ਤਾਜਾ ਖ਼ਬਰਾਂ


ਦਿਸ਼ਾਂਤ ਨੇ ਜੇ.ਈ.ਈ.ਮੇਨਜ਼ ਪ੍ਰੀਖਿਆ ਵਿਚ ਹਾਸਲ ਕੀਤੇ 99.99 ਫ਼ੀਸਦੀ ਅੰਕ
. . .  12 minutes ago
ਪਸ਼ੂ ਪਾਲਣ ਵਿਭਾਗ ਸ਼ੁਰੂ ਕਰੇਗਾ ਮੋਬਾਈਲ ਡਿਸਪੈਂਸਰੀ -ਬਲਵੀਰ ਸਿੰਘ ਸਿੱਧੂ
. . .  26 minutes ago
ਗੜ੍ਹਸ਼ੰਕਰ, 19 ਜਨਵਰੀ (ਧਾਲੀਵਾਲ)- ਪਸ਼ੂ ਪਾਲਣ ਵਿਭਾਗ ਵਲੋਂ ਪਿੰਡ-ਪਿੰਡ ਜਾ ਕੇ ਪਸ਼ੂਆਂ ਦੇ ਇਲਾਜ ਲਈ ਮੋਬਾਈਲ ਡਿਸਪੈਂਸਰੀ ਦਾ ਪ੍ਰਾਜੈਕਟ ਜਲਦ ਹੀ ਸ਼ੁਰੂ ਕੀਤਾ ਜਾ ਰਿਹਾ ਹੈ। ਡਾਕਟਰ ਤੇ ਹੋਰ ਸਟਾਫ਼ ਤੇ ਸਹੂਲਤਾਂ ਨਾਲ ਲੈਸ ਮੋਬਾਈਲ ਡਿਸਪੈਂਸਰੀ ਵੱਲੋਂ ਪਿੰਡ-ਪਿੰਡ...
ਮੋਟਰਸਾਈਕਲਾਂ ਦੀ ਟੱਕਰ ਵਿਚ ਦੋ ਵਿਅਕਤੀਆਂ ਦੀ ਮੌਤ, ਇਕ ਗੰਭੀਰ ਜ਼ਖ਼ਮੀ
. . .  51 minutes ago
ਬਰਨਾਲਾ, 19 ਜਨਵਰੀ (ਧਰਮਪਾਲ ਸਿੰਘ)-ਪਿੰਡ ਠੀਕਰੀਵਾਲ ਤੋਂ ਚੁਹਾਣਕੇ ਖ਼ੁਰਦ ਨੂੰ ਜਾਂਦੀ ਸੜਕ 'ਤੇ ਹੋਈ ਮੋਟਰਸਾਈਕਲਾਂ ਦੀ ਆਹਮੋ ਸਾਹਮਣੇ ਟੱਕਰ ਵਿਚ ਮੋਟਰਸਾਈਕਲ 'ਤੇ ਸਵਾਰ ਦੋਵੇਂ ਚਾਲਕਾਂ ਦੀ ਮੌਤ ਹੋ ਗਈ। ਜਦਕਿ ਇਕ ਨੌਜਵਾਨ ਗੰਭੀਰ ਜ਼ਖ਼ਮੀ...
ਸੰਗਰੂਰ ਅਦਾਲਤ 'ਚ ਹੋਵੇਗੀ ਬੇਅਦਬੀ ਮਾਮਲੇ ਦੀ ਸੁਣਵਾਈ
. . .  55 minutes ago
ਸੰਗਰੂਰ, 19 ਜਨਵਰੀ (ਧੀਰਜ ਪਸ਼ੋਰੀਆ)- ਢਾਈ-ਕੁ ਸਾਲ ਪਹਿਲਾਂ ਮਲੇਰਕੋਟਲਾ ਵਿਖੇ ਧਾਰਮਿਕ ਗ੍ਰੰਥ ਕੁਰਾਨ-ਏ-ਸ਼ਰੀਫ ਦੀ ਬੇਅਦਬੀ ਦੀਆਂ ਵਾਪਰੀਆਂ ਘਟਨਾਵਾਂ ਦੇ ਸੰਬੰਧ 'ਚ ਮਲੇਰਕੋਟਲਾ ਥਾਣਾ ਵਿਖੇ ਦਰਜ ਮਾਮਲੇ ਦੀ ਸੁਣਵਾਈ ਹੁਣ ਸੰਗਰੂਰ ਅਦਾਲਤ ਵਿਖੇ ਹੋਵੇਗੀ। ਮਾਮਲੇ...
ਪ੍ਰਧਾਨ ਮੰਤਰੀ ਮੋਦੀ ਨੂੰ ਹਟਾਉਣਾ ਹੈ ਕੋਲਕਾਤਾ 'ਚ ਹੋਈ ਮਹਾਂ ਰੈਲੀ ਦਾ ਏਜੰਡਾ- ਰਵਿ ਸ਼ੰਕਰ ਪ੍ਰਸਾਦ
. . .  about 1 hour ago
ਕੋਲਕਾਤਾ, 19 ਜਨਵਰੀ- ਕੋਲਕਾਤਾ 'ਚ ਵਿਰੋਧੀ ਰੈਲੀ 'ਤੇ ਬੋਲਦਿਆਂ ਕੇਂਦਰੀ ਮੰਤਰੀ ਰਵਿ ਸ਼ੰਕਰ ਪ੍ਰਸਾਦ ਨੇ ਕਿਹਾ ਕਿ ਜਿਹੜੇ ਅੱਖਾਂ 'ਚ ਅੱਖਾਂ ਪਾ ਕੇ ਨਹੀਂ ਦੇਖ ਸਕਦੇ ਅਤੇ ਉਹ ਅੱਜ ਇਕ ਮੰਚ 'ਤੇ ਇਕੱਠੇ ਹੋਏ ਹਨ। ਉਨ੍ਹਾਂ ਕਿਹਾ ਕਿ ਰੈਲੀ 'ਚ ਵੱਖ-ਵੱਖ ਪਾਰਟੀਆਂ ਦੇ ....
ਅਕਾਲੀ ਭਾਜਪਾ ਅਤੇ ਕਾਂਗਰਸ ਦੀਆਂ ਸਰਕਾਰਾਂ ਨੇ ਕਿਸਾਨਾਂ ਨੂੰ ਕੀਤਾ ਕੰਗਾਲ- ਸਿਮਰਨਜੀਤ ਬੈਂਸ
. . .  about 1 hour ago
ਖੇਮਕਰਨ, 19 ਜਨਵਰੀ (ਸੰਦੀਪ ਮਹਿਤਾ) - ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਅਤੇ ਵਿਧਾਇਕ ਸਿਮਰਨਜੀਤ ਸਿੰਘ ਬੈਂਸ ਕਿਸਾਨਾਂ ਦਾ ਦਰਦ ਜਾਣਨ ਲਈ ਸਰਹੱਦੀ ਕਸਬਾ ਖੇਮਕਰਨ ਵਿਖੇ ਪਹੁੰਚੇ। ਇਸ ਮੌਕੇ ਸਿਮਰਨਜੀਤ ਸਿੰਘ ਬੈਂਸ ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ......
ਰੋਪੜ ਪੁਲਿਸ ਨੇ ਪੰਜਾਬ 'ਚ ਫ਼ੌਜ ਦੀ ਭਰਤੀ ਘੋਟਾਲੇ ਦਾ ਖ਼ੁਲਾਸਾ ਕਰਦਿਆਂ 5 ਵਿਅਕਤੀਆਂ ਨੂੰ ਕੀਤਾ ਕਾਬੂ
. . .  about 1 hour ago
ਚੰਡੀਗੜ੍ਹ, 19 ਜਨਵਰੀ- ਰੋਪੜ ਪੁਲਿਸ ਨੇ ਪੰਜਾਬ 'ਚ ਫ਼ੌਜ ਭਰਤੀ ਘੋਟਾਲੇ ਦਾ ਖ਼ੁਲਾਸਾ ਕਰਦਿਆਂ ਹੋਇਆਂ ਪੰਜ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਰਕਾਰ ਬੁਲਾਰੇ ਨੇ ਦਸਿਆ ਕਿ ਇਨ੍ਹਾਂ ਪਾਸੋਂ ਪੁਲਿਸ ਨੇ 29 ਆਧਾਰ ਕਾਰਡ ਅਤੇ ....
ਨੈਸ਼ਨਲ ਮਿਊਜ਼ੀਅਮ ਫ਼ਾਰ ਇੰਡੀਅਨ ਸਿਨੇਮਾ ਦਾ ਉਦਘਾਟਨ ਕਰਨ ਪਹੁੰਚੇ ਮੋਦੀ
. . .  about 2 hours ago
ਮੁੰਬਈ, 19 ਜਨਵਰੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੈਸ਼ਨਲ ਮਿਊਜ਼ੀਅਮ ਫ਼ਾਰ ਇੰਡੀਅਨ ਸਿਨੇਮਾ (ਐਨ.ਐਮ.ਆਈ.ਸੀ) ਦਾ ਉਦਘਾਟਨ ਕਰਨ ਲਈ ਮੁੰਬਈ ਪਹੁੰਚੇ ....
ਆਈ.ਆਰ.ਸੀ.ਟੀ.ਸੀ. ਮਾਮਲੇ 'ਚ ਲਾਲੂ ਪ੍ਰਸਾਦ ਯਾਦਵ ਨੂੰ ਮਿਲੀ ਜ਼ਮਾਨਤ
. . .  about 2 hours ago
ਨਵੀਂ ਦਿੱਲੀ, 19 ਜਨਵਰੀ- ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਸਾਬਕਾ ਕੇਂਦਰੀ ਰੇਲ ਮੰਤਰੀ ਲਾਲੂ ਪ੍ਰਸਾਦ ਯਾਦਵ ਨੂੰ ਆਈ.ਆਰ.ਸੀ.ਟੀ.ਸੀ. ਮਾਮਲੇ 'ਚ ਸੀ.ਬੀ.ਆਈ. ਵੱਲੋਂ ਦਾਇਰ ਕੇਸ 'ਚ ਜ਼ਮਾਨਤ ਦੇ ਦਿੱਤੀ ....
ਈ. ਡੀ. ਵਲੋਂ ਜ਼ਾਕਿਰ ਨਾਇਕ ਦੇ ਪਰਿਵਾਰ ਦੀ ਜਾਇਦਾਦ ਅਟੈਚ
. . .  about 2 hours ago
ਨਵੀਂ ਦਿੱਲੀ, 19 ਜਨਵਰੀ- ਵਿਵਾਦਤ ਇਸਲਾਮੀ ਪ੍ਰਚਾਰਕ ਜ਼ਾਕਿਰ ਨਾਇਕ ਵਿਰੁੱਧ ਮਨੀ ਲਾਂਡਰਿੰਗ ਜਾਂਚ ਦੇ ਸੰਬੰਧ 'ਚ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ 16.40 ਕਰੋੜ ਰੁਪਏ ਦੀ ਜਾਇਦਾਦ ਅਟੈਚ ਕੀਤੀ ਹੈ। ਇਸ ਸੰਬੰਧੀ ਇੱਕ ਬਿਆਨ 'ਚ ਈ. ਡੀ. ਨੇ ਕਿਹਾ.....
ਹੋਰ ਖ਼ਬਰਾਂ..

ਧਰਮ ਤੇ ਵਿਰਸਾ

ਇਤਿਹਾਸਕ ਗੁ: ਨਾਨਕਸਰ ਸਠਿਆਲਾ

ਇਤਿਹਾਸਕ ਨਗਰ ਬਾਬਾ ਬਕਾਲਾ ਸਾਹਿਬ ਤੋਂ ਕਰੀਬ ਤਿੰਨ ਕੁ ਕਿਲੋਮੀਟਰ ਦੀ ਦੂਰੀ 'ਤੇ ਵਸੇ ਕਸਬਾ ਸਠਿਆਲਾ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਹੈ, ਜਿਸ ਨਾਲ ਇਸ ਨਗਰ ਦੀ ਇਤਿਹਾਸਕ ਮਹਾਨਤਾ ਹੋਰ ਵੀ ਵਧ ਜਾਂਦੀ ਹੈ।
ਇਤਿਹਾਸਕਾਰ ਭਾਈ ਹਰਭਜਨ ਸਿੰਘ ਸਠਿਆਲਾ ਦੀ ਖੋਜ, ਜਾਣਕਾਰੀ ਅਨੁਸਾਰ ਸ੍ਰੀ ਗੁਰੂ ਨਾਨਕ ਦੇਵ ਜੀ ਮਾਝੇ ਦੇ ਇਲਾਕੇ ਵਿਚ ਕਈ ਮਹੀਨੇ ਵਿਚਰੇ ਤੇ ਕਈ ਭਗਤ ਜਨਾਂ ਦਾ ਮਾਰਗ ਦਰਸ਼ਨ ਕੀਤਾ। ਗੁਰੂ ਸਾਹਿਬ ਉਦਾਸੀਆਂ 'ਤੇ ਜਾਣ ਸਮੇਂ ਸੁਲਤਾਨਪੁਰ ਲੋਧੀ ਤੋਂ ਚੱਲ ਕੇ ਵੈਰੋਵਾਲ, ਜਲਾਲਾਬਾਦ ਵਿਚੀਂ ਪਿੰਡ ਕੀੜੀ ਪਠਾਣਾਂ (ਗੁਰਦਾਸਪੁਰ) ਨੂੰ ਜਾਂਦੇ ਹੋਏ ਪਿੰਡ ਸਠਿਆਲਾ ਵਿਖੇ ਠਹਿਰੇ। ਇਹ ਸਥਾਨ ਪਹਿਲਾਂ ਮੁਗਲਾਣੀ ਕਰਕੇ ਜਾਣਿਆ ਜਾਂਦਾ ਸੀ। ਪੁਰਾਣੀ ਤਵਾਰੀਖ ਮੁਤਾਬਕ ਮੁਗ਼ਲ ਰਾਜ ਸਮੇਂ ਮੁਗਲਾਣੀ ਪਿੰਡ ਵਿਚ ਮੁਗ਼ਲਾਂ ਦੇ ਬਹੁਤ ਮਜ਼ਬੂਤ ਕਿਲ੍ਹੇ ਸਨ। ਪਿੰਡ ਦੇ ਹਾਜੀਪੁਰ ਮੁਹੱਲੇ ਵਿਚ ਹਾਜੀ ਫਕੀਰ ਰਹਿੰਦਾ ਸੀ, ਜੋ ਕਿਸੇ ਪੀਰ ਫਕੀਰ ਨੂੰ ਪਿੰਡ ਵਿਚ ਵੜਨ ਨਹੀਂ ਸੀ ਦਿੰਦਾ। ਜਿਸ ਵਕਤ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਪਿੰਡ ਵਿਚ ਆਏ, ਉਸ ਵਕਤ ਇਸ ਹਾਜੀ ਫਕੀਰ ਦਾ ਪਿੰਡ ਵਿਚ ਪੂਰਾ ਬੋਲਬਾਲਾ ਸੀ। ਗੁਰੂ ਸਾਹਿਬ ਨੇ ਪਿੰਡ ਮੁਗਲਾਣੀ ਪਹੁੰਚ ਕੇ ਇਕ ਛੱਪੜੀ ਕਿਨਾਰੇ ਡੇਰਾ ਲਾ ਲਿਆ ਅਤੇ ਬਾਲੇ ਅਤੇ ਮਰਦਾਨੇ ਸੰਗ ਨਿਰੰਕਾਰ ਦੇ ਰੰਗ ਵਿਚ ਰੰਗੇ ਹੋਏ ਇਲਾਹੀ ਬਾਣੀ ਉਚਾਰਨ ਲੱਗੇ। ਇਸ ਨਾਲ ਗੁਰੂ ਸਾਹਿਬ ਦੀ ਸੋਭਾ ਸਾਰੇ ਫੈਲ ਗਈ। ਉਸ ਅਸਥਾਨ 'ਤੇ ਅੱਜ ਸ਼ਾਨਦਾਰ ਪੰਜ ਮੰਜ਼ਿਲਾ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ ਅਤੇ ਛੱਪੜੀ ਨੂੰ ਸਰੋਵਰ ਸਾਹਿਬ ਦਾ ਰੂਪ ਦਿੱਤਾ ਗਿਆ ਹੈ, ਜਿਸ ਨੂੰ ਕਿ ਪਿੰਡ ਦੇ ਪ੍ਰਸਿੱਧ ਪਹਿਲਵਾਨ ਲਾਭ ਸਿੰਘ ਰੁਸਤਮੇ ਹਿੰਦ ਨੇ ਆਪਣਾ ਯੋਗਦਾਨ ਪਾ ਕੇ ਸੰਤਾਂ-ਮਹਾਂਪੁਰਖਾਂ ਨਾਲ ਅੱਠ ਨੁੱਕਰਾਂ ਵਾਲੇ ਤਲਾਬ ਦਾ ਨਿਰਮਾਣ ਕਰਵਾਇਆ।
ਗੁਰਦੁਆਰਾ ਸਾਹਿਬ ਦੇ ਮੌਜੂਦਾ ਮੁੱਖ ਸੇਵਾਦਾਰ ਗਿਆਨੀ ਬੂਟਾ ਸਿੰਘ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਦੀ ਨਵੀਂ ਸ਼ਾਨਦਾਰ ਪੰਜ ਮੰਜ਼ਲੀ ਇਮਾਰਤ ਦੀ ਕਾਰ ਸੇਵਾ ਸੰਤ ਬਾਬਾ ਲਾਭ ਸਿੰਘ ਕਿਲ੍ਹਾ ਅਨੰਦਗੜ੍ਹ ਸਾਹਿਬ ਵਲੋਂ ਮੁਕੰਮਲ ਹੋ ਚੁੱਕੀ ਹੈ ਅਤੇ ਹੁਣ ਲੰਗਰ ਹਾਲ ਦੀ ਸੇਵਾ ਚੱਲ ਰਹੀ ਹੈ। ਗੁਰਦੁਆਰਾ ਸਾਹਿਬ ਕਰੀਬ 6 ਕਨਾਲ ਵਿਚ ਬਣਿਆ ਹੋਇਆ ਹੈ ਅਤੇ ਢਾਈ ਕਨਾਲ ਦੇ ਕਰੀਬ ਹੋਰ ਜਗ੍ਹਾ ਗੁਰਦੁਆਰਾ ਸਾਹਿਬ ਦੇ ਨਾਂਅ ਹੈ। ਇਸ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਾਂ ਅਧੀਨ ਨਹੀਂ ਹੈ, ਸਗੋਂ ਸਥਾਨਕ ਨਗਰ ਦੀਆਂ ਸੰਗਤਾਂ ਵਲੋਂ ਕੀਤਾ ਜਾ ਰਿਹਾ ਹੈ ਅਤੇ 12 ਮੈਂਬਰੀ ਕਮੇਟੀ ਬਣੀ ਹੋਈ ਹੈ, ਜਿਸ ਵਿਚ ਮਾ: ਗੁਰਚਰਨ ਸਿੰਘ ਪ੍ਰਧਾਨ, ਕੇਵਲ ਸਿੰਘ, ਪ੍ਰਭਜੀਤ ਸਿੰਘ ਸ਼ਾਹ, ਹਰਭਜਨ ਸਿੰਘ ਮੈਂਬਰ, ਬਲਕਾਰ ਸਿੰਘ, ਕਰਨੈਲ ਸਿੰਘ, ਡਾ: ਗੁਰਦੇਵ ਸਿੰਘ, ਗਿਆਨੀ ਹਰਭਜਨ ਸਿੰਘ, ਹਰਪਾਲ ਸਿੰਘ, ਬਾਬਾ ਪੂਰਨ ਸਿੰਘ, ਸ਼ਿਵ ਸਿੰਘ ਸ਼ਾਮਿਲ ਹਨ। ਇਸ ਤੋਂ ਇਲਾਵਾ ਸੇਵਾਦਾਰ ਬਾਬਾ ਸੁਰਜੀਤ ਸਿੰਘ ਅਤੇ ਬੀਬੀ ਸਤਨਾਮ ਕੌਰ ਸੇਵਾ ਨਿਭਾਅ ਰਹੇ ਹਨ। ਹਰ ਸਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸਮਾਗਮ ਮੌਕੇ ਇਸ ਅਸਥਾਨ 'ਤੇ ਭਾਰੀ ਮੇਲਾ ਲਗਦਾ ਹੈ, ਨਗਰ ਕੀਰਤਨ ਸਜਾਏ ਜਾਂਦੇ ਹਨ ਅਤੇ ਧਾਰਮਿਕ ਦੀਵਾਨ ਸਜਦੇ ਹਨ। ਇਸ ਅਸਥਾਨ ਦੀ ਇਤਿਹਾਸਕ ਮਹਾਨਤਾ ਹੋਣ ਕਾਰਨ ਇਸ ਗੁਰਦੁਆਰਾ ਸਾਹਿਬ ਨੂੰ ਹੋਰ ਵੀ ਸ਼ਾਨਦਾਰ ਬਣਾਉਣ ਲਈ ਕਮੇਟੀ ਯਤਨਸ਼ੀਲ ਹੈ।


ਖ਼ਬਰ ਸ਼ੇਅਰ ਕਰੋ

ਲੋਕਤੰਤਰਿਕ ਲੀਹਾਂ 'ਤੇ ਕੰਮ ਕਰੇ ਸ਼੍ਰੋਮਣੀ ਕਮੇਟੀ

ਇਹ ਹਰ ਕੋਈ ਮੰਨਦਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਸਿਰਮੌਰ ਜਥੇਬੰਦੀ ਹੈ। 100 ਸਾਲ ਤੋਂ ਵੱਧ ਸਮੇਂ ਤੋਂ ਇਸ ਨੂੰ ਵਿਸ਼ਵ ਭਰ ਵਿਚ ਧਾਰਮਿਕ ਪੱਖੋਂ ਸਿੱਖ ਕੌਮ ਦੀ ਨੁਮਾਇੰਦਗੀ ਕਰਨ ਦਾ ਮਾਣ ਪ੍ਰਾਪਤ ਹੈ। ਭਾਰਤ ਸਰਕਾਰ, ਵਿਦੇਸ਼ੀ ਸਰਕਾਰਾਂ ਤੇ ਯੂ.ਐਨ.ਓ. ਇਸ ਨੂੰ ਪੂਰਾ ਮਾਣ-ਸਤਿਕਾਰ ਦਿੰਦੀ ਹੈ। ਇਸਾਈ ਮੱਤ, ਮੁਸਲਮਾਨ, ਹਿੰਦੂ ਧਰਮ, ਬੁੱਧ ਮੱਤ, ਜੈਨ ਮੱਤ ਵਿਚ ਉਨ੍ਹਾਂ ਦੇ ਧਾਰਮਿਕ ਅਸਥਾਨਾਂ ਵਿਚ ਆਮ ਲੋਕਾਂ ਵਲੋਂ ਵੋਟ ਪਾ ਕੇ ਪ੍ਰਬੰਧਕ ਚੁਣਨ ਦਾ ਕੋਈ ਰਿਵਾਜ ਨਹੀਂ। ਕੇਵਲ ਸਿੱਖ ਧਰਮ ਵਿਚ ਹੀ ਲੋਕਤੰਤਰਿਕ ਪ੍ਰਣਾਲੀ ਰੱਖੀ ਗਈ ਹੈ। ਗੁਰਦੁਆਰਿਆਂ ਦਾ ਪ੍ਰਬੰਧ ਕਰਨ ਲਈ ਵੋਟਾਂ ਨਾਲ ਮੈਂਬਰ ਚੁਣੇ ਜਾਂਦੇ ਹਨ। ਹਰ ਪੰਜ ਸਾਲ ਪਿੱਛੋਂ ਪੰਜਾਬ, ਹਰਿਆਣਾ ਤੇ ਹਿਮਾਚਲ ਦੇ ਸਿੱਖ ਸ਼੍ਰੋਮਣੀ ਕਮੇਟੀ ਦੇ ਮੈਂਬਰ ਵੋਟਾਂ ਪਾ ਕੇ ਚੁਣਦੇ ਹਨ। ਹੁਣ ਤਾਂ ਹਰ ਸ਼ਹਿਰ ਵਿਚ ਸਿੰਘ ਸਭਾਵਾਂ ਦੀਆਂ ਕਮੇਟੀਆਂ ਵੀ ਵੋਟਾਂ ਨਾਲ ਚੁਣੀਆਂ ਜਾਂਦੀਆਂ ਹਨ। ਵਿਦੇਸ਼ਾਂ ਵਿਚ ਗੁਰਦੁਆਰੇ ਧੜਾਧੜ ਬਣ ਰਹੇ ਹਨ। ਪਹਿਲਾਂ ਕੇਵਲ ਇਕ ਜਾਂ ਦੋ ਹੁੰਦੇ ਸਨ, ਹੁਣ ਹਰ ਕਾਲੋਨੀ ਵਿਚ ਗੁਰਦੁਆਰਾ ਹੈ, ਉਥੇ ਵੀ ਇਹ ਲੋਕ ਪਰੰਪਰਾ ਹਾਵੀ ਹੈ। ਵੋਟਾਂ ਨਾਲ ਮੁਕਾਬਲੇ ਹੁੰਦੇ ਹਨ। ਲੱਖਾਂ ਡਾਲਰ ਇਸ ਤਰੀਕੇ 'ਤੇ ਖ਼ਰਚ ਹੋ ਰਹੇ ਹਨ। ਚੋਣਾਂ ਪਿੱਛੋਂ ਹਾਰਿਆ ਗਰੁੱਪ ਕਚਹਿਰੀ ਪਹੁੰਚ ਜਾਂਦਾ ਹੈ, ਵਕੀਲਾਂ 'ਤੇ ਖ਼ਰਚ ਹੋ ਰਹੇ ਹਨ। ਸਿੱਖਾਂ ਵਿਚ ਗੁਰਦੁਆਰਾ ਚੋਣਾਂ ਕਾਰਨ ਫੁੱਟ ਵਧ ਰਹੀ ਹੈ, ਜਾਤ-ਪਾਤ ਉੱਭਰ ਕੇ ਬਾਹਰ ਆ ਗਈ ਹੈ। ਵਿਦੇਸ਼ੀ ਹੱਸਦੇ ਹਨ, ਜਦ ਪੁਲਿਸ ਗੁਰਦੁਆਰੇ ਦੇ ਝਗੜੇ ਕਾਰਨ ਬੁਲਾਈ ਜਾਂਦੀ ਹੈ। ਆਮ ਕਰਕੇ ਗੋਲਕ ਚੋਰੀ ਕਰਨ ਦੀ ਬਦਨਾਮੀ ਵੀ ਵਧੇਰੇ ਕਰਕੇ ਕੇਵਲ ਸਾਡੇ ਧਰਮ ਵਿਚ ਹੀ ਹੈ।
ਸ਼੍ਰੋਮਣੀ ਕਮੇਟੀ ਨੂੰ ਸਿੱਖਾਂ ਦੀ ਪਾਰਲੀਮੈਂਟ ਕਿਹਾ ਜਾਂਦਾ ਹੈ। ਪਾਰਲੀਮੈਂਟ ਤੇ ਅਸੈਂਬਲੀਆਂ ਵਾਂਗ ਇਸ ਦੇ ਹਲਕੇ ਘੋਸ਼ਿਤ ਹੁੰਦੇ ਹਨ। ਸਰਕਾਰ ਵੋਟਰ ਲਿਸਟ ਛਾਪਦੀ ਹੈ, ਚੋਣ ਵੀ ਫਾਰਮ ਭਰ ਕੇ ਤੇ ਸਰਕਾਰ ਵਲੋਂ ਬਣਾਏ ਅਫ਼ਸਰਾਂ ਰਾਹੀਂ ਕਰਵਾਈ ਜਾਂਦੀ ਹੈ। ਚੋਣ ਪ੍ਰਚਾਰ ਤੇ ਫਿਰ ਵੋਟਾਂ ਗੱਜ-ਵੱਜ ਕੇ ਪੁਆਈਆਂ ਜਾਂਦੀਆਂ ਹਨ। ਇਸ ਲਈ ਇਹ ਸੁਭਾਵਿਕ ਹੈ ਕਿ ਇਹ ਸੰਸਥਾ ਇਕ ਪਾਰਲੀਮੈਂਟ ਵਾਂਗ ਕੰਮਕਾਜ ਕਰੇ। ਇਸ ਕਮੇਟੀ ਵਿਚ ਭਾਰਤ ਦੇ ਦੂਜੇ ਇਲਾਕਿਆਂ ਵਿਚੋਂ ਵੀ ਮੈਂਬਰ ਲਾਏ ਜਾਂਦੇ ਹਨ, ਤਾਂ ਜੋ ਸਮੁੱਚੇ ਭਾਰਤ ਦੀ ਇਹ ਨੁਮਾਇੰਦਾ ਜਥੇਬੰਦੀ ਵਜੋਂ ਕੰਮ ਕਰੇ। ਹਰ ਸਾਲ ਇਸ ਦੇ ਕੇਵਲ ਦੋ ਸੈਸ਼ਨ ਹੁੰਦੇ ਹਨ। ਨਵੰਬਰ ਦੇ ਮਹੀਨੇ ਕੇਵਲ ਪ੍ਰਧਾਨ ਤੇ ਕਾਰਜਕਾਰੀ ਕਮੇਟੀ ਦੇ ਮੈਂਬਰ ਚੁਣਨ ਲਈ ਮੀਟਿੰਗ ਤੇ ਮਾਰਚ ਦੇ ਮਹੀਨੇ ਬਜਟ ਪਾਸ ਕਰਨ ਲਈ ਇਜਲਾਸ ਹੁੰਦਾ ਹੈ। ਅੱਜਕਲ੍ਹ ਟੀ. ਵੀ. ਦਾ ਯੁੱਗ ਹੈ, ਸਾਰੀ ਕਾਰਵਾਈ ਹਰ ਕੋਈ ਦੇਖ ਸਕਦਾ ਹੈ।
ਜੋ ਇਨ੍ਹਾਂ ਮੀਟਿੰਗਾਂ ਵਿਚ ਹੁੰਦਾ ਹੈ, ਉਹ ਦੇਖ ਕੇ ਸਵਾਲ ਉੱਠਦਾ ਹੈ ਕਿ ਸਭ ਤੋਂ ਸਿਰਮੌਰ ਸੰਸਥਾ ਕੀ ਪਾਰਲੀਮੈਂਟ ਦੇ ਨਿਯਮ ਨਿਭਾਅ ਰਹੀ ਹੈ? ਮੈਂ ਭਾਰਤ ਦੀ ਪਾਰਲੀਮੈਂਟ ਦਾ ਮੈਂਬਰ ਰਿਹਾ ਹਾਂ। ਉਸ ਦੀ ਕਾਰਵਾਈ ਟੀ. ਵੀ. 'ਤੇ ਪੂਰੇ ਤੌਰ 'ਤੇ ਦਿਖਾਈ ਜਾਂਦੀ ਹੈ, ਇਕ ਘੰਟਾ ਸਵਾਲਾਂ ਲਈ ਹੁੰਦਾ ਹੈ, ਹਰ ਮੰਤਰੀ ਨੂੰ ਜਵਾਬ ਦੇਣਾ ਪੈਂਦਾ ਹੈ। ਫਿਰ ਹਰ ਮੈਂਬਰ ਨੂੰ ਤਿੰਨ-ਤਿੰਨ ਮਿੰਟ ਕਿਸੇ ਜ਼ਰੂਰੀ ਮਾਮਲੇ 'ਤੇ ਬੋਲਣ ਦਾ ਵਕਤ ਦਿੱਤਾ ਜਾਂਦਾ ਹੈ। ਸਰਕਾਰ ਦੇ ਹਰ ਮਹਿਕਮੇ ਬਾਰੇ ਦਿਨ ਮੁਕਰਰ ਹੁੰਦਾ ਹੈ, ਜਿਸ ਲਈ ਚਰਚਾ ਹੁੰਦੀ ਹੈ। ਵਿਰੋਧੀ ਪਾਰਟੀ ਦੀ ਹਰ ਗੱਲ ਸੁਣਨੀ ਪੈਂਦੀ ਹੈ, ਝਗੜੇ ਵੀ ਹੁੰਦੇ ਹਨ ਪਰ ਪਾਰਲੀਮੈਂਟ ਦੀ ਮਰਿਆਦਾ ਕਾਇਮ ਰੱਖੀ ਜਾਂਦੀ ਹੈ।
ਹੁਣ ਸਾਡੀ ਸਿੱਖ ਪਾਰਲੀਮੈਂਟ ਵਲੋਂ ਵੇਖੋ ਸਾਲ ਵਿਚ ਕੇਵਲ ਦੋ ਵਾਰੀ ਇਕੱਠ ਹੁੰਦਾ ਹੈ। ਸਾਰੀ ਕਾਰਵਾਈ ਕੇਵਲ ਇਕ ਘੰਟਾ ਜਾਂ ਦੋ ਘੰਟਿਆਂ ਵਿਚ ਸਮਾਪਤ ਹੋ ਜਾਂਦੀ ਹੈ। ਸਟੇਜ ਤੋਂ ਹੀ ਕੋਈ ਮਤਾ ਪੇਸ਼ ਹੋਣ 'ਤੇ ਜੈਕਾਰੇ ਬੁਲਾਏ ਜਾਂਦੇ ਹਨ, ਕਦੇ ਉਸ 'ਤੇ ਚਰਚਾ ਕਰਨ ਦਾ ਰਿਵਾਜ ਹੀ ਨਹੀਂ ਹੈ। ਸਿੱਖਾਂ ਦੀ ਜਥੇਬੰਦੀ ਹੈ, ਸਿੱਖ ਮਸਲੇ ਸਾਡੇ ਸਾਹਮਣੇ ਹਨ, ਉਸ 'ਤੇ ਖੁੱਲ੍ਹ ਕੇ ਵਿਚਾਰ ਹੋਵੇ। ਏਨੇ ਸਕੂਲ, ਕਾਲਜ ਹਨ, ਸਿੱਖਿਆ ਬਾਰੇ ਰਾਇ ਲਈ ਜਾਵੇ, ਧਰਮ ਪ੍ਰਚਾਰ ਕਿੰਨਾ ਜ਼ਰੂਰੀ ਵਿਸ਼ਾ ਹੈ, ਇਸ 'ਤੇ ਹਰ ਮੈਂਬਰ ਨੂੰ ਬੋਲਣ ਦਾ ਮੌਕਾ ਦਿੱਤਾ ਜਾਏ, ਪਰ ਹਰ ਇਕ ਨੂੰ ਇਹ ਹੁਕਮ ਹੈ ਕਿ ਬੋਲਣਾ ਨਹੀਂ ਹੈ। ਜੇ ਪੰਥਕ ਵਿਚਾਰਾਂ ਸ਼੍ਰੋਮਣੀ ਕਮੇਟੀ ਦੀ ਆਮ ਮੀਟਿੰਗ ਵਿਚ ਨਹੀਂ ਹੋਣਗੀਆਂ, ਫਿਰ ਕੌਣ ਕਰੇਗਾ? ਹਰ ਮੈਂਬਰ ਨੂੰ ਟੀ. ਏ. ਮਿਲਦਾ ਹੈ। ਰਹਿਣ ਲਈ ਕਮਰੇ ਮਿਲਦੇ ਹਨ। ਉਹ ਆ ਕੇ ਘੱਟ ਤੋਂ ਘੱਟ ਇਕ ਹਫ਼ਤਾ ਰਹਿਣ, ਵਿਚਾਰਾਂ ਹੋਣ ਤੇ ਨਿਰਣੇ ਲਏ ਜਾਣ। ਇਹ ਪਰੰਪਰਾ ਕਦੋਂ ਅਸੀਂ ਸਿੱਖਾਂਗੇ?
ਅੱਜ ਸਿੱਖਾਂ ਵਿਚ ਪਤਿਤਪੁਣੇ ਦਾ ਹੜ੍ਹ ਆਇਆ ਹੋਇਆ ਹੈ। ਕਦੇ ਸੋਚੋਗੇ ਕਿ ਕੀ ਹੱਲ ਹੈ? ਹਰ ਖੇਡ ਵਿਚ ਤਗਮਾ ਜਿੱਤਣ ਵਾਲਾ ਸਿੱਖ ਯੁਵਕ ਆਮ ਕਰਕੇ ਕੇਸਾਂ ਤੋਂ ਬਿਨਾਂ ਹੈ। ਕਦ ਇਸ ਨੂੰ ਠੱਲ੍ਹ ਪਾਉਣ ਦੀ ਵਿਚਾਰ ਕਰੋਗੇ? ਤੁਹਾਡੇ ਕੋਲ 1000 ਕਰੋੜ ਰੁਪਏ ਦਾ ਬਜਟ ਹੈ। ਇਸ 'ਤੇ ਵੀ ਕਦੇ ਵਿਚਾਰ ਕਰੋ। 5 ਮਿੰਟ ਵਿਚ ਇਹ ਪਾਸ ਹੋ ਜਾਂਦਾ ਹੈ। ਪਾਰਲੀਮੈਂਟ ਵਿਚ ਬਜਟ ਦਾ ਵੱਖਰਾ ਸੈਸ਼ਨ ਹੁੰਦਾ ਹੈ, ਹਰ ਗੱਲ ਪਾਸ ਕਰਵਾਉਣੀ ਪੈਂਦੀ ਹੈ। ਤੁਸੀਂ ਬਜਟ ਪਾਸ ਕਰਨ ਲਈ ਘੱਟ ਤੋਂ ਘੱਟ ਦੋ-ਤਿੰਨ ਦਿਨ ਰੱਖੋ, ਹਰ ਮੈਂਬਰ ਨੂੰ ਪਤਾ ਤਾਂ ਹੋਵੇ ਕਿ ਕਿੰਨੀ ਆਮਦਨ ਹੈ ਤੇ ਕਿਥੇ ਖ਼ਰਚ ਕਰ ਰਹੇ ਹਾਂ? ਗੁਰਦੁਆਰਿਆਂ ਵਿਚ ਗੋਲਕ ਦੀ ਵਰਤੋਂ ਸਬੰਧੀ ਜੋ ਬਦਨਾਮੀ ਹੋ ਰਹੀ ਹੈ, ਉਸ ਲਈ ਜ਼ਰੂਰੀ ਹੈ ਕਿ ਬਜਟ ਬਾਰੇ ਜਾਣਕਾਰੀ ਦਿੱਤੀ ਜਾਵੇ। ਵਿਰੋਧੀ ਧਿਰ ਨੂੰ ਘੱਟ ਤੋਂ ਘੱਟ ਇਜਲਾਸ ਵਿਚ ਤਾਂ ਪੂਰਾ ਮਾਣ-ਸਤਿਕਾਰ ਦੇਵੋ। ਮੈਂਬਰ ਇਸ ਲਈ ਵਾਕਆਊਟ ਕਰ ਰਹੇ ਹਨ ਕਿ ਬੋਲਣ ਲਈ ਵਕਤ ਹੀ ਨਹੀਂ ਦਿੱਤਾ ਜਾਂਦਾ। ਸਿੱਖ ਧਰਮ ਸ਼ਖ਼ਸੀ ਆਜ਼ਾਦੀ ਲਈ ਪ੍ਰਚਾਰ ਕਰਦਾ ਹੈ ਪਰ ਅਸੀਂ ਆਪ ਆਪਣਾ ਦਬਾਅ ਰੱਖਣ ਲਈ ਹਰ ਹੀਲਾ ਵਰਤਦੇ ਹਾਂ।
ਇਸ ਵਾਰ ਇਕ ਘਟਨਾ ਹਰ ਇਕ ਨੂੰ ਚੁੱਭੀ ਹੈ, ਜਦ ਟੀ. ਵੀ. 'ਤੇ ਦੇਖਿਆ ਕਿ ਬੀਬੀ ਕਿਰਨਜੋਤ ਕੌਰ ਨੂੰ ਬੋਲਣ ਤੋਂ ਰੋਕਿਆ ਗਿਆ ਤੇ ਮਾਈਕ ਖੋਹ ਲਿਆ ਗਿਆ। ਸਾਡਾ ਧਰਮ ਔਰਤਾਂ ਨੂੰ ਪੂਰਾ ਹੱਕ ਦਿੰਦਾ ਹੈ ਪਰ ਕੀ ਇਨ੍ਹਾਂ ਨੂੰ ਬੋਲਣ ਦਾ ਹੱਕ ਨਹੀਂ ਹੈ? ਕਿਰਨਜੋਤ ਕੌਰ ਸ਼੍ਰੋਮਣੀ ਕਮੇਟੀ ਦੀ ਜਨਰਲ ਸਕੱਤਰ ਰਹੀ ਹੈ, ਮਾਸਟਰ ਤਾਰਾ ਸਿੰਘ ਹੁਰਾਂ ਦੀ ਦੋਹਤੀ ਹੈ। ਉਸ ਨਾਲ ਇਹ ਵਤੀਰਾ ਸਾਡੇ ਬਾਰੇ ਲੋਕਾਂ ਨੂੰ ਕੀ ਦਿਖਾ ਰਿਹਾ ਹੈ? ਆਪਣੇ ਇਜਲਾਸ ਵਿਚ ਬੋਲਣ ਦਾ ਸਮਾਂ ਰੱਖੋ, ਚਾਹੇ ਕੁਝ ਮਿੰਟ ਹੋਵੇ। ਜਿੰਨੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਹਨ, ਉਹ ਸਤਿਕਾਰਯੋਗ ਹਨ। ਸਾਡੇ ਚੁਣੇ ਹੋਏ ਨੁਮਾਇੰਦੇ ਹਨ, ਜਦ ਅੰਮ੍ਰਿਤਸਰ ਆਉਂਦੇ ਹਨ, ਇਕ ਕੈਂਪ ਲਗਾਓ, ਉਨ੍ਹਾਂ ਨੂੰ ਪਾਰਲੀਮੈਂਟ ਸਿਸਟਮ ਦੀ ਜਾਣਕਾਰੀ ਦਿਓ। ਦਿੱਲੀ ਵਿਚ ਹਰ ਸਾਲ ਸਪੀਕਰ ਵਲੋਂ ਇਹ ਕੈਂਪ ਲਗਦੇ ਹਨ। ਸਿੱਖ ਵਿਦਵਾਨ ਬੁਲਾ ਕੇ ਲੈਕਚਰ ਕਰਾਓ। ਸਿੱਖ ਧਰਮ ਦੇ ਪ੍ਰਚਾਰ ਦੀ ਕੋਈ ਫ਼ਿਲਮ ਦਿਖਾਓ, ਨੁਮਾਇਸ਼ ਲਗਾਓ, ਇਸ ਨਾਲ ਮੈਂਬਰ ਵਾਪਸ ਆਪਣੇ ਪਿੰਡ ਜਾ ਕੇ ਪੂਰੀ ਸੇਵਾ ਕਰ ਸਕਣਗੇ, ਉਨ੍ਹਾਂ ਦੇ ਗਿਆਨ ਵਿਚ ਵਾਧਾ ਹੋਵੇਗਾ।
ਅੱਜ ਵਿਸ਼ਵ ਭਰ ਵਿਚ ਸਿੱਖ ਪੁੱਜ ਗਏ ਹਨ, ਉਨ੍ਹਾਂ ਦੀ ਚੜ੍ਹਤ ਹੈ, ਉਨ੍ਹਾਂ ਦੀ ਰਾਇ ਲਵੋ, ਉਨ੍ਹਾਂ ਦੇ ਨੁਮਾਇੰਦੇ ਕੋਆਪਟ ਕਰਕੇ ਕਮੇਟੀ ਨਾਲ ਜੋੜੋ, ਵਿਸ਼ਵ ਭਰ ਦੀ ਸੰਸਥਾ ਤਾਂ ਹੀ ਬਣੇਗੀ। ਸਿੱਖਾਂ ਨੂੰ ਕੀਤੀ ਸੇਵਾ ਲਈ ਉਤਸ਼ਾਹ ਦਿਓ। ਕੇਵਲ ਤਨਖਾਹ ਨਾ ਲਾਵੋ। ਜੋ ਸਿੱਖਾਂ ਨੇ ਮੱਲਾਂ ਮਾਰੀਆਂ ਹਨ, ਉਸ ਦਾ ਵੀ ਪ੍ਰਚਾਰ ਕਰੋ। ਬੇਨਤੀ ਹੈ ਕਿ ਉਸਾਰੂ ਸੁਝਾਅ ਸੁਣਨ ਦੀ ਖੇਚਲ ਕਰੋ। ਇਸ ਨਾਲ ਤੁਹਾਡੀ ਉਸਤਤ ਵਧੇਗੀ ਤੇ ਕੌਮ ਨੂੰ ਲਾਭ ਮਿਲੇਗਾ।


-ਸਾਬਕਾ ਮੈਂਬਰ ਪਾਰਲੀਮੈਂਟ

ਪਿਆਰੇ ਭਾਈ ਧਰਮ ਸਿੰਘ

ਆਪਣੇ ਪਿਆਰੇ ਪਾਤਿਸ਼ਾਹ ਜੀ ਅੱਗੇ ਸੀਸ ਭੇਟ ਕਰਨ ਵਾਲੇ ਮਰਜੀਵੜਿਆਂ ਵਿਚੋਂ ਦੂਜਾ ਨਾਂਅ ਹੈ ਭਾਈ ਧਰਮ ਸਿੰਘ ਦਾ, ਜੋ ਹਸਤਨਾਪੁਰ (ਦਿੱਲੀ) ਦੇ ਵਸਨੀਕ ਸਨ। ਇਨ੍ਹਾਂ ਦਾ ਜਨਮ ਭਾਈ ਸੰਤ ਰਾਮ ਅਤੇ ਮਾਤਾ ਸਾਭੋਂ ਦੇ ਘਰ ਜੱਟ ਪਰਿਵਾਰ ਵਿਚ ਹੋਇਆ। ਛੋਟੀ ਉਮਰ ਵਿਚ ਹੀ ਆਪ ਦਸਵੇਂ ਪਾਤਿਸ਼ਾਹ ਜੀ ਦੇ ਚਰਨਾਂ ਵਿਚ ਆ ਗਏ ਸਨ। ਉਹ ਸੰਗਤਾਂ ਨਾਲ ਹੋਲੇ-ਮਹੱਲੇ 'ਤੇ ਸ੍ਰੀ ਅਨੰਦਪੁਰ ਸਾਹਿਬ ਆਏ ਅਤੇ ਫਿਰ ਇਥੋਂ ਦੇ ਹੀ ਹੋ ਕੇ ਰਹਿ ਗਏ। ਆਪ ਸਦਾ ਹੀ ਸੇਵਾ ਅਤੇ ਸਿਮਰਨ ਵਿਚ ਜੁਟੇ ਰਹਿੰਦੇ ਸਨ। ਸ੍ਰੀ ਗੁਰੂ ਕਲਗੀਧਰ ਜੀ ਕੋਲ ਰਹਿ ਕੇ ਆਪ ਨੇ ਘੋੜਸਵਾਰੀ ਅਤੇ ਸ਼ਸਤਰ ਵਿੱਦਿਆ ਵਿਚ ਨਿਪੁੰਨਤਾ ਹਾਸਲ ਕੀਤੀ। 30 ਮਾਰਚ, 1699 ਨੂੰ ਵਿਸਾਖੀ ਵਾਲੇ ਦਿਨ ਸ੍ਰੀ ਦਸਮੇਸ਼ ਜੀ ਨੇ ਨੰਗੀ ਕਿਰਪਾਨ ਕੱਢ ਕੇ ਬੀਰ ਰਸ ਵਿਚ ਸੰਗਤ ਦੇ ਭਰਵੇਂ ਇਕੱਠ ਵਿਚ ਕਿਹਾ-
ਸਨਮੁਖ ਪੂਰਾ ਸਿੱਖ ਹੈ ਕੋਈ॥
ਸੀਸ ਭੇਟ ਗੁਰ ਦੇਵੇ ਜੋਈ॥
(ਗੁਰਬਿਲਾਸ ਪਾਤਸ਼ਾਹੀ ੧੦)
ਇਹ ਹੁਕਮ ਸੁਣ ਕੇ ਪਹਿਲਾਂ ਭਾਈ ਦਇਆ ਰਾਮ ਜੀ ਅਤੇ ਦੂਜੀ ਆਵਾਜ਼ 'ਤੇ ਭਾਈ ਧਰਮਦਾਸ ਜੀ ਉੱਠੇ ਅਤੇ ਸੀਸ ਭੇਟ ਕਰਨ ਲਈ ਸਤਿਗੁਰਾਂ ਦੇ ਸਨਮੁੱਖ ਹੋਏ। ਪੰਥ ਪ੍ਰਕਾਸ਼ ਵਿਚ ਲਿਖਿਆ ਹੋਇਆ ਹੈ-
ਦੁਤੀ ਬਾਰ ਸਿਰ ਮਾਂਗਯੋ ਜਬੈ। ਧਰਮ ਸਿੰਘ ਬੋਲਯੋ ਉਠ ਤਬੈ॥
ਜਾ ਦਿਨ ਤੇ ਹਮ ਸਿਖ ਭਏ ਹੈਂ। ਤਾਂ ਦਿਨ ਤੇ ਸਿਰ ਗੁਰੈਂ ਦਏ ਹੈਂ॥
ਆਹਿ ਇਮਾਨਤ ਰਾਵਰ ਕੇਰੀ। ਲੇਹੁ ਫਰਜ ਉਤਰੈ ਬਿਨ ਦੇਰੀ॥
ਇਉਂ 32 ਸਾਲ ਦਾ ਭਾਈ ਧਰਮ ਦਾਸ ਖੁਸ਼ੀ ਨਾਲ ਸੀਸ ਅਰਪ ਕੇ ਸਤਿਗੁਰਾਂ ਦਾ ਪਿਆਰਾ ਧਰਮ ਸਿੰਘ ਬਣ ਗਿਆ। ਆਪ ਮਹਾਰਾਜ ਜੀ ਦੇ ਬਹੁਤ ਵਿਸ਼ਵਾਸਪਾਤਰ ਸਿੱਖ ਸਨ, ਜੋ ਅੰਤਿਮ ਸਮੇਂ ਤੱਕ ਗੁਰੂ ਜੀ ਦੇ ਨਾਲ ਰਹੇ। ਚਮਕੌਰ ਦੀ ਗੜ੍ਹੀ ਵਿਚੋਂ ਵਿਦਾ ਹੋਣ ਸਮੇਂ ਭਾਈ ਧਰਮ ਸਿੰਘ ਵੀ ਸਤਿਗੁਰਾਂ ਦੇ ਪਿੱਛੇ ਸਨ ਅਤੇ ਮਾਛੀਵਾੜੇ ਵਿਚ ਮੇਲ ਹੋਇਆ ਸੀ। ਜਦੋਂ ਪਾਤਿਸ਼ਾਹ ਸ੍ਰੀ ਉੱਚ ਦੇ ਪੀਰ ਬਣ ਕੇ ਮਾਛੀਵਾੜੇ ਤੋਂ ਵਿਦਾ ਹੋਏ ਤਾਂ ਆਪ ਨੇ ਮਹਾਰਾਜ ਜੀ ਦੇ ਪਲੰਘ ਨੂੰ ਮੋਢਾ ਦਿੱਤਾ। ਜਦੋਂ ਗੁਰੂ ਜੀ ਨੇ ਔਰੰਗਜ਼ੇਬ ਨੂੰ ਜ਼ਫ਼ਰਨਾਮਾ ਭੇਜਿਆ ਤਾਂ ਭਾਈ ਦਇਆ ਸਿੰਘ ਜੀ ਦੇ ਨਾਲ ਭਾਈ ਧਰਮ ਸਿੰਘ ਜੀ ਵੀ ਸਨ। ਬਹਾਦਰ ਸ਼ਾਹ ਦੀ ਬੇਨਤੀ 'ਤੇ ਮਹਾਰਾਜ ਜੀ ਨੇ ਭਾਈ ਧਰਮ ਸਿੰਘ ਨੂੰ ਸਿੰਘਾਂ ਸਮੇਤ ਉਸ ਦੀ ਮਦਦ ਲਈ ਭੇਜਿਆ ਸੀ।
ਭਾਈ ਧਰਮ ਸਿੰਘ ਨੇ ਸਾਰੀ ਉਮਰ ਮਹਾਰਾਜ ਜੀ ਦੇ ਪਿਆਰ ਵਿਚ ਗੁਜ਼ਾਰੀ। ਉਹ ਸੇਵਾ, ਸਿਮਰਨ ਅਤੇ ਕੁਰਬਾਨੀ ਦੇ ਮੁਜੱਸਮੇ ਸਨ। ਗੁਰੂ ਜੀ ਦੇ ਸੱਚਖੰਡ ਪਿਆਨੇ ਉਪਰੰਤ ਆਪ ਨੇ ਭਾਈ ਦਇਆ ਸਿੰਘ ਨਾਲ ਮਿਲ ਕੇ ਸਾਰੇ ਫਰਜ਼ ਨਿਭਾਏ। ਅਧਰਮ ਵਿਚ ਡੁੱਬੀ ਦਿੱਲੀ ਵਿਚੋਂ ਧਰਮ ਉੱਠਿਆ ਅਤੇ ਖਾਲਸੇ ਦਾ ਅਟੁੱਟ ਅੰਗ ਬਣਿਆ। ਅੰਤ 1768 ਬਿਕਰਮੀ ਨੂੰ ਆਪ ਨੇ ਸ੍ਰੀ ਹਜ਼ੂਰ ਸਾਹਿਬ ਵਿਖੇ ਸਰੀਰਕ ਚੋਲਾ ਤਿਆਗ ਦਿੱਤਾ। ਇਨ੍ਹਾਂ ਦਾ ਸਪੁੱਤਰ ਵੀ ਬਹੁਤ ਬਹਾਦਰ ਸੀ, ਜਿਸ ਨੇ ਪਰਗਣੇ ਦੇ ਮਸ਼ਹੂਰ ਡਾਕੂ ਖੇਮਕਰਨ ਨੂੰ ਮਾਰਿਆ ਸੀ। ਇਹ ਬਰੇਲੀ ਆ ਵਸਿਆ, ਜਿਥੇ ਬਿਹਾਰੀਪੁਰ ਮੁਹੱਲੇ ਵਿਚ ਇਸ ਦਾ ਘੋੜਿਆਂ ਦਾ ਤਬੇਲਾ ਸੀ। ਅੱਜ ਵੀ ਭਾਈ ਧਰਮ ਸਿੰਘ ਦੀ ਵੰਸ਼ ਦੇ ਜਵੰਦੇ ਜ਼ਿਮੀਂਦਾਰ ਬਰੇਲੀ ਨੇੜੇ ਹਰਦੂਆਗੰਜ ਨਾਮੀ ਪਿੰਡ ਵਿਚ ਵਸਦੇ ਹਨ।

ਸਿੱਖ ਸਿਪਾਹੀਆਂ ਨੂੰ ਆਪਣੇ ਵੱਲ ਕਰਨ 'ਚ ਮੂਲ ਰਾਜ ਅਸਫਲ ਰਿਹਾ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਸਭ ਤੋਂ ਪਹਿਲਾਂ ਲੈਫਟੀਨੈਂਟ ਐਡਵਰਡ ਅੱਗੇ ਵਧਿਆ। ਜਿਵੇਂ ਹੀ ਉਸ ਨੇ ਵਾਨ ਕੋਰਟਲੈਂਡ ਤੋਂ 22 ਅਪ੍ਰੈਲ ਨੂੰ ਖ਼ਤ ਹਾਸਲ ਕੀਤਾ, ਉਸ ਨੇ ਸਿੰਧ ਪਾਰ ਕੀਤਾ ਤੇ ਲੇਈਆਹ ਉੱਪਰ ਕਬਜ਼ਾ ਕਰ ਲਿਆ। ਜਿਉਂ ਹੀ ਉਸ ਨੂੰ ਪਤਾ ਲੱਗਾ ਕਿ ਇਹ ਮੁਲਤਾਨੀ ਫ਼ੌਜ ਉਸ ਦੇ ਵਿਰੁੱਧ ਆ ਰਹੀ ਹੈ ਤਾਂ ਉਹ ਉਥੋਂ ਪਿੱਛੇ ਹਟ ਗਿਆ ਤੇ ਮੂਲ ਚੰਦ ਦੇ ਡਿਪਟੀ ਚੇਤਨ ਮੱਲ ਦਾ ਛੋਟਾ ਕਸਬਾ ਮੰਗਰੋਤਾ ਆਪਣੇ ਕਬਜ਼ੇ ਵਿਚ ਕਰ ਲਿਆ। ਉਸ ਨੇ ਗਵਾਂਢ ਦੇ ਮੁਸਲਿਮ ਕਬੀਲਿਆਂ ਨੂੰ ਸਿੱਖਾਂ ਦੇ ਵਿਰੁੱਧ ਉੱਠ ਖੜ੍ਹੇ ਹੋਣ ਦਾ ਸੱਦਾ ਦਿੱਤਾ। ਲੁੱਟਣ ਦੇ ਲਾਲਚ ਵਿਚ ਬਹੁਤ ਸਾਰੇ ਕਬੀਲਿਆਈ ਅੰਗਰੇਜ਼ਾਂ ਦੇ ਨਾਲ ਆ ਗਏ। ਇਨ੍ਹਾਂ ਲੋਕਾਂ ਨੂੰ ਨਾਲ ਲੈ ਕੇ ਅੰਗਰੇਜ਼ਾਂ ਨੇ 20 ਮਈ ਨੂੰ ਡੇਰਾ ਗਾਜ਼ੀ ਖਾਨ ਉੱਪਰ ਕਬਜ਼ਾ ਕਰ ਲਿਆ। ਚੇਤਨ ਮੱਲ ਦੌੜ ਕੇ ਇਥੇ ਹੀ ਆਇਆ ਸੀ ਤੇ ਇਕ ਮੁਕਾਬਲੇ ਵਿਚ ਮਾਰਿਆ ਗਿਆ। ਹਾਨਾਰਡ ਦੇ ਕਿਲ੍ਹੇ ਨੂੰ ਬਾਈਪਾਸ ਕਰਦਿਆਂ ਐਡਵਰਡ ਅੱਗੇ ਵਧਦਾ ਗਿਆ। ਇਸ ਕਿਲ੍ਹੇ ਉੱਪਰ ਪਠਾਣਾਂ ਤੇ ਸਿੱਖਾਂ ਦਾ ਕਬਜ਼ਾ ਸੀ। ਉਸ ਨੇ ਫਿਰ ਸਿੰਧ ਨੂੰ ਪਾਰ ਕੀਤਾ ਤੇ ਮੁਲਤਾਨ ਵੱਲ ਦੱਖਣ ਦੇ ਪਾਸਿਓਂ ਵਧ ਗਿਆ। ਦੂਜੇ ਪਾਸੇ ਬਹਾਵਲਪੁਰ ਦੀ ਫ਼ੌਜ ਦੇ 8,500 ਸਿਪਾਹੀ, 11 ਤੋਪਾਂ ਤੇ 302 ਜ਼ਮੂਰੇ ਲੈਫਟੀਨੈਂਟ ਲੇਕ ਦੀ ਅਗਵਾਈ ਵਿਚ ਰਾਵੀ ਪਾਰ ਕਰਕੇ ਅੱਗੇ ਵਧੇ। ਮੂਲ ਰਾਜ ਨੇ ਖਾਨਗੜ੍ਹ ਦੀ ਚੌਕੀ ਛੱਡ ਦਿੱਤੀ ਤੇ ਸ਼ੁਜਾਬਾਦ ਤੋਂ ਕਿਨੇਰੀ ਵੱਲ ਵਧ ਰਿਹਾ ਸੀ ਕਿ 18 ਜੂਨ, 1848 ਨੂੰ ਲੇਕ ਦੀ ਕਮਾਂਡ ਹੇਠ ਆ ਰਹੀ ਬਹਾਵਲਪੁਰ ਦੀ ਫ਼ੌਜ ਨਾਲ ਟਾਕਰਾ ਹੋ ਗਿਆ। ਆਦਮੀਆਂ ਤੇ ਤੋਪਾਂ ਕਾਰਨ ਬਹਾਵਲਪੁਰੀਆਂ ਦੀ ਚੜ੍ਹਤ ਹੋਣ ਦੇ ਬਾਵਜੂਦ ਮੂਲ ਰਾਜ ਨੇ ਉਨ੍ਹਾਂ ਨੂੰ ਸੱਤ ਘੰਟੇ ਰੋਕੀ ਰੱਖਿਆ। ਫਿਰ ਵਾਨ ਕੋਰਟਲੈਂਡ ਜਿਸ ਨੇ ਖਾਨਗੜ੍ਹ 'ਤੇ ਕਬਜ਼ਾ ਕਰ ਲਿਆ ਹੋਇਆ ਸੀ, ਬਹਾਵਲਪੁਰੀਆਂ ਨੂੰ ਆਣ ਮਿਲਿਆ। ਮੂਲ ਰਾਜ ਵਾਪਸ ਸ਼ੁਜਾਬਾਦ ਵੱਲ ਚੱਲ ਪਿਆ, ਸ਼ੁਜਾਬਾਦ ਤੋਂ ਸਿਕੰਦਰਾਬਾਦ ਤੇ ਉਥੋਂ ਮੁਲਤਾਨ ਦੇ ਬਹੁਤ ਨਜ਼ਦੀਕ ਸੂਰਜਕੁੰਡ ਪਹੁੰਚ ਗਿਆ। ਐਡਵਰਡ, ਲੇਕ ਤੇ ਵਾਨ ਕੋਰਟਲੈਂਡ ਦੀਆਂ ਇਕੱਠੀਆਂ ਫ਼ੌਜਾਂ, ਸਥਾਨਕ ਕਬੀਲੇ, ਬਹਾਵਲਪੁਰੀਏ ਤੇ ਦਰਬਾਰ ਦੀਆਂ ਫ਼ੌਜਾਂ ਨੇ ਮੁਲਤਾਨ ਨੂੰ ਇਕ ਹੋਰ ਕਰਾਰੀ ਹਾਰ ਪਹਿਲੀ ਜੁਲਾਈ, 1848 ਨੂੰ ਸੱਦੋਸਾਮ ਦੇ ਮੁਕਾਮ ਉੱਪਰ ਦਿੱਤੀ। ਮੁਲਤਾਨੀ ਆਪਣੀ ਕਿਲ੍ਹੇਬੰਦੀ ਵੱਲ ਵਾਪਸ ਦੌੜ ਆਏ।
ਓਧਰ ਸ਼ਿਮਲਾ ਦੀਆਂ ਠੰਢੀਆਂ ਪਹਾੜੀਆਂ ਵਿਚ ਲਾਰਡ ਗੱਫ਼ ਸਰਦੀਆਂ ਦੀਆਂ ਮੁਹਿੰਮਾਂ ਬਾਰੇ ਯੋਜਨਾਵਾਂ ਬਣਾ ਰਿਹਾ ਸੀ। ਉਸ ਨੂੰ ਉਥੇ ਹੀ ਐਡਵਰਡ ਦਾ ਖ਼ਤ ਮਿਲਿਆ ਕਿ ਮੁਲਤਾਨ ਦੀ ਬਗਾਵਤ ਨੂੰ ਸ਼ੈਂਪੇਨ ਦੇ ਫੁਹਾਰੇ ਦੀ ਤਰ੍ਹਾਂ ਉਡਾਇਆ ਜਾ ਰਿਹਾ ਹੈ, ਕਿਉਂਕਿ ਮੂਲ ਰਾਜ ਉੱਪਰ ਤਿੰਨ ਤਰਫਾ ਹਮਲਾ ਕੀਤਾ ਜਾ ਰਿਹਾ ਹੈ।
ਸਿੱਖ ਸਿਪਾਹੀਆਂ ਨੂੰ ਆਪਣੇ ਵੱਲ ਕਰਨ ਦੀਆਂ ਮੂਲ ਰਾਜ ਦੀਆਂ ਸਾਰੀਆਂ ਕੋਸ਼ਿਸ਼ਾਂ ਨਾਕਾਮ ਰਹੀਆਂ, ਕਿਉਂਕਿ ਉਦੋਂ ਤੱਕ ਉਨ੍ਹਾਂ ਨੂੰ ਇਹੀ ਲੱਗ ਰਿਹਾ ਸੀ ਕਿ ਮੂਲ ਰਾਜ ਨੇ ਮਹਾਰਾਜਾ ਦਲੀਪ ਸਿੰਘ ਵਿਰੁੱਧ ਤੇ ਦਰਬਾਰ ਦੇ ਵਿਰੁੱਧ ਬਗ਼ਾਵਤ ਕੀਤੀ ਹੈ। ਪਰ ਐਨ ਇਸ ਵਕਤ ਭਾਈ ਮਹਾਰਾਜ ਸਿੰਘ ਸਟੇਜ ਉੱਪਰ ਆਇਆ। ਉਸ ਨੇ ਮਾਝਾ ਇਲਾਕੇ ਦਾ ਦੌਰਾ ਕੀਤਾ ਤੇ 'ਧਰਮ ਯੁੱਧ' ਵਾਸਤੇ ਸੇਵਾਦਾਰ ਭਰਤੀ ਕਰਨ ਦਾ ਨਾਅਰਾ ਦਿੱਤਾ। ਹਜ਼ਾਰਾਂ ਸਿੱਖ ਇਸ ਨਾਅਰੇ ਹੇਠ ਇਕੱਠੇ ਹੋਏ ਤੇ ਮੁਲਤਾਨ ਵੱਲ ਚੱਲ ਪਏ। ਰੈਜ਼ੀਡੈਂਟ ਨੇ ਭਾਈ ਮਹਾਰਾਜ ਸਿੰਘ ਦੀ ਪ੍ਰਾਈਵੇਟ ਫ਼ੌਜ ਦਾ ਪਿੱਛਾ ਕਰਨ ਦਾ ਹੁਕਮ ਦਿੱਤਾ ਤੇ ਦਰਬਾਰ ਦੀਆਂ ਫ਼ੌਜਾਂ ਨੇ ਮਹਾਰਾਜ ਸਿੰਘ ਨੂੰ ਚਿਨਾਬ ਦੇ ਕੰਢੇ ਜਾ ਘੇਰਿਆ। ਭਾਈ ਉਥੋਂ ਨਿਕਲ ਤਾਂ ਗਿਆ ਪਰ ਉਸ ਦੇ ਬਹੁਤ ਸਾਰੇ ਬੰਦੇ ਜਾਂ ਫੜੇ ਗਏ ਜਾਂ ਦਰਿਆ ਵਿਚ ਡੁੱਬ ਗਏ।
ਭਾਈ ਮਹਾਰਾਜ ਸਿੰਘ ਦੇ ਮੁਲਤਾਨ ਪਹੁੰਚਣ ਨਾਲ ਸਿੱਖ ਸਿਪਾਹੀਆਂ ਵਿਚ ਇਹ ਗੱਲ ਪੱਕੀ ਹੋ ਗਈ ਕਿ ਉਹ ਮੂਲ ਰਾਜ ਦੇ ਹੱਕ ਵਿਚ ਨਿਤਰਣ। ਇਹ ਹੂ-ਬ-ਹੂ ਉਹ ਸੀ, ਜੋ ਅੰਗਰੇਜ਼ ਚਾਹੁੰਦੇ ਸਨ। ਉਹ ਇਸ ਬਗਾਵਤ ਨਾਲ ਚੰਗੀ ਤਰ੍ਹਾਂ ਨਜਿੱਠ ਸਕਦੇ ਹਨ, ਸਿੱਖਾਂ ਦੇ ਖੂਨ ਨਾਲ ਖੇਡਣਗੇ ਤੇ ਅਖੀਰ ਪੰਜਾਬ ਨੂੰ ਮੁਕੰਮਲ ਤੌਰ 'ਤੇ ਅੰਗਰੇਜ਼ੀ ਰਾਜ ਵਿਚ ਸ਼ਾਮਿਲ ਕਰ ਸਕਦੇ ਹਨ। ਇਕੋ ਰੇੜਕਾ ਅਟਾਰੀਵਾਲੇ ਸਰਦਾਰਾਂ ਦਾ ਸੀ, ਜੋ ਪੂਰੀ ਤਰ੍ਹਾਂ ਰੈਜ਼ੀਡੈਂਟ ਦੇ ਵਫਾਦਾਰ ਚੱਲੇ ਆ ਰਹੇ ਸਨ। ਜੂਨ, 1848 ਵਿਚ ਸ਼ੇਰ ਸਿੰਘ ਅਟਾਰੀਵਾਲਾ ਬ੍ਰਿਟਿਸ਼ ਅਫਸਰ ਨਾਲ ਮੁਲਤਾਨ ਨੂੰ ਸੰਭਾਲ ਰਿਹਾ ਸੀ ਤੇ ਉਸ ਦਾ ਪਿਤਾ ਉੱਤਰ-ਪੱਛਮੀ ਸਰਹੱਦ ਦੀ ਨਿਗਰਾਨੀ ਵਿਚ ਲੱਗਾ ਸੀ। ਅਟਾਰੀਵਾਲੇ ਸਰਦਾਰਾਂ ਦੀ ਅੰਗਰੇਜ਼ਾਂ ਨਾਲ ਦੋਸਤੀ ਤੋਂ ਲੋਕਾਂ ਵਿਚ ਨਾਰਾਜ਼ਗੀ ਦੀ ਲਹਿਰ ਸੀ। ਇਕ ਸੁਜਾਨ ਸਿੰਘ ਜੋ ਸ਼ੇਰ ਸਿੰਘ ਨੂੰ ਜ਼ਹਿਰ ਦੇਣ ਦੀ ਸਾਜਿਸ਼ ਵਿਚ ਸ਼ਾਮਿਲ ਪਾਇਆ ਗਿਆ ਸੀ, ਫੜਿਆ ਗਿਆ ਤੇ ਤੋਪ ਨਾਲ ਉਡਾ ਦਿੱਤਾ ਗਿਆ ਸੀ। ਇਸ ਬਾਰੇ ਐਡਵਰਡ ਨੇ ਲਿਖਿਆ ਕਿ 'ਸੁਜਾਨ ਸਿੰਘ ਇਕ ਜਗਰੀਦਾਰ ਸਿੱਖ ਘੋੜਸਵਾਰ ਸੀ, ਜੋ ਕਾਫੀ ਸ਼ਰਾਰਤੀ ਕਿਸਮ ਦਾ ਬੰਦਾ ਸੀ।' ਕੁਝ ਵੀ ਹੋਵੇ, ਉਸ ਨੂੰ ਇਸ ਤਰ੍ਹਾਂ ਮੌਤ ਦੀ ਸਜ਼ਾ ਦੇਣ ਨਾਲ ਗੁੱਸੇ ਦੀ ਲਹਿਰ ਫੈਲ ਗਈ, ਜਿਸ ਦਾ ਸ਼ੇਰ ਸਿੰਘ ਨੂੰ ਵੀ ਅੰਦਾਜ਼ਾ ਸੀ।
ਮੁੱਖ ਸਰਦਾਰਾਂ ਦੀ ਦਿਲਚਸਪੀ ਰੈਜ਼ੀਡੈਂਟ ਦੇ ਰਾਜ ਨੂੰ ਕਾਇਮ ਰੱਖਣ ਵਿਚ ਸੀ ਤੇ ਸਿਪਾਹੀਆਂ ਦੀ ਉਸ ਨੂੰ ਖ਼ਤਮ ਕਰਨ ਵਿਚ। ਫ਼ੌਜੀਆਂ ਦੀਆਂ ਪੰਚਾਇਤਾਂ ਨੂੰ ਭੰਗ ਕਰ ਦਿੱਤਾ ਸੀ ਤੇ ਉਨ੍ਹਾਂ ਦੀਆਂ ਤਨਖਾਹਾਂ ਘਟਾ ਕੇ ਮਹਾਰਾਜਾ ਰਣਜੀਤ ਸਿੰਘ ਦੇ ਵਕਤ ਦੀਆਂ ਤਨਖਾਹਾਂ ਦੇ ਬਰਾਬਰ ਕਰ ਦਿੱਤੀਆਂ ਸਨ। ਮੁਖੀਆਂ ਨੂੰ ਅੰਗਰੇਜ਼ਾਂ ਨੇ ਕਾਫੀ ਸਹੂਲਤਾਂ ਦਿੱਤੀਆਂ ਹੋਈਆਂ ਸਨ, ਜਿਨ੍ਹਾਂ ਨੂੰ ਉਹ ਗਵਾਉਣਾ ਨਹੀਂ ਚਾਹੁੰਦੇ ਸਨ ਤੇ ਸਿਪਾਹੀ ਪਹਿਲਾਂ ਹੀ ਗਵਾ ਚੁੱਕੇ ਸਨ। ਸਿਪਾਹੀਆਂ ਨੂੰ ਇਹ ਵੀ ਉਮੀਦਾਂ ਸਨ ਕਿ ਜੇ ਬਗ਼ਾਵਤ ਕਾਮਯਾਬ ਹੋ ਗਈ ਤਾਂ ਉਨ੍ਹਾਂ ਨੂੰ ਚੰਗੀਆਂ ਸਹੂਲਤਾਂ ਤੇ ਤਨਖਾਹਾਂ ਮਿਲਣਗੀਆਂ। ਰੈਜ਼ੀਡੈਂਟ ਨੇ ਲਿਖਿਆ ਸੀ ਕਿ 'ਸਰਦਾਰ ਵਫ਼ਾਦਾਰ ਹਨ, ਸੱਚੇ ਹਨ ਤੇ ਸਿਪਾਹੀ ਝੂਠੇ।' ਐਡਵਰਡ ਨੇ ਵੀ ਇਹੋ ਖਿਆਲ ਪ੍ਰਗਟ ਕਰਦਿਆਂ ਜੁਲਾਈ ਵਿਚ ਲਿਖਿਆ ਕਿ, 'ਜਿਥੋਂ ਤੱਕ ਸਰਦਾਰਾਂ ਦਾ ਸਵਾਲ ਹੈ, ਮੈਂ ਸਮਝਦਾ ਹਾਂ ਕਿ ਦਿਲ ਤੋਂ ਸਾਡੇ ਨਾਲ ਹਨ। ਉਹ ਜਗੀਰਾਂ, ਉੱਚੀਆਂ ਤਨਖਾਹਾਂ ਤੇ ਰੁਤਬਿਆਂ ਨਾਲ ਰੱਜੇ ਪਏ ਹਨ ਪਰ ਉਨ੍ਹਾਂ ਦੀ ਫ਼ੌਜ ਏਨੀ ਹੀ ਵੱਧ ਗ਼ੈਰ-ਵਫ਼ਾਦਾਰ ਤੇ ਸਾਡੇ ਖਿਲਾਫ਼ ਹੈ।'
(ਬਾਕੀ ਅਗਲੇ ਮੰਗਲਵਾਰ ਦੇ ਧਰਮ ਤੇ ਵਿਰਸਾ ਅੰਕ 'ਚ)

ਧਰਮਸ਼ਾਲਾਵਾਂ ਦੀ ਨਗਰੀ ਵਜੋਂ ਪ੍ਰਸਿੱਧ ਰਿਹਾ ਹੈ ਅੰਮ੍ਰਿਤਸਰ ਸ਼ਹਿਰ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਕਟੜਾ ਦੱਲ ਸਿੰਘ ਵਿਚ ਧਰਮਸ਼ਾਲਾ ਨਾਨਕ ਖੱਤਰੀ ਵਾਲੀ, ਹੁਕਮ ਸਿੰਘ ਰਾਗੀ ਵਾਲੀ, ਭਗਤ ਸਿੰਘ ਰਾਗੀ, ਪ੍ਰਤਾਪ ਸਿੰਘ ਵਾਲੀ, ਅਤਰ ਸਿੰਘ ਛੱਤੇਵਾਲਾ, ਭਾਈ ਲਾਲ ਸਿੰਘ, ਭਗਵਾਨ ਸਿੰਘ, ਈਸ਼ਰ ਸਿੰਘ ਮਿਸ਼ਰੀ ਵਾਲੇ, ਲਾਲ ਸਿੰਘ ਠਾਕਰਦਵਾਰੇ ਵਾਲਾ, ਅਮਰ ਸਿੰਘ, ਫ਼ਤਹਿ ਸਿੰਘ ਰਾਗੀ, ਆਤਮਾ ਸਿੰਘ ਪੀਰਕੋਟੀਆ, ਆਤਮਾ ਸਿੰਘ ਨਾਰੋ, ਸਿੰਧੀਆਂ ਅਤੇ ਧਰਮਸ਼ਾਲਾ ਮਹੰਤ ਹਰਿਨਾਮ ਦਾਸ, ਗੁਰੂ ਬਾਜ਼ਾਰ ਵਿਚ ਧਰਮਸ਼ਾਲਾ ਗੁਰਜਾ ਸਿੰਘ ਤੇ ਭਵਾਨੀ ਦਾਸ, ਬਾਜ਼ਾਰ ਪਟਰੰਗਾ 'ਚ ਧਰਮਸ਼ਾਲਾ ਭਾਈ ਪਰਸ ਰਾਮ, ਬਾਵਾ ਬਾਹੂਬਲੀ, ਜਮਨਾ ਮਾਈ, ਕੁਸ਼ਲ ਦਾਸ, ਭਾਈ ਵਾਲੀ ਤੇ ਧਰਮਸ਼ਾਲਾ ਭਾਈ ਪ੍ਰੇਮ ਅਚਲ, ਛਾਉਣੀ ਨਿਹੰਗਾਂ 'ਚ ਧਰਮਸ਼ਾਲਾ ਭਾਈ ਬਾਲ ਸਿੰਘ ਨਿਰਮਲਾ, ਸ਼ੇਰ ਸਿੰਘ, ਭਾਈ ਘਨੱਈਆ ਸਿੰਘ, ਭਾਈ ਕਰਮ ਸਿੰਘ, ਬ੍ਰਹਮ ਸਿੰਘ, ਪੰਜਾਬ ਸਿੰਘ, ਨਿਹਾਲ ਸਿੰਘ, ਫ਼ਤਹਿ ਸਿੰਘ ਅਯੁੱਧਿਆ ਵਾਸੀ, ਖੰਡੂਰੀਆਂ, ਨਾਮਧਾਰੀਆਂ, ਰਾਗੀ ਲੋਕ ਸਿੰਘ ਤੇ ਧਰਮਸ਼ਾਲਾ ਵਰਿਆਮ ਸਿੰਘ, ਕਟੜਾ ਮਹਾਂ ਸਿੰਘ 'ਚ ਭਾਗ ਸਿੰਘ, ਖੜਕ ਸਿੰਘ, ਕਿਰਪਾ ਰਾਮ, ਕਟੜਾ ਜੈਮਲ ਸਿੰਘ 'ਚ ਮਾਈ ਚਾਂਦਨੀ, ਨਰਾਇਣ ਸਿੰਘ, ਗਣੇਸ਼ ਪੁਰੀ, ਬਟਾਲੀਆਂ ਮੱਲ, ਕਟੜਾ ਬੱਘੀਆਂ 'ਚ ਅਮਰ ਸਿੰਘ, ਗੁਰਦਿੱਤ ਸਿੰਘ, ਰੁਲਦੂ ਜਮੀਤਾ ਸ਼ਾਹ, ਜੋਧਾ ਸ਼ੈਲੀ ਤੇ ਸੰਤੋਖ ਦਾਸ, ਕਟੜਾ ਘਨਈਆ 'ਚ ਨਾਨਕ ਪੰਥੀਆਂ, ਮਾਈ ਅਮਰੀ, ਹਜ਼ੂਰਾ ਸਿੰਘ, ਗੁਰਦਿੱਤ ਸਿੰਘ, ਉਦਾਸੀਆਂ ਵਾਲੀ, ਨਾਨਕ ਸ਼ਾਹ, ਭਾਈ ਦਾਸ, ਹਾਕਮ ਰਾਏ, ਗੰਗਾ ਰਾਮ ਤੇ ਲੱਛੂ ਰਾਮ ਭਾਂਬੜੇ ਵਾਲੀ, ਮਜੀਠ ਮੰਡੀ 'ਚ ਅੱਡਣ ਸ਼ਾਹੀਆਂ, ਕਣਕ ਮੰਡੀ 'ਚ ਭਾਈ ਸਵੱਯਾ ਰਾਮ, ਰੱਤਾ ਮੱਲ, ਆਯਾ ਸਿੰਘ, ਕੰਧਾਰੀਆਂ ਤੇ ਨਿਰੰਜਨ ਦਾਸ ਬਰਾਗੀ, ਲੂਣ ਮੰਡੀ 'ਚ ਰਾਮ ਸਿੰਘ ਬਰਾਗੀ, ਬ੍ਰਹਮ ਦਾਸ ਬਰਾਗੀ, ਰੋਡੂ ਦਾਸ ਬਰਾਗੀ, ਮਿਹਰ ਦਾਸ ਬਰਾਗੀ, ਦਿਆਲ ਦਾਸ ਬਰਾਗੀ, ਕਲਿਆਣ ਦਾਸ ਬਰਾਗੀ, ਕਟੜਾ ਬਸਤੀ ਰਾਮ 'ਚ ਬੇਦੀ ਲੁਕਮਾਨ ਸਿੰਘ, ਤਲੋਕ ਦਾਸ, ਭਾਈ ਬਸਤੀ ਰਾਮ, ਮਿਤ ਰਾਮ ਤੇ ਊਧੋ ਦਾਸ, ਕਿਲ੍ਹਾ ਭੰਗੀਆਂ 'ਚ ਬਾਵਾ ਸਰੂਪ ਦਾਸ, ਰਾਮ ਦੇਵੀ, ਕਟੜਾ ਰਾਮਗੜ੍ਹੀਆਂ 'ਚ ਕੰਬੋਆਂ, ਭਾਈ ਸੈਨਾ ਸਿੰਘ, ਭਾਈ ਮੇਲਾ ਸਿੰਘ, ਮੱਕੜਾਂ ਵਾਲੀ, ਭਾਈ ਬੱਲਾ ਸਿੰਘ, ਅਰਦਾਸੀਆ, ਜੀਵਨ ਸਿੰਘ, ਭਾਈ ਰਾਮਦਾਸ ਵਾਲੀ, ਗੰਡਾ ਸਿੰਘ, ਅਨੋਖੇ ਵਾਲੀ, ਭਾਈ ਕਾਕਾ ਸਿੰਘ, ਠਾਕਰ ਦਿਆਲ ਸਿੰਘ, ਅੰਤਰਜਾਮੀਆਂ, ਭਾਈ ਪ੍ਰਦੁੱਮਣ ਸਿੰਘ, ਖੂਹ ਵਾਲੀ ਨੁੱਕਰ ਵਾਲੀ, ਜੱਸਾ ਸਿੰਘ ਰਾਮਗੜ੍ਹੀਆ, ਦਿਆਲ ਸਿੰਘ ਬਾਗ ਵਾਲਾ, ਜੈ ਸਿੰਘ, ਮਿਸਰਾ ਸਿੰਘ, ਫ਼ਤਿਹ ਸਿੰਘ, ਖ਼ੁਸ਼ਹਾਲ ਸਿੰਘ, ਅਮੀਰ ਸਿੰਘ, ਬਾਵਾ ਪ੍ਰੇਮ ਦਾਸ, ਅਤਰ ਸਿੰਘ, ਦੂਲੋ ਰਾਮ, ਕਾਹਨ ਸਿੰਘ, ਊਧੋ ਦਾਸ, ਦਿਆਲ ਸਿੰਘ, ਰਾਮ ਸਿੰਘ ਪੋਠੋਹਾਰੀਆ, ਪ੍ਰਮਾਤਮਾ ਸਿੰਘ, ਜਵਾਹਰ ਸਿੰਘ, ਸਵਾਇਆ ਸਿੰਘ, ਸੋਭਾ ਸਿੰਘ, ਸਿੱਖਾਂ ਵਾਲੀ, ਕੂਮਾਂ ਸਿੰਘ, ਬਬੇਕਾ ਸਿੰਘ ਤੇ ਮੱਖਣ ਸਿੰਘ, ਕਟੜਾ ਕਰਮ ਸਿੰਘ 'ਚ ਭਾਈ ਕਰਮ ਸਿੰਘ, ਜਹਾਂਗੀਰ ਮੱਲ, ਭਾਈ ਮੂਲ ਸਿੰਘ, ਭਾਈ ਸ਼ੇਰ ਸਿੰਘ, ਗਿਆਨ ਦਾਸ, ਲੋੜੀਂਦਾ ਮੱਲ ਤੇ ਸੇਵਾ ਰਾਮ, ਕਟੜਾ ਦਲ ਸਿੰਘ 'ਚ ਗੰਗਾ ਗਿਰ, ਜੈ ਰਾਮ ਸਿੰਘ, ਹਰਸਾ ਸਿੰਘ, ਮਾਨ ਸਿੰਘ, ਮਾਈ ਮੰਗਲਾ, ਮਾਈ ਗੰਗਾ, ਕੌਲਸਰ 'ਚ ਗੁਰਦਿੱਤ ਸਿੰਘ, ਲਾਲ ਸਿੰਘ, ਬਾਲਕ ਰਾਮ ਤੇ ਰਾਮ ਸਿੰਘ, ਕਟੜਾ ਗਰਭਾ ਸਿੰਘ 'ਚ ਰਾਮ ਸਿੰਘ, ਭਾਈ ਕਾਹਨ ਸਿੰਘ, ਭਾਈ ਜੋਗਾ ਸਿੰਘ, ਤੁਲਸਾ ਸਿੰਘ, ਜਵਾਹਰ ਸਿੰਘ ਤੇ ਸੱਤੋ ਵਾਲੀ, ਚਾਵਲ ਮੰਡੀ 'ਚ ਸੁਥਰਿਆਂ ਵਾਲੀ, ਮੋਹਨ ਦਾਸ ਸ਼ਿਕਾਰਪੁਰੀ, ਹਰੀ ਦਾਸ ਪਿਸ਼ੌਰੀਆ ਤੇ ਮਾਈ ਸਰਸਵਤੀ, ਮੋਹਨ ਦਾਸ ਪੋਠੋਹਾਰੀਏ, ਅਤਰ ਸਿੰਘ, ਘੋਨਾ, ਪਿਸ਼ੌਰੀਆਂ, ਅਪਾਰ ਦਾਸ, ਗੰਗਾ ਰਾਮ, ਹਾਥੀ ਦਰਵਾਜ਼ੇ ਦੇ ਪਾਸ ਕਿਸ਼ਨ ਦਾਸ, ਗੌਰੀ ਸ਼ਰਨ, ਪਟਨ ਵਾਲੀ, ਕ੍ਰਿਪਾ ਰਾਮ, ਫੁੰਮਣ ਸ਼ਾਹ, ਮੰਗਲ ਦਾਸ, ਬਾਜ਼ਾਰ ਟੋਕਰਿਆਂ 'ਚ ਸਾਈਂ ਦਾਸ, ਕੂਚਾ ਖ਼ਰਾਸੀਆਂ 'ਚ ਸਈਅਦ ਪੁਰੀਆਂ, ਕਾਹਨ ਸਿੰਘ ਕੋਤਵਾਲ ਅਤੇ ਧਰਮਸ਼ਾਲਾ ਕੈਲਾਸ਼ ਦੇਵ ਆਦਿ ਮੌਜੂਦ ਸਨ।


-ਅੰਮ੍ਰਿਤਸਰ। ਮੋਬਾ: 93561-27771

ਮਾਝੇ ਦੀ ਸ਼ਾਨ ਅੰਤਰਰਾਸ਼ਟਰੀ ਕਵੀਸ਼ਰੀ ਜਥਾ

ਭਾਈ ਰਣਜੀਤ ਸਿੰਘ ਮੱਖਣਵਿੰਡੀ ਵਾਲੇ

ਕਵੀਸ਼ਰ ਭਾਈ ਰਣਜੀਤ ਸਿੰਘ ਦਾ ਜਨਮ 3 ਅਪ੍ਰੈਲ, 1977 ਨੂੰ ਮਾਤਾ ਚਰਨ ਕੌਰ ਦੀ ਕੁੱਖੋਂ ਪਿਤਾ ਸ: ਚਰਨ ਸਿੰਘ ਦੇ ਗ੍ਰਹਿ ਪਿੰਡ ਮੱਖਣਵਿੰਡੀ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਹੋਇਆ। ਆਪ ਨੇ ਪਿੰਡ ਦੇ ਸਰਕਾਰੀ ਹਾਈ ਸਕੂਲ ਤੋਂ ਮਿਡਲ ਅਤੇ ਸਰਕਾਰੀ ਸੀ: ਸੈ: ਸਕੂਲ ਜੇਠੂਵਾਲ (ਅੰਮ੍ਰਿਤਸਰ) ਤੋਂ +2 ਦੀ ਪੜ੍ਹਾਈ ਕੀਤੀ। ਬਚਪਨ ਤੋਂ ਹੀ ਗੁਰਮਤਿ ਦੀ ਰੰਗਤ ਚੜ੍ਹਨ ਦੇ ਨਾਲ-ਨਾਲ ਆਪ ਨੂੰ ਧਾਰਮਿਕ ਦੀਵਾਨਾਂ 'ਚ ਬੋਲਣ ਦੀ ਚੇਟਕ ਲੱਗ ਗਈ, ਜੋ ਅੱਗੇ ਜਾ ਕੇ ਕਵੀਸ਼ਰ ਜਗਤ 'ਚ ਆਪ ਦੀ ਵਿੱਲਖਣ ਥਾਂ ਸਥਾਪਿਤ ਕਰਨ 'ਚ ਸਹਾਈ ਹੋਈ। ਕਵੀਸ਼ਰੀ ਦੇ ਬਾਬਾ ਬੋਹੜ ਸਵਰਗੀ ਭਾਈ ਜੋਗਾ ਸਿੰਘ ਜੋਗੀ ਨੂੰ ਆਪ ਨੇ ਆਪਣਾ ਉਸਤਾਦ ਧਾਰਿਆ। ਆਪ ਨੇ ਸਵਰਗੀ ਕਵੀਸ਼ਰ ਭਾਈ ਜੋਧਾ ਸਿੰਘ ਖਿਆਲਾ, ਜਗੀਰ ਸਿੰਘ ਮਸਤ, ਭਾਈ ਗੁਰਮੁਖ ਸਿੰਘ ਐਮ.ਏ. ਤੇ ਭਾਈ ਹਰਭਜਨ ਸਿੰਘ ਸੁਪਾਰੀਵਿੰਡ ਆਦਿ ਜਿਹੇ ਨਾਮੀ ਕਵੀਸ਼ਰਾਂ ਨਾਲ ਦੇਸ਼-ਵਿਦੇਸ਼ ਦੀਆਂ ਸਟੇਜਾਂ 'ਤੇ ਗਾ ਕੇ ਆਪਣੀ ਕਵੀਸ਼ਰੀ ਕਲਾ ਨੂੰ ਨਿਖਾਰਿਆ।
ਭਾਈ ਗੁਰਪ੍ਰੀਤ ਸਿੰਘ ਯੂ.ਪੀ. ਅਤੇ ਢਿੱਲੋਂ ਬ੍ਰਦਰਜ਼ ਰਮਦਾਸ ਨਾਲ ਬਣਿਆ ਆਪ ਦਾ 'ਭਾਈ ਰਣਜੀਤ ਸਿੰਘ ਮੱਖਵਿੰਡੀ ਅੰਮ੍ਰਿਤਸਰ ਵਾਲੇ' ਦੇ ਨਾਂਅ ਨਾਲ ਜਾਣਿਆ ਜਾਂਦਾ ਕਵੀਸ਼ਰੀ ਜਥਾ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ 'ਤੇ ਨਾਮਣਾ ਖੱਟ ਕੇ ਅੱਜ ਕਿਸੇ ਜਾਣ-ਪਛਾਣ ਦਾ ਮੁਥਾਜ ਨਹੀਂ ਰਿਹਾ। ਸ਼੍ਰੋਮਣੀ ਕਮੇਟੀ ਅੰਮ੍ਰਿਤਸਰ ਵਲੋਂ ਆਪ ਨੂੰ ਸ਼ਤਾਬਦੀਆਂ ਮੌਕੇ ਵੱਖ-ਵੱਖ ਸਟੇਜਾਂ 'ਤੇ ਸਨਮਾਨਿਤ ਕੀਤਾ ਗਿਆ। ਹੁਣ ਤੱਕ ਆਪ ਦੇਸ਼ ਦੇ ਵੱਖ-ਵੱਖ ਭਾਗਾਂ ਤੋਂ ਬਿਨਾਂ ਇੰਗਲੈਂਡ, ਇਟਲੀ ਤੇ ਅਮਰੀਕਾ ਆਦਿ ਦੇਸ਼ਾਂ ਦੀਆਂ ਧਾਰਮਿਕ ਸਟੇਜਾਂ 'ਤੇ ਕਵੀਸ਼ਰੀ ਗਾ ਕੇ ਮਾਝੇ ਦਾ ਨਾਂਅ ਉੱਚਾ ਕਰ ਚੁੱਕੇ ਹਨ ਅਤੇ ਦਰਜਨ ਦੇ ਕਰੀਬ ਧਾਰਮਿਕ ਐਲਬਮਾਂ ਪੰਥ ਦੀ ਝੋਲੀ ਪਾ ਚੁੱਕੇ ਹਨ। ਹਾਲ ਹੀ 'ਚ ਆਪਣੀਆਂ ਲਿਖਤ ਕਵਿਤਾਵਾਂ 'ਦਿੱਲੀ ਦੰਗਿਆ', 'ਪਿਆ ਜ਼ੋਰ ਭਾਗੋਆਂ ਦਾ', 'ਰੰਗਲਾ ਪੰਜਾਬ', 'ਸ੍ਰੀ ਅਕਾਲ ਤਖ਼ਤ ਸਾਹਿਬ' ਅਤੇ 'ਵਕਤ ਦੀ ਅਵਾਜ਼' ਗਾ ਕੇ ਆਪ ਪੰਥ ਤੇ ਪੰਜਾਬ ਹਿਤੈਸ਼ੀਆਂ ਦੇ ਹਰਮਨ ਪਿਆਰੇ ਕਵੀਸ਼ਰ ਬਣ ਗਏ ਹਨ। ਆਪਣੀ ਇਸ ਪ੍ਰਾਪਤੀ ਲਈ ਜਿੱਥੇ ਉਹ ਗੁਰੂ ਸਾਹਿਬ ਤੇ ਗੁਰੂ ਪੰਥ ਦਾ ਸ਼ੁਕਰਾਨਾ ਕਰਦੇ ਹਨ, ਉਥੇ ਹੀ ਬਾਬਾ ਅਜੈਬ ਸਿੰਘ ਕਾਰ ਸੇਵਾ ਮੱਖਣਵਿੰਡੀ, ਬਾਬਾ ਸੱਜਣ ਸਿੰਘ ਗੁਰੂ ਕੀ ਬੇਰ, ਬਾਬਾ ਗੁਰਦੇਵ ਸਿੰਘ ਸ੍ਰੀ ਅਨੰਦਪੁਰ ਸਾਹਿਬ, ਬਾਬਾ ਅਵਤਾਰ ਸਿੰਘ ਘਰਿਆਲੇ ਵਾਲਿਆਂ ਅਤੇ ਭਰਾ ਮਾਸਟਰ ਜਗੀਰ ਸਿੰਘ ਕੈਨੇਡਾ ਪਾਸੋਂ ਮਿਲੇ ਅਸ਼ੀਰਵਾਦ ਤੇ ਹੌਸਲੇ ਦਾ ਵੀ ਸ਼ੁਕਰਾਨਾ ਕਰਦੇ ਹਨ।


-ਨਵਾਂ ਪਿੰਡ (ਅੰਮ੍ਰਿਤਸਰ)।
ਮੋਬਾ: 98726-09257

ਹਿਮਾਲਿਆ ਪਰਬਤ ਦੇ ਪੰਜ ਮਹਾਨ ਤੀਰਥ ਸਥਾਨ

ਪੰਚ ਕੇਦਾਰ

ਹਿੰਦੂ ਧਰਮ ਦੁਨੀਆ ਦਾ ਸਰਬ ਸ੍ਰੇਸ਼ਟ ਧਰਮ ਹੈ। ਇਸ ਦੇ ਪੰਜ ਮਹਾਨ ਤੀਰਥ ਸਥਾਨ ਉੱਤਰਾਖੰਡ ਸੂਬੇ ਦੇ ਗੜ੍ਹਵਾਲ ਜ਼ਿਲ੍ਹੇ ਵਿਚ ਪੈਂਦੇ ਹਨ। ਇਹ ਤੀਰਥ ਸਥਾਨ 7000 ਤੋਂ 12073 ਫੁੱਟ ਉੱਚੀਆਂ ਪਹਾੜੀ ਚੋਟੀਆਂ 'ਤੇ ਸਥਿਤ ਹਨ। ਅਧਿਆਤਮਿਕ ਤੌਰ 'ਤੇ ਹਿੰਦੂ ਧਰਮ ਵਿਚ ਇਨ੍ਹਾਂ ਪੰਜ ਮਹਾਨ ਤੀਰਥਾਂ ਦੀ ਯਾਤਰਾ ਜ਼ਰੂਰੀ ਮੰਨੀ ਗਈ ਹੈ। ਅੱਜ ਤੱਕ ਲੱਖਾਂ ਤੀਰਥ ਯਾਤਰੀ ਇਨ੍ਹਾਂ ਮਹਾਨ ਤੀਰਥ ਸਥਾਨਾਂ ਦੀ ਯਾਤਰਾ ਕਰ ਚੁੱਕੇ ਹਨ। ਇਨ੍ਹਾਂ ਤੀਰਥ ਸਥਾਨਾਂ ਦੀ ਯਾਤਰਾ ਨੂੰ ਪੰਜ ਧਾਮ ਦੀ ਯਾਤਰਾ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ। ਇਹ ਪੰਜ ਤੀਰਥ ਸਥਾਨ ਹਨ : ਕਲਪੇਸ਼ਵਰ, ਰੁਦਰਨਾਥ, ਤੁੰਗਨਾਥ, ਕੇਦਾਰਨਾਥ ਅਤੇ ਮੱਧਮਹੇਸ਼ਵਰ। ਆਓ ਅੱਜ ਜਾਣੀਏ ਇਨ੍ਹਾਂ ਪੰਜ ਮਹਾਨ ਤੀਰਥ ਸਥਾਨਾਂ ਬਾਰੇ।
ਕਲਪੇਸ਼ਵਰ
ਕਲਪੇਸ਼ਵਰ ਨੂੰ ਹਿੰਦੂ ਧਰਮ ਦਾ ਮਹਾਨ ਤੀਰਥ ਸਥਾਨ ਮੰਨਿਆ ਜਾਂਦਾ ਹੈ, ਜਿਸ ਦੀ ਉਚਾਈ ਸਮੁੰਦਰ ਤਲ ਤੋਂ 2134 ਮੀਟਰ ਹੈ। ਇਸ ਤੀਰਥ ਸਥਾਨ 'ਤੇ ਪਹੁੰਚਣਾ ਸਭ ਤੋਂ ਆਸਾਨ ਹੈ। ਇਥੇ ਪਹੁੰਚਣ ਲਈ ਸਾਨੂੰ ਰਿਸ਼ੀਕੇਸ਼ ਤੋਂ ਬਦਰੀ ਨਾਥ ਸੜਕ 'ਤੇ ਸਥਿਤ ਹੇਲਾਂਗ ਨਾਂਅ ਦੇ ਇਕ ਛੋਟੇ ਜਿਹੇ ਪਿੰਡ ਵਿਚ ਉਤਰਨਾ ਪੈਂਦਾ ਹੈ, ਜਿਸ ਤੋਂ ਅੱਗੇ 12 ਕਿਲੋਮੀਟਰ ਦਾ ਪੈਦਲ ਰਸਤਾ ਹੈ। ਰਿਸ਼ੀਕੇਸ਼ ਤੋਂ ਇਸ ਸਥਾਨ ਲਈ ਸਵੇਰੇ-ਸਵੇਰੇ 2-3 ਬੱਸਾਂ ਚਲਦੀਆਂ ਹਨ, ਜਿਨ੍ਹਾਂ ਦੀਆਂ ਬੁਕਿੰਗ ਪਹਿਲਾਂ ਤੋਂ ਹੀ ਕਰਵਾਉਣੀ ਪੈਂਦੀ ਹੈ। ਰਿਸ਼ੀਕੇਸ਼ ਤੋਂ ਹੇਲਾਂਗ ਪਿੰਡ ਲਗਪਗ 12 ਘੰਟੇ ਦਾ ਰਸਤਾ ਹੈ। ਇਸ ਤੋਂ ਅੱਗੇ ਪੈਦਲ ਯਾਤਰਾ ਆਰੰਭ ਹੁੰਦੀ ਹੈ। ਅਲਕਨੰਦਾ ਨਦੀ ਉੱਪਰ ਬਣਿਆ ਝੂਲਾ ਪੁਲ ਪਾਰ ਕਰਨ ਉਪਰੰਤ ਕਲਪੇਸ਼ਵਰ ਦੇ ਕੱਚੇ ਰਸਤੇ ਦਾ ਸਫ਼ਰ ਆਰੰਭ ਹੋ ਜਾਂਦਾ ਹੈ। ਕੱਚਾ ਰਸਤਾ ਕਲਪੇਸ਼ਵਰ ਨਦੀ ਦੇ ਨਾਲ-ਨਾਲ ਉੱਪਰ ਵੱਲ ਜਾਂਦਾ ਹੈ। ਰਸਤੇ ਵਿਚ ਸੰਘਣੇ ਜੰਗਲ ਪਾਰ ਕਰਨ ਉਪਰੰਤ 'ਸਾਂਗਲਾ' ਪਿੰਡ ਆਉਂਦਾ ਹੈ। ਹੌਲੀ-ਹੌਲੀ ਘਣੇ ਜੰਗਲਾਂ ਵਿਚੋਂ ਗੁਜ਼ਰਦੀ ਇਹ ਪਗਡੰਡੀ ਉਰਗਾਮ ਪਿੰਡ ਪਹੁੰਚ ਜਾਂਦੀ ਹੈ। ਇਸ ਤੋਂ ਦੋ ਕਿਲੋਮੀਟਰ ਅੱਗੇ ਸਥਿਤ ਹੈ ਕਲਪੇਸ਼ਵਰ ਮੰਦਰ ਜੋ ਇਕ ਪਹਾੜੀ ਗੁਫ਼ਾ ਵਾਂਗ ਦਿਖਾਈ ਦਿੰਦਾ ਹੈ। ਹਿੰਦੂ ਧਰਮ ਅਨੁਸਾਰ ਇਥੇ ਸ਼ਿਵ ਜੀ ਨੂੰ ਜਟਾਂ ਦੇ ਰੂਪ ਵਿਚ ਪੂਜਿਆ ਜਾਂਦਾ ਹੈ। ਕਲਪੇਸ਼ਵਰ ਮੰਦਰ ਦੀ ਮਹੱਤਤਾ ਇਸ ਲਈ ਵੀ ਹੈ ਕਿ ਇਥੇ ਸ਼ਰਧਾਲੂ ਆਪਣੀ ਪੂਰੀ ਸ਼ਰਧਾ ਨਾਲ ਆਉਂਦੇ ਹਨ।
(ਬਾਕੀ ਅਗਲੇ ਮੰਗਲਵਾਰ ਦੇ ਧਰਮ ਤੇ ਵਿਰਸਾ ਅੰਕ 'ਚ)


-ਪਿੰਡ ਤੇ ਡਾਕ: ਕੋਟਲੀ ਖਾਸ, ਤਹਿ: ਮੁਕੇਰੀਆਂ (ਹੁਸ਼ਿਆਰਪੁਰ)। ਮੋਬਾ: 94653-69343

ਸ਼ਬਦ ਵਿਚਾਰ

ਪੇਈਅੜੈ ਜਗਜੀਵਨੁ ਦਾਤਾ ਗੁਰਮਤਿ ਮੰਨਿ ਵਸਾਇਆ॥

ਸਿਰੀਰਾਗੁ ਮਹਲਾ ੩ ਘਰ ੧ ਅਸਟਪਦੀਆ
ਪੇਈਅੜੈ ਜਗਜੀਵਨੁ ਦਾਤਾ
ਗੁਰਮਤਿ ਮੰਨਿ ਵਸਾਇਆ॥
ਅਨਦਿਨੁ ਭਗਤਿ ਕਰਹਿ ਦਿਨੁ ਰਾਤੀ
ਹਉਮੈ ਮੋਹੁ ਚੁਕਾਇਆ॥
ਜਿਸੁ ਸਿਉ ਰਾਤਾ ਤੈਸੋ ਹੋਵੈ
ਸਚੇ ਸਚਿ ਸਮਾਇਆ॥ ੫॥
ਆਪੇ ਨਦਰਿ ਕਰੇ ਭਾਉ ਲਾਏ
ਗੁਰ ਸਬਦੀ ਬੀਚਾਰਿ॥
ਸਤਿਗੁਰੁ ਸੇਵੀਐ ਸਹਜੁ ਊਪਜੈ
ਹਉਮੈ ਤ੍ਰਿਸਨਾ ਮਾਰਿ॥
ਹਰਿ ਗੁਣ ਦਾਤਾ ਸਦ ਮਨਿ ਵਸੈ
ਸਚੁ ਰਖਿਆ ਉਰਧਾਰਿ॥ ੬॥
ਪ੍ਰਭੁ ਮੇਰਾ ਸਦਾ ਨਿਰਮਲਾ
ਮਨਿ ਨਿਰਮਲਿ ਪਾਇਆ ਜਾਇ॥
ਨਾਮੁ ਨਿਧਾਨੁ ਹਰਿ ਮਨਿ ਵਸੈ
ਹਉਮੈ ਦੁਖੁ ਸਭੁ ਜਾਇ॥
ਸਤਿਗੁਰਿ ਸਬਦੁ ਸੁਣਾਇਆ
ਹਉ ਸਦ ਬਲਹਾਰੈ ਜਾਉ॥ ੭॥
ਆਪਣੈ ਮਨਿ ਚਿਤਿ ਕਹੈ ਕਹਾਏ
ਬਿਨੁ ਗੁਰ ਆਪੁ ਨ ਜਾਈ॥
ਹਰਿ ਜੀਉ ਭਗਤਿ ਵਛਲੁ ਸੁਖਦਾਤਾ
ਕਰਿ ਕਿਰਪਾ ਮੰਨਿ ਵਸਾਈ॥
ਨਾਨਕ ਸੋਭਾ ਸੁਰਤਿ ਦੇਇ ਪ੍ਰਭੁ
ਆਪੇ ਗੁਰਮੁਖਿ ਦੇ ਵਡਿਆਈ॥ ੮॥ ੧॥ ੧੮॥ (ਅੰਗ 65)
ਪਦ ਅਰਥ : ਪੇਈਅੜੈ-ਪੇਕੇ ਘਰ ਵਿਚ, ਮਾਤ ਲੋਕ (ਸੰਸਾਰ) ਵਿਚ। ਜਗਜੀਵਨੁ ਦਾਤਾ-ਜਗਤ ਦੇ ਜੀਵਨ ਦਾ ਦਾਤਾਰ ਪ੍ਰਭੂ। ਗੁਰਮਤਿ-ਗੁਰੂ ਦੀ ਮਤਿ ਲੈ ਕੇ। ਅਨਦਿਨੁ-ਦਿਨ ਰਾਤ, ਹਰ ਵੇਲੇ। ਸਿਉ-ਨਾਲ। ਰਾਤਾ-ਰੰਗਿਆ ਜਾਂਦਾ ਹੈ, ਪਿਆਰ ਵਿਚ ਰੰਗਿਆ ਜਾਂਦਾ ਹੈ। ਤੈਸੋ ਹੋਵੈ-ਉਸ ਵਰਗਾ ਹੋ ਜਾਂਦਾ ਹੈ। ਸਚੇ-ਸੱਚ ਨਾਲ ਪਿਆਰ ਕਰਨ ਵਾਲਾ। ਸਚਿ ਸਮਾਇਆ-ਸੱਚੇ (ਪ੍ਰਭੂ) ਵਿਚ ਹੀ ਸਮਾਅ ਜਾਂਦਾ ਹੈ। ਨਦਰਿ ਕਰੇ-ਨਜ਼ਰ ਸਵੱਲੀ ਕਰਦਾ ਹੈ। ਭਾਉ ਲਾਏ-ਪ੍ਰੇਮ ਲਾਉਂਦਾ ਹੈ, ਪੈਦਾ ਕਰਦਾ ਹੈ। ਗੁਰ ਸਬਦੀ-ਗੁਰੂ ਦੇ ਸ਼ਬਦ ਦੁਆਰਾ। ਬੀਚਾਰਿ-ਵਿਚਾਰ ਕਰਦਾ ਹੈ, ਪ੍ਰਭੂ ਦੇ ਗੁਣਾਂ ਦੀ ਵਿਚਾਰ ਕਰਦਾ ਹੈ। ਸਹਜੁ ਊਪਜੈ-(ਮਨ ਅੰਦਰ) ਆਤਮਿਕ ਅਡੋਲਤਾ ਪੈਦਾ ਹੁੰਦੀ ਹੈ। ਸਦ-ਸਦਾ। ਹਰਿ ਗੁਣ ਦਾਤਾ-ਗੁਣਾਂ ਦਾ ਦਾਤਾ ਪ੍ਰਭੂ। ਸਚੁ-ਸਦਾ ਥਿਰ ਰਹਿਣ ਵਾਲਾ ਪ੍ਰਭੂ। ਉਰਧਾਰਿ-ਹਿਰਦੇ ਵਿਚ ਟਿਕਾ ਕੇ। ਨਿਰਮਲਾ-ਪਵਿੱਤਰ। ਮਨਿ ਨਿਰਮਲਿ-ਪਵਿੱਤਰ ਮਨ ਨਾਲ ਹੀ। ਨਿਧਾਨੁ-ਖ਼ਜ਼ਾਨਾ। ਸਭੁ ਜਾਇ-ਸਭ ਜਾਂਦਾ ਰਹਿੰਦਾ ਹੈ, ਸਭ ਦੂਰ ਹੋ ਜਾਂਦਾ ਹੈ।
ਕਹੈ ਕਹਾਏ-ਕਹਿੰਦਾ ਕਹਾਉਂਦਾ ਹੈ। ਆਪੁ ਨ ਜਾਈ-ਆਪਾ ਭਾਵ ਦੂਰ ਨਹੀਂ ਹੁੰਦਾ। ਭਗਤਿ ਵਛਲੁ-ਭਗਤੀ ਨੂੰ ਪਿਆਰ ਕਰਨ ਵਾਲਾ। ਸੁਖਦਾਤਾ-ਸੁੱਖਾਂ ਦਾ ਦਾਤਾ। ਕਰਿ ਕਿਰਪਾ-ਜਿਸ ਮਨੁੱਖ 'ਤੇ ਕਿਰਪਾ ਦ੍ਰਿਸ਼ਟੀ ਕਰਦਾ ਹੈ। ਮੰਨਿ ਵਸਾਈ-(ਉਹੀ ਉਸ ਨੂੰ) ਮਨ ਵਿਚ ਵਸਾਉਂਦਾ ਹੈ।
ਗੁਰਬਾਣੀ ਵਿਚ ਸੰਸਾਰ ਨੂੰ ਪੇਕਾ ਘਰ ਕਰਕੇ ਗਰਦਾਨਿਆ ਗਿਆ ਹੈ, ਜਿਥੇ ਜੀਵ-ਇਸਤਰੀ ਨੇ ਸਦਾ ਬੈਠਿਆਂ ਨਹੀਂ ਰਹਿਣਾ। ਇਕ ਨਾ ਇਕ ਦਿਨ ਇਹ ਪੇਕਾ ਘਰ (ਸੰਸਾਰ) ਨੂੰ ਛੱਡ ਕੇ ਮੁਕਲਾਵੇ ਸਹੁਰੇ ਘਰ (ਪਰਲੋਕ) ਤੁਰ ਜਾਣਾ ਹੈ। ਗੁਰਵਾਕ ਹੈ-
ਸਭਨਾ ਸਹੁਰੈ ਵੰਞਣਾ ਸਭਿ ਮੁਕਲਾਵਣਹਾਰ॥
(ਸਿਰੀਰਾਗੁ ਮਹਲਾ ੫, ਅੰਗ 50-51)
ਜਗਤ ਗੁਰੂ ਬਾਬੇ ਦੇ ਰਾਗੁ ਮਾਝ ਵਿਚ ਪਾਵਨ ਬਚਨ ਹਨ ਕਿ ਇਸ ਸੰਸਾਰ ਵਿਚ ਜਿਸ ਨੂੰ ਪਿਆਰੇ ਪ੍ਰਭੂ ਦੇ ਭੇਦਾਂ ਦੀ ਸੋਝੀ ਪੈ ਗਈ, ਅਜਿਹੀ ਜੀਵ-ਇਸਤਰੀ ਨੂੰ ਫਿਰ ਗੁਰੂ ਦੁਆਰਾ ਮੂਲ-ਪ੍ਰਭੂ ਦੇ ਗੁਣਾਂ ਦੀ ਸੋਝੀ ਪੈ ਜਾਂਦੀ ਹੈ-
ਪੇਈਅੜੈ ਜਿਨਿ ਜਾਤਾ ਪਿਆਰਾ॥
ਗੁਰਮੁਖਿ ਬੂਝੈ ਤਤੁ ਬੀਚਾਰਾ॥ (ਅੰਗ 109)
ਆਪ ਜੀ ਸੋਝੀ ਬਖ਼ਸ਼ਿਸ਼ ਕਰ ਰਹੇ ਹਨ ਕਿ ਜਿਹੜੇ ਪ੍ਰਭੂ ਦੇ ਨਾਮ ਵਿਚ ਜੁੜੇ ਰਹਿੰਦੇ ਹਨ (ਗੁਰੂ ਉਨ੍ਹਾਂ ਦੇ) ਜਨਮ-ਮਰਨ ਦੇ ਗੇੜ ਨੂੰ ਰੋਕੀ ਰੱਖਦਾ ਹੈ ਭਾਵ ਉਨ੍ਹਾਂ ਨੂੰ ਜਨਮ-ਮਰਨ ਦੇ ਗੇੜ ਤੋਂ ਬਚਾਈ ਰੱਖਦਾ ਹੈ-
ਆਵਣੁ ਜਾਣਾ ਠਾਕਿ ਰਹਾਏ
ਸਚੈ ਨਾਮਿ ਸਮਾਵਣਿਆ॥ (ਅੰਗ 109)
ਆਵਣੁ ਜਾਣਾ-ਜਨਮ ਮਰਨ ਦਾ ਗੇੜ। ਠਾਕਿ ਰਹਾਏ-ਰੋਕੀ ਰੱਖਦਾ ਹੈ।
ਜਿਸ ਜਗਿਆਸੂ ਨੂੰ ਗੁਰੂ ਦੇ ਸ਼ਬਦ ਦੀ ਸੋਝੀ ਪੈ ਜਾਂਦੀ ਹੈ, ਉਹ ਫਿਰ ਆਪਣੇ ਅੰਦਰੋਂ ਵਿਕਾਰਾਂ ਦੀ ਮੈਲ ਨੂੰ ਦੂਰ ਕਰ ਲੈਂਦਾ ਹੈ। ਉਸ ਦੇ ਮਨ ਅੰਦਰ (ਪਰਮਾਤਮਾ ਦਾ) ਪਵਿੱਤਰ ਨਾਮ ਆ ਵਸਦਾ ਹੈ। ਇਸ ਤਰ੍ਹਾਂ ਜੋ ਸਦਾ ਗੁਰੂ ਦੀ ਸ਼ਰਨੀ ਲੱਗੇ ਰਹਿੰਦੇ ਹਨ, ਅਜਿਹੇ ਸਾਧਕਾਂ ਦੇ ਅੰਦਰੋਂ ਹਉਮੈ ਦੀ ਮੈਲ ਦੂਰ ਹੋ ਜਾਂਦੀ ਹੈ। ਗੁਰਵਾਕ ਹੈ-
ਸਬਦੁ ਬੁਝੈ ਸੋ ਮੈਲੁ ਚੁਕਾਏ॥
ਨਿਰਮਲ ਨਾਮੁ ਵਸੈ ਮਨਿ ਆਏ॥
ਸਤਿਗੁਰੁ ਅਪਣਾ ਸਦ ਹੀ ਸੇਵਹਿ
ਹਉਮੈ ਵਿਚਹੁ ਜਾਈ ਹੇ॥
(ਰਾਗੁ ਮਾਰੂ ਸੋਲਹੇ ਮਹਲਾ ੩, ਅੰਗ 1044)
ਪਰ ਇਹ ਨਾਮ ਦਾ ਖ਼ਜ਼ਾਨਾ ਉਸ ਜਗਿਆਸੂ ਨੂੰ ਹੀ ਪ੍ਰਾਪਤ ਹੁੰਦਾ ਹੈ, ਜਿਸ 'ਤੇ ਪ੍ਰਭੂ ਦੀ ਆਪਣੀ ਕਿਰਪਾ ਦ੍ਰਿਸ਼ਟੀ ਹੁੰਦੀ ਹੈ-
ਨਾਮੁ ਨਿਧਾਨੁ ਸੋਈ ਪਾਏ ਕ੍ਰਿਪਾ ਕਰੇ ਪ੍ਰਭੁ ਸੋਇ॥
(ਰਾਗੁ ਆਸਾ ਮਹਲਾ ੫, ਅੰਗ 405)
ਜਿਨ੍ਹਾਂ ਨੂੰ ਗੁਰੂ ਮਿਲ ਪੈਂਦਾ ਹੈ, ਉਹ ਜੀਵ ਵੱਡੇ ਭਾਗਾਂ ਵਾਲੇ ਹਨ। ਅਜਿਹੇ ਜਗਿਆਸੂਆਂ ਨੇ ਆਪਣੇ ਅੰਦਰੋਂ ਹਉਮੈ ਅਤੇ ਮਾਇਆ ਦੇ ਮੋਹ ਨੂੰ ਮਾਨੋ ਦੂਰ ਕਰ ਲਿਆ ਹੈ। ਉਨ੍ਹਾਂ ਦੇ ਪਵਿੱਤਰ ਹੋਏ ਮਨ ਨੂੰ ਫਿਰ (ਵਿਕਾਰਾਂ ਦੀ) ਮੈਲ ਨਹੀਂ ਲੱਗਦੀ ਅਤੇ ਸੱਚੇ ਦੀ ਦਰਗਾਹ ਵਿਚ ਉਨ੍ਹਾਂ ਨੂੰ ਸੋਭਾ ਅਥਵਾ ਵਡਿਆਈ ਮਿਲਦੀ ਹੈ। ਗੁਰਵਾਕ ਹੈ-
ਸੇ ਵਡਭਾਗੀ ਜਿਨੀ ਸਤਿਗੁਰੁ ਪਾਇਆ॥
ਹਉਮੈ ਵਿਚਹੁ ਮੋਹੁ ਚੁਕਾਇਆ॥
ਮਨੁ ਨਿਰਮਲੁ ਫਿਰਿ ਮੈਲੁ ਨ ਲਾਗੈ
ਦਰਿ ਸਚੈ ਸੋਭਾ ਪਾਇਦਾ॥
(ਰਾਗੁ ਮਾਰੂ ਮਹਲਾ ੩, ਅੰਗ 1059)
ਅੱਖਰੀਂ ਅਰਥ : ਜਿਨ੍ਹਾਂ ਨੇ ਗੁਰੂ ਦੀ ਮੱਤ ਲੈ ਕੇ ਇਸ ਸੰਸਾਰ ਵਿਚ ਹੀ ਜਗਤ ਨੂੰ ਜੀਵਨ ਦੇਣ ਵਾਲੇ ਦਾਤਾਰ ਪ੍ਰਭੂ ਨੂੰ ਆਪਣੇ ਮਨ ਵਿਚ ਵਸਾਇਆ ਹੈ, ਉਹ ਹੰਗਤਾ ਅਤੇ (ਦੁਨਿਆਵੀ) ਮੋਹ ਨੂੰ ਦੂਰ ਕਰਕੇ ਦਿਨ-ਰਾਤ ਅਰਥਾਤ ਹਰ ਵੇਲੇ ਪਰਮਾਤਮਾ ਦੀ ਭਗਤੀ ਕਰਦੇ ਹਨ। ਜਿਵੇਂ ਜਿਸ ਦੇ ਪ੍ਰੇਮ ਰੰਗ ਵਿਚ ਰੰਗੇ ਜਾਣ ਨਾਲ ਉਸ ਦੇ ਵਰਗੇ ਹੀ ਹੋ ਜਾਈਦਾ ਹੈ, ਇਸੇ ਤਰ੍ਹਾਂ ਸੱਚੇ ਨਾਲ ਪਿਆਰ ਕਰਨ ਨਾਲ ਸਦਾ ਥਿਰ ਪਰਮਾਤਮਾ ਵਿਚ ਹੀ ਸਮਾਅ ਜਾਈਦਾ ਹੈ।
ਜਿਸ 'ਤੇ ਪ੍ਰਭੂ ਆਪ ਹੀ ਮਿਹਰ ਦੀ ਨਿਗ੍ਹਾ ਕਰਦਾ ਹੈ, ਉਸ ਦੇ ਅੰਦਰ ਪ੍ਰੇਮ-ਪਿਆਰ ਪੈਦਾ ਕਰਦਾ ਹੈ, ਜਿਸ ਸਦਕਾ ਜਗਿਆਸੂ ਫਿਰ ਗੁਰੂ ਦੇ ਸ਼ਬਦ ਦੀ ਵਿਚਾਰ ਕਰਦਾ ਹੈ। ਸਤਿਗੁਰੂ ਦੀ ਸੇਵਾ ਕਰਨ ਨਾਲ ਪ੍ਰਾਣੀ ਅੰਦਰਲੀ ਹੰਗਤਾ ਅਤੇ (ਮਾਇਆ ਦੀ) ਤ੍ਰਿਸ਼ਨਾ ਮਰ ਜਾਂਦੀ ਹੈ ਅਤੇ ਮਨ ਅੰਦਰ ਆਤਮਿਕ ਅਡੋਲਤਾ ਪੈਦਾ ਹੋ ਜਾਂਦੀ ਹੈ। ਇਸ ਤਰ੍ਹਾਂ ਜਿਨ੍ਹਾਂ ਨੇ ਸਦਾ ਥਿਰ ਪਰਮਾਤਮਾ ਨੂੰ ਮਨ ਵਿਚ ਵਸਾਇਆ ਹੈ, ਉਨ੍ਹਾਂ ਦੇ ਮਨ ਵਿਚ ਸਦਾ ਗੁਣਾਂ ਦਾ ਦਾਤਾਰ ਵਸਦਾ ਹੈ।
ਹੇ ਭਾਈ, ਮੇਰਾ ਪ੍ਰਭੂ ਜੋ ਸਦਾ ਹੀ ਪਵਿੱਤਰ ਹੈ, ਉਸ ਨੂੰ ਪਵਿੱਤਰ ਮਨ ਨਾਲ ਹੀ ਪ੍ਰਾਪਤ ਕੀਤਾ ਜਾ ਸਕਦਾ ਹੈ। ਜਦੋਂ ਪ੍ਰਭੂ ਦਾ ਨਾਮ ਰੂਪੀ ਖ਼ਜ਼ਾਨਾ ਮਨ ਵਿਚ ਆ ਵਸਦਾ ਹੈ ਤਾਂ ਮਨ ਅੰਦਰਲਾ ਹਉਮੈ ਦਾ ਦੁੱਖ ਜਾਂਦਾ ਰਹਿੰਦਾ ਹੈ। ਜਿਸ ਨੂੰ ਗੁਰੂ ਨੇ ਪ੍ਰਭੂ ਦੀ ਸਿਫਤ ਸਾਲਾਹ ਦਾ ਸ਼ਬਦ ਸੁਣਾ ਦਿੱਤਾ ਹੈ, ਮੈਂ ਉਸ (ਗੁਰੂ ਜੀ) ਤੋਂ ਸਦਾ ਹੀ ਕੁਰਬਾਨ ਜਾਂਦਾ ਹਾਂ।
ਜੇਕਰ ਕੋਈ ਆਪਣੇ ਮਨ ਜਾਂ ਚਿੱਤ ਵਿਚ ਆਪਣੇ-ਆਪ ਨੂੰ ਕਹਿੰਦਾ-ਕਹਾਉਂਦਾ ਹੈ ਤਾਂ ਇਹ ਆਪਾ ਭਾਵ ਗੁਰੂ ਤੋਂ ਬਿਨਾਂ ਨਹੀਂ ਜਾਂਦਾ, ਦੂਰ ਨਹੀਂ ਹੁੰਦਾ। ਹੇ ਪ੍ਰਭੂ, ਆਪ ਜੀ ਭਗਤੀ ਨੂੰ ਪਿਆਰ ਕਰਨ ਵਾਲੇ ਹੋ ਅਤੇ ਸੁਖਾਂ ਦੇ ਦਾਤੇ ਭਾਵ ਸਭ ਨੂੰ ਸੁਖ ਦੇਣ ਵਾਲੇ ਹੋ। ਵਾਸਤਵ ਵਿਚ ਜਿਸ 'ਤੇ ਉਸ ਦੀ ਕਿਰਪਾ ਦ੍ਰਿਸ਼ਟੀ ਹੁੰਦੀ ਹੈ, ਉਹ ਹੀ ਉਸ ਨੂੰ ਮਨ ਵਿਚ ਵਸਾਉਂਦਾ ਹੈ। ਅੰਤਲੀਆਂ ਤੁਕਾਂ ਵਿਚ ਤੀਜੀ ਨਾਨਕ ਜੋਤਿ ਦ੍ਰਿੜ੍ਹ ਕਰਵਾ ਰਹੇ ਹਨ ਕਿ ਪਰਮਾਤਮਾ ਆਪ ਹੀ ਜੀਵ ਨੂੰ ਨਾਮ ਦੀ ਸੋਝੀ ਅਤੇ ਸੋਭਾ ਬਖ਼ਸ਼ਦਾ ਹੈ ਅਤੇ ਆਪ ਹੀ ਫਿਰ ਗੁਰੂ ਦੁਆਰਾ ਉਸ ਨੂੰ ਵਡਿਆਈ ਦਿੰਦਾ ਹੈ।


-217-ਆਰ, ਮਾਡਲ ਟਾਊਨ, ਜਲੰਧਰ।

ਪ੍ਰੇਰਨਾ-ਸਰੋਤ

ਸੁਧਾਰਕ ਹਮੇਸ਼ਾ ਹਮਦਰਦ ਅਤੇ ਧੀਰਜਵਾਨ ਹੁੰਦੇ ਹਨ

ਸੁਧਾਰਕ ਹਮੇਸ਼ਾ ਹੀ ਸਹਿਣਸ਼ੀਲ, ਦੂਜਿਆਂ ਦੇ ਹਮਦਰਦ, ਦਿਆਲੂ ਅਤੇ ਧੀਰਜਵਾਨ ਹੁੰਦੇ ਹਨ। ਸਵਾਮੀ ਵਿਵੇਕਾਨੰਦ ਰਾਸ਼ਟਰ ਦੇ ਨਾਂਅ ਸੰਦੇਸ਼ ਵਿਚ ਲਿਖਦੇ ਹਨ ਕਿ ਸਾਨੂੰ ਇਹ ਗੱਲ ਨਹੀਂ ਭੁੱਲਣੀ ਚਾਹੀਦੀ ਕਿ ਦੁਨੀਆ ਦੇ ਸਾਰੇ ਹੀ ਧਰਮ ਪ੍ਰਚਾਰਕਾਂ ਦਾ ਇਕੋ ਹੀ ਉਦੇਸ਼ ਰਿਹਾ ਹੈ-ਹਮਦਰਦੀ ਅਤੇ ਧੀਰਜ। ਉਹ ਵਿਨਾਸ਼ ਨਹੀਂ, ਨਿਰਮਾਣ ਲਈ ਪੈਦਾ ਹੁੰਦੇ ਹਨ। ਪਰ ਹਰ ਧਰਮ ਜਾਂ ਮਜ਼੍ਹਬ ਦਾ ਇਹ ਦੁਖਾਂਤ ਰਿਹਾ ਹੈ ਕਿ ਕੱਟੜਪੰਥੀ ਵਿਚਾਰਧਾਰਾ ਵਾਲੇ ਲੋਕ ਆਪਣੇ ਹੀ ਧਰਮ ਪ੍ਰਚਾਰਕਾਂ ਦਾ ਸੰਦੇਸ਼ ਨਹੀਂ ਸਮਝ ਸਕੇ। ਕੁਝ ਵਿਰੋਧੀ ਵਿਚਾਰਧਾਰਾ ਵਾਲੇ ਉਨ੍ਹਾਂ ਦੇ ਉਪਦੇਸ਼ ਨੂੰ ਢੁਕਵਾਂ ਨਹੀਂ ਮੰਨਦੇ। ਉਹ ਉਨ੍ਹਾਂ (ਧਰਮ ਪ੍ਰਚਾਰਕਾਂ) ਦੀ ਵਿਚਾਰਧਾਰਾ ਨੂੰ ਪ੍ਰਚੱਲਤ ਰੀਤੀਆਂ ਨਾਲ ਸਮਝੌਤਾ ਮੰਨਦੇ ਹਨ। ਅਸਲ ਵਿਚ ਕੱਟੜਪੰਥੀ ਵਿਚਾਰਧਾਰਾ ਅਜਿਹੀਆਂ ਮਹਾਨ ਆਤਮਾਵਾਂ ਦੇ ਦਿਲ ਵਿਚ ਮੌਜੂਦ ਪਿਆਰ ਦੀ ਅਨੰਤ ਸ਼ਕਤੀ ਦਾ ਅੰਦਾਜ਼ਾ ਵੀ ਨਹੀਂ ਲਗਾ ਸਕਦੇ। ਉਨ੍ਹਾਂ ਦਾ ਦਿਲ/ਆਤਮਾ ਹਰ ਇਕ ਲਈ ਦਇਆ ਅਤੇ ਸੰਵੇਦਨਾ ਤੋਂ ਭਰਪੂਰ ਸੀ। ਉਹ ਤਾਂ ਸਭ ਕੁਝ ਸਹਿ ਕੇ ਵੀ ਮੁਆਫ਼ ਕਰਨ ਲਈ ਤਿਆਰ ਸਨ। ਉਨ੍ਹਾਂ ਨੂੰ ਇਹ ਪਤਾ ਸੀ ਕਿ ਮਨੁੱਖੀ ਸਮਾਜ ਕਿਵੇਂ ਵਿਕਸਤ ਹੋਣਾ ਚਾਹੀਦਾ ਹੈ। ਬੜੇ ਹੀ ਧੀਰਜ ਨਾਲ ਹੌਲੀ-ਹੌਲੀ ਪਰ ਨਿਸਚਿਤ ਹੀ ਉਨ੍ਹਾਂ ਦੀ ਵਿਚਾਰਧਾਰਾ ਲਾਗੂ ਹੋਈ। ਅਜਿਹੇ ਸੁਧਾਰਕਾਂ ਨੇ ਨਾ ਤਾਂ ਕਿਸੇ ਦੀ ਨਿੰਦਾ ਕੀਤੀ ਅਤੇ ਨਾ ਹੀ ਕਿਸੇ ਨੂੰ ਡਰਾ ਕੇ ਆਪਣੀ ਵਿਚਾਰਧਾਰਾ ਉਨ੍ਹਾਂ 'ਤੇ ਥੋਪੀ, ਸਗੋਂ ਬੜੇ ਹੀ ਧੀਰਜ ਤੇ ਪਿਆਰ ਨਾਲ ਲੋਕਾਂ ਨੂੰ, ਖਾਸ ਕਰਕੇ ਭਟਕੇ ਹੋਏ ਲੋਕਾਂ ਨੂੰ ਉੱਪਰ ਚੁੱਕਣ ਦਾ ਉਪਰਾਲਾ ਕੀਤਾ। ਅਜਿਹੇ ਮਹਾਨ ਸੁਧਾਰਕਾਂ ਨੇ ਹੀ ਮਹਾਨ ਗ੍ਰੰਥਾਂ ਦੀ ਰਚਨਾ ਕੀਤੀ। ਉਹ ਆਸਤਕ ਅਤੇ ਨਾਸਤਕ ਦੋਵੇਂ ਤਰ੍ਹਾਂ ਦੇ ਲੋਕਾਂ ਨੂੰ ਚੰਗੀ ਤਰ੍ਹਾਂ ਸਮਝਦੇ ਸਨ ਤੇ ਸੋਚ-ਸਮਝ ਕੇ ਕਦਮ ਪੁੱਟਦੇ ਸਨ।


-ਸਵਾਮੀ ਵਿਵੇਕਾਨੰਦ ਸਟੱਡੀ ਸਰਕਲ, ਜਲੰਧਰ। ਮੋਬਾ: 94175-50741

ਗੁਰਬਾਣੀ ਸੰਗੀਤ ਵਿਚ ਹਰਮੋਨੀਅਮ

ਹਰਮੋਨੀਅਮ ਇਕ ਇਹੋ ਜਿਹਾ ਸਾਜ਼ ਹੈ, ਜੋ ਸਾਡੇ ਸੰਗੀਤ ਵਿਚ ਆਪਣਾ ਖ਼ਾਸ ਸਥਾਨ ਬਣਾ ਚੁੱਕਾ ਹੈ। ਇਹ ਅੱਜ ਤੋਂ ਕੋਈ ਸਵਾ-ਸੌ ਸਾਲ ਪਹਿਲਾਂ ਸਾਡੇ ਮੁਲਕ ਵਿਚ ਆਇਆ ਪਰ ਅੱਜ ਇਸ ਨੇ ਸਾਡੇ ਪੁਰਾਤਨ ਸਾਜ਼ਾਂ ਤੋਂ ਸਾਨੂੰ ਦੂਰ ਕਰ ਦਿੱਤਾ ਹੈ। ਭਾਰਤੀ ਸ਼ਾਸਤਰੀ ਸੰਗੀਤ ਵਿਚ ਇਸ ਨੇ ਸਾਰੰਗੀ ਦੀ ਥਾਂ ਲੈ ਲਈ ਹੈ, ਜਦਕਿ ਗੁਰਬਾਣੀ ਸੰਗੀਤ ਵਿਚ ਇਹ ਰਬਾਬ, ਤਾਊਸ, ਸਾਰਿੰਦਾ ਅਤੇ ਦਿਲਰੁਬਾ ਦੀ ਥਾਂ ਵਜਾਇਆ ਜਾਂਦਾ ਹੈ। ਅੱਜ ਸ੍ਰੀ ਹਰਿਮੰਦਰ ਸਾਹਿਬ ਅਤੇ ਹੋਰ ਇਤਿਹਾਸਕ ਗੁਰਦੁਆਰਿਆਂ ਵਿਚ ਤੰਠੀ ਸਾਜ਼ ਦਾ ਪ੍ਰਯੋਗ ਬਤੌਰ ਸਹਾਇਕ ਸੰਗਤੀ ਵਾਦਨ ਸ਼ੁਰੂ ਹੋ ਗਿਆ ਹੈ, ਪਰ ਇਸ ਨਾਲ ਹਰਮੋਨੀਅਮ ਦੇ ਮਹੱਤਵ ਵਿਚ ਕੋਈ ਘਾਟ ਨਹੀਂ ਆਈ। ਭਾਰਤ ਵਿਚ ਹਰਮੋਨੀਅਮ ਦਾ ਪ੍ਰਚਾਰ 19ਵੀਂ ਸਦੀ ਦੇ ਅਖੀਰ ਵਿਚ ਸ਼ੁਰੂ ਹੋਇਆ। ਅੱਜ ਇਹ ਭਾਰਤੀ ਸੰਗੀਤ ਨਾਲ ਇਉਂ ਘੁਲ-ਮਿਲ ਗਿਆ ਹੈ, ਜਿਵੇਂ ਕਿ ਇਹ ਭਾਰਤ ਵਿਚ ਹੀ ਪੈਦਾ ਹੋਇਆ ਹੋਵੇ। ਅੱਜ ਅਸੀਂ ਵੇਖਦੇ ਹਾਂ ਕਿ ਗੁਰਬਾਣੀ ਸੰਗੀਤਕਾਰ ਵੀ ਇਸ ਸਾਜ਼ ਦੀ ਭਰਪੂਰ ਵਰਤੋਂ ਕਰਦੇ ਹਨ। ਗੁਰਬਾਣੀ ਕੀਰਤਨ ਗੁਰੂ ਸਾਹਿਬਾਨ ਦੇ ਸਮੇਂ ਤੰਤੀ ਸਾਜ਼ਾਂ ਨਾਲ ਹੀ ਹੁੰਦਾ ਸੀ, ਕਿਉਂਕਿ ਉਸ ਵੇਲੇ ਭਾਰਤੀ ਸੰਗੀਤ ਵਿਚ ਤੰਤੀ ਸਾਜ਼ ਹੀ ਚੱਲਦੇ ਸਨ। ਹਰਮੋਨੀਅਮ ਅਜੇ ਹੋਂਦ ਵਿਚ ਨਹੀਂ ਸੀ ਆਇਆ। ਹਰਮੋਨੀਅਮ ਇਕ ਇਹੋ ਜਿਹਾ ਸਾਜ਼ ਹੈ, ਜੋ ਬਨਾਵਟ ਵਿਚ ਬਹੁਤ ਹੀ ਮਜ਼ਬੂਤ ਹੈ, ਇਸ ਨੂੰ ਇਕ ਥਾਂ ਤੋਂ ਦੂਜੀ ਥਾਂ 'ਤੇ ਲਿਜਾਣਾ ਆਸਾਨ ਹੈ। ਇਸ ਦੇ ਟੁੱਟਣ-ਭੱਜਣ ਦਾ ਖ਼ਤਰਾ ਨਹੀਂ ਹੁੰਦਾ ਅਤੇ ਨਾ ਹੀ ਇਸ ਨੂੰ ਸੁਰ ਕਰਨ ਦੀ ਲੋੜ ਹੁੰਦੀ ਹੈ, ਜਦਕਿ ਤੰਤੀ ਸਾਜ਼ ਦੀ ਸਾਂਭ-ਸੰਭਾਲ ਲਈ ਸਾਵਧਾਨੀ ਵਰਤਣੀ ਪੈਂਦੀ ਹੈ ਤੇ ਹਰ ਵਾਰ ਸੁਰ ਕਰਨਾ ਪੈਂਦਾ ਹੈ। ਇਸ ਤੋਂ ਇਲਾਵਾ ਹਰਮੋਨੀਅਮ ਦੀ ਆਵਾਜ਼ ਵੀ ਤੰਤੀ ਸਾਜ਼ ਨਾਲੋਂ ਵਧੇਰੇ ਹੁੰਦੀ ਹੈ। ਅੱਜ ਅਦੁੱਤੀ ਗੁਰਮਤਿ ਸੰਗੀਤ ਸੰਮੇਲਨ ਵਿਚ ਵੀ ਵਧੇਰੇ ਕੀਰਤਨੀਏ ਹਰਮੋਨੀਅਮ ਦੀ ਸੰਗਤੀ ਨਾਲ ਕੀਰਤਨ ਕਰਨ ਲੱਗ ਪਏ ਹਨ। ਰਾਗਾਂ ਵਿਚ ਕੀਰਤਨ ਕਰਨ ਵਾਲੇ ਲਗਪਗ ਸਾਰੇ ਜਥੇ (ਕੇਵਲ ਕੁਝ ਦੋ-ਚਾਰ ਜਥਿਆਂ ਨੂੰ ਛੱਡ ਕੇ ਬਾਕੀ ਸਾਰੇ ਕੀਰਤਨਕਾਰ) ਹਰਮੋਨੀਅਮ ਦੀ ਵਰਤੋਂ ਕਰਦੇ ਹਨ। ਇਥੇ ਮੈਂ ਦੋ ਕੁ ਕੀਰਤਨਕਾਰਾਂ ਦੇ ਨਾਂਅ ਲੈਣਾ ਚਾਹਾਂਗੀ ਜੋ ਨਿਰੋਲ ਬਾਣੀ ਦਾ ਨਿਰਧਾਰਤ ਰਾਗਾਂ ਵਿਚ ਕੀਰਤਨ ਕੇਵਲ ਤੰਤੀ ਸਾਜ਼ਾਂ ਨਾਲ ਹੀ ਕਰਦੇ ਹਨ-ਇਕ ਤਾਂ ਪ੍ਰੋ: ਕਰਤਾਰ ਸਿੰਘ ਅਤੇ ਦੂਸਰੇ ਭਾਈ ਬਲਜੀਤ ਸਿੰਘ ਨਾਮਧਾਰੀ। ਦੂਜੇ ਪਾਸੇ ਸਰੋਤੇ ਵੀ ਰਾਗਾਂ ਦੀ ਥਾਂ ਰੀਤਾਂ ਵਿਚ ਕੀਰਤਨ ਸੁਣਨਾ ਹੀ ਜ਼ਿਆਦਾ ਪਸੰਦ ਕਰਦੇ ਹਨ। ਸ਼ਾਇਦ ਇਸੇ ਕਾਰਨ ਤੰਤੀ ਸਾਜ਼ਾਂ ਦੀ ਥਾਂ ਹਰਮੋਨੀਅਮ ਨੇ ਲੈ ਲਈ। ਕੁਝ ਕੁ ਸਾਲ ਪਹਿਲਾਂ ਜਵੱਦੀ ਟਕਸਾਲ ਅਤੇ ਪੰਜਾਬੀ ਯੂਨੀਵਰਸਿਟੀ ਦੇ ਸਹਿਯੋਗ ਨਾਲ ਤੰਤੀ ਸਾਜ਼ਾਂ ਨੂੰ ਪੁਨਰ ਸੁਰਜੀਤ ਕੀਤਾ ਗਿਆ, ਤਾਂ ਵੀ ਤੰਤੀ ਸਾਜ਼ ਨੂੰ ਕੇਵਲ ਸਹਾਇਕ ਸੰਗਤੀ ਸਾਜ਼ ਵਜੋਂ ਹੀ ਸਥਾਨ ਮਿਲ ਸਕਿਆ। ਮੁੱਖ ਸਥਾਨ ਹਰਮੋਨੀਅਮ ਦਾ ਹੀ ਰਿਹਾ। ਹਰਮੋਨੀਅਮ ਦਾ ਇਸ ਤਰ੍ਹਾਂ ਇੰਨੇ ਵੱਡੇ ਪੱਧਰ 'ਤੇ ਪ੍ਰਚਾਰ ਤੇ ਪ੍ਰਸਾਰ ਹੋ ਜਾਣ ਦਾ ਇਕ ਸਭ ਤੋਂ ਵੱਡਾ ਕਾਰਨ ਇਹ ਵੀ ਹੈ ਕਿ ਇਸ ਦੀ ਸਹਾਇਤਾ ਨਾਲ ਸੰਗੀਤ ਨੂੰ ਸਿੱਖਣਾ ਤੇ ਸਿਖਾਉਣਾ ਦੋਵੇਂ ਹੀ ਆਸਾਨ ਹਨ। ਅੱਜ ਦੀ ਜੀਵਨ ਸ਼ੈਲੀ ਹੀ ਕੁਝ ਇਹੋ ਜਿਹੀ ਹੈ ਕਿ ਅੱਜ ਦੀ ਪੀੜ੍ਹੀ ਕੁਝ ਵੀ ਔਖਾ ਸਿੱਖਣ ਲਈ ਅੱਗੇ ਨਹੀਂ ਆਉਂਦੀ। ਅੱਜ ਦਾ ਵਿਦਿਆਰਥੀ ਘੱਟ ਤੋਂ ਘੱਟ ਸਮੇਂ ਵਿਚ ਸਿੱਖਣਾ ਚਾਹੁੰਦਾ ਹੈ। ਬਨਾਵਟ ਵਿਚ ਮਜ਼ਬੂਤੀ ਅਤੇ ਭਰੋਸਾ ਹੋਣ ਕਰਕੇ ਹੀ ਸ਼ਾਇਦ ਹਰਮੋਨੀਅਮ ਨੂੰ ਪਹਿਲ ਮਿਲੀ ਹੈ। ਇਹ ਗੱਲ ਕੀਰਤਨਕਾਰਾਂ ਅਤੇ ਸੰਗਤਾਂ 'ਤੇ ਹੀ ਛੱਡ ਦੇਣੀ ਚਾਹੀਦੀ ਹੈ ਕਿ ਹਰਮੋਨੀਅਮ ਦੀ ਸੰਗਤੀ ਨਾਲ ਕੀਰਤਨ ਕਰਨਾ ਅਤੇ ਸੁਣਨਾ ਉਹ ਕਿੰਨਾ ਕੁ ਪਸੰਦ ਕਰਦੇ ਹਨ, ਕਿਉਂਕਿ ਅੱਜ ਹਰਮੋਨੀਅਮ ਗੁਰਬਾਣੀ ਸੰਗੀਤ ਦਾ ਇਕ ਅਨਿੱਖੜਵਾਂ ਅੰਗ ਬਣ ਚੁੱਕਾ ਹੈ।


-ਐਸੋਸੀਏਟ ਪ੍ਰੋਫੈਸਰ, ਆਰ.ਆਰ.ਐਮ.ਕੇ. ਆਰੀਆ ਮਹਿਲਾ ਮਹਾਂਵਿਦਿਆਲਾ, ਪਠਾਨਕੋਟ। ਮੋਬਾ: 94177-19798

ਜਗਨਨਾਥ ਪੁਰੀ ਵਿਖੇ ਸਥਾਪਿਤ ਗੁਰਦੁਆਰਾ ਆਰਤੀ ਸਾਹਿਬ ਤੇ ਬਾਉਲੀ ਸਾਹਿਬ ਵਿਖੇ ਹੋਈ ਮੁੜ ਪੰਥਕ ਮਰਿਆਦਾ ਬਹਾਲ

ਸਾਡੇ ਦੇਸ਼ ਦੇ ਬਹੁਤ ਸਾਰੇ ਰਾਜਾਂ 'ਚ ਪੁਰਾਤਨ ਗੁਰਧਾਮਾਂ 'ਤੇ ਕਬਜ਼ੇ ਕਰਨ ਦੇ ਮਸਲੇ ਉਲਝੇ ਹੋਏ ਹਨ ਪਰ ਓਡੀਸ਼ਾ ਦੀ ਇਤਿਹਾਸਕ ਨਗਰੀ ਜਗਨਨਾਥ ਪੁਰੀ ਵਿਖੇ ਓਡੀਸ਼ਾ ਸਰਕਾਰ ਦੀ ਸਵੱਲੀ ਨਜ਼ਰ ਸਦਕਾ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਵਿਖੇ ਕੁਝ ਵਰ੍ਹੇ ਪਹਿਲਾਂ ਗੁਰਦੁਆਰਾ ਆਰਤੀ ਸਾਹਿਬ ਦੀ ਸਥਾਪਨਾ ਕੀਤੀ ਗਈ ਹੈ। ਹਿੰਦੂ ਤੀਰਥ ਸਥਾਨ ਜਗਨਨਾਥ ਪੁਰੀ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਰਿਲੀਜੀਅਸ ਐਂਡ ਚੈਰੀਟੇਬਲ ਟਰੱਸਟ ਵਲੋਂ ਜਿੱਥੇ ਗੁਰੂ-ਘਰ ਦੀ ਸਥਾਪਨਾ ਕੀਤੀ ਗਈ, ਉੱਥੇ ਇਤਿਹਾਸਕ ਬਾਉਲੀ ਸਾਹਿਬ ਦੀ ਮਰਿਆਦਾ ਵੀ ਮੁੜ ਬਹਾਲ ਕੀਤੀ ਗਈ ਹੈ। ਪੁਰੀ ਦੇ ਵਸਨੀਕ ਤੇ ਪੰਜਾਂ ਪਿਆਰਿਆਂ 'ਚੋਂ ਇਕ ਭਾਈ ਹਿੰਮਤ ਸਿੰਘ ਦੀ ਯਾਦ 'ਚ ਬਣਿਆ ਖੂਬਸੂਰਤ ਪਾਰਕ, ਜਗਨਨਾਥ ਪੁਰੀ ਵਿਖੇ ਸਿੱਖ ਪੰਥ ਦੀ ਚੜ੍ਹਤ ਦਾ ਪ੍ਰਤੀਕ ਬਣ ਗਏ ਹਨ।
ਪੁਰੀ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਫੇਰੀ : ਇਤਿਹਾਸਕਾਰਾਂ ਮੁਤਾਬਕ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਪਹਿਲੀ ਉਦਾਸੀ ਦੌਰਾਨ ਆਸਾਮ, ਕਛਾਰ ਤੇ ਪੂਰਬੀ ਬੰਗਾਲ 'ਚੋਂ ਹੁੰਦੇ ਹੋਏ, ਜਗਨਨਾਥ ਪੁਰੀ ਵਿਖੇ 1508 ਈਸਵੀ 'ਚ ਚਰਨ ਪਾਏ ਸਨ, ਜਿੱਥੇ ਉਹ ਤਕਰੀਬਨ 3 ਮਹੀਨੇ ਰਹੇ। ਜਗਨਨਾਥ ਪੁਰੀ ਹਿੰਦੂਆਂ ਦਾ ਪ੍ਰਸਿੱਧ ਤੀਰਥ ਅਸਥਾਨ ਹੈ ਅਤੇ ਇੱਥੇ 12ਵੀਂ ਸਦੀ 'ਚ ਬਣਿਆ ਵੈਸ਼ਨਵ ਮੰਦਰ ਲੱਖਾਂ ਲੋਕਾਂ ਲਈ ਸ਼ਰਧਾ ਦਾ ਕੇਂਦਰ ਹੈ। ਇੱਥੇ ਹਰ ਸਾਲ ਹਾੜ੍ਹ ਮਹੀਨੇ ਦੀ ਪੰਚਮੀ ਨੂੰ ਕੱਢੀ ਜਾਂਦੀ ਰੱਥ ਯਾਤਰਾ 'ਚ ਹਰ ਵਾਰ ਦੇਸ਼-ਵਿਦੇਸ਼ ਤੋਂ 10 ਲੱਖ ਦੇ ਕਰੀਬ ਸ਼ਰਧਾਲੂ ਸ਼ਿਰਕਤ ਕਰਦੇ ਹਨ। ਸਥਾਨਕ ਲੋਕਾਂ ਨੇ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪੁਰੀ ਵਿਖੇ ਆਪਣੀ ਫੇਰੀ ਦੌਰਾਨ ਇਤਿਹਾਸਕ ਵੈਸ਼ਨਵ ਮੰਦਰ ਦੇ ਬਾਹਰ ਬੈਠ ਕੇ, ਉਸ ਸਮੇਂ ਦੇ ਧਰਮ ਸੰਚਾਲਕਾਂ ਨੂੰ ਅਗਿਆਨਤਾ ਦੇ ਹਨੇਰੇ 'ਚੋਂ ਬਾਹਰ ਕੱਢਿਆ। ਗੁਰੂ ਜੀ ਨੇ ਧਰਮ ਗੁਰੂਆਂ ਨੂੰ ਦੱਸਿਆ ਕਿ ਜਿਸ ਜਗਨਨਾਥ ਦੀ ਆਰਤੀ ਦੋ ਦੀਵੇ ਅਤੇ ਪੁਸ਼ਪ ਰੱਖ ਕੇ ਕਰਦੇ ਹੋ, ਉਸ ਜਗਨਨਾਥ ਦਾ ਅਰਥ ਹੈ ਜਗਤ ਦਾ ਮਾਲਕ (ਭਾਵ ਪਰਮਾਤਮਾ)। ਜਿਸ ਦੀ ਆਰਤੀ ਸਾਰਾ ਬ੍ਰਹਿਮੰਡ ਨਿਰੰਤਰ ਕਰਦਾ ਹੈ। ਇੱਥੇ ਹੀ ਗੁਰੂੁ ਸਾਹਿਬ ਨੇ ਬਾਣੀ ਉਚਾਰੀ... ਗਗਨ ਮੈਂ ਥਾਲ ਰਵਿ ਚੰਦੁ ਦੀਪਕ ਬਨੇ ਤਾਰਿਕਾ ਜਨਕ ਮੋਤੀ॥ ਗੁਰੂ ਸਾਹਿਬ ਦੀ ਸ੍ਰੀ ਗੁਰੂ ਗ੍ਰੰਥ ਸਾਹਿਬ 'ਚ ਦਰਜ 'ਆਰਤੀ' ਸਬੰਧੀ ਉੱਘੇ ਕਵੀ ਗੁਰੂਦੇਵ ਰਬਿੰਦਰ ਨਾਥ ਟੈਗੋਰ ਨੇ ਕਿਹਾ ਸੀ ਕਿ ਇਸ ਆਰਤੀ ਤੋਂ ਬਿਹਤਰ ਹੋਰ ਕੋਈ ਬ੍ਰਹਿਮੰਡ ਗਾਣ ਨਹੀਂ ਹੋ ਸਕਦਾ। ਇਸ ਤਰ੍ਹਾਂ ਗੁਰੂੁ ਸਾਹਿਬ ਨੇ ਪੁਰੀ ਵਾਸੀਆਂ ਨੂੰ ਰੂਹਾਨੀ ਗਿਆਨ ਨਾਲ ਸਰਸ਼ਾਰ ਕੀਤਾ, ਜਿਸ ਕਰਕੇ ਲੋਕਾਂ ਨੇ ਗੁਰੂ ਜੀ ਅੱਗੇ ਅਰਜੋਈ ਕੀਤੀ ਕਿ ਪੁਰੀ ਦਾ ਪਾਣੀ ਖਾਰਾ ਹੈ, ਉਨ੍ਹਾਂ ਨੂੰ ਮਿੱਠੇ ਪਾਣੀ ਦੀ ਬਖਸ਼ਿਸ਼ ਕਰੋ। ਜਿਸ ਤਹਿਤ ਗੁਰੂੁ ਸਾਹਿਬ ਨੇ ਇੱਥੇ ਇਕ ਖੂਹੀ ਖੁਦਵਾਈ, ਜਿਸ ਦਾ ਪਾਣੀ ਮਿੱਠਾ ਨਿਕਲਿਆ ਅਤੇ ਇਹ ਅੱਜ ਵੀ ਬਾਉਲੀ ਸਾਹਿਬ ਦੇ ਰੂਪ 'ਚ ਮੌਜੂਦ ਹੈ। ਇਸ ਬਾਉਲੀ ਦੇ ਅਸਥਾਨ ਵਿਖੇ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ।
ਗੁਰੂੁ-ਘਰ ਦੀ ਸਥਾਪਨਾ : ਇਤਿਹਾਸਕ ਨਗਰੀ ਪੁਰੀ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਬਣੀ ਬਾਉਲੀ ਵਿਖੇ ਵੀ ਸਥਾਨਕ ਧਰਮ ਗੁਰੂਆਂ ਦਾ ਕਬਜ਼ਾ ਸੀ, ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਦੀ ਹਾਜ਼ਰੀ 'ਚ ਹੋਰ ਕਰਮ-ਕਾਂਡ ਵੀ ਹੁੰਦੇ ਸਨ। ਓਡੀਸ਼ਾ ਦੀ ਰਾਜਧਾਨੀ ਭੁਬਨੇਸ਼ਵਰ ਸਮੇਤ ਹੋਰਨਾਂ ਸ਼ਹਿਰਾਂ 'ਚ ਵੀ ਸਿੱਖ ਪਰਿਵਾਰ ਵਸਦੇ ਹਨ, ਜਿਨ੍ਹਾਂ ਦੀ ਬੇਨਤੀ 'ਤੇ ਬਾਬਾ ਸ਼ਮਸ਼ੇਰ ਸਿੰਘ ਦਿੱਲੀ ਵਾਲਿਆਂ ਨੇ ਜਗਨਨਾਥ ਪੁਰੀ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਯਾਦ 'ਚ ਗੁਰੂ-ਘਰ ਬਣਾਉਣ ਅਤੇ ਬਾਉਲੀ ਸਾਹਿਬ ਨੂੰ ਆਜ਼ਾਦ ਕਰਨ ਦਾ ਤਹੱਈਆ ਕੀਤਾ। ਉਨ੍ਹਾਂ ਓਡੀਸ਼ਾ ਅਤੇ ਹੋਰਨਾਂ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਰਿਲੀਜੀਅਸ ਐਂਡ ਚੈਰੀਟੇਬਲ ਟਰੱਸਟ (ਰਜਿ:) ਪੁਰੀ ਸਥਾਪਿਤ ਕਰਕੇ, ਇੱਥੇ ਗੁਰੂ ਸਾਹਿਬ ਦੀ ਜੋਤਿ ਨੂੰ ਕਾਇਮ ਰੱਖਣ ਦੇ ਮਨਸੂਬੇ ਨਾਲ ਗੁਰਦੁਆਰਾ ਆਰਤੀ ਸਾਹਿਬ ਸਥਾਪਿਤ ਕਰਨ ਲਈ ਇਕ ਪਲਾਟ ਖਰੀਦਿਆ ਅਤੇ ਥੋੜ੍ਹੇ ਹੀ ਸਮੇਂ 'ਚ ਗੁਰੂ-ਘਰ ਦੀ ਉਸਾਰੀ ਹੋ ਗਈ। ਸਮੁੰਦਰੀ ਤੱਟ ਦੇ ਨਾਲ ਹੀ ਬਣਾਏ ਗੁਰਦੁਆਰਾ ਆਰਤੀ ਸਾਹਿਬ ਦਾ ਸਾਲ 2010 ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਇਕਬਾਲ ਸਿੰਘ ਨੇ ਉਦਘਾਟਨ ਕੀਤਾ। ਇਸ ਮੌਕੇ ਪੁਰੀ ਦੇ ਰਾਜੇ, ਜਗਨਨਾਥ ਪੁਰੀ ਦੇ ਸ਼ੰਕਰਾਚਾਰੀਆ ਅਤੇ ਕਈ ਰਾਜਨੀਤਕ ਹਸਤੀਆਂ ਨੇ ਵੀ ਸ਼ਿਰਕਤ ਕੀਤੀ।
ਹਰ ਸਾਲ ਜੂਨ ਮਹੀਨੇ ਨਿਕਲਣ ਵਾਲੀ ਵਿਸ਼ਾਲ ਜਗਨਨਾਥ ਯਾਤਰਾ ਮੌਕੇ ਟਰੱਸਟ ਵਲੋਂ ਤਕਰੀਬਨ 50 ਹਜ਼ਾਰ ਖਾਣੇ ਦੇ ਪੈਕਟ ਵੰਡੇ ਜਾਂਦੇ ਹਨ ਅਤੇ ਛਬੀਲ ਲਗਾਈ ਜਾਂਦੀ ਹੈ। ਗੁਰਦੁਆਰਾ ਸਾਹਿਬ ਵਿਖੇ ਆਉਣ ਤੇ ਰਹਿਣ ਵਾਲੇ ਸ਼ਰਧਾਲੂਆਂ ਲਈ ਰਿਹਾਇਸ਼ ਅਤੇ ਲੰਗਰ ਦਾ ਪ੍ਰਬੰਧ ਹਰ ਸਮੇਂ ਚਲਦਾ ਰਹਿੰਦਾ ਹੈ। ਬਾਬਾ ਸ਼ਮਸ਼ੇਰ ਸਿੰਘ ਹਰ ਰੋਜ਼ ਸਵੇਰੇ-ਸ਼ਾਮ ਸੰਗਤਾਂ ਨੂੰ ਸ਼ਬਦ ਗੁਰੂ ਨਾਲ ਜੋੜਦੇ ਹਨ ਅਤੇ ਸਿੱਖ ਧਰਮ ਦੇ ਮਹਾਨ ਵਿਰਸੇ ਬਾਰੇ ਚਾਨਣਾ ਪਾਉਂਦੇ ਹਨ, ਜਿਸ ਸਦਕਾ ਸਥਾਨਕ ਵਾਸੀਆਂ ਨੇ ਸਿੱਖ ਧਰਮ ਗ੍ਰਹਿਣ ਕਰਨਾ ਸ਼ੁਰੂ ਕਰ ਦਿੱਤਾ ਹੈ ਅਤੇ ਕੁਝ ਨੌਜਵਾਨ ਸਿੰਘ ਸਜ ਗਏ ਹਨ। ਟਰੱਸਟ ਸੰਚਾਲਕ ਬਾਬਾ ਸ਼ਮਸ਼ੇਰ ਸਿੰਘ ਚੇਅਰਮੈਨ, ਨਿਰਮਲ ਸਿੰਘ ਭੁਰਜੀ ਪ੍ਰਧਾਨ, ਚਰਨਜੀਤ ਸਿੰਘ ਟਾਟਾ ਨਗਰ ਮੀਤ ਪ੍ਰਧਾਨ, ਕਿਰਨਜੀਤ ਸਿੰਘ ਕੋਲਕਾਤਾ ਜਨਰਲ ਸਕੱਤਰ, ਜਗਦੀਪ ਸਿੰਘ ਦਿੱਲੀ ਸਕੱਤਰ ਅਤੇ ਸ਼ਿੰਗਾਰਾ ਸਿੰਘ ਖਜ਼ਾਨਚੀ ਦਾ ਦਾਅਵਾ ਹੈ ਕਿ ਪੁਰੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨੁਮਾਈ 'ਚ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਦਿਨੋ-ਦਿਨ ਪੰਥਕ ਗਤੀਵਿਧੀਆਂ 'ਚ ਵਾਧਾ ਹੋ ਰਿਹਾ ਹੈ।


-2221, ਅਰਬਨ ਅਸਟੇਟ, ਪਟਿਆਲਾ। ਮੋਬਾ: 97795-90575

ਧਾਰਮਿਕ ਸਾਹਿਤ

ਗੁਰੂ ਨਾਨਕ ਦਾ ਧਰਮ
ਲੇਖਕ : ਗੁਰਬਚਨ ਸਿੰਘ
ਪ੍ਰਕਾਸ਼ਕ : ਪੰਥ ਖ਼ਾਲਸਾ ਪ੍ਰਕਾਸ਼ਨ, ਸ੍ਰੀ ਅੰਮ੍ਰਿਤਸਰ।
ਮੁੱਲ : 200 ਰੁਪਏ, ਪੰਨੇ : 280
ਸੰਪਰਕ : 98156-98451


ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਮੁੱਚੀ ਮਨੁੱਖਤਾ ਦੇ ਗੁਰੂ ਹਨ। ਇਹ ਕੇਵਲ ਸਿੱਖਾਂ ਦੇ ਗੁਰੂ ਨਹੀਂ, ਸਗੋਂ ਸਰਬ ਸਾਂਝੇ ਰਹਿਬਰ ਹਨ। ਸ੍ਰੀ ਗੁਰੂ ਨਾਨਕ ਸਾਹਿਬ ਜੀ ਦਾ ਧਰਮ 21ਵੀਂ ਸਦੀ ਦਾ ਸੰਸਾਰ ਧਰਮ ਹੈ ਅਤੇ ਸਦਾ ਰਹੇਗਾ। ਇਹ ਇਕ ਅਨੋਖਾ ਪੰਥ ਹੈ, ਜਿਸ ਵਿਚ ਸਰਬੱਤ ਦੇ ਭਲੇ ਦਾ ਸੰਦੇਸ਼ ਹੈ। ਇਸ ਵਿਚ ਸੰਪੂਰਨ ਜੀਵਨ ਦਾ ਮਾਰਗ ਦਰਸ਼ਨ ਹੈ। ਅੱਜ ਗੁਰਸਿੱਖੀ ਦੇ ਮਹਾਨ ਵਿਰਸੇ ਨੂੰ ਸਾਰੇ ਸੰਸਾਰ ਵਿਚ ਪ੍ਰਸਾਰਨ ਦੀ ਲੋੜ ਹੈ। ਪੁਸਤਕ ਦੇ 10 ਅਧਿਆਇ ਹਨ, ਜਿਨ੍ਹਾਂ ਵਿਚ ਸ੍ਰਿਸ਼ਟੀ ਦੀ ਰਚਨਾ, ਗੁਰਮਤਿ ਗਿਆਨ, ਪਰਮਾਤਮਾ ਦੀ ਵਿਸ਼ਾਲਤਾ, ਜਪੁਜੀ ਸਾਹਿਬ ਅਤੇ ਆਸਾ ਦੀ ਵਾਰ ਦੀ ਮਹਾਨਤਾ ਨੂੰ ਪ੍ਰਗਟਾਇਆ ਗਿਆ ਹੈ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਧਰਮ ਬਹੁਤ ਹੀ ਸਾਦਾ, ਸਰਲ, ਸੁਖਦਾਈ ਅਤੇ ਸਭ ਦੀ ਸਮਝ ਵਿਚ ਆਉਣ ਵਾਲਾ ਹੈ। ਇਹ ਅਜਿਹਾ ਰਸਤਾ ਹੈ, ਜਿਸ ਉੱਤੇ ਚੱਲ ਕੇ ਸਾਰੀ ਇਨਸਾਨੀਅਤ ਸੁਹਜਮਈ, ਸਹਿਜਮਈ ਅਤੇ ਆਨੰਦਮਈ ਜੀਵਨ ਜੀਅ ਸਕਦੀ ਹੈ। ਇਸ ਧਰਮ ਵਿਚ ਕੋਈ ਕਰਮਕਾਂਡ, ਭੇਖ ਜਾਂ ਕੱਟੜਵਾਦ ਨਹੀਂ ਹੈ। ਨਿਮਰਤਾ ਧਾਰ ਕੇ ਸਿੱਖਣ ਵਾਲੇ ਨੂੰ ਹੀ ਸਿੱਖ ਕਿਹਾ ਜਾਂਦਾ ਹੈ ਅਤੇ ਸਾਰਾ ਵਿਸ਼ਵ ਹੀ ਇਸ ਦਾ ਸਿਖਿਆਰਥੀ ਬਣ ਸਕਦਾ ਹੈ। ਇਹ ਧਰਮ ਸਾਰਿਆਂ ਨੂੰ ਗਲ ਲਾਉਂਦਾ ਹੈ। ਇਸ ਵਿਚ ਜਾਤੀ ਬੰਧਨਾਂ, ਊਚ-ਨੀਚ ਅਤੇ ਨਫ਼ਰਤ ਲਈ ਕੋਈ ਸਥਾਨ ਨਹੀਂ। ਇਹ ਪਿਆਰ ਦਾ ਰਸਤਾ ਹੈ, ਜਿਸ ਨੂੰ ਅਪਣਾ ਕੇ ਪੜ੍ਹਿਆ ਜਾਂ ਅਨਪੜ੍ਹ ਪਰਮਗਤੀ ਨੂੰ ਪ੍ਰਾਪਤ ਹੋ ਸਕਦਾ ਹੈ। ਆਪਣੇ ਪਰਿਵਾਰ ਵਿਚ ਰਹਿੰਦਿਆਂ, ਸਾਰੇ ਫ਼ਰਜ਼ ਨਿਭਾਉਂਦਿਆਂ, ਕਿਰਤ ਕਰਦਿਆਂ ਹੋਇਆਂ ਵੀ ਰੱਬ ਨੂੰ ਪਾਇਆ ਜਾ ਸਕਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਰਮਾਤਮਾ ਦੇ ਸੁੰਦਰ ਗੀਤ ਹਨ, ਜਿਨ੍ਹਾਂ ਨੂੰ ਗਾਉਂਦਿਆਂ-ਗਾਉਂਦਿਆਂ ਹੀ ਮਨੁੱਖ ਪ੍ਰਭੂ ਵਿਚ ਸਮਾ ਜਾਂਦਾ ਹੈ। ਇਹ ਮਹਾਂਅਨੰਦਮਈ ਜੀਵਨ ਜਾਚ ਹੈ। ਇਹ ਪੁਸਤਕ ਸਰਬਸਾਂਝੇ, ਨਿਰਾਲੇ ਅਤੇ ਪਿਆਰੇ ਧਰਮ ਬਾਰੇ ਚਾਨਣਾ ਪਾਉਂਦੀ ਹੈ, ਜੋ ਗੁਰੂ ਨਾਨਕ ਪਾਤਸ਼ਾਹ ਜੀ ਦਾ ਧਰਮ ਹੈ। ਇਸ ਮਹੱਤਵਪੂਰਨ ਪੁਸਤਕ ਦਾ ਸਵਾਗਤ ਹੈ।


-ਡਾ: ਸਰਬਜੀਤ ਕੌਰ ਸੰਧਾਵਾਲੀਆ


ਨਿਰਭਉ ਨਿਰੰਕਾਰ

ਲੇਖਕ : ਡਾ: ਰੂਪ ਸਿੰਘ,
ਡਾ: ਅਮਰਜੀਤ ਕੌਰ ਤੇ
ਡਾ: ਰਣਜੀਤ ਕੌਰ ਪੰਨਵਾਂ (ਸੰਪਾਦਕ)
ਪ੍ਰਕਾਸ਼ਕ : ਧਰਮ ਪ੍ਰਚਾਰ ਕਮੇਟੀ (ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ)
ਪੰਨੇ : 480, ਮੁੱਲ : 200 ਰੁਪਏ
ਸੰਪਰਕ : 98146-37979


ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦੀ ਧਰਮ ਪ੍ਰਚਾਰ ਕਮੇਟੀ ਗੁਰਬਾਣੀ ਤੇ ਸਿੱਖ ਇਤਿਹਾਸ ਦੇ ਪ੍ਰਚਾਰ-ਪ੍ਰਸਾਰ ਲਈ ਨਿਰੰਤਰ ਉੱਦਮ ਕਰਦੀ ਹੈ। ਨਿਰਭਉ ਨਿਰੰਕਾਰ ਇਸ ਸਿਲਸਿਲੇ ਵਿਚ ਸਸਤੇ ਮੁੱਲ ਉੱਤੇ ਪ੍ਰਾਪਤ ਹੋਣ ਯੋਗ ਕਮੇਟੀ ਦੀ ਨਵੀਨਤਮ ਪੁਸਤਕ ਹੈ। ਵੱਡੇ ਆਕਾਰ ਦੇ480 ਪੰਨੇ, ਪੱਕੀ ਜਿਲਦ, ਵਧੀਆ ਪੇਪਰ ਤੇ ਮੁੱਲ ਕੇਵਲ 200 ਰੁਪਏ। ਪੁਸਤਕ ਵਿਚ ਤਿੰਨ ਸਿੱਖ ਗੁਰੂ ਸਾਹਿਬਾਨ ਗੁਰੂ ਹਰਿ ਰਾਇ ਸਾਹਿਬ, ਗੁਰੂ ਹਰਿਕ੍ਰਿਸ਼ਨ ਸਾਹਿਬ ਤੇ ਗੁਰੂ ਤੇਗ਼ ਬਹਾਦਰ ਸਾਹਿਬ ਦੇ ਜੀਵਨ ਦਰਸ਼ਨ ਬਾਰੇ 60 ਲੇਖਕਾਂ ਦੀਆਂ 86 ਲਿਖਤਾਂ ਸੰਕਲਿਤ ਹਨ। ਤਿੰਨੇ ਗੁਰੂ ਸਾਹਿਬਾਨ ਦੀ ਇਕ-ਇਕ ਪੰਨੇ ਦੀ ਜੀਵਨ ਝਲਕ ਸਵਰਗੀ ਪ੍ਰੋ: ਕਰਤਾਰ ਸਿੰਘ ਦੀ ਦੇਣ ਹੈ। ਤਿੰਨੇ ਗੁਰੂ ਸਾਹਿਬਾਨ ਨਾਲ ਸਬੰਧਤ ਗੁਰਦੁਆਰਿਆਂ ਤੇ ਇਤਿਹਾਸਕ ਸਥਾਨਾਂ ਦੇ ਵੇਰਵੇ (ਸਹਾਇਕ) ਸੰਪਾਦਕਾ ਬੀਬੀ ਅਮਰਜੀਤ ਕੌਰ ਤੇ ਬੀਬੀ ਰਣਜੀਤ ਕੌਰ ਵਲੋਂ ਤਿਆਰ ਕੀਤੇ ਗਏ ਹਨ। ਬਾਕੀ ਦੇ 74 ਨਿਬੰਧ ਕਮੇਟੀ ਵਲੋਂ ਪ੍ਰਕਾਸ਼ਿਤ ਹੋ ਰਹੇ ਧਾਰਮਿਕ ਮਾਸਕ ਪੱਤਰ 'ਗੁਰਮਤਿ ਪ੍ਰਕਾਸ਼' ਵਿਚ ਸਮੇਂ-ਸਮੇਂ ਪ੍ਰਕਾਸ਼ਿਤ ਹੋਏ ਨਿਬੰਧਾਂ ਵਿਚੋਂ ਚੁਣੇ ਗਏ ਹਨ। ਹਰ ਨਿਬੰਧ ਦੇ ਮੂਲ ਪ੍ਰਕਾਸ਼ਨ ਦਾ ਮਹੀਨਾ/ਸਾਲ ਨਿਬੰਧ ਦੇ ਅੰਤ ਉੱਤੇ ਪ੍ਰਾਪਤ ਹੈ ਤੇ ਵਿਸ਼ਾ ਸੂਚੀ ਵਿਚ ਲੇਖਕ ਦਾ ਨਾਂਅ, ਲੇਖਕਾਂ ਦੇ ਨਾਂਅ, ਪਤੇ ਪੁਸਤਕ ਵਿਚ ਅੰਤ ਵਿਚ ਅੰਕਿਤ ਹਨ।
ਗੁਰੂ ਹਰਿ ਰਾਇ ਸਾਹਿਬ ਜੀ ਬਾਰੇ 15, ਗੁਰੂ ਹਰਿਕ੍ਰਿਸ਼ਨ ਜੀ ਬਾਰੇ 14 ਤੇ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ, ਜੀਵਨ ਤੇ ਦਰਸ਼ਨ ਬਾਰੇ 51 ਨਿਬੰਧ, ਤਿੰਨੇ ਗੁਰੂ ਸਾਹਿਬਾਨ ਨਾਲ ਸਬੰਧਤ ਹਰ ਪਹਿਲੂ ਬਾਰੇ ਪ੍ਰਮਾਣੀਕ ਜਾਣਕਾਰੀ ਇਕੋ ਥਾਂ ਪੇਸ਼ ਕਰਕੇ ਪਾਠਕਾਂ ਦੀ ਥਾਂ-ਥਾਂ ਭਟਕ ਕੇ ਜਾਣਕਾਰੀ ਲੈਣ ਦੀ ਚਿੰਤਾ ਮੁਕਾ ਦਿੰਦੇ ਹਨ। ਨਿਬੰਧਾਂ ਦੇ ਲੇਖਕ ਪੰਥ ਤੇ ਜਾਣੇ-ਪਛਾਣੇ/ਸਨਮਾਨਿਤ ਵਿਦਵਾਨ, ਪ੍ਰੋਫੈਸਰ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ, ਗੁਰਮਤਿ ਪ੍ਰਕਾਸ਼ ਤੇ ਹੋਰ ਮੈਗਜ਼ੀਨਾਂ ਦੇ ਸੰਪਾਦਕ ਹਨ। ਪ੍ਰੋ: ਸਾਹਿਬ ਸਿੰਘ, ਡਾ: ਗੰਡਾ ਸਿੰਘ, ਪ੍ਰੋ: ਤੇਜਾ ਸਿੰਘ, ਪ੍ਰਿੰ: ਸਤਬੀਰ ਸਿੰਘ, ਪ੍ਰੋ: ਪਿਆਰਾ ਸਿੰਘ ਪਦਮ, ਪ੍ਰੋ: ਜਗੀਰ ਸਿੰਘ, ਸ਼ਮਸ਼ੇਰ ਸਿੰਘ ਅਸ਼ੋਕ, ਡਾ: ਧਰਮ ਸਿੰਘ, ਡਾ: ਬਿਕਰਮ ਸਿੰਘ ਘੁੰਮਣ, ਪ੍ਰੋ: ਗੁਰਮੁਖ ਸਿੰਘ, ਸ: ਮੱਖਣ ਸਿੰਘ, ਪ੍ਰੋ: ਜੋਗਿੰਦਰ ਸਿੰਘ, ਪ੍ਰੋ: ਹਰੀ ਸਿੰਘ ਕਾਦੀਆਂ, ਪ੍ਰੋ: ਸਵਰਨਜੀਤ ਸਿੰਘ, ਪ੍ਰਿੰ: ਹਰਭਜਨ ਸਿੰਘ, ਡਾ: ਹਰਨਾਮ ਸਿੰਘ ਸ਼ਾਨ, ਡਾ: ਸੁਖਦਿਆਲ ਸਿੰਘ, ਡਾ: ਗੁਰਮੁਖ ਸਿੰਘ, ਪ੍ਰੋ: ਪ੍ਰਕਾਸ਼ ਸਿੰਘ, ਡਾ: ਹਰਨੇਕ ਸਿੰਘ ਕੋਮਲ, ਜੰਗ ਸਿੰਘ ਗਿਆਨੀ, ਡਾ: ਤਾਰਨ ਸਿੰਘ, ਪ੍ਰਿੰ: ਨਾਹਰ ਸਿੰਘ ਗਰੇਵਾਲ, ਡਾ: ਗੁਰਮੇਲ ਸਿੰਘ, ਪ੍ਰੋ: ਕਿਰਪਾਲ ਸਿੰਘ ਬਡੂੰਗਰ, ਡਾ: ਰਛਪਾਲ ਸਿੰਘ, ਡਾ: ਵਿਸ਼ਵਾ ਨਾਥ ਤਿਵਾੜੀ ਜਿਹੇ ਨਾਂਅ ਇਸ ਦਾ ਪ੍ਰਮਾਣ ਹਨ।


-ਡਾ: ਕੁਲਦੀਪ ਸਿੰਘ ਧੀਰ


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX