ਤਾਜਾ ਖ਼ਬਰਾਂ


ਮਾਣਹਾਨੀ ਮਾਮਲੇ 'ਚ ਲੁਧਿਆਣਾ ਅਦਾਲਤ ਪੁੱਜੇ ਸੰਜੈ ਸਿੰਘ
. . .  11 minutes ago
ਲੁਧਿਆਣਾ,19 ਜਨਵਰੀ (ਪਰਮਿੰਦਰ ਸਿੰਘ ਅਹੂਜਾ)- ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਵਿਕਰਮ ਸਿੰਘ ਮਜੀਠੀਆ ਵੱਲੋਂ ਦਾਇਰ ਕੀਤੇ ਮਾਣਹਾਨੀ ਮਾਮਲੇ 'ਚ ਆਮ ਆਦਮੀ ਪਾਰਟੀ ਦੇ ਐਮ.ਪੀ. ਸੰਜੇ ਸਿੰਘ ਅਦਾਲਤ ਪਹੁਚੇ ਹਨ । ਅਦਾਲਤ 'ਚ ਹਾਜ਼ਰੀ ਲਗਾਉਣ ......
ਲਾਲੂ ਪ੍ਰਸਾਦ ਯਾਦਵ ਨਾਲ ਜੁੜੇ ਆਈ.ਆਰ.ਸੀ.ਟੀ.ਸੀ. ਘੋਟਾਲਾ ਮਾਮਲੇ ਦੀ 11 ਫਰਵਰੀ ਨੂੰ ਹੋਵੇਗੀ ਸੁਣਵਾਈ
. . .  26 minutes ago
ਨਵੀਂ ਦਿੱਲੀ, 19 ਜਨਵਰੀ- ਦਿੱਲੀ ਦੀ ਪਟਿਆਲਾ ਹਾਊਸ ਕੋਰਟ ਲਾਲੂ ਪ੍ਰਸਾਦ ਯਾਦਵ ਨਾਲ ਜੁੜੇ ਆਈ.ਆਰ.ਸੀ.ਟੀ.ਸੀ. ਘੋਟਾਲਾ ਮਾਮਲੇ 'ਚ 11 ਫਰਵਰੀ ਨੂੰ ਸੁਣਵਾਈ ....
ਕੋਹਰੇ ਅਤੇ ਸੰਘਣੀ ਧੁੰਦ ਕਾਰਨ ਦੇਰੀ ਨਾਲ ਚੱਲ ਰਹੀਆਂ ਹਨ ਟਰੇਨਾਂ
. . .  43 minutes ago
ਨਵੀਂ ਦਿੱਲੀ, 19 ਜਨਵਰੀ- ਕੋਹਰੇ ਅਤੇ ਸੰਘਣੀ ਧੁੰਦ ਕਾਰਨ ਦਿੱਲੀ ਆਉਣ ਵਾਲੀਆਂ 10 ਟਰੇਨਾਂ ਤੈਅ ਸਮੇਂ ਤੋਂ ਦੇਰੀ ਨਾਲ ਚੱਲ ਰਹੀਆਂ .....
ਸਬਰੀਮਾਲਾ ਮਾਮਲਾ : 2018 ਤੋਂ ਹੁਣ ਤੱਕ ਪੁਲਿਸ ਵਲੋਂ 67,094 ਲੋਕਾਂ 'ਤੇ ਮਾਮਲਾ ਦਰਜ
. . .  55 minutes ago
ਤਿਰੂਵਨੰਤਪੁਰਮ, 19 ਜਨਵਰੀ- ਕੇਰਲ ਪੁਲਿਸ ਨੇ ਸਬਰੀਮਾਲਾ ਸਥਿਤ ਭਗਵਾਨ ਅਯੱਪਾ ਦੇ ਮੰਦਰ 'ਚ 10 ਤੋਂ 50 ਸਾਲ ਦੀ ਉਮਰ ਵਾਲੀਆਂ ਔਰਤਾਂ ਦੇ ਪ੍ਰਵੇਸ਼ ਨੂੰ ਲੈ ਕੇ ਪ੍ਰਦਰਸ਼ਨ ਕਰਨ ਵਾਲੇ 67,094 ਲੋਕਾਂ ਵਿਰੁੱਧ ਮਾਮਲੇ ਦਰਜ ਕੀਤੇ ਹਨ। ਸੁਪਰੀਮ ਕੋਰਟ 'ਚ...
ਲੱਦਾਖ਼ 'ਚ ਬਰਫ਼ੀਲੇ ਤੂਫ਼ਾਨ ਦੀ ਲਪੇਟ 'ਚ ਆਉਣ ਕਾਰਨ ਮਾਰੇ ਲੋਕਾਂ ਦੇ ਪਰਿਵਾਰਾਂ ਲਈ ਮੁਆਵਜ਼ੇ ਦਾ ਐਲਾਨ
. . .  about 1 hour ago
ਸ੍ਰੀਨਗਰ, 19 ਜਨਵਰੀ- ਜੰਮੂ-ਕਸ਼ਮੀਰ 'ਚ ਲੱਦਾਖ਼ ਖੇਤਰ ਦੇ ਖਾਰਦੁੰਗ ਲਾ 'ਚ ਬਰਫ਼ੀਲੇ ਤੂਫ਼ਾਨ ਦੀ ਲਪੇਟ 'ਚ ਆਉਣ ਕਾਰਨ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨੂੰ ਸੂਬਾ ਸਰਕਾਰ ਨੇ 5 ਲੱਖ ਰੁਪਏ ਰਾਹਤ ਰਾਸ਼ੀ ਦੇਣ ਦਾ ਐਲਾਨ ਕੀਤਾ ਹੈ। ਦੱਸਣਯੋਗ ਹੈ ਕਿ ਖਾਰਦੁੰਗ ਲਾ...
ਫਰਵਰੀ 'ਚ ਫਿਰ ਮਿਲਣਗੇ ਟਰੰਪ ਅਤੇ ਕਿਮ, ਵ੍ਹਾਈਟ ਹਾਊਸ ਵਲੋਂ ਖ਼ੁਲਾਸਾ
. . .  about 2 hours ago
ਵਾਸ਼ਿੰਗਟਨ, 19 ਜਨਵਰੀ- ਵ੍ਹਾਈਟ ਹਾਊਸ ਦਾ ਕਹਿਣਾ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਵਿਚਾਲੇ ਆਉਣ ਵਾਲੇ ਫਰਵਰੀ ਮਹੀਨੇ ਦੇ ਆਖ਼ਰੀ ਦਿਨਾਂ 'ਚ ਮੁਲਾਕਾਤ ਹੋਵੇਗੀ। ਟਰੰਪ ਅਤੇ ਕਿਮ ਵਿਚਾਲੇ ਇਹ ਦੂਜੀ...
ਕੋਲਕਾਤਾ 'ਚ ਅੱਜ ਮਮਤਾ ਕਰੇਗੀ ਮਹਾਂ ਰੈਲੀ, ਨਜ਼ਰ ਆਏਗੀ ਵਿਰੋਧੀ ਧਿਰਾਂ ਦੀ ਏਕਤਾ
. . .  about 2 hours ago
ਨਵੀਂ ਦਿੱਲੀ, 19 ਜਨਵਰੀ- ਟੀ. ਐੱਮ. ਸੀ. ਦੀ ਪ੍ਰਧਾਨ ਅਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਲੋਕ ਸਭਾ ਚੋਣਾਂ ਤੋਂ ਪਹਿਲਾਂ ਆਪਣੀ ਤਾਕਤ ਦਿਖਾਉਣ ਲਈ ਅੱਜ ਕੋਲਕਾਤਾ 'ਚ ਇੱਕ ਮਹਾਂ ਰੈਲੀ ਕਰੇਗੀ। ਉਨ੍ਹਾਂ ਨੇ ਵਿਰੋਧੀ ਧਿਰਾਂ ਦੇ ਨੇਤਾਵਾਂ ਨੂੰ ਇਸ ਸੰਬੰਧੀ...
ਅੱਜ ਦਾ ਵਿਚਾਰ
. . .  about 2 hours ago
ਨੌਜਵਾਨ ਉੱਪਰ ਹਮਲਾ ਕਰਕੇ ਨਕਦੀ, ਮੋਟਰਸਾਈਕਲ ਅਤੇ ਮੋਬਾਈਲ ਦੀ ਲੁੱਟ
. . .  1 day ago
ਅਜਨਾਲਾ, 18 ਜਨਵਰੀ (ਗੁਰਪ੍ਰੀਤ ਸਿੰਘ ਢਿੱਲੋਂ) - ਦੇਰ ਸ਼ਾਮ ਅਜਨਾਲਾ ਤੋਂ ਆਪਣੇ ਪਿੰਡ ਜਾ ਰਹੇ ਇੱਕ ਨੌਜਵਾਨ ਤੇ ਤਿੰਨ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਹਮਲਾ ਕਰ ਕੇ ਉਸ ਦਾ ਮੋਟਰਸਾਈਕਲ...
ਕਈ ਸਿਆਸੀ ਪਾਰਟੀਆਂ ਦੇ ਆਗੂ ਪਹੁੰਚੇ ਕੋਲਕਾਤਾ
. . .  1 day ago
ਕੋਲਕਾਤਾ, 18 ਜਨਵਰੀ - ਕਰਨਾਟਕ ਦੇ ਮੁੱਖ ਮੰਤਰੀ ਕੁਮਾਰਸਵਾਮੀ, ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰ ਬਾਬੂ ਨਾਇਡੂ, ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫਾਰੁੱਖ ਅਬਦੁੱਲਾ ਅਤੇ...
ਹੋਰ ਖ਼ਬਰਾਂ..

ਸਾਹਿਤ ਫੁਲਵਾੜੀ

ਮੋਹ ਦੀਆਂ ਤੰਦਾਂ

ਕਈ ਦ੍ਰਿਸ਼, ਵਾਕ ਜਾਂ ਕਹੇ-ਅਣਕਹੇ ਸੁਨੇਹੇ ਅਨਚੇਤਨ ਮਨ 'ਚ ਬੈਠ ਜਾਂਦੇ ਹਨ। ਮਨ ਦੇ ਗੁੱਝੇ ਕੋਨਿਆਂ 'ਚ ਵਸੇ ਇਹ ਭਾਵ ਉਸ ਵੇਲੇ ਚੇਤੇ ਆਉਂਦੇ ਹਨ ਜਦ ਵਿਚਾਰਾਂ ਦਾ ਕੋਈ ਬੁੱਲਾ ਇਕ ਤੋਂ ਬਾਅਦ ਇਕ, ਮਨ ਦੇ ਕਿਵਾੜ ਖੋਲ੍ਹਣ ਲਗਦਾ ਹੈ।
ਰਾਗਿਨੀ ਦੇ ਮਨ 'ਚ ਖ਼ਬਰੇ ਕਿਹੜੇ ਵੇਲੇ ਅਤੇ ਕਿਹੜਾ ਵਿਚਾਰਾਂ ਦਾ ਬੁੱਲਾ ਆਇਆ ਪਰ ਜਦ ਆਖਰੀ ਕਿਵਾੜ ਖੁੱਲ੍ਹਾ ਤਾਂ ਰਾਸ਼ੀ ਦਾ ਚਿਹਰਾ ਉਸ ਦੇ ਸਾਹਮਣੇ ਆ ਗਿਆ।
ਸ਼ਾਮ ਦੇ 7 ਜਾਂ ਸਾਢੇ 7 ਵੱਜੇ ਸਨ। ਰਾਸ਼ੀ ਨੇ ਡੋਰਬੈੱਲ ਵਜਾਈ ਅਤੇ ਸਿੱਧਾ ਆ ਕੇ ਰਾਗਿਨੀ ਦੇ ਗਲੇ ਲੱਗ ਗਈ। ਰਾਗਿਨੀ ਨੇ ਵੀ ਚਿਰਾਂ ਬਾਅਦ ਮਿਲੀ ਭੈਣ ਨੂੰ 5 ਮਿੰਟ ਤੱਕ ਘੁੱਟ ਕੇ ਫੜੀ ਰੱਖਿਆ। ਇਸ ਗਲਵੱਕੜੀ ਨਾਲ ਭੈਣਾਂ ਦੇ ਰਿਸ਼ਤੇ ਦੀ ਖੁਸ਼ਬੋਈ ਪੂਰੇ ਘਰ 'ਚ ਫੈਲ ਗਈ।
ਹਾਲ-ਚਾਲ ਪੁੱਛਣ ਦੇ ਨਾਲ-ਨਾਲ ਰਾਗਿਨੀ ਨੇ ਇਡਲੀ-ਸਾਂਬਰ ਪਰੋਸਣਾ ਸ਼ੁਰੂ ਕਰ ਦਿੱਤਾ। ਦਫ਼ਤਰ ਤੋਂ ਆਈ ਰਾਸ਼ੀ ਇਕ-ਇਕ ਗਰਾਹੀ ਨਾਲ ਰਾਗਿਨੀ ਦੇ ਬਣਾਏ ਖਾਣੇ ਦੀ ਤਾਰੀਫ਼ ਕਰਦੀ ਗਈ।
'ਦੀਦੀ! ਮੈਂ ਸਵੇਰੇ ਇਹ ਹੀ ਆਫਿਸ ਲੈ ਕੇ ਜਾਵਾਂਗੀ', ਰਾਸ਼ੀ ਨੇ ਕਿਹਾ।
'ਅੱਛਾ ਬਾਬਾ! ਮੈਂ ਤੇਰੇ ਲਈ ਵੈਜੀਟੇਬਲ ਇਡਲੀ ਬਣਾ ਦੇਵਾਂਗੀ। ਤੂੰ ਹੁਣ ਤੇ ਖਾ', ਰਾਗਿਨੀ ਨੇ ਪਿਆਰ ਨਾਲ ਕਿਹਾ।
'ਜੋ ਮਰਜ਼ੀ ਬਣਾਉਣਾ, ਬਸ ਮੇਰੇ ਆਫਿਸ ਵਾਲੇ ਉਂਗਲੀਆਂ ਚੱਟਦੇ ਰਹਿਣ', ਰਾਸ਼ੀ ਨੇ ਕਿਹਾ ਤੇ ਰਾਗਿਨੀ ਮੁਸਕਰਾ ਪਈ।
ਖੁੱਲ੍ਹੇ ਕਿਵਾੜ ਦੇ ਪਾਰ ਵੀ ਉਹ ਮੁਸਕਰਾ ਰਹੀ ਸੀ ਅਤੇ ਹੁਣ ਅਵਚੇਤਨ ਮਨ 'ਚ ਆਈ ਰਾਸ਼ੀ ਦੀਆਂ ਨਿੱਕੀਆਂ-ਨਿੱਕੀਆਂ ਮੁਸਕਰਾਹਟਾਂ ਨੂੰ ਯਾਦ ਕਰਕੇ ਵੀ।
ਰਾਸ਼ੀ ਰਾਗਿਨੀ ਦੇ ਮਾਮੇ ਦੀ ਸਭ ਤੋਂ ਛੋਟੀ ਬੇਟੀ ਸੀ। ਉਂਜ ਵੀ ਨਾਨਕੇ ਪਰਿਵਾਰ 'ਚੋਂ ਵੀ ਸਭ ਤੋਂ ਛੋਟੀ ਸੀ। ਪਰ ਉਸ ਨੂੰ ਦੁਲਾਰ ਲੈਣਾ ਵੀ ਆਉਂਦਾ ਸੀ, ਪਿਆਰ ਦੇਣਾ ਵੀ ਅਤੇ ਰੋਹਬ ਨਾਲ ਗੱਲ ਮਨਵਾਉਣੀ ਵੀ।
ਕਈ ਵਾਰ ਗੱਲ ਕਰਦਿਆਂ ਉਹ ਆਪਣੀ ਉਮਰ ਦੇ ਕੱਦ ਨਾਲੋਂ ਕਿਤੇ ਵੱਡੀਆਂ ਗੱਲਾਂ ਕਰਨ ਲਗਦੀ ਅਤੇ ਕਦੇ ਗੋਲਗੱਪੇ ਜਾਂ ਹੋਰ ਅਜਿਹੀਆਂ ਚੀਜ਼ਾਂ ਦੀ ਮੰਗ ਤੁਰੰਤ ਪੂਰੀ ਕਰਵਾਉਣ ਲਈ ਨਿੱਕੇ ਬੱਚਿਆਂ ਵਾਂਗ ਹੜਤਾਲ 'ਤੇ ਵੀ ਬੈਠ ਜਾਂਦੀ।
'ਦੀਦੀ! ਮੈਂ ਨਾ ਕੁਝ ਦਿਨ ਤੁਹਾਡੇ ਕੋਲ ਆਵਾਂਗੀ', ਰਾਸ਼ੀ ਨੇ ਕਿਹਾ।
'ਮੈਨੂੰ ਸਮਝ ਨਹੀਂ ਆਉਂਦੀ, ਤੂੰ ਨੋਇਡਾ ਤੋਂ ਰੋਜ਼ ਗੁੜਗਾਂਓਂ ਜਾਂਦੀ ਕਿਉਂ ਹੈਂ? ਰੋਜ਼ ਆ ਕੇ ਛੁੱਟੀ ਵਾਲੇ ਦਿਨ ਚਲੀ ਜਾਇਆ ਕਰ', ਰਾਗਿਨੀ ਨੇ ਹੋਰ ਹੱਕ ਨਾਲ ਕਿਹਾ।
ਜਦ ਪ੍ਰੋਗਰਾਮ 'ਤੇ ਦੋਵਾਂ ਦੀ ਰਜ਼ਾਮੰਦੀ ਦੀ ਮੋਹਰ ਲੱਗ ਗਈ ਤਾਂ ਅਚਾਨਕ ਰਾਗਿਨੀ ਨੇ ਪੁੱਛਿਆ, 'ਅੱਛਾ! ਡਾਕਟਰ ਨੇ ਕੀ ਕੀ ਖਾਣ ਨੂੰ ਮਨ੍ਹਾਂ ਕੀਤਾ ਹੈ?'
ਰਾਸ਼ੀ ਨੇ ਮੁਸਕਰਾਉਂਦਿਆਂ ਕਿਹਾ, 'ਮੈਂ ਉਹ ਚੀਜ਼ਾਂ ਦੱਸ ਦੇਵਾਂਗੀ ਜੋ ਮੈਂ ਖਾ ਸਕਦੀ ਹਾਂ।'
ਰਾਸ਼ੀ ਨੂੰ ਕਣਕ ਅਤੇ ਇਸ ਤੋਂ ਬਣੀਆਂ ਵਸਤਾਂ ਤੋਂ ਐਲਰਜੀ ਸੀ। ਨਾਲ ਕੁਝ ਹੋਰ ਵੀ ਸਮੱਸਿਆ ਵੀ ਸੀ। ਵੈਸੇ ਤਾਂ ਕਈ ਡਾਕਟਰਾਂ ਨੂੰ ਵਿਖਾ ਚੁੱਕੇ ਸੀ ਪਰ ਅੱਜਕਲ੍ਹ ਰਾਗਿਨੀ ਦੇ ਘਰ ਕੋਲ ਇਕ ਹੋਮਿਉਪੈਥੀ ਡਾਕਟਰ ਕੋਲੋਂ ਇਲਾਜ ਚਲ ਰਿਹਾ ਸੀ।
ਰਾਗਿਨੀ ਨੇ ਕਿਤੇ ਪੜ੍ਹਿਆ ਸੀ ਕਿ ਪਾਣੀ 'ਚ ਉਤਰਨ ਵਾਲੇ ਨੂੰ ਤੈਰਨ ਦੀ ਜਾਚ ਆ ਹੀ ਜਾਂਦੀ ਹੈ। ਰਾਸ਼ੀ ਪਾਣੀ 'ਚ ਉੱਤਰੀ ਉਹ ਇਨਸਾਨ ਸੀ ਜੋ ਤੈਰਾਕ ਬਣਨ ਦਾ ਯਤਨ ਕਰ ਰਹੀ ਸੀ। ਇਸ ਯਤਨ 'ਚ ਉਹ ਪਾਣੀ ਤੋਂ ਬਾਹਰਲੀ ਦੁਨੀਆ ਭੁੱਲੀ ਤਾਂ ਨਹੀਂ ਸੀ ਪਰ ਅਜਿਹਾ ਜਤਾਉਣ ਦੀ ਕੋਸ਼ਿਸ਼ ਕਰਦੀ ਰਹਿੰਦੀ ਸੀ।
ਕਈ ਵਾਰ ਕੁਆਰੇ ਮਨ ਦੀਆਂ ਕਈ ਸਧਰਾਂ ਉਹ ਆਪਣੇ ਆਸ-ਪਾਸ ਖਲੇਰ ਕੇ ਬੈਠ ਜਾਂਦੀ। ਰੰਗ-ਬਰੰਗੀਆਂ ਚੂੜੀਆਂ, ਨਵੇਂ ਫੈਸ਼ਨ ਦੇ ਕੱਪੜੇ, ਬਿੰਦੀਆਂ, ਲਿਪਸਟਿਕਾਂ ਤੋਂ ਲੈ ਕੇ ਉਹ ਸਾਰੇ ਅਸਬਾਬ, ਜੋ ਮਨ ਦੀਆਂ ਤਾਂਘਾਂ ਨੂੰ ਸ਼ਿੰਗਾਰਨ ਲਈ ਜ਼ਰੂਰੀ ਮੰਨੇ ਜਾਂਦੇ ਸੀ, ਸਭ ਉਸ ਕੋਲ ਹੁੰਦੇ ਸਨ।
ਪਰ ਤੈਰਾਕ ਬਣਨ ਲਈ ਉਹ ਜੱਦੋ-ਜਹਿਦ ਕਰ ਰਹੀ ਸੀ, ਜਿਸ ਨੂੰ ਉਸ ਸਮੇਤ ਸਾਰੇ ਵੇਖ ਰਹੇ ਸਨ, ਸਮਝ ਵੀ ਰਹੇ ਸੀ, ਪਰ ਹੌਸਲੇ ਦੀਆਂ ਲੜੀਆਂ ਦਾ ਇਕ-ਇਕ ਸਿਰਾ ਰਾਸ਼ੀ ਨੂੰ ਫੜਾ ਕੇ, ਦੂਜਾ ਲੜ੍ਹ ਫੜੀ ਸਭ ਉਸ ਨਾਲ ਚਲ ਰਹੇ ਸਨ। ਮਾਮਾ, ਮਾਮੀ, ਉਸ ਦੀਆਂ ਤਿੰਨੋ ਭੈਣਾਂ।
ਰਾਸ਼ੀ ਦੀ ਬਿਮਾਰੀ ਦੀਆਂ ਪੇਚੀਦਗੀਆਂ ਵਧ ਰਹੀਆਂ ਸਨ। ਉਸ ਨੇ ਨੌਕਰੀ ਛੱਡ ਦਿੱਤੀ। ਹੁਣ ਉਹ ਜ਼ਿਆਦਾਤਰ ਘਰ ਹੀ ਹੁੰਦੀ ਸੀ। ਇਕ ਦਿਨ ਅਚਾਨਕ ਫੋਨ 'ਤੇ ਮੈਸੇਜ਼ 'ਤੇ ਗੱਲ ਕਰਦਿਆਂ ਕਹਿਣ ਲੱਗੀ, 'ਦੀਦੀ ਜਿਹੜੇ ਤੁਸੀਂ ਮੇਰੇ ਲਈ ਬਿਸਕੁਟ ਬਣਾਏ ਸੀ, ਉਹ ਚਿਪਚਿਪਾਹਟ ਤੋਂ ਬਿਨਾਂ ਸਨ, ਉਹ ਖਾਣ ਨੂੰ ਜੀਅ ਕਰ ਰਿਹਾ ਹੈ। ਥੋੜ੍ਹੀ ਦੇਰ ਬਾਅਦ ਮਾਮੀ ਜੀ ਨੇ ਹੱਸਦਿਆਂ ਫੋਨ ਫੜ ਕੇ ਕਿਹਾ ਕਿ ਫੂਡ ਚੈਨਲ ਵੇਖਦਿਆਂ ਤੈਨੂੰ ਜ਼ਰੂਰ ਯਾਦ ਕਰਦੀ ਹੈ।
ਪਿਆਰ ਦੀ ਇਸ ਨੁਹਾਰ ਨੂੰ ਅਣਸੁਣਿਆਂ ਕਿਵੇਂ ਕੀਤਾ ਜਾ ਸਕਦਾ ਸੀ। ਜਿੰਨੀ ਕੁ ਛੇਤੀ ਰਾਗਿਨੀ ਜਾਣ ਦਾ ਪ੍ਰੋਗਰਾਮ ਬਣਾ ਸਕਦੀ ਸੀ, ਬਣਾ ਕੇ ਉਹ ਰਾਸ਼ੀ ਲਈ ਬਿਸਕੁਟ ਬਣਾ ਕੇ ਉਸ ਕੋਲ ਪਹੁੰਚ ਗਈ।
ਰਾਸ਼ੀ ਉਸ ਦੇ ਅੰਦੇਸ਼ਿਆਂ ਤੋਂ ਕਾਫ਼ੀ ਵੱਧ ਬਿਮਾਰ ਸੀ। ਬੈੱਡ ਤੋਂ ਉੱਠਣ ਲੱਗਿਆਂ ਵੀ ਉਸ ਨੂੰ ਸਹਾਰੇ ਦੀ ਲੋੜ ਪੈਂਦੀ ਸੀ। ਰਾਸ਼ੀ ਦੇ ਉਠਣ ਤੋਂ ਪਹਿਲਾਂ ਰਾਗਿਨੀ ਨੂੰ ਬਾਹਰ ਜਾ ਕੇ ਆਪਣੇ-ਆਪ ਨੂੰ ਸੰਭਾਲਣਾ ਪਿਆ। ਰਾਸ਼ੀ ਨੇ ਉਠ ਕੇ ਓਦਾਂ ਹੀ ਦੁਲਾਰ ਕੀਤਾ, ਛੋਟੀ ਭੈਣ ਵਾਂਗ। ਪਰ ਥੋੜ੍ਹੀ ਦੇਰ ਬਾਅਦ ਹੀ ਕਮਜ਼ੋਰੀ ਕਾਰਨ ਦੁਬਾਰਾ ਲੇਟ ਗਈ ਤੇ ਸੌਂ ਗਈ।
ਮਾਮੀ ਨੇ ਰਾਗਿਨੀ ਨੂੰ ਗੱਲ ਕਰਦਿਆਂ ਦੱਸਿਆ ਕਿ ਸਭ ਤੋਂ ਰੀਝ ਨਾਲ ਫੂਡ ਚੈਨਲ ਹੀ ਵੇਖਦੀ ਹੈ।
'ਰੀਝਾਂ ਦੀ ਬੁੱਕਲ ਦਾ ਭਾਰ ਕਿੰਨਾ ਕੁ ਹੁੰਦਾ ਹੋਏਗਾ', ਉਸ ਦਿਨ ਵਾਪਸ ਘਰ ਜਾਂਦਿਆਂ ਰਾਗਿਨੀ ਸਿਰਫ਼ ਇਹ ਹੀ ਸੋਚਦੀ ਰਹੀ।
ਰਾਗਿਨੀ ਦਾ ਘਰ ਰਾਸ਼ੀ ਤੋਂ ਕਾਫ਼ੀ ਦੂਰ ਹੋਣ ਕਾਰਨ ਉਹ ਕਦੇ-ਕਦਾਈਂ ਹੀ ਉਥੇ ਜਾਂਦੀ ਪਰ ਹੁਣ ਅਕਸਰ ਫੋਨ 'ਤੇ ਜਾਂ ਚੈਟ 'ਤੇ ਗੱਲ ਹੋ ਜਾਂਦੀ। ਜਿਸ 'ਚ ਰਾਸ਼ੀ ਕਦੇ ਉਸ ਨੂੰ ਮਾਸਟਰ ਸੈਫ਼ 'ਚ ਜਾਣ ਨੂੰ ਉਤਸ਼ਾਹਿਤ ਕਰਦੀ ਅਤੇ ਕਦੇ-ਮਿਲਣ ਲਈ ਜ਼ਿੱਦ ਕਰਨ ਲਗਦੀ।
ਰਾਸ਼ੀ ਜ਼ਿਆਦਾਤਰ ਆਪਣੀ ਵੱਡੀ ਭੈਣ ਕੋਲ ਰਹਿੰਦੀ, ਜਿਸ ਨੂੰ ਉਹ 'ਗੋਦ ਲਈ ਮੰਮੀ' ਵੀ ਕਹਿੰਦੀ।
ਸਿਹਤ 'ਚ ਕਈ ਵਾਰ ਕੁਝ ਸੁਧਾਰ ਹੁੰਦਾ ਤਾਂ ਸਭ ਉਸ ਡਾਕਟਰ, ਉਸ ਗੁਰੂ ਜੀ ਵੱਲ ਤੁਰ ਪੈਂਦੇ। ਕਦੇ ਸ਼ੁਕਰਾਨੇ ਲਈ, ਕਦੇ ਹੋਰ ਫਰਿਆਦ ਲੈ ਕੇ। ਕਦੇ ਹਾਲਤ ਇੰਨੀ ਵਿਗੜ ਜਾਂਦੀ ਕਿ ਖਾਣਾ ਫੂਡ ਪਾਈਪ ਰਾਹੀਂ ਖੁਆਉਂਦੇ ਅਤੇ ਕਦੇ ਅਚਾਨਕ ਹਸਪਤਾਲ ਲੈ ਜਾਣਾ ਪੈਂਦਾ ਅਤੇ ਫਿਰ ਸਿਹਤ ਕੁਝ ਬਿਹਤਰੀ ਵੱਲ ਆ ਜਾਂਦੀ।
ਇਕ ਦਿਨ ਅਚਾਨਕ ਰਾਸ਼ੀ ਦਾ ਫੋਨ ਆਇਆ, 'ਦੀਦੀ, ਕਿੰਨੀ ਦੇਰ ਹੋ ਗਈ। ਮਿਲਣ ਕਦੋਂ ਆਓਗੇ।'
ਰਾਗਿਨੀ ਨੇ ਕਿਹਾ ਅਗਲੇ ਐਤਵਾਰ।
ਤਾਂ ਰਾਸ਼ੀ ਦੀ ਹੌਲੀ ਜਿਹੀ ਆਵਾਜ਼ ਆਈ ਤਦ ਤੱਕ ਤਾਂ ਬਹੁਤ ਦੇਰ ਹੋ ਜਾਏਗੀ।
ਦੋਵਾਂ ਨੂੰ ਇਸ ਵਾਕ ਦਾ ਅਰਥ ਕੁਝ ਖਾਸ ਸਮਝ ਨਹੀਂ ਆਇਆ। ਨਾ ਉਸ ਨੂੰ ਬੋਲ ਕੇ, ਨਾ ਉਸ ਨੂੰ ਸੁਣ ਕੇ। ਪਰ ਉਹ ਵਾਕ ਹਵਾ 'ਚ ਜਿਵੇਂ ਕਿਤੇ ਠਹਿਰ ਗਿਆ ਹੋਵੇ। 'ਕਿਉਂ' ਦਾ ਜਵਾਬ ਸ਼ਾਇਦ ਉਸ ਵੇਲੇ ਸਮੇਂ ਦੇ ਗਰਭ 'ਚ ਸੀ।
ਹਾਲੇ ਅਗਲਾ ਐਤਵਾਰ ਆਉਣ 'ਚ 4 ਦਿਨ ਬਾਕੀ ਸਨ ਕਿ ਫੋਨ ਦੀ ਘੰਟੀ ਵੱਜੀ। ਰਾਗਿਨੀ ਦੀ ਮੰਮੀ ਦਾ ਫੋਨ ਸੀ। ਉਹ ਗੁੜਗਾਂਓਂ ਪਹੁੰਚ ਚੁੱਕੇ ਸਨ। ਰਾਗਿਨੀ ਅਗਲੇ ਦਿਨ ਤੜਕੇ ਹੀ ਗੁੜਗਾਂਓਂ ਪਹੁੰਚ ਗਈ।
ਰਾਸ਼ੀ ਹਸਪਤਾਲ 'ਚ ਸੀ। ਰਾਗਿਨੀ ਸਿੱਧੀ ਹਸਪਤਾਲ ਹੀ ਪਹੁੰਚੀ। ਆਈ.ਸੀ.ਯੂ. ਗਈ ਤਾਂ ਦੁੱਧ ਵਾਂਗ ਚਿੱਟੀ ਹੋਈ ਪਈ ਰਾਸ਼ੀ ਦੀਆਂ ਅੱਖਾਂ ਬੰਦ ਸਨ। ਉਹ ਲਾਈਫ਼ ਸਿਸਟਮ 'ਤੇ ਸੀ। ਰਾਗਿਨੀ ਨੇ ਉਸ ਦਾ ਹੱਥ ਫੜਿਆ ਤਾਂ ਉਸ ਨੇ ਅੱਖਾਂ ਖੋਲ੍ਹੀਆਂ। ਪਪੜੀ ਜੰਮੇ ਬੁੱਲ੍ਹ ਹਿੱਲੇ ਜਾਂ ਰਾਗਿਨੀ ਨੂੰ ਝੌਲਾ ਪਿਆ, ਪਤਾ ਨਹੀਂ। ਪਰ ਇਕ ਬੂੰਦ ਰਾਸ਼ੀ ਦੀਆਂ ਅੱਖਾਂ 'ਚੋਂ ਨਿਕਲ ਕੇ ਚਾਦਰ 'ਤੇ ਅਤੇ ਰਾਗਿਨੀ ਦੀਆਂ ਅੱਖਾਂ 'ਚੋਂ ਨਿਕਲ ਕੇ ਜ਼ਮੀਨ 'ਤੇ ਡਿੱਗ ਪਈ।
ਰਾਸ਼ੀ ਦੀਆਂ ਭੈਣਾਂ ਬਾਹਰ ਸਨ। ਉਹ ਉਸ ਲਈ ਕੀ ਦੁਆ ਮੰਗ ਰਹੀਆਂ ਸਨ, ਪਤਾ ਨਹੀਂ ਜਾਂ ਇਹ ਕਹੋ ਕਿ ਕੀ ਦੁਆ ਕਰਨੀ ਚਾਹੀਦੀ ਹੈ ਉਹ ਪਤਾ ਨਹੀਂ ਸੀ।
ਕਈ ਵਾਰ ਮੋਹ ਦੀਆਂ ਤੰਦਾਂ ਇੰਨੀਆਂ ਪੀਡੀਆਂ ਹੋ ਜਾਂਦੀਆਂ ਹਨ ਕਿ ਉਹ ਸਾਹਾਂ ਨੂੰ ਫੜਨ ਦਾ ਯਤਨ ਕਰਦੀਆਂ ਹਨ। ਥੋੜ੍ਹੀ-ਥੋੜ੍ਹੀ ਰਾਸ਼ੀ ਸਾਰਿਆਂ ਕੋਲ ਸੀ, ਮਾਮੀ ਕੋਲ, ਮਾਮੇ ਕੋਲ, ਗੋਦ ਲਈ ਮੰਮੀ ਕੋਲ, ਬਾਕੀ ਦੋਵੇਂ ਭੈਣਾਂ ਕੋਲ ਅਤੇ ਥੋੜ੍ਹੀ ਜਿਹੀ ਰਾਗਿਨੀ ਕੋਲ ਵੀ।
ਮੋਹ ਦੀਆਂ ਤੰਦਾਂ 'ਚ ਉਲਝੀ ਰਾਸ਼ੀ ਆਪਣੇ ਸਾਹਾਂ ਨਾਲ ਸੰਘਰਸ਼ ਕਰ ਰਹੀ ਸੀ। ਸਭ ਨੂੰ ਜੋੜਨ ਅਤੇ ਸਭ ਨਾਲ ਜੁੜਨ ਵਾਲੀ ਰਾਸ਼ੀ ਸ਼ਾਇਦ ਅੱਜ ਰਿਹਾਈ ਮੰਗ ਰਹੀ ਸੀ। ਪਰ ਹਾਲੇ ਵੀ ਆਪਣੇ ਥਕੇਵੇਂ ਤੋਂ ਜ਼ਿਆਦਾ ਉਨ੍ਹਾਂ ਚਿਹਰਿਆਂ ਨੂੰ ਵੇਖ ਰਹੀ ਸੀ, ਜੋ ਇਕ ਖਲਾਅ ਦੇ ਖਿਆਲ ਤੋਂ ਹੀ ਖੌਫ਼ਜ਼ਦਾ ਸੀ।
ਰਾਸ਼ੀ ਦੀ ਅਰਜ਼ੋਈ ਹੁਣ ਸਿਰਫ਼ ਰਿਹਾਈ ਦੀ ਸੀ। ਅਜਿਹੇ ਜੀਵਨ ਤੋਂ ਰਿਹਾਈ, ਜਿਸ 'ਚ ਕਈ ਸਧਰਾਂ ਫਰੇਮ 'ਚ ਟੰਗੀਆਂ ਤਸਵੀਰਾਂ ਵਾਂਗ ਹੀ ਰਹਿ ਗਈਆਂ। ਇਸ ਲਈ ਮੋਹ ਦੀਆਂ ਤੰਦਾਂ ਖੋਲ੍ਹਣ ਦੀ ਲੋੜ ਨਹੀਂ ਸੀ, ਬਸ ਥੋੜ੍ਹੀਆਂ ਢਿੱਲੀਆਂ ਕਰਨ ਦੀ ਲੋੜ ਸੀ।
ਦੋ ਸਾਲ ਹੋ ਗਏ।
ਰਾਸ਼ੀ ਅਜੇ ਵੀ ਅਚਾਨਕ ਆ ਜਾਂਦੀ ਹੈ ਕਦੇ-ਕਦੇ। ਹਾਂ, ਹੁਣ ਉਹ ਡੋਰ ਬੈੱਲ ਨਹੀਂ ਵਜਾਉਂਦੀ। ਸਗੋਂ ਅਵਚੇਤਨ ਮਨ ਦੇ ਕਿਵਾੜ ਖੋਲ੍ਹ ਕੇ ਹੱਸਦੀ, ਮੁਸਕਰਾਉਂਦੀ, ਸਜੀ-ਸੰਵਰੀ, ਸਿੱਧੀ ਦਿਲ ਦੇ ਕਮਰੇ 'ਚ ਦਾਖਲ ਹੁੰਦੀ ਹੈ ਤੇ ਰਾਗਿਨੀ ਕਦੇ ਵੀ ਉਸ ਦੇ ਕੰਨ ਦੇ ਪਿਛੇ ਕਾਲਾ ਟਿੱਕਾ ਲਾਉਣਾ ਨਹੀਂ ਭੁੱਲਦੀ।


ਈਮੇਲ :upma.dagga@gmail.com


ਖ਼ਬਰ ਸ਼ੇਅਰ ਕਰੋ

ਮਿੰਨੀ ਕਹਾਣੀ

ਮਿਲਿਆ ਈ ਨਹੀਂ

ਇਕ ਦਿਨ ਮੈਂ ਆਪਣੇ ਉਪਰ ਲੱਗੇ ਹੋਏ ਝੂਠੇ ਇਲਜ਼ਾਮ ਦਾ ਟੋਕਰਾ ਚੁੱਕੀ ਜਾ ਰਿਹਾ ਸੀ। ਮੈਨੂੰ ਕਿਸੇ ਨੇ ਪੁੱਛਿਆ, 'ਭਾਈ ਸਾਹਿਬ ਕੀ ਵੇਚਦੇ ਹੋ?' ਮੈਂ ਕਿਹਾ ਕਿ, 'ਮੈਂ ਵੇਚਦਾ ਨਹੀਂ ਸਗੋਂ ਲੈਂਦਾ ਹਾਂ।' ਉਸ ਫਿਰ ਕਿਹਾ, 'ਕੀ ਲੈਂਦੇ ਹੋ?' ਮੈਂ ਕਿਹਾ ਕਿ 'ਝੂਠੇ ਇਲਜ਼ਾਮ' ਤੇ ਫਿਰ ਕਿਹਾ, 'ਬਦਲੇ ਵਿਚ ਕੀ ਦਿੰਦੇ ਹੋ?' ਮੈਂ ਕਿਹਾ ਕਿ 'ਲੋਕ ਤਾਂ ਮੈਨੂੰ ਮੁਫ਼ਤ ਵਿਚ ਦੇ ਜਾਂਦੇ ਨੇ।' 'ਫਿਰ ਤੂੰ ਇਨ੍ਹਾਂ ਦਾ ਕੀ ਕਰੇਂਗਾ?' 'ਕਰਨਾ ਕੀ ਹੈ ਬਸ ਚੁਕੀ ਫਿਰਾਂਗਾ।' ਫਿਰ ਉਹ ਬੋਲਿਆ ਕਿ, 'ਤੂੰ ਇਨ੍ਹਾਂ ਨੂੰ ਚਲਦੇ ਪਾਣੀ ਵਿਚ ਵਹਾ ਦੇ।' ਮੈਂ ਕਿਹਾ ਕਿ, 'ਇਹ ਪਾਣੀ ਨਾਲ ਜਾ ਕੇ ਖੇਤਾਂ ਵਿਚ ਬੂਟੇ ਬਣ ਕੇ ਉੱਗ ਪੈਣਗੇ, ਤੇ ਫਿਰ ਇਹ ਬਹੁਤ ਸਾਰੇ ਹੋ ਜਾਣਗੇ।' ਤੇ ਉਸ ਫਿਰ ਕਿਹਾ, 'ਤੂੰ ਇਨ੍ਹਾਂ ਨੂੰ ਟੋਏ ਵਿਚ ਸੁੱਟ ਦੇ, ਤੇ ਮੈਂ ਕਿਹਾ ਕਿ ਇਹ ਉਥੇ ਵੀ ਉੱਗ ਪੈਣਗੇ।'
'ਫਿਰ ਤੂੰ ਇਨ੍ਹਾਂ ਨੂੰ ਕਿੰਨਾ ਕੁ ਚਿਰ ਚੁੱਕੀ ਫਿਰੇਂਗਾ?' ਮੈਂ ਕਿਹਾ, 'ਜਿੰਨਾ ਚਿਰ ਇਨ੍ਹਾਂ ਦੇ ਬੋਝ ਥੱਲੇ ਆ ਕੇ ਮਰ ਨਹੀਂ ਜਾਂਦਾ।' 'ਫਿਰ ਤੈਨੂੰ ਕੀ ਮਿਲੂ?' 'ਮੇਰੇ ਦਿਲ ਨੂੰ ਸਕੂਨ ਕਿ ਕਿਸੇ ਦੇ ਦਿਲ ਵਿਚ ਇਹ ਅਰਮਾਨ ਤਾਂ ਨਹੀਂ ਰਹੂ, ਕਿ ਮੈਂ 'ਨਾਜ਼' 'ਤੇ ਝੂਠਾ ਇਲਜ਼ਾਮ ਲਾਉਣਾ ਸੀ, ਉਹ ਮੈਨੂੰ ਮਿਲਿਆ ਈ ਨਹੀਂ।'


-ਢਿੱਲੋਂ ਕਾਟੇਜ, ਸ਼ਾਮ ਨਗਰ, 155 ਸੈਕਟਰ, 2-ਏ, ਮੰਡੀ ਗੋਬਿੰਦਗੜ੍ਹ, ਜ਼ਿਲ੍ਹਾ ਫਤਹਿਗੜ੍ਹ ਸਾਹਿਬ-147301.
ਮੋਬਾਈਲ : 98554-80191.

ਚਮਚਿਆਂ ਦੀ ਦੁਨੀਆ

ਘਰੇਲੂ ਭਾਂਡਿਆਂ 'ਚੋਂ ਸਭ ਤੋਂ ਵੱਡਾ ਮਾਣ ਪ੍ਰਾਪਤ ਹੈ 'ਚਮਚ' ਯਾਨਿ 'ਚਮਚੇ' ਨੂੰ। ਖਾਣਾ ਖਾਣ ਲੱਗਿਆਂ, ਖੀਰ ਖਾਣ ਲੱਗਿਆਂ 'ਚਮਚਾ' ਜ਼ਰੂਰੀ ਹੈ। 'ਚਮਚੇ' ਦੀ ਮਹਾਨਤਾ ਕੀ ਹੈ?
ਤੁਸੀਂ ਚਾਹ ਪੀ ਰਹੇ ਹੋ, ਚਮਚੇ ਨਾਲ ਪਿਆਲੀ 'ਚ ਖੰਡ ਘੋਲ ਰਹੇ ਹੋ, ਅਚਾਨਕ ਹੱਥੋਂ ਪਿਆਲੀ 'ਚਮਚੇ'ਸੰਗ ਡਿਗ ਪੈਂਦੀ ਹੈ। ਫਰਸ਼ 'ਤੇ ਪਿਆਲੀ ਤਾਂ ਟੋਟੇ-ਟੋਟੇ ਹੋ ਗਈ, ਪਰ 'ਚਮਚਾ' ਸਲਾਮਤ ਹੈ। 'ਚਮਚੇ' ਦੀ ਮਹੱਤਤਾ ਹੀ ਇਹ ਹੈ ਕਿ ਇਕ ਪਿਆਲੀ ਟੁੱਟੀ, ਨਵੀਂ ਪਿਆਲੀ 'ਚ ਮਜ਼ੇ ਨਾਲ ਜਾ ਟਿਕਦਾ ਹੈ।
'ਚਮਚਾ' ਸਿਰਫ਼ ਭਾਂਡਿਆਂ 'ਚ ਹੀ ਸਿਰਮੌਰ ਨਹੀਂ, ਮਨੁੱਖਾਂ 'ਚ ਵੀਇਹ, ਇਸੇ ਮਾਣ ਨਾਲ ਘੁਲਮਿਲ ਗਿਆ ਹੈ। ਉਹ ਬੰਦਾ ਜਿਹੜਾ, ਆਪਣੇ ਇਕ ਵੱਡੇ ਦੀਆਂ ਸਿਫ਼ਤਾਂ ਕਰ ਕਰ ਨਾ ਥੱਕੇ, ਜਦ ਉਹਦੀ ਥਾਲੀ 'ਚੋਂ ਲੁੜ੍ਹਕ ਕੇ, ਦੂਜੇ ਦੀ ਥਾਲੀ 'ਚ ਜਾ ਪਏ,ਉਹਨੂੰ ਬਿਨ-ਆਖਿਆਂ 'ਚਮਚੇ' ਵਾਲੀ ਉਪਾਧੀ ਮਿਲ ਜਾਂਦੀ ਹੈ।
ਇਹ ਉਪਾਧੀ, ਬੀਬੀਆਂ ਨੂੰ ਵੀ ਖਾਸ ਕੋਟੇ ਰਾਹੀਂ ਰਿਜ਼ਰਵ ਹੈ, ਸਿਰਫ਼ ਲਿੰਗ-ਭੇਦ ਬਦਲ ਜਾਂਦਾ ਹੈ, ਇਹੋ ਜਿਹੀ ਨੂੰ 'ਚਮਚੀ' ਆਖਿਆ ਜਾਂਦਾ ਹੈ।
'ਚਮਚੇ' ਤੇ 'ਚਮਚੀਆਂ' ਦੋਵੇਂ ਸੁਸਾਇਟੀ ਨੂੰ 'ਮਨੋਰੰਜਨ' ਪ੍ਰਦਾਨ ਕਰਦੇ ਹਨ। ਸੱਚੀਂ ਲੋਕੀਂ ਮੁਸਕਰਾ ਕੇ ਇਨ੍ਹਾਂ ਦੀ ਸਿਫ਼ਤ ਕਿਸੇ ਦੂਜੇ ਕੋਲ ਇਉਂ ਕਰਦੇ ਹਨ।
* ਇਹ ਫਲਾਣੇ ਦਾ ਚਮਚਾ ਹੈ।
* ਇਹ ਫਾਲਣੇ ਦੀ ਚਮਚੀ ਹੈ।
ਨਾ ਚਮਚਾ, ਨਾ ਚਮਚੀ, ਇਹ ਜਾਤ ਕਿਸੇ ਦੀ ਸਕੀ ਨਹੀਂ, ਇਨ੍ਹਾਂ ਨੂੰ ਆਪਣੇ-ਆਪ 'ਤੇ ਇਹੋ ਮਾਣ ਹੈ ਕਿ ਇਨ੍ਹਾਂ ਦੇ ਮੁਖਾਰ ਬਿੰਦੋਂ, ਜਦ ਆਪਣੇ ਸਾਹਬ ਲਈ ਸਿਫ਼ਤ ਸਲਾਹ ਦੇ ਫੁਲ ਝੜਦੇ ਹਨ ਤਾਂ ਉਹ ਫੁੱਲ ਕੇ ਕੁੱਪਾ ਹੋ ਜਾਂਦਾ ਹੈ।
ਵਾਰਿਸ ਸ਼ਾਹ ਨੇ ਸ਼ਾਇਦ 'ਚਮਚਾ' ਵੇਖਿਆ ਨਹੀਂ ਕਿ ਗੰਨੇ ਦੀਆਂ ਗਨੇਰੀਆਂ ਨੂੰ ਇਹ ਮਾਣ ਦੇ ਦਿੱਤਾ...
ਵਾਰਿਸ ਸ਼ਾਹ ਨਾ ਆਦਤਾਂ ਜਾਂਦੀਆਂ ਨੀਂ,
ਭਾਵੇਂ ਕੱਟੀਏ ਪੋਰੀਆਂ ਪੋਰੀਆਂ ਜੀ।
ਨਾ ਜੀ, ਉਦੋਂ ਵੀ ਤਾਂ ਚਮਚੇ ਹੁੰਦੇ ਹੀ ਸਨ, ਉਹਨੂੰ ਲਿਖਣਾ ਚਾਹੀਦਾ ਸੀ:
ਵਾਰਸਸ਼ਾਹ ਨਾ ਆਦਤਾਂ ਜਾਂਦੀਆਂ ਨੇ,
ਧੰਨ ਚਮਚੇ ਤੇ ਧੰਨ ਚਮਚੀਆਂ ਜੀ।
ਸ਼ੁਰੂ-ਸ਼ੁਰੂ 'ਚ, ਚਮਚੇ ਲੋਹੇ ਦੇ ਹੁੰਦੇ ਸਨ, ਇਨ੍ਹਾਂ ਨੂੰ ਜੰਗ ਲਗ ਜਾਂਦਾ ਸੀ ਪਰ ਅੱਜਕਲ੍ਹ ਚਮਚੇ ਸਟੇਨਲੈੱਸ ਸਟੀਲ ਦੇ ਆ ਗਏ ਹਨ, ਇਨ੍ਹਾਂ ਨੂੰ ਜੰਗ ਨਹੀਂ ਲਗਦਾ, ਇਸ ਲਈ ਇਹ ਸਦਾਬਹਾਰ ਹਨ, ਬੇਸ਼ੱਕ ਚਮਚੇ ਪਲਾਸਟਿਕ ਦੇ ਵੀ ਆ ਗਏ ਹਨ, ਮਾਰਕੀਟ 'ਚ ਪਰ ਇਨ੍ਹਾਂ ਦੀ ਕਦਰ ਖਾਸ ਨਹੀਂ, ਲੋਕੀਂ ਆਈਸਕ੍ਰੀਮ ਜਾਂ ਕੇਕ ਆਦਿ ਖਾਣ ਮਗਰੋਂ ਇਨ੍ਹਾਂ ਨੂੰ ਕੂੜੇ 'ਚ ਸੁੱਟ ਦਿੰਦੇ ਹਨ, ਪਰ ਸਟੇਨਲੈੱਸ ਚਮਚਿਆਂ ਦੀ ਆਨ, ਬਾਨ ਤੇ ਸ਼ਾਨ ਕਾਇਮ ਹੈ।
ਚਮਚੇ, ਸੋਨੇ ਤੇ ਚਾਂਦੀ ਦੇ ਵੀ ਹੁੰਦੇ ਹਨ, ਪਰ ਇਹ ਅਮੀਰਾਂ ਦੀਆਂ ਥਾਲੀਆਂ 'ਚ ਹੀ ਸ਼ੋਭਦੇ ਹਨ, ਸੋਨੇ-ਚਾਂਦੀ ਵਾਲੇ ਚਮਚਾਂ ਦੇ ਚਮਚੇ, ਉਹੀਓ, ਸਟੇਨਲੈੱਸ ਸਟੀਲ ਵਾਲੇ।
ਫ਼ਰਕ ਵੇਖਿਆ! ਸੋਨੇ-ਚਾਂਦੀ ਦੇ ਚਮਚੇ, ਬਾਕੀ ਸਭੇ, ਚਮਚੇ।
ਚਮਚਿਆਂ ਦੀ ਖ਼ਾਸੀਅਤ ਦੀ ਵਿਆਖਿਆ, ਅਕਬਰ ਦੇ ਨੌਂ ਰਤਨਾਂ 'ਚੋਂ ਇਕ ਰਤਨ ਬੀਰਬਲ ਨੇ ਸਹੀ ਕੀਤੀ ਹੈ। ਬਾਦਸ਼ਾਹ ਅਕਬਰ ਨੇ ਬੀਰਬਲ ਨੂੰ 'ਬੈਂਗਣ' ਦੀ ਤਾਰੀਫ਼ ਕਰਦਿਆਂ ਕਿਹਾ, 'ਵੇਖਣ 'ਚ ਸੁੰਦਰ, ਖਾਣ 'ਚ ਸੁਆਦੀ।' ਬੀਰਬਲ ਨੇ ਝੱਟ ਬੈਂਗਣ ਦੀ ਸ਼ਾਨ 'ਚ ਕਸੀਦੇ ਪੜ੍ਹ ਦਿੱਤੇ, 'ਹਜ਼ੂਰ, ਕਯਾ ਬਾਤ ਹੈ ਬੈਂਗਣ ਦੀ, ਸਬਜ਼ੀਆਂ ਦਾ ਬਾਦਸ਼ਾਹ, ਭੜਥਾ ਬਣਾਓ ਜਾਂ ਆਲੂ ਬੈਂਗਣ ਖਾ ਕੇ ਬੰਦਾ ਨਿਹਾਲ ਹੋ ਜਾਂਦਾ ਹੈ।'
ਬਾਦਸ਼ਾਹ ਨੇ ਅੱਗੋਂ ਕਿਹਾ, 'ਪਰ ਇਹ ਤਾਂ ਵਾਈਬਾਦੀ ਕਰਦਾ ਹੈ।' ਬੀਰਬਲ ਨੇ ਝੱਟ ਪਲਟੀ ਮਾਰੀ, ਆਖਿਆ, 'ਹਜ਼ੂਰ ਨੇ ਬਜਾ ਫਰਮਾਇਆ, ਇਹਦਾ ਭੜਥਾ, ਭੈੜ-ਭਵਥਾ, ਇਹਦੀ ਸਬਜ਼ੀ, ਬੇਸੁਆਦੀ, ਗੈਸ ਪੈਦਾ ਕਰੇ, ਪੇਟ ਫੁਲਾਏ, ਸਭ ਵੈਦ-ਹਕੀਮ ਮਨ੍ਹਾਂ ਕਰਦੇ ਹਨ ਕਿ ਇਹਨੂੰ ਬਿਲਕੁਲ ਨਾ ਖਾਓ...।'
ਬਾਦਸ਼ਾਹ ਨੇ ਵਿਚੋਂ ਹੀ ਟੋਕ ਕੇ ਕਿਹਾ, 'ਓਏ ਬੀਰਬਲ ਹੁਣੇ ਤਾਂ ਤੂੰ ਬੈਂਗਣ ਦੀਆਂ ਸਿਫ਼ਤਾਂ ਕਰ ਰਿਹਾ ਸੈਂ, ਹੁਣ ਉਹਦੀਆਂ ਬੁਰਾਈਆਂ ਗਿਣਾਉਣ ਡਿਹੈਂ?'
ਬੀਰਬਲ ਨੇ ਨਿਉਂ ਕੇ ਕਿਹਾ, 'ਹਜ਼ੂਰ ਮੈਂ ਆਪ ਦਾ ਨੌਕਰ ਹਾਂ, ਬੈਂਗਣ ਦਾ ਨਹੀਂ।'
ਹਸਾਓ, ਪਰ ਕਿਸੇ ਦਾ ਦਿਲ ਦੁਖਾ ਕੇ ਨਹੀਂ।
ਜ਼ਬਾਨ ਸੰਭਾਲ ਕੇ...
ਪਹਿਲਾਂ ਤੋਲੋ, ਫਿਰ ਮੂੰਹ ਖੋਲੋ।
ਸਾੜਾ, ਬਾਲਣ, ਸਰੀਰ ਦਾ...
ਸਰੀਰ ਦੀ ਭੱਠੀ 'ਤੇ ਪੀੜਾਂ ਦੇ ਪਰਾਗੇ ਮਤ ਭੁੰਨੋ।
ਲੁਤਰੀ ਲੁਤਰ ਲੁਤਰ ਕਰੇ, ਮੰਦਭਾਗੀਂ,
ਜੋ ਜਨ ਨਿਮਰ ਰਹੇ, ਸੱਚ ਬੋਲੇ...
ਸੇ ਜਨ... ਨਾਨਕ ਘਰ ਕੇ ਗੋਲੇ।
ਸਾਡੇ ਜਨਜੀਵਨ ਵਿਚ ਹਾਸਰਸ ਦੀ ਬਹੁਤ ਕਦਰ ਹੈ, ਅੱਜ ਵੀ ਕਵੀ ਜਿਹੜੇ ਹਾਸਰਸ ਦੀਆਂ ਕਵਿਤਾਵਾਂ ਪੜ੍ਹਦੇ ਹਨ, ਟਕੋਰਾਂ ਕਰਦੇ ਹਨ, ਉਨ੍ਹਾਂ ਨੂੰ ਸਰੋਤੇ ਸਭ ਤੋਂ ਵਧੇਰੇ ਪਸੰਦ ਕਰਦੇ ਹਨ। ਭਾਈ ਸੁਥਰਾ... ਗੁਰ-ਦਰਬਾਰ 'ਚ ਵੀ ਹਾਸਰਸ ਦੀ ਛਹਿਬਰ ਲਾਉਂਦਾ ਸੀ।
ਤੁਸੀਂ ਕੋਈ ਸਰਕਸ ਵੇਖੋ, ਇਨ੍ਹਾਂ ਵਿਚ ਖਾਸ ਖਿੱਚ ਜੋਕਰ ਦੀ ਹੁੰਦੀ ਹੈ, ਜੋਕਰ ਆ ਕੇ ਆਪਣੀਆਂ ਅਨੋਖੀਆਂ ਹਰਕਤਾਂ ਨਾਲ ਆਪਣੀ ਵਿਲੱਖਣ ਬੋਲੀ ਨਾਲ ਦਰਸ਼ਕਾਂ ਨੂੰ ਹਸਾਉਂਦਾ ਹੈ, ਜੋਕਰ ਸਰਕਸ ਦਾ ਖਾਸ ਆਕਰਸ਼ਣ ਹੁੰਦਾ ਹੈ। ਦੁਨੀਆ ਭਰ 'ਚ ਕਿਸੇ ਦੇਸ਼ ਦੀ ਵੀ ਕੋਈ ਸਰਕਸ ਅਜਿਹੀ ਨਹੀਂ, ਜਿਸ 'ਚ ਜੋਕਰ ਨਦਾਰਦ ਹੈ, ਜੋਕਰ ਨਹੀਂ ਤਾਂ ਸਰਕਸ ਨਹੀਂ।
ਅੰਗਰੇਜ਼ੀ ਫ਼ਿਲਮਾਂ 'ਚ 'ਲਾਰਲ ਐਂਡ ਹਾਰਡੀ' ਅਜਿਹੀ ਕਾਮੇਡੀ ਫ਼ਿਲਮ ਹੈ, ਜਿਸ 'ਚ ਲਾਰਲ ਤੇ ਹਾਰਡੀ, ਦੇ ਕਿਰਦਾਰ ਤੁਹਾਨੂੰ ਹਸਾ-ਹਸਾ ਕੇ ਦੂਹਰਾ ਕਰਦੇ ਹਨ, ਬੇਸ਼ੱਕ ਕਿਸੇ ਨੂੰ ਅੰਗਰੇਜ਼ੀ ਸਮਝ ਆਏ ਨਾ ਆਏ, ਉਨ੍ਹਾਂ ਦੀਆਂ ਹਰਕਤਾਂ ਹਸਾਈ ਜਾਂਦੀਆਂ ਹਨ, ਹਾਂ ਸੱਚ ਇਹ ਉਸ ਜ਼ਮਾਨੇ ਦੀਆਂ ਫ਼ਿਲਮਾਂ ਹਨ ਜਦ ਮੂਕ (ਸਾਈਲੈਂਟ) ਫ਼ਿਲਮਾਂ ਦਾ ਯੁੱਗ ਸੀ, ਤਸਵੀਰਾਂ ਬੋਲਦੀਆਂ ਨਹੀਂ ਹੁੰਦੀਆਂ ਸਨ। ਮਗਰੋਂ ਇਨ੍ਹਾਂ ਦੀਆਂ ਫ਼ਿਲਮਾਂ 'ਚ ਵੀ ਦੋਵਾਂ ਕਿਰਦਾਰਾਂ ਦੀ ਆਵਾਜ਼ ਭਰ ਦਿੱਤੀ ਗਈ। ਅੱਜ ਵੀ ਵੇਖੋ ਤਾਂ 'ਲਾਰਲ ਐਂਡ ਹਾਰਡੀ' ਦੀਆਂ ਇਹ ਫ਼ਿਲਮਾਂ ਤੁਹਾਨੂੰ ਬਦੋਬਦੀ ਹਸਾ ਦੇਣਗੀਆਂ। ਇਹ ਫ਼ਿਲਮਾਂ ਜ਼ਿਆਦਾ ਤੋਂ ਜ਼ਿਆਦਾ ਅੱਧੇ ਘੰਟੇ ਦੀਆਂ ਹੁੰਦੀਆਂ ਸਨ। ਇਹ ਦੋਵੇਂ ਕਿਰਦਾਰ ਦੁਨੀਆ ਭਰ 'ਚ ਲੋਕਾਂ ਦੀ ਪਸੰਦ ਬਣ ਗਏ। ਮਗਰੋਂ ਤਾਂ ਡੇਢ-ਡੇਢ, ਦੋ-ਦੋ ਘੰਟਿਆਂ ਦੀ ਲੰਬਾਈ ਵਾਲੀਆਂ, ਅੰਗਰੇਜ਼ੀ ਖਾਸ ਕਾਮੇਡੀਅਨ ਹੀ ਹੁੰਦਾ ਸੀ। ਅੱਜ ਵੀ ਹਸਾਉਣ ਵਾਲੀਆਂ ਫ਼ਿਲਮਾਂ ਇਸ ਭਾਸ਼ਾ 'ਚ ਬਣ ਰਹੀਆਂ ਹਨ।
ਭਾਰਤ 'ਚ ਵੀ, ਹਾਸਾ ਵੰਡਣ ਵਾਲੀਆਂ ਕਈ ਕਾਮੇਡੀ ਫ਼ਿਲਮਾਂ ਬਣੀਆਂ ਹਨ, ਹਰ ਪ੍ਰਾਂਤਕ ਭਾਸ਼ਾ ਵਿਚ ਵੀ, ਜਿਵੇਂ ਬੰਬੇ ਟੂ ਗੋਆ ਆਦਿ। 60 ਵਿਚ, ਭਾਰਤ 'ਚ ਬੇਸ਼ੱਕ ਕੋਈ ਵੀ ਸੀਰੀਅਸ ਫ਼ਿਲਮ ਬਣੇ, ਲੋਕਾਂ ਦੀਆਂ ਅੱਖਾਂ 'ਚੋਂ ਅੱਥਰੂ ਵੀ ਨਿਕਲ ਆਉਣ ਪਰ ਉਨ੍ਹਾਂ ਸਭਨਾਂ ਵਿਚ ਇਕ ਕਾਮੇਡੀ ਟ੍ਰੈਕ ਜ਼ਰੂਰ ਹੁੰਦਾ ਸੀ।
**

ਘਰ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
* ਗ੍ਰਹਿਸਥੀ ਦਾ ਘਰ ਵੀ ਇਕ ਤਪੋਭੂਮੀ ਹੈ। ਸਹਿਣਸ਼ੀਲਤਾ ਅਤੇ ਸੰਜਮ ਖੋਹ ਕੇ ਕੋਈ ਵੀ ਇਸ ਵਿਚ ਸੁਖੀ ਨਹੀਂ ਰਹਿ ਸਕਦਾ।
* ਆਪਣੇ ਘਰ ਦੇ ਕਮਜ਼ੋਰ, ਲਾਚਾਰ, ਲੋਕਾਂ ਨੂੰ ਨਫ਼ਰਤ ਤੇ ਨੀਵੀਂ ਨਜ਼ਰ ਨਾਲ ਨਾ ਵੇਖੋ। ਹੋ ਸਕਦਾ ਹੈ ਕਿ 'ਪਰਮਾਤਮਾ' ਰੋਜ਼ੀ ਤੁਹਾਨੂੰ ਉਨ੍ਹਾਂ ਦੇ ਨਸੀਬ ਨਾਲ ਦਿੰਦਾ ਹੈ।
* ਜਿਹੜਾ ਵਿਅਕਤੀ ਵੱਡੀ ਸੜਕ ਦੇ ਨੇੜੇ ਘਰ ਦੀ ਉਸਾਰੀ ਕਰਦਾ ਹੈ, ਉਸ ਨੂੰ ਨਿੱਤ ਨਵੇਂ ਸਲਾਹਕਾਰ ਟੱਕਰਦੇ ਹਨ।
* ਘਰ ਨੂੰ ਬਰਬਾਦ ਕਰਨ ਲਈ ਘਰ ਦਾ ਇਕ ਜੀਅ ਹੀ ਕਾਫ਼ੀ ਹੁੰਦਾ ਹੈ।
* ਜਿਸ ਘਰ ਵਿਚੋਂ ਅਪਣੱਤ ਗੁਆਚ ਜਾਵੇ, ਸਮਝ ਲਓ ਸਭ ਕੁਝ ਗੁਆਚ ਗਿਆ।
* ਇਹ ਬਿਲਕੁਲ ਠੀਕ ਹੈ ਕਿ ਪੈਸਾ ਸਮੇਂ ਦੀ ਮਹੱਤਵਪੂਰਨ ਜ਼ਰੂਰਤ ਹੈ ਪਰ ਇਸ ਦੇ ਇੰਨੇ ਵੀ ਦੀਵਾਨੇ ਨਾ ਬਣੋ ਕਿ ਘਰ ਦੀ ਅਤੇ ਖੁਦ ਦੀ ਸੁੱਖ-ਸ਼ਾਂਤੀ ਵਿਚ ਦਰਾੜਾਂ ਪੈ ਜਾਣ ਅਤੇ ਬਾਅਦ ਵਿਚ ਤੁਸੀਂ ਆਪਣੇ ਘਰ ਵਿਚ ਇਕੱਲੇ ਪੈ ਜਾਓ।
* ਘਰ ਅੰਦਰਲਾ ਇਕ ਦੁਸ਼ਮਣ ਬਾਹਰਲੇ ਪੰਜਾਹ ਦੁਸ਼ਮਣਾਂ ਨਾਲੋਂ ਵੱਧ ਮਾੜਾ ਹੁੰਦਾ ਹੈ। ਪ੍ਰਸਿੱਧ ਕਹਾਵਤ ਵੀ ਹੈ ਕਿ 'ਘਰ ਦਾ ਭੇਤੀ ਲੰਕਾ ਢਾਏ।' ਦੋ ਗੱਲਾਂ ਇਨਸਾਨ ਨੂੰ ਆਪਣਿਆਂ ਤੋਂ ਦੂਰ ਕਰਦੀਆਂ ਹਨ। ਇਕ ਤਾਂ ਉਸ ਦਾ ਹੰਕਾਰ ਅਤੇ ਦੂਸਰਾ ਉਸ ਦਾ ਵਹਿਮ।
* ਜਿਸ ਘਰ ਵਿਚ ਵੱਡੇ ਝੂਠ ਬੋਲਦੇ ਹੋਣ, ਉਥੇ ਬੱਚੇ ਸੱਚ ਬੋਲਣ ਵਾਲੇ ਕਿਵੇਂ ਹੋ ਸਕਦੇ ਹਨ?
* ਵੱਡਿਆਂ ਨੂੰ ਛੋਟਿਆਂ ਦੀਆਂ ਗੱਲਾਂ ਨੂੰ ਸਤਿਕਾਰ ਦੇਣਾ ਚਾਹੀਦਾ ਹੈ ਅਤੇ ਛੋਟਿਆਂ ਨੂੰ ਵੱਡਿਆਂ ਦੀਆਂ ਗੱਲਾਂ ਨੂੰ ਸਹਿਣ ਕਰਨਾ ਚਾਹੀਦਾ ਹੈ। ਜੇਕਰ ਵੱਡੇ ਤੇ ਛੋਟਿਆਂ ਨੂੰ ਇਕ ਦੂਸਰੇ ਦੇ ਕੇਵਲ ਗੁਣ ਹੀ ਦਿਖਾਈ ਦੇਣ ਤਾਂ ਹੀ ਘਰ ਵਿਚ ਤਾਲਮੇਲ ਰਹਿ ਸਕਦਾ ਹੈ।
* ਅਜਿਹੀ ਔਲਾਦ ਜਿਸ ਨੂੰ ਮਾਪਿਆਂ ਵਲੋਂ ਅਨਪੜ੍ਹ ਰੱਖਿਆ ਜਾਂਦਾ ਹੈ ਜਦ ਜਵਾਨ ਹੋ ਕੇ ਜ਼ਮਾਨੇ ਵੱਲ ਵੇਖਦੀ ਹੈ ਤਾਂ ਉਸ ਨੂੰ ਪਿੱਛੇ ਰਹਿ ਜਾਣ ਦਾ ਡੂੰਘਾ ਅਹਿਸਾਸ ਹੁੰਦਾ ਹੈ ਕਿਉਂਕਿ ਉਸ ਦੀ ਸਥਿਤੀ ਹੰਸਾਂ ਵਿਚ ਘਿਰੇ ਬਗਲੇ ਵਰਗੀ ਹੋ ਜਾਂਦੀ ਹੈ। ਅਜਿਹੀ ਸਥਿਤੀ ਵੀ ਘਰ ਦੇ ਮਾਹੌਲ ਨੂੰ ਤਣਾਅ-ਪੂਰਨ ਬਣਾਉਂਦੀ ਹੈ।
* ਚਾਦਰ ਵੇਖ ਕੇ ਪੈਰ ਪਸਾਰੋ, ਦੂਜਿਆਂ ਦੀ ਨਾ ਨਕਲ ਉਤਾਰੋ ਭਾਵ ਜਿਸ ਘਰ ਵਿਚ ਚਾਦਰ ਵੇਖ ਕੇ ਪੈਰ ਨਹੀਂ ਪਸਾਰੇ ਜਾਂਦੇ ਭਾਵ ਆਮਦਨ ਵੇਖ ਕੇ ਖਰਚ ਨਹੀਂ ਕੀਤਾ ਜਾਂਦਾ, ਉਸ ਪਰਿਵਾਰ ਦਾ ਘਰੇਲੂ ਮਾਹੌਲ ਵੀ ਆਮ ਤੌਰ 'ਤੇ ਠੀਕ ਨਹੀਂ ਰਹਿੰਦਾ।
* ਕਿਸੇ ਵੀ ਗੱਲ ਨੂੰ ਕਰਨ ਤੋਂ ਪਹਿਲਾਂ ਉਸ ਨੂੰ ਚੰਗੀ ਤਰ੍ਹਾਂ ਸੋਚ-ਸਮਝ ਲਵੋ ਤੇ ਫਿਰ ਹੀ ਜ਼ਬਾਨ 'ਤੇ ਲਿਆਓ।
* ਵਿਹਲਾ ਮਨ ਸ਼ੈਤਾਨ ਦਾ ਘਰ ਹੁੰਦਾ ਹੈ। ਇਹ ਕਹਾਵਤ ਸ਼ਾਇਦ ਵਿਹਲੜਾਂ ਵਾਸਤੇ ਬਣਾਈ ਗਈ ਲਗਦੀ ਹੈ। ਘਰ ਦੇ ਸਾਰੇ ਮੈਂਬਰਾਂ ਨੂੰ ਹਰ ਸੰਭਵ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਉਹ ਕੋਈ ਨਾ ਕੋਈ ਕੰਮ ਜ਼ਰੂਰ ਕਰਨ ਅਤੇ ਕੋਈ ਵੀ ਆਪਣੇ-ਆਪ ਨੂੰ ਵਿਹਲੜ ਨਾ ਕਹਾਵੇ। ਰੁਝੇਵਾਂ ਇਕ ਚੰਗੀ ਆਦਤ ਹੈ ਜੋ ਸਿਹਤ ਨੂੰ ਵੀ ਠੀਕ ਰੱਖਦਾ ਹੈ।
* ਮਾਮਲਾ ਕਿਸੇ ਘਰ ਦਾ ਹੋਵੇ ਜਾਂ ਮਾਮਲਾ ਸਮਾਜ, ਧਰਮ ਤੇ ਸਿਆਸਤ ਦਾ ਹੋਵੇ, ਬੁੱਕਲ ਦੇ ਸੱਪਾਂ ਤੋਂ ਬਚਣਾ ਬਹੁਤ ਹੀ ਔਖਾ ਹੁੰਦਾ ਹੈ।
* ਜਿਸ ਪਰਿਵਾਰ 'ਚ ਨਣਦ-ਭਰਜਾਈਆਂ ਸਹੇਲੀਆਂ ਵਾਂਗ, ਦਰਾਣੀ-ਜੇਠਾਣੀ ਭੈਣਾਂ ਵਾਂਗ ਤੇ ਨੂੰਹ-ਸੱਸ ਮਾਵਾਂ-ਧੀਆਂ ਵਾਂਗ ਰਹਿਣ ਅਤੇ ਉਸ ਪਰਿਵਾਰ ਵਿਚ ਕੋਈ ਨਸ਼ਾ, ਬਿਮਾਰੀ, ਮੁਕੱਦਮਾ ਵੀ ਨਾ ਹੋਵੇ, ਆਦਤਾਂ ਚੰਗੀਆਂ ਹੋਣ ਅਤੇ ਢੁੱਕਵੀਂ ਆਮਦਨ ਹੋਵੇ ਤਾਂ ਸਮਝੋ ਕਿ ਉਹ ਘਰ ਕਿਸੇ ਸਵਰਗ ਨਾਲੋਂ ਘੱਟ ਨਹੀਂ ਹੈ।
(ਬਾਕੀ ਅਗਲੇ ਐਤਵਾਰ ਦੇ ਅੰਕ 'ਚ)


-ਮੋਬਾਈਲ : 99155-63406.

ਅਜਾਇਬ ਕਮਲ ਦੀ ਕਾਵਿ-ਰਚਨਾ ਦੇ ਆਰ-ਪਾਰ

ਪੰਜਾਬੀ ਕਵੀ ਅਜਾਇਬ ਕਮਲ ਦਾ ਜਨਮ 5 ਅਕਤੂਬਰ, 1932 ਨੂੰ ਮਾਤਾ ਰਾਇ ਕੌਰ ਤੇ ਪਿਤਾ ਜੰਗ ਸਿੰਘ ਦੇ ਜ਼ਿਮੀਂਦਾਰ ਪਰਿਵਾਰ ਵਿਚ ਪਿੰਡ ਡਾਂਡੀਆਂ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਹੋਇਆ।
ਅਜਾਇਬ ਕਮਲ ਹੁਰੀਂ ਕਵਿਤਾ ਦੇ ਖੇਤਰ ਵਿਚ ਉਸ ਵੇਲੇ ਪ੍ਰਵੇਸ਼ ਕੀਤਾ ਜਦੋਂ ਬਦਲਦੇ ਹਾਲਾਤ ਵਿਚ ਕਵਿਤਾ ਵਿਚ ਬਦਲਾਅ ਤੇ ਨਵੇਂ ਪ੍ਰਯੋਗਾਂ ਦੀ ਜ਼ਰੂਰਤ ਮਹਿਸੂਸ ਹੋਣ ਲੱਗੀ ਸੀ।
ਆਧੁਨਿਕ ਪੰਜਾਬੀ ਕਵਿਤਾ ਦੇ ਖੇਤਰ ਵਿਚ 1960 ਦੁਆਲੇ ਤਿੰਨ ਪੰਜਾਬੀ ਸ਼ਾਇਰਾਂ ਡਾ: ਜਸਬੀਰ ਸਿੰਘ ਆਹਲੂਵਾਲੀਆ, ਅਜਾਇਬ ਕਮਲ ਅਤੇ ਰਵਿੰਦਰ ਰਵੀ ਹੁਰਾਂ ਪ੍ਰਯੋਗਸ਼ੀਲ ਲਹਿਰ ਦਾ ਆਰੰਭ ਕਰ ਦਿੱਤਾ। ਪੰਜਾਬੀ ਕਵਿਤਾ 'ਚ ਆਈ ਖੜੋਤ ਨੂੰ ਤੋੜਿਆ ਤੇ ਨਵੀਂ ਦਿਸ਼ਾ ਦਿੱਤੀ। ਅਜਾਇਬ ਕਮਲ ਹੁਰੀਂ ਪ੍ਰਯੋਗਸ਼ੀਲ ਦ੍ਰਿਸ਼ਟੀ ਤੋਂ ਕਾਵਿਕ ਰਚਨਾ ਹੀ ਨਹੀਂ ਕੀਤੀ ਸਗੋਂ ਪ੍ਰਯੋਗਸ਼ੀਲ ਕਵਿਤਾ ਦੇ ਹੱਕ ਵਿਚ ਆਲੋਚਨਾਤਮਕ ਲੇਖ ਲਿਖ ਕੇ ਇਸ ਦੇ ਮੁਲਵਾਨ ਹੋਣ ਦੀ ਜ਼ੋਰਦਾਰ ਵਕਾਲਤ ਵੀ ਕੀਤੀ। ਤਾਸ਼ ਦੇ ਪੱਤੇ (1962) ਅਤੇ ਸ਼ਤਰੰਜ ਦੀ ਖੇਡ (1964) ਅਜਾਇਬ ਕਮਲ ਹੁਰਾਂ ਦੀਆਂ ਉਹ ਪ੍ਰਯੋਗਸ਼ੀਲ ਕਵਿਤਾਵਾਂ ਦੀਆਂ ਪੁਸਤਕਾਂ ਹਨ ਜੋ ਪ੍ਰਯੋਗਸ਼ੀਲ ਲਹਿਰ ਵੇਲੇ ਲਿਖੀਆਂ ਜਿਨ੍ਹਾਂ ਨੇ ਪ੍ਰਯੋਗਸ਼ੀਲ ਕਵਿਤਾ ਨੂੰ ਪੰਜਾਬੀ ਕਵਿਤਾ ਦੇ ਇਤਿਹਾਸ ਵਿਚ ਸਥਾਪਤ ਕਰਨ ਲਈ ਅਹਿਮ ਮੋਢੀਆਂ ਵਾਲੀ ਭੂਮਿਕਾ ਨਿਭਾਈ। ਇਨ੍ਹਾਂ ਤੋਂ ਇਲਾਵਾ ਅਜਾਇਬ ਕਮਲ ਹੁਰੀਂ ਪ੍ਰਯੋਗਸ਼ੀਲ ਕਵਿਤਾ ਬਾਰੇ ਪਰਚੇ ਲਿਖੇ। ਸੈਮੀਨਾਰਾਂ 'ਤੇ ਗੋਸ਼ਟੀਆਂ ਵਿਚ ਪ੍ਰਯੋਗਵਾਦ ਦੇ ਸੰਕਲਪ ਨੂੰ ਸਪੱਸ਼ਟ ਕਰਨ ਤੇ ਇਸ ਦੀ ਵਕਾਲਤ ਕਰਨ ਲਈ ਸਰਗਰਮ ਹਿੱਸਾ ਲਿਆ।
ਪ੍ਰਯੋਗਸ਼ੀਲ ਲਹਿਰ ਦਾ ਪ੍ਰਭਾਵ ਵਧਣ ਨਾਲ ਨਵੇਂ ਕਵੀਆਂ ਤੋਂ ਇਲਾਵਾ ਪੁਰਾਣੇ ਰੁਮਾਂਸਵਾਦੀ ਕਵੀ ਵੀ ਪ੍ਰਯੋਗਸ਼ੀਲ ਲਹਿਰ 'ਚ ਸ਼ਾਮਿਲ ਹੋ ਗਏ ਤੇ ਉਨ੍ਹਾਂ ਵੀ ਪ੍ਰਯੋਗਸ਼ੀਲ ਕਵਿਤਾਵਾਂ ਲਿਖਣੀਆਂ ਆਰੰਭ ਕਰ ਦਿੱਤੀਆਂ। 1960 ਦੁਆਲੇ ਪ੍ਰਯੋਗਸ਼ੀਲ ਲਹਿਰ ਦੇ ਸਮੇਂ ਡਾ: ਜਸਬੀਰ ਸਿੰਘ ਆਹਲੂਵਾਲੀਆ ਜਲੰਧਰ 'ਚ ਮੈਜਿਸਟ੍ਰੇਟ ਲੱਗੇ ਹੋਏ ਸਨ। ਅਜਾਇਬ ਕਮਲ ਹੁਰੀਂ ਜੇ.ਬੀ.ਟੀ. ਕਲਾਸਾਂ ਬੱਡੋਂ ਵਿਖੇ ਪੜ੍ਹਾਉਂਦੇ ਸਨ ਤੇ ਰਵਿੰਦਰ ਰਵੀ ਹੁਰੀਂ ਆਪਣੇ ਪਿੰਡ ਜਗਤਪੁਰ ਪੜ੍ਹਾਉਂਦੇ ਸਨ। ਹਰ ਸ਼ੁਕਰਵਾਰ ਡਿਊਟੀ ਤੋਂ ਬਾਅਦ ਅਜਾਇਬ ਕਮਲ ਹੁਰੀਂ ਡਾਂਡੀਆਂ ਤੋਂ ਅਤੇ ਰਵਿੰਦਰ ਰਵੀ ਹੁਰੀਂ ਜਗਤਪੁਰ ਤੋਂ ਜਲੰਧਰ ਕਾਫ਼ੀ ਹਾਊਸ ਪਹੁੰਚ ਜਾਂਦੇ ਜੋ ਕਿ ਕੰਪਨੀ ਬਾਗ਼ ਦੇ ਸਾਹਮਣੇ ਸੀ। ਕਾਫ਼ੀ ਹਾਊਸ ਜਲੰਧਰ ਸਾਹਿਤਕ ਗਤੀਵਿਧੀਆਂ ਦਾ ਮੁੱਖ ਕੇਂਦਰ ਸੀ।
'ਕਾਫ਼ੀ ਹਾਊਸ 'ਚ ਬਹਿ ਕੇ' ਨਵਿਆਂ 'ਚ, ਨਵੀਂ ਕਵਿਤਾ ਬਾਰੇ ਬਹਿਸਾਂ ਛੇੜਦੇ, ਇਸ ਦੀ ਨਵੀਂ ਰੂਪ-ਰੇਖਾ ਉਲੀਕਦੇ, ਪਰ ਹੁਣ ਅੱਧੀ ਸਦੀ ਬਾਅਦ ਸਭ ਕੁਝ ਬਦਲ ਚੁੱਕਾ, ਪੁਰਾਣਾ ਫਰਸੂਦਾ ਢਹਿ-ਢੇਰੀ ਹੋ ਚੁੱਕਾ, ਨਵਾਂ ਉਸਰ ਚੁੱਕਾ, ਸਥਾਪਤ ਹੋ ਚੁੱਕਾ।'
(ਨਵੀਂ ਛਪੀ ਕਾਵਿ-ਪੁਸਤਕ) 'ਬ੍ਰਹਿਮੰਡ ਦੇ ਆਰ-ਪਾਰ' ਵਿਚੋਂ)
ਆਧੁਨਿਕ ਚੇਤਨਾ ਦੀ ਪ੍ਰਧਾਨਤਾ ਵਾਲੇ ਕਾਵਿ-ਸੰਗ੍ਰਹਿ 'ਖਲਾਅ 'ਚ ਲਟਕੇ ਮਨੁੱਖ' ਤੇ 'ਵਰਤਮਾਨ ਤੁਰਿਆ ਹੈ' 1973 ਵਿਚ ਛਪੇ। ਇਨ੍ਹਾਂ ਦੀਆਂ ਕਵਿਤਾਵਾਂ ਤਕਨੀਕ ਪਖੋਂ ਪੰਜਾਬੀ ਕਵਿਤਾ ਵਿਚ ਨਵੇਂ ਪ੍ਰਯੋਗ ਪੇਸ਼ ਕਰਦੀਆਂ ਸਨ। ਉਨ੍ਹਾਂ ਦਾ ਰੁਝਾਨ ਹੌਲੀ-ਹੌਲੀ ਲੰਮੀ ਕਵਿਤਾ ਵੱਲ ਹੋ ਗਿਆ। ਉਨ੍ਹਾਂ ਦੀਆਂ ਕੁਝ ਕਵਿਤਾਵਾਂ 150 ਤੋਂ 200 ਸਫਿਆਂ ਤੱਕ ਫੈਲੀਆਂ ਹੋਈਆਂ ਹਨ। ਲੰਮੀਆਂ ਕਵਿਤਾਵਾਂ ਦੇ ਸੰਗ੍ਰਹਿ ਹਨ। 'ਇਕੋਤਰ ਸੌ ਅੱਖਾਂ ਵਾਲਾ ਮਹਾਂਭਾਰਤ', 'ਸਿੰਙਾਂ ਵਾਲਾ ਦੇਵਤਾ', 'ਕੰਧਾਂ 'ਤੇ ਉੱਕਰੇ ਹਸਤਾਖਰ', 'ਖਾਲੀ ਕੁਰਸੀ ਦਾ ਦੁਖਾਂਤ', 'ਅਫ਼ਰੀਕਾ 'ਚ ਨੇਤਰਹੀਣ', 'ਲਿਖ ਤੁਮ ਕਾਲਾ ਘੋੜਾ', 'ਚੁੱਪ ਬੈਠੀ ਕਵਿਤਾ', 'ਤ੍ਰੈਕਾਲਕ', 'ਰੇਤਲੇ ਸ਼ੀਸ਼ੇ', 'ਰੋਜ਼ਨਾਮਚੇ ਦਾ ਸਫ਼ਰ', 'ਇਸ਼ਤਿਹਾਰਾਂ 'ਚੋਂ ਜੰਮੇ ਮਨੁੱਖ', 'ਬਨੇਰੇ 'ਤੇ ਬੈਠੀ ਅੱਖ' ਅਤੇ 'ਆਪਣਾ ਆਪਣਾ ਆਕਾਸ਼'। ਇਨ੍ਹਾਂ ਕਵਿਤਾਵਾਂ ਦਾ ਵਿਸ਼ਾ ਖੇਤਰ ਤੇ ਅਰਥ ਵਿਧਾਨ ਤੇ ਤਕਨੀਕ ਉਨ੍ਹਾਂ ਦੇ ਪਹਿਲੇ ਕਾਵਿ ਸੰਗ੍ਰਹਿ ਨਾਲੋਂ ਵੱਖਰੀ ਹੈ।
ਲੰਮੀਆਂ ਕਵਿਤਾਵਾਂ ਦੇ ਨਾਲ ਉਨ੍ਹਾਂ ਨਿੱਕੀਆਂ ਕਵਿਤਾਵਾਂ ਦੇ ਕਾਵਿ ਸੰਗ੍ਰਹਿ ਵੀ ਪੰਜਾਬੀ ਪਾਠਕਾਂ ਨੂੰ ਦਿੱਤੇ ਜਿਨ੍ਹਾਂ 'ਚ 'ਮੈਂ ਜੋ ਪੈਗ਼ੰਬਰ ਨਹੀਂ', 'ਵਿਦਰੋਹੀ ਪੀੜ੍ਹੀ, ਉਲਾਰ ਨਸਲ ਦਾ ਸਰਾਪ', 'ਬੋਦੀ ਵਾਲਾ ਤਾਰਾ' ਤੇ 'ਸ਼ਬਦ ਨੰਗੇ ਹਨ' ਸ਼ਾਮਿਲ ਹਨ।
ਨਿੱਕੀਆਂ ਤੇ ਲੰਮੀਆਂ ਕਵਿਤਾਵਾਂ ਤੋਂ ਬਾਅਦ ਅਜਾਇਬ ਕਮਲ ਹੁਰੀਂ ਪੰਜਾਬੀ ਵਿਚ ਆਧੁਨਿਕ ਵਿਸ਼ਿਆਂ ਤੇ ਸ਼ੈਲੀਆਂ 'ਤੇ ਆਧਾਰਤ 15 ਕਾਵਿ ਨਾਟਕ ਰਚੇ। ਪ੍ਰਵਾਸੀ ਕਾਵਿ ਨਾਟਕ ਲਿਖਣ ਤੇ ਛਪਵਾਉਣ 'ਚ ਪਹਿਲ ਕਦਮੀ ਅਜਾਇਬ ਕਮਲ ਹੁਰੀਂ ਕੀਤੀ ਜਦੋਂ ਉਹ 1972 ਵਿਚ ਕੀਨੀਆ 'ਚ ਅੰਗਰੇਜ਼ੀ ਬੋਲੀ ਤੇ ਸਾਹਿਤ ਪੜ੍ਹਾਉਂਦੇ ਸਨ। ਉਨ੍ਹਾਂ ਆਪਣਾ ਪਹਿਲਾ ਕਾਵਿ ਨਾਟਕ 'ਚਾਣਕ ਅੰਨ੍ਹੇ ਹਨ' 1972 ਵਿਚ ਲਿਖਿਆ ਤੇ 1973 'ਚ 'ਨਵਯੁਗ ਪਬਲਿਸ਼ਰਜ਼ ਦਿੱਲੀ' ਨੇ ਵਰਤਮਾਨ ਤੁਰਿਆ ਹੈ, ਕਿਤਾਬ ਦੇ ਨਾਲ ਛਾਪਿਆ। ਇਸ ਤੋਂ ਬਾਅਦ 4 ਕਾਵਿ-ਨਾਟਕ ਪੁਸਤਕ 'ਲੰਗੜਾ ਆਸਮਾਨ' 1978 ਵਿਚ ਛਪੀ। ਇਨ੍ਹਾਂ ਪੰਜਾਂ ਕਾਵਿ-ਨਾਟਕਾਂ ਵਿਚ ਮਨੁੱਖ ਦੀਆਂ ਮਾਨਸਿਕ ਗੁੰਝਲਾਂ ਨੂੰ ਪੇਸ਼ ਕੀਤਾ ਗਿਆ। ਇਨ੍ਹਾਂ ਵਿਚ ਨਾਟਕੀ ਸ਼ੈਲੀ ਤੇ ਰੰਗ ਮੰਚੀ ਤਕਨੀਕਾਂ ਦੀ ਵਰਤੋਂ ਕੀਤੀ ਜਾਂਦੀ ਹੈ। ਇਕ ਹੋਰ ਕਾਵਿ-ਨਾਟਕ ਪੁਸਤਕ 'ਸੂਤਰਧਾਰ ਬੋਲਦਾ ਹੈ' ਵਿਚ 7 ਕਾਵਿ-ਨਾਟਕ ਇਕੱਠੇ ਛਾਪੇ ਗਏ। ਇਨ੍ਹਾਂ ਵਿਚ ਮਨੁੱਖੀ ਸੰਕਟਾਂ ਦੀ ਵਿਆਖਿਆ ਹੈ। ਨਾਟਕ 'ਇਕ ਛਾਤੀ ਵਾਲੀ ਔਰਤ' ਵਿਚ ਮਰਦ ਤੇ ਔਰਤ ਦੇ ਸਦੀਵੀ ਰਿਸ਼ਤਿਆਂ ਦੀ ਮੂਲ ਪ੍ਰਵਿਰਤੀ ਵੱਲ ਇਸ਼ਾਰਾ ਹੈ।
'ਮੰਟੋ ਮਰਿਆ ਨਹੀਂ' ਵੱਡਾ ਕਾਵਿ-ਨਾਟਕ ਹੈ। ਇਹ ਮੰਟੋ ਦੀਆਂ ਸਾਹਿਤਕ ਤੇ ਉਸ ਦੀ ਜ਼ਿੰਦਗੀ ਦੀਆਂ ਪਰਤਾਂ ਦਾ ਵਰਣਨ ਤੇ ਲੇਖਕ ਸੁੰਤਤਰਤਾ ਬਾਰੇ ਹੈ। ਮਹਾਂ ਨਾਟਕ 'ਘਰ 'ਚ ਬਘਿਆੜ' ਅਤੇ 'ਦਸਤਾਨਿਆਂ ਵਰਗੇ ਹੱਥ' ਉਨ੍ਹਾਂ ਦੇ ਦੋ ਹੋਰ ਕਾਵਿ-ਨਾਟਕ ਹਨ।
ਅਜਾਇਬ ਕਮਲ ਹੁਰਾਂ ਕੰਪਿਊਟਰ ਕਲਚਰ ਤੇ ਵਿਸ਼ਵ ਭਾਈਚਾਰੇ ਨੂੰ ਆਧਾਰ ਬਣਾ ਕੇ ਇਸ ਨੂੰ ਬ੍ਰਹਿਮੰਡਕ ਚੇਤਨਾ ਦੇ ਰੂਪ ਵਿਚ ਪੇਸ਼ ਕਰਕੇ ਆਪਣੇ ਰਚੇ ਸਾਹਿਤ ਨੂੰ ਵਿਸ਼ਵ ਚੇਤਨਾ ਨਾਲ ਜੋੜਨ ਦਾ ਯਤਨ ਕੀਤਾ ਹੈ। ਉਨ੍ਹਾਂ ਦੇ ਕਾਵਿ-ਨਾਟਕ ਤੇ ਕਵਿਤਾਵਾਂ ਵਿਸ਼ਵ ਸਾਹਿਤ ਦੇ ਹਾਣੀਂ ਬਣਦੀਆਂ ਪ੍ਰਤੀਤ ਹੁੰਦੀਆਂ ਹਨ।
ਪੰਜਾਬ ਦੇ ਭਾਸ਼ਾ ਵਿਭਾਗ ਵਲੋਂ 27 ਮਾਰਚ, 1983 ਨੂੰ ਰਾਜ ਭਵਨ ਚੰਡੀਗੜ੍ਹ ਵਿਚ ਕਰਵਾਏ ਗਏ ਸਮਾਗਮ ਦੌਰਾਨ ਉਸ ਸਮੇਂ ਦੇ ਮਾਣਯੋਗ ਰਾਜਪਾਲ (ਗਵਰਨਰ) ਹੁਰਾਂ ਨੇ ਅਜਾਇਬ ਕਮਲ ਹੁਰਾਂ ਨੂੰ ਸ਼੍ਰੋਮਣੀ ਸਾਹਿਤ ਪੁਰਸਕਾਰ ਦਿੱਤਾ ਸੀ। ਸਨਮਾਨਾਂ ਨੇ ਅਜਾਇਬ ਕਮਲ ਹੁਰਾਂ ਦੀਆਂ ਲਿਖਤਾਂ 'ਚ ਤੇਜ਼ੀ ਲਿਆਂਦੀ। ਵੱਡੀ ਮਾਤਰਾ 'ਚ ਸਾਹਿਤ ਰਚਿਆ। ਉਨ੍ਹਾਂ ਕਵਿਤਾ ਤੇ ਗ਼ਜ਼ਲ ਸੰਗ੍ਰਹਿ (28), ਕਾਵਿ ਨਾਟਕ (15), ਮਹਾਂ ਕਾਵਿ (2), ਨਾਵਲ (5) ਅਤੇ ਆਲੋਚਨਾ ਦੀ ਪੁਸਤਕ 'ਪ੍ਰਯੋਗਵਾਦ ਤੇ ਉਸ ਤੋਂ ਅਗਾਂਹ' ਦੀ ਰਚਨਾ ਕੀਤੀ।
ਸਮੇਂ ਦੇ ਨਾਲ ਜਿਥੇ ਮਾਨਵੀ ਜੀਵਨ ਦੀ ਸਰਬਪੱਖੀ ਰੂਪ-ਰੇਖਾ ਬਦਲਦੀ ਰਹੀ ਉਸ ਦੇ ਪ੍ਰਭਾਵ ਅਧੀਨ ਅਜਾਇਬ ਕਮਲ ਹੁਰਾਂ ਦੀ ਕਾਵਿ-ਸਿਰਜਣ ਪ੍ਰਕਿਰਿਆ ਵੀ ਨਿਰੰਤਰ ਬਦਲਦੀ ਰਹੀ। ਉਨ੍ਹਾਂ ਆਪਣੀ ਨਵੀਨ ਸਿਰਜਣ ਪ੍ਰਕਿਰਿਆ ਦੁਆਰਾ ਕਾਵਿ ਖੇਤਰ 'ਚ ਅਨੇਕਾਂ ਨਵੇਂ ਵਿਸ਼ੇ 'ਤੇ ਸ਼ਿਲਪ ਵਿਧਾਨ ਵੀ ਸਥਾਪਤ ਕੀਤੇ। ਕਮਲ ਹੁਰਾਂ ਦੀ ਕਵਿਤਾ ਨੇ ਪ੍ਰਯੋਗਵਾਦ ਤੋਂ ਸ਼ੁਰੂ ਹੋ ਕੇ ਆਧੁਨਿਕਵਾਦ ਤੇ ਫਿਰ ਗਲੋਬਲ ਚੇਤਨਾ ਦਾ ਸਫ਼ਰ ਤੈਅ ਕੀਤਾ ਹੈ। ਉਨ੍ਹਾਂ ਮੰਡੀਵਾਦ ਤੇ ਵਿਸ਼ਵੀਕਰਨ ਦੇ ਮਨੁੱਖ 'ਤੇ ਪੈ ਰਹੇ ਪ੍ਰਭਾਵ ਬਾਰੇ ਵੀ ਲਿਖਿਆ। 'ਬੀਜ ਤੋਂ ਬ੍ਰਹਿਮੰਡ' (02) ਜਿਥੇ ਉਨ੍ਹਾਂ ਦੀ ਕਵਿਤਾ 'ਚ ਕਾਵਿ-ਸ਼ਾਸਤਰ ਉਥਾਨਦੀ ਹੈ ਉਥੇ 2005 'ਚ ਛਪੀ 'ਗਲੋਬਲ ਯੁੱਗ 'ਚ ਬੋਧ ਬਿਰਖ ਥੱਲੇ' ਅਜੋਕੇ ਗਲੋਬਲ ਤੇ ਮੰਡੀ ਮਨੁੱਖ ਦੇ ਨਵੇਂ ਉਭਰੇ ਸਰਬਪੱਖੀ ਸੰਕਟ ਦਾ ਦਰਪਣ ਹੈ।
ਗੁਰੂ ਨਾਨਕ ਜੀ ਬਾਰੇ ਉਨ੍ਹਾਂ ਲਿਖਿਆ, 'ਉਹ ਅਜਿਹਾ ਏਕਾ ਸੀ ਜਿਸਦਾ ਵਜੂਦ ਜ਼ਮੀਨ ਬਣ ਕੇ ਫੈਲਿਆ ਹੋਇਆ ਸੀ। ਉਹ ਅਜਿਹਾ ਸ਼ਬਦ ਸੀ ਜਿਸ ਦੇ ਤੇਜੱਸਵੀ ਚਿਹਰੇ 'ਤੇ ਅਨੇਕ ਚੰਦ ਸੂਰਜ ਝੁਕੇ ਪਏ ਸੀ, ਉਹ ਅਜਿਹਾ ਅਖਰ ਸੀ, ਜਿਸ ਦੀਆਂ ਤੈਹਾਂ 'ਚ ਅਨੇਕਾਂ ਵੇਦ ਕਤੇਬ ਲੁਕੇ ਪਏ ਸੀ।'
(ਸਰਾਪੇ ਸਮਿਆਂ ਦੇ ਪੈਗ਼ੰਬਰ 1993)
ਅਜਾਇਬ ਕਮਲ ਹੁਰੀਂ ਪੰਜ-ਪੰਜ ਸੌ ਸਫ਼ੇ ਦੇ ਦੋ ਮਹਾਂ-ਕਾਵਿ ਧਰਤੀਨਾਮਾ ਤੇ ਸੂਰਜਨਾਮਾ ਵੀ ਪੰਜਾਬੀ ਪਾਠਕਾਂ ਨੂੰ ਦਿੱਤੇ। ਇਨ੍ਹਾਂ ਮਹਾਂਕਾਵਾਂ ਵਿਚ ਸਮਕਾਲੀ ਗਲੋਬਲ ਮਨੁੱਖ ਦੇ ਜੀਵਨ ਸੰਕਟਾਂ 'ਤੇ ਮਾਨਵੀ ਸੋਚਾਂ 'ਚ ਆਏ, ਪਰਿਵਰਤਨ ਤੇ ਤਣਾਅ ਦਾ ਜ਼ਿਕਰ ਹੈ।
ਅਜਾਇਬ ਕਮਲ ਹੁਰਾਂ ਦੇ ਨਾਵਲ : 'ਸ਼ੀਸ਼ੇ ਤੇ ਚਿਹਰੇ', 'ਅਗਿਆਤਵਾਸੀ' (2002), 'ਮਰਦ ਵਿਚਲੀ ਔਰਤ', 'ਦੋ ਪੱਤਣਾਂ ਦੇ ਤਾਰੂ', 'ਸ਼ੀਸ਼ੇ ਵਿਚਲਾ ਪ੍ਰੋਮੀਥੀਅਸ' ਲੀਹ ਤੋਂ ਹਟ ਕੇ ਲਿਖੇ ਗਏ ਹਨ।
ਇਹ ਨਾਵਲ ਸਿੱਧ ਪੱਧਰੇ ਨਹੀਂ ਇਨ੍ਹਾਂ 'ਚ ਵੀ ਪ੍ਰਯੋਗ ਕੀਤੇ ਗਏ ਹਨ ਤੇ ਨਾਟ ਯੁਗਤਾਂ ਦੀ ਵਰਤੋਂ ਕੀਤੀ ਗਈ ਹੈ। ਤਕਨੀਕ ਪਖੋਂ ਪੰਜਾਬੀ 'ਚ ਰਚੇ ਜਾ ਰਹੇ ਨਾਵਲਾਂ ਨਾਲੋਂ ਵੱਖਰੇ ਹਨ। ਇਹ ਸੱਭਿਆਚਾਰਕ ਤਣਾਓ ਕਾਰਨ ਪੈਦਾ ਹੋਏ ਮਾਨਸਿਕ ਦਵੰਧ 'ਤੇ ਕੇਂਦਰਤ ਹਨ। ਇਨ੍ਹਾਂ ਨਾਵਲਾਂ ਵਿਚ ਜੜ੍ਹਹੀਣ ਪ੍ਰਵਾਸੀਆਂ ਦੇ ਘੋਰ ਇਕਲਾਪੇ, ਉਦਾਸੀ ਤੇ ਭਟਕਣ ਨਾਲ ਜੁੜਦੀਆਂ ਮਾਨਸਿਕ, ਭਾਵੁਕ ਤੇ ਆਰਥਿਕ ਸਮੱਸਿਆਵਾਂ ਦਾ ਵਰਨਣ ਕੀਤਾ ਗਿਆ ਹੈ। ਉਨ੍ਹਾਂ 'ਚੋਂ ਉਪਜੀ ਉਲਾਰ ਬਿਰਤੀ, ਮਾਨਸਿਕ ਤੇ ਭਾਵੁਕ ਅਸਥਿਰਤਾ ਨੂੰ ਵੀ ਟੇਢੀ ਵਿਧੀ ਨਾਲ ਪ੍ਰਗਟਾਇਆ ਹੈ।
ਅਜਾਇਬ ਕਮਲ ਹੁਰੀਂ ਸਮੇਂ ਦੇ ਨਾਲ-ਨਾਲ ਗ਼ਜ਼ਲਾਂ ਵੀ ਲਿਖਦੇ ਰਹੇ। ਉਨ੍ਹਾਂ ਦੀ ਗ਼ਜ਼ਲਾਂ ਦੀ ਪੁਸਤਕ : 'ਸ਼ੀਸ਼ਿਆਂ ਦਾ ਸ਼ਹਿਰ' (1982), ਵਿਚ ਕਾਵਿ-ਟੁਕੜੀ 'ਸ਼ਬਦ ਨੰਗੇ ਹਨ' ਦੇ ਨਾਲ ਛਪੀ।
ਉਨ੍ਹਾਂ ਦਾ ਦੂਸਰਾ ਗ਼ਜ਼ਲ ਸੰਗ੍ਰਹਿ 'ਟੁਕੜੇ ਟੁਕੜੇ ਸੂਰਜ' ਜਿਸ ਵਿਚ 80 ਗ਼ਜ਼ਲਾਂ ਹਨ, 2009 ਵਿਚ ਛਪਿਆ। ਉਸ ਵਿਚੋਂ ਕੁਝ ਮਤਲੇ ਹਨ:
ਕਿਸੇ ਨੂੰ ਪਰ ਲਗਾ ਦਿੱਤੇ ਕਿਸੇ ਦੇ ਪਰ ਕਟਾ ਦਿੱਤੇ
ਸਮੇਂ ਨੇ ਆਦਮੀ ਸ਼ਤਰੰਜ ਦੇ ਮੋਹਰੇ ਬਣਾ ਦਿੱਤੇ।
ਕਿੱਦਾਂ ਉਸ ਦੇ ਦਿਨ ਸਿਧੇ ਹੋ ਸਕਦੇ
ਜੋ ਸੋਚਾਂ ਦੇ ਦਰਿਆ ਵਿਚ ਪੁਠਾ ਤਰਦਾ ਹੈ।
ਅਜਾਇਬ ਕਮਲ ਹੁਰਾਂ ਦਾ ਅਨੁਭਵ ਖੇਤਰ ਵਿਸ਼ਾਲ ਸੀ। ਉਨ੍ਹਾਂ ਦੀ ਸਾਰੀ ਲਿਖਤ ਮੌਲਿਕ ਹੈ, ਕੋਈ ਅਨੁਵਾਦ ਵਗੈਰਾ ਨਹੀਂ। ਆਪਣੇ 55 ਸਾਲਾਂ ਦੇ ਸਾਹਿਤਕ ਜੀਵਨ ਦੌਰਾਨ ਨਾ ਤਾਂ ਉਨ੍ਹਾਂ ਦੀ ਕਵਿਤਾ 'ਚ ਕੋਈ ਖੜੋਤ ਆਈ ਨਾ ਹੀ ਆਪ ਖੜੋਤ ਦਾ ਸ਼ਿਕਾਰ ਹੋਏ। ਨਿਰੰਤਰ ਕਵਿਤਾ ਰਚਦੇ ਰਹੇ। ਸਾਰੀ ਉਮਰ ਅੰਗਰੇਜ਼ੀ ਪੜ੍ਹਾਈ ਪਰ ਲਿਖਿਆ ਪੰਜਾਬੀ ਵਿਚ। ਆਪਣੀ ਲੰਮੀ ਕਵਿਤਾ ਦੀ ਪੁਸਤਕ 'ਆਪਣਾ ਆਪਣਾ ਆਕਾਸ਼' ਦੇ 2010 ਵਿਚ ਛਪਣ ਤੋਂ ਕੁਝ ਮਹੀਨੇ ਬਾਅਦ ਇਕ ਧਾਰਮਿਕ ਸਮਾਗਮ ਦੌਰਾਨ ਗੱਲਾਂ ਕਰਦੇ-ਕਰਦੇ ਇਸ ਸੰਸਾਰ ਤੋਂ ਸਦਾ ਲਈ ਵਿਦਾ ਹੋ ਗਏ।

-ਫੋਨ : 75899-66592.


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX