ਤਾਜਾ ਖ਼ਬਰਾਂ


ਸੰਘਣੀ ਧੁੰਦ ਕਾਰਨ ਵਾਪਰੇ ਹਾਦਸੇ ਵਿਚ 1 ਮੌਤ, 5 ਜ਼ਖਮੀ
. . .  15 minutes ago
ਮੋਗਾ, 17 ਜਨਵਰੀ - ਮੋਗਾ ਕੋਟਕਪੂਰਾ ਰੋਡ 'ਤੇ ਵਾਪਰੇ ਭਿਆਨਕ ਸੜਕ ਹਾਦਸੇ ਵਿਚ ਇਕ ਮੌਤ ਹੋ ਗਈ ਹੈ ਤੇ 5 ਹੋਰ ਜ਼ਖਮੀ ਹੋਏ ਹਨ। ਜ਼ਖਮੀਆਂ ਨੂੰ ਮੋਗਾ ਦੇ ਸਰਕਾਰੀ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ। ਇਹ ਹਾਦਸਾ ਸੰਘਣੀ ਧੁੰਦ ਕਾਰਨ ਵਾਪਰਿਆ...
ਅੱਜ ਡੇਰਾ ਸਿਰਸਾ ਮੁਖੀ ਨੂੰ ਛਤਰਪਤੀ ਕਤਲ ਮਾਮਲੇ 'ਚ ਹੋਵੇਗੀ ਸਜ਼ਾ
. . .  24 minutes ago
ਜਲੰਧਰ, 17 ਜਨਵਰੀ - ਪੱਤਰਕਾਰ ਰਾਮਚੰਦਰ ਛਤਰਪਤੀ ਦੇ ਕਤਲ ਮਾਮਲੇ 'ਚ ਅੱਜ ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ ਵੱਲੋਂ ਡੇਰਾ ਸਿਰਸਾ ਮੁਖੀ ਰਾਮ ਰਹੀਮ ਸਮੇਤ ਕ੍ਰਿਸ਼ਨ ਲਾਲ, ਨਿਰਮਲ ਸਿੰਘ ਤੇ ਕੁਲਦੀਪ ਸਿੰਘ ਨੂੰ ਸਜ਼ਾ ਸੁਣਾਈ ਜਾਵੇਗੀ। ਇਨ੍ਹਾਂ ਨੂੰ ਇਕੱਠੇ ਵੀਡੀਓ ਕਾਨਫਰੰਸਿੰਗ ਰਾਹੀਂ ਸਜ਼ਾ ਸੁਣਾਈ...
ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 'ਚ ਹੋਇਆ ਵਾਧਾ
. . .  42 minutes ago
ਨਵੀਂ ਦਿੱਲੀ, 17 ਜਨਵਰੀ - ਪੈਟਰੋਲ ਤੇ ਡੀਜਲ ਦੀਆਂ ਕੀਮਤਾਂ 'ਚ ਅੱਜ ਇਕ ਵਾਰ ਫਿਰ ਵਾਧਾ ਦੇਖਣ ਨੂੰ ਮਿਲਿਆ। ਰਾਜਧਾਨੀ ਦਿੱਲੀ 'ਚ ਪੈਟਰੋਲ ਦੀ ਕੀਮਤ 'ਚ 14 ਪੈਸੇ ਪ੍ਰਤੀ ਲੀਟਰ ਵਾਧਾ ਦਰਜ ਕੀਤਾ ਗਿਆ। ਇਸ ਨਾਲ ਪੈਟਰੋਲ ਦੀ ਕੀਮਤ 70.47 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਉੱਥੇ ਹੀ, ਰਾਜਧਾਨੀ...
ਅੱਜ ਦਾ ਵਿਚਾਰ
. . .  55 minutes ago
ਹੈੱਡ ਕਾਂਸਟੇਬਲ ਨੇ ਟ੍ਰੈਫਿਕ ਪੁਲਿਸ ਦੇ ਸਹਾਇਕ ਸਬ ਇੰਸਪੈਕਟਰ ਨੂੰ ਮਾਰੀ ਗੋਲੀ
. . .  1 day ago
ਡੇਰਾਬਸੀ , 16 ਜਨਵਰੀ ( ਸ਼ਾਮ ਸਿੰਘ ਸੰਧੂ)-ਡੇਰਾਬਸੀ ਪੁਲਿਸ ਸਟੇਸ਼ਨ ਵਿਖੇ ਇੱਕ ਹੈੱਡ ਕਾਂਸਟੇਬਲ ਨੇ ਟ੍ਰੈਫਿਕ ਪੁਲਿਸ ਡੇਰਾਬਸੀ ਦੇ ਇੰਚਾਰਜ ਸਹਾਇਕ ਸਬ ਇੰਸਪੈਕਟਰ ਲਖਵਿੰਦਰ ਸਿੰਘ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਹੈ
ਸੀਰੀਆ ਧਮਾਕੇ 'ਚ 30 ਨਾਗਰਿਕਾਂ ਦੀ ਮੌਤ
. . .  1 day ago
ਅਮਿੱਤ ਸ਼ਾਹ ਨੂੰ ਹੋਇਆ ਸਵਾਈਨ ਫਲੂ , ਏਮਜ਼ 'ਚ ਭਰਤੀ
. . .  1 day ago
ਨਵੀਂ ਦਿੱਲੀ ,16 ਜਨਵਰੀ - ਭਰਤੀ ਜਨਤਾ ਪਾਰਟੀ ਦੇ ਪ੍ਰਧਾਨ ਅਮਿੱਤ ਸ਼ਾਹ ਨੂੰ ਸਵਾਈਨ ਫਲੂ ਹੋਣ ਕਰਕੇ ਏਮਜ਼ 'ਚ ਭਰਤੀ ਕੀਤਾ ਗਿਆ ਹੈ।
'ਖੇਲੋ ਇੰਡੀਆ' 'ਚ ਬੁਢਲਾਡਾ ਤਹਿਸੀਲ ਦੀ ਪ੍ਰਦੀਪ ਕੌਰ ਨੇ ਜਿੱਤਿਆ ਕਾਂਸੇ ਦਾ ਮੈਡਲ
. . .  1 day ago
ਬੁਢਲਾਡਾ, 16 ਜਨਵਰੀ (ਸਵਰਨ ਸਿੰਘ ਰਾਹੀ) - ਮਹਾਰਾਸ਼ਟਰ ਦੇ ਪੁਣੇ 'ਚ ਚੱਲ ਰਹੀਆਂ 'ਖੇਲੋ ਇੰਡੀਆ' ਖੇਡਾਂ 'ਚ ਬੁਢਲਾਡਾ ਤਹਿਸੀਲ ਦੇ ਪਿੰਡ ਦੋਦੜਾ ਦੀ ਨਿਸ਼ਾਨੇਬਾਜ਼ ਪ੍ਰਦੀਪ ਕੌਰ ਸਿੱਧੂ ਨੇ 10 ਮੀਟਰ ਏਅਰ ਪਿਸਟਲ (ਮਿਕਸ) ਜੂਨੀਅਰ ਵਰਗ 'ਚ ਕਾਂਸੇ ਦਾ ਮੈਡਲ ਜਿੱਤ ਕੇ ਪਿੰਡ ਅਤੇ ਪੰਜਾਬ ਦਾ ਨਾਂਅ ਰੌਸ਼ਨ ਕੀਤਾ ਹੈ।
ਜਸਟਿਸ ਸੰਜੀਵ ਖੰਨਾ ਅਤੇ ਜਸਟਿਸ ਮਹੇਸ਼ਵਰੀ ਸੁਪਰੀਮ ਕੋਰਟ ਦੇ ਜੱਜ ਨਿਯੁਕਤ
. . .  1 day ago
ਨਵੀਂ ਦਿੱਲੀ, 16 ਜਨਵਰੀ - ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਦਿੱਲੀ ਹਾਈਕੋਰਟ ਦੇ ਚੀਫ਼ ਜਸਟਿਸ ਸੰਜੀਵ ਖੰਨਾ ਅਤੇ ਕਰਨਾਟਕ ਹਾਈਕੋਰਟ ਦੇ ਜੱਜ ਦਿਨੇਸ਼ ਮਹੇਸ਼ਵਰੀ ਨੂੰ ਸੁਪਰੀਮ ਕੋਰਟ ਦਾ...
ਤਾਮਿਲਨਾਡੂ ਦਾ ਡੀ ਗੁਕੇਸ਼ ਬਣਿਆ ਦੁਨੀਆ ਦਾ ਦੂਜਾ ਸਭ ਤੋਂ ਛੋਟੀ ਉਮਰ ਦਾ ਸ਼ਤਰੰਜ ਗ੍ਰੈਂਡਮਾਸਟਰ
. . .  1 day ago
ਚੇਨਈ, 16 ਜਨਵਰੀ - ਤਾਮਿਲਨਾਡੂ ਦਾ ਡੀ ਗੁਕੇਸ਼ ਦੁਨੀਆ ਦਾ ਦੂਜਾ ਸਭ ਤੋਂ ਛੋਟੀ ਉਮਰ ਦਾ ਸ਼ਤਰੰਜ ਗ੍ਰੈਂਡ ਮਾਸਟਰ ਬਣਿਆ ਹੈ। ਇਸ ਮੌਕੇ ਡੀ ਗੁਕੇਸ਼ ਨੇ ਆਪਣੇ ਮਾਤਾ ਪਿਤਾ, ਕੋਚ, ਦੋਸਤਾਂ...
ਹੋਰ ਖ਼ਬਰਾਂ..

ਨਾਰੀ ਸੰਸਾਰ

ਨਵੀਂ ਵਿਆਹੁਤਾ ਲਈ ਕੁਝ ਸੁਝਾਅ

ਸਾਡੇ ਸਮਾਜ ਵਿਚ ਤਕਰੀਬਨ ਹਰ ਜਵਾਨ ਕੁੜੀ ਨੂੰ ਚਾਈਂ-ਚਾਈਂ ਵਿਆਹ ਕੇ ਉਸ ਦੇ ਸਹੁਰੇ ਘਰ ਭੇਜਿਆ ਜਾਂਦਾ ਹੈ। ਜਦੋਂ ਉਹ ਪਹਿਲੀ ਵਾਰ ਸਹੁਰੇ ਘਰ ਪੈਰ ਪਾਉਂਦੀ ਹੈ ਤਾਂ ਉਸ ਲਈ ਸਭ ਕੁਝ ਓਪਰਾ ਤੇ ਨਵਾਂ ਹੁੰਦਾ ਹੈ। ਨਵੇਂ-ਨਵੇਂ ਰਿਸ਼ਤੇਦਾਰਾਂ ਨਾਲ ਰਹਿਣਾ ਪੈਂਦਾ ਹੈ। ਨਵੇਂ ਘਰ ਵਿਚ ਉਹ ਕੁਝ ਸੰਗਦੀ ਹੈ, ਝਿਜਕਦੀ ਵੀ ਹੈ ਪਰ ਫਿਰ ਵੀ ਉਹ ਸਹੁਰੇ ਘਰ ਵਿਚ ਘੁਲਣ-ਮਿਲਣ ਦੀ ਪੂਰੀ ਕੋਸ਼ਿਸ਼ ਕਰਦੀ ਹੈ। ਸਹੁਰੇ ਘਰ ਵਿਚ ਹਰੇਕ ਦਾ ਸੁਭਾਅ ਵੱਖੋ-ਵੱਖ ਹੁੰਦਾ ਹੈ। ਸੋ, ਉਸ ਨੂੰ ਉਨ੍ਹਾਂ ਦਾ ਸੁਭਾਅ ਸਮਝਣ ਲਈ ਕੁਝ ਲਮਾਂ ਲਗਦਾ ਹੈ। ਆਪਣੀ ਪ੍ਰੇਸ਼ਾਨੀ ਵੀ ਕਿਸੇ ਨੂੰ ਦੱਸ ਨਹੀਂ ਸਕਦੀ।
* ਸਭ ਤੋਂ ਪਹਿਲਾਂ ਨਵੀਂ ਵਹੁਟੀ ਆਪਣੇ ਸਹੁਰੇ ਘਰ ਤੇ ਪੇਕੇ ਘਰ ਦੀ ਮਾਣ-ਮਰਿਆਦਾ ਰੱਖਣ ਨੂੰ ਤਰਜੀਹ ਦੇਵੇ।
* ਪਹਿਲਾਂ-ਪਹਿਲਾਂ ਜਾਣ 'ਤੇ ਉਹ ਬਿਨਾਂ ਕਿਸੇ ਨੂੰ ਪਰਖੇ ਉਸ ਨਾਲ ਜ਼ਿਆਦਾ ਖੁੱਲ੍ਹੇ ਨਾ।
* ਸਹੁਰੇ ਘਰ ਵਿਚ ਆਪਣੀ ਨਣਾਨ (ਨਣਦ) ਨੂੰ ਆਪਣੀਆਂ ਲੋੜਾਂ ਤੇ ਜ਼ਰੂਰਤਾਂ ਬਾਰੇ ਦੱਸ ਕੇ ਉਨ੍ਹਾਂ ਦੀ ਪੂਰਤੀ ਲਈ ਉਸ ਤੋਂ ਮਦਦ ਮੰਗੇ।
* ਕੁਝ ਦਿਨ ਆਪਣੇ ਨਵੇਂ ਘਰ ਭਾਵ ਸਹੁਰੇ ਘਰ ਦੇ ਲੋਕਾਂ ਦੇ ਸੁਭਾਅ ਤੇ ਉਸ ਬਾਰੇ ਅਪਣਾਏ ਜਾ ਰਹੇ ਰਵੱਈਏ ਨੂੰ ਜਾਚਣ ਦੀ ਕੋਸ਼ਿਸ਼ ਕਰੇ।
* ਹੌਲੀ-ਹੌਲੀ ਕੁਝ ਦਿਨ ਬਾਅਦ ਘਰ ਦੇ ਕੰਮ ਕਰਨ ਵਿਚ ਹੱਥ ਵਟਾਉਣਾ ਸ਼ੁਰੂ ਕਰੇ। ਵੱਡਿਆਂ ਦੀ ਇੱਜ਼ਤ ਤੇ ਛੋਟਿਆਂ ਲਈ ਪਿਆਰ ਦਰਸਾਵੇ।
* ਨਣਦ-ਭਰਜਾਈ ਸਹੇਲੀਆਂ ਦੀ ਤਰ੍ਹਾਂ ਰਹਿਣ ਤੇ ਇਕ-ਦੂਜੇ ਨਾਲ ਦੁੱਖ-ਸੁੱਖ ਸਾਂਝੇ ਕਰਨ। ਕਦੇ ਵੀ ਨਣਦ ਨੂੰ ਨਵਾਂ ਦਿਖਾਉਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ। ਇਉਂ ਰਿਸ਼ਤੇ ਫਿੱਕੇ ਪੈ ਜਾਂਦੇ ਹਨ।
* ਆਪਣੇ ਜੇਠ ਨੂੰ ਆਪਣਾ ਵੱਡਾ ਭਰਾ ਤੇ ਦਿਓਰ ਨੂੰ ਛੋਟਾ ਭਾਈ ਮੰਨ ਕੇ ਰਿਸ਼ਤਾ ਨਿਭਾਵੇ। ਹਾਸਾ-ਠੱਠਾ ਇਕ ਹੱਦ ਤੱਕ ਹੀ ਸ਼ੋਭਦਾ ਹੈ।
* ਸਭ ਤੋਂ ਜ਼ਰੂਰੀ ਆਪਣੇ ਪਤੀ ਦੀ ਆਗਿਆਕਾਰ ਰਹੇ ਤੇ ਉਨ੍ਹਾਂ ਦੇ ਕੰਮਾਂ ਲਈ ਤਤਪਰ ਰਹੇ। ਆਪਣੇ-ਆਪ ਨੂੰ ਆਪਣੇ ਪਤੀ ਅਨੁਸਾਰ ਢਾਲਣ ਦੀ ਕੋਸ਼ਿਸ਼ ਕਰੋ।
* ਜੇਕਰ ਉਹ ਸਹੁਰੇ ਘਰ ਦੀ ਮਰਿਆਦਾ ਬਹਾਲ ਰੱਖੇਗੀ ਤਾਂ ਉਨ੍ਹਾਂ ਦੇ ਰਿਸ਼ਤੇਦਾਰਾਂ ਤੋਂ ਮਾਣ ਪ੍ਰਾਪਤ ਕਰ ਸਕਦੀ ਹੈ।
* ਸਹੁਰੇ ਘਰ ਵਿਚ ਰਵਾਇਤੀ ਕੱਪੜੇ ਹੀ ਪਹਿਨੇ। ਹਾਂ, ਜੇ ਪਤੀ, ਸੱਸ-ਸਹੁਰਾ ਆਧੁਨਿਕ ਲਿਬਾਸ ਪਹਿਨਣ ਲਈ ਕਹਿਣ ਤਾਂ ਉਸ ਤਰ੍ਹਾਂ ਦੇ ਕੱਪੜੇ ਪਹਿਨ ਲਵੇ।
* ਇਹ ਵੀ ਜ਼ਰੂਰੀ ਹੈ ਕਿ ਸਹੁਰੇ ਘਰ ਵਿਚ ਚੱਲ ਰਹੇ ਰੀਤੀ-ਰਿਵਾਜਾਂ ਦੀ ਪਾਲਣਾ ਸ਼ਿੱਦਤ ਨਾਲ ਕੀਤੀ ਜਾਵੇ।
* ਪਤੀ ਦੀ ਪਸੰਦ ਵਿਚ ਹੀ ਆਪਣੀ ਪਸੰਦ ਜ਼ਾਹਰ ਕਰਨੀ ਚਾਹੀਦੀ ਹੈ।
* ਪਹਿਲਾਂ-ਪਹਿਲ ਸਹੁਰੇ ਘਰ ਦੇ ਗੁਆਂਢੀਆਂ ਜਾਂ ਹੋਰ ਆਏ-ਗਏ ਲੋਕਾਂ ਨਾਲ ਮੇਲ-ਮਿਲਾਪ ਸੀਮਤ ਰੱਖਣਾ ਚਾਹੀਦਾ ਹੈ।


-ਪਿੰਡ ਝੱਮਟ, ਡਾਕ: ਅਯਾਲੀ ਕਲਾਂ (ਲੁਧਿਆਣਾ)-142027. ਮੋਬਾ: 94636-00252


ਖ਼ਬਰ ਸ਼ੇਅਰ ਕਰੋ

ਸਰਦੀਆਂ ਵਿਚ ਵੀ ਹੋ ਸਕਦੇ ਹਨ ਮੁਹਾਸੇ

ਗਰਮੀਆਂ ਹੀ ਨਹੀਂ, ਸਰਦੀਆਂ ਵਿਚ ਵੀ ਮੁਹਾਸੇ ਹੋ ਸਕਦੇ ਹਨ, ਜਿਸ ਕਰਕੇ ਚਿਹਰੇ ਦੀ ਸੁੰਦਰਤਾ ਖ਼ਤਮ ਹੋ ਸਕਦੀ ਹੈ। ਇਸ ਲਈ ਮੁਹਾਸਿਆਂ ਤੋਂ ਬਚਣ ਲਈ-* ਪੇਟ ਨੂੰ ਸਾਫ਼ ਰੱਖੋ ਅਤੇ ਕਬਜ਼ ਨਾ ਰਹਿਣ ਦਿਓ। ਹਰ ਰੋਜ਼ ਸਵੇਰੇ ਉੱਠ ਕੇ ਖਾਲੀ ਪੇਟ ਇਕ ਤੋਂ ਤਿੰਨ ਗਲਾਸ ਕੋਸੇ ਪਾਣੀ ਵਿਚ ਕਿ ਨਿੰਬੂ, ਸ਼ਹਿਦ ਦੇ ਦੋ ਚਮਚ ਮਿਲਾ ਕੇ ਪੀਓ। * ਸਵੇਰੇ-ਸ਼ਾਮ ਅੱਧਾ-ਅੱਧਾ ਘੰਟਾ ਸੈਰ ਜ਼ਰੂਰ ਕਰੋ, ਨਾਸ਼ਤੇ ਵਿਚ ਹਲਕਾ ਭੋਜਨ ਲਓ। * ਹਰ ਰੋਜ਼ ਮੂਲੀ, ਗਾਜਰ, ਟਮਾਟਰ, ਖੀਰੇ ਦਾ ਸਲਾਦ ਜ਼ਰੂਰ ਖਾਓ। * ਚਾਹ ਤੇ ਕੌਫੀ ਦੀ ਥਾਂ ਸੰਤਰੇ ਤੇ ਮੁਸੱਮੀ ਦਾ ਰਸ ਪੀਓ। * ਮੁਹਾਸਿਆਂ ਨੂੰ ਵਾਰ-ਵਾਰ ਹੱਥ ਨਾ ਲਗਾਓ ਅਤੇ ਨਾ ਹੀ ਤੋੜੋ। ਇਸ ਨਾਲ ਚਿਹਰੇ ਉੱਤੇ ਸਥਾਈ ਦਾਗ ਪੈ ਸਕਦੇ ਹਨ। * ਮੁਹਾਸਿਆਂ 'ਤੇ ਅਲੱਗ-ਅਲੱਗ ਤਰ੍ਹਾਂ ਦੇ ਸਾਬਣ ਨਾ ਲਗਾਓ। ਹੋ ਸਕੇ ਤਾਂ ਕੇਵਲ ਮੈਡੀਕੇਟਡ ਸਾਬਣ ਅਤੇ ਗਰਮ ਪਾਣੀ ਨਾਲ ਹੀ ਮੂੰਹ ਧੋਵੋ। ਚਿਹਰੇ 'ਤੇ ਮੇਕਅਪ ਕਰਨ ਤੋਂ ਗੁਰੇਜ਼ ਹੀ ਕਰੋ।
ਇਲਾਜ : * ਚਿਹਰੇ ਦੀ ਰੋਜ਼ਾਨਾ ਸਫ਼ਾਈ ਕਰੋ। ਦਿਨ ਵਿਚ ਦੋ-ਤਿੰਨ ਵਾਰ ਮੈਡੀਕੇਟਡ ਸਾਬਣ ਅਤੇ ਗਰਮ ਪਾਣੀ ਨਾਲ ਚਿਹਰਾ ਧੋਵੋ। * ਹਫ਼ਤੇ ਵਿਚ ਦੋ ਵਾਰ ਭਾਫ਼ ਜ਼ਰੂਰ ਲਵੋ ਤਾਂ ਜੋ ਚਿਹਰੇ ਦੀ ਚਮੜੀ ਦੇ ਰੋਮ ਖੁੱਲ੍ਹ ਜਾਣ ਅਤੇ ਗੰਦਗੀ ਬਾਹਰ ਨਿਕਲ ਜਾਵੇ। * ਰਾਤ ਨੂੰ ਸੌਣ ਤੋਂ ਪਹਿਲਾਂ ਚਿਹਰਾ ਜ਼ਰੂਰ ਗਰਮ ਪਾਣੀ ਨਾਲ ਧੋਣਾ ਚਾਹੀਦਾ ਹੈ ਪਰ ਕਿਸੇ ਕਿਸਮ ਦੀ ਬਾਜ਼ਾਰੀ ਸੁੰਦਰਤਾ ਸਮੱਗਰੀ ਨਹੀਂ ਵਰਤਣੀ ਚਾਹੀਦੀ। * ਰਾਤ ਨੂੰ ਸੌਣ ਤੋਂ ਦੋ ਘੰਟੇ ਪਹਿਲਾਂ ਰਾਤ ਦਾ ਖਾਣਾ ਖਾ ਲੈਣਾ ਚਾਹੀਦਾ ਹੈ। ਹੋ ਸਕੇ ਤਾਂ ਖਾਣਾ ਖਾਣ ਤੋਂ ਬਾਅਦ ਥੋੜ੍ਹੀ ਸੈਰ ਜ਼ਰੂਰ ਕਰੋ। * ਹਰੀਆਂ ਸਬਜ਼ੀਆਂ ਦੀ ਵਰਤੋਂ ਤੇ ਦਿਨ ਵਿਚ ਘੱਟੋ-ਘੱਟ 8-10 ਗਿਲਾਸ ਪਾਣੀ ਪੀਣ ਨਾਲ ਚਿਹਰੇ ਦੀ ਸੁੰਦਰਤਾ ਵਿਚ ਹੈਰਾਨੀਜਨਕ ਵਾਧਾ ਹੁੰਦਾ ਹੈ।


-ਅਜੋਸ਼ ਗੋਇਲ ਬਿੱਟੂ,
ਹੁਸਨਰ ਰੋਡ, ਗਿੱਦੜਬਾਹਾ। ਮੋਬਾ: 98140-97917

ਘਰ ਦੇ ਵੱਖ-ਵੱਖ ਹਿੱਸਿਆਂ ਲਈ ਰੰਗਾਂ ਦੀ ਯੋਜਨਾ ਕਿਵੇਂ ਬਣਾਈਏ?

ਘਰ ਦੀ ਅੰਦਰੂਨੀ ਵਿਵਸਥਾ ਕਦੇ-ਕਦੇ ਇਕ ਸੰਪੂਰਨ ਇਕਾਈ ਦੇ ਤੌਰ 'ਤੇ ਯੋਜਨਾਬੱਧ ਕੀਤੀ ਜਾਂਦੀ ਹੈ। ਰੰਗਾਂ ਦੀ ਵਰਤੋਂ ਨਾਲ ਕਿਸੇ ਵੀ ਵਿਅਕਤੀ ਦੀ ਰੰਗਾਂ ਦੇ ਪ੍ਰਤੀ ਸੰਵੇਦਨਸ਼ੀਲਤਾ ਵਿਕਸਤ ਹੁੰਦੀ ਹੈ। ਇਕ ਛੋਟਾ ਘਰ ਵੀ ਜ਼ਿਆਦਾ ਵੱਡਾ ਦਿਖ ਸਕਦਾ ਹੈ, ਜੇਕਰ ਸਮਾਨ ਪਿੱਠ-ਭੂਮੀ ਵਾਲੇ ਰੰਗ ਨੂੰ ਸਾਰੇ ਕਮਰਿਆਂ ਵਿਚ ਵਰਤਿਆ ਜਾਵੇ।
1. ਘਰ ਦਾ ਬਾਹਰੀ ਹਿੱਸਾ : ਉਸ ਸਮੇਂ ਜਦ ਘਰ ਦੇ ਬਾਹਰੀ ਹਿੱਸੇ ਦੇ ਲਈ ਸਜਾਵਟ ਦੀ ਸਮੱਗਰੀ ਦੀ ਚੋਣ ਕੀਤੀ ਜਾਵੇ ਤਾਂ ਹਰੇ ਪੌਦਿਆਂ ਨੂੰ ਜ਼ਰੂਰ ਧਿਆਨ ਵਿਚ ਰੱਖਿਆ ਜਾਣਾ ਚਾਹੀਦਾ ਹੈ। ਬਾਹਰੀ ਰੰਗ ਕੁਝ ਸਾਧਾਰਨ ਪ੍ਰਤੱਖ, ਰਚਨਾਤਮਕ ਅਤੇ ਠੰਢੇ ਹੋਣੇ ਚਾਹੀਦੇ ਹਨ।
2. ਪ੍ਰਵੇਸ਼ ਜਾਂ ਲਾਂਜ : ਲਾਂਜ ਜਦੋਂ ਰਹਿਣ ਵਾਲੇ ਕਮਰੇ ਦੇ ਰੂਪ ਵਿਚ ਵਰਤੀ ਜਾਂਦੀ ਹੈ ਤਾਂ ਉਸ ਦੀ ਰਹਿਣ ਵਾਲੇ ਕਮਰੇ ਵਰਗੀ ਹੀ ਰੰਗ-ਯੋਜਨਾ ਹੋਵੇ। ਜੇਕਰ ਉਹ ਸਾਰੇ ਕਮਰਿਆਂ ਵਿਚ ਪ੍ਰਵੇਸ਼ ਦੇ ਰੂਪ ਵਿਚ ਵਰਤੀ ਜਾਵੇ ਤਾਂ ਉਸ ਦੀਆਂ ਕੰਧਾਂ ਅਤੇ ਫਰਸ਼ ਰੰਗਦਾਰ ਹੋਣ।
3. ਡਰਾਇੰਗ ਰੂਮ : ਇਹ ਖੁਸ਼ਨੁਮਾ ਅਤੇ ਆਰਾਮਦੇਹ ਲੱਗਣਾ ਚਾਹੀਦਾ ਹੈ ਅਤੇ ਉਸ ਦੇ ਵਾਤਾਵਰਨ ਨਾਲ ਸ਼ਾਂਤੀ ਅਨੁਭਵ ਹੋਣੀ ਚਾਹੀਦੀ ਹੈ। ਇਹ ਕਮਰਾ ਪਰਿਵਾਰ ਦੇ ਮੈਂਬਰਾਂ ਦੇ ਸੁਭਾਅ ਨੂੰ ਉਜਾਗਰ ਕਰਦਾ ਹੈ।
4. ਖਾਣੇ ਵਾਲਾ ਕਮਰਾ : ਇਹ ਆਮ ਤੌਰ 'ਤੇ ਇਕ ਗੈਰ-ਰਸਮੀ ਕਮਰਾ ਹੁੰਦਾ ਹੈ। ਇਹ ਇਕ ਸਮੇਂ ਵਿਚ ਜ਼ਿਆਦਾ ਦੇਰ ਲਈ ਵਰਤੋਂ ਵਿਚ ਨਹੀਂ ਆਉਂਦਾ। ਇਸ ਦੀ ਰੰਗ-ਯੋਜਨਾ ਸਜਾਵਟੀ ਅਤੇ ਇਸ ਦੇ ਨਾਲ ਹੀ ਰੰਗਦਾਰ ਹੋਵੇ, ਤਾਂ ਕਿ ਇਹ ਸੁੱਖ-ਸ਼ਾਂਤੀ ਅਤੇ ਭੁੱਖ ਨੂੰ ਜਗਾ ਸਕੇ। ਹਰੇ, ਪੀਲੇ, ਲਾਲ ਟਮਾਟਰਾਂ ਵਰਗੇ ਰੰਗਾਂ ਦਾ ਇੱਥੇ ਪ੍ਰਯੋਗ ਕੀਤਾ ਜਾ ਸਕਦਾ ਹੈ। ਇੱਥੇ ਚਿੱਟੇ ਰੰਗ ਦਾ ਵੀ ਪ੍ਰਯੋਗ ਕੀਤਾ ਜਾਵੇ। ਇੱਥੇ ਇਕ ਬਾਗ ਦੇ ਆਕਾਰ ਬਾਰੇ ਵੀ ਸੋਚਿਆ ਜਾ ਸਕਦਾ ਹੈ।
5. ਰਸੋਈ ਘਰ : ਰਸੋਈ ਦੀ ਰੰਗ-ਯੋਜਨਾ ਪ੍ਰਫੁੱਲਿਤ ਕਰ ਦੇਣ ਵਾਲੀ ਅਤੇ ਚਿੱਤ ਨੂੰ ਪ੍ਰਸੰਨ ਕਰਨ ਵਾਲੀ ਹੋਵੇ। ਠੰਢੇ ਰੰਗ ਭੋਜਨ ਬਣਾਉਣ ਦੇ ਤਾਪ ਨੂੰ ਸੋਖ ਲੈਂਦੇ ਹਨ। ਰਸੋਈ ਵਿਚ ਵਰਤੋਂ ਵਾਲੇ ਮੁੱਖ ਸਾਮਾਨ ਰੈਫਰੀਜਰੇਟਰ ਅਤੇ ਸਿੰਕ ਆਦਿ ਦਾ ਰੰਗ ਇਕੋ ਹੋਵੇ। ਸਫੇਦ ਰੰਗ ਸਭ ਤੋਂ ਉੱਤਮ ਹੈ, ਕਿਉਂਕਿ ਇਸ ਨਾਲ ਸਪੱਸ਼ਟਤਾ ਦੇ ਅਹਿਸਾਸ ਵਿਚ ਵਾਧਾ ਹੋਵੇਗਾ। ਬਰਤਨ ਅਤੇ ਕਰਾਕਰੀ ਰੰਗਾਂ ਨੂੰ ਵੱਖਰਤਾ ਦਿੰਦੇ ਹਨ। ਘਰੇਲੂ ਸੁਆਣੀ ਕਿਉਂਕਿ ਆਪਣਾ ਜ਼ਿਆਦਾ ਸਮਾਂ ਰਸੋਈ ਵਿਚ ਹੀ ਬਤੀਤ ਕਰਦੀ ਹੈ, ਇਸ ਲਈ ਰੰਗ ਯੋਜਨਾ ਅਜਿਹੀ ਹੋਵੇ ਕਿ ਭੋਜਨ ਬਣਾਉਣਾ ਰਚਨਾਤਮਕ ਹੋਵੇ।
6. ਸੌਣ ਵਾਲਾ ਕਮਰਾ : ਸੌਣ ਵਾਲੇ ਕਮਰੇ ਦੀ ਰੰਗ ਯੋਜਨਾ ਆਮ ਤੌਰ 'ਤੇ ਹੋਰ ਕਮਰਿਆਂ ਦੇ ਬਦਲੇ ਵਧੇਰੇ ਨਿੱਜੀ ਹੁੰਦੀ ਹੈ। ਖਾਸ ਕਰਕੇ ਜੋ ਰੰਗ ਵਰਤਿਆ ਜਾਵੇ, ਉਹ ਮਨਪਸੰਦ ਵੀ ਹੋਵੇ। ਸੌਣ ਵਾਲੇ ਕਮਰੇ ਵਿਚ ਰੰਗ-ਯੋਜਨਾ ਤੈਅ ਕਰਦੇ ਸਮੇਂ ਰੌਸ਼ਨੀ ਦੇ ਪ੍ਰਵੇਸ਼ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ। ਇਕ ਪਿਆਰਾ ਰੰਗਦਾਰ ਕਮਰਾ ਵਿਅਕਤੀ ਦੇ ਸ਼ਖ਼ਸੀ ਵਿਕਾਸ ਵਿਚ ਸਹਾਇਤਾ ਕਰੇਗਾ। ਸੌਣ ਵਾਲੇ ਕਮਰੇ ਦਾ ਰੰਗ ਮਰਦ ਅਤੇ ਔਰਤ ਅਤੇ ਵੱਖ-ਵੱਖ ਉਮਰ ਦੇ ਲੋਕਾਂ ਦੇ ਅਨੁਕੂਲ ਹੋਣਾ ਚਾਹੀਦਾ ਹੈ। ਬੱਚਿਆਂ ਦੇ ਕਮਰੇ ਦੀ ਰੰਗ-ਸਜਾਵਟ ਐਸੀ ਹੋਣੀ ਚਾਹੀਦੀ ਹੈ, ਜੋ ਬੱਚੇ ਦੀ ਰੁਚੀ ਦੇ ਅਨਸਾਰ ਹੋਵੇ।
7. ਨਹਾਉਣ ਵਾਲਾ ਕਮਰਾ : ਇਹ ਸਾਫ਼-ਸੁਥਰੇ ਅਤੇ ਉਜਲ, ਹਾਥੀ ਦੰਦ ਜਾਂ ਕ੍ਰੀਮ ਸ਼ਾਂਤੀਦਾਇਕ ਰੰਗਾਂ ਦੇ ਹੋਣੇ ਚਾਹੀਦੇ ਹਨ। ਇਸ ਕਮਰੇ ਦੀਆਂ ਟਾਇਲਾਂ ਤੇ ਹੋਰ ਸਮੱਗਰੀ ਸਫੈਦ ਰੰਗ ਦੀ ਹੋਵੇ ਤਾਂ ਕਿ ਇਹ ਵਧੇਰੇ ਸਿਹਤਮੰਦ, ਸੁਖਦ ਅਤੇ ਦੇਖਣ ਵਿਚ ਸੁੰਦਰ ਲੱਗਣ। ਰੰਗਦਾਰ ਟਾਇਲਾਂ ਅਕਾਊ ਜਾਪਦੀਆਂ ਹਨ। ਇਕ ਚਮਕੀਲਾ ਰੰਗ ਫਰਸ਼, ਛੱਤ ਜਾਂ ਤੌਲੀਆ ਆਦਿ ਵਿਚ ਇਸਤੇਮਾਲ ਕੀਤਾ ਜਾਣਾ ਚਾਹੀਦਾ ਹੈ, ਤਾਂ ਕਿ ਇਸ਼ਨਾਨ ਸਵੱਛਤਾ ਅਤੇ ਤਾਜ਼ਗੀ ਦਾ ਅਹਿਸਾਸ ਪੈਦਾ ਕਰ ਸਕੇ।


-ਸ਼ਰਨਬੀਰ ਕੌਰ ਬੱਲ ਅਤੇ ਜਤਿੰਦਰਜੀਤ ਕੌਰ ਗਿੱਲ
ਮੋਬਾ: 98761-20830

ਵਾਤਾਵਰਨ ਬਚਾਉਣ ਲਈ ਬਦਲੋ ਆਪਣਾ ਜਿਊਣ ਦਾ ਢੰਗ

ਬਿਜਲੀ ਬਚਾ ਕੇ ਰੱਖੋ ਵਾਤਾਵਰਨ ਦਾ ਧਿਆਨ : ਤੁਸੀਂ ਸਾਰੇ ਜਾਣਦੇ ਹੋ ਕਿ ਬਿਜਲੀ ਬਣਾਉਣ ਵਿਚ ਵਾਤਾਵਰਨ ਦਾ ਨੁਕਸਾਨ ਹੁੰਦਾ ਹੈ। ਜੇ ਅਸੀਂ ਬਿਜਲੀ ਦੀ ਵਰਤੋਂ ਸਮਝਦਾਰੀ ਨਾਲ ਕਰੀਏ ਤਾਂ ਵਾਤਾਵਰਨ ਬਚਾਉਣ ਵਿਚ ਆਪਣਾ ਸਹਿਯੋਗ ਦੇ ਸਕਦੇ ਹਾਂ।
* ਬਿਨਾਂ ਲੋੜ ਤੋਂ ਬਲਬ, ਪੱਖੇ ਚਲਦੇ ਨਾ ਛੱਡੋ, ਕਿਉਂਕਿ ਬਿਜਲੀ ਦੀ ਬਰਬਾਦੀ ਹੁੰਦੀ ਹੈ।
* ਜਿਨ੍ਹਾਂ ਬਿਜਲੀ ਦੇ ਉਪਕਰਨਾਂ ਦੀ ਅਸੀਂ ਵਰਤੋਂ ਨਹੀਂ ਕਰ ਰਹੇ, ਉਨ੍ਹਾਂ ਦੇ ਪਲੱਗ ਕੱਢ ਦਿਓ। ਬਿਜਲੀ ਦੀ ਬੱਚਤ ਹੋਵੇਗੀ।
* ਸਾਧਾਰਨ ਬਲਬ ਅਤੇ ਟਿਊਬ ਦੀ ਵਰਤੋਂ ਨਾ ਕਰੋ, ਐਲ.ਈ.ਡੀ. ਵਰਤੋ। ਇਸ ਨਾਲ ਤੁਸੀਂ ਬਿਜਲੀ ਬਚਾ ਸਕਦੇ ਹੋ।
* ਬਿਜਲੀ ਦੇ ਉਪਕਰਨ ਖ਼ਰੀਦਣ ਸਮੇਂ ਉਨ੍ਹਾਂ ਦੀ ਸਟਾਰ ਰੇਟਿੰਗ 'ਤੇ ਧਿਆਨ ਦਿਓ। ਜਿੰਨੇ ਜ਼ਿਆਦਾ ਸਟਾਰ ਹੋਣਗੇ, ਓਨੀ ਹੀ ਘੱਟ ਬਿਜਲੀ ਖਰਚ ਹੋਵੇਗੀ। * ਮਾਈਕ੍ਰੋਵੇਵ ਦੀ ਵਰਤੋਂ ਕਰਦੇ ਸਮੇਂ ਵਾਰ-ਵਾਰ ਨਾ ਖੋਲ੍ਹੋ। ਬਿਜਲੀ ਜ਼ਿਆਦਾ ਖਰਚ ਹੋਵੇਗੀ। * ਬਚੇ ਹੋਏ ਖਾਣੇ ਨੂੰ ਠੰਢਾ ਕਰਕੇ ਫਰਿੱਜ ਵਿਚ ਰੱਖੋ। ਗਰਮ ਖਾਣਾ ਰੱਖਣ ਨਾਲ ਬਿਜਲੀ ਦੀ ਖਪਤ ਵਧੇਗੀ।
ਘਰ ਵਿਚ ਰੱਖੋ ਵਾਤਾਵਰਨ ਦਾ ਖਿਆਲ : * ਬਾਜ਼ਾਰੋਂ ਖ਼ਰੀਦਦਾਰੀ ਕਰਦੇ ਸਮੇਂ ਘਰੋਂ ਜੂਟ ਬੈਗ ਜਾਂ ਕੱਪੜੇ ਦਾ ਬੈਗ ਲੈ ਕੇ ਜਾਓ। ਪੋਲੀਥੀਨ ਕੁਦਰਤ ਲਈ ਜ਼ਹਿਰ ਹੈ। * ਪੇਪਰ ਨੈਪਕਿਨ ਦੀ ਵਰਤੋਂ ਨਾ ਕਰੋ, ਸਗੋਂ ਕੱਪੜੇ ਦੇ ਨੈਪਕਿਨ ਦੀ ਵਰਤੋਂ ਕਰੋ, ਕਿਉਂਕਿ ਪੇਪਰ ਬਣਾਉਣ ਲਈ ਦਰੱਖਤਾਂ ਨੂੰ ਵੱਢਣਾ ਪੈਂਦਾ ਹੈ।
* ਪੁਰਾਣੀਆਂ ਕਿਤਾਬਾਂ ਨੂੰ ਰੱਦੀ ਵਿਚ ਨਾ ਵੇਚੋ। ਉਨ੍ਹਾਂ ਨੂੰ ਲਾਇਬ੍ਰੇਰੀ ਵਿਚ ਦੇ ਦਿਓ ਤਾਂ ਕਿ ਉਨ੍ਹਾਂ ਕਿਤਾਬਾਂ ਦਾ ਲਾਭ ਹੋਰ ਕੋਈ ਲੈ ਸਕੇ ਅਤੇ ਨਵੀਆਂ ਕਿਤਾਬਾਂ ਦੀ ਲੋੜ ਵੀ ਘੱਟ ਹੋਵੇਗੀ। ਇਸ ਨਾਲ ਰੁੱਖਾਂ ਨੂੰ ਬਚਾਇਆ ਜਾ ਸਕਦਾ ਹੈ।
* ਬਾਜ਼ਾਰੋਂ ਆਏ ਪਲਾਸਟਿਕ ਦੇ ਡੱਬਿਆਂ ਵਿਚ ਖਾਧ ਪਦਾਰਥ ਵਰਤਣ ਤੋਂ ਬਾਅਦ ਉਨ੍ਹਾਂ ਨੂੰ ਧੋ ਕੇ ਉਨ੍ਹਾਂ ਵਿਚ ਛੋਟਾ ਸਾਮਾਨ ਫਰਿੱਜ ਵਿਚ ਰੱਖ ਸਕਦੇ ਹੋ ਜਾਂ ਆਪਣੇ ਸਬੰਧੀ ਨੂੰ ਕੁਝ ਖਾਧ ਸਮੱਗਰੀ ਦਿੰਦੇ ਸਮੇਂ ਉਨ੍ਹਾਂ ਦੀ ਵਰਤੋਂ ਕਰ ਸਕਦੇ ਹੋ। ਇਸ ਨਾਲ ਉਨ੍ਹਾਂ ਨੂੰ ਬਾਹਰ ਸੁੱਟਣ ਕਾਰਨ ਪ੍ਰਦੂਸ਼ਣ ਵੀ ਨਹੀਂ ਫੈਲੇਗਾ।
* ਸੁੱਕੇ ਅਤੇ ਗਿੱਲੇ ਕੂੜੇ ਨੂੰ ਵੱਖ-ਵੱਖ ਡਸਟਬਿਨਾਂ ਵਿਚ ਪਾਓ ਤਾਂ ਕਿ ਉਨ੍ਹਾਂ ਵਿਚ ਸੜਨ ਪੈਦਾ ਨਾ ਹੋਵੇ ਅਤੇ ਉਨ੍ਹਾਂ ਤੋਂ ਖਾਦ ਵੀ ਬਣਾਈ ਜਾ ਸਕੇ। * ਪਾਰਟੀ ਵਿਚ ਡਿਸਪੋਜ਼ੇਬਲ ਪਲੇਟਾਂ ਦੀ ਜਗ੍ਹਾ ਪੱਤਲਾਂ ਦੀ ਵਰਤੋਂ ਕਰੋ। ਕੁਦਰਤ ਦਾ ਬਚਾਅ ਹੋਵੇਗਾ। * ਪਲਾਸਟਿਕ ਦੀ ਕ੍ਰੌਕਰੀ ਦੀ ਜਗ੍ਹਾ ਕੱਚ ਦੀ ਕ੍ਰੌਕਰੀ ਵਰਤੋ।
ਘਰ ਦੇ ਬਾਹਰ ਰੱਖੋ ਧਿਆਨ ਵਾਤਾਵਰਨ ਦਾ : * ਪੈਟਰੋਲ ਅਤੇ ਡੀਜ਼ਲ ਵਾਤਾਵਰਨ ਨੂੰ ਪ੍ਰਦੂਸ਼ਿਤ ਕਰਦੇ ਹਨ। ਇਸ ਨਾਲ ਵਾਤਾਵਰਨ ਨੂੰ ਬਹੁਤ ਨੁਕਸਾਨ ਹੁੰਦਾ ਹੈ। ਪਬਲਿਕ ਟਰਾਂਸਪੋਰਟ ਦੀ ਵਰਤੋਂ ਵੱਧ ਤੋਂ ਵੱਧ ਕਰੋ ਤਾਂ ਕਿ ਤੁਹਾਡੀ ਗੱਡੀ ਦਾ ਧੂੰਆਂ ਵਾਤਾਵਰਨ ਨੂੰ ਖਰਾਬ ਕਰਨ ਵਿਚ ਮਦਦ ਨਾ ਕਰੇ।
* ਲਾਲ ਬੱਤੀ 'ਤੇ ਗੱਡੀ ਬੰਦ ਕਰ ਦਿਓ। ਇਸ ਨਾਲ ਵਾਤਾਵਰਨ ਨੂੰ ਧੂੰਆਂ ਘੱਟ ਮਿਲੇਗਾ ਅਤੇ ਡੀਜ਼ਲ-ਪੈਟਰੋਲ ਦੀ ਵੀ ਬੱਚਤ ਹੋਵੇਗੀ।
* ਗੱਡੀਆਂ ਦਾ ਪ੍ਰਦੂਸ਼ਣ ਚੈੱਕ ਸਮੇਂ-ਸਮੇਂ ਸਿਰ ਕਰਾਉਂਦੇ ਰਹੋ ਅਤੇ ਲਗਾਤਾਰ ਸਫਾਈ ਵੀ ਕਰਵਾਓ।
* ਗੱਡੀ ਦੀ ਐਵਰੇਜ ਵਧਾਉਣ ਲਈ ਗੱਡੀ ਨੂੰ ਜ਼ਿਆਦਾ ਤੇਜ਼ ਜਾਂ ਹੌਲੀ ਨਾ ਚਲਾਓ।
* ਥੋੜ੍ਹੀ ਦੂਰੀ ਲਈ ਗੱਡੀ ਦੀ ਵਰਤੋਂ ਨਾ ਕਰਕੇ ਪੈਦਲ, ਰਿਕਸ਼ਾ, ਸਕੂਟਰ, ਆਟੋ 'ਤੇ ਜਾ ਸਕਦੇ ਹੋ।
* ਗੱਡੀ ਪੂਰੀ ਭਰ ਕੇ ਦਫ਼ਤਰ ਜਾਣ ਨਾਲ ਪੈਸੇ ਅਤੇ ਪੈਟਰੋਲ ਦੀ ਵੀ ਬੱਚਤ ਹੋਵੇਗੀ।
ਪਾਣੀ ਬਚਾਅ ਕੇ ਵੀ ਵਾਤਾਵਰਨ ਨੂੰ ਸੁਰੱਖਿਅਤ ਰੱਖਿਆ ਜਾ ਸਕਦਾ ਹੈ
* ਨਹਾਉਣ ਦੀ ਆਦਤ ਵਿਚ ਸੁਧਾਰ ਲਿਆਓ। ਸ਼ਾਵਰ ਦੀ ਜਗ੍ਹਾ ਬਾਲਟੀ, ਮੱਗ ਦੀ ਵਰਤੋਂ ਕਰੋ। ਪਾਣੀ ਦੀ ਬੱਚਤ ਹੋਵੇਗੀ। * ਟੂਟੀਆਂ ਵਿਚ ਪਾਣੀ ਲੀਕ ਹੋ ਰਿਹਾ ਹੋਵੇ ਤਾਂ ਟੂਟੀ ਠੀਕ ਕਰਵਾਓ ਤਾਂ ਕਿ ਪਾਣੀ ਦੀ ਬਚਾਅ ਹੋ ਸਕੇ। * ਗੱਡੀ ਨੂੰ ਧੋਂਦੇ ਸਮੇਂ ਬਾਲਟੀ ਵਿਚ ਪਾਣੀ ਲਓ, ਪਾਈਪ ਨਾਲ ਨਾ ਧੋਵੋ। * ਇਸੇ ਤਰ੍ਹਾਂ ਪੌਦਿਆਂ ਨੂੰ ਪਾਣੀ ਪਾਈਪ ਨਾਲ ਨਾ ਪਾਓ, ਮੱਗ ਜਾਂ ਫੁਵਾਰੇ ਵਾਲੇ ਡੱਬੇ ਨਾਲ ਪਾਓ। * ਟਾਇਲਟ ਵਿਚ ਨਵੇਂ ਵਾਟਰ ਸੇਵਰ ਲਗਵਾਓ। * ਮੀਂਹ ਦਾ ਪਾਣੀ ਬਰਬਾਦ ਨਾ ਹੋਵੇ, ਇਸ ਲਈ ਘਰ ਵਿਚ ਬਰਸਾਤੀ ਪਾਣੀ ਪ੍ਰਬੰਧਨ ਲਗਵਾਓ।


-ਨੀਤੂ ਗੁਪਤਾ

ਆਨਲਾਈਨ ਖ਼ਰੀਦਦਾਰੀ ਬਾਰੇ ਤੁਸੀਂ ਕਿੰਨੇ ਸੁਚੇਤ ਹੋ?

ਅੱਜ ਦੇ ਦੌਰ ਵਿਚ ਆਨਲਾਈਨ ਖ਼ਰੀਦਦਾਰੀ ਰਿਵਾਜ ਜਾਂ ਸਿਰਫ ਚੋਚਲੇਬਾਜ਼ੀ ਨਹੀਂ ਹੈ, ਸਗੋਂ ਰੋਜ਼ਮਰ੍ਹਾ ਦੀ ਜ਼ਿੰਦਗੀ ਦੀ ਲੋੜ ਦਾ ਹਿੱਸਾ ਹੈ। ਇਸ ਲਈ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਤੁਹਾਨੂੰ ਆਨਲਾਈਨ ਖ਼ਰੀਦਦਾਰੀ ਦੇ ਸਬੰਧ ਵਿਚ ਸਾਵਧਾਨ ਰਹਿਣ ਦੀ ਕੋਈ ਲੋੜ ਨਹੀਂ ਹੈ। ਲੱਬੋਲੁਆਬ ਇਹ ਹੈ ਕਿ ਅਸੀਂ ਪਰਖਣਾ ਚਾਹੁੰਦੇ ਹਾਂ ਕਿ ਆਖਰ ਤੁਸੀਂ ਆਨਲਾਈਨ ਖ਼ਰੀਦਦਾਰੀ ਨੂੰ ਲੈ ਕੇ ਕਿੰਨੇ ਸੁਚੇਤ ਰਹਿੰਦੇ ਹੋ। ...ਫਿਰ ਆਓ ਇਸ ਕੁਇਜ਼ ਵਿਚ ਹਿੱਸਾ ਲਈਏ ਅਤੇ ਆਪਣੀ ਸੁਚੇਤਤਾ ਦਾ ਪੱਧਰ ਦੱਸੀਏ।
1. ਆਨਲਾਈਨ ਖ਼ਰੀਦਦਾਰੀ ਕਰਦੇ ਸਮੇਂ ਤੁਸੀਂ ਕੋਸ਼ਿਸ਼ ਕਰਦੇ ਹੋ-
(ਕ) ਸਰਚ ਇੰਜਣ ਦੀ ਵਰਤੋਂ ਕਰਕੇ ਸਿੱਧੇ ਖ਼ਰੀਦਦਾਰੀ ਕਰੋ।
(ਖ) ਅਜਿਹੀ ਸਾਈਟ ਤੋਂ ਖ਼ਰੀਦਦਾਰੀ ਕਰੋ, ਜਿਥੋਂ ਤੁਹਾਡੇ ਜਾਣ-ਪਛਾਣ ਵਾਲੇ ਪਹਿਲਾਂ ਹੀ ਖ਼ਰੀਦਦਾਰੀ ਕਰਦੇ ਹੋਣ ਅਤੇ ਉਨ੍ਹਾਂ ਤਜਰਬਾ ਠੀਕ ਹੋਵੇ।
(ਗ) ਇਨ੍ਹਾਂ ਸਾਰੀਆਂ ਗੱਲਾਂ 'ਤੇ ਕਦੇ ਗੌਰ ਨਹੀਂ ਕਰਦੇ।
2. ਆਪਣੇ ਕ੍ਰੈਡਿਟ ਕਾਰਡ ਦੀ ਵਿਸਥਾਰ ਕਿਸੇ ਸਾਈਟ 'ਤੇ ਤੁਸੀਂ ਉਦੋਂ ਤੱਕ ਨਹੀਂ ਪਾਉਂਦੇ, ਜਦੋਂ ਤੱਕ-
(ਕ) ਉਸ ਸਾਈਟ ਵਿਚ ਸਕਿਓਰ ਸਾਕੇਟ ਲੇਅਰ ਯਾਨੀ ਐਸ.ਐਸ.ਐਲ. ਇਨਕ੍ਰਿਪਸ਼ਨ ਨਾ ਹੋਵੇ।
(ਖ) ਕ੍ਰੈਡਿਟ ਕਾਰਡ ਦੀ ਵਰਤੋਂ ਕਰਨ ਦੀ ਬਜਾਏ ਕੈਸ਼ ਆਨ ਡਿਲਿਵਰੀ ਆਪਸ਼ਨ ਦੀ ਵਰਤੋਂ ਕਰਦੇ ਹੋ।
(ਗ) ਇਸ ਬਾਰੇ ਤਾਂ ਕਦੇ ਸੋਚਿਆ ਹੀ ਨਹੀਂ।
3. ਖ਼ਰੀਦਦਾਰੀ ਕਰਦੇ ਸਮੇਂ ਵੈੱਬਸਾਈਟ ਤੁਹਾਡੇ ਕੋਲੋਂ ਤੁਹਾਡੇ ਜਨਮ ਦਿਨ ਦੀ ਤਰੀਕ ਜਾਣਨਾ ਚਾਹੁੰਦੀ ਹੈ ਅਤੇ ਸੋਸ਼ਲ ਪਛਾਣ ਨੰਬਰ ਵੀ, ਤੁਸੀਂ-
(ਕ) ਬਿਨਾਂ ਕੁਝ ਜ਼ਿਆਦਾ ਸੋਚੇ ਉਸ ਨੂੰ ਇਹ ਦੋਵੇਂ ਚੀਜ਼ਾਂ ਦੇ ਦਿਓਗੇ।
(ਖ) ਆਪਣੇ ਕਿਸੇ ਖਾਸ ਜਾਣਨ ਵਾਲੇ ਕੋਲੋਂ ਪਹਿਲਾਂ ਇਸ ਬਾਰੇ ਪੁੱਛੋਗੇ, ਫਿਰ ਕੋਈ ਫੈਸਲਾ ਕਰੋਗੇ।
(ਗ) ਕਿਸੇ ਵੈੱਬਸਾਈਟ ਨੂੰ ਕਿਸੇ ਦੀ ਜਨਮ ਤਾਰੀਖ ਅਤੇ ਸੋਸ਼ਲ ਪਛਾਣ ਨੰਬਰ ਦੀ ਲੋੜ ਨਹੀਂ ਹੁੰਦੀ, ਇਸ ਲਈ ਕਦੇ ਸਾਂਝੀ ਨਹੀਂ ਕਰੋਗੇ।
4. ਨਿਯਮਤ ਆਨਲਾਈਨ ਖ਼ਰੀਦਦਾਰੀ ਕਰਦੇ ਹੋਏ ਤੁਸੀਂ ਆਪਣੀ ਬੈਂਕ ਸਟੇਟਮੈਂਟ 'ਤੇ-(ਕ) ਹਮੇਸ਼ਾ ਨਜ਼ਰ ਰੱਖਦੇ ਹੋ ਤਾਂ ਕਿ ਕਿਸੇ ਗੜਬੜੀ ਦਾ ਤੁਰੰਤ ਪਤਾ ਲੱਗ ਸਕੇ। (ਖ) ਸੁਚੇਤ ਹੋ ਕੇ ਆਨਲਾਈਨ ਖ਼ਰੀਦਦਾਰੀ ਕਰਦੇ ਹੋ ਅਤੇ ਬਾਕੀ ਸਾਰੀਆਂ ਗੱਲਾਂ 'ਤੇ ਧਿਆਨ ਨਹੀਂ ਦਿੰਦੇ।
(ਗ) ਕੋਈ ਬੰਨ੍ਹਿਆ-ਬੰਨ੍ਹਾਇਆ ਵਿਵਹਾਰ ਨਹੀਂ ਕਰਦੇ।
5. ਹਮੇਸ਼ਾ ਆਨਲਾਈਨ ਖ਼ਰੀਦਦਾਰੀ-
(ਕ) ਆਪਣੇ ਨਿੱਜੀ ਕੰਪਿਊਟਰ ਤੋਂ ਹੀ ਕਰਦੇ ਹੋ।
(ਖ) ਹਰ ਸਮੇਂ ਨਿੱਜੀ ਕੰਪਿਊਟਰ ਹੀ ਕਰੋ, ਇਹ ਜ਼ਰੂਰੀ ਤਾਂ ਨਹੀਂ। ਇਸ ਲਈ ਜਨਤਕ ਕੰਪਿਊਟਰ ਦੀ ਵੀ ਲੋੜ ਪਵੇ ਤਾਂ ਵਰਤੋਂ ਕਰਦੇ ਹੋ।
(ਗ) ਇਸ ਬਾਰੇ ਪਹਿਲਾਂ ਤੋਂ ਹੀ ਕੋਈ ਨਿਯਮ ਬਣਾ ਕੇ ਨਹੀਂ ਚਲਦੇ।
ਨਤੀਜਾ : ਜੇ ਤੁਸੀਂ ਸਾਰੇ ਸਵਾਲਾਂ ਨੂੰ ਧਿਆਨ ਨਾਲ ਪੜ੍ਹਿਆ ਹੈ ਅਤੇ ਉਨ੍ਹਾਂ ਦੇ ਦਿੱਤੇ ਗਏ ਜਵਾਬਾਂ ਵਿਚੋਂ ਉਨ੍ਹਾਂ ਜਵਾਬਾਂ 'ਤੇ ਹੀ ਟਿਕ ਦਾ ਨਿਸ਼ਾਨ ਲਗਾਇਆ ਹੈ, ਜੋ ਤੁਹਾਡੀ ਰਾਏ ਦੇ ਬਿਲਕੁਲ ਨਜ਼ਦੀਕ ਹੈ ਤਾਂ ਆਨਲਾਈਨ ਖ਼ਰੀਦਦਾਰੀ ਦੇ ਸੰਦਰਭ ਵਿਚ ਆਪਣੀ ਸੁਚੇਤਤਾ ਨੂੰ ਇੰਜ ਸਮਝੋ।
ਕ-ਜੇ ਤੁਹਾਡੇ ਕੁੱਲ ਹਾਸਲ ਅੰਕ 10 ਜਾਂ ਇਸ ਤੋਂ ਘੱਟ ਹਨ ਤਾਂ ਭਾਵੇਂ ਹਾਲੇ ਤੱਕ ਤੁਹਾਡੇ ਨਾਲ ਕੋਈ ਦੁਰਘਟਨਾ ਨਾ ਹੋਈ ਹੋਵੇ ਪਰ ਇਹ ਕਦੇ ਵੀ ਹੋ ਸਕਦੀ ਹੈ, ਕਿਉਂਕਿ ਤੁਹਾਡਾ ਆਨਲਾਈਨ ਖ਼ਰੀਦਦਾਰੀ ਕਰਨ ਦਾ ਤੌਰ-ਤਰੀਕਾ ਬਿਲਕੁਲ ਸੁਰੱਖਿਅਤ ਨਹੀਂ ਹੈ।
ਖ-ਜੇ ਤੁਹਾਡੇ ਕੁੱਲ ਹਾਸਲ ਅੰਕ 10 ਤੋਂ ਜ਼ਿਆਦਾ ਪਰ 15 ਤੋਂ ਘੱਟ ਹਨ ਤਾਂ ਇਹ ਤਾਂ ਨਿਸਚਿਤ ਹੈ ਕਿ ਤੁਸੀਂ ਇਸ ਖ਼ਤਰੇ ਨੂੰ ਜਾਣਦੇ ਹੋ ਅਤੇ ਜ਼ਿਆਦਾਤਰ ਸਮੇਂ ਸੁਚੇਤ ਵੀ ਰਹਿੰਦੇ ਹੋ ਪਰ ਖ਼ਰੀਦਦਾਰੀ ਦਾ ਤੁਹਾਡਾ ਤਰੀਕਾ ਫੂਲਪਰੂਫ ਨਹੀਂ ਹੈ। ਇਸ ਲਈ ਸਾਵਧਾਨ ਰਹੋ।
ਗ-ਜੇ ਤੁਹਾਡੇ ਕੁਲ ਹਾਸਲ ਅੰਕ 15 ਤੋਂ ਜ਼ਿਆਦਾ ਹਨ ਤਾਂ ਤੁਸੀਂ ਆਨਲਾਈਨ ਖ਼ਰੀਦਦਾਰੀ ਦੇ ਸਬੰਧ ਵਿਚ ਨਾ ਸਿਰਫ ਮਾਹਿਰ ਹੋ ਸਗੋਂ ਆਨਲਾਈਨ ਖ਼ਰੀਦਦਾਰੀ ਕਰਦੇ ਹੋਏ ਪੂਰੀ ਤਰ੍ਹਾਂ ਸਾਵਧਾਨ ਰਹਿੰਦੇ ਹੋ। ਇਸ ਲਈ ਤੁਹਾਨੂੰ ਨਾ ਸਿਰਫ ਇਸ ਦੇ ਅਨੇਕਾਂ ਫਾਇਦੇ ਮਿਲਦੇ ਹਨ, ਸਗੋਂ ਨੁਕਸਾਨ ਦੀ ਸੰਭਾਵਨਾ ਵੀ ਤਕਰੀਬਨ ਸਿਫਰ ਹੈ।


-ਪਿੰਕੀ ਅਰੋੜਾ
ਇਮੇਜ ਰਿਫਲੈਕਸ਼ਨ ਸੈਂਟਰ

ਜਦੋਂ ਤੁਸੀਂ ਘਰੇਲੂ ਸਹਾਇਕ ਰੱਖੋ

* ਇਕਦਮ ਅਣਜਾਣ ਵਿਅਕਤੀ ਨੂੰ ਪੱਕੇ ਸਹਾਇਕ ਦੇ ਤੌਰ 'ਤੇ ਨਾ ਰੱਖੋ। ਉਸ ਨੂੰ ਕੰਮ 'ਤੇ ਰੱਖਣ ਤੋਂ ਪਹਿਲਾਂ ਉਸ ਦੇ ਅਸਲੀ ਰਿਹਾਇਸ਼ੀ ਸਥਾਨ, ਪਹਿਲੇ ਮਾਲਕ ਦਾ ਨਾਂਅ-ਪਤਾ ਪੁੱਛ ਕੇ ਉਸ ਬਾਰੇ ਕੋਈ ਫੈਸਲਾ ਲਓ।
* ਘਰੇਲੂ ਸਹਾਇਕ ਨੂੰ ਕਦੇ ਵੀ ਆਸ਼ਰਤ ਜਾਂ ਬੁੱਧੂ ਸਮਝ ਕੇ ਦੁਰਕਾਰਨ ਦੀ ਗ਼ਲਤੀ ਨਾ ਕਰੋ।
* ਉਸ ਦੇ ਸਾਹਮਣੇ ਕਦੇ ਗਹਿਣੇ ਜਾਂ ਰੁਪਏ ਨਾ ਰੱਖੋ। ਘਰ ਵਿਚ ਕਿਸੇ ਚੀਜ਼ ਦੇ ਗੁੰਮ ਹੋਣ 'ਤੇ ਬਿਨਾਂ ਕਿਸੇ ਪੁਖਤਾ ਸਬੂਤ ਦੇ ਉਸ ਨੂੰ ਦੋਸ਼ੀ ਨਾ ਠਹਿਰਾਓ।
* ਉਸ ਦੀ ਫੋਟੋ ਜ਼ਰੂਰ ਖਿਚਵਾ ਕੇ ਰੱਖੋ। ਪੁਲਿਸ ਸਟੇਸ਼ਨ 'ਤੇ ਪੂਰੀ ਜਾਣਕਾਰੀ ਸਮੇਤ ਉਸ ਫੋਟੋ ਨੂੰ ਜ਼ਰੂਰ ਜਮ੍ਹਾਂ ਕਰਵਾ ਦਿਓ।
* ਜੇ ਘਰੇਲੂ ਸਹਾਇਕ ਛੁੱਟੀ ਜਾਂ ਸਮੇਂ ਤੋਂ ਪਹਿਲਾਂ ਤਨਖਾਹ ਮੰਗੇ ਤਾਂ ਹਾਲਤਾਂ ਨੂੰ ਮੱਦੇਨਜ਼ਰ ਰੱਖ ਕੇ ਢੁਕਵਾਂ ਫੈਸਲਾ ਲਓ।
* ਕਦੇ ਵੀ ਉਸ ਨੂੰ ਜੂਠਾ, ਬੇਹਾ ਜਾਂ ਖਰਾਬ ਭੋਜਨ ਨਾ ਦਿਓ।
* ਬਿਮਾਰ ਹੋਣ 'ਤੇ ਉਸ ਦਾ ਪੂਰੀ ਤਰ੍ਹਾਂ ਇਲਾਜ ਕਰਵਾਓ।
* ਉਸ ਦੇ ਪੜ੍ਹਨ-ਲਿਖਣ ਦੀ ਕੋਸ਼ਿਸ਼ ਕਰਨ 'ਤੇ ਉਸ ਨੂੰ ਗ਼ਲਤ ਨਾ ਕਹੋ, ਸਗੋਂ ਉਸ ਨੂੰ ਉਤਸ਼ਾਹਿਤ ਕਰੋ।
* ਉਸ ਨੂੰ ਸ਼ਾਂਤੀ ਨਾਲ ਉਸ ਦੀਆਂ ਜ਼ਿੰਮੇਵਾਰੀਆਂ ਦਾ ਅਹਿਸਾਸ ਕਰਾਓ। ਕੱਪ, ਪਲੇਟ ਜਾਂ ਹੋਰ ਕੋਈ ਕੀਮਤੀ ਚੀਜ਼ ਜੇ ਉਸ ਤੋਂ ਅਣਜਾਣੇ ਵਿਚ ਟੁੱਟ ਜਾਵੇ ਤਾਂ ਉਸ 'ਤੇ ਗੁੱਸਾ ਨਾ ਝਾੜੋ।
* ਜੇ ਲਗਾਤਾਰ ਉਸ ਦੀਆਂ ਹਰਕਤਾਂ ਅਟਪਟੀਆਂ ਜਿਹੀਆਂ ਲੱਗਣ ਤਾਂ ਉਸ 'ਤੇ ਨਿਗਰਾਨੀ ਰੱਖੋ। ਗਾਲੀ-ਗਲੋਚ ਜਾਂ ਕੁੱਟ-ਮਾਰ ਕਰਕੇ, ਬਿਨਾਂ ਤਨਖਾਹ ਦਿੱਤੇ ਕੱਢ ਦੇਣ 'ਤੇ ਅਕਸਰ ਘਰੇਲੂ ਸਹਾਇਕ ਹਿੰਸਕ ਹੋ ਜਾਂਦੇ ਹਨ।
* ਘਰੇਲੂ ਸਹਾਇਕ ਨੂੰ ਉਤਪੀੜਤ ਨਾ ਕਰੋ। ਜ਼ਿਆਦਾਤਰ ਘਰੇਲੂ ਸਹਾਇਕਾਂ ਦੁਆਰਾ ਮਾਲਕ ਦੇ ਪਰਿਵਾਰ ਦੇ ਲੋਕਾਂ ਦੀ ਹੱਤਿਆ ਦੇ ਪਿੱਛੇ ਝੂਠੇ ਦੋਸ਼ ਲਗਾਇਆ ਜਾਣਾ, ਮਾਲਕ ਜਾਂ ਮਾਲਕਣ ਦਾ ਕਰਕਸ਼ ਵਿਹਾਰ, ਤਨਖਾਹ ਵਿਚ ਕਟੌਤੀ ਜਾਂ ਹਰ ਸਮੇਂ ਉਸ ਨਾਲ ਉਲਝਦੇ ਰਹਿਣਾ ਵੀ ਪ੍ਰਮੁੱਖ ਭੂਮਿਕਾ ਨਿਭਾਉਂਦਾ ਹੈ। **

ਮਾਂ-ਬਾਪ ਬੱਚਿਆਂ ਵੱਲ ਪੂਰਾ ਧਿਆਨ ਦੇਣ

ਮਾਂ-ਬਾਪ ਦੇ ਵਾਧੂ ਰੁਝੇਵੇਂ, ਮੋਬਾਈਲ, ਫੇਸਬੁੱਕ, ਵੱਟਸਐਪ ਆਦਿ ਦੀ ਲੋੜ ਤੋਂ ਜ਼ਿਆਦਾ ਵਰਤੋਂ ਅਤੇ ਆਧੁਨਿਕ ਬਣਨ ਦੀ ਹੋੜ ਵਿਚ ਅੱਜ ਸਾਡੇ ਬੱਚੇ ਅਣਡਿੱਠੇ ਹੋ ਰਹੇ ਹਨ। ਬੱਚਿਆਂ ਵੱਲ ਪੂਰਾ ਧਿਆਨ ਨਹੀਂ ਦਿੱਤਾ ਜਾ ਰਿਹਾ। ਕਦੇ ਤੋਹਫ਼ੇ ਤੇ ਕਦੇ ਸਮਾਰਟ ਫੋਨ ਦੇ ਕੇ ਅਕਸਰ ਬੱਚਿਆਂ ਨੂੰ ਨੌਕਰਾਂ ਦੇ ਹਵਾਲੇ ਕਰ ਦਿੱਤਾ ਜਾਂਦਾ ਹੈ। ਭੱਜ-ਦੌੜ ਦੀ ਜ਼ਿੰਦਗੀ ਵਿਚ ਸਿਰਫ ਬੱਚਿਆਂ ਵੱਲ ਘੱਟ ਧਿਆਨ ਹੀ ਨਹੀਂ ਦਿੱਤਾ ਜਾ ਰਿਹਾ, ਸਗੋਂ ਮਾਂ-ਬਾਪ ਕੋਲ ਉਨ੍ਹਾਂ ਦੀ ਗੱਲ ਸੁਣਨ ਲਈ ਵੀ ਸਮਾਂ ਨਹੀਂ ਹੈ। ਜਦੋਂ ਵੀ ਬੱਚਾ ਆਪਣੇ ਮਨ ਦੀ ਗੱਲ ਉਨ੍ਹਾਂ ਨਾਲ ਸਾਂਝੀ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਨੂੰ ਪੜ੍ਹਨ ਜਾਂ ਧਿਆਨ ਨਾਲ ਕੰਮ ਕਰਨ ਦੀਆਂ ਹਦਾਇਤਾਂ ਦੇ ਕੇ ਚੁੱਪ ਕਰਾ ਦਿੱਤਾ ਜਾਂਦਾ ਹੈ। ਉਹ ਮਨ ਹੀ ਮਨ ਘੁੱਟਦਾ ਰਹਿੰਦਾ ਹੈ, ਜਿਸ ਕਾਰਨ ਆਪਣੇ-ਆਪ ਨੂੰ ਇਕੱਲਾ ਮਹਿਸੂਸ ਕਰਨ ਲੱਗ ਪੈਂਦਾ ਹੈ। ਮਾਂ-ਬਾਪ ਦੁਆਰਾ ਕੀਤੀ ਗਈ ਲਾਪ੍ਰਵਾਹੀ ਬੱਚਿਆਂ 'ਤੇ ਬਹੁਤ ਭਾਰੀ ਪੈਂਦੀ ਹੈ। ਇਸ ਲਈ ਹਰ ਮਾਂ-ਬਾਪ ਨੂੰ ਆਪਣੇ ਬੱਚਿਆਂ ਦੀ ਗੱਲ ਸਿਰਫ ਧਿਆਨ ਨਾਲ ਹੀ ਨਹੀਂ ਸੁਣਨੀ ਚਾਹੀਦੀ, ਬਲਕਿ ਉਸ ਨੂੰ ਵਿਸ਼ਵਾਸ ਵਿਚ ਲੈ ਕੇ ਉਸ ਦਾ ਹੱਲ ਵੀ ਕਰਨਾ ਚਾਹੀਦਾ ਹੈ। ਕਈ ਵਾਰ ਘਰ ਵਿਚ ਤੁਹਾਡੀ ਗ਼ੈਰ-ਹਾਜ਼ਰੀ ਵਿਚ ਕੋਈ ਰਿਸ਼ਤੇਦਾਰ ਬੱਚਿਆਂ ਨਾਲ ਗ਼ਲਤ ਹਰਕਤ ਕਰਦਾ ਹੈ ਪਰ ਅਕਸਰ ਬੱਚੇ ਡਰਦੇ ਦੱਸਦੇ ਨਹੀਂ। ਜੇ ਉਨ੍ਹਾਂ ਨੂੰ ਭਰੋਸਾ ਹੋਵੇ ਕਿ ਮਾਂ-ਬਾਪ ਗੱਲ ਸੁਣ ਕੇ ਉਨ੍ਹਾਂ ਦਾ ਸਾਥ ਦੇਣਗੇ, ਬਲਕਿ ਦਬਾਉਣ ਦੀ ਕੋਸ਼ਿਸ਼ ਨਹੀਂ ਕਰਨਗੇ ਤਾਂ ਉਹ ਖੁੱਲ੍ਹ ਕੇ ਤੁਹਾਨੂੰ ਸਾਰੀ ਗੱਲ ਦੱਸਣਗੇ। ਤੁਸੀਂ ਘਰ ਵਿਚ ਬੈਠੇ ਸ਼ਰਾਰਤੀ ਤੱਤਾਂ ਤੋਂ ਬੱਚਿਆਂ ਨੂੰ ਬਚਾ ਸਕੋਗੇ।
ਕਈ ਵਾਰ ਬੱਚੇ ਸਕੂਲ ਜਾਣ ਤੋਂ ਡਰਨ ਲੱਗ ਜਾਂਦੇ ਹਨ ਪਰ ਅਸੀਂ ਉਨ੍ਹਾਂ ਦੀ ਪ੍ਰੇਸ਼ਾਨੀ ਨੂੰ ਸਮਝਣ ਦੀ ਬਜਾਏ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਜਿਸ ਦਾ ਇਹ ਹੱਲ ਨਹੀਂ। ਸਾਨੂੰ ਉਸ ਦੀ ਪ੍ਰੇਸ਼ਾਨੀ ਦਾ ਕਾਰਨ ਜਾਨਣਾ ਚਾਹੀਦਾ ਹੈ ਕਿ ਉਸ ਨੂੰ ਸਹਿਪਾਠੀ ਤੋਂ ਜਾਂ ਕਿਸੇ ਅਧਿਆਪਕ ਤੋਂ ਪ੍ਰੇਸ਼ਾਨੀ ਹੈ। ਪੂਰੀ ਜਾਣਕਾਰੀ ਲੈ ਕੇ ਉਸ ਦਾ ਹੱਲ ਕਰਨਾ ਚਾਹੀਦਾ ਹੈ, ਤਾਂ ਕਿ ਬੱਚੇ ਨੂੰ ਇਹ ਹੌਸਲਾ ਹੋਵੇ ਕਿ ਉਹ ਇਕੱਲਾ ਨਹੀਂ, ਉਸ ਦੇ ਮਾਂ-ਬਾਪ ਨਾਲ ਹਨ। ਗੁਆਂਢੀ ਵੀ ਬੱਚਿਆਂ ਦੀ ਸਮੱਸਿਆ ਦਾ ਕਾਰਨ ਬਣ ਜਾਂਦੇ ਹਨ। ਅਕਸਰ ਮਾਂ-ਬਾਪ ਜਾਂਦੇ ਸਮੇਂ ਬੱਚਿਆਂ ਨੂੰ ਗੁਆਂਢੀ ਘਰ ਜਾਂ ਗੁਆਂਢੀ ਨੂੰ ਉਨ੍ਹਾਂ ਕੋਲ ਛੱਡ ਜਾਂਦੇ ਹਨ। ਮੌਕਾ ਮਿਲਣ 'ਤੇ ਕਈ ਵਾਰ ਉਹ ਇਸ ਤਰ੍ਹਾਂ ਦੀ ਵਾਰਦਾਤ ਨੂੰ ਅੰਜ਼ਾਮ ਦੇ ਦਿੰਦੇ ਹਨ, ਜਿਸ ਨੂੰ ਬੱਚਾ ਸਾਰੀ ਉਮਰ ਨਹੀਂ ਭੁੱਲ ਸਕਦਾ। ਬੱਚਿਆਂ ਨੂੰ ਕਦੇ ਵੀ ਕਿਸੇ ਦੇ ਭਰੋਸੇ 'ਤੇ ਨਾ ਛੱਡੋ। ਜਿਥੋਂ ਤੱਕ ਹੋ ਸਕੇ, ਆਪਣੇ ਬਜ਼ੁਰਗਾਂ ਨੂੰ ਜ਼ਰੂਰ ਕੋਲ ਰੱਖੋ। ਉਨ੍ਹਾਂ ਦੁਆਰਾ ਦਿੱਤਾ ਗਿਆ ਸਮਾਂ, ਸਾਥ ਤੇ ਚੰਗੀ ਸੋਚ ਬੱਚਿਆਂ ਵਿਚ ਸਾਵਧਾਨੀ ਅਤੇ ਸੁਰੱਖਿਆ ਦੀ ਭਾਵਨਾ ਪੈਦਾ ਕਰਨ ਦੇ ਨਾਲ-ਨਾਲ ਆਤਮ-ਵਿਸ਼ਵਾਸ ਪੈਦਾ ਕਰੇਗਾ।
ਕਿਸ਼ੋਰ ਅਵਸਥਾ ਵਿਚ ਬੱਚੇ ਅਕਸਰ ਗ਼ਲਤੀਆਂ ਕਰ ਬੈਠਦੇ ਹਨ। ਇਨ੍ਹਾਂ ਹਾਲਤਾਂ ਵਿਚ ਉਨ੍ਹਾਂ ਨੂੰ ਮਾਂ-ਬਾਪ ਦੇ ਪਿਆਰ, ਸਾਥ ਅਤੇ ਹਮਦਰਦੀ ਦੀ ਖਾਸ ਲੋੜ ਹੁੰਦੀ ਹੈ। ਇਹ ਸਮਾਂ ਉਨ੍ਹਾਂ ਨੂੰ ਇਕੱਲਾ ਛੱਡਣ, ਮਾਰਨ-ਕੁੱਟਣ ਜਾਂ ਗਾਲੀ-ਗਲੋਚ ਕਰਨ ਦਾ ਨਹੀਂ ਹੁੰਦਾ, ਸਗੋਂ ਸਮੇਂ ਨੂੰ ਸੰਭਾਲਣ ਦਾ ਹੁੰਦਾ ਹੈ। ਸਾਰੀ ਉਮਰ ਪਛਤਾਉਣ ਨਾਲੋਂ ਸਮੇਂ ਨੂੰ ਸਮੇਂ ਸਿਰ ਸੰਭਾਲ ਲੈਣਾ ਹੀ ਬੜੀ ਵੱਡੀ ਜਿੱਤ ਹੁੰਦੀ ਹੈ। ਹਰ ਮਾਂ ਨੂੰ ਆਪਣੀ ਧੀ ਦੀ ਸਹੇਲੀ ਬਣ ਕੇ ਰਹਿਣਾ ਚਾਹੀਦਾ ਹੈ, ਤਾਂ ਕਿ ਉਹ ਹਰ ਗੱਲ ਮਾਂ ਨਾਲ ਸਾਂਝੀ ਕਰ ਸਕੇ। ਬਚਪਨ ਤੋਂ ਉਨ੍ਹਾਂ ਨੂੰ ਸੰਸਕਾਰ ਦੇਣੇ ਚਾਹੀਦੇ ਹਨ। ਸਮੇਂ-ਸਮੇਂ 'ਤੇ ਉਨ੍ਹਾਂ ਦੀ ਕਾਊਂਸਲਿੰਗ ਕਰਨੀ ਚਾਹੀਦੀ ਹੈ, ਤਾਂ ਕਿ ਉਹ ਬੁਰੀ ਸੰਗਤ ਤੋਂ ਬਚ ਸਕਣ।
ਮਾਂ-ਬਾਪ ਦੀ ਗ਼ੈਰ-ਹਾਜ਼ਰੀ ਵਿਚ ਨੌਕਰ ਜਾਂ ਕਈ ਮਿੱਤਰ ਬੱਚਿਆਂ ਨੂੰ ਕੁਰਾਹੇ ਪਾ ਦਿੰਦੇ ਹਨ ਅਤੇ ਉਹ ਬੁਰੀ ਸੰਗਤ ਵਿਚ ਪੈ ਕੇ ਨਸ਼ਿਆਂ ਆਦਿ ਦਾ ਸੇਵਨ ਕਰਨ ਲੱਗ ਜਾਂਦੇ ਹਨ। ਇਸ ਤਰ੍ਹਾਂ ਦੇ ਹਾਲਾਤ ਵਿਚ ਬੱਚਿਆਂ ਨੂੰ ਮਾਂ-ਬਾਪ ਦੇ ਸਾਥ ਦੀ ਸਖ਼ਤ ਲੋੜ ਹੁੰਦੀ ਹੈ। ਹਰ ਮਾਂ-ਬਾਪ ਨੂੰ ਆਪਣੇ ਫਾਲਤੂ ਰੁਝੇਵੇਂ ਘਟਾ ਕੇ ਆਪਣੇ ਬੱਚਿਆਂ ਨੂੰ ਪੂਰਾ ਸਮਾਂ ਦੇਣਾ ਚਾਹੀਦਾ ਹੈ। ਬੱਚਿਆਂ ਦੇ ਮਿੱਤਰਾਂ ਬਾਰੇ ਪੂਰੀ ਜਾਣਕਾਰੀ ਰੱਖਣ ਦੇ ਨਾਲ-ਨਾਲ ਉਨ੍ਹਾਂ ਦੀਆਂ ਗਤੀਵਿਧੀਆਂ 'ਤੇ ਵੀ ਧਿਆਨ ਰੱਖਣਾ ਚਾਹੀਦਾ ਹੈ। ਅਧਿਆਪਕਾਂ ਨੂੰ ਉਸ ਦੇ ਬਾਰੇ ਜ਼ਰੂਰ ਪੁੱਛਣਾ ਚਾਹੀਦਾ ਹੈ।
ਬੱਚਿਆਂ ਲਈ ਮਾਂ-ਬਾਪ ਰੱਬ ਵਰਗਾ ਆਸਰਾ ਹੁੰਦੇ ਹਨ। ਇਸ ਲਈ ਘਰ ਵਿਚ ਇਸ ਤਰ੍ਹਾਂ ਦਾ ਮਾਹੌਲ ਬਣਾ ਕੇ ਰੱਖੋ ਕਿ ਹਰ ਕਿਸੇ ਦੀ ਸਾਂਝ ਬਣੀ ਰਹੇ। ਹਰ ਕੋਈ ਆਪਣੀ ਗੱਲ ਦੂਜਿਆਂ ਨਾਲ ਸਾਂਝੀ ਕਰ ਸਕੇ। ਲੋੜ ਪੈਣ 'ਤੇ ਮਾਂ-ਬਾਪ ਨੂੰ ਬੱਚੇ ਨਾਲ ਚਟਾਨ ਵਾਂਗ ਖੜ੍ਹੇ ਹੋਣਾ ਚਾਹੀਦਾ ਹੈ। ਬੱਚਿਆਂ ਵਿਚ ਇਸ ਤਰ੍ਹਾਂ ਦਾ ਵਿਸ਼ਵਾਸ ਪੈਦਾ ਕਰੋ ਕਿ ਉਹ ਬਿਨਾਂ ਝਿਜਕ ਤੋਂ ਹਰ ਗੱਲ ਉਨ੍ਹਾਂ ਨਾਲ ਸਾਂਝੀ ਕਰ ਸਕੇ, ਤਾਂ ਕਿ ਉਸ ਨੂੰ ਅੰਦਰ ਦੇ ਬੋਝ ਨੂੰ ਸਾਰੀ ਉਮਰ ਹੰਢਾਉਣਾ ਨਾ ਪਵੇ। ਬੱਚੇ ਹੀ ਮਾਂ-ਬਾਪ ਦਾ ਸਭ ਤੋਂ ਕੀਮਤੀ ਧਨ ਹੁੰਦੇ ਹਨ।

-ਮੋਬਾ: 98782-49944

ਮੌਕੇ ਅਨੁਸਾਰ ਸਜੋ-ਸੰਵਰੋ

ਮੌਕੇ ਅਨੁਸਾਰ ਹੀ ਸਜੋ-ਧਜੋ। ਇਸ ਨਾਲ ਤੁਸੀਂ ਖੂਬਸੂਰਤ ਤਾਂ ਦਿਸੋਗੇ ਹੀ, ਲੋਕਾਂ ਵਿਚ ਤੁਹਾਡੀ ਲੋਕਪ੍ਰਿਅਤਾ ਵੀ ਵਧੇਗੀ। ਖੂਬਸੂਰਤ ਦਿਸਣ ਲਈ ਜ਼ਰੂਰੀ ਨਹੀਂ ਕਿ ਤੁਸੀਂ ਮਹਿੰਗੀਆਂ ਚੀਜ਼ਾਂ ਹੀ ਪਹਿਨੋ, ਸਗੋਂ ਆਪਣੀ ਦਿੱਖ ਦੇ ਹਿਸਾਬ ਨਾਲ ਉਹ ਚੀਜ਼ਾਂ ਪਹਿਨੋ ਜੋ ਤੁਹਾਨੂੰ ਜਚ ਰਹੀਆਂ ਹੋਣ।
ਏਨਾ ਵੀ ਜਾਣ ਲਓ ਕਿ ਕਦੋਂ, ਕੀ ਚੰਗਾ ਨਹੀਂ ਲਗਦਾ-* ਹਲਕੀ-ਫੁਲਕੀ ਪਾਰਟੀ ਵਿਚ ਭਾਰੀ-ਭਰਕਮ ਸਾੜ੍ਹੀ ਅਤੇ ਜਿਊਲਰੀ। * ਵਿਆਹ ਆਦਿ ਵੱਡੇ ਸਮਾਰੋਹ ਵਿਚ ਹਲਕੇ ਰੰਗ ਦਾ ਸੂਟ ਜਾਂ ਸਾੜ੍ਹੀ। * ਬੱਸ ਵਿਚ ਜਾਂਦੇ ਹੋਏ ਜਾਂ ਵਿਦਾਊਟ ਸਲੀਵਸ ਸੂਟ ਆਦਿ ਪਹਿਨੇ ਹੋਏ। * ਇੰਟਰਵਿਊ ਵਿਚ ਜਾਣਾ ਹੋਵੇ ਅਤੇ ਚੁਸਤ ਕੱਪੜੇ ਪਹਿਨੇ ਹੋਣ। * ਕਿਸੇ ਪਰੰਪਰਿਕ ਸਮਾਰੋਹ ਵਿਚ ਪੱਛਮੀ ਪਰਿਧਾਨ ਪਹਿਨ ਕੇ ਜਾਣਾ। * ਦਫ਼ਤਰ ਵਿਚ ਟੁੱਟੀਆਂ ਚੱਪਲਾਂ ਅਤੇ ਫਟੇ ਕੱਪੜੇ ਪਹਿਨ ਕੇ ਜਾਣਾ। * ਫਟੀਆਂ ਅਤੇ ਗੰਦੀਆਂ ਅੱਡੀਆਂ 'ਤੇ ਪਜਾਮੀ ਦੇ ਨਾਲ ਉੱਚੀ ਅੱਡੀ ਵਾਲੇ ਸੈਂਡਲ।

ਇੰਜ ਕਰੋ ਦੇਖਭਾਲ ਊਨੀ ਕੱਪੜਿਆਂ ਦੀ

* ਜੇ ਘਰ ਵਿਚ ਉੱਨ ਰੰਗਣਾ ਚਾਹੋ ਤਾਂ ਰੰਗ ਦੇ ਨਾਲ ਪਾਣੀ ਵਿਚ ਥੋੜ੍ਹੀ ਫਟਕੜੀ ਮਿਲਾ ਦਿਓ, ਜਿਸ ਨਾਲ ਉੱਨ ਸੁੰਗੜੇਗੀ ਨਹੀਂ।
* ਨੌਸ਼ਾਦਰ ਪਏ ਪਾਣੀ ਵਿਚ ਊਨੀ ਕੱਪੜੇ ਧੋਣ ਨਾਲ ਜ਼ਿਆਦਾ ਸਾਫ਼ ਹੁੰਦੇ ਹਨ।
* ਸਵੈਟਰ ਧੋਣ ਤੋਂ ਪਹਿਲਾਂ ਉਸ ਨੂੰ ਪਾਣੀ ਵਿਚ ਡੁਬੋ ਦੇਣਾ ਚਾਹੀਦਾ ਹੈ।
* ਸਵੈਟਰ ਨੂੰ ਹਮੇਸ਼ਾ ਉਲਟਾ ਕਰਕੇ ਸੁਕਾਓ। ਸਿੱਧਾ ਸੁਕਾਉਣ 'ਤੇ ਉਹ ਘੱਟ ਦਿਨ ਚੱਲੇਗਾ, ਰੰਗ ਵੀ ਫਿੱਕਾ ਪੈ ਜਾਵੇਗਾ।
* ਸਵੈਟਰ ਧੋਣ ਤੋਂ ਬਾਅਦ ਹੈਂਗਰ ਵਿਚ ਲਟਕਾ ਕੇ ਨਾ ਸੁਕਾਓ, ਜਿਸ ਨਾਲ ਸਵੈਟਰ ਦਾ ਆਕਾਰ ਵਿਗੜ ਜਾਂਦਾ ਹੈ।
* ਜੇ ਸਵੈਟਰ ਦੀ ਉੱਨ ਜੁੜ ਗਈ ਹੋਵੇ ਤਾਂ ਪਾਣੀ ਵਿਚ ਥੋੜ੍ਹਾ ਖੱਟਾ ਦਹੀਂ ਮਿਲਾ ਲਓ।
* ਊਨੀ ਕੰਬਲ ਧੋਂਦੇ ਸਮੇਂ ਥੋੜ੍ਹੀ ਜਿਹੀ ਗਲਿਸਰੀਨ ਪਾਣੀ ਵਿਚ ਮਿਲਾ ਲਓ, ਜਿਸ ਨਾਲ ਕੰਬਲ ਮੁਲਾਇਮ ਰਹੇਗਾ। * ਊਨੀ ਕੱਪੜੇ ਧੋਂਦੇ ਸਮੇਂ ਸਾਬਣ ਵਿਚ ਥੋੜ੍ਹੀ ਜਿਹੀ ਫਟਕੜੀ ਮਿਲਾ ਲਓ, ਜਿਸ ਨਾਲ ਕੱਪੜਾ ਨਾ ਸੁੰਗੜੇਗਾ, ਨਾ ਰੰਗ ਉੱਡੇਗਾ।
* ਸਫੈਦ ਊਨੀ ਕੱਪੜੇ ਧੋਂਦੇ ਸਮੇਂ ਨਿੰਬੂ ਦੀਆਂ ਕੁਝ ਬੂੰਦਾਂ ਨਿਚੋੜ ਲਓ, ਜਿਸ ਨਾਲ ਕੱਪੜੇ ਪੀਲੇ ਨਹੀਂ ਹੋਣਗੇ।
* ਗੰਦੇ ਊਨੀ ਕੱਪੜਿਆਂ ਨੂੰ ਫਟਕੜੀ ਮਿਲੇ ਪਾਣੀ ਵਿਚ ਭਿਉਂ ਦਿਓ, ਫਿਰ ਚੰਗੇ ਡਿਟਰਜੈਂਟ ਪਾਊਡਰ ਵਿਚ ਧੋਵੋ। ਕੰਬਲ ਜ਼ਿਆਦਾ ਸਾਫ਼ ਰਹੇਗਾ।

ਰਿਸ਼ਤਿਆਂ ਵਿਚ ਤੁਸੀਂ ਕਿੰਨਾ ਨਿਵੇਸ਼ ਕਰਦੇ ਹੋ?

ਕੀ ਤੁਸੀਂ ਰਿਸ਼ਤਿਆਂ ਵਿਚ ਗਰਮਜੋਸ਼ੀ ਬਣਾਈ ਰੱਖਣ ਵਿਚ ਯਕੀਨ ਕਰਦੇ ਹੋ? ਕੀ ਤੁਹਾਨੂੰ ਸਿਰਫ ਦੇਣਾ ਹੀ ਚੰਗਾ ਲਗਦਾ ਹੈ, ਦੂਜਿਆਂ ਤੋਂ ਕੁਝ ਲੈਣਾ ਤੁਹਾਨੂੰ ਬਹੁਤ ਭਾਰੀ ਲਗਦਾ ਹੈ? ਜਾਂ ਕਿਸੇ ਨੂੰ ਕੁਝ ਦੇਣ ਦੇ ਨਾਂਅ 'ਤੇ ਪ੍ਰੇਸ਼ਾਨੀ ਵਿਚ ਪੈ ਜਾਂਦੇ ਹੋ। ਰਿਸ਼ਤਿਆਂ ਵਿਚ ਤੁਸੀਂ ਕਿੰਨਾ ਨਿਵੇਸ਼ ਕਰਦੇ ਹੋ, ਇਸ ਵਿਸ਼ੇ ਨਾਲ ਸਬੰਧਤ ਕੁਵਿਜ਼ ਰਾਹੀਂ ਆਪਣੇ-ਆਪ ਨੂੰ ਪਰਖੋ ਅਤੇ ਜਾਣੋ-1. ਤੁਹਾਨੂੰ ਹਮੇਸ਼ਾ ਲਗਦਾ ਹੈ ਕਿ ਤੁਸੀਂ ਦੋਸਤਾਂ ਅਤੇ ਰਿਸ਼ਤੇਦਾਰਾਂ ਨੂੰ ਆਪ ਹੀ ਫੋਨ ਕਰਦੇ ਹੋ, ਉਹ ਤੁਹਾਨੂੰ ਕਦੇ ਫੋਨ ਨਹੀਂ ਕਰਦੇ, ਤੁਸੀਂ-(ਕ) ਇਸ ਬਾਰੇ ਵਿਚ ਜ਼ਿਆਦਾ ਨਹੀਂ ਸੋਚਦੇ ਅਤੇ ਆਪਣੀ ਆਦਤ ਅਨੁਸਾਰ ਉਨ੍ਹਾਂ ਨੂੰ ਫੋਨ ਕਰਦੇ ਹੋ।
(ਖ) ਫੋਨ ਤਾਂ ਕਰਦੇ ਹੋ ਪਰ ਉਨ੍ਹਾਂ ਨੂੰ ਇਹ ਜਤਾ ਦਿੰਦੇ ਹੋ ਕਿ ਉਨ੍ਹਾਂ ਨੂੰ ਵੀ ਕਦੇ-ਕਦੇ ਫੋਨ ਕਰਨਾ ਚਾਹੀਦਾ ਹੈ।
(ਗ) ਜੇ ਉਹ ਤੁਹਾਨੂੰ ਫੋਨ ਨਹੀਂ ਕਰਦੇ ਤਾਂ ਤੁਸੀਂ ਉਨ੍ਹਾਂ ਨੂੰ ਆਪਣੇ ਦੋਸਤੀ ਜਾਂ ਰਿਸ਼ਤੇ ਦੇ ਯੋਗ ਨਹੀਂ ਸਮਝਦੇ।
2. ਦਫਤਰ ਵਿਚ ਤੁਹਾਡੇ ਸਹਿਕਰਮੀ ਤੋਂ ਜੇ ਕੋਈ ਗ਼ਲਤੀ ਹੋ ਜਾਂਦੀ ਹੈ ਤਾਂ- (ਕ) ਉਸ ਨੂੰ ਠੀਕ ਕਰਨ ਵਿਚ ਮਦਦ ਕਰਦੇ ਹੋ ਪਰ ਬੌਸ ਨੂੰ ਇਹ ਦੱਸ ਦਿੰਦੇ ਹੋ ਕਿ ਤੁਹਾਡੀ ਗ਼ਲਤੀ ਨਹੀਂ ਸੀ। (ਖ) ਤੁਸੀਂ ਉਸ ਨੂੰ ਮਦਦ ਕਰਨ ਲਈ ਕਹਿੰਦੇ ਹੋ ਅਤੇ ਬੌਸ ਨੂੰ ਪਤਾ ਲੱਗੇ, ਇਸ ਤੋਂ ਪਹਿਲਾਂ ਹੀ ਗ਼ਲਤੀ ਸੁਧਾਰ ਦਿੰਦੇ ਹੋ। (ਗ) ਆਪਣੀ ਗ਼ਲਤੀ ਉਹ ਖੁਦ ਸੁਧਾਰੇ, ਸੋਚ ਕੇ ਛੱਡ ਦਿੰਦੇ ਹੋ।
3. ਤੁਹਾਡੀ ਦੋਸਤ ਕਿਸੇ ਸੈਰ-ਸਪਾਟੇ ਵਾਲੀ ਜਗ੍ਹਾ 'ਤੇ ਘੁੰਮਣ ਜਾਣ ਦੌਰਾਨ ਤੁਹਾਡੇ ਲਈ ਇਕ ਚੰਗਾ ਤੋਹਫ਼ਾ ਲੈ ਕੇ ਆਉਂਦੀ ਹੈ। ਅਜਿਹੇ ਵਿਚ ਤੁਸੀਂ-
(ਕ) ਉਸ ਤੋਂ ਤੋਹਫ਼ਾ ਲੈਣ ਵਿਚ ਝਿਜਕ ਮਹਿਸੂਸ ਕਰਦੇ ਹੋ, ਕਿਉਂਕਿ ਤੁਹਾਨੂੰ ਲਗਦਾ ਹੈ ਕਿ ਉਸ ਦੇ ਬਦਲੇ ਵਿਚ ਤੁਹਾਨੂੰ ਵੀ ਕੁਝ ਦੇਣਾ ਪਵੇਗਾ। (ਖ) ਉਸ ਦਾ ਸ਼ੁਕਰੀਆ ਅਦਾ ਕਰਦੇ ਹੋ। (ਗ) ਉਸ ਦੇ ਤੋਹਫ਼ਾ ਦੇਣ ਦੇ ਪਿੱਛੇ ਕੋਈ ਨਾ ਕੋਈ ਸਵਾਰਥ ਹੋਵੇਗਾ, ਅਜਿਹਾ ਸੋਚਦੇ ਹੋ।
4. ਤੁਹਾਡਾ ਗੁਆਂਢੀ ਪਿਛਲੇ ਇਕ ਹਫ਼ਤੇ ਤੋਂ ਹਸਪਤਾਲ ਵਿਚ ਭਰਤੀ ਹੈ, ਅਜਿਹੇ ਵਿਚ ਤੁਸੀਂ-
(ਕ) ਫੋਨ 'ਤੇ ਹੀ ਉਸ ਦਾ ਹਾਲ-ਚਾਲ ਜਾਣ ਲੈਂਦੇ ਹੋ।
(ਖ) ਸਮਾਂ ਕੱਢ ਕੇ ਉਸ ਨੂੰ ਦੇਖਣ ਜਾਂਦੇ ਹੋ।
(ਗ) ਰੋਜ਼ ਜਾਣ ਦਾ ਪ੍ਰੋਗਰਾਮ ਬਣਾਉਂਦੇ ਹੋ ਪਰ ਜਾ ਨਹੀਂ ਸਕੇ।
5. ਤੁਸੀਂ ਜਦੋਂ ਖ਼ਰੀਦਦਾਰੀ ਲਈ ਬਾਜ਼ਾਰ ਜਾਂਦੇ ਹੋ ਤਾਂ ਘਰ-ਪਰਿਵਾਰ ਦੇ ਲੋਕਾਂ ਲਈ ਕੁਝ ਤੋਹਫ਼ੇ ਖਰੀਦਦੇ ਹੋ-(ਕ) ਹਾਂ, ਅਕਸਰ। (ਖ) ਨਹੀਂ। (ਗ) ਕਦੇ-ਕਦੇ।
ਨਤੀਜਾ
(ਕ)-25 ਤੋਂ 30 : ਕਿਸੇ ਤੋਂ ਕੁਝ ਲੈਣਾ ਵੀ ਓਨਾ ਮਹੱਤਵਪੂਰਨ ਹੈ, ਜਿੰਨਾ ਕਿਸੇ ਨੂੰ ਕੁਝ ਦੇਣਾ। ਤੁਹਾਡੇ ਅੰਕਾਂ ਦਾ ਸਕੋਰ ਦੱਸਦਾ ਹੈ ਕਿ ਤੁਸੀਂ ਹਮੇਸ਼ਾ ਦੇਣ ਵਿਚ ਯਕੀਨ ਰੱਖਦੇ ਹੋ। ਤੁਹਾਨੂੰ ਲੈਣਾ ਚੰਗਾ ਨਹੀਂ ਲਗਦਾ। ਅਜਿਹਾ ਵੀ ਹੋ ਸਕਦਾ ਹੈ ਕਿ ਤੁਹਾਡੀ ਮਨਸ਼ਾ ਹੀ ਨਾ ਹੋਵੇ ਕਿ ਦੂਜੇ ਵੀ ਤੁਹਾਨੂੰ ਕੁਝ ਦੇਣ। ਸਿਰਫ ਦੇ ਕੇ ਨਹੀਂ, ਲੈ ਕੇ ਵੀ ਰਿਸ਼ਤਿਆਂ ਵਿਚ ਸਨਮਾਨ ਮਿਲਦਾ ਹੈ। ਤੁਹਾਨੂੰ ਆਪਣੇ ਅੰਦਰ ਥੋੜ੍ਹਾ ਬਦਲਾਅ ਕਰਨ ਦੀ ਲੋੜ ਹੈ।
(ਖ)-15 ਤੋਂ 24 : ਰਿਸ਼ਤਿਆਂ ਵਿਚ ਲੈਣ-ਦੇਣ ਦੀਆਂ ਗੱਲਾਂ ਵਿਚ ਤੁਹਾਡਾ ਵਿਵਹਾਰ ਸੰਤੁਲਿਤ ਹੈ। ਜੇ ਤੁਸੀਂ ਦੇਣ ਦਾ ਫਰਜ਼ ਸਮਝਦੇ ਹੋ ਤਾਂ ਤੁਹਾਨੂੰ ਸਾਹਮਣੇ ਵਾਲੇ ਤੋਂ ਵੀ ਲੈਣ ਦਾ ਪੂਰਾ ਹੱਕ ਹੈ ਅਤੇ ਜੇ ਤੁਸੀਂ ਕੁਝ ਦਿੰਦੇ ਹੋ ਤਾਂ ਬਦਲੇ ਵਿਚ ਤੁਹਾਨੂੰ ਕੁਝ ਨਾ ਕੁਝ ਮਿਲਣਾ ਚਾਹੀਦਾ ਹੈ।
(ਗ)-0 ਤੋਂ 14 : ਤੁਸੀਂ ਸਿਰਫ ਲੈਣ ਵਿਚ ਵਿਸ਼ਵਾਸ ਕਰਦੇ ਹੋ, ਕਿਸੇ ਨੂੰ ਕੁਝ ਦੇਣ ਦੀ ਤੁਹਾਡੀ ਕੋਈ ਮਨਸ਼ਾ ਹੀ ਨਹੀਂ ਹੁੰਦੀ। ਜੇ ਤੁਸੀਂ ਦੂਜਿਆਂ ਨੂੰ ਕੁਝ ਦੇਣ ਦੀ ਕੋਸ਼ਿਸ਼ ਕਰੋਗੇ ਤਾਂ ਇਸ ਨਾਲ ਤੁਹਾਨੂੰ ਦਿਲੀ ਸਕੂਨ ਤਾਂ ਮਿਲੇਗਾ ਹੀ, ਜ਼ਿੰਦਗੀ ਵੀ ਖੂਬਸੂਰਤ ਬਣੇਗੀ।


-ਪਿੰਕੀ ਅਰੋੜਾ
ਇਮੇਜ ਰਿਫਲੈਕਸ਼ਨ ਸੈਂਟਰ

ਘਰੇਲੂ ਕੰਮ ਕਰਦੇ ਸਮੇਂ ਥਕਾਵਟ ਤੋਂ ਕਿਵੇਂ ਬਚੀਏ?

* ਘਰੇਲੂ ਕੰਮਾਂ ਨੂੰ ਕਰਨ ਲੱਗੇ ਸਭ ਤੋਂ ਪਹਿਲਾਂ ਮਨ ਵਿਚ ਹੀ ਪੂਰੀ ਪਲੈਨਿੰਗ ਬਣਾਓ ਤੇ ਇਸ ਗੱਲ ਦਾ ਖਿਆਲ ਰੱਖੋ ਕਿ ਕਿਹੜਾ ਕੰਮ ਪਹਿਲਾਂ ਕਰਨਾ ਬਹੁਤ ਜ਼ਰੂਰੀ ਹੈ ਅਤੇ ਕਿਸ ਕੰਮ ਨੂੰ ਛੁੱਟੀ ਵਾਲੇ ਦਿਨ ਤੱਕ ਟਾਲਿਆ ਜਾ ਸਕਦਾ ਹੈ।
* ਰਸੋਈ ਵਿਚ ਤੜਕਾ ਆਦਿ ਲਗਾਉਂਦੇ ਸਮੇਂ ਰਸੋਈ ਦੀ ਸਾਂਭ-ਸੰਭਾਲ ਵੀ ਸਹੀ ਤਰੀਕੇ ਨਾਲ ਕੀਤੀ ਜਾ ਸਕਦੀ ਹੈ।
* ਰਸੋਈ ਵਿਚ ਹਰ ਚੀਜ਼ ਸਹੀ ਥਾਂ ਉੱਪਰ ਹੀ ਰੱਖਣੀ ਚਾਹੀਦੀ ਹੈ।
* ਮਸ਼ੀਨ ਵਿਚ ਕੱਪੜੇ ਧੋਂਦੇ ਸਮੇਂ ਵੀ ਘਰ ਦੀ ਝਾੜ-ਪੂੰਝ ਨਾਲੋ-ਨਾਲ ਕੀਤੀ ਜਾ ਸਕਦੀ ਹੈ।
* ਘਰੇਲੂ ਕੰਮਾਂ ਨੂੰ ਪਰਿਵਾਰ ਦੇ ਮੈਂਬਰਾਂ ਵਿਚ ਉਨ੍ਹਾਂ ਦੀ ਸਰੀਰਕ ਸਮਰੱਥਾ, ਯੋਗਤਾ, ਕੁਸ਼ਲਤਾ, ਰੁਚੀ ਅਨੁਸਾਰ ਵੰਡ ਦੇਣਾ ਚਾਹੀਦਾ ਹੈ।
* ਘਰੇਲੂ ਕੰਮ ਕਰਨ ਵੇਲੇ ਆਪਣੇ ਸਰੀਰ ਦਾ ਵੀ ਪੂਰਾ ਧਿਆਨ ਰੱਖਣਾ ਚਾਹੀਦਾ ਹੈ।
* ਰਸੋਈ ਦੀਆਂ ਸੈਲਫਾਂ ਨਾ ਬਹੁਤੀਆਂ ਉੱਚੀਆਂ ਹੋਣ ਤੇ ਨਾ ਹੀ ਨੀਵੀਆਂ ਹੋਣ, ਇਹ ਸਹੀ ਥਾਂ ਹੀ ਹੋਣੀਆਂ ਚਾਹੀਦੀਆਂ ਹਨ, ਤਾਂ ਕਿ ਕੰਮ ਕਰਨ ਵੇਲੇ ਥਕਾਵਟ ਨਾ ਹੋ ਸਕੇ।
* ਘਰੇਲੂ ਕੰਮ ਸਰੀਰ ਨੂੰ ਸਹੀ ਦਿਸ਼ਾ ਵਿਚ ਰੱਖ ਕੇ ਕਰੋ।
* ਘਰ ਨੂੰ ਕਦੇ ਵੀ ਦਫ਼ਤਰ ਨਾ ਬਣਾਓ ਅਤੇ ਦਫ਼ਤਰ ਦਾ ਕੰਮ ਦਫ਼ਤਰ ਵਿਚ ਹੀ ਨਿਬੇੜ ਲੈਣਾ ਚਾਹੀਦਾ ਹੈ।
* ਹਰ ਦਿਨ ਹੀ ਵਰਤਿਆ ਜਾਣ ਵਾਲਾ ਸਾਮਾਨ ਹੇਠਲੀਆਂ ਸੈਲਫਾਂ ਉੱਪਰ ਰੱਖੋ। ਕਦੇ-ਕਦੇ ਵਰਤਿਆ ਜਾਣ ਵਾਲਾ ਸਾਮਾਨ ਉਪਰਲੀਆਂ ਸੈਲਫਾਂ ਉੱਪਰ ਰੱਖੋ।
* ਰਸੋਈ ਵਿਚ ਪਾਣੀ ਵਾਲੀ ਟੂਟੀ ਹੋਣੀ ਬਹੁਤ ਜ਼ਰੂਰੀ ਹੈ। ਜੇ ਟੂਟੀ ਨਾ ਹੋਵੇ ਤਾਂ ਪਾਣੀ ਦੀ ਬਾਲਟੀ ਹਮੇਸ਼ਾ ਨੇੜੇ ਹੀ ਰੱਖੋ।
* ਗੈਸ ਦੇ ਕੋਲ ਹੀ ਲਾਈਟਰ, ਮਾਚਿਸ, ਚਾਹ ਬਣਾਉਣ ਦਾ ਸਾਮਾਨ ਰੱਖੋ।
* ਬਾਥਰੂਮ ਵਿਚ ਵੱਖਰੇ ਕੂੜੇਦਾਨ, ਵਾਈਪਰ ਆਦਿ ਰੱਖੋ।
* ਘਰੇਲੂ ਕੰਮ ਕਰਨ ਲੱਗੇ ਕਦੇ ਵੀ ਕਾਹਲੀ ਨਾ ਕਰੋ ਅਤੇ ਹਰ ਕੰਮ ਵਿਚ ਹੜਬੜੀ ਨਾ ਦਿਖਾਓ। ਇਸ ਤਰ੍ਹਾਂ ਕੰਮ ਕਰਨ ਨਾਲ ਥਕਾਵਟ ਬਹੁਤ ਹੁੰਦੀ ਹੈ।
* ਪਿਆਰ ਅਤੇ ਸਹੀ ਤਰੀਕੇ ਨਾਲ ਘਰੇਲੂ ਕੰਮ ਕਰਨ ਨਾਲ ਕੰਮਕਾਜੀ ਤੇ ਘਰੇਲੂ ਔਰਤਾਂ ਥੱਕਦੀਆਂ ਨਹੀਂ ਅਤੇ ਉਨ੍ਹਾਂ ਦਾ ਗ੍ਰਹਿਸਥ ਜੀਵਨ ਵੀ ਸੁਖਮਈ ਰਹਿੰਦਾ ਹੈ।


-ਲੱਕੀ ਨਿਵਾਸ, 61-ਏ, ਵਿੱਦਿਆ ਨਗਰ, ਪਟਿਆਲਾ। ਮੋਬਾ: 94638-19174


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX