ਤਾਜਾ ਖ਼ਬਰਾਂ


ਸੰਘਣੀ ਧੁੰਦ ਕਾਰਨ ਵਾਪਰੇ ਹਾਦਸੇ ਵਿਚ 1 ਮੌਤ, 5 ਜ਼ਖਮੀ
. . .  22 minutes ago
ਮੋਗਾ, 17 ਜਨਵਰੀ - ਮੋਗਾ ਕੋਟਕਪੂਰਾ ਰੋਡ 'ਤੇ ਵਾਪਰੇ ਭਿਆਨਕ ਸੜਕ ਹਾਦਸੇ ਵਿਚ ਇਕ ਮੌਤ ਹੋ ਗਈ ਹੈ ਤੇ 5 ਹੋਰ ਜ਼ਖਮੀ ਹੋਏ ਹਨ। ਜ਼ਖਮੀਆਂ ਨੂੰ ਮੋਗਾ ਦੇ ਸਰਕਾਰੀ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ। ਇਹ ਹਾਦਸਾ ਸੰਘਣੀ ਧੁੰਦ ਕਾਰਨ ਵਾਪਰਿਆ...
ਅੱਜ ਡੇਰਾ ਸਿਰਸਾ ਮੁਖੀ ਨੂੰ ਛਤਰਪਤੀ ਕਤਲ ਮਾਮਲੇ 'ਚ ਹੋਵੇਗੀ ਸਜ਼ਾ
. . .  31 minutes ago
ਜਲੰਧਰ, 17 ਜਨਵਰੀ - ਪੱਤਰਕਾਰ ਰਾਮਚੰਦਰ ਛਤਰਪਤੀ ਦੇ ਕਤਲ ਮਾਮਲੇ 'ਚ ਅੱਜ ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ ਵੱਲੋਂ ਡੇਰਾ ਸਿਰਸਾ ਮੁਖੀ ਰਾਮ ਰਹੀਮ ਸਮੇਤ ਕ੍ਰਿਸ਼ਨ ਲਾਲ, ਨਿਰਮਲ ਸਿੰਘ ਤੇ ਕੁਲਦੀਪ ਸਿੰਘ ਨੂੰ ਸਜ਼ਾ ਸੁਣਾਈ ਜਾਵੇਗੀ। ਇਨ੍ਹਾਂ ਨੂੰ ਇਕੱਠੇ ਵੀਡੀਓ ਕਾਨਫਰੰਸਿੰਗ ਰਾਹੀਂ ਸਜ਼ਾ ਸੁਣਾਈ...
ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 'ਚ ਹੋਇਆ ਵਾਧਾ
. . .  49 minutes ago
ਨਵੀਂ ਦਿੱਲੀ, 17 ਜਨਵਰੀ - ਪੈਟਰੋਲ ਤੇ ਡੀਜਲ ਦੀਆਂ ਕੀਮਤਾਂ 'ਚ ਅੱਜ ਇਕ ਵਾਰ ਫਿਰ ਵਾਧਾ ਦੇਖਣ ਨੂੰ ਮਿਲਿਆ। ਰਾਜਧਾਨੀ ਦਿੱਲੀ 'ਚ ਪੈਟਰੋਲ ਦੀ ਕੀਮਤ 'ਚ 14 ਪੈਸੇ ਪ੍ਰਤੀ ਲੀਟਰ ਵਾਧਾ ਦਰਜ ਕੀਤਾ ਗਿਆ। ਇਸ ਨਾਲ ਪੈਟਰੋਲ ਦੀ ਕੀਮਤ 70.47 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਉੱਥੇ ਹੀ, ਰਾਜਧਾਨੀ...
ਅੱਜ ਦਾ ਵਿਚਾਰ
. . .  about 1 hour ago
ਹੈੱਡ ਕਾਂਸਟੇਬਲ ਨੇ ਟ੍ਰੈਫਿਕ ਪੁਲਿਸ ਦੇ ਸਹਾਇਕ ਸਬ ਇੰਸਪੈਕਟਰ ਨੂੰ ਮਾਰੀ ਗੋਲੀ
. . .  1 day ago
ਡੇਰਾਬਸੀ , 16 ਜਨਵਰੀ ( ਸ਼ਾਮ ਸਿੰਘ ਸੰਧੂ)-ਡੇਰਾਬਸੀ ਪੁਲਿਸ ਸਟੇਸ਼ਨ ਵਿਖੇ ਇੱਕ ਹੈੱਡ ਕਾਂਸਟੇਬਲ ਨੇ ਟ੍ਰੈਫਿਕ ਪੁਲਿਸ ਡੇਰਾਬਸੀ ਦੇ ਇੰਚਾਰਜ ਸਹਾਇਕ ਸਬ ਇੰਸਪੈਕਟਰ ਲਖਵਿੰਦਰ ਸਿੰਘ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਹੈ
ਸੀਰੀਆ ਧਮਾਕੇ 'ਚ 30 ਨਾਗਰਿਕਾਂ ਦੀ ਮੌਤ
. . .  1 day ago
ਅਮਿੱਤ ਸ਼ਾਹ ਨੂੰ ਹੋਇਆ ਸਵਾਈਨ ਫਲੂ , ਏਮਜ਼ 'ਚ ਭਰਤੀ
. . .  1 day ago
ਨਵੀਂ ਦਿੱਲੀ ,16 ਜਨਵਰੀ - ਭਰਤੀ ਜਨਤਾ ਪਾਰਟੀ ਦੇ ਪ੍ਰਧਾਨ ਅਮਿੱਤ ਸ਼ਾਹ ਨੂੰ ਸਵਾਈਨ ਫਲੂ ਹੋਣ ਕਰਕੇ ਏਮਜ਼ 'ਚ ਭਰਤੀ ਕੀਤਾ ਗਿਆ ਹੈ।
'ਖੇਲੋ ਇੰਡੀਆ' 'ਚ ਬੁਢਲਾਡਾ ਤਹਿਸੀਲ ਦੀ ਪ੍ਰਦੀਪ ਕੌਰ ਨੇ ਜਿੱਤਿਆ ਕਾਂਸੇ ਦਾ ਮੈਡਲ
. . .  1 day ago
ਬੁਢਲਾਡਾ, 16 ਜਨਵਰੀ (ਸਵਰਨ ਸਿੰਘ ਰਾਹੀ) - ਮਹਾਰਾਸ਼ਟਰ ਦੇ ਪੁਣੇ 'ਚ ਚੱਲ ਰਹੀਆਂ 'ਖੇਲੋ ਇੰਡੀਆ' ਖੇਡਾਂ 'ਚ ਬੁਢਲਾਡਾ ਤਹਿਸੀਲ ਦੇ ਪਿੰਡ ਦੋਦੜਾ ਦੀ ਨਿਸ਼ਾਨੇਬਾਜ਼ ਪ੍ਰਦੀਪ ਕੌਰ ਸਿੱਧੂ ਨੇ 10 ਮੀਟਰ ਏਅਰ ਪਿਸਟਲ (ਮਿਕਸ) ਜੂਨੀਅਰ ਵਰਗ 'ਚ ਕਾਂਸੇ ਦਾ ਮੈਡਲ ਜਿੱਤ ਕੇ ਪਿੰਡ ਅਤੇ ਪੰਜਾਬ ਦਾ ਨਾਂਅ ਰੌਸ਼ਨ ਕੀਤਾ ਹੈ।
ਜਸਟਿਸ ਸੰਜੀਵ ਖੰਨਾ ਅਤੇ ਜਸਟਿਸ ਮਹੇਸ਼ਵਰੀ ਸੁਪਰੀਮ ਕੋਰਟ ਦੇ ਜੱਜ ਨਿਯੁਕਤ
. . .  1 day ago
ਨਵੀਂ ਦਿੱਲੀ, 16 ਜਨਵਰੀ - ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਦਿੱਲੀ ਹਾਈਕੋਰਟ ਦੇ ਚੀਫ਼ ਜਸਟਿਸ ਸੰਜੀਵ ਖੰਨਾ ਅਤੇ ਕਰਨਾਟਕ ਹਾਈਕੋਰਟ ਦੇ ਜੱਜ ਦਿਨੇਸ਼ ਮਹੇਸ਼ਵਰੀ ਨੂੰ ਸੁਪਰੀਮ ਕੋਰਟ ਦਾ...
ਤਾਮਿਲਨਾਡੂ ਦਾ ਡੀ ਗੁਕੇਸ਼ ਬਣਿਆ ਦੁਨੀਆ ਦਾ ਦੂਜਾ ਸਭ ਤੋਂ ਛੋਟੀ ਉਮਰ ਦਾ ਸ਼ਤਰੰਜ ਗ੍ਰੈਂਡਮਾਸਟਰ
. . .  1 day ago
ਚੇਨਈ, 16 ਜਨਵਰੀ - ਤਾਮਿਲਨਾਡੂ ਦਾ ਡੀ ਗੁਕੇਸ਼ ਦੁਨੀਆ ਦਾ ਦੂਜਾ ਸਭ ਤੋਂ ਛੋਟੀ ਉਮਰ ਦਾ ਸ਼ਤਰੰਜ ਗ੍ਰੈਂਡ ਮਾਸਟਰ ਬਣਿਆ ਹੈ। ਇਸ ਮੌਕੇ ਡੀ ਗੁਕੇਸ਼ ਨੇ ਆਪਣੇ ਮਾਤਾ ਪਿਤਾ, ਕੋਚ, ਦੋਸਤਾਂ...
ਹੋਰ ਖ਼ਬਰਾਂ..

ਲੋਕ ਮੰਚ

ਗੋਲ਼ੀਆਂ ਦੀ ਆਵਾਜ਼ ਅਤੇ ਲਲਕਾਰਿਆਂ 'ਚ ਗੁਆਚਿਆ ਪੰਜਾਬੀ ਸੱਭਿਆਚਾਰ

ਪੰਜਾਬੀ ਗੀਤਾਂ 'ਚ ਪਿਸਤੌਲਾਂ, ਰਫ਼ਲਾਂ 'ਚੋਂ ਨਿਕਲਦੇ ਫਾਇਰ ਬੇਸ਼ੱਕ ਵਕਤੀ ਤੌਰ 'ਤੇ ਡੌਲ਼ੇ ਫਰਕਣ ਲਾ ਦਿੰਦੇ ਹਨ ਪਰ ਦਿਲ ਅਤੇ ਦਿਮਾਗ 'ਤੇ ਪੈਂਦਾ ਇਨ੍ਹਾਂ ਦਾ ਗਲਤ ਅਸਰ ਸਮਾਜ ਵਿਚ ਦਿਸ਼ਾਹੀਣ ਨੌਜਵਾਨਾਂ ਅਤੇ ਲੜਾਕਿਆਂ ਦੀ ਫੌਜ ਤਿਆਰ ਕਰ ਰਿਹਾ ਹੈ। ਦੋ-ਤਿੰਨ ਦਹਾਕੇ ਪਹਿਲਾਂ ਵਾਲੀ ਪੰਜਾਬੀ ਗਾਇਕੀ 'ਚ ਸ਼ਾਇਦ ਹੀ ਕਿਸੇ ਗੀਤ 'ਚ ਕੋਈ ਗੋਲ਼ੀ ਚਲਦੀ ਦੇਖੀ ਹੋਵੇ ਪਰ ਅੱਜ ਹਾਲਾਤ ਇਹ ਹਨ ਕਿ ਹਥਿਆਰਾਂ ਅਤੇ ਗੰਡਾਸਿਆਂ ਤੋਂ ਬਿਨਾਂ ਗੀਤ ਅਧੂਰੇ ਲਗਦੇ ਹਨ। ਵਿਆਹਾਂ ਸ਼ਾਦੀਆਂ ਵਿਚ ਖੁਸ਼ੀ ਮਨਾਉਂਦੇ ਹੋਏ ਚਲਦੀਆਂ ਗੋਲੀਆਂ ਅਤੇ ਹੁੰਦੇ ਕਤਲ ਗੁਮਰਾਹਕੁੰਨ ਗਾਇਕੀ ਦੀ ਹੀ ਦੇਣ ਹਨ। ਗੀਤਾਂ ਵਿਚਲੀ ਲੱਚਰਤਾ ਨੇ ਪੰਜਾਬੀ ਗਾਇਕੀ ਨੂੰ ਆਪਣੇ ਅਮੀਰ ਸੱਭਿਅਚਾਰ ਨਾਲੋਂ ਤੋੜਨ ਦਾ ਕੰਮ ਕੀਤਾ ਹੈ। ਨਾਂਅ ਅਤੇ ਪੈਸਾ ਕਮਾਉਣ ਦੀ ਤੇਜ਼ ਰਫਤਾਰ ਅਤੇ ਲਾਲਸਾ ਨੇ ਪੰਜਾਬੀ ਗਾਇਕੀ ਦਾ ਮੁਹਾਂਦਰਾ ਹੀ ਬਦਲ ਦਿੱਤਾ ਹੈ। ਚਾਦਰਿਆਂ ਵਾਲੇ ਪੇਂਡੂ ਨੌਜਵਾਨ ਅਤੇ ਘੱਗਰੇ ਵਾਲੀਆਂ ਮੁਟਿਆਰਾਂ ਅਜੋਕੇ ਗੀਤਾਂ 'ਚ ਕਿਤੇ ਹੀ ਨਜ਼ਰ ਆਉਂਦੇ ਹਨ। ਸਮੇਂ ਦੇ ਬਦਲੇ ਦੌਰ 'ਚ ਅਜੋਕੇ ਗੀਤਾਂ ਵਿਚ ਖੇਤ ਨੂੰ ਭੱਤਾ ਲੈ ਕੇ ਜਾਂਦੀ ਮੁਟਿਆਰ ਬਨਾਉਟੀ ਲਗਦੀ ਹੈ। ਗੀਤਾਂ ਵਿਚਲੇ ਦਿਖਾਏ ਜਾਂਦੇ ਪਿਆਰ ਮੁਹੱਬਤ ਦੇ ਗੀਤ ਨੌਜਵਾਨ ਪੀੜ੍ਹੀ 'ਤੇ ਬੇਹੱਦ ਬੁਰਾ ਪ੍ਰਭਾਵ ਪਾ ਰਹੇ ਹਨ। ਪੰਜਾਬ ਦੀ ਕਿਸਾਨੀ ਦਾ ਧੁਰਾ ਅਤੇ ਤਾਜ 'ਜੱਟ' ਜੋ ਪੰਜਾਬੀ ਗੀਤਾਂ 'ਚ ਦਿਖਾਇਆ ਜਾਂਦਾ ਹੈ, ਉਹ ਸੱਚਾਈ ਤੋਂ ਕੋਹਾਂ ਦੂਰ ਹੈ। ਜੇਕਰ ਗੀਤਾਂ ਵਾਲਾ ਜੱਟ ਸੱਚਮੁੱਚ ਪੰਜਾਬ 'ਚ ਵਸਦਾ ਹੁੰਦਾ ਤਾਂ ਸ਼ਾਇਦ ਰੋਜ਼ਾਨਾ ਅਖਬਾਰਾਂ 'ਚ ਕਿਸਾਨਾਂ ਦੀਆਂ ਖ਼ੁਦਕੁਸ਼ੀਆਂ ਦੀਆਂ ਖ਼ਬਰਾਂ ਨਾ ਛਪਦੀਆਂ। ਕਿਸਾਨ ਦੀ ਟੇਢੀ ਤਸਵੀਰ ਪੇਸ਼ ਕਰਕੇ ਗਾਇਕ ਉਸ ਦੀ ਅਸਲੀਅਤ ਨੂੰ ਛੁਪਾ ਰਹੇ ਹਨ। ਗਾਇਕੀ ਉਹ ਹੁੰਦੀ ਹੈ ਜੋ ਸਮਾਜ ਅਤੇ ਲੋਕਾਂ ਦੇ ਚਾਵਾਂ, ਦੁੱਖਾਂ, ਸੁੱਖਾਂ, ਖਾਣ-ਪੀਣ ਅਤੇ ਖੁਸ਼ੀਆਂ ਦੀ ਤਰਜਮਾਨੀ ਕਰੇ, ਪਰ ਜੋ ਇਨ੍ਹਾਂ ਤੋਂ ਹਟ ਕੇ ਕੀਤੀ ਜਾਵੇ, ਉਸ ਨੂੰ ਗਾਇਕੀ ਕਹਿਣਾ ਠੀਕ ਨਹੀਂ। ਪੰਜਾਬੀ ਗਾਇਕੀ ਦੇ ਡਿਗਦੇ ਮਿਆਰ ਨੂੰ ਰੋਕਣਾ ਅੱਜ ਸਮਾਜ ਅਤੇ ਸਰਕਾਰਾਂ ਲਈ ਇਕ ਵੱਡੀ ਚੁਣੌਤੀ ਬਣ ਗਿਆ ਹੈ। ਸਰਕਾਰਾਂ ਕੋਲ ਰਾਜਸੀ ਅਤੇ ਪ੍ਰਸ਼ਾਸਕੀ ਤਾਕਤ ਹੋਣ ਕਰਕੇ ਉਹ ਸਮਾਜ ਅਤੇ ਸੱਭਿਆਚਾਰ ਲਈ ਖਤਰਾ ਬਣਨ ਵਾਲੀ ਗਾਇਕੀ ਨੂੰ ਕਾਨੂੰਨ ਦੀ ਸਖ਼ਤ ਪਾਲਣਾ ਕਰਕੇ ਆਸਾਨੀ ਨਾਲ ਰੋਕ ਸਕਦੀਆਂ ਹਨ। ਕਿਸੇ ਵੀ ਚੈਨਲ 'ਤੇ ਕੋਈ ਵੀ ਗਾਣਾ ਪੇਸ਼ ਕਰਨ ਤੋਂ ਪਹਿਲਾਂ ਉਸ ਦੇ ਚੰਗੇ ਜਾਂ ਮਾੜੇ ਹੋਣ ਦੀ ਪਰਖ ਕਰਨੀ ਜ਼ਰੂਰੀ ਬਣਾਈ ਜਾਵੇ। ਇਸ ਸਮਾਜਿਕ ਕਾਰਜ ਲਈ ਲੋਕਾਂ ਦਾ ਸਹਿਯੋਗ ਵੀ ਬਹੁਤ ਮਾਇਨੇ ਰੱਖਦਾ ਹੈ। ਉਸ ਗੀਤ ਅਤੇ ਕਲਾਕਾਰ ਦਾ ਪੂਰਨ ਬਾਈਕਾਟ ਕਰਨਾ ਹੋਵੇੇਗਾ, ਜਿਸ ਦਾ ਗਾਇਆ ਗੀਤ ਸਮਾਜਿਕ ਅਤੇ ਸੱਭਿਆਚਾਰਕ ਕਦਰਾਂ-ਕੀਮਤਾਂ ਦੀਆਂ ਧੱਜੀਆਂ ਉਡਾਉਂਦਾ ਹੋਵੇ। ਮਿਲ ਕੇ ਕੰਮ ਕਰਨ ਨਾਲ ਹੀ ਸਮਾਜ ਲਈ ਚੁਣੌਤੀ ਬਣਿਆ ਇਹ ਮਸਲਾ ਹੱਲ ਕੀਤਾ ਜਾ ਸਕਦਾ ਹੈ।

-ਜਵਾਹਰ ਲਾਲ ਨਹਿਰੂ ਸਰਕਾਰੀ ਕਾਲਜ, ਫ਼ਤਹਿਗੜ੍ਹ ਸਾਹਿਬ। ਮੋਬਾ: 94784-60084


ਖ਼ਬਰ ਸ਼ੇਅਰ ਕਰੋ

ਫਿੱਕਾ ਪੈ ਗਿਆ ਪ੍ਰਾਹੁਣਚਾਰੀ ਦਾ ਸਵਾਦ

ਆਵਾਜਾਈ ਦੇ ਸਾਧਨਾਂ ਦੀ ਘਾਟ ਅਤੇ ਲੋਕਾਂ ਕੋਲ ਵਿਹਲਾ ਸਮਾਂ ਹੋਣ ਕਰਕੇ ਦੋ-ਚਾਰ ਦਿਨ ਦੀ ਪ੍ਰਾਹੁਣਚਾਰੀ ਆਮ ਜਿਹੀ ਗੱਲ ਹੁੰਦੀ ਸੀ। ਕਿਸੇ ਸਮੇਂ ਪ੍ਰਾਹੁਣਚਾਰੀ ਸ਼ਬਦ ਸੁਣਦੇ ਸਾਰ ਮੂੰਹ ਵਿਚ ਪਾਣੀ ਆ ਜਾਂਦਾ ਸੀ, ਕਿਉਂਕਿ ਆਏ ਪ੍ਰਾਹੁਣੇ ਨੂੰ ਵੱਖ-ਵੱਖ ਤਰ੍ਹਾਂ ਦੇ ਸਵਾਦ ਚਖਾਏ ਜਾਂਦੇ ਸਨ। ਇਸ ਸਮੇਂ ਘਰ ਦੇ ਸਾਰੇ ਮੈਂਬਰਾਂ ਅਤੇ ਬੱਚਿਆਂ ਦਾ ਵੀ ਦਾਅ ਲੱਗ ਜਾਂਦਾ ਸੀ। ਬੱਚੇ ਆਮ ਤੌਰ 'ਤੇ ਪ੍ਰਾਹੁਣੇ ਦੇ ਆਉਣ ਲਈ ਆਸ਼ਾਵਾਦੀ ਰਹਿੰਦੇ ਸਨ। ਛਿਮਾਹੀ ਬਾਅਦ ਹਾੜ੍ਹੀ-ਸਾਉਣੀ ਪ੍ਰਾਹੁਣਚਾਰੀ ਜਾਣ ਦਾ ਸੁਭਾਗ ਪ੍ਰਾਪਤ ਹੁੰਦਾ ਸੀ, ਇਸ ਲਈ ਚਾਅ-ਮਲਾਰ ਵੀ ਵੱਧ ਕੀਤੇ ਜਾਂਦੇ ਹਨ। ਜਦੋਂ ਘਰ ਕੋਈ ਪ੍ਰਾਹੁਣਾ ਆਉਂਦਾ ਸੀ, ਬੱਚੇ ਭੱਜ ਕੇ ਉਸ ਨੂੰ ਮਿਲਣ ਜਾਂਦੇ ਸਨ। ਸ਼ਰਾਬ ਨਾਲੋਂ ਤਾਕਤਵਰ ਚੀਜ਼ਾਂ ਦਾ ਰਿਵਾਜ ਹੁੰਦਾ ਸੀ। ਪ੍ਰਾਹੁਣਚਾਰੀ ਸਮਾਜਿਕ ਬੋਝ ਤੋਂ ਬਿਨਾਂ ਅੰਦਰੋਂ ਉਪਜੀ ਲਹਿਰ ਹੁੰਦੀ ਸੀ, ਜੋ ਕਿ ਮਹਿਮਾਨਾਂ ਅਤੇ ਮੇਜ਼ਬਾਨਾਂ ਲਈ ਖੁਸ਼ੀਆਂ-ਖੇੜੇ ਲੈ ਕੇ ਆਉਂਦੀ ਸੀ। ਮਿਲਣ ਦੀ ਤਾਂਘ ਵਿਚੋਂ ਪ੍ਰਾਹੁਣਚਾਰੀ ਦਾ ਰਿਵਾਜ ਅਤੇ ਸ਼ੌਕ ਉਪਜਦਾ ਸੀ। ਲੋਕਾਂ ਦੇ ਸਿੱਧੇ ਸੁਭਾਅ ਅਤੇ ਸਾਦੇ ਰਹਿਣ-ਸਹਿਣ ਕਰਕੇ ਪ੍ਰਾਹੁਣਚਾਰੀ ਪਿਆਰ ਅਤੇ ਏਕਤਾ ਦੀ ਗਵਾਹੀ ਹੁੰਦੀ ਸੀ। ਪ੍ਰਾਹੁਣਾ ਸਭ ਦਾ ਸਾਂਝਾ ਹੁੰਦਾ ਸੀ। ਆਉਂਦੇ ਵਕਤ ਪ੍ਰਾਹੁਣਾ ਬੱਚਿਆਂ ਲਈ ਚੀਜੀ ਲੈ ਕੇ ਆਉਂਦਾ ਸੀ। ਜਾਣ ਸਮੇਂ ਪਰਿਵਾਰ ਵਲੋਂ ਉਸ ਦੇ ਲੜ ਵੀ ਕੁਝ ਬੰਨ੍ਹਿਆ ਜਾਂਦਾ ਸੀ। ਜਵਾਈ ਦੀ ਪ੍ਰਾਹੁਣਚਾਰੀ ਥੋੜ੍ਹੀ ਵੱਧ ਖਰਚੀਲੀ ਹੁੰਦੀ ਸੀ। ਵਿਦਾ ਕਰਨ ਸਮੇਂ ਬੱਸ ਅੱਡੇ ਜਾਂ ਕੁਝ ਦੂਰੀ ਤੱਕ ਨਾਲ ਜਾਣ ਦਾ ਰਿਵਾਜ ਵੀ ਹੁੰਦਾ ਸੀ। ਕਿਰਦੇ ਸੱਭਿਆਚਾਰ ਦੀ ਲੜੀ ਦਾ ਇਕ ਮਣਕਾ ਇਹ ਵੀ ਹੈ ਕਿ ਅੱਜ ਪ੍ਰਾਹੁਣਚਾਰੀ ਦਾ ਸਵਾਦ ਪਦਾਰਥਵਾਦ ਅਤੇ ਲੈ ਨੱਠ ਨੇ ਘਸਮੰਡ ਕੇ ਫਿੱਕਾ ਕਰ ਦਿੱਤਾ ਹੈ। ਸਮੇਂ ਦੇ ਬਦਲੇ ਵੇਗ ਅਤੇ ਸਮਾਜਿਕ ਤਰੱਕੀ ਨੇ ਦਿਨਾਂ ਦੇ ਕੰਮ ਘੰਟਿਆਂ ਵਿਚ ਕਰ ਦਿੱਤੇ ਹਨ। ਪ੍ਰਾਹੁਣਚਾਰੀ ਲੋਕ ਲੱਜਾ ਲਈ ਖਾਨਾਪੂਰਤੀ ਵਾਲਾ ਵਰਤਾਰਾ ਪੇਸ਼ ਕਰਦੀ ਹੈ। ਅੱਜ ਭਾਵੇਂ ਜਲਦੀ ਵੀ ਰਿਸ਼ਤੇਦਾਰ ਨੂੰ ਮਿਲਣ ਜਾਂਦੇ ਹਾਂ ਪਰ ਇਸ ਵਿਚੋਂ ਪੁਰਾਤਨ ਪ੍ਰਾਹੁਣਚਾਰੀ ਦਾ ਸਵਾਦ ਨਹੀਂ ਆਉਂਦਾ। ਮਿਰਚਾਂ ਲੱਗਣ ਦੀ ਹਾਲਤ ਵਿਚ ਰਿਸ਼ਤੇਦਾਰ ਨੂੰ ਮਿਲਣ ਜਾਂਦੇ ਹਾਂ, ਬੈਠਦੇ ਸਾਰ 'ਅੱਛਾ ਜੀ' ਕਹਿ ਕੇ ਚਾਲੇ ਪਾ ਦਿੰਦੇ ਹਾਂ। ਸਾਰੀ-ਸਾਰੀ ਰਾਤ ਦੁੱਖ-ਸੁੱਖ ਕਰਨ ਵਾਲੇ ਪ੍ਰਾਹੁਣੇ ਗਾਇਬ ਹੋ ਚੁੱਕੇ ਹਨ। ਅੱਜ 15-20 ਸਾਲ ਪੁਰਾਣੀ ਪ੍ਰਾਹੁਣਚਾਰੀ ਵਾਲਾ ਅਧਿਆਏ ਮੁੱਕ ਚੁੱਕਾ ਹੈ। ਝਲਕ-ਪਲਕ ਦੀ ਮਹਿਮਾਨ ਨਿਵਾਜ਼ੀ ਨੇ ਪ੍ਰਾਹੁਣਚਾਰੀ ਦੇ ਸ਼ਬਦ, ਭਾਵਨਾ, ਰੀਤੀ ਅਤੇ ਸਵਾਦ ਨੂੰ ਹਕੀਕਤ ਵਿਚ ਫਿੱਕਾ ਕਰ ਦਿੱਤਾ ਹੈ।

-ਅਬਿਆਣਾ ਕਲਾਂ। ਮੋਬਾ: 9878111445

ਮਾਣ-ਮੱਤੇ ਅਧਿਆਪਕ-20

ਹਵਾਵਾਂ ਦੇ ਰੁਖ਼ ਬਦਲਣ ਵਾਲਾ ਆਗੂ ਹੈ ਹਰਦੇਵ ਸਿੰਘ ਜਵੰਧਾ

ਪਿਤਾ ਸ: ਕਰਤਾਰ ਸਿੰਘ ਦੇ ਘਰ ਮਾਤਾ ਸ੍ਰੀਮਤੀ ਗੁਰਦਿਆਲ ਕੌਰ ਦੀ ਕੁੱਖੋਂ 1 ਅਪ੍ਰੈਲ, 1960 ਨੂੰ ਜਨਮੇ ਸ: ਹਰਦੇਵ ਸਿੰਘ ਜਵੰਧਾ ਸਿੱਖਿਆ ਜਗਤ ਦੀ ਉਹ ਮਾਣਮੱਤੀ ਸ਼ਖ਼ਸੀਅਤ ਹਨ, ਜਿਨ੍ਹਾਂ ਨੇ ਆਪਣੀ ਨੌਕਰੀ ਦੇ ਮੁਢਲੇ ਦਿਨਾਂ ਵਿਚ ਹੀ ਵਿਦਿਆਰਥੀਆਂ ਦੀ ਭਲਾਈ ਦੇ ਨਾਲ-ਨਾਲ ਮੁਲਾਜ਼ਮਾਂ ਦੇ ਹਿੱਤਾਂ ਲਈ ਸੰਘਰਸ਼ਾਂ ਦੇ ਪਿੜ ਵਿਚ ਪੈਰ ਧਰ ਲਿਆ ਸੀ। ਸ: ਜਵੰਧਾ ਨੇ ਆਪਣੀ ਮੁਢਲੀ ਪੜ੍ਹਾਈ ਪਿੰਡ ਦੇ ਹੀ ਪ੍ਰਾਇਮਰੀ ਸਕੂਲ ਤੋਂ ਕਰਨ ਉਪਰੰਤ ਦਸਵੀਂ ਸਰਕਾਰੀ ਹਾਈ ਸਕੂਲ ਬਾਲੀਆਂ ਅਤੇ ਬੀ.ਐਸ.ਸੀ. ਐਸ.ਡੀ. ਕਾਲਜ ਬਰਨਾਲਾ ਤੇ ਬੀ.ਐੱਡ. ਸੁਧਾਰ ਕਾਲਜ ਤੋਂ ਕੀਤੀ। ਸ: ਜਵੰਧਾ ਕਾਮਰਸ ਵਿਸ਼ੇ ਵਿਚ ਐਮ.ਕਾਮ. ਵੀ ਕਰ ਚੁੱਕੇ ਹਨ। ਉਨ੍ਹਾਂ ਨੇ ਜਿੱਥੇ ਵਿਦਿਆਰਥੀ ਵਰਗ ਦੇ ਹੱਕਾਂ ਲਈ ਆਵਾਜ਼ ਬੁਲੰਦ ਕੀਤੀ, ਉੱਥੇ ਉਹ ਕਾਲਜ ਦੀ ਪੜ੍ਹਾਈ ਦੌਰਾਨ ਬਾਕੀ ਵਿਦਿਆਰਥੀਆਂ ਦੇ ਹਰਮਨ ਪਿਆਰੇ ਆਗੂ ਵੀ ਰਹੇ ਹਨ। ਆਪਣੇ ਪਿੰਡ ਕੁੰਭੜਵਾਲ ਦਾ ਸਭ ਤੋਂ ਪਹਿਲੇ ਗਰੈਜੂਏਟ ਹੋਣ ਦਾ ਮਾਣ ਹਾਸਲ ਕਰ ਚੁੱਕੇ ਸ: ਜਵੰਧਾ ਨੇ 8 ਨਵੰਬਰ, 1983 ਨੂੰ ਸਹਸ ਮਾਹਮਦਪੁਰ ਤੋਂ ਬਤੌਰ ਵਿਗਿਆਨ ਅਧਿਆਪਕ ਆਪਣਾ ਅਧਿਆਪਨ ਸਫ਼ਰ ਸ਼ੁਰੂ ਕੀਤਾ। ਉਸ ਉਪਰੰਤ ਉਨ੍ਹਾਂ ਨੇ ਸਰਕਾਰੀ ਮਿਡਲ ਸਕੂਲ ਬੁਗਰਾ ਵਿਖੇ 2015 ਤੱਕ ਕਰੀਬ 20 ਸਾਲ ਸੇਵਾ ਕੀਤੀ। ਜਿੱਥੇ ਉਨ੍ਹਾਂ ਦੇ ਵਿਦਿਆਰਥੀ ਨਤੀਜੇ 100 ਫੀਸਦੀ ਰਹੇ, ਉੱਥੇ ਉਨ੍ਹਾਂ ਨੇ ਆਪਣੇ ਸਕੂਲ ਨੂੰ ਪਹਿਲੇ ਦਰਜੇ ਦਾ ਸਕੂਲ ਬਣਾਇਆ। ਸ: ਜਵੰਧਾ ਵਲੋਂ ਆਪਣੇ ਸਕੂਲ ਵਿਚ ਸੱਤ ਸ਼ਾਨਦਾਰ ਕਮਰੇ, ਜਨਰੇਟਰ, ਵਾਟਰ ਕੂਲਰ, ਸਾਰੇ ਸਕੂਲ ਦੇ ਵਿਦਿਆਰਥੀਆਂ ਲਈ ਬੈਂਚ, ਸਬਮਰਸੀਬਲ ਮੋਟਰ, ਵਾਟਰ ਟੈਂਕ, ਸਕੂਲ ਨੂੰ ਸਫੈਦੀ ਸਮੇਤ ਸੈਂਕੜੇ ਕਾਰਜ ਹਨ, ਜਿਹੜੇ ਉਨ੍ਹਾਂ ਵਲੋਂ ਕੀਤੇ ਗਏ ਹਨ। ਸ: ਜਵੰਧਾ ਅੰਦਰ ਇਕ ਵਾਤਾਵਰਨ ਪ੍ਰੇਮੀ ਵੀ ਬੋਲਦਾ ਹੈ। ਉਨ੍ਹਾਂ ਵਲੋਂ ਜਿੱਥੇ ਖੁਦ ਸੈਂਕੜੇ ਪੌਦੇ ਲਗਾਏ ਗਏ, ਉੱਥੇ ਉਨ੍ਹਾਂ ਨੇ ਆਪਣੇ ਵਿਦਿਆਰਥੀਆਂ ਨੂੰ ਵੀ ਪ੍ਰੇਰਿਤ ਕਰਕੇ ਵਾਤਾਵਰਨ ਦੀ ਸੰਭਾਲ ਵਿਚ ਲਗਾਇਆ। ਸ: ਜਵੰਧਾ ਅਧਿਆਪਕ ਵਰਗ ਦੇ ਹਿੱਤਾਂ ਅਤੇ ਵਿਦਿਆਰਥੀਆਂ ਦੀ ਭਲਾਈ ਵਿਚ ਐਨੇ ਲੀਨ ਹਨ ਕਿ ਉਨ੍ਹਾਂ ਨੇ ਆਪਣੇ ਬੱਚਿਆਂ ਨੂੰ ਦੇਣ ਵਾਲਾ ਸਮਾਂ ਵੀ ਸਿੱਖਿਆ ਜਗਤ ਦੇ ਲੇਖੇ ਲਗਾ ਦਿੱਤਾ। ਅਜਿਹਾ ਕਰ ਸਕਣ ਵਾਲੇ ਵਿਰਲੇ ਇਨਸਾਨ ਹੀ ਹੁੰਦੇ ਹਨ। ਸ: ਜਵੰਧਾ ਦਾ ਸਕੂਲ ਮਿਡਲ ਸੀ ਅਤੇ ਅਗਲੀ ਪੜ੍ਹਾਈ ਲਈ ਲੜਕੀਆਂ ਨੂੰ ਬਹੁਤ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਸੀ ਪਰ ਸ: ਜਵੰਧਾ ਦਾ ਕੋਮਲ ਦਿਲ ਬੱਚੀਆਂ ਦੀ ਇਸ ਮੁਸ਼ਕਿਲ ਨੂੰ ਵੇਖ ਨਾ ਸਕਿਆ। ਉਨ੍ਹਾਂ ਨੇ ਵਿਭਾਗ ਦੀ ਮਨਜ਼ੂਰੀ ਲੈ ਕੇ ਆਪਣੇ ਸਕੂਲ ਬੁਗਰਾ ਵਿਚ ਹੀ ਨੌਵੀਂ ਤੇ ਦਸਵੀਂ ਸ਼੍ਰੇਣੀ ਦੀਆਂ ਜਮਾਤਾਂ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ। ਸਹਿ ਵਿੱਦਿਅਕ ਗਤੀਵਿਧੀਆਂ ਅਤੇ ਖੇਡਾਂ ਵਿਚ ਵੀ ਸਕੂਲ ਨੇ ਨਾਮਣਾ ਖੱਟਿਆ ਜਿਸ ਕਰਕੇ ਬੁਗਰਾ ਸਕੂਲ ਪੰਜਾਬ ਦੇ ਨਕਸ਼ੇ 'ਤੇ ਸੁਨਹਿਰੀ ਕਿਰਨ ਵਾਂਗ ਚਮਕਣ ਲੱਗਿਆ ਅਤੇ ਆਲੇ-ਦੁਆਲੇ ਦੇ ਪਿੰਡਾਂ ਤੋਂ ਵਿਦਿਆਰਥੀ ਇਸ ਸਕੂਲ ਵਿਚ ਦਾਖ਼ਲ ਹੋਣ ਲੱਗੇ। ਸ: ਜਵੰਧਾ ਜਿੱਥੇ ਇਕ ਅਤਿ ਚੰਗੇ ਅਧਿਆਪਕ ਹਨ, ਉੱਥੇ ਉਨ੍ਹਾਂ ਨੇ ਆਪਣੀ ਕਲਮ ਰਾਹੀਂ ਵੀ ਸਮਾਜਿਕ ਕੁਰੀਤੀਆਂ ਨੂੰ ਖ਼ਤਮ ਕਰਨ ਵਿਚ ਯੋਗਦਾਨ ਪਾਇਆ। ਉਨ੍ਹਾਂ ਵਲੋਂ ਦਰਜਨਾਂ ਲੇਖ ਵੱਖ-ਵੱਖ ਅਖ਼ਬਾਰਾਂ ਵਿਚ ਛਪ ਚੁੱਕੇ ਹਨ। ਅਧਿਆਪਕਾਂ ਦੇ ਹੱਕਾਂ ਲਈ ਬੇਖੌਫ਼ ਆਵਾਜ਼ ਬੁਲੰਦ ਕਰਨ ਵਾਲੇ ਸ: ਜਵੰਧਾ ਨੂੰ 2013 ਵਿਚ ਰਾਜ ਅਤੇ 2015 ਵਿਚ ਕੌਮੀ ਅਧਿਆਪਕ ਪੁਰਸਕਾਰ ਪ੍ਰਦਾਨ ਕੀਤਾ ਗਿਆ। ਅੱਜਕਲ੍ਹ ਬਤੌਰ ਮੁੱਖ ਅਧਿਆਪਕ ਸ: ਹਾ: ਸਕੂਲ ਬਮਾਲ ਵਿਖੇ ਸੇਵਾ ਨਿਭਾਅ ਰਹੇ ਸ: ਜਵੰਧਾ ਨੂੰ ਅਕਾਲ ਪੁਰਖ ਤੰਦਰੁਸਤੀ ਬਖਸ਼ੇ, ਤਾਂ ਜੋ ਉਹ ਅਧਿਆਪਕ ਵਰਗ ਤੇ ਵਿਦਿਆਰਥੀਆਂ ਦੀ ਭਲਾਈ ਲਈ ਹੋਰ ਵਧ-ਚੜ੍ਹ ਕੇ ਕੰਮ ਕਰ ਸਕਣ।

-ਪਿੰਡ ਤੇ ਡਾਕ: ਫ਼ਤਹਿਗੜ੍ਹ ਪੰਜਗਰਾਈਆਂ (ਸੰਗਰੂਰ)।
ਮੋਬਾ: 93565-52000

ਕੰਮ ਦੇ ਨਾਲ-ਨਾਲ ਖਾਣ-ਪੀਣ ਦਾ ਵੀ ਰੱਖੋ ਧਿਆਨ

ਸਮਾਂ ਬਹੁਤ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ਸਭ ਪਾਸੇ ਭੱਜ-ਦੌੜ ਹੈ। ਪਰ ਇਸ ਭੱਜ-ਦੌੜ ਵਿਚ ਅਸੀਂ ਆਪਣੇ ਖਾਣ-ਪੀਣ ਅਤੇ ਆਪਣੀ ਸਿਹਤ ਦਾ ਖਿਆਲ ਰੱਖਣਾ ਭੁੱਲਦੇ ਜਾ ਰਹੇ ਹਾਂ। ਸੋ ਕੰਮ ਕਰਨ ਦੇ ਨਾਲ-ਨਾਲ ਸਾਨੂੰ ਆਪਣੀਆਂ ਖਾਣ-ਪੀਣ ਦੀਆਂ ਆਦਤਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਜੇਕਰ ਅਸੀਂ ਅਜਿਹਾ ਨਹੀਂ ਕਰਾਂਗੇ ਤਾਂ ਅਸੀਂ ਸਰੀਰਕ ਅਤੇ ਮਾਨਸਿਕ ਤੌਰ 'ਤੇ ਪੂਰੀ ਤਰ੍ਹਾਂ ਤੰਦਰੁਸਤ ਨਹੀਂ ਰਹਾਂਗੇ ਅਤੇ ਸਾਨੂੰ ਦਵਾਈਆਂ ਦਾ ਸੇਵਨ ਕਰਨਾ ਪਵੇਗਾ, ਜਿਸ ਨਾਲ ਸਾਡਾ ਕੰਮ ਵੀ ਪ੍ਰਭਾਵਿਤ ਹੋਵੇਗਾ। ਖਾਣ-ਪੀਣ ਦੀਆਂ ਕੁਝ ਆਦਤਾਂ 'ਤੇ ਧਿਆਨ ਦੇ ਕੇ ਅਸੀਂ ਆਪਣੇ ਕੰਮ ਅਤੇ ਸਿਹਤ ਦੋਵਾਂ ਦਾ ਧਿਆਨ ਰੱਖ ਸਕਦੇ ਹਾਂ।
* ਸਾਨੂੰ ਸਭ ਨੂੰ ਕੰਮ 'ਤੇ ਜਾਣ ਲੱਗੇ ਆਪਣੀ ਰੋਟੀ ਵਾਲਾ ਡੱਬਾ ਨਾਲ ਲੈ ਕੇ ਜਾਣਾ ਚਾਹੀਦਾ ਹੈ। ਜਿਸ ਰੋਟੀ ਲਈ ਅਸੀਂ ਸਾਰਾ ਦਿਨ ਕੰਮ ਕਰਦੇ ਹਾਂ, ਉਸ ਰੋਟੀ ਨੂੰ ਨਾਲ ਲਿਜਾਣ ਲੱਗੇ ਸਾਨੂੰ ਸ਼ਰਮ ਮਹਿਸੂਸ ਨਹੀਂ ਕਰਨੀ ਚਾਹੀਦੀ।
* ਜੇਕਰ ਅਸੀਂ ਇਸ ਕਰਕੇ ਰੋਟੀ ਨਾਲ ਨਹੀਂ ਲਿਜਾ ਰਹੇ ਕਿ ਸਾਡੇ ਦਫ਼ਤਰ ਜਾਂ ਕੰਮ ਵਾਲੀ ਜਗ੍ਹਾ 'ਤੇ ਰੋਟੀ ਗਰਮ ਕਰਨ ਦਾ ਕੋਈ ਉੱਚਿਤ ਪ੍ਰਬੰਧ ਨਹੀਂ ਹੈ ਤਾਂ ਇਸ ਲਈ ਇਲੈਕਟ੍ਰਾਨਿਕ ਡੱਬੇ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ। ਅੱਜਕਲ੍ਹ ਬਾਜ਼ਾਰ ਵਿਚ ਅਜਿਹੇ ਡੱਬੇ ਵੀ ਆਉਂਦੇ ਹਨ, ਜਿਸ ਵਿਚ ਰੋਟੀ ਬਿਨਾਂ ਗੋਲ ਕੀਤੇ ਹੀ ਪੂਰੀ ਆ ਜਾਂਦੀ ਹੈ।
* ਔਰਤਾਂ ਰੋਟੀ ਦੇ ਨਾਲ-ਨਾਲ ਫਲ ਆਦਿ ਵੀ ਆਪਣੇ ਪਰਸ ਵਿਚ ਆਪਣੇ ਨਾਲ ਲਿਜਾ ਸਕਦੀਆਂ ਹਨ। ਪ੍ਰੈਗਨੈਂਸੀ ਦੌਰਾਨ ਤਾਂ ਇਹ ਹੋਰ ਵੀ ਬਹੁਤ ਜ਼ਰੂਰੀ ਹੋ ਜਾਂਦਾ ਹੈ।
* ਜੋ ਨੌਕਰੀਪੇਸ਼ਾ ਵਿਅਕਤੀ ਜਾਣ-ਬੁੱਝ ਕੇ ਘਰ ਬਣੀ ਰੋਟੀ ਛੱਡ ਕੇ ਆਉਂਦੇ ਹਨ ਅਤੇ ਕੰੰਮ 'ਤੇ ਆ ਕੇ ਦੁਪਹਿਰ ਦੇ ਖਾਣੇ ਸਮੇਂ ਉਹ ਆਪਣੇ ਦੂਜੇ ਸਹਿਕਰਮੀਆਂ ਦੀ ਰੋਟੀ ਖਾਣ ਲੱਗ ਪੈਂਦੇ ਹਨ। ਅਜਿਹਾ ਇਕ-ਅੱਧੇ ਦਿਨ ਲਈ ਤਾਂ ਠੀਕ ਹੈ, ਪਰ ਰੋਜ਼-ਰੋਜ਼ ਇੰਜ ਕਰਨਾ ਬਹੁਤ ਗ਼ਲਤ ਆਦਤ ਹੈ।
* ਕਈ ਵਾਰ ਨੌਕਰੀ ਪੇਸ਼ਾ ਵਿਅਕਤੀ ਨੌਕਰੀ ਦੂਰ ਹੋਣ ਕਾਰਨ ਘਰੋਂ ਰੋਟੀ ਨਹੀਂ ਖਾ ਕੇ ਜਾਂਦੇ ਅਤੇ ਕਹਿੰਦੇ ਹਨ ਕਿ ਸਵੇਰੇ-ਸਵੇਰੇ ਭੁੱਖ ਨਹੀਂ ਲਗਦੀ। ਅਜਿਹੇ ਵਿਅਕਤੀਆਂ ਨੂੰ ਚਾਹੀਦਾ ਹੈ ਕਿ ਆਪਣੀ ਰੋਟੀ ਡੱਬੇ ਵਿਚ ਪਾ ਕੇ 10 ਮਿੰਟ ਪਹਿਲਾਂ ਘਰੋਂ ਨਿਕਲ ਜਾਣ ਅਤੇ ਆਪਣੇ ਦਫ਼ਤਰ ਜਾਂ ਜਿੱਥੇ ਵੀ ੳਹ ਕੰਮ ਕਰਦੇ ਹਨ, ਉੱਥੇ ਜਾ ਕੇ ਰੋਟੀ ਖਾ ਲੈਣ।
* ਕਈ ਨੌਕਰੀਪੇਸ਼ਾ ਵਿਅਕਤੀ ਰੋਟੀ ਨਾ ਲੈ ਕੇ ਜਾਣ ਦੀ ਸੂਰਤ ਵਿਚ ਫਾਸਟ ਫੂਡ ਦਾ ਸਹਾਰਾ ਲੈਂਦੇ ਹਨ। ਜ਼ਿਆਦਾ ਫਾਸਟ ਫੂਡ ਖਾਣਾ ਸਿਹਤ ਲਈ ਬਹੁਤ ਹਾਨੀਕਾਰਕ ਹੈ। ਜੇਕਰ ਕਿਸੇ ਕਾਰਨ ਰੋਟੀ ਨਹੀਂ ਲਿਜਾ ਸਕੇ ਤਾਂ ਫਾਸਟ ਫੂਡ ਦੀ ਜਗ੍ਹਾ ਫਲ-ਫਰੂਟ ਖਾਣ ਨੂੰ ਤਰਜੀਹ ਦੇਣੀ ਚਾਹੀਦੀ ਹੈ।
* ਸਹੀ ਸਮੇਂ 'ਤੇ ਖਾਣਾ ਨਾ ਖਾਣ 'ਤੇ ਵੀ ਪੇਟ ਖਰਾਬ ਹੋ ਜਾਂਦਾ ਹੈ, ਇਸ ਲਈ ਖਾਣਾ ਨਿਯਮਿਤ ਸਮੇਂ 'ਤੇ ਖਾਣਾ ਚਾਹੀਦਾ ਹੈ।

-ਮੁਹੱਲਾ ਕੰਬੋਆਂ ਵਾਲਾ, ਜ਼ੀਰਾ (ਫਿਰੋਜ਼ਪੁਰ)।

ਜਾਨਲੇਵਾ ਹੋ ਸਕਦਾ ਹੈ ਟਰੈਕਟਰ ਟੋਚਨ ਮੁਕਾਬਲਾ

ਅਜੋਕੇ ਯੁੱਗ ਵਿਚ ਫੋਕੀ ਸ਼ੋਹਰਤ ਤੇ ਘਟੀਆ ਮੁਕਾਬਲਿਆਂ ਦੇ ਨਾਂਅ 'ਤੇ ਮਨੁੱਖ ਤਰ੍ਹਾਂ-ਤਰ੍ਹਾਂ ਦੇ ਹਥਕੰਡੇ ਵਰਤ ਰਿਹਾ ਹੈ। ਵਿਗਿਆਨ ਨੇ ਇੱਕੀਵੀਂ ਸਦੀ ਵਿਚ ਐਨੀ ਤੇਜ਼ੀ ਨਾਲ ਤਰੱਕੀ ਕੀਤੀ ਹੈ ਕਿ ਮਨੁੱਖ ਦੀ ਜ਼ਿੰਦਗੀ ਦੀ ਕਾਇਆ ਪਲਟ ਦਿੱਤੀ ਹੈ ਪਰ ਮਨੁੱਖ ਦਿਨੋ-ਦਿਨ ਗ਼ਲਤੀਆਂ ਕਰਦਾ ਹੋਇਆ ਆਪਣੇ ਜੀਵਨ ਦਾ ਵਿਨਾਸ਼ ਕਰ ਰਿਹਾ ਹੈ। ਮਨੁੱਖ ਦਾ ਗਿਆਨ ਅਤੇ ਬੁੱਧੀ ਦਾ ਵਿਕਾਸ ਪਿਛਲੇ ਸਮੇਂ ਨਾਲੋਂ ਕਾਫੀ ਵਧਣ ਦੇ ਬਾਵਜੂਦ ਵੀ ਊਣਾ ਪ੍ਰਤੀਤ ਹੋ ਰਿਹਾ ਹੈ। ਜੇਕਰ ਕਿਸਾਨੀ ਦੀ ਗੱਲ ਕਰੀਏ ਤਾਂ ਵਿਗਿਆਨ ਨੇ ਖੇਤੀਬਾੜੀ ਦੇ ਕੰਮ ਵਿਚ ਬਹੁਤ ਤਰੱਕੀ ਕੀਤੀ ਹੈ ਤੇ ਕਿਸਾਨ ਨੂੰ ਇਨ੍ਹਾਂ ਸੰਦਾਂ ਅਤੇ ਮਸ਼ੀਨਰੀ ਦੀ ਸਹਾਇਤਾ ਨਾਲ ਸੁਖਾਲਾ ਕਰ ਦਿੱਤਾ ਹੈ। ਹੁਣ ਕਿਸਾਨ 20-25 ਏਕੜ ਦੀ ਖੇਤੀ ਬੜੇ ਆਰਾਮ ਨਾਲ ਕਰ ਸਕਦਾ ਹੈ। ਪੜ੍ਹਿਆ-ਲਿਖਿਆ ਤੇ ਸੂਝਵਾਨ ਹੋਣ ਦੇ ਬਾਵਜੂਦ ਮਨੁੱਖ ਮਸ਼ੀਨਰੀ ਦੀ ਦੁਰਵਰਤੋਂ ਕਰ ਰਿਹਾ ਹੈ ਅਤੇ ਤਰ੍ਹਾਂ-ਤਰ੍ਹਾਂ ਦੀਆਂ ਮੁਸੀਬਤਾਂ ਸਹੇੜ ਰਿਹਾ ਹੈ। ਟਰੈਕਟਰਾਂ ਦੇ ਟੋਚਨ ਮੁਕਾਬਲੇ ਦੀ ਗੱਲ ਕਰੀਏ ਤਾਂ ਪਿੰਡਾਂ, ਸ਼ਹਿਰਾਂ ਅਤੇ ਕਸਬਿਆਂ ਦੇ ਕਿਸਾਨ ਟਰੈਕਟਰਾਂ ਦੇ ਟੋਚਨ ਮੁਕਾਬਲੇ ਕਰਵਾ ਰਹੇ ਹਨ। ਟਰੈਕਟਰ ਟੋਚਨ ਮੁਕਾਬਲੇ ਦੇ ਨਾਂਅ 'ਤੇ ਜਾਨਲੇਵਾ ਖੇਡ ਚਲਾ ਰੱਖੀ ਹੈ, ਜੋ ਬਹੁਤ ਹੀ ਮੰਦਭਾਗੀ ਗੱਲ ਹੈ। ਇਨ੍ਹਾਂ ਟੋਚਨ ਮੁਕਾਬਲਿਆਂ ਦੌਰਾਨ ਮਸ਼ੀਨਰੀ ਦਾ ਨੁਕਸਾਨ ਤਾਂ ਕਰ ਹੀ ਰਹੇ ਹਨ ਤੇ ਕਈ ਵਾਰ ਆਪਣੀ ਕੀਮਤੀ ਜ਼ਿੰਦਗੀ ਤੋਂ ਹੱਥ ਧੋ ਬੈਠਦੇ ਹਨ। ਬਹੁਤੇ ਨੌਜਵਾਨ ਮੁਕਾਬਲਿਆਂ ਦੌਰਾਨ ਨਸ਼ਿਆਂ ਦਾ ਸਹਾਰਾ ਲੈਂਦੇ ਹਾਂ। ਜੋਸ਼ ਵਿਚ ਆਏ ਟਰੈਕਟਰਾਂ ਨੂੰ ਧੂੰਆਂਧਾਰ ਕਰ ਦਿੰਦੇ ਹਨ ਤੇ ਟਰੈਕਟਰਾਂ ਨੂੰ ਭੰਨ ਸੁੱਟਦੇ ਹਨ ਜਾਂ ਖੜ੍ਹੇ ਹੋਏ ਟਰੈਕਟਰ ਇਕੋ ਦਮ ਹੇਠਾਂ ਡਿੱਗ ਪੈਂਦੇ ਹਨ ਤੇ ਵਿਚਕਾਰੋਂ ਟੁੱਟ ਜਾਂਦੇ ਹਨ। ਨੌਜਵਾਨ ਗੱਭਰੂ ਸੱਟਾਂ ਵੱਜਣ ਨਾਲ ਨਕਾਰਾ ਹੋ ਜਾਂਦੇ ਹਨ ਅਤੇ ਬਾਅਦ ਵਿਚ ਸਾਰੀ ਉਮਰ ਦੁੱਖ ਭੋਗਦੇ ਹਨ। ਖੇਡ ਮੁਕਾਬਲਿਆਂ ਦੌਰਾਨ ਦੇਖਣ ਵਾਲੇ ਤਮਾਸ਼ਗਿਰੀ ਵੀ ਸੱਟਾਂ ਦੇ ਸ਼ਿਕਾਰ ਹੋ ਜਾਂਦੇ ਹਨ। ਪੂਰੇ ਦੇਸ਼ ਵਿਚ ਟਰੈਕਟਰ ਟੋਚਨ ਮੁਕਾਬਲੇ ਅਮਰਵੇਲ ਦੀ ਤਰ੍ਹਾਂ ਵਧ ਰਹੇ ਹਨ। ਲੋੜ ਹੈ ਬੁੱਧੀਜੀਵੀ ਵਰਗ ਅਤੇ ਸਰਕਾਰ ਨੂੰ ਇਨ੍ਹਾਂ ਜਾਨਲੇਵਾ ਖੇਡਾਂ ਨੂੰ ਨੱਥ ਪਾਈ ਜਾਵੇ ਤੇ ਖੇਡ ਮੁਕਾਬਲੇ 'ਤੇ ਪੱਕੀ ਰੋਕ ਲਾਈ ਜਾਵੇ, ਜਿਸ ਨਾਲ ਅੱਜ ਦੀ ਨੌਜਵਾਨ ਪੀੜ੍ਹੀ ਇਸ ਖ਼ਤਰਨਾਕ ਜਾਨਲੇਵਾ ਖੇਡ ਤੋਂ ਬਚ ਸਕੇ ਤੇ ਮਸ਼ੀਨਰੀ ਦੀ ਹੋ ਰਹੀ ਦੁਰਵਰਤੋਂ ਵੀ ਰੁਕ ਸਕੇ।

-ਝੁਨੀਰ (ਮਾਨਸਾ)। ਮੋਬਾ: 98764-40589

ਜੰਗ ਕਿਸੇ ਵੀ ਸਮੱਸਿਆ ਦਾ ਸਥਾਈ ਹੱਲ ਨਹੀਂ

ਦੇਸ਼ ਲਈ ਜਿਊਣਾ ਅਤੇ ਮਰਨਾ ਉਨ੍ਹਾਂ ਦਾ ਪਰਮ-ਧਰਮ ਹੈ ਪਰ ਅਫਸੋਸ, ਦੇਸ਼ ਦੀਆਂ ਸਰਹੱਦਾਂ 'ਤੇ ਸਾਡੇ ਵੀਰ ਬਹਾਦਰ ਫ਼ੌਜੀ ਦੇਸ਼-ਧ੍ਰੋਹੀਆਂ, ਦੁਸ਼ਮਣਾਂ ਦੀ ਫ਼ੌਜ ਦਾ ਮੁਕਾਬਲੇ ਕਰਦੇ ਸ਼ਹੀਦ ਹੋ ਰਹੇ ਹਨ। ਬਿਨਾਂ ਸ਼ੱਕ ਆਪਣੇ ਦੇਸ਼ ਲਈ ਤਾਂ ਉਹ ਸ਼ਹੀਦ ਹੋ ਜਾਂਦੇ ਹਨ ਪਰ ਮਾਂ-ਬਾਪ ਲਈ ਪੁੱਤ ਚਲਾ ਜਾਂਦਾ ਹੈ, ਇਕ ਔਰਤ ਲਈ ਉਸ ਦਾ ਪਤੀ ਚਲਾ ਜਾਂਦਾ ਹੈ, ਬੱਚੇ ਬਾਪ ਵਿਹੁੂਣੇ ਹੋ ਜਾਂਦੇ ਹਨ, ਭੈਣ ਲਈ ਰੱਖੜੀ ਵਾਲਾ ਗੁੱਟ ਚਲਾ ਜਾਂਦਾ ਹੈ। ਬਿਨਾਂ ਸ਼ੱਕ ਸਰਕਾਰਾਂ ਵਲੋਂ ਇਨ੍ਹਾਂ ਸ਼ਹੀਦਾਂ ਦੇ ਪਰਿਵਾਰਾਂ ਨੂੰ ਫੌਰੀ ਆਰਥਿਕ ਮਦਦ ਦੀ ਘੋਸ਼ਣਾ ਕਰ ਦਿੱਤੀ ਜਾਂਦੀ ਹੈ ਅਤੇ ਪਰਿਵਾਰ ਦੇ ਮੈਂਬਰ ਨੂੰ ਨੌਕਰੀ ਵੀ ਦੇਣ ਦਾ ਵਾਅਦਾ ਕੀਤਾ ਜਾਂਦਾ ਹੈ। ਪਰ ਪੈਸੇ ਜਾਂ ਨੌਕਰੀ ਨਾਲ ਕਿਸੇ ਨੂੰ ਵਾਪਸ ਤਾਂ ਨਹੀਂ ਲਿਆਂਦਾ ਜਾ ਸਕਦਾ। ਪੰਛੀਆਂ ਅਤੇ ਹਵਾਵਾਂ ਨੂੰ ਭਲਾ ਇਧਰ-ਉਧਰ ਜਾਣ ਤੋਂ ਕਦੋਂ ਕੋਈ ਰੋਕ ਸਕਦਾ ਹੈ? ਮੁੱਠੀ ਭਰ ਲੋਕਾਂ ਨੂੰ ਛੱਡ ਕੇ ਦੋਵਾਂ ਦੇਸ਼ਾਂ ਦੇ ਲੋਕ ਅਮਨ-ਚੈਨ ਚਾਹੁੰਦੇ ਹਨ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਵੀ ਸਾਂਝੀ ਭਾਈਵਾਲਤਾ ਦਾ ਸੰਦੇਸ਼ ਦਿੱਤਾ ਸੀ। ਅੱਜ ਵੀ ਦੋਵਾਂ ਪਾਸਿਆਂ ਤੋਂ ਮਹਾਨ ਸਾਹਿਤਕਾਰ ਅਤੇ ਕਲਾਕਾਰ ਸਰਹੱਦ 'ਤੇ ਮੋਮਬੱਤੀਆਂ ਜਗਾ ਕੇ ਸ਼ਾਂਤੀ ਅਤੇ ਭਾਈਚਾਰੇ ਦੀ ਤਸਵੀਰ ਦਾ ਬੇਹੱਦ ਖੂਬਸੂਰਤ ਨਮੂਨਾ ਪੇਸ਼ ਕਰਦੇ ਹਨ। ਪਰ ਅਫਸੋਸ, ਦੇਸ਼ ਦੀ ਸੱਤਾ 'ਤੇ ਕਾਬਜ਼ ਲੋਕ ਆਪਣੀ ਸੱਤਾ ਕਾਇਮ ਰੱਖਣ ਲਈ ਭਰਾਵਾਂ ਨੂੰ ਆਪਸ 'ਚ ਲੜਉਂਦੇ ਹਨ। ਇਹ ਇਕ ਅਟੱਲ ਸੱਚਾਈ ਹੈ ਕਿ ਯੁੱਧ ਕਿਸੇ ਵੀ ਸਮੱਸਿਆ ਦਾ ਸਥਾਈ ਹੱਲ ਨਹੀਂ, ਫਿਰ ਯੁੱਧ ਕਿਉਂ? ਅਨੇਕਾਂ ਮਜ਼੍ਹਬਾਂ, ਜਾਤਾਂ, ਧਰਮਾਂ 'ਚ ਇਨਸਾਨ ਵੰਡਿਆ ਹੋਇਆ ਹੈ। ਇਸੇ ਕਰਕੇ ਹੀ ਅਸੀਂ ਇਨਸਾਨੀਅਤ ਨੂੰ ਭੁੱਲ ਚੁੱਕੇ ਹਾਂ। ਸਿਰਫ ਆਪਣੀ ਚੌਧਰ ਵਿਖਾਉਣ ਲਈ ਸੰਸਾਰ 'ਚ ਵੱਡੇ ਮੁਲਕ ਛੋਟੇ ਮੁਲਕਾਂ 'ਤੇ ਕਬਜ਼ਾ ਕਰਨ ਦੀ ਨੀਅਤ ਨਾਲ ਆਪਣੀ ਸੈਨਿਕ ਤਾਕਤ ਦੀ ਭਰਪੂਰ ਵਰਤੋਂ ਕਰਦੇ ਹਨ। ਉਥੇ ਕੌਣ ਮਰਦਾ ਹੈ? ਇਕ ਸਾਧਾਰਨ ਜਿਹਾ ਮਨੁੱਖ, ਜਿਸ ਨੂੰ ਦੇਸ਼-ਭਗਤੀ ਦਾ ਮੁੱਲ ਚੁਕਾਉਣਾ ਪੈਂਦਾ ਹੈ। ਇਸ 'ਚ ਕੋਈ ਦੋ ਰਾਵਾਂ ਨਹੀਂ ਕਿ ਦੇਸ਼-ਭਗਤੀ ਸਾਡੇ ਸਾਰਿਆਂ ਲਈ ਸਭ ਤੋਂ ਉਪਰ ਹੈ। ਦੇਸ਼ ਦੇ ਦੁਸ਼ਮਣਾਂ ਤੋਂ ਰੱਖਿਆ ਕਰਨੀ ਤਾਂ ਜ਼ਰੂਰੀ ਹੈ ਪਰ ਅਸਿੱਧੇ ਯੁੱਧ ਦਾ ਕੀ ਮਤਲਬ? ਸ਼ਾਂਤੀ ਵੇਲੇ ਵੀ ਜੇਕਰ ਸੰਕਟਮਈ ਬੱਦਲ ਛਾਏ ਰਹਿਣਗੇ ਤਾਂ ਕਾਹਦੀ ਜ਼ਿੰਦਗੀ? ਜ਼ਿੰਦਗੀ ਜਿਊਣ ਦਾ ਮੰਤਵ ਕੀ ਹੈ? ਸਾਡੇ ਦੇਸ਼ ਦਾ ਵੀਰ ਜਵਾਨ ਹਰ ਸਮੇਂ ਅਨੁਕੂਲ ਪ੍ਰਤੀਕੂਲ ਪ੍ਰਸਥਿਤੀਆਂ 'ਚ ਆਪਣੇ ਫਰਜ਼ਾਂ ਤੋਂ ਪਿੱਛੇ ਨਹੀਂ ਹਟਦਾ।
ਸਰਹੱਦਾਂ ਦੋ ਦੇਸ਼ਾਂ ਨੂੰ ਆਪਸ 'ਚ ਵੰਡ ਦਿੰਦੀਆਂ ਹਨ ਪਰ ਜੇਕਰ ਗੌਰ ਨਾਲ ਵੇਖਿਆ ਜਾਵੇ ਤਾਂ ਉਨ੍ਹਾਂ ਸਰਹੱਦਾਂ 'ਤੇ ਪਹਿਰਾ ਦੇ ਰਹੇ ਦੋਵਾਂ ਪਾਸਿਆਂ ਦੇ ਜਵਾਨਾਂ ਦੀ ਆਪਸ ਵਿਚ ਕੋਈ ਜਾਤੀ ਦੁਸ਼ਮਣੀ ਨਹੀਂ ਹੁੰਦੀ। ਸ਼ਾਂਤੀ ਸਮੇਂ 'ਚ ਉਹ ਆਪਸ 'ਚ ਬਹੁਤ ਹੀ ਪਿਆਰ ਨਾਲ ਰਹਿੰਦੇ ਹਨ। ਇਕ-ਦੂਜੇ ਨਾਲ ਹੱਸਦੇ-ਖੇਡਦੇ ਹਨ। ਉਸ ਵੇਲੇ ਤਾਂ ਉਨ੍ਹਾਂ 'ਚ ਸਾਂਝ ਜਿਹੀ ਜਾਪਦੀ ਹੈ। ਦੇਸ਼ 'ਚ ਤਿਉਹਾਰਾਂ ਸਮੇਂ ਫਲ, ਮਠਿਆਈਆਂ ਆਦਿ ਦਾ ਆਦਾਨ-ਪ੍ਰਦਾਨ ਕੀਤਾ ਜਾਂਦਾ ਹੈ। ਫਿਰ ਕੀ ਕਾਰਨ ਹੈ ਕਿ ਆਪਸ 'ਚ ਤਨਾਅਪੂਰਨ ਪ੍ਰਸਥਿਤੀਆਂ ਪੈਦਾ ਹੋਣ ਨਾਲ ਹੀ ਦੋਵਾਂ ਧਿਰਾਂ ਦੇ ਜਵਾਨ ਇਕ-ਦੂਜੇ ਦੀ ਜਾਨ ਦੇ ਪਿਆਸੇ ਹੋ ਜਾਂਦੇ ਹਨ। ਯੁੱਧ ਦਾ ਮੰਜਰ ਬਹੁਤ ਖੌਫਨਾਕ ਹੁੰਦਾ ਹੈ। ਇਸ ਵਿਚੋਂ ਕੁਝ ਵੀ ਹਾਸਲ ਨਹੀਂ ਹੁੰਦਾ। ਕਿਸੇ ਦੇ ਦੁੱਖ-ਦਰਦ ਨੂੰ ਕੋਈ ਵੀ ਨਹੀਂ ਜਾਣ ਸਕਦਾ? ਬੇਸ਼ੱਕ ਅਨੇਕਾਂ ਮੁਲਕਾਂ ਦੇ ਲੋਕ ਇਕਮਿਕ ਹੋਣਾ ਚਾਹੁੰਦੇ ਹਨ ਪਰ ਨੇਤਾ ਅਤੇ ਉਨ੍ਹਾਂ ਦੀ ਘਟੀਆ ਸਿਆਸਤ ਉਨ੍ਹਾਂ ਨੂੰ ਇਕ ਨਹੀਂ ਹੋਣ ਦਿੰਦੀ। ਜਿਨ੍ਹਾਂ ਦਿਲਾਂ ਵਿਚ ਆਪਸੀ ਪਿਆਰ ਹੁੰਦਾ ਹੈ,ਉਨ੍ਹਾਂ ਦਿਲਾਂ ਵਿਚ ਨਫਰਤ ਭਰ ਦਿੱਤੀ ਜਾਂਦੀ ਹੈ ਅਤੇ ਇਹ ਨਫਰਤ ਵਧਦੀ-ਵਧਦੀ ਇਕ ਦਿਨ ਜੰਗ ਦਾ ਰੂਪ ਧਾਰਨ ਕਰ ਜਾਂਦੀ ਹੈ। ਜੰਗ ਵਿਚ ਕੀਮਤੀ ਜਾਨਾਂ ਤਾਂ ਜਾਂਦੀਆਂ ਹੀ ਹਨ, ਨਾਲ ਹੀ ਦੇਸ਼ ਦੀ ਆਰਥਿਕਤਾ ਨੂੰ ਵੀ ਖੋਰਾ ਲੱਗ ਜਾਂਦਾ ਹੈ। ਜਿਹੜਾ ਪੈਸਾ ਅਤੇ ਮਨੁੱਖੀ ਸ਼ਕਤੀ ਜੰਗ ਵਿਚ ਬਰਬਾਦ ਕੀਤੀ ਜਾਂਦੀ ਹੈ, ਉਹ ਸ਼ਕਤੀ ਦੇਸ਼ ਦੇ ਵਿਕਾਸ ਅਤੇ ਨਾਗਰਿਕਾਂ ਨੂੰ ਸਹੂਲਤਾਂ ਦੇਣ ਅਤੇ ਉਨ੍ਹਾਂ ਦੀ ਭਲਾਈ ਲਈ ਵਰਤੀ ਜਾਵੇ ਤਾਂ ਵਧੇਰੇ ਚੰਗਾ ਹੈ ਸਮੇਂ ਦੀ ਸਰਕਾਰ ਤੋਂ ਮੰਗ ਕੀਤੀ ਜਾਂਦੀ ਹੈ ਕਿ ਰੋਜ਼ਾਨਾ ਹੋ ਰਹੇ ਸਿੱਧੇ-ਅਸਿੱਧੇ ਯੁੱਧ ਦਾ ਕੋਈ ਸਥਾਈ ਹੱਲ ਤੁਰੰਤ ਲੱਭਿਆ ਜਾਵੇ, ਤਾਂ ਕਿ ਜਾਨ-ਮਾਲ ਦੇ ਨੁਕਸਾਨ ਤੋਂ ਬਚਿਆ ਜਾ ਸਕੇ।

-ਮੁਹੱਲਾ ਪੱਬੀਆਂ, ਧਰਮਕੋਟ, ਜ਼ਿਲ੍ਹਾ ਮੋਗਾ। ਮੋਬਾ: 94172-80333

ਵਿਆਹ-ਸ਼ਾਦੀਆਂ ਵਿਚ ਮਠਿਆਈਆਂ ਦੀ ਵਰਤੋਂ

ਤਿਉਹਾਰ ਹੋਣ ਜਾਂ ਕੋਈ ਵਿਆਹ-ਸ਼ਾਦੀ ਹੋਵੇ, ਮਠਿਆਈਆਂ ਦੀ ਵਰਤੋਂ ਲਾਜ਼ਮੀ ਹੈ। ਘਰ ਵਿਚ ਕੋਈ ਵੀ ਖ਼ੁਸ਼ੀ ਦਾ ਮਾਹੌਲ ਹੋਵੇ ਤਾਂ ਸਭ ਤੋਂ ਪਹਿਲਾਂ ਮਠਿਆਈ ਮੰਗਵਾਈ ਜਾਂਦੀ ਹੈ, ਪਰ ਅੱਜਕਲ੍ਹ ਵੇਖਣ ਵਿਚ ਆ ਰਿਹਾ ਹੈ ਕਿ ਜ਼ਿਆਦਾਤਰ ਮਠਿਆਈਆਂ ਮਿਲਾਵਟੀ ਬਣ ਰਹੀਆਂ ਹਨ, ਜਿਨ੍ਹਾਂ ਦੀ ਵਰਤੋਂ ਸਾਡੀ ਸਿਹਤ ਲਈ ਹਾਨੀਕਾਰਕ ਹੈ। ਦੁਕਾਨਦਾਰ ਆਪਣੇ ਮੁਨਾਫ਼ੇ ਲਈ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਦੇ ਹਨ। ਬੇਸ਼ੱਕ ਸਿਹਤ ਵਿਭਾਗ ਵਲੋਂ ਸਮੇਂ-ਸਮੇਂ 'ਤੇ ਛਾਪੇਮਾਰੀ ਕਰਦਿਆਂ ਨਮੂਨੇ ਭਰੇ ਜਾਂਦੇ ਹਨ ਅਤੇ ਦੁਕਾਨਦਾਰਾਂ ਨੂੰ ਸਖ਼ਤ ਹਦਾਇਤਾਂ ਵੀ ਜਾਰੀ ਕੀਤੀਆਂ ਜਾਂਦੀਆਂ ਹਨ। ਏਨੀ ਸਖ਼ਤਾਈ ਦੇ ਚਲਦਿਆਂ ਵੀ ਨਕਲੀ ਮਠਿਆਈਆਂ ਬਾਜ਼ਾਰ ਵਿਚ ਆ ਜਾਂਦੀਆਂ ਹਨ। ਅਜਿਹੇ ਵਿਚ ਸਾਨੂੰ ਖ਼ੁਦ ਖ਼ਰੀਦਦਾਰ ਦੇ ਰੂਪ ਵਿਚ ਚੌਕਸ ਹੋਣ ਦੀ ਲੋੜ ਹੈ। ਸਭ ਤੋਂ ਪਹਿਲੀ ਕੋਸ਼ਿਸ਼ ਤਾਂ ਇਹੀ ਹੋਣੀ ਚਾਹੀਦੀ ਹੈ ਕਿ ਸਾਨੂੰ ਮਠਿਆਈਆਂ ਘਰ ਵਿਚ ਖ਼ੁਦ ਤਿਆਰ ਕਰਨੀਆਂ ਚਾਹੀਦੀਆਂ ਹਨ। ਮਠਿਆਈ ਖਰੀਦਣ ਸਮੇਂ ਸਾਫ਼-ਸਫ਼ਾਈ ਦਾ ਖਾਸ ਧਿਆਨ ਰੱਖਦੇ ਹੋਏ ਇਹ ਵੇਖਣਾ ਚਾਹੀਦਾ ਹੈ ਕਿ ਕੀ ਦੁਕਾਨਦਾਰ ਨੇ ਮਠਿਆਈ ਮੱਖੀਆਂ ਤੋਂ ਬਚਾਉਂਦੇ ਹੋਏ ਸ਼ੀਸ਼ੇ ਵਿਚ ਜਾਂ ਫਿਰ ਕੱਪੜੇ ਨਾਲ ਢਕ ਕੇ ਰੱਖੀ ਹੈ?
ਹਲਵਾਈਆਂ ਨੂੰ ਵੀ ਮਠਿਆਈ ਬਣਾਉਂਦੇ ਸਮੇਂ ਸਾਫ਼-ਸਫ਼ਾਈ ਦਾ ਖ਼ਾਸ ਖ਼ਿਆਲ ਰੱਖਣਾ ਚਾਹੀਦਾ ਹੈ, ਤਾਂ ਜੋ ਲੋਕ ਗਲਤ ਤਰੀਕੇ ਨਾਲ ਤਿਆਰ ਮਠਿਆਈ ਖਾ ਕੇ ਪੈਦਾ ਹੋਣ ਵਾਲੀਆਂ ਮੁਸ਼ਕਿਲਾਂ ਤੋਂ ਬਚ ਸਕਣ। ਜਿਸ ਜਗ੍ਹਾ ਮਠਿਆਈ ਤਿਆਰ ਕੀਤੀ ਜਾਂਦੀ ਹੈ, ਉਹ ਜਗ੍ਹਾ ਸਾਫ਼-ਸੁਥਰੀ ਹੋਣੀ ਚਾਹੀਦੀ ਹੈ।
ਸਿਹਤ ਵਿਭਾਗ ਨੂੰ ਵੀ ਸਮੇਂ-ਸਮੇਂ ਲੋਕਾਂ ਨੂੰ ਸੁਚੇਤ ਕਰਨ ਲਈ ਸੈਮੀਨਾਰ ਆਯੋਜਿਤ ਕਰਨੇ ਚਾਹੀਦੇ ਹਨ। ਇਸ ਦੇ ਨਾਲ ਹਲਵਾਈਆਂ ਅਤੇ ਦੁਕਾਨਦਾਰਾਂ ਨਾਲ ਮੀਟਿੰਗਾਂ ਕਰਦੇ ਹੋਏ ਉਨ੍ਹਾਂ ਨੂੰ ਚੰਗੀਆਂ ਮਠਿਆਈਆਂ ਬਣਾਉਣ ਸਬੰਧੀ ਹਦਾਇਤਾਂ ਕਰਨੀਆਂ ਚਾਹੀਦੀਆਂ ਹਨ। ਆਮ ਤੌਰ 'ਤੇ ਵੇਖਣ ਵਿਚ ਆਇਆ ਹੈ ਕਿ ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਜਦੋਂ ਮਠਿਆਈਆਂ ਦੇ ਨਮੂਨੇ ਭਰੇ ਜਾਂਦੇ ਹਨ ਤਾਂ ਬਹੁਤ ਸਾਰੇ ਦੁਕਾਨਦਾਰਾਂ ਵਲੋਂ ਰਾਜਨੀਤਕ ਆਗੂਆਂ ਕੋਲੋਂ ਦਬਾਅ ਪਵਾਇਆ ਜਾਂਦਾ ਹੈ। ਅਜਿਹੇ ਵਿਚ ਰਾਜਨੀਤਕ ਆਗੂਆਂ ਨੂੰ ਵੀ ਚਾਹੀਦਾ ਹੈ ਕਿ ਆਮ ਜਨਤਾ ਦੀ ਸਿਹਤ ਦਾ ਖਿਆਲ ਰੱਖਦਿਆਂ ਹੋਇਆਂ ਸਿਹਤ ਵਿਭਾਗ ਦੀਆਂ ਟੀਮਾਂ ਨਾਲ ਪੂਰਾ ਸਹਿਯੋਗ ਕਰਨ। ਸੋ, ਲੋੜ ਹੈ, ਮਿਲਾਵਟਖੋਰੀ ਦੇ ਖ਼ਿਲਾਫ਼ ਇਕ ਸਾਂਝੇ ਉਪਰਾਲੇ ਦੀ।

-ਤਰਨ ਤਾਰਨ। ਮੋਬਾ: 94787-93231kanwaldhillon16@gmail.com

ਮਾਨਸਿਕ ਦਿਵਾਲੀਆਪਣ

ਪਿਛਲੇ ਦਿਨੀਂ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਸਿਲੇਬਸ ਕਮੇਟੀ ਦੇ ਵਿਸ਼ਾ ਮਾਹਿਰਾਂ ਵਲੋਂ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਬਾਰ੍ਹਵੀਂ ਸ਼੍ਰੇਣੀ ਦੀ ਇਤਿਹਾਸ ਦੀ ਪੁਸਤਕ ਵਿਚ ਹੋਈਆਂ ਗ਼ਲਤੀਆਂ ਬਾਰੇ ਸਪੱਸ਼ਟੀਕਰਨ ਦਿੱਤੇ ਗਏ। ਇਸ ਦਾ ਮੁੱਖ ਕਾਰਨ ਪ੍ਰਮਾਣਿਤ ਹਵਾਲਿਆਂ ਵਿਚੋਂ ਅਨੁਵਾਦ ਕਰਨ ਸਮੇਂ ਦੀਆਂ ਗ਼ਲਤੀਆਂ ਦੱਸਿਆ ਗਿਆ। ਆਮ ਵਿਅਕਤੀ ਨੂੰ ਨਹੀਂ ਪਤਾ ਲਗਦਾ ਕਿ ਉਸ ਬਾਰੇ ਕਿਸੇ ਨੇ ਕੀ ਲਿਖ ਕੇ ਪ੍ਰਵਾਨਿਤ ਕਰਵਾ ਲਿਆ ਹੈ, ਵਿਸ਼ੇਸ਼ ਕਰਕੇ ਬੇਗਾਨੀਆਂ ਭਾਸ਼ਾਵਾਂ ਵਿਚ ਤਾਂ ਬਿਲਕੁਲ ਹੀ ਪਤਾ ਨਹੀਂ ਲਗਦਾ। ਦੁਨੀਆ ਦੇ ਕਿਸੇ ਵੀ ਖਿੱਤੇ ਦਾ ਇਤਿਹਾਸ ਉਥੋਂ ਦੇ ਲੋਕਾਂ ਨੂੰ ਹੀ ਪਤਾ ਹੁੰਦਾ ਹੈ ਜੋ ਉਨ੍ਹਾਂ ਦੀ ਸਥਾਨਕ ਬੋਲੀ ਵਿਚ ਹੁੰਦਾ ਹੈ। ਇਸੇ ਲਈ ਵੱਖ-ਵੱਖ ਖੇਤਰਾਂ ਨਾਲ ਸਬੰਧਤ ਖੋਜ ਕਰਨ ਲਈ ਖੋਜਕਾਰ ਉਨ੍ਹਾਂ ਖੇਤਰਾਂ ਵਿਚ ਜਾਂਦੇ ਹਨ, ਉਥੋਂ ਦੀ ਬੋਲੀ ਸਿੱਖਦੇ ਹਨ, ਸਥਾਨਕ ਭਾਸ਼ਾ ਵਿਚ ਪ੍ਰਕਾਸ਼ਿਤ ਅਤੇ ਅਪ੍ਰਕਾਸ਼ਿਤ ਇਤਿਹਾਸਕ ਸੋਮਿਆਂ, ਯਾਦਗਾਰਾਂ, ਸ਼ਿਲਾਲੇਖਾਂ ਆਦਿ ਤੋਂ ਜਾਣਕਾਰੀ ਇਕੱਤਰ ਕਰਦੇ ਹਨ, ਥੀਸਸ ਕਿਸੇ ਭਾਸ਼ਾ ਵਿਚ ਲਿਖ ਲੈਣ। ਆਪਣੇ ਖੋਜ ਪੱਤਰ ਲਿਖਣ ਲਈ ਅਨੇਕਾਂ ਖੋਜਕਾਰਾਂ ਨੇ ਬੇਗਾਨੀਆਂ ਭਾਸ਼ਾਵਾਂ ਸਿੱਖੀਆਂ ਹਨ। ਪੰਜਾਬੀ ਵਿਚ ਵੀ ਅਜਿਹੇ ਇਤਿਹਾਸਕਾਰ ਹਨ, ਜਿਨ੍ਹਾਂ ਨੇ ਸਿਰਫ ਇਤਿਹਾਸ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਹੀ ਦਰਜਨ ਤੋਂ ਵਧੇਰੇ ਭਾਸ਼ਾਵਾਂ ਸਿੱਖੀਆਂ ਹਨ। ਪੰਜਾਬ ਦਾ ਇਤਿਹਾਸ ਪੰਜਾਬ ਦੇ ਇਤਿਹਾਸਕਾਰਾਂ ਨੇ ਵੀ ਲਿਖਿਆ ਹੈ, ਜੇ ਉਨ੍ਹਾਂ ਨੇ ਆਪਣੇ ਥੀਸਸ ਜਾਂ ਖੋਜ ਪੱਤਰ ਅੰਗਰੇਜ਼ੀ ਵਿਚ ਨਹੀਂ ਛਪਵਾਏ ਤਾਂ ਇਸ ਦਾ ਇਹ ਮਤਲਬ ਨਹੀਂ ਕਿ ਉਹ ਅਪ੍ਰਮਾਣਿਤ ਹਨ। ਅੰਗਰੇਜ਼ੀ ਭਾਸ਼ਾ ਵਿਚ ਮਾਹਿਰ ਪੰਜਾਬੀ ਇਤਿਹਾਸਕਾਰਾਂ ਦਾ ਫਰਜ਼ ਬਣਦਾ ਹੈ ਕਿ ਉਹ ਪੰਜਾਬ ਦੇ ਇਤਿਹਾਸ ਦੀਆਂ ਪੰਜਾਬੀ ਵਿਚ ਛਪੀਆਂ ਪੁਸਤਕਾਂ ਦਾ ਅੰਗਰੇਜ਼ੀ ਵਿਚ ਅਨੁਵਾਦ ਕਰਕੇ ਇਸ ਨੂੰ ਦੁਨੀਆ ਦੇ ਸਾਹਮਣੇ ਰੱਖਣ ਅਤੇ ਅੰਗਰੇਜ਼ੀ ਜਾਂ ਕਿਸੇ ਹੋਰ ਭਾਸ਼ਾ ਵਿਚ ਪ੍ਰਮਾਣਿਤ ਮੰਨੇ ਗਏ ਸਰੋਤ ਵਿਚ ਕੋਈ ਗਲਤੀ ਲੱਭਦੀ ਹੈ ਤਾਂ ਸਬੰਧਿਤ ਯੂਨੀਵਰਸਿਟੀ ਜਾਂ ਪ੍ਰਕਾਸ਼ਕ ਕੋਲ ਪਹੁੰਚ ਕਰਕੇ ਦਰੁਸਤੀ ਕਰਵਾਉਣ। ਰਾਸ਼ਟਰੀ ਪੱਧਰ 'ਤੇ ਮੁਕਾਬਲੇ ਦੀ ਪ੍ਰੀਖਿਆ ਕਰਵਾਉਣ ਵਾਲੇ ਕਿਸੇ ਸੰਗਠਨ ਨੇ ਆਪਣੇ ਨਿਰਧਾਰਿਤ ਸਿਲੇਬਸ ਵਿਚ ਇਸ ਨੂੰ ਛੋਟਾ ਕਰਕੇ ਦਿਖਾਇਆ ਹੈ ਜਾਂ 'ਉਸ ਸਰੋਤ' ਦੀ ਸਿਫਾਰਸ਼ ਕੀਤੀ ਹੈ, ਜਿਸ ਤੋਂ ਉਕਤ ਇਤਿਹਾਸਕਾਰਾਂ ਨੇ ਅਨੁਵਾਦ ਕੀਤਾ ਹੈ ਤਾਂ ਉਸ ਨੂੰ ਉਥੋਂ ਦਰੁਸਤ ਕਰਵਾਇਆ ਜਾਵੇ, ਜਿਥੇ ਗਲਤੀ ਹੋਈ ਹੈ। ਇਥੋਂ ਦੇ ਇਤਿਹਾਸ ਦੇ ਪ੍ਰਮਾਣ ਸਿਰਫ ਅੰਗਰੇਜ਼ੀ ਦੇ ਸਰੋਤ ਨਹੀਂ, ਸਗੋਂ ਇਸ ਦੀ ਭੂਗੋਲਿਕ ਸਥਿਤੀ, ਇਸ ਧਰਤੀ 'ਤੇ ਵਹਿੰਦੇ ਦਰਿਆ, ਯਾਦਗਾਰਾਂ ਦੇ ਰੂਪ ਵਿਚ ਬਣੇ ਧਾਰਮਿਕ ਤੇ ਜੰਗੀ ਸਥਾਨ, ਮਿੱਟੀ ਦਾ ਜ਼ਰਾ-ਜ਼ਰਾ ਅਤੇ ਸਰੀਰ ਦਾ ਰੋਮ-ਰੋਮ ਵੀ ਇਸ ਦਾ ਸਰੋਤ ਹੈ। ਇਥੋਂ ਦੇ ਇਤਿਹਾਸਕ ਸਰੋਤਾਂ ਨੂੰ ਨਜ਼ਰਅੰਦਾਜ਼ ਕਰਕੇ, ਪੰਜਾਬ ਵਿਚ ਹੀ 'ਪੰਜਾਬ ਦਾ ਇਤਿਹਾਸ' ਪੜ੍ਹਾਉਣ ਲੱਗਿਆਂ ਵਾਇਆ ਅੰਗਰੇਜ਼ੀ ਹੋ ਕੇ ਆਉਣਾ ਇਕ ਮਾਨਸਿਕ ਦਿਵਾਲੀਆਪਣ ਹੈ।

-6/2 ਆਦਰਸ਼ ਨਗਰ, ਬਠਿੰਡਾ।

ਕੀ ਸਮਾਜ ਸੇਵੀ ਸੰਸਥਾਵਾਂ ਹੀ ਬਣ ਰਹੀਆਂ ਹਨ ਲੋਕਾਂ ਦਾ ਸਹਾਰਾ?

ਅੱਜ ਦੇ ਸਮੇਂ 'ਚ ਲਗਪਗ ਹਰ ਇਕ ਘਰ ਬਿਮਾਰੀ ਦੀ ਲਪੇਟ 'ਚ ਆ ਕੇ ਸਰੀਰਕ ਅਤੇ ਆਰਥਿਕ ਪੱਖ ਤੋਂ ਖੋਖਲਾ ਹੁੰਦਾ ਜਾ ਰਿਹਾ ਹੈ। ਅਜਿਹੇ ਹਨੇਰੇ ਦੌਰ 'ਚ ਕਿਤੇ ਨਾ ਕਿਤੇ ਇਨਸਾਨੀਅਤ ਦਾ ਦੀਵਾ ਜਗਾ ਕੇ ਕਈ ਸਮਾਜ ਸੇਵੀ ਸੰਸਥਾਵਾਂ ਮੈਡੀਕਲ ਕੈਂਪ ਜਾਂ ਬਨਾਉਟੀ ਅੰਗਾਂ ਦੇ ਕੈਂਪ ਲਗਾ ਕੇ ਲੋਕਾਂ ਦਾ ਸਹਾਰਾ ਬਣ ਰਹੀਆਂ ਹਨ। ਇਹ ਸਮਾਜ ਸੇਵੀ ਸੰਸਥਾਵਾਂ ਸਮੇਂ-ਸਮੇਂ 'ਤੇ ਮੈਡੀਕਲ ਕੈਂਪਾਂ ਦੁਆਰਾ ਲੋਕਾਂ ਦੀ ਸਿਹਤ ਦਾ ਬਕਾਇਦਾ ਖਿਆਲ ਰੱਖਦੀਆਂ ਹਨ, ਕਿਉਂਕਿ ਇਲਾਜ ਤੋਂ ਅਸਮਰੱਥ ਲੋਕਾਂ ਲਈ ਇਨ੍ਹਾਂ ਸੰਸਥਾਵਾਂ ਵਲੋਂ ਕੈਂਪਾਂ ਦੌਰਾਨ ਜਿੱਥੇ ਪੂਰੇ ਸਰੀਰ ਦੀ ਮੁਫ਼ਤ ਜਾਂਚ ਕੀਤੀ ਜਾਂਦੀ ਹੈ, ਉਥੇ ਹੀ ਮੁਫ਼ਤ ਦਵਾਈਆਂ ਵੀ ਮੁਹੱਈਆ ਕਰਵਾਈਆਂ ਜਾਂਦੀਆਂ ਹਨ। ਗੁਰਬਤ ਦੇ ਦੌਰ 'ਚ ਗੁਜ਼ਰ ਕੇ ਅਖੀਰ 'ਚ ਵੀ ਉਸੇ ਦੌਰ ਨੂੰ ਹੰਢਾਉਣ ਵਾਲੇ ਬਜ਼ੁਰਗਾਂ ਲਈ ਅਜਿਹੀਆਂ ਸੰਸਥਾਵਾਂ ਵਰਦਾਨ ਸਿੱਧ ਹੁੰਦੀਆਂ ਹਨ, ਕਿਉਂਕਿ ਸ਼ਾਇਦ ਜੋ ਜ਼ਿੰਮੇਵਾਰੀਆਂ ਸਰਕਾਰਾਂ ਵਲੋਂ ਆਪਣੇ ਰਾਜ ਵਿਚ ਜੀਵਨ ਜੀਅ ਰਹੇ ਲੋਕਾਂ ਲਈ ਨਿਭਾਉਣੀਆਂ ਹੁੰਦੀਆਂ ਹਨ, ਉਹ ਜ਼ਿੰਮੇਵਾਰੀਆਂ ਇਹ ਸਮਾਜ ਸੇਵੀ ਸੰਸਥਾਵਾਂ ਆਪਣੇ ਮੋਢਿਆਂ 'ਤੇ ਖੁਦ ਹੀ ਚੁੱਕ ਕੇ ਲੋਕਾਂ ਲਈ ਨਿਰਸੁਆਰਥ ਕੰਮ ਕਰ ਰਹੀਆਂ ਹਨ। ਭਾਵੇਂ ਕਿ ਇਨ੍ਹਾਂ ਸੰਸਥਾਵਾਂ ਵਲੋਂ ਹੋਰ ਕਈ ਅਜਿਹੇ ਕੰਮ ਲੋਕਾਈ ਲਈ ਕੀਤੇ ਜਾਂਦੇ ਹਨ, ਪਰ ਸਿਹਤ ਸੁਧਾਰ ਪ੍ਰਤੀ ਇਨ੍ਹਾਂ ਸੰਸਥਾਵਾਂ ਵਲੋਂ ਕੀਤੇ ਗਏ ਉਪਰਾਲੇ ਸ਼ਲਾਘਾਯੋਗ ਹਨ। ਸਭ ਤੋਂ ਹੈਰਾਨੀ ਵਾਲੀ ਗੱਲ ਹੈ ਕਿ ਸਰਕਾਰਾਂ ਵਲੋਂ ਲੋਕਾਂ ਦੀਆਂ ਸਿਹਤ ਸਹੂਲਤਾਂ ਪ੍ਰਤੀ ਹੁਣ ਤੱਕ ਕੋਈ ਵੀ ਅਜਿਹੀ ਵਿਉਂਤਬੰਦੀ ਨਹੀਂ ਬਣਾਈ ਗਈ, ਜਿਸ ਨਾਲ ਕਿਸੇ ਜ਼ਰੂਰਤਮੰਦ ਨੂੰ ਬਗੈਰ ਕਿਸੇ ਖੱਜਲ-ਖੁਆਰੀ ਦੇ ਆਪਣੇ ਇਲਾਜ ਲਈ ਆਰਥਿਕ ਮਦਦ ਮਿਲ ਸਕੇ। ਸ਼ਾਇਦ ਪਿੰਡਾਂ, ਸ਼ਹਿਰਾਂ ਜਾਂ ਕਸਬਿਆਂ 'ਚ ਅਜਿਹੀਆਂ ਸਮਾਜ ਸੇਵੀ ਸੰਸਥਾਵਾਂ ਨਾ ਹੋਣ ਤਾਂ ਲੋਕਾਂ ਨੂੰ ਆਪਣੀਆਂ ਬਿਮਾਰੀਆਂ ਦੇ ਇਲਾਜ ਲਈ ਕਿੰਨੀਆਂ ਪ੍ਰੇਸ਼ਾਨੀਆਂ ਆ ਸਕਦੀਆਂ ਹਨ, ਇਹ ਉਸ ਵਿਅਕਤੀ ਜਾਂ ਉਸ ਔਰਤ ਤੋਂ ਹੀ ਪਤਾ ਲੱਗ ਸਕਦਾ ਹੈ, ਜੋ ਉਸ ਜ਼ਰੂਰਤਮੰਦੀ ਦੇ ਦੌਰ 'ਚੋਂ ਦੀ ਗੁਜ਼ਰਦਾ ਹੈ। ਇਸ ਲਈ ਅਜਿਹੇ ਸਮੇਂ 'ਚ ਸਮਾਜ ਸੇਵੀ ਸੰਸਥਾਵਾਂ ਵਲੋਂ ਲਗਾਏ ਜਾਂਦੇ ਮੈਡੀਕਲ ਕੈਂਪ ਵਰਦਾਨ ਸਾਬਤ ਹੋ ਰਹੇ ਹਨ। ਇਸੇ ਤਰ੍ਹਾਂ ਜੇਕਰ ਅਜਿਹੀਆਂ ਸੰਸਥਾਵਾਂ ਸਮਾਜ ਦਾ ਚਾਨਣ ਮੁਨਾਰਾ ਸਾਬਤ ਹੋ ਸਕਦੀਆਂ ਹਨ ਤਾਂ ਸਰਕਾਰਾਂ ਕਿਉਂ ਨਹੀਂ?

-(ਜਗਰਾਉਂ)। ਮੋਬਾ: 98142 67586

ਪਾਣੀ ਦਾ ਮੁੱਲ...

ਪਾਣੀ, ਜਿਸ ਨੂੰ ਇਸਤੇਮਾਲ ਕਰਨ ਤੋਂ ਪਹਿਲਾਂ ਮਨੁੱਖ ਬਿਲਕੁਲ ਨਹੀਂ ਸੋਚਦਾ ਕਿ ਉਸ ਨੂੰ ਜ਼ਰੂਰਤ ਜਿੰਨਾ ਹੀ ਵਰਤਿਆ ਜਾਵੇ, ਪਰ ਜੇਕਰ ਪਾਣੀ ਕੁਝ ਸਮਾਂ ਹੀ ਨਾ ਆਵੇ ਤਾਂ ਲੋਕ ਹਾਹਾਕਾਰ ਮਚਾ ਦਿੰਦੇ ਹਨ, ਸਰਕਾਰ ਦੇ ਖ਼ਿਲਾਫ਼ ਨਾਅਰੇ ਲਗਾਉਣੇ ਸ਼ੁਰੂ ਕਰ ਦਿੰਦੇ ਹਨ। ਅਕਸਰ ਮੈਂ ਲੋਕਾਂ ਨੂੰ ਸੜਕਾਂ 'ਤੇ ਫ਼ਜ਼ੂਲ ਵਿਚ ਹੀ ਪਾਣੀ ਬਰਬਾਦ ਕਰਦਿਆਂ ਵੇਖਿਆ ਹੈ। ਮੇਰੇ ਵਰਗੇ ਹਜ਼ਾਰਾਂ ਲੋਕ ਉਥੋਂ ਗੁਜ਼ਰ ਜਾਂਦੇ ਹੋਣਗੇ ਪਰ ਕੋਈ ਕਿਸੇ ਨੂੰ ਵੀ ਪਾਣੀ ਦੀ ਬਰਬਾਦੀ ਕਰਨ ਤੋਂ ਨਹੀਂ ਰੋਕਦਾ। ਮੈਂ ਕਦੇ ਨਹੀਂ ਸੋਚਿਆ ਸੀ ਕਿ ਕਿਸੇ ਨੂੰ ਪਾਣੀ ਦੇਣ ਤੋਂ ਪਹਿਲਾਂ ਸੋਚਣਾ ਵੀ ਪੈ ਸਕਦਾ ਹੈ, ਪਰ ਹਾਲ ਹੀ ਵਿਚ ਹੋਏ ਇਕ ਬਿਰਤਾਂਤ ਨੇ ਮੈਨੂੰ ਪਾਣੀ ਦੇ ਮੁੱਲ ਤੋਂ ਜਾਣੂ ਕਰਵਾ ਦਿੱਤਾ। ਅਸੀਂ ਦੋ ਦੋਸਤ ਆਪਣੇ ਇਕ ਮਿੱਤਰ ਦੀ ਦੁਕਾਨ 'ਤੇ ਗਏ ਸੀ। ਗੱਲਾਂ-ਬਾਤਾਂ ਕੀਤੀਆਂ ਅਤੇ ਪੀਣ ਵਾਸਤੇ ਪਾਣੀ ਮੰਗਿਆ, ਪਰ ਮਿੱਤਰ ਵਲੋਂ ਪਾਣੀ ਦਾ ਰੈਬਰ ਨਾ ਆਉਣ ਦੀ ਗੱਲ ਕਹੀ ਗਈ। ਉਸ ਨੇ ਆਲੇ-ਦੁਆਲੇ ਦੇ ਦੁਕਾਨਦਾਰਾਂ ਤੋਂ ਵੀ ਪਾਣੀ ਬਾਰੇ ਪੁੱਛਿਆ, ਪਰ ਕਿਸੇ ਕੋਲ ਪਾਣੀ ਨਹੀਂ ਸੀ। ਅਖੀਰ ਬਾਹਰੋਂ ਪਾਣੀ ਖ਼ਰੀਦ ਲਿਆਏ। ਅਸੀਂ ਪਾਣੀ ਪੀਣ ਤੋਂ ਬਾਅਦ ਬਾਕੀ ਦੀਆਂ ਬੋਤਲਾਂ ਇਕ ਪਾਸੇ ਰੱਖ ਦਿੱਤੀਆਂ ਤੇ ਗੱਲਾਂ ਵਿਚ ਲੱਗ ਗਏ। ਕੁਝ ਸਮੇਂ ਬਾਅਦ ਉਥੋਂ ਗੁਜ਼ਰਦੇ ਇਕ ਆਦਮੀ ਨੇ ਪਾਣੀ ਦੀ ਮੰਗ ਕੀਤੀ। ਅਸੀਂ ਬਿਨਾਂ ਕੁਝ ਸੋਚੇ ਉਸ ਨੂੰ ਪਾਣੀ ਦੇ ਦਿੱਤਾ। ਇਸ ਮਗਰੋਂ ਇਕ ਹੋਰ ਬੰਦਾ ਆਇਆ ਤੇ ਪਾਣੀ ਪੀ ਕੇ ਚਲਾ ਗਿਆ। ਕਰਦੇ-ਕਰਦੇ ਸਾਡੇ ਵਲੋਂ ਲਿਆਂਦੀਆਂ ਪਾਣੀ ਦੀਆਂ ਬੋਤਲਾਂ ਵਿਚੋਂ ਇਕੋ ਹੀ ਰਹਿ ਗਈ। ਇਹ ਸਭ ਕੁਝ ਵੇਖ ਕੇ ਮੈਂ ਹੈਰਾਨੀ ਨਾਲ ਪੁੱਛਿਆ ਕਿ ਮਿੱਤਰਾ ਕੀ ਹੋ ਗਿਆ? ਉਹ ਕਹਿਣ ਲੱਗਾ ਕਿ ਪਾਣੀ ਦੀ 20 ਰੁਪਏ ਦੀ ਇਕ ਬੋਤਲ ਆਉਂਦੀ ਹੈ ਤੇ ਮੇਰੇ ਵਲੋਂ ਪੈਸੇ ਖ਼ਰਚ ਕੇ ਲਿਆਂਦੀਆਂ ਬੋਤਲਾਂ ਵਿਚੋਂ ਕੇਵਲ ਇਕੋ ਬਚੀ ਹੈ, ਜੇ ਇਹ ਵੀ ਕਿਸੇ ਨੂੰ ਦੇ ਦਿੱਤੀ ਤਾਂ ਮੇਰੇ ਕੋਲ ਕੀ ਬਚੇਗਾ? ਇਸ ਸਾਰੇ ਬਿਰਤਾਂਤ ਨੇ ਮੇਰੇ ਅੰਦਰ ਪਾਣੀ ਦੇ ਮੁੱਲ ਨੂੰ ਵਧਾ ਦਿੱਤਾ। ਖਾਣਾ ਬਣਾਉਣ ਤੋਂ ਲੈ ਕੇ ਚਾਹ-ਕੌਫੀ ਤੱਕ ਨੂੰ ਤਿਆਰ ਕਰਨ ਵਿਚ ਪਾਣੀ ਵਰਤੋਂ 'ਚ ਆਉਂਦਾ ਹੈ। ਖੇਤੀ ਤੋਂ ਲੈ ਕੇ ਨਹਾਉਣ ਆਦਿ ਦੀ ਗਤੀਵਿਧੀ ਵੀ ਪਾਣੀ ਤੋਂ ਬਿਨਾਂ ਸਿਰੇ ਨਹੀਂ ਲਗਦੀ। ਇਸ ਤੋਂ ਇਲਾਵਾ ਮਨੁੱਖ ਸੜਕਾਂ, ਗੱਡੀਆਂ ਨੂੰ ਧੋਣ ਵਿਚ ਵੀ ਪਾਣੀ ਦੀ ਬਰਬਾਦੀ ਜ਼ੋਰਾਂ ਨਾਲ ਕਰਦਾ ਹੈ। ਰੋਜ਼ਾਨਾ ਦੀ ਕਾਰਜ ਵਿਧੀ ਦੌਰਾਨ ਪਾਣੀ ਦਾ ਏਨਾ ਪ੍ਰਯੋਗ ਸਾਨੂੰ ਉਸ ਦੀ ਸੰਭਾਲ ਵੱਲ ਵੀ ਇਸ਼ਾਰਾ ਕਰਦਾ ਹੈ। ਸਰਕਾਰ ਵੀ ਲੋਕਾਂ ਦੀ ਮਦਦ ਉਦੋਂ ਹੀ ਕਰ ਸਕਦੀ ਹੈ, ਜਦੋਂ ਲੋਕ ਖ਼ੁਦ ਕੁਦਰਤੀ ਸੋਮਿਆਂ ਦੀ ਸੰਭਾਲ ਕਰਨਗੇ। ਇਸ ਲਈ ਪਾਣੀ ਦਾ ਮੁੱਲ ਪਹਿਚਾਣੋ ਅਤੇ ਇਸ ਦੀ ਸੰਭਾਲ 'ਤੇ ਜ਼ੋਰ ਦਿਓ।

-ਅਸਿਸਟੈਂਟ ਪ੍ਰੋਫੈਸਰ, ਪਟੇਲ ਮੈਮੋਰੀਅਲ ਨੈਸ਼ਨਲ ਕਾਲਜ, ਰਾਜਪੁਰਾ (ਪਟਿਆਲਾ)। ਮੋਬਾ: 80549-74435

ਵਹਿਮਾਂ-ਭਰਮਾਂ ਵਿਚ ਡੁੱਬੀ ਮਾਨਸਿਕਤਾ

ਵਿਗਿਆਨ ਦੀ 21ਵੀਂ ਸਦੀ ਵਿਚ ਵੀ ਵਹਿਮ-ਭਰਮ ਅਤੇ ਅੰਧ-ਵਿਸ਼ਵਾਸ ਮਨੁੱਖ ਦੀ ਜ਼ਿੰਦਗੀ ਵਿਚ ਅਹਿਮ ਰੋਲ ਅਦਾ ਕਰ ਰਹੇ ਹਨ। ਵਹਿਮ-ਭਰਮ ਦਾ ਦੂਜਾ ਅਰਥ ਡਰ ਹੈ। ਜਦੋਂ ਵਿਅਕਤੀ ਵੱਖ-ਵੱਖ ਪ੍ਰਕਾਰ ਦੀਆਂ ਕੁਦਰਤੀ ਸ਼ਕਤੀਆਂ ਤੋਂ ਡਰਨ ਲੱਗ ਜਾਂਦਾ ਹੈ ਤਾਂ ਉਹ ਆਪਣੀ ਇਸ ਕਮਜ਼ੋਰੀ ਨੂੰ ਸਹਾਰਾ ਦੇਣ ਲਈ 36 ਪ੍ਰਕਾਰ ਦੇ ਪੂਜਾ-ਪਾਠ ਅਪਣਾਉਂਦਾ ਹੈ। ਮਨੁੱਖ ਅੰਦਰ ਅਨੇਕਾਂ ਹੀ ਅਣਗਿਣਤ ਵਹਿਮਾਂ ਨੇ ਆਪਣਾ ਪੱਕਾ ਡੇਰਾ ਲਾ ਲਿਆ ਹੈ, ਜਿਨ੍ਹਾਂ ਵਿਚੋਂ ਕੁਝ ਪ੍ਰਚੱਲਿਤ ਵਹਿਮ-ਬਿੱਲੀ ਦਾ ਰਾਹ ਕੱਟਣਾ, ਛਿੱਕ ਮਾਰਨੀ, ਪਿੱਛੋਂ ਹਾਕ ਜਾਂ ਆਵਾਜ਼ ਮਾਰਨੀ, ਦਿਨਾਂ ਤੇ ਦਿਹਾੜਿਆਂ ਬਾਰੇ ਵਹਿਮ, ਗ੍ਰਹਿਆਂ ਦੇ ਵਹਿਮ ਆਦਿ ਅਨੇਕਾਂ ਮਾੜੇ ਸ਼ਗਨ ਮੰਨੇ ਜਾਂਦੇ ਹਨ। ਅਨਪੜ੍ਹ ਤਾਂ ਦੂਰ, ਅੱਜ ਪੜ੍ਹਿਆ-ਲਿਖਿਆ ਮਨੁੱਖ ਜ਼ਿਆਦਾ ਇਨ੍ਹਾਂ ਵਹਿਮਾਂ ਦੀ ਭੇਟ ਚੜ੍ਹਿਆ ਹੈ। ਜੇਕਰ ਅਸੀਂ ਪੁਰਾਤਨ ਇਤਿਹਾਸ 'ਤੇ ਨਜ਼ਰ ਮਾਰੀਏ ਤਾਂ ਸਾਨੂੰ ਪਤਾ ਲਗਦਾ ਹੈ ਕਿ ਅਨੇਕਾਂ ਗੁਰੂਆਂ-ਪੀਰਾਂ ਅਤੇ ਪੈਗੰਬਰਾਂ ਨੇ ਮਨੁੱਖ ਨੂੰ ਇਨ੍ਹਾਂ ਦਾ ਖੰਡਨ ਕਰਨ ਲਈ ਕਿਹਾ ਸੀ। ਜਿਸ ਦੀ ਵੱਡੀ ਉਦਾਹਰਨ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਹਨ, ਉਨ੍ਹਾਂ ਨੇ ਆਪਣੀ ਬਾਣੀ ਵਿਚ ਥਾਂ-ਥਾਂ 'ਤੇ ਇਨ੍ਹਾਂ ਢੋਂਗਾਂ ਦਾ ਪਰਦਾਫਾਸ਼ ਕੀਤਾ, ਪਰ ਅੱਜ ਇਨ੍ਹਾਂ ਵਹਿਮਾਂ-ਭਰਮਾਂ ਨੇ ਆਪਣੀਆਂ ਜੜ੍ਹਾਂ ਐਨੀਆਂ ਡੂੰਘੀਆਂ ਪਸਾਰ ਰੱਖੀਆਂ ਹਨ ਕਿ ਮਨੁੱਖ ਇਨ੍ਹਾਂ ਤੋਂ ਮੁਕਤੀ ਪਾਉਣ ਦੀ ਬਜਾਏ ਇਨ੍ਹਾਂ ਦੇ ਜਾਲ ਵਿਚ ਹੋਰ ਫਸਦਾ ਜਾ ਰਿਹਾ ਹੈ। ਅੰਧ ਵਿਸ਼ਵਾਸਾਂ ਵਿਚ ਰੁਲੇ ਹੋਏ ਲੋਕਾਂ ਨਾਲ ਵੱਡੀ ਠੱਗੀ ਪਖੰਡੀ ਬਾਬਿਆਂ ਵਲੋਂ ਕੀਤੀ ਜਾਂਦੀ ਹੈ। ਲੋਕ ਅਨੇਕਾਂ ਭਰਮਾਂ ਤੋਂ ਛੁਟਕਾਰਾ ਪਾਉਣ ਲਈ ਪਖੰਡੀਆਂ ਦੇ ਡੇਰੇ ਜਾ ਵੜਦੇ ਹਨ ਅਤੇ ਆਪਣੀ ਦਸਾਂ ਨਹੁੰਆਂ ਦੀ ਕਮਾਈ ਨੂੰ ਉਨ੍ਹਾਂ ਦੇ ਡੇਰਿਆਂ 'ਤੇ ਉਜਾੜਦੇ ਹਨ। ਪੰਜਾਬ ਅੰਦਰ ਅਨੇਕਾਂ ਹੀ ਤਰਕਸ਼ੀਲ ਸੁਸਾਇਟੀਆਂ ਹਨ ਜੋ ਮਨੁੱਖ ਨੂੰ ਇਨ੍ਹਾਂ ਪਖੰਡੀਆਂ ਦੇ ਜਾਲ ਤੋਂ ਛੁਡਾਉਣ ਲਈ ਦਿਨ-ਰਾਤ ਇਕ ਕਰ ਰਹੀਆਂ ਹਨ, ਪਰ ਸਾਡੀ ਬਦਕਿਸਮਤੀ ਕਿ ਅਸੀਂ ਉਨ੍ਹਾਂ ਦਾ ਸਮਝਾਇਆ ਇਕ ਕੰਨ ਤੋਂ ਸੁਣ ਕੇ ਦੂਜੇ ਕੰਨ ਤੋਂ ਕੱਢ ਰਹੇ ਹਾਂ। ਘਰਾਂ ਵਿਚ ਖਾਣਾ, ਬਰਤਨ, ਕੱਪੜੇ ਅਤੇ ਸਫਾਈ ਲਈ ਵੱਖ-ਵੱਖ ਨੌਕਰ ਰੱਖੇ ਜਾਂਦੇ ਹਨ ਅਤੇ ਪਖੰਡੀਆਂ ਦੇ ਡੇਰੇ ਜਾ ਕੇ ਬਰਤਨ ਧੋਣ ਅਤੇ ਸਫਾਈ ਕਰਨ ਨੂੰ ਸ਼ਰਧਾ ਮੰਨਿਆ ਜਾਂਦਾ ਹੈ। ਸਰਕਾਰਾਂ ਨੂੰ ਵੀ ਚਾਹੀਦਾ ਹੈ ਕਿ ਉਹ ਜ਼ਿਲ੍ਹੇ ਅਤੇ ਬਲਾਕ ਪੱਧਰ ਤੱਕ ਇਨ੍ਹਾਂ ਢੋਂਗੀਆਂ ਦੀਆਂ ਪੋਲਾਂ ਖੋਲ੍ਹਣ ਸਬੰਧੀ ਸੈਮੀਨਾਰਾਂ ਰਾਹੀਂ ਸੁਨੇਹਾ ਦੇ ਕੇ ਮਨੁੱਖ ਨੂੰ ਇਸ ਕੈਂਸਰ ਰੂਪੀ ਦੈਂਤ ਤੋਂ ਬਚਾਉਣ ਲਈ ਪਖੰਡਵਾਦ ਖਿਲਾਫ ਲਹਿਰ ਖੜ੍ਹੀ ਕਰੇ, ਤਾਂ ਜੋ ਅਸੀਂ 21ਵੀਂ ਸਦੀ ਦੇ ਅਸਲ ਵਿਗਿਆਨਕ ਸਮਾਜ ਦੀ ਸਿਰਜਣਾ ਕਰ ਸਕੀਏ।

-ਸਰਕਾਰੀ ਐਲੀ: ਸਕੂਲ, ਰਾਜਗੜ੍ਹ (ਸਮਾਣਾ-2)। ਮੋਬਾ: 94175-43175

ਮਾਣ-ਮੱਤੇ ਅਧਿਆਪਕ-19

ਮਦਰ ਟਰੇਸਾ ਬਣ ਬਹੁੜਦੇ ਹਨ ਨੈਸ਼ਨਲ ਐਵਾਰਡੀ ਅਧਿਆਪਕਾ ਸ੍ਰੀਮਤੀ ਕਾਂਤਾ ਗੋਇਲ ਲਹਿਰਾਗਾਗਾ

ਪਿਛਲੇ ਤਿੰਨ ਦਹਾਕਿਆਂ ਤੋਂ ਸੰਗਰੂਰ ਜ਼ਿਲ੍ਹੇ ਦੇ ਇਕਲੌਤੇ ਨੈਸ਼ਨਲ ਐਵਾਰਡੀ ਅਧਿਆਪਕਾ ਸ੍ਰੀਮਤੀ ਕਾਂਤਾ ਗੋਇਲ ਦਾ ਜਨਮ 5 ਮਾਰਚ 1960 ਨੂੰ ਸ੍ਰੀ ਬ੍ਰਿਜ ਲਾਲ ਗੁਪਤਾ ਦੇ ਘਰ ਮਾਤਾ ਸ੍ਰੀਮਤੀ ਸੀਤਾ ਦੇਵੀ ਦੀ ਕੁੱਖੋਂ ਇਤਿਹਾਸਕ ਧਰਤੀ ਸ਼ਹੀਦ ਊਧਮ ਸਿੰਘ ਵਾਲਾ ਸੁਨਾਮ ਵਿਖੇ ਹੋਇਆ। ਮੈਡਮ ਗੋਇਲ ਬਚਪਨ ਤੋਂ ਇਕ ਆਦਰਸ਼ ਵਿਦਿਆਰਥਣ ਸਨ ਜਿਨ੍ਹਾਂ ਵਿਚ ਸਮਾਜ ਲਈ ਵੱਖਰਾ ਕਰਨ ਵਾਲੇ ਗੁਣ ਮੁੱਢਲੀ ਸਿੱਖਿਆ ਦੌਰਾਨ ਹੀ ਝਲਕਣ ਲੱਗ ਪਏ ਸਨ। ਸਰਕਾਰੀ ਕੰਨਿਆ ਸਕੂਲ ਸੁਨਾਮ ਤੋਂ ਮੁਢਲੀ ਸਿੱਖਿਆ ਪ੍ਰਾਪਤ ਕਰਨ ਵਾਲੇ ਮੈਡਮ ਗੋਇਲ ਨੇ ਪੰਜ ਵਿਸ਼ਿਆਂ ਦੀ ਐੱਮ.ਏ., ਐਮ.ਫਿਲ, ਬੀ.ਐੱਡ, ਐਮ.ਐੱਡ ਦੀ ਡਿਗਰੀ ਵੱਖ-ਵੱਖ ਕਾਲਜਾਂ ਤੋਂ ਪ੍ਰਾਪਤ ਕਰ ਕੇ ਮਾਪਿਆਂ ਦਾ ਮਾਣ ਹੋਰ ਦੁੱਗਣਾ ਕਰ ਦਿੱਤਾ। ਲੜਕੀਆਂ ਲਈ ਇਕ ਪ੍ਰੇਰਨਾਸ੍ਰੋਤ ਰਹੇ ਮੈਡਮ ਗੋਇਲ ਨੇ ਆਪਣਾ ਗਿਆਨ ਪ੍ਰਾਪਤੀ ਦਾ ਸਫ਼ਰ ਵਿਆਹ ਤੋਂ ਬਾਅਦ ਵੀ ਜਾਰੀ ਰੱਖਿਆ। ਮੈਡਮ ਗੋਇਲ ਨੇ ਸਰਕਾਰੀ ਹਾਈ ਸਕੂਲ ਥਲੇਸ ਤੋਂ ਸਾਲ 1980 ਵਿਚ ਬਤੌਰ ਹਿੰਦੀ ਟੀਚਰ ਅਧਿਆਪਨ ਸਫ਼ਰ ਸ਼ੁਰੂ ਕੀਤਾ ਅਤੇ ਫਿਰ ਸਰਕਾਰੀ ਹਾਈ ਸਕੂਲ ਛਾਜਲੀ ਵਿਖੇ 7 ਸਾਲ ਅਤੇ ਸਰਕਾਰੀ ਗਰਲ ਸਕੂਲ ਲਹਿਰਾਗਗਾ ਵਿਖੇ 30 ਸਾਲ ਵਡਮੁੱਲੀਆਂ ਸੇਵਾਵਾਂ ਨਿਭਾਈਆਂ ਅਤੇ ਇਥੇ ਆਪਣੀ ਨੇਕ ਕਮਾਈ ਵਿਚੋਂ ਲੱਖਾਂ ਰੁਪਏ ਲਗਾਉਣ ਦੇ ਨਾਲ-ਨਾਲ ਦਾਨੀ ਵਿਅਕਤੀਆਂ ਤੋਂ ਸਹਿਯੋਗ ਲੈ ਕੇ 6 ਕਮਰੇ ਬਣਾਉਣ ਦੇ ਨਾਲ-ਨਾਲ ਸਕੂਲ ਦੀ ਦਿਖ ਸੰਵਾਰਨ ਲਈ ਸਖ਼ਤ ਮਿਹਨਤ ਕੀਤੀ ਜਿਹੜੀ ਕਦੇ ਵੀ ਭੁਲਾਈ ਨਹੀਂ ਜਾ ਸਕਦੀ। ਮੈਡਲ ਗੋਇਲ ਇਸੇ ਸਕੂਲ ਤੋਂ ਸੇਵਾਮੁਕਤ ਹੋਏ ਹਨ। ਅਧਿਆਪਕ ਰਹਿੰਦੇ ਹੋਏ ਉਨ੍ਹਾਂ ਦਾ ਦੂਸਰੇ ਅਧਿਆਪਕਾਂ ਨਾਲ ਮਿਲਵਰਤਣ ਤੇ ਸਹਿਯੋਗ ਵਾਲਾ ਵਿਵਹਾਰ ਹਰ ਸਮੇਂ ਰਹਿੰਦਾ ਸੀ ਜਿਸ ਕਰਕੇ ਸੰਸਥਾ ਨੂੰ ਇਕ ਪਰਿਵਾਰ ਅਤੇ ਬੱਚਿਆਂ ਨੂੰ ਉਨ੍ਹਾਂ ਵਲੋਂ ਆਪਣੇ ਬੱਚਿਆਂ ਨਾਲੋਂ ਵਧ ਕੇ ਪਿਆਰ ਦੇਣਾ ਉਨ੍ਹਾਂ ਦਾ ਸੁਭਾਅ ਰਿਹਾ ਹੈ। ਮੈਡਮ ਗੋਇਲ ਨੂੰ ਸਾਲ 2001 ਵਿਚ ਪੰਜਾਬ ਸਰਕਾਰ ਵਲੋਂ ਸਟੇਟ ਐਵਾਰਡ ਨਾਲ ਨਿਵਾਜਿਆ ਗਿਆ ਸੀ। 36 ਸਾਲ ਇਕ ਅਧਿਆਪਕ ਵਜੋਂ ਸੇਵਾਵਾਂ ਨਿਭਾਉਣ ਤੋਂ ਬਾਅਦ ਉਹ ਸਵੈ-ਇੱਛਤ ਸੇਵਾ-ਮੁਕਤ ਹੋਏ ਹਨ ਕਿਉਂਕਿ ਉਨ੍ਹਾਂ ਦੇ ਦਿਲ ਅੰਦਰ ਸਮਾਜ ਸੇਵਾ ਅਤੇ ਖ਼ਾਸਕਰ ਲੜਕੀਆਂ ਨੂੰ ਸਿੱਖਿਅਤ ਕਰਨ ਦਾ ਵੱਡਾ ਸੁਪਨਾ ਸੀ ਜਿਸ ਨੂੰ ਸਾਕਾਰ ਕਰਨ ਲਈ ਉਹ ਸਵਾਮੀ ਵਿਵੇਕਾਨੰਦ ਸਮਿਤੀ ਦੇ ਪ੍ਰਧਾਨ ਵਜੋਂ ਕਾਰਜ ਕਰ ਰਹੇ ਹਨ ਜਿਸ ਦਾ ਉਦੇਸ਼ ਨੌਜਵਾਨਾਂ ਦਾ ਚਰਿੱਤਰ ਵਿਕਾਸ ਕਰਨਾ, ਦੀਨ-ਦਲਿਤਾਂ ਦੀ ਸੇਵਾ ਕਰਨਾ ਅਤੇ ਸਾਦਾ ਜੀਵਨ ਜਿਊਣ ਲਈ ਪ੍ਰੇਰਿਤ ਕਰਨਾ ਹੈ। ਮੈਡਮ ਗੋਇਲ ਪੰਜਾਬ ਮਹਿਲਾ ਅਗਰਵਾਲ ਸਭਾ ਦੇ ਵੀ ਪ੍ਰਧਾਨ ਹਨ ਜਿਸ ਦਾ ਉਦੇਸ਼ ਔਰਤਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣਾ ਅਤੇ ਔਰਤਾਂ ਨੂੰ ਆ ਰਹੀਆਂ ਦਰਪੇਸ਼ ਸਮੱਸਿਆਵਾਂ ਦਾ ਹੱਲ, ਉਨ੍ਹਾਂ ਨੂੰ ਬਰਾਬਰੀ ਦੇ ਹੱਕ ਲਈ ਪ੍ਰੇਰਿਤ ਕਰਨਾ ਹੈ। ਉਹ ਇਕ ਚੰਗੇ ਬੁਲਾਰੇ ਹਨ ਉਨ੍ਹਾਂ ਵਿਚ ਹਜ਼ਾਰਾਂ ਸਰੋਤਿਆਂ ਨੂੰ ਆਪਣੀਆਂ ਦਲੀਲਾਂ ਨਾਲ ਕੀਲਣ ਦੀ ਕਲਾ ਵੀ ਹੈ। ਮੈਡਮ ਗੋਇਲ ਦੀਆਂ ਸਮਾਜਿਕ ਸੇਵਾਵਾਂ ਨੂੰ ਦੇਖਦਿਆਂ ਇਲਾਕੇ ਦੀਆਂ ਸੰਸਥਾਵਾਂ, ਪਿੰਡਾਂ ਦੀਆਂ ਪੰਚਾਇਤਾਂ ਅਤੇ ਮੌਕੇ ਦੇ ਅਫ਼ਸਰਾਂ ਨੇ ਉਨ੍ਹਾਂ ਦਾ ਦਰਜਨਾਂ ਸਨਮਾਨ ਪੱਤਰਾਂ ਨਾਲ ਸਨਮਾਨ ਕੀਤਾ ਹੈ। ਭਾਰਤ ਸਰਕਾਰ ਵਲੋਂ ਉਨ੍ਹਾਂ ਨੂੰ ਕੌਮੀ ਅਧਿਆਪਕ ਐਵਾਰਡ ਨਾਲ ਸਨਮਾਨਿਆ ਜਾ ਚੁੱਕਿਆ ਹੈ ਅੱਜ-ਕਲ੍ਹ ਉਹ ਆਪਣੇ ਜੀਵਨ ਸਾਥੀ ਨਰਿੰਦਰ ਗੋਇਲ ਵਾਸੀ ਲਹਿਰਾਗਾਗਾ ਨਾਲ ਮਿਲ ਕੇ ਸਮਾਜ ਦੇ ਦੱਬੇ, ਕੁਛਲੇ, ਲਤਾੜੇ ਵਰਗਾਂ ਲਈ ਜਿਥੇ ਮਦਰ ਟਰੇਸਾ ਬਣ ਬਹੁੜਦੇ ਹਨ ਉਥੇ ਲੜਕੀਆਂ ਨੂੰ ਮੁਫਤ ਸਿੱਖਿਆ ਦੇਣ ਦੇ ਲਈ ਅਤੇ ਵਾਤਾਵਰਨ ਦੀ ਸ਼ੁੱਧਤਾ ਲਈ। ਉਹ ਹਮੇਸ਼ਾ ਤਤਪਰ ਰਹਿੰਦੇ ਹਨ। ਕਿੰਨੀਆਂ ਹੀ ਲੜਕੀਆਂ ਹਨ ਜਿਨ੍ਹਾਂ ਲਈ ਮੈਡਮ ਗੋਇਲ ਮਾਂ ਬਣ ਉਨ੍ਹਾਂ ਨੂੰ ਸਿੱਖਿਅਤ ਕਰ ਚੁੱਕੇ ਹਨ ਅਤੇ ਇਹ ਕਾਰਜ ਅੱਜ ਵੀ ਜਾਰੀ ਹੈ। ਅਜਿਹੀ ਮਾਣ ਮੱਤੀ ਸ਼ਖ਼ਸੀਅਤ ਲਈ ਮੇਰੀ ਇਹੀ ਦੁਆ ਹੈ ਕਿ ਉਹ ਹਮੇਸ਼ਾ ਤੰਦਰੁਸਤ ਰਹਿਣ ਅਤੇ ਹੋਰ ਵਧ-ਚੜ੍ਹ ਕੇ ਸਮਾਜ ਤੇ ਸਿੱਖਿਆ ਸੰਸਾਰ ਦੀ ਸੇਵਾ ਕਰਦੇ ਰਹਿਣ।

ਮੋਬਾਈਲ : 93565 52000

ਮਾੜੇ ਸਮਿਆਂ ਦੀ ਇਕ ਅਭੁੱਲ ਪੀੜ ਜੋ ਅੱਜ ਵੀ ਉੱਠਦੀ ਹੈ...

ਘਟਨਾ ਸ਼ਾਇਦ ਛੱਬੀ ਸਤਾਈ ਵਰ੍ਹੇ ਪੁਰਾਣੀ ਹੋਵੇਗੀ ਜਦ ਪੰਜਾਬ ਅੰਦਰ ਖਾੜਕੂ ਲਹਿਰ ਆਪਣੇ ਸਿਖ਼ਰ ਤੋਂ ਸਮਾਪਤੀ ਵੱਲ ਵਧ ਰਹੀ ਸੀ। ਪੁਲਿਸ ਅਤੇ ਫ਼ੌਜ ਦੀਆਂ ਗੱਡੀਆਂ ਪਿੰਡਾਂ ਵਿਚ ਤਲਾਸ਼ੀ ਅਭਿਆਨ ਦੇ ਨਾਂਅ 'ਤੇ ਹਰਲ ਹਰਲ ਕਰਦੀਆਂ ਫਿਰਦੀਆਂ ਸਨ।
ਖ਼ੈਰ ਮੈਂ ਉਸ ਸਮੇਂ ਆਪਣੀ ਉਮਰ ਦੇ 13-14 ਕੁ ਵਰ੍ਹੇ ਵਿਚ ਪੈਰ ਪਾਇਆ ਸੀ ਤਾਇਆ ਚਰਨ ਸਿੰਘ ਦੁਆਰਾ ਦਿੱਤੀ ਸੁਚੱਜੀ ਅਤੇ ਬਾਪੂ ਨਾਜਰ ਸਿੰਘ ਦੀ ਕਵੀਸ਼ਰੀ ਕਲਾ ਦੀ ਗੁੜ੍ਹਤੀ ਦੇ ਅਸਰ ਸਦਕਾ ਸਾਹਿਤ ਨਾਲ ਲਗਾਅ ਦੇ ਚਲਦਿਆਂ ਅਖ਼ਬਾਰ ਨਾਲ ਪਿਆਰ ਸ਼ੁਰੂ ਤੋਂ ਡਾਢਾ ਬਣਿਆ ਰਿਹਾ । ਜਦੋਂ ਤੋਂ ਅਜੀਤ ਅਖ਼ਬਾਰ ਨੇ ਆਪਣੇ ਜੀਵਨ ਦੀ ਪਹਿਲੀ ਪੁਲਾਂਘ ਪੁੱਟੀ ਉਸੇ ਦਿਨ ਤੋਂ ਇਹ ਸਾਡੇ ਘਰ ਦਾ ਸ਼ਿੰਗਾਰ ਹੈ। ਉਨ੍ਹੀਂ ਦਿਨੀਂ ਹਾਕਰਾਂ ਨਾਲ ਗੰਨਮੈਨ ਵੀ ਆਉਂਦੇ ਸਨ ਅਤੇ ਅਖ਼ਬਾਰ ਦੀਆਂ ਕਾਪੀਆਂ ਜ਼ਬਤ ਹੋਣਾ ਆਮ ਗੱਲ ਸੀ ਪਹਿਲਾਂ ਹਾਕਰ ਗੁਰਨਾਮ ਸਿੰਘ ਫਿਰ ਉਸ ਤੋਂ ਬਾਅਦ ਬੂਟਾ ਸਿੰਘ ਜੋ ਜੀਰਖ ਪਿੰਡ ਤੋਂ ਆਉਂਦਾ ਸੀ, ਉਹ ਮੇਰੇ ਕੋਲ ਆ ਕੇ ਚਾਹ ਪਾਣੀ ਛਕਦਾ ਤੇ ਪਿੰਡ ਅੰਦਰ ਹੋਰ ਅਖ਼ਬਾਰ ਲਗਵਾਉਣ ਦੇ ਲਈ ਕਹਿੰਦਾ ਰਹਿੰਦਾ ਅਖ਼ਬਾਰਾਂ ਦੀ ਗਿਣਤੀ ਉਸ ਸਮੇਂ ਪਿੰਡਾਂ ਅੰਦਰ ਨਾ ਮਾਤਰ ਸੀ ਮੇਰੇ ਪਿੰਡ ਅੰਦਰ ਮਹਿਜ਼ ਨੌਂ ਅਤੇ ਆਲੇ ਦੁਆਲੇ ਦੇ ਚੌਦਾਂ ਪਿੰਡਾਂ ਅੰਦਰ ਕੁੱਲ ਅਠਾਹਟ ਅਖ਼ਬਾਰ ਆਉਂਦੇ ਸਨ। ਹਾਕਰ ਬੂਟਾ ਸਿੰਘ ਨੂੰ ਘਰ ਦੀ ਕਬੀਲਦਾਰੀ ਦੇ ਚਲਦਿਆਂ ਅਖ਼ਬਾਰ ਦੇਰੀ ਜਾਂ ਛੁੱਟੀ ਕਰਨ ਦੀ ਮਜਬੂਰੀ ਸੀ ਮੈਂ ਆਪਣੀ ਚੇਟਕ ਨੂੰ ਪੂਰਾ ਕਰਨ ਦੇ ਲਈ ਜਿਸ ਸੜਕ ਤੋਂ ਹਾਕਰ ਨੇ ਆਉਣਾ ਹੁੰਦਾ ਸੀ ਉਸ ਰਸਤੇ 'ਤੇ ਪੈਂਦੀ ਮੋਟਰ 'ਤੇ ਬੈਠ ਉਸ ਨੂੰ ਉਡੀਕਣਾ ਸ਼ੁਰੂ ਕਰ ਦੇਣਾ ਕਈ ਵਾਰ ਘਰ ਦਾ ਕੰਮ ਮੁਕਾ ਉਸ ਦੇ ਨਾਲ ਹੀ ਤੁਰ ਪੈਣਾ ਤੇ ਲੋਕਾਂ ਨੂੰ ਅਖ਼ਬਾਰ ਪੜ੍ਹਨ ਤੇ ਘਰ ਲਗਵਾਉਣ ਲਈ ਮਿੰਨਤਾਂ ਕਰਨੀਆਂ ਪਰ ਜ਼ੁਲਮੋ ਤਸ਼ੱਦਦ ਦੇ ਝੰਬੇ ਲੋਕ ਆਪਣੇ ਖੋਅ ਚੁੱਕੇ ਜੀਆਂ ਦੇ ਵੈਰਾਗ ਵਿਚ ਉੱਖੜੇ-ਉੱਖੜੇ ਜਾਪਦੇ ਸਨ, ਪੰਜਾਬ ਵਿਚ ਇਕ ਵੱਖਰੀ ਹੀ ਤਰ੍ਹਾਂ ਦਾ ਸਨਾਟਾ ਸੀ, ਚੁੱਪ ਸੀ। ਇਕ ਦਿਨ ਬੂਟਾ ਸਿੰਘ ਅਖ਼ਬਾਰ ਦੇਣ ਨਾ ਆਇਆ ਮੈਂ ਉਡੀਕ ਉਡੀਕ ਕੇ ਘਰੋਂ ਚੋਰੀ ਸਾਈਕਲ ਚੁੱਕ ਮਲੇਰ ਕੋਟਲੇ ਵੱਲ ਨੂੰ ਸ਼ੂਟ ਵੱਟ ਦਿੱਤੀ। ਸਿਆਲ ਦਾ ਮਹੀਨਾ ਤੇ ਲੋਹੜੇ ਦੀ ਧੁੰਦ ਹੱਥ ਮਾਰਿਆ ਨਹੀਂ ਸੀ ਵਿਖਾਈ ਦਿੰਦਾ। ਕਾਫੀ ਬਹਿਸਬਾਜ਼ੀ ਤੋਂ ਬਾਅਦ ਕੇਵਲ ਦੋਧੀਆਂ ਦੇ ਢੋਲਾਂ ਦੀ ਤਲਾਸ਼ੀ ਲੈਣ ਤੇ ਪੁਲਿਸ ਨੇ ਉਨ੍ਹਾਂ ਨੂੰ ਜਾਣ ਦਿੱਤਾ ਬਾਕੀਆਂ ਨੂੰ ਉਨ੍ਹੀਂ ਪੈਰੀਂ ਵਾਪਸ ਜਾਣ ਦਾ ਹੁਕਮ ਚਾੜ੍ਹਿਆ ਮੈਂ ਚਾਰ ਪੰਜ ਸਬਜ਼ੀ ਵਾਲਿਆਂ ਦੇ ਨਾਲ ਹੀ ਦੋਧੀਆਂ ਦੇ ਮਗਰ ਸਾਈਕਲ ਠਿੱਲ੍ਹ ਦਿੱਤਾ ਉੱਚੀ ਉੱਚੀ ਆਵਾਜ਼ਾਂ ਆਈਆਂ ਤੇ ਪੁਲਸੀਏ ਨੇ ਵਿਸਲ ਮਾਰੀ ਤੇ ਮੈਨੂੰ ਕੜਕਵੀਂ ਆਵਾਜ਼ ਵਿਚ ਪੁੱਛਿਆ 'ਤੁਮਨੇ ਕਿਆ ਕਰਨਾ ਹੈਂ?' ਮੇਰੇ ਮੂੰਹੋਂ ਸਹਿਜ ਸੁਭਾਅ ਨਿਕਲਿਆ ਕਿ ਮੈਂ ਅਖ਼ਬਾਰ ਲੈਣਾ ਹੈ 'ਅਰੇ ਤੁਮਕੋ ਅਖ਼ਬਾਰ ਕੀ ਪੜੀ ਹੈ ਜਹਾਂ ਲੋਕ ਮਰ ਰਹੇ ਹੈ' ਇੰਨਾ ਕਹਿ ਉਸ ਨੇ ਹੱਥ ਵਿਚਲਾ ਮੋਟਾ ਰੂਲਾ ਮੇਰੇ ਵੱਲ ਚਲਾਵਾਂ ਮਾਰਿਆ ਜਿਹੜਾ ਸਾਈਕਲ ਦੇ ਮੱਡਗਾਰਡ 'ਤੇ ਲੱਗਿਆ ਤੇ ਮੱਡਗਾਰਡ ਟੁੱਟ ਕੇ ਦੂਰ ਜਾ ਡਿੱਗਿਆ ਮੈਂ ਪਿਛਲਖੋਰੀ ਭੱਜਿਆ ਇਕ ਰੂਲਾ ਫੇਰ ਗੋਲੀ ਵਾਂਗ ਆਇਆ ਜਿਹੜਾ ਧਂੈਅ ਕਰਕੇ ਮੇਰੇ ਮੌਰਾਂ ਵਿਚ ਆ ਵੱਜਿਆ, ਉਦੋਂ ਤੱਕ ਮੈਂ ਸਾਈਕਲ 'ਤੇ ਸਵਾਰ ਹੋ ਚੁੱਕਿਆ ਸੀ ਬਾਕੀ ਲੋਕਾਂ ਦਾ ਕੀ ਬਣਿਆ ਕੁਝ ਪਤਾ ਨਹੀਂ ਲੱਗਿਆ ਚੱਪਲਾਂ ਵੀ ਉਥੇ ਹੀ ਰਹਿ ਗਈਆਂ ਪਿੰਡ ਆਉਂਦੇ ਨੂੰ ਡਾਂਗ ਦੀ ਚਸਕ ਹੱਦੋਂ ਵਧ ਗਈ, ਕੁਝ ਮਿੰਟਾਂ ਦੀ ਘਟਨਾ ਨੇ ਅੰਦਰੋਂ ਕੋਮਲ ਮਨ ਨੂੰ ਤੋੜ ਕੇ ਰੱਖ ਦਿੱਤਾ। ਘਰ ਜਾਣ ਦੀ ਬਜਾਏ ਸਿੱਧਾ ਖੇਤ ਨੂੰ ਗਿਆ ਪਾਣੀ ਦੀ ਘੁੱਟ ਪੀ ਕੇ ਸਾਰਾ ਕੁਝ ਭੁੱਲਣ ਦਾ ਯਤਨ ਕੀਤਾ ਕਿਸੇ ਫ਼ਿਲਮ ਦੀ ਤਰ੍ਹਾਂ ਉਹ ਦ੍ਰਿਸ਼ ਬਾਰ ਬਾਰ ਮੇਰੇ ਜ਼ਹਿਨ ਤੇ ਤੈਰਦੇ ਰਹੇ। ਘਰੇ ਪਹੁੰਚ ਸਾਈਕਲ ਡਰਦਿਆਂ ਡਰਦਿਆਂ ਇਕ ਨੁੱਕਰੇ ਲਾ ਦਿੱਤਾ ਮਾਂ ਨੇ ਰੋਟੀ ਦਿੰਦਿਆਂ ਝਿੜਕਾਂ ਦੀ ਝੜੀ ਲਾ ਦਿੱਤੀ ਰਾਤ ਨੂੰ ਮੌਰ ਦੀ ਚੀਸ ਨੇ ਪਾਸਾ ਵੀ ਨਾ ਪਲਟਣ ਦਿੱਤਾ ਗਰਮ ਇੱਟ ਦਾ ਸੇਕ ਵੀ ਕੁਝ ਨਾ ਕਰ ਸਕਿਆ। ਅਗਲੇ ਦਿਨ ਬੂਟਾ ਸਿੰਘ ਪੁਰਾਣਾ ਅਤੇ ਨਵਾਂ ਅਖ਼ਬਾਰ ਲੈ ਕੇ ਹਾਜ਼ਰ ਸੀ, ਅੱਜ ਵੀ ਸੋਚਦਾ ਹਾਂ ਕਿਹੋ ਜਿਹਾ ਸਮਾਂ ਸੀ ਉਹ। ਖੌਰੇ ਇਹੋ ਜਿਹੀ ਸਾਹਿਤਕ ਚੇਟਕ ਦੀ ਵਜ੍ਹਾ ਨਾਲ ਹੀ ਕਲਮ ਦੇ ਖੇਤਰ ਵਿਚ ਪੈਰ ਲੱਗੇ ਹੋਣ ਤੇ ਸਮਾਜ ਲਈ ਕੁਝ ਲਿਖ ਕੇ ਕਰ ਵਿਖਾਉਣ ਲਈ ਇਨ੍ਹਾਂ ਘਟਨਾਵਾਂ ਦਾ ਭਰਵਾਂ ਯੋਗਦਾਨ ਹੋਵੇ। ਅੱਜ ਵੀ ਜਦ ਮੋਢੇ ਦੀ ਪੀੜ ਉੱਠਦੀ ਹੈ ਤਾਂ ਉਹ ਮਾੜੇ ਸਮਿਆਂ ਨੂੰ ਯਾਦ ਕਰ ਸੀਨੇ ਅੰਦਰੋਂ ਇਕ ਧਾਅ ਜ਼ਰੂਰ ਨਿਕਲਦੀ ਹੈ। ਖ਼ੈਰ ਮਾਲਕ ਭਲੀ ਕਰੇ ਇਹੋ ਜਿਹੇ ਦਿਨਮੇਰੇ ਪੰਜਾਬ ਨੂੰ ਫੇਰ ਨਾ ਵੇਖਣੇ ਪੈਣ।

-ਮੋਬਾਈਲ : 9463463136

ਰਿਫ਼ਲੈਕਟਰ ਲਾਉਣ ਦਾ ਵੇਲਾ

ਸਰਦੀ-ਧੁੰਦ ਦਾ ਮੌਸਮ ਸ਼ੁਰੂ ਹੋ ਗਿਆ ਹੈ, ਭਾਵੇਂ ਆਮ ਤੌਰ 'ਤੇ ਧੁੰਦ ਦਸੰਬਰ-ਜਨਵਰੀ ਵਿਚ ਸ਼ੁਰੂ ਹੁੰਦੀ ਹੈ। ਸੰਘਣੇ ਧੂੰਏਂ ਤੇ ਧੁੰਦ ਕਾਰਨ ਸੜਕਾਂ ਉੱਪਰ ਫਿਰਦੇ ਅਵਾਰਾ ਪਸ਼ੂ ਤੇ ਜਾਨਵਰ ਦਿਖਾਈ ਨਹੀਂ ਦਿੰਦੇ, ਜਿਸ ਕਾਰਨ ਸੜਕ ਹਾਦਸਿਆਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਸਰਕਾਰਾਂ ਕਦੇ ਵੀ ਅਜਿਹੀਆਂ ਸਮੱਸਿਆਵਾਂ ਦਾ ਹੱਲ ਕਰਨ ਦੀ ਗੱਲ ਨਹੀਂ ਸੋਚਦੀਆਂ। ਆਓ, ਅਸੀਂ ਸਾਰੇ ਆਪਣਾ ਨੈਤਿਕ ਫਰਜ਼ ਸਮਝਦੇ ਹੋਏ ਰਿਫਲੈਕਟਰ ਜੋ ਅਸੀਂ ਵਾਹਨਾਂ, ਗਲੀਆਂ, ਮੋੜਾਂ, ਦਰੱਖਤਾਂ ਅਤੇ ਜਿੱਥੇ ਵੀ ਲਗਦਾ ਹੈ ਥਾਵਾਂ ਖ਼ਤਰਨਾਕ ਹਨ, ਏਥੇ ਵਾਰ-ਵਾਰ ਹਾਦਸੇ ਹੋ ਰਹੇ ਹਨ, ਲਾ ਕੇ ਹਾਦਸੇ ਘੱਟ ਕਰਨ ਵਿਚ ਆਪਣਾ ਯੋਗਦਾਨ ਪਾਈਏ। ਰਿਫਲੈਕਟਰ ਲਾਉਣ ਦਾ ਕੰਮ ਸਮਾਜ ਸੇਵੀ ਸੰਸਥਾ ਸਾਡੇ ਪੁਲਿਸ ਪ੍ਰਸ਼ਾਸਨ, ਵਿਦਿਆਰਥੀ, ਹਰ ਆਮ ਮਨੁੱਖ ਜੋ ਕਿ ਮਨੁੱਖਤਾ ਦਾ ਦਰਦ ਰੱਖਦਾ ਹੈ, ਬਾਖੂਬੀ ਕਰ ਸਕਦਾ ਹੈ। ਮੰਦਰਾਂ-ਗੁਰਦੁਆਰਿਆਂ ਵਿਚ ਦਾਨ-ਪੁੰਨ ਕਰਕੇ ਹੀ ਅਸੀਂ ਆਪਣਾ ਦਸਵੰਦ ਨਹੀਂ ਕੱਢ ਸਕਦੇ। ਅਜਿਹੀਆਂ ਪਿਰਤਾਂ ਪਾਉਣ ਦੀ ਵੀ ਲੋੜ ਹੈ, ਜੋ ਮਨੁੱਖਤਾ ਦੀ ਭਲਾਈ ਕਰ ਸਕਦੀਆਂ ਹਨ। ਸੜਕਾਂ 'ਤੇ ਥਾਂ-ਥਾਂ ਲੱਗੇ ਟੋਲ-ਪਲਾਜ਼ਿਆਂ 'ਤੇ ਗੱਡੀਆਂ ਮੋਟਰਾਂ ਨੇ ਰੁਕਣਾ ਹੀ ਹੁੰਦਾ ਹੈ। ਅਜਿਹੀਆਂ ਥਾਵਾਂ 'ਤੇ ਰਿਫਲੈਕਟਰ ਲਾਉਣ ਦਾ ਕੰਮ ਕੀਤਾ ਜਾ ਸਕਦਾ ਹੈ। ਪਿੰਡਾਂ-ਸ਼ਹਿਰਾਂ ਦੀਆਂ ਨੌਜਵਾਨ ਸਭਾਵਾਂ ਆਪਣੇ-ਆਪਣੇ ਇਲਾਕਿਆਂ ਦੀ ਜ਼ਿੰਮੇਵਾਰੀ ਲੈਣ ਕਿ ਕੋਈ ਵੀ ਸਾਈਕਲ, ਸਕੂਟਰ, ਟਰੈਕਟਰ-ਟਰਾਲੀ, ਬਿਨਾਂ ਰਿਫਲੈਕਟਰ ਤੋਂ ਸੜਕਾਂ 'ਤੇ ਨਾ ਚੱਲੇ। ਬਹੁਤ ਸਾਰੇ ਸਮਾਜ ਸੇਵੀ ਵੀਰ ਅਵਾਰਾ ਗਾਵਾਂ ਦੇ ਗਲਾਂ ਵਿਚ ਵੀ ਰਿਫਲੈਕਟਰ ਪੱਟੀਆਂ ਪਾ ਰਹੇ ਹਨ, ਇਹ ਵਧੀਆ ਗੱਲ ਹੈ। ਸੋ, ਟ੍ਰੈਫਿਕ ਪੁਲਿਸ ਨੂੰ ਵੀ ਚਾਹੀਦਾ ਹੈ ਕਿ ਜੋ ਰਿਫਲੈਕਟਰ ਨਹੀਂ ਲਾਉਂਦੇ, ਉਨ੍ਹਾਂ ਨਾਲ ਸਖ਼ਤੀ ਨਾਲ ਪੇਸ਼ ਆਇਆ ਜਾਵੇ। ਸੜਕ 'ਤੇ ਰਿਫਲੈਕਟਰ ਨਾ ਲੱਗਣ ਕਾਰਨ ਆਏ ਦਿਨ ਨਵੇਂ ਹਾਦਸੇ ਵਾਪਰ ਰਹੇ ਹਨ। ਆਮ ਲੋਕ ਵੀ ਸੜਕ 'ਤੇ ਚੜ੍ਹਨ ਤੋਂ ਪਹਿਲਾਂ ਇਹ ਯਕੀਨੀ ਬਣਾਉਣ ਕਿ ਕੀ ਉਨ੍ਹਾਂ ਦੇ ਅਜਿਹੇ ਕੱਪੜੇ, ਬੂਟ ਪਾਏ ਹਨ, ਜੋ ਧੁੰਦ ਜਾਂ ਹਨੇਰੇ ਵਿਚ ਚਮਕ ਪੈਦਾ ਕਰਦੇ ਹਨ। ਸੋ ਆਓ, ਸੜਕ 'ਤੇ ਹਾਦਸਿਆਂ ਤੋਂ ਬਚਣ ਲਈ ਰਿਫਲੈਕਟਰ ਲਾਈਏ। ਮਨੁੱਖੀ ਜ਼ਿੰਦਗੀ ਬਹੁਤ ਕੀਮਤੀ ਹੈ। ਸਾਡੇ ਅਜਿਹੇ ਉਪਰਾਲੇ ਹਾਦਸਿਆਂ ਨੂੰ ਘੱਟ ਕਰ ਸਕਦੇ ਹਨ। ਪੁਲਿਸ ਪ੍ਰਸ਼ਾਸਨ ਕੋਲ, ਫ਼ੌਜ ਕੋਲ ਮਨੁੱਖੀ ਤਾਕਤ ਦੀ ਕਮੀ ਨਹੀਂ ਹੈ ਕਿ ਅਜਿਹਾ ਨਹੀਂ ਹੋ ਸਕਦਾ। ਜਿਵੇਂ ਅਸੀਂ ਪਲਸ-ਪੋਲੀਓ ਮੁਹਿੰਮ ਲਈ ਹਰ ਗਲੀ-ਮੋੜ 'ਤੇ ਮਿੱਥੇ ਦਿਨਾਂ ਵਿਚ ਦਵਾਈ ਨਿਸ਼ਚਿਤ ਉਮਰ ਦੇ ਹਰ ਬੱਚੇ ਨੂੰ ਪਿਲਾਉਂਦੇ ਹਾਂ ਅਤੇ ਸਫ਼ਲ ਵੀ ਹੁੰਦੇ ਹਾਂ, ਉਸੇ ਤਰ੍ਹਾਂ ਅਜਿਹੇ ਹਫ਼ਤੇ ਮਨਾਏ ਜਾਣ ਜਦੋਂ ਅਸੀਂ ਰਿਫਲੈਕਟਰ ਲਾਉਣੇ ਯਕੀਨੀ ਬਣਾਈਏ।

-(ਫ਼ਰੀਦਕੋਟ)। ਮੋਬਾ: 81469-33733

ਧਾਰਮਿਕ ਸਥਾਨਾਂ 'ਚ ਸਪੀਕਰਾਂ ਦੀ ਆਵਾਜ਼ ਹਦੂਦ ਅੰਦਰ ਰੱਖੀ ਜਾਵੇ

ਸਾਡੇ ਦੇਸ਼ ਦੇ ਲੋਕ ਕਾਫ਼ੀ ਸਮੇਂ ਤੋਂ ਆਵਾਜ਼ ਪ੍ਰਦੂਸ਼ਣ ਦੀ ਸਮੱਸਿਆ ਨਾਲ ਜੂਝ ਰਹੇ ਹਨ ਪਰ ਇਸ ਸਮੱਸਿਆ ਦਾ ਹੱਲ ਅਜੇ ਤੱਕ ਨਹੀਂ ਨਿਕਲ ਸਕਿਆ। ਧਾਰਮਿਕ ਸਥਾਨਾਂ ਅੰਦਰ ਸਪੀਕਰਾਂ ਦੀ ਆਵਾਜ਼ ਦਾ ਮਸਲਾ ਕਾਫ਼ੀ ਸਮੇਂ ਤੋਂ ਚੱਲ ਰਿਹਾ ਹੈ ਪਰ ਇਸ ਸਮੱਸਿਆ ਦਾ ਹੱਲ ਹੁੰਦਾ ਨਜ਼ਰ ਨਹੀਂ ਆ ਰਿਹਾ। ਧਾਰਮਿਕ ਥਾਵਾਂ ਉੱਪਰ ਲੱਗੇ ਧੂਤਰੇ 'ਚੋਂ ਨਿਕਲਦੀ ਉੱਚੀ ਆਵਾਜ਼ ਹਰੇਕ ਨੂੰ ਸਵੇਰ ਤੇ ਸ਼ਾਮ ਵੇਲੇ ਪ੍ਰਭਾਵਿਤ ਕਰਦੀ ਹੈ। ਉੱਚੀ ਆਵਾਜ਼ ਕਾਰਨ ਵਿਅਕਤੀ ਕਈ ਬਿਮਾਰੀਆਂ ਨਾਲ ਵੀ ਗ੍ਰਸਤ ਹੋ ਜਾਂਦਾ ਹੈ। ਉੱਚੀ ਆਵਾਜ਼ ਔਰਤ ਦੇ ਗਰਭ 'ਚ ਪਲ ਰਹੇ ਬੱਚੇ ਨੂੰ ਵੀ ਪ੍ਰਭਾਵਿਤ ਕਰਦੀ ਹੈ। ਸਪੀਕਰ ਲਾਉਣ ਵਾਲਾ ਆਪਣੀ ਆਵਾਜ਼ ਦੂਰ ਤੱਕ ਸੁਣਾਉਣ ਦਾ ਮਾਰਾ ਵੱਡਾ ਸੈੱਟ ਲਿਆ ਕੇ ਸਪੀਕਰ ਦੀ ਆਵਾਜ਼ ਉੱਚੀ ਛੱਡ ਦਿੰਦਾ ਹੈ ਪਰ ਉਹ ਇਹ ਭੁੱਲ ਜਾਂਦਾ ਹੈ ਕਿ ਗੁਰਬਾਣੀ ਵੀ ਸ਼ੋਰ-ਸ਼ਰਾਬੇ ਦੀ ਨਿਖੇਧੀ ਕਰਦੀ ਹੈ। ਸਪੀਕਰ ਦੀ ਆਵਾਜ਼ ਉੱਚੀ ਕਰਨ ਨਾਲ ਪਾਠ ਕਰਨ ਵਾਲੇ ਵਿਅਕਤੀ ਨੂੰ ਅੰਦਰ ਬੈਠੇ ਨੂੰ ਕੋਈ ਆਵਾਜ਼ ਨਹੀਂ ਸੁਣਦੀ ਪਰ ਸਪੀਕਰ ਦੀ ਆਵਾਜ਼ ਜਿੱਥੇ-ਜਿੱਥੇ ਤੱਕ ਜਾਂਦੀ ਹੈ, ਉਸ ਥਾਂ 'ਤੇ ਖੜ੍ਹੇ ਵਿਅਕਤੀ ਨੂੰ ਦੂਸਰੇ ਵਿਅਕਤੀ ਨਾਲ ਫੋਨ 'ਤੇ ਜਾਂ ਗੱਲਬਾਤ ਕਰਨ ਵੇਲੇ ਬਹੁਤ ਮੁਸ਼ਕਿਲ ਪੇਸ਼ ਆਉਂਦੀ ਹੈ। ਆਵਾਜ਼ ਪ੍ਰਦੂਸ਼ਣ ਰੋਕਣ ਲਈ ਜੋ ਵੀ ਕਾਨੂੰਨ ਬਣੇ ਹਨ, ਉਹ ਹਾਲੇ ਤੱਕ ਕਦੇ ਵੀ ਪੂਰੀ ਤਰ੍ਹਾਂ ਲਾਗੂ ਨਹੀਂ ਹੋਏ। ਵੱਡਾ ਸਪੀਕਰ ਸਿਰਫ਼ ਕੋਈ ਜ਼ਰੂਰੀ ਅਨਾਊਂਸਮੈਂਟ ਕਰਨ ਲਈ, ਨਗਰ ਕੀਰਤਨ ਸਮੇਂ, ਸੰਗਰਾਂਦ ਵਾਲੇ ਦਿਨ ਤੇ ਵਿਸਾਖੀ 'ਤੇ ਲਗਾਏ ਜਾਣ। ਪ੍ਰਭਾਤ ਫੇਰੀਆਂ ਸਮੇਂ ਵੀ ਘੱਟ ਆਵਾਜ਼ ਵਾਲੇ ਸਪੀਕਰ ਵਰਤੇ ਜਾਣ। ਸਵੇਰ ਵੇਲੇ ਤੇ ਸ਼ਾਮ ਵੇਲੇ ਪਾਠ ਕਰਨ ਵਾਲੇ ਪਾਠੀ ਸਿੰਘਾਂ ਨੂੰ ਬੇਨਤੀ ਹੈ ਕਿ ਉਹ ਪਾਠ ਕਰਨ ਵੇੇਲੇ ਆਪਣੇ ਲਾਗੇ ਪਏ ਸੈੱਟ ਤੋਂ ਆਵਾਜ਼ ਜ਼ਰੂਰ ਘੱਟ ਕਰ ਲੈਣ, ਕਿਉਂਕਿ ਉਨ੍ਹਾਂ ਦੇ ਬੱਚੇ ਵੀ ਇਸ ਉੱਚੀ ਆਵਾਜ਼ ਕਾਰਨ ਪ੍ਰੇਸ਼ਾਨ ਹੁੰਦੇ ਹਨ। ਘਰ ਵਿਚ ਜਦੋਂ ਅਸੀਂ ਪਾਠ ਕਰਵਾਉਂਦੇ ਹਾਂ ਤਾਂ ਸਾਨੂੰ ਵੀ ਇਸ ਦਾ ਧਿਆਨ ਰੱਖਣਾ ਚਾਹੀਦਾ ਹੈ। ਜੇਕਰ ਆਵਾਜ਼ ਘੱਟ ਕਰ ਲਈ ਜਾਵੇ ਤਾਂ ਗੁਰਬਾਣੀ ਤੇ ਕਥਾ ਕੀਰਤਨ ਸੁਣਨ ਦਾ ਆਨੰਦ ਵੱਖਰਾ ਹੀ ਆਵੇਗਾ। ਆਉਣ ਵਾਲੇ ਸਮੇਂ 'ਚ ਜੇਕਰ ਇਕ ਪਿੰਡ ਇਕ ਗੁਰਦੁਆਰਾ ਮੁਹਿੰਗ ਵਾਂਗ ਸ਼੍ਰੋਮਣੀ ਕਮੇਟੀ ਹਰੇਕ ਪਿੰਡ ਦੇ ਗੁਰਦੁਆਰੇ ਉੱਪਰ ਟੰਗੇ ਉੱਚੀ ਆਵਾਜ਼ ਵਾਲੇ ਵੱਡੇ ਸਪੀਕਰ ਉਤਾਰ ਕੇ ਹਾਲ ਅੰਦਰ ਘੱਟ ਆਵਾਜ਼ ਵਾਲੇ ਛੋਟੇ ਸਪੀਕਰ ਲਾਉਣ ਦੀ ਮੁਹਿੰਮ ਚਲਾ ਦੇਵੇ ਤਾਂ ਇਹ ਇਕ ਬਹੁਤ ਹੀ ਵੱਡਾ ਉਪਰਾਲਾ ਹੋਵੇਗੇ।

-ਪਿੰਡ ਸੋਹੀਆਂ, ਡਾਕ: ਚੀਮਾ ਖੁੱਡੀ, ਜ਼ਿਲ੍ਹਾ ਗੁਰਦਾਸਪੁਰ।

ਮਾਰੂ ਨੀਤੀਆਂ ਤੋਂ ਦੁਖੀ ਬੇਰੁਜ਼ਗਾਰ ਬਣਨ ਲੱਗੇ ਬੇਗ਼ਾਨਾ ਧਨ

ਸਾਡੇ ਸਮਾਜ ਵਿਚ ਜਦ ਲੜਕੀ ਜੰਮਦੀ ਹੈ ਤਾਂ ਉਸ ਨੂੰ ਸ਼ੁਰੂ ਵਿਚ ਹੀ ਬੇਗਾਨਾ ਧਨ ਸਮਝਿਆ ਜਾਂਦਾ ਹੈ, ਕਿਉਂਕਿ ਉਸ ਨੇ ਵਿਆਹ ਤੋਂ ਬਾਅਦ ਅਗਲੇ ਘਰ ਜਾਣਾ ਹੁੰਦਾ ਹੈ। ਪਰ ਪਿਛਲੇ 10-15 ਸਾਲ ਤੋਂ ਭਾਰਤ ਵਿਚ ਖਾਸ ਕਰਕੇ ਪੰਜਾਬ ਵਿਚ ਨੌਜਵਾਨ ਲੜਕਿਆਂ 'ਤੇ ਵੀ ਇਹੀ ਤੁਕ ਲਾਗੂ ਹੋ ਰਹੀ ਹੈ, ਜਿਸ ਦਾ ਮੁੱਖ ਕਾਰਨ ਹੈ ਬੇਰੁਜ਼ਗਾਰੀ। ਬੇਰੁਜ਼ਗਾਰੀ ਕਿਸੇ ਖ਼ਤਰਨਾਕ ਬਿਮਾਰੀ ਨਾਲੋਂ ਵੀ ਘਾਤਕ ਸਿੱਧ ਹੋ ਰਹੀ ਹੈ ਅਤੇ ਨੌਜਵਾਨ ਇਸ ਦੀ ਦਲਦਲ ਵਿਚ ਦਿਨੋ-ਦਿਨ ਧੱਸਦੇ ਜਾ ਰਹੇ ਹਨ। ਮਾਪਿਆਂ ਨੂੰ ਆਪਣੇ ਬੱਚਿਆਂ ਦੀ ਪੜ੍ਹਾਈ 'ਤੇ ਲੱਖਾਂ ਰੁਪਏ ਖਰਚ ਕਰਨ ਤੋਂ ਬਾਅਦ ਵੀ ਉਨ੍ਹਾਂ ਦੇ ਭਵਿੱਖ ਦੀ ਚਿੰਤਾ ਵੱਢ-ਵੱਢ ਖਾ ਰਹੀ ਹੈ। ਸਮੇਂ ਦੀਆਂ ਸਰਕਾਰਾਂ ਕੋਲ ਲਾਰੇ-ਲੱਪਿਆਂ ਤੋਂ ਸਿਵਾਏ ਕੁਝ ਨਹੀਂ ਹੈ, ਜੋ ਆਪਸ ਵਿਚ ਸਿਆਸੀ ਕਿੜਾਂ ਕੱਢਣ ਤੱਕ ਹੀ ਸੀਮਤ ਹਨ। ਪੰਜਾਬ ਵਿਚ ਚੱਲਦੇ ਕਾਰਖਾਨਿਆਂ ਅਤੇ ਫੈਕਟਰੀਆਂ ਵੀ ਸਿਆਸਤ ਦੀ ਭੇਟ ਚੜ੍ਹ ਕੇ ਦੂਸਰੇ ਸੂਬਿਆਂ ਵਿਚ ਚਲੀਆਂ ਗਈਆਂ ਹਨ। ਪਿਛਲੇ 10-16 ਸਾਲਾਂ ਤੋਂ ਪੰਜਾਬ ਦੇ ਲੋਕਾਂ ਨੇ ਸਮੇਂ ਦੀਆਂ ਸਰਕਾਰਾਂ ਤੋਂ ਤੰਗ ਆ ਕੇ ਆਪਣੇ ਬੱਚਿਆਂ ਦੇ ਸੁਨਹਿਰੇ ਭਵਿੱਖ ਲਈ ਆਪਣਾ ਘਰ-ਬਾਹਰ ਗਹਿਣੇ ਰੱਖ ਕੇ ਜਾਂ ਜ਼ਮੀਨਾਂ ਵੇਚ ਕੇ ਬੱਚਿਆਂ ਨੂੰ ਬਾਹਰਲੇ ਦੇਸ਼ਾਂ ਵੱਲ ਤੋਰਨ ਦਾ ਨਿਸਚਾ ਕਰ ਲਿਆ ਹੈ। ਸਭ ਤੋਂ ਪਹਿਲਾਂ ਦੁਆਬੇ ਅਤੇ ਮਾਝੇ ਦੇ ਲੋਕ ਬਾਹਰ ਗਏ ਸਨ ਅਤੇ ਮਾਲਵੇ ਦੇ ਲੋਕ ਘੱਟ ਜਾਗਰੂਕ ਹੋਣ ਕਰਕੇ ਉਨ੍ਹਾਂ ਬਾਹਰ ਜਾਣ ਬਾਰੇ ਕਦੇ ਸੋਚਿਆ ਵੀ ਨਹੀਂ ਸੀ ਪਰ ਹੁਣ ਲੱਖਾਂ ਰੁਪਏ ਪੜ੍ਹਾਈਆਂ 'ਤੇ ਖਰਚਣ ਤੋਂ ਬਾਅਦ ਵੀ ਬੱਚੇ ਰੋਜ਼ੀ-ਰੋਟੀ ਦੀ ਤਲਾਸ਼ ਲਈ ਘਰੋਂ ਨਿਕਲਦੇ ਹਨ ਤਾਂ ਉਨ੍ਹਾਂ ਨੂੰ ਦਫਤਰਾਂ ਅੱਗੇ 'ਨੋ ਵੈਕਨਸੀ' ਦੀ ਲਿਸਟ ਤੋਂ ਇਲਾਵਾ ਹੋਰ ਕੁਝ ਦਿਖਾਈ ਨਹੀਂ ਦੇ ਰਿਹਾ। ਅੱਜ ਪੰਜਾਬ ਦੇ ਲੋਕਾਂ ਦੀ ਸੋਚ ਸਿਰਫ ਬਾਹਰ ਜਾਣ 'ਤੇ ਟਿਕ ਚੁੱਕੀ ਹੈ, ਹਰ ਕੋਈ ਆਪਣੇ ਬੱਚਿਆਂ ਨੂੰ ਆਈਲੈਟਸ ਕਰਵਾਉਣ ਲੱਗਾ ਹੋਇਆ ਹੈ। ਸ਼ੁਰੂ ਵਿਚ ਬਾਹਰ ਜਾਣ ਦਾ ਨਸ਼ਾ ਮਾਲਵੇ ਦੇ ਪਿੰਡਾਂ ਦੇ ਨੌਜਵਾਨਾਂ ਤੱਕ ਸੀਮਤ ਸੀ ਪਰ ਪਿਛਲੇ 4-5 ਸਾਲਾਂ ਤੋਂ ਸ਼ਹਿਰਾਂ ਦੇ ਲੜਕੇ-ਲੜਕੀਆਂ ਨੇ ਤਾਂ ਰਿਕਾਰਡ ਹੀ ਤੋੜ ਦਿੱਤਾ ਹੈ। ਬਹੁਤ ਸਾਰੇ ਆਈਲੈਟਸ ਕਰਵਾਉਣ ਵਾਲੇ ਵੀ ਸਰਕਾਰਾਂ ਨਾਲ ਰਲ ਕੇ ਗੈਰ-ਕਨੂੰਨੀ ਸਕੂਲ ਖੋਲ੍ਹ ਕੇ ਆਮ ਲੋਕਾਂ ਨੂੰ ਲੁੱਟ ਰਹੇ ਹਨ ਅਤੇ ਦਿਨੋ-ਦਿਨ ਤਰੱਕੀਆਂ ਕਰ ਰਹੇ ਹਨ। ਬੇਰੁਜ਼ਗਾਰੀ ਦੀ ਦਲਦਲ ਵਿਚ ਫਸੇ ਪੰਜਾਬੀ ਨੌਜਵਾਨਾਂ ਨੂੰ ਬਾਹਰ ਘੱਲਣ ਲਈ ਇਮੀਗ੍ਰੇਸ਼ਨ ਜਾਂ ਟਰੈਵਲ ਏਜੰਟੀ ਦਾ ਕਾਰੋਬਾਰ ਕਰਨ ਵਾਲੇ ਜਿੱਥੇ ਬਹੁਤ ਵਧੀਆ ਕੰਮ ਕਰ ਰਹੇ ਹਨ, ਉੱਥੇ ਹੀ ਪੰਜਾਬ ਵਿਚ ਬਹੁਤ ਸਾਰੇ ਗੈਰ-ਕਨੂੰਨੀ ਖੁੱਲ੍ਹੇ ਇਮੀਗ੍ਰੇਸ਼ਨ ਕਾਰੋਬਾਰੀ ਅਤੇ ਟਰੈਵਲ ਏਜੰਟਾਂ ਦੀ ਵੀ ਚਾਂਦੀ ਬਣੀ ਹੋਈ ਹੈ, ਜੋ ਭੋਲੇ-ਭਾਲੇ ਲੋਕਾਂ ਨੂੰ ਸਬਜ਼ਬਾਗ ਦਿਖਾ ਕੇ ਉਨ੍ਹਾਂ ਦੇ ਬੱਚਿਆਂ ਨੂੰ ਬਾਹਰ ਦਾ ਲਾਲਚ ਦਿਖਾਉਂਦੇ ਹਨ ਅਤੇੇ ਜਾਅਲੀ ਵੀਜ਼ੇ ਲੁਆ ਕੇ ਬਾਹਰਲੀਆਂ ਜੇਲ੍ਹਾਂ ਜਾਂ ਜੰਗਲਾਂ ਵਿਚ ਧੱਕੇ ਖਾਣ 'ਤੇ ਮਜਬੂਰ ਕਰ ਰਹੇ ਹਨ, ਜਿਨ੍ਹਾਂ ਦੀ ਕੋਈ ਪੁੱਛ-ਪੜਤਾਲ ਨਹੀਂ ਹੈ। ਬਾਹਰ ਜਾਣ ਲਈ ਘੱਟੋ-ਘੱਟ 15-16 ਲੱਖ ਦੀ ਜ਼ਰੂਰਤ ਪੈਂਦੀ ਹੈ ਜੋ ਇਕ ਅਮੀਰ ਆਦਮੀ ਨੂੰ ਤਾਂ ਕੋਈ ਫਰਕ ਨਹੀਂ ਪੈਂਦਾ ਪਰ ਇਕ ਮੱਧਵਰਗੀ ਪਰਿਵਾਰ ਲਈ ਆਪਣੇ ਬੱਚੇ ਨੂੰ ਮਜਬੂਰਨ ਬਾਹਰ ਭੇਜਣ ਲਈ ਆਪਣਾ ਘਰ-ਬਾਰ ਜਾਂ ਥੋੜ੍ਹੀ-ਬਹੁਤੀ ਜ਼ਮੀਨ ਵੇਚ ਕੇ ਅੱਕ ਚੱਬਣਾ ਪੈ ਰਿਹਾ ਹੈ। ਸਾਡੇ ਦੇਸ਼ ਵਿਚ ਮੰਤਰੀ ਜਾਂ ਅਫਸਰ ਦਿਨੋ-ਦਿਨ ਤਰੱਕੀਆਂ ਕਰ ਰਹੇ ਹਨ ਪਰ ਆਮ ਜਨਤਾ ਇਨ੍ਹਾਂ ਲੋਟੂਆਂ ਦੀ ਲੁੱਟ ਦਾ ਸ਼ਿਕਾਰ ਹੋ ਕੇ ਗਰੀਬੀ ਦੀ ਦਲਦਲ ਵਿਚ ਧਸਦਾ ਜਾ ਰਿਹਾ ਹੈ। ਕੀ ਪੰਜਾਬ ਸਰਕਾਰ ਸਾਡੇ ਬੱਚਿਆਂ ਦੇ ਭਵਿੱਖ ਬਾਰੇ ਕਦੇ ਸੋਚੇਗੀ ਜਾਂ ਆਪਣੇ ਪੇਟ ਜਾਂ ਖਜ਼ਾਨੇ ਭਰਨ ਵਿਚ ਹੀ ਮਸਤ ਰਹੇਗੀ?

-ਨੇੜੇ ਭਾਰੂ ਗੇਟ, ਗਿੱਦੜਬਾਹਾ। ਮੋਬਾ: 94174-47986

ਸਾਡੇ ਅਨਪੜ੍ਹ ਬਜ਼ੁਰਗ

'ਪੜ੍ਹਿਆ-ਲਿਖਿਆ ਬੰਦਾ ਗਿਆਨ ਹਾਸਲ ਕਰਕੇ ਗਿਆਨੀ ਤੇ ਸਮਝਦਾਰ ਬਣ ਜਾਂਦਾ, ਉਹ ਸਮਾਜ ਵਿਚ ਚੰਗੇ ਢੰਗ ਨਾਲ ਵਿਚਰਦੇ ਹੋਰਾਂ ਨੂੰ ਅੱਗੇ ਲੈ ਕੇ ਜਾਂਦਾ ਆਪਣਾ ਗਿਆਨ ਵੰਡਦਾ, ਉਸ ਨੂੰ ਸਰਕਾਰੇ-ਦਰਬਾਰੇ ਨੌਕਰੀ ਵੀ ਮਿਲ ਜਾਂਦੀ ਹੈ, ਉਹ ਚੰਗੀ ਸੂਝ-ਬੂਝ ਦਾ ਮਾਲਕ ਬਣ ਜਾਂਦਾ', ਅਜਿਹਾ ਅਕਸਰ ਕਿਹਾ ਜਾਂਦਾ ਹੈ। ਪਰ ਪਿਛਲੇ 70-80 ਸਾਲ ਪਹਿਲਾਂ ਨਜ਼ਰ ਮਾਰੀਏ ਤਾਂ ਪਿੰਡ ਵਿਚ ਕੋਈ ਦੋ-ਚਾਰ ਵਿਰਲੇ ਹੀ ਪੜ੍ਹੇ-ਲਿਖੇ ਲੱਭਦੇ ਸਨ, ਜਿਨ੍ਹਾਂ ਕੋਲ ਸਾਰਾ ਪਿੰਡ ਚਿੱਠੀ ਪੜ੍ਹਾਉਣ ਲਈ ਜਾਂਦਾ ਤੇ ਪੜ੍ਹਨ ਤੋਂ ਬਾਅਦ ਲਿਖਦੇ ਵੀ ਸਨ। ਪਰ ਸਾਡੇ ਬਜ਼ੁਰਗ ਜੋ ਪੜ੍ਹੇ-ਲਿਖੇ ਨਹੀਂ ਸਨ, ਉਨ੍ਹਾਂ ਦੀ ਸੂਝ-ਬੂਝ, ਹੁਸ਼ਿਆਰੀ ਤੇ ਲਿਆਕਤ ਬਾਕਮਾਲ ਹੁੰਦੀ ਸੀ। ਬਹੁਤ ਹੀ ਅਕਲ ਦੇ ਮਾਲਕ ਸਮਾਜ ਵਿਚ ਵਧੀਆ ਢੰਗ ਨਾਲ ਵਿਚਰਨ ਵਾਲੇ ਭੋਲੇ-ਭਾਲੇ ਲੋਕ ਸਨ, ਬਹੁਤੀਆਂ ਚੁਸਤੀਆਂ-ਚਲਾਕੀਆਂ ਨਹੀਂ ਸਨ ਜਾਣਦੇ। ਕਿਉਂਕਿ ਉਨ੍ਹਾਂ ਨੂੰ ਲਿਖਤੀ ਜਾਂ ਪੜ੍ਹ ਕੇ ਕੋਈ ਕੰਮ ਨਹੀਂ ਸੀ ਆਉਂਦਾ। ਬੱਚਿਆਂ ਨੂੰ ਸਿੱਧੇ ਰਾਹ ਪਾਉਣ ਲਈ ਕਹਾਣੀਆਂ, ਰਾਸਾਂ ਦਾ ਪ੍ਰਯੋਗ ਕਰਦੇ। ਉਹ ਪੂਰੀ ਲਾਇਬ੍ਰੇਰੀ ਜਿੰਨਾ ਦਿਮਾਗ ਤੇ ਗਿਆਨ ਦਾ ਭੰਡਾਰ ਰੱਖਦੇ ਸਨ। ਹਰ ਬਿਮਾਰੀ ਦਾ ਇਲਾਜ ਕਿਵੇਂ ਕਰਨਾ, ਉਨ੍ਹਾਂ ਨੂੰ ਦੇਸੀ ਟੋਟਕੇ ਪਤਾ ਹੁੰਦੇ ਸਨ। ਕਿਹੜਾ ਕੰਮ ਕਿੰਜ ਕਰਨਾ, ਸਭ ਹਿਸਾਬ-ਕਿਤਾਬ ਉਨ੍ਹਾਂ ਨੂੰ ਜ਼ਬਾਨੀ ਪਤਾ ਹੁੰਦਾ ਸੀ। ਵਕਤ (ਟਾਈਮ) ਨੂੰ ਉਹ ਪ੍ਰਛਾਵੇਂ ਤੇ ਰਾਤ ਨੂੰ ਤਾਰਿਆਂ ਦੀ ਸਥਿਤੀ ਤੋਂ ਪਤਾ ਲਗਾ ਲੈਂਦੇ ਸਨ। ਘੜੀ ਦਾ ਵਕਤ ਉਨ੍ਹਾਂ ਦੇ ਪ੍ਰਛਾਵੇਂ ਵਾਲੇ ਵਕਤ ਨਾਲ ਮਿਲਾਣ ਕਰਦਾ ਸੀ। ਗਿਣਤੀ-ਮਿਣਤੀ ਵਾਲੀਆਂ ਚੀਜ਼ਾਂ ਨੂੰ ਵੀ ਉਹ ਵੱਖਰੇ ਹੀ ਢੰਗ ਨਾਲ ਨਾਪਦੇ-ਤੋਲਦੇ ਸਨ। ਉਹ ਨਹੀਂ ਪੜ੍ਹ ਸਕੇ, ਕੋਈ ਮਜਬੂਰੀ ਹੋਵੇਗੀ ਪਰ ਉਨ੍ਹਾਂ ਦਾ ਦਿਮਾਗ ਤਾਂ ਤੇਜ਼-ਤਰਾਰ ਸੀ, ਜੋ ਆਪਣੇ ਹਿਸਾਬ ਨਾਲ ਸਭ ਹਿਸਾਬ ਰੱਖਦਾ ਸੀ। ਅੱਜ ਦੇ ਪੜ੍ਹੇ-ਲਿਖਿਆਂ ਨਾਲੋਂ ਮੈਨੂੰ ਪੁਰਾਣੇ ਸਾਡੇ ਅਨਪੜ੍ਹ ਬਜ਼ੁਰਗ ਜ਼ਿਆਦਾ ਕਾਬਲੀਅਤ ਅਤੇ ਸੰਜਮ ਵਾਲੇ ਲਗਦੇ ਸੀ। ਉਹ ਸੁਘੜ ਸਿਆਣੇ ਹੀ ਸਨ, ਜਿਨ੍ਹਾਂ ਨੇ ਅੱਗੇ ਆਪਣੇ ਬੱਚਿਆਂ ਨੂੰ ਪੜ੍ਹਾ ਕੇ ਆਪਣੀਆਂ ਸੱਧਰਾਂ ਪੂਰੀਆਂ ਕੀਤੀਆਂ ਤੇ ਆਪਣੇ ਪਰਿਵਾਰਾਂ ਨੂੰ ਇਕ ਲੜੀ ਵਿਚ ਪਰੋ ਕੇ ਇਕੱਠ ਨਿਭਾਏ।

-ਸਾਇੰਸ ਅਧਿਆਪਕ। ਮੋਬਾ: 84379-00582

ਚਿੰਤਾ ਦਾ ਵਿਸ਼ਾ ਹੈ ਸੜਕੀ ਹਾਦਸਿਆਂ ਵਿਚ ਖ਼ਤਰਨਾਕ ਵਾਧਾ

ਭਾਵੇਂ ਪਿਛਲੇ ਕਾਫੀ ਸਮੇਂ ਤੋਂ ਪੰਜਾਬ ਵਿਚ ਸੜਕਾਂ ਦਾ ਜਾਲ ਵਿਛਾਇਆ ਗਿਆ ਹੈ। ਆਵਾਜਾਈ ਦੀਆਂ ਬਿਹਤਰ ਸਹੂਲਤਾਂ ਦੇਣ ਦੇ ਉਪਰਾਲੇ ਹੋ ਰਹੇ ਹਨ। ਪਰ ਪੰਜਾਬ ਦੀਆਂ ਸੜਕਾਂ ਜਾਨ ਦਾ ਖੌਅ ਬਣ ਗਈਆਂ, ਹਰ ਰੋਜ਼ ਵੱਡੀ ਗਿਣਤੀ ਵਿਚ ਸੜਕ ਹਾਦਸੇ ਵਾਪਰ ਰਹੇ ਹਨ, ਜਿਸ ਤੋਂ ਲਗਦਾ ਹੈ ਸਾਰੀਆਂ ਸਬੰਧਤ ਧਿਰਾਂ ਆਪਣੀਆਂ ਜ਼ਿੰਮੇਵਾਰੀਆਂ ਤੋਂ ਅਣਜਾਣ ਹਨ। ਹਾਦਸਿਆਂ ਦਾ ਸਭ ਤੋਂ ਵੱਡਾ ਕਾਰਨ ਤੇਜ਼ ਰਫਤਾਰ ਵਾਹਨ ਹਨ। ਨਵੇਂ ਆ ਰਹੇ ਵਾਹਨਾਂ ਦੀ ਗਤੀ ਬਹੁਤ ਤੇਜ਼ ਹੈ ਪਰ ਰਾਜ ਦੀਆਂ ਸੜਕਾਂ ਉਸ ਦੇ ਅਨੁਕੂਲ ਨਹੀਂ ਹਨ। ਇਸ ਤੋਂ ਬਿਨਾਂ ਨਸ਼ਾ ਕਰਕੇ ਡਰਾਈਵਿੰਗ ਕਰਨਾ ਅਤੇ ਓਵਰਲੋਡ ਵਾਹਨ ਵੀ ਹਾਦਸਿਆਂ ਦਾ ਕਾਰਨ ਬਣਦੇ ਹਨ। ਅਜਿਹੀ ਅਣਗਹਿਲੀ ਕਰਨ ਵਾਲੇ ਆਪ ਤਾਂ ਮੌਤ ਦੇ ਮੂੰਹ ਵਿਚ ਜਾਂਦੇ ਹੀ ਪਰ ਅਨੇਕਾਂ ਬੇਕਸੂਰ ਲੋਕ ਇਨ੍ਹਾਂ ਦੀ ਲਪੇਟ ਵਿਚ ਆ ਕੇ ਮੌਤ ਦਾ ਸ਼ਿਕਾਰ ਹੋ ਜਾਂਦੇ ਹਨ ਅਤੇ ਜ਼ਿੰਦਗੀ ਤੋਂ ਹੱਥ ਧੋ ਬੈਠਦੇ ਹਨ। ਇਸ ਸਮੇਂ ਪੰਜਾਬ ਵਿਚ ਸੜਕੀ ਹਾਦਸੇ ਖ਼ਤਰਨਾਕ ਹੱਦ ਤੱਕ ਪਹੁੰਚ ਚੁੱਕੇ ਹਨ। ਤਾਜ਼ਾ ਰਿਪੋਰਟ ਤੇ ਅੰਕੜਿਆਂ ਅਨੁਸਾਰ ਰੋਜ਼ਾਨਾ 10-15 ਵਿਅਕਤੀ ਸੜਕ ਹਾਦਸਿਆਂ ਕਾਰਨ ਮੌਤ ਦਾ ਸ਼ਿਕਾਰ ਹੋ ਰਹੇ ਹਨ। ਜੇਕਰ ਪਿਛਲੇ ਸਾਲ ਦੇ ਸਰਕਾਰੀ ਅੰਕੜਿਆਂ ਨੂੰ ਹੀ ਦੇਖਿਆ ਜਾਵੇ ਤਾਂ ਲਗਭਗ 6000 ਸੜਕੀ ਹਾਦਸੇ ਵਾਪਰੇ, ਜਿਨ੍ਹਾਂ ਵਿਚ 5077 ਲੋਕਾਂ ਦੀ ਮੌਤ ਹੋਈ ਅਤੇ ਜ਼ਖਮੀਆਂ ਦੀ ਗਿਣਤੀ ਇਸ ਤੋਂ ਕਈ ਗੁਣਾ ਜ਼ਿਆਦਾ ਹੈ, ਜਿਸ ਤੋਂ ਸਾਫ ਹੈ ਕਿ ਵੱਡੀ ਗਿਣਤੀ ਵਿਚ ਲੋਕਾਂ ਦੀ ਜ਼ਿੰਦਗੀ ਸੁਰੱਖਿਅਤ ਨਹੀਂ ਹੈ। ਆਵਾਜਾਈ ਜੋਖਮ ਭਰਿਆ ਕੰਮ ਹੈ। ਜਿਸ ਤਰ੍ਹਾਂ ਵਾਹਨਾਂ ਦੀ ਗਿਣਤੀ ਸੜਕਾਂ ਉੱਪਰ ਲਗਾਤਾਰ ਵਧ ਰਹੀ ਹੈ, ਉਸ ਤੋਂ ਲਗਦਾ ਹੈ ਆਉਣ ਵਾਲੇ ਸਮੇਂ ਵਿਚ ਇਹ ਸਥਿਤੀ ਬਹੁਤ ਗੰਭੀਰ ਹੋ ਜਾਵੇਗੀ। ਸੜਕ ਹਾਦਸੇ ਰੋਕਣ ਲਈ ਠੋਸ ਉਪਰਾਲਿਆਂ ਦੀ ਜ਼ਰੂਰਤ ਹੈ। ਸਭ ਤੋਂ ਪਹਿਲਾਂ ਸੜਕਾਂ 'ਤੇ ਨਿੱਜੀ ਵਾਹਨਾਂ ਦੀ ਗਿਣਤੀ ਘਟਾਉਣ ਦੀ ਲੋੜ ਹੈ। ਜਨਤਕ ਵਾਹਨਾਂ ਨੂੰ ਪ੍ਰਭਾਵਸ਼ਾਲੀ ਅਤੇ ਸਸਤਾ ਬਣਾਉਣਾ ਪਵੇਗਾ ਤਾਂ ਕਿ ਲੋਕ ਨਿੱਜੀ ਵਾਹਨਾਂ ਦੀ ਜਗ੍ਹਾ 'ਤੇ ਜਨਤਕ ਸੇਵਾਵਾਂ 'ਤੇ ਸਫਰ ਕਰਨ। ਮੌਜੂਦਾ ਸਮੇਂ 'ਤੇ ਨਿੱਜੀ ਵਾਹਨਾਂ 'ਤੇ ਸਫਰ ਸੌਖਾ ਤੇ ਸਸਤਾ ਪੈਣ ਕਰਕੇ ਵੱਡੀ ਗਿਣਤੀ ਵਿਚ ਲੋਕ ਨਿੱਜੀ ਵਾਹਨਾਂ 'ਤੇ ਸਫਰ ਕਰਨਾ ਪਸੰਦ ਕਰਦੇ ਹਨ। ਸੜਕੀ ਹਾਦਸਿਆਂ ਨੂੰ ਰੋਕਣ ਲਈ ਲਾਇਸੰਸ ਬਣਾਉਣ ਲਈ ਠੋਸ ਨੀਤੀ ਬਣਾਉਣ ਦੀ ਜ਼ਰੂਰਤ ਹੈ। ਡਰਾਈਵਿੰਗ ਦੀਆਂ ਸ਼ਰਤਾਂ ਪੂਰੀਆਂ ਕਰਨ ਤੋਂ ਬਾਅਦ ਅਤੇ ਸੜਕੀ ਨਿਯਮਾਂ ਦੀ ਜਾਣਕਾਰੀ ਤੋਂ ਬਾਅਦ ਹੀ ਲਾਇਸੰਸ ਬਣਨੇ ਚਾਹੀਦੇ ਹਨ। ਸਿੱਖਿਆ ਸੰਸਥਾਵਾਂ ਵਿਚ ਵੀ ਵਿਦਿਆਰਥੀਆਂ ਦੇ ਪਾਠਕ੍ਰਮ ਦਾ ਹਿੱਸਾ ਵਾਹਨਾਂ ਬਾਰੇ ਜਾਣਕਾਰੀ ਹੋਣਾ ਚਾਹੀਦਾ ਹੈ। ਸੜਕੀ ਨਿਯਮਾਂ ਪੁਲਿਸ ਨੂੰ ਨਿਯਮ ਸਖਤੀ ਨਾਲ ਲਾਗੂ ਕਰਨੇ ਚਾਹੀਦੇ ਹਨ। ਉਨ੍ਹਾਂ ਨੂੰ ਸਿਰਫ ਚਲਾਨ ਕੱਟਣ ਤੱਕ ਹੀ ਸੀਮਤ ਨਹੀਂ ਰਹਿਣਾ ਚਾਹੀਦਾ, ਬਲਕਿ ਲੋਕਾਂ ਨੂੰ ਜਾਗਰੂਕ ਵੀ ਕਰਨਾ ਚਾਹੀਦਾ ਹੈ। ਲੋਕਾਂ ਨੂੰ ਜਾਗਰੂਕ ਕਰਨ ਲਈ ਲੋਕ ਲਹਿਰ ਉਸਾਰਨ ਦੀ ਜ਼ਰੂਰਤ ਹੈ। ਸਰਕਾਰਾਂ ਵੋਟਾਂ ਦੇ ਸੁਆਰਥ ਲਈ ਫਰਜ਼ਾਂ ਨੂੰ ਨਹੀਂ ਭੁੱਲਣਾ ਚਾਹੀਦਾ। ਪਰਿਵਾਰਾਂ ਵਲੋਂ ਬੱਚਿਆਂ ਨੂੰ ਸਮੇਂ ਤੋਂ ਪਹਿਲਾਂ ਵਾਹਨ ਚਲਾਉਣ ਦੀ ਆਦਤ ਨਹੀਂ ਪਾਉਣੀ ਚਾਹੀਦੀ। ਸਰਕਾਰਾਂ ਨੂੰ ਸਮੇਂ ਦੀਆਂ ਸਥਿਤੀਆਂ ਅਨੁਸਾਰ ਸੜਕਾਂ ਦਾ ਨਿਰਮਾਣ ਕਰਨਾ ਚਾਹੀਦਾ ਹੈ। ਸਾਰੀਆਂ ਧਿਰਾਂ ਦੀ ਸਾਂਝੀ ਲਹਿਰ ਹੈ ਸੜਕ ਹਾਦਸਿਆਂ ਨੂੰ ਕੰਟਰੋਲ ਕਰਨ ਮਹੱਤਵਪੂਰਨ ਰੋਲ ਅਦਾ ਕਰ ਸਕਦੀ ਹੈ। ਜੇ ਅਜੇ ਵੀ ਮੌਕਾ ਨਾ ਸੰਭਲਿਆ ਤਾਂ ਅਣਆਈ ਮੌਤ ਜਾਨਾਂ ਜਾਂਦੀਆਂ ਰਹਿਣਗੀਆਂ, ਮਨੁੱਖ ਦੇ ਜੀਵਨ ਦੀਆਂ ਡੋਰਾਂ ਅੱਧ ਵਿਚਾਲੇ ਟੁੱਟਦੀਆਂ ਰਹਿਣਗੀਆਂ।

-ਪਿੰਡ ਭੋਤਨਾ (ਬਰਨਾਲਾ)। ਮੋਬਾ: 94635-12720


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX