ਤਾਜਾ ਖ਼ਬਰਾਂ


ਕੇਂਦਰੀ ਜੇਲ੍ਹ 'ਚ ਕੈਦੀ ਦੀ ਮੌਤ
. . .  17 minutes ago
ਫ਼ਿਰੋਜ਼ਪੁਰ, 20 ਜਨਵਰੀ (ਜਸਵਿੰਦਰ ਸਿੰਘ ਸੰਧੂ) - ਨਸ਼ਾ ਤਸਕਰੀ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਇਕ ਕੈਦੀ ਦੀ ਕੇਂਦਰੀ ਜੇਲ੍ਹ ਫ਼ਿਰੋਜ਼ਪੁਰ ਅੰਦਰ ਮੌਤ ਹੋ ਜਾਣ ਦੀ ਖ਼ਬਰ ਹੈ। ਜਿਸ...
ਮਹਾਰਸ਼ਟਰ ਦੇ ਪਾਲਘਰ 'ਚ ਭੂਚਾਲ ਦੇ ਝਟਕੇ ਮਹਿਸੂਸ
. . .  about 2 hours ago
ਮੁੰਬਈ, 20 ਜਨਵਰੀ - ਮਹਾਰਾਸ਼ਟਰ ਦੇ ਪਾਲਘਰ 'ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 3.6 ਮਾਪੀ ਗਈ...
ਹਿੰਦ-ਪਾਕਿ ਸਰਹੱਦ ਪਾਰ ਕਰਦਾ ਪਾਕਿ ਨਾਗਰਿਕ ਕਾਬੂ
. . .  about 2 hours ago
ਫ਼ਿਰੋਜ਼ਪੁਰ, 20 ਜਨਵਰੀ (ਜਸਵਿੰਦਰ ਸਿੰਘ ਸੰਧੂ)- ਹਿੰਦ-ਪਾਕਿ ਕੌਮੀ ਸਰਹੱਦ ਪਾਰ ਕਰ ਕੇ ਭਾਰਤੀ ਖੇਤਰ 'ਚ ਦਾਖ਼ਲ ਹੋਏ ਇਕ ਅਧਖੜ ਉਮਰ ਦੇ ਵਿਅਕਤੀ ਨੂੰ ਬੀ.ਐੱਸ.ਐਫ...
ਗਣਤੰਤਰ ਦਿਵਸ ਦੇ ਸਬੰਧ ਵਿੱਚ ਅੰਮ੍ਰਿਤਸਰ ਦੇ ਹਵਾਈ ਅੱਡਾ ਰਾਜਾਸਾਂਸੀ ਵਿਖੇ ਰੈੱਡ ਅਲਰਟ ਜਾਰੀ
. . .  about 3 hours ago
ਰਾਜਾਸਾਂਸੀ, 20 (ਹਰਦੀਪ ਸਿੰਘ ਖੀਵਾ)26 ਜਨਵਰੀ ਨੂੰ ਦੇਸ਼ ਭਰ ਵਿੱਚ ਮਨਾਏ ਜਾ ਰਹੇ ਗਣਤੰਤਰ ਦਿਵਸ ਤਹਿਤ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਅੰਮ੍ਰਿਤਸਰ ਦੇ ਹਵਾਈ ਅੱਡਾ ਰਾਜਾਸਾਂਸੀ ਵਿਖੇ ਹਵਾਈ ਅੱਡੇ ਦੇ ਅਧਿਕਾਰੀਆਂ ਵੱਲੋਂ ਰੈੱਡ ਅਲਰਟ ਜਾਰੀ ਕਰਦਿਆਂ ਸੁਰੱਖਿਆ ਪ੍ਰਬੰਧ...
ਯੂ.ਐਨ. ਦੇ ਬੇਸ 'ਤੇ ਹੋਏ ਹਮਲੇ ਵਿਚ 8 ਸ਼ਾਂਤੀ ਸੈਨਿਕਾਂ ਦੀ ਮੌਤ
. . .  about 3 hours ago
ਮਾਸਕੋ, 20 ਜਨਵਰੀ - ਅਫ਼ਰੀਕੀ ਮੁਲਕ ਮਾਲੀ ਵਿਚ ਸੰਯੁਕਤ ਰਾਸ਼ਟਰ ਦੇ ਬੇਸ 'ਤੇ ਹੋਏ ਅੱਤਵਾਦੀ ਹਮਲੇ ਵਿਚ 8 ਸ਼ਾਂਤੀ ਸੈਨਿਕਾਂ ਦੀ ਮੌਤ ਹੋ ਗਈ ਤੇ ਕਈ ਸੈਨਿਕ ਜ਼ਖਮੀ ਹੋਏ ਹਨ। ਜ਼ਖਮੀਆਂ ਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ...
ਰੈਲੀ ਵਿਚ ਭਗਵੰਤ ਮਾਨ ਨੇ ਸ਼ਰਾਬ ਛੱਡਣ ਦਾ ਕੀਤਾ ਐਲਾਨ, ਮਾਂ ਸੀ ਬਹੁਤ ਪ੍ਰੇਸ਼ਾਨ
. . .  about 4 hours ago
ਬਰਨਾਲਾ, 20 ਜਨਵਰੀ - ਬਰਨਾਲਾ 'ਚ ਆਮ ਆਦਮੀ ਪਾਰਟੀ ਦੀ ਹੋਈ ਰੈਲੀ ਵਿਚ ਸੰਗਰੂਰ ਤੋਂ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਨੇ ਆਪਣੇ ਸੰਬੋਧਨ ਵਿਚ ਵੱਡਾ ਐਲਾਨ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ 1 ਜਨਵਰੀ ਤੋਂ ਸ਼ਰਾਬ ਪੀਣੀ ਛੱਡ ਦਿੱਤੀ ਹੈ ਤੇ ਉਹ ਇਸ ਸਬੰਧ...
ਕਾਂਗਰਸੀ ਵਿਧਾਇਕਾਂ ਦੀ ਰਿਜ਼ਾਰਟ ਵਿਚ ਲੜਾਈ, ਇਕ ਹਸਪਤਾਲ ਭਰਤੀ
. . .  about 5 hours ago
ਬੈਂਗਲੁਰੂ, 20 ਜਨਵਰੀ - ਕਰਨਾਟਕ 'ਚ ਸਿਆਸੀ ਡਰਾਮਾ ਰੁਕਣ ਦਾ ਨਾਂ ਨਹੀਂ ਲੈ ਰਿਹਾ। ਪਹਿਲਾ ਕਾਂਗਰਸ ਤੇ ਜਨਤਾ ਦਲ ਸੈਕੂਲਰ ਨੇ ਭਾਜਪਾ 'ਤੇ ਵਿਧਾਇਕਾਂ ਦੀ ਖ਼ਰੀਦ ਫ਼ਰੋਖ਼ਤ ਦਾ ਦੋਸ਼ ਲਗਾਇਆ। ਹੁਣ ਮਾਮਲਾ ਮਾਰਕੁੱਟ ਤੱਕ ਪਹੁੰਚ ਗਿਆ ਹੈ। ਕਿਹਾ ਜਾ ਰਿਹਾ ਹੈ ਕਿ...
ਚਿੜੀਆ ਘਰ 'ਚ ਸ਼ੇਰ ਸੈਲਾਨੀਆਂ 'ਤੇ ਹਮਲਾ, ਇਕ ਦੀ ਮੌਤ
. . .  about 5 hours ago
ਜ਼ੀਰਕਪੁਰ, 20 ਜਨਵਰੀ, (ਹਰਦੀਪ ਸਿੰਘ ਹੈਪੀ ਪੰਡਵਾਲਾ) - ਇੱਥੋਂ ਦੇ ਛੱਤਬੀੜ ਚਿੜੀਆ ਘਰ 'ਚ ਅੱਜ ਸ਼ਾਮ ਸ਼ੇਰ ਸਫ਼ਰੀ 'ਚ ਸ਼ੇਰ ਨੇ ਇਕ ਵਿਅਕਤੀ ਨੂੰ ਮਾਰ ਮੁਕਾਇਆ। ਜਾਣਕਾਰੀ ਅਨੁਸਾਰ ਐਤਵਾਰ ਸੈਲਾਨੀਆਂ ਨੂੰ ਲਾਈਨ ਸਫ਼ਾਰੀ 'ਚ ਸ਼ੇਰ ਦਿਖਾਉਣ ਲੈ ਕੇ ਗਈ ਬੱਸ...
ਪਾਕਿਸਤਾਨ ਨੇ ਕਠੂਆ 'ਚ ਕੀਤੀ ਜੰਗਬੰਦੀ ਦੀ ਉਲੰਘਣਾ
. . .  about 6 hours ago
ਜੰਮੂ, 20 ਜਨਵਰੀ - ਪਾਕਿਸਤਾਨੀ ਸੈਨਿਕਾਂ ਵਲੋਂ ਅੱਜ ਐਤਵਾਰ ਜੰਮੂ ਕਸ਼ਮੀਰ ਦੇ ਕਠੂਆ ਸਥਿਤ ਅੰਤਰਰਾਸ਼ਟਰੀ ਬਾਰਡਰ 'ਤੇ ਜੰਗਬੰਦੀ ਦੀ ਉਲੰਘਣਾ ਕੀਤੀ ਗਈ ਤੇ ਛੋਟੇ ਹਥਿਆਰਾਂ ਦੀ ਵਰਤੋਂ ਕੀਤੀ ਗਈ। ਇਸ ਉਲੰਘਣਾ 'ਚ ਕਿਸੇ ਦੇ ਮਾਰੇ ਜਾਣ ਦੀ ਰਿਪੋਰਟ ਨਹੀਂ ਹੈ। ਪਿਛਲੇ...
'ਕਾਲੀਆ ਸਕੀਮ' ਦੇ ਨਾਂਅ 'ਤੇ ਲੋਕਾਂ ਨੂੰ ਗੁਮਰਾਹ ਕਰ ਰਹੇ ਹਨ ਪਟਨਾਇਕ - ਧਰਮਿੰਦਰ ਪ੍ਰਧਾਨ
. . .  about 6 hours ago
ਭੁਵਨੇਸ਼ਵਰ, 20 ਜਨਵਰੀ- ਕੇਂਦਰੀ ਮੰਤਰੀ ਧਰਮਿੰਦਰ ਪ੍ਰਧਾਨ ਨੇ ਕਿਹਾ ਕਿ ਮੁੱਖ ਮੰਤਰੀ ਨਵੀਨ ਪਟਨਾਇਕ 'ਕਾਲੀਆ ਸਕੀਮ' ਦੇ ਨਾਂਅ 'ਤੇ ਲੋਕਾਂ ਨੂੰ ਗੁਮਰਾਹ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਇਸ ਸਕੀਮ ਨਾਲ ਕੋਈ ਫ਼ਾਇਦਾ ਨਹੀਂ ਹੋਵੇਗਾ। ਉਹ ਇਕ ਭ੍ਰਿਸ਼ਟ ....
ਹੋਰ ਖ਼ਬਰਾਂ..

ਨਾਰੀ ਸੰਸਾਰ

ਧੀਆਂ ਦੀ ਲੋਹੜੀ

ਧੀਆਂ ਨੇ ਜੜ੍ਹ ਖਾਨਦਾਨ ਦੀ,
ਧੀ ਬਿਨਾਂ ਜ਼ਿੰਦਗੀ ਕੀ ਉਏ।
ਉਹੋ ਘਰ ਕਰਮਾਂ ਵਾਲਾ,
ਜਿਹੜੇ ਘਰ ਵਿਚ ਧੀ ਹੋਏ।
ਸਮਾਂ ਬਦਲਿਆ, ਸੋਚ ਬਦਲੀ ਤੇ ਬਦਲ ਗਿਆ ਧੀਆਂ ਦੇ ਪ੍ਰਤੀ ਨਜ਼ਰੀਆ। ਦੁਨੀਆ ਦੀ ਰਚਯਿਤਾ ਨੂੰ ਵੀ ਉਹ ਸਾਰੇ ਅਧਿਕਾਰ ਚਾਹੀਦੇ ਹਨ, ਜਿਸ ਦੀ ਪੁਰਸ਼ ਸਮਾਜ ਨੂੰ ਜ਼ਰੂਰਤ ਹੈ, ਚਾਹੇ ਰੀਤੀ-ਰਿਵਾਜ ਹੋਣ ਜਾਂ ਤਿਉਹਾਰ, ਨਵੇਂ ਸਾਲ ਦੇ ਪਹਿਲੇ ਸਮਾਜਿਕ ਤਿਉਹਾਰ ਲੋਹੜੀ 'ਤੇ ਧੀਆਂ ਦਾ ਵੀ ਓਨਾ ਹੱਕ ਹੈ, ਜਿੰਨਾ ਪੁੱਤਾਂ ਦਾ। ਆਓ ਸਾਰੇ ਰਲ-ਮਿਲ ਕੇ ਨਵਜੰਮੀਆਂ ਧੀਆਂ ਦੀ ਲੋਹੜੀ ਮਨਾਈਏ ਤੇ ਸਮਾਜ ਨੂੰ ਸੁਨੇਹਾ ਦਈਏ ਕਿ ਤਿਉਹਾਰ ਲਿੰਗ ਭੇਦ ਤੋਂ ਉੱਪਰ ਹੁੰਦੇ ਹਨ। ਜੇ ਲਿੰਗ ਭੇਦ ਨੂੰ ਖ਼ਤਮ ਕਰਨਾ ਹੈ ਤਾਂ ਧੀਆਂ ਨੂੰ ਵੀ ਪੁੱਤਾਂ ਵਾਂਗ ਹੱਕ ਦੇਣੇ ਪੈਣਗੇ। ਖੁਸ਼ੀ ਦੀ ਗੱਲ ਹੈ ਕਿ ਅੱਜ ਕੋਈ ਵੀ ਖੇਤਰ ਉਨ੍ਹਾਂ ਦੀਆਂ ਉਪਲਬਧੀਆਂ ਤੋਂ ਅਛੂਤਾ ਨਹੀਂ। ਉਹ ਫੁੱਲਾਂ ਤੋਂ ਫੌਲਾਦ ਬਣ ਚੁੱਕੀਆਂ ਅਤੇ ਸਰਹੱਦਾਂ 'ਤੇ ਪਹਿਰਾ ਦੇ ਰਹੀਆਂ ਹਨ। ਫਿਰ ਇਨ੍ਹਾਂ ਨਾਲ ਵਿਤਕਰਾ ਕਿਉਂ?
ਕੁਝ ਰੂੜੀਵਾਦੀ ਲੋਕਾਂ ਅਤੇ ਸਮਾਜ ਦੇ ਸੁਆਰਥੀ ਵਰਗ ਨੇ ਧੀਆਂ-ਪੁੱਤਰਾਂ ਵਿਚ ਇਸ ਤਰ੍ਹਾਂ ਦਾ ਵਿਤਕਰਾ ਪਾ ਦਿੱਤਾ, ਜਿਸ ਦੇ ਨਤੀਜੇ ਵਜੋਂ ਔਰਤ ਦਾ ਹਮੇਸ਼ਾ ਸੋਸ਼ਣ ਹੁੰਦਾ ਰਿਹਾ ਹੈ ਅਤੇ ਲੋਕ ਉਸ ਦਾ ਨਾਜਾਇਜ਼ ਲਾਭ ਉਠਾਉਂਦੇ ਰਹੇ ਹਨ। ਬਹੁਤ ਸਾਰੇ ਸਮਾਜ ਸੁਧਾਰਕਾਂ ਨੇ ਅਣਥੱਕ ਮਿਹਨਤ ਕਰਕੇ ਔਰਤ ਨਾਲ ਹੋ ਰਹੇ ਵਿਤਕਰੇ ਦੇ ਵਿਰੁੱਧ ਆਵਾਜ਼ ਉਠਾਈ, ਧੀਆਂ ਨੂੰ ਵੀ ਵਿੱਦਿਆ ਦਾ ਗਿਆਨ ਦੇਣ 'ਤੇ ਜ਼ੋਰ ਦਿੱਤਾ। ਉਹ ਆਪਣੇ ਅਧਿਕਾਰਾਂ ਅਤੇ ਫਰਜ਼ਾਂ ਪ੍ਰਤੀ ਜਾਗਰੂਕ ਹੋਣ ਦੇ ਨਾਲ ਆਤਮਨਿਰਭਰ ਵੀ ਹੋਣਾ ਸ਼ੁਰੂ ਹੋਈ, ਜਿਸ ਨੇ ਉਸ ਵਿਚ ਆਤਮਵਿਸ਼ਵਾਸ ਪੈਦਾ ਕੀਤਾ। 'ਬੇਟੀ ਬਚਾਓ, ਬੇਟੀ ਪੜ੍ਹਾਓ' ਨੂੰ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਅੱਜ ਹਰ ਮਾਂ-ਬਾਪ ਧੀਆਂ ਨੂੰ ਉਨ੍ਹਾਂ ਦੇ ਮੁਕਾਮ ਤੱਕ ਪਹੁੰਚਾਉਣ ਲਈ ਬੜੇ ਉਤਸ਼ਾਹ ਨਾਲ ਸਾਥ ਦੇ ਰਹੇ ਹਨ। ਹਰ ਖੇਤਰ ਵਿਚ ਧੀਆਂ ਮੱਲਾਂ ਮਾਰ ਰਹੀਆਂ ਹਨ। ਸਭ ਤੋਂ ਖੁਸ਼ੀ ਦੀ ਗੱਲ ਹੈ ਕਿ ਦੇਸ਼ ਦੇ ਸਭ ਤੋਂ ਮਹੱਤਵਪੂਰਨ ਵਿਭਾਗ (ਵਿਦੇਸ਼ ਤੇ ਸੁਰੱਖਿਆ) ਸੀਤਾਰਮਨ ਅਤੇ ਸੁਸ਼ਮਾ ਸਵਰਾਜ ਸੰਭਾਲ ਰਹੀਆਂ ਹਨ। ਪੁਰਸ਼ ਸਮਾਜ ਨੂੰ ਅੱਜ ਔਰਤ 'ਤੇ ਮਾਣ ਕਰਨਾ ਚਾਹੀਦਾ ਹੈ ਕਿ ਮਹਿਲਾਵਾਂ ਬਾਖੂਬੀ ਨਾਲ ਉਨ੍ਹਾਂ ਦਾ ਭਾਰ ਵੰਡਾ ਰਹੀਆਂ ਹਨ।
ਕੋਈ ਅਜਿਹਾ ਖੇਤਰ ਨਹੀਂ, ਜਿਥੇ ਔਰਤ ਆਪਣੀ ਕਾਮਯਾਬੀ ਦਰਜ ਨਹੀਂ ਕਰਾ ਰਹੀ। ਚਾਹੇ ਰਾਜਨੀਤੀ, ਵਿੱਦਿਆ, ਗੀਤ, ਸੰਗੀਤ, ਖੇਡਾਂ, ਵਿਗਿਆਨ ਜਾਂ ਸਿਨੇਮਾ ਜਗਤ ਆਦਿ।
ਧੀਆਂ ਦੀ ਲੋਹੜੀ ਮਨਾਉਣ ਦਾ ਮਤਲਬ ਉਨ੍ਹਾਂ ਨੂੰ ਉਡਣ ਲਈ ਖੰਭ ਦੇ ਦੇਣਾ ਹੈ। ਇਸ ਤਰ੍ਹਾਂ ਦੇ ਤਿਉਹਾਰ ਜਿਨ੍ਹਾਂ ਵਿਚ ਧੀਆਂ ਦੀ ਬਰਾਬਰ ਦੀ ਸਾਂਝ ਹੁੰਦੀ ਹੈ, ਉਨ੍ਹਾਂ ਦਾ ਹੌਸਲਾ ਤੇ ਹਿੰਮਤ ਬੁਲੰਦ ਕਰਕੇ ਅੱਗੇ ਵਧਣ ਲਈ ਨਵਾਂ ਜੋਸ਼ ਅਤੇ ਜਜ਼ਬਾ ਭਰ ਦਿੰਦੇ ਹਨ। ਕਾਮਯਾਬ ਧੀ ਦਾ ਬਾਪ ਵੀ ਸਮਾਜ ਵਿਚ ਸਿਰ ਉੱਚਾ ਕਰਕੇ ਜੀਅ ਸਕਦਾ ਹੈ। ਧੀਆਂ ਦੀ ਲੋਹੜੀ ਘਰ ਦੇ ਵਿਹੜੇ ਤੋਂ ਨਿਕਲ ਕੇ ਹੋਟਲਾਂ ਅਤੇ ਪੈਲੇਸਾਂ ਵਿਚ ਪਹੁੰਚ ਗਈ ਹੈ, ਜਿਥੇ ਨਵੀਂ ਜੰਮੀ ਬੱਚੀ ਦੀ ਲੋਹੜੀ 'ਤੇ ਉਸ ਨੂੰ ਕਈ ਤਰ੍ਹਾਂ ਦੇ ਉਪਹਾਰ ਦਿੱਤੇ ਜਾਂਦੇ ਹਨ। ਮੂੰਗਫਲੀ, ਗੱਚਕ ਤੇ ਰਿਉੜੀਆਂ ਵੰਡੀਆਂ ਜਾਂਦੀਆਂ ਹਨ ਤੇ ਕਈ ਤਰ੍ਹਾਂ ਦੇ ਗੀਤ ਗਾਏ ਜਾਂਦੇ ਹਨ। ਸਕੂਲ, ਕਾਲਜ ਅਤੇ ਸਮਾਜ ਸੇਵੀ ਸੰਸਥਾਵਾਂ ਦੁਆਰਾ ਵੀ ਇਸ ਤਿਉਹਾਰ ਨੂੰ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਕਈ ਜਗ੍ਹਾ 'ਤੇ ਧੀਆਂ ਦੇ ਮਾਂ-ਬਾਪ ਨੂੰ ਸਨਮਾਨਿਤ ਕਰਨ ਦੇ ਨਾਲ, ਅਲੱਗ-ਅਲੱਗ ਖੇਤਰਾਂ ਵਿਚ ਪਹਿਚਾਣ ਬਣਾਉਣ ਵਾਲੀਆਂ ਧੀਆਂ ਦਾ ਵੀ ਮਾਣ-ਸਤਿਕਾਰ ਕੀਤਾ ਜਾਂਦਾ ਹੈ।
ਧੀ ਮਸ਼ਾਲ ਤੇ ਮਿਸਾਲ ਬਣ ਚੁੱਕੀ ਹੈ। ਇਹ ਹੀ ਸਮਾਜ ਦੀ ਮਜ਼ਬੂਤੀ ਦਾ ਮੁੱਖ ਕਾਰਨ ਹੈ ਅਤੇ ਦੇਸ਼ ਦੀ ਤਰੱਕੀ ਇਨ੍ਹਾਂ 'ਤੇ ਨਿਰਭਰ ਕਰਦੀ ਹੈ। ਆਓ ਧੀਆਂ ਦੀ ਲੋਹੜੀ ਮਨਾ ਕੇ ਇਹ ਸੰਦੇਸ਼ ਦੇਈਏ ਕਿ ਇਹ ਕੁਦਰਤ ਦਾ ਅਨਮੋਲ ਤੋਹਫ਼ਾ ਹੈ, ਜਿਸ ਬਿਨਾਂ ਜੱਗ ਅਧੂਰਾ ਹੈ। ਇਸ ਨੂੰ ਪੂਰਾ ਕਰਨ ਲਈ-
ਧੀਆਂ ਦੀ ਲੋਹੜੀ ਮਨਾਓ,
ਲਿੰਗ ਭੇਦ ਨੂੰ ਜੜ੍ਹੋਂ ਮਿਟਾਓ।


-ਮੋਬਾ: 98782-49944


ਖ਼ਬਰ ਸ਼ੇਅਰ ਕਰੋ

ਨਵਾਂ ਵਰ੍ਹਾ ਨਵੀਆਂ ਦਿਸ਼ਾਵਾਂ

ਦਿਲ ਦੀਆਂ ਬਰੂਹਾਂ ਉੱਤੇ ਸੱਧਰਾਂ ਦਾ ਤੇਲ ਚੋਅ ਕੇ ਇਸ ਵਰ੍ਹੇ ਨੂੰ ਖੁਸ਼ਆਮਦੀਦ ਕਹਿ ਚੁੱਕੇ ਹਾਂ। ਇਸ ਵਰ੍ਹੇ ਆਓ ਕੁਝ ਨਵੇਂ ਸੰਕਲਪ ਲਈਏ, ਜੀਵਨ ਦੇ ਵੱਖ-ਵੱਖ ਪੱਖਾਂ ਬਾਰੇ ਵਿਚਾਰ ਕਰੀਏ, ਸਰਬੱਤ ਦਾ ਭਲਾ ਲੋੜੀਏ। ਆਪਣੀ ਸਮਾਜਿਕ ਜ਼ਿੰਮੇਵਾਰੀ, ਸਿੱਖਿਆ ਅਤੇ ਸਿਹਤ ਪ੍ਰਤੀ ਹੋਈਏ ਵਧੇਰੇ ਜਾਗਰੂਕ। ਆਓ ਨਵੇਂ ਵਰ੍ਹੇ ਦੀਆਂ ਨਵੀਆਂ ਦਿਸ਼ਾਵਾਂ ਦੇ ਰਾਹ ਚੱਲੀਏ। ਕੁਝ ਸਾਵਧਾਨੀਆਂ, ਚੁਣੌਤੀਆਂ ਅਤੇ ਚਿੰਤਾਵਾਂ ਦਾ ਚਿੰਤਨ ਕਰੀਏ।
ਨਾਰੀ ਕਿਉਂਕਿ ਪਰਿਵਾਰ ਦਾ ਧੁਰਾ ਹੈ, ਨਵੇਂ ਵਰ੍ਹੇ ਦੇ ਸਾਰੇ ਵਾਅਦੇ ਤਾਂ ਹੀ ਕਾਮਯਾਬ ਹੋ ਸਕਣਗੇ, ਜੇਕਰ ਘਰ ਵਿਚ ਮੌਜੂਦ ਨਾਰੀ ਮਾਂ, ਭੈਣ, ਪਤਨੀ ਆਦਿ ਰਿਸ਼ਤਿਆਂ ਦੇ ਰੂਪ ਵਿਚ ਰਸੋਈ ਘਰ ਵਿਚ ਬਣਾਉਣ ਵਾਲੇ ਪਕਵਾਨਾਂ ਵੇਲੇ ਪਰਿਵਾਰ ਦੀ ਸਿਹਤ ਦੀ ਬਿਹਤਰੀ ਬਾਰੇ ਸੋਚੇ।
* ਨਵੇਂ ਵਰ੍ਹੇ ਆਪਣੀਆਂ ਮਾਨਸਿਕ ਚਿੰਤਾਵਾਂ ਦੀ ਗੁੰਝਲ ਵਿਚੋਂ ਬਾਹਰ ਆਈਏ, ਬਹੁਤ ਵਾਰ ਇਸ ਤਰ੍ਹਾਂ ਹੁੰਦਾ ਹੈ ਕਿ ਸੁਭਾਵਿਕ ਤੌਰ 'ਤੇ ਸਭ ਕੁਝ ਹੁੰਦੇ ਹੋਏ ਵੀ ਅਸੀਂ ਕਿਸੇ ਕਾਹਲ, ਚਿੰਤਾ ਜਾਂ ਤਣਾਅ ਦਾ ਸ਼ਿਕਾਰ ਰਹਿੰਦੇ ਹਾਂ ਪਰ ਨਵੇਂ ਵਰ੍ਹੇ ਦੇ ਸੂਰਜ ਨੂੰ ਖੁਸ਼ਆਮਦੀਦ ਕਹਿੰਦਿਆਂ ਇਹ ਸੋਚੀਏ ਕਿ ਅਸੀਂ ਚਿੰਤਾਵਾਂ ਦੇ ਹੱਲ ਵੱਲ ਤੁਰਾਂਗੇ, ਨਾ ਕਿ ਚਿੰਤਾਵਾਂ ਲੈ ਕੇ ਆਪਣੀ ਸਰੀਰਕ ਸਿਹਤ ਖਰਾਬ ਕਰਾਂਗੇ। ਆਪਣੀ ਖੂਬਸੂਰਤੀ ਮਨ ਅਤੇ ਤਨ ਦੋਵਾਂ ਪ੍ਰਤੀ ਸੁਚੇਤ ਰਹੀਏ। ਆਪਣੇ ਸਰੀਰ ਦੀ ਤੰਦਰੁਸਤੀ ਲਈ ਕਸਰਤ, ਸੈਰ, ਯੋਗ ਕੋਈ ਵੀ ਸਰੀਰਕ ਗਤੀਵਿਧੀ ਕਰੀਏ ਅਤੇ ਮਨ ਦੀ ਸੰਤੁਸ਼ਟੀ ਲਈ ਆਪਣੀ ਖੂਬਸੂਰਤੀ, ਮਨ ਦੀ ਸ਼ਾਂਤੀ ਲਈ ਯਤਨ ਕਰੀਏ। ਆਪਣੀ ਵਧਦੀ ਉਮਰ ਦੀ ਚਿੰਤਾ ਛੱਡ ਕੇ ਘਰੇਲੂ ਨੁਸਖੇ ਅਤੇ ਸੁੰਦਰਤਾ ਮਾਹਿਰ ਦੀ ਰਾਏ ਲੈ ਕੇ ਆਪਣੇ ਮਨ ਅਤੇ ਤਨ ਨੂੰ ਸੰਵਾਰੀਏ।
* ਨਵੀਆਂ ਉਮੰਗਾਂ ਲਈ ਆਸ਼ਾਵਾਦੀ ਰਹੀਏ। ਫੈਸ਼ਨ ਦੀਆਂ ਤਕਨੀਕਾਂ ਨੂੰ ਜਾਣਦੇ ਹੋਏ ਸਮੇਂ ਦੇ ਹਾਣੀ ਬਣਨ ਦੀ ਕੋਸ਼ਿਸ਼ ਕਰੀਏ। ਆਪਣੀ ਇੱਛਾ ਸ਼ਕਤੀ ਵਧਾਈਏ। ਆਪਣੇ ਘਰਾਂ ਦੀਆਂ ਅਲਮਾਰੀਆਂ ਵਿਚ ਝਾਤੀ ਮਾਰ ਕੇ ਦੇਖੀਏ ਤੇ ਸਾਰੇ ਉਹ ਪੁਰਾਣੇ ਕੱਪੜੇ ਜੋ ਸਾਨੂੰ ਨਹੀਂ ਚਾਹੀਦੇ, ਬਸ ਹਰ ਸਾਲ ਅਸੀਂ ਫਿਰ ਬਿਨਾਂ ਵਜ੍ਹਾ ਹੀ ਸੰਭਾਲਦੇ ਰਹਿੰਦੇ ਹਾਂ, ਉਹ ਕੱਢ ਕੇ ਲੋੜਵੰਦ ਲੋਕਾਂ ਵਿਚ ਵੰਡ ਦੇਈਏ। ਮਹਿੰਗੇ ਬਰਾਂਡਾਂ ਮਗਰ ਦੌੜਨ ਦੀ ਥਾਂ ਆਪਣੀ ਸਰੀਰਕ ਦਿੱਖ ਅਤੇ ਆਪਣੀ ਆਰਥਿਕ ਸਥਿਤੀ ਅਨੁਸਾਰ ਕੱਪੜਿਆਂ ਦੀ ਚੋਣ ਕਰੀਏ।
* ਬੱਚਤ ਕਰਨ ਦੀ ਆਦਤ ਨੂੰ ਵੀ ਆਪਣੇ ਜੀਵਨ ਦਾ ਇਸ ਵਰ੍ਹੇ ਤੋਂ ਹਿੱਸਾ ਬਣਾਈਏ। ਆਪਣੀ ਆਮਦਨ ਦੇ ਅਨੁਸਾਰ ਬੱਚਤ ਕਰਨ ਦਾ ਆਪਣੇ-ਆਪ ਨਾਲ ਵਾਅਦਾ ਕਰੀਏ। ਔਰਤ ਘਰ ਦੀ ਦੇਖ-ਰੇਖ ਕਰਦੀ ਹੈ, ਉਹ ਚਾਹਵੇ ਤਾਂ ਆਪਣੇ ਖਰਚੇ ਫਜ਼ੂਲ ਵਧਾ ਕੇ ਪਰਿਵਾਰ ਲਈ ਮੁਸ਼ਕਿਲਾਂ ਵਧਾ ਸਕਦੀ ਹੈ, ਜੇ ਚਾਹੇ ਤਾਂ ਫਜ਼ੂਲ ਖਰਚੀ ਛੱਡ ਕੇ ਔਖੇ ਵੇਲੇ ਲਈ ਪੈਸਾ ਜੋੜ ਸਕਦੀ ਹੈ। ਇਸ ਵਰ੍ਹੇ ਆਪਣੇ-ਆਪ ਨਾਲ ਇਕਰਾਰ ਕਰੋ ਕਿ ਥੋੜ੍ਹੀ ਬੱਚਤ ਕਰਨ ਦੀ ਆਦਤ ਪਾਉਣੀ ਹੈ।
* ਚੰਗੀਆਂ ਪੁਸਤਕਾਂ ਪੜ੍ਹਨ ਦੀ ਆਦਤ ਪਾਉਣਾ ਵੀ ਮਾਨਸਿਕ ਚਿੰਤਾ ਤੋਂ ਦੂਰ ਰਹਿਣ ਅਤੇ ਵਿਹਲੇ ਸਮੇਂ ਦੀ ਸਹੀ ਵਰਤੋਂ ਕਰਨ ਦਾ ਨੁਕਤਾ ਹੈ।
* ਹਰ ਦਿਨ ਦਾ ਕੋਈ ਸਾਰਥਿਕ ਉਦੇਸ਼ ਨਿਸਚਿਤ ਕਰਨ ਨਾਲ ਮਾਨਸਿਕ ਤਸੱਲੀ ਅਤੇ ਖੁਸ਼ੀ ਦਾ ਅਹਿਸਾਸ ਹੁੰਦਾ ਹੈ। ਆਓ ਆਪਣਾ ਨਿਸ਼ਾਨਾ ਨਿਸਚਿਤ ਕਰੀਏ ਤੇ ਉਸ ਉੱਪਰ ਪੂਰਾ ਉਤਰਨ ਦੀ ਕੋਸ਼ਿਸ਼ ਕਰੀਏ। ਹਰ ਉਦੇਸ਼ ਦੀ ਪੂਰਤੀ ਦਾ ਸਮਾਂ ਵੀ ਨਿਸਚਿਤ ਕਰੀਏ ਤੇ ਉਸ ਉੱਪਰ ਪੂਰਾ ਉਤਰਨ ਦੀ ਕੋਸ਼ਿਸ਼ ਕਰੀਏ। ਹਰ ਉਦੇਸ਼ ਦੀ ਪੂਰਤੀ ਦਾ ਸਮਾਂ ਵੀ ਨਿਸਚਿਤ ਕਰੀਏ।
* ਥੋੜ੍ਹਾ ਸਮਾਂ ਸੰਗੀਤ ਵੀ ਸੁਣੀਏ। ਇਸ ਵਰ੍ਹੇ ਆਪਣਾ ਨਿਸ਼ਾਨਾ ਬਣਾ ਲਈਏ ਕਿ ਪਾਠ-ਪੂਜਾ, ਸਮਾਜ ਸੇਵਾ ਕਰਕੇ ਸੰਗੀਤ ਸੁਣਨ ਲਈ ਕੁਝ ਸਮਾਂ ਕੱਢ ਕੇ ਜ਼ਿੰਦਗੀ ਵਿਚ ਤਾਜ਼ਗੀ ਭਰਨੀ ਹੈ।
* ਇਸ ਵਰ੍ਹੇ ਆਓ ਇਹ ਇਰਾਦਾ ਅਤੇ ਪ੍ਰਣ ਕਰੀਏ ਕਿ ਆਪਣੇ ਅੰਦਰ ਹੀਣ ਭਾਵਨਾ ਨਹੀਂ ਲੈ ਕੇ ਆਉਣੀ। ਹਰ ਇਨਸਾਨ, ਹਰ ਕੰਮ ਕਰਨ ਦੇ ਸਮਰੱਥ ਨਹੀਂ ਹੁੰਦਾ, ਕੁਦਰਤ ਨੇ ਸਭ ਨੂੰ ਵੱਖਰਾ-ਵੱਖਰਾ ਹੁਨਰ ਦਿੱਤਾ ਹੈ, ਉਸ ਦੇ ਅਨੁਸਾਰ ਹੀ ਆਪਣੇ ਕਾਰਜ ਕਰੀਏ। ਖੁਸ਼ ਰਹਿਣ ਲਈ ਜ਼ਰੂਰੀ ਹੈ ਕਿ ਆਪਣੀ ਤੁਲਨਾ ਦੂਜਿਆਂ ਨਾਲ ਕਰਨਾ ਛੱਡ ਕੇ ਕੇਵਲ ਆਪਣੇ ਵਿਕਾਸ ਅਤੇ ਚੰਗਿਆਈਆਂ ਵੱਲ ਧਿਆਨ ਦੇਈਏ।
* ਪਰਿਵਾਰਕ ਖੁਸ਼ੀਆਂ ਸਾਂਝੀਆਂ ਕਰਨ, ਰਿਸ਼ਤੇਦਾਰੀਆਂ ਨਿਭਾਉਣ ਲਈ ਵੀ ਇਸ ਵਰ੍ਹੇ ਥੋੜ੍ਹਾ ਸਮਾਂ ਕੱਢੀਏ। ਆਪਣੇ ਜੀਵਨ ਸਾਥੀ, ਬੱਚਿਆਂ ਅਤੇ ਬਜ਼ੁਰਗਾਂ ਪ੍ਰਤੀ ਸਨੇਹ ਭਰਪੂਰ ਵਿਹਾਰ ਨਵੇਂ ਵਰ੍ਹੇ ਨੂੰ ਹੋਰ ਖੁਸ਼ਹਾਲ ਬਣਾ ਸਕਦਾ ਹੈ।
* ਵਾਤਾਵਰਨ ਦੀ ਬਿਹਤਰੀ ਲਈ ਨਵੇਂ ਵਰ੍ਹੇ 'ਚ ਕੁਝ ਯਤਨ ਕਰਨ ਦਾ ਪ੍ਰਣ ਕਰੀਏ। ਵਾਤਾਵਰਣਿਕ ਪ੍ਰਦੂਸ਼ਣ ਘਟਾਉਣ ਵਿਚ ਅਸੀਂ ਜਿੰਨਾ ਵੀ ਯੋਗਦਾਨ ਪਾ ਸਕਦੇ ਹਾਂ, ਸਾਨੂੰ ਪਾਉਣਾ ਚਾਹੀਦਾ ਹੈ। ਆਪਣੇ ਆਲੇ-ਦੁਆਲੇ ਦੀ ਸਾਫ਼-ਸਫ਼ਾਈ ਅਤੇ ਵਾਤਾਵਰਨ ਦੀ ਸੁਰੱਖਿਆ ਲਈ ਲਾਮਬੰਦ ਹੋਈਏ। ਪਾਣੀ ਦੀ ਸੁਯੋਗ ਅਤੇ ਸਹੀ ਵਰਤੋਂ ਨਾਲ ਅਸੀਂ ਪਾਣੀ ਦੀ ਬੱਚਤ ਵੱਲ ਧਿਆਨ ਦੇਈਏ। ਨਵੇਂ ਵਰ੍ਹੇ ਇਹ ਪ੍ਰਣ ਕਰੀਏ ਕਿ ਅਸੀਂ ਪਾਣੀ ਦੀ ਫਜ਼ੂਲ ਵਰਤੋਂ ਨਹੀਂ ਕਰਾਂਗੇ। ਇਕ-ਇਕ ਬੂਟਾ ਲਗਾਈਏ, ਜੋ ਸਾਨੂੰ ਸਾਫ਼-ਸ਼ੁੱਧ ਹਵਾ ਦੇਵੇਗਾ। ਕੂੜੇ-ਕਰਕਟ ਦਾ ਸਹੀ ਨਿਵਾਰਨ ਅਤੇ ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋਂ ਪ੍ਰਤੀ ਸੁਚੇਤ ਹੋ ਕੇ ਆਓ ਇਸ ਵਰ੍ਹੇ ਵਾਤਾਵਰਨ ਦੀ ਸ਼ੁੱਧਤਾ ਨੂੰ ਹੋਰ ਵਧਾਉਣ ਵਿਚ ਆਪਣਾ ਹਿੱਸਾ ਪਾਈਏ।
* ਨਵੇਂ ਵਰ੍ਹੇ ਵਿਗਿਆਨਕ ਸੋਚ ਅਪਣਾਈਏ, ਅੰਧ-ਵਿਸ਼ਵਾਸ ਤੋਂ ਦੂਰ ਰਹਿੰਦੇ ਹੋਏ ਆਪਣੀ ਮਾਨਸਿਕ ਸੰਤੁਸ਼ਟੀ ਲਈ ਗਤੀਸ਼ੀਲ ਰਹੀਏ। ਸਹੀ ਸਮੇਂ ਸਹੀ ਫੈਸਲੇ ਲੈਣ ਦੀ ਆਦਤ ਬਣਾ ਕੇ ਨਵੇਂ ਵਰ੍ਹੇ ਆਪਣੀਆਂ ਸਭ ਕਮੀਆਂ ਦੂਰ ਕਰਨ ਦੀ ਕੋਸ਼ਿਸ਼ ਕਰੀਏ। ਆਪਣੀ ਸ਼ਖ਼ਸੀਅਤ ਵਿਚ ਨਿਖਾਰ ਲਿਆਈਏ।
ਜੇਕਰ ਪਿਛਲੇ ਸਾਲ ਲਏ ਸੰਕਲਪ ਪੂਰੇ ਨਹੀਂ ਹੋਏ ਤਾਂ ਨਿਰਾਸ਼ ਨਾ ਹੋਈਏ। ਨਵੇਂ ਵਰ੍ਹੇ 2019 ਲਈ ਨਵੀਆਂ ਦਿਸ਼ਾਵਾਂ, ਨਵੇਂ ਰਾਹ ਲੱਭੀਏ। ਇਕ ਉੱਤਮ ਸਮਾਜ, ਪਰਿਵਾਰ ਅਤੇ ਦੇਸ਼ ਦੀ ਤਰੱਕੀ ਵਿਚ ਬਣਦਾ ਹਿੱਸਾ ਪਾਈਏ। ਇਹ ਯਾਦ ਰੱਖੀਏ ਕਿ ਇਹ ਉਹ ਵਰ੍ਹਾ ਹੈ, ਜਿਸ ਤੋਂ ਬਾਅਦ ਅਸੀਂ ਅਗਲੇ ਦਹਾਕੇ 'ਚ ਪ੍ਰਵੇਸ਼ ਕਰਨਾ ਹੈ। ਇਹ ਠੀਕ ਹੈ ਕਿ ਬਹੁਤ ਸਾਰੀਆਂ ਸਥਿਤੀਆਂ ਦੇ ਫੈਸਲੇ ਅਤੇ ਖੁਸ਼ੀਆਂ ਆਪਣੇ ਹੱਥ ਨਹੀਂ ਹੁੰਦੀਆਂ ਪਰ ਜੋ ਅਸੀਂ ਵਧੀਆ ਕਰ ਸਕਦੇ ਹਾਂ, ਉਸ ਵਿਚ ਸਭ ਤੋਂ ਉੱਤਮ ਹੈ ਸਮੇਂ ਦੀ ਕਦਰ। ਆਓ ਫਿਰ ਸਮੇਂ ਦੀ ਕਦਰ ਨੂੰ ਪਛਾਣਦੇ ਹੋਏ ਬਿਹਤਰ ਭਵਿੱਖ ਦੀ ਉਸਾਰੀ ਲਈ ਯਤਨਸ਼ੀਲ ਹੋਈਏ।


-ਐਚ.ਐਮ.ਵੀ., ਜਲੰਧਰ।

ਸੁੰਦਰਤਾ ਦੀ ਖਾਣ ਹੈ ਔਲਾ

ਅਨੇਕ ਪੌਸ਼ਟਿਕ ਤੱਤਾਂ, ਵਿਟਾਮਿਨਾਂ, ਖਣਿਜਾਂ ਆਦਿ ਗੁਣਾਂ ਨਾਲ ਭਰਪੂਰ ਔਲਾ ਸਰਦੀਆਂ ਵਿਚ ਬਾਜ਼ਾਰ ਵਿਚ ਵਿਕਦਾ ਅਕਸਰ ਦੇਖਿਆ ਜਾ ਸਕਦਾ ਹੈ।
ਔਲੇ ਦੇ ਤੇਲ ਨੂੰ ਸਮੇਂ ਤੋਂ ਪਹਿਲਾਂ ਵਾਲਾਂ ਨੂੰ ਸਫੈਦ ਹੋਣ ਤੋਂ ਰੋਕਣ, ਵਾਲਾਂ ਨੂੰ ਝੜਨ ਅਤੇ ਵਾਲਾਂ ਦੀ ਸਿੱਕਰੀ ਦੀ ਸਮੱਸਿਆ ਨਾਲ ਨਿਪਟਣ ਲਈ ਪ੍ਰਾਚੀਨ ਕਾਲ ਤੋਂ ਵਰਤਿਆ ਜਾਂਦਾ ਰਿਹਾ ਹੈ। ਔਲੇ ਦੇ ਤੇਲ ਨਾਲ ਸਿਰ ਦੀ ਮਾਲਿਸ਼ ਕਰਨ ਨਾਲ ਇਹ ਸਿਰ ਦੀਆਂ ਖੂਨ ਕੋਸ਼ਿਕਾਵਾਂ ਨੂੰ ਉਤੇਜਿਤ ਕਰਦਾ ਹੈ, ਸਿੱਕਰੀ ਖ਼ਤਮ ਕਰਦਾ ਹੈ ਅਤੇ ਖੋਪੜੀ ਲਈ ਫਾਇਦੇਮੰਦ ਸਾਬਤ ਹੁੰਦਾ ਹੈ। ਔਲੇ ਨੂੰ ਘਰੇਲੂ ਇਲਾਜ ਵਿਚ ਰੋਜ਼ਮਰ੍ਹਾ ਵਿਚ ਵਰਤਿਆ ਜਾ ਸਕਦਾ ਹੈ। ਹਰ ਰੋਜ਼ ਇਕ ਔਲੇ ਦੇ ਫਲ ਦੇ ਜੂਸ ਵਿਚ ਪਾਣੀ ਮਿਲਾ ਕੇ ਪੀਣ ਨਾਲ ਵਾਲ ਸਫੈਦ ਹੋਣੋ ਰੁਕ ਜਾਂਦੇ ਹਨ।
ਤੁਸੀਂ ਔਲੇ ਨੂੰ ਮਹਿੰਦੀ ਪਾਊਡਰ ਵਿਚ ਮਿਲਾ ਕੇ ਵੀ ਵਰਤ ਸਕਦੇ ਹੋ, ਪਰ ਇਸ ਮਿਸ਼ਰਣ ਵਿਚ ਸਫੈਦ ਵਾਲਾਂ 'ਤੇ ਲਾਲ-ਭੂਰਾ ਰੰਗ ਚੜ੍ਹੇਗਾ, ਨਾ ਕਿ ਵਾਲ ਕਾਲੇ ਹੋਣਗੇ। ਔਲਾ ਪਾਊਡਰ ਨੂੰ ਪਾਣੀ ਵਿਚ ਰਾਤ ਭਰ ਭਿਉਂ ਕੇ ਸਵੇਰੇ ਪਾਣੀ ਨਿਚੋੜ ਦਿਓ ਅਤੇ ਔਲਾ ਅਤੇ ਮਹਿੰਦੀ ਦਾ ਮਿਸ਼ਰਣ ਬਣਾ ਕੇ ਇਸ ਨੂੰ ਵਾਲਾਂ 'ਤੇ ਲਗਾਉਣ ਨਾਲ ਵਾਲਾਂ ਵਿਚ ਕੁਦਰਤੀ ਚਮਕ ਆ ਜਾਵੇਗੀ। ਔਲੇ ਦੇ ਪਾਊਡਰ ਵਿਚ ਮਹਿੰਦੀ, ਨਿੰਬੂ ਦਾ ਰਸ, 2 ਚਮਚ ਸਰ੍ਹੋਂ ਦਾ ਤੇਲ ਪਾ ਕੇ ਉਸ ਦਾ ਮਿਸ਼ਰਣ ਬਣਾ ਲਓ ਅਤੇ ਇਸ ਪੇਸਟ ਨੂੰ ਸਿਰ 'ਤੇ ਲਗਾ ਕੇ ਸਿਰ ਨੂੰ ਕਵਰ ਕਰ ਲਓ ਅਤੇ 3 ਘੰਟੇ ਬਾਅਦ ਸਿਰ ਨੂੰ ਤਾਜ਼ੇ ਪਾਣੀ ਨਾਲ ਧੋ ਦਿਓ। ਵਾਲਾਂ ਵਿਚ ਚਮਕ ਬਰਕਰਾਰ ਰੱਖਣ ਲਈ ਘਰ ਵਿਚ ਹੀ ਤੁਸੀਂ ਸ਼ੈਂਪੂ ਬਣਾ ਸਕਦੇ ਹੋ। ਥੋੜ੍ਹਾ ਜਿਹਾ ਸੁੱਕਾ ਰੀਠਾ, ਔਲਾ, ਸ਼ਿਕਾਕਾਈ ਨੂੰ ਰਾਤ ਭਰ ਪਾਣੀ ਵਿਚ ਰੱਖੋ। ਸਵੇਰੇ ਇਸ ਮਿਸ਼ਰਣ ਨੂੰ ਬਿਲਕੁਲ ਹਲਕੀ ਅੱਗ 'ਤੇ ਉਦੋਂ ਤੱਕ ਗਰਮ ਕਰੋ, ਜਦੋਂ ਤੱਕ ਕਿ ਮਿਸ਼ਰਣ ਅੱਧਾ ਰਹਿ ਜਾਵੇ। ਇਸ ਨੂੰ ਠੰਢਾ ਹੋਣ ਤੋਂ ਬਾਅਦ ਕੱਪੜੇ ਵਿਚ ਛਾਣ ਲਓ ਅਤੇ ਇਸ ਮਿਸ਼ਰਣ ਨਾਲ ਸਿਰ ਨੂੰ ਧੋ ਦਿਓ। ਬਚੇ ਹੋਏ ਮਿਸ਼ਰਣ ਨੂੰ ਤੁਸੀਂ ਫਰਿੱਜ ਵਿਚ ਰੱਖ ਕੇ ਬਾਅਦ ਵਿਚ ਵਰਤ ਸਕਦੇ ਹੋ।
ਆਪਣੇ ਘਰ ਵਿਚ ਔਲਾ ਤੇਲ ਬਣਾਉਣ ਲਈ ਸੁੱਕੇ ਔਲਿਆਂ ਨੂੰ ਪੀਸ ਕੇ ਇਸ ਵਿਚ ਨਾਰੀਅਲ ਤੇਲ ਮਿਲਾਓ। ਇਸ ਨੂੰ ਕੱਚ ਤੇ ਹਵਾਬੰਦ ਡੱਬੇ ਵਿਚ ਰੱਖ ਕੇ ਇਸ ਡੱਬੇ ਨੂੰ 15 ਦਿਨ ਤੱਕ ਧੁੱਪ ਵਿਚ ਰੱਖੋ ਅਤੇ ਇਸ ਤੇਲ ਨੂੰ ਤੁਸੀਂ ਵਾਲਾਂ ਵਿਚ ਵਰਤ ਸਕਦੇ ਹੋ। ਹਰ ਰੋਜ਼ ਔਲਾ ਖਾਣ ਨਾਲ ਖੂਨ ਸਾਫ ਹੁੰਦਾ ਹੈ, ਜਿਸ ਨਾਲ ਸਰੀਰ ਵਿਚੋਂ ਜ਼ਹਿਰੀਲੇ ਤੱਤ ਸਾਫ ਹੁੰਦੇ ਹਨ ਅਤੇ ਤੁਹਾਡੇ ਚਿਹਰੇ ਦੀ ਸੁੰਦਰਤਾ ਬਣੀ ਰਹਿੰਦੀ ਹੈ।
ਹਰ ਰੋਜ਼ ਔਲੇ ਦਾ ਰਸ ਅਤੇ ਸ਼ਹਿਦ ਮਿਲਾ ਕੇ ਪੀਣ ਨਾਲ ਚਿਹਰੇ ਦੇ ਕਿੱਲ-ਮੁਹਾਸੇ ਅਤੇ ਦਾਗ-ਧੱਬੇ ਮਿਟਾਉਣ ਵਿਚ ਮਦਦ ਮਿਲਦੀ ਹੈ। ਔਲੇ ਦੇ ਰਸ ਦੇ ਸੇਵਨ ਨਾਲ ਜਵਾਨੀ ਬਰਕਰਾਰ ਰਹਿੰਦੀ ਹੈ ਅਤੇ ਸਰੀਰ ਵਿਚ ਫੁਰਤੀ ਅਤੇ ਚੇਤਨਾ ਬਰਕਰਾਰ ਰਹਿੰਦੀ ਹੈ। ਤੁਸੀਂ ਆਪਣੇ ਚਿਹਰੇ 'ਤੇ ਰੂੰ ਦੀ ਮਦਦ ਨਾਲ ਔਲੇ ਦਾ ਰਸ ਲਗਾਓ ਅਤੇ ਇਸ ਨੂੰ 15 ਮਿੰਟ ਬਾਅਦ ਧੋ ਦਿਓ। ਇਸ ਨਾਲ ਚਿਹਰੇ ਦੀ ਰੰਗਤ ਨਿਖਰ ਜਾਵੇਗੀ। ਔਲੇ ਦੇ ਪੇਸਟ ਨੂੰ ਚਿਹਰੇ 'ਤੇ ਲਗਾਉਣ ਤੋਂ ਬਾਅਦ ਜਦੋਂ ਇਹ ਸੁੱਕ ਜਾਵੇ ਤਾਂ ਇਸ ਨੂੰ ਚਿਹਰੇ ਤੋਂ ਹਟਾ ਦਿਓ। ਇਹ ਇਕ ਬਿਹਤਰੀਨ ਕਲੀਂਜ਼ਰ ਦਾ ਕੰਮ ਕਰੇਗਾ ਅਤੇ ਚਿਹਰੇ ਤੋਂ ਮ੍ਰਿਤਕ ਕੋਸ਼ਿਕਾਵਾਂ ਨੂੰ ਹਟਾਉਣ ਵਿਚ ਮਹੱਤਵਪੂਰਨ ਕੰਮ ਕਰੇਗਾ। ਔਲਾ ਚਮੜੀ ਦੀਆਂ ਨੁਕਸਾਨੀਆਂ ਗਈਆਂ ਕੋਸ਼ਿਕਾਵਾਂ ਅਤੇ ਖੁਸ਼ਕ ਅਤੇ ਪੇਪੜੀਦਾਰ ਚਮੜੀ ਦੀ ਸਮੱਸਿਆ ਦਾ ਹੱਲ ਕਰਦਾ ਹੈ। ਔਲੇ ਦੀ ਨਿਯਮਤ ਵਰਤੋਂ ਤੰਦਰੁਸਤ, ਚਮਕਦਾਰ ਅਤੇ ਸਾਫ ਚਮੜੀ ਨੂੰ ਯਕੀਨੀ ਬਣਾਉਂਦੀ ਹੈ।

ਬਾਜਰਾ ਖਿਚੜੀ

ਸਮੱਗਰੀ : 1/2 ਕੱਪ ਬਾਜਰਾ (ਕਾਲਾ ਬਾਜਰਾ) 8 ਘੰਟੇ ਪਾਣੀ ਵਿਚ ਭਿੱਜਣਾ ਰੱਖ ਕੇ ਪਾਣੀ ਛਾਣ ਲਓ। 1/2 ਕੱਪ ਪੀਲੀ ਮੂੰਗੀ ਦਾਲ (ਧੋਤੀ ਹੋਈ), ਨਮਕ ਲੋੜ ਅਨੁਸਾਰ, 1 ਚਮਚਾ ਘਿਓ, 1 ਚਮਚਾ ਜੀਰਾ ਪਾਊਡਰ, 1/2 ਚਮਚਾ ਹਿੰਗ, 1/4 ਚਮਚਾ ਹਲਦੀ ਪਾਊਡਰ।
ਵਿਧੀ : 1. ਬਾਜਰਾ, ਮੂੰਗੀ ਦਾਲ ਅਤੇ ਨਮਕ ਦੋ ਕੱਪ ਪਾਣੀ ਵਿਚ ਮਿਲਾ ਕੇ ਪ੍ਰੈਸ਼ਰ ਕੁੱਕਰ ਵਿਚ 4 ਸੀਟੀਆਂ ਤੱਕ ਪਕਾਓ।
2. ਢੱਕਣ ਉਤਾਰ ਕੇ ਭਾਫ਼ ਬਾਹਰ ਨਿਕਲਣ ਦਿਓ। ਹੁਣ ਇਕ ਪਾਸੇ ਰੱਖ ਲਓ।
3. ਇਕ ਪੈਨ ਵਿਚ ਘਿਓ ਗਰਮ ਕਰੋ ਅਤੇ ਜੀਰਾ ਪਾਓ।
4. ਜਦੋਂ ਜੀਰਾ ਤਿੜਕ ਜਾਵੇ ਤਾਂ ਹਿੰਗ, ਹਲਦੀ ਮਿਲਾ ਕੇ ਕੁਝ ਮਿੰਟਾਂ ਲਈ ਅੱਗ 'ਤੇ ਰੱਖੋ।
5. ਹੁਣ ਪਕਾਈ ਹੋਈ ਬਾਜਰਾ-ਮੂੰਗੀ ਦਾਲ ਮਿਕਸਚਰ ਨੂੰ 2-3 ਮਿੰਟ ਲਈ ਘੱਟ ਸੇਕ 'ਤੇ ਪਕਾਓ। ਵਿਚ-ਵਿਚ ਕੜਛੀ ਵੀ ਮਾਰੋ।
6. ਗਰਮਾ-ਗਰਮ ਪਰੋਸੋ।

ਘਰ ਦਾ ਫਰਨੀਚਰ-ਦੇਖਭਾਲ ਹੀ ਸੰਭਾਲ ਹੈ

ਖ਼ਰੀਦਦੇ ਸਮੇਂ
* ਫਰਨੀਚਰ ਖ਼ਰੀਦਦੇ ਸਮੇਂ ਆਪਣਾ ਬਜਟ ਬਣਾ ਕੇ ਚੱਲੋ। ਆਪਣੀ ਆਰਥਿਕ ਸਥਿਤੀ ਦੇ ਅਨੁਸਾਰ ਹੀ ਫਰਨੀਚਰ ਦੀ ਖਰੀਦਦਾਰੀ ਕਰੋ।
* ਫਰਨੀਚਰ ਦਾ ਡਿਜ਼ਾਈਨ ਇਸ ਤਰ੍ਹਾਂ ਦਾ ਚੁਣੋ ਕਿ ਉਸ ਦੇ ਕੋਨੇ ਤਿੱਖੀ ਧਾਰ ਵਾਲੇ ਨਾ ਹੋਣ, ਜੋ ਆਉਂਦੇ-ਜਾਂਦੇ ਸਮੇਂ ਤੁਹਾਨੂੰ ਤੰਗ ਕਰਨ।
* ਫਰਨੀਚਰ ਚਾਹੇ ਜਿਹੋ ਜਿਹਾ ਵੀ ਖਰੀਦੋ, ਇਹ ਧਿਆਨ ਰੱਖੋ ਕਿ ਤੁਹਾਡੇ ਘਰ ਖਿੜਕੀਆਂ-ਦਰਵਾਜ਼ੇ ਅਤੇ ਪੁਰਾਣੇ ਫਰਨੀਚਰ ਨਾਲ ਮੇਲ ਖਾਂਦਾ ਹੋਵੇ।
* ਆਪਣੇ ਕਮਰੇ ਦੀ ਲੰਬਾਈ ਅਤੇ ਚੌੜਾਈ ਨੂੰ ਧਿਆਨ ਵਿਚ ਰੱਖਦੇ ਹੋਏ ਫਰਨੀਚਰ ਖਰੀਦੋ।
* ਫਰਨੀਚਰ ਖਰੀਦਣ ਤੋਂ ਪਹਿਲਾਂ ਬਾਜ਼ਾਰ ਵਿਚ ਚਾਰ ਕੁ ਦੁਕਾਨਾਂ 'ਤੇ ਜਾ ਕੇ ਉਸ ਦੀ ਕੀਮਤ ਅਤੇ ਡਿਜ਼ਾਈਨ ਦੀ ਜਾਂਚ ਜ਼ਰੂਰ ਕਰ ਲਓ ਕਿ ਅੱਜਕਲ੍ਹ ਕਿਸ ਤਰ੍ਹਾਂ ਦੇ ਫਰਨੀਚਰ ਦਾ ਰਿਵਾਜ ਹੈ।
* ਫਰਨੀਚਰ ਜਦੋਂ ਵੀ ਖ਼ਰੀਦੋ, ਥੋੜ੍ਹਾ ਠੋਸ ਖਰੀਦੋ। ਹਲਕਾ-ਫੁਲਕਾ ਲੱਕੜੀ ਦਾ ਫਰਨੀਚਰ ਛੇਤੀ ਟੁੱਟ ਜਾਂਦਾ ਹੈ। * ਫਰਨੀਚਰ ਦੇ ਪੇਂਟ, ਵਾਰਨਿਸ਼ ਅਤੇ ਪੇਚ ਆਦਿ ਦੀ ਜਾਂਚ ਕਰ ਲਓ। ਜੇ ਕਮੀ ਲੱਗੇ, ਉਹ ਦੁਕਾਨਦਾਰ ਨੂੰ ਉਸੇ ਸਮੇਂ ਦੱਸ ਦਿਉ, ਕਿਉਂਕਿ ਘਰ ਆਉਣ 'ਤੇ ਕੋਈ ਵੀ ਦੁਕਾਨਦਾਰ ਜ਼ਿੰਮੇਵਾਰੀ ਨਹੀਂ ਲੈਂਦਾ।
* ਫਰਨੀਚਰ ਨੂੰ ਘਰ ਵਿਚ ਭੀੜ ਵਧਾਉਣ ਲਈ ਨਾ ਖ਼ਰੀਦੋ।
* ਅਜਿਹਾ ਫਰਨੀਚਰ ਲਓ, ਜਿਸ ਨੂੰ ਤੁਸੀਂ ਆਸਾਨੀ ਨਾਲ ਸਾਫ਼ ਕਰ ਸਕੋ।
* ਜੇ ਤੁਸੀਂ ਵਾਰ-ਵਾਰ ਮਕਾਨ ਬਦਲਦੇ ਹੋ ਜਾਂ ਤੁਹਾਡੀ ਨੌਕਰੀ ਵਿਚ ਵਾਰ-ਵਾਰ ਬਦਲੀ ਹੁੰਦੀ ਹੈ ਤਾਂ ਅਜਿਹੇ ਵਿਚ ਹਲਕਾ, ਫੋਲਡਿੰਗ ਫਰਨੀਚਰ ਖ਼ਰੀਦੋ। ਸਟੀਲ ਫਰਨੀਚਰ ਅਜਿਹੇ ਵਿਚ ਬਹੁਤ ਵਧੀਆ ਹੁੰਦਾ ਹੈ।
ਫਰਨੀਚਰ ਦੀ ਦੇਖਭਾਲ
* ਪਲਾਸਟਿਕ ਦੇ ਫਰਨੀਚਰ ਨੂੰ ਸਾਬਣ ਵਾਲੇ ਪਾਣੀ ਨਾਲ, ਨਾਈਲੋਨ ਦੇ ਬੁਰਸ਼ ਦੇ ਨਾਲ ਰਗੜ ਕੇ ਧੋਵੋ, ਫਿਰ ਚੰਗੀ ਤਰ੍ਹਾਂ ਪੂੰਝ ਕੇ ਵਰਤੋਂ ਵਿਚ ਲਿਆਓ।
* ਵੀਲ੍ਹ ਲੱਗੇ ਫਰਨੀਚਰ ਦੇ ਵੀਲ੍ਹ 'ਤੇ ਸਮੇਂ-ਸਮੇਂ 'ਤੇ ਤੇਲ ਪਾਉਂਦੇ ਰਹੋ ਤਾਂ ਕਿ ਉਨ੍ਹਾਂ ਵਿਚ ਜੰਗਾਲ ਨਾ ਲੱਗੇ ਅਤੇ ਉਹ ਆਸਾਨੀ ਨਾਲ ਹਿਲ-ਜੁਲ ਸਕਣ।
* ਲੱਕੜੀ ਦੇ ਫਰਨੀਚਰ 'ਤੇ ਹਰ ਸਾਲ ਵਾਰਨਿਸ਼ ਅਤੇ ਪੇਂਟ ਆਦਿ ਕਰਵਾਉਂਦੇ ਰਹੋ, ਜਿਸ ਨਾਲ ਉਨ੍ਹਾਂ ਨੂੰ ਕੀੜਿਆਂ ਤੋਂ ਬਚਾਇਆ ਜਾ ਸਕਦਾ ਹੈ ਅਤੇ ਫਰਨੀਚਰ ਨਵਾਂ ਦਿਖਾਈ ਦਿੰਦਾ ਹੈ।
* ਫਰਨੀਚਰ ਦੇ ਨਟ-ਪੇਚ ਲੋੜ ਪੈਣ 'ਤੇ ਕਸਵਾਉਂਦੇ ਅਤੇ ਠੀਕ ਕਰਵਾਉਂਦੇ ਰਹੋ।
* ਫਰਨੀਚਰ ਦੀ ਮੁਰੰਮਤ ਵਿਚ ਲਾਪ੍ਰਵਾਹੀ ਨਾ ਵਰਤੋਂ, ਨਹੀਂ ਤਾਂ ਬਾਅਦ ਵਿਚ ਜ਼ਿਆਦਾ ਖਰਚਾ ਕਰਨਾ ਪੈ ਸਕਦਾ ਹੈ।
* ਲੱਕੜੀ ਦੇ ਫਰਨੀਚਰ ਨੂੰ ਸਾਬਣ ਵਾਲੇ ਪਾਣੀ ਨਾਲ ਸਾਫ਼ ਕਰੋ। ਫਰਨੀਚਰ ਦੀ ਸੁਰੱਖਿਆ ਲਈ ਸਪਰੇਅ ਕਰਕੇ ਨਰਮ ਕੱਪੜੇ ਨਾਲ ਰਗੜ ਕੇ ਸਾਫ਼ ਕਰੋ। ਥੋੜ੍ਹੇ ਜਿਹੇ ਪਾਣੀ ਵਿਚ ਥੋੜ੍ਹਾ ਜਿਹਾ ਸਰ੍ਹੋਂ ਦਾ ਤੇਲ ਪਾ ਕੇ ਚੰਗੀ ਤਰ੍ਹਾਂ ਫੈਂਟੋ। ਫਿਰ ਬੁਰਸ਼ ਦੇ ਸਹਾਰੇ ਫਰਨੀਚਰ ਨੂੰ ਸਾਫ਼ ਕਰੋ। ਇਸ ਨਾਲ ਲੱਕੜੀ ਦੇ ਫਰਨੀਚਰ ਦੀ ਉਮਰ ਵਧ ਜਾਂਦੀ ਹੈ।
* ਕੇਨ ਅਤੇ ਬੈਂਤ ਦੇ ਫਰਨੀਚਰ ਨੂੰ ਜ਼ਿਆਦਾ ਸਮੇਂ ਤੱਕ ਧੁੱਪ ਵਿਚ ਨਾ ਰੱਖੋ।
* ਰੈਕਸੀਨ ਦੀ ਸਫਾਈ ਲਈ ਸਾਬਣ ਵਾਲੇ ਘੋਲ ਵਿਚ ਨਰਮ ਕੱਪੜੇ ਨਾਲ ਰਗੜ ਕੇ ਸਾਫ਼ ਕਰੋ, ਫਿਰ ਉਸ ਨੂੰ ਸਾਫ਼ ਕੱਪੜੇ ਨਾਲ ਪੂੰਝ ਲਓ।
* ਹਰ ਰੋਜ਼ ਦੀ ਪਈ ਧੂੜ ਨੂੰ ਹਰ ਰੋਜ਼ ਸੁੱਕੇ ਕੱਪੜੇ ਨਾਲ ਸਾਫ਼ ਕਰੋ। ਮਿੱਟੀ ਦੀ ਤਹਿ ਨੂੰ ਜੰਮਣ ਨਾ ਦਿਓ।


-ਸੁਨੀਤਾ ਗਾਬਾ


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX