ਤਾਜਾ ਖ਼ਬਰਾਂ


ਕੇਂਦਰੀ ਜੇਲ੍ਹ 'ਚ ਕੈਦੀ ਦੀ ਮੌਤ
. . .  20 minutes ago
ਫ਼ਿਰੋਜ਼ਪੁਰ, 20 ਜਨਵਰੀ (ਜਸਵਿੰਦਰ ਸਿੰਘ ਸੰਧੂ) - ਨਸ਼ਾ ਤਸਕਰੀ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਇਕ ਕੈਦੀ ਦੀ ਕੇਂਦਰੀ ਜੇਲ੍ਹ ਫ਼ਿਰੋਜ਼ਪੁਰ ਅੰਦਰ ਮੌਤ ਹੋ ਜਾਣ ਦੀ ਖ਼ਬਰ ਹੈ। ਜਿਸ...
ਮਹਾਰਸ਼ਟਰ ਦੇ ਪਾਲਘਰ 'ਚ ਭੂਚਾਲ ਦੇ ਝਟਕੇ ਮਹਿਸੂਸ
. . .  about 2 hours ago
ਮੁੰਬਈ, 20 ਜਨਵਰੀ - ਮਹਾਰਾਸ਼ਟਰ ਦੇ ਪਾਲਘਰ 'ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 3.6 ਮਾਪੀ ਗਈ...
ਹਿੰਦ-ਪਾਕਿ ਸਰਹੱਦ ਪਾਰ ਕਰਦਾ ਪਾਕਿ ਨਾਗਰਿਕ ਕਾਬੂ
. . .  about 2 hours ago
ਫ਼ਿਰੋਜ਼ਪੁਰ, 20 ਜਨਵਰੀ (ਜਸਵਿੰਦਰ ਸਿੰਘ ਸੰਧੂ)- ਹਿੰਦ-ਪਾਕਿ ਕੌਮੀ ਸਰਹੱਦ ਪਾਰ ਕਰ ਕੇ ਭਾਰਤੀ ਖੇਤਰ 'ਚ ਦਾਖ਼ਲ ਹੋਏ ਇਕ ਅਧਖੜ ਉਮਰ ਦੇ ਵਿਅਕਤੀ ਨੂੰ ਬੀ.ਐੱਸ.ਐਫ...
ਗਣਤੰਤਰ ਦਿਵਸ ਦੇ ਸਬੰਧ ਵਿੱਚ ਅੰਮ੍ਰਿਤਸਰ ਦੇ ਹਵਾਈ ਅੱਡਾ ਰਾਜਾਸਾਂਸੀ ਵਿਖੇ ਰੈੱਡ ਅਲਰਟ ਜਾਰੀ
. . .  about 3 hours ago
ਰਾਜਾਸਾਂਸੀ, 20 (ਹਰਦੀਪ ਸਿੰਘ ਖੀਵਾ)26 ਜਨਵਰੀ ਨੂੰ ਦੇਸ਼ ਭਰ ਵਿੱਚ ਮਨਾਏ ਜਾ ਰਹੇ ਗਣਤੰਤਰ ਦਿਵਸ ਤਹਿਤ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਅੰਮ੍ਰਿਤਸਰ ਦੇ ਹਵਾਈ ਅੱਡਾ ਰਾਜਾਸਾਂਸੀ ਵਿਖੇ ਹਵਾਈ ਅੱਡੇ ਦੇ ਅਧਿਕਾਰੀਆਂ ਵੱਲੋਂ ਰੈੱਡ ਅਲਰਟ ਜਾਰੀ ਕਰਦਿਆਂ ਸੁਰੱਖਿਆ ਪ੍ਰਬੰਧ...
ਯੂ.ਐਨ. ਦੇ ਬੇਸ 'ਤੇ ਹੋਏ ਹਮਲੇ ਵਿਚ 8 ਸ਼ਾਂਤੀ ਸੈਨਿਕਾਂ ਦੀ ਮੌਤ
. . .  about 3 hours ago
ਮਾਸਕੋ, 20 ਜਨਵਰੀ - ਅਫ਼ਰੀਕੀ ਮੁਲਕ ਮਾਲੀ ਵਿਚ ਸੰਯੁਕਤ ਰਾਸ਼ਟਰ ਦੇ ਬੇਸ 'ਤੇ ਹੋਏ ਅੱਤਵਾਦੀ ਹਮਲੇ ਵਿਚ 8 ਸ਼ਾਂਤੀ ਸੈਨਿਕਾਂ ਦੀ ਮੌਤ ਹੋ ਗਈ ਤੇ ਕਈ ਸੈਨਿਕ ਜ਼ਖਮੀ ਹੋਏ ਹਨ। ਜ਼ਖਮੀਆਂ ਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ...
ਰੈਲੀ ਵਿਚ ਭਗਵੰਤ ਮਾਨ ਨੇ ਸ਼ਰਾਬ ਛੱਡਣ ਦਾ ਕੀਤਾ ਐਲਾਨ, ਮਾਂ ਸੀ ਬਹੁਤ ਪ੍ਰੇਸ਼ਾਨ
. . .  about 4 hours ago
ਬਰਨਾਲਾ, 20 ਜਨਵਰੀ - ਬਰਨਾਲਾ 'ਚ ਆਮ ਆਦਮੀ ਪਾਰਟੀ ਦੀ ਹੋਈ ਰੈਲੀ ਵਿਚ ਸੰਗਰੂਰ ਤੋਂ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਨੇ ਆਪਣੇ ਸੰਬੋਧਨ ਵਿਚ ਵੱਡਾ ਐਲਾਨ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ 1 ਜਨਵਰੀ ਤੋਂ ਸ਼ਰਾਬ ਪੀਣੀ ਛੱਡ ਦਿੱਤੀ ਹੈ ਤੇ ਉਹ ਇਸ ਸਬੰਧ...
ਕਾਂਗਰਸੀ ਵਿਧਾਇਕਾਂ ਦੀ ਰਿਜ਼ਾਰਟ ਵਿਚ ਲੜਾਈ, ਇਕ ਹਸਪਤਾਲ ਭਰਤੀ
. . .  about 5 hours ago
ਬੈਂਗਲੁਰੂ, 20 ਜਨਵਰੀ - ਕਰਨਾਟਕ 'ਚ ਸਿਆਸੀ ਡਰਾਮਾ ਰੁਕਣ ਦਾ ਨਾਂ ਨਹੀਂ ਲੈ ਰਿਹਾ। ਪਹਿਲਾ ਕਾਂਗਰਸ ਤੇ ਜਨਤਾ ਦਲ ਸੈਕੂਲਰ ਨੇ ਭਾਜਪਾ 'ਤੇ ਵਿਧਾਇਕਾਂ ਦੀ ਖ਼ਰੀਦ ਫ਼ਰੋਖ਼ਤ ਦਾ ਦੋਸ਼ ਲਗਾਇਆ। ਹੁਣ ਮਾਮਲਾ ਮਾਰਕੁੱਟ ਤੱਕ ਪਹੁੰਚ ਗਿਆ ਹੈ। ਕਿਹਾ ਜਾ ਰਿਹਾ ਹੈ ਕਿ...
ਚਿੜੀਆ ਘਰ 'ਚ ਸ਼ੇਰ ਸੈਲਾਨੀਆਂ 'ਤੇ ਹਮਲਾ, ਇਕ ਦੀ ਮੌਤ
. . .  about 5 hours ago
ਜ਼ੀਰਕਪੁਰ, 20 ਜਨਵਰੀ, (ਹਰਦੀਪ ਸਿੰਘ ਹੈਪੀ ਪੰਡਵਾਲਾ) - ਇੱਥੋਂ ਦੇ ਛੱਤਬੀੜ ਚਿੜੀਆ ਘਰ 'ਚ ਅੱਜ ਸ਼ਾਮ ਸ਼ੇਰ ਸਫ਼ਰੀ 'ਚ ਸ਼ੇਰ ਨੇ ਇਕ ਵਿਅਕਤੀ ਨੂੰ ਮਾਰ ਮੁਕਾਇਆ। ਜਾਣਕਾਰੀ ਅਨੁਸਾਰ ਐਤਵਾਰ ਸੈਲਾਨੀਆਂ ਨੂੰ ਲਾਈਨ ਸਫ਼ਾਰੀ 'ਚ ਸ਼ੇਰ ਦਿਖਾਉਣ ਲੈ ਕੇ ਗਈ ਬੱਸ...
ਪਾਕਿਸਤਾਨ ਨੇ ਕਠੂਆ 'ਚ ਕੀਤੀ ਜੰਗਬੰਦੀ ਦੀ ਉਲੰਘਣਾ
. . .  about 6 hours ago
ਜੰਮੂ, 20 ਜਨਵਰੀ - ਪਾਕਿਸਤਾਨੀ ਸੈਨਿਕਾਂ ਵਲੋਂ ਅੱਜ ਐਤਵਾਰ ਜੰਮੂ ਕਸ਼ਮੀਰ ਦੇ ਕਠੂਆ ਸਥਿਤ ਅੰਤਰਰਾਸ਼ਟਰੀ ਬਾਰਡਰ 'ਤੇ ਜੰਗਬੰਦੀ ਦੀ ਉਲੰਘਣਾ ਕੀਤੀ ਗਈ ਤੇ ਛੋਟੇ ਹਥਿਆਰਾਂ ਦੀ ਵਰਤੋਂ ਕੀਤੀ ਗਈ। ਇਸ ਉਲੰਘਣਾ 'ਚ ਕਿਸੇ ਦੇ ਮਾਰੇ ਜਾਣ ਦੀ ਰਿਪੋਰਟ ਨਹੀਂ ਹੈ। ਪਿਛਲੇ...
'ਕਾਲੀਆ ਸਕੀਮ' ਦੇ ਨਾਂਅ 'ਤੇ ਲੋਕਾਂ ਨੂੰ ਗੁਮਰਾਹ ਕਰ ਰਹੇ ਹਨ ਪਟਨਾਇਕ - ਧਰਮਿੰਦਰ ਪ੍ਰਧਾਨ
. . .  about 6 hours ago
ਭੁਵਨੇਸ਼ਵਰ, 20 ਜਨਵਰੀ- ਕੇਂਦਰੀ ਮੰਤਰੀ ਧਰਮਿੰਦਰ ਪ੍ਰਧਾਨ ਨੇ ਕਿਹਾ ਕਿ ਮੁੱਖ ਮੰਤਰੀ ਨਵੀਨ ਪਟਨਾਇਕ 'ਕਾਲੀਆ ਸਕੀਮ' ਦੇ ਨਾਂਅ 'ਤੇ ਲੋਕਾਂ ਨੂੰ ਗੁਮਰਾਹ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਇਸ ਸਕੀਮ ਨਾਲ ਕੋਈ ਫ਼ਾਇਦਾ ਨਹੀਂ ਹੋਵੇਗਾ। ਉਹ ਇਕ ਭ੍ਰਿਸ਼ਟ ....
ਹੋਰ ਖ਼ਬਰਾਂ..

ਅਜੀਤ ਮੈਗਜ਼ੀਨ

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ 'ਤੇ ਵਿਸ਼ੇਸ਼

ਨਾਉਂ ਗਰੀਬ ਨਿਵਾਜ਼ ਹਮਾਰਾ

ਗੁਰੂ ਨਾਨਕ ਦੇਵ ਜੀ ਨੇ ਅਕਾਲ ਪੁਰਖ ਦੀ ਵਡਿਆਈ ਕਰਦਿਆਂ ਲਿਖਿਆ ਹੈ:
ਵਡੇ ਕੀਆ ਵਡਿਆਈਆ, ਕਿਛੁ ਕਹਣਾ ਕਹਣੁ ਨਾ ਜਾਇ¨
ਉਹ ਇੰਨਾ ਸਰਬ ਕਲਾ ਸਮਰੱਥ ਹੈ ਕਿ ਉਸ ਬਾਰੇ ਕੁਝ ਕਿਹਾ ਨਹੀਂ ਜਾ ਸਕਦਾ | ਕੀ ਕਹੀਏ ! ਉਸ ਦੇ ਗੁਣਾਂ ਦਾ ਕੋਈ ਸ਼ੁਮਾਰ ਨਹੀਂ | ਇਸੇ ਤਰ੍ਹਾਂ ਗੁਰੂ ਦੀ ਮਹਿਮਾ ਵੀ ਬੇਅੰਤ ਹੈ-
ਗੁਰ ਕੀ ਮਹਿਮਾ ਅਗਮ ਹੈ ਕਿਆ ਕਥੈ ਕਥਨਹਾਰੁ¨
ਅਕਾਲ ਪੁਰਖ ਬਾਰੇ ਕਹੇ ਪ੍ਰਥਮ ਪਾਤਸ਼ਾਹ ਦੇ ਇਹ ਬਚਨ ਦਸਮ ਪਾਤਸ਼ਾਹ ਉਤੇ ਵੀ ਪੂਰੇ ਢੁੱਕਦੇ ਹਨ | ਗੁਰੂ ਗੋਬਿੰਦ ਸਿੰਘ ਜੀ ਦਾ 42 ਸਾਲਾਂ ਦਾ ਅਲਪ ਜੀਵਨ, ਪਰ ਉਨ੍ਹਾਂ ਦੀਆਂ ਸਿਫ਼ਤਾਂ ਦਾ ਬਹੁ-ਵਿਸਥਾਰ ਇਕ ਆਲਮ-ਫ਼ਾਜ਼ਲ ਨੂੰ ਵੀ ਓਨਾ ਹੀ ਹੈਰਾਨ ਕਰ ਦਿੰਦਾ ਹੈ, ਜਿੰਨਾ ਇਕ ਆਮ ਆਦਮੀ ਨੂੰ | ਗੁਰੂ ਗੋਬਿੰਦ ਸਿੰਘ ਨੂੰ ਧਰਮ-ਰੱਖਿਅਕ ਕਹੀਏ ਕਿ ਦੇਸ਼-ਰੱਖਿਅਕ; ਗੁਰੂ ਗੋਬਿੰਦ ਸਿੰਘ ਈਸ਼ਵਰ-ਭਗਤ ਸਨ ਕਿ ਲੋਕ-ਨਾਇਕ; ਉਹ ਸ਼ਸਤਰ ਦੇ ਪੁਜਾਰੀ ਸਨ ਕਿ ਸ਼ਾਸਤਰ-ਚਿੰਤਕ; ਦਸਮ ਪਾਤਸ਼ਾਹ ਤੇਗ ਦੇ ਧਨੀ ਸਨ ਕਿ ਕਲਮ ਦੇ ਬਾਦਸ਼ਾਹ; ਉਹ ਇਤਿਹਾਸ ਮਿਥਿਹਾਸ ਦੇ ਪ੍ਰਸੰਸਕ ਸਨ ਕਿ ਖੁਦ ਇਤਿਹਾਸ ਦੇ ਰਚੈਤਾ; ਉਹ ਅਧਿਆਤਮਵਾਦੀ ਸਨ ਕਿ ਯਥਾਰਥਵਾਦੀ; ਉਹ ਮੁਸਲਿਮ-ਵਿਰੋਧੀ ਸਨ ਕਿ ਧਰਮ-ਨਿਰਪੱਖ; ਉਹ ਮਜ਼ਲੂਮ-ਪੱਖੀ ਸਨ ਕਿ ਗਰੀਬ-ਪਰਵਰ | ਦਸਮ ਪਾਤਸ਼ਾਹ ਦੀਆਂ ਸਿਫ਼ਤਾਂ ਇੰਜ ਗਿਣਦੇ ਜਾਈਏ, ਤਾਂ ਪਤਾ ਨਹੀਂ ਕਿੱਥੇ ਜਾ ਕੇ ਅੰਤ ਹੋਵੇਗਾ |
ਗੁਰੂ ਨਾਨਕ ਦੀ ਆਵਾਜ਼ ਸਿੱਖ ਧਰਮ ਦਾ ਆਗਾਜ਼ ਹੈ | ਵੇੲੀਂ-ਪ੍ਰਵੇਸ਼ ਤੋਂ ਉਪਰੰਤ ਉਨ੍ਹਾਂ ਨੇ ਹੋਕਾ ਦਿੱਤਾ: ਨਾ ਕੋ ਹਿੰਦੂ ਨਾ ਮੁਸਲਮਾਨ; ਭਾਵ ਬੰਦੇ ਬੰਦੇ ਵਿਚ ਕੋਈ ਫਰਕ ਨਹੀਂ ਹੈ; ਸਮੂਹ ਖ਼ਲਕਤ ਖ਼ੁਦਾ ਦੀ ਸੰਤਾਨ ਹੈ | ਜਦੋਂ ਬਾਬਾ ਨਾਨਕ ਨੇ ਇਸਤਰੀ ਜਾਤੀ ਦੀ ਬੇਕਦਰੀ ਹੁੰਦੀ ਵੇਖੀ ਤਾਂ ਲੋਕਾਂ ਨੂੰ ਸਮਝਾਇਆ: ਭਲੇ ਮਾਣਸੋ, ਇਸਤਰੀ ਤੋਂ ਹੀ ਤਾਂ ਅਸੀਂ ਜਨਮ ਲੈਂਦੇ ਹਾਂ | ਇਸਤਰੀ ਕਾਰਨ ਹੀ ਪਰਿਵਾਰ ਤੇ ਸੰਸਾਰ ਚਲਦਾ ਹੈ | ਔਰਤ ਨੂੰ ਮਾੜਾ ਕਿਉਂ ਕਹਿੰਦੇ ਹੋ, ਜੋ ਰਾਜਿਆਂ ਤੇ ਮਹਾਂਪੁਰਖਾਂ ਨੂੰ ਜਨਮ ਦਿੰਦੀ ਹੈ |
ਇਸੇ ਤਰ੍ਹਾਂ ਜਦੋਂ ਗੁਰੂ ਨਾਨਕ ਸਾਹਿਬ ਦੀ ਨਜ਼ਰ ਗਰੀਬਾਂ ਨਿਮਾਣਿਆਂ ਉਤੇ ਪਈ ਤਾਂ ਉਨ੍ਹਾਂ ਦੀ ਆਤਮਾ ਝੰਜੋੜੀ ਗਈ | ਮਨੁੱਖ ਹੱਥੋਂ ਮਨੁੱਖ ਦਾ ਐਸਾ ਤਿ੍ਸਕਾਰ, ਐਨਾ ਨਿਰਾਦਰ, ਐਨੀ ਨਫ਼ਰਤ; ਇਹ ਰੱਬੀ ਕਾਨੂੰਨ ਦੇ ਵਿਰੁੱਧ ਹੈ | ਉਨ੍ਹਾਂ ਨੇ ਗਰੀਬਾਂ ਦੀ ਧਿਰ ਬਣਨ ਦਾ ਨਿਸਚਾ ਕੀਤਾ |
ਭਾਈ ਨੰਦ ਲਾਲ ਗੁਰੂ ਗੋਬਿੰਦ ਸਿੰਘ ਜੀ ਦੀ ਵੀ ਇਹੀ ਸਿਫ਼ਤ ਦਸਦੇ ਹਨ-
ਕਾਦਿਰਿ ਹਰ ਕਾਰ ਗੁਰ ਗੋਬਿੰਦ ਸਿੰਘ |
ਬੇਕਸਾਂ ਰਾ ਯਾਰ ਗੁਰ ਗੋਬਿੰਦ ਸਿੰਘ |

ਗੁਰੂ ਗੋਬਿੰਦ ਸਿੰਘ ਸਰਬ-ਕਲਾ-ਸਮਰੱਥ ਹਨ | ਬੇਸਹਾਰਿਆਂ ਦਾ ਸਹਾਰਾ ਹਨ |
ਯਤੀਮ ਭਾਈ ਜੇਠਾ ਉਬਾਲੇ ਹੋਏ ਛੋਲਿਆਂ ਦੀਆਂ ਘੁੰਗਣੀਆਂ ਵੇਚ ਕੇ ਗੁਜ਼ਾਰਾ ਕਰਦਾ ਸੀ | ਗੁਰੂ ਅਮਰ ਦਾਸ ਜੀ ਦੀ ਸਵੱਲੀ ਨਜ਼ਰ ਪਈ ਤਾਂ ਭਾਈ ਜੇਠੇ ਤੋਂ ਗੁਰੂ ਰਾਮਦਾਸ ਬਣ ਗਿਆ | ਗੁਰੂ ਅਮਰ ਦਾਸ ਜੀ ਨੇ ਆਪਣੀ ਬੇਟੀ ਬੀਬੀ ਭਾਨੀ ਦਾ ਰਿਸ਼ਤਾ ਵੀ ਦਿੱਤਾ ਅਤੇ ਗੁਰ-ਗੱਦੀ ਦਾ ਵਾਰਸ ਵੀ ਬਣਾ ਦਿੱਤਾ |
ਅਸਲ ਵਿਚ ਸਿੱਖ ਧਰਮ ਗਰੀਬਾਂ, ਮਜ਼ਲੂਮਾਂ ਅਤੇ ਧਾਰਮਿਕ ਤੇ ਸਮਾਜਿਕ ਪੱਖੋਂ ਦੁਰਕਾਰੇ ਤੇ ਤਿ੍ਸਕਾਰੇ ਲੋਕਾਂ ਦਾ ਧਰਮ ਹੈ | ਜਿਸ ਨੂੰ ਕਿਤੇ ਢੋਈ ਨਹੀਂ ਮਿਲੀ, ਉਸ ਨੂੰ ਗੁਰੂ ਨਾਨਕ ਦੇ ਘਰ ਵਿਚ ਪ੍ਰਾਹੁਣੇ ਵਾਲਾ ਸਤਿਕਾਰ ਮਿਲਿਆ | ਗੁਰੂ ਨਾਨਕ ਨੇ ਪਹਿਲਾ ਕਾਰਜ ਇਹ ਕੀਤਾ ਕਿ ਗਰੀਬ ਤੇ ਨਿਮਾਣੇ ਮਰਦਾਨੇ ਨੂੰ ਆਪਣਾ ਉਮਰ-ਭਰ ਦਾ ਸਾਥੀ ਬਣਾ ਲਿਆ | ਨੀਚਹ ਊਚ ਕਰੈ ਮੇਰਾ ਗੋਬਿੰਦੁ ਕਾਹੂ ਤੇ ਨ ਡਰੇ¨ ਗੁਰੂ ਨਾਨਕ ਨੇ ਇਸ ਗੱਲ ਦੀ ਕੋਈ ਪਰਵਾਹ ਨਹੀਂ ਕੀਤੀ ਕਿ ਜੇ ਮਿਰਾਸੀ ਨੂੰ ਯਾਰ ਬਣਾਇਆ ਤਾਂ ਲੋਕ ਕੀ ਕਹਿਣਗੇ | ਸਾਰੇ ਗੁਰੂ ਸਾਹਿਬਾਨ ਵਿਚ ਇਕੋ ਜੋਤ ਵਿਦਮਾਨ ਸੀ | ਗੁਰੂ ਅਰਜਨ ਦੇਵ ਜੀ ਆਪਣੇ ਆਪ ਨੂੰ ਨੀਵੇਂ ਤੋਂ ਨੀਵਾਂ, ਅਤਿ ਨੀਵਾਂ ਗਰੀਬ ਸਮਝ ਕੇ ਪ੍ਰਭੂ ਅੱਗੇ ਬੇਨਤੀ ਕਰਦੇ ਹਨ-
ਨੀਚਹੁ ਨੀਚੁ ਨੀਚੁ ਅਤਿ ਨਾਨਾ
ਹੋਇ ਗਰੀਬੁ ਬੁਲਾਵਉ¨ (ਅੰਗ: 529)

ਗੁਰੂ ਗੋਬਿੰਦ ਸਿੰਘ ਜੀ ਵੀ ਆਪਣੇ ਪੂਰਵਗਾਮੀ ਗੁਰੂ ਸਾਹਿਬਾਨ ਦੇ ਪੂਰਨਿਆਂ 'ਤੇ ਚਲਦੇ ਹੋਏ ਅਕਾਲ ਪੁਰਖ ਨੂੰ 'ਵੈਰੀਆਂ ਨੂੰ ਹਰਾਉਣ ਵਾਲਾ ਤੇ ਗਰੀਬਾਂ ਦਾ ਪਾਲਣਹਾਰ ਕਹਿੰਦੇ ਹਨ-
ਗਨੀਮੁਲ ਸਿਕਸਤੈ¨ ਗਰੀਬੁਲ ਪਰਸਤੈ¨
(ਜਾਪੁ ਸਾਹਿਬ)

ਫੇਰ ਦੁਬਾਰਾ ਈਸ਼ਵਰ ਨੂੰ ਸੰਬੋਧਨ ਕਰ ਕੇ ਕਹਿੰਦੇ ਹਨ: ਹੇ ਈਸ਼ਵਰ, ਤੂੰ ਵੈਰੀਆਂ ਨੂੰ ਨਸ਼ਟ ਕਰਨ ਵਾਲਾ ਹੈਾ ਪਰ ਗਰੀਬਾਂ ਨੂੰ ਨਿਵਾਜਦਾ ਹੈਾ-
ਗਨੀਮੁਲ ਖਿਰਾਜ ਹੈਾ¨ ਗਰੀਬੁਲ ਨਿਵਾਜ ਹੈਾ¨
(ਜਾਪੁ ਸਾਹਿਬ)

ਅਨੰਤ ਸਿਫ਼ਤਾਂ ਦੇ ਮਾਲਕ ਦਸਮ ਪਾਤਸ਼ਾਹ ਦੀ ਸਭ ਤੋਂ ਵੱਡੀ ਵਡਿਆਈ ਇਹ ਹੈ ਕਿ ਉਨ੍ਹਾਂ ਨੇ ਜੋ ਕਿਹਾ, ਉਸ ਨੂੰ ਸੱਚ ਕਰ ਵਿਖਾਇਆ | ਪੰਜ ਪਿਆਰਿਆਂ ਦੀ ਚੋਣ ਸਮੇਂ ਜੇ ਗਰੀਬ ਸਿੱਖ ਪਰਖ ਵਿਚ ਪੂਰੇ ਉਤਰੇ ਤਾਂ ਉਨ੍ਹਾਂ ਨੂੰ ਪੂਰਾ ਮਾਨ-ਸਤਿਕਾਰ ਬਖਸ਼ਿਆ ਅਤੇ ਉਨ੍ਹਾਂ ਦੇ ਮੁਬਾਰਕ ਹੱਥਾਂ ਤੋਂ ਅੰਮਿ੍ਤ ਪਾਨ ਕੀਤਾ | ਉਸ ਸਮੇਂ ਆਪਣੇ ਭਾਸ਼ਨ ਵਿਚ ਉਨ੍ਹਾਂ ਨੇ ਕਿਹਾ- ਜਾਤ-ਪਾਤ ਦੇ ਸਾਰੇ ਵਿਤਕਰੇ ਭੁੱਲ ਕੇ ਸਾਰੇ ਇਕ ਰਾਹ ਤੇ ਇਕ ਵਿਸ਼ਵਾਸ 'ਤੇ ਚੱਲੋ | ਊਚ-ਨੀਚ ਤੇ ਭਿੰਨ-ਭੇਦ ਦਾ ਖਿਆਲ ਛੱਡੋ | ਗੁਰੂ ਨਾਨਕ ਤੇ ਹੋਰ ਗੁਰੂ ਸਾਹਿਬਾਨ ਦੇ ਉਪਦੇਸ਼ ਦੇ ਧਾਰਨੀ ਬਣੋ | ਜੇ ਪਹਾੜੀ ਰਾਜਿਆਂ ਨੇ ਆਪਣੇ ਲਈ ਵੱਖਰੇ ਵਿਸ਼ੇਸ਼ ਅੰਮਿ੍ਤ ਦੀ ਮੰਗ ਕੀਤੀ ਤਾਂ ਸਪਸ਼ਟ ਜਵਾਬ ਦਿੰਦਿਆਂ ਫ਼ਰਮਾਇਆ- ਅੰਮਿ੍ਤ ਸਭ ਲਈ ਇਕੋ ਹੈ; ਅਖੌਤੀ ਵੱਡਿਆਂ ਲਈ ਵਖਰਾ ਅੰਮਿ੍ਤ ਨਹੀਂ ਤਿਆਰ ਕੀਤਾ ਜਾ ਸਕਦਾ | ਦਸਮ ਪਾਤਸ਼ਾਹ ਨੇ ਆਪਣੇ ਸਿੱਖਾਂ ਨੂੰ ਰਾਜਿਆਂ ਰਾਣਿਆਂ ਦੇ ਬਰਾਬਰ ਰੱਖਿਆ | ਗਰੀਬ ਸਿੱਖਾਂ ਦੀ ਹੇਠੀ ਨਹੀਂ ਹੋਣ ਦਿੱਤੀ |
ਗੁਰੂ ਜੀ ਦੋ ਸਵੈਯਾਂ ਵਿਚ ਸਿੱਖਾਂ ਦੀ ਬੇਹੱਦ ਤਾਰੀਫ਼ ਕਰਦੇ ਹੋਏ ਕਹਿੰਦੇ ਹਨ: ਇਨ੍ਹਾਂ ਗਰੀਬ ਸਿੱਖਾਂ ਦੀ ਕਿਰਪਾ ਸਦਕਾ ਹੀ ਅਸੀਂ ਯੁੱਧ ਜਿੱਤੇ ਹਨ, ਦਾਨ ਦਿੱਤੇ ਹਨ, ਸਾਡੀਆਂ ਮੁਸੀਬਤਾਂ ਟਲੀਆਂ ਹਨ, ਸਾਡੇ ਘਰ ਭਰੇ ਹੋਏ ਹਨ | ਇਨ੍ਹਾਂ ਦੀ ਕਿਰਪਾ ਦੁਆਰਾ ਹੀ ਅਸੀਂ ਵਿਦਿਆ ਪੜ੍ਹੀ ਅਤੇ ਆਪਣੇ ਵੈਰੀਆਂ ਨੂੰ ਸੋਧਿਆ | ਮੈਂ ਜੋ ਕੁਝ ਹਾਂ, ਇਨ੍ਹਾਂ ਦੀ ਕਿਰਪਾ ਸਦਕਾ ਹੀ ਹਾਂ; ਨਹੀਂ ਤਾਂ ਮੇਰੇ ਵਰਗੇ ਕਰੋੜਾਂ ਗਰੀਬ ਤੁਰੇ ਫਿਰਦੇ ਹਨ-
ਇਨ ਹੀ ਕੀ ਕ੍ਰਿਪਾ ਕੇ ਸਜੇ ਹਮ ਹੈਾ
ਨਹੀ ਮੋਸੇ ਗਰੀਬ ਕਰੋਰ ਪਰੇ¨

ਜੇਕਰ ਦਸਮ ਪਾਤਸ਼ਾਹ ਗਰੀਬ ਸਿੱਖਾਂ ਨੂੰ ਏਨਾ ਨਿਵਾਜਦੇ ਸਨ, ਉਨ੍ਹਾਂ ਉਤੇ ਐਨਾ ਭਰੋਸਾ ਕਰਦੇ ਸਨ ਤਾਂ ਉਨ੍ਹਾਂ ਨੇ ਵੀ ਗੁਰੂ ਜੀ ਨਾਲ ਕਦੀ ਬੇਵਫ਼ਾਈ ਨਹੀਂ ਕੀਤੀ | ਜੇਕਰ ਸਮੂਹ ਵਰਗਾਂ ਦੇ ਸਿੱਖ ਗੁਰੂ ਜੀ ਦੇ ਉਦੇਸ਼ ਲਈ ਬੇਅੰਤ ਕੁਰਬਾਨੀਆਂ ਕਰਦੇ ਸਨ ਤਾਂ ਗਰੀਬ ਸਿੱਖ ਗੁਰੂ ਜੀ ਦੇ ਕਰਾਂਤੀਕਾਰੀ –ਕਲਿਆਣਕਾਰੀ ਲਕਸ਼ ਲਈ ਹਰ ਸਮੇਂ ਜਾਨਾਂ ਵਾਰਨ ਲਈ ਤਿਆਰ ਰਹਿੰਦੇ ਸਨ | ਭਾਈ ਜੈਤਾ ਜਦੋਂ ਦਿੱਲੀ ਤੋਂ ਗੁਰੂ ਤੇਗ ਬਹਾਦਰ ਜੀ ਦਾ ਪਵਿੱਤਰ ਸੀਸ ਲੈ ਕੇ ਅਨੰਦਪੁਰ ਆਇਆ ਤਾਂ ਗੁਰੂ ਜੀ ਨੇ ਉਸ ਨੂੰ 'ਰੰਘਰੇਟਾ ਗੁਰੂ ਕਾ ਬੇਟਾ' ਕਹਿ ਕੇ ਆਪਣਾ ਸਪੁੱਤਰ ਹੋਣ ਦਾ ਮਾਣ ਬਖਸ਼ਿਆ | ਚਮਕੌਰ ਦੀ ਗੜ੍ਹੀ ਵਿਚ ਜਦੋਂ ਦਸਮ ਪਾਤਸ਼ਾਹ ਨੇ ਭਾਈ ਸੰਗਤ ਸਿੰਘ ਨੂੰ ਆਪਣੇ ਪੋਸ਼ਾਕੇ ਤੇ ਕਲਗੀ ਦੀ ਬਖਸ਼ਿਸ਼ ਕੀਤੀ ਤਾਂ ਭਾਈ ਸੰਗਤ ਸਿੰਘ ਨੇ ਆਪਣਾ ਸਿਰ ਕਟਾ ਕੇ ਗੁਰੂ ਜੀ ਦੇ ਬਾਣੇ ਤੇ ਕਲਗੀ ਦੀ ਲਾਜ ਰੱਖੀ |
ਜਥੇਦਾਰ ਗੁਰਚਰਨ ਸਿੰਘ ਟੌਹੜਾ, ਜੋ 29 ਸਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਹੇ, ਨੇ 16 ਨਵੰਬਰ 2003 ਨੂੰ ਗੁਰਦੁਆਰਾ ਕਤਲਗੜ੍ਹ ਸਾਹਿਬ ਚਮਕੌਰ ਵਿਖੇ ਆਪਣੇ ਭਾਸ਼ਨ ਵਿਚ ਕਿਹਾ- ''ਮੇਰੇ ਖਿਆਲ ਵਿਚ ਚਮਕੌਰ ਦੇ 40 ਸ਼ਹੀਦਾਂ ਵਿਚੋਂ 30 ਸਿੰਘ ਉਨ੍ਹਾਂ ਸ਼੍ਰੇਣੀਆਂ ਦੇ ਸਨ ਜਿਹੜੀਆਂ ਸਮੇਂ ਦੇ ਸਮਾਜ ਨੇ ਲਤਾੜੀਆਂ ਹੋਈਆਂ ਸਨ, ਦਰੜੀਆਂ ਹੋਈਆਂ ਸਨ | ਉਨ੍ਹਾਂ ਨੇ ਚਮਕੌਰ ਦੀ ਜੰਗ ਵਿਚ ਅਨੋਖਾ ਇਤਿਹਾਸ ਬਣਾਇਆ |''
ਗਰੀਬ ਸਿੱਖਾਂ ਦੀ ਪੂਰਨ ਵਫ਼ਾਦਾਰੀ ਅਤੇ ਕੁਰਬਾਨੀਆਂ ਤੋਂ ਪ੍ਰਸੰਨ ਹੋ ਕੇ ਦਸਮ ਪਾਤਸ਼ਾਹ ਦੇ ਹਿਰਦੇ 'ਚੋਂ ਲਘੂ ਜਾਤਾਂ ਪ੍ਰਤੀ ਜੋ ਅਸ਼ੀਰਵਾਦ ਉਪਜਿਆ, ਉਹ ਹੇਠ ਲਿਖੀਆਂ ਸਤਰਾਂ ਤੋਂ ਪ੍ਰਗਟ ਹੁੰਦਾ ਹੈ-
ਨਾਉਂ ਗਰੀਬ ਨਿਵਾਜ ਹਮਾਰਾ |
ਜਗ ਮੈ ਹੈ ਪ੍ਰਸਿਧ ਅਪਾਰਾ |
ਸੋ ਸਫਲਾ ਜਗ ਮੈ ਤਬ ਕਰ ਹੋਂ |
ਲਘੂ ਜਾਤਨ ਕੋ ਬਡਪਨ ਦੇ ਹੋਂ |
ਜਿਨ ਕੀ ਜਾਤ ਔਰ ਕੁਲ ਮਾਹੀਂ |
ਸਰਦਾਰੀ ਨਾ ਭਈ ਕਦਾਹੀਂ |
ਉਨ ਹੀ ਕੋ ਸਰਦਾਰ ਬਣਾਵੋਂ |
ਤਬੇ ਗੋਬਿੰਦ ਸਿੰਘ ਨਾਮ ਕਹਾਵੋਂ |

               ----
ਇਨ ਗ੍ਰੀਬ ਸਿੰਘਣ ਕੌ ਦਯੈ ਪਾਤਸ਼ਾਹੀ |
ਏ ਯਾਦ ਰਖੈਂ ਹਮਰੀ ਗੁਰਿਆਈ |

ਡਾ: ਮਹੀਪ ਸਿੰਘ ਆਪਣੇ ਇਕ ਲੇਖ ਵਿਚ ਲਿਖਦੇ ਹਨ- ''ਗੁਰੂ ਗੋਬਿੰਦ ਸਿੰਘ ਜੀ ਨੇ ਜਿਸ ਢੰਗ ਦੀ ਸਮਾਜ ਬਣਤਰ ਦਾ ਸੰਕਲਪ ਸਿਰਜਿਆ ਸੀ, ਅਜੋਕੀ ਸੋਚ ਉਸੇ ਸੇਧ ਵਲ ਜਾ ਰਹੀ ਹੈ | ਸਮਾਜਿਕ ਸਮਤਾ, ਨਿਆਂ ਅਤੇ ਪਛੜੀਆਂ ਸ਼੍ਰੇਣੀਆਂ ਨੂੰ ਅੱਗੇ ਵਧਣ, ਸਮਾਜ ਤੇ ਰਾਜ ਵਿਵਸਥਾ ਵਿਚ ਹਿੱਸੇਦਾਰੀ ਪ੍ਰਾਪਤ ਕਰਨ ਦੇ ਜਿਹੜੇ ਸਿਧਾਂਤ ਅਜੋਕੀ ਦੁਨੀਆ ਦੇ ਆਦਰਸ਼ ਬਣਦੇ ਜਾ ਰਹੇ ਹਨ, ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਜੀਵਨ ਦਿ੍ਸ਼ਟੀ ਰਾਹੀਂ ਨਾ ਕੇਵਲ ਉਨ੍ਹਾਂ ਨੂੰ ਉਸਾਰਿਆ ਸਗੋਂ ਉਨ੍ਹਾਂ ਦੀ ਪ੍ਰਾਪਤੀ ਲਈ ਆਪਣਾ ਸਭ ਕੁਝ ਕੁਰਬਾਨ ਕਰ ਦਿੱਤਾ |''
ਇਹੀ ਕਾਰਨ ਹੈ ਕਿ ਸੰਸਾਰ-ਪ੍ਰਸਿੱਧ ਅੰਗਰੇਜ਼ ਇਤਿਹਾਸਕਾਰ ਆਰਨਲਡ ਟਾਇਨਬੀ ਨੇ ਆਪਣੀ ਪੁਸਤਕ 'ਸਟਡੀ ਆਫ਼ ਹਿਸਟਰੀ' ਵਿਚ ਕਾਮਰੇਡ ਲੈਨਿਨ ਦੇ ਦਾਅਵੇ ਨੂੰ ਨਕਾਰਦਿਆਂ ਲਿਖਿਆ ਹੈ-
''1699 ਈ: ਵਿਚ ਸਥਾਪਿਤ ਹੋਇਆ ਗੁਰੂ ਗੋਬਿੰਦ ਸਿੰਘ ਦਾ ਖਾਲਸਾ ਪੰਥ, ਲੈਨਿਨ ਦੀ ਕਮਿਊਨਿਸਟ ਪਾਰਟੀ ਤੋਂ ਢੇਰ ਚਿਰ ਪਹਿਲਾਂ ਹੋਂਦ ਵਿਚ ਆਇਆ ਸੀ | ਸਤਾਰ੍ਹਵੀਂ ਸਦੀ ਦੇ ਅੰਤ ਵਿਚ ਹੋਈ ਖਾਲਸਾ ਪੰਥ ਦੀ ਸਿਰਜਨਾ, ਲੈਨਿਨ ਦੇ ਇਸ ਦਾਅਵੇ ਨੂੰ ਰੱਦ ਕਰਦੀ ਹੈ ਕਿ 1917 ਵਿਚ ਬਣੀ ਉਸ ਦੀ ਪਾਰਟੀ, ਸ਼੍ਰੇਣੀ-ਰਹਿਤ ਅਤੇ ਸਮਾਜਵਾਦੀ ਸਮਾਜ ਸੰਗਠਿਤ ਕਰਨ ਵਾਲੀ ਪਹਿਲੀ ਜਥੇਬੰਦੀ ਸੀ |''
ਗੁਰੂ ਘਰ ਵਿਚ ਕਰਾਮਾਤ ਪਰਵਾਨ ਨਹੀਂ ਹੈ | ਫੇਰ ਵੀ ਕਈ ਨਿਪਟ ਸ਼ਰਧਾਲੂ ਗੁਰੂ ਸਾਹਿਬਾਂ ਤੋਂ ਕਰਾਮਾਤ ਦੀ ਆਸ ਰੱਖਦੇ ਹਨ | ਪਰ ਗੁਰੂ ਸਾਹਿਬਾਨ ਨੇ ਜਾਦੂ ਮੰਤਰ ਵਰਗੀ ਕੋਈ ਕਰਾਮਾਤ ਨਹੀਂ ਕੀਤੀ | ਉਹ ਕਥਨੀ ਤੇ ਕਰਨੀ ਦੀ ਕਰਾਮਾਤ ਦੇ ਧਾਰਨੀ ਸਨ | ਕੀ ਗੁਰੂ ਨਾਨਕ ਦੇਵ ਜੀ ਦੀਆਂ ਚਹੁੰ ਦਿਸ਼ਾਵਾਂ ਵਿਚ ਹਜ਼ਾਰਾ ਮੀਲਾਂ ਦੀਆਂ ਯਾਤਰਾਵਾਂ ਇਕ ਕਰਾਮਾਤ ਨਹੀਂ ਸਨ? ਕੀ ਤਿ੍ਸਕਾਰੇ ਹੋਏ ਲੋਕਾਂ ਨੂੰ ਗਲ ਲਾਉਣਾ, ਜਿਨ੍ਹਾਂ ਦੇ ਪਰਛਾਵੇਂ ਨੂੰ ਵੀ ਭੱਦਰ ਲੋਕ ਨਫ਼ਰਤ ਕਰਦੇ ਸਨ, ਇਕ ਕਰਾਮਾਤ ਨਹੀਂ ਸੀ? ਜਿਨ੍ਹਾਂ ਲੋਕਾਂ ਨੂੰ ਭਾਰਤੀ ਸਮਾਜ ਕੀੜੇ-ਮਕੌੜੇ ਤੇ ਕੱਖ-ਕਾਨ ਸਮਝਦਾ ਸੀ, ਕੀ ਉਨ੍ਹਾਂ ਨੂੰ ਪੂਰਨ ਮਨੁੱਖ ਤੇ ਕਰਾਂਤੀਕਾਰੀ ਯੋਧੇ ਤੇ ਜਰਨੈਲ ਬਣਾਉਣਾ ਇਕ ਕਰਾਮਾਤ ਨਹੀਂ ਸੀ? ਇਹ ਤੌਫ਼ੀਕਾਂ ਤੇ ਸ਼ਕਤੀਆਂ ਗੁਰੂ ਘਰ ਨੂੰ ਹੀ ਪ੍ਰਾਪਤ ਸਨ-
ਨਿਚੀਜਿਆ ਚੀਜ ਕਰੇ ਮੇਰਾ ਗੋਵਿੰਦੁ
ਤੇਰੀ ਕੁਦਰਤਿ ਕਉ ਕੁਰਬਾਣੁ¨

-ਮੋਬਾਈਲ: 98155-40968


ਖ਼ਬਰ ਸ਼ੇਅਰ ਕਰੋ

ਦਸਮ ਪਾਤਸ਼ਾਹ ਦੇ ਦਰਬਾਰੀ ਕਵੀ

ਸਾਹਿਤ ਰਚਨਾ ਅਤੇ ਇਸ ਦੀ ਕਦਰਦਾਨੀ ਗੁਰੂ ਘਰ ਦੀ ਵਡਿਆਈ ਰਹੀ ਹੈ | ਗੁਰੂ ਨਾਨਕ ਦੇਵ ਜੀ ਨਾਲ ਬਾਣੀ ਆਈ ਅਤੇ ਇਸ ਦੀ ਪੈਰਵੀ ਵਿਚ ਪਹਿਲੇ ਪੰਜ ਗੁਰੂ ਸਾਹਿਬਾਨ ਅਤੇ ਫਿਰ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਇਸ ਖੇਤਰ ਵਿਚ ਆਪਣਾ ਯੋਗਦਾਨ ਪਾਇਆ | ਬਾਣੀਕਾਰ ਗੁਰੂ ਸਾਹਿਬਾਨ ਦੀ ਸਾਹਿਤ ਸਾਧਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿਚ ਸਾਡੇ ਕੋਲ ਮੌਜੂਦ ਹੈ | ਏਸੇ ਬਾਣੀ ਵਿਚ ਸ਼ਬਦ, ਪੋਥੀ ਅਤੇ ਗੁਰਬਾਣੀ ਦੀ ਮਹਿਮਾ ਹੈ ਅਤੇ ਫੇਰ ਏਸ ਸ਼ਬਦ ਨੂੰ ਇਸ਼ਟ ਜਾਂ ਗੁਰੂ ਪਦਵੀ ਦੇਣੀ ਆਪਣੇ-ਆਪ ਵਿਚ ਸਬੂਤ ਹੈ ਕਿ ਗੁਰੂ ਘਰ ਵਿਚ ਸਾਹਿਤ ਦੀ ਕਿੰਨੀ ਵਡਿਆਈ ਹੈ | ਏਸੇ ਲੜੀ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਉਂਦੇ ਹਨ, ਜਿਨ੍ਹਾਂ ਦੀ ਸਮੁੱਚੀ ਰਚਨਾ ਦਸਮ ਗ੍ਰੰਥ ਦੇ ਰੂਪ ਵਿਚ ਪ੍ਰਾਪਤ ਹੈ | ਨਿਰਸੰਦੇਹ, ਗੁਰੂ ਗੋਬਿੰਦ ਸਿੰਘ ਜੀ ਬਹੁ-ਪੱਖੀ ਸ਼ਖ਼ਸੀਅਤ ਸਨ | ਉਹ ਨਾ ਕੇਵਲ ਇਕ ਧਾਰਮਿਕ ਨੇਤਾ, ਸੁਯੋਗ ਸੈਨਾਪਤੀ, ਸੰਤ ਸਿਪਾਹੀ ਸਨ, ਸਗੋਂ ਇਕ ਪ੍ਰਤਿਭਾਵਾਨ ਬਿ੍ਜ ਭਾਸ਼ਾ, ਪੰਜਾਬੀ ਅਤੇ ਫ਼ਾਰਸੀ ਦੇ ਕਵੀ ਵੀ ਸਨ | ਗੁਰਬਾਣੀ ਦੇ ਰੂਪ ਵਿਚ ਜੋ ਸਾਹਿਤਕ ਖਜ਼ਾਨਾ ਗੁਰੂ ਜੀ ਤੱਕ ਪਹੁੰਚਿਆ, ਉਸ ਤੋਂ ਉਨ੍ਹਾਂ ਨੇ ਸਾਹਿਤ ਦੀ ਸ਼ਕਤੀ ਨੂੰ ਭਾਂਪ ਲਿਆ ਸੀ ਅਤੇ ਇਸ ਸ਼ਕਤੀ ਨੂੰ ਹੋਰ ਵਿਸਤਾਰ ਦੇ ਕੇ ਉਹ ਇਸ ਨੂੰ ਇਕ ਕ੍ਰਾਂਤੀ ਦੇ ਰੂਪ ਵਿਚ ਵਰਤਣਾ ਚਾਹੁੰਦੇ ਸਨ | ਏਸੇ ਕ੍ਰਾਂਤੀ ਨੇ ਜਿਸ ਤਰ੍ਹਾਂ ਅਧਮੋਏ ਹੋਏ ਹਿੰਦੁਸਤਾਨ ਵਿਚ ਜਾਨ ਪਾਈ, ਉਹ ਇਤਿਹਾਸ ਦੇ ਪੰਨਿਆਂ ਉਪਰ ਦਰਜ ਹੈ | ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਪੰਜਾਬ ਦੇ ਸਾਹਿਤ ਅਤੇ ਭਾਸ਼ਾ ਨੂੰ ਦੇਣ ਕਈ ਰੂਪਾਂ ਅਤੇ ਰੰਗਾਂ ਵਿਚ ਹੈ ਜਿਨ੍ਹਾਂ ਦੇ ਕੁਝ ਉੱਭਰਵੇਂ ਪੱਖ ਹਨ:
ਗੁਰੂ ਜੀ ਦਾ ਆਪਣਾ ਕਵੀਤਵ
ਦਰਬਾਰੀ ਕਵੀਆਂ ਦੀ ਸਰਪ੍ਰਸਤੀ
ਲਿਖਾਰੀਆਂ ਤੇ ਖੁਸ਼ਨਵੀਸਾਂ ਦੀ ਕਦਰਦਾਨੀ
ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪੁਨਰ-ਸੰਪਾਦਨ

ਹੱਥਲੇ ਖੋਜ-ਪੱਤਰ ਵਿਚ ਅਸੀਂ ਕੇਵਲ ਉਨ੍ਹਾਂ ਦੇ ਦਰਬਾਰੀ ਕਵੀਆਂ ਦੀ ਸਰਪ੍ਰਸਤੀ ਦੀ ਗੱਲ ਹੀ ਕਰਨੀ ਹੈ | ਗੁਰੂ ਜੀ ਵਲੋਂ ਦਰਬਾਰੀ ਕਵੀਆਂ ਦੀ ਸਰਪ੍ਰਸਤੀ ਦੀ ਗੱਲ ਸਰਬ-ਵਿਖਿਆਤ ਹੈ ਅਤੇ ਪੁਰਾਣੇ ਸਮੇਂ ਤੋਂ ਹੀ ਇਤਿਹਾਸਕਾਰ ਇਸ ਦਾ ਬਖਾਨ ਕਰਦੇ ਆ ਰਹੇ ਹਨ | ਗੁਰਗੱਦੀ ਸੰਕਲਪ ਦੇ ਤਿੰਨ ਵਰ੍ਹੇ ਪਿੱਛੋਂ ਹੀ ਉਨ੍ਹਾਂ ਨੇ ਸਿੱਖਾਂ ਵੱਲ ਹੁਕਮਨਾਮੇ ਲਿਖ ਕੇ ਭੇਜੇ ਕਿ ਜੋ ਵੀ ਚੰਗਾ ਲਿਖਾਰੀ ਸਿੱਖ ਹੋਵੇ, ਉਸ ਨੂੰ ਅਨੰਦਪੁਰ ਭੇਜ ਦਿੱਤਾ ਜਾਵੇ | ਇਸ ਸੱਦੇ ਉੱਤੇ ਬਹੁਤ ਸਾਰੇ ਕਵੀ ਅਤੇ ਲਿਖਾਰੀ ਗੁਰੂ ਦਰਬਾਰ ਵਿਚ ਆਉਣ ਲੱਗੇ | ਇਨ੍ਹਾਂ ਕਵੀਆਂ ਦੀ ਗਿਣਤੀ ਖੋਜਕਾਰਾਂ ਨੇ ਵੱਖ-ਵੱਖ ਦੱਸੀ ਹੈ | ਇਹ ਸ਼ਾਇਦ ਇਸ ਕਰਕੇ ਹੈ ਕਿ ਕਈ ਕਵੀ ਚੱਕਰਵਰਤੀ ਸਨ | ਅੱਜ ਇਥੇ ਤੇ ਕੱਲ੍ਹ ਕਿਸੇ ਹੋਰ ਅਮੀਰ ਵਜ਼ੀਰ ਕੋਲ | ਮਹਿਮਾ ਪ੍ਰਕਾਸ਼ ਅਤੇ ਗੁਰਪ੍ਰਤਾਪ ਸੂਰਜ ਗ੍ਰੰਥ ਅਦਿ ਪੁਰਾਤਨ ਇਤਿਹਾਸਕ ਗ੍ਰੰਥਾਂ ਵਿਚ ਕਈ ਕਵੀਆਂ ਦੇ ਨਾਂਅ ਆਏ ਹਨ | ਇਨ੍ਹਾਂ ਸਰੋਤਾਂ ਅਤੇ ਹੋਰ ਗਵਾਹੀਆਂ ਦੀ ਮਦਦ ਨਾਲ ਜੋ ਗਿਣਤੀ ਵਿਦਵਾਨਾਂ ਦੱਸੀ ਹੈ, ਉਹ ਬਵੰਜਾ ਹੈ | ਭਾਈ ਕਾਹਨ ਸਿੰਘ ਨਾਭਾ ਨੇ ਇਹ ਗਿਣਤੀ ਅਤੇ ਨਾਂਅ ਮਹਾਨ ਕੋਸ਼ ਵਿਚ ਦਿੱਤੇ ਹਨ | ਇਨ੍ਹਾਂ ਬਵੰਜਾਂ ਵਿਚੋਂ ਕੁਝ ਨਾਂਅ ਇਹ ਹਨ: ਉਦੈ ਸਿੰਘ, ਅੰਮਿ੍ਤ ਰਾਇ ਲਾਹੌਰੀ, ਅਣੀ ਰਾਇ, ਆਲਮ, ਬਿਧੀ ਚੰਦ, ਬਿ੍ਖਾ, ਚਾਂਦ, ਹੰਸ ਰਾਜ ਰਾਇਪੁਰੀ, ਗੁਪਾਲ ਕੁੰਵਰੇਸ਼, ਟਹਿਕਣ, ਤਨਸੁਖ, ਸੁਖਦੇਵ, ਭਾਈ ਨੰਦ ਲਾਲ, ਚੰਦਰ ਸੈਨ ਸੈਨਾਪਤਿ, ਹੀਰ ਭੱਟ, ਸੁਦਾਮਾ, ਧਿਆਨ ਸਿੰਘ, ਧਰਮ ਸਿੰਘ, ਧੰਨਾ ਸਿੰਘ, ਮਥੁਰਾ ਦਾਸ, ਜੈਮਲ, ਹੁਸੈਨ ਅਲੀ, ਅਤੇ ਭਾਈ ਚੌਪਾ ਸਿੰਘ ਆਦਿ | ਗੁਰੂ ਸਾਹਿਬ ਕੁਝ ਸਮਾਂ ਪਾਉਂਟਾ ਸਾਹਿਬ ਵਿਖੇ ਵੀ ਰਹੇ ਜੋ ਜਮਨਾ ਕਿਨਾਰੇ ਰਮਣੀਕ ਵਾਦੀਆਂ ਵਿਚ ਵਸਿਆ ਹੋਇਆ ਹੈ | ਦੱਸਿਆ ਜਾਂਦਾ ਹੈ ਕਿ ਗੁਰੂ ਸਾਹਿਬ ਨੇ ਆਪਣੀ ਪ੍ਰਸਿੱਧ ਬਾਣੀ 'ਜਾਪ ਸਾਹਿਬ' ਇਥੇ ਹੀ ਰਚੀ ਸੀ | ਇਥੇ ਵੀ ਕਵੀ ਦਰਬਾਾਰ ਸੱਜਦੇ ਅਤੇ ਬੌਧਿਕ ਚਰਚਾਵਾਂ ਹੁੰਦੀਆਂ | ਵਧੇਰੇ ਸਮਾਂ ਗੁਰੂ ਜੀ ਦਾ ਅਨੰਦਪੁਰ ਸਾਹਿਬ ਹੀ ਬੀਤਿਆ | ਇੰਜ ਪਾਉਂਟਾ ਸਾਹਿਬ ਅਤੇ ਅਨੰਦਪੁਰ ਸਾਹਿਬ ਦੋ ਵੱਡੇ ਸਾਹਿਤਕ ਕੇਂਦਰ ਬਣ ਗਏ ਸਨ | ਗੁਰੂ ਦਰਬਾਰ ਵਿਚ ਪੈਦਾ ਹੋਇਆ ਬੌਧਿਕ ਅਤੇ ਸਾਹਿਤਕ ਸਰਮਾਇਆ ਇੰਨਾ ਜਮ੍ਹਾਂ ਹੋ ਗਿਆ ਕਿ ਇਸ ਦਾ ਭਾਰ ਨੌ ਮਣ ਨੂੰ ਪੁੱਜ ਗਿਆ ਜਿਸ ਨੂੰ ਵਿਦਿਆਸਰ ਜਾਂ ਵਿਦਿਆਸਾਗਰ ਦਾ ਨਾਂਅ ਦਿੱਤਾ ਗਿਆ | ਅਫ਼ਸੋਸ ਕਿ ਇਹ ਸਾਰਾ ਸਰਮਾਇਆ ਗੁਰੂ ਜੀ ਵਲੋਂ ਅਨੰਦਪੁਰ ਸਾਹਿਬ ਛੱਡਣ ਵੇਲੇ ਸਰਸਾ ਨਦੀ ਕੰਢੇ ਹੋਈ ਜੰਗ ਵਿਚ ਨਸ਼ਟ ਹੋ ਗਿਆ ਅਤੇ ਅੱਜ ਇਹ ਖਿੰਡਰੇ ਪੁੰਡਰੇ ਰੂਪ ਵਿਚ ਪ੍ਰਤਿਲਿਪੀਆਂ ਦੇ ਰੂਪ ਵਿਚ ਹੀ ਉਪਲਬਧ ਹੈ | ਫਿਰ ਵੀ ਜੋ ਕੁਝ ਮਿਲਦਾ ਹੈ, ਉਸ ਦਾ ਜ਼ਿਕਰ ਜਰੂਰੀ ਭਾਸਦਾ ਹੈ |
ਅਣੀ ਰਾਇ ਦਾ 'ਜੰਗਨਾਮਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ' ਗੁਰਮੁਖੀ ਅਤੇ ਦੇਵਨਾਗਰੀ ਵਿਚ ਛਪਿਆ ਹੋਇਆ ਮਿਲਦਾ ਹੈ | ਭਾਈ ਨੰਦ ਲਾਲ ਦੀਆਂ ਗਜ਼ਲਾਂ, ਜ਼ਿੰਦਗੀਨਾਮਾ, ਤੌਸੀਫ਼-ਓ-ਸਨਾ, ਗੰਜਨਾਮਾ, ਜੋਤ ਬਿਗਾਸ ਅਤੇ ਰਹਿਤਨਾਮਾ ਡਾ. ਗੰਡਾ ਸਿੰਘ ਵਲੋਂ ਇਕ ਹੀ ਸੰਪਾਦਿਤ ਪੁਸਤਕ ਭਾਈ ਨੰਦ ਲਾਲ ਗ੍ਰੰਥਾਵਲੀ ਵਿਚ ਮਿਲਦੀਆਂ ਹਨ | ਦਰਬਾਰੀ ਕਵੀਆਂ ਵਿਚੋਂ ਭਾਈ ਨੰਦ ਲਾਲ ਸਭ ਤੋਂ ਵੱਧ ਆਲਮ ਫ਼ਾਜ਼ਲ ਅਤੇ ਬਿਹਤਰੀਨ ਸ਼ਾਇਰ ਸਨ |
ਮੀਰ ਮੁਸ਼ਕੀ ਅਤੇ ਮੀਰ ਛਬੀਲਾ ਦਾ ਬੀਰ ਕਾਵਿ ਪਉੜੀਆਂ ਗੁਰੂ ਗੋਬਿੰਦ ਸਿੰਘ ਜੀ ਕੀਆਂ ਅਤੇ ਆਲਮ, ਮੰਗਲ, ਕੁੰਵਰੇਸ਼, ਅੰਮਿ੍ਤ ਰਾਇ ਅਤੇ ਹੰਸ ਰਾਜ ਆਦਿ ਕਵੀਆਂ ਦੇ ਬੰਦਾਂ ਦੇ ਵਿਕੋਲਿਤਰੇ ਨਮੂਨੇ ਪਿਆਰਾ ਸਿੰਘ ਪਦਮ ਨੇ ਦਿੱਤੇ ਹਨ |
ਸੈਨਾ ਸਿੰਘ, ਚੰਦਰ ਸੈਨ ਅਤੇ ਸੈਨਾਪਤੀ ਇਕ ਹੀ ਕਵੀ ਦੇ ਨਾਂਅ ਹਨ | ਬੇਸ਼ੱਕ ਇਸ ਨੇ ਆਪਣਾ ਪ੍ਰਸਿੱਧ ਗ੍ਰੰਥ ਗੁਰ ਸੋਭਾ ਸ੍ਰੀ ਗਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤਿ ਸਮਾਉਣ ਤੋਂ ਤਿੰਨ ਸਾਲ ਬਾਅਦ ਭਾਵ 1711 ਈ. ਵਿਚ ਲਿਖਿਆ ਪਰ ਉਹ ਨਿਰਵਿਵਾਦ ਰੁਪ ਵਚ ਗੁਰੂ ਜੀ ਦਾ ਦਰਬਾਰੀ ਕਵੀ ਸੀ | ਗੁਰੂ ਦਰਬਾਰ ਵਿਚ ਰਹਿੰਦਿਆਂ ਇਸ ਨੇ ਚਾਣਕਿਆ ਦੇ ਪ੍ਰਸਿੱਧ ਗ੍ਰੰਥ ਨੀਤੀ ਸ਼ਾਸਤਰ ਦਾ ਭਾਖਾਨੁਵਾਦ ਕੀਤਾ ਸੀ | ਇਸ ਦੀ ਇਕ ਹੋਰ ਰਚਨਾ ਕੜਖੇ ਪਾਤਸ਼ਾਹ ਦਸਵੇਂ ਕੇ ਵੀ ਮਿਲਦਾ ਹੈ | ਟਹਿਕਣ ਜਾਂ ਟਹਿਕਣ ਦਾਸ ਗੁਰੂ ਦਰਬਾਰ ਦਾ ਇਕ ਹੋਰ ਅਹਿਮ ਨਾਂ ਹੈ | ਇਹ ਚੰਗਾ ਪੜਿ੍ਹਆ-ਲਿਖਿਆ ਅਤੇ ਸਾਹਿਤਕ ਮੱਸ ਰੱਖਣ ਵਾਲਾ ਆਦਮੀ ਸੀ | ਇਹ ਜਲਾਲਪੁਰ, ਜ਼ਿਲ੍ਹਾ ਗੁਜਰਾਤ ਦਾ ਰਹਿਣ ਵਾਲਾ ਚੋਪੜਾ ਖੱਤਰੀ ਸੀ ਅਤੇ ਰੰਗੀਲ ਦਾਸ ਦਾ ਪੁੱਤਰ ਸੀ | ਸ਼ਬਦ-ਸਲੋਕ ਪੁਸਤਕ ਵਿਚ ਇਸ ਕਵੀ ਦੇ ਬਿ੍ਜ ਭਾਸ਼ਾ ਅਤੇ ਪੰਜਾਬੀ ਦੇ ਕੁਝ ਬੰਦ ਮਿਲਦੇ ਹਨ | ਪਰ ਇਸ ਦਾ ਵਧੇਰੇ ਕੰਮ ਅਨੁਵਾਦ ਵਿਚ ਹੈ |
ਇਹ ਇਕ ਦਿਲਚਸਪ ਪਰ ਉਲੇਖਯੋਗ ਗੱਲ ਹੈ ਕਿ ਕਲਾਸੀਕਲ ਹਿੰਦੂ ਗ੍ਰੰਥਾਂ ਅਤੇ ਉਨ੍ਹਾਂ ਵਿਚਲੇ ਵਿਚਾਰਾਂ ਨਾਲ ਸ੍ਰੀ ਗੁਰੂ ਗੋਬਿੰਦ ਸਿੰਘ ਦੀ ਸਹਿਮਤੀ ਬਿਲਕੁਲ ਨਹੀਂ ਸੀ | ਪਰ ਇਸ ਵਿਚਲੇ ਗਿਆਨ ਅਤੇ ਮਾਨਵ ਹਿਤੈਸ਼ੀ ਗੱਲਾਂ ਕਰਕੇ ਉਨ੍ਹਾਂ ਇਨ੍ਹਾਂ ਗ੍ਰੰਥਾਂ ਦੇ ਅਨੁਵਾਦ ਕਰਨ ਵਿਚ ਦਿਲਚਸਪੀ ਦਿਖਾਈ | ਜਿਵੇਂ ਕਿ ਉਪਰ ਸੰਕੇਤ ਕੀਤਾ ਗਿਆ ਹੈ ਕਿ ਟਹਿਕਣ ਦਾ ਨਾਂਅ ਅਨੁਵਾਦ ਵਿਚ ਬੜਾ ਸਿਰਕੱਢਵਾਂ ਹੈ | ਇਸਦੀ ਇਕ ਰਚਨਾ ਰਤਨਦਾਮ ਹੈ ਜੋ ਸੰਸਕਿ੍ਤ ਗ੍ਰੰਥ ਅਮਰਕੋਸ਼ ਦਾ ਭਾਖਾਨੁਵਾਦ ਹੈ | ਇਸ ਦੇ 28 ਪਰਬ ਅਤੇ 1426 ਬੰਦ ਹਨ | ਇਸ ਤੋਂ ਬਿਨ੍ਹਾਂ ਇਸ ਨੇ ਅਸ਼ਵਮੇਧ ਪਰਬ ਦਾ ਵੀ ਭਾਖਾਨੁਵਾਦ ਵੀ ਕੀਤਾ |
ਜਿਥੋਂ ਤੱਕ ਗੁਰੂ ਦਰਬਾਰ ਵਲੋਂ ਕਵੀਆਂ ਨੂੰ ਇਨਾਮ ਸਨਮਾਨ ਦੇਣ ਦੀ ਗੱਲ ਹੈ, ਉਸ ਬਾਰੇ ਵੀ ਸੰਕੇਤ ਮਿਲਦੇ ਹਨ | ਆਲਮ ਕਵੀ ਆਪਣੇ ਤਜਰਬੇ ਦੇ ਆਧਾਰ 'ਤੇ ਕਹਿੰਦਾ ਹੈ ਕਿ ਇਥੇ ਕਵੀਆਂ ਨੂੰ ਰੋਜ਼ ਧਨ-ਦੌਲਤ ਨਾਲ ਮਾਲਾ-ਮਾਲ ਕੀਤਾ ਜਾਂਦਾ ਸੀ |
ਹੰਸ ਰਾਜ ਨੇ ਮਹਾਂਭਾਰਤ ਦੇ ਕਰਣ ਪਰਵ ਦਾ ਅਨੁਵਾਦ ਕੀਤਾ ਤਾਂ ਇਵਜ਼ਾਨੇ ਵਜੋਂ ਉਸ ਨੂੰ ਸੱਠ ਹਜ਼ਾਰ ਟਕਾ ਮਿਲਿਆ:
ਪ੍ਰਥਮ ਕਿ੍ਪਾ ਕਰਿ ਰਾਖਿ ਮੋਹਿ,
ਗੁਰ ਗੋਬਿੰਦ ਉਦਾਰ |
ਟਕਾ ਕਰੇ ਬਖਸੀਸ ਤਬ,
ਮੋਕਉ ਸਾਠ ਹਜ਼ਾਰ |

ਇਸੇ ਤਰ੍ਹਾਂ ਅੰਮਿ੍ਤ ਰਾਇ ਨੂੰ ਸਭਾ ਪਰਵ ਮੁੱਕਣ 'ਤੇ ਇਤਨੇ ਹੀ ਪੈਸੇ ਮਿਲੇ | ਕੁੰਵਰੇਸ਼ ਨੇ ਦਰੋਣ ਪਰਵ ਦਾ ਤਰਜ਼ਮਾ ਕੀਤਾ ਤਾਂ ਉਹ ਗੁਰੂ ਜੀ ਵਲੋਂ ਦਿੱਤੀ ਮਾਇਆ ਨੂੰ ਕਰੋੜਾਂ ਦਾ ਦਾਨ ਕਹਿੰਦਾ ਹੈ:
ਦ੍ਰੋਣ ਪਰਬਤ ਭਾਖਾ ਕਿਯੋ,
ਗੁਰ ਗੋਬਿੰਦ ਸੁਜਾਨ |
ਕਹਯੋ ਸਕਵਿ ਕੁੰਵਰੇਸ਼ ਕੋ,
ਦੀਏ ਕ੍ਰੋਰਨ ਦਾਨ |

ਮੰਗਲ ਕਵੀ ਪਸਰੂਰ (ਅੱਜਕਲ੍ਹ ਪਾਕਿਸਤਾਨ) ਦਾ ਰਹਿਣ ਵਾਲਾ ਸੀ | ਉਸ ਨੇ ਵੀ ਸੁਲਯ ਪਰਵ ਦਾ ਭਾਖਾਨੁਵਾਦ ਕੀਤਾ ਤਾਂ ਇਸ ਦੇ ਮਿਹਨਤਾਨੇ ਵਜੋਂ ਮਿਲੇ ਪੈਸਿਆਂ ਨੂੰ ਅਰਬ ਖਰਬ ਦੱਸ ਕੇ ਖੀਵਾ ਹੋਇਆ ਫਿਰਦਾ ਹੈ:
ਸੁਲਯ ਪਰਵ ਭਾਖਾ ਕਿਯੋ,
ਗੁਰ ਗੋਬਿੰਦ ਕੇ ਰਾਜ |
ਅਰਬ ਖਰਬ ਬਹੁ ਦਰਬ ਹੈ,
ਕਰਿ ਕਵਿਯਨ ਕੇ ਕਾਜ |

ਗੁਰੂ ਦਰਬਾਰ ਦੇ ਕਵੀਆਂ ਨੂੰ ਉਤਸਾਹਿਤ ਕਰਨ ਲਈ ਗੁਰੂ ਜੀ ਕੇਵਲ ਨਕਦ ਪੈਸੇ ਹੀ ਨਹੀਂ ਸਨ ਦਿੰਦੇ, ਸੁੰਦਰ ਘੋੜੇ, ਹਥਿਆਰ, ਬੇਸ਼ਕੀਮਤੀ ਹੀਰੇ ਮੋਤੀ ਅਤੇ ਸੋਨੇ ਦੇ ਗਹਿਣੇ ਵੀ ਇਨਾਮ ਵਜੋਂ ਦਿੰਦੇ ਸਨ |
ਦੂਜੇ ਅਮੀਰਾਂ ਵਜ਼ੀਰਾਂ ਦੇ ਦਰਬਾਰਾਂ ਨਾਲੋਂ ਕਵੀਆਂ ਦੇ ਗੁਰੂ ਦਰਬਾਰ ਵੱਲ ਆਉਣ ਦੇ ਕੁਝ ਠੋਸ ਕਾਰਨ ਸਨ | ਸਭ ਤੋਂ ਪਹਿਲਾਂ ਇਹ ਸੀ ਕਿ ਉਨ੍ਹਾਂ ਨੂੰ ਇਥੇ ਵਧੇਰੇ ਇੱਜ਼ਤ ਮਾਣ ਮਿਲਦਾ ਸੀ | ਇਹ ਕੇਵਲ ਮਾਇਕ ਹੀ ਨਹੀਂ ਸਗੋਂ ਉਨ੍ਹਾਂ ਦੀ ਅਣਖ ਅਤੇ ਸਵੈਮਾਣ ਦੀ ਬਰਕਰਾਰੀ ਕਰਕੇ ਵੀ ਸੀ | ਏਥੇ ਇਨਾਮ-ਸਨਮਾਨ ਵੀ ਮਿਲਦੇ ਸਨ ਅਤੇ ਧਰਮ ਪਰਿਵਰਤਨ ਦਾ ਭੈਅ ਵੀ ਨਹੀਂ ਸੀ | ਇਸ ਤਰ੍ਹਾਂ ਉਹ ਖੁਸ਼ ਵੀ ਸਨ ਅਤੇ ਮਹਿਫੂਜ਼ ਵੀ | ਗੁਰੂ ਸਾਹਿਬ ਹੋਰਨਾਂ ਅਮੀਰਾਂ ਵਜ਼ੀਰਾਂ ਵਾਂਗ ਆਪਣੀ ਵਡਿਆਈ ਨਹੀਂ ਸਨ ਚਾਹੁੰਦੇ, ਸਗੋਂ ਉਨ੍ਹਾਂ ਦਾ ਮਕਸਦ ਅਜਿਹੀ ਸਾਹਿਤ ਰਚਨਾ ਕਰਨਾ ਜਾਂ ਕਰਵਾਉਣਾ ਸੀ, ਜਿਸ ਨਾਲ ਗੁਲਾਮ ਮਾਨਸਿਕਤਾ ਦੇ ਸ਼ਿਕਾਰ ਲੋਕਾਂ ਦੀ ਸੁੱਤੀ ਅਣਖ ਜਾਗੇ | ਜਦ ਸਾਹਿਤ ਰਚਨਾ ਦਾ ਮੰਤਵ ਅਜਿਹਾ ਪਵਿੱਤਰ ਅਤੇ ਪਰਸੁਆਰਥ ਭਰਿਆ ਹੋਵੇ ਤਾਂ ਹਮਖਿਆਲ ਲੋਕਾਂ ਦਾ ਕੇਂਦਰ ਵੱਲ ਖਿੱਚੇ ਆਉਣਾ ਸੁਭਾਵਿਕ ਹੀ ਸੀ | ਪਿਆਰਾ ਸਿੰਘ ਪਦਮ ਨੇ ਗੁਰੂ ਸਾਹਿਬ ਦੇ ਸਮਕਾਲ ਵਿਚ ਰਚੀਆਂ ਗਈਆਂ ਵੀਹ ਤੋਂ ਉਪਰ ਰਚਨਾਵਾਂ ਦੀ ਇਕ ਸੂਚੀ ਦਿੱਤੀ ਹੈ, ਜਿਨ੍ਹਾਂ ਵਿਚੋਂ ਕੁਝ ਕੁ ਨਾਂ ਇਹ ਹਨ: ਨਾਇਕਾ ਭੇਦ, ਸ਼ਿੰਗਾਰ ਮੰਜਰੀ, ਰਸ ਕਲੋਲ, ਸ਼ਿੰਗਾਰ ਲਤਾ, ਦੰਪਤਿ ਬਿਲਾਸ ਅਤੇ ਸ਼ਿੰਗਾਰ ਬਿਲਾਸ ਆਦਿ | ਕਹਿਣ ਦੀ ਲੋੜ ਨਹੀਂ ਕਿ ਗੁਰੂ ਦਰਬਾਰ ਵਿਚ ਰਚੇ ਜਾ ਰਹੇ ਸਾਹਿਤ ਦਾ ਮੰਤਵ ਕਿਤੇ ਉਚੇਰਾ ਅਤੇ ਜਨ-ਕਲਿਆਣਕਾਰੀ ਸੀ |
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰੀ ਕਵੀਆਂ ਦੀ ਸੂਚੀ ਵਿਚ ਕਵੀਆਂ, ਅਨੁਵਾਦਕਾਂ ਆਦਿ ਤੋਂ ਬਿਨਾਂ ਲਿਖਣ ਪੜ੍ਹਨ ਦਾ ਕੰਮ ਕਰਨ ਵਾਲੇ ਮੁਨਸ਼ੀ, ਮੁਸੱਦੀ, ਲਿਖਾਰੀ ਅਤੇ ਖੁਸ਼ਨਵੀਸ ਵੀ ਸਨ | ਲਿਖਾਰੀਆਂ ਅਤੇ ਖੁਸ਼ਨਵੀਸਾਂ ਦਾ ਕੰਮ ਮੂਲ ਰੂਪ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਦੀ ਲਿਖਾਈ, ਗੁਟਕੇ, ਪੋਥੀਆਂ ਅਤੇ ਦਸਵੀਂ ਪਾਤਸ਼ਾਹੀ ਦੀਆਂ ਸÉੈਲਿਖਤਾਂ ਦੇ ਉਤਾਰੇ ਤਿਆਰ ਕਰਨਾ ਸੀ | ਪ੍ਰੈੱਸ ਦੀ ਅਣਹੋਂਦ ਕਰਕੇ ਇਹੋ ਖੁਸ਼ਨਵੀਸ ਅਤੇ ਲਿਖਾਰੀ ਹੀ ਸਨ ਜੋ ਸਾਹਿਤ ਦੇ ਪ੍ਰਚਾਰ ਪ੍ਰਸਾਰ ਦਾ ਕੰਮ ਕਰਦੇ ਸਨ | ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਵਿਚ ਵੀ 36 ਲਿਖਾਰੀਆਂ ਦੇ ਹੋਣ ਦਾ ਜ਼ਿਕਰ ਆਇਆ ਹੈ ਬੇਸ਼ੱਕ ਸਾਰਿਆਂ ਦੇ ਨਾਂਅ ਇਸ ਵਕਤ ਪ੍ਰਾਪਤ ਨਹੀਂ ਹਨ | ਫਿਰ ਵੀ ਜੋ ਨਾਂਅ ਮਿਲਦੇ ਹਨ, ਉਹ ਹਨ: ਆਸਾ ਸਿੰਘ ਮੁਸੱਦੀ, ਸੈਣਾ ਸਿੰਘ, ਮਨੀ ਸਿੰਘ ਮੁਸੱਦੀ, ਬਾਲ ਗੋਵਿੰਦ, ਫਤਹਿ ਚੰਦ, ਨਿਹਾਲਾ, ਬਾਲਾ, ਹਰਿਦਾਸ, ਰੌਸ਼ਨ ਸਿੰਘ, ਪਾਖਰ ਮੱਲ, ਭਾਈ ਸੀਹਾਂ ਸਿੰਘ, ਰਾਮ ਸਿੰਘ, ਬੁਲਾਕਾ ਸਿੰਘ ਅਤੇ ਸਾਹਿਬ ਸਿੰਘ ਆਦਿ | ਗੁਰੂ ਜੀ ਦਾ ਸÉੈਰਚਿਤ ਸਾਹਿਤ ਅਤੇ ਦਰਬਾਰੀ ਕਵੀਆਂ ਦਾ ਸਾਹਿਤ ਭਾਰਤੀ ਸੰਸਕਿ੍ਤੀ ਦੇ ਪੁਨਰ-ਜਾਗਰਣ ਅਤੇ ਆਤਮ-ਪਛਾਣ ਦਾ ਸਾਹਿਤ ਹੈ | ਲੋੜ ਹੈ ਗੁਰੂ ਦਰਬਾਰ ਦੇ ਦਰਬਾਰੀ ਕਵੀਆਂ ਵਲੋਂ ਪਾਏ ਯੋਗਦਾਨ ਬਾਰੇ ਅਗਲੇਰੀ ਖੋਜ ਕਰਨ ਦੀ |
                                                                                                                                             -0-

ਸ੍ਰੀ ਗੁਰੂ ਗੋਬਿੰਦ ਸਿੰਘ ਦੀ ਅਦੁੱਤੀ ਸ਼ਖ਼ਸੀਅਤ

ਸਰਬੰਸਦਾਨੀ, ਸਾਹਿਬ-ਏ-ਕਮਾਲ, ਦਸਮੇਸ਼ ਪਿਤਾ ਸਾਹਿਬ ਸ੍ਰੀ ਗੋਬਿੰਦ ਸਿੰਘ ਜੀ ਦੀ ਅਦੁੱਤੀ ਤੇ ਨੂਰਾਨੀ ਸ਼ਖ਼ਸੀਅਤ ਦੁਨੀਆ ਦੇ ਇਤਿਹਾਸ ਅੰਦਰ ਨਿਵੇਕਲੀ ਅਤੇ ਵਿਲੱਖਣ ਹੈ | ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਆਗਮਨ ਵਿਸ਼ਵ ਇਤਿਹਾਸ ਵਿਚ ਕ੍ਰਾਂਤੀਕਾਰੀ ਅਧਿਆਏ ਸਿਰਜਣ ਵਾਲਾ ਹੈ | ਦੁਨੀਆਂ ਦੇ ਕਲਮਕਾਰਾਂ ਨੇ ਗੁਰੂ ਸਾਹਿਬ ਦੀ ਉਸਤਤਿ ਕੀਤੀ ਹੈ ਪਰੰਤੂ ਇਹ ਵੀ ਸੱਚ ਹੈ ਕਿ ਅਜੇ ਤੱਕ ਗੁਰੂ ਸਾਹਿਬ ਦੀ ਵਿਲੱਖਣ ਸ਼ਖ਼ਸੀਅਤ ਨੂੰ ਕੋਈ ਵੀ ਪੂਰੀ ਤਰ੍ਹਾਂ ਬਿਆਨ ਨਹੀਂ ਕਰ ਸਕਿਆ ਕਿਉਂਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਖ਼ਸੀਅਤ ਅਤਿ-ਉੱਤਮ ਹੈ ਅਤੇ ਦੁਨਿਆਵੀ ਲੇਖਕਾਂ ਦੀ ਬੁੱਧੀ ਅਤੇ ਸੋਚ ਦੀ ਇਕ ਸੀਮਾ ਹੈ | ਇਥੇ ਮਹਾਨ ਸ਼ਾਇਰ ਅੱਲ੍ਹਾ ਯਾਰ ਖਾਂ ਜੋਗੀ ਦੇ ਕੁਝ ਸ਼ਬਦ ਧਿਆਨਯੋਗ ਹਨ | ਉਹ ਲਿਖਦੇ ਹਨ ਕਿ ਗੁਰੂ ਸਾਹਿਬ ਦੀ ਸ਼ਖ਼ਸੀਅਤ ਨੂੰ ਬਿਆਨ ਕਰਨ ਲੱਗਿਆਂ ਉਨ੍ਹਾਂ ਪਾਸ ਸ਼ਬਦਾਂ ਦੀ ਘਾਟ ਹੈ:-
ਕਰਤਾਰ ਕੀ ਸੁਗੰਦ ਹੈ ਨਾਨਕ ਕੀ ਕਸਮ ਹੈ |
ਜਿਤਨੀ ਭੀ ਹੋ ਗੋਬਿੰਦ ਕੀ ਤਾਰੀਫ਼ ਵੁਹ ਕਮ ਹੈ |
ਹਰਚੰਦ ਮੇਰੇ ਹਾਥ ਮੇਂ ਪੁਰ-ਜ਼ੋਰ ਕਲਮ ਹੈ |
ਸਤਿਗੁਰ ਕੇ ਲਿਖੂੰ ਵਸਫ ਕਹਾਂ ਤਾਬਿ-ਰਕਮ ਹੈ |

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪਾਵਨ ਪ੍ਰਕਾਸ਼ ਸੰਨ 1666 ਈ: ਨੂੰ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਅਤੇ ਮਾਤਾ ਗੁਜਰੀ ਜੀ ਦੇ ਗ੍ਰਹਿ ਸ੍ਰੀ ਪਟਨਾ ਸਾਹਿਬ ਵਿਖੇ ਹੋਇਆ | ਬਚਿਤ੍ਰ ਨਾਟਕ ਅੰਦਰ ਗੁਰੂ ਸਾਹਿਬ ਆਪਣੇ ਸੰਸਾਰ ਆਗਮਨ ਦਾ ਮਕਸਦ ਧਰਮ ਅਤੇ ਮਾਨਵਤਾ ਦੀ ਰੱਖਿਆ ਬਿਆਨ ਕਰਦੇ ਹਨ | ਇਹ ਸੱਚ ਹੈ ਕਿ ਉਸ ਵਕਤ ਧਰਮ ਦੇ ਨਾਂਅ 'ਤੇ ਅੱਤਿਆਚਾਰ, ਅਨਿਆਂ ਅਤੇ ਧੱਕੇਸ਼ਾਹੀ ਦਾ ਬੋਲਬਾਲਾ ਸੀ | ਇਤਿਹਾਸ ਗਵਾਹ ਹੈ ਕਿ ਗੁਰੂ ਸਾਹਿਬ ਨੇ ਆਪਣੇ ਸੰਸਾਰ ਆਗਮਨ ਦੇ ਉਦੇਸ਼ ਅਨੁਸਾਰ ਮਨੁੱਖਤਾ ਨੂੰ ਬਚਾਉਣ ਅਤੇ ਸੱਚ ਧਰਮ ਦੇ ਪ੍ਰਚਾਰ ਲਈ ਆਪਣਾ ਸਾਰਾ ਸਰਬੰਸ ਕੁਰਬਾਨ ਕਰ ਦਿੱਤਾ | ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪੈਰਾਂ ਹੇਠ ਲਿਤਾੜੀ ਜਾ ਰਹੀ ਮਨੁੱਖਤਾ ਦੀ ਰੱਖਿਆ ਕਰਨ ਦੀ ਉਸਾਰੀ ਆਰੰਭੀ ਅਤੇ ਆਪਣੇ 33 ਸਾਲ ਦੇ ਗੁਰੂ-ਕਾਲ ਦੌਰਾਨ ਵਿਸ਼ਵ ਦੇ ਧਾਰਮਿਕ ਇਤਿਹਾਸ ਅੰਦਰ ਕ੍ਰਾਂਤੀਕਾਰੀ ਪੂਰਨੇ ਪਾਏ | ਆਪ ਨੇ 9 ਸਾਲ ਦੀ ਛੋਟੀ ਉਮਰ ਵਿਚ ਆਪਣੇ ਪਿਤਾ ਜੀ ਨੂੰ ਮਨੁੱਖਤਾ ਦੀ ਰੱਖਿਆ ਲਈ ਸ਼ਹਾਦਤ ਦੇਣ ਲਈ ਤੋਰਿਆ, ਫਿਰ ਖ਼ਾਲਸਾ ਪੰਥ ਦੀ ਸਿਰਜਣਾ ਕੀਤੀ, ਧਰਮ ਯੁੱਧ ਲੜੇ, ਮੁਰਦਾ ਹੋ ਚੁੱਕੀ ਕੌਮ ਵਿਚ ਨਵੀਂ ਰੂਹ ਫੂਕ ਕੇ ਜਾਗਿ੍ਤੀ ਪੈਦਾ ਕੀਤੀ, ਔਰੰਗਜ਼ੇਬ ਦੇ ਵਿਸ਼ਾਲ ਰਾਜ ਨਾਲ ਟੱਕਰ ਲਈ | ਆਪ ਨੇ ਸਮਾਜ ਦੇ ਦੱਬੇ-ਕੁਚਲੇ ਲੋਕਾਂ ਦੀ ਸਾਰ ਲਈ ਤੇ ਉਨ੍ਹਾਂ ਨੂੰ ਸੀਨੇ ਨਾਲ ਲਾ ਕੇ ਸਾਰੀਆਂ ਪ੍ਰਾਪਤੀਆਂ ਦਾ ਸਿਹਰਾ ਗ਼ਰੀਬ ਸਿੱਖਾਂ ਦੇ ਸਿਰ ਬੰਨਿ੍ਹਆ |
ਗੁਰੂ ਸਾਹਿਬ ਨੇ 1699 ਈ: ਵਿਚ ਖਾਲਸਾ ਪੰਥ ਦੀ ਸਿਰਜਣਾ ਕਰ ਕੇ ਅਜਿਹੇ ਮਰਜੀਵੜਿਆਂ ਦੀ ਕੌਮ ਪੈਦਾ ਕੀਤੀ, ਜਿਸ ਨੇ ਕੌਮ ਅੰਦਰ ਏਕਤਾ, ਕੁਰਬਾਨੀ, ਦਲੇਰੀ ਤੇ ਜ਼ੁਲਮ ਵਿਰੁੱਧ ਡਟਣ ਦੀ ਭਾਵਨਾ ਪੈਦਾ ਕਰ ਦਿੱਤੀ | ਖ਼ਾਲਸਾ ਪੰਥ ਦੀ ਸਿਰਜਣਾ ਕਰਨ ਸਮੇਂ ਉਨ੍ਹਾਂ ਨੇ ਪੰਜ ਪਿਆਰਿਆਂ ਵਿਚ ਭਿੰਨ-ਭਿੰਨ ਸ਼੍ਰੇਣੀਆਂ ਨੂੰ ਸ਼ਾਮਿਲ ਕੀਤਾ | 'ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ' ਦੇ ਸਿਧਾਂਤ ਨੂੰ ਅਮਲ ਵਿਚ ਲਿਆ ਕੇ ਵੱਖ-ਵੱਖ ਸ਼੍ਰੇਣੀਆਂ ਦੇ ਲੋਕਾਂ ਨੂੰ ਇਕੋ ਹੀ ਬਾਟੇ ਤੋਂ ਅੰਮਿ੍ਤ ਛਕਾ ਕੇ ਊਚ-ਨੀਚ ਤੇ ਇਲਾਕਿਆਂ ਦਾ ਭੇਦ-ਭਾਵ ਮਿਟਾ ਕੇ ਲਿਤਾੜੇ ਤੇ ਨਿਮਾਣੇ ਲੋਕਾਂ ਵਿਚ ਅਜਿਹੀ ਸ਼ਕਤੀ ਦਾ ਸੰਚਾਰ ਕੀਤਾ ਕਿ ਉਹ ਗਿੱਦੜਾਂ ਤੋਂ ਸ਼ੇਰ ਬਣ ਕੇ ਸਵਾ-ਸਵਾ ਲੱਖ ਅੱਤਿਆਚਾਰੀਆਂ ਨਾਲ ਟੱਕਰ ਲੈਣ ਦੇ ਸਮਰੱਥ ਬਣ ਗਏ | ਉਨ੍ਹਾਂ ਨੇ ਏਕਤਾ, ਸਮਾਨਤਾ ਤੇ ਨਿਆਂ ਦਾ ਝੰਡਾ ਬੁਲੰਦ ਰੱਖਣ ਲਈ ਸਮੇਂ ਦੀ ਵੱਡੀ ਤੋਂ ਵੱਡੀ ਤਾਕਤ ਨਾਲ ਵੀ ਟੱਕਰ ਲਈ | ਸਦੀਆਂ ਤੋਂ ਬੁਜ਼ਦਿਲ ਅਤੇ ਕਾਇਰ ਸਮਝੇ ਜਾਂਦੇ ਲੋਕਾਂ ਨੇ ਖੰਡੇ-ਬਾਟੇ ਦੀ ਪਾਹੁਲ ਛਕ ਕੇ ਕਹਿੰਦੇ-ਕਹਾਉਂਦੇ ਲੜਾਕੂਆਂ ਨੂੰ ਜੰਗਾਂ ਵਿਚ ਕਰਾਰੀ ਮਾਤ ਦਿੱਤੀ | ਸਤਿਗੁਰਾਂ ਦਾ ਧਰਮ ਯੁੱਧ ਕਿਸੇ ਜਾਤ ਜਾਂ ਮਜ਼ਹਬ ਵਿਰੁੱਧ ਨਹੀਂ ਸੀ ਬਲਕਿ ਹਰ ਤਰ੍ਹਾਂ ਦੇ ਅਨਿਆਂ ਵਿਰੁੱਧ ਸੀ | ਖ਼ਾਲਸਾ ਸਿਰਜਣਾ ਦਾ ਮੁਖ ਉਦੇਸ਼ ਮਨੁੱਖਤਾ ਨੂੰ ਨਿਰਭੈ ਤੇ ਨਿਡਰ ਬਣਾਉਣਾ ਸੀ | ਦਸਮੇਸ਼ ਪਿਤਾ ਨੇ ਖ਼ਾਲਸਾ ਪੰਥ ਦੀ ਸ਼ਕਤੀ ਦੇ ਸਹਾਰੇ ਸ਼ਕਤੀਸ਼ਾਲੀ ਤੇ ਅੱਤਿਆਚਾਰੀ ਮੁਗ਼ਲ ਸ਼ਾਸਨ ਦੀਆਂ ਜੜ੍ਹਾਂ ਹਿਲਾ ਕੇ ਰੱਖ ਦਿੱਤੀਆਂ | ਇਥੇ ਹੀ ਬੱਸ ਨਹੀਂ ਸਗੋਂ ਆਪ ਪੰਜ ਪਿਆਰਿਆਂ ਤੋਂ ਅੰਮਿ੍ਤ ਛਕ ਕੇ ਉਨ੍ਹਾਂ ਦੇ ਚੇਲੇ ਬਣ ਗਏ | ਸੰਸਾਰ ਦੇ ਕਿਸੇ ਪੀਰ-ਪੈਗ਼ੰਬਰ ਨੇ ਆਪਣੇ ਪੈਰੋਕਾਰਾਂ ਨੂੰ ਚੇਲੇ ਤੋਂ ਵਧੇਰੇ ਮਹਾਨਤਾ ਨਹੀਂ ਦਿੱਤੀ ਪਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਪ ਖ਼ਾਲਸਾ ਬਣੇ ਤੇ ਖ਼ਾਲਸੇ ਨੂੰ ਗੁਰੂ ਬਣਾਇਆ |
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਿਚ ਮਨੁੱਖਤਾ ਨੂੰ ਸੰਗਠਤ ਕਰਨ ਦੀ ਬਾ-ਕਮਾਲ ਸ਼ਕਤੀ ਸੀ | ਇਸੇ ਕਰਕੇ ਹੀ ਆਪ ਜੀ ਦੇ ਉਪਦੇਸ਼ਾਂ ਦਾ ਮਨੁੱਖਤਾ ਨੇ ਭਰਪੂਰ ਅਸਰ ਕਬੂਲਿਆ ਅਤੇ ਉਹ ਮਹਾਨ ਯੋਧੇ ਬਣ ਕੇ ਵਿਚਰਨ ਲੱਗੇ | ਉਨ੍ਹਾਂ ਦਾ ਉਦੇਸ਼ ਜਾਂ ਨਿਸ਼ਾਨਾ ਨਿੱਜੀ ਗਰਜ ਜਾਂ ਵੈਰ ਦੀ ਭਾਵਨਾ ਨਹੀਂ ਬਲਕਿ ਅਕਾਲ ਪੁਰਖ ਦੇ ਉਪਦੇਸ਼ ਦੀ ਪਾਲਣਾ ਹੈ | ਗੁਰੂ ਸਾਹਿਬ ਦੇ ਜੀਵਨ ਵਿਚੋਂ ਇਕ ਗੱਲ ਹੋਰ ਧਿਆਨ ਮੰਗਦੀ ਹੈ ਕਿ ਆਪ ਨੇ ਕੇਵਲ ਜੰਗ ਵਿਚ ਸਿੰਘਾਂ ਨੂੰ ਹੀ ਸ਼ਹੀਦ ਨਹੀਂ ਕਰਵਾਇਆ ਬਲਕਿ ਆਪਣੇ ਸਾਹਿਬਜ਼ਾਦਿਆਂ, ਮਾਤਾ ਜੀ ਤੇ ਪਿਤਾ ਜੀ ਦੀ ਸ਼ਹੀਦੀ ਦੇ ਕੇ ਸਰਬੰਸਦਾਨੀ ਦਾ ਰੁਤਬਾ ਪ੍ਰਾਪਤ ਕੀਤਾ ਤੇ ਪਰਮਾਤਮਾ ਦਾ ਸ਼ੁਕਰਾਨਾ ਕੀਤਾ | ਇਸ ਤਰ੍ਹਾਂ ਦਸਮ ਗੁਰੂ ਜੀ ਨੇ ਆਪਣਾ ਸਾਰਾ ਜੀਵਨ ਹੀ ਮਨੁੱਖਤਾ ਦੇ ਸਨਮਾਨ ਨੂੰ ਉੱਚਾ ਚੁੱਕਣ ਅਤੇ ਮਨੁੱਖੀ ਹੱਕਾਂ ਦੀ ਰਖਵਾਲੀ ਲਈ ਲਗਾ ਦਿੱਤਾ |
ਗੁਰੂ ਸਾਹਿਬ ਦੇ ਉਪਦੇਸ਼ ਲਾਸਾਨੀ ਹਨ, ਅਮੋਲਕ ਹਨ | ਉਨ੍ਹਾਂ ਨੇ ਆਪਣੀ ਪਾਵਨ ਬਾਣੀ ਅੰਦਰ ਮਨੁੱਖ ਨੂੰ ਖ਼ਾਲਸ ਜੀਵਨ ਜੀਉਣ ਲਈ ਮਾਰਗ ਦਰਸਾਇਆ ਹੈ | ਵਹਿਮਾਂ-ਭਰਮਾਂ ਤੋਂ ਰਹਿਤ, ਜਾਤ-ਪਾਤ ਤੋਂ ਉੱਚਾ-ਸੁੱਚਾ, ਮੜ੍ਹੀਆਂ-ਮਸਾਣਾਂ ਦੀ ਗੁਲਾਮੀ ਤੋਂ ਦੂਰ, ਕਰਮ-ਕਾਡਾਂ ਦੀ ਜਕੜ ਤੋਂ ਮੁਕਤ ਜੀਵਨ ਦੀ ਘਾੜਤ ਗੁਰੂ ਸਾਹਿਬ ਦੀ ਵਿਚਾਰਧਾਰਾ ਦਾ ਮੂਲ ਹੈ | ਇਕ ਅਕਾਲ ਦੀ ਓਟ ਵਿਚ ਧਾਰਮਿਕ ਜੀਵਨ-ਜੁਗਤ ਨੂੰ ਗੁਰੂ ਸਾਹਿਬ ਜੀ ਨੇ ਪ੍ਰਮੁੱਖਤਾ ਨਾਲ ਪੇਸ਼ ਕੀਤਾ ਹੈ | ਅਨੇਕਤਾ ਦੀ ਥਾਂ ਏਕਤਾ ਦਾ ਪਾਠ ਆਪ ਜੀ ਦੇ ਉਪਦੇਸ਼ਾਂ ਵਿਚੋਂ ਪ੍ਰਬਲ ਰੂਪ ਵਿਚ ਉਜਾਗਰ ਹੁੰਦਾ ਹੈ | ਗੁਰੂ ਜੀ ਦੇ ਪ੍ਰਕਾਸ਼ ਪੁਰਬ 'ਤੇ ਸਾਨੂੰ ਪ੍ਰਣ ਕਰਨਾ ਚਾਹੀਦਾ ਹੈ ਕਿ ਜਾਤਾਂ-ਪਾਤਾਂ ਤੋਂ ਉੱਪਰ ਉੱਠ ਕੇ ਮਾਨਵਤਾ ਦੀ ਸੇਵਾ ਕਰੀਏ ਤੇ ਧਰਮ ਦੀ ਚੜ੍ਹਦੀ ਕਲਾ ਵਾਸਤੇ ਹਰ ਤਰ੍ਹਾਂ ਦੀ ਕੁਰਬਾਨੀ ਦੇਣ ਲਈ ਤਿਆਰ-ਬਰ-ਤਿਆਰ ਰਹੀਏ | ਆਓ! ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਉਂਦੇ ਹੋਏ, ਉਨ੍ਹਾਂ ਵੱਲੋਂ ਬਖ਼ਸ਼ੀ ਅੰਮਿ੍ਤ ਦੀ ਦਾਤ ਪ੍ਰਾਪਤ ਕਰ, ਆਪਣੇ ਜੀਵਨ ਨੂੰ ਸਫ਼ਲਾ ਕਰੀਏ ਕਿਉਂਕਿ ਸਤਿਗੁਰੂ ਜੀ ਦਾ ਸਾਡੇ ਸਿਰ 'ਤੇ ਵੱਡਾ ਕਰਜ਼ ਹੈ, ਜਿਸ ਨੂੰ ਅਸੀਂ ਉਤਾਰ ਤਾਂ ਨਹੀਂ ਸਕਦੇ ਪਰ ਉਨ੍ਹਾਂ ਦੇ ਉਪਦੇਸ਼ਾਂ ਨੂੰ ਕਮਾ ਕੇ ਅਸੀਂ ਕੁਝ ਹੱਦ ਤੱਕ ਸੁਰਖਰੂ ਜ਼ਰੂਰ ਹੋ ਸਕਦੇ ਹਾਂ |

-ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮਿ੍ਤਸਰ ਸਾਹਿਬ |

ਰੂਹ ਦਰ ਹਰ ਜਿਸਮ ਗੁਰੂ ਗੋਬਿੰਦ ਸਿੰਘ

• ਡਾ: ਸਰਬਜੀਤ ਕੌਰ ਸੰਧਾਵਾਲੀਆ •
ਬਾਦਸ਼ਾਹ ਦਰਵੇਸ਼ ਤੇਰਾ ਜ਼ਿਕਰ ਜਦ ਵੀ ਆਏਗਾ,
ਇਸ਼ਕ ਦਾ ਇਤਿਹਾਸ ਝੂਮੇਗਾ ਅਤੇ ਨਸ਼ਿਆਏਗਾ |
ਆਗਮਨ ਤੇਰੇ ਦਾ ਵੇਲਾ ਜਦ ਵੀ ਚੇਤੇ ਆਏਗਾ,
ਸਾਰਾ ਆਲਮ ਲਰਜ਼ ਕੇ ਸਾਹਵੇਂ ਤੇਰੇ ਝੁਕ ਜਾਏਗਾ |
ਜਦ ਤੇਰੇ ਪ੍ਰਕਾਸ਼ ਦੀ ਕੋਈ ਕਹਾਣੀ ਪਾਏਗਾ,
ਸੁਣਦਿਆਂ ਹੀ ਹਰ ਹਨੇਰਾ ਚਾਨਣਾ ਬਣ ਜਾਏਗਾ |
ਦੀਪ ਖ਼ੁਸ਼ੀਆਂ ਦੇ ਜਲਾ ਕੇ ਵਕਤ ਵੀ ਮੁਸਕਾਏਗਾ,
ਅੰਬਰਾਂ ਦੇ ਤਾਰਿਆਂ ਨੂੰ ਵੀ ਨਸ਼ਾ ਚੜ੍ਹ ਜਾਏਗਾ |
ਯਾਦ ਜਦ ਅਸਮਾਨ ਨੂੰ ਤੇਰਾ ਜ਼ਮਾਨਾ ਆਏਗਾ,
ਜੋਸ਼ ਵਿਚ ਭਰ ਕੇ ਗਗਨ ਤੇਰੇ ਜੈਕਾਰੇ ਲਾਏਗਾ |
ਕਾਵਿ ਵੀ ਸੰਗੀਤ ਵੀ ਤੇਰੇ ਤਰਾਨੇ ਗਾਏਗਾ,
ਦਿਲ ਤੇਰੇ ਅਹਿਸਾਨ ਤੋਂ ਕੁਰਬਾਨ ਹੁੰਦਾ ਜਾਏਗਾ |
ਬਾਤ ਕੀ ਪਾਵੇ ਕੋਈ ਤੇਰੀ ਅਨੋਖੀ ਸ਼ਾਨ ਦੀ,
ਤੇਰੇ ਅਹਿਸਾਸਾਂ ਦਾ ਹੰਝੂ ਸ਼ੁਕਰ ਵਿਚ ਕਿਰ ਜਾਏਗਾ |
ਮਰਤਬਾ ਤੇਰਾ ਤਾਂ ਸ਼ਬਦਾਂ ਅੱਖਰਾਂ ਤੋਂ ਪਾਰ ਹੈ,
ਕੋਈ ਵੀ ਤੇਰਾ ਕਦੇ ਵਖਿਆਨ ਨਾ ਕਰ ਪਾਏਗਾ |
ਤੂੰ ਹੀ ਸਾਡਾ ਸਾਜ਼ ਹੈਾ ਤੇ ਤੂੰ ਅਗੰਮੀ ਤਾਲ ਹੈਾ,
ਪਿਆਰ ਤੇਰਾ ਜ਼ਿੰਦਗੀ ਤੇ ਬੰਦਗੀ ਬਣ ਜਾਏਗਾ |
ਬੇਕਸਾਂ ਦੇ ਯਾਰ ਤੇਰਾ ਸ਼ੁਕਰੀਆ ਹੀ ਸ਼ੁਕਰੀਆ,
ਆਉਂਦਾ-ਜਾਂਦਾ ਸੁਆਸ ਤੈਨੂੰ ਚਉਰ ਕਰਦਾ ਜਾਏਗਾ |
ਅੱਜ ਫਿਰ ਕੰਨਾਂ 'ਚ ਕੋਈ ਝਰਨਿਆਂ ਦਾ ਗੀਤ ਪਾ,
ਇਸ਼ਕ ਤੇਰਾ ਸਾਰੀਆਂ ਵਿੱਥਾਂ ਮਿਟਾਉਂਦਾ ਜਾਏਗਾ |
ਅਰਸ਼ ਦੇ ਤੇ ਫ਼ਰਸ਼ ਦੇ ਸਿਜਦੇ ਬਣੇ ਤੇਰੇ ਲਈ,
ਪ੍ਰੀਤ ਤੇਰੀ ਦਾ ਅਨਾਹਦ ਨਾਦ ਰੂਹ 'ਤੇ ਛਾਏਗਾ |

ਵਾਡਸਨ-ਮੈਨਰ ਦਾ ਅੰਗਰੇਜ਼ੀ ਫਰੈਂਚ-ਅਜਾਇਬ ਘਰ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਮਹਾਰਾਣੀ ਦੀ ਵਾਡਸਨ-ਮੈਨਰ ਫੇਰੀ
ਪੌੜੀਆਂ ਰਾਹੀਂ ਉੱਪਰ ਜਾ ਕੇ ਅਸੀਂ ਵਿਸ਼ਾਲ ਵਾਡਸਨ-ਮੈਨਰ ਦੇ ਇਸ ਭਾਗ ਦਾ ਦੌਰਾ ਸ਼ੁਰੂ ਕੀਤਾ | ਸੁੰਦਰ ਪੱਛਮੀ ਹਾਲ ਅਤੇ ਨਵੀਨ ਰਚਨਾ ਮੌਰਨਿੰਗ ਰੂਮ ਨੂੰ ਦੇਖਦੇ ਹੋਏ ਅਸੀਂ ਹੈਰਾਨ ਕਰਨ ਵਾਲੇ ਸੁੰਦਰ ਕਮਰਿਆਂ ਵਿਚ ਗਏ—ਸਟੇਟ ਬੈਡਰੂਮ, ਗ੍ਰੀਨ ਰੂਮ, ਗ੍ਰੀਨ ਬੋਰਡੋਰ ਰੂਮ ਜਿਥੇ ਇਕ ਸਮੇਂ 'ਤੇ ਇੰਗਲੈਂਡ ਦੀ ਮਹਾਰਾਣੀ ਵਿਕਟੋਰੀਆ ਨੇ ਅਰਾਮ ਕੀਤਾ ਸੀ ਜਦੋਂ ਉਹ ਵਾਡਸਨ-ਮੈਨਰ ਆਈ ਸੀ | ਇਹ ਸਭ ਕਮਰਿਆਂ ਦਾ ਸੈੱਟ ਹੈ ਜਿਨ੍ਹਾਂ ਦੇ ਨਾਲ ਬੈਠਕ ਵੀ ਜੁੜੀ ਹੋਈ ਸੀ | ਮਹੱਲਨੁਮਾ ਕਮਰਿਆਂ ਦੀਆਂ ਦੀਵਾਰਾਂ ਦੀ ਪੈਨਲਿੰਗ, 19ਵੀਂ ਸਦੀ ਦਾ ਲਘੂ ਫਰਨੀਚਰ ਸੰਗ੍ਰਹਿ, ਤੇਰਾਂ ਸੰਗੀਤਕਾਰਾਂ ਦੇ ਨਿਰੂਪਣ ਵਾਲੀ ਮਿਊਜ਼ਿਕ ਬਾਕਸ ਘੜੀ ਅਦੁੱਤੀ ਪ੍ਰਦਰਸ਼ਨ ਹੈ | ਅਸੀਂ ਸੋਚਿਆ ਕਿ ਸਭ ਕੁਝ ਮਹਾਰਾਣੀ ਦੀ ਸ਼ਖ਼ਸੀਅਤ ਦੇ ਅਨੁਸਾਰ ਸੀ |
ਫਾਊਨਟੇਨ-ਬੈਡਰੂਮ ਅਤੇ ਹੋਰ ਕਮਰੇ : ਫਿਰ ਅਸੀਂ ਫਾਊਨਟੇਨ ਬੈਡਰੂਮ ਵਿਚ ਗਏ ਜਿਸ ਦਾ ਨਾਂਅ ਕਮਰੇ ਦੀਆਂ ਖਿੜਕੀਆਂ ਦੇ ਬਾਹਰ ਵਿਸ਼ਾਲ ਬਗੀਚਿਆਂ ਵਿਚੋਂ ਦਿਸਣ ਵਾਲੇ ਦਿਲ ਖਿੱਚਵੇਂ ਵਿਸ਼ਾਲ ਫੁਹਾਰਿਆਂ ਦੇ ਨਾਂਅ ਤੋਂ ਪਿਆ ਸੀ | ਇਥੇ ਬੇਸ਼ਕੀਮਤੀ ਮੇਸੀਨਪੋਰਸਲੇਨ (ਚੀਨੀ) ਦੇ ਤਿੰਨ ਫੁੱਲਦਾਨ ਦੇਖਣਯੋਗ ਹਨ | ਜਰਮਨੀ ਦੇਸ਼ ਵਿਚ ਸਥਿਤ ਮੇਸੀਨ-ਨਗਰ ਸਦੀਆਂ ਤੋਂ ਚੀਨੀ ਸਾਮਾਨ ਲਈ ਪ੍ਰਸਿੱਧ ਹੈ | ਇਸ ਕਮਰੇ ਦਾ ਮੁੱਖ ਆਕਰਸ਼ਣ, 19ਵੀਂ ਸਦੀ ਦਾ ਸਿਲਕ ਬੈਡਕਵਰ ਹੈ ਜਿਸ ਦੇ ਵਿਚਕਾਰਲਾ ਮੋਟਿਫ ਸਿਲਕ ਅਤੇ ਧਾਤੂ ਨਾਲ ਕਢਾਈ ਕੀਤਾ ਵਿਸ਼ਾਲ ਮੋਰ ਹੈ ਜੋ ਭਾਰਤ ਵਿਚ ਬਣਾਇਆ ਗਿਆ ਸੀ |
ਇਸ ਕਮਰੇ ਦੇ ਨੇੜੇ ਬਾਲਕੋਨੀ ਵਾਲਾ 'ਪੋਰਟੀਕੋ ਬੈਡਰੂਮ' ਹੈ ਜਿਸ ਦੇ ਅੱਗੇ ਇਕ ਤੋਂ ਵਧ ਕੇ ਇਕ ਸੁੰਦਰ 10 ਬੈਡਰੂਮ-ਸੁਇਟ ਹਨ (ਕਮਰਿਆਂ ਦਾ ਸੈੱਟ) ਅਤੇ 10 ਬੈਡਰੂਮ ਹਨ ਜੋ 19ਵੀਂ ਸਦੀ ਦੇ ਵਾਡਸਨ-ਮੈਨਰ ਦੀ ਸੁੰਦਰਤਾ ਦੇ ਪ੍ਰਤੀਕ ਹਨ |
ਅੱਗੇ ਚਲ ਕੇ ਅਸੀਂ ਅਨੋਖੇ ਨਾਂਅ ਵਾਲੇ ਕਮਰਿਆਂ ਵਿਚ ਪਹੁੰਚੇ—'ਬੈਚੁਲਰਸ ਵਿੰਗ' ਜੋ ਵਿਸ਼ੇਸ਼ ਤੌਰ ਤੋਂ ਕੁਆਰੇ ਮਰਦਾਂ ਲਈ 1880 ਵਿਚ ਬਣਵਾਇਆ ਗਿਆ ਸੀ | ਇਸ ਤੋਂ ਵੀ ਚੰਗੀ ਸਾਜ-ਸਜਾਵਟ ਵਾਲੇ 10 ਬੈਡਰੂਮ ਸਨ ਜੋ 'ਬੈਚੂਲਰਸ' ਲਈ ਮਹਿਮਾਨ ਕਮਰੇ ਸੀ ਅਤੇ 15 ਬੈਡਰੂਮ ਉਨ੍ਹਾਂ ਦੇ ਕਰਮਚਾਰੀਆਂ ਸਨ | ਨਾਲ ਹੀ ਮਨੋਰੰਜਨ ਲਈ ਬਿਲੀਅਰਡਜ਼ ਰੂਮ ਅਤੇ ਸਮੋਕਿੰਗ ਰੂਮ ਵੀ ਬਣਾਏ ਗਏ ਸਨ |
ਸਰਵੈਂਟਸ ਹਾਲ : ਵਾਡਸਨ-ਮੈਨਰ ਦੇ 'ਸੰਗ੍ਰਹਿਆਲਿਆ ਕਮਰਿਆਂ' ਦਾ ਦੌਰਾ ਕਰਨ ਤੋਂ ਬਾਅਦ ਅਸੀਂ ਰਸੋਈ ਘਰ ਦੇ ਗਲਿਆਰੇ ਵਿਚ ਪਹੁੰਚੇ ਜੋ ਮੁੱਖ ਵਾਡਸਨ-ਮੈਨਰ ਭਵਨ ਨੂੰ ਰਸੋਈ ਘਰ ਨਾਲ ਜੋੜਦਾ ਸੀ ਅਤੇ ਇਕ ਸਮੇਂ ਵਿਚ 24 ਸੇਵਕਾਂ ਵਲੋਂ ਵਰਤਿਆ ਜਾਂਦਾ ਸੀ | ਗਲਿਆਰੇ ਦਾ ਮੁੱਖ ਪ੍ਰਦਰਸ਼ਨ ਸੀ : ਰੂਮ ਇੰਡੀਕੇਟਰ ਪੈਨਲ ਜੋ ਬਿਜਲੀ ਨਾਲ ਚਲਣ ਵਾਲਾ ਘੰਟੀਆਂ ਦਾ ਯੰਤਰ ਸੀ ਜਿਸ ਵਿਚ ਵਿਸ਼ਾਲ ਭਵਨ ਦੇ 45 ਕਮਰਿਆਂ ਦੇ ਕੁਨੈਕਸ਼ਨ ਸਨ ਅਤੇ ਕਿਸੇ ਵੀ ਇਕ ਕਮਰੇ ਤੋਂ ਘੰਟੀ ਵਜਾ ਕੇ ਸੇਵਕ ਨੂੰ ਉਸੇ ਕਮਰੇ ਵਿਚ ਬੁਲਾਇਆ ਜਾ ਸਕਦਾ ਸੀ | ਅੱਜ ਇਸ ਗਲਿਆਰੇ ਦੇ ਨੇੜੇ ਸੁੰਦਰ ਰੈਸਤੋਰਾਂ ਬਣਾ ਦਿੱਤਾ ਗਿਆ ਹੈ ਜੋ ਸੈਲਾਨੀਆਂ ਵਿਚ ਚੰਗਾ ਹਰਮਨਪਿਆਰਾ ਹੈ |
ਟੈਰੇਸ ਅਤੇ ਬਗ਼ੀਚੇ : ਵਾਡਸਨ-ਮੈਨਰ ਦੇ ਦੌਰੇ ਦੌਰਾਨ ਅਨੇਕ ਕਮਰਿਆਂ ਦੀਆਂ ਵਿਸ਼ਾਲ ਕੱਚ ਦੀਆਂ ਖਿੜਕੀਆਂ ਰਾਹੀਂ ਅਸੀਂ ਮਨਮੋਹਕ ਦਿ੍ਸ਼ਾਂ ਵਾਲੇ ਬਗੀਚੇ ਦੇਖੇ ਜਿਨ੍ਹਾਂ ਵਿਚ ਦੌਰੇ ਦੇ ਅਖੀਰ ਵਿਚ, ਅਸੀਂ ਦਾਖਲ ਹੋਏ | ਬਗ਼ੀਚੇ, ਫਰਾਂਸ ਦੀ 15ਵੀਂ ਸਦੀ ਦੇ ਮੂਲ ਵਾਲੀ ਪੋਰਟੇਰ ਸ਼ੈਲੀ ਨਾਲ ਸਜੇ ਸਨ, ਜਿਸ ਵਿਚ ਬਗੀਚੇ ਵਿਚ ਪੱਥਰ ਦੇ ਨਾਲ ਬਜਰੀ ਵਾਲੇ ਰਸਤੇ ਬਣਾਏ ਜਾਂਦੇ ਹਨ | ਸ਼ਾਮ ਨੂੰ ਸੂਰਜ ਛਿਪਣ ਨਾਲ ਆਕਾਸ਼ ਸੁਨਹਿਰੇ ਅਤੇ ਜੋਗੀਆ ਰੰਗਾਂ ਵਿਚ ਲਿਪਟਿਆ ਹੋਇਆ ਸੀ ਅਤੇ ਠੰਢੇ ਹੁੰਦਿਆਂ ਵੀ ਸਭ ਕੁਝ ਸਹੀ ਸੀ | ਸਾਡੇ ਚਾਰੇ ਪਾਸੇ ਫੁੱਲ, ਫੁਹਾਰੇ ਅਤੇ ਮੂਰਤੀਆਂ ਸਜੀਆਂ ਸਨ ਅਤੇ ਕੁਝ ਸੈਲਾਨੀ ਪੱਥਰ ਦੇ ਜੰਗਲਾਂ 'ਤੇ ਬੈਠ ਕੇ ਦੂਰ ਤੱਕ ਫੈਲੇ ਪਾਰਕਲੈਂਡ ਦੇ ਸੁੰਦਰ ਦਿ੍ਸ਼ਾਂ ਦਾ ਆਨੰਦ ਲੈ ਰਹੇ ਸਨ |
ਅਸੀਂ ਪਹਿਲਾਂ ਪੜਿ੍ਹਆ ਸੀ ਕਿ ਵਾਡਸਨ-ਮੈਨਰ ਦੇ ਬਗ਼ੀਚੇ ਇਸ ਲਈ ਵੀ ਪ੍ਰਸਿੱਧ ਹਨ ਕਿ ਉਹ ਹਰੇਕ ਮੌਸਮ ਵਿਚ ਵੱਖਰੇ ਦਿਸਦੇ ਹਨ ਜਿਵੇਂ ਮਾਰਚ-ਅਪ੍ਰੈਲ ਵਿਚ ਵਿਛੀਆਂ ਫੁੱਲਾਂ ਦੀਆਂ ਚਾਦਰਾਂ ਦਾ ਰੂਪ ਅਕਤੂਬਰ ਮਹੀਨੇ ਵਿਚ ਵੱਖ ਹੁੰਦਾ ਹੈ | ਤਦੇ ਤਾਂ ਸੈਲਾਨੀ ਇਥੇ ਵਾਰ-ਵਾਰ ਆਉਣਾ ਚਾਹੁੰਦੇ ਹਨ ਅਤੇ ਹਰ ਮੌਸਮ ਵਿਚ ਕੁਝ ਨਵਾਂ ਦੇਖਦੇ ਤੇ ਮਹਿਸੂਸ ਕਰਦੇ ਹਨ |
19ਵੀਂ ਸਦੀ ਤੋਂ ਬਾਅਦ ਦੇ ਬਰਤਾਨੀਆ ਦੇਸ਼ ਦੇ ਬੇਹੱਦ ਸੁੰਦਰ ਬਗ਼ੀਚਿਆਂ ਵਿਚੋਂ ਵਾਡਸਨ-ਮੈਨਰ ਦਾ ਬਗ਼ੀਚਾ ਇਕ ਮੰਨਿਆ ਗਿਆ ਹੈ | 1890 ਵਿਚ ਹੀ ਬੈਰਨ ਨੇ ਅਨੇਕ ਵੱਡੇ ਦਰੱਖਤ ਇਥੇ ਲਗਾਏ ਜੋ ਉਸ ਸਮੇਂ ਦਾ ਅਨੂਠਾ ਵਿਚਾਰ ਸੀ, ਤਦੇ ਤਾਂ ਇੰਗਲੈਂਡ ਦੀ ਮਹਾਰਾਣੀ ਵਿਕਟੋਰੀਆ ਨੇ ਖ਼ੁਦ ਇਥੇ ਆਉਣ ਦਾ ਸੱਦਾ ਬੈਰਨ ਤੱਕ ਭਿਜਵਾਇਆ ਸੀ |
ਅਲਵਿਦਾ : ਬਸ ਵਿਚ ਬੈਠ ਕੇ ਕਾਰ ਪਾਰਕ ਕੀਤੀ ਅਤੇ ਜਾਂਦੇ ਹੋਏ ਰੋਥਚਾਈਲਡ ਪਰਿਵਾਰ ਦੀਆਂ ਤਿੰਨ ਪੀੜ੍ਹੀਆਂ ਦਾ ਧਿਆਨ ਆਇਆ ਜਿਨ੍ਹਾਂ ਦੀ ਸਖ਼ਤ ਮਿਹਨਤ ਨਾਲ ਉਨ੍ਹਾਂ ਦਾ 'ਸੁਪਨਮਈ ਮਹੱਲ' ਵਾਡਸਨ-ਮੈਨਰ ਬੇਸ਼ਕੀਮਤੀ ਸੰਗ੍ਰਹਿਆਲਿਆਂ ਵਰਗਾ ਨਜ਼ਾਰਾ ਪੇਸ਼ ਕਰਦਾ ਹੈ | 45 ਕਮਰਿਆਂ ਵਿਚ ਵਿਸ਼ੇਸ਼ ਅੰਗਰੇਜ਼ੀ ਅਤੇ ਫਰਾਂਸੀਸੀ ਕਲਾਕ੍ਰਿਤੀਆਂ ਦੇ ਸੰਗ੍ਰਹਿ ਹਨ ਜਿਨ੍ਹਾਂ ਵਿਚ ਬੇਸ਼ਕੀਮਤੀ ਕਾਲੀਨ, ਪੇਂਟਿੰਗਜ਼, ਫਰਨੀਚਰ, ਪੋਰਸਲੇਨ ਅਤੇ ਹੱਥ ਨਾਲ ਬੁਣੇ ਟੇਪਸਟ੍ਰੀਸ ਸ਼ਾਮਲ ਹਨ |
ਸੰਨ 1957 ਤੋਂ ਵਾਡਸਨ ਮੈਨਰ ਨੂੰ ਨੈਸ਼ਨਲ ਟਰੱਸਟ ਸੰਸਥਾ ਨੂੰ ਸੌਾਪ ਦਿੱਤਾ ਗਿਆ ਹੈ ਤਾਂ ਕਿ ਉਸ ਦਾ ਰੱਖ-ਰਖਾਅ ਸਹੀ ਢੰਗ ਨਾਲ ਹੋ ਸਕੇ ਜੋ ਪਰਿਵਾਰ ਲਈ ਸੰਭਵ ਨਹੀਂ ਸੀ | ਟਰੱਸਟ ਦੇ ਚੇਅਰਮੈਨ ਲਾਰਡ ਰੋਥਚਾਈਲਡ ਹਨ | ਇਸ ਤਰ੍ਹਾਂ ਵਿਸ਼ਾਲ ਵਾਡਸਨ-ਮੈਨਰ ਭਵਨ ਦੀ ਇਤਿਹਾਸਿਕਤਾ ਅਤੇ ਸੰਗ੍ਰਹਿਆਲਿਆਂ ਨੂੰ ਸੁਰੱਖਿਅਤ ਰੱਖਿਆ ਜਾ ਰਿਹਾ ਹੈ | (ਸਮਾਪਤ)

-seemaanandchopra@gmail.com

ਭੁੱਲੀਆਂ ਵਿਸਰੀਆਂ ਯਾਦਾਂ

ਇਹ ਤਸਵੀਰ 2002 ਵਿਚ ਚੰਡੀਗੜ੍ਹ ਵਿਸ਼ਵ ਪੰਜਾਬੀ ਕਾਨਫਰੰਸ ਸਮੇਂ ਖਿੱਚੀ ਸੀ | ਉਸ ਵਕਤ ਸ: ਸੁਰਜੀਤ ਸਿੰਘ ਬਰਨਾਲਾ ਜੋ ਪੰਜਾਬ ਦੇ ਮੁੱਖ ਮੰਤਰੀ ਵੀ ਰਹਿ ਚੁੱਕੇ ਸਨ ਤੇ ਉਸ ਤੋਂ ਬਾਅਦ ਵੱਖ-ਵੱਖ ਸੂਬਿਆਂ ਦੇ ਗਵਰਨਰ ਵੀ ਬਣੇ ਸਨ, ਚੰਡੀਗੜ੍ਹ ਆਰਟ ਕੌਸਲ ਦੇ ਵਿਹੜੇ ਵਿਚ ਪੱਤਰਕਾਰਾਂ ਨਾਲ ਗੱਲਾਂਬਾਤਾਂ ਕਰ ਰਹੇ ਸਨ | ਪੱਤਰਕਾਰ ਸ: ਬਰਨਾਲਾ ਨੂੰ ਸਵਾਲ ਪੁੱਛ ਰਿਹਾ ਸੀ, ਉਨ੍ਹਾਂ ਸੂਬਿਆਂ ਬਾਰੇ ਜਿਨ੍ਹਾਂ ਸੂਬਿਆਂ ਵਿਚ ਉਹ ਰਾਜਪਾਲ ਰਹੇ ਸਨ | ਸ: ਬਰਨਾਲਾ ਤੰਗਦਿਲ ਸਿਆਸਤਦਾਨ ਨਹੀਂ ਸਨ, ਉਹ ਹਰ ਇਕ ਨੂੰ ਖੁੱਲ੍ਹੇ ਦਿਲ ਨਾਲ ਮਿਲਦੇ ਸਨ | ਸ: ਬਰਨਾਲਾ ਸਾਹਿਤਕਾਰ ਤੇ ਆਰਟਿਸਟ ਵੀ ਸਨ ਤੇ ਇਨ੍ਹਾਂ ਸਾਰਿਆਂ ਦਾ ਬਹੁਤ ਸਤਿਕਾਰ ਵੀ ਕਰਦੇ ਸਨ |

-ਮੋਬਾਈਲ : 98767-41231

ਅੱਜ ਲੋਹੜੀ 'ਤੇ ਵਿਸ਼ੇਸ਼ ਲੋਹੜੀ ਨਾਲ ਜੁੜੀਆਂ ਲੋਕ-ਧਾਰਨਾਵਾਂ

ਪੋਹ ਮਹੀਨੇ ਦੀ ਅੰਤਲੀ ਅਤੇ ਮਾਘ ਦੀ ਸੰਗਰਾਂਦ ਤੋਂ ਪਹਿਲੀ ਰਾਤ ਨੂੰ ਪੁੱਗੇ ਬਾਲ ਕੇ ਮਨਾਇਆ ਜਾਣ ਵਾਲਾ ਲੋਹੜੀ ਦਾ ਤਿਓਹਾਰ ਮੁੱਢ ਤੋਂ ਹੀ ਪੰਜਾਬੀਆਂ ਦਾ ਹਰਮਨ ਪਿਆਰਾ ਤਿਓਹਾਰ ਰਿਹਾ ਹੈ | ਇਸ ਨੂੰ ਨਵੀਂ ਫ਼ਸਲ ਦੇ ਆਉਣ ਅਤੇ ਬਸੰਤ ਦੀ ਸ਼ੁਰੂਆਤ ਦੀ ਖ਼ੁਸ਼ੀ ਵਿਚ ਵੀ ਮਨਾਇਆ ਜਾਂਦਾ ਹੈ |
ਲੋਹੜੀ ਦਾ ਤਿਉਹਾਰ ਕਦੋਂ ਅਤੇ ਕਿਵੇਂ ਸ਼ੁਰੂ ਹੋਇਆ, ਇਸ ਸੰਬੰਧੀ ਵਿਦਵਾਨਾਂ ਪਾਸ ਕੋਈ ਪ੍ਰਮਾਣਿਕ ਜਾਣਕਾਰੀ ਨਾ ਹੋਣ ਕਰਕੇ ਆਰੰਭ ਤੋਂ ਕੁਝ ਮਾਨਮਿਕ ਲੋਕ-ਕਥਾਵਾਂ ਅਤੇ ਲੋਕ-ਧਾਰਨਾਵਾਂ ਇਸ ਦਾ ਹਿੱਸਾ ਬਣ ਗਈਆਂ, ਜੋ ਮੌਜੂਦਾ ਸਮੇਂ ਇਸ ਨਾਲ ਸਬੰਧਤ ਇਤਿਹਾਸ ਦਾ ਇਕ ਹਿੱਸਾ ਹੀ ਪ੍ਰਤੀਤ ਹੁੰਦੀਆਂ ਹਨ |
ਕੁਝ ਲੋਕਾਂ ਦਾ ਮੰਨਣਾ ਹੈ ਕਿ ਲੋਹੜੀ ਅਸਲ ਵਿਚ 'ਲੋਈ' ਦਾ ਰੂਪਾਂਤਰ ਹੈ | ਲੋਈ ਸੰਤ ਕਬੀਰ ਦੀ ਘਰਵਾਲੀ ਸੀ | ਕੁਝ ਦਾ ਕਹਿਣਾ ਹੈ ਕਿ ਲੋਹੜੀ 'ਲੋਹ' ਤੋਂ ਬਣੀ ਹੈ | ਲੋਹ ਦਾ ਭਾਵ ਲੋਹੇ ਦੇ ਤਵੇ ਤੋਂ ਹੈ ਜਦਕਿ ਕਈਆਂ ਦਾ ਮੰਨਣਾ ਹੈ ਕਿ ਹੋਲਿਕਾ (ਭਗਤ ਪ੍ਰਹਲਾਦ ਦੀ ਭੂਆ ਅਤੇ ਹਰਨਾਕਸ਼ ਦੀ ਭੈਣ) ਅਤੇ ਲੋਹੜੀ ਦੋ ਸਕੀਆਂ ਭੈਣਾਂ ਸਨ | ਲੋਹੜੀ ਦੇਵੀ ਨੇ ਇਸੇ ਦਿਨ (ਲੋਹੜੀ) ਇਕ ਵੱਡੇ ਰਾਖ਼ਸ਼ਸ (ਦੈਂਤ) ਨੂੰ ਮਾਰ ਕੇ ਲੋਕਾਂ ਨੂੰ ਉਸ ਦੇ ਕਹਿਰ ਤੋਂ ਨਿਜਾਤ ਦਵਾਈ ਸੀ, ਜਿਸ ਦੀ ਯਾਦ ਵਜੋਂ ਇਹ ਤਿਓਹਾਰ ਖ਼ੁਸ਼ੀ ਅਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ | ਮੰਨਿਆ ਜਾਂਦਾ ਹੈ ਕਿ ਲੋਹੜੀ ਦੇ ਹੋਲਿਕਾ ਦੀ ਭੈਣ ਹੋਣ ਕਰਕੇ ਹੋਲਿਕਾ ਵਾਂਗ ਹੀ ਲੋਹੜੀ ਨੂੰ ਵੀ ਅਗਨੀ ਦੇ ਭੇਟ ਕੀਤਾ ਜਾਂਦਾ ਹੈ | ਬਹੁਤਿਆਂ ਦਾ ਇਹ ਵੀ ਮੰਨਣਾ ਹੈ ਕਿ ਪੁਰਾਣੇ ਸਮੇਂ ਵਿਚ ਦੇਵੀ-ਦੇਵਤਿਆਂ ਨੂੰ ਖ਼ੁਸ਼ ਕਰਨ ਲਈ ਹਵਨ ਕਰਕੇ ਉਸ ਵਿਚ ਤਿਲ ਅਤੇ ਗੁੜ ਪਾਏ ਜਾਂਦੇ ਸਨ | ਤਿਲ ਅਤੇ ਰੋੜੀ (ਗੁੜ ਦੀ) ਦੇ ਜੋੜ ਤੋਂ ਹੀ ਤਿਲੋੜੀ ਬਣਿਆ, ਜੋ ਹੌਲੀ-ਹੌਲੀ ਸਮੇਂ ਦੇ ਨਾਲ 'ਲੋਹੜੀ' ਸ਼ਬਦ ਵਿਚ ਤਬਦੀਲ ਹੋ ਗਿਆ |
ਖੈਰ, 16ਵੀਂ ਸਦੀ ਵਿਚ ਲੋਹੜੀ ਦੇ ਤਿਓਹਾਰ ਨਾਲ ਪੰਜਾਬੀਆਂ ਦੇ ਵੀਰ ਨਾਇਕ ਦੁੱਲਾ ਭੱਟੀ ਦਾ ਕਿੱਸਾ ਜੁੜ ਜਾਣ ਤੋਂ ਬਾਅਦ ਉਪਰੋਕਤ ਸਭ ਲੋਕ-ਧਾਰਨਾਵਾਂ ਅਲੋਪ ਹੋ ਗਈਆਂ ਜਾਪਦੀਆਂ ਹਨ, ਜਦਕਿ ਦੁੱਲੇ ਦੀ ਬਹਾਦਰੀ ਦਾ ਪ੍ਰਸੰਗ ਅੱਜ ਵੀ ਲੋਕ-ਗੀਤ 'ਸੁੰਦਰ ਮੁੰਦਰੀਏ... ਹੋ' ਦੇ ਰੂਪ ਵਿਚ ਮੁੰਡਿਆਂ ਕੁੜੀਆਂ ਵਲੋਂ ਬੜੇ ਜੋਸ਼ ਨਾਲ ਲੋਹੜੀ 'ਤੇ ਗਾਇਆ ਜਾਂਦਾ ਹੈ | ਇਸ ਲੋਕ-ਗੀਤ ਪਿਛੇ ਵੀ ਦੋ-ਤਿੰਨ ਰਵਾਇਤਾਂ ਚਲੀਆਂ ਆ ਰਹੀਆਂ ਹਨ | ਕਵੀ ਜੀਵਨ ਪ੍ਰਕਾਸ਼ ਦਾ ਲਿਖਣਾ ਹੈ ਕਿ ਸੁੰਦਰੀ ਤੇ ਮੁੰਦਰੀ ਇਕ ਹਿੰਦੂ ਦੁਕਾਨਦਾਰ ਸੁੰਦਰ ਦਾਸ ਦੀਆਂ ਦੋ ਧੀਆਂ ਸਨ | ਇਨ੍ਹਾਂ ਦਾ ਵਿਆਹ ਉਨ੍ਹਾਂ ਦੇ ਪਿਤਾ ਵਲੋਂ ਨਿਯਤ ਕਰ ਦਿੱਤਾ ਗਿਆ ਸੀ, ਪਰ ਪਿੰਡ ਦਾ ਨੰਬਰਦਾਰ ਸੁੰਦਰੀ-ਮੁੰਦਰੀ 'ਤੇ ਅੱਖ ਰੱਖੀ ਬੈਠਾ ਸੀ ਅਤੇ ਉਨ੍ਹਾਂ ਦੇ ਪਿਤਾ 'ਤੇ ਜ਼ੋਰ ਪਾ ਰਿਹਾ ਸੀ ਕਿ ਉਹ ਆਪਣੀਆਂ ਧੀਆਂ ਦਾ ਵਿਆਹ ਉਸ ਨਾਲ ਕਰ ਦੇਵੇ | ਕਿਸਾਨ ਨੇ ਜਦ ਦੁੱਲੇ ਭੱਟੀ ਅੱਗੇ ਫ਼ਰਿਆਦ ਕੀਤੀ ਤਾਂ ਦੁੱਲੇ ਨੇ ਉਸ ਨੰਬਰਦਾਰ ਨੂੰ ਲਲਕਾਰ ਕੇ ਉਸ ਦੇ ਖੇਤਾਂ ਨੂੰ ਅੱਗ ਲਾ ਦਿੱਤੀ ਅਤੇ ਉਸੇ ਅੱਗ ਦੀ ਰੋਸ਼ਨੀ 'ਚ ਰਾਤ ਨੂੰ ਸੁੰਦਰੀ-ਮੁੰਦਰੀ ਨੂੰ ਆਪਣੀਆਂ ਧੀਆਂ ਬਣਾ ਕੇ ਉਨ੍ਹਾਂ ਦਾ ਵਿਆਹ ਉਨ੍ਹਾਂ ਦੇ ਪਿਤਾ ਵਲੋਂ ਨਿਯਤ ਕੀਤੇ ਵਰ ਨਾਲ ਕਰਵਾ ਦਿੱਤਾ | ਹਾਲਾਂਕਿ ਹੋ ਸਕਦਾ ਹੈ ਕਿ ਸੁੰਦਰ ਦਾਸ ਦੀਆਂ ਦੋ ਨਹੀਂ ਸਗੋ ਇਕੋ ਧੀ ਮੁੰਦਰੀ ਹੀ ਸੀ, ਜਿਸ ਦੇ ਸੋਹਣੀ (ਖ਼ੂਬਸੂਰਤ) ਹੋਣ ਕਰਕੇ ਉਸ ਨੂੰ ਲੋਕ-ਗੀਤ ਵਿਚ ਸੁੰਦਰ ਮੁੰਦਰੀਏ ਕਹਿ ਕੇ ਗਾਇਆ ਗਿਆ ਹੋਵੇਗਾ ਤੇ ਜਾਂ ਫਿਰ ਉਸ ਦੇ ਪਿਤਾ ਸੁੰਦਰ ਦਾਸ ਦੇ ਨਾਂਅ ਨਾਲ ਜੋੜ ਕੇ ਉਸ ਦਾ ਨਾਂ ਸੁੰਦਰ ਮੁੰਦਰੀ ਲਿਖਿਆ ਗਿਆ ਹੋਵੇਗਾ |
ਇਕ ਦੂਸਰੀ ਰਵਾਇਤ ਅਨੁਸਾਰ ਇਕ ਵਾਰ ਹਾਫ਼ਿਜ਼ਾਬਾਦ (ਮੌਜੂਦਾ ਸਮੇਂ ਪਾਕਿਸਤਾਨ ਦਾ ਸ਼ਹਿਰ) ਵਲੋਂ ਨਿਕਲਦਿਆਂ ਬਾਦਸ਼ਾਹ ਅਕਬਰ ਦੀ ਨਜ਼ਰ 15 ਸਾਲ ਦੀ ਖ਼ੂਬਸੂਰਤ ਲੜਕੀ ਸੁੰਦਰੀ 'ਤੇ ਪਈ, ਜੋ ਇਲਾਕੇ ਦੇ ਹਿੰਦੂ ਮੂਲ ਚੰਦ ਉਰਫ ਮੂਲੇ ਦੀ ਧੀ ਸੀ | ਅਕਬਰ ਨੇ ਮੂਲ ਚੰਦ ਨੂੰ ਹੁਕਮ ਭੇਜਿਆ ਕਿ ਉਹ ਉਸ ਦੀ ਧੀ ਨੂੰ ਆਪਣੀ ਰਾਣੀ ਬਣਾਉਣਾ ਚਾਹੁੰਦਾ ਹੈ, ਇਸ ਲਈ ਉਹ ਜਲਦੀ ਤੋਂ ਜਲਦੀ ਉਸ ਦੇ ਵਿਆਹ ਦੀਆਂ ਤਿਆਰੀਆਂ ਸ਼ੁਰੂ ਕਰ ਦੇਵੇ | ਮੂਲ ਚੰਦ ਰਾਤੋ-ਰਾਤ ਆਪਣੀ ਧੀ ਨੂੰ ਨਾਲ ਲੈ ਕੇ ਦੁੱਲਾ ਭੱਟੀ ਪਾਸ ਪਹੁੰਚ ਗਿਆ ਅਤੇ ਮਦਦ ਦੀ ਅਪੀਲ ਕੀਤੀ | ਦੁੱਲਾ ਜੋ ਪਹਿਲਾਂ ਤੋਂ ਹੀ ਅਕਬਰ ਵਿਰੁੱਧ ਮੋਰਚਾ ਲਾਈ ਬੈਠਾ ਸੀ, ਨੇ ਆਪਣੇ ਇਕ ਹਿੰਦੂ ਦੋਸਤ ਨੂੰ ਕਹਿ ਕੇ ਉਸ ਦੇ ਪੁੱਤਰ ਨਾਲ ਵਿਆਹ ਕਰਵਾ ਦਿੱਤਾ | ਉਸੇ ਦਿਨ ਦੀ ਯਾਦ ਵਜੋਂ ਲੋਹੜੀ ਮਨਾਈ ਜਾਂਦੀ ਹੈ |
ਲੋਹੜੀ ਨਾਲ ਸੰਬੰਧਿਤ ਤੀਸਰੀ ਰਵਾਇਤ ਦਾ ਜ਼ਿਕਰ ਕਰਦੇ ਹੋਏ ਪਾਕਿਸਤਾਨ ਦੇ ਜ਼ਿਲ੍ਹਾ ਹਾਫ਼ਿਜ਼ਾਬਾਦ ਦੇ ਪਿੰਡ ਪਿੰਡੀ ਭੱਟੀਆਂ ਦੇ ਸਰਕਾਰੀ ਡਿਗਰੀ ਕਾਲਜ ਦੇ ਪਿ੍ੰਸੀਪਲ ਪ੍ਰੋਫ਼ੈਸਰ ਅਸਦ ਸਲੀਮ ਸ਼ੇਖ਼ ਲਿਖਦੇ ਹਨ - ''ਦੁੱਲਾ ਭੱਟੀ ਕਾ ਕਿਰਦਾਰ ਸੁੰਦਰ-ਮੁੰਦਰੀਏ ਕੀ ਦਾਸਤਾਂ ਕੇ ਹਵਾਲੇ ਸੇ ਭੀ ਏਕ ਗ਼ੈਰਤਮੰਦ ਔਰ ਬਹਾਦੁਰ ਪੰਜਾਬੀ ਕੀ ਗਵਾਹੀ ਦੇਤਾ ਹੈ | ਸੁੰਦਰੀ ਮੁੰਦਰੀ ਗ਼ਰੀਬ ਔਰ ਜ਼ਰੂਰਤਮੰਦ ਹਿੰਦੂ ਮੂਲ ਚੰਦ ਕੀ ਬੇਟੀਆਂ ਥੀਂ ਔਰ ਵੋਹ ਪਿੰਡੀ ਭੱਟੀਆਂ ਕੇ ਕਰੀਬੀ ਗਾਂਵ ਕੋਟ ਨੱਕਾ ਕਾ ਰਹਿਨੇ ਵਾਲਾ ਥਾ | ਵਹਾਂ ਕੇ ਮੁਸਲਮਾਨ ਜਾਗੀਰਦਾਰ ਨੇ ਸੁੰਦਰੀ ਮੁੰਦਰੀ ਸੇ ਜ਼ਬਰਦਸਤੀ ਸ਼ਾਦੀ ਕਰਨੀ ਚਾਹੀ ਤੋ ਉਨਕਾ ਬਾਪ ਮੂਲ ਚੰਦ ਫ਼ਰਿਆਦ ਲੇ ਕਰ ਦੁੱਲਾ ਭੱਟੀ ਕੇ ਪਾਸ ਆ ਗਯਾ | ਉਸੇ ਮਾਲੂਮ ਥਾ ਕਿ ਦੁੱਲਾ ਭੱਟੀ ਬੜਾ ਗ਼ਰੀਬਪਰਵਰ (ਗ਼ਰੀਬਾਂ ਦਾ ਰਖਵਾਲਾ) ਹੈ ਔਰ ਸਰਕਾਰੀ ਖ਼ਜ਼ਾਨੇ ਲੂਟ ਕਰ ਭੀ ਗ਼ਰੀਬੋਂ-ਮਸਕੀਨੋਂ ਔਰ ਜ਼ਰੂਰਤਮੰਦੋਂ ਕੀ ਜ਼ਰੂਰਤੇਂ ਪੂਰੀ ਕਰਤਾ ਹੈ | ਦੁੱਲੇ ਨੇ ਮੂਲ ਚੰਦ ਕੋ ਤਸੱਲੀ ਦੀ ਕਿ ਸੁੰਦਰ ਮੁੰਦਰੀ ਤੁਮਹਾਰੀ ਹੀ ਨਹੀਂ, ਮੇਰੀ ਭੀ ਬੇਟੀਆਂ ਹੈਂ ਔਰ ਤੁਮ ਮੁਝੇ ਹੀ ਇਨਕਾ ਹਕੀਕੀ ਵਾਲਿਦ ਸਮਝੋ ਔਰ ਮੈਂ ਖੁਦ ਹੀ ਦੋ ਅੱਛੇ ਹਿੰਦੂ ਲੜਕੋਂ ਸੇ ਇਨਕੀ ਸ਼ਾਦੀ ਕਰਾ ਦੂੰਗਾ | ਦੁੱਲਾ ਭੱਟੀ ਨੇ ਉਸੇ ਪੂਰੀ ਤਸੱਲੀ ਦੇ ਕਰ ਅਲਵਿਦਾ ਕਰ ਦੀਆ ਔਰ ਸਾਥ ਹੀ ਕਹਾ ਕਿ ਤੁਮ ਮੁਸਲਮਾਨ ਜ਼ਿਮੀਂਦਾਰ ਕੋ ਹਾਂ ਕਰ ਦੋ | ਉਧਰ ਦੁੱਲੇ ਨੇ ਪਾਸ ਕੇ ਗਾਂਵ ਸਾਂਗਲਾ ਹਿਲ ਕੇ ਹਿੰਦੂ ਪਰਿਵਾਰ ਕੇ ਦੋ ਲੜਕੋਂ ਸੇ ਸੁੰਦਰੀ ਮੁੰਦਰੀ ਕਾ ਰਿਸ਼ਤਾ ਤੈਅ ਕਰ ਦੀਆ ਔਰ ਉਨਹੇਂ ਬਾਰਾਤ ਲਾਨੇ ਕੀ ਵਹੀ ਤਾਰੀਖ਼ ਦੇ ਦੀ ਜੋ ਜ਼ਿਮੀਂਦਾਰ ਕੋ ਦੀ ਗਈ ਥੀ | ਜਬ ਜ਼ਿਮੀਂਦਾਰ ਸਜ-ਧੱਜ ਕਰ ਬਾਰਾਤ ਲੇਕਰ ਮੂਲ ਚੰਦ ਕੇ ਘਰ ਪਹੁੰਚਾ ਤੋ ਦੁੱਲਾ ਭੱਟੀ ਔਰ ਉਸ ਕੇ ਸ਼ੇਰ ਜਵਾਨੋਂ ਨੇ ਉਸੇ ਦਬੋਚ ਕਰ ਨੀਚੇ ਗਿਰਾ ਲੀਆ ਔਰ ਉਸ ਕੀ ਖ਼ੂਬ ਪਿਟਾਈ ਕੀ | ਇਤਨੇ ਮੇਂ ਸਾਂਗਲਾ ਸੇ ਭੀ ਬਾਰਾਤ ਵਹਾਂ ਪਹੁੰਚ ਗਈ | ਜਬ ਲੜਕਾ-ਲੜਕੀ ਕੇ ਹਿੰਦੂ ਰਸਮ ਕੇ ਮੁਤਾਬਿਕ ਫੇਰੇ ਹੋਨੇ ਲਗੇ ਤੋ ਲੜਕੀ ਕੇ ਬਾਪ ਕੀ ਜਗ੍ਹਾ ਖ਼ੁੱਦ ਦੁੱਲਾ ਭੱਟੀ ਵਹਾਂ ਬੈਠਾ ਔਰ ਲਾਲ ਰੰਗ ਕਾ ਏਕ ਸਾਲੂ ਲੇਕਰ ਉਸ ਮੇਂ ਗੁੜ ਕੀ ਢੇਲੀ ਰੱਖ ਕਰ ਲੜਕੀ-ਲੜਕੇ ਕੋ ਤੋਹਫ਼ੇ ਮੇਂ ਪੇਸ਼ ਕੀ | ਯਹ ਮੰਜ਼ਰ ਉਸ ਵਕਤ ਅਪਨੀ ਮਿਸਾਲ ਆਪ ਥਾ, ਜਿਸੇ ਦੇਖ ਸਭ ਲੋਗ ਖ਼ੁਸ਼ੀ ਕੇ ਮਾਰੇ ਨਾਚ ਉਠੇ ਔਰ ਗੀਤ ਗਾਨੇ ਲਗੇ | ਵੋ ਦਿਨ ਕੜਾਕੇ ਕੀ ਸਰਦੀ ਕਾ ਥਾ, ਲੇਕਿਨ ਉਸ ਮਧੁਰ ਮੌਕੇ ਔਰ ਦਿਲਕਸ਼ ਗੀਤ ਨੇ ਸਭ ਕੇ ਦਿਲੋਂ ਮੇਂ ਗਰਮੀ ਪੈਦਾ ਕਰ ਦੀ ਔਰ ਆਜ ਭੀ ਲੋਹੜੀ ਕੇ ਮੌਕੇ ਪਰ ਯਹ ਗੀਤ ਗਾਇਆ ਜਾਤਾ ਹੈ :
ਸੁੰਦਰ ਮੁੰਦਰੀਏ.... ਹੋ
ਤੇਰਾ ਕੌਣ ਵਿਚਾਰਾ... ਹੋ |
ਜਦਕਿ ਪਿੰਡੀ ਭੱਟੀਆਂ 'ਚ ਰਹਿੰਦੇ ਦੁੱਲਾ ਭੱਟੀ ਦੇ ਮੌਜੂਦਾ ਵੰਸ਼ਜ਼ਾਂ ਦਾ ਕਹਿਣਾ ਹੈ ਕਿ ਦੇਸ਼ ਦੀ ਵੰਡ ਵੇਲੇ ਤਕ ਵੀ ਸਾਂਗਲਾ ਹਿਲ ਦੇ ਉਸ ਹਿੰਦੂ ਸ਼ਾਹੂਕਾਰ ਜਿਸ ਦੇ ਲੜਕਿਆਂ ਨਾਲ ਦੁੱਲੇ ਦੁਆਰਾ ਸੁੰਦਰੀ-ਮੁੰਦਰੀ ਦਾ ਵਿਆਹ ਕਰਵਾਇਆ ਗਿਆ ਸੀ, ਦੇ ਵੰਸ਼ਜ਼ ਵਿਆਹ ਦੇ ਉਸ ਦਿਹਾੜੇ ਨੂੰ ਇਕ ਸਮਾਗਮ (ਲੋਹੜੀ ਵਾਲੇ ਦਿਨ) ਵਜੋਂ ਮਨਾਉਂਦੇ ਰਹੇ |
ਖੈਰ, ਕੁਝ ਵੀ ਰਿਹਾ ਹੋਵੇ, ਪਰ ਇਹ ਤਾਂ ਸੋਲ੍ਹਾ ਆਨ੍ਹੇ ਸੱਚ ਹੈ ਕਿ ਮੁੱਢ ਤੋਂ ਹੀ ਦੁੱਲਾ ਭੱਟੀ ਦੀ ਬਹਾਦਰੀ ਤੋਂ ਪੰਜਾਬੀ ਸਮਾਜ ਪ੍ਰਭਾਵਿਤ ਰਿਹਾ ਹੈ | ਸੰਸਾਰ ਭਰ ਦੇ ਹਿੰਦੂ, ਸਿੱਖ ਤੇ ਮੁਸਲਮਾਨ ਪੰਜਾਬੀਆਂ ਦੁਆਰਾ ਲੋਹੜੀ ਦੇ ਦਿਹਾੜੇ 'ਤੇ ਸਾਂਝੇ ਤੌਰ 'ਤੇ ਦੁੱਲੇ ਦੀ ਬਹਾਦਰੀ ਦੇ ਕਿੱਸੇ ਨੂੰ ਲੋਕ-ਗੀਤ 'ਦੁੱਲਾ ਭੱਟੀ ਵਾਲਾ ...... ਹੋ' ਵਜੋਂ ਗਾਇਆ ਜਾਣਾ ਇਸ ਦਾ ਪ੍ਰਤੱਖ ਪ੍ਰਮਾਣ ਹੈ |

-ਫੋਨ : 9356127771

ਮਿੰਨੀ ਕਹਾਣੀ: ਬੋਲੀ

ਭਿਖਾਰਨ ਦੀ ਪੰਜ ਕੁ ਸਾਲ ਦੀ ਧੀ ਨੇ ਪੇਟ-ਮੰੂਹ 'ਤੇ ਹੱਥ ਰੱਖ ਕੇ ਤੇਜ਼ ਲੱਗੀ ਭੁੱਖ ਦਾ ਪ੍ਰਗਟਾਵਾ ਕਰਦੇ ਕਿਹਾ, 'ਮਾਂ ...!..ਰੋਟੀ ...!!' ਮਸਾਂ ਹੀ ਬੋਲ ਸਕੀ !
ਮਾਂ ਵੱਡੇ ਦਰਵਾਜ਼ੇ ਦੇ ਮੂਹਰੇ ਖੜ੍ਹੀਆਂ ਕਾਰਾਂ ਵੱਲ ਵੇਖ ਤੇ ਅੱਖਾਂ ਵਿਚ ਚਮਕ ਲਿਆਉਂਦੀ ਬੋਲੀ, ' ਚਲ ! ਭੱੁਖੀ! ਔਹ ਘਰੇ ! ਕੁਝ ਨਾ ਕੁਝ ਤੈਨੂੰ ਮਿਲ ਜੂਗਾ ਖਾਣ ਵਾਸਤੇ' ਐਨਾ ਕਹਿ ਉਹ ਬੱਚੀ ਨੂੰ ਉਂਗਲੀ ਲਾ ਟੁਰ ਪਈ ! ਹੌਲੀ ਹੌਲੀ ਕਦਮ ਪੁਟਦੇ ਉਹ ਉਸ ਦਰ ਅੱਗੇ ਜਾ ਬੋਲੀ 'ਭਾਗਾਂ ਵਾਲੀਏ ! ਭਰਾਵਾਂ ਵਾਲੀਏ, ਉਚੇ ਦਰਾਂ ਵਾਲੀਏ! ਕੋਈ ਇਕ ਅੱਧੀ ਬਾਸੀ ਬਚੀ-ਖੁਚੀ ਰੋਟੀ ਦਾ ਟੁਕਰ ਦੇ ਦੇ! ਬੱਚੀ ਨੂੰ ਭੁੱਖ ਬਹੁਤ ਲੱਗੀ ਐ! ਰੱਬ ਤੁਹਾਨੂੰ ਰਾਜ਼ੀ ਖੁਸ਼ੀ ਰੱਖੇ ! ਰੰਗ ਭਾਗ ਲੱਗੇ ਰਹਿਣ! ਲੰਬੜਦਾਰਨੀਏ!! ਸਰਦਾਰੀਆਂ ਬਣੀਆਂ ਰਹਿਣ, ਕਿੰਨੀ ਹੀ ਦੇਰ ਉਹ ਇਹ ਸ਼ਬਦ ਆਪਣੀ ਮਿੱਠੀ ਜ਼ੁਬਾਨ 'ਚੋਂ ਬੋਲਦੀ ਰਹੀ!
ਕਾਫੀ ਦੇਰ ਪਿਛੋਂ ਇਕ ਪ੍ਰਾਣੀ ਬਾਹਰ ਆਇਆ ਜੋ ਉਨ੍ਹਾਂ ਦਾ ਨੌਕਰ ਸੀ , ਬੋਲਿਆ , 'ਤੁਸੀਂ ਅੱਗੇ ਚਲੇ ਜਾਉ ! ਅੱਜ ਏਥੇ ਮਹਿਮਾਨ ਆਏ ਹੋਏ ਨੇ ! ਕਿਸੇ ਅਗਲੇ ਘਰ ਜਾ ਮੰਗੋ |' ਐਨਾ ਸੁਣਦਿਆਂ ਹੀ ਧੀ ਤੇ ਮਾਂ ਦੀਆਂ ਅੱਖਾਂ ਵਿਚ ਆਸ ਦੀ ਚਮਕ ਉਭਰੀ ਤੇ ਕੁਝ ਧਰਵਾਸ ਕਰਦੀ ਭਿਖਾਰਣ ਦੁਬਾਰਾ ਬੋਲੀ , 'ਭਾਗਾਂ ਵਾਲੀਏ ! ਤੇਰੇ ਬੱਚੇ ਜਿਉਂਦੇ ਰਹਿਣ! ਏਸ ਭੱੁਖੀ ਬੱਚੀ ਨੂੰ ਕੁਝ ਨਾ ਕੁਝ ਖਾਣ ਲਈ ਦੇ ਦਿਉ! ਰੱਬ ਤੁਹਾਡਾ ਭਲਾ ਕਰੇ! ਵੱਸਦੇ ਰਹਿਣ ਦੁਆਰੇ ਥੋਡੇ ਭਾਗਾਂ ਭਰੀਏ !...!! '
ਉਹ ਕਿਾਨੀ ਦੇਰ ਏਦਾਂ ਹੀ ਗੁਣਗਾਣ ਕਰਦੀ ਰਹੀ ਪਰ ਕੁਝ ਵੀ ਪੱਲੇ ਨਾ ਪੈਂਦਾ ਵੇਖ ਉਹ ਵਾਪਸ ਮੁੜਦੀ ਰਸਤੇ ਦੇ ਲਾਗੇ ਉਸੇ ਘਰ ਦੀ ਖਿੜਕੀ ਕੋਲ ਦੀ ਲੰਘਣ ਲੱਗੀ ਤਾਂ ਭਿਖਾਰਣ ਦੇ ਕੰਨੀ ਭਿਣਕ ਪਈ, 'ਦੇਖ਼ 'ਲੋ ਭੈਣ ਜੀ ! ਲੜਕਾ ਐਨਾ ਪੜਿ੍ਹਆ ਲਿਖਿਆ , ਸੋਹਣਾ ਬਣਦਾ ਫੱਬਦਾ ਹੈ ! ਦਾਜ ਵਿਚ 30 ਤੋਲੇ ਸੋਨਾ, ਵੱਡੀ ਕਾਰ ਤੇ ਹੋਰ ਨਿੱਕ-ਸੱੁਕ ਤਾਂ ਕਰਨਾ ਪੈਣਾ ਹੈ, ਤੇ ਨਾਲ ਬਾਰਾਤ ਦੀ ਸੇਵਾ ਵੀ ਪੂਰੀ ਕਰਨੀ ਈ ਪੈਣੀ ਐ..ਜੀ ...!' ਕਾਫੀ ਕੁਝ ਚਰਚਾ 'ਚ ਬੋਲਿਆ ਸੁਣਦਿਆਂ ਭਿਖਾਰਣ ਅਪਣੀ ਧੀ ਦੀ ਉਂਗਲੀ ਫੜ੍ਹਦੀ ਬੋਲੀ , 'ਚਲ ਕੁੜੀਏ! ਕਿਸੇ ਹੋਰ ਦਾ ਦਰ ਖੜਕਾਉਂਦੇ ਆਂ, ਇਥੇ ਕੋਈ ਬੁਰਕੀ ਨੀ ਮਿਲਣੀ ਤੈਨੂੰ! ਇਹ ਘਰ ਵਾਲੇ ਤਾਂ ਆਪ ਧਨ ਦੇ ਬਹੁਤੇ ਭੁੱਖੇ-ਲਾਲਚੀ ਨੇ ਤੇ ਆਪਾਂ ਤਾਂ ਫੇਰ ਵੀ ਪੇਟ ਦੇ ਭੂਖੇ ਇਨ੍ਹਾਂ ਤੋਂ ਕਿਤੇ ਉਚੇ ਆਂ! ਇਹ ਤਾਂ ਆਪਣੇ ਪੁੱਤਰ ਦੀ ਪਸ਼ੂਆਂ ਦੀ ਮੰਡੀ 'ਚ ਵਿਕਦੀ ਵਸਤੂ ਵਾਂਗ ਬੋਲੀ ਲਾ ਰਹੇ ਨੇ !..!! '

-ਰਣਜੀਤ ਆਜ਼ਾਦ ਕਾਂਝਲਾ
# 10-ਸੀ/102 , ਸ਼ਿਵਪੁਰੀ ਮੁਹੱਲਾ, ਧੂਰੀ (ਪੰਜਾਬ) |

ਬਾਦਸ਼ਾਹ ਅਕਬਰ ਦਾ ਸੰਗੀਤ ਮੋਹ

ਜਦੋਂ ਬੈਜੂ ਬਾਵਰਾ ਨੇ ਤਾਨਸੇਨ ਨੂੰ ਸੰਗੀਤਕ ਮੁਕਾਬਲੇ ਲਈ ਵੰਗਾਰਿਆ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਤਾਨਸੇਨ ਮੁਹੰਮਦ ਗੌਾਸਪੀਰ ਦਾ ਸੇਵਕ ਮੰਨਿਆ ਜਾਂਦਾ ਹੈ ਤੇ ਗਵਾਲੀਅਰ ਵਿਖੇ ਪੀਰ ਮੁਹੰਮਦ ਗੌਾਸ ਦਾ ਅਸ਼ੀਰਵਾਦ ਪ੍ਰਾਪਤ ਕਰਨ ਲਈ ਗਿਆ ਤਾਂ ਉਸ ਦੀ ਮੁਲਾਕਾਤ ਰਾਜਾ ਮਾਨ ਸਿੰਘ ਦੀ ਵਿਧਵਾ ਮਿ੍ਗਨੈਣੀ ਨਾਲ ਹੋਈ | ਉਹ ਬਹੁਤ ਸੁੰਦਰ ਤੇ ਸੁਰੀਲੀ ਗਾਇਕਾ ਸੀ | ਤਾਨਸੇਨ ਉਹਨੂੰ ਦਿਲ ਦੇ ਬੈਠਾ | ਇਸੇ ਮਿ੍ਗਨੈਣੀ ਨਾਲ ਫਿਰ ਤਾਨਸੇਨ ਦਾ ਨਿਕਾਹ ਪੜ੍ਹ ਦਿੱਤਾ ਗਿਆ | ਤਾਨਸੇਨ ਦੇ ਚਾਰ ਪੁੱਤਰ ਸੁਰਤਸੇਨ, ਧਰੁਤਸੇਨ, ਤਾਰੰਗਸੇਨ, ਬਿਲਾਸ ਅਤੇ ਇਕ ਪੁੱਤਰੀ ਸਰਸਵੰਤੀ ਸੀ | ਜਦੋਂ ਚਾਰੇ ਪਾਸੇ ਤਾਨਸੇਨ ਤਾਨਸੇਨ ਹੋਣ ਲੱਗੀ ਤੇ ਉਧਰ ਇਹ ਚਰਚਾ ਛਿੜੀ ਕਿ ਬਾਦਸ਼ਾਹ ਅਕਬਰ ਸੰਗੀਤ ਦਾ ਸਭ ਤੋਂ ਵੱਡਾ ਪ੍ਰੇਮੀ ਹੈ ਤਦ ਅਕਬਰ ਦੇ ਦਰਬਾਰ ਵਿਚ ਤਾਨਸੇਨ ਪੇਸ਼ ਹੋਇਆ, ਅਕਬਰ ਨੇ ਉਸਨੂੰ ਜੱਫੀ 'ਚ ਲੈ ਲਿਆ ਉਦੋਂ ਤੱਕ ਨਾ ਛੱਡਿਆ ਕਿ ਜਦੋਂ ਉਸਦੇ ਮੂੰਹੋਂ ਇਹ ਐਲਾਨ ਨਾ ਨਿਕਲਿਆ ਕਿ ਤਾਨਸੇਨ ਮੇਰੇ ਨੌ ਰਤਨਾਂ 'ਚੋਂ ਸਭ ਤੋਂ ਵੱਡਾ ਰਤਨ ਹੋਏਗਾ | ਸਵਾਮੀ ਹਰੀਦਾਸ ਦੇ ਚੇਲੇ ਤਾਨਸੇਨ ਦੀ ਇਹ ਸਭ ਤੋਂ ਵੱਡੀ ਪ੍ਰਾਪਤੀ ਸੀ ਤੇ ਇਸੇ ਪ੍ਰਾਪਤੀ ਨੇ ਉਸ ਵਕਤ ਦੇ ਹਰ ਸੰਗੀਤ ਪ੍ਰੇਮੀ ਦੇ ਮਨ 'ਚ ਤਾਨਸੇਨ ਤਾਨਸੇਨ ਕਰਵਾ ਦਿੱਤੀ ਸੀ | ਅੱਜ ਤੱਕ ਤਾਨਸੇਨ ਸੰਗੀਤ ਪ੍ਰੇਮੀਆਂ ਦੇ ਮਨਾਂ 'ਤੇ ਰਾਜ ਕਰਦਾ ਆਇਆ ਹੈ | ਪਰ ਉਸ ਵਕਤ ਦੀ ਸਭ ਤੋਂ ਸਭ ਤੋਂ ਵੱਡੀ ਘਟਨਾ ਇਹ ਵੀ ਵਾਪਰੀ ਕਿ ਜਦੋਂ ਬੈਜੂ ਬਾਵਰਾ ਨੂੰ ਪਤਾ ਲੱਗਾ ਕਿ ਬਾਦਸ਼ਾਹ ਅਕਬਰ ਨੇ ਤਾਨਸੇਨ ਨੂੰ ਆਪਣਾ ਨੌਵਾਂ ਰਤਨ ਬਣਾ ਲਿਆ ਹੈ ਤਾਂ ਉਹ ਇਸ ਰੁਤਬੇ ਲਈ ਅਕਬਰ ਦੇ ਦਰਬਾਰ 'ਚ ਆਪਣਾ ਦਾਅਵਾ ਲੈ ਕੇ ਪੇਸ਼ ਹੋ ਗਿਆ | ਭਾਵੇਂ ਕੁਝ ਸੰਗੀਤਕ ਇਤਿਹਾਸਕਾਰ ਇਸ ਗੱਲ ਨੂੰ ਮੰਨਦੇ ਹਨ ਕਿ ਬੈਜੂ ਤਾਨਸੇਨ ਤੋਂ ਵੀ ਪਹਿਲਾਂ ਸੀ ਅਤੇ ਇਹ ਵੀ ਧਾਰਨਾ ਹੈ ਕਿ ਬਾਦਸ਼ਾਹ ਅਕਬਰ, ਬੈਜੂਬਾਵਰਾ, ਤਾਨਸੇਨ ਤੇ ਗੋਪਾਲ ਲਾਲ ਸਮਕਾਲੀ ਸਨ | ਇਹ ਸਾਰਾ ਘਟਨਾਕ੍ਰਮ 15ਵੀਂ ਤੇ 16ਵੀਂ ਸਦੀ ਦੇ ਵਿਚਕਾਰ ਹੋਇਆ | ਜੇ ਇਸ ਗੱਲ ਨੂੰ ਮੰਨ ਲਈਏ ਕਿ ਬੈਜੂ ਬਾਵਰਾ ਦੀ ਰਚੀ ਧਰੁਪਦ ਵਿਚ 'ਕਹਿਤ ਬੈਜੂ ਬਾਵਰੇ ਸੁਨੋ ਹੋ ਗੋਪਾਲ ਲਾਲ' ਅਤੇ ਗੋਪਾਲ ਲਾਲ ਦੇ ਧਰੁਪਦਾਂ ਵਿਚ ਬਾਦਸ਼ਾਹ ਅਕਬਰ ਦਾ ਜ਼ਿਕਰ ਆਉਂਦਾ ਹੈ ਤਾਂ ਮੰਨਿਆ ਜਾ ਸਕਦਾ ਹੈ ਕਿ ਬੈਜੂ ਬਾਵਰਾ, ਤਾਨਸੇਨ, ਗੋਪਾਲ ਲਾਲ ਅਤੇ ਬਾਦਸ਼ਾਹ ਅਕਬਰ ਸਮਕਾਲੀ ਸਨ | ਜਦੋਂ ਬੈਜੂ ਬਾਵਰਾ ਨੇ ਆਪਣਾ ਦਾਅਵਾ ਪੇਸ਼ ਕੀਤਾ ਕਿ ਅਕਬਰ ਨੇ ਆਗਰੇ ਇਕ ਪ੍ਰਤੀਯੋਗਤਾ ਰੱਖ ਲਈ ਜਿਸ ਵਿਚ ਤਾਨਸੇਨ ਅਤੇ ਬੈਜੂ ਬਾਵਰਾ ਦਰਮਿਆਨ ਸੰਗੀਤ ਦਾ ਮੁਕਾਬਲਾ ਨੌਵੇਂ ਰਤਨ ਦੀ ਉਪਾਧੀ 'ਤੇ ਬਿਰਾਜਮਾਨ ਹੋਣ ਲਈ ਕਰਵਾਇਆ ਗਿਆ | ਪਹਿਲ ਤਾਨਸੇਨ ਨੂੰ ਮਿਲੀ ਅਤੇ ਜਦੋਂ ਉਸ ਨੇ ਟੋਡੀ ਰਾਗ ਗਾਇਆ ਤਾਂ ਹਿਰਨਾਂ ਦਾ ਇਕ ਝੁੰਡ ਤਾਨਸੇਨ ਦੁਆਲੇ ਆਣ ਜੁੜਿਆ, ਤੇ ਇਕ ਬੇਹੱਦ ਸੰਗੀਤਮੁਗਧ ਹਿਰਨ ਦੇ ਗਲੇ ਵਿਚ ਤਾਨਸੇਨ ਨੇ ਹਾਰ ਪਾ ਦਿੱਤਾ | ਰਾਗ ਮੁੱਕਦਿਆਂ ਹੀ ਸਾਰੇ ਹਿਰਨ ਜੰਗਲ ਵੱਲ ਚਲੇ ਗਏ | ਬਾਰੀ ਫਿਰ ਬੈਜੂ ਬਾਵਰਾ ਦੀ ਆਈ ਤਾਂ ਉਸ ਨੇ ਜਦੋਂ ਮਿਰਗਰੰਜਨੀ ਰਾਗ ਪੇਸ਼ ਕੀਤਾ ਤਾਂ ਉਹੀ ਹਿਰਨ ਵਾਪਸ ਆਇਆ ਜਿਸ ਦੇ ਗਲੇ ਵਿਚ ਹਾਰ ਸੀ | ਬੈਜੂ ਨੇ ਉਹ ਹਾਰ ਹਿਰਨ ਦੇ ਗਲ ਵਿਚੋਂ ਲਾਹ ਕੇ ਬਾਦਸ਼ਾਹ ਅਕਬਰ ਦੇ ਗਲੇ ਵਿਚ ਪਾ ਦਿੱਤਾ | ਬੈਜੂ ਨੇ ਅਗਲੀ ਵੰਗਾਰ ਤਾਨਸੇਨ ਨੂੰ ਇਹ ਦਿੱਤੀ ਕਿ ਮੈਂ ਮਾਲ੍ਹਗੌਾਸ ਰਾਗ ਪੇਸ਼ ਕਰਾਂਗਾ ਤੇ ਬਾਦਸ਼ਾਹ ਸਲਾਮਤ ਤੁਹਾਡੇ ਕੋਲ ਪਿਆ ਪੱਥਰ ਮੋਮ ਹੋ ਜਾਵੇਗਾ ਤੇ ਮੈਂ ਇਹਦੇ 'ਚ ਤਾਨਪੁਰਾ ਠੋਕ ਦਿਆਂਗਾ | ਰਾਗ ਮੁੱਕਦਿਆਂ ਹੀ ਇਹ ਫਿਰ ਪੱਥਰ ਬਣ ਜਾਵੇਗਾ ਤੇ ਜੇ ਤਾਨਸੇਨ ਬਹੁਤ ਵੱਡਾ ਹੈ ਤਾਂ ਉਹ ਮੇਰਾ ਤਾਨਪੁਰਾ ਇਸ ਪੱਥਰ ਨੂੰ ਤੋੜੇ ਬਿਨਾ ਕੱਢ ਕੇ ਵਿਖਾਵੇ | ਤਾਨਸੇਨ ਸਮਝ ਗਿਆ ਸੀ ਕਿ ਇਹ ਕੋਈ ਸਧਾਰਨ ਮਨੁੱਖ ਨਹੀਂ ਹੈ, ਇਹ ਮੇਰਾ ਗੁਰਭਾਈ ਹੈ, ਸਵਾਮੀ ਹਰੀਦਾਸ ਦਾ ਚੇਲਾ ਬੈਜੂਬਾਵਰਾ ਤੇ ਉਸ ਨੇ ਉਸ ਦੇ ਚਰਨ ਫੜ ਲਏ | ਪਰ ਕਹਿੰਦੇ ਨੇ ਕਿ ਸੰਗੀਤ ਨੂੰ ਪਿਆਰ ਕਰਨ ਵਾਲਾ ਦਿਲ ਵੀ ਵੱਡਾ ਰੱਖਦਾ ਹੈ | ਤਾਨਸੇਨ ਦੀ ਨਿਮਰਤਾ ਦੇਖ ਕੇ ਬੈਜੂਬਾਵਰਾ ਪਿਘਲ ਗਿਆ ਤੇ ਉਸਨੇ ਬਾਦਸ਼ਾਹ ਅਕਬਰ ਨੂੰ ਅਰਜ਼ੋਈ ਕੀਤੀ ਕਿ ਇਸ ਰੁਤਬੇ 'ਤੇ ਤਾਨਸੇਨ ਹੀ ਬੈਠਾ ਰਹੇਗਾ ਕਿਉਂਕਿ ਅਸੀਂ ਇਕ ਗੁਰੂ ਦੇ ਚੇਲੇ ਹਾਂ | ਸਾਡੇ ਦੋਹਾਂ 'ਚ ਕੋਈ ਫਰਕ ਨਹੀਂ | ਇੰਝ ਤਾਨਸੇਨ ਅਕਬਰ ਦੇ ਦਰਬਾਰ ਵਿਚ ਸਭ ਤੋਂ ਵੱਧ ਸਤਿਕਾਰਿਆ ਗਿਆ ਅਤੇ ਸੰਗੀਤ ਦੀ ਨਿਮਰਤਾ ਭਰੀ ਸਭ ਤੋਂ ਵੱਡੀ ਘਟਨਾ ਅਕਬਰ ਦੇ ਦਰਬਾਰ ਵਿਚ ਹੁਣ ਤੱਕ ਬੈਜੂਬਾਵਰਾ ਨਾਲ ਜੁੜੀ ਰਹੀ ਹੈ | (ਸਮਾਪਤ)


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX