪਾਉਣ ਦੀ ਲੋੜ ਹੋਵੇ ਤਾਂ ਧਿਆਨ ਰੱਖੋ ਕਿ ਇਹ ਚੰਗੀ ਤਰ੍ਹਾਂ ਗਲਿਆ ਸੜਿਆ ਹੋਵੇ ਤੇ ਜ਼ਮੀਨ ਵਿਚ ਚੰਗੀ ਤਰ੍ਹਾਂ ਮਿਲਾ ਲਓ। ਇਸ ਤੋਂ ਬਾਅਦ ਜ਼ਮੀਨ ਨੂੰ ਫਾਰਮਾਲੀਨ ਦਵਾਈ ਦੇ 1.5-2.0% ਤਾਕਤ ਦੇ ਘੋਲ ਨਾਲ ਸੋਧ ਲਓ। ਇਹ ਕਰਨ ਵਾਸਤੇ 15-20 ਮਿਲੀਲਿਟਰ ਦਵਾਈ ਇਕ ਲਿਟਰ ਪਾਣੀ ਵਿਚ ਪਾਓ। ਇਹ ਘੋਲ ਤਕਰੀਬਨ 4-5 ਲਿਟਰ ਪ੍ਰਤੀ ਵਰਗ ਮੀਟਰ ਵਿਚ ਪਾਓ ਤਾਂ ਜੋ ਮਿੱਟੀ ਦੀ ਤਕਰੀਬਨ 6 ਇੰਚ ਤਹਿ ਗੜੁੱਚ ਹੋ ਜਾਵੇ। ਇਸ ਤੋਂ ਬਾਅਦ ਕਿਆਰੀਆਂ ਨੂੰ ਪੋਲੀਥੀਨ ਦੀ ਚਾਦਰ ਨਾਲ 48-72 ਘੰਟੇ ਲਈ ਚੰਗੀ ਤਰ੍ਹਾਂ ਢੱਕ ਦਿਓ। ਚਾਦਰ ਚੁੱਕਣ ਤੋਂ ਬਾਅਦ ਮਿੱਟੀ ਨੂੰ ਦੋਬਾਰਾ ਖੁਰਪੇ ਨਾਲ ਪੋਲਾ ਕਰੋ ਤਾਂ ਜੋ ਦਵਾਈ ਵਾਸ਼ਪੀਕਰਨ ਦੁਆਰਾ ਹਵਾ ਵਿਚ ਚਲੀ ਜਾਵੇ। ਇਸ ਤਰ੍ਹਾਂ ਕਰਨ ਨਾਲ ਬੀਜ ਦੀ ਉੱਗਣ ਸ਼ਕਤੀ ਬਣੀ ਰਹਿੰਦੀ ਹੈ। ਇਸ ਤੋਂ 3-4 ਦਿਨਾਂ ਬਾਅਦ ਬਿਜਾਈ ਕੀਤੀ ਜਾ ਸਕਦੀ ਹੈ। ਬਿਜਾਈ ਚੌੜੇ ਰੁੱਖ ਕਤਾਰਾਂ ਵਿਚ 5 ਸੈਂਟੀਮੀਟਰ ਦੇ ਫ਼ਾਸਲੇ 'ਤੇ ਕਰੋ । ਮਿਰਚਾਂ ਦੇ ਦੋਗਲੇ ਬੀਜ ਤੋਂ ਕਾਮਯਾਬੀ ਨਾਲ ਸਿਹਤਮੰਦ ਬੂਟੇ ਤਿਆਰ ਕਰਨ ਲਈ ਪਨੀਰੀ ਨੂੰ ਪੌਲੀਹਾਊਸ (24'13'6') ਵਿਚ ਉਗਾਇਆ ਜਾ ਸਕਦਾ ਹੈ।
ਫ਼ਾਸਲਾ : ਪਨੀਰੀ ਲਗਾਉਣ ਸਮੇਂ ਬੂਟੇ ਨਿੱਗਰ ਅਤੇ ਮਜ਼ਬੂਤ ਹੋਣੇ ਚਾਹੀਦੇ ਹਨ। ਬੂਟਿਆਂ ਨੂੰ ਵੱਟਾਂ ਉਪਰ 75 ਸੈਂਟੀਮੀਟਰ ਦੇ ਫ਼ਾਸਲੇ 'ਤੇ ਲਗਾਓ ਅਤੇ ਬੂਟਿਆਂ ਵਿਚਕਾਰ ਫ਼ਾਸਲਾ 45 ਸੈਂਟੀਮੀਟਰ ਰੱਖੋ। ਜੇਕਰ ਵੱਟਾਂ ਬੈੱਡ ਮੇਕਰ ਨਾਲ ਬਣਾਉਣੀਆਂ ਹੋਣ ਤਾਂ ਕਤਾਰਾਂ ਵਿਚਲਾ ਫ਼ਾਸਲਾ ਵਧਾਇਆ ਜਾ ਸਕਦਾ ਹੈ।
ਸਿੰਚਾਈ : ਖਾਲ਼ਾਂ ਰਾਹੀ : ਪਹਿਲਾ ਪਾਣੀ ਪਨੀਰੀ ਖੇਤ ਵਿਚ ਲਾਉਣ ਤੋਂ ਤੁਰੰਤ ਬਾਅਦ ਲਾਓ। ਬਾਅਦ ਵਿਚ ਗਰਮੀਆਂ ਵਿਚ ਸਿੰਚਾਈ 7-10 ਦਿਨ ਦੇ ਵਕਫ਼ੇ 'ਤੇ ਕਰੋ। ਸਿੰਚਾਈ ਦੀ ਮਾਤਰਾ ਅਤੇ ਵਕਫ਼ਾ ਮੌਸਮ ਅਤੇ ਮਿਟੀ ਦੇ ਹਿਸਾਬ ਨਾਲ ਰੱਖੋ। ਇਸ ਫ਼ਸਲ ਦੀਆਂ ਜੜ੍ਹਾਂ ਜ਼ਿਆਦਾ ਨਮੀ ਅਤੇ ਪਾਣੀ ਨਹੀਂ ਸਹਾਰਦੀਆਂ।
ਤੁਪਕਾ ਸਿੰਚਾਈ ਵਿਧੀ ਰਾਹੀਂ : ਤੁਪਕਾ ਸਿੰਚਾਈ ਵਿਧੀ ਨਾਲ ਪਾਣੀ ਲਾਉਣ 'ਤੇ ਨਾ ਕੇਵਲ ਝਾੜ ਹੀ ਵਧਦਾ ਹੈ ਸਗੋਂ 46 ਪ੍ਰਤੀਸ਼ਤ ਪਾਣੀ ਦੀ ਵੀ ਬੱਚਤ ਹੁੰਦੀ ਹੈ। ਇਸ ਵਿਧੀ ਨਾਲ ਸਿੰਚਾਈ 2 ਦਿਨਾਂ ਦੇ ਅੰਤਰ 'ਤੇ ਕੀਤੀ ਜਾਂਦੀ ਹੈ । ਇਸ ਵਿਧੀ ਲਈ ਮਿਰਚਾਂ ਦੀਆਂ 2 ਕਤਾਰਾਂ 80 ਸੈਂਟੀਮੀਟਰ ਚੌੜੇ ਬੈੱਡ 'ਤੇ ਲਾਉ ਅਤੇ ਕਤਾਰਾਂ ਦੇ ਵਿਚ ਫ਼ਾਸਲਾ 60 ਸੈਂਟੀਮੀਟਰ ਅਤੇ ਬੂਟੇ ਤੋਂ ਬੂਟੇ ਦੀ ਦੂਰੀ 45 ਸੈਂਟੀਮੀਟਰ ਰੱਖੋ। 2 ਬੈੱਡਾਂ ਵਿਚਕਾਰ 40 ਸੈਂਟੀਮੀਟਰ ਦਾ ਫ਼ਾਸਲਾ ਰੱਖੋ। ਇਸ ਫ਼ਸਲ ਨੂੰ ਪਾਣੀ ਦੇਣ ਲਈ ਇਕ ਡਰਿਪ ਲੇਟਰਲ ਪ੍ਰਤੀ ਬੈੱਡ ਦਾ ਇਸਤੇਮਾਲ ਕਰੋ ਅਤੇ ਲੇਟਰਲ ਤੇ ਡਰਿੱਪਰ ਤੋਂ ਡਰਿੱਪਰ ਦੀ ਦੂਰੀ 30 ਸੈਂਟੀਮੀਟਰ ਰੱਖੋ। (ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)


-ਮੋਬਾਈਲ : 89687-66600.


ਖ਼ਬਰ ਸ਼ੇਅਰ ਕਰੋ

ਜੈਵਿਕ ਫ਼ਸਲਾਂ ਦੇ ਉਤਪਾਦਨ ਦੀ ਲੋੜ

ਪੰਜਾਬ ਵਿਚ ਅਨਾਜ ਪੈਦਾ ਕਰਨ ਲਈ ਰਸਾਇਣਕ ਖਾਦਾਂ ਅਤੇ ਕੀਟਨਾਸ਼ਕਾਂ ਦੀ ਵਰਤੋਂ ਬਹੁਤ ਜ਼ਿਆਦਾ ਹੋ ਰਹੀ ਹੈ। ਜਿਸ ਦੇ ਸਿੱਟੇ ਵਜੋਂ ਕੀਟਨਾਸ਼ਕ ਅਤੇ ਰਸਾਇਣਕ ਖਾਦ ਨਾਲ ਲੋਕਾਂ ਦੀ ਸਿਹਤ 'ਤੇ ਬਹੁਤ ਮਾੜਾ ਅਸਰ ਪਿਆ ਹੈ। ਪੰਜਾਬ ਦੇ ਲੋਕਾਂ ਨੂੰ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਤੋਂ ਬਚਣ ਲਈ ਜੈਵਿਕ ਹਰਾ ਚਾਰਾ, ਜੈਵਿਕ ਸਬਜ਼ੀਆਂ ਅਤੇ ਜੈਵਿਕ ਕਣਕ ਦੀ ਪੈਦਾਵਾਰ ਕਰਨੀ ਚਾਹੀਦੀ ਹੈ ਅਤੇ ਕੈਂਸਰ ਨਾਲ ਲੜਨ ਲਈ ਆਪਣੇ ਭੋਜਨ ਵਿਚ ਬਦਲਾਅ ਲਿਆਉਣ ਦੀ ਲੋੜ ਹੈ। ਅੱਜਕਲ੍ਹ ਜੈਵਿਕ ਖੇਤੀ ਦੀ ਮੰਗ ਲਗਾਤਾਰ ਵਧ ਰਹੀ ਹੈ। ਆਰਗੈਨਿਕ ਤਰੀਕੇ ਨਾਲ ਤਿਆਰ ਅਨਾਜ ਰਸਾਇਣਕ ਖਾਦ ਆਧਾਰਤ ਅਨਾਜ ਦੇ ਮੁਕਾਬਲੇ ਡੇਢ ਤੋਂ ਦੁੱਗਣੀ ਕੀਮਤ 'ਤੇ ਵਿਕਦਾ ਹੈ। ਜੈਵਿਕ ਖੇਤੀ ਵਿਚ ਕਿਸੇ ਵੀ ਤਰ੍ਹਾਂ ਦੇ ਰਸਾਇਣ ਵਰਤ ਨਹੀਂ ਸਕਦੇ ਹਾਂ ਅਤੇ ਇਸ ਵਿਚ ਜ਼ਮੀਨ ਦੀ ਉਪਜਾਊ ਸ਼ਕਤੀ ਵਧਾਉਣ ਅਤੇ ਫ਼ਸਲਾਂ ਨੂੰ ਲੋੜੀਂਦੇ ਖ਼ੁਰਾਕੀ ਤੱਤਾਂ ਦੀ ਪੂਰਤੀ ਲਈ ਫ਼ਸਲੀ ਚੱਕਰਾਂ, ਫ਼ਸਲਾਂ ਦੀ ਰਹਿੰਦ-ਖੂੰਹਦ, ਰੂੜੀ ਦੀ ਖਾਦ, ਕੰਪੋਸਟ, ਫ਼ਲੀਦਾਰ ਫ਼ਸਲਾਂ ਅਤੇ ਹਰੀ ਖਾਦ ਦੀ ਵਰਤੋਂ ਕੀਤੀ ਜਾਂਦੀ ਹੈ। ਜੈਵਿਕ ਅਨਾਜ ਪੈਦਾ ਕਰਨ ਲਈ ਫਾਰਮ ਨੂੰ ਇਕ ਜੈਵਿਕ ਨਿਯੰਤ੍ਰਣ ਸੰਸਥਾ ਨਾਲ ਰਜਿਸਟਰ ਕੀਤਾ ਜਾਣਾ ਚਾਹੀਦਾ ਹੈ ਅਤੇ ਅਪਣਾਈ ਉਤਪਾਦਨ ਪ੍ਰਣਾਲੀ ਨੂੰ ਨਿਸਚਿਤ ਕੀਤੇ ਗਏ ਜੈਵਿਕ ਮਿਆਰ ਪੂਰੇ ਕਰਨੇ ਚਾਹੀਦੇ ਹਨ। ਹਰ ਕੰਟਰੋਲ ਬਾਡੀ ਦੇ ਆਪਣੇ ਵੇਰਵੇ ਸਹਿਤ ਮਾਪਦੰਡ ਹੁੰਦੇ ਹਨ ਅਤੇ ਇਹ ਯਕੀਨੀ ਬਣਾਉਣਾ ਬਹੁਤ ਮਹੱਤਵਪੂਰਨ ਹੁੰਦਾ ਹੈ ਕਿ ਉਤਪਾਦਨ ਪ੍ਰਣਾਲੀ ਅਪਣਾਏ ਜਾਣ ਨਾਲ ਤੁਹਾਡੇ ਦੁਆਰਾ ਰਜਿਸਟਰ ਕਰਨ ਲਈ ਚੁਣੇ ਗਏ ਜੈਵਿਕ ਮਿਆਰ ਦੀਆਂ ਜ਼ਰੂਰਤਾਂ ਦੀ ਪਾਲਣਾ ਕੀਤੀ ਜਾਵੇ।
ਜੈਵਿਕ ਤਰੀਕੇ ਨਾਲ ਸਬਜ਼ੀਆਂ ਦਾ ਉਤਪਾਦਨ
ਅੱਜਕਲ੍ਹ ਸਬਜ਼ੀਆਂ ਦਾ ਉਤਪਾਦਨ ਕਰਨ ਵਾਲੇ ਲੋਕ ਕੀੜੇ-ਮਕੌੜੇ ਅਤੇ ਬਿਮਾਰੀਆਂ ਤੋਂ ਬਚਾਉਣ ਲਈ ਕੀਟ ਨਾਸ਼ਕਾਂ ਦੀ ਬੇਲੋੜੀ ਵਰਤੋਂ ਕਰਦੇ ਹਨ। ਪਰ ਤਾਜ਼ੀ, ਤੱਤ ਭਰਪੂਰ ਅਤੇ ਕੀਟ ਨਾਸ਼ਕਾਂ ਤੋਂ ਰਹਿਤ ਸਬਜ਼ੀ ਘਰ ਬਗੀਚੀ ਵਿਚੋਂ ਮਿਲ ਸਕਦੀ ਹੈ। ਘਰੇਲੂ ਬਗੀਚੀ ਵਿਚ ਸਬਜ਼ੀਆਂ ਸਾਰਾ ਸਾਲ ਪਰਿਵਾਰ ਦੀਆਂ ਜਰੂਰਤਾਂ ਪੂਰੀਆਂ ਕਰਨ ਲਈ ਬਦਲ-ਬਦਲ ਕੇ ਬੀਜੀਆਂ ਜਾ ਸਕਦੀਆਂ ਹਨ। ਇਕ ਸਾਲ ਵਿਚ 6×6 ਮੀਟਰ ਦੇ ਜ਼ਮੀਨ ਦੇ ਟੁਕੜੇ ਉਪਰ 27 ਅਲੱਗ-ਅਲੱਗ ਸਬਜ਼ੀਆਂ ਪੈਦਾ ਕੀਤੀਆਂ ਜਾ ਸਕਦੀਆਂ ਹਨ ਅਤੇ ਤਕਰੀਬਨ 300 ਕਿਲੋ ਸਬਜ਼ੀ ਪ੍ਰਾਪਤ ਕੀਤੀ ਜਾ ਸਕਦੀ ਹੈ। ਇਸ ਤਰ੍ਹਾਂ ਚਾਰ ਮੈਂਬਰਾਂ ਦੇ ਪਰਿਵਾਰ (ਦੋ ਬਾਲਗ ਅਤੇ ਦੋ ਬੱਚੇ) ਦੀ ਵਿਟਾਮਿਨ, ਧਾਤਾਂ ਅਤੇ ਹੋਰ ਜ਼ਰੂਰੀ ਤੱਤਾਂ ਦੀ ਪੂਰਤੀ ਹੋ ਜਾਂਦੀ ਹੈ।
ਮੱਕੀ-ਆਲੂ-ਪਿਆਜ਼ ਫ਼ਸਲੀ ਚੱਕਰ ਵਿਚ ਆਲੂ ਵਿਚ ਮੂਲੀ ਦੀ ਰਲਵੀਂ ਫ਼ਸਲ ਅਤੇ ਪਿਆਜ਼ ਵਿਚ ਧਨੀਏ ਦੀ ਰਲਵੀਂ ਫ਼ਸਲ ਬੀਜਣੀ ਚਾਹੀਦੀ ਹੈ ਜਿਸ ਨਾਲ ਜੈਵਿਕ ਖੇਤੀ ਵਿਚ ਪਹਿਲੇ ਸਾਲ ਹੀ ਰਸਾਇਣਕ ਖੇਤੀ ਦੇ ਬਰਾਬਰ ਆਮਦਨ ਹੋ ਸਕਦੀ ਹੈ। ਮੱਕੀ ਲਈ 1.7 ਟਨ ਰੂੜੀ ਦੀ ਖਾਦ + 1.1 ਟਨ ਗੰਡੋਇਆਂ ਦੀ ਖਾਦ + 0.7 ਟਨ ਨਾ ਖਾਣ ਯੋਗ ਰਿੰਡ ਦੀ ਖਲ਼ ਪ੍ਰਤੀ ਏਕੜ ਦੇ ਹਿਸਾਬ ਨਾਲ ਖੇਤ ਵਿਚ ਪਾਉ। ਇਸੇ ਤਰ੍ਹਾਂ ਆਲੂਆਂ ਦੀ ਫ਼ਸਲ ਲਈ 2.5 ਟਨ ਰੂੜੀ ਦੀ ਖਾਦ + 1.7 ਟਨ ਗੰਡੋਇਆ ਖਾਦ + 1.0 ਟਨ ਨਾ ਖਾਣ ਯੋਗ ਰਿੰਡ ਦੀ ਖਲ਼ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਉ। ਪਿਆਜ਼ ਲਈ ਪ੍ਰਤੀ ਏਕੜ ਨੂੰ 1.3 ਟਨ ਰੂੜੀ ਦੀ ਖਾਦ + 0.9 ਟਨ ਗੰਡੋਇਆ ਖਾਦ + 0.5 ਟਨ ਨਾ ਖਾਣ ਯੋਗ ਰਿੰਡ ਦੀ ਖਲ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਉ। ਮੱਕੀ ਦੀ ਫ਼ਸਲ ਨੂੰ ਜੂਨ ਦੇ ਪਹਿਲੇ ਪੰਦਰਵਾੜੇ, ਆਲੂ ਅਕਤੂਬਰ ਦੇ ਪਹਿਲੇ ਪੰਦਰਵਾੜੇ ਅਤੇ ਪਿਆਜ਼ ਜਨਵਰੀ ਦੇ ਪਹਿਲੇ ਪੰਦਰਵਾੜੇ ਵਿਚ ਬੀਜੋ। ਮੂਲੀ ਨੂੰ ਅਕਤੂਬਰ ਦੇ ਪਹਿਲੇ ਪੰਦਰਵਾੜੇ ਵਿਚ ਆਲੂਆਂ ਦੀ ਹਰੇਕ ਵੱਟ ਦੇ ਦੱਖਣ ਵਾਲੇ ਪਾਸੇ ਬੀਜ ਕੇ, ਦਸੰਬਰ ਦੇ ਮਹੀਨੇ ਵਿਚ ਬਿਜਾਈ ਤੋਂ 50 ਤੋਂ 70 ਦਿਨਾਂ ਵਿਚ 2-3 ਵਾਰੀ ਪੁੱਟ ਲਵੋ। ਧਨੀਏ ਦੀ ਇਕ ਕਤਾਰ ਪਿਆਜ਼ ਦੀਆਂ 5 ਕਤਾਰਾਂ ਬਾਅਦ ਜਨਵਰੀ ਦੇ ਪਹਿਲੇ ਪੰਦਰਵਾੜੇ ਵਿਚ ਪਿਆਜ਼ ਦੀ ਪਨੀਰੀ ਲਾਉਣ 'ਤੇ ਪਹਿਲਾ ਪਾਣੀ ਦੇਣ ਉਪਰੰਤ ਲਾਓ। ਹਰੇ ਧਨੀਏ ਦੀ ਬਿਜਾਈ ਤੋਂ ਚਾਲੀ ਦਿਨਾਂ ਬਾਅਦ ਪਹਿਲੀ ਕਟਾਈ ਕਰੋ ਅਤੇ ਬੀਜ ਦੇ ਤੌਰ ਤੇ ਧਨੀਏ ਨੂੰ ਮਈ ਦੇ ਦੂਸਰੇ ਹਫ਼ਤੇ ਕੱਟ ਲਓ। ਜੈਵਿਕ ਹਲਦੀ ਲਈ ਖ਼ੁਰਾਕੀ ਤੱਤਾਂ ਦੀ ਲੋੜ ਨੂੰ 6 ਟਰਾਲੀਆਂ ਰੂੜੀ ਦੀ ਖਾਦ (6 ਟਨ ਸੁੱਕੀ ਰੂੜੀ) ਵਰਤ ਕੇ ਪੂਰਾ ਕੀਤਾ ਜਾ ਸਕਦਾ ਹੈ। ਜੇ ਰੂੜੀ ਦੀ ਖਾਦ ਪੂਰੀ ਮਾਤਰਾ ਵਿਚ ਉਪਲਬਧ ਨਾ ਹੋਵੇ ਤਾਂ 4 ਟਰਾਲੀਆਂ ਰੂੜੀ ਦੀ ਖਾਦ (4 ਟਨ ਸੁੱਕੀ ਰੂੜੀ) ਦੇ ਨਾਲ 1.3 ਟਨ ਗੰਡੋਆ ਖਾਦ (1.5 ਪ੍ਰਤੀਸ਼ਤ ਨਾਈਟ੍ਰੋਜਨ) ਦੀ ਵਰਤੋ ਕੀਤੀ ਜਾ ਸਕਦੀ ਹੈ। ਜੈਵਿਕ ਪਿਆਜ਼ ਵਿਚ ਖੁਰਾਕੀ ਤੱਤਾਂ ਦੀ ਲੋੜ ਨੂੰ 4 ਟਰਾਲੀਆਂ ਰੂੜੀ ਦੀ ਖਾਦ (4 ਟਨ ਸੁੱਕੀ ਰੂੜੀ) ਵਰਤ ਕੇ ਪੂਰਾ ਕੀਤਾ ਜਾ ਸਕਦਾ ਹੈ। ਜੇ ਰੂੜੀ ਦੀ ਖਾਦ ਪੂਰੀ ਮਾਤਰਾ ਵਿਚ ਉਪਲਬਧ ਨਾ ਹੋਵੇ ਤਾਂ 3 ਟਰਾਲੀਆਂ ਰੂੜੀ ਦੀ ਖਾਦ (2.7 ਟਨ ਸੁੱਕੀ ਰੂੜੀ) ਦੇ ਨਾਲ 0.9 ਟਨ ਗੰਡੋਆ ਖਾਦ ਦੀ ਵਰਤੋਂ ਕੀਤੀ ਜਾ ਸਕਦੀ ਹੈ। ਹਲਦੀ ਵਿਚ ਨਦੀਨਾਂ ਦੀ ਰੋਕਥਾਮ ਲਈ ਬਿਜਾਈ ਸਮੇਂ 40 ਕੁਇੰਟਲ ਪ੍ਰਤੀ ਏਕੜ ਝੋਨੇ ਦੀ ਪਰਾਲੀ ਪਾਓ ਅਤੇ ਜੇ ਲੋੜ ਪਵੇ ਤਾਂ 3 ਮਹੀਨੇ ਬਾਅਦ ਇਕ ਗੋਡੀ ਕਰੋ। ਜੇਕਰ ਪਰਾਲੀ ਨਹੀਂ ਪਾਈ ਤਾਂ ਤਿੰਨ ਗੋਡੀਆਂ ਬਿਜਾਈ ਤੋਂ 1, 2 ਅਤੇ 3 ਮਹੀਨੇ ਬਾਅਦ ਕਰੋ। ਪਿਆਜ਼ ਵਿਚ ਨਦੀਨਾਂ ਦੀ ਰੋਕਥਾਮ ਲਈ ਲੋੜ ਅਨੁਸਾਰ ਗੋਡੀ ਕਰੋ।


-ਕ੍ਰਿਸ਼ੀ ਵਿਗਿਆਨ ਕੇਂਦਰ, ਬਠਿੰਡਾ ਮੋਬਾਈਲ : 94654-20097

ਜਿਨ੍ਹਾਂ ਕੰਮ ਕਰਨਾ ਹੁੰਦੈ

ਅਸੀਂ ਪੰਜਾਬੀ ਖੇਤੀ ਤਾਂ ਕਰਦੇ ਹਾਂ, ਪਰ ਇਸ ਪ੍ਰਤੀ ਸਾਡਾ ਵਤੀਰਾ, ਗ਼ੈਰ-ਸੰਜੀਦਾ ਹੈ। ਅਸੀਂ ਖੇਤੀ ਉਪਜ ਨੂੰ ਦੂਜਿਆਂ ਦੇ ਰਹਿਮ 'ਤੇ ਛੱਡ ਦਿੰਦੇ ਹਾਂ। ਖੇਤੀ ਨੂੰ ਅਸੀਂ ਕਦੀ ਵੀ ਵਪਾਰ ਨਹੀਂ ਸਮਝਦੇ ਤੇ ਬਾਜ਼ਾਰ ਦੀਆਂ ਲੋੜਾਂ ਨੂੰ ਜਾਨਣ ਦੀ ਕੋਸ਼ਿਸ਼ ਨਹੀਂ ਕਰਦੇ। ਆਪਣੀ ਇਸ ਨਾਸਮਝੀ ਨੂੰ ਲੁਕਾਉਣ ਲਈ ਸਾਡੇ ਕੋਲ ਸੌ ਬਹਾਨੇ ਹਨ। ਜੇ ਹੋਰ ਕੁਝ ਨਾ ਸੁੱਝੇ ਤਾਂ, ਵਿਆਹ-ਸ਼ਾਦੀ ਜਾਂ ਭੋਗ ਦਾ ਬਹਾਨਾ ਤਾਂ ਵੱਟ 'ਤੇ ਪਿਆ। ਪਰ ਇਥੇ ਹੀ ਪਿਆਰਾ ਸਿੰਘ ਵਰਗੇ ਕੁਝ ਇਹੋ ਜਿਹੇ ਲੋਕ ਵੀ ਹਨ, ਜਿਨ੍ਹਾਂ ਦੀ ਆਪਣੀ ਪੈਲੀ ਭਾਵੇਂ ਘੱਟ ਹੀ ਹੋਵੇ ਪਰ ਠੇਕੇ 'ਤੇ ਦਰਜਨਾਂ ਖੇਤ ਲੈ ਲੈਂਦੇ ਹਨ। ਇਹ ਲੁਧਿਆਣਾ ਸ਼ਹਿਰ ਦੇ ਲਾਗੇ, ਆਏ ਸਾਲ ਤੋਰੀਆ ਬੀਜਦੇ ਹਨ ਤੇ ਪੰਜ ਜਾਂ ਛੇ ਪੱਠਿਆਂ ਦੇ ਲੌਅ ਲੈ ਲੈਂਦੇ ਹਨ। ਇੰਜ ਰਵਾਇਤੀ ਫ਼ਸਲਾਂ ਨਾਲੋਂ ਕਮਾਈ ਵੀ ਵੱਧ ਹੁੰਦੀ ਹੈ ਤੇ ਲੋੜ ਅਨੁਸਾਰ ਭਾਅ ਵੀ ਆਪੇ ਘੱਟ ਵਧ ਕਰ ਲੈਂਦੇ ਹਨ। ਇਲਾਕੇ ਵਿਚ ਸੈਂਕੜੇ ਏਕੜ ਤੋਰੀਏ ਦੇ ਫੁੱਲਾਂ ਕਰਕੇ ਸ਼ਹਿਦ ਵੀ ਵੱਧ ਤੇ ਵਧੀਆ ਬਣਦਾ ਹੈ। ਇਹ ਤਾਂ ਇਕ ਉਦਾਹਰਨ ਹੈ। ਹਰ ਕਿਸਾਨ, ਥੋੜ੍ਹੀ ਆਲੇ-ਦੁਆਲੇ ਪੁੱਛ-ਤਾਛ ਕਰ ਕੇ ਆਪਣੇ-ਆਪਣੇ ਇਲਾਕੇ ਵਿਚ, ਕਾਮਯਾਬ ਹੋ ਸਕਦਾ ਹੈ।


-ਮੋਬਾ: 98159-45018

ਹਾੜ੍ਹੀ ਅਤੇ ਬਹਾਰ ਰੁੱਤ ਦੀਆਂ ਫ਼ਸਲਾਂ ਲਈ ਪਾਣੀ ਪ੍ਰਬੰਧ ਦੀ ਭੂਮਿਕਾ

ਅਨਾਜ ਵਾਲੀਆਂ ਫ਼ਸਲਾਂ
ਕਣਕ: ਸਮੇਂ ਸਿਰ, ਪਿਛੇਤੀ ਜਾਂ ਬਹੁਤ ਪਿਛੇਤੀ ਕਣਕ ਦੀ ਬਿਜਾਈ ਭਰਵੀਂ ਰੌਣੀ (10 ਸੈਂਟੀਮੀਟਰ) ਨਾਲ ਕਰੋ। ਜਦੋਂ ਕਣਕ ਝੋਨੇ ਪਿੱਛੋਂ ਬੀਜਣੀ ਹੋਵੇ ਤਾਂ ਭਾਰੀ ਰੌਣੀ ਦੀ ਲੋੜ ਨਹੀਂ ਹੈ। ਝੋਨੇ ਦੀ ਫ਼ਸਲ ਪਿੱਛੋਂ ਕਣਕ ਦੀ ਬਿਜਾਈ ਕਰਨੀ ਹੋਵੇ ਤਾਂ ਝੋਨੇ ਦੀ ਖੜ੍ਹੀ ਫ਼ਸਲ ਵਿਚ ਜ਼ਮੀਨ ਦੀ ਕਿਸਮ ਅਨੁਸਾਰ 5-10 ਦਿਨ ਪਹਿਲਾਂ ਰੌਣੀ ਕਰ ਦੇਣੀ ਚਾਹੀਦੀ ਹੈ ਤਾਂ ਕਿ ਕਣਕ ਦੀ ਬਿਜਾਈ ਪਿਛੇਤੀ ਨਾ ਹੋਵੇ। ਪਾਣੀ ਦੀ ਸੁਚੱਜੀ ਵਰਤੋਂ ਵਾਸਤੇ ਭਾਰੀਆਂ ਜ਼ਮੀਨਾਂ ਵਿਚ 8 ਕਿਆਰੇ ਪ੍ਰਤੀ ਏਕੜ ਅਤੇ ਰੇਤਲੀਆਂ ਜ਼ਮੀਨਾਂ ਵਿਚ 16 ਕਿਆਰੇ ਪ੍ਰਤੀ ਏਕੜ ਬਣਾਉਣ ਦੀ ਸਿਫ਼ਾਰਿਸ਼ ਕੀਤੀ ਜਾਂਦੀ ਹੈ। ਇਹ ਦੇਖਣ ਵਿਚ ਆਇਆ ਹੈ ਕਿ ਜਦੋਂ ਕਣਕ ਨੂੰ ਪਹਿਲਾ ਪਾਣੀ ਜ਼ਿਆਦਾ ਭਾਰਾ ਲਾਇਆ ਜਾਂਦਾ ਹੈ ਤਾਂ ਜ਼ਮੀਨ ਵਿਚ ਹਵਾ ਦੀ ਆਵਾਜਾਈ ਘੱਟ ਜਾਂਦੀ ਹੈ ਅਤੇ ਕਣਕ ਪੀਲੀ ਪੈ ਜਾਂਦੀ ਹੈ। ਇਸ ਕਰਕੇ ਕਣਕ ਦੀ ਫ਼ਸਲ ਨੂੰ ਪਹਿਲਾ ਪਾਣੀ ਦੂਸਰੀਆਂ ਸਿੰਚਾਈਆਂ ਦੇ ਮੁਕਾਬਲੇ ਹਲਕਾ ਦੇਣਾ ਚਾਹੀਦਾ ਹੈ। ਹਲਕੀਆਂ ਜ਼ਮੀਨਾਂ ਵਿਚ ਪਹਿਲਾ ਪਾਣੀ ਕੁਝ ਅਗੇਤਾ ਅਤੇ ਭਾਰੀਆਂ ਜ਼ਮੀਨਾਂ ਵਿਚ ਸਿੰਚਾਈ ਪਿਛੇਤੀ ਕਰ ਦਿਉ। ਬਰਸਾਤ ਹੋਣ ਦੀ ਸੂਰਤ ਵਿਚ ਹਰ ਇਕ ਸੈਂਟੀਮੀਟਰ ਵਰਖਾ ਪਿੱਛੋਂ ਪਹਿਲਾ ਪਾਣੀ ਜਨਵਰੀ ਦੇ ਅਖੀਰ ਤੱਕ 5 ਦਿਨ ਪਿਛੇਤਾ ਅਤੇ ਜਨਵਰੀ ਤੋਂ ਬਾਅਦ ਦੋ ਦਿਨ ਤੱਕ ਪਿਛੇਤਾ ਕਰ ਦੇਣਾ ਚਾਹੀਦਾ ਹੈ। ਚੰਗੇ ਪਾਣੀ ਦੀ ਘਾਟ ਦੀ ਸੂਰਤ ਵਿਚ ਕਣਕ ਦੇ ਅਖੀਰਲੇ ਵਾਧੇ ਦੌਰਾਨ ਸਿੰਚਾਈਆਂ ਮਾੜੇ ਪਾਣੀ ਨਾਲ ਹਲਕੀਆਂ ਜ਼ਮੀਨਾਂ ਵਿਚ ਕੀਤੀਆਂ ਜਾ ਸਕਦੀਆਂ ਹਨ ਕਿਉਕਿ ਇਸ ਸਮਂੇ ਫ਼ਸਲ ਮਾੜੇ ਪਾਣੀ ਨੂੰ ਸਹਾਰ ਸਕਦੀ ਹੈ।
ਕਣਕ ਦੀ ਫ਼ਸਲ ਨੂੰ ਬਿਜਾਈ ਦੀ ਤਾਰੀਕ ਮੁਤਾਬਿਕ ਹੇਠ ਦੱਸੀ ਤਰਤੀਬ ਅਨੁਸਾਰ ਪਾਣੀ ਦਿਉ:
ਜੌਂਅ : ਪੰਜਾਬ ਦੇ ਦੱਖਣ ਪੱਛਮੀ ਖੁਸ਼ਕ ਜ਼ਿਲ੍ਹਿਆਂ ਵਿਚ ਦੋ ਪਾਣੀ ਅਤੇ ਬਾਕੀ ਜ਼ਿਲ੍ਹਿਆਂ ਵਿਚ ਇਕ ਹੀ ਪਾਣੀ ਕਾਫੀ ਹੈ ਜੋ ਕਿ ਬਿਜਾਈ ਤੋਂ 5-6 ਹਫਤੇ ਬਾਅਦ ਦੇਣਾ ਚਾਹੀਦਾ ਹੈ। ਹਲਕੀਆਂ ਜ਼ਮੀਨਾਂ ਵਿਚ ਜੌਆਂ ਨੂੰ ਮਾੜਾ ਪਾਣੀ ਅਤੇ ਚੰਗਾ ਪਾਣੀ ਅਦਲ-ਬਦਲ ਕੇ ਲਾਇਆ ਜਾ ਸਕਦਾ ਹੈ।
ਸਿਆਲੂ ਮੱਕੀ: ਪਹਿਲਾ ਪਾਣੀ ਬਿਜਾਈ ਤੋਂ 25-30 ਦਿਨਾਂ ਬਾਅਦ ਦੇ ਦੇਣਾ ਚਾਹੀਦਾ ਹੈ। ਬਾਕੀ ਸਿੰਚਾਈਆਂ 2 ਹਫਤਿਆਂ ਦੇ ਵਕਫੇ ਤੇ 10 ਅਪ੍ਰੈਲ ਤੱਕ ਦਿੰਦੇ ਰਹਿਣਾ ਚਾਹੀਦਾ ਹੈ। ਇਸ ਤੋਂ ਬਾਅਦ ਇਕ ਹਫਤੇ ਦੇ ਵਕਫੇ ਤੇ ਫ਼ਸਲ ਪੱਕਣ ਤੱਕ ਦਿੰਦੇ ਰਹਿਣਾ ਚਾਹੀਦਾ ਹੈ। ਦਾਣਿਆਂ ਦੇ ਵਾਧੇ ਸਮੇਂ ਫ਼ਸਲ ਨੂੰ ਪਾਣੀ ਦੀ ਘਾਟ ਨਹੀਂ ਆਉਣ ਦੇਣੀ ਚਾਹੀਦੀ। ਮੱਕੀ ਦੀ ਫ਼ਸਲ ਖੜ੍ਹਾ ਪਾਣੀ ਨਹੀਂ ਸਹਾਰ ਸਕਦੀ ਇਸ ਲਈ ਵਾਧੂ ਪਾਣੀ ਖੇਤ ਵਿਚੋਂ ਕੱਢ ਦੇਣਾ ਚਾਹੀਦਾ ਹੈ। ਮੱਕੀ ਨੂੰ ਤੁਪਕਾ ਸਿੰਚਾਈ ਰਾਹੀਂ ਵੀ ਪਾਣੀ ਦਿੱਤਾ ਜਾ ਸਕਦਾ ਹੈ। ਇਸ ਦੇ ਲਈ ਬੈਡ 80 ਸੈਟੀਮੀਟਰ ਚੌੜੇ ਅਤੇ ਬੈਡ ਤੋਂ ਬੈਡ ਦਾ ਫਾਸਲਾ 40 ਸੈਂਟੀਮੀਟਰ ਹੋਣਾ ਚਾਹੀਦਾ ਹੈ। ਮੱਕੀ ਦੀਆਂ ਦੋ ਕਤਾਰਾਂ ਵਿਚ ਇਕ ਡਰਿੱਪ ਲਾਈਨ ਦੀ ਵਰਤੋਂ ਕਰੋ ਜਿਸ ਵਿਚ ਡਰਿੱਪਰ ਤੋਂ ਡਰਿੱਪਰ ਦਾ ਫਾਸਲਾ 30 ਸੈਂਟੀਮੀਟਰ ਹੋਵੇ। ਡਰਿੱਪਰ ਡਿਸਚਾਰਜ 2.2 ਲਿਟਰ ਪ੍ਰਤੀ ਘੰਟੇ ਨੂੰ 22 ਮਿੰਟ ਸਿੰਚਾਈ ਫਰਵਰੀ ਮਹੀਨੇ ਵਿਚ, 64 ਮਿੰਟ ਮਾਰਚ, 120 ਮਿੰਟ ਅਪ੍ਰੈਲ, 130 ਮਿੰਟ ਮਈ ਮਹੀਨੇ ਵਿਚ ਦਿਉ।
ਦਾਲ਼ਾਂ ਵਾਲੀਆਂ ਫ਼ਸਲਾਂ
ਛੋਲੇ: ਸੇਂਜੂ ਜ਼ਮੀਨ ਵਿਚ ਬਿਜਾਈ ਤੋਂ ਪਹਿਲਾਂ ਚੰਗੇ ਪਾਣੀ ਨਾਲ ਭਰਵੀਂ ਰੌਣੀ ਕਰਨੀ ਬਹੁਤ ਜ਼ਰੂਰੀ ਹੈ। ਛੋਲਿਆਂ ਨੂੰ ਲੂਣਾ ਖਾਰਾ ਪਾਣੀ ਕਦੇ ਵੀ ਨਹੀਂ ਲਾਉਣਾ ਚਾਹੀਦਾ ਕਿਉਂਕਿ ਇਹ ਲੂਣੇ ਪਾਣੀ ਜਾਂ ਖਾਰੇ ਪਾਣੀ ਨੂੰ ਸਹਾਰ ਨਹੀਂ ਸਕਦੇ। ਫ਼ਸਲ ਨੂੰ ਬਾਅਦ ਵਿਚ ਲੋੜ ਮੁਤਾਬਿਕ ਕੇਵਲ ਇਕ ਪਾਣੀ ਦੇਣ ਦੀ ਲੋੜ ਹੈ। ਇਹ ਪਾਣੀ ਬਿਜਾਈ ਦੇ ਸਮੇਂ ਅਤੇ ਬਾਰਿਸ਼ ਅਨੁਸਾਰ ਅੱਧ ਦਸੰਬਰ ਤੋਂ ਅੰਤ ਜਨਵਰੀ ਦਰਮਿਆਨ ਦੇਣਾ ਚਾਹੀਦਾ ਹੈ। ਇਹ ਪਾਣੀ ਕਿਸੇ ਵੀ ਹਾਲਤ ਵਿਚ ਬਿਜਾਈ ਤੋਂ 4 ਹਫਤੇ ਦੇ ਅੰਦਰ ਨਹੀਂ ਦੇਣਾ ਚਾਹੀਦਾ। ਜੇਕਰ ਬਾਰਿਸ਼ ਪਹਿਲਾਂ ਹੋ ਜਾਵੇ ਤਾਂ ਇਹ ਪਾਣੀ ਹੋਰ ਪਿਛੇਤਾ ਕਰ ਦਿਉ। ਬਹੁਤ ਪਾਣੀ ਦੇਣ ਨਾਲ ਬੂਟੇ ਦਾ ਫੁਲਾਟ ਬਹੁਤ ਵਧ ਜਾਂਦਾ ਹੈ ਅਤੇ ਫਲ ਘੱਟ ਲਗਦਾ ਹੈ। ਭਾਰੀਆਂ ਜ਼ਮੀਨਾਂ, ਖਾਸ ਕਰਕੇ ਝੋਨੇ ਪਿੱਛਂੋ ਬੀਜੇ ਛੋਲਿਆਂ ਨੂੰ ਪਾਣੀ ਬਿਲਕੁਲ ਨਹੀਂ ਲਾਉਣਾ ਚਾਹੀਦਾ। ਡੱਡੇ ਬਣਨ ਵੇਲੇ ਪਾਣੀ ਦੀ ਘਾਟ ਨੂੰ ਪੂਰਾ ਕਰਨ ਲਈ, ਝੋਨੇ ਪਿੱਛੋਂ ਵੱਟਾਂ ਉਤੇ ਬੀਜੇ ਛੋਲਿਆਂ ਨੂੰ ਪਾਣੀ ਲਾਇਆ ਜਾ ਸਕਦਾ ਹੈ।
ਮਸਰ: ਮਸਰਾਂ ਨੂੰ ਵਰਖਾ ਦੇ ਅਧਾਰ 'ਤੇ 1-2 ਪਾਣੀਆਂ ਦੀ ਲੋੜ ਹੁੰਦੀ ਹੈ। ਜੇ ਇਕ ਪਾਣੀ ਦੇਣਾ ਹੋਵੇ ਤਾਂ ਬਿਜਾਈ ਤੋਂ 6 ਹਫਤੇ ਬਾਅਦ ਦਿਉ। ਜੇਕਰ ਦੋ ਪਾਣੀ ਲਾਉਣੇ ਹੋਣ ਤਾਂ ਪਹਿਲਾ ਪਾਣੀ ਬਿਜਾਈ ਤੋਂ4 ਹਫਤੇ ਬਾਅਦ ਅਤੇ ਦੂਜਾ ਫੁੱਲ ਪੈਣ ਸਮੇਂ ਜਾਂ ਫਲੀਆਂ ਪੈਣ ਸਮੇਂ ਮੌਸਮ ਅਨੁਸਾਰ ਦੇਣਾ ਚਾਹੀਦਾ ਹੈ। ਇਸ ਦੀ ਟਿਊਬਵੈਲ ਦੇ ਮਾੜੇ ਪਾਣੀ ਨਾਲ ਸਿੰਚਾਈ ਨਹੀਂ ਕਰਨੀ ਚਾਹੀਦੀ।
ਤੇਲ ਬੀਜ ਫ਼ਸਲਾਂ
ਰਾਇਆ, ਸਰ੍ਹੋਂ ਅਤੇ ਤਾਰਾਮੀਰਾ: ਜੇ ਰਾਇਆ ਤੇ ਗੋਭੀ ਸਰ੍ਹਂੋ ਦੀ ਬਿਜਾਈ ਭਾਰੀ ਰੌਣੀ (10-12 ਸੈਂਟੀਮੀਟਰ) ਤੋਂ ਬਾਅਦ ਕੀਤੀ ਗਈ ਹੋਵੇ ਤਾਂ ਪਹਿਲੀ ਸਿੰਚਾਈ ਤਿੰਨ ਤੋਂ ਚਾਰ ਹਫ਼ਤੇ ਬਾਅਦ ਕਰਨੀ ਚਾਹੀਦੀ ਹੈ। ਰਾਇਆ ਦੀ ਫ਼ਸਲ ਨੂੰ ਜੇ ਜ਼ਰੂਰਤ ਹੋਵੇ ਤਾਂ ਦੂਸਰਾ ਪਾਣੀ ਫੁੱਲ ਪੈਣ 'ਤੇ ਦਿਉ। ਜੇ ਕੋਰਾ ਪੈਣ ਦਾ ਡਰ ਹੋਵੇ ਤਾਂ ਦੂਸਰਾ ਪਾਣੀ ਪਹਿਲਾਂ ਵੀ ਦਿੱਤਾ ਜਾ ਸਕਦਾ ਹੈ। ਗੋਭੀ ਸਰ੍ਹਂੋ ਦੀ ਫ਼ਸਲ ਨੂੰ ਦੂਸਰਾ ਪਾਣੀ ਦਸੰਬਰ ਅਖੀਰ ਜਾਂ ਜਨਵਰੀ ਦੇ ਸ਼ੁਰੂ ਵਿਚ ਦਿਉ। ਤੀਜੀ ਅਤੇ ਆਖਰੀ ਸਿੰਚਾਈ ਫਰਵਰੀ ਦੇ ਦੂਜੇ ਪੰਦਰਵਾੜੇ ਵਿਚ ਕੀਤੀ ਜਾ ਸਕਦੀ ਹੈ। ਇਸ ਤੋਂ ਬਾਅਦ ਪਾਣੀ ਨਹੀਂ ਦੇਣਾ ਚਾਹੀਦਾ ਨਹੀਂ ਤਾਂ ਫ਼ਸਲ ਦੇ ਡਿਗਣ ਦਾ ਡਰ ਰਹਿੰਦਾ ਹੈ।ਜੇਕਰ ਪਾਣੀ ਦੀ ਕਿੱਲਤ ਹੋਵੇ ਤਾਂ ਰਾਇਆ ਨੂੰ ਵੀ ਮਾੜਾ ਪਾਣੀ ਅਤੇ ਚੰਗਾ ਪਾਣੀ ਅਦਲ-ਬਦਲ ਕੇ ਲਾਇਆ ਜਾ ਸਕਦਾ ਹੈ।
ਸੂਰਜਮੁਖੀ: ਬਹਾਰ ਰੁੱਤ ਦੀ ਸੂਰਜਮੁਖੀ ਦੀ ਫ਼ਸਲ ਨੂੰ ਜ਼ਮੀਨ ਦੀ ਕਿਸਮ, ਮੀਂਹ ਅਤੇ ਮੌਸਮ ਦੇ ਮੁਤਾਬਿਕ 6-9 ਸਿੰਚਾਈਆਂ ਦੀ ਲੋੜ ਪੈਂਦੀ ਹੈ। ਪੱਧਰੀ ਬਿਜਾਈ ਲਈ ਪਹਿਲਾ ਪਾਣੀ ਬਿਜਾਈ ਤੋਂ ਇਕ ਮਹੀਨੇ ਬਾਅਦ ਅਤੇ ਅਗਲੀਆਂ ਸਿੰਚਾਈਆਂ 2 ਤੋਂ 3 ਹਫਤੇ ਦੇ ਅੰਤਰ ਤੇ ਕਰੋ। ਸਿੰਚਾਈਆਂ ਦਾ ਵਕਫਾ ਮਾਰਚ ਦੇ ਮਹੀਨੇ ਵਿਚ 2 ਹਫਤੇ ਅਤੇ ਅਪਰੈਲ-ਮਈ ਦੇ ਗਰਮ ਮਹੀਨਿਆਂ ਵਿਚ 8-10 ਦਿਨਾਂ ਦਾ ਰੱਖਣਾ ਚਾਹੀਦਾ ਹੈ। ਫ਼ਸਲ ਕੱਟਣ ਤੋਂ 12-14 ਦਿਨ ਪਹਿਲਾਂ ਪਾਣੀ ਦੇਣਾ ਬੰਦ ਕਰ ਦੇਣਾ ਚਾਹੀਦਾ ਹੈ। ਫ਼ਸਲ ਨੂੰ 50 ਪ੍ਰਤੀਸਤ ਫੁੱਲ ਪੈਣ ਸਮੇਂ, ਦਾਣਿਆਂ ਦੇ ਨਰਮ ਅਤੇ ਸਖਤ ਦੋਧੇ ਸਮੇਂ ਤੇ ਸਿੰਚਾਈ ਅਤਿ ਜ਼ਰੂਰੀ ਹੈ। ਤੁਪਕਾ ਸਿੰਚਾਈ ਵਿਧੀਵੱਧ ਝਾੜ, ਪਾਣੀ ਅਤੇ ਖਾਦਾਂ ਦੀ ਬੱਚਤ (20 ਪ੍ਰਤੀਸ਼ਤ) ਲਈ ਇਕ ਕਾਰਗਰ ਸਿੰਚਾਈ ਵਿਧੀ ਹੈ।
ਕਮਾਦ: ਬਸੰਤ ਰੁੱਤ ਦੇ ਕਮਾਦ ਨੂੰ ਅਪ੍ਰੈਲ ਤੋਂ ਜੂਨ ਤੱਕ 7-12 ਦਿਨਾਂ ਦੇ ਵਕਫੇ ਅੰਦਰ ਲੋੜ ਮੁਤਾਬਿਕ ਪਾਣੀ ਦਿੰਦੇ ਰਹੋ। ਬਾਰਿਸ਼ ਦੇ ਦਿਨਾਂ ਵਿਚ ਜੇਕਰ ਖੇਤ ਵਿਚ ਬਾਰਿਸ਼ਾਂ ਨਾਲ ਬਹੁਤਾ ਪਾਣੀ ਖੜ੍ਹਾ ਹੋ ਜਾਵੇ ਤਾਂ ਉਸ ਨੂੰ ਬਾਹਰ ਕੱਢ ਦਿਓ। ਸਰਦੀਆਂ ਵਿਚ (ਨਵੰਬਰ-ਜਨਵਰੀ) ਕਮਾਦ ਨੂੰ ਪਾਣੀ ਇਕ ਮਹੀਨੇ ਦੇ ਵਕਫੇ 'ਤੇ ਲਾਉਣਾ ਚਾਹੀਦਾ ਹੈ। ਫ਼ਸਲ ਨੂੰ ਕੋਰੇ ਤੋਂ ਬਚਾਉਣ ਲਈ ਇਕ ਪਾਣੀ ਦਸੰਬਰ ਦੇ ਅੱਧ ਵਿਚ ਅਤੇ ਇਕ ਹੋਰ ਪਾਣੀ ਜਨਵਰੀ ਦੇ ਪਹਿਲੇ ਹਫਤੇ ਲਾਓ।
ਉਪਰੋਕਤ ਨੁਕਤਿਆਂ ਦੇ ਨਾਲ-ਨਾਲ ਕਿਸਾਨ ਵੀਰਾਂ ਨੂੰ ਇਹ ਧਿਆਨ ਗੋਚਰੇ ਰੱਖਣਾ ਚਾਹੀਦਾ ਹੈ ਕਿ ਪਾਣੀ ਦੀ ਇਕਸਾਰ ਵਰਤੋਂ ਕਰਨ ਅਤੇ ਪਾਣੀ ਦੀ ਬੱਚਤ ਕਰਨ ਲਈ ਖੇਤ ਨੂੰ ਬਿਲਕੁਲ ਪੱਧਰਾ ਰੱਖਿਆ ਜਾਵੇ। ਕੁਦਰਤ ਦੀ ਇਸ ਅਨਮੋਲ ਦਾਤ ਨੂੰ ਸਾਂਭ ਕੇ ਰੱਖਣ ਅਤੇ ਸੰਭਾਲ ਕੇ ਵਰਤਣ ਦੀ ਸਾਡੀ ਸਾਰਿਆਂ ਦੀ ਨੈਤਿਕ ਅਤੇ ਸਮਾਜਿਕ ਜ਼ਿੰਮੇਵਾਰੀ ਬਣਦੀ ਹੈ।


-ਖੇਤਰੀ ਖੋਜ ਕੇਂਦਰ, ਬਠਿੰੰਡਾ
ਮੋਬਾਈਲ : 94177-53063.

ਇਸ ਮਹੀਨੇ ਦੇ ਖੇਤੀ ਰੁਝੇਵੇਂ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਗੁੱਲੀ ਡੰਡੇ ਅਤੇ ਜੰਗਲੀ ਜਵੀ ਦੀ ਰੋਕਥਾਮ ਲਈ ਆਈਸੋਪ੍ਰੋਟੂਰੌਨ ਨਦੀਨ ਨਾਸ਼ਕ ਦਾ ਛਿੜਕਾਅ ਪਹਿਲੇ ਪਾਣੀ ਤੋਂ 2-3 ਦਿਨ ਪਹਿਲਾਂ ਕਰੋ। ਭਾਰੀਆਂ ਜ਼ਮੀਨਾਂ ਲਈ ਆਈਸੋਪ੍ਰੋਟੂਰੌਨ 75 ਡਬਲਊ ਪੀ 500 ਗ੍ਰਾਮ ਅਤੇ ਦਰਮਿਆਨੀਆਂ ਜ਼ਮੀਨਾਂ ਲਈ ਆਈਸੋਪ੍ਰੋਟੂਰੌਨ 75 ਡਬਲਊ ਪੀ 400 ਗ੍ਰਾਮ ਪ੍ਰਤੀ ਏਕੜ ਵਰਤੋ। ਹਲਕੀਆਂ ਜ਼ਮੀਨਾਂ ਲਈ ਇਸ ਨਦੀਨ ਨਾਸ਼ਕ ਦੀ ਮਾਤਰਾ 300 ਗ੍ਰਾਮ ਪ੍ਰਤੀ ਏਕੜ ਵਰਤੋ। ਜਾਂ ਸਲਫੋਸਲਫੂਰਾਨ 13 ਗ੍ਰਾਮ ਪ੍ਰਤੀ ਏਕੜ ਦਾ ਪਹਿਲੇ ਪਾਣੀ ਤੋਂ 2-3 ਦਿਨ ਪਹਿਲਾ 150 ਲਿਟਰ ਪਾਣੀ ਵਰਤ ਕੇ ਛਿੜਕਾਅ ਕਰੋ।
ਗੁੱਲੀ ਡੰਡੇ ਅਤੇ ਚੌੜੇ ਪੱਤੇ ਵਾਲੇ ਨਦੀਨਾਂ ਦੀ ਰੋਕਥਾਮ ਲਈ 160 ਗ੍ਰਾਮ ਐਟਲਾਂਟਿਸ 3.6 ਡਬਲਯੂ ਡੀ ਜੀ ਜਾਂ 16 ਗ੍ਰਾਮ ਟੋਟਲ/ਮਾਰਕਪਾਵਰ 75 ਡਬਲਯੂ ਜੀ ਦੀ ਵਰਤੋਂ 150 ਲਿਟਰ ਪਾਣੀ ਨਾਲ 30-35 ਦਿਨਾਂ ਦੀ ਫ਼ਸਲ 'ਤੇ ਕਰੋ। ਕਣਕ-ਝੋਨੇ ਦੇ ਫ਼ਸਲੀ ਚੱਕਰ ਵਿਚ ਅੜੀਅਲ ਗੁੱਲੀ ਡੰਡੇ ਨੂੰ ਮਾਰਨ ਲਈ ਬਿਜਾਈ ਤੋਂ 2 ਦਿਨਾਂ ਅੰਦਰ ਸਟੌਂਪ/ ਦੌਸਤ/ ਪੈਂਡਾ/ ਮਾਰਕਪੈਂਡੀ/ ਪੈਂਡਿਨ/ ਬੰਕਰ/ ਜਾਕੀਜਾਮਾ 30 ਈ ਸੀ (ਪੈਂਡੀਮੈਥਾਲਿਨ) 1.5 ਲਿਟਰ ਪ੍ਰਤੀ ਏਕੜ 200 ਲਿਟਰ ਪਾਣੀ ਦੇ ਨਾਲ ਵਰਤੋ। ਇਸ ਦੇ ਨਾਲ-ਨਾਲ ਕਲੋਡੀਨਾਫੌਪ 15 ਡਬਲਯੂ ਪੀ ੍ਰ 160 ਗ੍ਰਾਮ ਜਾਂ ਫੌਨੌਕਸਾਪ੍ਰੌਪ ਈਥਾਇਲ 10 ਈ. ਸੀ 400 ਮਿ.ਲੀ ਜਾਂ ਲੀਡਰ/ਐਸ ਐਫ 10/ ਸਫਲ/ ਮਾਰਕਸਲਫੋ 75 ਡਬਲਯੂ ਜੀ (ਸਲਫੋਸਲਫੂਰਾਨ) 13 ਗ੍ਰਾਮ ਜਾਂ ਐਕਸੀਅਲ 5 ਈ. ਸੀ. (ਪਿਨੌਕਸਾਡਨ) 400 ਮਿ. ਲੀ. ਜਾਂ ਐਟਲਾਂਟਿਸ 3.6 ਡਬਲਯੂ ਡੀ ਜੀ (ਮੀਜ਼ੋਸਲਫੂਰਾਨ + ਆਈਓਡੋਸਲਫੂਰਾਨ) 160 ਗ੍ਰਾਮ ਜਾਂ ਟੋਟਲ/ਮਾਰਕਪਾਵਰ 75 ਡਬਲਯੂ ਜੀ (ਸਲਫੋਸਲਫੂਰਾਨ + ਮੈਟਸਲਫੂਰਾਨ) 16 ਗ੍ਰਾਮ ਜਾਂ ਅਕੌਡ ਪੱਲਸ (ਫੌਨੌਕਸਾਪ੍ਰੌਪ + ਮੈਟਰੀਬੂਜਿਨ) 500 ਮਿਲੀਲਿਟਰ ਜਾਂ 200 ਗ੍ਰਾਮ ਸ਼ਗਨ 21-11 ਪ੍ਰਤੀ ਏਕੜ ਵਰਤੋ। ਛਿੜਕਾਅ 150 ਲਿਟਰ ਪਾਣੀ ਦੀ ਵਰਤੋਂ ਨਾਲ 30-35 ਦਿਨਾਂ ਬਾਅਦ ਫਲੈਟ ਫੈਨ ਨੋਜ਼ਲ ਨਾਲ ਕਰੋ। ਕਣਕ ਦੀ ਪੀਬੀਡਬਲਯੂ 550 ਅਤੇ ਉੱਨਤ ਪੀਬੀਡਬਲਯੂ 550 ਕਿਸਮਾਂ ਉਪਰ ਅਕੌਡ ਪਲੱਸ/ਸ਼ਗਨ 21-11 ਦਾ ਛਿੜਕਾਅ ਨਾ ਕਰੋ। ਹਲਕੀਆਂ ਜ਼ਮੀਨਾਂ ਵਿਚ ਸ਼ਗਨ ਦੀ ਵਰਤੋਂ ਨਾ ਕਰੋ। ਜਿੱਥੇ ਸਲਸਲਫੂਰਾਨ ਦੀ ਵਰਤੋਂ ਕੀਤੀ ਹੋਵੇ ਉੱਥੇ ਸਾਉਣੀ ਸਮੇਂ ਚਰ੍ਹੀ ਅਤੇ ਮੱਕੀ ਨਾ ਬੀਜੋ।
ਜੰਗਲੀ ਜਵੀ ਦੇ ਉੱਗਣ ਤੋਂ ਬਾਅਦ ਇਸ ਦੀ ਰੋਕਥਾਮ ਲਈ ਆਈਸੋਪ੍ਰੋਟਯੂਰਾਨ 75 ਘੁਲਣਸ਼ੀਲ 300 ਗ੍ਰਾਮ ਪ੍ਰਤੀ ਏਕੜ ਪਹਿਲੇ ਪਾਣੀ ਤੋਂ 2-3 ਦਿਨ ਪਹਿਲਾਂ ਛਿੜਕਾਅ ਕਰੋ। ਉੱਪਰ ਦੱਸੇ ਗੁੱਲੀ ਡੰਡਾ ਮਾਰਣ ਵਾਲੇ ਨਦੀਨ ਨਾਸ਼ਕ ਵੀ ਜੰਗਲੀ ਜਵੀ ਦਾ ਖਾਤਮਾ ਕਰਦੇ ਹਨ।
ਕਣਕ ਨੂੰ ਪਹਿਲਾ ਪਾਣੀ ਬਿਜਾਈ ਦੇ ਚਾਰ ਹਫ਼ਤੇ ਬਾਅਦ ਦਿਉ। ਹਲਕੀਆਂ ਜ਼ਮੀਨਾਂ ਵਿਚ ਇਹ ਪਾਣੀ ਇਕ ਹਫ਼ਤਾ ਪਹਿਲਾਂ ਦੇਣਾ ਚਾਹੀਦਾ ਹੈ। ਕਣਕ ਨੂੰ ਪਹਿਲੇ ਪਾਣੀ ਨਾਲ 55 ਕਿਲੋ ਯੂਰੀਆ ਪ੍ਰਤੀ ਏਕੜ ਪਾ ਦਿਉ। ਹਲਕੀਆਂ ਅਤੇ ਕੱਲਰ ਵਾਲੀਆਂ ਜ਼ਮੀਨਾਂ ਵਿਚ ਪਹਿਲੇ ਪਾਣੀ ਤੋਂ ਬਾਅਦ ਜ਼ਿੰਕ ਦੀ ਘਾਟ ਆ ਸਕਦੀ ਹੈ। ਜ਼ਿੰਕ ਦੀ ਘਾਟ ਬੂਟੇ ਦੇ ਉੱਪਰਲੇ ਹਿੱਸੇ 'ਤੇ ਤੀਸਰੇ ਜਾਂ ਚੌਥੇ ਪੱਤੇ 'ਤੇ ਆਉਂਦੀ ਹੈ। ਇਹ ਪੱਤੇ ਲੱਕ ਵਿਚਕਾਰੋਂ ਪੀਲੇ ਪੈ ਜਾਂਦੇ ਹਨ ਤੇ ਬਾਅਦ ਵਿਚ ਪੱਤੇ ਸੁੱਕ ਕੇ ਟੁੱਟ ਜਾਂਦੇ ਹਨ। ਜੇਕਰ ਇਹੋ ਜਿਹੀਆਂ ਨਿਸ਼ਾਨੀਆਂ ਖੇਤ ਵਿਚ ਨਜ਼ਰ ਆਉਣ ਤਾਂ 25 ਕਿਲੋ ਜ਼ਿੰਕ ਸਲਫੇਟ (21%) ਪ੍ਰਤੀ ਏਕੜ ਨੂੰ ਏਨੀ ਹੀ ਮਿਕਦਾਰ ਵਿਚ ਮਿੱਟੀ ਲੈ ਕੇ ਮਿਲਾ ਲਉ ਅਤੇ ਛੱਟਾ ਦੇ ਦਿਉ। ਹਲਕੀਆਂ ਜ਼ਮੀਨਾਂ ਵਿਚ ਝੋਨੇ ਤੋਂ ਬਾਅਦ ਬੀਜੀ ਕਣਕ ਉੱਪਰ ਮੈਂਗਨੀਜ਼ ਦੀ ਘਾਟ ਆ ਸਕਦੀ ਹੈ। ਜੇਕਰ ਪੱਤੇ ਦਾ ਵਿਚਕਾਰਲਾ ਹਿੱਸਾ ਪੀਲਾ ਨਜ਼ਰ ਆਵੇ ਅਤੇ ਪੱਤੇ ਉੱਪਰ ਹਲਕੇ ਪੀਲੇ ਤੋਂ ਸਲੇਟੀ ਗੁਲਾਬੀ ਭੂਰੇ ਰੰਗ ਦੇ ਛੋਟੇ-ਛੋਟੇ ਧੱਬੇ ਪੈ ਜਾਣ ਜੋ ਬਾਅਦ ਵਿਚ ਸਲੇਟੀ ਗੁਲਾਬੀ ਧਾਰੀਆਂ ਵਿਚ ਬਦਲ ਜਾਂਦੇ ਹਨ ਤਾਂ ਇਹ ਮੈਂਗਨੀਜ਼ ਦੀ ਘਾਟ ਦੀਆਂ ਨਿਸ਼ਾਨੀਆਂ ਹਨ।
(ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)


-ਪੇਸ਼ਕਸ਼ :ਅਮਰਜੀਤ ਸਿੰਘ

ਵਿਰਸੇ ਦੀਆਂ ਬਾਤਾਂ

ਖੰਡਰ ਹੁੰਦੀਆਂ ਇਮਾਰਤਾਂ ਦੀ ਅਣਸੁਣੀ ਕਹਾਣੀ

ਤੁਹਾਡੇ ਨੇੜੇ-ਤੇੜੇ ਕਿੰਨੀਆਂ ਇਮਾਰਤਾਂ ਹੋਣਗੀਆਂ, ਜਿਨ੍ਹਾਂ ਦੇ ਮੱਥੇ 'ਤੇ ਤਰੀਕਾਂ ਲਿਖੀਆਂ ਹੋਣੀਆਂ। ਕੋਈ ਸੌ ਵਰ੍ਹੇ ਪੁਰਾਣੀ, ਕੋਈ ਘੱਟ-ਵੱਧ। ਉਨ੍ਹਾਂ ਇਮਾਰਤਾਂ ਨੂੰ ਧਿਆਨ ਨਾਲ ਦੇਖੋ, ਕਈ ਕੁਝ ਬੋਲਣਗੀਆਂ। ਉਨ੍ਹਾਂ ਨੂੰ ਹੱਥ ਲਾਓਗੇ ਤਾਂ ਇੰਜ ਲੱਗੇਗਾ, ਜਿਵੇਂ ਕਿਸੇ ਦੇ ਪਿੰਡੇ 'ਤੇ ਫੇਰਦੇ ਹੋਵੇ। ਕੰਧਾਂ ਕਹਿਣਗੀਆਂ, 'ਤੁਸੀਂ ਜਿਵੇਂ ਬਣਾਇਆ ਅਸੀਂ ਬਣ ਗਈਆਂ, ਖੜ੍ਹ ਗਈਆਂ, ਹੁਣ ਮਰਨ-ਡਿੱਗਣ ਵਾਲੀਆਂ ਹਾਂ, ਸਾਡਾ ਚੰਮ ਲਹਿ ਰਿਹਾ, ਸਾਡਾ ਇਲਾਜ ਕਿਉਂ ਨਹੀਂ ਕਰਾਉਂਦੇ।'
ਪੰਜਾਬ ਦੇ ਹਰ ਜ਼ਿਲ੍ਹੇ ਵਿਚ ਇਹੋ ਜਿਹੀਆਂ ਇਮਾਰਤਾਂ ਹਨ। ਕਈ ਰਿਆਸਤੀ ਤੇ ਕਈ ਨਿੱਜੀ। ਕਈ ਨਾਨਕਸ਼ਾਹੀ ਇੱਟਾਂ ਵਾਲੀਆਂ ਤੇ ਕਈ ਹੋਰ ਵੰਨ-ਸੁਵੰਨੇ ਪੱਥਰਾਂ ਵਾਲੀਆਂ। ਉਨ੍ਹਾਂ ਦਾ ਆਪਣਾ ਅਮੀਰ ਅਤੀਤ ਹੈ। ਕਿਸੇ ਵੇਲੇ ਉਹ ਅਮੀਰਾਂ ਦੀ ਅਰਾਮਗਾਹ ਹੁੰਦੀਆਂ ਸਨ। ਉਨ੍ਹਾਂ ਇਮਾਰਤਾਂ ਨੂੰ ਬਣਾਉਣ ਵਾਲੇ ਹੱਥਾਂ ਨੂੰ ਚੁੰਮਿਆ ਜਾਂਦਾ ਸੀ। ਉਨ੍ਹਾਂ ਨੂੰ ਦੇਖਣ ਦੂਰੋਂ-ਦੂਰੋਂ ਲੋਕ ਆਉਂਦੇ ਸਨ। ਪਰ ਪੀੜ੍ਹੀਆਂ ਬਦਲਦੀਆਂ ਗਈਆਂ ਤਾਂ ਇਮਾਰਤਾਂ ਵੱਲ ਧਿਆਨ ਜਾਣਾ ਘਟਦਾ ਗਿਆ।
ਇਕ ਦਿਨ ਮੈਨੂੰ ਮੇਰਾ ਸਾਥੀ ਖੂਹ 'ਤੇ ਲੈ ਗਿਆ। ਇਮਾਰਤ ਖੰਡਰ ਬਣਦੀ ਜਾ ਰਹੀ ਸੀ। ਮੈਂ ਕਿਹਾ, 'ਸਰਦਾ ਪੁੱਜਦਾ ਐਂ, ਦਾਦੇ-ਪੜਦਾਦੇ ਦੀ ਇਸ ਯਾਦ ਦੀ ਭੋਰਾ ਮੁਰੰਮਤ ਕਰਾ ਲੈ, ਨਿਆਣੇ ਦੇਖਿਆ ਕਰਨਗੇ।'
ਉਹਨੇ ਘੇਸਲ ਮਾਰੀ, 'ਛੱਡ ਪਰ੍ਹਾਂ, ਅੱਜ ਦੇ ਨਿਆਣੇ ਇਨ੍ਹਾਂ ਚੀਜ਼ਾਂ ਵਿਚ ਕਿੱਥੇ ਰੁਚੀ ਰੱਖਦੇ ਆ।'
ਕਈ ਸ਼ਹਿਰਾਂ ਵਿਚ ਰਿਆਸਤੀ ਕਿਲ੍ਹੇ, ਮਹਿਲ ਤੇ ਹੋਰ ਇਮਾਰਤਾਂ ਹਨ। ਉਨ੍ਹਾਂ ਦੀਆਂ ਕੰਧਾਂ 'ਤੇ ਪਏ ਨਮੂਨੇ ਵੇਖ ਮਨ ਪ੍ਰਸੰਨ ਹੋ ਜਾਂਦਾ। ਉਨ੍ਹਾਂ ਦੀਆਂ ਛੱਤਾਂ, ਮਜ਼ਬੂਤ ਕੰਧਾਂ, ਦਰਵਾਜ਼ੇ, ਬੜਾ ਕੁਝ ਸਮਝਾ ਜਾਂਦੇ ਹਨ। ਪਰ ਉਨ੍ਹਾਂ ਦੀ ਸੰਭਾਲ ਵਾਲਾ ਕੋਈ ਨਹੀਂ।
ਜੇ ਉਨ੍ਹਾਂ ਦੀ ਥੋੜ੍ਹੀ ਬਹੁਤ ਮੁਰੰਮਤ, ਰੰਗ ਰੋਗਨ ਹੋ ਜਾਵੇ ਤਾਂ ਮੁੜ ਦੇਖਣਯੋਗ ਬਣ ਜਾਣ। ਜੇ ਉਨ੍ਹਾਂ ਦੀ ਯਾਦ ਤੇ ਇਤਿਹਾਸ ਬਾਰੇ ਕਿਤਾਬਚੇ ਛਾਪ ਕੇ ਦੇਖਣ ਵਾਲਿਆਂ ਨੂੰ ਦਿੱਤੇ ਜਾਣ ਤਾਂ ਗੱਲ ਕਿੰਨੀ ਦੂਰ ਤੱਕ ਜਾਵੇਗੀ। ਪਰ ਇੰਜ ਨਹੀਂ ਹੋਵੇਗਾ, ਕਿਉਂਕਿ ਇਹਦੇ ਵਿਚ ਸਾਡਾ ਕੋਈ ਫ਼ਾਇਦਾ ਨਹੀਂ ਤੇ ਮਨੁੱਖ ਹੋਣ ਦਾ ਅਰਥ ਹੀ ਇਹ ਰਹਿ ਗਿਆ ਕਿ ਕੰਮ ਉਹ ਕਰਨਾ, ਜੀਹਦੇ ਵਿਚੋਂ ਨਫ਼ਾ ਦਿਸਦਾ ਹੋਵੇ।


-37, ਪ੍ਰੀਤ ਇਨਕਲੇਵ, ਲੱਧੇਵਾਲੀ, ਜਲੰਧਰ।
ਮੋਬਾਈਲ : 98141-78883

ਇਸ ਮਹੀਨੇ ਦੇ ਬਾਗ਼ਬਾਨੀ ਰੁਝੇਵੇਂ

ਸਰਦੀਆਂ ਦੇ ਮੌਸਮ ਵਿਚ ਫਲਦਾਰ ਬੁੂਟਿਆਂ ਵੱਲ ਖਾਸ ਧਿਆਨ ਦੇਣ ਦੀ ਲੋੜ ਹੁੰਦੀ ਹੈ। ਸਦਾਬਹਾਰ ਫਲਦਾਰ ਨਵੇਂ ਲਗਾਏ ਬੂਟਿਆਂ ਦੀ ਦੇਖਭਾਲ ਵੱਲ ਉਚੇਚਾ ਧਿਆਨ ਦਿੱਤਾ ਜਾਵੇ। ਮੁਢਲੀ ਹਾਲਤ ਵਿਚ ਬਿਨਾਂ ਚੰਗੀ ਤਰ੍ਹਾਂ ਦੇਖ-ਭਾਲ ਦੇ ਬੂਟੇ ਵਧਦੇ-ਫੁਲਦੇ ਨਹੀਂ ਅਤੇ ਕਈ ਵਾਰ ਤਾਂ ਅਣਗਹਿਲੀ ਕਾਰਨ ਬੂਟੇ ਮਰ ਵੀ ਜਾਂਦੇ ਹਨ। ਪਿਉਂਦ ਤੋਂ ਹੇਠਾਂ ਦੀਆਂ ਫੁੱਟ ਰਹੀਆਂ ਟਾਹਣੀਆਂ ਨੂੰ ਕਟਦੇ ਰਹੋ। ਅਣਚਾਹਿਆ ਫੁਟਾਰਾ ਹਰ 10-15 ਦਿਨਾਂ ਪਿਛੋਂ ਬਹੁਤ ਹੀ ਧਿਆਨ ਨਾਲ ਕੱਟ ਦੇਣਾ ਚਾਹੀਦਾ ਹੈ। ਸਦਾਬਹਾਰ ਫਲਦਾਰ ਛੋਟੇ ਬੂਟਿਆਂ ਉਪਰ ਸਰਕੰਡੇ, ਪਰਾਲੀ ਜਾਂ ਮੱਕੀ ਦੇ ਟਾਂਡਿਆਂ ਨਾਲ ਛਤਰੀਆਂ ਬਣਾ ਕੇ ਆਉਣ ਵਾਲੇ ਸਰਦੀ ਦੇ ਮੌਸਮ ਦੇ ਭੈੜੇ ਅਸਰ ਤੋਂ ਬਚਾਉ ਕਰ ਸਕਦੇ ਹਾਂ। ਨਿੰਬੂ ਜਾਤੀ ਦੇ ਬੂਟੇ ਜ਼ਿਆਦਾ ਠੰਢ ਨਹੀਂ ਸਹਾਰ ਸਕਦੇ, ਜੇਕਰ 0 ਡਿਗਰੀ ਸੈਂਟੀਗਰੇਡ ਤੋਂ ਘੱਟ ਤਾਪਮਾਨ ਲੰਮੇ ਸਮੇਂ ਲਈ ਰਹਿ ਜਾਵੇ ਤਾਂ ਨਿੰਬੂ ਜਾਤੀ ਦੇ ਬੂਟਿਆਂ ਲਈ ਹਾਨੀਕਾਰਕ ਹੁੰਦਾ ਹੈ। ਛੋਟੇ ਬੂਟਿਆਂ ਨੂੰ ਛੇਤੀ-ਛੇਤੀ ਅਤੇ ਹਲਕਾ ਪਾਣੀ ਦਿੰਦੇ ਰਹਿਣਾ ਚਾਹੀਦਾ ਹੈ। ਭਰਵੀਂ ਸਿੰਚਾਈ ਨਹੀਂ ਕਰਨੀ ਚਾਹੀਦੀ। ਬੂਟਿਆਂ ਨੂੰ ਪਾਣੀ 'ਸੁਧਰੇ ਦੌਰ ਢੰਗ' ਨਾਲ ਦੇਣਾ ਚਾਹੀਦਾ ਹੈ। ਤੁਪਕਾ ਸਿੰਚਾਈ ਤਰੀਕੇ ਨਾਲ ਪਾਣੀ ਦਾ ਉਚਿਤ ਪ੍ਰਯੋਗ ਕਰਕੇ ਉਤਪਾਦਨ ਵਿਚ ਵੀ ਵਾਧਾ ਕੀਤਾ ਜਾ ਸਕਦਾ ਹੈ। ਨਵੇਂ ਲਗਾਏ ਬੂਟਿਆਂ ਨੂੰ ਸਿੱਧਾ ਰੱਖਣ ਲਈ ਸੋਟੀ ਦਾ ਸਹਾਰਾ ਦਿਉ। 'ਸੁਧਰਿਆ ਲੀਡਰ ਢੰਗ' ਬਹੁਤ ਸਾਰੇ ਫਲਦਾਰ ਬੂਟਿਆਂ ਲਈ ਢੁੱਕਵਾਂ ਹੈ। ਨਿੰਬੂ ਜਾਤੀ ਦੇ ਫਲਾਂ ਦੀ ਕਾਂਟ-ਛਾਂਟ ਫਲ ਤੋੜਨ ਤੋਂ ਬਾਅਦ ਸਰਦੀ ਦੇ ਅੰਤ ਜਾਂ ਬਹਾਰ ਦੇ ਸ਼ੁਰੂ ਵਿਚ ਹੀ ਕਰਨੀ ਚਾਹੀਦੀ ਹੈ।
ਬੇਰ ਦੇ ਬੂਟਿਆਂ ਦੀ ਪੱਤਾ ਸੈਂਪਲਿੰਗ ਲਈ ਦਸੰਬਰ ਤੋਂ ਜਨਵਰੀ ਢੁਕਵਾਂ ਸਮਾਂ ਹੈ। ਇਸ ਲਈ ਟਾਹਣੀ ਦੇ ਅੱਧ ਵਿਚਕਾਰੋਂ 5-7 ਮਹੀਨੇ ਪੁਰਾਣੇ 70 ਪੱਤੇ ਇਕੱਠੇ ਕਰਨੇ ਚਾਹੀਦੇ ਹਨ ਅਤੇ ਲੋੜ ਮੁਤਾਬਿਕ ਹੀ ਖੁਰਾਕੀ ਤੱਤ ਵਰਤਣੇ ਚਾਹੀਦੇ ਹਨ। ਲੀਚੀ, ਨਾਖ, ਆੜੂ, ਅਲੂਚਾ, ਚੀਕੂ, ਨਿੰਬੂ-ਜਾਤੀ, ਅਤੇ ਕਿੰਨੂ ਨੂੰ ਗੋਹੇ ਦੀ ਗਲੀ ਸੜੀ ਰੂੜੀ ਦਸੰਬਰ 'ਚ ਪਾਈ ਜਾਂਦੀ ਹੈ। ਨਾਸ਼ਪਾਤੀ ਨੂੰ ਸਾਰੀ ਰੂੜੀ, ਸੁਪਰਫਾਸਫੇਟ ਅਤੇ ਮਿਊਰੇਟ ਆਫ ਪੋਟਾਸ਼ ਦਸੰਬਰ ਮਹੀਨੇ ਪਾਉ।
ਪਤਝੜ ਦੇ ਫਲਦਾਰ ਬੂਟੇ ਲਗਾਉਣ ਦਾ ਢੁੱਕਵਾਂ ਸਮਾਂ ਇਨ੍ਹਾਂ ਦਾ ਸੁਸਤ ਪੜਾਅ ਹੈ ਜੋ ਕਿ ਦਸੰਬਰ ਤੋਂ ਜਨਵਰੀ ਵਿਚ ਹੁੰਦਾ ਹੈ, ਨਵੀਂ ਬੜੋਤਰੀ ਸ਼ੁਰੂ ਹੋਣ ਤੋਂ ਪਹਿਲਾਂ। ਨਵੇਂ ਲਗਾਏ ਬੂਟਿਆਂ ਵਿਚ ਖਾਲੀ ਥਾਂ 'ਤੇ ਹਾੜ੍ਹੀ ਦੀਆਂ ਫਸਲਾਂ ਵਿਚੋਂ ਕਣਕ, ਮਟਰ ਅਤੇ ਛੋਲੇ ਆਦਿ ਦੀ ਬਿਜਾਈ ਕੀਤੀ ਜਾ ਸਕਦੀ ਹੈ ਪਰ ਫਲਦਾਰ ਬੂਟਿਆਂ ਦਾ ਪਾਣੀ ਦਾ ਪ੍ਰਬੰਧ ਵੱਖਰਾ ਹੀ ਹੋਣਾ ਚਾਹੀਦਾ ਹੈ।
ਇਨ੍ਹਾਂ ਮਹੀਨਿਆਂ ਵਿਚ ਨਦੀਨਾਂ ਦੀ ਰੋਕਥਾਮ ਲਈ ਢੁਕਵਾਂ ਸਮਾਂ ਹੈ। ਬੂਟਿਆਂ ਦੇ ਦੌਰ ਕਹੀ ਨਾਲ ਨਹੀਂ ਪੁੱਟਣੇ ਚਾਹੀਦੇ ਸਗੋਂ ਉਨ੍ਹਾਂ ਵਿਚੋਂ ਖੁਰਪੇ ਆਦਿ ਨਾਲ ਨਦੀਨਾਂ ਦਾ ਨਾਸ਼ ਕਰਨਾ ਚਾਹੀਦਾ ਹੈ। ਬਾਗ਼ਾਂ ਵਿਚ ਆਡਾਂ, ਸੜਕਾਂ ਅਤੇ ਰਸਤਿਆਂ ਦੇ ਆਸੇ-ਪਾਸੇ ਵਾਲੇ ਨਦੀਨ ਨਸ਼ਟ ਕਰਨੇ ਜ਼ਰੂਰੀ ਹਨ, ਤਾਂ ਜੋ ਇਹ ਬਾਗ਼ ਦੀ ਜ਼ਮੀਨ ਵਿਚ ਆਪਣੇ ਬੀਜ ਨਾ ਸੁੱਟ ਸਕਣ। ਬਰੂ, ਕਾਹੀ ਅਤੇ ਮੋਥੇ ਵਰਗੇ ਸਖ਼ਤ ਨਦੀਨਾਂ ਨੂੰ ਨਸ਼ਟ ਕਰਨਾ ਬਹੂਤ ਜ਼ਰੂਰੀ ਹੈ। ਪੱਕੇ ਹੋਏ ਫਲਾਂ ਨੂੰ ਸਰਦੀਆਂ ਵਿਚ ਖਾਸ ਕਰਕੇ ਅਮਰੂਦ ਨੂੰ 48-72 ਘੰਟੇ ਲਈ ਕਮਰੇ ਦੇ ਤਾਪਮਾਨ 'ਤੇ ਵੀ ਰੱਖਿਆ ਜਾ ਸਕਦਾ ਹੈ।


-ਸੁਰਜੀਤ ਸਿੰਘ ਐਮ.ਐਸ.ਸੀ. ਹਾਰਟੀਕਲਚਰ
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ, ਪੰਜਾਬ।


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX