ਤਾਜਾ ਖ਼ਬਰਾਂ


ਸੰਘਣੀ ਧੁੰਦ ਕਾਰਨ ਵਾਪਰੇ ਹਾਦਸੇ ਵਿਚ 1 ਮੌਤ, 5 ਜ਼ਖਮੀ
. . .  14 minutes ago
ਮੋਗਾ, 17 ਜਨਵਰੀ - ਮੋਗਾ ਕੋਟਕਪੂਰਾ ਰੋਡ 'ਤੇ ਵਾਪਰੇ ਭਿਆਨਕ ਸੜਕ ਹਾਦਸੇ ਵਿਚ ਇਕ ਮੌਤ ਹੋ ਗਈ ਹੈ ਤੇ 5 ਹੋਰ ਜ਼ਖਮੀ ਹੋਏ ਹਨ। ਜ਼ਖਮੀਆਂ ਨੂੰ ਮੋਗਾ ਦੇ ਸਰਕਾਰੀ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ। ਇਹ ਹਾਦਸਾ ਸੰਘਣੀ ਧੁੰਦ ਕਾਰਨ ਵਾਪਰਿਆ...
ਅੱਜ ਡੇਰਾ ਸਿਰਸਾ ਮੁਖੀ ਨੂੰ ਛਤਰਪਤੀ ਕਤਲ ਮਾਮਲੇ 'ਚ ਹੋਵੇਗੀ ਸਜ਼ਾ
. . .  23 minutes ago
ਜਲੰਧਰ, 17 ਜਨਵਰੀ - ਪੱਤਰਕਾਰ ਰਾਮਚੰਦਰ ਛਤਰਪਤੀ ਦੇ ਕਤਲ ਮਾਮਲੇ 'ਚ ਅੱਜ ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ ਵੱਲੋਂ ਡੇਰਾ ਸਿਰਸਾ ਮੁਖੀ ਰਾਮ ਰਹੀਮ ਸਮੇਤ ਕ੍ਰਿਸ਼ਨ ਲਾਲ, ਨਿਰਮਲ ਸਿੰਘ ਤੇ ਕੁਲਦੀਪ ਸਿੰਘ ਨੂੰ ਸਜ਼ਾ ਸੁਣਾਈ ਜਾਵੇਗੀ। ਇਨ੍ਹਾਂ ਨੂੰ ਇਕੱਠੇ ਵੀਡੀਓ ਕਾਨਫਰੰਸਿੰਗ ਰਾਹੀਂ ਸਜ਼ਾ ਸੁਣਾਈ...
ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 'ਚ ਹੋਇਆ ਵਾਧਾ
. . .  41 minutes ago
ਨਵੀਂ ਦਿੱਲੀ, 17 ਜਨਵਰੀ - ਪੈਟਰੋਲ ਤੇ ਡੀਜਲ ਦੀਆਂ ਕੀਮਤਾਂ 'ਚ ਅੱਜ ਇਕ ਵਾਰ ਫਿਰ ਵਾਧਾ ਦੇਖਣ ਨੂੰ ਮਿਲਿਆ। ਰਾਜਧਾਨੀ ਦਿੱਲੀ 'ਚ ਪੈਟਰੋਲ ਦੀ ਕੀਮਤ 'ਚ 14 ਪੈਸੇ ਪ੍ਰਤੀ ਲੀਟਰ ਵਾਧਾ ਦਰਜ ਕੀਤਾ ਗਿਆ। ਇਸ ਨਾਲ ਪੈਟਰੋਲ ਦੀ ਕੀਮਤ 70.47 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਉੱਥੇ ਹੀ, ਰਾਜਧਾਨੀ...
ਅੱਜ ਦਾ ਵਿਚਾਰ
. . .  54 minutes ago
ਹੈੱਡ ਕਾਂਸਟੇਬਲ ਨੇ ਟ੍ਰੈਫਿਕ ਪੁਲਿਸ ਦੇ ਸਹਾਇਕ ਸਬ ਇੰਸਪੈਕਟਰ ਨੂੰ ਮਾਰੀ ਗੋਲੀ
. . .  1 day ago
ਡੇਰਾਬਸੀ , 16 ਜਨਵਰੀ ( ਸ਼ਾਮ ਸਿੰਘ ਸੰਧੂ)-ਡੇਰਾਬਸੀ ਪੁਲਿਸ ਸਟੇਸ਼ਨ ਵਿਖੇ ਇੱਕ ਹੈੱਡ ਕਾਂਸਟੇਬਲ ਨੇ ਟ੍ਰੈਫਿਕ ਪੁਲਿਸ ਡੇਰਾਬਸੀ ਦੇ ਇੰਚਾਰਜ ਸਹਾਇਕ ਸਬ ਇੰਸਪੈਕਟਰ ਲਖਵਿੰਦਰ ਸਿੰਘ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਹੈ
ਸੀਰੀਆ ਧਮਾਕੇ 'ਚ 30 ਨਾਗਰਿਕਾਂ ਦੀ ਮੌਤ
. . .  1 day ago
ਅਮਿੱਤ ਸ਼ਾਹ ਨੂੰ ਹੋਇਆ ਸਵਾਈਨ ਫਲੂ , ਏਮਜ਼ 'ਚ ਭਰਤੀ
. . .  1 day ago
ਨਵੀਂ ਦਿੱਲੀ ,16 ਜਨਵਰੀ - ਭਰਤੀ ਜਨਤਾ ਪਾਰਟੀ ਦੇ ਪ੍ਰਧਾਨ ਅਮਿੱਤ ਸ਼ਾਹ ਨੂੰ ਸਵਾਈਨ ਫਲੂ ਹੋਣ ਕਰਕੇ ਏਮਜ਼ 'ਚ ਭਰਤੀ ਕੀਤਾ ਗਿਆ ਹੈ।
'ਖੇਲੋ ਇੰਡੀਆ' 'ਚ ਬੁਢਲਾਡਾ ਤਹਿਸੀਲ ਦੀ ਪ੍ਰਦੀਪ ਕੌਰ ਨੇ ਜਿੱਤਿਆ ਕਾਂਸੇ ਦਾ ਮੈਡਲ
. . .  1 day ago
ਬੁਢਲਾਡਾ, 16 ਜਨਵਰੀ (ਸਵਰਨ ਸਿੰਘ ਰਾਹੀ) - ਮਹਾਰਾਸ਼ਟਰ ਦੇ ਪੁਣੇ 'ਚ ਚੱਲ ਰਹੀਆਂ 'ਖੇਲੋ ਇੰਡੀਆ' ਖੇਡਾਂ 'ਚ ਬੁਢਲਾਡਾ ਤਹਿਸੀਲ ਦੇ ਪਿੰਡ ਦੋਦੜਾ ਦੀ ਨਿਸ਼ਾਨੇਬਾਜ਼ ਪ੍ਰਦੀਪ ਕੌਰ ਸਿੱਧੂ ਨੇ 10 ਮੀਟਰ ਏਅਰ ਪਿਸਟਲ (ਮਿਕਸ) ਜੂਨੀਅਰ ਵਰਗ 'ਚ ਕਾਂਸੇ ਦਾ ਮੈਡਲ ਜਿੱਤ ਕੇ ਪਿੰਡ ਅਤੇ ਪੰਜਾਬ ਦਾ ਨਾਂਅ ਰੌਸ਼ਨ ਕੀਤਾ ਹੈ।
ਜਸਟਿਸ ਸੰਜੀਵ ਖੰਨਾ ਅਤੇ ਜਸਟਿਸ ਮਹੇਸ਼ਵਰੀ ਸੁਪਰੀਮ ਕੋਰਟ ਦੇ ਜੱਜ ਨਿਯੁਕਤ
. . .  1 day ago
ਨਵੀਂ ਦਿੱਲੀ, 16 ਜਨਵਰੀ - ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਦਿੱਲੀ ਹਾਈਕੋਰਟ ਦੇ ਚੀਫ਼ ਜਸਟਿਸ ਸੰਜੀਵ ਖੰਨਾ ਅਤੇ ਕਰਨਾਟਕ ਹਾਈਕੋਰਟ ਦੇ ਜੱਜ ਦਿਨੇਸ਼ ਮਹੇਸ਼ਵਰੀ ਨੂੰ ਸੁਪਰੀਮ ਕੋਰਟ ਦਾ...
ਤਾਮਿਲਨਾਡੂ ਦਾ ਡੀ ਗੁਕੇਸ਼ ਬਣਿਆ ਦੁਨੀਆ ਦਾ ਦੂਜਾ ਸਭ ਤੋਂ ਛੋਟੀ ਉਮਰ ਦਾ ਸ਼ਤਰੰਜ ਗ੍ਰੈਂਡਮਾਸਟਰ
. . .  1 day ago
ਚੇਨਈ, 16 ਜਨਵਰੀ - ਤਾਮਿਲਨਾਡੂ ਦਾ ਡੀ ਗੁਕੇਸ਼ ਦੁਨੀਆ ਦਾ ਦੂਜਾ ਸਭ ਤੋਂ ਛੋਟੀ ਉਮਰ ਦਾ ਸ਼ਤਰੰਜ ਗ੍ਰੈਂਡ ਮਾਸਟਰ ਬਣਿਆ ਹੈ। ਇਸ ਮੌਕੇ ਡੀ ਗੁਕੇਸ਼ ਨੇ ਆਪਣੇ ਮਾਤਾ ਪਿਤਾ, ਕੋਚ, ਦੋਸਤਾਂ...
ਹੋਰ ਖ਼ਬਰਾਂ..

ਸਾਡੇ ਪਿੰਡ ਸਾਡੇ ਖੇਤ

ਸਬਜ਼ੀ ਕਾਸ਼ਤਕਾਰਾਂ ਲਈ ਵਰਦਾਨ ਹੈ ਨੀਵੀਂ ਸੁਰੰਗ (ਲੋਅ-ਟਨਲ) ਤਕਨੀਕ

ਉਦਯੋਗੀਕਰਨ ਅਤੇ ਸ਼ਹਿਰੀਕਰਨ ਦੀ ਤਰੱਕੀ ਅਤੇ ਦਿਹਾਤੀ ਖੇਤਰ ਦਾ ਵਿਸਤਾਰ ਹੋਣ ਕਰਕੇ ਖੇਤੀ ਰਕਬਾ ਘੱਟ ਰਿਹਾ ਹੈ ਪਰ ਖੇਤੀ ਅਰਥਚਾਰੇ ਨੂੰ ਬਰਕਰਾਰ ਰੱਖਣ ਅਤੇ ਵਧ ਰਹੀ ਜਨਸੰਖਿਆ ਨੂੰ ਲੋੜੀਂਦੀ ਖੁਰਾਕ ਮੁਹੱਈਆ ਕਰਵਾਉਣ ਲਈ ਖੇਤੀ ਉਤਪਾਦਨ ਵਧਾਉਣ ਦੀ ਬਹੁਤ ਜ਼ਰੂਰਤ ਹੈ। ਇਸ ਲਈ ਪੋਸ਼ਟਿਕ ਖੁਰਾਕ ਅਤੇ ਰੋਜ਼ਗਾਰ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਸਬਜ਼ੀਆਂ ਦੀ ਕਾਸ਼ਤ ਨੂੰ ਮਹੱਤਵਪੂਰਨ ਸਥਾਨ ਦੇਣਾ ਸਮੇਂ ਦੀ ਮੁੱਖ ਲੋੜ ਹੈ। ਭਾਰਤ ਦੇ ਉੱਤਰ ਪੱਛਮੀ ਮੈਦਾਨਾਂ ਵਿਚ ਮੌਸਮੀ ਵਿਗਾੜ ਦੀਆਂ ਚੁਣੌਤੀਆਂ ਖਾਸ ਕਰਕੇ ਸਰਦੀਆਂ ਦੌਰਾਨ ਸੰਭਾਵੀ ਪੈਦਾਵਾਰ ਲੈਣ ਲਈ ਕਾਫੀ ਦਿੱਕਤ ਹੁੰਦੀ ਹੈ। ਇਸ ਮੌਸਮ ਦੌਰਾਨ ਸਬਜ਼ੀਆਂ ਦੀ ਪੈਦਾਵਾਰ ਕੁਸ਼ਲਤਾ ਨੂੰ ਵਧਾਉਣ ਅਤੇ ਠੰਢ ਤੋਂ ਬਚਾਉਣ ਲਈ ਪੂਰਨ ਜਾਂ ਅੰਸ਼ਿਕ ਤੌਰ 'ਤੇ ਸੋਧੀਆਂ ਹੋਈਆਂ ਤਕਨੀਕਾਂ ਵਿਕਸਿਤ ਕੀਤੀਆ ਗਈਆਂ ਹਨ।
ਰਵਾਇਤੀ ਤੌਰ 'ਤੇ ਅਗੇਤੀਆਂ ਸਬਜ਼ੀਆਂ ਪੈਦਾ ਕਰਨ ਲਈ ਅਕਤੂਬਰ-ਨਵੰਬਰ ਵਿਚ ਦਰਿਆਵਾਂ ਦੇ ਕੰਢਿਆਂ 'ਤੇ 3-4 ਫੁੱਟ ਡੂੰਘੀਆਂ ਖਾਲੀਆਂ ਪੁੱਟ ਕੇ ਅਤੇ ਉਪਰੋਂ ਸਰਕੰਡੇ ਲਗਾ ਕੇ ਕੱਦੂ ਜਾਤੀ ਦੀਆਂ ਸਬਜ਼ੀਆਂ ਪੈਦਾ ਕੀਤੀਆਂ ਜਾਦੀਆਂ ਸਨ, ਪਰ ਇਸ ਵਿਚ ਵੀ ਮੀਂਹ ਅਤੇ ਝੱਖੜ ਦੌਰਾਨ ਕਾਫ਼ੀ ਨੁਕਸਾਨ ਹੋ ਜਾਂਦਾ ਸੀ ਅਤੇ ਦਰਿਆਵਾਂ ਦਾ ਸੀਮਿਤ ਖੇਤਰ ਹੋਣ ਕਰਕੇ ਇਸ ਦਾ ਬਹੁਤਾ ਪਸਾਰ ਵੀ ਨਹੀਂ ਹੋ ਸਕਿਆ। ਇਸੇ ਤਰ੍ਹਾਂ ਮਲੇਰਕੋਟਲਾ, ਸਰਦੂਲਗੜ੍ਹ ਅਤੇ ਪੰਜਾਬ ਦੇ ਹੋਰ ਖੇਤਰਾਂ ਵਿਚ ਵੀ ਸ਼ਬਜ਼ੀ ਕਾਸ਼ਤਕਰਾਂ ਇਸ ਢੰਗ ਤਰੀਕੇ ਨਾਲ ਅਗੇਤੀਆਂ ਸਬਜ਼ੀਆ ਦੀ ਕਾਸ਼ਤ ਕਰਦੇ ਸਨ ਪਰ ਸਮਾਂ ਬੀਤਣ ਦੇ ਨਾਲ ਸਰਕੰਡੇ ਦੀ ਘਾਟ ਅਤੇ ਇਸ ਨੂੰ ਲਾਉਣ ਦੀ ਮੁਸ਼ਕਿਲ ਵਿਧੀ, ਅਰਧ ਸੁਰੱਖਿਅਤ ਢੰਗ ਅਤੇ ਕੀੜੇ-ਬੀਮਾਰੀਆਂ ਦੇ ਹਮਲੇ ਕਰਕੇ ਇਹ ਵਿਧੀ ਬਹੁਤੀ ਮੁਨਾਫੇਯੋਗ ਸਾਬਤ ਨਹੀਂ ਹੋ ਸਕੀ। ਇਸ ਦੇ ਬਦਲਵੇਂ ਢੰਗ-ਤਰੀਕੇ ਲਈ ਪੌਲੀਸ਼ੀਟ ਦੀ ਵਰਤੋਂ ਨਾਲ ਨੀਵੀਆਂ ਅਤੇ ਤੁਰਨਯੋਗ ਸੁਰੰਗਾਂ, ਜਾਲੀਦਰ ਘਰ, ਪੌਲੀ ਹਾਉਸ ਅਤੇ ਪੌਲੀ-ਨੈਟਹਾਊਸ ਬਣਾ ਕੇ ਸਬਜ਼ੀਆਂ ਦੀ ਬੇਮੌਸਮੀ ਪੈਦਾਵਾਰ ਨੂੰ ਕਾਫੀ ਹੁਲਾਰਾ ਮਿਲਿਆ ਹੈ। ਇਨ੍ਹਾਂ ਤਕਨੀਕਾ ਵਿਚੋਂ ਨੀਵੀਆਂ ਸੁਰੰਗਾਂ ਵਾਲੀ ਤਕਨੀਕ ਘੱਟ ਖਰਚੀਲੀ ਅਤੇ ਸਰਦੀਆ ਵਿਚ ਪੌਦਿਆਂ ਦੇ ਸ਼ੁਰੂਆਤੀ ਵਾਧੇ ਲਈ ਕਿਫਾਇਤੀ ਤੌਰ 'ਤੇ ਕਾਫੀ ਸੁਰੱਖਿਅਤ ਸਾਬਤ ਹੋਈ ਹੈ। ਇਨ੍ਹਾਂ ਸੁਰੰਗਾਂ ਵਿਚ ਭੂਮੀ ਦਾ ਤਾਪਮਾਨ ਵੱਧ ਹੋਣ ਕਰਕੇ ਬੀਜੀ ਸਬਜ਼ੀ ਆਮ ਕਾਸ਼ਤ ਕੀਤੀ ਸਬਜ਼ੀ ਨਾਲੋਂ ਤਕਰੀਬਨ ਇਕ ਮਹੀਨਾ ਅਗੇਤੀ ਤਿਆਰ ਹੋ ਜਾਂਦੀ ਹੈ ਅਤੇ ਇਸ ਵਿਚ ਫ਼ਸਲ ਗੜੇਮਾਰੀ, ਠੰਢ ਅਤੇ ਕੋਰੇ ਤੋਂ ਬਚੀ ਰਹਿੰਦੀ ਹੈ। ਪੌਲੀਸੀਟ ਦੀਆ ਸੁਰੰਗਾਂ ਵਿਚ ਸੂਰਜੀ ਊਰਜਾ ਕਰਕੇ ਗਰਮੀ ਵਧਣ ਨਾਲ ਪੌਦਿਆਂ ਦੀ ਖੁਰਾਕੀ ਤੱਤ ਲੈਣ ਦੀ ਕੁਸ਼ਲਤਾ ਵਿਚ ਵਾਧਾ ਹੋਣ ਕਰਕੇ ਪੌਦਿਆਂ ਦੀ ਵਿਕਾਸ ਦਰ ਦਾ ਕਾਫੀ ਸੁਧਾਰ ਹੋ ਜਾਂਦਾ ਹੈ। ਇਹ ਤਕਨੀਕ ਉਨ੍ਹਾਂ ਹਾਲਤਾਂ ਵਿਚ ਕਾਫੀ ਢੁਕਵੀਂ ਹੈ ਜਿੱਥੇ ਸਰਦੀਆਂ ਦੌਰਾਨ ਰਾਤ ਦਾ ਤਾਪਮਾਨ 30-40 ਦਿਨ ਲਈ 8 ਡਿਗਰੀ ਸੈਲਸੀਅਸ ਤੋਂ ਥੱਲੇ ਰਹਿੰਦਾ ਹੈ। ਇਹ ਪਲਾਸਟਿਕ ਸੁਰੰਗਾਂ ਸਬਜ਼ੀਆਂ ਦੀ ਨਰਸਰੀ (ਪਨੀਰੀ) ਪੈਦਾ ਕਰਨ ਲਈ ਵੀ ਬਹੁਤ ਸਹਾਈ ਹੁੰਦੀਆਂ ਹਨ। ਇਸ ਲਈ ਇਨ੍ਹਾਂ ਸਾਰੀਆਂ ਤਰੁੱਟੀਆਂ ਨੂੰ ਦੂਰ ਕਰਨ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਲੋਂ ਸੰਨ 2002-03 ਵਿਚ ਸਬਜ਼ੀਆਂ ਦੀ ਨੀਵੀਆਂ ਸੁਰੰਗਾਂ ਵਿਚ ਖੇਤੀ ਸਬੰਧੀ ਤਕਨੀਕ ਈਜਾਦ ਕੀਤੀ ਗਈ ਸੀ, ਜਿਸ ਨੂੰ ਪੰਜਾਬ ਦੇ ਸਬਜ਼ੀ ਉਤਪਾਦਕਾਂ ਨੇ ਜੰਗੀ ਪੱਧਰ 'ਤੇ ਅਪਣਾਇਆ ਹੈ।
1. ਨੀਵੀ-ਸੁਰੰਗ ਤਕਨੀਕ ਅਤੇ ਇਸ ਦੀ ਬਣਤਰ:- ਇਹ ਤਕਨੀਕ ਤੁਰਨ-ਫਿਰਨ ਵਾਲੀਆਂ ਪਲਾਸਟਿਕ ਸ਼ੀਟਾਂ ਵਾਲੀਆਂ ਸੁਰੰਗਾਂ ਦਾ ਹੀ ਇਕ ਛੋਟਾ ਰੂਪ ਹੈ। ਇਸ ਵਿਧੀ ਵਿਚ ਇਕ ਮੀਟਰ ਚੌੜੇ ਪਟੜਿਆਂ ਉਪਰ 6.25 ਮਿਲੀਮੀਟਰ ਦੇ ਸਰੀਏ ਜਾਂ 8 ਨੰਬਰ ਜਿਸਤੀ ਤਾਰ ਦੇ ਹੂਪ (ਅਰਧ ਗੋਲੇ) 2 ਮੀਟਰ 'ਤੇ ਲਗਾ ਕੇ, ਇਸ ਉਪਰ 20 ਮਾਈਕਰੋਨ (100 ਗੇਜ਼) ਦੀ ਪਲਾਸਟਿਕ ਸ਼ੀਟ (ਯੂ.ਵੀ.) ਫਿੱਟ ਕੀਤੀ ਜਾਂਦੀ ਹੈ। ਇਸ ਸ਼ੀਟ ਨੂੰ ਪੂਰਾ ਖਿੱਚ ਕੇ ਲੰਬਾਈ ਅਤੇ ਚੌੜਾਈ ਤਰਫ਼ ਟਾਈਟ ਕੀਤਾ ਜਾਂਦਾ ਹੈ ਅਤੇ ਸ਼ੀਟ ਨੂੰ ਸਿਰਿਆਂ ਅਤੇ ਪਾਸਿਆਂ ਤੋਂ ਮਿੱਟੀ ਵਿਚ ਦੱਬ ਦਿੱਤਾ ਜਾਂਦਾ ਹੈ। ਇਸ ਤਰ੍ਹਾਂ ਇਹ ਇਕ ਸੁਰੰਗ ਦਾ ਰੂਪ ਬਣ ਜਾਂਦੀ ਹੈ, ਜਿਸ ਨੂੰ ਅਸੀ ਨੀਵੀਂਆਂ ਸੁਰੰਗਾਂ ਕਹਿੰਦੇ ਹਾਂ। ਇਸ ਤਕਨੀਕ ਦੀ ਵਰਤੋਂ ਦਸੰਬਰ ਵਿਚ ਖੀਰੇ ਦੇ ਬੀਜ ਬੀਜਣ ਤੋਂ ਬਾਅਦ ਜਾਂ ਸ਼ਿਮਲਾ ਮਿਰਚ, ਟਮਾਟਰ ਅਤੇ ਬੈਂਗਣ ਦੇ ਪੌਦੇ ਚੰਗੀ ਤਰਾਂ ਚੱਲ ਪੈਣ ਉਪਰੰਤ ਕੀਤੀ ਜਾਂਦੀ ਹੈ। ਇਸ ਤਕਨੀਕ ਦੇ ਢਾਂਚੇ ਨੂੰ ਪ੍ਰਤੀ ਏਕੜ ਫਿੱਟ ਕਰਨ ਲਈ ਤਕਰੀਬਨ 30500 ਰੁਪਏ ਖਰਚ ਹੁੰਦੇ ਹਨ, ਜਿਨ੍ਹਾਂ ਵਿਚ ਸਰੀਏ ਜਾਂ ਤਾਰ, ਪੌਲੀਥੀਨ ਅਤੇ ਮਜ਼ਦੂਰੀ ਦਾ ਖਰਚਾ ਸ਼ਾਮਿਲ ਹੈ। ਜੇਕਰ ਸਰੀਏ ਜਾਂ ਤਾਰ ਨੂੰ ਦਸ ਸਾਲ ਅਤੇ ਪੌਲੀਸ਼ੀਟ ਨੂੰ ਇਕ ਸਾਲ ਵਰਤਣ ਦੇ ਹਿਸਾਬ ਨਾਲ ਇਸ ਦੀ ਘਟਦੀ ਕੀਮਤ 'ਤੇ ਨਜ਼ਰ ਮਾਰੀ ਜਾਵੇ ਤਾਂ ਇਸ ਦੀ ਫਿੱਟ ਕਰਨ ਦੀ ਕੀਮਤ 17500 ਰੁਪਏ ਪ੍ਰਤੀ ਸਾਲ ਰਹਿ ਜਾਂਦੀ ਹੈ। (ਚਲਦਾ)


ਮੋਬਾਈਲ : 99141-44157.


ਖ਼ਬਰ ਸ਼ੇਅਰ ਕਰੋ

ਕਣਕ ਵਿਚ ਨਦੀਨਾਂ ਅਤੇ ਚੂਹਿਆਂ ਦੀ ਰੋਕਥਾਮ ਕਿਵੇਂ ਕਰੀਏ?

ਫਾਰਮ ਸਲਾਹਕਾਰ ਸੇਵਾ ਕੇਂਦਰ, ਕਪੂਰਥਲਾ ਦੇ ਵਿਗਿਆਨੀਆਂ ਵਲੋਂ ਪਿਛਲੇ ਦਿਨੀਂ ਕਣਕ ਦੇ ਖੇਤਾਂ ਦਾ ਸਰਵੇਖਣ ਕੀਤਾ ਗਿਆ ਸੀ। ਜਿਸ ਦੌਰਾਨ ਕਈ ਜ਼ਿਮੀਂਦਾਰਾਂ ਨੇ ਇਹ ਵਿਚਾਰ ਸਾਂਝੇ ਕੀਤੇ ਸਨ ਕਿ ਕਈ ਵਾਰ ਸਿਫਾਰਸ਼ ਕੀਤੀਆਂ ਦਵਾਈਆਂ (ਜਿਵੇਂ ਕਿ ਟਾਪਿਕ) ਦੇ ਛਿੜਕਾਅ ਕਰਨ ਦੇ ਬਾਵਜੂਦ ਵੀ ਗੁੱਲੀ ਡੰਡਾ ਕਈ ਲੋਆਂ ਵਿਚ ਉੱਗਦਾ ਹੈ ਅਤੇ ਪੂਰੀ ਤਰ੍ਹਾਂ ਨਹੀਂ ਮਰਦਾ। ਇਸ ਤੋਂ ਬਾਅਦ ਕਈ ਜ਼ਿਮੀਦਾਰਾਂ ਦੇ ਸਪਰੇਅ ਕਰਨ ਦੇ ਤਰੀਕਿਆਂ ਨੂੰ ਵਾਚਿਆ ਗਿਆ ਅਤੇ ਗੰਭੀਰਤਾ ਨਾਲ ਵਿਚਾਰ ਕਰਨ 'ਤੇ ਕਈ ਗੱਲਾਂ ਉੱਭਰ ਕੇ ਸਾਹਮਣੇ ਆਈਆਂ ਜਿਨ੍ਹਾਂ ਕਰਕੇ ਗੁੱਲੀ ਡੰਡਾ ਪੂਰੀ ਤਰ੍ਹਾਂ ਨਹੀਂ ਮਰਦਾ। ਇਨ੍ਹਾਂ ਨੁਕਤਿਆਂ ਨੂੰ ਆਮ ਜ਼ਿਮੀਂਦਾਰਾਂ ਨਾਲ ਸਾਂਝਿਆਂ ਕਰ ਰਹੇ ਹਾਂ ਤਾਂ ਕਿ ਗੁੱਲੀ ਡੰਡੇ ਸਮੇਤ ਸਾਰੇ ਨਦੀਨਾਂ ਦੀ ਅਸਰਦਾਰ ਢੰਗ ਨਾਲ ਰੋਕਥਾਮ ਕੀਤੀ ਜਾ ਸਕੇ। ਇਕ ਤਾਂ ਗੁੱਲੀ ਡੰਡੇ ਵਰਗੇ ਨਦੀਨ ਜੋ ਕਿ ਕਣਕ ਦੇ ਜੰਗਲੀ ਰਿਸ਼ਤੇਦਾਰ ਹੀ ਹੁੰਦੇ ਹਨ। ਇਹ ਕਣਕ ਤੋਂ ਚਾਰ ਚੰਦੇੇ ਅੱਗੇ ਹੁੰਦੇ ਹਨ। ਇਨ੍ਹਾਂ ਦਾ ਬੀਜ ਬੈਂਕ ਜ਼ਮੀਨ ਵਿਚ ਪਿਆ ਹੁੰਦਾ ਹੈ। ਕਣਕ ਦੀ ਵਹਾਈ ਦੇ ਨਾਲ ਹੀ ਹੋਈ ਹਿੱਲ-ਜੁੱਲ ਕਰਕੇ ਨਮੀ ਅਤੇ ਖੁਰਾਕੀ ਤੱਤ ਸੋਖ ਕੇ ਤੇਜ਼ੀ ਨਾਲ ਕਣਕ ਤੋਂ ਪਹਿਲਾਂ ਵਧ-ਫੁੱਲ ਕੇ ਆਪਣੀਆਂ ਸਾਰੀਆਂ ਸਟੇਜਾਂ ਪੂਰੀਆਂ ਕਰ ਕੇ ਆਪਣੀਆਂ ਗੁੱਲੀਆਂ ਕੱਢ ਕੇ ਬੀਜ ਕੇਰ ਦਿੰਦੇ ਹਨ। ਕੋਈ ਵੀ ਦਵਾਈ 80-90 ਫੀਸਦੀ ਤੱਕ ਹੀ ਨਦੀਨਾਂ ਦਾ ਨਾਸ਼ ਕਰ ਸਕਦੀ ਹੈ। ਬਾਕੀ 10-15 ਫੀਸਦੀ ਦਵਾਈ ਦੇ ਅਸਰ ਤੋਂ ਬਚੇ ਨਦੀਨਾਂ ਨੂੰ ਹੱਥ ਨਾਲ ਕੱਢ ਕੇ ਖੇਤਾਂ ਤੋਂ ਬਾਹਰ ਸੁਕਾ ਕੇ ਟੋਇਆਂ ਵਿਚ ਦਬਾ ਦੇਣਾ ਚਾਹੀਦਾ ਹੈ। ਗੁੱਲੀ ਡੰਡੇ ਵਰਗੇ ਨਦੀਨਾਂ ਦੀ ਸਮੱਸਿਆ ਹੈਪੀ ਸੀਡਰ ਨਾਲ ਬੀਜੀ ਕਣਕ ਵਿਚ ਨਹੀਂ ਆਈ ਬਲਕਿ ਚੰਗੀ ਤਰ੍ਹਾਂ ਵਾਹ ਸਵਾਰ ਕੇ (ਪਰਾਲੀ ਦੇ ਨਾੜ ਸਾੜਣ ਤੋਂ ਬਾਅਦ) ਬੀਜੀ ਕਣਕ ਵਿਚ ਹੀ ਆ ਰਹੀ ਹੈ।
ਕਈ ਵਾਰ ਸਿਫਾਰਸ਼ ਕੀਤੀਆਂ ਨਦੀਨਨਾਸ਼ਕ ਦਵਾਈਆਂ ਦਾ ਮਿਕਦਾਰ ਤੋਂ ਘੱਟ ਜਾਂ ਜ਼ਿਆਦਾ ਮਾਤਰਾ ਨਾਲ ਛਿੜਕਾਅ ਕੀਤਾ ਜਾਂਦਾ ਹੈ ਜਾਂ ਗੈਰ ਸਿਫਾਰਸ਼ ਕੀਤੀਆਂ ਦਵਾਈਆਂ ਦੇ ਮੇਲ ਨਾਲ ਛਿੜਕਾਅ ਕੀਤਾ ਜਾਂਦਾ ਹੈ। ਘੱਟ ਮਾਤਰਾ ਨਾਲ ਗੁੱਲੀ ਡੰਡਾ ਪੂਰੀ ਤਰ੍ਹਾਂ ਨਹੀਂ ਮਰਦਾ। ਦਵਾਈ ਦੀ ਵੱਧ ਮਾਤਰਾ ਜਾਂ ਇਕ ਤੋਂ ਜ਼ਿਆਦਾ ਛਿੜਕਾਅ ਕਰਨ ਨਾਲ ਗੁੱਲੀ ਡੰਡੇ ਦੀ ਦਵਾਈਆਂ ਪ੍ਰਤੀ ਸਹਿਣਸ਼ੀਲਤਾ ਵਿਚ ਵਾਧਾ ਹੁੰਦਾ ਹੈ ਜਿਸ ਨਾਲ ਚੰਗੀਆਂ ਦਵਾਈਆਂ ਵੀ ਦੋ ਤਿੰਨ ਸਾਲ ਬਾਅਦ ਆਪਣਾ ਅਸਰ ਗੁਆ ਦਿੰਦੀਆਂ ਹਨ। ਕਈ ਵਾਰ ਜ਼ਿਮੀਂਦਾਰ 25 ਲੀਟਰ ਦੀ ਸਮਰੱਥਾ ਵਾਲੇ ਬੈਟਰੀ ਚਾਲਿਤ ਸਪਰੇਅਰ ਨਾਲ ਜਾਂ 500 ਲੀਟਰ ਦੀ ਸਮਰੱਥਾ ਵਾਲੇ 'ਚਾਰਲੀ ਸਪਰੇਅਰ' ਨਾਲ ਛਿੜਕਾਅ ਕਰਦੇ ਹਨ ਤਾਂ ਕਿ ਕੰਮ ਛੇਤੀ ਨਿਬੜ ਜਾਵੇ। ਇਨ੍ਹਾਂ ਦੀ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਲੋਂ ਬਿਲਕੁੱਲ ਵੀ ਸਿਫਾਰਸ਼ ਨਹੀਂ ਕੀਤੀ ਗਈ। ਸਗੋਂ 15 ਲੀਟਰ ਸਮਰੱਥਾ ਵਾਲੇ ਪਿੱਠੂ ਪੰਪ ਦੀ ਕੱਟ ਨੋਜ਼ਲ ਨਾਲ ਬਿਨਾਂ ਹੱਥ ਹਿਲਾਏ ਗੋਡੇ ਜਿੰਨੀ ਉਚਾਈ ਤੇ ਲਾਂਸ ਰੱਖ ਕੇ ਲੜ ਚੜਾਅ ਕੇ ਸਪਰੇਅ ਕਰਨ ਦੀ ਸਿਫਾਰਸ਼ ਕੀਤੀ ਗਈ ਹੈ। ਕਈ ਜ਼ਿਮੀਂਦਾਰਾਂ ਵਲੋਂ ਉਪਰੋਕਤ ਗ਼ੈਰ-ਸਿਫਾਰਸ਼ ਸਪਰੇਅਰਾਂ ਨਾਲ ਗੋਲ ਫੁਹਾਰੇ ਵਾਲੀ ਨੋਜ਼ਲ ਵਰਤੀ ਜਾ ਰਹੀ ਹੈ। ਬੈਟਰੀ ਚਾਲਿਤ ਜਾਂ ਚਾਰਲੀ ਸਪਰੇਅਰਾਂ ਨਾਲ ਪਾਣੀ ਦਾ ਦਬਾਅ ਲੋੜ ਨਾਲੋਂ ਬਹੁਤ ਜ਼ਿਆਦਾ ਹੁੰਦਾ ਹੈ। ਲਾਂਸ ਬਿਲਕੁੱਲ ਸਿੱਧੀ ਹੁੰਦੀ ਹੈ। ਇਸ ਨਾਲ ਰਕਬਾ ਤਾਂ ਕਾਫ਼ੀ ਕਵਰ ਹੁੰਦਾ ਹੈ ਪ੍ਰੰਤੂ ਤੁਪਕੇ ਏਨੇ ਮਹੀਨ ਹੁੰਦੇ ਹਨ ਕਿ ਧੁੰਦ ਬਣਦੀ ਹੈ। ਜੇਕਰ ਹਵਾ ਵਗਦੀ ਹੋਵੇ ਤਾਂ ਦਵਾਈ ਨਦੀਨਾਂ 'ਤੇ ਘੱਟ ਪੈਂਦੀ ਹੈ ਅਤੇ ਹਵਾ ਨਾਲ ਉੱਡ ਕੇ ਦੂਰ ਜ਼ਿਆਦਾ ਜਾਂਦੀ ਹੈ ਜਦੋਂਕਿ ਪਿੱਠੂ ਪੰਪ ਨਾਲ ਕੱਟ ਵਾਲੀ ਨੋਜ਼ਲ ਲਗਾ ਕੇ ਛਿੜਕਾਅ ਕਰਨ ਨਾਲ ਤਿੰਨ ਫੁੱਟ ਥਾਂ ਚਾਰ ਸਿਆੜ ਇਕ ਵਾਰ ਵਿਚ ਕਵਰ ਹੁੰਦੇ ਹਨ। ਪਰ ਪਾੜੇ ਬਿਲਕੁੱਲ ਨਹੀਂ ਰਹਿੰਦੇ ਅਤੇ ਗੁੱਲੀ ਡੰਡਾ ਬਾਅਦ ਦੀਆਂ ਲੋਆਂ ਵਿਚ ਨਹੀਂ ਜੰਮਦਾ। ਜੇਕਰ ਕਿਸਾਨ ਵੀਰਾਂ ਨੇ ਪਿੱਠੂ ਪੰਪ ਨਾਲ ਛਿੜਕਾਅ ਕਰਦੇ ਸਮੇਂ ਜ਼ਿਆਦਾ ਥਾਂ ਇਕ ਵਾਰ ਵਿਚ ਕਵਰ ਕਰਨਾ ਹੈ ਤਾਂ ਉਹ ਸਟੀਲ ਦੀ 'ਮਲਟੀ ਬੂਮ ਸਪਰੇਅਰ' ਭਾਵ ਸਟੀਲ ਦੀ ਅਟੈਚਮੈਂਟ ਨਾਲ ਤਿੰਨ-ਚਾਰ ਕੱਟ ਵਾਲੀਆਂ ਨੋਜ਼ਲਾਂ ਲਗਾ ਕੇ ਸਪਰੇਅ ਕਰ ਸਕਦੇ ਹਨ। ਇਸ ਨਾਲ ਗੁੱਲੀ ਡੰਡੇ ਅਤੇ ਬਾਕੀ ਨਦੀਨਾਂ ਦਾ ਪ੍ਰਭਾਵਸ਼ਾਲੀ ਢੰਗ ਨਾਲ ਕੰਟਰੋਲ ਹੋਵੇਗਾ ਅਤੇ ਦੁਬਾਰਾ ਸਪਰੇਅ 'ਤੇ ਖਰਚਾ ਕਰਨ ਦੀ ਲੋੜ ਨਹੀਂ ਪਵੇਗੀ।
ਹਾੜ੍ਹੀ ਦੀ ਮੌਜੂਦਾ ਰੁੱਤ ਦੌਰਾਨ, ਕਣਕ ਦਾ ਕਾਫ਼ੀ ਰਕਬਾ ਝੋਨੇ ਦੇ ਵੱਢ ਵਿਚ ਹੈਪੀ ਸੀਡਰ ਨਾਲ ਬੀਜਿਆ ਗਿਆ ਹੈ। ਹੈਪੀ ਸੀਡਰ ਨਾਲ ਬੀਜੀ ਕਣਕ ਵਿਚ ਪਰਾਲੀ ਦੇ ਖੜ੍ਹੇ ਕਰਚਿਆਂ ਕਾਰਨ ਚੂਹਿਆਂ ਦੀ ਸਮੱਸਿਆ ਆ ਸਕਦੀ ਹੈ। ਚੂਹਿਆਂ ਦੀ ਰੋਕਥਾਮ ਲਈ ਬਿਜਾਈ ਤੋਂ ਬਾਅਦ ਦਸੰਬਰ ਵਿਚ 10-15 ਦਿਨਾਂ ਦੇ ਵਕਫ਼ੇ 'ਤੇ ਦੋ ਵਾਰੀ ਖੁੱਡਾਂ ਵਿਚ ਜ਼ਿੰਕ ਫ਼ਾਸਫ਼ਾਈਡ ਦਵਾਈ ਦਾ ਚੋਗਾ 10 ਗ੍ਰਾਮ ਪ੍ਰਤੀ ਖੁੱਡ ਦੇ ਹਿਸਾਬ ਨਾਲ ਕਾਗਜ਼ ਦੀ ਢਿੱਲੀ ਪੁੜੀ ਵਿਚ ਪਾ ਕੇ ਛੇ ਇੰਚ ਖੁੱਡ ਅੰਦਰ ਰੱਖਣਾ ਚਾਹੀਦਾ ਹੈ। ਵਧੇਰੇ ਅਸਰ ਲਈ ਇਕ ਦਿਨ ਪਹਿਲਾਂ ਸ਼ਾਮ ਨੂੰ ਸਾਰੀਆਂ ਖੁੱਡਾਂ ਦੇ ਮੂੰਹ ਬੰਦ ਕਰ ਦਿਓ ਅਤੇ ਅਗਲੇ ਦਿਨ ਤਾਜ਼ੀਆਂ ਖੁੱਲ੍ਹੀਆਂ ਖੁੱਡਾਂ ਵਿਚ ਜ਼ਹਿਰੀਲਾ ਚੋਗਾ ਰੱਖੋ। ਇਸ ਤੋਂ ਬਾਅਦ ਫ਼ਸਲ ਨੂੰ ਪੱਕਣ ਸਮੇਂ ਚੂਹਿਆਂ ਤੋਂ ਬਚਾਉਣ ਲਈ ਅੱਧ ਫ਼ਰਵਰੀ ਤੋਂ ਮਾਰਚ ਦੌਰਾਨ ਜ਼ਿੰਕ ਫ਼ਾਸਫ਼ਾਈਡ ਜਾਂ ਬਰੋਮਾਡਾਇਲੋਨ ਵਾਲਾ ਚੋਗਾ 400 ਗ੍ਰਾਮ ਪ੍ਰਤੀ ਏਕੜ ਕਾਗਜ਼ ਦੇ ਟੁਕੜਿਆਂ ਉਪਰ 40 ਥਾਵਾਂ ਤੇ (10 ਗ੍ਰਾਮ ਹਰ ਇਕ ਥਾਂ 'ਤੇ) ਰੱਖੋ।


-ਸਾਇੰਸਦਾਨ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੇ ਅਦਾਰੇ ਫਾਰਮ ਸਲਾਹਕਾਰ ਸੇਵਾ ਕੇਂਦਰ ਕਪੂਰਥਲਾ। ਸੰਪਰਕ: 01822-232543

ਖੇਤੀਬਾੜੀ ਯੂਨੀਵਰਸਿਟੀ ਪ੍ਰਤੀ ਕਿਸਾਨਾਂ ਵਿਚ ਘਟ ਰਿਹੈ ਵਿਸ਼ਵਾਸ

ਭਾਰਤ ਦਾ ਕਣਕ ਦਾ ਉਤਪਾਦਨ ਪਿਛਲੀ ਸ਼ਤਾਬਦੀ ਦੇ 6ਵੇਂ ਦਹਾਕੇ ਦੇ ਸ਼ੁਰੂ 'ਚ (ਜਦੋਂ ਸਬਜ਼ ਇਨਕਲਾਬ ਦਾ ਆਗ਼ਾਜ਼ ਹੋਇਆ) 1 ਕਰੋੜ ਟਨ ਸੀ ਅਤੇ ਚੌਲਾਂ ਦਾ ਉਤਪਾਦਨ 3.5 ਕਰੋੜ ਟਨ, ਜੋ ਹੁਣ ਵਧ ਕੇ ਤਰਤੀਬਵਾਰ 9.9 ਕਰੋੜ ਟਨ ਤੇ 10.5 ਕਰੋੜ ਟਨ ਤੋਂ ਟੱਪ ਗਿਆ। ਇਸੇ ਤਰ੍ਹਾਂ ਪੰਜਾਬ ਦਾ ਕਣਕ ਉਤਪਾਦਨ ਇਸ ਸਮੇਂ ਦੌਰਾਨ 17 ਲੱਖ ਟਨ ਤੋਂ ਵੱਧ ਕੇ 178-80 ਲੱਖ ਟਨ ਅਤੇ ਝੋਨੇ ਦਾ ਉਤਪਾਦਨ 3 ਲੱਖ ਟਨ ਤੋਂ ਵਧ ਕੇ 170 ਲੱਖ ਟਨ ਤੱਕ ਪਹੁੰਚ ਗਿਆ। ਇਸ ਵਾਧੇ ਦਾ ਕਾਰਨ ਜਿੱਥੇ ਖੇਤੀ ਵਿਗਿਆਨੀਆਂ ਦੇ ਪ੍ਰਭਾਵਸ਼ਾਲੀ ਉਪਰਾਲੇ ਹਨ, ਉਥੇ ਸਭ ਤੋਂ ਵੱਧ ਯੋਗਦਾਨ ਵਧੇਰੇ ਝਾੜ ਦੇਣ ਵਾਲੀਆਂ ਨਵੀਆਂ ਕਿਸਮਾਂ ਦੇ ਬੀਜਾਂ ਦਾ ਕਿਸਾਨਾਂ ਵਲੋਂ ਵੱਡੇ ਪੱਧਰ 'ਤੇ ਅਪਣਾਇਆ ਜਾਣਾ ਹੈ। ਭਾਰਤ ਦੇ ਦੂਰਅੰਦੇਸ਼ ਡਾ: ਐਮ. ਐਸ. ਸਵਾਮੀਨਾਥਨ ਅਤੇ ਡਾ: ਅਮਰੀਕ ਸਿੰਘ ਚੀਮਾ ਜਿਹੇ ਖੇਤੀ ਵਿਗਿਆਨੀਆਂ ਦੇ ਉਪਰਾਲਿਆਂ ਨਾਲ ਉਸ ਵੇਲੇ ਦੇ ਖੇਤੀਬਾੜੀ ਮੰਤਰੀ ਸ੍ਰੀ ਸੀ. ਸੁਬਰਾਮਨੀਅਮ ਦੀ ਅਗਵਾਈ 'ਚ ਮੈਕਸੀਕੋ ਤੋਂ ਕਣਕ ਦੀਆਂ 'ਲਰਮਾ ਰੋਜੋ' ਤੇ 'ਸਨੌਰਾ-64' ਅਤੇ ਚੌਲਾਂ ਦੀ ਤਾਇਵਾਨ ਤੋਂ ਟੀ. ਐਨ.-1 ਜਿਹੀਆਂ ਕਿਸਮਾਂ ਮੰਗਵਾ ਕੇ ਜੋ ਵਿਗਿਆਨੀਆਂ ਨੇ ਖੋਜ ਕਰਕੇ ਕਣਕ ਤੇ ਚੌਲਾਂ ਦੀਆਂ ਉੱਤਮ ਕਿਸਮਾਂ ਵਿਕਸਤ ਕਰਕੇ ਉਤਪਾਦਕਤਾ 'ਚ ਪ੍ਰਭਾਵਸ਼ਾਲੀ ਵਾਧਾ ਕੀਤਾ ਅਤੇ ਫਿਰ ਇਸ ਤੋਂ ਬਾਅਦ ਭੌਂਅ ਅਤੇ ਵਾਤਾਵਰਨ ਨੂੰ ਮੁੱਖ ਰੱਖ ਕੇ ਹੋਰ ਕਈ ਕਿਸਮਾਂ ਤੋਂ ਬਾਅਦ ਵਰਤਮਾਨ 'ਚ ਸਫ਼ਲਤਾ ਨਾਲ ਬੀਜੀਆਂ ਜਾ ਰਹੀਆਂ ਕਣਕ ਅਤੇ ਚੌਲਾਂ ਦੀਆਂ ਵੱਖ-ਵੱਖ ਕਿਸਮਾਂ ਕਿਸਾਨਾਂ ਨੂੰ ਦੇ ਕੇ ਇਨ੍ਹਾਂ ਫ਼ਸਲਾਂ ਦੀ ਉਤਪਾਦਕਤਾ ਵਧਾਈ।
ਕਿਸਾਨਾਂ ਨੂੰ ਫ਼ਸਲਾਂ ਦੇ ਸ਼ੁੱਧ ਬੀਜ ਮੁਹੱਈਆ ਕਰਨ ਪੱਖੋਂ ਭਾਰਤ ਸਰਕਾਰ ਨੇ ਸਾਲ 1966 'ਚ ਸੀਡ ਐਕਟ ਬਣਾਇਆ ਸੀ, ਜੋ ਸਾਰੇ ਰਾਜਾਂ 'ਚ ਅੱਜ ਵੀ ਉਸੇ ਤਰ੍ਹਾਂ ਲਾਗੂ ਹੈ। ਖੇਤੀ ਦਾ ਵਿਕਾਸ ਅਤੇ ਫ਼ਸਲਾਂ ਦੀ ਉਤਪਾਦਕਤਾ ਵਧਣ ਵਜੋਂ ਸ਼ੁੱਧ ਬੀਜਾਂ ਦੀ ਮਹੱਤਤਾ ਨੂੰ ਮੁੱਖ ਰੱਖਦਿਆਂ ਇਸ ਐਕਟ ਵਿਚ ਸੋਧਾਂ ਦੀ ਲੋੜ ਹੈ, ਜਿਸ ਸਬੰਧੀ ਪਿਛਲੇ ਹਫ਼ਤੇ ਆਈ.ਸੀ.ਏ.ਆਰ. ਦੇ ਪੰਜਾਬ ਯੰਗ ਫਾਰਮਰਜ਼ ਐਸੋਸੀਏਸ਼ਨ ਦੇ ਰੱਖੜਾ ਕੈਂਪਸ 'ਤੇ ਹੋਈ ਕਿਸਾਨ-ਵਿਗਿਆਨੀ ਗੋਸ਼ਟੀ ਵਿਚ ਇਹ ਪ੍ਰਗਟਾਅ ਹੋਇਆ ਕਿ ਪੰਜਾਬ ਦੀ ਬੀਜ ਬਦਲ ਦਰ ਜੋ ਪਿਛਲੀ ਸ਼ਤਾਬਦੀ 'ਚ ਮਤਵਾਤਰ ਵਧਦੀ ਰਹੀ ਅਤੇ ਹੁਣ 33 ਫੀਸਦੀ ਹੈ। ਇਸ ਦਾ ਵਾਧਾ ਹੁਣ ਨਹੀਂ ਹੋ ਰਿਹਾ, ਸਗੋਂ ਇਹ ਦਰ ਘਟਦੀ ਜਾ ਰਹੀ ਹੈ।
ਹਾਲਾਂਕਿ ਖੇਤੀ ਪ੍ਰਸਾਰ ਸੇਵਾ ਵਲੋਂ ਇਹ ਕਿਸਾਨਾਂ ਨੂੰ ਸੰਦੇਸ਼ ਦਿੱਤਾ ਜਾ ਰਿਹਾ ਹੈ ਕਿ ਉਹ 3 ਸਾਲ ਤੱਕ ਤਾਂ ਆਪਣਾ ਹੀ ਬੀਜ ਇਸਤੇਮਾਲ ਕਰ ਸਕਦੇ ਹਨ। ਬੀਜ ਮੰਡੀ ਵਿਚ ਗ਼ੈਰ-ਮਿਆਰੀ ਤੇ ਅਸ਼ੁੱਧ ਬੀਜਾਂ ਦੀ ਵੀ ਭਰਮਾਰ ਹੈ ਅਤੇ ਵਰਤਮਾਨ ਬੀਜ ਐਕਟ ਇਸ ਸਬੰਧੀ ਵੀ ਮਜ਼ਬੂਤ ਨਹੀਂ। ਕੁਝ ਕਿਸਾਨਾਂ ਵਲੋਂ ਸਵੈ-ਵਿਕਸਤ ਕੀਤੀਆਂ ਕਿਸਮਾਂ ਦੇ ਬੀਜ ਉਨ੍ਹਾਂ ਵਲੋਂ ਆਪ ਹੀ ਕਿਸਮ ਦਾ ਮਨਘੜਤ ਨਾਂਅ ਰੱਖ ਕੇ ਮਹਿੰਗੇ ਭਾਅ ਵੇਚੇ ਜਾ ਰਹੇ ਹਨ। ਪਿਛਲੀ ਸਾਉਣੀ ਵਿਚ ਕਈ ਉਤਪਾਦਕਾਂ ਵਲੋਂ ਸਵੈ-ਵਿਕਸਤ ਝੋਨੇ ਦੀਆਂ ਸੀ.ਆਰ.-212, ਸੁਪਰ ਗੋਲਡ-666, ਪੀਲੀ ਊਸ਼ਾ, ਬੀ.ਆਰ.-105 ਆਦਿ ਜਿਹੀਆਂ ਕਿਸਮਾਂ ਦੇ ਬੀਜ ਵੱਡੇ ਪੱਧਰ 'ਤੇ ਵੇਚੇ ਗਏ। ਅਜਿਹੀਆਂ ਕਿਸਮਾਂ ਨੂੰ ਵੇਚ ਕੇ ਕਈ ਥਾਵਾਂ 'ਤੇ ਕਿਸਾਨਾਂ ਦਾ ਸ਼ੋਸ਼ਣ ਵੀ ਹੋਇਆ ਅਤੇ ਕਿਸਾਨਾਂ ਨੂੰ ਨੁਕਸਾਨ ਵੀ ਉਠਾਉਣਾ ਪਿਆ। ਪਰ ਇਸ ਨੂੰ ਰੈਗੂਲੇਟ ਕਰਨ ਲਈ ਸੀਡ ਐਕਟ ਵਿਚ ਕੋਈ ਉਪਬੰਧ ਜਾਂ ਨਿਯਮਾਂਵਲੀ ਨਹੀਂ। ਇਸੇ ਤਰ੍ਹਾਂ ਇਸੇ ਹਾੜ੍ਹੀ ਦੌਰਾਨ ਕਣਕ ਦੀਆਂ ਕਈ ਕਿਸਮਾਂ ਦੇ ਬੀਜ ਵੀ ਖੁੱਲ੍ਹਮ-ਖੁੱਲ੍ਹਾ ਵੇਚੇ ਗਏ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਲੋਂ ਇਸ ਸਬੰਧੀ ਕਿਸਾਨਾਂ ਨੂੰ ਜਾਗਰੂਕ ਕਰਨ ਦਾ ਕੋਈ ਉਪਰਾਲਾ ਨਹੀਂ ਕੀਤਾ ਗਿਆ।
ਅਜਿਹਾ ਵਤੀਰਾ ਵਰਤਣ ਨਾਲ ਕਿਸਾਨਾਂ ਦਾ ਵਿਸ਼ਵਾਸ ਵੀ ਇਸ ਪ੍ਰਤੀ ਖਤਮ ਹੁੰਦਾ ਜਾ ਰਿਹਾ ਹੈ। ਗੋਸ਼ਟੀ ਦੌਰਾਨ ਯੂਨੀਵਰਸਿਟੀ ਦੀ ਸਲਾਹ 'ਤੇ ਪੰਜਾਬ ਸਰਕਾਰ ਵਲੋਂ ਝੋਨੇ ਦੀ ਲਵਾਈ ਦੀ ਮਿਤੀ ਵਧਾ ਕੇ 20 ਜੂਨ ਕਰ ਦੇਣਾ ਸਖ਼ਤ ਆਲੋਚਨਾ ਦਾ ਵਿਸ਼ਾ ਸੀ।
ਪੰਜਾਬ ਪਰਿਜਰਵੇਸ਼ਨ ਆਫ ਸਬ ਸੁਆਇਲ ਵਾਟਰ ਐਕਟ 2009 ਹੇਠ ਝੋਨੇ ਦੀ ਲੁਆਈ ਦੀ ਮਿਤੀ ਸਰਵੇਖਣ ਤੋਂ ਬਾਅਦ 10 ਜੂਨ ਮੁਕਰਰ ਕੀਤੀ ਗਈ ਸੀ। ਇਸ ਨਵੇਂ ਫੈਸਲੇ ਨਾਲ ਕਿਸਾਨਾਂ ਦਾ ਝੋਨੇ ਦਾ ਝਾੜ 10 ਤੋਂ 20 ਫੀਸਦੀ ਤੱਕ ਘਟਿਆ, ਜਿਸ ਵਜੋਂ ਰਾਜ ਦੇ ਕੁੱਲ ਉਤਪਾਦਨ ਵਿਚ ਵੀ ਕਮੀ ਆਈ। ਯੂਨੀਵਰਸਿਟੀ ਤੇ ਸਰਕਾਰ ਨੂੰ ਚਾਹੀਦਾ ਹੈ ਕਿ ਕੋਈ ਵੀ ਨਵੀਂ ਖੇਤੀ ਤਕਨੀਕ ਕਿਸਾਨਾਂ ਤੱਕ ਲੈ ਜਾਣ ਲਈ ਉਨ੍ਹਾਂ ਵਿਚ ਜਾਣਕਾਰੀ ਤੇ ਤਕਨੀਕ ਸਬੰਧੀ ਜਾਗਰੂਕਤਾ ਮਤਵਾਤਰ ਮੁਹੱਈਆ ਕੀਤੀ ਜਾਵੇ। ਜੇ ਕਿਸਾਨਾਂ ਦਾ ਵਿਸ਼ਵਾਸ ਟੁੱਟ ਜਾਵੇ ਤਾਂ ਉਸ ਨੂੰ ਦੁਬਾਰਾ ਬਣਾਉਣਾ ਅਸੰਭਵ ਹੋ ਜਾਂਦਾ ਹੈ। ਝੋਨੇ ਦੀ ਅੱਗ ਲਾਉਣ ਦੀ ਪ੍ਰਥਾ ਨੂੰ ਬੰਦ ਕਰਨ ਵਜੋਂ ਯੂਨੀਵਰਸਿਟੀ ਨੇ ਹੈਪੀ ਸੀਡਰ ਦੀ ਤਕਨੀਕ ਕਿਸਾਨਾਂ ਵਿਚ ਪ੍ਰਚਲਤ ਕੀਤੀ ਹੈ। ਇਸ ਦਾ ਵਿਖਾਵਾ, ਜਾਣਕਾਰੀ ਤੇ ਪਰਖ ਸਬੰਧੀ ਮਤਵਾਤਰ ਉਪਰਾਲੇ ਕਰਨ ਦੀ ਲੋੜ ਹੈ। ਚੰਗੀ ਤਕਨੀਕ ਕਿਸਾਨਾਂ ਤੋਂ ਪ੍ਰਵਾਨ ਕਰਵਾਉਣ ਸਬੰਧੀ ਵੀ ਇਹ ਉਪਰਾਲੇ ਲੋੜੀਂਦੇ ਹਨ। ਖੇਤੀਬਾੜੀ ਸਕੱਤਰ ਕਾਹਨ ਸਿੰਘ ਪੰਨੂੰ ਵਲੋਂ ਨਦੀਨ ਨਾਸ਼ਕਾਂ ਦੀ ਮਸ਼ੀਨੀ ਸਪਰੇਅ ਕਰਵਾਉਣ ਦੀ ਵਿਧੀ ਨੂੰ ਕਿਸਾਨਾਂ ਤੋਂ ਅਪਣਵਾਉਣ ਸਬੰਧੀ ਜੋ ਉਪਰਾਲੇ ਕੀਤੇ ਗਏ ਹਨ, ਉਹ ਸਰਾਹਣਾਯੋਗ ਹਨ। ਡਾਇਰੈਕਟਰ ਜਸਬੀਰ ਸਿੰਘ ਬੈਂਸ ਇਸ ਤਕਨੀਕ ਨੂੰ ਹਰ ਬਲਾਕ/ਪਿੰਡ ਵਿਚ ਯੂ.ਪੀ.ਐਲ. ਰਾਹੀਂ ਕਿਸਾਨਾਂ ਤੱਕ ਪਹੁੰਚਾਉਣ ਲਈ ਉਪਰਾਲਾ ਕਰ ਰਹੇ ਹਨ।
ਗੋਸ਼ਟੀ ਵਿਚ ਪ੍ਰੋਟੈਕਸ਼ਨ ਆਫ ਪਲਾਂਟ ਵਰਾਇਟੀਜ਼ ਐਂਡ ਫਾਰਮਰਜ਼ ਰਾਈਟਸ ਅਥਾਰਟੀ (ਪੀ.ਪੀ.ਵੀ. ਐਂਡ ਐਫ.ਆਰ.ਏ.) ਦੇ ਚੇਅਰਪਰਸਨ ਡਾ: ਕੇ. ਵੀ. ਪ੍ਰਭੂ ਨੇ ਇੰਕਸ਼ਾਫ ਕੀਤਾ ਕਿ ਪਿਛਲੇ 15 ਸਾਲ ਦੌਰਾਨ ਵਿਕਸਤ ਹੋਈਆਂ ਫ਼ਸਲਾਂ ਦੀਆਂ ਕਿਸਮਾਂ ਦੇ ਬੀਜਾਂ ਦੇ ਵਿਕਰੇਤਾਵਾਂ ਨੂੰ ਹਰ ਥੈਲੀ ਵਿਚ ਉਸ ਬੀਜ ਸਬੰਧੀ ਪੈਕੇਜ ਆਫ ਪ੍ਰੈਕਟਿਸਿਜ਼ ਦਾ ਲਿਖ ਕੇ ਕਾਰਡ ਪਾਉਣਾ ਪਵੇਗਾ, ਤਾਂ ਜੋ ਕਿਸਾਨ ਉਸ ਨੂੰ ਅਪਣਾਉਣ ਅਤੇ ਵਪਾਰਕ ਅਨਸਰਾਂ ਨੂੰ ਲੁੱਟ ਦਾ ਮੌਕਾ ਨਾ ਮਿਲੇ।


-ਮੋਬਾਈਲ : 98152-36307

ਚਲੋ ਕੁਝ ਸੁਣੀਏ

ਗੀਤ-ਸੰਗੀਤ ਪੰਜਾਬੀਆਂ ਦੀ ਰੂਹ ਦੀ ਖੁਰਾਕ ਹੈ। ਜਨਮ ਤੋਂ ਲੈ ਕੇ ਮਰਨ ਤੱਕ ਹਰ ਮੌਕੇ 'ਤੇ ਗੀਤ ਹਨ। ਪੰਜਾਬੀਆਂ ਦੇ ਤਾਂ ਧਰਮ ਵੀ ਸੰਗੀਤ ਵਿਚ ਪਰੋਏ ਹੋਏ ਹਨ। ਹਰ ਉਮਰ ਦੇ ਗੀਤ ਅਲੱਗ-ਅਲੱਗ ਹਨ। ਇਥੋਂ ਤੱਕ ਕਿ ਸਾਜ਼ ਵੀ ਉਮਰ ਦੀਆਂ ਸੁਰਾਂ ਅਨੁਸਾਰ ਹਨ। ਬਚਪਨ, ਜਵਾਨੀ, ਅੱਧਖੜ ਤੇ ਬੁਢਾਪੇ ਦਾ ਸੰਗੀਤ ਤੇ ਸ਼ਬਦ ਵਿਲੱਖਣ ਰੰਗ ਬਿਖੇਰਦੇ ਹਨ। ਕੁੱਲ 51 ਸਾਜ਼ ਇਹ ਕਾਰਜ ਨਿਭਾਉਂਦੇ ਹਨ, ਪਰ ਪਤਾ ਨਹੀਂ ਕਿਹੋ ਜਿਹੀ ਵਾਅ ਚੱਲੀ ਹੈ ਕਿ ਅੱਜ ਸਿਰਫ਼ ਤੇ ਸਿਰਫ਼ ਰੁਮਾਂਸਵਾਦ ਹੀ ਭਾਰੂ ਹੋ ਗਿਆ ਹੈ। ਸ਼ੋਰ ਨਾਲ ਪੈਰ ਹੀ ਥਿੜਕਦੇ ਹਨ, ਦਿਲ ਦਾ ਕੋਈ ਲੈਣਾ-ਦੇਣਾ ਨਹੀਂ ਰਹਿ ਗਿਆ। ਬਚਪਨ, ਅੱਧਖੜ ਤੇ ਬੁਢਾਪੇ ਦਾ ਸੰਗੀਤ ਅਲੋਪ ਹੋ ਗਿਆ ਹੈ। ਢੋਲ ਦੇ ਸ਼ੋਰ ਵਿਚ ਸਾਰੰਗੀ ਤੇ ਹੋਰ ਕਈ ਕੁਝ ਗੁਆਚ ਗਿਆ, ਹੋਰ ਤਾਂ ਹੋਰ ਢੋਲ ਦਾ ਪੁੜਾ ਵੀ ਖੱਲ ਦੀ ਥਾਂ ਟੀਨ ਦਾ ਹੋ ਗਿਆ ਹੈ। ਉਤੋਂ ਖੁੰਬਾਂ ਵਾਂਗ ਉਗੇ ਗਾਇਕਾਂ 'ਚੋਂ ਟਾਵੇਂ-ਟਾਵੇਂ ਨੂੰ ਹੀ ਕੋਈ ਸਾਜ਼ ਵਜਾਉਣਾ ਆਉਂਦਾ ਹੋਵੇਗਾ। ਇਸ ਸ਼ੋਰ ਦੀ ਦੌੜ ਵਿਚ ਬੋਹੜਾਂ ਥੱਲੇ ਅਖਾੜੇ ਲਾਉਣ ਦੀ ਕਿਸੇ ਕੋਲ ਹਿੰਮਤ ਹੀ ਕਿਥੇ ਹੈ? ਹੋ ਸਕਦੈ ਇਸ ਸਭ ਕਾਸੇ ਤੋਂ ਅੱਕੇ ਹੋਏ ਲੋਕ, ਪਿੰਡਾਂ ਵਿਚ ਮੁੜ ਗੌਣ ਮੰਡਲੀਆਂ ਪੈਦਾ ਕਰ ਲੈਣ।

-ਮੋਬਾ: 98159-45018

ਅੰਨਦਾਤਾ ਦੇਸ਼ ਦਾ

ਅੰਨਦਾਤਾ ਦੇਸ਼ ਦਾ ਮੈਂ, ਖ਼ੁਆਰ ਹੁੰਦਾ ਦੇਖਿਆ।
ਮੰਡੀਆਂ ਦੇ ਵਿਚ ਇਹ, ਦੁਰਕਾਰ ਹੁੰਦਾ ਦੇਖਿਆ।

ਅਨਾਜ ਦਾ ਨਾ ਸਹੀ ਕਿਤੇ, ਮਿਲਦਾ ਹੈ ਮੁੱਲ ਇਹਨੂੰ।
ਆਪੇ ਭਾਅ ਲਾਉਣ ਦੀ ਨਾ, ਦਿੱਤੀ ਕਿਸੇ ਖੁੱਲ੍ਹ ਇਹਨੂੰ।
ਹਰ ਥਾਂ 'ਤੇ ਲੁੱਟ ਦਾ, ਸ਼ਿਕਾਰ ਹੁੰਦਾ ਦੇਖਿਆ।
ਅੰਨਦਾਤਾ ਦੇਸ਼ ਦਾ ਮੈਂ, ਖ਼ੁਆਰ ਹੁੰਦਾ ਦੇਖਿਆ।

ਧੁੱਪਾਂ ਵਿਚ ਸੜਦਾ ਤੇ, ਪਾਲ਼ੇ ਵਿਚ ਠਰੀ ਜਾਵੇ।
ਤੰਗੀਆਂ ਤੇ ਤੁਰਸ਼ੀਆਂ ਨੂੰ, ਹੱਸ-ਹੱਸ ਜਰੀ ਜਾਵੇ।
ਮੰਡੀਆਂ 'ਚ ਕਦੇ ਨਾ, ਸੁਧਾਰ ਹੁੰਦਾ ਦੇਖਿਆ।
ਮੰਡੀਆਂ ਦੇ ਵਿਚ ਇਹ, ਦੁਰਕਾਰ ਹੁੰਦਾ ਦੇਖਿਆ।

ਲੱਖਾਂ ਹੀ ਮੁਸੀਬਤਾਂ ਇਹ, ਸਿਰ ਉੱਤੇ ਝੱਲਦਾ,
ਕਦੋਂ ਆ ਜੇ ਮੀਂਹ ਝੱਖੜ, ਪਤਾ ਨਹੀਂ ਕੱਲ੍ਹ ਦਾ।
ਫ਼ਸਲ ਟਿਕਾਣੇ ਲੱਗੇ, ਬੇਕਰਾਰ ਹੁੰਦਾ ਦੇਖਿਆ।
ਅੰਨਦਾਤਾ ਦੇਸ਼ ਦਾ ਮੈਂ, ਖ਼ੁਆਰ ਹੁੰਦਾ ਦੇਖਿਆ।

ਦੱਬ ਕੇ ਵਾਹੀ ਜਾਵੇ, ਰੱਜ-ਰੱਜ ਖਾਂਦਾ ਨਹੀਂ।
ਸੰਕਟ ਕਿਸਾਨੀ ਵਾਲਾ, ਸੁਣਿਆ ਵੀ ਜਾਂਦਾ ਨਹੀਂ।
ਨਿੱਕੀ-ਨਿੱਕੀ ਗੱਲ 'ਤੇ, ਤਕਰਾਰ ਹੁੰਦਾ ਦੇਖਿਆ।
ਮੰਡੀਆਂ ਦੇ ਵਿਚ ਇਹ, ਦੁਰਕਾਰ ਹੁੰਦਾ ਦੇਖਿਆ।

ਖ਼ੁਦਕੁਸ਼ੀਆਂ ਨਾ ਕਰ, ਪੱਕਾ ਇਹ ਹੱਲ ਨਾ,
ਦੁੱਖਾਂ ਤੇ ਮੁਸੀਬਤਾਂ 'ਚ, ਟੱਬਰ ਸਾਰਾ ਘੱਲ ਨਾ।
'ਆਤਮਾ ਸਿੰਘ ਚਿੱਟੀ' ਨੇ, ਵਿਸਾਰ ਹੁੰਦਾ ਦੇਖਿਆ।
ਅੰਨ ਦਾਤਾ ਦੇਸ਼ ਦਾ ਮੈਂ, ਖ਼ੁਆਰ ਹੁੰਦਾ ਦੇਖਿਆ।


-ਆਤਮਾ ਸਿੰਘ ਚਿੱਟੀ
ਪਿੰਡ ਤੇ ਡਾਕ: ਚਿੱਟੀ, ਜ਼ਿਲ੍ਹਾ ਜਲੰਧਰ।
ਮੋਬਾਈਲ : 99884-69564.

ਇਸ ਮਹੀਨੇ ਦੇ ਖੇਤੀ ਰੁਝੇਵੇਂ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਅਜਿਹਾ ਹੋਣ 'ਤੇ 0.5 ਪ੍ਰਤੀਸ਼ਤ ਮੈਂਗਨੀਜ਼ ਸਲਫੇਟ (1.0 ਕਿਲੋ ਮੈਂਗਨੀਜ਼ ਸਲਫੇਟ 100 ਲਿਟਰ ਪਾਣੀ ਪ੍ਰਤੀ ਏਕੜ) ਦੇ ਘੋਲ ਦਾ ਛਿੜਕਾਅ ਕਰੋ। ਜਿੱਥੇ ਪਿੱਛਲੇ ਸਾਲ ਮੈਂਗਨੀਜ਼ ਦੀ ਘਾਟ ਆਈ ਸੀ ਇਕ ਛਿੜਕਾਅ ਪਹਿਲੇ ਪਾਣੀ ਤੋਂ 2-4 ਦਿਨ ਪਹਿਲਾਂ ਅਤੇ ਦੋ-ਤਿੰਨ ਛਿੜਕਾਅ ਪਹਿਲੇ ਪਾਣੀ ਤੋਂ ਬਾਅਦ ਹਫ਼ਤੇ-ਹਫ਼ਤੇ ਦੇ ਵਕਫੇ 'ਤੇ ਕਰੋ। ਰੇਤਲੀਆਂ ਜ਼ਮੀਨਾਂ ਵਿਚ ਗੰਧਕ ਦੀ ਘਾਟ ਕਾਰਨ ਉੱਪਰਲੇ ਨਵੇ ਪੱਤੇ ਹਲਕੇ ਹਰੇ ਅਤੇ ਫਿਰ ਪੀਲੇ ਹੋ ਜਾਂਦੇ ਹਨ ਜਦ ਕਿ ਹੇਠਲੇ ਪੱਤੇ ਹਰੇ ਹੀ ਰਹਿੰਦੇ ਹਨ। ਜੇਕਰ ਇਹੋ ਜਿਹੀਆਂ ਨਿਸ਼ਾਨੀਆਂ ਦਿਖਾਈ ਦੇਣ ਤਾਂ ਇਕ ਕੁਇੰਟਲ ਜਿਪਸਮ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੱਟਾ ਮਾਰੋ ਅਤੇ ਹਲਕਾ ਪਾਣੀ ਦੇ ਦਿਉ। ਜੇਕਰ ਕਣਕ ਦੀ ਬਿਜਾਈ ਅਜੇ ਕਰਨੀ ਹੈ ਤਾਂ 45 ਕਿਲੋ ਯੂਰੀਆ ਅਤੇ 155 ਕਿਲੋ ਸਿੰਗਲ ਸੁਪਰਫਾਸਫੇਟ ਪ੍ਰਤੀ ਏਕੜ ਬਿਜਾਈ ਸਮੇਂ ਪਾਉ। ਜੇਕਰ ਜ਼ਮੀਨ ਵਿਚ ਪੋਟਾਸ਼ ਦੀ ਘਾਟ ਹੈ ਤਾਂ 20 ਕਿਲੋ ਮਿਊਰੇਟ ਆਫ ਪੋਟਾਸ਼ ਪ੍ਰਤੀ ਏਕੜ ਪਾਉ। ਜੇਕਰ ਸਿੰਗਲ ਸੁਪਰਫ਼ਾਸਫ਼ੇਟ ਨਹੀਂ ਮਿਲਦੀ ਤਾਂ 55 ਕਿਲੋ ਡਾਇਆ ਖਾਦ ਵਰਤੋ ਅਤੇ ਬਿਜਾਈ ਵੇਲੇ 25 ਕਿਲੋ ਯੂਰੀਆ ਹੀ ਪਾਓ। ਨੀਮ ਪਹਾੜੀ ਇਲਾਕਿਆਂ ਵਿਚ ਪੀਲੀ ਕੁੰਗੀ ਦਾ ਹਮਲਾ ਹੋ ਸਕਦਾ ਹੈ। ਅਜਿਹੀ ਹਾਲਤ ਵਿਚ ਟਿਲਟ ਜਾਂ ਫੌਲੀਕਾਰ ਜਾਂ ਬੈਲੇਟਾਨ (ਇੱਕ ਮਿ.ਲੀ. ਇਕ ਲਿਟਰ ਪਾਣੀ) ਦਾ ਛਿੜਕਾਅ ਕਰਕੇ ਇਸ ਦੇ ਫੈਲਾਅ ਨੂੰ ਰੋਕੋ।
ਤੇਲ ਬੀਜ: ਤੋਰੀਏ ਦੀ ਸਹੀ ਸੰਭਾਲ ਲਈ ਫ਼ਸਲ ਦੀ ਕਟਾਈ ਖ਼ਤਮ ਕਰ ਲੈਣੀ ਚਾਹੀਦੀ ਹੈ। ਜੇਕਰ ਸਰ੍ਹੋਂ ਅਤੇ ਰਾਇਆ ਤੇ ਤੇਲਾ ਨੁਕਸਾਨ ਕਰਨ ਦੀ ਸਮਰੱਥਾ 'ਤੇ ਪਹੁੰਚ ਜਾਂਦਾ ਹੈ ਤਾਂ ਫ਼ਸਲ ਨੂੰ 40 ਗ੍ਰਾਮ ਐਕਟਾਰਾ 25 ਤਾਕਤ (ਥਾਇਆਮੈਥੋਕਸਮ) ਜਾਂ 400 ਮਿਲੀਲਿਟਰ ਰੋਗਰ 30 ਤਾਕਤ (ਡਾਈਮੈਥੋਏਟ) ਜਾਂ ਜਾਂ 600 ਮਿਲੀਲਿਟਰ ਡਰਸਬਾਨ 20 ਤਾਕਤ (ਕਲੋਰੋਪਾਈਰੀਫਾਸ) ਨੂੰ 100 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ।
ਦਾਲਾਂ: ਛੋਲਿਆਂ ਅਤੇ ਮਸਰਾਂ ਵਿਚ ਨਦੀਨਾਂ ਦੀ ਰੋਕਥਾਮ ਲਈ ਗੋਡੀ ਕਰੋ। ਸਮੇਂ ਸਿਰ ਬੀਜੀ ਛੋਲਿਆਂ ਦੀ ਫ਼ਸਲ ਨੂੰ ਅੱਧ ਦਸੰਬਰ ਦੇ ਆਸ-ਪਾਸ ਪਾਣੀ ਦੇ ਦਿਉ ਜਦ ਕਿ ਮਸਰਾਂ ਨੂੰ ਬਿਜਾਈ ਦੇ ਇਕ ਮਹੀਨਾ ਬਾਅਦ ਪਾਣੀ ਦਿਉ।
ਕਮਾਦ: ਫ਼ਸਲ ਨੂੰ ਕੋਰੇ ਤੋਂ ਬਚਾਉਣ ਲਈ ਅੱਧ ਦਸੰਬਰ ਤੱਕ ਪਾਣੀ ਦਿਉ। ਅਗੇਤੀਆਂ ਕਿਸਮਾਂ ਨੂੰ ਪੀੜਨ ਅਤੇ ਕਟਾਈ (ਮਿੱਲਾਂ ਵਿਚ ਭੇਜਣ ਲਈ) ਸ਼ੁਰੂ ਕਰ ਦਿਉ। ਕਟਾਈ ਖ਼ਤਮ ਹੁੰਦਿਆਂ ਸਾਰ ਹੀ ਖੇਤ ਨੂੰ ਪਾਣੀ ਦੇ ਦਿਉ। ਮੁੱਢਾਂ ਨੂੰ ਗੰਨੇ ਦੀ ਖੋਰੀ ਨਾਲ ਨਾ ਢਕੋ।
ਹਰੇ ਚਾਰੇ: ਹਰੇ ਚਾਰੇ ਦੀ ਘਾਟ ਨੂੰ ਪੂਰਾ ਕਰਨ ਲਈ ਇਸ ਮਹੀਨੇ ਅਗੇਤੀ ਬੀਜੀ ਜਵੀ ਨੂੰ ਕੱਟ ਲਵੋ। ਜੇਕਰ ਖੇਤ ਵਿਚ ਬੂਈਂ (ਪੋਆ ਘਾਹ) ਬਹੁਤ ਹੋਵੇ ਤਾਂ ਜਵੀ ਦੀਆਂ ਦੋ ਕਟਾਈਆਂ ਨਾ ਲਵੋ। ਹਰੇ ਚਾਰੇ ਦੀ ਘਾਟ ਵਾਲੇ ਸਮੇਂ ਹਰਾ ਚਾਰਾ ਪ੍ਰਾਪਤ ਕਰਨ ਲਈ ਲੂਸਣ ਦੀ ਕਟਾਈ ਲਈ ਜਾ ਸਕਦੀ ਹੈ। ਝੋਨੇ ਵਾਲੇ ਫ਼ਸਲੀ ਚੱਕਰ ਵਿਚ ਰੇਤਲੀਆਂ ਜ਼ਮੀਨਾਂ ਵਿਚ ਬੀਜੀ ਬਰਸੀਮ ਦੀ ਫ਼ਸਲ 'ਤੇ ਮੈਂਗਨੀਜ਼ ਦੀ ਘਾਟ ਆ ਸਕਦੀ ਹੈ। ਇਸ ਘਾਟ ਕਾਰਨ ਵਿਚਕਾਰਲੇ ਤਣੇ ਦੇ ਪੱਤਿਆਂ ਉਪਰ ਭੂਰੇ ਗੁਲਾਬੀ ਰੰਗ ਦੇ ਧੱਬੇ ਪੈ ਜਾਂਦੇ ਹਨ ਜੋ ਬਾਅਦ ਵਿਚ ਸੁੱਕ ਕੇ ਝੜ ਜਾਂਦੇ ਹਨ ਅਤੇ ਪੱਤੇ ਛਾਨਣੀ ਹੋ ਜਾਂਦੇ ਹਨ। ਘਾਟ ਠੀਕ ਕਰਨ ਲਈ 0.5% ਮੈਗਨੀਜ਼ ਸਲਫੇਟ (1 ਕਿਲੋ ਮੈਗਨੀਜ਼ ਸਲਫੇਟ 200 ਲਿਟਰ ਪਾਣੀ ਪ੍ਰਤੀ ਏਕੜ) ਦੇ ਛਿੜਕਾਅ ਫ਼ਸਲ ਕਟਣ ਉਪਰੰਤ ਦੋ ਹਫਤੇ ਦੇ ਨਵੇਂ ਫੁਟਾਰੇ 'ਤੇ ਕਰੋ ਅਤੇ ਹਫਤੇ-2 ਬਾਅਦ 2-3 ਛਿੜਕਾਅ ਕਰੋ। ਜੇਕਰ ਬਰਸੀਮ ਵਿਚ ਤਣਾ ਗਲਣ ਦਾ ਰੋਗ ਹੋਵੇ ਤਾਂ ਫ਼ਸਲ ਕੱਟਣ ਪਿੱਛੋ ਖੇਤ ਨੂੰ ਧੁੱਪ ਲੱਗਣ ਦਿਓ ।
ਸਬਜ਼ੀਆਂ
ਆਲੂ: ਅੱਧ ਦਸੰਬਰ ਤੋਂ ਬਾਅਦ ਆਲੂਆਂ ਨੂੰ ਪਾਣੀ ਦੇਣਾ ਬੰਦ ਕਰ ਦਿਉ ਤਾਂ ਜੋ ਪਤਰਾਲ ਸੁੱਕ ਜਾਵੇ। ਮਹੀਨੇ ਦੇ ਅੰਤ 'ਤੇ ਜੇਕਰ 100 ਪੱਤਿਆਂ 'ਤੇ 20 ਤੇਲੇ ਦਿਸਣ ਤਾਂ ਪਤਰਾਲ ਕੱਟ ਦਿਉ। ਆਲੂਆਂ ਨੂੰ ਧਰਤੀ ਹੇਠ ਵਿਕਸਤ ਹੋਣ ਦਿਉ। ਆਲੂਆਂ ਦੀ ਨਵੀਂ ਫ਼ਸਲ 'ਤੇ ਇੰਡੋਫਿਲ ਐਮ-45 ਦਾ ਛਿੜਕਾਅ ਕਰੋ। ਜੇ ਬਿਮਾਰੀ ਦਾ ਹਮਲਾ ਜ਼ਿਆਦਾ ਹੋਵੇ ਤਾਂ ਰਿਡੋਮਿਲ ਗੋਲਡ ਜਾਂ ਕਰਜਟ ਐਮ 8 ਜਾਂ ਸੈਕਟਿਨ ਜਾਂ ਈਕੂਏਸ਼ਨ ਪ੍ਰੋ ਜਾਂ ਰੀਵਸ ਜਾਂ ਮੈਲੋਡੀ ਡੂਓ ਦਾ ਛਿੜਕਾਅ ਕਰੋ।
ਟਮਾਟਰ: ਇਸ ਮਹੀਨੇ ਦੇ ਪਹਿਲੇ ਪੰਦਰਵਾੜੇ ਵਿਚ ਟਮਾਟਰਾਂ ਦੀ ਪਨੀਰੀ ਲਗਾ ਦਿਉ। ਪਲਾਸਟਿਕ ਸ਼ੀਟ/ਸਰਕੰਡਾ/ਕਾਹੀ/ਪਰਾਲੀ ਆਦਿ ਬੰਨ੍ਹ ਕੇ ਬੂਟਿਆਂ ਨੂੰ ਕੋਰੇ ਤੋਂ ਬਚਾਉ। ਮਧਰੇ ਕੱਦ ਦੇ ਬੂਟੇ ਨੂੰ ਕੋਰੇ ਤੋਂ ਬਚਾਉਣ ਲਈ 100 ਗਜ਼ ਦੀ ਮੋਟੀ ਚਿੱਟੀ ਪਲਾਸਟਿਕ ਦੀ ਥੈਲੀ (35ਗ25 ਸੈਂਟੀਮੀਟਰ) ਵਰਤੀ ਜਾ ਸਕਦੀ ਹੈ। ਇਕ ਏਕੜ ਲਈ 25 ਕਿਲੋ ਅਜਿਹੇ ਲਿਫ਼ਾਫ਼ੇ ਲੋੜੀਂਦੇ ਹਨ ਜੋ 2-3 ਸਾਲ ਵਰਤੇ ਜਾ ਸਕਦੇ ਹਨ।
(ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)


ਪੇਸ਼ਕਸ਼ : ਅਮਰਜੀਤ ਸਿੰਘ

ਲਾਹੇਵੰਦ ਹੈ ਮਿਰਚ ਦੀ ਨਵੀਂ ਦੋਗਲੀ ਕਿਸਮ

(ਲੜੀ ਜੋੜਨ ਲਈ ਪਿਛਲੇ
ਮੰਗਲਵਾਰ ਦਾ ਅੰਕ ਦੇਖੋ)
ਡਰਿੱਪਰ ਦਾ ਡਿਸਚਾਰਜ
ਨਦੀਨਾਂ ਦੀ ਰੋਕਥਾਮ: ਇਸ ਵਾਸਤੇ ਸਟੌਂਪ 30 ਤਾਕਤ ਇਕ ਲੀਟਰ ਜਾ 750 ਮਿਲੀਲੀਟਰ ਅਤੇ ਬਾਅਦ ਵਿਚ ਇਕ ਗੋਡੀ ਜਾ ਸੈਨਕੋਰ 70 ਤਾਕਤ ਦੀ ਵਰਤੋਂ ਕੀਤੀ ਜਾ ਸਕਦੀ ਹੈ 300 ਗ੍ਰਾਮ ਜਾਂ ਬਾਸਾਲਿਨ 45 ਤਾਕਤ ਇਕ ਲੀਟਰ ਜਾਂ 750 ਮਿਲੀਲੀਟਰ ਦੇ ਬਾਅਦ ਵਿਚ ਇਕ ਗੋਡੀ ਕਰੋ। ਇਨ੍ਹਾਂ ਨਦੀਨ ਨਾਸ਼ਕਾਂ ਦਾ ਛਿੜਕਾਅ 200 ਲੀਟਰ ਪਾਣੀ ਵਿਚ ਪ੍ਰਤੀ ਏਕੜ ਦੇ ਹਿਸਾਬ ਨਾਲ ਪਨੀਰੀ ਪੁੱਟ ਕੇ ਲਾਉਣ ਤੋਂ 3-4 ਦਿਨ ਪਹਿਲਾਂ ਚੰਗੇ ਤਿਆਰ ਕੀਤੇ ਚੰਗੀ ਨਮੀ ਵਾਲੇ ਖੇਤ ਵਿਚ ਕਰੋ। ਬਾਸਾਲਿਨ 45 ਤਾਕਤ ਇਕ ਲੀਟਰ ਪ੍ਰਤੀ ਏਕੜ ਜਾਂ ਬਾਸਾਲੀਨ 750 ਮਿਲੀਲਿਟਰ+ਇਕ ਗੋਡੀ ਵੀ ਕੀਤੀ ਜਾ ਸਕਦੀ ਹੈ। ਬਾਸਾਲਿਨ ਨੂੰ ਖੇਤ ਦੀ ਤਿਆਰੀ ਸਮੇਂ ਮਿੱਟੀ ਵਿਚ ਚੰਗੀ ਤਰ੍ਹਾਂ ਮਿਲਾ ਲਵੋ।
ਫ਼ਲ ਝੜਨ ਤੋਂ ਰੋਕਣਾ : ਮਈ-ਜੂਨ ਦੇ ਮਹੀਨੇ ਵਧੇਰੇ ਤਾਪਮਾਨ ਹੋਣ ਕਰਕੇ ਫ਼ਲ ਝੜ ਜਾਂਦੇ ਹਨ। ਪਨੀਰੀ ਪੁੱਟ ਕੇ ਖੇਤ ਵਿਚ ਲਾਉਣ ਤੋਂ 45 ਅਤੇ 55 ਦਿਨਾਂ ਪਿਛੋਂ ਨੈਫਥਾਲੀਨ ਐਸਿਟਿਕ ਐਸਿਡ ਦੇ 4 ਮਿਲੀਲਿਟਰ ਦੇ ਹਿਸਾਬ ਨਾਲ 2 ਛਿੜਕਾਅ ਕਰਨ ਨਾਲ ਹਰੀਆਂ ਅਤੇ ਲਾਲ ਪੱਕੀਆਂ ਮਿਰਚਾਂ ਦੇ ਝਾੜ ਵਿਚ ਵਾਧਾ ਹੁੰਦਾ ਹੈ। ਇਸ ਲਈ 4 ਮਿਲੀਲਿਟਰ ਪ੍ਰਤੀ ਏਕੜ ਐਨ ਏ ਏ ਨੂੰ 10-15 ਮਿਲੀਲਿਟਰ ਈਥਾਈਲ ਅਲਕੋਹਲ ਵਿਚ ਘੋਲੋ ਅਤੇ ਇਹ ਘੋਲ ਇਕ ਲਿਟਰ ਬਣਾ ਲਓ। ਛਿੜਕਾਅ ਵੇਲੇ ਇਸ ਘੋਲ ਨੂੰ 100 ਲਿਟਰ ਪਾਣੀ ਵਿਚ ਘੋਲ ਕੇ ਛਿੜਕੋ ।
ਤੁੜਾਈ : ਪੀਸ ਕੇ ਵਰਤੀ ਜਾਣ ਵਾਲੀ ਮਿਰਚ ਤੋੜਨ ਵੇਲੇ ਲਾਲ ਹੋਣੀ ਚਾਹੀਦੀ ਹੈ। ਇਸ ਲਈ 6-7 ਤੁੜਾਈਆਂ ਦੀ ਲੋੜ ਹੈ। ਆਚਾਰ ਲਈ ਹਰੀਆਂ ਮਿਰਚਾਂ ਤੋੜੋ। ਲਾਲ ਤੋੜੀਆਂ ਮਿਰਚਾਂ ਨੂੰ ਧੁੱਪ ਵਿਚ ਸੁਕਾ ਕੇ ਰੱਖੋ।
ਬੀਜ ਉਤਪਾਦਨ: ਇਸ ਵਾਸਤੇ ਮਾਦਾ ਲਾਈਨ (ਐਮ ਐਸ-12) ਅਤੇ ਨਰ ਲਾਈਨ (ਐਸ-343) ਨੂੰ 2:1 ਦੇ ਅਨੁਪਾਤ ਨਾਲ ਖੇਤ ਵਿਚ ਲਗਾਉ। ਮਾਦਾ ਲਾਈਨ ਦੇ ਬੂਟਿਆਂ ਵਿਚਕਾਰ ਫ਼ਾਸਲਾ 22.5 ਸੈਟੀਂਮੀਟਰ ਅਤੇ ਕਤਾਰਾਂ ਵਿਚਲਾ ਫ਼ਾਸਲਾ 60 ਸੈਟੀਂਮੀਟਰ ਰਖੋੋ। ਫੁੱਲ ਆਉਣ 'ਤੇ ਮਾਦਾ ਲਾਈਨ ਵਿਚੋਂ ਮਾੜੇ ਪੌਦਿਆਂ ਦੀ ਪਛਾਣ ਕਰ ਲਵੋ ਅਤੇ ਪਛਾਣ ਕਰਨ ਤੋਂ ਬਾਅਦ ਉਨ੍ਹਾਂ ਉੱਤੋਂ ਸਾਰੇ ਫਲ ਇਕ ਵਾਰ ਤੋੜ ਦਿਓ। ਬੀਜ ਦੀ ਸ਼ੁੱਧਤਾ ਵਾਸਤੇ ਮਿਰਚ ਦੀਆਂ ਦੂਜੀਆਂ ਕਿਸਮਾਂ ਤੋਂ ਫ਼ਾਸਲਾ ਘੱਟੋ-ਘੱਟ 400 ਮੀਟਰ ਰਖੋ। ਅਣਚਾਹੇ ਬੂਟਿਆਂ ਨੂੰ ਨਰ ਅਤੇ ਮਾਦਾ ਲਾਈਨਾਂ ਵਿਚ ਸਮੇਂ-ਸਮਂੇ 'ਤੇ ਪੁੱਟ ਦਿਓ। ਵਧੇਰੇ ਬੀਜ ਉਤਪਾਦਨ ਵਾਸਤੇ ਸ਼ਹਿਦ ਦੀਆਂ ਮੱਖੀਆਂ ਦੇ 3-4 ਬਕਸੇ ਪ੍ਰਤੀ ਏਕੜ ਦੇ ਹਿਸਾਬ ਨਾਲ ਰੱਖੋ। ਬੀਜ ਵਾਸਤੇ ਲਾਲ ਪੱਕੇ ਹੋਏ ਫਲ ਸਿਰਫ਼ ਮਾਦਾ ਬੂਟਿਆਂ ਤੋਂ ਹੀ ਤੋੜੋ। ਇਕ ਏਕੜ ਵਿਚੋਂ ਤਕਰੀਬਨ 25-30 ਕਿਲੋ ਬੀਜ ਪੈਦਾ ਕੀਤਾ ਜਾ ਸਕਦਾ ਹੈ। (ਸਮਾਪਤ)


-ਸਬਜ਼ੀ ਵਿਭਾਗ। ਮੋਬਾਈਲ : 89687-66600.

ਲਾਹੇਵੰਦ ਹੈ ਮਿਰਚ ਦੀ ਨਵੀਂ ਦੋਗਲੀ ਕਿਸਮ

ਮਿਰਚ ਭਾਰਤ ਵਿਚ ਬੀਜੀ ਜਾਣ ਵਾਲੀ ਇਕ ਮੁੱਖ ਫ਼ਸਲ ਹੈ। ਇਸ ਵਿਚ ਕੁੜੱਤਣ ਹੋਣ ਕਰਕੇ ਲਾਲ ਮਿਰਚ ਨੂੰ ਮਸਾਲਿਆਂ ਦੇ ਤੌਰ 'ਤੇ ਅਤੇ ਹਰੀ ਮਿਰਚ ਨੂੰ ਸਬਜ਼ੀ ਦੇ ਤੌਰ 'ਤੇ ਵਰਤਿਆ ਜਾਂਦਾ ਹੈ। ਮਿਰਚ ਦੀ ਫ਼ਸਲ ਮੌਸਮ, ਬੀਮਾਰੀਆਂ ਅਤੇ ਕੀੜੇ-ਮਕੌੜਿਆਂ ਨਾਲ ਕਾਫ਼ੀ ਪ੍ਰਭਾਵਿਤ ਹੁੰਦੀ ਹੈ। ਸਾਲ 2015 ਵਿਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਲੋਂ ਸੀ.ਐਚ.-27 ਹਾਈਬ੍ਰਿਡ ਦੀ ਖੋਜ ਕਰਨ ਉਪਰੰਤ ਇਸ ਨੂੰ ਪੰਜਾਬ ਵਿਚ ਕਾਸ਼ਤ ਕਰਨ ਲਈ ਸਿਫ਼ਾਰਿਸ਼ ਕੀਤਾ ਗਿਆ। ਇਹ ਦੋਗਲੀ ਕਿਸਮ ਪੰਜਾਬ ਦੇ ਕਿਸਾਨਾਂ ਵਿਚ ਕਾਫ਼ੀ ਪ੍ਰਚਲਿਤ ਹੋਈ ਹੈ। ਇਹ ਕਿਸਮ ਦੁਰੇਡੇ ਮੰਡੀਕਰਨ ਵਾਸਤੇ ਬਹੁਤ ਢੁੱਕਵੀ ਹੈ।
ਹਾਈਬ੍ਰਿਡ ਸੀ.ਐਚ-27 ਦੇ ਮੁੱਖ ਗੁਣ: ਇਹ ਇਕ ਦੋਗਲੀ ਕਿਸਮ ਹੈ। ਇਸ ਦੇ ਮਾਪੇ ਐਮ ਐੱਸ-12 (ਮਾਦਾ) ਅਤੇ ਐਸ-343 (ਨਰ) ਹਨ। ਇਸ ਕਿਸਮ ਦੇ ਪੌਦੇ ਉੱਚੇ ਅਤੇ ਫੈਲਾਅ ਵਾਲੇ ਅਤੇ ਲੰਮੇ ਸਮੇਂ ਤੱਕ ਫਲ ਦਿੰਦੇ ਰਹਿੰਦੇ ਹਨ। ਇਸ ਦੇ ਫਲ ਦਰਮਿਆਨੇ ਲੰਮੇ 6.7 (ਸੈਂਟੀਮੀਟਰ), ਪਤਲੀ ਛਿੱਲੜ ਵਾਲੇ ਅਤੇ ਹਲਕੇ ਹਰੇ ਰੰਗ ਦੇ ਹੁੰਦੇ ਹਨ ਪਰ ਪੱਕ ਕੇ ਇਨ੍ਹਾਂ ਦਾ ਰੰਗ ਗੂੜ੍ਹਾ ਲਾਲ ਹੋ ਜਾਂਦਾ ਹੈ। ਸੁੱਕੀਆਂ ਮਿਰਚਾਂ ਵਿਚ ਕੁੜੱਤਣ ਤੱਤ ਦੀ ਮਾਤਰਾ 0.7 ਪ੍ਰਤੀਸ਼ਤ ਅਤੇ ਜ਼ਿਆਦਾ ਸੁੱਕਾ ਮਾਦਾ (26 ਪ੍ਰਤੀਸ਼ਤ) ਹੁੰਦੇ ਹਨ। ਇਸ ਕਿਸਮ ਦਾ ਲਾਲ ਮਿਰਚ ਦਾ ਝਾੜ 96 ਕੁਇੰਟਲ ਪ੍ਰਤੀ ਏਕੜ ਹੈ। ਇਸ ਕਿਸਮ ਵਿਚ ਪੱਤਾ ਲਪੇਟ ਵਾਇਰਸ, ਜੜ੍ਹ ਸੂਤਰ ਨਿਮਾਟੋਡ ਅਤੇ ਫਲ ਗਲਣਾ ਆਦਿ ਬਿਮਾਰੀਆਂ ਦਾ ਟਾਕਰਾ ਕਰਨ ਦੀ ਸਮਰੱਥਾ ਹੈ। ਇਹ ਕਿਸਮ ਥਰਿੱਪ ਅਤੇ ਜੂੰ ਵਰਗੇ ਕੀੜਿਆਂ ਨੂੰ ਵੀ ਸਹਾਰ ਸਕਦੀ ਹੈ। ਇਹ ਕਿਸਮ ਪ੍ਰੋਸੈਸਿੰਗ ਵਾਸਤੇ ਢੁੱਕਵੀਂ ਹੈ।
ਕਾਸ਼ਤ ਸਬੰਧੀ ਨੁਕਤੇ : ਬੀਜ ਦੀ ਮਾਤਰਾ ਅਤੇ ਬਿਜਾਈ ਦਾ ਸਮਾਂ : ਇਕ ਏਕੜ ਦੀ ਪਨੀਰੀ ਤਿਆਰ ਕਰਨ ਲਈ 200 ਗ੍ਰਾਮ ਬੀਜ ਨੂੰ ਇਕ ਮਰਲਾ (25 ਵਰਗ ਮੀਟਰ) ਵਿਚ ਕਿਆਰੀਆਂ ਵਿਚ ਜਿਹੜੀ ਪਹਿਲਾਂ ਤੋਂ ਬੀਜੀ ਹੋਈ ਪਨੀਰੀ ਨੂੰ ਫ਼ਰਵਰੀ-ਮਾਰਚ ਵਿਚ ਖੇਤ ਵਿਚ ਲਾ ਦਿਉ।
ਪਨੀਰੀ ਬੀਜਣ ਦਾ ਤਰੀਕਾ : ਪਨੀਰੀ ਤਿਆਰ ਕਰਨ ਲਈ ਸਵਾ ਮੀਟਰ ਚੌੜਾਈ ਦੀਆਂ ਕਿਆਰੀਆਂ ਜੋ ਜ਼ਮੀਨ ਤੋਂ 15 ਸੈਂਟੀਮੀਟਰ ਉੱਚੀਆਂ ਹੋਣ ਬਣਾ ਲਓ। ਕਿਆਰੀਆਂ ਬਣਾਉਣ ਉਪਰੰਤ ਜ਼ਮੀਨ ਨੂੰ ਕਹੀ ਜਾਂ ਖੁਰਪੇ ਨਾਲ ਪੋਲਾ ਕਰ ਲਓ। ਜੇਕਰ ਮੱਲੜ੍ਹ ਪਾਉਣ ਦੀ ਲੋੜ ਹੋਵੇ ਤਾਂ ਧਿਆਨ ਰੱਖੋ ਕਿ ਇਹ ਚੰਗੀ ਤਰ੍ਹਾਂ ਗਲਿਆ ਸੜਿਆ ਹੋਵੇ ਤੇ ਜ਼ਮੀਨ ਵਿਚ ਚੰਗੀ ਤਰ੍ਹਾਂ ਮਿਲਾ ਲਓ। ਇਸ ਤੋਂ ਬਾਅਦ ਜ਼ਮੀਨ ਨੂੰ ਫਾਰਮਾਲੀਨ ਦਵਾਈ ਦੇ 1.5-2.0% ਤਾਕਤ ਦੇ ਘੋਲ ਨਾਲ ਸੋਧ ਲਓ। ਇਹ ਕਰਨ ਵਾਸਤੇ 15-20 ਮਿਲੀਲਿਟਰ ਦਵਾਈ ਇਕ ਲਿਟਰ ਪਾਣੀ ਵਿਚ ਪਾਓ। ਇਹ ਘੋਲ ਤਕਰੀਬਨ 4-5 ਲਿਟਰ ਪ੍ਰਤੀ ਵਰਗ ਮੀਟਰ ਵਿਚ ਪਾਓ ਤਾਂ ਜੋ ਮਿੱਟੀ ਦੀ ਤਕਰੀਬਨ 6 ਇੰਚ ਤਹਿ ਗੜੁੱਚ ਹੋ ਜਾਵੇ। ਇਸ ਤੋਂ ਬਾਅਦ ਕਿਆਰੀਆਂ ਨੂੰ ਪੋਲੀਥੀਨ ਦੀ ਚਾਦਰ ਨਾਲ 48-72 ਘੰਟੇ ਲਈ ਚੰਗੀ ਤਰ੍ਹਾਂ ਢੱਕ ਦਿਓ। ਚਾਦਰ ਚੁੱਕਣ ਤੋਂ ਬਾਅਦ ਮਿੱਟੀ ਨੂੰ ਦੋਬਾਰਾ ਖੁਰਪੇ ਨਾਲ ਪੋਲਾ ਕਰੋ ਤਾਂ ਜੋ ਦਵਾਈ ਵਾਸ਼ਪੀਕਰਨ ਦੁਆਰਾ ਹਵਾ ਵਿਚ ਚਲੀ ਜਾਵੇ। ਇਸ ਤਰ੍ਹਾਂ ਕਰਨ ਨਾਲ ਬੀਜ ਦੀ ਉੱਗਣ ਸ਼ਕਤੀ ਬਣੀ ਰਹਿੰਦੀ ਹੈ। ਇਸ ਤੋਂ 3-4 ਦਿਨਾਂ ਬਾਅਦ ਬਿਜਾਈ ਕੀਤੀ ਜਾ ਸਕਦੀ ਹੈ। ਬਿਜਾਈ ਚੌੜੇ ਰੁੱਖ ਕਤਾਰਾਂ ਵਿਚ 5 ਸੈਂਟੀਮੀਟਰ ਦੇ ਫ਼ਾਸਲੇ 'ਤੇ ਕਰੋ । ਮਿਰਚਾਂ ਦੇ ਦੋਗਲੇ ਬੀਜ ਤੋਂ ਕਾਮਯਾਬੀ ਨਾਲ ਸਿਹਤਮੰਦ ਬੂਟੇ ਤਿਆਰ ਕਰਨ ਲਈ ਪਨੀਰੀ ਨੂੰ ਪੌਲੀਹਾਊਸ (24'13'6') ਵਿਚ ਉਗਾਇਆ ਜਾ ਸਕਦਾ ਹੈ।
ਫ਼ਾਸਲਾ : ਪਨੀਰੀ ਲਗਾਉਣ ਸਮੇਂ ਬੂਟੇ ਨਿੱਗਰ ਅਤੇ ਮਜ਼ਬੂਤ ਹੋਣੇ ਚਾਹੀਦੇ ਹਨ। ਬੂਟਿਆਂ ਨੂੰ ਵੱਟਾਂ ਉਪਰ 75 ਸੈਂਟੀਮੀਟਰ ਦੇ ਫ਼ਾਸਲੇ 'ਤੇ ਲਗਾਓ ਅਤੇ ਬੂਟਿਆਂ ਵਿਚਕਾਰ ਫ਼ਾਸਲਾ 45 ਸੈਂਟੀਮੀਟਰ ਰੱਖੋ। ਜੇਕਰ ਵੱਟਾਂ ਬੈੱਡ ਮੇਕਰ ਨਾਲ ਬਣਾਉਣੀਆਂ ਹੋਣ ਤਾਂ ਕਤਾਰਾਂ ਵਿਚਲਾ ਫ਼ਾਸਲਾ ਵਧਾਇਆ ਜਾ ਸਕਦਾ ਹੈ।
ਸਿੰਚਾਈ : ਖਾਲ਼ਾਂ ਰਾਹੀ : ਪਹਿਲਾ ਪਾਣੀ ਪਨੀਰੀ ਖੇਤ ਵਿਚ ਲਾਉਣ ਤੋਂ ਤੁਰੰਤ ਬਾਅਦ ਲਾਓ। ਬਾਅਦ ਵਿਚ ਗਰਮੀਆਂ ਵਿਚ ਸਿੰਚਾਈ 7-10 ਦਿਨ ਦੇ ਵਕਫ਼ੇ 'ਤੇ ਕਰੋ। ਸਿੰਚਾਈ ਦੀ ਮਾਤਰਾ ਅਤੇ ਵਕਫ਼ਾ ਮੌਸਮ ਅਤੇ ਮਿਟੀ ਦੇ ਹਿਸਾਬ ਨਾਲ ਰੱਖੋ। ਇਸ ਫ਼ਸਲ ਦੀਆਂ ਜੜ੍ਹਾਂ ਜ਼ਿਆਦਾ ਨਮੀ ਅਤੇ ਪਾਣੀ ਨਹੀਂ ਸਹਾਰਦੀਆਂ।
ਤੁਪਕਾ ਸਿੰਚਾਈ ਵਿਧੀ ਰਾਹੀਂ : ਤੁਪਕਾ ਸਿੰਚਾਈ ਵਿਧੀ ਨਾਲ ਪਾਣੀ ਲਾਉਣ 'ਤੇ ਨਾ ਕੇਵਲ ਝਾੜ ਹੀ ਵਧਦਾ ਹੈ ਸਗੋਂ 46 ਪ੍ਰਤੀਸ਼ਤ ਪਾਣੀ ਦੀ ਵੀ ਬੱਚਤ ਹੁੰਦੀ ਹੈ। ਇਸ ਵਿਧੀ ਨਾਲ ਸਿੰਚਾਈ 2 ਦਿਨਾਂ ਦੇ ਅੰਤਰ 'ਤੇ ਕੀਤੀ ਜਾਂਦੀ ਹੈ । ਇਸ ਵਿਧੀ ਲਈ ਮਿਰਚਾਂ ਦੀਆਂ 2 ਕਤਾਰਾਂ 80 ਸੈਂਟੀਮੀਟਰ ਚੌੜੇ ਬੈੱਡ 'ਤੇ ਲਾਉ ਅਤੇ ਕਤਾਰਾਂ ਦੇ ਵਿਚ ਫ਼ਾਸਲਾ 60 ਸੈਂਟੀਮੀਟਰ ਅਤੇ ਬੂਟੇ ਤੋਂ ਬੂਟੇ ਦੀ ਦੂਰੀ 45 ਸੈਂਟੀਮੀਟਰ ਰੱਖੋ। 2 ਬੈੱਡਾਂ ਵਿਚਕਾਰ 40 ਸੈਂਟੀਮੀਟਰ ਦਾ ਫ਼ਾਸਲਾ ਰੱਖੋ। ਇਸ ਫ਼ਸਲ ਨੂੰ ਪਾਣੀ ਦੇਣ ਲਈ ਇਕ ਡਰਿਪ ਲੇਟਰਲ ਪ੍ਰਤੀ ਬੈੱਡ ਦਾ ਇਸਤੇਮਾਲ ਕਰੋ ਅਤੇ ਲੇਟਰਲ ਤੇ ਡਰਿੱਪਰ ਤੋਂ ਡਰਿੱਪਰ ਦੀ ਦੂਰੀ 30 ਸੈਂਟੀਮੀਟਰ ਰੱਖੋ। (ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)


-ਮੋਬਾਈਲ : 89687-66600.

ਜੈਵਿਕ ਫ਼ਸਲਾਂ ਦੇ ਉਤਪਾਦਨ ਦੀ ਲੋੜ

ਪੰਜਾਬ ਵਿਚ ਅਨਾਜ ਪੈਦਾ ਕਰਨ ਲਈ ਰਸਾਇਣਕ ਖਾਦਾਂ ਅਤੇ ਕੀਟਨਾਸ਼ਕਾਂ ਦੀ ਵਰਤੋਂ ਬਹੁਤ ਜ਼ਿਆਦਾ ਹੋ ਰਹੀ ਹੈ। ਜਿਸ ਦੇ ਸਿੱਟੇ ਵਜੋਂ ਕੀਟਨਾਸ਼ਕ ਅਤੇ ਰਸਾਇਣਕ ਖਾਦ ਨਾਲ ਲੋਕਾਂ ਦੀ ਸਿਹਤ 'ਤੇ ਬਹੁਤ ਮਾੜਾ ਅਸਰ ਪਿਆ ਹੈ। ਪੰਜਾਬ ਦੇ ਲੋਕਾਂ ਨੂੰ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਤੋਂ ਬਚਣ ਲਈ ਜੈਵਿਕ ਹਰਾ ਚਾਰਾ, ਜੈਵਿਕ ਸਬਜ਼ੀਆਂ ਅਤੇ ਜੈਵਿਕ ਕਣਕ ਦੀ ਪੈਦਾਵਾਰ ਕਰਨੀ ਚਾਹੀਦੀ ਹੈ ਅਤੇ ਕੈਂਸਰ ਨਾਲ ਲੜਨ ਲਈ ਆਪਣੇ ਭੋਜਨ ਵਿਚ ਬਦਲਾਅ ਲਿਆਉਣ ਦੀ ਲੋੜ ਹੈ। ਅੱਜਕਲ੍ਹ ਜੈਵਿਕ ਖੇਤੀ ਦੀ ਮੰਗ ਲਗਾਤਾਰ ਵਧ ਰਹੀ ਹੈ। ਆਰਗੈਨਿਕ ਤਰੀਕੇ ਨਾਲ ਤਿਆਰ ਅਨਾਜ ਰਸਾਇਣਕ ਖਾਦ ਆਧਾਰਤ ਅਨਾਜ ਦੇ ਮੁਕਾਬਲੇ ਡੇਢ ਤੋਂ ਦੁੱਗਣੀ ਕੀਮਤ 'ਤੇ ਵਿਕਦਾ ਹੈ। ਜੈਵਿਕ ਖੇਤੀ ਵਿਚ ਕਿਸੇ ਵੀ ਤਰ੍ਹਾਂ ਦੇ ਰਸਾਇਣ ਵਰਤ ਨਹੀਂ ਸਕਦੇ ਹਾਂ ਅਤੇ ਇਸ ਵਿਚ ਜ਼ਮੀਨ ਦੀ ਉਪਜਾਊ ਸ਼ਕਤੀ ਵਧਾਉਣ ਅਤੇ ਫ਼ਸਲਾਂ ਨੂੰ ਲੋੜੀਂਦੇ ਖ਼ੁਰਾਕੀ ਤੱਤਾਂ ਦੀ ਪੂਰਤੀ ਲਈ ਫ਼ਸਲੀ ਚੱਕਰਾਂ, ਫ਼ਸਲਾਂ ਦੀ ਰਹਿੰਦ-ਖੂੰਹਦ, ਰੂੜੀ ਦੀ ਖਾਦ, ਕੰਪੋਸਟ, ਫ਼ਲੀਦਾਰ ਫ਼ਸਲਾਂ ਅਤੇ ਹਰੀ ਖਾਦ ਦੀ ਵਰਤੋਂ ਕੀਤੀ ਜਾਂਦੀ ਹੈ। ਜੈਵਿਕ ਅਨਾਜ ਪੈਦਾ ਕਰਨ ਲਈ ਫਾਰਮ ਨੂੰ ਇਕ ਜੈਵਿਕ ਨਿਯੰਤ੍ਰਣ ਸੰਸਥਾ ਨਾਲ ਰਜਿਸਟਰ ਕੀਤਾ ਜਾਣਾ ਚਾਹੀਦਾ ਹੈ ਅਤੇ ਅਪਣਾਈ ਉਤਪਾਦਨ ਪ੍ਰਣਾਲੀ ਨੂੰ ਨਿਸਚਿਤ ਕੀਤੇ ਗਏ ਜੈਵਿਕ ਮਿਆਰ ਪੂਰੇ ਕਰਨੇ ਚਾਹੀਦੇ ਹਨ। ਹਰ ਕੰਟਰੋਲ ਬਾਡੀ ਦੇ ਆਪਣੇ ਵੇਰਵੇ ਸਹਿਤ ਮਾਪਦੰਡ ਹੁੰਦੇ ਹਨ ਅਤੇ ਇਹ ਯਕੀਨੀ ਬਣਾਉਣਾ ਬਹੁਤ ਮਹੱਤਵਪੂਰਨ ਹੁੰਦਾ ਹੈ ਕਿ ਉਤਪਾਦਨ ਪ੍ਰਣਾਲੀ ਅਪਣਾਏ ਜਾਣ ਨਾਲ ਤੁਹਾਡੇ ਦੁਆਰਾ ਰਜਿਸਟਰ ਕਰਨ ਲਈ ਚੁਣੇ ਗਏ ਜੈਵਿਕ ਮਿਆਰ ਦੀਆਂ ਜ਼ਰੂਰਤਾਂ ਦੀ ਪਾਲਣਾ ਕੀਤੀ ਜਾਵੇ।
ਜੈਵਿਕ ਤਰੀਕੇ ਨਾਲ ਸਬਜ਼ੀਆਂ ਦਾ ਉਤਪਾਦਨ
ਅੱਜਕਲ੍ਹ ਸਬਜ਼ੀਆਂ ਦਾ ਉਤਪਾਦਨ ਕਰਨ ਵਾਲੇ ਲੋਕ ਕੀੜੇ-ਮਕੌੜੇ ਅਤੇ ਬਿਮਾਰੀਆਂ ਤੋਂ ਬਚਾਉਣ ਲਈ ਕੀਟ ਨਾਸ਼ਕਾਂ ਦੀ ਬੇਲੋੜੀ ਵਰਤੋਂ ਕਰਦੇ ਹਨ। ਪਰ ਤਾਜ਼ੀ, ਤੱਤ ਭਰਪੂਰ ਅਤੇ ਕੀਟ ਨਾਸ਼ਕਾਂ ਤੋਂ ਰਹਿਤ ਸਬਜ਼ੀ ਘਰ ਬਗੀਚੀ ਵਿਚੋਂ ਮਿਲ ਸਕਦੀ ਹੈ। ਘਰੇਲੂ ਬਗੀਚੀ ਵਿਚ ਸਬਜ਼ੀਆਂ ਸਾਰਾ ਸਾਲ ਪਰਿਵਾਰ ਦੀਆਂ ਜਰੂਰਤਾਂ ਪੂਰੀਆਂ ਕਰਨ ਲਈ ਬਦਲ-ਬਦਲ ਕੇ ਬੀਜੀਆਂ ਜਾ ਸਕਦੀਆਂ ਹਨ। ਇਕ ਸਾਲ ਵਿਚ 6×6 ਮੀਟਰ ਦੇ ਜ਼ਮੀਨ ਦੇ ਟੁਕੜੇ ਉਪਰ 27 ਅਲੱਗ-ਅਲੱਗ ਸਬਜ਼ੀਆਂ ਪੈਦਾ ਕੀਤੀਆਂ ਜਾ ਸਕਦੀਆਂ ਹਨ ਅਤੇ ਤਕਰੀਬਨ 300 ਕਿਲੋ ਸਬਜ਼ੀ ਪ੍ਰਾਪਤ ਕੀਤੀ ਜਾ ਸਕਦੀ ਹੈ। ਇਸ ਤਰ੍ਹਾਂ ਚਾਰ ਮੈਂਬਰਾਂ ਦੇ ਪਰਿਵਾਰ (ਦੋ ਬਾਲਗ ਅਤੇ ਦੋ ਬੱਚੇ) ਦੀ ਵਿਟਾਮਿਨ, ਧਾਤਾਂ ਅਤੇ ਹੋਰ ਜ਼ਰੂਰੀ ਤੱਤਾਂ ਦੀ ਪੂਰਤੀ ਹੋ ਜਾਂਦੀ ਹੈ।
ਮੱਕੀ-ਆਲੂ-ਪਿਆਜ਼ ਫ਼ਸਲੀ ਚੱਕਰ ਵਿਚ ਆਲੂ ਵਿਚ ਮੂਲੀ ਦੀ ਰਲਵੀਂ ਫ਼ਸਲ ਅਤੇ ਪਿਆਜ਼ ਵਿਚ ਧਨੀਏ ਦੀ ਰਲਵੀਂ ਫ਼ਸਲ ਬੀਜਣੀ ਚਾਹੀਦੀ ਹੈ ਜਿਸ ਨਾਲ ਜੈਵਿਕ ਖੇਤੀ ਵਿਚ ਪਹਿਲੇ ਸਾਲ ਹੀ ਰਸਾਇਣਕ ਖੇਤੀ ਦੇ ਬਰਾਬਰ ਆਮਦਨ ਹੋ ਸਕਦੀ ਹੈ। ਮੱਕੀ ਲਈ 1.7 ਟਨ ਰੂੜੀ ਦੀ ਖਾਦ + 1.1 ਟਨ ਗੰਡੋਇਆਂ ਦੀ ਖਾਦ + 0.7 ਟਨ ਨਾ ਖਾਣ ਯੋਗ ਰਿੰਡ ਦੀ ਖਲ਼ ਪ੍ਰਤੀ ਏਕੜ ਦੇ ਹਿਸਾਬ ਨਾਲ ਖੇਤ ਵਿਚ ਪਾਉ। ਇਸੇ ਤਰ੍ਹਾਂ ਆਲੂਆਂ ਦੀ ਫ਼ਸਲ ਲਈ 2.5 ਟਨ ਰੂੜੀ ਦੀ ਖਾਦ + 1.7 ਟਨ ਗੰਡੋਇਆ ਖਾਦ + 1.0 ਟਨ ਨਾ ਖਾਣ ਯੋਗ ਰਿੰਡ ਦੀ ਖਲ਼ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਉ। ਪਿਆਜ਼ ਲਈ ਪ੍ਰਤੀ ਏਕੜ ਨੂੰ 1.3 ਟਨ ਰੂੜੀ ਦੀ ਖਾਦ + 0.9 ਟਨ ਗੰਡੋਇਆ ਖਾਦ + 0.5 ਟਨ ਨਾ ਖਾਣ ਯੋਗ ਰਿੰਡ ਦੀ ਖਲ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਉ। ਮੱਕੀ ਦੀ ਫ਼ਸਲ ਨੂੰ ਜੂਨ ਦੇ ਪਹਿਲੇ ਪੰਦਰਵਾੜੇ, ਆਲੂ ਅਕਤੂਬਰ ਦੇ ਪਹਿਲੇ ਪੰਦਰਵਾੜੇ ਅਤੇ ਪਿਆਜ਼ ਜਨਵਰੀ ਦੇ ਪਹਿਲੇ ਪੰਦਰਵਾੜੇ ਵਿਚ ਬੀਜੋ। ਮੂਲੀ ਨੂੰ ਅਕਤੂਬਰ ਦੇ ਪਹਿਲੇ ਪੰਦਰਵਾੜੇ ਵਿਚ ਆਲੂਆਂ ਦੀ ਹਰੇਕ ਵੱਟ ਦੇ ਦੱਖਣ ਵਾਲੇ ਪਾਸੇ ਬੀਜ ਕੇ, ਦਸੰਬਰ ਦੇ ਮਹੀਨੇ ਵਿਚ ਬਿਜਾਈ ਤੋਂ 50 ਤੋਂ 70 ਦਿਨਾਂ ਵਿਚ 2-3 ਵਾਰੀ ਪੁੱਟ ਲਵੋ। ਧਨੀਏ ਦੀ ਇਕ ਕਤਾਰ ਪਿਆਜ਼ ਦੀਆਂ 5 ਕਤਾਰਾਂ ਬਾਅਦ ਜਨਵਰੀ ਦੇ ਪਹਿਲੇ ਪੰਦਰਵਾੜੇ ਵਿਚ ਪਿਆਜ਼ ਦੀ ਪਨੀਰੀ ਲਾਉਣ 'ਤੇ ਪਹਿਲਾ ਪਾਣੀ ਦੇਣ ਉਪਰੰਤ ਲਾਓ। ਹਰੇ ਧਨੀਏ ਦੀ ਬਿਜਾਈ ਤੋਂ ਚਾਲੀ ਦਿਨਾਂ ਬਾਅਦ ਪਹਿਲੀ ਕਟਾਈ ਕਰੋ ਅਤੇ ਬੀਜ ਦੇ ਤੌਰ ਤੇ ਧਨੀਏ ਨੂੰ ਮਈ ਦੇ ਦੂਸਰੇ ਹਫ਼ਤੇ ਕੱਟ ਲਓ। ਜੈਵਿਕ ਹਲਦੀ ਲਈ ਖ਼ੁਰਾਕੀ ਤੱਤਾਂ ਦੀ ਲੋੜ ਨੂੰ 6 ਟਰਾਲੀਆਂ ਰੂੜੀ ਦੀ ਖਾਦ (6 ਟਨ ਸੁੱਕੀ ਰੂੜੀ) ਵਰਤ ਕੇ ਪੂਰਾ ਕੀਤਾ ਜਾ ਸਕਦਾ ਹੈ। ਜੇ ਰੂੜੀ ਦੀ ਖਾਦ ਪੂਰੀ ਮਾਤਰਾ ਵਿਚ ਉਪਲਬਧ ਨਾ ਹੋਵੇ ਤਾਂ 4 ਟਰਾਲੀਆਂ ਰੂੜੀ ਦੀ ਖਾਦ (4 ਟਨ ਸੁੱਕੀ ਰੂੜੀ) ਦੇ ਨਾਲ 1.3 ਟਨ ਗੰਡੋਆ ਖਾਦ (1.5 ਪ੍ਰਤੀਸ਼ਤ ਨਾਈਟ੍ਰੋਜਨ) ਦੀ ਵਰਤੋ ਕੀਤੀ ਜਾ ਸਕਦੀ ਹੈ। ਜੈਵਿਕ ਪਿਆਜ਼ ਵਿਚ ਖੁਰਾਕੀ ਤੱਤਾਂ ਦੀ ਲੋੜ ਨੂੰ 4 ਟਰਾਲੀਆਂ ਰੂੜੀ ਦੀ ਖਾਦ (4 ਟਨ ਸੁੱਕੀ ਰੂੜੀ) ਵਰਤ ਕੇ ਪੂਰਾ ਕੀਤਾ ਜਾ ਸਕਦਾ ਹੈ। ਜੇ ਰੂੜੀ ਦੀ ਖਾਦ ਪੂਰੀ ਮਾਤਰਾ ਵਿਚ ਉਪਲਬਧ ਨਾ ਹੋਵੇ ਤਾਂ 3 ਟਰਾਲੀਆਂ ਰੂੜੀ ਦੀ ਖਾਦ (2.7 ਟਨ ਸੁੱਕੀ ਰੂੜੀ) ਦੇ ਨਾਲ 0.9 ਟਨ ਗੰਡੋਆ ਖਾਦ ਦੀ ਵਰਤੋਂ ਕੀਤੀ ਜਾ ਸਕਦੀ ਹੈ। ਹਲਦੀ ਵਿਚ ਨਦੀਨਾਂ ਦੀ ਰੋਕਥਾਮ ਲਈ ਬਿਜਾਈ ਸਮੇਂ 40 ਕੁਇੰਟਲ ਪ੍ਰਤੀ ਏਕੜ ਝੋਨੇ ਦੀ ਪਰਾਲੀ ਪਾਓ ਅਤੇ ਜੇ ਲੋੜ ਪਵੇ ਤਾਂ 3 ਮਹੀਨੇ ਬਾਅਦ ਇਕ ਗੋਡੀ ਕਰੋ। ਜੇਕਰ ਪਰਾਲੀ ਨਹੀਂ ਪਾਈ ਤਾਂ ਤਿੰਨ ਗੋਡੀਆਂ ਬਿਜਾਈ ਤੋਂ 1, 2 ਅਤੇ 3 ਮਹੀਨੇ ਬਾਅਦ ਕਰੋ। ਪਿਆਜ਼ ਵਿਚ ਨਦੀਨਾਂ ਦੀ ਰੋਕਥਾਮ ਲਈ ਲੋੜ ਅਨੁਸਾਰ ਗੋਡੀ ਕਰੋ।


-ਕ੍ਰਿਸ਼ੀ ਵਿਗਿਆਨ ਕੇਂਦਰ, ਬਠਿੰਡਾ ਮੋਬਾਈਲ : 94654-20097

ਜਿਨ੍ਹਾਂ ਕੰਮ ਕਰਨਾ ਹੁੰਦੈ

ਅਸੀਂ ਪੰਜਾਬੀ ਖੇਤੀ ਤਾਂ ਕਰਦੇ ਹਾਂ, ਪਰ ਇਸ ਪ੍ਰਤੀ ਸਾਡਾ ਵਤੀਰਾ, ਗ਼ੈਰ-ਸੰਜੀਦਾ ਹੈ। ਅਸੀਂ ਖੇਤੀ ਉਪਜ ਨੂੰ ਦੂਜਿਆਂ ਦੇ ਰਹਿਮ 'ਤੇ ਛੱਡ ਦਿੰਦੇ ਹਾਂ। ਖੇਤੀ ਨੂੰ ਅਸੀਂ ਕਦੀ ਵੀ ਵਪਾਰ ਨਹੀਂ ਸਮਝਦੇ ਤੇ ਬਾਜ਼ਾਰ ਦੀਆਂ ਲੋੜਾਂ ਨੂੰ ਜਾਨਣ ਦੀ ਕੋਸ਼ਿਸ਼ ਨਹੀਂ ਕਰਦੇ। ਆਪਣੀ ਇਸ ਨਾਸਮਝੀ ਨੂੰ ਲੁਕਾਉਣ ਲਈ ਸਾਡੇ ਕੋਲ ਸੌ ਬਹਾਨੇ ਹਨ। ਜੇ ਹੋਰ ਕੁਝ ਨਾ ਸੁੱਝੇ ਤਾਂ, ਵਿਆਹ-ਸ਼ਾਦੀ ਜਾਂ ਭੋਗ ਦਾ ਬਹਾਨਾ ਤਾਂ ਵੱਟ 'ਤੇ ਪਿਆ। ਪਰ ਇਥੇ ਹੀ ਪਿਆਰਾ ਸਿੰਘ ਵਰਗੇ ਕੁਝ ਇਹੋ ਜਿਹੇ ਲੋਕ ਵੀ ਹਨ, ਜਿਨ੍ਹਾਂ ਦੀ ਆਪਣੀ ਪੈਲੀ ਭਾਵੇਂ ਘੱਟ ਹੀ ਹੋਵੇ ਪਰ ਠੇਕੇ 'ਤੇ ਦਰਜਨਾਂ ਖੇਤ ਲੈ ਲੈਂਦੇ ਹਨ। ਇਹ ਲੁਧਿਆਣਾ ਸ਼ਹਿਰ ਦੇ ਲਾਗੇ, ਆਏ ਸਾਲ ਤੋਰੀਆ ਬੀਜਦੇ ਹਨ ਤੇ ਪੰਜ ਜਾਂ ਛੇ ਪੱਠਿਆਂ ਦੇ ਲੌਅ ਲੈ ਲੈਂਦੇ ਹਨ। ਇੰਜ ਰਵਾਇਤੀ ਫ਼ਸਲਾਂ ਨਾਲੋਂ ਕਮਾਈ ਵੀ ਵੱਧ ਹੁੰਦੀ ਹੈ ਤੇ ਲੋੜ ਅਨੁਸਾਰ ਭਾਅ ਵੀ ਆਪੇ ਘੱਟ ਵਧ ਕਰ ਲੈਂਦੇ ਹਨ। ਇਲਾਕੇ ਵਿਚ ਸੈਂਕੜੇ ਏਕੜ ਤੋਰੀਏ ਦੇ ਫੁੱਲਾਂ ਕਰਕੇ ਸ਼ਹਿਦ ਵੀ ਵੱਧ ਤੇ ਵਧੀਆ ਬਣਦਾ ਹੈ। ਇਹ ਤਾਂ ਇਕ ਉਦਾਹਰਨ ਹੈ। ਹਰ ਕਿਸਾਨ, ਥੋੜ੍ਹੀ ਆਲੇ-ਦੁਆਲੇ ਪੁੱਛ-ਤਾਛ ਕਰ ਕੇ ਆਪਣੇ-ਆਪਣੇ ਇਲਾਕੇ ਵਿਚ, ਕਾਮਯਾਬ ਹੋ ਸਕਦਾ ਹੈ।


-ਮੋਬਾ: 98159-45018

ਹਾੜ੍ਹੀ ਅਤੇ ਬਹਾਰ ਰੁੱਤ ਦੀਆਂ ਫ਼ਸਲਾਂ ਲਈ ਪਾਣੀ ਪ੍ਰਬੰਧ ਦੀ ਭੂਮਿਕਾ

ਅਨਾਜ ਵਾਲੀਆਂ ਫ਼ਸਲਾਂ
ਕਣਕ: ਸਮੇਂ ਸਿਰ, ਪਿਛੇਤੀ ਜਾਂ ਬਹੁਤ ਪਿਛੇਤੀ ਕਣਕ ਦੀ ਬਿਜਾਈ ਭਰਵੀਂ ਰੌਣੀ (10 ਸੈਂਟੀਮੀਟਰ) ਨਾਲ ਕਰੋ। ਜਦੋਂ ਕਣਕ ਝੋਨੇ ਪਿੱਛੋਂ ਬੀਜਣੀ ਹੋਵੇ ਤਾਂ ਭਾਰੀ ਰੌਣੀ ਦੀ ਲੋੜ ਨਹੀਂ ਹੈ। ਝੋਨੇ ਦੀ ਫ਼ਸਲ ਪਿੱਛੋਂ ਕਣਕ ਦੀ ਬਿਜਾਈ ਕਰਨੀ ਹੋਵੇ ਤਾਂ ਝੋਨੇ ਦੀ ਖੜ੍ਹੀ ਫ਼ਸਲ ਵਿਚ ਜ਼ਮੀਨ ਦੀ ਕਿਸਮ ਅਨੁਸਾਰ 5-10 ਦਿਨ ਪਹਿਲਾਂ ਰੌਣੀ ਕਰ ਦੇਣੀ ਚਾਹੀਦੀ ਹੈ ਤਾਂ ਕਿ ਕਣਕ ਦੀ ਬਿਜਾਈ ਪਿਛੇਤੀ ਨਾ ਹੋਵੇ। ਪਾਣੀ ਦੀ ਸੁਚੱਜੀ ਵਰਤੋਂ ਵਾਸਤੇ ਭਾਰੀਆਂ ਜ਼ਮੀਨਾਂ ਵਿਚ 8 ਕਿਆਰੇ ਪ੍ਰਤੀ ਏਕੜ ਅਤੇ ਰੇਤਲੀਆਂ ਜ਼ਮੀਨਾਂ ਵਿਚ 16 ਕਿਆਰੇ ਪ੍ਰਤੀ ਏਕੜ ਬਣਾਉਣ ਦੀ ਸਿਫ਼ਾਰਿਸ਼ ਕੀਤੀ ਜਾਂਦੀ ਹੈ। ਇਹ ਦੇਖਣ ਵਿਚ ਆਇਆ ਹੈ ਕਿ ਜਦੋਂ ਕਣਕ ਨੂੰ ਪਹਿਲਾ ਪਾਣੀ ਜ਼ਿਆਦਾ ਭਾਰਾ ਲਾਇਆ ਜਾਂਦਾ ਹੈ ਤਾਂ ਜ਼ਮੀਨ ਵਿਚ ਹਵਾ ਦੀ ਆਵਾਜਾਈ ਘੱਟ ਜਾਂਦੀ ਹੈ ਅਤੇ ਕਣਕ ਪੀਲੀ ਪੈ ਜਾਂਦੀ ਹੈ। ਇਸ ਕਰਕੇ ਕਣਕ ਦੀ ਫ਼ਸਲ ਨੂੰ ਪਹਿਲਾ ਪਾਣੀ ਦੂਸਰੀਆਂ ਸਿੰਚਾਈਆਂ ਦੇ ਮੁਕਾਬਲੇ ਹਲਕਾ ਦੇਣਾ ਚਾਹੀਦਾ ਹੈ। ਹਲਕੀਆਂ ਜ਼ਮੀਨਾਂ ਵਿਚ ਪਹਿਲਾ ਪਾਣੀ ਕੁਝ ਅਗੇਤਾ ਅਤੇ ਭਾਰੀਆਂ ਜ਼ਮੀਨਾਂ ਵਿਚ ਸਿੰਚਾਈ ਪਿਛੇਤੀ ਕਰ ਦਿਉ। ਬਰਸਾਤ ਹੋਣ ਦੀ ਸੂਰਤ ਵਿਚ ਹਰ ਇਕ ਸੈਂਟੀਮੀਟਰ ਵਰਖਾ ਪਿੱਛੋਂ ਪਹਿਲਾ ਪਾਣੀ ਜਨਵਰੀ ਦੇ ਅਖੀਰ ਤੱਕ 5 ਦਿਨ ਪਿਛੇਤਾ ਅਤੇ ਜਨਵਰੀ ਤੋਂ ਬਾਅਦ ਦੋ ਦਿਨ ਤੱਕ ਪਿਛੇਤਾ ਕਰ ਦੇਣਾ ਚਾਹੀਦਾ ਹੈ। ਚੰਗੇ ਪਾਣੀ ਦੀ ਘਾਟ ਦੀ ਸੂਰਤ ਵਿਚ ਕਣਕ ਦੇ ਅਖੀਰਲੇ ਵਾਧੇ ਦੌਰਾਨ ਸਿੰਚਾਈਆਂ ਮਾੜੇ ਪਾਣੀ ਨਾਲ ਹਲਕੀਆਂ ਜ਼ਮੀਨਾਂ ਵਿਚ ਕੀਤੀਆਂ ਜਾ ਸਕਦੀਆਂ ਹਨ ਕਿਉਕਿ ਇਸ ਸਮਂੇ ਫ਼ਸਲ ਮਾੜੇ ਪਾਣੀ ਨੂੰ ਸਹਾਰ ਸਕਦੀ ਹੈ।
ਕਣਕ ਦੀ ਫ਼ਸਲ ਨੂੰ ਬਿਜਾਈ ਦੀ ਤਾਰੀਕ ਮੁਤਾਬਿਕ ਹੇਠ ਦੱਸੀ ਤਰਤੀਬ ਅਨੁਸਾਰ ਪਾਣੀ ਦਿਉ:
ਜੌਂਅ : ਪੰਜਾਬ ਦੇ ਦੱਖਣ ਪੱਛਮੀ ਖੁਸ਼ਕ ਜ਼ਿਲ੍ਹਿਆਂ ਵਿਚ ਦੋ ਪਾਣੀ ਅਤੇ ਬਾਕੀ ਜ਼ਿਲ੍ਹਿਆਂ ਵਿਚ ਇਕ ਹੀ ਪਾਣੀ ਕਾਫੀ ਹੈ ਜੋ ਕਿ ਬਿਜਾਈ ਤੋਂ 5-6 ਹਫਤੇ ਬਾਅਦ ਦੇਣਾ ਚਾਹੀਦਾ ਹੈ। ਹਲਕੀਆਂ ਜ਼ਮੀਨਾਂ ਵਿਚ ਜੌਆਂ ਨੂੰ ਮਾੜਾ ਪਾਣੀ ਅਤੇ ਚੰਗਾ ਪਾਣੀ ਅਦਲ-ਬਦਲ ਕੇ ਲਾਇਆ ਜਾ ਸਕਦਾ ਹੈ।
ਸਿਆਲੂ ਮੱਕੀ: ਪਹਿਲਾ ਪਾਣੀ ਬਿਜਾਈ ਤੋਂ 25-30 ਦਿਨਾਂ ਬਾਅਦ ਦੇ ਦੇਣਾ ਚਾਹੀਦਾ ਹੈ। ਬਾਕੀ ਸਿੰਚਾਈਆਂ 2 ਹਫਤਿਆਂ ਦੇ ਵਕਫੇ ਤੇ 10 ਅਪ੍ਰੈਲ ਤੱਕ ਦਿੰਦੇ ਰਹਿਣਾ ਚਾਹੀਦਾ ਹੈ। ਇਸ ਤੋਂ ਬਾਅਦ ਇਕ ਹਫਤੇ ਦੇ ਵਕਫੇ ਤੇ ਫ਼ਸਲ ਪੱਕਣ ਤੱਕ ਦਿੰਦੇ ਰਹਿਣਾ ਚਾਹੀਦਾ ਹੈ। ਦਾਣਿਆਂ ਦੇ ਵਾਧੇ ਸਮੇਂ ਫ਼ਸਲ ਨੂੰ ਪਾਣੀ ਦੀ ਘਾਟ ਨਹੀਂ ਆਉਣ ਦੇਣੀ ਚਾਹੀਦੀ। ਮੱਕੀ ਦੀ ਫ਼ਸਲ ਖੜ੍ਹਾ ਪਾਣੀ ਨਹੀਂ ਸਹਾਰ ਸਕਦੀ ਇਸ ਲਈ ਵਾਧੂ ਪਾਣੀ ਖੇਤ ਵਿਚੋਂ ਕੱਢ ਦੇਣਾ ਚਾਹੀਦਾ ਹੈ। ਮੱਕੀ ਨੂੰ ਤੁਪਕਾ ਸਿੰਚਾਈ ਰਾਹੀਂ ਵੀ ਪਾਣੀ ਦਿੱਤਾ ਜਾ ਸਕਦਾ ਹੈ। ਇਸ ਦੇ ਲਈ ਬੈਡ 80 ਸੈਟੀਮੀਟਰ ਚੌੜੇ ਅਤੇ ਬੈਡ ਤੋਂ ਬੈਡ ਦਾ ਫਾਸਲਾ 40 ਸੈਂਟੀਮੀਟਰ ਹੋਣਾ ਚਾਹੀਦਾ ਹੈ। ਮੱਕੀ ਦੀਆਂ ਦੋ ਕਤਾਰਾਂ ਵਿਚ ਇਕ ਡਰਿੱਪ ਲਾਈਨ ਦੀ ਵਰਤੋਂ ਕਰੋ ਜਿਸ ਵਿਚ ਡਰਿੱਪਰ ਤੋਂ ਡਰਿੱਪਰ ਦਾ ਫਾਸਲਾ 30 ਸੈਂਟੀਮੀਟਰ ਹੋਵੇ। ਡਰਿੱਪਰ ਡਿਸਚਾਰਜ 2.2 ਲਿਟਰ ਪ੍ਰਤੀ ਘੰਟੇ ਨੂੰ 22 ਮਿੰਟ ਸਿੰਚਾਈ ਫਰਵਰੀ ਮਹੀਨੇ ਵਿਚ, 64 ਮਿੰਟ ਮਾਰਚ, 120 ਮਿੰਟ ਅਪ੍ਰੈਲ, 130 ਮਿੰਟ ਮਈ ਮਹੀਨੇ ਵਿਚ ਦਿਉ।
ਦਾਲ਼ਾਂ ਵਾਲੀਆਂ ਫ਼ਸਲਾਂ
ਛੋਲੇ: ਸੇਂਜੂ ਜ਼ਮੀਨ ਵਿਚ ਬਿਜਾਈ ਤੋਂ ਪਹਿਲਾਂ ਚੰਗੇ ਪਾਣੀ ਨਾਲ ਭਰਵੀਂ ਰੌਣੀ ਕਰਨੀ ਬਹੁਤ ਜ਼ਰੂਰੀ ਹੈ। ਛੋਲਿਆਂ ਨੂੰ ਲੂਣਾ ਖਾਰਾ ਪਾਣੀ ਕਦੇ ਵੀ ਨਹੀਂ ਲਾਉਣਾ ਚਾਹੀਦਾ ਕਿਉਂਕਿ ਇਹ ਲੂਣੇ ਪਾਣੀ ਜਾਂ ਖਾਰੇ ਪਾਣੀ ਨੂੰ ਸਹਾਰ ਨਹੀਂ ਸਕਦੇ। ਫ਼ਸਲ ਨੂੰ ਬਾਅਦ ਵਿਚ ਲੋੜ ਮੁਤਾਬਿਕ ਕੇਵਲ ਇਕ ਪਾਣੀ ਦੇਣ ਦੀ ਲੋੜ ਹੈ। ਇਹ ਪਾਣੀ ਬਿਜਾਈ ਦੇ ਸਮੇਂ ਅਤੇ ਬਾਰਿਸ਼ ਅਨੁਸਾਰ ਅੱਧ ਦਸੰਬਰ ਤੋਂ ਅੰਤ ਜਨਵਰੀ ਦਰਮਿਆਨ ਦੇਣਾ ਚਾਹੀਦਾ ਹੈ। ਇਹ ਪਾਣੀ ਕਿਸੇ ਵੀ ਹਾਲਤ ਵਿਚ ਬਿਜਾਈ ਤੋਂ 4 ਹਫਤੇ ਦੇ ਅੰਦਰ ਨਹੀਂ ਦੇਣਾ ਚਾਹੀਦਾ। ਜੇਕਰ ਬਾਰਿਸ਼ ਪਹਿਲਾਂ ਹੋ ਜਾਵੇ ਤਾਂ ਇਹ ਪਾਣੀ ਹੋਰ ਪਿਛੇਤਾ ਕਰ ਦਿਉ। ਬਹੁਤ ਪਾਣੀ ਦੇਣ ਨਾਲ ਬੂਟੇ ਦਾ ਫੁਲਾਟ ਬਹੁਤ ਵਧ ਜਾਂਦਾ ਹੈ ਅਤੇ ਫਲ ਘੱਟ ਲਗਦਾ ਹੈ। ਭਾਰੀਆਂ ਜ਼ਮੀਨਾਂ, ਖਾਸ ਕਰਕੇ ਝੋਨੇ ਪਿੱਛਂੋ ਬੀਜੇ ਛੋਲਿਆਂ ਨੂੰ ਪਾਣੀ ਬਿਲਕੁਲ ਨਹੀਂ ਲਾਉਣਾ ਚਾਹੀਦਾ। ਡੱਡੇ ਬਣਨ ਵੇਲੇ ਪਾਣੀ ਦੀ ਘਾਟ ਨੂੰ ਪੂਰਾ ਕਰਨ ਲਈ, ਝੋਨੇ ਪਿੱਛੋਂ ਵੱਟਾਂ ਉਤੇ ਬੀਜੇ ਛੋਲਿਆਂ ਨੂੰ ਪਾਣੀ ਲਾਇਆ ਜਾ ਸਕਦਾ ਹੈ।
ਮਸਰ: ਮਸਰਾਂ ਨੂੰ ਵਰਖਾ ਦੇ ਅਧਾਰ 'ਤੇ 1-2 ਪਾਣੀਆਂ ਦੀ ਲੋੜ ਹੁੰਦੀ ਹੈ। ਜੇ ਇਕ ਪਾਣੀ ਦੇਣਾ ਹੋਵੇ ਤਾਂ ਬਿਜਾਈ ਤੋਂ 6 ਹਫਤੇ ਬਾਅਦ ਦਿਉ। ਜੇਕਰ ਦੋ ਪਾਣੀ ਲਾਉਣੇ ਹੋਣ ਤਾਂ ਪਹਿਲਾ ਪਾਣੀ ਬਿਜਾਈ ਤੋਂ4 ਹਫਤੇ ਬਾਅਦ ਅਤੇ ਦੂਜਾ ਫੁੱਲ ਪੈਣ ਸਮੇਂ ਜਾਂ ਫਲੀਆਂ ਪੈਣ ਸਮੇਂ ਮੌਸਮ ਅਨੁਸਾਰ ਦੇਣਾ ਚਾਹੀਦਾ ਹੈ। ਇਸ ਦੀ ਟਿਊਬਵੈਲ ਦੇ ਮਾੜੇ ਪਾਣੀ ਨਾਲ ਸਿੰਚਾਈ ਨਹੀਂ ਕਰਨੀ ਚਾਹੀਦੀ।
ਤੇਲ ਬੀਜ ਫ਼ਸਲਾਂ
ਰਾਇਆ, ਸਰ੍ਹੋਂ ਅਤੇ ਤਾਰਾਮੀਰਾ: ਜੇ ਰਾਇਆ ਤੇ ਗੋਭੀ ਸਰ੍ਹਂੋ ਦੀ ਬਿਜਾਈ ਭਾਰੀ ਰੌਣੀ (10-12 ਸੈਂਟੀਮੀਟਰ) ਤੋਂ ਬਾਅਦ ਕੀਤੀ ਗਈ ਹੋਵੇ ਤਾਂ ਪਹਿਲੀ ਸਿੰਚਾਈ ਤਿੰਨ ਤੋਂ ਚਾਰ ਹਫ਼ਤੇ ਬਾਅਦ ਕਰਨੀ ਚਾਹੀਦੀ ਹੈ। ਰਾਇਆ ਦੀ ਫ਼ਸਲ ਨੂੰ ਜੇ ਜ਼ਰੂਰਤ ਹੋਵੇ ਤਾਂ ਦੂਸਰਾ ਪਾਣੀ ਫੁੱਲ ਪੈਣ 'ਤੇ ਦਿਉ। ਜੇ ਕੋਰਾ ਪੈਣ ਦਾ ਡਰ ਹੋਵੇ ਤਾਂ ਦੂਸਰਾ ਪਾਣੀ ਪਹਿਲਾਂ ਵੀ ਦਿੱਤਾ ਜਾ ਸਕਦਾ ਹੈ। ਗੋਭੀ ਸਰ੍ਹਂੋ ਦੀ ਫ਼ਸਲ ਨੂੰ ਦੂਸਰਾ ਪਾਣੀ ਦਸੰਬਰ ਅਖੀਰ ਜਾਂ ਜਨਵਰੀ ਦੇ ਸ਼ੁਰੂ ਵਿਚ ਦਿਉ। ਤੀਜੀ ਅਤੇ ਆਖਰੀ ਸਿੰਚਾਈ ਫਰਵਰੀ ਦੇ ਦੂਜੇ ਪੰਦਰਵਾੜੇ ਵਿਚ ਕੀਤੀ ਜਾ ਸਕਦੀ ਹੈ। ਇਸ ਤੋਂ ਬਾਅਦ ਪਾਣੀ ਨਹੀਂ ਦੇਣਾ ਚਾਹੀਦਾ ਨਹੀਂ ਤਾਂ ਫ਼ਸਲ ਦੇ ਡਿਗਣ ਦਾ ਡਰ ਰਹਿੰਦਾ ਹੈ।ਜੇਕਰ ਪਾਣੀ ਦੀ ਕਿੱਲਤ ਹੋਵੇ ਤਾਂ ਰਾਇਆ ਨੂੰ ਵੀ ਮਾੜਾ ਪਾਣੀ ਅਤੇ ਚੰਗਾ ਪਾਣੀ ਅਦਲ-ਬਦਲ ਕੇ ਲਾਇਆ ਜਾ ਸਕਦਾ ਹੈ।
ਸੂਰਜਮੁਖੀ: ਬਹਾਰ ਰੁੱਤ ਦੀ ਸੂਰਜਮੁਖੀ ਦੀ ਫ਼ਸਲ ਨੂੰ ਜ਼ਮੀਨ ਦੀ ਕਿਸਮ, ਮੀਂਹ ਅਤੇ ਮੌਸਮ ਦੇ ਮੁਤਾਬਿਕ 6-9 ਸਿੰਚਾਈਆਂ ਦੀ ਲੋੜ ਪੈਂਦੀ ਹੈ। ਪੱਧਰੀ ਬਿਜਾਈ ਲਈ ਪਹਿਲਾ ਪਾਣੀ ਬਿਜਾਈ ਤੋਂ ਇਕ ਮਹੀਨੇ ਬਾਅਦ ਅਤੇ ਅਗਲੀਆਂ ਸਿੰਚਾਈਆਂ 2 ਤੋਂ 3 ਹਫਤੇ ਦੇ ਅੰਤਰ ਤੇ ਕਰੋ। ਸਿੰਚਾਈਆਂ ਦਾ ਵਕਫਾ ਮਾਰਚ ਦੇ ਮਹੀਨੇ ਵਿਚ 2 ਹਫਤੇ ਅਤੇ ਅਪਰੈਲ-ਮਈ ਦੇ ਗਰਮ ਮਹੀਨਿਆਂ ਵਿਚ 8-10 ਦਿਨਾਂ ਦਾ ਰੱਖਣਾ ਚਾਹੀਦਾ ਹੈ। ਫ਼ਸਲ ਕੱਟਣ ਤੋਂ 12-14 ਦਿਨ ਪਹਿਲਾਂ ਪਾਣੀ ਦੇਣਾ ਬੰਦ ਕਰ ਦੇਣਾ ਚਾਹੀਦਾ ਹੈ। ਫ਼ਸਲ ਨੂੰ 50 ਪ੍ਰਤੀਸਤ ਫੁੱਲ ਪੈਣ ਸਮੇਂ, ਦਾਣਿਆਂ ਦੇ ਨਰਮ ਅਤੇ ਸਖਤ ਦੋਧੇ ਸਮੇਂ ਤੇ ਸਿੰਚਾਈ ਅਤਿ ਜ਼ਰੂਰੀ ਹੈ। ਤੁਪਕਾ ਸਿੰਚਾਈ ਵਿਧੀਵੱਧ ਝਾੜ, ਪਾਣੀ ਅਤੇ ਖਾਦਾਂ ਦੀ ਬੱਚਤ (20 ਪ੍ਰਤੀਸ਼ਤ) ਲਈ ਇਕ ਕਾਰਗਰ ਸਿੰਚਾਈ ਵਿਧੀ ਹੈ।
ਕਮਾਦ: ਬਸੰਤ ਰੁੱਤ ਦੇ ਕਮਾਦ ਨੂੰ ਅਪ੍ਰੈਲ ਤੋਂ ਜੂਨ ਤੱਕ 7-12 ਦਿਨਾਂ ਦੇ ਵਕਫੇ ਅੰਦਰ ਲੋੜ ਮੁਤਾਬਿਕ ਪਾਣੀ ਦਿੰਦੇ ਰਹੋ। ਬਾਰਿਸ਼ ਦੇ ਦਿਨਾਂ ਵਿਚ ਜੇਕਰ ਖੇਤ ਵਿਚ ਬਾਰਿਸ਼ਾਂ ਨਾਲ ਬਹੁਤਾ ਪਾਣੀ ਖੜ੍ਹਾ ਹੋ ਜਾਵੇ ਤਾਂ ਉਸ ਨੂੰ ਬਾਹਰ ਕੱਢ ਦਿਓ। ਸਰਦੀਆਂ ਵਿਚ (ਨਵੰਬਰ-ਜਨਵਰੀ) ਕਮਾਦ ਨੂੰ ਪਾਣੀ ਇਕ ਮਹੀਨੇ ਦੇ ਵਕਫੇ 'ਤੇ ਲਾਉਣਾ ਚਾਹੀਦਾ ਹੈ। ਫ਼ਸਲ ਨੂੰ ਕੋਰੇ ਤੋਂ ਬਚਾਉਣ ਲਈ ਇਕ ਪਾਣੀ ਦਸੰਬਰ ਦੇ ਅੱਧ ਵਿਚ ਅਤੇ ਇਕ ਹੋਰ ਪਾਣੀ ਜਨਵਰੀ ਦੇ ਪਹਿਲੇ ਹਫਤੇ ਲਾਓ।
ਉਪਰੋਕਤ ਨੁਕਤਿਆਂ ਦੇ ਨਾਲ-ਨਾਲ ਕਿਸਾਨ ਵੀਰਾਂ ਨੂੰ ਇਹ ਧਿਆਨ ਗੋਚਰੇ ਰੱਖਣਾ ਚਾਹੀਦਾ ਹੈ ਕਿ ਪਾਣੀ ਦੀ ਇਕਸਾਰ ਵਰਤੋਂ ਕਰਨ ਅਤੇ ਪਾਣੀ ਦੀ ਬੱਚਤ ਕਰਨ ਲਈ ਖੇਤ ਨੂੰ ਬਿਲਕੁਲ ਪੱਧਰਾ ਰੱਖਿਆ ਜਾਵੇ। ਕੁਦਰਤ ਦੀ ਇਸ ਅਨਮੋਲ ਦਾਤ ਨੂੰ ਸਾਂਭ ਕੇ ਰੱਖਣ ਅਤੇ ਸੰਭਾਲ ਕੇ ਵਰਤਣ ਦੀ ਸਾਡੀ ਸਾਰਿਆਂ ਦੀ ਨੈਤਿਕ ਅਤੇ ਸਮਾਜਿਕ ਜ਼ਿੰਮੇਵਾਰੀ ਬਣਦੀ ਹੈ।


-ਖੇਤਰੀ ਖੋਜ ਕੇਂਦਰ, ਬਠਿੰੰਡਾ
ਮੋਬਾਈਲ : 94177-53063.

ਇਸ ਮਹੀਨੇ ਦੇ ਖੇਤੀ ਰੁਝੇਵੇਂ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਗੁੱਲੀ ਡੰਡੇ ਅਤੇ ਜੰਗਲੀ ਜਵੀ ਦੀ ਰੋਕਥਾਮ ਲਈ ਆਈਸੋਪ੍ਰੋਟੂਰੌਨ ਨਦੀਨ ਨਾਸ਼ਕ ਦਾ ਛਿੜਕਾਅ ਪਹਿਲੇ ਪਾਣੀ ਤੋਂ 2-3 ਦਿਨ ਪਹਿਲਾਂ ਕਰੋ। ਭਾਰੀਆਂ ਜ਼ਮੀਨਾਂ ਲਈ ਆਈਸੋਪ੍ਰੋਟੂਰੌਨ 75 ਡਬਲਊ ਪੀ 500 ਗ੍ਰਾਮ ਅਤੇ ਦਰਮਿਆਨੀਆਂ ਜ਼ਮੀਨਾਂ ਲਈ ਆਈਸੋਪ੍ਰੋਟੂਰੌਨ 75 ਡਬਲਊ ਪੀ 400 ਗ੍ਰਾਮ ਪ੍ਰਤੀ ਏਕੜ ਵਰਤੋ। ਹਲਕੀਆਂ ਜ਼ਮੀਨਾਂ ਲਈ ਇਸ ਨਦੀਨ ਨਾਸ਼ਕ ਦੀ ਮਾਤਰਾ 300 ਗ੍ਰਾਮ ਪ੍ਰਤੀ ਏਕੜ ਵਰਤੋ। ਜਾਂ ਸਲਫੋਸਲਫੂਰਾਨ 13 ਗ੍ਰਾਮ ਪ੍ਰਤੀ ਏਕੜ ਦਾ ਪਹਿਲੇ ਪਾਣੀ ਤੋਂ 2-3 ਦਿਨ ਪਹਿਲਾ 150 ਲਿਟਰ ਪਾਣੀ ਵਰਤ ਕੇ ਛਿੜਕਾਅ ਕਰੋ।
ਗੁੱਲੀ ਡੰਡੇ ਅਤੇ ਚੌੜੇ ਪੱਤੇ ਵਾਲੇ ਨਦੀਨਾਂ ਦੀ ਰੋਕਥਾਮ ਲਈ 160 ਗ੍ਰਾਮ ਐਟਲਾਂਟਿਸ 3.6 ਡਬਲਯੂ ਡੀ ਜੀ ਜਾਂ 16 ਗ੍ਰਾਮ ਟੋਟਲ/ਮਾਰਕਪਾਵਰ 75 ਡਬਲਯੂ ਜੀ ਦੀ ਵਰਤੋਂ 150 ਲਿਟਰ ਪਾਣੀ ਨਾਲ 30-35 ਦਿਨਾਂ ਦੀ ਫ਼ਸਲ 'ਤੇ ਕਰੋ। ਕਣਕ-ਝੋਨੇ ਦੇ ਫ਼ਸਲੀ ਚੱਕਰ ਵਿਚ ਅੜੀਅਲ ਗੁੱਲੀ ਡੰਡੇ ਨੂੰ ਮਾਰਨ ਲਈ ਬਿਜਾਈ ਤੋਂ 2 ਦਿਨਾਂ ਅੰਦਰ ਸਟੌਂਪ/ ਦੌਸਤ/ ਪੈਂਡਾ/ ਮਾਰਕਪੈਂਡੀ/ ਪੈਂਡਿਨ/ ਬੰਕਰ/ ਜਾਕੀਜਾਮਾ 30 ਈ ਸੀ (ਪੈਂਡੀਮੈਥਾਲਿਨ) 1.5 ਲਿਟਰ ਪ੍ਰਤੀ ਏਕੜ 200 ਲਿਟਰ ਪਾਣੀ ਦੇ ਨਾਲ ਵਰਤੋ। ਇਸ ਦੇ ਨਾਲ-ਨਾਲ ਕਲੋਡੀਨਾਫੌਪ 15 ਡਬਲਯੂ ਪੀ ੍ਰ 160 ਗ੍ਰਾਮ ਜਾਂ ਫੌਨੌਕਸਾਪ੍ਰੌਪ ਈਥਾਇਲ 10 ਈ. ਸੀ 400 ਮਿ.ਲੀ ਜਾਂ ਲੀਡਰ/ਐਸ ਐਫ 10/ ਸਫਲ/ ਮਾਰਕਸਲਫੋ 75 ਡਬਲਯੂ ਜੀ (ਸਲਫੋਸਲਫੂਰਾਨ) 13 ਗ੍ਰਾਮ ਜਾਂ ਐਕਸੀਅਲ 5 ਈ. ਸੀ. (ਪਿਨੌਕਸਾਡਨ) 400 ਮਿ. ਲੀ. ਜਾਂ ਐਟਲਾਂਟਿਸ 3.6 ਡਬਲਯੂ ਡੀ ਜੀ (ਮੀਜ਼ੋਸਲਫੂਰਾਨ + ਆਈਓਡੋਸਲਫੂਰਾਨ) 160 ਗ੍ਰਾਮ ਜਾਂ ਟੋਟਲ/ਮਾਰਕਪਾਵਰ 75 ਡਬਲਯੂ ਜੀ (ਸਲਫੋਸਲਫੂਰਾਨ + ਮੈਟਸਲਫੂਰਾਨ) 16 ਗ੍ਰਾਮ ਜਾਂ ਅਕੌਡ ਪੱਲਸ (ਫੌਨੌਕਸਾਪ੍ਰੌਪ + ਮੈਟਰੀਬੂਜਿਨ) 500 ਮਿਲੀਲਿਟਰ ਜਾਂ 200 ਗ੍ਰਾਮ ਸ਼ਗਨ 21-11 ਪ੍ਰਤੀ ਏਕੜ ਵਰਤੋ। ਛਿੜਕਾਅ 150 ਲਿਟਰ ਪਾਣੀ ਦੀ ਵਰਤੋਂ ਨਾਲ 30-35 ਦਿਨਾਂ ਬਾਅਦ ਫਲੈਟ ਫੈਨ ਨੋਜ਼ਲ ਨਾਲ ਕਰੋ। ਕਣਕ ਦੀ ਪੀਬੀਡਬਲਯੂ 550 ਅਤੇ ਉੱਨਤ ਪੀਬੀਡਬਲਯੂ 550 ਕਿਸਮਾਂ ਉਪਰ ਅਕੌਡ ਪਲੱਸ/ਸ਼ਗਨ 21-11 ਦਾ ਛਿੜਕਾਅ ਨਾ ਕਰੋ। ਹਲਕੀਆਂ ਜ਼ਮੀਨਾਂ ਵਿਚ ਸ਼ਗਨ ਦੀ ਵਰਤੋਂ ਨਾ ਕਰੋ। ਜਿੱਥੇ ਸਲਸਲਫੂਰਾਨ ਦੀ ਵਰਤੋਂ ਕੀਤੀ ਹੋਵੇ ਉੱਥੇ ਸਾਉਣੀ ਸਮੇਂ ਚਰ੍ਹੀ ਅਤੇ ਮੱਕੀ ਨਾ ਬੀਜੋ।
ਜੰਗਲੀ ਜਵੀ ਦੇ ਉੱਗਣ ਤੋਂ ਬਾਅਦ ਇਸ ਦੀ ਰੋਕਥਾਮ ਲਈ ਆਈਸੋਪ੍ਰੋਟਯੂਰਾਨ 75 ਘੁਲਣਸ਼ੀਲ 300 ਗ੍ਰਾਮ ਪ੍ਰਤੀ ਏਕੜ ਪਹਿਲੇ ਪਾਣੀ ਤੋਂ 2-3 ਦਿਨ ਪਹਿਲਾਂ ਛਿੜਕਾਅ ਕਰੋ। ਉੱਪਰ ਦੱਸੇ ਗੁੱਲੀ ਡੰਡਾ ਮਾਰਣ ਵਾਲੇ ਨਦੀਨ ਨਾਸ਼ਕ ਵੀ ਜੰਗਲੀ ਜਵੀ ਦਾ ਖਾਤਮਾ ਕਰਦੇ ਹਨ।
ਕਣਕ ਨੂੰ ਪਹਿਲਾ ਪਾਣੀ ਬਿਜਾਈ ਦੇ ਚਾਰ ਹਫ਼ਤੇ ਬਾਅਦ ਦਿਉ। ਹਲਕੀਆਂ ਜ਼ਮੀਨਾਂ ਵਿਚ ਇਹ ਪਾਣੀ ਇਕ ਹਫ਼ਤਾ ਪਹਿਲਾਂ ਦੇਣਾ ਚਾਹੀਦਾ ਹੈ। ਕਣਕ ਨੂੰ ਪਹਿਲੇ ਪਾਣੀ ਨਾਲ 55 ਕਿਲੋ ਯੂਰੀਆ ਪ੍ਰਤੀ ਏਕੜ ਪਾ ਦਿਉ। ਹਲਕੀਆਂ ਅਤੇ ਕੱਲਰ ਵਾਲੀਆਂ ਜ਼ਮੀਨਾਂ ਵਿਚ ਪਹਿਲੇ ਪਾਣੀ ਤੋਂ ਬਾਅਦ ਜ਼ਿੰਕ ਦੀ ਘਾਟ ਆ ਸਕਦੀ ਹੈ। ਜ਼ਿੰਕ ਦੀ ਘਾਟ ਬੂਟੇ ਦੇ ਉੱਪਰਲੇ ਹਿੱਸੇ 'ਤੇ ਤੀਸਰੇ ਜਾਂ ਚੌਥੇ ਪੱਤੇ 'ਤੇ ਆਉਂਦੀ ਹੈ। ਇਹ ਪੱਤੇ ਲੱਕ ਵਿਚਕਾਰੋਂ ਪੀਲੇ ਪੈ ਜਾਂਦੇ ਹਨ ਤੇ ਬਾਅਦ ਵਿਚ ਪੱਤੇ ਸੁੱਕ ਕੇ ਟੁੱਟ ਜਾਂਦੇ ਹਨ। ਜੇਕਰ ਇਹੋ ਜਿਹੀਆਂ ਨਿਸ਼ਾਨੀਆਂ ਖੇਤ ਵਿਚ ਨਜ਼ਰ ਆਉਣ ਤਾਂ 25 ਕਿਲੋ ਜ਼ਿੰਕ ਸਲਫੇਟ (21%) ਪ੍ਰਤੀ ਏਕੜ ਨੂੰ ਏਨੀ ਹੀ ਮਿਕਦਾਰ ਵਿਚ ਮਿੱਟੀ ਲੈ ਕੇ ਮਿਲਾ ਲਉ ਅਤੇ ਛੱਟਾ ਦੇ ਦਿਉ। ਹਲਕੀਆਂ ਜ਼ਮੀਨਾਂ ਵਿਚ ਝੋਨੇ ਤੋਂ ਬਾਅਦ ਬੀਜੀ ਕਣਕ ਉੱਪਰ ਮੈਂਗਨੀਜ਼ ਦੀ ਘਾਟ ਆ ਸਕਦੀ ਹੈ। ਜੇਕਰ ਪੱਤੇ ਦਾ ਵਿਚਕਾਰਲਾ ਹਿੱਸਾ ਪੀਲਾ ਨਜ਼ਰ ਆਵੇ ਅਤੇ ਪੱਤੇ ਉੱਪਰ ਹਲਕੇ ਪੀਲੇ ਤੋਂ ਸਲੇਟੀ ਗੁਲਾਬੀ ਭੂਰੇ ਰੰਗ ਦੇ ਛੋਟੇ-ਛੋਟੇ ਧੱਬੇ ਪੈ ਜਾਣ ਜੋ ਬਾਅਦ ਵਿਚ ਸਲੇਟੀ ਗੁਲਾਬੀ ਧਾਰੀਆਂ ਵਿਚ ਬਦਲ ਜਾਂਦੇ ਹਨ ਤਾਂ ਇਹ ਮੈਂਗਨੀਜ਼ ਦੀ ਘਾਟ ਦੀਆਂ ਨਿਸ਼ਾਨੀਆਂ ਹਨ।
(ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)


-ਪੇਸ਼ਕਸ਼ :ਅਮਰਜੀਤ ਸਿੰਘ

ਵਿਰਸੇ ਦੀਆਂ ਬਾਤਾਂ

ਖੰਡਰ ਹੁੰਦੀਆਂ ਇਮਾਰਤਾਂ ਦੀ ਅਣਸੁਣੀ ਕਹਾਣੀ

ਤੁਹਾਡੇ ਨੇੜੇ-ਤੇੜੇ ਕਿੰਨੀਆਂ ਇਮਾਰਤਾਂ ਹੋਣਗੀਆਂ, ਜਿਨ੍ਹਾਂ ਦੇ ਮੱਥੇ 'ਤੇ ਤਰੀਕਾਂ ਲਿਖੀਆਂ ਹੋਣੀਆਂ। ਕੋਈ ਸੌ ਵਰ੍ਹੇ ਪੁਰਾਣੀ, ਕੋਈ ਘੱਟ-ਵੱਧ। ਉਨ੍ਹਾਂ ਇਮਾਰਤਾਂ ਨੂੰ ਧਿਆਨ ਨਾਲ ਦੇਖੋ, ਕਈ ਕੁਝ ਬੋਲਣਗੀਆਂ। ਉਨ੍ਹਾਂ ਨੂੰ ਹੱਥ ਲਾਓਗੇ ਤਾਂ ਇੰਜ ਲੱਗੇਗਾ, ਜਿਵੇਂ ਕਿਸੇ ਦੇ ਪਿੰਡੇ 'ਤੇ ਫੇਰਦੇ ਹੋਵੇ। ਕੰਧਾਂ ਕਹਿਣਗੀਆਂ, 'ਤੁਸੀਂ ਜਿਵੇਂ ਬਣਾਇਆ ਅਸੀਂ ਬਣ ਗਈਆਂ, ਖੜ੍ਹ ਗਈਆਂ, ਹੁਣ ਮਰਨ-ਡਿੱਗਣ ਵਾਲੀਆਂ ਹਾਂ, ਸਾਡਾ ਚੰਮ ਲਹਿ ਰਿਹਾ, ਸਾਡਾ ਇਲਾਜ ਕਿਉਂ ਨਹੀਂ ਕਰਾਉਂਦੇ।'
ਪੰਜਾਬ ਦੇ ਹਰ ਜ਼ਿਲ੍ਹੇ ਵਿਚ ਇਹੋ ਜਿਹੀਆਂ ਇਮਾਰਤਾਂ ਹਨ। ਕਈ ਰਿਆਸਤੀ ਤੇ ਕਈ ਨਿੱਜੀ। ਕਈ ਨਾਨਕਸ਼ਾਹੀ ਇੱਟਾਂ ਵਾਲੀਆਂ ਤੇ ਕਈ ਹੋਰ ਵੰਨ-ਸੁਵੰਨੇ ਪੱਥਰਾਂ ਵਾਲੀਆਂ। ਉਨ੍ਹਾਂ ਦਾ ਆਪਣਾ ਅਮੀਰ ਅਤੀਤ ਹੈ। ਕਿਸੇ ਵੇਲੇ ਉਹ ਅਮੀਰਾਂ ਦੀ ਅਰਾਮਗਾਹ ਹੁੰਦੀਆਂ ਸਨ। ਉਨ੍ਹਾਂ ਇਮਾਰਤਾਂ ਨੂੰ ਬਣਾਉਣ ਵਾਲੇ ਹੱਥਾਂ ਨੂੰ ਚੁੰਮਿਆ ਜਾਂਦਾ ਸੀ। ਉਨ੍ਹਾਂ ਨੂੰ ਦੇਖਣ ਦੂਰੋਂ-ਦੂਰੋਂ ਲੋਕ ਆਉਂਦੇ ਸਨ। ਪਰ ਪੀੜ੍ਹੀਆਂ ਬਦਲਦੀਆਂ ਗਈਆਂ ਤਾਂ ਇਮਾਰਤਾਂ ਵੱਲ ਧਿਆਨ ਜਾਣਾ ਘਟਦਾ ਗਿਆ।
ਇਕ ਦਿਨ ਮੈਨੂੰ ਮੇਰਾ ਸਾਥੀ ਖੂਹ 'ਤੇ ਲੈ ਗਿਆ। ਇਮਾਰਤ ਖੰਡਰ ਬਣਦੀ ਜਾ ਰਹੀ ਸੀ। ਮੈਂ ਕਿਹਾ, 'ਸਰਦਾ ਪੁੱਜਦਾ ਐਂ, ਦਾਦੇ-ਪੜਦਾਦੇ ਦੀ ਇਸ ਯਾਦ ਦੀ ਭੋਰਾ ਮੁਰੰਮਤ ਕਰਾ ਲੈ, ਨਿਆਣੇ ਦੇਖਿਆ ਕਰਨਗੇ।'
ਉਹਨੇ ਘੇਸਲ ਮਾਰੀ, 'ਛੱਡ ਪਰ੍ਹਾਂ, ਅੱਜ ਦੇ ਨਿਆਣੇ ਇਨ੍ਹਾਂ ਚੀਜ਼ਾਂ ਵਿਚ ਕਿੱਥੇ ਰੁਚੀ ਰੱਖਦੇ ਆ।'
ਕਈ ਸ਼ਹਿਰਾਂ ਵਿਚ ਰਿਆਸਤੀ ਕਿਲ੍ਹੇ, ਮਹਿਲ ਤੇ ਹੋਰ ਇਮਾਰਤਾਂ ਹਨ। ਉਨ੍ਹਾਂ ਦੀਆਂ ਕੰਧਾਂ 'ਤੇ ਪਏ ਨਮੂਨੇ ਵੇਖ ਮਨ ਪ੍ਰਸੰਨ ਹੋ ਜਾਂਦਾ। ਉਨ੍ਹਾਂ ਦੀਆਂ ਛੱਤਾਂ, ਮਜ਼ਬੂਤ ਕੰਧਾਂ, ਦਰਵਾਜ਼ੇ, ਬੜਾ ਕੁਝ ਸਮਝਾ ਜਾਂਦੇ ਹਨ। ਪਰ ਉਨ੍ਹਾਂ ਦੀ ਸੰਭਾਲ ਵਾਲਾ ਕੋਈ ਨਹੀਂ।
ਜੇ ਉਨ੍ਹਾਂ ਦੀ ਥੋੜ੍ਹੀ ਬਹੁਤ ਮੁਰੰਮਤ, ਰੰਗ ਰੋਗਨ ਹੋ ਜਾਵੇ ਤਾਂ ਮੁੜ ਦੇਖਣਯੋਗ ਬਣ ਜਾਣ। ਜੇ ਉਨ੍ਹਾਂ ਦੀ ਯਾਦ ਤੇ ਇਤਿਹਾਸ ਬਾਰੇ ਕਿਤਾਬਚੇ ਛਾਪ ਕੇ ਦੇਖਣ ਵਾਲਿਆਂ ਨੂੰ ਦਿੱਤੇ ਜਾਣ ਤਾਂ ਗੱਲ ਕਿੰਨੀ ਦੂਰ ਤੱਕ ਜਾਵੇਗੀ। ਪਰ ਇੰਜ ਨਹੀਂ ਹੋਵੇਗਾ, ਕਿਉਂਕਿ ਇਹਦੇ ਵਿਚ ਸਾਡਾ ਕੋਈ ਫ਼ਾਇਦਾ ਨਹੀਂ ਤੇ ਮਨੁੱਖ ਹੋਣ ਦਾ ਅਰਥ ਹੀ ਇਹ ਰਹਿ ਗਿਆ ਕਿ ਕੰਮ ਉਹ ਕਰਨਾ, ਜੀਹਦੇ ਵਿਚੋਂ ਨਫ਼ਾ ਦਿਸਦਾ ਹੋਵੇ।


-37, ਪ੍ਰੀਤ ਇਨਕਲੇਵ, ਲੱਧੇਵਾਲੀ, ਜਲੰਧਰ।
ਮੋਬਾਈਲ : 98141-78883

ਇਸ ਮਹੀਨੇ ਦੇ ਬਾਗ਼ਬਾਨੀ ਰੁਝੇਵੇਂ

ਸਰਦੀਆਂ ਦੇ ਮੌਸਮ ਵਿਚ ਫਲਦਾਰ ਬੁੂਟਿਆਂ ਵੱਲ ਖਾਸ ਧਿਆਨ ਦੇਣ ਦੀ ਲੋੜ ਹੁੰਦੀ ਹੈ। ਸਦਾਬਹਾਰ ਫਲਦਾਰ ਨਵੇਂ ਲਗਾਏ ਬੂਟਿਆਂ ਦੀ ਦੇਖਭਾਲ ਵੱਲ ਉਚੇਚਾ ਧਿਆਨ ਦਿੱਤਾ ਜਾਵੇ। ਮੁਢਲੀ ਹਾਲਤ ਵਿਚ ਬਿਨਾਂ ਚੰਗੀ ਤਰ੍ਹਾਂ ਦੇਖ-ਭਾਲ ਦੇ ਬੂਟੇ ਵਧਦੇ-ਫੁਲਦੇ ਨਹੀਂ ਅਤੇ ਕਈ ਵਾਰ ਤਾਂ ਅਣਗਹਿਲੀ ਕਾਰਨ ਬੂਟੇ ਮਰ ਵੀ ਜਾਂਦੇ ਹਨ। ਪਿਉਂਦ ਤੋਂ ਹੇਠਾਂ ਦੀਆਂ ਫੁੱਟ ਰਹੀਆਂ ਟਾਹਣੀਆਂ ਨੂੰ ਕਟਦੇ ਰਹੋ। ਅਣਚਾਹਿਆ ਫੁਟਾਰਾ ਹਰ 10-15 ਦਿਨਾਂ ਪਿਛੋਂ ਬਹੁਤ ਹੀ ਧਿਆਨ ਨਾਲ ਕੱਟ ਦੇਣਾ ਚਾਹੀਦਾ ਹੈ। ਸਦਾਬਹਾਰ ਫਲਦਾਰ ਛੋਟੇ ਬੂਟਿਆਂ ਉਪਰ ਸਰਕੰਡੇ, ਪਰਾਲੀ ਜਾਂ ਮੱਕੀ ਦੇ ਟਾਂਡਿਆਂ ਨਾਲ ਛਤਰੀਆਂ ਬਣਾ ਕੇ ਆਉਣ ਵਾਲੇ ਸਰਦੀ ਦੇ ਮੌਸਮ ਦੇ ਭੈੜੇ ਅਸਰ ਤੋਂ ਬਚਾਉ ਕਰ ਸਕਦੇ ਹਾਂ। ਨਿੰਬੂ ਜਾਤੀ ਦੇ ਬੂਟੇ ਜ਼ਿਆਦਾ ਠੰਢ ਨਹੀਂ ਸਹਾਰ ਸਕਦੇ, ਜੇਕਰ 0 ਡਿਗਰੀ ਸੈਂਟੀਗਰੇਡ ਤੋਂ ਘੱਟ ਤਾਪਮਾਨ ਲੰਮੇ ਸਮੇਂ ਲਈ ਰਹਿ ਜਾਵੇ ਤਾਂ ਨਿੰਬੂ ਜਾਤੀ ਦੇ ਬੂਟਿਆਂ ਲਈ ਹਾਨੀਕਾਰਕ ਹੁੰਦਾ ਹੈ। ਛੋਟੇ ਬੂਟਿਆਂ ਨੂੰ ਛੇਤੀ-ਛੇਤੀ ਅਤੇ ਹਲਕਾ ਪਾਣੀ ਦਿੰਦੇ ਰਹਿਣਾ ਚਾਹੀਦਾ ਹੈ। ਭਰਵੀਂ ਸਿੰਚਾਈ ਨਹੀਂ ਕਰਨੀ ਚਾਹੀਦੀ। ਬੂਟਿਆਂ ਨੂੰ ਪਾਣੀ 'ਸੁਧਰੇ ਦੌਰ ਢੰਗ' ਨਾਲ ਦੇਣਾ ਚਾਹੀਦਾ ਹੈ। ਤੁਪਕਾ ਸਿੰਚਾਈ ਤਰੀਕੇ ਨਾਲ ਪਾਣੀ ਦਾ ਉਚਿਤ ਪ੍ਰਯੋਗ ਕਰਕੇ ਉਤਪਾਦਨ ਵਿਚ ਵੀ ਵਾਧਾ ਕੀਤਾ ਜਾ ਸਕਦਾ ਹੈ। ਨਵੇਂ ਲਗਾਏ ਬੂਟਿਆਂ ਨੂੰ ਸਿੱਧਾ ਰੱਖਣ ਲਈ ਸੋਟੀ ਦਾ ਸਹਾਰਾ ਦਿਉ। 'ਸੁਧਰਿਆ ਲੀਡਰ ਢੰਗ' ਬਹੁਤ ਸਾਰੇ ਫਲਦਾਰ ਬੂਟਿਆਂ ਲਈ ਢੁੱਕਵਾਂ ਹੈ। ਨਿੰਬੂ ਜਾਤੀ ਦੇ ਫਲਾਂ ਦੀ ਕਾਂਟ-ਛਾਂਟ ਫਲ ਤੋੜਨ ਤੋਂ ਬਾਅਦ ਸਰਦੀ ਦੇ ਅੰਤ ਜਾਂ ਬਹਾਰ ਦੇ ਸ਼ੁਰੂ ਵਿਚ ਹੀ ਕਰਨੀ ਚਾਹੀਦੀ ਹੈ।
ਬੇਰ ਦੇ ਬੂਟਿਆਂ ਦੀ ਪੱਤਾ ਸੈਂਪਲਿੰਗ ਲਈ ਦਸੰਬਰ ਤੋਂ ਜਨਵਰੀ ਢੁਕਵਾਂ ਸਮਾਂ ਹੈ। ਇਸ ਲਈ ਟਾਹਣੀ ਦੇ ਅੱਧ ਵਿਚਕਾਰੋਂ 5-7 ਮਹੀਨੇ ਪੁਰਾਣੇ 70 ਪੱਤੇ ਇਕੱਠੇ ਕਰਨੇ ਚਾਹੀਦੇ ਹਨ ਅਤੇ ਲੋੜ ਮੁਤਾਬਿਕ ਹੀ ਖੁਰਾਕੀ ਤੱਤ ਵਰਤਣੇ ਚਾਹੀਦੇ ਹਨ। ਲੀਚੀ, ਨਾਖ, ਆੜੂ, ਅਲੂਚਾ, ਚੀਕੂ, ਨਿੰਬੂ-ਜਾਤੀ, ਅਤੇ ਕਿੰਨੂ ਨੂੰ ਗੋਹੇ ਦੀ ਗਲੀ ਸੜੀ ਰੂੜੀ ਦਸੰਬਰ 'ਚ ਪਾਈ ਜਾਂਦੀ ਹੈ। ਨਾਸ਼ਪਾਤੀ ਨੂੰ ਸਾਰੀ ਰੂੜੀ, ਸੁਪਰਫਾਸਫੇਟ ਅਤੇ ਮਿਊਰੇਟ ਆਫ ਪੋਟਾਸ਼ ਦਸੰਬਰ ਮਹੀਨੇ ਪਾਉ।
ਪਤਝੜ ਦੇ ਫਲਦਾਰ ਬੂਟੇ ਲਗਾਉਣ ਦਾ ਢੁੱਕਵਾਂ ਸਮਾਂ ਇਨ੍ਹਾਂ ਦਾ ਸੁਸਤ ਪੜਾਅ ਹੈ ਜੋ ਕਿ ਦਸੰਬਰ ਤੋਂ ਜਨਵਰੀ ਵਿਚ ਹੁੰਦਾ ਹੈ, ਨਵੀਂ ਬੜੋਤਰੀ ਸ਼ੁਰੂ ਹੋਣ ਤੋਂ ਪਹਿਲਾਂ। ਨਵੇਂ ਲਗਾਏ ਬੂਟਿਆਂ ਵਿਚ ਖਾਲੀ ਥਾਂ 'ਤੇ ਹਾੜ੍ਹੀ ਦੀਆਂ ਫਸਲਾਂ ਵਿਚੋਂ ਕਣਕ, ਮਟਰ ਅਤੇ ਛੋਲੇ ਆਦਿ ਦੀ ਬਿਜਾਈ ਕੀਤੀ ਜਾ ਸਕਦੀ ਹੈ ਪਰ ਫਲਦਾਰ ਬੂਟਿਆਂ ਦਾ ਪਾਣੀ ਦਾ ਪ੍ਰਬੰਧ ਵੱਖਰਾ ਹੀ ਹੋਣਾ ਚਾਹੀਦਾ ਹੈ।
ਇਨ੍ਹਾਂ ਮਹੀਨਿਆਂ ਵਿਚ ਨਦੀਨਾਂ ਦੀ ਰੋਕਥਾਮ ਲਈ ਢੁਕਵਾਂ ਸਮਾਂ ਹੈ। ਬੂਟਿਆਂ ਦੇ ਦੌਰ ਕਹੀ ਨਾਲ ਨਹੀਂ ਪੁੱਟਣੇ ਚਾਹੀਦੇ ਸਗੋਂ ਉਨ੍ਹਾਂ ਵਿਚੋਂ ਖੁਰਪੇ ਆਦਿ ਨਾਲ ਨਦੀਨਾਂ ਦਾ ਨਾਸ਼ ਕਰਨਾ ਚਾਹੀਦਾ ਹੈ। ਬਾਗ਼ਾਂ ਵਿਚ ਆਡਾਂ, ਸੜਕਾਂ ਅਤੇ ਰਸਤਿਆਂ ਦੇ ਆਸੇ-ਪਾਸੇ ਵਾਲੇ ਨਦੀਨ ਨਸ਼ਟ ਕਰਨੇ ਜ਼ਰੂਰੀ ਹਨ, ਤਾਂ ਜੋ ਇਹ ਬਾਗ਼ ਦੀ ਜ਼ਮੀਨ ਵਿਚ ਆਪਣੇ ਬੀਜ ਨਾ ਸੁੱਟ ਸਕਣ। ਬਰੂ, ਕਾਹੀ ਅਤੇ ਮੋਥੇ ਵਰਗੇ ਸਖ਼ਤ ਨਦੀਨਾਂ ਨੂੰ ਨਸ਼ਟ ਕਰਨਾ ਬਹੂਤ ਜ਼ਰੂਰੀ ਹੈ। ਪੱਕੇ ਹੋਏ ਫਲਾਂ ਨੂੰ ਸਰਦੀਆਂ ਵਿਚ ਖਾਸ ਕਰਕੇ ਅਮਰੂਦ ਨੂੰ 48-72 ਘੰਟੇ ਲਈ ਕਮਰੇ ਦੇ ਤਾਪਮਾਨ 'ਤੇ ਵੀ ਰੱਖਿਆ ਜਾ ਸਕਦਾ ਹੈ।


-ਸੁਰਜੀਤ ਸਿੰਘ ਐਮ.ਐਸ.ਸੀ. ਹਾਰਟੀਕਲਚਰ
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ, ਪੰਜਾਬ।


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX