ਤਾਜਾ ਖ਼ਬਰਾਂ


ਸੰਘਣੀ ਧੁੰਦ ਕਾਰਨ ਵਾਪਰੇ ਹਾਦਸੇ ਵਿਚ 1 ਮੌਤ, 5 ਜ਼ਖਮੀ
. . .  15 minutes ago
ਮੋਗਾ, 17 ਜਨਵਰੀ - ਮੋਗਾ ਕੋਟਕਪੂਰਾ ਰੋਡ 'ਤੇ ਵਾਪਰੇ ਭਿਆਨਕ ਸੜਕ ਹਾਦਸੇ ਵਿਚ ਇਕ ਮੌਤ ਹੋ ਗਈ ਹੈ ਤੇ 5 ਹੋਰ ਜ਼ਖਮੀ ਹੋਏ ਹਨ। ਜ਼ਖਮੀਆਂ ਨੂੰ ਮੋਗਾ ਦੇ ਸਰਕਾਰੀ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ। ਇਹ ਹਾਦਸਾ ਸੰਘਣੀ ਧੁੰਦ ਕਾਰਨ ਵਾਪਰਿਆ...
ਅੱਜ ਡੇਰਾ ਸਿਰਸਾ ਮੁਖੀ ਨੂੰ ਛਤਰਪਤੀ ਕਤਲ ਮਾਮਲੇ 'ਚ ਹੋਵੇਗੀ ਸਜ਼ਾ
. . .  24 minutes ago
ਜਲੰਧਰ, 17 ਜਨਵਰੀ - ਪੱਤਰਕਾਰ ਰਾਮਚੰਦਰ ਛਤਰਪਤੀ ਦੇ ਕਤਲ ਮਾਮਲੇ 'ਚ ਅੱਜ ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ ਵੱਲੋਂ ਡੇਰਾ ਸਿਰਸਾ ਮੁਖੀ ਰਾਮ ਰਹੀਮ ਸਮੇਤ ਕ੍ਰਿਸ਼ਨ ਲਾਲ, ਨਿਰਮਲ ਸਿੰਘ ਤੇ ਕੁਲਦੀਪ ਸਿੰਘ ਨੂੰ ਸਜ਼ਾ ਸੁਣਾਈ ਜਾਵੇਗੀ। ਇਨ੍ਹਾਂ ਨੂੰ ਇਕੱਠੇ ਵੀਡੀਓ ਕਾਨਫਰੰਸਿੰਗ ਰਾਹੀਂ ਸਜ਼ਾ ਸੁਣਾਈ...
ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 'ਚ ਹੋਇਆ ਵਾਧਾ
. . .  42 minutes ago
ਨਵੀਂ ਦਿੱਲੀ, 17 ਜਨਵਰੀ - ਪੈਟਰੋਲ ਤੇ ਡੀਜਲ ਦੀਆਂ ਕੀਮਤਾਂ 'ਚ ਅੱਜ ਇਕ ਵਾਰ ਫਿਰ ਵਾਧਾ ਦੇਖਣ ਨੂੰ ਮਿਲਿਆ। ਰਾਜਧਾਨੀ ਦਿੱਲੀ 'ਚ ਪੈਟਰੋਲ ਦੀ ਕੀਮਤ 'ਚ 14 ਪੈਸੇ ਪ੍ਰਤੀ ਲੀਟਰ ਵਾਧਾ ਦਰਜ ਕੀਤਾ ਗਿਆ। ਇਸ ਨਾਲ ਪੈਟਰੋਲ ਦੀ ਕੀਮਤ 70.47 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਉੱਥੇ ਹੀ, ਰਾਜਧਾਨੀ...
ਅੱਜ ਦਾ ਵਿਚਾਰ
. . .  55 minutes ago
ਹੈੱਡ ਕਾਂਸਟੇਬਲ ਨੇ ਟ੍ਰੈਫਿਕ ਪੁਲਿਸ ਦੇ ਸਹਾਇਕ ਸਬ ਇੰਸਪੈਕਟਰ ਨੂੰ ਮਾਰੀ ਗੋਲੀ
. . .  1 day ago
ਡੇਰਾਬਸੀ , 16 ਜਨਵਰੀ ( ਸ਼ਾਮ ਸਿੰਘ ਸੰਧੂ)-ਡੇਰਾਬਸੀ ਪੁਲਿਸ ਸਟੇਸ਼ਨ ਵਿਖੇ ਇੱਕ ਹੈੱਡ ਕਾਂਸਟੇਬਲ ਨੇ ਟ੍ਰੈਫਿਕ ਪੁਲਿਸ ਡੇਰਾਬਸੀ ਦੇ ਇੰਚਾਰਜ ਸਹਾਇਕ ਸਬ ਇੰਸਪੈਕਟਰ ਲਖਵਿੰਦਰ ਸਿੰਘ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਹੈ
ਸੀਰੀਆ ਧਮਾਕੇ 'ਚ 30 ਨਾਗਰਿਕਾਂ ਦੀ ਮੌਤ
. . .  1 day ago
ਅਮਿੱਤ ਸ਼ਾਹ ਨੂੰ ਹੋਇਆ ਸਵਾਈਨ ਫਲੂ , ਏਮਜ਼ 'ਚ ਭਰਤੀ
. . .  1 day ago
ਨਵੀਂ ਦਿੱਲੀ ,16 ਜਨਵਰੀ - ਭਰਤੀ ਜਨਤਾ ਪਾਰਟੀ ਦੇ ਪ੍ਰਧਾਨ ਅਮਿੱਤ ਸ਼ਾਹ ਨੂੰ ਸਵਾਈਨ ਫਲੂ ਹੋਣ ਕਰਕੇ ਏਮਜ਼ 'ਚ ਭਰਤੀ ਕੀਤਾ ਗਿਆ ਹੈ।
'ਖੇਲੋ ਇੰਡੀਆ' 'ਚ ਬੁਢਲਾਡਾ ਤਹਿਸੀਲ ਦੀ ਪ੍ਰਦੀਪ ਕੌਰ ਨੇ ਜਿੱਤਿਆ ਕਾਂਸੇ ਦਾ ਮੈਡਲ
. . .  1 day ago
ਬੁਢਲਾਡਾ, 16 ਜਨਵਰੀ (ਸਵਰਨ ਸਿੰਘ ਰਾਹੀ) - ਮਹਾਰਾਸ਼ਟਰ ਦੇ ਪੁਣੇ 'ਚ ਚੱਲ ਰਹੀਆਂ 'ਖੇਲੋ ਇੰਡੀਆ' ਖੇਡਾਂ 'ਚ ਬੁਢਲਾਡਾ ਤਹਿਸੀਲ ਦੇ ਪਿੰਡ ਦੋਦੜਾ ਦੀ ਨਿਸ਼ਾਨੇਬਾਜ਼ ਪ੍ਰਦੀਪ ਕੌਰ ਸਿੱਧੂ ਨੇ 10 ਮੀਟਰ ਏਅਰ ਪਿਸਟਲ (ਮਿਕਸ) ਜੂਨੀਅਰ ਵਰਗ 'ਚ ਕਾਂਸੇ ਦਾ ਮੈਡਲ ਜਿੱਤ ਕੇ ਪਿੰਡ ਅਤੇ ਪੰਜਾਬ ਦਾ ਨਾਂਅ ਰੌਸ਼ਨ ਕੀਤਾ ਹੈ।
ਜਸਟਿਸ ਸੰਜੀਵ ਖੰਨਾ ਅਤੇ ਜਸਟਿਸ ਮਹੇਸ਼ਵਰੀ ਸੁਪਰੀਮ ਕੋਰਟ ਦੇ ਜੱਜ ਨਿਯੁਕਤ
. . .  1 day ago
ਨਵੀਂ ਦਿੱਲੀ, 16 ਜਨਵਰੀ - ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਦਿੱਲੀ ਹਾਈਕੋਰਟ ਦੇ ਚੀਫ਼ ਜਸਟਿਸ ਸੰਜੀਵ ਖੰਨਾ ਅਤੇ ਕਰਨਾਟਕ ਹਾਈਕੋਰਟ ਦੇ ਜੱਜ ਦਿਨੇਸ਼ ਮਹੇਸ਼ਵਰੀ ਨੂੰ ਸੁਪਰੀਮ ਕੋਰਟ ਦਾ...
ਤਾਮਿਲਨਾਡੂ ਦਾ ਡੀ ਗੁਕੇਸ਼ ਬਣਿਆ ਦੁਨੀਆ ਦਾ ਦੂਜਾ ਸਭ ਤੋਂ ਛੋਟੀ ਉਮਰ ਦਾ ਸ਼ਤਰੰਜ ਗ੍ਰੈਂਡਮਾਸਟਰ
. . .  1 day ago
ਚੇਨਈ, 16 ਜਨਵਰੀ - ਤਾਮਿਲਨਾਡੂ ਦਾ ਡੀ ਗੁਕੇਸ਼ ਦੁਨੀਆ ਦਾ ਦੂਜਾ ਸਭ ਤੋਂ ਛੋਟੀ ਉਮਰ ਦਾ ਸ਼ਤਰੰਜ ਗ੍ਰੈਂਡ ਮਾਸਟਰ ਬਣਿਆ ਹੈ। ਇਸ ਮੌਕੇ ਡੀ ਗੁਕੇਸ਼ ਨੇ ਆਪਣੇ ਮਾਤਾ ਪਿਤਾ, ਕੋਚ, ਦੋਸਤਾਂ...
ਹੋਰ ਖ਼ਬਰਾਂ..

ਧਰਮ ਤੇ ਵਿਰਸਾ

ਗੁਰਦੁਆਰਾ ਸ੍ਰੀ ਕੰਧ ਸਾਹਿਬ ਅਤੇ ਡੇਹਰਾ ਸਾਹਿਬ

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ 20 ਵੈਸਾਖ, ਸੰਮਤ 1526 (1469 ਈ:) ਨੂੰ ਪਿਤਾ ਮਹਿਤਾ ਕਾਲੂ ਜੀ (ਕਲਿਆਣ ਦਾਸ) ਤੇ ਮਾਤਾ ਤ੍ਰਿਪਤਾ ਜੀ ਦੀ ਕੁੱਖੋਂ ਰਾਇ ਭੋਇ ਦੀ ਤਲਵੰਡੀ, ਨਨਕਾਣਾ ਸਾਹਿਬ (ਪਾਕਿਸਤਾਨ) ਵਿਖੇ ਹੋਇਆ। ਬਚਪਨ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਆਪਣੀ ਵੱਡੀ ਭੈਣ ਬੇਬੇ ਨਾਨਕੀ ਜੀ ਪਾਸ ਸੁਲਤਾਨਪੁਰ ਲੋਧੀ (ਕਪੂਰਥਲਾ) ਚਲੇ ਗਏ। ਉਥੇ ਗੁਰੂ ਜੀ ਦੇ ਜੀਜਾ ਜੈ ਰਾਮ ਜੀ ਨੇ ਇਨ੍ਹਾਂ ਨੂੰ ਨਵਾਬ ਦੌਲਤ ਖਾਂ ਦੇ ਮੋਦੀਖਾਨੇ ਵਿਖੇ ਕੰਮ 'ਤੇ ਰਖਵਾ ਦਿੱਤਾ। ਲਗਪਗ 18 ਸਾਲ ਦੀ ਉਮਰ ਵਿਚ ਗੁਰੂ ਜੀ ਦੀ ਮੰਗਣੀ ਬਟਾਲਾ ਸ਼ਹਿਰ ਦੇ ਖੱਤਰੀ ਬਾਬਾ ਮੂਲ ਚੰਦ ਪਟਵਾਰੀ ਤੇ ਮਾਤਾ ਚੰਦੋ ਰਾਣੀ ਦੀ ਸਪੁੱਤਰੀ ਬੀਬੀ ਸੁਲੱਖਣੀ ਨਾਲ ਹੋ ਗਈ। ਆਪ ਸਮੇਤ ਬਰਾਤੀਆਂ, ਜਿਨ੍ਹਾਂ ਵਿਚ ਭਾਈ ਬਾਲਾ ਜੀ, ਭਾਈ ਮਰਦਾਨਾ ਜੀ, ਹਾਕਮ ਰਾਏ ਬੁਲਾਰ ਜੀ ਤੇ ਨਵਾਬ ਦੌਲਤ ਖਾਂ ਆਦਿ ਸੱਜਣਾਂ, ਰਿਸ਼ਤੇਦਾਰਾਂ ਅਤੇ ਪਰਿਵਾਰ ਦੇ ਮੈਂਬਰਾਂ ਨਾਲ ਸਜ-ਧਜ ਕੇ ਸੁਲਤਾਨਪੁਰ ਲੋਧੀ ਤੋਂ ਬਾ-ਰਸਤਾ ਕਪੂਰਥਲਾ, ਸੁਭਾਨਪੁਰ, ਬਾਬਾ ਬਕਾਲਾ ਤੋਂ ਹੁੰਦੇ ਹੋਏ ਬਟਾਲਾ ਵਿਖੇ ਪੁੱਜੇ।
ਗੁਰੂ ਜੀ ਦੀ ਬਰਾਤ ਦਾ ਬਟਾਲਾ ਵਿਖੇ ਪੁੱਜਣ 'ਤੇ ਸ਼ਹਿਰ ਦੇ ਪ੍ਰਮੁੱਖ ਤੌਰ 'ਤੇ ਪਤਵੰਤੇ ਸੱਜਣਾਂ ਅਤੇ ਰਿਸ਼ਤੇਦਾਰਾ ਵਲੋਂ (ਜਿਨ੍ਹਾਂ ਵਿਚ ਪ੍ਰਮੁੱਖ ਤੌਰ 'ਤੇ ਚੌਧਰੀ ਅਜਿੱਤਾ ਰੰਧਾਵਾ ਜੀ ਵੀ ਸ਼ਾਮਿਲ ਸਨ) ਬਰਾਤੀਆਂ ਦਾ ਸਵਾਗਤ ਕੀਤਾ ਗਿਆ। ਗੁਰੂ ਜੀ ਦਾ ਵਿਆਹ ਸੰਪੂਰਨ ਹੋਣ ਤੋਂ ਬਾਅਦ ਭਾਰੀ ਬਾਰਿਸ਼ ਹੋਣੀ ਸ਼ੁਰੂ ਹੋ ਗਈ। ਬਾਰਿਸ਼ ਕਾਰਨ ਗੁਰੂ ਜੀ ਅਤੇ ਬਰਾਤੀਆਂ ਨੂੰ ਇਕ ਹਵੇਲੀ ਵਿਚ ਠਹਿਰਾਇਆ ਗਿਆ, ਜਿਥੇ ਇਕ ਪੁਰਾਤਨ ਕੱਚੀ ਕੰਧ ਸੀ, ਜਿਸ ਦੇ ਹੇਠਾਂ ਜਗਤ ਗੁਰੂ, ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕੁਝ ਸਮਾਂ ਨਿਵਾਸ ਕੀਤਾ। ਉਥੇ ਮੌਜੂਦ ਇਕ ਬਜ਼ੁਰਗ ਮਾਤਾ ਨੇ ਗੁਰੂ ਜੀ ਨੂੰ ਕਿਹਾ ਕਿ ਬੱਚਾ, ਇਹ ਕੰਧ ਕੱਚੀ ਹੈ, ਜੋ ਢਹਿਣ ਹੀ ਵਾਲੀ ਹੈ, ਉੱਠ ਕੇ ਜ਼ਰਾ ਪਰੇ ਹੋ ਜਾ। ਬਜ਼ੁਰਗ ਮਾਤਾ ਦੇ ਇਹ ਬੋਲ ਸੁਣ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿ 'ਮਾਤਾ ਭੋਲੀਏ! ਇਹ ਕੰਧ ਜੁਗੋ-ਜੁਗ ਕਾਇਮ ਰਹੇਗੀ ਅਤੇ ਸਾਡੇ ਵਿਆਹ ਦੀ ਯਾਦਗਾਰ ਹੋਵੇਗੀ।' ਅੱਜ ਉਸ ਜਗ੍ਹਾ 'ਤੇ ਗੁਰਦੁਆਰਾ ਸ੍ਰੀ ਕੰਧ ਸਾਹਿਬ ਸੁਭਾਇਮਾਨ ਹੈ ਅਤੇ ਉਹ ਕੱਚੀ ਕੰਧ ਗੁਰਦੁਆਰਾ ਸਾਹਿਬ ਅੰਦਰ ਸ਼ੀਸ਼ੇ ਵਿਚ ਸੁਰੱਖਿਅਤ ਅੱਜ ਵੀ ਮੌਜੂਦ ਹੈ।
ਗੁਰਦੁਆਰਾ ਸ੍ਰੀ ਡੇਹਰਾ ਸਾਹਿਬ
ਇੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ 19 ਫੱਗਣ ਸੰਮਤ 1544 (1487 ਈ:) ਵਿਚ ਹੋਇਆ। ਬਰਾਤ ਦਾ ਉਤਾਰਾ ਪਹਿਲਾਂ ਗੁਰਦੁਆਰਾ ਸ੍ਰੀ ਕੰਧ ਸਾਹਿਬ ਦੇ ਅਸਥਾਨ 'ਤੇ ਕੀਤਾ ਅਤੇ ਵਿਆਹ ਗੁਰੂ ਜੀ ਦੇ ਸਹੁਰਾ-ਘਰ, ਜੋ ਗੁਰਦੁਆਰਾ ਸ੍ਰੀ ਡੇਹਰਾ ਸਾਹਿਬ ਦੇ ਅਸਥਾਨ ਨਾਲ ਪ੍ਰਸਿੱਧ ਹੈ, ਵਿਖੇ ਹੋਇਆ। ਇਹ ਸਥਾਨ ਗੁਰਦੁਆਰਾ ਸ੍ਰੀ ਕੰਧ ਸਾਹਿਬ ਤੋਂ ਕਰੀਬ 100 ਮੀਟਰ ਦੀ ਦੂਰੀ 'ਤੇ ਸਥਿਤ ਹੈ। ਜਿਥੇ ਗੁਰਦੁਆਰਾ ਡੇਹਰਾ ਸਾਹਿਬ ਮੌਜੂਦ ਹੈ। ਇਸ ਸਥਾਨ 'ਤੇ ਸ੍ਰੀ ਮੂਲ ਚੰਦ ਦਾ ਘਰ ਸੀ ਤੇ ਇਸ ਘਰ ਵਿਚ ਉਸ ਸਮੇਂ ਦੀ ਖੂਹੀ ਵੀ ਮੌਜੂਦ ਹੈ। ਜਿਸ ਸਥਾਨ 'ਤੇ ਬਰਾਤ ਦਾ ਉਤਾਰਾ ਕੀਤਾ ਗਿਆ, ਇਹ ਹਵੇਲੀ ਭਾਈ ਜਮੀਤ ਰਾਏ ਬੰਸੀ ਦੀ ਸੀ। ਗੁਰਦੁਆਰਾ ਸ੍ਰੀ ਡੇਹਰਾ ਸਾਹਿਬ ਦੀ ਇਮਾਰਤ ਕੇਵਲ ਡੇਢ ਕਨਾਲ ਵਿਚ ਹੀ ਬਣੀ ਹੋਈ ਹੈ ਤੇ ਇਥੇ ਸੰਗਤਾਂ ਦੀ ਰਿਹਾਇਸ਼ ਲਈ ਕੋਈ ਵੀ ਪ੍ਰਬੰਧ ਨਹੀਂ ਹੈ। ਗੁਰਦੁਆਰਾ ਡੇਹਰਾ ਸਾਹਿਬ ਦੇ ਨਾਂਅ ਸ਼ਹਿਰ ਤੋਂ ਬਾਹਰ ਸਾਢੇ 9 ਏਕੜ ਜ਼ਮੀਨ ਵੀ ਹੈ।
ਗੁਰਦੁਆਰਾ ਕੰਧ ਸਾਹਿਬ
ਮਿਸਲਾਂ (1750-1790 ਈ:) ਤੱਕ ਸ: ਜੱਸਾ ਸਿੰਘ ਰਾਮਗੜੀਆ, ਸ: ਜੈ ਸਿੰਘ ਤੇ ਸ: ਗੁਰਬਖਸ਼ ਸਿੰਘ ਮਿਸਲ ਕਨੱਈਆ ਨੇ ਰਾਜ ਕੀਤਾ। ਸ: ਗੁਰਬਖਸ਼ ਸਿੰਘ ਦੀ ਰਾਣੀ ਅਤੇ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਸੱਸ ਸਦਾ ਕੌਰ ਵੀ ਇਸ ਨਗਰ ਦੀ ਹਾਕਮ ਰਹੀ। ਕਨੱਈਆ ਸਰਦਾਰਾਂ ਦੀਆਂ ਸਮਾਧਾਂ ਅੱਜ ਵੀ ਸ਼ਹਿਰ ਵਿਚ ਮਿਲਦੀਆਂ ਹਨ। ਮਹਾਰਾਜਾ ਰਣਜੀਤ ਸਿੰਘ ਦੇ ਸਪੁੱਤਰ ਮਹਾਰਾਜਾ ਸ਼ੇਰ ਸਿੰਘ ਦੀ ਰਿਹਾਇਸ਼ ਵੀ ਇਸ ਨਗਰ ਵਿਚ ਸੀ। ਅੱਜ ਵੀ ਉਨ੍ਹਾਂ ਦੇ ਮਹਿਲ ਦਾ ਕੁਝ ਹਿੱਸਾ ਬੇਰਿੰਗ ਕਾਲਜ ਵਿਚ ਵੇਖਿਆ ਜਾ ਸਕਦਾ ਹੈ। ਮਹਾਰਾਜਾ ਸ਼ੇਰ ਸਿੰਘ ਨੇ ਆਪਣੇ ਰਾਜਕਾਲ ਦੌਰਾਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਹੁਰਾ ਘਰ ਅਤੇ ਗੁਰਦੁਆਰਾ ਸ੍ਰੀ ਕੰਧ ਸਾਹਿਬ ਨੂੰ ਪੱਕਾ ਗੁਰੂ ਅਸਥਾਨ ਬਣਾਇਆ।
ਗੁਰੂ ਸਾਹਿਬ ਦੇ ਵਿਆਹ ਪੁਰਬ ਨਾਲ ਸਬੰਧਿਤ ਜੋੜ ਮੇਲਾ ਹਰ ਸਾਲ ਭਾਦੋਂ ਸੁਦੀ ਸੱਤਵੀਂ ਨੂੰ ਬਟਾਲਾ ਵਿਖੇ ਸਮੂਹ ਸੰਗਤਾਂ ਵਲੋਂ ਬਹੁਤ ਹੀ ਧੂਮਧਾਮ ਤੇ ਸ਼ਰਧਾ ਨਾਲ ਮਨਾਇਆ ਜਾਂਦਾ ਹੈ।
ਸ਼੍ਰੋਮਣੀ ਕਮੇਟੀ ਦਾ ਪ੍ਰਬੰਧ
ਲਗਪਗ 3 ਕਨਾਲ ਜਗ੍ਹਾ ਵਿਚ ਬਣੇ ਗੁਰਦੁਆਰਾ ਸ੍ਰੀ ਕੰਧ ਸਾਹਿਬ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਪਾਸ ਹੈ। ਕਮੇਟੀ ਵਲੋਂ ਦੋ ਵਿੱਦਿਅਕ ਅਦਾਰੇ ਸ੍ਰੀ ਗੁਰੂ ਨਾਨਕ ਦੇਵ ਅਕੈਡਮੀ ਅਤੇ ਗੁਰੂ ਨਾਨਕ ਕਾਲਜ ਜਲੰਧਰ ਰੋਡ, ਬਟਾਲਾ ਵਿਖੇ ਚਲਾਏ ਜਾ ਰਹੇ ਹਨ। ਗੁਰਮਤਿ ਸਾਹਿਤ ਸੰਗਤਾਂ ਤੱਕ ਪਹੁੰਚਾਉਣ ਲਈ ਗੁਰਮਤਿ ਸਾਹਿਤ ਘਰ ਵੀ ਖੋਲ੍ਹਿਆ ਗਿਆ ਹੈ। ਇਥੇ ਸ਼ਰਧਾਲੂਆਂ ਦੇ ਰਾਤ ਠਹਿਰਣ ਲਈ 5 ਕਮਰੇ ਹਨ।
ਛੇਵੇਂ ਪਾਤਸ਼ਾਹ ਦੀ ਚਰਨ ਛੋਹ ਪ੍ਰਾਪਤ ਧਰਤੀ
ਗੁਰਦੁਆਰਾ ਸਤਿਕਰਤਾਰੀਆਂ ਸਾਹਿਬ ਸ਼ੇਰਾਂ ਵਾਲੇ ਗੇਟ ਦੇ ਬਾਹਰ ਸਬਜ਼ੀ ਮੰਡੀ ਦੇ ਨਜ਼ਦੀਕ ਹੈ। ਇੱਥੇ ਮੀਰੀ-ਪੀਰੀ ਦੇ ਮਾਲਕ, ਛੇਵੇਂ ਪਾਤਸ਼ਾਹ, ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਸੰਮਤ 1681 ਵਿਚ ਆਪਣੇ ਵੱਡੇ ਸਪੁੱਤਰ ਬਾਬਾ ਗੁਰਦਿੱਤਾ ਜੀ ਨੂੰ ਵਿਆਹੁਣ ਲਈ ਆਏ ਸਨ। ਉਦੋਂ ਉਹ ਗੁਰਦੁਆਰਾ ਸ੍ਰੀ ਕੰਧ ਸਾਹਿਬ, ਗੁਰਦੁਆਰਾ ਡੇਹਰਾ ਸਾਹਿਬ ਅਤੇ ਗੁਰਦੁਆਰਾ ਅੱਚਲ ਸਾਹਿਬ (ਜਿਥੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਿੱਧਾਂ ਨਾਲ ਗੋਸ਼ਟਿ ਕੀਤੀ ਸੀ), ਵਿਖੇ ਵੀ ਗਏ ਸਨ।
ਸੰਗਤਾਂ ਦੀ ਮੰਗ ਹੈ ਕਿ ਗੁਰਦੁਆਰਾ ਸਾਹਿਬ ਦੇ ਕੋਲ ਮੋਟਰਸਾਈਕਲ ਅਤੇ ਹੋਰ ਵਾਹਨ ਲਗਾਉਣ ਲਈ ਕੋਈ ਢੁਕਵੀਂ ਤੇ ਖੁੱਲ੍ਹੀ ਜਗ੍ਹਾ ਬਣਾਈ ਜਾਵੇ। ਵਿਆਹ ਪੁਰਬ 'ਤੇ ਲੱਖਾਂ ਦੀ ਗਿਣਤੀ ਵਿਚ ਆਉਣ ਵਾਲੀਆਂ ਸੰਗਤਾਂ ਨੂੰ ਲੰਘਣ ਲਈ ਆਉਂਦੀ ਮੁਸ਼ਕਿਲ ਤੋਂ ਨਿਜ਼ਾਤ ਦਿਵਾਉਣ ਲਈ ਰਸਤਾ ਖੁੱਲ੍ਹਾ ਕੀਤਾ ਜਾਵੇ। ਸ਼ਰਧਾਲੂਆਂ ਲਈ ਰਿਹਾਇਸ਼ ਲਈ ਖੁੱਲ੍ਹੀਆਂ ਸਰਾਵਾਂ ਵੀ ਬਣਾਈਆਂ ਜਾਣ।


ਖ਼ਬਰ ਸ਼ੇਅਰ ਕਰੋ

ਬਿਰਥੀ ਕਦੇ ਨ ਹੋਵਈ ਜਨ ਕੀ ਅਰਦਾਸਿ

ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਯਤਨ ਕਿਵੇਂ ਆਰੰਭ ਹੋਏ?

ਸਿੱਖ ਧਰਮ ਗੁਰੂ ਨਾਨਕ ਦੇਵ ਜੀ ਅਨੁਸਾਰ ਨਿਰਮਲ ਪੰਥ ਹੈ ਜਿਸ ਤੋਂ ਭਾਵ ਇਸ ਵਿਚ ਕੋਈ ਵੀ ਤੰਤਰ, ਮੰਤਰ ਅਤੇ ਜੰਤਰ ਪ੍ਰਭੂ ਦੀ ਬਖਸ਼ਿਸ਼ ਪ੍ਰਾਪਤ ਕਰਨ ਦੇ ਯੋਗ ਨਹੀ, ਇਸ ਲਈ ਇਹ ਸਭ ਕੁਝ ਵਰਜਿਤ ਹਨ। ਵਾਹਿਗੁਰੂ ਅਕਾਲ ਪੁਰਖ, ਪ੍ਰਭੂ ਦਾ ਅੰਤ ਵੀ ਨਹੀਂ ਪਾਇਆ ਜਾ ਸਕਦਾ, ਪਰ ਅਕਾਲ ਪੁਰਖ ਸਰਬ ਸ਼ਕਤੀਮਾਨ ਪਾਸੋਂ ਮਨੋਕਾਮਨਾਵਾਂ, ਸੁਖ ਤੇ ਅਨੰਦ ਵਾਲੀ ਸਥਿਤੀ ਪ੍ਰਾਪਤ ਕਰਨ ਦਾ ਰਾਹ ਗੁਰੂ ਸਾਹਿਬ ਨੇ ਬਿਆਨ ਵੀ ਕੀਤਾ ਹੈ :
ਇਛਾ ਪੂਰਕੁ ਸਰਬ ਸੁਖਦਾਤਾ ਹਰਿ ਜਾ ਕੈ ਵਸਿ ਹੈ ਕਾਮਧੇਨਾ॥
ਸੋ ਐਸਾ ਹਰਿ ਧਿਆਈਐ ਮੇਰੇ ਜੀਅੜੇ
ਤਾ ਸਰਬ ਸੁਖ ਪਾਵਹਿ ਮੇਰੇ ਮਨ॥ (ਅੰਗ 669)
ਅਕਾਲ ਪੁਰਖ ਦਾ ਸਿਮਰਨ, ਚਿੰਤਨ, ਧਿਆਨ, ਸੱਚਾ ਤੇ ਸੁੱਚਾ ਜੀਵਨ, ਗੁਰੂ ਦੇ ਦੱਸੇ ਰਾਹ 'ਤੇ ਚੱਲ ਕੇ ਵਾਹਿਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ। ਮਨ ਬਾਂਛਿਤ ਫਲ ਪ੍ਰਾਪਤ ਕਰਨ ਲਈ ਵੀ ਅਕਾਲ ਪੁਰਖ ਦੀ ਸੇਵਾ ਕਰਨੀ ਚਾਹੀਦੀ ਹੈ। ਰੱਬ ਤਾਂ ਆਪਣੀ ਬਣਾਈ ਹੋਈ ਕੁਦਰਤ ਵਿਚ ਬਿਰਾਜਮਾਨ ਹੈ ਤਾਂ ਫਿਰ ਕੁਦਰਤ ਦੀ ਸੰਭਾਲ ਤੇ ਮਨੁੱਖਤਾ ਦੀ ਸੇਵਾ ਦਾ ਰਾਹ ਗੁਰੂ ਸਾਹਿਬਾਨ ਨੇ ਸੰਸਾਰ ਵਿਚ ਆ ਕੇ ਆਪਣਾ ਜੀਵਨ ਸਫਲ ਕਰਨ ਦਾ ਸਹੀ ਮਾਰਗ ਦੱਸਿਆ ਹੈ। ਸਿਮਰਨ ਤੇ ਸੇਵਾ ਨਾਲ ਗੁਰਮਤਿ ਦਾ ਇਕ ਹੋਰ ਹੁਕਮ ਅਰਦਾਸਿ ਹੈ।
ਜੀਅ ਕੀ ਬਿਰਥਾ ਹੋਇ ਸੁ ਗੁਰ ਪਹਿ ਅਰਦਾਸਿ ਕਰਿ॥ (ਅੰਗ 519)
ਪਰ ਜਦ ਕੋਈ ਗੁਰੂ 'ਤੇ ਵਿਸ਼ਵਾਸ ਕਰਕੇ ਪੱਕੇ ਮਨ ਨਾਲ 'ਦੁਇ ਕਰ ਜੋੜਿ ਕਰਉ ਅਰਦਾਸਿ॥ ਤੁਧੁ ਭਾਵੈ ਤਾ ਆਣਹਿ ਰਾਸਿ॥' ਲਈ ਖੜ੍ਹਾ ਹੋਵੇ ਤੇ 17 ਸਾਲ ਤੋਂ ਵੱਧ ਸਮਾਂ, ਹਰ ਮਹੀਨੇ ਲਗਾਤਾਰ ਇਹ ਅਰਦਾਸ ਕਰਦਾ ਰਹੇ ਅਤੇ ਦੋ ਵਿਰੋਧੀ ਦੇਸ਼, ਇਹ ਅਰਦਾਸ ਨੂੰ ਪੂਰਨ ਕਰਨ ਦਾ ਫ਼ੈਸਲਾ ਕਰਨ ਤਾਂ ਅਰਦਾਸ ਦੀ ਮਹਾਨਤਾ ਆਪਣੇ-ਆਪ ਪ੍ਰਗਟ ਹੋ ਜਾਂਦੀ ਹੈ। ਕਰਤਾਰਪੁਰ ਸਾਹਿਬ ਦੇ ਲਾਂਘੇ ਲਈ ਅਰਦਾਸ ਤੇ ਉਸ ਦੀ ਸਫਲਤਾ ਦੀ ਗਵਾਹੀ ਪਾਕਿਸਤਾਨ ਸਰਕਾਰ ਵਲੋਂ 28 ਨਵੰਬਰ ਨੂੰ ਤੇ ਭਾਰਤ ਵਲੋਂ 26 ਨਵੰਬਰ, 2018 ਨੂੰ ਨੀਂਹ ਪੱਥਰ ਰੱਖਿਆ ਜਾਣਾ ਭਰਦੀ ਹੈ।
ਸੱਚਖੰਡ ਸ੍ਰੀ ਕਰਤਾਰਪੁਰ ਸਾਹਿਬ ਦੀ ਧਰਤੀ ਇਕ ਧਰਮ ਸਥਾਨ ਹੀ ਨਾ ਹੋ ਕੇ, ਗੁਰਮਤਿ ਦਾ ਚਾਨਣ ਮੁਨਾਰਾ ਹੈ। ਗੁਰੂ ਨਾਨਕ ਦੇਵ ਜੀ ਸਭ ਧਰਮਾਂ ਦੇ ਸਾਂਝੇ ਧਾਰਮਿਕ ਰਹਿਬਰ ਹਨ, ਜਿਨ੍ਹਾਂ ਨੂੰ 'ਜਗਤੁ ਗੁਰੂ ਨਾਨਕ ਦੇਉ॥ ਜਾਹਰ ਪੀਰੁ ਜਗਤੁ ਗੁਰੁ ਬਾਬਾ॥ ਵਾਰ 24॥' ਦੇ ਨਾਵਾਂ ਨਾਲ ਯਾਦ ਕੀਤਾ ਜਾਂਦਾ ਹੈ। ਉਨ੍ਹਾਂ ਵਲੋਂ ਹੀ ਜੀਵਨ ਵਿਚ ਧਰਮਾਂ ਤੋਂ ਉੱਤੇ ਉੱਠ ਕੇ ਮਨੁੱਖਤਾ ਨੂੰ ਇਕ ਕਰਨ ਤੇ ਮੰਨਣ ਦੀ ਗੱਲ ਆਰੰਭ ਹੋਈ।
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੋਤੀ ਜੋਤਿ ਸਮਾਉਣ ਸਮੇਂ ਜੋਤਿ ਤਾਂ ਸ੍ਰੀ ਗੁਰੂ ਅੰਗਦ ਦੇਵ ਜੀ ਵਿਚ ਸਮਾ ਗਈ ਤੇ ਸਰੀਰ ਪੰਜ ਤੱਤ ਵਿਚ ਲੀਨ ਹੋ ਗਿਆ। ਧਰਮਾਂ ਦੇ ਨਾਂਅ 'ਤੇ ਵੰਡੇ ਸ਼ਰਧਾਲੂਆਂ ਨੇ ਪ੍ਰਤੱਖ ਰੱਬ, ਜਾਹਰ ਪੀਰ ਤੇ ਜਗਤ ਗੁਰੂ ਦੀ ਚਾਦਰ ਵੰਡ ਕੇ ਮੜ੍ਹੀ ਤੇ ਕਬਰ ਬਣਾ ਦਿੱਤੀ। ਸਮੇਂ ਦੇ ਚੱਕਰ ਨੇ ਇਸ ਥਾਂ ਤੋਂ ਗੁਰੂ ਨਾਨਕ ਦੇਵ ਜੀ ਦੇ ਹਿੰਦੋਸਤਾਨ ਨੂੰ, ਪਾਕਿਸਤਾਨ ਤੇ ਭਾਰਤ ਦੋ ਟੁਕੜਿਆਂ ਵਿਚ ਵੰਡ ਦਿੱਤਾ।
ਅੱਜ ਕਰਤਾਰਪੁਰ ਸਾਹਿਬ ਦੀ ਧਰਤੀ ਫਿਰ ਚਰਚਾ ਵਿਚ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਤੇ ਭਾਰਤ ਦੇ ਉਪ ਰਾਸ਼ਟਰਪਤੀ ਸਿੱਖ ਕੌਮ ਤੇ ਨਾਨਕ ਨਾਮ ਲੇਵਾ ਲਈ, ਸੱਚਖੰਡ ਦੇ ਦਰਸ਼ਨ ਸੌਖੇ ਬਣਾਉਣ ਲਈ ਅੱਗੇ ਵਧੇ ਹਨ। ਕਿਵੇਂ ਸ਼ੁਰੂ ਹੋਈ? ਕਿਨ੍ਹਾਂ ਵਿਅਕਤੀਆਂ ਨੇ ਹਿੱਸਾ ਲਿਆ? ਇਹ ਅਰਦਾਸ ਕਿਵੇਂ ਪੂਰੀ ਹੋਈ?
ਵਿਸਾਖੀ ਅਪ੍ਰੈਲ, 1994 ਈ: ਨੂੰ ਸਿੱਖ ਸ਼ਰਧਾਲੂਆਂ ਦਾ ਜਥਾ ਪਾਕਿਸਤਾਨ ਗੁਰਧਾਮਾਂ ਦੇ ਦਰਸ਼ਨ ਕਰਨ ਗਿਆ ਸੀ। ਜਥੇ ਦੇ ਆਗੂ ਸਵਰਗੀ ਮਨਜੀਤ ਸਿੰਘ ਕਲਕੱਤਾ ਸਨ। 14 ਅਪ੍ਰੈਲ, 1994 ਨੂੰ ਜਥਾ ਸ੍ਰੀ ਪੰਜਾ ਸਾਹਿਬ ਸੀ। ਪਾਕਿਸਤਾਨ ਦਾ ਇਕ ਮੰਤਰੀ ਸਿੱਖ ਸੰਗਤ ਨੂੰ ਸੰਬੋਧਨ ਕਰ ਰਿਹਾ ਸੀ, ਪਰ ਉਸ ਦੀ ਗੱਲ ਕੋਈ ਵੀ ਧਿਆਨ ਨਾਲ ਨਹੀਂ ਸੁਣ ਰਿਹਾ ਸੀ, ਕਾਂਵਾਂ-ਰੌਲੀ ਵਾਲੀ ਸਥਿਤੀ ਵਿਚ। ਸਰਦਾਰ ਮਨਜੀਤ ਸਿੰਘ ਕਲਕੱਤਾ ਕੋਲ ਬੈਠੇ ਉਸ ਸਮੇਂ ਇਕ ਸਿੱਖ ਸ: ਭਬੀਸ਼ਨ ਸਿੰਘ ਗੋਰਾਇਆ ਨੇ ਕਲਕੱਤਾ ਸਾਹਿਬ ਨੂੰ ਸੰਗਤਾਂ ਨੂੰ ਬਿਠਾਉਣ ਲਈ ਆਖਿਆ। ਕਲਕੱਤਾ ਜੀ ਨੇ ਸੰਗਤ ਨੂੰ ਮਨਾ ਸਕਣ ਵਿਚ ਅਸਮਰੱਥਾ ਵਿਖਾਈ ਅਤੇ ਸ: ਭਬੀਸ਼ਨ ਸਿੰਘ ਗੋਰਾਇਆ ਨੂੰ ਆਪ ਉੱਦਮ ਕਰਨ ਲਈ ਆਖਿਆ। ਗੋਰਾਇਆ ਜੀ ਦੀ ਬੇਨਤੀ ਕਰਨ 'ਤੇ ਬਹੁਤੀ ਸੰਗਤ ਬੈਠ ਗਈ, ਕੁਝ ਨੇ ਵਿਰੋਧ ਵੀ ਕੀਤਾ, ਪਰ ਮੰਤਰੀ ਸਾਹਿਬ ਦਾ ਭਾਸ਼ਨ ਸੁਣਿਆ ਗਿਆ। ਬਾਅਦ ਵਿਚ ਚਾਹ-ਪਾਣੀ ਸਮੇਂ ਮੰਤਰੀ ਸਾਹਿਬ ਨੇ ਸਰਦਾਰ ਭਬੀਸ਼ਨ ਸਿੰਘ ਗੋਰਾਇਆ ਵੀ ਬੁਲਾ ਲਿਆ। ਗੈਰ-ਰਸਮੀ ਗੱਲਬਾਤ ਵਿਚ ਸਰਦਾਰ ਭਬੀਸ਼ਨ ਸਿੰਘ ਗੋਰਾਇਆ ਨੇ ਮੰਤਰੀ ਨੂੰ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਸਿੱਖ ਪੰਥ ਨੂੰ ਦਰਸ਼ਨ ਕਰਾਉਣ ਲਈ ਪ੍ਰੇਰਿਤ ਕੀਤਾ।
ਸ: ਭਬੀਸ਼ਨ ਸਿੰਘ ਗੋਰਾਇਆ ਦਾ ਪਿਛੋਕੜ ਪਿੰਡ ਲਾਲਪੁਰਾ ਨੇੜੇ ਡੇਰਾ ਬਾਬਾ ਨਾਨਕ ਹੈ ਤੇ ਉਥੋਂ ਵੀ ਕਰਤਾਰਪੁਰ ਨਜ਼ਰ ਆਉਦਾ ਹੈ। ਉਹ ਆਪ ਈ.ਐਸ.ਆਈ. ਵਿਭਾਗ ਵਿਚ ਮੈਨੇਜਰ ਦੇ ਅਹੁਦੇ 'ਤੇ ਕੰਮ ਕਰਦੇ ਸਨ। ਉਨ੍ਹਾਂ ਨਾਲ ਹੋਈ ਗੱਲਬਾਤ ਤੋਂ ਬਾਅਦ ਪਾਕਿਸਤਾਨ ਸਰਕਾਰ ਵਲੋਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੀ ਕਾਰ ਸੇਵਾ ਦੀ ਗੱਲ ਆਰੰਭ ਹੋਈ ਅਤੇ ਸਾਲ 1997 ਵਿਚ ਇਹ ਸ਼ੁਰੂ ਵੀ ਹੋ ਗਈ।
ਭਾਰਤੀ ਮੀਡੀਆ ਵਿਚ ਇਹ ਗੱਲ ਕਈ ਵਾਰ ਛਪੀ ਸੀ, ਕੀ ਭਾਰਤੀ ਸਰਹੱਦ ਦੇ ਨੇੜੇ ਕਰਤਾਰਪੁਰ ਨੇੜੇ ਅੱਤਵਾਦੀਆਂ ਦੀ ਸਰਗਰਮੀ ਹੈ, ਲੱਗਦਾ ਹੈ ਕਿ ਅੱਤਵਾਦੀਆਂ ਨੂੰ ਸਿਖਲਾਈ ਦਿੱਤੀ ਜਾ ਰਹੀ ਹੈ।
ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਹਾੜਾ ਮਨਾਉਣ ਗਏ ਨਵੰਬਰ, 2000 ਦੇ ਜਥੇ ਨਾਲ ਉਸ ਸਮੇਂ ਇਕ ਅੰਗਰੇਜ਼ੀ ਅਖ਼ਬਾਰ ਦੇ ਪੱਤਰਕਾਰ ਵੀ ਗਏ ਸਨ, ਜਿਨ੍ਹਾਂ ਨਾਲ ਗੱਲਬਾਤ ਸਮੇਂ ਇਬੈਕਿਯੂ ਪ੍ਰਾਪਰਟੀ ਟਰੱਸਟ ਦੇ ਚੇਅਰਮੈਨ ਲੈਫਟੀਨੈਂਟ ਜਨਰਲ ਜਵੈਦ ਨਾਸਿਰ ਜੋ ਆਈ.ਐਸ.ਆਈ. ਦਾ ਮੁਖੀ ਵੀ ਰਹਿ ਚੁੱਕਾ ਸੀ, ਨੇ ਦੱਸਿਆ ਕਿ ਪਾਕਿਸਤਾਨ ਸਰਕਾਰ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਕੋਰੀਡੋਰ ਦੇਣ ਨੂੰ ਤਿਆਰ ਹੈ, ਪਰ ਦਿੱਲੀ ਤੋਂ ਪਤਾ ਕਰਨ 'ਤੇ ਆਖਿਆ ਗਿਆ ਕਿ ਕੋਈ ਟਿੱਪਣੀ ਨਹੀਂ।
ਇਸੇ ਤਰ੍ਹਾਂ ਦਾ ਇਕ ਲੇਖ ਸਰਦਾਰ ਹਰਪਾਲ ਸਿੰਘ ਭੁੱਲਰ ਜੋ ਭਾਈ ਮਰਦਾਨਾ ਸੁਸਾਇਟੀ ਦੇ ਨਾਂਅ 'ਤੇ ਜਥੇ ਪਾਕਿਸਤਾਨ ਲੈ ਕੇ ਜਾਂਦਾ ਸੀ, ਵਲੋਂ ਵੀ ਇਕ ਅਖ਼ਬਾਰ ਵਿਚ ਲਿਖਿਆ ਗਿਆ ਸੀ।
ਸਾਲ 1994 ਦੀ ਪਾਕਿਸਤਾਨ ਵਿਚ ਹੋਈ ਗੱਲਬਾਤ ਨਾਲ ਸ: ਭਬੀਸ਼ਨ ਸਿੰਘ ਗੋਰਾਇਆ ਨੇ ਇਸ ਨੂੰ ਜੀਵਨ ਦਾ ਨਿਸ਼ਾਨਾ ਹੀ ਬਣਾ ਲਿਆ। ਆਪ ਪੂਰਨ ਗੁਰਸਿੱਖ ਬਣ ਗਏ। ਅੰਮ੍ਰਿਤਸਰ ਸਾਹਿਬ ਤੋਂ ਦੂਰ ਬਦਲੀ ਹੋਣ 'ਤੇ ਨੌਕਰੀ ਤੋਂ ਸਾਲ 1999 ਵਿਚ ਅਸਤੀਫਾ ਦੇ ਦਿੱਤਾ, ਆਸ ਸੀ ਪੈਨਸ਼ਨ ਮਿਲ ਜਾਵੇਗੀ ਜੋ ਸਾਲ 2012 ਵਿਚ ਪ੍ਰਵਾਨ ਹੋਇਆ, ਪਰ ਪੈਨਸ਼ਨ ਨਹੀਂ ਮਿਲੀ।
ਸ੍ਰੀ ਕਰਤਾਰਪੁਰ ਸਾਹਿਬ ਕੋਰੀਡੋਰ ਖੁੱਲ੍ਹਵਾਉਣ ਲਈ ਸ: ਭਬੀਸ਼ਨ ਸਿੰਘ ਗੋਰਾਇਆ ਨੇ ਹਰ ਦਰਵਾਜ਼ਾ, ਜਿਥੋਂ ਸਹਾਇਤਾ ਦੀ ਆਸ ਸੀ ਖੜਕਾਇਆ, ਨੌਕਰੀ ਵਿਚ ਹੁੰਦਿਆਂ ਪੋਸਟਰ ਵੀ ਛਪਵਾਏ। ਸ: ਸਿਮਰਨਜੀਤ ਸਿੰਘ ਮਾਨ, ਸ: ਜਸਵਿੰਦਰ ਸਿੰਘ ਐਡਵੋਕੇਟ ਅਕਾਲ ਪੁਰਖ ਕੀ ਫੌਜ, ਸ: ਜਸਵੀਰ ਸਿੰਘ ਘੁੰਮਣ, ਜਥੇਦਾਰ ਗੁਰਚਰਨ ਸਿੰਘ ਟੌਹੜਾ ਤੱਕ ਪਹੁੰਚ ਕੀਤੀ ਕਿ ਪਾਕਿਸਤਾਨ ਲਾਂਘਾ ਦੇਣ ਨੂੰ ਤਿਆਰ ਹੈ, ਪਰ ਭਾਰਤ ਵਲੋਂ ਵੀ ਕਾਰਵਾਈ ਹੋਣੀ ਚਾਹੀਦੀ ਹੈ, ਪਰ ਬਹੁਤਾ ਹੁੰਗਾਰਾ ਨਾ ਮਿਲਿਆ।
ਇਸ ਲਈ ਉਨ੍ਹਾਂ 20 ਫਰਵਰੀ, 2001 ਨੂੰ ਸ: ਕੁਲਦੀਪ ਸਿੰਘ ਵਡਾਲਾ ਨਾਲ ਵੀ ਮੁਲਾਕਾਤ ਕੀਤੀ, ਪਰ ਉਨ੍ਹਾਂ 28 ਫਰਵਰੀ, 2001 ਨੂੰ ਧਾਰੀਵਾਲ ਬੁਰਜ ਸਾਹਿਬ, ਕਾਨਫਰੰਸ ਵਿਚ ਮਿਲਣ ਲਈ ਆਖਿਆ, ਜਿੱਥੇ ਸ: ਭਬੀਸ਼ਨ ਸਿੰਘ ਦੇ ਜਜ਼ਬਾਤੀ ਭਾਸ਼ਨ ਨੂੰ ਲੋਕਾਂ ਜੈਕਾਰਿਆਂ ਦੀ ਗੂੰਜ ਨਾਲ ਪ੍ਰਵਾਨਗੀ ਦਿੱਤੀ। ਫੇਰ 14 ਅਪ੍ਰੈਲ, 2001 ਤੋਂ ਸ: ਕੁਲਦੀਪ ਸਿੰਘ ਵਡਾਲਾ ਵਲੋਂ ਹਰ ਮਹੀਨੇ ਸੰਗਰਾਂਦ ਵਾਲੇ ਦਿਨ ਅਕਾਲ ਪੁਰਖ ਅੱਗੇ ਕੇਵਲ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਅਰਦਾਸ ਆਰੰਭ ਹੋਈ। ਸਾਲ 2003 ਤੱਕ ਵਡਾਲਾ ਸਾਹਿਬ ਤੇ ਸ: ਭਬੀਸ਼ਨ ਸਿੰਘ ਗੋਰਾਇਆ ਦੀ ਪਹੁੰਚ ਵਿਚ ਕੁਝ ਦੂਰੀ ਹੋ ਗਈ। ਤਾਂ ਵਡਾਲਾ ਸਾਹਿਬ ਨੇ ਮੱਸਿਆ ਵਾਲੇ ਦਿਨ ਜੀਵਨ ਭਰ ਇਹ ਅਰਦਾਸ ਜਾਰੀ ਰੱਖੀ। ਸ: ਭਬੀਸ਼ਨ ਸਿੰਘ ਗੋਰਾਇਆ ਨੇ ਸਾਥੀਆਂ ਸਮੇਤ ਸੰਗਰਾਂਦ ਵਾਲੇ ਦਿਨ ਹਰ ਮਹੀਨੇ ਇਹ ਅਰਦਾਸ ਜਾਰੀ ਰੱਖੀ।
ਸ: ਭਬੀਸ਼ਨ ਸਿੰਘ ਗੋਰਾਇਆ ਦੇ ਸਾਥੀਆਂ ਦੇ ਸਹਿਯੋਗ ਤੇ ਜੋਸ਼ ਕਾਰਨ ਸਾਲ 2005 ਵਿਚ ਭਾਰਤੀ ਬੀ.ਐਸ.ਐਫ. ਦੀ ਚੌਕੀ ਨੇੜੇ ਦੂਰਬੀਨ ਰਾਹੀਂ ਦਰਸ਼ਨ ਦਾ ਪ੍ਰਬੰਧ ਵੀ ਹੋ ਗਿਆ।
17 ਸਾਲ ਤੱਕ ਲਗਾਤਾਰ ਅਰਦਾਸ ਦੀ ਪ੍ਰਵਾਨਗੀ ਦੀ ਆਸ ਉਦੋਂ ਬੱਝੀ, ਜਦੋਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦੇ ਅਗਸਤ, 2018 ਦੇ ਸਹੁੰ ਚੁੱਕ ਸਮਾਗਮ ਸਮੇਂ, ਪਾਕਿਸਤਾਨ ਫੌਜ ਦੇ ਮੁਖੀ ਸ੍ਰੀ ਬਾਜਵਾ ਨੇ ਸ: ਨਵਜੋਤ ਸਿੰਘ ਸਿੱਧੂ ਨੂੰ ਲਾਂਘਾ ਖੋਲ੍ਹਣ ਦੀ ਪੇਸ਼ਕਸ਼ ਕੀਤੀ। ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਜਸ਼ਨ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਮਨਾਉਣ ਦਾ ਫ਼ੈਸਲਾ ਕਰਨ ਵਾਲੀ ਸ੍ਰੀ ਨਰਿੰਦਰ ਮੋਦੀ ਦੀ ਸਰਕਾਰ ਨੇ ਵੀ 26 ਨਵੰਬਰ, 2018 ਨੂੰ ਨੀਂਹ ਪੱਥਰ ਰੱਖ ਕੇ ਅਰਦਾਸ ਦੀ ਪੂਰਨਤਾ ਵੱਲ ਕਦਮ ਵਧਾਇਆ।
ਜਿਵੇਂ ਕਰੀਬ 71 ਸਾਲ ਬਾਅਦ ਸਿੰਘਾਂ ਦੀ ਅਰਦਾਸ ਨਾਲ ਗੁਰੂ ਨਾਨਕ ਦੇਵ ਜੀ ਸੱਚਖੰਡ ਕਰਤਾਰਪੁਰ ਲਾਂਘੇ ਦੀ ਪੂਰਤੀ ਹੋਈ। ਗੁਰੂ ਬਾਬਾ ਨੇ ਗੈਰ ਰਸਮੀ ਸਿਆਸਤਦਾਨ ਸ੍ਰੀ ਇਮਰਾਨ ਖਾਨ ਤੇ ਸ੍ਰੀ ਨਰਿੰਦਰ ਮੋਦੀ ਦੇ ਦਿਲਾਂ ਵਿਚ ਬੈਠ ਕੇ, 1947 ਦੀ ਉਸ ਟੁੱਟੀ ਹੋਈ ਕੜੀ ਨੂੰ ਜੋੜਨ ਦਾ ਕੰਮ ਆਰੰਭਿਆ ਹੈ। ਜਾਹਰ ਪੀਰ ਜਗਤ ਗੁਰੂ ਬਾਬਾ ਕਿਰਪਾ ਕਰੇ, ਇਸ ਮਹਾਂਦੀਪ ਵਿਚ ਸ਼ਾਂਤੀ ਸਥਾਪਤ ਕਰ ਦੇਣ ਤੇ ਦੋਵੇਂ ਮੁਲਕਾਂ ਦੇ ਵਾਸੀ ਆਪਸ ਵਿਚ ਪਿਆਰ ਨਾਲ ਮਿਲਣ ਤੇ ਇਕੱਠੇ ਮਿਲ ਕੇ ਤਰੱਕੀ ਕਰਨ।


-ਮੋਬਾ: 97800-03333

ਸਿਰ ਤੋਂ ਪਰ੍ਹੇ ਇਸ਼ਕ ਦਾ ਡੇਰਾ

ਮਨਸੂਰ

ਇਹ ਸੂਫ਼ੀ ਫਕੀਰ ਈਰਾਨ ਦੇ ਸ਼ਹਿਰ ਬੈਜ਼ੇ ਵਿਚ ਪੈਦਾ ਹੋਇਆ। ਇਸ ਨੇ ਰੱਬ ਨਾਲ ਇਹੋ ਜਿਹਾ ਇਸ਼ਕ ਕੀਤਾ ਕਿ ਉਸੇ ਦਾ ਰੂਪ ਬਣ ਗਿਆ। ਇਸ ਨੇ ਉਸ ਸਮੇਂ ਦੇ ਪਹੁੰਚੇ ਹੋਏ ਫ਼ਕੀਰ-ਅੱਬੁਲ ਹੁਸੈਨ ਸੂਰੀ, ਜੁਨੈਦ ਬਗਦਾਦੀ ਅਤੇ ਉਮਰ ਅਦ੍ਵੈਤਵਾਦੀ ਦੀ ਸੰਗਤ ਕੀਤੀ ਅਤੇ ਸ਼ਰ੍ਹਾ ਤੋਂ ਉੱਪਰ ਉਠ ਗਿਆ। ਇਹ ਇਕ ਉੱਚ ਕੋਟੀ ਦਾ ਕਵੀ ਬਣਿਆ। ਇਸ ਨੇ ਪਰਮੇਸ਼ਰ ਨਾਲ ਇਹੋ ਜਿਹੀ ਅਭੇਦਤਾ ਪ੍ਰਾਪਤ ਕਰ ਲਈ ਕਿ ਹਰ ਸਮੇਂ ਅਨਲਹੱਕ ਦਾ ਨਾਅਰਾ ਬੁਲੰਦ ਕਰਨ ਲੱਗਾ ਭਾਵ ਮੈਂ ਹੀ ਬ੍ਰਹਮ ਹਾਂ, ਮੇਰੇ ਅਤੇ ਅੱਲਾ ਵਿਚ ਕੋਈ ਭੇਦ ਨਹੀਂ ਹੈ। ਇਹ ਗੱਲ ਕੱਟੜ ਲੋਕਾਂ ਨੂੰ ਕਿਵੇਂ ਹਜ਼ਮ ਹੋ ਸਕਦੀ ਸੀ? ਮੁਲਾਣਿਆਂ ਦੀ ਪ੍ਰੇਰਨਾ ਨਾਲ ਇਸ ਨੂੰ ਚੁਰਾਹੇ ਵਿਚ ਖੜ੍ਹਾ ਕੀਤਾ ਗਿਆ ਅਤੇ ਸਾਰੇ ਲੋਕਾਂ ਨੂੰ ਕਿਹਾ ਗਿਆ ਕਿ ਇਸ ਨੂੰ ਪੱਥਰ ਮਾਰੋ। ਪੱਥਰਾਂ ਦੀ ਮਾਰ ਨਾਲ ਵੀ ਮਨਸੂਰ ਮੁਸਕਰਾਉਂਦਾ ਰਿਹਾ। ਇਸ ਦਾ ਇਕ ਮਿੱਤਰ ਸ਼ਿਬਲੀ ਸੀ, ਜੋ ਇਸ ਦੀ ਉੱਚੀ ਅਵਸਥਾ ਦਾ ਜਾਣੂ ਸੀ। ਉਸ ਨੇ ਇਸ ਨੂੰ ਪੱਥਰ ਤਾਂ ਨਹੀਂ, ਇਕ ਫੁੱਲ ਮਾਰਿਆ ਤਾਂ ਕਿ ਹਾਕਮਾਂ ਨੂੰ ਪ੍ਰਤੀਤ ਹੋਵੇ ਕਿ ਸ਼ਿਬਲੀ ਨੇ ਵੀ ਪੱਥਰ ਮਾਰਿਆ ਹੈ। ਉਸ ਦਾ ਫੁੱਲ ਖਾ ਕੇ ਮਨਸੂਰ ਫੁੱਟ-ਫੁੱਟ ਕੇ ਰੋਣ ਲੱਗ ਪਿਆ ਤੇ ਕਹਿਣ ਲੱਗਾ ਕਿ ਤੈਥੋਂ ਮੈਨੂੰ ਇਹ ਉਮੀਦ ਨਹੀਂ ਸੀ, ਕਿਉਂਕਿ ਤੂੰ ਤਾਂ ਮੈਨੂੰ ਜਾਣਦਾ ਹੈਂ ਜਦ ਕਿ ਦੂਜੇ ਲੋਕ ਅਨਜਾਣਪੁਣੇ ਵਿਚ ਪੱਥਰ ਮਾਰ ਰਹੇ ਹਨ।
ਬਗਦਾਦ ਦੇ ਖ਼ਲੀਫ਼ੇ ਨੇ ਮਨਸੂਰ ਨੂੰ ਨੌਂ ਮਹੀਨੇ ਜੇਲ੍ਹ ਦੀ ਕਾਲ ਕੋਠੜੀ ਵਿਚ ਰੱਖਿਆ। ਉਸ ਉੱਤੇ ਬਹੁਤ ਘਿਨਾਉਣਾ ਤਸ਼ੱਦਦ ਕੀਤਾ ਗਿਆ ਅਤੇ ਮਨਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਉਹ ਅਨਲਹੱਕ ਕਹਿਣਾ ਛੱਡ ਦੇਵੇ। ਮਰਨ ਤੋਂ ਪਹਿਲਾਂ ਉਸ ਨੇ ਆਖਰੀ ਕਵਿਤਾ ਲਿਖੀ, ਜਿਸ ਦਾ ਭਾਵ ਸੀ-
ਕੱਲ੍ਹ ਨੂੰ ਮੇਰੀ ਰਾਖ਼ ਹੀ ਮੇਰਾ ਵਿਛੌਣਾ ਬਣੇਗੀ
ਕੱਲ੍ਹ ਨੂੰ ਮੈਂ ਆਪਣਾ ਵਿਛੌਣਾ ਆਪਣੇ ਅੱਥਰੂਆਂ ਨਾਲ ਨਹੀਂ ਭਿਉਂ ਸਕਾਂਗਾ
ਹਰ ਵਕਤ ਤੂੰ ਆਖਦਾ ਹੈਂ ਕਿ ਮੈਂ ਤੇਰੇ ਕੋਲ ਰਹਾਂਗਾ
ਇਥੇ ਹੀ ਰਹੀਂ ਮੇਰੇ ਨੇੜੇ ਅਤੇ ਇਸ਼ਕ ਦੇ ਰੰਗ ਵੇਖੀਂ।
ਮਨਸੂਰ ਨੂੰ ਸਮੇਂ ਦੀ ਹਕੂਮਤ ਨੇ ਭੁੱਖਾ-ਪਿਆਸਾ ਰੱਖਿਆ। ਉਸ ਦਾ ਮਾਸ ਨੋਚਿਆ ਗਿਆ ਅਤੇ ਸੂਲੀ 'ਤੇ ਲਟਕਾ ਦਿੱਤਾ ਗਿਆ। ਮਾਰਨ ਤੋਂ ਪਹਿਲਾਂ ਉਸ ਦੇ ਹੱਥ ਕੱਟ ਦਿੱਤੇ ਗਏ ਤਾਂ ਉਹ ਬੋਲਿਆ ਕਿ ਮੇਰੇ ਇਹ ਹੱਥ ਤਾਂ ਤੁਹਾਨੂੰ ਦਿਸਦੇ ਸਨ ਪਰ ਉਨ੍ਹਾਂ ਹੱਥਾਂ ਨੂੰ ਕਿਵੇਂ ਕੱਟੋਗੇ ਜੋ ਅੰਬਰਾਂ ਤੱਕ ਪਹੁੰਚੇ ਹੋਏ ਹਨ? ਉਹ ਪੈਰ ਕਿਵੇਂ ਕੱਟੋਗੇ ਜੋ ਕਹਿਕਸ਼ਾਂ ਤੋਂ ਪਾਰ ਹੋ ਗਏ ਹਨ? ਉਸ ਨੇ ਅੰਤਿਮ ਸਮੇਂ ਆਪਣੇ ਕੱਟੇ ਹੋਏ ਹੱਥਾਂ ਦਾ ਖੂਨ ਆਪਣੇ ਮੁੱਖ 'ਤੇ ਮਲ ਲਿਆ ਅਤੇ ਕਹਿਣ ਲੱਗਾ ਕਿ ਰੱਬ ਦੇ ਆਸ਼ਕਾਂ ਦਾ ਪੰਜ ਇਸ਼ਨਾਨਾ ਜਲ ਨਾਲ ਨਹੀਂ, ਉਨ੍ਹਾਂ ਦੇ ਲਹੂ ਨਾਲ ਹੁੰਦਾ ਹੈ। ਇਉਂ ਬੇਦਰਦ ਦੁਨੀਆ ਨੇ ਇਸ ਮਹਾਨ ਸ਼ਖ਼ਸੀਅਤ ਦਾ ਬੜੀ ਬੇਰਹਿਮੀ ਨਾਲ ਅੰਤ ਕਰ ਦਿੱਤਾ। 26 ਮਾਰਚ, 922 ਨੂੰ ਉਸ ਦੇ ਜਿਸਮ ਦੇ ਟੋਟੇ-ਟੋਟੇ ਕਰਕੇ ਉਸ ਨੂੰ ਸਾੜ ਦਿੱਤਾ ਗਿਆ।

ਮੁਲਤਾਨੀ ਸਿਪਾਹੀਆਂ ਦਾ ਅੰਗਰੇਜ਼ਾਂ ਵਿਰੁੱਧ ਲੜਨ ਲਈ ਇਕੱਠੇ ਹੋਣਾ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਕਿਉਂਕਿ ਮੂਲ ਰਾਜ ਨੇ ਆਪਣੀ ਮਰਜ਼ੀ ਨਾਲ ਅਸਤੀਫ਼ਾ ਦਿੱਤਾ ਹੋਇਆ ਸੀ, ਇਸ ਵਾਸਤੇ ਜਦੋਂ ਉਸ ਦੀ ਤਬਦੀਲੀ ਦਾ ਹੁਕਮ ਆਇਆ ਤਾਂ ਉਸ ਨੇ ਆਪਣੇ ਅਫ਼ਸਰਾਂ ਨੂੰ ਉਨ੍ਹਾਂ ਦਾ ਮੁਲਤਾਨ ਪਹੁੰਚਣ 'ਤੇ ਸੁਆਗਤ ਕਰਨ ਵਾਸਤੇ ਕਿਹਾ ਤੇ ਆਉਣ ਵਾਲਿਆਂ ਨੂੰ ਕਿਲ੍ਹੇ ਦਾ ਅਧਿਕਾਰ ਲੈਣ ਦਾ ਸੱਦਾ ਦਿੱਤਾ। ਅੰਗਰੇਜ਼ ਅਫ਼ਸਰਾਂ ਨੇ 19 ਅਪ੍ਰੈਲ ਨੂੰ ਕਿਲ੍ਹੇ ਦੀ ਜਾਂਚ ਕੀਤੀ ਤੇ ਬਾਕਾਇਦਾ ਕਿਲ੍ਹੇ ਦੀਆਂ ਚਾਬੀਆਂ ਭੇਟ ਕੀਤੀਆਂ ਗਈਆਂ। ਉਨ੍ਹਾਂ ਨੇ ਕਿਲ੍ਹੇ ਵਿਚ ਗੋਰਖਾ ਰੈਜਮੈਂਟ ਤਾਇਨਾਤ ਕਰ ਦਿੱਤੀ ਤੇ ਮੁਲਤਾਨੀ ਸਿਪਾਹੀਆਂ ਨੂੰ ਕੱਢ ਦਿੱਤਾ। ਮੂਲ ਰਾਜ ਕਿਲ੍ਹੇ ਦੇ ਗੇਟ ਵੱਲ ਮਹਿਮਾਨਾਂ ਦੀ ਅਗਵਾਈ ਕਰ ਰਿਹਾ ਸੀ ਤਾਂ ਇਕ ਮੁਲਤਾਨੀ ਸਿਪਾਹੀ ਇਨ੍ਹਾਂ ਨੂੰ ਸਲਾਮੀ ਦੇਣ ਦੇ ਹੁਕਮ ਤੋਂ ਗੁੱਸੇ ਵਿਚ ਆ ਗਿਆ, ਜਿਨ੍ਹਾਂ ਨੇ ਉਸ ਦੇ ਹਜ਼ਾਰਾਂ ਸਾਥੀਆਂ ਨੂੰ ਬੇਰੁਜ਼ਗਾਰ ਕਰ ਦਿੱਤਾ ਸੀ। ਉਸ ਨੇ ਜ਼ੋਰ ਦੀ ਆਪਣਾ ਬਰਛਾ ਸਿੱਧਾ ਕੀਤਾ ਤੇ ਵਾਂਸ ਐਗਨੀਊ ਦੇ ਇਕ ਪਾਸੇ ਨੂੰ ਛਿੱਲ ਦਿੱਤਾ। ਵਾਂਸ ਆਪਣੇ ਘੋੜ-ਸਵਾਰਾਂ ਨਾਲ ਉਸ ਬੰਦੇ ਉੱਪਰ ਟੁੱਟ ਪਿਆ। ਕਾਹਨ ਸਿੰਘ ਤੇ ਮੂਲਰਾਜ ਦਾ ਸਾਲਾ ਰਾਮ ਰੰਗ ਵਾਂਸ ਦੀ ਸਹਾਇਤਾ ਵਾਸਤੇ ਦੌੜੇ। ਮੁਲਤਾਨੀ ਸਿਪਾਹੀ, ਜਿਨ੍ਹਾਂ ਵਿਚ ਹਿੰਦੂ ਤੇ ਮੁਸਲਮਾਨ ਦੋਵੇਂ ਸਨ, ਦੀ ਅੰਗਰੇਜ਼ ਦਸਤੇ ਨਾਲ ਮੁੱਠਭੇੜ ਵਿਚ ਲੈਫਟੀਨੈਂਟ ਐਂਡਰਸਨ ਤੇ ਕਈ ਹੋਰ ਜ਼ਖ਼ਮੀ ਹੋਏ। ਮੂਲ ਰਾਜ ਕਿਲ੍ਹੇ ਅੰਦਰ ਆਪਣੀ ਰਿਹਾਇਸ਼ ਆਮ-ਖਾਸ ਵੱਲ ਗਿਆ, ਤਾਂ ਜੋ ਕੁਝ ਮਦਦ ਲਈ ਜਾਵੇ ਤੇ ਅੰਗਰੇਜ਼ ਕੈਂਪ ਨੂੰ ਘਟਨਾ ਦੀ ਜਾਣਕਾਰੀ ਦਿੱਤੀ ਜਾਵੇ।
ਵਾਂਸ ਐਗਨੀਊ ਨੇ ਮੂਲ ਰਾਜ ਦੇ ਖ਼ਤ ਦੀ ਪ੍ਰੋੜ੍ਹਤਾ ਕੀਤੀ ਕਿ ਕਿਲ੍ਹੇ ਦੇ ਹਾਦਸੇ ਵਿਚ ਦੀਵਾਨ ਦਾ ਕੋਈ ਹੱਥ ਨਹੀਂ ਹੈ। ਉਸ ਨੇ ਲਾਹੌਰ ਦੇ ਰੈਜੀਡੈਂਟ ਨੂੰ ਇਕ ਰਿਪੋਰਟ ਭੇਜੀ ਕਿ ਮੈਂ ਨਹੀਂ ਸਮਝਦਾ ਕਿ ਇਸ ਮਾਮਲੇ ਵਿਚ ਮੂਲ ਰਾਜ ਦਾ ਹਿੱਸਾ ਹੈ। ਘਟਨਾ ਵੇਲੇ ਉਹ ਮੇਰੇ ਨਾਲ ਹੀ ਸਵਾਰੀ ਕਰ ਰਿਹਾ ਸੀ। ਇਕ ਜ਼ਰੂਰੀ ਸੰਦੇਸ਼ ਲੈਫਟੀਨੈਂਟ ਐਡਵਰਡ ਨੂੰ ਡੇਰੇ ਫ਼ਤਹਿ ਖਾਨ ਭੇਜਿਆ ਗਿਆ ਸੀ ਤੇ ਇਕ ਜਨਰਲ ਵਾਨ ਕੋਰਟਲੈਂਟ ਨੂੰ ਜੋ ਡੇਰਾ ਇਸਮਾਈਲ ਖਾਨ ਵਿਚ ਦਰਬਾਰ ਦਾ ਯੂਰਪੀਨ ਮੁਲਾਜ਼ਮ ਸੀ ਕਿ ਉਹ ਮਦਦ ਕਰਨ। ਇਸ ਦੌਰਾਨ ਮੁਲਤਾਨੀ ਸਿਪਾਹੀਆਂ ਵਿਚ ਬਗ਼ਾਵਤ ਪੂਰੀ ਤਰ੍ਹਾਂ ਭੜਕ ਉੱਠੀ। ਉਨ੍ਹਾਂ ਮੂਲ ਰਾਜ ਨੂੰ ਅੰਗਰੇਜ਼ੀ ਕੈਂਪ ਵਿਚ ਜਾਣੋ ਰੋਕਿਆ ਤੇ ਮੁਲਤਾਨ ਉਨ੍ਹਾਂ ਦੇ ਹਵਾਲੇ ਕਰਨ ਤੋਂ ਵੀ ਮਨਾਂ ਕਰ ਦਿੱਤਾ। ਉਸ ਨੇ ਗੁੱਸੇ ਨਾਲ ਭਰੀ ਭੀੜ ਵਿਚੋਂ ਆਪਣਾ ਰਾਹ ਬਣਾਉਣ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੇ ਉਸ ਨੂੰ ਪਿਛਾਂਹ ਧੱਕ ਦਿੱਤਾ। ਰਾਮ ਰੰਗ ਜੋ ਉਸ ਦੇ ਨਾਲ ਹੀ ਸੀ, ਭੀੜ ਨਾਲ ਉਲਝਣ ਲੱਗਾ ਤੇ ਸਿਪਾਹੀਆਂ ਨੇ ਉਦੋਂ ਹੀ ਉਸ ਨੂੰ 'ਨਮਕ ਹਰਾਮ, ਨਮਕ ਹਰਾਮ' ਦੇ ਨਾਅਰਿਆਂ ਨਾਲ ਚੁੱਪ ਕਰਾਇਆ। ਜਦੋਂ ਉਸ ਨੇ ਝਗੜਾ ਕੀਤਾ ਤਾਂ ਇਕ ਸਿਪਾਹੀ ਨੇ ਤਲਵਾਰ ਕੱਢ ਲਈ ਤੇ ਉਸ ਨੇ ਤਿੰਨ ਫੱਟ ਮਾਰੇ। ਮੂਲ ਰਾਜ ਦਾ ਘੋੜਾ ਪਿੱਛੇ ਹਟਿਆ ਤੇ ਜ਼ਰਾ ਪਾਸੇ ਜਾ ਕੇ ਉਸ ਨੇ ਆਪਣੇ ਸਵਾਰ ਨੂੰ ਸੁੱਟ ਦਿੱਤਾ।
ਇਸ ਤੋਂ ਬਾਅਦ ਸਿਪਾਹੀ ਮੂਲ ਰਾਜ ਤੇ ਰੰਗ ਰਾਮ ਨੂੰ ਉਨ੍ਹਾਂ ਦੇ ਘਰ ਲੈ ਗਏ ਤੇ ਦੱਸਿਆ ਕਿ ਇਹ ਗੁਰੂ ਦਾ ਹੁਕਮ ਹੈ ਕਿ ਉਹ ਫਰੰਗੀਆਂ ਨੂੰ ਸ਼ਕਤੀ ਨਾਲ ਕੱਢ ਦੇਣ। ਦੀਵਾਨ ਨੇ ਕਿਹਾ ਕਿ ਉਹ ਉਸ ਦਿਨ ਤਾਂ ਕੁਝ ਨਹੀਂ ਕਹਿ ਸਕਦਾ। ਅਗਲੇ ਦਿਨ ਰੱਬ ਦੀ ਕਿਰਪਾ ਨਾਲ ਗੋਲੀਆਂ ਚੱਲੀਆਂ ਤੇ ਸਾਨੂੰ ਅੱਗੇ ਵਧਣ ਦਾ ਹੁਕਮ ਹੋਇਆ।
ਮੁਲਤਾਨੀਆਂ ਨੇ ਅੰਗਰੇਜ਼ਾਂ ਵਿਰੁੱਧ ਲੜਨ ਦੀਆਂ ਕਸਮਾਂ ਖਾਧੀਆਂ। ਪਠਾਣਾਂ ਨੇ ਕੁਰਆਨ ਸ਼ਰੀਫ਼ ਦੀਆਂ ਕਸਮਾਂ ਖਾਧੀਆਂ, ਹਿੰਦੂਆਂ ਨੇ ਸ਼ਾਸਤਰਾਂ ਦੀਆਂ ਤੇ ਸਿੱਖਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ। ਸ਼ਾਮ ਨੂੰ ਉਨ੍ਹਾਂ ਨੇ ਅੰਗਰੇਜ਼ੀ ਕੈਂਪ ਨੂੰ ਲੁੱਟ ਲਿਆ। ਉਨ੍ਹਾਂ ਦੀਆਂ ਸਾਰੀਆਂ ਚੀਜ਼ਾਂ, ਰਾਸ਼ਨ, ਪਸ਼ੂ, ਗੱਡੇ, ਊਠ ਤੇ ਹਾਥੀ ਵੀ। ਦੱਸਿਆ ਜਾਂਦਾ ਹੈ ਕਿ ਲੁੱਟੇ ਹੋਏ ਮਾਲ ਵਿਚ ਵਿਸਕੀ, ਬਰਾਂਡੀ, ਬੀਅਰ, ਮੀਟ ਤੇ ਮੱਛੀ ਦੇ ਬੰਦ ਡੱਬੇ ਵੀ ਸਨ। ਕੁਝ ਲੋਕਾਂ ਨੇ ਇਹ ਸਭ ਚੀਜ਼ਾਂ ਪਰਖਣ ਵਾਸਤੇ ਦਿੱਤੀਆਂ। ਬੀਅਰ ਨੂੰ ਗੰਦਾ ਪਾਣੀ ਕਹਿ ਕੇ ਸੁੱਟ ਦਿੱਤਾ। ਟੀਨ ਦੇ ਡੱਬਿਆਂ ਨੂੰ ਉਨ੍ਹਾਂ ਬਾਰੂਦ ਦੇ ਗੋਲੇ ਸਮਝਿਆ। ਅਗਲੇ ਦਿਨ ਕਿਲ੍ਹੇ ਦੀਆਂ ਤੋਪਾਂ ਨੇ ਗੋਲੇ ਸੁੱਟੇ ਤੇ ਮੀਟ-ਮੱਛੀ ਦੇ ਡੱਬੇ ਵੀ ਦਰਬਾਰ ਦੇ ਕੈਂਪ ਵੱਲ ਸੁੱਟੇ, ਜਿਨ੍ਹਾਂ ਕੋਲ ਖਾਣ ਵਾਸਤੇ ਕੁਝ ਵੀ ਨਹੀਂ ਸੀ।
ਦਰਬਾਰ ਦੀਆਂ ਫ਼ੌਜਾਂ ਕੈਂਪ ਛੱਡ ਕੇ ਨਿਕਲ ਗਈਆਂ ਤੇ ਮੁਲਤਾਨੀਆਂ ਨਾਲ ਮਿਲ ਗਈਆਂ। ਹੁਣ ਕਾਹਨ ਸਿੰਘ ਕੋਲ ਦਰਜਨ ਕੁ ਸਿਪਾਹੀ ਤੇ ਸਾਹਿਬ ਲੋਕ ਦੇ ਨਿੱਜੀ ਸੁਰੱਖਿਆ ਦਸਤੇ ਹੀ ਰਹਿ ਗਏ ਸਨ।
20 ਅਪ੍ਰੈਲ ਦੀ ਸ਼ਾਮ ਨੂੰ ਮੁਲਤਾਨੀਆਂ ਨੇ ਈਦਗਾਹ ਉੱਪਰ ਹਮਲਾ ਬੋਲ ਦਿੱਤਾ। ਗੋਦਰ ਸਿੰਘ ਨਾਂਅ ਦਾ ਇਕ ਮਜ਼੍ਹਬੀ ਨਿਹੰਗ ਸਿੰਘ ਪੁਰਾਣੇ ਜ਼ਖਮਾਂ ਦਾ ਇਸ ਤਰ੍ਹਾਂ ਭਰਿਆ ਹੋਇਆ ਸੀ ਕਿ ਉਹ ਧਾਰਮਿਕ ਬੰਦੇ ਦੀ ਬਜਾਏ ਭੂਤਨਾ ਲੱਗ ਰਿਹਾ ਸੀ, ਵਾਂਸ ਐਗਨੀਊ ਕੋਲ ਗਿਆ, ਉਸ ਨੂੰ ਗਾਲ ਕੱਢੀ ਤੇ ਕਿਹਾ ਕਿ, 'ਤੂੰ ਮੁਲਾਤਾਨ ਵਿਚ ਕਿਉਂ ਆਇਆ ਹੈਂ?' ਅੰਗਰੇਜ਼ ਨੇ ਕੋਈ ਜਵਾਬ ਨਹੀਂ ਦਿੱਤਾ, ਜਿਸ ਕਰਕੇ ਨਿਹੰਗ ਨੇ ਕਿਰਪਾਨ ਕੱਢ ਲਈ ਤੇ ਕਿਹਾ, 'ਸਿੱਖ ਬਣ ਜਾ, ਨਹੀਂ ਤਾਂ ਤੇਰਾ ਸਿਰ ਵੱਢ ਦਿਆਂਗਾ।'
'ਮੈਂ ਮਹਾਰਾਜਾ ਦਲੀਪ ਸਿੰਘ ਦਾ ਸੇਵਾਦਾਰ ਹਾਂ', ਵਾਂਸ ਐਗਨੀਊ ਨੇ ਕਿਹਾ, 'ਮੈਨੂੰ ਮਾਰ ਕੇ ਤੈਨੂੰ ਕੀ ਮਿਲੇਗਾ?'
ਗੋਦਰ ਸਿੰਘ ਨੇ ਜ਼ੋਰ ਦੀ 'ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ' ਦਾ ਜੈਕਾਰਾ ਛੱਡਿਆ ਤੇ ਵਾਂਸ ਐਗਨੀਊ ਨੂੰ ਛਾਤੀ ਕੋਲੋਂ ਕੱਟ ਦਿੱਤਾ। ਫਿਰ ਉਸ ਨੂੰ ਵਾਲਾਂ ਤੋਂ ਫੜ ਕੇ ਸਿਰ ਵੱਢ ਦਿੱਤਾ। ਗੋਦਰ ਸਿੰਘ ਦੇ ਸਾਥੀ ਪਠਾਣ ਨੇ ਮੁਰਦਾ ਵਾਂਸ ਐਗਨੀਊ ਦੇ ਸਰੀਰ ਵਿਚ ਗੋਲੀ ਮਾਰੀ। ਇਕ ਨੇ ਉਸ ਦਾ ਸਿਰ ਚੁੱਕਿਆ, ਕਾਹਨ ਸਿੰਘ ਦੀ ਝੋਲੀ ਵਿਚ ਸੁੱਟ ਦਿੱਤਾ ਤੇ ਕਿਹਾ ਕਿ, 'ਇਹ ਲੈ ਜਾ ਲੌਂਡਾ, ਜਿਸ ਨੂੰ ਮੁਲਤਾਨ ਉੱਪਰ ਹਕੂਮਤ ਕਰਨ ਵਾਸਤੇ ਲੈ ਕੇ ਆਇਆ ਸੈਂ।' ਸਰਦਾਰ ਕਾਹਨ ਸਿੰਘ ਚੀਕਾਂ ਮਾਰ ਕੇ ਰੋਣ ਲੱਗ ਪਿਆ।
(ਬਾਕੀ ਅਗਲੇ ਮੰਗਲਵਾਰ ਦੇ
ਧਰਮ ਤੇ ਵਿਰਸਾ ਅੰਕ 'ਚ)

ਸੂਬਾ ਖ਼ੈਬਰ ਪਖ਼ਤੂਨਖ਼ਵਾ ਵਿਚ ਮੌਜੂਦ ਹਰੀ ਸਿੰਘ ਨਲਵਾ ਦੀਆਂ ਯਾਦਗਾਰਾਂ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਕਿਲ੍ਹਾ ਧਮਧੋੜ, ਹਜ਼ਾਰਾ
ਸ਼ਹਿਰ ਹਜ਼ਾਰਾ ਦੀ ਸੁਰੱਖਿਆ ਲਈ ਸ: ਨਲਵਾ ਦੁਆਰਾ ਸੰਨ 1822 ਵਿਚ ਕਿਲ੍ਹਾ ਧਮਧੋੜ ਦਾ ਨਿਰਮਾਣ ਕਰਵਾਇਆ ਗਿਆ। ਵਰਤੋਂ ਵਿਚ ਨਾ ਆਉਣ ਕਰਕੇ ਅੰਗਰੇਜ਼ੀ ਹਕੂਮਤ ਦੇ ਦੌਰਾਨ ਇਹ ਕਿਲ੍ਹਾ ਢਹਿ ਗਿਆ।
ਕਿਲ੍ਹਾ ਦਰਬੰਦ, ਹਜ਼ਾਰਾ
ਸ: ਹਰੀ ਸਿੰਘ ਨਲਵਾ ਦੁਆਰਾ ਬਣਵਾਇਆ ਕਿਲ੍ਹਾ ਦਰਬੰਦ ਦੇਸ਼ ਦੀ ਵੰਡ ਵੇਲੇ ਤੱਕ ਚੰਗੀ ਹਾਲਤ 'ਚ ਕਾਇਮ ਰਿਹਾ, ਪਰ ਇਸ ਦੀ ਮੌਜੂਦਾ ਹਾਲਤ ਬਾਰੇ ਕੋਈ ਉਚਿਤ ਜਾਣਕਾਰੀ ਨਹੀਂ ਮਿਲ ਸਕੀ। ਦੱਸਿਆ ਜਾਂਦਾ ਹੈ ਕਿ ਇਸ ਕਿਲ੍ਹੇ ਵਿਚ ਕਾਫ਼ੀ ਵੱਡੇ ਅਤੇ ਬਹੁਤ ਸਾਰੇ ਕਮਰੇ ਬਣੇ ਹੋਏ ਸਨ। ਸੰਨ 1947 ਤੋਂ ਪਹਿਲਾਂ ਅਤੇ ਕੁਝ ਵਰ੍ਹੇ ਬਾਅਦ ਤੱਕ ਵੀ ਇਸ ਕਿਲ੍ਹੇ ਵਿਚ ਨਵਾਬ ਦਰਬੰਦ ਅਤੇ ਉਸ ਦਾ ਪਰਿਵਾਰ ਰਹਿੰਦਾਰਿਹਾ।
ਕਿਲ੍ਹਾ ਸ਼ੀਨਕਿਆਰੀ, ਹਜ਼ਾਰਾ
ਸਰਦਾਰ ਹਰੀ ਸਿੰਘ ਨਲਵਾ ਦੁਆਰਾ ਸ਼ਹਿਰ ਹਜ਼ਾਰਾ ਦੀ ਮਜ਼ਬੂਤ ਸੁਰੱਖਿਆ ਲਈ ਕਿਲ੍ਹਾ ਸ਼ੀਨਕਿਆਰੀ ਵਿਸ਼ੇਸ਼ ਧਿਆਨ ਦੇ ਕੇ ਬਣਾਇਆ ਗਿਆ, ਪਰ ਖ਼ਾਲਸਾ ਰਾਜ ਦੀ ਸਮਾਪਤੀ ਤੋਂ ਬਾਅਦ ਬ੍ਰਿਟਿਸ਼ ਹਕੂਮਤ ਦੇ ਦੌਰਾਨ ਵਰਤੋਂ ਵਿਚ ਨਾ ਆਉਣ ਕਰਕੇ ਸਿੱਖ ਰਾਜ ਦੇ ਇਤਿਹਾਸ ਦੇ ਸੁਨਹਿਰੀ ਪੰਨਿਆਂ 'ਚੋਂ ਇਹ ਇਤਿਹਾਸਕ ਸਮਾਰਕ ਵੀ ਅਲੋਪ ਹੋ ਗਿਆ। ਅੱਜ ਇਸ ਕਿਲ੍ਹੇ ਦੇ ਖੰਡਰ ਵੀ ਅਲੋਪ ਹੋ ਚੁੱਕੇ ਹਨ।
ਕਿਲ੍ਹਾ ਮਿਚਨੀ
ਸਰਦਾਰ ਨਲਵਾ ਨੇ ਕਾਬਲ ਵਲੋਂ ਆਉਣ ਵਾਲੇ ਪਠਾਣਾਂ ਦੇ ਮੁੱਖ ਰਸਤੇ ਅਤੇ ਦਰਿਆ ਕਾਬਲ ਦੇ ਜਲੀ-ਥਲੀ ਰਸਤਿਆਂ 'ਤੇ ਕਬਜ਼ਾ ਬਣਾਈ ਰੱਖਣ ਲਈ ਦਰਿਆ ਕਾਬਲ ਦੇ ਕੰਢੇ ਕਿਲ੍ਹਾ ਮਿਚਨੀ ਦਾ ਨਿਰਮਾਣ ਕਰਵਾਇਆ। ਉਨ੍ਹਾਂ ਇਸ ਕਿਲ੍ਹੇ ਦਾ ਕਿਲ੍ਹੇਦਾਰ ਸ: ਧੰਨਾ ਸਿੰਘ ਮਲਵਈ ਦੇ ਸਪੁੱਤਰ ਸ: ਨਛੱਤਰ ਸਿੰਘ ਮਲਵਈ ਨੂੰ ਥਾਪਿਆ। ਕਿਲ੍ਹੇਦਾਰ ਦੇ ਅਧੀਨ 300 ਪੈਦਲ ਸੈਨਾ, 100 ਘੋੜਸਵਾਰ, 10 ਤੋਪਖ਼ਾਨੇ ਦੇ ਜਵਾਨਾਂ ਸਮੇਤ ਦੋ ਵੱਡੀਆਂ ਤੇ ਦੋ ਛੋਟੀਆਂ ਤੋਪਾਂ ਰੱਖੀਆਂ ਗਈਆਂ। ਇਸ ਕਿਲ੍ਹੇ ਵਿਚ ਅੱਜ ਮਿਚਨੀ ਚੈੱਕ-ਪੋਸਟ ਬਣੀ ਹੋਈ ਹੈ।
ਬੁਰਜ ਹਰੀ ਸਿੰਘ, ਪਿਸ਼ਾਵਰ
ਸੰਨ 1834 ਵਿਚ ਪਿਸ਼ਾਵਰ 'ਤੇ ਕਬਜ਼ਾ ਕਰਨ ਤੋਂ ਬਾਅਦ ਸੰਨ 1835-36 'ਚ ਸ: ਨਲਵਾ ਨੇ ਸਰਹੱਦੀ ਇਲਾਕਿਆਂ ਦੀ ਸੁਰੱਖਿਆ ਲਈ ਕਿਲ੍ਹੇਬੰਦੀ ਮਜ਼ਬੂਤ ਕਰਨ 'ਤੇ ਹੀ ਜ਼ੋਰ ਦਿੱਤਾ। ਪਿਸ਼ਾਵਰ ਤੋਂ ਜਮਰੌਦ ਦੇ ਕਿਲ੍ਹੇ ਨੂੰ ਜਾਣ ਵਾਲੇ ਰਸਤੇ ਦੀ ਰਖਵਾਲੀ ਲਈ ਜਮਰੌਦ ਅਤੇ ਪਿਸ਼ਾਵਰ ਦੇ ਬਿਲਕੁਲ ਅੱਧ ਰਸਤੇ 'ਤੇ ਇਕ ਛੋਟੇ ਕਿਲ੍ਹੇ 'ਬੁਰਜ ਹਰੀ ਸਿੰਘ' ਦਾ ਨਿਰਮਾਣ ਸ: ਨਲਵਾ ਨੇ ਆਪਣੀ ਨਿਗਰਾਨੀ ਹੇਠ ਕਰਵਾਇਆ। ਇਸ ਕਿਲ੍ਹੇ ਵਿਚ 100 ਜਵਾਨ ਰੱਖੇ ਗਏ। ਖ਼ਾਲਸਾ ਰਾਜ ਦੀ ਸਮਾਪਤੀ ਤੋਂ ਬਾਅਦ ਇਸ ਬੁਰਜ ਵਿਚ ਪਹਿਲਾਂ ਬ੍ਰਿਟਿਸ਼ ਪੁਲਿਸ ਨੇ ਥਾਣਾ ਕਾਇਮ ਕੀਤਾ, ਜਦੋਂਕਿ ਸੰਨ 1922 ਤੋਂ ਇਸ ਵਿਚ ਐਗਰੀਕਲਚਰਲ ਟ੍ਰੇਨਿੰਗ ਇੰਸਟੀਚਿਊਟ ਕਾਇਮ ਹੈ ਅਤੇ ਹਾਲ ਹੀ ਵਿਚ ਪਾਕਿਸਤਾਨ ਪੁਰਾਤੱਤਵ ਵਿਭਾਗ ਦਾ ਨਵ-ਨਿਰਮਾਣ ਸ਼ੁਰੂ ਕਰਵਾਇਆ ਗਿਆ ਹੈ। (ਬਾਕੀ ਅਗਲੇ ਮੰਗਲਵਾਰ ਦੇ ਧਰਮ ਤੇ ਵਿਰਸਾ ਅੰਕ 'ਚ)


-ਅੰਮ੍ਰਿਤਸਰ। ਮੋਬਾ: 93561-27771

ਪੰਜਾਬ 'ਚੋਂ ਸਿੱਖ ਇਤਿਹਾਸਕ ਨਿਸ਼ਾਨੀਆਂ ਹੋਈਆਂ ਮਲੀਆਮੇਟ

ਆਉਣ ਵਾਲੀਆਂ ਪੀੜ੍ਹੀਆਂ ਲਈ ਮਿਥਿਹਾਸ ਨਾ ਬਣ ਜਾਏ ਇਤਿਹਾਸ

ਇਕ ਪਾਸੇ ਬਾਬਾ ਨਾਨਕ ਦੇ ਜੋਤੀ ਜੋਤ ਸਥਾਨ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਬਣਾਇਆ ਜਾ ਰਿਹਾ ਰਸਤਾ ਦੋਵਾਂ ਦੇਸ਼ਾਂ ਲਈ ਕਾਬਲੇ-ਤਾਰੀਫ਼ ਹੈ, ਪਰ ਦੂਜੇ ਬੰਨੇ ਗੁਰੂ ਸਾਹਿਬ ਨਾਲ ਸਬੰਧਤ ਇਤਿਹਾਸਕ ਨਿਸ਼ਾਨੀਆਂ ਨੂੰ ਢਹਿ-ਢੇਰੀ ਕੀਤਾ ਜਾ ਰਿਹਾ ਹੈ, ਜਿਸ ਨਾਲ ਅਨਮੋਲ ਸਿੱਖ ਵਿਰਾਸਤ ਦਾ ਘਾਣ ਹੋ ਰਿਹਾ ਹੈ।
ਪੰਜਾਬ ਦੀ ਧਰਤੀ 'ਤੇ ਕੁਰਬਾਨੀ ਦੀਆਂ ਕਈ ਮਿਸਾਲਾਂ ਤਾਂ ਅਜਿਹੀਆਂ ਹਨ, ਜੋ ਦੁਨੀਆ ਵਿਚ ਕਿਧਰੇ ਹੋਰ ਨਹੀਂ ਮਿਲ ਸਕਦੀਆਂ। ਇਨ੍ਹਾਂ ਕੁਰਬਾਨੀਆਂ, ਸਰਬੱਤ ਦੇ ਭਲੇ ਦਾ ਹੋਕਾ ਦੇਣ ਵਾਲੇ ਗੁਰੂਆਂ-ਪੀਰਾਂ, ਯੋਧਿਆਂ ਦੀ ਵਿਰਾਸਤ ਨੂੰ ਕੀ ਅਸੀਂ ਸੰਭਾਲਿਆ ਹੈ? ਸਿੱਖਾਂ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਜਦ ਅਸਲ ਯਾਦਗਾਰਾਂ ਬਚਣਗੀਆਂ ਹੀ ਨਹੀਂ ਤਾਂ ਉਹ ਕਿਵੇਂ ਆਪਣੇ ਵਿਰਸੇ ਪ੍ਰਤੀ ਸੰਜੀਦਾ ਹੋਣਗੇ। ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਇਤਿਹਾਸ ਨਾਲ ਜੁੜੀਆਂ ਉਨ੍ਹਾਂ ਥਾਵਾਂ ਦਾ ਜ਼ਿਕਰ ਕਰੀਏ, ਜਿਹੜੀਆਂ ਅੱਜ ਨਵੀਨੀਕਰਨ ਦੀ ਭੇਟ ਚੜ੍ਹ ਗਈਆਂ ਹਨ। ਸ੍ਰੀ ਗੁਰੂ ਨਾਨਕ ਦੇਵ ਜੀ ਸੁਲਤਾਨਪੁਰ ਲੋਧੀ 14 ਸਾਲ 9 ਮਹੀਨੇ 13 ਦਿਨ ਰਹੇ। ਇੱਥੇ ਹੀ ਉਨ੍ਹਾਂ ਨੇ ਨੌਕਰੀ ਕੀਤੀ, ਇੱਥੋਂ ਹੀ ਉਨ੍ਹਾਂ ਦਾ ਵਿਆਹ ਹੋਇਆ ਤੇ ਇੱਥੇ ਹੀ ਉਨ੍ਹਾਂ ਦੇ ਬੱਚਿਆਂ ਨੇ ਜਨਮ ਲਿਆ। ਇੱਥੇ ਹੀ ਉਨ੍ਹਾਂ ਨੇ ਚਾਰ ਉਦਾਸੀਆਂ ਕੀਤੀਆਂ ਤੇ ਸਭ ਤੋਂ ਵੱਡੀ ਗੱਲ ਕਿ ਜਿਸ ਗੁਰੂ ਗ੍ਰੰਥ ਸਾਹਿਬ ਜੀ ਨੂੰ ਹਰ ਸਿੱਖ ਸ਼ਬਦ ਗੁਰੂ ਮੰਨਦਾ ਹੈ, ਉਸ ਵਿਚਲੇ ਮੂਲ-ਮੰਤਰ ਦੀ ਰਚਨਾ ਵੀ ਸੁਲਤਾਨਪੁਰ ਲੋਧੀ 'ਚ ਪਵਿੱਤਰ ਕਾਲੀ ਵੇਈਂ ਦੇ ਕੰਢੇ 'ਤੇ ਹੋਈ ਸੀ। ਸੁਲਤਾਨਪੁਰ ਲੋਧੀ 'ਚ ਬੇਬੇ ਨਾਨਕੀ ਦਾ ਘਰ ਕਾਰ ਸੇਵਾ ਦੇ ਨਾਂਅ ਹੇਠ ਮਲੀਆਮੇਟ ਕੀਤਾ ਗਿਆ। ਬੇਬੇ ਨਾਨਕੀ ਦੇ ਘਰ ਨੂੰ ਢਹਿ-ਢੇਰੀ ਕਰਕੇ ਉਸ ਦੀ ਥਾਂ 'ਤੇ ਇਕ ਮਹਿਲਨੁਮਾ ਕਿਲ੍ਹਾ ਉਸਾਰ ਦਿੱਤਾ ਗਿਆ ਹੈ।
ਬੇਬੇ ਨਾਨਕੀ ਦੇ ਘਰ ਦੇ ਆਲੇ-ਦੁਆਲੇ ਰਹਿਣ ਵਾਲੇ ਗੁਆਂਢੀ ਤਾਂ ਦੱਸ ਸਕਦੇ ਹਨ ਕਿ ਬੇਬੇ ਨਾਨਕੀ ਜੀ ਦਾ ਅਸਲੀ ਘਰ ਕਿਹੋ ਜਿਹਾ ਸੀ, ਪਰ ਜਿਹੜਾ ਗੁਰਸਿੱਖ ਜਾਂ ਹੋਰ ਕੋਈ ਸੈਲਾਨੀ ਉਸ ਘਰ ਦੇ ਦਰਸ਼ਨਾਂ ਲਈ ਜਾਵੇਗਾ, ਉਹ ਦੇਖ ਕੇ ਅਸ਼-ਅਸ਼ ਕਰਕੇ ਕਹਿ ਉਠੇਗਾ ਕਿ ਬੇਬੇ ਨਾਨਕੀ ਜਾਂ ਬਾਬਾ ਨਾਨਕ ਕਿਹੋ ਜਿਹੇ ਆਲੀਸ਼ਾਨ ਘਰ 'ਚ ਜ਼ਿੰਦਗੀ ਜੀਅ ਰਹੇ ਸਨ। ਇਸ ਤੋਂ ਇਲਾਵਾ ਉਹ ਅਸਲੀ ਥਾਂ ਵੀ ਢਹਿ-ਢੇਰੀ ਕਰ ਦਿੱਤੀ ਗਈ, ਜਿਥੇ ਗੁਰੂ ਸਾਹਿਬ ਮੋਦੀਖਾਨੇ 'ਚ ਨੌਕਰੀ ਕਰਦੇ ਰਹੇ। ਚਮਕੌਰ ਸਾਹਿਬ ਦੀ ਗੜ੍ਹੀ ਜਿਸ ਨੂੰ ਕੱਚੀ ਹਵੇਲੀ ਵੀ ਕਹਿੰਦੇ ਹਨ, ਉਥੇ 40 ਸਿੰਘਾਂ ਨੇ ਹਜ਼ਾਰਾਂ ਦੀ ਗਿਣਤੀ 'ਚ ਮੁਗਲ ਫ਼ੌਜ ਦਾ ਮੁਕਾਬਲਾ ਕੀਤਾ ਸੀ, ਉਹ ਢਾਹ ਦਿੱਤੀ ਗਈ। ਬੇਸ਼ੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਅਵਤਾਰ ਸਿੰਘ ਨੇ ਚਮਕੌਰ ਸਾਹਿਬ ਵਿਖੇ ਦੁਬਾਰਾ ਪੁਰਾਤਨਤਾ ਦੀ ਤਰਜ਼ 'ਤੇ ਕੱਚੀ ਗੜ੍ਹੀ ਉਸਾਰਨ ਦਾ ਨੀਂਹ-ਪੱਥਰ ਰੱਖਿਆ ਸੀ, ਜਿਸ ਦਾ ਕੰਮ ਹਾਲੇ ਚੱਲ ਰਿਹਾ ਹੈ। ਇਸ ਤੋਂ ਪਹਿਲਾਂ ਫ਼ਤਹਿਗੜ੍ਹ ਸਾਹਿਬ ਵਿਖੇ ਦੀਵਾਨ ਟੋਡਰ ਮੱਲ ਦੀ 'ਜਹਾਜ਼ ਹਵੇਲੀ' ਦੀ ਪੁਰਾਤਨਤਾ ਨੂੰ ਬਰਕਰਾਰ ਰੱਖਣ ਲਈ ਕੰਮ ਕਈ ਸਾਲਾਂ ਤੋਂ ਰੇਂਗਦਾ ਹੋਇਆ ਮੰਜ਼ਿਲ ਵੱਲ ਵਧਣ ਦੀ ਕੋਸ਼ਿਸ਼ 'ਚ ਹੈ। ਫ਼ਤਹਿਗੜ੍ਹ ਸਾਹਿਬ 'ਚ ਠੰਢਾ ਬੁਰਜ ਢਹਿ ਗਿਆ ਹੈ। ਗੁਰਦਾਸਪੁਰ ਜ਼ਿਲ੍ਹੇ 'ਚ ਬਾਬਾ ਬੰਦਾ ਸਿੰਘ ਬਹਾਦਰ ਦਾ ਥੇਹ ਵੀ 'ਥੇਹ' ਕਰ ਦਿੱਤਾ ਗਿਆ।
ਇਨ੍ਹਾਂ ਤੋਂ ਇਲਾਵਾ ਹੋਰ ਵੀ ਗੁਰੂ ਸਾਹਿਬਾਨਾਂ ਨਾਲ ਸਬੰਧਤ ਅਸਲੀ ਯਾਦਗਾਰਾਂ ਕਾਰ ਸੇਵਾ ਦੇ ਨਾਂਅ ਹੇਠ ਮਲੀਆਮੇਟ ਕਰ ਦਿੱਤੀਆਂ। ਸਿੱਖਾਂ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਜਦੋਂ ਅਸਲੀ ਯਾਦਗਾਰ ਦੇਖਣ ਲਈ ਬਚਣਗੀਆਂ ਹੀ ਨਹੀਂ ਤਾਂ ਫਿਰ ਉਹ ਇਹ ਕਿਵੇਂ ਮੰਨ ਲੈਣਗੇ ਕਿ ਬੇਬੇ ਨਾਨਕੀ ਇਕ ਸਧਾਰਨ ਘਰ 'ਚ ਰਹਿੰਦੀ ਸੀ ਜਾਂ ਚਮਕੌਰ ਸਾਹਬਿ ਦੀ ਗੜ੍ਹੀ 'ਚ ਸਿੱਖ ਮੁਗਲਾਂ ਦੀ ਵੱਡੀ ਫ਼ੌਜ ਨਾਲ ਟਕਰਾਅ ਗਏ ਸਨ। ਪਰ ਅਫ਼ਸੋਸ ਕਿ ਅੱਜ ਇਹ ਕੱਚੀ ਗੜ੍ਹੀ ਵੀ ਸੰਗਮਰਮਰ ਦਾ ਰੂਪ ਧਾਰਨ ਕਰ ਗਈ ਹੈ। ਇਸੇ ਤਰ੍ਹਾਂ ਅੰਮ੍ਰਿਤਸਰ ਸਥਿਤ ਮਹਾਰਾਜਾ ਰਣਜੀਤ ਸਿੰਘ ਕਾਲ ਦੀ ਬਾਰਾਂਦਰੀ ਨੂੰ ਇਸ ਦਾਅਵੇ ਨਾਲ ਮਿੱਟੀ 'ਚ ਮਿਲਾ ਦਿੱਤਾ ਕਿ ਹੂਬਹੂ ਅਜਿਹੀ ਬਾਰਾਂਦਰੀ ਦਾ ਨਿਰਮਾਣ ਕੀਤਾ ਜਾਵੇਗਾ। ਅਨਮੋਲ ਸਿੱਖ ਇਤਿਹਾਸਕ ਨਿਸ਼ਾਨੀਆਂ ਦੇ ਹੋ ਰਹੇ ਘਾਣ ਲਈ ਸ਼੍ਰੋਮਣੀ ਕਮੇਟੀ ਨੂੰ ਕਾਰ ਸੇਵਾ ਸੰਪਰਦਾਵਾਂ ਨਾਲ ਮਿਲ ਕੇ ਇਸ ਵਿਰਾਸਤੀ ਘਾਣ ਨੂੰ ਜਲਦ ਰੋਕਣ ਲਈ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ, ਨਹੀਂ ਤਾਂ ਉਹ ਦਿਨ ਦੂਰ ਨਹੀਂ ਜਦੋਂ ਅਸੀਂ ਆਪਣੇ ਗੁਰੂ ਸਾਹਿਬਾਨਾਂ ਦੀਆਂ ਸੰਜੋਈਆਂ ਯਾਦਾਂ ਦੇ ਦਰਸ਼ਨਾਂ ਤੋਂ ਵੀ ਵਾਂਝੇ ਹੋ ਕੇ ਰਹਿ ਜਾਵਾਂਗੇ।


-ਮੋਬਾ: 98140-95400

ਬੁੱਢਾ ਦਲ ਦੇ ਸੱਤਵੇਂ ਜਥੇਦਾਰ ਬਾਬਾ ਹਨੂੰਮਾਨ ਸਿੰਘ ਦਾ ਸ਼ਹੀਦੀ ਅਸਥਾਨ

ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ (ਮੁਹਾਲੀ)

ਚੰਡੀਗੜ੍ਹ ਤੋਂ ਆਉਂਦਿਆਂ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਮੁੱਖ ਮਾਰਗ 'ਤੇ ਸਥਿਤ ਹੈ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ (ਮੁਹਾਲੀ)। ਇਹ ਅਸਥਾਨ ਬੁੱਢਾ ਦਲ ਦੇ ਸੱਤਵੇਂ ਜਥੇਦਾਰ ਸ਼ਹੀਦ ਬਾਬਾ ਹਨੂੰਮਾਨ ਸਿੰਘ (ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ) ਦਾ ਸ਼ਹੀਦੀ ਅਸਥਾਨ ਹੈ। ਬਾਬਾ ਜੀ ਦਾ ਜਨਮ ਪਿਤਾ ਗਰਜਾ ਸਿੰਘ ਬਾਠ ਦੇ ਗ੍ਰਹਿ ਵਿਖੇ ਮਾਤਾ ਹਰਨਾਮ ਕੌਰ ਦੀ ਕੁੱਖੋਂ 18 ਮੱਘਰ 1755 ਈ: ਨੂੰ ਨਾਰੰਗਪੁਰ ਵਾਲਾ ਜ਼ਿਲ੍ਹਾ ਫਿਰੋਜ਼ਪੁਰ ਵਿਖੇ ਹੋਇਆ। ਆਪ ਨੇ 10 ਸਾਲ ਬੁੱਢਾ ਦਲ ਦੇ ਜਥੇਦਾਰ ਰਹਿਣ ਦਾ ਮਾਣ ਪ੍ਰਾਪਤ ਕੀਤਾ। ਦਸੰਬਰ, 1845 ਈ: ਨੂੰ ਜਿਸ ਵਕਤ ਸਿੱਖ ਰਾਜ ਦੇ ਅਹਿਲਕਾਰ ਡੋਗਰੇ ਗੁਲਾਬ ਸਿੰਘ, ਮਿਸ਼ਰ ਲਾਲ ਸਿੰਘ ਅਤੇ ਤੇਜ ਸਿੰਘ ਨੇ ਅੰਗਰੇਜ਼ਾਂ ਨਾਲ ਅੰਦਰਖਾਤੇ ਸਿੱਖ ਰਾਜ ਨੂੰ ਅੰਗਰੇਜ਼ਾਂ ਦੇ ਅਧੀਨ ਕਰਨ ਲਈ ਸੌਦਾ ਕਰ ਲਿਆ, ਉਸ ਵੇਲੇ ਮਹਾਰਾਣੀ ਜਿੰਦ ਕੌਰ ਨੇ ਚਿੱਠੀ ਰਾਹੀਂ ਸ: ਸ਼ਾਮ ਸਿੰਘ ਅਟਾਰੀ ਨੂੰ ਖਾਲਸਾ ਪੰਥ ਬੁੱਢਾ ਦਲ ਦੇ ਨਾਂਅ ਸੰਦੇਸ਼ ਲਿਖ ਕੇ ਪੰਥ ਦੇ ਸੱਤਵੇਂ ਜਥੇਦਾਰ ਬਾਬਾ ਹਨੂੰਮਾਨ ਸਿੰਘ (ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਜੀ) ਦੇ ਪਾਸ ਸ੍ਰੀ ਅੰਮਿਤਸਰ ਬੇਨਤੀ ਕੀਤੀ। ਬਾਬਾ ਜੀ ਨੇ ਉਸੇ ਵੇਲੇ ਸਿੰਘਾਂ ਸਮੇਤ ਮੈਦਾਨੇ ਜੰਗ ਲਈ ਚਾਲੇ ਪਾ ਦਿੱਤੇ। ਮੁੁਦਕੀ ਅਤੇ ਫੇਰੂ ਸ਼ਹਿਰ ਪਹੁੰਚ ਕੇ ਸਿੰਘਾਂ ਅਤੇ ਅੰਗਰੇਜ਼ਾਂ ਵਿਚ ਘਮਾਸਾਨ ਯੁੱਧ ਹੋਇਆ, ਜਿਸ ਵਿਚ ਸਿੰਘਾਂ ਨੇ ਅੰਗਰੇਜ਼ਾਂ ਦੀ ਦਸ ਹਜ਼ਾਰ ਤੋਂ ਵਧੇਰੇ ਫ਼ੌਜ ਨੂੰ ਮੌਤ ਦੇ ਘਾਟ ਉਤਾਰਦਿਆਂ ਮੂੰਹ ਤੋੜਵਾਂ ਜਵਾਬ ਦਿੱਤਾ ਤੇ ਮੈਦਾਨੇ ਜੰਗ ਵਿਚੋਂ ਭਾਜੜਾਂ ਪੁਆ ਦਿੱਤੀਆਂ।
ਬੁੱਢਾ ਦਲ ਪਟਿਆਲੇ ਨਿਹੰਗ ਸਿੰਘਾਂ ਦੇ ਟੋਭੇ 'ਤੇ ਪਹੁੰਚ ਗਿਆ। ਅੰਗਰੇਜ਼ਾਂ ਦਾ ਇਕ ਝੋਲੀ ਚੁੱਕ ਕਰਮ ਸਿੰਘ ਜੋ ਕਿ ਸਿੱਖੀ ਕਿਰਦਾਰ ਤੋਂ ਡਿੱਗ ਚੁੱਕਾ ਸੀ, ਅੰਗਰੇਜ਼ਾਂ ਨਾਲ ਰਲ ਗਿਆ। ਉਸ ਨੇ ਅੰਗਰੇਜ਼ਾਂ ਨਾਲ ਮਿਲ ਕੇ ਸਿੰਘਾਂ 'ਤੇ ਤੋਪਾਂ ਨਾਲ ਹਮਲਾ ਕਰਵਾ ਦਿੱਤਾ, ਜਿਸ ਵਿਚ 15 ਕੁ ਹਜ਼ਾਰ ਸਿੰਘ ਸ਼ਹੀਦ ਹੋ ਗਏ, ਜਿਨ੍ਹਾਂ ਦਾ ਅੰਗੀਠਾ ਸਾਹਿਬ ਗੁ: ਸ੍ਰੀ ਦੁੱਖ ਨਿਵਾਰਨ ਸਾਹਿਬ, ਪਟਿਆਲਾ ਵਿਖੇ ਬੋਹੜ ਦੇ ਹੇਠਾਂ ਜੋਤ ਵਾਲੀ ਥਾਂ 'ਤੇ ਹੈ। ਅਖੀਰ ਸਿੰਘਾਂ ਨੇ ਲੜਦਿਆਂ-ਲੜਦਿਆਂ ਘੜਾਮ ਵੱਲ ਚਾਲੇ ਪਾ ਦਿੱਤੇ। ਘੜਾਮ ਪੁੱਜ ਕੇ ਜਥੇਦਾਰ ਬਾਬਾ ਹਨੂੰਮਾਨ ਸਿੰਘ ਤੋਪ ਦਾ ਗੋਲਾ ਲੱਗਣ ਕਾਰਨ ਸਖ਼ਤ ਜ਼ਖਮੀ ਹੋ ਗਏ ਅਤੇ ਦੁਸ਼ਮਣਾਂ ਦਾ ਟਾਕਰਾ ਕਰਦੇ ਰਾਜਪੁਰਾ ਹੁੰਦੇ ਹੋਏ ਨਗਰ ਸੋਹਾਣਾ, ਮੁਹਾਲੀ ਵਿਖੇ ਪਹੁੰਚੇ ਅਤੇ ਹਜ਼ਾਰਾਂ ਸਿੰਘਾਂ ਸਮੇਤ 90 ਸਾਲ ਦੀ ਉਮਰ ਵਿਚ ਇਸ ਅਸਥਾਨ 'ਤੇ ਸ਼ਹੀਦੀ ਦਾ ਜਾਮ ਪੀ ਗਏ। ਪਿੰਡ ਸੋਹਾਣਾ ਦੀ ਪ੍ਰਬੰਧਕ ਕਮੇਟੀ ਵਲੋਂ ਬੜੇ ਹੀ ਸਤਿਕਾਰ ਸਹਿਤ ਗੁਰੂ-ਘਰ ਦੀ ਸਾਂਭ-ਸੰਭਾਲ ਅਤੇ ਕਾਰਸੇਵਾ ਕੀਤੀ ਜਾ ਰਹੀ ਹੈ। ਇਸ ਸ਼ਹੀਦੀ ਅਸਥਾਨ ਵਿਖੇ ਬ੍ਰਹਮਲੀਨ ਬ੍ਰਹਮ ਗਿਆਨੀ ਸੰਤ ਬਾਬਾ ਅਜੀਤ ਸਿੰਘ ਹੰਸਾਲੀ ਵਾਲਿਆਂ ਦੇ ਬਚਨਾਂ ਸਦਕਾ ਕਈ ਕਾਰਜ ਚੱਲ ਰਹੇ ਹਨ, ਜਿਸ ਵਿਚ 101 ਸ੍ਰ੍ਰੀ ਅਖੰਡ ਪਾਠ ਸਾਹਿਬ ਦੀ ਨਿਰੰਤਰ ਲੜੀ ਜਾਰੀ ਹੈ। ਸੰਤ ਹੰਸਾਲੀ ਵਾਲਿਆਂ ਵਲੋਂ 140 ਫੁੱਟ ਲੰਬਾਈ, 110 ਫੁੱਟ ਚੌੜਾਈ, 127 ਫੁੱਟ ਉਚਾਈ ਵਾਲੇ ਗੁ: ਸਾਹਿਬ ਦੇ ਗੁੰਬਦਾਂ ਦੇ ਉੱਪਰ ਸੋਨੇ ਦੇ ਕਲਸ਼ਾਂ ਨੂੰ ਚੜ੍ਹਾਉਣ ਦੀ ਸੇਵਾ ਆਪਣੇ ਕਰ-ਕਮਲਾਂ ਨਾਲ ਕਰਵਾਈ ਗਈ ਹੈੈ।
ਇਸ ਅਸਥਾਨ 'ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਿਰਧ ਸਰੂਪ, ਪੋਥੀਆਂ, ਗੁਟਕਾ ਸਾਹਿਬ ਜੀ ਦੀ ਸੇਵਾ ਸੰਭਾਲ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਵੇਂ ਸਰੂਪ ਆਪ ਜਾ ਕੇ ਪਹੁੰਚਾਉਣ ਦੀ ਨਿਸ਼ਕਾਮ ਸੇਵਾ ਨਿਰੰਤਰ ਕਈ ਸਾਲਾਂ ਤੋਂ ਜਾਰੀ ਹੈ। ਇਸ ਅਸਥਾਨ 'ਤੇ ਬਾਬਾ ਹਨੂੰਮਾਨ ਸਿੰਘ ਜੀ ਡੇਅਰੀ ਫਾਰਮ ਹੈ, ਜਿਸ ਵਿਚ 300 ਤੋਂ ਉੱਪਰ ਮੱਝਾਂ ਅਤੇ ਅਮਰੀਕਨ ਗਾਵਾਂ ਇਸ ਅਸਥਾਨ 'ਤੇ ਚਲਦੇ ਦੁੱਧ, ਚਾਹ, ਲੱਸੀ, ਖੀਰ ਦੇ ਅਤੁੱਟ ਲੰਗਰ ਵਿਚ ਆਪਣਾ ਯੋਗਦਾਨ ਪਾ ਰਹੀਆਂ ਹਨ। ਬਾਬਾ ਜੀ ਨੇ 10 ਜੂਨ, 2003 ਨੂੰ ਦਸਵੀਂ ਦੇ ਦਿਹਾੜੇ 'ਤੇ ਸ਼ਾਮ 7:30 ਵਜੇ ਅਨੁਭਵੀ ਬਚਨ ਕੀਤੇ ਹਨ ਕਿ ਇਸ ਅਸਥਾਨ 'ਤੇ ਜੋ ਵੀ ਮਾਈ ਭਾਈ ਸ਼ਰਧਾਪੂਰਵਕ ਸੱਚੇ ਮਨ ਨਾਲ ਸ੍ਰੀ ਜਪੁਜੀ ਸਾਹਿਬ, ਜਾਪੁ ਸਾਹਿਬ ਜੀ, ਸੁਖਮਨੀ ਸਾਹਿਬ ਜੀ, ਚੌਪਈ ਸਾਹਿਬ ਜੀ ਦੇ ਵੱਧ ਤੋਂ ਵੱਧ ਇਕਾਗਰ ਚਿੱਤ ਹੋ ਕੇ ਪਾਠ ਕਰੇਗਾ ਅਤੇ ਸਿਮਰਨ ਕਰੇਗਾ, ਸਿੰਘ ਸ਼ਹੀਦ ਬਾਬਾ ਜੀ ਉਸ ਦੀ ਹਰ ਮਨੋਕਾਮਨਾ ਪੂਰੀ ਕਰਨਗੇ। ਇਸ ਅਸਥਾਨ 'ਤੇ ਬਾਬਾ ਹਨੂੰਮਾਨ ਸਿੰਘ ਜੀ ਦੀ ਯਾਦ ਵਿਚ ਡਿਸਪੈਂਸਰੀ ਅਤੇ ਕੰਪਿਊਟਰਾਈਜ਼ਡ ਲੈਬੋਰਟਰੀ ਚੱਲ ਰਹੀ ਹੈ। ਹਰ ਸਾਲ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਗੁਰਪੁਰਬ 'ਤੇ ਬਾਬਾ ਹਨੂੰਮਾਨ ਸਿੰਘ ਜੀ ਯਾਦਗਾਰੀ ਕੁਸ਼ਤੀ ਦੰਗਲ ਕਰਵਾਏ ਜਾਂਦੇ ਹਨ। ਸ਼ਹੀਦ ਬਾਬਾ ਹਨੂੰਮਾਨ ਸਿੰਘ ਜੀ ਦਾ ਜਨਮ ਦਿਹਾੜਾ ਹਰ ਸਾਲ 18 ਮੱਘਰ ਨੂੰ ਬੜੀ ਸ਼ਰਧਾਪੂਰਵਕ ਮਨਾਇਆ ਜਾਂਦਾ ਹੈ।


-ਮੁਹਾਲੀ। ਮੋਬਾ: 98157-07865

ਸ਼ਬਦ ਵਿਚਾਰ

ਮੁਕਾਮੁ ਕਰਿ ਘਰਿ ਬੈਸਣਾ ਨਿਤ ਚਲਣੈ ਕੀ ਧੋਖ॥

ਸਿਰੀਰਾਗੁ ਮਹਲਾ ੧ ਘਰੁ ੨
ਮੁਕਾਮੁ ਕਰਿ ਘਰਿ ਬੈਸਣਾ
ਨਿਤ ਚਲਣੈ ਕੀ ਧੋਖ॥
ਮੁਕਾਮੁ ਤਾ ਪਰੁ ਜਾਣੀਐ
ਜਾ ਰਹੈ ਨਿਹਚਲੁ ਲੋਕ॥ ੧॥
ਦੁਨੀਆ ਕੈਸਿ ਮੁਕਾਮੇ॥
ਕਰਿ ਸਿਦਕੁ ਕਰਣੀ ਖਰਚੁ ਬਾਧਹੁ
ਲਾਗਿ ਰਹੁ ਨਾਮੇ॥ ੧॥ ਰਹਾਉ॥
ਜੋਗੀ ਤ ਆਸਣੁ ਕਰਿ ਬਹੈ
ਮੁਲਾ ਬਹੈ ਮੁਕਾਮਿ॥
ਪੰਡਿਤ ਵਖਾਣਹਿ ਪੋਥੀਆ
ਸਿਧ ਬਹਹਿ ਦੇਵ ਸਥਾਨਿ॥ ੨॥
ਸੁਰ ਸਿਧ ਗਣ ਗੰਧਰਬ ਮੁਨਿ ਜਨ
ਸੇਖ ਪੀਰ ਸਲਾਰ॥
ਦਰਿ ਕੂਚ ਕੂਚਾ ਕਰਿ ਗਏ
ਅਵਰੇ ਭਿ ਚਲਣਹਾਰ॥ ੩॥
ਸੁਲਤਾਨ ਖਾਨ ਮਲੂਕ ਉਮਰੇ
ਗਏ ਕਰਿ ਕਰਿ ਕੂਚੁ॥
ਘੜੀ ਮੁਹਤਿ ਕਿ ਚਲਣਾ
ਦਿਲ ਸਮਝੁ ਤੂੰ ਭਿ ਪਹੂਚੁ॥ ੪॥
ਸਬਦਾਹ ਮਾਹਿ ਵਖਾਣੀਐ
ਵਿਰਲਾ ਤ ਬੂਝੈ ਕੋਇ॥
ਨਾਨਕੁ ਵਖਾਣੈ ਬੇਨਤੀ
ਜਲਿ ਥਲਿ ਮਹੀਅਲਿ ਸੋਇ॥ ੫॥
ਅਲਾਹੁ ਅਲਖੁ ਅਗੰਮੁ ਕਾਦਰੁ
ਕਰਣਹਾਰੁ ਕਰੀਮੁ॥
ਸਭ ਦੁਨੀ ਆਵਣ ਜਾਵਣੀ
ਮੁਕਾਮੁ ਏਕੁ ਰਹੀਮੁ॥ ੬॥
ਮੁਕਾਮੁ ਤਿਸਨੋ ਆਖੀਐ
ਜਿਸੁ ਸਿਸਿ ਨ ਹੋਵੀ ਲੇਖੁ॥
ਅਸਮਾਨੁ ਧਰਤੀ ਚਲਸੀ
ਮੁਕਾਮੁ ਓਹੀ ਏਕੁ॥ ੭॥
ਦਿਨ ਰਵਿ ਚਲੈ ਨਿਸਿ ਸਸਿ ਚਲੈ
ਤਾਰਿਕਾ ਲਖ ਪਲੋਇ॥
ਮੁਕਾਮੁ ਓਹੀ ਏਕ ਹੈ
ਨਾਨਕਾ ਸਚੁ ਬੁਗੋਇ॥ ੮॥ ੧੭॥ (ਅੰਗ 64)
ਮਹਲੇ ਪਹਿਲੇ ਸਤਾਰਹ ਅਸਟਪਦੀਆ॥
ਪਦ ਅਰਥ : ਮੁਕਾਮੁ-ਪੱਕਾ ਟਿਕਾਣਾ। ਨਿਤ-ਹਰ ਰੋਜ਼। ਧੋਖ-ਧੁਖ ਧੁਖੀ, ਚਿੰਤਾ, ਫਿਕਰ। ਨਿਹਚਲੁ-ਪੱਕਾ (ਟਿਕਾਣਾ)। ਲੋਕ-ਜਗਤ। ਕੈਸਿ-ਕਿਵੇਂ, ਕਿਸ ਤਰ੍ਹਾਂ। ਮੁਕਾਮੇ-ਪੱਕਾ ਟਿਕਾਣਾ। ਸਿਦਕੁ-ਨਿਸਚਾ ਕਰਕੇ। ਕਰਣੀ-ਉੱਚਾ ਆਚਰਣਕ ਜੀਵਨ। ਖਰਚੁ ਬਾਧਹੁ-ਖਰਚ (ਪੱਲੇ) ਬੰਨ੍ਹੋ। ਲਾਗਿ ਰਹੁ ਨਾਮੇ-ਪਰਮਾਤਮਾ ਦੇ ਨਾਮ ਵਿਚ ਲੱਗੇ ਰਹੋ, ਜੁੜੇ ਰਹੋ। ਕਰਿ ਬਹੈ-ਕਰਕੇ ਬੈਠਦਾ ਹੈ। ਮੁਲਾ-ਮੁੱਲਾਂ, ਸਾਈਂ ਫਕੀਰ। ਮੁਕਾਮਿ-ਮਸੀਤ ਵਿਚ, ਤਕੀਏ ਵਿਚ। ਪੋਥੀਆ-ਧਾਰਮਿਕ ਪੋਥੀਆਂ। ਵਖਾਣਹਿ-(ਹੋਰਨਾਂ ਨੂੰ) ਵਿਆਖਿਆ ਕਰਕੇ ਸੁਣਾਉਂਦੇ ਹਨ। ਦੇਵ ਸਥਾਨਿ-ਸੁਮੇਰ ਪਰਬਤ ਆਦਿ ਜਿਥੇ ਸਿੱਧ ਅਥਵਾ ਪੁੱਗੇ ਹੋਏ ਜੋਗੀ ਲੋਕ ਜਾ ਬੈਠਦੇ ਅਥਵਾ ਜਾ ਟਿਕਦੇ ਹਨ।
ਸੁਰ-ਦੇਵਤੇ। ਗਣ-ਸ਼ਿਵ ਭਗਤ। ਗੰਧਰਭ-ਦੇਵਤਿਆਂ ਦੇ ਗਵੱਈਏ, ਗਾਉਣ ਵਾਲੇ ਦੇਵਤੇ। ਮੁਨਿ ਜਨ-ਮੁਨੀ ਲੋਕ, ਚੁੱਪ ਰਹਿਣ ਵਾਲੇ। ਸਲਾਰ-ਮੁਖੀ, ਸਰਦਾਰ। ਦਰਿ ਕੂਚ ਕੂਚਾ-ਵਾਰੋ ਵਾਰੀ ਕੂਚ ਕਰ ਗਏ। ਅਵਰੇ ਭਿ-ਹੋਰ ਬਾਕੀ ਵੀ। ਚਲਣਹਾਰ-ਚੱਲਣ ਵਾਲੇ ਹਨ, ਤੁਰ ਜਾਣਗੇ। ਸੁਲਤਾਨ-ਪਾਤਸ਼ਾਹ। ਮਲੂਕ-ਮਲਕ, ਰਾਜੇ। ਉਮਰੇ-ਅਮੀਰ ਵਜ਼ੀਰ। ਘੜੀ ਮੁਹਤਿ-ਗੜੀ ਦੋ ਗੜੀਆਂ ਦੇ ਸਮੇਂ ਭਾਵ ਕਿਸੇ ਵੇਲੇ ਵੀ। ਸਮਝੁ ਭਿ ਪਹੂਚੁ-ਪ੍ਰਲੋਕ ਵਿਚ ਪਹੁੰਚਿਆ ਸਮਝ। ਸਬਦਾਹ ਮਾਹਿ-ਸ਼ਬਦਾਂ ਦੁਆਰਾ ਤਾਂ। ਵਖਾਣੀਐ-ਆਖਿਆ ਜਾਂਦਾ ਹੈ, ਵਰਨਣ ਕੀਤਾ ਜਾਂਦਾ ਹੈ। ਵਿਰਲਾ ਤ ਬੂਝੈ ਕੋਇ-ਪਰ ਇਸ ਨੂੰ ਕੋਈ ਵਿਰਲਾ ਹੀ ਸਮਝਦਾ ਹੈ। ਮਹੀਅਲਿ-ਆਕਾਸ਼ ਵਿਚ। ਸੋਇ-ਉਹ। ਅਲਾਹੁ-ਅੱਲਾਹ। ਅਲਖੁ-ਜੋ ਲੱਖਿਆ ਨਾ ਜਾ ਸਕੇ, ਜਾਣਿਆ ਨਾ ਜਾ ਸਕੇ। ਅਗੰਮੁ-ਜਿਸ 'ਤੇ ਪਹੁੰਚਿਆ ਨਾ ਜਾ ਸਕੇ, ਅਪਹੁੰਚ। ਕਾਦਰੁ-ਕੁਦਰਤ ਦਾ ਮਾਲਕ। ਕਰੀਮੁ-ਬਖਸ਼ਿਸ਼ ਕਰਨ ਵਾਲਾ, ਰਹਿਮ ਕਰਨ ਵਾਲਾ। ਕਰਣਹਾਰੁ-ਰਚਣਹਾਰ। ਦੁਨੀ-ਦੁਨੀਆ। ਸਿਸਿ-ਸਿਰ 'ਤੇ, ਮੱਥੇ 'ਤੇ। ਚਲਸੀ-ਚਲਾਇਮਾਨ ਹਨ, ਨਾਸਵੰਤ ਹਨ। ਓਹੀ ਏਕੁ-ਕੇਵਲ ਉਹ ਇਕ ਪਰਮਾਤਮਾ ਦਾ।
ਰਵਿ-ਸੂਰਜ। ਨਿਸਿ-ਰਾਤ। ਸਸਿ-ਚੰਦ੍ਰਮਾ (ਚੰਦ)। ਤਾਰਿਕਾ ਲਖ-ਲੱਖਾਂ ਤਾਰੇ। ਪਲੋਇ-ਨਾਸ ਹੋ ਜਾਣਗੇ, ਛੁਪ ਜਾਣਗੇ। ਸਚੁ ਬੁਗੋਇ-ਸੱਚ ਆਖਦੇ ਹਨ, ਸੱਚ ਕਹਿੰਦੇ ਹਨ।
ਜੋ ਕੋਈ ਵੀ ਜੀਵ ਇਸ ਜਗਤ ਵਿਚ ਆਉਂਦਾ ਹੈ, ਉਹ ਮਰਨ ਦਾ ਲੇਖ (ਆਪਣੇ ਮੱਥੇ 'ਤੇ ਲਿਖਵਾ ਕੇ ਆਉਂਦਾ ਹੈ। ਕੋਈ ਵੀ ਜੀਵ ਇਥੇ ਸਦਾ ਲਈ ਟਿਕਿਆ ਨਹੀਂ ਰਹਿ ਸਕਦਾ, ਸਭਨਾਂ ਨੇ ਪਰਲੋਕ ਜ਼ਰੂਰ ਜਾਣਾ ਹੈ। ਗੁਰੂ ਬਾਬਾ ਦੇ ਰਾਗੁ ਮਾਰੂ ਵਿਚ ਪਾਵਨ ਬਚਨ ਹਨ-
ਮਰਣੁ ਲਿਖਾਇ ਮੰਡਲ ਮਹਿ ਆਏ॥
ਕਿਉ ਰਹੀਐ ਚਲਣਾ ਪਰਥਾਏ॥ (ਅੰਗ 1022)
ਮਹਿ-ਵਿਚ। ਮੰਡਲ-ਸੰਸਾਰ। ਪਰਥਾਏ-ਪਰਲੋਕ ਵਿਚ।
ਧਰਮ ਤੇ ਹਿੰਦ ਦੀ ਚਾਦਰ ਗੁਰੂ ਤੇਗ ਬਹਾਦਰ ਜੀ ਦ੍ਰਿੜ੍ਹ ਕਰਵਾ ਰਹੇ ਹਨ-
ਰਾਮੁ ਗਇਉ ਰਾਵਨੁ ਗਇਓ
ਜਾ ਕਉ ਬਹੁ ਪਰਵਾਰੁ॥
ਕਹੁ ਨਾਨਕ ਥਿਰੁ ਕਛੁ ਨਹੀ
ਸੁਪਨੇ ਜਿਉ ਸੰਸਾਰ॥
(ਸਲੋਕ ਨੰ: 49, ਅੰਗ 1429)
ਇਹ ਸਭ ਸ਼ਾਹ, ਬਾਦਸ਼ਾਹ, ਅਮੀਰ, ਸਰਦਾਰ, ਚੌਧਰੀ ਜਿੰਨੇ ਵੀ ਹਨ, ਸਭ ਨਾਸਵੰਤ ਹਨ। ਇਕ ਪ੍ਰਭੂ ਦੇ ਨਾਮ ਤੋਂ ਬਿਨਾਂ ਮਾਇਆ ਵਿਚ ਪਿਆਰ ਪਾਉਣਾ ਸਭ ਝੂਠਾ ਹੈ। ਗੁਰਵਾਕ ਹੈ-
ਜਿਤਨੇ ਸਾਹ ਪਾਤਿਸਾਹ ਉਮਰਾਵ ਸਿਕਦਾਰ ਚਉਧਰੀ
ਸਭਿ ਮਿਥਿਆ ਝੂਠੁ ਭਾਉ ਦੂਜਾ ਜਾਣੁ॥
(ਰਾਗੁ ਗੋਢ ਮਹਲਾ ੪, ਅੰਗ 861)
ਉਮਰਾਵ-ਅਮੀਰ। ਸਿਕਦਾਰ-ਸਰਦਾਰ। ਮਿਥਿਆ-ਨਾਸਵੰਤ। ਭਾਉ ਦੂਜਾ-ਦੂਜੀ ਮਾਇਆ ਵਿਚ ਪਿਆਰ ਪਾਉਣਾ।
ਨਾਸ਼ ਤੋਂ ਰਹਿਤ ਪਰਮਾਤਮਾ ਹੀ ਸਦਾ ਥਿਰ ਰਹਿਣ ਵਾਲਾ ਹੈ ਅਤੇ ਅਟੱਲ ਹੈ। ਇਸ ਲਈ ਹੇ ਮੇਰੇ ਮਨ, ਉਸ ਪਰਮਾਤਮਾ ਦੀ ਭਜਨ ਬੰਦਗੀ ਕਰ, ਜਿਸ ਨਾਲ ਤੂੰ ਦਰਗਾਹੇ ਕਬੂਲ ਹੋ ਜਾਵੇਂਗਾ-
ਹਰਿ ਅਬਿਨਾਸੀ ਸਦਾ ਥਿਰ ਨਿਹਚਲੁ
ਤਿਸੁ ਮੇਰੇ ਮਨ ਭਜੁ ਪਰਵਾਣੁ॥
(ਅੰਗ 861)
ਅੱਖਰੀਂ ਅਰਥ : ਸੰਸਾਰ ਨੂੰ ਪੱਕਾ ਟਿਕਾਣਾ ਮੰਨ ਕੇ ਘਰ ਵਿਚ (ਨਿਸਚਿੰਤ ਹੋ ਕੇ ਕਿਵੇਂ) ਬੈਠਿਆ ਜਾ ਸਕਦਾ ਹੈ, ਜਦੋਂ ਕਿ ਹਰ ਰੋਜ਼ ਇਥੋਂ ਤੁਰ ਜਾਣ ਦੀ ਧੁਖਧੁਖੀ ਲੱਗੀ ਰਹਿੰਦੀ ਹੈ। ਇਹ ਜਗਤ ਪੱਕਾ ਟਿਕਾਣਾ ਤਾਂ ਹੀ ਜਾਣਿਆ ਜਾ ਸਕਦਾ ਹੈ, ਜੇਕਰ ਇਹ ਆਪ ਸਦਾ ਅਟੱਲ ਰਹਿਣ ਵਾਲਾ ਹੋਵੇ।
ਇਹ ਜਗਤ ਪੱਕਾ ਟਿਕਾਣਾ ਕਿਵੇਂ ਹੋ ਸਕਦਾ ਹੈ? ਇਸ ਲਈ ਹੇ ਭਾਈ, ਨਿਸਚਾ ਕਰਕੇ ਉੱਚੇ ਆਚਰਣਕ ਜੀਵਨ ਨੂੰ (ਆਪਣੇ ਜੀਵਨ ਸਫਰ ਲਈ) ਇਸ ਖਰਚ ਨੂੰ ਪੱਲੇ ਬੰਨ੍ਹ ਕੇ ਸਦਾ ਪਰਮਾਤਮਾ ਦੇ ਨਾਮ ਵਿਚ ਜੁੜਿਆ ਰਹੁ। ਜੋਗੀ ਆਸਣ ਕਰਕੇ ਬੈਠਦਾ ਹੈ, ਮੁੱਲਾਂ (ਤਕੀਏ ਜਾਂ ਮਸੀਤ) ਨੂੰ ਆਪਣਾ ਪੱਕਾ ਟਿਕਾਣਾ ਬਣਾ ਕੇ ਬੈਠਦਾ ਹੈ। ਪੰਡਿਤ ਲੋਕ ਧਾਰਮਿਕ ਪੋਥੀਆਂ ਦਾ ਵਿਖਿਆਨ ਕਰਦੇ ਹਨ ਅਤੇ ਸਿੱਧ ਪਰਬਤਾਂ ਆਦਿ 'ਤੇ ਸਮਾਧੀਆਂ ਲਾਉਂਦੇ ਹਨ (ਪਰ ਇਨ੍ਹਾਂ ਵਿਚੋਂ ਕਿਸੇ ਦਾ ਪੱਕਾ ਟਿਕਾਣਾ ਨਹੀਂ, ਸਭ ਸੰਸਾਰ 'ਚੋਂ ਕੂਚ ਕਰਨ ਵਾਲੇ ਹਨ)।
ਦੇਵਤੇ, ਸਿੱਧ, ਸ਼ਿਵ ਭਗਤ, ਦੇਵਤਿਆਂ ਦੇ ਗਵੱਈਏ, ਮੁਨੀ ਲੋਕ, ਸ਼ੇਖ, ਪੀਰ, ਸਰਦਾਰ ਆਦਿ ਸਭ ਆਪੋ-ਆਪਣੀ ਵਾਰੀ ਇਥੋਂ ਕੂਚ ਕਰ ਗਏ ਅਤੇ ਹੋਰ ਬਾਕੀ ਦੇ ਦੂਜੇ ਵੀ ਚੱਲਣ ਵਾਲੇ ਹਨ, ਕੂਚ ਕਰਨ ਵਾਲੇ ਹਨ। ਪਾਤਸ਼ਾਹ, ਖਾਨ, ਮਲਕ (ਰਾਜੇ) ਹੋਰ ਅਮੀਰ ਵਜ਼ੀਰ ਸਭ ਇਥੋਂ ਵਾਰੋ-ਵਾਰੀ ਕੂਚ ਕਰ ਗਏ। ਹੇ ਮਨਾ, ਤੂੰ ਵੀ ਘੜੀ-ਦੋ ਘੜੀਆਂ ਨੂੰ ਭਾਵ ਛੇਤੀ ਹੀ ਇਥੋਂ ਚੱਲ ਪੈਣਾ ਹੈ ਅਤੇ ਪਰਲੋਕ ਵਿਚ ਪੁੱਜ ਜਾਣਾ ਹੈ।
ਸ਼ਬਦਾਂ ਭਾਵ ਉਪਦੇਸ਼ਾਂ ਰਾਹੀਂ ਬੜਾ ਕੁਝ ਦਰਸਾਇਆ ਜਾਂਦਾ ਹੈ ਕਿ ਜਗਤ ਪੱਕਾ ਟਿਕਾਣਾ ਨਹੀਂ ਪਰ ਇਸ ਭੇਤ ਨੂੰ ਸਮਝਦਾ ਕੋਈ ਵਿਰਲਾ ਹੀ ਹੈ। ਗੁਰੂ ਬਾਬਾ ਬੇਨਤੀ ਕਰ ਰਹੇ ਹਨ (ਕਿ ਪੱਕਾ ਟਿਕਾਣਾ ਤਾਂ ਕੇਵਲ ਪਰਮਾਤਮਾ ਦਾ ਹੀ ਹੈ) ਜੋ ਪਾਣੀ, ਧਰਤੀ ਅਤੇ ਆਕਾਸ਼ ਅਰਥਾਤ ਹਰ ਥਾਂ ਰਮਿਆ ਹੋਇਆ ਹੈ।
ਅੱਲਾਹ ਭਾਵ ਅਕਾਲ ਪੁਰਖ ਨੂੰ ਲੱਖਿਆ ਨਹੀਂ ਜਾ ਸਕਦਾ, ਜੋ ਅਪਹੁੰਚ ਹੈ ਅਤੇ ਕੁਦਰਤ ਦਾ ਮਾਲਕ ਹੈ, ਸਭ ਦਾ ਕਰਤਾ ਹੈ, ਸਭ 'ਤੇ ਰਹਿਮ ਅਤੇ ਬਖਸ਼ਿਸ਼ਾਂ ਕਰਨ ਵਾਲਾ ਹੈ। ਬਾਕੀ ਸਾਰਾ ਜਗਤ ਆਉਣ-ਜਾਣ ਵਾਲਾ ਹੈ ਭਾਵ ਨਾਸਵੰਤ ਹੈ। ਕੇਵਲ ਇਕ ਪਰਮਾਤਮਾ ਜੋ ਸਭ 'ਤੇ ਦਇਆ ਅਤੇ ਰਹਿਮ ਕਰਨ ਵਾਲਾ ਹੈ, ਸਦਾ ਟਿਕਿਆ ਰਹਿਣ ਵਾਲਾ ਹੈ।
ਸਦਾ ਕਾਇਮ ਜਾਂ ਟਿਕੇ ਰਹਿਣ ਵਾਲਾ ਉਸ ਨੂੰ ਆਖਿਆ ਜਾਂਦਾ ਹੈ, ਜਿਸ ਦੇ ਮੱਥੇ 'ਤੇ (ਮੌਤ ਦਾ) ਲੇਖ ਨਹੀਂ ਲਿਖਿਆ ਹੁੰਦਾ। ਅਸਮਾਨ, ਧਰਤੀ ਸਭ ਨਾਸ ਹੋ ਜਾਣਗੇ, ਕੇਵਲ ਇਕ ਪਰਮਾਤਮਾ ਦਾ ਹੀ ਅਟੱਲ ਟਿਕਾਣਾ ਰਹੇਗਾ।
ਦਿਨ, ਸੂਰਜ, ਰਾਤਾਂ, ਚੰਦ ਸਭ ਨਾਸਵੰਤ ਹਨ। ਇਸੇ ਤਰ੍ਹਾਂ ਲੱਖਾਂ ਤਾਰੇ ਨਾਸ ਹੋ ਜਾਣਗੇ। ਗੁਰੂ ਬਾਬਾ ਦ੍ਰਿੜ੍ਹ ਕਰਵਾ ਰਹੇ ਹਨ ਕਿ ਸਦਾ ਕਾਇਮ ਰਹਿਣ ਵਾਲਾ ਤਾਂ ਕੇਵਲ ਇਕ ਪਰਮਾਤਮਾ ਹੀ ਹੈ।


-217-ਆਰ, ਮਾਡਲ ਟਾਊਨ, ਜਲੰਧਰ।

ਪ੍ਰੇਰਨਾ-ਸਰੋਤ

ਮਨ ਦੀ ਸਥਿਰ ਅਵਸਥਾ ਨੂੰ ਹੀ ਆਤਮਾ ਕਹਿੰਦੇ ਹਨ

ਸਾਡੀ ਮੱਤ ਜਾਂ ਬੁੱਧੀ ਦਾ ਇਕ ਅੰਸ਼ ਹਮੇਸ਼ਾ ਗਿਆਨ ਇੰਦਰੀਆਂ ਵਿਚ ਅਤੇ ਦੂਜਾ ਹਿੱਸਾ ਪੰਚਭੂਤਾਂ ਭਾਵ ਗੰਧ, ਸੁਆਦ, ਛੋਹ, ਸ਼ਬਦ ਅਤੇ ਦ੍ਰਿਸ਼ਟੀ ਵਿਚ ਪਰਿਵਰਤਿਤ ਹੁੰਦਾ ਰਹਿੰਦਾ ਹੈ। ਸਵਾਮੀ ਵਿਵੇਕਾਨੰਦ ਵੇਦਾਂਤ ਵਿਚ ਲਿਖਦੇ ਹਨ ਕਿ ਜਿਵੇਂ ਭੌਤਿਕ ਪਦਾਰਥਾਂ ਨੂੰ ਦੇਖਣ ਲਈ ਤੰਦਰੁਸਤ ਅੱਖਾਂ ਦੀ ਲੋੜ ਹੁੰਦੀ ਹੈ, ਉਵੇਂ ਹੀ ਮਨ ਦੀ ਅਵਸਥਾ ਨੂੰ ਦੇਖਣ ਲਈ ਬੁੱਧੀ ਦੀ ਲੋੜ ਹੁੰਦੀ ਹੈ। ਅੱਖ ਦੇ ਪਿੱਛੇ ਨੇਤਰ ਨਾੜੀਆਂ, ਦਿਮਾਗ ਦਾ ਦ੍ਰਿਸ਼ਟੀ ਕੇਂਦਰ ਮੌਜੂਦ ਹੁੰਦੀਆਂ ਹਨ। ਇਹ ਬਾਹਰੀ ਯੰਤਰ ਨਹੀਂ ਹਨ ਪਰ ਇਨ੍ਹਾਂ ਤੋਂ ਬਿਨਾਂ ਅੱਖਾਂ ਦੇਖ ਨਹੀਂ ਸਕਦੀਆਂ, ਕਿਉਂਕਿ ਗਿਆਨ ਇੰਦਰੀਆਂ ਨਾਲ ਮਨ, ਦਿਮਾਗ ਦਾ ਸੰਯੋਗ ਜ਼ਰੂਰੀ ਹੈ। ਮਨ ਦੀ ਉਹ ਸ਼ਕਤੀ, ਜਿਹੜੀ ਰੂਪ ਨਿਰਧਾਰਨ ਕਰਦੀ ਹੈ, ਉਹ ਹੈ ਮੱਤ ਜਾਂ ਬੁੱਧੀ। ਇਸ ਨਾਲ ਹੀ ਪ੍ਰਤੀਕਿਰਿਆ ਵਜੋਂ ਸੰਸਾਰਿਕ ਭੌਤਿਕ ਪਦਾਰਥਾਂ ਅਤੇ ਘੁਮੰਡ ਦਾ ਵੀ ਅਹਿਸਾਸ ਹੁੰਦਾ ਹੈ। ਮਨ ਅੰਦਰ ਇੱਛਾ ਪੈਦਾ ਹੁੰਦੀ ਹੈ। ਜਿਵੇਂ ਕਿਸੇ ਚਿੱਤਰ ਨੂੰ ਦੇਖਣ ਲਈ ਉਸ ਦੇ ਹਰ ਭਾਗ 'ਤੇ ਪ੍ਰਕਾਸ਼ ਦਾ ਪੈਣਾ ਚਿੱਤਰ ਲਈ ਇਕ ਵਿਸ਼ੇਸ਼ ਆਧਾਰ ਦਾ ਹੋਣਾ ਜ਼ਰੂਰੀ ਹਨ, ਉਸੇ ਤਰ੍ਹਾਂ ਇਸ ਲਈ ਮਨ ਲਈ ਵੀ ਉਸ ਦੇ ਸਾਰੇ ਪਛੇਤਰ ਵੀ ਨਾਲ ਜੁੜਨ ਅਤੇ ਸਰੀਰ ਤੋਂ ਵੀ ਵੱਧ ਟਿਕਾਊ ਸਤਹ ਤੇ ਉਸ ਦਾ ਪ੍ਰੇਖਣ ਹੋਵੇ। ਅਜਿਹੀ ਸਥਿਰ ਅਤੇ ਟਿਕਾਊ ਸਤਹ ਨੂੰ ਹੀ ਆਤਮਾ ਕਹਿੰਦੇ ਹਨ।


-ਸਵਾਮੀ ਵਿਵੇਕਾਨੰਦ ਸਟੱਡੀ ਸਰਕਲ, ਜਲੰਧਰ।

ਜਨਮ ਦਿਨ 'ਤੇ ਵਿਸ਼ੇਸ਼

ਗਿਆਨ ਸਿੰਘ 'ਰਾੜੇਵਾਲਾ'

ਪਟਿਆਲਾ ਰਿਆਸਤ ਵਿਚ ਸ: ਗਿਆਨ ਸਿੰਘ 'ਰਾੜੇਵਾਲਾ' ਅਜਿਹੇ ਵਿਅਕਤੀ ਸਨ ਜਿਨ੍ਹਾਂ ਨੇ ਆਪਣੇ ਸਮੇਂ ਵੀ ਜ਼ਮਾਨੇ 'ਤੇ ਪੂਰਾ ਪ੍ਰਭਾਵ ਪਾਇਆ ਅਤੇ ਭਵਿੱਖ ਲਈ ਵੀ ਪੂਰਨੇ ਪਾਏ। ਇਕ ਯੋਗ ਪ੍ਰਸ਼ਾਸਕ ਅਤੇ ਸਿਆਸਤਦਾਨ ਸ: ਗਿਆਨ ਸਿੰਘ ਰਾੜੇਵਾਲੇ ਦਾ ਜਨਮ 16 ਦਸੰਬਰ, 1901 ਈ: ਨੂੰ ਸ: ਰਤਨ ਸਿੰਘ ਬਿਸਵੇਦਾਰ ਦੇ ਘਰ ਪਿੰਡ ਭੜੀ, ਜ਼ਿਲ੍ਹਾ ਲੁਧਿਆਣਾ 'ਚ ਨਾਨਕੇ ਪਿੰਡ ਵਿਚ ਹੋਇਆ। ਆਪ ਦਾ ਜੱਦੀ ਪਿੰਡ ਰਾੜਾ ਵੀ ਲੁਧਿਆਣਾ ਜ਼ਿਲ੍ਹੇ ਵਿਚ ਸੀ। ਸ: ਗਿਆਨ ਸਿੰਘ ਨੇ ਮੁਢਲੀ ਵਿੱਦਿਆ ਭੜੀ, ਸਮਰਾਲਾ ਅਤੇ ਲੁਧਿਆਣਾ ਤੋਂ ਗ੍ਰਹਿਣ ਕੀਤੀ, ਮਾਡਲ ਹਾਈ ਸਕੂਲ ਪਟਿਆਲਾ ਤੋਂ ਦਸਵੀਂ ਅਤੇ 1925 ਵਿਚ ਮਹਿੰਦਰਾ ਕਾਲਜ ਪਟਿਆਲਾ ਤੋਂ ਬੀ.ਏ. ਦੀ ਪ੍ਰੀਖਿਆ ਪਾਸ ਕੀਤੀ। ਆਪ ਨੇ ਆਪਣੀ ਵਿਦਵਤਾ, ਲਿਆਕਤ ਤੇ ਤਜਰਬੇ ਨਾਲ ਬਹੁਤ ਚੰਗਾ ਮਾਣ ਪ੍ਰਾਪਤ ਕੀਤਾ। ਫਿਰ ਆਪ ਪਟਿਆਲਾ ਰਿਆਸਤ ਦੀ ਸਿਵਲ ਸਰਵਿਸ 'ਚ ਸਹਾਇਕ ਡਿਪਟੀ ਕਮਿਸ਼ਨਰ ਨਿਯੁਕਤ ਹੋਏ। ਉਪਰੰਤ ਪਟਿਆਲਾ ਦੇ ਡਿਪਟੀ ਕਮਿਸ਼ਨਰ ਬਣੇ। ਪਰ ਛੇਤੀ ਹੀ ਆਪ ਨੂੰ ਰਾਜ ਦੇ ਵਿਦੇਸ਼ੀ ਦਫ਼ਤਰ ਵਿਚ ਬਤੌਰ ਅੰਡਰ-ਸੈਕਟਰੀ ਲਾਇਆ ਗਿਆ, ਜਿਥੇ ਆਪ ਨੇ ਡਾ: ਸਰ ਰਸ਼ਬਰੁਕ ਵਿਲੀਅਮ ਦੀ ਨਿਗਰਾਨੀ ਹੇਠ ਕੰਮ ਕੀਤਾ ਅਤੇ ਥੋੜ੍ਹੇ ਸਮੇਂ ਪਿੱਛੋਂ ਆਪ ਰੈਵੀਨਿਊ ਕਮਿਸ਼ਨਰ ਦੇ ਤੌਰ 'ਤੇ ਵੱਖ-ਵੱਖ ਅਹੁਦਿਆਂ 'ਤੇ ਰਹੇ ਜਿਥੇ ਆਪ ਨੇ ਇਕੋ ਸਮੇਂ ਪਟਿਆਲਾ ਦੀ ਨਗਰ ਪਾਲਿਕਾ ਕਮੇਟੀ ਦੇ ਪ੍ਰਧਾਨ ਵਜੋਂ, ਐਕਸਾਈਜ਼ ਕਮਿਸ਼ਨਰ ਵਜੋਂ, ਰਾਜ ਦੀ ਹਾਈ ਕੋਰਟ ਦੇ ਜੱਜ ਦੇ ਤੌਰ 'ਤੇ ਅਤੇ ਮਾਲ ਤੇ ਖੇਤੀਬਾੜੀ ਮੰਤਰੀ ਵਜੋਂ ਕੰਮ ਕੀਤਾ। ਆਪ ਦਾ ਅਨੰਦ ਕਾਰਜ ਬੀਬੀ ਮਨਮੋਹਣ ਕੌਰ ਨਾਲ ਹੋਇਆ। ਆਪ ਦੇ ਘਰ ਚਾਰ ਸਪੁੱਤਰਾਂ ਤੇ ਇਕ ਸਪੁੱਤਰੀ ਬੀਬੀ ਨਿਰਲੇਪ ਕੌਰ ਦਾ ਜਨਮ ਹੋਇਆ। ਸ: ਗਿਆਨ ਸਿੰਘ ਰਾੜੇਵਾਲਾ 1942 ਈ: ਵਿਚ ਪਟਿਆਲਾ ਰਿਆਸਤ ਦੀ ਹਾਈ ਕੋਰਟ ਦੇ ਮੁੱਖ ਜੱਜ ਬਣੇ। ਪੂਰਬੀ ਪੰਜਾਬ ਰਾਜ ਯੂਨੀਅਨ (ਪੈਪਸੂ) ਅਤੇ ਪਟਿਆਲਾ ਦੀ ਹੋਂਦ ਤੋਂ ਬਾਅਦ ਸ: ਗਿਆਨ ਸਿੰਘ ਰਾੜੇਵਾਲਾ ਨੂੰ 1948 ਵਿਚ ਇਸ ਦਾ ਪ੍ਰਧਾਨ ਮੰਤਰੀ ਨਿਯੁਕਤ ਕੀਤਾ ਗਿਆ ਅਤੇ 20 ਅਪ੍ਰੈਲ, 1952 ਨੂੰ ਗ਼ੈਰ-ਕਾਂਗਰਸੀ ਗੱਠਜੋੜ ਬਣੀ ਵਜ਼ਾਰਤ ਦੇ ਸਮੇਂ ਪੈਪਸੂ ਦਾ ਪਹਿਲਾ ਚੁਣਿਆ ਹੋਇਆ ਮੁੱਖ ਮੰਤਰੀ ਬਣਨ ਦਾ ਸੁਭਾਗ ਪ੍ਰਾਪਤ ਹੋਇਆ। ਆਪ ਨੇ ਮਾਂ-ਬੋਲੀ ਪੰਜਾਬੀ ਦੇ ਵਿਕਾਸ ਵਾਸਤੇ ਪੰਜਾਬੀ ਵਿਭਾਗ ਆਰੰਭ ਕਰਵਾਇਆ ਅਤੇ ਪੰਜਾਬੀ ਸੂਬੇ ਦੀ ਡਟ ਕੇ ਹਮਾਇਤ ਕੀਤੀ। ਪੈਪਸੂ ਦੇ ਮੁੱਖ ਮੰਤਰੀ ਸਮੇਂ ਆਪ ਨੇ ਮਾਂ-ਬੋਲੀ ਪੰਜਾਬੀ ਨੂੰ ਸਕੂਲਾਂ ਵਿਚ ਪੜ੍ਹਾਈ ਦਾ ਮਾਧਿਅਮ ਅਤੇ ਅਦਾਲਤਾਂ ਦੀ ਕੰਮ-ਕਾਜ ਦੀ ਭਾਸ਼ਾ ਬਣਾ ਕੇ ਮਹਾਨ ਤੇ ਇਤਿਹਾਸਕ ਸੇਵਾ ਕੀਤੀ। ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੂੰ ਆਰੰਭ ਕਰਵਾਉਣ ਲਈ ਸ: ਰਾੜੇਵਾਲੇ ਨੇ ਵਿਸ਼ੇਸ਼ ਯੋਗਦਾਨ ਪਾਇਆ।
ਪਟਿਆਲਾ ਰਿਆਸਤ ਵਲੋਂ ਸ: ਗਿਆਨ ਸਿੰਘ ਰਾੜੇਵਾਲਾ ਭਾਰਤ ਦੀ ਪਹਿਲੀ ਸੰਵਿਧਾਨਕ ਅਸੈਂਬਲੀ ਦੇ ਨੁਮਾਇੰਦੇ ਵੀ ਚੁਣੇ ਗਏ ਸੀ, ਜੋ ਥੋੜ੍ਹੇ ਸਮੇਂ ਬਾਅਦ ਉਨ੍ਹਾਂ ਨੇ ਛੱਡ ਦਿੱਤੀ ਸੀ। ਆਪ ਨਿੱਜੀ ਤੌਰ 'ਤੇ ਰਿਜਨਲ ਫਾਰਮੂਲਾ ਸਕੀਮ ਦੇ ਹੱਕ ਵਿਚ ਨਹੀਂ ਸਨ ਭਾਵੇਂ ਸ਼੍ਰੋਮਣੀ ਅਕਾਲੀ ਦਲ ਦੀ ਇਕੱਤਰਤਾ ਵਿਚ 11 ਮਾਰਚ, 1956 ਈ: ਨੂੰ ਇਸ ਯੋਜਨਾ ਦੀ ਸਿਫ਼ਾਰਸ਼ ਕੀਤੀ ਗਈ ਸੀ। ਜਨਰਲ ਬਾਡੀ ਨੇ ਇਕ ਲੰਮੇ ਵਿਚਾਰ-ਵਟਾਂਦਰੇ ਤੋਂ ਬਾਅਦ ਇਸ ਨੂੰ ਪ੍ਰਵਾਨ ਕੀਤਾ ਸੀ। ਸਿੱਟੇ ਵਜੋਂ 1 ਨਵੰਬਰ, 1956 ਨੂੰ ਪੈਪਸੂ ਨੂੰ ਪੰਜਾਬ ਵਿਚ ਮਿਲਾ ਦਿੱਤਾ ਗਿਆ ਅਤੇ ਰਾੜੇਵਾਲਾ ਸਮੇਤ ਬਹੁਤ ਸਾਰੇ ਅਕਾਲੀ, ਕਾਂਗਰਸ ਪਾਰਟੀ ਵਿਚ ਸ਼ਾਮਿਲ ਹੋ ਗਏ।
ਸ: ਗਿਆਨ ਸਿੰਘ ਰਾੜੇਵਾਲਾ 7 ਜੁਲਾਈ, 1955 ਤੋਂ 16 ਅਕਤੂਬਰ, 1955 ਈ: ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਣੇ ਰਹੇ। ਦੂਜੀਆਂ ਆਮ ਚੋਣਾਂ ਤੋਂ ਬਾਅਦ 3 ਅਪ੍ਰੈਲ, 1957 ਈ: ਨੂੰ ਸ: ਗਿਆਨ ਸਿੰਘ ਰਾੜੇਵਾਲਾ, ਸ: ਪ੍ਰਤਾਪ ਸਿੰਘ ਕੈਰੋਂ ਦੀ ਵਜ਼ਾਰਤ ਵਿਚ ਨਹਿਰੀ ਤੇ ਬਿਜਲੀ ਮੰਤਰੀ ਬਣੇ। ਕਾਂਗਰਸ ਦੀ ਨਾਮਜ਼ਦਗੀ 'ਤੇ 1962 ਅਤੇ 1967 ਵਿਚ ਆਪ ਨੂੰ ਪੰਜਾਬ ਵਿਧਾਨ ਸਭਾ ਲਈ ਦੁਬਾਰਾ ਚੁਣਿਆ ਗਿਆ। ਸ: ਗਿਆਨ ਸਿੰਘ ਰਾੜੇਵਾਲਾ 1969 ਈ: ਨੂੰ ਕਾਂਗਰਸ ਛੱਡ ਕੇ ਫਿਰ ਅਕਾਲੀ ਦਲ ਵਿਚ ਸ਼ਾਮਿਲ ਹੋ ਗਏ।
ਸ: ਗਿਆਨ ਸਿੰਘ ਰਾੜੇਵਾਲਾ ਰਾਜਨੀਤੀ ਤੋਂ ਸੰਨਿਆਸ ਲੈਣ ਤੋਂ ਬਾਅਦ ਵੀ ਪੰਥਕ ਸਰਗਰਮੀਆਂ ਵਿਚ ਹਿੱਸਾ ਲੈਂਦੇ ਰਹੇ ਅਤੇ ਪੰਥ ਦੀ ਚੜ੍ਹਦੀ ਕਲਾ ਲਈ ਯਤਨਸ਼ੀਲ ਰਹੇ। ਸ: ਰਾੜੇਵਾਲੇ ਉੱਪਰ ਧਾਰਮਿਕ ਸ਼ਖ਼ਸੀਅਤਾਂ ਦਾ ਬਹੁਤ ਪ੍ਰਭਾਵ ਸੀ। ਆਪ ਲੰਮੀ ਬਿਮਾਰੀ ਤੋਂ ਬਾਅਦ 31 ਦਸੰਬਰ, 1979 ਈ: ਨੂੰ ਦਿੱਲੀ ਦੇ ਮੂਲ ਚੰਦ ਹਸਪਤਾਲ ਵਿਚ ਸਵੇਰ ਦੇ ਸਮੇਂ ਚਲਾਣਾ ਕਰ ਗਏ। ਉਨ੍ਹਾਂ ਦੀ ਦੇਹ ਦਾ ਉਨ੍ਹਾਂ ਦੇ ਨਗਰ 'ਰਾੜਾ ਸਾਹਿਬ' ਵਿਚ ਚੜ੍ਹਦੇ ਵਰ੍ਹੇ ਦੇ ਪਹਿਲੇ ਦਿਨ ਦੁਪਹਿਰਾਂ ਢਲਣ ਸਮੇਂ ਸਰਕਾਰੀ ਸਨਮਾਨ ਦੇ ਨਾਲ ਦਾਹ ਸੰਸਕਾਰ ਕਰ ਦਿੱਤਾ ਗਿਆ।

-ਮੋ: 98155-33725

ਮਹਾਨ ਕ੍ਰਾਂਤੀਕਾਰੀ:

ਅਸ਼ਫਾਕ ਉੱਲਾ ਖਾਂ

ਅਸ਼ਫਾਕ ਉੱਲਾ ਖ਼ਾਨ ਦਾ ਜਨਮ 22 ਅਕਤੂਬਰ, 1900 ਈ: ਨੂੰ ਉੱਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ ਵਿਖੇ ਇਕ ਇੱਜ਼ਤਦਾਰ ਅਤੇ ਰੱਜੇ-ਪੁੱਜੇ ਘਰਾਣੇ ਵਿਚ ਹੋਇਆ। ਅਸ਼ਫਾਕ ਉਦੋਂ ਵੱਡਾ ਹੋ ਰਿਹਾ ਸੀ, ਜਦੋਂ ਦੇਸ਼-ਭਗਤੀ ਦੀਆਂ ਭਾਵਨਾਵਾਂ ਅਤੇ ਆਜ਼ਾਦੀ ਦੀ ਖ਼ਾਹਿਸ਼ ਲੋਕਾਂ ਦੇ ਮਨਾਂ ਉੱਤੇ ਪ੍ਰਭਾਵ ਪਾ ਰਹੀ ਸੀ।
ਸ਼ਾਹਜਹਾਂਪੁਰ ਦੇ ਮਿਸ਼ਨ ਹਾਈ ਸਕੂਲ ਦੇ ਵਿਦਿਆਰਥੀ ਵਜੋਂ ਉਸ ਦਾ ਮੇਲ ਪੰਡਿਤ ਰਾਮ ਪ੍ਰਸਾਦ ਬਿਸਮਿਲ ਨਾਲ ਹੋਇਆ, ਜੋ ਉਸ ਤੋਂ ਸੀਨੀਅਰ ਜਮਾਤ ਵਿਚ ਸੀ। ਬਿਸਮਿਲ ਅਸ਼ਫਾਕ ਦੇ ਵੱਡੇ ਭਰਾ ਦਾ ਜਮਾਤੀ ਸੀ। ਪਹਿਲਾਂ-ਪਹਿਲ ਬਿਸਮਿਲ ਨੇ ਅਸ਼ਫ਼ਾਕ ਨੂੰ ਗੰਭੀਰਤਾ ਨਾਲ ਨਾ ਲਿਆ, ਕਿਉਂਕਿ ਉਹਨੂੰ ਜਾਪਦਾ ਸੀ ਕਿ ਇਕ ਰੱਜੇ-ਪੁੱਜੇ ਘਰ ਦਾ ਅਮੀਰ ਮੁੰਡਾ ਦੇਸ਼ ਲਈ ਕੁਰਬਾਨੀ ਨਹੀਂ ਕਰ ਸਕੇਗਾ।
ਕ੍ਰਾਂਤੀਕਾਰੀਆਂ ਨੂੰ ਆਪਣੇ ਸੰਘਰਸ਼ ਲਈ ਹਥਿਆਰਾਂ ਦੀ ਲੋੜ ਸੀ, ਜਿਸ ਲਈ ਉਨ੍ਹਾਂ ਨੂੰ ਪੈਸੇ ਦੀ ਜ਼ਰੂਰਤ ਸੀ। ਇਸ ਕੰਮ ਲਈ ਉਨ੍ਹਾਂ ਨੇ 7 ਅਗਸਤ, 1925 ਨੂੰ ਸ਼ਾਹਜਹਾਂਪੁਰ ਵਿਚ ਇਕ ਬੈਠਕ ਸੱਦੀ। ਬਿਸਮਿਲ ਦੇ ਘਰ ਹੋਈ ਇਸ ਮੀਟਿੰਗ ਵਿਚ ਕਈ ਸਕੀਮਾਂ ਸੋਚੀਆਂ ਗਈਆਂ ਅਤੇ ਅੰਤ ਸਰਕਾਰੀ ਖਜ਼ਾਨਾ ਲੁੱਟਣ ਦਾ ਫ਼ੈਸਲਾ ਹੋਇਆ, ਜੋ ਰੇਲ ਗੱਡੀ ਰਾਹੀਂ ਲਿਜਾਇਆ ਜਾ ਰਿਹਾ ਸੀ। ਭਾਵੇਂ ਅਸ਼ਫ਼ਾਕ ਇਸ ਸਕੀਮ ਨਾਲ ਸਹਿਮਤ ਨਹੀਂ ਸੀ, ਪਰ ਉਹ ਦੇਸ਼ ਲਈ ਕੁਝ ਵੀ ਕਰਨ ਵਾਸਤੇ ਤਿਆਰ ਸੀ। ਫ਼ੈਸਲੇ ਮੁਤਾਬਕ ਕਾਕੋਰੀ ਸਟੇਸ਼ਨ ਨੇੜੇ ਸ਼ਾਹਜਹਾਂਪੁਰ ਅਤੇ ਲਖਨਊ ਵਿਚਾਲੇ ਗੱਡੀ ਨੂੰ ਰੋਕ ਕੇ ਧਨ ਲੁੱਟਿਆ ਜਾਣਾ ਸੀ।
9 ਅਗਸਤ, 1925 ਨੂੰ ਸਚਿੰਦਰ ਨਾਥ ਬਖ਼ਸ਼ੀ, ਰਾਜਿੰਦਰ ਨਾਥ ਲਹਿਰੀ, ਬਿਸਮਿਲ ਅਤੇ ਅਸ਼ਫਾਕ ਸਮੇਤ ਦਸ ਨੌਜਵਾਨ ਸ਼ਾਹਜਹਾਂਪੁਰ ਤੋਂ ਗੱਡੀ ਰਾਹੀਂ ਲਖਨਊ ਗਏ। ਉਹ ਅੱਡ-ਅੱਡ ਡੱਬਿਆਂ ਵਿਚ ਹਥਿਆਰਾਂ ਅਤੇ ਔਜ਼ਾਰਾਂ ਸਮੇਤ ਬੈਠੇ ਸਨ। ਉਨ੍ਹਾਂ ਨੇ ਚੇਨ ਖਿੱਚ ਕੇ ਆਲਮ ਨਗਰ ਤੇ ਕਾਕੋਰੀ ਸਟੇਸ਼ਨਾਂ ਵਿਚਾਲੇ ਗੱਡੀ ਰੋਕ ਲਈ ਅਤੇ ਪੁਲਿਸ ਨੂੰ ਦਬੋਚ ਲਿਆ। ਗਾਰਡ ਅਤੇ ਡਰਾਈਵਰ ਨੂੰ ਡਰਾ-ਧਮਕਾ ਕੇ ਅਸ਼ਫਾਕ ਨੇ ਖਜ਼ਾਨੇ ਵਾਲੀ ਪੇਟੀ ਤੋੜ ਲਈ ਅਤੇ ਸਾਰੇ ਉੱਥੋਂ ਦੌੜ ਗਏ। ਖਜ਼ਾਨਾ ਲੁੱਟਣ ਦੀ ਖਬਰ ਲਖਨਊ ਅਤੇ ਆਲੇ-ਦੁਆਲੇ ਵਿਚ ਜੰਗਲ ਦੀ ਅੱਗ ਵਾਂਗ ਫੈਲ ਗਈ। ਕ੍ਰਾਂਤੀਕਾਰੀਆਂ ਨੂੰ ਫੜਨ ਦੀ ਮੁਹਿੰਮ ਤੇਜ਼ ਹੋ ਗਈ। ਵਾਰਦਾਤ ਵਾਲੀ ਥਾਂ ਤੋਂ ਇਕ ਸ਼ਾਲ ਬਰਾਮਦ ਹੋਣ ਕਰਕੇ ਪੁਲਿਸ ਨੂੰ ਇਕ ਵੱਡਾ ਸੁਰਾਗ ਮਿਲ ਗਿਆ। ਪੁਲਿਸ ਨੂੰ ਸ਼ਾਹਜਹਾਂਪੁਰ ਤੋਂ ਲੁੱਟੇ ਗਏ ਕੁਝ ਕਰੰਸੀ ਨੋਟ ਵੀ ਮਿਲੇ। ਬਿਸਮਿਲ ਦੇ ਦੋ ਗੂੜ੍ਹੇ ਦੋਸਤਾਂ ਨੇ ਪੁਲਿਸ ਕੋਲ ਮੁਖਬਰੀ ਕਰ ਦਿੱਤੀ ਅਤੇ ਬਿਸਮਿਲ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਪਰ ਅਸ਼ਫਾਕ ਬਚ ਕੇ ਕੁਝ ਦਿਨ ਕਮਾਦ ਵਿਚ ਲੁਕਣ ਪਿੱਛੋਂ ਬਨਾਰਸ ਚਲਾ ਗਿਆ, ਜੋ ਕ੍ਰਾਂਤੀਕਾਰੀਆਂ ਦਾ ਹੋਰ ਵੱਡਾ ਗੜ੍ਹ ਸੀ। ਕੁਝ ਚਿਰ ਬਾਅਦ ਦਿੱਲੀ ਆ ਗਿਆ। ਇੱਥੇ ਉਹਦੇ ਇਕ ਨਜ਼ਦੀਕੀ ਨੇ ਧੋਖੇ ਨਾਲ ਉਹਨੂੰ 8 ਸਤੰਬਰ, 1926 ਨੂੰ ਗ੍ਰਿਫ਼ਤਾਰ ਕਰਵਾ ਦਿੱਤਾ। ਅਸ਼ਫਾਕ ਨੂੰ ਲਖਨਊ ਲਿਆਂਦਾ ਗਿਆ। ਇੱਥੇ ਸਚਿੰਦਰ ਨਾਥ ਬਖਸ਼ੀ ਸਮੇਤ ਉਸ 'ਤੇ ਕਾਕੋਰੀ ਕੇਸ ਦਾ ਮੁਕੱਦਮਾ ਚਲਾਇਆ ਗਿਆ। ਅਸ਼ਫ਼ਾਕ ਨੂੰ ਮੌਤ ਦੀ ਸਜ਼ਾ ਸੁਣਾਈ ਗਈ, ਜਿਸ ਨੂੰ ਉਸ ਨੇ ਖੁਸ਼ੀ ਨਾਲ ਪ੍ਰਵਾਨ ਕਰ ਲਿਆ। ਫਾਂਸੀ ਲਾਏ ਜਾਣ ਤੋਂ ਇਕ ਦਿਨ ਪਹਿਲਾਂ ਉਹਦੇ ਸਾਥੀਆਂ ਨੇ ਉਹਨੂੰ ਬੜਾ ਖੁਸ਼ ਵੇਖਿਆ ਤਾਂ ਅਸ਼ਫ਼ਾਕ ਨੇ ਦੱਸਿਆ ਕਿ ਕੱਲ੍ਹ ਨੂੰ ਉਹਦਾ ਵਿਆਹ ਹੋਣਾ ਹੈ। 19 ਦਸੰਬਰ, 1927 ਨੂੰ ਫਾਂਸੀ ਵਾਲੇ ਦਿਨ ਉਹ ਸਵੇਰੇ ਹੀ ਉੱਠ ਪਿਆ। ਉਹਨੇ ਨਮਾਜ਼ ਅਦਾ ਕੀਤੀ ਅਤੇ ਕੁਰਾਨ ਪੜ੍ਹੀ। ਸਵੇਰੇ ਛੇ ਵਜੇ ਜਦੋਂ ਉਹਨੂੰ ਫਾਂਸੀ ਦੇ ਫੰਦੇ ਵੱਲ ਲਿਜਾਇਆ ਜਾ ਰਿਹਾ ਸੀ ਤਾਂ ਉਸ ਦੇ ਝੋਲੇ ਵਿਚ ਕੁਰਾਨ ਸੀ ਅਤੇ ਉਹ ਆਇਤਾਂ ਪੜ੍ਹ ਰਿਹਾ ਸੀ।


-ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ,
ਅਕਾਲ ਯੂਨੀਵਰਸਿਟੀ, ਤਲਵੰਡੀ ਸਾਬੋ (ਬਠਿੰਡਾ)-151302. ਮੋਬਾ: 94176-92015

ਸ੍ਰੀ ਗੁਰੂ ਨਾਨਕ ਦੇਵ ਦੀਆਂ ਚਾਰ ਉਦਾਸੀਆਂ

ਮੁੱਢਲਾ ਹਾਲ ਸੰ: 1526-1554 ਬਿ:

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਗੁਰੂ ਸਾਹਿਬ ਦੀ ਚੌਥੀ ਉਦਾਸੀ : ਸੰਮਤ 1579-1582 ਬਿ:
ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚੌਥੀ ਉਦਾਸੀ ਪੱਛਮ ਦੀ ਉਦਾਸੀ ਦੇ ਨਾਂਅ ਨਾਲ ਪ੍ਰਸਿੱਧ ਹੈ। ਇਸ ਉਦਾਸੀ ਵਿਚ ਗੁਰੂ ਸਾਹਿਬ ਉੱਚ, ਹੜੱਪਾ, ਕਟਾਸ ਤੀਰਥ (ਜਿਹਲਮ) ਦੇਹਰਾ ਜਾਤ ਆਦਿ ਥੀਂ ਹੁੰਦੇ ਹੋਏ ਬਲੋਚਿਸਤਾਨ ਦੇ ਰਸਤੇ ਈਰਾਨ, ਤੁਰਕਿਸਤਾਨ ਤੇ ਰੂਸ ਦੇ ਇਲਾਕਾ ਆਜ਼ਰਬਾਈਜਾਨ ਤੇ ਉਜਬੇਕਸਤਾਨ ਤੱਕ ਪਹੁੰਚੇ ਤੇ ਫਿਰ ਤਾਸ਼ਕੰਦ, ਕਾਸ਼ਕੰਦ, ਹਰਾਤ, ਗਜ਼ਨੀ, ਕੰਧਾਰ, ਕਾਬਲ, ਜਲਾਲਾਬਾਦ, ਪਿਸ਼ਾਵਰ ਆਦਿ ਥੀਂ ਹੁੰਦੇ ਹੋਏ ਦਰਿਆ ਅਟਕ ਤੇ ਜ਼ਿਹਲਮ ਲੰਘ ਕੇ ਜੋਗੀ ਟਿੱਲਾ ਆਦਿ ਥਾਵਾਂ ਦੇਖ ਕੇ ਸੰਮਤ 1582 ਵਿਚ ਦਰਿਆ ਰਾਵੀ ਦੇ ਕੰਢੇ ਕਰਤਾਰਪੁਰ ਆ ਬਿਰਾਜੇ।
ਇਥੇ ਇਹ ਗੱਲ ਦੱਸਣੀ ਯੋਗ ਹੈ ਕਿ ਗੁਰੂ ਸਾਹਿਬ ਨੇ ਜਿਵੇਂ ਕਿ ਅਨੁਮਾਨ ਹੈ, ਸੰਮਤ 1578 ਬਿ: ਵਿਚ ਮੁਗ਼ਲ ਬਾਦਸ਼ਾਹ ਬਾਬਰ ਦੇ ਸੈਦਪੁਰ (ਏਮਨਾਬਾਦ) ਫ਼ਤਹਿ ਕਰਨ ਤੋਂ ਲਗਪਗ ਇਕ ਸਾਲ ਪਿੱਛੋਂ ਆਪਣੀ ਪੱਕੀ ਰਿਹਾਇਸ਼ ਕਰਨ ਦੇ ਖਿਆਲ ਨਾਲ ਦਰਿਆ ਰਾਵੀ ਕੰਢੇ ਨਵਾਂ ਨਗਰ ਕਰਤਾਰਪੁਰ ਆਬਾਦ ਕਰ ਲਿਆ ਸੀ। ਇਸ ਲਈ ਹੁਣ ਜਦ ਆਪ ਪੱਛਮ ਦੀ ਉਦਾਸੀ ਤੋਂ ਵਾਪਸ ਮੁੜ ਕੇ ਆਏ ਤਾਂ ਤਲਵੰਡੀ ਜਾਣ ਦੀ ਬਜਾਏ ਸਿੱਧੇ ਕਰਤਾਰਪੁਰ ਹੀ ਪਹੁੰਚੇ ਤੇ ਫਿਰ ਸੇਵਾਦਾਰ ਭੇਜ ਕੇ ਤਲਵੰਡੀਓਂ ਮਾਤਾ-ਪਿਤਾ ਸਮੇਤ ਸਾਰੇ ਪਰਿਵਾਰ ਨੂੰ ਵੀ ਉਥੇ ਹੀ ਬੁਲਾ ਲਿਆ। ਪਰਿਵਾਰ ਦੇ ਲੋਕ ਗੁਰੂ ਜੀ ਦੇ ਹੁਕਮ ਨਾਲ ਰਾਵੀਓਂ ਉਰਾਰ ਪਾਰ ਕਰਤਾਰਪੁਰ ਤੇ ਪੱਖੋਕੇ ਰੰਧਾਵੇ ਆਦਿ ਥਾਈਂ, ਜਿਥੇ ਵੀ ਸਹੂਲੀਅਤ ਪ੍ਰਾਪਤ ਹੋਈ, ਰਹਿਣ ਲੱਗ ਪਏ।
ਛੇਕੜਲੇ ਸਾਲ :
ਸੰਮਤ 1582-1596 ਬਿ:
ਸੰਮਤ 1582 ਤੋਂ 1596 ਬਿ: ਤੱਕ ਸ੍ਰੀ ਗੁਰੂ ਨਾਨਕ ਦੇਵ ਜੀ ਲਗਪਗ 14 ਸਾਲ ਬਹੁਤਾ ਸਮਾਂ ਕਰਤਾਰਪੁਰ ਹੀ ਰਹੇ ਤੇ ਇਥੇ ਹੀ ਸਿੱਖ ਸੰਗਤਾਂ ਨੂੰ ਨਾਮ ਬਾਣੀ ਦਾ ਉਪਦੇਸ਼ ਦਿੰਦੇ ਰਹੇ। ਸਾਹੀਵਾਲ ਵਾਲੀ ਹੱਥਲਿਖਤ ਜਨਮ ਸਾਖੀ ਗੁਰੂ ਨਾਨਕ (ਪੇੜਾ ਮੋਖਾ) ਦੇ ਅਨੁਸਾਰ ਸੰਮਤ 1590 ਬਿ: ਦੇ ਦਿਨੀਂ ਭਾਈ ਲਹਿਣਾ (ਗੁਰੂ ਅੰਗਦ ਦੇਵ ਜੀ) ਗੁਰੂ ਨਾਨਕ ਦੇ ਦਰਬਾਰ ਵਿਚ ਪਹਿਲੀ ਵਾਰ ਹਾਜ਼ਰ ਹੋਏ। ਪੁਰਾਤਨ ਜਨਮਸਾਖੀ ਦੇ ਕਥਨ ਅਨੁਸਾਰ ਗੁਰੂ ਸਾਹਿਬ ਇਕ ਵਾਰ ਕਰਤਾਰਪੁਰੋਂ ਭਾਈ ਲਹਿਣਾ ਜੀ ਸਮੇਤ ਸ਼ਿਵਰਾਤ ਦੇ ਮੇਲੇ ਤੇ ਗਾਲਬਨ ਸੰਮਤ 1593 ਬਿ: ਵਿਚ, ਅਚਲ ਬਟਾਲੇ ਸਿੱਧਾਂ ਨੂੰ ਮਿਲਣ ਵਾਸਤੇ ਤੇ ਫਿਰ ਉਥੋਂ ਫ਼ਕੀਰਾਂ ਦੇ ਮੇਲੇ ਦਾ ਪਤਾ ਲੱਗਣ 'ਤੇ ਮੁਲਤਾਨ ਗਏ ਸਨ। ਇਸੇ ਦੌਰਾਨ ਵਿਚ ਪੁਰਾਤਨ ਜਨਮ ਸਾਖੀ ਦੇ ਕਥਨ ਅਨੁਸਾਰ ਗੁਰੂ ਜੀ ਵਲੋਂ ਗੋਰਖ ਹਟੜੀ (ਪਿਸ਼ਾਵਰ) ਗਏ। ਇਹ ਗੁਰੂ ਜੀ ਦੀ ਚੌਥੀ ਪੱਛਮ ਦੀ ਉਦਾਸੀ ਦਾ ਹੀ ਇਕ ਅੰਗ ਹੈ। ਭਾਈ ਪੈੜੇ ਮੋਖੇ ਵਾਲੀ ਜਨਮ ਸਾਖੀ ਅਨੁਸਾਰ ਗੁਰੂ ਜੀ ਦੀਆਂ ਚਾਰ ਉਦਾਸੀਆਂ ਹੀ ਵਧੇਰੇ ਠੀਕ ਤੇ ਸਹੀ ਹਨ ਤੇ ਉਨ੍ਹਾਂ ਦੇ ਹੋਰ ਨਿੱਕੇ-ਮੋਟੇ ਬਾਹਰੀ ਸਫ਼ਰ ਇਨ੍ਹਾਂ ਉਦਾਸੀਆਂ ਵਿਚ ਹੀ ਆ ਜਾਂਦੇ ਹਨ।
ਸ੍ਰੀ ਗੁਰੂ ਨਾਨਕ ਦੇਵ ਜੀ ਜਿਨ੍ਹਾਂ ਉਦਾਸੀਆਂ ਤੋਂ ਬਾਅਦ ਜਿਵੇਂ ਕਿ ਪਹਿਲਾਂ ਦੱਸਿਆ ਗਿਆ ਹੈ, ਲਗਪਗ 14 ਸਾਲ ਸੰਮਤ 1582 ਤੋਂ ਸੰਮਤ 1596 ਬਿ: ਤੱਕ ਦਰਿਆ ਰਾਵੀ ਦੇ ਕੰਢੇ ਆਪਣੇ ਨਵੇਂ ਵਸਾਏ ਨਗਰ ਕਰਤਾਰਪੁਰ ਵਿਚ ਹੀ ਬਹੁਤਾ ਸਮਾਂ ਨਿਵਾਸ ਰੱਖ ਕੇ ਸਤਿਸੰਗ ਤੇ ਨਾਮ-ਬਾਣੀ ਦਾ ਇਕ ਰਸ ਪ੍ਰਵਾਹ ਚਲਾਉਂਦੇ ਰਹੇ। ਆਖਰ ਅੱਸੂ ਸੁਦੀ 10 ਸੰਮਤ 1596 ਬਿ: ਨੂੰ ਆਪ ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਗੁਰਗੱਦੀ ਦੇ ਕੇ ਇਸੇ ਸਥਾਨ ਕਰਤਾਰਪੁਰ ਵਿਖੇ ਹੀ ਜੋਤੀ ਜੋਤ ਸਮਾ ਗਏ। (ਸਮਾਪਤ)

ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਡੇਰਾ ਬਾਬਾ ਨਾਨਕ

ਡੇਰਾ ਬਾਬਾ ਨਾਨਕ ਗੁਰਦਾਸਪੁਰ ਜ਼ਿਲ੍ਹੇ ਦਾ ਪ੍ਰਮੁੱਖ ਇਤਿਹਾਸਕ ਨਗਰ ਹੈ। ਇਸ ਇਤਿਹਾਸਕ ਨਗਰ ਅਤੇ ਇਸ ਦੇ ਨਜ਼ਦੀਕੀ ਕਸਬਾ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਲਗਪਗ 18 ਸਾਲ ਖੇਤੀ ਕਰਦੇ ਰਹੇ। ਇਹ ਬਹੁਤ ਪਵਿੱਤਰ ਤੇ ਭਾਗਾਂ ਵਾਲੀ ਧਰਤੀ ਹੈ, ਜੋ ਰੇਲਵੇ ਮਾਰਗ ਰਾਹੀਂ ਸ੍ਰੀ ਅੰਮ੍ਰਿਤਸਰ ਅਤੇ ਸੜਕੀ ਮਾਰਗ ਰਾਹੀਂ ਗੁਰਦਾਸਪੁਰ, ਬਟਾਲਾ, ਅਜਨਾਲਾ ਤੇ ਅੰਮ੍ਰਿਤਸਰ ਨਾਲ ਜੁੜੀ ਹੋਈ ਹੈ। ਇਹ ਅਸਥਾਨ ਅੰਮ੍ਰਿਤਸਰ ਤੋਂ 55 ਕਿਲੋਮੀਟਰ ਤੇ ਬਟਾਲੇ ਤੋਂ 29 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ।
ਕਿਵੇਂ ਬਣਿਆ 'ਡੇਰਾ ਬਾਬੇ ਨਾਨਕ ਦਾ'?
ਗੁਰੂ ਸਾਹਿਬ ਆਪਣੀ ਸੰਸਾਰਕ ਯਾਤਰਾ ਸੰਪੂਰਨ ਕਰਕੇ 22 ਸਤੰਬਰ, 1539 ਈ: ਨੂੰ ਕਰਤਾਰਪੁਰ ਵਿਖੇ ਅਕਾਲ ਪੁਰਖ ਵਿਚ ਅਭੇਦ ਹੋ ਗਏ। ਅੰਤਿਮ ਸੰਸਕਾਰ ਵਾਲੇ ਅਸਥਾਨ 'ਤੇ ਪ੍ਰੇਮੀ ਗੁਰਸਿੱਖਾਂ ਵਲੋਂ ਯਾਦਗਾਰ ਕਾਇਮ ਕੀਤੀ ਗਈ, ਜਿਸ ਨੂੰ ਰਾਵੀ ਦਰਿਆ ਨੇ ਆਪਣੇ ਨਾਲ ਇਕਮਿਕ ਕਰ ਲਿਆ। ਇਹ ਯਾਦਗਾਰ ਰਾਵੀ ਵਿਚ ਵਲੀਨ ਹੋਣ ਪਿੱਛੋਂ ਬਾਬਾ ਸ੍ਰੀਚੰਦ ਤੇ ਉਨ੍ਹਾਂ ਦੇ ਭਤੀਜੇ ਭਾਈ ਧਰਮ ਦਾਸ ਨੇ ਰਾਵੀ ਦਰਿਆ ਦੇ ਦੂਜੇ ਪਾਸੇ ਭਾਈ ਅਜਿਤੇ ਰੰਧਾਵੇ ਦੇ ਖੂਹ 'ਤੇ, ਜੋ ਡੇਰਾ ਬਾਬਾ ਨਾਨਕ ਵਿਖੇ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਵਿਚ ਅੱਜ ਵੀ ਉਸ ਸਮੇਂ ਦੀ ਗਵਾਹੀ ਭਰਦਾ ਹੈ ਅਤੇ ਉਸ ਸਥਾਨ 'ਤੇ ਗੁਰੂ ਨਾਨਕ ਸਾਹਿਬ ਦੀ ਯਾਦਗਾਰ ਕਾਇਮ ਕੀਤੀ ਗਈ ਹੈ। ਇਹ ਸਰਜੀ ਸਾਹਿਬ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ। ਇਹ ਖੂਹ ਪਹਿਲਾਂ ਉਪਰੋਂ ਖੁੱਲ੍ਹਾ ਸੀ, ਪਰ ਜਦੋਂ ਗੁਰਦੁਆਰਾ ਦਰਬਾਰ ਸਾਹਿਬ ਦੀ ਇਮਾਰਤ ਤਿਆਰ ਹੋਈ ਤਾਂ ਇਸ ਨੂੰ ਉਪਰੋਂ ਢਕ ਕੇ ਬਾਉਲੀ ਦੀ ਸ਼ਕਲ ਦੇ ਦਿੱਤੀ ਗਈ। ਇਸ ਖੂਹ ਦਾ ਜਲ ਹੀ ਸਰੋਵਰ ਵਿਚ ਪਾਇਆ ਜਾਂਦਾ ਹੈ। ਇਸ ਅਸਥਾਨ 'ਤੇ ਗੁਰੂ ਨਾਨਕ ਸਾਹਿਬ ਆਪਣੇ ਪ੍ਰੇਮੀ ਸਿੱਖਾਂ ਨਾਲ ਭਾਈ ਅਜਿਤੇ ਰੰਧਾਵਾ ਨੂੰ ਮਿਲਣ ਆਏ ਸਨ। ਸਮੇਂ ਦੇ ਚਲਦਿਆਂ ਇਸ ਦੇ ਆਲੇ-ਦੁਆਲੇ ਨਗਰ ਆਬਾਦ ਹੋ ਗਿਆ। ਲਖਮੀ ਦਾਸ ਦੇ ਸਪੁੱਤਰ ਧਰਮ ਚੰਦ ਨੇ ਇਸ ਬਸਤੀ ਦਾ ਨਾਂਅ ਦੇਹਰਾ ਬਾਬਾ ਨਾਨਕ ਰੱਖਿਆ ਸੀ, ਜੋ ਹੁਣ ਡੇਰਾ ਬਾਬਾ ਨਾਨਕ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ। ਇਸ ਦੇਹਰੇ ਦੀ ਸੇਵਾ ਮਹਾਰਾਜਾ ਰਣਜੀਤ ਸਿੰਘ, ਸ: ਸੁਧ ਸਿੰਘ ਅਤੇ ਪ੍ਰ੍ਰੇਮੀ ਸੰਗਤਾਂ ਨੇ ਬੜੇ ਪ੍ਰੇਮ ਭਾਵ ਨਾਲ ਕਰਵਾਈ ਸੀ।
ਕੌਣ ਸੀ ਅਜਿਤਾ ਰੰਧਾਵਾ?
ਤਲਵੰਡੀ (ਪਾਕਿਸਤਾਨ) ਤੋਂ ਲਾਹੌਰ ਦੇ ਰਸਤੇ ਪਿੰਡ ਪੱਖੋਕੇ ਰੰਧਾਵਾ 110 ਮੀਲ ਦੇ ਕਰੀਬ ਦੂਰੀ 'ਤੇ ਹੈ, ਜੋ ਅੱਜਕਲ੍ਹ ਡੇਰਾ ਬਾਬਾ ਨਾਨਕ ਦੇ ਕੋਲ ਚੜ੍ਹਦੇ ਪੰਜਾਬ ਵਿਚ ਹੈ। ਗੁਰੂ ਨਾਨਕ ਦੇਵ ਜੀ ਦੇ ਪਿਤਾ ਮਹਿਤਾ ਕਲਿਆਣ ਚੰਦ ਜੀ ਵੀ ਪਿੰਡ ਪੱਖੋਕੇ ਵਿਖੇ ਪਟਵਾਰੀ ਦੀ ਨੌਕਰੀ ਕਰਦੇ ਰਹੇ। ਇਸ ਪਿੰਡ ਦੀ ਜ਼ਮੀਨ ਦੇ ਮਾਲਕ ਰੰਧਾਵਾ ਗੋਤ ਦੇ ਜੱਟ ਸਨ। ਇਸ ਕਰਕੇ ਇਸ ਨੂੰ ਰੰਧਾਵਿਆਂ ਦਾ ਪੱਖੋਕੇ ਵੀ ਕਿਹਾ ਜਾਂਦਾ ਹੈ। ਰੰਧਾਵਿਆਂ ਦੇ ਚੌਧਰੀ ਦਾ ਨਾਂਅ ਅਜਿਤਾ ਸੀ। 1515 ਈ: ਨੂੰ ਗੁਰੂ ਨਾਨਕ ਦੇਵ ਜੀ ਤੇ ਭਾਈ ਮਰਦਾਨਾ ਜੀ ਸਮੇਤ ਅਜਿਤੇ ਰੰਧਾਵੇ ਦੇ ਵਗਦੇ ਖੂਹ 'ਤੇ ਘੜੀ ਆਰਾਮ ਕਰਨ ਲਈ ਬੈਠੇ ਸਨ। ਅਜਿਤਾ ਗੁਰੂ ਸਾਹਿਬ ਦੇ ਨਾਂਅ ਤੋਂ ਪਹਿਲਾਂ ਹੀ ਜਾਣੂ ਸੀ। ਇੱਥੇ ਉਸ ਨੂੰ ਗੁਰੂ ਸਾਹਿਬ ਦੇ ਪਹਿਲੀ ਵਾਰ ਦਰਸ਼ਨ ਹੋਏ ਤੇ ਇੱਥੇ ਹੀ ਗੁਰੂ ਸਾਹਿਬ ਨੂੰ ਉਨ੍ਹਾਂ ਦਾ ਪਰਿਵਾਰ, ਬੱਚੇ, ਪਤਨੀ, ਸੱਸ-ਸਹੁਰਾ, ਪ੍ਰੇਮ ਦੇ ਬੱਝੇ ਹੋਏ 8 ਸਾਲਾਂ ਦੇ ਵਿਛੋੜੇ ਬਾਅਦ ਮਿਲੇ ਸਨ। ਅਜਿਤਾ ਅੱਚਲ ਬਟਾਲੇ ਸਿੱਧ ਗੋਸ਼ਟਿ ਵੇਲੇ ਬਾਬਾ ਜੀ ਦੇ ਨਾਲ ਸੀ ਅਤੇ ਨਾਲ ਹੀ ਮੁਲਤਾਨ ਦੇ ਟਿੱਲੇ ਆਦਿ ਥਾਵਾਂ ਦੀ ਯਾਤਰਾ ਉਪਰੰਤ ਕਰਤਾਰਪੁਰ ਵਾਪਸ ਆਇਆ ਸੀ।
ਕਿਵੇਂ ਆਇਆ ਗੁਰੂ ਸਾਹਿਬ ਦਾ ਚੋਲਾ?
ਗੁਰਦੁਆਰਾ ਡੇਰਾ ਸਾਹਿਬ ਦੇ ਨਜ਼ਦੀਕ ਹੀ ਗੁਰਦੁਆਰਾ ਚੋਲਾ ਸਾਹਿਬ ਹੈ। ਕਿਹਾ ਜਾਂਦਾ ਹੈ ਕਿ ਇਹ ਚੋਲਾ ਬਗਦਾਦ ਦੀ ਫੇਰੀ ਦੌਰਾਨ ਗੁਰੂ ਸਾਹਿਬ ਨੂੰ ਹਾਕਮ ਇਸਮਾਈਲ ਸਫਵੀ ਨੇ ਭੇਟ ਕੀਤਾ ਸੀ। ਇਸ ਚੋਲੇ 'ਤੇ ਕੁਰਾਨ ਦੀਆਂ ਆਇਤਾਂ ਅਤੇ ਖੁਦਾ ਦੀ ਮਹਿਮਾ ਕਸ਼ੀਦੇ ਨਾਲ ਕੱਢੀ ਹੋਈ ਹੈ। ਬਾਅਦ ਵਿਚ ਗੁਰੂ ਸਾਹਿਬ ਨੇ ਇਹ ਚੋਲਾ ਇਕ ਪ੍ਰੇਮੀ ਨੂੰ ਦਿੱਤਾ ਸੀ। ਇਹ ਚੋਲਾ ਹੁਣ ਬੇਦੀ ਪਰਿਵਾਰ ਕੋਲ ਹੈ। ਹਰ ਸਾਲ ਚੋਲਾ ਸਾਹਿਬ ਦੇ ਜੋੜ ਮੇਲੇ 'ਤੇ ਲੱਖਾਂ ਸੰਗਤਾਂ ਚੋਲਾ ਸਾਹਿਬ ਦੇ ਦਰਸ਼ਨਾਂ ਲਈ ਆਉਂਦੀਆਂ ਹਨ। ਇੱਥੇ ਪੁਰਾਤਨ ਸਮੇਂ ਦਾ ਇਕ 8 ਨੁੱਕਰਾ ਖੂਹ ਵੀ ਮੌਜੂਦ ਹੈ।
ਕੀਰਤਨ ਅਸਥਾਨ ਕਿਵੇਂ ਬਣਿਆ?
ਸੰਮਤ 1646 ਨੂੰ ਬਾਬਾ ਧਰਮ ਚੰਦ ਜੀ ਜਦ ਅਕਾਲ ਚਲਾਣਾ ਕਰ ਗਏ ਤਾਂ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਜਦ ਇੱਥੇ ਆਏ ਤਾਂ ਕੀਰਤਨ ਅਸਥਾਨ 'ਤੇ ਬੈਠ ਕੇ ਉਨ੍ਹਾਂ ਨੇ ਪ੍ਰਭੂ ਦੀ ਸਿਫ਼ਤ ਸਲਾਹ ਵਜੋਂ ਕੀਰਤਨ ਕਰਨ ਦੀ ਮਰਯਾਦਾ ਕਾਇਮ ਕੀਤੀ। 1827 ਈ: ਵਿਚ ਮਹਾਰਾਜਾ ਰਣਜੀਤ ਸਿੰਘ ਨੇ ਸ੍ਰੀ ਦਰਬਾਰ ਸਾਹਿਬ ਡੇਰਾ ਬਾਬਾ ਨਾਨਕ ਦੇ ਅਸਥਾਨ ਨੂੰ ਬਹੁਤ ਸਾਰੀ ਨਕਦੀ ਤੇ ਜਗੀਰ ਦੇ ਰੂਪ 'ਚ ਜਾਇਦਾਦ ਭੇਟ ਕੀਤੀ ਅਤੇ ਦਰਬਾਰ ਸਾਹਿਬ ਦੀ ਇਮਾਰਤ ਦੀ ਉਸਾਰੀ ਅਤੇ ਸੋਨੇ ਦੀ ਸੇਵਾ ਕਰਵਾਈ। 2003 'ਚ ਕੇਂਦਰ ਸਰਕਾਰ ਵਲੋਂ ਜਾਰੀ ਕੀਤੇ ਗਏ ਨੋਟੀਫਿਕੇਸ਼ਨ ਉਪਰੰਤ ਗੁਰਦੁਆਰਾ ਸਾਹਿਬ ਦਾ ਸਮੁੱਚਾ ਪ੍ਰਬੰਧ ਸ਼੍ਰੋਮਣੀ ਕਮੇਟੀ ਅਧੀਨ ਆ ਗਿਆ, ਜੋ ਹੁਣ ਤੱਕ ਚੱਲ ਰਿਹਾ ਹੈ। ਇਸ ਅਸਥਾਨ ਦੀ ਕਾਰ ਸੇਵਾ ਸੰਤ ਬਾਬਾ ਸੇਵਾ ਸਿੰਘ ਖਡੂਰ ਸਾਹਿਬ ਵਾਲੇ ਕਰਵਾ ਰਹੇ ਹਨ। ਸਰੋਵਰ ਤਿਆਰ ਹੋ ਚੁੱਕਾ ਹੈ। ਇਸ ਤੋਂ ਇਲਾਵਾ ਸੰਗਤਾਂ ਦੀ ਰਿਹਾਇਸ਼ ਲਈ ਆਧੁਨਿਕ ਸਹੂਲਤਾਂ ਵਾਲੀ ਵੱਡੀ ਸਰਾਂ ਤੇ ਲੰਗਰ ਹਾਲ ਵੀ ਉਨ੍ਹਾਂ ਵਲੋਂ ਬਣਾਇਆ ਜਾ ਚੁੱਕਾ ਹੈ।
ਕਿਵੇਂ ਵਸਿਆ ਸ੍ਰੀ ਕਰਤਾਰਪੁਰ ਸਾਹਿਬ?
ਜਦ ਗੁਰੂ ਜੀ ਨੇ ਰਾਵੀ ਦੇ ਕੰਢੇ 'ਤੇ ਪੱਖੋਕੇ ਰੰਧਾਵੇ ਪਾਸ ਕੇਂਦਰੀ ਅਸਥਾਨ ਬਣਾਉਣ ਦੀ ਗੱਲ ਚੌਧਰੀ ਅਜਿਤੇ ਰੰਧਾਵੇ ਕੋਲ ਪ੍ਰਗਟ ਕੀਤੀ ਤਾਂ ਉਹ ਬੜਾ ਪ੍ਰਸੰਨ ਹੋਇਆ। ਬਾਅਦ ਵਿਚ ਪਿੰਡ ਦੇ ਬਾਕੀ ਜੱਟਾਂ ਨੇ ਵੀ ਇਹ ਅਸਥਾਨ ਬਣਨ ਵਿਚ ਖੁਸ਼ੀ ਪ੍ਰਗਟ ਕੀਤੀ। ਨਵਾਂ ਪਿੰਡ ਵਸਾਏ ਜਾਣ ਕਰਕੇ ਸਭ ਨੇ ਮਿਲ ਕੇ ਜ਼ਮੀਨ ਦਿੱਤੀ। ਗੁਰੂ ਸਾਹਿਬ ਨੇ ਸੰਮਤ 1572 ਨੂੰ ਇਸ ਸਥਾਨ 'ਤੇ ਮੋੜ੍ਹੀ ਗੱਡ ਦਿੱਤੀ ਅਤੇ ਪਿੰਡ ਦਾ ਨਾਂਅ ਕਰਤਾਰਪੁਰ ਰੱਖਿਆ। ਇਹ ਅਸਥਾਨ ਡੇਰਾ ਬਾਬਾ ਨਾਨਕ ਤੋਂ ਤਕਰੀਬਨ 5 ਕਿਲੋਮੀਟਰ ਦੂਰੀ ਦੀ ਵਿੱਥ 'ਤੇ ਦਰਿਆ ਦੇ ਪਰਲੇ ਕੰਢੇ 'ਤੇ ਸਥਿਤ ਹੈ। ਜਦੋਂ ਕਰਤਾਰਪੁਰ ਵਿਚ ਕੱਚੇ ਕੋਠੇ ਤਿਆਰ ਹੋਏ ਤਾਂ ਗੁਰੂੂ ਜੀ ਨੇ ਆਪਣੇ ਮਾਤਾ-ਪਿਤਾ ਤੇ ਪਰਿਵਾਰ ਨੂੰ ਇੱਥੇ ਲਿਆਉਣ ਦਾ ਪ੍ਰਬੰਧ ਕੀਤਾ ਤੇ ਬਾਅਦ ਵਿਚ ਭਾਈ ਮਰਦਾਨੇ ਦਾ ਪਰਿਵਾਰ ਵੀ ਕਰਤਾਰਪੁਰ ਆ ਗਿਆ। ਇਸ ਅਸਥਾਨ 'ਤੇ ਹੀ ਗੁਰੂ ਜੀ ਨੇ ਜ਼ਿੰਦਗੀ ਦੇ ਤਕਰੀਬਨ 18 ਸਾਲ ਖੇਤੀ ਕਰਦਿਆਂ ਬਿਤਾਏ। ਉਨ੍ਹਾਂ ਨੇ ਲੋਕਾਈ ਨੂੰ ਨਾਮ ਜਪੋ, ਕਿਰਤ ਕਰੋ ਤੇ ਵੰਡ ਛਕੋ ਦਾ ਉਪਦੇਸ਼ ਦਿੱਤਾ। ਅਖੀਰ 22 ਸਤੰਬਰ, 1539 ਈ: ਨੂੰ ਗੁਰੂ ਅੰਗਦ ਦੇਵ (ਭਾਈ ਲਹਿਣਾ ਜੀ) ਜੀ ਨੂੰ ਗੁਰਤਾਗੱਦੀ ਦੇ ਕੇ ਜੋਤੀ-ਜੋਤਿ ਸਮਾ ਗਏ। ਜੋਤੀ-ਜੋਤਿ ਸਮਾਉਣ ਸਮੇਂ ਜਦ ਸੰਗਤਾਂ ਵਲੋਂ ਗੁਰੂ ਮਹਾਰਾਜ ਜੀ ਦੀ ਚਾਦਰ ਦਾ ਅੰਤਿਮ ਸੰਸਕਾਰ ਕੀਤਾ ਗਿਆ ਤਾਂ ਉਸ ਚਾਦਰ ਦੀ ਰਾਖ ਵਾਲੀ ਗਾਗਰ ਨੂੰ ਗੁਰੂ ਨਾਨਕ ਦੇਵ ਜੀ ਦੇ ਵੱਡੇ ਸਪੁੱਤਰ ਬਾਬਾ ਸ੍ਰੀ ਚੰਦ ਜੀ ਵਲੋਂ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਡੇਰਾ ਬਾਬਾ ਨਾਨਕ ਵਿਖੇ ਲਿਆ ਕੇ ਦਫਨਾਇਆ ਗਿਆ ਸੀ, ਜਿਸ 'ਤੇ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਇਤਿਹਾਸਕ ਥੜ੍ਹਾ ਸਾਹਿਬ ਮੌਜੂਦ ਹੈ।
ਇਤਿਹਾਸਕ ਪਿਛੋਕੜ
ਇਤਿਹਾਸਕ ਕਸਬਾ ਡੇਰਾ ਬਾਬਾ ਨਾਨਕ ਦੇ ਨਜ਼ਦੀਕ ਹੀ ਪਿੰਡ ਪੱਖੋਕੇ ਟਾਹਲੀ ਸਾਹਿਬ ਵਿਖੇ ਗੁਰਦੁਆਰਾ ਬਾਬਾ ਸ੍ਰੀ ਚੰਦ ਜੀ ਸਥਿਤ ਹੈ। ਡੇਰਾ ਬਾਬਾ ਨਾਨਕ ਦੇ ਨਜ਼ਦੀਕੀ ਪਿੰਡ ਚੰਦੂ ਨੰਗਲ ਵਿਖੇ ਵੀ ਇਤਿਹਾਸਕ ਮੰਦਰ ਬਾਬਾ ਸ੍ਰੀਚੰਦ ਜੀ ਸਥਿਤ ਹੈ, ਜਿਥੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵੱਡੇ ਸਪੁੱਤਰ ਬਾਬਾ ਸ੍ਰੀ ਚੰਦ ਜੀ ਬੰਦਗੀ ਕਰਿਆ ਕਰਦੇ ਸਨ।

ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਦੀ ਪਾਵਨ ਸ਼ਹਾਦਤ

ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਦੀ ਪਾਵਨ ਸ਼ਹਾਦਤ ਦੁਨੀਆ ਦੇ ਧਾਰਮਿਕ ਇਤਿਹਾਸ ਅੰਦਰ ਆਪਣੇ-ਆਪ ਵਿਚ ਵਿਲੱਖਣ ਹੈ, ਸਿਰਮੌਰ ਹੈ। ਗੁਰੂ ਸਾਹਿਬ ਜੀ ਦੀ ਸ਼ਹਾਦਤ ਦੁਖੀਆਂ ਦੇ ਦੁੱਖ ਹਰਨ ਦਾ ਉਹ ਰਸਤਾ ਹੈ, ਜੋ ਇਹ ਦਰਸਾਉਂਦਾ ਹੈ ਕਿ ਜੇਕਰ ਲੋੜ ਪਵੇ ਤਾਂ ਮਾਨਵਤਾ ਖਾਤਰ ਆਪਣਾ-ਆਪ ਕੁਰਬਾਨ ਕਰਨ ਵਿਚ ਕਦੇ ਵੀ ਪਿੱਛੇ ਨਾ ਹਟੋ। ਅੱਜ ਜਦੋਂ ਸਮਾਜ ਅੰਦਰ ਮੈਂ-ਮੇਰੀ ਅਤੇ ਸਵੈ ਲਾਲਸਾਵਾਂ ਪ੍ਰਬਲ ਹੋ ਚੁੱਕੀਆਂ ਹਨ ਤਾਂ ਅਜਿਹੇ ਵਿਚ ਗੁਰੂ ਸਾਹਿਬ ਜੀ ਦੀ ਸ਼ਹਾਦਤ ਸਮਾਜ ਲਈ ਇਕ ਵੱਡੀ ਪ੍ਰੇਰਨਾ ਹੈ। ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਦੇ ਇਤਿਹਾਸਕ ਪ੍ਰਸੰਗ ਤੋਂ ਪਹਿਲਾਂ ਸਿੱਖ ਧਰਮ ਅੰਦਰ ਸ਼ਹਾਦਤ ਦੇ ਸੰਕਲਪ ਨੂੰ ਸਮਝਣਾ ਵੀ ਜ਼ਰੂਰੀ ਹੈ। ਪਹਿਲੇ ਪਾਤਿਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਦੋਂ ਸਿੱਖ ਧਰਮ ਪ੍ਰਗਟ ਕੀਤਾ ਤਾਂ ਸਿੱਖੀ ਮਹਿਲ ਦੀ ਪਹਿਲੀ ਇੱਟ ਕੁਰਬਾਨੀ ਦੀ ਹੀ ਰੱਖੀ। ਉਨ੍ਹਾਂ ਆਪਣੀ ਪਾਵਨ ਬਾਣੀ ਅੰਦਰ ਇਸ ਪ੍ਰੇਮ ਦੀ ਖੇਡ ਲਈ ਸਿਰ ਤਲੀ ਉੱਤੇ ਧਰਨ ਦੀ ਪ੍ਰੇਰਨਾ ਕੀਤੀ ਅਤੇ ਕਿਹਾ ਕਿ ਇਸ ਰਸਤੇ 'ਤੇ ਚੱਲਣ ਲਈ ਡਰ ਦੀ ਕੋਈ ਥਾਂ ਨਹੀਂ ਹੈ। ਧਰਮ ਪ੍ਰਤੀ ਕੁਰਬਾਨੀ ਅਤੇ ਸ਼ਹਾਦਤ ਦਾ ਸੰਕਲਪ ਉਨ੍ਹਾਂ ਨੇ ਹੀ ਰੌਸ਼ਨ ਕੀਤਾ, ਜਿਸ 'ਤੇ ਚਲਦਿਆਂ ਪੰਜਵੇਂ ਤੇ ਨੌਵੇਂ ਪਾਤਿਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਤੇੇ ਸ੍ਰੀ ਗੁਰੂ ਤੇਗ਼ ਬਹਾਦਰ ਜੀ ਨੇ ਆਪ ਸ਼ਹੀਦੀਆਂ ਦੇ ਕੇ ਸ਼ਹੀਦੀ-ਪਰੰਪਰਾ ਦਾ ਆਰੰਭ ਕੀਤਾ। ਉਸ ਸਮੇਂ ਤੋਂ ਹੁਣ ਤੱਕ ਲੱਖਾਂ ਹੀ ਸਿੱਖ ਕੌਮੀ ਅਣਖ ਤੇ ਅਜ਼ਾਦੀ, ਹੱਕ, ਸੱਚ ਲਈ ਜੂਝੇ ਤੇ ਸ਼ਹੀਦ ਹੋਏ ਹਨ। ਸ਼ਹੀਦੀ ਨਿਡਰਤਾ ਦੀ ਨਿਸ਼ਾਨੀ ਹੈ। 'ਸ਼ਹੀਦ' ਲਫਜ਼ ਦਾ ਆਧਾਰ ਗਵਾਹੀ ਹੈ। ਭਾਵ ਮਕਸਦ, ਨਿਸ਼ਾਨੇ ਵਾਸਤੇ ਦ੍ਰਿੜ੍ਹਤਾ ਨਾਲ ਖੜ੍ਹੇ ਹੋ ਕੇ ਮਿਸਾਲ ਬਣਨਾ।
ਸਿੱਖ ਕੌਮ ਯੋਧਿਆਂ, ਜੁਝਾਰੂਆਂ, ਸ਼ਹੀਦਾਂ ਦੀ ਕੌਮ ਹੈ। ਸ਼ਹਾਦਤ ਨਿਆਂ, ਹੱਕ-ਸੱਚ ਅਤੇ ਧਰਮ ਲਈ ਹੁੰਦੀ ਹੈ। ਨੌਵੇਂ ਪਾਤਿਸ਼ਾਹ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਅਦੁੱਤੀ ਸ਼ਹਾਦਤ ਦੇ ਅਮਲੀ ਵਰਤਾਰੇ ਨੂੰ ਸਿਖਰ ਉੱਤੇ ਪਹੁੰਚਾਇਆ। ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਸ਼ਹਾਦਤ ਮਨੁੱਖੀ ਕਦਰਾਂ-ਕੀਮਤਾਂ ਨੂੰ ਜਿਊਂਦਿਆਂ ਰੱਖਣ ਵਾਲੀ ਹੈ।
ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਦੇ ਇਤਿਹਾਸਕ ਪ੍ਰਸੰਗ ਦੀ ਗੱਲ ਕਰੀਏ ਤਾਂ ਜਦੋਂ ਕਸ਼ਮੀਰ ਵਿਚੋਂ ਆਏ ਪੰਡਤਾਂ ਦੇ ਵਫ਼ਦ ਨੇ ਅਨੰਦਪੁਰ ਸਾਹਿਬ ਵਿਖੇ ਆ ਕੇ ਗੁਰੂ ਸਾਹਿਬ ਨੂੰ ਔਰੰਗਜ਼ੇਬ ਦੀ ਹਕੂਮਤ ਵਲੋਂ ਜਬਰੀ ਧਰਮ ਦੀ ਕੀਤੀ ਜਾ ਰਹੀ ਤਬਦੀਲੀ ਅਤੇ ਦੁੱਖਾਂ ਦੀ ਲੰਬੀ ਦਾਸਤਾਨ ਸੁਣਾਈ ਤਾਂ ਉਨ੍ਹਾਂ ਨੇ ਉੱਤਰ ਦਿੱਤਾ ਕਿ ਕਿਸੇ ਪਵਿੱਤਰ ਆਤਮਾ ਦੀ ਕੁਰਬਾਨੀ ਨਾਲ ਹੀ ਹਕੂਮਤ ਦੇ ਅੱਤਿਆਚਾਰ ਰੁਕ ਸਕਣਗੇ। ਇਸ ਸਮੇਂ ਉਥੇ ਖੜ੍ਹੇ ਨੌਂ ਸਾਲਾਂ ਦੇ ਬਾਲਕ ਗੋਬਿੰਦ ਰਾਇ ਜੀ (ਸ੍ਰੀ ਗੁਰੂ ਗੋਬਿੰਦ ਸਿੰਘ ਜੀ) ਨੇ ਸਹਿਜ ਸੁਭਾਅ ਹੱਥ ਜੋੜ ਕੇ ਬੇਨਤੀ ਕੀਤੀ ਕਿ ਗੁਰੂ ਪਿਤਾ ਜੀ, ਇਸ ਸਮੇਂ ਤੁਹਾਡੇ ਨਾਲੋਂ ਮਹਾਨ ਪੁਰਖ ਹੋਰ ਕੌਣ ਹੋ ਸਕਦਾ ਹੈ? ਆਪ ਨੇ ਬਾਲ ਗੋਬਿੰਦ ਰਾਇ ਜੀ ਨੂੰ ਛਾਤੀ ਨਾਲ ਲਗਾ ਲਿਆ ਅਤੇ ਉਸੇ ਸਮੇਂ ਕਸ਼ਮੀਰੀ ਪੰਡਤਾਂ ਨੂੰ ਕਹਿ ਦਿੱਤਾ ਕਿ ਉਹ ਬਾਦਸ਼ਾਹ ਨੂੰ ਜਾ ਕੇ ਆਖ ਦੇਣ ਕਿ ਪਹਿਲਾਂ ਉਨ੍ਹਾਂ ਦੇ ਗੁਰੂ (ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ) ਨੂੰ ਮੁਹੰਮਦੀ ਸ਼ਰ੍ਹਾ ਵਿਚ ਲੈ ਆਓ, ਫਿਰ ਆਪੇ ਹੀ ਸਭ ਮੁਸਲਮਾਨ ਬਣ ਜਾਣਗੇ। ਇਹ ਇਕ ਧਰਮੀ ਖੇਤਰ ਦੇ ਪਾਤਿਸ਼ਾਹ ਦੀ ਦੁਨਿਆਵੀ ਬਾਦਸ਼ਾਹ ਨੂੰ ਵੰਗਾਰ ਸੀ।
ਇੰਜ ਔਰੰਗਜ਼ੇਬ ਨੇ ਗੁਰੂ ਸਾਹਿਬ ਦੀ ਗ੍ਰਿਫ਼ਤਾਰੀ ਦਾ ਹੁਕਮ ਜਾਰੀ ਕਰ ਦਿੱਤਾ। ਆਗਰੇ ਵਿਖੇ ਗ੍ਰਿਫ਼ਤਾਰ ਹੋਣ ਉਪਰੰਤ ਗੁਰੂ ਸਾਹਿਬ ਨੂੰ ਦਿੱਲੀ ਲਿਆਂਦਾ ਗਿਆ ਤਾਂ ਸਿਦਕੀ ਸਿੱਖ ਭਾਈ ਦਿਆਲਾ ਜੀ, ਭਾਈ ਮਤੀ ਦਾਸ ਜੀ ਅਤੇ ਭਾਈ ਸਤੀ ਦਾਸ ਜੀ ਵੀ ਆਪ ਜੀ ਦੇ ਨਾਲ ਸਨ। ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਉੱਤੇ ਹਕੂਮਤੀ ਵਾਰ ਸ਼ੁਰੂ ਹੋਏ। ਹਕੂਮਤ ਨੇ ਪਹਿਲਾਂ ਤਾਂ ਜ਼ਬਾਨੀ ਡਰਾਵੇ ਅਤੇ ਲਾਲਚ ਦਿੱਤੇ ਕਿ ਉਹ ਮੁਸਲਮਾਨ ਬਣਨਾ ਮੰਨ ਜਾਣ ਪਰ ਜਦੋਂ ਗੁਰੂ ਸਾਹਿਬ ਨਹੀਂ ਮੰਨੇ ਤਾਂ ਹਕੂਮਤੀ ਜ਼ੁਲਮ-ਜਬਰ ਦਾ ਦੌਰ ਸ਼ੁਰੂ ਹੋ ਗਿਆ। ਗੁਰੂ ਜੀ ਦੇ ਅਨਿੰਨ ਅਤੇ ਜਾਨ ਤੋਂ ਵੀ ਪਿਆਰੇ ਸੇਵਕਾਂ ਭਾਈ ਦਿਆਲਾ ਜੀ, ਭਾਈ ਮਤੀ ਦਾਸ ਜੀ ਅਤੇ ਭਾਈ ਸਤੀ ਦਾਸ ਜੀ ਨੂੰ ਗੁਰੂ ਸਾਹਿਬ ਦੀਆਂ ਅੱਖਾਂ ਸਾਹਮਣੇ ਵੱਖ-ਵੱਖ ਤਰੀਕਿਆਂ ਨਾਲ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ। ਹਕੂਮਤ ਨੇ ਗੁਰੂ ਸਾਹਿਬ ਦੇ ਸਾਹਮਣੇ ਦਹਿਸ਼ਤਗਰਦੀ ਦੀ ਹੱਦ ਕਰ ਦਿੱਤੀ ਸੀ। ਹਕੂਮਤ ਬੌਖਲਾ ਉੱਠੀ, ਕਿਉਂਕਿ ਹਾਰ ਉਸ ਦੇ ਸਾਹਮਣੇ ਸੀ, ਗੁਰੂ ਸਾਹਿਬ ਜਿੱਤ ਰਹੇ ਸਨ। ਅਖੀਰ ਜ਼ਾਲਮਾਂ ਨੇ ਗੁਰੂ ਜੀ ਨੂੰ ਵੀ ਸ਼ਹੀਦ ਕਰ ਦਿੱਤਾ।
ਗੁਰੂ ਸਾਹਿਬ ਦੀ ਸ਼ਹਾਦਤ ਦਾ ਆਦਰਸ਼ ਜਿਥੇ ਮਾਨਵ-ਧਰਮ ਦੀ ਸੁਰੱਖਿਆ ਸੀ, ਉਥੇ ਸਮੂਹ ਮਨੁੱਖ ਜਾਤੀ ਦੇ ਵਿਚਾਰ-ਵਿਸ਼ਵਾਸ ਦੀ ਸੁਤੰਤਰਤਾ ਅਤੇ ਉਸ ਦੀ ਜ਼ਮੀਰ ਦੀ ਆਜ਼ਾਦੀ ਵਾਲੇ ਬੁਨਿਆਦੀ ਹੱਕਾਂ-ਅਧਿਕਾਰਾਂ ਦੀ ਬਰਕਰਾਰੀ ਵੀ ਸੀ। ਇਹ ਸਮੇਂ ਦੇ ਸਭ ਤੋਂ ਵੱਡੇ ਸਾਮਰਾਜ, ਮੁਗ਼ਲ ਸਲਤਨਤ ਦੀ ਬੇਲਗਾਮ ਰਾਜ-ਸ਼ਕਤੀ ਲਈ ਇਕ ਭਾਰੀ ਚੁਣੌਤੀ ਅਤੇ ਔਰੰਗਜ਼ੇਬ ਵਲੋਂ ਸਾਰੇ ਹਿੰਦੁਸਤਾਨ ਨੂੰ ਇਸਲਾਮ ਦੇ ਝੰਡੇ ਹੇਠ ਲਿਆਉਣ ਲਈ ਜਬਰੀ ਧਰਮ-ਬਦਲੀ ਵਾਸਤੇ ਅਪਣਾਈ ਹੋਈ ਹਿੰਸਕ ਨੀਤੀ ਨੂੰ ਇਕ ਮਹਾਨ ਵੰਗਾਰ ਵੀ ਸੀ। ਸ੍ਰੀ ਗੁਰੂ ਤੇਗ਼ ਬਹਾਦਰ ਜੀ ਨੇ ਜਿਸ ਪਰਉਪਕਾਰੀ ਭਾਵਨਾ, ਨਿਰਭੈਤਾ ਤੇ ਦ੍ਰਿੜ੍ਹਤਾ ਨਾਲ ਉਸ ਦੀ ਰਾਜਧਾਨੀ ਤੇ ਸ਼ਕਤੀ ਦੇ ਗੜ੍ਹ ਦਿੱਲੀ ਜਾ ਕੇ ਇਹ ਇਨਕਲਾਬੀ ਵੰਗਾਰ ਪਾਈ, ਉਸ ਦੀ ਧਾਰਮਿਕ ਨੀਤੀ ਨੂੰ ਭੰਡਿਆ, ਉਹ ਠੀਕ ਅਰਥਾਂ ਵਿਚ ਇਕ ਯੁੱਗ ਪਲਟਾਊ ਘਟਨਾ ਅਤੇ ਅਦੁੱਤੀ ਸਾਕਾ ਸੀ। ਗੁਰੂ ਸਾਹਿਬ ਜੀ ਦੀ ਸ਼ਹਾਦਤ ਸਾਡੇ ਲਈ ਇਕ ਪ੍ਰੇਰਨਾ ਹੈ। ਸੋ ਆਓ ਗੁਰੂ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਸਮੇਂ ਉਨ੍ਹਾਂ ਵਲੋਂ ਧਰਮ ਦੀ ਆਜ਼ਾਦੀ ਲਈ ਦਿੱਤੀ ਮਹਾਨ ਕੁਰਬਾਨੀ ਨੂੰ ਸਿਰ ਝੁਕਾਉਂਦੇ ਹੋਏ ਗੁਰਮਤਿ ਮਾਰਗ ਦੇ ਰਾਹੀ ਬਣੀਏ। ਇਹੀ ਗੁਰੂ ਸਾਹਿਬ ਨੂੰ ਸੱਚੀ ਸ਼ਰਧਾ ਤੇ ਸਤਿਕਾਰ ਹੈ।


-ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ।

ਸਿਰ ਤੋਂ ਪਰ੍ਹੇ ਇਸ਼ਕ ਦਾ ਡੇਰਾ

ਭਗਤ ਪ੍ਰਹਿਲਾਦ

ਪ੍ਰਹਿਲਾਦ ਦਾ ਜਨਮ ਮੁਲਤਾਨ ਦੇ ਰਾਜੇ ਹਰਨਾਖਸ਼ ਦੇ ਘਰ ਹੋਇਆ। ਇਹ ਬੱਚਾ ਜਨਮ ਤੋਂ ਹੀ ਭਗਤੀ ਭਾਵ ਵਾਲਾ ਸੀ, ਜਦੋਂ ਕਿ ਇਸ ਦਾ ਪਿਤਾ ਰੱਬ ਦੇ ਨਾਂਅ ਤੋਂ ਹੀ ਮੁਨਕਰ ਸੀ। ਦੈਂਤ ਬਿਰਤੀ ਵਾਲੇ ਕਠੋਰ ਪਿਤਾ ਦੇ ਘਰ ਕੋਮਲ ਦਿਲ ਵਾਲਾ ਇਹ ਬਾਲਕ ਇਸ ਤਰ੍ਹਾਂ ਸੀ, ਜਿਵੇਂ ਕੱਲਰ ਵਿਚ ਕੰਵਲ ਖਿੜਿਆ ਹੋਵੇ। ਬਚਪਨ ਵਿਚ ਇਕ ਦਿਨ ਇਹ ਖੇਡ ਰਿਹਾ ਸੀ ਤਾਂ ਦੇਖਿਆ ਕਿ ਘੁਮਿਆਰ ਦਾ ਗਰੀਬ ਪਰਿਵਾਰ ਰੋ ਰਿਹਾ ਹੈ। ਕਾਰਨ ਪੁੱਛਣ 'ਤੇ ਉਨ੍ਹਾਂ ਨੇ ਦੱਸਿਆ ਕਿ ਗ਼ਲਤੀ ਨਾਲ ਅਸੀਂ ਆਵੇ ਵਿਚਲੇ ਉਸ ਘੜੇ ਨੂੰ ਵੀ ਅੱਗ ਵਿਚ ਦੱਬ ਦਿੱਤਾ ਹੈ, ਜਿਸ ਵਿਚ ਬਿੱਲੀ ਨੇ ਬੱਚੇ ਦਿੱਤੇ ਹੋਏ ਸਨ। ਹੁਣ ਬਿੱਲੀ ਕੁਰਲਾ ਰਹੀ ਹੈ ਪਰ ਆਵਾ ਤਾਂ ਪੱਕਣ 'ਤੇ ਹੀ ਖੁੱਲ੍ਹੇਗਾ। ਉਹ ਸਾਰੇ ਬੇਨਤੀਆਂ ਕਰਨ ਲੱਗੇ ਕਿ ਬੱਚੇ ਠੀਕ ਰਹਿਣ। ਕੁਝ ਦਿਨਾਂ ਮਗਰੋਂ ਆਵਾ ਖੋਲ੍ਹਿਆ ਤਾਂ ਬੱਚੇ ਠੀਕ-ਠਾਕ ਸਨ। ਪ੍ਰਹਿਲਾਦ ਦੇ ਦਿਲ ਵਿਚ ਪਰਮਾਤਮਾ ਦਾ ਨਿਸਚਾ ਹੋਰ ਵੀ ਪੱਕਾ ਹੋ ਗਿਆ। ਉਸ ਦਾ ਹੰਕਾਰੀ ਬਾਪ ਆਪਣਾ ਹੀ ਨਾਂਅ ਜਪਾਉਂਦਾ ਸੀ। ਸਾਰੀ ਪਰਜਾ ਨੂੰ ਹੁਕਮ ਸੀ ਕਿ ਕੋਈ ਰੱਬ ਦਾ ਨਾਂਅ ਨਹੀਂ ਲੈ ਸਕਦਾ। ਪਰ ਪ੍ਰਹਿਲਾਦ ਹਮੇਸ਼ਾ ਕਹਿੰਦਾ ਸੀ ਕਿ ਰੱਬ ਕਣ-ਕਣ ਵਿਚ ਮੌਜੂਦ ਹੈ ਅਤੇ ਸਾਰਿਆਂ ਦੀ ਰੱਖਿਆ ਕਰਦਾ ਹੈ, ਜਦ ਕਿ ਹਰਨਾਖਸ਼ ਕਿਸੇ ਨੂੰ ਜੀਵਨ ਦਾਨ ਨਹੀਂ ਦੇ ਸਕਦਾ।
ਹਰਨਾਖਸ਼ ਨੇ ਪ੍ਰਹਿਲਾਦ ਨੂੰ ਪੜ੍ਹਨ ਲਈ ਭੇਜਿਆ ਪਰ ਉਹ ਉਥੇ ਵੀ ਸਾਰੇ ਬੱਚਿਆਂ ਨੂੰ ਰੱਬ ਨਾਲ ਪਿਆਰ ਕਰਨ ਲਈ ਕਹਿੰਦਾ ਸੀ। ਜਦੋਂ ਵਾਰ-ਵਾਰ ਸਮਝਾਉਣ 'ਤੇ ਵੀ ਪ੍ਰਹਿਲਾਦ ਨੇ ਰੱਬ ਨਾਲ ਇਸ਼ਕ ਕਰਨਾ ਨਾ ਛੱਡਿਆ ਤਾਂ ਹਰਨਾਖਸ਼ ਗੁੱਸੇ ਵਿਚ ਆਪੇ ਤੋਂ ਬਾਹਰ ਹੋ ਗਿਆ। ਉਸ ਨੇ ਆਪਣੇ ਹੀ ਪੁੱਤਰ ਨੂੰ ਮਰਵਾਉਣ ਲਈ ਕਦੇ ਉਸ ਨੂੰ ਸੱਪਾਂ ਵਿਚ ਬਿਠਾਇਆ, ਕਦੇ ਪਹਾੜ ਤੋਂ ਡੇਗਿਆ, ਕਦੇ ਤਲਵਾਰ ਦੇ ਵਾਰ ਕੀਤੇ, ਕਦੇ ਪਾਣੀ ਵਿਚ ਡੋਬਣ ਦਾ ਯਤਨ ਕੀਤਾ। ਹਰ ਵਾਰ ਪ੍ਰਹਿਲਾਦ ਦੀ ਰੱਖਿਆ ਪ੍ਰਮੇਸ਼ਰ ਆਪ ਕਰਦਾ ਰਿਹਾ। ਪ੍ਰਹਿਲਾਦ ਦੀ ਭੂਆ ਹੋਲਿਕਾ ਨੂੰ ਅੱਗ ਵਿਚ ਨਾ ਸੜਨ ਦਾ ਵਰ ਪ੍ਰਾਪਤ ਸੀ। ਉਹ ਪ੍ਰਹਿਲਾਦ ਨੂੰ ਗੋਦੀ ਵਿਚ ਲੈ ਕੇ ਅੱਗ ਦੇ ਭਾਂਬੜ ਵਿਚ ਬੈਠ ਗਈ ਪਰ ਆਪ ਹੀ ਸੜ ਗਈ। ਹਰਨਾਖਸ਼ ਨੇ ਤਪੱਸਿਆ ਕਰਕੇ ਵਰ ਲਿਆ ਹੋਇਆ ਸੀ ਕਿ ਉਸ ਨੂੰ ਨਾ ਮਨੁੱਖ ਮਾਰ ਸਕੇ, ਨਾ ਜਾਨਵਰ, ਨਾ ਕੋਈ ਸ਼ਸਤਰ ਮਾਰ ਸਕੇ, ਨਾ ਉਹ ਦਿਨ ਨੂੰ ਮਰੇ, ਨਾ ਰਾਤ ਨੂੰ, ਨਾ ਉਹ ਅੰਦਰ ਮਰੇ, ਨਾ ਬਾਹਰ। ਹਰਨਾਖਸ਼ ਨੇ ਪ੍ਰਹਿਲਾਦ ਨੂੰ ਕਿਹਾ ਕਿ ਉਹ ਤਪਦੇ ਹੋਏ ਥੰਮ੍ਹ ਨੂੰ ਜੱਫੀ ਪਾਵੇ ਤੇ ਦਿਖਾਵੇ ਰੱਬ ਕਿਵੇਂ ਉਹਦੀ ਰੱਖਿਆ ਕਰਦਾ ਹੈ। ਪ੍ਰਹਿਲਾਦ ਹਰ ਕਸ਼ਟ ਸਮੇਂ ਅਡੋਲ ਰਿਹਾ। ਅੰਤ ਭਗਵਾਨ ਨਰ ਸਿੰਘ ਦਾ ਰੂਪ ਧਾਰ ਕੇ ਪ੍ਰਗਟ ਹੋਏ ਅਤੇ ਸੰਧਿਆ ਸਮੇਂ ਨਹੁੰਦਰਾਂ ਨਾਲ ਹਰਨਾਖਸ਼ ਨੂੰ ਮਾਰਿਆ। ਗੁਰਬਾਣੀ ਵਿਚ ਫੁਰਮਾਨ ਹੈ-
ਭਗਤ ਹੇਤਿ ਮਾਰਿਓ ਹਰਨਾਖਸ਼
ਨਰਸਿੰਘ ਰੂਪ ਹੋਇ ਦੇਹ ਧਰਿਓ॥
(ਅੰਗ 1105)
ਇਉਂ ਛੋਟੇ ਜਿਹੇ ਬਾਲਕ ਪ੍ਰਹਿਲਾਦ ਨੇ ਪ੍ਰੇਮਾ ਭਗਤੀ ਦੀ ਮਿਸਾਲ ਕਾਇਮ ਕੀਤੀ। ਉਸ ਨੇ ਲੰਮਾ ਸਮਾਂ ਧਰਮ ਦਾ ਰਾਜ ਕੀਤਾ।

ਲਾਹੌਰ ਉੱਪਰ ਅੰਗਰੇਜ਼ਾਂ ਦਾ ਕਬਜ਼ਾ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਮਈ, 1848 ਵਿਚ ਦੇਸੀ ਸਿਪਾਹੀਆਂ ਦੀ ਵਫ਼ਾਦਾਰੀ ਬਾਰੇ ਸ਼ੰਕਾ ਪੈਦਾ ਕਰਨ ਦੀ ਸਾਜ਼ਿਸ਼ ਸਾਹਮਣੇ ਆ ਗਈ। ਇਕ ਤੇਜ਼ੀ ਨਾਲ ਚਲਾਏ ਮੁਕੱਦਮੇ ਬਾਅਦ ਤਿੰਨਾਂ ਨੂੰ ਫਾਂਸੀ ਦੇ ਦਿੱਤੀ ਗਈ ਤੇ ਇਕ ਨੂੰ ਦੇਸ਼ ਨਿਕਾਲਾ ਦੇ ਦਿੱਤਾ। ਰੈਜ਼ੀਡੈਂਟ ਦਾ ਖਿਆਲ ਸੀ ਮਹਾਰਾਣੀ ਜਿੰਦਾਂ ਸਾਜਿਸ਼ ਵਿਚ ਪੂਰੀ ਤਰ੍ਹਾਂ ਸ਼ਾਮਿਲ ਸੀ। ਇਸ ਦੇ ਬਾਵਜੂਦ ਕਿ ਇਸ ਦੇ ਕੋਈ ਪਾਏਦਾਰ ਸਬੂਤ ਨਹੀਂ ਸਨ ਤੇ ਰੀਜੈਂਸੀ ਕੌਂਸਲ ਵਲੋਂ ਇਸ ਦਾ ਪੂਰਾ ਵਿਰੋਧ ਕੀਤਾ ਜਾਂਦਾ ਸੀ। ਉਸ ਨੇ ਰਾਣੀ ਜਿੰਦਾਂ ਨੂੰ ਪੰਜਾਬ ਵਿਚੋਂ ਜਲਾਵਤਨ ਕਰਨ ਦਾ ਹੁਕਮ ਦੇ ਦਿੱਤਾ। ਰਾਣੀ ਦੇ ਸਾਰੇ ਸਮਾਨ ਦੀ ਚੰਗੀ ਤਰ੍ਹਾਂ ਤਲਾਸ਼ੀ ਲਈ ਗਈ, ਹਾਲਾਂਕਿ ਉਸ ਵਿਚੋਂ ਕੁਝ ਵੀ ਇਤਰਾਜ਼ਯੋਗ ਨਹੀਂ ਸ੍ਰੀ ਮਿਲ ਸਕਿਆ। ਜਿਹੜਾ ਅਫਸਰ ਮਹਾਰਾਣੀ ਦੀ ਤਲਾਸ਼ੀ ਅਤੇ ਜਲਾਵਤਨੀ ਦੇ ਹੁਕਮ ਨੂੰ ਲਾਗੂ ਕਰਨ ਉੱਪਰ ਲਗਾਇਆ ਸੀ, ਉਸ ਨੇ ਮਹਾਰਾਣੀ ਦੇ ਸਮਾਨ ਵਿਚੋਂ ਬਹੁਤ ਸਾਰੇ ਪੱਤਰੇ ਫਰੋਲ ਕੇ ਕੀਮਤੀ ਜ਼ੇਵਾਰਾਤ ਕੱਢ ਲਏ। ਉਸ ਨੂੰ ਤਕੜੇ ਹਥਿਆਰਬੰਦ ਦਸਤੇ ਦੇ ਪਹਿਰੇ ਹੇਠ ਬਨਾਰਸ ਲਿਜਾਇਆ ਗਿਆ ਤੇ ਪੈਨਸ਼ਨ ਹੋਰ ਘਟਾ ਕੇ 12,000 ਰੁਪਏ ਸਾਲਾਨਾ ਕਰ ਦਿੱਤੀ।
ਮਹਾਰਾਣੀ ਨਾਲ ਕੀਤੇ ਇਸ ਸਲੂਕ ਕਰਕੇ ਲੋਕਾਂ ਵਿਚ ਬਹੁਤ ਗੁੱਸਾ ਪੈਦਾ ਹੋ ਗਿਆ। ਹਾਲਾਂਕਿ ਅੰਗਰੇਜ਼ ਅਧਿਕਾਰੀ ਐਡਵਰਡ ਨੇ ਲਿਖਿਆ ਕਿ 'ਸ਼ੇਖੂਪੁਰਾ ਦੇ ਲੋਕ ਮਹਾਰਾਣੀ ਨੂੰ ਭੁੱਲ ਚੁੱਕੇ ਹਨ। ਪੰਜਾਬ ਵਿਚ ਉਸ ਦਾ ਕੋਈ ਪ੍ਰਭਾਵ ਨਹੀਂ ਰਿਹਾ ਤੇ ਕੋਈ ਇਕ ਵੀ ਬੰਦਾ ਨਹੀਂ ਜੋ ਰਾਣੀ ਦੀ ਖਾਤਰ ਬੰਦੂਕ ਚੁੱਕੇਗਾ।' ਪਰ ਇਹ ਪ੍ਰਭਾਵ ਰੈਜ਼ੀਡੈਂਟ ਦੇ ਐਕਸ਼ਨ ਨਾਲ ਇਕਦਮ ਪੈਦਾ ਹੋ ਗਿਆ ਸੀ। ਜਲਾਵਤਨੀ ਦੇ ਇਕ ਹਫ਼ਤਾ ਬਾਅਦ ਹੀ ਰੈਜ਼ੀਡੈਂਟ ਨੇ ਗਵਰਨਰ ਜਨਰਲ ਨੂੰ ਲਿਖਿਆ, 'ਮਹਾਰਾਣੀ ਦੀ ਜਲਾਵਤਨੀ ਦੀ ਖ਼ਬਰ ਨਾਲ ਖ਼ਾਲਸਾ ਫ਼ੌਜ ਵਿਚ ਹਿਲਜੁਲ ਸ਼ੁਰੂ ਹੋ ਗਈ ਜਾਪਦੀ ਹੈ। ਉਹ ਉਸ ਨੂੰ ਖਾਲਸਾ ਮਾਤਾ ਸਮਝਦੇ ਹਨ ਤੇ ਹੁਣ ਉਹ ਇਥੋਂ ਚਲੇ ਗਈ ਹੈ ਤੇ ਮਹਾਰਾਜਾ ਦਲੀਪ ਸਿੰਘ ਸਾਡੇ ਹੱਥਾਂ ਵਿਚ ਹੈ। ਪਤਾ ਨਹੀਂ ਉਹ ਹੁਣ ਕਿਸ ਵਾਸਤੇ ਲੜਨਗੇ।'
ਇਥੋਂ ਤੱਕ ਕਿ ਅਫ਼ਗਾਨਿਸਤਾਨ ਦੇ ਮੀਰ ਦੋਸਤ ਮੁਹੰਮਦ ਖਾਨ ਨੇ ਵੀ ਪੰਜਾਬੀ ਲੋਕਾਂ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ। ਕੈਪਟਨ ਅੱਬੋਰਟ ਦੇ ਨਾਂਅ ਇਕ ਖ਼ਤ ਵਿਚ ਦੋਸਤ ਮੁਹੰਮਦ ਨੇ ਲਿਖਿਆ, 'ਇਸ ਵਿਚ ਕੋਈ ਸ਼ੱਕ ਨਹੀਂ ਕਿ ਸਿੱਖਾਂ ਵਿਚ ਦਿਨੋ-ਦਿਨ ਬੇਚੈਨੀ ਵਧਦੀ ਜਾਂਦੀ ਹੈ। ਕੁਝ ਸਿੱਖ ਸਿਪਾਹੀਆਂ ਨੂੰ ਨੌਕਰੀ ਤੋਂ ਕੱਢ ਦਿੱਤਾ ਤੇ ਬਹੁਤ ਸਾਰਿਆਂ ਨੂੰ ਹਿੰਦੁਸਤਾਨ ਭੇਜ ਦਿੱਤਾ ਗਿਆ ਹੈ। ਖਾਸ ਤੌਰ 'ਤੇ ਮਹਾਰਾਜਾ ਦਲੀਪ ਸਿੰਘ ਦੀ ਮਾਤਾ ਨਾਲ ਤੁਹਾਡਾ ਵਿਹਾਰ ਚੰਗਾ ਨਹੀਂ ਰਿਹਾ। ਉਸ ਨਾਲ ਬੁਰਾ ਸਲੂਕ ਕੀਤਾ ਹੈ ਤੇ ਉਸ ਨੂੰ ਜੇਲ੍ਹ ਵਿਚ ਭੇਜਿਆ ਗਿਆ ਹੈ। ਇਹ ਵਿਹਾਰ ਇਤਰਾਜ਼ਯੋਗ ਹੈ ਅਤੇ ਅਜਿਹੇ ਸਲੂਕ ਨਾਲੋਂ ਤਾਂ ਬੰਦਾ ਮਰਨਾ ਪਸੰਦ ਕਰਦਾ ਹੈ।'
ਇਹ ਬਿਆਨ ਮੁਲਤਾਨ ਦੀ ਇਕ ਘਟਨਾ ਦੇ ਹਵਾਲੇ ਵਿਚ ਦਿੱਤਾ ਗਿਆ ਜੋ ਇਕ ਮਹੀਨਾ ਪਹਿਲਾਂ ਵਾਪਰੀ ਸੀ ਤੇ ਜਿਸ ਨੇ ਸਾਰੇ ਪੰਜਾਬ ਨੂੰ ਝੰਜੋੜ ਦਿੱਤਾ ਸੀ।
ਜ਼ਿਲ੍ਹਾ ਮੁਲਤਾਨ ਦੇ ਇੰਤਜ਼ਾਮ ਦੀ ਬਹੁਤ ਚੰਗੇ ਤਰੀਕੇ ਦੀ ਦੇਖਭਾਲ ਦੀਵਾਨ ਸਾਵਨ ਮੱਲ ਚੋਪੜਾ ਕਰਦਾ ਸੀ, ਜਿਸ ਦਾ 1844 ਵਿਚ ਕਤਲ ਹੋ ਗਿਆ ਸੀ। ਸਾਵਨ ਮੱਲ ਦੇ 5 ਪੁੱਤਰ ਸਨ। ਸਭ ਤੋਂ ਵੱਡਾ ਮੂਲ ਰਾਜ ਝੰਗ ਦਾ ਕੰਮ ਸੰਭਾਲਦਾ ਸੀ, ਉਸ ਦੇ ਛੋਟੇ ਕਰਮ ਨਰਾਇਣ ਨੂੰ ਲੇਆਹ ਦੀ ਜ਼ਿੰਮੇਵਾਰੀ ਮਿਲੀ ਸੀ। ਪਿਤਾ ਦੇ ਮਰਨ ਤੋਂ ਬਾਅਦ ਮੂਲ ਰਾਜ ਜਿਸ ਨੂੰ ਮੂਲਾ ਕਿਹਾ ਜਾਂਦਾ ਸੀ, ਪਿਤਾ ਦੀ ਜਗੀਰ ਦਾ ਮਾਲਕ ਬਣਿਆ ਤੇ ਉਸ ਨੂੰ 30 ਲੱਖ ਰੁਪਏ ਵਿਰਾਸਤ ਦੀ ਫੀਸ ਦੇਣ ਦਾ ਹੁਕਮ ਹੋਇਆ ਸੀ। ਉਸ ਤੋਂ ਬਾਅਦ 1844 ਤੋਂ 1845 ਦੀਆਂ ਸਤਲੁਜ ਦੀਆਂ ਲੜਾਈਆਂ ਤੇ ਫਿਰ ਲਾਹੌਰ ਉੱਪਰ ਅੰਗਰੇਜ਼ਾਂ ਦਾ ਕਬਜ਼ਾ ਹੋ ਗਿਆ। ਇਸ ਵਿਚ ਮੂਲ ਰਾਜ ਨੇ ਅਦਾਇਗੀ ਦਾ ਕੰਮ ਰੋਕੀ ਰੱਖਿਆ। ਐਕਟਿੰਗ ਰੈਜ਼ੀਡੈਂਟ ਨੇ ਜਦੋਂ ਵਸੂਲੀ ਦਾ ਕੰਮ ਸ਼ੁਰੂ ਕੀਤਾ ਤਾਂ ਮੂਲੇ ਨੇ ਰਕਮ ਘੱਟ ਕਰਨ ਦੀ ਦਰਖਾਸਤ ਕੀਤੀ। ਉਸ ਦੀ ਰਕਮ ਘਟਾ ਕੇ 20 ਲੱਖ ਕਰ ਦਿੱਤੀ ਪਰ ਉਸ ਤੋਂ ਝੰਗ ਦਾ ਜ਼ਿਲ੍ਹਾ ਲੈ ਲਿਆ, ਜੋ ਉਸ ਦੀ ਜਗੀਰ ਦਾ ਤੀਜਾ ਹਿੱਸਾ ਬਣਦਾ ਸੀ। ਉਸ ਦੇ ਖਿਲਾਫ ਪਿਛਲੇ ਤਿੰਨ ਸਾਲ ਦੇ ਲਾਗਾਨ ਦਾ ਬਕਾਇਆ ਵੀ 13 ਲੱਖ 74 ਹਜ਼ਾਰ ਰੁਪਏ ਕੱਢ ਦਿੱਤਾ। ਦੀਵਾਨ ਨੇ ਇਹ ਸ਼ਰਤਾਂ ਮੰਨ ਲਈਆਂ ਪਰ ਛੇਤੀ ਦੇਖਿਆ ਕਿ ਉਹ ਇਹ ਰਕਮ ਨਹੀਂ ਤਾਰ ਸਕਦਾ, ਕਿਉਂਕਿ ਉਸ ਦੀ ਵੱਡੀ ਆਮਦਨ ਦਰਿਆ ਰਾਹੀਂ ਢੋਆ-ਢੁਆਈ ਉੱਪਰ ਮਸੂਲ ਦੀ ਸੀ ਜੋ ਰੈਜ਼ੀਡੈਂਟ ਨੇ ਖ਼ਤਮ ਕਰ ਦਿੱਤਾ ਸੀ। ਮੂਲ ਰਾਜ ਦਾ ਇਕ ਦੁਸ਼ਮਣ ਲਾਹੌਰ ਦਰਬਾਰ ਵਿਚ ਰਾਜਾ ਲਾਲ ਸਿੰਘ ਬੈਠਾ ਸੀ, ਜਿਸ ਦਾ ਉਸ ਦੇ ਭਰਾ ਕਰਮ ਨਰਾਇਣ ਨਾਲ ਕੋਈ ਝਗੜਾ ਸੀ, ਜੋ ਮੁਲਤਾਨ ਛੱਡ ਕੇ ਲਾਹੌਰ ਬੈਠਾ ਸੀ। ਲਾਲ ਸਿੰਘ ਨੇ ਰੈਜ਼ੀਡੈਂਟ ਰਾਹੀਂ ਮੂਲ ਰਾਜ ਉੱਪਰ ਦਬਾਅ ਪਵਾਇਆ ਤੇ ਮੂਲ ਰਾਜ ਨੇ ਦਸੰਬਰ, 1847 ਨੂੰ ਅਸਤੀਫ਼ਾ ਦੇ ਦਿੱਤਾ। ਲੇਕਿਨ ਉਸ ਨੂੰ ਮਾਰਚ, 1848 ਤੱਕ ਕੰਮ ਉੱਪਰ ਬਣੇ ਰਹਿਣ ਵਾਸਤੇ ਮਨਾ ਲਿਆ ਗਿਆ, ਜਦੋਂ ਕਿ ਹਾੜ੍ਹੀ ਦੀ ਫ਼ਸਲ ਆਉਣ ਵਾਲੀ ਸੀ।
ਮੂਲ ਰਾਜ ਦੇ ਅਸਤੀਫ਼ੇ ਤੋਂ ਬਾਅਦ ਅੰਗਰੇਜ਼ਾਂ ਨੂੰ ਆਜ਼ਾਦ ਪੰਜਾਬ ਦੇ ਵੱਡੇ ਹਿੱਸੇ ਉੱਪਰ ਕਬਜ਼ੇ ਦਾ ਰਸਤਾ ਮਿਲ ਗਿਆ। ਹਾਲਾਂਕਿ ਇਸ ਦਾ ਦਿਖਾਵਾ ਬਿਲਕੁਲ ਨਹੀਂ ਕੀਤਾ ਜਾਂਦਾ ਸੀ। ਇਕ ਪੰਜਾਬੀ ਅਫਸਰ ਕਾਹਨ ਸਿੰਘ ਨੂੰ ਮੂਲ ਰਾਜ ਦੀ ਜਗ੍ਹਾ ਮੁਕਰਰ ਕਰ ਦਿੱਤਾ ਗਿਆ। ਇਸ ਸਰਦਾਰ ਦੇ ਨਾਲ ਦੋ ਅੰਗਰੇਜ਼ ਅਫਸਰ ਵਾਂਸ ਐਗਨੀਊ ਤੇ ਲੈਫਟੀਨੈਂਟ ਐਂਡਰਸਨ ਨੂੰ ਭੇਜਿਆ, ਜੋ ਪੂਰਬ ਦੀਆਂ ਭਾਸ਼ਾਵਾਂ ਤੋਂ ਇਲਾਵਾ ਸਿੰਧ ਤੇ ਮੁਲਤਾਨ ਦਾ ਵੀ ਚੰਗਾ ਜਾਣਕਾਰ ਸੀ। ਅੰਗਰੇਜ਼ਾਂ ਨੇ ਹੀ ਉਸ ਸੂਬੇ ਦੇ ਅਸਲ ਹਾਕਮ ਹੋਣਾ ਸੀ। ਇਨ੍ਹਾਂ ਦੋ ਅੰਗਰੇਜ਼ ਅਫਸਰਾਂ ਤੇ ਕਾਹਨ ਸਿੰਘ ਨਾਲ 14 ਹਜ਼ਾਰ ਦਰਬਾਰ ਦੇ ਸਿਪਾਹੀ, ਇਕ ਗੋਰਖਾ ਪਿਆਦਾ ਰੈਜਮੈਂਟ, 700 ਘੋੜਸਵਾਰ ਤੇ ਇਕ ਸੌ ਤੋਪਚੀ ਤੇ ਨਾਲ 6 ਤੋਪਾਂ ਭੇਜੀਆਂ। ਅੰਗਰੇਜ਼ ਦਰਿਆ ਦੇ ਰਾਹੀਂ ਗਏ ਤੇ ਕਾਹਨ ਸਿੰਘ ਸਿਪਾਹੀਆਂ ਦੇ ਨਾਲ ਮਾਰਚ ਕਰਦਾ ਗਿਆ।
(ਬਾਕੀ ਅਗਲੇ ਮੰਗਲਵਾਰ ਦੇ ਧਰਮ ਤੇ ਵਿਰਸਾ ਅੰਕ 'ਚ)

ਸੂਬਾ ਖ਼ੈਬਰ ਪਖ਼ਤੂਨਖ਼ਵਾ ਵਿਚ ਮੌਜੂਦ ਹਰੀ ਸਿੰਘ ਨਲਵਾ ਦੀਆਂ ਯਾਦਗਾਰਾਂ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਕਿਲ੍ਹਾ ਫ਼ਤਹਿਗੜ੍ਹ ਦੀਆਂ ਦੀਵਾਰਾਂ 4 ਗਜ਼ ਚੌੜੀਆਂ ਅਤੇ 12 ਗਜ਼ ਉੱਚੀਆਂ ਸਨ। ਇਸ ਵਿਚ ਦੋਹਰੇ ਦਰਵਾਜ਼ੇ ਲਗਵਾਏ ਗਏ ਸਨ। ਇਸ ਕਿਲ੍ਹੇ ਵਿਚ ਸ: ਨਲਵਾ ਨੇ ਆਪਣੇ ਪਾਲਿਤ ਪੁੱਤਰ ਸ: ਮਹਾਂ ਸਿੰਘ ਮੀਰਪੁਰੀਏ (ਇਹ ਭਾਈ ਦਾਤਾ ਰਾਮ ਦਾ ਪੁੱਤਰ ਸੀ) ਨੂੰ ਹਜ਼ਾਰਾ ਤੋਂ ਬੁਲਾ ਕੇ ਕਿਲ੍ਹੇਦਾਰ ਨਿਯੁਕਤ ਕੀਤਾ ਅਤੇ ਸਰਹੱਦ-ਦਾਰ ਦਾ ਰੁਤਬਾ ਬਖ਼ਸ਼ਿਆ। ਉਸ ਦੇ ਅਧੀਨ ਇਸ ਕਿਲ੍ਹੇ ਵਿਚ 800 ਪੈਦਲ ਜਵਾਨ, 200 ਘੋੜਸਵਾਰ, 80 ਤੋਪਚੀ, 10 ਵੱਡੀਆਂ ਅਤੇ 12 ਹਲਕੀਆਂ ਤੋਪਾਂ ਰੱਖੀਆਂ ਗਈਆਂ। ਕਿਲ੍ਹੇ ਵਿਚ ਫ਼ੌਜ ਦੇ ਵਰਤਣ ਲਈ ਪਾਣੀ ਜਮਰੌਦ ਦੇ ਕੱਠੇ ਤੋਂ ਲਿਆ ਜਾਂਦਾ ਸੀ। ਇਸ ਦੇ ਇਲਾਵਾ ਕਿਲ੍ਹੇ ਵਿਚ ਇਕ ਬਹੁਤ ਵੱਡਾ ਖੂਹ ਵੀ ਲਗਵਾਇਆ ਗਿਆ।
ਧੋਖੇ ਨਾਲ ਦੁਸ਼ਮਣ ਦੀ ਗੋਲੀ ਦਾ ਨਿਸ਼ਾਨਾ ਬਣੇ ਸ: ਨਲਵਾ ਨੇ 30 ਅਪ੍ਰੈਲ, 1837 ਨੂੰ ਉਪਰੋਕਤ ਕਿਲ੍ਹੇ ਵਿਚ ਹੀ ਦੇਹ ਤਿਆਗੀ ਅਤੇ ਇਥੇ ਹੀ ਉਨ੍ਹਾਂ ਦੀ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ ਕਿਲ੍ਹੇ ਦੀ ਚੜ੍ਹਦੀ ਨੁੱਕਰ ਵੱਲ ਕਨਾਤਾਂ ਲਗਾ ਕੇ ਕੀਤਾ ਗਿਆ ਸੀ। ਉਨ੍ਹਾਂ ਦੀ ਦੇਹ ਦੀ ਭਸਮ (ਰਾਖ) ਕਿਲ੍ਹੇ ਵਿਚ ਹੀ ਇਕ ਅੰਗੀਠਾ ਤਿਆਰ ਕਰਕੇ ਉਸ ਵਿਚ ਪਾ ਦਿੱਤੀ ਗਈ ਅਤੇ ਉਸੇ ਅੰਗੀਠੇ ਉਪਰ ਸ: ਨਲਵਾ ਦੀ ਸਮਾਧ ਤਿਆਰ ਕੀਤੀ ਗਈ। ਇਹ ਸਮਾਧ ਅੱਜ ਵੀ ਕਿਲ੍ਹੇ ਦੇ ਅੰਦਰ ਦੀਵਾਰ ਦੇ ਬਿਲਕੁਲ ਨਾਲ ਮੌਜੂਦ ਹੈ। ਕਿਲ੍ਹੇ ਦੇ ਅੰਦਰ ਸ: ਨਲਵਾ ਵਲੋਂ ਬਣਵਾਇਆ ਖੂਹ, ਉਨ੍ਹਾਂ ਦੇ ਘੋੜੇ ਬੰਨ੍ਹਣ ਵਾਲਾ ਅਸਤਬਲ ਅਤੇ ਸਰਦਾਰ ਹਰੀ ਸਿੰਘ ਨਲਵਾ ਦੀ ਤਲਵਾਰ ਆਦਿ ਨਿਸ਼ਾਨੀਆਂ ਅੱਜ ਵੀ ਮੌਜੂਦ ਹਨ।
ਕਿਲ੍ਹਾ ਸਿਰੀਕੋਟ, ਹਰੀਪੁਰ
ਨੌਸ਼ਹਿਰੇ ਦੀ ਫ਼ਤਹਿ ਤੋਂ ਬਾਅਦ ਸ: ਨਲਵਾ ਨੇ ਸਿਰੀਕੋਟ ਦੇ ਇਲਾਕੇ ਨੂੰ ਖ਼ਾਲਸਾ ਰਾਜ ਵਿਚ ਮਿਲਾਈ ਰੱਖਣ ਲਈ ਸਿਰੀਕੋਟ ਦੀ ਪਹਾੜੀ ਉਪਰ ਕਿਲ੍ਹੇ ਦਾ ਨਿਰਮਾਣ ਕਰਵਾਇਆ, ਜੋ 'ਕਿਲ੍ਹਾ ਸਿਰੀਕੋਟ' ਦੇ ਨਾਂਅ ਨਾਲ ਹੀ ਪ੍ਰਸਿੱਧ ਹੋ ਗਿਆ। ਇਹ ਕਿਲ੍ਹਾ ਕਾਫ਼ੀ ਵੱਡਾ ਬਣਾਇਆ ਗਿਆ। ਇਸ ਦੀ ਉਚਾਈ ਇੰਨੀ ਜ਼ਿਆਦਾ ਸੀ ਕਿ ਇਥੋਂ ਦਰਿਆ ਲੁੰਡੀ (ਇਸ ਦਰਿਆ ਦੇ ਕਿਨਾਰੇ ਪਿੰਡ ਪੀਰ ਸਬਾਕ ਵਿਚ ਅਕਾਲੀ ਨਿਹੰਗ ਸਿੰਘ ਭਾਈ ਫੂਲਾ ਸਿੰਘ ਦੀ ਸਮਾਧ ਬਣੀ ਹੋਈ ਹੈ) ਜਿਸ ਸਥਾਨ 'ਤੇ ਦਰਿਆ ਅਟਕ ਨਾਲ ਮਿਲਦਾ ਹੈ, ਉਥੋਂ ਤੱਕ ਦਰਿਆ ਦੀਆਂ ਉੱਠਦੀਆਂ ਲਹਿਰਾਂ ਸਾਫ਼ ਨਜ਼ਰ ਆਉਂਦੀਆਂ ਸਨ। ਇਸ ਵੱਡੇ ਕਿਲ੍ਹੇ ਦੇ ਨਾਲ ਹੀ ਸ: ਨਲਵਾ ਵਲੋਂ ਚਾਰ ਹੋਰ ਗੜ੍ਹੀਆਂ ਦਾ ਨਿਰਮਾਣ ਕਰਵਾਇਆ ਗਿਆ। ਇਨ੍ਹਾਂ ਕਿਲ੍ਹਿਆਂ ਵਿਚ ਕਈ ਜ਼ਮੀਨਦੋਜ਼ ਗੁਫਾਵਾਂ ਸਨ ਅਤੇ ਇਨ੍ਹਾਂ ਕਿਲ੍ਹਿਆਂ ਦੇ ਖੰਡਰ ਅਤੇ ਪਾਣੀ ਦੇ ਤਲਾਬ ਲੰਬਾ ਸਮਾਂ ਬਾਅਦ ਵੀ ਮੌਜੂਦ ਰਹੇ।
ਕਿਲ੍ਹਾ ਨਵਾਂ ਸ਼ਹਿਰ, ਹਜ਼ਾਰਾ
ਹਜ਼ਾਰਾ ਵਿਚ ਪੂਰੀ ਤਰ੍ਹਾਂ ਅਮਨ ਬਹਾਲ ਕਰਨ ਤੋਂ ਬਾਅਦ ਸ: ਹਰੀ ਸਿੰਘ ਨਲਵਾ ਨੇ ਮਜ਼ਬੂਤ ਸੜਕਾਂ ਬਣਵਾਈਆਂ ਅਤੇ ਇਸ ਦੇ ਨਾਲ ਹੀ ਸੰਨ 1822 ਵਿਚ ਜੰਗੀ ਕਿਲ੍ਹਿਆਂ ਦਾ ਨਿਰਮਾਣ ਕਰਵਾਇਆ। ਉਨ੍ਹਾਂ ਦੁਆਰਾ ਹਜ਼ਾਰਾ 'ਚ ਬਣਵਾਇਆ ਕਿਲ੍ਹਾ ਨਵਾਂ ਸ਼ਹਿਰ ਬਹੁਤ ਮਜ਼ਬੂਤ ਕਿਲ੍ਹਾ ਸੀ। ਸਹਿਜ ਸੰਭਾਲ ਨਾ ਹੋਣ ਕਰਕੇ ਅਤੇ ਵਰਤੋਂ ਵਿਚ ਨਾ ਆਉਣ ਕਰਕੇ ਇਹ ਕਿਲ੍ਹਾ ਸੰਨ 1939 ਵਿਚ ਢਹਿ ਗਿਆ।
(ਬਾਕੀ ਅਗਲੇ ਮੰਗਲਵਾਰ ਦੇ ਧਰਮ ਤੇ ਵਿਰਸਾ ਅੰਕ 'ਚ)


-ਅੰਮ੍ਰਿਤਸਰ। ਮੋਬਾ: 93561-27771

ਫ਼ਰੀਦ ਬਾਣੀ ਦਾ ਇਕੱਤਰੀਕਰਨ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ
ਧਰਮ ਤੇ ਵਿਰਸਾ ਅੰਕ ਦੇਖੋ)
ਇਸ ਸਬੰਧੀ ਕੁਝ ਰੌਸ਼ਨੀ 'ਮਸਲੇ ਸ਼ੇਖ ਫ਼ਰੀਦ ਕੇ' ਪੁਸਤਕ ਪਾਉਂਦੀ ਦਿਸਦੀ ਹੈ। ਇਸ ਪੁਸਤਕ ਦਾ ਰਚਨਾਕਾਲ ਸਤਾਰ੍ਹਵੀਂ ਸਦੀ ਈਸਵੀ ਮੰਨਿਆ ਗਿਆ ਹੈ। ਇਸ ਵਿਚ ਜਿਨ੍ਹਾਂ ਸੂਫ਼ੀ ਬਜ਼ੁਰਗਾਂ ਨਾਲ ਬਾਬਾ ਫ਼ਰੀਦ ਦਾ ਉੱਠਣ-ਬੈਠਣ ਦਰਸਾਇਆ ਗਿਆ ਹੈ, ਉਨ੍ਹਾਂ ਵਿਚ ਸ਼ਾਮਿਲ ਹਨ ਬਹਾਉੱਦੀਨ ਜ਼ਕਰੀਆ (1182-1262 ਈ:), ਖੁਆਜਾ ਮੁਹੀਉੱਦੀਨ (1141-1238 ਈ:) ਅਤੇ ਲਾਲ ਸੁਹਬਾਜ਼ (1230-1324 ਈ:)। ਇਹ ਉਹ ਸੂਫ਼ੀ ਦਰਵੇਸ਼ ਹਨ ਜੋ ਸ਼ੇਖ਼ ਬ੍ਰਹਮ ਜਾਂ ਫ਼ਰੀਦ ਇਬਰਾਹੀਮ ਸਨੀ ਤੋਂ ਪਹਿਲਾਂ ਦੇ ਹਨ। ਇਹ ਬਾਬਾ ਫ਼ਰੀਦ ਦੇ ਸਮਕਾਲੀ ਜਾਂ ਨਿਕਟ ਸਮਕਾਲੀ ਹਨ। ਇਸ ਪੁਸਤਕ ਵਿਚ ਵੀ ਬਾਬਾ ਫ਼ਰੀਦ ਦੇ ਸਲੋਕ ਮਿਲਦੇ ਹਨ, ਜੋ ਘੱਟੋ-ਘੱਟ ਇਹ ਸਾਬਤ ਕਰਨ ਲਈ ਕਾਫ਼ੀ ਹਨ ਕਿ ਬਾਬਾ ਫ਼ਰੀਦ ਇਕ ਕਵੀ ਵੀ ਹੈ। ਇਨ੍ਹਾਂ ਸਲੋਕਾਂ ਵਿਚ ਕੁਝ ਸਲੋਕ ਅਜਿਹੇ ਹਨ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹਨ ਅਤੇ ਕੁਝ ਉਹ ਹਨ ਜੋ ਦਰਜ ਨਹੀਂ ਹਨ।
ਸ਼ੇਖ ਬ੍ਰਹਮ ਨੇ ਕੋਈ ਕਾਵਿ ਰਚਨਾ ਕੀਤੀ ਹੈ ਜਾਂ ਨਹੀਂ? ਜਦ ਅਸੀਂ ਇਸ ਪ੍ਰਸ਼ਨ ਦਾ ਉੱਤਰ ਲੱਭਣ ਚੜ੍ਹਦੇ ਹਾਂ ਤਾਂ ਪਤਾ ਲਗਦਾ ਹੈ ਕਿ ਉਸ ਨੇ ਕੋਈ ਕਾਵਿ ਰਚਨਾ ਨਹੀਂ ਕੀਤੀ। ਪੰਜਾਬੀ ਸੂਫ਼ੀ ਕਾਵਿ ਦੇ ਇਤਿਹਾਸ ਵਿਚ ਉਸ ਦਾ ਨਾਂਅ ਕਿਧਰੇ ਨਹੀਂ ਆਉਂਦਾ, ਜਦਕਿ ਬਾਬਾ ਫ਼ਰੀਦ ਜੀ ਸਬੰਧੀ ਉੱਪਰ ਸੰਕੇਤਿਕ 'ਮਸਲੇ ਸ਼ੇਖ ਫਰੀਦ ਕੇ' ਤੋਂ ਬਿਨਾਂ ਕੁਝ ਫ਼ਾਰਸੀ ਪੁਸਤਕਾਂ ਵਿਚ ਉਨ੍ਹਾਂ ਦੇ ਕਵੀ ਹੋਣ ਦੇ ਸੰਕੇਤ ਮੌਜੂਦ ਹਨ। ਇਨ੍ਹਾਂ ਹੀ ਕਾਲਮਾਂ ਵਿਚ 'ਫ਼ਵਾਇਤਲ ਫ਼ਵਾਦ' ਅਤੇ 'ਸੀਅਕੁਲ ਔਲੀਆ' ਪੁਸਤਕਾਂ ਦੀ ਚਰਚਾ ਹੋ ਚੁੱਕੀ ਹੈ ਪਰ ਸ਼ੇਖ ਬ੍ਰਹਮ ਦੇ ਹਵਾਲੇ ਜਨਮ ਸਾਖੀਆਂ ਤੋਂ ਬਿਨਾਂ ਹੋਰ ਕਿਧਰੇ ਨਹੀਂ ਲੱਭਦੇ ਅਤੇ ਇਨ੍ਹਾਂ ਸਾਰੀਆਂ ਜਨਮ ਸਾਖੀਆਂ ਦਾ ਇਕ ਹੀ ਸੋਮਾ ਪੁਰਾਤਨ ਜਨਮ ਸਾਖੀ ਹੈ। ਹੋਰ ਤਾਂ ਹੋਰ, ਚਿਸਤੀ ਸੂਫ਼ੀ ਫ਼ਕੀਰਾਂ ਨਾਲ ਜੁੜੀਆਂ ਕਈ ਰਵਾਇਤਾਂ ਅਤੇ ਹੋਰ ਕਥਾ-ਕਹਾਣੀਆਂ ਤਾਂ ਮਿਲ ਜਾਂਦੀਆਂ ਹਨ ਪਰ ਸ਼ੇਖ ਬ੍ਰਹਮ ਨਾਲ ਸਬੰਧਿਤ ਅਜਿਹੀ ਕੋਈ ਰਵਾਇਤ ਪ੍ਰਾਪਤ ਨਹੀਂ। ਕਹਿਣ ਦਾ ਭਾਵ ਇਹ ਹੈ ਕਿ ਸ਼ੇਖ ਬ੍ਰਹਮ, ਬਾਬਾ ਫ਼ਰੀਦ ਵਾਂਗੂੰ ਪੰਜਾਬੀ ਸੱਭਿਆਚਾਰ ਅਤੇ ਮਾਨਸਿਕਤਾ ਦਾ ਅੰਗ ਨਹੀਂ ਬਣ ਸਕਿਆ।
ਨਤੀਜੇ ਵਜੋਂ ਮੰਨਿਆ ਜਾ ਸਕਦਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ ਬਾਣੀ ਸ਼ੇਖ ਫ਼ਰੀਦ ਦੀਨ ਮਸਊਦ ਸ਼ਕਰਗੰਜ ਦੀ ਹੈ, ਸ਼ੇਖ ਬ੍ਰਹਮ ਦੀ ਨਹੀਂ। ਸ਼ੇਖ ਬ੍ਰਹਮ ਦਾ ਯੋਗਦਾਨ ਕੇਵਲ ਏਨਾ ਹੈ ਕਿ ਉਸ ਨੇ ਫ਼ਰੀਦ ਬਾਣੀ ਨੂੰ ਸਾਂਭ ਕੇ ਰੱਖਿਆ, ਜਿਸ ਨੂੰ ਗੁਰੂ ਨਾਨਕ ਦੇਵ ਜੀ ਨੇ ਉਸ ਕੋਲੋਂ ਲਿਖ ਕੇ ਆਪਣੇ ਕੋਲ ਸੁਰੱਖਿਅਤ ਕਰ ਲਿਆ। ਇਹੋ ਬਾਣੀ ਸੰਗ੍ਰਹਿ ਅੱਗੇ ਤੋਂ ਅੱਗੇ ਗੁਰੂ ਸਾਹਿਬਾਨ ਤੋਂ ਹੁੰਦਾ ਹੋਇਆ ਗੁਰੂ ਅਰਜਨ ਦੇਵ ਜੀ ਤੱਕ ਪੁੱਜਾ, ਜਿਨ੍ਹਾਂ ਫ਼ਰੀਦ ਬਾਣੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਯੋਗ ਥਾਂ ਦਿੱਤੀ। ਆਪਣੀ ਗੱਲ ਨੂੰ ਅਸੀਂ ਡਾ: ਮੁਹੰਮਦ ਰਬੀਬ ਦੇ ਸ਼ਬਦਾਂ ਵਿਚ ਖ਼ਤਮ ਕਰਨੀ ਚਾਹਾਂਗੇ। ਕੁਝ ਵਿਦਵਾਨਾਂ ਨੇ ਸੰਦੇਹ ਪ੍ਰਗਟ ਕੀਤੇ ਹਨ ਕਿ ਇਹ ਕਲਾਮ ਅਸਲ ਵਿਚ ਸ਼ੇਖ ਫਰੀਦੁੱਦੀਨ ਗੰਜ-ਏ-ਸ਼ੱਕਰ ਦਾ ਨਹੀਂ, ਸਗੋਂ ਉਸ ਦੇ ਗੱਦੀਨਸ਼ੀਨ ਸ਼ੇਖ ਬ੍ਰਹਮ ਦਾ ਹੈ, ਜਿਹੜੇ ਗੁਰੂ ਨਾਨਕ ਦੇਵ ਜੀ ਦੇ ਸਮਕਾਲੀ ਸਨ ਪਰ ਆਮ ਸਹਿਮਤੀ ਇਹੀ ਹੈ ਕਿ ਇਹ ਕਲਾਮ ਬਾਬਾ ਸ਼ੇਖ ਫ਼ਰੀਦ ਦਾ ਹੀ ਹੈ, ਜਿਹੜੇ ਬਾਰ੍ਹਵੀਂ ਸਦੀ ਵਿਚ ਸਨ। (ਭਾਰਤ ਵਿਚ ਸੂਫ਼ੀਵਾਦ, ਪੰਨਾ 643)


-ਮੋਬਾ: 98889-39808

ਦਸਮ ਪਾਤਸ਼ਾਹ ਦੇ ਲਾਡਲੇ ਸਿੱਖ ਬਾਬਾ ਸੰਗਤ ਸਿੰਘ

ਗੁਰੂ ਗੋਬਿੰਦ ਸਿੰਘ ਨੂੰ ਦੇਸ਼ ਤੇ ਧਰਮ ਦੀ ਖ਼ਾਤਰ ਮੁਗ਼ਲਾਂ ਤੇ ਪਹਾੜੀ ਰਾਜਿਆਂ ਨਾਲ ਕਈ ਯੁੱਧ ਲੜਨੇ ਪਏ। ਮੁਗ਼ਲ ਸਰਕਾਰ ਭਾਰਤ ਦਾ ਧਾਰਮਿਕ ਸ਼ੋਸ਼ਣ ਕਰਨ ਲਈ ਪ੍ਰਸਿੱਧ ਹੈ। ਬਾਦਸ਼ਾਹ ਔਰੰਗਜ਼ੇਬ ਸਰਬ ਭਾਰਤ ਨੂੰ ਜ਼ਬਰਦਸਤੀ ਇਸਲਾਮ ਦਾ ਧਾਰਨੀ ਬਣਾਉਣਾ ਚਾਹੁੰਦਾ ਸੀ। ਰਾਸ਼ਟਰ-ਨਾਇਕ ਗੁਰੂ ਗੋਬਿੰਦ ਸਿੰਘ ਬਾਦਸ਼ਾਹ ਦੀ ਇਸ ਚੁਣੌਤੀ ਦਾ ਡਟ ਕੇ ਮੁਕਾਬਲਾ ਕਰ ਰਹੇ ਸਨ। ਅਫ਼ਸੋਸ ਦੀ ਗੱਲ ਹੈ ਕਿ ਪਹਾੜ ਦੇ ਹਿੰਦੂ ਰਾਜਪੂਤ ਰਾਜੇ ਗੁਰੂ ਜੀ ਦੇ ਵਿਰੁੱਧ ਅੱਤਿਆਚਾਰੀ ਮੁਗ਼ਲ ਸਰਕਾਰ ਦਾ ਸਾਥ ਦੇ ਰਹੇ ਸਨ। ਉਹ ਆਪਣਾ ਰਾਜ-ਭਾਗ ਕਾਇਮ ਰੱਖਣ ਦੀ ਖ਼ਾਤਰ ਆਪਣੇ ਧਰਮ ਦੀ ਕੁਰਬਾਨੀ ਦੇਣ ਲਈ ਤਿਆਰ ਸਨ।
1700 ਈ: ਦੇ ਅਕਤੂਬਰ ਮਹੀਨੇ ਵਿਚ ਦਸਮ ਪਾਤਸ਼ਾਹ ਆਪਣੀ ਫ਼ੌਜ ਨਾਲ ਕੀਰਤਪੁਰ ਦੇ ਨੇੜੇ ਨਿਰਮੋਹਗੜ੍ਹ ਦੀ ਟਿੱਬੀ ਉਤੇ ਠਹਿਰੇ ਹੋਏ ਸਨ ਕਿ ਅਚਾਨਕ ਪਹਾੜੀ ਰਾਜਿਆਂ ਦੀਆਂ ਫ਼ੌਜਾਂ ਨੇ ਗੁਰੂ ਜੀ ਉੱਤੇ ਹਮਲਾ ਕਰ ਦਿੱਤਾ। ਪਹਾੜੀ ਫ਼ੌਜਾਂ ਦੇ ਦਬਾਅ ਕਾਰਨ ਗੁਰੂ ਜੀ ਨੂੰ ਨਿਰਮੋਹਗੜ੍ਹ ਛੱਡਣਾ ਪਿਆ। ਸਤਲੁਜ ਪਾਰ ਬਸਾਲੀ ਦਾ ਰਾਜਾ ਸਲਾਹੀ ਚੰਦ ਗੁਰੂ ਜੀ ਦਾ ਸ਼ਰਧਾਲੂ ਸੀ। ਉਹ ਗੁਰੂ ਜੀ ਨੂੰ ਆਪਣੇ ਨਿਵਾਸ ਅਸਥਾਨ ਬਸਾਲੀ ਲੈ ਆਇਆ। 'ਗੁਰੂ ਕੀਆਂ ਸਾਖੀਆਂ' ਅਨੁਸਾਰ ਗੁਰੂ ਜੀ 15 ਦਿਨ ਬਸਾਲੀ ਰਹੇ ਅਤੇ ਫੇਰ ਬਭੌਰ ਸਾਹਿਬ ਰਾਹੀਂ ਵਾਪਸ ਅਨੰਦਪੁਰ ਸਾਹਿਬ ਆ ਗਏ।
ਨੂਰਪੁਰਬੇਦੀ (ਰੋਪੜ) ਦੇ ਇਲਾਕੇ ਵਿਚ ਇਹ ਰਵਾਇਤ ਪ੍ਰਸਿੱਧ ਹੈ ਕਿ ਗੁਰੂ ਜੀ ਬਸਾਲੀ ਤੋਂ ਬਭੌਰ ਸਾਹਿਬ ਨੂੰ ਜਾਂਦੇ ਹੋਏ ਪਿੰਡ ਜਤੌਲੀ ਤੇ ਕੱਟਾ ਸਬੌਰ ਵਿੱਚੀਂ ਲੰਘੇ ਸਨ। ਪਿੰਡ ਕੱਟਾ ਸਬੌਰ ਵਿਖੇ ਗੁਰੂ ਜੀ ਨੇ ਪਿੰਡ ਦੀ ਸੰਗਤ ਨੂੰ ਕਿਹਾ, 'ਦੇਖੋ ਭਾਈ, ਅਸੀਂ ਧਰਮ ਦੀ ਰਾਖੀ ਲਈ ਮੁਗ਼ਲ ਸਰਕਾਰ ਦਾ ਟਾਕਰਾ ਕਰ ਰਹੇ ਹਾਂ। ਤੁਸੀਂ ਆਪਣੇ ਪਿੰਡ ਦੇ ਕੁਝ ਰਿਸ਼ਟ-ਪੁਸ਼ਟ ਜੁਆਨ ਸਾਡੀ ਫੌਜ ਵਿਚ ਭਰਤੀ ਕਰਾ ਦਿਓ।' ਪਿੰਡ ਦੇ ਸਰਕਰਦਾ ਲੋਕਾਂ ਨੇ ਜਦੋਂ ਕੋਈ ਹੁੰਗਾਰਾ ਨਾ ਭਰਿਆ ਤਾਂ ਇਕ ਗਰੀਬ ਸਿੱਖ ਨੇ ਹੱਥ ਜੋੜ ਕੇ ਬੇਨਤੀ ਕੀਤੀ 'ਸੱਚੇ ਪਾਤਸ਼ਾਹੋ, ਮੇਰੇ ਦੋ ਪੁੱਤਰ ਸੰਗਤ ਸਿੰਘ ਤੇ ਪੰਗਤ ਸਿੰਘ ਹਾਜ਼ਰ ਹਨ। ਇਨ੍ਹਾਂ ਨੂੰ ਆਪਣੀ ਫੌਜ ਵਿਚ ਸ਼ਾਮਲ ਕਰ ਲਓ।' ਉਸੇ ਦਿਨ ਤੋਂ ਸੰਗਤ ਸਿੰਘ ਤੇ ਪੰਗਤ ਸਿੰਘ ਗੁਰੂ ਜੀ ਦੀ ਹਜ਼ੂਰੀ ਵਿਚ ਰਹਿਣ ਲੱਗ ਪਏ। ਦੋਹਾਂ ਭਰਾਵਾਂ ਨੇ ਕਈ ਜੰਗਾਂ ਵਿਚ ਹਿੱਸਾ ਲਿਆ। ਦੋਵੇਂ ਭਰਾ ਸੇਵਾ ਤੇ ਸਮਰਪਨ ਕਾਰਨ ਗੁਰੂ ਜੀ ਦੇ ਲਾਡਲੇ ਸਿੰਘ ਬਣ ਗਏ। ਭਾਈ ਸੰਗਤ ਸਿੰਘ ਦਾ ਮੁਹਾਂਦਰਾ ਗੁਰੂ ਜੀ ਨਾਲ ਮਿਲਦਾ-ਜੁਲਦਾ ਸੀ। ਭਾਈ ਸੰਗਤ ਸਿੰਘ ਅੰਗ-ਰੱਖਿਅਕਾਂ ਵਾਂਗ ਹਰ ਸਮੇਂ ਗੁਰੂ ਜੀ ਦੇ ਨਾਲ ਰਹਿੰਦੇ ਸਨ।
ਜਦੋਂ ਗੁਰੂ ਗੋਬਿੰਦ ਸਿੰਘ ਜੀ ਨੂੰ ਅਨੰਦਪੁਰ ਸਾਹਿਬ ਛੱਡਣਾ ਪਿਆ ਤਾਂ ਕੁਝ ਇਤਿਹਾਸਕਾਰਾਂ ਅਨੁਸਾਰ 500 ਜਾਂ 1500 ਸਿੰਘ ਗੁਰੂ ਜੀ ਦੇ ਨਾਲ ਸਨ। ਮੁਗ਼ਲ ਤੇ ਪਹਾੜੀ ਫ਼ੌਜਾਂ ਨਾਲ ਪਹਿਲੀ ਝੜਪ ਕੀਰਤਪੁਰ ਨੇੜੇ ਸ਼ਾਹੀ ਟਿੱਬੀ 'ਤੇ ਹੋਈ। ਗੁਰੂ ਜੀ ਨੇ ਭਾਈ ਉਦੇ ਸਿੰਘ ਨੂੰ 50 ਸਿੰਘ ਦੇ ਕੇ ਦੁਸ਼ਮਣ ਦਾ ਮੁਕਾਬਲਾ ਕਰਨ ਦਾ ਆਦੇਸ਼ ਦਿੱਤਾ। ਭਾਈ ਉਦੇ ਸਿੰਘ ਆਪਣੇ ਸਿੰਘਾਂ ਸਮੇਤ ਇਸ ਜੰਗ ਵਿਚ ਸ਼ਹੀਦ ਹੋ ਗਏ। 'ਗੁਰੂ ਕੀਆਂ ਸਾਖੀਆਂ' ਅਨੁਸਾਰ ਸਰਸਾ ਨਦੀ 'ਤੇ ਭਾਈ ਜੀਵਨ ਸਿੰਘ ਨੇ 100 ਸਿੰਘਾਂ ਸਮੇਤ ਸ਼ਹੀਦੀ ਪ੍ਰਾਪਤ ਕੀਤੀ। ਚਮਕੌਰ ਦੀ ਜੰਗ ਸਮੇਂ ਦਸਮ ਪਾਤਸ਼ਾਹ ਨੇ ਆਪਣੇ ਤਿੰਨ ਪਿਆਰੇ ਭਾਈ ਹਿੰਮਤ ਸਿੰਘ, ਭਾਈ ਮੋਹਕਮ ਸਿੰਘ ਤੇ ਭਾਈ ਸਾਹਿਬ ਸਿੰਘ ਨੂੰ ਵੀ ਜੰਗ ਵਿਚ ਭੇਜ ਦਿੱਤਾ। ਧੰਨ ਜਿਗਰਾ ਕਲਗੀਧਰ ਪਾਤਸ਼ਾਹ ਦਾ, ਜਿਨ੍ਹਾਂ ਨੇ ਆਪਣੇ ਵੱਡੇ ਸਾਹਿਬਜ਼ਾਦਿਆਂ ਅਜੀਤ ਸਿੰਘ ਤੇ ਜੁਝਾਰ ਸਿੰਘ ਨੂੰ ਜੰਗ ਵਿਚ ਸ਼ਹੀਦ ਹੁੰਦਿਆਂ ਆਪਣੀਆਂ ਅੱਖਾਂ ਨਾਲ ਵੇਖਿਆ।
ਜਦੋਂ ਚਮਕੌਰ ਦੀ ਗੜ੍ਹੀ ਛੱਡਣ ਦਾ ਸਮਾਂ ਆਇਆ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਸੰਗਤ ਸਿੰਘ ਨੂੰ ਆਪਣੇ ਸ਼ਸਤਰ ਵਸਤਰ ਤੇ ਕਲਗੀ ਪਹਿਨਾ ਕੇ ਆਦੇਸ਼ ਦਿੱਤਾ ਕਿ ਅਗਲੀ ਸਵੇਰ ਨੂੰ ਤੁਸੀਂ ਵੈਰੀਆਂ ਦਾ ਡਟ ਕੇ ਮੁਕਾਬਲਾ ਕਰਨਾ, ਦੁਸ਼ਮਣ ਨੂੰ ਪਿੱਠ ਨਹੀਂ ਦਿਖਾਉਣੀ ਅਤੇ ਸਾਹਵੇਂ ਮੱਥੇ ਜੂਝ ਕੇ ਸ਼ਹੀਦੀ ਪਾਉਣੀ ਹੈ। ਬਾਬਾ ਸੰਗਤ ਸਿੰਘ ਜੀ ਨੇ ਆਪਣੇ ਮਹਾਨ ਗੁਰੂ ਦੇ ਆਦੇਸ਼ ਦਾ ਇੰਨ-ਬਿੰਨ ਪਾਲਣ ਕੀਤਾ। ਗੁਰੂ ਜੀ ਦੇ ਪਵਿੱਤਰ ਬਾਣੇ ਤੇ ਕਲਗੀ ਨੂੰ ਦਾਗ ਨਹੀਂ ਲੱਗਣ ਦਿੱਤਾ। ਗੁਰੂ ਜੀ ਦੇ ਉੱਚੇ-ਸੁੱਚੇ ਪੂਜਨੀਕ ਸੀਸ ਦੀ ਖਾਤਰ ਆਪਣਾ ਸਿਰ ਕੁਰਬਾਨ ਕਰ ਦਿੱਤਾ। ਗੁਰ ਬਿਲਾਸ ਪਾਤਸ਼ਾਹੀ ਦਸਵੀਂ ਵਿਚ ਭਾਈ ਸੁੱਖਾ ਸਿੰਘ ਲਿਖਦੇ ਹਨ - ਮੈਦਾਨ-ਇ-ਜੰਗ ਵਿਚ ਤਰਥਲ ਮਚਾ ਕੇ ਭਾਈ ਸੰਗਤ ਸਿੰਘ ਨੇ ਸ਼ਹੀਦੀ ਪ੍ਰਾਪਤ ਕੀਤੀ। ਆਪਣੇ ਸੁਆਮੀ ਦੀ ਖਾਤਰ ਆਪਣਾ ਸੀਸ ਕੁਰਬਾਨ ਕਰ ਕੇ ਇਤਿਹਾਸ ਵਿਚ ਉੱਚੀ ਪਦਵੀ ਹਾਸਲ ਕੀਤੀ-
ਯਾ ਬਿਧਿ ਸੋ ਰਣ ਦੁੰਦ ਮਚਾਇ ਕੇ
ਜੂਝ ਗਯੋ ਗਢ ਮੈਂ ਬਲ ਧਾਨੀ।
ਸਵਾਮੀ ਸੁ ਕਾਰਨ ਸੀਸ ਦਯੋ ਤਿਨ
ਊਚ ਲਿਯੋ ਗ੍ਰਹ ਅਚੁੱਤ ਸਾਨੀ।
ਸ਼ਹੀਦ ਬਾਬਾ ਸੰਗਤ ਸਿੰਘ ਯਾਦਗਾਰੀ ਟਰੱਸਟ ਜਲੰਧਰ ਵਲੋਂ ਬਾਬਾ ਸੰਗਤ ਸਿੰਘ ਜੀ ਦੀ ਯਾਦ ਵਿਚ 16 ਦਸੰਬਰ 2018 ਦਿਨ ਐਤਵਾਰ ਨੂੰ ਕੱਟਾ ਸਬੌਰ ਨੇੜੇ ਨੂਰਪੁਰ ਬੇਦੀ ਜ਼ਿਲ੍ਹਾ ਰੋਪੜ ਵਿਖੇ ਸਾਲਾਨਾ ਸ਼ਹੀਦੀ ਸਮਾਗਮ ਮਨਾਇਆ ਜਾ ਰਿਹਾ ਹੈ। ਸਮੂਹ ਪੰਜਾਬ ਵਿਚੋਂ ਸੰਗਤਾਂ ਪਹੁੰਚ ਕੇ ਬਾਬਾ ਸੰਗਤ ਸਿੰਘ ਜੀ ਨੂੰ ਸਰਧਾਂਜਲੀ ਭੇਟ ਕਰਨਗੀਆਂ।


-ਮੋਬਾਈਲ : 98155-40968

ਸ਼ਬਦ ਵਿਚਾਰ

ਪੁਤਾ ਦੇਖਿ ਵਿਗਸੀਐ ਨਾਰੀ ਸੇਜ ਭਤਾਰ॥

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਧਰਮ ਤੇ ਵਿਰਸਾ ਅੰਕ ਪੜ੍ਹੋ)
ਸਿਰੀਰਾਗੁ ਮਹਲਾ ੧
ਪੁਤਾ ਦੇਖਿ ਵਿਗਸੀਐ
ਨਾਰੀ ਸੇਜ ਭਤਾਰ॥
ਚੋਆ ਚੰਦਨੁ ਲਾਈਐ
ਕਾਪੜੁ ਰੂਪੁ ਸੀਗਾਰੁ॥
ਖੇਹੂ ਖੇਹ ਰਲਾਈਐ
ਛੋਡਿ ਚਲੈ ਘਰ ਬਾਰੁ॥ ੫॥
ਮਹਰ ਮਲੂਕ ਕਹਾਈਐ
ਰਾਜਾ ਰਾਉ ਕਿ ਖਾਨੁ॥
ਚਉਧਰੀ ਰਾਉ ਸਦਾਈਐ
ਜਲਿ ਬਲੀਐ ਅਭਿਮਾਨ॥
ਮਨਮੁਖਿ ਨਾਮੁ ਵਿਸਾਰਿਆ
ਜਿਉ ਡਵਿ ਦਧਾ ਕਾਨੁ॥ ੬॥
ਹਉਮੈ ਕਰਿ ਕਰਿ ਜਾਇਸੀ
ਜੋ ਆਇਆ ਜਗ ਮਾਹਿ॥
ਸਭੁ ਜਗੁ ਕਾਜਲ ਕੋਠੜੀ
ਤਨੁ ਮਨੁ ਦੇਹ ਸੁਆਹਿ॥
ਗੁਰਿ ਰਾਖੇ ਸੇ ਨਿਰਮਲੇ
ਸਬਦਿ ਨਿਵਾਰੀ ਭਾਹਿ॥ ੭॥
ਨਾਨਕ ਤਰੀਐ ਸਚਿ ਨਾਮਿ
ਸਿਰਿ ਸਾਹਾ ਪਾਤਿਸਾਹੁ॥
ਮੈ ਹਰਿ ਨਾਮੁ ਨ ਵੀਸਰੈ
ਹਰਿ ਨਾਮੁ ਰਤਨੁ ਵੇਸਾਹੁ॥
ਮਨਮੁਖ ਭਉਜਲਿ ਪਚਿ ਮੁਏ
ਗੁਰਮੁਖਿ ਤਰੇ ਅਥਾਹੁ॥ ੮॥ ੧੬॥
(ਅੰਗ 63-64)
ਪਦ ਅਰਥ : ਪੁਤਾ-ਪੁੱਤਰਾਂ ਨੂੰ। ਵਿਗਸੀਐ-ਖੁਸ਼ ਹੁੰਦਾ ਹੈ। ਭਤਾਰ-ਮਾਲਕ, ਖਸਮ। ਚੋਆ-ਅਤਰ। ਸੀਗਾਰੁ-ਸ਼ਿੰਗਾਰ। ਖੇਹੂ-ਮਿੱਟੀ ਹੋ ਕੇ। ਖੇਹ-ਮਿੱਟੀ ਵਿਚ। ਰਲਾਈਐ-ਰਲ ਜਾਂਦਾ ਹੈ। ਮਹਰ-ਚੌਧਰੀ, ਸਰਦਾਰ। ਮਲੂਕ-ਬਾਦਸ਼ਾਹ। ਰਾਉ-ਰਾਣਾ, ਰਾਇ ਸਾਹਿਬ। ਅਭਿਮਾਨ-ਹਉਮੈ, ਹੰਕਾਰ। ਡਵਿ-ਬਨ (ਜੰਗਲ) ਦੀ ਅੱਗ ਨਾਲ। ਦੁਧਾ-ਸੜਿਆ ਹੋਇਆ। ਕਾਨੁ-ਕਾਨਾ।
ਜਗ ਮਾਹਿ-ਜੁਗਤ ਵਿਚ। ਕਾਜਲ ਕੋਠੜੀ-ਕਾਲਖ ਦੀ ਕੋਠੜੀ। ਦੇਹ-ਸਰੀਰ। ਸੁਆਹਿ-ਸੁਆਹ ਹੋ ਜਾਂਦੇ ਹਨ। ਨਿਰਮਲੇ-ਸਾਫ਼ ਸੁਥਰੇ, ਪਵਿੱਤਰ ਜੀਵਨ ਵਾਲੇ (ਹੋ ਜਾਂਦੇ ਹਨ)। ਨਿਵਾਰੀ ਭਾਹਿ-ਤ੍ਰਿਸ਼ਨਾ ਰੂਪੀ ਅੱਗ ਬੁਝਾ ਲਈ ਹੈ, ਦੂਰ ਕਰ ਲਈ ਹੈ।
ਸਿਰਿ ਸਾਹਾ-ਸ਼ਾਹਾਂ ਦੇ ਸਿਰ 'ਤੇ। ਨ ਵੀਸਰੈ-(ਕਦੇ) ਭੁੱਲੇ ਨਾ। ਤਰੀਐ-ਤਰ ਕੇ ਪਾਰ ਹੋਈਦਾ ਹੈ। ਵੇਸਾਹੁ-ਆਸਰਾ। ਪਚਿ-ਖੁਆਰ ਹੋ ਕੇ। ਭਉਜਲਿ-ਭਵਸਾਗਰ, ਸੰਸਾਰ ਸਮੁੰਦਰ। ਅਥਾਹੁ-ਬੇਅੰਤ (ਸਮੁੰਦਰ 'ਚੋਂ)।
ਪਰਮਾਤਮਾ ਵਰਗਾ ਸਾਡਾ ਹੋਰ ਕੋਈ ਸਨੇਹੀ ਕੌਣ ਹੋ ਸਕਦਾ ਹੈ, ਜਿਸ ਨੇ ਇਹ ਸਰੀਰ ਅਤੇ ਮਨ ਦੇ ਕੇ ਸਾਡੇ ਅੰਦਰ ਸੁਰਤ ਟਿਕਾ ਦਿੱਤੀ ਹੈ। ਸਭ ਜੀਵਾਂ ਦੀ ਪਾਲਣਾ ਅਤੇ ਸਾਂਭ-ਸੰਭਾਲ ਕਰਨ ਵਾਲਾ ਪ੍ਰਭੂ ਸਭਨਾਂ ਜੀਵਾਂ ਅੰਦਰ ਮੌਜੂਦ ਹੈ ਜੋ ਸਭ ਦੇ ਦਿਲਾਂ ਦੀਆਂ ਜਾਣਦਾ ਹੈ ਅਤੇ ਸਭਨਾਂ ਦੇ ਕੀਤੇ ਕਰਮਾਂ ਨੂੰ ਦੇਖਣ ਵਾਲਾ ਹੈ। ਰਾਗੁ ਮਾਰੂ ਸੋਲਹੇ ਵਿਚ ਗੁਰੂ ਬਾਬੇ ਦੇ ਪਾਵਨ ਬਚਨ ਹਨ-
ਹਰਿ ਸਾ ਮੀਤੁ ਨਾਹੀ ਮੈ ਕੋਈ॥
ਜਿਨਿ ਤਨੁ ਮਨੁ ਦੀਆ ਸੁਰਤਿ ਸਮੋਈ॥
ਸਰਬ ਜੀਆ ਪ੍ਰਤਿਪਾਲਿ ਸਮਾਲੇ
ਸੋ ਅੰਤਰਿ ਦਾਨਾ ਬੀਨਾ ਹੇ॥
(ਅੰਗ 1027)
ਸਾ-ਵਰਗਾ। ਮੀਤੁ-ਮਿੱਤਰ, ਸਨੇਹੀ। ਸਮੋਈ-ਟਿਕਾ ਦਿੱਤੀ ਹੈ। ਸਰਬ-ਸਭ। ਪ੍ਰਤਿਪਾਲਿ ਸਮਾਲੇ-ਪਾਲਦਾ ਅਤੇ ਸੰਭਾਲ ਕਰਦਾ ਹੈ। ਦਾਨਾ-ਦਿਲਾਂ ਦੀਆਂ ਜਾਣਨ ਵਾਲਾ। ਬੀਨਾ-ਦੇਖਣ ਵਾਲਾ।
(ਦੂਜੇ ਬੰਨੇ) ਸਾਰੇ ਜਗਤ ਵਿਚ ਪੁੱਤਰ ਅਤੇ ਇਸਤਰੀ ਨਾਲ ਮੋਹ-ਪਿਆਰ ਪਿਆ ਹੋਇਆ ਹੈ ਅਤੇ ਹਰ ਪਾਸੇ ਮਾਇਆ ਦੇ ਮੋਹ ਦਾ ਹੀ ਖਿਲਾਰਾ ਖਿੱਲਰਿਆ ਹੋਇਆ ਹੈ ਪਰ ਜਿਹੜਾ ਗੁਰੂ ਦੇ ਸਨਮੁਖ ਰਹਿਣ ਵਾਲਾ ਪ੍ਰਾਣੀ ਜਗਤ ਦੇ ਮੂਲ ਪ੍ਰਭੂ ਨੂੰ ਆਪਣੇ ਮਨ ਵਿਚ ਵਸਾਉਂਦਾ ਹੈ। ਸਤਿਗੁਰੂ ਉਸ ਦੀਆਂ ਆਤਮਿਕ ਮੌਤ ਦੀਆਂ ਫਾਹੀਆਂ ਤੋੜ ਦਿੰਦਾ ਹੈ-
ਪੁਤ੍ਰ ਕਲਤ੍ਰ ਜਗਿ ਹੇਤੁ ਪਿਆਰਾ॥
ਮਾਇਆ ਮੋਹੁ ਪਸਰਿਆ ਪਸਾਰਾ॥
ਜਮ ਕੇ ਫਾਹੇ ਸਤਿਗੁਰਿ ਤੋੜੇ
ਗੁਰਮੁਖਿ ਤਤੁ ਬੀਚਾਰਾ ਹੇ॥
(ਅੰਗ 1029)
ਹੇਤੁ-ਹਿਤ, ਮੋਹ। ਫਾਹੇ-ਫਾਹੀਆਂ। ਪਸਰਿਆ-ਖਿੱਲਰਿਆ ਹੋਇਆ ਹੈ। ਪਸਾਰਾ-ਖਿਲਾਰਾ। ਤਤੁ-ਮੂਲ ਪ੍ਰਭੂ।
ਪੰਚਮ ਗੁਰਦੇਵ ਰਾਗੁ ਗਉੜੀ ਵਿਚ ਦ੍ਰਿੜ੍ਹ ਕਰਵਾ ਰਹੇ ਹਨ ਕਿ (ਅਸੀਂ ਦੇਖਿਆ ਹੈ) ਚੌਧਰੀ, ਸੁਲਤਾਨ ਜਾਂ ਖਾਨ ਆਦਿ ਬਣਨ ਨਾਲ ਕਿਸੇ ਦਾ ਮਨ ਨਹੀਂ ਤ੍ਰਿਪਤਿਆ।
ਮਹਰ ਮਲੂਕ ਹੋਇ ਦੇਖਿਆ ਖਾਨ॥
ਤਾ ਤੇ ਨਾਹੀ ਮਨੁ ਤ੍ਰਿਪਤਾਨ॥
(ਅੰਗ 179)
ਤ੍ਰਿਪਤਾਨ-ਤ੍ਰਿਪਤਿਆ, ਤ੍ਰਿਪ ਹੁੰਦਾ ਹੈ।
ਆਪ ਜੀ ਦੇ ਹੋਰ ਬਚਨ ਹਨ ਕਿ ਰਾਜ ਦਰਬਾਰ ਦੀਆਂ ਸਜਾਵਟਾਂ, ਤਖ਼ਤ 'ਤੇ ਬੈਠਣਾ, ਹਰ ਤਰ੍ਹਾਂ ਦੇ ਸਾਰੇ ਮੇਵੇ, ਦਿਲਕਸ਼ ਫੁਲਵਾੜੀਆਂ, ਸ਼ਿਕਾਰ ਅਤੇ ਹੋਰ ਰਾਜਿਆਂ ਦੀਆਂ ਖੇਡਾਂ, ਇਨ੍ਹਾਂ ਸਭਨਾਂ ਨਾਲ ਵੀ ਮਨੁੱਖ ਦਾ ਮਨ ਖੁਸ਼ ਨਹੀਂ ਹੁੰਦਾ, ਸਭ ਯਤਨ ਛੱਲ ਹੀ ਸਿੱਧ ਹੁੰਦੇ ਹਨ-
ਤਖ਼ਤ ਸਭਾ ਮੰਡਨ ਦੋਲੀਚੇ॥
ਸਗਲ ਮੇਵੇ ਸੁੰਦਰ ਬਾਗੀਚੇ॥
ਅਖੇੜ ਬਿਰਤਿ ਰਾਜਨ ਕੀ ਲੀਲਾ॥
ਮਨੁ ਨ ਸੁਹੇਲਾ ਪਰਪੰਚੁ ਹੀਲਾ॥
(ਅੰਗ 179)
ਮੰਡਨ-ਸਜਾਵਟ। ਅਖੇੜ-ਸ਼ਿਕਾਰ। ਬਿਰਤਿ-ਰੁਚੀ। ਸੁਹੇਲਾ-ਸੌਖਾ, ਖੁਸ਼। ਪਰਪੰਚ-ਛਲ। ਹੀਲਾ-ਉੱਦਮ, ਯਤਨ।
ਆਪ ਜੀ ਰਾਗੁ ਭੈਰਉ ਵਿਚ ਵੀ ਦ੍ਰਿੜ੍ਹ ਕਰਵਾ ਰਹੇ ਹਨ ਕਿ ਬਹੁਤ ਧਨ ਖੱਟਣ ਨਾਲ ਸੁੱਖ ਦੀ ਪ੍ਰਾਪਤੀ ਨਹੀਂ ਹੁੰਦੀ, ਨਾ ਹੀ ਬਹੁਤ ਨਾਟਕ ਅਤੇ ਨਾਚ ਤਮਾਸ਼ੇ ਦੇਖਣ ਨਾਲ ਅਤੇ ਨਾ ਹੀ ਬਹੁਤ ਦੇਸ਼ਾਂ ਨੂੰ ਜਿੱਤਣ ਨਾਲ। ਸਾਰੇ ਸੁੱਖਾਂ ਦੀ ਪ੍ਰਾਪਤੀ ਤਾਂ ਪਰਮਾਤਮਾ ਦੇ ਗੁਣਾਂ ਨੂੰ ਗਾਉਣ ਨਾਲ ਹੁੰਦੀ ਹੈ-
ਸੁਖੁ ਨਾਹੀ ਬਹੁਤੈ ਧਨਿ ਖਾਟੇ॥
ਸੁਖੁ ਨਾਹੀ ਪੇਖੇ ਨਿਰਤਿ ਨਾਟੇ॥
ਸੁਖੁ ਨਾਹੀ ਬਹੁ ਦੇਸ ਕਮਾਏ॥
ਸਰਬ ਸੁਖਾ ਹਰਿ ਹਰਿ ਗੁਣ ਗਾਇ॥
(ਅੰਗ 1147)
ਪੇਖੇ-ਦੇਖਣ ਨਾਲ। ਨਿਰਤਿ-ਨਾਚ। ਨਾਟੇ-ਨਾਟਕ। ਕਮਾਇ-ਜਿੱਤਣ ਨਾਲ। ਸਰਬ-ਸਾਰੇ। ਗੁਣ ਗਾਇ-ਗੁਣ ਗਾਉਣ ਨਾਲ।
ਅੱਖਰੀਂ ਅਰਥ : ਪੁੱਤਰਾਂ ਨੂੰ ਦੇਖ-ਦੇਖ ਕੇ ਖੁਸ਼ ਹੋਈਦਾ ਹੈ। (ਇਸ ਤਰ੍ਹਾਂ) ਇਸਤਰੀ ਮਾਲਕ ਨੂੰ ਸੇਜ 'ਤੇ ਦੇਖ ਕੇ ਖੁਸ਼ ਹੁੰਦੀ ਹੈ। ਰੂਪ ਦਾ ਸ਼ਿੰਗਾਰ ਕਰਨ ਨਾਲ ਅਤਰ ਚੰਦਨ ਤਨ (ਸਰੀਰ) 'ਤੇ ਲਾਈਦੇ ਹਨ ਅਤੇ ਸੁੰਦਰ ਕੱਪੜੇ ਪਾਈਦੇ ਹਨ ਪਰ ਆਖਰ ਨੂੰ ਇਹ ਸਰੀਰ ਮਿੱਟੀ ਹੋ ਕੇ ਮਿੱਟੀ ਵਿਚ ਰੁਲ ਜਾਂਦਾ ਹੈ ਅਤੇ ਪ੍ਰਾਣੀ ਘਰ-ਬਾਰ ਛੱਡ ਕੇ ਚਲਿਆ ਜਾਂਦਾ ਹੈ। ਇਸੇ ਤਰ੍ਹਾਂ ਵਡੱਪਣ ਵਜੋਂ ਆਪਣੇ-ਆਪ ਨੂੰ ਭਾਵੇਂ ਸਰਦਾਰ, ਬਾਦਸ਼ਾਹ, ਮਹਾਰਾਜਾ, ਰਾਇ ਸਾਹਿਬ ਜਾਂ ਖਾਨ ਸਾਹਿਬ ਅਤੇ ਚੌਧਰੀ ਸਦਾਈਦਾ ਹੈ ਅਤੇ ਇਸ ਵਡੱਪਣ ਦੇ ਹੰਕਾਰ ਵਿਚ ਸੜ ਮਰੀਦਾ ਹੈ। ਏਨਾ ਕੁਝ ਹੁੰਦੇ ਹੋਏ ਵੀ ਜੇਕਰ ਮਨਮੁਖ ਪਰਮਾਤਮਾ ਨੂੰ ਭੁਲਾ ਦਿੰਦਾ ਹੈ ਤਾਂ ਉਸ ਦੀ ਅੰਤਲੀ ਸਰੀਰਕ ਦਸ਼ਾ ਇੰਜ ਦਿਸਦੀ ਹੈ ਜਿਵੇਂ ਜੰਗਲ ਦੀ ਅੱਗ ਨਾਲ ਸੜਿਆ ਹੋਇਆ ਕਾਨਾ ਹੁੰਦਾ ਹੈ (ਜੋ ਸੜਨ ਨਾਲ ਭਾਵੇਂ ਅੰਦਰੋਂ ਕਾਲਾ ਹੋ ਜਾਂਦਾ ਹੈ ਪਰ ਬਾਹਰੋਂ ਚਮਕਦਾ ਰਹਿੰਦਾ ਹੈ)। ਗੁਰੂ ਜੀ ਦ੍ਰਿੜ੍ਹ ਕਰਵਾ ਰਹੇ ਹਨ ਕਿ ਮਨਮੁਖ ਬਾਹਰੋਂ ਭਾਵੇਂ ਕਿੰਨਾ ਮਿੱਠਾ ਬੋਲਦਾ ਹੋਵੇ ਪਰ ਅੰਦਰੋਂ ਉਹ ਮਨ ਦਾ ਬੜਾ ਕਠੋਰ ਹੁੰਦਾ ਹੈ।
ਇਥੇ ਜੋ ਵੀ ਜਗਤ ਵਿਚ ਆਇਆ ਹੈ, ਮੈਂ-ਮੇਰੀ ਵਿਚ ਗ੍ਰਸਿਆ ਹੋਣ ਦੇ ਕਾਰਨ ਜਗਤ ਵਿਚੋਂ ਖਾਲੀ ਹੱਥੀਂ ਤੁਰ ਜਾਵੇਗਾ। ਇਹ ਸਾਰਾ ਜਗਤ ਕਾਲਖ ਦੀ ਕੋਠੜੀ ਵਾਂਗ ਹੈ, ਜਿਸ ਵਿਚ ਸੜ ਕੇ ਤਨ, ਮਨ ਅਤੇ ਸਰੀਰ ਸਭ ਸੁਆਹ ਹੋ ਜਾਂਦੇ ਹਨ ਪਰ ਜਿਨ੍ਹਾਂ ਦੀ ਸ਼ਬਦ ਦੁਆਰਾ ਗੁਰੂ ਨੇ ਤ੍ਰਿਸ਼ਨਾ ਰੂਪੀ ਅੱਗ ਦੂਰ ਕਰ ਦਿੱਤੀ ਹੈ, ਉਹ ਪਵਿੱਤਰ ਜੀਵਨ ਵਾਲੇ ਹੋ ਜਾਂਦੇ ਹਨ।
ਗੁਰੂ ਬਾਬਾ ਸੋਝੀ ਬਖਸ਼ਿਸ਼ ਕਰ ਰਹੇ ਹਨ ਕਿ ਸਾਰੇ ਸ਼ਾਹਾਂ ਦੇ ਪਾਤਸ਼ਾਹ ਦੇ ਸਦਾ ਥਿਰ ਨਾਮ ਵਿਚ ਜੁੜਨ ਨਾਲ ਭਵ-ਸਾਗਰ 'ਚੋਂ ਤਰ ਕੇ ਪਾਰ ਹੋ ਜਾਈਦਾ ਹੈ। ਇਸ ਲਈ ਹੇ ਪ੍ਰਭੂ, ਮੈਨੂੰ ਕਦੇ ਪ੍ਰਭੂ ਦਾ ਨਾਮ ਨਾ ਵਿਸਰੇ। ਹਰੀ ਦਾ ਨਾਮ ਹੀ ਮੇਰੇ ਜੀਵਨ ਦਾ ਆਸਰਾ ਹੈ। ਆਪ ਜੀ ਦੇ ਪਾਵਨ ਬਚਨ ਹਨ ਕਿ ਜਿਥੇ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਗੁਰਮੁਖ ਭਵ ਸਾਗਰ (ਸੰਸਾਰ ਸਮੁੰਦਰ) ਵਿਚ ਖਪ-ਖਪ ਕੇ ਆਤਮਿਕ ਮੌਤੇ ਮਰਦੇ ਹਨ, ਗੁਰੂ ਦੇ ਦਰਸਾਏ ਮਾਰਗ 'ਤੇ ਚੱਲਣ ਵਾਲੇ ਗੁਰਮੁਖ ਜਨ ਡੂੰਘੇ ਸੰਸਾਰ ਸਮੁੰਦਰ 'ਚੋਂ ਤਰ ਕੇ ਪਾਰ ਹੋ ਜਾਂਦੇ ਹਨ।


-217-ਆਰ, ਮਾਡਲ ਟਾਊਨ, ਜਲੰਧਰ।

ਪ੍ਰੇਰਨਾ-ਸਰੋਤ

ਸਾਰਾ ਬ੍ਰਹਿਮੰਡ ਬ੍ਰਹਮ ਦਾ ਆਭਾਸ ਹੈ

ਅਸੀਂ ਦਰਪਣ ਵਿਚ ਆਪਣਾ ਪ੍ਰਤੀਬਿੰਬ ਦੇਖਦੇ ਹਾਂ ਪਰ ਅਸੀਂ ਉਸ ਨੂੰ ਨਾ ਤਾਂ ਛੂਹ ਸਕਦੇ ਹਾਂ ਅਤੇ ਨਾ ਹੀ ਕਿਸੇ ਪਰਦੇ ਜਾਂ ਸਕਰੀਨ 'ਤੇ ਉਤਾਰ ਸਕਦੇ ਹਾਂ। ਅਜਿਹੇ ਪ੍ਰਤੀਬਿੰਬ ਨੂੰ ਅਸੀਂ ਕੇਵਲ ਦੇਖ ਹੀ ਸਕਦੇ ਹਾਂ। ਇਹ ਬ੍ਰਹਿਮੰਡ ਵੀ ਉਸ ਬ੍ਰਹਮ ਜਾਂ ਪਰਮਾਤਮਾ ਦਾ ਹੀ ਸਰੂਪ ਹੈ। ਸਵਾਮੀ ਵਿਵੇਕਾਨੰਦ ਵੇਦਾਂਤ ਵਿਚ ਲਿਖਦੇ ਹਨ ਕਿ ਅਸੀਂ ਇਸ ਬ੍ਰਹਿਮੰਡ ਦੇ ਭੌਤਿਕ ਪਦਾਰਥਾਂ ਵਿਚ ਉਸ ਬ੍ਰਹਮਾ ਦਾ ਆਭਾਸ ਤਾਂ ਕਰ ਸਕਦੇ ਹਾਂ ਪਰ ਪਰਮਾਤਮਾ ਜਾਂ ਬ੍ਰਹਮ ਨੂੰ ਛੋਹ ਨਹੀਂ ਸਕਦੇ। ਇਹ ਬ੍ਰਹਿਮੰਡ ਅਤੇ ਇਸ ਵਿਚ ਮੌਜੂਦ ਪਦਾਰਥ ਦੇ ਵੱਖ-ਵੱਖ ਰੂਪ ਪਰਿਵਰਤਨਸ਼ੀਲ ਹਨ ਪਰ ਉਨ੍ਹਾਂ ਵਿਚ ਮੌਜੂਦ ਮੂਲ ਕਣ ਜਾਂ ਤੱਤ ਅਤੇ ਊਰਜਾ ਉਹ ਹੀ ਰਹਿੰਦੇ ਹਨ। ਇਸੇ ਤਰ੍ਹਾਂ ਸਾਰੇ ਬ੍ਰਹਿਮੰਡ ਦੀ ਰਚਨਾ ਬਦਲਦੀ ਹੈ ਪਰ ਰਚਨਾਕਾਰ ਨਹੀਂ। ਰੱਸੀ ਭਾਵੇਂ ਸੱਪ ਵਰਗੀ ਦਿਖਾਈ ਦੇਵੇ ਪਰ ਉਹ ਸੱਪ ਨਹੀਂ ਹੋ ਸਕਦੀ। ਨਾ ਹੀ ਰੱਸੀ ਨੂੰ ਸੱਪ ਵਿਚ ਬਦਲ ਸਕਦੇ ਹਾਂ। ਇਸੇ ਤਰ੍ਹਾਂ ਸਚਾਈ ਨੂੰ ਪਰਿਵਰਤਿਤ ਨਹੀਂ ਕੀਤਾ ਜਾ ਸਕਦਾ। ਇਥੇ ਜਿੰਨੇ ਵੀ ਪਰਿਵਰਤਨ ਹੁੰਦੇ ਹਨ, ਉਹ ਅਸਥਾਈ ਹੁੰਦੇ ਹਨ ਪਰ 'ਸੱਚ' ਹੀ ਕੇਵਲ ਸਥਾਈ ਹੈ, ਜਿਸ ਵਿਚ ਪਰਿਵਰਤਨ ਨਹੀਂ ਆਉਂਦਾ। ਮਨੋਵਿਗਿਆਨਕ ਪੱਖ ਤੋਂ ਅਜਿਹਾ ਨਾਂਅ ਅਤੇ ਸਰੂਪ ਕਾਰਨ ਹੁੰਦਾ ਹੈ। ਅਸੀਂ ਨਾਂਅ ਅਤੇ ਸਰੂਪ ਕਾਰਨ ਹੀ ਇਕ-ਦੂਜੀ ਵਸਤੂ ਵਿਚ ਭੇਦ ਕਰਦੇ ਹਾਂ। ਅਸਲ ਵਿਚ ਦੋਵੇਂ ਮੂਲ ਰੂਪ ਵਿਚ ਸਮਾਨ ਹਨ। ਜਿਵੇਂ ਗਿਆਨ ਨਾਲ ਅਸੀਂ ਸੱਪ ਅਤੇ ਰੱਸੀ ਵਿਚ ਭੇਦ ਜਾਣ ਲੈਂਦੇ ਹਾਂ, ਉਸੇ ਤਰ੍ਹਾਂ ਬ੍ਰਹਮ ਦੇ ਗਿਆਨ ਨਾਲ ਮਾਇਆ ਜਾਂ ਅਗਿਆਨਤਾ ਤੋਂ ਛੁਟਕਾਰਾ ਮਿਲਦਾ ਹੈ।


-ਸਵਾਮੀ ਵਿਵੇਕਾਨੰਦ ਸਟੱਡੀ ਸਰਕਲ, ਜਲੰਧਰ। ਮੋਬਾ: 94175-50741

ਪ੍ਰਸਿੱਧ ਹਿੰਦੂ ਤੀਰਥ ਅਤੇ ਸੈਲਾਨੀ ਕੇਂਦਰ ਪੁਸ਼ਕਰ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਧਰਮ ਤੇ ਵਿਰਸਾ ਅੰਕ ਦੇਖੋ)
ਸੈਂਕੜੇ ਏਕੜ ਰੇਤਲੇ ਟਿੱਬਿਆਂ ਵਿਚ ਰੰਗ-ਬੇਰੰਗੇ ਕੱਪੜਿਆਂ, ਟੱਲੀਆਂ, ਨਕੇਲਾਂ ਅਤੇ ਕੱਪੜੇ ਤੋਂ ਬਣੇ ਫੁੱਲਾਂ ਨਾਲ ਸ਼ਿੰਗਾਰੇ ਊਠ ਹੀ ਊਠ ਵਿਖਾਈ ਦਿੰਦੇ ਹਨ। ਇਸ ਦੇ ਨਾਲ ਇੱਥੇ ਘੋੜੇ, ਗਾਵਾਂ, ਮੱਝਾਂ, ਭੇਡਾਂ ਆਦਿ ਪਸ਼ੂ ਵੀ ਵਿਕਣ ਲਈ ਆਉਂਦੇ ਹਨ।
ਇੱਥੇ ਰਾਜਸਥਾਨੀ ਸੱਭਿਆਚਾਰ ਦੇ ਦਰਸ਼ਨ ਹੁੰਦੇ ਹਨ। ਇਸ ਊਠ ਮੇਲੇ ਦੌਰਾਨ ਵੱਖ-ਵੱਖ ਤਰ੍ਹਾਂ ਦੇ ਸੱਭਿਆਚਾਰਕ ਸਮਾਗਮ ਕਰਵਾਏ ਜਾਂਦੇ ਹਨ। ਇੱਥੇ ਲੰਬੀਆਂ ਮੁੱਛਾਂ ਦਾ ਮੁਕਾਬਲਾ, ਮਟਕੀ ਫੋੜ ਮੁਕਾਬਲਾ, ਊਠ ਦੌੜਾਂ ਆਦਿ ਦੇ ਮੁਕਾਬਲੇ ਵੀ ਕਰਵਾਏ ਜਾਂਦੇ ਹਨ। ਸੈਲਾਨੀ ਊਠਾਂ ਦੀ ਸਵਾਰੀ ਕਰਨ ਦਾ ਖੂਬ ਲੁਤਫ ਲੈਂਦੇ ਹਨ। ਇਸ ਮੇਲੇ ਦੀ ਅਜਿਹੀ ਰੰਗੀਨੀ ਕਾਰਨ ਬਹੁਤ ਸਾਰੇ ਲੋਕ ਇਨ੍ਹੀਂ ਦਿਨੀਂ ਹਰ ਸਾਲ ਪੁਸ਼ਕਰ ਪਹੁੰਚਦੇ ਹਨ। ਇਸ ਮੇਲੇ ਵਿਚ 50 ਹਜ਼ਾਰ ਤੋਂ ਵੱਧ ਪਸ਼ੂ ਅਤੇ ਦੋ ਲੱਖ ਤੋਂ ਵੱਧ ਸੈਲਾਨੀਆਂ ਦੇ ਪਹੁੰਚਣ ਦਾ ਅਨੁਮਾਨ ਹੈ। ਕੱਤਕ ਦੀ ਪੂਰਨਮਾਸ਼ੀ ਨੂੰ ਹਿੰਦੂ ਤੀਰਥ ਯਾਤਰੀਆਂ ਦੀ ਭਾਰੀ ਗਿਣਤੀ ਇੱਥੇ ਇਸ਼ਨਾਨ ਕਰਨ ਅਤੇ ਬ੍ਰਹਮਾ ਮੰਦਰ ਦੇ ਦਰਸ਼ਨ ਕਰਨ ਲਈ ਉਮੜਦੀ ਹੈ। ਉਂਜ ਵੀ ਇੱਥੇ ਰੋਜ਼ਾਨਾ ਹਜ਼ਾਰਾਂ ਦੀ ਗਿਣਤੀ ਵਿਚ ਦੇਸੀ-ਵਿਦੇਸ਼ੀ ਸੈਲਾਨੀ ਪਹੁੰਚਦੇ ਹਨ। ਪੁਸ਼ਕਰ ਸਮੁੱਚੇ ਭਾਰਤ ਵਿਚੋਂ ਇਕ ਅਜਿਹਾ ਪੁਰਾਣਿਕ ਸਥਾਨ ਹੈ, ਜਿੱਥੇ ਸਭ ਤੋਂ ਵੱਧ ਸੈਲਾਨੀ ਸੈਰ-ਸਪਾਟੇ ਲਈ ਆਉਂਦੇ ਹਨ। ਇਸ ਵਾਰ ਦਾ ਪੁਸ਼ਕਰ ਦਾ ਊਠ ਮੇਲਾ 15 ਨਵੰਬਰ ਤੋਂ ਸ਼ੁਰੂ ਹੋ ਕੇ 23 ਨਵੰਬਰ ਤੱਕ ਜਾਰੀ ਰਹੇਗਾ। (ਸਮਾਪਤ)


-ਪਿੰਡ ਤੇ ਡਾਕ: ਆਦਮਕੇ, ਤਹਿ: ਸਰਦੂਲਗੜ੍ਹ (ਮਾਨਸਾ)। ਮੋਬਾ: 81469-24800

ਸ੍ਰੀ ਗੁਰੂ ਨਾਨਕ ਦੇਵ ਦੀਆਂ ਚਾਰ ਉਦਾਸੀਆਂ

ਮੁੱਢਲਾ ਹਾਲ ਸੰ: 1526-1554 ਬਿ:

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਸਿੱਧ ਅਥਵਾ ਜੋਗੀ, ਜਿਨ੍ਹਾਂ ਨੂੰ ਕੰਨਪਾਟੇ ਹੋਣ ਕਰਕੇ ਨਾਥ ਵੀ ਕਿਹਾ ਜਾਂਦਾ ਹੈ, ਦਰਅਸਲ ਬੁੱਧ ਧਰਮ ਦੀ ਇਕ ਪਰਮ ਪ੍ਰਸਿੱਧ ਸ਼ਾਖ ਮਹਾਯਾਨ ਸੰਪ੍ਰਦਾਇ ਦੇ ਹੀ ਜੰਮਪਲ ਹਨ। 12ਵੀਂ-13ਵੀਂ ਸਦੀ ਈ: ਵਿਚ ਜਦੋਂ ਮੁਸਲਮਾਨਾਂ ਨੇ ਹਮਲਾ ਕਰਕੇ ਬਿਹਾਰ ਦੇ ਬੋਧੀ ਮਠ ਢਾਹੇ ਤੇ ਨਾਲੰਦਾ ਯੂਨੀਵਰਸਿਟੀ ਬਰਬਾਦ ਕੀਤੀ ਤਾਂ ਬਹੁਤ ਸਾਰੇ ਬੋਧੀ ਸਾਧੂ, ਜੋ ਮਹਾਯਾਨ ਸੰਪ੍ਰਦਾਇ ਨਾਲ ਸਬੰਧ ਰੱਖਦੇ ਸਨ, ਮੁਸਲਮਾਨਾਂ ਦੇ ਹੱਥੋਂ ਮਾਰੇ ਗਏ ਤੇ ਬਾਕੀ ਬਚੇ-ਖੁਚੇ ਸਾਧੂ ਉੱਤਰਾਖੰਡ ਦੀਆਂ ਪਰਬਤ ਘਾਟੀਆਂ ਵਿਚ ਜਾ ਲੁਕੇ ਸਨ। ਯੋਗ ਬਲ ਨਾਲ ਆਪਣੀਆਂ ਉਮਰਾਂ ਕਿਉਂਕਿ ਉਨ੍ਹਾਂ ਨੇ ਬਹੁਤੀਆਂ ਵਧਾ ਲਈਆਂ ਸਨ, ਇਸ ਲਈ ਜਦ ਸ੍ਰੀ ਗੁਰੂ ਨਾਨਕ ਦੇਵ ਜੀ ਵੀ ਉੱਤਰਾਖੰਡ ਦੀ ਸੈਰ ਕਰਦੇ ਹੋਏ ਸੁਮੇਰ ਪਰਬਤ 'ਤੇ ਗਏ ਤਾਂ ਉਨ੍ਹਾਂ ਜੋਗੀਆਂ ਨਾਲ ਗੁਰੂ ਜੀ ਦਾ ਮਿਲਾਪ ਹੋਇਆ। ਭਾਈ ਗੁਰਦਾਸ ਨੇ ਇਸ ਮਿਲਾਪ ਬਾਰੇ ਆਪਣੀ ਬਾਣੀ ਵਿਚ ਜ਼ਿਕਰ ਕਰਦਿਆਂ ਇਸੇ ਕਾਰਨ 'ਸਿਧ ਛਪ ਬੈਠੇ ਪਰਬਤੀ ਕਉਣ ਜਗਤ ਕਉ ਪਾਰ ਉਤਾਰਾ।' ਨਸੀਹਤ ਰੂਪ ਵਾਕ ਲਿਖਿਆ ਹੈ। ਇਥੇ ਹੀ ਬਸ ਨਹੀਂ, ਸਿੱਧ ਚੂੰਕਿ ਵਾਮ ਮਾਰਗੀਆਂ ਵਾਂਗੂੰ ਅੰਧਾਧੁੰਦ ਮੱਦ, ਭੰਗ ਆਦਿ ਨਸ਼ਿਆਂ ਦੇ ਆਦੀ ਸਨ, ਇਸ ਲਈ ਗੁਰੂ ਸਾਹਿਬ ਨੇ ਮਦ-ਪਾਨ ਦਾ ਖੰਡਨ ਕਰਕੇ ਉਨ੍ਹਾਂ ਦਾ ਇਹ ਅਗਿਆਨ-ਅੰਧੇਰਾ ਵੀ ਦੂਰ ਕੀਤਾ ਤੇ ਉਨ੍ਹਾਂ ਨੂੰ ਗੁਰਮਤਿ ਦਾ ਸੱਚਾ ਰਾਹ ਦੱਸਿਆ।
ਸ੍ਰੀ ਗੁਰੂ ਨਾਨਕ ਦੇਵ ਜੀ ਸੁਮੇਰ ਪਰਬਤ ਤੋਂ ਹੋ ਕੇ ਨਿਪਾਲ, ਮਾਨ ਸਰੋਵਰ, ਨਾਨਕਿੰਗ (ਚੀਨ) ਤੇ ਸਿੰਗਾਪੁਰ (ਮਲਾਇਆ) ਆਦਿ ਥੀਂ ਹੁੰਦੇ ਹੋਏ ਅੰਦਾਜ਼ਨ ਸੰਮਤ 1577 ਬਿ: ਵਿਚ ਵਾਪਸ ਦੇਸ਼ ਪਹੁੰਚ ਗਏ ਅਤੇ ਇਹ ਪਹਾੜੀ ਰਸਤਾ, ਜੋ ਬੜਾ ਭਿਆਨਕ ਤੇ ਉੱਚ-ਨੀਵਾਣਾਂ ਨਾਲ ਭਰਪੂਰ ਸੀ, 3 ਸਾਲ 5 ਮਹੀਨੇ ਦੇ ਥੋੜ੍ਹੇ ਜਿਹੇ ਸਮੇਂ ਵਿਚ ਤੈਅ ਕਰਨਾ ਇਕ ਅੱਛੀ-ਖਾਸੀ ਮਾਅਰਕੇ ਦੀ ਯਾਤਰਾ ਸਾਬਤ ਹੁੰਦੀ ਹੈ।
(ਬਾਕੀ ਅਗਲੇ ਮੰਗਲਵਾਰ ਦੇ ਧਰਮ ਤੇ ਵਿਰਸਾ ਅੰਕ 'ਚ)

ਇਤਿਹਾਸਕ ਕਿਲ੍ਹਾ ਬਸੌਲੀ ਕਠੂਆ (ਜੰਮੂ-ਕਸ਼ਮੀਰ)

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਇਸ ਵਿਚ ਬਹੁਤ ਸਾਰੇ ਪੌਸ਼ਟਿਕ ਤੱਤ ਹੁੰਦੇ ਹਨ ਜੋ ਫ਼ੌਜੀ ਦ੍ਰਿਸ਼ਟੀ ਤੋਂ ਉੱਤਮ/ਤਾਕਤਵਰ ਭੋਜਨ ਸੀ ਅਤੇ ਮੁਗਲ ਫ਼ੌਜ ਲਈ ਯੁੱਧ ਦੇ ਮੈਦਾਨ ਵਿਚ ਵਰਦਾਨ ਸੀ। ਪੰਜਾਬ ਉੱਤੇ ਹਮਲੇ ਕਰਨ ਵਾਲੇ ਸਾਰੇ ਵਿਦੇਸ਼ੀ ਹਮਲਾਵਰ ਫ਼ੌਜੀ ਖਜੂਰ ਦੇ ਫਲ ਦਾ ਇਸਤੇਮਾਲ ਯੁੱਧ ਦੇ ਮੈਦਾਨ ਵਿਚ ਕਰਦੇ ਆਏ ਹਨ। ਉਹ ਆਪਣੇ ਇਲਾਕੇ ਤੋਂ ਖਜੂਰਾਂ ਦਾ ਫਲ ਲੈ ਕੇ ਹੀ ਪੰਜਾਬ ਵੱਲ ਆਉਂਦੇ ਸਨ। ਇੱਥੋਂ ਦੇ ਲੋਕ ਡੋਗਰੀ, ਪਹਾੜੀ, ਪੰਜਾਬੀ, ਊਰਦੂ, ਹਿੰਦੀ ਅਤੇ ਹੋਰ ਸਥਾਨਕ ਭਾਸ਼ਾਵਾਂ ਬੋਲਦੇ ਹਨ। ਹਿੰਦੂ, ਸਿੱਖ, ਮੁਸਲਮਾਨ ਅਤੇ ਹੋਰ ਧਰਮਾਂ ਨੂੰ ਮੰਨਣ ਵਾਲੇ ਲੋਕ ਇੱਥੇ ਆਮ ਹੀ ਮਿਲਦੇ ਹਨ।
ਬਸੌਲੀ ਦੀ ਰਾਮਲੀਲ੍ਹਾ ਅੱਜ ਵੀ ਬਹੁਤ ਮਸ਼ਹੂਰ ਹੈ। ਇਥੋਂ ਦੀ ਰਾਮਲੀਲ੍ਹਾ ਲੋਕ ਦੂਰੋਂ-ਦੂਰੋਂ ਵੇਖਣ ਨੂੰ ਆਉਂਦੇ ਹਨ। ਸਾਲ 2015 ਵਿਚ ਇਸ ਇਲਾਕੇ ਵਿਚ ਪੰਜਾਬ ਅਤੇ ਜੰਮੂ-ਕਸ਼ਮੀਰ ਦੇ ਬਾਰਡਰ ਉੱਤੇ ਰਾਵੀ ਨਦੀ ਉੱਤੇ ਅਟਲ-ਸੇਤੂ ਪੁਲ ਦਾ ਨਿਰਮਾਣ ਕੀਤਾ ਗਿਆ। ਇਹ ਪੁਲ ਬਸੌਲੀ ਟਾਊਨ ਲਈ ਅਤੇ ਇਸ ਇਲਾਕੇ ਲਈ ਸੋਨੇ ਅਤੇ ਹੀਰੇ ਦੇ ਬਰਾਬਰ ਹੈ। ਇਸ ਪੁਲ ਦੇ ਬਣਨ ਤੋਂ ਬਾਅਦ ਬਸੌਲੀ ਨਾਲ ਲਗਦੇ ਪੰਜਾਬ ਪਠਾਨਕੋਟ ਦੇ ਇਲਾਕੇ ਅਤੇ ਜੰਮੂ-ਕਸ਼ਮੀਰ ਦੇ ਇਲਾਕੇ ਵਿਚ ਤੇਜ਼ੀ ਨਾਲ ਵਿਕਾਸ ਹੋਇਆ ਹੈ। ਦੋਵਾਂ ਰਾਜਾਂ ਦੀ ਸਰਹੱਦ ਅੰਦਰ ਅਟਲ-ਸੇਤੂ ਪੁਲ ਦੇ ਆਰ-ਪਾਰ ਦੂਰ-ਦਰਾਜ ਹੋਟਲ ਅਤੇ ਦੁਕਾਨਾਂ ਬੇਸ਼ੁਮਾਰ ਬਣ ਰਹੀਆਂ ਹਨ ਅਤੇ ਬਣ ਗਈਆਂ ਹਨ। ਜ਼ਿਲ੍ਹਾ ਕਠੂਆ ਅਤੇ ਪੰਜਾਬ ਵਿਚਕਾਰ ਵਪਾਰ ਵੀ ਤੇਜ਼ੀ ਨਾਲ ਵਧਿਆ ਹੈ। ਬਸੌਲੀ ਟਾਊਨ ਦੇ ਬੱਸ ਸਟੈਂਡ ਉੱਤੇ ਵੀ ਪਹਿਲਾਂ ਨਾਲੋਂ ਵਧੇਰੇ ਰੌਣਕ ਹੈ। ਅਟਲ-ਸੇਤੂ ਪੁਲ ਨੂੰ ਵੇਖਣ ਹਰ ਰੋਜ਼ ਬਹੁਤ ਸਾਰੇ ਲੋਕ/ਸੈਲਾਨੀ ਆਉਂਦੇ ਹਨ। ਇੱਥੇ ਮੌਜੂਦ ਰਣਜੀਤ ਸਾਗਰ ਡੈਮ ਦੀ ਝੀਲ ਨੂੰ ਵੇਖਣ ਹਜ਼ਾਰਾਂ ਲੋਕ/ਸੈਲਾਨੀ ਛੁੱਟੀਆਂ ਵਿਚ ਅਤੇ ਆਮ ਦਿਨਾਂ ਵਿਚ ਹਰ ਰੋਜ਼ ਆ ਰਹੇ ਹਨ। ਪ੍ਰੀ-ਵੈਡਿੰਗ ਸ਼ੂਟ/ਫਿਲਮਾਂ ਬਣਾਉਣ ਵਾਲੇ ਵੀ ਅਕਸਰ ਹਰ ਰੋਜ਼ ਇਧਰ ਆ ਰਹੇ ਹਨ। ਇਨ੍ਹਾਂ ਸਾਰੇ ਸੈਲਾਨੀਆਂ/ਯਾਤਰੀਆਂ ਦੀ ਖਿੱਚ ਦਾ ਕੇਂਦਰ ਅਟਲ-ਸੇਤੂ ਪੁਲ, ਡੈਮ ਦੀ ਝੀਲ, ਬਸੌਲੀ ਦੇ ਮੰਦਰ, ਬਸੌਲੀ ਦਾ ਕੁਦਰਤੀ ਪਹਾੜੀ ਵਾਤਾਵਰਨ ਹੈ। ਇਸ ਦੇ ਨਾਲ ਹੀ ਬਸੌਲੀ ਦਾ ਕਿਲ੍ਹਾ ਵੀ ਯਾਤਰੀਆਂ ਦੀ ਪਹਿਲੀ ਪਸੰਦ ਹੈ। ਇਹ ਕਿਲ੍ਹਾ ਵੀ ਯਾਤਰੀਆਂ ਦੀ ਖਿੱਚ ਦਾ ਕੇਂਦਰ ਹੈ।
ਇਸ ਇਲਾਕੇ ਵਿਚ ਜਾਣ ਵਾਲਾ ਹਰ ਸੈਲਾਨੀ ਇਸ ਕਿਲ੍ਹੇ ਨੂੰ ਵੇਖਣ ਦੀ ਇੱਛਾ ਰੱਖਦਾ ਹੈ। ਪਰ ਕਿਲ੍ਹੇ ਦਾ ਰੱਖ-ਰਖਾਵ ਕਿਸੇ ਵੀ ਮੈਨੈਜਮੈਂਟ ਕੋਲ ਨਹੀਂ ਹੈ। ਕਿਲ੍ਹੇ ਦਾ ਕੋਈ ਵੀ ਪ੍ਰਬੰਧ ਕਰਨ ਵਾਲਾ ਨਹੀਂ ਹੈ। ਕਿਲ੍ਹੇ ਦਾ ਸਹੀ ਪ੍ਰਬੰਧ ਨਾ ਹੋਣ ਕਾਰਨ ਅਤੇ ਅਣਗੌਲਿਆ ਹੋਣ ਕਾਰਨ ਇਸ ਨੂੰ ਘੁੰਮ ਕੇ ਵੇਖਣਾ ਔਖਾ ਹੈ। ਇਸ ਅੰਦਰ ਬੇਸ਼ੁਮਾਰ ਜੰਗਲੀ ਬਾਂਦਰ/ਜਾਨਵਰ, ਘਾਹ-ਫੂਸ, ਸਰਕੰਡਾ ਅਤੇ ਜੜ੍ਹੀਆਂ-ਬੂਟੀਆਂ, ਝਾੜੀਆਂ ਆਦਿ ਹਨ। ਕਿਲ੍ਹੇ ਅੰਦਰ ਰੌਸ਼ਨੀ ਦਾ ਪ੍ਰਬੰਧ ਨਹੀਂ ਹੈ। ਹੋਰ ਕਿਲ੍ਹਿਆਂ ਵਾਂਗ ਇਸ ਅੰਦਰ ਕੋਈ ਸੁੰਦਰ ਬਾਗ ਮੌਜੂਦਾ ਸਮੇਂ ਨਹੀਂ ਹੈ, ਪਾਰਕ ਨਹੀਂ ਹੈ। ਕਿਲ੍ਹੇ ਨੂੰ ਵੇਖਣ ਗਏ ਯਾਤਰੀਆਂ ਨੂੰ ਨਿਰਾਸ਼ਾ ਹੀ ਹੱਥ ਲੱਗਦੀ ਹੈ। ਜੇਕਰ ਸਰਕਾਰ ਜਾਂ ਭਾਰਤੀ ਪੁਰਾਤਤਵ ਵਿਭਾਗ ਇਸ ਕਿਲ੍ਹੇ ਦੀ ਸਾਂਭ-ਸੰਭਾਲ ਦੀ ਜ਼ਿੰਮੇਵਾਰੀ ਆਪਣੇ ਹੱਥ ਵਿਚ ਲੈ ਲਵੇ ਤਾਂ ਇਹ ਹੋਰ ਯਾਤਰੀਆਂ ਨੂੰ ਆਪਣੇ ਵੱਲ ਖਿੱਚ ਸਕਦਾ ਹੈ। ਇਹ ਕਿਲ੍ਹਾ ਜੰਮੂ-ਕਸ਼ਮੀਰ ਸਰਕਾਰ/ਪੰਜਾਬ ਸਰਕਾਰ/ਭਾਰਤ ਸਰਕਾਰ/ਆਰਕੈਲੋਜੀਕਲ ਸਰਵੇ ਆਫ ਇੰਡੀਆ ਲਈ ਆਮਦਨ ਦਾ ਸਰੋਤ ਬਣ ਸਕਦਾ ਹੈ। ਇੱਥੇ ਕਈ ਲੋਕਾਂ ਨੂੰ ਰੁਜ਼ਗਾਰ ਵੀ ਮਿਲ ਸਕਦਾ ਹੈ। ਪੁਰਾਤਨ ਇਤਿਹਾਸ ਨੂੰ ਬਚਾਇਆ ਜਾ ਸਕਦਾ ਹੈ। ਵਾਤਾਵਰਨ ਅਤੇ ਭੂਗੋਲਿਕ ਦ੍ਰਿਸ਼ਟੀ ਤੋਂ ਇਹ ਇਲਾਕਾ ਸੈਰ-ਸਪਾਟੇ ਲਈ ਬਿਲਕੁੱਲ ਕੁਦਰਤੀ ਤੌਰ 'ਤੇ ਢੁੱਕਵਾਂ ਹੈ। ਪੰਜਾਬ, ਜੰਮੂ-ਕਸ਼ਮੀਰ ਅਤੇ ਭਾਰਤ ਦੇ ਲੋਕਾਂ ਲਈ ਇਹ ਬਸੌਲੀ ਦਾ ਕਿਲ੍ਹਾ ਅਤੇ ਇਲਾਕਾ ਮੁੱਖ ਦੇਖਣਯੋਗ ਸਥਾਨ ਬਣ ਸਕਦਾ ਹੈ। (ਸਮਾਪਤ)


-172, ਸੈਣੀ ਮੁਹੱਲਾ, ਬੱਜਰੀ ਕੰਪਨੀ, ਪਠਾਨਕੋਟ-145001. ਮੋਬਾ: 84279-19192

ਗੁਰਦੁਆਰਾ ਸ੍ਰੀ ਮੰਜੀ ਸਾਹਿਬ ਪਾਤਸ਼ਾਹੀ ਨੌਵੀਂ ਨਵਾਂਸ਼ਹਿਰ

ਸਿੱਖ ਧਰਮ ਪ੍ਰਚਾਰ ਵਾਸਤੇ ਦਸ ਗੁਰੂ ਸਾਹਿਬਾਨਾਂ ਨੇ ਜਿਥੇ-ਜਿਥੇ ਵੀ ਆਪਣੇ ਪਾਵਨ ਪਵਿੱਤਰ ਚਰਨ ਪਾਏ, ਉਹ ਧਰਤੀ ਸੁਭਾਗੀ ਅਤੇ ਪੂਜਨੀਕ ਬਣ ਗਈ। ਇਹੋ ਜਿਹਾ ਹੀ ਭਾਗਾਂ ਵਾਲਾ ਪਾਵਨ ਇਤਿਹਾਸਕ ਅਸਥਾਨ ਦੁਆਬੇ ਦੀ ਧਰਤੀ 'ਤੇ ਜ਼ਿਲ੍ਹਾ ਨਵਾਂਸ਼ਹਿਰ ਵਿਖੇ ਸ੍ਰੀ ਗੁਰੂ ਤੇਗ਼ ਬਾਹਦਰ ਸਾਹਿਬ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਸੁਸ਼ੋਭਿਤ ਹੈ। ਇਤਿਹਾਸਕ ਹਵਾਲਿਆਂ ਅਤੇ ਸਰੋਤਾਂ ਅਨੁਸਾਰ ਗੁਰੂ ਤੇਗ਼ ਬਹਾਦਰ ਸਾਹਿਬ ਇਸ ਅਸਥਾਨ 'ਤੇ 6 ਅਗਸਤ, 1665 ਈ: ਨੂੰ ਪਧਾਰੇ ਸਨ। ਇਤਿਹਾਸਕ ਸਰੋਤਾਂ ਅਨੁਸਾਰ ਗੁਰੂ ਜੀ ਨੇ ਇਸ ਪਵਿੱਤਰ ਅਸਥਾਨ 'ਤੇ 5 ਮਹੀਨੇ 19 ਦਿਨ ਨਿਵਾਸ ਕਰਕੇ ਇਲਾਕਾ ਨਿਵਾਸੀ ਸਿੱਖ ਸੰਗਤਾਂ ਨੂੰ ਸੱਚ ਧਰਮ ਦਾ ਪਵਿੱਤਰ ਉਪਦੇਸ਼ ਦੇ ਕੇ ਨਿਹਾਲ ਕੀਤਾ।
ਇਸ ਅਸਥਾਨ ਦੀ ਮਹੱਤਤਾ ਨੂੰ ਮੁੱਖ ਰੱਖਦਿਆਂ 1978 ਵਿਚ ਗੁਰਦੁਆਰਾ ਸਾਹਿਬ ਜੀ ਦੀ ਸੇਵਾ ਤੇ ਪ੍ਰਬੰਧ ਮਿਸਲ ਸ਼ਹੀਦਾਂ ਤਰਨਾ ਦਲ ਹਰੀਆਂ ਵੇਲਾਂ ਦੇ ਜਥੇਦਾਰ ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ ਦੇ ਸਪੁਰਦ ਕਰ ਦਿੱਤਾ। ਆਪ ਨੇ ਪੰਜਾਂ ਪਿਆਰਿਆਂ ਸਹਿਤ ਇਸ ਪਵਿੱਤਰ ਅਸਥਾਨ ਦਾ ਆਪਣੇ ਕਰ ਕਮਲਾਂ ਨਾਲ 1978 ਈ: ਵਿਚ ਨੀਂਹ-ਪੱਥਰ ਰੱਖ ਕੇ ਸੰਗਤਾਂ ਦੇ ਸਹਿਯੋਗ ਨਾਲ ਬਹੁਤ ਹੀ ਰਮਣੀਕ ਸ਼ਾਨਦਾਰ ਗੁਰੂ-ਘਰ ਦੀ ਇਮਾਰਤ ਤਿਆਰ ਕਰਵਾਈ। ਇਸ ਪਵਿੱਤਰ ਅਸਥਾਨ 'ਤੇ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਇਸ ਵਾਰ 10 ਤੋਂ 12 ਦਸੰਬਰ ਨੂੰ ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ ਵਾਲਿਆਂ ਦੀ ਅਗਵਾਈ ਹੇਠ, ਸੰਗਤਾਂ ਦੇ ਸਹਿਯੋਗ ਨਾਲ ਸ਼ਰਧਾ ਸਹਿਤ ਮਨਾਇਆ ਜਾ ਰਿਹਾ ਹੈ। ਇਸ ਸਬੰਧ ਵਿਚ 10 ਦਸੰਬਰ ਨੂੰ ਅਲੌਕਿਕ ਨਗਰ ਕੀਰਤਨ ਸਜੇਗਾ, 12 ਦਸੰਬਰ ਨੂੰ ਸਵੇਰੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਵਿਸ਼ੇਸ਼ ਦੀਵਾਨ ਸਜਣਗੇ।
**

ਧਾਰਮਿਕ ਸਾਹਿਤ

ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਭਾਰਤੀ ਮਿਥ ਪਰੰਪਰਾ
ਲੇਖਿਕਾ : ਡਾ: ਗਗਨਦੀਪ ਕੌਰ
ਪ੍ਰਕਾਸ਼ਕ : ਲੋਕਗੀਤ ਪ੍ਰਕਾਸ਼ਨ, ਚੰਡੀਗੜ੍ਹ।
ਮੁੱਲ : 450 ਰੁਪਏ, ਪੰਨੇ : 215
ਸੰਪਰਕ : 97797-70343


ਇਸ ਪੁਸਤਕ ਵਿਚ ਗੁਰਬਾਣੀ ਵਿਚ ਆਏ ਮਿਥਿਹਾਸਕ ਹਵਾਲਿਆਂ ਦਾ ਵਰਨਣ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿਚ ਸਮੇਂ ਦੇ ਮਿਥਕ ਸੰਕੇਤਾਂ ਦੁਆਰਾ ਡੂੰਘੀਆਂ ਰਮਜ਼ਾਂ ਸਮਝਾਈਆਂ ਗਈਆਂ ਹਨ। ਮਿਥਿਹਾਸਕ ਪਾਤਰਾਂ ਵਿਚ ਦੇਵੀ-ਦੇਵਤੇ, ਅਸੁਰ, ਰਾਜੇ-ਰਾਣੀਆਂ ਅਤੇ ਭਗਤਾਂ-ਰਿਸ਼ੀਆਂ ਦਾ ਬਿਰਤਾਂਤ ਹੈ। ਇਹ ਸਾਰੀਆਂ ਰੂਹਾਂ ਅਕਾਲ ਪੁਰਖ ਦੇ ਅਧੀਨ ਹਨ। ਪਰਮਾਤਮਾ ਸਿਰਫ ਇਕ ਹੈ ਅਤੇ ਕੋਈ ਵੀ ਉਸ ਦੀ ਬਰਾਬਰੀ ਨਹੀਂ ਕਰ ਸਕਦਾ। ਉਸ ਨੇ ਸੰਸਾਰ ਨੂੰ ਚਲਾਉਣ ਹਿਤ ਕਈ ਸ਼ਕਤੀਆਂ ਦੀਆਂ ਸੇਵਾਵਾਂ ਲਈਆਂ ਹੋਈਆਂ ਹਨ, ਜਿਵੇਂ ਬ੍ਰਹਮਾ ਉਤਪਤੀ, ਵਿਸ਼ਨੂੰ ਪਾਲਣਾ ਅਤੇ ਸ਼ਿਵ ਸੰਘਾਰ ਕਰਦੇ ਹਨ ਪਰ ਇਹ ਤ੍ਰੈਮੂਰਤੀ ਵੀ ਪਰਮਾਤਮਾ ਦੇ ਹੁਕਮ ਵਿਚ ਹੀ ਹੈ। ਅੱਗ, ਪਾਣੀ, ਇੰਦਰ, ਸੂਰਜ, ਚੰਨ, ਤਾਰੇ, ਗਣ, ਗੰਧਰਵ, ਚਿੱਤਰਗੁਪਤ, ਧਰਮਰਾਜ, ਮਾਇਆ ਆਦਿ ਸਭ ਪ੍ਰਭੂ ਦੇ ਅਧੀਨ ਹਨ ਅਤੇ ਉਸੇ ਦੇ ਗੁਣ ਗਾ ਰਹੇ ਹਨ। ਸ੍ਰੀ ਜਪੁਜੀ ਸਾਹਿਬ ਵਿਚ ਫ਼ਰਮਾਨ ਹੈ-
ਏਕਾ ਮਾਈ ਜੁਗਤਿ ਵਿਆਈ ਤਿਨਿ ਚੇਲੇ ਪਰਵਾਣੁ॥
ਇਕੁ ਸੰਸਾਰੀ ਇਕੁ ਭੰਡਾਰੀ ਇਕ ਲਾਏ ਦੀਬਾਣੁ॥
ਬਾਣੀ ਵਿਚ ਉਨ੍ਹਾਂ ਭਗਤਾਂ ਦਾ ਜ਼ਿਕਰ ਹੈ, ਜਿਨ੍ਹਾਂ ਨੇ ਪਰਮਾਤਮਾ ਨਾਲ ਡੂੰਘਾ ਪਿਆਰ ਪਾ ਕੇ ਅਭੇਦਤਾ ਹਾਸਲ ਕਰ ਲਈ, ਜਿਵੇਂ ਧਰੂ, ਪ੍ਰਹਿਲਾਦ, ਬਿਦਰ ਆਦਿ। ਕੁਝ ਧਰਮੀ ਰਾਜੇ-ਰਾਣੀਆਂ ਦਾ ਵੀ ਹਵਾਲਾ ਦਿੱਤਾ ਗਿਆ ਹੈ, ਜਿਵੇਂ ਉਗ੍ਰ ਸੈਣ, ਅੰਬਰੀਕ, ਹਰੀਸ਼ ਚੰਦਰ, ਚੰਦ੍ਰ ਹਾਂਸ, ਜਨਕ, ਭਗੀਰਥ ਆਦਿ। ਰਿਸ਼ੀਆਂ-ਮੁਨੀਆਂ ਵਿਚੋਂ ਅੰਗਰਿਸ਼, ਕਪਿਲ, ਗੌਤਮ, ਨਾਰਦ, ਦੁਰਬਾਸਾ, ਬਾਲਮੀਕ, ਮਾਰਕੰਡਾ, ਵਸ਼ਿਸ਼ਟ, ਵਿਆਸ ਆਦਿ ਦੇ ਹਵਾਲੇ ਦੇ ਕੇ ਭਗਤੀ ਵੱਲ ਪ੍ਰੇਰਿਆ ਗਿਆ ਹੈ। ਕੁਝ ਮਿਥਕ ਜੀਵਾਂ ਦਾ ਵੀ ਜ਼ਿਕਰ ਹੈ, ਜਿਵੇਂ ਸ਼ੇਸ਼ਨਾਗ, ਕਾਲੀਨਾਗ, ਧੌਲ, ਕਾਮਧੇਨ, ਗਰੁੜ, ਅਰੁਣ ਆਦਿ। ਇਨ੍ਹਾਂ ਤੋਂ ਇਲਾਵਾ ਵਿਸ਼ੇਸ਼ ਨਾਰੀ ਪਾਤਰਾਂ ਦਾ ਵੀ ਉਲੇਖ ਹੈ, ਜਿਵੇਂ ਸੀਤਾ, ਜਸ਼ੋਧਾ, ਚੰਦ੍ਰਾਵਲੀ, ਅਹੱਲਿਆ, ਕੁਬਿਜਾਂ ਆਦਿ। ਇਸੇ ਤਰ੍ਹਾਂ ਕੁਝ ਸਥਾਨਾਂ ਦਾ ਵਿਵਰਣ ਹੈ, ਜਿਵੇਂ ਸਪਤਦੀਪ, ਸਪਤ ਸਾਗਰ, ਸਵਰਗ, ਸੁਮੇਰ ਪਰਬਤ, ਨਰਕ ਆਦਿ। ਕੁਝ ਤੀਰਥਾਂ, ਧਾਰਮਿਕ ਸਥਾਨਾਂ ਅਤੇ ਨਦੀਆਂ ਦਾ ਵੀ ਜ਼ਿਕਰ ਹੈ, ਜਿਵੇਂ ਕਾਅਬਾ, ਗਯਾ, ਕੇਦਾਰ, ਗੰਗਾ, ਗੋਦਾਵਰੀ, ਜਮਨਾ, ਗੋਮਤੀ, ਬਨਾਰਸ, ਬ੍ਰਿੰਦਾਬਨ, ਮਥੁਰਾ ਆਦਿ। ਇਸ ਅਨੰਤ ਰਚਨਾ ਵਿਚ ਕੇਵਲ ਪਰਮਾਤਮਾ ਹੀ ਅਬਿਨਾਸ਼ੀ ਹੈ। ਇਹ ਪੁਸਤਕ ਬੜੀ ਮਿਹਨਤ ਅਤੇ ਖੋਜ ਨਾਲ ਲਿਖੀ ਗਈ ਹੈ।


-ਡਾ: ਸਰਬਜੀਤ ਕੌਰ ਸੰਧਾਵਾਲੀਆ


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX