ਤਾਜਾ ਖ਼ਬਰਾਂ


ਸੰਘਣੀ ਧੁੰਦ ਕਾਰਨ ਵਾਪਰੇ ਹਾਦਸੇ ਵਿਚ 1 ਮੌਤ, 5 ਜ਼ਖਮੀ
. . .  17 minutes ago
ਮੋਗਾ, 17 ਜਨਵਰੀ - ਮੋਗਾ ਕੋਟਕਪੂਰਾ ਰੋਡ 'ਤੇ ਵਾਪਰੇ ਭਿਆਨਕ ਸੜਕ ਹਾਦਸੇ ਵਿਚ ਇਕ ਮੌਤ ਹੋ ਗਈ ਹੈ ਤੇ 5 ਹੋਰ ਜ਼ਖਮੀ ਹੋਏ ਹਨ। ਜ਼ਖਮੀਆਂ ਨੂੰ ਮੋਗਾ ਦੇ ਸਰਕਾਰੀ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ। ਇਹ ਹਾਦਸਾ ਸੰਘਣੀ ਧੁੰਦ ਕਾਰਨ ਵਾਪਰਿਆ...
ਅੱਜ ਡੇਰਾ ਸਿਰਸਾ ਮੁਖੀ ਨੂੰ ਛਤਰਪਤੀ ਕਤਲ ਮਾਮਲੇ 'ਚ ਹੋਵੇਗੀ ਸਜ਼ਾ
. . .  26 minutes ago
ਜਲੰਧਰ, 17 ਜਨਵਰੀ - ਪੱਤਰਕਾਰ ਰਾਮਚੰਦਰ ਛਤਰਪਤੀ ਦੇ ਕਤਲ ਮਾਮਲੇ 'ਚ ਅੱਜ ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ ਵੱਲੋਂ ਡੇਰਾ ਸਿਰਸਾ ਮੁਖੀ ਰਾਮ ਰਹੀਮ ਸਮੇਤ ਕ੍ਰਿਸ਼ਨ ਲਾਲ, ਨਿਰਮਲ ਸਿੰਘ ਤੇ ਕੁਲਦੀਪ ਸਿੰਘ ਨੂੰ ਸਜ਼ਾ ਸੁਣਾਈ ਜਾਵੇਗੀ। ਇਨ੍ਹਾਂ ਨੂੰ ਇਕੱਠੇ ਵੀਡੀਓ ਕਾਨਫਰੰਸਿੰਗ ਰਾਹੀਂ ਸਜ਼ਾ ਸੁਣਾਈ...
ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 'ਚ ਹੋਇਆ ਵਾਧਾ
. . .  44 minutes ago
ਨਵੀਂ ਦਿੱਲੀ, 17 ਜਨਵਰੀ - ਪੈਟਰੋਲ ਤੇ ਡੀਜਲ ਦੀਆਂ ਕੀਮਤਾਂ 'ਚ ਅੱਜ ਇਕ ਵਾਰ ਫਿਰ ਵਾਧਾ ਦੇਖਣ ਨੂੰ ਮਿਲਿਆ। ਰਾਜਧਾਨੀ ਦਿੱਲੀ 'ਚ ਪੈਟਰੋਲ ਦੀ ਕੀਮਤ 'ਚ 14 ਪੈਸੇ ਪ੍ਰਤੀ ਲੀਟਰ ਵਾਧਾ ਦਰਜ ਕੀਤਾ ਗਿਆ। ਇਸ ਨਾਲ ਪੈਟਰੋਲ ਦੀ ਕੀਮਤ 70.47 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਉੱਥੇ ਹੀ, ਰਾਜਧਾਨੀ...
ਅੱਜ ਦਾ ਵਿਚਾਰ
. . .  57 minutes ago
ਹੈੱਡ ਕਾਂਸਟੇਬਲ ਨੇ ਟ੍ਰੈਫਿਕ ਪੁਲਿਸ ਦੇ ਸਹਾਇਕ ਸਬ ਇੰਸਪੈਕਟਰ ਨੂੰ ਮਾਰੀ ਗੋਲੀ
. . .  1 day ago
ਡੇਰਾਬਸੀ , 16 ਜਨਵਰੀ ( ਸ਼ਾਮ ਸਿੰਘ ਸੰਧੂ)-ਡੇਰਾਬਸੀ ਪੁਲਿਸ ਸਟੇਸ਼ਨ ਵਿਖੇ ਇੱਕ ਹੈੱਡ ਕਾਂਸਟੇਬਲ ਨੇ ਟ੍ਰੈਫਿਕ ਪੁਲਿਸ ਡੇਰਾਬਸੀ ਦੇ ਇੰਚਾਰਜ ਸਹਾਇਕ ਸਬ ਇੰਸਪੈਕਟਰ ਲਖਵਿੰਦਰ ਸਿੰਘ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਹੈ
ਸੀਰੀਆ ਧਮਾਕੇ 'ਚ 30 ਨਾਗਰਿਕਾਂ ਦੀ ਮੌਤ
. . .  1 day ago
ਅਮਿੱਤ ਸ਼ਾਹ ਨੂੰ ਹੋਇਆ ਸਵਾਈਨ ਫਲੂ , ਏਮਜ਼ 'ਚ ਭਰਤੀ
. . .  1 day ago
ਨਵੀਂ ਦਿੱਲੀ ,16 ਜਨਵਰੀ - ਭਰਤੀ ਜਨਤਾ ਪਾਰਟੀ ਦੇ ਪ੍ਰਧਾਨ ਅਮਿੱਤ ਸ਼ਾਹ ਨੂੰ ਸਵਾਈਨ ਫਲੂ ਹੋਣ ਕਰਕੇ ਏਮਜ਼ 'ਚ ਭਰਤੀ ਕੀਤਾ ਗਿਆ ਹੈ।
'ਖੇਲੋ ਇੰਡੀਆ' 'ਚ ਬੁਢਲਾਡਾ ਤਹਿਸੀਲ ਦੀ ਪ੍ਰਦੀਪ ਕੌਰ ਨੇ ਜਿੱਤਿਆ ਕਾਂਸੇ ਦਾ ਮੈਡਲ
. . .  1 day ago
ਬੁਢਲਾਡਾ, 16 ਜਨਵਰੀ (ਸਵਰਨ ਸਿੰਘ ਰਾਹੀ) - ਮਹਾਰਾਸ਼ਟਰ ਦੇ ਪੁਣੇ 'ਚ ਚੱਲ ਰਹੀਆਂ 'ਖੇਲੋ ਇੰਡੀਆ' ਖੇਡਾਂ 'ਚ ਬੁਢਲਾਡਾ ਤਹਿਸੀਲ ਦੇ ਪਿੰਡ ਦੋਦੜਾ ਦੀ ਨਿਸ਼ਾਨੇਬਾਜ਼ ਪ੍ਰਦੀਪ ਕੌਰ ਸਿੱਧੂ ਨੇ 10 ਮੀਟਰ ਏਅਰ ਪਿਸਟਲ (ਮਿਕਸ) ਜੂਨੀਅਰ ਵਰਗ 'ਚ ਕਾਂਸੇ ਦਾ ਮੈਡਲ ਜਿੱਤ ਕੇ ਪਿੰਡ ਅਤੇ ਪੰਜਾਬ ਦਾ ਨਾਂਅ ਰੌਸ਼ਨ ਕੀਤਾ ਹੈ।
ਜਸਟਿਸ ਸੰਜੀਵ ਖੰਨਾ ਅਤੇ ਜਸਟਿਸ ਮਹੇਸ਼ਵਰੀ ਸੁਪਰੀਮ ਕੋਰਟ ਦੇ ਜੱਜ ਨਿਯੁਕਤ
. . .  1 day ago
ਨਵੀਂ ਦਿੱਲੀ, 16 ਜਨਵਰੀ - ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਦਿੱਲੀ ਹਾਈਕੋਰਟ ਦੇ ਚੀਫ਼ ਜਸਟਿਸ ਸੰਜੀਵ ਖੰਨਾ ਅਤੇ ਕਰਨਾਟਕ ਹਾਈਕੋਰਟ ਦੇ ਜੱਜ ਦਿਨੇਸ਼ ਮਹੇਸ਼ਵਰੀ ਨੂੰ ਸੁਪਰੀਮ ਕੋਰਟ ਦਾ...
ਤਾਮਿਲਨਾਡੂ ਦਾ ਡੀ ਗੁਕੇਸ਼ ਬਣਿਆ ਦੁਨੀਆ ਦਾ ਦੂਜਾ ਸਭ ਤੋਂ ਛੋਟੀ ਉਮਰ ਦਾ ਸ਼ਤਰੰਜ ਗ੍ਰੈਂਡਮਾਸਟਰ
. . .  1 day ago
ਚੇਨਈ, 16 ਜਨਵਰੀ - ਤਾਮਿਲਨਾਡੂ ਦਾ ਡੀ ਗੁਕੇਸ਼ ਦੁਨੀਆ ਦਾ ਦੂਜਾ ਸਭ ਤੋਂ ਛੋਟੀ ਉਮਰ ਦਾ ਸ਼ਤਰੰਜ ਗ੍ਰੈਂਡ ਮਾਸਟਰ ਬਣਿਆ ਹੈ। ਇਸ ਮੌਕੇ ਡੀ ਗੁਕੇਸ਼ ਨੇ ਆਪਣੇ ਮਾਤਾ ਪਿਤਾ, ਕੋਚ, ਦੋਸਤਾਂ...
ਹੋਰ ਖ਼ਬਰਾਂ..

ਫ਼ਿਲਮ ਅੰਕ

ਤਾਪਸੀ ਪੰਨ

ਵਿਵਾਦਾਂ ਦੀ ਮਲਿਕਾ

ਲਾਜਵਾਬ ਅਭਿਨੇਤਰੀ ਹੈ ਤਾਪਸੀ ਪੰਨੂ, ਸਪੱਸ਼ਟ ਗੱਲ ਕਹਿ ਦਿੰਦੀ ਹੈ ਚਾਹੇ ਕਿਸੇ ਨੂੰ ਚੰਗੀ ਲੱਗੇ ਜਾਂ ਮਾੜੀ। ਗੱਲ ਵਿੱਕੀ ਕੌਸ਼ਲ ਦੀ ਹੋਈ ਤਾਂ ਉਸ ਨੇ ਕਿਹਾ ਕਿ ਪਹਿਲਾਂ ਮੈਂ ਉਸ ਨੂੰ ਪਰਖਣਾ ਚਾਹੁੰਦੀ ਹਾਂ, ਜੇ ਕਸੌਟੀ 'ਤੇ ਖਰਾ ਉਤਰਿਆ ਫਿਰ ਸੋਚਾਂਗੀ। ਫਿਰ ਗੱਲ ਸਲਮਾਨ ਖ਼ਾਨ ਦੀ ਉਸ ਨਾਲ ਹੋਈ ਤਾਂ ਸਾਫ਼ ਕਹਿਣ ਲੱਗੀ ਮਿਸ ਪੰਨੂ ਕਿ ਸਲਮਾਨ ਸ਼ਾਇਦ ਨਹੀਂ ਜਾਣਦੇ ਹੋਣਗੇ ਕਿ ਮੈਂ ਕਿਸ ਤਰ੍ਹਾਂ ਦੀ ਅਭਿਨੇਤਰੀ ਹਾਂ। ਕਾਸ਼! ਮੇਰੇ ਹੱਥ 'ਚ ਹੋਵੇ ਤਾਂ ਹਰ ਦੂਜੀ ਫ਼ਿਲਮ ਉਸ ਨਾਲ ਹੀ ਕਰਾਂ। ਤਾਪਸੀ ਪੰਨੂ ਨੇ 'ਮਨਮਰਜ਼ੀਆਂ' 'ਤੇ ਦੁੱਖ ਜ਼ਾਹਿਰ ਕੀਤਾ ਪਰ ਇਹ ਦਰਸ਼ਕਾਂ ਦੀ ਮਨਮਰਜ਼ੀ ਹੈ। ਚੁੱਪ ਤਾਪਸੀ ਫਿਰ ਕਹਿਣ ਲੱਗੀ, ਕਾਸ਼ ਇਥੇ ਕੰਮ ਦਾ ਸੇਵਾ ਫਲ ਬਰਾਬਰ ਹੋਵੇ। ਉਹ ਵਰੁਣ ਧਵਨ ਜਾਂ ਅਮਿਤਾਭ ਬੱਚਨ ਜਿੰਨਾ ਸੇਵਾ ਫਲ ਮੰਗ ਹੀ ਨਹੀਂ ਸਕਦੀ। ਉਪਗ੍ਰਹਿ 'ਤੇ ਆਧਾਰਿਤ ਅਕਸ਼ੈ ਕੁਮਾਰ ਦੀ 'ਮੰਗਲਯਾਨ' ਜਾਂ 'ਮੰਗਲ ਮਿਸ਼ਨ' ਨਾਲ ਜੁੜ ਕੇ ਕਾਫ਼ੀ ਸੰਤੁਸ਼ਟ ਨਜ਼ਰ ਆ ਰਹੀ ਹੈ। ਤਾਪਸੀ ਕਦੇ-ਕਦੇ ਆਪੇ ਤੋਂ ਬਾਹਰ ਹੋ ਜਾਂਦੀ ਹੈ। ਫ਼ਿਲਮਾਂ 'ਚ ਸਿੱਖ ਤੇ ਸਰਦਾਰਾਂ ਪ੍ਰਤੀ ਕਈ ਵੇਰ ਦਿਖਾਈ ਜਾਂਦੀ ਗ਼ਲਤ ਗੱਲ, ਸੰਵਾਦ ਜਾਂ ਦ੍ਰਿਸ਼ 'ਤੇ ਕਿਸੇ ਨੇ ਸਰਦਾਰਨੀ ਹੋਣ ਕਾਰਨ ਤਾਪਸੀ ਦੇ ਵਿਚਾਰ ਪੁੱਛੇ ਤਾਂ ਬਹੁਤ ਹੀ ਘਟੀਆ ਤੇ ਨਾ-ਸਹਿਣਯੋਗ ਜਵਾਬ ਉਸ ਦਿੱਤਾ। ਇਸ ਦਾ ਪ੍ਰਤੀਕਰਮ ਗੁੱਸੇ ਵਾਲਾ ਦੇਖ ਕੇ ਤਾਪਸੀ ਨੇ ਮੁਆਫ਼ੀ ਤੱਕ ਮੰਗ ਲਈ 'ਲਾਈਫ ਵਿਦ ਏੇ ਮੈਟਰੋ-2' ਅਦਿਤਯ ਰਾਏ ਕਪੂਰ ਨਾਲ ਕਰ ਰਹੀ ਵਿਵਾਦਾਂ ਦੀ ਮਲਿਕਾ ਤਾਪਸੀ ਪੰਨੂ ਨੇ ਫਖਰ ਨਾਲ ਕਿਹਾ ਹੈ ਕਿ ਇਹ ਜਾ ਰਿਹਾ ਸਾਲ ਉਸ ਲਈ ਸ਼ੁੱਭ ਰਿਹਾ। ਤਾਪਸੀ ਇਸ ਸਮੇਂ ਵਿਦੇਸ਼ ਵਿਖੇ ਆਰਾਮ ਕਰ ਰਹੀ ਹੈ। ਆ ਕੇ ਉਹ ਅਮਿਤਾਭ ਬੱਚਨ ਨਾਲ ਨਵੀਂ ਫ਼ਿਲਮ 'ਬਦਲਾ' ਕਰੇਗੀ।


ਖ਼ਬਰ ਸ਼ੇਅਰ ਕਰੋ

ਉਰਵਸ਼ੀ ਰੌਤੇਲਾ

ਵਿਹਲਾ ਮਨ ਸ਼ੈਤਾਨ ਦਾ ਘਰ

'ਹੇਟ ਸਟੋਰੀ-4' ਦੀ ਹੀਰੋਇਨ ਉਰਵਸ਼ੀ ਰੌਤੇਲਾ ਦਾ ਉਹ ਵੀਡੀਓ ਕਾਫ਼ੀ ਵਾਇਰਲ ਹੋਇਆ ਜਿਸ 'ਚ ਸ਼ੂਟਿੰਗ ਕਰਦੀ ਉਹ ਡਿਗਦੀ-ਡਿਗਦੀ ਮਸਾਂ ਹੀ ਦੁਰਘਟਨਾਗ੍ਰਸਤ ਹੋਣ ਤੋਂ ਬਚੀ। ਬਗੀਚੇ ਦੀ ਕੰਧ 'ਤੇ ਪੋਜ਼ ਦੇ ਰਹੀ ਉਰਵਸ਼ੀ ਆਪਣਾ ਸੰਤੁਲਨ ਅਚਾਨਕ ਗੁਆ ਬੈਠੀ ਪਰ ਉਸ ਨੇ ਆਪਣੇ-ਆਪ ਨੂੰ ਸੰਭਾਲ ਲਿਆ, ਵਰਨਾ ਹੱਡੀ-ਪਸਲੀ ਟੁੱਟਣੀ ਆਮ ਹੀ ਗੱਲ ਸੀ। ਹਨੀ ਸਿੰਘ ਦੇ ਸੰਗੀਤ ਵੀਡੀਓ 'ਲਵ ਡੋਜ਼' 'ਸਿੰਘ ਸਾਹਿਬ ਦੀ ਗਰੇਟ', 'ਗਰੇਟ ਗਰੈਂਡ ਮਸਤੀ' ਵਾਲੀ ਉਰਵਸ਼ੀ 13 ਸਾਲ ਦੀ ਉਮਰ 'ਚ ਹੀ ਮਾਡਲ ਬਣ ਗਈ ਸੀ। ਆਪਣੇ-ਆਪ ਨੂੰ ਖੁੱਲ੍ਹੀ-ਡੁੱਲ੍ਹੀ ਅਭਿਨੇਤਰੀ ਕਹਾ ਕੇ ਉਹ ਖੁਸ਼ ਹੈ। ਪੰਜ ਸਾਲ ਤੋਂ ਲਗਾਤਾਰ ਫਲਾਪ ਫ਼ਿਲਮਾਂ ਵੀ ਉਸ ਦੇ ਨਾਂਅ ਹਨ। ਇਸਦੇ ਬਾਵਜੂਦ ਉਰਵਸ਼ੀ ਦਾ ਨਖਰਾ ਕਮਾਲ ਹੈ। ਪੁੱਛੋ 'ਭਾਨੂੰਪ੍ਰਿਆ' ਫ਼ਿਲਮ ਦੇ ਨਿਰਮਾਤਾ ਨੂੰ ਜਿਸ ਨੂੰ ਉਰਵਸ਼ੀ ਨੇ ਇਕ ਤੋਂ ਬਾਅਦ ਇਕ ਤੇ ਕਈ ਮੰਗਾਂ ਦੱਸ ਕੇ ਪ੍ਰੇਸ਼ਾਨ ਕਰ ਮਾਰਿਆ। ਉਰਵਸ਼ੀ ਨੂੰ ਪਹਾੜਨ ਹੁੁਸੀਨਾ ਵੀ ਕਿਹਾ ਜਾਂਦਾ ਹੈ। ਸ਼ੋਸਲ ਮੀਡੀਆ 'ਤੇ ਉਸ ਨੂੰ ਕਾਫ਼ੀ ਆਲੋਚਨਾ ਦੇਖਣ-ਸੁਣਨ ਨੂੰ ਮਿਲ ਰਹੀ ਹੈ। ਸਾੜ੍ਹੀ ਪਹਿਨ ਕੇ ਪਾਈ ਤਸਵੀਰ 'ਤੇ ਲੋਕਾਂ ਨੇ ਕਿਹਾ ਹੈ ਕਿ ਨੌ ਸੌ ਚੂਹੇ ਖਾਣ ਵਾਲੀ ਕਹਾਵਤ ਤੋਂ ਕੋਈ ਉਰਵਸ਼ੀ ਨੂੰ ਜਾਣੂ ਕਰਵਾ ਦੇਵੇ ਕਿਰਪਾ ਕਰਕੇ। ਉਰਵਸ਼ੀ ਨੇ ਇਕ ਫੋਟੋ ਆਪਣੀ ਮਾਂ ਨਾਲ ਕੀ ਪਾ ਦਿੱਤੀ ਲੋਕਾਂ ਦੇ ਵਿਚਾਰ ਆਏ ਕਿ ਧੀ ਨਾਲੋਂ ਮਾਂ ਜ਼ਿਆਦਾ ਸੋਹਣੀ ਹੈ। ਉਰਵਸ਼ੀ ਉਲਟਾ ਹੱਸ ਕੇ ਕਹਿ ਰਹੀ ਹੈ ਕਿ ਇਹ ਸਮਝੋ ਕਿ ਉਸ ਦੀ ਹੀ ਤਾਰੀਫ਼ ਹੈ। ਹਾਰਦਿਕ ਪਾਂਡਿਆ ਇਸ ਕ੍ਰਿਕਟਰ ਦੀ ਪਤਨੀ ਬਣਦੀ-ਬਣਦੀ ਰਹਿ ਗਈ। ਉਰਵਸ਼ੀ ਨੂੰ ਕ੍ਰਿਤੀ ਸੇਨਨ 'ਤੇ ਗੁੱਸਾ ਹੈ ਪਰ ਉਰਵਸ਼ੀ ਚੁੱਪ ਹੈ। ਹੁਣ ਤਾਂ 30 ਕਿਲੋ ਹੀ ਭਾਰੀ ਡ੍ਰੈੱਸ ਪਹਿਨ ਕੇ ਐਵਾਰਡ ਸ਼ੋਅ 'ਚ ਜਾਣ ਵਾਲੀ ਉਰਵਸ਼ੀ ਰੌਤੇਲਾ ਸਟੇਜ 'ਤੇ ਮਾਧੁਰੀ ਦੀਕਸ਼ਤ ਦੀ ਨਕਲ ਕਰਨ ਲੱਗ ਪਈ ਹੈ। ਕਦੇ ਡਾਂਸ ਵੀਡੀਓ ਵਾਇਰਲ, ਕਦੇ 'ਬਾਥ ਟੱਬ' 'ਚ ਚਾਹ ਪੀਣ ਦੀ ਫੋਟੋ ਤੇ ਕਦੇ ਆਸ਼ਿਕ ਤੇ ਚੋਰ 'ਚ ਕੋਈ ਫਰਕ ਨਹੀਂ, ਕਹਿਣ ਵਾਲੀ ਉਰਵਸ਼ੀ ਰੌਤੇਲਾ ਸਿਰਫ਼ ਤੇ ਸਿਰਫ਼ ਖ਼ਬਰਾਂ 'ਚ ਰਹਿਣ ਲਈ ਬੇਸਿਰ-ਪੈਰ ਦੀਆਂ ਗੱਲਾਂ ਕਰ ਰਹੀ ਹੈ।

ਸਾਰਾ ਅਲੀ ਖ਼ਾਨ

'ਬੇਤਾਬ' 'ਸਿੰਬਾ' ਲਈ

ਅੰਮ੍ਰਿਤਾ ਸਿੰਘ ਦੀ ਬਿਟੀਆ ਰਾਣੀ ਸਾਰਾ ਅਲੀ ਖ਼ਾਨ ਬਾਲੀਵੁੱਡ 'ਚ ਲੰਬੀ ਪਾਰੀ ਖੇਡਣ ਦੀ ਇੱਛਾ ਲੈ ਕੇ ਆਈ ਹੈ। 'ਕੇਦਾਰਨਾਥ' ਚਾਹੇ ਆਸਾਂ ਦੇ ਉਲਟ ਰਹੀ ਹੈ ਪਰ ਸਾਰਾ ਦੀ ਸਾਰਿਆਂ ਨੇ ਪ੍ਰਸੰਸਾ ਹੀ ਕੀਤੀ ਹੈ। ਹੁਣ 'ਸਿੰਬਾ' ਉਸ ਦੀ ਰਣਵੀਰ ਸਿੰਘ ਨਾਲ ਆ ਰਹੀ ਹੈ। ਇਸ ਫ਼ਿਲਮ ਦਾ 'ਤੇਰੇ ਬਿਨ' ਗਾਣਾ ਆ ਗਿਆ ਹੈ ਤੇ ਰੋਹਿਤ ਸ਼ੈਟੀ ਦੀ ਇਸ 'ਸਿੰਬਾ' ਸਬੰਧੀ ਜਦ ਸਾਰਾ ਨੇ ਆਪਣੇ ਪ੍ਰਸੰਸਕ ਸਫ਼ੇ 'ਤੇ ਪਾਇਆ ਤਾਂ ਸਾਰਾ ਦੇ ਪ੍ਰਸੰਸਕਾਂ 'ਚ ਹੋਰ ਵਾਧਾ ਹੋ ਗਿਆ। ਇਧਰ ਨਵੀਂ ਖ਼ਬਰ ਹੈ ਕਿ ਸੰਨੀ ਦਿਓਲ 'ਬੇਤਾਬ' ਦਾ ਰੀਮੇਕ ਬਣਾ ਰਿਹਾ ਹੈ। ਇਸ 'ਚ ਹੀਰੋ ਸੰਨੀ ਦਾ ਪੁੱਤਰ ਹੋਵੇਗਾ ਤੇ ਹੀਰੋਇਨ ਅੰਮ੍ਰਿਤਾ ਸਿੰਘ ਦੀ ਧੀ ਸਾਰਾ, ਮਤਲਬ ਸੰਨੀ-ਅੰਮ੍ਰਿਤਾ ਪਹਿਲੀ 'ਬੇਤਾਬ' 'ਚ ਤੇ ਨਵੀਂ 'ਬੇਤਾਬ' 'ਚ ਉਨ੍ਹਾਂ ਦੀ ਔਲਾਦ। ਜ਼ਾਹਰ ਹੈ ਦਰਸ਼ਕ ਸਾਰਾ ਨੂੰ ਦੇਖਣ ਲਈ 'ਬੇਤਾਬ' ਹੋਣਗੇ। ਸਾਰਾ ਹੁਣ ਆਪਣੇ ਵੀਰ ਨਾਲ ਖੇਡਦੀ ਵੀ ਹੈ ਤਾਂ ਜੋ ਭੈਣ-ਭਰਾਵਾਂ ਦਾ ਪਿਆਰ ਹੋਰ ਵਧੇ। ਚਾਹੇ ਜਾਨਵੀ ਕਪੂਰ ਤੋਂ ਅਗਾਂਹ ਨਹੀਂ ਨਿਕਲ ਸਕੀ ਸਾਰਾ ਪਰ ਹੌਲੀ-ਹੌਲੀ ਉਸ ਨੂੰ ਉਮੀਦ ਹੈ ਕਿ ਮੜਕ ਵਾਲੀ ਤੋਰ ਨਾਲ ਵੀ ਉਹ ਅਗਾਂਹ ਨਿਕਲ ਜਾਵੇਗੀ। ਸਾਰਾ ਹੁਣ ਆਪਣੀ ਮਾਂ ਅੰਮ੍ਰਿਤਾ ਸਿੰਘ ਦੀ 'ਬੇਤਾਬ' ਵਾਰ-ਵਾਰ ਦੇਖ ਰਹੀ ਹੈ। ਉਹ ਜ਼ਿਆਦਾ ਨਹੀਂ ਤਾਂ ਮੰਮੀ ਤੋਂ ਘੱਟ ਵੀ ਨਹੀਂ ਰਹਿਣਾ ਚਾਹੁੰਦੀ। ਸਾਰਾ ਇੰਡਸਟਰੀ 'ਚ ਟਿਕਣ ਲਈ ਆਪਣੀ ਮਤਰੇਈ ਮਾਂ ਕਰੀਨਾ ਕਪੂਰ ਤੋਂ ਵੀ ਮਸ਼ਵਰੇ ਲੈ ਰਹੀ ਹੈ। ਕਰੀਨਾ ਵੈਸੇ ਸੁਣਿਆ ਹੈ ਅੰਦਰੋਂ ਸਾਰਾ ਤੋਂ ਦੁਖੀ ਹੈ ਕਿਉਂਕਿ ਕਰੀਨਾ ਲਈ ਇਕ ਹੋਰ ਮੁਕਾਬਲਾ ਪੈਦਾ ਹੋ ਗਿਆ ਹੈ। ਕਰੀਨਾ ਦੀ 'ਟਾਪ ਚੇਅਰ' ਖਿਸਕ ਵੀ ਸਕਦੀ ਹੈ। ਪਿਤਾ ਸੈਫ਼ ਅਲੀ ਖ਼ਾਨ ਤਾਂ ਪੂਰੀ ਮਦਦ ਧੀ ਸਾਰਾ ਦੀ ਕਰ ਰਿਹਾ ਹੈ ਪਰ ਕਰੀਨਾ ਨੇ ਖੁੱਲ੍ਹ ਕੇ ਸਾਰਾ ਦਾ ਸਮਰਥਨ ਨਹੀਂ ਕੀਤਾ। ਸਾਰਾ ਨੂੰ ਇਹ ਗੱਲ ਰੜਕਦੀ ਜ਼ਰੂਰ ਹੈ ਪਰ ਉਹ ਚੁੱਪ ਤੇ ਸ਼ਾਂਤ ਰਹਿ ਕੇ ਕਰੀਨਾ ਨੂੰ ਜਵਾਬ ਆਪਣੇ ਕੰਮ ਨਾਲ ਹੀ ਦੇਣਾ ਚਾਹੁੰਦੀ ਹੈ।


-ਸੁਖਜੀਤ ਕੌਰ

ਅਕਸ਼ੈ ਕੁਮਾਰ

'ਕੇਸਰੀ' ਲਾਹੇਗੀ 'ਕਲੰਕ'

ਇਕ ਪਾਸੇ ਤਾਂ ਅਕਸ਼ੈ ਕੁਮਾਰ ਹਿੱਟ ਫ਼ਿਲਮਾਂ ਦੀ ਗਾਰੰਟੀ ਹੈ ਤੇ ਤਸਵੀਰ ਦਾ ਦੂਸਰਾ ਪਾਸਾ ਉਸ ਦੀਆਂ ਕਈ ਫ਼ਿਲਮਾਂ ਪਤਾ ਨਹੀਂ ਕਿਹੜੇ ਕੰਪਿਊਟਰ ਵਿਚ 'ਲਾਕ' ਹੋ ਕੇ ਰਹਿ ਗਈਆਂ ਹਨ। 'ਪਰਿਣਾਮ' ਤੋਂ ਲੈ ਕੇ 'ਜਿਗਰਬਾਜ਼', 'ਪੂਰਬ ਕੀ ਲੈਲਾ', 'ਮੁਲਾਕਾਤ', 'ਖਿਲਾੜੀ ਬਨਾਮ ਖਿਲਾੜੀ', 'ਰਾਹਗੀਰ', 'ਸਾਮਨਾ', 'ਆਸਮਾਨ', 'ਚਾਂਦ ਭਾਈ' ਮਤਲਬ ਕਿ ਫ਼ਿਲਮ ਇੰਡਸਟਰੀ ਦਾ ਇਕ ਤਰ੍ਹਾਂ ਨਾਲ 700 ਕਰੋੜ ਅੱਕੀ ਕਾਰਨ ਡੁੱਬਿਆ ਪਿਆ ਹੈ। 'ਅਕਸ਼ੈ ਦਾ ਬੇਟਾ ਆਰਵ ਵੀ ਵੱਡਾ ਹੋ ਰਿਹਾ ਹੈ ਤੇ ਉਸ ਦੀ ਫਿਕਰ ਵੀ ਉਸ ਨੂੰ ਹੈ। ਚਲੋ ਇਹ ਸਾਲ ਤਾਂ ਜਾਣ ਕੰਢੇ ਹੈ ਪਰ '2.0' ਨੇ ਅਕਸ਼ੈ ਨੂੰ ਪੂਰਾ ਉਤਸ਼ਾਹ ਦਿੱਤਾ ਹੈ। ਹੁਣ ਦੱਖਣ ਤੋਂ ਨਿਤਿਆ ਮੈਨਨ ਆ ਕੇ ਅਕਸ਼ੈ ਨਾਲ ਕੈਰੀਅਰ 'ਮੰਗਲ ਮਿਸ਼ਨ' ਸ਼ੁਰੂ ਕਰਨ ਜਾ ਰਹੀ ਹੈ। ਨਿਤਿਆ ਅਨੁਸਾਰ ਅੱਕੀ ਉਸ ਲਈ ਕਿਸਮਤ ਵਾਲਾ ਹੈ। '2.0' ਨੇ ਅਕਸ਼ੈ 'ਚ ਫਿਰ ਊਰਜਾ ਭਰ ਦਿੱਤੀ ਹੈ ਕਿ ਹਾਲੇ ਤਰਕਸ਼ 'ਚ ਬਹੁਤ ਤੀਰ ਹਨ। ਸਟਾਰ ਪਲੱਸ 'ਤੇ 'ਗੋਲਡਨ ਐਵਾਰਡਜ਼' 'ਚ ਅਕਸ਼ੈ ਜਦ ਵਰੁਣ ਧਵਨ ਨਾਲ ਸਟੇਜ 'ਤੇ ਆਇਆ ਤਾਂ ਵਰੁਣ ਨਾਲੋਂ ਜ਼ਿਆਦਾ ਤਾੜੀਆਂ ਉਸ ਲਈ ਵੱਜੀਆਂ। 200 ਕਰੋੜ ਦੇ ਲਾਗੇ ਅਕਸ਼ੈ ਦੀ '2.0' ਪਹੁੰਚੀ ਹੈ। ਇਧਰ ਅਕਸ਼ੈ ਚਾਹੇ ਪੰਜਾਬ ਪੁਲਿਸ ਦੀ ਸਿਟ (ਐਸ. ਆਈ. ਟੀ.) ਸਾਹਮਣੇ ਪੇਸ਼ ਹੋ ਚੁੱਕਾ ਹੈ ਪਰ ਇਕ 'ਡਰ' ਪੰਜਾਬੀਆਂ ਦੀ ਨਰਾਜ਼ਗੀ ਤੇ ਦਾਮਨ 'ਤੇ 'ਦਾਗ਼' ਤੋਂ ਉਹ ਪ੍ਰੇਸ਼ਾਨ ਵੀ ਹੈ। ਆਪਣੀ ਫ਼ਿਲਮ 'ਕੇਸਰੀ' ਦੀ ਸ਼ੂਟਿੰਗ ਉਹ ਸਹਿਮ-ਸਹਿਮ ਕੇ ਕਰ ਰਿਹਾ ਹੈ। 'ਸਾਰਾਗੜ੍ਹੀ' ਦੇ ਯੁੱਧ 'ਤੇ 'ਕੇਸਰੀ' ਉਹ ਬਣਾ ਰਿਹਾ ਹੈ। ਬੇਅਦਬੀ ਘਟਨਾਵਾਂ, ਸਿੱਟ ਸਾਹਮਣੇ ਪੇਸ਼ ਹੋਣਾ ਵਰਗੀਆਂ ਘਟਨਾਵਾਂ ਨੇ ਸਾਰਾਗੜ੍ਹੀ ਜਿਹੇ ਇਤਿਹਾਸਕ ਕਿੱਸੇ 'ਤੇ ਅਕਸ਼ੈ ਕੁਮਾਰ ਦੀ 'ਕੇਸਰੀ' ਨੂੰ ਲੇਟ ਕਰਵਾ ਦਿੱਤਾ ਹੈ ਤੇ ਅਕਸ਼ੈ ਵੀ 'ਕੇਸਰੀ' ਨਾਲ ਮੁੜ ਆਪਣੀ ਗੁਆਚ ਰਹੀ ਜਾਂ ਗੁਆਚਣ ਵੱਲ ਲਿਜਾਈ ਜਾ ਰਹੀ ਦਿੱਖ ਨੂੰ ਸੁਧਾਰਨ ਦੇ ਚੱਕਰਾਂ 'ਚ ਹੈ। ਬਾਲੀਵੁੱਡ ਦਾ ਬਲਾਕ ਬਾਸਟਰ ਬਾਦਸ਼ਾਹ ਇਸ ਘਟਨਾਕ੍ਰਮ ਦੇ 'ਕਲੰਕ' ਨੂੰ ਲਾਹੁਣ ਲਈ 'ਕੇਸਰੀ' ਦਾ ਸਹਾਰਾ ਲਵੇਗਾ, ਪੱਕੀ ਗੱਲ ਹੈ।
**

ਵੱਖਰੀ ਜਿਹੀ ਫ਼ਿਲਮ ਹੈ ਜ਼ੀਰੋ

'ਤਨੂ ਵੈੱਡਸ ਮਨੂ', 'ਰਾਂਝਣਾ' ਆਦਿ ਕਰਕੇ ਪ੍ਰਸਿੱਧ ਹੋਏ ਨਿਰਦੇਸ਼ਕ ਆਨੰਦ ਐਲ. ਰਾਏ ਨੇ ਹੁਣ ਸ਼ਾਹਰੁਖ ਖਾਨ, ਕੈਟਰੀਨਾ ਕੈਫ਼ ਤੇ ਅਨੁਸ਼ਕਾ ਸ਼ਰਮਾ ਨੂੰ ਲੈ ਕੇ 'ਜ਼ੀਰੋ' ਬਣਾਈ ਹੈ ਅਤੇ ਇਸ ਵਿਚ ਸ਼ਾਹਰੁਖ ਨੂੰ ਬੌਨੇ ਦੀ ਭੂਮਿਕਾ ਵਿਚ ਪੇਸ਼ ਕੀਤਾ ਗਿਆ ਹੈ। ਇਥੇ ਉਨ੍ਹਾਂ ਦੇ ਕਿਰਦਾਰ ਦਾ ਨਾਂਅ ਬਊਵਾ ਹੈ ਅਤੇ ਉਹ ਹਰ ਵਕਤ ਆਪਣੇ ਪਿਤਾ ਨਾਲ ਲੜਦਾ ਰਹਿੰਦਾ ਹੈ। ਇਸ ਵੱਖਰੀ ਜਿਹੀ ਭੂਮਿਕਾ ਬਾਰੇ ਸ਼ਾਹਰੁਖ ਇਥੇ ਦੱਸ ਰਹੇ ਹਨ :
ਪਹਿਲੀ ਗੱਲ ਤਾਂ ਇਹ ਕਿ ਇਥੇ ਵੀ. ਐਫ. ਐਕਸ ਤਕਨੀਕ ਦੀ ਮਦਦ ਨਾਲ ਮੈਨੂੰ ਬੌਨਾ ਬਣਾ ਕੇ ਪੇਸ਼ ਕੀਤਾ ਗਿਆ ਹੈ। ਜਦੋਂ ਫ਼ਿਲਮ ਦੀ ਸ਼ੂਟਿੰਗ ਕੀਤੀ ਤਾਂ ਮੈਂ ਨਾਰਮਲ ਢੰਗ ਨਾਲ ਹੀ ਕੰਮ ਕੀਤਾ ਸੀ। ਜਿਵੇਂ ਦੂਜੀਆਂ ਫ਼ਿਲਮਾਂ ਦੀ ਸ਼ੂਟਿੰਗ ਵਿਚ ਕਰਦਾ ਆਇਆ ਹਾਂ। ਹਾਂ, ਜਦੋਂ ਫਾਈਨਲ ਰਿਜ਼ਲਟ ਦੇਖਿਆ ਤਾਂ ਲੱਗਿਆ ਕਿ ਵਾਕਈ ਇਸ ਵਿਚ ਮੈਂ ਕੁਝ ਵੱਖਰਾ ਕੀਤਾ ਹੈ। ਜੇਕਰ ਤੁਸੀਂ ਮੇਰੀਆਂ ਫ਼ਿਲਮਾਂ 'ਤੇ ਨਜ਼ਰ ਮਾਰੋਗੇ ਤਾਂ ਦੇਖੋਗੇ ਕਿ ਮੈਂ 'ਲਾਰਜਰ ਦੈੱਨ ਲਾਈਫ' ਨੁਮਾ ਭੂਮਿਕਾ ਬਹੁਤ ਹੀ ਘੱਟ ਵਾਰ ਨਿਭਾਈ ਹੈ। ਜ਼ਿਆਦਾਤਰ ਫ਼ਿਲਮਾਂ ਵਿਚ ਮੈਨੂੰ ਆਮ ਮੁੰਡੇ ਜਾਂ ਆਮ ਆਦਮੀ ਦੀ ਤਰ੍ਹਾਂ ਹੀ ਪੇਸ਼ ਕੀਤਾ ਜਾਂਦਾ ਰਿਹਾ ਹੈ। ਕਦੀ ਰਾਜ ਤੇ ਕਦੀ ਰਾਹੁਲ ਬਣ ਕੇ ਮੈਂ ਆਮ ਕਿਰਦਾਰ ਨਿਭਾਏ ਹਨ। ਇਥੇ 'ਜ਼ੀਰੋ' ਦਾ ਬਊਵਾ ਵੀ ਇਕ ਆਮ ਇਨਸਾਨ ਹੈ। ਇਹ ਬਊਵਾ ਹੈ ਤਾਂ ਬੌਨਾ ਪਰ ਉਹ ਖ਼ੁਦ ਨੂੰ ਕਿਸੇ ਤੋਂ ਘੱਟ ਨਹੀਂ ਸਮਝਦਾ। ਆਪਣੀ ਸਰੀਰਕ ਕਮਜ਼ੋਰੀ ਨੂੰ ਉਸ ਨੇ ਆਪਣੀ ਮਾਨਸਿਕਤਾ 'ਤੇ ਭਾਰੂ ਨਹੀਂ ਹੋਣ ਦਿੱਤਾ ਹੈ। ਲੋਕਾਂ ਦੀਆਂ ਨਜ਼ਰਾਂ ਵਿਚ ਉਹ ਬੌਨਾ ਹੈ ਪਰ ਉਹ ਖ਼ੁਦ ਨੂੰ ਬੌਨਾ ਨਹੀਂ ਸਮਝਦਾ ਹੈ। ਪਿਤਾ ਦੇ ਨਾਲ ਉਸ ਦਾ ਛੱਤੀ ਦਾ ਅੰਕੜਾ ਹੈ। ਉਹ ਹਰ ਵੇਲੇ ਆਪਣੇ ਪਿਤਾ ਨਾਲ ਲੜਦਾ ਰਹਿੰਦਾ ਹੈ। ਇਥੇ ਪਿਤਾ ਦੀ ਭੂਮਿਕਾ ਤਿਗਮਾਂਸ਼ੂ ਧੁਲੀਆ ਵਲੋਂ ਨਿਭਾਈ ਗਈ ਹੈ। ਬਊਵਾ ਦੇ ਕਿਰਦਾਰ ਦੀ ਖਾਸੀਅਤ ਇਹ ਹੈ ਕਿ ਇਥੇ ਉਸ ਨੂੰ ਲਾਚਾਰ ਆਦਮੀ ਦੀ ਭੂਮਿਕਾ ਵਿਚ ਨਹੀਂ ਪੇਸ਼ ਕੀਤਾ ਗਿਆ ਹੈ ਤੇ ਨਾ ਹੀ ਇਥੇ ਉਸ ਦੇ ਛੋਟੇ ਕੱਦ ਦਾ ਮਜ਼ਾਕ ਉਡਾਇਆ ਗਿਆ ਹੈ। ਇਥੇ ਇਸ ਕਿਰਦਾਰ ਰਾਹੀਂ ਇਹ ਦਿਖਾਇਆ ਗਿਆ ਹੈ ਕਿ ਜ਼ਿੰਦਗੀ ਕਿਸ ਜ਼ਿੰਦਾਦਿਲੀ ਦੇ ਨਾਲ ਜਿਊਣੀ ਚਾਹੀਦੀ ਹੈ।

ਕਿਮ ਸ਼ਰਮਾ

ਇਹੋ ਗੱਲਾਂ ਮਾੜੀਆਂ

ਹਰਸ਼ਵਰਧਨ ਰਾਏ ਤੇ ਕਿਮ ਸ਼ਰਮਾ ਇਕ ਬਾਈਕ 'ਤੇ ਇਕੱਠੇ ਘੁੰਮਣ ਤੇ ਫਿਰ ਖ਼ਬਰ ਚਰਚਿਤ ਹੋਵੇ ਤਾਂ ਦੋਵੇਂ ਕਹਿ ਦੇਣ ਕਿ ਮੀਡੀਆ ਰਾਈ ਦਾ ਪਹਾੜ ਬਣਾਉਂਦਾ ਹੈ, ਇਹ ਤਾਂ ਸ਼ਰੇਆਮ ਅਗਲੇ ਦੀਆਂ ਅੱਖਾਂ 'ਚ ਘੱਟਾ ਪਾਉਣ ਵਾਲੀ ਗੱਲ ਹੋਈ। ਡਿਨਰ ਕਰਕੇ ਕਿਮ ਨੇ ਐਕਟਿਵਾ 'ਤੇ ਹਰਸ਼ ਨਾਲ ਬੈਠਣ ਦਾ ਫ਼ੈਸਲਾ ਲਿਆ ਤੇ ਹਰਸ਼ ਨੇ ਕਿਮ ਨੂੰ ਸਕੂਟੀ 'ਤੇ ਬਿਠਾ ਕੇ 50 ਦੀ ਸਪੀਡ 'ਤੇ ਹੀਰੋ ਡਿਊਟ ਦੌੜਾ ਲਈ। ਜਦ ਮੀਡੀਆ ਦੀਆਂ ਨਜ਼ਰਾਂ ਤੇ ਕੈਮਰੇ ਕਿਮ 'ਤੇ ਘੁੰਮਣ ਲੱਗੇ ਤਦ ਕਿਮ ਨੇ ਓ ਬਾਬਾ ਮਾਰੇ ਗਏ, ਕਿਹਾ ਤਾਂ ਹਰਸ਼ ਨੇ ਗ਼ਲਤ ਦਿਸ਼ਾ 'ਤੇ ਸਕੂਟਰੀ ਚਲਾਈ ਤੇ ਤੇਜ਼ ਰਫ਼ਤਾਰ 'ਤੇ ਉਹ ਵੀ ਮੁੰਬਈ ਵਿਚ ਬਿਨ ਹੈਲਮੈਟ ਦੇ। 'ਮੁਹੱਬਤੇਂ', 'ਸਨਮ ਤੇਰੀ ਕਸਮ' ਫ਼ਿਲਮਾਂ 'ਤੇ ਟੀ.ਵੀ. 'ਤੇ 'ਲੈਫਟ ਰਾਈਟ ਲੈਫਟ' ਸ਼ੋਅ ਕਰ ਚੁੱਕੀ ਕਿਮ ਹੁਣ ਸਿਰਫ਼ ਹਰਸ਼ ਨਾਲ ਉਸ ਦੀ ਫ਼ਿਲਮ 'ਪਲਟਨ' ਦੀ ਸ਼ੂਟਿੰਗ ਦੇਖਣ ਤੱਕ ਸੀਮਤ ਰਹਿ ਗਈ ਲੱਗਦੀ ਹੈ। ਵੈਸੇ ਕਿਮ ਫ਼ਿਲਮਾਂ ਪੱਖੋਂ ਲੰਬਾ ਬਨਵਾਸ ਹੀ ਕੱਟ ਰਹੀ ਹੈ। ਇਸ ਦੌਰਾਨ ਕਦੇ ਉਹ ਆਪਣੀ ਨੌਕਰਾਣੀ ਨੂੰ ਕੁੱਟ ਦਿੰਦੀ ਹੈ ਤੇ ਇਹ ਝਗੜਾ ਥਾਣੇ ਜਾ ਕੇ ਨਿਪਟਦਾ ਹੈ। ਕਿਮ ਕਹਿੰਦੀ ਹੈ ਕਿ ਉਸ ਦਾ ਕੋਕਾ-ਕੋਲਾ ਸੂਟ 70-70 ਹਜ਼ਾਰੀ ਹੈ ਤੇ ਨੌਕਰਾਣੀ ਨੇ ਧੋਣ ਲੱਗਿਆਂ ਸੂਟ ਦੀ ਡੰਡ ਲਾਹ ਦਿੱਤੀ। ਪਹਿਲਾਂ ਉਸ ਨੇ ਅਲੀ ਪਜਾਨੀ ਨਾਲ ਕੀਨੀਆਂ 'ਚ ਵਿਆਹ ਕੀਤਾ। ਸਪੇਨ ਸੈੱਟ ਹੁੰਦੀ-ਹੁੰਦੀ ਯੁਵਰਾਜ ਨੂੰ ਦਿਲ ਦੇ ਬੈਠੀ, ਇਧਰੋਂ ਟੁੱਟੀ ਤਾਂ ਸਪੇਨ ਦੇ ਮਾਰਟਿਨ ਨਾਲ ਪਿਆਰ ਪੈ ਗਿਆ। ਇਥੋਂ ਵੀ ਤੋੜ ਕੇ ਕਿਮ ਨੇ ਫੈਸ਼ਨ ਡਿਜ਼ਾਈਨਰ ਅਰਜਨ ਖੰਨਾ ਨਾਲ ਦਿਲ ਲਾ ਲਿਆ ਤੇ ਹੁਣ ਅਰਜਨ ਨੂੰ ਛੱਡ ਹਰਸ਼ਵਰਧਨ ਰਾਣੇ ਨਾਲ ਨੇੜਤਾ ਕੀਤੀ ਹੈ।

... ਹੁਣ ਹੀਰੋਇਨਾਂ ਬਣਾ ਰਹੀ ਹਾਂ :

ਕਸ਼ਿਸ਼ ਖਾਨ

ਹਰਿਆਣਾ ਦੇ ਮੇਵਾਤ ਨਾਲ ਸਬੰਧ ਰੱਖਣ ਵਾਲੀ ਕਸ਼ਿਸ਼ ਖਾਨ ਅੱਜ ਬਾਲੀਵੁੱਡ ਵਿਚ ਰੁੱਝੀ ਹੋਈ ਨਿਰਮਾਤਰੀ ਹੈ। ਸੱਤ ਫ਼ਿਲਮਾਂ ਦੇ ਪ੍ਰਾਜੈਕਟ ਦੇ ਨਾਲ ਕਸ਼ਿਸ਼ ਦਾ ਨਾਂਅ ਜੁੜਿਆ ਹੋਇਆ ਹੈ ਅਤੇ ਹੋਰ ਕੁਝ ਪ੍ਰਾਜੈਕਟਾਂ 'ਤੇ ਗੱਲਬਾਤ ਚਲ ਰਹੀ ਹੈ। ਰਾਜਨੀਤਕ ਪਵਿਾਰ ਤੋਂ ਆਈ ਕਸ਼ਿਸ਼ ਮੇਵਾਤ ਤੋਂ ਮੁੰਬਈ ਦੇ ਸਫ਼ਰ ਬਾਰੇ ਦੱਸਦਿਆਂ ਕਹਿੰਦੀ ਹੈ, 'ਮੈਂ ਸ਼ੁਰੂ ਤੋਂ ਹੀ ਫ਼ਿਲਮ ਲਾਈਨ ਵਿਚ ਆਉਣਾ ਚਾਹੁੰਦੀ ਸੀ। ਜਵਾਨੀ ਵਿਚ ਕਦਮ ਰੱਖਦਿਆਂ ਹੀ ਮੈਂ ਮਨ ਬਣਾ ਲਿਆ ਸੀ ਕਿ ਜ਼ਿੰਦਗੀ ਵਿਚ ਕੁਝ ਵੱਖਰਾ ਕਰਨਾ ਹੈ। ਇਹ ਕੁਝ ਵੱਖਰਾ ਕਰਨ ਦੀ ਪ੍ਰੇਰਨਾ ਮੈਨੂੰ ਆਪਣੀ ਮਾਂ ਤੋਂ ਮਿਲੀ। ਜਦੋਂ ਮੈਂ ਮਿਸ ਦਿੱਲੀ ਬਣੀ ਅਤੇ ਉਦੋਂ ਲੱਗਿਆ ਕਿ ਹੁਣ ਮੈਨੂੰ ਅਭਿਨੈ ਵਿਚ ਕਿਸਮਤ ਅਜ਼ਮਾਉਣੀ ਚਾਹੀਦੀ ਹੈ। ਫਿਰ ਦੇਖਿਆ ਕਿ ਹੀਰੋਇਨ ਬਣਨਾ ਵੀ ਕਿਹੜਾ ਸੌਖਾ ਹੈ। ਇਸ ਤਰ੍ਹਾਂ ਫ਼ਿਲਮ ਨਿਰਮਾਤਰੀ ਬਣਨਾ ਮੈਨੂੰ ਸਹੀ ਲੱਗਿਆ। ਫ਼ਿਲਮ ਨਿਰਮਾਣ ਵਿਚ ਆਪਣੇ ਕਦਮ ਰੱਖਦੇ ਸਮੇਂ ਕਸ਼ਿਸ਼ ਨੇ ਸੋਚ ਲਿਆ ਸੀ ਕਿ ਉਹ ਰੁਟੀਨ ਫ਼ਿਲਮਾਂ ਨਹੀਂ ਬਣਾਏਗੀ। ਕਿਉਂਕਿ ਉਹ ਹਰਿਆਣਾ ਤੋਂ ਹੈ, ਸੋ ਇਥੇ ਦੇ ਸੱਭਿਆਚਾਰ 'ਤੇ ਆਧਾਰਿਤ ਫ਼ਿਲਮ 'ਰਾਣਾ ਫਰੋਮ ਹਰਿਆਣਾ' ਬਣਾਉਣ ਦਾ ਐਲਾਨ ਕੀਤਾ ਅਤੇ ਇਸ ਦੇ ਨਿਰਦੇਸ਼ਨ ਲਈ ਪ੍ਰਭੂਦੇਵਾ ਨੂੰ ਸਾਈਨ ਕੀਤਾ। ਆਪਣੀਆਂ ਨਿਰਮਾਣ ਅਧੀਨ ਫ਼ਿਲਮਾਂ ਬਾਰੇ ਉਹ ਕਹਿੰਦੀ ਹੈ, 'ਮੇਰੀ ਇਕ ਫ਼ਿਲਮ ਹੈ 'ਰਾਧਾ ਕਿਉਂ ਗੋਰੀ ਮੈਂ ਕਿਉਂ ਕਾਲਾ' ਅਤੇ ਇਸ ਨੂੰ ਪ੍ਰੇਮ ਸੋਨੀ ਨਿਰਦੇਸ਼ਿਤ ਕਰ ਰਹੇ ਹਨ। ਇਹ ਸੱਚੀ ਘਟਨਾ 'ਤੇ ਆਧਾਰਿਤ ਹੈ ਅਤੇ ਸਲਮਾਨ ਖਾਨ ਦੀ ਪ੍ਰੇਮਿਕਾ ਯੂਲੀਆ ਇਸ ਵਿਚ ਮੁੱਖ ਭੂਮਿਕਾ ਨਿਭਾਅ ਰਹੀ ਹੈ। ਪ੍ਰੇਮ ਸੋਨੀ ਹੀ ਮੇਰੀ ਇਕ ਹੋਰ ਫ਼ਿਲਮ 'ਗਣਿਤ' ਵੀ ਨਿਰਦੇਸ਼ਿਤ ਕਰ ਰਹੇ ਹਨ। ਮੈਂ ਇਕ ਵੱਡੇ ਬਜਟ ਦੀ ਡਰਾਉਣੀ ਫ਼ਿਲਮ ਵੀ ਬਣਾ ਰਹੀ ਹਾਂ, ਜਿਸ ਨੂੰ ਸੰਜੈ ਗੁਪਤਾ ਨਿਰਦੇਸ਼ਿਤ ਕਰ ਰਹੇ ਹਨ।

ਹੁਣ ਮੈਂ ਰਾਜਨੀਤੀ ਤੋਂ ਬਹੁਤ ਦੂਰ ਚਲਾ ਗਿਆ ਹਾਂ : ਗੋਵਿੰਦਾ

ਇਸ ਵਿਚ ਦੋ ਰਾਵਾਂ ਨਹੀਂ ਕਿ ਅਭਿਨੇਤਾ ਗੋਵਿੰਦਾ ਦਾ ਕੈਰੀਅਰ ਉੱਭਾਰਨ ਵਿਚ ਨਿਰਮਾਤਾ ਪਹਿਲਾਜ਼ ਨਿਹਲਾਨੀ ਦਾ ਵੱਡਾ ਹੱਥ ਰਿਹਾ ਹੈ। 'ਤਨ ਬਦਨ' ਤੋਂ ਬਾਅਦ ਗੋਵਿੰਦਾ ਦੀ ਦੂਜੀ ਫ਼ਿਲਮ 'ਇਲਜ਼ਾਮ' ਸੀ। ਇਸ ਦੇ ਨਿਰਮਾਤਾ ਪਹਿਲਾਜ਼ ਸਨ ਅਤੇ ਫ਼ਿਲਮ ਦੀ ਸਫਲਤਾ ਨੇ ਗੋਵਿੰਦਾ ਨੂੰ ਸਟਾਰ ਦਾ ਰੁਤਬਾ ਦਿਵਾ ਦਿੱਤਾ ਸੀ। ਇਸ ਤੋਂ ਬਾਅਦ ਗੋਵਿੰਦਾ ਨੇ ਪਹਿਲਾਜ਼ ਵਲੋਂ ਬਣਾਈ 'ਆਂਖੇਂ' ਤੇ 'ਸ਼ੋਅਲਾ ਔਰ ਸ਼ਬਨਮ' ਵਿਚ ਕੰਮ ਕੀਤਾ ਅਤੇ ਇਨ੍ਹਾਂ ਫ਼ਿਲਮਾਂ ਦੀ ਸਫਲਤਾ ਨੇ ਗੋਵਿੰਦਾ ਦੇ ਸਟਾਰਡਮ ਨੂੰ ਹੋਰ ਵਧਾ ਦਿੱਤਾ। ਹੁਣ ਗੋਵਿੰਦਾ-ਪਹਿਲਾਜ਼ ਦੀ ਜੋੜੀ 'ਰੰਗੀਲਾ ਰਾਜ' ਲੈ ਕੇ ਆ ਰਹੀ ਹੈ ਅਤੇ ਇਸ ਵਿਚ ਗੋਵਿੰਦਾ ਦੀ ਦੋਹਰੀ ਭੂਮਿਕਾ ਹੈ।
ਗੋਵਿੰਦਾ ਨੂੰ ਇਸ ਫ਼ਿਲਮ ਤੋਂ ਵੱਡੀਆਂ ਉਮੀਦਾਂ ਹਨ। ਉਹ ਕਹਿੰਦੇ ਹਨ, 'ਜਦੋਂ ਪਹਿਲਾਜ਼ ਨੇ 'ਆਂਖੇਂ' ਬਣਾਈ ਸੀ, ਉਦੋਂ ਉਸ ਨੂੰ ਦੇਖ ਕੇ ਮੈਂ ਕਿਹਾ ਸੀ ਕਿ ਇਹ 'ਸ਼ੋਅਲੇ' ਤਾਂ ਨਹੀਂ ਪਰ ਵੱਡੀ ਹਿੱਟ ਹੋਵੇਗੀ ਅਤੇ ਹੋਈ ਵੀ। ਹੁਣ ਇਸ ਫ਼ਿਲਮ ਬਾਰੇ ਮੈਂ ਇਹ ਕਹਾਂਗਾ ਕਿ ਇਹ ਪਰਿਵਾਰਕ ਫ਼ਿਲਮ ਹੈ। ਕਾਮੇਡੀ ਵੀ ਬਹੁਤ ਹੈ। ਇਹ ਟਿਕਟ ਖਿੜਕੀ 'ਤੇ ਧਮਾਲ ਮਚਾਏਗੀ। ਗੋਵਿੰਦਾ ਦੇ ਚਾਹੁਣ ਵਾਲਿਆਂ ਲਈ ਇਹ ਸਹੀ ਤੋਹਫ਼ਾ ਹੈ।'
ਗੋਵਿੰਦਾ ਖ਼ੁਦ ਆਧਿਆਤਮਿਕ ਖਿਆਲਾਂ ਵਾਲੇ ਹਨ। ਉਹ ਪੂਜਾ-ਪਾਠ ਵੀ ਬਹੁਤ ਕਰਦੇ ਹਨ। ਇਥੇ ਇਕ ਕਿਰਦਾਰ ਵਿਚ ਉਨ੍ਹਾਂ ਨੂੰ ਭਗਵੇਂ ਚੋਲੇ ਵਿਚ ਦਿਖਾਇਆ ਗਿਆ ਹੈ। ਭਗਵਾ ਚੋਲਾ ਪਾਉਣ ਬਾਰੇ ਉਹ ਕਹਿੰਦੇ ਹਨ, 'ਇਥੇ ਮੇਰੀ ਦੋਹਰੀ ਭੂਮਿਕਾ ਹੈ। ਇਕ ਹੈ ਜੋ ਕੁੜੀਆਂ ਵੱਲ ਦੇਖਦਾ ਨਹੀਂ ਹੈ ਅਤੇ ਦੂਜਾ ਕੋਈ ਮੌਕਾ ਗਵਾਉਂਦਾ ਨਹੀਂ ਹੈ। ਕਿਰਦਾਰ ਦੀ ਮੰਗ ਦੀ ਵਜ੍ਹਾ ਕਰਕੇ ਇਥੇ ਮੈਨੂੰ ਭਗਵਾ ਚੋਲਾ ਪਵਾਇਆ ਗਿਆ ਹੈ। ਉਂਜ ਨਿੱਜੀ ਜ਼ਿੰਦਗੀ ਵਿਚ ਮੈਂ ਭਗਵੇਂ ਚੋਲੇ ਦਾ ਬਹੁਤ ਸਨਮਾਨ ਕਰਦਾ ਹਾਂ ਪਰ ਇਥੇ ਇਹ ਚੋਲਾ ਪਾ ਕੇ ਕੀ ਕਰਦਾ ਹਾਂ, ਇਹ ਜਾਣਨ ਲਈ ਫ਼ਿਲਮ ਦੇਖਣੀ ਹੋਵੇਗੀ।' ਗੋਵਿੰਦਾ ਕਾਂਗਰਸ ਦੀ ਟਿਕਟ 'ਤੇ ਚੋਣ ਲੜ ਕੇ ਲੋਕ ਸਭਾ ਵਿਚ ਪਹੁੰਚੇ ਸਨ ਤੇ ਪਹਿਲਾਜ਼ ਭਾਜਪਾ ਸਮਰਥਕ ਹੈ। ਇਹ ਪੁੱਛਣ 'ਤੇ ਕੀ ਸ਼ੂਟਿੰਗ ਦੌਰਾਨ ਦੋਵਾਂ ਵਿਚ ਰਾਜਨੀਤੀ ਦੀਆਂ ਗੱਲਾਂ ਹੁੰਦੀਆਂ ਸਨ? ਉਹ ਕਹਿੰਦੇ ਹਨ, 'ਹੁਣ ਮੈਂ ਰਾਜਨੀਤੀ ਤੋਂ ਬਹੁਤ ਦੂਰ ਚਲਾ ਗਿਆ ਹਾਂ। ਰਾਜਨੀਤੀ ਵਿਚ ਜਾ ਕੇ ਇਹ ਅਹਿਸਾਸ ਹੋਇਆ ਕਿ ਜੋ ਵਿਸ਼ਾ ਤੁਹਾਡੀ ਪਸੰਦ ਦਾ ਨਾ ਹੋਵੇ, ਉਸ ਵਿਚ ਹੱਥ ਨਹੀਂ ਪਾਉਣਾ ਚਾਹੀਦਾ। ਹੁਣ ਮੈਂ ਕਿਸੇ ਵੀ ਵਿਚਾਰਧਾਰਾ ਦਾ ਸਮਰਥਕ ਨਹੀਂ ਹਾਂ। ਸੋ, ਰਾਜਨੀਤੀ ਦੀਆਂ ਗੱਲਾਂ ਤੋਂ ਦੂਰ ਰਹਿਣਾ ਹੀ ਪਸੰਦ ਕਰਦਾ ਹਾਂ।'

-ਮੁੰਬਈ ਪ੍ਰਤੀਨਿਧ

ਭਾਵੁਕ ਹੋਏ ਵਿੰਦੂ

ਫ਼ਿਲਮ 'ਮਰਦ' ਵਿਚ ਦਾਰਾ ਸਿੰਘ ਵਲੋਂ ਬੋਲਿਆ ਗਿਆ ਇਹ ਸੰਵਾਦ ਬਹੁਤ ਹਰਮਨਪਿਆਰਾ ਹੋਇਆ ਸੀ ਕਿ 'ਮਰਦ ਕੋ ਦਰਦ ਨਹੀਂ ਹੋਤਾ'। ਪਰ ਇਹ ਤਾਂ ਸੱਚ ਹੈ ਕਿ ਮਰਦ ਦੇ ਸੀਨੇ ਵਿਚ ਦਿਲ ਹੁੰਦਾ ਹੈ ਅਤੇ ਉਸ ਦਿਲ ਵਿਚ ਜਜ਼ਬਾਤ ਵੀ ਹੁੰਦੇ ਹਨ। ਦਿਲੀ ਜਜ਼ਬਾਤ ਦਾ ਨਮੂਨਾ ਦਾਰਾ ਸਿੰਘ ਦੇ ਹੀ ਬੇਟੇ ਵਿੰਦੂ ਨੇ ਉਦੋਂ ਪੇਸ਼ ਕਰ ਦਿੱਤਾ ਸੀ ਜਦੋਂ ਉਨ੍ਹਾਂ ਨੇ 'ਬਿੱਗ ਬੌਸ-2' ਵਿਚ ਹਿੱਸਾ ਲਿਆ ਸੀ। ਵਿੰਦੂ ਕਿੰਨੇ ਜਜ਼ਬਾਤੀ ਹਨ, ਇਸ ਦਾ ਇਕ ਹੋਰ ਨਮੂਨਾ ਉਦੋਂ ਦੇਖਣ ਨੂੰ ਮਿਲ ਗਿਆ ਜਦੋਂ ਉਹ ਫ਼ਿਲਮ ਸਟਾਰ ਐਵਾਰਡ ਨਾਈਟ ਵਿਚ ਪਹੁੰਚੇ ਅਤੇ ਇਥੇ ਉਨ੍ਹਾਂ ਦੇ ਹੱਥੋਂ ਬੀਰਬਲ, ਸੁਨੀਲ ਪਾਲ, ਗੁਲਸ਼ਨ ਪਾਂਡੇ ਤੇ ਹੋਰ ਕਲਾਕਾਰਾਂ ਨੂੰ ਸਨਮਾਨਿਤ ਕੀਤਾ ਗਿਆ।
ਬੀਰਬਲ ਨੂੰ ਐਵਾਰਡ ਦੇਣ ਤੋਂ ਬਾਅਦ ਰਸਮੀ ਗੱਲਾਂ ਵਿਚ ਵਿੰਦੂ ਕਹਿਣ ਲੱਗੇ, 'ਮੈਂ ਜਦੋਂ ਛੋਟਾ ਸੀ ਉਦੋਂ ਤੋਂ ਇਨ੍ਹਾਂ ਨੂੰ ਫ਼ਿਲਮਾਂ ਵਿਚ ਕੰਮ ਕਰਦੇ ਦੇਖਦੇ ਆ ਰਹਾ ਹਾਂ। ਉਹ ਏਨੇ ਸੀਨੀਅਰ ਕਲਾਕਾਰ ਹਨ ਕਿ ਇਨ੍ਹਾਂ ਨੇ ਕਈ ਕਲਾਕਾਰਾਂ ਦੀਆਂ ਪੀੜ੍ਹੀਆਂ ਨੂੰ ਦੇਖਿਆ ਹੈ। ਉਹ ਪੂਰੀ ਤਰ੍ਹਾਂ ਨਾਲ ਅਭਿਨੈ ਨੂੰ ਸਮਰਪਿਤ ਕਲਾਕਾਰ ਹਨ ਅਤੇ ਹਰ ਹਾਲਤ ਵਿਚ ਮੁਸਕਰਾਉਂਦੇ ਰਹਿਣਾ ਉਨ੍ਹਾਂ ਦਾ ਵੱਡਾ ਗੁਣ ਹੈ। ਉਨ੍ਹਾਂ ਦੀ ਇਕ ਵੱਡੀ ਗੱਲ ਇਹ ਵੀ ਹੈ ਕਿ ਮੈਂ ਕਦੀ ਉਨ੍ਹਾਂ ਨੂੰ ਸ਼ਿਕਾਇਤ ਕਰਦੇ ਨਹੀਂ ਦੇਖਿਆ। ਇਕ ਕਲਾਕਾਰ ਵਿਚ ਇਹ ਗੁਣ ਹੋਣਾ ਚੰਗੀ ਗੱਲ ਹੈ। ਇਸ ਤਰ੍ਹਾਂ ਦੇ ਕਲਾਕਾਰ ਨੂੰ ਜਦੋਂ ਸਨਮਾਨਿਤ ਕੀਤਾ ਜਾਂਦਾ ਹੈ ਤਾਂ ਲਗਦਾ ਹੈ ਕਿ ਉਹ ਇਸ ਦੇ ਹੱਕਦਾਰ ਹਨ।'
ਇਸ ਤਰ੍ਹਾਂ ਦੇ ਗੁਣੀ ਕਲਾਕਾਰ ਨੂੰ ਸਨਮਾਨ ਮਿਲਣ 'ਤੇ ਉਨ੍ਹਾਂ ਨੂੰ ਵਧਾਈ।


-ਪੰਨੂੰ

ਕੰਨੜ ਫ਼ਿਲਮਾਂ ਦੇ ਸਟਾਰ ਯਸ਼ ਨੂੰ ਪੇਸ਼ ਕਰਦੀ 'ਕੇ.ਜੀ.ਐਫ.'

ਕੰਨੜ ਫ਼ਿਲਮਾਂ ਦੇ ਨਾਮੀ ਅਭਿਨੇਤਾ ਯਸ਼ ਦਾ ਚਿਹਰਾ ਹਿੰਦੀ ਦਰਸ਼ਕਾਂ ਲਈ ਨਵਾਂ ਨਹੀਂ ਹੈ। ਉਨ੍ਹਾਂ ਦੀਆਂ ਕਈ ਕੰਨੜ ਫ਼ਿਲਮਾਂ ਹਿੰਦੀ ਵਿਚ ਡੱਬ ਹੋ ਕੇ ਵੱਖ-ਵੱਖ ਚੈਨਲਾਂ 'ਤੇ ਪ੍ਰਸਾਰਿਤ ਹੁੰਦੀਆਂ ਰਹੀਆਂ ਹਨ। ਹੁਣ ਫ਼ਿਲਮ 'ਕੇ. ਜੀ. ਐਫ.' ਰਾਹੀਂ ਉਹ ਸਿਨੇਮਾਘਰਾਂ ਦੇ ਵੱਡੇ ਪਰਦੇ 'ਤੇ ਆ ਰਹੀ ਹੈ। ਇਹ ਉਨ੍ਹਾਂ ਦੀ ਪਹਿਲੀ ਕੰਨੜ ਫ਼ਿਲਮ ਹੈ ਜੋ ਡੱਬ ਹੋ ਕੇ ਪ੍ਰਦਰਸ਼ਿਤ ਹੋ ਰਹੀ ਹੈ।
ਕੇ. ਜੀ. ਐਫ. ਦਾ ਪੂਰਾ ਨਾਂਅ ਹੈ 'ਕੋਲਾਰ ਗੋਲਡ ਫੀਲਡਸ'। ਕੋਲਾਰ ਦੀਆਂ ਸੋਨੇ ਦੀਆਂ ਖਦਾਨਾਂ ਮਸ਼ਹੂਰ ਹਨ ਅਤੇ ਇਸ ਫ਼ਿਲਮ ਦੀ ਜ਼ਿਆਦਾਤਰ ਸ਼ੂਟਿੰਗ ਵੀ ਬੰਦ ਪਈਆਂ ਹੋਈਆਂ ਖਦਾਨਾਂ ਵਿਚ ਕੀਤੀ ਗਈ ਹੈ। ਇਥੇ ਕਹਾਣੀ ਦਾ ਸਮਾਂ ਅੱਸੀ ਦੇ ਦਹਾਕੇ ਦਾ ਦਿਖਾਇਆ ਗਿਆ ਹੈ ਅਤੇ ਇਸ ਲਿਹਾਜ਼ ਨਾਲ ਉਸ ਜ਼ਮਾਨੇ ਦੇ ਮਾਹੌਲ ਨੂੰ ਦਿਖਾਉਂਦੇ ਸੈੱਟ ਖੜ੍ਹੇ ਕਰਕੇ ਵੀ ਇਹ ਫ਼ਿਲਮਾਈ ਗਈ ਹੈ।
ਫ਼ਿਲਮ ਬਾਰੇ ਯਸ਼ ਕਹਿੰਦੇ ਹਨ, 'ਇਹ ਮੇਰੀ 70ਵੀਂ ਕੰਨੜ ਫ਼ਿਲਮ ਹੈ। ਜਦੋਂ ਇਸ ਦੇ ਨਿਰਮਾਣ ਦੀ ਯੋਜਨਾ ਬਣੀ ਉਦੋਂ ਇਸ ਨੂੰ ਵੱਡੇ ਪੱਧਰ 'ਤੇ ਬਣਾਉਣ ਬਾਰੇ ਸੋਚਿਆ ਗਿਆ। ਜਿਸ ਤਰ੍ਹਾਂ 'ਬਾਹੂਬਲੀ' ਨੂੰ ਵੱਡੇ ਬੱਜਟ ਵਿਚ ਬਣਾਉਣ ਦਾ ਫਾਇਦਾ ਤਾਮਿਲ ਫ਼ਿਲਮ ਇੰਡਸਟਰੀ ਨੂੰ ਬਹੁਤ ਪਹੁੰਚਿਆ, ਕੁਝ ਉਸੇ ਤਰ੍ਹਾਂ ਦਾ ਫਾਇਦਾ ਕੰਨੜ ਫ਼ਿਲਮ ਉਦਯੋਗ ਨੂੰ ਪਹੁੰਚਣ ਦੇ ਇਰਾਦੇ ਨਾਲ ਇਸ ਨੂੰ ਵੱਡੀ ਲਾਗਤ ਨਾਲ ਬਣਾਇਆ ਜਾ ਰਿਹਾ ਹੈ। ਫ਼ਿਲਮ ਦੇ ਨਿਰਮਾਣ ਦੌਰਾਨ ਲੱਗਿਆ ਕਿ ਇਸ ਵਿਚ ਯੂਨੀਵਰਸਲ ਅਪੀਲ ਹੈ। ਦੇਸ਼ ਦੇ ਹਰ ਖੇਤਰ ਤੇ ਹਰ ਵਰਗ ਦੇ ਦਰਸ਼ਕਾਂ ਨੂੰ ਇਹ ਅਪੀਲ ਕਰ ਸਕਦੀ ਹੈ। ਸੋ, ਕਿਉਂ ਨਾ ਇਸ ਨੂੰ ਹਿੰਦੀ ਵਿਚ ਡੱਬ ਕਰਨ ਲਾਇਕ ਬਣਾਇਆ ਜਾਵੇ। ਸੋ, ਫ਼ਿਲਮ ਵਿਚ ਨਵੇਂ ਦ੍ਰਿਸ਼ ਜੋੜੇ ਗਏ ਤਾਂ ਕਿ ਉੱਤਰ ਭਾਰਤ ਵਿਚ ਇਸ ਨੂੰ ਦੇਖਣ ਵਾਲਿਆਂ ਨੂੰ ਇਹ ਆਪਣੀ ਫ਼ਿਲਮ ਲੱਗੇ। ਇਹ ਪੂਰੀ ਤਰ੍ਹਾਂ ਨਾਲ ਮਸਾਲਾ ਫ਼ਿਲਮ ਹੈ। ਇਸ ਵਿਚ ਕਿਸੇ ਇਕ ਸੱਭਿਆਚਾਰ ਦੀ ਗੱਲ ਨਹੀਂ ਕੀਤੀ ਗਈ ਹੈ। ਇਹੀ ਵਜ੍ਹਾ ਹੈ ਕਿ ਇਹ ਹਿੰਦੀ ਦੇ ਨਾਲ-ਨਾਲ ਤਾਮਿਲ, ਤੇਲਗੂ ਤੇ ਮਲਿਆਲਮ ਵਿਚ ਵੀ ਡੱਬ ਕੀਤੀ ਗਈ ਹੈ।'
ਫ਼ਿਲਮ ਵਿਚ ਯਸ਼ ਵਲੋਂ ਰਾਕੀ ਦਾ ਕਿਰਦਾਰ ਨਿਭਾਇਆ ਗਿਆ ਹੈ। ਇਹ ਰਾਕੀ ਗ਼ਰੀਬ ਘਰ ਦਾ ਹੈ ਅਤੇ ਬਚਪਨ ਵਿਚ ਬੂਟ ਪਾਲਿਸ਼ ਕਰ ਕੇ ਉਸ ਨੇ ਆਪਣਾ ਪੇਟ ਪਾਲਿਆ ਹੁੰਦਾ ਹੈ। ਅੱਗੇ ਚੱਲ ਕੇ ਉਹ ਖਦਾਨ ਦੇ ਮਾਫੀਆ ਨਾਲ ਟੱਕਰ ਲੈਂਦਾ ਹੈ ਅਤੇ ਇਸ ਟੱਕਰ ਨੂੰ ਇਥੇ ਐਕਸ਼ਨ ਦਾ ਜਾਮਾ ਪਵਾ ਕੇ ਪੇਸ਼ ਕੀਤਾ ਗਿਆ ਹੈ।
ਫ਼ਿਲਮ ਦੀ ਨਾਇਕਾ ਹੈ ਸ੍ਰੀਨਿਧੀ ਸ਼ੈਟੀ ਅਤੇ ਇਹ ਉਸ ਦੀ ਪਹਿਲੀ ਫ਼ਿਲਮ ਹੈ। ਇਕ ਸੁੰਦਰਤਾ ਮੁਕਾਬਲੇ ਵਿਚ ਉਸ ਦੀ ਖ਼ੂਬਸੂਰਤੀ ਦੇਖ ਕੇ ਨਿਰਦੇਸ਼ਕ ਪ੍ਰਸ਼ਾਂਤ ਨੀਲ ਨੇ ਉਸ ਨੂੰ ਕਾਸਟ ਕਰ ਲਿਆ ਸੀ।
ਯਸ਼ ਇਹ ਕਬੂਲਦੇ ਹਨ ਕਿ ਜਦੋਂ ਫ਼ਿਲਮ ਨੂੰ ਹਿੰਦੀ ਵਿਚ ਡੱਬ ਕਰਨ ਦਾ ਸਮਾਂ ਆਇਆ ਤਾਂ ਉਹ ਖ਼ੁਦ ਇਸ ਦੀ ਡਬਿੰਗ ਕਰਨਾ ਚਾਹੁੰਦੇ ਸਨ। ਫਿਰ ਲੱਗਿਆ ਕਿ ਉਨ੍ਹਾਂ ਦਾ ਹਿੰਦੀ ਉਚਾਰਣ ਸਾਫ ਨਹੀਂ ਹੈ ਅਤੇ ਇਸ ਵਜ੍ਹਾ ਕਰਕੇ ਫ਼ਿਲਮ ਨੂੰ ਨੁਕਸਾਨ ਪਹੁੰਚ ਸਕਦਾ ਹੈ। ਸੋ, ਰਾਕੀ ਦੇ ਕਿਰਦਾਰ ਨੂੰ ਆਪਣੀ ਆਵਾਜ਼ ਦੇਣ ਦਾ ਇਰਾਦਾ ਬਦਲ ਦਿੱਤਾ। 'ਬਾਹੂਬਲੀ' ਦੀ ਤਰ੍ਹਾਂ ਇਹ ਵੀ ਦੋ ਭਾਗਾਂ ਵਿਚ ਬਣਾਈ ਗਈ ਹੈ ਅਤੇ ਸ਼ਾਇਦ ਉਹ ਦੂਜੇ ਭਾਗ ਵਿਚ ਆਪਣੀ ਆਵਾਜ਼ ਦੇਣ।
ਇਹ ਫ਼ਿਲਮ 'ਜ਼ੀਰੋ' ਦੇ ਸਾਹਮਣੇ ਪ੍ਰਦਰਸ਼ਿਤ ਹੋ ਰਹੀ ਹੈ ਅਤੇ ਯਸ਼ ਨੂੰ ਪੂਰਾ ਭਰੋਸਾ ਹੈ ਕਿ ਉਨ੍ਹਾਂ ਦੀ ਫ਼ਿਲਮ 'ਜ਼ੀਰੋ' ਦੇ ਸਾਹਮਣੇ ਵੀ ਚੰਗੀ ਭੀੜ ਇਕੱਠੀ ਕਰਨ ਵਿਚ ਕਾਮਯਾਬ ਰਹੇਗੀ।


-ਮੁੰਬਈ ਪ੍ਰਤੀਨਿਧ

ਸਾਫ ਸੁਥਰੇ ਗੀਤਾਂ ਦਾ ਸਿਰਜਕ-ਅਮਰੀਕ ਤਲਵੰਡੀ

ਕਲਾ ਕੁਦਰਤ ਵਲੋਂ ਮਿਲਿਆ ਹੁਸੀਨ ਤੋਹਫ਼ਾ ਹੁੰਦੀ ਹੈ ਜਿਸ ਕਿਸੇ 'ਤੇ ਕੁਦਰਤ ਮੇਹਰਵਾਨ ਹੋਵੇ, ਉਹ ਇਨਸਾਨ ਦਿਨਾਂ ਵਿਚ ਹੀ ਆਮ ਤੋਂ ਖਾਸ ਬਣ ਜਾਂਦਾ ਹੈ। ਲੋੜ ਹੈ ਇਸ ਕਲਾ ਰੂਪੀ ਬੀਜ ਨੂੰ ਪਨਪਣ ਲਈ ਲੋੜੀਂਦੇ ਵਾਤਾਵਰਨ ਦੀ। ਅਜਿਹਾ ਹੀ ਕਲਾ ਰੂਪੀ ਬੀਜ ਸਾਡੇ ਬਹੁਤ ਹੀ ਸਤਿਕਾਰਤ ਅਮਰੀਕ ਸਿੰਘ ਤਲਵੰਡੀ ਜਿਸ ਦੀਆਂ ਲਿਖੀਆਂ ਗੀਤਾਂ ਵਾਲੀਆਂ ਕਿਤਾਬਾਂ ਨੂੰ ਪੜ੍ਹਦਿਆਂ ਮੇਰੇ ਅੰਦਰ ਵੀ ਗੀਤ ਲਿਖਣ ਦੀ ਜਾਗ ਲੱਗੀ ਤੇ ਰਸਮੀ ਤੌਰ 'ਤੇ ਉਨ੍ਹਾਂ ਨੂੰ ਉਸਤਾਦ ਧਾਰਿਆ। ਇਸ ਸ਼੍ਰੋਮਣੀ, ਸਟੇਟ ਅਤੇ ਨੈਸ਼ਨਲ ਐਵਾਰਡੀ ਅਧਿਆਪਕ ਗੀਤਕਾਰ ਦਾ ਜਨਮ ਪਿੰਡ ਤਲਵੰਡੀ ਕਲਾਂ, ਜਗਰਾਉਂ ਜ਼ਿਲ੍ਹਾ ਲੁਧਿਆਣਾ ਵਿਖੇ ਪਿਤਾ ਸ: ਪਾਲ ਸਿੰਘ ਅਤੇ ਮਾਤਾ ਸ੍ਰੀਮਤੀ ਬਸੰਤ ਕੌਰ ਦੇ ਘਰ ਹੋਇਆ। ਤਲਵੰਡੀ ਨੇ ਜਦੋਂ ਸ਼ੁਰੂ ਵਿਚ ਸ੍ਰੀ ਦਸ਼ਮੇਸ਼ ਖ਼ਾਲਸਾ ਹਾਈ ਸਕੂਲ ਟਾਹਲੀਆਣਾ ਸਾਹਿਬ ਰਾਏਕੋਟ ਵਿਖੇ ਬਤੌਰ ਪੰਜਾਬੀ ਅਧਿਆਪਕ ਦੇ ਤੌਰ 'ਤੇ ਪੜ੍ਹਾਉਣਾ ਸ਼ੁਰੂ ਕੀਤਾ ਤਾਂ ਨੌਵੀਂ ਜਮਾਤ ਦਾ ਇੰਚਾਰਜ ਹੋਣ ਕਰਕੇ ਬੱਚਿਆਂ ਰਾਹੀਂ ਆਪਣੀ ਗੀਤਕਾਰੀ ਦੀ ਸ਼ੁਰੂਆਤ ਕੀਤੀ। ਜਦੋਂ ਇਨ੍ਹਾਂ ਦੀ ਕਲਾਸ ਦੇ ਬੱਚਿਆਂ ਨੇ ਇਨ੍ਹਾਂ ਦੇ ਲਿਖੇ ਗੀਤ ਦਸਵੀਂ ਜਮਾਤ ਨੂੰ ਹੋਣ ਵਾਲੀ ਵਿਦਾਇਗੀ ਪਾਰਟੀ ਵਿਚ ਗਾਏ ਤਾਂ ਸਕੂਲ ਦੇ ਸਾਰੇ ਅਧਿਆਪਕ ਸੁਣ ਕੇ ਅਸ਼-ਅਸ਼ ਕਰ ਉਠੇ। ਤਲਵੰਡੀ ਨੂੰ ਉਥੋਂ ਮਿਲੇ ਉਤਸ਼ਾਹ ਅਤੇ ਹੌਸਲਾ ਅਫ਼ਜ਼ਾਈ ਨੇ ਯਕੀਨ ਦਿਵਾ ਦਿੱਤਾ ਕਿ ਉਨ੍ਹਾਂ ਅੰਦਰ ਗੀਤਕਾਰ ਬੈਠਾ ਹੈ। ਤਲਵੰਡੀ ਨੇ ਹੌਸਲਾ ਜਿਹਾ ਕਰਕੇ ਅੱਜ ਦੇ ਮਹਾਨ ਕਲਾਕਾਰ ਸੁਰਿੰਦਰ ਛਿੰਦਾ ਨੂੰ ਜਦੋਂ ਗੀਤ ਵਿਖਾਏ ਤਾਂ ਉਨ੍ਹਾਂ ਨੇ ਵੀ ਬੇਹੱਦ ਪਸੰਦ ਕੀਤੇ ਅਤੇ ਐੱਚ.ਐੱਮ.ਵੀ. ਕੰਪਨੀ ਵਿਚ ਪਹਿਲਾ ਗੀਤ 'ਪਹਾੜ ਜਿੱਡੇ ਲਾਰੇ' ਆਪ ਗਾ ਕੇ ਅਤੇ ਇਸ ਗੀਤ ਦੇ ਜਵਾਬ ਵਿਚ ਹੀ ਗੁਲਸ਼ਨ ਕੋਮਲ ਤੋਂ 'ਕੂੰਜ਼ ਵਾਂਗ ਕੁਰਲਾਵਾਂ ਵੇ' ਗੀਤ ਗਵਾ ਕੇ ਰਿਕਾਰਡਿੰਗ ਦੀ ਦੁਨੀਆਂ ਵਿਚ ਤਲਵੰਡੀ ਦਾ ਬਤੌਰ ਗੀਤਕਾਰ ਪਰਵੇਸ਼ ਕਰਵਾ ਦਿੱਤਾ। ਜਦੋਂ ਦੋਵੇਂ ਗੀਤ ਉਸ ਸਮੇਂ ਸਪੀਕਰਾਂ 'ਤੇ ਵੱਜੇ ਤਾਂ ਪੰਜਾਬੀ ਸਰੋਤਿਆਂ ਨੇ ਬੇਹੱਦ ਪਸੰਦ ਕੀਤੇ। ਛਿੰਦੇ ਨੇ ਟੀ. ਸੀਰੀਜ਼ ਕੰਪਨੀ ਵਿਚ 'ਤੋਹਫ਼ਾ ਸੱਜਣਾਂ ਦਾ' ਕੈਸਿਟ ਦੀ ਰਿਕਾਰਡਿੰਗ ਕਰਵਾ ਦਿੱਤੀ। ਇਸ ਵਿਚ ਪੰਜ ਗੀਤ ਸੁਰਿੰਦਰ ਛਿੰਦਾ ਨੇ ਆਪ ਅਤੇ ਤਿੰਨ ਗੀਤ ਪੰਜਾਬ ਦੀ ਕੋਇਲ ਕਰਕੇ ਜਾਣੀ ਜਾਂਦੀ ਮਸ਼ਹੂਰ ਗਾਇਕਾ ਰੰਜਨਾ ਤੋਂ ਰਿਕਾਰਡ ਕਰਵਾਏ। ਇਸ ਕੈਸਿਟ ਨੂੰ ਪੜ੍ਹੇ-ਲਿਖੇ ਅਤੇ ਸਾਹਿਤਕ ਲੋਕਾਂ ਨੇ ਬੇਹੱਦ ਪਸੰਦ ਕੀਤਾ। ਰੰਜਨਾ ਦਾ ਗਾਇਆ ਗੀਤ 'ਛੁੱਟੀ ਲੈ ਕੇ ਆ ਜਾ ਫੌਜੀਆ' ਨੇ ਜਿੱਥੇ ਰੰਜਨਾ ਨੂੰ ਬੇਹੱਦ ਸਤਿਕਾਰ ਦਿਵਾਇਆ ਸੀ, ਉੱਥੇ ਹੀ ਤਲਵੰਡੀ ਨੂੰ ਬਹੁਤ ਸਾਰਾ ਮਾਣ-ਸਨਮਾਨ ਮਿਲਿਆ ਸੀ। ਉਸ ਤੋਂ ਬਾਅਦ ਤਲਵੰਡੀ ਦੇ ਗੀਤਾਂ ਦੇ ਪ੍ਰਸ਼ੰਸਕਾਂ ਨੇ ਮਾਣਕ ਸਾਹਿਬ ਦੀ ਵੀ ਪੂਰੀ ਚਰਚਾ ਹੋਣ ਦੀ ਗੱਲ ਕਹੀ ਤਾਂ ਮਾਣਕ ਸਾਹਿਬ ਨੂੰ ਗੀਤ ਵਿਖਾਏ ਤਾਂ ਉਨ੍ਹਾਂ ਨੇ ਵੀ ਬਹੁਤ ਪ੍ਰਸੰਸਾ ਕੀਤੀ ਅਤੇ 'ਚੜਿਆ ਸੋਧਣ ਧਰਤਿ ਲੋਕਾਈ' ਅਤੇ 'ਗੁਰੁੂ ਮਾਨਿਓ ਗ੍ਰੰਥ' ਕੈਸਿਟ ਵਿਚ ਸਾਰੇ ਗੀਤ ਇਨ੍ਹਾਂ ਦੇ ਹੀ ਗਾਏ ਸਨ। ਮਾਣਕ ਦੇ ਗਾਏ ਗੀਤ 'ਕਿਸੇ ਦੀ ਗ਼ਰੀਬੀ ਦਾ ਮਜ਼ਾਕ ਨਹੀਂ ਉਡਾਈਦਾ' ਨੇ ਤਲਵੰਡੀ ਨੂੰ ਪੰਜਾਬ ਦੇ ਗਰੀਬ ਸਰੋਤਿਆਂ ਤੋਂ ਅਥਾਹ ਪਿਆਰ ਸਤਿਕਾਰ ਦਿਵਾਇਆ। ਉਸ ਤੋਂ ਬਾਅਦ ਤਾਂ ਦਿਲਸ਼ਾਦ ਅਖ਼ਤਰ ਨੇ ਵੀ ਪੂਰੀ ਦੀ ਪੂਰੀ ਕੈਸਿਟ ਦੇ ਗੀਤ ਗਾ ਦਿੱਤੇ। ਜਿਸ ਵਿਚ 'ਕਿਤੋਂ ਆ ਜਾ ਪੁੰਨਣਾ ਵੇ' ਗੀਤ ਗਾਇਕੀ ਦਾ ਸਿਖ਼ਰ ਸੀ। ਉਸ ਤੋਂ ਬਾਅਦ ਤਾਂ ਹਰਭਜਨ ਮਾਨ, ਅੰਗਰੇਜ਼ ਅਲੀ, ਮਨਿੰਦਰ ਛਿੰਦਾ, ਪਾਲੀ ਦੇਤਵਾਲੀਆ, ਦਲੇਰ ਪੰਜਾਬੀ, ਗੁਰਪਾਲ ਪਾਲ, ਰਮੇਸ਼ ਗੁਲਾਟੀ, ਬਲਜੀਤ ਬਾਦਸ਼ਾਹ, ਸਤਪਾਲ ਕਿੰਗਰ, ਕੁਲਵੀਰ ਰੋਗੀ ਆਦਿ ਨੇ ਉਸ ਤੋਂ ਬਾਅਦ ਪੂਰੀਆਂ ਦੀਆਂ ਪੂਰੀਆਂ ਕੈਸਿਟਾਂ ਦੇ ਨਾਲ-ਨਾਲ ਟੁੱਟਵੇਂ ਗੀਤ ਵੀ ਗਾਏ ਹਨ। ਪਿਛਲੇ ਸਮੇਂ ਵਿਚ ਹੀ ਗਾਇਕੀ ਦੇ ਸਫ਼ਰ ਵਿਚ ਪਹਿਲੀ ਵਾਰ ਸੁਰਿੰਦਰ ਛਿੰਦੇ ਅਤੇ ਪਾਲੀ ਦੇਤਵਾਲੀਏ ਨੇ ਇਕੱਠਿਆਂ ਤਲਵੰਡੀ ਦਾ ਗੀਤ 'ਮੀਂਹ ਨੋਟਾਂ ਦਾ' ਗਾ ਕੇ ਵੀ ਭਰਪੂਰ ਚਰਚਾ ਕਰਵਾਈ ਹੈ। ਤਲਵੰਡੀ ਇੱਕ ਗੱਲ ਬੜੇ ਮਾਣ ਨਾਲ ਦੱਸਦਾ ਹੈ ਕਿ ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਨੇ ਜੋ ਦੂਰਦਰਸ਼ਨ 'ਤੇ ਆਖਰੀ ਤਿੰਨ ਗੀਤ ਗਾਏ ਹਨ, ਉਹ ਮੇਰੇ ਲਿਖੇ ਹੀ ਹਨ। ਤਲਵੰਡੀ ਦੀਆਂ ਹੁਣ ਤੱਕ ਛਪੀਆਂ ਪੈਂਤੀ ਪੁਸਤਕਾਂ ਵਿਚੋਂ ਅੱਠ ਗੀਤਾਂ ਦੀਆਂ ਹਨ। ਤਲਵੰਡੀ ਨੇ ਘੱਟ ਗੀਤ ਰਿਕਾਰਡ ਕਰਵਾਉਣੇ ਮਨਜ਼ੂਰ ਕਰ ਲਏ ਪਰ ਆਪਣੇ ਗੀਤਾਂ ਦਾ ਮਿਆਰ ਥੱਲੇ ਨਹੀਂ ਆਉਣ ਦਿੱਤਾ। ਤਲਵੰਡੀ ਵਿਚ ਆਮ ਗੀਤਕਾਰਾਂ ਨਾਲੋਂ ਵੱਖਰੀ ਗੱਲ ਇਹ ਹੈ ਕਿ ਇੱਕੋ ਹੀ ਸਮੇਂ ਬਾਲਾਂ ਅਤੇ ਵੱਡਿਆਂ ਲਈ ਗੀਤ, ਕਵਿਤਾਵਾਂ ਅਤੇ ਕਹਾਣੀਆਂ ਲਿਖਦੇ ਹਨ। ਮਾਣ-ਸਨਮਾਨ ਬਾਰੇ ਤਲਵੰਡੀ ਨੇ ਦੱਸਿਆ ਹੈ ਕਿ ਇਹ ਸੱਚ ਹੈ ਕਿ ਮੈਂ ਓਨਾ ਕੁਝ ਲਿਖਿਆ ਨਹੀਂ ਜਿੰਨਾ ਮੇਰਾ ਘਰ ਸਨਮਾਨਾਂ ਨਾਲ ਪੰਜਾਬੀ ਪ੍ਰੇਮੀਆਂ ਨੇ ਭਰ ਦਿੱਤਾ ਹੈ। ਪੰਜਾਬੀ ਮਾਂ-ਬੋਲੀ ਦੇ ਇਸ ਲਾਡਲੇ ਲਾਲ ਦੀ ਤੰਦਰੁਸਤੀ ਅਤੇ ਸਲਾਮਤੀ ਲਈ ਦੁਆ ਕਰਦੇ ਹਾਂ।

-ਪ੍ਰਤੀਨਿਧ ਚੱਬਾ, ਅੰਮ੍ਰਿਤਸਰ।

ਦਿਸ਼ਾ ਪਟਾਨੀ

ਸਹੀ ਦਿਸ਼ਾ ਵੱਲ

ਨਜ਼ਰਾਂ ਮਿਲਾਈਆਂ ਹੀ ਦਿਸ਼ਾ ਪਟਾਨੀ ਤੇ ਸ਼ਰਾਫ਼ ਟਾਈਗਰ ਨੇ ਕਿ ਲੋਕਾਂ ਦੇ ਬੁੱਲ੍ਹਾਂ 'ਤੇ ਇਨ੍ਹਾਂ ਪ੍ਰੇਮ ਪੰਛੀਆਂ ਦੇ ਚਰਚੇ ਗਲੀ-ਗਲੀ ਫ਼ਿਲਮੀ ਮੁਹੱਲੇ-ਮੁਹੱਲੇ ਹੋ ਗਏ। ਦਿਸ਼ਾ ਦੀ ਦਸ਼ਾ ਸਹੀ ਚੱਲ ਰਹੀ ਹੈ ਤੇ ਕੁਮਾਰੀ ਪਟਾਨੀ ਇਸ ਵੇਲੇ 'ਭਾਰਤ' ਦੀ ਹੀਰੋਇਨ ਹੈ। ਸਲਮਾਨ ਖਾਨ ਦੇ ਨਾਲ ਤੇ 'ਭਾਰਤ' 'ਚ ਦਿਸ਼ਾ ਦੇ ਐਕਸ਼ਨ ਤਕੜੇ ਹਨ। ਦਿਸ਼ਾ ਦੇ ਐਕਸ਼ਨ ਦੇਖ ਕੇ ਟਾਈਗਰ ਨੇ ਤਾੜੀਆਂ ਵਜਾ ਕੇ ਉਸ ਨੂੰ ਹੌਸਲਾ ਦਿੱਤਾ ਕਿ ਆਪਾਂ ਹਾਲੇ ਇਕੱਠੇ ਹਾਂ। ਰਾਹ ਵੱਖਰੇ-ਵੱਖਰੇ ਪਰ ਮੰਜ਼ਿਲ ਇਕ ਤੇ ਏਕ-ਦੂਜੇ ਕੇ ਲੀਏ ਦਿਸ਼ਾ-ਟਾਈਗਰ। ਪੰਜਾਬ ਦੀ ਸੈਰ 'ਭਾਰਤ' ਦੇ ਫ਼ਿਲਮਾਂਕਣ ਸਮੇਂ ਦਿਸ਼ਾ ਨੇ ਪੰਜਾਬ ਨੇੜਿਓਂ ਤੱਕਿਆ ਤੇ ਮੱਕੀ ਦੀ ਰੋਟੀ ਤੇ ਸਰ੍ਹੋਂ ਦੇ ਸਾਗ ਦਾ ਮਜ਼ਾ ਵੀ ਲਿਆ। 'ਮੰਗਲਯਾਨ' ਦਿਸ਼ਾ ਨੇ ਛੱਡ ਦਿੱਤੀ ਹੈ। ਅਕਸ਼ੈ ਤਦ ਤੋਂ ਹੀ ਦਿਸ਼ਾ ਨਾਲ ਨਾਰਾਜ਼ ਹੈ। ਦਿਸ਼ਾ ਨੇ ਚਾਹੇ 'ਮੰਗਲਯਾਨ' ਠੁਕਰਾਈ ਹੈ ਪਰ ਇਧਰ ਕਿਆਰਾ ਅਡਵਾਨੀ ਨੇ ਦਿਸ਼ਾ ਹੱਥੋਂ 'ਟੈਲਕਮ' ਪਾਊਡਰ ਦਾ ਵਿਗਿਆਪਨ ਖੋਹ ਲਿਆ ਹੈ। ਲਾਲ ਰੰਗ ਦਾ ਲਹਿੰਗਾ ਪਾ ਕੇ ਲੱਖ ਰੈਂਪ ਕਰੇ ਦਿਸ਼ਾ ਪਟਾਨੀ ਪਰ ਇਕੱਲੇ 'ਭਾਰਤ' ਦੇ ਸਿਰ 'ਤੇ ਉਸ ਦੀ ਛਾਲ ਬਹੁਤ ਉੱਚੀ ਨਹੀਂ ਜਾ ਸਕਦੀ। ਆਪਣੇ ਖੁੱਲ੍ਹੇ-ਡੁੱਲ੍ਹੇ ਅੰਦਾਜ਼ ਤੇ ਵਿਚਾਰਾਂ ਲਈ ਪ੍ਰਸਿੱਧ ਦਿਸ਼ਾ ਪਟਾਨੀ ਬੀਤੇ ਦਿਨੀਂ ਖਾਸ ਤੌਰ 'ਤੇ ਬਰੇਲੀ ਗਈ। ਕਾਰਨ ਇਹ ਕਿ ਪ੍ਰਿਅੰਕਾ ਚੋਪੜਾ ਦੇ ਵਿਆਹ ਮੌਕੇ ਉਸ ਦੇ ਪੁਰਾਣੇ ਇਕੱਲੇ ਪਏ ਬਰੇਲੀ ਵਾਲੇ ਘਰ ਨੂੰ ਦਿਸ਼ਾ ਨੇ ਆਪਣੇ ਪਾਪਾ ਜਗਦੀਸ਼ ਪਟਾਨੀ ਨਾਲ ਮਿਲ ਕੇ ਸੰਵਾਰਿਆ। ਯਾਦ ਰਹੇ ਬਰੇਲੀ 'ਚ ਪ੍ਰਿਅੰਕਾ-ਦਿਸ਼ਾ ਇਕੱਠੀਆਂ ਵੀ ਰਹੀਆਂ ਹਨ। ਸਿੱਧੀ ਗੱਲ ਕਿ ਦਿਸ਼ਾ ਪਟਾਨੀ ਇਸ ਸਮੇਂ ਪ੍ਰਿਅੰਕਾ ਨਾਲ ਦੋਸਤੀ ਨਿਭਾਅ ਰਹੀ ਹੈ। ਉਸ ਦਾ ਅਸ਼ੀਰਵਾਦ ਲੈ ਰਹੀ ਹੈ। ਇਹ ਅਸ਼ੀਰਵਾਦ ਹੀ ਉਸ ਦਾ ਭਵਿੱਖ ਸੰਵਾਰੇਗਾ। ਐਮ.ਐਸ. ਧੋਨੀ ਦੀ ਅਨਟੋਲਡ ਸਟੋਰੀ', 'ਬਾਗੀ-2' ਵਾਲੀ ਅੰਤਰਮੁਖੀ ਕੁੜੀ ਦਿਸ਼ਾ ਪਟਾਨੀ ਫੈਸ਼ਨ ਸ਼ੋਅਜ਼ ਹੁਣ ਘੱਟ ਕਰੇਗੀ। ਟਾਈਗਰ ਨਾਲ ਨਵੇਂ ਸਾਲ 'ਚ ਰਿਸ਼ਤੇ ਕਿੱਧਰ ਜਾਣਗੇ? ਬਿਕਨੀ ਪਾ ਕੇ ਐਕਸ਼ਨ ਕਰ ਕੇ ਸਲਮਾਨ ਖ਼ਾਨ ਨਾਲ 'ਭਾਰਤ' 'ਚ ਭੂਮਿਕਾ ਤੇ ਅਕਸ਼ੈ ਨਾਲ ਨਾਰਾਜ਼ਗੀ, ਖੱਟੀਆਂ-ਮਿੱਠੀਆਂ ਗੱਲਾਂ, ਦਿਸ਼ਾ ਪਟਾਨੀ ਨੂੰ ਚਾਹੇ ਯਾਦ ਰਹਿਣ ਜਾਂ ਭੁੱਲ ਜਾਣ ਪਰ ਇਹ ਨਹੀਂ ਭੁੱਲੇਗਾ ਕਿ ਉਸ ਦੀ ਦਿਸ਼ਾ ਤੇ ਦਸ਼ਾ 2018 'ਚ ਸਹੀ ਹੀ ਰਹੀ ਹੈ।

ਹੁਣ ਮੇਰੀ ਆਖ਼ਰੀ ਇੱਛਾ ਵੀ ਪੂਰੀ ਹੋ ਗਈ : ਅਨੁਸ਼ਕਾ ਸ਼ਰਮਾ

12 ਦਸੰਬਰ 2008 ਵਾਲੇ ਦਿਨ 'ਰੱਬ ਨੇ ਬਨਾ ਦੀ ਜੋੜੀ' ਪ੍ਰਦਰਸ਼ਿਤ ਹੋਈ ਸੀ ਅਤੇ ਇਸ ਦੀ ਰਿਲੀਜ਼ ਦੇ ਨਾਲ ਬਾਲੀਵੁੱਡ ਨੂੰ ਅਨੁਸ਼ਕਾ ਸ਼ਰਮਾ ਦੇ ਰੂਪ ਵਿਚ ਇਕ ਖ਼ੂਬਸੂਰਤ ਨਾਇਕਾ ਮਿਲੀ। ਅਨੁਸ਼ਕਾ ਦੀ ਅਭਿਨੈ ਯਾਤਰਾ ਨੇ ਦਸ ਸਾਲ ਪੂਰੇ ਕਰ ਲਏ ਹਨ ਅਤੇ ਆਪਣੇ ਇਸ ਸਫ਼ਰ ਦੌਰਾਨ ਅਨੁਸ਼ਕਾ ਨੇ 'ਬੈਂਡ ਬਾਜਾ ਬਾਰਾਤ', 'ਪੀਕੇ', 'ਸੁਲਤਾਨ', 'ਸੂਈ ਧਾਗਾ' ਸਮੇਤ ਕਈ ਹਿੱਟ ਫ਼ਿਲਮਾਂ ਦਿੱਤੀਆਂ। ਹੁਣ ਉਹ ਆਪਣੀ ਪਹਿਲੀ ਫ਼ਿਲਮ ਦੇ ਨਾਇਕ ਸ਼ਾਹਰੁਖ ਖਾਨ ਦੇ ਨਾਲ 'ਜ਼ੀਰੋ' ਵਿਚ ਆ ਰਹੀ ਹੈ। ਭਾਵ ਆਪਣੇ ਕੈਰੀਅਰ ਦੀ ਸ਼ੁਰੂਆਤ ਤੋਂ ਬਾਅਦ ਹੁਣ ਦਸਵੇਂ ਸਾਲ ਦੇ ਪੜਾਅ ਦੇ ਅਖੀਰ ਵਿਚ ਉਹ ਸ਼ਾਹਰੁਖ ਨਾਲ ਕੰਮ ਕਰ ਰਹੀ ਹੈ।
ਆਪਣੇ ਇਸ ਹੀਰੋ ਬਾਰੇ ਉਹ ਕਹਿੰਦੀ ਹੈ, 'ਮੈਂ ਦਸ ਸਾਲ ਦੇ ਸਮੇਂ ਦੌਰਾਨ ਸ਼ਾਹਰੁਖ ਨਾਲ ਚਾਰ ਫ਼ਿਲਮਾਂ ਕੀਤੀਆਂ ਹਨ। ਮੇਰੀ ਪਹਿਲੀ ਫ਼ਿਲਮ ਉਨ੍ਹਾਂ ਨਾਲ ਸੀ ਤੇ ਹੁਣ 'ਜ਼ੀਰੋ' ਉਨ੍ਹਾਂ ਨਾਲ ਹੈ। ਦੋਵਾਂ ਨੇ 'ਜਬ ਤਕ ਹੈ ਜਾਨ' ਤੇ 'ਜਬ ਹੈਰੀ ਮੈਟ ਸੇਜਲ' ਵੀ ਕੀਤੀਆਂ। ਉਮੀਦ ਹੈ ਕਿ ਅੱਗੇ ਵੀ ਇਕੱਠਿਆਂ ਕੰਮ ਕਰਨ ਦੇ ਮੌਕੇ ਮਿਲਦੇ ਰਹਿਣਗੇ।'
* ਉਂਜ ਹੁਣ ਜਦੋਂ ਤੁਸੀਂ ਆਪਣੇ ਦਸ ਸਾਲ ਦੇ ਕੈਰੀਅਰ ਨੂੰ ਲੈ ਕੇ ਪਿੱਛੇ ਮੁੜ ਕੇ ਦੇਖਦੇ ਹੋ ਤਾਂ ਕੀ ਕੁਝ ਖ਼ਾਸ ਨਜ਼ਰ ਆਉਂਦਾ ਹੈ?
-ਜਦੋਂ ਮੈਂ ਆਪਣੇ ਕੈਰੀਅਰ ਬਾਰੇ ਸੋਚਦੀ ਹਾਂ ਤਾਂ ਸਭ ਤੋਂ ਪਹਿਲਾਂ ਮੈਨੂੰ ਆਪਣੀ ਪਹਿਲੀ ਫ਼ਿਲਮ 'ਰੱਬ ਨੇ ਬਨਾ ਦੀ ਜੋੜੀ' ਯਾਦ ਆਉਂਦੀ ਹੈ। ਯਸ਼ਰਾਜ ਬੈਨਰ ਨੇ ਮੈਨੂੰ ਮੌਕਾ ਦਿੱਤਾ ਅਤੇ ਮੈਨੂੰ ਸ਼ਾਹਰੁਖ ਦੀ ਹੀਰੋਇਨ ਦੇ ਰੂਪ ਵਿਚ ਪੇਸ਼ ਕੀਤਾ ਗਿਆ। ਇਸ ਤਰ੍ਹਾਂ ਦਾ ਵੱਡਾ ਮੌਕਾ ਪਾਉਣਾ ਹੀ ਮੇਰੇ ਲਈ ਬਹੁਤ ਵੱਡੀ ਗੱਲ ਸੀ। ਫਿਰ ਮੇਰੀ ਦੂਜੀ ਫ਼ਿਲਮ 'ਬੈਂਡ ਬਾਜਾ ਬਾਰਾਤ' ਨੇ ਬਾਲੀਵੁੱਡ ਵਿਚ ਮੇਰੀ ਮੌਜੂਦਗੀ ਬਹੁਤ ਮਜ਼ਬੂਤ ਕੀਤੀ ਹੈ। ਮੇਰੀ ਪਹਿਲੀ ਫ਼ਿਲਮ ਦੀ ਸਫਲਤਾ ਦਾ ਸਿਹਰਾ ਸ਼ਾਹਰੁਖ ਨੂੰ ਦਿੱਤਾ ਗਿਆ ਪਰ 'ਬੈਂਡ ਬਾਜਾ ਬਾਰਾਤ ਦੀ ਸਫਲਤਾ ਲਈ ਮੈਨੂੰ ਵੀ ਜ਼ਿੰਮੇਦਾਰ ਮੰਨਿਆ ਗਿਆ। ਮੈਂ ਜਦੋਂ ਫ਼ਿਲਮਾਂ ਵਿਚ ਆਈ ਸੀ, ਉਦੋਂ ਮੈਂ ਉਨ੍ਹਾਂ ਨਿਰਦੇਸ਼ਕਾਂ ਦੀ ਸੂਚੀ ਤਿਆਰ ਕੀਤੀ ਸੀ ਕਿ ਜਿਨ੍ਹਾਂ ਦੇ ਨਾਲ ਮੈਂ ਕੰਮ ਕਰਨਾ ਚਾਹੁੰਦੀ ਸੀ ਅਤੇ ਇਨ੍ਹਾਂ ਦਸ ਸਾਲਾਂ ਵਿਚ ਉਨ੍ਹਾਂ ਸਾਰੇ ਨਿਰਦੇਸ਼ਕਾਂ ਦੇ ਨਾਲ ਮੈਂ ਫ਼ਿਲਮਾਂ ਕਰ ਲਈਆਂ। ਫ਼ਿਲਮ ਨਿਰਮਾਣ ਕਰਨ ਦੀ ਇੱਛਾ ਵੀ ਦਹਾਕੇ ਦੌਰਾਨ ਪੂਰੀ ਹੋ ਗਈ ਅਤੇ ਮੈਂ 'ਫਿਲੌਰੀ' ਤੇ 'ਪਰੀ' ਬਣਾ ਕੇ ਆਪਣੇ ਬੈਨਰ ਨੂੰ ਵੀ ਸਥਾਪਿਤ ਕਰ ਲਿਆ ਹੈ। ਵੱਡੇ ਬ੍ਰਾਂਡ ਦੇ ਉਤਪਾਦਾਂ ਲਈ ਮੈਂ ਆਪਣਾ ਚਿਹਰਾ ਚਮਕਾਉਣਾ ਚਾਹੁੰਦੀ ਸੀ ਅਤੇ ਕਈ ਨਾਮੀ ਬ੍ਰਾਂਡ ਲਈ ਮਾਡਲਿੰਗ ਕਰ ਕੇ ਇਹ ਇੱਛਾ ਵੀ ਪੂਰੀ ਕਰ ਲਈ। ਮੈਂ ਕਿ ਵੱਖਰੇ ਤਰ੍ਹਾਂ ਦੀ ਭੂਮਿਕਾ ਨਿਭਾਉਣਾ ਚਾਹੁੰਦੀ ਸੀ ਅਤੇ ਇਹ ਇੱਛਾ ਹੁਣ 'ਜ਼ੀਰੋ' ਰਾਹੀਂ ਪੂਰੀ ਹੋ ਰਹੀ ਹੈ। ਭਾਵ ਹੁਣ ਤਕ ਦਸ ਸਾਲ ਦਾ ਕੈਰੀਅਰ ਸ਼ਾਨਦਾਰ ਰਿਹਾ।

ਤਮੰਨਾ ਭਾਟੀਆ : ਪ੍ਰੇਸ਼ਾਨੀ ਕੰਮ ਘਟਣ ਦੀ

ਔਰਤਾਂ ਦੇ ਹੱਕਾਂ ਲਈ ਤਮੰਨਾ ਭਾਟੀਆ ਹੱਥੀਂ ਪੈਣ ਤੱਕ ਜਾਂਦੀ ਹੈ। 'ਮੀ ਟੂ' ਦੀ ਚਰਚਾ ਹੋਵੇ ਤੇ ਤਮੰਨਾ ਚੁੱਪ ਰਹੇ, ਨਹੀਂ ਜੀ ਨਹੀਂ, ਉਸ ਨੇ ਤਾਂ ਬਲਦੀ 'ਤੇ ਤੇਲ ਪਾਉਣਾ ਹੈ। ਤਮੰਨਾ ਦਾ ਵੱਸ ਚੱਲੇ ਤਾਂ ਸੰਸਦ 'ਚ ਅਜਿਹੇ ਕਾਨੂੰਨ ਘੜ ਦੇਵੇ ਕਿ ਮੁੰਡੇ ਪੁੱਛ ਕੇ ਘਰੋਂ ਤੁਰਿਆ ਕਰਨ ਕਿ ਸਾਹਮਣੇ ਕੁੜੀ ਆ ਗਈ ਤਾਂ ਕਿਸ ਤਰ੍ਹਾਂ ਸਾਹਮਣਾ ਕਰਨਾ ਹੈ ਜਾਂ ਰਾਹ ਛੱਡ ਦੂਜੇ ਰਾਹ ਹੋ ਜਾਣਾ ਹੈ। ਅਸੀਂ ਨਹੀਂ ਇਹ ਗੱਲਾਂ ਸੋਸ਼ਲ ਮੀਡੀਆ 'ਤੇ ਤਮੰਨਾ ਦੀਆਂ ਟਿੱਪਣੀਆਂ ਤੋਂ ਅੱਕੇ ਬੰਦਿਆਂ ਨੇ ਕੀਤੀਆਂ ਹਨ ਤੇ ਤਮੰਨਾ ਨੂੰ ਸਲਾਹ ਦਿੱਤੀ ਹੈ ਕਿ 'ਬਾਹੂਬਲੀ' ਔਰਤ ਬਣਨ ਦੀ ਥਾਂ ਉਹ ਰਾਜਨੀਤੀ 'ਚ ਆ ਜਾਵੇ ਤੇ ਅਭਿਨੈ ਦੀ ਦੁਨੀਆ ਤੋਂ ਪਰ੍ਹਾਂ ਹੋ ਜਾਏ। ਤਮੰਨਾ ਨੇ ਬਾਕਾਇਦਾ ਪੋਸਟ ਪਾਈ ਹੈ ਕਿ ਜਬਰੀ ਗਲੇ ਲਾਉਣਾ, ਛੂਹ ਲੈਣਾ ਜਾਂ ਚੂੰਢੀ-ਥੱਪਾ ਕਰਨਾ ਇਹ ਵੀ 'ਕਾਮੁਕ ਸ਼ੋਸ਼ਣ' ਤੇ ਪ੍ਰੇਸ਼ਾਨ ਕਰਨ ਵਾਲੀ ਅਵਸਥਾ ਹੈ। ਇਸ ਲਈ ਸਜ਼ਾ ਸਖ਼ਤ ਹੋਵੇ। ਇਥੇ ਹੀ ਬੱਸ ਨਹੀਂ, ਤਮੰਨਾ ਨੇ ਬਕਾਇਦਾ ਇਕ ਅਖ਼ਬਾਰੀ ਮੁਲਾਕਾਤ ਵਿਚ ਕਿਹਾ ਕਿ ਕੱਪੜਿਆਂ 'ਤੇ ਫੱਬਤੀ ਕੱਸਣੀ, ਗੰਦੀ ਗਾਲ੍ਹ, ਗੰਦੇ ਚੁਟਕਲੇ ਜਾਂ ਸੁਨੇਹੇ ਘੱਲਣੇ ਇਹ ਵੀ ਅਪਰਾਧਯੋਗ ਹੈ। ਦੇਖੋ ਫ਼ਿਲਮਾਂ ਘੱਟ ਹਨ ਤਾਂ ਤਮੰਨਾ ਭਾਟੀਆ ਇਸ ਵਿਸ਼ੇ 'ਤੇ ਗੱਲਾਂ ਕਰ ਕੇ ਮੌਜੂਦਾ ਸਮੇਂ ਦੀ ਨਾਰੀ ਸ਼ਕਤੀ ਦਾ ਬਿੰਬ ਬਣਨ ਦੀ ਕੋਸ਼ਿਸ਼ 'ਚ ਹੈ। ਸਟਾਰ ਪਲੱਸ ਦੇ ਸ਼ੋਅ 'ਲਿਪ ਸਿੰਗ ਬੈਟਲ' 'ਚ ਰਜਨੀਕਾਂਤ ਬਣ 'ਲੂੰਗੀ ਡਾਂਸ' ਕਰਨ ਵਾਲੀ ਤਮੰਨਾ ਭਾਟੀਆ ਨੂੰ ਜਦ ਕਿਸੇ ਨੇ ਕਿਹਾ ਕਿ ਪਿਆਰ ਦ੍ਰਿਸ਼ਾਂ 'ਚ ਹੀਰੋ ਤੁਹਾਨੂੰ ਚੁੰਮਣ ਤੱਕ ਜਾਂਦਾ ਹੈ, ਕੇਸ ਕਰ ਦਿਓ ਤਾਂ ਤਮੰਨਾ ਝੂਠੀ ਜਿਹੀ ਪੈ ਗਈ ਤੇ ਅਭਿਨੈ ਕਹਿ ਕੇ ਟਾਲਾ ਵੱਟ ਗਈ। ਆਪਣੀਆਂ ਵਿਵਾਦਤ ਗੱਲਾਂ ਲਈ ਤਮੰਨਾ ਭਾਟੀਆ ਨੇ ਪਿਛਲੇ ਦਿਨੀਂ ਹੈਦਰਾਬਾਦ 'ਚ ਆਪਣੇ 'ਤੇ 'ਜੁੱਤੀ ਵਰਖਾ' ਹੁੰਦੀ ਵੀ ਤੱਕੀ। ਤਮੰਨਾ ਬੇਸ਼ੱਕ ਚੰਗੀ ਅਭਿਨੇਤਰੀ ਹੈ, ਸਫ਼ਲ ਹੀਰੋਇਨ ਹੈ, ਦੱਖਣ ਤੋਂ ਬਾਅਦ ਹਿੰਦੀ 'ਚ ਵੀ ਕਹਿੰਦੀਆਂ-ਕਹਾਉਂਦੀਆਂ ਹੀਰੋਇਨਾਂ ਦੀ ਕਤਾਰ 'ਚ ਮੂਹਰੇ ਹੈ ਪਰ ਕੰਮ ਉਮੀਦ ਨਾਲੋਂ ਕਿਤੇ ਘੱਟ ਮਿਲਣ ਕਾਰਨ ਪ੍ਰੇਸ਼ਾਨ ਹੈ। ਲੋਕਾਂ ਨਾਲ ਪੁੱਠੇ-ਸਿੱਧੇ ਬਿਆਨ ਦੇ ਕੇ ਨਾਰਾਜ਼ਗੀ ਹੋਰ ਵਧਾ ਰਹੀ ਹੈ ਤੇ ਪ੍ਰਸੰਸਕ ਸੰਖਿਆ ਵੀ ਉਸ ਦੀ ਘਟ ਰਹੀ ਹੈ। ਅਭਿਨੇਤਾ ਵੀ ਵੋਟਾਂ ਨਾਲ ਹੁੰਦੇ ਹਨ ਤੇ ਜਨਤਾ ਵੋਟ ਹੱਥੋਂ ਗਈ ਤਾਂ ਤਮੰਨਾ ਭਾਟੀਆ ਦੀ ਹਰ ਤਮੰਨਾ ਨੂੰ 'ਬਰੇਕ' ਲੱਗਣੀ ਸ਼ੁਰੂ ਹੋ ਜਾਵੇਗੀ ਤੇ ਇਕ ਰੋਜ਼ ਕਿਤੇ ਬਰੇਕ... ਪੱਕੀ ਹੀ ਨਾ ਲੱਗ ਜਾਏ।

ਸ਼ਾਹਰੁਖ ਖ਼ਾਨ : 'ਹੀਰੋ' ਜਾਂ ਫਿਰ 'ਜ਼ੀਰੋ'

ਸ਼ਾਹਰੁਖ ਦੀ 'ਜ਼ੀਰੋ' ਦਾ ਇਕ ਪੋਸਟਰ ਨੂੰ ਲੈ ਕੇ ਸਿੱਖ ਕੌਮ ਨਾਲ ਵਿਵਾਦ ਵੀ ਹੈ ਤੇ ਇਹ ਹਟਣਾ ਚਾਹੀਦਾ ਹੈ 'ਕ੍ਰਿਸਮਸ' ਦਾ ਦਿਨ ਚੁਣਿਆ ਹੈ 'ਜ਼ੀਰੋ' ਲਈ ਸ਼ਾਹਰੁਖ ਨੇ ਤੇ ਪੱਛਮੀ ਬੰਗਾਲ ਦੀ ਮਾਣਯੋਗ ਮੁੱਖ ਮੰਤਰੀ ਕੁਮਾਰੀ ਮਮਤਾ ਬੈਨਰਜੀ ਨੇ ਸ਼ਾਹਰੁਖ ਦਾ ਕੋਲਕਾਤਾ ਵਿਚ ਆਉਣ 'ਤੇ ਸਵਾਗਤ ਕਰਦਿਆਂ ਕਿਹਾ, 'ਹੀਰੋ' 'ਜ਼ੀਰੋ' ਕਿਵੇਂ ਹੋ ਗਿਆ? ਮਤਲਬ ਸਾਫ਼ ਹੈ ਕਿ 'ਜ਼ੀਰੋ' ਲਈ ਪੱਛਮੀ ਬੰਗਾਲ 'ਚ ਸ਼ਾਹਰੁਖ ਦਾ ਪ੍ਰਚਾਰ ਵੱਡੇ ਹੱਥੀਂ ਹੈ। ਇਧਰ ਸ਼ਾਹਰੁਖ ਦੀ ਧੀ ਸੁਹਾਨਾ ਥੀਏਟਰ ਪ੍ਰੇਮਣ ਹੈ। ਸੁਹਾਨਾ ਨੇ ਹੁਣੇ ਜਿਹੇ ਹੀ ਪਾਪਾ ਦੇ ਅਸ਼ੀਰਵਾਦ ਨਾਲ ਨਾਟਕ 'ਜੂਲੀਅਟ' ਖੇਡਿਆ ਹੈ। 'ਜ਼ੀਰੋ' ਲਈ ਹਰ ਹਰਬਾ ਸ਼ਾਹਰੁਖ ਮੀਆਂ ਵਰਤ ਰਹੇ ਹਨ, ਚਾਹੇ ਲੰਦਨ ਜਾ ਕੇ ਥੀਏਟਰ 'ਜੂਲੀਅਟ' ਨਾਟਕ, ਬੇਟੀ ਸੁਹਾਨਾ ਦਾ ਜ਼ਿਕਰ ਜਾਂ ਨਿੱਕੇ ਅਬਰਾਹਮ ਦਾ ਮੋਹ ਹੋਵੇ, ਗੱਲ 'ਜ਼ੀਰੋ' ਨਾਲ ਜੋੜ ਦਿੰਦੇ ਹਨ ਕਿ 'ਜ਼ੀਰੋ' ਕਰਦੇ ਸਮੇਂ ਇਨ੍ਹਾਂ ਚੀਜ਼ਾਂ ਨੇ ਅਸਰ ਪਾਇਆ। 'ਜ਼ੀਰੋ' ਦਾ ਗੀਤ 'ਇਸ਼ਕਬਾਜ਼ੀ' ਚਰਚਾ ਵਿਚ ਹੈ। 'ਜ਼ੀਰੋ' ਨੂੰ ਲੈ ਕੇ ਸ਼ਾਹਰੁਖ ਦੀਆਂ ਸਕੀਮਾਂ ਬਹੁਤ ਹਨ। ਜਾਂਦੇ ਸਾਲ 'ਚ 'ਜ਼ੀਰੋ' ਹਿੱਟ ਤਾਂ ਸ਼ਾਹਰੁਖ ਫਿਰ ਬੀ-ਟਾਊਨ ਦਾ 2018 ਦਾ ਹਿੱਟ 'ਹੀਰੋ' ਬਾਕੀ ਸਾਰੇ 'ਜ਼ੀਰੋ'। ਵੈਸੇ 'ਜ਼ੀਰੋ' 'ਚ ਅਪਾਹਜ ਬੌਣੇ ਬਣੇ ਸ਼ਾਹਰੁਖ ਨਾਲ ਸਵਰਗੀ ਸ੍ਰੀਦੇਵੀ ਵੀ ਹੈ। ਸ੍ਰੀਦੇਵੀ ਦੀ ਮੌਜੂਦਗੀ ਵਾਲੇ 'ਜ਼ੀਰੋ' ਦੇ ਗਾਣੇ 'ਚ ਆਲੀਆ ਤੇ ਕ੍ਰਿਸ਼ਮਾ ਕਪੂਰ ਵੀ ਹਨ। ਦਰਅਸਲ 'ਜ਼ੀਰੋ' ਦੇ 'ਕੈਮਿਓ' 'ਚ ਸਲਮਾਨ, ਕਾਜੋਲ, ਮਾਧੁਰੀ, ਸ੍ਰੀਦੇਵੀ ਵੀ ਹਨ। 21 ਨੂੰ ਇਹ ਫ਼ਿਲਮ ਆ ਰਹੀ ਹੈ।


-ਸੁਖਜੀਤ ਕੌਰ

ਸੋਨਮ ਕਪੂਰ : ਪੁਲਿਸ ਅਫ਼ਸਰ ਬਣੇਗੀ

ਸੋਨਮ ਕਪੂਰ 'ਏਕ ਲੜਕੀ ਕੋ ਦੇਖਾ' ਲਈ ਰਾਜਕੁਮਾਰ ਰਾਓ ਤੇ ਪਿਤਾ ਅਨਿਲ ਕਪੂਰ ਨਾਲ ਦਿਨ-ਰਾਤ ਸਮਾਂ ਦੇ ਕੇ ਫ਼ਿਲਮਾਂਕਣ ਪ੍ਰਕਿਰਿਆ 'ਚ ਭਾਗ ਲੈ ਰਹੀ ਹੈ। 'ਖ਼ੂਬਸੂਰਤ' ਫ਼ਿਲਮ ਦੇ ਚਾਰ ਸਾਲ ਪੂਰੇ ਹੋਣ 'ਤੇ ਕੁਝ ਜ਼ਿਆਦਾ ਹੀ ਇਹ ਮੂੰਹ ਫੱਟ ਨਾਇਕਾ ਭਾਵੁਕ ਹੈ। ਫਵਾਦ ਖ਼ਾਨ ਨਾਲ ਬਿਤਾਏ ਪਲ ਉਹ ਅੱਜ ਵੀ ਯਾਦ ਕਰ ਰਹੀ ਹੈ ਪਰ ਕੀ ਇਹ ਆਨੰਦ ਆਹੂਜਾ ਦੀ ਤੌਹੀਨ ਨਹੀਂ ਹੈ? ਚਲੋ ਨਿਖਿਲ ਅਡਵਾਨੀ ਨੇ ਸੋਨਮ ਨੂੰ 'ਖ਼ੂਬਸੂਰਤ' ਤੋਹਫ਼ਾ ਦੇਣ ਦਾ ਫ਼ੈਸਲਾ ਲਿਆ ਹੈ। ਸਭ ਠੀਕ ਰਿਹਾ ਤਾਂ ਨਿਖਿਲ ਦੀ ਫ਼ਿਲਮ 'ਸਨੋਅ' 'ਚ ਸੋਨਮ ਕਪੂਰ ਪੁਲਿਸ ਅਫ਼ਸਰ ਬਣ ਆਏਗੀ। 'ਨੀਰਜਾ' ਤੋਂ ਬਾਅਦ 'ਸਨੋੋਅ' ਨਾਲ ਫਿਰ ਉਸ ਦੀ 'ਚਮਕੀਲੀ ਦਿੱਖ' ਤਬਦੀਲ ਹੋ ਜਾਵੇਗੀ। 'ਵੀਰੇ ਦੀ ਵੈਡਿੰਗ', 'ਸੰਜੂ' ਨੇ ਸੋਨਮ ਦਾ ਕੱਦ ਵਧਾਇਆ ਹੈ। 'ਸਨੋਅ' ਇਕ ਐਕਸ਼ਨ ਫ਼ਿਲਮ ਹੋਵੇਗੀ। ਆਨੰਦ ਆਹੂਜਾ ਨੂੰ ਬੋਲਣ ਜੋਗਾ ਸੋਨਮ ਨੇ ਛੱਡਣਾ ਹੀ ਨਹੀਂ ਹੈ ਕਿਉਂਕਿ 'ਏਕ ਲੜਕੀ ਕੋ ਦੇਖਾ' ਦੀ ਰਿਪੋਰਟ ਵੀ ਗਰਮ ਹੈ ਤੇ ਨਿਖਿਲ ਦੀ 'ਸਨੋਅ' ਸੋਨਮ ਦਾ ਸਮਾਂ ਹਾਲੇ ਹੈ, ਦਾ ਪ੍ਰਮਾਣ ਹੈ। ਆਨੰਦ ਦੇ ਘਰ ਜਾ ਕੇ ਪੰਜ ਮਹੀਨੇ ਤਾਂ ਉਹ ਮਸਤੀ ਕਰਦੀ ਰਹੀ ਹੈ ਤੇ ਰਿਸ਼ਤੇਦਾਰੀਆਂ 'ਚ ਘੁੰਮਦੀ ਰਹੀ ਪਰ ਹੁਣ ਕੰਮ 'ਤੇ ਆ ਕੇ 'ਜ਼ੋਯਾ ਫੈਕਟਰ' 'ਏਕ ਲੜਕੀ ਕੋ ਦੇਖਾ' ਦੇ ਫ਼ਿਲਮਾਂਕਣ ਸੋਨਮ ਫਿਰ ਰੁੱਝ ਗਈ ਹੈ। ਸੋਨਮ ਨੇ ਕੰਗਨਾ ਰਣੌਤ ਨਾਲ ਲੜਾਈ 'ਚ ਆਪ ਚੁੱਪ ਕਰ ਕੇ ਮਾਮਲਾ ਠੰਢਾ ਕਰ ਲਿਆ ਹੈ। ਤਿੰਨ ਮਹੀਨੇ ਪਹਿਲਾਂ 11.45 'ਤੇ ਸੋਨਮ ਨੇ ਟਵਿੱਟਰ ਤੋਂ ਅਲਵਿਦਾ ਲਈ ਸੀ। ਅਸਲ 'ਚ ਟਵਿਟਰ ਤੇ ਸੋਨਮ ਦਾ ਮਖੌਲ ਉੱਡ ਰਿਹਾ ਸੀ ਤੇ ਲੋਕਾਂ ਨੇ ਕਿਹਾ ਹੈ ਕਿ ਸੋਨਮ ਦੇ ਟਵਿੱਟਰ ਛੱਡਣ ਨਾਲ ਕਿਹੜੀ ਹਨੇਰੀ ਆ ਗਈ ਹੈ ਚੰਗਾ ਹੋਵੇ ਸੋਨਮ ਅਜਿਹੇ ਫੈਸਲੇ ਕਰਨ ਦੀ ਥਾਂ ਆਪਣੇ ਵਧੀਆ ਚੱਲ ਰਹੇ ਕੈਰੀਅਰ 'ਚ ਹੀ ਕੇਂਦਰਿਤ ਰੱਖੇ ਧਿਆਨ ਕਿਉਂਕਿ ਅਜੇ ਵੀ ਉਸ ਦਾ ਸਮਾਂ ਵਧੀਆ ਹੈ ਤੇ ਤਕੜੀਆਂ ਫ਼ਿਲਮਾਂ ਉਸ ਕੋਲ ਹਨ।

ਛੜਿਆਂ ਦੀ ਕਹਾਣੀ ਹੈ 'ਭੱਜੋ ਵੀਰੋ ਵੇ...'

ਛੜਾ ਸਾਡੇ ਸਮਾਜ ਦਾ ਇਕ ਅਹਿਮ ਪਾਤਰ ਰਿਹਾ ਹੈ। ਜਿਸ ਬਾਰੇ ਬਹੁਤ ਸਾਰੇ ਗਾਇਕਾਂ ਨੇ ਗੀਤ ਵੀ ਗਾਏ ਹਨ। 'ਰੰਨਾਂ ਵਾਲਿਆਂ ਦੇ ਪੱਕਣ ਪਰੌਠੇ ਛੜਿਆਂ ਦੀ ਅੱਗ ਨਾ ਬਲੇ' ਕਹਾਵਤ ਅਸੀ ਗੀਤਾਂ ਅਤੇ ਲੋਕ ਬੋਲੀਆਂ 'ਚ ਚਿਰਾਂ ਤੋਂ ਸੁਣਦੇ ਆਏ ਹਾਂ ਪਰ ਲੇਖਕ ਤੇ ਨਿਰਦੇਸਕ ਅੰਬਰਦੀਪ ਸਿੰਘ ਦੀ ਨਵੀਂ ਫ਼ਿਲਮ 'ਭੱਜੋ ਵੀਰੋ ਵੇ' 'ਚ ਛੜਿਆਂ ਦਾ ਹਾਲ ਤੁਸੀਂ ਅੱਖੀਂ ਵੇਖ ਸਕੋਗੇ। ਛੜਿਆਂ ਦੇ ਦੌਰ ਦੀ ਗੱਲ ਕਰਦੀ ਇਹ ਫ਼ਿਲਮ ਇਕ ਕਾਮੇਡੀ ਅਤੇ ਪਰਿਵਾਰਕ ਫ਼ਿਲਮ ਹੈ, ਇਸ ਵਿਚ ਅੰਬਰਦੀਪ, ਅਦਾਕਾਰਾ ਸਿੰਮੀ ਚਾਹਲ ਨਾਲ ਬਤੌਰ ਨਾਇਕ ਨਜ਼ਰ ਆਵੇਗਾ।
ਰਿੱਦਮ ਬੁਆਏਜ਼,ਹੇਅਰ ਓਮ ਜੀ ਸਟੂਡੀਓ ਦੀ ਪੇਸ਼ਕਸ ਇਸ ਫ਼ਿਲਮ ਦੀ ਕਹਾਣੀ 1960 ਦੇ ਸਮਿਆਂ ਦੀ ਹੈ, ਜੋ ਪੁਰਾਤਨ ਪੰਜਾਬ ਦੇ ਉਸ ਦੌਰ ਦੀ ਗੱਲ ਕਰੇਗੀ ਜਦੋਂ ਬਹੁਤੇ ਸਾਂਝੇ ਪਰਿਵਾਰਾਂ ਵਿਚ ਇਕ ਬੰਦੇ ਦਾ ਹੀ ਵਿਆਹ ਹੁੰਦਾ ਸੀ ਤੇ ਬਾਕੀ ਛੜੇ ਹੁੰਦੇ ਸੀ। ਛੜੇ ਬੰਦੇ ਦੀ ਜ਼ਿੰਦਗੀ 'ਚ ਤੀਂਵੀ ਦੀ ਕੀ ਅਹਿਮੀਅਤ ਹੁੰਦੀ ਸੀ, ਇਹੋ ਫ਼ਿਲਮ ਦਾ ਮੁੱਖ ਵਿਸ਼ਾ ਹੈ ਜਿਸ ਨੂੰ ਕਾਮੇਡੀ ਦਾ ਤੜਕਾ ਲਗਾ ਕੇ ਮਨੋਰੰਜਨ ਭਰਪੂਰ ਬਣਾਇਆ ਗਿਆ ਹੈ। ਫ਼ਿਲਮ ਦੇ ਨਿਰਮਾਤਾ ਕਾਰਜ ਗਿੱਲ, ਤਲਵਿੰਦਰ ਹੇਅਰ ਤੇ ਸਹਿ ਨਿਰਮਾਤਾ ਮੁਨੀਸ਼ ਸਾਹਨੀ ਹਨ। ਫ਼ਿਲਮ ਵਿਚ ਅੰਬਰਦੀਪ, ਸਿੰਮੀ ਚਾਹਲ, ਗੁੱਗੂ ਗਿੱਲ, ਨਿਰਮਲ ਰਿਸ਼ੀ, ਹੌਬੀ ਧਾਲੀਵਾਲ, ਹਰਦੀਪ ਗਿੱਲ, ਯਾਦ ਗਰੇਵਾਲ ਤੇ ਸੁਖਵਿੰਦਰ ਰਾਜ ਨੇ ਅਹਿਮ ਕਿਰਦਾਰ ਨਿਭਾਏ ਹਨ। ਫ਼ਿਲਮ ਦਾ ਸੰਗੀਤ ਜਤਿੰਦਰ ਸ਼ਾਹ ਵਲੋਂ ਤਿਆਰ ਕੀਤਾ ਗਿਆ ਹੈ। ਅਮਰਿੰਦਰ ਗਿੱਲ, ਸੁਰਿੰਦਰ ਛਿੰਦਾ, ਗੁਰਸ਼ਬਦ, ਬੀਰ ਸਿੰਘ ਤੇ ਗੁਰਪ੍ਰੀਤ ਮਾਨ ਨੇ ਪਲੇਅ ਬੈਕ ਗਾਇਆ ਹੈ। 14 ਦਸੰਬਰ ਨੂੰ ਇਹ ਫ਼ਿਲਮ ਓਮ ਜੀ ਗਰੁੱਪ ਵਲੋਂ ਰਿਲੀਜ਼ ਕੀਤੀ ਜਾਵੇਗੀ।


-ਸੁਰਜੀਤ ਜੱਸਲ

ਬਿਨਾਂ ਖੋਜ ਕੰਮ ਨਹੀਂ ਕਰਦੇ ਸ਼ੇਖਰ ਸੇਨ

ਜਦੋਂ 30 ਨਵੰਬਰ ਨੂੰ ਸ਼ੇਖਰ ਸੇਨ ਨੇ ਆਪਣੇ ਸ਼ੋਅ 'ਕਬੀਰ' ਨੂੰ ਮੁੰਬਈ ਵਿਚ ਪੇਸ਼ ਕੀਤਾ ਅਤੇ ਇਸ ਦੇ ਨਾਲ ਇਕ ਹਜ਼ਾਰ ਸ਼ੋਅ ਕਰਨ ਦੀ ਅਨੋਖੀ ਸਿੱਧੀ ਉਨ੍ਹਾਂ ਦੇ ਨਾਂਅ ਦਰਜ ਹੋ ਗਈ। ਇਕ ਜ਼ਮਾਨੇ ਵਿਚ ਸੰਗੀਤਕਾਰ ਬਣਨ ਲਈ ਮੁੰਬਈ ਆਏ ਸ਼ੇਖਰ ਸੇਨ ਨੇ ਉਦੋਂ ਸੁਪਨੇ ਵਿਚ ਵੀ ਨਹੀਂ ਸੋਚਿਆ ਸੀ ਕਿ ਇਥੇ ਸਫ਼ਲਤਾ ਉਨ੍ਹਾਂ ਨੂੰ ਰੰਗਮੰਚ ਦੀ ਬਦੌਲਤ ਮਿਲੇਗੀ। ਆਪਣੇ ਕੈਰੀਅਰ ਦੇ ਸ਼ੁਰੂਆਤੀ ਦੌਰ ਵਿਚ ਸ਼ੇਖਰ ਨੇ ਭਜਨ ਐਲਬਮਾਂ ਲਈ ਸੰਗੀਤ ਦਿੱਤਾ ਸੀ ਅਤੇ ਨਾਲ ਹੀ ਆਪਣੀ ਆਵਾਜ਼ ਵਿਚ ਭਜਨ ਐਲਬਮਾਂ ਨੂੰ ਵੀ ਪੇਸ਼ ਕੀਤਾ। ਕੁਝ ਸਾਲ ਤੱਕ ਇਹੀ ਕੰਮ ਕਰਦੇ ਰਹਿਣ ਤੋਂ ਬਾਅਦ ਉਨ੍ਹਾਂ ਨੂੰ ਇਸ ਵਿਚ ਰੁਟੀਨ ਕੰਮ ਵਾਲੀ ਗੱਲ ਲੱਗਣ ਲੱਗੀ ਅਤੇ ਉਦੋਂ ਤੋਂ ਕੁਝ ਨਵਾਂ ਕਰਨ ਬਾਰੇ ਸੋਚਣ ਲੱਗੇ। ਉਨ੍ਹਾਂ ਸੋਚਿਆ ਕਿ ਕਿਉਂ ਨਾ ਸੰਤ ਤੁਲਸੀ ਦਾਸ ਦੀ ਜੀਵਨੀ ਨੂੰ ਮੰਚ 'ਤੇ ਪੇਸ਼ ਕੀਤਾ ਜਾਵੇ। ਬਚਪਨ ਵਿਚ ਉਹ ਆਪਣੀ ਮਾਂ ਦੇ ਮੂੰਹੋਂ ਰਾਮ ਚਰਿਤ ਮਾਨਸ ਸੁਣਿਆ ਕਰਦੇ ਸੀ ਅਤੇ ਇਨ੍ਹਾਂ ਸੰਸਕਾਰਾਂ ਦੀ ਵਜ੍ਹਾ ਕਰਕੇ ਉਹ ਤੁਲਸੀਦਾਸ ਦੀ ਜੀਵਨੀ ਨੂੰ ਮੰਚ 'ਤੇ ਲਿਆਉਣ ਬਾਰੇ ਸੋਚਣ ਲੱਗੇ। 10 ਅਪ੍ਰੈਲ, 1998 'ਚ ਉਨ੍ਹਾਂ ਨੇ 'ਤੁਲਸੀ' ਦਾ ਪਹਿਲਾ ਸ਼ੋਅ ਪੇਸ਼ ਕੀਤਾ ਅਤੇ ਦੇਖਦੇ ਹੀ ਦੇਖਦੇ ਸ਼ੋਅ ਨੂੰ ਹਰਮਨ-ਪਿਆਰਤਾ ਮਿਲਣ ਲੱਗੀ। ਫਿਰ ਉਨ੍ਹਾਂ ਨੇ 'ਕਬੀਰ', 'ਵਿਵੇਕਾਨੰਦ', 'ਸਾਹਿਬ', 'ਸੂਰਦਾਸ' ਅਤੇ 'ਸੰਮਤੀ' ਸ਼ੋਅ ਪੇਸ਼ ਕੀਤੇ। ਇਹ ਸਾਰੇ ਸ਼ੋਅ ਇਕ ਪਾਤਰੀ ਹਨ ਅਤੇ ਇਨ੍ਹਾਂ ਦਾ ਲੇਖਨ ਪੱਖ ਵੀ ਸ਼ੇਖਰ ਸੇਨ ਵਲੋਂ ਕੀਤਾ ਗਿਆ ਹੈ ਤੇ ਸੰਗੀਤ ਵੀ ਉੁਨ੍ਹਾਂ ਨੇ ਦਿੱਤਾ ਹੈ। ਇਨ੍ਹਾਂ ਦੇ ਸ਼ੋਅ ਦੇ ਵਿਸ਼ੇ ਸੱਭਿਆਚਾਰ ਦੀਆਂ ਜੜ੍ਹਾਂ ਨਾਲ ਜੁੜੇ ਹੋਏ ਹਨ। ਇਸ ਵਜ੍ਹਾ ਕਰਕੇ ਉਹ ਆਪਣੇ ਸ਼ੋਅ ਵਿਚ ਕੀ-ਬੋਰਡ ਰਾਹੀਂ ਪੈਦਾ ਕੀਤਾ ਗਿਆ ਸੰਗੀਤ ਵਰਤਦੇ ਹਨ। ਸ਼ੇਖਰ ਸੇਨ ਨੂੰ ਆਪਣੇ ਸਾਰੇ ਨਾਟਕ ਪਿਆਰੇ ਹਨ, ਦਿਲ ਦੇ ਨੇੜੇ ਹਨ ਪਰ ਉਨ੍ਹਾਂ ਅਨੁਸਾਰ ਜਨਤਾ ਵਲੋਂ 'ਕਬੀਰ' ਨੂੰ ਜ਼ਿਆਦਾ ਪਿਆਰ ਨਸੀਬ ਹੋਇਆ ਹੈ ਅਤੇ ਇਸ ਵਜ੍ਹਾ ਕਰਕੇ ਇਸ ਦੇ ਹੁਣ ਤੱਕ 426 ਸ਼ੋਅ ਪੇਸ਼ ਹੋ ਚੁੱਕੇ ਹਨ। ਯੂਰਪ ਤੇ ਅਮਰੀਕਾ ਤੋਂ ਲੈ ਕੇ ਜਾਪਾਨ ਤੇ ਵੈਸਟਇੰਡੀਜ਼ ਸਮੇਤ ਕਈ ਦੇਸ਼ਾਂ ਵਿਚ ਉਹ ਆਪਣੇ ਸ਼ੋਅ ਪੇਸ਼ ਕਰ ਚੁੱਕੇ ਹਨ। ਦੇਸ਼ ਦੀ ਲੋਕ ਸਭਾ ਤੇ ਰਾਸ਼ਟਰਪਤੀ ਭਵਨ ਵੀ ਇਨ੍ਹਾਂ ਦੇ ਸ਼ੋਅ ਦੇ ਗਵਾਹ ਬਣੇ ਹਨ। ਸ਼ੇਖਰ ਸੇਨ ਆਪਣੇ ਹਰ ਸ਼ੋਅ ਦੇ ਵਿਸ਼ੇ ਲਈ ਬਹੁਤ ਮਿਹਨਤ ਕਰਦੇ ਹਨ। ਜਦੋਂ ਉਹ 'ਸੂਰਦਾਸ' ਦਾ ਲੇਖਨ ਪੱਖ ਤਿਆਰ ਕਰ ਰਹੇ ਸਨ, ਉਦੋਂ ਉਨ੍ਹਾਂ ਤਾਨਸੇਨ, ਅਬੁਲ ਫਜ਼ਲ, ਲੋਦੀ ਸਾਮਰਾਜ 'ਤੇ ਵੀ ਕਾਫ਼ੀ ਖੋਜ ਕੀਤੀ ਸੀ, ਕਿਉਂਕਿ ਉਹ ਸਾਰੇ ਸੂਰਦਾਸ ਦੇ ਕਾਲ-ਖੰਡ ਨਾਲ ਸਬੰਧ ਰੱਖਦੇ ਹਨ।
ਹਾਂ, ਉਨ੍ਹਾਂ ਨੂੰ ਅਫ਼ਸੋਸ ਇਸ ਗੱਲ ਦਾ ਹੈ ਕਿ ਸਾਡੇ ਦੇਸ਼ ਵਿਚ ਰੰਗਮੰਚ ਦਾ ਏਨਾ ਵਿਕਾਸ ਨਹੀਂ ਹੋਇਆ ਜਿੰਨਾ ਹੋਣਾ ਚਾਹੀਦਾ ਸੀ। ਉਹ ਕਹਿੰਦੇ ਹਨ, 'ਲਗਪਗ ਚੌਵੀ ਸੌ ਸਾਲ ਪਹਿਲਾਂ ਇਸੇ ਦੇਸ਼ ਵਿਚ ਭਰਤ ਮੁਨੀ ਵਲੋਂ ਨਾਟਸ਼ਾਸਤਰ ਲਿਖਿਆ ਲਿਆ ਗਿਆ ਅਤੇ ਉਸ ਵਿਚ ਨਾਟਕਾਂ ਦੇ ਨੌਂ ਰਸ ਤੋਂ ਲੈ ਕੇ ਰੰਗਮੰਚ ਦੇ ਨਾਪ ਤੱਕ ਬਾਰੇ ਵਿਸਥਾਰ ਨਾਲ ਲਿਖਿਆ ਗਿਆ। ਇਸ ਤਰ੍ਹਾਂ ਦੇ ਗੁਣੀ ਜਨ ਦੇ ਦੇਸ਼ ਵਿਚ ਨਾਟਕ ਦਾ ਵਿਕਾਸ ਜ਼ਿਆਦਾ ਨਾ ਹੋਇਆ ਦੇਖ ਕੇ ਅਫ਼ਸੋਸ ਹੁੰਦਾ ਹੈ।

ਕੁਝ ਬਣਨਾ ਹੈ ਦੁਨੀਆ 'ਚ...

ਕਮਲ ਖੰਗੂੜਾ

ਰਵੀ ਪੁੰਜ ਦੀ ਆ ਰਹੀ ਪੰਜਾਬੀ ਫ਼ਿਲਮ 'ਟਾਈਟੈਨਿਕ' ਦੀ ਹੀਰੋਇਨ ਕਮਲ ਖੰਗੂੜਾ ਦੀ ਪ੍ਰੋਫਾਇਲ ਦੇਖੋ ਤਾਂ ਪਤਾ ਲਗਦਾ ਹੈ ਕਿ ਰੱਜ ਕੇ ਸੋਹਣੀ, ਨੈਣ-ਨਕਸ਼ ਕੁਦਰਤ ਦੀ ਮੀਨਾਕਾਰੀ, ਉੱਚਾ-ਲੰਮਾ ਕੱਦ-ਕਾਠ, ਸੋਹਣੀ ਸਰੀਰਕ ਬਣਤਰ, ਸੁੰਦਰ ਚਿਹਰਾ, ਮੋਹਣੀਆਂ ਅੱਖਾਂ ਤੇ ਬੋਲ-ਬਾਣੀ ਸਭ 'ਏਕ ਸੇ ਬੜ ਕਰ ਏਕ' ਹੈ ਤਾਂ ਹੀ 250 ਦੇ ਕਰੀਬ ਪੰਜਾਬੀ ਐਲਬਮ ਗੀਤਾਂ ਦੀ ਮੁੱਖ ਮਾਡਲ, ਤਿੰਨ ਦਰਜਨ ਗੀਤਾਂ ਦੀ ਵੀਡੀਓ ਡਾਇਰੈਕਟਰ ਹੈ। ਪੜ੍ਹੀ ਵੀ ਚੰਡੀਗੜ੍ਹ, ਪੋਸਟ ਗਰੈਜੂਏਟ ਤੇ ਅਭਿਨੈ ਨਾਲ ਸਕੂਲ ਤੋਂ ਹੀ ਸਬੰਧ। ਬਲਜਿੰਦਰ ਸਿੰਘ, ਹੈਰੀ ਪੁੰਜ ਤੇ ਕਰਮਪ੍ਰੀਤ ਸਮਰਾ ਨੇ ਜਦ ਸਟਾਰ ਗਾਇਕ-ਨਾਇਕ ਦਿਲਜੀਤ ਦੁਸਾਂਝ ਦਾ ਵੀਡੀਓ ਗੀਤ 'ਅੱਖਰਾਂ 'ਚ ਤੂੰ ਦਿਸਦੀ' ਦੇਖਿਆ ਤਾਂ ਉਸ ਦੀ ਨਾਇਕਾ ਕਮਲ ਖੰਗੂੜਾ ਦੇ ਘਰੇ ਤੜਕੇ ਹੀ ਪੁੱਜ ਗਏ ਤੇ ਕਹਾਣੀ ਸੁਣਾ 'ਟਾਈਟੈਨਿਕ' ਫ਼ਿਲਮ ਦੀ ਹੀਰੋਇਨ ਲੈ ਲਿਆ। ਜੱਸੀ ਸਿੱਧੂ ਦੇ ਗੀਤ 'ਚੰਡੀਗੜ੍ਹ ਕਰੇ ਆਸ਼ਕੀ' ਨਾਲ ਮਾਡਲ ਬਣ ਰਾਤੋ-ਰਾਤ ਪ੍ਰਸਿੱਧ ਹੋਈ ਪੰਜਾਬਣ ਕੁੜੀ ਕਮਲ ਖੰਗੂੜਾ ਨੇ ਫਿਰ ਗਿੱਪੀ ਗਰੇਵਾਲ, ਨਛੱਤਰ ਗਿੱਲ, ਅਮਰਿੰਦਰ ਗਿੱਲ, ਜੱਸੀ ਸੋਹਲ ਦੇ ਵੀਡੀਓ ਗੀਤਾਂ ਦੀ ਨਾਇਕਾ ਬਣ ਵੀਡੀਓ ਕਾਮਯਾਬੀ 'ਚ ਆਪਣਾ ਹਿੱਸਾ ਪਾਇਆ ਤੇ ਫਿਰ ਕੈਨੇਡਾ ਐਕਟਿੰਗ ਕੋਰਸ ਕਰਨ ਲਈ ਕੈਨੇਡੀਅਨ ਪੱਕੀ ਨਾਗਰਿਕ ਬਣ ਕੇ ਪਰਤੀ ਤਾਂ ਰਵੀ ਪੁੰਜ ਨੇ ਰਾਜ ਸਿੰਘ ਝਿੰਜਰ (ਹਰਜੀਤਾ ਫ਼ਿਲਮ ਫੇਮ) ਨਾਲ ਕਮਲ ਖੰਗੂੜਾ ਨੂੰ ਨਾਇਕਾ ਲੈ ਅੱਜ ਰਿਲੀਜ਼ 'ਤੇ ਪਹੁੰਚਾ ਦਿੱਤਾ ਹੈ। 'ਟਾਈਟੈਨਿਕ' 'ਚ ਉਸ ਨਾਲ ਪਾਲੀਵੁੱਡ ਸਟਾਰਜ਼ ਹੌਬੀ ਧਾਲੀਵਾਲ, ਮਲਕੀਤ ਰੌਣੀ, ਸਿਮਰਨ ਸਹਿਜਪਾਲ, ਨਿਹਾਲ ਪੁਰਬਾ ਤੇ ਗੁਰਪ੍ਰੀਤ ਕੌਰ ਭੰਗੂ ਵੀ ਹਨ। ਕਮਲ ਕਹਿ ਰਹੀ ਹੈ ਕਿ 'ਟਾਈਟੈਨਿਕ' ਵੱਖਰੀ ਕਿਸਮ ਦੀ ਫ਼ਿਲਮ ਹੈ, ਜਿਸ 'ਚ ਐਕਸ਼ਨ, ਡਰਾਮਾ, ਮਨੋਰੰਜਨ ਦੇ ਨਾਲ ਨਿੰਜਾ, ਗੁਰਨਾਮ ਭੁੱਲਰ, ਦੀਪਕ ਢਿੱਲੋਂ, ਫਿਰੋਜ਼ ਖ਼ਾਨ ਜਿਹੇ ਗਾਇਕਾਂ ਦੇ ਗੀਤ ਹਨ। ਮਤਲਬ ਸੰਗੀਤ ਪੱਖੋਂ ਵੀ ਅਮੀਰ ਤੇ ਕਹਾਣੀ ਉਹੀ ਘਿਸੇ-ਪਿੱਟੇ ਵਿਸ਼ੇ ਨਹੀਂ, ਬਲਕਿ ਭ੍ਰਿਸ਼ਟ ਸਿਸਟਮ, ਬੇਰੁਜ਼ਗਾਰੀ ਤੇ ਜਵਾਨੀ ਦੇ ਸੁਪਨਿਆਂ ਦੀ ਗੱਲ 'ਕੁਝ ਬਣਨਾ ਹੈ ਦੁਨੀਆ 'ਤੇ' ਆਧਾਰਿਤ ਹੈ। 'ਟਾਈਟੈਨਿਕ' ਰਿਲੀਜ਼ ਦਾ ਚਾਅ ਉਸ ਨੂੰ ਵਿਆਹ ਜਿਹਾ ਹੈ, ਕਿਉਂਕਿ ਪਤਾ ਹੈ ਕਿ ਫਿਰ ਮਾਡਲਿੰਗ ਦੀ ਤਰ੍ਹਾਂ ਹੀ ਉਹ ਪਾਲੀਵੁੱਡ ਦੀ ਚਹੇਤੀ ਹੀਰੋਇਨ ਬਣ ਜਾਏਗੀ। ਕੰਮ ਪੰਜਾਬ 'ਚ ਹੀ 24 ਘੰਟੇ 7 ਦਿਨ ਨਹੀਂ ਮੁੱਕਣਾ, ਮੁੰਬਈ ਦੀ ਤਾਂ ਕੀ, ਕੈਨੇਡਾ ਦੀ ਵੀ ਯਾਦ ਭੁੱਲ ਜੂ, ਆਤਮ-ਵਿਸ਼ਵਾਸ ਹੋਵੇ ਤਾਂ ਕਮਲ ਖੰਗੂੜਾ ਜਿਹਾ।


-ਅੰਮ੍ਰਿਤ ਪਵਾਰ

ਬਾਲੀਵੁੱਡ ਫ਼ਲੈਸ਼ਬੈਕ

ਗੀਤਾ ਬਾਲੀ ਨੇ ਕੀਤਾ ਸੀ ਦੋ ਕਪੂਰ ਖ਼ਾਨਦਾਨਾਂ 'ਤੇ ਵੱਡਾ ਅਹਿਸਾਨ

ਆਪਣੇ ਜ਼ਮਾਨੇ ਦੀ ਬੇਹੱਦ ਹਸੀਨ ਅਦਾਕਾਰਾ ਗੀਤਾ ਬਾਲੀ ਦਾ ਅਸਲ ਨਾਂ ਹਰਕੀਰਤਨ ਕੌਰ ਸੀ। ਫ਼ਿਲਮ 'ਮਿਸ ਕੋਕਾ ਕੋਲਾ' ਦੀ ਸ਼ੂਟਿੰਗ ਦੌਰਾਨ ਗੀਤਾ ਬਾਲੀ ਦੀ ਨੇੜਤਾ ਕਪੂਰ ਖ਼ਾਨਦਾਨ ਦੇ ਰੌਸ਼ਨ ਚਿਰਾਗ਼ ਸ਼ੰਮੀ ਕਪੂਰ ਨਾਲ ਹੋ ਗਈ ਸੀ ਤੇ ਵਧਦੀ ਵਧਦੀ ਗੱਲ ਸ਼ਾਦੀ ਤੱਕ ਜਾ ਪੁੱਜੀ ਸੀ। ਪ੍ਰਿਥਵੀ ਰਾਜ ਕਪੂਰ ਦੇ ਦਬਦਬਾ ਹੇਠ ਚੱਲਣ ਵਾਲੇ ਕਪੂਰ ਪਰਿਵਾਰ ਨੂੰ ਇਹ ਪ੍ਰੇਮ ਵਿਆਹ ਦਾ ਪ੍ਰਸਤਾਵ ਸਵੀਕਾਰ ਨਹੀਂ ਸੀ। ਕਪੂਰ ਪਰਿਵਾਰ ਨਾਲ ਕਈ ਮੁਲਾਕਾਤਾਂ ਅਤੇ ਢੇਰ ਸਾਰੀ ਬਹਿਸਬਾਜ਼ੀ ਤੇ ਸ਼ੋਰ ਸ਼ਰਾਬੇ ਪਿੱਛੋਂ ਅਖ਼ੀਰ ਗੀਤਾ ਆਪਣੀ ਜ਼ਿਦ ਮੰਨਵਾ ਕੇ ਹੀ ਹਟੀ ਤੇ ਉਸ ਦੀ ਸ਼ਾਦੀ ਸ਼ੰਮੀ ਕਪੂਰ ਨਾਲ ਹੋ ਹੀ ਗਈ। ਅਸਲ ਗੱਲ ਇਹ ਸੀ ਕਿ ਕਪੂਰ ਖ਼ਾਨਦਾਨ ਕਿਸੇ ਅਦਾਕਾਰਾ ਨੂੰ ਆਪਣੇ ਪਰਿਵਾਰ ਵਿਚ ਬਹੂ ਬਣਾ ਕੇ ਨਹੀਂ ਲਿਆਉਣਾ ਚਾਹੁੰਦਾ ਸੀ ਪਰ ਗੀਤਾ ਦੀਆਂ ਵਜ਼ਨਦਾਰ ਦਲੀਲਾਂ ਅਤੇ ਦਿਲਕਸ਼ ਸ਼ਖ਼ਸੀਅਤ ਨੇ ਆਖ਼ਿਰ ਇਸ ਖ਼ਾਨਦਾਨ ਨੂੰ ਆਪਣੀ ਸੋਚ ਅਤੇ ਆਪਣਾ ਫ਼ੈਸਲਾ ਬਦਲਣ ਲਈ ਮਜਬੂਰ ਕਰ ਦਿੱਤਾ। ਗੀਤਾ ਬਾਲੀ ਦੀ ਇਸ ਪਹਿਲ ਦਾ ਸਿੱਟਾ ਇਹ ਨਿੱਕਲਿਆ ਸੀ ਕਿ ਉਸ ਤੋਂ ਬਾਅਦ ਬਬੀਤਾ, ਨੀਤੂ ਸਿੰਘ ਅਤੇ ਜੈਨੀਫ਼ਰ ਕੈਂਡਲ ਆਦਿ ਜਿਹੀਆਂ ਅਭਿਨੇਤਰੀਆਂ ਵੀ ਕਪੂਰ ਖ਼ਾਨਦਾਨ ਦੀਆਂ ਬਹੂਆਂ ਬਣਨ ਵਿਚ ਸਫ਼ਲ ਰਹੀਆਂ ਸਨ। ਉਪਰੋਕਤ ਤਿੰਨੇ ਕਾਬਿਲ ਤੇ ਸੂਝਵਾਨ ਅਦਾਕਾਰਾਵਾਂ ਦਾ ਕਪੂਰ ਖ਼ਾਨਦਾਨ ਵਿਚ ਪ੍ਰਵੇਸ਼ ਸੰਭਵ ਬਣਾਉਣ ਲਈ ਸਮੁੱਚਾ ਕਪੂਰ ਪਰਿਵਾਰ ਗੀਤਾ ਬਾਲੀ ਦਾ ਸਦਾ ਹੀ ਅਹਿਸਾਨ ਮਹਿਸੂਸ ਕਰਦਾ ਹੈ। ਅਦਾਕਾਰ ਸ਼ੰਮੀ ਕਪੂਰ ਦੇ ਸੈਕਟਰੀ ਸੁਰਿੰਦਰ ਕਪੂਰ ਨੂੰ ਗੀਤਾ ਬਾਲੀ ਨੇ ਹੀ ਫ਼ਿਲਮ ਨਿਰਮਾਤਾ ਬਣਨ ਲਈ ਪ੍ਰੇਰਿਤ ਕੀਤਾ ਸੀ ਤੇ ਉਸਦੀ ਪ੍ਰੇਰਨਾ ਦਾ ਲੜ ਫੜ ਕੇ ਫ਼ਿਲਮ ਨਿਰਮਾਣ ਦੇ ਖੇਤਰ ਵਿਚ ਉਤਰੇ ਸੁਰਿੰਦਰ ਕਪੂਰ ਸਾਹਿਬ ਛੇਤੀ ਹੀ ਬਾਲੀਵੁੱਡ ਦੇ ਨਾਮਵਰ ਫ਼ਿਲਮ ਨਿਰਮਾਤਾ ਹੋ ਨਿੱਬੜੇ ਸਨ। ਅੱਜ ਵੀ ਸੁਰਿੰਦਰ ਕਪੂਰ ਦੇ ਹੋਣਹਾਰ ਫ਼ਰਜ਼ੰਦ ਬੋਨੀ ਕਪੂਰ, ਅਨਿਲ ਕਪੂਰ ਅਤੇ ਸੰਜੇ ਕਪੂਰ ਬਾਲੀਵੁੱਡ ਵਿਚ ਬਤੌਰ ਫ਼ਿਲਮ ਨਿਰਮਾਤਾ ਅਤੇ ਅਦਾਕਾਰ ਚੰਗਾ ਰਸੂਖ਼ ਰੱਖਦੇ ਹਨ।


-ਪ੍ਰੋ: ਪਰਮਜੀਤ ਸਿੰਘ ਨਿੱਕੇ ਘੁੰਮਣ

ਛੋਟੇ ਪਰਦੇ 'ਤੇ ਇਕ ਹੋਰ ਭੂਤਾਂ ਵਾਲਾ ਲੜੀਵਾਰ ਡਾਇਣ

ਹੁਣ ਏਕਤਾ ਕਪੂਰ ਐਂਡ ਟੀ. ਵੀ. ਚੈਨਲ 'ਤੇ 'ਡਾਇਣ' ਲੜੀਵਾਰ ਲੈ ਆਈ ਹੈ। ਇਸ ਦੇ ਨਾਂਅ ਕਰਕੇ ਇਹ ਦੱਸਣ ਦੀ ਜ਼ਰੂਰਤ ਨਹੀਂ ਕਿ ਇਸ ਵਿਚ ਕੀ ਕੁਝ ਪੇਸ਼ ਕੀਤਾ ਜਾਵੇਗਾ। ਉਂਜ ਇਸ ਦਾ ਇਕ ਨਜ਼ਾਰਾ ਤਾਂ ਇਸ ਲੜੀਵਾਰ ਦੇ ਸਿਲਸਿਲੇ ਵਿਚ ਆਯੋਜਿਤ ਕੀਤੀ ਗਈ ਪ੍ਰੈੱਸ ਕਾਨਫਰੰਸ ਵਿਚ ਹੀ ਪੇਸ਼ ਕਰ ਦਿੱਤਾ ਗਿਆ ਸੀ। ਜਿਸ ਹੋਟਲ ਵਿਚ ਇਸ ਦਾ ਆਯੋਜਨ ਕੀਤਾ ਗਿਆ ਸੀ, ਉਸ ਦੀਆਂ ਪੌੜੀਆਂ 'ਤੇ ਕਾਲੇ ਕੱਪੜੇ ਪਾ ਕੇ ਕ੍ਰਿਸ਼ਨਾ ਬੰਸਲ ਨਾਮੀ ਕਲਾਕਾਰ ਨੂੰ ਬਿਠਾਇਆ ਗਿਆ ਸੀ। ਹੱਥ ਵਿਚ ਮੋਰ ਖੰਭਾਂ ਦਾ ਗੁੱਛਾ ਫੜੀ ਉਹ ਹਰ ਕਿਸੇ 'ਤੇ ਨਕਲੀ ਝਾੜ-ਭੂਕ ਕਰ ਕੇ ਹਾਲ ਵਿਚ ਦਾਖਲ ਹੋਣ ਦਿੰਦਾ ਸੀ।
ਇਸ ਤਰ੍ਹਾਂ ਦੇ ਮਾਹੌਲ ਵਿਚ ਲੜੀਵਾਰ ਦੇ ਕਲਾਕਾਰਾਂ ਦੀ ਪਛਾਣ ਕੀਤੀ ਗਈ। ਇਥੇ ਟੀਨਾ ਦੱਤਾ ਵਲੋਂ ਜਾਹਨਵੀ ਮੌਰਿਆ ਦੀ ਭੂਮਿਕਾ ਨਿਭਾਈ ਜਾ ਰਹੀ ਹੈ। ਕਹਾਣੀ ਅਨੁਸਾਰ ਉਹ ਦਿੱਲੀ ਤੋਂ ਆਪਣੇ ਸ਼ਹਿਰ ਉਜੈਨ ਆਉਂਦੀ ਹੈ ਅਤੇ ਇਥੇ ਦੋ ਬੱਚੇ ਉਸ ਅੱਗੇ ਆਪਣੀ ਜਾਨ ਬਚਾ ਲੈਣ ਦੀ ਗੁਹਾਰ ਲਗਾਉਂਦੇ ਹਨ ਅਤੇ ਇਸ ਦੇ ਨਾਲ ਹੀ ਅਜੀਬੋ-ਗਰੀਬ ਘਟਨਾਵਾਂ ਦਾ ਚੱਕਰ ਸ਼ੁਰੂ ਹੋ ਜਾਂਦਾ ਹੈ। ਜਾਹਨਵੀ ਦੇ ਬਚਪਨ ਦੇ ਦੋਸਤ ਆਕਰਸ਼ ਸ਼ਰਮਾ ਦੀ ਭੂਮਿਕਾ ਮੋਹਿਤ ਮਲਹੋਤਰਾ ਵਲੋਂ ਨਿਭਾਈ ਗਈ ਹੈ ਅਤੇ ਇਨ੍ਹਾਂ ਦੇ ਨਾਲ ਆਕਾਸ਼ ਤਲਵਾਰ, ਅਮਿਤ ਠਾਕੁਰ, ਰਿਸ਼ੀਤਾ ਨਾਗ, ਕਨਿਕਾ ਸ਼ਿਵਪੁਰੀ, ਪ੍ਰਭਾਤ ਭੱਟਾਚਾਰੀਆ, ਪ੍ਰਿਆ ਭਤੀਜਾ ਵੀ ਇਸ ਵਿਚ ਅਭਿਨੈ ਕਰ ਰਹੇ ਹਨ। ਕਹਾਣੀ ਦੀ ਖ਼ਾਸ ਗੱਲ ਇਹ ਹੈ ਕਿ ਕਿਰਦਾਰਾਂ ਵਿਚੋਂ ਕਿਹੜਾ ਡਾਇਣ ਹੈ, ਇਸ ਤੋਂ ਅਖੀਰ ਵਿਚ ਪਰਦਾ ਚੁੱਕਿਆ ਜਾਵੇਗਾ। 15 ਦਸੰਬਰ ਤੋਂ ਐਂਡ ਟੀ. ਵੀ. 'ਤੇ ਹਰ ਸਨਿੱਚਰਵਾਰ ਰਾਤ ਨੌਂ ਵਜੇ ਪ੍ਰਸਾਰਿਤ ਹੋ ਰਿਹਾ ਇਹ ਲੜੀਵਾਰ ਦਰਸ਼ਕਾਂ ਨੂੰ ਡਰਾਉਣ ਵਿਚ ਕਿੰਨਾ ਸਫਲ ਹੋਵੇਗਾ, ਇਹ ਆਉਣ ਵਾਲਾ ਸਮਾਂ ਹੀ ਦੱਸੇਗਾ।


-ਮੁੰਬਈ ਪ੍ਰਤੀਨਿਧ

ਰਣਵਿਜੇ ਸਿੰਘ ਨੇ ਵੰਡੇ ਇਨਾਮ

ਅੱਜ ਦੇ ਆਨਲਾਈਨ ਜ਼ਮਾਨੇ ਵਿਚ ਖੇਡਾਂ ਵੀ ਘਰ ਬੈਠੇ ਖੇਡੀਆਂ ਜਾਣ ਲੱਗੀਆਂ ਹਨ। ਕ੍ਰਿਕਟ, ਲੁਡੂ ਤੇ ਹੋਰ ਖੇਡਾਂ ਦੇ ਨਾਲ-ਨਾਲ ਪੋਕਰ ਵੀ ਕੰਪਿਊਟਰ ਜਾਂ ਮੋਬਾਈਲ ਫੋਨ ਦੀ ਸਕਰੀਨ 'ਤੇ ਖੇਡਿਆ ਜਾਣ ਲੱਗਿਆ ਹੈ। ਆਨਲਾਈਨ ਦੇ ਖੇਤਰ ਵਿਚ ਪੋਕਰ ਦੀ ਖੇਡ ਨੂੰ ਲੋਕਪ੍ਰਿਆ ਬਣਾਉਣ ਦਾ ਸਿਹਰਾ ਅਮੀਨ ਰੋਝਾਨੀ ਨੂੰ ਜਾਂਦਾ ਹੈ ਜਿਨ੍ਹਾਂ ਨੇ ਸਪਾਰਟਨ ਪੋਕਰ ਐਪ ਰਾਹੀਂ ਇਸ ਖੇਡ ਦਾ ਵਿਸਤਾਰ ਬਹੁਤ ਵਧਾ ਦਿੱਤਾ ਹੈ। ਇਥੇ ਹੀ ਬੱਸ ਨਹੀਂ, ਉਹ ਇੰਡੀਅਨ ਪੋਕਰ ਚੈਂਪੀਅਨਸ਼ਿਪ ਰਾਹੀਂ ਜੇਤੂਆਂ ਨੂੰ ਵੱਡੀ ਰਕਮ ਦੇ ਇਨਾਮ ਵੀ ਦਿੰਦੇ ਹਨ। ਇਸ ਚੈਂਪੀਅਨਸ਼ਿਪ ਦੀ ਦੂਜੇ ਸੀਜ਼ਨ ਦੇ ਮੁੱਖ ਜੇਤੂ ਰਿਸ਼ਭ ਜੈਨ ਰਹੇ ਅਤੇ ਟੀ. ਵੀ. ਹੋਸਟ ਅਤੇ ਅਦਾਕਾਰ ਰਣਵਿਜੇ ਸਿੰਘ ਦੇ ਹੱਥੋਂ ਉਨ੍ਹਾਂ ਨੂੰ ਇਨਾਮ ਦਿੱਤਾ ਗਿਆ। ਆਪਣੇ ਬਿਆਨ ਵਿਚ ਨੌਜਵਾਨਾਂ ਨੂੰ ਆਪਣਾ ਸੰਦੇਸ਼ ਦਿੰਦੇ ਹੋਏ ਰਣਵਿਜੇ ਸਿੰਘ ਨੇ ਕਿਹਾ ਕਿ ਅੱਜ ਦੇ ਸਮੇਂ ਵਿਚ ਸਰੀਰਕ ਖੇਡ ਦੇ ਨਾਲ-ਨਾਲ ਮਾਨਸਿਕ ਖੇਡਾਂ ਵੀ ਜ਼ਰੂਰੀ ਬਣ ਗਈਆਂ ਹਨ। ਆਨਲਾਈਨ ਖੇਡਾਂ ਦੀ ਵਜ੍ਹਾ ਕਰਕੇ ਦੇਸ਼ ਦੇ ਬੌਧਿਕ ਧਨ ਵਿਚ ਬਹੁਤ ਵਾਧਾ ਹੋਇਆ ਹੈ ਅਤੇ ਇਹ ਤਾਂ ਵਿਗਿਆਨ ਵੀ ਕਹਿੰਦਾ ਹੈ ਕਿ ਦਿਮਾਗ਼ੀ ਖੇਡ ਖੇਡਣ ਨਾਲ ਬੁੱਧੀ ਵਧਦੀ ਹੈ। ਉਨ੍ਹਾਂ ਨੇ ਇਹ ਵੀ ਉਮੀਦ ਪ੍ਰਗਟਾਈ ਕਿ ਅਗਲੀ ਪ੍ਰਤੀਯੋਗਤਾ ਵਿਚ ਪ੍ਰਤੀਯੋਗੀਆਂ ਦੀ ਗਿਣਤੀ ਹੋਰ ਜ਼ਿਆਦਾ ਹੋਵੇਗੀ ਤਾਂ ਕਿ ਇਸ ਖੇਡ ਜ਼ਰੀਏ ਹੋਰ ਜ਼ਿਆਦਾ ਲੋਕ ਆਪਣੇ ਦਿਮਾਗ਼ ਨੂੰ ਤੇਜ਼ ਕਰ ਸਕਣ।


-ਮੁੰਬਈ ਪ੍ਰਤੀਨਿਧ

ਸ਼ਹੀਦ ਸਿਪਾਹੀਆਂ ਲਈ ਅੱਗੇ ਆਏ ਫ਼ਿਲਮ ਕਲਾਕਾਰ

ਭਾਰਤੀ ਫ਼ੌਜ ਦੇ ਸ਼ਹੀਦਾਂ ਅਤੇ ਸੂਰਵੀਰਾਂ ਲਈ ਅਥਰਵ ਫਾਊਂਡੇਸ਼ਨ ਵਲੋਂ ਇਕ ਪ੍ਰੋਗਰਾਮ 'ਵਨ ਫਾਰ ਆਲ, ਆਲ ਫਾਰ ਵਨ' ਪਹਿਲਾਂ ਆਯੋਜਿਤ ਕੀਤਾ ਗਿਆ ਸੀ। ਹੁਣ ਇਸ ਦੇ ਦੂਜੇ ਭਾਗ ਦਾ ਐਲਾਨ ਕੀਤਾ ਗਿਆ ਹੈ ਅਤੇ ਇਹ ਪ੍ਰੋਗਰਾਮ 31 ਜਨਵਰੀ ਨੂੰ ਮੁੰਬਈ ਵਿਚ ਆਯੋਜਿਤ ਹੋਵੇਗਾ। ਇਸ ਐਲਾਨ ਦੇ ਮੌਕੇ 'ਤੇ ਅਥਰਵ ਫਾਊਂਡੇਸ਼ਨ ਦੇ ਸੁਨੀਲ ਰਾਣੇ ਦੇ ਨਾਲ-ਨਾਲ ਮਹਿਮਾ ਚੌਧਰੀ, ਜਾਏਦ ਖਾਨ, ਰਜ਼ਾ ਮੁਰਾਦ, ਅਰਚਨਾ ਵੇਦਾ, ਮੋਨਿਕਾ ਸ਼ਰਮਾ ਆਦਿ ਕਲਾਕਾਰ ਵੀ ਮੌਜੂਦ ਰਹੇ ਸਨ। ਨਾਲ ਹੀ ਕਈ ਰਿਟਾਇਰਡ ਫ਼ੌਜੀ ਅਫ਼ਸਰ ਵੀ ਸਨ। ਇਸ ਮੌਕੇ 'ਤੇ ਸਾਰੇ ਕਲਾਕਾਰਾਂ ਨੇ ਦੇਸ਼ ਦੇ ਫ਼ੌਜੀਆਂ ਦੇ ਜਜ਼ਬੇ ਨੂੰ ਸਲਾਮ ਕੀਤਾ ਅਤੇ ਇਕ ਆਵਾਜ਼ ਵਿਚ ਇਹ ਕਿਹਾ ਕਿ ਫ਼ੌਜੀ ਭਰਾ ਤੇ ਉਨ੍ਹਾਂ ਦੇ ਪਰਿਵਾਰ ਨੂੰ ਸਹਾਇਤਾ ਕਰਨ ਲਈ ਉਹ ਹਰ ਵੇਲੇ ਤਿਆਰ ਹਨ। ਇਸ ਮੌਕੇ 'ਤੇ ਮਹਿਮਾ ਨੇ ਸ਼ਹੀਦ ਫ਼ੌਜੀਆਂ ਦੀਆਂ ਬੇਟੀਆਂ ਨੂੰ ਲੈਪਟਾਪ ਵੰਡਣ ਦੀ ਯੋਜਨਾ ਦਾ ਸਵਾਗਤ ਕੀਤਾ ਅਤੇ ਕਿਹਾ ਕਿ ਇਸ ਨਾਲ ਦੇਸ਼ ਦੀਆਂ ਬੇਟੀਆਂ ਨੂੰ ਆਪਣੀ ਜ਼ਿੰਦਗੀ ਵਿਚ ਅੱਗੇ ਵਧਣ ਵਿਚ ਕਾਫ਼ੀ ਸਹੂਲਤ ਹੋਵੇਗੀ।


-ਮੁੰਬਈ ਪ੍ਰਤੀਨਿਧ

ਹੁਣ ਬਾਲੀਵੁੱਡ ਵਿਚ ਆਪਣੀ ਪਛਾਣ ਬਣਾਉਣਾ ਚਾਹੁੰਦਾ ਹਾਂ : ਰਾਜਿੰਦਰ ਸਿੰਘ ਅਰੋੜਾ

ਮੂਲ ਤੌਰ 'ਤੇ ਲੁਧਿਆਣਾ ਵਾਸੀ ਰਾਜਿੰਦਰ ਸਿੰਘ ਅਰੋੜਾ ਲੰਬੇ ਸਮੇਂ ਤੋਂ ਦਿੱਲੀ ਵਿਚ ਸਥਾਈ ਤੌਰ 'ਤੇ ਰਹਿ ਰਹੇ ਹਨ ਅਤੇ ਉਹ ਬਤੌਰ ਟੈਕਸ ਸਲਾਹਕਾਰ ਤੇ ਕਾਰਪੋਰੇਟ ਵਕੀਲ ਦੇ ਤੌਰ 'ਤੇ ਚੰਗੇ ਰੁੱਝੇ ਰਹਿੰਦੇ ਹਨ। ਵਕੀਲ ਦੇ ਨਾਲ-ਨਾਲ ਉਨ੍ਹਾਂ ਦੀ ਇਕ ਵੱਖਰੀ ਪਛਾਣ ਇਹ ਵੀ ਹੈ ਕਿ ਉਹ ਚੰਗੇ ਸ਼ਾਇਰ ਵੀ ਹਨ। ਦਿੱਲੀ ਦੇ ਸਾਹਿਤਕ ਖੇਤਰਾਂ ਵਿਚ ਉਹ ਦਿਲਦਾਰ ਦੇਹਲਵੀ ਦੇ ਨਾਂਅ ਨਾਲ ਜਾਣੇ ਜਾਂਦੇ ਹਨ। ਉਨ੍ਹਾਂ ਵਲੋਂ ਲਿਖੀਆਂ ਗ਼ਜ਼ਲਾਂ ਅਖ਼ਬਾਰਾਂ, ਮੈਗਜ਼ੀਨਾਂ ਵਿਚ ਪ੍ਰਕਾਸ਼ਿਤ ਹੁੰਦੀਆਂ ਰਹਿੰਦੀਆਂ ਹਨ ਅਤੇ ਉਹ ਤਾਰੀਫ਼ਾਂ ਖੱਟਦੇ ਰਹਿੰਦੇ ਹਨ। ਗ਼ਜ਼ਲਾਂ 'ਤੇ ਉਨ੍ਹਾਂ ਵਲੋਂ ਲਿਖੀ ਕਿਤਾਬ 'ਸੂਰਜ ਕਾ ਖ਼ਵਾਬ ਹੈ' ਪ੍ਰਕਾਸ਼ਿਤ ਹੋ ਚੁੱਕੀ ਹੈ ਅਤੇ ਗ਼ਜ਼ਲਾਂ ਦਾ ਗੁਲਦਸਤਾ ਨੁਮਾ ਉਨ੍ਹਾਂ ਦੀ ਦੂਜੀ ਕਿਤਾਬ 'ਤੋ ਜ਼ਿੰਦਗੀ ਸੰਵਰ ਗਈ' ਦਾ ਉਦਘਾਟਨ ਮੁੰਬਈ ਵਿਚ ਕੀਤਾ ਗਿਆ।
ਆਪਣੀ ਇਸ ਨਵੀਂ ਕਿਤਾਬ ਵਿਚ ਪੇਸ਼ ਕੀਤੀਆਂ ਗ਼ਜ਼ਲਾਂ ਬਾਰੇ ਉਹ ਕਹਿੰਦੇ ਹਨ, 'ਮੈਂ ਇਸ ਵਿਚ ਸਰਲ ਸ਼ਬਦਾਂ ਵਿਚ ਗ਼ਜ਼ਲਾਂ ਪੇਸ਼ ਕੀਤੀਆਂ ਹਨ ਤਾਂ ਕਿ ਆਮ ਆਦਮੀ ਇਸ ਦਾ ਲੁਤਫ਼ ਲੈ ਸਕੇ। ਆਮ ਇਨਸਾਨ ਦੀ ਦਿਮਾਗ਼ੀ ਸੋਚ ਇਨ੍ਹਾਂ ਗ਼ਜ਼ਲਾਂ ਵਿਚ ਪੇਸ਼ ਕੀਤੀ ਗਈ ਹੈ। ਇਨ੍ਹਾਂ ਵਿਚੋਂ ਕੁਝ ਰੋਮਾਂਟਿਕ ਹਨ ਤੇ ਕੁਝ ਦਿਲਾਂ ਦਾ ਦਰਦ ਬਿਆਨ ਕਰਦੀਆਂ ਹਨ। ਇਨ੍ਹਾਂ ਗ਼ਜ਼ਲਾਂ ਵਿਚ ਉਸ ਦਰਦ ਦੀ ਗੱਲ ਕੀਤੀ ਗਈ ਹੈ ਜੋ ਆਲੇ-ਦੁਆਲੇ ਦੀ ਦੁਨੀਆ ਵਿਚ ਦੇਖ ਕੇ ਦਿਲ ਵਿਚ ਹੁੰਦਾ ਹੈ।'
ਕਈ ਨਾਮੀ ਗਾਇਕ ਇਨ੍ਹਾਂ ਦੀਆਂ ਗ਼ਜ਼ਲਾਂ ਨੂੰ ਆਵਾਜ਼ ਦੇ ਚੁੱਕੇ ਹਨ ਅਤੇ ਹੁਣ ਇਸ ਗ਼ਜ਼ਲਕਾਰ ਨੇ ਫ਼ਿਲਮੀ ਗੀਤਾਂ ਵੱਲ ਆਪਣਾ ਰੁਖ਼ ਕੀਤਾ ਹੈ। ਉਹ ਕਹਿੰਦੇ ਹਨ, 'ਮੈਂ ਇਕ ਪੰਜਾਬੀ ਫ਼ਿਲਮ ਲਈ ਗੀਤ ਲਿਖੇ ਹਨ ਅਤੇ ਇਹ ਫ਼ਿਲਮ ਨਿਰਮਾਣ ਅਧੀਨ ਹੈ। ਮੈਂ ਹੁਣ ਬਾਲੀਵੁੱਡ ਵਿਚ ਆਪਣੀ ਪਛਾਣ ਬਣਾਉਣੀ ਚਾਹੁੰਦਾ ਹਾਂ ਅਤੇ ਇਸੇ ਵਜ੍ਹਾ ਕਰਕੇ ਮੈਂ ਇਸ ਕਿਤਾਬ ਦਾ ਉਦਘਾਟਨ ਪ੍ਰੋਗਰਾਮ ਦਿੱਲੀ ਦੀ ਬਜਾਏ ਮੁੰਬਈ ਵਿਚ ਕਰਨਾ ਚੰਗਾ ਸਮਝਿਆ ਤਾਂ ਕਿ ਇਥੇ ਮੇਰੀ ਪਛਾਣ ਮਜ਼ਬੂਤ ਹੋ ਸਕੇ। ਮੈਂ ਆਪਣੇ ਫ਼ਿਲਮੀ ਗੀਤਾਂ ਵਿਚ ਵੀ ਗ਼ਜ਼ਲ ਦਾ ਟਚ ਰੱਖਣਾ ਚਾਹਾਂਗਾ ਕਿਉਂਕਿ ਗ਼ਜ਼ਲਾਂ ਦੀ ਉਮਰ ਬਹੁਤ ਲੰਬੀ ਹੁੰਦੀ ਹੈ। ਇਕ ਚੰਗੀ ਗ਼ਜ਼ਲ ਇਸ ਦੇ ਰਚਨਾਕਾਰ ਨੂੰ ਅਮਰ ਬਣਾ ਦਿੰਦੀ ਹੈ ਅਤੇ ਆਪਣੀ ਕਲਮ ਦੇ ਦਮ 'ਤੇ ਅਮਰਤਾ ਹਾਸਲ ਕਰਨ ਦੀ ਇੱਛਾ ਕਿਸ ਕਲਾਕਾਰ ਵਿਚ ਨਹੀਂ ਹੁੰਦੀ।' ਇਹ ਕਹਿ ਕੇ ਉਹ ਆਪਣੀ ਗੱਲ ਖ਼ਤਮ ਕਰਦੇ ਹਨ ਕਿ 'ਜ਼ਿੰਦਗੀ ਕੀ ਜ਼ਰੂਰਤੋਂ ਨੇ ਮੁਝੇ ਲਾਇਰ ਬਨਾ ਦਿਆ, ਪਰ ਮੇਰੇ ਸ਼ੌਕ ਨੇ ਮੁਝੇ ਸ਼ਾਇਰ ਬਨਾ ਦਿਆ।'

-ਮੁੰਬਈ ਪ੍ਰਤੀਨਿਧ

ਬਹੁਪੱਖੀ ਪ੍ਰਤਿਭਾ ਦੀ ਮਾਲਕ ਅਨੁਪਮਾ ਸ਼ਰਮਾ

ਅਨੁਮਪਮਾ ਨੇ ਭਾਰਤ ਦੀ ਪ੍ਰਤੀਨਿੱਧਤਾ ਕਰਦਿਆਂ 'ਮਿਸੇਜ਼ ਯੂਨੀਵਰਸ 2017' ਡਰਬਨ, ਸਾਊਥ ਅਫ਼ਰੀਕਾ ਅਤੇ 'ਵੁਮੈਨ ਮਿਸੇਜ਼ ਯੂਨੀਵਰਸ ਗੋਲਡਨ ਹਾਰਟ 2017' ਦਾ ਖ਼ਿਤਾਬ ਆਪਣੇ ਨਾਂਅ ਕੀਤਾ। ਇਸਦੇ ਇਲਾਵਾ ਅਨੁਪਮਾ ਨੇ 'ਮਿਸੇਜ਼ ਯੂਨੀਵਰਸ ਅਰਬ ਏਸ਼ੀਆ 2017' 'ਮਿਸੇਜ਼ ਇੰਡੀਆ 2016' 'ਮਿਸੇਜ਼ ਪੰਜਾਬਣ ਇੰਟਰਨੈਸ਼ਨਲ 2016' ਸੁੰਦਰਤਾ ਪ੍ਰਤੀਯੋਗਤਾਵਾਂ ਵੀ ਜਿੱਤ ਚੁੱਕੀ ਹੈ ਅਤੇ ਇਸਦੇ ਨਾਲ-ਨਾਲ ਹੀ ਦਰਜ਼ਨਾਂ ਅਵਾਰਡਜ਼ ਅਤੇ ਟਾਈਟਲ ਵੀ ਆਪਣੇ ਨਾਂਅ ਕਰ ਚੁੱਕੀ ਹੈ। ਅਨੁਪਮਾ ਦਾ ਜਨਮ ਨਾਲਾਗੜ੍ਹ 'ਚ ਹੋਇਆ। ਉਨ੍ਹਾਂ ਨੇ ਸਿਰਫ਼ ਪਰਿਵਾਰ, ਸ਼ਹਿਰ, ਜ਼ਿਲ੍ਹੇ ਅਤੇ ਸੂਬੇ ਦਾ ਹੀ ਨਹੀਂ ਬਲਕਿ ਆਪਣੇ ਦੇਸ਼ ਦਾ ਨਾਂਅ ਵੀ ਵਿਸ਼ਵ ਪੱਧਰ 'ਤੇ ਚਮਕਾਇਆ ਹੈ। ਇਕ ਕੌਮਾਂਤਰੀ ਖ਼ਿਤਾਬ ਜਿੱਤਣਾ ਅਤੇ ਆਪਣੇ ਦੇਸ਼ ਦੀ ਪ੍ਰਤੀਨਿਧ ਹੋਣਾ ਬਹੁਤ ਹੀ ਗ਼ੌਰਵਸ਼ਾਲੀ ਗੱਲ ਹੈ। ਇਨ੍ਹਾਂ ਪ੍ਰਾਪਤੀਆਂ ਦੇ ਲਈ ਉਸ ਦਾ ਕਹਿਣਾ ਹੈ ਕਿ ਇਸਦਾ ਸਾਰਾ ਸਿਹਰਾ ਆਪਣੇ ਮਾਤਾ-ਪਿਤਾ, ਪਤੀ 'ਤੇ ਸਮੂਹ ਪਰਿਵਾਰ ਨੂੰ ਦਿੰਦੀ ਹਾਂ, ਜਿਨ੍ਹਾਂ ਨੇ ਹਮੇਸ਼ਾ ਉਸਨੂੰ ਅਜਿਹੇ ਮੁਕਾਬਲਿਆਂ ਲਈ ਉਤਸ਼ਾਹਿਤ ਕੀਤਾ 'ਤੇ ਮੇਰੇ ਹਰ ਫ਼ੈਸਲੇ 'ਚ ਮੇਰਾ ਡਟ ਕੇ ਸਾਥ ਦਿੱਤਾ। ਅਨੁਪਮਾ ਦਾ ਕਹਿਣਾ ਹੈ ਕਿ ਮੇਰਾ ਨਿਸ਼ਾਨਾ 'ਘਰੇਲੂ ਹਿੰਸਾ' ਜੋ ਔਰਤਾਂ ਅਤੇ ਬੱਚਿਆਂ ਦੇ ਪ੍ਰਤੀ ਔਰਤਾਂ ਅੰਦਰ ਜਾਗਰੂਕਤਾ ਫ਼ੈਲਾਉਣਾ ਹੈ।


-ਮੁਹੰਮਦ ਹਨੀਫ਼ ਥਿੰਦ
ਪ੍ਰਤੀਨਿਧ ਰੋਜ਼ਾਨਾ ਅਜੀਤ ਮਲੇਰਕੋਟਲਾ।


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX