ਤਾਜਾ ਖ਼ਬਰਾਂ


ਦਿਸ਼ਾਂਤ ਨੇ ਜੇ.ਈ.ਈ.ਮੇਨਜ਼ ਪ੍ਰੀਖਿਆ ਵਿਚ ਹਾਸਲ ਕੀਤੇ 99.99 ਫ਼ੀਸਦੀ ਅੰਕ
. . .  14 minutes ago
ਪਸ਼ੂ ਪਾਲਣ ਵਿਭਾਗ ਸ਼ੁਰੂ ਕਰੇਗਾ ਮੋਬਾਈਲ ਡਿਸਪੈਂਸਰੀ -ਬਲਵੀਰ ਸਿੰਘ ਸਿੱਧੂ
. . .  28 minutes ago
ਗੜ੍ਹਸ਼ੰਕਰ, 19 ਜਨਵਰੀ (ਧਾਲੀਵਾਲ)- ਪਸ਼ੂ ਪਾਲਣ ਵਿਭਾਗ ਵਲੋਂ ਪਿੰਡ-ਪਿੰਡ ਜਾ ਕੇ ਪਸ਼ੂਆਂ ਦੇ ਇਲਾਜ ਲਈ ਮੋਬਾਈਲ ਡਿਸਪੈਂਸਰੀ ਦਾ ਪ੍ਰਾਜੈਕਟ ਜਲਦ ਹੀ ਸ਼ੁਰੂ ਕੀਤਾ ਜਾ ਰਿਹਾ ਹੈ। ਡਾਕਟਰ ਤੇ ਹੋਰ ਸਟਾਫ਼ ਤੇ ਸਹੂਲਤਾਂ ਨਾਲ ਲੈਸ ਮੋਬਾਈਲ ਡਿਸਪੈਂਸਰੀ ਵੱਲੋਂ ਪਿੰਡ-ਪਿੰਡ...
ਮੋਟਰਸਾਈਕਲਾਂ ਦੀ ਟੱਕਰ ਵਿਚ ਦੋ ਵਿਅਕਤੀਆਂ ਦੀ ਮੌਤ, ਇਕ ਗੰਭੀਰ ਜ਼ਖ਼ਮੀ
. . .  53 minutes ago
ਬਰਨਾਲਾ, 19 ਜਨਵਰੀ (ਧਰਮਪਾਲ ਸਿੰਘ)-ਪਿੰਡ ਠੀਕਰੀਵਾਲ ਤੋਂ ਚੁਹਾਣਕੇ ਖ਼ੁਰਦ ਨੂੰ ਜਾਂਦੀ ਸੜਕ 'ਤੇ ਹੋਈ ਮੋਟਰਸਾਈਕਲਾਂ ਦੀ ਆਹਮੋ ਸਾਹਮਣੇ ਟੱਕਰ ਵਿਚ ਮੋਟਰਸਾਈਕਲ 'ਤੇ ਸਵਾਰ ਦੋਵੇਂ ਚਾਲਕਾਂ ਦੀ ਮੌਤ ਹੋ ਗਈ। ਜਦਕਿ ਇਕ ਨੌਜਵਾਨ ਗੰਭੀਰ ਜ਼ਖ਼ਮੀ...
ਸੰਗਰੂਰ ਅਦਾਲਤ 'ਚ ਹੋਵੇਗੀ ਬੇਅਦਬੀ ਮਾਮਲੇ ਦੀ ਸੁਣਵਾਈ
. . .  57 minutes ago
ਸੰਗਰੂਰ, 19 ਜਨਵਰੀ (ਧੀਰਜ ਪਸ਼ੋਰੀਆ)- ਢਾਈ-ਕੁ ਸਾਲ ਪਹਿਲਾਂ ਮਲੇਰਕੋਟਲਾ ਵਿਖੇ ਧਾਰਮਿਕ ਗ੍ਰੰਥ ਕੁਰਾਨ-ਏ-ਸ਼ਰੀਫ ਦੀ ਬੇਅਦਬੀ ਦੀਆਂ ਵਾਪਰੀਆਂ ਘਟਨਾਵਾਂ ਦੇ ਸੰਬੰਧ 'ਚ ਮਲੇਰਕੋਟਲਾ ਥਾਣਾ ਵਿਖੇ ਦਰਜ ਮਾਮਲੇ ਦੀ ਸੁਣਵਾਈ ਹੁਣ ਸੰਗਰੂਰ ਅਦਾਲਤ ਵਿਖੇ ਹੋਵੇਗੀ। ਮਾਮਲੇ...
ਪ੍ਰਧਾਨ ਮੰਤਰੀ ਮੋਦੀ ਨੂੰ ਹਟਾਉਣਾ ਹੈ ਕੋਲਕਾਤਾ 'ਚ ਹੋਈ ਮਹਾਂ ਰੈਲੀ ਦਾ ਏਜੰਡਾ- ਰਵਿ ਸ਼ੰਕਰ ਪ੍ਰਸਾਦ
. . .  about 1 hour ago
ਕੋਲਕਾਤਾ, 19 ਜਨਵਰੀ- ਕੋਲਕਾਤਾ 'ਚ ਵਿਰੋਧੀ ਰੈਲੀ 'ਤੇ ਬੋਲਦਿਆਂ ਕੇਂਦਰੀ ਮੰਤਰੀ ਰਵਿ ਸ਼ੰਕਰ ਪ੍ਰਸਾਦ ਨੇ ਕਿਹਾ ਕਿ ਜਿਹੜੇ ਅੱਖਾਂ 'ਚ ਅੱਖਾਂ ਪਾ ਕੇ ਨਹੀਂ ਦੇਖ ਸਕਦੇ ਅਤੇ ਉਹ ਅੱਜ ਇਕ ਮੰਚ 'ਤੇ ਇਕੱਠੇ ਹੋਏ ਹਨ। ਉਨ੍ਹਾਂ ਕਿਹਾ ਕਿ ਰੈਲੀ 'ਚ ਵੱਖ-ਵੱਖ ਪਾਰਟੀਆਂ ਦੇ ....
ਅਕਾਲੀ ਭਾਜਪਾ ਅਤੇ ਕਾਂਗਰਸ ਦੀਆਂ ਸਰਕਾਰਾਂ ਨੇ ਕਿਸਾਨਾਂ ਨੂੰ ਕੀਤਾ ਕੰਗਾਲ- ਸਿਮਰਨਜੀਤ ਬੈਂਸ
. . .  about 1 hour ago
ਖੇਮਕਰਨ, 19 ਜਨਵਰੀ (ਸੰਦੀਪ ਮਹਿਤਾ) - ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਅਤੇ ਵਿਧਾਇਕ ਸਿਮਰਨਜੀਤ ਸਿੰਘ ਬੈਂਸ ਕਿਸਾਨਾਂ ਦਾ ਦਰਦ ਜਾਣਨ ਲਈ ਸਰਹੱਦੀ ਕਸਬਾ ਖੇਮਕਰਨ ਵਿਖੇ ਪਹੁੰਚੇ। ਇਸ ਮੌਕੇ ਸਿਮਰਨਜੀਤ ਸਿੰਘ ਬੈਂਸ ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ......
ਰੋਪੜ ਪੁਲਿਸ ਨੇ ਪੰਜਾਬ 'ਚ ਫ਼ੌਜ ਦੀ ਭਰਤੀ ਘੋਟਾਲੇ ਦਾ ਖ਼ੁਲਾਸਾ ਕਰਦਿਆਂ 5 ਵਿਅਕਤੀਆਂ ਨੂੰ ਕੀਤਾ ਕਾਬੂ
. . .  about 1 hour ago
ਚੰਡੀਗੜ੍ਹ, 19 ਜਨਵਰੀ- ਰੋਪੜ ਪੁਲਿਸ ਨੇ ਪੰਜਾਬ 'ਚ ਫ਼ੌਜ ਭਰਤੀ ਘੋਟਾਲੇ ਦਾ ਖ਼ੁਲਾਸਾ ਕਰਦਿਆਂ ਹੋਇਆਂ ਪੰਜ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਰਕਾਰ ਬੁਲਾਰੇ ਨੇ ਦਸਿਆ ਕਿ ਇਨ੍ਹਾਂ ਪਾਸੋਂ ਪੁਲਿਸ ਨੇ 29 ਆਧਾਰ ਕਾਰਡ ਅਤੇ ....
ਨੈਸ਼ਨਲ ਮਿਊਜ਼ੀਅਮ ਫ਼ਾਰ ਇੰਡੀਅਨ ਸਿਨੇਮਾ ਦਾ ਉਦਘਾਟਨ ਕਰਨ ਪਹੁੰਚੇ ਮੋਦੀ
. . .  about 2 hours ago
ਮੁੰਬਈ, 19 ਜਨਵਰੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੈਸ਼ਨਲ ਮਿਊਜ਼ੀਅਮ ਫ਼ਾਰ ਇੰਡੀਅਨ ਸਿਨੇਮਾ (ਐਨ.ਐਮ.ਆਈ.ਸੀ) ਦਾ ਉਦਘਾਟਨ ਕਰਨ ਲਈ ਮੁੰਬਈ ਪਹੁੰਚੇ ....
ਆਈ.ਆਰ.ਸੀ.ਟੀ.ਸੀ. ਮਾਮਲੇ 'ਚ ਲਾਲੂ ਪ੍ਰਸਾਦ ਯਾਦਵ ਨੂੰ ਮਿਲੀ ਜ਼ਮਾਨਤ
. . .  about 2 hours ago
ਨਵੀਂ ਦਿੱਲੀ, 19 ਜਨਵਰੀ- ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਸਾਬਕਾ ਕੇਂਦਰੀ ਰੇਲ ਮੰਤਰੀ ਲਾਲੂ ਪ੍ਰਸਾਦ ਯਾਦਵ ਨੂੰ ਆਈ.ਆਰ.ਸੀ.ਟੀ.ਸੀ. ਮਾਮਲੇ 'ਚ ਸੀ.ਬੀ.ਆਈ. ਵੱਲੋਂ ਦਾਇਰ ਕੇਸ 'ਚ ਜ਼ਮਾਨਤ ਦੇ ਦਿੱਤੀ ....
ਈ. ਡੀ. ਵਲੋਂ ਜ਼ਾਕਿਰ ਨਾਇਕ ਦੇ ਪਰਿਵਾਰ ਦੀ ਜਾਇਦਾਦ ਅਟੈਚ
. . .  about 2 hours ago
ਨਵੀਂ ਦਿੱਲੀ, 19 ਜਨਵਰੀ- ਵਿਵਾਦਤ ਇਸਲਾਮੀ ਪ੍ਰਚਾਰਕ ਜ਼ਾਕਿਰ ਨਾਇਕ ਵਿਰੁੱਧ ਮਨੀ ਲਾਂਡਰਿੰਗ ਜਾਂਚ ਦੇ ਸੰਬੰਧ 'ਚ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ 16.40 ਕਰੋੜ ਰੁਪਏ ਦੀ ਜਾਇਦਾਦ ਅਟੈਚ ਕੀਤੀ ਹੈ। ਇਸ ਸੰਬੰਧੀ ਇੱਕ ਬਿਆਨ 'ਚ ਈ. ਡੀ. ਨੇ ਕਿਹਾ.....
ਹੋਰ ਖ਼ਬਰਾਂ..

ਫ਼ਿਲਮ ਅੰਕ

ਦਿਸ਼ਾ ਪਟਾਨੀ

ਦੁਖੀ ਕੀਤੇ ਲੋਕ

ਟਾਈਗਰ ਸ਼ਰਾਫ਼ ਦੀ ਪਿਆਰੀ ਮਹਿਬੂਬਾ ਦਿਸ਼ਾ ਪਟਾਨੀ ਦਾ ਕੱਦ ਰੋਜ਼ ਹੀ ਸਮਝੋ ਕਾਮਯਾਬੀ ਨਾਲ ਵਧ ਰਿਹਾ ਹੈ। ਨਵੀਂ ਡੀਲ, ਨਵਾਂ ਵਪਾਰ, ਨਵਾਂ ਕਾਰੋਬਾਰ ਉਹ ਹਾਸਲ ਕਰ ਰਹੀ ਹੈ। ਇਕ ਵੱਡੀ ਉਤਪਾਦ ਕੰਪਨੀ ਨੇ ਦਿਸ਼ਾ ਤੱਕ ਪਹੁੰਚ ਕੀਤੀ ਹੈ। ਇਹ ਉਤਪਾਦ ਆ ਰਿਹਾ ਸੀ ਰਣਬੀਰ ਕਪੂਰ ਕੋਲ ਪਰ ਸੋਸ਼ਲ ਮੀਡੀਆ 'ਤੇ ਦਿਸ਼ਾ ਦੇ ਦੀਵਾਨਿਆਂ ਦੀ ਗਿਣਤੀ ਦੇਖ ਕੇ ਉਤਪਾਦ ਕੰਪਨੀ ਦਾ ਮਨ ਡੋਲ ਗਿਆ। 'ਭਾਰਤ' ਫ਼ਿਲਮ ਉਹ ਸਲਮਾਨ-ਕੈਟਰੀਨਾ ਨਾਲ ਕਰ ਰਹੀ ਹੈ। ਇਹ ਤਾਂ ਠੀਕ ਹੈ ਪਰ ਬੇ-ਹਯਾ ਵੀ ਉਹ ਬਹੁਤ ਹੈ, ਅਸੀਂ ਨਹੀਂ ਲੋਕ ਹੀ ਉਸ ਦੀਆਂ ਅੱਧ-ਨੰਗੀਆਂ ਫੋਟੋਆਂ ਦੇਖ ਉਸ ਨੂੰ ਮਿਹਣੇ ਮਾਰਦੇ ਹਨ। ਮਾਲਦੀਵ ਤੋਂ ਚਿੱਟੀ ਬਿਕਨੀ ਪਾ ਕੇ ਬੇਹੱਦ ਅਰਧ-ਨਗਨ ਜੋ ਤਸਵੀਰ ਦਿਸ਼ਾ ਨੇ ਸੋਸ਼ਲ ਮੀਡੀਆ ਤੇ ਪਾਈ ਉਸ ਨੇ ਸ਼ਰਮ ਵਾਲੇ ਲੋਕਾਂ 'ਚ ਗੁੱਸਾ ਲਿਆਂਦਾ ਹੈ।


ਖ਼ਬਰ ਸ਼ੇਅਰ ਕਰੋ

ਸਵਰਾ ਭਾਸਕਰ

ਮੌਜ-ਮਸਤੀਆਂ ਮਾਣ

ਖਰੀਆਂ ਗੱਲਾਂ ਕਰਨ ਵਾਲੀ ਅਭਿਨੇਤਰੀ ਕਿਹਾ ਜਾਂਦਾ ਹੈ ਸਵਰਾ ਭਾਸਕਰ ਨੂੰ ਤੇ 'ਵੀਰੇ ਦੀ ਵੈਡਿੰਗ' ਸਮੇਂ ਉਸ ਦੇ ਫ਼ਿਲਮ ਵਿਚਲੇ ਦ੍ਰਿਸ਼ਾਂ, ਸੰਵਾਦਾਂ ਤੇ ਟਿੱਪਣੀਆਂ ਨੇ ਦੱਸ ਦਿੱਤਾ ਸੀ ਕਿ ਸਵਰਾ ਪੂਰੀ ਆਧੁਨਿਕ ਤੇ ਮੁੰਡਿਆਂ ਵਾਲੀਆਂ ਗੱਲਾਂ ਕਰਨ ਵਾਲੀ ਹੀਰੋਇਨ ਹੈ। ਇਕ ਚੈਨਲ ਦੀ ਨਵੀਂ ਖ਼ਬਰ ਅਨੁਸਾਰ ਸਵਰਾ ਵੱਡੀ ਦੀਵਾਨੀ ਹੈ ਸ਼ਾਹਰੁਖ ਖਾਨ ਦੀ ਤੇ ਇਕ ਫ਼ਿਲਮ ਮਿਲ ਰਹੀ ਸੀ ਸਵਰਾ ਨੂੰ, ਜਿਸ 'ਚ ਉਸ ਨੇ ਕਿੰਗ ਖ਼ਾਨ ਦੀ ਭੈਣ ਬਣਨਾ ਸੀ ਪਰ ਉਸ ਨੇ ਫ਼ਿਲਮ ਲਈ ਨਾਂਹ ਕਰ ਦਿੱਤੀ। ਸਵਰਾ ਨੇ ਕਿਹਾ ਕਿ ਉਹ ਸ਼ਾਹਰੁਖ ਨੂੰ ਕਦੇ ਵੀ ਭਰਾ ਨਹੀਂ ਮੰਨ ਸਕਦੀ। ਕਦੇ ਵੀ ਉਸ ਦੀ ਭੈਣ ਨਹੀਂ ਹੋ ਸਕਦੀ ਚਾਹੇ ਪਰਦੇ 'ਤੇ ਹੀ ਹੋਵੇ। ਉਹ ਤਾਂ ਉਸ ਦੀ ਪ੍ਰੇਮਿਕਾ ਹੀ ਬਣੇਗੀ, ਰੁਮਾਂਸ ਹੀ ਕਰੇਗੀ। ਸਵਰਾ ਤਦ ਰੋ ਪਈ ਸੀ ਜਦ ਉਸ ਨੂੰ ਪਤਾ ਲੱਗਾ ਸੀ ਕਿ ਸ਼ਾਹਰੁਖ ਵਿਆਹੁਤਾ ਹੈ। ਸਵਰਾ ਨੂੰ ਦੇਸ਼ ਦੀ ਰਾਜਨੀਤੀ 'ਤੇ ਵੀ ਚੋਟ ਕਰਨੀ ਆਉਂਦੀ ਹੈ। ਖ਼ੂਨ ਦਾ ਪਿਆਸਾ ਸਮਾਜ ਹੋਵੇ ਸਵਰਾ ਨੂੰ ਚੰਗੀ ਗੱਲ ਨਹੀਂ ਲੱਗਦੀ। ਹੱਤਿਆਰੇ ਸੱਤਾ ਦਾ ਸੁੱਖ ਭੋਗ ਰਹੇ ਹਨ, ਇਸ 'ਤੇ ਵੀ ਉਹ ਦੁਖੀ ਹੈ। ਸਵਰਾ ਭਾਸਕਰ ਚੰਗੀ ਅਭਿਨੇਤਰੀ ਹੈ, ਕੋਈ ਇਸ 'ਚ ਸ਼ੱਕ ਨਹੀਂ ਹੈ ਪਰ ਸਵਰਾ ਦੇ ਬਿਆਨ ਕਈ ਵਾਰ ਹਾਸੋਹੀਣੇ ਹੁੰਦੇ ਹਨ। ਸਵਰਾ ਚਾਹੁੰਦੀ ਹੈ ਕਿ ਉਸ ਨਾਲ ਤਰਕ ਸੰਗਤ ਗੱਲ ਕਰੋ। ਆਲੋਚਕ ਵੀ ਉਸ ਨੂੰ ਤਰਕ ਦੇ ਕੇ ਸਮਝਾਉਣ ਕਿ ਆਖਿਰ ਉਹ ਕਿੱਥੇ ਗ਼ਲਤ ਹੈ? ਸਵਰਾ ਨੂੰ ਯੂ.ਪੀ. ਪੁਲਿਸ 'ਤੇ ਵੀ ਗੁੱਸਾ ਹੈ, ਜਿਸ ਦੇ ਜ਼ੁਲਮਾਂ ਨੇ ਭਾਰਤ ਦੀ ਦਿੱਖ ਅੰਤਰਰਾਸ਼ਟਰੀ ਪੱਧਰ 'ਤੇ ਨੀਵੀਂ ਕੀਤੀ ਹੈ। ਸਵਰਾ ਹੱਦ ਤੋਂ ਆਧੁਨਿਕ ਹੈ ਤੇ 'ਅੰਗਰੇਜ਼ ਕਲਚਰ' ਉਸ 'ਤੇ ਭਾਰੀ ਹੈ। ਸਵਰਾ ਵਿਆਹ ਤੋਂ ਪਹਿਲਾਂ ਦੇ ਸਬੰਧਾਂ ਨੂੰ ਗ਼ਲਤ ਹੱਦ ਤੱਕ ਜਾਣ 'ਤੇ ਵੀ ਉਸ ਨੂੰ ਸਹੀ ਮੰਨਦੀ ਹੈ ਤੇ ਇਸ ਨੂੰ ਸਰੀਰਕ ਸੁੱਖ, ਸਰੀਰ ਦੀ ਮੰਗ ਤੇ ਚੰਗਾ ਅਨੁਭਵ ਕਹਿ ਰਹੀ ਹੈ। ਅਜਿਹੀਆਂ ਹੀ ਗੱਲਾਂ ਹਨ ਕਿ ਉਹ ਕਿਸੇ ਦੀ ਭੈਣ ਬਣਨ ਦੀ ਥਾਂ ਉਸ ਦੀ ਪ੍ਰੇਮ ਪਿਆਰੀ ਬਣਨ ਨੂੰ ਪਹਿਲ ਦੇ ਰਹੀ ਹੈ।

ਸੁਸ਼ਾਂਤ ਸਿੰਘ ਰਾਜਪੂਤ :

'ਸੋਨ ਚਿੜੀਆ' ਤੋਂ ਆਸਾਂ

'ਕੇਦਾਰਨਾਥ' ਸੁਸ਼ਾਂਤ ਸਿੰਘ ਰਾਜਪੂਤ ਅਤਿਅੰਤ ਖ਼ੁਸ਼ ਹੈ ਕਿ ਮਹਿੰਦਰ ਸਿੰਘ ਧੋਨੀ 'ਤੇ 'ਐਮ.ਐਸ. ਧੋਨੀ ਅਨਟੋਲਡ ਸਟੋਰੀ' ਦਾ ਦੂਸਰਾ ਭਾਗ ਬਣ ਰਿਹਾ ਹੈ ਤੇ ਇਸ 'ਚ ਫਿਰ ਉਹ ਹੀਰੋ ਹੈ। ਪਹਿਲਾਂ ਉਹ ਇਸ ਫ਼ਿਲਮ ਨੂੰ ਲੈ ਕੇ ਕ੍ਰਿਕਟ ਚੋਣ ਕਮੇਟੀ ਦੇ ਮੁਖੀ ਰਹੇ ਕਿਰਨ ਮੋਰੇ ਨੂੰ ਮਿਲਿਆ ਤੇ ਫਿਰ ਸੌਰਭ ਗਾਂਗੁਲੀ ਨਾਲ ਮੁਲਾਕਾਤ ਕੀਤੀ। ਮਿਸਟਰ ਰਾਜਪੂਤ ਦੀ ਡਾਕੂਆਂ 'ਤੇ ਬਣੀ 'ਸੋਨ ਚਿੜੀਆ' ਵੀ ਤਿਆਰ ਹੈ। ਅਭਿਸ਼ੇਕ ਚੌਬੇ ਨੇ ਇਹ ਫ਼ਿਲਮ ਤਿਆਰ ਕੀਤੀ ਹੈ ਤੇ ਇਸ ਦੀ ਇਕ ਝਲਕ ਵੀ ਆਈ ਹੈ। ਸੁਸ਼ਾਂਤ ਸਿੰਘ ਦੇ ਨਾਲ 'ਸੋਨ ਚਿੜੀਆ' 'ਚ ਮਨੋਜ ਵਾਜਪਾਈ, ਭੂਮੀ ਪੇਡੇਨਕਰ ਤੇ ਰਣਵੀਰ ਸ਼ੌਰੀ ਵੀ ਹਨ। ਚੰਬਲ ਦੀਆਂ ਘਾਟੀਆਂ 'ਚ 'ਸੋਨ ਚਿੜੀਆ' ਫ਼ਿਲਮਾਈ ਗਈ ਹੈ। ਡਾਕੂਆਂ ਦੇ ਗੈਂਗ 'ਚ ਸੁਸ਼ਾਂਤ ਸਿੰਘ ਹੈ। 'ਬੈਂਡਿਟ ਕੁਈਨ' 'ਪਾਨ ਸਿੰਘ ਤੋਮਰ' ਤੋਂ ਬਾਅਦ 'ਸੋਨ ਚਿੜੀਆ' ਨਾਲ ਬਾਜ਼ੀ ਮਾਰਨ ਲਈ ਹਰ ਕੋਸ਼ਿਸ਼ ਸੁਸ਼ਾਂਤ ਸਿੰਘ ਰਾਜਪੂਤ ਕਰ ਰਿਹਾ ਹੈ।


-ਸੁਖਜੀਤ ਕੌਰ

ਨੋਰਾ ਫਤੇਹੀ

ਦਿਲਬਰ ਕੁੜੀ

ਬੇਹੱਦ ਕਮਾਲ ਦੀ ਡਾਂਸਰ ਹੈ ਨੋਰਾ ਫਤੇਹੀ ਤੇ ਉਸ ਦਾ ਮਾਣ ਰੱਖਣ ਲਈ ਟਾਈਗਰ ਸ਼ਰਾਫ਼ ਨੇ ਉਸ ਦੇ ਆਈਟਮ ਗਾਣੇ 'ਦਿਲਬਰ ਦਿਲਬਰ' 'ਤੇ ਆਪ ਨੱਚ ਕੇ ਨੋਰਾ ਦਾ ਦਿਲ ਜਿੱਤ ਲਿਆ। 'ਬਿੱਗ ਬੌਸ' ਨਾਲ ਰਾਤੋ-ਰਾਤ ਸਟਾਰ ਬਣੀ ਨੋਰਾ ਫਤੇਹੀ ਨੇ ਆਪਣੇ ਨੱਚਣ ਦੀ ਕਲਾ ਜਾਨ ਅਬਰਾਹਮ ਦੀ 'ਸਤਿਆਮੇਵ ਜਯਤੇ' 'ਚ ਸੁਪਰਹਿੱਟ ਗਾਣੇ 'ਦਿਲਬਰ ਦਿਲਬਰ' ਦਾ ਅਰਬੀ ਭਾਸ਼ਾ 'ਚ ਨਵਾਂ ਹਿੱਸਾ ਪੇਸ਼ ਕੀਤਾ ਹੈ। ਯੂ-ਟਿਊਬ 'ਤੇ 142 ਲੱਖ ਪ੍ਰਤੀਕਿਰਿਆਵਾਂ ਅਰਬੀ ਭਾਗ ਲਈ ਹੀ ਆ ਗਈਆਂ ਦੋ ਦਿਨਾਂ 'ਚ ਤੇ ਅਸਲ 'ਚ 'ਦਿਲਬਰ' ਗਾਣਾ ਕਦੇ ਸੁਸ਼ਮਿਤਾ ਸੇਨ 'ਤੇ 'ਸਿਰਫ਼ ਤੁਮ' ਫ਼ਿਲਮ ਲਈ ਫ਼ਿਲਮਾਇਆ ਗਿਆ ਸੀ ਪਰ ਹੁਣ 'ਨੋਰਾ ਵਰਜਨ' ਅਰਥਾਤ ਰੀਮੇਕ ਤੋਂ ਬਾਅਦ ਨੋਰਾ ਫਤੇਹੀ ਨੇ ਇਸ ਗਾਣੇ ਦੀ ਮਸ਼ਹੂਰੀ ਹੀ ਹੋਰ ਵਧਾ ਦਿੱਤੀ ਹੈ। ਵੈਸੇ ਨੋਰਾ ਦਾ ਬੈਲੇ ਡਾਂਸ ਦੁਨੀਆ 'ਚ ਪ੍ਰਸਿੱਧ ਹੈ ਤੇ ਬੈਲੇ ਡਾਂਸ ਸਿੱਖਣ ਲਈ ਯੂ-ਟਿਊਬ 'ਤੇ ਲੋਕ ਨੋਰਾ ਨੂੰ ਆਪਣਾ ਨਾਚ ਗੁਰੂ ਮੰਨਣ ਲੱਗ ਪਏ ਹਨ। 'ਭਾਰਤ' ਫ਼ਿਲਮ 'ਚ ਸਲਮਾਨ ਖ਼ਾਨ ਨਾਲ ਕੰਮ ਕਰਨ ਵਾਲੀ ਨੋਰਾ 27 ਸਾਲ ਦੀ ਹੈ। ਮੋਰਾਕੋ ਦੀ ਰਹਿਣ ਵਾਲੀ ਕੈਨੇਡੀਅਨ ਡਾਂਸਰ ਨੋਰਾ ਨੇ ਤੇਲਗੂ ਸਿਨੇਮਾ 'ਚ ਚੰਗੀ ਭੱਲ ਬਣਾਈ ਹੈ। ਨੋਰਾ ਨੇ 'ਇਸਤਰੀ' (ਸਤਰੀ) ਫ਼ਿਲਮ 'ਚ 'ਕਮਰੀਆ' ਗਾਣੇ ਨਾਲ ਵੀ ਧੁੰਮਾਂ ਪਾਈਆਂ। ਗੂਗਲ 'ਤੇ ਨੋਰਾ ਫਤੇਹੀ ਦਾ 'ਦਿਲਬਰ' 'ਕਮਰੀਆ' ਸਭ ਤੋਂ ਜ਼ਿਆਦਾ ਦੇਖੇ ਗਏ।

ਸਿੱਖਿਆ ਢਾਂਚੇ 'ਤੇ ਕਰਾਰਾ ਵਿਅੰਗ ਕਰੇਗੀ

ਦੋ ਦੂਣੀ ਪੰਜ

11 ਜਨਵਰੀ ਨੂੰ ਜਾਰੀ ਹੋਣ ਜਾ ਰਹੀ 'ਦੋ ਦੂਣੀ ਪੰਜ' ਫ਼ਿਲਮ ਦਾ ਟਰੇਲਰ ਪਿਛਲੇ ਦਿਨੀਂ ਰਿਲੀਜ਼ ਹੋਇਆ ਤਾਂ ਵੱਡੀ ਪ੍ਰਤੀਕਿਰਿਆ ਆਈ। 'ਦੋ ਦੂਣੀ ਪੰਜ' ਵਿਚ ਅਜਿਹੇ ਨੌਜਵਾਨ ਦੀ ਕਹਾਣੀ ਪੇਸ਼ ਕੀਤੀ ਹੈ, ਜਿਹੜਾ ਡਿਗਰੀਆਂ ਦਾ ਥੱਬਾ ਹੋਣ ਦੇ ਬਾਵਜੂਦ ਇਸ ਗੱਲੋਂ ਪ੍ਰੇਸ਼ਾਨ ਹੈ ਕਿ ਉਸ ਨੂੰ ਨੌਕਰੀ ਨਹੀਂ ਮਿਲਦੀ। ਉਹ ਕਿਸੇ ਦੁਕਾਨ 'ਤੇ ਨੌਕਰੀ ਮੰਗਣ ਜਾਂਦਾ ਹੈ ਤਾਂ ਜਵਾਬ ਮਿਲਦਾ, 'ਏਨੀਆਂ ਡਿਗਰੀਆਂ ਵਾਲੇ ਦੀ ਨਹੀਂ, ਕਾਮੇ ਦੀ ਲੋੜ ਹੈ।' ਸਰਕਾਰੀ ਦਫ਼ਤਰ ਜਾਂਦਾ ਹੈ, ਤਾਂ ਜਵਾਬ ਮਿਲਦਾ, 'ਨੌਕਰੀਆਂ ਨਿਕਲਣਗੀਆਂ ਤਾਂ ਫਾਰਮ ਭਰ ਦਿਓ।'
ਬੇਰੁਜ਼ਗਾਰੀ ਦਾ ਮਾਰਿਆ ਉਹ ਦਰ-ਦਰ ਦੀਆਂ ਠੋਕਰਾਂ ਖਾਂਦਾ ਹੈ। ਉਹ ਸਕੂਲ ਦੇ ਅਧਿਆਪਕਾਂ ਸਿਰ ਦੋਸ਼ ਮੜ੍ਹਦਾ ਹੈ ਕਿ ਤੁਸੀਂ ਮੈਨੂੰ ਸਹੀ ਤਰੀਕੇ ਨਾਲ ਨਹੀਂ ਪੜ੍ਹਾਇਆ। ਜੇ ਪੜ੍ਹਾਇਆ ਹੁੰਦਾ ਤਾਂ ਅੱਜ ਇਹ ਹਾਲਾਤ ਨਾ ਹੁੰਦੇ। ਪੇਸ਼ ਨਾ ਚਲਦੀ ਵੇਖ ਉਹ ਸਕੂਲ ਅਤੇ ਅਧਿਆਪਕਾਂ 'ਤੇ ਕੇਸ ਕਰਨ ਤੱਕ ਜਾਂਦਾ ਹੈ।
ਵੱਡੀ ਗੱਲ ਇਹ ਕਿ ਇਸ ਫ਼ਿਲਮ 'ਤੇ ਪੂੰਜੀ ਨਿਵੇਸ਼ ਬਾਦਸ਼ਾਹ ਨੇ ਕੀਤਾ ਹੈ। ਉਹ ਬਾਦਸ਼ਾਹ, ਜਿਹੜਾ ਮੁੰਬਈ ਫ਼ਿਲਮ ਸਨਅਤ ਦਾ ਵੱਡਾ ਨਾਂਅ ਹੈ ਜਿਸ ਦੇ ਸੰਗੀਤ ਅਤੇ ਰੈਪ 'ਤੇ ਮੁੰਡੇ-ਕੁੜੀਆਂ ਥਿਰਕਦੇ ਹਨ। ਪਿਛਲੇ ਦਿਨੀਂ ਉਨ੍ਹਾਂ ਦੱਸਿਆ ਕਿ ਸਾਡੇ ਬੈਨਰ 'ਅੱਪਰਾ ਫਿਲਮਜ਼' ਵਲੋਂ ਮਨੋਰੰਜਨ ਦੇ ਨਾਲ-ਨਾਲ ਸਿੱਖਿਆਦਾਇਕ ਫ਼ਿਲਮਾਂ ਬਣਾਈਆਂ ਜਾਣਗੀਆਂ ਤੇ 'ਦੋ ਦੂਣੀ ਪੰਜ' ਸਾਡੇ ਬੈਨਰ ਦੀ ਪਲੇਠੀ ਫ਼ਿਲਮ ਹੈ, ਜਿਸ ਨੇ ਸਿੱਖਿਆ ਵਰਗੇ ਮਹੱਤਵਪੂਰਨ ਵਿਸ਼ੇ 'ਤੇ ਏਨਾ ਵੱਡਾ ਕਟਾਖਸ਼ ਕੀਤਾ ਹੈ।
'ਦੋ ਦੂਣੀ ਪੰਜ' ਦੇ ਨਾਇਕ ਅੰਮ੍ਰਿਤ ਮਾਨ ਹਨ, ਜਿਨ੍ਹਾਂ ਪੰਜਾਬੀ ਗਾਇਕੀ ਵਿਚ ਥੋੜ੍ਹੇ ਸਮੇਂ 'ਚ ਪਛਾਣ ਬਣਾਈ ਹੈ। ਅੰਮ੍ਰਿਤ ਮਾਨ ਦੱਸਦਾ ਹੈ, 'ਦੋ ਦੂਣੀ ਪੰਜ' ਵਿਚ ਨਾਇਕਾ ਦੇ ਤੌਰ 'ਤੇ ਈਸ਼ਾ ਰਿਖੀ ਨਜ਼ਰ ਆਵੇਗੀ। ਕਰਮਜੀਤ ਅਨਮੋਲ, ਸਰਦਾਰ ਸੋਹੀ, ਰਾਣਾ ਰਣਬੀਰ, ਹਾਰਬੀ ਸੰਘਾ, ਨਿਰਮਲ ਰਿਸ਼ੀ, ਰੁਪਿੰਦਰ ਰੂਬੀ, ਮਲਕੀਤ ਰੌਣੀ, ਨਿਸ਼ਾ ਬਾਨੋ ਤੇ ਹੋਰ ਕਲਾਕਾਰ ਨਜ਼ਰ ਆਉਣਗੇ। ਫ਼ਿਲਮ ਦਾ ਨਿਰਦੇਸ਼ਨ ਹੈਰੀ ਭੱਟੀ ਨੇ ਕੀਤਾ ਹੈ ਅਤੇ ਕਹਾਣੀ, ਸਕਰੀਨ ਪਲੇਅ ਜੀਵਾ ਦਾ ਹੈ।
ਅੰਮ੍ਰਿਤ ਮੁਤਾਬਕ, 'ਇਹ ਫ਼ਿਲਮ ਜ਼ਮੀਨੀ ਸੱਚਾਈ ਬਿਆਨ ਕਰੇਗੀ ਕਿ ਸਿੱਖਿਆ ਢਾਂਚੇ ਦੇ ਹਾਲਾਤ ਕੀ ਹਨ, ਨੌਜਵਾਨਾਂ ਦੀਆਂ ਸਮੱਸਿਆਵਾਂ ਕੀ ਹਨ, ਉਨ੍ਹਾਂ ਸਮੱਸਿਆਵਾਂ ਲਈ ਨੌਜਵਾਨ ਕਿਸ-ਕਿਸ ਨੂੰ ਜ਼ਿੰਮੇਵਾਰ ਸਮਝਦਾ ਹੈ? ਉਹ ਜ਼ਿੰਦਗੀ ਵਿਚ ਕੀ ਚਾਹੁੰਦਾ ਹੈ। 'ਵਾੲ੍ਹੀਟ ਹਿੱਲ' ਦਾ ਪੰਜਾਬੀ ਫ਼ਿਲਮਾਂ ਬਣਾਉਣ ਤੇ ਡਿਸਟ੍ਰੀਬਿਊਸ਼ਨ ਕਰਨ ਵਿਚ ਵੱਡਾ ਨਾਂਅ ਹੈ ਅਤੇ ਗੁਣਬੀਰ ਸਿੰਘ ਸਿੱਧੂ ਤੇ ਸੰਨੀ ਸਿੱਧੂ ਮੁਤਾਬਿਕ, 'ਦੋ ਦੂਣੀ ਪੰਜ' ਪੰਜਾਬੀ ਸਿਨੇਮੇ ਵਿਚ ਨਵਾਂ ਕੀਰਤੀਮਾਨ ਸਥਾਪਤ ਕਰੇਗੀ, ਇਸ ਗੱਲ ਦਾ ਸਾਨੂੰ ਪੱਕਾ ਯਕੀਨ ਹੈ।'


-37, ਪ੍ਰੀਤ ਇਨਕਲੇਵ, ਲੱਧੇਵਾਲੀ, ਜਲੰਧਰ।

ਵਿਦਿਆ ਬਾਲਨ

ਮੇਰੇ ਵੱਲ ਲੋਹੜੀ ਨਹੀਂ ਬਣਦੀ

ਕੇਰਲ ਦੀ ਕੁੜੀ ਵਿਦਿਆ ਬਾਲਨ ਅਧਖੜ ਉਮਰ ਦੇ ਦੌਰ 'ਚ ਪ੍ਰਵੇਸ਼ ਕਰਨ ਦੇ ਬਾਵਜੂਦ ਇਉਂ ਲਗਦਾ ਹੈ ਜਿਵੇਂ ਕਾਲਜ ਪੜ੍ਹਦੀ ਮੁਟਿਆਰ ਹੋਵੇ। ਐਨ.ਟੀ.ਆਰ. ਦੀ ਦੋ ਹਿੱਸਿਆਂ 'ਚ ਬਣੀ ਬਾਇਓਪਿਕ 'ਚ ਵਿਦਿਆ ਹਰਮੋਨੀਅਮ ਵਜਾ ਰਹੀ ਹੈ। ਐਨ.ਟੀ.ਆਰ. ਦੀ ਪਤਨੀ ਇਸ ਬਾਇਓਇਪਕ 'ਚ ਬਣੀ ਸ੍ਰੀਮਤੀ ਕਪੂਰ ਬਾਲਨ ਇਸ ਬਾਇਓਪਿਕ ਦੇ ਟ੍ਰੇਲਰ ਨਾਲ ਚਰਚਾ 'ਚ ਹੈ। ਚਲੋ ਇਸ ਵਾਰ ਲੋਹੜੀ 'ਤੇ ਵਿਦਿਆ ਬਾਲਨ 40 ਦੀ ਹੋ ਗਈ ਹੈ। ਲੋਹੜੀ ਤੋਂ ਪਹਿਲਾਂ ਬੱਚਿਆਂ ਦੇ ਡਾਕਟਰ ਦੇ ਹਸਪਤਾਲ 'ਚੋਂ ਬਾਹਰ ਆਈ ਵਿਦਿਆ ਨੂੰ ਦੇਖ ਯਾਦ ਆਇਆ ਕਿ ਕਿਤੇ ਅਗਲੀ ਲੋਹੜੀ ਤਾਂ ਨਹੀਂ ਉਸ ਵੱਲ ਬਣਨ ਜਾ ਰਹੀ। ਸ਼ਾਹਿਦ ਕਪੂਰ ਤਾਂ ਲੋਹੜੀ ਵੰਡ ਰਿਹਾ ਹੈ ਪਰ ਠਹਿਰੋ ਇਸ ਵਾਰ ਲੋਹੜੀ ਵਿਦਿਆ ਬਾਲਨ ਸਿਰਫ਼ ਐਨ.ਟੀ.ਆਰ. ਦੀ ਬਾਇਓਪਿਕ ਫ਼ਿਲਮ ਨੂੰ ਲੈ ਕੇ ਹੀ ਮਨਾ ਰਹੀ ਹੈ ਤੇ ਜਾਂ ਫਿਰ ਅਮਰੀਕਨ ਰਾਸ਼ਟਰਪਤੀ ਅਹੁਦੇ ਦੀ ਹਾਰੀ ਉਮੀਦਵਾਰ ਹਿਲੇਰੀ ਨਾਲ ਹੋਈ ਮਿਲਣੀ ਨੂੰ ਯਾਦ ਕਰ ਕੇ ਮੂੰਗਫਲੀਆਂ ਤੇ ਰਿਓੜੀਆਂ ਖਾਏਗੀ, ਬਾਕੀ ਜਿਸ ਲੋਹੜੀ ਸਬੰਧੀ ਆਪਾਂ ਸੋਚ ਰਹੇ ਹਾਂ, ਉਸ ਦਾ ਪਤਾ ਵਿਸਾਖੀ 'ਤੇ ਜਾ ਕੇ ਲੱਗੇਗਾ।

ਅਨੁਪਮ ਖੇਰ ਨੂੰ ਮਨਮੋਹਨ ਸਿੰਘ ਦੀ ਭੂਮਿਕਾ ਵਿਚ ਚਮਕਾਉਂਦੀ

ਦ ਐਕਸੀਡੈਂਟਲ ਪ੍ਰਾਈਮ ਮਿਨਿਸਟਰ

ਸਾਲ 2014 ਵਿਚ ਸੰਜੇ ਬਾਰੂ ਵਲੋਂ ਲਿਖੀ ਕਿਤਾਬ 'ਦ ਐਕਸੀਡੈਂਟਲ ਪ੍ਰਾਈਮ ਮਿਨਿਸਟਰ' ਪ੍ਰਕਾਸ਼ਿਤ ਹੋਈ ਸੀ। ਉਦੋਂ ਇਸ ਕਿਤਾਬ ਨੇ ਚੰਗਾ ਵਿਵਾਦ ਪੈਦਾ ਕੀਤਾ ਸੀ। ਉਹ ਇਸ ਲਈ ਕਿਉਂਕਿ ਇਹ ਕਿਤਾਬ ਤਤਕਾਲੀ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਨੂੰ ਮੁੱਖ ਰੱਖ ਕੇ ਲਿਖੀ ਗਈ ਸੀ ਅਤੇ ਸੰਜੇ ਬਾਰੂ ਉਨ੍ਹਾਂ ਦੇ ਪ੍ਰੈੱਸ ਸਲਾਹਕਾਰ ਸਨ। ਇਸ ਕਿਤਾਬ ਦੀ ਬਦੌਲਤ ਸੰਜੇ ਬਾਰੂ 'ਤੇ ਇਹ ਦੋਸ਼ ਵੀ ਲੱਗਿਆ ਕਿ ਉਨ੍ਹਾਂ ਨੇ ਦੇਸ਼ ਦੇ ਪ੍ਰਧਾਨ ਮੰਤਰੀ ਦੀ ਪਾਕਿ-ਸਾਫ਼ ਦਿੱਖ ਨੂੰ ਧੁੰਦਲਾ ਕਰਨ ਦੀ ਕੋਸ਼ਿਸ਼ ਕੀਤੀ ਹੈ।
ਹੁਣ ਨਵੇਂ ਨਿਰਦੇਸ਼ਕ ਵਿਜੇ ਰਤਨਾਕਰ ਗੁੱਟੇ ਨੇ ਇਸ ਕਿਤਾਬ 'ਤੇ ਇਸੇ ਨਾਂਅ ਦੀ ਫ਼ਿਲਮ ਬਣਾਈ ਹੈ। ਇਹ ਹਿੰਦੀ ਤੇ ਅੰਗਰੇਜ਼ੀ ਵਿਚ ਬਣੀ ਹੈ ਅਤੇ ਇਸ ਵਿਚ ਅਨੁਪਮ ਖੇਰ ਵਲੋਂ ਡਾ: ਮਨਮੋਹਨ ਸਿੰਘ ਦੀ ਭੂਮਿਕਾ ਨਿਭਾਈ ਗਈ ਹੈ। ਸੰਜੇ ਬਾਰੂ ਦੀ ਭੂਮਿਕਾ ਵਿਚ ਅਕਸ਼ੈ ਖੰਨਾ ਹੈ ਤੇ ਕੁਝ ਹਿੰਦੀ ਤੇ ਮਰਾਠੀ ਫ਼ਿਲਮਾਂ ਵਿਚ ਕੰਮ ਕਰ ਚੁੱਕੀ ਸੁਜ਼ੇਨ ਬਰਨੇਟ ਇਸ ਵਿਚ ਸੋਨੀਆ ਗਾਂਧੀ ਬਣੀ ਹੈ। ਨਾਲ ਹੀ ਇਥੇ ਰਾਹੁਲ ਗਾਂਧੀ ਬਣੇ ਹਨ ਅਰਜਨ ਮਾਥੁਰ ਤੇ ਪ੍ਰਿਅੰਕਾ ਗਾਂਧੀ ਬਣੀ ਹੈ ਆਹਨਾ ਕੁਮਰਾ। ਹੋਰ ਨਾਮੀ ਰਾਜਨੀਤਕ ਕਿਰਦਾਰਾਂ ਨੂੰ ਵੀ ਇਸ ਵਿਚ ਪੇਸ਼ ਕੀਤਾ ਗਿਆ ਹੈ। ਇਸ ਰਾਹੀਂ ਅਵਤਾਰ ਸਿੰਘ ਸੈਣੀ ਨੂੰ ਲਾਲ ਕ੍ਰਿਸ਼ਨ ਅਡਵਾਨੀ ਤੇ ਵਿਮਲ ਵਰਮਾ ਨੂੰ ਲਾਲੂ ਯਾਦਵ ਦੇ ਕਿਰਦਾਰ ਵਿਚ ਪੇਸ਼ ਕੀਤਾ ਗਿਆ ਹੈ।
ਅਨੁਪਮ ਇਸ ਫ਼ਿਲਮ ਨੂੰ ਆਪਣੇ ਕੈਰੀਅਰ ਲਈ ਮਹੱਤਵਪੂਰਨ ਮੰਨਦੇ ਹਨ। ਉਨ੍ਹਾਂ ਅਨੁਸਾਰ ਪੰਜ ਸੌ ਤੋਂ ਜ਼ਿਆਦਾ ਫ਼ਿਲਮਾਂ ਕਰਨ ਤੋਂ ਬਾਅਦ ਹੁਣ ਜਾ ਕੇ ਉਨ੍ਹਾਂ ਨੂੰ ਇਸ ਤਰ੍ਹਾਂ ਦੀ ਫ਼ਿਲਮ ਮਿਲੀ ਹੈ ਜਿਸ ਵਿਚ 'ਸਾਰਾਂਸ਼' ਦੇ ਪੱਧਰ ਦੀ ਭੂਮਿਕਾ ਹੈ। ਉਂਜ ਇਹ ਵੀ ਸੱਚ ਹੈ ਕਿ ਜਦੋਂ ਇਹ ਭੂਮਿਕਾ ਉਨ੍ਹਾਂ ਨੂੰ ਪੇਸ਼ ਕੀਤੀ ਗਈ ਸੀ ਉਦੋਂ ਉਨ੍ਹਾਂ ਨੇ ਨਕਾਰ ਦਿੱਤੀ ਸੀ। ਉਹ ਕਹਿੰਦੇ ਹਨ, 'ਮੇਰੇ ਮਿੱਤਰ ਅਸ਼ੋਕ ਪੰਡਿਤ ਇਸ ਫ਼ਿਲਮ ਦੇ ਨਿਰਮਾਣ ਨਾਲ ਜੁੜੇ ਹੋਏ ਹਨ ਅਤੇ ਉਨ੍ਹਾਂ ਰਾਹੀਂ ਇਸ ਫ਼ਿਲਮ ਦੀ ਮੈਨੂੰ ਪੇਸ਼ਕਸ਼ ਕੀਤੀ ਗਈ ਸੀ। ਪਤਾ ਨਹੀਂ ਕਿਉਂ ਮੈਨੂੰ ਲੱਗਿਆ ਕਿ ਇਸ ਫ਼ਿਲਮ ਤੋਂ ਦੂਰ ਰਹਿਣਾ ਹੀ ਚੰਗਾ ਹੈ। ਸੋ, ਮੈਂ ਨਾਂਹ ਕਹਿ ਦਿੱਤੀ। ਮੈਨੂੰ ਲੱਗਿਆ ਸੀ ਕਿ ਇਹ ਦਸਤਾਵੇਜ਼ੀ ਫ਼ਿਲਮ ਵਰਗੀ ਫ਼ਿਲਮ ਹੋਵੇਗੀ। ਬਾਅਦ ਵਿਚ ਇਕ ਦਿਨ ਟੀ. ਵੀ. 'ਤੇ ਮੈਂ ਡਾ: ਮਨਮੋਹਨ ਸਿੰਘ ਨੂੰ ਚੱਲਦੇ ਦੇਖਿਆ ਅਤੇ ਅਚਾਨਕ ਮੈਂ ਉਨ੍ਹਾਂ ਦੇ ਕੰਮ ਕਰਨ ਦੇ ਢੰਗ ਦੀ ਨਕਲ ਕਰਨ ਲੱਗਿਆ। ਮੈਨੂੰ ਲੱਗਿਆ ਕਿ ਮੈਂ ਉਨ੍ਹਾਂ ਦੀ ਨਕਲ ਕਰਨ ਵਿਚ ਨਾਕਾਮ ਰਿਹਾ ਹਾਂ ਅਤੇ ਮੈਂ ਆਪਣੀ ਇਸ ਨਾਕਾਮੀ ਨੂੰ ਚੁਣੌਤੀ ਦੇ ਰੂਪ ਵਿਚ ਲੈ ਲਿਆ। ਇਸ ਚੁਣੌਤੀ ਰਾਹੀਂ ਮੈਨੂੰ ਲੱਗਿਆ ਕਿ ਇਹ ਫ਼ਿਲਮ ਕਰਨੀ ਚਾਹੀਦੀ। ਮੈਂ ਹਾਂ ਕਹਿ ਦਿੱਤੀ ਅਤੇ ਜਾਣਦਾ ਸੀ ਕਿ ਫ਼ਿਲਮ ਲਈ ਬਹੁਤ ਮਿਹਨਤ ਕਰਨੀ ਪਵੇਗੀ। ਮੈਂ ਉਨ੍ਹਾਂ ਦੇ ਤੁਰਨ ਦੀ ਤੇ ਉਨ੍ਹਾਂ ਦੀ ਸਰੀਰਕ ਬਣਤਰ ਦੀ ਨਕਲ ਦੀ ਰੀਹਰਸਲ ਕਰਨ ਲੱਗਿਆ ਅਤੇ ਮਹੀਨੇ ਦੀ ਰੀਹਰਸਲ ਤੋਂ ਬਾਅਦ ਖ਼ੁਦ ਨੂੰ ਇਸ ਭੂਮਿਕਾ ਲਈ ਤਿਆਰ ਸਮਝਿਆ। ਜਦੋਂ ਡਬਿੰਗ ਦੀ ਵਾਰੀ ਆਈ ਉਦੋਂ ਵੀ ਮੈਨੂੰ ਉਨ੍ਹਾਂ ਦੀ ਆਵਾਜ਼ ਦੀ ਨਕਲ ਲਈ ਬਹੁਤ ਰੀਹਰਸਲ ਕਰਨੀ ਪਈ ਸੀ।
ਫ਼ਿਲਮ ਦਾ ਪਹਿਲਾ ਸ਼ਡਿਊਲ ਇੰਗਲੈਂਡ ਵਿਚ ਸ਼ੂਟ ਕੀਤਾ ਗਿਆ ਸੀ ਅਤੇ ਉਥੇ ਅਨੁਪਮ ਖੇਰ ਨੂੰ ਡਾ: ਮਨਮੋਹਨ ਸਿੰਘ ਦੇ ਕਿਰਦਾਰ ਵਿਚ ਪੂਰੀ ਤਰ੍ਹਾਂ ਨਾਲ ਢਾਲਣ ਲਈ ਉਨ੍ਹਾਂ ਦੇ ਕਮਰੇ ਦੇ ਬਾਹਰ ਡਾ: ਮਨਮੋਹਨ ਸਿੰਘ ਦੇ ਨਾਂਅ ਦੀ ਪਲੇਟ ਲਗਾਈ ਗਈ ਸੀ ਅਤੇ ਪੂਰਾ ਫ਼ਰਨੀਚਰ ਵੀ ਪ੍ਰਧਾਨ ਮੰਤਰੀ ਦੇ ਸਟੈਂਡਰਡ ਦਾ ਰੱਖਿਆ ਗਿਆ ਸੀ। ਇਹ ਚੀਜ਼ਾਂ ਵੀ ਅਨੁਪਮ ਨੂੰ ਆਪਣੀ ਭੂਮਿਕਾ ਸਹੀ ਢੰਗ ਨਾਲ ਨਿਭਾਉਣ ਵਿਚ ਮਦਦਗਾਰ ਰਹੀਆਂ ਸਨ। ਉਂਝ ਇਹ ਭੂਮਿਕਾ ਅਸਰਦਾਰ ਬਣਾਉਣ ਵਿਚ ਮੇਕਅੱਪ ਤੇ ਕੱਪੜਿਆਂ ਦਾ ਵੀ ਵੱਡਾ ਹੱਥ ਰਿਹਾ ਹੈ।

ਫ਼ਿਲਮੀ ਖ਼ਬਰਾਂ

ਚਾਰ ਭਾਸ਼ਾਵਾਂ ਵਿਚ 'ਕੁਈਨ'

ਕੰਗਨਾ ਰਨੌਤ ਨੂੰ ਮੁੱਖ ਭੂਮਿਕਾ ਵਿਚ ਚਮਕਾਉਂਦੀ 'ਕੁਈਨ' ਨੂੰ ਹੁਣ ਦੱਖਣ ਭਾਰਤ ਵਿਚ ਚਾਰ ਭਾਸ਼ਾਵਾਂ ਵਿਚ ਬਣਾਇਆ ਗਿਆ ਹੈ। ਕੰਨੜ ਭਾਸ਼ਾ ਦਾ ਟਾਈਟਲ 'ਬਟਰਫਲਾਈ' ਰੱਖਿਆ ਗਿਆ ਹੈ ਅਤੇ ਇਸ ਵਿਚ ਪਾਰੂਲ ਯਾਦਵ ਵਲੋਂ ਮੁੱਖ ਭੂਮਿਕਾ ਨਿਭਾਈ ਗਈ ਹੈ ਅਤੇ ਇਸ ਦੇ ਨਿਰਦੇਸ਼ਕ ਹਨ ਰਮੇਸ਼ ਆਨੰਦ। ਤਮਿਲ ਭਾਸ਼ਾ ਵਿਚ ਬਣਾਈ ਗਈ 'ਕੁਈਨ' ਦੀ ਰੀਮੇਕ ਦਾ ਨਾਂਅ 'ਪੈਰਿਸ ਪੈਰਿਸ' ਰੱਖਿਆ ਗਿਆ ਹੈ। ਇਸ ਵਿਚ ਨਾਇਕਾ ਹੈ ਕਾਜਲ ਅਗਰਵਾਲ ਅਤੇ ਨਿਰਦੇਸ਼ਕ ਹਨ ਰਮੇਸ਼ ਅਰਵਿੰਦ। ਤੇਲਗੂ ਭਾਸ਼ਾ ਦਾ ਟਾਈਟਲ 'ਦੈਟ ਇਜ਼ ਮਹਾਲਕਸ਼ਮੀ' ਰੱਖਿਆ ਗਿਆ ਹੈ ਅਤੇ ਤਮੰਨਾ ਇਸ ਦੀ ਨਾਇਕਾ ਹੈ। ਮਲਿਆਲਮ ਵਿਚ ਇਹ 'ਝਮ ਝਮ' ਨਾਂਅ ਨਾਲ ਬਣਾਈ ਗਈ ਹੈ ਅਤੇ ਇਸ ਵਿਚ ਮੰਜਿਮਾ ਮੋਹਨ ਤੇ ਸੰਨੀ ਵੇਨ ਨੇ ਅਭਿਨੈ ਕੀਤਾ ਹੈ ਅਤੇ ਇਸ ਦੇ ਨਿਰਦੇਸ਼ਕ ਹਨ ਨੀਲਕਾਂਤਾ ਰੈਡੀ।


-ਮੁੰਬਈ ਪ੍ਰਤੀਨਿਧ

ਫ਼ਿਲਮੀ ਖ਼ਬਰਾਂ

ਪ੍ਰਦੀਪ ਸਰਕਾਰ ਦੀ ਫ਼ਿਲਮ ਵਿਚ ਪੱਤਰਲੇਖਾ

'ਸਿਟੀ ਲਾਈਟ' ਤੇ 'ਨਾਨੂ ਕੀ ਜਾਨੂ' ਨਾਲ ਪ੍ਰਸਿੱਧ ਹੋਈ ਪੱਤਰਲੇਖਾ ਨੂੰ ਨਿਰਦੇਸ਼ਕ ਪ੍ਰਦੀਪ ਸਰਕਾਰ ਨੇ 'ਅਰੇਂਜ ਮੈਰਿਜ' ਲਈ ਕਰਾਰਬੱਧ ਕਰ ਲਿਆ ਹੈ। ਪੱਤਰਲੇਖਾ ਇਸ ਵਿਚ ਬੰਗਾਲਣ ਸੁਆਣੀ ਦੀ ਭੂਮਿਕਾ ਵਿਚ ਨਜ਼ਰ ਆਵੇਗੀ।


-ਮੁੰਬਈ ਪ੍ਰਤੀਨਿਧ

ਫ਼ਿਲਮੀ ਖ਼ਬਰਾਂ

ਰਾਣੀ ਨੂੰ ਲੈ ਕੇ ਬਣੇਗੀ 'ਮਰਦਾਨੀ-2'

ਯਸ਼ਰਾਜ ਬੈਨਰ ਵਲੋਂ ਬਣਾਈ ਗਈ 'ਮਰਦਾਨੀ' ਵਿਚ ਰਾਣੀ ਮੁਖਰਜੀ ਵਲੋਂ ਕ੍ਰਾਈਮ ਬ੍ਰਾਂਚ ਦੀ ਸੀਨੀਅਰ ਇੰਸਪੈਕਟਰ ਸ਼ਿਵਾਨੀ ਰਾਏ ਦੀ ਭੂਮਿਕਾ ਨਿਭਾਈ ਗਈ ਸੀ। ਹੁਣ ਇਸ ਬੈਨਰ ਨੇ 'ਮਰਦਾਨੀ-2' ਬਣਾਉਣ ਦਾ ਐਲਾਨ ਕੀਤਾ ਹੈ ਅਤੇ ਇਥੇ ਵੀ ਮੁੱਖ ਭੂਮਿਕਾ ਵਿਚ ਰਾਣੀ ਹੋਵੇਗੀ। ਇਹ ਗੋਪੀ ਪੁਧਰਨ ਵਲੋਂ ਨਿਰਦੇਸ਼ਿਤ ਕੀਤੀ ਜਾਵੇਗੀ। ਗੋਪੀ ਨੇ ਹੀ 'ਮਰਦਾਨੀ' ਤੇ 'ਮਰਦਾਨੀ-2' ਦੀ ਕਹਾਣੀ ਲਿਖੀ ਹੈ।


-ਮੁੰਬਈ ਪ੍ਰਤੀਨਿਧ

ਨੰਨ੍ਹੇ ਕਲਾਕਾਰਾਂ ਦੀ ਆਵਾਜ਼ ਨਾਲ ਸਜੀ

ਪਹਿਲੀ ਗੂੰਜ

ਹਰ ਕਲਾਕਾਰ ਦਾ ਸੁਪਨਾ ਹੁੰਦਾ ਹੈ ਕਿ ਉਸ ਦੀ ਕਲਾ ਦਾ ਨਜ਼ਾਰਾ ਦੁਨੀਆ ਦੇ ਲੋਕਾਂ ਤੱਕ ਪਹੁੰਚੇ। ਰਿਆਲਿਟੀ ਸ਼ੋਅ ਵਿਚ ਹਿੱਸਾ ਲੈਣ ਵਾਲੇ ਬਾਲ ਕਲਾਕਾਰਾਂ ਨੇ ਵੀ ਕੁਝ ਇਸ ਤਰ੍ਹਾਂ ਹੀ ਸੁਪਨਾ ਸੰਜੋ ਰੱਖਿਆ ਸੀ। ਹੁਣ ਪੁਣੇ ਦੀ ਸੰਸਥਾ ਪੁਸ਼ਪਗੰਗਾ ਵੈਂਚਰਸ ਦੀ ਬਦੌਲਤ ਉਨ੍ਹਾਂ ਦਾ ਇਹ ਸੁਪਨਾ ਸੱਚ ਹੋਇਆ ਹੈ। ਇਸ ਸੰਸਥਾ ਵਲੋਂ 'ਪਹਿਲੀ ਗੂੰਜ' ਨਾਮੀ ਐਲਬਮ ਰਿਲੀਜ਼ ਕੀਤੀ ਗਈ ਹੈ ਅਤੇ ਪੰਜ ਗੀਤਾਂ ਵਾਲੇ ਐਲਬਮ ਲਈ ਉਨ੍ਹਾਂ ਬੱਚਿਆਂ ਨੇ ਆਵਾਜ਼ ਦਿੱਤੀ ਹੈ ਜੋ ਰਿਆਲਿਟੀ ਸ਼ੋਅ ਵਿਚ ਹਿੱਸਾ ਲੈ ਕੇ ਆਪਣੀ ਕਲਾ ਪੇਸ਼ ਕਰ ਚੁੱਕੇ ਹਨ। ਇਨ੍ਹਾਂ ਵਿਚੋਂ ਇਕ ਹਨ ਪੰਦਰਾਂ ਸਾਲਾ ਅਕਸ਼ਤਾ ਸੰਸ਼ਯਾਲ ਅਤੇ ਉਹ 'ਵਾਇਸ ਆਫ਼ ਇੰਡੀਆ-ਕਿਡਸ' ਸ਼ੋਅ ਦਾ ਹਿੱਸਾ ਸੀ। ਰਾਜਸਥਾਨ ਦੀ ਰਹਿਣ ਵਾਲੀ ਜੱਸੂ ਖਾਨ ਮੀਰ ਦੋ ਰਿਆਲਿਟੀ ਸ਼ੋਅ 'ਵਾਇਸ ਆਫ ਇੰਡੀਆ-ਕਿਡਸ' ਤੇ 'ਸਾਰੇਗਾਮਾਪਾ ਲਿਟਲ ਚੈਂਪਸ' ਵਿਚ ਆਪਣੀ ਗਾਇਕੀ ਪੇਸ਼ ਕਰ ਕੇ ਵਾਹ-ਵਾਹੀ ਬਟੋਰਨ ਵਿਚ ਕਾਮਯਾਬ ਰਹੀ ਹੈ। ਇਨ੍ਹਾਂ ਦੇ ਨਾਲ ਇਸ ਐਲਬਮ ਲਈ ਪ੍ਰਸ਼ਾਂਤ ਸਿੰਘ ਕਲਹੰਸ ਨੇ ਵੀ ਆਵਾਜ਼ ਦਿੱਤੀ ਹੈ ਅਤੇ ਉਹ ਆਪਣੇ ਸ਼ਹਿਰ ਲਖਨਊ ਵਿਚ ਬਤੌਰ ਬਾਲ ਗਾਇਕ ਚੰਗੇ ਲੋਕਪ੍ਰਿਆ ਹਨ।
ਪੁਸ਼ਪਗੰਗਾ ਵੈਂਚਰਸ ਦੇ ਅਮੂਲ ਗੋਇਲ ਅਨੁਸਾਰ ਉਹ ਇਨ੍ਹਾਂ ਬੱਚਿਆਂ ਦੇ ਨਾਲ ਦੇਸ਼ ਦੇ ਕਈ ਸ਼ਹਿਰਾਂ ਵਿਚ ਸ਼ੋਅ ਪੇਸ਼ ਕਰਨਗੇ, ਨਾਲ ਹੀ ਇਸ ਦੇ ਦੋ ਗੀਤ 'ਕੁਛ ਭੀ ਨਹੀਂ...' ਤੇ 'ਯਾਰਾ ਤੇਰੀ ਯਾਰੀ...' 'ਤੇ ਵੀਡੀਓ ਵੀ ਬਣਾਏ ਗਏ ਹਨ ਅਤੇ ਇਸ ਵੀਡੀਓ ਦੀ ਬਦੌਲਤ ਵੀ ਇਨ੍ਹਾਂ ਦੀ ਗਾਇਕੀ ਨੂੰ ਘਰ-ਘਰ ਪਹੁੰਚਾਇਆ ਜਾਵੇਗਾ। ਉਹ ਇਕ ਐਪ 'ਸਵੈਗਲਾਈਵ' ਵੀ ਸ਼ੁਰੂ ਕਰਨ ਜਾ ਰਹੇ ਹਨ ਜਿਸ ਰਾਹੀਂ ਨਵੀਆਂ ਪ੍ਰਤਿਭਾਵਾਂ ਨੂੰ ਲੋਕਾਂ ਤੱਕ ਪਹੁੰਚਾਉਣ ਦਾ ਮੰਚ ਪ੍ਰਦਾਨ ਕੀਤਾ ਜਾਵੇਗਾ।


-ਮੁੰਬਈ ਪ੍ਰਤੀਨਿਧ

'ਏਕ ਲੜਕੀ ਕੋ...' ਵਿਚ ਆਪਣੇ ਕੰਮ ਤੋਂ ਖ਼ੁਸ਼ ਹਾਂ-ਬਰਜੇਂਦਰ ਕਾਲਾ

ਹਾਲ ਹੀ ਵਿਚ ਫ਼ਿਲਮ 'ਜ਼ੀਰੋ' ਵਿਚ ਮੈਚ ਮੇਕਰ ਦੀ ਭੂਮਿਕਾ ਵਿਚ ਦਿਸੇ ਬਰਜੇਂਦਰ ਕਾਲਾ ਹੁਣ ਛੇਤੀ ਹੀ 'ਏਕ ਲੜਕੀ ਕੋ ਦੇਖਾ ਤੋ ਐਸਾ ਲਗਾ' ਵਿਚ ਦਿਖਾਈ ਦੇਣਗੇ। ਫ਼ਿਲਮ '1942-ਏ ਲਵ ਸਟੋਰੀ' ਦੇ ਇਕ ਗੀਤ ਦੇ ਮੁਖੜੇ 'ਤੇ ਰੱਖੇ ਗਏ ਨਾਂਅ ਵਾਲੀ ਇਸ ਫ਼ਿਲਮ ਵਿਚ ਪਹਿਲੀ ਵਾਰ ਪਿਤਾ ਅਨਿਲ ਕਪੂਰ ਤੇ ਬੇਟੀ ਸੋਨਮ ਕਪੂਰ ਪਰਦੇ 'ਤੇ ਇਕੱਠੇ ਆ ਰਹੇ ਹਨ। ਇਥੇ ਸੋਨਮ ਦੇ ਨਾਇਕ ਹਨ ਰਾਜ ਕੁਮਾਰ ਰਾਓ।
ਇਨ੍ਹਾਂ ਕਲਾਕਾਰਾਂ ਨੂੰ ਚਮਕਾਉਂਦੀ ਇਸ ਫ਼ਿਲਮ ਵਿਚ ਬਰਜੇਂਦਰ ਕਾਲਾ ਵੀ ਅਹਿਮ ਭੂਮਿਕਾ ਨਿਭਾਅ ਰਹੇ ਹਨ। ਆਪਣੀ ਭੂਮਿਕਾ ਬਾਰੇ ਉਹ ਕਹਿੰਦੇ ਹਨ, 'ਇਸ ਫ਼ਿਲਮ ਦੀ ਕਹਾਣੀ ਜਦੋਂ ਸ਼ੁਰੂ ਹੋਵੇਗੀ ਤਾਂ ਇਹ ਲੱਗੇਗਾ ਕਿ ਇਹ ਪ੍ਰੇਮ ਕਹਾਣੀ 'ਤੇ ਬਣੀ ਆਮ ਫ਼ਿਲਮ ਹੈ। ਪਰ ਜਦੋਂ ਕਹਾਣੀ ਅੱਗੇ ਵਧੇਗੀ ਤਾਂ ਨਵੀਆਂ-ਨਵੀਆਂ ਪਰਤਾਂ ਖੁੱਲ੍ਹਦੀਆਂ ਜਾਣਗੀਆਂ ਅਤੇ ਦਰਸ਼ਕ ਫ਼ਿਲਮ ਦੇ ਨਾਲ ਬੱਝ ਜਾਣਗੇ। ਇਥੇ ਜਾਤ-ਪਾਤ ਦੇ ਨਾਲ ਧਰਮ ਨੂੰ ਵੀ ਕਹਾਣੀ ਦੇ ਕੇਂਦਰ ਵਿਚ ਰੱਖਿਆ ਗਿਆ ਹੈ। ਸਾਡੇ ਸਮਾਜ ਦੀ ਮਾਨਸਿਕਤਾ ਦਾ ਇਥੇ ਸਹੀ ਚਿੱਤਰਣ ਕੀਤਾ ਗਿਆ ਹੈ ਅਤੇ ਇਸ ਤਰ੍ਹਾਂ ਦੇ ਵਿਸ਼ੇ ਵਾਲੀ ਇਸ ਫ਼ਿਲਮ ਵਿਚ ਮੈਂ ਦਫ਼ਤਰ ਵਾਲੇ ਮੁੰਡੇ ਦਾ ਕਿਰਦਾਰ ਨਿਭਾ ਰਿਹਾ ਹਾਂ। ਇਥੇ ਮੇਰੇ ਕਿਰਦਾਰ ਦਾ ਨਾਂਅ ਚੌਬੇ ਹੈ ਅਤੇ ਇਹ ਅਨਿਲ ਕਪੂਰ ਦੇ ਦਫ਼ਤਰ ਵਿਚ ਨੌਕਰੀ ਕਰਦਾ ਹੁੰਦਾ ਹੈ। ਪਿਤਾ ਬਣੇ ਅਨਿਲ ਆਪਣੀ ਬੇਟੀ ਲਈ ਯੋਗ ਜੀਵਨ ਸਾਥੀ ਦੀ ਭਾਲ ਵਿਚ ਹਨ ਅਤੇ ਉਦੋਂ ਉਹ ਰਾਜ ਕੁਮਾਰ ਰਾਓ ਦੀ ਪਛਾਣ ਵਿਚ ਆਉਂਦੇ ਹਨ। ਉਨ੍ਹਾਂ ਨੂੰ ਮੁੰਡਾ ਪਸੰਦ ਆਉਂਦਾ ਹੈ ਪਰ ਬਾਅਦ ਵਿਚ ਨਵੀਆਂ ਗੱਲਾਂ ਸਾਹਮਣੇ ਆਉਂਦੀਆਂ ਹਨ ਅਤੇ ਕਹਾਣੀ ਰੌਚਕ ਮੋੜ ਲੈ ਲੈਂਦੀ ਹੈ। ਇਥੇ ਚੌਬੇ ਬਣ ਕੇ ਮੇਰੇ ਹਿੱਸੇ ਕਾਮੇਡੀ ਕਰਨਾ ਆਇਆ ਹੈ ਪਰ ਮੈਂ ਇਥੇ ਸਿਰਫ਼ ਕਾਮੇਡੀਅਨ ਨਹੀਂ ਹਾਂ। ਚੌਬੇ ਬਹੁਤ ਚਲਾਕ ਵੀ ਹੈ ਅਤੇ ਲਾਲਚੀ ਵੀ। ਉਹ ਹਰ ਵੇਲੇ ਆਪਣੇ ਫ਼ਾਇਦੇ ਦੀ ਭਾਲ ਵਿਚ ਰਹਿੰਦਾ ਹੈ ਅਤੇ ਇਸ ਵਜ੍ਹਾ ਕਰਕੇ ਇਹ ਕਿਰਦਾਰ ਕਹਾਣੀ ਦਾ ਅਹਿਮ ਹਿੱਸਾ ਬਣ ਗਿਆ ਹੈ। ਬਰਜੇਂਦਰ ਇਸ ਲਈ ਇਸ ਫ਼ਿਲਮ ਵਿਚ ਕੰਮ ਕਰ ਕੇ ਖ਼ੁਸ਼ ਹੈ ਕਿ ਇਥੇ ਉਨ੍ਹਾਂ ਨੂੰ ਅਨਿਲ ਤੇ ਸੋਨਮ ਦੇ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਹੈ ਅਤੇ ਜੂਹੀ ਚਾਵਲਾ ਦੇ ਨਾਲ ਵੀ। ਰਾਜ ਕੁਮਾਰ ਰਾਓ ਦੇ ਨਾਲ ਉਹ ਪਹਿਲਾਂ ਕੰਮ ਕਰ ਚੁੱਕੇ ਹਨ। ਸੋ, ਪੁਰਾਣੀ ਕੈਮਿਸਟਰੀ ਦਾ ਫ਼ਾਇਦਾ ਵੀ ਇਥੇ ਬਹੁਤ ਮਿਲਿਆ।


-ਮੁੰਬਈ ਪ੍ਰਤੀਨਿਧ

'ਬੋਲ ਮੁੱਖੋਂ ਸੱਤ ਕਰਤਾਰ ਸੰਗਤੇ' ਦਾ ਰਚੇਤਾ-ਭੁੱਲਰ ਲਖਮੀਰਵਾਲਾ

ਭਲੇ ਵੇਲਿਆਂ ਦੀ ਗੀਤਕਾਰੀ ਵਿਚ ਭੁੱਲਰ ਲਖਮੀਰਵਾਲਾ ਦਾ ਨਾਂਅ ਕਿਸੇ ਜਾਣ ਪਹਿਚਾਣ ਦਾ ਮੁਥਾਜ ਨਹੀਂ। ਚਾਰ ਦੁਹਾਕੇ ਪਹਿਲਾਂ ਉਸ ਦੇ ਲਿਖੇ ਗੀਤ ਪੰਜਾਬ ਦੀ ਫ਼ਿਜ਼ਾ ਵਿਚ ਗੂੰਜਦੇ ਸਨ। ਉਸ ਦੇ ਲਿਖੇ ਗੀਤਾਂ ਨੂੰ ਪੰਜਾਬੀ ਦੇ ਕਈ ਨਾਮੀ ਕਲਾਕਾਰਾਂ ਨੇ ਰਿਕਾਰਡ ਕਰਵਇਆ ਹੈ। ਸ਼ੁਰੂ-ਸ਼ੁਰੂ ਵਿਚ ਉਸ ਨੇ ਕਈ ਰੁਮਾਂਟਿਕ ਕਿਸਮ ਦੇ ਗੀਤ ਵੀ ਲਿਖੇ ਪਰ ਬਾਅਦ ਵਿਚ ਧਾਰਮਿਕ ਗੀਤਾਂ ਨੇ ਉਸ ਨੂੰ ਇਕ ਵੱਖਰੀ ਪਹਿਚਾਣ ਦੇ ਦਿੱਤੀ। ਹਰਚੰਦ ਸਿੰਘ ਭੁੱਲਰ ਤੇ ਗੀਤਕਾਰੀ ਵਿਚ 'ਭੁੱਲਰ ਲਖਮੀਰਵਾਲਾ' ਸੁਨਾਮ ਨੇੜਲੇ ਪਿੰਡ ਲਖਮੀਰਵਾਲਾ ਦਾ ਜੰਮਪਲ ਹੈ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੁਨਾਮ ਤੋਂ ਬਾਅਦ ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ ਸੁਨਾਮ ਵਿਚ ਪੜ੍ਹਦਿਆਂ ਉਸ ਨੂੰ ਮਾਰਕੀਟ ਕਮੇਟੀ ਸੁਨਾਮ ਵਿਚ ਬਤੌਰ ਮੰਡੀ ਸੁਪਰਵਾਈਜ਼ਰ ਨੌਕਰੀ ਮਿਲ ਗਈ। ਜਿਸ ਨਾਲ ਉਸਦਾ ਗੀਤਕਾਰੀ ਦਾ ਸਫਰ ਹੋਰ ਸੁਖਾਲਾ ਹੋ ਗਿਆ। ਸ਼ੁਰੂ-ਸ਼ੁਰੂ ਵਿਚ ਭੁੱਲਰ ਨੂੰ ਉੱਘੇ ਗੀਤਕਾਰ ਗੁਰਦੇਵ ਸਿੰਘ ਮਾਨ, ਹਰਦੇਵ ਦਿਲਗੀਰ' ਦੇਵ ਥਰੀਕਿਆਂ ਵਾਲਾ', ਨਾਮਵਰ ਨਾਵਲਕਾਰ ਜਸਵੰਤ ਸਿੰਘ ਕੰਵਲ ਤੇ ਰਾਮ ਸਰੂਪ ਅਣਖੀ ਦੀ ਕਲਮ ਨੇ ਬੇਹੱਦ ਪ੍ਰਭਾਵਿਤ ਕੀਤਾ । ਉਂਝ ਉਹ ਪੁਰਾਣੇ ਕਿੱਸੇ ਪੜ੍ਹ ਪੜ੍ਹ ਅਤੇ ਆਪਣੇ ਘਰ ਰੱਖੀ ਤਵਿਆਂ ਵਾਲੀ ਮਸ਼ੀਨ ਤੇ ਵੀ ਗੀਤ ਸੁਣ-ਸੁਣ ਆਪਣੇ ਸ਼ੌਂਕ ਨੂੰ ਪਾਲਦਾ ਰਿਹਾ। ਭੁੱਲਰ ਦਾ ਪਹਿਲਾ ਗੀਤ ਸੰਨ 1974-75 ਨੂੰ ਦੁਨੀਆ ਦੀ ਮੰਨੀ-ਪ੍ਰਮੰਨੀ ਐਚ.ਐਮ.ਵੀ. ਰਿਕਾਰਡਿੰਗ ਕੰਪਨੀ ਵਿਚ 'ਤੀਆਂ ਵਾਂਗੂ ਲੰਘਦੇ ਨੇ ਪੇਕਿਆਂ ਦੇ ਪਿੰਡ ਦਿਨ' ਕਰਮਜੀਤ ਧੂਰੀ ਤੇ ਕੁਮਾਰੀ ਲਾਜ ਦੀ ਆਵਾਜ਼ ਵਿਚ ਰਿਕਾਰਡ ਹੋਇਆ। ਉਸ ਦੇ ਹੋਰ ਗੀਤਾਂ ਵਿਚ 'ਸੁੱਖਾਂ ਸੁੱਖਦੀ ਨੂੰ ਆਇਆ ਤੇਰੇ ਦਿਉਰ ਦਾ ਵਿਆਹ' (ਕਰਮਜੀਤ ਧੂਰੀ-ਕੁਮਾਰੀ ਲਾਜ), 'ਚੰਦ ਕੁਰ ਚੰਦ ਨੂੰ ਪੁੱਛੇ, ਕੀ ਹਾਲ ਗੱਭਰੂਆ ਤੇਰੇ' (ਕਰਮਜੀਤ ਧੂਰੀ-ਮੋਹਣੀ ਨਰੂਲਾ), 'ਮੈਂ ਪਾਪੀ ਤੂੰ ਬਖਸ਼ਣਹਾਰਾ', 'ਬੋਲ ਮੁੱਖੋਂ ਸੱਤ ਕਰਤਾਰ ਸੰਗਤੇ' ਧਾਰਮਿਕ ਗੀਤ (ਕਰਮਜੀਤ ਧੂਰੀ), ਬਾਬਾ ਬੰਦਾ ਸੰਘ ਬਹਾਦਰ ਅਤੇ ਸ਼ਹੀਦ ਊਧਮ ਸਿੰਘ ਦੀ ਵਾਰ ਧੰਨਾ ਸਿੰਘ ਰੰਗੀਲਾ ਦੀ ਆਵਾਜ਼ ਵਿਚ ਇਨਰੀਕੋ ਕੰਪਨੀ ਵਿਚ ਰਿਕਾਰਡ ਹੋਏ ।
ਗੀਤਕਾਰੀ ਤੋਂ ਇਲਾਵਾ ਭੁੱਲਰ ਦੀਆਂ ਕਈ ਵੱਡ ਆਕਾਰ ਕਹਾਣੀਆਂ ਅਖਬਾਰਾਂ ਤੇ ਮੈਗਜ਼ੀਨਾਂ ਵਿਚ ਛਪੀਆਂ ਹਨ। 'ਡੇਰੇ ਵਾਲਾ ਸਾਧ' ਨੇ ਸਾਹਿਤਕ ਹਲਕਿਆਂ ਵਿਚ ਚੰਗੀ ਸਾਖ ਬਣਾਈ ਸੀ। ਉਸਦੀ ਕਲਮ ਲਗਪਗ 400 ਗੀਤਾਂ ਦੀ ਸਿਰਜਣਾ ਕਰ ਚੁੱਕੀ ਹੈ । ਉਹ ਹੁਣ ਗੀਤਕਾਰੀ ਵਿਚ ਘੱਟ ਤੇ ਪੱਤਰਕਾਰੀ ਦੇ ਖੇਤਰ ਵਿਚ ਜ਼ਿਆਦਾ ਸਰਗਰਮ ਹੈ।


-ਮੇਜਰ ਸਿੰਘ ਜਖੇਪਲ (ਸੰਗਰੂਰ)

ਇਸ ਸਾਲ ਚਮਕਣਗੇ ਕਈ ਨਵੇਂ ਚਿਹਰੇ

ਇਸ ਸਾਲ ਫ਼ਿਲਮਾਂ ਦੀਆਂ ਕਹਾਣੀਆਂ ਅਤੇ ਪੇਸ਼ਕਾਰੀਆਂ ਵਿਚ ਕੀ ਨਵਾਂ ਹੋਵੇਗਾ, ਇਸ ਦਾ ਪਤਾ ਉਦੋਂ ਲੱਗੇਗਾ ਜਦੋਂ ਨਿਰਮਾਣ ਅਧੀਨ ਫ਼ਿਲਮਾਂ ਦਰਸ਼ਕਾਂ ਸਾਹਮਣੇ ਆਉਣਗੀਆਂ। ਪਰ ਇਕ ਗੱਲ ਤਾਂ ਪੱਕੀ ਹੈ ਕਿ ਇਸ ਸਾਲ ਕਈ ਨਵੇਂ ਚਿਹਰੇ ਵੱਡੇ ਪਰਦੇ 'ਤੇ ਪੇਸ਼ ਹੋਣਗੇ ਅਤੇ ਇਨ੍ਹਾਂ ਵਿਚੋਂ ਕਈ ਫ਼ਿਲਮੀ ਪਰਿਵਾਰ ਵਿਚੋਂ ਵੀ ਹਨ।
ਇਸ ਸਾਲ ਰਿਲੀਜ਼ ਹੋਵੇਗੀ 'ਪਲ ਪਲ ਦਿਲ ਕੇ ਪਾਸ'। ਇਹ ਸੰਨੀ ਦਿਓਲ ਵਲੋਂ ਨਿਰੇਦਸ਼ਿਤ ਕੀਤੀ ਜਾ ਰਹੀ ਹੈ ਅਤੇ ਉਹ ਇਸ ਵਿਚ ਆਪਣੇ ਬੇਟੇ ਕਰਨ ਦਿਓਲ ਨੂੰ ਪੇਸ਼ ਕਰ ਰਹੇ ਹਨ। ਦਿਓਲ ਪਰਿਵਾਰ ਦੀ ਤੀਜੀ ਪੀੜ੍ਹੀ ਦੇ ਇਸ ਹੀਰੋ ਦੇ ਨਾਲ ਸ਼ਿਮਲਾ ਵਾਸੀ ਸਹੇਰ ਬਾਂਬਾ ਨੂੰ ਵੀ ਇਸ ਵਿਚ ਬਤੌਰ ਹੀਰੋਇਨ ਪੇਸ਼ ਕੀਤਾ ਜਾ ਰਿਹਾ ਹੈ। ਚੰਕੀ ਪਾਂਡੇ ਦੀ ਬੇਟੀ ਅਨੰਨਿਆ ਨੂੰ 'ਸਟੂਡੈਂਟ ਆਫ਼ ਦ ਯੀਅਰ-2' ਰਾਹੀਂ ਵੱਡੇ ਪਰਦੇ 'ਤੇ ਲਿਆਂਦਾ ਜਾ ਰਿਹਾ ਹੈ ਤੇ ਸੁਨੀਲ ਸ਼ੈਟੀ ਦੇ ਬੇਟੇ ਅਹਾਨ ਸ਼ੈਟੀ ਨੂੰ ਸਾਜਿਦ ਨਡਿਆਡਵਾਲਾ ਫ਼ਿਲਮਾਂ ਵਿਚ ਲਿਆ ਰਹੇ ਹਨ ਅਤੇ ਇਸ ਫ਼ਿਲਮ ਨੂੰ ਮਿਲਨ ਲੁਥਰੀਆ ਨਿਰੇਦਸ਼ਿਤ ਕਰਨਗੇ। ਕੈਟਰੀਨਾ ਕੈਫ਼ ਦੀ ਭੈਣ ਇਸਾਬੈਲ 'ਟਾਈਮ ਟੂ ਡਾਂਸ' ਰਾਹੀਂ ਫ਼ਿਲਮਾਂ ਵਿਚ ਆ ਰਹੀ ਹੈ ਤੇ ਮਰਹੂਮ ਅਭਿਨੇਤਰੀ ਨੂਤਨ ਦੀ ਪੋਤੀ ਅਤੇ ਮੋਹਨੀਸ਼ ਬਹਿਲ ਦੀ ਬੇਟੀ ਪ੍ਰਨੂਤਨ ਬਹਿਲ 'ਨੋਟਬੁਕ' ਰਾਹੀਂ ਫ਼ਿਲਮਾਂ ਵਿਚ ਆਪਣਾ ਨਾਂਅ ਰੌਸ਼ਨ ਕਰਨ ਆ ਰਹੀ ਹੈ। ਜਾਵੇਦ ਜਾਫ਼ਰੀ ਦੇ ਬੇਟੇ ਮੀਝਾਨ ਨੂੰ ਸੰਜੇ ਲੀਲਾ ਭੰਸਾਲੀ ਵਲੋਂ ਬਣਾਈ ਜਾਣ ਵਾਲੀ ਫ਼ਿਲਮ ਰਾਹੀਂ ਪੇਸ਼ ਕੀਤਾ ਜਾ ਰਿਹਾ ਹੈ। ਇਹ ਫ਼ਿਲਮ ਮੰਗੇਸ਼ ਹਦਾਵਲੇ ਨਿਰੇਦਸ਼ਿਤ ਕਰਨਗੇ ਅਤੇ ਸੰਜੇ ਲੀਲਾ ਦੀ ਭਾਣਜੀ ਭਾਵ ਫ਼ਿਲਮ ਐਡੀਟਰ ਬੇਲਾ ਸਹਿਗਲ ਦੀ ਬੇਟੀ ਸ਼ਰਮਿਨ ਵੀ ਇਸ ਰਾਹੀਂ ਬਤੌਰ ਹੀਰੋਇਨ ਅਭਿਨੈ ਦੀ ਦੁਨੀਆ ਵਿਚ ਕਦਮ ਰੱਖੇਗੀ। ਡੈਨੀ ਦੇ ਬੇਟੇ ਰਿਨਝਿੰਗ ਨੂੰ 'ਸਕਰਵਾਡ' ਰਾਹੀਂ ਤੇ ਸਵਰਗੀ ਅਭਿਨੇਤਰੀ ਸਿੰਪਲ ਕਾਪਡੀਆ ਦੇ ਬੇਟੇ ਕਰਨ ਕਾਪਡੀਆ ਨੂੰ ਨਿਰਦੇਸ਼ਕ ਬੇਜਾਦ ਸਵੰਭਾਤਾ ਵੱਡੇ ਪਰਦੇ 'ਤੇ ਲਿਆ ਰਹੇ ਹਨ। ਅਮਰੀਸ਼ ਪੁਰੀ ਦੇ ਪੋਤੇ ਵਰਧਨ ਨੇ ਵੀ ਬਲੀਵੁੱਡ ਵਿਚ ਆਪਣਾ ਆਗਮਨ ਕਰ ਲਿਆ ਹੈ। ਉਨ੍ਹਾਂ ਨੂੰ ਬਤੌਰ ਹੀਰੋ ਲੈ ਕੇ 'ਪਾਗਲ' ਬਣਾਈ ਜਾ ਰਹੀ ਹੈ ਅਤੇ ਨਵਾਂ ਚਿਹਰਾ ਸ਼ਿਵਾਲਿਕਾ ਓਬਰਾਏ ਨੂੰ ਉਨ੍ਹਾਂ ਦੀ ਹੀਰੋਇਨ ਦੇ ਤੌਰ 'ਤੇ ਪੇਸ਼ ਕੀਤਾ ਜਾ ਰਿਹਾ ਹੈ। ਪੂਜਾ ਬੇਦੀ ਦੀ ਬੇਟੀ ਅਲੈਫ਼ਾ ਨੂੰ 'ਜਵਾਨੀ ਜਾਨੇਮਨ' ਫ਼ਿਲਮ ਵਿਚ ਲਿਆ ਗਿਆ ਹੈ।
ਇਨ੍ਹਾਂ ਦੇ ਨਾਲ-ਨਾਲ ਅਭਿਨੇਤਰੀ ਭਾਗਿਆਸ੍ਰੀ ਦੇ ਬੇਟੇ ਅਭਿਮਨਿਊ ਦਾਸਾਨੀ ਨੂੰ 'ਮਰਦ ਕੋ ਦਰਦ ਨਹੀਂ ਹੋਤਾ' ਰਾਹੀਂ ਤੇ ਪੂਨਮ ਢਿੱਲੋਂ ਦੇ ਬੇਟੇ ਅਨਮੋਲ ਨੂੰ 'ਟਿਊਜ਼ਡੇਜ਼ ਐਂਡ ਫ੍ਰਾਈਡੇਜ਼' ਰਾਹੀਂ ਬਾਲੀਵੁੱਡ ਵਿਚ ਲਿਆਂਦਾ ਜਾ ਰਿਹਾ ਹੈ।
ਨਾਲ ਹੀ ਅੰਕਿਤਾ ਲੋਖੰਡੇ, ਤਾਰਾ ਸੁਨਰੀਆ, ਸ਼ਰਧਾ ਸ੍ਰੀਨਾਥ, ਪ੍ਰੀਤ ਹਰੇਨ ਕਮਾਨੀ, ਸਿਮਰਨ ਸ਼ਰਮਾ, ਅਮਿਲੀ ਸ਼ਾਹ, ਸ਼ਕਤੀ ਮੋਹਨ, ਵਰਤਿਕਾ ਝਾਅ, ਏਸ਼ਾਨ ਨਕਵੀ, ਵੇਦਿਕਾ ਕੁਮਾਰ, ਸ਼੍ਰੇਯਾ ਧਨਵੰਤਰੀ, ਮੇਘਾ ਆਕਾਸ਼, ਜਟਾਲੇਖਾ ਮਲਹੋਤਰਾ ਆਦਿ ਵੀ ਵੱਖ-ਵੱਖ ਫ਼ਿਲਮਾਂ ਰਾਹੀਂ ਸਾਲ 2019 ਵਿਚ ਬਾਲੀਵੁੱਡ ਵਿਚ ਆਪਣਾ ਆਗਮਨ ਕਰ ਰਹੇ ਹਨ।
ਇਸ ਤਰ੍ਹਾਂ 2019 ਨੂੰ ਨਵੀਆਂ ਪ੍ਰਤਿਭਾਵਾਂ ਦਾ ਸਾਲ ਕਿਹਾ ਜਾਵੇ ਤਾਂ ਇਸ ਵਿਚ ਕੋਈ ਨਵੀਂ ਗੱਲ ਨਹੀਂ ਹੋਵੇਗੀ।


-ਪੰਨੂੰ


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX