ਤਾਜਾ ਖ਼ਬਰਾਂ


ਦਿਸ਼ਾਂਤ ਨੇ ਜੇ.ਈ.ਈ.ਮੇਨਜ਼ ਪ੍ਰੀਖਿਆ ਵਿਚ ਹਾਸਲ ਕੀਤੇ 99.99 ਫ਼ੀਸਦੀ ਅੰਕ
. . .  9 minutes ago
ਪਸ਼ੂ ਪਾਲਣ ਵਿਭਾਗ ਸ਼ੁਰੂ ਕਰੇਗਾ ਮੋਬਾਈਲ ਡਿਸਪੈਂਸਰੀ -ਬਲਵੀਰ ਸਿੰਘ ਸਿੱਧੂ
. . .  23 minutes ago
ਗੜ੍ਹਸ਼ੰਕਰ, 19 ਜਨਵਰੀ (ਧਾਲੀਵਾਲ)- ਪਸ਼ੂ ਪਾਲਣ ਵਿਭਾਗ ਵਲੋਂ ਪਿੰਡ-ਪਿੰਡ ਜਾ ਕੇ ਪਸ਼ੂਆਂ ਦੇ ਇਲਾਜ ਲਈ ਮੋਬਾਈਲ ਡਿਸਪੈਂਸਰੀ ਦਾ ਪ੍ਰਾਜੈਕਟ ਜਲਦ ਹੀ ਸ਼ੁਰੂ ਕੀਤਾ ਜਾ ਰਿਹਾ ਹੈ। ਡਾਕਟਰ ਤੇ ਹੋਰ ਸਟਾਫ਼ ਤੇ ਸਹੂਲਤਾਂ ਨਾਲ ਲੈਸ ਮੋਬਾਈਲ ਡਿਸਪੈਂਸਰੀ ਵੱਲੋਂ ਪਿੰਡ-ਪਿੰਡ...
ਮੋਟਰਸਾਈਕਲਾਂ ਦੀ ਟੱਕਰ ਵਿਚ ਦੋ ਵਿਅਕਤੀਆਂ ਦੀ ਮੌਤ, ਇਕ ਗੰਭੀਰ ਜ਼ਖ਼ਮੀ
. . .  48 minutes ago
ਬਰਨਾਲਾ, 19 ਜਨਵਰੀ (ਧਰਮਪਾਲ ਸਿੰਘ)-ਪਿੰਡ ਠੀਕਰੀਵਾਲ ਤੋਂ ਚੁਹਾਣਕੇ ਖ਼ੁਰਦ ਨੂੰ ਜਾਂਦੀ ਸੜਕ 'ਤੇ ਹੋਈ ਮੋਟਰਸਾਈਕਲਾਂ ਦੀ ਆਹਮੋ ਸਾਹਮਣੇ ਟੱਕਰ ਵਿਚ ਮੋਟਰਸਾਈਕਲ 'ਤੇ ਸਵਾਰ ਦੋਵੇਂ ਚਾਲਕਾਂ ਦੀ ਮੌਤ ਹੋ ਗਈ। ਜਦਕਿ ਇਕ ਨੌਜਵਾਨ ਗੰਭੀਰ ਜ਼ਖ਼ਮੀ...
ਸੰਗਰੂਰ ਅਦਾਲਤ 'ਚ ਹੋਵੇਗੀ ਬੇਅਦਬੀ ਮਾਮਲੇ ਦੀ ਸੁਣਵਾਈ
. . .  52 minutes ago
ਸੰਗਰੂਰ, 19 ਜਨਵਰੀ (ਧੀਰਜ ਪਸ਼ੋਰੀਆ)- ਢਾਈ-ਕੁ ਸਾਲ ਪਹਿਲਾਂ ਮਲੇਰਕੋਟਲਾ ਵਿਖੇ ਧਾਰਮਿਕ ਗ੍ਰੰਥ ਕੁਰਾਨ-ਏ-ਸ਼ਰੀਫ ਦੀ ਬੇਅਦਬੀ ਦੀਆਂ ਵਾਪਰੀਆਂ ਘਟਨਾਵਾਂ ਦੇ ਸੰਬੰਧ 'ਚ ਮਲੇਰਕੋਟਲਾ ਥਾਣਾ ਵਿਖੇ ਦਰਜ ਮਾਮਲੇ ਦੀ ਸੁਣਵਾਈ ਹੁਣ ਸੰਗਰੂਰ ਅਦਾਲਤ ਵਿਖੇ ਹੋਵੇਗੀ। ਮਾਮਲੇ...
ਪ੍ਰਧਾਨ ਮੰਤਰੀ ਮੋਦੀ ਨੂੰ ਹਟਾਉਣਾ ਹੈ ਕੋਲਕਾਤਾ 'ਚ ਹੋਈ ਮਹਾਂ ਰੈਲੀ ਦਾ ਏਜੰਡਾ- ਰਵਿ ਸ਼ੰਕਰ ਪ੍ਰਸਾਦ
. . .  about 1 hour ago
ਕੋਲਕਾਤਾ, 19 ਜਨਵਰੀ- ਕੋਲਕਾਤਾ 'ਚ ਵਿਰੋਧੀ ਰੈਲੀ 'ਤੇ ਬੋਲਦਿਆਂ ਕੇਂਦਰੀ ਮੰਤਰੀ ਰਵਿ ਸ਼ੰਕਰ ਪ੍ਰਸਾਦ ਨੇ ਕਿਹਾ ਕਿ ਜਿਹੜੇ ਅੱਖਾਂ 'ਚ ਅੱਖਾਂ ਪਾ ਕੇ ਨਹੀਂ ਦੇਖ ਸਕਦੇ ਅਤੇ ਉਹ ਅੱਜ ਇਕ ਮੰਚ 'ਤੇ ਇਕੱਠੇ ਹੋਏ ਹਨ। ਉਨ੍ਹਾਂ ਕਿਹਾ ਕਿ ਰੈਲੀ 'ਚ ਵੱਖ-ਵੱਖ ਪਾਰਟੀਆਂ ਦੇ ....
ਅਕਾਲੀ ਭਾਜਪਾ ਅਤੇ ਕਾਂਗਰਸ ਦੀਆਂ ਸਰਕਾਰਾਂ ਨੇ ਕਿਸਾਨਾਂ ਨੂੰ ਕੀਤਾ ਕੰਗਾਲ- ਸਿਮਰਨਜੀਤ ਬੈਂਸ
. . .  about 1 hour ago
ਖੇਮਕਰਨ, 19 ਜਨਵਰੀ (ਸੰਦੀਪ ਮਹਿਤਾ) - ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਅਤੇ ਵਿਧਾਇਕ ਸਿਮਰਨਜੀਤ ਸਿੰਘ ਬੈਂਸ ਕਿਸਾਨਾਂ ਦਾ ਦਰਦ ਜਾਣਨ ਲਈ ਸਰਹੱਦੀ ਕਸਬਾ ਖੇਮਕਰਨ ਵਿਖੇ ਪਹੁੰਚੇ। ਇਸ ਮੌਕੇ ਸਿਮਰਨਜੀਤ ਸਿੰਘ ਬੈਂਸ ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ......
ਰੋਪੜ ਪੁਲਿਸ ਨੇ ਪੰਜਾਬ 'ਚ ਫ਼ੌਜ ਦੀ ਭਰਤੀ ਘੋਟਾਲੇ ਦਾ ਖ਼ੁਲਾਸਾ ਕਰਦਿਆਂ 5 ਵਿਅਕਤੀਆਂ ਨੂੰ ਕੀਤਾ ਕਾਬੂ
. . .  about 1 hour ago
ਚੰਡੀਗੜ੍ਹ, 19 ਜਨਵਰੀ- ਰੋਪੜ ਪੁਲਿਸ ਨੇ ਪੰਜਾਬ 'ਚ ਫ਼ੌਜ ਭਰਤੀ ਘੋਟਾਲੇ ਦਾ ਖ਼ੁਲਾਸਾ ਕਰਦਿਆਂ ਹੋਇਆਂ ਪੰਜ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਰਕਾਰ ਬੁਲਾਰੇ ਨੇ ਦਸਿਆ ਕਿ ਇਨ੍ਹਾਂ ਪਾਸੋਂ ਪੁਲਿਸ ਨੇ 29 ਆਧਾਰ ਕਾਰਡ ਅਤੇ ....
ਨੈਸ਼ਨਲ ਮਿਊਜ਼ੀਅਮ ਫ਼ਾਰ ਇੰਡੀਅਨ ਸਿਨੇਮਾ ਦਾ ਉਦਘਾਟਨ ਕਰਨ ਪਹੁੰਚੇ ਮੋਦੀ
. . .  about 2 hours ago
ਮੁੰਬਈ, 19 ਜਨਵਰੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੈਸ਼ਨਲ ਮਿਊਜ਼ੀਅਮ ਫ਼ਾਰ ਇੰਡੀਅਨ ਸਿਨੇਮਾ (ਐਨ.ਐਮ.ਆਈ.ਸੀ) ਦਾ ਉਦਘਾਟਨ ਕਰਨ ਲਈ ਮੁੰਬਈ ਪਹੁੰਚੇ ....
ਆਈ.ਆਰ.ਸੀ.ਟੀ.ਸੀ. ਮਾਮਲੇ 'ਚ ਲਾਲੂ ਪ੍ਰਸਾਦ ਯਾਦਵ ਨੂੰ ਮਿਲੀ ਜ਼ਮਾਨਤ
. . .  about 2 hours ago
ਨਵੀਂ ਦਿੱਲੀ, 19 ਜਨਵਰੀ- ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਸਾਬਕਾ ਕੇਂਦਰੀ ਰੇਲ ਮੰਤਰੀ ਲਾਲੂ ਪ੍ਰਸਾਦ ਯਾਦਵ ਨੂੰ ਆਈ.ਆਰ.ਸੀ.ਟੀ.ਸੀ. ਮਾਮਲੇ 'ਚ ਸੀ.ਬੀ.ਆਈ. ਵੱਲੋਂ ਦਾਇਰ ਕੇਸ 'ਚ ਜ਼ਮਾਨਤ ਦੇ ਦਿੱਤੀ ....
ਈ. ਡੀ. ਵਲੋਂ ਜ਼ਾਕਿਰ ਨਾਇਕ ਦੇ ਪਰਿਵਾਰ ਦੀ ਜਾਇਦਾਦ ਅਟੈਚ
. . .  about 2 hours ago
ਨਵੀਂ ਦਿੱਲੀ, 19 ਜਨਵਰੀ- ਵਿਵਾਦਤ ਇਸਲਾਮੀ ਪ੍ਰਚਾਰਕ ਜ਼ਾਕਿਰ ਨਾਇਕ ਵਿਰੁੱਧ ਮਨੀ ਲਾਂਡਰਿੰਗ ਜਾਂਚ ਦੇ ਸੰਬੰਧ 'ਚ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ 16.40 ਕਰੋੜ ਰੁਪਏ ਦੀ ਜਾਇਦਾਦ ਅਟੈਚ ਕੀਤੀ ਹੈ। ਇਸ ਸੰਬੰਧੀ ਇੱਕ ਬਿਆਨ 'ਚ ਈ. ਡੀ. ਨੇ ਕਿਹਾ.....
ਹੋਰ ਖ਼ਬਰਾਂ..

ਲੋਕ ਮੰਚ

ਜੰਗਲੀ ਜੀਵਨ ਦੀ ਸਾਂਭ-ਸੰਭਾਲ ਪ੍ਰਤੀ ਅਣਗਹਿਲੀ ਕਿਉਂ?

ਕੁਦਰਤੀ ਬਨਸਪਤੀ ਦੀ ਮਨੁੱਖ ਦੇ ਜੀਵਨ ਵਿਚ ਬਹੁਤ ਮਹੱਤਤਾ ਹੈ। ਵਾਤਾਵਰਨ ਦਾ ਸੰਤੁਲਨ ਰੱਖਣ ਵਿਚ ਇਸ ਦੀ ਅਹਿਮ ਭੂਮਿਕਾ ਹੈ। ਜੰਗਲੀ ਜੀਵਾਂ ਦੇ ਨਾਲ ਇਸ ਦਾ ਡੂੰਘਾ ਰਿਸ਼ਤਾ ਹੈ। ਪੰਜਾਬ ਅੰਦਰ ਬਹੁਤ ਥਾਵਾਂ 'ਤੇ ਬੀੜਾਂ ਨੂੰ ਸੁਰੱਖਿਅਤ ਰੱਖਿਆ ਗਿਆ ਹੈ। ਇਤਿਹਾਸਕ ਸ਼ਹਿਰ ਨਾਭਾ ਦੇ ਪੂਰਬ ਵੱਲ ਬੀੜ ਦੁਸਾਂਝ ਹੈ। ਇਸ ਵਿਚ ਰੋਜ਼ ਨੀਲ ਗਊ, ਗਿੱਦੜ, ਬਾਂਦਰ ਅਤੇ ਹੋਰ ਜੰਗਲੀ ਜਾਨਵਰ ਰਹਿੰਦੇ ਹਨ। ਅਵਾਰਾ ਤਿੱਖੇ-ਤਿੱਖੇ ਸਿੰਗਾਂ ਵਾਲੀਆਂ ਗਊਆਂ, ਸਾਨ੍ਹ ਵੀ ਜੰਗਲੀ ਬਣ ਚੁੱਕੇ ਹਨ। ਜੌੜੇ ਪੁਲਾਂ ਘਣੀਵਾਲ, ਭੋੜੇ ਆਦਿ ਪਿੰਡਾਂ ਨੂੰ ਮਿਲਾਉਂਦੀ ਸੜਕ ਇਸ ਬੀੜ ਵਿਚੋਂ ਲੰਘਦੀ ਹੈ। ਇਸ ਸੜਕ ਤੋਂ ਲੰਘਣ ਵਾਲਿਆਂ ਦੇ ਇਨ੍ਹਾਂ ਅਵਾਰਾ ਡੰਗਰਾਂ, ਬਾਂਦਰਾਂ ਆਦਿ ਨਾਲ ਅਨੇਕਾਂ ਵਾਰੀ ਦੁਰਘਟਨਾਵਾਂ ਹੋ ਚੁੱਕੀਆਂ ਹਨ। ਕਈ ਜਾਨਾਂ ਵੀ ਜਾ ਚੁੱਕੀਆਂ ਹਨ। ਬੀੜ ਦੇ ਨਾਲ ਲਗਦੇ ਖੇਤਾਂ ਵਾਲੇ ਕਿਸਾਨ ਰਲ ਕੇ 24 ਘੰਟੇ ਡੰਗਰਾਂ ਦੀ ਰਾਖੀ ਤੋਂ ਅੱਤ ਦੀ ਗਰਮੀ ਅਤੇ ਸਰਦੀ ਦੇ ਬਾਵਜੂਦ ਪਹਿਰਾ ਦਿੰਦੇ ਹਨ। ਸਰਕਾਰ ਨੂੰ ਚਾਹੀਦਾ ਤਾਂ ਇਹ ਹੈ ਕਿ ਡੰਗਰਾਂ ਨੂੰ ਫੜ ਕੇ ਗਊਸ਼ਾਲਾ ਵਿਚ ਭੇਜੇ ਜੇ ਹੋਰ ਨਹੀਂ ਤਾਂ ਬੀੜ ਦੇ ਅੰਦਰ ਵਧੀਆ ਰਸਤਾ ਬਣਾ ਕੇ ਚਾਰਾ ਪਾਉਣ ਲਈ ਜਗ੍ਹਾ ਬਣਾ ਦੇਵੇ। ਬਾਂਦਰਾਂ ਲਈ ਵੀ ਬੀੜ ਅੰਦਰ ਮੁੱਖ ਸੜਕ ਤੋਂ ਰਸਤਾ ਦੇ ਕੇ ਸੁਰੱਖਿਅਤ ਥਾਂ ਬਣਾਈ ਜਾਵੇ, ਜਿਥੇ ਲੋਕ ਆਸਾਨੀ ਨਾਲ ਬੇਖੌਫ਼ ਖਾਣ ਵਾਲੀਆਂ ਵਸਤਾਂ ਪਾ ਸਕਣ। ਭਾਵੇਂ ਸਰਕਾਰ ਨੇ ਪੰਜਾਬ ਗਊ ਸੇਵਾ ਕਮਿਸ਼ਨ ਐਕਟ, 2014 ਅਧੀਨ 'ਪੰਜਾਬ ਗਊ ਸੇਵਾ ਕਮਿਸ਼ਨ' ਦੀ ਸਥਾਪਨਾ ਕੀਤੀ ਹੈ ਜਿਸ ਵਿਚ ਗਊ, ਸਾਨ੍ਹ, ਬਲਦ, ਵੱਛੇ-ਵੱਛੀਆਂ ਦੀ ਸੁਰੱਖਿਆ ਅਤੇ ਦੇਖਭਾਲ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ ਪਰ ਗਊਧਨ ਦੀ ਸੰਭਾਲ ਲਈ ਕੋਈ ਠੋਸ ਨੀਤੀ ਸਾਹਮਣੇ ਨਹੀਂ ਆਈ। ਬਹੁਤ ਸਾਰੇ ਦਰੱਖਤ ਸੁੱਕ ਕੇ ਜਾਂ ਹਨੇਰੀ ਆਦਿ ਨਾਲ ਡਿੱਗੇ ਪਏ ਹਨ, ਜਿਨ੍ਹਾਂ ਦੀ ਕੀਮਤੀ ਲੱਕੜੀ ਖਰਾਬ ਹੋ ਰਹੀ ਹੈ। ਸੁੱਕੇ ਦਰੱਖਤਾਂ ਦੀ ਬੋਲੀ ਕਰਕੇ ਆਮਦਨ ਪ੍ਰਾਪਤ ਹੋ ਸਕਦੀ ਹੈ ਜਦੋਂ ਕਿ ਸਰਕਾਰ ਖਜ਼ਾਨਾ ਖਾਲੀ ਹੋਣ ਦੀ ਦੁਹਾਈ ਪਾ ਰਹੀ ਹੈ। ਪਰ ਜੰਗਲਾਤ ਵਿਭਾਗ ਦਾ ਇਸ ਵੱਲ ਕੋਈ ਧਿਆਨ ਨਹੀਂ। ਬਾਜ਼ਾਰਾਂ ਵਿਚ ਆਮ ਅਵਾਰਾ ਡੰਗਰ ਘੁੰਮ ਰਹੇ ਹਨ ਜੋ ਲੋਕਾਂ ਦਾ ਜਾਨ ਅਤੇ ਮਾਲ ਦਾ ਨੁਕਸਾਨ ਅਕਸਰ ਕਰਦੇ ਰਹਿੰਦੇ ਹਨ। ਇਨ੍ਹਾਂ ਜੰਗਲੀ ਥਾਵਾਂ ਦੀ ਉੱਚਿਤ ਵਰਤੋਂ ਕਰਕੇ ਦੋਵੇਂ ਮਸਲੇ ਹੱਲ ਕੀਤੇ ਜਾ ਸਕਦੇ ਹਨ। ਇਲਾਕੇ ਦੇ ਬੱਚਿਆਂ ਦੇ ਮਨਪ੍ਰਚਾਵੇ ਲਈ ਇਨ੍ਹਾਂ ਥਾਵਾਂ ਤੇ 'ਚਿੜੀਆ ਘਰ' ਬਣਾ ਕੇ ਉਨ੍ਹਾਂ ਦੇ ਵਿਹਲੇ ਸਮੇਂ ਨੂੰ ਉਸਾਰੂ ਪਾਸੇ ਲਾਉਣ ਲਈ ਸਮਾਜ ਵਿਚ ਪਨਪ ਰਹੀਆਂ ਬੁਰਾਈਆਂ ਤੋਂ ਦੂਰ ਰੱਖਿਆ ਜਾ ਸਕਦਾ ਹੈ। ਮਹਿਕਮੇ ਵਲੋਂ ਸੁੱਕੇ ਅਤੇ ਨਿਕੰਮੇ ਦਰੱਖਤਾਂ ਦੀ ਥਾਂ ਨਵੇਂ ਫਲਦਾਰ ਅਤੇ ਕੀਮਤੀ ਲੱਕੜੀ ਵਾਲੇ ਬੂਟੇ ਲਾਏ ਜਾਣ ਤਾਂ ਜੋ ਜੰਗਲੀ ਜਾਨਵਰਾਂ ਲਈ ਖਾਣ ਲਈ ਸਹਾਈ ਹੋਣਗੇ। ਇਸ ਤਰ੍ਹਾਂ ਇਨ੍ਹਾਂ ਜਾਨਵਰਾਂ ਦੀ ਸੰਭਾਲ ਵੀ ਕੀਤੀ ਜਾ ਸਕਦੀ ਹੈ ਅਤੇ ਇਹ ਆਮਦਨ ਦਾ ਸਾਧਨ ਵੀ ਬਣ ਸਕਦੇ ਹਨ।

-ਮੋਬਾ: 94635-53962


ਖ਼ਬਰ ਸ਼ੇਅਰ ਕਰੋ

ਰਸਾਇਣਕ ਖਾਦਾਂ, ਨਦੀਨਨਾਸ਼ਕ ਅਤੇ ਕੀਟਨਾਸ਼ਕਾਂ ਨੂੰ ਠੱਲ੍ਹ ਪਾਉਣ ਦੀ ਲੋੜ

ਪੰਜਾਬ ਦਾ ਅਨਾਜ ਉਤਪਾਦਨ 1960-1961 ਵਿਚ 31.6 ਲੱਖ ਟਨ ਤੋਂ ਵਧ ਕੇ 2013-14 ਵਿਚ 294.4 ਲੱਖ ਟਨ ਹੋ ਗਿਆ। ਜ਼ਮੀਨ ਵਿਚ ਮਹੱਤਵਪੂਰਨ ਤੱਤਾਂ ਦੀ ਘਾਟ ਨੂੰ ਪੂਰਾ ਕਰਨ ਲਈ ਰਸਾਇਣਿਕ ਖਾਦਾਂ (ਐਨ.ਪੀ.ਕੇ.) ਦਾ ਵੱਡੇ ਪੱਧਰ 'ਤੇ ਪ੍ਰਯੋਗ ਹਰ ਸਾਲ ਵਧਣ ਲੱਗਾ। 1980-81 ਵਿਚ 762 ਹਜ਼ਾਰ ਟਨ ਖਾਦਾਂ ਦੀ ਵਰਤੋਂ ਕੀਤੀ ਗਈ ਜੋ 2014-15 ਤੱਕ ਵਧ ਕੇ 1677 ਹਜ਼ਾਰ ਟਨ ਹੋ ਗਈ। ਫਸਲਾਂ ਨੂੰ ਬਿਮਾਰੀਆਂ, ਨਦੀਨਾਂ ਅਤੇ ਕੀਟਾਂ ਤੋਂ ਬਚਾਉਣ ਲਈ ਵੱਖ-ਵੱਖ ਦਵਾਈਆਂ ਦਾ ਪ੍ਰਯੋਗ ਕੀਤਾ ਗਿਆ। 1970-1971 ਵਿਚ 37.50 ਕਿੱਲੋਗਰਾਮ ਪ੍ਰਤੀ ਹੈਕਟੇਅਰ ਵਰਤੋਂ ਕੀਤੀ ਗਈ ਜੋ 2015-16 ਵਿਚ 257 ਕਿੱਲੋਗਰਾਮ ਪ੍ਰਤੀ ਹੈਕਟੇਅਰ ਹੋ ਗਈ। ਸਮੁੱਚੇ ਤੌਰ 'ਤੇ 1980-81 ਵਿਚ 3200 ਮਿਲੀਅਨ ਟਨ ਦਵਾਈਆਂ/ਜ਼ਹਿਰਾਂ ਦੀ ਵਰਤੋਂ ਹੋਈ ਅਤੇ ਜੋ 2016-17 ਵਿਚ 5843 ਮਿਲੀਅਨ ਟਨ ਹੋ ਗਈ। ਜ਼ਮੀਨ, ਹਵਾ ਅਤੇ ਪਾਣੀ ਦੂਸ਼ਿਤ ਹੋ ਗਏ, ਨਤੀਜੇ ਵਜੋਂ ਬਿਮਾਰੀਆਂ ਵਿਚ ਤੇਜ਼ੀ ਨਾਲ ਵਾਧਾ ਹੋਇਆ। ਪੰਜਾਬ ਸ਼ੁਰੂ ਤੋਂ ਹੀ ਸਿਹਤ ਪੱਖੋਂ ਖੁਸ਼ਹਾਲ ਪ੍ਰਾਂਤ ਮੰਨਿਆ ਜਾਂਦਾ ਸੀ। ਪਰ ਸ਼ਹਿਰੀ ਵਾਤਾਵਰਨ ਨੂੰ ਵਾਹਨਾਂ, ਫੈਕਟਰੀਆਂ ਕਾਰਖਾਨਿਆਂ ਨੇ ਦੂਸ਼ਿਤ ਕਰਨ ਵਿਚ ਅਹਿਮ ਭੂਮਿਕਾ ਨਿਭਾਈ। ਧੜਾ-ਧੜ ਰਸਾਇਣਿਕ ਖਾਦਾਂ, ਕੀਟਨਾਸ਼ਕ ਅਤੇ ਨਦੀਨਾਸ਼ਕ ਦਵਾਈਆਂ ਨੇ ਪੰਜਾਬ ਦਾ ਪੇਂਡੂ ਸਿਹਤਵਰਧਕ ਵਾਤਾਵਰਨ ਵੀ ਖਰਾਬ ਕਰ ਦਿੱਤਾ ਹੈ। ਜ਼ਮੀਨੀ ਪਾਣੀ ਦੇ ਦੂਸ਼ਿਤ ਹੋਣ ਦਾ ਕਾਰਨ ਲੋੜ ਤੋਂ ਵੱਧ ਰਸਾਇਣਕ ਖਾਦਾਂ ਦਾ ਪ੍ਰਯੋਗ ਹੈ। ਇੱਥੇ ਪਾਬੰਦੀਸ਼ੁਦਾ ਦਵਾਈਆਂ ਦੀ ਵਰਤੋਂ ਵਜੋਂ ਵਾਤਾਵਰਨ ਸਬੰਧੀ ਭਿਆਨਕ ਸੰਕਟ ਪੈਦਾ ਹੋ ਗਿਆ ਹੈ।ਇਕ ਪਾਸੇ ਪੀਣ ਯੋਗ ਪਾਣੀ ਦੀ ਕਮੀ ਅਤੇ ਦੂਸਰਾ ਬਚਿਆ-ਖੁਚਿਆ ਪਾਣੀ ਦੂਸ਼ਿਤ ਹੋ ਚੁੱਕਾ ਹੈ। ਇਸ ਪਿੱਛੇ ਜ਼ਿਆਦਾਤਰ ਅਗਿਆਨਤਾ ਜਾਂ ਵੱਧ ਉਤਪਾਦਨ ਦੀ ਲਾਲਸਾ ਮੁੱਖ ਕਾਰਨ ਹਨ। ਖਾਦਾਂ, ਨਦੀਨਨਾਸ਼ਕ ਅਤੇ ਕੀਟਨਾਸ਼ਕ ਦੀ ਵਧ ਰਹੀ ਵਰਤੋਂ ਨੂੰ ਠੱਲ੍ਹ ਪਾਉਣਾ ਸਰਕਾਰ ਦਾ ਪਹਿਲ ਦੇ ਆਧਾਰ 'ਤੇ ਵਿਚਾਰਿਆ ਜਾਣ ਵਾਲਾ ਮੁੱਦਾ ਹੋਣਾ ਚਾਹੀਦਾ ਹੈ। ਜੇ ਹੁਣ ਵੀ ਅਜਿਹਾ ਨਾ ਕੀਤਾ ਗਿਆ ਤਾਂ ਆਉਣ ਵਾਲੇ ਸਾਲਾਂ ਵਿਚ ਪੰਜਾਬ ਦੀ ਆਬੋ ਹਵਾ ਮਨੁੱਖੀ ਰਹਿਣ-ਸਹਿਣ ਦੇ ਅਨੁਕੂਲ ਨਹੀਂ ਰਹੇਗੀ। ਅਜਿਹੀਆਂ ਫਸਲਾਂ ਬੀਜਣ ਲਈ ਵੀ ਪ੍ਰੇਰਿਤ ਕਰਨਾ ਚਾਹੀਦਾ ਹੈ ਜਿਸ ਵਿਚ ਰਸਾਇਣਿਕ ਖਾਦਾਂ ਦਾ ਘੱਟ ਪ੍ਰਯੋਗ ਹੋਵੇ। ਕਿਸਾਨਾਂ ਨੂੰ ਜੈਵਿਕ ਖੇਤੀ ਜਾਂ ਆਰਗੈਨਿਕ ਖੇਤੀ ਕਰਨ ਲਈ ਸਿੱਖਿਆ ਦੇਣੀ ਚਾਹੀਦੀ ਹੈ ਅਤੇ ਸਿਹਤ ਲਈ ਹਾਨੀਕਾਰਕ ਦਵਾਈਆਂ 'ਤੇ ਪੂਰਨ ਰੋਕ ਲਗਾ ਦੇਣੀ ਚਾਹੀਦੀ ਹੈ। ਜੇਕਰ ਅਜਿਹਾ ਨਾ ਕੀਤਾ ਗਿਆ ਤਾਂ ਅੰਨਦਾਤਾ ਦੁਆਰਾ ਲੋਕਾਂ ਦੇ ਮੂੰਹ ਵਿਚ ਪਾਈ ਜਾਣ ਵਾਲੀ ਬੁਰਕੀ ਜ਼ਹਿਰ ਦਾ ਨਿਵਾਲਾ ਬਣ ਜਾਵੇਗੀ। ਕਿਸਾਨਾਂ ਨੂੰ ਵੀ ਨਿੱਜੀ ਘੇਰਿਆਂ 'ਚੋਂ ਨਿਕਲ ਸਮਾਜਿਕ ਅਤੇ ਨੈਤਿਕ ਦ੍ਰਿਸ਼ਟੀਕੋਣ ਤੋਂ ਸੋਚਣ ਦੀ ਲੋੜ ਹੈ।

-ਮੋਬਾ: 98777-15744

ਮਾਣ-ਮੱਤੇ ਅਧਿਆਪਕ-23

ਜਿਸ ਦਾ ਹਰ ਸਾਹ ਸਿੱਖਿਆ ਦੀ ਬਿਹਤਰੀ ਲਈ ਚਲਦੈ-ਗੁਰਪ੍ਰੀਤ ਸਿੰਘ ਸੰਧੂ

ਕਰੀਬ 21 ਸਾਲ ਪਹਿਲਾਂ 1997 ਵਿਚ ਜਦੋਂ ਸ: ਗੁਰਪ੍ਰੀਤ ਸਿੰਘ ਸੰਧੂ ਨੇ ਦਸਵੇਂ ਪਾਤਿਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਪਵਿੱਤਰ ਧਰਤੀ ਸ੍ਰੀ ਮਾਛੀਵਾੜਾ ਬਲਾਕ ਦੇ ਪਿੰਡ ਮੰਡ ਸ਼ੇਰਗੜ੍ਹ ਵਿਚਲੇ ਸਰਕਾਰੀ ਪ੍ਰਾਇਮਰੀ ਸਕੂਲ ਵਿਚ ਬਤੌਰ ਅਧਿਆਪਕ ਆਪਣਾ ਪਹਿਲਾ ਕਦਮ ਧਰਿਆ ਸੀ, ਉਸ ਮੌਕੇ ਨਵੀਂ ਉਮਰ ਦੇ ਸੋਹਣੇ ਤੇ ਜਚਦੇ-ਫਬਦੇ ਗੱਭਰੂ ਬਾਰੇ ਕਿਸੇ ਨੂੰ ਪਤਾ ਵੀ ਨਹੀਂ ਸੀ ਕਿ ਉਸ ਦੇ ਦਿਲ ਅੰਦਰ ਰੱਬ ਰੂਪੀ ਪਾਕ ਦਿਲ ਬੱਚਿਆਂ ਅਤੇ ਸਿੱਖਿਆ ਸੰਸਾਰ ਨੂੰ ਬੁਲੰਦੀਆਂ 'ਤੇ ਲੈ ਕੇ ਜਾਣ ਦਾ ਕਿੰਨਾ ਜਜ਼ਬਾ ਹੈ। ਕੌਣ ਜਾਣਦਾ ਸੀ ਕਿ ਗੁਰਪ੍ਰੀਤ ਸਿੰਘ ਸੰਧੂ ਨੇ ਤਾਂ ਆਪਣਾ ਜੀਵਨ ਹੀ ਇਨ੍ਹਾਂ ਬੱਚਿਆਂ 'ਤੇ ਨਿਛਾਵਰ ਕਰ ਦੇਣਾ ਹੈ। ਕੌਣ ਜਾਣਦਾ ਸੀ ਕਿ ਸ: ਗੁਰਪ੍ਰੀਤ ਸਿੰਘ ਦਾ ਨਰਮ ਦਿਲ ਹਰ ਮੌਕੇ ਬੱਚਿਆਂ ਦੀ ਭਲਾਈ ਲਈ ਹੀ ਧੜਕਦਾ ਰਹਿਣ ਵਾਲਾ ਹੈ, ਪਰ ਸਿੱਖਿਆ ਵਿਭਾਗ ਅੰਦਰ ਉਸ ਵਲੋਂ ਇਕ ਤੋਂ ਬਾਅਦ ਪੁੱਟੇ ਇਕ ਕਦਮ ਨੇ ਇਹ ਸਾਰੀਆਂ ਗੱਲਾਂ ਆਪਮੁਹਾਰੇ ਹੀ ਸੱਚ ਕਰ ਵਿਖਾਈਆਂ ਹਨ। ਸ: ਗੁਰਪ੍ਰੀਤ ਸਿੰਘ ਨੇ ਪਹਿਲੇ ਦਿਨਾਂ ਤੋਂ ਹੀ ਸਤਲੁਜ ਦੇ ਕੰਢੇ ਵਸੇ ਇਸ ਪਿੰਡ ਵਿਚ ਦਲੇਰੀ ਤੇ ਹਿੰਮਤ ਨਾਲ ਕੰਮ ਕੀਤਾ ਅਤੇ ਕਦੇ ਵੀ ਸਰਕਾਰ ਵਲੋਂ ਦਿੱਤੇ ਅੱਠ ਘੰਟਿਆਂ ਲਈ ਘੜੀ ਵੱਲ ਨਹੀਂ ਵੇਖਿਆ। ਸਕੂਲ ਨੂੰ ਆਪਣੀ ਕਰਮ ਭੂਮੀ ਮੰਨਦੇ ਹੋਏ ਉਨ੍ਹਾਂ ਨੇ ਨਾ ਚੜ੍ਹਦੇ ਸੂਰਜ ਦੀ ਉਡੀਕ ਕੀਤੀ ਅਤੇ ਨਾ ਕਦੇ ਸੂਰਜ ਦੇ ਢਲਣ ਦੀ ਫਿਕਰ, ਬਸ ਫਿਕਰ ਕੀਤੀ ਤਾਂ ਬੱਚਿਆਂ ਲਈ ਹਰ ਸਹੂਲਤ ਤੇ ਵੱਧ ਤੋਂ ਵੱਧ ਗਿਆਨ ਵੰਡਣ ਦੀ। ਅੱਜਕਲ੍ਹ ਜ਼ਿਲ੍ਹਾ ਲੁਧਿਆਣਾ ਤੇ ਬਲਾਕ ਰਾਏਕੋਟ ਦੇ ਸਕੂਲ ਬਿੰਜਲ ਵਿਖੇ ਬਤੌਰ ਮੁੱਖ ਅਧਿਆਪਕ ਸੇਵਾਵਾਂ ਨਿਭਾ ਰਹੇ ਸ: ਗੁਰਪ੍ਰੀਤ ਸਿੰਘ ਨੇ ਇਸ ਸੰਸਥਾ ਨੂੰ ਵੀ ਚਾਰ ਚੰਨ ਲਗਾਏ। ਇਥੋਂ ਪੜ੍ਹਾਈ ਦਾ ਮਿਆਰ ਐਨਾ ਉੱਚਾ ਚੁੱਕਿਆ ਕਿ ਕਰੀਬ ਅੱਧੀ ਦਰਜਨ ਵਿਦਿਆਰਥੀ ਨਵੋਦਿਆ ਵਿਦਿਆਲਿਆ ਵਰਗਾ ਵੱਕਾਰੀ ਟੈਸਟ ਪਾਸ ਕਰ ਗਏ। ਇਹ ਸਕੂਲ ਬਲਾਕ ਵਿਚ ਪਹਿਲੇ ਦਰਜੇ ਦਾ ਸਕੂਲ ਗਿਣਿਆ ਜਾਣ ਲੱਗਿਆ। ਉਨ੍ਹਾਂ ਦੇ ਅਣਥੱਕ ਯਤਨਾਂ ਨੂੰ ਵੇਖਦੇ ਹੋਏ ਸਾਲ 2013 ਵਿਚ ਪੰਜਾਬ ਸਰਕਾਰ ਵਲੋਂ ਉਨ੍ਹਾਂ ਨੂੰ ਰਾਜ ਪੱਧਰੀ ਅਧਿਆਪਕ ਪੁਰਸਕਾਰ ਨਾਲ ਨਿਵਾਜਿਆ ਗਿਆ ਅਤੇ ਸਾਲ 2015 ਵਿਚ ਉਨ੍ਹਾਂ ਨੂੰ ਭਾਰਤ ਸਰਕਾਰ ਵਲੋਂ ਕੌਮੀ ਅਧਿਆਪਕ ਪੁਰਸਕਾਰ ਪ੍ਰਦਾਨ ਕੀਤਾ ਗਿਆ। ਸ: ਗੁਰਪ੍ਰੀਤ ਸਿੰਘ ਜਿੱਥੇ ਸਾਰੇ ਵਿਦਿਆਰਥੀਆਂ ਲਈ ਤਤਪਰ ਹਨ, ਉੱਥੇ ਵਿਸ਼ੇਸ਼ ਲੋੜਾਂ ਵਾਲੇ (ਅੰਗਹੀਣ) ਬੱਚਿਆਂ ਦੀ ਭਲਾਈ ਲਈ ਉਹ ਨਿਵੇਕਲਾ ਕਾਰਜ ਕਰ ਰਹੇ ਹਨ। ਉਨ੍ਹਾਂ ਵਲੋਂ ਬਾਬਾ ਨੰਦ ਸਿੰਘ ਐਜੂਕੇਸ਼ਨਲ ਟਰੱਸਟ ਚਲਾਇਆ ਜਾ ਰਿਹਾ ਹੈ। ਟਰੱਸਟ ਵਲੋਂ ਅਜਿਹੇ ਬੱਚਿਆਂ ਦੀ ਪੜ੍ਹਾਈ ਸਮੇਤ ਹਰ ਮਦਦ ਕੀਤੀ ਜਾ ਰਹੀ ਹੈ। ਇਨ੍ਹਾਂ ਬੱਚਿਆਂ ਨੂੰ ਤਕਨੀਕੀ ਗਿਆਨ ਦੇ ਕੇ ਰੁਜ਼ਗਾਰ ਯੋਗ ਬਣਾਉਣ ਲਈ ਕੀਤੇ ਜਾ ਰਹੇ ਉਪਰਾਲੇ ਸ਼ਲਾਘਾਯੋਗ ਹਨ। ਸ: ਗੁਰਪ੍ਰੀਤ ਸਿੰਘ ਦਾ ਸਫਰ ਇੱਥੇ ਹੀ ਸਮਾਪਤ ਨਹੀਂ ਹੁੰਦਾ, ਉਹ ਕੁਦਰਤ ਦੀ ਸੰਭਾਲ ਅਤੇ ਪਾਣੀ ਦੀ ਬੱਚਤ ਲਈ ਵੀ ਚਿੰਤਤ ਹਨ। ਇਸ ਖੇਤਰ ਵਿਚ ਉਨ੍ਹਾਂ ਦੀਆਂ ਪ੍ਰਾਪਤੀਆਂ ਬਦਲੇ ਜ਼ਿਲ੍ਹਾ ਪ੍ਰਸ਼ਾਸਨ ਉਨ੍ਹਾਂ ਨੂੰ 4 ਵਾਰ ਸਨਮਾਨਿਤ ਕਰ ਚੁੱਕਾ ਹੈ ਤੇ ਰਾਜ ਸਰਕਾਰ ਵੀ ਉਨ੍ਹਾਂ ਨੂੰ ਸਵੱਛ ਭਾਰਤ ਮੁਹਿੰਮ ਵਿਚ ਪਾਏ ਯੋਗਦਾਨ ਬਦਲੇ ਰਾਜ ਪੁਰਸਕਾਰ ਨਾਲ ਸਨਮਾਨਿਤ ਕਰ ਚੁੱਕੀ ਹੈ। ਸਾਧਾਰਨ ਕਿਸਾਨ ਪਰਿਵਾਰ ਵਿਚ ਪਿਤਾ ਮਹਿੰਦਰ ਸਿੰਘ ਸੰਧੂ ਤੇ ਮਾਤਾ ਜਸਵਿੰਦਰ ਕੌਰ ਦੇ ਘਰ ਪਿੰਡ ਮਾਣੂਕੇ, ਤਹਿਸੀਲ ਜਗਰਾਓਂ ਵਿਖੇ ਜਨਮੇ ਸ: ਗੁਰਪ੍ਰੀਤ ਸਿੰਘ ਨੇ ਮੁਢਲੀ ਵਿੱਦਿਆ ਪਿੰਡ ਦੇ ਹੀ ਸਰਕਾਰੀ ਸਕੂਲ ਤੋਂ ਕਰਨ ਉਪਰੰਤ ਆਈ.ਟੀ.ਆਈ., ਈ.ਟੀ.ਟੀ. ਅਤੇ ਐਮ.ਏ. ਤੱਕ ਦੀ ਵਿੱਦਿਆ ਹਾਸਲ ਕੀਤੀ ਹੋਈ ਹੈ। ਸ: ਸੰਧੂ ਆਪਣੀਆਂ ਪ੍ਰਾਪਤੀਆਂ ਅਤੇ ਸਮਾਜ ਸੇਵਾ ਦੀ ਸੋਚ ਪਿੱਛੇ ਮਾਤਾ-ਪਿਤਾ ਵਲੋਂ ਦਿੱਤੇ ਸੰਸਕਾਰ ਅਤੇ ਜੀਵਨ ਸਾਥਣ ਲੈਕਚਰਾਰ ਜਸਵੀਰ ਕੌਰ ਦਾ ਸੱਚਾ ਸਾਥ ਮੰਨਦੇ ਹਨ। ਸ: ਸੰਧੂ ਨੇ ਆਪਣੇ ਪਰਿਵਾਰ ਨੂੰ ਦੇਣ ਵਾਲਾ ਵਧੇਰੇ ਸਮਾਂ ਵੀ ਸਮਾਜ ਤੇ ਬੱਚਿਆਂ ਦੇ ਲੇਖੇ ਹੀ ਲਗਾਇਆ ਹੈ, ਜਿਸ ਕਰਕੇ ਅਕਾਲ ਪੁਰਖ ਨੇ ਵੀ ਉਨ੍ਹਾਂ 'ਤੇ ਹਮੇਸ਼ਾ ਹੱਥ ਰੱਖਿਆ ਹੈ। ਉਨ੍ਹਾਂ ਦਾ ਸਪੁੱਤਰ ਜਸ਼ਨਦੀਪ ਸਿੰਘ ਵਿਦੇਸ਼ ਵਿਚ ਸਿੱਖਿਆ ਪ੍ਰਾਪਤੀ ਲਈ ਗਿਆ ਹੋਇਆ ਹੈ ਤੇ ਉਹ ਸੁਖੀ ਜੀਵਨ ਬਤੀਤ ਕਰ ਰਹੇ ਹਨ। ਮੇਰੀ ਅਕਾਲ ਪੁਰਖ ਅੱਗੇ ਇਹੀ ਅਰਦਾਸ ਹੈ ਕਿ ਉਹ ਹਮੇਸ਼ਾ ਤੰਦਰੁਸਤ ਰਹਿਣ ਅਤੇ ਇਸ ਤੋਂ ਵਧ ਕੇ ਸਮਾਜ ਤੇ ਸਿੱਖਿਆ ਸੰਸਾਰ ਦੀ ਤਰੱਕੀ ਲਈ ਯਤਨਸ਼ੀਲ ਰਹਿਣ।

-ਪਿੰਡ ਤੇ ਡਾਕ: ਪੰਜਗਰਾਈਆਂ (ਸੰਗਰੂਰ)।
ਮੋਬਾ: 93565-52000

ਆਖਰੀ ਪੀੜ੍ਹੀ...

ਅਸੀਂ ਸ਼ਾਇਦ ਉਸ ਆਖਰੀ ਪੀੜ੍ਹੀ ਵਿਚੋਂ ਹਾਂ, ਜਿਨ੍ਹਾਂ ਨੇ ਕੱਚੇ ਘਰਾਂ ਵਿਚ ਬੈਠ ਕੇ ਪਰੀਆਂ ਅਤੇ ਰਾਜਿਆਂ ਦੀਆਂ ਕਹਾਣੀਆਂ ਸੁਣੀਆਂ ਹਨ। ਜ਼ਮੀਨ 'ਤੇ ਬੈਠ ਕੇ ਖਾਣਾ ਖਾਧਾ ਅਤੇ ਕੌਲੀਆਂ-ਵਾਟੀਆਂ ਵਿਚ ਚਾਹ ਪੀਤੀ ਹੈ। ਪਿੰਡਾਂ ਦੀਆਂ ਗਲੀਆਂ/ਮੈਦਾਨਾਂ ਵਿਚ ਹੀ ਗੁੱਲੀ-ਡੰਡਾ, ਖਿੱਦੋ-ਖੂੰਡੀ, ਲੁਕਣਮੀਚੀ, ਖੋ-ਖੋ, ਕੰਚੇ ਅਤੇ ਕਬੱਡੀ ਵਰਗੀਆਂ ਖੇਡਾਂ ਖੇਡੀਆਂ ਹਨ ਅਤੇ ਮੱਝਾਂ ਦੀਆਂ ਪੂਛਾਂ ਫੜ ਕੇ ਛੱਪੜਾਂ-ਨਹਿਰਾਂ ਵਿਚ ਤਾਰੀਆਂ ਲਾਈਆਂ ਹਨ। ਘੱਟ ਰੌਸ਼ਨੀ ਵਾਲੇ ਬਲਬਾਂ, ਮੋਮਬੱਤੀਆਂ ਅਤੇ ਲਾਲਟੈਣਾਂ ਦੀ ਰੌਸ਼ਨੀ ਵਿਚ ਪੜ੍ਹਾਈ ਕੀਤੀ ਹੈ। ਇਸ ਪੀੜ੍ਹੀ ਨੇ ਹੀ ਕੂਲਰ, ਏ.ਸੀ. ਅਤੇ ਹੀਟਰ ਬਿਨਾਂ ਬਚਪਨ ਗੁਜ਼ਾਰਿਆ ਹੈ ਅਤੇ ਜਿਸ ਨੇ ਸਿਆਹੀ ਵਾਲੀ ਦਵਾਤ, ਪੈੱਨ ਨਾਲ ਕਿਤਾਬਾਂ, ਕਾਪੀਆਂ, ਕੱਪੜੇ ਅਤੇ ਹੱਥ ਕਾਲੇ-ਪੀਲੇ ਕੀਤੇ ਹਨ ਅਤੇ ਜਿਸ ਨੇ ਗੁੜ੍ਹ ਦੀ ਚਾਹ ਪੀਤੀ ਹੈ ਅਤੇ ਸਵੇਰੇ ਦਾਤਣ ਅਤੇ ਲਾਲ ਦੰਤ ਮੰਜਨ ਨਾਲ ਦੰਦ ਚਮਕਾਏ ਹਨ। ਸਕੂਲ ਦੇ ਕੈਨਵੈਸ ਦੇ ਜੁੱਤੇ ਚਾਕ ਨਾਲ ਚਿੱਟੇ ਕਰਕੇ ਸਕੂਲ ਜਾਇਆ ਕਰਦੇ ਸੀ, ਚਾਨਣੀਆਂ ਰਾਤਾਂ ਵਿਚ ਬੀ. ਬੀ. ਸੀ. ਦੀਆਂ ਖ਼ਬਰਾਂ, ਆਲ ਇੰਡੀਆ ਰੇਡੀਓ ਅਤੇ ਬਿਨਾਕਾ ਵਰਗੇ ਪ੍ਰੋਗਰਾਮ ਰੇਡੀਓ 'ਤੇ ਸੁਣੇ ਹਨ। ਉਸ ਜ਼ਮਾਨੇ ਵਿਚ ਛੱਤ 'ਤੇ ਪਾਣੀ ਛਿੜਕਾਅ ਕਰਕੇ, ਮੰਜੀਆਂ 'ਤੇ ਸਫੈਦ ਚਾਦਰਾਂ ਵਿਛਾ ਕੇ, ਤਾਰਿਆਂ ਦੀ ਛਾਂ ਵਿਚ ਸੌਂਦੇ ਸੀ। ਇਕ ਸਟੈਂਡ ਵਾਲਾ ਪੱਖਾ ਹੀ ਸਾਰਿਆਂ ਨੂੰ ਹਵਾ ਦਿੰਦਾ ਸੀ। ਹੁਣ ਉਹ ਸਮਾਂ ਨਿਕਲ ਗਿਆ, ਹੁਣ ਡੱਬੇ ਵਰਗੇ ਕਮਰਿਆਂ ਵਿਚ ਕੂਲਰ, ਏ. ਸੀ. ਵਿਚ ਦਿਨ ਅਤੇ ਰਾਤਾਂ ਲੰਘਦੀਆਂ ਹਨ। ਉਹ ਖੂਬਸੂਰਤ ਰਿਸ਼ਤੇ ਅਤੇ ਮਿਠਾਸ ਵੰਡਣ ਵਾਲੇ ਲੋਕ ਘਟਦੇ ਜਾ ਰਹੇ ਹਨ। ਉਸ ਸਮੇਂ ਜ਼ਿਆਦਾ ਪੜ੍ਹੇ-ਲਿਖੇ ਲੋਕ ਘੱਟ ਹੀ ਹੁੰਦੇ ਸਨ। ਲੋਕਾਂ ਦੇ ਘਰ ਭਾਵੇਂ ਪੱਕੇ ਤੇ ਉੱਚੇ ਨਹੀਂ ਸਨ ਪਰ ਇਨਸਾਨੀਅਤ ਵਜੋਂ ਕੱਦ ਅੱਜ ਦੇ ਇਨਸਾਨਾਂ ਨਾਲੋਂ ਬਹੁਤ ਉੱਚਾ ਸੀ। ਹੁਣ ਜਿੰਨਾ ਜ਼ਿਆਦਾ ਲੋਕ ਪੜ੍ਹ-ਲਿਖ ਗਏ ਹਨ, ਓਨੇ ਹੀ ਖੁਦਗਰਜ਼, ਮੌਕਾਪ੍ਰਸਤ, ਅਕ੍ਰਿਤਘਣ, ਵਿਸ਼ਵਾਸਘਾਤੀ, ਇਕੱਲੇਪਣ ਅਤੇ ਨਿਰਾਸ਼ਾ ਵਿਚ ਗੁਆਚੀ ਜਾ ਰਹੇ ਹਨ। ਅਸੀਂ ਹੀ ਉਸ ਆਖਰੀ ਪੀੜ੍ਹੀ ਦੇ ਖੁਸ਼ਨਸੀਬ ਲੋਕ ਹਾਂ, ਜਿਨ੍ਹਾਂ ਨੇ ਰਿਸ਼ਤਿਆਂ ਵਿਚ ਮਿਠਾਸ ਮਹਿਸੂਸ ਕੀਤੀ ਹੈ।

-ਸ਼ਾਹਬਾਦੀਆ, ਜਲੰਧਰ। ਮੋਬਾਈਲ : 98723-51838

ਫ਼ਨਾਹ ਹੁੰਦੀ ਇਨਸਾਨੀਅਤ

ਕੁਝ ਦਿਨ ਪਹਿਲਾਂ ਇਕ ਅਖ਼ਬਾਰ 'ਚ ਖ਼ਬਰ ਆਈ ਕਿ ਕਿਰਾਏ ਦੇ ਪੂਰੇ ਪੈਸੇ ਨਾ ਦੇਣ ਕਰਕੇ ਮਕਾਨ ਮਾਲਕ ਨੇ ਕਿਰਾਏ 'ਤੇ ਰਹਿਣ ਵਾਲੇ ਵਿਅਕਤੀ ਨੂੰ ਮਕਾਨ ਦੇ ਹੀ ਇਕ ਕਮਰੇ 'ਚ ਬੰਦੀ ਬਣਾ ਲਿਆ। ਚਾਰ ਦਿਨ ਇਹ ਬੰਦੀ ਬਣਾਇਆ ਵਿਅਕਤੀ ਕਿਵੇਂ ਰਿਹਾ ਹੋਵੇਗਾ, ਇਹ ਸੋਚਣ ਵਾਲੀ ਗੱਲ ਹੈ। ਕਿਸੇ ਨਾ ਕਿਸੇ ਤਰ੍ਹਾਂ ਪੁਲਿਸ ਨੂੰ ਜਦੋਂ ਇਸ ਗੱਲ ਦੀ ਇਤਲਾਹ ਮਿਲੀ ਤਾਂ ਉਸ ਨੇ ਮੌਕੇ 'ਤੇ ਜਾ ਕੇ ਬੰਦੀ ਬਣਾਏ ਵਿਅਕਤੀ ਨੂੰ ਛੁਡਵਾਇਆ। ਇਨਸਾਨ ਦਾ ਇਨਸਾਨ ਪ੍ਰਤੀ ਅਜਿਹਾ ਕਰੂਰ ਵਰਤਾਰਾ ਦੇਖ ਕੇ ਇਨਸਾਨੀਅਤ ਸ਼ਰਮਸਾਰ ਹੁੰਦੀ ਹੈ। ਇਹ ਠੀਕ ਹੈ ਕਿ ਲਿਆ ਪੈਸਾ ਜਾਂ ਬਣਦਾ ਕਿਰਾਇਆ ਦੇਣਾ ਜ਼ਰੂਰੀ ਹੈ ਪਰ ਇਹ ਨਾ ਮੋੜਨ ਕਰਕੇ ਕਿਸੇ ਨੂੰ ਇਕ ਕਮਰੇ 'ਚ ਬੰਦੀ ਬਣਾ ਲੈਣਾ ਬਿਲਕੁਲ ਵੀ ਜਾਇਜ਼ ਨਹੀਂ। ਸਮਾਜ ਵਿਚ ਵਾਪਰਦੇ ਅਜਿਹੇ ਵਰਤਾਰੇ ਇਹ ਸਿੱਧ ਕਰਦੇ ਹਨ ਕਿ ਮਨੁੱਖ ਦੇ ਹਿਰਦੇ 'ਚੋਂ ਇਨਸਾਨੀਅਤ ਫਨਾਹ ਹੋ ਚੁੱਕੀ ਹੈ। ਕੁਝ ਪੈਸਿਆਂ ਪਿੱਛੇ ਕਿਸੇ ਨਾਲ ਕਰੂਰ ਵਿਵਹਾਰ ਕਰਨਾ ਸਾਡੇ ਸੱਭਿਅਤ ਹੋਣ 'ਤੇ ਪ੍ਰਸ਼ਨ ਚਿੰਨ ਲਗਾਉਂਦਾ ਹੈ। ਸਮਾਜ ਵਿਚੋਂ ਗਾਇਬ ਹੁੰਦੀਆਂ ਕਦਰਾਂ-ਕੀਮਤਾਂ ਦੀ ਇਹ ਇਕ ਠੋਸ ਮਿਸਾਲ ਹੈ। ਅਜੇ ਇਸ ਖ਼ਬਰ ਦੀ ਸਿਆਹੀ ਵੀ ਨਹੀਂ ਸੀ ਸੁੱਕੀ ਕਿ ਪੰਜ ਸੌ ਰੁਪਏ ਪਿੱਛੇ ਹੋਏ ਪੰਜ ਕਤਲਾਂ ਨੇ ਇਨਸਾਨੀ ਖੋਖਲੇਪਣ ਨੂੰ ਹੋਰ ਪਰਪੱਕ ਕਰ ਦਿੱਤਾ। ਛੋਟੀ-ਛੋਟੀ ਗੱਲ 'ਤੇ ਹੁੰਦੇ ਕਤਲ ਇਹ ਦਰਸਾਉਂਦੇ ਹਨ ਕਿ ਅਜੋਕੇ ਇਨਸਾਨ ਦਾ ਹੋਛਾ ਸਬਰ ਕਦੋਂ ਕਿਸੇ ਲਈ ਕਬਰ ਪੁੱਟ ਦੇਵੇ, ਕੋਈ ਪਤਾ ਨਹੀਂ। ਜ਼ਮੀਨ ਜਾਇਦਾਦ ਪਿੱਛੇ ਪੁੱਤ ਹੱਥੋਂ ਹੁੰਦਾ ਬਾਪ ਦਾ ਕਤਲ ਇਨਸਾਨੀਅਤ 'ਤੇ ਧੱਬਾ ਹੈ। ਮਾਸੂਮ ਬੱਚੀਆਂ ਨਾਲ ਹੁੰਦੇ ਜਬਰ-ਜਨਾਹ ਮਨੁੱਖ ਦੀ ਪਸ਼ੂ ਸੋਚ ਨੂੰ ਉਜਾਗਰ ਕਰਦੇ ਹਨ। ਜਦੋਂ ਇਨਸਾਨ ਐਨਾ ਵਿਭਚਾਰੀ ਹੋਏਗਾ, ਫਿਰ ਉਸ ਕੋਲ ਇਨਸਾਨੀ ਕਦਰਾਂ-ਕੀਮਤਾਂ ਕਿੱਥੇ ਰਹਿ ਸਕਦੀਆਂ ਹਨ। ਜੰਗਲਾਂ ਵਿਚੋਂ ਨਿਕਲ ਕੇ ਸਮਾਜ ਬਣਾ ਕੇ ਵਿਚਰ ਰਿਹਾ ਮਨੁੱਖ ਸਮਾਜਿਕ ਅਸੂਲਾਂ 'ਤੇ ਖਰਾ ਉਤਰਦਾ ਨਜ਼ਰ ਨਹੀਂ ਆ ਰਿਹਾ। ਪਿਆਰ, ਸਤਿਕਾਰ ਅਤੇ ਇਤਬਾਰ ਹੁਣ ਇਨਸਾਨ ਦੀ ਪਹਿਲੀ ਤਰਜੀਹ ਨਹੀਂ ਰਹੇ। ਲਾਲਚ, ਸਵਾਰਥ ਅਤੇ ਵਿਸ਼ਵਾਸਘਾਤ ਨੇ ਸਭ ਕੁਝ ਖ਼ਤਮ ਕਰ ਦਿੱਤਾ ਹੈ। ਪੈਸੇ ਦੀ ਲੱਗੀ ਅੰਨ੍ਹੀ ਦੌੜ ਨੇ ਇਨਸਾਨੀ ਸਰੀਰਾਂ ਦੇ ਮੁੱਲ ਪਵਾ ਦਿੱਤੇ ਹਨ। ਦਾਜ ਦੀ ਖ਼ਾਤਰ ਨੌਜਵਾਨ ਲੜਕੀਆਂ ਨੂੰ ਮਾਰਿਆ ਜਾ ਰਿਹਾ ਹੈ। ਬਾਹਰਲੇ ਦੇਸ਼ਾਂ 'ਚ ਪਹੁੰਚਣ ਦੀ ਲਲਕ ਕਾਰਨ ਨੌਜਵਾਨ ਲੜਕੀਆਂ ਦੇ ਬਾਪ ਦੀ ਉਮਰ ਦੇ ਲਾੜਿਆਂ ਨਾਲ ਵਿਆਹ ਹੋ ਰਹੇ ਹਨ। ਅਸੂਲ ਅਤੇ ਅਣਖ ਪੈਸੇ ਦੀ ਦੌੜ 'ਚ ਦਾਅ 'ਤੇ ਲੱਗ ਗਏ ਹਨ। ਪਰ ਇਨਸਾਨ ਬੇਪ੍ਰਵਾਹ ਹੈ ਅਤੇ ਉਸ ਦੀ ਇਹ ਬੇਪ੍ਰਵਾਹੀ ਇਕ ਦਿਨ ਉਸ ਦੀ ਹਸਤੀ ਖ਼ਤਮ ਕਰ ਦੇਵੇਗੀ। ਇਨਸਾਨੀ ਸੁਭਾਅ 'ਚੋਂ ਕਦਰਾਂ-ਕੀਮਤਾਂ ਅਤੇ ਇਨਸਾਨੀਅਤ ਦਾ ਫਨਾਹ ਹੋਣਾ ਕੋਈ ਚੰਗਾ ਸੰਕੇਤ ਨਹੀਂ। ਜੇਕਰ ਇਨਸਾਨ ਹੀ ਇਨਸਾਨ ਦਾ ਦੁਸ਼ਮਣ ਬਣ ਜਾਏਗਾ ਫਿਰ ਇਸ ਇਨਸਾਨ ਨੂੰ ਦੁੱਖ ਵਿਚ ਢਾਰਸ ਅਤੇ ਖੁਸ਼ੀ ਵਿਚ ਵਧਾਈ ਦੇਣ ਵਾਲਾ ਕੌਣ ਹੋਵੇਗਾ? ਸਮਾਜਿਕ ਬੁਰਾਈਆਂ ਖਿਲਾਫ਼ ਲੜਨ ਵਾਲੇ ਇਨਸਾਨ ਨੂੰ ਪਹਿਲਾਂ ਆਪਣੇ ਅੰਦਰ ਦੀਆਂ ਬੁਰਾਈਆਂ ਨਾਲ ਲੜਨਾ ਹੋਵੇਗਾ ਅਤੇ ਜੇਕਰ ਅਜਿਹਾ ਹੁੰਦਾ ਹੈ ਤਾਂ ਦੇਖਣਾ ਸਭ ਕੁਝ ਠੀਕ ਹੋ ਜਾਏੇਗਾ। ਜਿਸ ਮਨ ਅੰਦਰ ਇਨਸਾਨੀਅਤ ਅਤੇ ਇਸ ਦੇ ਅਸੂਲ ਵਿਕਸਤ ਹੋ ਜਾਣਗੇੇ, ਉਹ ਕਦੇ ਕਿਸੇ ਦਾ ਬੁਰਾ ਨਹੀਂ ਕਰੇਗਾ। ਇਹ ਸਾਡਾ ਫਰਜ਼ ਬਣਦਾ ਹੈ ਕਿ ਇਨਸਾਨੀਅਤ ਕਰਕੇ ਜਾਣੇ ਜਾਂਦੇ ਇਸ ਇਨਸਾਨ ਨੂੰ ਇਨਸਾਨ ਹੀ ਰਹਿਣ ਦਿੱਤਾ ਜਾਵੇ, ਨਹੀਂ ਤਾਂ ਫਿਰ ਇਨਸਾਨ ਅਤੇ ਪਸ਼ੂ 'ਚ ਕੋਈ ਬਹੁਤਾ ਫਰਕ ਨਹੀਂ ਰਹੇਗਾ।

-ਜਵਾਹਰ ਲਾਲ ਨਹਿਰੂ ਸਰਕਾਰੀ ਕਾਲਜ, ਸ੍ਰੀ ਫ਼ਤਹਿਗੜ੍ਹ ਸਾਹਿਬ।
ਮੋਬਾ: 94784-60084

ਸਿੱਖਿਆ ਢਾਂਚੇ ਵਿਚ ਵੱਡੇ ਸੁਧਾਰ ਦੀ ਲੋੜ

ਸਿੱਖਿਆ ਰਾਹੀਂ ਜਿਥੇ ਅਗਿਆਨਤਾ, ਅੰਧ-ਵਿਸ਼ਵਾਸ ਦੂਰ ਹੁੰਦਾ ਹੈ, ਉੱਥੇ ਨਵੀਂ ਖੋਜ, ਜ਼ਿੰਦਗੀ ਨੂੰ ਸੁਖਾਵੇਂ ਬਣਾਉਣ ਲਈ ਅਹਿਮ ਨੁਕਤੇ ਸੁਝਾਏ ਜਾਂਦੇ ਹਨ। ਗਿਆਨ ਦੀ ਤਾਕਤ ਨਾਲ ਮਨੁੱਖ ਕਿਥੇ ਤੋਂ ਕਿਥੇ ਪਹੁੰਚ ਗਿਆ ਹੈ ਪਰ ਸਾਡਾ ਵਿੱਦਿਅਕ ਢਾਚਾਂ ਅਜੇ ਵੀ ਪੁਰਾਣੀਆਂ ਲੀਹਾਂ ਉੱਤੇ ਡੰਗ-ਟਪਾਊ ਕਾਰਜ ਕਰਦਾ ਨਜ਼ਰ ਆਉਂਦਾ ਹੈ। ਤਕਨੀਕ ਦਾ ਯੁੱਗ ਹੈ, ਚਾਹੀਦਾ ਵੀ ਹੈ ਪਰ ਅਸੀਂ ਸਿਰਫ਼ ਮਨੁੱਖੀ ਮਸ਼ੀਨਾਂ ਬਣਾਉਣ ਵੱਲ ਕਿਉਂ ਲੱਗ ਗਏ ਹਾਂ? ਪੰਜਾਬ ਵਿਚ ਪ੍ਰਾਈਵੇਟ ਯੂਨੀਵਰਸਿਟੀਆਂ ਦੀ ਭਰਮਾਰ ਹੈ ਕੀ ਸਾਰੀਆਂ ਵਿੱਦਿਅਕ ਸੰਸਥਾਵਾਂ ਦੀ ਅਸਲ ਦ੍ਰਿਸ਼ਟੀ ਵਿਦਿਆਰਥੀਆਂ ਦੇ ਜੀਵਨ ਨੂੰ ਸੁਧਾਰਨ ਦੀ ਹੈ ਜਾਂ ਨਿਰੋਲ ਵਪਾਰਕ ਪੈਸਾ ਕਮਾਉਣ ਦੀ ਹੀ ਹੈ। ਧੜਾਧੜ ਡਿਗਰੀਆਂ ਵੰਡੀਆਂ ਜਾ ਰਹੀਆਂ ਹਨ ਪਰ ਵਿਦਿਆਰਥੀ ਅਸਲ ਗਿਆਨ ਤੋਂ ਕੋਰੇ ਹਨ। ਬੱਚਿਆਂ ਵਿਚ ਨੈਤਿਕ ਕਦਰਾਂ ਕੀਮਤਾਂ ਦੀ ਵੱਡੀ ਕਮੀ ਆਉਣ ਲੱਗ ਪਈ ਹੈ। ਅਜੇ ਤੱਕ ਵੀ ਸਿੱਖਿਆ ਦਾ ਸੰਪੂਰਨ ਢਾਂਚਾ ਰੁਜ਼ਗਾਰ ਮੁਤਾਬਕ ਨਹੀਂ ਬਣਾਇਆ ਗਿਆ। ਨੀਤੀਆਂ ਕਾਗਜ਼ਾਂ ਤੱਕ ਹੀ ਸੀਮਤ ਹੋ ਕੇ ਰਹਿ ਜਾਂਦੀਆਂ ਹਨ। ਬਚਪਨ ਤੋਂ ਹੀ ਬੱਚਿਆਂ ਨੂੰ ਉਨ੍ਹਾਂ ਦੀ ਕਾਬਲੀਅਤ, ਰੁਝਾਨ ਅਤੇ ਸਮਰੱਥਾ ਮੁਤਾਬਕ ਕੋਰਸਾਂ ਦੀ ਸਿੱਖਿਆ ਵੱਲ ਕੋਈ ਵੱਡਾ ਕਦਮ ਚੁੱਕਣ ਦੀ ਲੋੜ ਹੈ। ਸਾਡੀ ਰਾਜੀਨੀਤੀ ਦਾ ਧਰਮਾਂ ਦੇ ਮਸਲਿਆਂ ਨੂੰ ਜਾਣ-ਬੁੱਝ ਕੇ ਉਛਾਲ ਲੋਕਾਂ ਨੂੰ ਭਰਮਾਉਣਾ ਹੀ ਅਸਲ ਉਦੇਸ਼ ਰਹਿ ਗਿਆ ਲਗਦਾ ਹੈ। ਨੌਜਵਾਨ ਸਿੱਖਿਆ ਪ੍ਰਾਪਤ ਕਰਕੇ ਵੀ ਬੇਰੁਜ਼ਗਾਰੀ ਦੀ ਮਾਰ ਸਹਿੰਦਾ ਗਲਤ ਦਿਸ਼ਾ ਵੱਲ ਜਾ ਰਿਹਾ ਹੈ ਜਾਂ ਜਿਹੜੇ ਵਿਦਿਆਰਥੀ ਵਿੱਦਿਅਕ ਖੇਤਰ ਵਿਚ ਚੰਗੇ ਹਨ, ਉਹ ਹੁਣ ਆਈਲਟਸ ਕਰਕੇ ਵਿਦੇਸ਼ਾਂ ਵੱਲ ਤੁਰੇ ਹੋਏ ਹਨ। ਹੁਣ ਤਾਂ ਲਗਦਾ ਹੈ ਕਿ ਸਾਰੇ ਪੰਜਾਬ ਦੀ ਪੜ੍ਹੀ-ਲਿਖੀ ਜਵਾਨੀ ਜਹਾਜ਼ਾਂ ਦੇ ਜਹਾਜ਼ ਭਰ ਕੇ ਵਿਦੇਸ਼ਾਂ ਨੂੰ ਤੁਰੀ ਹੋਈ ਹੈ। ਸਕੂਲਾਂ ਵਿਚ ਅਧਿਆਪਕ ਪੂਰੇ ਨਹੀਂ, ਜੋ ਹਨ ਵੀ ਉਹ ਆਪਣੀਆਂ ਮੰਗਾਂ ਲਈ ਧਰਨੇ ਲਗਾ ਰਹੇ ਹਨ। ਜਦ ਅਧਿਆਪਕ ਆਪ ਹੀ ਸੁਰੱਖਿਅਤ ਨਹੀਂ ਤਾਂ ਉਹ ਕੀ ਜ਼ਿੰਮੇਵਾਰੀ ਕਬੂਲੇਗਾ? ਉੱਚ ਸਿੱਖਿਆ ਵਪਾਰਕ ਹੁੰਦੀ ਜਾ ਰਹੀ ਹੈ, ਜਿਸ ਦਾ ਮੁੱਖ ਮਕਸਦ ਪੈਸਾ ਕਮਾਉਣਾ ਹੀ ਹੈ। ਅਜੋਕੇ ਸਮੇਂ ਦੀ ਵੱਡੀ ਲੋੜ ਹੈ ਕਿ ਅਸੀਂ ਬੱਚਿਆਂ ਨੂੰ ਸਭ ਤੋਂ ਪਹਿਲਾਂ ਇਨਸਾਨੀਅਤ ਦਾ ਪਾਠ ਪੜ੍ਹਾਈਏ ਕਿਉਂਕਿ ਸਾਡਾ ਵਿਰਸਾ ਸੱਭਿਆਚਾਰ ਬਹੁਤ ਅਮੀਰ ਹੈ। ਸਾਡੇ ਕੋਲ ਤਾਂ ਪੁਰਾਤਨ ਸਮੇਂ ਤੋਂ ਹੀ ਗਿਆਨ ਦੇ ਕਿੰਨੇ ਭੰਡਾਰ ਹਨ, ਸਮਾਂ ਸਿਰਫ਼ ਅਮਲ ਵਿਚ ਲਿਆਉਣ ਦਾ ਹੈ। ਅਜਿਹੀ ਸਿੱਖਿਆ ਦੀ ਵੱਡੀ ਲੋੜ ਹੈ ਜੋ ਵਿਦਿਆਰਥੀਆਂ ਨੂੰ ਮਾਨਸਿਕ ਤੌਰ ਉੱਤੇ ਮਜ਼ਬੂਤ ਦ੍ਰਿੜ੍ਹ ਇਰਾਦੇ ਵਾਲੇ ਸਮਾਜ ਨੂੰ ਸੁਆਰਨ ਵਾਲੀ ਦ੍ਰਿਸ਼ਟੀ ਵਾਲੇ ਹੋਣ। ਇਸੇ ਗਿਆਨ ਦੀ ਰੋਸ਼ਨੀ ਨਾਲ ਸਮਾਜ ਵਿਚ ਚਾਨਣਾ ਹੋ ਸਕਦਾ ਹੈ।

ਮੋਬਾ: 99146-00690

ਮੋਬਾਈਲ ਦੀਆਂ ਖੇਡਾਂ ਵਿਚ ਗੁਆਚ ਰਿਹਾ ਬਚਪਨ

ਬਚਪਨ ਦਾ ਸੁਖਦ ਅਹਿਸਾਸ ਹੁੰਦੀ ਹੈ 'ਖੇਡ', ਉਹ ਖੇਡ ਜੋ ਬਚਪਨ ਵਿਚ ਬੱਚੇ ਨੂੰ ਸਭ ਤੋਂ ਜ਼ਿਆਦਾ ਪਸੰਦ ਹੋਵੇ। ਜਿਸ ਨੂੰ ਖੇਡ ਕੇ ਮਨ ਨੂੰ ਸਕੂਨ ਮਿਲੇ। ਖ਼ਾਸ ਤੌਰ 'ਤੇ ਜੇਕਰ ਖੇਡ, ਖੇਡਦਿਆਂ ਬੱਚੇ ਦੇ ਮਾਨਸਿਕ ਅਤੇ ਸਰੀਰਿਕ ਵਿਕਾਸ ਵਿਚ ਵਾਧਾ ਹੁੰਦਾ ਹੋਵੇ ਤਾਂ ਉਹ ਖੇਡ ਮੁਬਾਰਕ ਮੰਨੀ ਜਾਂਦੀ ਹੈ। ਅਜੋਕੇ ਦੌਰ ਵਿਚ ਤੀਸਰੇ ਤਰ੍ਹਾਂ ਦੀਆਂ ਖੇਡਾਂ ਨੇ ਵੀ ਨਿਰੰਤਰ ਅਤੇ ਤੇਜ਼ੀ ਨਾਲ ਵਿਕਾਸ ਕੀਤਾ ਹੈ। ਪਰ ਮੋਬਾਈਲ ਅਤੇ ਮੋਬਾਈਲ ਤੋਂ ਬਾਅਦ ਸਮਾਰਟ ਫੋਨਾਂ ਵਿਚ ਚੱਲਣ ਵਾਲੀਆਂ ਗੇਮਾਂ ਨੇ ਬੱਚਿਆਂ ਦੇ ਬਚਪਨ ਤੋਂ ਲੈ ਕੇ ਵੱਡਿਆਂ ਦੇ ਕੀਮਤੀ ਸਮੇਂ ਨੂੰ ਵੀ ਆਪਣੀ ਪਕੜ ਵਿਚ ਕਰ ਲਿਆ ਹੈ। ਬਿਨ੍ਹਾਂ ਸ਼ੱਕ ਅਜਿਹੀਆਂ ਖੇਡਾਂ ਨੇ ਬੱਚਿਆਂ ਦਾ ਬਚਪਨ ਤਾਂ ਖੋਹਿਆ ਹੀ ਹੈ, ਪਰ ਉਸਦੇ ਨਾਲ ਕਈ ਬਿਮਾਰੀਆਂ ਨੂੰ ਵੀ ਜਨਮ ਦਿੱਤਾ ਹੈ। ਮੋਬਾਈਲ ਫੋਨ ਦੀ ਪਕੜ ਵਿਚ ਆਇਆ ਬਚਪਨ ਕੇਵਲ ਵਿੱਦਿਆ ਤੋਂ ਹੀ ਦੂਰ ਨਹੀਂ ਹੋ ਰਿਹਾ ਸਗੋਂ ਅੱਖਾਂ ਦੀਆਂ ਬਿਮਾਰੀਆਂ ਤੋਂ ਵੀ ਪੀੜਤ ਹੋ ਰਿਹਾ ਹੈ, ਉਸ ਦੇ ਨਾਲ ਪਰਿਵਾਰਕ ਸਾਂਝ ਤੋਂ ਵੀ ਟੁੱਟ ਰਿਹਾ ਹੈ। ਗੇਮਿੰਗ ਐਨਾਲਾੲਟਿਕਿਸ ਫਰਮ ਦੀ ਖ਼ਬਰ ਦੇ ਅਨੁਸਾਰ ਵਿਸ਼ਵ ਭਰ ਵਿਚ ਮੋਬਾਈਲ ਗੇਮਾਂ ਤੋਂ 138 ਅਰਬ ਡਾਲਰ (ਲਗਪਗ 9700 ਅਰਬ ਰੁਪਏ) ਤੋਂ ਜ਼ਿਆਦਾ ਕਮਾਈ ਕੀਤੀ ਜਾ ਚੁੱਕੀ ਹੈ। ਵਿਸ਼ਵ ਸਿਹਤ ਸੰਗਠਨ ਨੇ ਇਸ ਸਾਲ ਮੋਬਾਈਲ ਦੇ ਵੀਡੀਓ ਗੇਮਾਂ ਖੇਡਣ ਦੀ ਆਦਤ ਨੂੰ ਇਕ ਮਾਨਸਿਕ ਰੋਗ ਦੇ ਤੌਰ ਤੇ ਸਵੀਕਾਰ ਕਰ ਲਿਆ ਹੈ। ਇਕ ਖ਼ਬਰ ਅਨੁਸਾਰ ਸਾਰੀ ਰਾਤ ਮੋਬਾਈਲ ਖੇਡਾਂ ਖੇਡਣ ਵਾਲੇ ਇਕ ਬੱਚੇ ਨੂੰ ਸਕੂਲੋਂ ਕੱਢ ਦਿੱਤਾ ਗਿਆ, ਕਿਉਂਕਿ ਇਕ ਤਾਂ ਉਹ ਪੜ੍ਹਾਈ ਵਿਚ ਪਛੜਨ ਲੱਗ ਪਿਆ ਸੀ ਅਤੇ ਜੇਕਰ ਮਾਤਾ-ਪਿਤਾ ਉਸ ਨੂੰ ਖੇਡਣ ਤੋਂ ਰੋਕਦੇ ਤਾਂ ਘਰ ਵਿਚ ਪਏ ਸਮਾਨ ਦੀ ਭੰਨ-ਤੋੜ ਸ਼ੁਰੂ ਕਰ ਦਿੰਦਾ ਸੀ ਅਤੇ ਉਸ ਦਾ ਭਾਰ ਵੀ ਵਧਣ ਲੱਗ ਪਿਆ ਸੀ। ਡਾਕਟਰੀ ਸਹਾਇਤਾ ਅਤੇ ਮਾਹਿਰਾਂ ਨਾਲ 25 ਮੀਟਿੰਗਾਂ ਕਰਨ ਤੋਂ ਬਾਅਦ ਉਹ ਦਿਮਾਗੀ ਤੌਰ 'ਤੇ ਕੁਝ ਸੰਤੁਲਿਤ ਹੋ ਸਕਿਆ। ਆਪ ਵੀ ਮੋਬਾਈਲ ਦੀ ਬੇਲੋੜੀ ਵਰਤੋਂ ਘਟਾ ਕੇ ਹੀ ਬੱਚਿਆਂ ਦੀ ਮੋਬਾਈਲ ਤੋਂ ਦੂਰੀ ਬਣਾ ਸਕਦੇ ਹਾਂ। ਘਰ ਵਿਚ ਹੋਰ ਖੇਡੀਆਂ ਜਾਣ ਵਾਲੀਆਂ ਖੇਡਾਂ ਦੀ ਹੋਂਦ ਅਤੇ ਬੱਚਿਆਂ ਨੂੰ ਮਾਤਾ-ਪਿਤਾ ਵਲੋਂ ਦਿੱਤਾ ਗਿਆ ਸਮਾਂ ਹੀ ਬੱਚਿਆਂ ਨੂੰ ਮੋਬਾਈਲ ਖੇਡ ਰੋਗੀ ਬਣਨ ਤੋਂ ਬਚਾਇਆ ਜਾ ਸਕਦਾ ਹੈ। ਭਾਵੇਂ ਕਿ ਔਖਾ ਜ਼ਰੂਰ ਹੈ, ਪਰ ਨਾ-ਮੁਮਕਿਨ ਨਹੀਂ ਹੈ। ਬੱਚਿਆਂ ਨੂੰ ਸਮਝਾਉਣ ਦੀ ਲੋੜ ਹੈ ਕਿ ਖੇਡਾਂ ਦਾ ਮਤਲਬ ਮੋਬਾਈਲ ਨਹੀਂ, ਪਸੀਨਾ ਕੱਢਣਾ ਹੁੰਦਾ ਹੈ, ਤਾਂ ਕਿ ਬੱਚਿਆਂ ਦਾ ਸਰੀਰਕ ਅਤੇ ਮਾਨਸਿਕ ਵਿਕਾਸ ਹੋ ਸਕੇ। ਇਸ ਦੇ ਨਾਲ ਹੀ ਬੱਚਿਆਂ ਵਿਚ ਸਕੂਲਾਂ/ਕਾਲਜਾਂ ਵਲੋਂ ਵੀ ਮੈਦਾਨੀ ਖੇਡਾਂ ਪ੍ਰਤੀ ਦਿਲਚਸਪੀ ਪੈਦਾ ਕੀਤੇ ਜਾਣ ਦੇ ਯਤਨ ਕਰਨੇ ਚਾਹੀਦੇ ਹਨ।

-ਸੁਲਤਾਨਵਿੰਡ ਰੋਡ, ਅੰਮ੍ਰਿਤਸਰ। ਮੋਬਾ: 98150-24920

ਵਧ ਰਹੇ ਸੜਕ ਹਾਦਸੇ : ਜ਼ਿੰਮੇਵਾਰ ਕੌਣ?

ਸਾਡੇ ਵਿਗੜ ਚੁੱਕੇ ਆਵਾਜਾਈ ਪ੍ਰਬੰਧਾਂ ਦਾ ਅੱਖੀਂ ਡਿੱਠਾ ਹਾਲ ਰੇਲਵੇ ਫਾਟਕਾਂ 'ਤੇ ਹਰ ਰੋਜ਼ ਆਮ ਦੇਖਿਆ ਜਾ ਸਕਦਾ ਹੈ। ਟ੍ਰੈਫਿਕ ਕਰਮਚਾਰੀਆਂ ਦੀ ਹਾਜ਼ਰੀ ਵਿਚ ਲੋਕ ਆਪਣੇ ਦੋਪਹੀਆ ਵਾਹਨਾਂ ਸਮੇਤ ਨੀਵੇਂ ਹੋ ਕੇ ਰੇਲ ਪਟੜੀਆਂ ਪਾਰ ਕਰਦੇ ਹਨ। ਆਵਾਜਾਈ ਨਿਯਮਾਂ ਦੀ ਉਲੰਘਣਾ ਦੀ ਸ਼ੁਰੂਆਤ ਤਾਂ ਸਾਡੇ ਮਨਾਂ ਵਿਚ ਗਿਆਨ ਦਾ ਪਹਿਲਾ ਦੀਪਕ ਜਗਾਉਣ ਵਾਲੇ ਵਿੱਦਿਅਕ ਅਦਾਰਿਆਂ ਤੋਂ ਹੀ ਹੋ ਰਹੀ ਹੈ, ਜਿੱਥੇ 10 ਤੋਂ 12 ਸਾਲ ਦੇ ਬੱਚੇ ਵੀ ਦੋਪਹੀਆ ਵਾਹਨਾਂ 'ਤੇ ਸਕੂਲ ਜਾਂਦੇ ਆਮ ਦੇਖੇ ਜਾ ਸਕਦੇ ਹਨ ਪਰ ਸਾਡਾ ਪ੍ਰਸ਼ਾਸਨ ਖਾਮੋਸ਼ ਹੈ। ਭਾਵੇਂ ਸਰਕਾਰ ਦੁਆਰਾ ਹਾਦਸਿਆਂ ਨੂੰ ਘਟਾਉਣ ਲਈ ਸੜਕਾਂ ਨੂੰ ਵਿਸ਼ਵ ਪੱਧਰੀ ਤਕਨੀਕ ਅਨੁਸਾਰ ਚੌੜੀਆਂ ਕਰਨ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਸੜਕ ਹਾਦਸੇ ਘਟਣ ਦੀ ਬਜਾਏ ਵਧਦੇ ਜਾ ਰਹੇ ਹਨ, ਜਿਸ ਦਾ ਵੱਡਾ ਕਾਰਨ ਵੀ ਲੋਕਾਂ ਵਿਚ ਆਵਾਜਾਈ ਕਾਨੂੰਨਾਂ ਪ੍ਰਤੀ ਅਣਜਾਣਤਾ ਅਤੇ ਪੁਲਿਸ ਪੈਟਰੋਲਿੰਗ ਦੀ ਘਾਟ ਹੈ। ਟਰੱਕਾਂ-ਟਰੈਕਟਰਾਂ ਵਿਚੋਂ ਬਾਹਰ ਲਮਕਦੇ ਸਰੀਏ, ਤੂੜੀ, ਗੰਨੇ, ਨਰਮੇ ਦੀਆਂ ਛਟੀਆਂ ਨਾਲ ਬਾਹਰ ਤੱਕ ਭਰੀਆਂ ਟਰਾਲੀਆਂ-ਟਰੱਕ, ਸਕੂਟਰ-ਮੋਟਰਸਾਈਕਲਾਂ ਉੱਪਰ ਤਿੰਨ-ਚਾਰ ਜਣੇ ਬੈਠਣਾ, ਰਾਤ ਨੂੰ ਦੋ ਦੀ ਬਜਾਏ ਇਕ ਲਾਈਟ ਨਾਲ ਹੀ ਡੰਗ ਸਾਰਨ ਵਾਲੇ ਵਾਹਨ ਚਾਲਕ ਅਕਸਰ ਹੀ ਸੜਕ ਹਾਦਸਿਆਂ ਦਾ ਸ਼ਿਕਾਰ ਹੁੰਦੇ ਹਨ। ਰਾਤ ਵੇਲੇ ਇਕ-ਦੂਸਰੇ ਲਈ ਹਾਈ ਬੀਮ ਲਾਈਟ ਨੀਵੀਂ ਨਾ ਕਰਨ ਦੀ ਅਣਜਾਣਤਾ ਅਤੇ ਜ਼ਿੱਦ ਵੀ ਕਈ ਵਾਰ ਹਾਦਸੇ ਦਾ ਕਾਰਨ ਬਣ ਜਾਂਦੀ ਹੈ, ਜਦ ਸਾਹਮਣੇ ਤੋਂ ਆ ਰਹੇ ਵਾਹਨ ਦੀ ਲਾਈਟ ਅੱਖਾਂ ਵਿਚ ਪੈਣ ਕਾਰਨ ਵਾਹਨ ਚਾਲਕ ਆਪਣਾ ਸੰਤੁਲਨ ਗੁਆ ਬੈਠਦਾ ਹੈ। ਸਾਡੀ ਟ੍ਰੈਫਿਕ ਪੁਲਿਸ ਦੁਆਰਾ ਕਿਸੇ ਚੌਕ ਵਿਚ ਨਾਕਾ ਲਾ ਕੇ ਚਲਾਨ ਕੱਟਣ ਦੇ 'ਸਰਕਾਰੀ ਟੀਚੇ' ਪੂਰੇ ਕਰਨ ਦੀ ਪ੍ਰਕਿਰਿਆ ਹੁਣ ਬੰਦ ਹੋਣੀ ਚਾਹੀਦੀ ਹੈ। ਇਸ ਦੀ ਬਜਾਏ ਵਿਦੇਸ਼ੀ ਤਰਜ਼ 'ਤੇ ਟ੍ਰੈਫਿਕ ਨਿਯਮ ਲਾਗੂ ਕਰਵਾਉਣ ਲਈ ਸੜਕਾਂ ਉੱਪਰ ਪੁਲਿਸ ਪੈਟਰੋੋਲਿੰਗ ਸ਼ੁਰੂ ਕੀਤੀ ਜਾ ਸਕਦੀ ਹੈ ਅਤੇ ਨਿਯਮਾਂ ਦੀ ਉਲੰਘਣਾ ਨਜ਼ਰ ਆਉਣ ਦੀ ਸੂਰਤ ਵਿਚ ਮੌਕੇ 'ਤੇ ਹੀ ਚਲਾਨ ਕੱਟਿਆ ਜਾਣਾ ਚਾਹੀਦਾ ਹੈ। ਟ੍ਰੈਫਿਕ ਪ੍ਰਬੰਧਾਂ ਵਿਚ ਸੁਧਾਰ ਲਿਆਉਣਾ ਸਮੇਂ ਦੀ ਮੰਗ ਹੈ। ਆਵਾਜਾਈ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਸਖ਼ਤ ਕਾਨੂੰਨ ਦੇ ਕਟਹਿਰੇ ਵਿਚ ਲਿਆਉਣਾ ਹੀ ਪਵੇਗਾ। ਟ੍ਰੈਫਿਕ ਨਿਯਮਾਂ ਦੀ ਪਾਲਣਾ ਇਕ ਕਾਨੂੰਨ ਹੀ ਨਹੀਂ, ਸਾਡੀ ਸੁਰੱਖਿਆ ਵੀ ਹੈ। ਆਮ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਪ੍ਰਤੀ ਜਾਗਰੂਕ ਕਰਨ ਲਈ ਜ਼ਮੀਨੀ ਪੱਧਰ ਤੋਂ ਹੀ ਮੁਹਿੰਮ ਚਲਾਉਣੀ ਚਾਹੀਦੀ ਹੈ। 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਹਰ ਤਰ੍ਹਾਂ ਦੇ ਵਾਹਨ ਚਲਾਉਣ ਤੋਂ ਸਖਤੀ ਨਾਲ ਰੋਕਿਆ ਜਾਣਾ ਚਾਹੀਦਾ ਹੈ। ਧਾਰਮਿਕ ਜਾਂ ਨਿੱਜੀ ਸਮਾਗਮਾਂ ਲਈ ਸੜਕਾਂ ਰੋਕ ਕੇ ਪੰਡਾਲ ਲਾਉਣ ਦੀ ਤੁਰੀ ਆ ਰਹੀ ਰਵਾਇਤ ਨੂੰ ਵੀ ਬੰਦ ਕਰਨਾ ਚਾਹੀਦਾ ਹੈ। ਲੋਕ ਟ੍ਰੈਫਿਕ ਨਿਯਮਾਂ ਪ੍ਰਤੀ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਕਰਨ ਤਾਂ ਅਸੀਂ ਹਰ ਰੋਜ਼ ਸੜਕ ਹਾਦਸਿਆਂ ਵਿਚ ਅਜਾਈਂ ਜਾ ਰਹੀਆਂ ਸੈਂਕੜੇ ਕੀਮਤੀ ਜਾਨਾਂ ਨੂੰ ਬਚਾਅ ਸਕਦੇ ਹਾਂ।

-ਬਾਬਾ ਦੀਪ ਸਿੰਘ ਨਗਰ, ਗਲੀ ਨੰ: 6, ਹੰਡਿਆਇਆ ਰੋਡ, ਬਰਨਾਲਾ। ਮੋਬਾ: 85588-76251

ਕਾਰਗਰ ਨੀਤੀ ਦੀ ਥਾਂ ਮੁਆਵਜ਼ੇ ਦਾ ਢਕਵੰਜ ਕਿਉਂ?

ਸਾਡੀ ਭਾਰਤੀ ਪ੍ਰਸ਼ਾਸਨਿਕ ਵਿਵਸਥਾ ਇਸ ਕਦਰ ਸੰਵੇਦਨਾਹੀਣ ਅਤੇ ਲਾਲ ਫ਼ੀਤਾਸ਼ਾਹੀ ਭਰਪੂਰ ਹੋ ਚੁੱਕੀ ਹੈ ਕਿ ਇੱਥੇ ਗ਼ਰੀਬ ਆਦਮੀ ਦੀ ਕੋਈ ਸੁਣਵਾਈ ਨਹੀਂ ਹੁੰਦੀ ਹੈ ਤੇ ਬਹੁਤੀ ਵਾਰ ਗ਼ਰੀਬਾਂ ਨੂੰ ਮਿਲਣ ਵਾਲੀਆਂ ਸਹੂਲਤਾਂ ਦਾ ਲਾਭ ਅਸਰ-ਰਸੂਖ਼ ਵਾਲੇ ਜਾਂ ਅਮੀਰ ਆਦਮੀ ਹੀ ਲੈ ਜਾਂਦੇ ਹਨ। ਸਿਆਸਤਦਾਨਾਂ, ਪ੍ਰਭਾਵਸ਼ਾਲੀ ਵਿਅਕਤੀਆਂ ਜਾਂ ਅਮੀਰ ਆਦਮੀਆਂ ਦੇ ਕੇਵਲ ਫ਼ੋਨ ਹੀ ਕਰ ਦੇਣ ਨਾਲ ਪ੍ਰਸ਼ਾਸਨਿਕ ਅਧਿਕਾਰੀ ਉਨ੍ਹਾਂ ਦੇ ਵੱਡੇ-ਛੋਟੇ ਸਭ ਕੰਮ ਕਰ ਦਿੰਦੇ ਹਨ ਪਰ ਲੋੜਵੰਦ ਤੇ ਗ਼ਰੀਬ ਆਦਮੀ ਦੇ ਨਿੱਕੇ-ਨਿੱਕੇ ਕੰਮ ਕਰਨ ਲਈ ਸਰਕਾਰੀ ਅਫ਼ਸਰਾਂ ਤੇ ਬਾਬੂਆਂ ਕੋਲ ਵਕਤ ਹੀ ਨਹੀਂ ਹੁੰਦਾ। ਜੇਕਰ ਗੱਲ ਪੰਜਾਬ ਦੀ ਕਰੀਏ ਤਾਂ ਹਰ ਸਾਲ ਹਰ ਜ਼ਿਲ੍ਹੇ ਵਿਚ ਅਨੇਕਾਂ ਗ਼ਰੀਬ ਲੋਕ ਆਪਣੇ ਕੱਚੇ ਜਾਂ ਖ਼ਸਤਾ ਹਾਲ ਮਕਾਨਾਂ ਦੀ ਮੁਰੰਮਤ ਹਿਤ ਕਿਸੇ ਪ੍ਰਕਾਰ ਦੀ ਸਰਕਾਰੀ ਸਹਾਇਤਾ ਪ੍ਰਾਪਤ ਕਰਨ ਲਈ ਡਿਪਟੀ ਕਮਿਸ਼ਨਰ ਜਾਂ ਐਸ. ਡੀ.ਐਮ. ਦਫ਼ਤਰ ਵਿਖੇ ਦਰਖ਼ਾਸਤਾਂ ਦਿੰਦੇ ਹਨ। ਫਿਰ ਉਕਤ ਦਰਖ਼ਾਸਤ 'ਤੇ ਹੋਣ ਵਾਲੀ ਕਾਰਵਾਈ ਬਾਰੇ ਪਤਾ ਕਰਨ ਲਈ ਉਨ੍ਹਾਂ ਗ਼ਰੀਬ ਲੋਕਾਂ ਦੀਆਂ ਜੁੱਤੀਆਂ ਘਸ ਜਾਂਦੀਆਂ ਹਨ ਪਰ ਉਨ੍ਹਾਂ ਦੀਆਂ ਆਸਾਂ ਨੂੰ ਬੂਰ ਨਹੀਂ ਪੈਂਦਾ। ਇਸ ਦੌਰਾਨ ਬਰਸਾਤ ਦਾ ਮੌਸਮ ਸ਼ੁਰੂ ਹੋ ਜਾਂਦਾ ਹੈ ਤੇ ਹਰ ਸਾਲ ਕਿਸੇ ਨਾ ਕਿਸੇ ਪਿੰਡ, ਕਸਬੇ ਜਾਂ ਸ਼ਹਿਰ ਵਿਚ ਗ਼ਰੀਬਾਂ ਦੇ ਕੱਚੇ ਕੋਠੇ ਜਾਂ ਖ਼ਸਤਾ ਹਾਲ ਛੱਤਾਂ ਡਿਗਣ ਦੀਆਂ ਘਟਨਾਵਾਂ ਵਾਪਰਨ ਲੱਗ ਪੈਂਦੀਆਂ ਹਨ। ਇਨ੍ਹਾਂ ਛੱਤਾਂ ਦੇ ਡਿੱਗ ਪੈਣ ਕਰਕੇ ਗ਼ਰੀਬ ਪਰਿਵਾਰ ਦੇ ਬੱਚੇ, ਬਜ਼ੁਰਗ ਜਾਂ ਕਈ ਵਾਰ ਸਾਰੇ ਦਾ ਸਾਰਾ ਪਰਿਵਾਰ ਹੀ ਮੌਤ ਦੇ ਮੂੰਹ 'ਚ ਜਾ ਪੈਂਦਾ ਹੈ। ਅਜਿਹੀ ਦੁਖਦਾਇਕ ਘਟਨਾ ਦੀ ਖ਼ਬਰ ਮਿਲਦਿਆਂ ਹੀ ਪ੍ਰਸ਼ਾਸਨ ਤੁਰੰਤ 'ਹਰਕਤ' ਵਿਚ ਆ ਜਾਂਦਾ ਹੈ ਤੇ ਜ਼ਖ਼ਮੀਆਂ ਦੇ ਇਲਾਜ ਲਈ ਤੇ ਮ੍ਰਿਤਕਾਂ ਦੇ ਸਸਕਾਰ ਤੇ ਹੋਰ ਮਦਦ ਲਈ ਸਹਾਇਤਾ ਰਾਸ਼ੀ ਜਾਰੀ ਕਰ ਦਿੰਦਾ ਹੈ। ਇਲਾਕੇ ਦੇ ਨੇਤਾ, ਸਰਪੰਚ ਆਦਿ ਮਗਰਮੱਛ ਦੇ ਹੰਝੂ ਅੱਖਾਂ 'ਚ ਲੈ ਕੇ ਪੀੜਤ ਪਰਿਵਾਰ ਦਾ ਦੁੱਖ ਵੰਡਾਉਣ ਪੁੱਜ ਜਾਂਦੇ ਹਨ, ਜਦੋਂ ਕਿ ਹਕੀਕਤਨ ਜੇ ਪ੍ਰਸ਼ਾਸਨਿਕ ਅਧਿਕਾਰੀ, ਅਖ਼ੌਤੀ ਨੇਤਾ ਜਾਂ ਇਲਾਕੇ ਦੇ ਧਾਰਮਿਕ ਤੇ ਸਮਾਜ ਸੇਵੀ ਸੰਗਠਨ ਸਮਾਂ ਰਹਿੰਦਿਆਂ ਸਬੰਧਿਤ ਗ਼ਰੀਬ ਪਰਿਵਾਰ ਦੀ ਮਦਦ ਕਰ ਦਿੰਦੇ ਤਾਂ ਕਈ ਮਾਸੂਮ ਜਾਨਾਂ ਬਚਾਈਆਂ ਜਾ ਸਕਦੀਆਂ ਸਨ। ਸਵਾਲ ਪੈਦਾ ਹੁੰਦਾ ਹੈ ਕਿ ਸਰਕਾਰੀ 'ਸਹਾਇਤਾ ਰਾਸ਼ੀ' ਹਾਦਸਾ ਵਾਪਰਨ ਤੋਂ ਪਹਿਲਾਂ ਜਾਰੀ ਕਿਉਂ ਨਹੀਂ ਕੀਤੀ ਜਾਂਦੀ? ਕਿਉਂ ਲੋਕਾਂ ਨੂੰ ਮਰਨ ਲਈ ਹਾਲਾਤ ਦੇ ਆਸਰੇ ਛੱਡ ਦਿੱਤਾ ਜਾਂਦਾ ਹੈ? ਕਿਉਂ ਸਰਕਾਰੀ ਨਿਯਮਾਂ ਦਾ ਢਕਵੰਜ ਰਚ ਕੇ ਪਹਿਲਾਂ ਗ਼ਰੀਬ ਦੀ ਮਦਦ ਨਹੀਂ ਕੀਤੀ ਜਾਂਦੀ ਤੇ ਬਾਅਦ ਵਿਚ ਮੁਆਵਜ਼ਾ ਦੇਣ ਲਈ ਪ੍ਰਸ਼ਾਸਨ ਪੱਬਾਂ ਭਾਰ ਹੋ ਜਾਂਦਾ ਹੈ? ਅੰਤ ਵਿਚ ਸਮੂਹ ਸਰਕਾਰੀ ਅਧਿਕਾਰੀਆਂ, ਨੇਤਾਵਾਂ, ਧਾਰਮਿਕ ਸੰਗਠਨਾਂ ਤੇ ਸਮਾਜ ਸੇਵੀ ਜਥੇਬੰਦੀਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਆਪੋ-ਆਪਣੇ ਇਲਾਕੇ ਵਿਚਲੇ ਅਤੇ ਉਪਰੋਕਤ ਹਾਲਾਤ ਦਾ ਸਾਹਮਣਾ ਕਰ ਰਹੇ ਲੋੜਵੰਦ ਪਰਿਵਾਰਾਂ ਦੀ ਪਛਾਣ ਕਰ ਲੈਣ ਅਤੇ ਉਨ੍ਹਾਂ ਦੀ ਮਦਦ ਸਮਾਂ ਰਹਿੰਦਿਆਂ ਕਰ ਦੇਣ, ਕਿਉਂਕਿ ਘਰ ਦੇ ਸਾਰੇ ਚਿਰਾਗ਼ ਬੁਝ ਜਾਣ ਪਿੱਛੋਂ ਗ਼ਰੀਬ ਨੂੰ ਦਿੱਤੀ ਜਾਣ ਵਾਲੀ ਮਦਦ ਦੇ ਉਸ ਵਾਸਤੇ ਕੋਈ ਮਤਲਬ ਨਹੀਂ ਰਹਿ ਜਾਂਦੇ।

-410, ਚੰਦਰ ਨਗਰ, ਬਟਾਲਾ। ਮੋਬਾ: 97816-46008


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX