ਤਾਜਾ ਖ਼ਬਰਾਂ


ਤੇਲ ਪਾਈਪਲਾਈਨ 'ਚ ਅੱਗ ਲੱਗਣ ਕਾਰਨ 20 ਲੋਕਾਂ ਦੀ ਮੌਤ, 54 ਜ਼ਖਮੀ
. . .  9 minutes ago
ਮੈਕਸੀਕੋ, 19 ਜਨਵਰੀ- ਮੈਕਸੀਕੋ 'ਚ ਤੇਲ ਪਾਈਪਲਾਈਨ 'ਚ ਭਿਆਨਕ ਅੱਗ ਲੱਗਣ ਕਾਰਨ 20 ਲੋਕਾਂ ਦੀ ਮੌਤ ਹੋ ਗਈ, ਜਦਕਿ 54 ਲੋਕ ਜ਼ਖਮੀ ਹੋਏ ਹਨ। ਜ਼ਖਮੀ ਹੋਏ ਲੋਕਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ। ਜਾਣਕਾਰੀ ਲਈ ਦੱਸ ਦੇਈਏ ......
ਮਾਣਹਾਨੀ ਮਾਮਲੇ 'ਚ ਲੁਧਿਆਣਾ ਅਦਾਲਤ ਪੁੱਜੇ ਸੰਜੈ ਸਿੰਘ
. . .  22 minutes ago
ਲੁਧਿਆਣਾ,19 ਜਨਵਰੀ (ਪਰਮਿੰਦਰ ਸਿੰਘ ਅਹੂਜਾ)- ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਵਿਕਰਮ ਸਿੰਘ ਮਜੀਠੀਆ ਵੱਲੋਂ ਦਾਇਰ ਕੀਤੇ ਮਾਣਹਾਨੀ ਮਾਮਲੇ 'ਚ ਆਮ ਆਦਮੀ ਪਾਰਟੀ ਦੇ ਐਮ.ਪੀ. ਸੰਜੇ ਸਿੰਘ ਅਦਾਲਤ ਪਹੁਚੇ ਹਨ । ਅਦਾਲਤ 'ਚ ਹਾਜ਼ਰੀ ਲਗਾਉਣ ......
ਲਾਲੂ ਪ੍ਰਸਾਦ ਯਾਦਵ ਨਾਲ ਜੁੜੇ ਆਈ.ਆਰ.ਸੀ.ਟੀ.ਸੀ. ਘੋਟਾਲਾ ਮਾਮਲੇ ਦੀ 11 ਫਰਵਰੀ ਨੂੰ ਹੋਵੇਗੀ ਸੁਣਵਾਈ
. . .  37 minutes ago
ਨਵੀਂ ਦਿੱਲੀ, 19 ਜਨਵਰੀ- ਦਿੱਲੀ ਦੀ ਪਟਿਆਲਾ ਹਾਊਸ ਕੋਰਟ ਲਾਲੂ ਪ੍ਰਸਾਦ ਯਾਦਵ ਨਾਲ ਜੁੜੇ ਆਈ.ਆਰ.ਸੀ.ਟੀ.ਸੀ. ਘੋਟਾਲਾ ਮਾਮਲੇ 'ਚ 11 ਫਰਵਰੀ ਨੂੰ ਸੁਣਵਾਈ ....
ਕੋਹਰੇ ਅਤੇ ਸੰਘਣੀ ਧੁੰਦ ਕਾਰਨ ਦੇਰੀ ਨਾਲ ਚੱਲ ਰਹੀਆਂ ਹਨ ਟਰੇਨਾਂ
. . .  54 minutes ago
ਨਵੀਂ ਦਿੱਲੀ, 19 ਜਨਵਰੀ- ਕੋਹਰੇ ਅਤੇ ਸੰਘਣੀ ਧੁੰਦ ਕਾਰਨ ਦਿੱਲੀ ਆਉਣ ਵਾਲੀਆਂ 10 ਟਰੇਨਾਂ ਤੈਅ ਸਮੇਂ ਤੋਂ ਦੇਰੀ ਨਾਲ ਚੱਲ ਰਹੀਆਂ .....
ਸਬਰੀਮਾਲਾ ਮਾਮਲਾ : 2018 ਤੋਂ ਹੁਣ ਤੱਕ ਪੁਲਿਸ ਵਲੋਂ 67,094 ਲੋਕਾਂ 'ਤੇ ਮਾਮਲਾ ਦਰਜ
. . .  about 1 hour ago
ਤਿਰੂਵਨੰਤਪੁਰਮ, 19 ਜਨਵਰੀ- ਕੇਰਲ ਪੁਲਿਸ ਨੇ ਸਬਰੀਮਾਲਾ ਸਥਿਤ ਭਗਵਾਨ ਅਯੱਪਾ ਦੇ ਮੰਦਰ 'ਚ 10 ਤੋਂ 50 ਸਾਲ ਦੀ ਉਮਰ ਵਾਲੀਆਂ ਔਰਤਾਂ ਦੇ ਪ੍ਰਵੇਸ਼ ਨੂੰ ਲੈ ਕੇ ਪ੍ਰਦਰਸ਼ਨ ਕਰਨ ਵਾਲੇ 67,094 ਲੋਕਾਂ ਵਿਰੁੱਧ ਮਾਮਲੇ ਦਰਜ ਕੀਤੇ ਹਨ। ਸੁਪਰੀਮ ਕੋਰਟ 'ਚ...
ਲੱਦਾਖ਼ 'ਚ ਬਰਫ਼ੀਲੇ ਤੂਫ਼ਾਨ ਦੀ ਲਪੇਟ 'ਚ ਆਉਣ ਕਾਰਨ ਮਾਰੇ ਲੋਕਾਂ ਦੇ ਪਰਿਵਾਰਾਂ ਲਈ ਮੁਆਵਜ਼ੇ ਦਾ ਐਲਾਨ
. . .  about 1 hour ago
ਸ੍ਰੀਨਗਰ, 19 ਜਨਵਰੀ- ਜੰਮੂ-ਕਸ਼ਮੀਰ 'ਚ ਲੱਦਾਖ਼ ਖੇਤਰ ਦੇ ਖਾਰਦੁੰਗ ਲਾ 'ਚ ਬਰਫ਼ੀਲੇ ਤੂਫ਼ਾਨ ਦੀ ਲਪੇਟ 'ਚ ਆਉਣ ਕਾਰਨ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨੂੰ ਸੂਬਾ ਸਰਕਾਰ ਨੇ 5 ਲੱਖ ਰੁਪਏ ਰਾਹਤ ਰਾਸ਼ੀ ਦੇਣ ਦਾ ਐਲਾਨ ਕੀਤਾ ਹੈ। ਦੱਸਣਯੋਗ ਹੈ ਕਿ ਖਾਰਦੁੰਗ ਲਾ...
ਫਰਵਰੀ 'ਚ ਫਿਰ ਮਿਲਣਗੇ ਟਰੰਪ ਅਤੇ ਕਿਮ, ਵ੍ਹਾਈਟ ਹਾਊਸ ਵਲੋਂ ਖ਼ੁਲਾਸਾ
. . .  about 2 hours ago
ਵਾਸ਼ਿੰਗਟਨ, 19 ਜਨਵਰੀ- ਵ੍ਹਾਈਟ ਹਾਊਸ ਦਾ ਕਹਿਣਾ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਵਿਚਾਲੇ ਆਉਣ ਵਾਲੇ ਫਰਵਰੀ ਮਹੀਨੇ ਦੇ ਆਖ਼ਰੀ ਦਿਨਾਂ 'ਚ ਮੁਲਾਕਾਤ ਹੋਵੇਗੀ। ਟਰੰਪ ਅਤੇ ਕਿਮ ਵਿਚਾਲੇ ਇਹ ਦੂਜੀ...
ਕੋਲਕਾਤਾ 'ਚ ਅੱਜ ਮਮਤਾ ਕਰੇਗੀ ਮਹਾਂ ਰੈਲੀ, ਨਜ਼ਰ ਆਏਗੀ ਵਿਰੋਧੀ ਧਿਰਾਂ ਦੀ ਏਕਤਾ
. . .  about 2 hours ago
ਨਵੀਂ ਦਿੱਲੀ, 19 ਜਨਵਰੀ- ਟੀ. ਐੱਮ. ਸੀ. ਦੀ ਪ੍ਰਧਾਨ ਅਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਲੋਕ ਸਭਾ ਚੋਣਾਂ ਤੋਂ ਪਹਿਲਾਂ ਆਪਣੀ ਤਾਕਤ ਦਿਖਾਉਣ ਲਈ ਅੱਜ ਕੋਲਕਾਤਾ 'ਚ ਇੱਕ ਮਹਾਂ ਰੈਲੀ ਕਰੇਗੀ। ਉਨ੍ਹਾਂ ਨੇ ਵਿਰੋਧੀ ਧਿਰਾਂ ਦੇ ਨੇਤਾਵਾਂ ਨੂੰ ਇਸ ਸੰਬੰਧੀ...
ਅੱਜ ਦਾ ਵਿਚਾਰ
. . .  about 3 hours ago
ਨੌਜਵਾਨ ਉੱਪਰ ਹਮਲਾ ਕਰਕੇ ਨਕਦੀ, ਮੋਟਰਸਾਈਕਲ ਅਤੇ ਮੋਬਾਈਲ ਦੀ ਲੁੱਟ
. . .  1 day ago
ਅਜਨਾਲਾ, 18 ਜਨਵਰੀ (ਗੁਰਪ੍ਰੀਤ ਸਿੰਘ ਢਿੱਲੋਂ) - ਦੇਰ ਸ਼ਾਮ ਅਜਨਾਲਾ ਤੋਂ ਆਪਣੇ ਪਿੰਡ ਜਾ ਰਹੇ ਇੱਕ ਨੌਜਵਾਨ ਤੇ ਤਿੰਨ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਹਮਲਾ ਕਰ ਕੇ ਉਸ ਦਾ ਮੋਟਰਸਾਈਕਲ...
ਹੋਰ ਖ਼ਬਰਾਂ..

ਲੋਕ ਮੰਚ

ਪਾਣੀ ਦਾ ਮੁੱਲ...

ਪਾਣੀ, ਜਿਸ ਨੂੰ ਇਸਤੇਮਾਲ ਕਰਨ ਤੋਂ ਪਹਿਲਾਂ ਮਨੁੱਖ ਬਿਲਕੁਲ ਨਹੀਂ ਸੋਚਦਾ ਕਿ ਉਸ ਨੂੰ ਜ਼ਰੂਰਤ ਜਿੰਨਾ ਹੀ ਵਰਤਿਆ ਜਾਵੇ, ਪਰ ਜੇਕਰ ਪਾਣੀ ਕੁਝ ਸਮਾਂ ਹੀ ਨਾ ਆਵੇ ਤਾਂ ਲੋਕ ਹਾਹਾਕਾਰ ਮਚਾ ਦਿੰਦੇ ਹਨ, ਸਰਕਾਰ ਦੇ ਖ਼ਿਲਾਫ਼ ਨਾਅਰੇ ਲਗਾਉਣੇ ਸ਼ੁਰੂ ਕਰ ਦਿੰਦੇ ਹਨ। ਅਕਸਰ ਮੈਂ ਲੋਕਾਂ ਨੂੰ ਸੜਕਾਂ 'ਤੇ ਫ਼ਜ਼ੂਲ ਵਿਚ ਹੀ ਪਾਣੀ ਬਰਬਾਦ ਕਰਦਿਆਂ ਵੇਖਿਆ ਹੈ। ਮੇਰੇ ਵਰਗੇ ਹਜ਼ਾਰਾਂ ਲੋਕ ਉਥੋਂ ਗੁਜ਼ਰ ਜਾਂਦੇ ਹੋਣਗੇ ਪਰ ਕੋਈ ਕਿਸੇ ਨੂੰ ਵੀ ਪਾਣੀ ਦੀ ਬਰਬਾਦੀ ਕਰਨ ਤੋਂ ਨਹੀਂ ਰੋਕਦਾ। ਮੈਂ ਕਦੇ ਨਹੀਂ ਸੋਚਿਆ ਸੀ ਕਿ ਕਿਸੇ ਨੂੰ ਪਾਣੀ ਦੇਣ ਤੋਂ ਪਹਿਲਾਂ ਸੋਚਣਾ ਵੀ ਪੈ ਸਕਦਾ ਹੈ, ਪਰ ਹਾਲ ਹੀ ਵਿਚ ਹੋਏ ਇਕ ਬਿਰਤਾਂਤ ਨੇ ਮੈਨੂੰ ਪਾਣੀ ਦੇ ਮੁੱਲ ਤੋਂ ਜਾਣੂ ਕਰਵਾ ਦਿੱਤਾ। ਅਸੀਂ ਦੋ ਦੋਸਤ ਆਪਣੇ ਇਕ ਮਿੱਤਰ ਦੀ ਦੁਕਾਨ 'ਤੇ ਗਏ ਸੀ। ਗੱਲਾਂ-ਬਾਤਾਂ ਕੀਤੀਆਂ ਅਤੇ ਪੀਣ ਵਾਸਤੇ ਪਾਣੀ ਮੰਗਿਆ, ਪਰ ਮਿੱਤਰ ਵਲੋਂ ਪਾਣੀ ਦਾ ਰੈਬਰ ਨਾ ਆਉਣ ਦੀ ਗੱਲ ਕਹੀ ਗਈ। ਉਸ ਨੇ ਆਲੇ-ਦੁਆਲੇ ਦੇ ਦੁਕਾਨਦਾਰਾਂ ਤੋਂ ਵੀ ਪਾਣੀ ਬਾਰੇ ਪੁੱਛਿਆ, ਪਰ ਕਿਸੇ ਕੋਲ ਪਾਣੀ ਨਹੀਂ ਸੀ। ਅਖੀਰ ਬਾਹਰੋਂ ਪਾਣੀ ਖ਼ਰੀਦ ਲਿਆਏ। ਅਸੀਂ ਪਾਣੀ ਪੀਣ ਤੋਂ ਬਾਅਦ ਬਾਕੀ ਦੀਆਂ ਬੋਤਲਾਂ ਇਕ ਪਾਸੇ ਰੱਖ ਦਿੱਤੀਆਂ ਤੇ ਗੱਲਾਂ ਵਿਚ ਲੱਗ ਗਏ। ਕੁਝ ਸਮੇਂ ਬਾਅਦ ਉਥੋਂ ਗੁਜ਼ਰਦੇ ਇਕ ਆਦਮੀ ਨੇ ਪਾਣੀ ਦੀ ਮੰਗ ਕੀਤੀ। ਅਸੀਂ ਬਿਨਾਂ ਕੁਝ ਸੋਚੇ ਉਸ ਨੂੰ ਪਾਣੀ ਦੇ ਦਿੱਤਾ। ਇਸ ਮਗਰੋਂ ਇਕ ਹੋਰ ਬੰਦਾ ਆਇਆ ਤੇ ਪਾਣੀ ਪੀ ਕੇ ਚਲਾ ਗਿਆ। ਕਰਦੇ-ਕਰਦੇ ਸਾਡੇ ਵਲੋਂ ਲਿਆਂਦੀਆਂ ਪਾਣੀ ਦੀਆਂ ਬੋਤਲਾਂ ਵਿਚੋਂ ਇਕੋ ਹੀ ਰਹਿ ਗਈ। ਇਹ ਸਭ ਕੁਝ ਵੇਖ ਕੇ ਮੈਂ ਹੈਰਾਨੀ ਨਾਲ ਪੁੱਛਿਆ ਕਿ ਮਿੱਤਰਾ ਕੀ ਹੋ ਗਿਆ? ਉਹ ਕਹਿਣ ਲੱਗਾ ਕਿ ਪਾਣੀ ਦੀ 20 ਰੁਪਏ ਦੀ ਇਕ ਬੋਤਲ ਆਉਂਦੀ ਹੈ ਤੇ ਮੇਰੇ ਵਲੋਂ ਪੈਸੇ ਖ਼ਰਚ ਕੇ ਲਿਆਂਦੀਆਂ ਬੋਤਲਾਂ ਵਿਚੋਂ ਕੇਵਲ ਇਕੋ ਬਚੀ ਹੈ, ਜੇ ਇਹ ਵੀ ਕਿਸੇ ਨੂੰ ਦੇ ਦਿੱਤੀ ਤਾਂ ਮੇਰੇ ਕੋਲ ਕੀ ਬਚੇਗਾ? ਇਸ ਸਾਰੇ ਬਿਰਤਾਂਤ ਨੇ ਮੇਰੇ ਅੰਦਰ ਪਾਣੀ ਦੇ ਮੁੱਲ ਨੂੰ ਵਧਾ ਦਿੱਤਾ। ਖਾਣਾ ਬਣਾਉਣ ਤੋਂ ਲੈ ਕੇ ਚਾਹ-ਕੌਫੀ ਤੱਕ ਨੂੰ ਤਿਆਰ ਕਰਨ ਵਿਚ ਪਾਣੀ ਵਰਤੋਂ 'ਚ ਆਉਂਦਾ ਹੈ। ਖੇਤੀ ਤੋਂ ਲੈ ਕੇ ਨਹਾਉਣ ਆਦਿ ਦੀ ਗਤੀਵਿਧੀ ਵੀ ਪਾਣੀ ਤੋਂ ਬਿਨਾਂ ਸਿਰੇ ਨਹੀਂ ਲਗਦੀ। ਇਸ ਤੋਂ ਇਲਾਵਾ ਮਨੁੱਖ ਸੜਕਾਂ, ਗੱਡੀਆਂ ਨੂੰ ਧੋਣ ਵਿਚ ਵੀ ਪਾਣੀ ਦੀ ਬਰਬਾਦੀ ਜ਼ੋਰਾਂ ਨਾਲ ਕਰਦਾ ਹੈ। ਰੋਜ਼ਾਨਾ ਦੀ ਕਾਰਜ ਵਿਧੀ ਦੌਰਾਨ ਪਾਣੀ ਦਾ ਏਨਾ ਪ੍ਰਯੋਗ ਸਾਨੂੰ ਉਸ ਦੀ ਸੰਭਾਲ ਵੱਲ ਵੀ ਇਸ਼ਾਰਾ ਕਰਦਾ ਹੈ। ਸਰਕਾਰ ਵੀ ਲੋਕਾਂ ਦੀ ਮਦਦ ਉਦੋਂ ਹੀ ਕਰ ਸਕਦੀ ਹੈ, ਜਦੋਂ ਲੋਕ ਖ਼ੁਦ ਕੁਦਰਤੀ ਸੋਮਿਆਂ ਦੀ ਸੰਭਾਲ ਕਰਨਗੇ। ਇਸ ਲਈ ਪਾਣੀ ਦਾ ਮੁੱਲ ਪਹਿਚਾਣੋ ਅਤੇ ਇਸ ਦੀ ਸੰਭਾਲ 'ਤੇ ਜ਼ੋਰ ਦਿਓ।

-ਅਸਿਸਟੈਂਟ ਪ੍ਰੋਫੈਸਰ, ਪਟੇਲ ਮੈਮੋਰੀਅਲ ਨੈਸ਼ਨਲ ਕਾਲਜ, ਰਾਜਪੁਰਾ (ਪਟਿਆਲਾ)। ਮੋਬਾ: 80549-74435


ਖ਼ਬਰ ਸ਼ੇਅਰ ਕਰੋ

ਵਹਿਮਾਂ-ਭਰਮਾਂ ਵਿਚ ਡੁੱਬੀ ਮਾਨਸਿਕਤਾ

ਵਿਗਿਆਨ ਦੀ 21ਵੀਂ ਸਦੀ ਵਿਚ ਵੀ ਵਹਿਮ-ਭਰਮ ਅਤੇ ਅੰਧ-ਵਿਸ਼ਵਾਸ ਮਨੁੱਖ ਦੀ ਜ਼ਿੰਦਗੀ ਵਿਚ ਅਹਿਮ ਰੋਲ ਅਦਾ ਕਰ ਰਹੇ ਹਨ। ਵਹਿਮ-ਭਰਮ ਦਾ ਦੂਜਾ ਅਰਥ ਡਰ ਹੈ। ਜਦੋਂ ਵਿਅਕਤੀ ਵੱਖ-ਵੱਖ ਪ੍ਰਕਾਰ ਦੀਆਂ ਕੁਦਰਤੀ ਸ਼ਕਤੀਆਂ ਤੋਂ ਡਰਨ ਲੱਗ ਜਾਂਦਾ ਹੈ ਤਾਂ ਉਹ ਆਪਣੀ ਇਸ ਕਮਜ਼ੋਰੀ ਨੂੰ ਸਹਾਰਾ ਦੇਣ ਲਈ 36 ਪ੍ਰਕਾਰ ਦੇ ਪੂਜਾ-ਪਾਠ ਅਪਣਾਉਂਦਾ ਹੈ। ਮਨੁੱਖ ਅੰਦਰ ਅਨੇਕਾਂ ਹੀ ਅਣਗਿਣਤ ਵਹਿਮਾਂ ਨੇ ਆਪਣਾ ਪੱਕਾ ਡੇਰਾ ਲਾ ਲਿਆ ਹੈ, ਜਿਨ੍ਹਾਂ ਵਿਚੋਂ ਕੁਝ ਪ੍ਰਚੱਲਿਤ ਵਹਿਮ-ਬਿੱਲੀ ਦਾ ਰਾਹ ਕੱਟਣਾ, ਛਿੱਕ ਮਾਰਨੀ, ਪਿੱਛੋਂ ਹਾਕ ਜਾਂ ਆਵਾਜ਼ ਮਾਰਨੀ, ਦਿਨਾਂ ਤੇ ਦਿਹਾੜਿਆਂ ਬਾਰੇ ਵਹਿਮ, ਗ੍ਰਹਿਆਂ ਦੇ ਵਹਿਮ ਆਦਿ ਅਨੇਕਾਂ ਮਾੜੇ ਸ਼ਗਨ ਮੰਨੇ ਜਾਂਦੇ ਹਨ। ਅਨਪੜ੍ਹ ਤਾਂ ਦੂਰ, ਅੱਜ ਪੜ੍ਹਿਆ-ਲਿਖਿਆ ਮਨੁੱਖ ਜ਼ਿਆਦਾ ਇਨ੍ਹਾਂ ਵਹਿਮਾਂ ਦੀ ਭੇਟ ਚੜ੍ਹਿਆ ਹੈ। ਜੇਕਰ ਅਸੀਂ ਪੁਰਾਤਨ ਇਤਿਹਾਸ 'ਤੇ ਨਜ਼ਰ ਮਾਰੀਏ ਤਾਂ ਸਾਨੂੰ ਪਤਾ ਲਗਦਾ ਹੈ ਕਿ ਅਨੇਕਾਂ ਗੁਰੂਆਂ-ਪੀਰਾਂ ਅਤੇ ਪੈਗੰਬਰਾਂ ਨੇ ਮਨੁੱਖ ਨੂੰ ਇਨ੍ਹਾਂ ਦਾ ਖੰਡਨ ਕਰਨ ਲਈ ਕਿਹਾ ਸੀ। ਜਿਸ ਦੀ ਵੱਡੀ ਉਦਾਹਰਨ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਹਨ, ਉਨ੍ਹਾਂ ਨੇ ਆਪਣੀ ਬਾਣੀ ਵਿਚ ਥਾਂ-ਥਾਂ 'ਤੇ ਇਨ੍ਹਾਂ ਢੋਂਗਾਂ ਦਾ ਪਰਦਾਫਾਸ਼ ਕੀਤਾ, ਪਰ ਅੱਜ ਇਨ੍ਹਾਂ ਵਹਿਮਾਂ-ਭਰਮਾਂ ਨੇ ਆਪਣੀਆਂ ਜੜ੍ਹਾਂ ਐਨੀਆਂ ਡੂੰਘੀਆਂ ਪਸਾਰ ਰੱਖੀਆਂ ਹਨ ਕਿ ਮਨੁੱਖ ਇਨ੍ਹਾਂ ਤੋਂ ਮੁਕਤੀ ਪਾਉਣ ਦੀ ਬਜਾਏ ਇਨ੍ਹਾਂ ਦੇ ਜਾਲ ਵਿਚ ਹੋਰ ਫਸਦਾ ਜਾ ਰਿਹਾ ਹੈ। ਅੰਧ ਵਿਸ਼ਵਾਸਾਂ ਵਿਚ ਰੁਲੇ ਹੋਏ ਲੋਕਾਂ ਨਾਲ ਵੱਡੀ ਠੱਗੀ ਪਖੰਡੀ ਬਾਬਿਆਂ ਵਲੋਂ ਕੀਤੀ ਜਾਂਦੀ ਹੈ। ਲੋਕ ਅਨੇਕਾਂ ਭਰਮਾਂ ਤੋਂ ਛੁਟਕਾਰਾ ਪਾਉਣ ਲਈ ਪਖੰਡੀਆਂ ਦੇ ਡੇਰੇ ਜਾ ਵੜਦੇ ਹਨ ਅਤੇ ਆਪਣੀ ਦਸਾਂ ਨਹੁੰਆਂ ਦੀ ਕਮਾਈ ਨੂੰ ਉਨ੍ਹਾਂ ਦੇ ਡੇਰਿਆਂ 'ਤੇ ਉਜਾੜਦੇ ਹਨ। ਪੰਜਾਬ ਅੰਦਰ ਅਨੇਕਾਂ ਹੀ ਤਰਕਸ਼ੀਲ ਸੁਸਾਇਟੀਆਂ ਹਨ ਜੋ ਮਨੁੱਖ ਨੂੰ ਇਨ੍ਹਾਂ ਪਖੰਡੀਆਂ ਦੇ ਜਾਲ ਤੋਂ ਛੁਡਾਉਣ ਲਈ ਦਿਨ-ਰਾਤ ਇਕ ਕਰ ਰਹੀਆਂ ਹਨ, ਪਰ ਸਾਡੀ ਬਦਕਿਸਮਤੀ ਕਿ ਅਸੀਂ ਉਨ੍ਹਾਂ ਦਾ ਸਮਝਾਇਆ ਇਕ ਕੰਨ ਤੋਂ ਸੁਣ ਕੇ ਦੂਜੇ ਕੰਨ ਤੋਂ ਕੱਢ ਰਹੇ ਹਾਂ। ਘਰਾਂ ਵਿਚ ਖਾਣਾ, ਬਰਤਨ, ਕੱਪੜੇ ਅਤੇ ਸਫਾਈ ਲਈ ਵੱਖ-ਵੱਖ ਨੌਕਰ ਰੱਖੇ ਜਾਂਦੇ ਹਨ ਅਤੇ ਪਖੰਡੀਆਂ ਦੇ ਡੇਰੇ ਜਾ ਕੇ ਬਰਤਨ ਧੋਣ ਅਤੇ ਸਫਾਈ ਕਰਨ ਨੂੰ ਸ਼ਰਧਾ ਮੰਨਿਆ ਜਾਂਦਾ ਹੈ। ਸਰਕਾਰਾਂ ਨੂੰ ਵੀ ਚਾਹੀਦਾ ਹੈ ਕਿ ਉਹ ਜ਼ਿਲ੍ਹੇ ਅਤੇ ਬਲਾਕ ਪੱਧਰ ਤੱਕ ਇਨ੍ਹਾਂ ਢੋਂਗੀਆਂ ਦੀਆਂ ਪੋਲਾਂ ਖੋਲ੍ਹਣ ਸਬੰਧੀ ਸੈਮੀਨਾਰਾਂ ਰਾਹੀਂ ਸੁਨੇਹਾ ਦੇ ਕੇ ਮਨੁੱਖ ਨੂੰ ਇਸ ਕੈਂਸਰ ਰੂਪੀ ਦੈਂਤ ਤੋਂ ਬਚਾਉਣ ਲਈ ਪਖੰਡਵਾਦ ਖਿਲਾਫ ਲਹਿਰ ਖੜ੍ਹੀ ਕਰੇ, ਤਾਂ ਜੋ ਅਸੀਂ 21ਵੀਂ ਸਦੀ ਦੇ ਅਸਲ ਵਿਗਿਆਨਕ ਸਮਾਜ ਦੀ ਸਿਰਜਣਾ ਕਰ ਸਕੀਏ।

-ਸਰਕਾਰੀ ਐਲੀ: ਸਕੂਲ, ਰਾਜਗੜ੍ਹ (ਸਮਾਣਾ-2)। ਮੋਬਾ: 94175-43175

ਮਾਣ-ਮੱਤੇ ਅਧਿਆਪਕ-19

ਮਦਰ ਟਰੇਸਾ ਬਣ ਬਹੁੜਦੇ ਹਨ ਨੈਸ਼ਨਲ ਐਵਾਰਡੀ ਅਧਿਆਪਕਾ ਸ੍ਰੀਮਤੀ ਕਾਂਤਾ ਗੋਇਲ ਲਹਿਰਾਗਾਗਾ

ਪਿਛਲੇ ਤਿੰਨ ਦਹਾਕਿਆਂ ਤੋਂ ਸੰਗਰੂਰ ਜ਼ਿਲ੍ਹੇ ਦੇ ਇਕਲੌਤੇ ਨੈਸ਼ਨਲ ਐਵਾਰਡੀ ਅਧਿਆਪਕਾ ਸ੍ਰੀਮਤੀ ਕਾਂਤਾ ਗੋਇਲ ਦਾ ਜਨਮ 5 ਮਾਰਚ 1960 ਨੂੰ ਸ੍ਰੀ ਬ੍ਰਿਜ ਲਾਲ ਗੁਪਤਾ ਦੇ ਘਰ ਮਾਤਾ ਸ੍ਰੀਮਤੀ ਸੀਤਾ ਦੇਵੀ ਦੀ ਕੁੱਖੋਂ ਇਤਿਹਾਸਕ ਧਰਤੀ ਸ਼ਹੀਦ ਊਧਮ ਸਿੰਘ ਵਾਲਾ ਸੁਨਾਮ ਵਿਖੇ ਹੋਇਆ। ਮੈਡਮ ਗੋਇਲ ਬਚਪਨ ਤੋਂ ਇਕ ਆਦਰਸ਼ ਵਿਦਿਆਰਥਣ ਸਨ ਜਿਨ੍ਹਾਂ ਵਿਚ ਸਮਾਜ ਲਈ ਵੱਖਰਾ ਕਰਨ ਵਾਲੇ ਗੁਣ ਮੁੱਢਲੀ ਸਿੱਖਿਆ ਦੌਰਾਨ ਹੀ ਝਲਕਣ ਲੱਗ ਪਏ ਸਨ। ਸਰਕਾਰੀ ਕੰਨਿਆ ਸਕੂਲ ਸੁਨਾਮ ਤੋਂ ਮੁਢਲੀ ਸਿੱਖਿਆ ਪ੍ਰਾਪਤ ਕਰਨ ਵਾਲੇ ਮੈਡਮ ਗੋਇਲ ਨੇ ਪੰਜ ਵਿਸ਼ਿਆਂ ਦੀ ਐੱਮ.ਏ., ਐਮ.ਫਿਲ, ਬੀ.ਐੱਡ, ਐਮ.ਐੱਡ ਦੀ ਡਿਗਰੀ ਵੱਖ-ਵੱਖ ਕਾਲਜਾਂ ਤੋਂ ਪ੍ਰਾਪਤ ਕਰ ਕੇ ਮਾਪਿਆਂ ਦਾ ਮਾਣ ਹੋਰ ਦੁੱਗਣਾ ਕਰ ਦਿੱਤਾ। ਲੜਕੀਆਂ ਲਈ ਇਕ ਪ੍ਰੇਰਨਾਸ੍ਰੋਤ ਰਹੇ ਮੈਡਮ ਗੋਇਲ ਨੇ ਆਪਣਾ ਗਿਆਨ ਪ੍ਰਾਪਤੀ ਦਾ ਸਫ਼ਰ ਵਿਆਹ ਤੋਂ ਬਾਅਦ ਵੀ ਜਾਰੀ ਰੱਖਿਆ। ਮੈਡਮ ਗੋਇਲ ਨੇ ਸਰਕਾਰੀ ਹਾਈ ਸਕੂਲ ਥਲੇਸ ਤੋਂ ਸਾਲ 1980 ਵਿਚ ਬਤੌਰ ਹਿੰਦੀ ਟੀਚਰ ਅਧਿਆਪਨ ਸਫ਼ਰ ਸ਼ੁਰੂ ਕੀਤਾ ਅਤੇ ਫਿਰ ਸਰਕਾਰੀ ਹਾਈ ਸਕੂਲ ਛਾਜਲੀ ਵਿਖੇ 7 ਸਾਲ ਅਤੇ ਸਰਕਾਰੀ ਗਰਲ ਸਕੂਲ ਲਹਿਰਾਗਗਾ ਵਿਖੇ 30 ਸਾਲ ਵਡਮੁੱਲੀਆਂ ਸੇਵਾਵਾਂ ਨਿਭਾਈਆਂ ਅਤੇ ਇਥੇ ਆਪਣੀ ਨੇਕ ਕਮਾਈ ਵਿਚੋਂ ਲੱਖਾਂ ਰੁਪਏ ਲਗਾਉਣ ਦੇ ਨਾਲ-ਨਾਲ ਦਾਨੀ ਵਿਅਕਤੀਆਂ ਤੋਂ ਸਹਿਯੋਗ ਲੈ ਕੇ 6 ਕਮਰੇ ਬਣਾਉਣ ਦੇ ਨਾਲ-ਨਾਲ ਸਕੂਲ ਦੀ ਦਿਖ ਸੰਵਾਰਨ ਲਈ ਸਖ਼ਤ ਮਿਹਨਤ ਕੀਤੀ ਜਿਹੜੀ ਕਦੇ ਵੀ ਭੁਲਾਈ ਨਹੀਂ ਜਾ ਸਕਦੀ। ਮੈਡਲ ਗੋਇਲ ਇਸੇ ਸਕੂਲ ਤੋਂ ਸੇਵਾਮੁਕਤ ਹੋਏ ਹਨ। ਅਧਿਆਪਕ ਰਹਿੰਦੇ ਹੋਏ ਉਨ੍ਹਾਂ ਦਾ ਦੂਸਰੇ ਅਧਿਆਪਕਾਂ ਨਾਲ ਮਿਲਵਰਤਣ ਤੇ ਸਹਿਯੋਗ ਵਾਲਾ ਵਿਵਹਾਰ ਹਰ ਸਮੇਂ ਰਹਿੰਦਾ ਸੀ ਜਿਸ ਕਰਕੇ ਸੰਸਥਾ ਨੂੰ ਇਕ ਪਰਿਵਾਰ ਅਤੇ ਬੱਚਿਆਂ ਨੂੰ ਉਨ੍ਹਾਂ ਵਲੋਂ ਆਪਣੇ ਬੱਚਿਆਂ ਨਾਲੋਂ ਵਧ ਕੇ ਪਿਆਰ ਦੇਣਾ ਉਨ੍ਹਾਂ ਦਾ ਸੁਭਾਅ ਰਿਹਾ ਹੈ। ਮੈਡਮ ਗੋਇਲ ਨੂੰ ਸਾਲ 2001 ਵਿਚ ਪੰਜਾਬ ਸਰਕਾਰ ਵਲੋਂ ਸਟੇਟ ਐਵਾਰਡ ਨਾਲ ਨਿਵਾਜਿਆ ਗਿਆ ਸੀ। 36 ਸਾਲ ਇਕ ਅਧਿਆਪਕ ਵਜੋਂ ਸੇਵਾਵਾਂ ਨਿਭਾਉਣ ਤੋਂ ਬਾਅਦ ਉਹ ਸਵੈ-ਇੱਛਤ ਸੇਵਾ-ਮੁਕਤ ਹੋਏ ਹਨ ਕਿਉਂਕਿ ਉਨ੍ਹਾਂ ਦੇ ਦਿਲ ਅੰਦਰ ਸਮਾਜ ਸੇਵਾ ਅਤੇ ਖ਼ਾਸਕਰ ਲੜਕੀਆਂ ਨੂੰ ਸਿੱਖਿਅਤ ਕਰਨ ਦਾ ਵੱਡਾ ਸੁਪਨਾ ਸੀ ਜਿਸ ਨੂੰ ਸਾਕਾਰ ਕਰਨ ਲਈ ਉਹ ਸਵਾਮੀ ਵਿਵੇਕਾਨੰਦ ਸਮਿਤੀ ਦੇ ਪ੍ਰਧਾਨ ਵਜੋਂ ਕਾਰਜ ਕਰ ਰਹੇ ਹਨ ਜਿਸ ਦਾ ਉਦੇਸ਼ ਨੌਜਵਾਨਾਂ ਦਾ ਚਰਿੱਤਰ ਵਿਕਾਸ ਕਰਨਾ, ਦੀਨ-ਦਲਿਤਾਂ ਦੀ ਸੇਵਾ ਕਰਨਾ ਅਤੇ ਸਾਦਾ ਜੀਵਨ ਜਿਊਣ ਲਈ ਪ੍ਰੇਰਿਤ ਕਰਨਾ ਹੈ। ਮੈਡਮ ਗੋਇਲ ਪੰਜਾਬ ਮਹਿਲਾ ਅਗਰਵਾਲ ਸਭਾ ਦੇ ਵੀ ਪ੍ਰਧਾਨ ਹਨ ਜਿਸ ਦਾ ਉਦੇਸ਼ ਔਰਤਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣਾ ਅਤੇ ਔਰਤਾਂ ਨੂੰ ਆ ਰਹੀਆਂ ਦਰਪੇਸ਼ ਸਮੱਸਿਆਵਾਂ ਦਾ ਹੱਲ, ਉਨ੍ਹਾਂ ਨੂੰ ਬਰਾਬਰੀ ਦੇ ਹੱਕ ਲਈ ਪ੍ਰੇਰਿਤ ਕਰਨਾ ਹੈ। ਉਹ ਇਕ ਚੰਗੇ ਬੁਲਾਰੇ ਹਨ ਉਨ੍ਹਾਂ ਵਿਚ ਹਜ਼ਾਰਾਂ ਸਰੋਤਿਆਂ ਨੂੰ ਆਪਣੀਆਂ ਦਲੀਲਾਂ ਨਾਲ ਕੀਲਣ ਦੀ ਕਲਾ ਵੀ ਹੈ। ਮੈਡਮ ਗੋਇਲ ਦੀਆਂ ਸਮਾਜਿਕ ਸੇਵਾਵਾਂ ਨੂੰ ਦੇਖਦਿਆਂ ਇਲਾਕੇ ਦੀਆਂ ਸੰਸਥਾਵਾਂ, ਪਿੰਡਾਂ ਦੀਆਂ ਪੰਚਾਇਤਾਂ ਅਤੇ ਮੌਕੇ ਦੇ ਅਫ਼ਸਰਾਂ ਨੇ ਉਨ੍ਹਾਂ ਦਾ ਦਰਜਨਾਂ ਸਨਮਾਨ ਪੱਤਰਾਂ ਨਾਲ ਸਨਮਾਨ ਕੀਤਾ ਹੈ। ਭਾਰਤ ਸਰਕਾਰ ਵਲੋਂ ਉਨ੍ਹਾਂ ਨੂੰ ਕੌਮੀ ਅਧਿਆਪਕ ਐਵਾਰਡ ਨਾਲ ਸਨਮਾਨਿਆ ਜਾ ਚੁੱਕਿਆ ਹੈ ਅੱਜ-ਕਲ੍ਹ ਉਹ ਆਪਣੇ ਜੀਵਨ ਸਾਥੀ ਨਰਿੰਦਰ ਗੋਇਲ ਵਾਸੀ ਲਹਿਰਾਗਾਗਾ ਨਾਲ ਮਿਲ ਕੇ ਸਮਾਜ ਦੇ ਦੱਬੇ, ਕੁਛਲੇ, ਲਤਾੜੇ ਵਰਗਾਂ ਲਈ ਜਿਥੇ ਮਦਰ ਟਰੇਸਾ ਬਣ ਬਹੁੜਦੇ ਹਨ ਉਥੇ ਲੜਕੀਆਂ ਨੂੰ ਮੁਫਤ ਸਿੱਖਿਆ ਦੇਣ ਦੇ ਲਈ ਅਤੇ ਵਾਤਾਵਰਨ ਦੀ ਸ਼ੁੱਧਤਾ ਲਈ। ਉਹ ਹਮੇਸ਼ਾ ਤਤਪਰ ਰਹਿੰਦੇ ਹਨ। ਕਿੰਨੀਆਂ ਹੀ ਲੜਕੀਆਂ ਹਨ ਜਿਨ੍ਹਾਂ ਲਈ ਮੈਡਮ ਗੋਇਲ ਮਾਂ ਬਣ ਉਨ੍ਹਾਂ ਨੂੰ ਸਿੱਖਿਅਤ ਕਰ ਚੁੱਕੇ ਹਨ ਅਤੇ ਇਹ ਕਾਰਜ ਅੱਜ ਵੀ ਜਾਰੀ ਹੈ। ਅਜਿਹੀ ਮਾਣ ਮੱਤੀ ਸ਼ਖ਼ਸੀਅਤ ਲਈ ਮੇਰੀ ਇਹੀ ਦੁਆ ਹੈ ਕਿ ਉਹ ਹਮੇਸ਼ਾ ਤੰਦਰੁਸਤ ਰਹਿਣ ਅਤੇ ਹੋਰ ਵਧ-ਚੜ੍ਹ ਕੇ ਸਮਾਜ ਤੇ ਸਿੱਖਿਆ ਸੰਸਾਰ ਦੀ ਸੇਵਾ ਕਰਦੇ ਰਹਿਣ।

ਮੋਬਾਈਲ : 93565 52000

ਮਾੜੇ ਸਮਿਆਂ ਦੀ ਇਕ ਅਭੁੱਲ ਪੀੜ ਜੋ ਅੱਜ ਵੀ ਉੱਠਦੀ ਹੈ...

ਘਟਨਾ ਸ਼ਾਇਦ ਛੱਬੀ ਸਤਾਈ ਵਰ੍ਹੇ ਪੁਰਾਣੀ ਹੋਵੇਗੀ ਜਦ ਪੰਜਾਬ ਅੰਦਰ ਖਾੜਕੂ ਲਹਿਰ ਆਪਣੇ ਸਿਖ਼ਰ ਤੋਂ ਸਮਾਪਤੀ ਵੱਲ ਵਧ ਰਹੀ ਸੀ। ਪੁਲਿਸ ਅਤੇ ਫ਼ੌਜ ਦੀਆਂ ਗੱਡੀਆਂ ਪਿੰਡਾਂ ਵਿਚ ਤਲਾਸ਼ੀ ਅਭਿਆਨ ਦੇ ਨਾਂਅ 'ਤੇ ਹਰਲ ਹਰਲ ਕਰਦੀਆਂ ਫਿਰਦੀਆਂ ਸਨ।
ਖ਼ੈਰ ਮੈਂ ਉਸ ਸਮੇਂ ਆਪਣੀ ਉਮਰ ਦੇ 13-14 ਕੁ ਵਰ੍ਹੇ ਵਿਚ ਪੈਰ ਪਾਇਆ ਸੀ ਤਾਇਆ ਚਰਨ ਸਿੰਘ ਦੁਆਰਾ ਦਿੱਤੀ ਸੁਚੱਜੀ ਅਤੇ ਬਾਪੂ ਨਾਜਰ ਸਿੰਘ ਦੀ ਕਵੀਸ਼ਰੀ ਕਲਾ ਦੀ ਗੁੜ੍ਹਤੀ ਦੇ ਅਸਰ ਸਦਕਾ ਸਾਹਿਤ ਨਾਲ ਲਗਾਅ ਦੇ ਚਲਦਿਆਂ ਅਖ਼ਬਾਰ ਨਾਲ ਪਿਆਰ ਸ਼ੁਰੂ ਤੋਂ ਡਾਢਾ ਬਣਿਆ ਰਿਹਾ । ਜਦੋਂ ਤੋਂ ਅਜੀਤ ਅਖ਼ਬਾਰ ਨੇ ਆਪਣੇ ਜੀਵਨ ਦੀ ਪਹਿਲੀ ਪੁਲਾਂਘ ਪੁੱਟੀ ਉਸੇ ਦਿਨ ਤੋਂ ਇਹ ਸਾਡੇ ਘਰ ਦਾ ਸ਼ਿੰਗਾਰ ਹੈ। ਉਨ੍ਹੀਂ ਦਿਨੀਂ ਹਾਕਰਾਂ ਨਾਲ ਗੰਨਮੈਨ ਵੀ ਆਉਂਦੇ ਸਨ ਅਤੇ ਅਖ਼ਬਾਰ ਦੀਆਂ ਕਾਪੀਆਂ ਜ਼ਬਤ ਹੋਣਾ ਆਮ ਗੱਲ ਸੀ ਪਹਿਲਾਂ ਹਾਕਰ ਗੁਰਨਾਮ ਸਿੰਘ ਫਿਰ ਉਸ ਤੋਂ ਬਾਅਦ ਬੂਟਾ ਸਿੰਘ ਜੋ ਜੀਰਖ ਪਿੰਡ ਤੋਂ ਆਉਂਦਾ ਸੀ, ਉਹ ਮੇਰੇ ਕੋਲ ਆ ਕੇ ਚਾਹ ਪਾਣੀ ਛਕਦਾ ਤੇ ਪਿੰਡ ਅੰਦਰ ਹੋਰ ਅਖ਼ਬਾਰ ਲਗਵਾਉਣ ਦੇ ਲਈ ਕਹਿੰਦਾ ਰਹਿੰਦਾ ਅਖ਼ਬਾਰਾਂ ਦੀ ਗਿਣਤੀ ਉਸ ਸਮੇਂ ਪਿੰਡਾਂ ਅੰਦਰ ਨਾ ਮਾਤਰ ਸੀ ਮੇਰੇ ਪਿੰਡ ਅੰਦਰ ਮਹਿਜ਼ ਨੌਂ ਅਤੇ ਆਲੇ ਦੁਆਲੇ ਦੇ ਚੌਦਾਂ ਪਿੰਡਾਂ ਅੰਦਰ ਕੁੱਲ ਅਠਾਹਟ ਅਖ਼ਬਾਰ ਆਉਂਦੇ ਸਨ। ਹਾਕਰ ਬੂਟਾ ਸਿੰਘ ਨੂੰ ਘਰ ਦੀ ਕਬੀਲਦਾਰੀ ਦੇ ਚਲਦਿਆਂ ਅਖ਼ਬਾਰ ਦੇਰੀ ਜਾਂ ਛੁੱਟੀ ਕਰਨ ਦੀ ਮਜਬੂਰੀ ਸੀ ਮੈਂ ਆਪਣੀ ਚੇਟਕ ਨੂੰ ਪੂਰਾ ਕਰਨ ਦੇ ਲਈ ਜਿਸ ਸੜਕ ਤੋਂ ਹਾਕਰ ਨੇ ਆਉਣਾ ਹੁੰਦਾ ਸੀ ਉਸ ਰਸਤੇ 'ਤੇ ਪੈਂਦੀ ਮੋਟਰ 'ਤੇ ਬੈਠ ਉਸ ਨੂੰ ਉਡੀਕਣਾ ਸ਼ੁਰੂ ਕਰ ਦੇਣਾ ਕਈ ਵਾਰ ਘਰ ਦਾ ਕੰਮ ਮੁਕਾ ਉਸ ਦੇ ਨਾਲ ਹੀ ਤੁਰ ਪੈਣਾ ਤੇ ਲੋਕਾਂ ਨੂੰ ਅਖ਼ਬਾਰ ਪੜ੍ਹਨ ਤੇ ਘਰ ਲਗਵਾਉਣ ਲਈ ਮਿੰਨਤਾਂ ਕਰਨੀਆਂ ਪਰ ਜ਼ੁਲਮੋ ਤਸ਼ੱਦਦ ਦੇ ਝੰਬੇ ਲੋਕ ਆਪਣੇ ਖੋਅ ਚੁੱਕੇ ਜੀਆਂ ਦੇ ਵੈਰਾਗ ਵਿਚ ਉੱਖੜੇ-ਉੱਖੜੇ ਜਾਪਦੇ ਸਨ, ਪੰਜਾਬ ਵਿਚ ਇਕ ਵੱਖਰੀ ਹੀ ਤਰ੍ਹਾਂ ਦਾ ਸਨਾਟਾ ਸੀ, ਚੁੱਪ ਸੀ। ਇਕ ਦਿਨ ਬੂਟਾ ਸਿੰਘ ਅਖ਼ਬਾਰ ਦੇਣ ਨਾ ਆਇਆ ਮੈਂ ਉਡੀਕ ਉਡੀਕ ਕੇ ਘਰੋਂ ਚੋਰੀ ਸਾਈਕਲ ਚੁੱਕ ਮਲੇਰ ਕੋਟਲੇ ਵੱਲ ਨੂੰ ਸ਼ੂਟ ਵੱਟ ਦਿੱਤੀ। ਸਿਆਲ ਦਾ ਮਹੀਨਾ ਤੇ ਲੋਹੜੇ ਦੀ ਧੁੰਦ ਹੱਥ ਮਾਰਿਆ ਨਹੀਂ ਸੀ ਵਿਖਾਈ ਦਿੰਦਾ। ਕਾਫੀ ਬਹਿਸਬਾਜ਼ੀ ਤੋਂ ਬਾਅਦ ਕੇਵਲ ਦੋਧੀਆਂ ਦੇ ਢੋਲਾਂ ਦੀ ਤਲਾਸ਼ੀ ਲੈਣ ਤੇ ਪੁਲਿਸ ਨੇ ਉਨ੍ਹਾਂ ਨੂੰ ਜਾਣ ਦਿੱਤਾ ਬਾਕੀਆਂ ਨੂੰ ਉਨ੍ਹੀਂ ਪੈਰੀਂ ਵਾਪਸ ਜਾਣ ਦਾ ਹੁਕਮ ਚਾੜ੍ਹਿਆ ਮੈਂ ਚਾਰ ਪੰਜ ਸਬਜ਼ੀ ਵਾਲਿਆਂ ਦੇ ਨਾਲ ਹੀ ਦੋਧੀਆਂ ਦੇ ਮਗਰ ਸਾਈਕਲ ਠਿੱਲ੍ਹ ਦਿੱਤਾ ਉੱਚੀ ਉੱਚੀ ਆਵਾਜ਼ਾਂ ਆਈਆਂ ਤੇ ਪੁਲਸੀਏ ਨੇ ਵਿਸਲ ਮਾਰੀ ਤੇ ਮੈਨੂੰ ਕੜਕਵੀਂ ਆਵਾਜ਼ ਵਿਚ ਪੁੱਛਿਆ 'ਤੁਮਨੇ ਕਿਆ ਕਰਨਾ ਹੈਂ?' ਮੇਰੇ ਮੂੰਹੋਂ ਸਹਿਜ ਸੁਭਾਅ ਨਿਕਲਿਆ ਕਿ ਮੈਂ ਅਖ਼ਬਾਰ ਲੈਣਾ ਹੈ 'ਅਰੇ ਤੁਮਕੋ ਅਖ਼ਬਾਰ ਕੀ ਪੜੀ ਹੈ ਜਹਾਂ ਲੋਕ ਮਰ ਰਹੇ ਹੈ' ਇੰਨਾ ਕਹਿ ਉਸ ਨੇ ਹੱਥ ਵਿਚਲਾ ਮੋਟਾ ਰੂਲਾ ਮੇਰੇ ਵੱਲ ਚਲਾਵਾਂ ਮਾਰਿਆ ਜਿਹੜਾ ਸਾਈਕਲ ਦੇ ਮੱਡਗਾਰਡ 'ਤੇ ਲੱਗਿਆ ਤੇ ਮੱਡਗਾਰਡ ਟੁੱਟ ਕੇ ਦੂਰ ਜਾ ਡਿੱਗਿਆ ਮੈਂ ਪਿਛਲਖੋਰੀ ਭੱਜਿਆ ਇਕ ਰੂਲਾ ਫੇਰ ਗੋਲੀ ਵਾਂਗ ਆਇਆ ਜਿਹੜਾ ਧਂੈਅ ਕਰਕੇ ਮੇਰੇ ਮੌਰਾਂ ਵਿਚ ਆ ਵੱਜਿਆ, ਉਦੋਂ ਤੱਕ ਮੈਂ ਸਾਈਕਲ 'ਤੇ ਸਵਾਰ ਹੋ ਚੁੱਕਿਆ ਸੀ ਬਾਕੀ ਲੋਕਾਂ ਦਾ ਕੀ ਬਣਿਆ ਕੁਝ ਪਤਾ ਨਹੀਂ ਲੱਗਿਆ ਚੱਪਲਾਂ ਵੀ ਉਥੇ ਹੀ ਰਹਿ ਗਈਆਂ ਪਿੰਡ ਆਉਂਦੇ ਨੂੰ ਡਾਂਗ ਦੀ ਚਸਕ ਹੱਦੋਂ ਵਧ ਗਈ, ਕੁਝ ਮਿੰਟਾਂ ਦੀ ਘਟਨਾ ਨੇ ਅੰਦਰੋਂ ਕੋਮਲ ਮਨ ਨੂੰ ਤੋੜ ਕੇ ਰੱਖ ਦਿੱਤਾ। ਘਰ ਜਾਣ ਦੀ ਬਜਾਏ ਸਿੱਧਾ ਖੇਤ ਨੂੰ ਗਿਆ ਪਾਣੀ ਦੀ ਘੁੱਟ ਪੀ ਕੇ ਸਾਰਾ ਕੁਝ ਭੁੱਲਣ ਦਾ ਯਤਨ ਕੀਤਾ ਕਿਸੇ ਫ਼ਿਲਮ ਦੀ ਤਰ੍ਹਾਂ ਉਹ ਦ੍ਰਿਸ਼ ਬਾਰ ਬਾਰ ਮੇਰੇ ਜ਼ਹਿਨ ਤੇ ਤੈਰਦੇ ਰਹੇ। ਘਰੇ ਪਹੁੰਚ ਸਾਈਕਲ ਡਰਦਿਆਂ ਡਰਦਿਆਂ ਇਕ ਨੁੱਕਰੇ ਲਾ ਦਿੱਤਾ ਮਾਂ ਨੇ ਰੋਟੀ ਦਿੰਦਿਆਂ ਝਿੜਕਾਂ ਦੀ ਝੜੀ ਲਾ ਦਿੱਤੀ ਰਾਤ ਨੂੰ ਮੌਰ ਦੀ ਚੀਸ ਨੇ ਪਾਸਾ ਵੀ ਨਾ ਪਲਟਣ ਦਿੱਤਾ ਗਰਮ ਇੱਟ ਦਾ ਸੇਕ ਵੀ ਕੁਝ ਨਾ ਕਰ ਸਕਿਆ। ਅਗਲੇ ਦਿਨ ਬੂਟਾ ਸਿੰਘ ਪੁਰਾਣਾ ਅਤੇ ਨਵਾਂ ਅਖ਼ਬਾਰ ਲੈ ਕੇ ਹਾਜ਼ਰ ਸੀ, ਅੱਜ ਵੀ ਸੋਚਦਾ ਹਾਂ ਕਿਹੋ ਜਿਹਾ ਸਮਾਂ ਸੀ ਉਹ। ਖੌਰੇ ਇਹੋ ਜਿਹੀ ਸਾਹਿਤਕ ਚੇਟਕ ਦੀ ਵਜ੍ਹਾ ਨਾਲ ਹੀ ਕਲਮ ਦੇ ਖੇਤਰ ਵਿਚ ਪੈਰ ਲੱਗੇ ਹੋਣ ਤੇ ਸਮਾਜ ਲਈ ਕੁਝ ਲਿਖ ਕੇ ਕਰ ਵਿਖਾਉਣ ਲਈ ਇਨ੍ਹਾਂ ਘਟਨਾਵਾਂ ਦਾ ਭਰਵਾਂ ਯੋਗਦਾਨ ਹੋਵੇ। ਅੱਜ ਵੀ ਜਦ ਮੋਢੇ ਦੀ ਪੀੜ ਉੱਠਦੀ ਹੈ ਤਾਂ ਉਹ ਮਾੜੇ ਸਮਿਆਂ ਨੂੰ ਯਾਦ ਕਰ ਸੀਨੇ ਅੰਦਰੋਂ ਇਕ ਧਾਅ ਜ਼ਰੂਰ ਨਿਕਲਦੀ ਹੈ। ਖ਼ੈਰ ਮਾਲਕ ਭਲੀ ਕਰੇ ਇਹੋ ਜਿਹੇ ਦਿਨਮੇਰੇ ਪੰਜਾਬ ਨੂੰ ਫੇਰ ਨਾ ਵੇਖਣੇ ਪੈਣ।

-ਮੋਬਾਈਲ : 9463463136

ਰਿਫ਼ਲੈਕਟਰ ਲਾਉਣ ਦਾ ਵੇਲਾ

ਸਰਦੀ-ਧੁੰਦ ਦਾ ਮੌਸਮ ਸ਼ੁਰੂ ਹੋ ਗਿਆ ਹੈ, ਭਾਵੇਂ ਆਮ ਤੌਰ 'ਤੇ ਧੁੰਦ ਦਸੰਬਰ-ਜਨਵਰੀ ਵਿਚ ਸ਼ੁਰੂ ਹੁੰਦੀ ਹੈ। ਸੰਘਣੇ ਧੂੰਏਂ ਤੇ ਧੁੰਦ ਕਾਰਨ ਸੜਕਾਂ ਉੱਪਰ ਫਿਰਦੇ ਅਵਾਰਾ ਪਸ਼ੂ ਤੇ ਜਾਨਵਰ ਦਿਖਾਈ ਨਹੀਂ ਦਿੰਦੇ, ਜਿਸ ਕਾਰਨ ਸੜਕ ਹਾਦਸਿਆਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਸਰਕਾਰਾਂ ਕਦੇ ਵੀ ਅਜਿਹੀਆਂ ਸਮੱਸਿਆਵਾਂ ਦਾ ਹੱਲ ਕਰਨ ਦੀ ਗੱਲ ਨਹੀਂ ਸੋਚਦੀਆਂ। ਆਓ, ਅਸੀਂ ਸਾਰੇ ਆਪਣਾ ਨੈਤਿਕ ਫਰਜ਼ ਸਮਝਦੇ ਹੋਏ ਰਿਫਲੈਕਟਰ ਜੋ ਅਸੀਂ ਵਾਹਨਾਂ, ਗਲੀਆਂ, ਮੋੜਾਂ, ਦਰੱਖਤਾਂ ਅਤੇ ਜਿੱਥੇ ਵੀ ਲਗਦਾ ਹੈ ਥਾਵਾਂ ਖ਼ਤਰਨਾਕ ਹਨ, ਏਥੇ ਵਾਰ-ਵਾਰ ਹਾਦਸੇ ਹੋ ਰਹੇ ਹਨ, ਲਾ ਕੇ ਹਾਦਸੇ ਘੱਟ ਕਰਨ ਵਿਚ ਆਪਣਾ ਯੋਗਦਾਨ ਪਾਈਏ। ਰਿਫਲੈਕਟਰ ਲਾਉਣ ਦਾ ਕੰਮ ਸਮਾਜ ਸੇਵੀ ਸੰਸਥਾ ਸਾਡੇ ਪੁਲਿਸ ਪ੍ਰਸ਼ਾਸਨ, ਵਿਦਿਆਰਥੀ, ਹਰ ਆਮ ਮਨੁੱਖ ਜੋ ਕਿ ਮਨੁੱਖਤਾ ਦਾ ਦਰਦ ਰੱਖਦਾ ਹੈ, ਬਾਖੂਬੀ ਕਰ ਸਕਦਾ ਹੈ। ਮੰਦਰਾਂ-ਗੁਰਦੁਆਰਿਆਂ ਵਿਚ ਦਾਨ-ਪੁੰਨ ਕਰਕੇ ਹੀ ਅਸੀਂ ਆਪਣਾ ਦਸਵੰਦ ਨਹੀਂ ਕੱਢ ਸਕਦੇ। ਅਜਿਹੀਆਂ ਪਿਰਤਾਂ ਪਾਉਣ ਦੀ ਵੀ ਲੋੜ ਹੈ, ਜੋ ਮਨੁੱਖਤਾ ਦੀ ਭਲਾਈ ਕਰ ਸਕਦੀਆਂ ਹਨ। ਸੜਕਾਂ 'ਤੇ ਥਾਂ-ਥਾਂ ਲੱਗੇ ਟੋਲ-ਪਲਾਜ਼ਿਆਂ 'ਤੇ ਗੱਡੀਆਂ ਮੋਟਰਾਂ ਨੇ ਰੁਕਣਾ ਹੀ ਹੁੰਦਾ ਹੈ। ਅਜਿਹੀਆਂ ਥਾਵਾਂ 'ਤੇ ਰਿਫਲੈਕਟਰ ਲਾਉਣ ਦਾ ਕੰਮ ਕੀਤਾ ਜਾ ਸਕਦਾ ਹੈ। ਪਿੰਡਾਂ-ਸ਼ਹਿਰਾਂ ਦੀਆਂ ਨੌਜਵਾਨ ਸਭਾਵਾਂ ਆਪਣੇ-ਆਪਣੇ ਇਲਾਕਿਆਂ ਦੀ ਜ਼ਿੰਮੇਵਾਰੀ ਲੈਣ ਕਿ ਕੋਈ ਵੀ ਸਾਈਕਲ, ਸਕੂਟਰ, ਟਰੈਕਟਰ-ਟਰਾਲੀ, ਬਿਨਾਂ ਰਿਫਲੈਕਟਰ ਤੋਂ ਸੜਕਾਂ 'ਤੇ ਨਾ ਚੱਲੇ। ਬਹੁਤ ਸਾਰੇ ਸਮਾਜ ਸੇਵੀ ਵੀਰ ਅਵਾਰਾ ਗਾਵਾਂ ਦੇ ਗਲਾਂ ਵਿਚ ਵੀ ਰਿਫਲੈਕਟਰ ਪੱਟੀਆਂ ਪਾ ਰਹੇ ਹਨ, ਇਹ ਵਧੀਆ ਗੱਲ ਹੈ। ਸੋ, ਟ੍ਰੈਫਿਕ ਪੁਲਿਸ ਨੂੰ ਵੀ ਚਾਹੀਦਾ ਹੈ ਕਿ ਜੋ ਰਿਫਲੈਕਟਰ ਨਹੀਂ ਲਾਉਂਦੇ, ਉਨ੍ਹਾਂ ਨਾਲ ਸਖ਼ਤੀ ਨਾਲ ਪੇਸ਼ ਆਇਆ ਜਾਵੇ। ਸੜਕ 'ਤੇ ਰਿਫਲੈਕਟਰ ਨਾ ਲੱਗਣ ਕਾਰਨ ਆਏ ਦਿਨ ਨਵੇਂ ਹਾਦਸੇ ਵਾਪਰ ਰਹੇ ਹਨ। ਆਮ ਲੋਕ ਵੀ ਸੜਕ 'ਤੇ ਚੜ੍ਹਨ ਤੋਂ ਪਹਿਲਾਂ ਇਹ ਯਕੀਨੀ ਬਣਾਉਣ ਕਿ ਕੀ ਉਨ੍ਹਾਂ ਦੇ ਅਜਿਹੇ ਕੱਪੜੇ, ਬੂਟ ਪਾਏ ਹਨ, ਜੋ ਧੁੰਦ ਜਾਂ ਹਨੇਰੇ ਵਿਚ ਚਮਕ ਪੈਦਾ ਕਰਦੇ ਹਨ। ਸੋ ਆਓ, ਸੜਕ 'ਤੇ ਹਾਦਸਿਆਂ ਤੋਂ ਬਚਣ ਲਈ ਰਿਫਲੈਕਟਰ ਲਾਈਏ। ਮਨੁੱਖੀ ਜ਼ਿੰਦਗੀ ਬਹੁਤ ਕੀਮਤੀ ਹੈ। ਸਾਡੇ ਅਜਿਹੇ ਉਪਰਾਲੇ ਹਾਦਸਿਆਂ ਨੂੰ ਘੱਟ ਕਰ ਸਕਦੇ ਹਨ। ਪੁਲਿਸ ਪ੍ਰਸ਼ਾਸਨ ਕੋਲ, ਫ਼ੌਜ ਕੋਲ ਮਨੁੱਖੀ ਤਾਕਤ ਦੀ ਕਮੀ ਨਹੀਂ ਹੈ ਕਿ ਅਜਿਹਾ ਨਹੀਂ ਹੋ ਸਕਦਾ। ਜਿਵੇਂ ਅਸੀਂ ਪਲਸ-ਪੋਲੀਓ ਮੁਹਿੰਮ ਲਈ ਹਰ ਗਲੀ-ਮੋੜ 'ਤੇ ਮਿੱਥੇ ਦਿਨਾਂ ਵਿਚ ਦਵਾਈ ਨਿਸ਼ਚਿਤ ਉਮਰ ਦੇ ਹਰ ਬੱਚੇ ਨੂੰ ਪਿਲਾਉਂਦੇ ਹਾਂ ਅਤੇ ਸਫ਼ਲ ਵੀ ਹੁੰਦੇ ਹਾਂ, ਉਸੇ ਤਰ੍ਹਾਂ ਅਜਿਹੇ ਹਫ਼ਤੇ ਮਨਾਏ ਜਾਣ ਜਦੋਂ ਅਸੀਂ ਰਿਫਲੈਕਟਰ ਲਾਉਣੇ ਯਕੀਨੀ ਬਣਾਈਏ।

-(ਫ਼ਰੀਦਕੋਟ)। ਮੋਬਾ: 81469-33733

ਧਾਰਮਿਕ ਸਥਾਨਾਂ 'ਚ ਸਪੀਕਰਾਂ ਦੀ ਆਵਾਜ਼ ਹਦੂਦ ਅੰਦਰ ਰੱਖੀ ਜਾਵੇ

ਸਾਡੇ ਦੇਸ਼ ਦੇ ਲੋਕ ਕਾਫ਼ੀ ਸਮੇਂ ਤੋਂ ਆਵਾਜ਼ ਪ੍ਰਦੂਸ਼ਣ ਦੀ ਸਮੱਸਿਆ ਨਾਲ ਜੂਝ ਰਹੇ ਹਨ ਪਰ ਇਸ ਸਮੱਸਿਆ ਦਾ ਹੱਲ ਅਜੇ ਤੱਕ ਨਹੀਂ ਨਿਕਲ ਸਕਿਆ। ਧਾਰਮਿਕ ਸਥਾਨਾਂ ਅੰਦਰ ਸਪੀਕਰਾਂ ਦੀ ਆਵਾਜ਼ ਦਾ ਮਸਲਾ ਕਾਫ਼ੀ ਸਮੇਂ ਤੋਂ ਚੱਲ ਰਿਹਾ ਹੈ ਪਰ ਇਸ ਸਮੱਸਿਆ ਦਾ ਹੱਲ ਹੁੰਦਾ ਨਜ਼ਰ ਨਹੀਂ ਆ ਰਿਹਾ। ਧਾਰਮਿਕ ਥਾਵਾਂ ਉੱਪਰ ਲੱਗੇ ਧੂਤਰੇ 'ਚੋਂ ਨਿਕਲਦੀ ਉੱਚੀ ਆਵਾਜ਼ ਹਰੇਕ ਨੂੰ ਸਵੇਰ ਤੇ ਸ਼ਾਮ ਵੇਲੇ ਪ੍ਰਭਾਵਿਤ ਕਰਦੀ ਹੈ। ਉੱਚੀ ਆਵਾਜ਼ ਕਾਰਨ ਵਿਅਕਤੀ ਕਈ ਬਿਮਾਰੀਆਂ ਨਾਲ ਵੀ ਗ੍ਰਸਤ ਹੋ ਜਾਂਦਾ ਹੈ। ਉੱਚੀ ਆਵਾਜ਼ ਔਰਤ ਦੇ ਗਰਭ 'ਚ ਪਲ ਰਹੇ ਬੱਚੇ ਨੂੰ ਵੀ ਪ੍ਰਭਾਵਿਤ ਕਰਦੀ ਹੈ। ਸਪੀਕਰ ਲਾਉਣ ਵਾਲਾ ਆਪਣੀ ਆਵਾਜ਼ ਦੂਰ ਤੱਕ ਸੁਣਾਉਣ ਦਾ ਮਾਰਾ ਵੱਡਾ ਸੈੱਟ ਲਿਆ ਕੇ ਸਪੀਕਰ ਦੀ ਆਵਾਜ਼ ਉੱਚੀ ਛੱਡ ਦਿੰਦਾ ਹੈ ਪਰ ਉਹ ਇਹ ਭੁੱਲ ਜਾਂਦਾ ਹੈ ਕਿ ਗੁਰਬਾਣੀ ਵੀ ਸ਼ੋਰ-ਸ਼ਰਾਬੇ ਦੀ ਨਿਖੇਧੀ ਕਰਦੀ ਹੈ। ਸਪੀਕਰ ਦੀ ਆਵਾਜ਼ ਉੱਚੀ ਕਰਨ ਨਾਲ ਪਾਠ ਕਰਨ ਵਾਲੇ ਵਿਅਕਤੀ ਨੂੰ ਅੰਦਰ ਬੈਠੇ ਨੂੰ ਕੋਈ ਆਵਾਜ਼ ਨਹੀਂ ਸੁਣਦੀ ਪਰ ਸਪੀਕਰ ਦੀ ਆਵਾਜ਼ ਜਿੱਥੇ-ਜਿੱਥੇ ਤੱਕ ਜਾਂਦੀ ਹੈ, ਉਸ ਥਾਂ 'ਤੇ ਖੜ੍ਹੇ ਵਿਅਕਤੀ ਨੂੰ ਦੂਸਰੇ ਵਿਅਕਤੀ ਨਾਲ ਫੋਨ 'ਤੇ ਜਾਂ ਗੱਲਬਾਤ ਕਰਨ ਵੇਲੇ ਬਹੁਤ ਮੁਸ਼ਕਿਲ ਪੇਸ਼ ਆਉਂਦੀ ਹੈ। ਆਵਾਜ਼ ਪ੍ਰਦੂਸ਼ਣ ਰੋਕਣ ਲਈ ਜੋ ਵੀ ਕਾਨੂੰਨ ਬਣੇ ਹਨ, ਉਹ ਹਾਲੇ ਤੱਕ ਕਦੇ ਵੀ ਪੂਰੀ ਤਰ੍ਹਾਂ ਲਾਗੂ ਨਹੀਂ ਹੋਏ। ਵੱਡਾ ਸਪੀਕਰ ਸਿਰਫ਼ ਕੋਈ ਜ਼ਰੂਰੀ ਅਨਾਊਂਸਮੈਂਟ ਕਰਨ ਲਈ, ਨਗਰ ਕੀਰਤਨ ਸਮੇਂ, ਸੰਗਰਾਂਦ ਵਾਲੇ ਦਿਨ ਤੇ ਵਿਸਾਖੀ 'ਤੇ ਲਗਾਏ ਜਾਣ। ਪ੍ਰਭਾਤ ਫੇਰੀਆਂ ਸਮੇਂ ਵੀ ਘੱਟ ਆਵਾਜ਼ ਵਾਲੇ ਸਪੀਕਰ ਵਰਤੇ ਜਾਣ। ਸਵੇਰ ਵੇਲੇ ਤੇ ਸ਼ਾਮ ਵੇਲੇ ਪਾਠ ਕਰਨ ਵਾਲੇ ਪਾਠੀ ਸਿੰਘਾਂ ਨੂੰ ਬੇਨਤੀ ਹੈ ਕਿ ਉਹ ਪਾਠ ਕਰਨ ਵੇੇਲੇ ਆਪਣੇ ਲਾਗੇ ਪਏ ਸੈੱਟ ਤੋਂ ਆਵਾਜ਼ ਜ਼ਰੂਰ ਘੱਟ ਕਰ ਲੈਣ, ਕਿਉਂਕਿ ਉਨ੍ਹਾਂ ਦੇ ਬੱਚੇ ਵੀ ਇਸ ਉੱਚੀ ਆਵਾਜ਼ ਕਾਰਨ ਪ੍ਰੇਸ਼ਾਨ ਹੁੰਦੇ ਹਨ। ਘਰ ਵਿਚ ਜਦੋਂ ਅਸੀਂ ਪਾਠ ਕਰਵਾਉਂਦੇ ਹਾਂ ਤਾਂ ਸਾਨੂੰ ਵੀ ਇਸ ਦਾ ਧਿਆਨ ਰੱਖਣਾ ਚਾਹੀਦਾ ਹੈ। ਜੇਕਰ ਆਵਾਜ਼ ਘੱਟ ਕਰ ਲਈ ਜਾਵੇ ਤਾਂ ਗੁਰਬਾਣੀ ਤੇ ਕਥਾ ਕੀਰਤਨ ਸੁਣਨ ਦਾ ਆਨੰਦ ਵੱਖਰਾ ਹੀ ਆਵੇਗਾ। ਆਉਣ ਵਾਲੇ ਸਮੇਂ 'ਚ ਜੇਕਰ ਇਕ ਪਿੰਡ ਇਕ ਗੁਰਦੁਆਰਾ ਮੁਹਿੰਗ ਵਾਂਗ ਸ਼੍ਰੋਮਣੀ ਕਮੇਟੀ ਹਰੇਕ ਪਿੰਡ ਦੇ ਗੁਰਦੁਆਰੇ ਉੱਪਰ ਟੰਗੇ ਉੱਚੀ ਆਵਾਜ਼ ਵਾਲੇ ਵੱਡੇ ਸਪੀਕਰ ਉਤਾਰ ਕੇ ਹਾਲ ਅੰਦਰ ਘੱਟ ਆਵਾਜ਼ ਵਾਲੇ ਛੋਟੇ ਸਪੀਕਰ ਲਾਉਣ ਦੀ ਮੁਹਿੰਮ ਚਲਾ ਦੇਵੇ ਤਾਂ ਇਹ ਇਕ ਬਹੁਤ ਹੀ ਵੱਡਾ ਉਪਰਾਲਾ ਹੋਵੇਗੇ।

-ਪਿੰਡ ਸੋਹੀਆਂ, ਡਾਕ: ਚੀਮਾ ਖੁੱਡੀ, ਜ਼ਿਲ੍ਹਾ ਗੁਰਦਾਸਪੁਰ।

ਮਾਰੂ ਨੀਤੀਆਂ ਤੋਂ ਦੁਖੀ ਬੇਰੁਜ਼ਗਾਰ ਬਣਨ ਲੱਗੇ ਬੇਗ਼ਾਨਾ ਧਨ

ਸਾਡੇ ਸਮਾਜ ਵਿਚ ਜਦ ਲੜਕੀ ਜੰਮਦੀ ਹੈ ਤਾਂ ਉਸ ਨੂੰ ਸ਼ੁਰੂ ਵਿਚ ਹੀ ਬੇਗਾਨਾ ਧਨ ਸਮਝਿਆ ਜਾਂਦਾ ਹੈ, ਕਿਉਂਕਿ ਉਸ ਨੇ ਵਿਆਹ ਤੋਂ ਬਾਅਦ ਅਗਲੇ ਘਰ ਜਾਣਾ ਹੁੰਦਾ ਹੈ। ਪਰ ਪਿਛਲੇ 10-15 ਸਾਲ ਤੋਂ ਭਾਰਤ ਵਿਚ ਖਾਸ ਕਰਕੇ ਪੰਜਾਬ ਵਿਚ ਨੌਜਵਾਨ ਲੜਕਿਆਂ 'ਤੇ ਵੀ ਇਹੀ ਤੁਕ ਲਾਗੂ ਹੋ ਰਹੀ ਹੈ, ਜਿਸ ਦਾ ਮੁੱਖ ਕਾਰਨ ਹੈ ਬੇਰੁਜ਼ਗਾਰੀ। ਬੇਰੁਜ਼ਗਾਰੀ ਕਿਸੇ ਖ਼ਤਰਨਾਕ ਬਿਮਾਰੀ ਨਾਲੋਂ ਵੀ ਘਾਤਕ ਸਿੱਧ ਹੋ ਰਹੀ ਹੈ ਅਤੇ ਨੌਜਵਾਨ ਇਸ ਦੀ ਦਲਦਲ ਵਿਚ ਦਿਨੋ-ਦਿਨ ਧੱਸਦੇ ਜਾ ਰਹੇ ਹਨ। ਮਾਪਿਆਂ ਨੂੰ ਆਪਣੇ ਬੱਚਿਆਂ ਦੀ ਪੜ੍ਹਾਈ 'ਤੇ ਲੱਖਾਂ ਰੁਪਏ ਖਰਚ ਕਰਨ ਤੋਂ ਬਾਅਦ ਵੀ ਉਨ੍ਹਾਂ ਦੇ ਭਵਿੱਖ ਦੀ ਚਿੰਤਾ ਵੱਢ-ਵੱਢ ਖਾ ਰਹੀ ਹੈ। ਸਮੇਂ ਦੀਆਂ ਸਰਕਾਰਾਂ ਕੋਲ ਲਾਰੇ-ਲੱਪਿਆਂ ਤੋਂ ਸਿਵਾਏ ਕੁਝ ਨਹੀਂ ਹੈ, ਜੋ ਆਪਸ ਵਿਚ ਸਿਆਸੀ ਕਿੜਾਂ ਕੱਢਣ ਤੱਕ ਹੀ ਸੀਮਤ ਹਨ। ਪੰਜਾਬ ਵਿਚ ਚੱਲਦੇ ਕਾਰਖਾਨਿਆਂ ਅਤੇ ਫੈਕਟਰੀਆਂ ਵੀ ਸਿਆਸਤ ਦੀ ਭੇਟ ਚੜ੍ਹ ਕੇ ਦੂਸਰੇ ਸੂਬਿਆਂ ਵਿਚ ਚਲੀਆਂ ਗਈਆਂ ਹਨ। ਪਿਛਲੇ 10-16 ਸਾਲਾਂ ਤੋਂ ਪੰਜਾਬ ਦੇ ਲੋਕਾਂ ਨੇ ਸਮੇਂ ਦੀਆਂ ਸਰਕਾਰਾਂ ਤੋਂ ਤੰਗ ਆ ਕੇ ਆਪਣੇ ਬੱਚਿਆਂ ਦੇ ਸੁਨਹਿਰੇ ਭਵਿੱਖ ਲਈ ਆਪਣਾ ਘਰ-ਬਾਹਰ ਗਹਿਣੇ ਰੱਖ ਕੇ ਜਾਂ ਜ਼ਮੀਨਾਂ ਵੇਚ ਕੇ ਬੱਚਿਆਂ ਨੂੰ ਬਾਹਰਲੇ ਦੇਸ਼ਾਂ ਵੱਲ ਤੋਰਨ ਦਾ ਨਿਸਚਾ ਕਰ ਲਿਆ ਹੈ। ਸਭ ਤੋਂ ਪਹਿਲਾਂ ਦੁਆਬੇ ਅਤੇ ਮਾਝੇ ਦੇ ਲੋਕ ਬਾਹਰ ਗਏ ਸਨ ਅਤੇ ਮਾਲਵੇ ਦੇ ਲੋਕ ਘੱਟ ਜਾਗਰੂਕ ਹੋਣ ਕਰਕੇ ਉਨ੍ਹਾਂ ਬਾਹਰ ਜਾਣ ਬਾਰੇ ਕਦੇ ਸੋਚਿਆ ਵੀ ਨਹੀਂ ਸੀ ਪਰ ਹੁਣ ਲੱਖਾਂ ਰੁਪਏ ਪੜ੍ਹਾਈਆਂ 'ਤੇ ਖਰਚਣ ਤੋਂ ਬਾਅਦ ਵੀ ਬੱਚੇ ਰੋਜ਼ੀ-ਰੋਟੀ ਦੀ ਤਲਾਸ਼ ਲਈ ਘਰੋਂ ਨਿਕਲਦੇ ਹਨ ਤਾਂ ਉਨ੍ਹਾਂ ਨੂੰ ਦਫਤਰਾਂ ਅੱਗੇ 'ਨੋ ਵੈਕਨਸੀ' ਦੀ ਲਿਸਟ ਤੋਂ ਇਲਾਵਾ ਹੋਰ ਕੁਝ ਦਿਖਾਈ ਨਹੀਂ ਦੇ ਰਿਹਾ। ਅੱਜ ਪੰਜਾਬ ਦੇ ਲੋਕਾਂ ਦੀ ਸੋਚ ਸਿਰਫ ਬਾਹਰ ਜਾਣ 'ਤੇ ਟਿਕ ਚੁੱਕੀ ਹੈ, ਹਰ ਕੋਈ ਆਪਣੇ ਬੱਚਿਆਂ ਨੂੰ ਆਈਲੈਟਸ ਕਰਵਾਉਣ ਲੱਗਾ ਹੋਇਆ ਹੈ। ਸ਼ੁਰੂ ਵਿਚ ਬਾਹਰ ਜਾਣ ਦਾ ਨਸ਼ਾ ਮਾਲਵੇ ਦੇ ਪਿੰਡਾਂ ਦੇ ਨੌਜਵਾਨਾਂ ਤੱਕ ਸੀਮਤ ਸੀ ਪਰ ਪਿਛਲੇ 4-5 ਸਾਲਾਂ ਤੋਂ ਸ਼ਹਿਰਾਂ ਦੇ ਲੜਕੇ-ਲੜਕੀਆਂ ਨੇ ਤਾਂ ਰਿਕਾਰਡ ਹੀ ਤੋੜ ਦਿੱਤਾ ਹੈ। ਬਹੁਤ ਸਾਰੇ ਆਈਲੈਟਸ ਕਰਵਾਉਣ ਵਾਲੇ ਵੀ ਸਰਕਾਰਾਂ ਨਾਲ ਰਲ ਕੇ ਗੈਰ-ਕਨੂੰਨੀ ਸਕੂਲ ਖੋਲ੍ਹ ਕੇ ਆਮ ਲੋਕਾਂ ਨੂੰ ਲੁੱਟ ਰਹੇ ਹਨ ਅਤੇ ਦਿਨੋ-ਦਿਨ ਤਰੱਕੀਆਂ ਕਰ ਰਹੇ ਹਨ। ਬੇਰੁਜ਼ਗਾਰੀ ਦੀ ਦਲਦਲ ਵਿਚ ਫਸੇ ਪੰਜਾਬੀ ਨੌਜਵਾਨਾਂ ਨੂੰ ਬਾਹਰ ਘੱਲਣ ਲਈ ਇਮੀਗ੍ਰੇਸ਼ਨ ਜਾਂ ਟਰੈਵਲ ਏਜੰਟੀ ਦਾ ਕਾਰੋਬਾਰ ਕਰਨ ਵਾਲੇ ਜਿੱਥੇ ਬਹੁਤ ਵਧੀਆ ਕੰਮ ਕਰ ਰਹੇ ਹਨ, ਉੱਥੇ ਹੀ ਪੰਜਾਬ ਵਿਚ ਬਹੁਤ ਸਾਰੇ ਗੈਰ-ਕਨੂੰਨੀ ਖੁੱਲ੍ਹੇ ਇਮੀਗ੍ਰੇਸ਼ਨ ਕਾਰੋਬਾਰੀ ਅਤੇ ਟਰੈਵਲ ਏਜੰਟਾਂ ਦੀ ਵੀ ਚਾਂਦੀ ਬਣੀ ਹੋਈ ਹੈ, ਜੋ ਭੋਲੇ-ਭਾਲੇ ਲੋਕਾਂ ਨੂੰ ਸਬਜ਼ਬਾਗ ਦਿਖਾ ਕੇ ਉਨ੍ਹਾਂ ਦੇ ਬੱਚਿਆਂ ਨੂੰ ਬਾਹਰ ਦਾ ਲਾਲਚ ਦਿਖਾਉਂਦੇ ਹਨ ਅਤੇੇ ਜਾਅਲੀ ਵੀਜ਼ੇ ਲੁਆ ਕੇ ਬਾਹਰਲੀਆਂ ਜੇਲ੍ਹਾਂ ਜਾਂ ਜੰਗਲਾਂ ਵਿਚ ਧੱਕੇ ਖਾਣ 'ਤੇ ਮਜਬੂਰ ਕਰ ਰਹੇ ਹਨ, ਜਿਨ੍ਹਾਂ ਦੀ ਕੋਈ ਪੁੱਛ-ਪੜਤਾਲ ਨਹੀਂ ਹੈ। ਬਾਹਰ ਜਾਣ ਲਈ ਘੱਟੋ-ਘੱਟ 15-16 ਲੱਖ ਦੀ ਜ਼ਰੂਰਤ ਪੈਂਦੀ ਹੈ ਜੋ ਇਕ ਅਮੀਰ ਆਦਮੀ ਨੂੰ ਤਾਂ ਕੋਈ ਫਰਕ ਨਹੀਂ ਪੈਂਦਾ ਪਰ ਇਕ ਮੱਧਵਰਗੀ ਪਰਿਵਾਰ ਲਈ ਆਪਣੇ ਬੱਚੇ ਨੂੰ ਮਜਬੂਰਨ ਬਾਹਰ ਭੇਜਣ ਲਈ ਆਪਣਾ ਘਰ-ਬਾਰ ਜਾਂ ਥੋੜ੍ਹੀ-ਬਹੁਤੀ ਜ਼ਮੀਨ ਵੇਚ ਕੇ ਅੱਕ ਚੱਬਣਾ ਪੈ ਰਿਹਾ ਹੈ। ਸਾਡੇ ਦੇਸ਼ ਵਿਚ ਮੰਤਰੀ ਜਾਂ ਅਫਸਰ ਦਿਨੋ-ਦਿਨ ਤਰੱਕੀਆਂ ਕਰ ਰਹੇ ਹਨ ਪਰ ਆਮ ਜਨਤਾ ਇਨ੍ਹਾਂ ਲੋਟੂਆਂ ਦੀ ਲੁੱਟ ਦਾ ਸ਼ਿਕਾਰ ਹੋ ਕੇ ਗਰੀਬੀ ਦੀ ਦਲਦਲ ਵਿਚ ਧਸਦਾ ਜਾ ਰਿਹਾ ਹੈ। ਕੀ ਪੰਜਾਬ ਸਰਕਾਰ ਸਾਡੇ ਬੱਚਿਆਂ ਦੇ ਭਵਿੱਖ ਬਾਰੇ ਕਦੇ ਸੋਚੇਗੀ ਜਾਂ ਆਪਣੇ ਪੇਟ ਜਾਂ ਖਜ਼ਾਨੇ ਭਰਨ ਵਿਚ ਹੀ ਮਸਤ ਰਹੇਗੀ?

-ਨੇੜੇ ਭਾਰੂ ਗੇਟ, ਗਿੱਦੜਬਾਹਾ। ਮੋਬਾ: 94174-47986

ਸਾਡੇ ਅਨਪੜ੍ਹ ਬਜ਼ੁਰਗ

'ਪੜ੍ਹਿਆ-ਲਿਖਿਆ ਬੰਦਾ ਗਿਆਨ ਹਾਸਲ ਕਰਕੇ ਗਿਆਨੀ ਤੇ ਸਮਝਦਾਰ ਬਣ ਜਾਂਦਾ, ਉਹ ਸਮਾਜ ਵਿਚ ਚੰਗੇ ਢੰਗ ਨਾਲ ਵਿਚਰਦੇ ਹੋਰਾਂ ਨੂੰ ਅੱਗੇ ਲੈ ਕੇ ਜਾਂਦਾ ਆਪਣਾ ਗਿਆਨ ਵੰਡਦਾ, ਉਸ ਨੂੰ ਸਰਕਾਰੇ-ਦਰਬਾਰੇ ਨੌਕਰੀ ਵੀ ਮਿਲ ਜਾਂਦੀ ਹੈ, ਉਹ ਚੰਗੀ ਸੂਝ-ਬੂਝ ਦਾ ਮਾਲਕ ਬਣ ਜਾਂਦਾ', ਅਜਿਹਾ ਅਕਸਰ ਕਿਹਾ ਜਾਂਦਾ ਹੈ। ਪਰ ਪਿਛਲੇ 70-80 ਸਾਲ ਪਹਿਲਾਂ ਨਜ਼ਰ ਮਾਰੀਏ ਤਾਂ ਪਿੰਡ ਵਿਚ ਕੋਈ ਦੋ-ਚਾਰ ਵਿਰਲੇ ਹੀ ਪੜ੍ਹੇ-ਲਿਖੇ ਲੱਭਦੇ ਸਨ, ਜਿਨ੍ਹਾਂ ਕੋਲ ਸਾਰਾ ਪਿੰਡ ਚਿੱਠੀ ਪੜ੍ਹਾਉਣ ਲਈ ਜਾਂਦਾ ਤੇ ਪੜ੍ਹਨ ਤੋਂ ਬਾਅਦ ਲਿਖਦੇ ਵੀ ਸਨ। ਪਰ ਸਾਡੇ ਬਜ਼ੁਰਗ ਜੋ ਪੜ੍ਹੇ-ਲਿਖੇ ਨਹੀਂ ਸਨ, ਉਨ੍ਹਾਂ ਦੀ ਸੂਝ-ਬੂਝ, ਹੁਸ਼ਿਆਰੀ ਤੇ ਲਿਆਕਤ ਬਾਕਮਾਲ ਹੁੰਦੀ ਸੀ। ਬਹੁਤ ਹੀ ਅਕਲ ਦੇ ਮਾਲਕ ਸਮਾਜ ਵਿਚ ਵਧੀਆ ਢੰਗ ਨਾਲ ਵਿਚਰਨ ਵਾਲੇ ਭੋਲੇ-ਭਾਲੇ ਲੋਕ ਸਨ, ਬਹੁਤੀਆਂ ਚੁਸਤੀਆਂ-ਚਲਾਕੀਆਂ ਨਹੀਂ ਸਨ ਜਾਣਦੇ। ਕਿਉਂਕਿ ਉਨ੍ਹਾਂ ਨੂੰ ਲਿਖਤੀ ਜਾਂ ਪੜ੍ਹ ਕੇ ਕੋਈ ਕੰਮ ਨਹੀਂ ਸੀ ਆਉਂਦਾ। ਬੱਚਿਆਂ ਨੂੰ ਸਿੱਧੇ ਰਾਹ ਪਾਉਣ ਲਈ ਕਹਾਣੀਆਂ, ਰਾਸਾਂ ਦਾ ਪ੍ਰਯੋਗ ਕਰਦੇ। ਉਹ ਪੂਰੀ ਲਾਇਬ੍ਰੇਰੀ ਜਿੰਨਾ ਦਿਮਾਗ ਤੇ ਗਿਆਨ ਦਾ ਭੰਡਾਰ ਰੱਖਦੇ ਸਨ। ਹਰ ਬਿਮਾਰੀ ਦਾ ਇਲਾਜ ਕਿਵੇਂ ਕਰਨਾ, ਉਨ੍ਹਾਂ ਨੂੰ ਦੇਸੀ ਟੋਟਕੇ ਪਤਾ ਹੁੰਦੇ ਸਨ। ਕਿਹੜਾ ਕੰਮ ਕਿੰਜ ਕਰਨਾ, ਸਭ ਹਿਸਾਬ-ਕਿਤਾਬ ਉਨ੍ਹਾਂ ਨੂੰ ਜ਼ਬਾਨੀ ਪਤਾ ਹੁੰਦਾ ਸੀ। ਵਕਤ (ਟਾਈਮ) ਨੂੰ ਉਹ ਪ੍ਰਛਾਵੇਂ ਤੇ ਰਾਤ ਨੂੰ ਤਾਰਿਆਂ ਦੀ ਸਥਿਤੀ ਤੋਂ ਪਤਾ ਲਗਾ ਲੈਂਦੇ ਸਨ। ਘੜੀ ਦਾ ਵਕਤ ਉਨ੍ਹਾਂ ਦੇ ਪ੍ਰਛਾਵੇਂ ਵਾਲੇ ਵਕਤ ਨਾਲ ਮਿਲਾਣ ਕਰਦਾ ਸੀ। ਗਿਣਤੀ-ਮਿਣਤੀ ਵਾਲੀਆਂ ਚੀਜ਼ਾਂ ਨੂੰ ਵੀ ਉਹ ਵੱਖਰੇ ਹੀ ਢੰਗ ਨਾਲ ਨਾਪਦੇ-ਤੋਲਦੇ ਸਨ। ਉਹ ਨਹੀਂ ਪੜ੍ਹ ਸਕੇ, ਕੋਈ ਮਜਬੂਰੀ ਹੋਵੇਗੀ ਪਰ ਉਨ੍ਹਾਂ ਦਾ ਦਿਮਾਗ ਤਾਂ ਤੇਜ਼-ਤਰਾਰ ਸੀ, ਜੋ ਆਪਣੇ ਹਿਸਾਬ ਨਾਲ ਸਭ ਹਿਸਾਬ ਰੱਖਦਾ ਸੀ। ਅੱਜ ਦੇ ਪੜ੍ਹੇ-ਲਿਖਿਆਂ ਨਾਲੋਂ ਮੈਨੂੰ ਪੁਰਾਣੇ ਸਾਡੇ ਅਨਪੜ੍ਹ ਬਜ਼ੁਰਗ ਜ਼ਿਆਦਾ ਕਾਬਲੀਅਤ ਅਤੇ ਸੰਜਮ ਵਾਲੇ ਲਗਦੇ ਸੀ। ਉਹ ਸੁਘੜ ਸਿਆਣੇ ਹੀ ਸਨ, ਜਿਨ੍ਹਾਂ ਨੇ ਅੱਗੇ ਆਪਣੇ ਬੱਚਿਆਂ ਨੂੰ ਪੜ੍ਹਾ ਕੇ ਆਪਣੀਆਂ ਸੱਧਰਾਂ ਪੂਰੀਆਂ ਕੀਤੀਆਂ ਤੇ ਆਪਣੇ ਪਰਿਵਾਰਾਂ ਨੂੰ ਇਕ ਲੜੀ ਵਿਚ ਪਰੋ ਕੇ ਇਕੱਠ ਨਿਭਾਏ।

-ਸਾਇੰਸ ਅਧਿਆਪਕ। ਮੋਬਾ: 84379-00582

ਚਿੰਤਾ ਦਾ ਵਿਸ਼ਾ ਹੈ ਸੜਕੀ ਹਾਦਸਿਆਂ ਵਿਚ ਖ਼ਤਰਨਾਕ ਵਾਧਾ

ਭਾਵੇਂ ਪਿਛਲੇ ਕਾਫੀ ਸਮੇਂ ਤੋਂ ਪੰਜਾਬ ਵਿਚ ਸੜਕਾਂ ਦਾ ਜਾਲ ਵਿਛਾਇਆ ਗਿਆ ਹੈ। ਆਵਾਜਾਈ ਦੀਆਂ ਬਿਹਤਰ ਸਹੂਲਤਾਂ ਦੇਣ ਦੇ ਉਪਰਾਲੇ ਹੋ ਰਹੇ ਹਨ। ਪਰ ਪੰਜਾਬ ਦੀਆਂ ਸੜਕਾਂ ਜਾਨ ਦਾ ਖੌਅ ਬਣ ਗਈਆਂ, ਹਰ ਰੋਜ਼ ਵੱਡੀ ਗਿਣਤੀ ਵਿਚ ਸੜਕ ਹਾਦਸੇ ਵਾਪਰ ਰਹੇ ਹਨ, ਜਿਸ ਤੋਂ ਲਗਦਾ ਹੈ ਸਾਰੀਆਂ ਸਬੰਧਤ ਧਿਰਾਂ ਆਪਣੀਆਂ ਜ਼ਿੰਮੇਵਾਰੀਆਂ ਤੋਂ ਅਣਜਾਣ ਹਨ। ਹਾਦਸਿਆਂ ਦਾ ਸਭ ਤੋਂ ਵੱਡਾ ਕਾਰਨ ਤੇਜ਼ ਰਫਤਾਰ ਵਾਹਨ ਹਨ। ਨਵੇਂ ਆ ਰਹੇ ਵਾਹਨਾਂ ਦੀ ਗਤੀ ਬਹੁਤ ਤੇਜ਼ ਹੈ ਪਰ ਰਾਜ ਦੀਆਂ ਸੜਕਾਂ ਉਸ ਦੇ ਅਨੁਕੂਲ ਨਹੀਂ ਹਨ। ਇਸ ਤੋਂ ਬਿਨਾਂ ਨਸ਼ਾ ਕਰਕੇ ਡਰਾਈਵਿੰਗ ਕਰਨਾ ਅਤੇ ਓਵਰਲੋਡ ਵਾਹਨ ਵੀ ਹਾਦਸਿਆਂ ਦਾ ਕਾਰਨ ਬਣਦੇ ਹਨ। ਅਜਿਹੀ ਅਣਗਹਿਲੀ ਕਰਨ ਵਾਲੇ ਆਪ ਤਾਂ ਮੌਤ ਦੇ ਮੂੰਹ ਵਿਚ ਜਾਂਦੇ ਹੀ ਪਰ ਅਨੇਕਾਂ ਬੇਕਸੂਰ ਲੋਕ ਇਨ੍ਹਾਂ ਦੀ ਲਪੇਟ ਵਿਚ ਆ ਕੇ ਮੌਤ ਦਾ ਸ਼ਿਕਾਰ ਹੋ ਜਾਂਦੇ ਹਨ ਅਤੇ ਜ਼ਿੰਦਗੀ ਤੋਂ ਹੱਥ ਧੋ ਬੈਠਦੇ ਹਨ। ਇਸ ਸਮੇਂ ਪੰਜਾਬ ਵਿਚ ਸੜਕੀ ਹਾਦਸੇ ਖ਼ਤਰਨਾਕ ਹੱਦ ਤੱਕ ਪਹੁੰਚ ਚੁੱਕੇ ਹਨ। ਤਾਜ਼ਾ ਰਿਪੋਰਟ ਤੇ ਅੰਕੜਿਆਂ ਅਨੁਸਾਰ ਰੋਜ਼ਾਨਾ 10-15 ਵਿਅਕਤੀ ਸੜਕ ਹਾਦਸਿਆਂ ਕਾਰਨ ਮੌਤ ਦਾ ਸ਼ਿਕਾਰ ਹੋ ਰਹੇ ਹਨ। ਜੇਕਰ ਪਿਛਲੇ ਸਾਲ ਦੇ ਸਰਕਾਰੀ ਅੰਕੜਿਆਂ ਨੂੰ ਹੀ ਦੇਖਿਆ ਜਾਵੇ ਤਾਂ ਲਗਭਗ 6000 ਸੜਕੀ ਹਾਦਸੇ ਵਾਪਰੇ, ਜਿਨ੍ਹਾਂ ਵਿਚ 5077 ਲੋਕਾਂ ਦੀ ਮੌਤ ਹੋਈ ਅਤੇ ਜ਼ਖਮੀਆਂ ਦੀ ਗਿਣਤੀ ਇਸ ਤੋਂ ਕਈ ਗੁਣਾ ਜ਼ਿਆਦਾ ਹੈ, ਜਿਸ ਤੋਂ ਸਾਫ ਹੈ ਕਿ ਵੱਡੀ ਗਿਣਤੀ ਵਿਚ ਲੋਕਾਂ ਦੀ ਜ਼ਿੰਦਗੀ ਸੁਰੱਖਿਅਤ ਨਹੀਂ ਹੈ। ਆਵਾਜਾਈ ਜੋਖਮ ਭਰਿਆ ਕੰਮ ਹੈ। ਜਿਸ ਤਰ੍ਹਾਂ ਵਾਹਨਾਂ ਦੀ ਗਿਣਤੀ ਸੜਕਾਂ ਉੱਪਰ ਲਗਾਤਾਰ ਵਧ ਰਹੀ ਹੈ, ਉਸ ਤੋਂ ਲਗਦਾ ਹੈ ਆਉਣ ਵਾਲੇ ਸਮੇਂ ਵਿਚ ਇਹ ਸਥਿਤੀ ਬਹੁਤ ਗੰਭੀਰ ਹੋ ਜਾਵੇਗੀ। ਸੜਕ ਹਾਦਸੇ ਰੋਕਣ ਲਈ ਠੋਸ ਉਪਰਾਲਿਆਂ ਦੀ ਜ਼ਰੂਰਤ ਹੈ। ਸਭ ਤੋਂ ਪਹਿਲਾਂ ਸੜਕਾਂ 'ਤੇ ਨਿੱਜੀ ਵਾਹਨਾਂ ਦੀ ਗਿਣਤੀ ਘਟਾਉਣ ਦੀ ਲੋੜ ਹੈ। ਜਨਤਕ ਵਾਹਨਾਂ ਨੂੰ ਪ੍ਰਭਾਵਸ਼ਾਲੀ ਅਤੇ ਸਸਤਾ ਬਣਾਉਣਾ ਪਵੇਗਾ ਤਾਂ ਕਿ ਲੋਕ ਨਿੱਜੀ ਵਾਹਨਾਂ ਦੀ ਜਗ੍ਹਾ 'ਤੇ ਜਨਤਕ ਸੇਵਾਵਾਂ 'ਤੇ ਸਫਰ ਕਰਨ। ਮੌਜੂਦਾ ਸਮੇਂ 'ਤੇ ਨਿੱਜੀ ਵਾਹਨਾਂ 'ਤੇ ਸਫਰ ਸੌਖਾ ਤੇ ਸਸਤਾ ਪੈਣ ਕਰਕੇ ਵੱਡੀ ਗਿਣਤੀ ਵਿਚ ਲੋਕ ਨਿੱਜੀ ਵਾਹਨਾਂ 'ਤੇ ਸਫਰ ਕਰਨਾ ਪਸੰਦ ਕਰਦੇ ਹਨ। ਸੜਕੀ ਹਾਦਸਿਆਂ ਨੂੰ ਰੋਕਣ ਲਈ ਲਾਇਸੰਸ ਬਣਾਉਣ ਲਈ ਠੋਸ ਨੀਤੀ ਬਣਾਉਣ ਦੀ ਜ਼ਰੂਰਤ ਹੈ। ਡਰਾਈਵਿੰਗ ਦੀਆਂ ਸ਼ਰਤਾਂ ਪੂਰੀਆਂ ਕਰਨ ਤੋਂ ਬਾਅਦ ਅਤੇ ਸੜਕੀ ਨਿਯਮਾਂ ਦੀ ਜਾਣਕਾਰੀ ਤੋਂ ਬਾਅਦ ਹੀ ਲਾਇਸੰਸ ਬਣਨੇ ਚਾਹੀਦੇ ਹਨ। ਸਿੱਖਿਆ ਸੰਸਥਾਵਾਂ ਵਿਚ ਵੀ ਵਿਦਿਆਰਥੀਆਂ ਦੇ ਪਾਠਕ੍ਰਮ ਦਾ ਹਿੱਸਾ ਵਾਹਨਾਂ ਬਾਰੇ ਜਾਣਕਾਰੀ ਹੋਣਾ ਚਾਹੀਦਾ ਹੈ। ਸੜਕੀ ਨਿਯਮਾਂ ਪੁਲਿਸ ਨੂੰ ਨਿਯਮ ਸਖਤੀ ਨਾਲ ਲਾਗੂ ਕਰਨੇ ਚਾਹੀਦੇ ਹਨ। ਉਨ੍ਹਾਂ ਨੂੰ ਸਿਰਫ ਚਲਾਨ ਕੱਟਣ ਤੱਕ ਹੀ ਸੀਮਤ ਨਹੀਂ ਰਹਿਣਾ ਚਾਹੀਦਾ, ਬਲਕਿ ਲੋਕਾਂ ਨੂੰ ਜਾਗਰੂਕ ਵੀ ਕਰਨਾ ਚਾਹੀਦਾ ਹੈ। ਲੋਕਾਂ ਨੂੰ ਜਾਗਰੂਕ ਕਰਨ ਲਈ ਲੋਕ ਲਹਿਰ ਉਸਾਰਨ ਦੀ ਜ਼ਰੂਰਤ ਹੈ। ਸਰਕਾਰਾਂ ਵੋਟਾਂ ਦੇ ਸੁਆਰਥ ਲਈ ਫਰਜ਼ਾਂ ਨੂੰ ਨਹੀਂ ਭੁੱਲਣਾ ਚਾਹੀਦਾ। ਪਰਿਵਾਰਾਂ ਵਲੋਂ ਬੱਚਿਆਂ ਨੂੰ ਸਮੇਂ ਤੋਂ ਪਹਿਲਾਂ ਵਾਹਨ ਚਲਾਉਣ ਦੀ ਆਦਤ ਨਹੀਂ ਪਾਉਣੀ ਚਾਹੀਦੀ। ਸਰਕਾਰਾਂ ਨੂੰ ਸਮੇਂ ਦੀਆਂ ਸਥਿਤੀਆਂ ਅਨੁਸਾਰ ਸੜਕਾਂ ਦਾ ਨਿਰਮਾਣ ਕਰਨਾ ਚਾਹੀਦਾ ਹੈ। ਸਾਰੀਆਂ ਧਿਰਾਂ ਦੀ ਸਾਂਝੀ ਲਹਿਰ ਹੈ ਸੜਕ ਹਾਦਸਿਆਂ ਨੂੰ ਕੰਟਰੋਲ ਕਰਨ ਮਹੱਤਵਪੂਰਨ ਰੋਲ ਅਦਾ ਕਰ ਸਕਦੀ ਹੈ। ਜੇ ਅਜੇ ਵੀ ਮੌਕਾ ਨਾ ਸੰਭਲਿਆ ਤਾਂ ਅਣਆਈ ਮੌਤ ਜਾਨਾਂ ਜਾਂਦੀਆਂ ਰਹਿਣਗੀਆਂ, ਮਨੁੱਖ ਦੇ ਜੀਵਨ ਦੀਆਂ ਡੋਰਾਂ ਅੱਧ ਵਿਚਾਲੇ ਟੁੱਟਦੀਆਂ ਰਹਿਣਗੀਆਂ।

-ਪਿੰਡ ਭੋਤਨਾ (ਬਰਨਾਲਾ)। ਮੋਬਾ: 94635-12720






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX