ਤਾਜਾ ਖ਼ਬਰਾਂ


ਦਿਸ਼ਾਂਤ ਨੇ ਜੇ.ਈ.ਈ.ਮੇਨਜ਼ ਪ੍ਰੀਖਿਆ ਵਿਚ ਹਾਸਲ ਕੀਤੇ 99.99 ਫ਼ੀਸਦੀ ਅੰਕ
. . .  11 minutes ago
ਪਸ਼ੂ ਪਾਲਣ ਵਿਭਾਗ ਸ਼ੁਰੂ ਕਰੇਗਾ ਮੋਬਾਈਲ ਡਿਸਪੈਂਸਰੀ -ਬਲਵੀਰ ਸਿੰਘ ਸਿੱਧੂ
. . .  25 minutes ago
ਗੜ੍ਹਸ਼ੰਕਰ, 19 ਜਨਵਰੀ (ਧਾਲੀਵਾਲ)- ਪਸ਼ੂ ਪਾਲਣ ਵਿਭਾਗ ਵਲੋਂ ਪਿੰਡ-ਪਿੰਡ ਜਾ ਕੇ ਪਸ਼ੂਆਂ ਦੇ ਇਲਾਜ ਲਈ ਮੋਬਾਈਲ ਡਿਸਪੈਂਸਰੀ ਦਾ ਪ੍ਰਾਜੈਕਟ ਜਲਦ ਹੀ ਸ਼ੁਰੂ ਕੀਤਾ ਜਾ ਰਿਹਾ ਹੈ। ਡਾਕਟਰ ਤੇ ਹੋਰ ਸਟਾਫ਼ ਤੇ ਸਹੂਲਤਾਂ ਨਾਲ ਲੈਸ ਮੋਬਾਈਲ ਡਿਸਪੈਂਸਰੀ ਵੱਲੋਂ ਪਿੰਡ-ਪਿੰਡ...
ਮੋਟਰਸਾਈਕਲਾਂ ਦੀ ਟੱਕਰ ਵਿਚ ਦੋ ਵਿਅਕਤੀਆਂ ਦੀ ਮੌਤ, ਇਕ ਗੰਭੀਰ ਜ਼ਖ਼ਮੀ
. . .  50 minutes ago
ਬਰਨਾਲਾ, 19 ਜਨਵਰੀ (ਧਰਮਪਾਲ ਸਿੰਘ)-ਪਿੰਡ ਠੀਕਰੀਵਾਲ ਤੋਂ ਚੁਹਾਣਕੇ ਖ਼ੁਰਦ ਨੂੰ ਜਾਂਦੀ ਸੜਕ 'ਤੇ ਹੋਈ ਮੋਟਰਸਾਈਕਲਾਂ ਦੀ ਆਹਮੋ ਸਾਹਮਣੇ ਟੱਕਰ ਵਿਚ ਮੋਟਰਸਾਈਕਲ 'ਤੇ ਸਵਾਰ ਦੋਵੇਂ ਚਾਲਕਾਂ ਦੀ ਮੌਤ ਹੋ ਗਈ। ਜਦਕਿ ਇਕ ਨੌਜਵਾਨ ਗੰਭੀਰ ਜ਼ਖ਼ਮੀ...
ਸੰਗਰੂਰ ਅਦਾਲਤ 'ਚ ਹੋਵੇਗੀ ਬੇਅਦਬੀ ਮਾਮਲੇ ਦੀ ਸੁਣਵਾਈ
. . .  54 minutes ago
ਸੰਗਰੂਰ, 19 ਜਨਵਰੀ (ਧੀਰਜ ਪਸ਼ੋਰੀਆ)- ਢਾਈ-ਕੁ ਸਾਲ ਪਹਿਲਾਂ ਮਲੇਰਕੋਟਲਾ ਵਿਖੇ ਧਾਰਮਿਕ ਗ੍ਰੰਥ ਕੁਰਾਨ-ਏ-ਸ਼ਰੀਫ ਦੀ ਬੇਅਦਬੀ ਦੀਆਂ ਵਾਪਰੀਆਂ ਘਟਨਾਵਾਂ ਦੇ ਸੰਬੰਧ 'ਚ ਮਲੇਰਕੋਟਲਾ ਥਾਣਾ ਵਿਖੇ ਦਰਜ ਮਾਮਲੇ ਦੀ ਸੁਣਵਾਈ ਹੁਣ ਸੰਗਰੂਰ ਅਦਾਲਤ ਵਿਖੇ ਹੋਵੇਗੀ। ਮਾਮਲੇ...
ਪ੍ਰਧਾਨ ਮੰਤਰੀ ਮੋਦੀ ਨੂੰ ਹਟਾਉਣਾ ਹੈ ਕੋਲਕਾਤਾ 'ਚ ਹੋਈ ਮਹਾਂ ਰੈਲੀ ਦਾ ਏਜੰਡਾ- ਰਵਿ ਸ਼ੰਕਰ ਪ੍ਰਸਾਦ
. . .  about 1 hour ago
ਕੋਲਕਾਤਾ, 19 ਜਨਵਰੀ- ਕੋਲਕਾਤਾ 'ਚ ਵਿਰੋਧੀ ਰੈਲੀ 'ਤੇ ਬੋਲਦਿਆਂ ਕੇਂਦਰੀ ਮੰਤਰੀ ਰਵਿ ਸ਼ੰਕਰ ਪ੍ਰਸਾਦ ਨੇ ਕਿਹਾ ਕਿ ਜਿਹੜੇ ਅੱਖਾਂ 'ਚ ਅੱਖਾਂ ਪਾ ਕੇ ਨਹੀਂ ਦੇਖ ਸਕਦੇ ਅਤੇ ਉਹ ਅੱਜ ਇਕ ਮੰਚ 'ਤੇ ਇਕੱਠੇ ਹੋਏ ਹਨ। ਉਨ੍ਹਾਂ ਕਿਹਾ ਕਿ ਰੈਲੀ 'ਚ ਵੱਖ-ਵੱਖ ਪਾਰਟੀਆਂ ਦੇ ....
ਅਕਾਲੀ ਭਾਜਪਾ ਅਤੇ ਕਾਂਗਰਸ ਦੀਆਂ ਸਰਕਾਰਾਂ ਨੇ ਕਿਸਾਨਾਂ ਨੂੰ ਕੀਤਾ ਕੰਗਾਲ- ਸਿਮਰਨਜੀਤ ਬੈਂਸ
. . .  about 1 hour ago
ਖੇਮਕਰਨ, 19 ਜਨਵਰੀ (ਸੰਦੀਪ ਮਹਿਤਾ) - ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਅਤੇ ਵਿਧਾਇਕ ਸਿਮਰਨਜੀਤ ਸਿੰਘ ਬੈਂਸ ਕਿਸਾਨਾਂ ਦਾ ਦਰਦ ਜਾਣਨ ਲਈ ਸਰਹੱਦੀ ਕਸਬਾ ਖੇਮਕਰਨ ਵਿਖੇ ਪਹੁੰਚੇ। ਇਸ ਮੌਕੇ ਸਿਮਰਨਜੀਤ ਸਿੰਘ ਬੈਂਸ ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ......
ਰੋਪੜ ਪੁਲਿਸ ਨੇ ਪੰਜਾਬ 'ਚ ਫ਼ੌਜ ਦੀ ਭਰਤੀ ਘੋਟਾਲੇ ਦਾ ਖ਼ੁਲਾਸਾ ਕਰਦਿਆਂ 5 ਵਿਅਕਤੀਆਂ ਨੂੰ ਕੀਤਾ ਕਾਬੂ
. . .  about 1 hour ago
ਚੰਡੀਗੜ੍ਹ, 19 ਜਨਵਰੀ- ਰੋਪੜ ਪੁਲਿਸ ਨੇ ਪੰਜਾਬ 'ਚ ਫ਼ੌਜ ਭਰਤੀ ਘੋਟਾਲੇ ਦਾ ਖ਼ੁਲਾਸਾ ਕਰਦਿਆਂ ਹੋਇਆਂ ਪੰਜ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਰਕਾਰ ਬੁਲਾਰੇ ਨੇ ਦਸਿਆ ਕਿ ਇਨ੍ਹਾਂ ਪਾਸੋਂ ਪੁਲਿਸ ਨੇ 29 ਆਧਾਰ ਕਾਰਡ ਅਤੇ ....
ਨੈਸ਼ਨਲ ਮਿਊਜ਼ੀਅਮ ਫ਼ਾਰ ਇੰਡੀਅਨ ਸਿਨੇਮਾ ਦਾ ਉਦਘਾਟਨ ਕਰਨ ਪਹੁੰਚੇ ਮੋਦੀ
. . .  about 2 hours ago
ਮੁੰਬਈ, 19 ਜਨਵਰੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੈਸ਼ਨਲ ਮਿਊਜ਼ੀਅਮ ਫ਼ਾਰ ਇੰਡੀਅਨ ਸਿਨੇਮਾ (ਐਨ.ਐਮ.ਆਈ.ਸੀ) ਦਾ ਉਦਘਾਟਨ ਕਰਨ ਲਈ ਮੁੰਬਈ ਪਹੁੰਚੇ ....
ਆਈ.ਆਰ.ਸੀ.ਟੀ.ਸੀ. ਮਾਮਲੇ 'ਚ ਲਾਲੂ ਪ੍ਰਸਾਦ ਯਾਦਵ ਨੂੰ ਮਿਲੀ ਜ਼ਮਾਨਤ
. . .  about 2 hours ago
ਨਵੀਂ ਦਿੱਲੀ, 19 ਜਨਵਰੀ- ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਸਾਬਕਾ ਕੇਂਦਰੀ ਰੇਲ ਮੰਤਰੀ ਲਾਲੂ ਪ੍ਰਸਾਦ ਯਾਦਵ ਨੂੰ ਆਈ.ਆਰ.ਸੀ.ਟੀ.ਸੀ. ਮਾਮਲੇ 'ਚ ਸੀ.ਬੀ.ਆਈ. ਵੱਲੋਂ ਦਾਇਰ ਕੇਸ 'ਚ ਜ਼ਮਾਨਤ ਦੇ ਦਿੱਤੀ ....
ਈ. ਡੀ. ਵਲੋਂ ਜ਼ਾਕਿਰ ਨਾਇਕ ਦੇ ਪਰਿਵਾਰ ਦੀ ਜਾਇਦਾਦ ਅਟੈਚ
. . .  about 2 hours ago
ਨਵੀਂ ਦਿੱਲੀ, 19 ਜਨਵਰੀ- ਵਿਵਾਦਤ ਇਸਲਾਮੀ ਪ੍ਰਚਾਰਕ ਜ਼ਾਕਿਰ ਨਾਇਕ ਵਿਰੁੱਧ ਮਨੀ ਲਾਂਡਰਿੰਗ ਜਾਂਚ ਦੇ ਸੰਬੰਧ 'ਚ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ 16.40 ਕਰੋੜ ਰੁਪਏ ਦੀ ਜਾਇਦਾਦ ਅਟੈਚ ਕੀਤੀ ਹੈ। ਇਸ ਸੰਬੰਧੀ ਇੱਕ ਬਿਆਨ 'ਚ ਈ. ਡੀ. ਨੇ ਕਿਹਾ.....
ਹੋਰ ਖ਼ਬਰਾਂ..

ਸਾਡੇ ਪਿੰਡ ਸਾਡੇ ਖੇਤ

ਹਾੜ੍ਹੀ ਦੇ ਪਿਆਜ਼ ਦੀ ਭਰਪੂਰ ਫ਼ਸਲ ਲਈ ਵਿਉਂਤਬੰਦੀ

ਮਨੁੱਖ ਪਿਆਜ਼ ਦੀ ਵਰਤੋਂ ਆਪਣੀ ਰੋਜ਼ਮਰ੍ਹਾ ਜ਼ਿੰਦਗੀ ਵਿਚ ਜੰਗਲੀ ਰੂਪ ਵਿਚ ਮਿਲਣ ਤੋਂ ਲੈ ਕੇ ਅਜੋਕੇ ਸਮੇਂ ਦੌਰਾਨ ਕਾਸ਼ਤ ਕਰ ਕੇ ਵਰਤਦਾ ਆ ਰਿਹਾ ਹੈ। ਵਿਸ਼ਵ ਦੇ ਅਨੇਕਾਂ ਦੇਸ਼ਾਂ ਵਿਚ ਕਾਸ਼ਤ ਅਧੀਨ ਪਿਆਜ਼ ਦੀ ਪੈਦਾਵਾਰ ਵਿਚ ਚੀਨ ਪਹਿਲੇ ਸਥਾਨ ਅਤੇ ਭਾਰਤ ਦੂਜੇ ਨੰਬਰ 'ਤੇ ਆਉਂਦਾ ਹੈ। ਭਾਰਤ ਵਿਚ ਮਹਾਰਾਸ਼ਟਰ ਵਿਚ ਪਿਆਜ਼ ਦੀ ਖੇਤੀ ਸਭ ਤੋਂ ਜ਼ਿਆਦਾ ਕੀਤੀ ਜਾਂਦੀ ਹੈ। ਇਸ ਦੇ ਨਾਲ-ਨਾਲ ਗੁਣਕਾਰੀ ਔਸ਼ਧੀ ਵਜੋਂ ਵੀ ਵਰਤੋਂ ਵਿਚ ਲਿਆਂਦੇ ਜਾਂਦੇ ਹਨ। ਆਯੁਰਵੈਦਿਕ ਪ੍ਰਣਾਲੀ ਵਿਚ ਪਿਆਜ਼ ਤੋਂ ਅਨੇਕਾਂ ਹੀ ਮਨੁੱਖੀ ਬਿਮਾਰੀਆਂ ਜਿਵੇਂ ਕਿ ਦਿਲ ਦੇ ਰੋਗ, ਹੱਡੀਆਂ ਦੇ ਰੋਗ, ਕੈਂਸਰ, ਅਸਥਮਾ, ਸ਼ੂਗਰ ਅਤੇ ਦੰਦਾਂ ਦੇ ਰੋਗ ਆਦਿ ਲਈ ਬਾਖੂਬੀ ਵਰਤਿਆ ਜਾਂਦਾ ਹੈ।
ਪੰਜਾਬ ਵਿਚ ਵੀ ਵਿਆਜ਼ ਦੀ ਕਾਸ਼ਤ ਕਿਸਾਨਾਂ ਦੁਆਰਾ ਅਕਸਰ ਕੀਤੀ ਜਾਂਦੀ ਹੈ। ਹਾਲਾਂਕਿ ਇਹ ਫ਼ਸਲ ਕਈ ਮੌਸਮਾਂ ਵਿਚ ਪੈਦਾ ਕੀਤੀ ਜਾਂਦੀ ਹੈ ਪ੍ਰੰਤੂ ਅਤਿ ਦੀ ਗਰਮੀ, ਕੜਾਕੇ ਦੀ ਠੰਢ ਅਤੇ ਜ਼ਿਆਦਾ ਬਾਰਿਸ਼ਾਂ ਇਸ ਲਈ ਅਨੁਕੂਲ ਨਹੀਂ ਹੁੰਦੀਆਂ। ਜ਼ਿਆਦਾ ਲੰਮੇ ਸਮੇਂ ਠੰਢ ਪੈਣ ਨਾਲ ਪਿਆਜ਼ ਨਿੱਸਰਦਾ ਹੈ ਅਤੇ ਜ਼ਿਆਦਾ ਗਰਮੀ ਪੈਣ ਦੇ ਨਤੀਜੇ ਵਜੋਂ ਗੰਢੇ ਦਾ ਆਕਾਰ ਛੋਟਾ ਰਹਿ ਜਾਂਦਾ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵਲੋਂ ਹਾੜ੍ਹੀ ਦੇ ਪਿਆਜ਼ਾਂ ਲਈ ਪੀ.ਆਰ.ਓ.-7, ਪੀ.ਆਰ.ਓ.-6, ਪੰਜਾਬ ਵਾਈਟ ਅਤੇ ਪੰਜਾਬ ਨਰੋਆ ਆਦਿ ਕਿਸਮਾਂ ਦੀ ਸਿਫਾਰਸ਼ ਕੀਤੀ ਜਾਂਦੀ ਹੈ, ਜਿਨ੍ਹਾਂ ਦਾ ਕ੍ਰਮਵਾਰ ਔਸਤ ਝਾੜ 160 ਕੁਇੰਟਲ, 175 ਕੁਇੰਟਲ, 135 ਕੁਇੰਟਲ ਅਤੇ 150 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ। ਹਰ ਕਿਸਮ ਦੀ ਆਪਣੀ ਵਿਲੱਖਣਤਾ ਹੁੰਦੀ ਹੈ ਅਤੇ ਅਸੀਂ ਸਿਰਫ਼ ਝਾੜ ਦੇ ਆਧਾਰ 'ਤੇ ਕਿਸਮ ਦੀ ਚੋਣ ਨਹੀਂ ਕਰ ਸਕਦੇ। ਪੀ.ਆਰ.ਓ.-7 ਅਤੇ 6 ਦੀ ਭੰਡਾਰਨ ਸਮਰੱਥਾ ਬਹੁਤ ਚੰਗੀ ਹੁੰਦੀ ਹੋਣ ਕਰਕੇ ਲੰਮੇ ਸਮੇਂ ਲਈ ਸਟੋਰ ਕੀਤੀ ਜਾ ਸਕਦੀ ਹੈ ਅਤੇ ਇਸ ਕਿਸਮ ਦਾ ਨਿਸਾਰਾ ਵੀ ਬਹੁਤ ਘੱਟ ਹੁੰਦਾ ਹੈ। ਪੰਜਾਬ ਨਰੋਆ ਨੂੰ ਜਾਮਨੀ ਦਾਗ਼ ਰੋਗ ਬਹੁਤ ਘੱਟ ਲਗਦਾ ਹੈ ਤੇ ਇਸ ਨੂੰ ਥਰਿੱਪ ਅਤੇ ਪਿਆਜ਼ ਦੀ ਸੁੰਡੀ ਦਾ ਹਮਲਾ ਵੀ ਘੱਟ ਹੁੰਦਾ ਹੈ।
ਕਿਸਮ ਦੀ ਚੋਣ ਉਪਰੰਤ ਫ਼ਸਲ ਦਾ ਚੰਗਾ ਝਾੜ ਲੈਣ ਲਈ ਚੰਗੇ ਬੀਜ ਅਤੇ ਨਰੋਈ ਪਨੀਰੀ ਦੀ ਉਪਲਬਧਤਾ ਵੀ ਬਹੁਤ ਜ਼ਰੂਰੀ ਹੁੰਦੀ ਹੈ। ਹਾੜ੍ਹੀ ਦੇ ਪਿਆਜ਼ ਦੀ ਪਨੀਰੀ ਤਿਆਰ ਕਰਨ ਦਾ ਢੁਕਵਾਂ ਸਮਾਂ ਅੱਧ ਅਕਤੂਬਰ ਤੋਂ ਅੱਧ ਨਵੰਬਰ ਤੱਕ ਹੁੰਦਾ ਹੈ ਅਤੇ ਜਨਵਰੀ ਦੇ ਪਹਿਲੇ ਪੰਦ੍ਹਰਵਾੜੇ ਪਨੀਰੀ ਪੁੱਟ ਕੇ ਖੇਤ ਵਿਚ ਲਾਈ ਜਾਂਦੀ ਹੈ। ਜ਼ਮੀਨ ਵਿਚਲੇ ਸਹੀ ਵੱਤਰ ਨੂੰ ਵੇਖਦੇ ਹੋਏ ਕਤਾਰ ਤੋਂ ਕਤਾਰ 15 ਸੈਂਟੀਮੀਟਰ ਅਤੇ ਬੂਟੇ ਤੋਂ ਚੰਗਾ ਝਾੜ ਲੈਣ ਲਈ, ਪਿਆਜ਼ ਦੀ ਪਨੀਰੀ ਲਾਉਣ ਸਮੇਂ ਜੈਵਿਕ ਖਾਦ (ਕਨਸ਼ੋਰਸੀਅਮ ਜੀਵਾਣੂ) 4 ਕਿਲੋ ਪ੍ਰਤੀ ਏਕੜ ਨੂੰ ਮਿੱਟੀ ਵਿਚ ਰਲਾ ਕੇ ਪਾਓ। ਇਹ ਖਾਦ ਮਿੱਟੀ ਦੀ ਸਿਹਤ ਵੀ ਸੁਧਾਰਦੀ ਹੈ ਅਤੇ ਜੈਵਿਕ ਖਾਦ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਅਤੇ ਹਰ ਜ਼ਿਲ੍ਹੇ ਵਿਚ ਮੌਜੂਦ ਪਸਾਰ ਅਦਾਰੇ ਜਿਵੇਂ ਕਿ ਕ੍ਰਿਸ਼ੀ ਵਿਗਿਆਨ ਕੇਂਦਰਾਂ ਤੋਂ ਆਸਾਨੀ ਨਾਲ ਜਾਂਦੀ ਹੈ। ਜੈਵਿਕ ਖਾਦ ਦੇ ਨਾਲ 20 ਟਨ ਗਲੀ-ਸੜੀ ਰੂੜੀ, 90 ਕਿਲੋ ਯੂਰੀਆ, 125 ਕਿੱਲੋ ਸੁਪਰਫਾਸਫੇਟ ਅਤੇ 35 ਕਿੱਲੋ ਮਿਊਰੇਟ ਆਫ ਪੋਟਾਸ਼ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਓ। ਸਾਰੀ ਫਾਸਫੋਰਸ ਤੇ ਪੋਟਾਸ਼ ਅਤੇ ਅੱਧੀ ਨਾਈਟ੍ਰੋਜਨ ਬੂਟੇ ਲਾਉਣ ਤੋਂ ਪਹਿਲਾਂ ਅਤੇ ਅੱਧੀ ਬਚਦੀ ਨਾਈਟ੍ਰੋਜਨ 4-6 ਹਫ਼ਤਿਆਂ ਬਾਅਦ ਛੱਟਾ ਦੇ ਕੇ ਪਾਓ।
ਹਾੜ੍ਹੀ ਦੇ ਪਿਆਜ਼ਾਂ ਵਿਚ ਨਦੀਨਾਂ ਦੀ ਰੋਕਥਾਮ ਨਦੀਨਨਾਸ਼ਕ ਦਵਾਈਆਂ ਅਤੇ ਗੁਡਾਈ ਨਾਲ ਕੀਤੀ ਜਾਂਦੀ ਹੈ। ਸਟੌਂਪ 30 ਈ.ਸੀ., 750 ਮਿਲੀਲੀਟਰ, 200 ਲੀਟਰ ਪਾਣੀ ਵਿਚ ਘੋਲ ਕੇ ਪਨੀਰੀ ਲਾਉਣ ਤੋਂ ਇਕ ਹਫ਼ਤੇ ਦੇ ਅੰਦਰ ਛਿੜਕੋ। ਜੇਕਰ ਲੋੜ ਪਵੇ ਤਾਂ ਬੂਟੇ ਲਾਉਣ ਤੋਂ 60 ਦਿਨ ਬਾਅਦ ਵਿਚ ਇਕ ਗੋਡੀ ਕਰੋ। ਇਸ ਤੋਂ ਇਲਾਵਾ ਗੋਲ 23.5 ਈ.ਸੀ. (ਆਕਸੀਫਲੋਰਫਿਨ) 380 ਮਿਲੀਲੀਟਰ ਪ੍ਰਤੀ ਏਕੜ ਨੂੰ 200 ਲੀਟਰ ਪਾਣੀ ਵਿਚ ਘੋਲ ਕੇ ਗੰਢਿਆਂ ਦੀ ਪਨੀਰੀ ਲਾਉਣ ਤੋਂ ਇਕ ਹਫ਼ਤੇ ਦੇ ਅੰਦਰ-ਅੰਦਰ ਛਿੜਕਾਅ ਕਰਨ ਅਤੇ 90-100 ਦਿਨਾਂ ਬਾਅਦ ਇਕ ਗੋਡੀ ਕਰਨ ਨਾਲ ਵੀ ਨਦੀਨਾਂ ਦੀ ਰੋਕਥਾਮ ਕੀਤੀ ਜਾ ਸਕਦੀ ਹੈ।
ਸਿੰਜਾਈ ਦਾ ਸੁਚੱਜਾ ਪ੍ਰਬੰਧ ਹਰ ਫ਼ਸਲ ਲਈ ਲਾਭਕਾਰੀ ਹੁੰਦਾ ਹੈ। ਪਿਆਜ਼ ਦੀ ਫ਼ਸਲ ਨੂੰ 10-15 ਪਾਣੀ ਲਗਦੇ ਹਨ ਅਤੇ ਪਨੀਰੀ ਲਾਉਣ ਤੋਂ ਤੁਰੰਤ ਬਾਅਦ ਪਾਣੀ ਦੇਣਾ ਚਾਹੀਦਾ ਹੈ ਤਾਂ ਜੋ ਬੂਟਿਆਂ ਦੀਆਂ ਜੜ੍ਹਾਂ ਜ਼ਮੀਨ ਪਕੜ ਲੈਣ। ਪਿਆਜ਼ ਨੂੰ ਲੰਮੇ ਸਮੇਂ ਤੱਕ ਭੰਡਾਰ ਕਰਨ ਲਈ ਪੁਟਾਈ ਤੋਂ ਘੱਟੋ-ਘੱਟ 15 ਦਿਨ ਪਹਿਲਾਂ ਪਾਣੀ ਦੇਣਾ ਬੰਦ ਕਰ ਦੇਣਾ ਚਾਹੀਦਾ ਹੈ।
ਪਿਆਜ਼ ਦੀ ਪੁਟਾਈ ਸਮੇਂ ਵੀ ਧਿਆਨ ਦੇਣਾ ਚਾਹੀਦਾ ਹੈ ਤਾਂ ਜੋ ਭੰਡਾਰਨ ਦੀ ਸਮਰੱਥਾ ਨੂੰ ਵਧਾਇਆ ਜਾ ਸਕੇ। ਉਦਾਹਰਨ ਵਜੋਂ ਭੂਕਾਂ ਸੁੱਕ ਕੇ ਡਿਗਣ 'ਤੇ ਪਿਆਜ਼ ਦੀ ਪੁਟਾਈ ਕਰੋ। ਉਸ ਤੋਂ ਬਾਅਦ ਤਕਰੀਬਨ 3-4 ਦਿਨ ਤੱਕ ਛਾਂ ਵਿਚ ਪਿਆਜ਼ਾਂ ਨੂੰ ਪਤਲੀਆਂ ਤਹਿਆਂ ਵਿਚ ਖਿਲਾਰ ਕੇ ਪਾਉਣਾ ਚਾਹੀਦਾ ਹੈ ਅਤੇ 1-2 ਸੈਂਟੀਮੀਟਰ ਭੂਕਾਂ ਰੱਖ ਕੇ ਕੱਟ ਦਿਓ। ਭੰਡਾਰ ਕੀਤੇ ਹੋਏ ਪਿਆਜ਼ਾਂ ਨੂੰ ਹਰ 15 ਦਿਨਾਂ ਬਾਅਦ ਹਿਲਾਉਂਦੇ ਰਹੋ ਅਤੇ ਗਲੇ ਜਾਂ ਕੱਟੇ ਹੋਏ ਪਿਆਜ਼ਾਂ ਦੀ ਛਾਂਟੀ ਜ਼ਰੂਰ ਕਰੋ। ਵਧੇਰੇ ਜਾਣਕਾਰੀ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਜਾਂ ਪਸਾਰ ਅਦਾਰਿਆਂ ਵਿਚ ਮੌਜੂਦ ਖੇਤੀ ਮਾਹਿਰਾਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ।


-ਕ੍ਰਿਸ਼ੀ ਵਿਗਿਆਨ ਕੇਂਦਰ ਕਪੂਰਥਲਾ।


ਖ਼ਬਰ ਸ਼ੇਅਰ ਕਰੋ

ਫ਼ਸਲ ਦੇ ਵਧਣ-ਫ਼ੁੱਲਣ ਵਿਚ ਸਹਾਈ ਕਿਰਿਆ : ਗੋਡੀ

ਪਾਣੀ ਤਾਂ ਕਿਸਾਨ ਦੀ ਜਿੰਦ-ਜਾਨ ਹੁੰਦਾ ਹੈ। ਟਿਊਬਵੈੱਲ ਸਦਕਾ ਭਾਵੇਂ ਪਾਣੀ ਉਸ ਦੀ ਪਹੁੰਚ ਵਿਚ ਸੌਖਿਆਂ ਹੀ ਹੋ ਗਿਆ ਹੈ ਫਿਰ ਵੀ ਕਦੇ ਖੂਹ ਪੁੱਟਣ ਵੇਲੇ ਅਤੇ ਹੁਣ ਟਿਊਬਵੈੱਲ ਲਈ ਬੋਰ ਕਰਨ ਸਮੇਂ ਉਹ 'ਇੰਦਰ ਦੇਵਤਾ' ਵਾਸਤੇ ਮਿੱਠੇ ਚੌਲਾਂ ਜਾਂ ਫਿਰ ਦਲੀਏ ਦੀ ਕੜਾਹੀ ਜ਼ਰੂਰ ਕਰਦਾ ਹੈ ਅਤੇ ਕੰਮ ਦੇ ਨੇਪਰੇ ਚੜ੍ਹਨ ਤੱਕ ਉਹ ਇਸ ਦੀ ਅਰਾਧਨਾ ਕਰਦਾ ਰਹਿੰਦਾ ਹੈ। ਪਾਣੀ ਦਾ ਧਿਆਇਆ ਜਾਣਾ ਅਤੇ ਖੇਤਾਂ ਵਿਚ ਬਣੀਆਂ ਪੁਰਖਿਆਂ ਦੀਆਂ ਮੜ੍ਹੀਆਂ ਦਾ ਧਿਆਇਆ ਜਾਣਾ ਉਸ ਲਈ ਬਰਾਬਰ ਹੀ ਹੋਇਆ ਕਰਦਾ ਸੀ। 'ਜ਼ਮੀਨ ਤਾਂ ਜੱਟ ਦੀ ਮਾਂ ਹੁੰਦੀ ਹੈ' ਵਾਲਾ ਵਾਕੰਸ਼ ਧਰਤੀ ਨਾਲ ਕਿਸਾਨ ਦਾ ਨਾੜੂਆ ਜੋੜ ਕੇ ਰੱਖਦਾ ਹੈ। ਧਰਤੀ ਉਸ ਨੂੰ ਫ਼ਸਲ ਦਿੰਦੀ ਹੈ ਅਤੇ ਉਹ ਵੀ ਲੋੜ ਪੈਣ ਤੇ ਆਪਣੇ ਹੱਥਾਂ ਨੂੰ ਪਵਿੱਤਰ ਕਰਨ ਲਈ ਮਿੱਟੀ ਦਾ ਸਹਾਰਾ ਲੈ ਲੈਂਦਾ ਰਿਹਾ ਹੈ। ਪਾਣੀ ਦੀ ਬੂੰਦ ਅਤੇ ਮਿੱਟੀ ਦੀ ਢੇਰੀ ਖਾਤਰ ਜੱਟਾਂ ਵਿਚ ਕਤਲ ਹੋਣ ਤੱਕ ਦੀ ਨੌਬਤ ਆ ਜਾਂਦੀ ਹੈ। ਧਰਤੀ ਵਿਚ ਫ਼ਸਲ ਪੈਦਾ ਕਰਨ ਤੋਂ ਲੈ ਕੇ ਇਸ ਦੇ ਸਾਂਭਣ ਤੱਕ ਉਹ ਜ਼ਮੀਨ ਦੀ ਪਵਿੱਤਰਤਾ ਬਣਾਈ ਰੱਖਦਾ ਰਿਹਾ ਹੈ। ਖੇਤ ਵਿਚ ਰੌਣੀ ਕਰਨ, ਵਾਹੁਣ ਬੀਜਣ ਸਮੇਂ ਅਤੇ ਫਿਰ ਫ਼ਸਲ ਦੀ ਪਾਲਣਾ ਵਿਚ ਗੋਡੀ ਸ਼ਬਦ ਦੀ ਬੜੀ ਮਹੱਤਤਾ ਰਹੀ ਹੈ। ਖੜ੍ਹੀ ਫ਼ਸਲ ਵਿਚ ਵਾਧੂ ਦੇ ਘਾਹ-ਫ਼ੂਸ ਨੂੰ ਉਹ ਗੋਡੀ ਕਰਕੇ ਕੱਢਦਾ ਰਿਹਾ ਹੈ। 'ਚੰਗੀ ਤਰ੍ਹਾਂ ਗੋਡੀ ਕਰਨ ਨਾਲ ਫ਼ਸਲ ਦੀਆਂ ਜੜ੍ਹਾਂ ਨੂੰ ਹਵਾ ਮਿਲਦੀ ਹੈ ਅਤੇ ਇਹ ਚੰਗੀ ਤਰ੍ਹਾਂ ਵਧਦੀ ਫ਼ੁੱਲਦੀ ਹੈ। ' ਕਿਸਾਨ ਦਾ ਬੋਲਿਆ ਇਹ ਵਾਕ ਫ਼ਸਲ ਵਾਸਤੇ ਗੋਡੀ ਦੀ ਮਹੱਤਤਾ ਦਰਸਾਉਂਦਾ ਹੈ। ਖੜ੍ਹੀ ਫ਼ਸਲ ਵਿਚ ਕਸੀਏ, ਕਸੌਲੀ, ਰੰਬੇ, ਰੰਬੀ ਨਾਲ ਕਿਸਾਨ ਗੋਡੀ ਕਰਿਆ ਕਰਦਾ ਸੀ।
ਵਿਰਲੀ ਫ਼ਸਲ ਵਿਚ ਕਸੀਏ ਨਾਲ ਗੋਡੀ ਕੀਤੀ ਜਾਂਦੀ ਸੀ। ਚਾਰ ਪੰਜ ਫੁੱਟ ਅਕਾਰ ਦੇ ਦਸਤੇ ਵਿਚ ਲੋਹੇ ਨੂੰ ਵਿਸ਼ੇਸ਼ ਅਕਾਰ ਦੇ ਕੇ ਕਸੀਆ ਬਣਾਇਆ ਜਾਂਦਾ ਸੀ। ਕਸੀਏ ਦਾ ਅਕਾਰ ਅੱਠ ਤੋਂ ਦਸ ਉਂਗਲਾਂ ( ਕਰੀਬ ਛੇ ਇੰਚ ਜਾਂ ਥੋੜ੍ਹਾ ਜਿਹਾ ਵੱਧ-ਘੱਟ) ਚੌੜਾਈ ਵਿਚ ਅਤੇ ਪਿੱਛੇ ਨੂੰ ਥੋੜ੍ਹਾ ਇਸ ਤੋਂ ਲੰਬਾਈ ਵਿਚ ਹੁੰਦਾ ਸੀ। ਕਿਸਾਨ ਜਾਂ ਕਾਮਾ ਖੜ੍ਹਾ ਹੋ ਕੇ ਥੋੜ੍ਹਾ ਜਿਹਾ ਅੱਗੇ ਨੂੰ ਝੁਕ ਕੇ ਇਸ ਦੀ ਵਰਤੋਂ ਨਾਲ ਫ਼ਸਲ ਦੀ ਗੋਡੀ ਕਰਿਆ ਕਰਦਾ ਸੀ। ਭਾਵੇਂ ਜ਼ਿਆਦਾ ਨਹੀਂ ਪਰੰਤੂ ਫਿਰ ਵੀ ਇਹ ਕੁੱਝ ਡੂੰਘਾਈ ਵਿਚ ਧਰਤੀ ਵਿਚ ਗੁੱਡਿਆ ਅਤੇ ਬਾਹਰ ਕੱਢਿਆ ਜਾਂਦਾ ਸੀ। ਇਸ ਸਮੇਂ ਮਿੱਟੀ ਨੂੰ ਉਲਟਾਇਆ ਪਲਟਾਇਆ ਵੀ ਜਾਂਦਾ ਸੀ। ਪਰੰਤੂ ਸਾਰੀਆਂ ਫ਼ਸਲਾਂ ਵਿਚ ਇਹ ਕੰਮ ਨਹੀਂ ਦਿਆ ਕਰਦਾ ਸੀ। ਆਮ ਤੌਰ ਕਮਾਦ, ਨਰਮਾ-ਕਪਾਹ, ਮੱਕੀ ਬਾਜਰਾ ਆਦਿ ਫ਼ਸਲਾਂ ਦੀ ਗੋਡੀ ਸਮੇਂ ਇਹ ਕੰਮ ਦਿੰਦਾ ਸੀ। ਇਨ੍ਹਾਂ ਫ਼ਸਲਾਂ ਵਿਚ ਬੂਟਿਆਂ ਦੀ ਵਿੱਥ ਆਮ ਤੌਰ ਤੇ ਵੱਧ ਹੁੰਦੀ ਹੈ। ਗੋਡੀ ਕਰਦੇ ਸਮੇਂ ਪੁੱਟੇ ਗਏ ਘਾਹ ਆਦਿ ਨੂੰ ਧਰਤੀ ਤੇ ਝਾੜ ਕੇ ਬਾਹਰ ਕੱਢਿਆ ਜਾਂਦਾ ਸੀ। ਪਸ਼ੂਆਂ ਦੇ ਖਾਣ ਦੇ ਕੰਮ ਆਉਣ ਵਾਲੇ ਘਾਹ ਨੂੰ ਇਕੱਠਾ ਕਰਕੇ ਵਰਤੋਂ ਵਿਚ ਲਿਆਂਦਾ ਜਾਂਦਾ ਸੀ ਜਦੋਂ ਕਿ ਬਾਕੀ ਦੇ ਘਾਹ ਨੂੰ ਨਸ਼ਟ ਕਰਨ ਲਈ ਇਕੱਠਾ ਕਰ ਲਿਆ ਜਾਂਦਾ ਸੀ।
ਕਸੌਲੀ ਨੂੰ ਭਾਵੇਂ ਅਸੀਂ ਕਸੀਏ ਦਾ ਛੋਟਾ ਅਕਾਰ ਕਹਿ ਲਈਏ ਪਰੰਤੂ ਅਸਲੀਅਤ ਵਿਚ ਇਸ ਦੀ ਬਣਤਰ ਵਿਚ ਵੀ ਫਰਕ ਹੁੰਦਾ ਸੀ। ਇਹ ਅਕਾਰ ਵਿਚ ਛੋਟੀ ਹੋਣ ਦੇ ਨਾਲ ਹੀ ਅੱਗੇ ਤੋਂ ਥੋੜ੍ਹੀ ਚੌੜੀ ਅਤੇ ਪਿੱਛੇ ਤੋਂ ਘੱਟ ਚੌੜੀ ਹੁੰਦੀ ਸੀ। ਲੋੜ ਅਨੁਸਾਰ ਇਸ ਦੇ ਉਲਟ ਅਕਾਰ ਵਾਲੀ ਵੀ ਕਸੌਲੀ ਹੋਇਆ ਕਰਦੀ ਸੀ। ਦਸਤਾ ਇਸ ਦਾ ਕਸੀਏ ਜਿੱਡਾ ਹੀ ਹੁੰਦਾ ਸੀ। ਸੰਘਣੀਆਂ ਫ਼ਸਲਾਂ ਵਿਸ਼ੇਸ਼ ਤੌਰ ਤੇ ਕਣਕ, ਜੌਂ, ਛੋਲੇ, ਸਰ੍ਹੋਂ ਅਤੇ ਦਾਲਾਂ ਵਾਲੀਆਂ ਫ਼ਸਲਾਂ ਵਿਚ ਆਮ ਤੌਰ ਤੇ ਇਸ ਨਾਲ ਗੋਡੀ ਕੀਤੀ ਜਾਂਦੀ ਸੀ।
ਇਸੇ ਤਰ੍ਹਾਂ ਰੰਬੇ ਅਤੇ ਰੰਬੀ ਨਾਲ ਵੀ ਗੋਡੀ ਕੀਤੀ ਜਾਂਦੀ ਸੀ। ਰੰਬਾ ਆਮ ਤੌਰ ਛੋਟੇ ਜਿਹੇ ਵਿੰਗ ਪਾ ਕੇ ਬਣਾਏ ਗਏ ਦਸਤੇ ਦੇ ਅੱਗੇ ਜੜਿਆ ਜਾਂਦਾ ਸੀ। ਇਹ ਆਮ ਤੌਰ ਤੇ ਅੱਗੇ ਤੋਂ ਚੌੜਾ ਅਤੇ ਪਿੱਛੇ ਤੋਂ ਘੱਟ ਚੌੜਾ ਹੁੰਦਾ ਸੀ। ਰੰਬੀ ਦਾ ਦਸਤਾ ਇਸੇ ਵਰਗਾ ਜਾਂ ਥੋੜ੍ਹੇ ਜਿਹੇ ਫਰਕ ਵਾਲਾ ਹੁੰਦਾ ਸੀ ਜਦੋਂ ਕਿ ਅਕਾਰ ਇਸ ਤੋਂ ਛੋਟਾ ਹੁੰਦਾ ਸੀ ਅਤੇ ਇਹ ਵੀ ਅੱਗੇ ਤੋਂ ਵੱਧ ਅਤੇ ਪਿੱਛੇ ਤੋਂ ਘੱਟ ਚੌੜੀ ਹੁੰਦੀ ਸੀ। ਇਨ੍ਹਾਂ ਨਾਲ ਬੈਠ ਕੇ ਗੋਡੀ ਕੀਤੀ ਜਾਂਦੀ ਸੀ। ਇਨ੍ਹਾਂ ਨਾਲ ਕੰਮ ਭਾਵੇਂ ਕਸੀਏ ਅਤੇ ਕਸੌਲੀ ਨਾਲੋਂ ਘੱਟ ਨਿੱਬੜਦਾ ਸੀ ਪਰੰਤੂ ਇਹ ਬਹੁਤ ਹੀ ਧਿਆਨ ਨਾਲ ਅਤੇ ਫ਼ਸਲ ਦੀਆਂ ਜੜ੍ਹਾਂ ਕੋਲੋਂ ਕੀਤੀ ਜਾਣ ਵਾਲੀ ਗੋਡੀ ਸਮੇਂ ਕੰਮ ਆਉਣ ਵਾਲੇ ਸੰਦ ਸਨ। ਗੈਰ ਕਾਸ਼ਤਕਾਰ ਰੰਬੇ ਨਾਲ ਆਪਣੇ ਪਸ਼ੂਆਂ ਵਾਸਤੇ ਘਾਹ ਖੋਤਣ ਦਾ ਕੰਮ ਵੀ ਕਰਿਆ ਕਰਦੇ ਸਨ। ਕਸੀਆ, ਕਸੌਲੀ, ਰੰਬਾ ਤਾਂ ਹੁਣ ਲੱਗਪਗ ਸਮਾਪਤੀ ਦੇ ਕੰਢੇ ਤੇ ਪੁੱਜ ਗਏ ਹਨ ਜਦੋਂ ਕਿ ਰੰਬੀ ਕੇਵਲ ਸ਼ਹਿਰੀ ਮਾਲੀਆਂ ਦੇ ਹੱਥਾਂ ਵਿਚ ਰਹਿ ਗਈ ਹੈ। ਇਸ ਨਾਲ ਉਹ ਘਰੇਲੂ ਬਗੀਚੀਆਂ ਵਿਚ ਕੰਮ ਕਰਦੇ ਹਨ। ਖੇਤੀ ਵਿਗਿਆਨੀਆਂ ਦੀਆਂ ਕਾਢਾਂ ਨੇ ਜਿੱਥੇ ਮਸ਼ੀਨਰੀ ਨਾਲ ਖੇਤੀ ਦਾ ਕੰਮ 'ਸੌਖਾ' ਕੀਤਾ ਹੈ ਉੱਥੇ ਨਦੀਨ ਨਾਸ਼ਕਾਂ ਦੀ ਵਰਤੋਂ ਕਰਕੇ ਗੋਡੀ ਕਰਨ ਦਾ ਕੰਮ ਸਮਾਪਤ ਕਰ ਦਿੱਤਾ ਹੈ। ਇਹ ਵੱਖਰੀ ਗੱਲ ਹੈ ਇਸ ਨਾਲ ਨਦੀਨਾਂ ( ਘਾਹ ਆਦਿ) ਤਾਂ ਸਮਾਪਤ ਹੋ ਜਾਂਦੇ ਪਰੰਤੂ ਇਹ ਗੋਡੀ ਦੀ ਬਰਾਬਰੀ ਨਹੀਂ ਕਰ ਸਕਦੇ। ਇਨ੍ਹਾਂ ਨਾਲ ਜ਼ਮੀਨ ਦੀ ਉਪਰਲੀ ਸਤ੍ਹਾ ਨਰਮ ਹੋ ਕੇ ਫ਼ਸਲਾਂ ਨੂੰ ਹਵਾ ਮਿਲਣ ਅਤੇ ਇਨ੍ਹਾਂ ਦੇ ਵਧਣ ਫ਼ੁੱਲਣ ਵਿਚ ਕੋਈ ਸਹਾਇਤਾ ਨਹੀਂ ਹੋ ਸਕਦੀ।


-6-ਆਰ. ਡੋਗਰ ਬਸਤੀ ਫ਼ਰੀਦਕੋਟ।
ਮੋਬਾਈਲ : 95010-20731

ਭੁੱਖ ਤਾਂ ਲੱਗੇ ਸਭ ਨੂੰ

ਹਰ ਜੀਵ-ਜੰਤੂ ਨੂੰ ਜੀਵਤ ਰਹਿਣ ਲਈ ਭੋਜਨ ਦੀ ਤਲਾਸ਼ ਕਰਨੀ ਪੈਂਦੀ ਹੈ। ਇਹੋ ਕਾਰਨ ਹੈ ਕਿ ਲੱਖਾਂ ਪੰਛੀ ਤੇ ਮਨੁੱਖ, ਹਜ਼ਾਰਾਂ ਮੀਲ ਚੱਲ ਕੇ, ਚੋਗ ਲੱਭਣ ਲਈ ਉਡਾਰੀਆਂ ਲਾਉਂਦੇ ਹਨ। ਮਨੁੱਖ ਸਣੇ ਇਹ ਇਸ ਤਲਾਸ਼ ਵਿਚ ਰਹਿੰਦੇ ਹਨ ਕਿ ਕਿਹੜੀ ਧਰਤੀ ਉਨ੍ਹਾਂ ਦਾ ਮਨਪਸੰਦ ਚੋਗ ਪੈਦਾ ਕਰਦੀ ਹੈ। ਇੰਜ ਕਰਨਾ ਹਰ ਜੀਵ ਲੋੜ ਵੀ ਹੈ ਤੇ ਹੱਕ ਵੀ। ਆਪਣੇ ਘਰਾਂ ਵਿਚ ਦੋ-ਚਾਰ-ਛੇ ਕਬੂਤਰ ਅਸੀਂ ਆਮ ਹੀ ਵੇਖਦੇ ਹਾਂ, ਜੋ ਸਾਡੇ ਬਨੇਰਿਆਂ 'ਤੇ ਬੈਠੇ ਹੁੰਦੇ ਹਨ। ਪਰ ਇਸ ਸੁੱਕਣੀ ਪਾਈ ਕਣਕ 'ਤੇ ਇਹ ਦਰਜਨਾਂ ਪੰਛੀ ਕਿੱਥੋਂ ਆ ਗਏ? ਮਨੁੱਖ ਨੂੰ ਕਿਤੇ ਕੁਝ ਲੱਭ ਪਵੇ ਤਾਂ ਉਹ ਕਿਸੇ ਦੂਸਰੇ ਨੂੰ ਦੱਸਦਾ ਹੀ ਨਹੀਂ, ਤੇ ਜੇ ਕਿਤੇ 'ਕੱਠੇ ਹੋ ਜਾਣ ਤਾਂ ਇਕ-ਦੂਜੇ ਨਾਲ ਧੱਕਾ-ਮੁੱਕੀ ਤੋਂ ਲੈ ਕੇ ਮਾਰਨ ਤੱਕ ਜਾਂਦਾ ਹੈ। ਅਸੀਂ ਪਤਾ ਨਹੀਂ ਕਿਉਂ? ਆਪਣੇ ਆਲੇ-ਦੁਆਲੇ ਦੇ ਪੰਛੀਆਂ ਤੋਂ ਵੀ ਨਹੀਂ ਸਿੱਖਦੇ। ਦੇਖੋ ਕਿੰਨੇ ਪੰਛੀ, ਆਪਸੀ ਸਹਿਯੋਗ ਨਾਲ ਅਚਾਨਕ ਮਿਲੇ ਭੋਜਨ ਲਈ ਨਾਲੇ ਤਾਂ ਸੈਨਤਾਂ ਨਾਲ ਹੋਰਨਾਂ ਨੂੰ ਸੱਦ ਲਿਆਏ, ਨਾਲੇ ਕਿਵੇਂ ਆਰਾਮ ਨਾਲ ਗੁਲਛਰੇ ਉਡਾ ਰਹੇ ਹਨ। ਉਹ ਮਨੁੱਖੋ, ਕੁਝ ਤਾਂ ਪੰਛੀਆਂ ਤੋਂ ਸਿੱਖੋ, ਕਿਉਂ ਐਵੇਂ ਲੜ-ਲੜ ਮਰੀ ਜਾਂਦੇ ਹੋ।


-ਮੋਬਾ: 98159-45018

ਹਾੜ੍ਹੀ ਦੀਆਂ ਫ਼ਸਲਾਂ ਵਿਚ ਨਦੀਨਾਂ ਦੀ ਰੋਕਥਾਮ ਦੇ ਸੁਚੱਜੇ ਢੰਗ

ਹਾੜ੍ਹੀ ਦੀ ਰੁੱਤ ਵਿਚ ਪੰਜਾਬ ਵਿਚ ਵੱਖ-ਵੱਖ ਫ਼ਸਲਾਂ ਉਗਾਈਆਂ ਜਾਂਦੀਆਂ ਹਨ ਜਿਨ੍ਹਾਂ ਵਿਚੋਂ ਅਨਾਜ ਵਾਲੀਆਂ ਫ਼ਸਲਾਂ ਵਿਚ ਕਣਕ, ਜੌਂ ਅਤੇ ਬਹਾਰ ਰੁੱਤ ਦੀ ਮੱਕੀ, ਦਾਲਾਂ ਵਾਲੀਆਂ ਫ਼ਸਲਾਂ ਵਿਚ ਛੋਲੇ ਅਤੇ ਮਸਰ ਅਤੇ ਤੇਲ ਬੀਜ ਵਾਲੀਆਂ ਫ਼ਸਲਾਂ ਵਿਚ ਸਰ੍ਹੋੋਂ, ਗੋਭੀ ਸਰ੍ਹੋਂ, ਰਾਇਆ, ਅਲਸੀ ਅਤੇ ਸੂਰਜਮੁਖੀ ਆਦਿ ਫ਼ਸਲਾਂ ਮੁੱਖ ਹਨ। ਇਨ੍ਹਾਂ ਫ਼ਸਲਾਂ ਦਾ ਪੂਰਾ ਝਾੜ ਲੈਣ ਲਈ ਕਾਸ਼ਤਕਾਰੀ ਦੇ ਬਾਕੀ ਢੰਗਾਂ ਦੇ ਨਾਲ-ਨਾਲ ਨਦੀਨਾਂ ਦੀ ਰੋਕਥਾਮ ਕਰਨੀ ਵੀ ਬਹੁਤ ਜ਼ਰੂਰੀ ਹੁੰਦੀ ਹੈ ਕਿਉਂਕਿ ਨਦੀਨ ਫ਼ਸਲ ਦਾ ਝਾੜ ਘਟਾਉਣ ਦੇ ਨਾਲ ਨਾਲ ਫ਼ਸਲਾਂ ਦੇ ਮਿਆਰ ਅਤੇ ਮੰਡੀਕਰਨ 'ਤੇ ਵੀ ਬੁਰਾ ਪ੍ਰਭਾਵ ਪਾਉਂਦੇ ਹਨ। ਇਸ ਤੋਂ ਇਲਾਵਾ ਨਦੀਨ ਬਹੁਤ ਸਾਰੇ ਕੀੜੇ ਮਕੌੜਿਆਂ ਨੂੰ ਪਨਾਹ ਦੇ ਕੇ ਫ਼ਸਲ ਵਿਚ ਇਨ੍ਹਾਂ ਦੇ ਹਮਲਾ ਵਧਾਉਣ ਵਿਚ ਵੀ ਭੂਮਿਕਾ ਨਿਭਾਉਂਦੇ ਹਨ। ਹਾੜ੍ਹੀ ਦੀਆਂ ਫ਼ਸਲਾਂ ਵਿਚ ਹੋਣ ਵਾਲੇ ਨਦੀਨਾਂ ਵਿਚੋਂ ਘਾਹ ਵਾਲੇ ਨਦੀਨ ਜਿਵੇਂ ਕਿ ਗੁੱਲੀ ਡੰਡਾ, ਜੰਗਲੀ ਜਵੀਂ, ਬੂੰਈ, ਲੂੰਬੜ ਘਾਹ ਆਦਿ ਅਤੇ ਚੌੜੇ ਪੱਤਿਆਂ ਵਾਲੇ ਨਦੀਨ ਜਿਵੇਂ ਕਿ ਬਾਥੂ, ਜੰਗਲੀ ਪਾਲਕ, ਮੈਨਾ, ਮੈਨੀ, ਸੇਂਜੀ, ਬਟਨ ਬੂਟੀ, ਜੰਗਲੀ ਹਾਲੋਂ ਆਦਿ ਪ੍ਰਮੁੱਖ ਹਨ।
ਵੱਖ-ਵੱਖ ਫ਼ਸਲਾਂ ਵਿਚ ਇਨ੍ਹਾਂ ਨਦੀਨਾਂ ਦੀ ਰੋਕਥਾਮ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਲੋਂ ਵੱਖ ਵੱਖ ਤਰੀਕਿਆਂ ਵਾਸਤੇ ਸਿਫ਼ਾਰਸ਼ਾਂ ਕੀਤੀਆਂ ਗਈਆਂ ਹਨ। ਇਨ੍ਹਾਂ ਸਿਫ਼ਾਰਸ਼ਾਂ ਅਨੁਸਾਰ ਨਦੀਨਾਂ ਦੀ ਰੋਕਥਾਮ ਕਰਕੇ ਹਾੜ੍ਹੀ ਦੀਆਂ ਫ਼ਸਲਾਂ ਦਾ ਵੱਧ ਤੋਂ ਵੱਧ ਝਾੜ ਪ੍ਰਾਪਤ ਕੀਤਾ ਜਾ ਸਕਦਾ ਹੈ।
ਅਨਾਜ ਵਾਲੀਆਂ ਫ਼ਸਲਾਂ ਵਿਚ ਨਦੀਨਾਂ ਦੀ ਰੋਕਥਾਮ : ਹਾੜ੍ਹੀ ਦੀਆਂ ਫ਼ਸਲਾਂ ਵਿਚੋਂ ਕਣਕ ਅਨਾਜ ਵਾਲੀ ਮੁੱਖ ਫ਼ਸਲ ਹੈ। ਗੁੱਲੀ ਡੰਡਾ ਕਣਕ ਦੀ ਫ਼ਸਲ ਵਿਚ ਸਭ ਤੋਂ ਵੱਧ ਨੁਕਸਾਨ ਕਰਨ ਵਾਲਾ ਨਦੀਨ ਹੈ। ਪਿਛਲੇ ਸਾਲ ਕਿਸਾਨਾਂ ਨੂੰ ਇਸ ਦੀ ਰੋਕਥਾਮ ਵਿਚ ਕਾਫ਼ੀ ਮਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਹੈ। ਇਸ ਲਈ ਸਾਨੂੰ ਸ਼ੁਰੂ ਤੋਂ ਹੀ ਇਸ ਨਦੀਨ ਨੂੰ ਰੋਕਣ ਲਈ ਕਦਮ ਚੁਕਣੇ ਚਾਹੀਦੇ ਹਨ ਤਾਂ ਕਿ ਸਹੀ ਸਮੇਂ ਤੇ ਅਸੀਂ ਇਸ ਦੀ ਰੋਕਥਾਮ ਕਰ ਸਕੀਏ। ਇਸ ਦੀ ਰੋਕਥਾਮ ਲਈ ਸਾਨੂੰ ਸਿਰਫ਼ ਨਦੀਨ ਨਾਸ਼ਕਾਂ ਤੇ ਹੀ ਨਿਰਭਰ ਨਹੀਂ ਰਹਿਣਾ ਚਾਹੀਦਾ ਸਗੋਂ ਇਨ੍ਹਾਂ ਦੇ ਨਾਲ ਨਾਲ ਕੁਝ ਕਾਸ਼ਤਕਾਰੀ ਢੰਗ ਵੀ ਅਪਣਾਉਣੇ ਚਾਹੀਦੇ ਹਨ ਤਾਂ ਕਿ ਨਦੀਨਾਂ ਦੀ ਸਹੀ ਸਮੇਂ ਤੇ ਰੋਕਥਾਮ ਹੋ ਸਕੇ। ਗੁੱਲੀ ਡੰਡੇ ਦੀ ਰੋਕਥਾਮ ਲਈ ਕਣਕ ਦੀਆਂ ਉੱਨਤ ਪੀ ਬੀ ਡਬਲਯੂ 343, ਪੀ ਬੀ ਡਬਲਯੂ 1 ਜ਼ਿੰਕ, ਪੀ ਬੀ ਡਬਲਯੂ 725 ਅਤੇ ਪੀ ਬੀ ਡਬਲਯੂ 677 ਵਰਗੀਆਂ ਛੇਤੀ ਵਧਣ ਵਾਲੀਆਂ ਕਿਸਮਾਂ ਦੀ ਬਿਜਾਈ 6 ਇੰਚ ਦੂਰੀ ਦੀਆਂ ਕਤਾਰਾਂ ਵਿਚ ਕਰਨੀ ਚਾਹੀਦੀ ਹੈ। ਕਣਕ ਦੀ ਥਾਂ ਤੇ ਬਰਸੀਮ, ਆਲੂ, ਰਾਇਆ, ਗੋਭੀ ਸਰ੍ਹੋਂ ਆਦਿ ਬੀਜਣ ਨਾਲ ਵੀ ਗੁੱਲੀ ਡੰਡੇ ਦੀ ਸਮੱਸਿਆ ਘਟਾਈ ਜਾ ਸਕਦੀ ਹੈ। ਕਣਕ ਦੀ ਬਿਜਾਈ ਵੱਤਰ ਚੜ੍ਹਾ ਕੇ ਕਰਨ ਨਾਲ ਵੀ ਗੁੱਲੀ ਡੰਡੇ ਦੇ ਪਹਿਲੇ ਲੋਅ ਨੂੰ ਕਾਬੂ ਕੀਤਾ ਜਾ ਸਕਦਾ ਹੈ।
ਦਾਲਾਂ ਵਾਲੀਆਂ ਫ਼ਸਲਾਂ ਵਿਚ ਨਦੀਨਾਂ ਦੀ ਰੋਕਥਾਮ : ਛੋਲਿਆਂ ਅਤੇ ਮਸਰਾਂ ਵਿਚ ਨਦੀਨਾਂ ਦੀ ਰੋਕਥਾਮ ਲਈ ਇੱਕ ਤੋਂ ਦੋ ਗੋਡੀਆਂ ਕਾਫ਼ੀ ਹਨ। ਇਹ ਗੋਡੀਆਂ ਬਿਜਾਈ ਤੋਂ 30 ਅਤੇ 60 ਦਿਨਾਂ ਬਾਅਦ ਕਰਨੀਆਂ ਚਾਹੀਦੀਆਂ ਹਨ। ਗਰਮ ਰੁੱਤ ਦੀ ਮੂੰਗੀ ਵਿਚ ਨਦੀਨਾਂ ਤੇ ਕਾਬੂ ਪਾਉਣ ਲਈ ਇੱਕ ਜਾਂ ਦੋ ਗੋਡੀਆਂ ਦੀ ਸਿਫ਼ਾਰਸ਼ ਕੀਤੀ ਗਈ ਹੈ। ਪਹਿਲੀ ਗੋਡੀ ਬਿਜਾਈ ਤੋਂ 4 ਹਫ਼ਤੇ ਪਿੱਛੋਂ ਅਤੇ ਦੂਜੀ (ਜੇ ਲੋੜ ਪਵੇ ਤਾਂ) ਉਸ ਤੋਂ 2 ਹਫ਼ਤੇ ਪਿੱਛੋਂ ਕਰੋ। ਗਰਮ ਰੁੱਤ ਦੇ ਮਾਂਹ ਵਿਚ ਬਿਜਾਈ ਤੋਂ ਇੱਕ ਮਹੀਨਾ ਬਾਅਦ ਗੋਡੀ ਕਰਨ ਦੀ ਸਿਫ਼ਾਰਸ਼ ਕੀਤੀ ਜਾਂਦੀ ਹੈ। ਇਸ ਤੋਂ ਬਾਅਦ ਫ਼ਸਲ ਦੇ ਬੂਟੇ ਮਿਲ ਕੇ ਜ਼ਮੀਨ ਨੂੰ ਢੱਕ ਲੈਂਦੇ ਹਨ, ਜਿਸ ਕਰਕੇ ਨਦੀਨ ਉੱਪਰ ਨਹੀਂ ਉੱਠ ਸਕਦੇ।
ਤੇਲਬੀਜ ਵਾਲੀਆਂ ਫ਼ਸਲਾਂ ਵਿਚ ਨਦੀਨਾਂ ਦੀ ਰੋਕਥਾਮ
ਤੋਰੀਏ ਨੂੰ ਬਿਜਾਈ ਤੋਂ 3 ਹਫ਼ਤੇ ਪਿੱਛੋਂ ਇੱਕ ਗੋਡੀ ਅਤੇ ਰਾਇਆ, ਗੋਭੀ ਸਰ੍ਹੋਂ ਅਤੇ ਤਾਰਾ-ਮੀਰਾ ਨੂੰ ਹੈਂਡ-ਹੋ ਨਾਲ ਇੱਕ ਜਾਂ ਦੋ ਗੋਡੀਆਂ ਕਾਫ਼ੀ ਹਨ । ਅਲਸੀ ਦੀ ਫ਼ਸਲ ਨੂੰ ਦੋ ਗੋਡੀਆਂ, ਪਹਿਲੀ ਗੋਡੀ ਬਿਜਾਈ ਤੋਂ ਤਿੰਨ ਹਫ਼ਤੇ ਪਿੱਛੋਂ ਅਤੇ ਦੂਜੀ ਬਿਜਾਈ ਤੋਂ ਛੇ ਹਫ਼ਤੇ ਪਿੱਛੋਂ ਕਰਨੀ ਚਾਹੀਦੀ ਹੈ। ਪਹੀਏ ਵਾਲੀ ਸੁਧਰੀ ਤ੍ਰਿਫਾਲੀ ਨਾਲ ਗੋਡੀ ਸਸਤੀ ਪੈਂਦੀ ਹੈ। ਸੂਰਜਮੁਖੀ ਵਿਚ ਪਹਿਲੀ ਗੋਡੀ ਨਦੀਨ ਉੱਗਣ ਤੋਂ 2-3 ਹਫਤੇ ਪਿੱਛੋਂ ਅਤੇ ਦੂਜੀ ਉਸ ਤੋਂ 3 ਹਫ਼ਤੇ ਪਿੱਛੋਂ ਕਰੋ। ਫ਼ਸਲ 60-70 ਸੈਂਟੀਮੀਟਰ ਉੱਚੀ ਹੋਣ ਤੋਂ ਪਹਿਲਾਂ ਮਸ਼ੀਨ ਨਾਲ ਵੀ ਗੋਡੀ ਕੀਤੀ ਜਾ ਸਕਦੀ ਹੈ।
ਨਦੀਨਾਂ ਦੀ ਰੋਕਥਾਮ ਸੰਬੰਧੀ ਧਿਆਨ ਯੋਗ ਗੱਲਾਂ
* ਨਦੀਨਾਂ ਦੀ ਰੋਕਥਾਮ ਲਈ ਇਕੱਲੇ ਰਸਾਇਣਾ ਦੀ ਵਰਤੋਂ ਦੀ ਥਾਂ ਤੇ ਸਰਬਪੱਖੀ ਪ੍ਰਬੰਧਨ ਨੂੰ ਤਰਜੀਹ ਦੇਣੀ ਚਾਹੀਦੀ ਹੈ।
* ਨਦੀਨ ਨਾਸ਼ਕਾਂ ਦਾ ਛਿੜਕਾਅ ਸਾਫ ਮੌਸਮ ਵਿਚ ਅਤੇ ਇਕਸਾਰ ਕਰਨਾ ਚਾਹੀਦਾ ਹੈ।
* ਨਦੀਨ ਨਾਸ਼ਕਾਂ ਦੇ ਛਿੜਕਾਅ ਤੋਂ ਬਾਅਦ ਸਪਰੇਅ ਪੰਪ ਨੂੰ ਪਾਣੀ ਨਾਲ ਧੋ ਕੇ ਅਤੇ ਫਿਰ ਕੱਪੜੇ ਧੋਣ ਵਾਲੇਸੋਡੇ ਦੇ 0.5 ਪ੍ਰਤੀਸ਼ਤ ਘੋਲ ਨਾਲ ਚੰਗੀ ਤਰ੍ਹਾਂ ਧੋ ਲੈਣਾ ਚਾਹੀਦਾ ਹੈ ।
* ਨਦੀਨਾਂ ਦੀ ਰੋਕਥਾਮ ਲਈ ਬਿਜਾਈ ਸਮੇਂ ਫਲੈਟਫੈਨ ਜਾਂ ਫਲੱਡ ਜੈਟ ਅਤੇ ਖੜ੍ਹੀ ਫ਼ਸਲ ਵਿਚ ਸਿਰਫ਼ ਫ਼ਲੈਟਫ਼ੈਨ ਨੋਜ਼ਲ ਦੀ ਵਰਤੋਂ ਕਰਨੀ ਚਾਹੀਦੀ ਹੈ।
* ਜਿਨ੍ਹਾਂ ਖੇਤਾਂ ਵਿਚ ਰਾਇਆ/ਸਰ੍ਹੋਂ/ਗੋਭੀ ਸਰ੍ਹੋਂ ਕਣਕ ਦੇ ਨਾਲ ਰਲਾ ਕੇ ਬੀਜੀ ਹੋਵੇ ਉਥੇ ਸਿਰਫ ਕਲੋਡੀਨਾਫੌਪ ਗਰੁੱਪ ਦੇ ਨਦੀਨ ਨਾਸ਼ਕ ਦੀ ਵਰਤੋਂ ਕਰਨੀ ਚਾਹੀਦੀ ਹੈ ।
* ਨਦੀਨ ਨਾਸ਼ਕਾਂ ਦੀ ਵਰਤਂੋ ਤੋਂ ਬਾਅਦ ਨਦੀਨਾਂ ਦੇ ਜਿਹੜੇ ਬੂਟੇ ਬਚ ਜਾਂਦੇ ਹਨ ਉਨ੍ਹਾਂ ਨੂੰ ਬੀਜ ਬਣਨ ਤੋਂ ਪਹਿਲਾਂ ਪੁੱਟ ਦੇਣਾ ਚਾਹੀਦਾ ਹੈ ਤਾਂ ਕਿ ਅਗਲੀ ਫ਼ਸਲ ਵਿਚ ਨਦੀਨਾਂ ਦੀ ਸਮੱਸਿਆ ਘਟ ਸਕੇ। ਹਰ ਸਾਲ ਇਸ ਤਰ੍ਹਾਂ ਕਰਨ ਨਾਲ ਨਦੀਨਾਂ ਦੀ ਸਮੱਸਿਆ ਕਾਫ਼ੀ ਹੱਦ ਤੱਕ ਘਟਾਈ ਜਾ ਸਕਦੀ ਹੈ।


-ਫ਼ਤਿਹਜੀਤ ਸਿੰਘ ਸੇਖੋਂ ਅਤੇ ਵਿਵੇਕ ਕੁਮਾਰ
ਫ਼ਸਲ ਵਿਗਿਆਨ ਵਿਭਾਗ ਅਤੇ ਫ਼ਾਰਮ ਸਲਾਹਕਾਰ ਸੇਵਾ ਕੇਂਦਰ, ਬਰਨਾਲਾ।

ਮਿੱਟੀ ਦੀ ਸਿਹਤ ਹੀ ਕਿਸਾਨਾਂ ਦੀ ਅਸਲੀ ਦੌਲਤ

(ਲੜੀ ਜੋੜਨ ਲਈ 28 ਦਸੰਬਰ ਦਾ ਅੰਕ ਦੇਖੋ)
ਲੋੜ ਮੁਤਾਬਿਕ ਖੁਰਾਕੀ ਤੱਤ ਪ੍ਰਬੰਧਨ ਦਾ ਸਿਧਾਂਤ : ਮਿੱਟੀ ਦੀ ਸਿਹਤ ਵਿਚ ਸੁਧਾਰ ਲਈ ਖੁਰਾਕੀ ਤੱਤਾਂ ਦਾ ਪ੍ਰਬੰਧਨ ਸਹੀ ਸਰੋਤ ਰਾਹੀਂ, ਸਹੀ ਮਾਤਰਾ ਵਿਚ, ਸਹੀ ਸਮੇਂ 'ਤੇ ਅਤੇ ਸਹੀ ਥਾਂ 'ਤੇ ਪਾ ਕੇ 'ਲੋੜ ਮੁਤਾਬਿਕ ਖੁਰਾਕੀ ਤੱਤ ਪ੍ਰਬੰਧਨ' ਦੇ ਸਿਧਾਂਤ ਦੇ ਅਧਾਰ 'ਤੇ ਕਰਨਾ ਚਾਹੀਦਾ ਹੈ। ਇਹ ਤੱਤਾਂ ਨੂੰ ਫ਼ਸਲਾਂ ਦੀ ਲੋੜ ਮੁਤਾਬਿਕ ਸੰਤੁਲਿਤ ਅਤੇ ਢੁਕਵੀਂ ਮਾਤਰਾ ਵਿਚ ਪਾਉਣ ਦਾ ਆਧਾਰ ਪੇਸ਼ ਕਰਦਾ ਹੈ। ਖੁਰਾਕੀ ਤੱਤ ਪ੍ਰਬੰਧਨ ਦਾ ਇਹ ਤਰੀਕਾ ਫ਼ਸਲ ਦੀ ਉਤਪਾਦਕਤਾ ਨੂੰ ਵਧਾਉਂਦਾ ਹੈ ਅਤੇ ਉਪਯੋਗ ਕੀਤੀ ਖਾਦ ਦੀ ਕੁਸ਼ਲਤਾ ਨੂੰ ਬਿਹਤਰ ਬਣਾਉਂਦਾ ਹੈ। ਲੋੜ ਅਨੁਸਾਰ ਨਾਈਟ੍ਰੋਜਨ ਖਾਦ ਦੀ ਵਰਤੋਂ ਲਈ ਪੀ ਏ ਯੂ 'ਪੱਤਾ ਰੰਗ ਚਾਰਟ' ਜਾਂ ਗਰੀਨ ਸੀਕਰ ਵਿਧੀ ਦੀ ਵਰਤੋਂ ਕੀਤੀ ਜਾ ਸਕਦੀ ਹੈ।
ਮਿੱਟੀ ਦੇ ਜੈਵਿਕ ਮਾਦੇ ਵਿਚ ਸੁਧਾਰ : ਜ਼ਿਆਦਾਤਰ ਜੈਵਿਕ, ਰਸਾਇਣਕ ਅਤੇ ਭੌਤਿਕ ਗੁਣ ਜਿਹੜੇ ਸਾਡੀ ਮਿੱਟੀ ਦੇ ਸੁਧਾਰ ਲਈ ਵਿਸ਼ੇਸ਼ਤਾ ਰੱਖਦੇ ਹਨ, ਮਿੱਟੀ ਦੇ ਜੈਵਿਕ ਮਾਦੇ ਦੇ ਰੱਖ-ਰਖਾਵ ਜਾਂ ਸੁਧਾਰ ਨਾਲ ਹੀ ਸਬੰਧਿਤ ਹੁੰਦੇ ਹਨ। ਮਿੱਟੀ ਵਿਚ ਜੈਵਿਕ ਪਦਾਰਥ ਜ਼ਮੀਨ ਦੀ ਹਾਲਤ ਵਿਚ, ਮਿੱਟੀ ਵਿਚ ਪਾਣੀ ਜੀਰਨ ਅਤੇ ਸਟੋਰ ਕਰਨ ਦੀ ਸਮਰੱਥਾ ਵਿਚ, ਸੂਖਮ ਜੀਵਾਂ ਦੀਆਂ ਗਤੀਵਿਧੀਆਂ ਵਿਚ ਅਤੇ ਖੁਰਾਕੀ ਤੱਤਾਂ ਦੀ ਉਪਲਬਧਤਾ ਵਧਾਉਣ ਵਿਚ ਸਹਾਇਤਾ ਕਰਦੇ ਹਨ। ਹਰੀ ਖਾਦ ਵਾਲੀਆਂ ਫ਼ਸਲਾਂ ਉਗਾਉਣ ਨਾਲ, ਰੂੜੀ/ਪੋਲਟਰੀ ਖਾਦ/ਬਾਇਓ ਗੈਸ ਪਲਾਂਟ 'ਚੋਂ ਨਿਕਲਣ ਵਾਲੀ ਸਲੱਰੀ/ਪ੍ਰੈਸਮੱਡ/ਬਾਇਓਚਾਰ ਆਦਿ ਦੀ ਵਰਤੋਂ ਕਰਨ ਨਾਲ ਜਾਂ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਖੇਤ ਵਿਚ ਹੀ ਮਿਲਾਉਣ ਨਾਲ ਜ਼ਮੀਨ ਵਿਚ ਜੈਵਿਕ ਮਾਦੇ ਨੂੰ ਵਧਾਇਆ ਜਾ ਸਕਦਾ ਹੈ। ਖੇਤ ਵਿਚ ਵਹਾਈਆਂ ਦੀ ਗਿਣਤੀ ਘਟਾ ਕੇ ਅਤੇ ਭੂਮੀ ਖੋਰ ਦੀ ਰੋਕਥਾਮ ਕਰ ਕੇ ਵੀ ਜ਼ਮੀਨ ਦਾ ਜੈਵਿਕ ਮਾਦਾ ਸੁਧਾਰਿਆ ਜਾ ਸਕਦਾ ਹੈ।
ਢੁਕਵਾਂ ਫ਼ਸਲੀ ਚੱਕਰ : ਫ਼ਸਲੀ ਚੱਕਰ ਦੀ ਚੋਣ ਕਰਦੇ ਸਮੇਂ ਮਿੱਟੀ ਦੀ ਸਿਹਤ ਅਤੇ ਕਿਸਮ ਵੱਲ ਖਾਸ ਧਿਆਨ ਦੇਣਾ ਬਹੁਤ ਜ਼ਰੂਰੀ ਹੁੰਦਾ ਹੈ। ਕੁਝ ਫ਼ਸਲਾਂ ਕੁੱਝ ਖਾਸ ਮਿੱਟੀ ਦੀਆਂ ਕਿਸਮਾਂ ਲਈ ਢੁਕਵੀਆਂ ਨਹੀਂ ਹੁੰਦੀਆਂ ਅਤੇ ਜੇਕਰ ਇਨ੍ਹਾਂ ਨੂੰ ਇਸ ਤਰਾਂ ਦੀ ਜ਼ਮੀਨ ਵਿਚ ਉਗਾਇਆ ਜਾਵੇ ਤਾਂ ਇਹ ਜ਼ਮੀਨ ਦੀ ਸਿਹਤ ਦਾ ਨੁਕਸਾਨ ਹੀ ਕਰਦੀਆਂ ਹਨ। ਮਿਸਾਲ ਦੇ ਤੌਰ 'ਤੇ ਝੋਨੇ ਦੀ ਕਾਸ਼ਤ ਹਲਕੀਆਂ ਜ਼ਮੀਨਾਂ ਲਈ ਢੁੱਕਵੀਂ ਨਹੀਂ ਹੈ। ਅਜਿਹੀਆਂ ਜ਼ਮੀਨਾਂ ਵਿਚ ਝੋਨੇ ਦੀ ਕਾਸ਼ਤ ਕਰਨ ਨਾਲ ਘੁਲਣਸ਼ੀਲ ਖੁਰਾਕੀ ਤੱਤ ਜ਼ਮੀਨ ਦੀ ਉੱਪਰਲੀ ਉਪਜਾਊ ਪਰਤ ਚੋਂ ਨਿਕਲ ਜਾਂਦੇ ਹਨ ਅਤੇ ਸਮੇਂ ਦੇ ਨਾਲ ਮਿੱਟੀ ਵਿਚ ਇਨ੍ਹਾਂ ਪੋਸ਼ਕ ਤੱਤਾਂ ਦੀ ਕਮੀ ਹੋ ਜਾਂਦੀ ਹੈ। ਇਸ ਤੋਂ ਇਲਾਵਾ, ਇਕੋ ਫ਼ਸਲੀ ਚੱਕਰ ਨੂੰ ਸਾਲ-ਦਰ-ਸਾਲ ਬੀਜੀ ਜਾਣਾ ਵੀ ਮਿੱਟੀ ਦੀ ਸਿਹਤ ਵਾਸਤੇ ਕੋਈ ਚੰਗੀ ਗੱਲ ਨਹੀਂ ਹੈ। ਉਦਾਹਰਨ ਦੇ ਤੌਰ 'ਤੇ ਕਣਕ-ਝੋਨੇ ਦਾ ਫ਼ਸਲੀ ਚੱਕਰ ਪੰਜਾਬ ਦਾ ਪ੍ਰਮੁੱਖ ਫ਼ਸਲੀ ਚੱਕਰ ਹੈ ਜੋ ਕਿਸਾਨਾਂ ਨੂੰ ਵਧੀਆ ਆਮਦਨ ਪ੍ਰਦਾਨ ਕਰਦਾ ਹੈ ਪਰੰਤੂ ਇਸ ਨੇ ਮਿੱਟੀ ਅਤੇ ਵਾਤਾਵਰਨ ਸਬੰਧੀ ਕਈ ਸਮੱਸਿਆਵਾਂ ਜਿਵੇਂ ਕਿ ਜ਼ਮੀਨ ਹੇਠਲੇ ਪਾਣੀ ਦੇ ਪੱਧਰ ਵਿਚ ਕਮੀ, ਮਿੱਟੀ ਵਿਚ ਖੁਰਾਕੀ ਤੱਤਾਂ ਦੀ ਘਾਟ, ਮਿੱਟੀ ਦਾ ਪ੍ਰਦੂਸ਼ਣ ਆਦਿ ਪੈਦਾ ਕੀਤੀਆਂ ਹਨ। ਇਸ ਲਈ ਫ਼ਸਲੀ ਚੱਕਰ ਨੂੰ ਇਸ ਢੰਗ ਨਾਲ ਅਪਣਾਉਣਾ ਚਾਹੀਦਾ ਹੈ ਕਿ ਇਹ ਮਿੱਟੀ ਦੀ ਸਿਹਤ ਵਿਚ ਸੁਧਾਰ ਕਰੇ। ਫ਼ਲੀਦਾਰ ਫ਼ਸਲਾਂ ਵਧੇਰੇ ਆਮਦਨ ਦੇਣ ਦੇ ਨਾਲ-ਨਾਲ ਜ਼ਮੀਨ ਨੂੰ ਨਾਈਟ੍ਰੋਜਨ ਅਤੇ ਜੈਵਿਕ ਪਦਾਰਥ ਨਾਲ ਵੀ ਭਰਪੂਰ ਬਣਾਉਂਦੀਆਂ ਹਨ ਜਿਸ ਨਾਲ ਮਿੱਟੀ ਦੀ ਸਿਹਤ ਵਿਚ ਸੁਧਾਰ ਹੁੰਦਾ ਹੈ। ਇਸ ਲਈ ਕਿਸਾਨਾਂ ਨੂੰ ਆਪਣੇ ਫ਼ਸਲੀ ਚੱਕਰ ਵਿਚ ਦਾਲਾਂ ਵਾਲੀਆਂ ਫ਼ਸਲਾਂ ਨੂੰ ਸ਼ਾਮਿਲ ਕਰਨਾ ਚਾਹੀਦਾ ਹੈ।
ਮਿੱਟੀ ਅਤੇ ਪਾਣੀ ਦੀ ਪਰਖ : ਖੁਰਾਕੀ ਤੱਤਾਂ ਦੀ ਸਹੀ ਅਤੇ ਸੰਤੁਲਿਤ ਵਰਤੋਂ ਨੂੰ ਯਕੀਨੀ ਬਣਾਉਣ ਲਈ ਸਭ ਤੋਂ ਵਧੀਆ ਢੰਗ ਹੈ ਮਿੱਟੀ ਦੀ ਪਰਖ ਕਰਾਉਣੀ। ਵੱਖ-ਵੱਖ ਮਿੱਟੀ ਦੀਆਂ ਕਿਸਮਾਂ ਵਿਚ ਹਰੇਕ ਫ਼ਸਲ ਦੀਆਂ ਖੁਰਾਕੀ ਤੱਤਾਂ ਦੀਆਂ ਲੋੜਾਂ ਵੱਖੋ-ਵੱਖਰੀਆਂ ਹੁੰਦੀਆਂ ਹਨ। ਇਸ ਲਈ, ਮਿੱਟੀ ਪਰਖ ਦੁਆਰਾ ਆਪਣੀ ਜ਼ਮੀਨ ਵਿਚ ਖੁਰਾਕੀ ਤੱਤਾਂ ਬਾਰੇ ਸਹੀ ਅਨੁਮਾਨ ਲਗਾਉਣ ਤੋਂ ਬਾਅਦ ਉਸਦੇ ਅਨੁਸਾਰ ਹੀ ਖਾਦਾਂ ਦੀ ਵਰਤੋਂ ਕਰਨੀ ਚਾਹੀਦੀ ਹੈ।
ਇਸ ਤੋਂ ਇਲਾਵਾ, ਮਿੱਟੀ ਦੀ ਸਿਹਤ ਬਣਾਈ ਰੱਖਣ ਅਤੇ ਇਸ ਵਿਚ ਸੁਧਾਰ ਲਈ ਪਾਣੀ ਦੀ ਪਰਖ ਵੀ ਬਰਾਬਰ ਦਾ ਮਹੱਤਵ ਰੱਖਦੀ ਹੈ। ਪੰਜਾਬ ਦੇ ਲਗਭਗ 42% ਜ਼ਮੀਨ ਹੇਠਲੇ ਪਾਣੀ ਵਿਚ ਲੂਣ ਦੀ ਮਾਤਰਾ ਉੱਚ ਪੱਧਰੀ ਹੈ ਜੋ ਨਿਯਮਿਤ ਰੂਪ ਵਿਚ ਵਰਤਣ 'ਤੇ ਮਿੱਟੀ ਦੀ ਸਿਹਤ 'ਤੇ ਬੁਰਾ ਪ੍ਰਭਾਵ ਪਾਉਂਦੀ ਹੈ।
ਕਿਸਾਨ ਵੀਰੋ, ਸਾਨੂੰ ਕਾਸ਼ਤਕਾਰੀ ਦੇ ਉਨ੍ਹਾਂ ਦੋਸ਼ਪੂਰਨ ਢੰਗਾਂ ਨੂੰ ਨਹੀਂ ਅਪਣਾਉਣਾ ਚਾਹੀਦਾ ਜੋ ਸਾਡੀ ਜ਼ਮੀਨ ਦੀ ਸਿਹਤ ਨਾਲ ਖਿਲਵਾੜ ਕਰ ਸਕਦੇ ਹਨ। ਇਸ ਲਈ ਹਮੇਸ਼ਾ ਯਾਦ ਰੱਖੋ ਕਿ ਮਿੱਟੀ ਦੀ ਸਿਹਤ ਹੀ ਤੁਹਾਡੀ ਅਸਲੀ ਦੌਲਤ ਹੈ। ਸਾਡਾ ਇਹ ਫ਼ਰਜ਼ ਬਣਦਾ ਹੈ ਕਿ ਅਸੀਂ ਆਪਣੀ ਮਿੱਟੀ ਨੂੰ ਸਿਹਤਮੰਦ ਰੱਖੀਏ ਤਾਂ ਕਿ ਸਾਡੀਆਂ ਆਉਣ ਪੀੜ੍ਹੀਆਂ ਨੂੰ ਸਾਨੂੰ ਢੁਕਵੇਂ ਲੋੜੀਂਦੇ ਕਦਮ ਨਾ ਚੁੱਕਣ ਲਈ ਕੋਸਣਾ ਨਾ ਪਵੇ। (ਸਮਾਪਤ)


-ਕ੍ਰਿਸ਼ੀ ਵਿਗਿਆਨ ਕੇਂਦਰ, ਰੋਪੜ ਅਤੇ ਭੂਮੀ ਵਿਗਿਆਨ ਵਿਭਾਗ
ਫ਼ਾਰਮ ਸਲਾਹਕਾਰ ਸੇਵਾ ਕੇਂਦਰ, ਬਰਨਾਲਾ।

ਅਲੋਪ ਹੋ ਰਹੇ ਪੇਂਡੂ ਸੱਭਿਆਚਾਰ ਨੂੰ ਪ੍ਰਫ਼ੁੱਲਤ ਕਰਨ ਲਈ ਯਤਨਸ਼ੀਲ-ਅਭਿਸ਼ੇਕ ਚੌਹਾਨ

ਲਗਨ ਅਤੇ ਸ਼ੌਕ ਨਾਲ ਘਰੇਲੂ ਸਜਾਵਟ ਦੀਆਂ ਵਸਤੂਆਂ ਦੀ ਸਿਰਜਣਾ ਕਰਕੇ ਆਪਣੀ ਕਲਾ ਅਤੇ ਹੁਨਰ ਦਾ ਪ੍ਰਗਟਾਵਾ ਹਰ ਕਿਸੇ ਦੇ ਹਿੱਸੇ ਨਹੀਂ ਆਉਂਦਾ ਪਰ ਕਈ ਵਾਰ ਆਪਣੇ ਆਲੇ-ਦੁਆਲੇ ਨੂੰ ਦੇਖ ਕੇ ਅਜਿਹੇ ਵਿਲੱਖਣ ਕੰਮ ਕਰਨ ਦਾ ਉਤਸ਼ਾਹ ਪੈਦਾ ਹੋ ਜਾਂਦਾ ਹੈ ਤੇ ਜਦੋਂ ਕੋਈ ਆਪਣੇ ਸੱਭਿਆਚਾਰ ਨਾਲ ਸਬੰਧਤ ਅਲੋਪ ਹੋ ਰਹੀਆਂ ਵਸਤੂਆਂ ਨੂੰ ਮੁੜ ਮਿਹਨਤ ਨਾਲ ਉਜਾਗਰ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਦੀ ਸ਼ਲਾਘਾ ਹੋਣੀ ਕੁਦਰਤੀ ਹੈ। ਅਜਿਹੇ ਵਿਅਕਤੀਆਂ ਨੂੰ ਸਮਾਜ ਵਿਚ ਵਿਸ਼ੇਸ਼ ਸਨਮਾਨ ਦੀਆਂ ਨਜ਼ਰਾਂ ਨਾਲ ਦੇਖਿਆ ਜਾਂਦਾ ਹੈ। ਕੁਝ ਇਸੇ ਤਰ੍ਹਾਂ ਦੇ ਸ਼ੌਕ ਪਾਲ ਰਿਹਾ ਹੈ ਪਟਿਆਲਾ ਨੇੜਲੇ ਰਾਜਪੁਰਾ ਦੀ ਵਸੰਤ ਵਿਹਾਰ ਕਾਲੋਨੀ ਦਾ ਅਭਿਸ਼ੇਕ ਚੌਹਾਨ। ਉਹ ਸਰਕੰਡੇ ਤੋਂ ਕਈ ਤਰ੍ਹਾਂ ਦੀਆਂ ਕਲਾਕ੍ਰਿਤਾਂ ਸਿਰਜ ਰਿਹਾ ਹੈ ਜੋ ਸੰਸਾਰ ਤੋਂ ਅਲੋਪ ਹੋ ਰਹੀਆਂ ਹਨ। ਪਿਛਲੇ ਦਿਨੀਂ ਅਭਿਸ਼ੇਕ ਚੌਹਾਨ ਅਜੀਤ ਭਵਨ ਆਏ ਤਾਂ ਉਨ੍ਹਾਂ ਨਾਲ ਕਲਾ ਅਤੇ ਕਲਾਕ੍ਰਿਤਾਂ ਬਾਰੇ ਗੱਲਬਾਤ ਹੋਈ। ਪੇਸ਼ ਹਨ ਹੋਈ ਗੱਲਬਾਤ ਦੇ ਵਿਸ਼ੇਸ਼ ਅੰਸ਼-
* ਇਨ੍ਹਾਂ ਵਸਤਾਂ ਨੂੰ ਬਣਾਉਣ ਪਿੱਛੇ ਕੀ ਉਦੇਸ਼ ਹੈ?
-ਅੱਜ ਦੇ ਯੁੱਗ ਵਿਚ ਲੋਕ ਆਪਣੇ ਸੱਭਿਆਚਾਰ ਅਤੇ ਇਸ ਨਾਲ ਜੁੜੀਆਂ ਵਸਤੂਆਂ ਨੂੰ ਭੁੱਲਦੇ ਜਾ ਰਹੇ ਹਨ। ਮੇਰਾ ਉਦੇਸ਼ ਅਤੇ ਨਿਸ਼ਾਨਾ ਇਹ ਹੈ ਕਿ ਮੈਂ ਪੁਰਾਣੇ ਸੱਭਿਆਚਾਰ ਨੂੰ ਵਧੀਆ ਢੰਗ ਨਾਲ ਪੇਸ਼ ਕਰਾਂ ਤਾਂ ਜੋ ਲੋਕਾਂ ਨੂੰ ਪਤਾ ਲੱਗ ਸਕੇ ਕਿ ਸਾਡਾ ਵਿਰਸਾ ਕੀ ਹੈ। ਇਨ੍ਹਾਂ ਵਿਚੋਂ ਪੰਜਾਬ ਦੀ ਮਿੱਟੀ ਦੀ ਖੁਸ਼ਬੂ ਆਉਂਦੀ ਹੈ। ਉਨ੍ਹਾਂ ਦੱਸਿਆ ਕਿ ਮੈਂ ਆਪਣੀ ਕਲਾ ਨੂੰ ਦੇਸ਼ ਵਿਚ ਹੀ ਨਹੀਂ, ਵਿਦੇਸ਼ਾਂ ਵਿਚ ਵੀ ਫੈਲਾਉਣ ਦੀ ਇੱਛਾ ਰੱਖਦਾ ਹਾਂ।
* ਇਹ ਹੁਨਰ ਤੁਸੀਂ ਕਿਥੋਂ ਸਿੱਖਿਆ?
-ਇਹ ਕਲਾ ਮੈਨੂੰ ਵਿਰਸੇ ਵਿਚ ਮਿਲੀ ਹੈ। ਮੈਂ ਇਹ ਕਲਾ ਆਪਣੇ ਦਾਦਾ ਜੀ ਸ੍ਰੀ ਰਾਮ ਚੰਦ ਤੋਂ ਸਿੱਖੀ ਹੈ ਤੇ ਮੇਰੇ ਦਾਦਾ ਜੀ ਨੇ ਇਹ ਕਲਾ ਆਪਣੇ ਚਾਚਾ ਜੀ ਤੋਂ ਸਿੱਖੀ ਸੀ। ਮੈਂ ਹੁਣ ਤੀਜੀ ਪੀੜ੍ਹੀ 'ਚੋਂ ਹਾਂ। ਉਨ੍ਹਾਂ ਵਲੋਂ ਸਰਕੰਡੇ ਨੂੰ ਦਿੱਤੇ ਸੁੰਦਰ ਆਕਾਰ ਅਤੇ ਦਿੱਖ ਇਕਦਮ ਪੁਰਾਣੇ ਸਮੇਂ ਦੀ ਯਾਦ ਦਿਵਾਉਂਦੇ ਹਨ। ਇਹ ਸਾਡੀ ਬਹੁਮੁੱਲੀ ਵਿਰਾਸਤ ਹੈ, ਜਿਸ ਨੂੰ ਮਿਹਨਤ ਨਾਲ ਅੱਗੇ ਵਧਾਉਣ ਦਾ ਯਤਨ ਕਰ ਰਿਹਾ ਹਾਂ। ਮੈਂ ਸਰਕੰਡੇ ਨੂੰ ਇਕੱਠਾ ਕਰਕੇ ਕਈ ਤਰ੍ਹਾਂ ਦੀਆਂ ਕਲਾਕ੍ਰਿਤੀਆਂ ਬਣਾਉਂਦਾ ਹਾਂ। ਹੁਣ ਮੈਂ ਇਸ ਵਿਚ ਏਨਾ ਨਿਪੁੰਨ ਹਾਂ ਕਿ ਅੱਖਾਂ 'ਤੇ ਪੱਟੀ ਬੰਨ੍ਹ ਕੇ ਕੁਝ ਹੀ ਮਿੰਟਾਂ ਵਿਚ ਅਨੋਖੀ ਵਸਤੂ ਬਣਾ ਲੈਂਦਾ ਹਾਂ।
* ਹੁਣ ਤੱਕ ਕਿਹੜੀਆਂ-ਕਿਹੜੀਆਂ ਕਲਾਕ੍ਰਿਤਾਂ ਬਣਾਈਆਂ ਹਨ?
-ਮੈਂ ਸਰਕੰਡੇ ਤੋਂ ਇਲਾਵਾ ਬਾਰੀਕ ਤਾਰਾਂ ਦੀ ਵਰਤੋਂ ਨਾਲ ਵੀ ਕਈ ਕਲਾਕ੍ਰਿਤਾਂ ਬਣਾਈਆਂ ਹਨ। ਇਨ੍ਹਾਂ ਵਿਚ ਮੋਰ, ਚੌਲਾਂ ਦੇ ਦਾਣਿਆਂ 'ਤੇ ਕਲਾਕ੍ਰਿਤਾਂ, ਗੁਲਾਬ ਦਾ ਫੁੱਲ, ਰੱਖੜੀ ਅਤੇ ਹੋਰ ਕਈ ਚੀਜ਼ਾਂ ਬਣਾਈਆਂ ਹਨ। ਮੈਂ ਆਪਣੀਆਂ ਵਸਤਾਂ ਛੋਟੇ ਆਕਾਰ ਦੀਆਂ ਬਣਾਉਂਦਾ ਹਾਂ ਪਰ ਇਨ੍ਹਾਂ ਦੀ ਵਿਕਰੀ ਨਹੀਂ ਕਰਦਾ, ਸਿਰਫ਼ ਤੋਹਫ਼ੇ ਵਜੋਂ ਹੀ ਦਿੰਦਾ ਹਾਂ। ਮੇਰੇ ਘਰ ਵਿਚ ਸਾਰੇ ਮੈਨੂੰ ਪੂਰਾ ਸਹਿਯੋਗ ਕਰਦੇ ਹਨ ਅਤੇ ਉਤਸ਼ਾਹ ਦਿੰਦੇ ਹਨ। ਮੈਂ ਗ੍ਰੈਜੂਏਸ਼ਨ ਕੀਤੀ ਹੈ। ਉਸ ਤੋਂ ਇਲਾਵਾ ਮੁਕਾਬਲੇ ਦੀਆਂ ਪ੍ਰੀਖਿਆਵਾਂ ਲਈ ਤਿਆਰੀ ਕਰਦਾ ਹਾਂ। ਪਰ ਮੇਰਾ ਵਧੇਰੇ ਧਿਆਨ ਕਲਾਕ੍ਰਿਤਾਂ ਦੀ ਸਿਰਜਣਾ ਵੱਲ ਰਹਿੰਦਾ ਹੈ।
* ਭਵਿੱਖ ਦੀਆਂ ਕੀ ਯੋਜਨਾਵਾਂ ਹਨ?
-ਮੈਂ ਰਾਜਪੁਰੇ ਵਿਚ ਇਕ ਗਰਾਸ ਗਾਰਡਨ ਸਥਾਪਤ ਕਰਨਾ ਚਾਹੁੰਦਾ ਹਾਂ, ਤਾਂ ਜੋ ਕਲਾ ਸਿਰਜਣ ਦਾ ਇਹ ਕੰਮ ਦੇਸ਼-ਵਿਦੇਸ਼ ਵਿਚ ਵੀ ਵਧੇ-ਫੁੱਲੇ। ਮੇਰੀ ਇੱਛਾ ਹੈ ਕਿ ਇਸ ਵਿਚ ਹੋਰ ਲੋਕ ਵੀ ਸ਼ਾਮਿਲ ਹੋਣ। ਇਸ ਵਿਚ ਕੋਈ ਸ਼ੱਕ ਨਹੀਂ ਕਿ ਸਰਕੰਡੇ ਤੋਂ ਬਣੀਆਂ ਕਲਾਕ੍ਰਿਤਾਂ ਨੂੰ ਸਾਂਭਣਾ ਬੇਹੱਦ ਔਖਾ ਹੈ ਪਰ ਹੁਣ ਕੁਝ ਰਸਾਇਣਾਂ ਦੀ ਮਦਦ ਨਾਲ ਇਸ ਨੂੰ ਲੰਬੇ ਸਮੇਂ ਲਈ ਰੱਖਿਆ ਜਾ ਸਕਦਾ ਹੈ।
**


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX