ਤਾਜਾ ਖ਼ਬਰਾਂ


ਸੰਘਣੀ ਧੁੰਦ ਕਾਰਨ ਵਾਪਰੇ ਹਾਦਸੇ ਵਿਚ 1 ਮੌਤ, 5 ਜ਼ਖਮੀ
. . .  14 minutes ago
ਮੋਗਾ, 17 ਜਨਵਰੀ - ਮੋਗਾ ਕੋਟਕਪੂਰਾ ਰੋਡ 'ਤੇ ਵਾਪਰੇ ਭਿਆਨਕ ਸੜਕ ਹਾਦਸੇ ਵਿਚ ਇਕ ਮੌਤ ਹੋ ਗਈ ਹੈ ਤੇ 5 ਹੋਰ ਜ਼ਖਮੀ ਹੋਏ ਹਨ। ਜ਼ਖਮੀਆਂ ਨੂੰ ਮੋਗਾ ਦੇ ਸਰਕਾਰੀ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ। ਇਹ ਹਾਦਸਾ ਸੰਘਣੀ ਧੁੰਦ ਕਾਰਨ ਵਾਪਰਿਆ...
ਅੱਜ ਡੇਰਾ ਸਿਰਸਾ ਮੁਖੀ ਨੂੰ ਛਤਰਪਤੀ ਕਤਲ ਮਾਮਲੇ 'ਚ ਹੋਵੇਗੀ ਸਜ਼ਾ
. . .  23 minutes ago
ਜਲੰਧਰ, 17 ਜਨਵਰੀ - ਪੱਤਰਕਾਰ ਰਾਮਚੰਦਰ ਛਤਰਪਤੀ ਦੇ ਕਤਲ ਮਾਮਲੇ 'ਚ ਅੱਜ ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ ਵੱਲੋਂ ਡੇਰਾ ਸਿਰਸਾ ਮੁਖੀ ਰਾਮ ਰਹੀਮ ਸਮੇਤ ਕ੍ਰਿਸ਼ਨ ਲਾਲ, ਨਿਰਮਲ ਸਿੰਘ ਤੇ ਕੁਲਦੀਪ ਸਿੰਘ ਨੂੰ ਸਜ਼ਾ ਸੁਣਾਈ ਜਾਵੇਗੀ। ਇਨ੍ਹਾਂ ਨੂੰ ਇਕੱਠੇ ਵੀਡੀਓ ਕਾਨਫਰੰਸਿੰਗ ਰਾਹੀਂ ਸਜ਼ਾ ਸੁਣਾਈ...
ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 'ਚ ਹੋਇਆ ਵਾਧਾ
. . .  41 minutes ago
ਨਵੀਂ ਦਿੱਲੀ, 17 ਜਨਵਰੀ - ਪੈਟਰੋਲ ਤੇ ਡੀਜਲ ਦੀਆਂ ਕੀਮਤਾਂ 'ਚ ਅੱਜ ਇਕ ਵਾਰ ਫਿਰ ਵਾਧਾ ਦੇਖਣ ਨੂੰ ਮਿਲਿਆ। ਰਾਜਧਾਨੀ ਦਿੱਲੀ 'ਚ ਪੈਟਰੋਲ ਦੀ ਕੀਮਤ 'ਚ 14 ਪੈਸੇ ਪ੍ਰਤੀ ਲੀਟਰ ਵਾਧਾ ਦਰਜ ਕੀਤਾ ਗਿਆ। ਇਸ ਨਾਲ ਪੈਟਰੋਲ ਦੀ ਕੀਮਤ 70.47 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਉੱਥੇ ਹੀ, ਰਾਜਧਾਨੀ...
ਅੱਜ ਦਾ ਵਿਚਾਰ
. . .  54 minutes ago
ਹੈੱਡ ਕਾਂਸਟੇਬਲ ਨੇ ਟ੍ਰੈਫਿਕ ਪੁਲਿਸ ਦੇ ਸਹਾਇਕ ਸਬ ਇੰਸਪੈਕਟਰ ਨੂੰ ਮਾਰੀ ਗੋਲੀ
. . .  1 day ago
ਡੇਰਾਬਸੀ , 16 ਜਨਵਰੀ ( ਸ਼ਾਮ ਸਿੰਘ ਸੰਧੂ)-ਡੇਰਾਬਸੀ ਪੁਲਿਸ ਸਟੇਸ਼ਨ ਵਿਖੇ ਇੱਕ ਹੈੱਡ ਕਾਂਸਟੇਬਲ ਨੇ ਟ੍ਰੈਫਿਕ ਪੁਲਿਸ ਡੇਰਾਬਸੀ ਦੇ ਇੰਚਾਰਜ ਸਹਾਇਕ ਸਬ ਇੰਸਪੈਕਟਰ ਲਖਵਿੰਦਰ ਸਿੰਘ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਹੈ
ਸੀਰੀਆ ਧਮਾਕੇ 'ਚ 30 ਨਾਗਰਿਕਾਂ ਦੀ ਮੌਤ
. . .  1 day ago
ਅਮਿੱਤ ਸ਼ਾਹ ਨੂੰ ਹੋਇਆ ਸਵਾਈਨ ਫਲੂ , ਏਮਜ਼ 'ਚ ਭਰਤੀ
. . .  1 day ago
ਨਵੀਂ ਦਿੱਲੀ ,16 ਜਨਵਰੀ - ਭਰਤੀ ਜਨਤਾ ਪਾਰਟੀ ਦੇ ਪ੍ਰਧਾਨ ਅਮਿੱਤ ਸ਼ਾਹ ਨੂੰ ਸਵਾਈਨ ਫਲੂ ਹੋਣ ਕਰਕੇ ਏਮਜ਼ 'ਚ ਭਰਤੀ ਕੀਤਾ ਗਿਆ ਹੈ।
'ਖੇਲੋ ਇੰਡੀਆ' 'ਚ ਬੁਢਲਾਡਾ ਤਹਿਸੀਲ ਦੀ ਪ੍ਰਦੀਪ ਕੌਰ ਨੇ ਜਿੱਤਿਆ ਕਾਂਸੇ ਦਾ ਮੈਡਲ
. . .  1 day ago
ਬੁਢਲਾਡਾ, 16 ਜਨਵਰੀ (ਸਵਰਨ ਸਿੰਘ ਰਾਹੀ) - ਮਹਾਰਾਸ਼ਟਰ ਦੇ ਪੁਣੇ 'ਚ ਚੱਲ ਰਹੀਆਂ 'ਖੇਲੋ ਇੰਡੀਆ' ਖੇਡਾਂ 'ਚ ਬੁਢਲਾਡਾ ਤਹਿਸੀਲ ਦੇ ਪਿੰਡ ਦੋਦੜਾ ਦੀ ਨਿਸ਼ਾਨੇਬਾਜ਼ ਪ੍ਰਦੀਪ ਕੌਰ ਸਿੱਧੂ ਨੇ 10 ਮੀਟਰ ਏਅਰ ਪਿਸਟਲ (ਮਿਕਸ) ਜੂਨੀਅਰ ਵਰਗ 'ਚ ਕਾਂਸੇ ਦਾ ਮੈਡਲ ਜਿੱਤ ਕੇ ਪਿੰਡ ਅਤੇ ਪੰਜਾਬ ਦਾ ਨਾਂਅ ਰੌਸ਼ਨ ਕੀਤਾ ਹੈ।
ਜਸਟਿਸ ਸੰਜੀਵ ਖੰਨਾ ਅਤੇ ਜਸਟਿਸ ਮਹੇਸ਼ਵਰੀ ਸੁਪਰੀਮ ਕੋਰਟ ਦੇ ਜੱਜ ਨਿਯੁਕਤ
. . .  1 day ago
ਨਵੀਂ ਦਿੱਲੀ, 16 ਜਨਵਰੀ - ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਦਿੱਲੀ ਹਾਈਕੋਰਟ ਦੇ ਚੀਫ਼ ਜਸਟਿਸ ਸੰਜੀਵ ਖੰਨਾ ਅਤੇ ਕਰਨਾਟਕ ਹਾਈਕੋਰਟ ਦੇ ਜੱਜ ਦਿਨੇਸ਼ ਮਹੇਸ਼ਵਰੀ ਨੂੰ ਸੁਪਰੀਮ ਕੋਰਟ ਦਾ...
ਤਾਮਿਲਨਾਡੂ ਦਾ ਡੀ ਗੁਕੇਸ਼ ਬਣਿਆ ਦੁਨੀਆ ਦਾ ਦੂਜਾ ਸਭ ਤੋਂ ਛੋਟੀ ਉਮਰ ਦਾ ਸ਼ਤਰੰਜ ਗ੍ਰੈਂਡਮਾਸਟਰ
. . .  1 day ago
ਚੇਨਈ, 16 ਜਨਵਰੀ - ਤਾਮਿਲਨਾਡੂ ਦਾ ਡੀ ਗੁਕੇਸ਼ ਦੁਨੀਆ ਦਾ ਦੂਜਾ ਸਭ ਤੋਂ ਛੋਟੀ ਉਮਰ ਦਾ ਸ਼ਤਰੰਜ ਗ੍ਰੈਂਡ ਮਾਸਟਰ ਬਣਿਆ ਹੈ। ਇਸ ਮੌਕੇ ਡੀ ਗੁਕੇਸ਼ ਨੇ ਆਪਣੇ ਮਾਤਾ ਪਿਤਾ, ਕੋਚ, ਦੋਸਤਾਂ...
ਹੋਰ ਖ਼ਬਰਾਂ..

ਖੇਡ ਜਗਤ

ਭਾਰਤ ਬੈਡਮਿੰਟਨ ਲੀਗ ਦੀ ਨਵੀਂ ਸ਼ੁਰੂਆਤ

ਇਸ ਸਾਲ ਦੇ ਆਖਰੀ ਵੱਡੇ ਖੇਡ ਆਯੋਜਨ ਵਜੋਂ ਭਾਰਤੀ ਬੈਡਮਿੰਟਨ ਲੀਗ ਦੇ ਚੌਥੇ ਸੈਸ਼ਨ ਦੇ ਮੁਕਾਬਲੇ 22 ਦਸੰਬਰ, 2018 ਤੋਂ ਸ਼ੁਰੂ ਹੋ ਰਹੇ ਹਨ ਜੋ 13 ਜਨਵਰੀ, 2019 ਤੱਕ ਚੱਲਣਗੇ। ਭਾਰਤੀ ਬੈਡਮਿੰਟਨ ਲੀਗ ਦਾ ਆਯੋਜਨ ਭਾਰਤੀ ਬੈਡਮਿੰਟਨ ਸੰਘ ਦੀ ਦੇਖ-ਰੇਖ ਵਿਚ ਹੁੰਦਾ ਹੈ। ਕੁੱਲ 23 ਦਿਨਾਂ ਤੱਕ ਚੱਲਣ ਵਾਲੇ ਪ੍ਰੀਮੀਅਰ ਬੈਡਮਿੰਟਨ ਲੀਗ ਯਾਨੀ ਪੀ. ਬੀ. ਐੱਲ.-4 ਵਿਚ ਕੁੱਲ 9 ਟੀਮਾਂ ਦਿੱਲੀ ਡੈਸ਼ਰਸ, ਅਹਿਮਦਾਬਾਦ ਸਮੈਸ਼ ਮਾਸਟਰਸ, ਅਵਧ ਵਾਰੀਅਰਸ, ਬੈਂਗਲੁਰੂ ਰੈਪਟਰਸ, ਮੁੰਬਈ ਰਾਕੇਟਸ, ਹੈਦਰਾਬਾਦ ਹੰਟਰਸ, ਚੇਨਈ ਸਮੈਸ਼ਰਸ, ਨਾਰਥ ਈਸਟਰਨ ਵਾਰੀਅਰਸ ਅਤੇ ਨਵੀਂ ਟੀਮ ਪੁਣੇ ਏਸੇਜ਼ ਆਪਣੀ ਚੁਣੌਤੀ ਪੇਸ਼ ਕਰਨਗੀਆਂ। ਉਲੰਪਿਕ ਚਾਂਦੀ ਤਗਮਾ ਜੇਤੂ ਪੀ. ਵੀ. ਸਿੰਧੂ, ਰਾਸ਼ਟਰ ਮੰਡਲ ਖੇਡਾਂ ਦੀ ਸੋਨ ਤਗਮਾ ਜੇਤੂ ਸਾਇਨਾ ਨੇਹਵਾਲ, ਚੋਟੀ ਦੇ ਪੁਰਸ਼ ਖਿਡਾਰੀ ਕਿਦਾਂਬੀ ਸ਼੍ਰੀਕਾਂਤ ਅਤੇ ਐੱਚ. ਐੱਸ. ਪ੍ਰਣਯ ਵਰਗੇ ਸਟਾਰ ਖਿਡਾਰੀਆਂ ਨੂੰ ਵੋਡਾਫੋਨ ਪ੍ਰੀਮੀਅਰ ਬੈਡਮਿੰਟਨ ਲੀਗ (ਪੀ. ਬੀ. ਐੱਲ.) ਦੇ ਚੌਥੇ ਸੈਸ਼ਨ ਲਈ ਹੋਈ ਨੀਲਾਮੀ ਵਿਚ 80-80 ਲੱਖ ਰੁਪਏ ਦੀ ਕੀਮਤ ਮਿਲੀ ਸੀ ਯਾਨੀ ਇਹ ਖਿਡਾਰੀ ਇਸ ਲੀਗ ਦਾ ਮੁੱਖ ਸ਼ਿੰਗਾਰ ਹੋਣਗੇ। ਇਸ ਸਾਲ ਇਹ ਲੀਗ ਵੱਡੀ ਇਸ ਲਈ ਵੀ ਹੈ, ਕਿਉਂਕਿ ਇਸ ਵਾਰ ਲੀਗ ਵਿਚ ਕੁੱਲ 9 ਟੀਮਾਂ ਹਿੱਸਾ ਲੈ ਰਹੀਆਂ ਹਨ ਅਤੇ ਇਸ ਸਾਲ ਦੀ ਨਵੀਂ ਟੀਮ ਪੁਣੇ 7 ਏਸੇਜ਼ ਵੀ ਨੀਲਾਮੀ ਵਿਚ ਉੱਤਰੀ ਸੀ। ਨੀਲਾਮੀ ਦੇ ਮੁੱਖ ਦੌਰ ਵਿਚ 9 ਆਈਕਨ ਖਿਡਾਰੀਆਂ ਨੂੰ ਉਤਾਰਿਆ ਗਿਆ ਸੀ, ਜਿਨ੍ਹਾਂ ਵਿਚੋਂ ਇਕ ਨੂੰ ਛੱਡ ਕੇ ਬਾਕੀ 8 ਆਈਕਨ ਖਿਡਾਰੀਆਂ ਨੂੰ 80-80 ਲੱਖ ਰੁਪਏ ਮਿਲੇ ਸਨ। ਪੀ.ਵੀ. ਸਿੰਧੂ ਨੂੰ ਹੈਦਰਾਬਾਦ ਹੰਟਰਸ, ਸਾਇਨਾ ਨੇਹਵਾਲ ਨੂੰ ਨਾਰਥ ਈਸਟਰਨ ਵਾਰੀਅਰਸ, ਸ਼੍ਰੀਕਾਂਤ ਨੂੰ ਬੈਂਗਲੁਰੂ ਰੈਪਟਰਸ ਅਤੇ ਪ੍ਰਣਯ ਨੂੰ ਦਿੱਲੀ ਡੈਸ਼ਰਸ ਨੇ 80-80 ਲੱਖ ਰੁਪਏ ਵਿਚ ਖਰੀਦਿਆ ਹੈ। ਉਲੰਪਿਕ ਚੈਂਪੀਅਨ ਸਪੇਨ ਦੀ ਕੈਰੋਲਿਨਾ ਮਾਰਿਨ ਨੂੰ ਨਵੀਂ ਟੀਮ ਪੁਣੇ 7 ਏਸੇਜ਼, ਵਰਲਡ ਨੰਬਰ-1 ਡੈਨਮਾਰਕ ਦੇ ਵਿਕਟਰ ਐਕਸੇਲਸਨ ਨੂੰ ਅਹਿਮਦਾਬਾਦ ਸਮੈਸ਼ ਮਾਸਟਰਸ, ਕੋਰੀਆ ਦੇ ਸੁੰਗ ਜੀ ਹਿਊਨ ਨੂੰ ਚੇਨਈ ਸਮੈਸ਼ਰਸ ਅਤੇ ਲੀ ਯੋਂਗ ਦੇਈ ਨੂੰ ਮੁੰਬਈ ਰਾਕੇਟਸ ਨੇ 80-80 ਲੱਖ ਰੁਪਏ ਦੀ ਕੀਮਤ ਉੱਤੇ ਖਰੀਦਿਆ ਹੈ।
ਇਸ ਵਾਰ ਦੀ ਲੀਗ ਦੀ ਖਾਸ ਗੱਲ ਇਹ ਵੀ ਹੈ ਕਿ ਪੀ.ਬੀ.ਐੱਲ. ਵਿਚ 2015 ਤੋਂ ਬਾਅਦ ਪਹਿਲੀ ਵਾਰ ਨੀਲਾਮੀ ਵਿਚ ਸਾਰੇ ਵੱਡੇ ਖਿਡਾਰੀ ਸ਼ਾਮਿਲ ਹੋਏ ਹਨ ਅਤੇ ਇਸ ਸਾਲ ਰਿਟੈਂਸ਼ਨ ਯਾਨੀ ਖਿਡਾਰੀ ਬਰਕਰਾਰ ਰੱਖੇ ਜਾਣ ਦਾ ਨਿਯਮ ਨਹੀਂ ਰੱਖਿਆ ਗਿਆ। ਸਾਲ 2015 ਵਿਚ ਪਹਿਲੀ ਵਾਰ ਹੋਈ ਨੀਲਾਮੀ ਵਿਚ ਟੀਮਾਂ ਨੇ ਕਈ ਅਹਿਮ ਖਿਡਾਰੀਆਂ ਨੂੰ ਆਪਣੇ ਨਾਲ ਜੋੜਿਆ ਸੀ ਅਤੇ ਅੱਗੇ ਆਉਣ ਵਾਲੇ ਸੈਸ਼ਨਾਂ ਲਈ ਖਿਡਾਰੀਆਂ ਨੂੰ ਬਰਕਰਾਰ ਵੀ ਰੱਖਿਆ ਸੀ ਪਰ ਇਸ ਸਾਲ ਸਾਰੇ ਖਿਡਾਰੀ ਨੀਲਾਮੀ ਵਿਚ ਸ਼ਾਮਿਲ ਕੀਤੇ ਗਏ। ਨੀਲਾਮੀ ਵਿਚ ਕੁਲ 145 ਖਿਡਾਰੀਆਂ ਦੀ ਬੋਲੀ ਲੱਗੀ ਅਤੇ 23 ਦੇਸ਼ਾਂ ਦੇ ਖਿਡਾਰੀ ਨੀਲਾਮੀ ਵਿਚ ਸ਼ਾਮਿਲ ਹੋਏ ਸਨ। ਰੀਓ ਉਲੰਪਿਕ ਚੈਂਪੀਅਨ ਸਪੇਨ ਦੀ ਕੈਰੋਲਿਨਾ ਮਾਰਿਨ ਦੀ ਅਗਵਾਈ ਵਿਚ ਹੈਦਰਾਬਾਦ ਦੀ ਟੀਮ ਨੇ ਪਿਛਲੇ ਸੈਸ਼ਨ ਦਾ ਖ਼ਿਤਾਬ ਜਿੱਤਿਆ ਸੀ ਪਰ ਇਸ ਵਾਰ ਮਾਰਿਨ ਨੂੰ ਫ਼ਿਲਮ ਅਭਿਨੇਤਰੀ ਤਾਪਸੀ ਪੰਨੂ ਦੀ ਨਵੀਂ ਟੀਮ ਪੁਣੇ 7 ਏਸੇਜ਼ ਨੇ ਖਰੀਦ ਲਿਆ ਹੈ। ਇਸ ਸਾਲ ਕੁਲ 30 ਮੈਚ ਖੇਡੇ ਜਾਣਗੇ, ਜਿਨ੍ਹਾਂ ਵਿਚ 7 ਡਬਲ ਹੈਡਰ ਯਾਨੀ ਇਕ ਦਿਨ ਵਿਚ ਦੋ-ਦੋ ਮੈਚ ਵੀ ਹੋਣਗੇ। ਪੀ.ਬੀ.ਐੱਲ. ਆਯੋਜਕਾਂ ਨੇ ਆਗਾਮੀ ਸੈਸ਼ਨ ਲਈ ਭ੍ਰਿਸ਼ਟਾਚਾਰ ਰੋਕੂ ਨੀਤੀ ਬਣਾਉਣ ਲਈ ਆਈ.ਸੀ.ਸੀ. ਦੀ ਐਂਟੀ-ਕੁਰੱਪਸ਼ਨ ਯੂਨਿਟ ਦੇ ਸਾਬਕਾ ਪ੍ਰਮੁੱਖ ਰਵੀ ਸਵਾਨੀ ਨੂੰ ਆਪਣਾ ਚੀਫ ਐਂਟੀ-ਕੁਰੱਪਸ਼ਨ ਐਂਡ ਇੰਟ੍ਰੀਗਿਟੀ ਕਮਿਸ਼ਨਰ ਨਿਯੁਕਤ ਕੀਤਾ ਹੈ, ਤਾਂ ਜੋ ਕੋਈ ਵਿਵਾਦ ਲੀਗ ਦੌਰਾਨ ਨਾ ਹੋਵੇ। ਖੇਡ ਚੈਨਲ 'ਸਟਾਰ ਸਪੋਰਟਸ' ਉੱਤੇ ਇਸ ਲੀਗ ਦੇ ਸਾਰੇ ਮੈਚਾਂ ਦਾ ਸਿੱਧਾ ਪ੍ਰਸਾਰਨ ਕੀਤਾ ਜਾਵੇਗਾ।


-ਪਿੰਡ ਢਿੱਲਵਾਂ, ਡਾਕ: ਦਕੋਹਾ, ਜ਼ਿਲ੍ਹਾ ਜਲੰਧਰ-144023
E-mail: sudeepsdhillon@ ymail.com


ਖ਼ਬਰ ਸ਼ੇਅਰ ਕਰੋ

ਹਾਕੀ ਵੀ ਹੋਈ ਸਮੇਂ ਦੇ ਹਾਣ ਦੀ ਖੇਡ

ਸਾਡੇ ਦੇਸ਼ ਵਾਸੀਆਂ ਦੀ ਰੂਹ ਦੀ ਖੁਰਾਕ ਬਣੀਆਂ ਖੇਡਾਂ 'ਚ ਸ਼ਾਮਿਲ ਖੇਡ ਹਾਕੀ ਇਸ ਸਮੇਂ ਪੂਰੀ ਤਰ੍ਹਾਂ ਰੰਗੀਨ ਯੁੱਗ 'ਚ ਪ੍ਰਵੇਸ਼ ਕਰ ਚੁੱਕੀ ਹੈ। ਇਹ ਸਭ ਕੁਝ ਸਮੇਂ ਦੀ ਮੰਗ ਹੈ ਅਤੇ ਇਸ ਖੇਡ ਨੂੰ ਹੋਰਨਾਂ ਪੇਸ਼ੇਵਰ ਖੇਡਾਂ ਵਾਲੀ ਰੰਗਤ ਦੇਣਾ ਲਾਜ਼ਮੀ ਵੀ ਹੈ। ਓਡੀਸ਼ਾ ਦੀ ਰਾਜਧਾਨੀ ਭੁਵਨੇਸ਼ਵਰ ਵਿਖੇ ਸਫ਼ਲਤਾਪੂਰਵਕ ਨੇਪਰੇ ਚੜ੍ਹਿਆ ਹਾਕੀ ਦਾ ਆਲਮੀ ਕੱਪ, ਇਸ ਖੇਡ ਦੇ ਨਵੇਂ ਯੁੱਗ ਦੀ ਸ਼ੁਰੂਆਤ ਕਰ ਗਿਆ ਹੈ। ਇਸ ਸਮੇਂ ਤਕਰੀਬਨ 137 ਮੁਲਕ ਕੌਮਾਂਤਰੀ ਹਾਕੀ ਫੈਡਰੇਸ਼ਨ ਨਾਲ ਜੁੜੇ ਹੋਏ ਹਨ ਅਤੇ ਫੈਡਰੇਸ਼ਨ ਵਲੋਂ ਇਨ੍ਹਾਂ ਦੀ ਗਿਣਤੀ ਵਧਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਸ ਲਈ ਕੁਝ ਮੁਹਿੰਮਾਂ ਚਲਾਉਣ ਦਾ ਐਲਾਨ ਫੈਡੇਰਸ਼ਨ ਵਲੋਂ ਕੀਤਾ ਜਾ ਚੁੱਕਾ ਹੈ।
ਮੇਜ਼ਬਾਨੀ ਦੇ ਮਿਆਰ : ਹਾਕੀ ਦੇ ਵਿਸ਼ਵ ਪੱਧਰੀ ਟੂਰਨਾਮੈਂਟਾਂ ਲਈ ਹੁਣ ਵਿਸ਼ੇਸ਼ ਮਿਆਰ ਨਿਰਧਾਰਤ ਕੀਤੇ ਗਏ ਹਨ। ਹੋਰਨਾਂ ਖੇਡਾਂ ਵਾਂਗ ਪ੍ਰਦੂਸ਼ਣ ਰਹਿਤ ਮੇਜ਼ਬਾਨ ਸ਼ਹਿਰ, ਮਿਆਰੀ ਹੋਟਲ, ਉੱਚ-ਪਾਏ ਦੇ ਮੈਦਾਨ ਅਤੇ ਹਵਾਈ ਸਹੂਲਤਾਂ ਲਾਜ਼ਮੀ ਬਣ ਗਈਆਂ ਹਨ। ਭੁਵਨੇਸ਼ਵਰ ਸ਼ਹਿਰ ਇਨ੍ਹਾਂ ਸ਼ਰਤਾਂ ਦੀ ਪੂਰਤੀ ਕਰਦਾ ਹੈ, ਜਿਸ ਸਦਕਾ ਇਸ ਨੂੰ ਅਗਲੇ ਵਰ੍ਹੇ ਵੀ ਵਿਸ਼ਵ ਹਾਕੀ ਲੜੀ ਦੀ ਮੇਜ਼ਬਾਨੀ ਮਿਲ ਗਈ ਹੈ। ਦੂਸਰੀ ਗੱਲ ਇਸ ਵੇਲੇ ਕੌਮਾਂਤਰੀ ਹਾਕੀ ਫੈਡਰੇਸ਼ਨ ਪੈਸੇ ਪੱਖੋਂ ਇੰਨੇ ਕੁ ਗੁਜ਼ਾਰੇ 'ਚ ਹੋ ਗਈ ਹੈ ਕਿ ਉਸ ਨੂੰ ਉਪਰੋਕਤ ਚਾਰ ਸਹੂਲਤਾਂ ਵਾਲੇ ਮੇਜ਼ਬਾਨ ਦੀ ਜ਼ਰੂਰਤ ਹੈ, ਨਾ ਕਿ ਪੈਸਾ ਖਰਚਣ ਵਾਲੇ ਦੀ। ਓਡੀਸ਼ਾ ਸਰਕਾਰ ਵਲੋਂ ਜਿਸ ਤਰ੍ਹਾਂ ਆਲਮੀ ਕੱਪ ਮੌਕੇ ਆਪਣੇ ਰਾਜ 'ਚ ਹਾਕੀ ਦੀ ਲਹਿਰ ਖੜ੍ਹੀ ਕੀਤੀ ਗਈ ਹੈ, ਉਸ ਨੇ ਵੀ ਭੁਵਨੇਸ਼ਵਰ ਵਰਗੇ ਸ਼ਹਿਰ ਨੂੰ ਹਾਕੀ ਦਾ ਢੁਕਵਾਂ ਮੇਜ਼ਬਾਨ ਬਣਾ ਦਿੱਤਾ ਹੈ। ਉੱਤਰੀ ਭਾਰਤ ਕਿਸੇ ਵੇਲੇ ਹਾਕੀ ਦੇ ਕੌਮਾਂਤਰੀ ਟੂਰਨਾਮੈਂਟਾਂ ਦਾ ਮੁੱਖ ਮੇਜ਼ਬਾਨ ਸੀ, ਉਹ ਸਰਦਾਰੀ ਲੋੜੋਂ ਵੱਧ ਟਰੈਫਿਕ, ਪ੍ਰਦੂਸ਼ਣ ਅਤੇ ਸਰਕਾਰਾਂ ਦੇ ਅਸਹਿਯੋਗ ਕਾਰਨ ਹੁਣ ਖੁੱਸ ਗਈ ਜਾਪਦੀ ਹੈ।
ਨਿਯਮਬੱਧਤਾ ਸਖ਼ਤੀ ਜਾਪੀ : ਭੁਵਨੇਸ਼ਵਰ ਵਿਖੇ ਆਲਮੀ ਕੱਪ ਦੌਰਾਨ ਬਹੁਤ ਸਾਰੇ ਅਜਿਹੇ ਰੰਗ ਦੇਖਣ ਨੂੰ ਮਿਲੇ ਜੋ ਖੇਡਾਂ ਦੇ ਪੇਸ਼ੇਵਰਾਨਾ ਤਰੀਕੇ ਨਾਲ ਕੀਤੇ ਜਾਣ ਵਾਲੇ ਆਯੋਜਨ ਦੇ ਦਾਇਰੇ 'ਚ ਆਉਂਦੇ ਸਨ ਪਰ ਭਾਰਤ ਵਾਸੀਆਂ ਨੂੰ ਇਹ ਸਖ਼ਤੀ ਜਾਪੀ। ਮਿਸਾਲ ਵਜੋਂ ਹਾਕੀ ਦੀਆਂ ਸਾਡੇ ਦੇਸ਼ 'ਚ ਪਹਿਲੀ ਵਾਰ ਆਨਲਾਈਨ ਸਾਰੀਆਂ ਦੀਆਂ ਸਾਰੀਆਂ ਟਿਕਟਾਂ ਵਿਸ਼ਵ ਕੱਪ ਦੇ ਆਰੰਭ ਹੋਣ ਤੋਂ ਪਹਿਲਾ ਹੀ ਵਿਕ ਗਈਆਂ। ਕੱਪ ਦੌਰਾਨ ਆਏ ਲੋਕ ਟਿਕਟਾਂ ਨੂੰ ਤਰਸਦੇ ਰਹੇ ਅਤੇ ਪ੍ਰਬੰਧਕਾਂ ਦੇ ਤਰਲੇ ਵੀ ਕਰਦੇ ਰਹੇ। ਪਰ ਗੱਲ ਨਹੀਂ ਬਣਦੀ ਸੀ। ਦੂਸਰੀ ਗੱਲ ਮੀਡੀਆ, ਖਿਡਾਰੀਆਂ, ਮਹਿਮਾਨਾਂ ਅਤੇ ਦਰਸ਼ਕਾਂ ਨੂੰ ਨਿਰਧਾਰਤ ਗੇਟਾਂ ਰਾਹੀਂ ਸਟੇਡੀਅਮ 'ਚ ਦਾਖ਼ਲ ਕੀਤਾ ਜਾਂਦਾ ਸੀ ਅਤੇ ਆਪਣੇ ਨਿਰਧਾਰਤ ਥਾਵਾਂ ਤੋਂ ਇਕ-ਦੂਜੇ ਦੇ ਜ਼ੋਨ 'ਚ ਨਹੀਂ ਜਾ ਸਕਦੇ ਸੀ। ਪੂਰੇ ਟੂਰਨਾਮੈਂਟ ਦੌਰਾਨ ਹਰ ਰੋਜ਼ ਦੋ ਮੈਚਾਂ ਦਾ ਆਯੋਜਨ ਤਕਰੀਬਨ 3 ਘੰਟੇ ਦੇ ਰੰਗਾਰੰਗ ਸ਼ੋਅ ਦੇ ਰੂਪ 'ਚ ਸੰਗੀਤਕ ਧੁਨਾਂ, ਆਤਿਸ਼ਬਾਜ਼ੀ ਅਤੇ ਨਾਚਾਂ ਨਾਲ ਸਜਾ ਕੇ ਕੀਤਾ ਜਾਂਦਾ ਸੀ। ਟੀਮਾਂ ਦਾ ਮੈਦਾਨ 'ਚ ਖੂਬਸੂਰਤ ਤਰੀਕੇ ਨਾਲ ਦਾਖ਼ਲਾ ਅਤੇ ਮੈਚ ਜਿੱਤਣ ਤੋਂ ਬਾਅਦ ਜੇਤੂ ਟੀਮ ਦੁਆਰਾ ਲਈ ਜਾਂਦੀ ਸੈਲਫੀ ਨਵੀਆਂ ਗੱਲਾਂ ਸਨ। ਇਸ ਆਕਰਸ਼ਕ ਪੇਸ਼ਕਾਰੀ ਸਦਕਾ ਸਾਡੇ ਦੇਸ਼ 'ਚ ਹਾਕੀ ਮੈਚ ਲਈ 100 ਰੁਪਏ ਵਾਲੀ ਟਿਕਟ ਬਲੈਕ 'ਚ (3000 ਰੁਪਏ 'ਚ) ਵੀ ਮਿਲੇਗੀ, ਕਦੇ ਸੋਚਿਆ ਨਹੀਂ ਸੀ। ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਆਲਮੀ ਕੱਪ ਨੂੰ ਇਕ ਮੈਗਾ ਸ਼ੋਅ ਦੇ ਰੂਪ 'ਚ ਪੇਸ਼ ਕੀਤਾ ਗਿਆ ਅਤੇ ਸਭ ਲਈ ਖਿੱਚ ਦਾ ਕੇਂਦਰ ਬਣਿਆ।
ਵਿਦੇਸ਼ੀ ਟੀਮਾਂ ਦੇ ਮਨਸੂਬੇ : ਇਸ ਕੱਪ ਦੌਰਾਨ ਬਹੁਤ ਸਾਰੀਆਂ ਟੀਮਾਂ ਲਈ ਆਲਮੀ ਕੱਪ 'ਚ ਖੇਡਣਾ ਵੱਡੀ ਪ੍ਰਾਪਤੀ ਸੀ। ਅਜਿਹੀਆਂ ਟੀਮਾਂ 'ਚ ਸ਼ਾਮਿਲ ਸੀ 28 ਸਾਲ ਬਾਅਦ ਵਿਸ਼ਵ ਕੱਪ ਖੇਡ ਰਹੀ ਫਰਾਂਸ ਦੀ ਟੀਮ, ਜਿਸ ਨੇ ਟੂਰਨਾਮੈਂਟ ਦਾ ਸਭ ਤੋਂ ਵੱਡਾ ਉਲਟਫੇਰ ਕਰਦਿਆਂ ਮੌਜੂਦਾ ਉਲੰਪਿਕ ਚੈਂਪੀਅਨ ਅਰਜਨਟੀਨਾ ਨੂੰ ਹਰਾਇਆ। ਫਰਾਂਸ 2024 ਦੀਆਂ ਉਲੰਪਿਕ ਖੇਡਾਂ ਦਾ ਮੇਜ਼ਬਾਨ ਦੇਸ਼ ਹੈ। ਇਸ ਟੀਚੇ ਨੂੰ ਮੁੱਖ ਰੱਖਦਿਆਂ ਫਰਾਂਸ ਯੋਜਨਾਬੰਧੀ ਨਾਲ ਆਲਮੀ ਕੱਪ 'ਚ ਚੰਗੀ ਤਿਆਰੀ ਕਰਕੇ ਹਿੱਸਾ ਲਿਆ ਅਤੇ ਆਪਣੇ ਦੇਸ਼ 'ਚ ਹੋਣ ਵਾਲੀ ਉਲੰਪਿਕ ਲਈ ਵਿਰੋਧੀ ਟੀਮਾਂ ਵਾਸਤੇ ਵੱਡੀ ਚੁਣੌਤੀ ਬਣਨ ਦੇ ਸੰਕੇਤ ਦਿੱਤੇ।
ਟੀਮਾਂ ਲਈ ਮੌਕੇ : ਹਾਕੀ ਦੇ ਕਿਸੇ ਵੀ ਕੌਮਾਂਤਰੀ ਟੂਰਨਾਮੈਂਟ 'ਚ ਪਹਿਲੀ ਵਾਰ ਪੂਲ ਮੈਚਾਂ 'ਚ ਤੀਸਰੇ ਸਥਾਨ 'ਤੇ ਰਹਿਣ ਵਾਲੀਆਂ ਟੀਮਾਂ ਨੂੰ ਵੀ ਨਾਕ ਆਊਟ ਦੌਰ ਰਾਹੀਂ ਅੱਗੇ ਵਧਣ ਦਾ ਮੌਕਾ ਦਿੱਤਾ ਗਿਆ। ਭਾਵ 16 ਟੀਮਾਂ 'ਚੋਂ 12 ਟੀਮਾਂ ਨਾਕ ਆਊਟ ਦੌਰ 'ਚ ਪ੍ਰਵੇਸ਼ ਕੀਤੀਆਂ। ਫਿਰ ਕਰਾਸ ਓਵਰ ਮੈਚਾਂ ਤੋਂ ਬਾਅਦ 8 ਟੀਮਾਂ ਕੁਆਰਟਰ ਫਾਈਨਲ 'ਚ, ਫਿਰ 4 ਟੀਮਾਂ ਫਾਈਨਲ 'ਚ ਅਤੇ 2 ਟੀਮਾਂ ਫਾਈਨਲ ਖੇਡੀਆਂ। ਇਸ ਦੇ ਨਾਲ ਹੀ ਟੀਮਾਂ ਦੀ ਦਰਜਾਬੰਦੀ ਲਈ ਸਿਰਫ ਤੀਸਰੇ ਸਥਾਨ ਵਾਸਤੇ ਮੈਚ ਹੋਇਆ, ਬਾਕੀ ਸਥਾਨਾਂ ਲਈ ਮੈਚ ਨਹੀਂ ਹੋਏ।


-ਪਟਿਆਲਾ। ਮੋਬਾ: 97795-90575

ਜਿੱਤ ਦੀ ਲਾਲਸਾ ਤੇ ਚਮਕ-ਦਮਕ 'ਚ ਗੁਆਚ ਗਿਆ ਸਰਕਲ ਸਟਾਈਲ ਕਬੱਡੀ ਦਾ ਮਿਆਰ

ਪੰਜਾਬੀਆਂ ਦੀ ਮਹਿਬੂਬ ਖੇਡ ਦਾਇਰੇ ਵਾਲੀ ਕਬੱਡੀ ਜਿੱਥੇ ਦਿਨੋ-ਦਿਨ ਪ੍ਰਫੁੱਲਤ ਹੋ ਰਹੀ ਹੈ, ਉੱਥੇ ਇਹ, ਇਸ ਵਿਚ ਸਿਰਫ ਜਿੱਤਣ ਨੂੰ ਪਹਿਲ ਦੇਣ ਕਰਕੇ, ਬਹੁਤ ਸਾਰੀਆਂ ਸਮੱਸਿਆਵਾਂ 'ਚ ਵੀ ਘਿਰਦੀ ਜਾ ਰਹੀ ਹੈ। ਕਬੱਡੀ ਦੇ ਦੇਸ਼-ਵਿਦੇਸ਼ 'ਚ ਵਸਦੇ ਜ਼ਿਆਦਾਤਰ ਪ੍ਰਮੋਟਰ ਜਿੱਥੇ ਹਰ ਸਾਲ ਇਸ ਖੇਡ ਦੇ ਆਯੋਜਨ ਲਈ ਕਰੋੜਾਂ ਰੁਪਏ ਖਰਚ ਰਹੇ ਹਨ, ਉੱਥੇ ਕੁਝ ਪ੍ਰਮੋਟਰ ਇਸ ਖੇਡ ਨੂੰ ਸਿਰਫ ਜਿੱਤਾਂ ਤੱਕ ਸੀਮਤ ਕਰ ਰਹੇ ਹਨ, ਜਿਸ ਕਾਰਨ ਹਜ਼ਾਰਾਂ ਕਬੱਡੀ ਪ੍ਰੇਮੀਆਂ ਨੂੰ ਵਧੀਆ ਮੁਕਾਬਲੇਬਾਜ਼ੀ ਦੇਖਣ ਨੂੰ ਨਹੀਂ ਮਿਲਦੀ ਅਤੇ ਉਹ ਕਬੱਡੀ ਤੋਂ ਕਿਨਾਰਾ ਕਰਨ ਲੱਗ ਪਏ ਹਨ। ਇਸ ਦੇ ਨਾਲ ਹੀ ਡੋਪਿੰਗ ਵਰਗੀ ਅਲਾਮਤ ਦਾ ਕੋਈ ਠੋਸ ਹੱਲ ਨਾ ਨਿਕਲਣ ਕਰਕੇ ਵੀ ਕਬੱਡੀ ਦਰਸ਼ਕਾਂ ਦੇ ਦਾਇਰੇ ਤੋਂ ਬਾਹਰ ਹੁੰਦੀ ਜਾ ਰਹੀ ਹੈ।
ਹਰ ਵਾਰ ਦੀ ਤਰ੍ਹਾਂ ਇਸ ਵਾਰ ਵਿਦੇਸ਼ਾਂ 'ਚ ਖਤਮ ਹੋਏ ਕਬੱਡੀ ਦੇ ਸੀਜ਼ਨ ਦੌਰਾਨ ਬਹੁਤ ਸਾਰੇ ਅਜਿਹੇ ਟੂਰਨਾਮੈਂਟ ਦੇਖਣ ਨੂੰ ਮਿਲੇ, ਜਿਨ੍ਹਾਂ 'ਚ ਖਿਡਾਰੀਆਂ ਦੇ ਇਕੋ ਗਰੁੱਪ 'ਤੇ ਆਧਾਰਤ ਟੀਮਾਂ ਨੇ ਖਿਤਾਬ ਜਿੱਤੇ। ਇਸ ਵਿਚ ਕੋਈ ਦੋ ਰਾਏ ਨਹੀਂ ਕਿ ਹਰੇਕ ਖਿਡਾਰੀ ਜਿੱਤਣ ਦੇ ਮਕਸਦ ਨਾਲ ਹੀ ਖੇਡ ਮੈਦਾਨ 'ਚ ਉਤਰਦਾ ਹੈ ਅਤੇ ਹਰੇਕ ਕਲੱਬ ਜਾਂ ਅਕੈਡਮੀ ਦੇ ਸੰਚਾਲਕ ਵੀ ਜਿੱਤਣ ਦੇ ਮਕਸਦ ਨਾਲ ਹੀ ਤਕੜੀ ਤੋਂ ਤਕੜੀ ਟੀਮ ਬਣਾਉਣ ਦੀ ਕੋਸ਼ਿਸ਼ ਕਰਦੇ ਹਨ। ਪਰ ਕਬੱਡੀ ਦੀਆਂ ਟੀਮਾਂ ਦੇ ਨਿਰਮਾਣ 'ਚ ਉਸ ਵੇਲੇ ਦਰਸ਼ਕਾਂ ਨੂੰ ਨਿਰਾਸ਼ਾ ਦਾ ਸਾਹਮਣਾ ਹੋ ਕਰਨਾ ਪੈਂਦਾ ਹੈ, ਜਦੋਂ ਇਕੋ ਹੀ ਧਾਕੜ ਬਣੀ ਟੀਮ ਵਾਰ-ਵਾਰ ਕੱਪ ਜਿੱਤਦੀ ਹੈ। ਇਸ ਤਰ੍ਹਾਂ ਦਾ ਵਰਤਾਰਾ ਇਕੱਲੇ ਦੇਸ਼-ਵਿਦੇਸ਼ ਦੇ ਕੱਪਾਂ 'ਚ ਹੀ ਨਹੀਂ ਹੁੰਦਾ, ਸਗੋਂ ਕਬੱਡੀ ਨੂੰ ਪੇਸ਼ੇਵਰ ਲੀਹਾਂ 'ਤੇ ਪਾਉਣ ਲਈ ਕਰਵਾਈਆਂ ਗਈਆਂ 2016 ਤੇ 2018 ਦੀਆਂ ਲੀਗਜ਼ 'ਚ ਵੀ ਅਜਿਹੀ ਇਕਪਾਸੜ ਮੁਕਾਬਲੇਬਾਜ਼ੀ ਦੇਖਣ ਨੂੰ ਮਿਲੀ ਹੈ। ਕਬੱਡੀ ਲੀਗਜ਼ ਦੌਰਾਨ ਸਿਰਫ ਇਕ ਟੀਮ ਨੂੰ ਹੀ ਬੇਹੱਦ ਮਜ਼ਬੂਤ ਬਣਾ ਕੇ, ਖਿਤਾਬ 'ਤੇ ਕਬਜ਼ਾ ਕਰਨ ਦੀ ਪ੍ਰਵਿਰਤੀ ਨੇ ਲੀਗਜ਼ ਨੂੰ ਵੀ ਨੀਰਸ ਬਣਾਉਣ 'ਚ ਯੋਗਦਾਨ ਪਾਇਆ ਹੈ। ਇਸ ਤਰ੍ਹਾਂ ਹਰੇਕ ਲੀਗ, ਕੱਪ ਜਾਂ ਫੈਡਰੇਸ਼ਨ 'ਚ ਇਕ ਟੀਮ ਦਾ ਇੰਨੀ ਤਾਕਤਵਰ ਬਣਨ ਕਾਰਨ ਦਰਸ਼ਕ ਉਸ ਤਕੜੀ ਟੀਮ ਦੇ ਮੈਚ ਦੌਰਾਨ ਜਿੱਤ ਯਕੀਨੀ ਦੇਖਦੇ ਹੋਏ ਸਟੇਡੀਅਮਾਂ 'ਚੋਂ ਖਿਸਕਣ ਨੂੰ ਤਰਜੀਹ ਦਿੰਦੇ ਹਨ। ਇਸ ਤਰ੍ਹਾਂ ਦੇ ਰੁਝਾਨ ਨੂੰ ਠੱਲ੍ਹ ਪਾਉਣ ਦਾ ਇਕੋ-ਇਕ ਤਰੀਕਾ ਹੈ ਕਿ ਟੀਮਾਂ ਬਣਾਉਣ ਸਮੇਂ ਖਿਡਾਰੀਆਂ ਦੀ ਦਰਜਾਬੰਦੀ ਕੀਤੀ ਜਾਵੇ ਅਤੇ ਉਨ੍ਹਾਂ ਨੂੰ ਦਰਜਿਆਂ ਦੇ ਆਧਾਰ 'ਤੇ ਹੀ ਵੱਖ-ਵੱਖ ਟੀਮਾਂ 'ਚ ਵੰਡਿਆ ਜਾਵੇ। ਇਸ ਤਰ੍ਹਾਂ ਕਰਨ ਨਾਲ ਜਿੱਥੇ ਸਭ ਟੀਮਾਂ ਬਰਾਬਰ ਬਣਨਗੀਆਂ, ਉੱਥੇ ਟੀਮਾਂ ਦਰਮਿਆਨ ਮੁਕਾਬਲੇਬਾਜ਼ੀ ਵਧੇਗੀ ਅਤੇ ਦਰਸ਼ਕਾਂ ਦੀ ਕਬੱਡੀ 'ਚ ਦਿਲਚਸਪੀ ਵੀ ਵਧੇਗੀ।
ਦੂਸਰੀ ਗੱਲ ਕਬੱਡੀ ਨੂੰ ਚੁੰਬੜੀ ਡੋਪਿੰਗ ਦੀ ਬਿਮਾਰੀ ਵੀ ਇਸ ਖੇਡ ਦੇ ਮਿਆਰ ਨੂੰ ਢਾਅ ਲਗਾ ਰਹੀ ਹੈ। ਪੰਜਾਬ ਸਰਕਾਰ ਵਲੋਂ ਕਰਵਾਏ ਗਏ ਪਹਿਲੇ ਤਿੰਨ ਵਿਸ਼ਵ ਕੱਪਾਂ ਦੌਰਾਨ ਡੋਪ ਟੈਸਟ ਕੀਤੇ ਗਏ ਸਨ, ਪਰ ਉਸ ਤੋਂ ਬਾਅਦ ਹੋਏ ਆਲਮੀ ਕੱਪਾਂ 'ਚ ਡੋਪ ਟੈਸਟਾਂ ਨੂੰ ਵਿਸਾਰ ਦਿੱਤਾ ਗਿਆ ਸੀ। ਇਸੇ ਤਰ੍ਹਾਂ ਪਹਿਲੀ ਵਿਸ਼ਵ ਕਬੱਡੀ ਲੀਗ 'ਚ ਜਿਸ ਤਰ੍ਹਾਂ ਡੋਪ ਪ੍ਰਤੀ ਸਖ਼ਤੀ ਦਿਖਾਈ ਗਈ, ਉਹ ਅਗਲੀਆਂ ਦੋ ਲੀਗਜ਼ 'ਚ ਨਹੀਂ ਦਿਖਾਈ ਗਈ। ਮਿਸਾਲ ਵਜੋਂ ਅੱਜਕਲ੍ਹ ਚੱਲ ਰਹੀ ਲੀਗ ਪੰਜਾਬ ਸਰਕਾਰ ਦੀ ਸਰਪ੍ਰਸਤੀ 'ਚ ਕਰਵਾਈ ਜਾ ਰਹੀ ਹੈ ਅਤੇ ਸਰਕਾਰ ਦੇ ਮਿਸ਼ਨ 'ਤੰਦਰੁਸਤ ਪੰਜਾਬ' ਨੂੰ ਇਸ ਲੀਗ ਨਾਲ ਜੋੜਿਆ ਗਿਆ ਹੈ। ਪਰ ਇਸ ਲੀਗ ਦੌਰਾਨ ਵੀ ਡੋਪਿੰਗ ਨੂੰ ਨੱਥ ਪਾਉਣ ਲਈ ਕੋਈ ਕਾਰਗਰ ਉਪਰਾਲੇ ਹੁੰਦੇ ਦਿਖਾਈ ਨਹੀਂ ਦੇ ਰਹੇ। ਕਬੱਡੀ ਖੇਡ ਲਈ ਸਰਗਰਮ ਹਰੇਕ ਕਲੱਬ, ਫੈਡਰੇਸ਼ਨ ਜਾਂ ਸਰਕਾਰ ਨੂੰ ਇਸ ਖੇਡ ਦੇ ਮਿਆਰ ਨੂੰ ਵਧਾਉਣ ਲਈ ਅਤੇ ਦਰਸ਼ਕਾਂ ਦੀ ਰੁਚੀ ਕਾਇਮ ਰੱਖਣ ਲਈ ਖਿਡਾਰੀਆਂ ਦੇ ਡੋਪ ਟੈਸਟ ਲਾਜ਼ਮੀ ਕਰਨੇ ਚਾਹੀਦੇ ਹਨ, ਜਿਸ ਨਾਲ ਦਰਸ਼ਕਾਂ ਨੂੰ ਪਾਰਦਰਸ਼ਤਾ ਵਾਲੀ ਮੁਕਾਬਲੇਬਾਜ਼ੀ ਦੇਖਣ ਨੂੰ ਮਿਲੇਗੀ। ਆਖਰੀ ਗੱਲ ਕਬੱਡੀ 'ਚ ਅੱਜਕਲ੍ਹ ਜਣਾ-ਖਣਾ ਸੀਟੀ ਗਲ 'ਚ ਪਾ ਕੇ ਅੰਪਾਇਰ ਕਹਾ ਰਿਹਾ ਹੈ, ਜਿਸ ਕਾਰਨ ਖੇਡ ਮੈਦਾਨਾਂ 'ਚ ਹਰ ਦਿਨ ਖਿਡਾਰੀਆਂ 'ਚ ਤਕਰਾਰ ਦੇਖਣ ਨੂੰ ਮਿਲਦਾ ਹੈ। ਲੋੜ ਹੈ ਮਿਆਰੀ ਕਬੱਡੀ ਲਈ ਉੱਚਪਾਏ ਦੇ ਸਿੱਖਿਅਤ ਅੰਪਾਇਰਾਂ ਦੀ ਟੀਮ ਤਿਆਰ ਕੀਤੀ ਜਾਵੇ। ਕੁਮੈਂਟਰੀ ਕਲਾ ਪੰਜਾਬੀ ਭਾਸ਼ਾ ਦੇ ਪ੍ਰਚਾਰ ਵਜੋਂ ਵਿਕਸਿਤ ਕਰਨ ਲਈ ਸੂਝਵਾਨ ਪੜ੍ਹੇ-ਲਿਖੇ ਮਿਆਰੀ ਬੁਲਾਰਿਆ ਨੂੰ ਅੱਗੇ ਲਿਆਂਦਾ ਜਾਵੇ। ਉਪਰੋਕਤ ਭਖਦੇ ਮਸਲਿਆਂ ਵੱਲ ਕਬੱਡੀ ਖੇਡ ਨਾਲ ਜੁੜੇ ਹਰੇਕ ਸ਼ਖ਼ਸ ਨੂੰ ਧਿਆਨ ਦੇਣਾ ਚਾਹੀਦਾ ਹੈ, ਜਿਸ ਨਾਲ ਕਬੱਡੀ ਦੁਨੀਆ ਭਰ 'ਚ ਪੈਰ ਪਸਾਰ ਸਕਦੀ ਹੈ।


-ਸੰਗਰੂਰ। ਮੋਬਾ: 9872459691

ਹਾਕੀ ਖੇਡ ਦੀ ਕੁਮੈਂਟਰੀ ਨੂੰ ਮਨੋਰੰਜਕ ਬਣਾਉਣ ਦੀ ਲੋੜ

ਕਬੱਡੀ ਖੇਡ ਨੂੰ ਇਸ ਖੇਡ ਦੇ ਕੁਮੈਂਟੇਟਰਾਂ ਨੇ ਲੋਕਪ੍ਰਿਆ ਬਣਾਇਆ ਹੈ। ਸ਼ਾਇਰਾਨਾ ਅੰਦਾਜ਼ 'ਚ ਖੇਡ ਦੇ ਮੈਦਾਨਾਂ 'ਚ ਉਨ੍ਹਾਂ ਨੇ ਕਬੱਡੀ ਖੱਡ ਲਈ ਉਹ ਜੋਸ਼ੀਲਾ ਮਾਹੌਲ ਬਣਾਇਆ ਹੈ ਕਿ ਕਬੱਡੀ ਪ੍ਰੇਮੀ, ਖੇਡ ਦਰਸ਼ਕ ਉਨ੍ਹਾਂ ਦੀ ਆਵਾਜ਼ ਦੇ ਜਾਦੂ ਸਦਕਾ, ਅੰਦਾਜ਼ ਸਦਕਾ ਖਿਡਾਰੀਆਂ ਨਾਲ ਵੀ ਡੂੰਘੀ ਤਰ੍ਹਾਂ ਸਾਂਝ ਪਾਉਂਦੇ ਹਨ। ਕਬੱਡੀ ਖੇਡ ਦੀ ਕੁਮੈਂਟਰੀ ਕਰਦੇ ਲੋਕ ਜ਼ਰੂਰੀ ਨਹੀਂ ਕਿ ਕਬੱਡੀ ਦੇ ਅੰਤਰਰਾਸ਼ਟਰੀ ਖਿਡਾਰੀ ਰਹੇ ਹੋਣ ਜਾਂ ਉਨ੍ਹਾਂ ਨੇ ਆਪਣੇ ਜੀਵਨ ਵਿਚ ਕਬੱਡੀ ਵੱਡੇ ਪੱਧਰ 'ਤੇ ਖੇਡੀ ਹੋਵੇ ਪਰ ਉਨ੍ਹਾਂ ਕਬੱਡੀ ਖੇਡ ਵਿਚ ਨਵੀਂ ਰੂਹ ਫੂਕੀ ਹੈ, ਕਬੱਡੀ ਨੂੰ ਜ਼ਿੰਦਗੀ ਦਿੱਤੀ ਹੈ ਅਤੇ ਕਬੱਡੀ ਨੇ ਉਨ੍ਹਾਂ ਨੂੰ ਜ਼ਿੰਦਗੀ ਦਿੱਤੀ ਹੈ, ਸ਼ੁਹਰਤ ਦਿੱਤੀ ਹੈ, ਪੈਸਾ ਦਿੱਤਾ ਹੈ। ਅਸੀਂ ਕਬੱਡੀ ਖੇਡ ਕੁਮੈਂਟੇਟਰ ਦੇ ਪ੍ਰਸੰਸਕ ਹਾਂ ਪਰ ਹਾਕੀ ਜਗਤ ਦਾ ਇਸ ਪੱਖੋਂ ਹਾਲ ਉਤਸ਼ਾਹਵਰਧਕ ਨਹੀਂ ਹੈ। ਹਾਕੀ ਜਗਤ ਵਿਚ ਇਸ ਪੱਖੋਂ ਬਹੁਤ ਕਮੀਆਂ ਨਜ਼ਰ ਆ ਰਹੀਆਂ ਹਨ। ਹਾਕੀ ਜਗਤ ਨੂੰ 'ਉਲੰਪੀਅਨਿਜ਼ਮ' ਨੇ ਮਾਰ ਸੁੱਟਿਆ ਹੈ। ਇਸ ਖੇਡ ਸੰਸਾਰ ਨੂੰ ਕਬੱਡੀ ਖੇਡ ਜਗਤ ਤੋਂ ਸਿੱਖਣ ਦੀ ਲੋੜ ਹੈ। ਕਬੱਡੀ ਦੀ ਕੁਮੈਂਟਰੀ ਫੀਲਡ ਕੁਮੈਂਟਰੀ ਵੀ ਹੈ। ਹਾਕੀ ਖੇਡ ਨੂੰ ਭਾਰਤ ਵਿਚ ਲੋਕਪ੍ਰਿਆ ਕਰਨ ਲਈ ਬਹੁਤ ਪ੍ਰਤਿਭਾਸ਼ਾਲੀ ਸਪੋਰਟਸ ਐਂਕਰ ਦੀ ਲੋੜ ਹੈ। ਖੇਡ ਕੁਮੈਂਟੇਟਰ ਦੀ ਜ਼ਰੂਰਤ ਹੈ, ਜ਼ਰੂਰੀ ਨਹੀਂ ਕਿ ਮਾਇਕ ਕਿਸੇ ਉਲੰਪੀਅਨ ਦੇ ਹੱਥ ਵਿਚ ਹੋਵੇ। ਪਿਛਲੇ ਕਈ ਦਹਾਕਿਆਂ ਤੋਂ ਭਾਰਤ ਦੀ ਧਰਤ 'ਤੇ ਆਯੋਜਿਤ ਹੋਣ ਵਾਲੇ ਹਾਕੀ ਟੂਰਨਾਮੈਂਟ ਦੇਖ ਰਹੇ ਹਾਂ। ਇਹ ਖੇਡ ਕੁਮੈਂਟਰੀ ਕਰਨ ਵਾਲੇ ਕੋਈ ਰੰਗ ਨਹੀਂ ਬੰਨ੍ਹਦੇ, ਕਿਉਂਕਿ ਇਨ੍ਹਾਂ ਕੋਲ ਐਂਕਰਿੰਗ ਕਰਨ ਦਾ ਤਜਰਬਾ ਨਹੀਂ। ਇਹ ਉਹ ਲੋਕ ਕਰ ਸਕਦੇ ਹਨ, ਐਂਕਰਿੰਗ ਜਿਨ੍ਹਾਂ ਦਾ ਪ੍ਰੋਫੈਸ਼ਨ ਹੈ। ਇਸ ਹੁਨਰ ਨੂੰ ਸਿੱਖਣ ਲਈ, ਜਿਨ੍ਹਾਂ ਨੇ ਜੀਵਨ 'ਚ ਕਠਿਨ ਘਾਲਣਾ ਕੀਤੀ ਹੈ। ਹਾਕੀ ਕੁਮੈਂਟੇਟਰ ਜਸਦੇਵ ਸਿੰਘ ਕੀ ਕੋਈ ਹਾਕੀ ਉਲੰਪੀਅਨ ਸੀ? ਉਨ੍ਹਾਂ ਨੇ ਆਪਣੇ ਸੁਰੀਲੇ ਅੰਦਾਜ਼ ਅਤੇ ਸ਼ਬਦਾਂ ਦੇ ਜਾਦੂ ਨਾਲ ਪੂਰਾ ਵਿਸ਼ਵ ਕੀਲ ਸੁੱਟਿਆ ਸੀ। ਹਾਕੀ ਮੁਹੱਬਤੀ ਦ੍ਰਿਸ਼ ਖਿੱਚ ਕੇ।
ਸੱਚ ਤਾਂ ਇਹ ਹੈ ਕਿ ਅੱਜਕਲ੍ਹ ਤਾਂ ਜਸਦੇਵ ਸਿੰਘ ਵੇਲੇ ਦਾ ਵਕਤ ਵੀ ਨਹੀਂ ਰਿਹਾ। ਖੇਡ ਮੈਦਾਨਾਂ 'ਚ ਦਰਸ਼ਕ ਬਣ ਕੇ ਆ ਰਿਹਾ ਖੇਡ ਪ੍ਰੇਮੀ ਹੁਣ ਖੂਬ ਰੁਮਾਂਚਿਤ ਹੋਣਾ ਚਾਹੁੰਦਾ ਹੈ, ਆਨੰਦਿਤ ਹੋਣਾ ਚਾਹੁੰਦਾ ਹੈ, ਖਿਡਾਰੀਆਂ ਨਾਲ ਜੁੜਨਾ ਚਾਹੁੰਦਾ ਹੈ, ਉਤਸ਼ਾਹਿਤ ਹੋਣਾ ਚਾਹੁੰਦਾ ਹੈ, ਤਾੜੀਆਂ ਮਾਰਨਾ ਚਾਹੁੰਦਾ ਹੈ, ਹੱਲਾ-ਗੁੱਲਾ ਕਰਨਾ ਚਾਹੁੰਦਾ ਹੈ। ਉਹ ਇਹ ਜਾਣਨਾ ਚਾਹੁੰਦਾ ਹੈ ਕਿ ਉਸ ਦਾ ਏਨੇ ਵੱਡੇ ਹਜੂਮ ਵਿਚ ਕੀ ਰੋਲ ਹੈ, ਕੀ ਮਹੱਤਤਾ ਹੈ। ਉਹ ਕੁਮੈਂਟਰੀ ਕਰਨ ਵਾਲੇ ਨਾਲ ਆਪਣੀ ਸਾਂਝ ਪਾਉਣੀ ਚਾਹੁੰਦਾ ਹੈ ਪਰ ਵੱਖ-ਵੱਖ ਹਾਕੀ ਟੂਰਨਾਮੈਂਟਾਂ 'ਚ ਕੁਮੈਂਟਰੀ ਦੀ ਡਿਊਟੀ ਨਿਭਾਅ ਰਹੇ ਇਹ ਸਾਬਕਾ ਖਿਡਾਰੀ ਸਾਨੂੰ ਅਸਫਲ ਜਿਹੇ ਨਜ਼ਰ ਆ ਰਹੇ ਹਨ। ਉਨ੍ਹਾਂ ਕੋਲ ਹਾਕੀ ਖੇਡ ਦਾ ਸਕਿੱਲ ਹੈ ਪਰ ਮੰਚ ਅਤੇ ਮਾਈਕ ਦਾ ਹੁਨਰ ਨਹੀਂ, ਬੋਲਣ ਦਾ ਅੰਦਾਜ਼ ਨਹੀਂ, ਦਰਸ਼ਕਾਂ ਨੂੰ ਉਤਸ਼ਾਹਿਤ ਕਰਨ ਦਾ ਵਲ ਨਹੀਂ, ਰੁਮਾਂਚਿਤ ਕਰਨ ਦਾ ਤਰੀਕਾ ਨਹੀਂ ਆਉਂਦਾ। ਖੇਡ ਦੇ ਤਕਨੀਕੀ ਪੱਖਾਂ ਬਾਰੇ ਉਹ ਬਹੁਤ ਹੀ ਨੀਰਸ ਅੰਦਾਜ਼ 'ਚ ਬੋਲਦੇ ਹਨ। ਦਰਸ਼ਕਾਂ ਅਤੇ ਖਿਡਾਰੀਆਂ ਦੀ ਕੋਈ ਆਪਸੀ ਸਾਂਝ ਨਹੀਂ ਬਣਦੀ। ਕ੍ਰਿਕਟ ਖੇਡ ਕੋਲ ਵੀ ਬਹੁਤ ਪ੍ਰਤਿਭਾਸ਼ਾਲੀ ਐਂਕਰ ਹਨ, ਜੋ ਮੈਦਾਨ 'ਚ ਪੂਰਾ ਮਾਹੌਲ ਆਪਣੇ ਜੋਸ਼ੀਲੇ ਅੰਦਾਜ਼ ਨਾਲ ਬਣਾਉਂਦੇ ਦੇਖੇ ਗਏ ਹਨ ਪਰ ਬਦਕਿਸਮਤੀ ਹਾਕੀ ਖੇਡ ਦੀ ਜੋ ਅਜੇ ਤੱਕ ਵੀ ਲਕੀਰ ਦੀ ਫਕੀਰ ਬਣੀ ਹੋਈ ਹੈ। ਹਾਕੀ ਇਕ ਦਰਸ਼ਨੀ ਖੇਡ ਹੈ। ਇਸ ਖੇਡ ਨੂੰ ਕਬੱਡੀ ਖੇਡ ਦੀ ਕੁਮੈਂਟਰੀ ਕਰਨ ਵਰਗੇ ਪ੍ਰਤਿਭਾਸ਼ਾਲੀ ਬੁਲਾਰੇ ਮਿਲ ਜਾਣ ਤਾਂ ਇਹ ਬਹੁਤ ਜ਼ਿਆਦਾ ਲੋਕਪ੍ਰਿਆ ਹੋ ਸਕਦੀ ਹੈ। ਫਿਰ 'ਦਿਲ ਦੋ ਹਾਕੀ ਕੋ' ਵਾਲੀ ਗੱਲ ਸੱਚ ਸਾਬਤ ਹੋ ਸਕਦੀ ਹੈ। ਮੌਜੂਦਾ ਹਾਕੀ ਕੁਮੈਂਟਰੀ ਲੋਕਾਂ ਦੇ ਦਿਲਾਂ ਨੂੰ ਛੂੰਹਦੀ ਨਹੀਂ।
ਭਾਰਤ 'ਚ ਵੱਖ-ਵੱਖ ਸ਼ਹਿਰਾਂ 'ਚ ਆਯੋਜਿਤ ਹੋਣ ਵਾਲੇ ਹਾਕੀ ਟੂਰਨਾਮੈਂਟਾਂ ਨੂੰ ਜ਼ਰਾ ਧਿਆਨ ਨਾਲ ਦੇਖਿਓ, ਭਾਵੇਂ ਉਹ ਕੌਮਾਂਤਰੀ ਹੋਣ ਜਾਂ ਘਰੇਲੂ, ਉਥੇ ਸਪੋਰਟਸ ਐਂਕਰ ਦੀ ਕਮੀ ਸ਼ਿੱਦਤ ਨਾਲ ਮਹਿਸੂਸ ਹੋ ਰਹੀ ਹੁੰਦੀ ਹੈ। ਟੂਰਨਾਮੈਂਟ ਦਾ ਆਗਾਜ਼, ਮੁੱਖ ਮਹਿਮਾਨ ਦਾ ਸਵਾਗਤ, ਖਿਡਾਰੀਆਂ ਦਾ ਮੈਦਾਨ 'ਚ ਪ੍ਰਵੇਸ਼, ਮੈਚ ਦੀ ਸ਼ੁਰੂਆਤ, ਮੈਚ ਦੇ ਜੋਸ਼ੀਲੇ, ਰੁਮਾਂਚਿਕ ਪਲ, ਦਰਸ਼ਕਾਂ ਵਲੋਂ ਹੱਲਾਸ਼ੇਰੀ, ਖਿਡਾਰੀਆਂ ਦਾ ਸਨਮਾਨ, ਮੈਦਾਨੀ ਮਾਹੌਲ ਆਦਿ ਲਈ ਕਿਸੇ ਪ੍ਰਤਿਭਾਸ਼ਾਲੀ ਸਪੋਰਟਸ ਐਂਕਰ, ਖੇਡ ਕੁਮੈਂਟੇਟਰ ਦੀ ਜ਼ਰੂਰਤ ਹੁੰਦੀ ਹੈ, ਜੋ ਹਾਕੀ ਦੇ ਮੈਦਾਨਾਂ ਵਿਚ ਨਹੀਂ ਲੱਭਦਾ। ਅਸੀਂ ਕਬੱਡੀ ਖੇਡ ਕੁਮੈਂਟੇਟਰਾਂ ਦੀ ਪ੍ਰਸੰਸਾ ਕਰਦੇ ਹਾਂ ਜੋ ਚਲਦੇ ਹੋਏ ਮੈਚ ਵਿਚ ਖਿਡਾਰੀਆਂ ਦਾ ਦਿਲਚਸਪ ਤਰੀਕੇ ਨਾਲ ਬਾਇਓਡਾਟਾ ਪੇਸ਼ ਕਰਦੇ ਹਨ, ਉਥੇ ਦਰਸ਼ਕਾਂ ਦੇ ਵੱਡੇ ਹਜੂਮ ਨੂੰ ਉਸ ਇਲਾਕੇ ਦੇ ਖੇਡ ਇਤਿਹਾਸ, ਉਸ ਇਲਾਕੇ ਦੇ ਨਾਮਵਰ ਖਿਡਾਰੀਆਂ ਬਾਰੇ ਵਿਸਥਾਰ ਨਾਲ ਦੱਸਦੇ ਹਨ, ਸ਼ਿਅਰੋ-ਸ਼ਾਇਰੀ ਅਤੇ ਕਬੱਡੀ ਇਤਿਹਾਸ ਨਾਲ ਵੀ ਜੋੜੀ ਰੱਖਦੇ ਹਨ। ਆਪਣੇ ਆਵਾਜ਼ ਦੇ ਜਾਦੂ ਨਾਲ ਉਹ ਕਬੱਡੀ ਖੇਡ ਦੇ ਜਾਦੂ ਦਾ ਵੀ ਦਰਸ਼ਕਾਂ ਅਤੇ ਖੇਡ ਪ੍ਰੇਮੀਆਂ 'ਤੇ ਪੂਰੀ ਤਰ੍ਹਾਂ ਅਸਰ ਪਵਾ ਦਿੰਦੇ ਹਨ। ਕੀ ਹਾਕੀ ਖੇਡ ਲਈ ਵੀ ਏਦਾਂ ਦਾ ਰੁਝਾਨ ਸ਼ੁਰੂ ਹੋ ਸਕਦੈ?


-ਡੀ. ਏ. ਵੀ. ਕਾਲਜ, ਅੰਮ੍ਰਿਤਸਰ। ਮੋਬਾ: 98155-35410

ਆਓ ਜਾਣੀਏ 'ਬੋਸ਼ੀਆ' (ਪੈਰਾ ਉਲੰਪਿਕ ਖੇਡ) ਕੀ ਹੈ?

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਬੋਸ਼ੀਆ ਇੰਡੀਆ ਨੂੰ ਬੋਸ਼ੀਆ ਦੀ ਅੰਤਰਰਾਸ਼ਟਰੀ ਫੈਡਰੇਸ਼ਨ (ਬੋਸ਼ੀਆ ਇੰਟਰਨੈਸ਼ਨਲ ਸਪੋਰਟਸ ਫੈਡਰੇਸ਼ਨ, ਲੰਡਨ), ਨੈਸ਼ਨਲ ਪੈਰਾ ਉਲੰਪਿਕ ਕਮੇਟੀ (ਪੈਰਾ ਉਲੰਪਿਕ ਕਮੇਟੀ ਆਫ ਇੰਡੀਆ) ਅਤੇ ਭਾਰਤੀ ਖੇਡ ਮੰਤਰਾਲਾ, ਦਿੱਲੀ ਵਲੋਂ ਬਤੌਰ ਨੈਸ਼ਨਲ ਸਪੋਰਟਸ ਫੈਡਰੇਸ਼ਨ ਮਾਨਤਾ ਪ੍ਰਾਪਤ ਹੈ। ਅੱਜਕਲ੍ਹ ਇਹ ਖੇਡ ਪੂਰੇ ਭਾਰਤ ਵਿਚ ਪ੍ਰਫੁੱਲਤ ਹੋ ਰਹੀ ਹੈ। ਇਸ ਦਾ ਮੁੱਖ ਮੰਤਵ ਇਹ ਹੈ ਕਿ ਜੋ ਵਿਅਕਤੀ ਕਿਸੇ ਵੀ ਕਾਰਨ ਕਰਕੇ ਅਪਾਹਜ ਹਨ ਅਤੇ ਆਪਣੇ ਘਰ ਬੈਠੇ ਹਨ, ਉਨ੍ਹਾਂ ਵਿਚ ਖੁਦ ਕੁਝ ਕਰਨ ਦਾ ਜਜ਼ਬਾ ਪੈਦਾ ਕਰਨਾ, ਉਨ੍ਹਾਂ ਨੂੰ ਮੌਕਾ ਦੇਣਾ, ਤਾਂ ਜੋ ਉਹ ਆਪਣਾ ਅਤੇ ਆਪਣੇ ਦੇਸ਼ ਦਾ ਨਾਂਅ ਰੌਸ਼ਨ ਕਰ ਸਕਣ। ਉਨ੍ਹਾਂ ਨੂੰ ਇਕ ਨਵਾਂ ਰਾਹ ਦਿਖਾਉਣਾ, ਜਿਸ ਨਾਲ ਉਹ ਭਵਿੱਖ ਵਿਚ ਭਾਰਤ ਨੂੰ ਪੈਰਾ ਉਲੰਪਿਕ ਵਿਚ ਤਗਮਾ ਦੇ ਸਕਣ।
ਹਾਲ ਹੀ ਵਿਚ ਹੋਈਆਂ ਏਸ਼ੀਅਨ ਪੈਰਾ ਗੇਮਜ਼ 2018, ਜਕਾਰਤਾ ਇੰਡੋਨੇਸ਼ੀਆ ਵਿਚ ਭਾਰਤ ਨੇ ਪਹਿਲੀ ਵਾਰੀ ਬੋਸ਼ੀਆ ਖੇਡ ਵਿਚ ਹਿੱਸਾ ਲਿਆ ਅਤੇ ਵਿਰੋਧੀਆਂ ਨੂੰ ਕਾਫੀ ਟੱਕਰ ਦਿੱਤੀ ਅਤੇ ਭਾਰਤ ਦਾ ਝੰਡਾ ਇੰਡੋਨੇਸ਼ੀਆ ਵਿਚ ਲਹਿਰਾਇਆ। ਕਿਸੇ ਵੀ ਖੇਡ ਨੂੰ ਖੇਡਣ ਲਈ ਨਾ ਕਿ ਜ਼ੋਰ ਦੀ ਲੋੜ ਹੁੰਦੀ ਹੈ, ਬਲਕਿ ਜ਼ਰੂਰਤ ਹੈ ਤਾਂ ਸਿਰਫ ਹੌਸਲੇ, ਹਿੰਮਤ ਅਤੇ ਇਕ ਜਜ਼ਬੇ ਦੀ।
ਬੋਸ਼ੀਆ ਇੰਡੀਆ ਵਲੋਂ ਸਮੇਂ-ਸਮਂੇ 'ਤੇ ਵੱਖ-ਵੱਖ ਈਵੈਂਟ ਕਰਵਾਏ ਗਏ ਹਨ, ਜਿਵੇਂ ਕਿ ਜ਼ਿਲ੍ਹਾ ਪੱਧਰ 'ਤੇ, ਸਟੇਟ ਪੱਧਰ 'ਤੇ, ਇਸ ਦੇ ਇਲਾਵਾ ਨੈਸ਼ਨਲ ਪੱਧਰ 'ਤੇ, ਕੁਝ ਸਮਾਂ ਪਹਿਲਾਂ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿਖੇ ਬੋਸ਼ੀਆ ਨੂੰ ਲੈ ਕੇ ਇਕ ਵਰਕਸ਼ਾਪ ਕਰਵਾਈ ਗਈ, ਜਿਸ ਵਿਚ ਲਗਪਗ 30 ਖਿਡਾਰੀਆਂ ਨੇ ਹਿੱਸਾ ਲਿਆ। ਇਸ ਤੋਂ ਇਲਾਵਾ ਭਾਰਤੀ ਟੀਮ ਨੇ 2017 ਵਿਚ ਬੋਸ਼ੀਆ ਦੇ ਅੰਤਰਰਾਸ਼ਟਰੀ ਮੁਕਾਬਲੇ ਜੋ ਦੁਬਈ ਵਿਖੇ ਹੋਏ, ਵਿਚ ਹਿੱਸਾ ਲਿਆ ਅਤੇ ਵਧੀਆ ਪ੍ਰਦਰਸ਼ਨ ਕੀਤਾ। ਭਾਰਤੀ ਖੇਡ ਮੰਤਰਾਲੇ ਦੇ ਸਹਿਯੋਗ ਨਾਲ ਏਸ਼ੀਅਨ ਖੇਡਾਂ ਦੀ ਬੋਸ਼ੀਆ ਟੀਮ ਦਾ ਕੋਚਿੰਗ ਕੈਂਪ ਸਪੋਰਟਸ ਅਥਾਰਟੀ ਆਫ ਇੰਡੀਆ ਦੇ ਸੈਂਟਰ ਵਿਸ਼ਾਖਾਪਟਨਮ ਵਿਚ ਲਗਾਇਆ ਗਿਆ। ਬੋਸ਼ੀਆ ਇੰਡੀਆ ਕੋਲ ਅੱਜ ਤੱਕ ਕਾਫੀ ਖਿਡਾਰੀਆਂ ਦੀ ਰਜਿਸਟ੍ਰੇਸ਼ਨ ਹੋ ਚੁੱਕੀ ਹੈ।
ਮਾਨਵਤਾ ਦੀ ਭਲਾਈ ਲਈ ਵੀ ਇਹ ਇਕ ਬਹੁਤ ਵਧੀਆ ਜ਼ਰੀਆ ਹੈ ਕਿ ਅਸੀਂ ਉਨ੍ਹਾਂ ਦਾ ਸਾਥ ਬਣੀਏ, ਜਿਨ੍ਹਾਂ ਨੂੰ ਸਾਡੇ ਸਾਥ ਦੀ ਜ਼ਿਆਦਾ ਲੋੜ ਹੈ ਅਤੇ ਇਸ ਖੇਡ ਨੂੰ ਭਾਰਤ ਦੇ ਹਰ ਕੋਨੇ ਤੱਕ ਪਹੁੰਚਾਈਏ ਤਾਂ ਕਿ ਕੋਈ ਵੀ ਅਪਾਹਜ ਵਿਅਕਤੀ ਇਸ ਖੇਡ ਦਾ ਲਾਭ ਉਠਾਉਣ ਤੋਂ ਰਹਿ ਨਾ ਜਾਵੇ। ਭਾਰਤ ਦੀ ਬੋਸ਼ੀਆ ਟੀਮ ਹੁਣ ਇਸ ਨੂੰ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਵਿਚ ਵਿਕਸਿਤ ਕਰਨ ਦਾ ਯਤਨ ਕਰ ਰਹੀ ਹੈ, ਤਾਂ ਕਿ ਅਪਾਹਜ ਵਿਅਕਤੀਆਂ ਜਾਂ ਬੱਚਿਆਂ ਨੂੰ ਵੱਧ ਤੋਂ ਵੱਧ ਮੌਕੇ ਮਿਲਣ, ਤਾਂ ਜੋ ਉਹ ਆਪਣਾ ਸਰੀਰਕ ਅਤੇ ਮਾਨਸਿਕ ਵਿਕਾਸ ਕਰ ਸਕਣ। (ਸਮਾਪਤ)


-ਕੰਪਿਊਟਰ ਅਧਿਆਪਕ, ਸ: ਹਾ: ਸਕੂਲ ਢੈਪਈ (ਫਰੀਦਕੋਟ)।
ਈਮੇਲ: pkjaitu@gmail.com

ਇਕ ਲੱਤ ਨਾ ਹੋਣ ਦੇ ਬਾਵਜੂਦ ਦੌੜਦਾ ਹੈ ਮੈਰਾਥਨ ਦੌੜ ਸੁਮਿਤ ਕੁਮਾਰ

'ਮੈਨੇ ਭੀ ਲਗਾਈ ਹੈ ਦੌੜ ਦੁਨੀਆ ਕੋ ਮਾਪਨੇ ਕੀ, ਯੇਹ ਤਸਵੀਰ ਨਹੀ ਹੈ ਹਕੀਕਤ ਹੈ ਮੇਰੇ ਇਸ ਅਫਸਾਨੇ ਕੀ।' ਇਹ ਆਪਣੇ ਮੂੰਹੋਂ ਆਖਦਾ ਹੈ ਸੁਮਿਤ ਕੁਮਾਰ ਜੋ ਇਕ ਲੱਤੋਂ ਅਪਾਹਜ ਹੈ ਪਰ ਉਹ ਵੀ ਅਮਨ, ਸ਼ਾਂਤੀ ਅਤੇ ਸਵਸਥ ਭਾਰਤ ਦਾ ਸੁਨੇਹਾ ਦਿੰਦਾ ਹੈ ਦੌੜ ਕੇ ਤੇ ਲੋਕ ਉਸ ਦੇ ਹੌਸਲੇ ਦੀ ਦਾਦ ਦਿੰਦੇ ਹਨ। ਸੁਮਿਤ ਕੁਮਾਰ ਦਾ ਜਨਮ ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਅਲੀਗੜ੍ਹ ਦੇ ਪਿੰਡ ਬਾਜੌਤਾ ਵਿਚ ਪਿਤਾ ਜਗਵੀਰ ਸਿੰਘ ਦੇ ਘਰ ਮਾਤਾ ਰੇਖਾ ਦੇਵੀ ਦੀ ਕੁੱਖੋਂ 8 ਫਰਵਰੀ, 1996 ਨੂੰ ਹੋਇਆ ਅਤੇ ਉਹ ਤਿੰਨ ਭਰਾਵਾਂ ਵਿਚੋਂ ਸਭ ਤੋਂ ਵੱਡਾ ਹੋਣ ਕਰਕੇ ਆਪਣੇ ਪਰਿਵਾਰ ਦਾ ਬੋਝ ਵੀ ਝੱਲ ਰਿਹਾ ਸੀ, ਕਿਉਂਕਿ ਰੱਬ ਦੀ ਕਰਨੀ, ਉਸ ਦੀ ਮਾਤਾ ਰੇਖਾ ਦੇਵੀ ਪਰਿਵਾਰ ਨੂੰ ਛੇਤੀ ਹੀ ਵਿਛੋੜਾ ਦੇ ਗਈ। ਸੁਮਿਤ ਕੁਮਾਰ ਬਚਪਨ ਤੋਂ ਹੀ ਅਪਾਹਜ ਨਹੀਂ ਸੀ, ਸਗੋਂ ਉਹ ਇਕ ਜਾਂਬਾਜ਼ ਯੋਧਿਆਂ ਵਰਗਾ ਸੀ ਅਤੇ ਉਸ ਨੂੰ ਬਚਪਨ ਤੋਂ ਹੀ ਖੇਡਣ ਦਾ ਅੰਤਾਂ ਦਾ ਸ਼ੌਕ ਸੀ ਅਤੇ ਉਹ ਅੰਤਰਰਾਸ਼ਟਰੀ ਪੱਧਰ 'ਤੇ ਇਕ ਸਫ਼ਲ ਵੇਟਲਿਫਟਰ ਬਣ ਕੇ ਦੇਸ਼ ਦਾ ਨਾਂਅ ਚਮਕਾਉਣਾ ਚਾਹੁੰਦਾ ਸੀ ਅਤੇ ਨਾਲ ਹੀ ਉਹ ਫੌਜ ਵਿਚ ਭਰਤੀ ਹੋ ਕੇ ਜਿੱਥੇ ਆਪਣੇ ਪਰਿਵਾਰ ਨੂੰ ਅੱਗੇ ਤੋਰਨਾ ਚਾਹੁੰਦਾ ਸੀ, ਉਥੇ ਉਸ ਦੇ ਅੰਦਰ ਦੇਸ਼-ਭਗਤੀ ਦਾ ਜਜ਼ਬਾ ਵੀ ਕੁੱਟ-ਕੁੱਟ ਕੇ ਭਰਿਆ ਹੋਇਆ ਸੀ ਪਰ 13 ਅਗਸਤ, 2016 ਦਾ ਦਿਨ ਸੁਮਿਤ ਕੁਮਾਰ ਲਈ ਉਹ ਮਨਹੂਸ ਦਿਨ ਸੀ ਕਿ ਉਸ ਦੀ ਹੌਸਲਿਆਂ ਭਰੀ ਜ਼ਿੰਦਗੀ ਹਾਰ ਦੇ ਡੂੰਘੇ ਖੱਡੇ ਵਿਚ ਜਾ ਡਿਗੀ। ਉਹ ਸ਼ਨੀਦੇਵ ਦੇ ਮੰਦਰ 'ਚੋਂ ਪੂਜਾ ਕਰਕੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਘਰ ਪਰਤ ਰਿਹਾ ਸੀ ਕਿ ਪਲਵਲ ਹਰਿਆਣਾ ਕੋਲ ਉਸ ਦੇ ਮੋਟਰਸਾਈਕਲ ਨੂੰ ਪਿੱਛੇ ਤੋਂ ਇਕ ਤੇਜ਼ ਰਫ਼ਤਾਰ ਟਰੱਕ ਨੇ ਟੱਕਰ ਮਾਰ ਦਿੱਤੀ, ਜਿਸ ਦੌਰਾਨ ਸੁਮਿਤ ਕੁਮਾਰ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ।
ਇਸ ਗੰਭੀਰ ਹਾਦਸੇ ਪਿੱਛੋਂ ਲੱਖ ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਉਸ ਨੂੰ ਇਕ ਲੱਤ ਤੋਂ ਹੱਥ ਧੋਣਾ ਪਿਆ। ਸੁਮਿਤ ਕੁਮਾਰ ਦੀ ਹੌਸਲਿਆਂ ਦੀ ਉਡਾਨ ਇਕਦਮ ਫਿੱਕੀ ਪੈ ਗਈ। ਉਹ ਸੋਚਦਾ ਕਿ ਕਿਸ ਤਰ੍ਹਾਂ ਕੱਟੇਗੀ ਹੁਣ ਅਗਾਂਹ ਦੀ ਜ਼ਿੰਦਗੀ? ਇਹ ਇਕ ਅਣਬੁੱਝਿਆ ਸਵਾਲ ਸੀ ਅਤੇ ਬੀਤੇ ਵਕਤ ਵਿਚ ਜਿਹੜਾ ਸੁਮਿਤ ਜ਼ਿੰਦਗੀ ਜਿਊਣ ਦੀਆਂ ਵੱਡੀਆਂ ਪੁਲਾਂਘਾਂ ਪੁੱਟ ਰਿਹਾ ਸੀ, ਹੁਣ ਉਸ ਦੇ ਕਦਮ, ਕਦਮ-ਦਰ-ਕਦਮ ਲੜਖੜਾ ਗਏ। ਵਕਤ ਬੀਤਦਾ ਗਿਆ, ਨਿਰਾਸ਼ ਜ਼ਿੰਦਗੀ 'ਚੋਂ ਵੀ ਸੁਮਿਤ ਨੇ ਆਸ ਦੀ ਕਿਰਨ ਤੱਕੀ ਅਤੇ ਬੈਸਾਖੀ ਦੇ ਸਹਾਰੇ ਜ਼ਿੰਦਗੀ ਦੀ ਵਾਟ ਮਾਪਣੀ ਸ਼ੁਰੂ ਕਰ ਦਿੱਤੀ ਅਤੇ ਨਾਲ ਹੀ ਗੁੜਗਾਓਂ ਵਿਖੇ ਇਕ ਪ੍ਰਾਈਵੇਟ ਕੰਪਨੀ ਵਿਚ ਨੌਕਰੀ ਕਰਨੀ ਸ਼ੁਰੂ ਕਰ ਦਿੱਤੀ ਅਤੇ ਪਰਿਵਾਰ ਨੇ ਉਸ ਨੂੰ ਹੌਸਲੇ ਦੇ ਨਾਲ ਦਿੱਲੀ ਵਿਖੇ ਲਿਜਾ ਕੇ ਜਰਮਨੀ ਦੀ ਇਕ ਕੰਪਨੀ ਆਟੋਬਾਕ ਤੋਂ ਉਸ ਦੇ ਨਕਲੀ ਲੱਤ ਲਗਾ ਦਿੱਤੀ, ਜਿਸ ਨਾਲ ਉਸ ਲਈ ਚੱਲਣਾ ਸੁਖਾਲਾ ਹੋ ਗਿਆ। ਸੁਮਿਤ ਕੁਮਾਰ ਨੇ ਆਪਣੇ-ਆਪ ਨੂੰ ਪੂਰੀ ਹਿੰਮਤ ਅਤੇ ਦਲੇਰੀ ਨਾਲ ਸੰਭਾਲ ਲਿਆ ਅਤੇ ਹੁਣ ਉਹ ਕੁਝ ਕਰਨਾ ਚਾਹੁੰਦਾ ਸੀ, ਜਿਸ ਨਾਲ ਉਹ ਦੂਸਰਿਆਂ ਲਈ ਮਿਸਾਲ ਬਣ ਸਕੇ ਅਤੇ ਉਸ ਨੇ ਫ਼ੈਸਲਾ ਲਿਆ ਕਿ ਉਹ ਮੈਰਾਥਨ ਦੌੜ ਵਿਚ ਹਿੱਸਾ ਲਿਆ ਕਰੇਗਾ ਅਤੇ ਉਸ ਨੇ ਅਜਿਹਾ ਹੀ ਕੀਤਾ ਤੇ ਜਦ ਦੌੜਿਆ ਤਾਂ ਬਸ ਦੌੜਦਾ ਹੀ ਗਿਆ ਅਤੇ ਅੱਜ ਤੱਕ ਉਹ ਪੰਜ ਸਫ਼ਲ ਮੈਰਾਥਨ ਦੌੜਾਂ ਦੌੜ ਚੁੱਕਾ ਹੈ ਅਤੇ ਸੁਮਿਤ ਕੁਮਾਰ ਆਖਦਾ ਹੈ ਕਿ 50 ਮੈਰਾਥਨ ਦੌੜਾਂ ਦਾ ਉਸ ਦਾ ਨਿਸ਼ਾਨਾ ਹੈ।


-ਮੋਬਾ: 98551-14484

ਆਓ ਜਾਣੀਏ 'ਬੋਸ਼ੀਆ' (ਪੈਰਾ ਉਲੰਪਿਕ ਖੇਡ) ਕੀ ਹੈ?

ਭਾਰਤ ਯੋਧਿਆਂ, ਸੂਰਬੀਰਾਂ, ਗੁਰੂਆਂ, ਪੀਰਾਂ, ਰਾਜਿਆਂ, ਮਹਾਰਾਜਿਆਂ, ਖਿਡਾਰੀਆਂ ਦਾ ਦੇਸ਼ ਹੈ। ਵੱਖ-ਵੱਖ ਖੇਡਾਂ ਦੇ ਖਿਡਾਰੀ ਭਾਰਤ ਦਾ ਨਾਂਅ ਦੁਨੀਆ ਭਰ 'ਚ ਰੌਸ਼ਨ ਕਰ ਚੁੱਕੇ ਹਨ। ਭਾਰਤ ਵਿਚ ਅਨੇਕਾ ਖੇਡਾਂ ਖੇਡੀਆਂ ਜਾਂਦੀਆਂ ਹਨ, ਜਿਨ੍ਹਾਂ ਤੋਂ ਅਸੀਂ ਚੰਗੀ ਤਰ੍ਹਾਂ ਵਾਕਿਫ਼ ਹਾਂ, ਜਿਵੇਂ ਕ੍ਰਿਕਟ, ਕਬੱਡੀ, ਹਾਕੀ ਅਤੇ ਅਥਲੈਟਿਕਸ ਆਦਿ ਇਹ ਸਭ ਖੇਡਾਂ ਇਕ ਤੰਦਰੁਸਤ ਸਰੀਰ ਵਾਲਾ ਆਦਮੀ ਹੀ ਖੇਡ ਸਕਦਾ ਹੈ ਪਰ ਇਸ ਦੇ ਨਾਲ ਹੀ ਕੁਝ ਅਪਾਹਜ ਵਿਅਕਤੀਆਂ ਦੁਆਰਾ ਵੀ ਖੇਡਾਂ ਖੇਡੀਆਂ ਜਾਂਦੀਆ ਹਨ। ਇਨ੍ਹਾਂ ਖੇਡਾਂ ਨੂੰ ਪੈਰਾ ਉਲੰਪਿਕ ਖੇਡਾਂ ਦਾ ਨਾਂਅ ਦਿੱਤਾ ਗਿਆ ਹੈ। ਇਨ੍ਹਾਂ ਖੇਡਾਂ ਵਿਚ ਭਾਰਤ ਦੇ ਪੈਰਾ ਖਿਡਾਰੀਆਂ ਨੇ ਵੱਖ-ਵੱਖ ਸਮੇਂ ਵਧੀਆ ਪ੍ਰਦਰਸ਼ਨ ਕਰਕੇ ਭਾਰਤ ਦਾ ਨਾਂਅ ਰੌਸ਼ਨ ਕੀਤਾ ਹੈ। ਇਨ੍ਹਾਂ ਵਿਚ ਪ੍ਰਮੁੱਖ ਨਾਂਅ ਦਵਿੰਦਰ ਝੰਜਰੀਆ (ਜੈਵਲਿਨ ਥ੍ਰੋਅ), ਦੀਪਾ ਮਲਿਕ (ਸ਼ਾਟਪੁੱਟ), ਸੰਦੀਪ ਸਿੰਘ ਮਾਨ (200, 400 ਮੀਟਰ ਰੇਸ) ਆਦਿ ਹਨ, ਜਿਨ੍ਹਾਂ ਨੇ ਆਪਣੇ ਪ੍ਰਦਰਸ਼ਨ ਨਾਲ ਸਾਬਤ ਕਰ ਦਿੱਤਾ ਹੈ ਕਿ ਉਹ ਵੀ ਕਿਸੇ ਨਾਲੋਂ ਘੱਟ ਨਹੀਂ ਹਨ। ਇਸ ਤੋਂ ਇਲਾਵਾ ਅਸੀਂ ਅੱਜ ਜਿਸ ਖੇਡ ਦੀ ਗੱਲ ਕਰਨੀ ਹੈ, ਉਹ ਬਾਕੀ ਪੈਰਾ ਉਲੰਪਿਕ ਖੇਡਾਂ ਤੋਂ ਆਪਣੀ ਇਕ ਖਾਸ ਵਿਲੱਖਣਤਾ ਰੱਖਦੀ ਹੈ, ਜਿਸ ਨੂੰ ਉਨ੍ਹਾਂ ਅਪਾਹਜ ਖਿਡਾਰੀਆਂ ਦੁਆਰਾ ਖੇਡਿਆ ਜਾਂਦਾ ਹੈ, ਜੋ ਨਾ ਹੀ ਆਪਣੇ-ਆਪ ਕੁਝ ਖਾ ਸਕਦੇ ਹਨ, ਨਾ ਉੱਠ ਸਕਦੇ ਹਨ, ਨਾ ਹੀ ਆਪਣੇ-ਆਪ ਬੈਠ ਸਕਦੇ ਹਨ, ਨਾ ਹੀ ਕੋਈ ਜ਼ਿਆਦਾ ਭਾਰੀ ਵਸਤੂ ਚੁੱਕਣ ਵਿਚ ਸਮਰੱਥ ਹੁੰਦੇ ਹਨ। ਇਸ ਖੇਡ ਦਾ ਨਾਂਅ ਹੈ 'ਬੋਸ਼ੀਆ'। ਇਹ ਖੇਡ 1984 ਤੋਂ ਪੈਰਾ ਉਲੰਪਿਕ ਖੇਡਾਂ ਵਿਚ ਖੇਡੀ ਜਾਣ ਵਾਲੀ ਅਪੰਗ ਖਿਡਾਰੀਆ ਦੀ ਖੇਡ ਹੈ, ਜੋ ਅੱਜ ਲਗਪਗ 120 ਦੇਸ਼ਾਂ ਵਿਚ ਖੇਡੀ ਜਾਂਦੀ ਹੈ ਅਤੇ ਪਸੰਦ ਕੀਤੀ ਜਾ ਰਹੀ ਹੈ ਪਰ ਭਾਰਤ ਵਿਚ ਇਸ ਖੇਡ ਨੂੰ 2016 ਵਿਚ ਸ਼ੁਰੂ ਕੀਤਾ ਗਿਆ ਹੈ। ਇਸ ਦੀ ਨੈਸ਼ਨਲ ਸਪੋਰਟਸ ਫੈਡਰੇਸ਼ਨ ਦਾ ਨਾਂਅ 'ਪੈਰਾ ਬੋਸ਼ੀਆ ਸਪੋਰਟਸ ਵੈੱਲਫੇਅਰ ਸੁਸਾਇਟੀ ਇੰਡੀਆ' ਹੈ। ਇਸ ਦਾ ਮੁੱਖ ਦਫਤਰ ਜ਼ਿਲ੍ਹਾ ਬਠਿੰਡਾ, ਪੰਜਾਬ ਵਿਖੇ ਸਥਿਤ ਹੈ। ਇਸ ਖੇਡ ਨੂੰ ਭਾਰਤ ਵਿਚ ਲੈ ਕੇ ਆਉਣ ਵਾਲੀ ਸ਼ਖ਼ਸੀਅਤ ਸ: ਜਸਪ੍ਰੀਤ ਸਿੰਘ ਧਾਲੀਵਾਲ ਹਨ, ਜੋ ਇਕ ਨਿੱਕੇ ਜਿਹੇ ਪਿੰਡ ਅਬਲੂ ਜ਼ਿਲ੍ਹਾ ਬਠਿੰਡਾ (ਪੰਜਾਬ) ਦੇ ਰਹਿਣ ਵਾਲੇ ਹਨ। ਇਨ੍ਹਾਂ ਤੋਂ ਇਲਾਵਾ ਸ: ਮਨਜੀਤ ਸਿੰਘ ਰਾਏ ਮੈਂਬਰ 'ਮਨਿਓਰਟੀ ਕਮਿਸ਼ਨ ਆਫ਼ ਇੰਡੀਆ' ਨੇ 'ਬੋਸ਼ੀਆ' ਖੇਡ ਨੂੰ ਭਾਰਤ ਵਿਚ ਲਿਆਉਣ ਅਤੇ ਸਪੋਰਟ ਕਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਪਿਛਲੇ ਸੱਤ ਸਾਲਾਂ ਤੋਂ ਜਸਪ੍ਰੀਤ ਸਿੰਘ ਧਾਲੀਵਾਲ ਆਪਣੀ ਛੋਟੀ ਅਜਿਹੀ ਟੀਮ ਸਰਪੰਚ ਸ਼ਮਿੰਦਰ ਸਿੰਘ ਢਿੱਲੋਂ, ਗੁਰਜੀਤ ਸਿੰਘ, ਟੱਫੀ ਬਰਾੜ, ਗੁਰਪ੍ਰੀਤ ਸਿੰਘ, ਜਸਵਿੰਦਰ ਸਿੰਘ ਧਾਲੀਵਾਲ, ਡਾ: ਰਮਨਦੀਪ ਸਿੰਘ, ਗੁਰਪ੍ਰੀਤ ਸਿੰਘ ਧਾਲੀਵਾਲ, ਮਨਪ੍ਰੀਤ ਸਿੰਘ ਸੇਖੋਂ, ਪ੍ਰਮੋਦ ਕੁਮਾਰ ਧੀਰ, ਜਸਵਿੰਦਰ ਢਿੱਲੋਂ, ਗੁਰਵੀਰ ਬਰਾੜ ਆਦਿ ਮੈਂਬਰਾਂ ਦੇ ਸਹਿਯੋਗ ਨਾਲ ਇਸ ਖੇਡ ਨੂੰ ਭਾਰਤ ਵਿਚ ਵਿਕਸਿਤ ਕਰਨ ਲਈ ਭਰਪੂਰ ਯਤਨ ਕਰ ਰਹੇ ਹਨ। ਆਪਣੀ ਮਿਹਨਤ ਅਤੇ ਯਤਨ ਸਦਕਾ ਉਹ ਇਸ ਖੇਡ ਨੂੰ ਭਾਰਤ ਵਿਚ ਲੈ ਕੇ ਆਉਣ ਵਿਚ ਕਾਮਯਾਬ ਹੋਏ ਹਨ। ਇਸ ਦੇ ਪਿਛਕੋੜ ਨੂੰ ਜਾਣਨ ਤੋਂ ਬਾਅਦ ਹੁਣ ਪਤਾ ਕਰਦੇ ਹਾਂ ਕਿ ਇਸ ਨੂੰ ਕਿਵੇਂ ਖੇਡਿਆ ਜਾਂਦਾ ਹੈ? ਕੌਣ-ਕੌਣ ਇਸ ਨੂੰ ਖੇਡ ਸਕਦਾ ਹੈ? ਆਓ ਇਸ ਬਾਰੇ ਵਿਸਥਾਰਪੂਰਵਕ ਜਾਣੀਏ। ਬੋਸ਼ੀਆ ਉਨ੍ਹਾਂ ਅਪਾਹਜ ਵਿਅਕਤੀਆਂ ਦੁਆਰਾ ਖੇਡੀ ਜਾਂਦੀ ਹੈ, ਜੋ ਸੈਰੇਬਿਲ ਪਾਲਸੀ ਨਾਮਕ ਬਿਮਾਰੀ ਤੋਂ ਪੀੜਤ ਹੁੰਦੇ ਹਨ ਜਾਂ ਜਿਨ੍ਹਾਂ ਦਾ ਇੰਜੁਰੀ ਲੈਵਲ ਸੀ-1 ਤੋਂ ਸੀ -5 ਤੱਕ ਹੁੰਦਾ ਹੈ ਇਸ ਨੂੰ ਖੇਡਣ ਲਈ 13 ਗੇਂਦਾਂ ਦੀ ਵਰਤੋਂ ਕੀਤੀ ਜਾਂਦੀ ਹੈ, ਜਿਸ ਵਿਚ 6 ਗੇਂਦਾਂ ਲਾਲ ਰੰਗ ਦੀਆਂ, 3 ਨੀਲੇ ਰੰਗ ਦੀਆਂ ਅਤੇ 1 ਚਿੱਟੇ ਰੰਗ ਦੀ ਹੁੰਦੀ ਹੈ। ਜੋ ਗੇਂਦ ਚਿੱਟੇ ਰੰਗ ਦੀ ਹੁੰਦੀ ਹੈ, ਉਹ ਖੇਡਣ ਸਮੇਂ ਟਾਰਗੇਟ ਬਾਲ ਦਾ ਕੰਮ ਕਰਦੀ ਹੈ।
ਇਸ ਖੇਡ ਨੂੰ ਖੇਡਣ ਦੀ ਵਿਧੀ
ਇਸ ਵਿਚ ਕੁੱਲ 3 ਈਵੈਂਟ ਹਨ-ਸਿੰਗਲ, ਡਬਲ ਅਤੇ ਟੀਮ। ਇਨ੍ਹਾਂ ਵਿਚ ਸਭ ਨੂੰ 6-6 ਗੇਂਦਾਂ ਦਿੱਤੀਆਂ ਜਾਂਦੀਆਂ ਹਨ। ਇਸ ਵਿਚ ਖਿਡਾਰੀਆਂ ਦਾ ਮੁੱਖ ਮੰਤਵ ਖੇਡ ਵਿਚ ਆਪਣੀ ਗੇਂਦ ਨੂੰ ਟਾਰਗੇਟ ਗੇਂਦ ਦੇ ਕੋਲ ਰੋਕਣਾ ਹੁੰਦਾ ਹੈ। ਲਗਾਤਾਰ ਖੇਡਣ ਸਮੇਂ ਰੈਫਰੀ ਦੁਆਰਾ ਸਮੇਂ-ਸਮੇਂ ਉੱਪਰ ਗੇਂਦਾਂ ਦੀ ਆਪਸੀ ਦੂਰੀ ਦੀ ਜਾਂਚ ਕੀਤੀ ਜਾਂਦੀ ਹੈ। ਕਿਸ ਖਿਡਾਰੀ ਦੀ ਗੇਂਦ ਟਾਰਗੇਟ ਬਾਲ (ਗੇਂਦ) ਦੇ ਨੇੜੇ ਹੈ, ਜਿਸ ਖਿਡਾਰੀ ਦੀ ਬਾਲ ਟਾਰਗੇਟ ਬਾਲ ਦੇ ਨੇੜੇ ਹੁੰਦੀ ਹੈ, ਉਸ ਦੇ ਵਿਰੋਧੀ ਨੂੰ ਰੈਫ਼ਰੀ ਦੁਆਰਾ ਆਪਣੀ ਗੇਂਦ ਨਾਲ ਖੇਡਣ ਦਾ ਇਸ਼ਾਰਾ ਕੀਤਾ ਜਾਂਦਾ ਹੈ। ਖੇਡ ਦੇ ਅੰਤ ਵਿਚ ਰੈਫ਼ਰੀ ਸਾਰੀਆਂ ਗੇਂਦਾਂ ਦੀ ਜਾਂਚ ਕਰਦਾ ਹੈ ਅਤੇ ਦੇਖਦਾ ਹੈ ਕਿ ਕਿਹੜੀ ਗੇਂਦ ਟਾਰਗੇਟ ਬਾਲ ਦੇ ਸਭ ਤੋਂ ਜ਼ਿਆਦਾ ਨਜ਼ਦੀਕ ਹੈ। ਉਸ ਦੇ ਆਧਾਰ 'ਤੇ ਖਿਡਾਰੀਆਂ ਨੂੰ ਅੰਕ ਦਿੱਤੇ ਜਾਂਦੇ ਹਨ, ਇਸ ਵਿਚ 4 ਰਾਊਂਡ ਦੀ ਖੇਡ ਖੇਡੀ ਜਾਂਦੀ ਹੈ। ਜਿਸ ਖਿਡਾਰੀ ਦੇ ਅੰਕ ਜ਼ਿਆਦਾ ਹੋਣ, ਉਸ ਨੂੰ ਜੇਤੂ ਕਰਾਰ ਦਿੱਤਾ ਜਾਂਦਾ ਹੈ। ਇਸ ਖੇਡ ਵਿਚ ਵਰਤੀ ਜਾਣ ਵਾਲੀ ਗੇਂਦ ਕੋਈ ਆਮ ਗੇਂਦ ਨਹੀਂ ਹੁੰਦੀ। ਇਹ ਅਲੱਗ-ਅਲੱਗ ਤਰ੍ਹਾਂ ਨਾਲ ਬਣਾਈਆਂ ਜਾਂਦੀਆਂ ਹਨ। ਭਾਰਤ ਵਿਚ ਇਨ੍ਹਾਂ ਨੂੰ ਤਿਆਰ ਨਹੀਂ ਕੀਤਾ ਜਾਂਦਾ। ਇਨ੍ਹਾਂ ਵਿਚ ਗੇਂਦਾਂ ਦੀਆਂ ਵੀ ਅਲੱਗ-ਅਲੱਗ ਕਿਸਮਾਂ ਹਨ। ਇਨ੍ਹਾਂ ਦਾ ਭਾਰ 775 ਗ੍ਰਾਮ ਹੁੰਦਾ ਹੈ। ਖੇਡ ਤੋਂ ਪਹਿਲਾਂ ਖਿਡਾਰੀਆਂ ਨੂੰ ਉਨ੍ਹਾਂ ਦੀਆਂ ਸੱਟਾਂ ਦੇ ਆਧਾਰ 'ਤੇ ਡਾਕਟਰਾਂ ਦੁਆਰਾ ਕਲਾਸੀਫਾਈ ਕੀਤਾ ਜਾਂਦਾ ਹੈ। ਇਨ੍ਹਾਂ ਦੀਆਂ ਵੱਖ-ਵੱਖ ਸ਼੍ਰੇਣੀਆਂ ਹਨ, ਜਿਵੇਂ ਬੀਸੀ-1, ਬੀਸੀ-2, ਬੀਸੀ-3, ਬੀਸੀ-4। ਜਿਸ ਤੋਂ ਬਾਅਦ ਖਿਡਾਰੀਆਂ ਨੂੰ ਆਪਣੀ-ਆਪਣੀ ਸ਼੍ਰੇਣੀ ਵਿਚ ਖੇਡਣ ਦੀ ਆਗਿਆ ਦਿੱਤੀ ਜਾਂਦੀ ਹੈ। (ਚਲਦਾ)


-ਕੰਪਿਊਟਰ ਅਧਿਆਪਕ, ਸ: ਹਾ: ਸਕੂਲ ਢੈਪਈ (ਫਰੀਦਕੋਟ)।
ਈਮੇਲ: pkjaitu@gmail.com

ਫ਼ਿਲਮੀ ਸਿਤਾਰੇ ਵੀ ਸਨ ਕਦੇ ਹਾਕੀ ਦੇ ਦੀਵਾਨੇ

ਭੁਵਨੇਸ਼ਵਰ ਵਿਖੇ ਚੱਲ ਰਿਹਾ ਵਿਸ਼ਵ ਕੱਪ ਹਾਕੀ ਟੂਰਨਾਮੈਂਟ ਸਾਨੂੰ ਉਨ੍ਹਾਂ ਦਿਨਾਂ ਦੀ ਯਾਦ ਕਰਵਾਉਂਦਾ ਹੈ, ਜਦੋਂ ਫਿਲਮ ਹਸਤੀਆਂ ਵੀ ਹਾਕੀ ਦੀਆਂ ਦੀਵਾਨੀਆਂ ਸਨ। ਉਹ 1975 ਵਿਸ਼ਵ ਕੱਪ ਹਾਕੀ ਵਾਲਾ ਯਾਦਗਾਰੀ ਦੌਰ ਸੀ। ਅੱਜ ਉਨ੍ਹਾਂ ਪੁਰਾਣੇ ਸੁਨਹਿਰੀ ਦਿਨਾਂ ਦੀ ਯਾਦ ਤਾਜ਼ਾ ਕਰਨ ਨੂੰ ਮਨ ਕਰਦਾ ਹੈ, ਜਦੋਂ ਹਾਕੀ ਦੇ ਜਾਦੂਗਰਾਂ ਨੇ ਪੂਰੇ ਦੇਸ਼ ਨੂੰ ਆਪਣੇ ਜਾਦੂ ਨਾਲ ਮੰਤਰ-ਮੁਗਧ ਕੀਤਾ ਹੋਇਆ ਸੀ। ਭਾਰਤ ਤਾਂ ਕੀ, ਪੂਰੇ ਵਿਸ਼ਵ ਵਿਚ ਭਾਰਤੀ ਹਾਕੀ ਦੀ ਚਰਚਾ ਸੀ। ਹਾਕੀ ਦੇ ਦਿਨਾਂ 'ਚ ਜਾਦੂਗਰਾਂ ਨੇ ਆਪਣੀ ਕਲਾ ਦੇ ਬਲਬੂਤੇ ਫਿਲਮੀ ਅਦਾਕਾਰਾਂ ਨੂੰ ਵੀ ਕਾਫੀ ਪ੍ਰਭਾਵਿਤ ਕੀਤਾ ਹੋਇਆ ਸੀ। ਆਪਣੇ ਵੱਲ ਖਿੱਚਿਆ ਹੋਇਆ ਸੀ। ਉਨ੍ਹਾਂ ਨੂੰ ਬੇਨਤੀ ਕਰਨ ਦੀ ਲੋੜ ਨਹੀਂ।
ਇਹ ਜ਼ਿਕਰਯੋਗ ਹੈ ਕਿ ਭਾਰਤ ਅਤੇ ਵਿਸ਼ਵ ਦੇ ਦੂਜੇ ਦੇਸ਼ਾਂ ਵਿਚ ਫਿਲਮੀ ਸਿਤਾਰੇ ਹਮੇਸ਼ਾ ਖੇਡਾਂ ਦੀ ਦੁਨੀਆ ਨਾਲ ਜੁੜੇ ਰਹੇ ਹਨ ਜਾਂ ਫਿਰ ਚਮਕ-ਦਮਕ ਵਾਲੇ ਦੂਜੇ ਖੇਤਰਾਂ ਨਾਲ। ਬਿਹਤਰੀਨ ਫਿਲਮੀ ਸਿਤਾਰਿਆਂ ਦੀਆਂ ਬਿਹਤਰੀਨ ਫਿਲਮਾਂ ਦੇਖਣ ਲਈ ਜਿਸ ਤਰ੍ਹਾਂ ਹਾਕੀ ਦੇ ਸਿਤਾਰੇ ਭਾਰੀ ਇਕੱਠ ਵਿਚ ਜੁੜਦੇ ਸਨ, ਉਸ ਤਰ੍ਹਾਂ ਇਸ ਲੋਕਪ੍ਰਿਆ ਤੇ ਕੌਮੀ ਖੇਡ ਨੂੰ ਵਧੀਆ-ਵਧੀਆ ਮੈਦਾਨਾਂ ਵਿਚ ਦੇਖਣ ਲਈ ਫਿਲਮੀ ਅਦਾਕਾਰ ਖੇਡ ਦੇ ਮੈਦਾਨਾਂ ਵਿਚ ਪਹੁੰਚਦੇ ਸਨ। ਪਰ ਉਨ੍ਹਾਂ ਲਈ ਮੁਸੀਬਤ ਇਹ ਹੁੰਦੀ ਸੀ ਕਿ ਉਹ ਆਪਣੇ ਚਹੇਤਿਆਂ ਤੋਂ ਲੁਕ-ਲੁਕ ਕੇ ਇਕ ਸਾਈਡ 'ਤੇ ਬੈਠ ਕੇ ਹਾਕੀ ਦੇ ਮੈਦਾਨਾਂ ਵਿਚ ਹਾਕੀ ਸਿਤਾਰਿਆਂ ਦਾ ਖੂਬਸੂਰਤ ਪ੍ਰਦਰਸ਼ਨ ਦੇਖਦੇ ਹੁੰਦੇ ਸਨ। ਮੁੰਬਈ ਵਿਚ ਹੋਣ ਵਾਲੇ 'ਆਗਾ ਖ਼ਾਨ' ਟੂਰਨਾਮੈਂਟ ਵਿਚ ਫਿਲਮੀ ਸਿਤਾਰਿਆਂ ਦੀ ਭੀੜ ਹੁੰਦੀ ਸੀ। ਰਾਜ ਕਪੂਰ, ਪ੍ਰਾਣ, ਸ਼ਸ਼ੀ ਕਪੂਰ, ਰਾਜ ਖੋਸਲਾ, ਓਮ ਪ੍ਰਕਾਸ਼, ਮਨੋਜ ਕੁਮਾਰ, ਧਰਮਿੰਦਰ, ਜਤਿੰਦਰ, ਰਣਜੀਤ, ਵਿਨੋਦ ਖੰਨਾ, ਸਿੰਪਲ ਕਪਾਡੀਆ, ਸ਼ਸ਼ੀ ਕਪੂਰ ਅਤੇ ਦਾਰਾ ਸਿੰਘ ਵਰਗੇ ਕਈ ਫਿਲਮੀ ਸਿਤਾਰੇ ਵਿਸ਼ੇਸ਼ ਕਰਕੇ ਪੰਜਾਬੀ ਫਿਲਮੀ ਅਦਾਕਾਰ ਅਤੇ ਫਿਲਮੀ ਐਕਟਰਸਾਂ ਹਾਕੀ ਦੀਆਂ ਦੀਵਾਨੀਆਂ ਸਨ।
ਤੁਹਾਨੂੰ ਯਾਦ ਰਹੇ ਕਿ 1975 ਵਿਚ ਜਦੋਂ ਭਾਰਤ ਨੇ ਕੁਆਲਾਲੰਪੁਰ ਵਿਖੇ ਪਹਿਲਾ ਵਿਸ਼ਵ ਕੱਪ ਜਿੱਤਿਆ ਤਾਂ ਉਸ ਸਮੇਂ ਭਾਰਤੀ ਹਾਕੀ ਬੁਲੰਦੀ 'ਤੇ ਸੀ। ਕਿਉਂਕਿ ਇਸ ਤੋਂ ਪਹਿਲਾਂ ਭਾਰਤ ਅੱਠ ਵਾਰ ਉਲੰਪਿਕ ਜੇਤੂ ਰਹਿ ਚੁੱਕਾ ਸੀ ਅਤੇ ਇਸ ਸਮੇਂ ਵਿਸ਼ਵ ਕੱਪ ਜੇਤੂ ਬਣ ਕੇ ਇਸ ਖੇਡ ਨੂੰ ਹੋਰ ਵੀ ਲੋਕਪ੍ਰਿਆ ਕਰ ਦਿੱਤਾ। ਇਸ ਲੋਕਪ੍ਰਿਅਤਾ ਕਰਕੇ ਕਈ ਹੋਰ ਫਿਲਮੀ ਸਿਤਾਰੇ ਵੀ ਹਾਕੀ ਦੇ ਨਾਲ ਜੁੜਦੇ ਗਏ। ਉਸ ਸਮੇਂ ਭਾਰਤ ਵਿਚ ਹਾਕੀ ਵਾਲਿਆਂ ਦੀ ਬੜੀ ਤਾਰੀਫ ਹੋਈ ਸੀ ਕਿ ਇਹ ਹਾਕੀ ਦੇ ਸਿਤਾਰੇ ਫਿਲਮੀ ਸਿਤਾਰਿਆਂ ਦੀ ਤਰ੍ਹਾਂ ਛਾ ਗਏ। ਦੱਸਦਾ ਜਾਵਾਂ ਕਿ ਉਨ੍ਹਾਂ ਦਿਨਾਂ ਵਿਚ ਮੁੰਬਈ ਦੇ ਇਕ ਸਟੇਡੀਅਮ ਵਿਚ ਫਿਲਮੀ ਸਿਤਾਰਿਆਂ ਵਲੋਂ ਉਸ ਟੀਮ ਦਾ ਸਨਮਾਨ ਵੀ ਕੀਤਾ ਗਿਆ, ਜੋ ਕਪਤਾਨ ਅਜੀਤਪਾਲ ਦੀ ਕਪਤਾਨੀ ਵਿਚ ਇਹ ਵਿਸ਼ਵ ਕੱਪ ਜਿੱਤੀ ਸੀ। ਦਿਲੀ ਸ਼ਰਧਾ ਤੇ ਦਿਲੀ ਸਤਿਕਾਰ ਨਾਲ ਫਿਲਮੀ ਸਿਤਾਰਿਆਂ ਨੇ ਦੇਸ਼ ਦੀ ਰਾਸ਼ਟਰੀਖੇਡ ਹਾਕੀ ਦੇ ਜੇਤੂ ਸਿਤਾਰਿਆਂ ਨੂੰ ਆਪਣੇ ਵਲੋਂ ਇੱਜ਼ਤ ਦੇਣ ਦਾ ਖੂਬਸੂਰਤ ਉਪਰਾਲਾ ਕੀਤਾ। ਦਿਲਚਸਪ ਗੱਲ ਇਸ ਦੌਰਾਨ ਫਿਲਮੀ ਸਿਤਾਰਿਆਂ ਅਤੇ ਜੇਤੂ ਹਾਕੀ ਸਿਤਾਰਿਆਂ ਦੇ ਦਰਮਿਆਨ ਇਕ ਦੋਸਤਾਨਾ ਮੈਚ ਵੀ ਖੇਡਿਆ ਗਿਆ, ਜਿਸ ਨੂੰ ਦੇਖਣ ਲਈ 40 ਹਜ਼ਾਰ ਦੇ ਕਰੀਬ ਦਰਸ਼ਕਾਂ ਨੇ ਮੈਦਾਨ ਨੂੰ ਸੁਸ਼ੋਭਿਤ ਕੀਤਾ, ਆਪਣੀ ਹਾਜ਼ਰੀ ਨਾਲ।
ਦੂਜੇ ਪਾਸੇ ਹਾਕੀ ਵਾਲੇ ਵੀ ਆਪਣੇ ਦਮ-ਖਮ ਨਾਲ ਦਿਲਾਂ ਦੇ ਬਹੁਤ ਕਰੀਬ ਹੋ ਗਏ ਸਨ। ਇਕ ਪਾਸੇ ਅਜੀਤਪਾਲ ਕਪਤਾਨ ਹਾਕੀ ਸਿਤਾਰਿਆਂ ਵਲੋਂ, ਦੂਜੇ ਪਾਸੇ ਰਾਜ ਕਪੂਰ ਕਪਤਾਨ ਫਿਲਮੀ ਸਿਤਾਰਿਆਂ ਵਲੋਂ, ਦੋਵਾਂ ਦੀ ਕਪਤਾਨੀ ਵਿਚ ਮੈਦਾਨ ਕੁਝ ਅਜੀਬ ਹੀ ਪ੍ਰਕਾਰ ਦਾ ਰੁਮਾਂਚਿਕ ਮਾਹੌਲ ਸੀ। ਕਿਸ ਕਦਰ ਉਸ ਸਮੇਂ ਹਾਕੀ ਦੇ ਮਸ਼ਹੂਰ ਸਿਤਾਰੇ ਗੋਬਿੰਦਾ ਦੀ ਖੇਡ ਸ਼ੈਲੀ ਦੀ ਤਾਰੀਫ ਹੋਈ, ਕਿਸ ਕਦਰ ਲੋਕਾਂ ਨੇ ਅਸਲਮ ਸ਼ੇਰ ਖਾਨ, ਹਰਚਰਨ ਸਿੰਘ, ਅਸ਼ੋਕ ਦੀਵਾਨ, ਸੁਰਜੀਤ ਸਿੰਘ, ਵਰਿੰਦਰ ਸਿੰਘ, ਉਂਕਾਰ ਸਿੰਘ, ਮਹਿੰਦਰ ਸਿੰਘ, ਐਚ. ਚਿਮਨੀ ਲਈ ਤਾੜੀਆਂ ਵਜਾਈਆਂ। ਕਿਸ ਕਦਰ ਐਮ. ਕਿੰਡੋ ਵੀ. ਜੇ. ਫਿਲਿਪਸ, ਐਚ.ਆਰ.ਪਵਾਰ, ਅਸ਼ੋਕ ਕੁਮਾਰ ਆਦਿ ਹਾਕੀ ਸਿਤਾਰਿਆਂ ਨੂੰ ਲੋਕਾਂ ਉੱਠ-ਉੱਠ ਕੇ ਚੀਕ-ਚੀਕ ਕੇ ਦਾਦ ਦਿੱਤੀ, ਉਨ੍ਹਾਂ ਨੂੰ ਯਾਦ ਕਰਕੇ ਅੱਜ ਵੀ ਹਾਕੀ ਪ੍ਰੇਮੀ ਆਹ ਭਰਦੇ ਹਨ। ਇਹ ਰੁਮਾਂਚਕਾਰੀ ਪ੍ਰਦਰਸ਼ਨ ਇਸ ਗੱਲ ਦਾ ਸਬੂਤ ਹੈ ਕਿ ਉਸ ਸਮੇਂ ਕਿਸ ਤਰ੍ਹਾਂ ਲੋਕ ਆਪਣੇ ਦੇਸ਼ ਦੀ ਰਾਸ਼ਟਰੀ ਖੇਡ ਹਾਕੀ ਨੂੰ ਪਿਆਰਦੇ ਸਨ।


-ਡੀ. ਏ. ਵੀ. ਕਾਲਜ, ਅੰਮ੍ਰਿਤਸਰ। ਮੋਬਾ: 98155-35410

ਕ੍ਰਿਕਟ ਮੈਦਾਨ 'ਤੇ ਹੋਇਆ ਮਿਥਾਲੀ ਰਾਜ...

ਅੱਜ ਸਾਡੇ ਦੇਸ਼ ਦੀਆਂ ਧੀਆਂ ਜਿਸ ਤੇਜ਼ੀ ਨਾਲ ਹਰ ਖੇਤਰ ਵਿਚ ਅੱਗੇ ਵਧ ਰਹੀਆਂ ਹਨ, ਉਹ ਆਪਣੇ-ਆਪ ਵਿਚ ਇਕ ਵਿਲੱਖਣ ਉਦਾਹਰਨ ਹੈ। ਖੇਡਾਂ ਦੇ ਖੇਤਰ ਵਿਚ ਵੀ ਇਨ੍ਹਾਂ ਨੇ ਮੈਡਲ ਸੂਚੀ ਵਿਚ ਪੁਰਸ਼ਾਂ ਨੂੰ ਪਿੱਛੇ ਛੱਡਣਾ ਸ਼ੁਰੂ ਕਰ ਦਿੱਤਾ ਹੈ। ਆਓ ਅੱਜ ਦੇਸ਼ ਦੀ ਉਸ ਧੀ ਬਾਰੇ ਗੱਲ ਕਰਦੇ ਹਾਂ, ਜਿਸ ਨੇ ਨਾ ਸਿਰਫ ਇਕ ਵਿਸ਼ੇਸ਼ ਮਾਅਰਕਾ ਮਾਰਿਆ ਹੈ, ਬਲਕਿ ਆਪਣੇ-ਆਪ ਨੂੰ ਉਸ ਸਥਾਨ 'ਤੇ ਲਿਆ ਖੜ੍ਹਾ ਕੀਤਾ ਹੈ, ਜਿੱਥੇ ਅਜੇ ਤੱਕ ਕੋਈ ਪੁਰਸ਼ ਖਿਡਾਰੀ ਵੀ ਨਹੀਂ ਪਹੁੰਚ ਪਾਇਆ ਹੈ...। ਜੀ ਹਾਂ, ਅਸੀਂ ਗੱਲ ਕਰ ਰਹੇ ਹਾਂ ਖੇਡ ਜਗਤ ਦੀਆਂ ਸੁਰਖੀਆਂ ਦਾ ਵਿਸ਼ਾ ਬਣੀ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਖਿਡਾਰਨ ਮਿਥਾਲੀ ਰਾਜ ਦੀ, ਜਿਸ ਨੇ ਆਪਣੇ ਨਾਂਅ ਦੇ ਮੁਤਾਬਿਕ ਕ੍ਰਿਕਟ ਮੈਦਾਨ 'ਤੇ ਆਪਣਾ ਰਾਜ ਕਾਇਮ ਕਰ ਲਿਆ ਹੈ। ਮਿਥਾਲੀ ਦੀਆਂ ਹੋਰ ਵਿਸ਼ਵ ਪੱਧਰੀ ਪ੍ਰਾਪਤੀਆਂ ਦਾ ਜ਼ਿਕਰ ਕਰਨ ਤੋਂ ਪਹਿਲਾਂ ਦੱਸ ਦੇਈਏ ਕਿ ਕਿਵੇਂ ਉਸ ਨੇ ਆਪਣੇ ਨਾਂਅ ਦਾ ਝੰਡਾ ਵਿਸ਼ਵ ਕ੍ਰਿਕਟ ਮੈਦਾਨ 'ਤੇ ਗੱਡਿਆ ਹੈ। ਵੈਸਟ ਇੰਡੀਜ਼ ਵਿਚ ਚੱਲ ਰਹੇ ਟੀ-20 ਕ੍ਰਿਕਟ ਵਿਸ਼ਵ ਕੱਪ ਵਿਚ ਮਿਥਾਲੀ ਨੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਸਭ ਤੋਂ ਵੱਧ ਅੰਤਰਰਾਸ਼ਟਰੀ ਟੀ-20 ਮੈਚ ਦੌੜਾਂ (ਪੁਰਸ਼ ਅਤੇ ਮਹਿਲਾਵਾਂ ਦੋਵਾਂ ਵਿਚ) ਬਣਾਉਣ ਦਾ ਕਾਰਨਾਮਾ ਕਰ ਦਿਖਾਇਆ ਹੈ।
ਮਿਥਾਲੀ ਨੇ ਹੁਣ ਤੱਕ ਆਪਣੇ ਅੰਤਰਰਾਸ਼ਟਰੀ ਟੀ-20 ਕੈਰੀਅਰ ਦੇ 85 ਮੈਚਾਂ ਵਿਚ 37.42 ਦੀ ਔਸਤ ਨਾਲ ਕੁੱਲ 2283 ਦੌੜਾਂ ਬਣਾ ਕੇ ਸਭ ਤੋਂ ਵੱਧ ਟੀ-20 ਦੌੜਾਂ ਬਣਾਉਣ ਵਾਲੇ ਭਾਰਤੀ ਖਿਡਾਰੀ ਰੋਹਿਤ ਸ਼ਰਮਾ ਨੂੰ ਵੀ ਪਿੱਛੇ ਛੱਡ ਦਿੱਤਾ ਹੈ ਅਤੇ ਸਭ ਤੋਂ ਵੱਧ ਟੀ-20 ਦੌੜਾਂ ਬਣਾਉਣ ਵਾਲੀ ਭਾਰਤੀ ਖਿਡਾਰੀ ਬਣ ਗਈ ਹੈ। ਦੂਸਰੇ ਨੰਬਰ 'ਤੇ ਇਸ ਸਮੇਂ ਰੋਹਿਤ ਸ਼ਰਮਾ ਹੈ, ਜਿਸ ਨੇ ਕਿ 87 ਮੈਚਾਂ ਵਿਚ 33.43 ਦੀ ਔਸਤ ਨਾਲ 2207 ਦੌੜਾਂ ਅਜੇ ਤੱਕ ਬਣਾਈਆਂ ਹਨ ਅਤੇ ਤੀਸਰੇ ਨੰਬਰ 'ਤੇ 2012 ਦੌੜਾਂ ਨਾਲ ਭਾਰਤੀ ਕਪਤਾਨ ਵਿਰਾਟ ਕੋਹਲੀ ਹੈ। ਇਹ ਇਤਿਹਾਸ ਰਚ ਕੇ ਇਸ ਭਾਰਤੀ ਸ਼ੇਰਨੀ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਔਰਤਾਂ ਨੂੰ ਚੁੱਲ੍ਹੇ-ਚੌਕੇ ਤੱਕ ਸੀਮਿਤ ਰੱਖਣ ਦੀਆਂ ਗੱਲਾਂ ਹੁਣ ਪੁਰਾਣੀਆਂ ਹੋ ਚੁੱਕੀਆਂ ਹਨ। ਆਓ ਨਜ਼ਰ ਮਾਰੀਏ ਇਸ ਇਤਿਹਾਸ ਰਚੇਤਾ ਦੇ ਖੇਡ ਕੈਰੀਅਰ 'ਤੇ।
3 ਦਸੰਬਰ, 1982 ਨੂੰ ਪਿਤਾ ਦੌਰਾਈ ਰਾਜ ਅਤੇ ਮਾਤਾ ਲੀਲਾ ਰਾਜ ਦੇ ਘਰ ਮਿਥਾਲੀ ਦਾ ਜਨਮ ਰਾਜਸਥਾਨ ਦੇ ਜੋਧਪੁਰ ਸ਼ਹਿਰ ਵਿਚ ਹੋਇਆ। ਇਸ ਦੇ ਪਿਤਾ ਜੀ ਭਾਰਤੀ ਹਵਾਈ ਸੈਨਾ ਵਿਚ ਕੰਮ ਕਰਦੇ ਸਨ। 10 ਸਾਲ ਦੀ ਉਮਰ ਵਿਚ ਕ੍ਰਿਕਟ ਦਾ ਬੱਲਾ ਫੜਨ ਵਾਲੀ ਮਿਥਾਲੀ ਸੱਜੇ ਹੱਥ ਦੀ ਬੱਲੇਬਾਜ਼ ਹੈ ਅਤੇ 17 ਸਾਲ ਦੀ ਉਮਰ ਵਿਚ ਭਾਰਤੀ ਮਹਿਲਾ ਟੀਮ ਲਈ ਚੁਣੀ ਗਈ ਸੀ ਅਤੇ 1999 ਵਿਚ ਆਪਣੇ ਪਹਿਲੇ ਹੀ ਅੰਤਰਰਾਸ਼ਟਰੀ ਇਕ-ਦਿਨਾ ਮੈਚ ਵਿਚ ਉਸ ਨੇ ਨਾਬਾਦ 114 ਦੌੜਾਂ ਬਣਾਈਆਂ ਸਨ। ਮਿਥਾਲੀ ਨੇ ਆਪਣੀ ਕਪਤਾਨੀ ਵਿਚ ਭਾਰਤ ਨੂੰ 2005 ਦੇ ਵਿਸ਼ਵ ਕੱਪ ਫਾਈਨਲ ਤੱਕ ਪਹੁੰਚਾਇਆ ਅਤੇ 2017 ਦੇ ਵਿਸ਼ਵ ਕੱਪ ਫਾਈਨਲ ਤੱਕ ਦਾ ਸਫਰ ਵੀ ਮਿਥਾਲੀ ਰਾਜ ਦੀ ਕਪਤਾਨੀ ਹੇਠ ਹੀ ਭਾਰਤ ਨੇ ਤੈਅ ਕੀਤਾ। ਇਸ ਸਮੇਂ ਭਾਰਤ ਦੀ ਇਕ-ਦਿਨਾ ਅਤੇ ਟੈਸਟ ਮੈਚ ਦੀ ਕਪਤਾਨੀ ਕਰ ਰਹੀ ਮਿਥਾਲੀ ਦੁਨੀਆ ਦੀ ਇਕਲੌਤੀ ਇਹੋ ਜਿਹੀ ਖਿਡਾਰਨ ਹੈ, ਜਿਸ ਦੇ ਨਾਂਅ 6,000 ਅੰਤਰਰਾਸ਼ਟਰੀ ਇਕ-ਦਿਨਾ ਮੈਚਾਂ ਦੀਆਂ ਦੌੜਾਂ ਹਨ ਅਤੇ ਹੁਣ ਸਭ ਤੋਂ ਵੱਧ ਟੀ-20 ਅੰਤਰਰਾਸ਼ਟਰੀ ਦੌੜਾਂ ਬਣਾਉਣ ਵਾਲੀ ਵੀ ਭਾਰਤੀ ਖਿਡਾਰੀ ਬਣ ਚੁੱਕੀ ਮਿਥਾਲੀ ਕਰੋੜਾਂ ਭਾਰਤੀ ਕੁੜੀਆਂ ਲਈ ਇਕ ਮਿਸਾਲ ਬਣ ਗਈ ਹੈ, ਜਿਸ ਤੋਂ ਪ੍ਰੇਰਣਾ ਲੈ ਕੇ ਹੋਰ ਕੁੜੀਆਂ ਵੀ ਭਾਰਤ ਦਾ ਨਾਂਅ ਰੌਸ਼ਨ ਕਰਨ ਲਈ ਅੱਗੇ ਆਉਣਗੀਆਂ। ਇਸ ਤੋਂ ਇਲਾਵਾ ਮਿਥਾਲੀ ਨੇ 17 ਅਗਸਤ, 2002 ਨੂੰ ਇੰਗਲੈਂਡ ਖਿਲਾਫ ਆਪਣੇ ਤੀਸਰੇ ਹੀ ਟੈਸਟ ਮੈਚ ਵਿਚ ਕੈਰੇਨ ਰੋਲਟਨ ਦਾ 209 ਸਕੋਰਾਂ ਦਾ ਰਿਕਾਰਡ ਤੋੜ ਕੇ 214 ਸਕੋਰ ਬਣਾਏ ਸਨ। 2017 ਮਿਥਾਲੀ ਨੂੰ ਆਈ.ਸੀ.ਸੀ. ਦੀ ਇਕ-ਦਿਨਾ ਟੀਮ ਲਈ ਵੀ ਨਾਮਾਂਕਿਤ ਕੀਤਾ ਗਿਆ ਸੀ। ਬੱਲੇਬਾਜ਼ੀ ਤੋਂ ਇਲਾਵਾ ਮਿਥਾਲੀ ਭਾਰਤ ਲਈ ਪਾਰਟ ਟਾਈਮ ਗੇਂਦਬਾਜ਼ੀ ਵੀ ਕਰਦੀ ਹੈ। 2005 ਵਿਚ ਮਿਥਾਲੀ ਨੂੰ ਅਰਜਨ ਐਵਾਰਡ ਅਤੇ 2015 ਵਿਚ ਪਦਮ ਸ੍ਰੀ ਐਵਾਰਡ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ।


-ਮੋਬਾ: 94174-79449

21ਵਾਰ ਵਿਸ਼ਵ ਚੈਂਪੀਅਨ

ਪੰਕਜ ਅਡਵਾਨੀ ਦਾ ਨਵਾਂ ਖੇਡ ਕੀਰਤੀਮਾਨ

ਭਾਰਤ ਅੰਦਰ ਅਕਸਰ ਇਹ ਸਮੱਸਿਆ ਰਹੀ ਹੈ ਕਿ ਕ੍ਰਿਕਟ ਤੋਂ ਛੁੱਟ ਬਾਕੀ ਖੇਡਾਂ ਦੇ ਖਿਡਾਰੀਆਂ ਨੂੰ, ਚਾਹੇ ਉਹ ਜਿੰਨਾ ਮਰਜ਼ੀ ਵਧੀਆ ਪ੍ਰਦਰਸ਼ਨ ਕਰੀ ਜਾਣ, ਉਹ ਮਾਣ-ਸਨਮਾਨ ਨਹੀਂ ਮਿਲਦਾ, ਜਿਸ ਦੇ ਉਹ ਹੱਕਦਾਰ ਹੁੰਦੇ ਹਨ, ਪਰ ਭਾਰਤ ਦੇ ਪੰਕਜ ਅਡਵਾਨੀ ਨੇ ਪਹਿਲਾਂ ਵੀ ਇਸ ਪ੍ਰਥਾ ਨੂੰ ਤੋੜਿਆ ਹੈ ਅਤੇ ਹੁਣ ਵੀ ਇਸ ਪਾਸੇ ਇਕ ਨਵਾਂ ਮਾਅਰਕਾ ਮਾਰਿਆ ਹੈ। ਬੀਤੇ ਦਿਨੀਂ ਭਾਰਤ ਦੇ ਪੰਕਜ ਅਡਵਾਨੀ ਨੇ ਆਈ. ਬੀ. ਐੱਸ. ਐੱਫ. ਵਿਸ਼ਵ ਬਿਲੀਅਰਡਜ਼ ਚੈਂਪੀਅਨਸ਼ਿਪ ਦੇ ਲੰਬੇ ਤੇ ਛੋਟੇ ਦੋਵੇਂ ਸਰੂਪਾਂ ਦੇ ਖਿਤਾਬ ਨੂੰ ਰਿਕਾਰਡ ਚੌਥੀ ਵਾਰ ਆਪਣੇ ਨਾਂਅ ਕੀਤਾ। ਕਰਨਾਟਕ ਸੂਬੇ ਦੇ ਸ਼ਹਿਰ ਬੈਂਗਲੁਰੂ ਦੇ 33 ਸਾਲਾ ਅਡਵਾਨੀ ਲਈ ਇਹ ਕੁੱਲ 21ਵਾਂ ਵਿਸ਼ਵ ਖਿਤਾਬ ਹੈ, ਜੋ ਕਿ ਆਪਣੇ-ਆਪ ਵਿਚ ਇਕ ਹੋਰ ਵੱਡਾ ਵਿਸ਼ਵ ਰਿਕਾਰਡ ਹੈ। ਅਡਵਾਨੀ ਨੇ ਫਾਈਨਲ ਵਿਚ ਦੋ ਵਾਰ ਦੇ ਏਸ਼ਿਆਈ ਚਾਂਦੀ ਤਗਮਾ ਜੇਤੂ ਭਾਰਤ ਦੇ ਹੀ ਬੀ. ਭਾਸਕਰ ਨੂੰ 1500 ਅੰਕ ਪਹਿਲਾਂ ਪੂਰੇ ਕਰਨ ਦੇ ਮੁਕਾਬਲੇ ਵਿਚ ਹਰਾਇਆ ਅਤੇ ਖਿਤਾਬ ਜਿੱਤਿਆ। ਉਸ ਦੀ ਖਿਤਾਬੀ ਜਿੱਤ ਦਾ ਇਕ ਪਹਿਲੂ ਇਹ ਵੀ ਸੀ ਕਿ ਪੰਕਜ ਅਡਵਾਨੀ ਨੇ ਭਾਸਕਰ ਉੱਤੇ ਵੱਡੀ ਬੜ੍ਹਤ ਕਾਇਮ ਕਰ ਲਈ ਸੀ ਅਤੇ ਉਹ ਜਦੋਂ 1000 ਅੰਕਾਂ ਤੱਕ ਪਹੁੰਚਿਆ, ਉਸ ਸਮੇਂ ਭਾਸਕਰ ਦੇ ਸਿਰਫ 206 ਅੰਕ ਸਨ। ਅਡਵਾਨੀ ਦੁਨੀਆ ਦਾ ਇਕਲੌਤਾ ਖਿਡਾਰੀ ਹੈ, ਜਿਹੜਾ ਵਿਸ਼ਵ ਪੱਧਰ ਉੱਤੇ ਬਿਲੀਅਰਡਜ਼ ਤੇ ਸਨੂਕਰ ਖੇਡਦਾ ਹੈ ਅਤੇ ਨਿਰੰਤਰ ਜਿੱਤ ਹਾਸਲ ਕਰਦਾ ਹੈ। ਇਹੀ ਬਸ ਨਹੀਂ, ਪੰਕਜ ਅਡਵਾਨੀ ਸਿਰਫ ਇਸ ਸਾਲ ਅੰਦਰ ਹੀ ਤਿੰਨ ਵਿਸ਼ਵ ਖਿਤਾਬ ਜਿੱਤ ਚੁੱਕਾ ਹੈ। ਰਿਕਾਰਡ 21 ਵਾਰ ਦੇ ਵਿਸ਼ਵ ਚੈਂਪੀਅਨ ਪੰਕਜ ਅਡਵਾਨੀ ਨੇ ਆਉਣ ਵਾਲੀ ਵਿਸ਼ਵ ਚੈਂਪੀਅਨਸ਼ਿਪ ਲਈ ਆਪਣੀ ਦਾਅਵੇਦਾਰੀ ਮਜ਼ਬੂਤ ਕਰਦੇ ਹੋਏ ਚੀਨ ਦੇ ਜਿਨਾਨ ਵਿਚ ਏਸ਼ੀਆ ਸਨੂਕਰ ਟੂਰ ਦੇ ਦੂਸਰੇ ਪੜਾਅ ਦਾ ਖਿਤਾਬ ਜਿੱਤਿਆ ਹੋਇਆ ਹੈ। ਉਹ ਏਸ਼ਿਆਈ ਸਨੂਕਰ ਟੂਰ ਪ੍ਰਤੀਯੋਗਿਤਾ ਜਿੱਤਣ ਵਾਲਾ ਇਕਲੌਤਾ ਭਾਰਤੀ ਖਿਡਾਰੀ ਵੀ ਹੈ।
ਪੰਕਜ ਅਡਵਾਨੀ ਦੇ ਲਈ ਇਹੋ ਜਿਹੀ ਵੱਡੀ ਜਿੱਤ ਪਹਿਲੀ ਵਾਰ ਨਹੀਂ ਆਈ, ਬਲਕਿ ਉਸ ਨੇ ਹਮੇਸ਼ਾ ਵਧੀਆ ਪ੍ਰਦਰਸ਼ਨ ਕੀਤਾ ਹੈ। ਉਸ ਨੇ ਸਾਲ 2005 ਵਿਚ ਆਪਣਾ ਪਹਿਲਾ ਵਿਸ਼ਵ ਬਿਲਿਅਰਡਜ਼ ਖ਼ਿਤਾਬ ਜਿੱਤਿਆ ਸੀ। ਇਸੇ ਸਾਲ ਉਸ ਨੇ ਆਈ.ਬੀ.ਐਸ.ਐਫ. ਵਿਸ਼ਵ ਬਿਲੀਅਰਡਜ਼ ਚੈਂਪੀਅਨਸ਼ਿਪ ਵਿਚ ਸਮੇਂ ਅਤੇ ਅੰਕ ਦੇ ਵਰਗਾਂ ਦੇ ਦੋਵੇਂ ਖ਼ਿਤਾਬ ਜਿੱਤੇ ਸਨ ਅਤੇ ਇਹ ਪ੍ਰਾਪਤੀ ਹਾਸਲ ਕਰਨ ਵਾਲਾ ਉਹ ਦੁਨੀਆ ਦਾ ਪਹਿਲਾ ਖਿਡਾਰੀ ਬਣ ਗਿਆ ਸੀ। ਇਹੀ ਬਸ ਨਹੀਂ, ਉਸ ਨੇ ਇਹੀ ਵਿਲੱਖਣ ਕਾਰਨਾਮਾ ਸਾਲ 2008 ਵਿਚ ਵੀ ਦੁਹਰਾਇਆ ਸੀ। ਅਡਵਾਨੀ ਨੇ ਸੰਨ 2007 ਵਿਚ ਆਈ.ਬੀ.ਐਸ.ਐਫ. ਵਿਸ਼ਵ ਬਿਲੀਅਰਡਜ਼ ਚੈਂਪੀਅਨਸ਼ਿਪ (ਸਮਾਂ ਵਰਗ) ਅਤੇ 2009 ਵਿਚ ਵਿਸ਼ਵ ਪੇਸ਼ੇਵਰ ਬਿਲੀਅਰਡਜ਼ ਖ਼ਿਤਾਬ ਵੀ ਜਿੱਤਿਆ ਸੀ। ਦਰਅਸਲ, ਇਸ ਖੇਡ ਦੇ ਦੋ ਹਿੱਸੇ ਹੁੰਦੇ ਹਨ, ਪਹਿਲਾ ਬਿਲੀਅਰਡਜ਼ ਅਤੇ ਦੂਜਾ ਸਨੂਕਰ। ਬਹੁਤ ਥੋੜ੍ਹੇ ਖਿਡਾਰੀ ਹਨ, ਜੋ ਦੋਵੇਂ ਹਿੱਸਿਆਂ ਨੂੰ ਹੱਥ ਪਾਉਂਦੇ ਹਨ। ਅਡਵਾਨੀ ਨੇ ਸ਼ੁਰੂ ਤੋਂ ਹੀ ਕੌਮਾਂਤਰੀ ਪੱਧਰ ਉੱਤੇ ਬਿਲੀਅਰਡਜ਼ ਅਤੇ ਸਨੂਕਰ, ਦੋਵੇਂ ਖੇਡਣ ਦਾ ਮੁਸ਼ਕਿਲ ਫੈਸਲਾ ਕੀਤਾ ਸੀ ਅਤੇ ਦੋਵਾਂ ਵਰਗਾਂ ਵਿਚ ਉਹ ਬਿਹਤਰੀਨ ਫਾਰਮ ਬਰਕਰਾਰ ਰੱਖਣ ਵਿਚ ਸਫਲ ਰਿਹਾ ਸੀ। ਇਹ ਵੀ ਉਸ ਦੀ ਇਕ ਵੱਡੀ ਪ੍ਰਾਪਤੀ ਹੀ ਕਹੀ ਜਾਵੇਗੀ।


-ਪਿੰਡ ਢਿੱਲਵਾਂ, ਡਾਕ: ਦਕੋਹਾ, ਜ਼ਿਲ੍ਹਾ ਜਲੰਧਰ-144023
E-mail : sudeepsdhillon@ymail.com

ਕੌਮਾਂਤਰੀ ਨਿਸ਼ਾਨੇਬਾਜ਼ ਹੈ ਵੀਲ੍ਹਚੇਅਰ ਖਿਡਾਰਨ ਮਿਤਾਲੀ ਗਾਇਕਵਾਡ

'ਲੋ ਮੈਂ ਫਿਰ ਆ ਰਹੀ ਹੂੰ ਹਵਾਓਂ ਕਾ ਰੁਖ਼ ਬਦਲਨੇ, ਜੋ ਕਹਤੇ ਥੇ ਹਮਸੇ ਨਾ ਹੋਗਾ, ਤੁਮਨੇ ਕਹਿ ਦਿਆ ਹਮਨੇ ਕਰ ਵਿਖਾਇਆ।' ਜੀ ਹਾਂ, ਮੈਂ ਗੱਲ ਕਰ ਰਿਹਾ ਹਾਂ ਮਹਾਰਾਸ਼ਟਰ ਰਾਜ ਦੀ ਮਾਣਮੱਤੀ ਧੀ ਮਿਤਾਲੀ ਗਾਇਕਵਾਡ ਦੀ, ਜਿਸ ਨੇ ਉਹ ਕਰ ਵਿਖਾਇਆ, ਜੋ ਕਹਿੰਦੇ ਸੀ ਮਿਤਾਲੀ ਤੂੰ ਇਹ ਨਹੀਂ ਕਰ ਸਕੇਂਗੀ ਕਿਉਂਕਿ ਤੂੰ ਵੀਲ੍ਹਚੇਅਰ 'ਤੇ ਹੈਂ ਪਰ ਜਿਨ੍ਹਾਂ ਦੇ ਹੌਸਲੇ ਬੁਲੰਦ ਅਤੇ ਇਰਾਦੇ ਮਜ਼ਬੂਤ ਹੋਣ, ਉਹ ਕਰਕੇ ਹੀ ਦਮ ਲੈਂਦੇ ਹਨ ਅਤੇ ਮਿਤਾਲੀ ਗਾਇਕਵਾਡ ਵੀ ਉਨ੍ਹਾਂ 'ਚੋਂ ਇਕ ਹੈ, ਜਿਸ ਨੇ ਵੀਲ੍ਹਚੇਅਰ 'ਤੇ ਹੁੰਦਿਆਂ ਹੋਇਆਂ ਵੀ ਨਿਸ਼ਾਨੇਬਾਜ਼ੀ ਵਿਚ ਬੁਲੰਦੀਆਂ ਛੂਹੀਆਂ ਹਨ। ਮਿਤਾਲੀ ਗਾਇਕਵਾਡ ਦਾ ਜਨਮ ਮਹਾਰਾਸ਼ਟਰ ਦੀ ਧਰਤੀ ਦੇ ਸ਼ਹਿਰ ਨਾਸਿਕ ਵਿਚ ਪਿਤਾ ਸ੍ਰੀਕਾਂਤ ਗਾਇਕਵਾਡ ਦੇ ਘਰ ਮਾਤਾ ਸੰਗੀਤਾ ਗਾਇਕਵਾਡ ਦੀ ਕੁੱਖੋਂ 29 ਅਕਤੂਬਰ, 1994 ਨੂੰ ਹੋਇਆ। ਮਿਤਾਲੀ ਗਾਇਕਵਾਡ ਨੂੰ ਜਿੱਥੇ ਖੇਡਾਂ ਦਾ ਸ਼ੌਕ ਸੀ, ਉਥੇ ਉਸ ਨੂੰ ਆਪਣੀਆਂ ਸਹੇਲੀਆਂ, ਸਹਿਪਾਠੀਆਂ ਦੇ ਨਾਲ ਪਾਰਟੀਆਂ ਕਰਨੀਆਂ, ਨੱਚਣ-ਟੱਪਣ ਦਾ ਵੀ ਸ਼ੌਕ ਸੀ ਅਤੇ ਉਹ ਹਮੇਸ਼ਾ ਖੁਸ਼ ਤਬੀਅਤ ਦੀ ਮਾਲਕ ਸੀ।
ਥੋੜ੍ਹਾ ਵਕਤ ਬੀਤਿਆ ਤਾਂ ਸਮੇਂ ਨੇ ਕਰਵਟ ਬਦਲੀ ਮਿਤਾਲੀ ਦੀ ਰੀੜ੍ਹ ਦੀ ਹੱਡੀ ਕੋਲ ਇਕ ਖੂਨ ਦੇ ਗੁੱਛੇ ਦੀ ਗੰਢ ਬਣ ਗਈ ਅਤੇ ਉਸ ਦੇ ਇਲਾਜ ਲਈ ਉਸ ਨੂੰ ਡਾਕਟਰ ਕੋਲ ਲਿਜਾਇਆ ਗਿਆ, ਜਿਥੇ ਉਸ ਦਾ ਆਪ੍ਰੇਸ਼ਨ ਹੋਇਆ ਅਤੇ ਜਦ ਆਪ੍ਰੇਸ਼ਨ ਹੋਣ ਤੋਂ ਬਾਅਦ ਮਿਤਾਲੀ ਨੇ ਤੁਰਨ ਲਈ ਅਗਾਂਹ ਕਦਮ ਪੁੱਟਿਆ ਤਾਂ ਉਸ ਨੂੰ ਅਹਿਸਾਸ ਹੋਇਆ ਕਿ ਉਹ ਚੱਲ ਨਹੀਂ ਸਕੇਗੀ। ਇਸ ਵਾਪਰੀ ਘਟਨਾ ਨਾਲ ਜਿਥੇ ਮਾਂ-ਬਾਪ ਡੂੰਘੇ ਸਦਮੇ ਵਿਚ ਚਲੇ ਗਏ, ਉਥੇ ਮਿਤਾਲੀ ਦੇ ਸਜਾਏ ਸੁਪਨੇ ਵੀ ਚੂਰ-ਚੂਰ ਹੋ ਗਏ ਅਤੇ ਉਹ ਸੋਚਣ ਲੱਗੀ ਕਿ ਆਖਰ ਹੋ ਕੀ ਗਿਆ? ਕੱਲ੍ਹ ਜਿਹੜੀ ਮਿਤਾਲੀ ਆਪਣੀਆਂ ਦੋਸਤਾਂ ਵਿਚ ਹਠਖੇਲੀਆਂ ਕਰਦੀ ਹਾਸਾ-ਠੱਠਾ ਕਰਦੀ ਨਹੀਂ ਸੀ ਥੱਕਦੀ, ਅੱਜ ਉਹੀ ਮਿਤਾਲੀ ਇਕਦਮ ਖਾਮੋਸ਼ ਹੋ ਗਈ। ਇਸ ਸਦਮੇ 'ਚੋਂ ਮਿਤਾਲੀ ਨੂੰ ਬਾਹਰ ਕੱਢਣ ਲਈ ਮਾਂ-ਬਾਪ ਨੇ ਉਸ ਨੂੰ ਹੌਸਲਾ ਦਿੱਤਾ ਅਤੇ ਮਿਤਾਲੀ ਸੋਚਣ ਲੱਗੀ ਸ਼ਾਇਦ ਇਹ ਵੀਲ੍ਹਚੇਅਰ ਹੀ ਹੁਣ ਉਸ ਦੀ ਜ਼ਿੰਦਗੀ ਦੀ ਅਸਲ ਦੋਸਤ ਹੋਵੇਗੀ ਅਤੇ ਉਸ ਨੇ ਲੰਮਾ ਸਾਹ ਲਿਆ ਅਤੇ ਵੀਲ੍ਹਚੇਅਰ ਦੌੜਾਉਣ ਲੱਗੀ ਅਤੇ ਐਸੀ ਵੀਲ੍ਹਚੇਅਰ ਦੌੜਾਈ ਕਿ ਅੱਜ ਤੱਕ ਰੁਕੀ ਨਹੀਂ ਅਤੇ ਹੁਣ ਉਹ ਮਹਾਰਾਸ਼ਟਰ ਦਾ ਮਾਣ ਨਹੀਂ, ਸਗੋਂ ਪੂਰੇ ਭਾਰਤ ਦਾ ਮਾਣ ਹੈ। ਮਿਤਾਲੀ ਨੇ ਵੀਲ੍ਹਚੇਅਰ ਨਾਲ ਦੋਸਤੀ ਕਰ ਲਈ ਅਤੇ ਹੁਣ ਉਹ ਵੀਲ੍ਹਚੇਅਰ 'ਤੇ ਹੀ ਆਪਣੇ-ਆਪ ਨੂੰ ਸਾਬਤ ਕਰਨ ਲਈ ਆਰਚਰੀ ਯਾਨਿ ਨਿਸ਼ਾਨਾ ਸਾਧਣਾ ਦੀ ਖੇਡ ਵਿਚ ਆਪਣੇ-ਆਪ ਨੂੰ ਨਿਪੁੰਨ ਕਰਨ ਲੱਗੀ ਅਤੇ ਉਸ ਦੇ ਕੋਚ ਅਸ਼ਵਨੀ ਥੇਟੇ ਨੇ ਵੀ ਉਸ ਨੂੰ ਆਰਚਰੀ ਵਿਚ ਐਸਾ ਤਰਾਸ਼ਿਆ ਕਿ ਛੇਤੀ ਹੀ ਮਿਤਾਲੀ ਨਿਸ਼ਾਨੇਬਾਜ਼ੀ ਵਿਚ ਜਿੱਤਾਂ ਦਰਜ ਕਰਨ ਲੱਗੀ।
ਮਿਤਾਲੀ ਨੇ ਆਰਚਰੀ ਸਿੱਖਣ ਲਈ ਏਨੀ ਮਿਹਨਤ ਕੀਤੀ ਕਿ ਉਹ ਖਾਣਾ ਵੀ ਭੁੱਲ ਜਾਂਦੀ ਅਤੇ ਦਿਨ ਦੇ ਕਈ ਘੰਟੇ ਉਸ ਨੇ ਅਭਿਆਸ ਲਈ ਖੇਡ ਮੈਦਾਨ ਨੂੰ ਸਮਰਪਿਤ ਕਰ ਦਿੱਤੇ। ਹੁਣੇ-ਹੁਣੇ ਜਕਾਰਤਾ ਵਿਖੇ ਹੋਈਆਂ ਏਸ਼ੀਅਨ ਪੈਰਾ ਖੇਡਾਂ ਵਿਚ ਮਿਤਾਲੀ ਗਾਇਕਵਾਡ ਨਿਸ਼ਾਨੇਬਾਜ਼ੀ ਵਿਚ ਪੂਰੇ ਭਾਰਤ 'ਚੋਂ 11 ਖਿਡਾਰੀਆਂ ਵਿਚ ਚੁਣੀ ਗਈ ਅਤੇ ਉਸ ਨੇ ਏਸ਼ਿਆਈ ਖੇਡਾਂ ਵਿਚ ਭਾਰਤ ਦੀ ਨੁਮਾਇੰਦਗੀ ਕਰਦਿਆਂ ਭਾਰਤ ਦੀ ਝੋਲੀ ਤਗਮੇ ਨਾਲ ਸਰਸ਼ਾਰ ਕੀਤੀ। ਮਿਤਾਲੀ ਦੇ ਕੋਚ ਅਸ਼ਵਨੀ ਥੇਟੇ ਅਤੇ ਨਾਸਿਕ ਆਰਚਰੀ ਐਸੋਸੀਏਸ਼ਨ ਦੇ ਪ੍ਰਧਾਨ ਮੰਗਲ ਪਾਟਿਲ ਮਿਤਾਲੀ ਬਾਰੇ ਆਖਦੇ ਹਨ ਕਿ ਮਿਤਾਲੀ ਦੇ ਮਜ਼ਬੂਤ ਇਰਾਦੇ ਅਤੇ ਕੁਝ ਕਰ ਸਕਣ ਦੀ ਮਿੱਠੀ ਚਾਹਤ ਨੇ ਉਨ੍ਹਾਂ ਦੇ ਕੱਦ ਨੂੰ ਹੋਰ ਉੱਚਾ ਕੀਤਾ ਹੈ ਅਤੇ ਉਹ ਹਮੇਸ਼ਾ ਮਿਤਾਲੀ 'ਤੇ ਮਾਣ ਕਰਦੇ ਹਨ ਅਤੇ ਮਿਤਾਲੀ ਵੀ ਆਖਦੀ ਹੈ ਕਿ 'ਕੁਝ ਭੀ ਤੋ ਮੁਸ਼ਕਿਲ ਨਹੀਂ ਅਗਰ ਕਰਨੇ ਕੀ ਠਾਨ ਲੋ, ਮੰਜ਼ਿਲ ਮਿਲ ਹੀ ਜਾਤੀ ਹੈ ਹਿੰਮਤ ਸੇ ਇਨਸਾਨ ਕੋ।'


-ਮੋਬਾ: 98551-14484

ਹਾਕੀ ਮੇਰੀ ਜ਼ਿੰਦਗੀ : ਪ੍ਰਭਜੋਤ ਸਿੰਘ

ਹਾਕੀ ਨੂੰ ਜੇਕਰ ਪੰਜਾਬੀਆਂ ਦੀ ਰੂਹ ਦੀ ਖੇਡ ਕਿਹਾ ਜਾਵੇ ਤਾਂ ਇਸ ਵਿਚ ਕੋਈ ਅਤਿਕਥਨੀ ਨਹੀਂ ਹੋਵੇਗੀ। ਪੰਜਾਬੀ ਜਵਾਨਾਂ ਦੀਆਂ ਰਗਾਂ ਵਿਚ ਦੌੜਦਾ ਹੋਇਆ ਫੁਰਤੀਲਾ ਖੂਨ ਅਤੇ ਰਿਸ਼ਟ-ਪੁਸ਼ਟ ਡੀਲ-ਡੌਲ ਨੇ ਹਾਕੀ ਨਾਲ ਖੂਬ ਨਿਭਾਈ। ਪੰਜਾਬ ਦੀ ਧਰਤੀ ਨੇ ਅਨੇਕਾਂ ਹਾਕੀ ਦੇ ਜਰਨੈਲਾਂ ਨੂੰ ਜਨਮ ਦਿੱਤਾ, ਜਿਨ੍ਹਾਂ ਨੇ ਆਪਣਾ ਨਾਂਅ ਪੂਰੀ ਦੁਨੀਆ ਵਿਚ ਚਮਕਾਇਆ। ਜਿਸ ਹਾਕੀ ਦੇ ਮਹਾਂਰਥੀ ਦਾ ਜ਼ਿਕਰ ਹੋਣ ਲੱਗਾ ਹੈ, ਉਹ ਹੈ ਪਿੰਡ ਬੁਤਾਲਾ ਜ਼ਿਲ੍ਹਾ ਅੰਮ੍ਰਿਤਸਰ ਦੀ ਧਰਤੀ 'ਤੇ ਜੰਮਿਆ ਪ੍ਰਭਜੋਤ ਸਿੰਘ। ਹਲਕੇ ਜਿਹੇ ਸਰੀਰ ਦਾ ਮਾਲਕ ਅਤੇ 17 ਵਰ੍ਹਿਆਂ ਦਾ ਜਵਾਨ, ਜੋ ਹਾਕੀ ਨੂੰ ਆਪਣੀ ਜ਼ਿੰਦਗੀ ਬਣਾ ਚੁੱਕਾ ਹੈ। ਉਹ ਹਾਕੀ ਦੇ ਖੇਤਰ ਵਿਚ ਆਪਣੇ-ਆਪ ਨੂੰ ਸਥਾਪਿਤ ਕਰਨ ਲਈ ਯਤਨਸ਼ੀਲ ਹੈ।
ਇਸ ਤਰ੍ਹਾਂ ਪ੍ਰਭਜੋਤ ਨੇ ਹਾਕੀ ਨੂੰ ਜਾਂ ਹਾਕੀ ਨੇ ਪ੍ਰਭਜੋਤ ਨੂੰ ਚੁਣਿਆ। ਪਿੰਡ ਵਿਚ ਖੇਡਦਾ ਹੋਇਆ ਉਹ ਕਈ ਪਿੰਡ ਪੱਧਰੀ ਟੂਰਨਾਮੈਂਟ ਵੀ ਖੇਡਿਆ। ਉਹ ਕਿਸੇ ਵੀ ਮੌਕੇ ਨੂੰ ਆਪਣੇ ਹੱਥੋਂ ਨਹੀਂ ਸੀ ਗਵਾਉਣਾ ਚਾਹੁੰਦਾ। ਸਾਲ 2014 ਵਿਚ ਜਦ ਉਹ ਅਜੇ ਸੱੱਤਵੀਂ ਜਮਾਤ ਵਿਚ ਪੜ੍ਹਦਾ ਸੀ ਤਾਂ ਉਸ ਨੇ ਹਾਕੀ ਲਈ ਘਰ ਛੱਡ ਦਿੱਤਾ। ਉਹ ਅੱਠ ਗੁਰੂ ਸਾਹਿਬਾਨ ਦੀ ਪਾਵਨ ਚਰਨ ਛੋਹ ਪ੍ਰਾਪਤ ਧਰਤੀ ਖਡੂਰ ਸਾਹਿਬ ਵਿਖੇ ਕਾਰ ਸੇਵਾ ਖਡੂਰ ਸਾਹਿਬ ਵਲੋਂ ਚਲਾਈ ਜਾ ਰਹੀ 'ਬਾਬਾ ਉੱਤਮ ਸਿੰਘ ਨੈਸ਼ਨਲ ਹਾਕੀ ਅਕੈਡਮੀ' ਵਿਚ ਆ ਗਿਆ, ਜਿੱਥੇ ਆ ਕੇ ਉਸ ਨੇ ਆਪਣੀ ਖੇਡ ਨੂੰ ਲਿਸ਼ਕਾਉਣਾ ਆਰੰਭ ਕਰ ਦਿੱਤਾ। ਉਹ ਮਿਹਨਤ ਤੋਂ ਕਦੇ ਮੂੰਹ ਨਾ ਮੋੜਦਾ ਅਤੇ ਲਗਾਤਾਰ ਅਭਿਆਸ ਵਿਚ ਜੁਟਿਆ ਰਹਿੰਦਾ।
ਪ੍ਰਸਿੱਧ ਹਾਕੀ ਟੂਰਨਾਮੈਂਟ ਜਿਵੇਂ ਐੱਸ. ਐਨ. ਵੋਹਰਾ ਮੈਮੋਰੀਅਲ ਹਾਕੀ ਟੂਰਨਾਮੈਂਟ ਚੰਡੀਗੜ੍ਹ, ਮਹਿੰਦਰ ਮੁਨਸ਼ੀ ਹਾਕੀ ਟੂਰਨਾਮੈਂਟ ਜਲੰਧਰ, ਆਲ ਇੰਡੀਆ ਬਲਵੰਤ ਕਪੂਰ ਹਾਕੀ ਟੂਰਨਾਮੈਂਟ ਜਲੰਧਰ, ਜਵਾਹਰ ਲਾਲ ਨਹਿਰੂ ਹਾਕੀ ਟੂਰਨਾਮੈਂਟ ਅਤੇ ਆਲ ਇੰਡੀਆ ਇੰਟਰ ਸਕੂਲ ਟੂਰਨਾਮੈਂਟ ਨਾਗਪੁਰ ਆਦਿ ਖੇਡ ਕੇ ਉਸ ਨੇ ਆਪਣੀ ਪਛਾਣ ਕਾਇਮ ਕੀਤੀ। ਮਲੇਸ਼ੀਆ ਵਿਚ ਇਸੇ ਸਾਲ ਛੇ ਦੇਸ਼ਾਂ (ਭਾਰਤ, ਇੰਗਲੈਂਡ, ਆਸਟ੍ਰੇਲੀਆ, ਮਲੇਸ਼ੀਆ, ਜਾਪਾਨ ਅਤੇ ਨਿਊਜ਼ੀਲੈਂਡ) ਦੀਆਂ ਟੀਮਾਂ ਵਿਚਕਾਰ ਹੋਏ ਅੱਠਵੇਂ ਸੁਲਤਾਨ ਆਫ ਜੌਹਰ ਕੱਪ 2018 ਵਿਚ ਉਹ ਜੂਨੀਅਰ ਇੰਡੀਆ ਹਾਕੀ ਟੀਮ ਵਿਚ ਖੇਡਿਆ। ਉਸ ਦੇ ਸ਼ਾਨਦਾਰ ਪ੍ਰਦਰਸ਼ਨ ਵਜੋਂ ਉਸ ਨੂੰ ਸੁਲਤਾਨ ਆਫ ਜੌਹਰ ਕੱਪ 2018 ਵਿਚ ਸਭ ਤੋਂ ਵਧੀਆ ਖਿਡਾਰੀ ਦੇ ਖਿਤਾਬ ਨਾਲ ਸਨਮਾਨਿਤ ਕੀਤਾ ਗਿਆ। ਇਹ ਉਸ ਲਈ ਅਹਿਮ ਪ੍ਰਾਪਤੀ ਸੀ। ਹੁਣ ਉਹ ਆਉਣ ਵਾਲੇ ਸਮੇਂ ਵਿਚ ਹੋਣ ਵਾਲੇ ਹਾਕੀ ਦੇ ਮਹਾਂਯੁੱਧਾਂ ਲਈ ਆਪਣੇ ਆਪ ਨੂੰ ਤਿਆਰ ਕਰਨ ਵਿਚ ਜੁਟਿਆ ਹੋਇਆ ਹੈ।
ਪ੍ਰਭਜੋਤ ਸਿੰਘ ਲਈ ਇਹ ਸਮਾਂ ਸੰਘਰਸ਼ ਦਾ ਹੈ। ਉਸ ਦਾ ਕਹਿਣਾ ਹੈ ਕਿ ਇਸ ਰਸਤੇ ਨੂੰ ਮੈਂ ਆਪ ਚੁਣਿਆ ਹੈ। ਇਸ ਲਈ ਮੇਰਾ ਇਹ ਸੰਘਰਸ਼ ਮੇਰਾ ਸ਼ੌਕ ਹੈ, ਜਿਸ ਨਾਲ ਮੇਰੀ ਖੂਬ ਨਿਭ ਰਹੀ ਹੈ। ਉਹ ਕਹਿੰਦਾ ਹੈ ਕਿ ਖਡੂਰ ਸਾਹਿਬ ਵਿਖੇ ਸ੍ਰੀ ਗੁਰੂ ਅੰਗਦ ਦੇਵ ਜੀ ਦੁਆਰਾ ਕੀਤੀ ਗਈ ਮੱਲ ਅਖਾੜੇ ਦੀ ਸਥਾਪਨਾ ਸਦਾ ਮੇਰੇ ਲਈ ਪ੍ਰੇਰਨਾ ਰਹੀ। ਇਸ ਤਰ੍ਹਾਂ ਮੇਰੀ ਖੇਡ ਨੇ ਮੈਨੂੰ ਉੱਚਾ-ਸੁੱਚਾ ਜੀਵਨ ਬਖਸ਼ਿਆ। ਇਸ ਨੇ ਮੈਨੂੰ ਬਹੁਤ ਸਾਰੀਆਂ ਭੈੜੀਆਂ ਅਲਾਮਤਾਂ ਤੋਂ ਬਚਾਇਆ ਅਤੇ ਜੇਕਰ ਪੰਜਾਬ ਦੀ ਜਵਾਨੀ ਵੀ ਇਸੇ ਰਸਤੇ 'ਤੇ ਚੱਲ ਪਵੇ ਤਾਂ ਭੈੜੀਆਂ ਕੁਰੀਤੀਆਂ ਦੇ ਪਹਾੜ ਚਕਨਾਚੂਰ ਹੋ ਜਾਣਗੇ ਅਤੇ ਰੰਗਲਾ, ਹੱਸਦਾ-ਵਸਦਾ ਪੰਜਾਬ ਫਿਰ ਮਹਿਕ ਉੱਠੇਗਾ, ਜਿਸ ਦੀ ਮਿੱਠੀ ਮਹਿਕ ਦਾ ਜ਼ਿਕਰ ਅੱਜ ਕੇਵਲ ਕਵਿਤਾ-ਕਹਾਣੀਆਂ ਅਤੇ ਗੱਲਾਂ-ਬਾਤਾਂ ਵਿਚ ਹੀ ਰਹਿ ਗਿਆ ਹੈ।


-ਵਿਕਰਮਜੀਤ ਸਿੰਘ ਤਿਹਾੜਾ
ਵਿਦਿਆਰਥੀ, ਸ੍ਰੀ ਗੁਰੂ ਅੰਗਦ ਦੇਵ ਇੰਸਟੀਚਿਊਟ ਆਫ਼ ਰਿਲੀਜੀਅਸ ਸਟੱਡੀਜ਼, ਨਿਸ਼ਾਨ-ਏ-ਸਿੱਖੀ, ਖਡੂਰ ਸਾਹਿਬ। ਮੋਬਾ: 98555-34961


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX