ਤਾਜਾ ਖ਼ਬਰਾਂ


ਸੰਘਣੀ ਧੁੰਦ ਕਾਰਨ ਵਾਪਰੇ ਹਾਦਸੇ ਵਿਚ 1 ਮੌਤ, 5 ਜ਼ਖਮੀ
. . .  19 minutes ago
ਮੋਗਾ, 17 ਜਨਵਰੀ - ਮੋਗਾ ਕੋਟਕਪੂਰਾ ਰੋਡ 'ਤੇ ਵਾਪਰੇ ਭਿਆਨਕ ਸੜਕ ਹਾਦਸੇ ਵਿਚ ਇਕ ਮੌਤ ਹੋ ਗਈ ਹੈ ਤੇ 5 ਹੋਰ ਜ਼ਖਮੀ ਹੋਏ ਹਨ। ਜ਼ਖਮੀਆਂ ਨੂੰ ਮੋਗਾ ਦੇ ਸਰਕਾਰੀ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ। ਇਹ ਹਾਦਸਾ ਸੰਘਣੀ ਧੁੰਦ ਕਾਰਨ ਵਾਪਰਿਆ...
ਅੱਜ ਡੇਰਾ ਸਿਰਸਾ ਮੁਖੀ ਨੂੰ ਛਤਰਪਤੀ ਕਤਲ ਮਾਮਲੇ 'ਚ ਹੋਵੇਗੀ ਸਜ਼ਾ
. . .  28 minutes ago
ਜਲੰਧਰ, 17 ਜਨਵਰੀ - ਪੱਤਰਕਾਰ ਰਾਮਚੰਦਰ ਛਤਰਪਤੀ ਦੇ ਕਤਲ ਮਾਮਲੇ 'ਚ ਅੱਜ ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ ਵੱਲੋਂ ਡੇਰਾ ਸਿਰਸਾ ਮੁਖੀ ਰਾਮ ਰਹੀਮ ਸਮੇਤ ਕ੍ਰਿਸ਼ਨ ਲਾਲ, ਨਿਰਮਲ ਸਿੰਘ ਤੇ ਕੁਲਦੀਪ ਸਿੰਘ ਨੂੰ ਸਜ਼ਾ ਸੁਣਾਈ ਜਾਵੇਗੀ। ਇਨ੍ਹਾਂ ਨੂੰ ਇਕੱਠੇ ਵੀਡੀਓ ਕਾਨਫਰੰਸਿੰਗ ਰਾਹੀਂ ਸਜ਼ਾ ਸੁਣਾਈ...
ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 'ਚ ਹੋਇਆ ਵਾਧਾ
. . .  46 minutes ago
ਨਵੀਂ ਦਿੱਲੀ, 17 ਜਨਵਰੀ - ਪੈਟਰੋਲ ਤੇ ਡੀਜਲ ਦੀਆਂ ਕੀਮਤਾਂ 'ਚ ਅੱਜ ਇਕ ਵਾਰ ਫਿਰ ਵਾਧਾ ਦੇਖਣ ਨੂੰ ਮਿਲਿਆ। ਰਾਜਧਾਨੀ ਦਿੱਲੀ 'ਚ ਪੈਟਰੋਲ ਦੀ ਕੀਮਤ 'ਚ 14 ਪੈਸੇ ਪ੍ਰਤੀ ਲੀਟਰ ਵਾਧਾ ਦਰਜ ਕੀਤਾ ਗਿਆ। ਇਸ ਨਾਲ ਪੈਟਰੋਲ ਦੀ ਕੀਮਤ 70.47 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਉੱਥੇ ਹੀ, ਰਾਜਧਾਨੀ...
ਅੱਜ ਦਾ ਵਿਚਾਰ
. . .  59 minutes ago
ਹੈੱਡ ਕਾਂਸਟੇਬਲ ਨੇ ਟ੍ਰੈਫਿਕ ਪੁਲਿਸ ਦੇ ਸਹਾਇਕ ਸਬ ਇੰਸਪੈਕਟਰ ਨੂੰ ਮਾਰੀ ਗੋਲੀ
. . .  1 day ago
ਡੇਰਾਬਸੀ , 16 ਜਨਵਰੀ ( ਸ਼ਾਮ ਸਿੰਘ ਸੰਧੂ)-ਡੇਰਾਬਸੀ ਪੁਲਿਸ ਸਟੇਸ਼ਨ ਵਿਖੇ ਇੱਕ ਹੈੱਡ ਕਾਂਸਟੇਬਲ ਨੇ ਟ੍ਰੈਫਿਕ ਪੁਲਿਸ ਡੇਰਾਬਸੀ ਦੇ ਇੰਚਾਰਜ ਸਹਾਇਕ ਸਬ ਇੰਸਪੈਕਟਰ ਲਖਵਿੰਦਰ ਸਿੰਘ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਹੈ
ਸੀਰੀਆ ਧਮਾਕੇ 'ਚ 30 ਨਾਗਰਿਕਾਂ ਦੀ ਮੌਤ
. . .  1 day ago
ਅਮਿੱਤ ਸ਼ਾਹ ਨੂੰ ਹੋਇਆ ਸਵਾਈਨ ਫਲੂ , ਏਮਜ਼ 'ਚ ਭਰਤੀ
. . .  1 day ago
ਨਵੀਂ ਦਿੱਲੀ ,16 ਜਨਵਰੀ - ਭਰਤੀ ਜਨਤਾ ਪਾਰਟੀ ਦੇ ਪ੍ਰਧਾਨ ਅਮਿੱਤ ਸ਼ਾਹ ਨੂੰ ਸਵਾਈਨ ਫਲੂ ਹੋਣ ਕਰਕੇ ਏਮਜ਼ 'ਚ ਭਰਤੀ ਕੀਤਾ ਗਿਆ ਹੈ।
'ਖੇਲੋ ਇੰਡੀਆ' 'ਚ ਬੁਢਲਾਡਾ ਤਹਿਸੀਲ ਦੀ ਪ੍ਰਦੀਪ ਕੌਰ ਨੇ ਜਿੱਤਿਆ ਕਾਂਸੇ ਦਾ ਮੈਡਲ
. . .  1 day ago
ਬੁਢਲਾਡਾ, 16 ਜਨਵਰੀ (ਸਵਰਨ ਸਿੰਘ ਰਾਹੀ) - ਮਹਾਰਾਸ਼ਟਰ ਦੇ ਪੁਣੇ 'ਚ ਚੱਲ ਰਹੀਆਂ 'ਖੇਲੋ ਇੰਡੀਆ' ਖੇਡਾਂ 'ਚ ਬੁਢਲਾਡਾ ਤਹਿਸੀਲ ਦੇ ਪਿੰਡ ਦੋਦੜਾ ਦੀ ਨਿਸ਼ਾਨੇਬਾਜ਼ ਪ੍ਰਦੀਪ ਕੌਰ ਸਿੱਧੂ ਨੇ 10 ਮੀਟਰ ਏਅਰ ਪਿਸਟਲ (ਮਿਕਸ) ਜੂਨੀਅਰ ਵਰਗ 'ਚ ਕਾਂਸੇ ਦਾ ਮੈਡਲ ਜਿੱਤ ਕੇ ਪਿੰਡ ਅਤੇ ਪੰਜਾਬ ਦਾ ਨਾਂਅ ਰੌਸ਼ਨ ਕੀਤਾ ਹੈ।
ਜਸਟਿਸ ਸੰਜੀਵ ਖੰਨਾ ਅਤੇ ਜਸਟਿਸ ਮਹੇਸ਼ਵਰੀ ਸੁਪਰੀਮ ਕੋਰਟ ਦੇ ਜੱਜ ਨਿਯੁਕਤ
. . .  1 day ago
ਨਵੀਂ ਦਿੱਲੀ, 16 ਜਨਵਰੀ - ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਦਿੱਲੀ ਹਾਈਕੋਰਟ ਦੇ ਚੀਫ਼ ਜਸਟਿਸ ਸੰਜੀਵ ਖੰਨਾ ਅਤੇ ਕਰਨਾਟਕ ਹਾਈਕੋਰਟ ਦੇ ਜੱਜ ਦਿਨੇਸ਼ ਮਹੇਸ਼ਵਰੀ ਨੂੰ ਸੁਪਰੀਮ ਕੋਰਟ ਦਾ...
ਤਾਮਿਲਨਾਡੂ ਦਾ ਡੀ ਗੁਕੇਸ਼ ਬਣਿਆ ਦੁਨੀਆ ਦਾ ਦੂਜਾ ਸਭ ਤੋਂ ਛੋਟੀ ਉਮਰ ਦਾ ਸ਼ਤਰੰਜ ਗ੍ਰੈਂਡਮਾਸਟਰ
. . .  1 day ago
ਚੇਨਈ, 16 ਜਨਵਰੀ - ਤਾਮਿਲਨਾਡੂ ਦਾ ਡੀ ਗੁਕੇਸ਼ ਦੁਨੀਆ ਦਾ ਦੂਜਾ ਸਭ ਤੋਂ ਛੋਟੀ ਉਮਰ ਦਾ ਸ਼ਤਰੰਜ ਗ੍ਰੈਂਡ ਮਾਸਟਰ ਬਣਿਆ ਹੈ। ਇਸ ਮੌਕੇ ਡੀ ਗੁਕੇਸ਼ ਨੇ ਆਪਣੇ ਮਾਤਾ ਪਿਤਾ, ਕੋਚ, ਦੋਸਤਾਂ...
ਹੋਰ ਖ਼ਬਰਾਂ..

ਅਜੀਤ ਮੈਗਜ਼ੀਨ

ਸ਼ਹੀਦੀ ਸਪਤਾਹ ਦੀ ਦਾਸਤਾਨ...

ਪੋਖਿ ਤੁਖਾਰੁ ਨ ਵਿਆਪਈ ਕੰਠਿ ਮਿਲਿਆ ਹਰਿ ਨਾਹੁ¨ (ਅੰਗ : 135)
ਸਿਰਜਣਹਾਰ ਨੂੰ ਸਮਰਪਿਤ ਹੋ ਅਸੀਂ ਆਪਣਾ ਜੀਵਨ ਸੁਹਾਵਣਾ-ਸੁਖਮਈ ਬਣਾ ਸਕਦੇ ਹਾਂ | ਪੋਹ ਦੇ ਮਹੀਨੇ ਸਾਨੂੰ ਸਭ ਨੂੰ ਸਰਦੀ ਬਹੁਤ ਸਤਾਉਂਦੀ ਹੈ, ਪਰ ਅਨੰਦਪੁਰੀ ਦੇ ਅਨੰਦਮਈ ਵਾਤਾਵਰਨ, ਅਨੰਦਪੁਰ ਦੇ 8 ਮਹੀਨੇ ਦੇ ਜ਼ਬਰਦਸਤ ਘੇਰੇ, ਅਨੰਦਪੁਰ ਨੂੰ ਛੱਡਣ, ਸਿਰਸਾ ਨਦੀ ਕੰਢੇ ਭਿਆਨਕ ਯੁੱਧ, ਪਰਿਵਾਰ ਵਿਛੋੜਾ, ਚਮਕੌਰ ਦੀ ਕੱਚੀ ਗੜ੍ਹੀ ਤੇ ਸਰਹਿੰਦ ਦੀਆਂ ਦੀਵਾਰਾਂ 'ਚ ਸਾਹਿਬਜ਼ਾਦਿਆਂ ਦੇ ਜਿਊਾਦੇ ਚਿਣੇ ਜਾਣ 'ਤੇ ਮਾਤਾ ਗੁਜਰੀ ਜੀ ਦੀ ਠੰਢੇ ਬੁਰਜ ਦੀ ਦਾਸਤਾਨ ਨੂੰ ਪੜ੍ਹ-ਸੁਣ ਕੇ-ਮਨ-ਸਰੀਰ 'ਚ ਰੋਸ-ਰੋਹ ਤੇ ਜੋਸ਼ ਦੀ ਲਹਿਰ ਦੌੜਦੀ ਹੈ | 8 ਤੋਂ 13 ਪੋਹ ਦੇ ਇਹ ਦਿਨ ਸਿੱਖ ਇਤਿਹਾਸ ਦੇ ਦਰਦਮਈ-ਗੰਭੀਰ ਪ੍ਰੀਖਿਆ ਦੇ ਦਿਨ ਸਨ | ਅਨੰਦਪੁਰ ਸਾਹਿਬ ਇਕ ਦਿਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਪਣੇ ਸਿੱਖਾਂ, ਸੇਵਕਾਂ ਦੀ ਪਰਖ ਕੀਤੀ, ਪੰਜ ਸੀਸ ਮੰਗ ਕੇ | ਪੰਜ ਪਿਆਰਿਆਂ ਦਾ ਰੁਤਬਾ ਹਾਸਲ ਕਰਨ ਵਾਲਿਆਂ ਨੇ ਗੁਰੂ ਚਰਨਾਂ 'ਚ ਸੀਸ ਭੇਟ ਕੀਤੇ ਤੇ ਗੁਰਦੇਵ ਨੇ ਵੀ ਗੁਰਸਿੱਖਾਂ ਨਾਲ ਅਹਿਦ ਕੀਤਾ ਕਿ ਗੁਰੂ ਗੋਬਿੰਦ ਸਿੰਘ ਸਮਾਂ ਆਉਣ 'ਤੇ ਆਪਣਾ ਸਰਬੰਸ ਵਾਰ ਕੇ ਸੁਰਖਰੂ ਹੋਵੇਗਾ | ਇਸ ਸ਼ਹੀਦੀ ਸਪਤਾਹ 'ਚ ਗੁਰੂ ਜੀ ਨੇ ਕੀਤੇ ਕੋਲ ਨੂੰ ਪੂਰਿਆਂ ਕੀਤਾ |
ਅਨੰਦਪੁਰ ਸਾਹਿਬ ਨੂੰ ਲਾਹੌਰ ਦੇ ਸੂਬੇਦਾਰ ਖਾਂ, ਸਰਹਿੰਦ ਦੇ ਸੂਬੇਦਾਰ ਤੇ ਪਹਾੜੀ ਰਾਜਿਆਂ ਨੇ ਘੇਰਾ ਪਾ ਲਿਆ | ਅੱਠ ਮਹੀਨੇ ਤੀਕ ਰਹੇ ਇਸ ਜ਼ਬਰਦਸਤ ਘੇਰੇ ਕਾਰਨ ਅਨੰਦਗੜ੍ਹ ਦੇ ਕਿਲ੍ਹੇ 'ਚ ਜਲ-ਪਾਣੀ, ਅੰਨ ਦਾਣਾ ਆਉਣਾ ਬੰਦ ਹੋ ਗਿਆ | ਜੇਕਰ ਸਿੰਘ ਸੂਰਮੇ ਦੁਸ਼ਮਣ ਦਲਾਂ 'ਤੇ ਹਮਲਾ ਕਰਕੇ ਅੰਨ-ਪਾਣੀ ਦਾ ਪ੍ਰਬੰਧ ਕਰਦੇ, ਇਸ ਨਾਲ ਵੀ ਆਪਣਾ ਕਾਫ਼ੀ ਜਾਨੀ ਨੁਕਸਾਨ ਹੋ ਜਾਂਦਾ | ਵਿਸ਼ਾਲ ਤੇ ਲੰਮੇਰੇ ਘੇਰੇ ਦੇ ਬਾਵਜੂਦ ਸਿੰਘ ਚੜ੍ਹਦੀ ਕਲਾ 'ਚ ਸਨ | ਮੁਸੀਬਤ ਦੇ ਸਮੇਂ ਵੀ ਸਿੱਖਾਂ ਨੇ ਸਬਰ-ਸਿਦਕ ਤੋਂ ਕੰਮ ਲਿਆ | ਦੁਸ਼ਮਣ ਦਲਾਂ ਨੇ ਦੇਖਿਆ ਕਿ ਇਸ ਤਰ੍ਹਾਂ ਅਸੀਂ ਅਨੰਦਗੜ੍ਹ ਦੇ ਕਿਲ੍ਹੇ 'ਤੇ ਕਾਬਜ਼ ਨਹੀਂ ਹੋ ਸਕਾਂਗੇ ਤਾਂ ਉਨ੍ਹਾਂ ਕਸਮਾਂ ਖਾ ਕੇ ਕਿਹਾ ਕਿ ਜੇਕਰ ਗੁਰੂ ਜੀ ਆਪਣੇ ਸਿੰਘਾਂ ਸਮੇਤ ਕਿਲ੍ਹੇ ਨੂੰ ਖਾਲੀ ਕਰ ਦੇਣ ਤਾਂ ਉਨ੍ਹਾਂ ਨੂੰ ਸੁਰੱਖਿਅਤ ਲਾਂਘਾ ਦਿੱਤਾ ਜਾਵੇਗਾ | ਬਸ ਕਿਲ੍ਹਾ ਖਾਲੀ ਕਰਨ ਦੀ ਦੇਰ ਸੀ ਕਿ ਦੁਸ਼ਮਣ ਦਲਾਂ ਨੇ ਭੁੱਖੇ ਭਾਣੇ ਸਿੰਘਾਂ 'ਤੇ ਹੱਲਾ ਬੋਲ ਦਿੱਤਾ | ਪੋਹ ਦੇ ਮਹੀਨੇ, ਬਾਰਸ਼ ਸਮੇਂ ਸ਼ੂਕਦੀ ਸਰਸਾ ਨਦੀ ਦੇ ਕੰਢੇ ਭਿਆਨਕ ਯੁੱਧ ਲੜਿਆ ਗਿਆ | ਭਾਈ ਬਚਿੱਤਰ ਸਿੰਘ ਤੇ ਕੁਝ ਹੋਰ ਸੂਰਮੇ ਦੁਸ਼ਮਣਾਂ ਦਾ ਮੁਕਾਬਲਾ ਕਰਦੇ ਸ਼ਹੀਦੀ ਜਾਮ ਪੀ ਗਏ | ਬੇਸ਼ੁਮਾਰ ਕੀਮਤੀ ਸਾਹਿਤਕ ਸਰਮਾਇਆ, ਇਤਿਹਾਸਕ ਗ੍ਰੰਥ ਸਦਾ ਵਾਸਤੇ ਸਰਸਾ ਨਦੀ ਦੀ ਭੇਟ ਚੜ੍ਹ ਗਏ | ਚਾਰ ਚੁਫੇਰੇ ਦੁਸ਼ਮਣ ਦਲ ਦੀ ਘੇਰਾਬੰਦੀ ਵਿਚ ਬਹੁਤ ਸਾਰੇ ਪਿਆਰੇ ਗੁਰਸਿੱਖ ਸ਼ਹੀਦ ਹੋ ਚੁੱਕੇ ਸਨ ਪਰ ਬਾਦਸ਼ਾਹ ਦਰਵੇਸ਼ ਸਰਸਾ ਦੇ ਕਿਨਾਰੇ ਅੰਮਿ੍ਤ ਵੇਲੇ ਸੰਗਤੀ ਨਿਤਨੇਮ ਆਸਾ ਕੀ ਵਾਰ ਦਾ ਕੀਰਤਨ ਮੈਦਾਨੇ ਜੰਗ 'ਚ ਕਰਨ ਦਾ ਆਦੇਸ਼ ਕਰਦੇ ਹਨ | ਸਰਸਾ ਕਿਨਾਰੇ ਹੀ ਕਲਗੀਧਰ ਦੇ ਪਰਿਵਾਰ ਦਾ ਸਦੀਵੀ ਵਿਛੋੜਾ ਪੈ ਗਿਆ | ਗੁਰੂ ਪਰਿਵਾਰ ਤਿੰਨ ਭਾਗਾਂ 'ਚ, ਤਿੰਨ ਦਿਸ਼ਾਵਾਂ 'ਚ ਵੰਡਿਆ ਗਿਆ | ਗੁਰੂ ਗੋਬਿੰਦ ਸਿੰਘ ਜੀ ਦੋਵੇਂ ਵੱਡੇ ਸਾਹਿਬਜ਼ਾਦੇ ਤੇ ਗਿਣਤੀ ਦੇ ਸਿੰਘ, ਚਮਕੌਰ ਦੀ ਕੱਚੀ ਗੜ੍ਹੀ 'ਚ, ਮਾਤਾ ਸੁੰਦਰੀ ਜੀ ਤੇ ਮਾਤਾ ਸਾਹਿਬ ਦੇਵਾਂ ਭਾਈ ਮਨੀ ਸਿੰਘ ਦੇ ਨਾਲ ਦਿੱਲੀ ਨੂੰ , ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦੇ ਗੰਗੂ ਰਸੋਈਏ ਨਾਲ ਇਕ ਪਾਸੇ ਚੱਲ ਪਏ | ਚਮਕੌਰ ਦੀ ਕੱਚੀ ਗੜ੍ਹੀ ਵੱਡੇ ਸਾਹਿਬਜ਼ਾਦਿਆਂ, ਤਿੰਨ ਪਿਆਰਿਆਂ ਤੇ ਚਾਲੀ ਸਿੰਘਾਂ ਨੇ ਦਸ ਲੱਖ ਫ਼ੌਜ ਦਾ ਮੁਕਾਬਲਾ ਜਿਸ ਸੂਰਮਗਤੀ ਨਾਲ ਕੀਤਾ, ਉਸ ਨੂੰ ਵਿਸ਼ਵ ਦਾ ਸਭ ਤੋਂ ਅਸਾਵਾਂ ਯੁੱਧ ਕਿਹਾ ਜਾਂਦਾ ਹੈ | ਇਮਤਿਹਾਨ ਦੀ ਇਸ ਘੜੀ 'ਚ ਗੁਰੂ ਪਿਆਰਿਆਂ ਨੇ ਸਬਰ-ਸਿਦਕ ਤੇ ਸੂਰਮਗਤੀ ਨਾਲ ਸ਼ਹਾਦਤ ਦੀ ਦਾਸਤਾਨ ਲਿਖੀ |
ਇਕ ਵੀ ਸਿੰਘ ਡੋਲਿਆ ਨਹੀਂ, ਅਧੀਨਗੀ, ਗ਼ੁਲਾਮੀ, ਇਸਲਾਮ ਨੂੰ ਪ੍ਰਵਾਨ ਨਹੀਂ ਕੀਤਾ ਸਗੋਂ ਸਿੱਖੀ, ਸਿਦਕ, ਭਰੋਸੇ ਨੂੰ ਆਖਰੀ ਸਾਹਾਂ ਤੀਕ ਨਿਭਾਇਆ | ਚਮਕੌਰ ਦੀ ਗੜ੍ਹੀ 'ਚ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ-ਪੰਥ ਦੀ ਸਰਵਉੱਤਾ ਨੂੰ ਪੰਜਾਂ ਪਿਆਰਿਆਂ ਦੇ ਰੂਪ 'ਚ ਸਵੀਕਾਰ ਤੇ ਸਤਿਕਾਰ ਕਰਦਿਆਂ, ਗੁਰੂ ਚੇਲੇ ਦੀ ਅਭੇਦਤਾ ਦੇ ਸਿਧਾਂਤ ਨੂੰ ਪ੍ਰਗਟ ਕੀਤਾ | ਗੁਰੂ-ਪੰਥ ਦੇ ਹੁਕਮ ਅਨੁਸਾਰ ਗੁਰੂ ਗੋਬਿੰਦ ਸਿੰਘ ਜੀ ਦੁਸ਼ਮਣ ਦਲਾਂ ਨੂੰ ਚੀਰਦੇ ਹੋਏ ਮਾਛੀਵਾੜੇ ਦੇ ਜੰਗਲਾਂ ਦੇ ਵਾਸੀ ਬਣੇ | ਅਫ਼ਗਾਨੀ ਤੇ ਤੁਖਾਰ ਦੇ ਘੋੜਿਆਂ ਦੇ ਸ਼ਾਹ ਸਵਾਰ, ਪ੍ਰਸ਼ਾਦੀ ਹਾਥੀ ਰੱਖਣ ਵਾਲੇ ਸੁਤੰਤਰ ਸਿੱਖ ਸੋਚ ਦੇ ਧਾਰਨੀ ਬਾਦਸ਼ਾਹਤ ਦੇ ਪ੍ਰਤੀਕ ਤਾਜ-ਬਾਜ, ਨਿਸ਼ਾਨ ਸਾਹਿਬ ਝੁਲਾਉਣ ਵਾਲੇ, ਨਗਾਰੇ 'ਤੇ ਚੋਟਾਂ ਲਗਵਾਉਣ ਵਾਲੇ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਜੀ ਨੂੰ ਮਾਛੀਵਾੜੇ ਦੇ ਜੰਗਲਾਂ 'ਚ ਨੰਗੇ ਪੈਰੀਂ ਵਿਚਰਨਾ ਪਿਆ, ਪਰ ਕਿਧਰੇ ਗਿਲਾ, ਸ਼ਿਕਵਾ, ਸ਼ਿਕਾਇਤ ਨਹੀਂ ਸਗੋਂ ਮਿੱਤਰ ਪਿਆਰੇ ਨੂੰ ਪਿਆਰ ਨਾਲ ਕਹਿੰਦੇ ਹਨ:
ਮਿਤ੍ਰ ਪਿਆਰੇ ਨੂੰ ਹਾਲੁ ਮੁਰੀਦਾ ਦਾ ਕਹਣਾ ¨
ਤੁਧੁ ਬਿਨੁ ਰੋਗੁ ਰਜਾਈਯਾ ਦਾ
ਓਢਣੁ ਨਾਗ ਨਿਵਾਸਾ ਦਾ ਰਹਣਾ ¨ (ਦਸਮ ਗ੍ਰੰਥ)

ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਸਰਹਿੰਦ ਦੇ ਸੂਬੇਦਾਰ ਨੇ ਬੰਦੀ ਬਣਾ, ਠੰਢੇ ਬੁਰਜ਼ 'ਚ ਕੈਦ ਕਰ ਦਿੱਤਾ | ਬਜ਼ੁਰਗ ਮਾਤਾ ਗੁਜਰੀ ਤੇ ਨੰਨੇ-ਮੁੰਨੇ ਸਾਹਿਬਜ਼ਾਦਿਆਂ, ਗੁਰੂ ਪਰਿਵਾਰ, ਪਿਆਰੇ ਗੁਰਸਿੱਖਾਂ ਦਾ ਸਦੀਵੀ ਵਿਛੋੜਾ, ਸਫ਼ਰ ਦੀਆਂ ਦੁਸ਼ਵਾਰੀਆਂ ਦੇ ਦਰਪੇਸ਼ ਕਿਵੇਂ ਗੁਜ਼ਾਰੇ ਹੋਣਗੇ, ਠੰਢੇ ਬੁਰਜ 'ਚ ਦਿਨ-ਰਾਤ? ਬੁਰਜ ਆਮ ਕਰਕੇ ਕਿਲਿ੍ਹਆਂ, ਸ਼ਾਹੀ ਮਹਿਲਾਂ ਦੇ ਕਿਨਾਰੇ, ਖੁੱਲ੍ਹੇ 'ਚ ਉੱਚੇ ਉਸਾਰੇ ਜਾਂਦੇ ਹਨ ਜਿਨ੍ਹਾਂ ਰਾਹੀਂ ਸੁਰੱਖਿਆ ਕਰਮਚਾਰੀ ਸੁਰੱਖਿਆ ਕਰਦੇ ਹਨ | ਬੁਰਜ ਗੋਲਕਾਰ, ਚਕੋਣੇ ਜਾਂ ਅਠਕੋਣੇ ਹੁੰਦੇ ਹਨ, ਜਿਨ੍ਹਾਂ ਤੋਂ ਸੁਰੱਖਿਆ ਕਰਮੀ ਚੁਫੇਰੇ ਦੇਖ ਸਕੇ | ਪੋਖ ਤੁਖਾਰ ਦਾ ਮਹੀਨਾ, ਉੱਚਾ ਖੁੱਲ੍ਹਾ ਬੁਰਜ, ਨੇੜੇ ਪਾਣੀ ਦੀ ਖਾਈ, ਖੁੱਲ੍ਹੇ ਖੇਤਰ ਦੀਆਂ ਬਰਫ਼ੀਲੀਆਂ ਸੀਤਲ ਹਵਾਵਾਂ, ਦੂਸਰੇ ਪਾਸੇ ਸਮੇਂ ਤੇ ਮੁਸੀਬਤਾਂ ਨਾਲ ਜੂਝ ਰਹੀ 83 ਸਾਲ ਦੀ ਬਜ਼ੁਰਗ ਮਾਤਾ ਤੇ ਬਾਲ ਵਰੇਸ ਦੇ ਉਨ੍ਹਾਂ ਦੇ ਪੋਤਰਿਆਂ ਨੇ ਕਿਵੇਂ ਸਮਾਂ ਬਤੀਤ ਕੀਤਾ ਹੋਵੇਗਾ? ਕਲਪਨਾ ਕਰਨੀ ਮੁਸ਼ਕਿਲ ਹੈ, ਸੋਚ ਸ਼ਕਤੀ, ਸਾਥ ਨਹੀਂ ਦਿੰਦੀ | ਵਜ਼ੀਰ ਖਾਂ ਦੀ ਕਚਹਿਰੀ 'ਚ ਭੇਜਣ ਸਮੇਂ ਮਾਤਾ ਗੁਜਰੀ ਜੀ ਨੂੰ ਪਤਾ ਸੀ ਕਿ ਮੇਰੇ ਲਾਡਲੇ ਲਾਲ ਦੇ ਲਾਲਾਂ ਨੇ ਵਾਪਸ ਨਹੀਂ ਆਉਣਾ ਸਗੋਂ ਵਿਰਸੇ-ਵਿਰਾਸਤ ਨੂੰ ਜ਼ਿੰਦਾ ਰੱਖਣ, ਸਿੱਖੀ ਦੀਆਂ ਨੀਹਾਂ ਨੂੰ ਮਜ਼ਬੂਤ ਕਰਨ ਲਈ ਸ਼ਹੀਦ ਹੋ ਜਾਣਾ ਹੈ | ਸੂਬੇਦਾਰ ਸਰਹਿੰਦ ਵਜ਼ੀਰ ਖਾਂ ਤੇ ਕਾਜ਼ੀ ਨੇ ਵਕਤੀ-ਖੁਸ਼ਾਮਦ ਭਰਪੂਰ ਫਤਵਾ ਸੁਣਾਉਣ 'ਤੇ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਬਾਲ ਵਰੇਸੇ ਨੀਂਹਾਂ 'ਚ ਚਿਣ-ਸ਼ਹੀਦ ਕਰ ਦਿੱਤਾ | ਜਦ ਦਾਦੀ ਮਾਂ, ਗੁਜਰੀ ਨੂੰ ਖ਼ਬਰ ਮਿਲੀ ਕਿ ਤੇਰੇ ਪੋਤਰੇ ਸ਼ਹੀਦ ਹੋ ਚੁੱਕੇ ਹਨ ਤਾਂ ਮਾਂ ਵੀ ਆਪਣੇ ਪੋਤਰਿਆਂ ਨਾਲ ਹੀ ਸਚਖੰਡ ਧਿਆਨਾ ਕਰ ਗਈ |
ਚਲੋ ਮੇਰੇ ਹੀਰਿਓ ! ਮੈਂ ਮਗਰੇ ਆਵਾਂ |
ਪੁੱਤਾਂ ਪਿਛੋਂ ਜਿਊਾਦੀਆਂ ਕਦ ਸੁਣੀਆਂ ਮਾਵਾਂ
ਸਰਹਿੰਦ ਦਾ ਸ਼ਹੀਦੀ ਸਾਕਾ ਵਾਪਰਨ 'ਤੇ ਸੰਸਾਰ 'ਚ ਹਾਹਾਕਾਰ ਮਚ ਗਈ | ਜਬਰ-ਜ਼ੁਲਮ, ਤਸ਼ੱਦਦ, ਲਾਲ ਹਨੇਰੀ ਝੁੱਲੀ | ਅਜਿਹਾ ਹੀ ਸ਼ਹੀਦੀ ਸਾਕਾ ਪਹਿਲਾਂ ਸੀਸਗੰਜ, ਚਾਂਦਨੀ ਚੌਾਕ ਦਿੱਲੀ 'ਚ ਦਿਨ-ਦਿਹਾੜੇ ਵਾਪਰ ਚੁੱਕਾ ਸੀ |
ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਦੀ ਸ਼ਹੀਦੀ ਦੀ ਦਾਸਤਾਨ ਸੁਣ ਕੇ ਸਤਿਗੁਰੂ ਜੀ ਗ਼ਮਗੀਨ ਨਹੀਂ ਹੋਏ ਸਗੋਂ ਫ਼ਖਰ ਨਾਲ ਕਿਹਾ ਸੀ:
ਇਨ ਪੁਤ੍ਰਨ ਕੇ ਸੀਸ ਮੈ ਵਾਰ ਦੀਏ ਸੁਤ ਚਾਰ |
ਚਾਰ ਮੁਏ ਤੋਂ ਕਿਆ ਭਲਾ ਜੀਵਤ ਕਈ ਹਜ਼ਾਰ |

ਸਰਹਿੰਦ ਦੇ ਦਰਦਮਈ ਸਾਕੇ 'ਤੇ ਨਵਾਬ ਮਲੇਰਕੋਟਲਾ, ਮੋਤੀ ਮਹਿਰੇ ਤੇ ਦੀਵਾਨ ਟੋਡਰ ਮਲ ਨੇ ਹਾਅ ਦਾ ਨਾਅਰਾ ਮਾਰਿਆ ਸੀ, ਜਿਸ ਸਦਕਾ ਸਿੱਖ ਹਮੇਸ਼ਾਂ ਇਨ੍ਹਾਂ ਨੂੰ ਸਤਿਕਾਰ ਨਾਲ ਯਾਦ ਕਰਦੇ ਹਨ | ਬਹੁਤ ਸਾਰੇ ਦਾਨਿਸ਼ਮੰਦ-ਲੇਖਕਾਂ, ਕਵੀਆਂ ਨੇ ਕਲਮਾਂ ਦੀ ਜ਼ੋਰ-ਅਜ਼ਮਾਈ ਕਰਕੇ ਇਸ ਅਨੋਖੀ ਸ਼ਹੀਦੀ ਦਾਸਤਾਨ ਨੂੰ ਰੂਪਮਾਨ ਕਰ, ਸ਼ਰਧਾ ਸਤਿਕਾਰ ਭੇਟ ਕਰਨ ਦਾ ਯਤਨ ਕੀਤਾ | ਹਿੰਦੀ ਦੇ ਪ੍ਰਸਿੱਧ ਕਵੀ ਮੈਥਲੀ ਸ਼ਰਨ ਗੁਪਤ ਨੇ ਆਪਣੇ ਦਿਲ ਦੇ ਵਲਵਲਿਆਂ ਨੂੰ ਇਸ ਤਰ੍ਹਾਂ ਪ੍ਰਗਟ ਕੀਤਾ ਹੈ:
ਜਿਸ ਕੁਲ ਜਾਤਿ ਦੇਸ਼ ਕੇ ਬੱਚੇ,
ਦੇ ਸਕਤੇ ਹੈਂ ਯੋ ਬਲੀਦਾਨ |
ਉਸ ਕਾ ਵਰਤਮਾਨ ਕੁਝ ਭੀ ਹੋ
ਪਰ ਭਵਿਸ਼ਯ ਹੈ ਅਰ ਮਹਾਨ |

ਦਸ਼ਮੇਸ਼ ਪਿਤਾ ਨੇ ਸਿੱਖੀ ਦੇ ਬਾਗ ਨੂੰ ਪਿਤਾ, ਸਾਹਿਬਜ਼ਾਦਿਆਂ, ਬਜ਼ੁਰਗ ਮਾਤਾ ਗੁਜਰੀ, ਤਿੰਨ ਪਿਆਰੇ, ਭਾਈ ਸੰਗਤ ਸਿੰਘ ਜੀ, ਭਾਈ ਜੀਵਨ ਸਿੰਘ ਜੀ ਵਰਗੇ ਮਹਾਨ ਗੁਰਸਿੱਖਾਂ ਦੇ ਪਵਿੱਤਰ ਖੂਨ ਨਾਲ ਸਿੰਜ ਕੇ ਖੜਾਓ ਬਖਸ਼ਿਸ਼ ਕੀਤਾ | ਸਾਹਿਬਜ਼ਾਦਿਆਂ ਦੇ ਇਹ ਬੋਲ ਸਾਨੂੰ ਕਦੇ ਵੀ ਨਹੀਂ ਭੁੱਲਣੇ ਚਾਹੀਦੇ:
ਹਮ ਜਾਨ ਦੇ ਕੇ ਔਰੋਂ ਕੀ ਜਾਨੇਂ ਬਚਾ ਚਲੇ |
ਸਿਖੀ ਕੀ ਨੀਂਵ ਹਮ ਹੈਂ ਸਰੋਂ ਪਿ ਉਠਾ ਚਲੇ |

ਇਸ ਸ਼ਹੀਦੀ ਸਪਤਾਹ ਸਮੇਂ ਸਾਡਾ ਕਾਰ-ਵਿਹਾਰ ਅਚਾਰ-ਰਹਿਣ-ਸਹਿਣ-ਬੋਲ ਚਾਲ ਤੇ ਖਾਣ ਪੀਣ 'ਚ ਅੰਤਰ ਦਿਖਾਈ ਦੇਣਾ ਚਾਹੀਦਾ ਹੈ | ਨਿੱਜੀ ਰੂਪ ਵਿਚ ਅਸੀਂ ਭਾਵੇਂ ਸਾਰੇ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਹਿ ਸਿੰਘ ਤੇ ਮਾਤਾ ਗੁਜਰੀ ਨੂੰ ਸ਼ਰਧਾ ਸਤਿਕਾਰ ਭੇਟ ਕਰਨ ਲਈ ਨਹੀਂ ਪਹੁੰਚ ਸਕਦੇ, ਪਰ ਸਾਨੂੰ ਇਨ੍ਹਾਂ ਦਿਨਾਂ ਦੇ ਸਦਮੇ ਦਾ ਅਹਿਸਾਸ ਜ਼ਰੂਰ ਹੋਣਾ ਚਾਹੀਦਾ ਹੈ | ਅਹਿਸਾਸ ਇਹ ਹੋਵੇ ਕਿ ਇਹ ਸਾਡਾ ਕੌਮੀ ਸ਼ਹੀਦੀ ਸਪਤਾਹ ਹੈ | ਇਸ ਦੌਰਾਨ ਅਸਾਂ ਨੇ ਖੁਸ਼ੀ ਦੇ ਪ੍ਰੋਗਰਾਮ ਨਹੀਂ ਰੱਖਣੇ, ਇਸ ਕੌਮੀ ਸਭਾ ਦੇ ਦਿਨਾਂ 'ਚ ਗੰਭੀਰਤਾ ਹੋਵੇ ਤੇ ਗ਼ਮ ਦਾ ਅਹਿਸਾਸ |
ਗੁਰੂ ਸਵਾਰੇ ਸਿੱਖੋ ਇਨ੍ਹਾਂ ਦਿਨਾਂ 'ਚ ਤੁਹਾਡੇ ਪਾਸੋਂ ਸੁਹਿਰਦਤਾ, ਗ਼ਮਗੀਨਤਾ, ਗੰਭੀਰਤਾ, ਦਾਨਸ਼ਿਮੰਦੀ ਦੀ ਖ਼ੁਸ਼ਬੂ ਆਉਣੀ ਚਾਹੀਦੀ ਹੈ, ਸਾਹਿਬਜ਼ਾਦਿਆਂ, ਪੋਖ ਤੁਖਾਰ ਦੀਆਂ ਬਰਫ਼ੀਲੀਆਂ ਰਾਤਾਂ ਕਿਵੇਂ ਠੰਢੇ ਬੁਰਜ 'ਚ ਬਜ਼ੁਰਗ ਮਾਤਾ ਗੁਜਰੀ ਨਾਲ ਗੁਜ਼ਾਰੀਆਂ ਸਨ? ਇਨ੍ਹਾਂ ਪਲਾਂ ਦਾ ਅਹਿਸਾਸ ਕਰਨ ਵਾਸਤੇ ਕਲਪਨਾ ਕਰਨੀ ਚਾਹੀਦੀ ਹੈ |
ਅਨੰਦਪੁਰ ਦੇ ਅਨੰਦਮਈ ਵਾਤਵਰਨ ਤੋਂ ਚਮਕੌਰ ਦੀ ਕੱਚੀ ਗੜ੍ਹੀ ਤੇ ਸਰਹਿੰਦ ਦੀਆਂ ਦੀਵਾਰਾਂ ਤੀਕ ਦੇ ਸਫ਼ਰ ਦੀ ਸਾਖੀ ਦੀ ਅਕਥ ਕਹਾਣੀ–ਲੋਕ ਮਾਨਸਿਕਤਾ 'ਚ ਘਰ ਕਰ ਚੁੱਕੀ ਹੈ | ਭਾਵੇਂ ਕਿ ਇਸ ਨੂੰ ਵਰਨ ਕਰਨ ਲਈ ਸਿੱਖ ਇਤਿਹਾਸ ਰਚਿਆ ਜਾ ਚੁੱਕਾ ਹੈ ਪਰ ਦਰਦ ਦੀ ਦਾਸਤਾਨ ਨੂੰ ਥੋੜ੍ਹਾ ਬਹੁਤਾ ਮਹਿਸੂਸ ਤਾਂ ਕੀਤਾ ਜਾ ਸਕਦਾ ਹੈ ਪਰ ਮੁਕੰਮਲ ਰੂਪ 'ਚ ਰੂਪਮਾਨ ਕਰਨਾ ਅਸੰਭਵ ਹੈ | ਸ਼ਹੀਦੀ ਸਾਕੇ ਦੀ ਦਾਸਤਾਨ ਤਿਆਗ, ਕੁਰਬਾਨੀ,ਧਾਰਮਿਕ, ਸਮਾਜਿਕ ਸੁਤੰਤਰਤਾ, ਸਵੈ-ਵਿਸ਼ਵਾਸ, ਸਚ, ਸਬਰ, ਸਿਦਕ, ਸ਼ਹਾਦਤ ਦੀ ਅਨੋਖੀ ਦਾਸਤਾਨ ਹੈ | ਇਸ ਕੌਮੀ ਸਭਾ ਦਾ ਮੂਲ ਮਨੋਰਥ ਤੇ ਉਦੇਸ਼ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੀ ਸ਼ਹੀਦੀ ਦਾਸਤਾਨ ਨੂੰ ਯਾਦ ਕਰ ਮਹਾਨ ਵਿਰਸੇ ਨਾਲ ਜੁੜਨਾ ਹੈ | ਆਓ, ਇਨ੍ਹਾਂ ਦਿਨਾਂ 'ਚ ਗੁਰਮੁਖਾਂ ਵਾਂਗ ਯਾਦ ਕਰੀਏ ਮਹਾਨ ਕੁਰਬਾਨੀ ਨੂੰ ... |

-ਮੋਬਾਈਲ : 98146 37979 roops੍z@yahoo.com


ਖ਼ਬਰ ਸ਼ੇਅਰ ਕਰੋ

ਸਵਰਗ ਦਾ ਝੂਟਾ ਕੈਨੇਡਾ ਦਾ ਹਾਈਵੇਅ

ਉੱਘੇ ਅਮਰੀਕੀ ਕਵੀ ਅਤੇ ਲੇਖਕ ਐਲਾ ਵ੍ਹੀਲਰ ਵਿਲਕੋਕਸ ਦੇ ਸੰਵੇਦਨਸ਼ੀਲ ਮਨ ਵਿਚੋਂ ਇਕ ਵਾਰ ਬਹੁਤ ਭਾਵਪੂਰਕ ਸਤਰਾਂ ਨਿਕਲੀਆਂ, 'ਬਹੁਤ ਸਾਰੇ ਭਗਵਾਨਾਂ, ਕਈ ਧਰਮਾਂ, 'ਤੇ ਮਾਰਗ, ਜੋ ਕੇਵਲ ਨਿਮਰ ਹੋਣ ਦੀ ਕਲਾ ਹੀ ਦਰਸਾਉਂਦੇ ਹਨ, ਉਨ੍ਹਾਂ ਤੋਂ ਇਸ ਦੁਖੀ ਸੰਸਾਰ ਨੰੂ ਸਿੱਖਣ ਦੀ ਬਹੁਤ ਲੋੜ ਹੈ |'
ਉਸ ਦੇ ਸ਼ਬਦਾਂ ਦੀ ਤਰ੍ਹਾਂ ਹੀ ਬਿ੍ਟਿਸ਼ ਕੋਲੰਬੀਆ ਦੇ ਰਿਚਮੰਡ ਸ਼ਹਿਰ ਦੀ ਸੜਕ ਨੰਬਰ ਪੰਜ ਬਿਨਾਂ ਕਿਸੇ ਭੇਦ-ਭਾਵ ਦੇ ਹਰ ਇਕ ਦੇ ਮਨ ਅੰਦਰ ਘਰ ਕਰ ਜਾਂਦੀ ਹੈ, ਜਿੱਥੇ ਕਿ ਵਿਸ਼ਵ ਦੇ ਵੱਖਰੇ-ਵੱਖਰੇ ਧਰਮਾਂ ਦੇ ਧਾਰਮਿਕ ਘਰ ਇਕਸੁਰਤਾ ਵਿਚ ਇਕੱਠੇ ਨਜ਼ਰ ਆ ਕੇ ਸੰਸਾਰ ਨੂੰ ਦਿਆਲਤਾ ਅਤੇ ਪਿਆਰ ਦਾ ਸਬਕ ਸਿਖਾਉਂਦੇ ਹਨ |
ਅਕਸਰ 'ਸਵਰਗ ਨੰੂ ਜਾਂਦਾ ਹਾਈਵੇ' ਦੇ ਨਾਂਅ ਨਾਲ ਜਾਣੀ ਜਾਂਦੀ ਇਹ ਸੜਕ, ਸੰਸਾਰ ਦੇ ਧਰਮਾਂ ਦੀ ਇਕ ਖੁੱਲ੍ਹੀ ਪ੍ਰਦਰਸ਼ਨੀ ਹੈ ਜਾਂ ਕਹਿ ਲਓ ਕਿ ਸੰਸਾਰ ਦੇ ਵੱਖ-ਵੱਖ ਧਰਮਾਂ ਨੂੰ ਇਕੋ ਵੇਲੇ ਵਿਖਾਉਣ ਵਾਲੀ ਇਹ ਇਕ ਸ਼ਾਨਦਾਰ ਖਿੜਕੀ ਹੈ |
ਨਾ ਕੇਵਲ ਉੱਤਰੀ ਅਮਰੀਕਾ ਸਗੋਂ ਦੁਨੀਆ ਭਰ ਵਿਚ ਇਸ ਕਿਸਮ ਦੀ ਇਹੋ ਇਕਲੌਤੀ ਸੜਕ ਹੈ ਜਿਸ ਦੇ ਇਕ ਪਾਸੇ ਉਸਾਰੇ ਗਏ ਧਾਰਮਿਕ ਅਸਥਾਨ ਸੜਕ ਦੇ ਇਕੋ ਪਾਸੇ ਮੌਜੂਦ ਹਨ, ਇਹ ਆਪਣੇ-ਆਪ ਵਿਚ ਇਕ ਅਜੂਬਾ ਹੈ ਜੋ ਕਿ ਬੇਅੰਤ ਭਾਵਨਾਵਾਂ ਨੰੂ ਤੁਹਾਡੇ ਮਨ ਵਿਚ ਉਜਾਗਰ ਕਰਦਾ ਹੈ |
ਸਭ ਤੋਂ ਪਹਿਲਾਂ ਇਕ ਗੁਰਦੁਆਰਾ ਸਾਹਿਬ ਨਜ਼ਰ ਆਉਂਦਾ ਹੈ, ਜਿਸ ਦੇ ਨਾਲ ਇਕ ਮਸਜਿਦ ਵੇਖੀ ਜਾ ਸਕਦੀ ਹੈ, ਜਦੋਂ ਕਿ ਮਸਜਿਦ ਦੇ ਗਵਾਂਢ ਵਿਚ ਇਕ ਚੀਨੀ ਚਰਚ ਹੈ | ਫਿਰ ਅੱਗੇ ਇਕ ਹਿੰਦੂ ਮੰਦਰ, ਬੋਧੀ ਮੱਠ ਅਤੇ ਯਹੂਦੀ ਮੰਦਰ ਦੇ ਹੁੰਦੇ ਹੋਏ ਸਾਨੰੂ ਕਰੀਬ ਤਿੰਨ ਕਿੱਲੋਮੀਟਰ ਤੱਕ ਇਸੇ ਪ੍ਰਕਾਰ ਦੀਆਂ ਦਿਲ ਟੁੰਭਵੀਆਂ-ਅਧਿਆਤਮਿਕ ਉਸਾਰੀਆਂ ਵੇਖਣ ਨੰੂ ਮਿਲਦੀਆਂ ਹਨ ਜਿਨ੍ਹਾਂ ਦੀ ਗਿਣਤੀ ਲਗਪਗ ਵੀਹ ਹੈ |
ਇਹ ਪਵਿੱਤਰ ਇਮਾਰਤਾਂ ਅਤੇ ਇਨ੍ਹਾਂ ਦੁਆਰਾ ਪਾਈ ਗਈ ਸਾਂਝ ਇਸ ਕਦਰ ਭਾਂਪੀ ਜਾ ਸਕਦੀ ਹੈ ਕਿ ਇਨ੍ਹਾਂ ਵਿਚੋਂ ਜ਼ਿਆਦਾਤਰ ਨਾ ਕੇਵਲ ਚਾਰਦੀਵਾਰੀ ਮੁਕਤ ਹਨ ਸਗੋਂ ਇਕ ਤੋਂ ਦੂਸਰੀ ਇਮਾਰਤ ਵਿਚ ਜਾਣ ਲਈ ਆਸਾਨ ਲਾਂਘਾ ਵੀ ਦਿੱਤਾ ਗਿਆ ਹੈ | ਇਸ ਤੋਂ ਇਲਾਵਾ ਇੱਥੇ ਹੋਣ ਵਾਲੀਆਂ ਅੰਤਰ-ਧਰਮ ਇਕੱਤਰਤਾਵਾਂ ਇਕ ਹੋਰ ਵਡਿਆਈ ਹੈ ਜੋ ਕਿ ਉਨ੍ਹਾਂ ਸਾਰੀਆਂ ਧਾਰਮਿਕ ਸੰਸਥਾਵਾਂ ਦੇ ਮੁਖੀਆਂ ਦੀ ਅਗਵਾਈ ਵਿਚ ਕੀਤੀਆਂ ਜਾਂਦੀਆਂ ਹਨ | ਇਹ ਇਕੱਤਰਤਤਾਵਾਂ ਹਰ ਵਾਰ ਇਕ ਵੱਖਰੇ ਧਾਰਮਿਕ ਘਰ ਵਿਚ ਕਰਵਾਈਆਂ ਜਾਂਦੀਆਂ ਹਨ ਜਿਨ੍ਹਾਂ ਦਾ ਮਕਸਦ ਸਾਰਿਆਂ ਦੇ ਸਾਂਝੇ ਭਲੇ ਨੂੰ ਉਤਸ਼ਾਹਿਤ ਕਰਨ ਦੇ ਨਾਲ-ਨਾਲ ਵੱਖ-ਵੱਖ ਧਰਮਾਂ ਦੇ ਰਿਵਾਜਾਂ ਅਤੇ ਵਿਸ਼ਵਾਸਾਂ ਬਾਰੇ ਚਾਨਣ ਪਾਉਣਾ ਹੁੰਦਾ ਹੈ ਤਾਂ ਕਿ ਵੱਧ ਤੋਂ ਵੱਧ ਧਾਰਮਿਕ ਜਾਗਿ੍ਤੀ ਆ ਸਕੇ |
ਇਹ ਜਾਗਰੂਕਤਾ ਉਸ ਸਮੇਂ ਆਪਣੇ ਸਿਖਰ 'ਤੇ ਪਹੁੰਚ ਜਾਂਦੀ ਹੈ ਜਦੋਂ ਕਿਸੇ ਵੀ ਧਰਮ ਦੇ ਖ਼ਾਸ ਮੌਕੇ ਜਾਂ ਤਿਉਹਾਰ ਸਮੇਂ ਦੂਸਰੇ ਧਰਮ ਦੇ ਪੂਜਾ-ਅਸਥਾਨ 'ਤੇ ਵਿਸ਼ੇਸ਼ ਟੂਰ ਆਯੋਜਿਤ ਕੀਤੇ ਜਾਂਦੇ ਹਨ, ਇਸ ਨਾਲ ਸਾਰੇ ਹੀ ਮਹਿਮਾਨਾਂ ਨੂੰ ਇਕ-ਦੂਜੇ ਦੇ ਧਰਮ ਨੂੰ ਜਾਣਨ ਦਾ ਇਕ ਦਿਲਚਸਪ ਮੌਕਾ ਮਿਲਦਾ ਹੈ | ਸੋ, ਵੱਡੇ ਪੱਧਰ 'ਤੇ ਧਾਰਮਿਕ ਸਦਭਾਵਨਾ ਦਾ ਸੁਨੇਹਾ ਵੀ ਦਿੱਤਾ ਜਾਂਦਾ ਹੈ | ਏਨਾ ਹੀ ਨਹੀਂ, ਇਨ੍ਹਾਂ ਧਾਰਮਿਕ ਅਸਥਾਨਾਂ ਦੀਆਂ ਦੀਵਾਰਾਂ 'ਤੇ ਲੱਗੇ ਨੋਟਿਸ ਬੋਰਡਾਂ 'ਤੇ ਵੀ ਇਨ੍ਹਾਂ ਮੌਕਿਆਂ, ਟੂਰਾਂ ਦੀਆਂ ਤਸਵੀਰਾਂ ਦੀ ਚਿੱਤਰਕਾਰੀ ਵੇਖਣ ਨੰੂ ਮਿਲ ਜਾਂਦੀ ਹੈ ਕਿਉਂਕਿ ਇੱਥੇ ਆਉਣ ਵਾਲਾ ਹਰ ਵਿਅਕਤੀ ਇਨ੍ਹਾਂ ਟੂਰਾਂ ਦੇ ਸੱਦੇ ਦੇ ਨੋਟਿਸਾਂ ਦੀ ਉਡੀਕ ਵਿਚ ਹੁੰਦਾ ਹੈ | ਕਈ ਖਾਸ ਦਿਨ ਜਿਵੇਂ ਕਿ 'ਕੈਨੇਡਾ ਡੇ' ਜਾਂ 'ਥੈਂਕਸ ਗਿਵਿੰਗ' (ਧੰਨਵਾਦੀ ਦਿਨ) ਦੌਰਾਨ ਉਹ ਸਾਰੇ ਲੋਕ ਇਕ ਸਾਂਝੇ ਪਲੇਟਫਾਰਮ 'ਤੇ ਇਕੱਠੇ ਹੁੰਦੇ ਹਨ ਤੇ ਉਚੇਚੇ ਰੂਪ ਵਿਚ 'ਅਨੇਕਤਾ ਵਿਚ ਏਕਤਾ' ਦਾ ਸੰਦੇਸ਼ ਦਿੰਦੇ ਹਨ |
ਇਨ੍ਹਾਂ ਵਿਸ਼ੇਸ਼ ਦਿਨਾਂ ਦੌਰਾਨ ਜਦੋਂ ਇਕ-ਦੂਜੇ ਦੀ ਮਦਦ ਕਰਨ ਦੀ ਗੱਲ ਆਉਂਦੀ ਹੈ ਤਾਂ ਇਹ ਵੱਖ-ਵੱਖ ਧਾਰਮਿਕ ਸੰਸਥਾਵਾਂ ਸਾਲ ਦੇ ਵੱਖ-ਵੱਖ ਖਾਸ ਦਿਨਾਂ 'ਤੇ ਇਕ-ਦੂਜੇ ਦੇ ਲਈ ਆਪਣੀ ਪਾਰਕਿੰਗ ਖੋਲ ਦਿੰਦੇ ਹਨ, ਜਿਸ ਨਾਲ ਕਿ ਗੁਆਢੀਆਂ ਨੰੂ ਕਾਰ-ਪਾਰਕਿੰਗ ਕਰਨ ਦੌਰਾਨ ਅਸੁਵਿਧਾ ਨਹੀਂ ਹੁੰਦੀ | ਇਸ ਦੇ ਨਾਲ ਹੀ ਬਾਕੀ ਧਰਮਾਂ ਦੇ ਸੇਵਾਦਾਰ ਵੀ ਖਾਣੇ ਅਤੇ ਰਸੋਈ ਵਿਚ ਮਦਦ ਕਰਦੇ ਵੇਖੇ ਜਾਂਦੇ ਹਨ | ਅਜਿਹਾ ਨਜ਼ਾਰਾ ਪ੍ਰੋਗਰਾਮ ਦੇ ਅਖੀਰ ਤੱਕ ਵੇਖਣ ਨੰੂ ਮਿਲ ਸਕਦਾ ਹੈ |
ਖੋਜੀ ਵਿਦਿਆਰਥੀਆਂ ਦੇ ਲਈ ਮੱਕਾ : ਇਹ ਸੜਕ ਉਨ੍ਹਾਂ ਵਿਦਿਆਰਥੀਆਂ ਲਈ 'ਵਿਸ਼ੇਸ਼ ਸਥਾਨ' ਬਣ ਗਈ ਹੈ ਜੋ ਕਿ ਧਾਰਮਿਕ ਅਧਿਐਨਾਂ 'ਤੇ ਖੋਜਾਂ ਕਰਦੇ ਹਨ ਕਿਉਂਕਿ ਇਹ ਉਨ੍ਹਾਂ ਦੇ ਬਹੁਤ ਸਾਰੇ ਤੱਥਾਂ ਨੰੂ ਖੁੱਲੇ੍ਹਆਮ ਪੇਸ਼ ਕਰਦੀ ਹੈ, ਜਿਨ੍ਹਾਂ ਬਾਰੇ ਉਹ ਜਾਣਨਾ ਚਾਹੁੰਦੇ ਹਨ | ਇਸ ਤੋਂ ਇਲਾਵਾ ਕਈ ਸਕੂਲੀ ਬੱਚਿਆਂ ਨੂੰ ਇੱਥੇ ਧਾਰਮਿਕ ਤੇ ਸੱਭਿਆਚਾਰਕ ਰੰਗਾਂ ਵਿਚ ਟੁਬੀ ਲਵਾਉਣ ਦੇ ਮੰਤਵ ਦੇ ਨਾਲ ਲਿਆਂਦਾ ਜਾਂਦਾ ਹੈ |
ਸਿੱਖਣ ਦੇ ਲਈ ਸੱਭਿਆਚਾਰਕ ਕੇਂਦਰਾਂ ਦੀ ਖਾਣ : ਇਨ੍ਹਾਂ ਵਿਚੋਂ ਕਈ ਅਸਥਾਨ ਕੇਵਲ ਪੂਜਾ ਘਰ ਨਾ ਹੋ ਕੇ ਦੂਜੇ ਧਰਮ ਅਤੇ ਸਮੁਦਾਇ ਦੇ ਲੋਕਾਂ ਲਈ ਮੁਫਤ ਵਿਚ ਬਹੁਤ ਸਾਰੀਆਂ ਸੱਭਿਆਚਾਰਕ ਮੂਲਤਾਂਵਾਂ, ਰਵਾਇਤੀ ਭਾਸ਼ਾਵਾਂ ਅਤੇ ਹੋਰ ਬਹੁਤ ਕੁਝ ਸਿੱਖਣ ਦੇ ਲਈ ਕੇਂਦਰ ਵਜੋਂ ਉੱਭਰੇ ਹਨ, ਜਿਨ੍ਹਾਂ ਲਈ ਉਮਰ ਕੋਈ ਬੰਦਿਸ਼ ਨਹੀਂ ਹੈ | ਮਿਸਾਲ ਦੇ ਤੌਰ 'ਤੇ, ਹਿੰਦੂ ਮੰਦਰ ਮੁਫ਼ਤ ਯੋਗਾ ਕਲਾਸਾਂ ਦੀ ਪੇਸ਼ਕਸ਼ ਕਰਦਾ ਹੈ, ਜਦੋਂ ਕਿ ਬੋਧ ਮੱਠ ਮੁਫਤ ਵਿਚ ਧਿਆਨ ਲਗਾਉਣਾ ਸਿਖਾਉਂਦਾ ਹੈ, ਜਦਕਿ ਮਸਜਿਦ ਵਿਚ 7ਵੀਂ ਜਮਾਤ ਤੱਕ ਦਾ ਸਕੂਲ ਚਲਾਇਆ ਜਾਂਦਾ ਹੈ |
ਜੇਕਰ ਇਨ੍ਹਾਂ ਟੂਰਾਂ ਦੀ ਪ੍ਰਸਿੱਧੀ ਦੇ ਕਾਰਨ ਵੱਲ ਨਿਗ੍ਹਾ ਮਾਰੀਏ ਤਾਂ ਇੱਥੋਂ ਦੇ ਸਥਾਨਕ ਸੈਲਾਨੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਗੁਰਦੁਆਰੇ ਵਿਚ ਚੱਲਦੀ ਮੁਫਤ ਲੰਗਰ ਦੀ ਸੇਵਾ, ਬੋਧ ਮੱਠ ਵਿਚ ਮਿਲਦੇ ਧਿਆਨ ਲਗਾਉਣ ਦੇ ਪਾਠ ਅਤੇ ਹਿੰਦੂ ਮੰਦਰ ਦੀਆਂ ਯੋਗਾ ਕਲਾਸਾਂ ਸਪੱਸ਼ਟ ਰੂਪ ਵਿਚ ਚੁੰਬਕੀ ਪ੍ਰਭਾਵ ਦਿਖਾਉਂਦੀਆਂ ਹਨ |
ਇਕ ਸਾਂਝਾ ਸੰਦੇਸ਼ : ਗੁਆਂਢੀਆਂ ਦੇ ਰੂਪ ਵਿਚ ਰਹਿ ਰਹੇ ਇੱਥੋਂ ਦੇ ਕਿਸੇ ਵੀ ਪੂਜਾਰੀ ਜਾਂ ਸ਼ਰਧਾਲੂ ਦੇ ਨਾਲ ਵੱਖ-ਵੱਖ ਧਰਮਾਂ ਬਾਰੇ ਗੱਲ ਕੀਤੀ ਜਾਵੇ ਤਾਂ ਉਹ ਸਾਂਝੇ ਰੂਪ ਵਿਚ ਇਕੋ ਸੁਨੇਹਾ ਦਿੰਦੇ ਹਨ, 'ਪਰਮਾਤਮਾ ਇਕ ਹੈ ਅਤੇ ਹਰ ਧਰਮ ਓਨਾ ਹੀ ਵਧੀਆ ਹੈ ਜਿਨ੍ਹਾਂ ਕਿ ਉਨ੍ਹਾਂ ਦਾ ਆਪਣਾ | ਸਾਰੇ ਮਨੁੱਖਾਂ ਨੂੰ ਨਿਮਰਤਾ ਅਤੇ ਦਿਆਲਤਾ ਨੂੰ ਉਤਸ਼ਾਹਤ ਕਰਦੇ ਹੋਏ ਇਸ ਸੰਸਾਰ ਨੂੰ ਰਹਿਣ ਦੇ ਲਈ ਇਕ ਮਹਾਨ ਜਗ੍ਹਾ ਬਣਾਉਣ ਦੀ ਲੋੜ ਹੈ |' ਇਸ ਤੋਂ ਇਲਾਵਾ ਅਲੱਗ-ਅਲੱਗ ਧਰਮਾਂ ਦੇ ਇਨ੍ਹਾਂ ਪੁਜਾਰੀਆਂ ਨੰੂ ਹਰ ਸਵੇਰ 'ਤੇ ਸ਼ਾਮ ਨੂੰ ਇਸ ਸੜਕ 'ਤੇ ਸੈਰ ਕਰਦਿਆਂ ਵੇਖੇ ਜਾ ਸਕਣਾ ਇਸ ਮਹਾਨ ਧਾਰਮਿਕ ਏਕਤਾ ਦੇ ਸੰਦੇਸ਼ ਨੰੂ ਹੋਰ ਮਜ਼ਬੂਤੀ ਦਿੰਦਾ ਹੈ |

-0-

ਸੰਗੀਤ ਦਾ ਮਹਾਂਕੁੰਭ: ਹਰਿਵੱਲਭ ਸੰਗੀਤ ਸੰਮੇਲਨ

ਉੱਤਰੀ ਭਾਰਤ ਦੇ ਪ੍ਰਸਿੱਧ ਸ਼ਕਤੀਪੀਠ ਸ੍ਰੀ ਦੇਵੀ ਤਾਲਾਬ ਮੰਦਿਰ, ਜਲੰਧਰ ਦੇ ਵਿਹੜੇ ਵਿਚ ਸਰੋਵਰ ਦੇ ਕਿਨਾਰੇ ਪਿਛਲੇ 143 ਸਾਲਾਂ ਤੋਂ ਲਗਾਤਾਰ ਦਸੰਬਰ ਮਹੀਨੇ ਦੀ ਸਰਦੀ ਵਿਚ ਹੋਣ ਵਾਲਾ 'ਹਰਿਵੱਲਭ ਸੰਗੀਤ ਸੰਮੇਲਨ' ਸੰਗੀਤ ਦੇ ਮਹਾਂਕੁੰਭ ਵਜੋਂ ਜਾਣਿਆ ਜਾਂਦਾ ਹੈ ਜਿਸ ਕਰਕੇ ਇਹ ਸ਼ਹਿਰ ਦੁਨੀਆ ਭਰ ਦੇ ਕਲਾਕਾਰਾਂ ਅਤੇ ਸੰਗੀਤ-ਪ੍ਰੇਮੀਆਂ ਲਈ ਸੰਗੀਤ ਦਾ ਮੱਕਾ ਬਣ ਗਿਆ ਹੈ | ਸੰਗੀਤ ਇਸ ਧਰਤੀ ਦੇ ਕਣ-ਕਣ ਵਿਚ ਸਮਾਇਆ ਹੋਇਆ ਹੈ | ਖੋਜਕਾਰਾਂ ਅਨੁਸਾਰ ਸੰਸਕਿ੍ਤੀ ਦਾ ਸੂਰਜ ਵੀ ਸਭ ਤੋਂ ਪਹਿਲਾਂ ਇਥੇ ਹੀ ਉਦੈ ਹੋਇਆ ਅਤੇ ਇਸ ਨੂੰ ਸੱਭਿਆਚਾਰਕ ਤੌਰ 'ਤੇ ਸ੍ਰੇਸ਼ਟ ਮੰਨਿਆ ਗਿਆ ਹੈ | ਪੰਜਾਬ ਦੀ ਇਸੇ ਧਰਤੀ 'ਤੇ ਸ੍ਰੀ ਬਾਬਾ ਹਰਿਵੱਲਭ ਦਾ ਜਨਮ ਹੋਇਆ ਜਿਨ੍ਹਾਂ ਨੇ 'ਹਰਿਵੱਲਭ ਸੰਗੀਤ ਸੰਮੇਲਨ' ਦੀ ਮਾਣਮੱਤੀ ਪਰੰਪਰਾ ਦੀ ਨੀਂਹ ਰੱਖੀ ਜਿਸ ਨੂੰ ਅੱਜ ਦੁਨੀਆ ਦਾ ਸਭ ਤੋਂ ਪ੍ਰਾਚੀਨ ਸ਼ਾਸਤਰੀ ਸੰਗੀਤ ਸੰਮੇਲਨ ਹੋਣ ਦਾ ਮਾਣ ਹਾਸਿਲ ਹੈ ਅਤੇੇ ਇਸ ਦਾ ਨਾਂਅ 'ਲਿਮਕਾ ਬੁੱਕ ਆਫ਼ ਰਿਕਾਰਡਜ਼' ਵਿਚ ਦਰਜ ਹੈ |
ਸ੍ਰੀ ਬਾਬਾ ਹਰਿਵੱਲਭ ਦਾ ਜਨਮ ਹੁਸ਼ਿਆਰਪੁਰ ਦੇ ਨੇੜੇ ਪਿੰਡ ਬਜਵਾੜਾ ਵਿਖੇ ਹੋਇਆ | ਧਰਮ, ਰਾਜਨੀਤੀ, ਸਿੱਖਿਆ ਅਤੇ ਸੰਗੀਤ ਦੇ ਖੇਤਰ ਵਿਚ ਬਜਵਾੜੇ ਦਾ ਮਹੱਤਵਪੂਰਨ ਯੋਗਦਾਨ ਰਿਹਾ ਹੈ | ਬਾਬਾ ਹਰਿਵੱਲਭ ਜੀ ਦੇ ਦਾਦਾ ਗੁਰੂ ਸਵਾਮੀ ਹੇਮਗਿਰੀ ਜੀ ਵੀ ਬਜਵਾੜੇ ਤੋਂ ਹੀ ਜਲੰਧਰ ਆਏ ਸਨ | ਬਾਬਾ ਜੀ ਦਾ ਜਨਮ ਲਗਪਗ 18ਵੀਂ ਸਦੀ ਦੇ ਅਖ਼ੀਰ ਵਿਚ ਹੋਇਆ | ਛੋਟੀ ਉਮਰ ਵਿਚ ਹੀ ਸਿਰ ਤੋਂ ਪਿਤਾ ਦਾ ਸਾਇਆ ਉੱਠ ਜਾਣ 'ਤੇ ਆਪ ਦੇ ਨਾਨਾ ਜੀ ਇਨ੍ਹਾਂ ਨੂੰ ਆਪਣੇ ਪਾਸ ਜਲੰਧਰ ਲੈ ਆਏੇ | ਬਾਬਾ ਜੀ ਦੇ ਮਾਮਾ ਪੰਡਿਤ ਜਵੰਦ ਲਾਲ ਜਯੋਤੀ ਹਰ ਰੋਜ਼ ਸਵਾਮੀ ਤੁਲਜਾਗਿਰੀ ਜੀ ਦੇ ਕੋਲ ਜਾਂਦੇ ਸਨ | ਬਾਬਾ ਹਰਿਵੱਲਭ ਜੀ ਵੀ ਉਨ੍ਹਾਂ ਦੇ ਨਾਲ ਜਾਣ ਲੱਗ ਪਏ | ਭਗਤੀ ਅਤੇ ਸੰਗੀਤ ਨਾਲ ਓਤਪੋਤ ਮਹਾਨ ਸ਼ਖ਼ਸੀਅਤ ਸਵਾਮੀ ਤੁਲਜਾਗਿਰੀ ਜੀ ਦਾ ਬਾਬਾ ਜੀ ਦੇ ਮਨ 'ਤੇ ਜਾਦੂਈ ਪ੍ਰਭਾਵ ਪਿਆ | ਸਵਾਮੀ ਤੁਲਜਾਗਿਰੀ ਉਚ ਆਤਮਿਕ ਅਵਸਥਾ ਵਾਲੇ ਸੰਨਿਆਸੀ ਹੋਣ ਦੇ ਨਾਲ-ਨਾਲ ਸੰਸਕਿ੍ਤ ਦੇ ਵਿਦਵਾਨ ਅਤੇ ਉੱਚ-ਕੋਟੀ ਦੇ ਸੰਗੀਤਕਾਰ ਸਨ | ਸਵਾਮੀ ਜੀ ਤੋਂ ਸੰਨਿਆਸ ਦੀ ਦੀਖਿਆ ਲੈ ਕੇ ਉਹ ਉਨ੍ਹਾਂ ਦੀ ਸੇਵਾ ਵਿਚ ਲੱਗ ਗਏ | ਇਸ ਸਥਾਨ 'ਤੇ ਸੰਤ ਮਹਾਤਮਾ ਆਉਂਦੇ ਰਹਿੰਦੇ ਸਨ | ਸੋ, ਉਹ ਬਾਹਰੋਂ ਆਉਣ ਵਾਲੇ ਸਾਧੂ-ਸੰਤਾਂ ਦੀ ਸੇਵਾ ਕਰਦੇ | ਸਵਾਮੀ ਤੁਲਜਾਗਿਰੀ ਜੀ ਨੇ ਹਰਿਵੱਲਭ ਜੀ ਨੂੰ ਸੰਗੀਤ ਦੀ ਸਿੱਖਿਆ ਦੇਣੀ ਵੀ ਆਰੰਭ ਕੀਤੀ ਅਤੇ ਹੋਰ ਸੰਗੀਤ ਵਿਦਵਾਨਾਂ ਤੋਂ ਵੀ ਸਿੱਖਿਆ ਲੈਣ ਲਈ ਪ੍ਰੇਰਿਤ ਕੀਤਾ |
ਪ੍ਰਸਿੱਧ ਸੰਗੀਤ ਵਿਦਵਾਨ ਡਾ: ਗੁਰਨਾਮ ਸਿੰਘ ਅਨੁਸਾਰ ਬਚਪਨ ਤੋਂ ਹੀ ਬਾਬਾ ਹਰਿਵੱਲਭ ਜੀ ਦੀ ਰੁਚੀ ਸੰਗੀਤ ਵਿਚ ਸੀ | ਸੋ, ਆਪ ਨੇ ਸਿਆਲਕੋਟ ਦੇ ਪੰਡਿਤ ਦੁਨੀ ਚੰਦ ਉਜਾਲਾ ਪਾਸੋਂ ਸੰਗੀਤ ਦੀ ਸਿੱਖਿਆ ਹਾਸਿਲ ਕੀਤੀ | 'ਪੰਜਾਬ ਦੇ ਪ੍ਰਸਿੱਧ ਰਾਗੀ ਰਬਾਬੀ' ਦੇ ਲੇਖਕ ਸ: ਬਲਬੀਰ ਸਿੰਘ ਕੰਵਲ ਅਨੁਸਾਰ ਬਾਬਾ ਹਰਿਵੱਲਭ ਜੀ ਦੇ ਉਸਤਾਦ ਮੀਰ ਨਾਸਿਰ ਅਹਿਮਦ ਸਾਹਿਬ ਸਨ ਜੋ ਅੰਤਿਮ ਮੁਗ਼ਲ ਬਾਦਸ਼ਾਹ ਬਹਾਦਰ ਸ਼ਾਹ ਜ਼ਫ਼ਰ ਦੇ ਨੌਾ-ਰਤਨਾਂ ਵਿਚੋਂ ਇਕ ਸਨ ਜਿਨ੍ਹਾਂ ਨੂੰ ਮਹਾਰਾਜਾ ਕਪੂਰਥਲਾ ਆਪਣੇ ਕੋਲ ਲੈ ਆਏ ਸਨ | ਸ: ਬਲਬੀਰ ਸਿੰਘ ਕੰਵਲ (ਯੂ. ਕੇ.) ਨੇ ਆਪਣੀ ਪੁਸਤਕ 'ਪੰਜਾਬ ਦੇ ਸੰਗੀਤ ਘਰਾਣੇ ਅਤੇ ਭਾਰਤੀ ਸੰਗੀਤ ਪ੍ਰੰਪਰਾ' ਬਾਬਾ ਹਰਿਵੱਲਭ ਜੀ ਨੂੰ ਇਨ੍ਹਾਂ ਸ਼ਬਦਾਂ ਨਾਲ ਸਮਰਪਿਤ ਕੀਤੀ ਹੈ 'ਬਾਬਾ ਹਰਿਵੱਲਭ ਜੀ, ਜਿਨ੍ਹਾਂ ਨੇ ਪੰਜਾਬ ਦੀ ਧਰਤੀ 'ਤੇ ਸੰਗੀਤ ਦੀ ਐਸੀ ਜੋਤ ਜਗਾਈ ਜਿਸ ਦੀ ਰੌਸ਼ਨੀ ਅੱਜ ਸਾਰੀ ਦੁਨੀਆ ਵਿਚ ਫੈਲੀ ਹੋਈ ਹੈ |'
ਪੰਜਾਬ ਵਿਚ ਧਰੁਪਦ ਗਾਇਕੀ ਦਾ ਖ਼ੂਬ ਪ੍ਰਚਾਰ ਰਿਹਾ ਹੈ | ਗੁਰੂ ਸਾਹਿਬਾਨ ਨੇ ਵੀ ਆਪਣੀ ਬਾਣੀ ਲਈ ਧਰੁਪਦ ਗਾਇਕੀ ਨੂੰ ਹੀ ਆਧਾਰ ਬਣਾਇਆ | ਧਰੁਪਦ ਗਾਇਕੀ ਦੇ ਪੰਜਾਬ ਵਿਚ ਕਈ ਘਰਾਣੇ ਹੋਏ ਹਨ | ਬਾਬਾ ਹਰਿਵੱਲਭ ਜੀ ਨੂੰ ਧਰੁਪਦ ਗਾਇਨ ਸ਼ੈਲੀ ਵਿਚ ਵਿਸ਼ੇਸ਼ ਮੁਹਾਰਤ ਹਾਸਿਲ ਸੀ, ਆਪ ਨੇ ਬਹੁਤ ਸਾਰੇ ਧਰੁਪਦਾਂ ਦੀ ਰਚਨਾ ਵੀ ਕੀਤੀ | ਸ੍ਰੀ ਦੇਵੀ ਤਾਲਾਬ ਦੇ ਪਾਵਨ ਅਸਥਾਨ 'ਤੇ ਅੰਤਰ ਧਿਆਨ ਹੋ ਕੇ ਆਪਣੀ ਗੰਭੀਰ ਅਤੇ ਮਧੁਰ ਆਵਾਜ਼ ਵਿਚ ਜਦੋਂ ਬਾਬਾ ਹਰਿਵੱਲਭ ਜੀ ਧਰੁਪਦ ਸ਼ੈਲੀ ਵਿਚ ਭਜਨ ਗਾਇਨ ਕਰਦੇ ਤਾਂ ਭਗਤੀ ਅਤੇ ਸੰਗੀਤ ਦੇ ਸੁਮੇਲ ਨਾਲ ਉਤਪੰਨ ਹੋਣ ਵਾਲੇ ਅਲੌਕਿਕ ਆਨੰਦ ਦਾ ਰਸ ਮਾਣਦੇ ਹੋਏ ਸ਼ਰਧਾਲੂ ਘੰਟਿਆਂ ਬੱਧੀ ਆਪ ਜੀ ਦਾ ਭਜਨ ਗਾਇਨ ਸਰਵਣ ਕਰਦੇ ਰਹਿੰਦੇ ਸਨ | ਇਸ ਮਹਾਨ ਗਾਇਨ ਸ਼ੈਲੀ ਦੇ ਪ੍ਰਚਾਰ ਲਈ ਹਰ ਸਾਲ ਹਰਿਵੱਲਭ ਸੰਗੀਤ ਸੰਮੇਲਨ ਦੇ ਪਹਿਲੇ ਦਿਨ ਕਿਸੇ ਧਰੁਪਦ ਗਾਇਕ ਨੂੰ ਗਾਇਨ ਪੇਸ਼ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ |
ਸੰਨ 1874 ਵਿਚ ਸਵਾਮੀ ਤੁਲਜਾਗਿਰੀ ਜੀ ਬ੍ਰਹਮਲੀਨ ਹੋ ਗਏ ਅਤੇ ਬਾਬਾ ਹਰਿਵੱਲਭ ਜੀ ਉਨ੍ਹਾਂ ਦੇ ਉਤਰਾਧਿਕਾਰੀ ਬਣੇ | ਸੰਨ 1875 ਵਿਚ ਪਹਿਲੀ ਵਾਰ ਬਾਬਾ ਹਰਿਵੱਲਭ ਜੀ ਨੇ ਆਪਣੇ ਗੁਰੂ ਸਵਾਮੀ ਤੁਲਜਾਗਿਰੀ ਜੀ ਦੀ ਬਰਸੀ ਦੇ ਮੌਕੇ 'ਤੇ ਸਮਾਗਮ ਦਾ ਆਯੋਜਨ ਕੀਤਾ | ਦੂਰ-ਦੂਰ ਤੋਂ ਸੰਤ ਮਹਾਤਮਾ ਅਤੇ ਕਲਾਕਾਰ ਸਵਾਮੀ ਜੀ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਆਏ | ਇਸ ਤੋਂ ਬਾਅਦ ਹਰ ਸਾਲ ਬਾਬਾ ਹਰਿਵੱਲਭ ਜੀ ਇਸ ਸੰਮੇਲਨ ਦਾ ਆਯੋਜਨ ਕਰਦੇ ਰਹੇ | ਸੰਨ 1885 ਈ: ਨੂੰ ਬਾਬਾ ਹਰਿਵੱਲਭ ਜੀ ਬ੍ਰਹਮਲੀਨ ਹੋ ਗਏ | ਬਾਬਾ ਹਰਿਵੱਲਭ ਜੀ ਦੇ ਸ਼ਿਸ਼ ਪੰਡਿਤ ਤੋਲੋ ਰਾਮ ਜੀ ਨੇ ਆਪਣੇ ਗੁਰੂ ਬਾਬਾ ਹਰਿਵੱਲਭ ਜੀ ਦੁਆਰਾ ਸ਼ੁਰੂ ਕੀਤੀ ਹੋਈ ਇਸ ਪਰੰਪਰਾ ਨੂੰ ਜਾਰੀ ਰੱਖਦੇ ਹੋਏ ਇਸ ਦੇ ਪ੍ਰਚਾਰ ਲਈ ਸਮੁੱਚੇ ਭਾਰਤ ਦੀ ਯਾਤਰਾ ਕੀਤੀ ਤੇ ਦੇਸ਼ ਭਰ ਦੇ ਕਲਾਕਾਰਾਂ ਨੂੰ ਇਸ ਸਮਾਗਮ ਵਿਚ ਆਉਣ ਲਈ ਸੱਦਾ ਦਿੱਤਾ | ਇਹ ਸੰਮੇਲਨ 'ਹਰਿਵੱਲਭ ਸੰਗੀਤ ਸੰਮੇਲਨ' ਦੇ ਨਾਂਅ ਨਾਲ ਪ੍ਰਸਿੱਧ ਹੋ ਗਿਆ |
ਪੰਜਾਬ ਦੇ ਪ੍ਰਸਿੱਧ ਲੇਖਕ ਅਤੇ ਪੱਤਰਕਾਰ ਸ੍ਰੀ ਦੀਪਕ ਜਲੰਧਰੀ ਦੇ ਅਨੁਸਾਰ 'ਸੰਨ 1901 ਵਿਚ ਜਦੋਂ ਸੰਗੀਤ ਸਭਾ ਚੱਲ ਰਹੀ ਸੀ ਤਾਂ ਕੁਝ ਲੋਕ ਜੋ ਮਾਤਾ ਜਵਾਲਾਮੁਖੀ ਦੇ ਦਰਸ਼ਨਾਂ ਨੂੰ ਜਾ ਰਹੇ ਸਨ, ਉੱਥੇ ਰੁਕ ਗਏ ਅਤੇ ਸੰਗੀਤ ਦੇ ਇਸ ਸਮਾਗਮ ਤੋਂ ਬਹੁਤ ਪ੍ਰਭਾਵਿਤ ਹੋਏ | ਉਨ੍ਹਾਂ ਵਿਚੋਂ ਇਕ ਵਿਅਕਤੀ ਨੇ ਪੰਡਿਤ ਤੋਲੋ ਰਾਮ ਜੀ ਨੂੰ ਕਿਹਾ ਕਿ ਉਹ ਵੀ ਗਾਇਨ ਪ੍ਰਸਤੁਤ ਕਰਨਾ ਚਾਹੁੰਦੇ ਹਨ | ਪੰਡਿਤ ਤੋਲੋ ਰਾਮ ਜੀ ਨੇ ਅਣਮੰਨੇ ਮਨ ਨਾਲ ਅਗਲੇ ਦਿਨ ਲਈ ਕਹਿ ਦਿੱਤਾ | ਅਗਲੇ ਦਿਨ ਸਵੇਰੇ ਜਦੋਂ ਉਹ ਸੱਜਣ ਟੀਨ ਦੀਆਂ ਚਾਦਰਾਂ ਦੇ ਸ਼ੈੱਡ ਹੇਠਾਂ ਵੱਡੇ ਸਾਰੇ ਲੱਕੜੀ ਦੇ ਤਖ਼ਤਪੋਸ਼ 'ਤੇ ਬੈਠ ਗਏ ਤਾਂ ਨਾਲ ਦੇ ਚਾਰ ਸਾਥੀਆਂ ਨੇ ਆਪਣੇ ਸਾਜ਼ ਸੰਭਾਲ ਲਏ, ਗਾਇਨ ਆਰੰਭ ਹੋ ਗਿਆ | ਆਲਾਪ ਸ਼ੁਰੂ ਹੁੰਦੇ ਸਾਰ ਹੀ ਪੰਡਿਤ ਤੋਲੋ ਰਾਮ ਜੀ ਸਮਝ ਗਏ ਕਿ ਇਹ ਕੋਈ ਸਾਧਾਰਨ ਵਿਅਕਤੀ ਨਹੀਂ | ਤਿੰਨ ਘੰਟੇ ਤੱਕ ਸ਼ਾਸਤਰੀ ਸੰਗੀਤ ਦਾ ਜਾਦੂ ਸਰੋਤਿਆਂ ਦੇ ਸਿਰ ਚੜ੍ਹ ਕੇ ਬੋਲਿਆ | ਜਦੋਂ ਗਾਇਨ ਸਮਾਪਤ ਹੋਇਆ ਤਾਂ ਪੰਡਿਤ ਤੋਲੋ ਰਾਮ ਜੀ ਨੇ ਹੱਥ ਜੋੜ ਕੇ ਉਨ੍ਹਾਂ ਦਾ ਨਾਂਅ ਪੁੱਛਿਆ ਤਾਂ ਪੰਡਿਤ ਜੀ ਨੇ ਬੜੀ ਨਿਮਰਤਾ ਨਾਲ ਕਿਹਾ ਮੇਰਾ ਨਾਮ ਵਿਸ਼ਨੂੰ ਦਿਗੰਬਰ ਹੈ | ਪੰਡਿਤ ਜੀ ਨੇ ਹਰ ਸਾਲ ਆਉਣ ਦਾ ਵਾਅਦਾ ਕੀਤਾ |' ਪੰਡਿਤ ਤੋਲੋ ਰਾਮ ਨੇ ਸੰਨ 1922 ਤੱਕ ਇਹ ਸਮਾਗਮ ਜਾਰੀ ਰੱਖਿਆ ਅਤੇ ਉਨ੍ਹਾਂ ਦੇ ਬ੍ਰਹਮਲੀਨ ਹੋਣ ਤੋਂ ਬਾਅਦ ਮਹੰਤ ਦੁਆਰਕਾ ਦਾਸ ਨੇ ਇਸ ਪਰੰਪਰਾ ਨੂੰ ਅੱਗੇ ਵਧਾਉਣ ਵਿਚ ਭਰਪੂਰ ਯੋਗਦਾਨ ਪਾਇਆ |
ਡਾ: ਜੋਗਿੰਦਰ ਸਿੰਘ ਬਾਵਰਾ ਅਨੁਸਾਰ 'ਪੰਡਿਤ ਵਿਸ਼ਨੂੰ ਦਿਗੰਬਰ ਪਲੁਸਕਰ ਜੀ ਦਾ ਇਸ ਸਮਾਗਮ ਵਿਚ ਆਉਣਾ ਇਕ ਯਾਦਗਾਰੀ ਘਟਨਾ ਹੈ ਜਿਸ ਨਾਲ ਇਸ ਸਮਾਗਮ ਨੇ ਪ੍ਰਸਿੱਧੀ ਦੀ ਸਿਖ਼ਰ ਨੂੰ ਛੂਹਿਆ' | ਪੰਡਿਤ ਜੀ ਦੇ ਨਾਲ ਉਨ੍ਹਾਂ ਦੇ ਸ਼ਾਗਿਰਦ ਪੰਡਿਤ ਉਂਕਾਰ ਨਾਥ ਠਾਕੁਰ ਅਤੇ ਪੰਡਿਤ ਵਿਨਾਇਕ ਰਾਓ ਪਟਵਰਧਨ ਜੀ ਵੀ ਸਨ | ਉਸ ਤੋਂ ਬਾਅਦ ਦੁਨੀਆ ਭਰ ਦੇ ਸ਼ਾਸਤਰੀ ਗਾਇਕ-ਵਾਦਕ, ਬਾਬਾ ਹਰਿਵੱਲਭ ਜੀ ਦੇ ਦਰ 'ਤੇ ਹਾਜ਼ਰੀ ਭਰਨ ਆਉਣ ਲੱਗ ਪਏ | ਪੰਡਿਤ ਭਾਸਕਰ ਰਾਓ, ਉਸਤਾਦ ਫ਼ੈਆਜ਼ ਖ਼ਾਂ, ਉਸਤਾਦ ਬਿਸਮਿੱਲਾ ਖ਼ਾਂ, ਸ੍ਰੀਮਤੀ ਹੀਰਾ ਬਾਈ ਬੜੋਦਕਰ, ਪੰਡਿਤ ਰਵੀ ਸ਼ੰਕਰ, ਪੰਡਿਤ ਭੀਮ ਸੈਨ ਜੋਸ਼ੀ, ਉਸਤਾਦ ਅਮੀਰ ਖਾਂ, ਉਸਤਾਦ ਕਾਲੇ ਖ਼ਾਂ, ਉਸਤਾਦ ਬੜੇ ਗ਼ੁਲਾਮ ਅਲੀ ਖਾਂ, ਸ੍ਰੀਮਤੀ ਗੰਗੂ ਬਾਈ ਹੰਗਲ, ਬੇਗਮ ਰੌਸ਼ਨ ਆਰਾ, ਉਸਤਾਦ ਮੁਨੱਵਰ ਅਲੀ ਖ਼ਾਂ, ਪੰਡਿਤ ਕਿ੍ਸ਼ਨਾ ਰਾਓ ਸ਼ੰਕਰ ਪੰਡਿਤ, ਸ੍ਰੀਮਤੀ ਲਕਸ਼ਮੀ ਸ਼ੰਕਰ, ਵਿਦੂਸ਼ੀ ਗਿਰਿਜਾ ਦੇਵੀ, ਵਿਦੂਸ਼ੀ ਕਿਸ਼ੋਰੀ ਅਮੋਨਕਰ, ਉਸਤਾਦ ਅਬਦੁਲ ਹਲੀਮ ਜਾਫ਼ਰ, ਉਸਤਾਦ ਅਲੀ ਅਕਬਰ, ਪੰਡਿਤ ਜਸਰਾਜ, ਪੰਡਿਤ ਕਿਸ਼ਨ ਮਹਾਰਾਜ, ਉਸਤਾਦ ਅਮਜਦ ਅਲੀ ਖ਼ਾਂ, ਉਸਤਾਦ ਵਿਲਾਇਤ ਖ਼ਾਂ, ਉਸਤਾਦ ਅੱਲਾ ਰੱਖਾ, ਉਸਤਾਦ ਨਜ਼ਾਕਤ ਅਲੀ ਸਲਾਮਤ ਅਲੀ, ਪੰਡਿਤ ਸਾਮਤਾ ਪ੍ਰਸਾਦ, ਪੰਡਿਤ ਪ੍ਰੇਮ ਵੱਲਭ, ਬੇਗਮ ਪਰਵੀਨ ਸੁਲਤਾਨਾ, ਉਸਤਾਦ ਜ਼ਾਕਿਰ ਹੁਸੈਨ, ਪੰਡਿਤ ਸ਼ਿਵ ਕੁਮਾਰ ਸ਼ਰਮਾ ਅਤੇ ਹੋਰ ਅਨੇਕਾਂ ਹੀ ਨਾਮਵਰ ਫ਼ਨਕਾਰਾਂ ਨੇ ਬਾਬਾ ਹਰਿਵੱਲਭ ਜੀ ਦੇ ਦਰ 'ਤੇ ਹਾਜ਼ਰੀ ਭਰੀ |
ਪੁਡੂਚੇਰੀ ਦੇ ਸਾਬਕਾ ਲੈਫ਼ਟੀਨੈਂਟ ਗਵਰਨਰ ਡਾ: ਇਕਬਾਲ ਸਿੰਘ (ਜੋ ਖ਼ੁਦ ਵੀ ਇਕ ਸੰਗੀਤਕਾਰ ਹਨ) ਅਤੇ ਪੰਡਿਤ ਓਮ ਪ੍ਰਕਾਸ਼ ਥਾਪਰ ਅਨੁਸਾਰ ਪੰਜਾਬ ਦੇ ਸੰਗੀਤਕਾਰ ਇਸ ਸਮਾਗਮ ਵਿਚ ਹਮੇਸ਼ਾ ਵੱਧ-ਚੜ੍ਹ ਕੇ ਹਿੱਸਾ ਲੈਂਦੇ ਰਹੇ ਹਨ ਅਤੇ ਪੰਜਾਬੀ ਸੰਗੀਤਕਾਰਾਂ ਦਾ ਇਸ ਸਮਾਗਮ ਵਿਚ ਬਹੁਤ ਵੱਡਾ ਯੋਗਦਾਨ ਰਿਹਾ ਹੈ | ਪੰਜਾਬ ਦੇ ਸ਼ਾਸਤਰੀ ਗਾਇਕਾਂ ਵਿਚੋਂ ਪੰਡਿਤ ਦਲੀਪ ਚੰਦਰ ਬੇਦੀ, ਪੰਡਿਤ ਹਰੀਸ਼ ਚੰਦਰ ਬਾਲੀ, ਪਦਮਸ੍ਰੀ ਸ: ਸੋਹਣ ਸਿੰਘ, ਪੰਡਿਤ ਯਸ਼ ਪਾਲ, ਪੰਡਿਤ ਬਲਵੰਤ ਰਾਏ ਜਸਵਾਲ, ਡਾ: ਸ਼ੰਕਰ ਲਾਲ ਮਿਸ਼ਰਾ, ਸ੍ਰੀ ਬਲਬੀਰ ਸੇਠ, ਸ੍ਰੀ ਮਦਨ ਲਾਲ ਬਾਲੀ, ਮਾਸਟਰ ਰਤਨ, ਪੰਡਿਤ ਹੁਸਨ ਲਾਲ, ਸ਼੍ਰੋਮਣੀ ਰਾਗੀ ਭਾਈ ਦਿਲਬਾਗ ਸਿੰਘ ਗੁਲਬਾਗ ਸਿੰਘ, ਪ੍ਰੋ: ਦੇਸ਼ਬੰਧੂ ਸੇਠੀ, ਸ: ਬਲਬੀਰ ਸਿੰਘ ਕਲਸੀ, ਪੰਡਿਤ ਆਤਮ ਪ੍ਰਕਾਸ਼, ਉਸਤਾਦ ਤਵੱਕੁਲ ਖ਼ਾਂ, ਉਸਤਾਦ ਬਾਕਿਰ ਹੁਸੈਨ ਖ਼ਾਂ, ਪੰਡਿਤ ਬਲਦੇਵ ਵਰਮਾ, ਪੰਡਿਤ ਭੀਮ ਸੈਨ ਸ਼ਰਮਾ, ਸ੍ਰੀ ਭਗਵਾਨ ਦਾਸ ਸੈਣੀ, ਪ੍ਰੋ: ਕਿਰਪਾਲ ਸਿੰਘ, ਪ੍ਰੋ: ਬਲਦੇਵ ਸ਼ਰਣ ਨਾਰੰਗ, ਡਾ: ਜੋਗਿੰਦਰ ਬਾਵਰਾ, ਸ੍ਰੀ ਮੋਹਨ ਮਲਸਿਆਨੀ, ਪ੍ਰੋ: ਹਰੀ ਦੇਵ, ਸ: ਮੋਹਣ ਸਿੰਘ ਸੁਖਦੇਵ ਸਿੰਘ ਨਾਮਧਾਰੀ, ਡਾ: ਨਿਵੇਦਿਤਾ ਸਿੰਘ ਅਤੇ ਡਾ: ਅਲੰਕਾਰ ਸਿੰਘ ਦੇ ਨਾਂਅ ਪ੍ਰਮੁੱਖ ਹਨ |
ਪੰਜਾਬ ਦੇ ਵਾਦਕ ਕਲਾਕਾਰਾਂ ਵਿਚੋਂ ਪੰਡਿਤ ਬਾਬੂ ਰਾਮ, ਉਸਤਾਦ ਮਲੰਗ ਖਾਂ, ਉਸਤਾਦ ਲਛਮਣ ਸਿੰਘ ਸੀਨ, ਉਸਤਾਦ ਬਹਾਦੁਰ ਸਿੰਘ, ਸ: ਸੁਖਵਿੰਦਰ ਸਿੰਘ ਪਿੰਕੀ ਨਾਮਧਾਰੀ, ਪੰਡਿਤ ਹਰਿਵੰਸ਼ ਲਾਲ, ਸ: ਰਣਜੋਧ ਸਿੰਘ, ਉਸਤਾਦ ਕਾਲੇ ਰਾਮ, ਪੰਡਿਤ ਰਮਾ ਕਾਂਤ, ਪੰਡਿਤ ਪਵਨ ਕੁਮਾਰ ਵਰਮਾ, ਡਾ: ਅਰੁਣ ਮਿਸ਼ਰਾ, ਸ੍ਰੀਮਤੀ ਸਰਬਜੀਤ ਕੌਰ, ਸ੍ਰੀ ਨਰਿੰਦਰ ਨਰੂਲਾ, ਪੰਡਿਤ ਮਨੂ ਸੀਨ, ਡਾ: ਹਰਵਿੰਦਰ ਸ਼ਰਮਾ, ਸ੍ਰੀ ਸੁਰਿੰਦਰ ਕੁਮਾਰ ਦੱਤਾ, ਸ: ਸਮਿੰਦਰ ਪਾਲ ਸਿੰਘ, ਸ੍ਰੀ ਪਰਸ਼ੋਤਮ ਮਹਿਤਾ, ਡਾ: ਜਯੋਤੀ ਮਿੱਤੂ ਅਤੇ ਸ੍ਰੀਮਤੀ ਵਨੀਤਾ ਦਾ ਨਾਂਅ ਵਰਨਣਯੋਗ ਹੈ |
ਇਸ ਸੰਮੇਲਨ ਦੀ ਵਾਗਡੋਰ ਲੰਬੇ ਸਮੇਂ ਤੱਕ ਪਦਮਭੂਸ਼ਨ ਸ੍ਰੀ ਅਸ਼ਵਨੀ ਕੁਮਾਰ ਜੀ (ਆਈ. ਪੀ. ਐਸ.) ਦੇ ਹੱਥਾਂ ਵਿਚ ਰਹੀ | ਅੱਜ ਇਹ ਸੰਮੇਲਨ ਜਿਸ ਬੁਲੰਦੀ ਤੇ ਪਹੁੰਚ ਚੁੱਕਾ ਹੈ, ਇਸ ਦਾ ਸਿਹਰਾ ਸ੍ਰੀ ਬਾਬਾ ਹਰਿਵੱਲਭ ਸੰਗੀਤ ਮਹਾਂਸਭਾ ਦੇ ਸਿਰ ਹੈ | ਕਰੀਬ ਦੋ ਦਹਾਕਿਆਂ ਤੋਂ ਇਸ ਦੀ ਵਾਗਡੋਰ ਮਹਾਂਸਭਾ ਦੇ ਪ੍ਰਧਾਨ ਸ੍ਰੀਮਤੀ ਪੂਰਨਿਮਾ ਬੇਰੀ ਦੇ ਹੱਥਾਂ ਵਿਚ ਹੈ | ਪ੍ਰਸਿੱਧ ਉਦਯੋਗਪਤੀ ਸ੍ਰੀ ਸ਼ੀਤਲ ਵਿੱਜ ਮਹਾਂਸਭਾ ਦੇ ਚੇਅਰਮੈਨ ਹਨ ਅਤੇ ਮਾਂ-ਬੋਲੀ ਪੰਜਾਬੀ ਦੇ ਹੱਕ ਵਿਚ ਦੁਨੀਆ ਭਰ ਵਿਚ ਆਵਾਜ਼ ਬੁਲੰਦ ਕਰਨ ਵਾਲੇ ਸ੍ਰੀ ਦੀਪਕ ਬਾਲੀ ਇਸ ਦੇ ਜਨਰਲ ਸਕੱਤਰ ਹਨ | ਇਨ੍ਹਾਂ ਦੀ ਸੁਯੋਗ ਅਗਵਾਈ ਹੇਠ ਇਕ ਕਾਰਜਕਾਰੀ ਟੀਮ ਸਮਾਗਮ ਦੀ ਚੜ੍ਹਦੀ ਕਲਾ ਲਈ ਪੂਰੀ ਤਨਦੇਹੀ ਨਾਲ ਸੇਵਾ ਕਰ ਰਹੀ ਹੈ | ਪਿਛਲੇ ਕੁਝ ਸਾਲਾਂ ਤੋਂ ਨਾਰਥ ਜ਼ੋਨ ਕਲਚਰਲ ਸੈਂਟਰ, ਪਟਿਆਲਾ ਵਲੋਂ ਹਰ ਸਾਲ ਇਸ ਸਮਾਗਮ ਦੇ ਆਯੋਜਨ ਵਿਚ ਵਿਸ਼ੇਸ਼ ਯੋਗਦਾਨ ਪਾਇਆ ਜਾ ਰਿਹਾ ਹੈ | ਦੂਰਦਰਸ਼ਨ ਵਲੋਂ ਵੀ ਇਸ ਸੰਮੇਲਨ ਦਾ ਸਿੱਧਾ ਪ੍ਰਸਾਰਣ ਕੀਤਾ ਜਾਂਦਾ ਹੈ ਜਿਸ ਨਾਲ ਦੂਰ ਦੁਰਾਡੇ ਅਤੇ ਵਿਦੇਸ਼ਾਂ ਵਿਚ ਬੈਠੇ ਸੰਗੀਤ-ਪ੍ਰੇਮੀ ਵੀ ਇਸ ਦਾ ਆਨੰਦ ਮਾਣਦੇ ਹਨ |
ਸ੍ਰੀ ਦੇਵੀ ਤਾਲਾਬ ਮੰਦਿਰ ਦੇ ਵਿਹੜੇ ਅੰਦਰ ਹੀ ਸ੍ਰੀ ਬਾਬਾ ਹਰਿਵੱਲਭ ਭਵਨ ਦਾ ਨਿਰਮਾਣ ਕੀਤਾ ਗਿਆ ਹੈ | ਮਹਾਂਸਭਾ ਵਲੋਂ ਹਰ ਸਾਲ ਸ਼ਾਸਤਰੀ ਸੰਗੀਤ ਦੇ ਖੇਤਰ ਵਿਚ ਵਿਸ਼ੇਸ਼ ਯੋਗਦਾਨ ਪਾਉਣ ਅਤੇ ਮਹਾਂਸਭਾ ਨੂੰ ਬਹੁਮੁੱਲੀਆਂ ਸੇਵਾਵਾਂ ਪੇਸ਼ ਕਰਨ ਵਾਲੀਆਂ ਸ਼ਖ਼ਸੀਅਤਾਂ ਨੂੰ 'ਸ੍ਰੀ ਬਾਬਾ ਹਰਿਵੱਲਭ ਲਾਈਫ਼ ਟਾਈਮ ਅਚੀਵਮੈਂਟ ਐਵਾਰਡ' ਅਤੇ 'ਸ੍ਰੀ ਬਾਬਾ ਹਰਿਵੱਲਭ ਸੰਗੀਤ ਸੇਵਾ ਪੁਰਸਕਾਰ' ਨਾਲ ਸਨਮਾਨਿਤ ਕੀਤਾ ਜਾਂਦਾ ਹੈ |
ਪ੍ਰੋ: ਕਿਰਪਾਲ ਸਿੰਘ ਦੇ ਅਨੁਸਾਰ 6 ਫ਼ਰਵਰੀ 1957 ਨੂੰ ਬਸੰਤ ਪੰਚਮੀ ਵਾਲੇ ਦਿਨ ਸੰਗੀਤ ਸਮਰਾਟ ਪੰਡਿਤ ਹਰੀਸ਼ ਚੰਦਰ ਬਾਲੀ ਨੇ ਮਹਾਂਸਭਾ ਦੇ ਸਹਿਯੋਗ ਨਾਲ ਸ੍ਰੀ ਬਾਬਾ ਹਰਿਵੱਲਭ ਸੰਗੀਤ ਅਕੈਡਮੀ ਸ਼ੁਰੂ ਕੀਤੀ | ਅੱਜਕਲ੍ਹ ਸ੍ਰੀ ਅਜੇ ਕਾਂਤ ਗੁਪਤਾ ਅਤੇ ਪੰਡਿਤ ਰਮਾ ਕਾਂਤ ਇਸ ਅਕੈਡਮੀ ਵਿਖੇ ਵਿਦਿਆਰਥੀਆਂ ਨੂੰ ਸੰਗੀਤ ਦੀ ਸਿੱਖਿਆ ਦੇ ਰਹੇ ਹਨ | ਸ਼ਾਸਤਰੀ ਸੰਗੀਤ ਦੀ ਇਸ ਮਹਾਨ ਵਿਰਾਸਤ ਨੂੰ ਸੰਭਾਲਣ ਅਤੇ ਨੌਜਵਾਨ ਕਲਾਕਾਰਾਂ ਨੂੰ ਉਤਸ਼ਾਹਿਤ ਕਰਨ ਲਈ ਸੰਨ 1979 ਤੋਂ ਲਗਾਤਾਰ ਸੰਮੇਲਨ ਤੋਂ ਪਹਿਲਾਂ ਸ਼ਾਸਤਰੀ ਗਾਇਨ, ਸਵਰ-ਸਾਜ਼ ਵਾਦਨ, ਤਬਲਾ/ਪਖਾਵਜ ਵਾਦਨ ਅਤੇ ਠੁਮਰੀ/ਦਾਦਰਾ ਗਾਇਨ ਦੀ ਪ੍ਰਤੀਯੋਗਿਤਾ ਕਰਵਾਈ ਜਾਂਦੀ ਹੈ ਜਿਸ ਵਿਚ ਦੇਸ਼ ਦੇ ਵੱਖ-ਵੱਖ ਭਾਗਾਂ ਚੋਂ ਆਏ ਹੋਏ ਕਲਾਕਾਰ ਭਾਗ ਲੈਂਦੇ ਹਨ | ਵਿਦੇਸ਼ਾਂ ਵਿਚ ਰਹਿ ਰਹੇ ਨੌਜਵਾਨ ਸਾਧਕ ਵੀ ਇਸ ਪ੍ਰਤੀਯੋਗਿਤਾ ਵਿਚ ਭਾਗ ਲੈਣ ਆਉਂਦੇ ਰਹਿੰਦੇ ਹਨ | ਪ੍ਰਤੀਯੋਗਿਤਾ ਲਈ ਦੋ ਗਰੁੱਪ ਬਣਾਏ ਗਏ ਹਨ | ਜੂਨੀਅਰ ਗਰੁੱਪ 10 ਤੋਂ 16 ਸਾਲ ਤੱਕ ਅਤੇ ਸੀਨੀਅਰ 16+ ਸਾਲ ਤੋਂ 25 ਸਾਲ ਤੱਕ ਦੀ ਉਮਰ ਦੇ ਕਲਾਕਾਰਾਂ ਵਾਸਤੇ ਹੈ | ਸੀਨੀਅਰ ਗਰੁੱਪ ਵਿਚ ਪਹਿਲਾ ਸਥਾਨ ਹਾਸਲ ਕਰਨ ਵਾਲੇ ਕਲਾਕਾਰਾਂ ਨੂੰ ਆਉਣ ਵਾਲੇ ਸਾਲ ਦੇ ਮੁੱਖ ਸਮਾਗਮ ਵਿਚ ਕਲਾ ਪ੍ਰਦਰਸ਼ਨ ਕਰਨ ਦਾ ਮੌਕਾ ਪ੍ਰਦਾਨ ਕੀਤਾ ਜਾਂਦਾ ਹੈ |

-ਮੰਚ ਸੰਚਾਲਕ/ਸੰਯੁਕਤ ਸਕੱਤਰ
ਸ੍ਰੀ ਬਾਬਾ ਹਰਿਵੱਲਭ ਸੰਗੀਤ ਮਹਾਂਸਭਾ, ਜਲੰਧਰ |
ਮੋਬਾਈਲ: 94170-93925.

ਕਮਰਿਆਂ ਅੰਦਰ ਫੁੱਲ ਬੂਟੇ ਸਜਾਉਣਾ

ਗਮਲਿਆਂ 'ਚ ਲੱਗੇ ਪੂਰੀ ਤਰ੍ਹਾਂ ਪ੍ਰਵਾਨ ਚੜ੍ਹੇ ਚੰਗੇ ਸਿਹਤਮੰਦ ਅਤੇ ਦਿਲ ਲੁਭਾਵਣੇ ਬੂਟੇ ਹੀ ਕਮਰਿਆਂ ਅੰਦਰ ਸਜਾਏ ਜਾਣ ਤਾਂ ਚੰਗਾ ਹੈ, ਸਜਾਉਣੇ ਕਿਵੇਂ ਹਨ, ਇਸ ਸਬੰਧ'ਚ ਕੁਝ ਨੁਕਤੇ ਸਾਂਝੇ ਕਰ ਰਿਹਾ ਹਾਂ:
• ਸਾਡੀ ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ ਕੇਵਲ ਓਹੀ ਸਜਾਵਟੀ ਬੂਟੇ ਜੋ ਸਿਹਤਮੰਦ ਅਤੇ ਪ੍ਰਭਾਵਸ਼ਾਲੀ ਹੋਣ ਨੂੰ ਹੀ ਚੁਣਿਆ ਜਾਵੇ |
• ਸਜਾਵਟੀ ਬੂਟੇ ਦਾ ਗਮਲਾ ਜੇਕਰ ਮਿੱਟੀ ਦਾ ਹੋਵੇ ਤਾਂ ਚੰਗਾ ਹੈ, ਪਲਾਸਟਿਕ ਦੇ ਗਮਲੇ 'ਚ ਅੰਦਰ ਲਗਾਏ ਬੂਟੇ ਬਹੁਤੇ ਚੰਗੇ ਨਹੀਂ ਵਧਦੇ-ਫੁਲਦੇ |
• ਗਮਲੇ ਥੱਲੇ ਮੋਰੀ 'ਚੋਂ ਜੋ ਵਾਧੂ ਪਾਣੀ ਨਿਕਲਦਾ ਹੈ, ਉਸ ਨੂੰ ਦੁਆਲੇ ਵਗਣ ਤੋਂ ਬਚਾਉਣ ਲਈ ਸਟੀਲ ਜਾਂ ਪਲਾਸਟਿਕ ਦੀ ਪਲੇਟ ਗਮਲੇ ਥੱਲੇ ਰੱਖ ਦਿੱਤੀ ਜਾਵੇ |
• ਗਮਲੇ ਲਗਾਤਾਰ ਅੰਦਰ ਨਾ ਪਏ ਰਹਿਣ ਉਨ੍ਹਾਂ ਨੂੰ ਬੂਟੇ ਦੀ ਕਿਸਮ 'ਸੋਹਲਪਣ' ਵੇਖਦੇ ਹੋਏ ਅੰਦਰ ਕੁਝ ਦਿਨ ਅਤੇ ਕੁਝ ਦਿਨ ਬਾਹਰ ਕਿਸੇ ਦਰੱਖਤ ਆਦਿ ਦੀ ਛਾਵੇਂ ਰੱਖ ਦਿੱਤਾ ਜਾਵੇ |
• ਇਸੇ ਲਈ ਜੇਕਰ ਅੰਦਰ 10 ਬੂਟੇ ਸਜਾਉਣੇ ਹਨ ਤਾਂ ਤੁਹਾਡੇ ਕੋਲ ਤਕਰੀਬਨ 15-20 ਬੂਟੇ ਬਾਹਰ ਛਾਂ ਥੱਲੇ ਰੱਖੇ ਹੋਏ ਹੋਣ | ਜਿਉਂ ਹੀ ਤੁਸੀਂ ਵੇਖੋ ਕਿ ਬੂਟਾ ਅੰਦਰ ਕੁਝ ਮੁਰਝਾਇਆ ਹੋਇਆ ਦਿਖਾਈ ਦਿੰਦਾ ਹੈ ਤਾਂ ਉਸ ਨੂੰ ਬਾਹਰ ਲਿਜਾ ਕੇ ਛਾਂ ਥੱਲੇ ਰੱਖ ਦੇਵੋ, ਇਹ ਸਿਲਸਿਲਾ ਲਗਾਤਾਰ ਜਾਰੀ ਰਹਿਣਾ ਚਾਹੀਦਾ ਹੈ | ਅੰਦਰ ਰੱਖਿਆ ਬੂਟਾ ਹਮੇਸ਼ਾ 'ਵਧੀਆ ਹਾਲਤ' 'ਚ ਹੋਵੇ, ਇਹ ਤੁਸੀਂ ਵੇਖਣਾ ਹੈ |
• ਜੇਕਰ ਅੰਦਰ ਰੱਖੇ ਬੂਟਿਆਂ ਉੱਪਰ ਮਿੱਟੀ-ਘੱਟਾ ਪੈ ਜਾਵੇ ਤਾਂ ਗਿੱਲੇ ਕੱਪੜੇ ਨਾਲ ਪੂੰਝ ਦਿੱਤਾ ਜਾਵੇ |
• ਜਿਸ ਪਲਾਂਟਰ (ਜੋ ਲੱਕੜ ਦਾ ਜਾਂ ਧਾਤੂ ਦਾ ਹੋ ਸਕਦਾ ਹੈ) ਵਿਚ ਬੂਟਾ ਸਜਾਉਣਾ ਹੈ, ਉਹ ਬਹੁਤੇ ਸੋਖ਼ ਰੰਗ, ਚਮਕਦਾਰ ਜਾਂ ਭੜਕੀਲਾ ਨਾ ਹੋਵੇ, ਯਾਦ ਰਹੇ ਕਿ ਤੁਸੀਂ ਪ੍ਰਕਿਰਤਿਕ ਹੁਸਨ ਨੂੰ ਅੰਦਰ ਸਜਾਉਣਾ ਨਾ ਕਿ ਮਸਨੂਈ ਕਲਾਕਾਰੀ ਦੀ ਨੁਮਾਇਸ਼ ਕਰਨੀ ਹੈ |

dosanjhsps@gmail.com

ਭੁੱਲੀਆਂ ਵਿਸਰੀਆਂ ਯਾਦਾਂ

ਇਹ ਤਸਵੀਰ 1977 ਦੀ ਖਿੱਚੀ ਹੋਈ ਹੈ | ਪ੍ਰੀਤ ਨਗਰ, ਅੰਮਿ੍ਤਸਰ ਸਾਹਿਤਕ ਪ੍ਰੋਗਰਾਮ ਸੀ ਤੇ ਉਸ ਵਿਚ ਬਹੁਤ ਸਾਰੇ ਸਾਹਿਤਕਾਰ ਆਏ ਹੋਏ ਸਨ | ਇਨ੍ਹਾਂ ਸਾਰਿਆਂ ਦੀ ਇਕ ਰੀਝ ਸੀ ਸ: ਨਾਨਕ ਸਿੰਘ ਦੀ ਸਮਾਧ ਨਾਲ ਤਸਵੀਰ ਖਿਚਵਾਉਣ ਦੀ | ਉਸ ਸਮੇਂ ਮੁਖ਼ਤਾਰ ਗਿੱਲ, ਡਾ: ਰਵਿੰਦਰ ਸਿੰਘ, ਜੋਗਿੰਦਰ ਸਿੰਘ ਕੈਰੋਂ, ਸ: ਹਰਭਜਨ ਸਿੰਘ ਹੰੁਦਲ ਆਦਿ ਨੇ ਇਹ ਤਸਵੀਰ ਖਿਚਵਾਈ ਸੀ |

-ਮੋਬਾਈਲ : 98767-41231

ਥੀਏਟਰ ਤੋਂ ਫ਼ਿਲਮਾਂ ਵੱਲ

1950-60 ਦੇ ਦਹਾਕੇ 'ਚ ਅੰਮਿ੍ਤਸਰ ਦੀ ਕੁਈਨਜ਼ ਰੋਡ ਤੋਂ ਮਾਸਿਕ ਪੱਤਿ੍ਕਾ 'ਕਹਾਣੀ' ਪ੍ਰਕਾਸ਼ਿਤ ਹੋਇਆ ਕਰਦੀ ਸੀ | ਕੁਲਦੀਪ ਸਿੰਘ ਸੇਠੀ ਇਸ ਦੇ ਸੰਪਾਦਕ ਸਨ | ਮੈਂ ਅਕਸਰ ਆਪਣੀਆਂ ਰਚਨਾਵਾਂ ਦੇਣ ਲਈ 'ਕਹਾਣੀ' ਦੇ ਦਫ਼ਤਰ ਜਾਇਆ ਕਰਦਾ ਸੀ |
ਇਕ ਦਿਨ ਇਥੇ ਹੀ ਮੇਰੀ ਮੁਲਾਕਾਤ ਕੁਲਦੀਪ ਸਿੰਘ ਸੇਠੀ ਦੇ ਭਰਾ ਸੁਰਜੀਤ ਸਿੰਘ ਸੇਠੀ ਦੇ ਨਾਲ ਹੋਈ | ਸੁਰਜੀਤ ਸਿੰਘ ਸੇਠੀ ਉਨ੍ਹਾਂ ਦਿਨਾਂ ਵਿਚ ਪਟਿਆਲਾ ਦੀ ਪੰਜਾਬੀ ਯੂਨੀਵਰਸਿਟੀ 'ਚ ਪੜ੍ਹਾਇਆ ਕਰਦਾ ਸੀ | ਅਸੀਂ ਅਜੇ ਗੱਲਬਾਤ ਸ਼ੁਰੂ ਹੀ ਕੀਤੀ ਸੀ ਕਿ ਪੰਜਾਬੀ ਫ਼ਿਲਮਾਂ ਦਾ ਨਿਰਮਾਤਾ-ਨਿਰਦੇਸ਼ਕ ਜੁਗਿੰਦਰ ਸਮਰਾ ਉਥੇ ਆ ਗਿਆ | ਉਹ ਆਪਣੀ ਫ਼ਿਲਮ 'ਧਰਤੀ ਵੀਰਾਂ ਦੀ' ਦੇ ਸ਼ੂਟਿੰਗ ਦੇ ਸਿਲਸਿਲੇ 'ਚ ਉਥੇ ਆਇਆ ਸੀ | ਉਹ ਕੁਈਨਜ਼ ਰੋਡ ਅਤੇ ਕੰਪਨੀ ਬਾਗ਼ ਦੇ ਹਲਕਿਆਂ 'ਚ ਫ਼ਿਲਮ ਦੇ ਕੁਝ ਦਿ੍ਸ਼ਾਂ ਦਾ ਫ਼ਿਲਮਾਂਕਣ ਕਰ ਰਿਹਾ ਸੀ |
ਗੱਲਾਂ ਹੀ ਗੱਲਾਂ 'ਚ ਸਮਰਾ ਨੇ ਸਾਨੂੰ ਦੱਸਿਆ ਕਿ ਸ਼ੂਟਿੰਗ ਦੇ ਲਈ ਉਸ ਨੇ ਜਿਨ੍ਹਾਂ ਕਲਾਕਾਰਾਂ (ਜੂਨੀਅਰ) ਨੂੰ ਬੁਲਾਇਆ ਸੀ, ਉਹ ਸਮੇਂ ਸਿਰ ਪਹੁੰਚ ਨਹੀਂ ਸਕੇ ਸਨ | ਇਸ ਲਈ ਉਹ ਲੋਕਲ ਥੀਏਟਰ ਨਾਲ ਸਬੰਧਿਤ ਕੁਝ ਕਲਾਕਾਰਾਂ ਦੀਆਂ ਸੇਵਾਵਾਂ ਲੈ ਰਿਹਾ ਸੀ |
ਸਮਰੇ ਦੀ ਗੱਲ ਸੁਣ ਕੇ ਸੁਰਜੀਤ ਸਿੰਘ ਬਹੁਤ ਖੁਸ਼ ਹੋਇਆ | ਉਸ ਨੇ ਕਿਹਾ, 'ਮੇਰਾ ਤਾਂ ਜ਼ਿੰਦਗੀ ਦਾ ਮੰਤਵ ਹੀ ਥੀਏਟਰ ਲਈ ਵਧੀਆ ਕਲਾਕਾਰਾਂ ਨੂੰ ਤਲਾਸ਼ ਕਰਨਾ ਹੈ | ਇਸੇ ਕਰਕੇ ਮੈਂ ਅੰਗਰੇਜ਼ੀ ਪੜ੍ਹਾਉਣਾ ਛੱਡ ਕੇ ਹੁਣ ਡਰਾਮਾ ਵਿਭਾਗ ਜਾਇਨ ਕਰ ਲਿਆ ਹੈ | ਬਹੁਤ ਛੇਤੀ ਮੈਂ ਤੁਹਾਨੂੰ ਫ਼ਿਲਮਾਂ ਲਈ ਇਸ ਥੀਏਟਰ ਵਿਭਾਗ ਤੋਂ ਪ੍ਰਤਿਭਾਸ਼ਾਲੀ ਕਲਾਕਾਰ ਪੈਦਾ ਕਰਕੇ ਦਿਆਂਗਾ |'
ਸ਼ਾਇਦ ਉਸ ਵੇਲੇ ਸੁਰਜੀਤ ਸਿੰਘ ਸੇਠੀ ਦਾ ਦਾਅਵਾ ਭਾਵੇਂ ਕੁਝ ਬੇਤੁੱਕਾ ਲਗਦਾ ਹੋਵੇ ਪਰ ਸਮੇਂ ਨੇ ਉਸ ਦੀ ਕਲਪਨਾ ਨੂੰ ਸੱਚਾਈ ਦੇ ਰੰਗ 'ਚ ਪੂਰੀ ਤਰ੍ਹਾਂ ਰੰਗ ਦਿੱਤਾ ਹੈ | ਵਰਤਮਾਨ ਸਮੇਂ 'ਚ ਪਟਿਆਲਾ, ਅੰਮਿ੍ਤਸਰ ਅਤੇ ਚੰਡੀਗੜ੍ਹ ਤੋਂ ਥੀਏਟਰ ਨਾਲ ਸਬੰਧਿਤ ਅਨੇਕਾਂ ਹੀ ਕਲਾਕਾਰ ਆਪਣੀ ਕਲਾ ਦੇ ਨਾਲ ਦੁਰਸ਼ਕਾਂ ਨੂੰ ਮੰਤਰ-ਮੁਗਧ ਕਰ ਰਹੇ ਹਨ |
ਪਰ ਕਦੇ ਸਮਾਂ ਸੀ ਕਿ ਪੰਜਾਬ ਦੇ ਥੀਏਟਰ ਨੂੰ ਬਹੁਤ ਇੱਜ਼ਤ ਦੀ ਨਿਗਾਹ ਨਾਲ ਨਹੀਂ ਦੇਖਿਆ ਜਾਂਦਾ ਸੀ | ਇਸ ਲਈ ਪੰਜਾਬੀ ਫ਼ਿਲਮਾਂ 'ਚ ਵੀ ਜਿਹੜੇ ਕਲਾਕਾਰਾਂ ਨੂੰ ਮੌਕਾ ਦਿੱਤਾ ਜਾਂਦਾ ਸੀ, ਉਨ੍ਹਾਂ ਦਾ ਸਬੰਧ ਆਮ ਤੌਰ 'ਤੇ ਹਿੰਦੀ ਦੇ ਕਿਸੇ ਡਰਾਮਾ ਕੰਪਨੀ ਨਾਲ ਹੁੰਦਾ ਸੀ | ਮਿਸਾਲ ਦੇ ਤੌਰ 'ਤੇ 'ਪ੍ਰਦੇਸੀ ਢੋਲਾ', 'ਸੱਤ ਸਾਲੀਆਂ' ਅਤੇ 'ਪਿੰਡ ਦੀ ਕੁੜੀ' ਦਾ ਨਾਇਕ ਰਵਿੰਦਰ ਕਪੂਰ ਪਿ੍ਥਵੀ ਥੀਏਟਰ ਨਾਲ ਸਬੰਧਿਤ ਸੀ |
ਮਨੋਹਰ ਦੀਪਕ ਨੇ ਆਪਣਾ ਇਕ ਡਾਂਸ ਗਰੁੱਪ ਬਣਾਇਆ ਹੋਇਆ ਸੀ ਅਤੇ ਉਸ ਨੇ ਕੁਝ ਕੁ ਹਿੰਦੀ ਫ਼ਿਲਮਾਂ 'ਨਯਾ ਦੌਰ', 'ਜਾਗਤੇ ਰਹੋ' ਵਿਚ ਆਪਣੇ ਇਸ ਗਰੁੱਪ ਦੀ ਵਧੀਆ ਪੇਸ਼ਕਾਰੀ ਵੀ ਕੀਤੀ ਸੀ ਪਰ ਉਸ ਦਾ ਸੁਪਨਾ ਤਾਂ ਪੰਜਾਬੀ ਫ਼ਿਲਮਾਂ ਦਾ ਨਾਇਕ ਬਣਨਾ ਸੀ | ਇਹ ਸੁਪਨਾ ਉਸ ਨੇ ਆਪਣੇ ਦੋਸਤਾਂ ਦੀ ਮਦਦ ਦੇ ਨਾਲ 'ਖੇਡਣ ਦੇ ਦਿਨ ਚਾਰ' ਫ਼ਿਲਮ ਬਣਾ ਕੇ ਪੂਰਾ ਕੀਤਾ | ਬਾਅਦ 'ਚ ਇਸੇ ਹੀ ਦੀਪਕ ਨੇ 'ਗੀਤ ਬਹਾਰਾਂ ਦੇ' ਵਰਗੀ ਪੰਜਾਬੀ ਦੀ ਪਹਿਲੀ ਸੰਜੀਦਾ ਫ਼ਿਲਮ 'ਚ ਕੰਮ ਕਰਕੇ ਇਸ ਪ੍ਰਾਂਤਿਕ ਸਿਨੇਮਾ ਦੀ ਪ੍ਰਤਿਸ਼ਠਾ ਵਿਚ ਵਾਧਾ ਕੀਤਾ ਸੀ |
ਇਸ ਤੋਂ ਬਾਅਦ ਪ੍ਰਸਥਿਤੀਆਂ ਨੇ ਬਦਲਣਾ ਸ਼ੁਰੂ ਕਰ ਦਿੱਤਾ ਸੀ | ਪਟਿਆਲਾ 'ਚ ਸੁਰਜੀਤ ਸਿੰਘ ਸੇਠੀ ਤੋਂ ਇਲਾਵਾ ਕਪੂਰ ਸਿੰਘ ਘੰੁਮਣ ਅਤੇ ਟਿਵਾਣਾ ਗਰੁੱਪ ਨੇ ਆਪੋ-ਆਪਣੇ ਯਤਨਾਂ ਦੇ ਨਾਲ ਅਨੇਕਾਂ ਕਲਾਕਾਰ ਪੰਜਾਬੀ ਫ਼ਿਲਮਾਂ ਨੂੰ ਦਿੱਤੇ | ਚੰਡੀਗੜ੍ਹ 'ਚ ਭਾਗ ਸਿੰਘ ਨੇ ਨਿਰੰਤਰ ਥੀਏਟਰ ਅਤੇ ਪੰਜਾਬੀ ਸਿਨੇਮਾ ਨੂੰ ਅਮੀਰ ਕੀਤਾ | ਇਧਰ ਅੰਮਿ੍ਤਸਰ ਗੁਰਸ਼ਰਨ ਭਾਅ ਜੀ ਨੇ ਪਹਿਲਾਂ ਥੀਏਟਰ ਨੂੰ ਆਮ ਜਨਜੀਵਨ ਦੇ ਨਾਲ ਜੋੜਿਆ ਅਤੇ ਫਿਰ ਉਨ੍ਹਾਂ 'ਚੋਂ ਕਈ ਕਲਾਕਾਰ ਫ਼ਿਲਮਾਂ ਨੂੰ ਅਰਪਤ ਕੀਤੇ | ਵਰਤਮਾਨ ਸਥਿਤੀ ਇਹ ਹੈ ਕਿ ਲਗਪਗ ਹਰ ਵੱਡੇ-ਛੋਟੇ ਸ਼ਹਿਰ ਦੇ ਥੀਏਟਰ ਤੋਂ ਪ੍ਰਤਿਭਾਸ਼ਾਲੀ ਕਲਾਕਾਰ ਪੰਜਾਬੀ ਸਿਨੇਮਾ ਦੇ ਦਿਸ-ਹੱਦੇ 'ਤੇ ਛਾ ਰਹੇ ਹਨ |
ਪਰ ਫਿਰ ਵੀ ਪਟਿਆਲਾ ਪ੍ਰਮੁੱਖ ਰੂਪ 'ਚ ਕਲਾਕਾਰਾਂ ਨੂੰ ਪ੍ਰੋਮੋਟ ਕਰਨ ਵਾਲਾ ਸ਼ਹਿਰ ਬਣ ਕੇ ਉੱਭਰਿਆ ਸੀ | ਇਸ ਦਿ੍ਸ਼ਟੀਕੋਣ ਤੋਂ ਟਿਵਾਣਾ ਗਰੁੱਪ ਅਤੇ ਪੰਜਾਬੀ ਯੂਨੀਵਰਸਿਟੀ ਦਾ ਡਰਾਮਾ ਵਿਭਾਗ ਇਸ ਗੱਲ ਦਾ ਸਿਹਰਾ ਲੈ ਸਕਦੇ ਹਨ ਕਿ ਉਨ੍ਹਾਂ ਨੇ ਗੁਰਦਾਸ ਮਾਨ, ਓਮ ਪੁਰੀ, ਸੁਨੀਤਾ ਧੀਰ, ਮਹਿੰਦਰ ਸੰਧੂ ਅਤੇ ਰਾਜ ਬੱਬਰ ਵਰਗੇ ਹਿੰਦੀ-ਪੰਜਾਬੀ ਸਿਨੇਮਾ ਨਾਲ ਸਬੰਧਿਤ ਕਲਾਕਾਰਾਂ ਨੂੰ ਕਿਸੇ ਨਾ ਕਿਸੇ ਪੱਧਰ 'ਤੇ ਪ੍ਰੋਤਸ਼ਾਹਤ ਕੀਤਾ ਸੀ |
ਚੰਡੀਗੜ੍ਹ 'ਚ ਵੀ ਬਲਵੰਤ ਗਾਰਗੀ ਨੇ ਯੂਨੀਵਰਸਿਟੀ ਪੱਧਰ 'ਤੇ ਡਰਾਮਾ ਨੂੰ ਪ੍ਰੋਤਸਾਹਤ ਕਰਨ ਦਾ ਜਿਹੜਾ ਉਪਰਾਲਾ ਕੀਤਾ, ਉਸ ਨੇ ਕਈ ਪ੍ਰਤਿਭਾਸ਼ਾਲੀ ਕਲਾਕਾਰ ਥੀਏਟਰ ਨੂੰ ਦਿੱਤੇ | ਪਰ ਉਸ ਦੇ ਬਹੁਤੇ ਕਲਾਕਾਰ ਹਿੰਦੀ ਸਿਨੇਮਾ ਜਾਂ ਸ਼ਹਿਰੀ ਸਟੇਜਾਂ ਨਾਲ ਜਾ ਜੁੜੇ ਸਨ | ਪਿੰਡਾਂ ਅਤੇ ਪੰਜਾਬੀ ਫ਼ਿਲਮਾਂ ਨਾਲ ਥੀਏਟਰ ਨੂੰ ਜੋੜਨ ਦਾ ਕੰਮ ਭਾਗ ਸਿੰਘ ਨੇ ਹੀ ਕੀਤਾ ਸੀ | ਭਾਗ ਸਿੰਘ ਨੇ ਖੁਦ 'ਸੌਾਕਣ ਮੇਲੇ ਦੀ' ਵਿਚ ਖਲਨਾਇਕ ਦਾ ਕੰਮ ਕਰਕੇ ਇਹ ਪ੍ਰਥਾ ਆਰੰਭ ਕੀਤੀ ਸੀ | ਯਾਦ ਰਹੇ, ਮਿਹਰ ਮਿੱਤਲ ਅਤੇ ਵਰਿੰਦਰ ਨੂੰ ਵੀ ਅਭਿਨੈ ਕਲਾ ਦਾ ਪਾਠ ਭਾਗ ਸਿੰਘ ਨੇ ਹੀ ਪੜ੍ਹਾਇਆ ਸੀ |
ਪਰ ਜੇ ਹੁਣ ਵਰਤਮਾਨ ਪ੍ਰਸਥਿਤੀਆਂ ਨੂੰ ਦੇਖੀਏ ਤਾਂ ਜਤਿੰਦਰ ਬਰਾੜ ਦੀ ਨਾਟਸ਼ਾਲਾ ਦਾ ਯੋਗਦਾਨ ਵੀ ਕਾਫ਼ੀ ਮਹੱਤਵਪੂਰਨ ਰਿਹਾ ਹੈ | ਹਰਦੀਪ ਗਿੱਲ ਅਤੇ ਅਨੀਤਾ ਦੇਵਗਨ ਨੇ ਅੰਮਿ੍ਤਸਰ ਦੇ ਥੀਏਟਰ ਤੋਂ ਹੀ ਪੰਜਾਬੀ ਸਿਨੇਮਾ ਵੱਲ ਕਦਮ ਵਧਾਏ ਹਨ, ਫਿਰ ਇਸ ਤੋਂ ਪਹਿਲਾਂ ਹਰਭਜਨ ਜੱਬਲ ਅਤੇ ਜਤਿੰਦਰ ਕੌਰ ਨੇ ਵੀ ਗੁਰਸ਼ਰਨ ਭਾਅ ਜੀ ਤੋਂ ਜੋ ਕੁਝ ਸਿੱਖਿਆ, ਉਸ ਨੂੰ ਉਨ੍ਹਾਂ ਨੇ ਫ਼ਿਲਮਾਂ 'ਚ ਵੀ ਬਾਖੂਬੀ ਪ੍ਰਦਰਸ਼ਤ ਕੀਤਾ ਸੀ |
ਵਰਤਮਾਨ ਸਥਿਤੀ ਇਹ ਹੈ ਕਿ ਹੁਣ ਪੰਜਾਬੀ ਸਿਨੇਮਾ 'ਚ ਥੀਏਟਰ ਨਾਲ ਸਬੰਧਿਤ ਕਲਾਕਾਰਾਂ ਦਾ ਹੀ ਵਧੇਰੇ ਬੋਲਬਾਲਾ ਹੈ | ਇਸ ਦਾ ਕਾਰਨ ਇਹ ਹੈ ਕਿ ਹੁਣ ਦੀਆਂ ਪੰਜਾਬੀ ਫ਼ਿਲਮਾਂ 'ਚ ਚਰਿੱਤ੍ਰ ਅਭਿਨੇਤਾਵਾਂ ਦੀ ਮੰਗ ਬਹੁਤ ਵਧ ਗਈ ਹੈ | ਸਟੇਜ ਦੇ ਅਦਾਕਾਰ, ਕਿਉਂਕਿ ਅਜਿਹੀਆਂ ਭੂਮਿਕਾਵਾਂ ਨੂੰ ਆਸਾਨੀ ਨਾਲ ਨਿਭਾਅ ਲੈਂਦੇ ਹਨ, ਇਸ ਲਈ ਨਿਰਮਾਤਾ ਉਨ੍ਹਾਂ ਦਾ ਸਹਿਯੋਗ ਲੈ ਰਹੇ ਹਨ | ਮਿਸਾਲ ਦੇ ਤੌਰ 'ਤੇ ਪਿਛਲੇ ਬੀਤੇ ਸਮੇਂ 'ਚ 'ਅਰਦਾਸ' ਅਤੇ 'ਅੰਗਰੇਜ਼' ਫ਼ਿਲਮਾਂ 'ਚ ਵਧੇਰੇ ਫੋਕਸ ਚਰਿੱਤਰ ਅਭਿਨੇਤਾਵਾਂ 'ਤੇ ਹੀ ਸੀ | 'ਅਰਦਾਸ' ਇਹ ਤਾਂ ਸੱਤ-ਅੱਠ ਅਜਿਹੇ ਪ੍ਰਮੁੱਖ ਕਿਰਦਾਰ ਸਨ, ਜਿਹੜੇ ਕਹਾਣੀ ਦਾ ਪ੍ਰਮੁੱਖ ਧੁਰਾ ਸਮਝੇ ਜਾ ਸਕਦੇ ਸਨ |
ਸ਼ਾਇਦ ਇਹੀ ਵਜ੍ਹਾ ਹੈ ਕਿ ਹੁਣ ਦੀਆਂ ਫ਼ਿਲਮਾਂ 'ਚ ਰਾਣਾ ਰਣਬੀਰ, ਜਸਵਿੰਦਰ ਭੱਲਾ ਅਤੇ ਬੀਨੂ ਢਿੱਲੋਂ ਵਰਗਿਆਂ ਸਟੇਜ ਤੋਂ ਆਏ ਕਲਾਕਾਰਾਂ ਨੂੰ ਘੜੀ-ਮੁੜੀ ਦੁਹਰਾਇਆ ਜਾ ਰਿਹਾ ਹੈ | ਇਨ੍ਹਾਂ ਕਲਾਕਾਰਾਂ ਦੀ ਬਹੁ-ਪੱਖੀ ਪ੍ਰਤਿਭਾ ਦਾ ਅੰਦਾਜ਼ਾ ਬੀਨੂੰ ਢਿੱਲੋਂ ਦੀ ਪੇਸ਼ਕਾਰੀ ਤੋਂ ਹੀ ਲੱਗ ਜਾਂਦਾ ਹੈ | ਇਹ ਕਲਾਕਾਰ ਆਮ ਤੌਰ 'ਤੇ ਕਾਮੇਡੀ ਕਰਦਾ ਹੀ ਨਜ਼ਰ ਆਉਂਦਾ ਸੀ | ਪਰ 'ਚੰਨੋ' ਵਿਚ ਬਤੌਰ ਨਾਇਕ ਉਸ ਨੇ ਕਮਾਲ ਦੀ ਸੰਵੇਦਨਸ਼ੀਲਤਾ ਦਾ ਪ੍ਰਗਟਾਵਾ ਕੀਤਾ ਸੀ | ਰਾਣਾ ਰਣਬੀਰ ਵੀ ਹਰੇਕ ਪ੍ਰਕਾਰ ਦੀ ਭੂਮਿਕਾ ਨੂੰ ਆਸਾਨੀ ਨਾਲ ਨਿਭਾਅ ਰਿਹਾ ਹੈ | ਲਗਪਗ ਅਜਿਹਾ ਹੀ ਉਪਰਾਲਾ ਸਰਦਾਰ ਸੋਹੀ ਦਾ ਵੀ ਰਿਹਾ ਹੈ | ਥੀਏਟਰ ਤੋਂ ਇਲਾਵਾ ਦੂਰਦਰਸ਼ਨ ਨੇ ਵੀ ਪੰਜਾਬੀ ਸਿਨੇਮਾ ਨੂੰ ਵਿਭਿੰਨ ਤਰੀਕਿਆਂ ਨਾਲ ਅਮੀਰ ਕੀਤਾ ਹੈ | ਇਸ ਦਿ੍ਸ਼ਟੀਕੋਣ ਤੋਂ ਹਰਜੀਤ, ਮੁਕੇਸ਼ ਗੌਤਮ (ਨਿਰਦੇਸ਼ਨ) ਅਤੇ ਕੁਲਦੀਪ ਬਡੇਸਰੋਂ, ਬੀਬਾ ਬਲਵੰਤ (ਅਭਿਨੈ) ਨੇ ਆਪੋ-ਆਪਣੇ ਖੇਤਰਾਂ 'ਚ ਕਾਫ਼ੀ ਯੋਗਦਾਨ ਪਾਇਆ ਹੈ |
ਸਪੱਸ਼ਟ ਹੈ, ਸੁਰਜੀਤ ਸਿੰਘ ਸੇਠੀ ਦੀ ਗੱਲ ਅੱਜ ਠੀਕ ਨਜ਼ਰ ਆ ਰਹੀ ਹੈ | ਜਿਸ ਥੀਏਟਰ ਨੂੰ ਕਦੇ ਲੱਜਾ ਦੀ ਨਿਗ੍ਹਾ ਨਾਲ ਦੇਖਿਆ ਜਾਂਦਾ ਸੀ, ਅੱਜ ਉਹੀ ਪੰਜਾਬੀ ਸਿਨੇਮਾ ਦੇ ਸਨਮਾਨ ਦਾ ਆਧਾਰ ਬਣਿਆ ਹੋਇਆ ਹੈ |

-103, ਸਨੀ ਕਾਟੇਜ, ਕ੍ਰਿਸ਼ਨਾ ਨਗਰ, ਬਟਾਲਾ-143505 (ਪੰਜਾਬ) |
ਮੋਬਾਈਲ : 099154-93043.

ਜੰਨਤ ਜਾਮ ਹੈ-2

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਤੁਸੀਂ 20 ਰੁਪਏ ਦਾ ਕੋਲਡ ਡਰਿੰਕ ਖਰੀਦੋ ਜਾਂ ਦੋ ਲੱਖ ਰੁਪਏ ਦਾ ਅਖਰੋਟ ਦੀ ਲੱਕੜੀ ਦਾ ਬਣਿਆ ਡਾਈਨਿੰਗ ਟੇਬਲ, ਤਿੰਨ ਹਜ਼ਾਰ ਦਾ ਸ਼ਾਲ ਖਰੀਦੋ ਜਾਂ 30 ਹਜ਼ਾਰ ਦਾ | ਡੱਲ ਝੀਲ ਦੇ ਸੇਲਜ਼ਮੈਨ ਕਮਾਲ ਦੇ ਹਨ, ਜਿਹੜੇ ਚਿਪਕ ਹੀ ਜਾਂਦੇ ਹਨ | ਮੈਂ ਵਿੰਡੋ ਸ਼ਾਪਿੰਗ ਹੀ ਕਰਦਾ ਹਾਂ, ਇਹੀ ਠੀਕ ਰਹਿੰਦੀ ਹੈ | ਸ਼ਾਮ ਢਲ ਰਹੀ ਸੀ | ਰੱਬ ਦੇ ਦੋ ਚਿੱਤਰਕਾਰ ਸੂਰਜ ਅਤੇ ਬੱਦਲ ਅਸਮਾਨ 'ਤੇ ਰੰਗ ਭਰ ਰਹੇ ਸਨ | ਸ਼ਾਮ ਸਮੇਂ ਸ਼ਿਕਾਰੇ ਹੋਰ ਵੀ ਸੋਹਣੇ ਲੱਗ ਰਹੇ ਸਨ | ਅਸੀਂ ਰਾਤ ਠਹਿਰਣ ਲਈ ਮਾਜਿਦ ਬਾਈ ਅਤੇ ਸਾਜਿਦ ਬਾਈ ਦਾ ਹਾਊਸ ਬੋਟ ਚੁਣਿਆ | ਹਾਊਸ ਬੋਟ ਪਾਣੀ 'ਚ ਤੈਰਦਾ ਹੋਇਆ ਪਰ ਬੰਨਿ੍ਹਆ ਹੋਇਆ ਰੈਣ ਬਸੇਰਾ ਹੁੰਦਾ ਹੈ | ਹਾਊਸ ਬੋਟ 'ਚ ਦੋ ਬੈੱਡ ਰੂਮ ਤੇ ਦੋ ਵਾਸ਼ਰੂਮ, ਇਕ ਡਰਾਇੰਗ ਰੂਮ, ਇਕ ਡਾਈਨਿੰਗ ਰੂਮ ਸੀ | ਕਮਾਲ ਦਾ ਫਰਨੀਚਰ ਕਮਾਲ ਦੀ ਸਜਾਵਟ | ਮਿੱਤਰ ਮੰਡਲੀ ਸਾਮਾਨ ਲੈ ਆਈ | ਹਾਊਸ ਬੋਟ ਦੇ ਬਾਹਰ ਖੜ੍ਹ ਕੇ ਮੈਂ ਕਾਹਵਾ ਪੀ ਰਿਹਾ ਸਾਂ | ਕਲਾਕਾਰ ਮਿੱਤਰ ਸੁਰਿੰਦਰ ਸੂਫ਼ੀ ਨੇ ਨੰਗਲ ਤੋਂ ਨਾਲ ਲਿਆਂਦਾ 'ਸ਼ਕਤੀ ਵਾਟਰ' ਪੀ ਕੇ ਹਰਮੋਨੀਅਮ ਵਜਾਉਣਾ ਸ਼ੁਰੂ ਕੀਤਾ | 'ਹਮ ਤੇਰੇ ਸ਼ਹਿਰ ਮੇਂ ਆਏ ਹੈਾ ਮੁਸਾਫਿਰ ਕੀ ਤਰਹ' ਸੁਣ ਕੇ ਦੋ ਚਾਰ ਸ਼ਿਕਾਰੇ ਵਾਲੇ ਵੀ ਲਾਗੇ ਆ ਗਏ | ਦਹਿਸ਼ਤ ਦੇ ਮਾਹੌਲ ਵਿਚ ਸ੍ਰੀਨਗਰ ਦੀ ਸਮਾਈਲ ਵੀ ਮਨਫ਼ੀ ਹੋ ਗਈ ਹੈ | ਘੰਟਾ ਡੇਢ ਘੰਟਾ ਅਸੀਂ ਹਾਊਸ ਬੋਟ ਦੇ ਬਾਹਰ ਹੀ ਮਹਿਫ਼ਲ ਸਜਾਈ | ਸਾਜਿਦ ਤੇ ਮਾਜਿਦ ਨੇ ਵੀ ਵਿਚਾਰ ਸਾਂਝੇ ਕੀਤੇ | ਠੰਢ ਵਧਣ ਕਾਰਨ ਅਸੀਂ ਹਾਊਸ ਬੋਟ ਦੇ ਅੰਦਰ ਚਲੇ ਗਏ | 93 ਵਰਿ੍ਹਆਂ ਦੇ ਸਾਜਿਦ ਨੇ ਸਿਹਤ ਦਾ ਰਾਜ਼ ਦੱਸਦਿਆਂ ਕਿਹਾ, 'ਅੱਲ੍ਹਾ ਨੇ ਸਾਫ਼ ਹਵਾ, ਪਾਣੀ ਤੇ ਸਬਰ ਦਿੱਤਾ ਹੈ |' ਹਾਊਸ ਬੋਟ ਦੀ ਉਮਰ 100 ਵਰ੍ਹੇ ਹੁੰਦੀ ਹੈ | 1974-75 'ਚ ਹਾਊਸ ਬੋਟ 20 ਲੱਖ 'ਚ ਤਿਆਰ ਹੁੰਦਾ ਸੀ ਪਰ ਹੁਣ ਸਵਾ ਕਰੋੜ ਦਾ ਬਣਦਾ ਹੈ | ਜਿਵੇਂ ਪੰਜਾਬ ਦੀ ਨਵੀਂ ਪੀੜ੍ਹੀ ਨੂੰ 'ਆਇਲਟਸ ਰੋਗ' ਲੱਗ ਗਿਆ ਹੈ, ਤਿਵੇਂ ਹੀ ਅੱਜ ਦੇ ਕਸ਼ਮੀਰੀ ਨੌਜਵਾਨ ਪਿਤਾ ਪੁਰਖੀ ਕਾਰੋਬਾਰ ਤੋਂ ਲਾਂਭੇ ਹੋ ਰਹੇ ਹਨ | ਸ਼ਿਕਾਰੇ ਵਾਲੇ ਫਯਾਜ਼ ਅਹਿਮਦ ਸ਼ੇਖ਼ ਨੇ ਦੱਸਿਆ ਕਿ ਜੰਮੂ-ਕਸ਼ਮੀਰ 'ਚ ਕਸ਼ਮੀਰੀ, ਉਰਦੂ, ਲੱਦਾਖੀ, ਹਿੰਦੀ, ਪੰਜਾਬੀ, ਪਹਾੜੀ, ਡੋਗਰੀ, ਬਾਲਟੀ ਆਦਿ ਜ਼ਬਾਨਾਂ ਬੋਲੀਆਂ ਜਾਂਦੀਆਂ ਹਨ | ਜਨ-ਸੰਖਿਆ ਵਿਸਫੋਟ ਅਤੇ ਚੌਗਿਰਦੇ ਬਾਰੇ ਵੀ ਗੱਲ ਹੋਈ | ਡੱਲ ਝੀਲ ਦੇ ਸੁਹੱਪਣ ਨੂੰ ਵੀ ਗ੍ਰਹਿਣ ਲੱਗ ਗਿਆ ਹੈ | ਭਾਵੇਂ ਸਰਕਾਰ ਝੀਲ 'ਚੋਂ ਬੇਲੋੜੀ ਬੂਟੀ ਸਾਫ਼ ਕਰਵਾ ਵੀ ਰਹੀ ਹੈ ਪਰ ਬੂਟੀ ਹੈ ਹੀ ਬਹੁਤ | ਮਹਾਰਾਜਾ ਗੁਲਾਬ ਸਿੰਘ ਵਲੋਂ 1872 'ਚ ਸ਼ੁਰੂ ਕੀਤਾ 'ਦਰਬਾਰ ਮੂਵ' ਬੰਦੋਬਸਤ ਅੱਜ ਵੀ ਜਾਰੀ ਹੈ | ਸ੍ਰੀਨਗਰ 'ਚ ਅੱਤ ਦੀ ਠੰਢ ਪੈਂਦੀ ਹੈ ਅਤੇ ਜੰਮੂ 'ਚ ਅੱਤ ਦੀ ਗਰਮੀ | ਮਹਾਰਾਜਾ ਗੁਲਾਬ ਸਿੰਘ ਨੇ ਗਰਮੀਆਂ 'ਚ ਰਾਜਧਾਨੀ ਸ੍ਰੀਨਗਰ ਰੱਖੀ ਤੇ ਸਰਦੀਆਂ ਵਿਚ ਜੰਮੂ | ਸ੍ਰੀਨਗਰ 'ਚ ਸ਼ਾਲੀਮਾਰ ਬਾਗ਼, ਨਿਸ਼ਾਤ ਬਾਗ਼, ਪਰੀ ਮਹਿਲ, ਚਸ਼ਮੇਸ਼ਾਹੀ, ਸ਼ੰਕਰਾਚਾਰੀਆ ਮੰਦਰ, ਹਜ਼ਰਤ ਬਲ ਮਸਜਿਦ, ਸ੍ਰੀਨਗਰ ਗੁਰਦੁਆਰਾ ਵੈਰੀਨਾਗ, ਸੋਨਮਰਗ ਆਦਿ ਥਾਵਾਂ ਵੀ ਵੇਖਣਯੋਗ ਹਨ | ਕਸ਼ਮੀਰ ਨੂੰ 'ਕੈਸ਼ਮੋਰ' ਵੀ ਕਿਹਾ ਜਾਂਦਾ ਹੈ, ਕਿਉਂਕਿ ਇਥੇ ਘੰੁਮਣ ਲਈ ਬਹੁਤ ਪੈਸੇ ਚਾਹੀਦੇ ਹਨ | ਇਹ ਸੰਭਵ ਹੀ ਨਹੀਂ ਕਿ ਤੁਸੀਂ ਕੁਝ ਨਾ ਖਰੀਦੋ |
ਕਸ਼ਮੀਰ ਕਾਰਪੈਟ ਸੰਸਾਰ ਪ੍ਰਸਿੱਧ ਹਨ | ਬਹੁਤ ਉੱਨਤ ਕਿਸਮ ਦੇ ਭੱਦਰਵਾਹ ਰਾਜਮਾਂਹ ਅਤੇ ਕਮਾਲ ਦੀ ਕਮਲਕੱਕੜੀ ਤੁਹਾਡਾ ਧਿਆਨ ਖਿੱਚਦੀ ਹੈ | ਸੰਸਾਰ ਪ੍ਰਸਿੱਧ 'ਗੁੱਛੀ' ਤੀਹ ਤੋਂ ਚਾਲੀ ਹਜ਼ਾਰ ਰੁਪਏ ਕਿਲੋ ਤੱਕ ਮਿਲਦੀ ਹੈ | ਬਹੁਤ ਉੱਚੇ ਪਰਬਤਾਂ 'ਤੇ ਕੁਦਰਤੀ ਉਗਦੀ ਇਹ ਖਾਸ ਕਿਸਮ ਦੀ ਖੰੁਭ ਪਿਆਜ਼, ਲਸਣ, ਅਦਰਕ, ਖੋਏ, ਪਨੀਰ ਦੇ ਇਸਤੇਮਾਲ ਨਾਲ ਬਣਦੀ ਹੈ | ਬਲਜੀਤ ਬਡਵਾਲ ਨੇ 100 ਗ੍ਰਾਮ ਗੁੱਛੀ ਖਰੀਦੀ | ਮਿੱਤਰ ਮੰਡਲੀ ਨੇ ਰਾਤੀਂ 11 ਵਜਾ ਦਿੱਤੇ | ਪੈਂਦਿਆਂ ਹੀ ਨੀਂਦ ਆ ਗਈ | ਸਵੇਰੇ ਅਸੀਂ ਆਰਾਮ ਨਾਲ ਉੱਠੇ | ਬਰੇਕਫਾਸਟ ਕਰਕੇ ਸਾਮਾਨ ਚੁੱਕਿਆ, ਤਸਵੀਰਾਂ ਖਿੱਚੀਆਂ ਅਤੇ ਨੰਗਲ ਵੱਲ ਤੁਰ ਪਏ | ਜੰਮੂ ਰੋਡ 'ਤੇ ਪਹੁੰਚਦਿਆਂ ਹੀ ਪੁਲਿਸ ਨੇ ਰੋਕ ਲਿਆ | ਰੋਡ ਬੰਦ ਸੀ | ਸਾਨੂੰ ਵਾਇਆ ਸ਼ੋਪੀਆਂ-ਕੁਲਗਾਂਵ ਹੋ ਕੇ ਜੰਮੂ ਜਾਣ ਦੀ ਸਲਾਹ ਦਿੱਤੀ ਗਈ | ਸ਼ੋਪੀਆਂ ਹਮੇਸ਼ਾ ਖ਼ਬਰਾਂ 'ਚ ਰਹਿੰਦਾ ਹੈ | ਐਪਲ ਟਾਊਨ ਸ਼ੋਪੀਆਂ ਦੇ ਆਸੇ-ਪਾਸਿਉਂ ਅਕਸਰ ਫ਼ੌਜ ਅਤੇ ਮਿਲੀਟੈਂਟਾਂ ਦੇ ਟਕਰਾਅ ਦੀਆਂ ਖ਼ਬਰਾਂ ਆਉਂਦੀਆਂ ਹਨ | ਸੜਕ ਦੇ ਨਾਲ-ਨਾਲ ਸੇਬਾਂ ਦੇ ਬਗੀਚੇ ਹਨ | ਥਾਂ-ਥਾਂ ਸੇਬ ਪੈਕ ਹੋ ਰਹੇ ਸਨ | ਸ਼ੋਪੀਆਂ ਦਾ ਕੁਦਰਤੀ ਸੁਹੱਪਣ ਇਕ ਪਹਿਲੂ ਹੈ, ਥਾਂ-ਥਾਂ ਖੌਫ਼ ਦਾ ਮਾਹੌਲ ਦੂਜਾ ਪਹਿਲੂ | ਥਾਂ-ਥਾਂ ਫ਼ੌਜ ਦੇ ਅਤਿ ਆਧੁਨਿਕ ਵਾਹਨ ਨਜ਼ਰ ਆਉਂਦੇ ਹਨ | ਸ਼ੋਪੀਆਂ ਤੋਂ ਅਸੀਂ ਕੁਲਗਾਂਵ-ਕਾਜ਼ੀਗੰੁਡ ਮਾਰਗ 'ਤੇ ਪੈਣ ਦੀ ਥਾਂ ਗ਼ਲਤੀ ਨਾਲ ਮੁਗ਼ਲ ਰੋਡ 'ਤੇ ਪੈ ਗਏ | ਰੱਬਾ ਅਜਿਹੀ ਗ਼ਲਤੀ ਹਮੇਸ਼ਾ ਹੋਵੇ | ਇਹ ਮਾਰਗ ਜਾਂਦਾ ਜੰਮੂ ਹੀ ਹੈ ਪਰ ਬਹੁਤ ਜ਼ਿਆਦਾ ਲੰਬਾ ਹੈ | ਏਨੀ ਖ਼ੂਬਸੂਰਤ ਸੜਕ, ਪਹਾੜ, ਠੰਢੀ ਪੌਣ ਤੇ ਦੇਵਦਾਰ, ਦੁਬਜੰਗ ਬਿ੍ਜ ਲਾਗੇ ਪਹੁੰਚੇ ਸਾਂ ਕਿ ਬਰਫ਼ ਪੈਣੀ ਸ਼ੁਰੂ ਹੋ ਗਈ | ਰੰੂ ਵਰਗੇ ਫੰਬੇ, ਪੱਤਰਕਾਰ ਸ਼ਿਵ ਕੁਮਾਰ ਕਾਲੀਆ ਤਾਂ ਨੱਚਣ ਹੀ ਲੱਗ ਪਿਆ | ਇਕ ਟਰੱਕ ਡਰਾਈਵਰ ਨੇ ਦੱਸਿਆ ਕਿ ਹਿੰਮਤ ਨਾਲ ਤੁਰੇ ਜਾਓ ਇਹ ਮਾਮੂਲੀ ਬਰਫ਼ਬਾਰੀ ਹੈ | ਪੀਰ ਦੀ ਗਲੀ ਲਾਗੇ ਸੜਕ ਜਾਮ ਸੀ | ਬਰਫ਼ਬਾਰੀ ਤੇਜ਼ ਹੋ ਗਈ ਸੀ ਤੇ ਵਾਹਨ ਫਸੇ ਹੋਏ ਸਨ | ਅਸੀਂ ਗੱਡੀ ਦੇ ਟਾਇਰਾਂ ਦੀ ਹਵਾ ਘੱਟ ਕਰਕੇ ਮਸਾਂ ਗੱਡੀ ਮੁੜ ਸ਼ੋਪੀਆਂ ਵੱਲ ਮੋੜੀ | ਰਾਤੀਂ ਅੱਠ ਵਜੇ ਬਰਾਸਤਾ ਕੁਲਗਾਂਵ ਹੋ ਕੇ ਮਸਾਂ ਸ੍ਰੀਨਗਰ-ਜੰਮੂ ਹਾਈਵੇਅ 'ਤੇ ਪੁਹੰਚੇ | ਕਾਜ਼ੀਗੰੁਡ ਪੁਲਿਸ ਨੇ ਫੇਰ ਰੋਕ ਲਿਆ | ਟ੍ਰੈਫਿਕ ਜਾਮ ਸੀ | ਪੁਲਿਸ ਕਰਮਚਾਰੀ ਨੇ ਸਲਾਹ ਦਿੱਤੀ ਕਿ ਔਖੇ-ਸੌਖੇ ਰਾਤ ਕੱਟੋ | ਤੜਕੇ ਤਿੰਨ ਵਜੇ ਸਾਰੇ ਵਾਹਨ ਜੰਮੂ ਵੱਲ ਜਾ ਸਕਣਗੇ | ਰਾਤ ਕਾਜ਼ੀਗੰੁਡ ਦੇ ਇਕ ਢਾਬੇ ਦੇ ਬੜੇ ਹੀ ਠੰਢੇ ਤੇ ਸਲਾਭੇ ਕਮਰੇ 'ਚ ਕੱਟੀ | ਰਾਤ ਦੇ ਖਾਣੇ 'ਚ ਸ਼ਾਮਿਲ ਜਾਇਕੇਦਾਰ ਰਾਜਮਾਂਹ ਧੰਨ-ਧੰਨ ਸਨ | ਠੁਰ-ਠੁਰ ਕਰਦਿਆਂ ਰਾਤ ਕੱਟੀ | ਤੜਕੇ ਚਾਰ ਵਜੇ ਵੀ ਟ੍ਰੈਫਿਕ ਰੋਕਿਆ ਹੋਇਆ ਸੀ | ਅਸੀਂ ਪਿੰਡਾਂ 'ਚੋਂ ਹੋ ਕੇ ਵੈਰੀਨਾਗ ਪਹੁੰਚੇ | ਵੈਰੀਨਾਗ 'ਚ ਵੀ ਵਾਹਨ ਰੋਕੇ ਹੋਏ ਸਨ | ਸਵੇਰੇ ਸਾਢੇ ਕੁ ਪੰਜ ਆਵਾਜਾਈ ਬਹਾਲ ਹੋ ਗਈ | ਜੰਮੂ ਵੱਲ ਜਾਂਦਿਆਂ ਮੈਂ ਸੋਚ ਰਿਹਾ ਸਾਂ ਕਿ ਸਰਕਾਰੀ ਪ੍ਰਚਾਰ ਤੇ ਜ਼ਮੀਨੀ ਹਕੀਕਤਾਂ 'ਚ ਵੱਡਾ ਫਰਕ ਹੁੰਦਾ ਹੈ | ਹਰ ਬੈਰੀਅਰ 'ਚ ਖੜ੍ਹਾ ਮੁਲਾਜ਼ਮ ਐਾਟਰੀ ਭਾਲਦਾ ਹੈ | ਸੁਤੰਤਰਤਾ ਦੇ 70 ਸਾਲ ਮਗਰੋਂ ਵੀ ਸਾਢੇ ਕੋਲ ਸਿਸਟਮ ਨਹੀਂ ਹੈ | ਰਾਤੀਂ ਅੱਠ ਵਜੇ ਅਸੀਂ ਨੰਗਲ ਡੈਮ ਵਾਪਸ ਆ ਗਏ | ਹਾਂ ਸੱਚ... ਸ੍ਰੀਨਗਰ ਬਾਈਏਅਰ ਹੀ ਠੀਕ ਹੈ | (ਸਮਾਪਤ)

-ਭਾਖੜਾ ਰੋਡ, ਨੰਗਲ-140124.
ਮੋਬਾਈਲ : 98156-24927.
grewal.dam@gmail.com

2018 ਮਸਲੇ ਅਤੇ ਮਸਾਲੇ ਵਿਚਕਾਰ ਲਟਕਦਾ ਰਿਹਾ ਹਿੰਦੀ ਸਿਨੇਮਾ

ਸਾਲ 2018 ਦਾ ਆਰੰਭ ਹੀ ਦੋ ਵਿਰੋਧਾਭਾਸੀ ਫ਼ਿਲਮਾਂ ਦੀ ਸਫ਼ਲਤਾ ਦੇ ਨਾਲ ਹੋਇਆ ਸੀ। ਇਸ ਸੰਦਰਭ 'ਚ 'ਪਦਮਾਵਤ' ਵਰਗੀ ਪੀਰੀਅਡ ਫ਼ਿਲਮ ਵਿਵਾਦਾਂ 'ਚ ਘਿਰੀ ਹੋਣ ਦੇ ਬਾਵਜੂਦ ਸਫ਼ਲਤਾ ਦੀਆਂ ਪੌੜੀਆਂ ਚੜ੍ਹ ਗਈ ਸੀ। ਦੂਜੇ ਪਾਸੇ ਸਾਲ ਦੀ ਦੂਜੀ ਸ਼ੁਰੂਆਤੀ ਫ਼ਿਲਮ ਬਾਇਓਪਿਕ 'ਸੰਜੂ' ਸੀ। ਕਲਾਕਾਰ ਸੰਜੇ ਦੱਤ ਦੇ ਜੀਵਨ 'ਤੇ ਆਧਾਰਿਤ ਇਸ ਫ਼ਿਲਮ ਵਿਚ ਨਾ ਤਾਂ 'ਪਦਮਾਵਤ' ਵਰਗੀ ਵਿਸ਼ਾਲਤਾ ਅਤੇ ਮਹਿੰਗੇ ਸੈੱਟਾਂ ਦੀ ਭਰਮਾਰ ਸੀ ਅਤੇ ਨਾ ਹੀ ਇਸ ਦੀ ਕਥਾ-ਵਸਤੂ ਕਿਸੇ ਸਰਬ-ਵਿਆਪਕ ਪ੍ਰਸੰਗ ਵਲ ਇਸ਼ਾਰਾ ਕਰਦੀ ਸੀ।
ਫਿਰ ਕੀ ਕਾਰਨ ਸੀ ਕਿ 'ਸੰਜੂ' ਨੂੰ 2018 ਦੇ ਆਰੰਭ ਦੀ ਸਭ ਤੋਂ ਸਫ਼ਲ ਫ਼ਿਲਮ ਘੋਸ਼ਿਤ ਕੀਤਾ ਗਿਆ ਸੀ? ਸਿਰਫ਼ ਦੋ-ਤਿੰਨ ਦਿਨਾਂ 'ਚ ਹੀ ਇਹ ਕਿਰਤ 100 ਕਰੋੜੀ ਫ਼ਿਲਮਾਂ ਦੇ ਕਲੱਬ 'ਚ ਸ਼ਾਮਿਲ ਹੋ ਗਈ ਸੀ। 'ਸੰਜੂ' ਨੇ 'ਪਦਮਾਵਤ' ਦੇ ਬਾਕਸ ਆਫਿਸ ਦਿਆਂ ਅੰਕੜਿਆਂ ਨਾਲ ਜ਼ਬਰਦਸਤ ਮੁਕਾਬਲਾ ਕੀਤਾ ਅਤੇ ਦਰਸ਼ਕਾਂ ਨੇ ਇਕ ਤਰ੍ਹਾਂ ਨਾਲ ਇਨ੍ਹਾਂ ਦੋਵਾਂ ਹੀ ਕਿਰਤਾਂ ਨੂੰ ਆਪਣੇ ਸਨੇਹ ਨਾਲ ਨਿਵਾਜਿਆ।
ਇਹ ਵਿਰੋਧਾਭਾਸੀ ਪ੍ਰਵਿਰਤੀਆਂ 2018 ਦੇ ਸਾਰੇ ਹੀ ਸਮੇਂ ਦੌਰਾਨ ਦੇਖਣ 'ਚ ਆਈਆਂ ਸਨ। ਇਕ ਪਾਸੇ ਤਾਂ 'ਪ੍ਰਮਾਣੂ-ਦਿ ਸਟੋਰੀ ਆਫ਼ ਪੋਖਾਰਨ' ਅਤੇ 'ਹਿਚਕੀ' ਵਰਗੀਆਂ ਫ਼ਿਲਮਾਂ ਨੂੰ ਆਲੋਚਕਾਂ ਅਤੇ ਦਰਸ਼ਕਾਂ ਦਾ ਭਰਪੂਰ ਸਮਰਥਨ ਮਿਲ ਰਿਹਾ ਸੀ ਤੇ ਦੂਜੇ ਪਾਸੇ ਰਵਾਇਤੀ ਸਿਨੇਮਾ ਨਾਲ ਸਬੰਧਿਤ 'ਰੇਸ-3' ਵਰਗੀਆਂ ਮਸਾਲਾ ਫ਼ਿਲਮਾਂ ਵੀ ਟਿਕਟ ਖਿੜਕੀ 'ਤੇ ਧਮਾਕਾ ਕਰ ਰਹੀਆਂ ਸਨ।
ਇਕ ਦ੍ਰਿਸ਼ਟੀਕੋਣ ਤੋਂ ਸਭ ਤੋਂ ਜ਼ਿਆਦਾ ਦਿਲਚਸਪ ਗੱਲ ਤਾਂ ਇਹ ਹੋਈ ਕਿ ਇਕ ਹਾਰਰ ਕਾਮੇਡੀ 'ਇਸਤਰੀ' ਨੂੰ ਵੀ ਇਸੇ ਸਾਲ 100 ਕਰੋੜੀ ਕਲੱਬ ਵਿਚ ਸ਼ਾਮਿਲ ਹੋਣ ਦਾ ਸਨਮਾਨ ਮਿਲਿਆ ਸੀ। ਇਸ ਤਰ੍ਹਾਂ ਦੀ ਬਾਕਸ ਆਫਿਸ ਸਫ਼ਲਤਾ ਤਾਂ ਇਸ ਪ੍ਰਕਾਰ ਦੇ ਸਿਨੇਮਾ ਨੂੰ ਪ੍ਰਚਾਰਿਤ ਕਰਨ ਵਾਲੇ ਰਾਮਸੇ ਭਰਾਵਾਂ ਨੂੰ ਵੀ ਨਸੀਬ ਨਹੀਂ ਸੀ ਹੋਈ।
2018 ਦੇ ਇਸ ਵਿਰੋਧਾਭਾਸ ਨੂੰ ਵਧੇਰੇ ਸਪੱਸ਼ਟ ਕਰਦਿਆਂ ਹੋਇਆਂ ਨਿਰਮਾਤਾ ਭੂਸ਼ਨ ਕੁਮਾਰ ਦੀ ਟਿੱਪਣੀ ਵੀ ਕਾਫੀ ਕੁਝ ਸਥਿਤੀ ਨੂੰ ਸਪੱਸ਼ਟ ਕਰਦੀ ਹੈ। ਯਾਦ ਰਹੇ ਭੂਸ਼ਨ ਕੁਮਾਰ ਨੇ ਇਸੇ ਸਾਲ 'ਸੋਨੂੰ ਕੇ ਟੀਟੂ ਕੀ ਸਵੀਟੀ' ਵਰਗੀ ਕਾਮੇਡੀ 'ਰੇਡ' ਨਾਮਕ ਐਕਸ਼ਨ ਥ੍ਰਿਲਰ ਦਾ ਨਿਰਮਾਣ ਕੀਤਾ ਸੀ। ਉਲਟ ਪ੍ਰਭਾਵ ਵਾਲੀਆਂ ਪਟਕਥਾਵਾਂ ਹੋਣ ਦੇ ਬਾਵਜੂਦ ਇਹ ਫ਼ਿਲਮਾਂ ਨਿਰਮਾਤਾ ਲਈ ਮਾਇਕ ਤੌਰ 'ਤੇ ਵਰਦਾਨ ਸਿੱਧ ਹੋਈਆਂ ਸਨ। ਭੂਸ਼ਨ ਅਨੁਸਾਰ ਵਿਭਿੰਨਤਾ ਹੀ ਹੁਣ ਸਫ਼ਲਤਾ ਹੈ।
ਆਪਣੀ ਇਸ ਸਫ਼ਲਤਾ ਦਾ ਵਿਸ਼ਲੇਸ਼ਣ ਭੂਸ਼ਨ ਕੁਮਾਰ ਨੇ ਇੰਜ ਕੀਤਾ ਹੈ, 'ਭਾਰਤੀ ਦਰਸ਼ਕ ਹੁਣ ਬਹੁਤ ਸਿਆਣੇ ਹੋ ਗਏ ਹਨ। ਹੁਣ ਫਾਰਮੂਲਾ ਫ਼ਿਲਮਾਂ ਉਨ੍ਹਾਂ ਲਈ ਮਹੱਤਵਹੀਣ ਹੋ ਗਈਆਂ ਹਨ। ਸ਼ਾਇਦ ਇਸ ਦਾ ਪ੍ਰਮੁੱਖ ਕਾਰਨ ਅੰਤਰਰਾਸ਼ਟਰੀ ਸਿਨੇਮਾ ਦਾ ਭਾਰਤ 'ਚ ਲੋਕਪ੍ਰਿਅਤਾ ਪ੍ਰਾਪਤ ਕਰਨਾ ਵੀ ਹੋ ਸਕਦਾ ਹੈ। ਸਾਡੇ ਨਿਰਮਾਤਾ ਵੀ ਕਹਾਣੀ ਦੀ ਭਾਲ ਕਰਨ 'ਚ ਦਲੇਰੀ ਦਿਖਾ ਰਹੇ ਹਨ ਅਤੇ ਕੋਈ ਨਾ ਕੋਈ ਨਵੀਨਤਾ ਦੀ ਤਲਾਸ਼ ਕਰਨ 'ਚ ਰਹਿੰਦੇ ਹਨ।
ਕੁਝ ਇਸ ਤਰ੍ਹਾਂ ਪ੍ਰਤੀਤ ਹੋ ਰਿਹਾ ਹੈ ਕਿ 2018 ਵਿਚ ਬਾਲੀਵੁੱਡ ਨੇ ਨਵੇਂ ਬਿੰਬ ਅਤੇ ਮਿਥ ਘੜਨ ਦੀ ਕੋਸ਼ਿਸ਼ 'ਚ ਕਈ ਪ੍ਰਕਾਰ ਦੀਆਂ ਫ਼ਿਲਮਾਂ ਦੇ 'ਯਾਨਰ' (ਦੌਰ) ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਸ ਪ੍ਰਸੰਗ 'ਚ 'ਇਸਤਰੀ' ਫ਼ਿਲਮ ਦੇ ਸਹਿ-ਨਿਰਮਾਤਾ ਦਿਨੇਸ਼ ਵਿਜਨ ਦਾ ਇਹ ਕਥਨ ਵੀ ਮਹੱਤਵਪੂਰਨ ਹੋ ਜਾਂਦਾ ਹੈ ਕਿ 'ਇਸਤਰੀ' ਫ਼ਿਲਮ ਇਕ ਭਿੰਨ ਪ੍ਰਕਾਰ ਦੀ ਕਹਾਣੀ ਹੀ ਨਹੀਂ, ਬਲਕਿ ਇਕ ਵੱਖਰੀ ਪ੍ਰਕਾਰ ਦਾ ਸਿਨੇਮਾ ਸੀ। ਮੈਨੂੰ ਖ਼ੁਸ਼ੀ ਹੈ ਕਿ ਸਾਡੀ ਇਸ ਵਿਲੱਖਣਤਾ ਨੂੰ ਦਰਸ਼ਕਾਂ ਦਾ ਸਤਿਕਾਰ ਮਿਲਿਆ ਹੈ।'
ਸ਼ਾਇਦ ਇਸੇ ਕਰਕੇ ਹੀ ਬਹੁਤ ਸਾਰੇ ਵਰਜਿਤ ਵਿਸ਼ਿਆਂ ਨੂੰ ਵੀ ਇਸ ਵਰ੍ਹੇ ਵੱਡੇ ਪਰਦੇ 'ਤੇ ਕਾਫੀ ਸਫ਼ਲਤਾ ਮਿਲੀ ਹੈ। 'ਪੈਡਮੈਨ' ਦੀ ਕਹਾਣੀ ਇਸਤਰੀਆਂ ਦੀ ਮਾਹਵਾਰੀ (ਮਾਸਿਕ ਧਰਮ) ਨਾਲ ਸਬੰਧਿਤ ਸੀ। ਇਹੋ ਜਿਹੇ ਕਠਿਨ ਵਿਸ਼ੇ ਨੂੰ ਪਰਦੇ 'ਤੇ ਉਤਾਰਨਾ ਹੀ ਇਕ ਚੁਣੌਤੀ ਸੀ। ਪਰ ਇਸ ਫ਼ਿਲਮ ਦਾ ਨਿਰਮਾਤਾ-ਨਾਇਕ ਅਕਸ਼ੈ ਕੁਮਾਰ ਇਸ ਨਾਲ ਫ਼ਿਲਮਿਕ ਵਿਸ਼ੇ ਨੂੰ ਮਨੋਰੰਜਨ ਭਰਪੂਰ ਢੰਗ ਨਾਲ ਵੱਡੇ ਪਰਦੇ 'ਤੇ ਲਿਆਉਣ ਲਈ ਪ੍ਰਤੀਬੱਧ ਸੀ। ਲਿਹਾਜ਼ਾ, ਉਹ ਸਫ਼ਲ ਵੀ ਹੋਇਆ ਸੀ।
ਦੂਜੇ ਪਾਸੇ ਇਸੇ ਹੀ ਨਾਇਕ-ਨਿਰਮਾਤਾ ਨੇ 'ਗੋਲਡ' ਦੇ ਮਾਧਿਅਮ ਦੁਆਰਾ ਖੇਡ ਨਾਲ ਸਬੰਧਿਤ ਮਾਨਸਿਕ ਦਵੰਦਾਂ ਨੂੰ ਪੇਸ਼ ਕਰਨ ਦੀ ਜਦੋਂ ਹਿੰਮਤ ਕੀਤੀ ਤਾਂ ਉਹ ਉਸ ਵਿਚ ਵੀ ਸਫ਼ਲ ਰਿਹਾ ਸੀ। ਅਕਸ਼ੈ ਕੁਮਾਰ ਇਨ੍ਹਾਂ ਦੋਵਾਂ ਫ਼ਿਲਮਾਂ ਦੀ ਸਫ਼ਲਤਾ ਦੇ ਬਾਰੇ 'ਚ ਕਹਿੰਦਾ ਹੈ ਕਿ 'ਜੇਕਰ ਤੁਸੀਂ ਕਿਸੇ ਕਹਾਣੀ ਨੂੰ ਪੂਰੀ ਇਮਾਨਦਾਰੀ ਨਾਲ ਕਹਿਣ ਜਾਂ ਦੱਸਣ ਦੀ ਕੋਸ਼ਿਸ਼ ਕਰੋਗੇ ਤਾਂ ਦਰਸ਼ਕਾਂ ਦਾ ਵੀ ਤੁਹਾਨੂੰ ਪੂਰਾ-ਪੂਰਾ ਸਹਿਯੋਗ ਮਿਲੇਗਾ।'
ਸ਼ਾਇਦ 2018 ਦਾ ਸਭ ਤੋਂ ਪ੍ਰਮੁੱਖ ਆਕਰਸ਼ਣ ਇਸ ਦੀਆਂ ਫ਼ਿਲਮਾਂ ਦੀ ਵਿਭਿੰਨਤਾ ਹੀ ਹੈ। ਇਕ ਪਾਸੇ 'ਸੂਈ ਧਾਗਾ' ਵਰਗੀ ਸਮਾਜਿਕ ਵਿਸ਼ੇ ਨਾਲ ਸਬੰਧਿਤ ਫ਼ਿਲਮ ਚਰਚਿਤ ਹੋ ਰਹੀ ਹੁੰਦੀ ਹੈ ਤਾਂ ਦੂਜੇ ਪਾਸੇ 4 ਕਰੋੜ ਦੇ ਛੋਟੇ ਬਜਟ ਨਾਲ ਬਣਾਈ ਗਈ ਫ਼ਿਲਮ 'ਅਕਤੂਬਰ' 45 ਕਰੋੜ ਦਾ ਵਪਾਰ ਕਰ ਕੇ ਫ਼ਿਲਮ ਜਗਤ ਨੂੰ ਹੈਰਾਨ ਕਰ ਦਿੰਦੀ ਹੈ। ਲਿਹਾਜ਼ਾ, ਇਤਿਹਾਸ, ਕਾਮੇਡੀ, ਸਮਾਜਿਕ ਸਮੱਸਿਆਵਾਂ, ਦੇਸ਼ ਭਗਤੀ ਦੀਆਂ ਪਟਕਥਾਵਾਂ ਅਤੇ ਯਥਾਰਥਵਾਦੀ ਸੰਦਰਭਾਂ ਨੂੰ ਬਰਾਬਰ ਰੂਪ 'ਚ ਸਿਨੇਮਾ ਪ੍ਰੇਮੀ ਪਸੰਦ ਕਰ ਰਹੇ ਹਨ। ਸ਼ਰਤ ਇਕੋ ਹੀ ਹੈ ਕਿ ਕਹਾਣੀ ਦੀ ਪੇਸ਼ਕਾਰੀ ਵਿਚ ਦਮ ਹੋਣਾ ਚਾਹੀਦਾ ਹੈ।
ਇਸ ਪਰਿਪੇਖ ਨੂੰ ਵਧੇਰੇ ਸਪੱਸ਼ਟ ਕਰਦਿਆਂ ਮੇਘਨਾ ਗੁਲਜ਼ਾਰ ਆਪਣੀ ਫ਼ਿਲਮ 'ਰਾਜ਼ੀ' ਦੀ ਸਫ਼ਲਤਾ ਨੂੰ ਇੰਜ ਬਿਆਨ ਕਰਦੀ ਹੈ, 'ਮੈਂ ਜਦੋਂ ਇਹ ਕਹਾਣੀ ਪੜ੍ਹੀ ਤਾਂ ਮੈਂ ਇਹ ਨਹੀਂ ਸੋਚਿਆ ਸੀ ਕਿ ਇਹ ਕਿਸ ਫਾਰਮੂਲੇ 'ਚ ਫਿਟ ਹੋਵੇਗੀ। ਮੈਨੂੰ ਇਸ 'ਚ ਐਕਸ਼ਨ, ਜਜ਼ਬਾਤ ਅਤੇ ਦੇਸ਼ ਭਗਤੀ ਦਾ ਸਮੁੱਚਾ ਮਿਸ਼ਰਨ ਨਜ਼ਰ ਆਇਆ ਸੀ। ਮੈਨੂੰ ਖੁਸ਼ੀ ਹੈ ਕਿ ਮੇਰੀ ਇਸ ਸੋਚ ਨੂੰ ਦਰਸ਼ਕਾਂ ਦਾ ਵੀ ਸਮਰਥਨ ਮਿਲਿਆ ਹੈ।'
ਇਸੇ ਤਰ੍ਹਾਂ ਹੀ ਗ਼ੈਰ-ਰਵਾਇਤੀ ਕਹਾਣੀ 'ਤੇ ਆਧਾਰਿਤ 'ਵੀਰੇ ਦੀ ਵੈਡਿੰਗ' ਨੂੰ ਵੀ ਬਾਕਸ ਆਫਿਸ 'ਤੇ ਸਫ਼ਲਤਾ ਇਸ ਕਰਕੇ ਮਿਲੀ ਸੀ ਕਿਉਂਕਿ ਇਸ 'ਚ ਨਾਰੀ-ਜਗਤ ਨੂੰ ਪ੍ਰਮੁੱਖਤਾ ਦਿੱਤੀ ਗਈ ਸੀ।
ਬਾਲੀਵੁੱਡ 'ਚ ਹੈਰਾਨਗੀ ਦਾ ਪ੍ਰਗਟਾਵਾ ਤਾਂ ਉਸ ਵੇਲੇ ਹੋਇਆ ਜਦੋਂ ਛੋਟੇ ਬਜਟ ਨਾਲ ਬਣਾਈ ਗਈ 'ਬਧਾਈ ਹੋ' ਵੀ ਪ੍ਰਦਰਸ਼ਨ ਦੇ ਪਹਿਲੇ ਹਫ਼ਤੇ 'ਚ ਹੀ 100 ਕਰੋੜੀ ਕਲੱਬ 'ਚ ਸ਼ਾਮਿਲ ਹੋ ਗਈ। ਇਸੇ ਹੀ ਤਰ੍ਹਾਂ ਦੀਵਾਲੀ ਦੇ ਮੌਕੇ 'ਤੇ ਪ੍ਰਦਰਸ਼ਿਤ ਹੋਈ 'ਸਰਕਾਰ' ਵੀ ਨਿਰਮਾਤਾਵਾਂ ਲਈ ਸ਼ੁੱਭ ਸਾਬਤ ਹੋਈ ਸੀ।
ਦਰਅਸਲ ਬਾਲੀਵੁੱਡ ਇਸ ਵੇਲੇ ਕਿਸੇ ਨਿਸ਼ਚਿਤ ਫਾਰਮੂਲੇ ਨੂੰ ਲੈ ਕੇ ਨਹੀਂ ਚਲ ਰਿਹਾ। 2018 ਵਿਚ ਦਰਸ਼ਕਾਂ ਨੇ ਆਮ ਜਨ-ਜੀਵਨ ਨਾਲ ਸਬੰਧਿਤ ਵਿਸ਼ਿਆਂ ਪ੍ਰਤੀ ਕਾਫੀ ਦਿਲਚਸਪੀ ਦਿਖਾਈ ਸੀ। ਇਸ ਲਈ ਨਿਰਮਾਤਾ ਵੀ ਲੇਖਕਾਂ ਨੂੰ ਮੌਲਿਕ ਅਤੇ ਆਫ਼ ਬੀਟ ਵਿਸ਼ਿਆਂ ਨੂੰ ਸੁਨਹਿਰੀ ਪਰਦੇ 'ਤੇ ਪੇਸ਼ ਕਰਨ ਲਈ ਉਤਸ਼ਾਹਿਤ ਕਰਦੇ ਰਹੇ ਸਨ।
ਜਿਥੇ ਇਸ ਵਰ੍ਹੇ ਹਿੰਦੀ ਸਿਨੇਮਾ ਯਥਾਰਥਵਾਦ ਅਤੇ ਸਧਾਰਨ ਜੀਵਨ ਨਾਲ ਜੁੜਨ ਦੀ ਕੋਸ਼ਿਸ਼ ਕਰਦਾ ਰਿਹਾ, ਉਥੇ ਉਸ ਨੇ ਆਪਣਾ ਮੂਲ ਸੁਭਾਅ ਅਰਥਾਤ ਗਲੈਮਰ ਵੀ ਬਾਖੂਬੀ ਕਾਇਮ ਰੱਖਿਆ ਸੀ। ਯਸ਼ਰਾਜ ਫ਼ਿਲਮਜ਼ ਨੇ ਸਮਾਜਿਕ ਫ਼ਿਲਮ 'ਸੂਈ ਧਾਗਾ' ਬਣਾਉਣ ਤੋਂ ਇਲਾਵਾ ਐਕਸ਼ਨ ਅਤੇ ਵਿਜ਼ੂਅਲ ਨਾਲ ਭਰਪੂਰ 'ਠੱਗਜ਼ ਆਫ਼ ਹਿੰਦੁਸਤਾਨ' ਦਾ ਵੀ ਨਿਰਮਾਣ ਕੀਤਾ ਸੀ। ਵੱਡੇ ਬਜਟ ਨਾਲ ਬਣਾਈ ਗਈ ਇਸ ਫ਼ਿਲਮ ਵਿਚ ਮਲਟੀ ਸਟਾਰ ਕਾਸਟ (ਆਮਿਰ ਖ਼ਾਨ, ਅਮਿਤਾਬ ਬੱਚਨ, ਕੈਟਰੀਨਾ ਕੈਫ਼) ਨੂੰ ਪੇਸ਼ ਕੀਤਾ ਗਿਆ ਸੀ। ਹਾਲੀਵੁੱਡ ਦੀਆਂ ਫ਼ਿਲਮਾਂ ਦੀ ਤਰਜ਼ 'ਤੇ ਬਣਾਈ ਗਈ ਇਹ ਫ਼ਿਲਮ ਸਮੁੰਦਰੀ ਸਟੰਟ ਦ੍ਰਿਸ਼ਾਂ ਦੀ ਦਿਲਚਸਪ ਗਾਥਾ ਬੜੇ ਹੀ ਵਿਸ਼ਾਲ ਪੱਧਰ 'ਤੇ ਦਰਸ਼ਕਾਂ ਦੀ ਨਜ਼ਰ ਕਰਦੀ ਸੀ। ਪਰ ਇਸ ਫ਼ਿਲਮ ਦੀ ਇਕ ਵਿਸ਼ੇਸ਼ਤਾ ਇਹ ਵੀ ਸੀ ਕਿ ਬਾਵਜੂਦ ਫ਼ਿਲਮੀ ਮਸਾਲੇ ਜਾਂ ਰਵਾਇਤੀ ਬਣਤਰ ਦੇ ਇਹ ਆਪਣੇ-ਆਪ 'ਚ ਨਵੀਨਤਾ ਲੈ ਕੇ ਆਈ ਸੀ। ਖਾਸ ਤੌਰ 'ਤੇ ਜਿਸ ਲਹਿਜ਼ੇ 'ਚ ਆਮਿਰ ਖਾਨ ਦਾ ਕਿਰਦਾਰ ਘੜਿਆ ਗਿਆ, ਉਹ ਹਿੰਦੀ ਸਿਨੇਮਾ ਦੇ ਰਵਾਇਤੀ ਨਾਇਕ ਤੋਂ ਬਿਲਕੁਲ ਅਲੱਗ ਸੀ।
ਫਿਰ ਵੀ 2018 ਦੀ ਸਭ ਤੋਂ ਵੱਡੀ ਖੂਬੀ ਤਾਂ ਇਹ ਰਹੀ ਕਿ ਇਸ ਨੇ ਸਟਾਰ ਸਿਸਟਮ ਨੂੰ ਬਹੁਤ ਤਰਜੀਹ ਨਹੀਂ ਦਿੱਤੀ। ਦਰਸ਼ਕਾਂ ਨੇ ਸਲਮਾਨ ਖ਼ਾਨ ਦੀ 'ਰੇਸ-3' ਨੂੰ ਵੀ ਉਸੇ ਤਰਾਜ਼ੂ 'ਚ ਤੋਲਿਆ, ਜਿਸ 'ਚ ਉਨ੍ਹਾਂ ਨੇ ਵਰੁਣ ਧਵਨ ਦੀ 'ਸੂਈ ਧਾਗਾ' ਨੂੰ ਤੋਲਿਆ ਸੀ। ਇਸੇ ਹੀ ਤਰ੍ਹਾਂ ਆਯੂਸ਼ਮਨ ਖੁਰਾਣਾ ਨੂੰ ਵੀ ਅਸਾਧਾਰਨ 'ਬਧਾਈ' ਨਾਲ ਦਰਸ਼ਕਾਂ ਨੇ ਨਿਵਾਜਿਆ ਸੀ। ਹਾਂ, ਰਣਬੀਰ ਕਪੂਰ ਨੇ 'ਸੰਜੂ' ਦੇ ਮਾਧਿਅਮ ਰਾਹੀਂ ਸਟਾਰਡਮ ਦੇ ਖੇਤਰ 'ਚ ਦੁਬਾਰਾ ਐਂਟਰੀ ਜ਼ਰੂਰ ਕੀਤੀ ਸੀ। ਰਣਵੀਰ ਸਿੰਘ ਵੀ ਠੀਕ-ਠਾਕ ਹੀ ਰਿਹਾ ਸੀ।
ਨਾਇਕਾਵਾਂ 'ਚੋਂ ਵਿਸ਼ੇਸ਼ ਤੌਰ 'ਤੇ ਤਿੰਨ ਨਾਇਕਾਵਾਂ (ਦੀਪਿਕਾ ਪਾਦੂਕੋਣ, ਪ੍ਰਿਅੰਕਾ ਚੋਪੜਾ ਅਤੇ ਕੈਟਰੀਨਾ ਕੈਫ਼) ਕਿਸੇ ਨਾ ਕਿਸੇ ਕਾਰਨ ਚਰਚਾ ਦਾ ਵਿਸ਼ਾ ਜ਼ਰੂਰ ਬਣੀਆਂ ਰਹੀਆਂ ਸਨ। ਦੀਪਿਕਾ ਪਾਦੂਕੋਣ ਜਿਥੇ 'ਪਦਮਾਵਤ' ਕਰਕੇ ਵਿਵਾਦਾਂ 'ਚ ਛਾਈ ਰਹੀ ਸੀ, ਉਥੇ ਸਾਲ ਦੇ ਅਖੀਰ 'ਚ ਆਪਣੀ ਸ਼ਾਦੀ ਕਰਕੇ ਵੀ ਅਖ਼ਬਾਰਾਂ ਦੀਆਂ ਸੁਰਖੀਆਂ 'ਚ ਦ੍ਰਿਸ਼ਟੀਗੋਚਰ ਹੋਈ ਸੀ ਪਰ ਦਿਲਚਸਪ ਗੱਲ ਤਾਂ ਇਹ ਹੋਈ ਕਿ 'ਪਦਮਾਵਤ' ਦੇ ਖੇਤਰ 'ਚ ਉਸ ਨੂੰ ਸਫ਼ਲਤਾ ਮਿਲੀ ਅਤੇ ਨਿੱਜੀ ਜੀਵਨ 'ਚ ਸ਼ਾਦੀ ਦਾ ਬੰਧਨ ਵੀ ਕਾਮਯਾਬ ਹੋਇਆ। ਪ੍ਰਿਅੰਕਾ ਚੋਪੜਾ ਦਾ ਵੀ ਹਾਲੀਵੁੱਡ 'ਚ ਰੱਖਿਆ ਕਦਮ ਸਫ਼ਲ ਹੋਇਆ ਅਤੇ ਉਹ ਉਥੋਂ ਦੇ ਹੀ ਨਾਇਕ ਨਾਲ ਜੀਵਨ ਸਾਥੀ ਹੋਣ ਦਾ ਸੰਕਲਪ ਵੀ ਲੈ ਆਈ ਸੀ। ਕੈਟਰੀਨਾ ਲਈ ਇਹ ਸਾਲ ਇਸ ਲਈ ਵਿਸ਼ੇਸ਼ ਹੈ, ਕਿਉਂਕਿ ਇਸ ਸਾਲ 'ਠੱਗਜ਼ ਆਫ਼ ਹਿੰਦੁਸਤਾਨ' ਦੇ ਰਾਹੀਂ ਉਸ ਨੇ ਜ਼ਬਰਦਸਤ ਵਾਪਸੀ ਕੀਤੀ ਹੈ। ਯਾਦ ਰਹੇ ਰਣਬੀਰ ਕਪੂਰ ਨਾਲੋਂ ਅਲੱਗ ਹੋ ਜਾਣ ਤੋਂ ਬਾਅਦ ਉਸ ਨੂੰ ਫਲਾਪ ਨਾਇਕਾਵਾਂ ਦੀ ਸੂਚੀ 'ਚ ਪਾ ਦਿੱਤਾ ਗਿਆ ਸੀ।
ਕਹਿਣਾ ਹੀ ਪਵੇਗਾ ਕਿ 2018 ਵਿਚ ਬਾਲੀਵੁੱਡ ਦਾ ਮੁਹਾਂਦਰਾ ਕਾਫ਼ੀ ਹੱਦ ਤੱਕ ਬਦਲਿਆ ਹੋਇਆ ਨਜ਼ਰ ਆਇਆ। ਜਿਥੇ ਪਹਿਲਾਂ ਕਿਸੇ ਫ਼ਿਲਮ ਨੂੰ 100 ਕਰੋੜੀ ਕਲੱਬ 'ਚ ਸ਼ਾਮਿਲ ਹੋਣ ਲਈ ਬਾਕਸ ਆਫਿਸ 'ਤੇ ਬਲਾਕ ਬਸਟਰ ਸਮਝਿਆ ਜਾਂਦਾ ਸੀ, ਹੁਣ ਉਹ ਅੰਕੜਾ 400 ਜਾਂ 500 ਕਰੋੜ ਤੱਕ ਪਹੁੰਚ ਗਿਆ ਹੈ।
ਦੂਜਾ ਵੱਡਾ ਬਦਲਾਅ ਵਿਸ਼ੇ-ਪੱਖ ਦੀ ਪ੍ਰਮੁੱਖਤਾ ਪ੍ਰਤੀ ਹੈ। ਇਸ ਵਰ੍ਹੇ ਪੀਰੀਅਡ ਫ਼ਿਲਮਾਂ 'ਪਦਮਾਵਤ', ਬਾਇਓਪਿਕ 'ਸੰਜੂ', ਐਕਸ਼ਨ ਫ਼ਿਲਮਾਂ 'ਠੱਗਜ਼ ਆਫ਼ ਹਿੰਦੁਸਤਾਨ', ਹਾਰਰ ਕਾਮੇਡੀ 'ਇਸਤਰੀ', ਵਿਗਿਆਨਕ ਫ਼ਿਲਮਾਂ 'ਪ੍ਰਮਾਣੂ', ਸਮਾਜਿਕ ਫ਼ਿਲਮਾਂ 'ਸੂਈ ਧਾਗਾ', ਮਨੋਰੰਜਕ ਫ਼ਿਲਮਾਂ 'ਬਧਾਈ ਹੋ' ਅਤੇ ਗ਼ੈਰ-ਰਵਾਇਤੀ ਫ਼ਿਲਮਾਂ 'ਪੈਡਮੈਨ' ਆਦਿ ਨੇ ਅਲੱਗ-ਅਲੱਗ ਸ਼੍ਰੇਣੀ ਦੇ ਨਵੇਂ-ਨਵੇਂ ਵਰਗ ਵੀ ਸਥਾਪਤ ਕੀਤੇ ਸਨ।
ਸਿਤਾਰਿਆਂ ਦੇ ਦ੍ਰਿਸ਼ਟੀਕੋਣ ਤੋਂ ਵੀ ਇਹ ਸਾਲ ਇਸ ਕਰਕੇ ਵਿਸ਼ੇਸ਼ ਰਿਹਾ ਹੈ ਕਿ ਦਰਸ਼ਕ ਹੁਣ ਸਟਾਰਡਮ ਦੇ ਨਹੀਂ, ਬਲਕਿ ਕਹਾਣੀ-ਪੱਖ ਦੇ ਦੀਵਾਨੇ ਹੋ ਰਹੇ ਹਨ। ਲਿਹਾਜ਼ਾ, ਸਲਮਾਨ ਖ਼ਾਨ ਦੀ 'ਰੇਸ-3' ਵੀ ਉਸੇ ਤਰਾਜ਼ੂ 'ਚ ਤੋਲੀ ਗਈ ਸੀ, ਜਿਸ ਤਰਾਜ਼ੂ 'ਚ ਆਯੂਸ਼ਮਨ ਖੁਰਾਣਾ ਦੀ 'ਬਧਾਈ ਹੋ' ਨੂੰ ਤੋਲਿਆ ਗਿਆ ਸੀ। ਕਹਿਣ ਦਾ ਭਾਵ ਇਹ ਹੈ ਕਿ ਦਰਸ਼ਕਾਂ ਨੇ ਮਸਾਲੇ ਅਤੇ ਮਸਲੇ ਨੂੰ ਬਰਾਬਰ ਦੀ ਪਹਿਲ ਦਿੱਤੀ ਸੀ।


-103, ਸਨੀ ਕਾਟੇਜ, ਕ੍ਰਿਸ਼ਨਾ ਨਗਰ, ਬਟਾਲਾ-143505 (ਪੰਜਾਬ)।
ਮੋਬਾਈਲ : 099154-93043.

ਬਰਬਾਦੀ ਵੱਲ ਲੈ ਜਾਵੇਗੀ ਮੌਸਮਾਂ ਨਾਲ ਛੇੜ-ਛਾੜ

ਕੁਦਰਤ ਦੇ ਆਪਣੇ ਨਿਯਮ ਹਨ, ਜਿਨ੍ਹਾਂ ਸਦਕਾ ਮੌਸਮ ਬਦਲਦੇ ਨੇ, ਪਰੰਤੂ ਮਨੁੱਖ ਬਹੁਤ ਹੀ ਲਾਲਚੀ ਹੁੰਦਾ ਜਾ ਰਿਹਾ ਹੈ, ਉਸ ਨੇ ਕੁਦਰਤ ਦੇ ਇਸ ਨਿਜ਼ਾਮ ਨੂੰ ਆਪਣੀਆਂ ਲੋੜਾਂ ਅਨੁਸਾਰ ਭੰਨਣਾ, ਤੋੜਨਾ ਅਤੇ ਬਦਲਣਾ ਸ਼ੁਰੂ ਕੀਤਾ ਹੋਇਆ ਹੈ। ਇਸ ਕਾਰਨ ਪੂਰੀ ਦੁਨੀਆ ਵਿਚ ਮੌਸਮ ਬਦਲ ਰਹੇ ਹਨ ਤੇ ਕੁਦਰਤੀ ਕਰੋਪੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮਨੁੱਖ ਵਲੋਂ ਜੰਗਲ ਕੱਟੇ ਜਾ ਰਹੇ ਹਨ, ਪਾਣੀ ਪ੍ਰਦੂਸ਼ਿਤ ਕੀਤੇ ਜਾ ਰਹੇ ਹਨ। ਜੇ ਧਰਤੀ 'ਤੇ ਪੀਣ ਯੋਗ ਪਾਣੀ ਜਾਂ ਬਨਸਪਤੀ ਹੀ ਨਾ ਰਹੇ ਤਾਂ ਇਕ ਦਿਨ ਮਨੁੱਖ ਵੀ ਖ਼ਤਮ ਹੋ ਜਾਵੇਗਾ।
ਜੇਕਰ ਮਨੁੱਖ ਨੇ ਗਰੀਨ ਹਾਊਸ ਗੈਸਾਂ ਦਾ ਉਤਪਾਦਨ ਬੰਦ ਨਾ ਕੀਤਾ ਤੇ ਓਜ਼ੋਨ ਪੱਟੀ ਇਸੇ ਤਰ੍ਹਾਂ ਲੀਰੋ ਲੀਰ ਹੁੰਦੀ ਰਹੀ ਤਾਂ ਮਨੁੱਖਤਾ ਚਮੜੀ ਦੇ ਕੈਂਸਰ ਦੀ ਮਾਰ ਨਾਲ ਤ੍ਰਾਹ-ਤ੍ਰਾਹ ਕਰ ਉੱਠੇਗੀ। ਵਧੇ ਹੋਏ ਤਾਪ ਕਾਰਨ ਗਲੇਸ਼ੀਅਰ ਖੁਰ ਜਾਣਗੇ, ਸਮੁੰਦਰੀ ਸਤਾਹ ਉੱਪਰ ਉੱਠਣ ਨਾਲ ਸੈਂਕੜੇ ਸ਼ਹਿਰ ਪਾਣੀ ਵਿਚ ਗਰਕ ਹੋ ਜਾਣਗੇ। ਇਹ ਸਾਰੀਆਂ ਗੱਲਾਂ ਅਤੇ ਗ਼ਲਤੀਆਂ, ਮਨੁੱਖ ਵਲੋਂ ਅਣਜਾਣੇ ਵਿਚ ਕੀਤੀਆਂ ਵੀ ਹੋ ਸਕਦੀਆਂ ਹਨ ਪਰ ਦੁੱਖ ਇਸ ਗੱਲ ਦਾ ਹੈ ਕਿ ਵਿਗਿਆਨ ਨੂੰ ਵੀ ਅਜਿਹੇ ਪੁੱਠੇ ਕੰਮਾਂ ਲਈ ਵਰਤਿਆ ਜਾ ਰਿਹਾ ਹੈ। ਹੁਣ ਮਨੁੱਖ ਵਲੋਂ ਮੌਸਮਾਂ ਨੂੰ ਵੀ ਹਥਿਆਰਾਂ ਦੇ ਤੌਰ 'ਤੇ ਵਰਤਿਆ ਜਾਣ ਲੱਗਾ ਹੈ।
ਮੈਂ ਜਿਸ ਪ੍ਰਾਜੈਕਟ ਦੀ ਗੱਲ ਕਰ ਰਿਹਾ ਹਾਂ, ਇਹ ਇਸੇ ਮਕਸਦ ਲਈ ਤਿਆਰ ਕੀਤਾ ਗਿਆ ਹੈ ਤੇ ਅਮਰੀਕਾ ਵਲੋਂ ਅਲਾਸਕਾ ਵਿਚ ਇਹ ਚਲਾਇਆ ਜਾ ਰਿਹਾ ਹੈ। ਇਸ ਦਾ ਛੋਟਾ ਨਾਂਅ 'ਹਾਰਪ' ਹੈ ਤੇ ਪੂਰਾ ਨਾਂਅ ਹੈ 'ਹਾਈ ਫਰੀਕੁਐਂਸੀ ਐਕਟਿਵ ਅਰੋਰਲ ਰਿਸਰਚ ਪ੍ਰੋਗਰਾਮ'। ਇਸ ਨਾਲ ਯੂ ਐੱਸ ਏਅਰ ਫੋਰਸ, ਯੂ ਐੱਸ ਨੇਵੀ, ਯੂਨੀਵਰਸਿਟੀ ਆਫ਼ ਅਲਾਸਕਾ, ਡਿਫੈਂਸ ਐਡਵਾਂਸ ਰਿਸਰਚ ਪ੍ਰਾਜੈਕਟ ਏਜੰਸੀ (ਡਾਰਪਾ) ਅਤੇ ਬੀ ਏ ਈ ਐਡਵਾਂਸ ਟੈਕਨਾਲੋਜੀ ਵਰਗੀਆਂ ਸੰਸਥਾਵਾਂ ਵੀ ਜੁੜੀਆਂ ਹੋਈਆਂ ਹਨ।
ਇਹ ਪ੍ਰਾਜੈਕਟ 1993 ਵਿਚ ਸ਼ੁਰੂ ਕੀਤਾ ਗਿਆ ਸੀ ਤੇ 2007 ਵਿਚ ਜਾ ਕੇ ਇਹ ਮੁਕੰਮਲ ਹੋਇਆ। ਇਸ ਪ੍ਰਾਜੈਕਟ ਉੱਪਰ ਉਦੋਂ ਟੈਕਸ ਦੇਣ ਵਾਲਿਆਂ ਦਾ 250 ਮਿਲੀਅਨ ਡਾਲਰ ਲੱਗਿਆ ਸੀ। ਇਹ ਪ੍ਰਾਜੈਕਟ ਅਲਾਸਕਾ ਦੇ ਕਸਬੇ ਗਕੋਨਾ ਵਿਚ ਲਾਇਆ ਗਿਆ। ਜਦੋਂ ਤੁਸੀ ਇਸ ਇਲਾਕੇ ਵਿਚ ਜਾਂਦੇ ਹੋ ਤਾਂ 40 ਏਕੜ ਜ਼ਮੀਨ ਵਿਚ ਤੁਸੀਂ 180 ਦੇ ਕਰੀਬ ਆਸਮਾਨ ਛੋਂਹਦੇ ਐਨਟੀਨੇ ਵੇਖਦੇ ਹੋ। ਇਹ ਹਾਈ ਪਾਵਰ ਰੇਡੀਓ ਫਰੀਕੁਐਂਸੀ ਟਰਾਂਸਮੀਟਰ ਹਨ, ਜੋ ਵਾਤਾਵਰਨੀ ਪਰਤਾਂ ਨੂੰ ਪ੍ਰਭਾਵਤ ਕਰ ਕੇ, ਆਪਣੇ ਹਿਸਾਬ ਨਾਲ ਧਰਤੀ ਦਾ ਮੌਸਮ ਬਦਲ ਸਕਦੇ ਹਨ ਤੇ ਕੁਦਰਤੀ ਆਫ਼ਤਾਂ ਰਾਹੀਂ ਕਿਸੇ ਵੀ ਮੁਲਕ ਨੂੰ ਬਰਬਾਦ ਕਰ ਸਕਦੇ ਹਨ।
ਇਨ੍ਹਾਂ ਨਾਲ ਬਹੁਤ ਜ਼ਬਰਦਸਤ ਹੜ੍ਹ, ਭੁਚਾਲ, ਚੱਕਰਵਾਤ, ਸੁਨਾਮੀਆਂ ਤਾਂ ਸਹਿਜੇ ਹੀ ਲਿਆਂਦੇ ਜਾ ਸਕਦੇ ਹਨ ਤੇ ਉਲਕਾ ਪਿੰਡਾਂ ਨੂੰ ਕਿਸੇ ਖਾਸ ਖਿੱਤੇ 'ਤੇ ਕੇਂਦਰਤ ਕੀਤਾ ਜਾ ਸਕਦਾ ਹੈ। ਇਹ ਸਿਸਟਮ ਐਨਾ ਸ਼ਕਤੀਸ਼ਾਲੀ ਹੈ, ਜੋ ਧਰਤੀ ਦੇ ਧਰੁਵ (ਪੋਲ) ਵੀ ਬਦਲ ਸਕਦਾ ਹੈ। ਜਦੋਂ ਉਤਰੀ ਧਰੁਵ ਦੱਖਣੀ ਧਰੁਵ ਵਿਚ ਅਤੇ ਦੱਖਣੀ ਧਰੁਵ ਵਿਚ ਉੱਤਰੀ ਧਰੁਵ ਵਿਚ ਬਦਲਦਾ ਹੈ, ਤਾਂ ਧਰਤੀ ਦੀ ਗਤੀ ਕੁਝ ਸਮੇਂ ਲਈ ਰੁਕਦੀ ਹੈ ਤੇ ਫੇਰ ਧਰਤੀ ਉਲਟ ਦਿਸ਼ਾ ਵੱਲ ਘੁੰਮਣ ਲੱਗਦੀ ਹੈ। ਅਜਿਹੇ ਸਮੇਂ ਸਮੁੰਦਰ ਛਲਕ ਜਾਂਦੇ ਹਨ ਤੇ ਮਹਾਂ ਪਰਲੋ ਆ ਜਾਂਦੀ ਹੈ। ਫੇਰ ਜੀਵਨ ਵੀ ਖ਼ਤਮ ਹੋ ਸਕਦਾ ਹੈ। ਧਰਤੀ ਧਰੂ ਤਾਰੇ ਨੂੰ ਛੱਡ ਕੇ ਵੈਗਾ ਤਾਰੇ ਦੀ ਗਰੂਤਾ ਵਿਚ ਚਲੀ ਜਾਂਦੀ ਹੈ। ਇਹ ਇਕ ਸਾਈਕਲ ਹੈ, ਜੋ ਪਹਿਲਾਂ ਕੁਦਰਤ ਦੇ ਅਧੀਨ ਸੀ, ਪਰ ਹੁਣ ਹਾਰਪ ਵਰਗੇ ਪ੍ਰਾਜੈਕਟਾਂ ਨਾਲ ਇਹ ਸਾਰਾ ਕੁੱਝ ਮਨੁੱਖ ਵੀ ਕਰ ਸਕਦਾ ਹੈ।
ਇਹ ਵੀ ਕਿਹਾ ਜਾਂਦਾ ਹੈ ਕਿ ਇਸੇ ਨਾਲ ਜਾਪਾਨ ਵਿਚ ਦੋ ਵਾਰ ਸੁਨਾਮੀ ਲਿਆਂਦੀ ਜਾ ਚੁੱਕੀ ਹੈ ਤੇ ਮੁੰਬਈ ਵਿਚ ਕਈ ਦਿਨ ਮੋਹਲੇਧਾਰ ਬਾਰਿਸ਼ ਅਤੇ ਬੰਗਲਾਦੇਸ਼ ਵਿਚ ਹੜ੍ਹ ਲਿਆਂਦੇ ਜਾ ਚੁੱਕੇ ਹਨ। ਇਸ ਦੇ ਸਾਰੇ ਪ੍ਰੋਗਰਾਮ ਬਹੁਤ ਹੀ ਗੁਪਤ ਰੱਖੇ ਜਾਂਦੇ ਹਨ। ਜਿੱਥੇ ਇਹ ਐਨਟੀਨੇ ਲਗਾਏ ਗਏ ਹਨ, ਉਥੇ ਰੇਡੀਏਸ਼ਨ ਏਨੀ ਜ਼ਿਆਦਾ ਹੈ ਕਿ ਪਰਿੰਦੇ ਮਰ ਗਏ ਹਨ ਤੇ ਮਨੁੱਖ ਹਜ਼ਾਰਾਂ ਬਿਮਾਰੀਆਂ ਵਿਚ ਗ੍ਰਸੇ ਜਾਂਦੇ ਹਨ। ਜਦੋਂ ਅਮਰੀਕਾ ਦੇ ਲੋਕਾਂ ਨੂੰ ਇਸ ਏਜੰਡੇ ਦਾ ਪਤਾ ਲੱਗਾ ਤਾਂ ਸੰਨ 2013 ਵਿਚ ਸਰਕਾਰ ਨੂੰ ਇਹ ਬੰਦ ਕਰਨਾ ਪਿਆ। ਸੰਨ 2014 ਵਿਚ ਭਾਵੇਂ ਇਸ ਨੂੰ ਪੱਕਾ ਹੀ ਬੰਦ ਕਰਨ ਦਾ ਐਲਾਨ ਕਰ ਦਿੱਤਾ ਗਿਆ ਪਰ ਖੋਜ ਦੇ ਤੌਰ 'ਤੇ ਇਹ ਅਜੇ ਵੀ ਚੱਲ ਰਿਹਾ ਹੈ।
ਇਸ ਪ੍ਰਾਜੈਕਟ ਰਾਹੀਂ 36 ਲੱਖ ਟਨ ਊਰਜਾ ਆਈਨੋ ਸਫੀਅਰ ਵਿਚ ਭੇਜੀ ਜਾ ਰਹੀ ਹੈ। ਇਹ ਊਰਜਾ ਇਸ ਤਹਿ ਨੂੰ ਬਹੁਤ ਗਰਮ ਕਰ ਰਹੀ ਹੈ, ਜੋ ਮੌਸਮਾਂ ਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕਰ ਰਹੀ ਹੈ। ਇਸ ਨਾਲ ਕਿਤੇ ਵੀ ਗਰਮੀ ਲੋੜ ਤੋਂ ਵੱਧ ਵਧਾਈ ਜਾ ਸਕਦੀ ਹੈ ਜਾਂ ਬਰਫ਼ ਪੁਆਈ ਜਾ ਸਕਦੀ ਹੈ ਅਤੇ ਅਜਿਹਾ ਹੋ ਵੀ ਰਿਹਾ ਹੈ। ਇਹ ਤਾਪਮਾਨ ਵੈਨ ਐਲਨ ਰੇਡੀਏਸ਼ਨ ਬੈਲਟ ਨੂੰ ਵੀ ਬਹੁਤ ਪ੍ਰਭਾਵਿਤ ਕਰਦਾ ਹੈ। ਜੇਕਰ ਇਹ ਬੈਲਟ ਪ੍ਰਭਾਵਿਤ ਹੁੰਦੀ ਹੈ ਤਾਂ ਜ਼ਮੀਨ ਵੱਲ ਆ ਰਹੇ ਕਿਸੇ ਵੀ ਪਦਾਰਥ (ਆਬਜੈਕਟ) ਨੂੰ ਰੋਕਣਾ ਮੁਸ਼ਕਿਲ ਹੈ। ਉਲਕਾ ਪਿੰਡ ਧਰਤੀ ਨਾਲ ਟਕਰਾ ਸਕਦੇ ਹਨ ਤੇ ਸੂਰਜੀ ਕਰੰਟ ਧਰਤੀ ਤੱਕ ਪਹੁੰਚ ਕੇ ਬਹੁਤ ਵੱਡਾ ਨੁਕਸਾਨ ਪਹੁੰਚਾ ਸਕਦਾ ਹੈ। ਏਥੋਂ ਤੱਕ ਕਿ ਇਸ ਪ੍ਰਾਜੈਕਟ ਵਿਚ ਏਨੀ ਸਮਰੱਥਾ ਹੈ ਕਿ ਇਹ ਧਰਤੀ 'ਤੇ ਮਹਾਂ ਪਰਲੋ ਲਿਆ ਸਕਦਾ ਹੈ।
ਇਸ ਪ੍ਰਾਜੈਕਟ ਨਾਲ ਓਜ਼ੋਨ ਪਰਤ ਵਿਚ ਛੇਕ ਕੀਤੇ ਜਾ ਸਕਦੇ ਹਨ। ਅਜਿਹਾ ਕਰਨ ਨਾਲ ਫਿਲਟਰ ਹੋਣ ਤੋਂ ਬਿਨਾਂ ਨਿੱਕਲੀਆਂ ਅਲਟਰਾ ਵਾਇਲਟ ਕਿਰਨਾਂ, ਰੇਡੀਏਸ਼ਨ ਸੂਰਜ ਵਲੋਂ ਆ ਰਹੀ ਊਰਜਾ ਸਿੱਧੀ ਧਰਤੀ ਨਾਲ ਟਕਰਾਏਗੀ ਜਿੱਥੇ ਇਹ ਕਿਰਨਾਂ ਪੈਣਗੀਆਂ, ਉਥੇ ਸਮੁੰਦਰ ਦਾ ਤਾਪਮਾਨ ਇਕ ਦਮ ਵਧੇਗਾ, ਭੰਵਰ ਬਣਨਗੇ ਤੇ ਨਕਲੀ ਸੁਨਾਮੀਆਂ ਪੈਦਾ ਕੀਤੀਆਂ ਜਾ ਸਕਣਗੀਆਂ।
ਇਕ ਗੁਪਤ ਜਾਣਕਾਰੀ ਅਨੁਸਾਰ ਜਦੋਂ ਜਾਪਾਨ ਨੇ ਦੁਨੀਆ ਵਿਚ ਇਕ ਨਵੀਂ ਅੰਤਰਰਾਸ਼ਟਰੀ ਕਰੰਸੀ ਲਿਆਉਣ ਦੀ ਤਿਆਰੀ ਕੀਤੀ, ਜਿਸ ਨਾਲ ਏਸ਼ੀਆ, ਯੂਰਪ ਤੇ ਦੁਨੀਆ ਵਿਚ ਆਟੋ ਇੰਡਸਟਰੀ ਤੇ ਇਲੈਕਟ੍ਰਾਨਿਕ ਜਗਤ ਵਿਚ ਧਾਂਕ ਜਮਾਈ ਜਾ ਸਕਦੀ ਸੀ ਅਤੇ ਅਮਰੀਕਨ ਡਾਲਰ ਨੂੰ ਮਾਰਕੀਟ ਵਿਚੋਂ ਬਾਹਰ ਕੀਤਾ ਜਾ ਸਕਦਾ ਸੀ, ਜਿਸ ਨਾਲ ਅਮਰੀਕਨ ਆਰਥਿਕਤਾ ਬੁਰੀ ਤਰ੍ਹਾਂ ਬਰਬਾਦ ਹੋ ਸਕਦੀ ਸੀ ਤਾਂ ਅਮਰੀਕਾ ਨੇ ਜਾਪਾਨ ਨੂੰ ਅਜਿਹਾ ਕਰਨੋਂ ਵਰਜਿਆ ਕਿ ਜੇ ਉਹ ਨਾ ਟਲਿਆ ਤਾਂ ਕੁਦਰਤੀ ਆਫ਼ਤਾਂ ਦੀ ਮਾਰ ਲਈ ਤਿਆਰ ਰਹੇ। ਜਾਪਾਨ ਹੱਸਿਆ ਕਿ ਕੁਦਰਤ ਕਿਹੜਾ ਅਮਰੀਕਾ ਦੇ ਹੱਥ ਵਿਚ ਹੈ, ਜੋ ਉਸ ਨੂੰ ਸਰਾਪ ਦੇ ਰਿਹਾ ਹੈ। ਪਰ 11 ਮਾਰਚ 2011 ਨੂੰ ਇਕ ਅਜਿਹੀ ਸੁਨਾਮੀ ਆਈ, ਜਿਸ ਨੇ ਜਾਪਾਨ ਦੀ ਆਰਥਿਕਤਾ ਨੂੰ ਬੁਰੀ ਤਰ੍ਹਾਂ ਬਰਬਾਦ ਕਰ ਦਿੱਤਾ। ਉਹ ਅਜਿਹਾ ਉਲਝਿਆ ਕਿ ਏਸ਼ੀਅਨ ਡਾਲਰ ਨਾਲ ਵਪਾਰ ਕਰਨ ਦੀ ਤੇ ਨਵੀਂ ਕਰੰਸੀ ਲਿਆਉਣ ਦੀ ਗੱਲ ਹੀ ਭੁੱਲ ਗਿਆ। ਅਜਿਹੇ ਝਟਕੇ ਅਮਰੀਕਾ ਹੋਰ ਦੇਸ਼ਾਂ ਨੂੰ ਵੀ ਦੇ ਸਕਦਾ ਹੈ। ਹੁਣ ਦੁਨੀਆ ਵਿਚ ਜੋ ਟਰੇਡ ਵਾਰ ਚੱਲ ਰਹੀ ਹੈ, ਅਮਰੀਕਾ ਇਸ ਦਾ ਮੋਹਰੀ ਹੈ।
ਕੋਈ ਸਮਾਂ ਸੀ ਜਦੋਂ ਤਾਕਤਵਰ ਲੋਕ ਕਮਜ਼ੋਰ ਦੇਸ਼ਾਂ ਉੱਤੇ ਹਮਲੇ ਕਰ ਕੇ ਲੁੱਟਿਆ ਕਰਦੇ ਸਨ, ਪਰ ਹੁਣ ਇਹ ਜੰਗ ਵਪਾਰਕ ਹਿੱਤਾਂ ਦੀ ਹੋ ਗਈ ਹੈ। ਇਹ ਸਾਰੀ ਸੋਚ ਰੀਪਬਲਕਿਨ ਸੈਨੇਟਰ ਟੈਡ ਸਟੀਵਨਜ਼ ਦੀ ਸੀ। ਇਸ ਪ੍ਰਾਜੈਕਟ ਨਾਲ 36 ਮਿਲੀਅਨ ਵਾਟ ਊਰਜਾ ਪੈਦਾ ਕੀਤੀ ਜਾ ਸਕਦੀ ਹੈ। ਏਨੀ ਊਰਜਾ 72000 ਰੇਡੀਓ ਸਟੇਸ਼ਨ ਚਲਾ ਸਕਦੀ ਹੈ। ਇਹ ਪ੍ਰਾਜੈਕਟ ਪੂਰੀ ਦੁਨੀਆ ਲਈ ਖ਼ਤਰੇ ਦੀ ਘੰਟੀ ਹੈ, ਜੋ ਹਜ਼ਾਰਾਂ ਪ੍ਰਮਾਣੂ ਬੰਬਾਂ ਜਿੰਨੀ ਬਰਬਾਦੀ ਇਕੱਲਾ ਹੀ ਕਰ ਸਕਦਾ ਹੈ ਅਤੇ ਪੂਰੀ ਧਰਤੀ ਨੂੰ ਹੀ ਖ਼ਤਮ ਕਰਨ ਦੇ ਸਮਰੱਥ ਹੈ। ਜੋ ਦੇਸ਼ ਅਮਰੀਕਾ ਵਰਗੀ ਮਹਾਂਸ਼ਕਤੀ ਦਾ ਕਹਿਣਾ ਨਹੀਂ ਮੰਨਣਗੇ, ਜਾਂ ਅੱਖਾਂ ਦਿਖਾਉਣਗੇ, ਉਨ੍ਹਾਂ ਨੂੰ ਇਸ ਰਾਹੀਂ ਸਬਕ ਸਿਖਾਇਆ ਜਾ ਸਕਦਾ ਹੈ ਤੇ ਉਸ ਦੇਸ਼ ਦਾ ਬੁਰੀ ਤਰ੍ਹਾਂ ਲੱਕ ਤੋੜਿਆ ਜਾ ਸਕਦਾ ਹੈ।
ਸੋ, ਆਉਣ ਵਾਲਾ ਸਮਾਂ ਬਹੁਤ ਹੀ ਖ਼ਤਰਨਾਕ ਹੈ। ਮਨੁੱਖ ਨੇ ਆਪਣੇ ਸੌੜੇ ਹਿੱਤਾਂ ਲਈ ਕੁਦਰਤ ਨੂੰ ਆਪਣੇ ਵੱਸ ਵਿਚ ਕਰਨ ਦੇ ਕੋਝੇ ਯਤਨ ਆਰੰਭ ਕੀਤੇ ਹੋਏ ਹਨ, ਪਰ ਉਹ ਭੁੱਲ ਜਾਂਦਾ ਹੈ ਕਿ ਉਸ ਦੀ ਔਕਾਤ ਇਸ ਬ੍ਰਹਿਮੰਡ ਵਿਚ ਇਕ ਰੇਤ ਦੇ ਕਿਣਕੇ ਸਮਾਨ ਵੀ ਨਹੀਂ ਹੈ। ਆਪਣੀਆਂ ਇਨ੍ਹਾਂ ਹੋਛੀਆਂ ਹਰਕਤਾਂ ਕਰਕੇ, ਘੁਮੰਡੀ ਕਿਸਮ ਦੇ ਲੋਕ ਪੂਰੀ ਧਰਤੀ ਦੀ ਹੋਂਦ ਖ਼ਤਰੇ ਵਿਚ ਪਾ ਸਕਦੇ ਹਨ। ਮੌਸਮਾਂ ਨੂੰ ਕੰਟਰੋਲ ਕਰਨਾ, ਮਨੁੱਖੀ ਕਲੋਨਿੰਗ ਕਰਨੀ, ਮਨੁੱਖ ਨੂੰ ਮਸ਼ੀਨ ਬਣਾ ਕੇ ਵਰਤਣਾ, ਰਿਸ਼ਤਿਆਂ ਨੂੰ ਕੁਦਰਤ ਦੇ ਅਸੂਲਾਂ ਖ਼ਿਲਾਫ਼ ਵਰਤਣਾ, ਇਹ ਸਭ ਬਰਬਾਦੀ ਵੱਲ ਜਾਂਦੇ ਰਸਤੇ ਹਨ।
ਜੇ ਮਨੁੱਖ ਆਪਣੀਆਂ ਇਨ੍ਹਾਂ ਹਰਕਤਾਂ ਤੋਂ ਬਾਜ ਨਾ ਆਇਆ ਤਾਂ ਧਰਤੀ ਵੀ ਇਕ ਦਿਨ ਮੰਗਲ ਗ੍ਰਹਿ ਵਰਗਾ ਜੀਵਨ ਰਹਿਤ ਗ੍ਰਹਿ (ਪਲੈਨਟ) ਬਣ ਜਾਵੇਗੀ। ਉਦੋਂ ਇਹ ਸਭ ਕਰਤੂਤਾਂ ਕਰਨ ਵਾਲੇ ਵੀ ਨਹੀਂ ਬਚਣਗੇ। ਅਜਿਹੀਆਂ ਹਰਕਤਾਂ ਲਈ ਸਾਨੂੰ ਵਕਤ ਕਦੇ ਮੁਆਫ਼ ਨਹੀਂ ਕਰੇਗਾ। ਮੌਸਮਾਂ ਨਾਲ ਇਹ ਛੇੜ-ਛਾੜ ਸਾਨੂੰ ਬਰਬਾਦੀ ਵੱਲ ਲੈ ਜਾਵੇਗੀ।
(ਨੋਟ : ਇਹ ਵਿਚਾਰ ਲੇਖਕ ਦੇ ਆਪਣੇ ਹਨ, ਅਦਾਰੇ ਦਾ ਇਨ੍ਹਾਂ ਨਾਲ ਸਹਿਮਤ ਹੋਣਾ ਜ਼ਰੂਰੀ ਨਹੀਂ ਹੈ)


ਫੋਨ : 001-416-727-2071
major.mangat@gmail.com

ਦੁਬਈ ਦਾ ਵਿਸ਼ਵ ਪ੍ਰਸਿੱਧ ਮਿਰਾਕਲ ਗਾਰਡਨ

ਧਰਤ ਦਾ ਅਸਲ ਸ਼ਿੰਗਾਰ ਫੁੱਲ ਹਨ ਤੇ ਜਦ ਕੁਦਰਤ ਜਾਂ ਫਿਰ ਕੁਦਰਤੀ ਫੁੱਲਾਂ ਨਾਲ ਧਰਤ ਨੂੰ ਸ਼ਿੰਗਾਰਿਆ ਜਾਂਦਾ ਹੈ ਤਾਂ ਵੇਖਣ ਵਾਲੇ ਦਾ ਮਨ ਬਾਗੋਬਾਗ ਹੋਣਾ ਲਾਜ਼ਮੀ ਹੁੰਦਾ ਹੈ। ਤੁਸੀਂ ਸੋਚੋ ਕਿ ਤੁਹਾਨੂੰ ਰੇਤਲੇ ਟਿੱਬਿਆਂ ਦੀ ਮਾਰੂਥਲੀ ਦੁਨੀਆ ਵਿਚ ਹਜ਼ਾਰਾਂ ਨਹੀਂ ਲੱਖਾਂ ਨਹੀਂ ਬਲਕਿ ਕਰੋੜਾਂ ਫੁੱਲ ਇਕੋ ਸਥਾਨ 'ਤੇ ਖਿੜੇ ਮਿਲ ਜਾਣ ਤਾਂ ਇਨਸਾਨ ਦੇ ਦਿਲੋ-ਦਿਮਾਗ ਦੀ ਸਥਿਤੀ ਕਿਹੋ ਜਿਹੀ ਹੋਵੇਗੀ? ਜਵਾਬ ਬੜਾ ਸਪੱਸ਼ਟ ਹੈ ਕਿ ਕੁਦਰਤ ਪ੍ਰੇਮੀ ਦਾ ਹਾਲ ਤਾਂ ਸ਼ੈਦਾਈਆਂ ਵਰਗਾ ਹੋਣਾ ਲਾਜ਼ਮੀ ਹੋਵੇਗਾ। ਅਜਿਹਾ ਹੀ ਮੇਰੇ ਨਾਲ ਵਾਪਰਿਆ ਜਦ ਪਿਛਲੇ ਦਿਨੀਂ ਮੈਨੂੰ ਦੁਬਈ ਵਿਚ ਬਣੇ 'ਦੁਬਈ ਮਿਰਾਕਲ ਗਾਰਡਨ' ਨੂੰ ਦੇਖਣ ਦਾ ਸਬੱਬ ਬਣਿਆ। ਸਰਲ ਸ਼ਬਦਾਂ ਵਿਚ ਕਹਾਂ ਤਾਂ ਬਸ ਇਸ ਬਗੀਚੇ ਵਿਚ ਪੁੱਜਣ 'ਤੇ ਇੰਜ ਜਾਪਦਾ ਹੈ, ਮਾਨੋ ਤੁਸੀਂ ਜੰਨਤ ਵਿਚ ਹੀ ਪੁੱਜ ਗਏ ਹੋਵੋ, ਪਹਿਲੀ ਨਜ਼ਰੇ ਹੀ ਮਨ, ਵਿਚ ਸਵਰਗ ਦੇ ਦ੍ਰਿਸ਼ਾਂ ਦੀਆਂ ਕਾਲਪਨਿਕ ਤਸਵੀਰਾਂ ਹਕੀਕਤ ਦਾ ਰੂਪ ਲੈਂਦੀਆਂ ਨਜ਼ਰ ਆਉਂਦੀਆਂ ਹਨ।
ਬੇਹੱਦ ਹੁਸੀਨ ਤੇ ਖੂਬਸੂਰਤ ਦਿੱਖ ਵਾਲਾ ਇਹ ਬਗੀਚਾ ਸੰਨ 2013 ਵਿਚ ਫਰਵਰੀ ਮਹੀਨੇ 14 ਤਰੀਕ ਯਾਨੀ ਵੈਲੇਨਟਾਈਨ-ਡੇਅ ਦੇ ਮੌਕੇ ਜਨਤਕ ਤੌਰ 'ਤੇ ਖੋਲ੍ਹਿਆ ਗਿਆ ਸੀ। ਤਕਰੀਬਨ 18 ਏਕੜ ਵਿਚ ਬਣੇ ਇਸ ਬਗੀਚੇ ਨੂੰ ਵਿਸ਼ਵ ਦੇ ਸਭ ਤੋਂ ਵੱਡੇ ਕੁਦਰਤੀ ਫੁੱਲਾਂ ਨਾਲ ਸਜਾਏ ਬਗੀਚੇ ਵਜੋਂ ਜਾਣਿਆ ਜਾਂਦਾ ਹੈ। ਪੂਰੇ ਬਗੀਚੇ ਵਿਚ ਖਿੜੇ ਕਰੋੜਾਂ ਫੁੱਲਾਂ ਨੂੰ ਜ਼ਿਆਦਾ ਪਲਾਸਟਿਕ ਦੇ ਗਮਲਿਆਂ ਜਾਂ ਧਰਤੀ ਉੱਪਰ ਲਾਇਆ ਗਿਆ ਹੈ ਅਤੇ ਅਨੇਕਾਂ ਫੁੱਲ ਵੰਨਗੀਆਂ ਵਿਚੋਂ ਮੁੱਖ ਰੂਪ ਵਿਚ ਮੌਸਮੀ ਫੁੱਲ ਹਨ, ਜਿਨ੍ਹਾਂ ਦੇ ਖਿੜਨ ਦਾ ਖਾਸ ਮੌਕਾ ਹੋਣ ਕਰਕੇ ਇਹ ਬਗੀਚਾ ਸਾਰਾ ਸਾਲ ਖੁੱਲ੍ਹਾ ਨਹੀਂ ਰਹਿੰਦਾ। ਇਸ ਸਾਲ ਇਹ ਬਗੀਚਾ ਲੋਕਾਂ ਲਈ 1 ਨਵੰਬਰ, 2018 ਨੂੰ ਖੋਲ੍ਹ ਦਿੱਤਾ ਗਿਆ ਸੀ ਅਤੇ ਇਹ 5 ਮਈ, 2019 ਤੱਕ ਆਮ ਜਨਤਾ ਲਈ ਖੁੱਲ੍ਹਾ ਰਹੇਗਾ। ਸਾਲ ਦੇ ਬਾਕੀ ਮਹੀਨੇ ਮੌਸਮ ਫੁੱਲਾਂ ਲਈ ਢੁਕਵਾਂ ਨਾ ਹੋਣ ਕਾਰਨ ਪ੍ਰਬੰਧਕਾਂ ਨੂੰ ਗਾਰਡਨ ਬੰਦ ਕਰਨਾ ਪੈਂਦਾ ਹੈ। ਬਗੀਚੇ ਅੰਦਰ ਜਾਣ ਲਈ ਤੁਹਾਨੂੰ 50 ਦਰਾਮ ਯਾਨੀ ਉਥੋਂ ਦੀ ਕਰੰਸੀ ਮੁਤਾਬਿਕ ਜੋ ਕਿ ਮੌਜੂਦਾ ਰੁਪਏ ਦੇ ਭਾਅ ਮੁਤਾਬਿਕ ਭਾਰਤ ਦੇ ਹਜ਼ਾਰ ਰੁਪਏ ਤੋਂ ਕੁਝ ਕੁ ਰੁਪਏ (966) ਘੱਟ ਦੇ ਕਰੀਬ ਬਣਦੀ ਹੈ। ਹਰ ਸਾਲ ਇਸ ਬਗੀਚੇ ਨੂੰ ਵੇਖਣ ਲੱਖਾਂ ਲੋਕ ਵਿਸ਼ਵ ਦੇ ਵੱਖ-ਵੱਖ ਕੋਨਿਆਂ ਤੋਂ ਪੁੱਜਦੇ ਹਨ। ਬਾਲੀਵੁੱਡ ਫਿਲਮ 'ਹਮਾਰੀ ਅਧੂਰੀ ਕਹਾਨੀ' ਦੀ ਸ਼ੂਟਿੰਗ ਇਸ ਬਗੀਚੇ ਵਿਚ ਵੀ ਕੀਤੀ ਗਈ ਸੀ।
ਮਿਰਾਕਲ ਗਾਰਡਨ ਦਾ ਹਰ ਕੋਨਾ ਖੂਬਸੂਰਤ ਹੈ ਪ੍ਰੰਤੂ ਵਿਸ਼ਵ ਦੀ ਸਭ ਤੋਂ ਵੱਡੀ ਫੁੱਲ ਘੜੀ ਵੇਖਣਯੋਗ ਹੈ। ਬਗੀਚੇ ਵਿਚ ਮੌਜੂਦ ਕੁਦਰਤੀ ਫੁੱਲਾਂ ਦੀ ਦੀਵਾਰ ਗਿੰਨੀਜ਼ ਬੁੱਕ ਆਫ਼ ਵਰਲਡ ਰਿਕਾਰਡ ਵਿਚ ਦਰਜ ਹੈ। ਬਗੀਚੇ ਵਿਚ ਮੌਜੂਦ ਬਟਰਫਲਾਈ ਗਾਰਡਨ ਵਿਸ਼ੇਸ਼ ਤੌਰ 'ਤੇ ਤਿਤਲੀਆਂ ਨੂੰ ਆਕਰਸ਼ਿਤ ਕਰਨ ਹਿਤ ਤਿਆਰ ਕੀਤਾ ਗਿਆ ਹੈ, ਜਿਸ ਵਿਚ ਸੈਂਕੜੇ ਕਿਸਮਾਂ ਦੀਆਂ ਤਿਤਲੀਆਂ ਆਪਣੀ ਹਾਜ਼ਰੀ ਲਵਾਉਂਦੀਆਂ ਹਨ। ਗਾਰਡਨ ਵਿਚ ਮੌਜੂਦ ਅਸਲ ਜਹਾਜ਼ (ਏਅਰ ਬੱਸ ਏ 380) ਨੂੰ ਪੂਰਨ ਰੂਪ ਵਿਚ ਫੁੱਲਾਂ ਨਾਲ ਸ਼ਿੰਗਾਰਿਆ ਗਿਆ ਹੈ। ਪੂਰੇ ਦਾ ਪੂਰਾ ਫੁੱਲਾਂ ਲੱਦਿਆ ਜਹਾਜ਼ ਵੇਖ ਕੇ ਦਿਲ ਪ੍ਰਸੰਨ ਹੋ ਜਾਂਦਾ ਹੈ। ਫੁੱਲਾਂ ਨੂੰ ਦਿੱਤੀ ਹੋਈ ਤਾਜ ਮਹੱਲ ਦੀ ਦਿੱਖ ਨੂੰ ਮੋਹਿਤ ਕਰਦੀ ਹੈ। ਇਸ ਤੋਂ ਇਲਾਵਾ ਦਿਲ ਦੀ ਸ਼ਕਲ ਵਾਲੇ ਗੇਟ, ਹੱਟ, ਫੁੱਲਾਂ ਨੂੰ ਦਿੱਤਾ ਨਦੀਆਂ ਦਾ ਰੂਪ, ਫੁੱਲਾਂ ਦੇ ਬਣਾਏ ਗਏ 'ਫਲਾਵਰ ਕੈਸਲ' ਆਦਿ ਤੁਹਾਨੂੰ ਕਿਸੇ ਹੋਰ ਹੀ ਦੁਨੀਆ ਵਿਚ ਲੈ ਜਾਂਦੇ ਹਨ।
ਬੱਚਿਆਂ ਨੂੰ ਆਕਰਸ਼ਿਤ ਕਰਨ ਅਤੇ ਉਨ੍ਹਾਂ ਦੇ ਦਿਲ ਲਾਉਣ ਖਾਤਰ, ਅਨੇਕਾਂ ਹੀ ਕਾਰਟੂਨ ਕਰੈਕਟਰ ਖਾਸ ਕਰ ਮਿੱਕੀ ਮਾਊਸ, ਟੈਡੀ ਬੀਅਰ ਆਦਿ ਬੇਹੱਦ ਵੱਡੇ ਆਕਾਰ ਅਤੇ ਬੇਹੱਦ ਹੀ ਖੂਬਸੂਰਤ ਬਣਾਏ ਗਏ ਹਨ। ਕਾਰਟੂਨ ਤੋਂ ਇਲਾਵਾ ਇਕ ਗੇਟ 'ਤੇ ਬਣਿਆ ਵੱਡ-ਅਕਾਰੀ ਕੱਛੂ, ਫੁੱਲਾਂ ਨਾਲ ਲੱਦੀਆਂ ਹੋਈਆਂ ਵੱਡ-ਅਕਾਰੀ ਕੀੜੀਆਂ, ਬਹੁਤ ਹੀ ਵੱਡੀਆਂ ਤੇ ਲਾਜਵਾਬ ਬਿੱਲੀਆਂ ਵੇਖ ਕੇ ਤਾਂ ਇਨਸਾਨ ਦੰਗ ਹੀ ਰਹਿ ਜਾਂਦਾ ਹੈ। ਬੂਟਿਆਂ ਦੀ ਸਹਾਇਤਾ ਤੇ ਢਾਂਚੇ ਦੇ ਆਸਰੇ ਨਾਲ ਬਣੀਆਂ ਇਹ ਬਿੱਲੀਆਂ ਜਿਊਂਦੀਆਂ ਜਾਗਦੀਆਂ ਜਾਪਦੀਆਂ ਹਨ। ਬਿੱਲੀਆਂ ਤੋਂ ਇਲਾਵਾ ਹਾਥੀਆਂ ਦੀਆਂ ਟੋਪਿਆਰੀਆਂ ਵੀ ਬਾਕਮਾਲ ਜਾਪਦੀਆਂ ਹਨ। ਬਗੀਚੇ ਵਿਚ ਪਾਣੀ ਨਾ ਹੋਵੇ ਇਹ ਤਾਂ ਹੋ ਨਹੀਂ ਸਕਦਾ। ਬਗੀਚੇ ਵਿਚ ਬਣੀ ਲੇਕ ਯਾਨੀ ਝੀਲ ਰੂਪੀ ਦ੍ਰਿਸ਼ ਜਿਸ ਵਿਚ ਅਤੇ ਬਾਹਰ ਅਲੱਗ-ਅਲੱਗ ਖੂਬਸੂਰਤ ਅਕ੍ਰਿਤੀਆਂ ਤੁਹਾਨੂੰ ਆਪਣੇ ਵੱਲ ਖਿੱਚ ਕੇ ਰੱਖਦੀਆਂ ਹਨ।
ਏਨੇ ਵਿਸ਼ਾਲ ਬਗੀਚੇ ਨੂੰ ਬਣਾਉਣਾ ਅਤੇ ਫਿਰ ਉਸ ਦਾ ਰੱਖ-ਰਖਾਅ ਕਰਨਾ ਕੋਈ ਛੋਟਾ-ਮੋਟਾ ਕੰਮ ਨਹੀਂ ਹੈ। ਸਾਰੇ ਦੇ ਸਾਰੇ ਬਗੀਚੇ ਨੂੰ ਬੜੇ ਹੀ ਤਕਨੀਕੀ ਪੱਖ ਨਾਲ ਬਣਾਇਆ ਤੇ ਸੰਭਾਲਿਆ ਜਾ ਰਿਹਾ ਹੈ। ਰੇਤਲੇ ਇਲਾਕੇ ਵਿਚ ਪਾਣੀ ਦਾ ਅਹਿਮ ਕੰਮ ਹੋ ਨਿੱਬੜਦਾ ਹੈ। ਪ੍ਰਬੰਧਕਾਂ ਨੇ ਵਰਤੇ ਪਾਣੀ ਨੂੰ ਟਰੀਟ ਕਰ ਕੇ ਬਗੀਚੇ ਦੇ ਹਰ ਫੁੱਲ, ਕਿਆਰੀ ਨੂੰ ਲਾਉਣ ਦਾ ਪ੍ਰਬੰਧ ਕੀਤਾ ਹੋਇਆ ਹੈ। ਸਾਰਾ ਬਗੀਚਾ ਤੁਪਕਾ ਪ੍ਰਣਾਲੀ ਆਧਾਰਿਤ ਬਣਿਆ ਹੋਇਆ ਹੈ। ਲੱਖਾਂ ਗਮਲਿਆਂ 'ਚ ਲੱਗੇ ਫੁੱਲਾਂ ਨੂੰ ਸ਼ਿੱਦਤ ਨਾਲ ਤਿਆਰ ਕੀਤਾ ਜਾਂਦਾ ਹੈ ਤੇ ਸਮਾਂ ਆਉਣ 'ਤੇ ਢਾਂਚਿਆਂ ਵਿਚ ਫਿਟ ਕਰ ਦਿੱਤਾ ਜਾਂਦਾ ਹੈ। ਮੇਰੀ ਇਸ ਬਗੀਚਾ ਫੇਰੀ ਵਿਚ ਵਿਸ਼ੇਸ ਤੌਰ 'ਤੇ ਸੰਤ ਬਾਬਾ ਗੁਰਮੀਤ ਸਿੰਘ ਜੀ ਖੋਸਾ ਪਾਂਡੋ (ਮੋਗਾ) ਤੋਂ ਨਾਲ ਗਏ ਸਨ ਅਤੇ ਉਨ੍ਹਾਂ ਤੋਂ ਇਲਾਵਾ ਸ: ਸਤਵੀਰ ਸਿੰਘ ਟੋਨੀ ਅਤੇ ਗੁਰਪ੍ਰੀਤ ਸਿੰਘ ਵੀ ਨਾਲ ਸਨ, ਤਾਂ ਜੋ ਉਥੋਂ ਦੀਆਂ ਬਾਰੀਕੀਆਂ ਨੂੰ ਸਮਝਿਆ ਜਾ ਸਕੇ ਅਤੇ ਆਪਣੇ ਪਿੰਡਾਂ ਵਿਚ ਵੀ ਛੋਟੇ-ਛੋਟੇ ਹੁਸੀਨ ਬਗੀਚੇ ਬਣਾਏ ਜਾਣ। ਬਗੀਚੇ ਵਿਚ ਅਨੇਕਾਂ ਕਿਸਮਾਂ ਦੇ ਫੁੱਲ ਬੂਟੇ ਲਾਏ ਗਏ ਹਨ ਪ੍ਰੰਤੂ ਪਟੂਨੀਆ ਅਤੇ ਸਜਾਵਟੀ ਸੂਰਜਮੁਖੀ ਖੂਬ ਨਜ਼ਰ ਆਉਂਦੇ ਹਨ। ਪਟੂਨੀਆ ਦੇ ਖਿੜਨ ਦਾ ਸਮਾਂ ਦੂਸਰੇ ਮੌਸਮੀ ਫੁੱਲਾਂ ਨਾਲੋਂ ਜ਼ਿਆਦਾ ਵੀ ਹੁੰਦਾ ਹੈ ਅਤੇ ਇਸ ਦੇ ਰੰਗ ਵੀ ਬੇਸ਼ੁਮਾਰ ਹੁੰਦੇ ਹਨ।
ਬਗੀਚੇ ਵਿਚ ਮੌਸਮੀ ਫੁੱਲਾਂ ਤੋਂ ਇਲਾਵਾ ਵੇਲਾਂ, ਭੌਂ-ਕੱਜਣੇ ਬੂਟੇ ਅਤੇ ਹੋਰ ਵੀ ਅਨੇਕਾਂ ਕਿਸਮਾਂ ਦੇ ਫੁੱਲ ਵਰਤੇ ਗਏ ਹਨ। ਗਾਰਡਨ ਦੇ ਅੰਦਰ ਆਉਣ ਖਾਤਰ ਇਕ ਗੇਟ ਬਹੁਤ ਹੀ ਵੱਡਾ ਤੇ ਵਿਸ਼ਾਲ ਦਿੱਖ ਵਾਲਾ ਲਾਇਆ ਗਿਆ ਹੈ। ਬਗੀਚੇ ਵਿਚ ਆਰਾਮ ਕਰਨ ਖਾਤਰ ਬੈਠਣ ਵਾਲੇ ਸਥਾਨ ਮੌਜੂਦ ਹਨ, ਮਨ ਬਹਿਲਾਉਣ ਲਈ ਸੰਗੀਤ ਵੀ ਹੈ, ਖਾਣ-ਪੀਣ ਲਈ ਜੂਸ ਤੇ ਹੋਰਨਾਂ ਵਸਤਾਂ ਦੀਆਂ ਦੁਕਾਨਾਂ ਮੌਜੂਦ ਹਨ। 18 ਏਕੜ ਵਿਚ ਬਣੇ ਬਗੀਚੇ ਨੂੰ ਵੇਖਣ ਖਾਤਰ ਰਸਤੇ-ਪੌੜੀਆਂ ਤੁਰਦੇ-ਚੜ੍ਹਦੇ ਤੁਸੀਂ ਇਕ ਕੋਨੇ ਤੋਂ ਦੂਸਰੇ ਕੋਨੇ ਤੱਕ ਕਦ ਪਹੁੰਚ ਜਾਂਦੇ ਹੋ, ਤੁਹਾਨੂੰ ਪਤਾ ਹੀ ਨਹੀਂ ਲਗਦਾ। ਇਸ ਬਗੀਚੇ ਵਿਚ ਅਨੇਕਾਂ ਹੀ ਸ਼ਿੰਗਾਰਨ ਵਾਲੇ ਢਾਂਚੇ ਹਰ ਸਾਲ ਬਦਲੇ ਵੀ ਜਾਂਦੇ ਹਨ। ਕੁਝ ਢਾਂਚੇ ਪੱਕੇ ਹਨ ਅਤੇ ਕੁਝ ਜਿਵੇਂ ਕਿ ਟੂਟੀ ਵਿਚੋਂ ਡੁਲ੍ਹਦੀ ਫੁੱਲਾਂ ਦੀ ਨਦੀ, ਮੋਰ, ਪੰਛੀ ਆਦਿ ਅਨੇਕਾਂ ਨੂੰ ਬਦਲ ਕੇ ਸੋਹਣੀ ਦਿੱਖ ਦਿੱਤੀ ਜਾਂਦੀ ਹੈ।
ਇਹ ਲਾਜਵਾਬ ਬਗੀਚਾ ਵੇਖਦਿਆਂ ਮੂੰਹੋਂ ਇਕ ਗੱਲ ਜ਼ਰੂਰੀ ਨਿਕਲਦੀ ਹੈ, 'ਅੱਖੀਂ ਵੇਖ ਨਾ ਰੱਜੀਆਂ' ਮੈਂ ਆਪਣੇ ਅੱਖੀਂ ਵੇਖਦੇ ਨਜ਼ਾਰੇ ਨੂੰ ਸ਼ਬਦਾਂ ਰਾਹੀਂ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ। ਮੈਂ ਦਾਅਵੇ ਨਾਲ ਕਹਿੰਦਾ ਹਾਂ ਕਿ ਬਗੀਚੇ ਵਿਚ ਏਨੇ ਜ਼ਿਆਦਾ ਖੂਬਸੂਰਤ ਫੁੱਲ ਤੇ ਨਜ਼ਾਰੇ ਹਨ ਕਿ ਤੁਹਾਡਾ ਦਿਲ ਬਾਗ਼-ਬਾਗ਼ ਹੋ ਜਾਵੇਗਾ। ਸ਼ਾਲਾ! ਅਜਿਹੇ ਹੁਸੀਨ ਬਗੀਚਿਆਂ ਦੀ ਗਿਣਤੀ ਧਰਤ ਉੱਪਰ ਦਿਨ-ਬ-ਦਿਨ ਵਧਦੀ ਨਜ਼ਰ ਆਵੇ।


-ਮੋਬਾਈਲ : 98142-39041.
landscapingpeople@rediffmail.com

'ਜੰਨਤ' ਜਾਮ ਹੈ!

ਨੰਗਲ ਡੈਮ ਤੋਂ ਬਰਫ਼ੀ ਖਾ ਕੇ ਸਫ਼ਰ ਸ਼ੁਰੂ ਕੀਤਾ। ਦੁਪਹਿਰੇ ਲਖਨਪੁਰ ਦੇ ਲੱਡੂਆਂ ਨੇ ਰੋਕ ਲਿਆ। 222,236 ਸਕੇਅਰ ਕਿਲੋਮੀਟਰ ਖੇਤਰ 'ਚ ਫੈਲੇ ਧਰਤੀ 'ਤੇ ਸਵਰਗ ਜੰਮੂ-ਕਸ਼ਮੀਰ ਦਾ ਪ੍ਰਵੇਸ਼ ਦੁਆਰ ਹੈ ਲਖਨਪੁਰ। ਲਖਨਪੁਰ 'ਚ 100 ਤੋਂ ਵੱਧ ਛੋਟੀਆਂ-ਵੱਡੀਆਂ ਰੇਹੜੀਆਂ ਹਨ, ਜਿਥੇ 24 ਘੰਟੇ ਦਾਲ ਦੇ ਲੱਡੂ, ਵੜੇ ਸੈਲਾਨੀਆਂ ਦਾ ਸਵਾਗਤ ਕਰਦੇ ਹਨ। ਤਾਜ਼ਗੀ ਤੇ ਜਾਇਕਾ ਦੋਵੇਂ ਕਮਾਲ, ਕੂੰਡੇ-ਸੋਟੇ ਨਾਲ ਦਾਲ ਘੋਟੀ ਜਾ ਰਹੀ ਹੈ, ਕੜਾਹੀ 'ਚ ਤਲਾਈ ਹੋ ਰਹੀ ਹੈ। ਸੈਲਾਨੀ ਵੀ ਰੁਕਦੇ ਹਨ ਤੇ ਵੱਡੇ-ਵੱਡੇ ਸਟਾਰ ਵੀ। ਮੇਰੇ ਮਿੱਤਰਾਂ ਬਲਜੀਤ ਸਿੰਘ ਬਡਵਾਲ, ਪੱਤਰਕਾਰ ਸ਼ਿਵ ਕੁਮਾਰ ਕਾਲੀਆ, ਯੋਗੇਸ਼ ਸਚਦੇਵਾ ਸੁਰਿੰਦਰ ਸੂਫੀ ਨੇ ਤਕਰੀਬਨ 60 ਵਰ੍ਹਿਆਂ ਤੋਂ ਚੱਲ ਰਹੇ ਇਸ ਕਾਰੋਬਾਰ ਬਾਰੇ ਜਾਣਕਾਰੀ ਲਈ। ਅੱਜਕਲ੍ਹ ਸਾਂਬਾ ਸ਼ਹਿਰ 'ਚ ਵੀ ਲੱਡੂਆਂ ਵਾਲੇ ਹਨ ਪਰ ਅਸਲ ਸਰਦਾਰੀ ਲਖਨਪੁਰ ਦੀ ਹੀ ਹੈ। ਲਖਨਪੁਰ ਟੱਪਦਿਆਂ ਹੀ ਮੋਬਾਈਲ ਜਾਮ ਹੋ ਗਏ। ਜੰਮੂ-ਕਸ਼ਮੀਰ 'ਚ ਸਿਰਫ਼ ਪੋਸਟ ਪੇਡ ਮੋਬਾਈਲ ਫੋਨ ਹੀ ਚੱਲਦੇ ਹਨ। ਟੂਰਿਸਟ ਸਿੰਮ ਲੈਣ ਲਈ ਇਕ-ਦੋ ਥਾਈਂ ਰੁਕੇ ਪਰ ਗੱਲ ਨਹੀਂ ਬਣੀ। ਸ਼ਾਮੀਂ ਊਧਮਪੁਰ ਟੱਪਦਿਆਂ ਹੀ ਟ੍ਰੈਫਿਕ ਬੜੀ ਬੁਰੀ ਤਰ੍ਹਾਂ ਜਾਮ ਹੋ ਗਿਆ। ਅਕਤੂਬਰ 'ਚ ਸੇਬ ਦੇ ਸੀਜ਼ਨ ਦੌਰਾਨ ਅਜਿਹਾ ਹੁੰਦਾ ਹੀ ਹੈ। ਉਂਜ ਵੀ ਜੰਮੂ-ਸ੍ਰੀਨਗਰ ਅਤੇ ਸ੍ਰੀਨਗਰ-ਲੇਹ ਮਾਰਗ 'ਤੇ ਸਫ਼ਰ ਕਰਨਾ ਸੌਖਾ ਨਹੀਂ। ਕੀ ਪਤਾ ਕਦੋਂ ਕਿਥੇ ਜਾਮ ਲੱਗ ਜਾਵੇ। ਜੰਮੂ-ਸ੍ਰੀਨਗਰ ਮਾਰਗ 'ਤੇ ਟਰੱਕਾਂ, ਮਿਲਟਰੀ ਵਾਹਨਾਂ, ਸੈਲਾਨੀ ਵਾਹਨਾਂ ਦੀ ਬਹੁਤਾਤ ਰਹਿੰਦੀ ਹੈ। ਟ੍ਰੈਫਿਕ ਜਾਮ ਆਮ ਗੱਲ ਹੈ। ਸਮਾਂ ਕਿੰਨਾ ਲੱਗੇਗਾ ਕੋਈ ਪਤਾ ਨਹੀਂ। ਸੜਕ ਦਾ ਨਿਰਮਾਣ ਕਾਰਜ ਵੀ ਚੱਲ ਰਿਹਾ ਹੈ। ਪਤਨੀਟਾਪ ਲਾਗੇ ਨਵੀਂ ਬਣੀ 9 ਕਿਲੋਮੀਟਰ ਲੰਬੀ ਸੁਰੰਗ ਨੇ ਸਫ਼ਰ ਸੌਖਾ ਵੀ ਕੀਤਾ ਹੈ ਪਰ ਭਾਰਤ 'ਚ ਮਸਲਾ ਇਕ ਨਹੀਂ। ਚਾਣਚੱਕ ਸੜਕ 'ਤੇ ਸੈਂਕੜੇ ਭੇਡਾਂ ਵਾਲੇ ਗਡਰੀਏ ਆ ਬਹੁੜਦੇ ਹਨ, ਫੜ ਲਓ, ਡਿਜੀਟਲ ਇੰਡੀਆ ਦੀ ਪੂਛ। ਰਾਤੀਂ ਕਸਬਾ ਕੁੱਦ ਦੀਆਂ ਰੰਗ-ਬਰੰਗੀਆਂ ਰੌਸ਼ਨੀਆਂ ਨੇ ਸਾਡਾ ਸਵਾਗਤ ਕੀਤਾ। ਕੁੱਦ ਦਾ ਪਤੀਸਾ ਆਪਣੇ ਵਿਲੱਖਣ ਜਾਇਕੇ ਲਈ ਪ੍ਰਸਿੱਧ ਹੈ। ਮਿੱਤਰ ਮੰਡਲੀ ਨੇ ਪਤੀਸੇ ਨੂੰ ਚੰਗਾ ਗੇੜਾ ਦਿੱਤਾ। ਅਸਲ 'ਚ ਭੁੱਖ ਸਵਾਦ ਹੁੰਦੀ ਹੈ। ਬੜੇ ਹਿੰਮਤੀ ਡਰਾਈਵਰ ਮੁਹੰਮਦ ਰਫ਼ੀਕ ਬੱਬੂ ਨੇ ਰਾਮਬਟ 'ਚ ਰਾਤ ਠਹਿਰਣ ਦੀ ਸਲਾਹ ਦਿੱਤੀ। ਬੱਸ ਸਟੈਂਡ ਲਾਗੇ ਇਕ ਹੋਟਲ 'ਚ ਡੇਰੇ ਤਾਂ ਲਾ ਲਏ ਪਰ ਸਾਰੀ ਰਾਤ ਟਰੱਕਾਂ ਦੇ ਹਾਰਨ ਸਿਰ ਖਾ ਗਏ। ਕਹਾਵਤ ਵੀ ਯਾਦ ਆਈ, 'ਜੋ ਸੁੱਖ ਛੱਜੂ ਦੇ ਚੁਬਾਰੇ ਨਾ ਉਹ ਬਲਖ ਨਾ ਬੁਖਾਰੇ।'
ਸਵੇਰੇ ਫੁਰਤੀ ਮਾਰੀ, ਬਿਸਤਰੇ ਛੱਡੇ, ਬਰੇਕਫਾਸਟ ਛੱਡਿਆ। ਸਫ਼ਰ ਮੁੜ ਸ਼ੁਰੂ ਕੀਤਾ। ਟਾਈਟੈਨਿਕ ਵਿਯੂ ਪੁਆਇੰਟ ਕੋਲ ਬਰੇਕ ਲੱਗਣੀ ਸੀ। ਕਮਾਲ ਦਾ ਦ੍ਰਿਸ਼। ਜੰਨਤ ਦੀ ਕੋਸੀ-ਕੋਸੀ ਧੁੱਪ। ਸਾਫ਼ ਹਵਾ, ਸੋਹਣੇ ਚਿਨਾਰ। ਪਹਾੜ ਤੋਂ ਵਾਦੀ ਦਾ ਕਮਾਲ ਦਾ ਦ੍ਰਿਸ਼ ਨਜ਼ਰ ਆ ਰਿਹਾ ਸੀ। ਚਾਹੀਦੀਆਂ ਚੁਸਕੀਆਂ ਲੈਂਦਿਆਂ ਅਸੀਂ ਫ਼ੈਸਲਾ ਕੀਤਾ ਕਿ ਰਾਤ ਗੁਲਮਰਗ ਰੁਕਿਆ ਜਾਵੇ। ਸਾਰਾ ਦਿਨ ਸੈਰ-ਸਪਾਟੇ ਲਈ ਕਾਫ਼ੀ ਸਮਾਂ ਸੀ। ਜਿਵੇਂ-ਜਿਵੇਂ ਅਸੀਂ ਗੁਲਮਰਗ ਵੱਲ ਵਧ ਰਹੇ ਸਾਂ ਕੁਦਰਤੀ ਦ੍ਰਿਸ਼ ਹੁਸੀਨ ਹੁੰਦੇ ਜਾ ਰਹੇ ਸਨ। ਖ਼ੂਬਸੂਰਤ ਸੜਕ 'ਤੇ ਠੰਢੀ ਪੌਣ, ਚਿਨਾਰ ਤੇ ਦੇਵਦਾਰ ਦੇ ਰੁੱਖ ਸਾਡਾ ਸਵਾਗਤ ਕਰ ਰਹੇ ਸਨ। ਰਾਹ 'ਚ ਰੁਕ-ਰੁਕ ਕੇ ਫੋਟੋਆਂ ਖਿੱਚਦੇ ਅਸੀਂ ਸ਼ਾਮੀਂ ਚਾਰ ਵਜੇ ਗੁਲਮਰਗ ਪਹੁੰਚੇ। ਗੁਲਮਰਗ ਪਹੁੰਚਦਿਆਂ ਹੀ ਗਾਈਡ, ਘੋੜੇ ਵਾਲੇ, ਹੋਟਲ ਏਜੰਟ ਸਾਡੇ ਮਗਰ ਪੈ ਗਏ। ਮਸਾਂ ਖਹਿੜਾ ਛੁਡਾਇਆ। ਅਸੀਂ ਹੋਟਲ ਯਮਯਮ 'ਚ ਦੋ ਰੂਮ ਲੈ ਲਏ। ਔਫ਼ ਸੀਜ਼ਨ 'ਚ ਕਮਰਾ 2000 ਰੁਪਏ ਦਾ ਹੁੰਦਾ ਹੈ ਜਿਹੜਾ ਆਨ ਸੀਜ਼ਨ 'ਚ 5000 ਰੁਪਏ ਦਾ ਹੁੰਦਾ ਹੈ। ਗੁਲਮਰਗ 'ਚ ਖੰਡਰ ਬਣੀ ਹੋਟਲ ਅਸ਼ੋਕ ਦੀ ਅੱਧੀ-ਅਧੂਰੀ ਇਮਾਰਤ ਵੀ ਖੜ੍ਹੀ ਹੈ। ਅਸਲ 'ਚ ਗੜਬੜੀ ਵਾਲੇ ਹਾਲਾਤ ਨੇ ਸੂਬੇ ਦੇ ਵਿਕਾਸ, ਸੈਰ-ਸਪਾਟੇ ਨੂੰ ਵੱਡੀ ਸੱਟ ਮਾਰੀ ਹੈ। ਗੁਲਮਰਗ 'ਚ ਹੋਟਲ ਖ਼ੈਬਰ ਸਭ ਤੋਂ ਮਹਿੰਗਾ ਹੈ, ਜਿਥੇ ਸਸਤੇ ਤੋਂ ਸਸਤਾ ਰੂਮ 20,000 ਰੁਪਏ ਦਾ ਹੈ। ਗੁਲਮਰਗ ਵੀ ਖਜਿਆਰ ਵਰਗਾ ਹੈ ਪਰ ਖਜਿਆਰ ਤੋਂ ਕਿਤੇ ਜ਼ਿਆਦਾ ਖੂਬਸੂਰਤ, ਗੁਲਮਰਗ ਸ਼ਾਂਤ ਹੈ, ਸੋਹਣਾ ਹੈ ਅਤੇ ਸੁਰੱਖਿਅਤ ਵੀ।
ਸਮੁੱਚੇ ਸੰਸਾਰ ਤੋਂ ਸਕੀਟਿੰਗ ਦੇ ਸ਼ੌਕੀਨ ਜਨਵਰੀ 'ਚ ਇਥੇ ਆਉਂਦੇ ਹਨ, ਕਿਉਂਕਿ ਗੁਲਮਰਗ ਬਰਫ਼ ਦੀ ਵੱਡੀ ਚਾਦਰ ਬਣ ਜਾਂਦਾ ਹੈ। ਹਿਮਾਚਲ ਦਾ ਸੋਲਾਂਗ (ਮਨਾਲੀ) ਵੀ ਸਕੀਟਿੰਗ ਲਈ ਪ੍ਰਸਿੱਧ ਹੈ। ਗੁਲਮਰਗ 'ਚ ਆਰਮੀ ਅਫ਼ਸਰ ਵੀ ਛੁੱਟੀਆਂ ਕੱਟਣ ਆਉਂਦੇ ਹਨ। ਕਮਾਲ ਦਾ ਬੰਦੋਬਸਤ ਹੈ। ਸੁਰੱਖਿਆ ਵੀ ਤੇ ਸਹੂਲਤਾਂ ਵੀ। ਆਰਮੀ ਟੀਮਾਂ ਹੋਟਸ ਕਮਾਲ ਦੀਆਂ ਹਨ। ਗੁਲਮਰਗ 'ਚ ਸਭ ਤੋਂ ਵੱਡਾ ਆਕਰਸ਼ਨ ਹੈ ਖੰਡੋਲਾ (ਰੋਪ ਵੇਅ) ਜਿਹੜਾ ਸੈਲਾਨੀਆਂ ਨੂੰ ਬਰਫ਼ੀਲੀ ਚੋਟੀ 'ਤੇ ਲੈ ਕੇ ਜਾਂਦਾ ਹੈ। ਮਹਾਰਾਜਾ ਹਰੀ ਸਿੰਘ ਦਾ ਪੈਲੇਸ ਵੀ ਦਿਲਕਸ਼ ਹੈ, ਜਿਸ 'ਚ ਲੱਕੜੀ ਦੀ ਵਰਤੋਂ ਬੜੇ ਹੀ ਢੰਗ ਨਾਲ ਕੀਤੀ ਗਈ। ਪੁਰਾਤਨ ਹਥਿਆਰ ਵੀ ਦੇਖਣਯੋਗ ਹਨ। ਹੁਣ ਤਾਂ ਸਮੇਂ ਨੇ ਪੈਲੇਸ ਦਾ ਰੰਗ-ਰੂਪ ਬਦਲ ਦਿੱਤਾ ਹੈ। ਪੈਲੇਸ 'ਚ ਏ.ਸੀ. ਲੱਗ ਗਏ ਹਨ। ਸੈਰ-ਸਪਾਟੇ ਸਮੇਂ ਬਟੂਆ ਖੁੱਲ੍ਹਾ ਹੀ ਰੱਖਣਾ ਪੈਂਦਾ ਹੈ, ਕਿਉਂਕਿ ਚੱਪੇ-ਚੱਪੇ 'ਤੇ ਖਰਚ ਹੋਣਾ ਹੀ ਹੈ। ਸੂਝਵਾਨ ਸੈਲਾਨੀ ਸੰਜਮ ਨਾਲ ਖਰਚ ਕਰਦੇ ਹਨ। ਇਹ ਫ਼ੈਸਲਾ ਤੁਸੀਂ ਕਰਨਾ ਹੈ ਕਿ ਖੰਡੋਲਾ/ਮਹਾਰਾਜਾ ਪੈਲੇਸ/ਚਿਲਡਰਨ ਪਾਰਕ ਤੁਸੀਂ ਘੋੜੇ 'ਤੇ ਜਾਣਾ ਹੈ ਜਾਂ ਖੁਦ ਘੋੜਾ ਬਣ ਕੇ। ਤੁਰ ਕੇ ਸਭ ਮੁਫ਼ਤ ਤੇ ਘੋੜੇ 'ਤੇ 800-1000 ਰੁਪਏ। ਗੁਲਮਰਗ 'ਚ ਮਾਤਾ ਰਾਣੀ ਦਾ ਮੰਦਰ ਵੀ ਹੈ। ਗੁਲਮਰਗ 'ਚ ਚਾਹ ਦੀਆਂ ਦੁਕਾਨਾਂ 'ਤੇ ਕਾਹਵਾ ਵੀ ਮਿਲਦਾ ਹੈ। ਕਸ਼ਮੀਰ 'ਚ ਕਾਹਵੇ ਦੀ ਸਰਦਾਰੀ ਹੈ। ਸਿਹਤ ਲਈ ਕਾਹਵਾ ਚੰਗਾ ਹੈ। ਮਾੜੀ-ਮੋਟੀ ਠੰਢ ਲੱਗਣ 'ਤੇ ਦਾਲ-ਚੀਨੀ ਅਤੇ ਇਲੈਚੀ-ਅਦਰਕ ਪਾ ਕੇ ਕਾਹਵਾ ਤਿਆਰ ਕੀਤਾ ਜਾਂਦਾ ਹੈ। ਚਾਹ ਦੀਆਂ ਦੁਕਾਨਾਂ 'ਤੇ ਬੇਕਰੀ ਦੇ ਵੱਡੇ-ਵੱਡੇ ਬਿਸਕੁਟ ਮਿਲਦੇ ਹਨ। ਹੋਟਲ ਵਾਲੇ ਫੈਣੀਆਂ ਵੀ ਪਰੋਸਦੇ ਹਨ। ਰਾਜਮਾਂਹ, ਮਟਨ, ਚਿਕਨ ਦਾ ਕਸ਼ਮੀਰੀ ਜਾਇਕਾ ਕਮਾਲ ਦਾ ਹੈ, ਲਾਲ ਰੰਗ ਦੀ ਮਸਾਲਾ ਟਿੱਕੀ ਰਸੋਈ 'ਚ ਵਰਤੀ ਜਾਂਦੀ ਹੈ। ਗੁਲਮਰਗ ਸੱਚੀਂ ਸਵਰਗ ਹੈ ਅਤੇ ਸਵਰਗ ਪੈਦਲ ਹੀ ਦੇਖਣਾ ਚਾਹੀਦਾ ਹੈ। ਗੁਲਮਰਗ ਤੋਂ ਬਾਅਦ ਸ੍ਰੀਨਗਰ ਜਾਣ ਦਾ ਪ੍ਰੋਗਰਾਮ ਸੀ। ਰਾਹ 'ਚ ਇਕ ਸੇਬਾਂ ਦੇ ਬਾਗ਼ 'ਚੋਂ ਸਾਰਿਆਂ ਨੇ ਸੇਬਾਂ ਦੀ ਇਕ-ਇਕ ਪੇਟੀ ਲਈ। ਸੇਬਾਂ ਦੀ ਸੰਭਾਲ ਲਈ ਤਰਪਾਲ ਲਈ। ਇਹ ਗੱਲ ਵੱਖਰੀ ਹੈ ਕਿ ਨੰਗਲ ਆ ਕੇ ਜਦੋਂ ਪੇਟੀਆਂ ਖੋਲ੍ਹੀਆਂ ਤਾਂ 70 ਫ਼ੀਸਦੀ ਸੇਬ ਬੇਕਾਰ ਨਿਕਲੇ। ਸ਼ਾਪਿੰਗ ਵੀ ਆਰਟ ਹੈ, ਜਿਹੜਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ। ਸ੍ਰੀਨਗਰ ਪਹੁੰਚ ਕੇ ਮੁਹੰਮਦ ਰਫ਼ੀਕ ਨੇ ਡੱਲ ਝੀਲ ਕੰਢੇ ਗੱਡੀ ਪਾਰਕ ਕੀਤੀ। ਦੋ ਸ਼ਿਕਾਰੇ ਲੈ ਕੇ ਮਿੱਤਰ ਮੰਡਲੀ ਨੇ ਬੋਟਿੰਗ ਕਰਨੀ ਸ਼ੁਰੂ ਕੀਤੀ। ਬੋਟਿੰਗ ਵੀ, ਸ਼ਾਪਿੰਗ ਵੀ। ਡੱਲ ਝੀਲ ਵੱਖਰਾ ਹੀ ਸੰਸਾਰ ਹੈ। ਇਹ ਸੰਸਾਰ ਪਤਾ ਨਹੀਂ ਕਿੰਨੀਆਂ ਕੁ ਫ਼ਿਲਮਾਂ ਦਾ ਸ਼ਿੰਗਾਰ ਬਣ ਚੁੱਕਾ ਹੈ। ਜਦੋਂ ਤੁਸੀਂ ਸ਼ਿਕਾਰੇ 'ਚ ਘੁੰਮ ਰਹੇ ਹੁੰਦੇ ਹੋ ਤਾਂ ਨਕਲੀ ਗਹਿਣੇ, ਕੇਸਰ, ਸ਼ਿਲਾਜੀਤ, ਸ਼ਾਲ, ਸਨੈਕਸ, ਵਸਤਰ, ਚਾਹ, ਕਾਹਵਾ, ਸਜਾਵਟੀ ਸਾਮਾਨ ਵੇਚਣ ਵਾਲੇ ਤੁਹਾਡੇ ਨਾਲ ਸੰਪਰਕ ਕਰਦੇ ਹਨ। ਉਹ ਆਪਣੀ ਨਿੱਕੀ ਕਿਸ਼ਤੀ ਤੁਹਾਡੇ ਸ਼ਿਕਾਰੇ ਦੇ ਲਾਗੇ ਲਿਆ ਕੇ ਤੁਹਾਨੂੰ ਸਾਮਾਨ ਵਿਖਾਉਂਦੇ ਹਨ। ਇਨ੍ਹਾਂ ਦੀ ਰੋਜ਼ੀ-ਰੋਟੀ ਸੈਲਾਨੀ ਹੀ ਹਨ। ਗੰਜੇ ਨੂੰ ਕੰਘੀ ਵੇਚਣ ਦੀ ਸਮਰੱਥਾ ਰੱਖਦੇ ਸੇਲਜ਼ਮੈਨ ਹਰ ਚੀਜ਼ ਦਾ ਭਾਅ ਪਹਿਲਾਂ ਅਸਮਾਨੀ ਚਾੜ੍ਹ ਦਿੰਦੇ ਹਨ ਤੇ ਫਿਰ ਗਾਹਕ ਦੀ ਨਬਜ਼ ਵੇਖ ਕੇ ਭਾਅ ਧਰਤੀ 'ਤੇ ਲੈ ਆਉਂਦੇ ਹਨ। ਗੱਲਾਂ ਦਾ ਕੜਾਹ ਬਣਾਉਣ ਦੇ ਸੁਪਰ ਸਪੈਸ਼ਲਿਸਟ ਹਨੀਮੂਨ ਮਨਾਉਣ ਆਏ ਜੋੜੇ ਨੂੰ ਇਕ ਮੁਖਾਤਿਬ ਹੁੰਦੇ ਹਨ 'ਲੇ ਲੋ ਸਾਹਿਬ ਮੇਮ ਸਾਹਬ ਯਹ ਸ਼ਾਲ ਓੜ ਕਰ ਚਲੇਗੀ ਤੋਂ ਟ੍ਰੈਫਿਕ ਜਾਮ ਹੋ ਜਾਏਗਾ, ਲੋਗ ਰੁਕ ਰੁਕ ਕਰ ਦੇਖੇਂਗੇ।' ਡੱਲ ਝੀਲ 'ਚ ਵੱਡਾ ਬਾਜ਼ਾਰ ਹੈ।
(ਬਾਕੀ ਅਗਲੇ ਐਤਵਾਰ ਦੇ ਅੰਕ 'ਚ)


-ਭਾਖੜਾ ਰੋਡ, ਨੰਗਲ-140124.
ਮੋਬਾ : 98156-24927. grewal.dam@gmail.com

ਗ਼ਜ਼ਲ

* ਜਸਵੰਤ ਸਿੰਘ ਸੇਖਵਾਂ *

ਖੰਡਰ ਹੀ ਦੱਸ ਰਹੇ ਨੇ, ਕਿੰਜ ਝੱਲੀਆਂ ਸੀ ਮਾਰਾਂ।
ਰੰਗੀਆਂ ਸੀ ਜੋ ਲਹੂ ਨੇ, ਮੌਜੂਦ ਨੇ ਦੀਵਾਰਾਂ।

ਇਹ ਜੋ ਸਫ਼ਰ ਜ਼ਿੰਦਗੀ ਦਾ, ਹਰ ਮੋੜ 'ਤੇ ਬਦਲਦਾ ਹੈ,
ਕਿਤੇ ਲੋੜ ਸਿਮਰਨੇ ਦੀ, ਕਿਤੇ ਚਾਹੀਦੀਆਂ ਕਟਾਰਾਂ।

ਹੈ ਡਰ ਵੀ ਮੌਸਮਾਂ ਦਾ, ਚੋਗੇ ਦੀ ਭਾਲ ਵੀ ਹੈ,
ਹੈ ਸਫ਼ਰ ਉਮਰ ਭਰ ਦਾ, ਚਲਦੇ ਨੇ ਬਣ ਕੇ ਡਾਰਾਂ।

ਗੋਹੜੇ 'ਚੋਂ ਮੈਂ ਤਾਂ ਹਾਲੇ, ਪੂਣੀ ਵੀ ਨਹੀਓਂ ਛੋਹੀ,
ਸੀਨੇ 'ਚ ਧੁਖਦੀਆਂ ਜੋ, ਰੀਝਾਂ ਨੂੰ ਕਿੰਜ ਠਾਰਾਂ।

ਦੁਨੀਆ ਦੀ ਭੀੜ ਅੰਦਰ, ਕਦੇ ਫੇਰ ਵੀ ਮਿਲਾਂਗੇ,
ਸ਼ਾਇਦ, ਮਿਲ ਹੀ ਜਾਵਣ, ਫਿਰ ਸਾਡੀਆਂ ਵਿਚਾਰਾਂ।

ਨੇਰ੍ਹੇ ਨੂੰ ਚੀਰ ਕੇ ਹੀ, ਨਿਕਲੇਗਾ ਪਹੁਫੁਟਾਲਾ,
ਨਾ ਡਰ ਤੂੰ ਪਤਝੜਾਂ ਤੋਂ, ਫਿਰ ਆਉਣੀਆਂ ਬਹਾਰਾਂ।

ਮਰਨਾ ਹੈ ਅਮਰ ਉਸ ਦਾ, ਰੋਵੇ ਜਹਾਨ ਜਿਸਨੂੰ,
ਲੱਗਣ ਚਿਤਾ 'ਤੇ ਮੇਲੇ, ਢਾਡੀ ਵੀ ਗਾਉਣ ਵਾਰਾਂ।

ਸ਼ੱਕ ਦੁਸ਼ਮਣਾਂ 'ਤੇ ਐਵੇਂ, ਰਿਹਾ ਸੇਖਵਾਂ ਸੀ ਕਰਦਾ,
ਖੁੱਲ੍ਹਿਆ ਸੀ ਰਾਜ਼ ਉਦੋਂ, ਜਦ ਮਾਰਿਆ ਸੀ ਯਾਰਾਂ।


-ਮੋਬਾਈਲ : 98184-89010.

ਹੰਕਾਰ

ਹੰਕਾਰ ਪੰਜ ਵਿਕਾਰਾਂ ਵਿਚੋਂ ਪੰਜਵੇਂ ਨੰਬਰ 'ਤੇ ਆਉਂਦਾ ਹੈ। ਜਿਥੇ ਇਹ ਦੂਜੇ ਨੂੰ ਤੰਗ ਕਰਦਾ ਹੈ, ਉਥੇ ਇਹ ਹੰਕਾਰੀ ਮਨੁੱਖ ਨੂੰ ਛੇਤੀ ਹੀ ਸਬਕ ਸਿਖਾ ਕੇ ਅਗਾਂਹ ਤੁਰਦਾ ਬਣਦਾ ਹੈ। ਕਿਸੇ ਨੇ ਠੀਕ ਹੀ ਕਿਹਾ ਹੈ ਕਿ ਮਨੁੱਖ ਜਿੰਨਾ ਆਪ ਛੋਟਾ ਹੁੰਦਾ ਹੈ, ਉਸ ਦਾ ਹੰਕਾਰ ਓਨਾ ਹੀ ਵੱਡਾ ਹੁੰਦਾ ਹੈ। ਇਸ ਤਰ੍ਹਾਂ ਕਈ ਵਾਰ ਕਈ ਮਾਨਵ ਹੰਕਾਰ ਵਿਚ ਆ ਕੇ ਦਾਨਵ ਦਾ ਰੂਪ ਧਾਰਨ ਕਰਨ ਵਿਚ ਦੇਰੀ ਨਹੀਂ ਲਾਉਂਦੇ। ਕਿਸੇ ਵਿਅਕਤੀ ਕੋਲ ਥੋੜ੍ਹੀ ਜਿਹੀ ਦੌਲਤ ਤਾਂ ਸ਼ੋਹਰਤ ਆ ਜਾਵੇ ਤੇ ਉਹ ਫਿਰ ਨਿੱਕੇ ਜਿਹੇ ਘਰ ਨੂੰ ਕੋਠੀ, ਮਹਿਲ ਜਾਂ ਬੰਗਲਾ ਦੱਸਣ ਲੱਗ ਜਾਵੇ ਤਾਂ ਸਮਝੋ ਉਹ ਹੰਕਾਰ ਦੀ ਲਪੇਟ 'ਚ ਆ ਗਿਆ ਹੈ। ਹੰਕਾਰੀ ਬੰਦਾ ਪੁਰਾਣੇ ਮਿੱਤਰਾਂ ਨੂੰ ਅਤੇ ਖ਼ਾਸ-ਖ਼ਾਸ ਰਿਸ਼ਤੇ ਨਾਤੇ ਭੁੱਲ ਕੇ ਹੰਕਾਰ ਦੀ ਅੱਗ ਵਿਚ ਸੜਦਾ ਬਲਦਾ ਹੋਇਆ ਆਪਣਿਆਂ ਅਤੇ ਦੂਜਿਆਂ ਦੀਆਂ ਆਤਮਾਵਾਂ ਨੂੰ ਜ਼ਖ਼ਮੀ ਕਰਦਾ ਹੋਇਆ ਬੰਦੇ ਨੂੰ ਬੰਦਾ ਸਮਝਣ ਦੀ ਸਮਝ ਗੁਆ ਬੈਠਦਾ ਹੈ।
ਹੰਕਾਰੀ ਵਿਅਕਤੀ ਪਿਆਰ ਦੀਆਂ ਭਾਵਨਾਵਾਂ ਦੀ ਡੂੰਘਾਈ ਨਹੀਂ ਮਾਪ ਸਕਦਾ, ਕਿਉਂਕਿ ਉਸ ਦੀ ਸੋਚ ਦਾ ਦਾਇਰਾ ਛੋਟਾ ਹੋ ਜਾਂਦਾ ਹੈ। ਉਹ ਫਿਰ ਆਪੇ ਤੋਂ ਬਾਹਰ ਹੋ ਕੇ ਆਪਣੀ ਸਮਝ ਗੁਆ ਬੈਠਦਾ ਹੈ।
ਹੰਕਾਰ ਦੇ ਨਸ਼ੇ ਵਿਚ ਰੱਬ ਬਣੇ ਮਨੁੱਖ ਨੂੰ ਧਰਤੀ ਆਕਾਸ਼ ਕਾਦਰ ਦੀ ਕੁਦਰਤ ਅਤੇ ਸਮਾਜ ਵੀ ਅਜਿਹੀ ਸਜ਼ਾ ਦਿੰਦਾ ਹੈ ਕਿ ਉਹ ਆਪਣੇ ਹੀ ਪੁੱਟੇ ਟੋਇਆਂ ਵਿਚ ਡਿਗਦਾ ਹੈ ਅਤੇ ਆਪਣੇ ਬੁਣੇ ਹੋਏ ਜਾਲ ਵਿਚ ਫਸਦਾ ਹੈ। ਇਸ ਲਈ ਇਸ ਵਿਚਾਰ ਅਤੇ ਹੰਕਾਰ ਰੂਪੀ ਨਸ਼ੇ ਤੋਂ ਬਚਣ ਵਿਚ ਹੀ ਭਲਾਈ ਹੈ। ਕਹਿੰਦੇ ਹਨ ਹੰਕਾਰੀ ਮਨੁੱਖ ਜਿੰਨਾ ਜ਼ਮੀਨ ਤੋਂ ਉੱਪਰ ਉੱਠਦਾ ਹੈ, ਓਨਾ ਹੀ ਜੜ੍ਹ ਨਾਲੋਂ ਟੁਟ ਕੇ ਇਕ ਦਿਨ ਮੂਧੇ ਮੂੰਹ ਡਿਗਦਾ ਹੈ। ਅਜੋਕੇ ਰਿਸ਼ਤਿਆਂ ਵਿਚ ਆਏ ਫਿੱਕੇਪਣ ਦਾ ਕਾਰਨ ਵੀ ਬੇਲੋੜੇ ਪੈਸੇ ਦਾ ਹੰਕਾਰ ਹੀ ਬਣਦਾ ਹੈ। ਨੈਤਿਕ ਕਦਰਾਂ-ਕੀਮਤਾਂ ਦੇ ਹੰਕਾਰੀ ਵਿਅਕਤੀ ਪ੍ਰਵਾਹ ਨਹੀਂ ਕਰਦੇ। ਹੰਕਾਰ ਰਿਸ਼ਤਿਆਂ ਵਿਚ ਦੀਵਾਰ ਵਾਂਗ ਆ ਖੜ੍ਹਦਾ ਹੈ। ਮਹਾਂ ਉਪਨਿਸ਼ਦ 'ਚ ਲਿਖਿਆ ਹੈ ਕਿ ਹੰਕਾਰ (ਹਊਮੈ) ਦੀ ਰੁਚੀ ਹੋਣਾ ਆਪਣੀ ਆਤਮਾ ਦੇ ਸੱਚ ਤੋਂ ਡਿਗਣਾ ਹੈ।
ਆਪਣੇ ਆਲੇ-ਦੁਆਲੇ ਦੀ ਹਰਿਆਲੀ ਤੇ ਖ਼ੁਸ਼ਹਾਲੀ ਨੂੰ ਬਰਕਰਾਰ ਰੱਖਣ ਲਈ ਸਾਨੂੰ ਹੰਕਾਰ ਤੋਂ ਬਚਣਾ ਚਾਹੀਦਾ ਹੈ। ਸਮਾਜ ਵਿਚ ਫੇਰ ਹੀ ਵਡਿਆਈ ਤੇ ਚੰਗਿਆਈ ਹੋ ਸਕਦੀ ਹੈ। ਸੋ, ਅਤੀਤ ਅਤੇ ਔਕਾਤ ਨੂੰ ਹਮੇਸ਼ਾ ਯਾਦ ਰੱਖੋ। ਕਿਸੇ ਦੀ ਆਤਮਾ ਨੂੰ ਕਦੇ ਵੀ ਦੁੱਖ ਨਾ ਪਹੁੰਚਾਈਏ। ਆਪਣੇ ਮਨ ਮੰਦਰ ਨੂੰ ਸੁੰਦਰ ਅਤੇ ਸੋਹਣੇ ਵਿਚਾਰਾਂ ਨਾਲ ਸਜਾਈਏ। ਚੰਗੇ ਵਿਚਾਰਾਂ ਅਤੇ ਚੰਗੀ ਸੰਗਤ ਕਰਨ ਨਾਲ ਹੀ ਹੰਕਾਰ ਤੋਂ ਬਚਿਆ ਜਾ ਸਕਦਾ ਹੈ। ਇਸ ਲਈ ਹਰ ਇਕ ਨਾਲ ਹੰਕਾਰ ਤਿਆਗ ਕੇ ਵਿਵਹਾਰ ਕੀਤਾ ਜਾਵੇ ਤਾਂ ਫੇਰ ਦੇਖੋ ਤੁਹਾਡੀ ਰੂਹ ਨੂੰ ਕਿੰਨਾ ਸਕੂਨ ਮਿਲਦਾ ਹੈ।
ਸੋ, ਆਪਣੀ ਮਾਨਸਿਕ ਅਤੇ ਸਰੀਰਕ ਊਰਜਾ ਈਰਖਾ ਨਿੰਦਾ ਅਤੇ ਹੰਕਾਰ ਜਿਹੇ ਵਿਕਾਰਾਂ ਦੀ ਲਪੇਟ ਵਿਚ ਲਿਆ ਕੇ ਨਸ਼ਟ ਨਾ ਕਰੋ। ਅਜਿਹੇ ਵਿਕਾਰਾਂ ਤੋਂ ਬਚਣਾ ਹੀ ਚੰਗਾ ਹੈ। ਸੋ, ਚੰਗੇ ਵਿਚਾਰਾਂ ਦਾ ਅਧਿਐਨ ਕਰਦੇ ਰਹਿਣ ਨਾਲ ਚੰਗੀ ਸਾਂਝ ਦੀ ਤੰਦ ਜੁੜਦੀ ਹੈ ਅਤੇ ਮਜ਼ਬੂਤ ਹੁੰਦੀ ਹੈ। ਚੰਗੇ ਲੋਕਾਂ ਦੀ ਸੰਗਤ ਦੇ ਸਾਥ ਤੋਂ ਵਿਰਵੇ ਵਿਅਕਤੀ ਅਨ੍ਹੇਵਾਹ ਹੀ ਹਊਮੈ ਦੀ ਲਪੇਟ ਵਿਚ ਆ ਜਾਂਦੇ ਹਨ। ਕਦੇ ਵੀ ਦੂਜਿਆਂ ਨੂੰ ਨੀਵਾਂ ਦਿਖਾਉਣ ਦਾ ਭਰਮ-ਭੁਲੇਖਾ ਪੈਦਾ ਨਾ ਕਰੋ, ਹੰਕਾਰ ਦੇ ਨਸ਼ੇ ਵਿਚ ਆ ਕੇ ਆਪੇ ਤੋਂ ਬਾਹਰ ਹੋ ਕੇ ਕਿਸੇ ਦੀ ਆਤਮਾ ਨੂੰ ਤੰਗ ਪ੍ਰੇਸ਼ਾਨ ਕਰਨ ਦਾ ਕਦੇ ਵੀ ਹੱਕ ਨਹੀਂ ਜਤਾਉਣਾ ਚਾਹੀਦਾ। ਸੁਨੱਖਾ, ਸੁਚੱਜਾ ਸਲੀਕੇ ਵਾਲਾ ਅਤੇ ਸ਼ਿਸ਼ਟਾਚਾਰ, ਸਦਾਚਾਰੀ ਜੀਵਨ ਹੀ ਸਾਨੂੰ ਜੜ੍ਹਾਂ ਨਾਲ ਜੋੜਦਾ ਹੈ। ਕੁੱਲ ਮਿਲਾ ਕੇ ਹੰਕਾਰ ਤੋਂ ਰਹਿਤ ਹੋ ਕੇ ਨਵੇਂ ਅਤੇ ਪੁਰਾਣੇ ਰਿਸ਼ਤਿਆਂ ਦੀਆਂ ਗੰਢਾਂ ਨੂੰ ਮਜ਼ਬੂਤ ਬਣਾਈਏ ਤਾਂ ਕਿ ਖ਼ੂਨ ਦੇ ਅਤੇ ਦਿਲਾਂ ਦੇ ਰਿਸ਼ਤਿਆਂ ਦੀ ਉਮਰ ਵਡੇਰੀ ਹੋਵੇ।


-ਸਨੇਹਇੰਦਰ ਸਿੰਘ ਮੀਲੂ ਫਰੌਰ
932/25, ਖੰਨਾ-141401.
ਸੰਪਰਕ : 93163-17356

ਭੁੱਲੀਆਂ ਵਿਸਰੀਆਂ ਯਾਦਾਂ

ਇਹ ਤਸਵੀਰ ਉਸ ਸਮੇਂ ਦੀ ਖਿੱਚੀ ਹੋਈ ਏ ਜਦੋਂ ਸੰਤ ਹਰਚੰਦ ਸਿੰਘ ਲੌਂਗੋਵਾਲ, ਗਵਾਲੀਅਰ ਦੀ ਜੇਲ੍ਹ ਵਿਚੋਂ ਰਿਹਾਅ ਹੋ ਕੇ ਆਏ ਸਨ। ਸ: ਸੋਭਾ ਸਿੰਘ ਆਰਟਿਸਟ ਦੀ ਸੰਤ ਜੀ ਨਾਲ ਨੇੜਤਾ ਸੀ ਕਿਉਂਕਿ ਸੰਤ ਜੀ ਸ: ਸੋਭਾ ਸਿੰਘ ਦੇ ਜਨਮ ਦਿਨ 'ਤੇ ਅੰਦਰੇਟੇ ਉਨ੍ਹਾਂ ਨੂੰ ਜਨਮ ਦਿਨ ਦੀ ਵਧਾਈ ਦੇਣ ਅਕਸਰ ਜਾਂਦੇ ਹੁੰਦੇ ਸਨ। ਇਸ ਕਰਕੇ ਸ: ਸੋਭਾ ਸਿੰਘ ਸੰਤ ਜੀ ਨੂੰ ਵਿਸ਼ੇਸ਼ ਤੌਰ 'ਤੇ ਅੰਮ੍ਰਿਤਸਰ ਮਿਲਣ ਲਈ ਆਏ ਸੀ। ਸੰਤ ਜੀ ਨੇ ਸ: ਸੋਭਾ ਸਿੰਘ ਨੂੰ ਕੁਝ ਦੇਣਾ ਚਾਹਿਆ ਪਰ ਸ: ਸੋਭਾ ਸਿੰਘ ਨੇ ਆਪਣੇ ਦੋਵੇਂ ਹੱਥ ਜੋੜ ਦਿੱਤੇ। ਸ: ਸੋਭਾ ਸਿੰਘ ਨੇ ਇਹ ਕਿਹਾ ਸੀ 'ਅਸੀਂ ਆਪ ਜੀ ਦੇ ਦਰਸ਼ਨ ਕਰਨ ਲਈ ਆਏ ਸੀ।'


-ਮੋਬਾਈਲ : 98767-41231

ਨਹਿਲੇ 'ਤੇ ਦਹਿਲਾ

ਅੱਗ ਤੇ ਪਾਣੀ

ਜੋਸ਼ ਮਲੀਹਾਬਾਦੀ ਉਰਦੂ ਜ਼ਬਾਨ ਦੇ ਮੰਨੇ-ਪ੍ਰਮੰਨੇ ਸ਼ਾਇਰ ਸਨ। ਮਲੀਹਾਬਾਦ ਲਖਨਊ ਤੋਂ ਕਾਫੀ ਦੂਰ ਉਰਲੇ ਪਾਸੇ ਸਥਿਤ ਹੈ। ਜੋਸ਼ ਸਾਹਿਬ ਵੱਡੇ ਜ਼ਿਮੀਂਦਾਰ ਸਨ ਅਤੇ ਉਨ੍ਹਾਂ ਦੇ ਅੰਬਾਂ ਦੇ ਬਾਗ਼ ਸਨ। ਮਲੀਹਾਬਾਦ ਦੇ ਲਾਗੇ ਇਕ ਛੋਟਾ ਜਿਹਾ ਪਿੰਡ ਦਸਹਿਰੀ ਹੈ, ਜਿਥੋਂ ਦੇ ਦਸਹਿਰੀ ਅੰਬ ਬੜੇ ਸੁਆਦੀ ਹੁੰਦੇ ਹਨ।
ਜੋਸ਼ ਸਾਹਬ ਨੂੰ ਸ਼ਰਾਬ ਪੀਣ ਦਾ ਸ਼ੌਕ ਸੀ। ਉਨ੍ਹਾਂ ਦੀ ਬੇਗ਼ਮ ਉਨ੍ਹਾਂ ਦੀ ਸ਼ਾਇਰੀ ਕਰਕੇ ਵੀ ਉਨ੍ਹਾਂ ਦੀ ਅੰਤਾਂ ਦੀ ਕਦਰ ਕਰਦੀ ਸੀ। ਸ਼ਾਮ ਹੁੰਦੇ ਹੀ ਉਨ੍ਹਾਂ ਦੀ ਬੇਗ਼ਮ ਪੈੱਗ ਬਣਾ-ਬਣਾ ਕੇ ਭੇਜਦੀ ਰਹਿੰਦੀ ਅਤੇ ਉਹ ਪੀਂਦੇ ਰਹਿੰਦੇ, ਦੋ-ਤਿੰਨ ਘੰਟੇ ਰੋਜ਼ ਉਨ੍ਹਾਂ ਦਾ ਸਿਲਸਿਲਾ ਜਾਰੀ ਰਹਿੰਦਾ। ਇਸ ਤੋਂ ਬਾਅਦ ਉਹ ਖਾਣਾ ਖਾਂਦੇ ਅਤੇ ਆਰਾਮ ਕਰਦੇ ਸਨ।
ਉਨ੍ਹਾਂ ਦੇ ਇਕ ਮਿੱਤਰ ਆਜ਼ਾਦ ਅਨਸਾਰੀ ਜੋਸ਼ ਸਾਹਿਬ ਨੂੰ ਮਿਲਣ ਆਏ। ਉਨ੍ਹਾਂ ਦੀ ਬੇਗਮ ਅਨਸਾਰੀ ਸਾਹਬ ਤੋਂ ਬੜੀ ਚਿੜਦੀ ਸੀ। ਜੋਸ਼ ਸਾਹਬ ਨੇ ਆਪਣੀ ਬੇਗ਼ਮ ਨੂੰ ਸ਼ਰਾਬ ਦੀ ਬੋਤਲ ਭੇਜਣ ਲਈ ਆਵਾਜ਼ ਮਾਰੀ। ਬੇਗ਼ਮ ਨੇ ਇਕ ਬੋਤਲ ਬਾਹਰ ਭੇਜ ਦਿੱਤੀ। ਜੋਸ਼ ਸਾਹਬ ਸੋਡਾ ਅਤੇ ਖਾਣ ਲਈ ਨਮਕੀਨਾਂ ਦੀ ਉਡੀਕ ਕਰਦੇ ਰਹੇ। ਜਦੋਂ ਕਾਫੀ ਦੇਰ ਹੋ ਗਈ ਤਾਂ 'ਵਾਜ਼ ਮਾਰ ਕੇ ਬੇਗ਼ਮ ਨੂੰ ਬਾਹਰ ਬੁਲਾ ਲਿਆ। ਬੇਗ਼ਮ ਬਾਹਰ ਆਈ ਤਾਂ ਜੋਸ਼ ਸਾਹਬ ਨੇ ਬੜੀ ਨਰਮੀ ਨਾਲ ਉਨ੍ਹਾਂ ਨੂੰ ਇਹ ਸ਼ਿਅਰ ਸੁਣਾਇਆ:
ਕਸ਼ਤੀ-ਏ-ਮੈਅ ਕੋ ਹੁਕਮ-ਏ-ਰਵਾਨੀ ਭੀ ਭੇਜ ਦੋ,
ਜਬ ਆਗ ਭੇਜਦੀ ਹੈ ਤੋ ਪਾਨੀ ਭੀ ਭੇਜ ਦੋ।
ਇਹ ਸ਼ਿਅਰ ਸੁਣ ਕੇ ਉਨ੍ਹਾਂ ਦੀ ਬੇਗ਼ਮ ਮੁਸਕਰਾਈ ਅਤੇ ਅੰਦਰੋਂ ਇਕ ਬੋਤਲ ਸੋਡਾ ਅਤੇ ਤਾਜ਼ਾ ਬਣੇ ਕਬਾਬ ਵੀ ਭੇਜ ਦਿੱਤੇ।


-ਜੇਠੀ ਨਗਰ, ਮਾਲੇਰਕੋਟਲਾ ਰੋਡ, ਖੰਨਾ-141401.
ਮੋਬਾਈਲ : 94170-91668.


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX