ਤਾਜਾ ਖ਼ਬਰਾਂ


ਅੱਜ ਦਾ ਵਿਚਾਰ
. . .  12 minutes ago
ਅਫ਼ਗ਼ਾਨਿਸਤਾਨ-ਬੰਗਲਾਦੇਸ਼ ਮੈਚ : ਬੰਗਲਾਦੇਸ਼ ਨੇ ਅਫ਼ਗ਼ਾਨਿਸਤਾਨ ਨੂੰ 62 ਦੌੜਾਂ ਨਾਲ ਹਰਾਇਆ
. . .  1 day ago
ਝੌਂਪੜ 'ਤੇ ਖੰਭਾਂ ਡਿੱਗਣ ਕਾਰਨ ਇਕ ਬਜ਼ੁਰਗ ਔਰਤ ਦੀ ਮੌਤ ,ਇਕ ਗੰਭੀਰ
. . .  1 day ago
ਬਲਾਚੌਰ,24 ਜੂਨ (ਦੀਦਾਰ ਸਿੰਘ ਬਲਾਚੌਰੀਆ)--ਅੱਜ ਬਾਅਦ ਦੁਪਹਿਰ ਹੋਈ ਬਾਰਸ਼ ਸ਼ੈਲਰ ਕਾਲੋਨੀ ਵਾਰਡ ਨੰਬਰ 3 ਨੇੜੇ ਕਚਰਾ ੳੇਠਾਉਣ ਵਾਲੇ ਪ੍ਰਵਾਸੀ ਮਜ਼ਦੂਰਾਂ ਦੇ ਇਕ ਪਰਿਵਾਰ ਲਈ ਆਫ਼ਤ ਬਣ ਗਈ ...
ਆਵਾਰਾ ਸਾਨ੍ਹ ਨੇ ਟੱਕਰ ਮਾਰ ਕੇ ਵਿਅਕਤੀ ਨੂੰ ਮੌਤ ਦੇ ਘਾਟ ਉਤਾਰਿਆ
. . .  1 day ago
ਖਮਾਣੋਂ, 24 ਜੂਨ (ਮਨਮੋਹਣ ਸਿੰਘ ਕਲੇਰ)- ਅੱਜ ਸ਼ਾਮ ਪਿੰਡ ਰਣਵਾਂ ਵਿਖੇ ਇਕ ਆਵਾਰਾ ਸਾਨ੍ਹ ਨੇ ਟੱਕਰ ਮਾਰ ਕੇ ਜੋਧ ਸਿੰਘ ਨਾਮਕ ਵਿਅਕਤੀ ਨੂੰ ਮੌਕੇ 'ਤੇ ਹੀ ਜਾਨੋਂ ਮਾਰ ਦਿੱਤਾ। ਮ੍ਰਿਤਕ ਦੇ ਭਰਾ ਕਸ਼ਮੀਰ ਸਿੰਘ ਅਤੇ ਬਚਿੱਤਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਭਰਾ ...
ਅਰਬਨ ਸਪਲਾਈ ਦੀ ਤਾਰ ਟੁੱਟ ਕੇ ਨੌਜਵਾਨ 'ਤੇ ਡਿੱਗੀ, ਮੌਤ
. . .  1 day ago
ਖਡੂਰ ਸਾਹਿਬ, 24 ਜੂਨ (ਮਾਨ ਸਿੰਘ)- ਪਾਵਰ ਕਾਮ ਸਬ ਡਵੀਜ਼ਨ ਨਾਗੋਕੇ ਅਧੀਨ ਆਉਂਦੇ ਪਿੰਡ ਰਾਮਪੁਰ ਭੂਤਵਿੰਤ ਵਿਖੇ ਬਿਜਲੀ ਦਾ ਕਰੰਟ ਲੱਗਣ ਕਾਰਨ ਨੌਜਵਾਨ ਦੀ ਮੌਤ ਹੋ ਜਾਣ ਸਬੰਧੀ ਖ਼ਬਰ ਮਿਲੀ ਹੈ। ਮੌਕੇ ਤੋਂ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਨੌਜਵਾਨ ....
ਅਫ਼ਗ਼ਾਨਿਸਤਾਨ-ਬੰਗਲਾਦੇਸ਼ ਮੈਚ : 5 ਓਵਰਾਂ ਤੋਂ ਬਾਅਦ ਅਫ਼ਗ਼ਾਨਿਸਤਾਨ 21/0
. . .  1 day ago
ਸਬ-ਡਵੀਜ਼ਨ ਤਪਾ 'ਚ ਪੁਲਿਸ ਤੇ ਪੈਰਾ ਮਿਲਟਰੀ ਫੋਰਸ ਨੇ ਕੱਢਿਆ ਫਲੈਗ ਮਾਰਚ
. . .  1 day ago
ਤਪਾ ਮੰਡੀ, 24 ਜੂਨ (ਵਿਜੇ ਸ਼ਰਮਾ)- ਪਿਛਲੇ ਦਿਨੀਂ ਨਾਭਾ ਜੇਲ੍ਹ 'ਚ ਬੰਦ ਡੇਰਾ ਸਿਰਸਾ ਦੇ ਕੱਟੜ ਸਮਰਥਕ ਮਹਿੰਦਰਪਾਲ ਬਿੱਟੂ ਦੇ ਹੋਏ ਕਤਲ ਨੂੰ ਲੈ ਕੇ ਸਬ-ਡਵੀਜ਼ਨ ਦੇ ਡੀ.ਐੱਸ.ਪੀ ਰਵਿੰਦਰ ਸਿੰਘ ਰੰਧਾਵਾ ਦੀ ਅਗਵਾਈ 'ਚ ਪੈਰਾ ਮਿਲਟਰੀ ਫੋਰਸ ਦੇ ਸਹਿਯੋਗ ਨਾਲ ....
ਸਰਹੱਦੀ ਚੌਂਕੀ ਸ਼ਾਹਪੁਰ ਨੇੜਿਓਂ ਬੀ.ਐੱਸ.ਐਫ ਨੇ ਇਕ ਵਿਅਕਤੀ ਨੂੰ ਕੀਤਾ ਕਾਬੂ
. . .  1 day ago
ਅਜਨਾਲਾ, 24 ਜੂਨ (ਐੱਸ. ਪ੍ਰਸ਼ੋਤਮ)- ਅਜਨਾਲਾ ਸੈਕਟਰ ਦੇ ਸਰਹੱਦੀ ਚੌਂਕੀ ਸ਼ਾਹਪੁਰ ਨੇੜਿਓਂ ਬੀ.ਐੱਸ.ਐਫ. 32 ਬਟਾਲੀਅਨ ਦੇ ਇੰਸਪੈਕਟਰ ਸੰਜੀਵ ਕੁਮਾਰ ਵੱਲੋਂ ਕੌਮਾਂਤਰੀ ਸਰਹੱਦ ਦੇ ਮਨਾਹੀ ਵਾਲੇ ਖੇਤਰ 'ਚ ਘੁੰਮ ਰਹੇ ਇਕ ਸ਼ੱਕੀ ਵਿਅਕਤੀ ਨੂੰ ਕਾਬੂ ਕੀਤਾ। ਕਾਬੂ ...
ਬੰਗਲਾਦੇਸ਼ ਨੇ ਅਫ਼ਗ਼ਾਨਿਸਤਾਨ ਨੂੰ ਜਿੱਤ ਲਈ ਦਿੱਤਾ 263 ਦੌੜਾਂ ਦਾ ਟੀਚਾ
. . .  1 day ago
ਲੁੱਟ ਖੋਹ ਕਰਨ ਵਾਲੇ ਗਿਰੋਹ ਦੇ ਚਾਰ ਮੈਂਬਰਾਂ ਨੂੰ ਪੁਲਿਸ ਨੇ ਕੀਤਾ ਕਾਬੂ
. . .  1 day ago
ਫ਼ਾਜ਼ਿਲਕਾ, 24 ਜੂਨ (ਪ੍ਰਦੀਪ ਕੁਮਾਰ) - ਫ਼ਾਜ਼ਿਲਕਾ ਪੁਲਿਸ ਨੇ ਲੁੱਟ ਖੋਹ ਕਰਨ ਵਾਲੇ ਇਕ ਗਿਰੋਹ ਦਾ ਪਰਦਾਫਾਸ਼ ਕਰਦਿਆ ਗਿਰੋਹ ਦੇ ਚਾਰ ਮੈਂਬਰਾਂ ਨੂੂੰ ਪਿਸਤੌਲ ਅਤੇ ਤੇਜ਼ਧਾਰ ਹਥਿਆਰਾਂ ਸਣੇ ਕਾਬੂ ਕੀਤਾ ਹੈ ਜਾਣਕਾਰੀ ਦਿੰਦਿਆ ਡੀ.ਐੱਸ.ਪੀ. ਫ਼ਾਜ਼ਿਲਕਾ ਜਗਦੀਸ਼ ....
ਹੋਰ ਖ਼ਬਰਾਂ..

ਖੇਡ ਜਗਤ

ਫਰੈਂਚ ਓਪਨ ਟੈਨਿਸ ਨੇ ਬਣਾਏ ਨਵੇਂ ਕੀਰਤੀਮਾਨ

ਫਰਾਂਸ ਦੇਸ਼ ਦੀ ਚੀਕਣੀ ਮਿੱਟੀ ਉੱਤੇ ਹੁੰਦੇ ਟੈਨਿਸ ਦੇ ਸਾਲ ਦੇ ਦੂਜੇ ਗ੍ਰੈਂਡ ਸਲੈਮ ਫਰੈਂਚ ਓਪਨ ਵਿਚ ਇਸ ਵਾਰ ਨਵੇਂ ਕੀਰਤੀਮਾਨ ਬਣੇ ਹਨ। ਇਸ ਵਾਰ ਦੋ ਅਜਿਹੇ ਜੇਤੂ ਸਾਹਮਣੇ ਆਏ ਹਨ, ਜਿਨ੍ਹਾਂ ਵਿਚੋਂ ਇਕ ਨੇ ਰਿਕਾਰਡ ਵਾਰ ਖਿਤਾਬ ਜਿੱਤਿਆ, ਜਦਕਿ ਦੂਜੇ ਨੇ ਰਿਕਾਰਡ ਬਣਾਉਣ ਵਾਲੇ ਢੰਗ ਨਾਲ ਖਿਤਾਬ ਜਿੱਤਿਆ। ਚੀਕਣੀ ਮਿੱਟੀ ਯਾਨੀ ਕਲੇਅ ਕਰੋਟ ਦੇ ਬੇਤਾਜ ਬਾਦਸ਼ਾਹ ਮੰਨੇ ਜਾਂਦੇ ਸਪੇਨ ਦੇ ਰਾਫੇਲ ਨਡਾਲ ਨੇ ਚੌਥੀ ਸੀਡ ਆਸਟਰੀਆ ਦੇ ਡੋਮਿਨਿਕ ਥਇਏਮ ਨੂੰ ਚਾਰ ਸੈੱਟਾਂ ਵਿਚ ਹਰਾ ਕੇ 12ਵੀਂ ਵਾਰ ਫ੍ਰੈਂਚ ਓਪਨ ਦਾ ਖਿਤਾਬ ਆਪਣੇ ਨਾਂਅ ਕੀਤਾ ਅਤੇ ਮਹਿਲਾ ਵਰਗ ਵਿਚ ਆਸਟ੍ਰੇਲੀਆ ਦੀ ਐਸ਼ਲੇ ਬਾਰਟੀ ਨੇ ਆਪਣੇ ਜੀਵਨ ਦਾ ਪਹਿਲਾ ਗ੍ਰੈਂਡ ਸਲੈਮ ਜਿੱਤ ਕੇ ਰਿਕਾਰਡ ਬਣਾਇਆ। ਪੁਰਸ਼ਾਂ ਦੇ ਵਰਗ ਵਿਚ ਦੂਜੀ ਸੀਡ ਨਡਾਲ ਨੇ ਇਹ ਖਿਤਾਬੀ ਮੁਕਾਬਲਾ 3 ਘੰਟੇ 1 ਮਿੰਟ ਵਿਚ ਜਿੱਤਿਆ। ਨਡਾਲ ਨੇ ਪਿਛਲੇ ਸਾਲ ਇਸੇ ਵਿਰੋਧੀ ਯਾਨੀ ਥਇਏਮ ਨੂੰ ਲਗਾਤਾਰ 3 ਸੈੱਟਾਂ ਵਿਚ ਹਰਾਇਆ ਸੀ ਅਤੇ ਇਸ ਵਾਰ 4 ਸੈੱਟਾਂ ਵਿਚ ਜਿੱਤ ਹਾਸਲ ਕੀਤੀ।
ਖਿਤਾਬੀ ਮੈਚ ਦੀ ਖਾਸ ਗੱਲ ਇਹ ਵੀ ਸੀ ਕਿ ਨਡਾਲ ਨੇ ਦੂਜਾ ਸੈੱਟ ਹਾਰ ਜਾਣ ਦਾ ਗੁੱਸਾ ਥਇਏਮ ਉੱਤੇ ਇਸ ਕਦਰ ਕੱਢਿਆ ਕਿ ਥਇਏਮ ਤੀਜੇ ਤੇ ਚੌਥੇ ਸੈੱਟ ਵਿਚ ਸਿਰਫ 2 ਪੁਆਇੰਟ ਹੀ ਹਾਸਲ ਕਰ ਸਕਿਆ ਸੀ। ਹੋਰ ਵੀ ਦਿਲਚਸਪ ਗੱਲ ਇਹ ਰਹੀ ਕਿ ਇਹ ਦੋਵੇਂ ਖਿਡਾਰੀ ਲਗਾਤਾਰ ਦੂਜੇ ਸਾਲ ਫ੍ਰੈਂਚ ਓਪਨ ਦਾ ਫਾਈਨਲ ਖੇਡ ਰਹੇ ਸਨ। ਥਇਏਮ ਨੇ ਸੈਮੀਫਾਈਨਲ ਵਿਚ ਵਿਸ਼ਵ ਦੇ ਨੰਬਰ ਇਕ ਖਿਡਾਰੀ ਤੇ ਟਾਪ ਸੀਡ ਸਰਬੀਆ ਦੇ ਨੋਵਾਕ ਜੋਕੋਵਿਚ ਨੂੰ 5 ਸੈੱਟਾਂ ਵਿਚ ਹਰਾਇਆ ਸੀ ਪਰ ਨਡਾਲ ਵਿਰੁੱਧ ਫ਼ਾਈਨਲ ਵਿਚ ਉਹ ਇਹ ਕਾਰਨਾਮਾ ਦੁਹਰਾ ਨਹੀਂ ਸਕਿਆ। ਨਡਾਲ ਦਾ ਇਹ ਕੁੱਲ 18ਵਾਂ ਗ੍ਰੈਂਡ ਸਲੈਮ ਖਿਤਾਬ ਹੈ। ਨਡਾਲ ਨੇ 12 ਫ੍ਰੈਂਚ ਓਪਨ ਦੇ ਇਲਾਵਾ 3 ਯੂ.ਐੱਸ. ਓਪਨ, 2 ਵਿੰਬਲਡਨ ਅਤੇ 1 ਆਸਟ੍ਰੇਲੀਅਨ ਓਪਨ ਖਿਤਾਬ ਜਿੱਤੇ ਹਨ। ਨਡਾਲ ਹੁਣ ਸਵਿਟਜ਼ਰਲੈਂਡ ਦੇ ਰੋਜਰ ਫੈਡਰਰ ਦੇ 20 ਗ੍ਰੈਂਡ ਸਲੈਮ ਖਿਤਾਬਾਂ ਦੇ ਵਿਸ਼ਵ ਰਿਕਾਰਡ ਤੋਂ ਦੋ ਕਦਮ ਦੂਰ ਹੈ। ਨਡਾਲ ਨੇ ਫ੍ਰੈਂਚ ਓਪਨ ਨੂੰ 2005, 2006, 2007, 2008, 2010, 2011, 2012, 2013, 2014, 2017, 2018 ਅਤੇ 2019 ਵਿਚ ਜਿੱਤਿਆ ਹੈ।
ਦੂਜੇ ਪਾਸੇ ਆਸਟ੍ਰੇਲੀਆ ਦੀ ਐਸ਼ਲੇ ਬਾਰਟੀ ਆਪਣਾ ਪਹਿਲਾ ਗ੍ਰੈਂਡ ਸਲੈਮ ਫ੍ਰੈਂਚ ਓਪਨ ਦੇ ਰੂਪ ਵਿਚ ਜਿੱਤ ਕੇ ਇਤਿਹਾਸ ਰਚ ਦਿੱਤਾ ਅਤੇ ਇਸ ਬਾਬਤ ਬੇਹੱਦ ਦਿਲਚਸਪ ਗੱਲ ਇਹ ਹੈ ਕਿ ਇਹ ਸਟਾਰ ਟੈਨਿਸ ਖਿਡਾਰਨ ਸਿਰਫ 3 ਸਾਲ ਪਹਿਲਾਂ ਤੱਕ ਇਕ ਪੇਸ਼ੇਵਰ ਕ੍ਰਿਕਟਰ ਸੀ। ਉਹ ਸਾਲ 1973 ਵਿਚ ਮਾਰਗ੍ਰੇਟ ਕੋਰਟ ਤੋਂ ਬਾਅਦ ਪਹਿਲੀ ਆਸਟ੍ਰੇਲੀਅਈ ਖਿਡਾਰਨ ਹੈ, ਜਿਸ ਨੇ ਆਪਣੇ ਦੇਸ਼ ਲਈ ਗ੍ਰੈਂਡ ਸਲੈਮ ਜਿੱਤਿਆ ਹੈ। ਬਾਰਟੀ 3 ਸਾਲ ਪਹਿਲਾਂ ਤੱਕ ਆਸਟ੍ਰੇਲੀਆ ਲਈ ਪੇਸ਼ੇਵਰ ਕ੍ਰਿਕਟ ਖੇਡਦੀ ਸੀ ਅਤੇ ਰਾਸ਼ਟਰੀ ਮਹਿਲਾ ਟੀਮ ਵਿਚ ਖੇਡਣ ਦੇ ਨੇੜੇ ਸੀ, ਹਾਲਾਂਕਿ ਉਸ ਨੇ ਆਪਣੇ ਖੇਡ ਜੀਵਨ ਵਿਚ ਵੱਡਾ ਬਦਲਾਅ ਕਰਦੇ ਹੋਏ ਟੈਨਿਸ ਖੇਡਣ ਦਾ ਫੈਸਲਾ ਕੀਤਾ। ਉਹ ਸਫਲ ਜੂਨੀਅਰ ਟੈਨਿਸ ਖਿਡਾਰਨ ਰਹੀ ਅਤੇ 2011 ਵਿਚ ਜੂਨੀਅਰ ਮਹਿਲਾ ਵਿੰਬਲਡਨ ਖਿਤਾਬ ਜਿੱਤਿਆ, ਜਦਕਿ 3 ਮਹਿਲਾ ਡਬਲਜ਼ ਫਾਈਨਲ ਵਿਚ ਵੀ ਖੇਡੀ ਪਰ ਖੇਡ ਦੇ ਦਬਾਅ ਕਾਰਨ ਉਸ ਨੇ ਟੈਨਿਸ ਛੱਡਣ ਦਾ ਫੈਸਲਾ ਕੀਤਾ ਅਤੇ 2014 ਵਿਚ ਕ੍ਰਿਕਟ ਵਿਚ ਹੱਥ ਅਜ਼ਮਾਇਆ। ਉਹ ਆਸਟ੍ਰੇਲੀਆ ਵਿਚ ਪੇਸ਼ੇਵਰ ਟੀਮ ਨਾਲ ਜੁੜੀ ਅਤੇ ਵੱਕਾਰੀ ਬਿੱਗ ਬੈਸ਼ ਲੀਗ ਵਿਚ ਬ੍ਰਿਸਬੇਨ ਹੀਟਸ ਵਲੋਂ ਵੀ ਖੇਡੀ ਪਰ ਇਕ ਵਾਰ ਫਿਰ ਟੈਨਿਸ ਵੱਲ ਮੁੜੀ, ਕਿਉਂਕਿ ਸ਼ਾਇਦ ਉਸ ਦਾ ਇਹ ਵੱਡਾ ਖਿਤਾਬ ਜਿੱਤਣਾ ਸਿਤਾਰਿਆਂ ਵਿਚ ਲਿਖਿਆ ਹੋਇਆ ਸੀ।


-ਪਿੰਡ ਢਿੱਲਵਾਂ, ਡਾਕ: ਦਕੋਹਾ, ਜ਼ਿਲ੍ਹਾ ਜਲੰਧਰ-144023
E-mail: sudeepsdhillon@ymail.com


ਖ਼ਬਰ ਸ਼ੇਅਰ ਕਰੋ

ਵਿਸ਼ਵ ਕ੍ਰਿਕਟ ਕੱਪ ਦੇ ਅੰਗ-ਸੰਗ

ਇਸ ਵੇਲੇ ਦੁਨੀਆ ਦੇ ਕੋਨੇ-ਕੋਨੇ 'ਚ ਵਸਦੇ ਕ੍ਰਿਕਟ ਪ੍ਰੇਮੀ ਇੰਗਲੈਂਡ ਅਤੇ ਵੇਲਜ਼ ਦੀ ਧਰਤੀ 'ਤੇ ਹੋ ਰਹੇ 12ਵੇਂ ਵਿਸ਼ਵ ਕ੍ਰਿਕਟ ਕੱਪ ਦੇ ਰੰਗ 'ਚ ਰੰਗਿਆ ਹੋਇਆ ਹੈ। ਵਿਸ਼ਵ ਕੱਪ ਦੌਰਾਨ ਜਿੱਥੇ ਵੱਖ-ਵੱਖ ਟੀਮਾਂ ਤੇ ਖਿਡਾਰੀ ਆਪਣੀ ਖੇਡ ਪ੍ਰਤਿਭਾ ਨਾਲ ਖੇਡ ਪ੍ਰੇਮੀਆਂ ਦੀ ਖਿੱਚ ਦਾ ਕੇਂਦਰ ਬਣੇ ਹੋਏ ਹਨ, ਉੱਥੇ ਖਿਡਾਰੀਆਂ, ਪ੍ਰਬੰਧਕਾਂ, ਦਰਸ਼ਕਾਂ ਤੇ ਸੰਚਾਲਕਾਂ ਦੀਆਂ ਗਤੀਵਿਧੀਆਂ ਵੀ ਖਿੱਚ ਦਾ ਕੇਂਦਰ ਬਣੀਆ ਹੋਈਆਂ ਹਨ।
ਕ੍ਰਿਕਟ ਪ੍ਰੇਮੀਆਂ ਦਾ ਸਨਮਾਨ
ਪਹਿਲੀ ਵਾਰ ਕ੍ਰਿਕਟ ਦੇ ਇਤਿਹਾਸ 'ਚ ਕ੍ਰਿਕਟ ਪ੍ਰੇਮੀਆਂ ਨੂੰ ਵੀ ਗਲੋਬਲ ਸਪੋਰਟਸ ਐਵਾਰਡਾਂ ਨਾਲ 14 ਜੂਨ ਨੂੰ ਮਾਨਚੈਸਟਰ ਵਿਖੇ ਸਨਮਾਨਿਤ ਕੀਤਾ ਗਿਆ, ਜਿਸ ਤਹਿਤ ਲੰਬੇ ਅਰਸੇ ਤੋਂ ਕ੍ਰਿਕਟ ਮੈਦਾਨਾਂ ਦਾ ਸ਼ਿੰਗਾਰ ਬਣਿਆ ਪਾਕਿਸਤਾਨੀ ਕ੍ਰਿਕਟ ਚਾਚਾ (ਅਬਦੁਲ ਜਲੀਲ), ਦੋ ਭਾਰਤੀ ਕ੍ਰਿਕਟ ਪ੍ਰੇਮੀ ਸੁਧੀਰ ਕੁਮਾਰ ਗੌਤਮ ਤੇ ਸੁਗਮੁਰ ਕੁਮਾਰ, ਬੰਗਲਾਦੇਸ਼ੀ ਕ੍ਰਿਕਟ ਪ੍ਰੇਮੀ ਸ਼ੋਇਬ ਅਲੀ, ਸ੍ਰੀਲੰਕਾਈ ਕ੍ਰਿਕਟ ਪ੍ਰੇਮੀ ਗਿਯਾਨ ਸੇਨਾਨਾਇਕੇ ਸ਼ਾਮਿਲ ਹਨ। ਸੁਧੀਰ ਗੌਤਮ ਆਪਣੇ ਸਰੀਰ ਨੂੰ ਤਿਰੰਗੇ ਦੇ ਰੰਗ 'ਚ ਰੰਗ ਕੇ, ਮਿੱਸ ਯੂ ਸਚਿਨ ਛਾਤੀ 'ਤੇ ਲਿਖ ਕੇ ਕੌਮਾਂਤਰੀ ਮੈਚਾਂ 'ਚ ਤਿਰੰਗਾ ਲਹਿਰਾਉਂਦਾ ਨਜ਼ਰ ਆਉਂਦਾ ਹੈ। ਸੁਗਮੁਰ ਕੁਮਾਰ ਵੀ ਇਸੇ ਤਰ੍ਹਾਂ ਤਿਰੰਗੇ ਦੇ ਰੰਗ 'ਚ ਰੰਗਿਆ ਹੁੰਦਾ ਹੈ ਅਤੇ ਆਪਣੀ ਛਾਤੀ 'ਤੇ ਮਹਿੰਦਰ ਸਿੰਘ ਧੋਨੀ ਦਾ ਨਾਂਅ ਲਿਖ ਕੇ ਅੰਤਰਰਾਸ਼ਟਰੀ ਮੈਚਾਂ 'ਚ ਤਿਰੰਗਾ ਲਹਿਰਾਉਂਦਾ ਹੈ। ਪਾਕਿਸਤਾਨੀ ਕ੍ਰਿਕਟ ਪ੍ਰੇਮੀ ਕ੍ਰਿਕਟ ਚਾਚਾ ਤਕਰੀਬਨ 5 ਦਹਾਕਿਆਂ ਤੋਂ ਕੌਮਾਂਤਰੀ ਮੈਚਾਂ 'ਚ ਪਾਕਿਸਤਾਨੀ ਝੰਡੇ ਵਾਲੇ ਹਰੇ ਰੰਗ ਦਾ ਚੋਲਾ ਪਹਿਨ ਕੇ ਪਾਕਿ ਟੀਮ ਨੂੰ ਲਗਪਗ 300 ਮੈਚਾਂ 'ਚ ਹੱਲਾਸ਼ੇਰੀ ਦੇ ਚੁੱਕਾ ਹੈ। ਸ੍ਰੀਲੰਕਾਈ ਕ੍ਰਿਕਟ ਪ੍ਰੇਮੀ ਗਿਯਾਨ ਸੇਨਾਨਾਇਕੇ ਨੇ ਸਿਰਫ 17 ਸਾਲ ਦੀ ਉਮਰ 'ਚ 1986 'ਚ ਹੋਏ ਵਿਸ਼ਵ ਕੱਪ ਤੋਂ ਕੌਮਾਂਤਰੀ ਮੈਚਾਂ ਨੂੰ ਸਟੇਡੀਅਮਾਂ 'ਚ ਜਾ ਕੇ ਦੇਖਣਾ ਸ਼ੁਰੂ ਕੀਤਾ ਸੀ। ਉਹ ਸ੍ਰੀਲੰਕਾ ਦੀ ਟੀਮ ਕਿੱਟ ਪਹਿਨ ਕੇ ਕੌਮਾਂਤਰੀ ਮੈਚਾਂ ਦੌਰਾਨ ਸਟੇਡੀਅਮਾਂ 'ਚ ਸ੍ਰੀਲੰਕਾ ਦਾ ਝੰਡਾ ਲੈ ਕੇ ਪੁੱਜਦਾ ਹੈ।
ਬਾਰਿਸ਼ ਬਣੀ ਖਲਨਾਇਕਾ
ਯੂਰਪੀ ਮੁਲਕਾਂ 'ਚ 3 ਡਬਲਿਯੂ 'ਤੇ ਕਦੇ ਵੀ ਇਤਬਾਰ ਨਹੀਂ ਕੀਤਾ ਜਾ ਸਕਦਾ, ਵਾਲੀ ਕਹਾਵਤ ਮਸ਼ਹੂਰ ਹੈ-ਵਰਕ, ਵੂਮੈਨ ਤੇ ਵੈਦਰ। ਇਸ ਕਹਾਵਤ ਨੂੰ ਆਲਮੀ ਕ੍ਰਿਕਟ ਕੱਪ 'ਚ ਮੌਸਮ (ਵੈਦਰ) ਸਹੀ ਸਾਬਤ ਕਰ ਰਿਹਾ ਹੈ। ਹੁਣ ਤੱਕ ਵਿਸ਼ਵ ਕੱਪ ਦੇ ਚਾਰ ਮੈਚ ਬਾਰਿਸ਼ ਦੀ ਭੇਟ ਚੜ੍ਹ ਚੁੱਕੇ ਹਨ। ਮੀਂਹ ਕਾਰਨ ਰੱਦ ਹੋਏ ਮੈਚ ਵਿਸ਼ਵ ਕੱਪ ਦੀਆਂ ਦਾਅਵੇਦਾਰ ਟੀਮਾਂ ਲਈ ਨੁਕਸਾਨਦੇਹ ਸਾਬਤ ਹੋ ਸਕਦੇ ਹਨ। ਜੋ ਟੀਮਾਂ ਵਿਸ਼ਵ ਕੱਪ 'ਚ ਚੰਗਾ ਪ੍ਰਦਰਸ਼ਨ ਨਹੀਂ ਕਰ ਰਹੀਆਂ, ਉਨ੍ਹਾਂ ਨੂੰ ਬਾਰਿਸ਼ ਕਾਰਨ ਰੱਦ ਹੋਏ ਮੈਚਾਂ ਨਾਲ ਬਹੁਤਾ ਫਰਕ ਨਹੀਂ ਪੈ ਰਿਹਾ ਪਰ ਵਿਸ਼ਵ ਕੱਪ ਦੀਆਂ ਦਾਅਵੇਦਾਰ ਟੀਮਾਂ ਦੇ ਸੈਮੀਫਾਈਨਲ 'ਚ ਪੁੱਜਣ ਲਈ ਬਾਰਿਸ਼ ਘਾਤਕ ਸਿੱਧ ਹੋ ਸਕਦੀ ਹੈ। ਵਰਖਾ ਕਾਰਨ ਰੱਦ ਹੋਏ ਮੈਚਾਂ ਦੌਰਾਨ ਕੱਟਿਆ ਜਾਣ ਵਾਲਾ ਇਕ-ਇਕ ਅੰਕ ਵੀ ਤਾਕਤਵਰ ਟੀਮਾਂ ਦੇ ਸੈਮੀਫਾਈਨਲ 'ਚ ਪੁੱਜਣ ਦੇ ਰਾਹ 'ਚ ਵੱਡਾ ਅੜਿੱਕਾ ਬਣ ਸਕਦਾ ਹੈ। ਇਸ ਤਰ੍ਹਾਂ ਵਿਸ਼ਵ ਕੱਪ 'ਚ ਬਾਰਿਸ਼ ਇਕ ਖਲਨਾਇਕਾ ਦੇ ਰੂਪ 'ਚ ਸਾਹਮਣੇ ਆ ਰਹੀ ਹੈ।
ਏਸ਼ੀਅਨ ਦਰਸ਼ਕਾਂ ਦਾ ਜੋਸ਼
ਵਿਸ਼ਵ ਕੱਪ 'ਚ ਖੇਡ ਰਹੀਆਂ 10 ਟੀਮਾਂ 'ਚੋਂ ਪੰਜ ਟੀਮਾਂ ਏਸ਼ੀਆ ਨਾਲ ਸਬੰਧਿਤ ਹਨ। ਕ੍ਰਿਕਟ ਇਤਿਹਾਸ 'ਚ ਪਹਿਲੀ ਵਾਰ ਏਸ਼ੀਆ ਮਹਾਂਦੀਪ ਦੀਆਂ ਪੰਜ ਟੀਮਾਂ ਵਿਸ਼ਵ ਕੱਪ 'ਚ ਹਿੱਸਾ ਲੈ ਰਹੀਆਂ ਹਨ। ਇਸ ਕਰਕੇ ਵਿਸ਼ਵ ਕੱਪ 'ਚ ਏਸ਼ੀਅਨ ਮੁਲਕਾਂ ਦੇ ਦਰਸ਼ਕਾਂ ਦਾ ਵੱਡੀ ਗਿਣਤੀ 'ਚ ਖੇਡ ਮੈਦਾਨਾਂ 'ਚ ਪੁੱਜਣਾ ਸੁਭਾਵਿਕ ਹੈ। ਖਾਸ ਤੌਰ 'ਤੇ ਭਾਰਤ ਤੇ ਪਾਕਿਸਤਾਨ ਦੀਆਂ ਟੀਮਾਂ ਜਦੋਂ ਕਿਸੇ ਟੀਮ ਖਿਲਾਫ ਖੇਡਦੀਆਂ ਹਨ ਤਾਂ ਅੱਧ ਤੋਂ ਵੱਧ ਦਰਸ਼ਕ ਇਨ੍ਹਾਂ ਦੋਵਾਂ ਮੁਲਕਾਂ ਨਾਲ ਸਬੰਧਿਤ ਹੁੰਦੇ ਹਨ। ਸਟੇਡੀਅਮ ਤਿਰੰਗੇ ਅਤੇ ਹਰੇ ਰੰਗ ਦੇ ਝੰਡਿਆਂ ਨਾਲ ਰੰਗੇ ਜਾਂਦੇ ਹਨ। ਏਸ਼ੀਅਨ ਮੁਲਕਾਂ ਦੇ ਦਰਸ਼ਕਾਂ ਦੀ ਖਾਸੀਅਤ ਇਹ ਹੈ ਕਿ ਆਪਣੀ ਖੁਸ਼ੀ ਦਾ ਇਜ਼ਹਾਰ ਨੱਚ-ਟੱਪ ਕੇ ਅਤੇ ਸੰਗੀਤਕ ਉਪਕਰਨ ਵਜਾ ਕੇ ਕਰਦੇ ਹਨ। ਕਈ ਵਾਰ ਤਾਂ ਇੰਜ ਜਾਪਦਾ ਹੈ ਕਿ ਮੈਚ ਕਿਸੇ ਏਸ਼ੀਅਨ ਮੁਲਕ 'ਚ ਹੀ ਹੋ ਰਿਹਾ ਹੈ। ਏਸ਼ੀਅਨ ਕ੍ਰਿਕਟ ਪ੍ਰੇਮੀਆਂ ਦਾ ਜਨੂੰਨ ਇਸ ਗੱਲ ਤੋਂ ਸਾਫ ਦਿਖਾਈ ਦਿੰਦਾ ਹੈ ਕਿ ਭਾਰਤ-ਪਾਕਿ ਮੈਚ ਦੀਆਂ ਟਿਕਟਾਂ 1500 ਪੌਂਡ ਤੱਕ ਵੀ ਵਿਕੀਆਂ ਹਨ ਭਾਵ ਡੇਢ ਲੱਖ ਰੁਪਏ 'ਚ ਇਕ ਮੈਚ ਦੀ ਟਿਕਟ ਵਿਕਣਾ ਕ੍ਰਿਕਟ 'ਚ ਨਵਾਂ ਕੀਰਤੀਮਾਨ ਹੈ। ਇਸ ਦੇ ਨਾਲ ਹੀ ਭਾਰਤ-ਨਿਊਜ਼ੀਲੈਂਡ ਮੈਚ ਦੌਰਾਨ ਵੀ ਟਿਕਟਾਂ ਇਕ ਲੱਖ ਭਾਵ 1000 ਡਾਲਰ ਤੱਕ ਵਿਕੀਆਂ ਹਨ।


-ਪਟਿਆਲਾ। ਮੋਬਾ: 97795-90575

ਖੇਡਾਂ ਸਾਡੇ ਪਿੰਡਾਂ ਅਤੇ ਸ਼ਹਿਰਾਂ ਦੀ ਪਛਾਣ ਬਣਨ

ਜਦੋਂ ਪੰਜਾਬ ਦੇ ਪਿੰਡਾਂ ਦੀ ਪਛਾਣ, ਜਦੋਂ ਪੰਜਾਬ ਦੇ ਸ਼ਹਿਰਾਂ ਦੀ ਸ਼ਨਾਖਤ ਉਥੇ ਖੇਡੀਆਂ ਜਾਣ ਵਾਲੀਆਂ ਖੇਡਾਂ ਨਾਲ ਹੋਣ ਲੱਗ ਪਵੇਗੀ, ਅਸੀਂ ਸਮਝਦੇ ਹਾਂ ਕਿ ਇਹ ਰੁਝਾਨ ਖੇਡਾਂ ਪੱਖੋਂ ਬਹੁਤ ਹੀ ਵੱਡੀ ਖੁਸ਼ਖਬਰੀ ਦਾ ਸਬੱਬ ਬਣ ਜਾਵੇਗਾ। ਅਸੀਂ ਮਹਿਸੂਸ ਕਰਦੇ ਹਾਂ ਕਿ ਸਾਡੇ ਪਿੰਡਾਂ ਅਤੇ ਸ਼ਹਿਰਾਂ 'ਚ ਇਸ ਕਿਸਮ ਦਾ ਖੇਡ ਸੱਭਿਆਚਾਰ ਪੈਦਾ ਕਰਨਾ ਜ਼ਰੂਰੀ ਹੈ, ਜੇ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਦੀ ਧਰਤੀ ਪੂਰੇ ਦੇਸ਼ 'ਚੋਂ ਖੇਡਾਂ ਦੇ ਖੇਤਰ 'ਚ ਮਾਣਯੋਗ ਅਤੇ ਮਾਣਮੱਤੀਆਂ ਪ੍ਰਾਪਤੀਆਂ ਕਰੇ। ਪਰ ਸਾਡੇ ਪਿੰਡਾਂ ਅਤੇ ਸ਼ਹਿਰਾਂ 'ਚ ਮੌਜੂਦਾ ਖੇਡ ਝਾਕੀਆਂ ਇਹ ਹਨ ਕਿ ਹੁਣ ਸਾਡੇ ਸਾਰੇ ਪਿੰਡ ਅਤੇ ਸ਼ਹਿਰ ਸਿਰਫ ਕ੍ਰਿਕਟ ਖੇਡਣ ਵਾਲੇ ਹੀ ਜਾਣੇ ਜਾਂਦੇ ਹਨ। ਇਸ ਰੁਝਾਨ ਨੂੰ ਠੱਲ੍ਹ ਪਾਉਣ ਦੀ ਜ਼ਰੂਰਤ ਹੈ। ਹਾਕੀ, ਫੁੱਟਬਾਲ, ਵਾਲੀਬਾਲ, ਕੁਸ਼ਤੀ, ਕਬੱਡੀ ਆਦਿ ਖੇਡਾਂ ਇਸੇ ਕ੍ਰਿਕਟ ਦੇ ਰੁਝਾਨ 'ਚ ਦਮ ਤੋੜ ਰਹੀਆਂ ਹਨ। ਇਕ ਜ਼ਮਾਨਾ ਸੀ ਕਿ ਜਲੰਧਰ ਜ਼ਿਲ੍ਹੇ ਦੇ ਪਿੰਡ ਖੁਸਰੋਪੁਰ ਅਤੇ ਸੰਸਾਰਪੁਰ ਹਾਕੀ ਕਰਕੇ ਜਾਣੇ ਜਾਂਦੇ ਸਨ। ਫਿਰ ਮਿੱਠਾਪੁਰ ਹਾਕੀ ਲਈ ਪ੍ਰਸਿੱਧ ਹੋ ਗਿਆ। ਮੋਗਾ ਜ਼ਿਲ੍ਹੇ 'ਚ ਤਖਾਣਬੱਧ, ਗੁਰਦਾਸਪੁਰ 'ਚ ਚਹਿਲ, ਦੂਜੇ ਪਾਸੇ ਬਾਬਾ ਬਕਾਲਾ ਹਾਕੀ ਦੇ ਕਰਕੇ ਜਾਣੇ ਜਾਂਦੇ ਹਨ। ਮਹਿਲਾ ਹਾਕੀ 'ਚ ਸੰਗਰੂਰ ਜ਼ਿਲ੍ਹੇ ਦਾ ਪਿੰਡ ਡੀਨੀਵਾਲ ਮਸ਼ਹੂਰ ਰਿਹਾ। ਫੁੱਟਬਾਲ ਖੇਤਰ 'ਚ ਮਾਹਿਲਪੁਰ, ਹੁਸ਼ਿਆਰਪੁਰ ਫੁੱਟਬਾਲ ਦੀ ਨਰਸਰੀ ਵਜੋਂ ਜਾਣਿਆ ਜਾਂਦਾ ਹੈ। ਪਨਾਮ ਪਿੰਡ ਵੀ ਫੁੱਟਬਾਲ ਕਰਕੇ ਮਸ਼ਹੂਰ ਹੋਇਆ। ਫਗਵਾੜਾ ਸ਼ਹਿਰ ਦਾ ਫੁੱਟਬਾਲ ਪ੍ਰੇਮ ਜੇ.ਸੀ.ਟੀ. ਫਗਵਾੜਾ ਨੂੰ ਕੌਣ ਭੁੱਲ ਸਕਦਾ ਹੈ? ਕੁਸ਼ਤੀ 'ਚ ਅੰਮ੍ਰਿਤਸਰ ਜ਼ਿਲ੍ਹੇ ਦਾ ਸੁਰ ਸਿੰਘ ਪਿੰਡ ਚਮਕਦਾ ਰਿਹਾ। ਹੁਣ ਤਰਨ ਤਾਰਨ ਜ਼ਿਲ੍ਹੇ 'ਚ ਆ ਜਾਣ ਵਾਲਾ ਸੁਰ ਸਿੰਘ ਪਿੰਡ ਕੁਸ਼ਤੀ ਦਾ ਮੱਕਾ ਹੈ। ਕਬੱਡੀ ਦੇ ਖੇਤਰ 'ਚ ਮਾਲਵਾ ਅਤੇ ਦੁਆਬਾ ਖੇਤਰ ਨੇ ਆਪਣੀ ਇਕ ਖਾਸ ਪਛਾਣ ਬਣਾਈ। ਸੰਗਰੂਰ ਜ਼ਿਲ੍ਹੇ ਵਿਚੋਂ ਮੁੱਕੇਬਾਜ਼ਾਂ ਅਤੇ ਭਾਰਤੋਲਕਾਂ ਨੇ ਵਾਹ-ਵਾਹ ਖੱਟੀ। ਨਵਾਂਸ਼ਹਿਰ ਦੇ ਕਈ ਪਿੰਡਾਂ ਦੇ ਵੇਟ ਲਿਫਟਿੰਗ ਦਾ ਰੁਝਾਨ ਇਹ ਸਿੱਧ ਕਰਦਾ ਹੈ ਕਿ ਇਸ ਇਲਾਕੇ 'ਚੋਂ ਆਉਣ ਵਾਲੇ ਸਮੇਂ 'ਚ ਕਈ ਖਿਡਾਰੀ ਅੰਤਰਰਾਸ਼ਟਰੀ ਪੱਧਰ ਤੱਕ ਪਹੁੰਚ ਸਕਦੇ ਹਨ।
ਆਖਰ ਇਹ ਖੇਡ ਸੱਭਿਆਚਾਰ ਕਿੰਜ ਪੈਦਾ ਹੋਵੇ, ਜਦੋਂ ਸਾਡੇ ਪੰਜਾਬ ਦੇ ਇਲਾਕੇ ਵੱਖ-ਵੱਖ ਖੇਡਾਂ ਨੂੰ ਸਮਰਪਿਤ ਹੋ ਜਾਣਾ, ਪ੍ਰਸਿੱਧ ਹੋ ਜਾਣ। ਇਸ ਵਾਸਤੇ ਸਰਕਾਰੀ ਮਦਦ ਦੀ ਲੋੜ ਵੀ ਹੈ। ਵੱਖ-ਵੱਖ ਇਲਾਕਿਆਂ ਦੇ ਖੇਡ ਕਲੱਬ ਪਿੰਡ ਦੀ ਪੰਚਾਇਤ ਹੋਂਦ 'ਚ ਲੈ ਕੇ ਆਵੇ, ਸਕੂਲਾਂ 'ਚ ਉਸ ਖੇਡ ਦੀ ਟੀਮ ਬਣੇ ਪਰ ਸਾਨੂੰ ਅਫਸੋਸ ਹੈ ਕਿ ਸਾਡੇ ਪਿੰਡ ਦੇ ਸਰਪੰਚ, ਪੰਚ ਅਤੇ ਸਕੂਲ ਮੁਖੀ ਵੀ ਤਾਂ ਕ੍ਰਿਕਟ ਦੇ ਦੀਵਾਨੇ ਬਣੇ ਬੈਠੇ ਹਨ। ਹੁਣ ਪਿੰਡਾਂ 'ਚ ਵੀ ਧੜਾਧੜ ਕ੍ਰਿਕਟ ਦੇ ਟੂਰਨਾਮੈਂਟ ਆਯੋਜਿਤ ਹੋਣ ਲੱਗ ਪਏ ਹਨ। ਕੋਈ ਤਾਂ ਪੰਜਾਬ ਦੇ ਖੇਡ ਜਗਤ ਦੀ ਖ਼ਬਰਸਾਰ ਲਵੇ। ਸਾਨੂੰ ਸਾਡੇ ਪਿੰਡਾਂ 'ਚ ਵੰਨਸੁਵੰਨੀਆਂ ਖੇਡਾਂ ਵਾਲਾ ਖੇਡ ਸੱਭਿਆਚਾਰ ਪੈਦਾ ਕਰਨ ਦੀ ਲੋੜ ਹੈ। ਕੁਝ ਸਾਲ ਪਹਿਲਾਂ ਹਰਿਆਣਾ ਦੇ ਜ਼ਿਲ੍ਹਾ ਜੀਂਦ ਦੇ ਪਿੰਡ ਓਚਾਨਾ ਦੀ ਪੰਚਾਇਤ ਨੇ ਜੋਸ਼ੀ ਰਾਮ ਦੀ ਪ੍ਰਧਾਨਗੀ 'ਚ 28 ਪਿੰਡਾਂ 'ਚ ਕ੍ਰਿਕਟ ਖੇਡਣ 'ਤੇ ਪਾਬੰਦੀ ਲਾ ਦਿੱਤੀ ਸੀ। ਇਨ੍ਹਾਂ ਪਿੰਡਾਂ ਦੀਆਂ ਪੰਚਾਇਤਾਂ ਨੇ ਰਲ ਕੇ ਫੈਸਲਾ ਕੀਤਾ ਸੀ ਕਿ ਕ੍ਰਿਕਟ ਉਨ੍ਹਾਂ ਦੇ ਪਿੰਡਾਂ 'ਚ ਦੂਜੀਆਂ ਖੇਡਾਂ ਨੂੰ ਹਰਮਨ-ਪਿਆਰਾ ਨਹੀਂ ਹੋਣ ਦੇ ਰਹੀ।
ਜੇ ਅਸੀਂ ਚਾਹੁੰਦੇ ਹਾਂ ਕਿ ਸਾਡੇ ਪੰਜਾਬ ਦੀ ਧਰਤੀ 'ਤੇ ਕੁਝ ਇਲਾਕੇ ਖਾਸ ਖੇਡਾਂ ਲਈ ਮਸ਼ਹੂਰ ਹੋ ਜਾਣ ਤਾਂ ਸਾਨੂੰ ਵੱਖ-ਵੱਖ ਇਲਾਕਿਆਂ ਦੇ ਵੱਖ-ਵੱਖ ਖੇਡਾਂ ਦੇ ਵੈਟਰਨ ਖਿਡਾਰੀਆਂ ਦਾ ਪੂਰੀ ਤਨਦੇਹੀ ਨਾਲ ਸਾਥ ਦੇਣਾ ਹੋਵੇਗਾ, ਜੇ ਉਹ ਆਪਣੀ ਖੇਡ ਨੂੰ ਆਪਣੇ ਇਲਾਕੇ, ਪਿੰਡਾਂ, ਸ਼ਹਿਰਾਂ 'ਚ ਮਕਬੂਲ ਕਰਨਾ ਚਾਹੁੰਦੇ ਹੋਣ। ਕਿਸੇ ਇਕ ਨੂੰ ਤਾਂ ਅੱਗੇ ਲੱਗਣਾ ਪਵੇਗਾ, ਬਾਕੀਆਂ ਨੂੰ ਉਸ ਦਾ ਸਾਥ ਦੇਣਾ ਪਵੇਗਾ। ਹੌਲੀ-ਹੌਲੀ ਉਹ ਖੇਡ ਉਸ ਇਲਾਕੇ 'ਚ ਸੁਰਜੀਤ ਹੋਣੀ ਸ਼ੁਰੂ ਹੋ ਜਾਵੇਗੀ। ਫਿਰ ਉਸ ਇਲਾਕੇ 'ਚ ਉਸ ਖੇਡ ਨੂੰ ਸਮਰਪਿਤ ਇਕ ਵੱਡਾ ਕਾਰਵਾਂ ਬਣ ਜਾਵੇਗਾ, ਜੋ ਉਸ ਇਲਾਕੇ 'ਚ ਉਸ ਖੇਡ ਦੀ ਕ੍ਰਾਂਤੀ ਲਿਆਉਣ ਲਈ ਵਚਨਬੱਧ ਹੋ ਜਾਵੇਗਾ।
ਅਸੀਂ ਪੰਜਾਬ ਦੇ ਸਾਰੇ ਪਿੰਡਾਂ ਦੇ ਸਰਪੰਚਾਂ-ਪੰਚਾਂ ਅਤੇ ਸਾਰੇ ਸਕੂਲਾਂ ਦੇ ਮੁਖੀਆਂ ਨੂੰ ਅਪੀਲ ਕਰਦੇ ਹਾਂ ਕਿ ਪੰਜਾਬ ਦੇ ਖੇਡ ਜਗਤ ਦਾ ਭਲਾ ਚਾਹੁਣ ਲਈ ਇਕੱਠੇ ਹੋ ਕੇ ਹੱਲਾ ਮਾਰੀਏ, ਤਾਂ ਕਿ 'ਮੇਰੀ ਖੇਡ ਮੇਰੇ ਇਲਾਕੇ ਦੀ ਪਛਾਣ' ਬਣ ਜਾਵੇ। ਹੁਣ ਅਸੀਂ ਕ੍ਰਿਕਟ ਦੇ ਟੂਰਨਾਮੈਂਟ ਆਯੋਜਿਤ ਕਰਵਾਉਣੇ ਛੱਡੀਏ, ਆਪਣੇ ਪਿੰਡਾਂ 'ਚ ਦੂਜੀਆਂ ਖੇਡਾਂ ਨੂੰ ਸੁਰਜੀਤ ਕਰੀਏ। ਇਹ ਨਾ ਦੇਖੀਏ ਕਿ ਨੌਜਵਾਨ ਪੀੜ੍ਹੀ ਨੂੰ ਪਸੰਦ ਕੀ ਹੈ। ਇਹ ਵਿਚਾਰੀਏ ਕਿ ਪੰਜਾਬ ਦੇ ਖੇਡ ਜਗਤ ਦਾ ਭਲਾ ਕਿਵੇਂ ਹੋ ਸਕਦਾ ਹੈ? ਕਿੰਨਾ ਚੰਗਾ ਹੋਵੇ ਜੇਕਰ ਪੰਜਾਬ ਦੇ ਸਾਰੇ ਪਿੰਡ ਵੱਖ-ਵੱਖ ਖੇਡਾਂ ਲਈ ਪ੍ਰਸਿੱਧ ਹੋ ਜਾਣ ਅਤੇ ਭਾਰਤੀ ਖੇਡ ਜਗਤ ਨੂੰ ਪੰਜਾਬ ਦਾ ਯੋਗਦਾਨ ਸਭ ਤੋਂ ਵੱਧ ਹੋਵੇ, ਉਹ ਵੀ ਹਰ ਖੇਡ ਵਿਚ।


-ਅੰਮ੍ਰਿਤਸਰ। ਮੋਬਾ: 98155-35410

ਹੱਥ ਕੱਟੇ ਜਾਣ ਦੇ ਬਾਵਜੂਦ ਵੀ ਬਣਿਆ ਦੌੜਨ ਦੇ ਵਿਚ ਚੈਂਪੀਅਨ ਸ੍ਰੀਪਾਲ

ਇਕ ਬਾਂਹ ਨਾ ਹੋਣ ਦੇ ਬਾਵਜੂਦ ਵੀ ਜ਼ਿਲ੍ਹਾ ਫਾਜ਼ਿਲਕਾ ਦੇ ਪਿੰਡ ਚੁਵਾੜਿਆਂ ਵਾਲੀ ਦਾ ਸ੍ਰੀਪਾਲ ਇਕ ਤੇਜ਼ ਦੌੜਾਕ ਵਜੋਂ ਆਪਣਾ ਅਤੇ ਆਪਣੇ ਪਿੰਡ ਦਾ ਨਾਂਅ ਰੌਸ਼ਨ ਕਰ ਰਿਹਾ ਹੈ ਅਤੇ ਬਿਨਾਂ ਸ਼ੱਕ ਇਕ ਦਿਨ ਉਹ ਭਾਰਤ ਦਾ ਨਾਂਅ ਵੀ ਰੌਸ਼ਨ ਕਰੇਗਾ। ਪਿਤਾ ਰਾਮਪਾਲ ਦੇ ਘਰ ਮਾਤਾ ਬਿਮਲਾ ਦੇਵੀ ਦੀ ਕੁੱਖੋਂ ਜਨਮੇ ਸ੍ਰੀਪਾਲ ਨੂੰ ਭਾਵੇਂ ਹਮੇਸ਼ਾ ਘਰ ਦੀ ਗਰੀਬੀ ਦਾ ਝੋਰਾ ਮਾਰਦਾ ਹੈ ਪਰ ਉਹ ਆਪਣੇ ਅਕੀਦੇ 'ਤੇ ਕਾਇਮ ਹੈ ਅਤੇ ਹਿੰਮਤ ਤੇ ਕੁਝ ਕਰ ਸਕਣ ਦੀ ਚਾਹਤ ਨਾਲ ਗਰੀਬੀ ਨਾਲ 2-4 ਹੁੰਦੇ ਵੀ ਉਹ ਸਟੇਟ ਚੈਂਪੀਅਨ ਬਣਿਆ ਹੈ। ਸ੍ਰੀਪਾਲ ਅਜੇ 11 ਸਾਲ ਦਾ ਸੀ ਅਤੇ ਪੰਜਵੀਂ ਕਲਾਸ ਦਾ ਵਿਦਿਆਰਥੀ ਸੀ, ਇਕ ਦਿਨ ਉਹ ਆਪਣੇ ਪਿਤਾ ਨਾਲ ਮਜ਼ਦੂਰੀ ਵਜੋਂ ਹੱਥ ਵਟਾ ਰਿਹਾ ਸੀ ਤਾਂ ਪੱਠੇ ਕੁਤਰਨ ਵਾਲੀ ਮਸ਼ੀਨ ਵਿਚ ਉਸ ਦਾ ਸੱਜਾ ਹੱਥ ਆ ਗਿਆ ਅਤੇ ਉਸ ਦੀ ਬਾਂਹ ਕੱਟੀ ਗਈ। ਗਰੀਬੀ ਦਾਵੇ ਵਿਚ ਮਾਂ-ਬਾਪ ਨੇ ਪੈਸੇ ਇਕੱਠੇ ਕਰ ਬਥੇਰਾ ਇਲਾਜ ਕਰਵਾਇਆ ਪਰ ਸ਼ਾਇਦ ਉਸ ਦੀ ਅਗਲੇਰੀ ਜ਼ਿੰਦਗੀ ਇਸ ਕਦਰ ਹੀ ਸੀ ਕਿ ਉਹ ਹਮੇਸ਼ਾ ਇਕ ਬਾਂਹ ਨਾਲ ਹੀ ਆਪਣਾ ਜੀਵਨ ਨਿਰਬਾਹ ਕਰੇਗਾ।
ਸ੍ਰੀਪਾਲ ਨੂੰ ਸਕੂਲ ਵਿਚ ਖੇਡਾਂ ਦਾ ਬਹੁਤ ਸ਼ੌਕ ਸੀ ਅਤੇ ਇਕ ਦਿਨ ਸਕੂਲ ਵਿਚ ਉਸ ਨੇ ਆਪਣੇ ਨਾਲ ਦੇ ਵਿਦਿਆਰਥੀਆਂ ਨੂੰ ਆਪਣੇ ਨਾਲ ਖਿਡਾਉਣ ਲਈ ਆਖਿਆ ਪਰ ਅੱਗਿਓਂ ਵਿਦਿਆਰਥੀਆਂ ਨੇ ਤਾਅਨਾ ਮਾਰਿਆ ਕਿ ਤੇਰੀ ਤਾਂ ਇਕ ਬਾਂਹ ਕੱਟੀ ਹੋਈ ਹੈ, ਤੂੰ ਸਾਡੇ ਨਾਲ ਨਹੀਂ ਖੇਡ ਸਕੇਂਗਾ। ਸ੍ਰੀਪਾਲ ਨੂੰ ਆਪਣੀ ਹੋਣੀ 'ਤੇ ਤਰਸ ਆਇਆ ਅਤੇ ਅੱਖਾਂ ਵਿਚੋਂ ਹੰਝੂ ਵਹਿ ਤੁਰੇ ਅਤੇ ਵੱਜੇ ਹੋਏ ਤਾਅਨੇ ਨੇ ਉਸ ਨੂੰ ਟਿਕਣ ਨਹੀਂ ਦਿੱਤਾ ਅਤੇ ਉਸ ਨੇ ਨਿਸਚਾ ਕਰ ਲਿਆ ਕਿ ਇਕ ਦਿਨ ਉਹ ਮਾਣਮੱਤਾ ਖਿਡਾਰੀ ਬਣੇਗਾ। ਉਸ ਨੂੰ ਉੱਘੇ ਕੋਚ ਹਾਕਮ ਚੰਦ ਹਾਕੂ ਦਾ ਸਾਥ ਮਿਲਿਆ ਅਤੇ ਉਸ ਨੇ ਦੌੜਨਾ ਸ਼ੁਰੂ ਕਰ ਦਿੱਤਾ ਅਤੇ ਨਤੀਜਾ ਇਹ ਹੋਇਆ ਕਿ ਬਲਾਕ ਪੱਧਰੀ, ਜ਼ਿਲ੍ਹਾ ਪੱਧਰੀ ਅਤੇ ਪੰਜਾਬ ਪੱਧਰ 'ਤੇ ਉਸ ਨੇ 100 ਮੀਟਰ ਦੌੜ ਵਿਚ ਪਹਿਲਾ ਸਥਾਨ ਹਾਸਲ ਕਰਕੇ ਇਹ ਸਾਬਤ ਕਰ ਦਿੱਤਾ ਕਿ ਉਹ ਵੀ ਕਿਸੇ ਨਾਲੋਂ ਘੱਟ ਨਹੀਂ। ਸਾਲ 2013 ਵਿਚ ਪੈਰਾ ਨੈਸ਼ਨਲ ਚੈਂਪੀਅਨਸ਼ਿਪ ਹੋਈ, ਜਿਥੇ ਉਸ ਨੇ 1500 ਮੀਟਰ ਦੌੜ ਵਿਚ ਪਹਿਲਾ ਸਥਾਨ ਹਾਸਲ ਕਰਕੇ ਸੋਨ ਤਗਮਾ ਚੁੰਮ ਲਿਆ। ਸਾਲ 2015 ਵਿਚ ਉੱਤਰ ਪ੍ਰਦੇਸ਼ ਦੇ ਸ਼ਹਿਰ ਗਾਜ਼ੀਆਬਾਦ ਵਿਖੇ ਹੋਈ ਪੈਰਾ ਨੈਸ਼ਨਲ ਚੈਂਪੀਅਨਸ਼ਿਪ ਵਿਚ ਸ੍ਰੀਪਾਲ ਨੇ ਭਾਗ ਲੈ ਕੇ 1500 ਮੀਟਰ ਦੌੜ ਵਿਚ ਚਾਂਦੀ ਅਤੇ 5000 ਮੀਟਰ ਦੌੜ ਵਿਚ ਇਕ ਵਾਰ ਫਿਰ ਸੋਨੇ ਦੇ ਤਗਮੇ 'ਤੇ ਆਪਣੀ ਜਿੱਤ ਦੀ ਮੋਹਰ ਲਗਾ ਦਿੱਤੀ।
ਸਾਲ 2016 ਵਿਚ ਪੰਚਕੂਲਾ ਵਿਖੇ ਹੋਈ ਨੈਸ਼ਨਲ ਚੈਂਪੀਅਨਸ਼ਿਪ ਵਿਚ ਇਕ ਵਾਰ ਫਿਰ ਪਿਛਲੀ ਜਿੱਤ ਨੂੰ ਦੁਹਰਾਉਂਦੇ ਹੋਏ 1500 ਮੀਟਰ ਵਿਚ ਚਾਂਦੀ ਅਤੇ 5000 ਮੀਟਰ ਵਿਚ ਸੋਨ ਤਗਮਾ ਆਪਣੇ ਨਾਂਅ ਕੀਤਾ। ਸਾਲ 2017 ਵਿਚ ਜੈਪੁਰ ਵਿਚ ਹੋਈ ਪੈਰਾ ਨੈਸ਼ਨਲ ਚੈਂਪੀਅਨਸ਼ਿਪ ਵਿਚ ਵੀ 5000 ਮੀਟਰ ਵਿਚ ਕਾਂਸੀ ਦਾ ਤਗਮਾ ਜਿੱਤਿਆ। ਸਾਲ 2017 ਵਿਚ ਪੈਰਾ ਸਟੇਟ ਚੈਂਪੀਅਨਸ਼ਿਪ ਵਿਚ ਲੌਂਗ ਜੰਪ, ਟ੍ਰਿਪਲ ਜੰਪ ਅਤੇ 1500 ਮੀਟਰ ਦੌੜ ਅਤੇ 5000 ਮੀਟਰ ਦੌੜ ਵਿਚ ਸੋਨ ਤਗਮੇ ਹੀ ਨਹੀਂ ਜਿੱਤੇ, ਸਗੋਂ ਉਹ ਬੈਸਟ ਅਥਲੀਟ ਵੀ ਚੁਣਿਆ ਗਿਆ। ਸਾਲ 2019 ਵਿਚ ਹੋਈ ਸਟੇਟ ਪੈਰਾ ਚੈਂਪੀਅਨਸ਼ਿਪ ਵਿਚ ਵੀ ਸ੍ਰੀਪਾਲ ਨੇ ਇਕ ਵੱਡਾ ਰਿਕਾਰਡ ਬਣਾਉਂਦੇ ਹੋਏ ਟ੍ਰਿਪਲ ਜੰਪ ਵਿਚ ਸੋਨ ਤਗਮਾ, 1500 ਮੀਟਰ ਵਿਚ ਸੋਨ ਤਗਮਾ ਅਤੇ 5000 ਮੀਟਰ ਵਿਚ ਵੀ ਸੋਨ ਤਗਮਾ ਲੈ ਕੇ ਆਪਣੇ-ਆਪ ਸਾਬਤ ਕਰ ਦਿੱਤਾ ਕਿ ਇਕ ਦਿਨ ਉਹ ਦੇਸ਼ ਲਈ ਖੇਡੇਗਾ ਅਤੇ ਆਪਣਾ ਅਤੇ ਆਪਣੇ ਦੇਸ਼ ਦਾ ਨਾਂਅ ਰੌਸ਼ਨ ਕਰੇਗਾ ਪਰ ਤਸਵੀਰ ਦੇ ਦੂਸਰੇ ਪਾਸੇ ਨਜ਼ਰ ਮਾਰੀ ਜਾਵੇ ਤਾਂ ਆਉਣ ਵਾਲੇ ਸਮੇਂ ਦਾ ਇਹ ਰੌਸ਼ਨ ਸਿਤਾਰਾ ਜਿੱਥੇ ਪਰਿਵਾਰ ਦੀ ਆਰਥਿਕ ਮੰਦਹਾਲੀ ਦਾ ਸ਼ਿਕਾਰ ਹੈ, ਉਥੇ ਸਰਕਾਰਾਂ ਦੀ ਬੇਰੁਖ਼ੀ ਦਾ ਸ਼ਿਕਾਰ ਹੈ ਅਤੇ ਉਹ ਚਾਹੁੰਦਾ ਹੈ ਕਿ ਸਰਕਾਰ ਉਸ ਨੂੰ ਕੋਈ ਨੌਕਰੀ ਦੇ ਕੇ ਰੁਜ਼ਗਾਰ ਮੁਹੱਈਆ ਕਰਵਾਏ ਤਾਂ ਕਿ ਉਹ ਦੇਸ਼ ਲਈ ਖੇਡ ਕੇ ਭਾਰਤ ਮਾਤਾ ਦਾ ਨਾਂਅ ਉੱਚਾ ਕਰ ਸਕੇ ਅਤੇ ਉਸ ਦੀਆਂ ਨਜ਼ਰਾਂ 2020 ਵਿਚ ਹੋਣ ਵਾਲੀ ਪੈਰਾ ਉਲੰਪਿਕ 'ਤੇ ਟਿਕੀਆਂ ਹੋਈਆਂ ਹਨ। ਮੇਰੀਆਂ ਸ਼ੁੱਭ ਇੱਛਾਵਾਂ ਸ੍ਰੀਪਾਲ ਦੇ ਨਾਲ ਹਨ।


-ਪਿੰਡ ਬੁੱਕਣ ਵਾਲਾ, ਤਹਿ: ਤੇ ਜ਼ਿਲ੍ਹਾ ਮੋਗਾ। ਮੋਬਾ: 98551-14484

'ਰਨ ਮਸ਼ੀਨ' ਦਾ ਨਵਾਂ ਕਾਰਨਾਮਾ

ਕੁਝ ਲੋਕ ਦੁਨੀਆ ਵਿਚ ਇਹੋ ਜਿਹੀਆਂ ਪੈੜਾਂ ਪਾ ਜਾਂਦੇ ਹਨ, ਜਿਨ੍ਹਾਂ ਉੱਤੇ ਚੱਲਣ ਦੀ ਹਰ ਇਨਸਾਨ ਸੋਚਦਾ ਰਹਿੰਦਾ ਹੈ ਅਤੇ ਧੰਨ ਹੁੰਦੀਆਂ ਹਨ ਉਹ ਮਾਵਾਂ ਜੋ ਇਹੋ ਜਿਹੀਆਂ ਸ਼ਖ਼ਸੀਅਤਾਂ ਨੂੰ ਜਨਮ ਦਿੰਦੀਆਂ ਹਨ, ਜੋ ਦੁਨੀਆ ਵਿਚ ਆਪਣੀ ਵਿਲੱਖਣ ਪਛਾਣ ਬਣਉਂਦੇ ਹਨ। ਅੱਜ ਅਸੀਂ ਇਹੋ ਜਿਹੀ ਸ਼ਖ਼ਸੀਅਤ ਦੀ ਹੀ ਗੱਲ ਕਰਨ ਜਾ ਰਹੇ ਹਾਂ, ਜੋ ਕਿਸੇ ਵੀ ਜਾਣ-ਪਛਾਣ ਦੀ ਮੁਥਾਜ ਨਹੀਂ ਅਤੇ ਦੁਨੀਆ ਵਿਚ ਆਪਣੀ ਮਿਹਨਤ ਸਦਕਾ ਉਸ ਨੇ ਆਪਣੇ-ਆਪ ਨੂੰ ਉਸ ਮੁਕਾਮ 'ਤੇ ਲਿਆ ਖੜ੍ਹਾ ਕੀਤਾ ਹੈ, ਜਿੱਥੇ ਅਜੇ ਤੱਕ ਕੋਈ ਨਹੀਂ ਪਹੁੰਚ ਸਕਿਆ ਹੈ। ਅੱਜ ਅਸੀਂ ਉਸ ਮਹਾਨ ਭਾਰਤੀ ਬੱਲੇਬਾਜ਼ ਵਿਰਾਟ ਕੋਹਲੀ ਦੀ ਗੱਲ ਕਰਨ ਜਾ ਰਹੇ ਹਾਂ, ਜਿਸ ਨੂੰ ਦੁਨੀਆ 'ਰਨ ਮਸ਼ੀਨ' ਅਤੇ 'ਕਿੰਗ ਕੋਹਲੀ' ਦੇ ਨਾਂਅ ਨਾਲ ਜਾਣਦੀ ਹੈ। ਉਂਜ ਤਾਂ ਕਿੰਗ ਕੋਹਲੀ ਬਾਰੇ ਹਰ ਇਨਸਾਨ ਚੰਗੀ ਤਰ੍ਹਾਂ ਜਾਣਦਾ ਹੈ ਪਰ ਪਿੱਛੇ ਜਿਹੇ ਕੋਹਲੀ ਨੇ ਜਿਸ ਮੁਕਾਮ ਨੂੰ ਛੋਹਿਆ ਹੈ, ਉਸ ਬਾਰੇ ਦੱਸਣ ਦੀ ਬਹੁਤ ਵਿਸ਼ੇਸ਼ ਇੱਛਾ ਸੀ।
ਅਜੇ ਤੱਕ ਕ੍ਰਿਕਟ ਦੇ ਭਗਵਾਨ ਕਹੇ ਜਾਣ ਵਾਲੇ ਸਚਿਨ ਤੇਂਦੁਲਕਰ ਨੂੰ ਹੀ ਕ੍ਰਿਕਟ ਦੇ ਸਾਰੇ ਕੀਰਤੀਮਾਨਾਂ ਲਈ ਜਾਣਿਆ ਜਾਂਦਾ ਹੈ ਪਰ ਕਿੰਗ ਕੋਹਲੀ ਨੇ ਇਸ ਸਮੇਂ ਸਚਿਨ ਤੇਂਦੁਲਕਰ ਦੀਆਂ ਪੈੜਾਂ ਨੱਪਦੇ ਹੋਏ ਕ੍ਰਿਕਟ ਦੀ ਦੁਨੀਆ ਵਿਚ ਤਹਿਲਕਾ ਮਚਾਉਂਦੇ ਹੋਏ ਉਨ੍ਹਾਂ ਸਾਰੇ ਕੀਰਤੀਮਾਨਾਂ ਨੂੰ ਆਪਣੇ ਨਾਂਅ ਕਰਨਾ ਸ਼ੁਰੂ ਕਰ ਦਿੱਤਾ ਹੈ। ਅੱਜ ਅਸੀਂ ਸਿਰਫ ਕੋਹਲੀ ਦੇ ਤਾਜੇ ਸਿਰਜੇ ਇਤਿਹਾਸ ਬਾਰੇ ਹੀ ਗੱਲ ਕਰਾਂਗੇ ਜਦੋਂ ਕੋਹਲੀ ਨੇ ਇਸ ਵਿਸ਼ਵ ਕੱਪ ਵਿਚ ਪਾਕਿਸਤਾਨ ਦੇ ਖਿਲਾਫ ਸਭ ਤੋਂ ਤੇਜ਼ 11,000 ਸਕੋਰ ਬਣਾਉਣ ਦਾ ਕਾਰਨਾਮਾ ਕੀਤਾ। 'ਰਨ ਮਸ਼ੀਨ' ਨੇ 16 ਜੂਨ ਨੂੰ ਪਾਕਿਸਤਾਨ ਦੇ ਖਿਲਾਫ ਆਪਣੀ ਇਕ ਦਿਨਾ-ਮੈਚਾਂ ਦੀ 222ਵੀਂ ਪਾਰੀ ਵਿਚ ਇਹ ਕਾਰਨਾਮਾ ਕਰ ਵਿਖਾਇਆ। ਅਜੇ ਤੱਕ ਸਭ ਤੋਂ ਤੇਜ਼ 11,000 ਰਨ ਬਣਾਉਣ ਦਾ ਰਿਕਾਰਡ ਸਚਿਨ ਤੇਂਦੁਲਕਰ ਦੇ ਨਾਂਅ ਸੀ, ਉਸ ਨੇ ਇਹ ਅੰਕੜਾ 276 ਪਾਰੀਆਂ ਵਿਚ ਛੋਹਿਆ ਸੀ। ਇਸ ਗੱਲ ਤੋਂ ਅਸੀਂ ਇਹ ਸਾਫ਼ ਅੰਦਾਜ਼ਾ ਲਗਾ ਸਕਦੇ ਹਾਂ ਕਿ ਕਿੰਗ ਕੋਹਲੀ ਜੋ ਕਿ ਇਸ ਵੇਲੇ ਦੁਨੀਆ ਦਾ ਚੋਟੀ ਦਾ ਬੱਲੇਬਾਜ਼ ਹੈ, ਦੇ ਇਨ੍ਹਾਂ ਕੀਰਤੀਮਾਨਾਂ ਦੇ ਕੋਈ ਨੇੜੇ-ਤੇੜੇ ਵੀ ਨਹੀਂ ਹੈ। ਕੋਹਲੀ ਨੇ ਸਭ ਤੋਂ ਤੇਜ਼ 11,000 ਸਕੋਰ 59.6 ਦੀ ਔਸਤ ਅਤੇ 93.1 ਦੇ ਸਟਰਾਈਕ ਰੇਟ ਨਾਲ ਬਣਾਏ ਹਨ। ਕੋਹਲੀ ਜੋ ਕਿ ਅੰਡਰ 19 ਵਿਸ਼ਵ ਕੱਪ ਜੇਤੂ ਟੀਮ ਦਾ ਕਪਤਾਨ ਵੀ ਰਿਹਾ ਹੈ, ਨੇ ਤੇਜ਼-ਤਰਾਰ ਖੇਡ ਨਾਲ ਇਸ ਸਮੇਂ ਕ੍ਰਿਕਟ ਦੀ ਦੁਨੀਆ 'ਤੇ ਆਪਣਾ ਕਬਜ਼ਾ ਕੀਤਾ ਹੋਇਆ ਹੈ ਤੇ ਇਕ ਵੱਖਰੀ ਥਾਂ 'ਤੇ ਭਾਰਤੀ ਕ੍ਰਿਕਟ ਨੂੰ ਲਿਆ ਕੇ ਖੜ੍ਹਾ ਕਰ ਦਿੱਤਾ ਹੈ। ਅਜੇ ਵਿਸ਼ਵ ਕੱਪ ਚੱਲ ਰਿਹਾ ਹੈ ਅਤੇ ਭਾਰਤੀ ਟੀਮ ਕਪਤਾਨ ਕੋਹਲੀ ਦੀ ਅਗਵਾਈ ਵਿਚ ਬਹੁਤ ਵਧੀਆ ਪ੍ਰਦਰਸ਼ਨ ਕਰ ਰਹੀ ਹੈ।


-ਮੋਬਾ: 94174-79449

ਐੱਫ. ਆਈ. ਐੱਚ. ਹਾਕੀ ਸੀਰੀਜ਼

ਪੁਰਸ਼ ਤੇ ਮਹਿਲਾ ਵਰਗ ਵਿਚ ਉੱਤਮ ਪ੍ਰਦਰਸ਼ਨ

ਖੇਡ ਜਗਤ ਵਿਚ ਕਈ ਉਲਟ-ਫੇਰ ਦੇਖਣ ਨੂੰ ਮਿਲਦੇ ਹਨ। ਜੇ ਭਾਰਤ ਏਸ਼ੀਅਨ ਖੇਡਾਂ ਵਿਚ ਜੇਤੂ ਹੋ ਜਾਂਦਾ ਤਾਂ ਆਪਣੇ-ਆਪ ਹੀ ਉਸ ਨੂੰ ਉਲੰਪਿਕ ਵਿਚ ਦਾਖਲਾ ਮਿਲ ਜਾਣਾ ਸੀ ਪਰ ਕਈ ਵਾਰ ਅਜਿਹਾ ਕੁਝ ਇਸ ਤਰ੍ਹਾਂ ਦਾ ਵਾਪਰ ਜਾਂਦਾ ਹੈ ਕਿ ਜਿਸ 'ਤੇ ਕਿਸੇ ਦਾ ਜ਼ੋਰ ਨਹੀਂ ਹੁੰਦਾ। ਜਾਪਾਨ ਇਨ੍ਹਾਂ ਏਸ਼ੀਅਨ ਖੇਡਾਂ ਵਿਚ ਜੇਤੂ ਰਿਹਾ, ਜੋ ਇਸ ਵਾਰ ਭਾਰਤ ਤੋਂ ਬੁਰੀ ਤਰ੍ਹਾਂ 7-2 ਨਾਲ ਹਾਰਿਆ ਹੈ। ਉਸ ਨੂੰ ਇਸ ਗੱਲ ਦਾ ਸੰਤੋਸ਼ ਮਿਲ ਸਕਦਾ ਹੈ ਕਿ ਉਹ ਘਰੇਲੂ ਦੇਸ਼ ਹੋਣ ਕਰਕੇ ਉਲੰਪਿਕ ਖੇਡਾਂ ਕਰਾਉਣ ਕਰਕੇ ਉਲੰਪਿਕ ਵਿਚ ਭਾਗ ਲੈਣ ਦਾ ਹੱਕਦਾਰ ਹੈ।
ਭਾਰਤ ਨੂੰ ਪੂਰਾ ਸੰਤੋਸ਼ ਉਦੋਂ ਹੀ ਹੋ ਸਕਦਾ ਹੈ ਜਦੋਂ ਉਹ ਉਲੰਪਿਕ ਵਿਚ ਪਹੁੰਚ ਕੇ ਕਿਸੇ ਤਗਮੇ ਦੀ ਪ੍ਰਾਪਤੀ ਵੀ ਕਰੇਗਾ। ਭਾਰਤ ਦਾ ਪੁਰਸ਼ ਹਾਕੀ ਵਿਚ ਬਹੁਤ ਗੌਰਵਮਈ ਇਤਿਹਾਸ ਰਿਹਾ ਹੈ। ਭਾਰਤ ਦਾ ਉਲੰਪਿਕ ਵਿਚ 8 ਸੋਨ ਤਗਮੇ ਪ੍ਰਾਪਤ ਕਰਨ ਦਾ ਰਿਕਾਰਡ ਹੈ। ਕੁਝ ਲੋਕ ਮਾਸਕੋ ਉਲੰਪਿਕ 1980 ਦਾ ਤਗਮਾ ਇਸ ਵਿਚ ਸ਼ਾਮਿਲ ਨਹੀਂ ਕਰਦੇ. ਕਿਉਂਕਿ ਤਕੜੀਆਂ ਟੀਮਾਂ ਜਿਵੇਂ ਜਰਮਨੀ, ਹਾਲੈਂਡ, ਅਰਜਨਟੀਨਾ, ਸਪੇਨ ਆਦਿ ਨੇ ਖੇਡਾਂ ਦਾ ਬਾਈਕਾਟ ਕੀਤਾ ਸੀ ਤੇ ਉਨ੍ਹਾਂ ਨੇ ਇਸ ਵਿਚ ਹਿੱਸਾ ਨਹੀਂ ਸੀ ਲਿਆ, ਪਰ ਪੇਪਰ 'ਤੇ ਤਾਂ ਭਾਰਤ 8 ਵਾਰ ਦਾ ਜੇਤੂ ਹੀ ਅਖਵਾਉਂਦਾ ਹੈ। ਜੇ ਉਸ ਸਮੇਂ ਦਾ ਅੱਜ ਦੇ ਸਮੇਂ ਨਾਲ ਮੁਕਾਬਲਾ ਕਰੀਏ ਤਾਂ ਭਾਰਤੀ ਹਾਕੀ ਵਿਚ ਇਹ ਅਹਿਮ ਗੱਲ ਸਾਡੇ ਸਾਹਮਣੇ ਮਾਣ ਵਾਲੀ ਨਜ਼ਰ ਆਉਂਦੀ ਹੈ ਕਿ ਜਦੋਂ ਭਾਰਤੀ ਹਾਕੀ ਦਾ ਸੰਸਾਰ ਵਿਚ ਬੋਲਬਾਲਾ ਸੀ ਤਾਂ ਉਸ ਸਮੇਂ ਮਹਿਲਾ ਹਾਕੀ ਬਹੁਤ ਪਛੜੇ ਹੋਏ ਰੂਪ ਵਿਚ ਸੀ। ਪਰ ਅਜੋਕੇ ਦੌਰ ਵਿਚ ਆ ਕੇ ਮਹਿਲਾ ਹਾਕੀ ਨੇ ਜੋ ਇਸ ਵਿਚ ਵਿਕਾਸ ਕੀਤਾ ਹੈ, ਉਸ ਦੀ ਦਾਦ ਦੇਣੀ ਬਣਦੀ ਹੈ। ਖਾਸ ਤੌਰ 'ਤੇ ਹਰਿਆਣੇ ਦੇ ਸ਼ਾਹਬਾਦ ਦੀ ਦੇਣ ਭਾਰਤ ਲਈ ਬਹੁਤ ਸਾਰਥਿਕ ਸਾਬਤ ਹੋਈ ਹੈ। ਹੁਣ ਭਾਰਤੀ ਮਹਿਲਾ ਹਾਕੀ ਸੰਸਾਰ ਦੀਆਂ ਤਕੜੀਆਂ ਟੀਮਾਂ ਵਿਚ ਜਾਣੀ ਜਾਂਦੀ ਹੈ। ਉਲੰਪਿਕ ਦੀਆਂ ਖੇਡਾਂ ਜੋ ਅਗਲੇ ਸਾਲ ਜਾਪਾਨ ਦੇ ਸ਼ਹਿਰ ਟੋਕੀਓ ਵਿਚ ਹੋ ਰਹੀਆਂ ਹਨ, ਉਹ ਭਾਰਤ ਲਈ ਦੋਵੇਂ ਵੰਨਗੀਆਂ ਪੁਰਸ਼ ਤੇ ਮਹਿਲਾ ਵਿਚ ਖਾਸ ਹਨ। ਭਾਰਤ ਇਸ ਸਮੇਂ ਉਲੰਪਿਕ ਵਿਚ ਭਾਗ ਲੈਣ ਲਈ ਬੜੀ ਤਾਕਤ ਨਾਲ ਸਫਲਤਾਪੂਰਵਕ ਯਤਨ ਕਰ ਰਿਹਾ ਹੈ ਤੇ ਪੂਰੀ ਉਮੀਦ ਹੈ ਕਿ ਭਾਰਤ ਉਲੰਪਿਕ ਵਿਚ ਦੋਵੇਂ ਰੂਪਾਂ ਵਿਚ ਭਾਗ ਲਵੇਗਾ ਪਰ ਏਨਾ ਹੀ ਕਾਫੀ ਨਹੀਂ। ਦੋਵੇਂ ਵੰਨਗੀਆਂ ਵਿਚ ਯੂਰਪ ਦੀਆਂ ਟੀਮਾਂ ਵਾਂਗ ਆਪਣੀ ਜਿਸਮਾਨੀ ਤਾਕਤ ਵਧਾ ਕੇ ਹਮਲਾਵਰ ਖੇਡ ਦਾ ਪ੍ਰਦਰਸ਼ਨ ਕਰਨਾ ਹੋਵੇਗਾ, ਆਖਰੀ ਪਲਾਂ ਦੇ ਦਬਾਅ ਤੋਂ ਮੁਕਤ ਹੋਣਾ ਹੋਵੇਗਾ।


-274-ਏ.ਐਕਸ., ਮਾਡਲ ਟਾਊਨ ਐਕਸਟੈਨਸ਼ਨ, ਲੁਧਿਆਣਾ। ਮੋਬਾ: 98152-55295






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX