ਤਾਜਾ ਖ਼ਬਰਾਂ


ਕੇਂਦਰੀ ਜੇਲ੍ਹ 'ਚ ਕੈਦੀ ਦੀ ਮੌਤ
. . .  15 minutes ago
ਫ਼ਿਰੋਜ਼ਪੁਰ, 20 ਜਨਵਰੀ (ਜਸਵਿੰਦਰ ਸਿੰਘ ਸੰਧੂ) - ਨਸ਼ਾ ਤਸਕਰੀ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਇਕ ਕੈਦੀ ਦੀ ਕੇਂਦਰੀ ਜੇਲ੍ਹ ਫ਼ਿਰੋਜ਼ਪੁਰ ਅੰਦਰ ਮੌਤ ਹੋ ਜਾਣ ਦੀ ਖ਼ਬਰ ਹੈ। ਜਿਸ...
ਮਹਾਰਸ਼ਟਰ ਦੇ ਪਾਲਘਰ 'ਚ ਭੂਚਾਲ ਦੇ ਝਟਕੇ ਮਹਿਸੂਸ
. . .  about 2 hours ago
ਮੁੰਬਈ, 20 ਜਨਵਰੀ - ਮਹਾਰਾਸ਼ਟਰ ਦੇ ਪਾਲਘਰ 'ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 3.6 ਮਾਪੀ ਗਈ...
ਹਿੰਦ-ਪਾਕਿ ਸਰਹੱਦ ਪਾਰ ਕਰਦਾ ਪਾਕਿ ਨਾਗਰਿਕ ਕਾਬੂ
. . .  about 2 hours ago
ਫ਼ਿਰੋਜ਼ਪੁਰ, 20 ਜਨਵਰੀ (ਜਸਵਿੰਦਰ ਸਿੰਘ ਸੰਧੂ)- ਹਿੰਦ-ਪਾਕਿ ਕੌਮੀ ਸਰਹੱਦ ਪਾਰ ਕਰ ਕੇ ਭਾਰਤੀ ਖੇਤਰ 'ਚ ਦਾਖ਼ਲ ਹੋਏ ਇਕ ਅਧਖੜ ਉਮਰ ਦੇ ਵਿਅਕਤੀ ਨੂੰ ਬੀ.ਐੱਸ.ਐਫ...
ਗਣਤੰਤਰ ਦਿਵਸ ਦੇ ਸਬੰਧ ਵਿੱਚ ਅੰਮ੍ਰਿਤਸਰ ਦੇ ਹਵਾਈ ਅੱਡਾ ਰਾਜਾਸਾਂਸੀ ਵਿਖੇ ਰੈੱਡ ਅਲਰਟ ਜਾਰੀ
. . .  about 3 hours ago
ਰਾਜਾਸਾਂਸੀ, 20 (ਹਰਦੀਪ ਸਿੰਘ ਖੀਵਾ)26 ਜਨਵਰੀ ਨੂੰ ਦੇਸ਼ ਭਰ ਵਿੱਚ ਮਨਾਏ ਜਾ ਰਹੇ ਗਣਤੰਤਰ ਦਿਵਸ ਤਹਿਤ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਅੰਮ੍ਰਿਤਸਰ ਦੇ ਹਵਾਈ ਅੱਡਾ ਰਾਜਾਸਾਂਸੀ ਵਿਖੇ ਹਵਾਈ ਅੱਡੇ ਦੇ ਅਧਿਕਾਰੀਆਂ ਵੱਲੋਂ ਰੈੱਡ ਅਲਰਟ ਜਾਰੀ ਕਰਦਿਆਂ ਸੁਰੱਖਿਆ ਪ੍ਰਬੰਧ...
ਯੂ.ਐਨ. ਦੇ ਬੇਸ 'ਤੇ ਹੋਏ ਹਮਲੇ ਵਿਚ 8 ਸ਼ਾਂਤੀ ਸੈਨਿਕਾਂ ਦੀ ਮੌਤ
. . .  about 3 hours ago
ਮਾਸਕੋ, 20 ਜਨਵਰੀ - ਅਫ਼ਰੀਕੀ ਮੁਲਕ ਮਾਲੀ ਵਿਚ ਸੰਯੁਕਤ ਰਾਸ਼ਟਰ ਦੇ ਬੇਸ 'ਤੇ ਹੋਏ ਅੱਤਵਾਦੀ ਹਮਲੇ ਵਿਚ 8 ਸ਼ਾਂਤੀ ਸੈਨਿਕਾਂ ਦੀ ਮੌਤ ਹੋ ਗਈ ਤੇ ਕਈ ਸੈਨਿਕ ਜ਼ਖਮੀ ਹੋਏ ਹਨ। ਜ਼ਖਮੀਆਂ ਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ...
ਰੈਲੀ ਵਿਚ ਭਗਵੰਤ ਮਾਨ ਨੇ ਸ਼ਰਾਬ ਛੱਡਣ ਦਾ ਕੀਤਾ ਐਲਾਨ, ਮਾਂ ਸੀ ਬਹੁਤ ਪ੍ਰੇਸ਼ਾਨ
. . .  about 4 hours ago
ਬਰਨਾਲਾ, 20 ਜਨਵਰੀ - ਬਰਨਾਲਾ 'ਚ ਆਮ ਆਦਮੀ ਪਾਰਟੀ ਦੀ ਹੋਈ ਰੈਲੀ ਵਿਚ ਸੰਗਰੂਰ ਤੋਂ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਨੇ ਆਪਣੇ ਸੰਬੋਧਨ ਵਿਚ ਵੱਡਾ ਐਲਾਨ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ 1 ਜਨਵਰੀ ਤੋਂ ਸ਼ਰਾਬ ਪੀਣੀ ਛੱਡ ਦਿੱਤੀ ਹੈ ਤੇ ਉਹ ਇਸ ਸਬੰਧ...
ਕਾਂਗਰਸੀ ਵਿਧਾਇਕਾਂ ਦੀ ਰਿਜ਼ਾਰਟ ਵਿਚ ਲੜਾਈ, ਇਕ ਹਸਪਤਾਲ ਭਰਤੀ
. . .  about 5 hours ago
ਬੈਂਗਲੁਰੂ, 20 ਜਨਵਰੀ - ਕਰਨਾਟਕ 'ਚ ਸਿਆਸੀ ਡਰਾਮਾ ਰੁਕਣ ਦਾ ਨਾਂ ਨਹੀਂ ਲੈ ਰਿਹਾ। ਪਹਿਲਾ ਕਾਂਗਰਸ ਤੇ ਜਨਤਾ ਦਲ ਸੈਕੂਲਰ ਨੇ ਭਾਜਪਾ 'ਤੇ ਵਿਧਾਇਕਾਂ ਦੀ ਖ਼ਰੀਦ ਫ਼ਰੋਖ਼ਤ ਦਾ ਦੋਸ਼ ਲਗਾਇਆ। ਹੁਣ ਮਾਮਲਾ ਮਾਰਕੁੱਟ ਤੱਕ ਪਹੁੰਚ ਗਿਆ ਹੈ। ਕਿਹਾ ਜਾ ਰਿਹਾ ਹੈ ਕਿ...
ਚਿੜੀਆ ਘਰ 'ਚ ਸ਼ੇਰ ਸੈਲਾਨੀਆਂ 'ਤੇ ਹਮਲਾ, ਇਕ ਦੀ ਮੌਤ
. . .  about 5 hours ago
ਜ਼ੀਰਕਪੁਰ, 20 ਜਨਵਰੀ, (ਹਰਦੀਪ ਸਿੰਘ ਹੈਪੀ ਪੰਡਵਾਲਾ) - ਇੱਥੋਂ ਦੇ ਛੱਤਬੀੜ ਚਿੜੀਆ ਘਰ 'ਚ ਅੱਜ ਸ਼ਾਮ ਸ਼ੇਰ ਸਫ਼ਰੀ 'ਚ ਸ਼ੇਰ ਨੇ ਇਕ ਵਿਅਕਤੀ ਨੂੰ ਮਾਰ ਮੁਕਾਇਆ। ਜਾਣਕਾਰੀ ਅਨੁਸਾਰ ਐਤਵਾਰ ਸੈਲਾਨੀਆਂ ਨੂੰ ਲਾਈਨ ਸਫ਼ਾਰੀ 'ਚ ਸ਼ੇਰ ਦਿਖਾਉਣ ਲੈ ਕੇ ਗਈ ਬੱਸ...
ਪਾਕਿਸਤਾਨ ਨੇ ਕਠੂਆ 'ਚ ਕੀਤੀ ਜੰਗਬੰਦੀ ਦੀ ਉਲੰਘਣਾ
. . .  about 6 hours ago
ਜੰਮੂ, 20 ਜਨਵਰੀ - ਪਾਕਿਸਤਾਨੀ ਸੈਨਿਕਾਂ ਵਲੋਂ ਅੱਜ ਐਤਵਾਰ ਜੰਮੂ ਕਸ਼ਮੀਰ ਦੇ ਕਠੂਆ ਸਥਿਤ ਅੰਤਰਰਾਸ਼ਟਰੀ ਬਾਰਡਰ 'ਤੇ ਜੰਗਬੰਦੀ ਦੀ ਉਲੰਘਣਾ ਕੀਤੀ ਗਈ ਤੇ ਛੋਟੇ ਹਥਿਆਰਾਂ ਦੀ ਵਰਤੋਂ ਕੀਤੀ ਗਈ। ਇਸ ਉਲੰਘਣਾ 'ਚ ਕਿਸੇ ਦੇ ਮਾਰੇ ਜਾਣ ਦੀ ਰਿਪੋਰਟ ਨਹੀਂ ਹੈ। ਪਿਛਲੇ...
'ਕਾਲੀਆ ਸਕੀਮ' ਦੇ ਨਾਂਅ 'ਤੇ ਲੋਕਾਂ ਨੂੰ ਗੁਮਰਾਹ ਕਰ ਰਹੇ ਹਨ ਪਟਨਾਇਕ - ਧਰਮਿੰਦਰ ਪ੍ਰਧਾਨ
. . .  about 6 hours ago
ਭੁਵਨੇਸ਼ਵਰ, 20 ਜਨਵਰੀ- ਕੇਂਦਰੀ ਮੰਤਰੀ ਧਰਮਿੰਦਰ ਪ੍ਰਧਾਨ ਨੇ ਕਿਹਾ ਕਿ ਮੁੱਖ ਮੰਤਰੀ ਨਵੀਨ ਪਟਨਾਇਕ 'ਕਾਲੀਆ ਸਕੀਮ' ਦੇ ਨਾਂਅ 'ਤੇ ਲੋਕਾਂ ਨੂੰ ਗੁਮਰਾਹ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਇਸ ਸਕੀਮ ਨਾਲ ਕੋਈ ਫ਼ਾਇਦਾ ਨਹੀਂ ਹੋਵੇਗਾ। ਉਹ ਇਕ ਭ੍ਰਿਸ਼ਟ ....
ਹੋਰ ਖ਼ਬਰਾਂ..

ਖੇਡ ਜਗਤ

ਤਹਿਲਕਿਆਂ ਭਰੀਆਂ ਸੁਰਖੀਆਂ ਦੇ ਨਾਂਅ ਰਿਹਾ ਬੀਤਿਆ ਵਰ੍ਹਾ

(ਲੜੀ ਜੋੜਨ ਲਈ 28 ਦਸੰਬਰ ਦਾ ਅੰਕ ਦੇਖੋ)
ਵਿਸ਼ਵਕੱਪ : ਬੈਲਜੀਅਮ ਬਣਿਆ ਹਾਕੀ ਦਾ ਨਵਾਂ ਸਿਰਨਾਵਾਂ : ਭਾਰਤ ਦੀ ਮੇਜ਼ਬਾਨੀ 'ਚ ਖੇਡੇ ਗਏ 14ਵੇਂ ਵਿਸ਼ਵਕੱਪ ਦੀ ਖਿਤਾਬੀ ਟੱਕਰ 'ਚ ਬੈਲਜੀਅਮ, ਹਾਲੈਂਡ ਨੂੰ (3-2) ਸਡਨਡੈਥ ਨਾਲ ਹਰਾ ਕੇ ਹਾਕੀ ਦਾ ਨਵਾਂ ਸਿਰਨਾਵਾਂ ਬਣਿਆ। ਰੌਚਕ ਅਤੇ ਸੰਘਰਸ਼ ਭਰੇ ਮੈਚ ਦੌਰਾਨ ਹਾਕੀ ਦਾ ਖਿਤਾਬ ਜਿੱਤਣ ਤੋਂ ਬਾਅਦ ਬੈਲਜੀਅਮ ਦੀ ਟੀਮ ਦੁਨੀਆ ਦੀ ਨੰਬਰ ਇਕ ਟੀਮ ਬਣ ਗਈ। ਇਸ ਤੋਂ ਪਹਿਲਾਂ ਬੈਲਜੀਅਮ ਦਾ ਬਿਹਤਰੀਨ ਪ੍ਰਦਰਸ਼ਨ 2014 ਵਿਸ਼ਵ ਕੱਪ ਪੰਜਵੇਂ ਸਥਾਨ 'ਤੇ ਸੀ। ਇਸ ਵਿਸ਼ਵਕੱਪ 'ਚ ਹਾਲੈਂਡ ਨੂੰ ਦੂਜਾ ਅਤੇ ਅਸਟ੍ਰੇਲੀਆ ਨੂੰ ਤੀਸਰਾ ਸਥਾਨ ਮਿਲਿਆ।
2018 : ਖਿਡਾਰੀ ਜੋ ਸੁਰਖੀਆਂ 'ਚ ਰਹੇ : ਖੇਡਾਂ ਦੀ ਦੁਨੀਆ 'ਚੋਂ ਕੁਝ ਅਜਿਹੇ ਖਿਡਾਰੀ ਸਾਹਮਣੇ ਆਏ, ਜੋ ਲਾਜਵਾਬ ਪ੍ਰਦਰਸ਼ਨ ਨਾਲ ਵੱਡੀਆਂ ਸੁਰਖੀਆਂ ਬਣੇ।
ਲੂਕਾ ਮਾਡਰਿਕ : ਫੁੱਟਬਾਲ ਦੀ ਦੁਨੀਆ ਦਾ ਨਵਾਂ ਬਾਦਸ਼ਾਹ : ਕਰੋਏਸ਼ੀਆ ਅਤੇ ਰੀਅਲ ਮੈਡਰਿਡ ਦੇ ਸਟਾਰ ਮਿਡਫੀਲਡਰ ਲੂਕਾ ਮਾਡਰਿਕ ਨੇ ਲਿਉਨਲ ਮੈਸੀ ਅਤੇ ਕਿਸਇਐਨ ਰੋਨਾਲਡੋ ਦੀ ਪਿਛਲੇ ਇਕ ਦਹਾਕੇ ਤੋਂ ਚੱਲੀ ਆ ਰਹੀ ਬਾਦਸ਼ਾਹਤ ਨੂੰ ਖਤਮ ਕਰਦਿਆਂ ਪਹਿਲੀ ਵਾਰ ਬੈਲਨ ਡੀ.ਊਰ ਦਾ ਖਿਤਾਬ ਆਪਣੇ ਨਾਂਅ ਕੀਤਾ। 33 ਵਰ੍ਹਿਆਂ ਦੇ ਲੂਕਾ ਮਾਡਰਿਕ ਨੇ ਬਤੌਰ ਕਪਤਾਨ ਕਰੋਏਸ਼ੀਆ ਨੂੰ ਪਹਿਲੀ ਵਾਰ ਵਿਸ਼ਵ ਕੱਪ ਦੇ ਫਾਈਨਲ 'ਚ ਪਹੁੰਚਾਉਣ 'ਚ ਅਹਿਮ ਭੂਮਿਕਾ ਨਿਭਾਈ। ਆਪਣੀ ਕਲੱਬ ਰੀਅਲ ਮੈਡਰਿਡ ਦੀ ਝੋਲੀ ਨੂੰ ਮਾਡਰਿਕ ਨੇ ਤੀਸਰੀ ਵਾਰ ਚੈਂਪੀਅਨ ਲੀਗ ਖਿਤਾਬ ਨਾਲ ਨਿਵਾਜਿਆ। ਵਿਸ਼ਵ ਕੱਪ 'ਚ ਸੁਨਹਿਰੀ ਇਬਾਰਤ ਲਿਖਣ ਵਾਲੇ ਮਾਡਰਿਕ ਨੂੰ ਫੀਫਾ ਦੇ 'ਗੋਲਡਨ ਬਾਲ' ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।
ਮਹਿਲਾ ਬੈਲਨ-ਡੀ-ਉਰ : ਪਹਿਲੀ ਵਾਰ ਮਹਿਲਾ ਬੈਲਨ-ਡੀ-ਊਰ ਐਵਾਰਡ ਦੀ ਸ਼ੁਰੂਆਤ ਕੀਤੀ, ਜਿਸ 'ਤੇ ਲਿਉਨ ਦੀ ਸਟਰਾਈਕਰ ਏਡਾ ਹੇਜਰ ਵਰਗ ਨੇ ਕਬਜ਼ਾ ਕੀਤਾ।
ਸਟਾਰ ਬਣ ਕੇ ਉੱਭਰੇ ਨਵੇਂ ਸਿਤਾਰੇ : ਫੁੱਟਬਾਲ ਦੇ ਕੌਮਾਂਤਰੀ ਗਲਿਆਰਿਆਂ 'ਚ ਇਹ ਸਾਲ ਵੱਡੀ ਤਬਦੀਲੀ ਵਾਲਾ ਰਿਹਾ, ਰੋਨਾਲਡੋ, ਮੈਸੀ ਅਤੇ ਨੇਮਾਰ ਵਰਗੇ ਸਿਤਾਰਿਆਂ ਦੀ ਚਮਕ ਫਿੱਕੀ ਰਹੀ। ਉਰੂਗਵੇ ਦੇ ਸੁਆਰੇਜ ਅਤੇ ਮਿਸਰ ਦੇ ਮੁਹੰਮਦ ਸਾਲਾਰ ਵੀ ਅਸਫਲ ਰਹੇ। ਫਰਾਟਾ ਸਪੀਡ ਨਾਲ ਜਲਵਾ ਵਿਖਾਉਣ ਵਾਲੇ ਫਰਾਂਸ ਦੇ ਅਮਬਾਪੇ ਨੂੰ ਨੌਜਵਾਨ ਸਰਬੋਤਮ ਖਿਡਾਰੀ ਐਵਾਰਡ ਅਤੇ ਇੰਗਲੈਂਡ ਦੇ ਹੈਰੀਕੋਨ ਨੂੰ ਬਿਹਤਰੀਨ ਖੇਡ ਸਦਕਾ ਵਿਸ਼ਵਕੱਪ 'ਚ 6 ਗੋਲ ਕਰਕੇ ਗੋਲਡਨ ਬੂਟ ਅਤੇ ਬੈਲਜੀਅਮ ਦੇ ਥੀਬੋਡ ਕੋਰਦਿਊਇਸ ਨੂੰ ਗੋਲਡਨ ਗਲੱਵਜ਼ ਐਵਾਰਡ ਪ੍ਰਦਾਨ ਕੀਤੇ ਗਏ।
ਮੈਗਨਸ ਕਾਰਲਸਨ : ਫਿਰ ਬਣਿਆ ਮੋਰਚਿਆਂ ਦਾ ਮਹਾਰਥੀ : ਲੰਡਨ 'ਚ ਖੇਡੀ ਗਈ ਵਿਸ਼ਵ ਸ਼ਤਰੰਜ ਚੈਂਪੀਅਨਸ਼ਿਪ 2018 ਦਾ ਖਿਤਾਬ ਮੈਗਨਸ ਕਾਰਲਸਨ ਨੇ ਫਾਬਿਆਨੋ ਨੂੰ ਹਰਾ ਕੇ ਜਿੱਤਿਆ। ਤਿੰਨ ਹਫ਼ਤਿਆਂ 'ਚ 50 ਘੰਟਿਆਂ ਤੋਂ ਜ਼ਿਆਦਾ ਵਿਸ਼ਵ ਚੈਂਪੀਅਨਸ਼ਿਪ ਦਾ ਫੈਸਲਾ ਟਾਈ ਬ੍ਰੇਕਰ ਤੱਕ ਪਹੁੰਚ ਗਿਆ। ਨਾਰਵੇ ਦੇ ਕਾਰਲਸਨ ਅਤੇ ਅਮਰੀਕੀ ਖਿਡਾਰੀ ਫਾਬਿਆਨੇ ਵਿਚਕਾਰ 12 ਬਾਜ਼ੀਆਂ ਡਰਾਅ ਹੋਣ ਤੇ ਰੈਪਿਡ ਬਾਲੀਆ ਤੱਕ ਪਹੁੰਚੇ ਮੁਕਾਬਲੇ 'ਚ 27 ਵਰ੍ਹਿਆਂ ਦੇ ਕਾਰਲਸਨ ਨੇ ਤਿੰਨ ਟਾਈ ਬ੍ਰੇਕਰ ਜਿੱਤ ਕੇ ਖਿਤਾਬ ਆਪਣੇ ਨਾਂਅ ਕੀਤਾ।
ਪੰਕਜ ਅਡਵਾਨੀ ਫਿਰ ਬਣਿਆ ਵਿਸ਼ਵ ਚੈਂਪੀਅਨ : 33 ਵਰ੍ਹਿਆਂ ਦੇ ਕਰਨਾਟਕ (ਬੈਂਗਲੁਰੂ) ਸੂਬੇ ਦੇ ਮੂਲ ਨਿਵਾਸੀ ਪੰਕਜ ਅਡਵਾਨੀ ਨੇ ਫਾਈਨਲ ਟੱਕਰ 'ਚ ਆਪਣੇ ਹੀ ਹਮਵਤਨ ਦੋ ਵਾਰ ਦੇ ਏਸ਼ੀਆ ਦੇ ਚਾਂਦੀ ਤਗਮਾ ਜੇਤੂ ਬੀ ਭਾਸਕਰ ਨੂੰ ਹਰਾ ਕੇ ਰਿਕਾਰਡ ਚੌਥੀ ਵਾਰ ਬਿਲੀਅਰਡ ਦਾ ਖਿਤਾਬ ਆਪਣੇ ਨਾਂਅ ਕੀਤਾ। ਅਡਵਾਨੀ ਨੇ ਸੰਨ 2005 'ਚ ਆਪਣਾ ਪਹਿਲਾ ਵਿਸ਼ਵ ਖਿਤਾਬ ਜਿੱਤਿਆ ਸੀ। ਬਿਲੀਆਰਡ ਤੇ ਸਨੂਕਰ 'ਚ ਅਡਵਾਨੀ ਦਾ ਇਹ 21ਵਾਂ ਵਿਸ਼ਵ ਖਿਤਾਬ ਹੈ।
ਮੈਰੀਕਾਮ ਨਹੀਂ ਕਿਸੇ ਨੇ ਬਣ ਜਾਣਾ : ਜਿੱਤਿਆ ਛੇਵੀਂ ਵਾਰ ਵਿਸ਼ਵ ਖਿਤਾਬ : ਵਿਸ਼ਵ ਮੁੱਕੇਬਾਜ਼ੀ ਦੀ ਸੁਪਰ ਸਟਾਰ, ਤਿੰਨ ਬੱਚਿਆਂ ਦੀ ਮਾਂ, ਪਾਰਲੀਮੈਂਟ ਮੈਂਬਰ (ਰਾਜ ਸਭਾ) ਮੈਰੀਕਾਮ ਦੀਆਂ 17 ਸਾਲ ਲੰਬੇ ਖੇਡ ਕੈਰੀਅਰ ਦੀਆਂ ਸੁਨਹਿਰੀ ਪ੍ਰਾਪਤੀਆਂ ਦੀ ਅੰਬਰ ਟਾਕੀ ਲਾਉਣ ਵਰਗੀ ਪਰਵਾਜ ਦੀ ਨਜ਼ਰਸਾਨੀ ਕਰੀਏ ਤਾਂ ਸ਼ਾਇਦ ਬੁੱਲ੍ਹਾਂ 'ਚੋਂ ਇਹੀ ਸ਼ਬਦ ਨਿਕਲਣਗੇ 'ਮੈਰੀਕਾਰ ਨਹੀਂ ਕਿਸੇ ਨੇ ਬਣ ਜਾਣਾ।' ਉਲੰਪਿਕ ਖੇਡਾਂ (2012 ਲੰਡਨ) 'ਚੋਂ ਕਾਂਸੀ ਤਗਮਾ ਜਿੱਤਣ ਵਾਲੀ ਮੈਰੀਕਾਮ ਨੇ ਇਸ ਸਾਲ ਦਿੱਲੀ 'ਚ ਹੋਈ ਵਿਸ਼ਵ ਚੈਪੀਂਅਨਸ਼ਿਪ 'ਚ ਯੂਕਰੇਨ ਦੀ ਹਾਨਾ ਉਖੋਟਾਂ ਨੂੰ ਹਰਾ ਕੇ ਰਿਕਾਰਡ ਛੇਵੀਂ ਵਾਰ ਵਿਸ਼ਵ ਖਿਤਾਬ ਆਪਣੇ ਨਾਂਅ ਕੀਤਾ। ਮੈਰੀਕਾਮ ਹੁਣ ਵਿਸ਼ਵ-ਚੈਂਪੀਅਨਸ਼ਿਪ (ਪੁਰਸ਼, ਮਹਿਲਾ) ਮੁੱਕੇਬਾਜ਼ੀ 'ਚ ਸਭ ਤੋਂ ਜ਼ਿਆਦਾ ਤਗਮੇ ਜਿੱਤਣ ਵਾਲੀ ਖਿਡਾਰਨ ਬਣ ਗਈ ਹੈ।
ਵਿਰਾਟ ਕੋਹਲੀ ਦੀ ਬਾਦਸ਼ਾਹਤ ਕਾਇਮ : ਵਰਤਮਾਨ ਸਮੇਂ ਵਿਰਾਟ ਕੋਹਲੀ ਕ੍ਰਿਕਟ ਦੇ ਸਭ ਤੋਂ ਵੱਡੇ ਸੁਪਰ ਸਟਾਰ ਹਨ। ਇਸ ਵਾਰ ਟਾਈਮ ਮੈਗਜ਼ੀਨ ਨੇ ਆਪਣੇ 100 ਪ੍ਰਭਾਵਸ਼ਾਲੀ ਲੋਕਾਂ ਦੀ ਸੂਚੀ 'ਚ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਕੋਹਲੀ ਨੂੰ ਜਗ੍ਹਾ ਦੇ ਕੇ ਇਸ 'ਤੇ ਮੋਹਰ ਲਗਾ ਦਿੱਤੀ। ਟੈਸਟ ਰੈਂਕਿੰਗ ਅਤੇ ਆਈ.ਸੀ.ਸੀ. ਇਕ-ਦਿਨਾ ਦਰਜਾਬੰਦੀ ਦੇ ਸਿਖਰਲੇ ਸਥਾਨ ਵੱਲ ਮਜ਼ਬੂਤੀ ਨਾਲ ਵਧੇ। ਲੇਖ ਲਿਖੇ ਜਾਣ ਤੱਕ ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਵੈਸਟ ਇੰਡੀਜ਼ ਸੀਰੀਜ਼ 'ਚ ਕੁੱਲ 453 ਦੌੜਾਂ ਬਣਾ ਕੇ ਇਕ-ਦਿਨਾਂ ਮੈਚਾਂ 'ਚ 10,000 ਦੌੜਾਂ ਪੂਰੀਆਂ ਕੀਤੀਆਂ, ਜਿਸ ਨਾਲ ਉਨ੍ਹਾਂ ਨੇ ਸਰਬੋਤਮ ਰੈਂਕਿੰਗ ਬੱਲੇਬਾਜ਼ ਦੇ ਤੌਰ 'ਤੇ ਆਪਣਾ ਸਥਾਨ ਵੀ ਮਜ਼ਬੂਤ ਕੀਤਾ। ਵਕਤ-ਬ-ਵਕਤ ਉਹ ਕ੍ਰਿਕਟ ਦੇ ਸਾਰੇ ਫਾਰਮੈਟ 'ਚੋਂ ਇਕ ਸਫ਼ਲ ਖਿਡਾਰੀ ਦੀ ਹੈਸੀਅਤ ਰੱਖਦੇ ਹਨ। ਇਸ ਸਾਲ ਟੀਮ ਇੰਡੀਆ ਨੇ 26 ਸਾਲਾਂ ਬਾਅਦ ਵਿਰਾਟ ਦੀ ਕਪਤਾਨੀ 'ਚ ਦੱ: ਅਫ਼ਰੀਕਾ ਦੀ ਧਰਤੀ 'ਤੇ ਅਫ਼ਰੀਕਾ ਨੂੰ 8 ਵਿਕਟਾਂ ਨਾਲ ਹਰਾ ਕੇ ਸੀਰੀਜ਼ 5-1 ਨਾਲ ਜਿੱਤੀ।
ਬਜਰੰਗ ਪੂਨੀਆ : ਦੁਨੀਆ ਦਾ ਨੰਬਰ ਇਕ ਪਹਿਲਵਾਨ : ਸਾਲ 2018 ਭਾਰਤੀ ਪਹਿਲਵਾਨ ਬਜਰੰਗ ਪੂਨੀਆ ਦੇ ਸੁਪਨਿਆਂ ਨੂੰ ਹਕੀਕਤ 'ਚ ਬਦਲਣ ਵਾਲਾ ਕਿਹਾ ਜਾ ਸਕਦਾ ਹੈ। ਸੰਨ 2013 'ਚ ਅੰਤਰਰਾਸ਼ਟਰੀ ਕੈਰੀਅਰ ਦੀ ਸ਼ੁਰੂਆਤ ਕਰਨ ਵਾਲੇ ਰਾਸ਼ਟਰਮੰਡਲ ਖੇਡਾਂ 2014 'ਚ ਚਾਂਦੀ, ਇੰਚੂਏਨ ਏਸ਼ੀਆ ਖੇਡਾਂ 'ਚ ਚਾਂਦੀ, 2018 ਦੀਆਂ ਗੋਲਡ ਕਾਸਟ ਰਾਸ਼ਟਰਮੰਡਲ ਖੇਡਾਂ 'ਚ ਸੋਨ ਤਗਮਾ, 2018 ਏਸ਼ਿਆਈ ਖੇਡਾਂ 'ਚ ਸੋਨ ਤਗਮਾ ਤੇ ਫਿਰ ਇਸੇ ਸਾਲ ਵਿਸ਼ਵ ਚੈਂਪੀਅਨਸ਼ਿਪ 'ਚੋਂ ਚਾਂਦੀ ਦਾ ਤਗਮਾ ਜਿੱਤ ਕੇ 96 ਅੰਕਾਂ ਨਾਲ ਵਿਸ਼ਵ ਰੈਂਕਿੰਗ ਸੂਚੀ 'ਚ ਸਿਖਰ 'ਤੇ ਹੈ। ਅਜਿਹੀ ਮਾਣਮੱਤੀ ਪ੍ਰਾਪਤੀ ਕਰਨ ਵਾਲਾ ਭਾਰਤ ਦਾ ਪਹਿਲਾ ਪਹਿਲਵਾਨ ਹੈ।
ਕਿਪਚੋਗੇ : ਮੈਰਾਥਨ ਇਤਿਹਾਸ ਦਾ ਨਾਇਕ : ਕੀਨੀਆ ਦੇ ਇਲਿਯੁਦ ਕਿਪਚੋਗੇ ਨੇ ਮੈਰਾਥਨ ਦੀ ਨਵੀਂ ਉਚਾਈ ਨੂੰ ਛੂਹਿਆ ਹੈ, ਇਸ ਖੂਬਸੂਰਤ ਮੰਜ਼ਿਲ 'ਤੇ ਅਜੇ ਤੱਕ ਕੋਈ ਨਹੀਂ ਸੀ ਪਹੁੰਚਿਆ। 31 ਸਾਲਾਂ ਦੇ ਉਲੰਪਿਕ ਚੈਪੀਂਅਨ ਕਿਪਚੋਗੇ ਨੇ 2 ਘੰਟੇ 1 ਮਿੰਟ 39 ਸੈਕਿੰਡ ਨਾਲ ਪਿਛਲਾ ਰਿਕਾਰਡ ਤੋੜ ਕੇ ਇਤਿਹਾਸ ਬਣਾਇਆ।
ਟੈਨਿਸ : ਨੋਵਾਕ ਜੋਕੋਵਿਕ ਅਤੇ ਸੀਮੋਨਾ ਹਾਲੇਪ ਸਿਖਰ 'ਤੇ : ਸਰਬੀਆ ਦੇ ਨੋਵਾਕ ਜੋਕੋਵਿਕ ਨੇ ਕਈ ਤਰ੍ਹਾਂ ਦੀਆਂ ਅਟਕਲਾਂ ਨੂੰ ਖਾਰਜ ਕਰਦਿਆਂ ਸਿਖਰਲਾ ਦਰਜਾ ਮੱਲਿਆ ਹੈ। ਟੈਨਿਸ ਕੋਰਟ ਦਾ ਸਟਾਰ ਖਿਡਾਰੀ ਜੋਕੋਵਿਕ ਵਿੰਬਲਡਨ ਮੁਕਾਬਲੇ 'ਚ ਕੇਵਿਨ ਏਡਰਸਨ ਨੂੰ ਹਰਾ ਕੇ ਚੌਥੀ ਵਾਰ ਵਿੰਬਲਡਨ ਚੈਂਪੀਅਨ ਬਣਿਆ ਅਤੇ ਯੂ.ਐਸ.ਏ. ਚੈਂਪੀਅਨ ਖਿਤਾਬ ਵੀ ਜੋਕੋਵਿਕ ਦੇ ਖਾਤੇ 'ਚ ਦਰਜ ਹੋਇਆ। ਜੋਕੋਵਿਕ ਨੇ 2018 ਸਮੇਤ ਪੰਜ ਵਾਰ ਨੰਬਰ ਵੱਨ ਦਾ ਰੁਤਬਾ ਹਾਸਲ ਕੀਤਾ। ਮਹਿਲਾ ਦਰਜਾਬੰਦੀ 'ਚ ਸੀਮੋਕਾ ਹਾਨੇਪ ਨੇ ਪਹਿਲਾ ਦਰਜਾ ਮੱਲਿਆ। ਰੋਮਾਨੀਆ ਦੀ ਖਿਡਾਰਨ ਹਾਲੇਪ ਨੇ ਜਰਮਨੀ ਦੀ ਏਜੇਲਿਕ ਕੇਰਬਰ ਨੂੰ ਹਰਾ ਕੇ ਯੂ.ਐਸ. ਖਿਤਾਬ ਆਪਣੇ ਨਾਂਅ ਕੀਤਾ।
ਬੈਡਮਿੰਟਨ : ਸਿੰਧੂ ਅਤੇ ਸਾਇਨਾ ਦਾ ਰੁਤਬਾ ਬਰਕਾਰ : ਸ਼ਾਨਦਾਰ ਪ੍ਰਦਰਸ਼ਨ ਨਾਲ ਸਿੰਧੂ ਅਤੇ ਸਾਇਨਾ, ਸਾਇਨਾ ਨੇਹਵਾਲ ਨੇ ਸੁਨਹਿਰੇ ਭਵਿੱਖ ਦੀਆਂ ਸੰਭਾਵਨਾਵਾਂ ਦਾ ਪ੍ਰਗਟਾਵਾ ਕੀਤਾ। ਪੀ.ਵੀ. ਸਿੰਧੂ ਨੇ ਇਸ ਸਾਲ ਰਾਸ਼ਟਰਮੰਡਲ ਖੇਡਾਂ, ਏਸ਼ਿਆਈ ਖੇਡਾਂ, ਵਿਸ਼ਵ ਚੈਂਪੀਅਨਸ਼ਿਪ, ਇੰਡੋਨੇਸ਼ੀਆ ਓਪਨ ਅਤੇ ਥਾਈਲੈਂਡ ਓਪਨ 'ਚ ਚਾਂਦੀ ਦਾ ਤਗਮਾ ਜਿੱਤਿਆ। ਸਾਇਨਾ ਨੇ ਇਸ ਵਰ੍ਹੇ ਰਾਸ਼ਟਰਮੰਡਲ ਖੇਡਾਂ 'ਚ ਸੋਨ ਤਗਮਾ, ਏਸ਼ਿਆਈ ਖੇਡਾਂ 'ਚ ਕਾਂਸੀ ਤਗਮਾ ਜਿੱਤਿਆ। ਇੰਡੋਨੇਸ਼ੀਆ ਚੈਂਪੀਅਨਸ਼ਿਪ 'ਚ ਕਾਂਸੀ ਤਗਮੇ 'ਤੇ ਕਬਜ਼ਾ ਕੀਤਾ। ਇਸ ਤੋਂ ਇਲਾਵਾ ਸਮੀਰ ਵਰਮਾ ਨੇ ਸਵਿੱਸ ਓਪਨ, ਸਈਅਦ ਮੋਦੀ ਅੰਤਰਰਾਸ਼ਟਰੀ ਖਿਤਾਬ ਜਿੱਤੇ, 17 ਸਾਲ ਦੇ ਲਕਸ਼ੇ ਸੇਨ ਨੇ ਏਸ਼ਿਆਈ ਜੂਨੀਅਰ ਖਿਤਾਬ ਅਤੇ ਵਿਸ਼ਵ ਜੂਨੀਅਰ ਚੈਪੀਂਅਨਸ਼ਿਪ 'ਚ ਕਾਂਸੀ ਤਗਮਾ ਜਿੱਤਿਆ ਤੇ ਸ੍ਰੀਕਾਂਤ ਵੀ ਸੁਰਖੀਆਂ 'ਚ ਰਿਹਾ।
(ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)


-ਚੀਫ ਸਾਈ ਫੁੱਟਬਾਲ ਕੋਚ, ਪਿੰਡ ਤੇ ਡਾਕ : ਪਲਾਹੀ, ਫਗਵਾੜਾ।
ਮੋਬਾ : 94636-12204


ਖ਼ਬਰ ਸ਼ੇਅਰ ਕਰੋ

ਆਸਟ੍ਰੇਲੀਆ ਵਿਚ ਇਤਿਹਾਸ ਬਣਾਉਣ ਦੇ ਕਰੀਬ ਭਾਰਤ

ਕ੍ਰਿਕਟ ਦੀ ਇਹੀ ਅਨਿਸਚਿਤਾ ਇਸ ਦਾ ਰੋਮਾਂਚ ਵੀ ਹੈ ਅਤੇ ਇਸ ਦੀ ਖ਼ੂਬਸੂਰਤੀ ਵੀ। ਇਸ ਲਈ ਭਾਰਤੀ ਕ੍ਰਿਕਟ ਟੀਮ ਦੇ ਹੱਥ ਵਿਚ ਬਹੁਤ ਸਾਰੀਆਂ ਗੱਲਾਂ ਹੋਣ ਦੇ ਬਾਵਜੂਦ 3 ਤੋਂ 7 ਜਨਵਰੀ 2019 ਵਿਚਾਲੇ ਸਿਡਨੀ ਕ੍ਰਿਕਟ ਗਰਾਊਂਡ ਵਿਚ ਚੱਲ ਰਹੇ ਚੌਥੇ ਅਤੇ ਆਖਰੀ ਟੈਸਟ ਮੈਚ ਵਿਚ ਭਾਰਤ ਮਜ਼ਬੂਤ ਸਥਿਤੀ ਵਿਚ ਹੈ। ਲੇਖ ਲਿਖਣ ਤੱਕ ਆਸਟ੍ਰੇਲੀਆ ਦੀ ਟੀਮ ਨੂੰ ਫਾਲੋਆਨ ਦਾ ਸਾਹਮਣਾ ਕਰਨਾ ਪੈ ਚੁੱਕਾ ਹੈ। ਹਾਲਾਂਕਿ ਜਿਵੇਂ ਕਿ ਪਹਿਲਾਂ ਵੀ ਕਿਹਾ ਜਾ ਚੁੱਕਾ ਹੈ ਕਿ ਭਾਰਤ ਦੇ ਪੱਖ ਵਿਚ ਬਹੁਤ ਸਾਰੀਆਂ ਗੱਲਾਂ ਹਨ ਇਨ੍ਹਾਂ ਵਿਚੋਂ ਦੋ ਸਭ ਤੋਂ ਮਹੱਤਵਪੂਰਨ ਗੱਲਾਂ ਇਹ ਹਨ ਕਿ ਸਿਡਨੀ ਵਿਚ ਜੇਕਰ ਭਾਰਤ ਨਹੀਂ ਵੀ ਜਿੱਤਦਾ ਅਤੇ ਟੈਸਟ ਨੂੰ ਡ੍ਰਾਅ ਵੀ ਕਰਾ ਦਿੰਦਾ ਹੈ, ਉਦੋਂ ਵੀ ਭਾਰਤ ਇਤਿਹਾਸ ਬਣਾਉਣ ਵਿਚ ਕਾਮਯਾਬ ਰਹੇਗਾ। ਜਦੋਂ ਕਿ ਦੂਜੀ ਮਹੱਤਵਪੂਰਨ ਗੱਲ ਜੋ ਭਾਰਤ ਦੇ ਪੱਖ ਵਿਚ ਜਾਂਦੀ ਹੈ, ਉਹ ਇਹ ਹੈ ਕਿ ਸਿਡਨੀ ਦੀ ਪਿੱਚ ਸਪੀਨਰਾਂ ਨੂੰ ਮਦਦ ਕਰਦੀ ਹੈ।
ਪਰ ਇਸ ਸਭ ਦੇ ਬਾਵਜੂਦ ਸਿਡਨੀ ਦਾ ਰਿਕਾਰਡ ਵਧੀਆ ਨਹੀਂ ਹੈ। ਭਾਰਤ ਇਥੇ ਆਜ਼ਾਦੀ ਤੋਂ ਬਾਅਦ ਭਾਵ 1947 ਤੋਂ ਕ੍ਰਿਕਟ ਖੇਡ ਰਿਹਾ ਹੈ, ਪਰ ਪਿਛਲੇ 73 ਸਾਲਾਂ ਵਿਚ ਹੁਣ ਤੱਕ ਖੇਡੇ ਗਏ 11 ਟੈਸਟ ਮੈਚਾਂ ਵਿਚ ਅਸੀਂ ਸਿਰਫ਼ ਇਕ ਵਾਰ ਹੀ ਜਿੱਤ ਹਾਸਲ ਕਰ ਸਕੇ ਹਾਂ। ਪੰਜ ਵਾਰ ਸਾਨੂੰ ਕੰਗਾਰੂਆਂ ਦੇ ਹੱਥੋਂ ਜ਼ਬਰਦਸਤ ਹਾਰ ਮਿਲੀ ਹੈ ਅਤੇ ਪੰਜ ਵਾਰ ਬਿਨਾਂ ਕਿਸੇ ਨਤੀਜੇ ਦੇ ਮੈਚ ਖ਼ਤਮ ਹੋਏ ਹਨ ਭਾਵ ਪੰਜ ਟੈਸਟ ਮੈਚ ਬਰਾਬਰ ਰਹੇ ਹਨ। ਭਾਰਤ ਨੇ ਹੁਣ ਤੱਕ ਦੇ ਇਤਿਹਾਸ ਵਿਚ ਪਹਿਲੀ ਅਤੇ ਆਖਰੀ ਵਾਰ ਬਿਸ਼ਨ ਸਿੰਘ ਬੇਦੀ ਦੀ ਅਗਵਾਈ ਵਿਚ 7 ਤੋਂ 12 ਜਨਵਰੀ 1978 ਵਿਚਾਲੇ ਖੇਡੇ ਗਏ ਮੈਚ ਵਿਚ ਜਿੱਤ ਹਾਸਲ ਕੀਤੀ ਸੀ, ਉਦੋਂ ਭਾਰਤ ਨੇ ਆਸਟ੍ਰੇਲੀਆ ਨੂੰ ਇਕ ਪਾਰੀ ਅਤੇ ਦੋ ਦੌੜਾਂ ਨਾਲ ਹਰਾਇਆ ਸੀ। ਜਦੋਂ ਕਿ ਭਾਰਤ ਪਹਿਲੀ ਵਾਰ ਇਥੇ 23 ਤੋਂ 31 ਜਨਵਰੀ 1968 ਵਿਚਾਲੇ ਖੇਡੇ ਗਏ ਮੈਚ ਵਿਚ ਹਾਰ ਗਿਆ ਸੀ।
ਇਸ ਤੋਂ ਬਾਅਦ 2 ਤੋਂ 4 ਜਨਵਰੀ 1981 ਵਿਚ ਖੇਡੇ ਗਏ ਮੈਚਾਂ ਵਿਚ ਵੀ ਅਸੀਂ ਹਾਰ ਗਏ ਸੀ। ਇਹੀ ਹਾਲ 2 ਤੋਂ 4 ਜਨਵਰੀ 2000 ਵਿਚ ਖੇਡੇ ਗਏ ਮੈਚ ਦਾ ਵੀ ਰਿਹਾ, ਜਦੋਂ ਆਸਟ੍ਰੇਲੀਆ ਨੇ ਭਾਰਤ ਵਿਰੁੱਧ ਪਾਰੀ ਅਤੇ 141 ਦੌੜਾਂ ਨਾਲ ਜਿੱਤ ਹਾਸਲ ਕੀਤੀ ਸੀ। ਆਖਰੀ ਵਾਰ ਭਾਰਤ ਇਥੇ 3 ਤੋਂ 6 ਜਨਵਰੀ 2012 ਵਿਚ ਖੇਡੇ ਗਏ ਟੈਸਟ ਮੈਚ ਵਿਚ ਆਸਟ੍ਰੇਲੀਆ ਦੇ ਹੱਥੋਂ ਪਾਰੀ ਅਤੇ 68 ਦੌੜਾਂ ਨਾਲ ਹਾਰ ਗਿਆ ਸੀ। 6 ਤੋਂ 10 ਜਨਵਰੀ 2015 ਨੂੰ ਹੁਣ ਤੋਂ ਪਹਿਲਾਂ ਇਥੇ ਆਖਰੀ ਵਾਰ ਭਾਰਤ ਅਤੇ ਆਪਸ ਵਿਚ ਟਕਰਾਏ ਸਨ, ਜਿਨ੍ਹਾਂ ਵਿਚੋਂ ਵਿਰਾਟ ਕੋਹਲੀ ਨੇ ਸੈਂਕੜਾ ਵੀ ਬਣਾਇਆ ਸੀ, ਪਰ ਇਹ ਮੈਚ ਵੀ ਭਾਰਤ ਜਿੱਤ ਨਹੀਂ ਸਕਿਆ ਸੀ। ਹਾਲਾਂਕਿ ਅਸੀਂ ਹਾਰੇ ਵੀ ਨਹੀਂ ਸੀ, ਮੈਚ ਡਰਾਅ ਹੋ ਗਿਆ ਸੀ। ਇਸ ਤਰ੍ਹਾਂ ਦੇਖੀਏ ਤਾਂ ਸਿਡਨੀ ਦਾ ਇਤਿਹਾਸ ਭਾਰਤ ਦੇ ਪੱਖ ਵਿਚ ਕਾਫ਼ੀ ਡਰਾਉਣਾ ਹੈ।
ਭਾਰਤ ਦੇ ਇਸ ਵਾਰ ਆਸਟ੍ਰੇਲੀਆ ਵਿਚ ਇਤਿਹਾਸ ਬਣਾਉਣ ਦੀਆਂ ਉਮੀਦਾਂ ਸਿਰਫ਼ ਭਾਰਤੀ ਹੀ ਨਹੀਂ ਕਰ ਰਹੇ ਬਲਕਿ ਸਾਰੀ ਆਸਟ੍ਰੇਲੀਆਈ ਕ੍ਰਿਕਟ ਦੇ ਦਿੱਗਜ਼ਾਂ ਦਾ ਵੀ ਮੰਨਣਾ ਹੈ ਕਿ ਭਾਰਤ ਪਹਿਲੀ ਵਾਰ ਆਸਟ੍ਰੇਲੀਆ ਵਿਚ ਆਸਟ੍ਰੇਲੀਆਈ ਖਿਡਾਰੀਆਂ ਨੂੰ ਹਾਰ ਦੇ ਸਕਦਾ ਹੈ। ਇਥੋਂ ਤੱਕ ਕਿ ਆਸਟ੍ਰੇਲੀਆ ਦੇ ਸਾਬਕਾ ਦਿੱਗਜ਼ ਬੱਲੇਬਾਜ਼ ਡੀਨ ਜੋਨਸ ਨੇ ਤਾਂ ਭਾਰਤ ਦੇ 3-0 ਨਾਲ ਜਿੱਤਣ ਦੀ ਉਮੀਦ ਇਸ ਲੜੀ ਦੇ ਸ਼ੁਰੂ ਹੋਣ ਤੋਂ ਪਹਿਲਾਂ ਹੀ ਪ੍ਰਗਟਾਈ ਸੀ। ਹਾਲਾਂਕਿ ਹੁਣ 3-0 ਨਾਲ ਜਿੱਤਣ ਦੇ ਤਾਂ ਮੌਕੇ ਨਹੀਂ ਰਹੇ, ਕਿਉਂਕਿ ਹੁਣ ਤੱਕ ਹੋਏ ਤਿੰਨ ਟੈਸਟ ਮੈਚਾਂ ਵਿਚ ਦੋ ਵਿਚ ਭਾਰਤ ਅਤੇ ਇਕ ਵਿਚ ਆਸਟ੍ਰੇਲੀਆ ਜੇਤੂ ਰਿਹਾ ਹੈ। ਪਰ 3-1 ਨਾਲ ਜਿੱਤਣ ਦੇ ਭਾਰਤ ਦੇ ਹੁਣ ਵੀ ਬਹੁਤ ਮੌਕੇ ਹਨ। ਜੇਕਰ ਭਾਰਤ 3-1 ਨਾਲ ਨਾ ਵੀ ਜਿੱਤੇ ਆਖਰੀ ਟੈਸਟ ਮੈਚ ਨੂੰ ਸਿਰਫ਼ ਡਰਾਅ ਕਰਾ ਦੇਵੇ ਤਾਂ ਵੀ ਲ਼ੜੀ ਭਾਰਤ ਦੇ ਪੱਖ ਵਿਚ ਜਾ ਸਕਦੀ ਹੈ ਕਿਉਂਕਿ ਚਾਹੇ ਲੜੀ 2-1 ਨਾਲ ਜਿੱਤੀ ਜਾਵੇ ਜਾਂ 3-1 ਨਾਲ ਉਸ ਦਾ ਮਹੱਤਵ ਬਰਾਬਰ ਹੀ ਰਹੇਗਾ। ਹਾਂ, 3-1 ਨਾਲ ਜਿੱਤਣ 'ਤੇ ਭਾਰਤ ਦੀ ਜੋ ਦਿੱਖ ਹੁਣ ਤੱਕ ਬਣ ਚੁੱਕੀ ਹੈ, ਉਸ ਦੀ ਪੁਸ਼ਟੀ ਹੋਵੇਗੀ।
ਹਾਲਾਂਕਿ ਭਾਰਤ ਦਾ ਇਤਿਹਾਸ ਰਿਹਾ ਹੈ ਕਿ ਅਸੀਂ ਹਮੇਸ਼ਾ ਸਭ ਤੋਂ ਨਿਰਣਾਇਕ ਪਲਾਂ ਵਿਚ ਆਪਣੀ ਤਾਕਤ ਦੇ ਉਲਟ ਪ੍ਰਦਰਸ਼ਨ ਨਹੀਂ ਕਰ ਪਾਉਂਦੇ, ਪਰ ਅਨਿਲ ਕੁੰਬਲੇ, ਵੀ. ਵੀ. ਐਸ. ਲਕਸ਼ਮਣ, ਸਚਿਨ ਤੇਂਦੁਲਕਰ ਅਤੇ ਸੌਰਵ ਗਾਂਗੁਲੀ ਸਾਰਿਆਂ ਦਾ ਇਕ ਹੀ ਮੰਨਣਾ ਹੈ ਕਿ ਇਸ ਵਾਰ ਭਾਰਤ ਇਸ ਤਰ੍ਹਾਂ ਦੀ ਗ਼ਲਤੀ ਨਹੀਂ ਕਰੇਗਾ। ਡੀਨ ਜੋਨਸ ਤਾਂ ਇਸ ਦੀ ਵਜ੍ਹਾ ਵੀ ਦੱਸਦੇ ਹਨ, ਉਨ੍ਹਾਂ ਅਨੁਸਾਰ ਭਾਰਤ ਕੋਲ ਨਾ ਸਿਰਫ਼ ਇਸ ਸਮੇਂ ਦੁਨੀਆ ਦਾ ਬੈਸਟ ਬਾਲਿੰਗ ਅਟੈਕ ਹੈ ਬਲਕਿ ਆਸਟ੍ਰੇਲੀਆ ਦੇ ਕੋਲ ਸਭ ਤੋਂ ਕਮਜ਼ੋਰ ਬੈਟਿੰਗ ਲਾਈਨਅੱਪ ਹੈ। ਡੀਨ ਜੋਨਸ ਅਨੁਸਾਰ ਆਸਟ੍ਰੇਲੀਆ ਦੀ 40 ਫ਼ੀਸਦੀ ਬੱਲੇਬਾਜ਼ੀ ਤਾਕਤ ਹਾਲ ਦੇ ਦਿਨਾਂ ਵਿਚ ਸਟੀਵ ਸਮਿਥ ਅਤੇ ਡੇਵਿਡ ਵਾਰਨ ਰਹੇ ਹਨ ਜੋ ਫਿਲਹਾਲ ਪ੍ਰਤੀਬਿੰਬ ਦਾ ਸਾਹਮਣਾ ਕਰ ਰਹੇ ਹਨ। ਇਸ ਲਈ ਜੇਕਰ ਭਾਰਤ ਇਸ ਤਰ੍ਹਾਂ ਸਹੀ ਸਮੇਂ ਵਿਚ ਵੀ ਇਤਿਹਾਸ ਨਹੀਂ ਬਣਾਉਂਦਾ ਤਾਂ ਸ਼ਾਇਦ ਫਿਰ ਕਦੀ ਇਸ ਤਰ੍ਹਾਂ ਦਾ ਮੌਕਾ ਨਾ ਮਿਲੇ। ਸਾਨੂੰ ਸਕਾਰਾਤਮਕ ਰਹਿਣਾ ਚਾਹੀਦਾ ਹੈ ਕਿ ਭਾਰਤ ਸਿਡਨੀ ਮੈਚ ਨੂੰ ਜਿੱਤ ਕੇ ਆਪਣੇ ਕ੍ਰਿਕਟ ਇਤਿਹਾਸ ਵਿਚ ਸੁਨਹਿਰੀ ਅਧਿਆਏ ਜੋੜੇਗਾ।


-ਇਮੇਜ ਰਿਫਲੈਕਸ਼ਨ ਸੈਂਟਰ

ਖੇਡ ਵਿਚ ਸੁਧਾਰ ਪਰ ਉਲੰਪਿਕ ਲਈ ਵਿਸ਼ੇਸ਼ ਤਿਆਰੀ ਦੀ ਲੋੜ

ਇਸ ਸਾਲ ਬੈਡਮਿੰਟਨ ਦੀ ਖੇਡ ਵਿਚ ਇਸ ਦੇ ਮਾਹਿਰਾਂ ਅਨੁਸਾਰ ਸਮੁੱਚੇ ਤੌਰ 'ਤੇ ਸੁਧਾਰ ਦੇਖਿਆ ਗਿਆ ਤੇ ਨਾਲ ਇਹ ਵੀ ਮਹਿਸੂਸ ਕੀਤਾ ਗਿਆ ਕਿ ਸਾਲ ਦੇ ਸ਼ੁਰੂ ਵਿਚ 2018 ਦੀਆਂ ਉਲੰਪਿਕ ਦੀਆਂ ਤਿਆਰੀਆਂ ਵੀ ਨਾਲ ਹੀ ਸ਼ੁਰੂ ਕਰ ਲੈਣੀਆਂ ਚਾਹੀਦੀਆਂ ਹਨ। ਭਾਰਤ ਦਾ ਇਸ ਖੇਡ ਵਿਚ ਗੌਰਵ ਭਰਿਆ ਇਤਿਹਾਸ ਰਿਹਾ ਹੈ। ਭਾਰਤ ਲਈ ਮਾਣ ਵਾਲੀ ਗੱਲ ਇਹ ਰਹੀ ਹੈ ਕਿ ਹਾਕੀ ਤੋਂ ਬਾਅਦ ਬੈਡਮਿੰਟਨ ਵਿਚ ਹੀ ਭਾਰਤ ਨੇ ਦੁਨੀਆ ਦੀਆਂ ਸਭ ਤੋਂ ਪ੍ਰਤੀਤਿਸ਼ਠਤ ਗੇਮਾਂ ਉਲੰਪਿਕ ਵਿਚ ਪਹਿਲਾਂ ਲੰਡਨ ਵਿਚ ਸਾਇਨਾ ਨੇਹਵਾਲ ਨੇ ਭਾਰਤ ਲਈ ਪਹਿਲਾ ਕਾਂਸੀ ਦਾ ਤਗਮਾ ਝੋਲੀ ਵਿਚ ਪਾਇਆ ਸੀ ਤੇ ਫਿਰ ਇਸ ਮਾਣਮੱਤੇ ਇਤਿਹਾਸ ਨੂੰ ਦੁਹਰਾਉਂਦੇ ਹੋਏ 2016 ਦੀਆਂ ਉਲੰਪਿਕ ਵਿਚ ਪੀ.ਵੀ. ਸਿੰਧੂ ਨੇ ਰੀਓ ਉਲੰਪਿਕ ਵਿਚ ਇਸ ਤਗਮੇ ਦਾ ਰੰਗ ਬਦਲਦੇ ਹੋਏ ਇਸ ਨੂੰ ਚਾਂਦੀ ਵਿਚ ਬਦਲ ਦਿੱਤਾ।
ਇਸ ਸਾਲ ਵਿਸ਼ਵ ਵਿਚ ਇਸ ਖੇਡ ਵਿਚ ਕਈ ਅੰਤਰਰਾਸ਼ਟਰੀ ਪ੍ਰਤੀਯੋਗਤਾਵਾਂ ਹੋਈਆਂ, ਜਿਨ੍ਹਾਂ ਵਿਚ ਭਾਰਤ ਦੀ ਹਰ ਫੈਰਮੈਟ ਵਿਚ ਭਾਗਦਾਰੀ ਵਧੀ ਹੈ। ਪੁਰਾਣੇ ਸਮੇਂ ਵਿਚ ਖੇਡ ਪ੍ਰੇਮੀਆਂ ਨੂੰ ਇਹ ਯਾਦ ਆਉਂਦਾ ਹੈ ਕਿ ਇਸ ਵਿਚ ਲੜਕੀਆਂ ਦਾ ਇਸ ਦੀ ਪੁਸ਼ਾਕ ਨੂੰ ਲੈ ਕੇ ਹਿੱਸਾ ਲੈਣਾ ਵੀ ਗਵਾਰਾ ਨਹੀਂ ਸੀ ਸਮਝਿਆ ਜਾਂਦਾ, ਪਰ ਹੁਣ ਇਸ ਖੇਡ ਵਿਚ ਸਾਡੀਆਂ ਲੜਕੀਆਂ ਵਿਸ਼ਵ ਵਿਚ ਇਸ ਖੇਡ ਵਿਚ ਹਰ ਪ੍ਰਤੀਯੋਗਤਾ ਵਿਚ ਤਗਮੇ ਲੈ ਰਹੀਆਂ ਹਨ। ਸਾਲ ਦੇ ਅਖੀਰ ਵਿਚ ਇਸ ਗੱਲ ਨੂੰ ਜਾਣ ਕੇ ਬਹੁਤ ਸੰਤੋਸ਼ ਹੋਇਆ ਕਿ ਪੀ.ਵੀ. ਸਿੰਧੂ ਨੇ ਪਿਛਲੇ ਸੱਤ ਮੁਕਾਬਲਿਆਂ ਵਿਚ ਨੰਬਰ ਦੋ ਸਥਾਨ ਨੂੰ ਦੂਰ ਕਰਦੇ ਹੋਏ ਫਿਰ ਕਈ ਮੁਕਾਬਲਿਆਂ ਵਿਚ ਨੰਬਰ ਇਕ 'ਤੇ ਆਉਣਾ ਸ਼ੁਰੂ ਕਰ ਦਿੱਤਾ ਹੈ। ਇਹ ਨੰਬਰ ਦਾ ਅਣਸੁਖਾਵਾਂ ਨੰਬਰ ਸਿੰਧੂ ਨਾਲ ਰੀਓ ਉਲੰਪਿਕ ਤੋਂ ਜੁੜਿਆ ਹੋਇਆ ਹੈ। ਖੇਡ ਪ੍ਰੇਮੀਆਂ ਨੂੰ ਯਾਦ ਆਉਂਦਾ ਹੈ ਕਿ ਸਿੰਧੂ ਨੇ ਉਲੰਪਿਕ ਦੇ ਸੋਨ ਤਗਮੇ ਦੇ ਮੈਚ ਵਿਚ ਸਪੇਨ ਦੀ ਮੀਰੇਨ ਕਾਰੋਲੋਨਾ ਨਾਲ ਪਹਿਲੀ ਗੇਮ ਜਿੱਤ ਲਈ ਸੀ ਪਰ ਕਾਰੋਲੀਨਾ ਨੇ ਪਿਛਲੀਆਂ ਦੋ ਗੇਮਾਂ ਜਿੱਤ ਕੇ ਪੀ.ਵੀ. ਸਿੰਧੂ ਨੂੰ ਨੰਬਰ ਦੋ 'ਤੇ ਪਹੁੰਚਾ ਦਿੱਤਾ।
ਇਸ ਗੱਲ ਦੀ ਬਹੁਤ ਹੈਰਾਨੀ ਹੋਈ ਕਿ ਪਿਛਲੇ ਸੱਤ ਵੱਕਾਰੀ ਮੈਚਾਂ ਵਿਚ ਕੋਈ ਵੀ ਪਹਿਲੇ ਨੰਬਰ 'ਤੇ ਆ ਕੇ ਉਹ ਮੈਚ ਨਹੀਂ ਜਿੱਤ ਸਕੀ, ਇਥੋਂ ਤੱਕ ਕਿ ਉਹ ਭਾਰਤ ਦੀ ਸਾਇਨਾ ਨੇਹਵਾਲ ਤੋਂ ਵੀ ਹਾਰ ਗਈ ਤੇ ਨੰਬਰ ਦੋ ਨਾਲ ਉਸ ਨੂੰ ਸਬਰ ਕਰਨਾ ਪਿਆ। ਸਾਲ ਦੇ ਆਖਰ ਵਿਚ ਉਹ ਚੀਨ ਵਿਚ ਹੋਈ ਆਖਰੀ ਵਿਸ਼ਵ ਟੂਰ ਫਾਈਨਲ ਪ੍ਰਤੀਯੋਗਤਾ ਵਿਚ ਪੀ.ਵੀ. ਸਿੰਧੂ ਆਪਣੇ ਇਸ ਦੋ ਨੰਬਰ ਦੇ ਸੰਕਟ ਤੋਂ ਉੱਭਰੀ ਤੇ ਉਸ ਨੇ ਸਾਰੀਆਂ ਉਨ੍ਹਾਂ ਖਿਡਾਰਨਾਂ ਨੂੰ ਹਰਾ ਦਿੱਤਾ, ਜਿਨ੍ਹਾਂ ਵਿਚ ਜਾਪਾਨ ਦੀ ਯਾਮਾਗੁਚੀ ਤੇ ਫਾਈਨਲ ਵਿਚ ਥਾਈਲੈਂਡ ਦੀ ਇੰਤਾਨੋਨ ਨੂੰ 21-16, 25-23 ਕਰਾਰੀ ਹਾਰ ਦੇ ਕੇ ਹਰਾ ਦਿੱਤਾ। ਪੁਰਸ਼ ਸਿੰਗਲਜ਼ ਵਿਚ ਸਮੀਰ ਵਰਮਾ ਨੇ ਆਪਣੇ ਤੋਂ ਉੱਤਮ ਖਿਡਾਰੀਆਂ ਨੂੰ ਹਰਾ ਕੇ ਇਹ ਸਿੱਧ ਕਰ ਦਿੱਤਾ ਹੈ ਕਿ ਦੋਵੇਂ ਵਰਗਾਂ ਵਿਚ ਭਾਰਤ ਅੱਗੇ ਵਧ ਰਿਹਾ ਹੈ। ਸਾਲ ਦੇ ਅਖੀਰ ਵਿਚ ਜੋ ਬੈਡਮਿੰਟਨ ਲੀਗ ਚੱਲ ਰਹੀ ਹੈ, ਉਸ ਵਿਚ ਇਹ ਆਖਰੀ ਸਤਰਾਂ ਲਿਖਣ ਵੇਲੇ ਤੱਕ ਇਹ ਗੱਲ ਉੱਭਰ ਕੇ ਆ ਰਹੀ ਹੈ ਕਿ ਭਾਰਤੀ ਖਿਡਾਰੀ ਭਾਵੇਂ ਲੀਗ ਅਨੁਸਾਰ ਦੂਜਿਆਂ ਨਾਲ ਰਲ ਕੇ ਖੇਡ ਰਹੇ ਹਨ, ਉਸ ਵਿਚ ਵੀ ਭਾਰਤੀ ਪ੍ਰਦਰਸ਼ਨ ਕਾਬਲੇ ਤਾਰੀਫ ਹੈ। ਇਕ ਮਹੱਤਵਪੂਰਨ ਮੈਚ ਵਿਚ ਪੀ.ਵੀ. ਸਿੰਧੂ ਨੇ ਉਲੰਪਿਕ ਤੇ ਵਿਸ਼ਵ ਚੈਂਪੀਅਨ ਕਾਰੋਲੀਨਾ ਨੂੰ ਇਕ ਸੰਘਰਸ਼ਮਈ ਮੈਚ ਵਿਚ ਹਰਾ ਦਿੱਤਾ ਹੈ।
ਉਸ ਨੂੰ ਹੁਣ 2020 ਤੱਕ ਸੋਨੇ ਦੇ ਤਗਮੇ ਲਈ ਇੰਤਜ਼ਾਰ ਕਰਨਾ ਪੈਣਾ ਹੈ। ਇਸ ਸਾਲ ਦੇ ਅਖੀਰ ਵਿਚ ਮਾਹਿਰਾਂ ਦੁਆਰਾ ਇਹ ਮਹਿਸੂਸ ਕੀਤਾ ਜਾ ਰਿਹਾ ਹੈ ਕਿ ਇਸ ਖੇਡ ਦਾ ਸਾਲ ਦਾ ਕੈਲੰਡਰ ਮੈਚਾਂ ਨਾਲ ਭਰਪੂਰ ਹੁੰਦਾ ਹੈ ਤੇ ਤਕੜੇ ਖਿਡਾਰੀਆਂ ਨੂੰ ਲੋੜ ਅਨੁਸਾਰ ਆਰਾਮ ਨਹੀਂ ਮਿਲਦਾ। ਭਾਰਤ ਕੋਲ ਬੈਂਚ ਪਾਵਰ ਲੋੜ ਅਨੁਸਾਰ ਹੈ ਪਰ ਜਿਵੇਂ ਕਿ ਸਾਇਨਾ ਨੇਹਵਾਲ ਨੇ ਕਿਹਾ ਹੈ, ਸਾਰਾ ਸਾਲ ਹੀ ਮੈਚ ਚਲਦੇ ਰਹਿੰਦੇ ਹਨ, ਜੋ ਉਨ੍ਹਾਂ ਦੀ ਖੇਡ ਨੂੰ ਵੀ ਪ੍ਰਭਾਵਿਤ ਕਰਦੇ ਹਨ।


-274-ਏ.ਐਕਸ., ਮਾਡਲ ਟਾਊਨ ਐਕਸਟੈਨਸ਼ਨ, ਲੁਧਿਆਣਾ। ਮੋਬਾ: 98152-55295

ਫ਼ਰਜ਼ੀ ਉਮਰ ਸਰਟੀਫ਼ਿਕੇਟ ਮਾਮਲਾ

ਕੀ ਖਿਡਾਰੀ ਆਪਣੇ ਭਵਿੱਖ ਨੂੰ ਨਹੀਂ ਵਿਗਾੜਦੇ?

ਖੇਡ ਜਗਤ ਦਾ ਭਲਾ ਚਾਹੁਣ ਵਾਲਿਆਂ ਨੂੰ ਖੇਡ ਜਗਤ ਦੀ ਅੰਦਰਲੀ ਕਹਾਣੀ ਵੀ ਪੂਰੀ ਤਰ੍ਹਾਂ ਸਮਝਣ ਦੀ ਲੋੜ ਹੈ। ਕਿਸੇ ਖੇਡ ਨਾਲ ਜੁੜੇ ਖਿਡਾਰੀ, ਪ੍ਰਬੰਧਕ, ਕੋਚ, ਅੰਪਾਇਰ ਇਸ ਪੱਖੋਂ ਪੂਰੀ ਤਰ੍ਹਾਂ ਸੁਚੇਤ ਰਹਿਣ ਕਿ ਫਰਜ਼ੀ ਉਮਰ ਸਰਟੀਫਿਕੇਟ ਖੇਡਾਂ ਦੀ ਦੁਨੀਆ 'ਤੇ ਦਾਗ ਨਾ ਬਣਨ, ਕਲੰਕ ਨਾ ਹੋਣ, ਸਾਡੇ ਸਾਹਮਣੇ ਖਿਡਾਰੀਆਂ ਦੀ ਸਹੀ ਤਸਦੀਕ ਉਮਰ ਸਾਹਮਣੇ ਆਵੇ। ਜਦੋਂ ਖੇਡ ਮੁਕਾਬਲੇ ਹੁੰਦੇ ਹਨ ਜਾਂ ਜਦੋਂ ਖਿਡਾਰੀ ਉਮਰ ਦੇ ਲਿਹਾਜ਼ ਨਾਲ ਕਿਸੇ ਵਿਸ਼ੇਸ਼ ਸੰਸਥਾ 'ਚ ਪ੍ਰਵੇਸ਼ ਕਰਦੇ ਹਨ, ਜਦੋਂ ਉਮਰ ਉਨ੍ਹਾਂ ਲਈ ਇਕ ਵਿਸ਼ੇਸ਼ ਯੋਗਤਾ ਬਣਦੀ ਹੈ ਪਰ ਅਸੀਂ ਬਹੁਤ ਗਹੁ ਨਾਲ ਦੇਖਿਆ ਹੈ ਕਿ ਇਸ ਪੱਖੋਂ 'ਸਭ ਅੱਛਾ' ਨਹੀਂ ਹੈ। ਜੇ ਖਿਡਾਰੀਆਂ ਦੀਆਂ ਛੋਟੀ ਉਮਰ ਤੋਂ ਹੀ ਸਹੀ ਉਮਰ ਲੁਕਾਉਣ ਦੀਆਂ ਆਦਤਾਂ ਬਣਦੀਆਂ ਗਈਆਂ ਤਾਂ ਇਹ ਸਾਡੇ ਖੇਡ ਸੰਸਾਰ ਦੀ ਸਾਰੀ ਤਸਵੀਰ ਹੀ ਵਿਗਾੜਦੀਆਂ ਚਲੀਆਂ ਜਾਣਗੀਆਂ।
ਵੱਖ-ਵੱਖ ਵਿੱਦਿਅਕ ਸੰਸਥਾਵਾਂ ਅਤੇ ਖੇਡ ਸੰਸਥਾਵਾਂ ਅਕਸਰ ਵਾਹ-ਵਾਹ ਦੀ ਦੌੜ ਪਿੱਛੇ ਲੱਗੀਆਂ ਹੁੰਦੀਆਂ ਹਨ। ਇਹ ਪਹਿਲੇ ਨੰਬਰ 'ਤੇ ਆਉਣ ਦੀ ਹੋੜ ਸਾਡੇ ਖਿਡਾਰੀਆਂ ਨਾਲੋਂ ਖੇਡ ਅਧਿਕਾਰੀਆਂ ਦੀ ਜ਼ਿਆਦਾ ਹੁੰਦੀ ਹੈ। ਖੇਡ ਕਲਚਰ ਕਿਸੇ ਨੂੰ ਅਜੀਜ਼ ਨਹੀਂ, ਖੇਡ ਸੱਭਿਆਚਾਰ ਦਾ ਕੋਈ ਪ੍ਰਸੰਸਕ ਨਹੀਂ, ਤਾਰੀਫ ਹੁੰਦੀ ਹੈ ਤਾਂ ਸਿਰਫ ਪੁਜ਼ੀਸ਼ਨਾਂ ਦੀ, ਤਗਮਿਆਂ ਦੀ, ਨਾਂਅ ਬਣਦਾ ਹੈ ਇਨਾਮਾਂ-ਸਨਮਾਨਾਂ ਨਾਲ। ਕਿਸੇ ਪ੍ਰਤੀਯੋਗਤਾ 'ਚ ਸ਼ਿਰਕਤ ਕਰਨੀ, ਕਿਸੇ ਖੇਡ ਮੁਕਾਬਲੇ 'ਚ ਇਮਾਨਦਾਰੀ ਨਾਲ ਹਿੱਸਾ ਲੈਣਾ, ਭਾਵੇਂ ਹਾਰ ਹੀ ਹੋ ਜਾਵੇ, ਕਿਸ ਨੂੰ ਚੰਗਾ ਨਹੀਂ ਲਗਦਾ। ਇਸ ਕਿਸਮ ਦੇ ਆਲਮ 'ਚ ਅਸੀਂ ਕੁਝ ਸਹੀ ਖੇਡ ਕਦਰਾਂ-ਕੀਮਤਾਂ ਵੀ ਨਜ਼ਰਅੰਦਾਜ਼ ਕਰਕੇ ਕੁਝ ਅਜਿਹਾ ਜੁਗਾੜ ਕਰਦੇ ਹਾਂ ਕਿ ਅਸੀਂ ਦੂਜਿਆਂ ਲਈ ਸਖ਼ਤ ਚੁਣੌਤੀ ਬਣ ਜਾਈਏ। ਫਰਜ਼ੀ ਉਮਰ ਸਰਟੀਫਿਕੇਟ ਸਾਡਾ ਅਜਿਹਾ ਹੀ ਜੁਗਾੜ ਬਣਦੇ ਹਨ। ਫੋਕੀ ਸ਼ੁਹਰਤ ਲਈ।
ਸਕੂਲ, ਕਾਲਜ ਦੇ ਅਤੇ ਘਰੇਲੂ ਮੁਕਾਬਲਿਆਂ ਤੋਂ ਲੈ ਕੇ ਅੰਤਰਰਾਸ਼ਟਰੀ ਪੱਧਰ ਤੱਕ ਸਾਡੇ ਦੇਸ਼ 'ਚ ਫਰਜ਼ੀ ਉਮਰ ਸਰਟੀਫਿਕੇਟ ਸਾਡੇ ਖੇਡ ਜਗਤ ਦਾ ਅਕਸ ਧੁੰਦਲਾ ਕਰ ਰਹੇ ਹਨ। ਨਿਰਧਾਰਤ ਉਮਰ ਤੋਂ ਜ਼ਿਆਦਾ ਉਮਰ ਵਾਲੇ ਖਿਡਾਰੀ ਰਾਸ਼ਟਰੀ ਸਕੂਲੀ ਮੁਕਾਬਲਿਆਂ 'ਚ ਹਿੱਸਾ ਲੈਂਦੇ ਹਨ। ਇਸ ਤਰ੍ਹਾਂ ਨਕਲੀ ਸਰਟੀਫਿਕੇਟਾਂ ਦੇ ਸਹਾਰੇ ਫਰਜ਼ੀ ਖਿਡਾਰੀ ਕਾਲਜਾਂ 'ਚ ਦਾਖਲਾ ਲੈ ਕੇ ਆਪਣਾ ਉੱਲੂ ਸਿੱਧਾ ਕਰਦੇ ਹਨ ਅਤੇ ਚੌਧਰ ਦਿਖਾਉਂਦੇ ਹਨ। ਸਰਕਾਰੀ ਵਿਭਾਗਾਂ 'ਚ ਵੀ ਖੇਡ ਕੋਟੇ ਦੇ ਅੰਤਰਗਤ ਇਸ ਤਰ੍ਹਾਂ ਦੀ ਭਰਤੀ ਚੱਲ ਰਹੀ ਹੈ, ਜਿਸ ਦੇ ਸਹਾਰੇ ਅਫਸਰਸ਼ਾਹੀ ਮੌਜਾਂ ਕਰ ਰਹੀ ਹੈ। ਸਰੀਰਕ ਸਿੱਖਿਆ ਦੇ ਨਿਰਦੇਸ਼ਕ, ਕੋਚ ਮਿਲੀਭੁਗਤ 'ਚ ਹਨ। ਸਾਡੇ ਇਥੇ ਸਰੀਰਕ ਸਿੱਖਿਆ, ਖੇਡ ਅਕਾਦਮੀਆਂ ਅਤੇ ਖੇਡ ਕੇਂਦਰ ਅੱਜ ਵੀ ਭਵਿੱਖ ਦੇ ਖਿਡਾਰੀ ਤਿਆਰ ਕਰਨ ਵਿਚ ਅਸਫਲ ਸਿੱਧ ਹੋ ਰਹੇ ਹਨ। ਹਕੀਕਤ ਇਹ ਹੈ ਕਿ 10 ਸਾਲ ਦੀ ਉਮਰ ਦਾ ਬੱਚਾ ਕਿਸੇ ਖੇਡ 'ਚ ਨਹੀਂ ਉੱਭਰਦਾ। ਉਹ ਸਕੂਲੀ ਪੱਧਰ 'ਤੇ 14 ਸਾਲ ਦੀ ਉਮਰ 'ਚ ਜਾ ਕੇ ਖਿਡਾਰੀ ਬਣਦਾ ਹੈ, ਆਪਣੇ ਪ੍ਰਦਰਸ਼ਨ ਦੇ ਸਹਾਰੇ ਇਕ ਚੁਣੌਤੀ ਬਣਨ ਦੀ ਕੋਸ਼ਿਸ਼ ਕਰਦਾ ਹੈ ਪਰ ਉਸ ਨੂੰ ਵੱਡੀ ਉਮਰ ਦੇ ਖਿਡਾਰੀ ਚੋਣ 'ਚ ਹੀ ਚਲਦਾ ਕਰ ਦਿੰਦੇ ਹਨ।
ਇਸ ਲਈ ਘੱਟ ਉਮਰ ਦੇ ਸਰਟੀਫਿਕੇਟ ਦੇ ਧੰਦੇ ਦੀ ਉਪਜ ਨਿੱਜੀ ਹਿਤਾਂ ਖਾਤਰ ਸਾਡੇ ਬਾਲ ਖਿਡਾਰੀਆਂ ਦੇ ਭਵਿੱਖ ਨੂੰ ਤਬਾਹ ਕਰ ਦਿੰਦੇ ਹਨ। ਇਸ ਧੰਦੇ 'ਚ, ਇਸ ਜੁਗਾੜ 'ਚ ਅੰਡਰ-14 ਵਿਚ ਜ਼ਿਆਦਾਤਰ ਖਿਡਾਰੀ 16 ਸਾਲ ਦੀ ਉਮਰ ਦੇ ਹੁੰਦੇ ਹਨ। ਅੰਡਰ-16 ਦੇ ਮੁਕਾਬਲਿਆਂ 'ਚ 18 ਸਾਲ ਤੋਂ ਜ਼ਿਆਦਾ ਉਮਰ ਦੇ ਖਿਡਾਰੀ ਹਿੱਸਾ ਲੈ ਰਹੇ ਹੁੰਦੇ ਹਨ ਪਰ ਇੰਜ ਕਿਉਂ? ਮਨੋਵਿਗਿਆਨਕ ਤੌਰ 'ਤੇ ਵੇਖੋ ਠੀਕ ਉਮਰ ਵਾਲੇ ਖਿਡਾਰੀ ਹਮੇਸ਼ਾ ਆਪਣੇ ਤੋਂ ਵੱਡੀ ਉਮਰ ਵਾਲੇ ਖਿਡਾਰੀਆਂ ਸਾਹਮਣੇ ਜੇ ਖੇਡ 'ਚ ਪਛੜਿਆ ਹੋਇਆ ਪਾਉਣਗੇ ਤਾਂ ਮਾਨਸਿਕ ਹਾਰ ਤਾਂ ਉਨ੍ਹਾਂ ਦੀ ਪਹਿਲਾਂ ਹੀ ਹੋ ਜਾਵੇਗੀ। ਇਹ ਖਤਰਨਾਕ ਰੁਝਾਨ ਸਾਨੂੰ ਰੋਕਣ ਦੀ ਲੋੜ ਹੈ। ਸਕੂਲ ਪੱਧਰ 'ਤੇ ਸ਼ਾਨਦਾਰ ਪ੍ਰਦਰਸ਼ਨ ਕਰਨ ਤੋਂ ਬਾਅਦ ਸਾਡੇ ਕਈ ਵਧੀਆ ਖਿਡਾਰੀ ਕਾਲਜ ਦੀਆਂ ਬਰੂਹਾਂ ਤੱਕ ਨਹੀਂ ਅੱਪੜ ਸਕਦੇ। ਨਤੀਜੇ ਵਜੋਂ ਕਾਲਜ ਅਤੇ ਯੂਨੀਵਰਸਿਟੀ ਦੀਆਂ ਟੀਮਾਂ ਦਾ ਪ੍ਰਦਰਸ਼ਨ ਪੱਧਰੀ ਨਜ਼ਰ ਨਹੀਂ ਆਉਂਦਾ। ਜੂਨੀਅਰ ਅਤੇ ਸੀਨੀਅਰ ਵਰਗ ਵਿਚਕਾਰ ਦੀ ਕੜੀ ਦੇ ਕਮਜ਼ੋਰ ਹੋਣ ਦਾ ਵੱਡਾ ਕਾਰਨ ਇਹ ਵੀ ਹੈ ਕਿ ਸਾਡੇ ਜ਼ਿਆਦਾ ਖਿਡਾਰੀ ਸਕੂਲਾਂ 'ਚ ਹੀ ਆਪਣਾ ਜੀਵਨ ਦਾ ਮਹੱਤਵਪੂਰਨ ਸਮਾਂ ਬਿਤਾ ਦਿੰਦੇ ਹਨ, ਖੇਡ ਅਧਿਕਾਰੀਆਂ ਦੇ ਲਾਲਚ 'ਚ ਆ ਕੇ।
ਨਕਲੀ ਸਰਟੀਫਿਕੇਟਾਂ ਦਾ ਜੁਗਾੜ ਕਰਨ ਵਾਲੇ ਕੁਝ ਗਿਰੋਹਾਂ ਦਾ ਵੀ ਪੂਰੀ ਤਰ੍ਹਾਂ ਪਰਦਾਫਾਸ਼ ਹੋ ਸਕਦੈ, ਜੇ ਖੇਡ ਪ੍ਰਬੰਧ 'ਤੇ ਪੂਰੀ ਤਰ੍ਹਾਂ ਨਿਗਰਾਨੀ ਰੱਖੀ ਜਾਵੇ। ਸਾਡੇ ਖੇਡ ਮੰਤਰਾਲੇ ਨੂੰ ਵੀ ਇਸ ਪਾਸੇ ਖਾਸ ਧਿਆਨ ਦੇਣ ਦੀ ਲੋੜ ਹੈ। ਦੁੱਖ ਦੀ ਗੱਲ ਇਹ ਹੈ ਕਿ ਨਕਲੀ ਪ੍ਰਮਾਣ-ਪੱਤਰਾਂ ਦੀ ਮਦਦ ਨਾਲ ਖਿਡਾਰੀ ਵੱਖ-ਵੱਖ ਸਰਕਾਰੀ ਅਤੇ ਗ਼ੈਰ-ਸਰਕਾਰੀ ਵਿਭਾਗਾਂ 'ਚ ਨੌਕਰੀ ਵੀ ਕਰ ਰਹੇ ਹਨ, ਹਾਲਾਂਕਿ ਪਿਛਲੇ ਦਿਨੀਂ ਕਈ ਮਾਮਲੇ ਫੜੇ ਵੀ ਗਏ। ਪਰ ਇਸ ਵਪਾਰ ਨੂੰ ਰੋਕਣ ਲਈ ਗੰਭੀਰ ਅਤੇ ਸਖ਼ਤ ਹੋਣ ਦੀ ਲੋੜ ਹੈ। ਖੇਡ ਕੋਟੇ ਦੀ ਆੜ 'ਚ ਘੁਸਪੈਠ ਦਾ ਧੰਦਾ ਰੋਕਣ ਦੀ ਲੋੜ ਹੈ। ਕਈ ਗ਼ੈਰ-ਖਿਡਾਰੀ ਵੀ ਇਸ ਦਾ ਲਾਭ ਉਠਾ ਰਹੇ ਹਨ। ਪਰ ਕਦੋਂ ਤੱਕ?


-ਡੀ.ਏ.ਵੀ. ਕਾਲਜ, ਅੰਮ੍ਰਿਤਸਰ। ਮੋਬਾ: 98155-35410

ਭਾਰਤ ਦੀ ਉਡਣ ਪਰੀ-ਉਲੰਪੀਅਨ ਮਨਦੀਪ ਕੌਰ

ਮਨਦੀਪ ਕੌਰ ਦਾ ਜਨਮ 19 ਅਪ੍ਰੈਲ, 1988 ਈ: ਨੂੰ ਤਰਨ ਤਾਰਨ ਜ਼ਿਲ੍ਹੇ ਦੇ ਪਿੰਡ ਚੀਮਾ ਖੁਰਦ ਵਿਖੇ ਪਿਤਾ ਜਸਬੀਰ ਸਿੰਘ ਦੇ ਘਰ ਮਾਤਾ ਸਰਬਜੀਤ ਕੌਰ ਦੀ ਕੁੱਖੋਂ ਹੋਇਆ। ਉਸ ਨੇ ਮੁੱਢਲੀ ਵਿੱਦਿਆ ਪਿੰਡ ਦੇ ਸਰਕਾਰੀ ਸਕੂਲ ਤੋਂ ਪ੍ਰਾਪਤ ਕੀਤੀ। ਇਸ ਸਮੇਂ ਦੌਰਾਨ ਹੀ ਉਸ ਦਾ ਝੁਕਾਅ ਖੇਡਾਂ ਵੱਲ ਹੋ ਗਿਆ। ਸਕੂਲ ਦੇ ਅਧਿਆਪਕਾਂ ਤੇ ਮਾਪਿਆਂ ਨੇ ਮਨਦੀਪ ਦੀ ਰੁਚੀ ਨੂੰ ਦੇਖਦਿਆਂ ਉਸ ਨੂੰ ਕੈਰੋਂ ਸਕੂਲ ਦੇ ਖੇਡ-ਵਿੰਗ ਵਿਚ ਭੇਜ ਦਿੱਤਾ। ਕੈਰੋਂ ਦੇ ਖੇਡ-ਵਿੰਗ ਵਿਚੋਂ ਅਨੇਕਾਂ ਖਿਡਾਰਨਾਂ ਅੰਤਰਰਾਸ਼ਟਰੀ ਪੱਧਰ ਤੱਕ ਨਾਂਅ ਕਮਾ ਚੁੱਕੀਆਂ ਹਨ। ਖਾਸ ਤੌਰ 'ਤੇ ਭਾਰਤੀ ਹਾਕੀ ਟੀਮ ਵਿਚ ਅੱਜ ਵੀ ਕੈਰੋਂ ਖੇਡ-ਵਿੰਗ ਦੀ ਤੂਤੀ ਬੋਲਦੀ ਹੈ। ਮਨਦੀਪ ਨੇ ਅਰੰਭ ਵਿਚ ਇੱਥੇ ਹਾਕੀ ਦੀ ਟ੍ਰੇਨਿੰਗ ਲਈ। ਇਸੇ ਸਮੇਂ ਅਥਲੈਟਿਕਸ ਕੋਚ ਬਲਜਿੰਦਰ ਸਿੰਘ ਦੀ ਪਾਰਖੂ ਅੱਖ ਨੇ ਮਨਦੀਪ ਕੌਰ ਦੀ ਦੌੜਨ ਦੀ ਗਤੀ ਤੇ ਲੱਤਾਂ-ਪੈਰਾਂ ਦੀ ਫੁਰਤੀਲੀ ਹਰਕਤ ਨੂੰ ਪਹਿਚਾਣ ਲਿਆ। ਇਸ ਕੋਚ ਨੇ ਮਨਦੀਪ ਨੂੰ ਹਾਕੀ ਤੋਂ ਅਥਲੈਟਿਕਸ ਵੱਲ ਲੈ ਆਂਦਾ। ਹੁਣ ਮਨਦੀਪ ਦਾ ਟਰੈਕ ਵਿਚ ਨਵੇਂ ਨਕਸ਼ ਉਘਾੜਨ ਦਾ ਸਫ਼ਰ ਸ਼ੁਰੂ ਹੋ ਗਿਆ। ਅੱਠਵੀਂ ਜਮਾਤ ਵਿਚ ਪੜ੍ਹਦਿਆਂ ਹੀ ਮਨਦੀਪ ਨੇ ਨੈਸ਼ਨਲ ਪੱਧਰ 'ਤੇ 100 ਮੀ:, 200 ਮੀ:, 400 ਮੀ: (ਰਿਲੇਅ) ਦੌੜਾਂ ਵਿਚ ਸੋਨ ਤਗਮੇ ਹਾਸਲ ਕੀਤੇ। ਉਸ ਨੇ 100 ਮੀ: ਤੇ 400 ਮੀ: ਦੇ ਨੈਸ਼ਨਲ (ਸਕੂਲ) ਪੱਧਰ ਦੇ ਰਿਕਾਰਡ ਕਾਇਮ ਕੀਤੇ ਤੇ ਨੈਸ਼ਨਲ ਪੱਧਰ ਦੀ ਬੈਸਟ ਅਥਲੀਟ ਚੁਣੀ ਗਈ। ਇਸ ਪ੍ਰਾਪਤੀ ਸਦਕਾ ਉਸ ਨੂੰ ਭਾਰਤੀ ਅਥਲੈਟਿਕਸ ਫੈਡਰੇਸ਼ਨ ਨੇ ਜੂਨੀਅਰ ਕੈਂਪ ਵਿਚ ਚੁਣ ਕੇ ਕੈਰੋਂ ਵਿੰਗ ਵਿਖੇ ਹੀ ਉਸ ਦਾ ਕੈਂਪ ਲਗਾਇਆ। ਉਸ ਨੂੰ ਕੈਰੋਂ ਵਿੰਗ ਵਿਚ ਅਭਿਆਸ ਦੌਰਾਨ ਅਨੇਕਾਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਇੱਥੇ ਚਾਰਦੀਵਾਰੀ ਦੀ ਅਣਹੋਂਦ ਕਾਰਨ ਮੁੰਡੇ ਅਵਾਰਾਗਰਦੀ ਕਰਦੇ ਤੇ ਸ਼ਰਾਰਤੀ ਅਨਸਰ ਟਰੈਕ ਵਿਚ ਕੂੜਾ ਸੁੱਟ ਜਾਂਦੇ। ਮਨਦੀਪ ਆਪਣੀਆਂ ਸਾਥਣ ਕੁੜੀਆਂ ਨਾਲ ਸਵੇਰੇ ਜਲਦੀ ਉੱਠ ਕੇ ਪਹਿਲਾਂ ਟਰੈਕ ਤੋਂ ਕੂੜਾ ਸਾਫ਼ ਕਰਦੀ ਤੇ ਫਿਰ ਪਾਣੀ ਛਿੜਕ ਕੇ ਅਭਿਆਸ ਦੌਰਾਨ ਖੂਬ ਪਸੀਨਾ ਵਹਾਉਂਦੀ।
2006 ਵਿਚ ਦੋਹਾ (ਕਤਰ) ਵਿਚ ਹੋਈਆਂ ਏਸ਼ੀਅਨ ਖੇਡਾਂ ਵਿਚ ਮਨਦੀਪ ਨੇ 4×400 ਮੀ: ਰਿਲੇਅ ਦੌੜ ਮੁਕਾਬਲੇ ਵਿਚੋਂ ਸੋਨ ਤਗਮਾ ਹਾਸਲ ਕੀਤਾ। 2007 ਵਿਚ ਓਮਾਨ (ਜਾਰਡਨ) ਵਿਖੇ ਹੋਈ ਏਸ਼ੀਅਨ ਅਥਲੈਟਿਕਸ ਚੈਂਪੀਅਨਸ਼ਿਪ ਵਿਚੋਂ ਸੋਨ ਤਗਮਾ ਫੁੰਡ ਕੇ ਉਲੰਪਿਕ ਖੇਡਾਂ ਲਈ ਦਾਅਵੇਦਾਰੀ ਪੱਕੀ ਕੀਤੀ। 2010 ਵਿਚ ਹੀ ਦਿੱਲੀ ਵਿਖੇ ਹੋਈਆਂ ਰਾਸ਼ਟਰ ਮੰਡਲ ਖੇਡਾਂ ਦੇ 4×400 ਮੀ: (ਰਿਲੇਅ) ਦੌੜ ਮੁਕਾਬਲੇ ਵਿਚੋਂ ਸੋਨ ਤਗਮਾ ਜਿੱਤਿਆ। ਮਨਦੀਪ ਦੇ ਜਿੱਤੇ ਸੋਨ ਤਗਮੇ ਈਸਾ-ਮਸੀਹ ਦੇ ਇਸ ਕਥਨ ਨੂੰ ਦੁਹਰਾਉਂਦੇ ਹਨ ਕਿ ਜੋ ਮਿਹਨਤ ਕਰਨ ਤੋਂ ਨਹੀਂ ਘਬਰਾੳਂਦੇ, ਸਫ਼ਲਤਾ ਉਨ੍ਹਾਂ ਦੀ ਦਾਸੀ ਸਾਬਤ ਹੁੰਦੀ ਹੈ। ਇਸ ਤੋਂ ਬਾਅਦ ਮਨਦੀਪ ਨੂੰ ਡੋਪ ਟੈਸਟ ਤੇ ਅਭਿਆਸ ਦੌਰਾਨ ਸੱਟ ਲੱਗਣ ਵਰਗੀਆਂ ਔਕੜਾਂ ਨਾਲ ਜੂਝਣਾ ਪਿਆ। ਆਖ਼ਰ ਮਨਦੀਪ ਨੇ ਸਵਿਟਜ਼ਰਲੈਂਡ ਵਿਖੇ ਸਥਿਤ ਵਾਡਾ ਦੀ ਮੁੱਖ ਅਦਾਲਤ ਤੋਂ ਕਲੀਨ-ਚਿਟ ਹਾਸਲ ਕਰਕੇ ਆਪਣੇ-ਆਪ ਨੂੰ ਨਿਰਦੋਸ਼ ਸਾਬਤ ਕੀਤਾ। ਇਸ ਸਮੇਂ ਮਨਦੀਪ ਦਾ ਵਿਆਹ ਅੰਤਰਰਾਸ਼ਟਰੀ ਸਾਈਕਲਿਸਟ ਹਰਪਿੰਦਰ ਸਿੰਘ ਨਾਲ ਹੋ ਗਿਆ। ਮਨਦੀਪ ਦੇ ਪਤੀ ਤੇ ਮਾਪਿਆਂ ਨੇ ਉਸ ਨੂੰ ਟਰੈਕ ਵਿਚ ਦੁਬਾਰਾ ਜੌਹਰ ਦਿਖਾਉਣ ਲਈ ਪ੍ਰੇਰਿਤ ਕੀਤਾ।
ਜੇਕਰ ਮਨਦੀਪ ਦੇ ਮਾਪਿਆਂ ਵਾਂਗ ਧੀਆਂ ਨੂੰ ਘਰਾਂ ਦੀ ਵਲਗਣ ਵਿਚੋਂ ਆਪਣੇ ਖੰਭਾਂ 'ਤੇ ਉਡਾਰੀ ਭਰਨ ਲਈ ਲੋੜੀਂਦੇ ਮੌਕੇ ਪ੍ਰਦਾਨ ਕੀਤੇ ਜਾਣ ਤਾਂ ਧੀਆਂ ਨੂੰ ਅੰਬਰਾਂ ਵਿਚ ਉਡਾਰੀਆਂ ਭਰਨ ਤੋਂ ਕੋਈ ਨਹੀਂ ਰੋਕ ਸਕਦਾ। ਮਨਦੀਪ ਦੀ ਸਾਹਸ ਭਰੀ ਖੇਡ-ਗਾਥਾ ਭਵਿੱਖ ਦੇ ਖਿਡਾਰੀਆਂ ਲਈ ਸਦੀਵੀ ਪ੍ਰੇਰਨਾ ਦਾ ਸਰੋਤ ਬਣੀ ਰਹੇਗੀ।


-ਗੁਰਦਾਸ ਸਿੰਘ ਸੇਖੋਂ
ਪਿੰਡ ਬੋੜਾਵਾਲ, ਤਹਿ: ਬੁਢਲਾਡਾ, ਜ਼ਿਲਾ ਮਾਨਸਾ-151502. ਮੋਬਾ: 98721-77666


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX