ਤਾਜਾ ਖ਼ਬਰਾਂ


ਦਿਸ਼ਾਂਤ ਨੇ ਜੇ.ਈ.ਈ.ਮੇਨਜ਼ ਪ੍ਰੀਖਿਆ ਵਿਚ ਹਾਸਲ ਕੀਤੇ 99.99 ਫ਼ੀਸਦੀ ਅੰਕ
. . .  14 minutes ago
ਪਸ਼ੂ ਪਾਲਣ ਵਿਭਾਗ ਸ਼ੁਰੂ ਕਰੇਗਾ ਮੋਬਾਈਲ ਡਿਸਪੈਂਸਰੀ -ਬਲਵੀਰ ਸਿੰਘ ਸਿੱਧੂ
. . .  28 minutes ago
ਗੜ੍ਹਸ਼ੰਕਰ, 19 ਜਨਵਰੀ (ਧਾਲੀਵਾਲ)- ਪਸ਼ੂ ਪਾਲਣ ਵਿਭਾਗ ਵਲੋਂ ਪਿੰਡ-ਪਿੰਡ ਜਾ ਕੇ ਪਸ਼ੂਆਂ ਦੇ ਇਲਾਜ ਲਈ ਮੋਬਾਈਲ ਡਿਸਪੈਂਸਰੀ ਦਾ ਪ੍ਰਾਜੈਕਟ ਜਲਦ ਹੀ ਸ਼ੁਰੂ ਕੀਤਾ ਜਾ ਰਿਹਾ ਹੈ। ਡਾਕਟਰ ਤੇ ਹੋਰ ਸਟਾਫ਼ ਤੇ ਸਹੂਲਤਾਂ ਨਾਲ ਲੈਸ ਮੋਬਾਈਲ ਡਿਸਪੈਂਸਰੀ ਵੱਲੋਂ ਪਿੰਡ-ਪਿੰਡ...
ਮੋਟਰਸਾਈਕਲਾਂ ਦੀ ਟੱਕਰ ਵਿਚ ਦੋ ਵਿਅਕਤੀਆਂ ਦੀ ਮੌਤ, ਇਕ ਗੰਭੀਰ ਜ਼ਖ਼ਮੀ
. . .  53 minutes ago
ਬਰਨਾਲਾ, 19 ਜਨਵਰੀ (ਧਰਮਪਾਲ ਸਿੰਘ)-ਪਿੰਡ ਠੀਕਰੀਵਾਲ ਤੋਂ ਚੁਹਾਣਕੇ ਖ਼ੁਰਦ ਨੂੰ ਜਾਂਦੀ ਸੜਕ 'ਤੇ ਹੋਈ ਮੋਟਰਸਾਈਕਲਾਂ ਦੀ ਆਹਮੋ ਸਾਹਮਣੇ ਟੱਕਰ ਵਿਚ ਮੋਟਰਸਾਈਕਲ 'ਤੇ ਸਵਾਰ ਦੋਵੇਂ ਚਾਲਕਾਂ ਦੀ ਮੌਤ ਹੋ ਗਈ। ਜਦਕਿ ਇਕ ਨੌਜਵਾਨ ਗੰਭੀਰ ਜ਼ਖ਼ਮੀ...
ਸੰਗਰੂਰ ਅਦਾਲਤ 'ਚ ਹੋਵੇਗੀ ਬੇਅਦਬੀ ਮਾਮਲੇ ਦੀ ਸੁਣਵਾਈ
. . .  57 minutes ago
ਸੰਗਰੂਰ, 19 ਜਨਵਰੀ (ਧੀਰਜ ਪਸ਼ੋਰੀਆ)- ਢਾਈ-ਕੁ ਸਾਲ ਪਹਿਲਾਂ ਮਲੇਰਕੋਟਲਾ ਵਿਖੇ ਧਾਰਮਿਕ ਗ੍ਰੰਥ ਕੁਰਾਨ-ਏ-ਸ਼ਰੀਫ ਦੀ ਬੇਅਦਬੀ ਦੀਆਂ ਵਾਪਰੀਆਂ ਘਟਨਾਵਾਂ ਦੇ ਸੰਬੰਧ 'ਚ ਮਲੇਰਕੋਟਲਾ ਥਾਣਾ ਵਿਖੇ ਦਰਜ ਮਾਮਲੇ ਦੀ ਸੁਣਵਾਈ ਹੁਣ ਸੰਗਰੂਰ ਅਦਾਲਤ ਵਿਖੇ ਹੋਵੇਗੀ। ਮਾਮਲੇ...
ਪ੍ਰਧਾਨ ਮੰਤਰੀ ਮੋਦੀ ਨੂੰ ਹਟਾਉਣਾ ਹੈ ਕੋਲਕਾਤਾ 'ਚ ਹੋਈ ਮਹਾਂ ਰੈਲੀ ਦਾ ਏਜੰਡਾ- ਰਵਿ ਸ਼ੰਕਰ ਪ੍ਰਸਾਦ
. . .  about 1 hour ago
ਕੋਲਕਾਤਾ, 19 ਜਨਵਰੀ- ਕੋਲਕਾਤਾ 'ਚ ਵਿਰੋਧੀ ਰੈਲੀ 'ਤੇ ਬੋਲਦਿਆਂ ਕੇਂਦਰੀ ਮੰਤਰੀ ਰਵਿ ਸ਼ੰਕਰ ਪ੍ਰਸਾਦ ਨੇ ਕਿਹਾ ਕਿ ਜਿਹੜੇ ਅੱਖਾਂ 'ਚ ਅੱਖਾਂ ਪਾ ਕੇ ਨਹੀਂ ਦੇਖ ਸਕਦੇ ਅਤੇ ਉਹ ਅੱਜ ਇਕ ਮੰਚ 'ਤੇ ਇਕੱਠੇ ਹੋਏ ਹਨ। ਉਨ੍ਹਾਂ ਕਿਹਾ ਕਿ ਰੈਲੀ 'ਚ ਵੱਖ-ਵੱਖ ਪਾਰਟੀਆਂ ਦੇ ....
ਅਕਾਲੀ ਭਾਜਪਾ ਅਤੇ ਕਾਂਗਰਸ ਦੀਆਂ ਸਰਕਾਰਾਂ ਨੇ ਕਿਸਾਨਾਂ ਨੂੰ ਕੀਤਾ ਕੰਗਾਲ- ਸਿਮਰਨਜੀਤ ਬੈਂਸ
. . .  about 1 hour ago
ਖੇਮਕਰਨ, 19 ਜਨਵਰੀ (ਸੰਦੀਪ ਮਹਿਤਾ) - ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਅਤੇ ਵਿਧਾਇਕ ਸਿਮਰਨਜੀਤ ਸਿੰਘ ਬੈਂਸ ਕਿਸਾਨਾਂ ਦਾ ਦਰਦ ਜਾਣਨ ਲਈ ਸਰਹੱਦੀ ਕਸਬਾ ਖੇਮਕਰਨ ਵਿਖੇ ਪਹੁੰਚੇ। ਇਸ ਮੌਕੇ ਸਿਮਰਨਜੀਤ ਸਿੰਘ ਬੈਂਸ ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ......
ਰੋਪੜ ਪੁਲਿਸ ਨੇ ਪੰਜਾਬ 'ਚ ਫ਼ੌਜ ਦੀ ਭਰਤੀ ਘੋਟਾਲੇ ਦਾ ਖ਼ੁਲਾਸਾ ਕਰਦਿਆਂ 5 ਵਿਅਕਤੀਆਂ ਨੂੰ ਕੀਤਾ ਕਾਬੂ
. . .  about 1 hour ago
ਚੰਡੀਗੜ੍ਹ, 19 ਜਨਵਰੀ- ਰੋਪੜ ਪੁਲਿਸ ਨੇ ਪੰਜਾਬ 'ਚ ਫ਼ੌਜ ਭਰਤੀ ਘੋਟਾਲੇ ਦਾ ਖ਼ੁਲਾਸਾ ਕਰਦਿਆਂ ਹੋਇਆਂ ਪੰਜ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਰਕਾਰ ਬੁਲਾਰੇ ਨੇ ਦਸਿਆ ਕਿ ਇਨ੍ਹਾਂ ਪਾਸੋਂ ਪੁਲਿਸ ਨੇ 29 ਆਧਾਰ ਕਾਰਡ ਅਤੇ ....
ਨੈਸ਼ਨਲ ਮਿਊਜ਼ੀਅਮ ਫ਼ਾਰ ਇੰਡੀਅਨ ਸਿਨੇਮਾ ਦਾ ਉਦਘਾਟਨ ਕਰਨ ਪਹੁੰਚੇ ਮੋਦੀ
. . .  about 2 hours ago
ਮੁੰਬਈ, 19 ਜਨਵਰੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੈਸ਼ਨਲ ਮਿਊਜ਼ੀਅਮ ਫ਼ਾਰ ਇੰਡੀਅਨ ਸਿਨੇਮਾ (ਐਨ.ਐਮ.ਆਈ.ਸੀ) ਦਾ ਉਦਘਾਟਨ ਕਰਨ ਲਈ ਮੁੰਬਈ ਪਹੁੰਚੇ ....
ਆਈ.ਆਰ.ਸੀ.ਟੀ.ਸੀ. ਮਾਮਲੇ 'ਚ ਲਾਲੂ ਪ੍ਰਸਾਦ ਯਾਦਵ ਨੂੰ ਮਿਲੀ ਜ਼ਮਾਨਤ
. . .  about 2 hours ago
ਨਵੀਂ ਦਿੱਲੀ, 19 ਜਨਵਰੀ- ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਸਾਬਕਾ ਕੇਂਦਰੀ ਰੇਲ ਮੰਤਰੀ ਲਾਲੂ ਪ੍ਰਸਾਦ ਯਾਦਵ ਨੂੰ ਆਈ.ਆਰ.ਸੀ.ਟੀ.ਸੀ. ਮਾਮਲੇ 'ਚ ਸੀ.ਬੀ.ਆਈ. ਵੱਲੋਂ ਦਾਇਰ ਕੇਸ 'ਚ ਜ਼ਮਾਨਤ ਦੇ ਦਿੱਤੀ ....
ਈ. ਡੀ. ਵਲੋਂ ਜ਼ਾਕਿਰ ਨਾਇਕ ਦੇ ਪਰਿਵਾਰ ਦੀ ਜਾਇਦਾਦ ਅਟੈਚ
. . .  about 2 hours ago
ਨਵੀਂ ਦਿੱਲੀ, 19 ਜਨਵਰੀ- ਵਿਵਾਦਤ ਇਸਲਾਮੀ ਪ੍ਰਚਾਰਕ ਜ਼ਾਕਿਰ ਨਾਇਕ ਵਿਰੁੱਧ ਮਨੀ ਲਾਂਡਰਿੰਗ ਜਾਂਚ ਦੇ ਸੰਬੰਧ 'ਚ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ 16.40 ਕਰੋੜ ਰੁਪਏ ਦੀ ਜਾਇਦਾਦ ਅਟੈਚ ਕੀਤੀ ਹੈ। ਇਸ ਸੰਬੰਧੀ ਇੱਕ ਬਿਆਨ 'ਚ ਈ. ਡੀ. ਨੇ ਕਿਹਾ.....
ਹੋਰ ਖ਼ਬਰਾਂ..

ਬਾਲ ਸੰਸਾਰ

ਬਾਲ ਕਹਾਣੀ: ਅਕ੍ਰਿਤਘਣਤਾ ਤੋਂ ਬਚੋ

ਪਿਆਰੇ ਬੱਚਿਓ, ਇਕ ਵਾਰੀ ਇਕ ਕਿਸਾਨ ਨੇ ਖੇਤ ਵਾਹੁਣ ਲਈ ਇਕ ਬਲਦ ਅਤੇ ਸਵਾਰੀ ਲਈ ਇਕ ਘੋੜਾ ਰੱਖਿਆ ਹੋਇਆ ਸੀ | ਇਕ ਦਿਨ ਬਲਦ ਨੇ ਘੋੜੇ ਨੂੰ ਕਿਹਾ, 'ਮੈਂ ਥੱਕ ਗਿਆ ਹਾਂ, ਆਰਾਮ ਕਰਨਾ ਚਾਹੁੰਦਾ ਹਾਂ, ਕੱਲ੍ਹ ਨੂੰ ਮੈਂ ਚਾਰਾ ਨਹੀਂ ਖਾਵਾਂਗਾ, ਕਿਸਾਨ ਸਮਝ ਜਾਵੇਗਾ ਕਿ ਮੈਂ ਬਿਮਾਰ ਹਾਂ, ਉਹ ਤੈਨੂੰ ਜੋਤ ਲਵੇਗਾ, ਇਕ ਦਿਨ ਲਈ ਮੈਨੂੰ ਤੇਰੀ ਮਦਦ ਦੀ ਲੋੜ ਹੈ |' ਘੋੜਾ ਮੰਨ ਗਿਆ | ਅਗਲੀ ਸਵੇਰ ਘੋੜਾ ਬਲਦ ਦੀ ਜਗ੍ਹਾ ਕੰਮ ਲਈ ਵਰਤਿਆ ਗਿਆ ਪਰ ਅਗਲੇ ਤੋਂ ਅਗਲੇ ਦਿਨ ਵੀ ਬਲਦ ਨੇ ਚਾਰਾ ਨਾ ਖਾਧਾ | ਬਲਦ ਇਧਰੋਂ-ਉਧਰੋਂ ਖਾ ਕੇ ਕੰਮ ਸਾਰ ਲੈਂਦਾ ਸੀ ਪਰ ਕਿਸਾਨ ਸਾਹਮਣੇ ਇਉਂ ਦਿਖਾਉਂਦਾ ਕਿ ਉਹ ਬਿਮਾਰ ਹੈ ਅਤੇ ਚਾਰਾ ਨਾ ਖਾਂਦਾ | ਚਲਾਕ ਬਲਦ, ਸ਼ਰੀਫ ਘੋੜੇ ਪ੍ਰਤੀ ਧੰਨਵਾਦੀ ਹੋਣ ਦੀ ਥਾਂ ਅਕ੍ਰਿਤਘਣ ਸਾਬਤ ਹੋ ਰਿਹਾ ਸੀ | ਪੰਜਵੇਂ ਦਿਨ ਅੱਕ ਕੇ ਘੋੜੇ ਨੇ ਬਲਦ ਨੂੰ ਕਿਹਾ, 'ਅੱਜ ਕਿਸਾਨ ਆਪਣੇ ਗੁਆਂਢੀ ਨਾਲ ਗੱਲਾਂ ਕਰ ਰਿਹਾ ਸੀ |' ਬਲਦ ਪੱੁਛਣ ਲੱਗਾ ਕਿ, 'ਕੀ ਕਹਿ ਰਿਹਾ ਸੀ ਕਿਸਾਨ?' ਘੋੜੇ ਨੇ ਉੱਤਰ ਦਿੱਤਾ ਕਿ ਕਿਸਾਨ ਕਹਿ ਰਿਹਾ ਸੀ ਕਿ 'ਜੇ ਸਵੇਰ ਤੱਕ ਬਲਦ ਠੀਕ ਨਾ ਹੋਇਆ, ਜੇ ਬਲਦ ਨੇ ਸਵੇਰੇ ਵੀ ਚਾਰਾ ਨਾ ਖਾਧਾ ਤਾਂ ਮੈਂ ਇਸ ਨੂੰ ਕਸਾਈ ਕੋਲ ਵੇਚ ਦਿਆਂਗਾ |' ਕਸਾਈ ਕੋਲ ਵੇਚੇ ਜਾਣ ਦੇ ਡਰ ਕਾਰਨ ਬਿਮਾਰੀ ਦਾ ਪਖੰਡ ਕਰਨ ਵਾਲਾ ਬਲਦ ਅਗਲੀ ਸਵੇਰ ਹੀ ਚਾਰਾ ਖਾਣ ਲੱਗ ਪਿਆ |
ਇਸ ਘਟਨਾ ਤੋਂ ਮਗਰੋਂ ਘੋੜਾ, ਬਲਦ ਦੀਆਂ ਤਕਲੀਫਾਂ ਦੀ ਕਹਾਣੀ ਸੁਣ ਤਾਂ ਲੈਂਦਾ ਪਰ ਮਦਦ ਦੀ ਕੋਈ ਪੇਸ਼ਕਸ਼ ਨਹੀਂ ਸੀ ਕਰਦਾ |
ਸੋ ਪਿਆਰੇ ਬੱਚਿਓ! ਰਿਸ਼ਤੇ ਆਪਸੀ ਸਹਿਯੋਗ ਅਤੇ ਸੁਹਿਰਦਤਾ ਨਾਲ ਚਲਦੇ ਹਨ, ਚਲਾਕੀ ਨਾਲ ਨਹੀਂ | ਇਸ ਲਈ ਕਿਸੇ ਤੋਂ ਮਿਲੀ ਸਹਾਇਤਾ ਦਾ ਲਾਭ ਉਠਾਓ ਪਰ ਕਦੇ ਵੀ ਇਸ ਸਹਾਇਤਾ ਦੀ ਵਰਤੋਂ ਆਪਣੇ ਸੁਆਰਥ ਜਾਂ ਚਲਾਕੀ ਲਈ ਨਾ ਕਰੋ |

-ਪਿੰਡ ਤੇ ਡਾਕ: ਢੱੁਡੀਕੇ (ਮੋਗਾ)-142053. ਮੋਬਾ: 99146-89690


ਖ਼ਬਰ ਸ਼ੇਅਰ ਕਰੋ

ਬਾਲ ਕਵਿਤਾ: ਸੁਣ ਲਓ ਬੱਚਿਓ

ਸੁਣ ਲਓ ਬੱਚਿਓ, ਗੱਲ ਹੈ ਇਕ |
ਹੋ ਜਾਈਏ ਸਭ, ਅੱਜ ਇਕ-ਮਿੱਕ |
ਸੁਣ ਲਓ ਬੱਚਿਓ, ਇਹ ਨੇ ਮੇਵੇ |
ਅੱਖਰ ਦਾਨ ਰੱਬ, ਸਭ ਨੂੰ ਦੇਵੇ |
ਸੁਣ ਲਓ ਬੱਚਿਓ, ਬਣਿਓ ਮੋਤੀ |
ਅੰਨਿ੍ਹਆਂ ਦੇ ਲਈ, ਬਣਿਓ ਜੋਤੀ |
ਸੁਣ ਲਓ ਬੱਚਿਓ, ਘੜੋ ਤਕਦੀਰ |
ਲੰਘ ਜਾਓ ਅੱਗੇ, ਪਰਬਤ ਚੀਰ |
ਸੁਣ ਲਓ ਬੱਚਿਓ, ਭਰੋ ਉਡਾਰ |
ਭਰਦੇ ਜਿਵੇਂ ਹੈ, ਮੋਰ ਗੁਟਾਰ |

-ਕੁੰਦਨ ਲਾਲ ਭੱਟੀ,
ਦਸੂਹਾ |

ਯੂਰਪ ਮਹਾਂਦੀਪ ਦੀ ਤੀਜੀ ਵੱਡੀ ਝੀਲ ਹੈ 'ਕੋਮੋ' (ਇਟਲੀ)

ਪਿਆਰੇ ਬੱਚਿਓ, ਹਾਲ ਹੀ ਵਿਚ ਬਾਲੀਵੱੁਡ ਦੀ ਪ੍ਰਸਿੱਧ ਜੋੜੀ ਦੀਪਿਕਾ ਪਾਦੂਕੋਨ ਤੇ ਰਣਵੀਰ ਸਿੰਘ ਦੇ ਵਿਆਹ ਦੀ ਚਰਚਾ ਵਿਚ ਇਟਲੀ ਦੀ ਪ੍ਰਸਿੱਧ ਝੀਲ 'ਕੋਮੋ' ਦਾ ਜ਼ਿਕਰ ਹੋਇਆ ਹੈ | ਆਓ ਜਾਣੀਏ ਦੁਨੀਆ ਦੀ ਖੂਬਸੂਰਤ ਝੀਲ ਕੋਮੋ ਬਾਰੇ | ਯੂਰਪੀ ਮਹਾਂਦੀਪ ਦੀ ਤੀਜੀ ਵੱਡੀ ਝੀਲ ਹੈ ਕੋਮੋ ਜੋ ਇਟਲੀ ਦੀ ਲੰਬਰਦੀ ਸਟੇਟ ਵਿਚ ਸਵਿਟਜ਼ਰਲੈਂਡ ਦੇ ਨਾਲ ਲਗਦੇ ਖੇਤਰ ਵਿਚ ਸਥਿਤ ਹੈ | ਇਹ ਅੰਗਰੇਜ਼ੀ ਦੇ ਵਾਈ (Y) ਅੱਖਰ ਵਾਲੇ ਆਕਾਰ ਵਰਗੀ ਝੀਲ ਹੈ ਜੋ ਦੁਨੀਆ ਭਰ ਦੇ ਸੈਲਾਨੀਆਂ ਨੂੰ ਆਪਣੇ ਵੱਲ ਖਿੱਚਦੀ ਹੈ | ਇਸ ਝੀਲ ਦੀ ਡੰੂਘਾਈ 400 ਮੀਟਰ ਹੈ, ਇਸ ਲਈ ਇਸ ਨੂੰ ਯੂਰਪ ਦੀ ਸਭ ਤੋਂ ਡੰੂਘੀ ਝੀਲ ਵੀ ਮੰਨਿਆ ਜਾਂਦਾ ਹੈ | ਇਹ ਸਮੁੰਦਰੀ ਤਲ ਤੋਂ 200 ਮੀਟਰ ਤੱਕ ਡੰੂਘੀ ਹੈ | ਇਸ ਝੀਲ ਦਾ ਇਲਾਕਾ 146 ਕਿਲੋਮੀਟਰ ਵਿਚ ਫੈਲਿਆ ਹੋਇਆ ਹੈ | 'ਕੋਮੋ' ਇਟਲੀ ਵਿਚ ਮਿਲਾਨ, ਬਾਰਗੈਮੋ ਅਤੇ ਬਰੇਸ਼ੀਆ ਤੋਂ ਬਾਅਦ ਚੌਥਾ ਵੱਡਾ ਸੈਲਾਨੀ ਕੇਂਦਰ ਹੈ | ਇਥੇ 2013 ਵਿਚ 2,15,320 ਸੈਲਾਨੀ ਸੈਰ ਲਈ ਆਏ ਸਨ |
ਇਥੇ ਮੂਰਤੀ ਕਲਾ, ਚਰਚ, ਬਾਗ, ਮਿਊਜ਼ੀਅਮ, ਥੀਏਟਰ, ਪਾਰਕ ਅਤੇ ਪੈਲੇਸ ਦੇਖਣਯੋਗ ਹਨ, ਜੋ ਦੁਨੀਆ ਭਰ ਦੇ ਸੈਲੀਬਿ੍ਟੀਜ਼ ਨੂੰ ਆਪਣੇ ਵੱਲ ਆਕਰਸ਼ਿਤ ਕਰਦੇ ਹਨ | ਇਥੇ ਦਾ ਤਾਪਮਾਨ 3 ਡਿਗਰੀ ਸੈਂਟੀਗ੍ਰੇਟ ਤੋਂ 23 ਡਿਗਰੀ ਸੈਂਟੀਗ੍ਰੇਟ ਦੇ ਵਿਚਕਾਰ ਰਹਿੰਦਾ ਹੈ | ਸਵਿਟਜ਼ਰਲੈਂਡ ਜਿਸ ਨੂੰ ਧਰਤੀ ਦਾ ਸਵਰਗ ਮੰਨਿਆ ਜਾਂਦਾ ਹੈ, ਇਥੋਂ ਨਜ਼ਦੀਕ ਹੋਣ ਕਾਰਨ ਇਥੇ ਕੁਦਰਤ ਦੇ ਮਨਮੋਹਕ ਨਜ਼ਾਰੇ ਦੇਖੇ ਜਾ ਸਕਦੇ ਹਨ | ਇਥੇ ਪਹੁੰਚਣ ਲਈ ਮਿਲਾਨ, ਬਾਰਗੈਮੋ ਅਤੇ ਸਵਿਟਜ਼ਰਲੈਂਡ ਦੇ ਹਵਾਈ ਅੱਡਿਆਂ ਰਾਹੀਂ ਯਾਤਰਾ ਕੀਤੀ ਜਾ ਸਕਦੀ ਹੈ | ਕੋਮੋ ਝੀਲ ਦੀ ਸੈਰ ਕਰਨ ਲਈ ਉਥੋਂ ਦੀ ਪ੍ਰਬੰਧਕੀ ਕਮੇਟੀ ਵਲੋਂ ਬੋਟ, ਛੋਟੇ ਸ਼ਿਪ ਅਤੇ ਕਿਸ਼ਤੀਆਂ ਮੁਹੱਈਆ ਕੀਤੀਆਂ ਜਾਂਦੀਆਂ ਹਨ | ਦੁਨੀਆ ਭਰ ਦੇ ਸੈਲਾਨੀ ਇਥੇ ਸੈਰ ਕਰਦੇ ਸਮੇਂ ਇਥੋਂ ਦੇ ਸਵਾਦਲੇ ਭੋਜਨ ਪੈਲੋਨਤਾ ਦਾ ਅਨੰਦ ਵੀ ਮਾਣਦੇ ਹਨ | ਬੱਚਿਓ, ਦੁਨੀਆ ਭਰ ਦੀਆਂ ਸੈਰਗਾਹਾਂ ਦਾ ਅਨੰਦ ਮਾਣਦੇ ਹੋਏ ਸਾਨੂੰ ਕੋਮੋ ਝੀਲ ਇਟਲੀ ਦੀ ਜਾਣਕਾਰੀ ਵੀ ਹੋਣੀ ਚਾਹੀਦੀ ਹੈ, ਜੋ ਸਾਡੇ ਗਿਆਨ ਵਿਚ ਵਾਧਾ ਕਰੇਗੀ |

-ਪਿੰਡ ਤੇ ਡਾਕ: ਕੋਟਲੀ ਖਾਸ, ਤਹਿ: ਮੁਕੇਰੀਆਂ (ਹੁਸ਼ਿਆਰਪੁਰ) | ਮੋਬਾ: 94653-69343

ਲਾਜਵੰਤੀ ਦਾ ਬੂਟਾ ਹੱਥ ਲਾਉਣ 'ਤੇ ਮੁਰਝਾ ਕਿਉਂ ਜਾਂਦਾ ਹੈ?

ਪਿਆਰੇ ਬੱਚਿਓ, ਬੂਟਿਆਂ ਦੀ ਸਾਡੇ ਜੀਵਨ ਵਿਚ ਬਹੁਤ ਮਹੱਤਤਾ ਹੈ | ਇਨ੍ਹਾਂ ਬੂਟਿਆਂ ਨੇ ਹੀ ਸਾਨੂੰ ਫੱੁਲ ਅਤੇ ਫ਼ਲ ਦੇਣੇ ਹੁੰਦੇ ਹਨ | ਇਨ੍ਹਾਂ ਵਿਚੋਂ ਹੀ ਇਕ ਬੂਟਾ ਲਾਜਵੰਤੀ ਦਾ ਹੈ, ਜਿਸ ਦਾ ਬਾਟਨਿਕਲ ਨਾਂਅ ਮਿਮੋਸਾ ਪੁਡਿਕਾ ਹੈ | ਇਸ ਨੂੰ ਛੂਈ-ਮੂਈ ਦਾ ਬੂਟਾ ਅਤੇ ਟੱਚ ਮੀ ਨਾਟ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ | ਇਹ ਬੂਟਾ ਬਹੁਤ ਸੰਵੇਦਨਸ਼ੀਲ ਹੁੰਦਾ ਹੈ | ਵਿਗਿਆਨੀਆਂ ਅਨੁਸਾਰ ਇਸ ਬੂਟੇ ਦੇ ਪੱਤੇ ਕਈ ਕੋਸ਼ਿਕਾਵਾਂ ਦੇ ਬਣੇ ਹੁੰਦੇ ਹਨ, ਜਿਨ੍ਹਾਂ ਵਿਚ ਤਰਲ ਭਰਿਆ ਹੁੰਦਾ ਹੈ | ਕੋਸ਼ਿਕਾਵਾਂ ਦਾ ਇਹੀ ਤਰਲ ਪੱਤਿਆਂ ਨੂੰ ਖੜ੍ਹੇ ਰਹਿਣ ਵਿਚ ਮਦਦ ਕਰਦਾ ਹੈ | ਜਦ ਅਸੀਂ ਇਸ ਨੂੰ ਹੱਥ ਲਗਾਉਂਦੇ ਹਾਂ ਤਾਂ ਇਸ ਬੂਟੇ ਵਿਚਲੇ ਤਰਲ ਦਾ ਦਬਾਅ ਇਕਦਮ ਘਟ ਜਾਂਦਾ ਹੈ | ਦਬਾਅ ਘਟਣ ਨਾਲ ਇਸ ਦੇ ਪੱਤੇ ਸੁੰਗੜ ਜਾਂਦੇ ਹਨ, ਜਿਸ ਕਾਰਨ ਇਹ ਮੁਰਝਾਇਆ ਹੋਇਆ ਦਿਖਾਈ ਦਿੰਦਾ ਹੈ | ਲਾਜਵੰਤੀ ਪੌਦੇ ਦੇ ਪੱਤੇ ਅਤੇ ਬੀਜ ਕਾਫੀ ਲਾਭਦਾਇਕ ਹੁੰਦੇ ਹਨ | ਇਸੇ ਕਾਰਨ ਇਸ ਨੂੰ ਜੜ੍ਹੀ-ਬੂਟੀਆਂ ਦੀ ਸ਼੍ਰੇਣੀ ਵਿਚ ਰੱਖਿਆ ਜਾਂਦਾ ਹੈ | ਇਸ ਦੀ ਵਰਤੋਂ ਕਰਨ ਨਾਲ ਸ਼ੂਗਰ, ਉੱਚ ਖੂਨ ਦਬਾਅ, ਵਾਲਾਂ ਦੀ ਮਜ਼ਬੂਤੀ, ਅਸਥਮਾ ਅਤੇ ਗਠੀਆ ਵਿਚ ਲਾਭ ਪ੍ਰਾਪਤ ਕੀਤਾ ਜਾ ਸਕਦਾ ਹੈ |

-ਮਲੌਦ (ਲੁਧਿਆਣਾ) |

ਲੋਹੜੀ ਆਈ

ਆਈ-ਆਈ ਲੋਹੜੀ ਵੀਰੇ, ਆਈ-ਆਈ ਲੋਹੜੀ,
ਫੱੁਲਿਆਂ ਦੀ ਟੋਕਰੀ 'ਤੇ ਗੁੜ ਵਾਲੀ ਰੋੜੀ |
ਕਿਸੇ ਘਰ ਕਾਕਾ ਹੋਇਆ, ਕਿਸੇ ਦਾ ਵਿਆਹ,
ਖੁਸ਼ੀਆਂ ਦੇ ਚਾਰੇ ਪਾਸੇ, ਗੋਡੇ-ਗੋਡੇ ਚਾਅ |
ਮੁੰਡਿਆਂ ਨੂੰ ਗੱੁਡੀਆਂ ਉਡਾਉਣ ਦਾ ਵੀ ਚਾਅ ਏ,
ਕੁੜੀਆਂ ਨੂੰ ਚੂੜੀਆਂ ਚੜ੍ਹਾਉਣ ਨਾਲ ਭਾਅ ਏ |
ਮੰਗਦੇ ਨੇ ਲੋਹੜੀ ਸਾਰੇ ਬੰਨ੍ਹ-ਬੰਨ੍ਹ ਟੋਲੀਆਂ,
ਲੋਹੜੀ ਦੇ ਸੁਣਾਉਣ ਗੀਤ ਪਾਉਣ ਕਈ ਬੋਲੀਆਂ |
ਤੋਤਲੇ ਜਿਹੇ ਗੀਤ ਗਾਈਏ ਅਸੀਂ ਨਿੱਕੇ ਬੱਚੇ,
'ਦੋਨੀ', 'ਮੌਜੂ', 'ਆਲਮ' ਵੀ ਹੋ ਕੇ ਸਾਰੇ 'ਕੱਠੇ |
ਲੋਹੜੀ ਮੰਗੇ ਗਲੀ-ਗਲੀ 'ਨੂਰ', 'ਜਸਲੀਨ',
ਮੰੂਗਫਲੀ ਵੀ ਚੱਬਣ ਭੱੁਗਾ ਸੇਕਣ ਸ਼ੌਕੀਨ |
ਸਾਲ ਪਿੱਛੋਂ ਆਏ ਲੋਹੜੀ ਖੁਸ਼ੀ-ਖੁਸ਼ੀ ਲੰਘੇ,
'ਮਰਕਸ ਪਾਲ' ਖੈਰ ਸਾਰਿਆਂ ਦੀ ਮੰਗੇ |

-ਮਰਕਸ ਪਾਲ ਗੁਮਟਾਲਾ,
ਪਿੰਡ ਤੇ ਡਾਕ: ਗੁਮਟਾਲਾ (ਅੰਮਿ੍ਤਸਰ)-143008. ਮੋਬਾ: 98720-70182

ਬਾਲ ਨਾਵਲ-97: ਖੱਟੀਆਂ-ਮਿੱਠੀਆਂ ਗੋਲੀਆਂ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
'ਉਸ ਤੋਂ ਅੱਗੇ ਕੀ?' ਮਾਤਾ ਜੀ ਅਤੇ ਹਰੀਸ਼ ਇਕੱਠੇ ਬੋਲ ਪਏ |
'ਤੇਰੀ ਗੱਲ ਸੁਣ ਕੇ ਮੇਰੇ ਮਨ ਵਿਚ ਇਕ ਸਕੀਮ ਆ ਰਹੀ ਸੀ |'
'ਕਿਹੜੀ ਸਕੀਮ ਆ ਰਹੀ ਸੀ, ਤੇਰੇ ਦਿਮਾਗ ਵਿਚ?' ਮਾਤਾ ਜੀ ਨੇ ਪੱੁਛਿਆ |
'ਉਹ ਇਹ ਕਿ ਅਸੀਂ ਜਿਹੜਾ ਨਵਾਂ ਪਲਾਟ ਲਿਆ ਏ, ਉਸ ਵਿਚ ਹੌਲੀ-ਹੌਲੀ ਇਕ ਹਸਪਤਾਲ ਬਣਾ ਦੇਈਏ | ਸ਼ੁਰੂ ਵਿਚ ਭਾਵੇਂ ਇਕੋ ਕਮਰਾ ਹੀ ਬਣੇ ਪਰ ਉਸ ਦਾ ਨਕਸ਼ਾ ਕਿਸੇ ਚੰਗੇ ਆਰਕੀਟੈਕਟ ਕੋਲੋਂ ਬਣਵਾਈਏ | ਜਿਵੇਂ-ਜਿਵੇਂ ਸਾਡੇ ਕੋਲ ਪੈਸੇ ਆਈ ਜਾਣ, ਤਿਵੇਂ-ਤਿਵੇਂ ਅਸੀਂ ਉਸ ਨੂੰ ਬਣਾਈ ਜਾਵਾਂਗੇ | ਹਸਪਤਾਲ ਦਾ ਨਾਂਅ ਅਸੀਂ ਪਿੰ੍ਰਸੀਪਲ ਰਣਬੀਰ ਸਿੰਘ ਮੈਮੋਰੀਅਲ ਹਸਪਤਾਲ ਰੱਖ ਦਿਆਂਗੇ...', ਸਿਧਾਰਥ ਨੇ ਸੰਖੇਪ ਵਿਚ ਆਪਣੀ ਸਕੀਮ ਦੱਸੀ |
'ਇਹ ਤਾਂ ਬਹੁਤ ਹੀ ਵਧੀਆ ਸੋਚ ਐ ਵੀਰ ਜੀ', ਹਰੀਸ਼ ਆਪਣੇ ਵੀਰ ਜੀ ਦੀ ਸਿਆਣਪ ਦੀ ਦਾਦ ਦੇ ਰਿਹਾ ਸੀ |
ਮਾਤਾ ਜੀ ਨੂੰ ਵੀ ਸਿਧਾਰਥ ਦੀ ਸਕੀਮ ਬਹੁਤ ਪਸੰਦ ਆਈ | ਉਹ ਦੋਵਾਂ ਵੱਲ ਦੇਖਦੇ ਹੋਏ ਕਹਿਣ ਲੱਗੇ, 'ਤੁਸੀਂ ਦੋਵੇਂ ਬੜੇ ਸਿਆਣੇ ਬੱਚੇ ਹੋ, ਤੁਸੀਂ ਜੋ ਸੋਚੋਗੇ, ਲੋਕਾਂ ਦੇ ਭਲੇ ਲਈ ਹੀ ਸੋਚੋਗੇ | ਇਹੋ ਜਿਹੇ ਹੀ ਤੁਹਾਡੇ ਵੱਡੇ ਵੀਰ ਜੀ ਪਿੰ੍ਰਸੀਪਲ ਸਾਹਿਬ ਦੇ ਵਿਚਾਰ ਸਨ | ਹੁਣ ਤੁਸੀਂ ਇਸ ਨੂੰ ਸਕੀਮ ਨਹੀਂ ਰਹਿਣ ਦੇਣਾ, ਸਗੋਂ ਇਸ ਨੂੰ ਅਮਲੀ ਜਾਮਾ ਪਹਿਨਾਉਣਾ ਹੈ | ਕੈਨੇਡਾ ਤੋਂ ਬੱਚਿਆਂ ਦਾ ਫੋਨ ਆਉਂਦਾ ਹੈ ਤਾਂ ਮੈਂ ਉਨ੍ਹਾਂ ਨਾਲ ਗੱਲ ਕਰਕੇ ਕੁਝ ਪੈਸੇ ਮੰਗਵਾਉਂਦੀ ਹਾਂ, ਤਾਂ ਜੋ ਹਰੀਸ਼ ਦੇ ਮਰੀਜ਼ ਦੇਖਣ ਵਾਸਤੇ ਦੋ ਕਮਰੇ ਜਲਦੀ ਤੋਂ ਜਲਦੀ ਤਿਆਰ ਹੋ ਸਕਣ |'
'ਇਹ ਗੱਲ ਮਾਤਾ ਜੀ ਦੀ ਠੀਕ ਐ | ਮੈਂ ਵੀ ਪੂਰੀ ਕੋਸ਼ਿਸ਼ ਕਰਾਂਗਾ ਕਿ ਕੁਝ ਹਿੱਸਾ ਪਾ ਸਕਾਂ', ਹਰੀਸ਼ ਨੇ ਸਿਧਾਰਥ ਵੱਲ ਦੇਖਦਿਆਂ ਕਿਹਾ |
'ਅਸੀਂ ਸਾਰੇ ਹੀ ਪੂਰੀ ਕੋਸ਼ਿਸ਼ ਕਰਾਂਗੇ ਕਿ ਸਾਡੇ ਕੰਮ ਦਾ ਸ੍ਰੀ ਗਣੇਸ਼ ਜਲਦੀ ਤੋਂ ਜਲਦੀ ਹੋ ਸਕੇ', ਸਿਧਾਰਥ ਨੇ ਮਾਤਾ ਜੀ ਅਤੇ ਹਰੀਸ਼ ਨੂੰ ਤਸੱਲੀ ਦਿਵਾਈ |
ਗੱਲਬਾਤ ਖ਼ਤਮ ਹੋਣ 'ਤੇ ਸਿਧਾਰਥ ਨੇ ਖੜ੍ਹੇ ਹੁੰਦਿਆਂ ਮਾਤਾ ਜੀ ਕੋਲੋਂ ਜਾਣ ਦੀ ਇਜਾਜ਼ਤ ਲਈ | ਹਰੀਸ਼ ਆਪਣੇ ਵੀਰ ਜੀ ਨੂੰ ਬਾਹਰ ਤੱਕ ਛੱਡਣ ਗਿਆ | ਸਿਧਾਰਥ ਨੂੰ ਛੱਡ ਕੇ ਉਹ ਮਾਤਾ ਜੀ ਨੂੰ ਮਿਲਿਆ ਅਤੇ ਆਪਣੇ ਕਮਰੇ ਵਿਚ ਚਲਾ ਗਿਆ | ਕਮਰੇ ਵਿਚ ਆ ਕੇ ਉਹ ਲੇਟ ਗਿਆ | ਉਹ ਬੜਾ ਖੁਸ਼ ਸੀ ਕਿ ਉਸ ਦੀਆਂ ਆਸਾਂ ਨੂੰ ਬੂਰ ਪੈਣਾ ਸ਼ੁਰੂ ਹੋ ਰਿਹਾ ਸੀ |
ਉਸ ਦਿਨ ਦੀ ਗੱਲਬਾਤ ਤੋਂ ਬਾਅਦ ਹਰੀਸ਼ ਨੇ ਕੁਝ ਦਿਨ ਤਾਂ ਔਖੇ-ਸੌਖੇ ਹੋ ਕੇ ਕੱਟ ਲਏ ਪਰ ਸ਼ਾਮ ਨੂੰ ਜਦੋਂ ਉਹ ਹਸਪਤਾਲ ਤੋਂ ਵਾਪਸ ਘਰ ਆਉਂਦਾ ਤਾਂ ਉਸ ਨੂੰ ਮਹਿਸੂਸ ਹੋਣ ਲਗਦਾ ਕਿ ਉਸ ਦਾ ਸ਼ਾਮ ਦਾ ਸਮਾਂ ਖਰਾਬ ਹੋ ਰਿਹੈ | ਇਹ ਗੱਲ ਉਸ ਨੇ ਆਪਣੇ ਵੀਰ ਜੀ ਨਾਲ ਸਾਂਝੀ ਕੀਤੀ | ਸਿਧਾਰਥ ਨੇ ਥੋੜ੍ਹਾ ਸੋਚ-ਵਿਚਾਰ ਕੇ ਉਸ ਨੂੰ ਕਿਹਾ, 'ਨਵਾਂ ਕੰਮ ਸ਼ੁਰੂ ਕਰਨ ਵਿਚ ਤਾਂ ਅਜੇ ਸਮਾਂ ਲੱਗ ਜਾਵੇਗਾ, ਕਿਉਂਕਿ ਪਹਿਲਾਂ ਨਕਸ਼ਾ ਬਣੇਗਾ ਅਤੇ ਫਿਰ ਉਹ ਨਕਸ਼ਾ ਸਰਕਾਰੀ ਦਫਤਰਾਂ 'ਚੋਂ ਪਾਸ ਕਰਵਾਉਣਾ ਪਵੇਗਾ, ਜਿਹੜਾ ਕਿ ਕਾਫੀ ਲੰਬਾ-ਚੌੜਾ ਕੰਮ ਐ | ਜੇ ਤੰੂ ਬਹੁਤ ਛੇਤੀ ਸ਼ੁਰੂ ਕਰਨਾ ਚਾਹੁੰਦੈਂ ਤਾਂ ਤੈਨੂੰ ਸਕੂਲ ਦਾ ਇਕ ਕਮਰਾ ਦੇ ਦਿੰਦੇ ਹਾਂ | ਤੰੂ ਉਥੇ ਮਰੀਜ਼ ਦੇਖਣੇ ਸ਼ੁਰੂ ਕਰ | ਪਹਿਲਾਂ ਸ਼ੁਰੂ ਵਿਚ ਮਰੀਜ਼ ਵੀ ਘੱਟ ਹੋਣਗੇ, ਇਸ ਕਰਕੇ ਫਿਲਹਾਲ ਤੇਰਾ ਇਕ ਕਮਰੇ ਵਿਚ ਗੁਜ਼ਾਰਾ ਹੋ ਜਾਵੇਗਾ | ਜਿੰਨੀ ਦੇਰ ਤੱਕ ਤੇਰੇ ਮਰੀਜ਼ ਵਧਣਗੇ, ਉਦੋਂ ਤੱਕ ਅਸੀਂ ਦੋ-ਤਿੰਨ ਨਵੇਂ ਕਮਰੇ ਤਿਆਰ ਕਰ ਲਵਾਂਗੇ |'
(ਬਾਕੀ ਅਗਲੇ ਐਤਵਾਰ ਦੇ ਅੰਕ 'ਚ)

-404, ਗ੍ਰੀਨ ਐਵੇਨਿਊ, ਅੰਮਿ੍ਤਸਰ-143001. ਮੋਬਾ: 98889-24664

ਬੁਝਾਰਤ-33

ਮੈਂ ਹਾਂ ਕਿਸਾਨ ਦਾ ਸਾਥੀ ਸੱਚਾ,
ਇਸ ਗੱਲ ਨੂੰ ਜਾਣਦਾ ਬੱਚਾ-ਬੱਚਾ |
ਬੱਚਿਓ ਜਦ ਤੋਂ ਪੈਰ ਮੈਂ ਪਾਇਆ,
ਕਿਸਾਨ ਨੂੰ ਸੁੱਖ ਦਾ ਸਾਹ ਹੈ ਆਇਆ |
ਘੰਟਿਆਂ ਦਾ ਕੰਮ ਮਿੰਟਾਂ 'ਚ ਮੁੱਕੇ,
ਟੋਏ ਭਰੇ ਤੇ ਟਿੱਬੇ ਨੇ ਚੁੱਕੇ |
ਤਿਗਣੀ ਵਧ ਗਈ ਪੈਦਾਵਾਰ,
ਦੇਸ਼ ਦੇ ਭਰ 'ਤੇ ਅੰਨ ਭੰਡਾਰ |
ਮੇਰੇ ਦਿੱਤੇ ਸਹਿਯੋਗ ਦੇ ਨਾਲ,
ਕਿਸਾਨ ਹੋ ਗਿਆ ਸੀ ਖ਼ੁਸ਼ਹਾਲ |
ਕੁਝ ਕਿਸਾਨ ਮੈਨੂੰ ਮੰਨਣ ਪੁੱਤਰ,
ਬੱਚਿਓ ਬਾਤ ਦਾ ਦਿਉ ਉੱਤਰ |
               -0-
ਹੱਥ ਖੜ੍ਹਾ ਕੀਤਾ ਦਿਲ ਜਾਨ,
ਇਹ ਬਾਤ ਤਾਂ ਬੜੀ ਆਸਾਨ |
'ਭਲੂਰੀਏ' ਦੀ ਇਹ ਬਾਤ ਹੈ ਬੈਟਰ,
ਕਹਿੰਦਾ ਇਹ ਤਾਂ ਹੈ ਟਰੈਕਟਰ |

-ਜਸਵੀਰ ਸਿੰਘ ਭਲੂਰੀਆ
ਪਿੰਡ ਤੇ ਡਾਕ: ਭਲੂਰ (ਮੋਗਾ) | ਮੋਬਾ: 99159-95505

ਪਹਾੜੀ ਮੈਨਾ

ਪਹਾੜੀ ਮੈਨਾ ਛੱਤੀਸਗੜ੍ਹ ਰਾਜ ਦੀ ਰਾਸ਼ਟਰੀ ਪੰਛੀ ਹੈ | ਆਓ ਬੱਚਿਓ, ਤੁਹਾਨੂੰ ਇਸ ਪੰਛੀ ਬਾਰੇ ਕੁਝ ਜਾਣਕਾਰੀ ਦਿੰਦੇ ਹਾਂ-
• ਪਹਾੜੀ ਮੈਨਾ ਦਾ ਭਵਿੱਖ ਖ਼ਤਰੇ ਵਿਚ ਹੈ, ਇਸ ਕਰਕੇ ਕਾਂਗੇਰ ਘਾਟੀ ਰਾਸ਼ਟਰੀ ਬਾਗ ਵਿਚ ਇਸ ਨੂੰ ਸੁਰੱਖਿਅਤ ਰੱਖਿਆ ਗਿਆ ਹੈ |
• ਭਾਰਤ ਤੋਂ ਇਲਾਵਾ ਇਹ ਬੰਗਲਾਦੇਸ਼, ਸ੍ਰੀਲੰਕਾ ਅਤੇ ਇੰਡੋਨੇਸ਼ੀਆ ਅਤੇ ਲਗਪਗ ਪੂਰੇ ਏਸ਼ੀਆ ਵਿਚ ਪਾਈ ਜਾਂਦੀ ਹੈ |
• ਇਸ ਦਾ ਭੋਜਨ ਮੱੁਖ ਰੂਪ ਵਿਚ ਫਲ, ਫੱੁਲ ਅਤੇ ਕੀੜੇ-ਮਕੌੜੇ ਹਨ | ਇਹ ਫੱੁਲਾਂ ਦਾ ਰਸ ਵੀ ਚੂਸਦੀ ਹੈ |
• ਮਾਦਾ ਮੈਨਾ ਫਰਵਰੀ ਤੋਂ ਮਈ ਦੇ ਵਿਚਕਾਰ ਦੋ-ਤਿੰਨ ਨੀਲੇ ਅਤੇ ਹਰੇ ਆਂਡੇ ਦਿੰਦੀ ਹੈ |
• ਪਹਾੜੀ ਮੈਨਾ ਛੱਤੀਸਗੜ੍ਹ ਵਿਚ ਜ਼ਿਆਦਾਤਰ ਬਸਤਰ ਵਿਚ ਪਾਈ ਜਾਂਦੀ ਹੈ, ਇਸ ਲਈ ਇਸ ਨੂੰ ਬਸਤਰ ਦੀ ਪਹਾੜੀ ਮੈਨਾ ਵੀ ਕਿਹਾ ਜਾਂਦਾ ਹੈ |
• ਇਹ ਤੋਤੇ ਵਾਂਗ ਹੀ ਇਨਸਾਨ ਦੇ ਬੋਲਣ ਅਤੇ ਆਵਾਜ਼ ਦੀ ਨਕਲ ਕਰ ਲੈਂਦੀ ਹੈ |
• ਪਹਾੜੀ ਮੈਨਾ ਉਰਫ ਹਿਲ ਮੈਨਾ ਝੁੰਡ ਵਿਚ ਰਹਿਣਾ ਪਸੰਦ ਕਰਦੀ ਹੈ |

-ਧਰਵਿੰਦਰ ਔਲਖ,
ਪਿੰਡ ਤੇ ਡਾਕ: ਕੋਹਾਲੀ, ਰਾਮ ਤੀਰਥ ਰੋਡ (ਅੰਮਿ੍ਤਸਰ) | ਮੋਬਾ: 98152-82283

ਅਨਮੋਲ ਬਚਨ

• ਇੱਛਾ ਨਾਲ ਯਤਨ ਦਾ ਜਨਮ ਹੁੰਦਾ ਹੈ |
• ਸਿਆਣੇ ਦੋਸਤ ਵਰਗੀ ਕੋਈ ਸੌਗਾਤ ਨਹੀਂ ਹੈ |
• ਮਾਂ ਉਸ ਕਾਮੇ ਦਾ ਨਾਂਅ ਹੈ, ਜਿਸ ਨੂੰ ਕਦੇ ਛੱੁਟੀ ਨਹੀਂ ਮਿਲਦੀ |
• ਹੌਸਲਾ ਨਹੀਂ ਛੱਡਣਾ ਚਾਹੀਦਾ, ਕਈ ਵਾਰ ਜਿੰਦਾ, ਗੱੁਛੇ ਦੀ ਆਖਰੀ ਚਾਬੀ ਨਾਲ ਹੀ ਖੱੁਲ੍ਹਦਾ ਹੈ |
• ਜ਼ਿੰਦਗੀ ਸੋਚੀ ਦਿਮਾਗ ਨਾਲ ਜਾਂਦੀ ਹੈ ਪਰ ਜੀਵੀ ਦਿਲ ਨਾਲ ਜਾਂਦੀ ਹੈ |

-ਕਵਲਪ੍ਰੀਤ ਕੌਰ,
ਬਟਾਲਾ (ਗੁਰਦਾਸਪੁਰ) | ਮੋਬਾ: 98760-98338

ਬਾਲ ਗੀਤ: ਬਿਜੜੇ ਦਾ ਆਲ੍ਹਣਾ

ਕਿਵੇਂ ਬਿਜੜੇ ਨੇ ਗੁੰਦ-ਗੁੰਦ ਆਲ੍ਹਣਾ ਬਣਾਇਆ,
ਕਰ ਤੀਲਾ-ਤੀਲਾ ਇਕੱਠਾ ਕਿਵੇਂ ਬੁਣਤੀ ਨੂੰ ਪਾਇਆ |
ਇਹਦੀ ਸਰਾਂ ਨੇ ਵੀ ਸਾਨੂੰ ਸਿਫਤ ਸੁਣਾਈ ਅੰਮੀਏ,
ਬਿਜੜੇ ਦੇ ਆਲ੍ਹਣੇ 'ਤੇ ਕਿੰਨੀ ਹੈ ਸਫ਼ਾਈ ਅੰਮੀਏ |
ਵੇਖਿਆ ਨਾ ਇਹਦੇ ਵਰਗਾ ਆਲ੍ਹਣਾ ਕਿਤੇ ਮੈਂ ਹੋਰ,
ਪੰਛੀ ਤਾਂ ਹੋਰ ਵੀ ਬਥੇਰੇ ਘੱੁਗੀਆਂ, ਗੁਟਾਰਾਂ, ਤੋਤੇ ਤੇ ਮੋਰ |
ਇਨਸਾਨਾਂ ਤੋਂ ਵਧ ਕੇ ਕਲਾ ਇਸ ਨੇ ਵਿਖਾਈ ਅੰਮੀਏ,
ਬਿਜੜੇ ਦੇ ਆਲ੍ਹਣੇ 'ਤੇ.... |
ਘਾਲਣਾ ਹੈ ਕਿੰਨੀ ਇਹ ਬਣਾਉਂਦਾ ਨਹੀਂ ਅੱਕਦਾ,
ਮਾਨਸ ਵੀ ਖੜ੍ਹ-ਖੜ੍ਹ ਇਹ ਅਜੀਬ ਕਲਾ ਨੂੰ ਤੱਕਦਾ |
ਰੰਗ-ਰੂਪ ਤੋਂ ਵਿਹੂਣਾ ਪਰ ਕਲਾ ਦੀ ਤੌਫੀਕ ਆਈ ਅੰਮੀਏ,
ਬਿਜੜੇ ਦੇ ਆਲ੍ਹਣੇ 'ਤੇ..... |
ਸਿੱਖਿਆ ਬਿਜੜੇ ਤੋਂ ਲੈ ਲਓ ਜੇ ਹੈ ਤੁਸੀਂ ਕੁਝ ਬਣਨਾ,
ਆਪਾਂ ਕੰਮਕਾਜ ਕਰੀਏ ਹੱਥੀਂ ਨਾਲੇ ਦੱਬ ਕੇ ਹੈ ਪੜ੍ਹਨਾ |
ਜਿੱਤ ਜਾਂਦੇ ਬਾਜ਼ੀ, ਪੰਛੀਆਂ ਦੇ ਵਾਂਗ ਜਿਨ੍ਹਾਂ ਹਿੰਮਤ ਯਾਰ ਬਣਾਈ ਅੰਮੀਏ,
ਬਿਜੜੇ ਦੇ ਆਲ੍ਹਣੇ 'ਤੇ....... |

-ਸੁਖਦੇਵ ਸਿੰਘ ਕੱੁਕੂ,
ਪਿੰਡ ਤੇ ਡਾਕ: ਘਲੋਟੀ (ਲੁਧਿਆਣਾ) | ਮੋਬਾ: 98143-81972

ਚੁਟਕਲੇ

• ਬਿਮਾਰ ਪਤਨੀ ਨੂੰ ਲੈ ਕੇ ਪਤੀ ਡਾਕਟਰ ਕੋਲ ਗਿਆ | ਜਾਂਦਿਆਂ ਹੀ ਡਾਕਟਰ ਨੇ ਪਤਨੀ ਦੇ ਮੂੰਹ ਵਿਚ ਥਰਮਾਮੀਟਰ ਲਾ ਦਿੱਤਾ | ਪਤਨੀ ਕੁਝ ਦੇਰ ਲਈ ਖਾਮੋਸ਼ ਰਹੀ ਤੇ ਪਤੀ ਨੇ ਥੋੜ੍ਹਾ ਰਿਲੈਕਸ ਮਹਿਸੂਸ ਕੀਤਾ | ਦਵਾਈ ਲੈਣ ਦੀ ਬਜਾਏ ਪਤੀ ਨੇ ਡਾਕਟਰ ਤੋਂ ਪੁੱਛਿਆ ਕਿ ਇਹ ਯੰਤਰ ਕਿੰਨੇ ਕੁ ਦਾ ਹੈ?
• ਇਕ ਆਦਮੀ ਅਖਬਾਰਾਂ ਵੇਚਣ ਵਾਲੇ ਕੋਲ ਜਾਂਦਾ ਹੈ |
ਆਦਮੀ-ਇਕ ਅਖਬਾਰ ਦੇ ਦਿਉ ਜੀ |
ਅਖਬਾਰ ਵੇਚਣ ਵਾਲਾ-ਪੰਜਾਬੀ ਲੈਣਾ, ਹਿੰਦੀ ਲੈਣਾ ਜਾਂ ਅੰਗਰੇਜ਼ੀ ਦਾ ਲੈਣਾ?
ਆਦਮੀ-ਕੋਈ ਵੀ ਦੇ ਦਿਓ ਜੀ, ਮੈਂ ਤਾਂ ਰੋਟੀ ਲਪੇਟਣੀ ਐ |
• ਕੁਲਦੀਪ (ਆਪਣੀ ਪਤਨੀ ਨੂੰ )-ਮੈਨੂੰ ਇਕ ਗਲਾਸ ਪਾਣੀ ਦੇ ਦੇ |
ਪਤਨੀ-ਕੀ ਗੱਲ ਪਿਆਸ ਲੱਗੀ ਐ?
ਕੁਲਦੀਪ-ਨਹੀਂ ਗਲਾ ਚੈੱਕ ਕਰਨਾ ਲੀਕ ਤਾਂ ਨਹੀਂ ਹੁੰਦਾ |

-ਮਨਜੀਤ ਪਿਉਰੀ ਗਿੱਦੜਬਾਹਾ
ਨੇੜੇ ਭਾਰੂ ਗੇਟ, ਗਿੱਦੜਬਾਹਾ |
ਮੋਬਾ: 94174-47986


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX