ਤਾਜਾ ਖ਼ਬਰਾਂ


ਬੇਕਾਬੂ ਟੈਂਪੂ ਪਲਟਣ ਨਾਲ ਇਕ ਔਰਤ ਦੀ ਮੌਤ, 4 ਜ਼ਖ਼ਮੀ
. . .  40 minutes ago
ਤਰਨ ਤਾਰਨ/ਝਬਾਲ, 23 ਜਨਵਰੀ (ਹਰਿੰਦਰ ਸਿੰਘ, ਸੁਖਦੇਵ ਸਿੰਘ) -ਘੜਿਆਲਾਂ ਵਿਖੇ ਇਕ ਧਾਰਮਿਕ ਜਗ੍ਹਾ ਤੋਂ ਮੱਥਾ ਟੇਕ ਕੇ ਵਾਪਸ ਅੰਮ੍ਰਿਤਸਰ ਜਾ ਰਿਹਾ ਟੈਂਪੂ ਪਿੰਡ ਛਿਛਰੇਵਾਲ ਦੇ ਨਜ਼ਦੀਕ ਬੇਕਾਬੂ ਹੋ ਕੇ ...
ਅਣਪਛਾਤੇ ਵਿਅਕਤੀਆਂ ਨੇ ਅੰਨ੍ਹੇਵਾਹ ਚਲਾਈਆਂ ਗੋਲੀਆਂ
. . .  46 minutes ago
ਲੁਧਿਆਣਾ ,23 ਜਨਵਰੀ {ਪਰਮਿੰਦਰ ਸਿੰਘ ਅਹੂਜਾ}- ਸਥਾਨਕ ਜਵਾਹਰ ਨਗਰ ਵਿਚ ਅੱਜ ਰਾਤ ਕੁੱਝ ਅਣਪਛਾਤੇ ਵਿਅਕਤੀਆਂ ਵੱਲੋਂ ਅੰਨ੍ਹੇਵਾਹ ਚਲਾਈਆਂ ਗੋਲੀਆਂ ਵਿਚ ਇੱਕ ਨੌਜਵਾਨ ਜ਼ਖ਼ਮੀ ਹੋ ਗਿਆ ...
ਚੇਨਈ ਏਅਰਪੋਰਟ ਤੋਂ 2.75 ਕਿੱਲੋ ਸੋਨਾ ਜ਼ਬਤ
. . .  about 2 hours ago
ਸੋਨੀਆ ਤੇ ਪ੍ਰਿਅੰਕਾ ਵੱਲੋਂ ਸੜਕ ਹਾਦਸੇ 'ਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨਾਲ ਮੁਲਾਕਾਤ
. . .  about 2 hours ago
ਅਮੇਠੀ, 23 ਜਨਵਰੀ - ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਤੇ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਨੇ ਸੋਮਵਾਰ ਰਾਤ ਭਰੇਥਾ ਵਿਖੇ ਸੜਕ ਹਾਦਸੇ 'ਚ ਮਾਰੇ ਗਏ ਕਲਪਨਾਥ ਕਸ਼ਯਪ ਅਤੇ ਮੋਨੂੰ ਯਾਦਵ ਦੇ ਪਰਿਵਾਰਕ ਮੈਂਬਰਾਂ ...
ਜੇ.ਐਨ.ਯੂ ਵਿਦਿਆਰਥੀ ਸੰਘ ਦੀ ਪਟੀਸ਼ਨ 'ਤੇ ਦਿੱਲੀ ਹਾਈਕੋਰਟ 'ਚ ਸੁਣਵਾਈ ਕੱਲ੍ਹ
. . .  about 3 hours ago
ਨਵੀਂ ਦਿੱਲੀ, 23 ਜਨਵਰੀ - ਦਿੱਲੀ ਹਾਈਕੋਰਟ ਵੱਲੋਂ ਕੱਲ੍ਹ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਸੰਘ ਦੁਆਰਾ ਇੰਟਰ ਹੋਸਟਲ ਐਡਮਨਿਸਟ੍ਰੇਸ਼ਨ ਦੇ ਹੋਸਟ ਮੈਨੂਅਲ 'ਚ ਸੋਧ ਕਰਨ ਦੇ ਫ਼ੈਸਲੇ...
ਦਰਦਨਾਕ ਸੜਕ ਹਾਦਸੇ 'ਚ 6 ਮੌਤਾਂ
. . .  about 3 hours ago
ਭੋਪਾਲ, 23 ਜਨਵਰੀ - ਮੱਧ ਪ੍ਰਦੇਸ਼ ਦੇ ਭਿੰਡ ਵਿਖੇ ਨੈਸ਼ਨਲ ਹਾਈਵੇ 'ਤੇ ਹੋਏ ਦਰਦਨਾਕ ਸੜਕ ਹਾਦਸੇ ਵਿਚ 6 ਜਣਿਆਂ ਦੀ ਮੌਤ ਹੋ ਗਈ। ਮਰਨ ਵਾਲਿਆਂ 'ਚ 3 ਔਰਤਾਂ ਤੇ ਇੱਕ ਬੱਚਾ ਸ਼ਾਮਲ...
ਫ਼ਿਲਮੀ ਅਦਾਕਾਰਾ ਨੰਦਿਤਾ ਦਾਸ ਵੀ ਬੋਲੀ ਨਾਗਰਿਕਤਾ ਸੋਧ ਕਾਨੂੰਨ ਦੇ ਖ਼ਿਲਾਫ਼
. . .  about 3 hours ago
ਜੈਪੁਰ, 23 ਜਨਵਰੀ - ਫ਼ਿਲਮੀ ਅਦਾਕਾਰਾ ਨੰਦਿਤਾ ਦਾਸ ਨੇ ਨਾਗਰਿਕਤਾ ਸੋਧ ਕਾਨੂੰਨ ਉੱਪਰ ਬੋਲਦਿਆਂ ਕਿਹਾ ਕਿ ਚਾਰ ਪੀੜੀਆਂ ਤੋਂ ਜੋ ਇੱਥੇ ਰਹਿ ਰਹੇ ਹਨ, ਉਨ੍ਹਾਂ ਨੂੰ ਦੱਸਿਆ ਜਾ ਰਿਹਾ ਹੈ ਕਿ ਇਹ...
ਦੇਸ਼ ਦੇ ਮੱਥੇ 'ਤੇ ਕਲੰਕ ਹੈ ਨਾਗਰਿਕਤਾ ਸੋਧ ਕਾਨੂੰਨ - ਬਰਿੰਦਰ ਢਿੱਲੋਂ
. . .  about 3 hours ago
ਬੰਗਾ, 23 ਜਨਵਰੀ ( ਜਸਬੀਰ ਸਿੰਘ ਨੂਰਪੁਰ ) - ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਨੇ ਖਟਕੜ ਕਲਾਂ ਵਿਖੇ ਪੰਜਾਬ ਯੂਥ ਕਾਂਗਰਸ ਦੀ ਰੈਲੀ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਨਾਗਰਿਕਤਾ ਸੋਧ ਕਾਨੂੰਨ ਦੇਸ਼ ਦੇ ਮੱਥੇ 'ਤੇ ਕਲੰਕ ਹੈ, ਜਿਸ ਦਾ ਯੂਥ...
10 ਸਾਲਾ ਬੱਚੀ ਦੇ ਨਸ਼ੀਲਾ ਟੀਕਾ ਲਗਾ ਕੇ ਸਰੀਰਕ ਸ਼ੋਸ਼ਣ ਕਰਨ ਵਾਲੇ ਨੂੰ 20 ਸਾਲ ਦੀ ਕੈਦ
. . .  about 4 hours ago
ਹੁਸ਼ਿਆਰਪੁਰ, 23 ਜਨਵਰੀ (ਬਲਜਿੰਦਰਪਾਲ ਸਿੰਘ) - ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਨੀਲਮ ਅਰੋੜਾ ਦੀ ਅਦਾਲਤ ਨੇ ਸਕੂਲ ਜਾ ਰਹੀ 10 ਸਾਲਾ ਬੱਚੀ ਨੂੰ ਰਸਤੇ 'ਚ ਰੋਕ ਕੇ ਉਸ ਦੇ ਨਸ਼ੀਲੇ ਪ੍ਰਭਾਵ ਵਾਲਾ ਟੀਕਾ ਲਗਾਉਣ ਤੋਂ ਬਾਅਦ ਉਸ ਦਾ ਸਰੀਰਕ ਸ਼ੋਸ਼ਣ ਕਰਨ ਵਾਲੇ...
ਡੀ.ਐਸ.ਪੀ. ਦਵਿੰਦਰ ਸਿੰਘ ਨੂੰ 15 ਦਿਨ ਦੇ ਐਨ.ਆਈ.ਏ. ਰਿਮਾਂਡ 'ਤੇ ਭੇਜਿਆ ਗਿਆ
. . .  about 4 hours ago
ਜੰਮੂ, 23 ਜਨਵਰੀ - ਡੀ.ਐਸ.ਪੀ. ਦਵਿੰਦਰ ਸਿੰਘ ਤੇ 3 ਹੋਰਾਂ ਨੂੰ ਅੱਜ ਐਨ.ਆਈ.ਏ. ਕੋਰਟ ਜੰਮੂ ਵਿਚ ਪੇਸ਼ ਕੀਤਾ ਗਿਆ। ਡੀ.ਐਸ.ਪੀ. ਦਵਿੰਦਰ ਸਿੰਘ ਨੂੰ ਤਿੰਨ ਅੱਤਵਾਦੀਆਂ ਨਾਲ ਕਾਬੂ ਕੀਤਾ ਗਿਆ ਸੀ। ਉਥੇ ਹੀ, ਡੀ.ਐਸ.ਪੀ. ਦਵਿੰਦਰ ਸਿੰਘ ਤੇ 3 ਹੋਰਾਂ ਨੂੰ...
ਹੋਰ ਖ਼ਬਰਾਂ..

ਬਾਲ ਸੰਸਾਰ

ਬਾਲ ਕਹਾਣੀ-ਮਨੀ ਦਾ ਝੂਠ

ਚੌਥੀ ਜਮਾਤ 'ਚ ਪੜ੍ਹਦਾ ਮਨੀ ਪੜ੍ਹਾਈ 'ਚ ਹੁਸ਼ਿਆਰ ਹੋਣ ਕਾਰਨ ਹਰ ਸਾਲ ਸਾਲਾਨਾ ਪ੍ਰੀਖਿਆ 'ਚ ਫਸਟ ਆਉਂਦਾ ਸੀ। ਹਰ ਰੋਜ਼ ਸਕੂਲ ਨਹਾ ਧੋ ਕੇ ਤੇ ਸਾਫ਼-ਸੁਥਰੀ ਵਰਦੀ ਪਾ ਕੇ ਜਾਂਦਾ ਸੀ। ਸਭਨਾਂ ਅਧਿਆਪਕਾਂ ਤੇ ਮਾਤਾ-ਪਿਤਾ ਦਾ ਲਾਡਲਾ ਬਾਲਕ ਸੀ। ਪਰ ਪਿਛਲੇ ਕੁਝ ਦਿਨਾਂ ਤੋਂ ਜਮਾਤ 'ਚ ਆਪਣੇ ਸਹਿਪਾਠੀਆਂ ਤੋਂ ਟੀ.ਵੀ. 'ਤੇ ਚਲਦੇ ਲੜੀਵਾਰ ਕਾਰਟੂਨ ਛੋਟਾ ਭੀਮ ਸੁਣ ਕੇ ਇਕ ਦਿਨ ਉਸ ਨੇ ਟੀ.ਵੀ. ਕੀ ਦੇਖ ਲਿਆ ਕਿ ਉਹ ਤਾਂ ਕਾਰਟੂਨ ਦੇ ਪਾਤਰਾਂ ਛੋਟਾ ਭੀਮ, ਜੱਗੂ, ਚੁਟਕੀ ਤੇ ਕਾਲੀਆ ਦਾ ਦੀਵਾਨਾ ਹੀ ਹੋ ਗਿਆ। ਹੁਣ ਉਹਦਾ ਸਕੂਲ ਜਾਣ ਤੇ ਪੜ੍ਹਾਈ ਕਰਨ ਨੂੰ ਦਿਲ ਨਾ ਕਰਦਾ। ਘਰ ਵਿਚ ਮਾਤਾ ਪਿਤਾ ਦਾ ਕਹਿਣਾ ਨਾ ਮੰਨਦਾ। ਬਸ ਸਾਰਾ ਦਿਨ ਟੀ.ਵੀ. ਮੂਹਰੇ ਹੀ ਬੈਠਾ ਰਹਿੰਦਾ। ਟੀ.ਵੀ. ਨੇ ਉਸ ਦਾ ਦਿਮਾਗ ਅਜਿਹਾ ਖਰਾਬ ਕੀਤਾ ਕਿ ਹੁਣ ਸਕੂਲ ਜਾਣੋ ਵੀ ਕੰਨੀ ਕਤਰਾਉਣ ਲੱਗਾ। ਇੱਕ ਦਿਨ ਪੇਟ ਦੁਖਣ ਦਾ ਬਹਾਨਾ ਮਾਰ ਕੇ ਸਾਰਾ ਦਿਨ ਘਰੇ ਬੈਠਾ ਟੀ.ਵੀ. ਦੇਖਦਾ ਖੁਸ਼ ਹੁੰਦਾ ਰਿਹਾ। ਅਧਿਆਪਕ ਤੇ ਮਾਤਾ ਪਿਤਾ ਉਸ ਦੇ ਠੀਕ ਨਾ ਹੋਣ ਦਾ ਵਿਸ਼ਵਾਸ਼ ਕਰ ਬੈਠੇ। ਸਤਵੇਂ ਦਿਨ ਫਿਰ ਜਦ ਉਸ ਨੇ ਪੇਟ ਦੁਖਣ ਦਾ ਬਹਾਨਾ ਮਾਰਿਆ ਤਾਂ ਮਾਂ ਦਾ ਦਿਲ ਭਰ ਆਇਆ। ਉਸ ਨੇ ਮਜ਼ਦੂਰੀ ਕਰਕੇ ਭੁੱਖਣ ਭਾਣੇ ਇੱਕਠੇ ਕੀਤੇ 800 ਰੁਪਏ ਪਤੀ ਦੇ ਹੱਥ ਧਰ ਸ਼ਹਿਰੋਂ ਵਧੀਆ ਡਾਕਟਰ ਕੋੋੋਲੋਂ ਦਵਾਈ ਲਿਆਉਣ ਨੂੰ ਕਿਹਾ। ਦੁਖੀ ਪਤੀ ਵਿਚਾਰਾ ਪੁੱਤਰ ਨੂੰ ਸਾਈਕਲ 'ਤੇ ਬਿਠਾ ਸ਼ਹਿਰ ਡਾਕਟਰ ਕੋਲ ਜਾ ਪੁੱਜਾ। ਗੱਲਬਾਤਾਂ ਤੇ ਚੈੱਕ ਅੱਪ ਕਰਨ 'ਤੇ ਵੀ ਡਾਕਟਰ ਨੂੰ ਬਿਮਾਰੀ ਦੇ ਲੱਛਣ ਨਾ ਦਿਸੇ। ਇਸ ਤਰ੍ਹਾਂ ਮਨੀ ਦੀ ਬੀਮਾਰੀ ਦਾ ਡਾਕਟਰ ਨੂੰ ਕੁੱਲ 1700 ਰੁਪਈਆ ਦੇ ਕੇ ਪਿਤਾ ਦੀ ਜੇਬ ਖਾਲੀ ਹੋ ਗਈ । ਉਸ ਕੋਲ ਘਰ ਸਬਜ਼ੀ ਤੇ ਆਟਾ ਲਿਜਾਣ ਲਈ ਪੈਸੇ ਨਾ ਬਚੇ। ਪਿਤਾ ਵਿਚਾਰਾ ਸਾਈਕਲ ਤੋਰੀ ਦੁਖੀ ਮਨ ਨਾਲ ਬਜ਼ਾਰ ਵਿਚੋਂ ਲੰਘ ਰਿਹਾ ਸੀ। ਪਿਤਾ ਜੀ ਨੂੰ ਬਸਤਾ ਲੈਣ ਲਈ ਕਿਹਾ। ਦੁਖੀ ਤੇ ਪ੍ਰੇਸ਼ਾਨ ਪਿਤਾ ਨੇ ਕਿਹਾ 'ਪੁੱਤ ਮੇਰੇ ਤਾਂ ਸਾਰੇ ਪੈਸੇ ਵੀ ਤੇਰੀ ਬਿਮਾਰੀ 'ਤੇ ਲੱਗ ਗਏ ਪਰ ਬਿਮਾਰੀ ਦਾ ਫਿਰ ਵੀ ਪਤਾ ਨੀ ਲੱਗਾ।' ਪਿਤਾ ਦਾ ਦਰਦ ਭਰਿਆ ਤਰਲਾ ਸੁਣ ਕੇ ਮਨੀ ਦੀਆਂ ਅੱਖਾਂ 'ਚੋਂ ਗਲੇਡੂ ਡਿੱਗਣ ਲੱਗੇ। ਮਨ ਹੀ ਮਨ ਬਹੁਤ ਪਛਤਾਉਣ ਲੱਗਾ। ਸਾਈਕਲ ਪਿਛੇ ਬੈਠਾ ਸਾਰੀ ਵਾਟ ਰੋਂਦਾ ਹੀ ਘਰ ਪੁੱਜਿਆ। ਘਰ ਪੁੱਜ ਕੇ ਮਾਤਾ ਪਿਤਾ ਦੇ ਪੈਰੀਂ ਡਿਗਦਿਆਂ ਆਪਣਾ ਸਾਰਾ ਝੂਠ ਬਿਆਨ ਕਰ ਦਿੱਤਾ ਅਤੇ ਅੱਗੇ ਤੋਂ ਜ਼ਿੰਦਗੀ ਭਰ ਕਦੀ ਝੂਠ ਨਾ ਬੋਲਣ ਦੀਆਂ ਕਸਮਾਂ ਖਾਣ ਲੱਗਾ। ਪਿਤਾ ਨੇ ਵੀ ਗ਼ਲਤੀ ਮਾਫ ਕਰਦਿਆਂ ਉਸ ਨੂੰ ਗਲੇ ਲਗਾ ਲਿਆ। ਮਨੀ ਹੁਣ ਫਿਰ ਪਹਿਲਾਂ ਵਾਂਗ ਸਕੂਲ ਜਾਣ ਲੱਗ ਪਿਆ।

ਸਿੱਖਿਆ ਬੱਚਿਓ ਮਾਤਾ ਪਿਤਾ ਅੱਗੇ ਕਦੀ ਵੀ ਝੂਠ ਨਾ ਬੋੋਲੋ
-ਨਕੋਦਰ
ਮੋਬਾਈਲ : 99148-33670.


ਖ਼ਬਰ ਸ਼ੇਅਰ ਕਰੋ

ਸੰਸਾਰ ਵਿਚ ਸਭ ਤੋਂ ਵੱਧ ਇਸਤੇਮਾਲ ਹੋਣ ਵਾਲੀ ਹੱਥ ਲਿਖਤ ਪ੍ਰਣਾਲੀ : ਸ਼ਾਰਟਹੈਂਡ

ਬੱਚਿਓ! ਜਿੰਨਾ ਤੇਜ਼ ਅਸੀਂ ਬੋਲਦੇ ਹਾਂ, ਓਨਾ ਤੇਜ਼ ਲਿਖਣਾ ਬਹੁਤ ਮੁਸ਼ਕਿਲ ਹੈ, ਪਰ ਕਈ ਵਾਰੀ ਰਿਕਾਰਡ ਰੱਖਣ ਲਈ ਜਿਵੇਂ ਕੋਈ ਬੋਲਦਾ ਹੈ, ਉਸ ਨੂੰ ਲਿਖਣਾ ਜ਼ਰੂਰੀ ਹੋ ਜਾਂਦਾ ਹੈ। ਇਸ ਤਰ੍ਹਾਂ ਇੰਨੀ ਤੇਜ਼ੀ ਨਾਲ ਲਿਖਣ ਦਾ ਇਕ ਤਰੀਕਾ ਸ਼ਾਰਟਹੈਂਡ ਹੈ।
ਬੱਚਿਓ, ਸ਼ਾਰਟਹੈਂਡ ਅਜਿਹੇ ਚਿੰਨ੍ਹਾਂ ਦੁਆਰਾ ਲਿਖਣ ਨੂੰ ਆਖਦੇ ਹਨ, ਜੋ ਬਹੁਤ ਤੇਜ਼ ਗਤੀ ਨਾਲ ਉਲੀਕੇ ਜਾਂਦੇ ਹਨ। ਇਹ ਚਿੰਨ੍ਹ ਸ਼ਬਦਾਂ ਵਰਗੇ ਨਹੀਂ ਹੁੰਦੇ। ਇਨ੍ਹਾਂ ਚਿੰਨ੍ਹਾਂ ਨੂੰ ਸਿਰਫ ਅਜਿਹਾ ਵਿਅਕਤੀ ਹੀ ਪੜ੍ਹ ਸਕਦਾ ਹੈ, ਜੋ ਸ਼ਾਰਟਹੈਂਡ ਪ੍ਰਣਾਲੀ ਦੀ ਜਾਣਕਾਰੀ ਰੱਖਦਾ ਹੋਵੇ। ਇਸ ਪ੍ਰਣਾਲੀ ਨੂੰ ਸਟੈਨੋਗ੍ਰਾਫੀ ਵੀ ਆਖਿਆ ਜਾਂਦਾ ਹੈ। ਆਮ ਤੌਰ 'ਤੇ ਇਹ ਮੰਨਿਆ ਜਾਂਦਾ ਹੈ ਕਿ ਸ਼ਾਰਟਹੈਂਡ ਪ੍ਰਣਾਲੀ ਇਕ ਨਵੀਂ ਖੋਜ ਹੈ, ਪਰ ਅਜਿਹਾ ਨਹੀਂ ਹੈ। ਇਹ ਪ੍ਰਣਾਲੀ ਦੋ ਹਜ਼ਾਰ ਸਾਲ ਤੋਂ ਵੀ ਵੱਧ ਪੁਰਾਣੀ ਹੈ। ਪੁਰਾਤਨ ਰੋਮ ਵਿਚ ਸਿਸਰੋ ਅਤੇ ਸੇਨੇਕਾ ਵਰਗੇ ਬੁਲਾਰੇ ਰੋਮਨ ਸੰਸਦ ਵਿਚ ਲੰਬੀਆਂ-ਲੰਬੀਆਂ ਤਕਰੀਰਾਂ ਅਤੇ ਭਾਸ਼ਣ ਦਿੰਦੇ ਸਨ। 63 ਈਸਾ ਪੂਰਬ ਵਿਚ ਤੀਰੋ ਨਾਮਕ ਇਕ ਵਿਅਕਤੀ ਨੇ ਇਨ੍ਹਾਂ ਭਾਸ਼ਾਵਾਂ ਨੂੰ ਲਿਖਤੀ ਰੂਪ ਦੇਣ ਲਈ ਸ਼ਾਰਟਹੈਂਡ ਪ੍ਰਣਾਲੀ ਦੀ ਖੋਜ ਕੀਤੀ। ਰੋਮ ਨੇ ਉਨ੍ਹਾਂ ਦੀ ਇਸ ਪ੍ਰਣਾਲੀ ਨੂੰ ਏਨਾ ਪਸੰਦ ਕੀਤਾ ਕਿ ਇਸ ਪ੍ਰਣਾਲੀ ਨੂੰ ਸਿੱਖਿਆ ਦਾ ਇਕ ਵਿਸ਼ਾ ਬਣਾ ਕੇ ਰੋਮਨ ਸਕੂਲਾਂ ਵਿਚ ਲਗਾਇਆ ਗਿਆ। ਇਸ ਪ੍ਰਣਾਲੀ ਦੀ ਸਿਖਲਾਈ ਰਾਜਿਆਂ-ਮਹਾਰਾਜਿਆਂ ਨੇ ਵੀ ਪ੍ਰਾਪਤ ਕੀਤੀ। ਇਹ ਪ੍ਰਣਾਲੀ ਸੈਂਕੜੇ ਸਾਲ ਫੈਸ਼ਨ ਵਿਚ ਰਹੀ। ਆਧੁਨਿਕ ਸ਼ਾਰਟਹੈਂਡ ਦਾ ਜਨਮ ਰਾਣੀ ਐਲਿਜ਼ਾਬੈਥ ਦੇ ਰਾਜ ਦੇ ਦੌਰਾਨ ਇੰਗਲੈਂਡ ਵਿਚ ਹੋਇਆ। ਇਸ ਪ੍ਰਣਾਲੀ ਵਿਚ ਹਰ ਚਿੰਨ੍ਹ ਨੂੰ ਚਾਰ ਵੱਖ-ਵੱਖ ਦਿਸ਼ਾਵਾਂ ਵਿਚ ਟੇਢਾ ਲਿਖਿਆ ਜਾਂਦਾ ਹੈ। 1837 ਵਿਚ ਇੰਗਲੈਂਡ ਦੇ ਹੀ ਇਜਾਕ ਪਿਟਮੈਨ ਨੇ ਆਵਾਜ਼ ਦੇ ਆਧਾਰਿਤ ਸ਼ਾਰਟਹੈਂਡ ਪ੍ਰਣਾਲੀ ਦਾ ਨਿਰਮਾਣ ਕੀਤਾ। ਇਸ ਪ੍ਰਣਾਲੀ ਵਿਚ ਸਾਰੇ ਸ਼ਬਦ ਜਿਵੇਂ ਬੋਲੇ ਜਾਂਦੇ ਹਨ ਦੇ ਆਧਾਰਿਤ ਸ਼ਾਰਟਹੈਂਡ ਵਿਚ ਇਸਤੇਮਾਲ ਹੁੰਦੇ ਹਨ ਨਾ ਕਿ ਜਿਵੇਂ ਉਹ ਲਿਖੇ ਜਾਂਦੇ ਹਨ। ਇਸ ਵਿਚ 24 ਕੌਨਸੋਨੈਂਟ ( a, e , }, o, u ਜੋ ਕਿ ਵਾੱਵਲ ਹਨ ਨੂੰ ਛੱਡ ਬਾਕੀ ਸ਼ਬਦ) ਦੇ 26 ਚਿੰਨ੍ਹ ਹੁੰਦੇ ਹਨ ਅਤੇ ਵਾੱਵਲ ਲਈ ਵਰਤੇ ਜਾਂਦੇ ਹਨ। 1888 ਈਸਵੀ ਵਿਚ ਗ੍ਰੈਗ ਨਾਂਅ ਦੇ ਇਕ ਅੰਗਰੇਜ਼ ਨੇ ਨਵੀਂ ਸ਼ਾਰਟਹੈਂਡ ਪ੍ਰਣਾਲੀ ਦੀ ਸ਼ੁਰੂਆਤ ਕੀਤੀ। ਵਿਸ਼ਵ ਭਰ ਵਿਚ ਅੱਜ ਇਹ ਪ੍ਰਣਾਲੀ ਸਭ ਤੋਂ ਵੱਧ ਇਸਤੇਮਾਲ ਹੋ ਰਹੀ ਹੈ।

-ਪਿੰਡ ਤੇ ਡਾਕ: ਖੋਸਾ ਪਾਂਡੋ, (ਮੋਗਾ )-142048.

ਇਕ ਰੌਚਕ ਜਾਣਕਾਰੀ

ਬੱਚਿਓ! 15 ਅਗਸਤ ਨੂੰ ਆਪਾਂ ਆਜ਼ਾਦੀ ਦਿਵਸ ਅਤੇ 26 ਜਨਵਰੀ ਨੂੰ ਗਣਤੰਤਰ ਦਿਵਸ ਬਹੁਤ ਹੀ ਉਤਸ਼ਾਹ ਨਾਲ ਮਨਾਉਂਦੇ ਹਾਂ। ਭਾਰਤ ਦਾ ਮੁੱਖ ਸਮਾਗਮ ਦਿੱਲੀ ਵਿਖੇ ਹੁੰਦਾ ਹੈ। ਦੋਵਾਂ ਮੌਕਿਆਂ 'ਤੇ ਭਾਰਤ ਦਾ ਕੌਮੀ ਝੰਡਾ 'ਤਿਰੰਗਾ' ਲਹਿਰਾਇਆ ਜਾਂਦਾ ਹੈ। ਪਰ ਇਨ੍ਹਾਂ ਵਿਚ ਕੁਝ ਅੰਤਰ ਹੁੰਦਾ ਹੈ, ਜਿਸ ਬਾਰੇ ਤੁਹਾਨੂੰ ਰੌਚਕ ਜਾਣਕਾਰੀ ਦੇ ਰਹੇ ਹਾਂ:
ਪਹਿਲਾ ਅੰਤਰ ਇਹ ਹੈ ਕਿ ਆਜ਼ਾਦੀ ਦਿਵਸ ਸਮੇਂ ਦੇਸ਼ ਦੇ ਪ੍ਰਧਾਨ ਮੰਤਰੀ ਜੋ ਕੇਂਦਰੀ ਸਰਕਾਰ ਦੇ ਮੁਖੀ ਹੁੰਦੇ ਹਨ, ਕੌਮੀ ਝੰਡੇ ਨੂੰ ਲਹਿਰਾਉਂਦੇ ਹਨ, ਜਦੋਂ ਕਿ ਗਣਤੰਤਰ ਦਿਵਸ ਨੂੰ ਭਾਰਤ ਦੇ ਰਾਸ਼ਟਰਪਤੀ ਜੋ ਸੰਵਿਧਾਨ ਮੁਖੀ ਹੁੰਦੇ ਹਨ, ਕੌਮੀ ਝੰਡਾ ਲਹਿਰਾਉਂਦੇ ਹਨ।
ਦੂਸਰਾ ਅੰਤਰ ਇਹ ਹੈ ਕਿ ਆਜ਼ਾਦੀ ਦਿਵਸ ਨੂੰ ਕੌਮੀ ਝੰਡਾ ਥੱਲੇ ਤੋਂ ਰੱਸੀ ਨਾਲ ਖਿੱਚ ਕੇ ਉੱਪਰ ਲੈ ਕੇ ਜਾਇਆ ਜਾਂਦਾ ਹੈ ਤੇ ਫਿਰ ਖੋਲ੍ਹ ਕੇ ਲਹਿਰਾਇਆ ਜਾਂਦਾ ਹੈ, ਜਦੋਂਕਿ ਗਣਤੰਤਰ ਦਿਵਸ ਮੌਕੇ ਝੰਡਾ ਪੋਲ ਦੇ ਉੱਪਰ ਹੀ ਬੰਨ੍ਹਿਆ ਹੁੰਦਾ ਹੈ, ਜਿਸ ਨੂੰ ਖੋਲ੍ਹਿਆ ਜਾਂਦਾ ਹੈ। ਸੰਵਿਧਾਨ ਵਿਚ ਇਸ ਨੂੰ ਝੰਡਾ ਫਹਿਰਾਉਣਾ ਕਿਹਾ ਜਾਂਦਾ ਹੈ।
ਤੀਸਰਾ ਅੰਤਰ ਇਹ ਹੈ ਕਿ ਆਜ਼ਾਦੀ ਦਿਵਸ ਨੂੰ ਕੌਮੀ ਝੰਡਾ ਦਿੱਲੀ ਦੇ ਲਾਲ ਕਿਲ੍ਹੇ ਤੋਂ ਜਦੋਂ ਕਿ ਗਣਤੰਤਰ ਦਿਵਸ ਨੂੰ ਇਹ ਰਾਜ ਪੱਥ ਦਿੱਲੀ ਤੋਂ ਫਹਰਾਇਆ ਜਾਂਦਾ ਹੈ।

-ਨਿਊ ਕੁੰਦਨਪੁਰੀ, ਲੁਧਿਆਣਾ।

ਬਾਲ ਗੀਤ-ਬਸੰਤ

ਆਈ ਬਸੰਤ ਆਈ ਬਸੰਤ,
ਆਈ ਬਸੰਤ ਪਾਲਾ ਉਡੰਤ।
ਨਿੱਘੀ-ਨਿੱਘੀ ਰੁੱਤ ਆ ਗਈ,
ਹਰ ਪਾਸੇ ਹਰਿਆਲੀ ਛਾ ਗਈ।
ਠਰਦੇ ਸੀ ਸਭ ਜੀਵ ਤੇ ਜੰਤ,
ਆਈ ਬਸੰਤ ਆਈ ਬਸੰਤ।
ਪੁੰਗਰ ਪਈ ਹਰ ਡਾਲੀ-ਡਾਲੀ,
ਫੁੱਲਾਂ 'ਤੇ ਵੀ ਆ ਗਈ ਲਾਲੀ।
ਖ਼ੁਸ਼ੀ 'ਚ ਝੂਮਣ ਨਾਰ ਤੇ ਕੰਤ,
ਆਈ ਬਸੰਤ ਆਈ ਬਸੰਤ।
ਫ਼ਸਲਾਂ ਝੂਮਣ ਪੰਛੀ ਗਾਉਂਦੇ,
ਨਵੀਂ ਰੁੱਤ ਦਾ ਜਸ਼ਨ ਮਨਾਉਂਦੇ।
ਵਿਚ ਡੇਰਿਆਂ ਸਾਧੂ ਸੰਤ,
ਆਈ ਬਸੰਤ ਆਈ ਬਸੰਤ।
ਨਵੀਂ ਰੁੱਤ ਅੰਗੜਾਈਆਂ ਲੈਂਦੀ,
ਸੁੱਖ ਸਨੇਹੇ ਸਭ ਨੂੰ ਦੇਂਦੀ
ਸਰਦ ਰੁੱਤ ਦਾ ਹੋਇਆ ਅੰਤ,
ਆਈ ਬਸੰਤ, ਆਈ ਬਸੰਤ,
ਆਈ ਬਸੰਤ, ਪਾਲਾ ਉਡੰਤ।

-ਮਦਨ ਬੰਗੜ
ਪਿੰਡ ਸਿਕੰਦਰਪੁਰ, ਵਾਇਆ ਅਲਾਵਲਪੁਰ, ਜ਼ਿਲ੍ਹਾ ਜਲੰਧਰ।
ਮੋਬਾਈਲ : 95015-75511.

ਬਾਲ ਨਾਵਲ-15-ਨਾਨਕਿਆਂ ਦਾ ਪਿੰਡ

(ਲੜੀ ਜੋੜਨ ਲਈ ਪਿਛਲੇ ਸਨਿਚਰਵਾਰ ਦਾ ਅੰਕ ਦੇਖੋ)
'ਅੱਜ ਅਸੀਂ ਸਾਰੇ ਆ ਰਹੇ ਸਾਂ, ਅੱਜ ਜੀਜਾ ਜੀ ਲੇਟ ਹੋ ਈ ਨਹੀਂ ਸੀ ਸਕਦੇ', ਅਸੀਸ ਨੇ ਹੱਸਦਿਆਂ-ਹੱਸਦਿਆਂ ਕਿਹਾ।
'ਇਹ ਤੇ ਠੀਕ ਐ, ਮੇਰੀ ਛੋਟੀ ਭੈਣ ਤੇ ਉਸ ਦਾ ਪਰਿਵਾਰ ਆਇਆ ਹੋਵੇ ਤਾਂ ਮੈਂ ਲੇਟ ਕਿਸ ਤਰ੍ਹਾਂ ਹੋ ਸਕਦਾਂ?'
ਇਸ ਤਰ੍ਹਾਂ ਹੀ ਸਾਰੇ ਇਕ-ਦੂਜੇ ਨੂੰ ਹਲਕਾ-ਫੁਲਕਾ ਮਜ਼ਾਕ ਕਰ ਕੇ ਹੱਸਦੇ ਰਹੇ।
ਸੁਖਮਨੀ ਨੇ ਘੜੀ ਵੱਲ ਵੇਖਦਿਆਂ ਕਿਹਾ, 'ਮੰਮੀ ਹੁਣ ਸਾਰਿਆਂ ਨੂੰ ਖਾਣਾ ਖਵਾਓ। ਨਾਨਾ ਜੀ-ਨਾਨੀ ਜੀ, ਸਾਨੂੰ ਸਾਰਿਆਂ ਨੂੰ ਉਡੀਕਦੇ ਹੋਣੇ ਨੇ।'
'ਗੱਲ ਤੇ ਸੁਖਮਨੀ ਨੇ ਠੀਕ ਕੀਤੀ ਐ। ਬਾਕੀ ਗੱਪਾਂ ਪਿੰਡ ਜਾ ਕੇ ਮਾਰ ਲਵਾਂਗੇ', ਜਗਮੀਤ ਨੇ ਸੁਖਮਨੀ ਦੀ ਹਾਂ ਵਿਚ ਹਾਂ ਮਿਲਾਈ।
'ਮਾਸੜ ਜੀ, ਮੈਂ ਤੇ ਹਮੇਸ਼ਾ ਠੀਕ ਗੱਲ ਹੀ ਕਰਦੀ ਆਂ ਪਰ ਮੰਮੀ-ਪਾਪਾ ਨੂੰ ਉਹ ਗ਼ਲਤ ਲਗਦੀ ਐ', ਸੁਖਮਨੀ ਆਪਣੇ ਮਾਸੜ ਜੀ ਦੀ ਗੱਲ ਸੁਣ ਕੇ ਥੋੜ੍ਹਾ ਸ਼ੇਖੀ ਵਿਚ ਆ ਗਈ ਲਗਦੀ ਸੀ।
'ਬਹੁਤੀਆਂ ਗੱਲਾਂ ਨਾ ਬਣਾ ਤੇ ਮੇਰੇ ਨਾਲ ਰਸੋਈ ਵਿਚ ਚੱਲ ਕੇ, ਖਾਣਾ ਮੇਜ਼ ਉੱਤੇ ਰਖਾ', ਮੰਮੀ ਨੇ ਉਸ ਨੂੰ ਚੁੱਪ ਕਰਾ ਦਿੱਤਾ।
'ਦੀਦੀ, ਮੈਂ ਤੁਹਾਡੇ ਨਾਲ ਰਸੋਈ ਵਿਚ ਚਲਦੀ ਆਂ', ਕਹਿੰਦਿਆਂ ਅਸੀਸ ਰਸੋਈ ਵੱਲ ਤੁਰ ਪਈ।
ਰਹਿਮਤ ਨੇ ਸਾਰਾ ਖਾਣਾ ਪਹਿਲਾਂ ਹੀ ਤਿਆਰ ਕੀਤਾ ਹੋਇਆ ਸੀ। ਅਸੀਸ ਨੇ ਸਾਰਾ ਕੁਝ ਮੇਜ਼ 'ਤੇ ਰੱਖਿਆ। ਸਾਰੇ ਗੱਲਾਂ-ਬਾਤਾਂ ਕਰਦੇ ਹੋਏ ਰਲ ਕੇ ਖਾਣਾ ਖਾਣ ਲੱਗੇ। ਚਾਰੇ ਬੱਚੇ ਖਾਣਾ ਲੈ ਕੇ ਵੱਖਰੇ ਬੈਠ ਗਏ।
ਬੱਚਿਆਂ ਦਾ ਧਿਆਨ ਖਾਣੇ ਵਲ ਘੱਟ ਅਤੇ ਘੜੀ ਵੱਲ ਜ਼ਿਆਦਾ ਸੀ। ਉਹ ਚਾਹੁੰਦੇ ਸਨ ਕਿ ਸਾਰੇ ਗੱਲਾਂ-ਬਾਤਾਂ ਬੰਦ ਕਰਕੇ ਜਲਦੀ-ਜਲਦੀ ਰੋਟੀ ਖਾਣ। ਉਹ ਸਮਝ ਰਹੇ ਸਨ ਕਿ ਵੱਡੇ ਗੱਲਾਂ-ਬਾਤਾਂ ਵਿਚ ਸਾਡਾ ਵਕਤ ਖ਼ਰਾਬ ਕਰ ਰਹੇ ਨੇ। ਗੱਲਾਂ ਤਾਂ ਪਿੰਡ ਜਾ ਕੇ ਵੀ ਹੋ ਸਕਦੀਆਂ ਨੇ। ਉਹ ਉੱਡ ਕੇ ਪਿੰਡ ਪਹੁੰਚਣਾ ਚਾਹੁੰਦੇ ਸਨ।
ਬੱਚਿਆਂ ਨੇ ਖਾਣਾ ਖਾ ਕੇ ਜੂਠੇ ਭਾਂਡੇ ਰਸੋਈ ਵਿਚ ਰੱਖ ਦਿੱਤੇ। ਵੱਡੇ ਅਜੇ ਵੀ ਮਜ਼ੇ ਨਾਲ ਗੱਪਾਂ ਮਾਰ ਰਹੇ ਸਨ ਅਤੇ ਹੌਲੀ-ਹੌਲੀ ਖਾਣਾ ਖਾ ਰਹੇ ਸਨ। ਸੁਖਮਨੀ ਸਾਰੇ ਬੱਚਿਆਂ ਨੂੰ ਆਪਣੇ ਕਮਰੇ ਵਿਚ ਲੈ ਗਈ। ਕਮਰੇ ਵਿਚ ਸੁਖਮਨੀ ਅਤੇ ਨਵਰਾਜ ਦਾ ਪਿੰਡ ਲਿਜਾਣ ਵਾਲਾ ਸਾਰਾ ਸਾਮਾਨ ਪੈਕ ਹੋਇਆ ਪਿਆ ਸੀ। ਸਾਰਿਆਂ ਨੇ ਉਸ ਨੂੰ ਚੁੱਕ ਕੇ ਬਾਹਰਲੇ ਦਰਵਾਜ਼ੇ ਕੋਲ ਲੈ ਆਂਦਾ।
'ਬਹੁਤੀ ਕਾਹਲੀ ਨਾ ਕਰੋ ਬੱਚਿਓ। ਅਸੀਂ ਖਾਣਾ ਖਾ ਲਈਏ। ਉਸ ਤੋਂ ਬਾਅਦ ਜਿੰਨੀ ਦੇਰ ਵਿਚ ਚਾਹ ਬਣਨੀ ਐ, ਓਨੀ ਦੇਰ ਵਿਚ ਅਸੀਂ ਸਾਰਾ ਸਾਮਾਨ ਕਾਰ ਵਿਚ ਰੱਖ ਦੇਣੈ', ਇੰਦਰਪ੍ਰੀਤ ਨੇ ਕਿਹਾ।
'ਤੁਸੀਂ ਅਜੇ ਚਾਹ ਵੀ ਪੀਣੀ ਐ?' ਸੁਖਮਨੀ ਅਤੇ ਜੀਤੀ ਇਕੱਠੀਆਂ ਬੋਲ ਪਈਆਂ।
'ਬੇਟਾ, ਖਾਣੇ ਤੋਂ ਬਾਅਦ ਚਾਹ ਪੀ ਕੇ ਹੀ ਕਾਰ ਚਲਾਉਣੀ ਚਾਹੀਦੀ ਹੈ ਨਾ।'
'ਚਾਹ ਪਿੰਡ ਜਾ ਕੇ ਪੀ ਲੈਣੀ। ਇਕ ਘੰਟੇ ਦਾ ਤੇ ਸਾਰਾ ਰਸਤਾ ਏ', ਸੁਖਮਨੀ ਨੂੰ ਕਾਹਲੀਆਂ ਪਈਆਂ ਹੋਈਆਂ ਸਨ।
'ਜੇ ਚਾਹ ਨਾ ਪੀਤੀ ਅਤੇ ਕਾਰ ਚਲਾਉਂਦਿਆਂ ਨੀਂਦਰ ਆ ਗਈ, ਫੇਰ ਕੀ ਕਰਾਂਗੇ?' ਇੰਦਰਪ੍ਰੀਤ ਵੀ ਅੱਜ ਸ਼ਰਾਰਤ ਦੇ ਮੂਡ ਵਿਚ ਸੀ।
ਸੁਖਮਨੀ ਕੋਲ ਹੁਣ ਕੋਈ ਜਵਾਬ ਨਹੀਂ ਸੀ। ਉਸ ਨੂੰ ਪਤਾ ਸੀ ਕਿ ਹੋਰ ਕੋਈ ਵੀ ਕਾਰ ਨਹੀਂ ਚਲਾ ਸਕਦਾ। ਇਸ ਲਈ ਉਸ ਨੇ ਹਥਿਆਰ ਸੁੱਟਦਿਆਂ ਐਨਾ ਹੀ ਕਿਹਾ, 'ਜੋ ਕਰਨੈ ਜਲਦੀ ਕਰੋ, ਪਾਪਾ।'
ਰਹਿਮਤ ਨੇ ਉੱਠਦਿਆਂ ਇੰਦਰਪ੍ਰੀਤ ਨੂੰ ਕਿਹਾ, 'ਐਵੇਂ ਬੱਚਿਆਂ ਨੂੰ ਤੰਗ ਨਾ ਕਰੋ', ਤੇ ਆਪ ਉਸ ਨੇ ਗੈਸ ਉੱਪਰ ਚਾਹ ਰੱਖ ਦਿੱਤੀ।
'ਚਲੋ ਬਈ ਚਲੋ, ਸਾਰੇ ਜਲਦੀ ਕਰੋ। ਅਸੀਂ ਰੋਟੀ ਖਾ ਲਈ ਐ। ਹੁਣ ਜਲਦੀ-ਜਲਦੀ ਕਾਰ ਵਿਚ ਸਾਮਾਨ ਰੱਖੀਏ। ਸਾਡੇ ਬੱਚੇ ਨਾਨਕਿਆਂ ਦੇ ਪਿੰਡ ਜਾਣ ਨੂੰ ਲੇਟ ਹੋ ਰਹੇ ਹਨ', ਇੰਦਰਪ੍ਰੀਤ, ਬੱਚਿਆਂ ਨਾਲ ਪੂਰੀ ਛੇੜਖਾਨੀ ਕਰ ਰਿਹਾ ਸੀ।
ਬੱਚਿਆਂ ਨੇ ਪਾਪਾ ਅਤੇ ਮਾਸੜ ਜੀ ਨਾਲ ਰਲ ਕੇ ਕਾਰ ਵਿਚ ਸਾਮਾਨ ਰੱਖ ਦਿੱਤਾ। ਬਹੁਤਾ ਸਾਮਾਨ ਤੇ ਬੱਚਿਆਂ ਦਾ ਹੀ ਸੀ, ਜਿਨ੍ਹਾਂ ਨੇ ਜ਼ਿਆਦਾ ਦੇਰ ਪਿੰਡ ਰਹਿਣਾ ਸੀ। ਮੰਮੀ-ਪਾਪਾ ਦਾ ਤੇ ਇਕ-ਇਕ ਛੋਟਾ ਬੈਗ ਹੀ ਸੀ।
(ਬਾਕੀ ਅਗਲੇ ਸਨਿਚਰਵਾਰ ਦੇ ਅੰਕ 'ਚ)

-404, ਗ੍ਰੀਨ ਐਵੇਨਿਊ, ਅੰਮ੍ਰਿਤਸਰ-143001
ਮੋਬਾਈਲ : 98889-24664

ਬਾਲ ਸਾਹਿਤ-ਬਾਲ ਪੁਸਤਕਾਂ ਦੁਆਰਾ ਜੀਵਨ-ਮੁੱਲਾਂ ਦੀ ਸੋਝੀ

ਪੰਜਾਬੀ ਬਾਲ ਸਾਹਿਤ ਦੇ ਖੇਤਰ ਵਿਚ ਹੁਣੇ ਹੁਣੇ ਛਪ ਕੇ ਆਈਆਂ ਕਈ ਨਵੀਆਂ ਪੁਸਤਕਾਂ ਮੇਰੇ ਸਾਹਮਣੇ ਹਨ। ਪਹਿਲੀ ਪੁਸਤਕ ਵੀਨਾ ਸਾਮਾ ਦੁਆਰਾ ਰਚਿਤ ਕਾਵਿ ਸੰਗ੍ਰਹਿ 'ਨਿੱਕੇ ਬਾਲ ਕਰਨ ਕਮਾਲ' ਹੈ ਜਿਸ ਵਿਚ ਤੀਹ ਕਵਿਤਾਵਾਂ ਸ਼ਾਮਿਲ ਹਨ। ਇਨ੍ਹਾਂ ਵਿਚ ਕਵਿੱਤਰੀ ਨੇ ਬਾਲਾਂ ਦੀਆਂ ਮਾਸੂਮ ਭਾਵਨਾਵਾਂ, ਸ਼ਰਾਰਤਾਂ, ਰੁਚੀਆਂ ਅਤੇ ਤੋਤਲੀਆਂ ਗੱਲਾਂ ਨੂੰ ਢੁੱਕਵਾਂ ਅਤੇ ਸੁੰਦਰ ਕਾਵਿਕ-ਜਾਮਾ ਪਹਿਨਾਉਣ ਦਾ ਉਸਾਰੂ ਯਤਨ ਕੀਤਾ ਹੈ। ਚਿੱਤਰਾਂ ਨਾਲ ਸ਼ਿੰਗਾਰੀ ਅਤੇ ਨਵਰੰਗ ਪਬਲੀਕੇਸ਼ਨਜ਼ ਸਮਾਣਾ ਵਲੋਂ ਛਪੀ ਇਸ ਪੁਸਤਕ ਦੀ ਕੀਮਤ 75 ਰੁਪਏ ਹੈ। ਇਸ ਦੇ ਕੁੱਲ ਪੰਨੇ 40 ਹਨ।
ਦੂਜੀ ਬਾਲ ਪੁਸਤਕ ਧਰਮਿੰਦਰ ਸ਼ਾਹਿਦ ਖੰਨਾ ਰਚਿਤ 'ਬਾਲ ਪਿਆਰੇ' ਹੈ ਜਿਸ ਵਿਚ 40 ਕਵਿਤਾਵਾਂ ਅੰਕਿਤ ਹਨ। ਇਨ੍ਹਾਂ ਵਿਚ ਵੰਨ-ਸੁਵੰਨੇ ਜੀਵ-ਜੰਤੂਆਂ, ਬਚਪਨ ਨਾਲ ਸੰਬੰਧਤ ਵਸਤਾਂ, ਰਿਸ਼ਤਿਆਂ-ਨਾਤਿਆਂ ਦਾ ਵਿਸ਼ੇਸ਼ ਉਲੇਖ ਹੈ। 'ਛੋਟਾ ਭੀਮ', 'ਆਟੋ ਵਾਲਾ', 'ਦਾਦਾ ਜੀ', 'ਸੋਨ-ਚਿੜੀ' ਅਤੇ 'ਮਿੱਠੀ ਬੋਲੀ' ਕਵਿਤਾਵਾਂ ਵਿਸ਼ੇਸ਼ ਖਿੱਚ ਰੱਖਦੀਆਂ ਹਨ। ਸੁੰਦਰ ਤੋਲ-ਤੁਕਾਂਤ ਨਾਲ ਸ਼ਿੰਗਾਰੀਆਂ ਇਨ੍ਹਾਂ ਕਵਿਤਾਵਾਂ ਨਾਲ ਢੁਕਵੇਂ ਚਿੱਤਰ ਬਣੇ ਹੋਏ ਹਨ। ਗੋਸਲ ਪ੍ਰਕਾਸ਼ਨ, ਗੋਸਲ (ਲੁਧਿਆਣਾ) ਵਲੋਂ ਛਪੀ ਇਸ ਪੁਸਤਕ ਦੀ ਕੀਮਤ 100 ਰੁਪਏ ਹੈ ਅਤੇ ਪੰਨੇ 48 ਹਨ।
ਹਰਪ੍ਰੀਤ ਕੌਰ ਦੀਆਂ ਦੋ ਕਹਾਣੀ-ਪੁਸਤਕਾਂ ਇਕੋ ਜਿਲਦ ਵਿਚ ਛਪੀਆਂ ਹਨ। ਪਹਿਲੀ ਪੁਸਤਕ 'ਉਡਣ ਪਰੀਆਂ' ਹੈ ਜਿਸ ਵਿਚ ਸ਼ਹਿਦ ਦੀਆਂ ਮੱਖੀਆਂ ਦੇ ਅਨੁਸ਼ਾਸਨ, ਸਮਰਪਣ ਅਤੇ ਮਿਲਵਰਤਣ ਦੀ ਮਿਸਾਲ ਉਜਾਗਰ ਹੁੰਦੀ ਹੈ। ਰਾਣੀ ਮੱਖੀ ਦੇ ਜਨਮ ਦਿਨ ਦੇ ਜਸ਼ਨਾਂ ਵਿਚ ਜਦੋਂ ਭੂੰਡ ਟਿੱਡਿਆਂ ਦੇ ਖੇਡ ਮੈਦਾਨ 'ਤੇ ਹਮਲਾ ਕਰਦੇ ਹਨ ਤਾਂ ਇਸ ਸੰਕਟਮਈ ਸਥਿਤੀ 'ਚ ਸ਼ਹਿਦ ਦੀਆਂ ਮੱਖੀਆਂ ਉਨ੍ਹਾਂ ਦੀ ਮਦਦ ਕਰਦੀਆਂ ਹਨ ਅਤੇ ਏਕਤਾ ਦਾ ਪ੍ਰਮਾਣ ਦਿੰਦੀਆਂ ਹੋਈਆਂ ਜਨਮ ਦਿਨ ਦੇ ਜਸ਼ਨ ਨਾਲ ਮਨਾਉਂਦੀਆਂ ਹਨ। ਇਸ ਦੇ ਕੁੱਲ ਪੰਨੇ 19 ਹਨ।
ਲੇਖਿਕਾ ਦੀ ਦੂਜੀ ਪੁਸਤਕ 'ਜੁਗਤੀ ਭਾਲੂ' ਵਿਚ ਰਾਜਕੁਮਾਰ ਸ਼ੇਰੂ ਆਪਣੀ ਮਾਂ ਸ਼ੇਰਨੀ ਦੇ ਕੁਝ ਸ਼ਿਕਾਰੀਆਂ ਵਲੋਂ ਕੋਹ ਕੋਹ ਕੇ ਮਾਰਨ 'ਤੇ ਉਦਾਸ ਰਹਿਣ ਲਗਦਾ ਅਤੇ ਆਲਸੀ ਹੋਣ ਲੱਗਦਾ ਹੈ ਪਰੰਤੂ ਭਾਲੂ ਆਪਣੇ ਮਿੱਤਰ ਜ਼ਿਰਾਫ਼ ਦੀ ਸਹਾਇਤਾ ਨਾਲ ਜੁਗਤੀ ਦੁਆਰਾ ਉਸ ਦੇ ਵਿਵਹਾਰ ਵਿਚ ਪਰਿਵਰਤਨ ਲੈ ਆਉਂਦਾ ਹੈ ਅਤੇ ਉਹ ਚੁਸਤ-ਫੁਰਤ ਰਹਿਣ ਲੱਗ ਜਾਂਦਾ ਹੈ। ਜਨੌਰਾਂ ਦੀ ਆਪਸੀ ਵਾਰਤਾਲਾਪ ਘਟਨਾ-ਕ੍ਰਮ ਨੂੰ ਮਘਦਾ ਰੱਖਦੀ ਹੈ। ਇਸ ਪੁਸਤਕ ਦੇ ਕੁੱਲ ਪੰਨੇ 29 ਹਨ। ਇਨ੍ਹਾਂ ਦੋਵਾਂ ਪੁਸਤਕਾਂ ਦੇ ਪ੍ਰਕਾਸ਼ਕ ਦਾ ਨਾਂ ਅਤੇ ਮੁੱਲ ਨਹੀਂ ਦਰਸਾਇਆ ਗਿਆ।
ਅਗਲੀ ਪੁਸਤਕ 'ਮਾਂ ਦੀਆਂ ਲੋਰੀਆਂ' ਹਰਬਿੰਦਰਪਾਲ ਸਿੰਘ ਵਲੋਂ ਲਿਖੀ ਹੋਈ ਹੈ ਜਿਸ ਵਿਚ 25 ਕਵਿਤਾਵਾਂ ਸ਼ਾਮਿਲ ਹਨ। ਕਵੀ ਨੇ ਜਿੱਥੇ 'ਮਾਂ-ਬੋਲੀ', 'ਲੋਰੀਆਂ ਸੁਣਾਉਂਦੀ ਮੰਮੀ' ਕਵਿਤਾਵਾਂ ਰਾਹੀਂ ਮਾਂ ਬੋਲੀ ਦਾ ਮਹੱਤਵ ਦਰਸਾਇਆ ਹੈ ਉਥੇ 'ਵਰਖਾ ਰੁੱਤ', 'ਫੁੱਲ, ਰੁੱਖ', 'ਪਾਣੀ ਦੀ ਸੰਭਾਲ' ਆਦਿ ਕਵਿਤਾਵਾਂ ਰਾਹੀਂ ਮਨੁੱਖ ਨੂੰ ਕੁਦਰਤੀ ਵਸੀਲਿਆਂ ਪ੍ਰਤੀ ਆਪਣੇ ਫ਼ਰਜ਼ ਦੀ ਪ੍ਰੇਰਣਾ ਦਿੱਤੀ ਗਈ ਹੈ। ਬਾਕੀ ਕਵਿਤਾਵਾਂ ਵੀ ਆਪਣੀ ਥਾਂ ਠੀਕ ਹਨ। ਚੰਗਾ ਹੁੰਦਾ ਜੇਕਰ ਕਵਿਤਾਵਾਂ ਲਈ ਵਰਤੇ ਗਏ ਫੌਂਟ ਨੂੰ ਕੁਝ ਹੋਰ ਵੱਡਾ ਕੀਤਾ ਜਾਂਦਾ। ਕੁੱਲ ਮਿਲਾ ਕੇ ਪੁਸਤਕ ਪੜ੍ਹਨਯੋਗ ਹੈ। ਇਸ ਦੇ 32 ਪੰਨੇ ਹਨ ਅਤੇ ਕੀਮਤ 60 ਰੁਪਏ ਹੈ। ਇਹ ਪੁਸਤਕ ਚੱਕ ਸਤਾਰਾਂ ਪ੍ਰਕਾਸ਼ਨ ਰਾਜਪੁਰਾ ਵਲੋਂ ਛਾਪੀ ਗਈ ਹੈ।
'ਫੁੱਲਾਂ ਦੀ ਕਵਿਤਾ-2' ਸਤਪਾਲ ਭੀਖੀ ਦੁਆਰਾ ਸੰਪਾਦਿਤ ਕੀਤੀ ਗਈ ਹੈ ਜਿਸ ਵਿਚ ਵੱਖ-ਵੱਖ ਸ਼੍ਰੇਣੀਆਂ ਦੇ ਵਿਦਿਆਰਥੀਆਂ ਦੀਆਂ ਸਵੈ-ਰਚਿਤ ਕਵਿਤਾਵਾਂ ਅਤੇ ਚਿੱਤਰ ਸ਼ਾਮਿਲ ਹਨ। ਇਨ੍ਹਾਂ ਕਵਿਤਾਵਾਂ ਵਿਚ ਬਾਲ-ਲੇਖਕਾਂ ਅਤੇ ਚਿੱਤਰਕਾਰਾਂ ਦੇ ਜਜ਼ਬਿਆਂ ਦਾ ਆਪ ਮੁਹਾਰਾ ਪ੍ਰਗਟਾਵਾ ਸੁੰਦਰ ਢੰਗ ਨਾਲ ਹੋਇਆ ਹੈ। ਇਨ੍ਹਾਂ ਕਵਿਤਾਵਾਂ ਵਿਚ ਸ਼ਹੀਦਾਂ ਪ੍ਰਤੀ ਅਕੀਦਤ ਵੀ ਹੈ ਅਤੇ ਜੀਵ ਜੰਤੂਆਂ ਅਤੇ ਭਿੰਨ ਭਿੰਨ ਦਿਨ ਤਿਉਹਾਰਾਂ ਦਾ ਵਰਣਨ ਵੀ। ਕਿਰਤ, ਮਿਹਨਤ ਅਤੇ ਪਰਉਪਕਾਰ ਦਾ ਮਹੱਤਵ ਵੀ ਇਨ੍ਹਾਂ ਕਵਿਤਾਵਾਂ ਵਿਚ ਦਰਸਾਇਆ ਗਿਆ ਹੈ। ਸੰਗਮ ਪਬਲੀਕੇਸ਼ਨਜ਼ ਸਮਾਣਾ ਵਲੋਂ ਛਾਪੀ ਇਹ ਪੁਸਤਕ ਪੜ੍ਹਨਯੋਗ ਹੈ। ਇਸ ਪੁਸਤਕ ਦੀ ਕੀਮਤ 90 ਰੁਪਏ ਹੈ ਅਤੇ ਕੁਲ ਪੰਨੇ 59 ਹਨ।

-ਦਰਸ਼ਨ ਸਿੰਘ 'ਆਸ਼ਟ' (ਡਾ.)
ਮੋਬਾਈਲ ਨੰਬਰ 9814423703

ਬਾਲ ਗੀਤ-ਮਾਂ ਬੋਲੀ ਦਾ ਸਤਿਕਾਰ

ਗੱਲ ਸੁਣ ਮੇਰੀ ਰਾਜੂ ਯਾਰ
ਮਾਂ ਬੋਲੀ ਦਾ ਕਰੀਏ ਸਤਿਕਾਰ।
ਬੋਲੀ ਸਾਡੀ ਬੜੀ ਅਮੀਰ
ਮਿੱਠੀ ਜਿੱਦਾਂ ਖੰਡ ਦੀ ਖੀਰ
ਸ਼ਬਦਾਂ ਦਾ ਹੈ ਵੱਡਾ ਭੰਡਾਰ
ਮਾਂ-ਬੋਲੀ ਦਾ ਕਰੀਏ ਸਤਿਕਾਰ।
ਆਪਣੇ ਘਰ ਵਿਚ ਹੈ ਇਹ ਰਾਣੀ
ਬੋਲੀਆਂ ਵਿਚੋਂ ਹੈ ਪਟਰਾਣੀ
ਮੰਨਦਾ ਹੈ ਸਾਰਾ ਸੰਸਾਰ
ਮਾਂ-ਬੋਲੀ ਦਾ ਕਰੀਏ ਸਤਿਕਾਰ।
ਮਾਂ ਦੀ ਜੋ ਨਾ ਇੱਜ਼ਤ ਕਰਦੇ,
ਕੀਤੀ ਦਾ ਉਹ ਡੰਨ ਨੇ ਭਰਦੇ
ਆਪ ਉਹ ਹੁੰਦੇ ਨੇ ਖੁਆਰ
ਮਾਂ-ਬੋਲੀ ਦਾ ਕਰੀਏ ਸਤਿਕਾਰ।
ਬੇਸ਼ੱਕ ਹੋਰ ਭਾਸ਼ਾਵਾਂ ਸਿੱਖੀਏ
ਪੰਜਾਬੀ ਇਕ ਨੰਬਰ 'ਤੇ ਰੱਖੀਏ
'ਭਲੂਰੀਆ' ਹੋ ਜਾਊ ਬੇੜਾ ਪਾਰ
ਮਾਂ-ਬੋਲੀ ਦਾ ਕਰੀਏ ਸਤਿਕਾਰ।

-ਜਸਵੀਰ ਸਿੰਘ ਭਲੂਰੀਆ
ਪਿੰਡ ਤੇ ਡਾਕ: ਭਲੂਰ, ਜ਼ਿਲ੍ਹਾ ਮੋਗਾ।
ਮੋਬਾਈਲ : 99159-95505

ਬੀਲ ਗੀਤ-ਪਿਆਰਾ ਟੋਮੀ

ਮੈਂ ਕੌਲੀ ਦੇ ਵਿਚ ਦੁੱਧ ਪਾਵਾਂ,
ਨਿੱਕੇ ਟੋਮੀ ਦੇ ਕੋਲ ਆਵਾਂ।
ਕੋਲ ਬੈਠ ਕੇ ਦੁੱਧ ਪਿਲਾਵਾਂ,
ਰੋਜ਼ ਮੈਂ ਉਸ ਦੀ ਭੁੱਖ ਮਿਟਾਵਾਂ।
ਗੋਦੀ ਚੁੱਕ ਖਿਡਾਉਣ ਮੈਂ ਲੱਗਦੀ,
ਉਸ ਨੂੰ ਲਾਡ ਲਡਾਉਣ ਮੈਂ ਲੱਗਦੀ।
ਨਿੱਕਾ ਟੋਮੀ ਹੋਇਆ ਬਿਮਾਰ,
ਦੁੱਖ ਨਾ ਮੈਥੋਂ ਹੋਇਆ ਸਹਾਰ।
ਪਾਪਾ ਜੀ ਡਾਕਟਰ ਲੈ ਆਏ,
ਉਸ ਨੇ ਆ ਦੋ ਟੀਕੇ ਲਾਏ।
ਪਹਿਲਾਂ ਤਾਂ ਉਹ ਬਹੁਤ ਹੀ ਰੋਇਆ,
ਲਈ ਦਵਾਈ ਠੀਕ ਉਹ ਹੋਇਆ।

-ਕਮਲਜੀਤ ਨੀਲੋਂ
ਨੀਲੋਂ ਕਲਾਂ (ਲੁਧਿਆਣਾ)। ਮੋਬਾ: 94174-68668





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX