ਤਾਜਾ ਖ਼ਬਰਾਂ


ਸੰਘਣੀ ਧੁੰਦ ਕਾਰਨ ਵਾਪਰੇ ਹਾਦਸੇ ਵਿਚ 1 ਮੌਤ, 5 ਜ਼ਖਮੀ
. . .  17 minutes ago
ਮੋਗਾ, 17 ਜਨਵਰੀ - ਮੋਗਾ ਕੋਟਕਪੂਰਾ ਰੋਡ 'ਤੇ ਵਾਪਰੇ ਭਿਆਨਕ ਸੜਕ ਹਾਦਸੇ ਵਿਚ ਇਕ ਮੌਤ ਹੋ ਗਈ ਹੈ ਤੇ 5 ਹੋਰ ਜ਼ਖਮੀ ਹੋਏ ਹਨ। ਜ਼ਖਮੀਆਂ ਨੂੰ ਮੋਗਾ ਦੇ ਸਰਕਾਰੀ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ। ਇਹ ਹਾਦਸਾ ਸੰਘਣੀ ਧੁੰਦ ਕਾਰਨ ਵਾਪਰਿਆ...
ਅੱਜ ਡੇਰਾ ਸਿਰਸਾ ਮੁਖੀ ਨੂੰ ਛਤਰਪਤੀ ਕਤਲ ਮਾਮਲੇ 'ਚ ਹੋਵੇਗੀ ਸਜ਼ਾ
. . .  26 minutes ago
ਜਲੰਧਰ, 17 ਜਨਵਰੀ - ਪੱਤਰਕਾਰ ਰਾਮਚੰਦਰ ਛਤਰਪਤੀ ਦੇ ਕਤਲ ਮਾਮਲੇ 'ਚ ਅੱਜ ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ ਵੱਲੋਂ ਡੇਰਾ ਸਿਰਸਾ ਮੁਖੀ ਰਾਮ ਰਹੀਮ ਸਮੇਤ ਕ੍ਰਿਸ਼ਨ ਲਾਲ, ਨਿਰਮਲ ਸਿੰਘ ਤੇ ਕੁਲਦੀਪ ਸਿੰਘ ਨੂੰ ਸਜ਼ਾ ਸੁਣਾਈ ਜਾਵੇਗੀ। ਇਨ੍ਹਾਂ ਨੂੰ ਇਕੱਠੇ ਵੀਡੀਓ ਕਾਨਫਰੰਸਿੰਗ ਰਾਹੀਂ ਸਜ਼ਾ ਸੁਣਾਈ...
ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 'ਚ ਹੋਇਆ ਵਾਧਾ
. . .  44 minutes ago
ਨਵੀਂ ਦਿੱਲੀ, 17 ਜਨਵਰੀ - ਪੈਟਰੋਲ ਤੇ ਡੀਜਲ ਦੀਆਂ ਕੀਮਤਾਂ 'ਚ ਅੱਜ ਇਕ ਵਾਰ ਫਿਰ ਵਾਧਾ ਦੇਖਣ ਨੂੰ ਮਿਲਿਆ। ਰਾਜਧਾਨੀ ਦਿੱਲੀ 'ਚ ਪੈਟਰੋਲ ਦੀ ਕੀਮਤ 'ਚ 14 ਪੈਸੇ ਪ੍ਰਤੀ ਲੀਟਰ ਵਾਧਾ ਦਰਜ ਕੀਤਾ ਗਿਆ। ਇਸ ਨਾਲ ਪੈਟਰੋਲ ਦੀ ਕੀਮਤ 70.47 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਉੱਥੇ ਹੀ, ਰਾਜਧਾਨੀ...
ਅੱਜ ਦਾ ਵਿਚਾਰ
. . .  57 minutes ago
ਹੈੱਡ ਕਾਂਸਟੇਬਲ ਨੇ ਟ੍ਰੈਫਿਕ ਪੁਲਿਸ ਦੇ ਸਹਾਇਕ ਸਬ ਇੰਸਪੈਕਟਰ ਨੂੰ ਮਾਰੀ ਗੋਲੀ
. . .  1 day ago
ਡੇਰਾਬਸੀ , 16 ਜਨਵਰੀ ( ਸ਼ਾਮ ਸਿੰਘ ਸੰਧੂ)-ਡੇਰਾਬਸੀ ਪੁਲਿਸ ਸਟੇਸ਼ਨ ਵਿਖੇ ਇੱਕ ਹੈੱਡ ਕਾਂਸਟੇਬਲ ਨੇ ਟ੍ਰੈਫਿਕ ਪੁਲਿਸ ਡੇਰਾਬਸੀ ਦੇ ਇੰਚਾਰਜ ਸਹਾਇਕ ਸਬ ਇੰਸਪੈਕਟਰ ਲਖਵਿੰਦਰ ਸਿੰਘ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਹੈ
ਸੀਰੀਆ ਧਮਾਕੇ 'ਚ 30 ਨਾਗਰਿਕਾਂ ਦੀ ਮੌਤ
. . .  1 day ago
ਅਮਿੱਤ ਸ਼ਾਹ ਨੂੰ ਹੋਇਆ ਸਵਾਈਨ ਫਲੂ , ਏਮਜ਼ 'ਚ ਭਰਤੀ
. . .  1 day ago
ਨਵੀਂ ਦਿੱਲੀ ,16 ਜਨਵਰੀ - ਭਰਤੀ ਜਨਤਾ ਪਾਰਟੀ ਦੇ ਪ੍ਰਧਾਨ ਅਮਿੱਤ ਸ਼ਾਹ ਨੂੰ ਸਵਾਈਨ ਫਲੂ ਹੋਣ ਕਰਕੇ ਏਮਜ਼ 'ਚ ਭਰਤੀ ਕੀਤਾ ਗਿਆ ਹੈ।
'ਖੇਲੋ ਇੰਡੀਆ' 'ਚ ਬੁਢਲਾਡਾ ਤਹਿਸੀਲ ਦੀ ਪ੍ਰਦੀਪ ਕੌਰ ਨੇ ਜਿੱਤਿਆ ਕਾਂਸੇ ਦਾ ਮੈਡਲ
. . .  1 day ago
ਬੁਢਲਾਡਾ, 16 ਜਨਵਰੀ (ਸਵਰਨ ਸਿੰਘ ਰਾਹੀ) - ਮਹਾਰਾਸ਼ਟਰ ਦੇ ਪੁਣੇ 'ਚ ਚੱਲ ਰਹੀਆਂ 'ਖੇਲੋ ਇੰਡੀਆ' ਖੇਡਾਂ 'ਚ ਬੁਢਲਾਡਾ ਤਹਿਸੀਲ ਦੇ ਪਿੰਡ ਦੋਦੜਾ ਦੀ ਨਿਸ਼ਾਨੇਬਾਜ਼ ਪ੍ਰਦੀਪ ਕੌਰ ਸਿੱਧੂ ਨੇ 10 ਮੀਟਰ ਏਅਰ ਪਿਸਟਲ (ਮਿਕਸ) ਜੂਨੀਅਰ ਵਰਗ 'ਚ ਕਾਂਸੇ ਦਾ ਮੈਡਲ ਜਿੱਤ ਕੇ ਪਿੰਡ ਅਤੇ ਪੰਜਾਬ ਦਾ ਨਾਂਅ ਰੌਸ਼ਨ ਕੀਤਾ ਹੈ।
ਜਸਟਿਸ ਸੰਜੀਵ ਖੰਨਾ ਅਤੇ ਜਸਟਿਸ ਮਹੇਸ਼ਵਰੀ ਸੁਪਰੀਮ ਕੋਰਟ ਦੇ ਜੱਜ ਨਿਯੁਕਤ
. . .  1 day ago
ਨਵੀਂ ਦਿੱਲੀ, 16 ਜਨਵਰੀ - ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਦਿੱਲੀ ਹਾਈਕੋਰਟ ਦੇ ਚੀਫ਼ ਜਸਟਿਸ ਸੰਜੀਵ ਖੰਨਾ ਅਤੇ ਕਰਨਾਟਕ ਹਾਈਕੋਰਟ ਦੇ ਜੱਜ ਦਿਨੇਸ਼ ਮਹੇਸ਼ਵਰੀ ਨੂੰ ਸੁਪਰੀਮ ਕੋਰਟ ਦਾ...
ਤਾਮਿਲਨਾਡੂ ਦਾ ਡੀ ਗੁਕੇਸ਼ ਬਣਿਆ ਦੁਨੀਆ ਦਾ ਦੂਜਾ ਸਭ ਤੋਂ ਛੋਟੀ ਉਮਰ ਦਾ ਸ਼ਤਰੰਜ ਗ੍ਰੈਂਡਮਾਸਟਰ
. . .  1 day ago
ਚੇਨਈ, 16 ਜਨਵਰੀ - ਤਾਮਿਲਨਾਡੂ ਦਾ ਡੀ ਗੁਕੇਸ਼ ਦੁਨੀਆ ਦਾ ਦੂਜਾ ਸਭ ਤੋਂ ਛੋਟੀ ਉਮਰ ਦਾ ਸ਼ਤਰੰਜ ਗ੍ਰੈਂਡ ਮਾਸਟਰ ਬਣਿਆ ਹੈ। ਇਸ ਮੌਕੇ ਡੀ ਗੁਕੇਸ਼ ਨੇ ਆਪਣੇ ਮਾਤਾ ਪਿਤਾ, ਕੋਚ, ਦੋਸਤਾਂ...
ਹੋਰ ਖ਼ਬਰਾਂ..

ਸਾਹਿਤ ਫੁਲਵਾੜੀ

ਕਹਾਣੀ: ਕਾਲੇ ਦਿਨ

ਸ਼ਹਿਰ 'ਚ ਇਕ ਅਜੀਬ ਜਿਹਾ ਤਣਾਅ ਪਸਰ ਗਿਆ ਸੀ | ਪ੍ਰੈੱਸ ਦੇ ਕਰਮਚਾਰੀ ਹਾਲੀ ਤੀਕ ਅੱਪੜੇ ਨਹੀਂ ਸਨ | ਮਸ਼ੀਨਾਂ ਦੀ ਗੜਗੜਾਹਟ ਦਾ ਸ਼ੋਰ ਰੁਕ ਗਿਆ ਸੀ | ਹਾਲ 'ਚ ਸੰਨਾਟਾ ਫੈਲਿਆ ਹੋਇਆ ਸੀ | ਨਿਰਮਲ ਮਹਿਸੂਸ ਕਰ ਰਿਹਾ ਸੀ ਕਿ ਇਹ ਖਾਮੋਸ਼ੀ ਉਹਨੂੰ ਨਿਗ਼ਲ ਜਾਏਗੀ |
ਮਕਾਨ ਦੀ ਛੱਤ 'ਤੇ ਜਾ ਕੇ ਉਹਨੇ ਆਪਣੇ ਚਾਰੇ ਪਾਸੇ ਝਾਤ ਮਾਰੀ | ਗਲੀਆਂ ਤੇ ਬਾਜ਼ਾਰਾਂ 'ਚ ਰੌਲਾ ਪਿਆ ਹੋਇਆ ਸੀ | ਦੂਰ ਉਹਨੂੰ ਅੱਗਾਂ ਲੱਗੀਆਂ ਦਿਸ ਰਹੀਆਂ ਸਨ | ਆਸਮਾਨ ਧੂੰਏਾ ਨਾਲ ਕਾਲਾ ਹੁੰਦਾ ਜਾ ਰਿਹਾ ਸੀ |
ਇਹ ਵੇਖ ਕੇ ਨਿਰਮਲ ਦੇ ਦਿਲ ਨੂੰ ਭਾਰੀ ਸੱਟ ਲੱਗੀ | ਉਹਨੂੰ ਫ਼ਿਕਰ ਪੈ ਗਿਆ ਕਿ ਕਿਤੇ ਲੋਕੀ ਉਹਦੇ ਘਰ ਨੂੰ ਅੱਗ ਨਾ ਲਾ ਦੇਣ | ਕਿੰਨੀ ਮਿਹਨਤ ਅਤੇ ਮੁਸ਼ਕਿਲਾਂ 'ਚੋਂ ਲੰਘਣ ਮਗਰੋਂ ਉਹ ਚੈਨ ਦੀ ਰੋਟੀ ਖਾਣ ਲੱਗੇ ਸਨ | ਦੇਸ਼-ਵੰਡ ਦੇ ਬਾਅਦ ਗੁਜ਼ਾਰੇ ਸ਼ੁਰੂ ਦੇ ਔਖੇ ਵਰਿ੍ਹਆਂ ਨੂੰ ਚੇਤੇ ਕਰ ਕੇ ਉਹ ਕੰਬ ਗਿਆ | ਵੰਡ ਦਾ ਸਾਰਾ ਦਰਦ ਉਹਦੇ ਚਿਹਰੇ 'ਤੇ ਸਾਫ਼ ਝਲਕ ਰਿਹਾ ਸੀ |
'ਵਾਹਿਗੁਰੂ, ਕ੍ਰਿਪਾ ਕਰੀਂ', ਉਹਦੇ ਮੂੰਹੋਂ ਆਪ-ਮੁਹਾਰੇ ਨਿਕਲ ਗਿਆ |
ਮੁੰਡਾ ਗੁਰਦੀਪ ਘਰ ਨਹੀਂ ਸੀ, ਉਹ ਤੜਕੇ ਹੀ ਪ੍ਰੈੱਸ ਲਈ ਸਾਮਾਨ ਲੈਣ ਬਾਜ਼ਾਰ ਨਿਕਲ ਗਿਆ ਸੀ |
ਨਿਰਮਲ ਨੂੰ ਆਪਣੀ ਕੁੜੀ ਗੁੱਡੀ ਦਾ ਖਿਆਲ ਆ ਗਿਆ | ਉਹਦੀ ਮੰਗਣੀ ਹੋ ਗਈ ਸੀ | ਵਿਆਹ ਨੂੰ ਕੁਝ ਹੀ ਦਿਨ ਬਾਕੀ ਸਨ | ਘਰਵਾਲੀ ਪਿਛਲੇ ਕਈ ਦਿਨਾਂ ਤੋਂ ਉਹਦੇ ਵਿਆਹ ਲਈ ਸਾਮਾਨ ਜੋੜ ਰਹੀ ਸੀ, ਧੀ ਨੂੰ ਖਾਲੀ ਹੱਥ ਤਾਂ ਭੇਜਣਾ ਨਹੀਂ ਸੀ | ਉਹ ਸੋਚਣ ਲੱਗਾ ਜੇਕਰ ਉਹ ਮੁੰਡੇ ਵਾਲਿਆਂ ਦੀ ਜ਼ਿੱਦ ਮਨ ਕੇ ਗੁੱਡੀ ਦਾ ਵਿਆਹ ਜਲਦੀ ਕਰ ਦਿੰਦਾ ਤਾਂ ਕਿੰਨਾ ਚੰਗਾ ਹੁੰਦਾ, ਪਰ ਹਾਲੀ ਉਹਦਾ ਹੱਥ ਤੰਗ ਸੀ | ਰੰਗੀਨ ਛਪਾਈ ਦੀ ਮਸ਼ੀਨ ਖਰੀਦਣ ਲਈ ਉਹਨੂੰ ਅੱਛੀ-ਖਾਸੀ ਰਕਮ ਖਰਚ ਕਰਨੀ ਪਈ ਸੀ, ਇਸੇ ਕਰਕੇ ਉਹਨੇ ਵਿਆਹ ਨੂੰ ਦੋ-ਤਿੰਨ ਮਹੀਨੇ ਅੱਗੇ ਪਾਉਣ ਦੀ ਬੇਨਤੀ ਕੀਤੀ ਸੀ | ਉਹਨੂੰ ਹੁਣ ਇਸ ਗੱਲ ਦਾ ਪਛਤਾਵਾ ਹੋ ਰਿਹਾ ਸੀ |
ਨਿਰਮਲ ਦੇ ਚਿਹਰੇ 'ਤੇ ਚਿੰਤਾ ਦੀਆਂ ਲਕੀਰਾਂ ਸਾਫ਼ ਉੱਕਰ ਆਈਆਂ ਸਨ | ਉਹ ਹੋਰ ਦੇਰ ਤੱਕ ਇਹ ਸਭ ਨਾ ਵੇਖ ਸਕਿਆ | ਭਾਰੀ ਮਨ ਨਾਲ ਉਹ ਥੱਲੇ ਉਤਰ ਆਇਆ ਤੇ ਆਪਣੇ ਦਫ਼ਤਰ 'ਚ ਆ ਕੇ ਬੈਠ ਗਿਆ |
ਇਥੇ ਥੱਲੇ ਵਾਲੀ ਮੰਜ਼ਿਲ 'ਤੇ ਉਹਦੀ ਪ੍ਰੈੱਸ ਸੀ | ਸਾਲਾਂ ਬੱਧੀ ਸਖ਼ਤ ਮਿਹਨਤ ਮਗਰੋਂ ਹੁਣ ਉਹਦਾ ਕੰਮ ਵਾਹਵਾ ਹੋ ਗਿਆ ਸੀ | ਦੁੱਖ ਹੰਢਾਉਂਦੇ-ਹੰਢਾਉਂਦੇ ਹੁਣ ਫਿਰ ਚੰਗੇ ਦਿਨ ਮੁੜ ਆਏ ਸਨ |
ਮਕਾਨ ਦੀ ਪਹਿਲੀ ਮੰਜ਼ਿਲ 'ਤੇ ਉਹਦਾ ਪਰਿਵਾਰ ਰਹਿੰਦਾ ਸੀ—ਉਹ ਤੇ ਉਹਦੀ ਘਰਵਾਲੀ, ਮੁੰਡਾ ਗੁਰਦੀਪ ਤੇ ਉਨ੍ਹਾਂ ਦੀ ਧੀ ਗੁੱਡੀ | ਰਸਤਾ ਪ੍ਰੈੱਸ ਦੇ ਮੇਨ ਗੇਟ ਤੋਂ ਹੋ ਕੇ ਉੱਪਰ ਜਾਂਦਾ ਸੀ |
ਨਿਰਮਲ ਉਦਾਸ ਸੀ | ਉਹ ਬੇਚੈਨ ਜਿਹਾ ਹੋ ਗਿਆ | ਅਜੀਬ-ਅਜੀਬ ਪਰਛਾਵੇਂ ਉਹਦੇ ਆਸੇ-ਪਾਸੇ ਘੁੰਮ ਰਹੇ ਸਨ | ਡਰ ਦੇ ਮਾਰੇ ਉਹ ਇਕੋ ਥਾਂ ਜਿਵੇਂ ਖਲੋ ਗਿਆ ਸੀ, ਬੇਜਾਨ ਜਿਹਾ |
ਉਹਨੂੰ ਵਿੱਸਰੀਆਂ ਗੱਲਾਂ ਚੇਤੇ ਆਉਣ ਲੱਗ ਪਈਆਂ | ਪਿਛਲੇ ਕਈ ਵਰਿ੍ਹਆਂ ਤੋਂ ਉਹ ਆਪਣੇ ਪ੍ਰੈੱਸ ਦੇ ਕੰਮ 'ਚ ਰੁੱਝਾ ਹੋਇਆ ਸੀ | ਵੰਡਾਰਿਓਾ ਬਾਅਦ ਉਹਨੇ ਕਈ ਕੰਮ ਕੀਤੇ ਸਨ—ਅਖ਼ਬਾਰ ਵੇਚਣ ਤੋਂ ਲੈ ਕੇ ਕਈ ਛੋਟੀਆਂ-ਛੋਟੀਆਂ ਨੌਕਰੀਆਂ | ਉਸ ਵੇਲੇ ਘਰ 'ਚ ਉਹਦੀ ਮਾਂ, ਇਕ ਨਿੱਕੀ ਭੈਣ ਤੇ ਛੋਟਾ ਭਰਾ ਰਹਿੰਦੇ ਸਨ | ਪਿਤਾ ਵੰਡ ਦੌਰਾਨ ਹੋਏ ਫ਼ਸਾਦਾਂ 'ਚ ਮਾਰੇ ਗਏ ਸਨ | ਨਿੱਕੀ ਉਮਰੇ ਹੀ ਪੂਰੇ ਟੱਬਰ ਦਾ ਭਾਰ ਉਹਦੇ ਮੋਢਿਆਂ 'ਤੇ ਆ ਗਿਆ ਸੀ |
ਆਪਣੀ ਸਖ਼ਤ ਮਿਹਨਤ ਤੇ ਲਗਨ ਦੀ ਬਦੌਲਤ ਉਹਨੇ ਇਸ ਪ੍ਰੈੱਸ ਨੂੰ ਖੜ੍ਹਾ ਕੀਤਾ ਸੀ | ਬਾਰਾਂ-ਬਾਰਾਂ ਘੰਟੇ ਮਸ਼ੀਨ ਨੂੰ ਪੈਰਾਂ ਨਾਲ ਚਲਾਉਣਾ ਪੈਂਦਾ ਸੀ | ਬਾਜ਼ਾਰ ਤੋਂ ਛਪਾਈ ਲਈ ਕੰਮ ਲਿਆਉਣਾ ਅਤੇ ਕਈ ਵਾਰ ਇਸ ਕੰਮ ਨੂੰ ਪੂਰਾ ਕਰ ਕੇ ਖ਼ੁਦ ਥਾਂ-ਥਾਂ ਪਹੁੰਚਾਉਣਾ ਵੀ ਪੈਂਦਾ ਸੀ | ਉਹਨੇ ਦਿਨ-ਰਾਤ ਇਕ ਕਰ ਦਿੱਤਾ ਸੀ |
ਨਿਰਮਲ ਨੇ ਪਹਿਲੀ ਮਸ਼ੀਨ ਦਾ ਕਰਜ਼ਾ ਮੁਕਾ ਲਿਆ ਸੀ | ਉਹ ਉਸੇ ਤਰ੍ਹਾਂ ਦੀ ਹੀ ਦੂਜੀ ਮਸ਼ੀਨ ਖਰੀਦਣਾ ਚਾਹੁੰਦਾ ਸੀ | ਕੱਲੀ ਮਸ਼ੀਨ ਨਾਲ ਹੁਣ ਸਾਰਾ ਕੰਮ ਪੂਰਾ ਕਰਨਾ ਮੁਸ਼ਕਿਲ ਸੀ | ਅਖ਼ੀਰ ਉਹ ਦਿਨ ਵੀ ਆ ਗਿਆ ਜਦੋਂ ਉਹਨੇ ਕੁਝ ਪੇਸ਼ਗੀ ਦੇ ਕੇ ਦੂਜੀ ਮਸ਼ੀਨ ਖਰੀਦ ਲਈ | ਹੁਣ ਕੰਮ ਜਲਦੀ-ਜਲਦੀ ਪੂਰਾ ਹੋਣ ਲੱਗ ਪਿਆ ਸੀ | ਕਰਜ਼ਾ ਵੀ ਲਹਿ ਗਿਆ ਸੀ | ਉਹਨੇ ਕੁਝ ਰਕਮ ਵੀ ਜੋੜ ਲਈ | ਚੰਗਾ ਵਰ ਮਿਲਣ 'ਤੇ ਨਿਰਮਲ ਨੇ ਨਿੱਕੀ ਭੈਣ ਦਾ ਵਿਆਹ ਕਰ ਦਿੱਤਾ |
ਅੱਜ ਉਹ ਮਜਬੂਰ ਸੀ | ਵੰਡ ਦੀਆਂ ਕੌੜੀਆਂ ਯਾਦਾਂ, ਜਿਨ੍ਹਾਂ ਨੂੰ ਉਹ ਭੁੱਲ ਚੁੱਕਿਆ ਸੀ, ਫਿਰ ਤੋਂ ਆਪਣਾ ਸਿਰ ਚੁੱਕ ਰਹੀਆਂ ਸਨ | ਉਨ੍ਹਾਂ ਦਿਨਾਂ 'ਚ ਉਹ ਆਪਣੇ ਘਰ ਦੀ ਛੱਤ ਤੋਂ ਫ਼ਿਕਰ ਭਰੀਆਂ ਅੱਖਾਂ ਨਾਲ, ਦੂਰ-ਦੂਰ ਤੋਂ ਉੱਠਦੇ ਅੱਗ ਦੇ ਭਾਂਬੜ ਵੇਖਦਾ ਰਹਿੰਦਾ ਸੀ | ਉਹਨੂੰ ਸੂਰਜ ਦੀ ਮਾਂ ਦਾ ਹੰਝੂਆਂ ਭਰਿਆ ਚਿਹਰਾ ਚੇਤੇ ਆ ਗਿਆ, ਜਿਹਦੇ ਜਵਾਨ ਪੁੱਤਰ ਨੂੰ ਘਰ ਪਰਤਣ ਵੇਲੇ ਫ਼ਸਾਦੀਆਂ ਨੇ ਗੱਡੀ 'ਚ ਮਾਰ ਸੁੱਟਿਆ ਸੀ | ਪਿੰਡਾਂ 'ਚ ਢੋਲ ਵਜਾਉਂਦੀ ਭੀੜ ਲੋਕਾਂ ਦੇ ਘਰਾਂ 'ਤੇ ਹਮਲੇ ਬੋਲ ਰਹੀ ਸੀ | ਦਿਨ-ਰਾਤ ਗੋਲੀਆਂ ਚੱਲਣ ਦੀਆਂ ਆਵਾਜ਼ਾਂ ਸੁਣਾਈ ਦਿੰਦੀਆਂ |... ਨਫ਼ਰਤ ਦੇ ਹੜ੍ਹ 'ਚ ਸਭ ਕੁਝ ਰੁੜ੍ਹ ਗਿਆ ਸੀ—ਪਿਆਰ, ਮੁਹੱਬਤਾਂ, ਸਦੀਆਂ ਪੁਰਾਣੇ ਰਿਸ਼ਤੇ | ਕਿਸੇ ਨੇ ਝਨਾਅ ਦੇ ਪਾਣੀਆਂ 'ਚ ਜ਼ਹਿਰ ਘੋਲ ਦਿੱਤਾ ਸੀ... | ਸ਼ਹਿਰੋਂ ਬਾਹਰ ਬੇਘਰ ਹੋਏ ਲੋਕਾਂ ਲਈ ਲੱਗੇ ਕੈਂਪ 'ਚ ਹੈਜ਼ਾ ਫੈਲ ਗਿਆ, ਸੈਂਕੜੇ ਉਹਦੀ ਚਪੇਟ 'ਚ ਆ ਗਏ ਸਨ | ਉਥੋਂ ਬਚ ਕੇ ਜਿਹੜੀ ਗੱਡੀ 'ਚ ਉਹ ਅੰਮਿ੍ਤਸਰ ਪਹੁੰਚੇ ਸਨ, ਉਸ 'ਚ ਏਨੀ ਭੀੜ ਸੀ ਕਿ ਲੋਕੀ ਗੱਡੀ ਦੀ ਛੱਤ 'ਤੇ ਬਹਿਣ ਲਈ ਮਜਬੂਰ ਸਨ | ਉਹਨੂੰ ਕਈ ਘੰਟਿਆਂ ਬੱਧੀ ਗੱਡੀ 'ਚ ਖਲੋ ਕੇ ਅੰਮਿ੍ਤਸਰ ਤੱਕ ਆਉਣਾ ਪਿਆ ਸੀ | ਉਹਦੇ ਪੈਰ ਸੁਜ ਗਏ ਸਨ | ਭੁੱਖ ਨਾਲ ਉਹ ਬੇਹਾਲ ਸੀ | ਉਸ ਭੁੱਖ ਦੀ ਸ਼ਿੱਦਤ ਨੂੰ ਨਿਰਮਲ ਹੁਣ ਤਕ ਨਹੀਂ ਭੁੱਲਿਆ ਸੀ | ਅੱਧੀ ਰਾਤ ਦੇ ਵੇਲੇ ਲੋਕ ਸ਼ਰਨਾਰਥੀਆਂ ਲਈ ਚੌਲ ਵੰਡ ਰਹੇ ਸਨ | ਉਹ ਖ਼ੁਦ ਨੂੰ ਰੋਕ ਨਾ ਸਕਿਆ ਸੀ | ਸੁੱਜੇ ਪੈਰਾਂ ਨਾਲ ਲੜਖੜਾਉਂਦਾ ਉਹ ਉਨ੍ਹਾਂ ਲੋਕਾਂ ਕੋਲ ਪਹੁੰਚਿਆ ਸੀ | ਉਨ੍ਹਾਂ ਉਸ ਨੂੰ ਖਾਣ ਲਈ ਕੁਝ ਗਰਮ-ਗਰਮ ਚੌਲ ਦਿੱਤੇ ਸਨ—ਰਿੱਝੇ ਹੋਏ, ਪੀਲੇ-ਪੀਲੇ ਰੰਗ ਦੇ ਚੌਲ... |
ਅੱਜ ਨਿਰਮਲ ਮੁੜ ਤੋਂ ਬੇਵੱਸ ਸੀ | ਇੰਜ ਦੀ ਹਾਲਤ 'ਚ ਉਹ ਘਰੋਂ ਨਿਕਲ ਕੇ ਕਿੱਥੇ ਜਾਣ | ਪੂਰਾ ਸ਼ਹਿਰ ਡਰ ਦੀ ਬੁੱਕਲ 'ਚ ਘਿਰਿਆ ਹੋਇਆ ਸੀ |
ਇਸ ਵਿਚਕਾਰ ਉਹਦੀ ਘਰਵਾਲੀ ਮਨਜੀਤ ਪੌੜੀਆਂ ਉਤਰ ਕੇ ਥੱਲੇ ਆਈ | ਨਿਰਮਲ ਨੂੰ ਫ਼ਿਕਰਮੰਦ ਵੇਖ ਕੇ ਉਹਦੀਆਂ ਅੱਖਾਂ 'ਚ ਅੱਥਰੂ ਆ ਗਏ | ਉਹ ਘਰਵਾਲੇ ਨੂੰ ਹੌਸਲਾ ਦਿੰਦੀ ਉੱਪਰ ਲੈ ਆਈ |
'ਗੁਰਦੀਪ ਹਾਲੀ ਤਕ ਪਰਤਿਆ ਨਹੀਂ, ਪਤਾ ਨਹੀਂ ਕਿੱਥੇ ਚਲਾ ਗਿਆ ਏ', ਨਿਰਮਲ ਨੂੰ ਮੁੰਡੇ ਦੇ ਹਾਲੀ ਤਕ ਬਾਜ਼ਾਰੋਂ ਨਾ ਮੁੜਨ ਦੀ ਘਬਰਾਹਟ ਸੀ |
ਉਹਦੀ ਘਰਵਾਲੀ ਨੇ ਠੰਢਾ ਸਾਹ ਭਰਿਆ ਤੇ ਬੋਲੀ, 'ਕਿਤੇ ਕੁਝ ਮਾੜਾ ਨਾ ਹੋ ਜਾਏ |' ਮੁੰਡੇ ਦੇ ਘਰ ਨਾ ਪਰਤਣ ਲਈ ਉਹ ਵੀ ਫ਼ਿਕਰਮੰਦ ਸੀ |
ਇਸ ਦਰਮਿਆਨ ਥੱਲੇ ਜ਼ੋਰ-ਜ਼ੋਰ ਨਾਲ ਬੂਹਾ ਖੜਕਾਉਣ ਦੀ ਆਵਾਜ਼ ਆਈ | ਗੁਰਦੀਪ ਉਨ੍ਹਾਂ ਨੂੰ ਆਵਾਜ਼ਾਂ ਮਾਰ ਰਿਹਾ ਸੀ | ਮਨਜੀਤ ਭੱਜੀ ਗਈ ਤੇ ਮੁੰਡੇ ਨੂੰ ਬੂਹਾ ਖੋਲਿ੍ਹਆ | ਸਾਹਮਣੇ ਗੁਰਦੀਪ ਨੂੰ ਵੇਖ ਕੇ ਉਹਦੀ ਜਾਨ 'ਚ ਜਾਨ ਆਈ | ਉਹਦੇ ਸਿਰ ਤੋਂ ਲਹੂ ਰਿਸ ਰਿਹਾ ਸੀ | ਪਗੜੀ ਦਾ ਉਹਨੇ ਐਵੇਂ ਲਪੇਟਾ ਜਿਹਾ ਮਾਰਿਆ ਹੋਇਆ ਸੀ | ਕੱਪੜੇ ਪਾਟੇ ਪਏ ਸਨ | ਨਿਰਮਲ ਵੀ ਹੁਣ ਥੱਲੇ ਉਤਰ ਆਇਆ ਸੀ | ਕਾਹਲੀ ਨਾਲ ਉਹਨੇ ਮੁੰਡੇ ਨੂੰ ਅੰਦਰ ਘਸੀਟ ਲਿਆ | ਘਰ 'ਚ ਜੋ ਥੋੜ੍ਹੀ ਬਹੁਤ ਦਵਾਈ ਪੀ ਸੀ, ਉਹਨੂੰ ਲਾ ਕੇ ਪੱਟੀ ਬੰਨ੍ਹ ਦਿਤੀ | ਪੀੜਾਂ ਨਾਲ ਗੁਰਦੀਪ ਕੁਰਲਾ ਰਿਹਾ ਸੀ |
ਰਾਤ ਦਾ ਹਨੇਰਾ ਹੋਰ ਵੀ ਸੰਘਣਾ ਹੋ ਗਿਆ ਸੀ | ਆਲੇ-ਦੁਆਲਿਓਾ ਆਉਂਦੇ ਸ਼ੋਰ ਤੇ ਚੀਕਾਂ ਕਾਰਨ ਨਿਰਮਲ ਦਾ ਪਰਿਵਾਰ ਜਾਗ ਰਿਹਾ ਸੀ | ਅੱਖਾਂ ਤੋਂ ਨੀਂਦ ਉੱਡ ਗਈ ਸੀ | ਪੂਰੇ ਦਿਨ ਉਹ ਭੁੱਖੇ-ਭਾਣੇ ਬੈਠੇ ਰਹੇ ਸਨ | ਕਿਸੇ ਆਉਣ ਵਾਲੇ ਖ਼ਤਰੇ ਦੇ ਅੰਦੇਸ਼ੇ ਨੂੰ ਵੇਖਦਿਆਂ ਨਿਰਮਲ ਥੱਲੇ ਪ੍ਰੈੱਸ 'ਚ ਆ ਗਿਆ ਸੀ |
ਬੀਤੇ ਕਈ ਵਰਿ੍ਹਆਂ ਤੋਂ ਉਹਨੇ ਇਥੇ ਇੰਜ ਦੀ ਖਾਮੋਸ਼ੀ ਕਦੀ ਨਹੀਂ ਮਹਿਸੂਸ ਕੀਤੀ ਸੀ | ਮਸ਼ੀਨਾਂ ਦਾ ਸ਼ੋਰ ਉਹਦੀ ਜ਼ਿੰਦਗੀ ਦਾ ਇਕ ਹਿੱਸਾ ਬਣ ਗਿਆ ਸੀ | ਫਰਮਿਆਂ ਦੇ ਕੱਸਣ ਦੀਆਂ ਆਵਾਜ਼ਾਂ ਉਹਨੂੰ ਚੰਗੀਆਂ ਲਗਦੀਆਂ | ਸੁਪਰਵਾਈਜ਼ਰ ਸ਼ਾਮ ਲਾਲ ਕੰਮ 'ਚ ਉਹਦੀ ਬਥੇਰੀ ਮਦਦ ਕਰਦਾ | ਗੁਰਦੀਪ ਹੁਣ ਸਿਆਣਾ ਹੋ ਗਿਆ ਸੀ, ਉਹ ਵੀ ਭਰਾ ਦੇ ਕੰਮ 'ਚ ਹੱਥ ਵੰਡਾ ਦਿੰਦਾ | ਨਿੱਕੇ ਨੇ ਆਪਣੀ ਗ੍ਰਹਿਸਥੀ ਵੱਖਰੀ ਵਸਾ ਲਈ ਸੀ | ਮਾਂ ਉਹਦੇ ਕੋਲ ਰਹਿੰਦੀ ਸੀ |
ਨਿਰਮਲ ਨੂੰ ਖ਼ੂਬਸੂਰਤ ਛਪਾਈ ਦਾ ਸ਼ੌਕ ਸੀ ਤੇ ਤੈਅ ਵਕਤ 'ਤੇ ਕੰਮ ਦੇਣਾ ਉਹਦਾ ਅਸੂਲ ਬਣ ਗਿਆ ਸੀ | ਛਪਾਈ ਦੇ ਉਹਨੂੰ ਹੁਣ ਵੱਡੇ-ਵੱਡੇ ਕੰਮ ਮਿਲਣ ਲੱਗ ਪਏ ਸਨ | ਉਹ ਆਪਣੇ ਕਾਲੇ ਦਿਨਾਂ ਨੂੰ ਵਿੱਸਰ ਗਿਆ ਸੀ |
ਨਿਰਮਲ ਆਪਣੇ ਇਨ੍ਹਾਂ ਖਿਆਲਾਂ 'ਚੋਂ ਗੁਆਚਾ ਹੋਇਆ ਇਕ ਕੋਨੇ ਵਿਚ ਪਈ ਆਪਣੀ ਪਹਿਲੀ ਖਰੀਦੀ ਮਸ਼ੀਨ ਕੋਲ ਗਿਆ | ਉਹਨੂੰ ਕਈ ਵਰਿ੍ਹਆਂ ਤਕ ਉਹ ਆਪਣੇ ਪੈਰਾਂ ਨਾਲ ਚਲਾਉਂਦਾ ਰਿਹਾ ਸੀ | ਉਹਦੀਆਂ ਅੱਖੀਆਂ ਭਰ ਆਈਆਂ | ਨੀਝ ਨਾਲ ਵੇਖਦੇ ਹੋਏ, ਉਹਨੇ ਮਸ਼ੀਨ 'ਤੇ ਪਿਆਰ ਨਾਲ ਹੱਥ ਫੇਰਿਆ, ਜਿਵੇਂ ਕੋਈ ਆਪਣੇ ਬੱਚੇ ਨੂੰ ਪਿਆਰ ਕਰਦਾ ਹੈ |
ਉਹ ਆਪਣੀ ਸੋਚ 'ਚ ਏਨਾ ਡੁੱਬਿਆ ਹੋਇਆ ਸੀ ਕਿ ਰਸਤੇ 'ਚ ਪਏ ਕਾਗਜ਼ਾਂ ਦੇ ਢੇਰ ਤੇ ਹੋਰ ਖਿੱਲਰੇ ਸਾਮਾਨ ਨਾਲ ਟਕਰਾ ਕੇ ਡਿੱਗਣ ਤੋਂ ਮਸਾਂ-ਮਸਾਂ ਬਚਿਆ ਸੀ | ਉਹਦੇ ਪੈਰ ਜਿਨ੍ਹਾਂ ਕਦੀ ਰੁਕਣਾ ਨਹੀਂ ਸਿੱਖਿਆ ਸੀ, ਉਹਦਾ ਭਾਰ ਝੱਲਣ ਲਈ ਬੇਵੱਸ ਜਾਪਦੇ ਸਨ | ਉਹ ਜਿਵੇਂ ਟੁੱਟ ਗਿਆ ਸੀ... |
ਥੱਕਿਆ ਹੋਇਆ ਉਹ ਇਕ ਮਸ਼ੀਨ ਨਾਲ ਕੰਡ ਲਾ ਕੇ ਬੈਠ ਗਿਆ, ਸ਼ਾਇਦ ਕੁਝ ਸਕੂਨ ਮਿਲ ਸਕੇ | ਉਹਨੇ ਅੱਖਾਂ ਮੀਟ ਲਈਆਂ |
ਅੱਧੀ ਰਾਤ ਦਾ ਵੇਲਾ | ਹਰ ਪਾਸੇ ਸੰਨਾਟਾ ਪਸਰਿਆ ਪਿਆ ਸੀ, ਜਿਵੇਂ ਤੂਫ਼ਾਨ ਆਉਣ ਤੋਂ ਪਹਿਲਾਂ ਦੀ ਖਾਮੋਸ਼ੀ ਹੋਏ | ਲੇਕਿਨ ਫਿਰ ਅਚਨਚੇਤ ਉਹਨੂੰ ਲੋਕਾਂ ਦੇ ਰੋਣ ਤੇ ਚੀਕਾਂ ਦੀਆਂ ਆਵਾਜ਼ਾਂ ਸੁਣਾਈ ਦੇਣ ਲੱਗ ਪਈਆਂ | ਡਰੀ ਹੋਈ 'ਵਾ ਜਿਵੇਂ ਵਗਣਾ ਭੁੱਲ ਗਈ ਸੀ | ਭੀੜ ਦਾ ਸ਼ੋਰ ਪਲ-ਪਲ ਉਹਦੇ ਨੇੜੇ ਆ ਰਿਹਾ ਸੀ |
ਨਿਰਮਲ ਨੇ ਬਾਰੀ ਤੋਂ ਝਾਤੀ ਮਾਰੀ | ਉਹਨੂੰ ਬਹੁਤ ਸਾਰੇ ਲੋਕਾਂ ਦੇ ਪਰਛਾਵੇਂ ਨੱਚਦੇ ਨਜ਼ਰ ਆ ਰਹੇ ਸਨ | ਫਿਰ ਉਹ ਪਰਛਾਵੇਂ ਇਕ ਵੱਡੇ ਹਜੂਮ 'ਚ ਤਬਦੀਲ ਹੋ ਗਏ | ਉਹ ਸੈਂਕੜਿਆਂ 'ਚ ਸਨ | ਰੌਲਾ ਪਾਉਂਦੇ ਨਿਰਮਲ ਦੇ ਘਰ ਵੱਲ ਵਧ ਰਹੇ ਸਨ | ਡਰ ਨਾਲ ਉਹਨੇ ਬਾਰੀ ਬੰਦ ਕਰ ਦਿੱਤੀ | ਪਰ ਜ਼ਿਆਦਾ ਵਕਤ ਨਹੀਂ ਗੁਜ਼ਰਿਆ ਸੀ ਕਿ ਘਰ ਦੇ ਬੂਹੇ ਨੂੰ ਤੋੜਨ ਦੀਆਂ ਆਵਾਜ਼ਾਂ ਆਉਣ ਲੱਗ ਪਈਆਂ | ਸ਼ਿਕਾਰ ਦੀ ਖੇਡ ਹੁਣ ਸ਼ੁਰੂ ਹੋ ਚੁੱਕੀ ਸੀ... |
ਨਿਰਮਲ ਨੂੰ ਅਚੇਤ ਪਿਆਂ ਦੋ ਘੰਟੇ ਬੀਤ ਚੁੱਕੇ ਸਨ | ਅੱਗ ਨਾਲ ਉਹ ਬੁਰੀ ਤਰ੍ਹਾਂ ਝੁਲਸ ਗਿਆ ਸੀ | ਹਾਲ 'ਚ ਫੈਲੇ ਧੂੰਏਾ ਕਾਰਨ ਸਾਹ ਲੈਣਾ ਮੁਸ਼ਕਿਲ ਹੋ ਰਿਹਾ ਸੀ | ਪਰ ਹਾਲੀ ਵੀ ਸੁਰਤ ਪੂਰੀ ਤਰ੍ਹਾਂ ਗੁੰਮ ਨਹੀਂ ਸੀ ਹੋਈ | ਜਾਨ ਕਿਤੇ ਅਟਕੀ ਪਈ ਸੀ | ਕਿਤੇ ਡੂੰਗੇ ਡੁੱਬਦੇ ਹੋਏ ਨੂੰ ਲੋਕਾਂ ਦੀਆਂ ਚੀਕਾਂ ਤੇ ਕੁਰਲਾਉਣ ਦੀਆਂ ਆਵਾਜ਼ਾਂ ਸੁਣਾਈ ਦੇ ਰਹੀਆਂ ਸਨ | ਫੇਰ ਜਿਵੇਂ ਪ੍ਰੈੱਸ ਦੀਆਂ ਮਸ਼ੀਨਾਂ ਆਪਣੇ-ਆਪ ਚੱਲਣ ਲਗ ਪਈਆਂ | ਉਨ੍ਹਾਂ ਦੀ ਗੜਗੜਾਹਟ ਦੇ ਨਾਲ ਉਸ ਗੱਡੀ ਦਾ ਸ਼ੋਰ ਵੀ ਸ਼ਾਮਿਲ ਹੋ ਗਿਆ ਸੀ, ਜਿਸ 'ਚ ਬੈਠ ਕੇ ਨਿਰਮਲ ਵੰਡ ਦੇ ਦਿਨਾਂ 'ਚ ਇਸ ਪਾਸੇ ਆਇਆ ਸੀ | ਉਹਨੂੰ ਪਲੇਟਫਾਰਮ 'ਤੇ ਹਜ਼ਾਰਾਂ ਸ਼ਰਨਾਰਥੀ ਮੁੜ ਵਿਖਾਈ ਦੇ ਰਹੇ ਸਨ | ਭੁੱਖ ਦੀ ਉਹੀ ਸ਼ਿੱਦਤ ਉਹ ਫਿਰ ਤੋਂ ਮਹਿਸੂਸ ਕਰ ਰਿਹਾ ਸੀ... | ਪਰ ਹੁਣ ਜਿਵੇਂ ਸਾਹਾਂ ਦੀ ਡੋਰ ਟੁੱਟਣ ਦੇ ਨੇੜੇ ਸੀ | ਉਹਦੇ ਕੰਨਾਂ ਨਾਲ ਟਕਰਾਉਂਦਾ ਡਰਾਉਣਾ ਸ਼ੋਰ ਹਰ ਬਿੰਦ ਖ਼ਤਮ ਹੁੰਦਾ ਜਾ ਰਿਹਾ ਸੀ | ਪਲੇਟਫਾਰਮ 'ਤੇ ਖਲੋਤੇ ਲੋਕਾਂ ਦੇ ਅਣਗਿਣਤ ਚਿਹਰੇ ਧੁੰਦਲੇ ਪੈਂਦੇ ਜਾ ਰਹੇ ਸਨ | ਉਹਨੂੰ ਲੱਗਿਆ ਕਿ ਉਹ ਹੌਲੀ-ਹੌਲੀ ਕਿਤੇ ਦੂਰ ਡੂੰਘੇ ਖਲਾਅ 'ਚ ਡੁੱਬਦਾ ਜਾ ਰਿਹਾ ਸੀ... |

-ਐੱਚ-17/68, ਸੈਕਟਰ-7, ਰਹਿਣੀ, ਦਿੱਲੀ-110085. ਮੋਬਾਈਲ : 98910-37828.


ਖ਼ਬਰ ਸ਼ੇਅਰ ਕਰੋ

ਹੀਰੋ-ਹੀਰੋਇਨਾਂ ਦੇ ਵਿਆਹ

ਨੂਰਜਹਾਂ ਨੇ ਸਾਰੇ ਪਾਸੇ ਨੂਰ ਫੈਲਾਅ ਦਿੱਤਾ, ਇਹ ਗਾ ਕੇ...
ਦੇਸਾਂ ਦਾ ਰਾਜਾ
ਮੇਰੇ ਬਾਬਲ ਦਾ ਪਿਆਰਾ,
ਅਮੜੀ ਦੇ ਦਿਲ ਦਾ ਸਹਾਰਾ,
ਨੀਂ ਵੀਰ ਮੇਰਾ ਘੋੜੀ ਚੜਿ੍ਹਆ |
ਵੀਰ ਘੋੜੀ ਚੜਿ੍ਹਆ, ਕੋਈ ਘੁੜਦੌੜ 'ਚ ਹਿੱਸਾ ਲੈਣ ਲਈ ਨਹੀਂ, ਨਾ ਹੀ ਕਿਸੇ ਜੰਗ 'ਚ ਲੜਨ ਲਈ, ਸਿਰਫ਼ ਤੇ ਸਿਰਫ਼ ਵਿਆਹ ਕਰਾਉਣ ਲਈ |
ਵਿਆਹ ਬੜੇ ਵੇਖੇ ਨੇ, ਪਰ ਸੱਚੀਂ, ਸਾਰੀ ਦੁਨੀਆ 'ਚ ਪ੍ਰਸਿੱਧ ਹੈ 'ਵਿਆਹ ਪੰਜਾਬੀਆਂ ਦਾ |'
ਕੁੜੀ-ਮੁੰਡੇ ਦਾ ਰੋਕਾ ਹੋਣ ਤੋਂ ਲੈ ਕੇ, ਲਾੜੀ ਦੀ ਵਿਦਾਈ (ਡੋਲੀ) ਤੱਕ ਰਸਮਾਂ ਹੀ ਰਸਮਾਂ, ਨੱਚੋ-ਗਾਓ, ਮੌਜ-ਮਨਾਓ, ਖਾਓ-ਪੀਓ, ਨੱਚੋ-ਗਾਓ, ਗਾਉਂਦੇ ਰਹੋ, ਨੱਚਦੇ ਰਹੋ... ਲੱਖ ਖ਼ੁਸ਼ੀਆਂ, ਵਧਾਈਆਂ, ਅਨੰਦ ਹੀ ਅਨੰਦ, ਮੇਲਾ ਵੇਖਣ ਆਏ ਜੀਓ, ਮੇਲਾ ਵੇਖਣ ਆਈਆਂ |
ਵਿਆਹ ਪੰਜਾਬੀਆਂ ਦਾ, ਵਿਆਹ ਪੈਸੇ ਵਾਲਿਆਂ ਦਾ, ਵਿਖਾਵਾ ਹੀ ਵਿਖਾਵਾ | ਪੰਜਾਬ ਦੇ ਪੰਜ ਦਰਿਆਵਾਂ, ਪੰਜਾਬੀਆਂ, ਦੇ ਪੈਸਿਆਂ ਦੇ ਦਰਿਆ ਵਗਦੇ ਪਏ ਨੇ, ਲੱਗਦੇ ਨੇ, ਮੇਲੇ ਸਜਦੇ ਪਏ ਨੇ, ਐਵੇਂ ਨਹੀਂ ਹੁੰਦੇ ਪੂਰੇ ਚਾਅ |
ਚਮਕ-ਦਮਕ, ਚਮਕੀਲੇ ਵਿਆਹ, ਹੋਰ ਵੀ ਲਿਸ਼ਕਦੇ-ਪੁਸ਼ਕਦੇ, ਜੇਕਰ ਹੋਣ ਬਾਲੀਵੁੱਡ ਦੇ ਹੀਰੋ-ਹੀਰੋਇਨਾਂ ਦੇ, ਆਪਸ ਵਿਚ ਵਿਆਹ | ਜਾਂ ਫ਼ਿਲਮੀ ਸਿਤਾਰਿਆਂ 'ਚ ਆਸ਼ਕਾਂ ਦੀਆਂ ਧੰੁਮਾਂ, ਧਮਾਕੇਦਾਰ ਵਿਆਹ:
* ਹੀਰੋ ਰਣਵੀਰ ਸਿੰਘ ਤੇ ਹੀਰੋਇਨ ਦੀਪਿਕਾ ਪਾਦੂਕੋਨ ਦਾ ਵਿਆਹ |
* ਹੀਰੋਇਨ ਪਿ੍ਅੰਕਾ ਚੋਪੜਾ ਤੇ ਵਿਦੇਸ਼ੀ ਗਾਇਕ ਨਿੱਕ ਦਾ ਵਿਆਹ |
* ਭਾਰਤੀ ਕ੍ਰਿਕਟ ਟੀਮ ਦੇ ਕੈਪਟਨ ਵਿਰਾਟ ਕੋਹਲੀ ਤੇ ਹੀਰੋਇਨ ਅਨੁਸ਼ਕਾ ਸ਼ਰਮਾ ਦਾ ਵਿਆਹ |
ਰਣਵੀਰ-ਦੀਪਿਕਾ ਤੇ ਵਿਰਾਟ ਕੋਹਲੀ-ਅਨੁਸ਼ਕਾ ਸ਼ਰਮਾ ਦਾ ਵਿਆਹ ਇਟਲੀ 'ਚ ਹੋਇਆ | ਦੋਵਾਂ ਨੇ ਇਟਲੀ ਨੂੰ ਪੰਜਾਬ ਦੇ ਰੰਗ 'ਚ ਰੰਗ ਦਿੱਤਾ ਤੇ ਪਿ੍ਅੰਕਾ ਚੋਪੜਾ ਨੇ ਵਿਆਹ ਲਈ ਕੋਈ ਵਿਦੇਸ਼ ਨਹੀਂ ਚੁਣਿਆ, ਸਗੋਂ ਵਿਦੇਸ਼ੀ ਲਾੜੇ ਨਿੱਕ ਤੇ ਉਹਦੇ ਪਰਿਵਾਰ ਨੂੰ ਭਾਰਤ ਦੇ ਪ੍ਰਸਿੱਧ ਸ਼ਹਿਰ ਜੋਧਪੁਰ 'ਚ ਸੱਦ ਲਿਆ |
ਮਜ਼ਾ ਇਹ ਹੈ ਕਿ ਵਿਰਾਟ ਕੋਹਲੀ ਤੇ ਰਣਵੀਰ, ਇਟਲੀ 'ਚ 'ਵੀਰ ਮੇਰਾ ਘੋੜੀ ਚੜਿ੍ਹਆ 'ਤੇ ਵਿਦੇਸ਼ੀ ਨਿੱਕ ਭਾਰਤ 'ਚ 'ਵੀਰ ਮੇਰਾ ਘੋੜੀ ਚੜਿ੍ਹਆ |' ਸੱਚੀਂ ਨਿੱਕ-ਪਿ੍ਅੰਕਾ ਦਾ ਵਿਆਹ, ਪਹਿਲਾਂ ਇਸਾਈ ਧਰਮ ਦੀ ਪੰ੍ਰਪਰਾ ਨਾਲ ਹੋਇਆ, ਫਿਰ ਸਨਾਤਨੀ ਧਰਮ ਦੀਆਂ ਰੀਤਾਂ ਅਨੁਸਾਰ |
ਰਣਵੀਰ-ਦੀਪਿਕਾ ਦਾ ਵਿਆਹ ਵੀ ਪਹਿਲਾਂ ਕੋਂਕਣੀ ਰੀਤ-ਰਿਵਾਜ ਨਾਲ ਹੋਇਆ, ਫਿਰ ਸਿੱਖ ਤੇ ਸਿੰਧੀ ਪੰ੍ਰਪਰਾ ਅਨੁਸਾਰ 'ਅਨੰਦ ਕਾਰਜ', ਅਸਲ 'ਚ ਰਣਵੀਰ ਦਾ ਪਿਤਾ ਸਿੱਖ ਹੈ ਤੇ ਮਾਂ ਸਿੰਧੀ | ਦੀਪਿਕਾ ਕੋਂਕਣੀ ਹੈ | ਹੋ ਗਏ ਵਿਆਹ, ਇਨ੍ਹਾਂ ਦੀ ਰੀਸੈਪਸ਼ਨ ਵੀ ਹੋ ਗਏ, ਪਰ ਇਕੋ ਸਾਂਝ ਹੈ, ਇਨ੍ਹਾਂ ਵਿਆਹਾਂ ਦੀ ਪੈਸਿਆਂ ਦੀ ਵਰਖਾ ਹੋਈ, ਪੈਸਿਆਂ ਦੇ ਦਰਿਆ ਵਗੇ | ਵਿਆਹ ਕਾਹਦੇ |
ਵਿਖਾਵਾ, ਵਿਖਾਵਾ ਹੀ ਵਿਖਾਵਾ |
ਫੈਸ਼ਨ ਪਰੇਡ, ਫੈਸ਼ਨ ਪਰੇਡ, ਫੈਸ਼ਨ ਪਰੇਡ |
ਪਹਿਲਾਂ ਦੀ ਮੰਗ ਹੁੰਦੀ ਸੀ, ਵਿਆਹੀ ਜਾਣ ਵਾਲੀ ਕੁੜੀ ਦੀ, ਉਹ ਜਿਨ੍ਹਾਂ ਦਾ ਆਪਸ 'ਚ ਪ੍ਰੇਮ ਸੀ:
ਜੇ ਮੰੁਡਿਆਂ ਵੇ, ਮੈਨੂੰ ਹੱਸਦੀ ਵੇਖਣਾ,
ਮੈਨੂੰ ਵੰਗਾਂ ਚੜ੍ਹਾ ਦੇ ਵੇ,
ਇਕ ਲੌਾਗ ਲਿਆ ਦੇ ਵੇ,
ਇਕ ਸੂਟ ਸਿਵਾ ਦੇ ਵੇ |
-0-
ਤੈਨੂੰ ਮੇੇਲੇ ਲੈ ਜਾਊਾ ਨੀਂ
ਤੈਨੂੰ ਚੂੜੀਆਂ ਚੜ੍ਹਾ ਦਊਾ ਨੀਂ
ਤੈਨੂੰ ਇਮਰਤੀ ਖਵਾ ਦਊਾ ਨੀ |
ਤੈਨੂੰ ਝੂਲਾ-ਝੁਟਾ ਦਊਾ ਨੀਂ |
ਬਸ ਐਦਾਂ ਦੀਆਂ ਮੰਗਾਂ ਹੀ ਹੁੰਦੀਆਂ ਸਨ |
ਹੁਣ ਤਾਂ ਪਟ 'ਤਾ ਫੈਸ਼ਨਾਂ ਨੇ ਪਟ 'ਤਾ | ਕੁੜੀਆਂ ਵੀ, ਮੰੁਡਿਆਂ ਨੂੰ ਵੀ | ਲਹਿੰਗੇ ਤੇ ਘਗਰੇ, ਬੰਦ ਗਲਿਆਂ ਦੀਆਂ ਸ਼ੇਰਵਾਨੀਆਂ ਤੇ ਨਵੇਂ ਤੋਂ ਨਵੇਂ ਡਿਜ਼ਾਈਨ ਵਾਲੀਆਂ ਪੈਂਟਾਂ | ਪੁੱਛੋ ਕੁਝ ਨਾ, ਵਧਾਣ, ਪਰਿਧਾਨਾਂ ਦਾ ਐਨਾ ਵਧਿਆ ਹੈ ਕਿ ਵਿਆਹ ਦੀ ਹਰ ਰਸਮ 'ਤੇ ਲਾੜੇ-ਲਾੜੀ ਨੇ ਮਹਿੰਗੇ ਤੋਂ ਮਹਿੰਗੇ ਵਧੀਆ ਤੋਂ ਵਧੀਆ, ਨਵੇਂ ਡਿਜ਼ਾਈਨ ਦੇ ਪਹਿਰਾਵੇ ਪਾਏ ਹੁੰਦੇ ਹਨ | ਵਿਆਹ ਦੀਆਂ ਰਸਮਾਂ ਦੇ ਵੇਰਵੇ ਨਾਲੋਂ ਵਧ, ਇਸ ਦੀ ਮਹੱਤਤਾ ਹੁੰਦੀ ਹੈ, ਪੂਰੇ ਵਿਵਰਣ ਨਾਲ ਕਿ ਲਾੜੀ ਨੇ ਜਿਹੜਾ ਲਹਿੰਗਾ ਪਾਇਆ ਹੈ, ਜਿਹੜੀ ਚੋਲੀ ਪਾਈ ਹੈ, ਉਹ ਕਿਸ ਫੈਸ਼ਨ ਡਿਜ਼ਾਈਨਰ ਨੇ ਡਿਜ਼ਾਈਨ ਕੀਤੀ ਹੈ | ਇਸੇ ਤਰ੍ਹਾਂ ਲਾੜੇ ਦੇ ਪਹਿਰਾਵੇ ਦਾ ਮਾਣ ਵੀ ਕਿਸੇ ਉੱਘੇ ਫੈਸ਼ਨ ਡਿਜ਼ਾਈਨਰ ਨੂੰ ਦਿੱਤਾ ਜਾਂਦਾ ਹੈ | ਜ਼ਿਕਰ ਜ਼ਿਆਦਾ ਫੈਸ਼ਨ ਡਿਜ਼ਾਈਨਰਾਂ ਦਾ ਹੁੰਦਾ ਹੈ |
ਤਿੰਨ ਜੋੜੀਆਂ ਦੇ ਵਿਆਹਾਂ 'ਚੋਂ ਸਭ ਤੋਂ ਅਖੀਰਲਾ ਵਿਆਹ ਜੋਧਪੁਰ 'ਚ ਪਿ੍ਅੰਕਾ ਚੋਪੜਾ ਤੇ ਨਿੱਕ ਦਾ ਹੋਇਆ ਹੈ | ਉਨ੍ਹਾਂ ਦੇ ਵਿਆਹ ਦੀ ਖ਼ਬਰ ਜੋ ਅਖ਼ਬਾਰਾਂ 'ਚ ਛਪੀ ਹੈ (ਤੇ ਜੋ ਟੀ.ਵੀ. ਚੈਨਲਾਂ 'ਤੇ ਵਿਖਾਈ ਗਈ ਹੈ) ਉਹ ਇਉਂ ਹੈ:
ਪਿ੍ਅੰਕਾ ਚੋਪੜਾ ਤੇ ਨਿੱਕ ਜੋਨਜ਼ ਜਦ ਆਪਣੇ ਚਾਰ ਦਿਨਾਂ 'ਚ ਹੋਣ ਵਾਲੇ ਵਿਆਹ ਹਿਤ ਜੈਪੁਰ ਦੇ ਸਭ ਤੋਂ ਮਹਿੰਗੇ ਹੋਟਲ ਵਿਚ ਟਿਕੇ ਤਾਂ ਉਨ੍ਹਾਂ ਦਾ ਤੇ ਮਹਿਮਾਨਾਂ ਦਾ ਸਵਾਗਤ ਉਨ੍ਹਾਂ ਦੇ ਗਲਾਂ 'ਚ ਹਾਰ ਪਾ ਕੇ ਕੀਤਾ ਗਿਆ | ਰਾਜਸਥਾਨੀ ਆਰਟਿਸਟਾਂ ਵਲੋਂ ਗਾਣਿਆਂ 'ਤੇ ਡਾਂਸ ਦੇ ਦੌਰਾਨ ਸਭੇ ਮਹਿਮਾਨਾਂ ਦਾ ਲੰਚ ਤੇ ਕਾਕਟੇਲਜ਼ ਦਾ ਭਰਪੂਰ ਇੰਤਜ਼ਾਮ ਸੀ | ਹੋਟਲ ਦੇ ਜਿਨ੍ਹਾਂ ਕਮਰਿਆਂ 'ਚ ਮਹਿਮਾਨਾਂ ਨੂੰ ਠਹਿਰਾਇਆ ਗਿਆ, ਹਰ ਕਮਰੇ 'ਚ ਇਕ ਕਾਰਡ ਸੀ, ਜਿਸ 'ਤੇ ਪੂਰਾ ਵੇਰਵਾ ਦਰਜ ਸੀ ਕਿ ਕਦ ਮਹਿੰਦੀ ਹੈ, ਕਦ ਸੰਗੀਤ, ਕਦ ਜੰਝ ਆਏਗੀ ਤੇ ਕਦੋਂ ਖਾਣਾ ਪਰੋਸਿਆ ਜਾਵੇਗਾ |
ਉਮੇਦ ਭਵਨ ਪੈਲੇਸ 'ਚ, ਦੇਸੀ ਕੁੜੀਆਂ ਰੰਗ-ਬਰੰਗੇ ਕੱਪੜਿਆਂ 'ਚ ਸਜੀਆਂ, ਗੱਲ੍ਹਾਂ ਗੋਰੀਆਂ ਗਾਣਾ ਗਾ-ਗਾ ਨੱਚ ਰਹੀਆਂ ਸਨ, ਉਮੇਦ ਭਵਨ ਪੈਲੇਸ ਸਭ ਤੋਂ ਮਹਿੰਗਾ ਹੋਟਲ ਹੈ | ਸੰਗੀਤ ਦੀ ਥੀਮ ਸੀ, ਕਾਲੇ ਰੰਗ ਤੇ ਸੁਨਹਿਰੇ ਰੇਸ਼ਮ ਦੇ ਪਰਿਧਾਨ | ਕੱਪੜਿਆਂ, ਜੁੱਤੀਆਂ, ਜਿਊਲਰੀ ਦੇ ਛੇ ਸਟਾਲ ਲੱਗੇ ਸਨ, ਜਿਨ੍ਹਾਂ ਦੇ ਡਿਜ਼ਾਈਨਰ ਜੈਪੁਰ ਦਾ ਪੁਨੀਤ ਬੁਲਾਨ, ਅਬੂ ਜਾਨੀ ਤੇ ਸੰਦੀਪ ਖੋਸਲਾ ਸਨ | ਇਥੋਂ ਬਰਾਤੀ ਆਪਣੀ ਪਸੰਦ ਦੇ ਕੱਪੜੇ ਚੁਣ ਸਕਦੇ ਸਨ | ਪ੍ਰਸਿੱਧ ਫੋਟੋਗ੍ਰਾਫਰ ਜੋਜ਼ ਵਿਲਾ ਨੂੰ ਇਸ ਵਿਆਹ ਦੀਆਂ ਫੋਟੋ ਖਿੱਚਣ ਲਈ ਖਾਸ ਤੌਰ 'ਤੇ ਬੁਲਾਇਆ ਗਿਆ ਸੀ | ਮੇਕਅੱਪ ਆਰਟਿਸਟ ਮਿਕੀ ਕਾਂਟ੍ਰੈਕਟਰ, ਸਿੰਗਰ ਮਾਨਸੀ ਸਕਾਟ ਤੇ ਡਿਜ਼ਾਈਨਰ ਸਬਿਆਸਾਚੀ ਨੂੰ ਖਾਸ ਤੌਰ 'ਤੇ ਬੁਲਾਇਆ ਗਿਆ ਸੀ | ਪਿ੍ਅੰਕਾ ਚੋਪੜਾ ਨੇ ਇਸਾਈ ਵੈਡਿੰਗ 'ਤੇ ਬਹੁਤ ਕੀਮਤੀ, ਉਸੇ ਸਟਾਈਲ ਦਾ ਡ੍ਰੈੱਸ ਪਹਿਨਿਆ ਸੀ ਤੇ ਭਾਰਤੀ ਹਿੰਦੂ ਰੀਤ ਨਾਲ ਵਿਆਹ ਸਮੇਂ ਵੀ ਅਤਿਅੰਤ ਕੀਮਤੀ ਲਹਿੰਗਾ ਪਾਇਆ ਹੋਇਆ ਸੀ |
ਇਸ ਲਹਿੰਗੇ-ਚੋਲੀ ਦੇ ਰੰਗ, ਡਿਜ਼ਾਈਨਰ ਦਾ ਵੀ ਭਰਪੂਰ ਜ਼ਿਕਰ ਸੀ | ਅੱਜਕਲ੍ਹ ਪੰਜਾਬ 'ਚ ਵੀ ਵਿਆਹ ਪੈਲੇਸਾਂ 'ਚ ਹੀ ਹੁੰਦੇ ਹਨ, ਪਰ ਇਹ ਤਾਂ ਖਾਸ ਇਸੇ ਮੰਤਵ ਲਈ ਸ਼ਹਿਰੋਂ, ਬਾਹਰ, ਰਿਜ਼ਾਰਟ ਵਾਂਗ ਬਣਾਏ ਗਏ ਹਨ ਪਰ ਜੋਧਪੁਰ ਦਾ ਇਹ ਉਮੇਦ ਭਵਨ, ਅਸਲ 'ਚ ਉਥੋਂ ਦੇ ਰਾਜੇ ਦਾ ਮਹੱਲ ਸੀ, ਉਸੇ ਨੂੰ ਹੀ ਹੋਟਲ 'ਚ ਬਦਲਿਆ ਗਿਆ ਹੈ, ਇਹ ਸਭ ਤੋਂ ਮਹਿੰਗਾ ਹੋਟਲ ਹੈ | ਇਸ ਵਿਆਹ ਲਈ ਸਾਰਾ ਹੋਟਲ ਬੁੱਕ ਸੀ | ਹਿਸਾਬ ਲਾਓ, ਕਿੰਨੇ ਕਰੋੜ ਰੁਪਿਆਂ ਦਾ ਬਿੱਲ ਅਦਾ ਕੀਤਾ ਗਿਆ ਹੋਵੇਗਾ, ਸਿਰਫ਼ ਇਨ੍ਹਾਂ ਚਾਰ ਦਿਨਾਂ ਦੇ ਸਮਾਗਮ ਹਿਤ | ਇਸ ਮਗਰੋਂ ਦਿੱਲੀ ਤੇ ਮੰੁਬਈ ਵਿਖੇ, ਖਾਸ ਰਿਸੈਪਸ਼ਨ ਵੀ ਹੋਏ |
ਮਾਪੇ ਬੜੇ ਪ੍ਰੇਸ਼ਾਨ-ਹਮਾਤੜ ਨੇ ਜਾਂ ਧਨਵਾਨ, ਧੀ ਦਾ ਵਿਆਹ, ਪੈਸੇ ਜਿਥੋਂ ਮਰਜ਼ੀ ਐ ਲਿਆ ਬਾਬਲਾ, ਜਿਵੇਂ ਹੋਇਆ ਹੀਰੋ-ਹੀਰੋਇਨਾਂ ਦਾ ਵਿਆਹ, ਉਹੀਓ ਸ਼ਾਨ ਨਿਭਾਅ, ਮੈਨੂੰ ਕਰ ਅਲਵਿਦਾ, ਮਗਰੋਂ ਬੇਸ਼ੱਕ ਪਛਤਵਾ |


ਘਰ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
• ਰੈਣ-ਬਸੇਰਾ ਤਾਂ ਪਸ਼ੂ-ਪੰਛੀ ਵੀ ਬਣਾ ਲੈਂਦੇ ਹਨ | ਮਨੁੱਖ ਨੂੰ ਚਾਹੀਦਾ ਹੈ ਕਿ ਉਹ ਘਰ ਨੂੰ ਆਦਰਸ਼ ਘਰ ਬਣਾਵੇ |
• ਕੋਈ ਸਮਾਂ ਸੀ ਸਵੇਰੇ-ਸ਼ਾਮ ਪੱਕਦੀ ਪਹਿਲੀ ਰੋਟੀ ਬਜ਼ੁਰਗ ਨੂੰ ਸਭ ਤੋਂ ਪਹਿਲਾਂ ਪਰੋਸੀ ਜਾਂਦੀ ਸੀ ਤੇ ਉਸ ਤੋਂ ਬਾਅਦ ਸਾਰਾ ਟੱਬਰ ਰੋਟੀ ਖਾਂਦਾ ਸੀ | ਹੁਣ ਸਾਂਝੇ ਪਰਿਵਾਰ ਖਤਮ ਹੋਣ ਕਾਰਨ ਅਤੇ ਇਕਹਿਰੇ ਪਰਿਵਾਰ ਬਣ ਜਾਣ ਕਾਰਨ ਬਜ਼ੁਰਗਾਂ ਨੂੰ ਇਕ ਬੋਝ ਸਮਝਿਆ ਜਾਣ ਲੱਗ ਪਿਆ ਹੈ ਜਦੋਂ ਕਿ ਬਜ਼ੁਰਗ ਸਾਡੇ ਘਰਾਂ ਦੇ ਜਿੰਦਰੇ ਹੁੰਦੇ ਹਨ |
• ਅੱਜ ਵੀ ਜੇਕਰ ਅਸੀਂ ਬਜ਼ੁਰਗ ਨੂੰ ਘਰ ਦਾ ਮੁਖੀ ਤਸਲੀਮ ਕਰ ਲਈਏ ਤਾਂ ਘਰ, ਪਰਿਵਾਰ ਖੁਸ਼ੀਆਂ ਖੇੜਿਆਂ ਨਾਲ ਭਰ ਜਾਵੇ |
• ਘਰ ਵਿਚ ਪਰਿਵਾਰਕ ਮੈਂਬਰਾਂ ਵਿਚ ਆਪਸੀ ਤਾਲਮੇਲ, ਸਾਂਝ-ਪਿਆਰ, ਮਿਲਵਰਤਨ, ਇਕ-ਦੂਜੇ ਉਤੇ ਵਿਸ਼ਵਾਸ ਅਤੇ ਇਕ-ਦੂਜੇ ਪ੍ਰਤੀ ਸਮਰਪਣ ਦੀ ਭਾਵਨਾ ਜ਼ਰੂਰੀ ਹੈ |
• ਅੱਜ ਦੇ ਸਮੇਂ ਵਿਚ ਲੋਕ ਲੱਖਾਂ-ਕਰੋੜਾਂ ਰੁਪਏ ਲਗਾ ਕੇ ਘਰ ਉਸਾਰਦੇ ਹਨ ਪਰ ਇਨ੍ਹਾਂ ਘਰਾਂ ਵਿਚੋਂ ਬਹੁਤਿਆਂ ਨੂੰ ਉਹ ਆਪਣਾਪਨ, ਮਿਲਵਰਤਣ ਤੇ ਪਿਆਰ ਦਾ ਉਹ ਨਿੱਘ ਨਹੀਂ ਮਿਲਦਾ ਜੋ ਪੁਰਾਣੇ ਕੱਚੇ ਘਰਾਂ ਵਿਚੋਂ ਮਿਲਦਾ ਹੁੰਦਾ ਸੀ |
• ਸਭ ਤੋਂ ਚੰਗਾ ਘਰ ਉਹ ਹੁੰਦਾ ਜਿਸ ਘਰ ਦੇ ਬੱਚੇ ਸਮਝਦਾਰ, ਪੜ੍ਹੇ-ਲਿਖੇ ਹੁੰਦੇ ਹਨ, ਔਰਤ ਸ਼ਾਂਤੀ-ਪਸੰਦ ਅਤੇ ਪੂਰਨ ਰੂਪ ਵਿਚ ਘਰੇਲੂ ਹੋਵੇ ਜੋ ਘਰ ਦਾ ਸਾਰਾ ਕੰਮ ਆਪਣੇ ਹੱਥਾਂ ਨਾਲ ਕਰੇ | ਜਿਸ ਘਰ ਵਿਚ ਮਹਿਮਾਨ ਦਾ ਆਦਰ-ਸਤਿਕਾਰ ਹੋਵੇ, ਜਿਸ ਘਰ ਵਿਚ ਪੂਜਾ-ਪਾਠ ਹੋਵੇ, ਪੀਣ ਨੂੰ ਸਾਫ਼ ਪਾਣੀ ਤੇ ਖਾਣ ਨੂੰ ਚੰਗਾ ਤੇ ਸਾਦਾ ਭੋਜਨ ਮਿਲੇ, ਜਿਸ ਘਰ ਵਿਚ ਸੰੁਦਰ ਗੁਣਵਾਨ ਪਤਨੀ ਹੋਵੇ ਅਤੇ ਨੇਕ ਔਲਾਦ ਹੋਵੇ |
• ਇਕ ਔਰਤ ਘਰ ਨੂੰ ਸਵਰਗ ਦਾ ਨਮੂਨਾ ਤਾਂ ਹੀ ਬਣਾ ਸਕਦੀ ਹੈ ਜੇਕਰ ਘਰ ਦੇ ਸਾਰੇ ਹੀ ਮੈਂਬਰ ਆਪਣੇ ਫਰਜ਼ ਪਛਾਣ ਕੇ, ਉਸ ਨਾਲ ਸਹੀ ਤਾਲ-ਮੇਲ ਰੱਖ ਕੇ ਉਸ ਨੂੰ ਬਣਦਾ ਮਾਣ-ਸਨਮਾਨ ਦੇਣ |
• ਜਿਸ ਘਰ ਵਿਚ ਆਪਸ ਵਿਚ ਸਾਰਿਆਂ ਦਾ ਤਾਲ-ਮੇਲ ਹੋਵੇ, ਵਿਚਾਰਧਾਰਾ ਮਿਲਦੀ ਹੋਵੇ, ਆਪਸ ਵਿਚ ਕੋਈ ਮਤਭੇਦ ਨਾ ਹੋਵੇ, ਉਹ ਘਰ ਖੁਸ਼ੀਆਂ ਦਾ ਖਜ਼ਾਨਾ ਹੁੰਦਾ ਹੈ |
• ਮੁਸਕਰਾਹਟ ਘਰ ਦੀ ਖ਼ੁਸ਼ੀ ਲਈ ਬਹੁਤ ਜ਼ਰੂਰੀ ਹੈ | ਤੁਹਾਡੀ ਮੁਸਕਰਾਹਟ ਨਾਲ ਘਰ ਖੂਬਸੂਰਤ ਬਣਦਾ ਹੈ | ਤੁਹਾਡੇ ਚੰਗੇ ਵਿਚਾਰਾਂ ਅਤੇ ਮੁਸਕਰਾਹਟ ਨਾਲ ਹੀ ਘਰ ਖੂਬਸੂਰਤ ਬਣਦਾ ਹੈ |
• ਸਿੱਖਿਆ ਦੀ ਥਾਂ ਸਕੂਲ ਵਿਚ ਹੋ ਸਕਦੀ ਹੈ ਪਰ ਦੀਕਸ਼ਾ ਦੀ ਥਾਂ ਤਾਂ ਘਰ ਵਿਚ ਹੀ ਹੁੰਦੀ ਹੈ |
• ਜਿਥੇ ਹਾਸੇ ਗੰੂਜਦੇ ਹੋਣ, ਉਹ ਘਰ ਸਵਰਗ ਹੁੰਦਾ ਹੈ | ਕਲੇਸ਼ ਵਾਲਾ ਘਰ ਤਾਂ ਨਰਕ ਤੋਂ ਵੀ ਬਦਤਰ ਲਗਦਾ ਹੈ | ਜਿਹੜੇ ਘਰ ਸਾਰੇ ਜੀਅ ਖੁਸ਼ ਨਜ਼ਰ ਆਉਣ, ਉਹ ਘਰ ਤਰੱਕੀ ਕਰਦਾ ਹੈ, ਵਧਦਾ-ਫੁਲਦਾ ਹੈ ਅਤੇ ਖੁਸ਼ੀਆਂ ਮਾਣਦਾ ਹੈ |
• ਘਰ ਭਾਵੇਂ ਪੱਕਾ ਹੋਵੇ ਜਾਂ ਕੱਚਾ, ਉਸ ਦੀ ਸਫਾਈ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਸਫਾਈ ਸੱਭਿਅਤਾ ਦੀ ਪਹਿਲੀ ਪੌੜੀ ਹੈ |
• ਘਰ ਵਿਚ ਸਦਭਾਵਨਾ ਅਤੇ ਸੁਤੰਤਰਤਾ ਦਾ ਵਾਤਾਵਰਨ, ਨਵੇਂ ਵਿਚਾਰਾਂ ਦੇ ਉਪਜਣ ਅਤੇ ਆਮਦਨ ਵਧਾਉਣ ਵਿਚ ਸਹਾਈ ਹੁੰਦਾ ਹੈ |
• ਨੂੰ ਹ-ਸੱਸ ਦਾ ਰਿਸ਼ਤਾ ਘਰ ਦੀ ਖੁਸ਼ਹਾਲੀ ਦਾ ਪ੍ਰਤੀਕ ਹੈ | ਇਸ ਰਿਸ਼ਤੇ ਵਿਚ ਵਿਸ਼ਵਾਸ ਦਾ ਬਣਿਆ ਰਹਿਣਾ ਘਰ ਦੀ ਸ਼ਾਂਤੀ ਲਈ ਜ਼ਰੂਰੀ ਹੈ |
• ਮਕਾਨ ਇੱਟਾਂ, ਪੱਥਰਾਂ ਨਾਲ ਬਣਦਾ ਹੈ ਅਤੇ ਘਰ ਪਿਆਰ ਨਾਲ |
• ਜਿਨ੍ਹਾਂ ਦੇ ਮਾਂ-ਪਿਓ ਦੁਖੀ ਹਨ, ਉਨ੍ਹਾਂ ਨੂੰ ਸੁੱਖ ਦੀ ਆਸ ਨਹੀਂ ਰੱਖਣੀ ਚਾਹੀਦੀ ਕਿਉਂਕਿ ਘਰ ਵਿਚ ਸੁੱਖਾਂ ਦਾ ਵਾਸ ਇਸ ਗੱਲ 'ਤੇ ਨਿਰਭਰ ਹੈ ਕਿ ਘਰ 'ਚ ਰਹਿੰਦੇ ਮਾਂ-ਪਿਓ ਕਿੰਨੇ ਸੁਖੀ ਹਨ |
• ਸਿਆਣੀ ਨੂੰ ਹ ਅਤੇ ਸੱਸ ਘਰ ਦਾ ਗਹਿਣਾ ਹੁੰਦਾ ਹੈ ਜੋ ਘਰ ਦੇ ਪਰਿਵਾਰ ਨੂੰ ਮਾਲਾ ਦੇ ਮਣਕੇ ਵਾਂਗ ਜੋੜ ਕੇ ਰੱਖਦਾ ਹੈ | ਜੇ ਇਹ ਮਾਲਾ ਟੁੱਟ ਗਈ ਤਾਂ ਪੂਰੀ ਮਾਲਾ ਹੀ ਖਿੰਡ ਜਾਂਦੀ ਹੈ | ਘਰ ਦੀ ਲੜਾਈ ਜੱਗ ਦੀ ਹਾਸੋਹੀਣੀ ਬਣ ਜਾਂਦੀ ਹੈ | ਇਤਫ਼ਾਕ ਟੁੱਟ ਜਾਂਦੇ ਹਨ, ਜਿਸ ਦਾ ਲੋਕ ਫਾਇਦਾ ਉਠਾਉਂਦੇ ਹਨ |

(ਬਾਕੀ ਅਗਲੇ ਐਤਵਾਰ ਦੇ ਅੰਕ 'ਚ)
-ਮੋਬਾਈਲ : 99155-63406.

ਨਹਿਲੇ 'ਤੇ ਦਹਿਲਾ: ਮੇਰਾ ਡੱਬਾ ਲੱਭਣ ਗਿਆ ਏ

ਸਰ ਸੱਯਦ ਅਹਿਮਦ ਖ਼ਾਨ ਨੇ ਵਿਦਿਆ ਦੇ ਖੇਤਰ ਵਿਚ ਲੰਮੀਆਂ ਪੁਲਾਘਾਂ ਪੁੱਟੀਆਂ ਅਤੇ ਨਵੀਆਂ ਜ਼ਰੂਰਤਾਂ ਅਨੁਸਾਰ ਕੁਰਆਨ ਕਰੀਮ ਦੀ ਤਫ਼ਤੀਸ਼ (ਖੁਲਾਸਾ) ਲਿਖਿਆ ਤਾਂ ਉਨ੍ਹਾਂ ਦੇ ਵਿਰੁੱਧ ਉਨ੍ਹਾਂ ਦੀ ਆਪਣੀ ਬਿਰਾਦਰੀ ਵਿਚ ਤੂਫ਼ਾਨ ਖੜ੍ਹਾ ਹੋ ਗਿਆ | ਵਕਤ ਬੀਤਣ ਦੇ ਨਾਲ-ਨਾਲ ਉਨ੍ਹਾਂ ਦੇ ਕੰਮ ਦੀ ਪ੍ਰਸੰਸਾ ਵੀ ਹੋਈ | ਉਨ੍ਹਾਂ ਦੇ ਜੀਵਨ ਨਾਲ ਜੁੜੀਆਂ ਕਈ ਗੱਲਾਂ ਬੜੀਆਂ ਦਿਲਚਸਪ ਹਨ |
ਇਕ ਵਾਰੀ ਉਹ ਰੇਲ ਗੱਡੀ ਦੇ ਫਸਟ ਕਲਾਸ ਦੇ ਡੱਬੇ ਵਿਚ ਸਫ਼ਰ ਕਰ ਰਹੇ ਸਨ | ਉਨ੍ਹਾਂ ਦੇ ਡੱਬੇ ਵਿਚ ਭੀੜ ਨਹੀਂ ਸੀ ਪਰ ਇਕ ਅੰਗਰੇਜ਼ ਅਗਲੇ ਸਟੇਸ਼ਨ ਤੋਂ ਉਨ੍ਹਾਂ ਵਾਲੇ ਡੱਬੇ ਵਿਚ ਆ ਕੇ ਬੈਠ ਗਿਆ | ਗੋਰੇ ਨੇ ਉਨ੍ਹਾਂ ਵੱਲ ਨਫ਼ਰਤ ਭਰੀ ਨਜ਼ਰ ਨਾਲ ਵੇਖਿਆ, ਜਿਸ ਦਾ ਪਤਾ ਸਰ ਸੱਯਦ ਅਹਿਮਦ ਖ਼ਾਨ ਦੀਆਂ ਅੱਖਾਂ ਨੂੰ ਲੱਗ ਗਿਆ | ਥੋੜ੍ਹੀ ਦੇਰ ਬਾਅਦ ਸਰ ਸੱਯਦ ਅਹਿਮਦ ਖ਼ਾਨ ਨੂੰ ਭੁੱਖ ਮਹਿਸੂਸ ਹੋਈ ਤਾਂ ਉਨ੍ਹਾਂ ਨੇ ਆਪਣਾ ਖਾਣੇ ਵਾਲਾ ਡੱਬਾ ਖੋਲ੍ਹ ਕੇ ਖਾਣਾ ਖਾ ਲਿਆ | ਫਿਰ ਉੱਠ ਕੇ ਗੁਸਲਖਾਨੇ ਵੱਲ ਚਲੇ ਗਏ ਅਤੇ ਜਦੋਂ ਹੱਥ ਧੋ ਕੇ ਵਾਪਸ ਆਏ ਤਾਂ ਵੇਖਿਆ ਉਨ੍ਹਾਂ ਦਾ ਖਾਣੇ ਵਾਲਾ ਡੱਬਾ ਗਾਇਬ ਸੀ | ਉਨ੍ਹਾਂ ਨੇ ਅੰਦਾਜ਼ਾ ਲਗਾ ਲਿਆ ਕਿ ਗੋਰੇ ਨੇ ਹੀ ਡੱਬਾ ਬਾਹਰ ਸੁੱਟਿਆ ਹੈ | ਉਨ੍ਹਾਂ ਨੂੰ ਗੁੱਸਾ ਤਾਂ ਬਹੁਤ ਆਇਆ ਪਰ ਉਹ ਚੁੱਪ ਰਹੇ |
ਥੋੜ੍ਹੀ ਦੇਰ ਬਾਅਦ ਉਹ ਅੰਗਰੇਜ਼ ਗੁਲਸਖਾਨੇ ਵੱਲ ਗਿਆ | ਉਹਦਾ ਹੈਟ ਉਸ ਦੀ ਸੀਟ 'ਤੇ ਪਿਆ ਸੀ | ਸਰ ਸੱਯਦ ਨੇ ਗੋਰੇ ਦਾ ਹੈਟ ਚੁੱਕ ਕੇ ਚਲਦੀ ਰੇਲ ਤੋਂ ਬਾਹਰ ਸੁੱਟ ਦਿੱਤਾ | ਗੋਰਾ ਵਾਪਸ ਆਇਆ ਤਾਂ ਆਪਣਾ ਹੈਟ ਨਾ ਵੇਖ ਕੇ ਸਰ ਸੱਯਦ ਨੂੰ ਪੁੱਛਣ ਲੱਗਾ, 'ਵੈੱਲ ਜੰਟਲਮੈਨ, ਇਧਰ ਹਮਾਰਾ ਹੈਟ ਥਾ, ਕਿਧਰ ਗਯਾ?' ਸਰ ਸੱਯਦ ਨੇ ਜਵਾਬ ਦਿੱਤਾ, 'ਤੁਮਹਾਰਾ ਹੈਟ ਮੇਰਾ ਖਾਨੇ ਵਾਲਾ ਡਿੱਬਾ ਢੰੂਡਨੇ ਗਯਾ ਹੈ |'

-ਜੇਠੀ ਨਗਰ, ਮਾਲੇਰਕੋਟਲਾ ਰੋਡ, ਖੰਨਾ-141401. ਮੋਬਾਈਲ : 94170-91668.

ਸਾਹਿਤਕ ਸਰਗਰਮੀ: ਡਾ: ਕਿਰਨਦੀਪ ਸਿੰਘ ਅਜਾਇਬ ਕਮਲ ਪੁਰਸਕਾਰ ਨਾਲ ਸਨਮਾਨਿਤ

ਪੰਜਾਬੀ ਦੇ ਪ੍ਰਸਿੱਧ ਸ਼ਾਇਰ ਅਜਾਇਬ ਕਮਲ ਹੁਰਾਂ ਦੀ ਯਾਦ ਵਿਚ ਪਿਛਲੇ ਦਿਨੀਂ ਪਿੰਡ ਡਾਂਡੀਆਂ ਵਿਖੇ ਕਵੀ ਦਰਬਾਰ ਕਰਵਾਇਆ ਗਿਆ | ਸਮਾਗਮ ਦੀ ਪ੍ਰਧਾਨਗੀ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਪ੍ਰੋਫੈਸਰ ਡਾ: ਕਿਰਨਦੀਪ ਸਿੰਘ, ਖ਼ਾਲਸਾ ਕਾਲਜ ਜਲੰਧਰ (ਲੜਕੀਆਂ) ਤੋਂ ਪ੍ਰੋਫੈਸਰ ਹਰਪ੍ਰੀਤ ਕੌਰ ਤੇ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਬੱਡੋਂ ਦੇ ਪਿੰ੍ਰਸੀਪਲ ਜਗਮੋਹਨ ਸਿੰਘ ਹੁਰਾਂ ਨੇ ਕੀਤੀ | ਪਿੰ੍ਰਸੀਪਲ ਹਰਬੰਸ ਸਿੰਘ ਮੰਝ ਸਮਾਗਮ ਵਿਚ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ |
ਸਮਾਗਮ ਦੀ ਸ਼ੁਰੂਆਤ ਅਜਾਇਬ ਕਮਲ ਹੁਰਾਂ ਦੀ ਪੁਸਤਕ 'ਪ੍ਰਯੋਗਵਾਦ ਤੇ ਉਸ ਤੋਂ ਅਗਾਂਹ' ਵਿਚ ਲਿਖੀ ਗਈ ਸ੍ਰੀ ਗੁਰੂ ਨਾਨਕ ਦੇਵ ਜੀ ਬਾਰੇ ਕਵਿਤਾ ਨਾਲ ਹੋਈ | ਸਮਾਗਮ ਦੌਰਾਨ ਪੰਜਾਬੀ ਦੇ ਵਿਦਵਾਨ ਤੇ ਆਲੋਚਕ ਡਾ: ਕਿਰਨਦੀਪ ਸਿੰਘ ਹੁਰਾਂ ਨੂੰ ਅਜਾਇਬ ਕਮਲ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ | ਇਸ ਪੁਰਸਕਾਰ ਦੇ ਨਾਲ ਅਜਾਇਬ ਕਮਲ ਹੁਰਾਂ ਦੀ ਥੋੜ੍ਹਾ ਸਮਾਂ ਪਹਿਲੋਂ ਛਪੀ ਕਵਿਤਾਵਾਂ ਦੀ ਪੁਸਤਕ 'ਬ੍ਰਹਿਮੰਡ ਦੇ ਆਰ-ਪਾਰ' ਦੀ ਇਕ ਕਾਪੀ ਵੀ ਭੇਟ ਕੀਤੀ ਗਈ | ਇਹ ਪੁਰਸਕਾਰ ਉਨ੍ਹਾਂ ਦੀਆਂ ਸਾਹਿਤਕ ਸੇਵਾਵਾਂ ਲਈ ਦਿੱਤਾ ਗਿਆ | ਪੁਰਸਕਾਰ ਲੈਣ ਉਪਰੰਤ ਡਾ: ਕਿਰਨਦੀਪ ਸਿੰਘ, ਜੋ ਕਿ ਪੰਜਾਬੀ ਐਮ.ਏ. ਵਿਚੋਂ ਗੋਲਡ ਮੈਡਲਿਸਟ ਹਨ, ਨੇ ਆਖਿਆ ਕਿ ਅਜਾਇਬ ਕਮਲ ਹੁਰਾਂ ਦੇ ਸਾਹਿਤ ਦਾ ਘੇਰਾ ਬਹੁਤ ਹੀ ਵਿਸ਼ਾਲ ਹੈ ਤੇ ਉਹ ਉਨ੍ਹਾਂ ਦੇ ਲਿਖੇ ਸਾਹਿਤ ਨੂੰ ਐਮ.ਏ. ਦੇ ਕੋਰਸ 'ਚ ਪੜ੍ਹਦੇ ਰਹੇ ਹਨ | ਆਪਣੇ ਭਾਸ਼ਣ 'ਚ ਉਨ੍ਹਾਂ ਆਪਣੀ ਪੁਰਾਣੀ ਯਾਦ ਸਾਂਝੀ ਕਰਦਿਆਂ ਆਖਿਆ ਕਿ ਇਕ ਵਾਰ ਐਮ.ਏ. ਵਿਚ ਉਨ੍ਹਾਂ ਨੂੰ ਅਜਾਇਬ ਕਮਲ ਬਾਰੇ ਪੇਪਰ 'ਚ ਇਕ ਸਵਾਲ ਵੀ ਆ ਗਿਆ ਸੀ |
ਇਸ ਤੋਂ ਪਹਿਲਾਂ ਹਰਗੁਰਜੋਧ ਸਿੰਘ ਜੋ ਕਿ ਪੂਰਬੀ ਅਫ਼ਰੀਕਾ ਵਿਚ ਯੂ.ਕੇ. ਦੀ ਐਡਵਾਂਸਡ ਲੈਵਲ ਕਮਿਸਟਰੀ (ਏ. ਲੈਵਲ) ਪੜ੍ਹਾਉਂਦੇ ਹਨ, ਨੇ ਸਭ ਲੇਖਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਆਖਿਆ | ਉਨ੍ਹਾਂ ਅਜਾਇਬ ਕਮਲ ਹੁਰਾਂ ਦੇ ਵਿਚਾਰ ਸਾਂਝੇ ਕਰਦਿਆਂ ਆਖਿਆ ਕਿ ਲੇਖਕ ਸਮਾਜ ਲਈ ਲਿਖਦੇ ਹਨ | ਲੇਖਕ ਨੂੰ ਇਸ ਗੱਲ 'ਤੇ ਕੇਂਦਰਤ ਹੋਣਾ ਚਾਹੀਦਾ ਹੈ ਕਿ ਉਹ ਸਮਾਜ ਨੂੰ ਕੀ ਦੇ ਰਿਹਾ ਜਾਂ ਦਿੱਤਾ ਹੈ, ਨਾ ਕਿ ਸਮਾਜ ਲੇਖਕ ਨੂੰ ਕੀ ਤੇ ਕਦੋਂ ਦੇ ਰਿਹਾ | ਨਵੀਂ ਛਪੀ ਕਿਤਾਬ 'ਬ੍ਰਹਿਮੰਡ ਦੇ ਆਰ-ਪਾਰ' ਬਾਰੇ ਬੋਲਦਿਆਂ ਉਨ੍ਹਾਂ ਆਖਿਆ ਕਿ ਅਜਾਇਬ ਕਮਲ ਹੁਰਾਂ ਅਨੁਸਾਰ ਇਹ ਫੁਟਕਲ ਕਵਿਤਾਵਾਂ ਦਾ ਸੰਗ੍ਰਹਿ ਹੈ, ਜਿਸ ਵਿਚ ਵਿਵਿਧ ਪੱਖੀ ਸਮਕਾਲੀ ਮਨੁੱਖਾ ਜੀਵਨ ਨਾਲ ਸਬੰਧਿਤ ਤੇਜ਼ੀ ਨਾਲ ਉਡੇ ਜਾਂਦੇ ਤੀਬਰ ਅਨੁਭਵਾਂ ਤੇ ਮਨੋਭਾਵਾਂ ਦਾ ਕਾਵਿ-ਪ੍ਰਵਾਹ 'ਚ ਤੇਜ਼ੀ ਨਾਲ ਪਕੜਨ ਦਾ ਸਿਰਜਣਵਾਦੀ ਯਤਨ ਅਤੇ ਤੇਜ਼ੀ ਨਾਲ ਬਦਲਦੇ ਅਨੁਭਵਾਂ, ਮਨੋਭਾਵਾਂ, ਮੂਡਸਕੇਪਾਂ ਤੇ ਸਨੈਪਸ਼ਾਟਾਂ ਦੀ ਇਹ ਲੰਮੀ ਕਾਵਿਕ ਲੜੀ ਅੰਤ ਤੱਕ ਪੁੱਜ ਕੇ ਇਕ ਵਿਸ਼ਾਲ ਕੋਲਾਜ਼, ਕੰਧ ਚਿੱਤਰ ਜਾਂ ਮਿਊਰਲ ਦਾ ਰੂਪ ਧਾਰਨ ਕਰ ਲੈਂਦੀ ਹੈ |
'ਬ੍ਰਹਿਮੰਡ ਦੇ ਆਰ-ਪਾਰ' ਵਿਚੋਂ ਇਕ ਕਵਿਤਾ ਜਸਕਿਰਨ ਕੌਰ ਨੇ ਸੁਣਾਈ, ਜਿਸ ਦਾ ਵਿਸ਼ਾ ਸੀ 'ਗ਼ਦਰੀ ਬਾਬੇ' (ਪੰਨਾ 106)
'ਉਨ੍ਹਾਂ ਘਰਾਂ ਥਾਂ ਦੇਸ ਨੂੰ ਪਹਿਲ ਦਿੱਤੀ
ਜਾਤੀ ਥਾਂ ਕੌਮ ਨੂੰ ਮੋਹਰੇ ਰੱਖਿਆ
ਏਸੇ ਧੁਨ 'ਚ ਗੁਆਚਿਆਂ ਉਨ੍ਹਾਂ
ਅਜ਼ਾਦੀ ਖਾਤਰ ਜ਼ਮੀਨਾਂ ਮਕਾਨਾਂ ਦੀਆਂ
ਕੁਰਕੀਆਂ ਬਲਵਾ ਦਿੱਤੀਆਂ |
ਪਰ ਉਨ੍ਹਾਂ ਦੇ ਚੱਟਾਨੀ ਅਜ਼ਮ ਡੋਲੇ ਨਹੀਂ
ਅਜ਼ਾਬ ਸਹਿ ਕੇ ਵੀ ਮੰੂਹੋਂ ਉਫ਼ ਤੱਕ ਬੋਲੇ ਨਹੀਂ |'
ਕਵੀ ਦਰਬਾਰ 'ਚ ਭਾਗ ਲੈਣ ਵਾਲੇ ਕਵੀ ਸਨ, ਸੁਖਦੇਵ ਨਡਾਲੋਂ, ਸੈਲਾ ਸਾਹਿਤ ਸਭਾ ਦੇ ਪ੍ਰਧਾਨ ਰੇਸ਼ਮ ਚਿੱਤਰਕਾਰ, ਪ੍ਰੀਤ ਨੀਤਪੁਰ, ਪਿੰ੍ਰਸੀਪਲ ਸਰਬਜੀਤ ਸਿੰਘ, ਪਰਮਜੀਤ ਕਾਤਿਬ, ਸਾਬੀ ਈਸਪੁਰੀ, ਸਤਨਾਮ ਸਿੰਘ, ਮਨਦੀਪ ਗੌਤਮ, ਮੋਹਨ ਆਰਟਿਸਟ, ਰਣਜੀਤ ਪੋਸੀ, ਸ਼ੈਰੀ ਡਾਂਡੀਆਂ, ਜੀਵਨ ਚੰਦੇਲੀ, ਸਤਵਿੰਦਰ ਮੰਡੇਰ, ਸੀਪਾ ਖੈਰੜ, ਦਵਿੰਦਰ ਜੀਤ, ਜਸਕਿਰਨ ਕੌਰ, ਅਨੰਦ ਸਿੰਘ, ਹਰਮਿੰਦਰ ਸਾਹਿਲ ਤੇ ਹੋਰ | ਮੰਚ ਸੰਚਾਲਨ ਹਰਮਿੰਦਰ ਸਾਹਿਲ ਨੇ ਕੀਤਾ |
ਸਮਾਗਮ 'ਚ ਹੋਰਨਾਂ ਤੋਂ ਇਲਾਵਾ ਪਿੰ੍ਰਸੀਪਲ ਜਗਮੋਹਨ ਸਿੰਘ, ਡਾਕਟਰ ਕੁਲਤਰਨਜੀਤ ਸਿੰਘ, ਜ਼ਿਲ੍ਹਾ ਸਾਇੰਸ ਸੁਪਰਵਾਈਜ਼ਰ ਡਾ: ਸੁਖਦੇਵ ਸਿੰਘ ਬੱਡੋਂ, ਡਾ: ਅਵਤਾਰ ਸਿੰਘ, ਨੈਰੋਬੀ ਤੋਂ ਮੈਡਮ ਹਰਵਿੰਦਰ ਕੌਰ, ਮਾ: ਦਿਲਬਰ ਸਿੰਘ, ਮਾ: ਮੋਹਨ ਸਿੰਘ, ਮਾ: ਸਤਵਿੰਦਰ ਸਿੰਘ ਜਸਵਾਲ ਬੱਡੋਂ, ਫੁੱਟਬਾਲ ਅਕੈਡਮੀ ਮੇਹਟੀਆਣਾ ਦੇ ਕੋਚ ਅਮਰੀਕ ਸਿੰਘ, ਦੁਆਬਾ ਫੁੱਟਬਾਲ ਵੈੱਲਫੇਅਰ ਕਲੱਬ ਬੱਡੋਂ ਦੇ ਪ੍ਰਧਾਨ ਕ੍ਰਿਸ਼ਨ ਚੰਦ ਭਨੋਟ, ਮੈਨੇਜਰ ਅਮਰਜੀਤ ਸਿੰਘ, ਤਰਸੇਮ ਸਿੰਘ, ਪੰਚਾਇਤ ਮੈਂਬਰ ਗੁਰਪ੍ਰੀਤ ਸਿੰਘ ਡਾਂਡੀਆਂ, ਅੰਮਿ੍ਤ ਸਿੰਘ, ਕੁਲਵੰਤ ਕੌਰ ਤੇ ਗੁਰਵਿੰਦਰਜੀਤ ਸਿੰਘ ਆਦਿ ਸ਼ਾਮਿਲ ਹੋਏ |
ਸਮਾਗਮ ਦੇ ਅਖੀਰ ਵਿਚ ਅਜਾਇਬ ਕਮਲ ਦੇ ਲੜਕੇ ਪਿੰ੍ਰਸੀਪਲ ਜਗਮੋਹਨ ਸਿੰਘ ਨੇ ਆਏ ਲੇਖਕਾਂ ਤੇ ਹੋਰਾਂ ਦਾ ਧੰਨਵਾਦ ਕੀਤਾ |

-ਅਜੀਤ ਬਿਊਰੋ

ਮੋਹ ਦੀਆਂ ਤੰਦਾਂ

ਕਈ ਦ੍ਰਿਸ਼, ਵਾਕ ਜਾਂ ਕਹੇ-ਅਣਕਹੇ ਸੁਨੇਹੇ ਅਨਚੇਤਨ ਮਨ 'ਚ ਬੈਠ ਜਾਂਦੇ ਹਨ। ਮਨ ਦੇ ਗੁੱਝੇ ਕੋਨਿਆਂ 'ਚ ਵਸੇ ਇਹ ਭਾਵ ਉਸ ਵੇਲੇ ਚੇਤੇ ਆਉਂਦੇ ਹਨ ਜਦ ਵਿਚਾਰਾਂ ਦਾ ਕੋਈ ਬੁੱਲਾ ਇਕ ਤੋਂ ਬਾਅਦ ਇਕ, ਮਨ ਦੇ ਕਿਵਾੜ ਖੋਲ੍ਹਣ ਲਗਦਾ ਹੈ।
ਰਾਗਿਨੀ ਦੇ ਮਨ 'ਚ ਖ਼ਬਰੇ ਕਿਹੜੇ ਵੇਲੇ ਅਤੇ ਕਿਹੜਾ ਵਿਚਾਰਾਂ ਦਾ ਬੁੱਲਾ ਆਇਆ ਪਰ ਜਦ ਆਖਰੀ ਕਿਵਾੜ ਖੁੱਲ੍ਹਾ ਤਾਂ ਰਾਸ਼ੀ ਦਾ ਚਿਹਰਾ ਉਸ ਦੇ ਸਾਹਮਣੇ ਆ ਗਿਆ।
ਸ਼ਾਮ ਦੇ 7 ਜਾਂ ਸਾਢੇ 7 ਵੱਜੇ ਸਨ। ਰਾਸ਼ੀ ਨੇ ਡੋਰਬੈੱਲ ਵਜਾਈ ਅਤੇ ਸਿੱਧਾ ਆ ਕੇ ਰਾਗਿਨੀ ਦੇ ਗਲੇ ਲੱਗ ਗਈ। ਰਾਗਿਨੀ ਨੇ ਵੀ ਚਿਰਾਂ ਬਾਅਦ ਮਿਲੀ ਭੈਣ ਨੂੰ 5 ਮਿੰਟ ਤੱਕ ਘੁੱਟ ਕੇ ਫੜੀ ਰੱਖਿਆ। ਇਸ ਗਲਵੱਕੜੀ ਨਾਲ ਭੈਣਾਂ ਦੇ ਰਿਸ਼ਤੇ ਦੀ ਖੁਸ਼ਬੋਈ ਪੂਰੇ ਘਰ 'ਚ ਫੈਲ ਗਈ।
ਹਾਲ-ਚਾਲ ਪੁੱਛਣ ਦੇ ਨਾਲ-ਨਾਲ ਰਾਗਿਨੀ ਨੇ ਇਡਲੀ-ਸਾਂਬਰ ਪਰੋਸਣਾ ਸ਼ੁਰੂ ਕਰ ਦਿੱਤਾ। ਦਫ਼ਤਰ ਤੋਂ ਆਈ ਰਾਸ਼ੀ ਇਕ-ਇਕ ਗਰਾਹੀ ਨਾਲ ਰਾਗਿਨੀ ਦੇ ਬਣਾਏ ਖਾਣੇ ਦੀ ਤਾਰੀਫ਼ ਕਰਦੀ ਗਈ।
'ਦੀਦੀ! ਮੈਂ ਸਵੇਰੇ ਇਹ ਹੀ ਆਫਿਸ ਲੈ ਕੇ ਜਾਵਾਂਗੀ', ਰਾਸ਼ੀ ਨੇ ਕਿਹਾ।
'ਅੱਛਾ ਬਾਬਾ! ਮੈਂ ਤੇਰੇ ਲਈ ਵੈਜੀਟੇਬਲ ਇਡਲੀ ਬਣਾ ਦੇਵਾਂਗੀ। ਤੂੰ ਹੁਣ ਤੇ ਖਾ', ਰਾਗਿਨੀ ਨੇ ਪਿਆਰ ਨਾਲ ਕਿਹਾ।
'ਜੋ ਮਰਜ਼ੀ ਬਣਾਉਣਾ, ਬਸ ਮੇਰੇ ਆਫਿਸ ਵਾਲੇ ਉਂਗਲੀਆਂ ਚੱਟਦੇ ਰਹਿਣ', ਰਾਸ਼ੀ ਨੇ ਕਿਹਾ ਤੇ ਰਾਗਿਨੀ ਮੁਸਕਰਾ ਪਈ।
ਖੁੱਲ੍ਹੇ ਕਿਵਾੜ ਦੇ ਪਾਰ ਵੀ ਉਹ ਮੁਸਕਰਾ ਰਹੀ ਸੀ ਅਤੇ ਹੁਣ ਅਵਚੇਤਨ ਮਨ 'ਚ ਆਈ ਰਾਸ਼ੀ ਦੀਆਂ ਨਿੱਕੀਆਂ-ਨਿੱਕੀਆਂ ਮੁਸਕਰਾਹਟਾਂ ਨੂੰ ਯਾਦ ਕਰਕੇ ਵੀ।
ਰਾਸ਼ੀ ਰਾਗਿਨੀ ਦੇ ਮਾਮੇ ਦੀ ਸਭ ਤੋਂ ਛੋਟੀ ਬੇਟੀ ਸੀ। ਉਂਜ ਵੀ ਨਾਨਕੇ ਪਰਿਵਾਰ 'ਚੋਂ ਵੀ ਸਭ ਤੋਂ ਛੋਟੀ ਸੀ। ਪਰ ਉਸ ਨੂੰ ਦੁਲਾਰ ਲੈਣਾ ਵੀ ਆਉਂਦਾ ਸੀ, ਪਿਆਰ ਦੇਣਾ ਵੀ ਅਤੇ ਰੋਹਬ ਨਾਲ ਗੱਲ ਮਨਵਾਉਣੀ ਵੀ।
ਕਈ ਵਾਰ ਗੱਲ ਕਰਦਿਆਂ ਉਹ ਆਪਣੀ ਉਮਰ ਦੇ ਕੱਦ ਨਾਲੋਂ ਕਿਤੇ ਵੱਡੀਆਂ ਗੱਲਾਂ ਕਰਨ ਲਗਦੀ ਅਤੇ ਕਦੇ ਗੋਲਗੱਪੇ ਜਾਂ ਹੋਰ ਅਜਿਹੀਆਂ ਚੀਜ਼ਾਂ ਦੀ ਮੰਗ ਤੁਰੰਤ ਪੂਰੀ ਕਰਵਾਉਣ ਲਈ ਨਿੱਕੇ ਬੱਚਿਆਂ ਵਾਂਗ ਹੜਤਾਲ 'ਤੇ ਵੀ ਬੈਠ ਜਾਂਦੀ।
'ਦੀਦੀ! ਮੈਂ ਨਾ ਕੁਝ ਦਿਨ ਤੁਹਾਡੇ ਕੋਲ ਆਵਾਂਗੀ', ਰਾਸ਼ੀ ਨੇ ਕਿਹਾ।
'ਮੈਨੂੰ ਸਮਝ ਨਹੀਂ ਆਉਂਦੀ, ਤੂੰ ਨੋਇਡਾ ਤੋਂ ਰੋਜ਼ ਗੁੜਗਾਂਓਂ ਜਾਂਦੀ ਕਿਉਂ ਹੈਂ? ਰੋਜ਼ ਆ ਕੇ ਛੁੱਟੀ ਵਾਲੇ ਦਿਨ ਚਲੀ ਜਾਇਆ ਕਰ', ਰਾਗਿਨੀ ਨੇ ਹੋਰ ਹੱਕ ਨਾਲ ਕਿਹਾ।
ਜਦ ਪ੍ਰੋਗਰਾਮ 'ਤੇ ਦੋਵਾਂ ਦੀ ਰਜ਼ਾਮੰਦੀ ਦੀ ਮੋਹਰ ਲੱਗ ਗਈ ਤਾਂ ਅਚਾਨਕ ਰਾਗਿਨੀ ਨੇ ਪੁੱਛਿਆ, 'ਅੱਛਾ! ਡਾਕਟਰ ਨੇ ਕੀ ਕੀ ਖਾਣ ਨੂੰ ਮਨ੍ਹਾਂ ਕੀਤਾ ਹੈ?'
ਰਾਸ਼ੀ ਨੇ ਮੁਸਕਰਾਉਂਦਿਆਂ ਕਿਹਾ, 'ਮੈਂ ਉਹ ਚੀਜ਼ਾਂ ਦੱਸ ਦੇਵਾਂਗੀ ਜੋ ਮੈਂ ਖਾ ਸਕਦੀ ਹਾਂ।'
ਰਾਸ਼ੀ ਨੂੰ ਕਣਕ ਅਤੇ ਇਸ ਤੋਂ ਬਣੀਆਂ ਵਸਤਾਂ ਤੋਂ ਐਲਰਜੀ ਸੀ। ਨਾਲ ਕੁਝ ਹੋਰ ਵੀ ਸਮੱਸਿਆ ਵੀ ਸੀ। ਵੈਸੇ ਤਾਂ ਕਈ ਡਾਕਟਰਾਂ ਨੂੰ ਵਿਖਾ ਚੁੱਕੇ ਸੀ ਪਰ ਅੱਜਕਲ੍ਹ ਰਾਗਿਨੀ ਦੇ ਘਰ ਕੋਲ ਇਕ ਹੋਮਿਉਪੈਥੀ ਡਾਕਟਰ ਕੋਲੋਂ ਇਲਾਜ ਚਲ ਰਿਹਾ ਸੀ।
ਰਾਗਿਨੀ ਨੇ ਕਿਤੇ ਪੜ੍ਹਿਆ ਸੀ ਕਿ ਪਾਣੀ 'ਚ ਉਤਰਨ ਵਾਲੇ ਨੂੰ ਤੈਰਨ ਦੀ ਜਾਚ ਆ ਹੀ ਜਾਂਦੀ ਹੈ। ਰਾਸ਼ੀ ਪਾਣੀ 'ਚ ਉੱਤਰੀ ਉਹ ਇਨਸਾਨ ਸੀ ਜੋ ਤੈਰਾਕ ਬਣਨ ਦਾ ਯਤਨ ਕਰ ਰਹੀ ਸੀ। ਇਸ ਯਤਨ 'ਚ ਉਹ ਪਾਣੀ ਤੋਂ ਬਾਹਰਲੀ ਦੁਨੀਆ ਭੁੱਲੀ ਤਾਂ ਨਹੀਂ ਸੀ ਪਰ ਅਜਿਹਾ ਜਤਾਉਣ ਦੀ ਕੋਸ਼ਿਸ਼ ਕਰਦੀ ਰਹਿੰਦੀ ਸੀ।
ਕਈ ਵਾਰ ਕੁਆਰੇ ਮਨ ਦੀਆਂ ਕਈ ਸਧਰਾਂ ਉਹ ਆਪਣੇ ਆਸ-ਪਾਸ ਖਲੇਰ ਕੇ ਬੈਠ ਜਾਂਦੀ। ਰੰਗ-ਬਰੰਗੀਆਂ ਚੂੜੀਆਂ, ਨਵੇਂ ਫੈਸ਼ਨ ਦੇ ਕੱਪੜੇ, ਬਿੰਦੀਆਂ, ਲਿਪਸਟਿਕਾਂ ਤੋਂ ਲੈ ਕੇ ਉਹ ਸਾਰੇ ਅਸਬਾਬ, ਜੋ ਮਨ ਦੀਆਂ ਤਾਂਘਾਂ ਨੂੰ ਸ਼ਿੰਗਾਰਨ ਲਈ ਜ਼ਰੂਰੀ ਮੰਨੇ ਜਾਂਦੇ ਸੀ, ਸਭ ਉਸ ਕੋਲ ਹੁੰਦੇ ਸਨ।
ਪਰ ਤੈਰਾਕ ਬਣਨ ਲਈ ਉਹ ਜੱਦੋ-ਜਹਿਦ ਕਰ ਰਹੀ ਸੀ, ਜਿਸ ਨੂੰ ਉਸ ਸਮੇਤ ਸਾਰੇ ਵੇਖ ਰਹੇ ਸਨ, ਸਮਝ ਵੀ ਰਹੇ ਸੀ, ਪਰ ਹੌਸਲੇ ਦੀਆਂ ਲੜੀਆਂ ਦਾ ਇਕ-ਇਕ ਸਿਰਾ ਰਾਸ਼ੀ ਨੂੰ ਫੜਾ ਕੇ, ਦੂਜਾ ਲੜ੍ਹ ਫੜੀ ਸਭ ਉਸ ਨਾਲ ਚਲ ਰਹੇ ਸਨ। ਮਾਮਾ, ਮਾਮੀ, ਉਸ ਦੀਆਂ ਤਿੰਨੋ ਭੈਣਾਂ।
ਰਾਸ਼ੀ ਦੀ ਬਿਮਾਰੀ ਦੀਆਂ ਪੇਚੀਦਗੀਆਂ ਵਧ ਰਹੀਆਂ ਸਨ। ਉਸ ਨੇ ਨੌਕਰੀ ਛੱਡ ਦਿੱਤੀ। ਹੁਣ ਉਹ ਜ਼ਿਆਦਾਤਰ ਘਰ ਹੀ ਹੁੰਦੀ ਸੀ। ਇਕ ਦਿਨ ਅਚਾਨਕ ਫੋਨ 'ਤੇ ਮੈਸੇਜ਼ 'ਤੇ ਗੱਲ ਕਰਦਿਆਂ ਕਹਿਣ ਲੱਗੀ, 'ਦੀਦੀ ਜਿਹੜੇ ਤੁਸੀਂ ਮੇਰੇ ਲਈ ਬਿਸਕੁਟ ਬਣਾਏ ਸੀ, ਉਹ ਚਿਪਚਿਪਾਹਟ ਤੋਂ ਬਿਨਾਂ ਸਨ, ਉਹ ਖਾਣ ਨੂੰ ਜੀਅ ਕਰ ਰਿਹਾ ਹੈ। ਥੋੜ੍ਹੀ ਦੇਰ ਬਾਅਦ ਮਾਮੀ ਜੀ ਨੇ ਹੱਸਦਿਆਂ ਫੋਨ ਫੜ ਕੇ ਕਿਹਾ ਕਿ ਫੂਡ ਚੈਨਲ ਵੇਖਦਿਆਂ ਤੈਨੂੰ ਜ਼ਰੂਰ ਯਾਦ ਕਰਦੀ ਹੈ।
ਪਿਆਰ ਦੀ ਇਸ ਨੁਹਾਰ ਨੂੰ ਅਣਸੁਣਿਆਂ ਕਿਵੇਂ ਕੀਤਾ ਜਾ ਸਕਦਾ ਸੀ। ਜਿੰਨੀ ਕੁ ਛੇਤੀ ਰਾਗਿਨੀ ਜਾਣ ਦਾ ਪ੍ਰੋਗਰਾਮ ਬਣਾ ਸਕਦੀ ਸੀ, ਬਣਾ ਕੇ ਉਹ ਰਾਸ਼ੀ ਲਈ ਬਿਸਕੁਟ ਬਣਾ ਕੇ ਉਸ ਕੋਲ ਪਹੁੰਚ ਗਈ।
ਰਾਸ਼ੀ ਉਸ ਦੇ ਅੰਦੇਸ਼ਿਆਂ ਤੋਂ ਕਾਫ਼ੀ ਵੱਧ ਬਿਮਾਰ ਸੀ। ਬੈੱਡ ਤੋਂ ਉੱਠਣ ਲੱਗਿਆਂ ਵੀ ਉਸ ਨੂੰ ਸਹਾਰੇ ਦੀ ਲੋੜ ਪੈਂਦੀ ਸੀ। ਰਾਸ਼ੀ ਦੇ ਉਠਣ ਤੋਂ ਪਹਿਲਾਂ ਰਾਗਿਨੀ ਨੂੰ ਬਾਹਰ ਜਾ ਕੇ ਆਪਣੇ-ਆਪ ਨੂੰ ਸੰਭਾਲਣਾ ਪਿਆ। ਰਾਸ਼ੀ ਨੇ ਉਠ ਕੇ ਓਦਾਂ ਹੀ ਦੁਲਾਰ ਕੀਤਾ, ਛੋਟੀ ਭੈਣ ਵਾਂਗ। ਪਰ ਥੋੜ੍ਹੀ ਦੇਰ ਬਾਅਦ ਹੀ ਕਮਜ਼ੋਰੀ ਕਾਰਨ ਦੁਬਾਰਾ ਲੇਟ ਗਈ ਤੇ ਸੌਂ ਗਈ।
ਮਾਮੀ ਨੇ ਰਾਗਿਨੀ ਨੂੰ ਗੱਲ ਕਰਦਿਆਂ ਦੱਸਿਆ ਕਿ ਸਭ ਤੋਂ ਰੀਝ ਨਾਲ ਫੂਡ ਚੈਨਲ ਹੀ ਵੇਖਦੀ ਹੈ।
'ਰੀਝਾਂ ਦੀ ਬੁੱਕਲ ਦਾ ਭਾਰ ਕਿੰਨਾ ਕੁ ਹੁੰਦਾ ਹੋਏਗਾ', ਉਸ ਦਿਨ ਵਾਪਸ ਘਰ ਜਾਂਦਿਆਂ ਰਾਗਿਨੀ ਸਿਰਫ਼ ਇਹ ਹੀ ਸੋਚਦੀ ਰਹੀ।
ਰਾਗਿਨੀ ਦਾ ਘਰ ਰਾਸ਼ੀ ਤੋਂ ਕਾਫ਼ੀ ਦੂਰ ਹੋਣ ਕਾਰਨ ਉਹ ਕਦੇ-ਕਦਾਈਂ ਹੀ ਉਥੇ ਜਾਂਦੀ ਪਰ ਹੁਣ ਅਕਸਰ ਫੋਨ 'ਤੇ ਜਾਂ ਚੈਟ 'ਤੇ ਗੱਲ ਹੋ ਜਾਂਦੀ। ਜਿਸ 'ਚ ਰਾਸ਼ੀ ਕਦੇ ਉਸ ਨੂੰ ਮਾਸਟਰ ਸੈਫ਼ 'ਚ ਜਾਣ ਨੂੰ ਉਤਸ਼ਾਹਿਤ ਕਰਦੀ ਅਤੇ ਕਦੇ-ਮਿਲਣ ਲਈ ਜ਼ਿੱਦ ਕਰਨ ਲਗਦੀ।
ਰਾਸ਼ੀ ਜ਼ਿਆਦਾਤਰ ਆਪਣੀ ਵੱਡੀ ਭੈਣ ਕੋਲ ਰਹਿੰਦੀ, ਜਿਸ ਨੂੰ ਉਹ 'ਗੋਦ ਲਈ ਮੰਮੀ' ਵੀ ਕਹਿੰਦੀ।
ਸਿਹਤ 'ਚ ਕਈ ਵਾਰ ਕੁਝ ਸੁਧਾਰ ਹੁੰਦਾ ਤਾਂ ਸਭ ਉਸ ਡਾਕਟਰ, ਉਸ ਗੁਰੂ ਜੀ ਵੱਲ ਤੁਰ ਪੈਂਦੇ। ਕਦੇ ਸ਼ੁਕਰਾਨੇ ਲਈ, ਕਦੇ ਹੋਰ ਫਰਿਆਦ ਲੈ ਕੇ। ਕਦੇ ਹਾਲਤ ਇੰਨੀ ਵਿਗੜ ਜਾਂਦੀ ਕਿ ਖਾਣਾ ਫੂਡ ਪਾਈਪ ਰਾਹੀਂ ਖੁਆਉਂਦੇ ਅਤੇ ਕਦੇ ਅਚਾਨਕ ਹਸਪਤਾਲ ਲੈ ਜਾਣਾ ਪੈਂਦਾ ਅਤੇ ਫਿਰ ਸਿਹਤ ਕੁਝ ਬਿਹਤਰੀ ਵੱਲ ਆ ਜਾਂਦੀ।
ਇਕ ਦਿਨ ਅਚਾਨਕ ਰਾਸ਼ੀ ਦਾ ਫੋਨ ਆਇਆ, 'ਦੀਦੀ, ਕਿੰਨੀ ਦੇਰ ਹੋ ਗਈ। ਮਿਲਣ ਕਦੋਂ ਆਓਗੇ।'
ਰਾਗਿਨੀ ਨੇ ਕਿਹਾ ਅਗਲੇ ਐਤਵਾਰ।
ਤਾਂ ਰਾਸ਼ੀ ਦੀ ਹੌਲੀ ਜਿਹੀ ਆਵਾਜ਼ ਆਈ ਤਦ ਤੱਕ ਤਾਂ ਬਹੁਤ ਦੇਰ ਹੋ ਜਾਏਗੀ।
ਦੋਵਾਂ ਨੂੰ ਇਸ ਵਾਕ ਦਾ ਅਰਥ ਕੁਝ ਖਾਸ ਸਮਝ ਨਹੀਂ ਆਇਆ। ਨਾ ਉਸ ਨੂੰ ਬੋਲ ਕੇ, ਨਾ ਉਸ ਨੂੰ ਸੁਣ ਕੇ। ਪਰ ਉਹ ਵਾਕ ਹਵਾ 'ਚ ਜਿਵੇਂ ਕਿਤੇ ਠਹਿਰ ਗਿਆ ਹੋਵੇ। 'ਕਿਉਂ' ਦਾ ਜਵਾਬ ਸ਼ਾਇਦ ਉਸ ਵੇਲੇ ਸਮੇਂ ਦੇ ਗਰਭ 'ਚ ਸੀ।
ਹਾਲੇ ਅਗਲਾ ਐਤਵਾਰ ਆਉਣ 'ਚ 4 ਦਿਨ ਬਾਕੀ ਸਨ ਕਿ ਫੋਨ ਦੀ ਘੰਟੀ ਵੱਜੀ। ਰਾਗਿਨੀ ਦੀ ਮੰਮੀ ਦਾ ਫੋਨ ਸੀ। ਉਹ ਗੁੜਗਾਂਓਂ ਪਹੁੰਚ ਚੁੱਕੇ ਸਨ। ਰਾਗਿਨੀ ਅਗਲੇ ਦਿਨ ਤੜਕੇ ਹੀ ਗੁੜਗਾਂਓਂ ਪਹੁੰਚ ਗਈ।
ਰਾਸ਼ੀ ਹਸਪਤਾਲ 'ਚ ਸੀ। ਰਾਗਿਨੀ ਸਿੱਧੀ ਹਸਪਤਾਲ ਹੀ ਪਹੁੰਚੀ। ਆਈ.ਸੀ.ਯੂ. ਗਈ ਤਾਂ ਦੁੱਧ ਵਾਂਗ ਚਿੱਟੀ ਹੋਈ ਪਈ ਰਾਸ਼ੀ ਦੀਆਂ ਅੱਖਾਂ ਬੰਦ ਸਨ। ਉਹ ਲਾਈਫ਼ ਸਿਸਟਮ 'ਤੇ ਸੀ। ਰਾਗਿਨੀ ਨੇ ਉਸ ਦਾ ਹੱਥ ਫੜਿਆ ਤਾਂ ਉਸ ਨੇ ਅੱਖਾਂ ਖੋਲ੍ਹੀਆਂ। ਪਪੜੀ ਜੰਮੇ ਬੁੱਲ੍ਹ ਹਿੱਲੇ ਜਾਂ ਰਾਗਿਨੀ ਨੂੰ ਝੌਲਾ ਪਿਆ, ਪਤਾ ਨਹੀਂ। ਪਰ ਇਕ ਬੂੰਦ ਰਾਸ਼ੀ ਦੀਆਂ ਅੱਖਾਂ 'ਚੋਂ ਨਿਕਲ ਕੇ ਚਾਦਰ 'ਤੇ ਅਤੇ ਰਾਗਿਨੀ ਦੀਆਂ ਅੱਖਾਂ 'ਚੋਂ ਨਿਕਲ ਕੇ ਜ਼ਮੀਨ 'ਤੇ ਡਿੱਗ ਪਈ।
ਰਾਸ਼ੀ ਦੀਆਂ ਭੈਣਾਂ ਬਾਹਰ ਸਨ। ਉਹ ਉਸ ਲਈ ਕੀ ਦੁਆ ਮੰਗ ਰਹੀਆਂ ਸਨ, ਪਤਾ ਨਹੀਂ ਜਾਂ ਇਹ ਕਹੋ ਕਿ ਕੀ ਦੁਆ ਕਰਨੀ ਚਾਹੀਦੀ ਹੈ ਉਹ ਪਤਾ ਨਹੀਂ ਸੀ।
ਕਈ ਵਾਰ ਮੋਹ ਦੀਆਂ ਤੰਦਾਂ ਇੰਨੀਆਂ ਪੀਡੀਆਂ ਹੋ ਜਾਂਦੀਆਂ ਹਨ ਕਿ ਉਹ ਸਾਹਾਂ ਨੂੰ ਫੜਨ ਦਾ ਯਤਨ ਕਰਦੀਆਂ ਹਨ। ਥੋੜ੍ਹੀ-ਥੋੜ੍ਹੀ ਰਾਸ਼ੀ ਸਾਰਿਆਂ ਕੋਲ ਸੀ, ਮਾਮੀ ਕੋਲ, ਮਾਮੇ ਕੋਲ, ਗੋਦ ਲਈ ਮੰਮੀ ਕੋਲ, ਬਾਕੀ ਦੋਵੇਂ ਭੈਣਾਂ ਕੋਲ ਅਤੇ ਥੋੜ੍ਹੀ ਜਿਹੀ ਰਾਗਿਨੀ ਕੋਲ ਵੀ।
ਮੋਹ ਦੀਆਂ ਤੰਦਾਂ 'ਚ ਉਲਝੀ ਰਾਸ਼ੀ ਆਪਣੇ ਸਾਹਾਂ ਨਾਲ ਸੰਘਰਸ਼ ਕਰ ਰਹੀ ਸੀ। ਸਭ ਨੂੰ ਜੋੜਨ ਅਤੇ ਸਭ ਨਾਲ ਜੁੜਨ ਵਾਲੀ ਰਾਸ਼ੀ ਸ਼ਾਇਦ ਅੱਜ ਰਿਹਾਈ ਮੰਗ ਰਹੀ ਸੀ। ਪਰ ਹਾਲੇ ਵੀ ਆਪਣੇ ਥਕੇਵੇਂ ਤੋਂ ਜ਼ਿਆਦਾ ਉਨ੍ਹਾਂ ਚਿਹਰਿਆਂ ਨੂੰ ਵੇਖ ਰਹੀ ਸੀ, ਜੋ ਇਕ ਖਲਾਅ ਦੇ ਖਿਆਲ ਤੋਂ ਹੀ ਖੌਫ਼ਜ਼ਦਾ ਸੀ।
ਰਾਸ਼ੀ ਦੀ ਅਰਜ਼ੋਈ ਹੁਣ ਸਿਰਫ਼ ਰਿਹਾਈ ਦੀ ਸੀ। ਅਜਿਹੇ ਜੀਵਨ ਤੋਂ ਰਿਹਾਈ, ਜਿਸ 'ਚ ਕਈ ਸਧਰਾਂ ਫਰੇਮ 'ਚ ਟੰਗੀਆਂ ਤਸਵੀਰਾਂ ਵਾਂਗ ਹੀ ਰਹਿ ਗਈਆਂ। ਇਸ ਲਈ ਮੋਹ ਦੀਆਂ ਤੰਦਾਂ ਖੋਲ੍ਹਣ ਦੀ ਲੋੜ ਨਹੀਂ ਸੀ, ਬਸ ਥੋੜ੍ਹੀਆਂ ਢਿੱਲੀਆਂ ਕਰਨ ਦੀ ਲੋੜ ਸੀ।
ਦੋ ਸਾਲ ਹੋ ਗਏ।
ਰਾਸ਼ੀ ਅਜੇ ਵੀ ਅਚਾਨਕ ਆ ਜਾਂਦੀ ਹੈ ਕਦੇ-ਕਦੇ। ਹਾਂ, ਹੁਣ ਉਹ ਡੋਰ ਬੈੱਲ ਨਹੀਂ ਵਜਾਉਂਦੀ। ਸਗੋਂ ਅਵਚੇਤਨ ਮਨ ਦੇ ਕਿਵਾੜ ਖੋਲ੍ਹ ਕੇ ਹੱਸਦੀ, ਮੁਸਕਰਾਉਂਦੀ, ਸਜੀ-ਸੰਵਰੀ, ਸਿੱਧੀ ਦਿਲ ਦੇ ਕਮਰੇ 'ਚ ਦਾਖਲ ਹੁੰਦੀ ਹੈ ਤੇ ਰਾਗਿਨੀ ਕਦੇ ਵੀ ਉਸ ਦੇ ਕੰਨ ਦੇ ਪਿਛੇ ਕਾਲਾ ਟਿੱਕਾ ਲਾਉਣਾ ਨਹੀਂ ਭੁੱਲਦੀ।


ਈਮੇਲ :upma.dagga@gmail.com

ਮਿੰਨੀ ਕਹਾਣੀ

ਮਿਲਿਆ ਈ ਨਹੀਂ

ਇਕ ਦਿਨ ਮੈਂ ਆਪਣੇ ਉਪਰ ਲੱਗੇ ਹੋਏ ਝੂਠੇ ਇਲਜ਼ਾਮ ਦਾ ਟੋਕਰਾ ਚੁੱਕੀ ਜਾ ਰਿਹਾ ਸੀ। ਮੈਨੂੰ ਕਿਸੇ ਨੇ ਪੁੱਛਿਆ, 'ਭਾਈ ਸਾਹਿਬ ਕੀ ਵੇਚਦੇ ਹੋ?' ਮੈਂ ਕਿਹਾ ਕਿ, 'ਮੈਂ ਵੇਚਦਾ ਨਹੀਂ ਸਗੋਂ ਲੈਂਦਾ ਹਾਂ।' ਉਸ ਫਿਰ ਕਿਹਾ, 'ਕੀ ਲੈਂਦੇ ਹੋ?' ਮੈਂ ਕਿਹਾ ਕਿ 'ਝੂਠੇ ਇਲਜ਼ਾਮ' ਤੇ ਫਿਰ ਕਿਹਾ, 'ਬਦਲੇ ਵਿਚ ਕੀ ਦਿੰਦੇ ਹੋ?' ਮੈਂ ਕਿਹਾ ਕਿ 'ਲੋਕ ਤਾਂ ਮੈਨੂੰ ਮੁਫ਼ਤ ਵਿਚ ਦੇ ਜਾਂਦੇ ਨੇ।' 'ਫਿਰ ਤੂੰ ਇਨ੍ਹਾਂ ਦਾ ਕੀ ਕਰੇਂਗਾ?' 'ਕਰਨਾ ਕੀ ਹੈ ਬਸ ਚੁਕੀ ਫਿਰਾਂਗਾ।' ਫਿਰ ਉਹ ਬੋਲਿਆ ਕਿ, 'ਤੂੰ ਇਨ੍ਹਾਂ ਨੂੰ ਚਲਦੇ ਪਾਣੀ ਵਿਚ ਵਹਾ ਦੇ।' ਮੈਂ ਕਿਹਾ ਕਿ, 'ਇਹ ਪਾਣੀ ਨਾਲ ਜਾ ਕੇ ਖੇਤਾਂ ਵਿਚ ਬੂਟੇ ਬਣ ਕੇ ਉੱਗ ਪੈਣਗੇ, ਤੇ ਫਿਰ ਇਹ ਬਹੁਤ ਸਾਰੇ ਹੋ ਜਾਣਗੇ।' ਤੇ ਉਸ ਫਿਰ ਕਿਹਾ, 'ਤੂੰ ਇਨ੍ਹਾਂ ਨੂੰ ਟੋਏ ਵਿਚ ਸੁੱਟ ਦੇ, ਤੇ ਮੈਂ ਕਿਹਾ ਕਿ ਇਹ ਉਥੇ ਵੀ ਉੱਗ ਪੈਣਗੇ।'
'ਫਿਰ ਤੂੰ ਇਨ੍ਹਾਂ ਨੂੰ ਕਿੰਨਾ ਕੁ ਚਿਰ ਚੁੱਕੀ ਫਿਰੇਂਗਾ?' ਮੈਂ ਕਿਹਾ, 'ਜਿੰਨਾ ਚਿਰ ਇਨ੍ਹਾਂ ਦੇ ਬੋਝ ਥੱਲੇ ਆ ਕੇ ਮਰ ਨਹੀਂ ਜਾਂਦਾ।' 'ਫਿਰ ਤੈਨੂੰ ਕੀ ਮਿਲੂ?' 'ਮੇਰੇ ਦਿਲ ਨੂੰ ਸਕੂਨ ਕਿ ਕਿਸੇ ਦੇ ਦਿਲ ਵਿਚ ਇਹ ਅਰਮਾਨ ਤਾਂ ਨਹੀਂ ਰਹੂ, ਕਿ ਮੈਂ 'ਨਾਜ਼' 'ਤੇ ਝੂਠਾ ਇਲਜ਼ਾਮ ਲਾਉਣਾ ਸੀ, ਉਹ ਮੈਨੂੰ ਮਿਲਿਆ ਈ ਨਹੀਂ।'


-ਢਿੱਲੋਂ ਕਾਟੇਜ, ਸ਼ਾਮ ਨਗਰ, 155 ਸੈਕਟਰ, 2-ਏ, ਮੰਡੀ ਗੋਬਿੰਦਗੜ੍ਹ, ਜ਼ਿਲ੍ਹਾ ਫਤਹਿਗੜ੍ਹ ਸਾਹਿਬ-147301.
ਮੋਬਾਈਲ : 98554-80191.

ਚਮਚਿਆਂ ਦੀ ਦੁਨੀਆ

ਘਰੇਲੂ ਭਾਂਡਿਆਂ 'ਚੋਂ ਸਭ ਤੋਂ ਵੱਡਾ ਮਾਣ ਪ੍ਰਾਪਤ ਹੈ 'ਚਮਚ' ਯਾਨਿ 'ਚਮਚੇ' ਨੂੰ। ਖਾਣਾ ਖਾਣ ਲੱਗਿਆਂ, ਖੀਰ ਖਾਣ ਲੱਗਿਆਂ 'ਚਮਚਾ' ਜ਼ਰੂਰੀ ਹੈ। 'ਚਮਚੇ' ਦੀ ਮਹਾਨਤਾ ਕੀ ਹੈ?
ਤੁਸੀਂ ਚਾਹ ਪੀ ਰਹੇ ਹੋ, ਚਮਚੇ ਨਾਲ ਪਿਆਲੀ 'ਚ ਖੰਡ ਘੋਲ ਰਹੇ ਹੋ, ਅਚਾਨਕ ਹੱਥੋਂ ਪਿਆਲੀ 'ਚਮਚੇ'ਸੰਗ ਡਿਗ ਪੈਂਦੀ ਹੈ। ਫਰਸ਼ 'ਤੇ ਪਿਆਲੀ ਤਾਂ ਟੋਟੇ-ਟੋਟੇ ਹੋ ਗਈ, ਪਰ 'ਚਮਚਾ' ਸਲਾਮਤ ਹੈ। 'ਚਮਚੇ' ਦੀ ਮਹੱਤਤਾ ਹੀ ਇਹ ਹੈ ਕਿ ਇਕ ਪਿਆਲੀ ਟੁੱਟੀ, ਨਵੀਂ ਪਿਆਲੀ 'ਚ ਮਜ਼ੇ ਨਾਲ ਜਾ ਟਿਕਦਾ ਹੈ।
'ਚਮਚਾ' ਸਿਰਫ਼ ਭਾਂਡਿਆਂ 'ਚ ਹੀ ਸਿਰਮੌਰ ਨਹੀਂ, ਮਨੁੱਖਾਂ 'ਚ ਵੀਇਹ, ਇਸੇ ਮਾਣ ਨਾਲ ਘੁਲਮਿਲ ਗਿਆ ਹੈ। ਉਹ ਬੰਦਾ ਜਿਹੜਾ, ਆਪਣੇ ਇਕ ਵੱਡੇ ਦੀਆਂ ਸਿਫ਼ਤਾਂ ਕਰ ਕਰ ਨਾ ਥੱਕੇ, ਜਦ ਉਹਦੀ ਥਾਲੀ 'ਚੋਂ ਲੁੜ੍ਹਕ ਕੇ, ਦੂਜੇ ਦੀ ਥਾਲੀ 'ਚ ਜਾ ਪਏ,ਉਹਨੂੰ ਬਿਨ-ਆਖਿਆਂ 'ਚਮਚੇ' ਵਾਲੀ ਉਪਾਧੀ ਮਿਲ ਜਾਂਦੀ ਹੈ।
ਇਹ ਉਪਾਧੀ, ਬੀਬੀਆਂ ਨੂੰ ਵੀ ਖਾਸ ਕੋਟੇ ਰਾਹੀਂ ਰਿਜ਼ਰਵ ਹੈ, ਸਿਰਫ਼ ਲਿੰਗ-ਭੇਦ ਬਦਲ ਜਾਂਦਾ ਹੈ, ਇਹੋ ਜਿਹੀ ਨੂੰ 'ਚਮਚੀ' ਆਖਿਆ ਜਾਂਦਾ ਹੈ।
'ਚਮਚੇ' ਤੇ 'ਚਮਚੀਆਂ' ਦੋਵੇਂ ਸੁਸਾਇਟੀ ਨੂੰ 'ਮਨੋਰੰਜਨ' ਪ੍ਰਦਾਨ ਕਰਦੇ ਹਨ। ਸੱਚੀਂ ਲੋਕੀਂ ਮੁਸਕਰਾ ਕੇ ਇਨ੍ਹਾਂ ਦੀ ਸਿਫ਼ਤ ਕਿਸੇ ਦੂਜੇ ਕੋਲ ਇਉਂ ਕਰਦੇ ਹਨ।
* ਇਹ ਫਲਾਣੇ ਦਾ ਚਮਚਾ ਹੈ।
* ਇਹ ਫਾਲਣੇ ਦੀ ਚਮਚੀ ਹੈ।
ਨਾ ਚਮਚਾ, ਨਾ ਚਮਚੀ, ਇਹ ਜਾਤ ਕਿਸੇ ਦੀ ਸਕੀ ਨਹੀਂ, ਇਨ੍ਹਾਂ ਨੂੰ ਆਪਣੇ-ਆਪ 'ਤੇ ਇਹੋ ਮਾਣ ਹੈ ਕਿ ਇਨ੍ਹਾਂ ਦੇ ਮੁਖਾਰ ਬਿੰਦੋਂ, ਜਦ ਆਪਣੇ ਸਾਹਬ ਲਈ ਸਿਫ਼ਤ ਸਲਾਹ ਦੇ ਫੁਲ ਝੜਦੇ ਹਨ ਤਾਂ ਉਹ ਫੁੱਲ ਕੇ ਕੁੱਪਾ ਹੋ ਜਾਂਦਾ ਹੈ।
ਵਾਰਿਸ ਸ਼ਾਹ ਨੇ ਸ਼ਾਇਦ 'ਚਮਚਾ' ਵੇਖਿਆ ਨਹੀਂ ਕਿ ਗੰਨੇ ਦੀਆਂ ਗਨੇਰੀਆਂ ਨੂੰ ਇਹ ਮਾਣ ਦੇ ਦਿੱਤਾ...
ਵਾਰਿਸ ਸ਼ਾਹ ਨਾ ਆਦਤਾਂ ਜਾਂਦੀਆਂ ਨੀਂ,
ਭਾਵੇਂ ਕੱਟੀਏ ਪੋਰੀਆਂ ਪੋਰੀਆਂ ਜੀ।
ਨਾ ਜੀ, ਉਦੋਂ ਵੀ ਤਾਂ ਚਮਚੇ ਹੁੰਦੇ ਹੀ ਸਨ, ਉਹਨੂੰ ਲਿਖਣਾ ਚਾਹੀਦਾ ਸੀ:
ਵਾਰਸਸ਼ਾਹ ਨਾ ਆਦਤਾਂ ਜਾਂਦੀਆਂ ਨੇ,
ਧੰਨ ਚਮਚੇ ਤੇ ਧੰਨ ਚਮਚੀਆਂ ਜੀ।
ਸ਼ੁਰੂ-ਸ਼ੁਰੂ 'ਚ, ਚਮਚੇ ਲੋਹੇ ਦੇ ਹੁੰਦੇ ਸਨ, ਇਨ੍ਹਾਂ ਨੂੰ ਜੰਗ ਲਗ ਜਾਂਦਾ ਸੀ ਪਰ ਅੱਜਕਲ੍ਹ ਚਮਚੇ ਸਟੇਨਲੈੱਸ ਸਟੀਲ ਦੇ ਆ ਗਏ ਹਨ, ਇਨ੍ਹਾਂ ਨੂੰ ਜੰਗ ਨਹੀਂ ਲਗਦਾ, ਇਸ ਲਈ ਇਹ ਸਦਾਬਹਾਰ ਹਨ, ਬੇਸ਼ੱਕ ਚਮਚੇ ਪਲਾਸਟਿਕ ਦੇ ਵੀ ਆ ਗਏ ਹਨ, ਮਾਰਕੀਟ 'ਚ ਪਰ ਇਨ੍ਹਾਂ ਦੀ ਕਦਰ ਖਾਸ ਨਹੀਂ, ਲੋਕੀਂ ਆਈਸਕ੍ਰੀਮ ਜਾਂ ਕੇਕ ਆਦਿ ਖਾਣ ਮਗਰੋਂ ਇਨ੍ਹਾਂ ਨੂੰ ਕੂੜੇ 'ਚ ਸੁੱਟ ਦਿੰਦੇ ਹਨ, ਪਰ ਸਟੇਨਲੈੱਸ ਚਮਚਿਆਂ ਦੀ ਆਨ, ਬਾਨ ਤੇ ਸ਼ਾਨ ਕਾਇਮ ਹੈ।
ਚਮਚੇ, ਸੋਨੇ ਤੇ ਚਾਂਦੀ ਦੇ ਵੀ ਹੁੰਦੇ ਹਨ, ਪਰ ਇਹ ਅਮੀਰਾਂ ਦੀਆਂ ਥਾਲੀਆਂ 'ਚ ਹੀ ਸ਼ੋਭਦੇ ਹਨ, ਸੋਨੇ-ਚਾਂਦੀ ਵਾਲੇ ਚਮਚਾਂ ਦੇ ਚਮਚੇ, ਉਹੀਓ, ਸਟੇਨਲੈੱਸ ਸਟੀਲ ਵਾਲੇ।
ਫ਼ਰਕ ਵੇਖਿਆ! ਸੋਨੇ-ਚਾਂਦੀ ਦੇ ਚਮਚੇ, ਬਾਕੀ ਸਭੇ, ਚਮਚੇ।
ਚਮਚਿਆਂ ਦੀ ਖ਼ਾਸੀਅਤ ਦੀ ਵਿਆਖਿਆ, ਅਕਬਰ ਦੇ ਨੌਂ ਰਤਨਾਂ 'ਚੋਂ ਇਕ ਰਤਨ ਬੀਰਬਲ ਨੇ ਸਹੀ ਕੀਤੀ ਹੈ। ਬਾਦਸ਼ਾਹ ਅਕਬਰ ਨੇ ਬੀਰਬਲ ਨੂੰ 'ਬੈਂਗਣ' ਦੀ ਤਾਰੀਫ਼ ਕਰਦਿਆਂ ਕਿਹਾ, 'ਵੇਖਣ 'ਚ ਸੁੰਦਰ, ਖਾਣ 'ਚ ਸੁਆਦੀ।' ਬੀਰਬਲ ਨੇ ਝੱਟ ਬੈਂਗਣ ਦੀ ਸ਼ਾਨ 'ਚ ਕਸੀਦੇ ਪੜ੍ਹ ਦਿੱਤੇ, 'ਹਜ਼ੂਰ, ਕਯਾ ਬਾਤ ਹੈ ਬੈਂਗਣ ਦੀ, ਸਬਜ਼ੀਆਂ ਦਾ ਬਾਦਸ਼ਾਹ, ਭੜਥਾ ਬਣਾਓ ਜਾਂ ਆਲੂ ਬੈਂਗਣ ਖਾ ਕੇ ਬੰਦਾ ਨਿਹਾਲ ਹੋ ਜਾਂਦਾ ਹੈ।'
ਬਾਦਸ਼ਾਹ ਨੇ ਅੱਗੋਂ ਕਿਹਾ, 'ਪਰ ਇਹ ਤਾਂ ਵਾਈਬਾਦੀ ਕਰਦਾ ਹੈ।' ਬੀਰਬਲ ਨੇ ਝੱਟ ਪਲਟੀ ਮਾਰੀ, ਆਖਿਆ, 'ਹਜ਼ੂਰ ਨੇ ਬਜਾ ਫਰਮਾਇਆ, ਇਹਦਾ ਭੜਥਾ, ਭੈੜ-ਭਵਥਾ, ਇਹਦੀ ਸਬਜ਼ੀ, ਬੇਸੁਆਦੀ, ਗੈਸ ਪੈਦਾ ਕਰੇ, ਪੇਟ ਫੁਲਾਏ, ਸਭ ਵੈਦ-ਹਕੀਮ ਮਨ੍ਹਾਂ ਕਰਦੇ ਹਨ ਕਿ ਇਹਨੂੰ ਬਿਲਕੁਲ ਨਾ ਖਾਓ...।'
ਬਾਦਸ਼ਾਹ ਨੇ ਵਿਚੋਂ ਹੀ ਟੋਕ ਕੇ ਕਿਹਾ, 'ਓਏ ਬੀਰਬਲ ਹੁਣੇ ਤਾਂ ਤੂੰ ਬੈਂਗਣ ਦੀਆਂ ਸਿਫ਼ਤਾਂ ਕਰ ਰਿਹਾ ਸੈਂ, ਹੁਣ ਉਹਦੀਆਂ ਬੁਰਾਈਆਂ ਗਿਣਾਉਣ ਡਿਹੈਂ?'
ਬੀਰਬਲ ਨੇ ਨਿਉਂ ਕੇ ਕਿਹਾ, 'ਹਜ਼ੂਰ ਮੈਂ ਆਪ ਦਾ ਨੌਕਰ ਹਾਂ, ਬੈਂਗਣ ਦਾ ਨਹੀਂ।'
ਹਸਾਓ, ਪਰ ਕਿਸੇ ਦਾ ਦਿਲ ਦੁਖਾ ਕੇ ਨਹੀਂ।
ਜ਼ਬਾਨ ਸੰਭਾਲ ਕੇ...
ਪਹਿਲਾਂ ਤੋਲੋ, ਫਿਰ ਮੂੰਹ ਖੋਲੋ।
ਸਾੜਾ, ਬਾਲਣ, ਸਰੀਰ ਦਾ...
ਸਰੀਰ ਦੀ ਭੱਠੀ 'ਤੇ ਪੀੜਾਂ ਦੇ ਪਰਾਗੇ ਮਤ ਭੁੰਨੋ।
ਲੁਤਰੀ ਲੁਤਰ ਲੁਤਰ ਕਰੇ, ਮੰਦਭਾਗੀਂ,
ਜੋ ਜਨ ਨਿਮਰ ਰਹੇ, ਸੱਚ ਬੋਲੇ...
ਸੇ ਜਨ... ਨਾਨਕ ਘਰ ਕੇ ਗੋਲੇ।
ਸਾਡੇ ਜਨਜੀਵਨ ਵਿਚ ਹਾਸਰਸ ਦੀ ਬਹੁਤ ਕਦਰ ਹੈ, ਅੱਜ ਵੀ ਕਵੀ ਜਿਹੜੇ ਹਾਸਰਸ ਦੀਆਂ ਕਵਿਤਾਵਾਂ ਪੜ੍ਹਦੇ ਹਨ, ਟਕੋਰਾਂ ਕਰਦੇ ਹਨ, ਉਨ੍ਹਾਂ ਨੂੰ ਸਰੋਤੇ ਸਭ ਤੋਂ ਵਧੇਰੇ ਪਸੰਦ ਕਰਦੇ ਹਨ। ਭਾਈ ਸੁਥਰਾ... ਗੁਰ-ਦਰਬਾਰ 'ਚ ਵੀ ਹਾਸਰਸ ਦੀ ਛਹਿਬਰ ਲਾਉਂਦਾ ਸੀ।
ਤੁਸੀਂ ਕੋਈ ਸਰਕਸ ਵੇਖੋ, ਇਨ੍ਹਾਂ ਵਿਚ ਖਾਸ ਖਿੱਚ ਜੋਕਰ ਦੀ ਹੁੰਦੀ ਹੈ, ਜੋਕਰ ਆ ਕੇ ਆਪਣੀਆਂ ਅਨੋਖੀਆਂ ਹਰਕਤਾਂ ਨਾਲ ਆਪਣੀ ਵਿਲੱਖਣ ਬੋਲੀ ਨਾਲ ਦਰਸ਼ਕਾਂ ਨੂੰ ਹਸਾਉਂਦਾ ਹੈ, ਜੋਕਰ ਸਰਕਸ ਦਾ ਖਾਸ ਆਕਰਸ਼ਣ ਹੁੰਦਾ ਹੈ। ਦੁਨੀਆ ਭਰ 'ਚ ਕਿਸੇ ਦੇਸ਼ ਦੀ ਵੀ ਕੋਈ ਸਰਕਸ ਅਜਿਹੀ ਨਹੀਂ, ਜਿਸ 'ਚ ਜੋਕਰ ਨਦਾਰਦ ਹੈ, ਜੋਕਰ ਨਹੀਂ ਤਾਂ ਸਰਕਸ ਨਹੀਂ।
ਅੰਗਰੇਜ਼ੀ ਫ਼ਿਲਮਾਂ 'ਚ 'ਲਾਰਲ ਐਂਡ ਹਾਰਡੀ' ਅਜਿਹੀ ਕਾਮੇਡੀ ਫ਼ਿਲਮ ਹੈ, ਜਿਸ 'ਚ ਲਾਰਲ ਤੇ ਹਾਰਡੀ, ਦੇ ਕਿਰਦਾਰ ਤੁਹਾਨੂੰ ਹਸਾ-ਹਸਾ ਕੇ ਦੂਹਰਾ ਕਰਦੇ ਹਨ, ਬੇਸ਼ੱਕ ਕਿਸੇ ਨੂੰ ਅੰਗਰੇਜ਼ੀ ਸਮਝ ਆਏ ਨਾ ਆਏ, ਉਨ੍ਹਾਂ ਦੀਆਂ ਹਰਕਤਾਂ ਹਸਾਈ ਜਾਂਦੀਆਂ ਹਨ, ਹਾਂ ਸੱਚ ਇਹ ਉਸ ਜ਼ਮਾਨੇ ਦੀਆਂ ਫ਼ਿਲਮਾਂ ਹਨ ਜਦ ਮੂਕ (ਸਾਈਲੈਂਟ) ਫ਼ਿਲਮਾਂ ਦਾ ਯੁੱਗ ਸੀ, ਤਸਵੀਰਾਂ ਬੋਲਦੀਆਂ ਨਹੀਂ ਹੁੰਦੀਆਂ ਸਨ। ਮਗਰੋਂ ਇਨ੍ਹਾਂ ਦੀਆਂ ਫ਼ਿਲਮਾਂ 'ਚ ਵੀ ਦੋਵਾਂ ਕਿਰਦਾਰਾਂ ਦੀ ਆਵਾਜ਼ ਭਰ ਦਿੱਤੀ ਗਈ। ਅੱਜ ਵੀ ਵੇਖੋ ਤਾਂ 'ਲਾਰਲ ਐਂਡ ਹਾਰਡੀ' ਦੀਆਂ ਇਹ ਫ਼ਿਲਮਾਂ ਤੁਹਾਨੂੰ ਬਦੋਬਦੀ ਹਸਾ ਦੇਣਗੀਆਂ। ਇਹ ਫ਼ਿਲਮਾਂ ਜ਼ਿਆਦਾ ਤੋਂ ਜ਼ਿਆਦਾ ਅੱਧੇ ਘੰਟੇ ਦੀਆਂ ਹੁੰਦੀਆਂ ਸਨ। ਇਹ ਦੋਵੇਂ ਕਿਰਦਾਰ ਦੁਨੀਆ ਭਰ 'ਚ ਲੋਕਾਂ ਦੀ ਪਸੰਦ ਬਣ ਗਏ। ਮਗਰੋਂ ਤਾਂ ਡੇਢ-ਡੇਢ, ਦੋ-ਦੋ ਘੰਟਿਆਂ ਦੀ ਲੰਬਾਈ ਵਾਲੀਆਂ, ਅੰਗਰੇਜ਼ੀ ਖਾਸ ਕਾਮੇਡੀਅਨ ਹੀ ਹੁੰਦਾ ਸੀ। ਅੱਜ ਵੀ ਹਸਾਉਣ ਵਾਲੀਆਂ ਫ਼ਿਲਮਾਂ ਇਸ ਭਾਸ਼ਾ 'ਚ ਬਣ ਰਹੀਆਂ ਹਨ।
ਭਾਰਤ 'ਚ ਵੀ, ਹਾਸਾ ਵੰਡਣ ਵਾਲੀਆਂ ਕਈ ਕਾਮੇਡੀ ਫ਼ਿਲਮਾਂ ਬਣੀਆਂ ਹਨ, ਹਰ ਪ੍ਰਾਂਤਕ ਭਾਸ਼ਾ ਵਿਚ ਵੀ, ਜਿਵੇਂ ਬੰਬੇ ਟੂ ਗੋਆ ਆਦਿ। 60 ਵਿਚ, ਭਾਰਤ 'ਚ ਬੇਸ਼ੱਕ ਕੋਈ ਵੀ ਸੀਰੀਅਸ ਫ਼ਿਲਮ ਬਣੇ, ਲੋਕਾਂ ਦੀਆਂ ਅੱਖਾਂ 'ਚੋਂ ਅੱਥਰੂ ਵੀ ਨਿਕਲ ਆਉਣ ਪਰ ਉਨ੍ਹਾਂ ਸਭਨਾਂ ਵਿਚ ਇਕ ਕਾਮੇਡੀ ਟ੍ਰੈਕ ਜ਼ਰੂਰ ਹੁੰਦਾ ਸੀ।
**

ਘਰ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
* ਗ੍ਰਹਿਸਥੀ ਦਾ ਘਰ ਵੀ ਇਕ ਤਪੋਭੂਮੀ ਹੈ। ਸਹਿਣਸ਼ੀਲਤਾ ਅਤੇ ਸੰਜਮ ਖੋਹ ਕੇ ਕੋਈ ਵੀ ਇਸ ਵਿਚ ਸੁਖੀ ਨਹੀਂ ਰਹਿ ਸਕਦਾ।
* ਆਪਣੇ ਘਰ ਦੇ ਕਮਜ਼ੋਰ, ਲਾਚਾਰ, ਲੋਕਾਂ ਨੂੰ ਨਫ਼ਰਤ ਤੇ ਨੀਵੀਂ ਨਜ਼ਰ ਨਾਲ ਨਾ ਵੇਖੋ। ਹੋ ਸਕਦਾ ਹੈ ਕਿ 'ਪਰਮਾਤਮਾ' ਰੋਜ਼ੀ ਤੁਹਾਨੂੰ ਉਨ੍ਹਾਂ ਦੇ ਨਸੀਬ ਨਾਲ ਦਿੰਦਾ ਹੈ।
* ਜਿਹੜਾ ਵਿਅਕਤੀ ਵੱਡੀ ਸੜਕ ਦੇ ਨੇੜੇ ਘਰ ਦੀ ਉਸਾਰੀ ਕਰਦਾ ਹੈ, ਉਸ ਨੂੰ ਨਿੱਤ ਨਵੇਂ ਸਲਾਹਕਾਰ ਟੱਕਰਦੇ ਹਨ।
* ਘਰ ਨੂੰ ਬਰਬਾਦ ਕਰਨ ਲਈ ਘਰ ਦਾ ਇਕ ਜੀਅ ਹੀ ਕਾਫ਼ੀ ਹੁੰਦਾ ਹੈ।
* ਜਿਸ ਘਰ ਵਿਚੋਂ ਅਪਣੱਤ ਗੁਆਚ ਜਾਵੇ, ਸਮਝ ਲਓ ਸਭ ਕੁਝ ਗੁਆਚ ਗਿਆ।
* ਇਹ ਬਿਲਕੁਲ ਠੀਕ ਹੈ ਕਿ ਪੈਸਾ ਸਮੇਂ ਦੀ ਮਹੱਤਵਪੂਰਨ ਜ਼ਰੂਰਤ ਹੈ ਪਰ ਇਸ ਦੇ ਇੰਨੇ ਵੀ ਦੀਵਾਨੇ ਨਾ ਬਣੋ ਕਿ ਘਰ ਦੀ ਅਤੇ ਖੁਦ ਦੀ ਸੁੱਖ-ਸ਼ਾਂਤੀ ਵਿਚ ਦਰਾੜਾਂ ਪੈ ਜਾਣ ਅਤੇ ਬਾਅਦ ਵਿਚ ਤੁਸੀਂ ਆਪਣੇ ਘਰ ਵਿਚ ਇਕੱਲੇ ਪੈ ਜਾਓ।
* ਘਰ ਅੰਦਰਲਾ ਇਕ ਦੁਸ਼ਮਣ ਬਾਹਰਲੇ ਪੰਜਾਹ ਦੁਸ਼ਮਣਾਂ ਨਾਲੋਂ ਵੱਧ ਮਾੜਾ ਹੁੰਦਾ ਹੈ। ਪ੍ਰਸਿੱਧ ਕਹਾਵਤ ਵੀ ਹੈ ਕਿ 'ਘਰ ਦਾ ਭੇਤੀ ਲੰਕਾ ਢਾਏ।' ਦੋ ਗੱਲਾਂ ਇਨਸਾਨ ਨੂੰ ਆਪਣਿਆਂ ਤੋਂ ਦੂਰ ਕਰਦੀਆਂ ਹਨ। ਇਕ ਤਾਂ ਉਸ ਦਾ ਹੰਕਾਰ ਅਤੇ ਦੂਸਰਾ ਉਸ ਦਾ ਵਹਿਮ।
* ਜਿਸ ਘਰ ਵਿਚ ਵੱਡੇ ਝੂਠ ਬੋਲਦੇ ਹੋਣ, ਉਥੇ ਬੱਚੇ ਸੱਚ ਬੋਲਣ ਵਾਲੇ ਕਿਵੇਂ ਹੋ ਸਕਦੇ ਹਨ?
* ਵੱਡਿਆਂ ਨੂੰ ਛੋਟਿਆਂ ਦੀਆਂ ਗੱਲਾਂ ਨੂੰ ਸਤਿਕਾਰ ਦੇਣਾ ਚਾਹੀਦਾ ਹੈ ਅਤੇ ਛੋਟਿਆਂ ਨੂੰ ਵੱਡਿਆਂ ਦੀਆਂ ਗੱਲਾਂ ਨੂੰ ਸਹਿਣ ਕਰਨਾ ਚਾਹੀਦਾ ਹੈ। ਜੇਕਰ ਵੱਡੇ ਤੇ ਛੋਟਿਆਂ ਨੂੰ ਇਕ ਦੂਸਰੇ ਦੇ ਕੇਵਲ ਗੁਣ ਹੀ ਦਿਖਾਈ ਦੇਣ ਤਾਂ ਹੀ ਘਰ ਵਿਚ ਤਾਲਮੇਲ ਰਹਿ ਸਕਦਾ ਹੈ।
* ਅਜਿਹੀ ਔਲਾਦ ਜਿਸ ਨੂੰ ਮਾਪਿਆਂ ਵਲੋਂ ਅਨਪੜ੍ਹ ਰੱਖਿਆ ਜਾਂਦਾ ਹੈ ਜਦ ਜਵਾਨ ਹੋ ਕੇ ਜ਼ਮਾਨੇ ਵੱਲ ਵੇਖਦੀ ਹੈ ਤਾਂ ਉਸ ਨੂੰ ਪਿੱਛੇ ਰਹਿ ਜਾਣ ਦਾ ਡੂੰਘਾ ਅਹਿਸਾਸ ਹੁੰਦਾ ਹੈ ਕਿਉਂਕਿ ਉਸ ਦੀ ਸਥਿਤੀ ਹੰਸਾਂ ਵਿਚ ਘਿਰੇ ਬਗਲੇ ਵਰਗੀ ਹੋ ਜਾਂਦੀ ਹੈ। ਅਜਿਹੀ ਸਥਿਤੀ ਵੀ ਘਰ ਦੇ ਮਾਹੌਲ ਨੂੰ ਤਣਾਅ-ਪੂਰਨ ਬਣਾਉਂਦੀ ਹੈ।
* ਚਾਦਰ ਵੇਖ ਕੇ ਪੈਰ ਪਸਾਰੋ, ਦੂਜਿਆਂ ਦੀ ਨਾ ਨਕਲ ਉਤਾਰੋ ਭਾਵ ਜਿਸ ਘਰ ਵਿਚ ਚਾਦਰ ਵੇਖ ਕੇ ਪੈਰ ਨਹੀਂ ਪਸਾਰੇ ਜਾਂਦੇ ਭਾਵ ਆਮਦਨ ਵੇਖ ਕੇ ਖਰਚ ਨਹੀਂ ਕੀਤਾ ਜਾਂਦਾ, ਉਸ ਪਰਿਵਾਰ ਦਾ ਘਰੇਲੂ ਮਾਹੌਲ ਵੀ ਆਮ ਤੌਰ 'ਤੇ ਠੀਕ ਨਹੀਂ ਰਹਿੰਦਾ।
* ਕਿਸੇ ਵੀ ਗੱਲ ਨੂੰ ਕਰਨ ਤੋਂ ਪਹਿਲਾਂ ਉਸ ਨੂੰ ਚੰਗੀ ਤਰ੍ਹਾਂ ਸੋਚ-ਸਮਝ ਲਵੋ ਤੇ ਫਿਰ ਹੀ ਜ਼ਬਾਨ 'ਤੇ ਲਿਆਓ।
* ਵਿਹਲਾ ਮਨ ਸ਼ੈਤਾਨ ਦਾ ਘਰ ਹੁੰਦਾ ਹੈ। ਇਹ ਕਹਾਵਤ ਸ਼ਾਇਦ ਵਿਹਲੜਾਂ ਵਾਸਤੇ ਬਣਾਈ ਗਈ ਲਗਦੀ ਹੈ। ਘਰ ਦੇ ਸਾਰੇ ਮੈਂਬਰਾਂ ਨੂੰ ਹਰ ਸੰਭਵ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਉਹ ਕੋਈ ਨਾ ਕੋਈ ਕੰਮ ਜ਼ਰੂਰ ਕਰਨ ਅਤੇ ਕੋਈ ਵੀ ਆਪਣੇ-ਆਪ ਨੂੰ ਵਿਹਲੜ ਨਾ ਕਹਾਵੇ। ਰੁਝੇਵਾਂ ਇਕ ਚੰਗੀ ਆਦਤ ਹੈ ਜੋ ਸਿਹਤ ਨੂੰ ਵੀ ਠੀਕ ਰੱਖਦਾ ਹੈ।
* ਮਾਮਲਾ ਕਿਸੇ ਘਰ ਦਾ ਹੋਵੇ ਜਾਂ ਮਾਮਲਾ ਸਮਾਜ, ਧਰਮ ਤੇ ਸਿਆਸਤ ਦਾ ਹੋਵੇ, ਬੁੱਕਲ ਦੇ ਸੱਪਾਂ ਤੋਂ ਬਚਣਾ ਬਹੁਤ ਹੀ ਔਖਾ ਹੁੰਦਾ ਹੈ।
* ਜਿਸ ਪਰਿਵਾਰ 'ਚ ਨਣਦ-ਭਰਜਾਈਆਂ ਸਹੇਲੀਆਂ ਵਾਂਗ, ਦਰਾਣੀ-ਜੇਠਾਣੀ ਭੈਣਾਂ ਵਾਂਗ ਤੇ ਨੂੰਹ-ਸੱਸ ਮਾਵਾਂ-ਧੀਆਂ ਵਾਂਗ ਰਹਿਣ ਅਤੇ ਉਸ ਪਰਿਵਾਰ ਵਿਚ ਕੋਈ ਨਸ਼ਾ, ਬਿਮਾਰੀ, ਮੁਕੱਦਮਾ ਵੀ ਨਾ ਹੋਵੇ, ਆਦਤਾਂ ਚੰਗੀਆਂ ਹੋਣ ਅਤੇ ਢੁੱਕਵੀਂ ਆਮਦਨ ਹੋਵੇ ਤਾਂ ਸਮਝੋ ਕਿ ਉਹ ਘਰ ਕਿਸੇ ਸਵਰਗ ਨਾਲੋਂ ਘੱਟ ਨਹੀਂ ਹੈ।
(ਬਾਕੀ ਅਗਲੇ ਐਤਵਾਰ ਦੇ ਅੰਕ 'ਚ)


-ਮੋਬਾਈਲ : 99155-63406.

ਅਜਾਇਬ ਕਮਲ ਦੀ ਕਾਵਿ-ਰਚਨਾ ਦੇ ਆਰ-ਪਾਰ

ਪੰਜਾਬੀ ਕਵੀ ਅਜਾਇਬ ਕਮਲ ਦਾ ਜਨਮ 5 ਅਕਤੂਬਰ, 1932 ਨੂੰ ਮਾਤਾ ਰਾਇ ਕੌਰ ਤੇ ਪਿਤਾ ਜੰਗ ਸਿੰਘ ਦੇ ਜ਼ਿਮੀਂਦਾਰ ਪਰਿਵਾਰ ਵਿਚ ਪਿੰਡ ਡਾਂਡੀਆਂ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਹੋਇਆ।
ਅਜਾਇਬ ਕਮਲ ਹੁਰੀਂ ਕਵਿਤਾ ਦੇ ਖੇਤਰ ਵਿਚ ਉਸ ਵੇਲੇ ਪ੍ਰਵੇਸ਼ ਕੀਤਾ ਜਦੋਂ ਬਦਲਦੇ ਹਾਲਾਤ ਵਿਚ ਕਵਿਤਾ ਵਿਚ ਬਦਲਾਅ ਤੇ ਨਵੇਂ ਪ੍ਰਯੋਗਾਂ ਦੀ ਜ਼ਰੂਰਤ ਮਹਿਸੂਸ ਹੋਣ ਲੱਗੀ ਸੀ।
ਆਧੁਨਿਕ ਪੰਜਾਬੀ ਕਵਿਤਾ ਦੇ ਖੇਤਰ ਵਿਚ 1960 ਦੁਆਲੇ ਤਿੰਨ ਪੰਜਾਬੀ ਸ਼ਾਇਰਾਂ ਡਾ: ਜਸਬੀਰ ਸਿੰਘ ਆਹਲੂਵਾਲੀਆ, ਅਜਾਇਬ ਕਮਲ ਅਤੇ ਰਵਿੰਦਰ ਰਵੀ ਹੁਰਾਂ ਪ੍ਰਯੋਗਸ਼ੀਲ ਲਹਿਰ ਦਾ ਆਰੰਭ ਕਰ ਦਿੱਤਾ। ਪੰਜਾਬੀ ਕਵਿਤਾ 'ਚ ਆਈ ਖੜੋਤ ਨੂੰ ਤੋੜਿਆ ਤੇ ਨਵੀਂ ਦਿਸ਼ਾ ਦਿੱਤੀ। ਅਜਾਇਬ ਕਮਲ ਹੁਰੀਂ ਪ੍ਰਯੋਗਸ਼ੀਲ ਦ੍ਰਿਸ਼ਟੀ ਤੋਂ ਕਾਵਿਕ ਰਚਨਾ ਹੀ ਨਹੀਂ ਕੀਤੀ ਸਗੋਂ ਪ੍ਰਯੋਗਸ਼ੀਲ ਕਵਿਤਾ ਦੇ ਹੱਕ ਵਿਚ ਆਲੋਚਨਾਤਮਕ ਲੇਖ ਲਿਖ ਕੇ ਇਸ ਦੇ ਮੁਲਵਾਨ ਹੋਣ ਦੀ ਜ਼ੋਰਦਾਰ ਵਕਾਲਤ ਵੀ ਕੀਤੀ। ਤਾਸ਼ ਦੇ ਪੱਤੇ (1962) ਅਤੇ ਸ਼ਤਰੰਜ ਦੀ ਖੇਡ (1964) ਅਜਾਇਬ ਕਮਲ ਹੁਰਾਂ ਦੀਆਂ ਉਹ ਪ੍ਰਯੋਗਸ਼ੀਲ ਕਵਿਤਾਵਾਂ ਦੀਆਂ ਪੁਸਤਕਾਂ ਹਨ ਜੋ ਪ੍ਰਯੋਗਸ਼ੀਲ ਲਹਿਰ ਵੇਲੇ ਲਿਖੀਆਂ ਜਿਨ੍ਹਾਂ ਨੇ ਪ੍ਰਯੋਗਸ਼ੀਲ ਕਵਿਤਾ ਨੂੰ ਪੰਜਾਬੀ ਕਵਿਤਾ ਦੇ ਇਤਿਹਾਸ ਵਿਚ ਸਥਾਪਤ ਕਰਨ ਲਈ ਅਹਿਮ ਮੋਢੀਆਂ ਵਾਲੀ ਭੂਮਿਕਾ ਨਿਭਾਈ। ਇਨ੍ਹਾਂ ਤੋਂ ਇਲਾਵਾ ਅਜਾਇਬ ਕਮਲ ਹੁਰੀਂ ਪ੍ਰਯੋਗਸ਼ੀਲ ਕਵਿਤਾ ਬਾਰੇ ਪਰਚੇ ਲਿਖੇ। ਸੈਮੀਨਾਰਾਂ 'ਤੇ ਗੋਸ਼ਟੀਆਂ ਵਿਚ ਪ੍ਰਯੋਗਵਾਦ ਦੇ ਸੰਕਲਪ ਨੂੰ ਸਪੱਸ਼ਟ ਕਰਨ ਤੇ ਇਸ ਦੀ ਵਕਾਲਤ ਕਰਨ ਲਈ ਸਰਗਰਮ ਹਿੱਸਾ ਲਿਆ।
ਪ੍ਰਯੋਗਸ਼ੀਲ ਲਹਿਰ ਦਾ ਪ੍ਰਭਾਵ ਵਧਣ ਨਾਲ ਨਵੇਂ ਕਵੀਆਂ ਤੋਂ ਇਲਾਵਾ ਪੁਰਾਣੇ ਰੁਮਾਂਸਵਾਦੀ ਕਵੀ ਵੀ ਪ੍ਰਯੋਗਸ਼ੀਲ ਲਹਿਰ 'ਚ ਸ਼ਾਮਿਲ ਹੋ ਗਏ ਤੇ ਉਨ੍ਹਾਂ ਵੀ ਪ੍ਰਯੋਗਸ਼ੀਲ ਕਵਿਤਾਵਾਂ ਲਿਖਣੀਆਂ ਆਰੰਭ ਕਰ ਦਿੱਤੀਆਂ। 1960 ਦੁਆਲੇ ਪ੍ਰਯੋਗਸ਼ੀਲ ਲਹਿਰ ਦੇ ਸਮੇਂ ਡਾ: ਜਸਬੀਰ ਸਿੰਘ ਆਹਲੂਵਾਲੀਆ ਜਲੰਧਰ 'ਚ ਮੈਜਿਸਟ੍ਰੇਟ ਲੱਗੇ ਹੋਏ ਸਨ। ਅਜਾਇਬ ਕਮਲ ਹੁਰੀਂ ਜੇ.ਬੀ.ਟੀ. ਕਲਾਸਾਂ ਬੱਡੋਂ ਵਿਖੇ ਪੜ੍ਹਾਉਂਦੇ ਸਨ ਤੇ ਰਵਿੰਦਰ ਰਵੀ ਹੁਰੀਂ ਆਪਣੇ ਪਿੰਡ ਜਗਤਪੁਰ ਪੜ੍ਹਾਉਂਦੇ ਸਨ। ਹਰ ਸ਼ੁਕਰਵਾਰ ਡਿਊਟੀ ਤੋਂ ਬਾਅਦ ਅਜਾਇਬ ਕਮਲ ਹੁਰੀਂ ਡਾਂਡੀਆਂ ਤੋਂ ਅਤੇ ਰਵਿੰਦਰ ਰਵੀ ਹੁਰੀਂ ਜਗਤਪੁਰ ਤੋਂ ਜਲੰਧਰ ਕਾਫ਼ੀ ਹਾਊਸ ਪਹੁੰਚ ਜਾਂਦੇ ਜੋ ਕਿ ਕੰਪਨੀ ਬਾਗ਼ ਦੇ ਸਾਹਮਣੇ ਸੀ। ਕਾਫ਼ੀ ਹਾਊਸ ਜਲੰਧਰ ਸਾਹਿਤਕ ਗਤੀਵਿਧੀਆਂ ਦਾ ਮੁੱਖ ਕੇਂਦਰ ਸੀ।
'ਕਾਫ਼ੀ ਹਾਊਸ 'ਚ ਬਹਿ ਕੇ' ਨਵਿਆਂ 'ਚ, ਨਵੀਂ ਕਵਿਤਾ ਬਾਰੇ ਬਹਿਸਾਂ ਛੇੜਦੇ, ਇਸ ਦੀ ਨਵੀਂ ਰੂਪ-ਰੇਖਾ ਉਲੀਕਦੇ, ਪਰ ਹੁਣ ਅੱਧੀ ਸਦੀ ਬਾਅਦ ਸਭ ਕੁਝ ਬਦਲ ਚੁੱਕਾ, ਪੁਰਾਣਾ ਫਰਸੂਦਾ ਢਹਿ-ਢੇਰੀ ਹੋ ਚੁੱਕਾ, ਨਵਾਂ ਉਸਰ ਚੁੱਕਾ, ਸਥਾਪਤ ਹੋ ਚੁੱਕਾ।'
(ਨਵੀਂ ਛਪੀ ਕਾਵਿ-ਪੁਸਤਕ) 'ਬ੍ਰਹਿਮੰਡ ਦੇ ਆਰ-ਪਾਰ' ਵਿਚੋਂ)
ਆਧੁਨਿਕ ਚੇਤਨਾ ਦੀ ਪ੍ਰਧਾਨਤਾ ਵਾਲੇ ਕਾਵਿ-ਸੰਗ੍ਰਹਿ 'ਖਲਾਅ 'ਚ ਲਟਕੇ ਮਨੁੱਖ' ਤੇ 'ਵਰਤਮਾਨ ਤੁਰਿਆ ਹੈ' 1973 ਵਿਚ ਛਪੇ। ਇਨ੍ਹਾਂ ਦੀਆਂ ਕਵਿਤਾਵਾਂ ਤਕਨੀਕ ਪਖੋਂ ਪੰਜਾਬੀ ਕਵਿਤਾ ਵਿਚ ਨਵੇਂ ਪ੍ਰਯੋਗ ਪੇਸ਼ ਕਰਦੀਆਂ ਸਨ। ਉਨ੍ਹਾਂ ਦਾ ਰੁਝਾਨ ਹੌਲੀ-ਹੌਲੀ ਲੰਮੀ ਕਵਿਤਾ ਵੱਲ ਹੋ ਗਿਆ। ਉਨ੍ਹਾਂ ਦੀਆਂ ਕੁਝ ਕਵਿਤਾਵਾਂ 150 ਤੋਂ 200 ਸਫਿਆਂ ਤੱਕ ਫੈਲੀਆਂ ਹੋਈਆਂ ਹਨ। ਲੰਮੀਆਂ ਕਵਿਤਾਵਾਂ ਦੇ ਸੰਗ੍ਰਹਿ ਹਨ। 'ਇਕੋਤਰ ਸੌ ਅੱਖਾਂ ਵਾਲਾ ਮਹਾਂਭਾਰਤ', 'ਸਿੰਙਾਂ ਵਾਲਾ ਦੇਵਤਾ', 'ਕੰਧਾਂ 'ਤੇ ਉੱਕਰੇ ਹਸਤਾਖਰ', 'ਖਾਲੀ ਕੁਰਸੀ ਦਾ ਦੁਖਾਂਤ', 'ਅਫ਼ਰੀਕਾ 'ਚ ਨੇਤਰਹੀਣ', 'ਲਿਖ ਤੁਮ ਕਾਲਾ ਘੋੜਾ', 'ਚੁੱਪ ਬੈਠੀ ਕਵਿਤਾ', 'ਤ੍ਰੈਕਾਲਕ', 'ਰੇਤਲੇ ਸ਼ੀਸ਼ੇ', 'ਰੋਜ਼ਨਾਮਚੇ ਦਾ ਸਫ਼ਰ', 'ਇਸ਼ਤਿਹਾਰਾਂ 'ਚੋਂ ਜੰਮੇ ਮਨੁੱਖ', 'ਬਨੇਰੇ 'ਤੇ ਬੈਠੀ ਅੱਖ' ਅਤੇ 'ਆਪਣਾ ਆਪਣਾ ਆਕਾਸ਼'। ਇਨ੍ਹਾਂ ਕਵਿਤਾਵਾਂ ਦਾ ਵਿਸ਼ਾ ਖੇਤਰ ਤੇ ਅਰਥ ਵਿਧਾਨ ਤੇ ਤਕਨੀਕ ਉਨ੍ਹਾਂ ਦੇ ਪਹਿਲੇ ਕਾਵਿ ਸੰਗ੍ਰਹਿ ਨਾਲੋਂ ਵੱਖਰੀ ਹੈ।
ਲੰਮੀਆਂ ਕਵਿਤਾਵਾਂ ਦੇ ਨਾਲ ਉਨ੍ਹਾਂ ਨਿੱਕੀਆਂ ਕਵਿਤਾਵਾਂ ਦੇ ਕਾਵਿ ਸੰਗ੍ਰਹਿ ਵੀ ਪੰਜਾਬੀ ਪਾਠਕਾਂ ਨੂੰ ਦਿੱਤੇ ਜਿਨ੍ਹਾਂ 'ਚ 'ਮੈਂ ਜੋ ਪੈਗ਼ੰਬਰ ਨਹੀਂ', 'ਵਿਦਰੋਹੀ ਪੀੜ੍ਹੀ, ਉਲਾਰ ਨਸਲ ਦਾ ਸਰਾਪ', 'ਬੋਦੀ ਵਾਲਾ ਤਾਰਾ' ਤੇ 'ਸ਼ਬਦ ਨੰਗੇ ਹਨ' ਸ਼ਾਮਿਲ ਹਨ।
ਨਿੱਕੀਆਂ ਤੇ ਲੰਮੀਆਂ ਕਵਿਤਾਵਾਂ ਤੋਂ ਬਾਅਦ ਅਜਾਇਬ ਕਮਲ ਹੁਰੀਂ ਪੰਜਾਬੀ ਵਿਚ ਆਧੁਨਿਕ ਵਿਸ਼ਿਆਂ ਤੇ ਸ਼ੈਲੀਆਂ 'ਤੇ ਆਧਾਰਤ 15 ਕਾਵਿ ਨਾਟਕ ਰਚੇ। ਪ੍ਰਵਾਸੀ ਕਾਵਿ ਨਾਟਕ ਲਿਖਣ ਤੇ ਛਪਵਾਉਣ 'ਚ ਪਹਿਲ ਕਦਮੀ ਅਜਾਇਬ ਕਮਲ ਹੁਰੀਂ ਕੀਤੀ ਜਦੋਂ ਉਹ 1972 ਵਿਚ ਕੀਨੀਆ 'ਚ ਅੰਗਰੇਜ਼ੀ ਬੋਲੀ ਤੇ ਸਾਹਿਤ ਪੜ੍ਹਾਉਂਦੇ ਸਨ। ਉਨ੍ਹਾਂ ਆਪਣਾ ਪਹਿਲਾ ਕਾਵਿ ਨਾਟਕ 'ਚਾਣਕ ਅੰਨ੍ਹੇ ਹਨ' 1972 ਵਿਚ ਲਿਖਿਆ ਤੇ 1973 'ਚ 'ਨਵਯੁਗ ਪਬਲਿਸ਼ਰਜ਼ ਦਿੱਲੀ' ਨੇ ਵਰਤਮਾਨ ਤੁਰਿਆ ਹੈ, ਕਿਤਾਬ ਦੇ ਨਾਲ ਛਾਪਿਆ। ਇਸ ਤੋਂ ਬਾਅਦ 4 ਕਾਵਿ-ਨਾਟਕ ਪੁਸਤਕ 'ਲੰਗੜਾ ਆਸਮਾਨ' 1978 ਵਿਚ ਛਪੀ। ਇਨ੍ਹਾਂ ਪੰਜਾਂ ਕਾਵਿ-ਨਾਟਕਾਂ ਵਿਚ ਮਨੁੱਖ ਦੀਆਂ ਮਾਨਸਿਕ ਗੁੰਝਲਾਂ ਨੂੰ ਪੇਸ਼ ਕੀਤਾ ਗਿਆ। ਇਨ੍ਹਾਂ ਵਿਚ ਨਾਟਕੀ ਸ਼ੈਲੀ ਤੇ ਰੰਗ ਮੰਚੀ ਤਕਨੀਕਾਂ ਦੀ ਵਰਤੋਂ ਕੀਤੀ ਜਾਂਦੀ ਹੈ। ਇਕ ਹੋਰ ਕਾਵਿ-ਨਾਟਕ ਪੁਸਤਕ 'ਸੂਤਰਧਾਰ ਬੋਲਦਾ ਹੈ' ਵਿਚ 7 ਕਾਵਿ-ਨਾਟਕ ਇਕੱਠੇ ਛਾਪੇ ਗਏ। ਇਨ੍ਹਾਂ ਵਿਚ ਮਨੁੱਖੀ ਸੰਕਟਾਂ ਦੀ ਵਿਆਖਿਆ ਹੈ। ਨਾਟਕ 'ਇਕ ਛਾਤੀ ਵਾਲੀ ਔਰਤ' ਵਿਚ ਮਰਦ ਤੇ ਔਰਤ ਦੇ ਸਦੀਵੀ ਰਿਸ਼ਤਿਆਂ ਦੀ ਮੂਲ ਪ੍ਰਵਿਰਤੀ ਵੱਲ ਇਸ਼ਾਰਾ ਹੈ।
'ਮੰਟੋ ਮਰਿਆ ਨਹੀਂ' ਵੱਡਾ ਕਾਵਿ-ਨਾਟਕ ਹੈ। ਇਹ ਮੰਟੋ ਦੀਆਂ ਸਾਹਿਤਕ ਤੇ ਉਸ ਦੀ ਜ਼ਿੰਦਗੀ ਦੀਆਂ ਪਰਤਾਂ ਦਾ ਵਰਣਨ ਤੇ ਲੇਖਕ ਸੁੰਤਤਰਤਾ ਬਾਰੇ ਹੈ। ਮਹਾਂ ਨਾਟਕ 'ਘਰ 'ਚ ਬਘਿਆੜ' ਅਤੇ 'ਦਸਤਾਨਿਆਂ ਵਰਗੇ ਹੱਥ' ਉਨ੍ਹਾਂ ਦੇ ਦੋ ਹੋਰ ਕਾਵਿ-ਨਾਟਕ ਹਨ।
ਅਜਾਇਬ ਕਮਲ ਹੁਰਾਂ ਕੰਪਿਊਟਰ ਕਲਚਰ ਤੇ ਵਿਸ਼ਵ ਭਾਈਚਾਰੇ ਨੂੰ ਆਧਾਰ ਬਣਾ ਕੇ ਇਸ ਨੂੰ ਬ੍ਰਹਿਮੰਡਕ ਚੇਤਨਾ ਦੇ ਰੂਪ ਵਿਚ ਪੇਸ਼ ਕਰਕੇ ਆਪਣੇ ਰਚੇ ਸਾਹਿਤ ਨੂੰ ਵਿਸ਼ਵ ਚੇਤਨਾ ਨਾਲ ਜੋੜਨ ਦਾ ਯਤਨ ਕੀਤਾ ਹੈ। ਉਨ੍ਹਾਂ ਦੇ ਕਾਵਿ-ਨਾਟਕ ਤੇ ਕਵਿਤਾਵਾਂ ਵਿਸ਼ਵ ਸਾਹਿਤ ਦੇ ਹਾਣੀਂ ਬਣਦੀਆਂ ਪ੍ਰਤੀਤ ਹੁੰਦੀਆਂ ਹਨ।
ਪੰਜਾਬ ਦੇ ਭਾਸ਼ਾ ਵਿਭਾਗ ਵਲੋਂ 27 ਮਾਰਚ, 1983 ਨੂੰ ਰਾਜ ਭਵਨ ਚੰਡੀਗੜ੍ਹ ਵਿਚ ਕਰਵਾਏ ਗਏ ਸਮਾਗਮ ਦੌਰਾਨ ਉਸ ਸਮੇਂ ਦੇ ਮਾਣਯੋਗ ਰਾਜਪਾਲ (ਗਵਰਨਰ) ਹੁਰਾਂ ਨੇ ਅਜਾਇਬ ਕਮਲ ਹੁਰਾਂ ਨੂੰ ਸ਼੍ਰੋਮਣੀ ਸਾਹਿਤ ਪੁਰਸਕਾਰ ਦਿੱਤਾ ਸੀ। ਸਨਮਾਨਾਂ ਨੇ ਅਜਾਇਬ ਕਮਲ ਹੁਰਾਂ ਦੀਆਂ ਲਿਖਤਾਂ 'ਚ ਤੇਜ਼ੀ ਲਿਆਂਦੀ। ਵੱਡੀ ਮਾਤਰਾ 'ਚ ਸਾਹਿਤ ਰਚਿਆ। ਉਨ੍ਹਾਂ ਕਵਿਤਾ ਤੇ ਗ਼ਜ਼ਲ ਸੰਗ੍ਰਹਿ (28), ਕਾਵਿ ਨਾਟਕ (15), ਮਹਾਂ ਕਾਵਿ (2), ਨਾਵਲ (5) ਅਤੇ ਆਲੋਚਨਾ ਦੀ ਪੁਸਤਕ 'ਪ੍ਰਯੋਗਵਾਦ ਤੇ ਉਸ ਤੋਂ ਅਗਾਂਹ' ਦੀ ਰਚਨਾ ਕੀਤੀ।
ਸਮੇਂ ਦੇ ਨਾਲ ਜਿਥੇ ਮਾਨਵੀ ਜੀਵਨ ਦੀ ਸਰਬਪੱਖੀ ਰੂਪ-ਰੇਖਾ ਬਦਲਦੀ ਰਹੀ ਉਸ ਦੇ ਪ੍ਰਭਾਵ ਅਧੀਨ ਅਜਾਇਬ ਕਮਲ ਹੁਰਾਂ ਦੀ ਕਾਵਿ-ਸਿਰਜਣ ਪ੍ਰਕਿਰਿਆ ਵੀ ਨਿਰੰਤਰ ਬਦਲਦੀ ਰਹੀ। ਉਨ੍ਹਾਂ ਆਪਣੀ ਨਵੀਨ ਸਿਰਜਣ ਪ੍ਰਕਿਰਿਆ ਦੁਆਰਾ ਕਾਵਿ ਖੇਤਰ 'ਚ ਅਨੇਕਾਂ ਨਵੇਂ ਵਿਸ਼ੇ 'ਤੇ ਸ਼ਿਲਪ ਵਿਧਾਨ ਵੀ ਸਥਾਪਤ ਕੀਤੇ। ਕਮਲ ਹੁਰਾਂ ਦੀ ਕਵਿਤਾ ਨੇ ਪ੍ਰਯੋਗਵਾਦ ਤੋਂ ਸ਼ੁਰੂ ਹੋ ਕੇ ਆਧੁਨਿਕਵਾਦ ਤੇ ਫਿਰ ਗਲੋਬਲ ਚੇਤਨਾ ਦਾ ਸਫ਼ਰ ਤੈਅ ਕੀਤਾ ਹੈ। ਉਨ੍ਹਾਂ ਮੰਡੀਵਾਦ ਤੇ ਵਿਸ਼ਵੀਕਰਨ ਦੇ ਮਨੁੱਖ 'ਤੇ ਪੈ ਰਹੇ ਪ੍ਰਭਾਵ ਬਾਰੇ ਵੀ ਲਿਖਿਆ। 'ਬੀਜ ਤੋਂ ਬ੍ਰਹਿਮੰਡ' (02) ਜਿਥੇ ਉਨ੍ਹਾਂ ਦੀ ਕਵਿਤਾ 'ਚ ਕਾਵਿ-ਸ਼ਾਸਤਰ ਉਥਾਨਦੀ ਹੈ ਉਥੇ 2005 'ਚ ਛਪੀ 'ਗਲੋਬਲ ਯੁੱਗ 'ਚ ਬੋਧ ਬਿਰਖ ਥੱਲੇ' ਅਜੋਕੇ ਗਲੋਬਲ ਤੇ ਮੰਡੀ ਮਨੁੱਖ ਦੇ ਨਵੇਂ ਉਭਰੇ ਸਰਬਪੱਖੀ ਸੰਕਟ ਦਾ ਦਰਪਣ ਹੈ।
ਗੁਰੂ ਨਾਨਕ ਜੀ ਬਾਰੇ ਉਨ੍ਹਾਂ ਲਿਖਿਆ, 'ਉਹ ਅਜਿਹਾ ਏਕਾ ਸੀ ਜਿਸਦਾ ਵਜੂਦ ਜ਼ਮੀਨ ਬਣ ਕੇ ਫੈਲਿਆ ਹੋਇਆ ਸੀ। ਉਹ ਅਜਿਹਾ ਸ਼ਬਦ ਸੀ ਜਿਸ ਦੇ ਤੇਜੱਸਵੀ ਚਿਹਰੇ 'ਤੇ ਅਨੇਕ ਚੰਦ ਸੂਰਜ ਝੁਕੇ ਪਏ ਸੀ, ਉਹ ਅਜਿਹਾ ਅਖਰ ਸੀ, ਜਿਸ ਦੀਆਂ ਤੈਹਾਂ 'ਚ ਅਨੇਕਾਂ ਵੇਦ ਕਤੇਬ ਲੁਕੇ ਪਏ ਸੀ।'
(ਸਰਾਪੇ ਸਮਿਆਂ ਦੇ ਪੈਗ਼ੰਬਰ 1993)
ਅਜਾਇਬ ਕਮਲ ਹੁਰੀਂ ਪੰਜ-ਪੰਜ ਸੌ ਸਫ਼ੇ ਦੇ ਦੋ ਮਹਾਂ-ਕਾਵਿ ਧਰਤੀਨਾਮਾ ਤੇ ਸੂਰਜਨਾਮਾ ਵੀ ਪੰਜਾਬੀ ਪਾਠਕਾਂ ਨੂੰ ਦਿੱਤੇ। ਇਨ੍ਹਾਂ ਮਹਾਂਕਾਵਾਂ ਵਿਚ ਸਮਕਾਲੀ ਗਲੋਬਲ ਮਨੁੱਖ ਦੇ ਜੀਵਨ ਸੰਕਟਾਂ 'ਤੇ ਮਾਨਵੀ ਸੋਚਾਂ 'ਚ ਆਏ, ਪਰਿਵਰਤਨ ਤੇ ਤਣਾਅ ਦਾ ਜ਼ਿਕਰ ਹੈ।
ਅਜਾਇਬ ਕਮਲ ਹੁਰਾਂ ਦੇ ਨਾਵਲ : 'ਸ਼ੀਸ਼ੇ ਤੇ ਚਿਹਰੇ', 'ਅਗਿਆਤਵਾਸੀ' (2002), 'ਮਰਦ ਵਿਚਲੀ ਔਰਤ', 'ਦੋ ਪੱਤਣਾਂ ਦੇ ਤਾਰੂ', 'ਸ਼ੀਸ਼ੇ ਵਿਚਲਾ ਪ੍ਰੋਮੀਥੀਅਸ' ਲੀਹ ਤੋਂ ਹਟ ਕੇ ਲਿਖੇ ਗਏ ਹਨ।
ਇਹ ਨਾਵਲ ਸਿੱਧ ਪੱਧਰੇ ਨਹੀਂ ਇਨ੍ਹਾਂ 'ਚ ਵੀ ਪ੍ਰਯੋਗ ਕੀਤੇ ਗਏ ਹਨ ਤੇ ਨਾਟ ਯੁਗਤਾਂ ਦੀ ਵਰਤੋਂ ਕੀਤੀ ਗਈ ਹੈ। ਤਕਨੀਕ ਪਖੋਂ ਪੰਜਾਬੀ 'ਚ ਰਚੇ ਜਾ ਰਹੇ ਨਾਵਲਾਂ ਨਾਲੋਂ ਵੱਖਰੇ ਹਨ। ਇਹ ਸੱਭਿਆਚਾਰਕ ਤਣਾਓ ਕਾਰਨ ਪੈਦਾ ਹੋਏ ਮਾਨਸਿਕ ਦਵੰਧ 'ਤੇ ਕੇਂਦਰਤ ਹਨ। ਇਨ੍ਹਾਂ ਨਾਵਲਾਂ ਵਿਚ ਜੜ੍ਹਹੀਣ ਪ੍ਰਵਾਸੀਆਂ ਦੇ ਘੋਰ ਇਕਲਾਪੇ, ਉਦਾਸੀ ਤੇ ਭਟਕਣ ਨਾਲ ਜੁੜਦੀਆਂ ਮਾਨਸਿਕ, ਭਾਵੁਕ ਤੇ ਆਰਥਿਕ ਸਮੱਸਿਆਵਾਂ ਦਾ ਵਰਨਣ ਕੀਤਾ ਗਿਆ ਹੈ। ਉਨ੍ਹਾਂ 'ਚੋਂ ਉਪਜੀ ਉਲਾਰ ਬਿਰਤੀ, ਮਾਨਸਿਕ ਤੇ ਭਾਵੁਕ ਅਸਥਿਰਤਾ ਨੂੰ ਵੀ ਟੇਢੀ ਵਿਧੀ ਨਾਲ ਪ੍ਰਗਟਾਇਆ ਹੈ।
ਅਜਾਇਬ ਕਮਲ ਹੁਰੀਂ ਸਮੇਂ ਦੇ ਨਾਲ-ਨਾਲ ਗ਼ਜ਼ਲਾਂ ਵੀ ਲਿਖਦੇ ਰਹੇ। ਉਨ੍ਹਾਂ ਦੀ ਗ਼ਜ਼ਲਾਂ ਦੀ ਪੁਸਤਕ : 'ਸ਼ੀਸ਼ਿਆਂ ਦਾ ਸ਼ਹਿਰ' (1982), ਵਿਚ ਕਾਵਿ-ਟੁਕੜੀ 'ਸ਼ਬਦ ਨੰਗੇ ਹਨ' ਦੇ ਨਾਲ ਛਪੀ।
ਉਨ੍ਹਾਂ ਦਾ ਦੂਸਰਾ ਗ਼ਜ਼ਲ ਸੰਗ੍ਰਹਿ 'ਟੁਕੜੇ ਟੁਕੜੇ ਸੂਰਜ' ਜਿਸ ਵਿਚ 80 ਗ਼ਜ਼ਲਾਂ ਹਨ, 2009 ਵਿਚ ਛਪਿਆ। ਉਸ ਵਿਚੋਂ ਕੁਝ ਮਤਲੇ ਹਨ:
ਕਿਸੇ ਨੂੰ ਪਰ ਲਗਾ ਦਿੱਤੇ ਕਿਸੇ ਦੇ ਪਰ ਕਟਾ ਦਿੱਤੇ
ਸਮੇਂ ਨੇ ਆਦਮੀ ਸ਼ਤਰੰਜ ਦੇ ਮੋਹਰੇ ਬਣਾ ਦਿੱਤੇ।
ਕਿੱਦਾਂ ਉਸ ਦੇ ਦਿਨ ਸਿਧੇ ਹੋ ਸਕਦੇ
ਜੋ ਸੋਚਾਂ ਦੇ ਦਰਿਆ ਵਿਚ ਪੁਠਾ ਤਰਦਾ ਹੈ।
ਅਜਾਇਬ ਕਮਲ ਹੁਰਾਂ ਦਾ ਅਨੁਭਵ ਖੇਤਰ ਵਿਸ਼ਾਲ ਸੀ। ਉਨ੍ਹਾਂ ਦੀ ਸਾਰੀ ਲਿਖਤ ਮੌਲਿਕ ਹੈ, ਕੋਈ ਅਨੁਵਾਦ ਵਗੈਰਾ ਨਹੀਂ। ਆਪਣੇ 55 ਸਾਲਾਂ ਦੇ ਸਾਹਿਤਕ ਜੀਵਨ ਦੌਰਾਨ ਨਾ ਤਾਂ ਉਨ੍ਹਾਂ ਦੀ ਕਵਿਤਾ 'ਚ ਕੋਈ ਖੜੋਤ ਆਈ ਨਾ ਹੀ ਆਪ ਖੜੋਤ ਦਾ ਸ਼ਿਕਾਰ ਹੋਏ। ਨਿਰੰਤਰ ਕਵਿਤਾ ਰਚਦੇ ਰਹੇ। ਸਾਰੀ ਉਮਰ ਅੰਗਰੇਜ਼ੀ ਪੜ੍ਹਾਈ ਪਰ ਲਿਖਿਆ ਪੰਜਾਬੀ ਵਿਚ। ਆਪਣੀ ਲੰਮੀ ਕਵਿਤਾ ਦੀ ਪੁਸਤਕ 'ਆਪਣਾ ਆਪਣਾ ਆਕਾਸ਼' ਦੇ 2010 ਵਿਚ ਛਪਣ ਤੋਂ ਕੁਝ ਮਹੀਨੇ ਬਾਅਦ ਇਕ ਧਾਰਮਿਕ ਸਮਾਗਮ ਦੌਰਾਨ ਗੱਲਾਂ ਕਰਦੇ-ਕਰਦੇ ਇਸ ਸੰਸਾਰ ਤੋਂ ਸਦਾ ਲਈ ਵਿਦਾ ਹੋ ਗਏ।

-ਫੋਨ : 75899-66592.


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX