ਤਾਜਾ ਖ਼ਬਰਾਂ


ਸੰਘਣੀ ਧੁੰਦ ਕਾਰਨ ਵਾਪਰੇ ਹਾਦਸੇ ਵਿਚ 1 ਮੌਤ, 5 ਜ਼ਖਮੀ
. . .  17 minutes ago
ਮੋਗਾ, 17 ਜਨਵਰੀ - ਮੋਗਾ ਕੋਟਕਪੂਰਾ ਰੋਡ 'ਤੇ ਵਾਪਰੇ ਭਿਆਨਕ ਸੜਕ ਹਾਦਸੇ ਵਿਚ ਇਕ ਮੌਤ ਹੋ ਗਈ ਹੈ ਤੇ 5 ਹੋਰ ਜ਼ਖਮੀ ਹੋਏ ਹਨ। ਜ਼ਖਮੀਆਂ ਨੂੰ ਮੋਗਾ ਦੇ ਸਰਕਾਰੀ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ। ਇਹ ਹਾਦਸਾ ਸੰਘਣੀ ਧੁੰਦ ਕਾਰਨ ਵਾਪਰਿਆ...
ਅੱਜ ਡੇਰਾ ਸਿਰਸਾ ਮੁਖੀ ਨੂੰ ਛਤਰਪਤੀ ਕਤਲ ਮਾਮਲੇ 'ਚ ਹੋਵੇਗੀ ਸਜ਼ਾ
. . .  26 minutes ago
ਜਲੰਧਰ, 17 ਜਨਵਰੀ - ਪੱਤਰਕਾਰ ਰਾਮਚੰਦਰ ਛਤਰਪਤੀ ਦੇ ਕਤਲ ਮਾਮਲੇ 'ਚ ਅੱਜ ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ ਵੱਲੋਂ ਡੇਰਾ ਸਿਰਸਾ ਮੁਖੀ ਰਾਮ ਰਹੀਮ ਸਮੇਤ ਕ੍ਰਿਸ਼ਨ ਲਾਲ, ਨਿਰਮਲ ਸਿੰਘ ਤੇ ਕੁਲਦੀਪ ਸਿੰਘ ਨੂੰ ਸਜ਼ਾ ਸੁਣਾਈ ਜਾਵੇਗੀ। ਇਨ੍ਹਾਂ ਨੂੰ ਇਕੱਠੇ ਵੀਡੀਓ ਕਾਨਫਰੰਸਿੰਗ ਰਾਹੀਂ ਸਜ਼ਾ ਸੁਣਾਈ...
ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 'ਚ ਹੋਇਆ ਵਾਧਾ
. . .  44 minutes ago
ਨਵੀਂ ਦਿੱਲੀ, 17 ਜਨਵਰੀ - ਪੈਟਰੋਲ ਤੇ ਡੀਜਲ ਦੀਆਂ ਕੀਮਤਾਂ 'ਚ ਅੱਜ ਇਕ ਵਾਰ ਫਿਰ ਵਾਧਾ ਦੇਖਣ ਨੂੰ ਮਿਲਿਆ। ਰਾਜਧਾਨੀ ਦਿੱਲੀ 'ਚ ਪੈਟਰੋਲ ਦੀ ਕੀਮਤ 'ਚ 14 ਪੈਸੇ ਪ੍ਰਤੀ ਲੀਟਰ ਵਾਧਾ ਦਰਜ ਕੀਤਾ ਗਿਆ। ਇਸ ਨਾਲ ਪੈਟਰੋਲ ਦੀ ਕੀਮਤ 70.47 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਉੱਥੇ ਹੀ, ਰਾਜਧਾਨੀ...
ਅੱਜ ਦਾ ਵਿਚਾਰ
. . .  57 minutes ago
ਹੈੱਡ ਕਾਂਸਟੇਬਲ ਨੇ ਟ੍ਰੈਫਿਕ ਪੁਲਿਸ ਦੇ ਸਹਾਇਕ ਸਬ ਇੰਸਪੈਕਟਰ ਨੂੰ ਮਾਰੀ ਗੋਲੀ
. . .  1 day ago
ਡੇਰਾਬਸੀ , 16 ਜਨਵਰੀ ( ਸ਼ਾਮ ਸਿੰਘ ਸੰਧੂ)-ਡੇਰਾਬਸੀ ਪੁਲਿਸ ਸਟੇਸ਼ਨ ਵਿਖੇ ਇੱਕ ਹੈੱਡ ਕਾਂਸਟੇਬਲ ਨੇ ਟ੍ਰੈਫਿਕ ਪੁਲਿਸ ਡੇਰਾਬਸੀ ਦੇ ਇੰਚਾਰਜ ਸਹਾਇਕ ਸਬ ਇੰਸਪੈਕਟਰ ਲਖਵਿੰਦਰ ਸਿੰਘ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਹੈ
ਸੀਰੀਆ ਧਮਾਕੇ 'ਚ 30 ਨਾਗਰਿਕਾਂ ਦੀ ਮੌਤ
. . .  1 day ago
ਅਮਿੱਤ ਸ਼ਾਹ ਨੂੰ ਹੋਇਆ ਸਵਾਈਨ ਫਲੂ , ਏਮਜ਼ 'ਚ ਭਰਤੀ
. . .  1 day ago
ਨਵੀਂ ਦਿੱਲੀ ,16 ਜਨਵਰੀ - ਭਰਤੀ ਜਨਤਾ ਪਾਰਟੀ ਦੇ ਪ੍ਰਧਾਨ ਅਮਿੱਤ ਸ਼ਾਹ ਨੂੰ ਸਵਾਈਨ ਫਲੂ ਹੋਣ ਕਰਕੇ ਏਮਜ਼ 'ਚ ਭਰਤੀ ਕੀਤਾ ਗਿਆ ਹੈ।
'ਖੇਲੋ ਇੰਡੀਆ' 'ਚ ਬੁਢਲਾਡਾ ਤਹਿਸੀਲ ਦੀ ਪ੍ਰਦੀਪ ਕੌਰ ਨੇ ਜਿੱਤਿਆ ਕਾਂਸੇ ਦਾ ਮੈਡਲ
. . .  1 day ago
ਬੁਢਲਾਡਾ, 16 ਜਨਵਰੀ (ਸਵਰਨ ਸਿੰਘ ਰਾਹੀ) - ਮਹਾਰਾਸ਼ਟਰ ਦੇ ਪੁਣੇ 'ਚ ਚੱਲ ਰਹੀਆਂ 'ਖੇਲੋ ਇੰਡੀਆ' ਖੇਡਾਂ 'ਚ ਬੁਢਲਾਡਾ ਤਹਿਸੀਲ ਦੇ ਪਿੰਡ ਦੋਦੜਾ ਦੀ ਨਿਸ਼ਾਨੇਬਾਜ਼ ਪ੍ਰਦੀਪ ਕੌਰ ਸਿੱਧੂ ਨੇ 10 ਮੀਟਰ ਏਅਰ ਪਿਸਟਲ (ਮਿਕਸ) ਜੂਨੀਅਰ ਵਰਗ 'ਚ ਕਾਂਸੇ ਦਾ ਮੈਡਲ ਜਿੱਤ ਕੇ ਪਿੰਡ ਅਤੇ ਪੰਜਾਬ ਦਾ ਨਾਂਅ ਰੌਸ਼ਨ ਕੀਤਾ ਹੈ।
ਜਸਟਿਸ ਸੰਜੀਵ ਖੰਨਾ ਅਤੇ ਜਸਟਿਸ ਮਹੇਸ਼ਵਰੀ ਸੁਪਰੀਮ ਕੋਰਟ ਦੇ ਜੱਜ ਨਿਯੁਕਤ
. . .  1 day ago
ਨਵੀਂ ਦਿੱਲੀ, 16 ਜਨਵਰੀ - ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਦਿੱਲੀ ਹਾਈਕੋਰਟ ਦੇ ਚੀਫ਼ ਜਸਟਿਸ ਸੰਜੀਵ ਖੰਨਾ ਅਤੇ ਕਰਨਾਟਕ ਹਾਈਕੋਰਟ ਦੇ ਜੱਜ ਦਿਨੇਸ਼ ਮਹੇਸ਼ਵਰੀ ਨੂੰ ਸੁਪਰੀਮ ਕੋਰਟ ਦਾ...
ਤਾਮਿਲਨਾਡੂ ਦਾ ਡੀ ਗੁਕੇਸ਼ ਬਣਿਆ ਦੁਨੀਆ ਦਾ ਦੂਜਾ ਸਭ ਤੋਂ ਛੋਟੀ ਉਮਰ ਦਾ ਸ਼ਤਰੰਜ ਗ੍ਰੈਂਡਮਾਸਟਰ
. . .  1 day ago
ਚੇਨਈ, 16 ਜਨਵਰੀ - ਤਾਮਿਲਨਾਡੂ ਦਾ ਡੀ ਗੁਕੇਸ਼ ਦੁਨੀਆ ਦਾ ਦੂਜਾ ਸਭ ਤੋਂ ਛੋਟੀ ਉਮਰ ਦਾ ਸ਼ਤਰੰਜ ਗ੍ਰੈਂਡ ਮਾਸਟਰ ਬਣਿਆ ਹੈ। ਇਸ ਮੌਕੇ ਡੀ ਗੁਕੇਸ਼ ਨੇ ਆਪਣੇ ਮਾਤਾ ਪਿਤਾ, ਕੋਚ, ਦੋਸਤਾਂ...
ਹੋਰ ਖ਼ਬਰਾਂ..

ਬਾਲ ਸੰਸਾਰ

ਗਰੇਗਰ ਜਾਨ ਮੈਂਡਲ (ਅਨੁਵੰਸ਼ਿਕਤਾ ਦਾ ਪਿਤਾਮਾ)

ਬੱਚਿਓ, ਕੀ ਤੁਸੀਂ ਜਾਣਦੇ ਹੋ ਕਿ ਮੈਂਡਲ ਇਕ ਜਰਮਨ ਭਾਸ਼ਾਈ ਪਾਦਰੀ ਅਤੇ ਵਿਗਿਆਨੀ ਸੀ | ਉਨ੍ਹਾਂ ਨੂੰ ਅਨੁਵੰਸ਼ਿਕਤਾ ਦਾ ਪਿਤਾ ਵੀ ਕਿਹਾ ਜਾਂਦਾ ਹੈ | ਮਨੱੁਖ ਵਿਚ ਅਨੁਵੰਸ਼ਿਕਤਾ ਦੇ ਨਿਯਮ ਇਸ ਗੱਲ 'ਤੇ ਆਧਾਰਿਤ ਹਨ ਕਿ ਮਾਤਾ ਅਤੇ ਪਿਤਾ ਦੋਵੇਂ ਹੀ ਲਗਪਗ ਸਮਾਨ ਮਾਤਰਾ ਵਿਚ ਅਨੁਵੰਸ਼ਕ ਪਦਾਰਥ ਸੰਤਾਨ ਨੂੰ ਪ੍ਰਦਾਨ ਕਰਦੇ ਹਨ ਭਾਵ ਕਿ ਹਰ ਇਕ ਲੱਛਣ ਲਈ ਹਰ ਸੰਤਾਨ ਵਿਚ ਦੋ ਵਿਕਲਪ ਹੁੰਦੇ ਹਨ ਜਾਂ ਹੋਣਗੇ | ਮੈਂਡਲ ਦਾ ਜਨਮ ਆਸਟਰੇਲੀਆ ਦੇ ਮਾਰਵੀਆ ਦੇਸ਼ ਦੇ ਸਾਧਾਰਨ ਕਿਸਾਨ ਪਰਿਵਾਰ ਵਿਚ 22 ਜੁਲਾਈ, 1822 ਈ: ਨੂੰ ਹੋਇਆ | ਮਾਰਵੀਆ ਹੁਣ ਚੈਕੋਸਲੋਵਾਕੀਆ ਵਿਚ ਹੈ | ਬਚਪਨ ਵਿਚ ਮੈਂਡਲ ਖੇਤਾਂ ਵਿਚ ਪੌਦਿਆਂ ਦੀ ਦੇਖਭਾਲ ਕਰਦਾ ਸੀ ਅਤੇ ਇਸ ਕੰਮ ਵਿਚ ਉਸ ਨੂੰ ਬਹੁਤ ਖੁਸ਼ੀ ਮਿਲਦੀ ਸੀ | ਗ਼ਰੀਬ ਪਰਿਵਾਰ ਨਾਲ ਸਬੰਧਤ ਹੋਣ ਦੇ ਬਾਵਜੂਦ ਉਨ੍ਹਾਂ ਦੇ ਪਿਤਾ ਨੇ ਔਖ-ਸੌਖ ਨਾਲ 4 ਸਾਲ ਉਨ੍ਹਾਂ ਨੂੰ ਕਾਲਜ ਦੀ ਵਿੱਦਿਆ ਦਿਵਾਈ | 21 ਸਾਲ ਦੀ ਉਮਰ ਵਿਚ ਮੱਠ ਵਿਚ ਰਹਿੰਦੇ ਹੋਏ ਉਨ੍ਹਾਂ ਨੂੰ ਗਰੇਸਰ ਨਾਂਅ ਦੀ ਉਪਾਧੀ ਦਿੱਤੀ ਗਈ | ਮੱਠ ਵਿਚ ਸੇਵਾ ਨਿਭਾਉਂਦੇ ਹੋਏ ਧਾਰਮਿਕ ਵਿਚਾਰਾਂ ਦੇ ਨਾਲ-ਨਾਲ ਬਗ਼ੀਚੇ ਵਿਚ ਪੌਦਿਆਂ ਦੀ ਦੇਖਭਾਲ ਦਾ ਕੰਮ ਵੀ ਕਰਦੇ ਰਹੇ | ਵਿਗਿਆਨ ਵਿਚ ਉਨ੍ਹਾਂ ਦੀ ਰੁਚੀ ਦੇਖਦੇ ਹੋਏ ਉਨ੍ਹਾਂ ਨੂੰ ਉਚੇਰੀ ਸਿੱਖਿਆ ਲਈ ਵਿਆਨਾ ਵਿਸ਼ਵ ਵਿਦਿਆਲਿਆ ਭੇਜ ਦਿੱਤਾ ਗਿਆ | ਅਧਿਆਪਨ ਹਿਤ ਸਰਟੀਫ਼ਿਕੇਟ ਦੀ ਪ੍ਰੀਖਿਆ ਵਿਚ ਅਸਫਲ ਹੋਣਾ ਉਨ੍ਹਾਂ ਦੀ ਵਿਗਿਆਨਕ ਖੋਜ ਦੇ ਰੁਝਾਨ ਨੂੰ ਦਬਾਅ ਨਾ ਸਕਿਆ | ਉਹ ਆਪਣੀ ਮੋਨਾਸਟਰੀ ਵਿਚ ਆ ਗਏ ਅਤੇ ਮਟਰ ਦੇ ਪੌਦੇ 'ਤੇ ਪ੍ਰਯੋਗ ਕਰਨੇ ਸ਼ੁਰੂ ਕਰ ਦਿੱਤੇ | ਹੋਰ ਵਿਗਿਆਨੀਆਂ ਨੇ ਵੀ ਅਨੁਵੰਸ਼ਿਕਤਾ ਦੇ ਗੁਣਾਂ ਦਾ ਅਧਿਐਨ ਕੀਤਾ ਸੀ ਪਰ ਮੈਂਡਲ ਪਹਿਲੇ ਵਿਗਿਆਨੀ ਸਨ, ਜਿਨ੍ਹਾਂ ਨੇ ਹਰ ਇਕ ਪੀੜ੍ਹੀ ਦੇ ਇਕ-ਇਕ ਪੌਦੇ ਦੁਆਰਾ ਪ੍ਰਦਰਸ਼ਿਤ ਲੱਛਣਾਂ ਦਾ ਰਿਕਾਰਡ ਰੱਖਿਆ ਅਤੇ ਗਿਣਤੀ ਕੀਤੀ | ਇਸ ਤੋਂ ਉਨ੍ਹਾਂ ਨੂੰ ਅਨੁਵੰਸ਼ਿਕਤਾ ਦੇ ਨਿਯਮ ਨਿਰਧਾਰਤ ਕਰਨ ਵਿਚ ਸਹਾਇਤਾ ਮਿਲੀ |
ਮੈਂਡਲ ਨੇ ਮਟਰ ਦੇ ਪੌਦੇ ਦੇ ਅਨੇਕ ਵਿਰੋਧੀ ਲੱਛਣਾਂ ਦਾ ਅਧਿਐਨ ਕੀਤਾ | ਉਦਾਹਰਨ ਵਜੋਂ ਗੋਲ/ਝੁਰੜੀਦਾਰ ਬੀਜ, ਲੰਬੇ/ਬੌਣੇ ਪੌਦੇ, ਚਿੱਟੇ/ਬੈਂਗਣੀ ਫੱੁਲ ਆਦਿ | ਉਸ ਨੇ ਮਟਰ ਦੇ ਲੰਬੇ ਅਤੇ ਬੌਣੇ ਪੌਦਿਆਂ 'ਤੇ ਪ੍ਰਯੋਗ ਕੀਤਾ | ਇਸ ਤੋਂ ਪ੍ਰਾਪਤ ਪਹਿਲੀ ਪੀੜ੍ਹੀ ਵਿਚ ਲੰਬੇ ਅਤੇ ਬੌਣੇ ਪੌਦਿਆਂ ਦੀ ਪ੍ਰਤੀਸ਼ਤਤਾ ਦੀ ਗਣਨਾ ਕੀਤੀ | ਉਸ ਨੇ ਆਪਣਾ ਪਹਿਲਾ ਕੰਮ (ਪੇਪਰ) 1866 ਵਿਚ ਛਪਵਾਇਆ, ਜਿਸ ਵਿਚ ਕਿਸੇ ਵੀ ਗੁਣ ਲਈ ਉਸ ਦੇ ਵਿਰੋਧੀ ਕਾਰਕਾਂ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ, ਜਿਸ ਨੂੰ ਕਿ ਬਾਅਦ ਵਿਚ ਜੀਨਜ਼ ਦਾ ਨਾਂਅ ਦਿੱਤਾ ਗਿਆ ਪਰ ਕੋਈ ਉਨ੍ਹਾਂ ਦੀ ਗੱਲ ਨੂੰ ਸਮਝ ਨਾ ਸਕਿਆ | ਕੁਝ ਹਫਤੇ ਬਾਅਦ ਇਕ ਸਭਾ ਵਿਚ ਦੁਬਾਰਾ ਪੇਪਰ ਪੜਿ੍ਹਆ ਗਿਆ ਪਰ ਕਿਸੇ ਵਲੋਂ ਵੀ ਕੋਈ ਰੁਚੀ ਨਹੀਂ ਦਿਖਾਈ ਗਈ | ਆਖਰਕਾਰ ਨਿਰਾਸ਼ ਹੋ ਕੇ ਆਪਣੇ ਸਾਥੀਆਂ ਨੂੰ ਕਿਹਾ, 'ਮੇਰਾ ਸਮਾਂ ਇਕ ਦਿਨ ਜ਼ਰੂਰ ਆਵੇਗਾ |' ਮੱਠ ਦੇ ਐਬਟ ਚੁਣੇ ਜਾਣ ਤੋਂ ਬਾਅਦ ਮੱਠ ਦੇ ਕੰਮਾਂ ਵਿਚ ਲੱਗੇ ਰਹੇ ਅਤੇ ਆਖਰਕਾਰ ਜਨਵਰੀ, 1884 ਈ: ਨੂੰ ਦੁਨੀਆ ਨੂੰ ਸਦਾ ਲਈ ਅਲਵਿਦਾ ਕਹਿ ਗਏ | ਉਨ੍ਹਾਂ ਦੇ ਮਰਨ ਉਪਰੰਤ ਦੁਨੀਆ ਨੂੰ ਪਤਾ ਲੱਗਾ ਕਿ ਉਹ ਕਿੰਨੇ ਵੱਡੇ ਵਿਗਿਆਨੀ ਸੀ | 30 ਸਾਲ ਬਾਅਦ ਲੇਖ ਦੁਬਾਰਾ ਪ੍ਰਕਾਸ਼ਿਤ ਕੀਤਾ ਗਿਆ ਤੇ ਉਨ੍ਹਾਂ ਦੀਆਂ ਪ੍ਰਾਪਤੀਆਂ ਨੂੰ ਸਾਰੀ ਦੁਨੀਆ ਸਾਹਮਣੇ ਲਿਆਂਦਾ ਗਿਆ ਕਿ ਮੈਂਡਲ ਦੇ ਨਿਯਮ ਕੇਵਲ ਪੌਦਿਆਂ ਲਈ ਹੀ ਨਹੀਂ, ਜੰਤੂਆਂ ਅਤੇ ਮਨੱੁਖਾਂ ਲਈ ਵੀ ਸਹੀ ਹਨ |

-ਡੇਹਰੀਵਾਲਾ (ਅੰਮਿ੍ਤਸਰ) |


ਖ਼ਬਰ ਸ਼ੇਅਰ ਕਰੋ

ਬਾਲ ਕਹਾਣੀ: ਆਤਮਵਿਸ਼ਵਾਸ ਦਾ ਇਮਤਿਹਾਨ

ਰਣਵੀਰ ਸਿੰਘ ਦੂਜੀ ਜਮਾਤ ਦਾ ਸ਼ਰਾਰਤੀ ਬੱਚਾ ਸੀ | ਉਸ ਦਾ ਪਰਿਵਾਰ ਵਧੀਆ ਕਸਬੇ ਵਿਚ ਰਹਿੰਦਾ ਸੀ | ਉਹ ਦੋ ਭੈਣਾਂ ਦਾ ਲਾਡਲਾ ਇਕਲੌਤਾ ਛੋਟਾ ਭਰਾ ਸੀ | ਉਸ ਦੇ ਪਾਪਾ ਸਰਕਾਰੀ ਨੌਕਰੀ ਕਰਦੇ ਸਨ ਤੇ ਮੰਮੀ ਘਰ ਵਿਚ ਦੁਕਾਨ ਚਲਾਉਂਦੇ ਸਨ |
ਰਣਵੀਰ ਪਾਪਾ ਕੋਲੋਂ ਕੱੁਟ ਖਾਂਦਾ ਰਹਿੰਦਾ ਪਰ ਮੰਮੀ ਦਾ ਲੋੜ ਤੋਂ ਜ਼ਿਆਦਾ ਲਾਡ-ਪਿਆਰ ਉਸ ਨੂੰ ਮਿਲਦਾ ਸੀ | ਇਸ ਲਈ ਉਹ ਵਿਗੜਿਆ ਹੋਇਆ ਸੀ ਤੇ ਪੜ੍ਹਾਈ ਦਾ ਘੱਟ ਧਿਆਨ ਰੱਖਦਾ ਸੀ | ਉਸ ਨੂੰ ਕਾਰਟੂਨ ਦੇਖਣ ਦਾ ਬਹੁਤ ਜ਼ਿਆਦਾ ਸ਼ੌਕ ਸੀ | ਮੰਮੀ ਦੇ ਫੋਨ 'ਤੇ ਖੇਡਾਂ ਖੇਡਣੀਆਂ ਕਦੇ ਨਹੀਂ ਭੱੁਲਦਾ ਸੀ |
ਰਣਵੀਰ ਦੇ ਘਰ ਇਕ ਦਿਨ ਪ੍ਰਾਹੁਣੇ ਆਏ | ਉਨ੍ਹਾਂ ਰਣਵੀਰ ਦੀਆਂ ਗੱਲ੍ਹਾਂ ਛੋਹ ਲਈਆਂ | ਉਸ ਦਿਨ ਉਸ ਦੀ ਵੱਡੀ ਭੈਣ ਦੇ ਅੱਠਵੀਂ ਜਮਾਤ ਵਿਚੋਂ ਅੱਵਲ ਆਉਣ 'ਤੇ ਪਾਰਟੀ ਵੀ ਰੱਖੀ ਹੋਈ ਸੀ |
'ਰਣਵੀਰ ਕਿਥੇ ਹੈ?' ਉਸ ਦੀ ਭੂਆ ਨੇ ਕਿਹਾ |
'ਇਥੇ ਕਿਤੇ ਖੇਡਦਾ ਹੋਊ | ਇਕ ਜਗ੍ਹਾ ਟਿਕ ਕੇ ਤਾਂ ਕਦੇ ਨਹੀਂ ਬੈਠਦਾ', ਮੰਮੀ ਨੇ ਉੱਤਰ ਦਿੱਤਾ |
'ਟੀ. ਵੀ. ਬਹੁਤ ਉੱਚੀ ਲਾਉਂਦਾ ਤੇ ਫਿਰ ਪਾਪਾ ਤੋਂ ਕੱੁਟ ਵੀ ਖਾਂਦਾ', ਭੈਣ ਨੈਨਸੀ ਨੇ ਵੀ ਕਹਿ ਦਿੱਤਾ |
'ਉੱਚੀ ਆਵਾਜ਼ ਵਿਚ ਟੀ. ਵੀ. ਲਾ ਕੇ ਪੰਜਾਬੀ ਗਾਣੇ ਸੁਣਦਾ ਤੇ ਪੰਜਾਬੀ ਫਿਲਮਾਂ ਦੇਖਦਾ', ਮੰਮੀ ਨੇ ਗੱਲ ਪੂਰੀ ਕਰ ਦਿੱਤੀ |
'ਲਓ ਆ ਗਿਆ ਰਣਵੀਰ', ਵੱਡੀ ਭੈਣ ਹਰਮੀਤ ਨੇ ਉਸ ਨੂੰ ਆਉਂਦਿਆਂ ਦੇਖ ਕੇ ਕਿਹਾ |
'ਤੰੂ ਕੀ ਕਰਦੀ ਬਾਂਦਰੀ' ਕਹਿ ਕੇ ਉਸ ਨੇ ਕਾਪੀ ਚੱੁਕ ਕੇ ਹਰਮੀਤ ਦੇ ਮੰੂਹ 'ਤੇ ਸਭ ਦੇ ਸਾਹਮਣੇ ਮਾਰੀ |
'ਆਉਣ ਦੇ ਤੇਰੇ ਪਾਪਾ ਨੂੰ ਦੱਸਦੀ ਹਾਂ', ਮੰਮੀ ਦੇ ਝਿੜਕਣ 'ਤੇ ਉਹ ਥੋੜ੍ਹਾ ਡਰ ਗਿਆ |
'ਮੰਮੀ ਨੇ ਹੀ ਇਸ ਨੂੰ ਸਿਰ 'ਤੇ ਚੜ੍ਹਾਇਆ ਹੋਇਆ ਹੈ | ਇਹ ਮੰਮੀ ਦੇ ਵੀ ਮਾਰ ਦਿੰਦਾ', ਹਰਮੀਤ ਨੇ ਸ਼ਿਕਵਾ ਕੀਤਾ |
'ਬਹੁਤ ਗ਼ਲਤ ਗੱਲ ਹੈ, ਰਣਵੀਰ ਇਧਰ ਆ', ਭੂਆ ਨੇ ਕਿਹਾ |
'ਤੰੂ ਮੰਮੀ ਤੇ ਭੈਣਾਂ ਨਾਲ ਲੜਦਾ ਕਿਉਂ ਏਾ? ਸਿਆਣੇ ਬੱਚੇ ਇਸ ਤਰ੍ਹਾਂ ਨਹੀਂ ਕਰਦੇ', ਮਾਮੀ ਨੇ ਵੀ ਕਿਹਾ |
'ਮੈਂ ਕਦੋਂ ਲੜਦਾਂ?' ਉਸ ਨੇ ਲਾਪ੍ਰਵਾਹੀ ਨਾਲ ਕਿਹਾ |
'ਦੇਖੋ ਮਾਮੀ ਜੀ, ਝੂਠ ਵੀ ਬੋਲਦਾ | ਹੁਣੇ ਹੀ ਮੱੁਕਰ ਗਿਆ', ਨੈਨਸੀ ਨੇ ਕਿਹਾ |
'ਚੰਗਾ, ਦੱਸ ਤੇਰੇ ਦੋਸਤ ਕੌਣ-ਕੌਣ ਹਨ?' ਭੂਆ ਨੇ ਪੱੁਛਿਆ |
'ਕਮਲ, ਜਤਿੰਦਰ, ਹਾਂ ਰਾਕੇਸ਼ ਤੇ ਹੋਰ ਮਨਿੰਦਰ', ਉਸ ਨੇ ਉਂਗਲੀਆਂ 'ਤੇ ਦੂਜੇ ਹੱਥ ਦੀ ਉਂਗਲੀ ਮਾਰ-ਮਾਰ ਦੱਸਿਆ |
'ਅੱਛਾ, ਦੱਸ ਤੇਰਾ ਸਭ ਤੋਂ ਚੰਗਾ ਦੋਸਤ ਕੌਣ ਹੈ?' ਮਾਮੀ ਨੇ ਵੀ ਪੱੁਛ ਲਿਆ |
'ਜਤਿੰਦਰ', ਰਣਵੀਰ ਫਟਾਫਟ ਬੋਲ ਪਿਆ |
'ਜਤਿੰਦਰ ਚੰਗਾ ਕਿਉਂ ਹੈ?' ਭੂਆ ਨੇ ਪੱੁਛਿਆ |
'ਉਹ ਮੈਨੂੰ ਟਾਫ਼ੀਆਂ ਦਿੰਦਾ ਰੋਜ਼ ਤੇ ਬਿਸਕੁਟ ਵੀ', ਉਸ ਨੇ ਕੁਰਸੀ ਨੂੰ ਖਿੱਚਦੇ ਹੋਏ ਕਿਹਾ |
'ਤੈਨੂੰ ਕੋਈ ਕਹਾਣੀ ਆਉਂਦੀ?' ਮਾਮੀ ਨੇ ਪੱੁਛਿਆ, 'ਅੱਜ ਤੇਰਾ ਇਮਤਿਹਾਨ ਹੈ |'
ਰਣਵੀਰ ਆਪਣੀ ਮੰਮੀ ਵੱਲ ਦੇਖਣ ਲੱਗਾ ਤੇ ਫਿਰ ਕੁਝ ਸੋਚ ਕੇ ਕਹਿਣ ਲੱਗਾ, 'ਹਾਂ |' ਤੇ ਉਸ ਨੇ ਬਹੁਤ ਵਧੀਆ ਸਿੱਖਿਆਦਾਇਕ ਕਹਾਣੀ ਸੁਣਾਉਣੀ ਸ਼ੁਰੂ ਕਰ ਦਿੱਤੀ | ਰਣਵੀਰ ਨੇ ਸਮਝਦਾਰ ਬੱਚਿਆਂ ਵਾਂਗ ਕਹਾਣੀ ਪੂਰੀ ਕੀਤੀ | ਸਭ ਨੂੰ ਕਹਾਣੀ ਬਹੁਤ ਪਸੰਦ ਆਈ | ਹੁਣ ਉਸ ਨੂੰ ਕਿਹਾ ਗਿਆ ਕਿ ਤੰੂ ਪੜ੍ਹਾਈ ਵੀ ਧਿਆਨ ਨਾਲ ਕਰਿਆ ਕਰ | ਮੰਮੀ ਤੇ ਭੈਣਾਂ ਨਾਲ ਐਵੇਂ ਲੜਿਆ ਨਾ ਕਰ | ਫਿਰ ਤੰੂ ਬੀਬਾ ਬੱਚਾ ਬਣ ਜਾਵੇਂਗਾ | ਭੈਣਾਂ ਤੋਂ ਵੀ ਚੰਗਾ | ਤੰੂ ਇਮਤਿਹਾਨ ਵਿਚ ਪਾਸ ਹੋਇਆ ਹੈਾ | ਤੇਰੇ ਵਿਚ ਵਿਸ਼ਵਾਸ ਵੀ ਹੈ | ਇਸ ਨੂੰ ਹੋਰ ਪੱਕਾ ਕਰ |' ਭੂਆ ਨੇ ਕਿਹਾ |
'ਠੀਕ ਹੈ ਭੂਆ ਜੀ', ਉਸ ਨੇ ਕਿਹਾ |

ਇਸ 'ਤੇ ਸਾਰੇ ਹੱਸ ਪਏ |
-ਮੱਲਾ ਸੰਤਪੁਰਾ, ਗਲੀ ਨੰ: 2, ਕਪੂਰਥਲਾ | ਮੋਬਾ: 98148-92249

ਪੂਛਲ ਤਾਰੇ ਦੀ ਪੂਛ ਕਿਉਂ ਹੁੰਦੀ ਹੈ?

ਪੁਰਾਣੇ ਸਮੇਂ ਤੋਂ ਹੀ ਰੂੜੀਵਾਦੀ ਪ੍ਰੰਪਰਾ ਵਿਚ ਰਹਿਣ ਵਾਲੇ ਲੋਕ ਹਮੇਸ਼ਾ ਹੀ ਵਹਿਮ-ਭਰਮ, ਜਾਦੂ-ਟੂਣਿਆਂ ਵਿਚ ਵਿਸ਼ਵਾਸ ਕਰਦੇ ਆਏ ਹਨ | ਅਜਿਹੇ ਲੋਕ ਕੁਦਰਤ ਦੇ ਨਿਯਮਾਂ ਤੋਂ ਕੋਰੇ ਹਨ, ਜਿਸ ਕਰਕੇ ਉਹ ਸਮੇਂ-ਸਮੇਂ 'ਤੇ ਦਿਸਦੇ ਪੂਛਲ ਤਾਰਿਆਂ ਤੇ ਸੂਰਜ ਗ੍ਰਹਿਣ ਤੋਂ ਡਰਦੇ ਆ ਰਹੇ ਹਨ | ਅਸਮਾਨ ਵਿਚ ਕਈ ਤਰ੍ਹਾਂ ਦੇ ਤਾਰੇ ਹਨ, ਜਿਨ੍ਹਾਂ 'ਚੋਂ ਕਈ ਤਾਰੇ ਪ੍ਰਗਟ ਹੋ ਜਾਂਦੇ ਹਨ, ਫਿਰ ਇਨ੍ਹਾਂ ਦੀ ਚਮਕ ਵਧ ਜਾਂਦੀ ਹੈ ਤੇ ਹੌਲੀ-ਹੌਲੀ ਇਹ ਅਲੋਪ ਹੋ ਜਾਂਦੇ ਹਨ | ਪੂਛਲ ਤਾਰੇ ਚਮਕਦਾਰ ਗੋਲਾਕਾਰ ਰੂਪ ਵਿਚ ਹੁੰਦੇ ਹਨ | ਇਨ੍ਹਾਂ ਦੇ ਦੂਸਰੇ ਪਾਸੇ ਲੰਬੀ ਧੁੰਦਲੀ ਜਿਹੀ ਪੂਛ ਹੁੰਦੀ ਹੈ | ਇਸ ਪੂਛ ਕਰਕੇ ਹੀ ਇਨ੍ਹਾਂ ਨੂੰ ਪੂਛਲ ਤਾਰਾ ਜਾਂ ਬੋਦੀ ਵਾਲਾ ਤਾਰਾ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ | ਪੂਛਲ ਤਾਰੇ ਦੀ ਪੂਛ ਹਮੇਸ਼ਾ ਹੀ ਸੂਰਜ ਤੋਂ ਉਲਟੀ ਦਿਸ਼ਾ ਵੱਲ ਹੁੰਦੀ ਹੈ | ਆਓ! ਜਾਣੀਏ ਪੂਛਲ ਤਾਰੇ ਦੀ ਪੂਛ ਕਿਉਂ ਹੁੰਦੀ ਹੈ?
ਬਰਫ਼ ਤੇ ਧੂੜ ਕਣਾਂ ਦਾ ਬਣਿਆ ਇਕ ਛੋਟਾ ਪੁਲਾੜੀ ਪਿੰਡ ਜਦੋਂ ਆਪਣੇ ਰਸਤੇ 'ਤੇ ਚਲਦਾ ਹੋਇਆ ਸੂਰਜ ਦੇ ਨੇੜੇ ਆਉਂਦਾ ਹੈ ਤਾਂ ਉਸ ਵਿਚ ਜੰਮੀ ਹੋਈ ਬਰਫ਼ ਵਾਸ਼ਪ ਕਣਾਂ ਵਿਚ ਬਦਲ ਜਾਂਦੀ ਹੈ, ਫਿਰ ਵਾਸ਼ਪ ਤੇ ਧੂੜ ਦੇ ਕਣ ਇਸ ਤੋਂ ਵੱਖਰੇ ਹੋ ਜਾਂਦੇ ਹਨ ਤੇ ਸੂਰਜ ਤੋਂ ਉਲਟੀ ਦਿਸ਼ਾ ਵੱਲ ਪੂਛ ਦਾ ਰੂਪ ਧਾਰਨ ਕਰ ਲੈਂਦੇ ਹਨ | ਇਸ ਤਰ੍ਹਾਂ ਇਹ ਪੂਛ ਸਾਨੂੰ ਨਜ਼ਰ ਆਉਂਦੀ ਹੈ | ਇਹ ਦੁੱਧ ਚਿੱਟੀ ਧੁੰਦ ਵਾਂਗ ਪੁਲਾੜ 'ਚ ਫੈਲੀ ਹੋਈ ਪੂਛ ਕਈ ਵਾਰ ਲੱਖਾਂ ਮੀਲ ਲੰਬੀ ਹੋ ਜਾਂਦੀ ਹੈ ਤੇ ਧਰਤੀ ਤੋਂ ਦੇਖਣ ਵਾਲੇ ਵਿਅਕਤੀ ਲਈ ਬਹੁਤ ਅਦਭੁੱਤ ਨਜ਼ਾਰਾ ਪੇਸ਼ ਕਰਦੀ ਹੈ | ਇਸ ਦੇ ਚੱਲਣ ਦਾ ਰਸਤਾ ਐਲਿਪਟੀਕਲ ਹੁੰਦਾ ਹੈ | ਪੂਛਲ ਤਾਰੇ ਦੇ ਤਿੰਨ ਮੁੱਖ ਭਾਗ ਹੁੰਦੇ ਹਨ-ਨਾਭਿਕ, ਕੌਮਾ ਤੇ ਪੂਛ | ਐਡਮੰਡ ਹੈਲੇ (1656-1742) ਇੰਗਲੈਂਡ ਦਾ ਪ੍ਰਸਿੱਧ ਵਿਗਿਆਨੀ ਸੀ, ਜਿਸ ਨੇ ਸੰਨ 1682 ਵਿਚ ਚਮਕਦਾਰ ਦੁਮਦਾਰ ਪੂਛਲ ਤਾਰੇ ਬਾਰੇ ਵਿਸਥਾਰਤ ਜਾਣਕਾਰੀ ਦਿੱਤੀ ਸੀ | ਹੈਲੇ ਦੇ ਦੱਸੇ ਸਮੇਂ ਮੁਤਾਬਕ ਇਹ ਤਾਰਾ ਸੰਨ 1758 ਵਿਚ ਦਿਖਾਈ ਦਿੱਤਾ ਸੀ ਪਰ ਉਦੋਂ ਹੈਲੇ ਦੀ ਮੌਤ ਹੋ ਚੁੱਕੀ ਸੀ |
ਇਹ ਤਾਰਾ 'ਹੈਲੇ ਦਾ ਪੂਛਲ ਤਾਰਾ' ਦੇ ਨਾਂਅ ਨਾਲ ਮਸ਼ਹੂਰ ਹੋਇਆ ਸੀ | ਹੈਲੇ ਦੀ ਗਿਣਤੀ ਮੁਤਾਬਕ ਇਹ ਤਾਰਾ 75-76 ਸਾਲਾਂ ਦੀ ਪਰਿਕਰਮਾ ਮਗਰੋਂ ਫਿਰ ਸੰਨ 1835, 1910, 1986 ਵਿਚ ਨਜ਼ਰ ਆਇਆ ਸੀ ਤੇ 28 ਜੁਲਾਈ, 2061 ਨੂੰ ਇਹ ਫਿਰ ਨਜ਼ਰ ਆਵੇਗਾ | ਅਮਰੀਕਾ ਦੇ ਵਿਗਿਆਨੀ ਫਰੈਂਡ ਲਾਰੈਂਲ ਵਹਿਪਾਲ ਨੇ ਤਾਰਿਆਂ ਦੀ ਰਚਨਾ ਬਾਰੇ ਜਾਣਕਾਰੀ ਦਿੱਤੀ ਕਿ ਪੂਛਲ ਤਾਰਾ ਬਰਫ਼ ਵਰਗੇ ਪਦਾਰਥਾਂ ਤੋਂ ਬਣਿਆ ਹੈ, ਜੋ ਵੱਧ ਤਾਪਮਾਨ ਤੇ ਵਾਸ਼ਪ ਵਿਚ ਬਦਲ ਜਾਂਦੇ ਹਨ | ਬਰਫ਼ ਦੇ ਨਾਲ-ਨਾਲ ਉਸ ਵਿਚ ਕਾਰਬਨ ਡਾਈਆਕਸਾਈਡ, ਅਮੋਨੀਆ, ਮੀਥੇਨ, ਹਾਈਡ੍ਰੋਜਨ ਤੇ ਸਾਈਨਾਈਡ ਹੋ ਸਕਦੇ ਹਨ | ਪੂਛਲ ਤਾਰਿਆਂ ਤੇ ਟੁੱਟਦੇ ਤਾਰਿਆਂ ਨੂੰ ਅੱਜ ਵੀ ਕਈ ਵਹਿਮਾਂ-ਭਰਮਾਂ 'ਚ ਫਸੇ ਲੋਕ ਕਾਲ ਦਾ ਦੂਤ ਹੀ ਮੰਨਦੇ ਹਨ ਪਰ ਵਿਗਿਆਨੀ ਅਜਿਹੀਆਂ ਗੱਲਾਂ ਨੂੰ ਨਹੀਂ ਮੰਨਦੇ | ਆਓ! ਅਸੀਂ ਸਾਰੇ ਬਿਨਾਂ ਕਿਸੇ ਵਹਿਮ-ਭਰਮ ਤੋਂ ਆਉਣ ਵਾਲੇ ਸਮੇਂ 'ਚ ਹੈਲੇ ਦੇ ਪੂਛਲ ਤਾਰੇ ਦੀ ਲੰਮੀ ਪੂਛ ਦੇਖਣ ਦੀ ਤਿਆਰੀ ਕਰੀਏ |

-ਪਿੰਡ ਸੋਹੀਆਂ, ਡਾਕ: ਚੀਮਾ ਖੁੱਡੀ, ਜ਼ਿਲ੍ਹਾ ਗੁਰਦਾਸਪੁਰ |

ਚੁਟਕਲੇ

• ਇਕ ਵਾਰ ਇਕ ਮੋਟੀ ਔਰਤ ਡਾਕਟਰ ਕੋਲ ਗਈ |
ਔਰਤ-ਡਾਕਟਰ ਸਾਹਿਬ, ਮੈਂ ਸੁਣਿਆ ਕਿ ਖੇਡਣ ਨਾਲ ਭਾਰ ਘਟ ਜਾਂਦੈ |
ਡਾਕਟਰ-ਹਾਂ ਜੀ, ਸਹੀ ਸੁਣਿਆ ਤੁਸੀਂ |
ਔਰਤ-ਪਰ ਮੈਨੂੰ ਤਾਂ ਕੋਈ ਫਰਕ ਨਹੀਂ ਪਿਆ |
ਡਾਕਟਰ-ਕੀ ਖੇਡ ਖੇਡਦੇ ਓ ਤੁਸੀਂ?
ਔਰਤ-ਕਾਂ ਉੱਡ, ਚਿੜੀ ਉੱਡ |
• ਇਕ ਵਾਰ ਇਕ ਬੱਸ ਵਿਚ ਆਦਮੀ ਚੜਿ੍ਹਆ | ਉਸ ਨੇ ਦੇਖਿਆ ਬੱਸ ਵਿਚ ਭੀੜ ਜ਼ਿਆਦਾ ਸੀ ਤੇ ਕਹਿੰਦਾ 'ਬੱਸ ਤਾਂ ਚਿੜੀਆਘਰ ਬਣਿਆ ਪਿਆ |' ਅੱਗਿਓਾ ਇਕ ਔਰਤ ਬੋਲੀ 'ਇਕ ਉੱਲੂ ਦੀ ਘਾਟ ਸੀ, ਉਹ ਵੀ ਪੂਰੀ ਹੋ ਗਈ |'
• ਬੈਂਕ ਦੇ ਬਾਹਰ ਬੜੀ ਭੀੜ ਸੀ | ਇਕ ਆਦਮੀ ਵਾਰ-ਵਾਰ ਅੱਗੇ ਜਾਣ ਦੀ ਕੋਸ਼ਿਸ਼ ਕਰ ਰਿਹਾ ਸੀ ਅਤੇ ਲਾਈਨ ਵਿਚ ਖੜ੍ਹੇ ਆਦਮੀ ਉਸ ਦੀ ਬਾਂਹ ਫੜ ਕੇ ਪਿੱਛੇ ਖਿੱਚ ਲੈਂਦੇ | ਪੰਜ-ਛੇ ਵਾਰ ਇਸੇ ਤਰ੍ਹਾਂ ਹੀ ਹੋਇਆ ਤਾਂ ਅੱਕ ਕੇ ਉਹ ਆਦਮੀ ਜੋ ਬੈਂਕ ਮੈਨੇਜਰ ਸੀ, ਕਹਿੰਦਾ ਜੋ ਮਰਜ਼ੀ ਕਰ ਲਵੋ, ਅੱਜ ਮੈਂ ਬੈਂਕ ਹੀ ਨਹੀਂ ਖੋਲ੍ਹਣਾ |
• ਇਕ ਪਤੀ-ਪਤਨੀ ਮੰਦਰ ਮੱਥਾ ਟੇਕਣ ਗਏ |
ਪਤੀ-ਤੂੰ ਭਗਵਾਨ ਤੋਂ ਕੀ ਮੰਨਤ ਮੰਗੀ?
ਪਤਨੀ-ਮੈਂ ਤੁਹਾਡੇ ਨਾਲ ਸੱਤ ਜਨਮਾਂ ਤੱਕ ਸਾਥ ਨਿਭਾਉਣ ਲਈ ਮੰਨਤ ਮੰਗੀ ਏ | ਤੇ ਤੁਸੀਂ ਕੀ ਮੰਨਤ ਮੰਗੀ ਏ?
ਪਤੀ-ਕਾਸ਼ ਇਹ ਸਾਡਾ ਆਖਰੀ ਜਨਮ ਹੋਵੇ |

-ਮਨਜੀਤ ਪਿਓਰੀ ਗਿੱਦੜਬਾਹਾ
ਨੇੜੇ ਭਾਰੂ ਗੇਟ, ਗਿੱਦੜਬਾਹਾ | ਮੋਬਾ: 94174-47986

ਬਾਲ ਨਾਵਲ-95: ਖੱਟੀਆਂ-ਮਿੱਠੀਆਂ ਗੋਲੀਆਂ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਅੰਮਿ੍ਤਸਰ ਆ ਕੇ ਹਰੀਸ਼ ਨੇ ਸਿਧਾਰਥ ਨਾਲ ਜਾ ਕੇ ਇਕ ਸਕੂਟਰ ਖਰੀਦ ਲਿਆ | ਘਰ ਤੋਂ ਹਸਪਤਾਲ ਦੂਰ ਹੋਣ ਕਰਕੇ ਅਤੇ ਇਧਰ-ਉਧਰ ਜਾਣ ਲਈ ਸਕੂਟਰ ਉਸ ਲਈ ਜ਼ਰੂਰੀ ਸੀ |
ਇਕ ਦਿਨ ਸ਼ਾਮੀਂ ਘਰ ਆ ਕੇ ਉਹ ਘੁੰਮਣ-ਫਿਰਨ ਲਈ ਨਿਕਲ ਗਿਆ | ਉਹ ਸ਼ਹਿਰ ਵਾਲੇ ਪਾਸੇ ਚਲਾ ਗਿਆ, ਜਿਥੇ ਉਹ ਕਦੇ ਰਹਿੰਦਾ ਸੀ | ਉਸ ਨੇ ਸਕੂਟਰ ਇਕ ਖੱੁਲ੍ਹੀ ਜਿਹੀ ਥਾਂ 'ਤੇ ਲਗਾ ਦਿੱਤਾ ਅਤੇ ਆਪ ਪਹਿਲਾਂ ਉਸ ਗਲੀ ਵਿਚ ਗਿਆ, ਜਿਥੇ ਉਸ ਦਾ ਘਰ ਹੁੰਦਾ ਸੀ | ਉਥੋਂ ਚੱਕਰ ਲਗਾ ਕੇ ਉਸ ਨੇ ਸਕੂਟਰ ਉਥੇ ਹੀ ਖੜ੍ਹਾ ਰਹਿਣ ਦਿੱਤਾ ਅਤੇ ਆਪ ਪੈਦਲ ਹੀ ਉਨ੍ਹਾਂ ਗਲੀਆਂ-ਬਾਜ਼ਾਰਾਂ ਵੱਲ ਚੱਕਰ ਮਾਰਿਆ, ਜਿਨ੍ਹਾਂ ਵਿਚ ਉਹ ਗੋਲੀਆਂ-ਟੌਫੀਆਂ ਵੇਚਦਾ ਸੀ |
ਇਕ ਗਲੀ ਵਿਚ ਜਾ ਕੇ ਉਹ ਕੁਝ ਲੱਭਣ ਲੱਗਾ | ਅਖੀਰ ਉਹ ਇਕ ਘਰ ਦੇ ਅੱਗੇ ਜਾ ਕੇ ਰੁਕ ਗਿਆ | ਉਸ ਨੇ ਉਸ ਘਰ ਦਾ ਦਰਵਾਜ਼ਾ ਖੜਕਾਇਆ | ਜਦੋਂ ਦਰਵਾਜ਼ਾ ਖੱੁਲਿ੍ਹਆ ਤਾਂ ਅੱਗੇ ਮਨਜੀਤ ਦੇ ਮੰਮੀ ਜੀ ਖੜ੍ਹੇ ਸਨ | ਉਹ ਹਰੀਸ਼ ਨੂੰ ਅਚਾਨਕ ਦੇਖ ਕੇ ਖੁਸ਼ੀ ਦੇ ਨਾਲ-ਨਾਲ ਹੈਰਾਨ ਹੁੰਦੇ ਹੋਏ ਬੋਲੇ, 'ਵਾਹ! ਵਾਹ!! ਇਹ ਤਾਂ ਕਮਾਲ ਕਰ ਦਿੱਤੀ, ਬੇਟਾ |'
ਹਰੀਸ਼ ਮੰਮੀ ਜੀ ਦੇ ਪੈਰਾਂ ਨੂੰ ਹੱਥ ਲਾਉਂਦਾ ਹੋਇਆ ਕਹਿਣ ਲੱਗਾ, 'ਮਨਜੀਤ ਕੋਲੋਂ ਫੋਨ 'ਤੇ ਤਾਂ ਤੁਹਾਡਾ ਦੋ-ਤਿੰਨ ਵਾਰੀ ਹਾਲ ਪੱੁਛਿਆ ਸੀ ਪਰ ਮੈਂ ਸੋਚਿਆ ਕਿ ਤੁਹਾਨੂੰ ਆਪ ਮਿਲ ਕੇ ਸਾਰਾ ਹਾਲ-ਚਾਲ ਪਤਾ ਕਰਾਂ |'
'ਤੰੂ ਤਾਂ ਬੇਟਾ, ਮੈਨੂੰ ਦੁਬਾਰਾ ਤੁਰਨ-ਫਿਰਨ ਜੋਗੀ ਕਰ ਦਿੱਤੈ | ਅੱਛਾ ਇਹ ਦੱਸ ਕਿ ਤੰੂ ਦਿੱਲੀ ਤੋਂ ਕਦੋਂ ਆਇਐਾ?'
'ਦਿੱਲੀ ਤੋਂ ਆਇਆਂ ਤਾਂ ਮੈਨੂੰ ਮਹੀਨਾ ਹੋ ਗਿਐ |'
'ਹੱਛਾ? ਤੰੂ ਪਹਿਲਾਂ ਮਿਲਣ ਕਿਉਂ ਨਹੀਂ ਆਇਆ?'
'ਦਰਅਸਲ ਮੈਂ ਹੁਣ ਪੱਕਾ ਹੀ ਤੁਹਾਡੇ ਕੋਲ ਆ ਗਿਆ ਹਾਂ | ਬਾਈਪਾਸ ਵਾਲੇ ਪਾਸੇ ਜਿਹੜਾ ਵੱਡਾ ਹਸਪਤਾਲ ਬਣਿਐ, ਉਥੇ ਮੈਂ ਨੌਕਰੀ ਕਰ ਲਈ ਏ |'
'ਇਹ ਤਾਂ ਬੜਾ ਹੀ ਚੰਗਾ ਕੀਤਾ ਏ ਕਿ ਆਪਣੇ ਸ਼ਹਿਰ ਆ ਗਿਆ ਏਾ | ਸਾਨੂੰ ਵੀ ਸਾਰਿਆਂ ਨੂੰ ਸਹੂਲਤ ਹੋ ਜਾਵੇਗੀ', ਮੰਮੀ ਜੀ ਨੇ ਹਰੀਸ਼ ਦੀ ਪਿੱਠ ਪਲੋਸਦਿਆਂ ਕਿਹਾ |
'ਇਸੇ ਕਰਕੇ ਤੇ ਆਇਆਂ ਹਾਂ', ਹਰੀਸ਼ ਘੜੀ ਦੇਖਦਾ ਹੋਇਆ ਪੱੁਛਣ ਲੱਗਾ, 'ਮਨਜੀਤ ਨਹੀਂ ਆਇਆ ਅਜੇ?'
'ਨਹੀਂ, ਉਹ ਥੋੜ੍ਹਾ ਲੇਟ ਹੀ ਆਉਂਦੈ |'
'ਮੈਂ ਚਲਦਾ ਹਾਂ, ਫੇਰ ਕਿਸੇ ਦਿਨ ਆਵਾਂਗਾ', ਕਹਿੰਦਾ ਹੋਇਆ ਹਰੀਸ਼ ਖੜ੍ਹਾ ਹੋ ਗਿਆ |
'ਇਸ ਤਰ੍ਹਾਂ ਕਿਵੇਂ ਜਾਏਾਗਾ? ਨਾ ਕੁਝ ਖਾਧਾ, ਨਾ ਪੀਤਾ | ਤੰੂ ਪੰਜ-ਸੱਤ ਮਿੰਟ ਬੈਠ, ਮੈਂ ਹੁਣੇ ਚਾਹ ਬਣਾਉਂਦੀ ਹਾਂ... |'
'ਨਹੀਂ ਮੰਮੀ ਜੀ, ਮੈਂ ਅੱਜ ਨਹੀਂ, ਫੇਰ ਕਿਸੇ ਦਿਨ ਆ ਕੇ ਚਾਹ ਪੀਵਾਂਗਾ |' (ਚਲਦਾ)

-404, ਗ੍ਰੀਨ ਐਵੇਨਿਊ, ਅੰਮਿ੍ਤਸਰ-143001. ਮੋਬਾ: 98889-24664

ਬੁਝਾਰਤ-31

ਕਦੇ ਮੈਂ ਅਦਭੁਤ ਚੀਜ਼ ਸੀ ਹੁੰਦਾ
ਮੈਨੂੰ ਪਾਉਂਦਾ ਸੀ ਕੋਈ ਬੰਦਾ
ਅੱਜਕਲ੍ਹ ਸਭ ਦੀ ਜੇਬ ਵਿਚ ਹਾਂ
ਬਦਲੇ ਹੋਏ ਭੇਸ ਵਿਚ ਹਾਂ
ਵੱਡਿਆਂ-ਵੱਡਿਆਂ ਦੇ ਪਰਦੇ ਖੋਲ੍ਹਾਂ
ਸੱਚ ਕਹਿਣੋਂ ਮੈਂ ਨਾ ਡੋਲਾਂ
ਚੰਗੇ-ਮੰਦੇ ਦਾ ਬਣਾਂ ਗਵਾਹ
ਕਿਸੇ ਦੀ ਵੀ ਨਾ ਕਰਾਂ ਪ੍ਰਵਾਹ
ਜਿਹੜੇ ਆਪਣਾ ਦੋਸ਼ ਨਾ ਮੰਨੇ
ਕਈ ਦੋਸ਼ੀ ਮੈਂ ਜੇਲ੍ਹ 'ਚ ਤੁੰਨੇ
ਕਈਆਂ ਲਈ ਮੈਂ ਹਾਂ ਸੌਗਾਤ
ਭਲੂਰੀਏ ਦੀ ਹੁਣ ਬੁੱਝੋ ਬਾਤ
ਅੰਕਲ ਜੀ ਜੋ ਬਾਤ ਹੈ ਪਾਈ
ਅਜੇ ਤਾਂ ਸਾਡੇ ਸਮਝ ਨਾ ਆਈ
ਜੇਕਰ ਬਾਤ ਹੈ ਲਗਦੀ ਔਖੀ
ਕਰ ਦਿਨੈਂ ਮੈਂ ਹੋਰ ਵੀ ਸੌਖੀ
ਹਰ ਅਮੀਰ-ਗਰੀਬ ਹੈ ਚਾਹੁੰਦਾ
ਹਰ ਵਿਆਹ ਵਿਚ ਹਾਜ਼ਰ ਹੁੰਦਾ
-0-
ਸਰ ਜੀ ਥੋਡੀ ਬੁੱਝ ਲਈ ਬਾਤ
'ਕੈਮਰਾ' ਹੁੰਦਾ ਵਿਚ ਬਰਾਤ |

-ਜਸਵੀਰ ਸਿੰਘ ਭਲੂਰੀਆ
ਪਿੰਡ ਤੇ ਡਾਕ: ਭਲੂਰ (ਮੋਗਾ) | ਮੋਬਾ: 99159-95505

ਬਾਲ ਸਾਹਿਤ

ਕੁਕੜੂੰ ਘੜੂੰ
ਲੇਖਕ : ਮਨਮੋਹਨ ਸਿੰਘ ਬਾਸਰਕੇ
ਪ੍ਰਕਾਸ਼ਕ : ਆਜ਼ਾਦ ਬੁੱਕ ਡੀਪੂ, ਅੰਮਿ੍ਤਸਰ |
ਪੰਨੇ : 40, ਮੁੱਲ : 70 ਰੁਪਏ
ਸੰਪਰਕ : 99147-16616
'ਕੁਕੜੂੰ ਘੜੂੰ' ਮਨਮੋਹਨ ਸਿੰਘ ਬਾਸਰਕੇ ਦਾ ਬਾਲ ਕਾਵਿ-ਸੰਗ੍ਰਹਿ ਹੈ, ਜਿਸ ਵਿਚ ਵਣ ਮਹਾਂਉਤਸਵ, ਸਫਾਈ, ਕੁਲਫ਼ੀ, ਗਾਂ, ਕਾਰ, ਬੱਸ, ਕੁਕੜੂੰ ਘੜੂੰ, ਸਕੂਲ, ਛੁੱਟੀਆਂ ਅਤੇ ਰਿਸ਼ਤਿਆਂ ਨਾਤਿਆਂ ਆਦਿ ਵਿਸ਼ਿਆਂ ਬਾਰੇ ਕੁੱਲ 30 ਕਵਿਤਾਵਾਂ ਅੰਕਿਤ ਹਨ | ਬਾਸਰਕੇ ਦੀ ਧਾਰਨਾ ਹੈ ਕਿ ਜੀਵਨ ਵਿਚ ਸ਼ੁੱਧ ਵਾਤਾਵਰਨ ਦਾ ਬਹੁਤ ਮਹੱਤਵ ਹੈ | ਜੇਕਰ ਮਨੁੱਖ ਇਸ ਤੋਂ ਲਾਪ੍ਰਵਾਹ ਹੁੰਦਾ ਗਿਆ ਤਾਂ ਉਹ ਦਿਨ ਦੂਰ ਨਹੀਂ ਜਦੋਂ ਸਾਹ ਲੈਣਾ ਔਖਾ ਹੋ ਜਾਵੇਗਾ ਅਤੇ ਮਨੁੱਖੀ ਹੋਂਦ ਖ਼ਤਰੇ ਵਿਚ ਪੈ ਜਾਵੇਗੀ | ਆਪਣੀ ਇਕ ਕਵਿਤਾ 'ਰੁੱਖ ਲਗਾਓ' ਵਿਚ ਉਹ ਲਿਖਦਾ ਹੈ :
ਜੇ ਲੈਣਾ ਸ਼ੁੱਧ ਹਵਾ 'ਚ ਸਾਹ |
ਮੇਰੀ ਮੰਨ ਲਓ ਤੁਸੀਂ ਸਲਾਹ |
ਵਾਤਾਵਰਨ ਨੂੰ ਸ਼ੁੱਧ ਬਣਾਓ
ਸਾਰੇ ਮਿਲ ਕੇ ਰੁੱਖ ਲਗਾਓ | (ਪੰਨਾ 12)
ਇਸ ਕਾਵਿ-ਸੰਗ੍ਰਹਿ ਵਿਚ ਪ੍ਰਸਤੁਤ 'ਛੁੱਟੀਆਂ ਵਿਚ', 'ਮਦਾਰੀ ਆਇਆ', 'ਕੁਕੜੂੰ ਘੜੂੰ, 'ਵਾਢੀ ਆਈ' ਆਦਿ ਕਵਿਤਾਵਾਂ ਰਾਹੀਂ ਬਾਲ-ਪਾਠਕਾਂ ਨੂੰ ਪੇਂਡੂ ਸੱਭਿਆਚਾਰ ਦੇ ਦਰਸ਼ਨ ਵੀ ਹੁੰਦੇ ਹਨ ਅਤੇ ਸਮਾਜਿਕ ਬੁਰਾਈਆਂ ਨਾਲ ਟੱਕਰ ਲੈਣ ਦੀ ਪ੍ਰੇਰਨਾ ਵੀ ਮਿਲਦੀ ਹੈ | ਕੁੱਲ ਮਿਲਾ ਕੇ ਇਹ ਪੁਸਤਕ 8 ਤੋਂ 12 ਸਾਲਾਂ ਦੇ ਬੱਚਿਆਂ ਲਈ ਵਿਸ਼ੇਸ਼ ਤੌਰ 'ਤੇ ਪੜ੍ਹਨਯੋਗ ਹੈ | ਕਵਿਤਾਵਾਂ ਨਾਲ ਢੁਕਵੇਂ ਕੰਪਿਊਟਰੀਕਿ੍ਤ ਚਿੱਤਰ ਪੁਸਤਕ ਦੀ ਸ਼ੋਭਾ ਵਿਚ ਹੋਰ ਵੀ ਵਾਧਾ ਕਰਦੇ ਹਨ | ਕੁੱਲ ਮਿਲਾ ਕੇ ਪੁਸਤਕ ਪੜ੍ਹਨਯੋਗ ਹੈ ਅਤੇ ਬਾਲ-ਮਨਾਂ ਵਿਚ ਪੜ੍ਹਨ ਰੁਚੀਆਂ ਨੂੰ ਉਤਸ਼ਾਹਿਤ ਕਰਦੀ ਹੈ |

-ਦਰਸ਼ਨ ਸਿੰਘ 'ਆਸ਼ਟ' (ਡਾ:)
ਮੋਬਾ: 98144-23703

ਬਾਲ ਗੀਤ: ਮੰੂਗਫਲੀ ਤੇ ਰਿਉੜੀ

ਮੰੂਗਫਲੀ ਤੇ ਰਿਉੜੀ,
ਬੜੀ ਲਗਦੀ ਪਿਆਰੀ |
ਪਾਪਾ ਜੀ ਬਾਜ਼ਾਰ ਵਿਚੋਂ,
ਲਿਆਵੋ ਕਿੰਨੀ ਸਾਰੀ |
ਹੋਰ ਫਲ-ਫਰੂਟ ਭਾਵੇਂ,
ਤੁਸੀਂ ਕਰ ਦੇਵੋ ਬੰਦ |
ਮੰੂਗਫਲੀ ਜਿਹਾ ਨਹੀਂ,
ਹੋਰ ਫਲਾਂ 'ਚ ਅਨੰਦ |
ਗਰਮ-ਗਰਮ ਹੋਵੇ ਜੇ,
ਲੱਗੂ ਹੋਰ ਵੀ ਕਰਾਰੀ |
ਮੰੂਗਫਲੀ ਤੇ ਰਿਉੜੀ.... |
ਰੱੁਤ-ਰੱੁਤ ਦਾ ਏ ਮੇਵਾ,
ਦਾਦੀ ਦੱਸਦੀ ਸੀ ਸਾਨੂੰ |
ਏਹੀ ਗਰਮੀ ਦੇ ਵਿਚ,
ਭੋਰਾ ਪਚਦੀ ਨਾ ਸਾਨੂੰ |
ਕਹਿੰਦੇ ਸੀ 'ਤਲਵੰਡੀ' ਸਰ,
ਦੋਨੋਂ ਬੜੀਆਂ ਗੁਣਕਾਰੀ |
ਮੰੂਗਫਲੀ ਤੇ ਰਿਉੜੀ.... |

-ਅਮਰੀਕ ਸਿੰਘ ਤਲਵੰਡੀ ਕਲਾਂ,
ਗਿੱਲ ਨਗਰ, ਗਲੀ ਨੰ: 13, ਮੱੁਲਾਂਪੁਰ ਦਾਖਾ (ਲੁਧਿਆਣਾ) | ਮੋਬਾ: 94635-42896

ਬਾਲ ਗੀਤ: ਪ੍ਰੀ ਪ੍ਰਾਇਮਰੀ

ਸਰਕਾਰੀ ਸਕੂਲਾਂ ਦੀ ਨੁਹਾਰ ਸਵਾਰਾਂਗੇ,
ਪ੍ਰੀ ਪ੍ਰਾਇਮਰੀ ਨੂੰ ਆਪਣਾ ਹਾਣੀ ਬਣਾਵਾਂਗੇ |
ਛੋਟੇ-ਛੋਟੇ ਬਾਲਾਂ ਦੀ ਸਿਰਜਨਾਤਮਕ ਸੋਚ ਰਚਾਵਾਂਗੇ,
ਕਵਿਤਾਵਾਂ, ਕਹਾਣੀਆਂ, ਖਿਡੌਣਿਆਂ ਦੇ ਸਹਾਰੇ,
ਰੌਚਕ ਮਾਹੌਲ ਚਾਰ-ਚੁਫੇਰੇ ਰਚਾਵਾਂਗੇ |
ਚਾਚਾ ਨਹਿਰੂ ਦੇ ਸੁਪਨੇ ਸਾਕਾਰ ਬਣਾਵਾਂਗੇ,
ਹਰਬੱਚਾ ਗੁਲਾਬ ਦੀ ਕਲੀ ਵਾਂਗ ਖਿਲਾਵਾਂਗੇ |
ਸਰਕਾਰੀ ਸਕੂਲਾਂ ਦੀ ਗਿਣਤੀ ਹੋਰ ਵਧਾਵਾਂਗੇ,
ਤਿੰਨ ਤੋਂ ਛੇ ਸਾਲ ਦਾ ਹਰ ਬੱਚਾ ਸਕੂਲ ਲਿਆਵਾਂਗੇ |
ਸਰਕਾਰੀ ਸਕੂਲਾਂ ਦੀ ਨੁਹਾਰ ਸਵਾਰਾਂਗੇ,
ਪ੍ਰੀ ਪ੍ਰਾਇਮਰੀ ਨੂੰ ਆਪਣਾ ਹਾਣੀ ਬਣਾਵਾਂਗੇ |

-ਜਤਿੰਦਰ ਕੌਰ,
ਸ: ਐ: ਸਕੂਲ, ਅੰਨਗੜ੍ਹ (ਅੰਮਿ੍ਤਸਰ) |

ਬਾਲ ਕਹਾਣੀ

ਝੂਠੇ ਦਾ ਮੂੰਹ ਕਾਲਾ

ਪਿਆਰੇ ਬੱਚਿਓ! ਝੂਠ ਬੋਲਣ ਵਾਲੇ ਬੰਦੇ ਨੂੰ ਅੰਤ ਵਿਚ ਕਿਵੇਂ ਪਛਤਾਉਣਾ ਪਿਆ ਹੈ ਅਤੇ ਉਸ ਨੂੰ ਹੋਰ ਵੀ ਸ਼ਰਮਿੰਦਾ ਕਰਨ ਲਈ ਕਿਵੇਂ ਉਸ ਦਾ ਮੂੰਹ ਕਾਲਾ ਕੀਤਾ ਗਿਆ, ਇਸ ਕਹਾਣੀ ਵਿਚ ਦੱਸਿਆ ਗਿਆ ਹੈ। ਇਸ ਕਹਾਣੀ ਮੁਤਾਬਿਕ ਇਕ ਸ਼ੰਕਰ ਨਾਂਅ ਦਾ ਮੁੰਡਾ ਕੋਈ ਕੰਮ ਨਹੀਂ ਕਰਦਾ ਸੀ। ਉਸ ਦੇ ਘਰਦਿਆਂ ਨੇ ਉਸ ਨੂੰ ਘਰੋਂ ਕੱਢ ਦਿੱਤਾ। ਅੰਤ ਉਹ ਕੰਮ ਦੀ ਭਾਲ ਵਿਚ ਘਰੋਂ ਤੁਰ ਪਿਆ। ਤੁਰਦਾ-ਤੁਰਦਾ ਉਹ ਇਕ ਪਿੰਡ ਦੇ ਬੱਸ ਅੱਡੇ 'ਤੇ ਪੁੱਜਾ। ਉਥੇ ਇਕ ਰੋਟੀ ਖਾਣ ਵਾਲਾ ਢਾਬਾ ਸੀ। ਸ਼ੰਕਰ ਬੱਸ ਅੱਡੇ ਦੇ ਇਕ ਬੈਂਚ 'ਤੇ ਬੈਠ ਗਿਆ। ਉਸ ਦਾ ਧਿਆਨ ਢਾਬੇ ਵੱਲ ਗਿਆ ਤਾਂ ਉਸ ਨੇ ਦੇਖਿਆ ਕਿ ਢਾਬੇ ਦੇ ਤੰਦੂਰ 'ਤੇ ਇਕ ਔਰਤ ਰੋਟੀਆਂ ਲਗਾ ਰਹੀ ਸੀ। ਉਸ ਨੇ ਦੇਖਿਆ ਕਿ ਉਹ ਔਰਤ ਇਕ-ਇਕ ਕਰਕੇ ਤੰਦੂਰ ਵਿਚ ਰੋਟੀਆਂ ਲਗਾ ਰਹੀ ਸੀ। ਜਦੋਂ ਉਹ ਤੰਦੂਰ 'ਚ ਰੋਟੀ ਲਗਾਉਂਦੀ ਤਾਂ ਦੋਵਾਂ ਹੱਥਾਂ ਨਾਲ ਤਾੜੀ ਮਾਰਦੀ। ਸ਼ੰਕਰ ਉਹ ਤਾੜੀਆਂ ਗਿਣਨ ਲੱਗਾ। ਅੰਤ ਵਿਚ ਢਾਬੇ ਵਾਲੀ ਉਸ ਔਰਤ ਨੇ ਰੋਟੀਆਂ ਲਗਾਉਣੀਆਂ ਬੰਦ ਕਰ ਦਿੱਤੀਆਂ।
ਇਹ ਦੇਖ ਕੇ ਉਸ ਨੂੰ ਇਕ ਚਲਾਕੀ ਸੁੱਝੀ। ਉਹ ਮੁਫਤ ਵਿਚ ਉਸ ਔਰਤ ਕੋਲੋਂ ਰੋਟੀ ਖਾਣੀ ਚਾਹੁੰਦਾ ਸੀ। ਪੈਸੇ ਉਸ ਕੋਲ ਕੋਈ ਨਹੀਂ ਸੀ। ਢਾਬੇ ਵਾਲੀ ਔਰਤ ਦਾ ਉਸ ਵੱਲ ਧਿਆਨ ਨਹੀਂ ਗਿਆ। ਉਹ ਭੁਲੇਖਾ ਜਿਹਾ ਖਾ ਕੇ ਢਾਬੇ 'ਤੇ ਇਉਂ ਪਹੁੰਚਿਆ ਜਿਵੇਂ ਉਹ ਕੋਈ ਕਰਨੀ ਵਾਲਾ ਫ਼ਕੀਰ ਹੋਵੇ। ਉਹ ਆਪਣੇ ਫਟੇ ਹਾਲ ਕੱਪੜਿਆਂ ਤੋਂ ਲਗਦਾ ਵੀ ਫ਼ਕੀਰ ਹੀ ਸੀ। ਉਸ ਫ਼ਕੀਰਾਂ ਦੀ ਭਾਸ਼ਾ ਵਿਚ ਢਾਬੇ ਵਾਲੀ ਔਰਤ ਨੂੰ ਕਿਹਾ, 'ਬੀਬੀ ਤੂੰ ਤੰਦੂਰ ਵਿਚ ਰੋਟੀਆਂ ਲਗਾ ਕੇ ਹਟੀ ਏਂ। ਤੰਦੂਰ ਤੂੰ ਢਕਿਆ ਹੋਇਆ ਏ। ਜੇ ਮੈਂ ਇਹ ਦੱਸ ਦੇਵਾਂ ਕਿ ਤੂੰ ਤੰਦੂਰ ਵਿਚ ਕਿੰਨੀਆਂ ਰੋਟੀਆਂ ਲਗਾਈਆਂ ਨੇ ਤਾਂ?' ਇਹ ਕਹਿ ਕੇ ਸ਼ੰਕਰ ਨੇ ਅੱਖਾਂ ਮੀਚ ਲਈਆਂ। ਉਸ ਔਰਤ ਦੀ ਫ਼ਕੀਰਾਂ 'ਤੇ ਬੜੀ ਸ਼ਰਧਾ ਸੀ। ਉਸ ਨੇ ਕਿਹਾ, 'ਬਾਬਾ, ਫਿਰ ਤਾਂ ਤੁਸੀਂ ਪਹੁੰਚੇ ਹੋਏ ਫ਼ਕੀਰ ਹੋਏ।' ਇਹ ਸੁਣ ਕੇ ਸ਼ੰਕਰ ਕਹਿੰਦਾ, 'ਤਾਂ ਸੁਣ ਫਿਰ ਇਸ ਫ਼ਕੀਰ ਕੋੋਲੋਂ ਸੱਚ। ਤੂੰ ਆਪਣੇ ਤੰਦੂਰ ਵਿਚ ਪੰਦਰਾਂ ਰੋਟੀਆਂ ਲਗਾਈਆਂ ਹਨ। ਕੀ ਇਹ ਸੱਚ ਹੈ?' ਇਹ ਸੁਣ ਕੇ ਔਰਤ ਬਹੁਤ ਹੈਰਾਨ ਹੋਈ। ਉਹ ਕਹਿਣ ਲੱਗੀ, 'ਸੱਚ ਬਾਬਾ ਜੀ, ਤੁਸੀਂ ਸੱਚ ਕਿਹਾ।' ਉਸ ਨੇ ਖੁਸ਼ ਹੋ ਕੇ ਫ਼ਕੀਰ ਬਣੇ ਸ਼ੰਕਰ ਨੂੰ ਰੋਟੀ ਖੁਆ ਦਿੱਤੀ। ਰੋਟੀ ਖਾ ਕੇ ਉਹ ਉਸ ਅੱਡੇ ਦੇ ਨੇੜੇ ਹੀ ਆਪਣਾ ਡੇਰਾ ਲਾ ਕੇ ਬੈਠ ਗਿਆ।
ਪਿੰਡ ਵਿਚ ਉਸ ਬਾਰੇ ਗੱਲ ਘੁੰਮ ਗਈ ਕਿ ਉਹ ਕਰਨੀ ਵਾਲਾ ਫ਼ਕੀਰ ਹੈ। ਦੂਜੇ ਦਿਨ ਇਕ ਮਾਈ ਉਸ ਕੋਲ ਆਈ। ਦੋਵੇਂ ਹੱਥ ਜੋੜ ਕੇ ਬੇਨਤੀ ਕਰਨ ਲੱਗੀ ਕਿ ਉਸ ਦੀ ਮੱਝ ਗਵਾਚ ਗਈ, ਉਹ ਦੱਸ ਦੇਵੇ, ਉਹ ਸ਼ਰਧਾ ਨਾਲ ਉਸ ਦੀ ਸੇਵਾ ਕਰੇਗੀ। ਸ਼ੰਕਰ ਬੜਾ ਕਸੂਤਾ ਫਸਿਆ। ਉਸ ਨੇ ਸੋਚਿਆ ਕਿ ਉਹ ਮੱਝ ਕਿਥੋਂ ਲੱਭੇਗਾ? ਪਰ ਉਹ ਉਪਰਲੇ ਮਨੋਂ ਕਹਿੰਦਾ, 'ਮਾਈ! ਚਿੰਤਾ ਨਾ ਕਰ, ਤੇਰੀ ਮੱਝ ਤੇਰੇ ਘਰ ਆਪਣੇ-ਆਪ ਆ ਜਾਵੇਗੀ।' ਮਾਈ ਤਾਂ ਮੱਥਾ ਟੇਕ ਕੇ ਚਲੀ ਗਈ ਪਰ ਸ਼ੰਕਰ ਫਿਕਰਾਂ ਵਿਚ ਪੈ ਗਿਆ। ਫਿਕਰਾਂ 'ਚ ਪਿਆ ਉਹ ਰਾਤ ਸਮੇਂ ਉੱਠਿਆ ਤੇ ਪਿੰਡ ਵਿਚ ਘੁੰਮ ਕੇ ਮਾਈ ਦੀ ਮੱਝ ਲੱਭਣ ਲੱਗਾ। ਉਸ ਦੀ ਮਿਹਨਤ ਰੰਗ ਲਿਆਈ। ਉਸ ਨੂੰ ਮੱਝ ਦੂਰ ਪਿੰਡ ਦੇ ਬਾਹਰੋਂ ਖੇਤਾਂ 'ਚੋਂ ਲੱਭ ਗਈ। ਰਾਤੋ-ਰਾਤ ਉਸ ਨੇ ਮੱਝ ਉਸ ਮਾਈ ਦੇ ਪਸ਼ੂਆਂ ਵਾਲੇ ਵਾੜੇ ਵਿਚ ਲਿਆ ਬੰਨ੍ਹੀ। ਸਵੇਰੇ ਜਦੋਂ ਮਾਈ ਨੇ ਮੱਝ ਆਪਣੇ ਵਾੜੇ ਵਿਚ ਖੁਰਲੀ 'ਤੇ ਬੱਝੀ ਦੇਖੀ ਤਾਂ ਉਸ ਨੇ ਪਿੰਡ ਵਿਚ ਹੋਰ ਵੀ ਵੱਡੇ ਪੱਧਰ 'ਤੇ ਗੱਲ ਫੈਲਾਅ ਦਿੱਤੀ ਕਿ ਪਿੰਡ ਦੇ ਅੱਡੇ ਦੇ ਨੇੜੇ ਡੇਰਾ ਲਾ ਕੇ ਬੈਠਾ ਫ਼ਕੀਰ ਬਹੁਤ ਸ਼ਕਤੀ ਵਾਲਾ ਹੈ।
ਇਹ ਸੁਣ ਕੇ ਪਿੰਡ ਦਾ ਸਰਪੰਚ ਕੁਝ ਮੋਹਤਬਰ ਬੰਦੇ ਲੈ ਕੇ ਉਸ ਕੋਲ ਆਇਆ। ਕਹਿਣ ਲੱਗਾ, 'ਬਾਬਾ ਜੀ! ਜੇ ਆਗਿਆ ਹੋਵੇ ਤਾਂ ਪਿੰਡ ਦੀ ਸਾਂਝੀ ਜਗ੍ਹਾ 'ਚ ਤੁਹਾਨੂੰ ਇਕ ਕੁਟੀਆ ਛੱਤ ਦਈਏ?' ਸ਼ੰਕਰ ਨੇ ਹਾਮੀ ਭਰ ਦਿੱਤੀ। ਸਰਪੰਚ ਕਹਿੰਦਾ, 'ਠੀਕ ਹੈ ਬਾਬਾ ਜੀ, ਪਰ ਮੈਂ ਤੁਹਾਡੀ ਪਹਿਲਾਂ ਪਰਖ ਕਰਨੀ ਚਾਹੁੰਦਾ ਹਾਂ।' ਸ਼ੰਕਰ ਦਾ ਘਬਰਾਹਟ ਨਾਲ ਰੰਗ ਉੱਡ ਗਿਆ। ਪਰ ਉਹ ਹੌਸਲਾ ਕਰਕੇ ਬੋਲਿਆ, 'ਕੋਈ ਨਹੀਂ ਭਗਤਾ! ਕਰ ਲਓ ਪਰਖ।' ਸਰਪੰਚ ਨੇ ਆਪਣੇ ਕੁੜਤੇ ਦੀ ਜੇਬ 'ਚ ਹੱਥ ਪਾ ਕੇ ਕੱਢਿਆ ਅਤੇ ਮੁੱਠੀ ਬੰਦ ਕਰਕੇ ਬੋਲਿਆ, 'ਦੱਸੋ ਮੇਰੀ ਮੁੱਠੀ ਵਿਚ ਕੀ ਏ?' ਸ਼ੰਕਰ ਘਬਰਾ ਗਿਆ। ਉਹ ਕਿਵੇਂ ਦੱਸ ਸਕਦਾ ਸੀ? ਉਸ ਦਾ ਦਿਲ ਕਰੇ ਕਿ ਉਹ ਉਥੋਂ ਨੱਠ ਜਾਵੇ। ਪਰ ਸਰਪੰਚ ਅਤੇ ਉਸ ਦੇ ਬੰਦਿਆਂ ਨੇ ਉਸ ਨੂੰ ਚਾਰੇ ਪਾਸਿਓਂ ਘੇਰਿਆ ਹੋਇਆ ਸੀ। ਅੰਤ ਸ਼ੰਕਰ ਸਰਪੰਚ ਦੇ ਪੈਰਾਂ 'ਤੇ ਡਿਗ ਪਿਆ ਅਤੇ ਮੁਆਫ਼ੀ ਮੰਗਣ ਲੱਗਾ। ਇਹ ਦੇਖ ਕੇ ਸਰਪੰਚ ਨੂੰ ਗੁੱਸਾ ਆ ਗਿਆ। ਉਹ ਕਹਿਣ ਲੱਗਾ ਕਿ ਤੂੰ ਸਾਡੇ ਪਿੰਡ ਵਾਸੀਆਂ ਨੂੰ ਮੂਰਖ ਬਣਾਇਆ ਏ। ਤੈਨੂੰ ਇਹਦੀ ਸਜ਼ਾ ਮਿਲੇਗੀ। ਉਹ ਸਾਰੇ ਸ਼ੰਕਰ ਨੂੰ ਫੜ ਕੇ ਪਿੰਡ ਦੀ ਸੱਥ ਵਿਚ ਲੈ ਗਏ। ਲੋਕਾਂ ਨੂੰ ਇਕੱਠੇ ਕਰਕੇ ਸਾਰੇ ਪਿੰਡ ਦੇ ਸਾਹਮਣੇ ਉਸ ਨੂੰ ਕੁਟਾਪਾ ਵੀ ਚਾੜ੍ਹਿਆ ਅਤੇ ਉਸ ਦਾ ਮੂੰਹ ਕਾਲਾ ਕਰਕੇ ਪੁਲਿਸ ਦੇ ਹਵਾਲੇ ਕਰ ਦਿੱਤਾ। ਸੋ, ਝੂਠ ਤੇ ਪਾਖੰਡ ਦਾ ਸਹਾਰਾ ਲੈਣ ਵਾਲਿਆਂ ਨਾਲ ਇੰਜ ਹੀ ਹੁੰਦਾ ਹੈ।


-ਮੋਬਾ: 98146-81444

ਪਾਣੀ ਵਿਚ ਵਸਿਆ ਹੈ ਇਟਲੀ ਦਾ ਵੀਨਸ ਸ਼ਹਿਰ

ਪਿਆਰੇ ਬੱਚਿਓ, ਸਾਰਾ ਯੂਰਪ ਸਵਰਗ ਵਾਂਗ ਹੈ। ਯੂਰਪ ਦੀ ਧਰਤੀ ਉੱਪਰ ਵਸਦਾ ਹਰੇਕ ਮਨੁੱਖ ਆਪਣੀ ਜ਼ਿੰਦਗੀ ਕੁਦਰਤ ਦੀ ਗੋਦ ਵਿਚ ਜੀਅ ਰਿਹਾ ਹੈ। ਕੁਦਰਤ ਦੇ ਲਾਸਾਨੀ ਨਜ਼ਾਰਿਆਂ, ਖੂਬਸੂਰਤ ਝੀਲਾਂ ਤੇ ਬਰਫ਼ਾਨੀ ਪਰਬਤਾਂ ਦੇ ਅਨੰਦਿਤ ਦ੍ਰਿਸ਼ ਸਾਰੇ ਯੂਰਪ ਵਿਚ ਦੇਖਣ ਨੂੰ ਮਿਲਦੇ ਹਨ। ਯੂਰਪ ਦਾ ਹੀ ਇਕ ਹਿੱਸਾ ਹੈ ਇਟਲੀ ਦਾ ਪਾਣੀ ਵਿਚ ਵਸਦਾ ਸ਼ਹਿਰ ਵੀਨਸ, ਜੋ ਇਟਲੀ ਦੇ ਉੱਤਰ-ਪੂਰਬ ਵਿਚ ਸਥਿਤ ਹੈ। ਇਸ ਸੁੰਦਰ ਸ਼ਹਿਰ ਦਾ ਰਕਬਾ 414.57 ਵਰਗ ਕਿਲੋਮੀਟਰ ਵਿਚ ਫੈਲਿਆ ਹੋਇਆ ਹੈ। ਦੁਨੀਆ ਦੇ ਇਸ ਪ੍ਰਸਿੱਧ ਸ਼ਹਿਰ ਨੂੰ 118 ਛੋਟੇ-ਛੋਟੇ ਟਾਪੂਆਂ ਦੁਆਰਾ 400 ਪੁਲਾਂ ਨਾਲ ਜੋੜਿਆ ਹੋਇਆ ਹੈ। ਜਿਸ ਤਰ੍ਹਾਂ ਸਾਡੇ ਦੇਸ਼ ਵਿਚ ਹਰ ਘਰ ਵਿਚ ਕੋਈ ਨਾ ਕੋਈ ਸਾਧਨ ਮੌਜੂਦ ਹੈ, ਉਸੇ ਤਰ੍ਹਾਂ ਵੀਨਸ ਸ਼ਹਿਰ ਵਿਚ ਆਉਣ-ਜਾਣ ਲਈ ਹਰ ਘਰ ਵਿਚ ਛੋਟੀਆਂ-ਵੱਡੀਆਂ ਕਿਸ਼ਤੀਆਂ ਹਨ। ਲੋਕ ਸ਼ਹਿਰ ਦਾ ਸਾਰਾ ਸਫ਼ਰ ਕਿਸ਼ਤੀਆਂ ਰਾਹੀਂ ਹੀ ਤੈਅ ਕਰਦੇ ਹਨ। ਇਸ ਸ਼ਹਿਰ ਵਿਚ ਪਾਣੀ ਵਾਲੀਆਂ ਸੜਕਾਂ 'ਤੇ ਹੀ ਸਕੂਲ, ਕਾਲਜ, ਹਸਪਤਾਲ ਤੇ ਬਾਜ਼ਾਰ ਹਨ। ਇਸ ਅਦਭੁੱਤ ਸ਼ਹਿਰ ਦੀ ਆਪਣੀ ਵਸੋਂ 2,60,897 ਹੈ। ਇਥੇ ਦੁਨੀਆ ਦੇ ਲੱਖਾਂ ਲੋਕ ਸੈਲਾਨੀਆਂ ਵਜੋਂ ਸਾਰਾ ਸਾਲ ਆਉਂਦੇ-ਜਾਂਦੇ ਹਨ। ਵੀਨਸ ਸ਼ਹਿਰ ਪੁਰਾਤਨ ਸੱਭਿਅਤਾ ਦੀ ਵਡਮੁੱਲੀ ਤੇ ਉੱਤਮ ਕਲਾ ਦਾ ਨਮੂਨਾ ਹੈ। ਇਥੋਂ ਦੀ ਭਵਨ ਨਿਰਮਾਣ ਕਲਾ ਦੇਖ ਕੇ ਮਨੁੱਖ ਹੈਰਾਨ ਰਹਿ ਜਾਂਦਾ ਹੈ। ਇਹ ਸ਼ਹਿਰ ਸਥਾਨਕ ਲੋਕਾਂ ਦੇ ਵਿਦੇਸ਼ੀਆਂ ਲਈ ਰੁਜ਼ਗਾਰ ਦਾ ਇਕ ਵੱਡਾ ਕੇਂਦਰ ਵੀ ਹੈ। ਯੂਨੈਸਕੋ ਵਲੋਂ ਇਸ ਸ਼ਹਿਰ ਨੂੰ ਵਿਸ਼ਵ ਹੈਰੀਟੇਜ ਦਾ ਦਰਜਾ ਵੀ ਪ੍ਰਾਪਤ ਹੈ। ਯੂਰਪ ਦੀ ਸੈਰ ਕਰਦੇ ਸਮੇਂ ਸਾਨੂੰ ਵੀਨਸ ਸ਼ਹਿਰ ਦੀ ਯਾਤਰਾ ਵੀ ਜ਼ਰੂਰ ਕਰਨੀ ਚਾਹੀਦੀ ਹੈ।


-ਪਿੰਡ ਤੇ ਡਾਕ: ਕੋਟਲੀ ਖਾਸ, ਤਹਿ: ਮੁਕੇਰੀਆਂ (ਹੁਸ਼ਿਆਰਪੁਰ)। ਮੋਬਾ: 94653-69343

ਠੰਢੇ ਸੁਭਾਅ ਦਾ ਮਾਲਕ ਕੱਛੂਕੁੰਮਾ

ਬੱਚਿਓ, ਅੱਜ ਤੁਹਾਨੂੰ ਇਕ ਅਜਿਹੇ ਜੀਵ ਬਾਰੇ ਜਾਣਕਾਰੀ ਦਿੰਦੇ ਹਾਂ, ਜਿਸ ਨੇ ਕਦੇ ਘੁਮੰਡੀ ਖਰਗੋਸ਼ ਨਾਲ ਦੌੜ ਲਗਾਉਣ ਦਾ ਚੈਲਿੰਜ ਹੀ ਕਬੂਲ ਨਹੀਂ ਕੀਤਾ ਸਗੋਂ ਜਿੱਤ ਕੇ ਉਸ ਘੁਮੰਡੀ ਦਾ ਸਿਰ ਨੀਵਾਂ ਵੀ ਕੀਤਾ। ਤੁਸੀਂ ਸਮਝ ਹੀ ਗਏ ਹੋਵੋਗੇ ਕਿ ਮੇਰੀ ਮੁਰਾਦ ਕੱਛੂਕੁੰਮਾ ਤੋਂ ਹੈ।
ਇਸ ਦੀਆਂ ਲਗਪਗ 250 ਕਿਸਮਾਂ ਜੀਵਤ ਹਨ, ਜੋ ਬਨਸਪਤੀ ਖਾ ਕੇ ਗੁਜ਼ਾਰਾ ਕਰਦੀਆਂ ਹਨ। ਇਹ ਰੀਂਘਣ ਵਾਲੇ ਜੀਵ ਹਨ। ਇਨ੍ਹਾਂ ਦੀ ਉਪਰਲੀ ਖੱਲ ਬਹੁਤ ਸਖ਼ਤ ਹੁੰਦੀ ਹੈ। ਸਮੁੰਦਰ ਵਿਚ ਰਹਿਣ ਵਾਲੇ ਕੱਛੂਆਂ ਨੂੰ ਸਮੁੰਦਰੀ ਕੱਛੂਕੁੰਮਾ ਅਤੇ ਧਰਤੀ 'ਤੇ ਰਹਿਣ ਵਾਲੇ ਕੱਛੂਆਂ ਨੂੰ ਕੱਛੂਕੁੰਮਾ ਕਹਿੰਦੇ ਹਨ। ਇਨ੍ਹਾਂ ਦੇ ਦੰਦਾਂ ਦੀ ਥਾਂ ਬੁੱਲ੍ਹਾਂ ਉੱਪਰ ਤਿੱਖੀਆਂ ਸੂਲਾਂ ਹੁੰਦੀਆਂ ਹਨ, ਜਿਨ੍ਹਾਂ ਰਾਹੀਂ ਇਹ ਦੁਸ਼ਮਣ ਨਾਲ ਟੱਕਰ ਲੈਂਦੇ ਹਨ। ਜੇਕਰ ਦੁਸ਼ਮਣ ਤਕੜਾ ਹੋਵੇ ਤਾਂ ਇਹ ਆਪਣੀ ਗਰਦਨ ਸਰੀਰ ਵਿਚ ਲੁਕੋ ਲੈਂਦੇ ਹਨ ਅਤੇ ਦੁਸ਼ਮਣ ਨੂੰ ਧੋਖਾ ਦੇਣ ਦੀ ਕੋਸ਼ਿਸ਼ ਕਰਦੇ ਹਨ। ਮੁੱਖ ਕਿਸਮਾਂ :
ਸਮੁੰਦਰੀ ਕੱਛੂਕੁੰਮਾ : ਇਨ੍ਹਾਂ ਦੀਆਂ ਸਿਰਫ 7 ਕਿਸਮਾਂ ਹਨ। ਲੈਦਰਬੈਗ ਸਭ ਤੋਂ ਵੱਡੀ ਕਿਸਮ ਹੈ, ਜੋ 1.8 ਮੀਟਰ (6 ਫੁੱਟ) ਲੰਬੀ ਅਤੇ 680 ਕਿਲੋ ਤੱਕ ਭਾਰੀ ਹੁੰਦੀ ਹੈ। ਇਹ ਭੋਜਨ ਦੀ ਤਲਾਸ਼ ਵਿਚ ਅਤੇ ਪਰਿਵਾਰ ਵਿਚ ਵਾਧਾ ਕਰਨ ਲਈ ਲੰਬਾ ਫਾਸਲਾ ਤਹਿ ਕਰ ਜਾਂਦੇ ਹਨ। ਮਾਦਾ ਕੱਛੂ ਇਕੋ ਸਮੇਂ ਲਗਪਗ 160 ਆਂਡੇ ਦਿੰਦੇ ਹਨ, ਜਿਨ੍ਹਾਂ ਨੂੰ ਉਹ ਰੇਤੇ ਵਿਚ ਲੁਕੋ ਦਿੰਦੀ ਹੈ।
ਕੱਛੂਕੁੰਮਾ : ਇਹ ਜ਼ਿਆਦਾ ਕਰਕੇ ਪਾਣੀ ਦੇ ਸਰੋਤਾਂ ਦੇ ਕੰਢਿਆਂ 'ਤੇ ਰਹਿੰਦੇ ਹਨ। ਇਨ੍ਹਾਂ ਦੀਆਂ ਲੱਤਾਂ ਛੋਟੀਆਂ ਪਰ ਉਪਰਲੀ ਚਮੜੀ ਕਾਫੀ ਉੱਚੀ ਹੁੰਦੀ ਹੈ। ਗਾਲ ਪਗੌਸ ਅਤੇ ਐਲਡਾਬਰਾ ਇਨ੍ਹਾਂ ਦੀਆਂ ਮੁੱਖ ਕਿਸਮਾਂ ਹਨ, ਜਿਨ੍ਹਾਂ ਦਾ ਭਾਰ 250 ਕਿਲੋ ਅਤੇ ਉਮਰ 150 ਸਾਲ ਤੱਕ ਹੁੰਦੀ ਹੈ। ਜਿਵੇਂ-ਜਿਵੇਂ ਇਨ੍ਹਾਂ ਦੀ ਉਮਰ ਵਧਦੀ ਹੈ, ਇਨ੍ਹਾਂ ਦੀ ਚਮੜੀ ਉੱਪਰ ਪੀਲੇ ਰੰਗ ਦੀਆਂ ਧਾਰੀਆਂ ਪੈ ਜਾਂਦੀਆਂ ਹਨ।
ਬੱਚਿਓ, ਇਨ੍ਹਾਂ ਦੀਆਂ ਬਹੁਤ ਸਾਰੀਆਂ ਕਿਸਮਾਂ ਅਲੋਪ ਹੋ ਰਹੀਆਂ ਹਨ, ਕਿਉਂਕਿ ਮਨੁੱਖ ਇਨ੍ਹਾਂ ਦੀ ਸਖ਼ਤ ਚਮੜੀ, ਮਾਸ ਪ੍ਰਾਪਤ ਕਰਨ ਲਈ ਇਨ੍ਹਾਂ ਨੂੰ ਮਾਰ ਦਿੰਦਾ ਹੈ। ਇਥੋਂ ਤੱਕ ਕਿ ਇਨ੍ਹਾਂ ਦੇ ਆਂਡੇ ਵੀ ਚੁਰਾ ਲਏ ਜਾਂਦੇ ਹਨ।


-8/29, ਨਿਊ ਕੁੰਦਨਪੁਰੀ, ਲੁਧਿਆਣਾ।

ਬਾਲ ਨਾਵਲ-94

ਖੱਟੀਆਂ-ਮਿੱਠੀਆਂ ਗੋਲੀਆਂ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
'ਸਖ਼ਤ ਗਰਮੀਆਂ ਦੀ ਇਕ ਦੁਪਹਿਰੇ, ਠੰਢੇ ਪਾਣੀ ਦਾ ਇਕ ਗਿਲਾਸ ਅਤੇ ਫਿਰ ਠੰਢੇ-ਮਿੱਠੇ ਦੁੱਧ ਦਾ ਇਕ ਗਿਲਾਸ ਪਿਆ ਕੇ। ਕੁਝ ਯਾਦ ਆਇਆ?'
'ਪਤਾ ਨਹੀਂ ਤੂੰ ਕਿਹੜੀਆਂ ਗੱਲਾਂ ਕਰਦਾ ਪਿਆ ਏਂ... ਪਾਣੀ ਦਾ ਗਿਲਾਸ... ਦੁੱਧ ਦਾ ਗਿਲਾਸ...?'
'ਮੰਮੀ ਜੀ, ਬਹੁਤ ਸਾਲ ਪਹਿਲਾਂ ਤੁਹਾਡੀ ਗਲੀ ਵਿਚ ਇਕ ਅੱਠ-ਦਸ ਸਾਲ ਦਾ ਲੜਕਾ ਖੱਟੀਆਂ-ਮਿੱਠੀਆਂ ਗੋਲੀਆਂ, ਚਾਕਲੇਟ ਵਾਲੀਆਂ ਗੋਲੀਆਂ ਵੇਚਣ ਆਉਂਦਾ ਹੁੰਦਾ ਸੀ। ਇਕ ਵਾਰੀ ਉਹ ਲੜਕਾ ਭੁੱਖ ਅਤੇ ਗਰਮੀ ਕਾਰਨ ਤੁਹਾਡੇ ਘਰ ਦੇ ਥੜ੍ਹੇ 'ਤੇ ਨੀਮ ਬੇਹੋਸ਼ ਹੋ ਗਿਆ ਸੀ। ਮਨਜੀਤ ਨੇ ਤੁਹਾਨੂੰ ਆਵਾਜ਼ ਮਾਰ ਕੇ ਬਾਹਰ ਬੁਲਾਇਆ ਅਤੇ ਤੁਸੀਂ ਫਟਾਫਟ ਉਸ ਨੂੰ ਅੰਦਰ ਪੱਖੇ ਥੱਲੇ ਲੈ ਗਏ। ਫਿਰ ਉਸ ਨੂੰ ਠੰਢਾ ਪਾਣੀ ਅਤੇ ਠੰਢਾ ਦੁੱਧ ਪਿਆਇਆ, ਜਿਸ ਨਾਲ ਉਸ ਦੀ ਹੋਸ਼ ਪਰਤਣੀ ਸ਼ੁਰੂ ਹੋ ਗਈ...।'
ਮੰਮੀ ਜੀ ਨੂੰ ਕੋਈ ਭੁੱਲੀ-ਵਿਸਰੀ ਗੱਲ ਯਾਦ ਆਈ ਤਾਂ ਉਹ ਵਿਚੋਂ ਹੀ ਬੋਲ ਪਏ, 'ਹਾਂ... ਹਾਂ... ਇਕ ਬੜਾ ਪਿਆਰਾ ਜਿਹਾ ਬੱਚਾ ਆਉਂਦਾ ਹੁੰਦਾ ਸੀ। ਉਹ ਇਕ ਦਿਨ ਗਰਮੀ ਵਿਚ ਘਬਰਾ ਗਿਆ ਸੀ... ਪਰ ਤੈਨੂੰ ਸਾਰੀ ਗੱਲ ਦਾ ਕਿਵੇਂ ਪਤਾ ਏ?'
ਮਨਜੀਤ ਨੂੰ ਵੀ ਕੁਝ-ਕੁਝ ਯਾਦ ਆਉਣਾ ਸ਼ੁਰੂ ਹੋਇਆ, 'ਹਾਂ, ਹਾਂ ਡਾਕਟਰ ਜੀ, ਮੈਂ ਇਕ ਲੜਕੇ ਕੋਲੋਂ ਗੋਲੀਆਂ ਲੈਂਦਾ ਹੁੰਦਾ ਸਾਂ...। ਪਰ ਉਸ ਨੇ ਇਕਦਮ ਹੀ ਆਉਣਾ ਛੱਡ ਦਿੱਤਾ ਸੀ।'
'ਹਾਂ ਜੀ, ਉਸ ਨੇ ਇਕਦਮ ਆਉਣਾ ਛੱਡ ਦਿੱਤਾ ਸੀ। ਉਹ ਲੜਕਾ ਹੋਰ ਕੋਈ ਨਹੀਂ, ਮੈਂ ਹੀ ਸਾਂ', ਇਹ ਕਹਿੰਦਿਆਂ-ਕਹਿੰਦਿਆਂ ਹਰੀਸ਼ ਦੀਆਂ ਅੱਖਾਂ ਭਰ ਆਈਆਂ।
ਮੰਮੀ ਜੀ ਅਤੇ ਮਨਜੀਤ ਹੈਰਾਨ ਹੋਏ ਡਾ: ਹਰੀਸ਼ ਦੇ ਮੂੰਹ ਵੱਲ ਦੇਖ ਰਹੇ ਸਨ।
ਮਨਜੀਤ ਦੇ ਮੰਮੀ ਠੀਕ ਹੋ ਕੇ ਆਪਣੇ ਸ਼ਹਿਰ, ਆਪਣੇ ਘਰ ਵਾਪਸ ਚਲੇ ਗਏ ਪਰ ਡਾ: ਹਰੀਸ਼ ਦੇ ਦਿਲ ਵਿਚ ਕਈ ਤਰ੍ਹਾਂ ਦੀ ਹਲਚਲ ਪੈਦਾ ਕਰ ਗਏ। ਉਸ ਨੂੰ ਆਪਣਾ ਸ਼ਹਿਰ ਅਤੇ ਆਪਣੇ ਸ਼ਹਿਰ ਦੇ ਲੋਕ ਯਾਦ ਆਉਣ ਲੱਗੇ। ਉਸ ਦੇ ਮਨ ਵਿਚ ਇਹ ਗੱਲ ਬੈਠਣ ਲੱਗੀ ਕਿ ਉਸ ਦੇ ਸ਼ਹਿਰ ਨੂੰ, ਉਸ ਦੀ ਜ਼ਰੂਰਤ ਹੈ। ਮਨਜੀਤ ਤਾਂ ਆਪਣੇ ਮੰਮੀ ਜੀ ਨੂੰ ਔਖਾ-ਸੌਖਾ ਹੋ ਕੇ ਦਿੱਲੀ ਵਰਗੇ ਸ਼ਹਿਰ ਵਿਚ ਲੈ ਆਇਐ ਪਰ ਬਹੁਤੇ ਲੋਕ ਆਪਣੀਆਂ ਆਰਥਿਕ ਮਜਬੂਰੀਆਂ ਕਾਰਨ ਆਪਣੇ ਮਾਂ-ਬਾਪ ਜਾਂ ਭੈਣ-ਭਰਾ ਨੂੰ ਨਹੀਂ ਲਿਆ ਸਕਦੇ। ਉਹ ਜਦੋਂ ਵੀ ਇਸ ਬਾਰੇ ਸੋਚਦਾ ਤਾਂ ਉਸ ਨੂੰ ਆਪਣੇ ਅੰਦਰੋਂ ਹਮੇਸ਼ਾ ਇਕੋ ਹੀ ਜਵਾਬ ਮਿਲਦਾ ਕਿ 'ਭਾਵੇਂ ਸਾਰੇ ਭਾਰਤ ਦੇ ਲੋਕ ਆਪਣੇ ਹਨ ਪਰ ਇਸ ਦੇ ਬਾਵਜੂਦ ਵੀ ਮੈਨੂੰ ਆਪਣੇ ਸ਼ਹਿਰ ਜਾ ਕੇ ਆਪਣੇ ਲੋਕਾਂ ਦੀ ਸੇਵਾ ਕਰਨੀ ਚਾਹੀਦੀ ਹੈ, ਜਿਨ੍ਹਾਂ ਨੇ ਮੈਨੂੰ ਇਥੋਂ ਤੱਕ ਪਹੁੰਚਾਇਆ ਹੈ।'
ਹੌਲੀ-ਹੌਲੀ ਉਸ ਦੇ ਮਨ ਵਿਚ ਇਹ ਗੱਲ ਜ਼ੋਰ ਫੜ ਗਈ ਅਤੇ ਉਸ ਨੇ ਅੰਮ੍ਰਿਤਸਰ ਦੇ ਸਭ ਤੋਂ ਵੱਡੇ ਨਿੱਜੀ ਹਸਪਤਾਲ ਵਿਚੋਂ ਪਤਾ ਕੀਤਾ। ਉਨ੍ਹਾਂ ਨੇ ਕਿਹਾ ਕਿ 'ਤੁਹਾਡੇ ਲਈ ਇਸ ਹਸਪਤਾਲ ਦੇ ਦਰਵਾਜ਼ੇ ਹਰ ਸਮੇਂ ਖੁੱਲ੍ਹੇ ਹਨ। ਤੁਸੀਂ ਜਿੰਨੀ ਛੇਤੀ ਹੋ ਸਕੇ, ਆ ਕੇ ਜੁਆਇਨ ਕਰ ਲਵੋ।'
ਆਪਣੇ ਹਸਪਤਾਲ ਵਿਚ ਹਰੀਸ਼ ਨੇ ਅਸਤੀਫਾ ਦੇ ਦਿੱਤਾ ਅਤੇ ਅੰਮ੍ਰਿਤਸਰ ਜਾਣ ਦੀ ਤਿਆਰੀ ਸ਼ੁਰੂ ਕਰ ਦਿੱਤੀ।
ਹਰੀਸ਼ ਅੰਮ੍ਰਿਤਸਰ ਆ ਗਿਆ। ਹਰੀਸ਼ ਦੇ ਅੰਮ੍ਰਿਤਸਰ ਆਉਣ ਦੀ ਸਭ ਤੋਂ ਜ਼ਿਆਦਾ ਖੁਸ਼ੀ ਸਿਧਾਰਥ ਅਤੇ ਮਾਤਾ ਜੀ ਨੂੰ ਹੋਈ। ਮਾਤਾ ਜੀ ਨੂੰ ਤਾਂ ਜਿਵੇਂ ਚਾਅ ਚੜ੍ਹ ਗਿਆ ਸੀ।
ਹਰੀਸ਼ ਨੂੰ ਅੰਮ੍ਰਿਤਸਰ ਵਾਲੇ ਹਸਪਤਾਲ ਜਾਂਦਿਆਂ ਹਫ਼ਤੇ ਤੋਂ ਉੱਪਰ ਹੋ ਗਿਆ। ਹਸਪਤਾਲ ਬਹੁਤ ਵੱਡਾ ਸੀ। ਡਾਕਟਰ ਸਾਰੇ ਬੜੇ ਲਾਇਕ ਅਤੇ ਆਪੋ-ਆਪਣੀ ਲਾਈਨ ਦੇ ਮਾਹਿਰ ਸਨ। ਹੁਣ ਉਹ ਹਸਪਤਾਲ ਦੇ ਵਾਤਾਵਰਨ ਤੋਂ ਵਾਕਿਫ ਹੋ ਰਿਹਾ ਸੀ।
ਮਹੀਨੇ ਦੇ ਵਿਚ-ਵਿਚ ਉਸ ਨੇ ਹਸਪਤਾਲ ਵਿਚ ਆਪਣੀ ਚੰਗੀ ਥਾਂ ਬਣਾ ਲਈ। ਉਹ ਸਵੇਰੇ ਤੋਂ ਲੈ ਕੇ ਸ਼ਾਮ ਤੱਕ ਰੁੱਝਾ ਰਹਿੰਦਾ। ਸ਼ਾਮ ਨੂੰ ਉਹ ਮਾਤਾ ਜੀ ਕੋਲ ਘਰ ਚਲਾ ਜਾਂਦਾ। ਉਹੀ ਕਮਰਾ ਮਾਤਾ ਜੀ ਨੇ ਉਸ ਵਾਸਤੇ ਰੱਖਿਆ ਹੋਇਆ ਸੀ। ਉਹ ਜਦੋਂ ਬੰਬਈ ਪੜ੍ਹਾਈ ਵਾਸਤੇ ਗਿਆ ਸੀ ਤਾਂ ਮਾਤਾ ਜੀ ਉਸ ਕਮਰੇ ਨੂੰ 'ਹਰੀਸ਼ ਦਾ ਕਮਰਾ' ਹੀ ਕਹਿੰਦੇ ਸਨ।
(ਬਾਕੀ ਅਗਲੇ ਐਤਵਾਰ ਦੇ ਅੰਕ 'ਚ)


-404, ਗ੍ਰੀਨ ਐਵੇਨਿਊ, ਅੰਮ੍ਰਿਤਸਰ-143001. ਮੋਬਾ: 98889-24664

ਚੁਟਕਲੇ

* ਪਤਨੀ-ਆਪਣੇ ਵਿਆਹ ਨੂੰ ਪੰਜ ਸਾਲ ਹੋ ਗਏ, ਤੁਸੀਂ ਕਿਤੇ ਘੁਮਾ ਕੇ ਨਹੀਂ ਲਿਆਏ।
ਪਤੀ-ਠੀਕ ਐ, ਅੱਜ ਸ਼ਾਮ ਨੂੰ ਚੱਲਾਂਗੇ।
ਸ਼ਾਮ ਨੂੰ ਪਤੀ ਆਪਣੀ ਪਤਨੀ ਨੂੰ ਸ਼ਮਸ਼ਾਨਘਾਟ ਲੈ ਗਿਆ।
ਪਤਨੀ-ਇਹ ਤੁਸੀਂ ਕਿੱਥੇ ਲੈ ਆਏ, ਇਹ ਕੋਈ ਘੁੰਮਣ ਦੀ ਜਗ੍ਹਾ ਹੈ?
ਪਤੀ-ਕਮਲੀਏ, ਲੋਕੀਂ ਤਾਂ ਮਰਦੇ ਐ, ਇੱਥੇ ਆਉਣ ਲਈ।
* ਪਤਨੀ ਸੌਂ ਰਹੀ ਸੀ ਤੇ ਉਹਦੇ ਪੈਰਾਂ ਵਿਚ ਇਕ ਨਾਗਿਨ ਕੁੰਡਲੀ ਮਾਰ ਕੇ ਬੈਠੀ ਹੋਈ ਸੀ। ਪਤੀ ਨੇ ਦੇਖਿਆ ਤੇ ਹੌਲੀ ਜਿਹੇ ਨਾਗਿਨ ਨੂੰ ਕਿਹਾ 'ਡਸ ਲੈ, ਡਸ ਲੈ।' ਅੱਗੋਂ ਨਾਗਿਨ ਬੋਲੀ 'ਕਮੀਨੇ ਇਹ ਤਾਂ ਸਾਡੀ ਗੁਰੂ ਐ, ਮੈਂ ਤਾਂ ਪੈਰੀਂ ਹੱਥ ਲਾਉਣ ਆਈ ਸੀ।'
* ਪਤਨੀ ਨਾਲ ਲੜ ਕੇ ਪਤੀ ਘਰ ਛੱਡ ਕੇ ਚਲਾ ਗਿਆ। ਗੁੱਸਾ ਸ਼ਾਂਤ ਹੋਣ 'ਤੇ ਸ਼ਾਮ ਨੂੰ ਪਤੀ ਨੇ ਪਤਨੀ ਨੂੰ ਫੋਨ ਕੀਤਾ, 'ਅੱਜ ਸਬਜ਼ੀ ਕੀ ਬਣਾਈ ਐ?' ਅੱਗੋਂ ਪਤਨੀ ਬੋਲੀ 'ਜ਼ਹਿਰ ਬਣਾਇਆ।' ਪਤੀ ਬੋਲਿਆ 'ਮੈਂ ਦੇਰ ਨਾਲ ਆਵਾਂਗਾ ਤੂੰ ਖਾ ਕੇ ਸੌਂ ਜਾਵੀਂ, ਲੜਾਈ ਤਾਂ ਚਲਦੀ ਰਹਿਣੀ ਐ।'
* ਬੱਚਾ-ਮੰਮੀ ਤੇਰਾ ਵਿਆਹ ਕੀਹਦੇ ਨਾਲ ਹੋਇਆ ਸੀ?
ਮੰਮੀ-ਮਰ ਜਾਣਿਆ ਤੇਰੇ ਪਿਓ ਨਾਲ ਹੋਇਆ ਸੀ ਹੋਰ ਕੀਹਦੇ ਨਾਲ ਹੋਣਾ।
ਬੱਚਾ-ਤੂੰ ਤਾਂ ਘਰ ਦੇ ਬੰਦੇ ਨਾਲ ਹੀ ਕਰਵਾ ਲਿਆ, ਹੋਰ ਨੀ ਲੱਭਿਆ ਕੋਈ?


-ਮਨਜੀਤ ਪਿਓਰੀ ਗਿੱਦੜਬਾਹਾ
ਨੇੜੇ ਭਾਰੂ ਗੇਟ, ਗਿੱਦੜਬਾਹਾ। ਮੋਬਾ: 94174-47986

ਬੁਝਾਰਤ-30

ਦੇਖਿਆ ਇਕ ਅਨੋਖਾ ਮੰਦਰ,
ਜਾਤ-ਪਾਤ ਨਹੀਂ ਇਸ ਦੇ ਅੰਦਰ।
ਇਕ ਨਹੀਂ ਅਨੇਕ ਪੁਜਾਰੀ,
ਜਿਨ੍ਹਾਂ 'ਤੇ ਵੱਡੀ ਜ਼ਿੰਮੇਵਾਰੀ।
ਬੁੱਝੋ ਬੱਚਿਓ ਮੰਦਰ ਕਿਹੜਾ,
ਹਰ ਪਿੰਡ, ਹਰ ਸ਼ਹਿਰ 'ਚ ਜਿਹੜਾ।
ਕਿਸੇ ਬੱਚੇ ਨਾ ਚੁੱਕਿਆ ਹੱਥ,
ਭਲੂਰੀਏ ਨੇ ਫਿਰ ਦਿੱਤਾ ਦੱਸ।
-f-
ਮਨੁੱਖੀ ਜ਼ਿੰਦਗੀ ਦਾ ਇਹ ਮੂਲ,
ਬੱਚਿਓ ਇਹ ਤਾਂ ਹੈ 'ਸਕੂਲ'।


-ਜਸਵੀਰ ਸਿੰਘ ਭਲੂਰੀਆ,
ਪਿੰਡ ਤੇ ਡਾਕ: ਭਲੂਰ (ਮੋਗਾ)।
ਮੋਬਾ: 99159-95505

ਬਾਲ ਸਾਹਿਤ

ਧਰਮ ਕੰਮੇਆਣਾ ਦੀਆਂ ਦੋ ਪ੍ਰੇਰਨਾਮਈ ਪੁਸਤਕਾਂ

ਪੰਜਾਬੀ ਗੀਤਕਾਰੀ ਵਿਚ ਮਕਬੂਲ ਧਰਮ ਸਿੰਘ ਕੰਮੇਆਣਾ ਨੇ ਪਿਛਲੇ ਕੁਝ ਅਰਸੇ ਤੋਂ ਆਪਣੀ ਕਲਮ ਦਾ ਰੁਖ਼ ਬਾਲ ਸਾਹਿਤ ਵੱਲ ਮੋੜਿਆ ਹੈ। ਉਸ ਦੀਆਂ ਦੋ ਤਾਜ਼ੀਆਂ ਪੁਸਤਕਾਂ 'ਮਿਹਨਤ ਦਾ ਫ਼ਲ' ਅਤੇ 'ਇਨਾਯਾ' ਮੇਰੇ ਸਨਮੁੱਖ ਹਨ। ਪਹਿਲੀ ਪੁਸਤਕ 'ਮਿਹਨਤ ਦਾ ਫ਼ਲ' ਬਾਲ ਨਾਵਲ ਹੈ। ਇਸ ਦਾ ਕੇਂਦਰੀ ਵਿਸ਼ਾ-ਵਸਤੂ ਇਕ ਗ਼ਰੀਬ ਵਿਦਿਆਰਥੀ ਚੇਤਨ ਦੁਆਲੇ ਘੁੰਮਦਾ ਹੈ, ਜਿਸ ਦਾ ਪਿਤਾ ਗੱਜਣ ਪਿੰਡ ਛੱਡ ਕੇ ਪਰਿਵਾਰ ਨਾਲ ਸ਼ਹਿਰ ਆ ਕੇ ਮਜ਼ਦੂਰੀ ਕਰਨ ਲੱਗਦਾ ਹੈੈ। ਚੇਤਨ ਆਪਣੀ ਭੈਣ ਸਿੰਮੀ ਵਾਂਗ ਮਿਹਨਤ, ਅਨੁਸ਼ਾਸਨ ਅਤੇ ਲਗਨ ਵਿਚ ਵਿਸ਼ਵਾਸ ਰੱਖਦਾ ਹੈ। ਕਾਲਜ ਦੀ ਪੜ੍ਹਾਈ ਪੂਰੀ ਕਰਕੇ ਉਹ ਪੀ.ਸੀ.ਐਸ. ਦੀ ਲਿਖਤੀ ਪ੍ਰੀਖਿਆ ਦਿੰਦਾ ਹੈ ਅਤੇ ਐਸ.ਡੀ.ਐਮ. ਨਿਯੁਕਤ ਹੋ ਕੇ ਸਿੱਧ ਕਰ ਦਿੰਦਾ ਹੈ ਕਿ ਸੱਚੀਂ ਦ੍ਰਿੜ੍ਹ ਨਿਸਚਾ ਕਦੇ ਅਜਾਈਂ ਨਹੀਂ ਜਾਂਦਾ। ਇਸ ਬਾਲ ਨਾਵਲ ਵਿਚਲੇ ਬਾਲ ਪਾਤਰਾਂ ਮਿੰਦੇ, ਚੇਤਨ ਅਤੇ ਸਿੰਮੀ ਦੀ ਵਾਰਤਾਲਾਪ ਉਨ੍ਹਾਂ ਦੇ ਸੁਭਾਅ ਦੇ ਅਨੁਕੂਲ ਹੈ। ਇਹ ਪੁਸਤਕ ਬਾਲ ਨਾਵਲ ਪਰੰਪਰਾ ਨੂੰ ਸਾਰਥਿਕ ਢੰਗ ਨਾਲ ਅੱਗੇ ਤੋਰਦੀ ਹੈ। ਇਸ ਪੁਸਤਕ ਦੇ 30 ਪੰਨੇ ਹਨ।
ਕੰਮੇਆਣਾ ਦੀ ਦੂਜੀ ਪੁਸਤਕ 'ਇਨਾਯਾ' ਬਾਲ ਕਵਿਤਾਵਾਂ ਨਾਲ ਸਬੰਧਿਤ ਹੈ, ਜੋ ਕਵੀ ਦੀ ਪੋਤਰੀ ਹੈ। ਇਸ ਪੁਸਤਕ ਵਿਚ ਨੰਨ੍ਹੇ ਬਾਲ ਮਾਸੂਮ ਭਾਵਨਾਵਾਂ ਅਤੇ ਇੱਛਾਵਾਂ ਦਾ ਪ੍ਰਗਟਾਵਾ ਕਰਦੇ ਵਿਖਾਈ ਦਿੰਦੇ ਹਨ। ਜੇਕਰ ਇਨਾਯਾ ਘਰ ਦੀ ਰੌਣਕ ਹੈ ਤਾਂ 'ਮੇਰਾ ਵੀਰਾ' ਕਵਿਤਾ ਵਿਚ ਨਿੱਕੀ ਭੈਣ ਆਪਣੇ ਭਰਾ ਨਾਲ ਲਾਡ ਲਡਾਉਂਦੀ ਖੀਵੀ ਹੁੰਦੀ ਨਜ਼ਰ ਆਉਂਦੀ ਹੈ। ਕਵੀ ਨੇ 'ਪੰਛੀ', 'ਰੁੱਖ', 'ਪਹਾੜਾਂ ਦੀ ਸੈਰ' ਅਤੇ 'ਸਾਡੀ ਬਗੀਚੀ' ਆਦਿ ਕਵਿਤਾਵਾਂ ਦੇ ਮਾਧਿਅਮ ਦੁਆਰਾ ਚੌਗਿਰਦੇ ਅਤੇ ਕੁਦਰਤੀ ਸਰੋਤਾਂ ਦੀ ਸਾਂਭ-ਸੰਭਾਲ ਦਾ ਕਾਰਗਰ ਸੁਨੇਹਾ ਦਿੱਤਾ ਹੈ। 'ਰਿਸ਼ਤੇ' ਕਵਿਤਾ ਪੰਜਾਬੀ ਸੱਭਿਆਚਾਰ ਦੇ ਉਨ੍ਹਾਂ ਪੁਰਾਣੇ ਸਮਾਜਿਕ ਰਿਸ਼ਤੇ-ਨਾਤਿਆਂ ਨੂੰ ਉਜਾਗਰ ਕਰਦੀ ਹੈ, ਜਿਨ੍ਹਾਂ ਨੂੰ 'ਅੰਕਲ ਤੇ ਆਂਟੀ' ਵਰਗੇ ਅੰਗਰੇਜ਼ੀ ਰਿਸ਼ਤੇ ਖਾ ਗਏ ਹਨ। ਇਸ ਪੁਸਤਕ ਦੇ ਕੁੱਲ 40 ਪੰਨੇ ਹਨ। ਇਨ੍ਹਾਂ ਦੋਵਾਂ ਪੁਸਤਕਾਂ ਦੇ ਮੁੱਖ ਚਿੱਤਰ ਬਾਲ ਮਨ ਨੂੰ ਪਹਿਲੀ ਨਜ਼ਰ ਤੋਂ ਹੀ ਲੁਭਾਉਂਦੇ ਹਨ ਅਤੇ ਮਾਸੂਮੀਅਤ ਦੇ ਪ੍ਰਤੀਕ ਹਨ ਦੋਵਾਂ ਪੁਸਤਕਾਂ ਦੀ ਪ੍ਰਤੀ ਕਾਪੀ ਕੀਮਤ 100 ਰੁਪਏ ਹੈ। ਇਹ ਪੁਸਤਕਾਂ ਸਨਾਵਰ ਪਬਲੀਕੇਸ਼ਨ, ਪਟਿਆਲਾ ਵਲੋਂ ਛਾਪੀਆਂ ਗਈਆਂ ਹਨ।


ਸੰਪਰਕ : 98760-62229
-ਦਰਸ਼ਨ ਸਿੰਘ 'ਆਸ਼ਟ' (ਡਾ:)
ਮੋਬਾ: 98144-23703

ਕਵਿਤਾ

ਬਚਪਨ

ਬਚਪਨ ਦੀਆਂ ਮੌਜਾਂ ਬੱਚਿਓ,
ਸਾਰੇ ਰਲ-ਮਿਲ ਕੇ ਮਨਾਉਂਦੇ ਨੇ।
ਕਿਸੇ ਦੀ ਰੋਕ-ਟੋਕ ਨਹੀਂ ਚਲਦੀ,
ਬੱਚੇ ਆਪਣੇ ਮਨ ਦੀਆਂ ਕਰਦੇ ਨੇ।
ਪੜ੍ਹਾਈ ਦੀ ਕੋਈ ਪ੍ਰਵਾਹ ਨਹੀਂ ਕਰਦੇ,
ਖੇਡਾਂ ਖੇਡ ਕੇ ਮਨ ਆਪਣਾ ਪ੍ਰਚਾਉਂਦੇ ਨੇ।
ਬਚਪਨ ਦੀਆਂ ਮੌਜਾਂ ਬੱਚਿਓ...
ਬੱਚੇ ਤਾਂ ਰੱਬ ਦਾ ਰੂਪ ਹੁੰਦੇ ਨੇ
ਕਹਿੰਦੇ ਲੋਕ ਸਿਆਣੇ ਨੇ।
ਵੱਡਿਆਂ ਦਾ ਦਿਲ ਛੂਹ ਕੇ ਇਹ
ਪਿਆਰ ਸਭ ਦਾ ਪਾਉਂਦੇ ਨੇ।
ਬਚਪਨ ਦੀਆਂ ਮੌਜਾਂ ਬੱਚਿਓ...


-ਹਰਜੋਤ ਕੌਰ,
ਜਮਾਤ 9ਵੀਂ (ਬੀ), ਸ: ਸੀ: ਸੈ: ਸਕੂਲ, ਲਮੀਣ (ਹੁਸ਼ਿਆਰਪੁਰ)।

ਗਿਆਨ-ਵਿਗਿਆਨ ਦੀਆਂ ਗੱਲਾਂ

1. ਮਾਚਿਸ ਦੀ ਡੱਬੀ 'ਤੇ ਕੀ ਲਗਾਇਆ ਜਾਂਦਾ ਹੈ?
2. ਪਾਣੀ ਕਿਨ੍ਹਾਂ ਗੈਸਾਂ ਨਾਲ ਮਿਲ ਕੇ ਬਣਦਾ ਹੈ?
3. ਘੜੀ ਦੇ ਅੰਦਰ ਹਨੇਰੇ ਵਿਚ ਚਮਕਣ ਵਾਲਾ ਕੀ ਹੁੰਦਾ ਹੈ?
4. ਥਰਮਾਮੀਟਰ ਵਿਚ ਕੀ ਭਰਿਆ ਹੁੰਦਾ ਹੈ?
5. ਸਭ ਤੋਂ ਜ਼ਹਿਰੀਲੀ ਮੱਛੀ ਕਿਹੜੀ ਹੁੰਦੀ ਹੈ?
6. ਸਭ ਤੋਂ ਖ਼ਤਰਨਾਕ ਮੱਛੀ ਕਿਹੜੀ ਹੁੰਦੀ ਹੈ?
7. ਕਿਸ ਪੰਛੀ ਦਾ ਆਂਡਾ ਸਭ ਤੋਂ ਵੱਡਾ ਹੁੰਦਾ ਹੈ?
8. ਬਿਜਲੀ ਦੇ ਬਲਬ ਵਿਚ ਕਿਹੜੀ ਗੈਸ ਭਰੀ ਹੁੰਦੀ ਹੈ?
9. ਉਹ ਕਿਹੜੀ ਜਗ੍ਹਾ ਹੈ, ਜਿਥੇ ਦਿਨ ਵਿਚ ਵੀ ਤਾਰੇ ਦਿਖਾਈ ਦਿੰਦੇ ਹਨ?
10. ਸਭ ਤੋਂ ਮਹਿੰਗੀ ਧਾਤ ਕਿਹੜੀ ਹੈ?
11. ਉਹ ਕਿਹੜਾ ਪੰਛੀ ਹੈ, ਜੋ ਮੀਲਾਂ ਦੂਰੋਂ ਆਪਣਾ ਸ਼ਿਕਾਰ ਦੇਖ ਲੈਂਦਾ ਹੈ?
ਉੱਤਰ : (1) ਰੈੱਡ ਫਾਸਫੋਰਸ, (2) ਹਾਈਡ੍ਰੋਜਨ ਤੇ ਆਕਸੀਜਨ, (3) ਰੇਡੀਅਮ, (4) ਪਾਰਾ, (5) ਸਟੋਨਫਿਸ਼, (6) ਸ਼ਾਰਕ, (7) ਸ਼ੁਤਰਮੁਰਗ, (8) ਨਾਈਟ੍ਰੋਜਨ ਗੈਸ, (9) ਪੁਲਾੜ, (10) ਹੀਰਾ, (11) ਬਾਜ।


-ਬਲਵਿੰਦਰਜੀਤ ਕੌਰ,
ਪਿੰਡ ਚੱਕਲਾਂ (ਰੋਪੜ)।


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX