ਤਾਜਾ ਖ਼ਬਰਾਂ


ਕੇਂਦਰੀ ਜੇਲ੍ਹ 'ਚ ਕੈਦੀ ਦੀ ਮੌਤ
. . .  18 minutes ago
ਫ਼ਿਰੋਜ਼ਪੁਰ, 20 ਜਨਵਰੀ (ਜਸਵਿੰਦਰ ਸਿੰਘ ਸੰਧੂ) - ਨਸ਼ਾ ਤਸਕਰੀ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਇਕ ਕੈਦੀ ਦੀ ਕੇਂਦਰੀ ਜੇਲ੍ਹ ਫ਼ਿਰੋਜ਼ਪੁਰ ਅੰਦਰ ਮੌਤ ਹੋ ਜਾਣ ਦੀ ਖ਼ਬਰ ਹੈ। ਜਿਸ...
ਮਹਾਰਸ਼ਟਰ ਦੇ ਪਾਲਘਰ 'ਚ ਭੂਚਾਲ ਦੇ ਝਟਕੇ ਮਹਿਸੂਸ
. . .  about 2 hours ago
ਮੁੰਬਈ, 20 ਜਨਵਰੀ - ਮਹਾਰਾਸ਼ਟਰ ਦੇ ਪਾਲਘਰ 'ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 3.6 ਮਾਪੀ ਗਈ...
ਹਿੰਦ-ਪਾਕਿ ਸਰਹੱਦ ਪਾਰ ਕਰਦਾ ਪਾਕਿ ਨਾਗਰਿਕ ਕਾਬੂ
. . .  about 2 hours ago
ਫ਼ਿਰੋਜ਼ਪੁਰ, 20 ਜਨਵਰੀ (ਜਸਵਿੰਦਰ ਸਿੰਘ ਸੰਧੂ)- ਹਿੰਦ-ਪਾਕਿ ਕੌਮੀ ਸਰਹੱਦ ਪਾਰ ਕਰ ਕੇ ਭਾਰਤੀ ਖੇਤਰ 'ਚ ਦਾਖ਼ਲ ਹੋਏ ਇਕ ਅਧਖੜ ਉਮਰ ਦੇ ਵਿਅਕਤੀ ਨੂੰ ਬੀ.ਐੱਸ.ਐਫ...
ਗਣਤੰਤਰ ਦਿਵਸ ਦੇ ਸਬੰਧ ਵਿੱਚ ਅੰਮ੍ਰਿਤਸਰ ਦੇ ਹਵਾਈ ਅੱਡਾ ਰਾਜਾਸਾਂਸੀ ਵਿਖੇ ਰੈੱਡ ਅਲਰਟ ਜਾਰੀ
. . .  about 3 hours ago
ਰਾਜਾਸਾਂਸੀ, 20 (ਹਰਦੀਪ ਸਿੰਘ ਖੀਵਾ)26 ਜਨਵਰੀ ਨੂੰ ਦੇਸ਼ ਭਰ ਵਿੱਚ ਮਨਾਏ ਜਾ ਰਹੇ ਗਣਤੰਤਰ ਦਿਵਸ ਤਹਿਤ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਅੰਮ੍ਰਿਤਸਰ ਦੇ ਹਵਾਈ ਅੱਡਾ ਰਾਜਾਸਾਂਸੀ ਵਿਖੇ ਹਵਾਈ ਅੱਡੇ ਦੇ ਅਧਿਕਾਰੀਆਂ ਵੱਲੋਂ ਰੈੱਡ ਅਲਰਟ ਜਾਰੀ ਕਰਦਿਆਂ ਸੁਰੱਖਿਆ ਪ੍ਰਬੰਧ...
ਯੂ.ਐਨ. ਦੇ ਬੇਸ 'ਤੇ ਹੋਏ ਹਮਲੇ ਵਿਚ 8 ਸ਼ਾਂਤੀ ਸੈਨਿਕਾਂ ਦੀ ਮੌਤ
. . .  about 3 hours ago
ਮਾਸਕੋ, 20 ਜਨਵਰੀ - ਅਫ਼ਰੀਕੀ ਮੁਲਕ ਮਾਲੀ ਵਿਚ ਸੰਯੁਕਤ ਰਾਸ਼ਟਰ ਦੇ ਬੇਸ 'ਤੇ ਹੋਏ ਅੱਤਵਾਦੀ ਹਮਲੇ ਵਿਚ 8 ਸ਼ਾਂਤੀ ਸੈਨਿਕਾਂ ਦੀ ਮੌਤ ਹੋ ਗਈ ਤੇ ਕਈ ਸੈਨਿਕ ਜ਼ਖਮੀ ਹੋਏ ਹਨ। ਜ਼ਖਮੀਆਂ ਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ...
ਰੈਲੀ ਵਿਚ ਭਗਵੰਤ ਮਾਨ ਨੇ ਸ਼ਰਾਬ ਛੱਡਣ ਦਾ ਕੀਤਾ ਐਲਾਨ, ਮਾਂ ਸੀ ਬਹੁਤ ਪ੍ਰੇਸ਼ਾਨ
. . .  about 4 hours ago
ਬਰਨਾਲਾ, 20 ਜਨਵਰੀ - ਬਰਨਾਲਾ 'ਚ ਆਮ ਆਦਮੀ ਪਾਰਟੀ ਦੀ ਹੋਈ ਰੈਲੀ ਵਿਚ ਸੰਗਰੂਰ ਤੋਂ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਨੇ ਆਪਣੇ ਸੰਬੋਧਨ ਵਿਚ ਵੱਡਾ ਐਲਾਨ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ 1 ਜਨਵਰੀ ਤੋਂ ਸ਼ਰਾਬ ਪੀਣੀ ਛੱਡ ਦਿੱਤੀ ਹੈ ਤੇ ਉਹ ਇਸ ਸਬੰਧ...
ਕਾਂਗਰਸੀ ਵਿਧਾਇਕਾਂ ਦੀ ਰਿਜ਼ਾਰਟ ਵਿਚ ਲੜਾਈ, ਇਕ ਹਸਪਤਾਲ ਭਰਤੀ
. . .  about 5 hours ago
ਬੈਂਗਲੁਰੂ, 20 ਜਨਵਰੀ - ਕਰਨਾਟਕ 'ਚ ਸਿਆਸੀ ਡਰਾਮਾ ਰੁਕਣ ਦਾ ਨਾਂ ਨਹੀਂ ਲੈ ਰਿਹਾ। ਪਹਿਲਾ ਕਾਂਗਰਸ ਤੇ ਜਨਤਾ ਦਲ ਸੈਕੂਲਰ ਨੇ ਭਾਜਪਾ 'ਤੇ ਵਿਧਾਇਕਾਂ ਦੀ ਖ਼ਰੀਦ ਫ਼ਰੋਖ਼ਤ ਦਾ ਦੋਸ਼ ਲਗਾਇਆ। ਹੁਣ ਮਾਮਲਾ ਮਾਰਕੁੱਟ ਤੱਕ ਪਹੁੰਚ ਗਿਆ ਹੈ। ਕਿਹਾ ਜਾ ਰਿਹਾ ਹੈ ਕਿ...
ਚਿੜੀਆ ਘਰ 'ਚ ਸ਼ੇਰ ਸੈਲਾਨੀਆਂ 'ਤੇ ਹਮਲਾ, ਇਕ ਦੀ ਮੌਤ
. . .  about 5 hours ago
ਜ਼ੀਰਕਪੁਰ, 20 ਜਨਵਰੀ, (ਹਰਦੀਪ ਸਿੰਘ ਹੈਪੀ ਪੰਡਵਾਲਾ) - ਇੱਥੋਂ ਦੇ ਛੱਤਬੀੜ ਚਿੜੀਆ ਘਰ 'ਚ ਅੱਜ ਸ਼ਾਮ ਸ਼ੇਰ ਸਫ਼ਰੀ 'ਚ ਸ਼ੇਰ ਨੇ ਇਕ ਵਿਅਕਤੀ ਨੂੰ ਮਾਰ ਮੁਕਾਇਆ। ਜਾਣਕਾਰੀ ਅਨੁਸਾਰ ਐਤਵਾਰ ਸੈਲਾਨੀਆਂ ਨੂੰ ਲਾਈਨ ਸਫ਼ਾਰੀ 'ਚ ਸ਼ੇਰ ਦਿਖਾਉਣ ਲੈ ਕੇ ਗਈ ਬੱਸ...
ਪਾਕਿਸਤਾਨ ਨੇ ਕਠੂਆ 'ਚ ਕੀਤੀ ਜੰਗਬੰਦੀ ਦੀ ਉਲੰਘਣਾ
. . .  about 6 hours ago
ਜੰਮੂ, 20 ਜਨਵਰੀ - ਪਾਕਿਸਤਾਨੀ ਸੈਨਿਕਾਂ ਵਲੋਂ ਅੱਜ ਐਤਵਾਰ ਜੰਮੂ ਕਸ਼ਮੀਰ ਦੇ ਕਠੂਆ ਸਥਿਤ ਅੰਤਰਰਾਸ਼ਟਰੀ ਬਾਰਡਰ 'ਤੇ ਜੰਗਬੰਦੀ ਦੀ ਉਲੰਘਣਾ ਕੀਤੀ ਗਈ ਤੇ ਛੋਟੇ ਹਥਿਆਰਾਂ ਦੀ ਵਰਤੋਂ ਕੀਤੀ ਗਈ। ਇਸ ਉਲੰਘਣਾ 'ਚ ਕਿਸੇ ਦੇ ਮਾਰੇ ਜਾਣ ਦੀ ਰਿਪੋਰਟ ਨਹੀਂ ਹੈ। ਪਿਛਲੇ...
'ਕਾਲੀਆ ਸਕੀਮ' ਦੇ ਨਾਂਅ 'ਤੇ ਲੋਕਾਂ ਨੂੰ ਗੁਮਰਾਹ ਕਰ ਰਹੇ ਹਨ ਪਟਨਾਇਕ - ਧਰਮਿੰਦਰ ਪ੍ਰਧਾਨ
. . .  about 6 hours ago
ਭੁਵਨੇਸ਼ਵਰ, 20 ਜਨਵਰੀ- ਕੇਂਦਰੀ ਮੰਤਰੀ ਧਰਮਿੰਦਰ ਪ੍ਰਧਾਨ ਨੇ ਕਿਹਾ ਕਿ ਮੁੱਖ ਮੰਤਰੀ ਨਵੀਨ ਪਟਨਾਇਕ 'ਕਾਲੀਆ ਸਕੀਮ' ਦੇ ਨਾਂਅ 'ਤੇ ਲੋਕਾਂ ਨੂੰ ਗੁਮਰਾਹ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਇਸ ਸਕੀਮ ਨਾਲ ਕੋਈ ਫ਼ਾਇਦਾ ਨਹੀਂ ਹੋਵੇਗਾ। ਉਹ ਇਕ ਭ੍ਰਿਸ਼ਟ ....
ਹੋਰ ਖ਼ਬਰਾਂ..

ਸਾਹਿਤ ਫੁਲਵਾੜੀ

ਮਿੰਨੀ ਕਹਾਣੀ: ਕ੍ਰੈਡਿਟ-ਵਾਰ

ਨੇੜਲੇ ਪਿੰਡ ਦੀ ਮਹਿਲਾ ਮੰਡਲ ਦੀ ਪ੍ਰਧਾਨ, ਅਚਾਨਕ ਹੀ ਐਕਸਪ੍ਰੈੱਸ ਗੱਡੀ ਦੀ ਲਪੇਟ ਵਿਚ ਆ ਗਈ ਸੀ | ਇਸ ਤੋਂ ਪਹਿਲਾਂ ਇਸੇ ਪਿੰਡ ਦੇ ਚਾਰ ਪੰਜ ਵਿਅਕਤੀ ਤੇਜ਼ਤਰਾਰ ਗੱਡੀ ਨੇ ਮਿਧ ਸੁੱਟੇ ਸਨ | ਇਲਾਕੇ ਵਿਚ ਇਨ੍ਹਾਂ ਦੁਰਘਟਨਾਵਾਂ ਕਾਰਨ ਹਾਹਾਕਾਰ ਮਚੀ ਹੋਈ ਸੀ | ਸਥਿਤੀ ਨੂੰ ਭਾਂਪਦਿਆਂ, ਇਕ ਸਮਾਜ ਸੇਵੀ ਵਿਅਕਤੀ ਨੇ ਰੇਲਵੇ ਮੰਤਰੀ ਨੂੰ ਆਪਣੇ ਤੌਰ 'ਤੇ ਇਕ ਵਿਸਥਾਰ ਪੂਰਵਕ ਖਤ ਵੀ ਲਿਖ ਦਿੱਤਾ ਸੀ | ਜਿਸ ਦੇ ਸਿੱਟੇ ਵਜੋਂ, ਰੇਲਵੇ ਦੇ ਡਵੀਜ਼ਨਲ ਮੈਨੇਜਰ ਨੂੰ ਆਪਣੀ ਟਿੱਪਣੀ ਸਮੇਤ, ਫੌਰੀ ਕਾਰਵਾਈ ਕਰਨ ਲਈ ਲਿਖ ਦਿੱਤਾ ਸੀ | ਸਬੰਧਿਤ ਅਫ਼ਸਰ ਨੇ ਉਸ ਸਮਾਜ ਸੇਵੀ ਨੂੰ , ਸਥਾਨਕ ਰੇਲਵੇ ਸਟੇਸ਼ਨ ਦੇ ਸਟੇਸ਼ਨ ਸੁਪਰਡੈਂਟ ਰਾਹੀਂ, ਗੱਲ ਕਰਨ ਲਈ ਆਪਣੇ ਕੋਲ ਬੁਲਾਇਆ ਸੀ |
ਸਮਾਜ ਸੇਵੀ ਜਦੋਂ ਆਪਣੇ ਸਾਥੀਆਂ ਸਮੇਤ, ਸਬੰਧਿਤ ਅਫਸਰ ਕੋਲ ਪੁੱਜਿਆ ਤਾਂ ਉਹ ਗੱਲਬਾਤ ਤੇ ਲੋਕਾਂ ਦੀ ਜਾਇਜ਼ ਤਕਲੀਫ਼ ਤੋਂ ਏਨਾ ਪ੍ਰਭਾਵਿਤ ਹੋਇਆ ਕਿ ਉਹਨੇ ਤੁਰੰਤ ਅੰਡਰਬਿ੍ਜ ਬਣਾਉਣ ਲਈ ਆਦੇਸ਼ ਦੇ ਦਿੱਤੇ ਸਨ ਤੇ ਨਾਲ ਹੀ ਸਬੰਧਿਤ ਨਗਰ ਪਾਲਿਕਾ ਨੂੰ , ਅੰਡਰ ਬਿ੍ਜ 'ਤੇ ਖਰਚ ਹੋਣ ਵਾਲੀ ਦੋ ਕਰੋੜ ਬੱਤੀ ਲੱਖ ਰੁਪਏ ਦੀ ਰਾਸ਼ੀ ਲਈ ਵੀ ਲਿਖ ਦਿੱਤਾ ਸੀ |
ਕਾਫ਼ੀ ਜਦੋ-ਜਹਿਦ ਮਗਰੋਂ, ਜਦੋਂ ਨਗਰ ਪਾਲਿਕਾ ਨੇ ਰਾਸ਼ੀ ਜਮ੍ਹਾਂ ਕਰਵਾ ਦਿੱਤੀ ਤਾਂ ਪੁਲ ਦੀ ਉਸਾਰੀ ਮਗਰੋਂ ਅੰਡਰਬਿ੍ਜ ਦਾ ਉਦਘਾਟਨ ਹੋਣਾ ਸੀ | ਉਦਘਾਟਨ ਸਮੇਂ, ਨਗਰ ਪਾਲਿਕਾ ਨੇ, ਰੱਖੇ ਗਏ ਉਦਘਾਟਨ ਸਮਾਗਮ ਲਈ ਕਾਰਡ ਵੀ ਛਪਵਾਏ ਤੇ ਕਾਫ਼ੀ ਗਿਣਤੀ ਵਿਚ ਵੰਡੇ | ਬੜਾ ਵੱਡਾ ਸਮਾਗਮ ਹੋ ਰਿਹਾ ਸੀ, ਪੰ੍ਰਤੂ ਸਮਾਜ ਸੇਵੀ ਨੂੰ , ਉਹ ਕਾਰਡ ਨਾ ਭੇਜਿਆ ਗਿਆ | ਹਰ ਕੋਈ ਆਪੋ-ਆਪਣੇ ਤੌਰ 'ਤੇ ਕ੍ਰੈਡਿਟ ਲੈਣ ਲਈ ਉਤਾਵਲਾ ਸੀ | ਹਰ ਕੋਈ ਦੱਸਣਾ ਚਾਹੁੰਦਾ ਹੈ ਕਿ ਪੁਲ ਉਹਦੇ ਯਤਨਾਂ ਸਦਕਾ ਬਣਿਆ | ਮੰਚ 'ਤੇ ਕ੍ਰੈਡਿਟ-ਵਾਰ ਛਿੜੀ ਹੋਈ ਸੀ | ਪੰ੍ਰਤੂ ਸਮਾਜ ਸੇਵੀ ਸਾਰੇ ਦਿ੍ਸ਼ ਵਿਚੋਂ ਅਲੋਪ ਸੀ, ਕਿਉਂਕਿ ਉਸ ਨੂੰ ਸਮਾਗਮ ਦੀ ਸ਼ਮੂਲੀਅਤ ਦਾ ਕਾਰਡ ਨਹੀਂ ਸੀ ਮਿਲਿਆ | ਫਿਰ ਵੀ ਮੰਚ ਤੋਂ ਅਤੇ ਲੋਕਾਂ ਵਿਚ ਉਸ ਦੀ ਕਰਨੀ ਦਾ ਜ਼ਿਕਰ ਹੋ ਰਿਹਾ ਸੀ |

-ਮੋਬਾਈਲ : 95927-27087.


ਖ਼ਬਰ ਸ਼ੇਅਰ ਕਰੋ

ਨਹਿਲੇ 'ਤੇ ਦਹਿਲਾਕੰਜਰ ਨੂੰ ਗਾਲ੍ਹ ਕੱਢਣੀ ਵੀ ਨਹੀਂ ਆਉਂਦੀ

ਮਿਰਜ਼ਾ ਗ਼ਾਲਿਬ ਸਾਹਿਬ ਉਰਦੂ ਸਾਹਿਤ ਦੇ ਪਿਤਾਮਾ ਕਹੇ ਜਾਂਦੇ ਹਨ | ਉਹ ਬਹੁਤ ਹੀ ਉੱਚ-ਕੋਟੀ ਦੇ ਸ਼ਾਇਰ ਸਨ | ਉਹ ਸੁਭਾਅ ਤੋਂ ਮਸਤ ਮਲੰਗ ਸਨ | ਉਨ੍ਹਾਂ ਦੇ ਸੁਭਾਅ ਕਰਕੇ ਹੀ ਕਈ ਲੋਕ ਉਨ੍ਹਾਂ ਦੇ ਮੁਖਾਲਿਫ਼ ਵੀ ਸਨ | ਕਈ ਉਨ੍ਹਾਂ ਨੂੰ ਚਿੱਠੀਆਂ ਲਿਖ ਕੇ ਆਪਣਾ ਗੁੱਸਾ ਕੱਢ ਲੈਂਦੇ ਸਨ |
ਇਕ ਵਾਰੀ ਮਿਰਜ਼ਾ ਸਾਹਿਬ ਖਾਣਾ ਖਾ ਰਹੇ ਸਨ ਕਿ ਚਿੱਠੀ ਰਸਾਨ ਨੇ ਇਕ ਲਿਫ਼ਾਫ਼ਾ ਉਨ੍ਹਾਂ ਨੂੰ ਫੜਾ ਦਿੱਤਾ | ਲਿਫ਼ਾਫ਼ੇ 'ਤੇ ਭੇਜਣ ਵਾਲੇ ਦਾ ਨਾਂਅ ਪਤਾ ਨਾ ਲਿਖਿਆ ਹੋਣ ਕਰ ਕੇ ਮਿਰਜ਼ਾ ਗਾਲਿਬ ਨੂੰ ਯਕੀਨ ਹੋ ਗਿਆ ਕਿ ਇਹ ਚਿੱਠੀ ਵੀ ਪਹਿਲਾਂ ਵਰਗੀਆਂ ਚਿੱਠੀਆਂ ਭੇਜਣ ਵਾਲਿਆਂ ਵਿਚੋਂ ਕਿਸੇ ਦੀ ਹੋਣੀ ਹੈ | ਉਨ੍ਹਾਂ ਨੇ ਲਿਫ਼ਾਫ਼ਾ ਖੋਲ੍ਹ ਕੇ ਕੋਲ ਬੈਠੇ ਆਪਣੇ ਸ਼ਾਗਿਰਦ ਨੂੰ ਪੜ੍ਹਨ ਲਈ ਕਿਹਾ | ਸਾਰੀ ਚਿੱਠੀ ਗੰਦੀਆਂ ਗੱਲਾਂ ਅਤੇ ਗਾਹਲਾਂ ਨਾਲ ਭਰੀ ਹੋਈ ਸੀ | ਮਿਰਜ਼ਾ ਗ਼ਾਲਿਬ ਸਾਹਿਬ ਨੇ ਪੁੱਛਿਆ, 'ਕਿਸ ਦੀ ਚਿੱਠੀ ਹੈ ਤੇ ਕੀ ਲਿਖਿਆ ਹੈ?' ਸ਼ਾਗਿਰਦ ਚੁੱਪ ਰਿਹਾ ਤਾਂ ਉਨ੍ਹਾਂ ਲਿਫ਼ਾਫ਼ਾ ਫੜ ਲਿਆ ਅਤੇ ਵਿਚਲੀ ਚਿੱਠੀ ਪੜ੍ਹ ਲਈ | ਇਸ ਚਿੱਠੀ ਵਿਚ ਮਾਂ ਦੀ ਗਾਲ੍ਹ ਵੀ ਲਿਖੀ ਹੋਈ ਸੀ | ਮਿਰਜ਼ਾ ਗਾਲਿਬ ਮਾਂ ਦੀ ਗਾਲ੍ਹ ਪੜ੍ਹ ਕੇ ਮੁਸਕਰਾਏ ਅਤੇ ਕਹਿਣ ਲੱਗੇ, 'ਕੰਜਰ ਨੂੰ ਗਾਲ੍ਹ ਕੱਢਣੀ ਵੀ ਨਹੀਂ ਆਉਂਦੀ | ਬੁੱਢੇ ਜਾਂ ਅਧੇੜ ਉਮਰ ਦੇ ਬੰਦੇ ਨੂੰ ਧੀ ਦੀ ਗਾਲ੍ਹ ਕੱਢੀ ਜਾਂਦੀ ਹੈ, ਤਾਂ ਕਿ ਉਸ ਨੂੰ ਗ਼ੈਰਤ ਆਏ | ਗੱਭਰੂ ਨੂੰ ਜ਼ਨਾਨੀ ਦੀ ਗਾਹਲ ਕਢਦੇ ਹੈਨ ਕਿਉਂਕਿ ਉਸ ਨੂੰ ਜ਼ਨਾਨੀ ਪਿਆਰੀ ਹੁੰਦੀ ਹੈ | ਬੱਚੇ ਨੂੰ ਮਾਂ ਦੀ ਗਾਲ੍ਹ ਕੱਢੀ ਜਾਂਦੀ ਹੈ ਕਿਉਂਕਿ ਬੱਚਾ ਮਾਂ ਨੂੰ ਸਭ ਤੋਂ ਜ਼ਿਆਦਾ ਪਿਆਰ ਕਰਦਾ ਹੈ | ਇਹ ਕੰਜਰ ਕਿਹੜਾ ਪੰਜਾਹ ਸਾਲ ਦੇ ਬੁੱਢੇ ਨੂੰ ਮਾਂ ਦੀ ਗਾਹਲ ਕੱਢਦਾ ਹੈ, ਇਸ ਤੋਂ ਵੱਡਾ ਬੇਵਕੂਫ਼ ਕੌਣ ਹੋਵੇਗਾ, ਜਿਸ ਨੂੰ ਗਾਲ੍ਹ ਕੱਢਣੀ ਵੀ ਨਹੀਂ ਆਉਂਦੀ |'

-ਜੇਠੀ ਨਗਰ, ਮਾਲੇਰਕੋਟਲਾ ਰੋਡ, ਖੰਨਾ-141401. ਮੋਬਾਈਲ : 94170-91668.

ਕਾਵਿ-ਮਹਿਫ਼ਲ

* ਜਗਤਾਰ ਪੱਖੋ *
ਸੋਚਾਂ ਦਾ ਬੇਅੰਤ ਖਿਲਾਰਾ ਮੇਰੇ ਮਨ ਦੇ ਅੰਦਰ ਵੀ ਹੈ |
ਅਰਬਦ ਨਰਬਦ ਧੰਦੂਕਾਰਾ ਮੇਰੇ ਮਨ ਦੇ ਅੰਦਰ ਵੀ ਹੈ |
ਹੁਣ ਤਾਂ ਵੇਖੋ ਮੌਸਮ ਮੁਨਕਰ ਹੋਈ ਜਾਂਦੈ ਰੁੱਤਾਂ ਕੋਲੋਂ,
ਤੋਹਫ਼ੇ ਦੇ ਵਿਚ ਮਿਲਿਆ ਲਾਰਾ ਮੇਰੇ ਮਨ ਦੇ ਅੰਦਰ ਵੀ ਹੈ |
ਮਿੱਠਾ ਸਾਗਰ ਖਾਰਾ ਹੋਇਆ ਗ਼ਮ ਨਦੀਆਂ ਦੇ ਪੀਕੇ ਸਾਰੇ,
ਵਗਦਾ ਇਕ ਸਮੁੰਦਰ ਖਾਰਾ ਮੇਰੇ ਮਨ ਦੇ ਅੰਦਰ ਵੀ ਹੈ |
ਅੱਧੀ ਰਾਤੀਂ ਮਾਰੂਥਲ ਨੇ ਜ਼ਖ਼ਮ ਵਿਖਾਏ ਅੰਬਰ ਤਾੲੀਂ,
ਦਰਦਾਂ ਦੀ ਇਕ ਵਹਿੰਦੀ ਧਾਰਾ ਮੇਰੇ ਮਨ ਦੇ ਅੰਦਰ ਵੀ ਹੈ |
ਫੁੱਲ ਖਿੜੇ ਪਰ ਫਲ ਨਾ ਲੱਗੇ ਰੋਹੀ ਦਾ ਰੁੱਖ ਕੱਲਾ ਰੋਵੇ,
ਹਉਕੇ ਲੈਂਦਾ ਚਾਅ ਕੁਆਰਾ ਮੇਰੇਮਨ ਦੇ ਅੰਦਰ ਵੀ ਹੈ |
ਸੁਣਿਆ ਉਸ ਦੇ ਵਿਹੜੇ ਅੰਦਰ ਹਾਸੇ-ਠੱਠੇ ਖਿੜ-ਖਿੜ ਹੋਵੇ,
ਦੁੱਖਾਂ ਦਾ ਇਕ ਅਜਬ ਨਜ਼ਾਰਾ ਮੇਰੇ ਮਨ ਦੇ ਅੰਦਰ ਵੀ ਹੈ |
ਪੱਥਰ ਪਾਟਣ ਸ਼ੀਸ਼ੇ ਤਿੜਕਣ ਦਿਲ ਵੀ ਇਥੇ ਟੁੱਟਣ 'ਪੱਖੋ',
ਰਾਤ ਗਈ ਤੋਂ ਟੁੱਟਦਾ ਤਾਰਾ ਮੇਰੇ ਮਨ ਦੇ ਅੰਦਰ ਵੀ ਹੈ |

-ਪਿੰਡ ਪੱਖੋ ਕਲਾਂ (ਬਰਨਾਲਾ) | ਮੋਬਾਈਲ : 94651-96946.


* ਗੁਰਦੀਸ਼ ਕੌਰ *

ਸੀ ਜ਼ੁਲਮਾਂ ਸਤਾਇਆ, ਮੈਂ ਤਾਂ ਵੀ ਨਾ ਡੋਲੀ |
ਬੜਾ ਸਿਤਮ ਢਾਇਆ, ਮੈਂ ਤਾਂ ਵੀ ਨਾ ਡੋਲੀ |
ਜੇ ਸ਼ੌਹਰ ਮੇਰੇ ਹਿੰਦ ਦੀ ਬਣ ਕੇ ਚਾਦਰ,
ਜਾ ਸੀਸ ਕਟਾਇਆ, ਮੈਂ ਤਾਂ ਵੀ ਨਾ ਡੋਲੀ |
ਮੇਰੀ ਮਾਂਗ ਪੂੰਝੀ ਗਈ, ਹੋਰਾਂ ਦੀ ਖ਼ਾਤਿਰ,
ਜੇ ਵਿਧਵਾ ਕਹਾਇਆ, ਮੈਂ ਤਾਂ ਵੀ ਨਾ ਡੋਲੀ |
ਮੈਂ ਲਾਲਾਂ ਨੂੰ ਬੰਨ੍ਹੇ ਨਾ, ਸ਼ਗਨਾਂ ਦੇ ਗਾਨੇ,
ਨਾ ਘੋੜੀ ਚੜ੍ਹਾਇਆ, ਮੈਂ ਤਾਂ ਵੀ ਨਾ ਡੋਲੀ |
ਰਸੋਈਏ 'ਤੇ ਕਰਕੇ ਭਰੋਸਾ ਮੈਂ ਤੁਰ ਪਈ,
ਦਗ਼ਾ ਉਸ ਕਮਾਇਆ, ਮੈਂ ਤਾਂ ਵੀ ਨਾ ਡੋਲੀ |
ਮੇਰੇ ਲਾਲ ਠਰਦੇ ਰਹੇ ਬੁਰਜ ਅੰਦਰ,
ਦੁਪੱਟੇ 'ਚ ਲੁਕਾਇਆ, ਮੈਂ ਤਾਂ ਵੀ ਨਾ ਡੋਲੀ |
ਬਿਨਾਂ ਦੋਸ਼ ਮਾਸੂਮ ਲਾਲਾਂ ਨੂੰ ; ਜ਼ਾਲਿਮ,
ਨੀਹਾਂ 'ਚ ਚਿਣਾਇਆ, ਮੈਂ ਤਾਂ ਵੀ ਨਾ ਡੋਲੀ |
ਮੈਂ ਹਾਂ ਮਾਤਾ ਗੁਜਰੀ, ਮੁਸੀਬਤ 'ਚੋਂ ਗੁਜ਼ਰੀ,
ਮੈਂ ਸਭ ਕੁਝ ਲੁਟਾਇਆ, ਮੈਂ ਤਾਂ ਵੀ ਨਾ ਡੋਲੀ |

-ਫੋਨ : 403-404-1450. ਕੈਲਗਰੀ |


* ਹਰਦੀਪ ਬਿਰਧੀ *
ਮੇਰੇ ਸ਼ਬਦਾਂ 'ਚ ਜਨੂੰਨ ਬਗ਼ਾਵਤ ਲਿਖਦਾ ਹਾਂ |
ਕਰਦਾ ਮੇਹਰ ਤਾਂ ਉਸ ਦੀ ਇਬਾਦਤ ਲਿਖਦਾ ਹਾਂ |
ਸੁਲਗੇ ਜਦ ਵੀ ਮੇਰੇ ਵਤਨ 'ਚ ਭੈੜੀ ਨਫ਼ਰਤ,
ਮੈਂ ਸ਼ਬਦਾਂ ਅੰਦਰ ਇਸ ਦੀ ਹਿਫ਼ਾਜ਼ਤ ਲਿਖਦਾ ਹਾਂ |
ਆਵੇ ਸਭ ਦੇ ਚਿਹਰੇ 'ਤੇ ਮੁਸਕਾਨ ਸਦਾ ਹੀ,
ਮੁਹਬੱਤ ਦੀ ਐਸੀ ਮੈਂ ਤਾਂ ਇਬਾਰਤ ਲਿਖਦਾ ਹਾਂ |
ਨਾ ਹੋਵੇ ਹਰਗਿਜ਼ ਹੀ ਪ੍ਰੇਸ਼ਾਨ ਦਿਲਬਰ ਪੜ੍ਹਕੇ,
ਨਾ ਹੋਵਾਂ ਤਾਂ ਵੀ ਖ਼ਤ ਵਿਚ ਸਲਾਮਤ ਲਿਖਦਾ ਹਾਂ |
ਮੈਂ ਤੈਥੋਂ ਹਾਂ ਰੁੱਸਿਆ ਯਾਰਾ ਸੁਣ ਮੇਰੀ ਤੂੰ
ਰੁੱਸਾਂ ਨਾ ਤਾਂ ਵੀ ਨਾਲ ਸ਼ਰਾਰਤ ਲਿਖਦਾ ਹਾਂ |

ਮੋਬਾਈਲ : 90416-00900.

ਉੱਲੂ ਬੇਵਕੂਫ਼ ਜਾਂ ਸਮਝਦਾਰ

ਲਕਸ਼ਮੀ ਧਨ-ਦੌਲਤ ਦੀ ਦੇਵੀ ਹੈ | ਔਲਾਦ ਦੀ ਇੱਛਾ, ਚਾਹ ਹਰ ਕਿਸੇ ਭਾਰਤੀ ਨੂੰ , ਮੰੁਡੇ ਦੀ ਹੁੰਦੀ ਹੈ ਪਰ ਜੇਕਰ ਕੁੜੀ ਜਨਮ ਲੈ ਲਏ ਤਾਂ ਵਧਾਈਆਂ ਦੇਣ ਵਾਲੇ ਇਹ ਆਖ ਕੇ ਧਰਵਾਸ ਦਿੰਦੇ ਹਨ, ਵਧਾਈ ਹੋਵੇ, ਲਕਸ਼ਮੀ ਆ ਗਈ ਜੇ |
ਧਨਵਾਨ, ਦੌਲਤਮੰਦ, ਅਮੀਰ, ਪੈਸੇ ਵਾਲੇ ਕਹਾਉਂਦੇ ਹਨ | ਉਹ ਕਿੰਨੇ ਅਮੀਰ ਹਨ, ਉਨ੍ਹਾਂ ਦੀ ਸ਼ਾਨ ਉਨ੍ਹਾਂ ਦੇ ਵਾਹਨਾਂ (ਕਾਰਾਂ ਆਦਿ) ਤੋਂ ਪਤਾ ਲਗਦੀ ਹੈ | ਅਮੀਰਾਂ 'ਚ ਅਮੀਰਾਂ ਦੇ ਆਪਣੇ ਨਿੱਜੀ ਜੈੱਟ ਹਵਾਈ ਜਹਾਜ਼ ਤੇ ਹੈਲੀਕਾਪਟਰ ਹੁੰਦੇ ਹਨ, ਬਹੁਤ ਹੀ ਕੀਮਤੀ ਲਗਜ਼ਰੀ ਕਾਰਾਂ, ਔਡੀਆਂ ਤੇ ਮਰਸਡੀਜ਼ ਤਾਂ ਬੱਚੇ-ਬੱਚੇ ਕੋਲ ਹੁੰਦੀਆਂ ਹਨ |
ਧਨ ਦੀ ਦੇਵੀ ਦਾ ਇਹ ਆਪਣਾ ਨਿੱਜੀ ਵਾਹਨ ਹੈ, 'ਉੱਲੂ' |
ਗਣੇਸ਼ ਜੀ ਜਿਨ੍ਹਾਂ ਦਾ ਨਾਂਅ ਲੈ ਕੇ ਕਿਸੇ ਵੀ ਕੰਮ ਦਾ ਸ੍ਰੀ ਗਣੇਸ਼ ਕੀਤਾ ਜਾਂਦਾ ਹੈ, ਉਨ੍ਹਾਂ ਦਾ ਵਾਹਨ ਹੈ 'ਚੂਹਾ' | ਰਾਜਸਥਾਨ 'ਚ ਅੱਜ ਵੀ ਕਰਣੀ ਦੇਵੀ ਦਾ ਮੰਦਰ ਹੈ, ਜਿਸ ਵਿਚ ਚੂਹੇ ਬੇਖੌਫ਼ ਦੌੜਦੇ ਤੇ ਪਲਦੇ ਹਨ | ਚੂਹਿਆਂ ਦੀ ਭਰਮਾਰ ਹੈ, ਇਥੇ ਚੂਹੇ ਪੂਜਣਹਾਰ ਹਨ |
ਹਾਂ, ਅੱਜ ਦਾ ਮੁੱਦਾ ਹੈ 'ਉੱਲੂ', ਜਿਹੜਾ ਧਨ-ਦੌਲਤ ਦੀ ਦੇਵੀ ਦਾ ਵਾਹਨ ਹੈ | ਉੱਲੂ ਬੇਸ਼ੱਕ ਲਕਸ਼ਮੀ ਦਾ ਵਾਹਨ ਹੈ, ਪਰ ਆਮ ਜਨ-ਮਾਣਸ 'ਚ ਇਹ ਦੀ ਰਤਾ ਵੀ ਇੱਜ਼ਤ ਨਹੀਂ ਹੈ, ਇਹਨੂੰ 'ਮੂਰਖਾਂ' ਦਾ ਪ੍ਰਤੀਕ ਮੰਨਿਆ ਜਾਂਦਾ ਹੈ | ਮਨੁੱਖਾਂ 'ਚ ਸਭ ਤੋਂ ਭੈੜੀ ਹੇਠਲੇ ਦਰਜੇ ਦੀ ਉਪਾਧੀ ਇਕ ਜਾਨਵਰ ਖੋਤੇ ਲਈ ਹੈ, ਦੂਜੀ ਪਰਿੰਦੇ 'ਉੱਲੂ' ਲਈ |
ਸਾਡੇ ਦੇਸ਼ ਤੇ ਗੁਆਂਢੀ ਦੇਸ਼ ਪਾਕਿਸਤਾਨ 'ਚ 'ਮੂਰਖਾਂ'ਨੂੰ ਇਵੇਂ ਹੀ ਬੁਲਾਉਂਦੇ ਹਨ, 'ਓਏ ਖੋਤਿਆ ਓਏ ਉੱਲੂ' |
'ਅਬੇ ਗਧੇ, ਅਬੇ ਉੱਲੂ |'
'ਅਹਿ ਤਾਂ ਉੱਲੂ ਏ, 'ਉੱਲੂ ਦਾ ਪੱਠਾ', ਮੂਰਖ, ਝੱਲਾ ਆਦਿ ਸਭੇ ਉੱਲੂ ਹਨ | ਊਟੀ ਦੇ ਰਾਹ ਵਿਚ ਇਕ ਪਹਾੜੀ ਸਟੇਸ਼ਨ ਹੈ ਵਾਲਿੰਗਟਨ, ਇਥੇ ਫ਼ੌਜੀ ਅਫ਼ਸਰਾਂ ਦੀ ਟ੍ਰੇਨਿੰਗ ਵਾਲਾ ਕਾਲਜ ਹੈ | ਇਥੇ 'ਉੱਲੂ' ਨੂੰ ਬੜੀ ਮਹਾਨਤਾ ਬਖ਼ਸ਼ੀ ਗਈ ਹੈ, ਇਸ ਅਸਥਾਨੰਦਾ ਲੋਗੋ ਹੈ 'ਉੱਲੂ' | ਮੈਂ ਇਥੇ ਗਿਆ ਸੀ, ਇਕ ਕਰਨਲ ਸਾਹਿਬ ਨੇ ਮੇਰੀ ਉਤਸੁਕਤਾ ਦਾ ਜਵਾਬ ਦਿੱਤਾ ਸੀ ਕਿ ਉੱਲੂ ਸਾਰੀ-ਸਾਰੀ ਰਾਤ ਜਾਗਦਾ ਹੈ, ਹਨੇਰੇ ਵਿਚ ਵੀ ਇਹ ਨੂੰ ਸਭ ਕੁਝ ਦਿਸਦਾ ਹੈ, ਇਕ ਸੈਨਿਕ ਫ਼ੌਜੀ ਦੀ ਮੁਢਲੀ ਸੋਚ ਹੀ ਇਹੋ ਹੈ, ਜਾਗਦੇ ਰਹੋ, ਹਨੇਰੇ ਵਿਚ ਵੀ ਚੌਕਸ ਰਹੋ | ਅੱਖਾਂ ਹਨੇਰੇ ਨੂੰ ਚੀਰਨ ਵਾਲੀਆਂ ਰੱਖੋ |
ਉੱਲੂ ਲਈ, ਇੱਜ਼ਤ ਸਨਮਾਨ ਫ਼ੌਜੀਆਂ ਵਾਂਗ ਮੇਰੇ ਮਨ 'ਚ ਵੀ ਉਪਜਿਆ | ਪਰ ਇਕ ਅਜਿਹਾ ਲੇਖ ਪੜਿ੍ਹਆ, ਜਿਸ 'ਚ ਉੱਲੂਆਂ 'ਤੇ ਜਿਹੜਾ ਜ਼ੁਲਮ ਕੀਤਾ ਜਾਂਦਾ ਹੈ, ਉਹਦਾ ਹਾਲ ਪੜ੍ਹ ਕੇ ਉਨ੍ਹਾਂ ਲਈ ਤਨੋਂ-ਮਨੋ 'ਹਾਏ' ਨਿਕਲੀ |
ਦੀਵਾਲੀ, ਇਸ ਸ਼ੁਭ ਦਿਨ ਦੀ ਮਾਨਤਾ ਹੈ, ਲੋਕਾਂ ਦੀ ਕਿ ਘਰ 'ਚ ਲਕਸ਼ਮੀ ਪ੍ਰਵੇਸ਼ ਕਰਦੀ ਹੈ | ਇਸੇ ਭਰਮ 'ਚ ਕਈ ਤਾਂ ਆਪਣੇ ਦਰਵਾਜ਼ੇ, ਬੂਹੇ ਬਾਰੀਆਂ ਖੁੱਲ੍ਹੇ ਰੱਖਦੇ ਹਨ ਪਤਾ ਨਹੀਂ ਕਿਹੜੇ ਵੇਲੇ ਲਕਸ਼ਮੀ ਆ ਪਧਾਰੇ | ਦੇਵੀ ਪਧਾਰੇ ਨਾ ਪਧਾਰੇ, ਚੋਰ ਤਾਂ ਇਸੇ ਸਮੇਂ ਦੇ ਇੰਤਜ਼ਾਰ 'ਚ ਰਹਿੰਦੇ ਹਨ | ਮੌਕਾ-ਏ-ਗ਼ਨੀਮਤ ਕਰ ਜਾਂਦੇ ਹਨ ਤੇ ਜਿੰਨੀ ਵੀ ਦੌਲਤ 'ਤੇ ਦਾਅ ਲੱਗੇ ਸਮੇਟ ਕੇ ਆਰਾਮ ਨਾਲ ਬਾਹਰ ਖਿਸਕ ਜਾਂਦੇ ਹਨ |
ਚਲੋ ਇਹ ਤਾਂ ਕਿਸੇ ਨਾ ਕਿਸੇ ਨਾਲ ਵਾਪਰ ਜਾਂਦਾ ਹੈ, ਲੋਕੀਂ ਉਨ੍ਹਾਂ ਦਾ ਮਜ਼ਾਕ ਉਡਾਉਂਦੇ ਹਨ, 'ਉੱਲੂ ਦੇ ਪੱਠੇ |'
ਇਕ ਹੋਰ ਮਾਨਤਾ ਵੀ ਹੈ ਲੋਕਾਈ ਦੀ ਕਿ ਲਕਸ਼ਮੀ ਸਦਾ ਉੱਲੂਆਂ 'ਤੇ ਮਿਹਰਬਾਨ ਹੁੰਦੀ ਹੈ, ਜਿਨ੍ਹਾਂ ਨੂੰ ਲੋਕੀਂ ਐਵੇਂ-ਕੈਵੇਂ ਦੇ ਸਮਝ ਕੇ ਉੱਲੂ ਦੀ ਸੰਗਿਆ ਦਿੰਦੇ ਹਨ, ਉਹ ਅਚਾਨਕ ਇਕ ਦਿਨ ਅਮੀਰ ਪੈਸੇ ਵਾਲੇ ਹਰ ਤਰ੍ਹਾਂ ਦੀ ਇੱਜ਼ਤ ਦੇ ਅਧਿਕਾਰੀ ਹੋ ਜਾਂਦੇ ਹਨ |
ਜਿਹਦੇ ਘਰ ਦਾਣੇ, ਉਹਦੇ ਕਮਲੇ ਵੀ ਸਿਆਣੇ |
ਇਹ ਤਾਂ ਬਸ ਉਸ ਲਕਸ਼ਮੀ ਮਾਤਾ ਦੀ ਉਨ੍ਹਾਂ 'ਤੇ ਮਿਹਰਬਾਨੀ ਕਾਰਨ ਹੈ | ਹਾਂ, ਇਹ ਤਾਂ ਪੱਕੀ ਮਾਨਤਾ ਹੈ, ਸਭ ਦੀ ਕਿ ਲਕਸ਼ਮੀ ਜਦ ਵੀ ਜਿਸ ਘਰ ਵੀ ਆਉਂਦੀ ਹੈ, ਆਪਣੀ ਸਵਾਰੀ 'ਉੱਲੂ' 'ਤੇ ਸਵਾਰ ਹੋ ਕੇ ਆਉਂਦੀ ਹੈ ਤੇ ਜਦ ਜਾਂਦੀ ਹੈ ਤਾਂ ਵੀ, ਉੱਲੂ 'ਤੇ ਸਵਾਰ ਹੋ ਕੇ ਹੀ | ਇਸ ਲਈ ਸਾਡੇ ਸਮਾਜ ਵਿਚ ਤਾਂਤਿ੍ਕਾਂ, ਔਘੜਾਂ ਤੇ ਸਵਾਮੀਆਂ ਦੀ ਮਤ ਹੈ, ਅਗਿਆਨੀਆਂ ਨੂੰ ਕਿ ਜੇਕਰ ਇਹੋ ਚਾਹੁੰਦੇ ਹੋ ਕਿ ਘਰ 'ਚ ਆਈ ਲਕਸ਼ਮੀ ਮੁੜ ਕੇ ਚਲੀ ਨਾ ਜਾਵੇ, ਤਾਂ ਸਭ ਤੋਂ ਪਹਿਲਾਂ 'ਉੱਲੂ' ਨੂੰ ਮਾਰ ਸੁੱਟੋ | ਉੱਲੂ ਦਾ ਕਤਲ ਹੋਇਆ, ਕਿਹਦੇ 'ਤੇ ਸਵਾਰ ਹੋ ਕੇ ਜਾਏਗੀ? ਬਸ ਵਿਹੜੇ 'ਚ ਧਨ-ਦੌਲਤ ਦੀ ਵਰਖਾ ਹੋ ਜਾਏਗੀ |
ਹਾਏ, ਇਸੇ ਲਈ ਅੱਜਕਲ੍ਹ ਦੌਲਤ ਦੇ ਕਈ ਭੁੱਖਿਆਂ ਨੂੰ ਇਹ ਭਰੋਸਾ ਹੋ ਗਿਆ ਹੈ, ਉਹ ਦੀਵਾਲੀ ਦੇ ਨੇੜੇ-ਤੇੜੇ ਖਾਸ ਕਰਕੇ ਲੱਭ-ਲੱਭ ਕੇ ਉੱਲੂ ਖਰੀਦ ਦੇ ਹਨ ਤੇ ਉਨ੍ਹਾਂ ਦੀ ਗਰਦਨ ਕੱਟ ਕੇ ਉਨ੍ਹਾਂ ਦੀ ਬਲੀ ਦੇ ਦਿੰਦੇ ਹਨ |
ਦੀਵਾਲੀ ਦੇ ਤਿਉਹਾਰ ਦੇ ਦਿਨਾਂ ਦੌਰਾਨ ਲੋਕਾਂ ਲਈ ਤਾਂ ਰੌਸ਼ਨੀ ਦਾ ਤਿਉਹਾਰ ਹੁੰਦਾ ਹੈ | ਦੀਵਿਆਂ ਦੀ ਬਿਜਲੀ ਦੇ ਨਿੱਕੇ-ਨਿੱਕੇ ਰੰਗ-ਬਰੰਗੇ ਬਲਬਾਂ ਦੀਆਂ ਲੜੀਆਂ ਚਮਕਦੀਆਂ, ਦਮਕਦੀਆਂ ਹਨ, ਵਿਚਾਰੇ ਉੱਲੂਆਂ ਲਈ ਹਨੇਰਾ ਹੁੰਦਾ ਹੈ | ਮੈਂ ਜਿਹੜਾ ਲੇਖ ਪੜਿ੍ਹਆ ਹੈ, ਉਸ ਵਿਚ ਇਕ ਸੱਚੀ ਘਟਨਾ ਦਾ ਵੇਰਵਾ ਹੈ | ਪਤੈ ਨਾ ਤੁਹਾਨੂੰ ਕਿ ਸ਼ਹਿਰਾਂ ਵਿਚ, ਘਰਾਂ ਵਿਚ, ਪਿੰਜਰੇ 'ਚ ਪਾ ਕੇ ਕੈਦ ਰੱਖਣ ਵਾਲੇ ਪੰਛੀਆਂ ਨੂੰ ਵੇਚਣ ਵਾਲੀਆਂ ਦੁਕਾਨਾਂ ਹਨ | ਬੇਸ਼ੱਕ ਕਾਨੂੰਨੀ ਤੌਰ 'ਤੇ ਇਹ ਦੀ ਮਨਾਹੀ ਹੈ | ਪਰ ਮੈਨਾ, ਤੋਤੇ, ਲਵ-ਬਰਡਜ਼, ਕੱਛੂ ਕੰੁਮੇ, ਕੁੱਤਿਆਂ ਦੀ ਉੱਚੀ ਨਸਲ ਵਾਲੇ, ਪਿੱਲੇ (ਨਿੱਕੇ ਬੱਚੇ) ਆਮ ਵਿਕ ਰਹੇ ਹਨ |
ਜਿਸ ਘਟਨਾ ਦਾ ਮੈਂ ਜ਼ਿਕਰ ਕਰ ਰਿਹਾ ਹਾਂ, ਜੋ ਮੈਂ ਪੜ੍ਹੀ ਹੈ, ਉਸ ਅਨੁਸਾਰ ਦੀਵਾਲੀ 'ਤੇ ਇਕ ਉੱਲੂ ਨੂੰ ਕਤਲ ਕਰਕੇ ਉਹਦੀ ਕੁਰਬਾਨੀ ਦੇ ਕੇ ਦੌਲਤਮੰਦ ਬਣਨ ਦੀ ਆਸ 'ਚ ਇਕ ਪੰਛੀਆਂ ਦਾ ਕਾਰੋਬਾਰ ਕਰਨ ਵਾਲੀ ਇਕ ਅਜਿਹੀ ਦੁਕਾਨ 'ਤੇ ਗਿਆ | ਪਹਿਲਾਂ ਤਾਂ ਦੁਕਾਨਦਾਰ ਨੇ ਸਾਫ਼ ਇਨਕਾਰ ਕਰ ਦਿੱਤਾ ਪਰ ਜਦ ਉਹਨੂੰ ਇਹ ਵਿਸ਼ਵਾਸ ਹੋ ਗਿਆ ਕਿ ਇਹ ਬੰਦਾ ਸੱਚਮੁੱਚ ਸ਼ੁਦਾਈ ਹੈ, ਉਸ ਨੇ ਹੌਲੀ ਦੇਣੀ ਕਿਹਾ, ਮਿਲ ਜਾਏਗਾ, ਪਰ ਮਹਿੰਗਾ ਮਿਲੇਗਾ | ਮਹਿੰਗਾਈ ਦਾ ਜ਼ਮਾਨਾ ਹੈ, ਪਤੈ ਉਸ ਨੇ ਇਕ ਉੱਲੂ ਦੇ ਕਿੰਨੇ ਪੈਸੇ ਮੰਗੇ | ਪੂਰੇ ਦਸ ਹਜ਼ਾਰ | ਉਹਨੇ ਦਸ ਹਜ਼ਾਰ ਦੇ ਦਿੱਤੇ... |
ਉੱਲੂ, ਨਾ ਸਮਝ, ਝੱਲਾ, ਬੇਵਕੂਫ਼ ਹੁੰਦਾ ਹੈ, ਇਨ੍ਹਾਂ ਦਾ ਪ੍ਰਤੀਕ ਸਿਰਫ਼ ਹਿੰਦ-ਪਾਕਿ ਦੇ ਲੋਕਾਂ ਦਾ ਹੀ ਵਿਸ਼ਵਾਸ ਹੈ, ਪੱਛਮ ਦੇ ਦੇਸ਼ਾਂ 'ਚ ਇਹਨੂੰ ਬੁੱਧੀਮਾਨ, ਅਕਲਮੰਦ ਜਾਣਿਆ ਜਾਂਦਾ ਹੈ | ਇਸੇ ਲਈ ਉਥੇ ਉੱਲੂ ਬਾਰੇ ਬਹੁਤ ਅਕਲਮੰਦ ਲੋਕਾਂ ਲਈ ਇਹ ਆਖਿਆ ਜਾਂਦਾ ਹੈ ਕਿ Wise as an owl (ਉੱਲੂ ਜਿਹਾ ਸਿਆਣਾ ਅਕਲਮੰਦ ਹੈ) |
ਉੱਲੂ ਜਦੋਂ ਰਾਤੀਂ ਚੀਕਦਾ ਹੈ ਤਾਂ ਲੋਕਾਂ ਦੇ ਮਨਾਂ ਵਿਚ ਰੱਬ ਦਾ ਭੈਅ ਪੈਦਾ ਕਰਦਾ ਹੈ | ਐਥੇ ਤਾਂ ਜਿੰਨਾ ਮੋਟਾ ਉੱਲੂ, ਓਨੀ ਮੋਟੀ ਰਕਮ, ਉਹਦੀ ਕੁਰਬਾਨੀ ਦੇਣ ਲਈ ਮਿਲਦੀ ਹੈ |
ਮੈਂ ਕਿਉਂ ਆਖਾਂ ਕਿ ਇਹੋ ਜਿਹੀ ਸੋਚ ਵਾਲੇ, ਖੁਦ ਉੱਲੂ ਹਨ ਜਾਂ ਉੱਲੂ ਦੇ ਪੱਠੇ ਹਨ | ਇਨ੍ਹਾਂ ਦੀ ਬੁੱਧੀ ਭਿ੍ਸ਼ਟੀ ਹੈ |
ਲਕਸ਼ਮੀ, ਧਨ-ਦੌਲਤ ਦੀ ਦੇਵੀ ਹੈ, ਉਹਦੀ ਸਵਾਰੀ ਉੱਲੂ ਹੈ, ਉਹ ਬਹੁਤ ਸਿਆਣੀ ਹੈ, ਐਵੇਂ ਨਹੀਂ ਉਸ ਨੇ ਉੱਲੂ ਨੂੰ ਐਨਾ ਮਾਣ ਬਖ਼ਸ਼ਿਆ | ••

ਆਪਣਾ ਖ਼ੂਨ

'ਕਸਮ ਨਾਲ ਬਾਈ ਅਮਰ ਸਿਆਂ, ਤੇਰੇ ਛੋਟੇ ਪੁੱਤ ਪਾਲ ਨੇ ਤਾਂ ਯਾਰ ਰੱਖ ਵਿਖਾਈ | ਮੇਰੇ ਸੁਰਜੀਤ ਨੂੰ ਉਸ ਦੇ ਕਰਕੇ ਈ ਨਵੀਂ ਜ਼ਿੰਦਗੀ ਮਿਲੀ ਐ... |'
ਪਾਲ ਦੇ ਮਾਂ-ਪਿਓ ਨੂੰ ਪੀ.ਜੀ.ਆਈ. ਚੰਡੀਗੜ੍ਹ ਤੋਂ ਸੁਰਜੀਤ ਦੇ ਇਲਾਜ ਬਾਰੇ ਕੁਝ ਵੀ ਪਤਾ ਨਹੀਂ ਸੀ | 1967-68 ਵੇਲੇ ਪਿੰਡਾਂ 'ਚ ਕੌਣ ਜਾਣਦਾ ਸੀ ਪੀ.ਜੀ.ਆਈ. ਨੂੰ |
'ਛੋਟੇ ਭਾਈ ਇੰਦਰ ਸਿਆਂ ਕੀ ਅਨੋਖਾ ਕਾਰਨਾਮਾ ਕਰ ਵਿਖਾਇਆ ਮੇਰੇ ਪਾਲ ਨੇ...', ਸਾਰਾ ਟੱਬਰ ਇੰਦਰ ਸਿੰਘ ਦੇ ਮੰੂਹ ਵੱਲ ਵੇਖ ਰਿਹਾ ਸੀ |
'ਤੁਹਾਨੂੰ ਖ਼ਬਰੇ ਨਹੀਂ ਪਤਾ, ਮੇਰੇ ਮੰੁਡੇ ਸੁਰਜੀਤ ਦਾ ਵਧਣਾ-ਫੁਲਣਾ ਰੁਕ ਗਿਆ ਸੀ | ਉਹ 14 ਸਾਲਾਂ ਦਾ ਹੋ ਕੇ ਵੀ 7-8 ਸਾਲ ਦਾ ਦਿਸਦਾ ਸੀ | ਐਥੋਂ ਡਾਕਟਰਾਂ ਨੇ ਸਾਨੂੰ ਪੀ.ਜੀ.ਆਈ. ਭੇਜਤਾ ਤਾਂ ਉਨ੍ਹਾਂ ਉਥੇ ਮੰੁਡੇ ਨੂੰ ਦਾਖਲ ਕਰ ਲਿਆ | ਟੈਸਟ ਕੀਤੇ ਤਾਂ ਦੱਸਿਆ ਕਿ ਇਹ ਦਿਲ ਵੱਲ ਨੂੰ ਖੂਨ ਦੇਣ ਵਾਲੀ ਨਾੜੀ ਸੰੁਗੜਦੀ ਐ | ਆਪ੍ਰੇਸ਼ਨ ਕਰਕੇ ਬਦਲਣੀ ਪਵੇਗੀ ਤੇ ਉਨ੍ਹਾਂ ਤਿੰਨ ਬੋਤਲਾਂ ਖ਼ੂਨ ਦਾ ਇੰਤਜ਼ਾਮ ਕਰਨ ਨੂੰ ਕਹਿ 'ਤਾ | ਉਸ ਦਿਨ ਕੁਦਰਤੀ ਪਾਲ ਵੀ ਸਾਨੂੰ ਕਿਸੇ ਮਰੀਜ਼ ਦਾ ਪਤਾ ਕਰਨ ਆਇਆ ਮਿਲ ਗਿਆ ਸੀ | ਮੈਂ ਪਿੰਡ ਵੱਡੇ ਮੰੁਡੇ ਸ਼ਿੰਦਰ ਤੇ ਦੋਹਤੇ ਨੂੰ ਲੈਣ ਆ ਗਿਆ ਪਰ ਉਹ ਖ਼ੂਨ ਦੇਣ ਤੋਂ ਕਿਧਰੇ ਖਿਸਕਗੇ |' ਇੰਦਰ ਸਿੰਘ ਨੇ ਸਾਰੀ ਰਾਮ ਕਹਾਣੀ ਕਹਿ ਸੁਣਾਈ |
'ਕਿਉਂ ਚਾਚਾ ਜੀ ਬਲੱਡ ਦਾ ਹੋਇਆ ਕੋਈ ਇੰਤਜ਼ਾਮ, ਪਿੰਡੋਂ ਆਇਆ ਕੋਈ?' ਤੀਜੇ ਦਿਨ ਪਾਲ ਸਾਡਾ ਪਤਾ ਕਰਨ ਆਇਆ ਤਾਂ ਦੋ ਉਸ ਦੇ ਦੋਸਤ ਵੀ ਨਾਲ ਹੀ ਸਨ | ਜਵਾਬ ਦੇਣ ਦੀ ਥਾਂ ਮੇਰਾ ਰੋਣਾ ਨਿਕਲ ਗਿਆ ਤੇ ਵਾਪਸ ਮੁੜਨ ਦੀ ਗੱਲ ਦੱਸੀ | ਉਸ ਨੇ ਡਾ: ਦਾ ਨਾਂਅ ਪੁੱਛਿਆ ਤੇ ਵਾਰਡ ਵਿਚ ਚਲਾ ਗਿਆ | ਘੰਟੇ ਕੁ ਪਿਛੋਂ ਆ ਕੇ ਉਸ ਨੇ ਕਿਹਾ, 'ਚਾਚਾ ਜੀ ਖ਼ੂਨ ਦਾ ਇੰਤਜ਼ਾਮ ਹੋ ਗਿਐ, ਕੱਲ੍ਹ ਨੂੰ ਸੁਰਜੀਤ ਦਾ ਆਪ੍ਰੇਸ਼ਨ ਹੋ ਜਾਵੇਗਾ |' ਚੌਥੇ ਦਿਨ ਉਹ ਫੇਰ ਸਾਨੂੰ ਮਿਲਣ ਆਇਆ | ਅਸੀਂ ਕੱਲ੍ਹ ਹੀ ਹਸਪਤਾਲੋਂ ਆਏ ਸਾਂ | ਭਾਈ ਅਮਰ ਸਿਆਂ ਮੈਂ ਬੇਟੇ ਪਾਲ ਦਾ ਤੇ ਤੁਹਾਡਾ ਸਾਰੇ ਪਰਿਵਾਰ ਦਾ ਅਹਿਸਾਨ ਕਿਵੇਂ ਚੁਕਾਵਾਂ | ਮੈਨੂੰ ਤਾਂ ਅੱਜ ਇਹ ਸਮਝ ਨਹੀਂ ਆ ਰਹੀ ਕਿ ਕਿਸ ਨੂੰ ਆਪਣਾ ਖੂਨ ਆਖਾਂ ਤੇ ਕਿਸ ਨੂੰ ਪਰਾਇਆ...?'
ਹੰਝੂ ਵਹਾਉਂਦੇ ਇੰਦਰ ਸਿੰਘ ਨੂੰ ਪਾਲ ਦੇ ਪਿਤਾ ਨੇ ਜੱਫੀ 'ਚ ਲੈਂਦਿਆਂ ਕਿਹਾ, 'ਛੱਡ ਯਾਰ, ਬੰਦਾ ਈ ਬੰਦੇ ਦੇ ਕੰਮ ਆਉਂਦੈ... |'

-ਫਰੀਦਕੋਟ | ਮੋਬਾਈਲ : 98149-76639.

ਲਘੂ ਕਥਾ ਵਰਦਾਨ

ਉਸ ਨੂੰ ਆਪਣੀ ਲੜਕੀ ਲਈ ਇਕ ਨੌਕਰੀ ਦੀ ਭਾਲ ਸੀ | ਬੱਚੀ ਬੜੀ ਪੜ੍ਹੀ-ਲਿਖੀ ਤੇ ਹੋਣਹਾਰ ਸੀ | ਅਜੇ ਉਹ ਬੱਸ ਅੱਡੇ 'ਤੇ ਪਹੁੰਚਿਆ ਹੀ ਸੀ ਕਿ ਉਸ ਨੇ ਵੇਖਿਆ ਕਿ ਇਕ ਨਵ-ਵਿਆਹੁਤਾ ਜੋੜਾ ਇਕ ਰੁੱਖ ਹੇਠਾਂ ਖੜ੍ਹਾ ਸੀ | ਸ਼ਾਇਦ ਉਹ ਉਸ ਦੇ ਮਿੱਤਰ ਦੀ ਬੇਟੀ-ਦਾਮਾਦ ਸਨ | ਬੇਟੀ ਨੂੰ ਤਾਂ ਉਹ ਚੰਗੀ ਤਰ੍ਹਾਂ ਨਾਲ ਜਾਣਦਾ ਸੀ ਪਰ ਦਾਮਾਦ ਉਸ ਲਈ ਇਕ ਨਵਾਂ ਚਿਹਰਾ ਸੀ, ਵੇਖਣਯੋਗ |
'ਅੰਕਲ ਅੰਕਲ | ਤੁਹਾਨੂੰ ਇਕ ਖ਼ੁਸ਼ਖ਼ਬਰੀ ਦੇਵਾਂ?'
'ਦੱਸ ਬੇਟਾ |'
'ਅੱਜ ਪੰਜਾਬ 'ਚ ਕੁਝ ਵੱਖ-ਵੱਖ ਲੈਕਚਰਾਰਾਂ ਦੀਆਂ ਭਰਤੀਆਂ ਹੋਣ ਬਾਰੇ ਇਸ਼ਤਿਹਾਰ ਪ੍ਰਕਾਸ਼ਿਤ ਹੋਇਆ ਹੈ | ਤੁਸੀਂ ਕਿਉਂ ਨਹੀਂ ਦੀਦੀ ਤੋਂ ਇਕ ਦਰਖਾਸਤ ਦਿਵਾ ਦਿੰਦੇ |'
ਕੁੜੀਏ ਤੂੰ ਠੀਕ ਤਾਂ ਐਾ | ਅਜੇ ਤਾਂ ਉਸ ਦਾ ਬੀ.ਐੱਡ ਦਾ ਨਤੀਜਾ ਵੀ ਨਹੀਂ ਨਿਕਲਿਆ ਤੇ ਨਾ ਹੀ ਉਸ ਨੇ ਅਜੇ ਪੰਜਾਬੀ ਦਾ ਹਾਈ ਸਕੂਲ ਦੇ ਬਰਾਬਰ ਦਾ ਇਮਤਿਹਾਨ ਪਾਸ ਕੀਤਾ ਹੈ | ਜੋ ਉਸ ਵਾਸਤੇ ਅਤਿ ਜ਼ਰੂਰੀ ਸੀ |
ਤੁਸੀਂ ਬੋਲ ਤਾਂ ਸਹੀ ਰਹੇ ਹੋ | ਹੁੰਦਾ ਫਿਰੇਗਾ ਆਪਣੇ-ਆਪ | ਲੋੜ ਹੈ ਤਾਂ ਇਕ ਹਿੰਮਤ ਦੀ |
ਫਿਰ ਕੀ ਸੀ? ਸਵੇਰੇ ਸੂਰਜ ਉੱਗਣ ਤੋਂ ਪਹਿਲਾਂ ਆਪਣਾ ਬੀੜਾ ਚੁੱਕ ਲਿਆ | ਹੌਲੀ-ਹੌਲੀ ਉਹ ਆਪਣੀ ਮੰਜ਼ਿਲ ਵੱਲ ਪਹੁੰਚਣ ਲੱਗਾ ਅਤੇ ਉਸ ਦੇ ਸਾਰੇ ਦੇ ਸਾਰੇ ਕੰਮ ਆਪਣੇ-ਆਪ ਹੋਣ ਲੱਗੇ | ਇਹ ਉਸ ਦੀ ਇਕ ਖੁਸ਼ਕਿਸਮਤੀ ਸੀ ਕਿ ਉਸ ਨੂੰ ਜ਼ਿਆਦਾ ਉੱਦਮ ਕਰਨਾ ਨਹੀਂ ਪਿਆ |
ਇਸ ਤਰ੍ਹਾਂ ਉਹ ਇਕ ਦਿਨ ਯੋਗਤਾ ਦੇ ਆਧਾਰ 'ਤੇ ਆਪਣੇ ਪਦ ਲਈ ਚੁਣ ਲਈ ਗਈ | ਪਰਮਾਤਮਾ ਦੀ ਉਸ 'ਤੇ ਏਨੀ ਕਿਰਪਾ ਸੀ ਕਿ ਉਸ ਆਪਣੇ ਦੋਸਤ ਦੀ ਬੇਟੀ ਦੇ ਮੰੂਹ 'ਚੋਂ ਨਿਕਲੇ ਸ਼ਬਦ ਉਸ ਲਈ ਕਿਵੇਂ ਵਰਦਾਨ ਦਾ ਰੂਪ ਧਾਰਨ ਕਰ ਗਏ ਜੋ ਅੱਜ ਤੱਕ ਜ਼ਿੰਦਾ ਹਨ | ਇਹ ਕੋਈ ਮਾਮੂਲੀ ਗੱਲ ਨਹੀਂ ਸੀ ਉਸ ਲਈ |

-ਪਿੰਡ ਤੇ ਡਾਕ: ਬਰੀਵਾਲਾ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ-152025. ਮੋਬਾਈਲ : 94175-30266.

ਤੂਤ 'ਤੇ ਪਿੱਪਲ

ਵਿਆਹੀ ਆਈ ਮਿਤਰੋ ਦੇ ਡੋਲੇ ਦਾ ਉਤਾਰਾ ਪਿੰਡ ਨੂੰ ਜਾਂਦੇ ਰਾਹ 'ਤੇ ਲੋਹਾਰਾਂ ਦੇੇ ਖੂਹ ਉੱਤੇ ਹੋਇਆ ਸੀ | ਰੀਤੀ-ਰਿਵਾਜਾਂ ਸਮੇਂ ਮਿਤਰੋ ਨੇ ਜਦ ਖੂਹ ਦੇ ਰੁੱਖਾਂ ਵੱਲ ਝਾਤ ਮਾਰੀ ਤਾਂ ਇਹ ਜਵਾਨ ਤੰਦਰੁਸਤ ਤੂਤ ਉਸ ਨੂੰ ਆਪਣੀ ਭਰੀ ਜਵਾਨੀ ਵਰਗਾ ਗੱਠਿਆ ਨਜ਼ਰ ਆਇਆ ਜੋ ਤਣੇ ਤੋਂ ਉਪਰ ਦੁਸਾਂਗੜ ਵਿਚ ਫੈਲਿਆ ਹੋਇਆ ਸੀ | ਮਿਤਰੋ ਨੂੰ ਇਸ ਤੂਤ ਵਿਚ ਕੁਝ ਆਪਣਾਪਨ ਜਿਹਾ ਮਹਿਸੂਸ ਹੋਇਆ | ਇਸ ਤੋਂ ਬਾਅਦ ਵੀ ਮਿਤਰੋ ਗਾਹੇ-ਬਗਾਹੇ ਆਉਂਦੇ-ਜਾਂਦੇ ਇਸ ਤੂਤ ਨੂੰ ਨਿਹਾਰਦੀ ਰਹਿੰਦੀ ਸੀ |
ਪਹਿਲੇ ਜਨੇਪੇ ਵਿਚ ਹੀ ਮਿਤਰੋ ਨੂੰ ਰੱਬ ਨੇ ਲਾਡੀ ਵਰਗੇ ਪੁੱਤ ਦੀ ਦਾਤ ਬਖਸ਼ੀ | ਜਣੇਪੇ ਬਾਅਦ ਪਹਿਲੀ ਵਾਰ ਮਿਤਰੋ ਜਦੋਂ ਇਸ ਰਾਹੇ ਖੂਹ ਤੋਂ ਲੰਘੀ ਤਾਂ ਤੂਤ 'ਤੇ ਨਜ਼ਰ ਪਈ, ਦੇਖਿਆ ਕਿ ਤੂਤ ਦੀ ਛਾਤੀ ਉਤੇ ਵੀ ਬੱਚਾ ਜਿਹਾ ਪਿੱਪਲ ਉੱਗ ਆਇਆ ਹੈ | ਮਿਤਰੋ ਦੀ ਗੋਦੀ ਵਿਚ ਲਾਡੀ ਤੇ ਤੂਤ ਦੀ ਛਾਤੀ 'ਤੇ ਉਗਿਆ ਪਿੱਪਲ ਮਿਤਰੋ ਨੂੰ ਇਕੋ ਜਿਹੇ ਪ੍ਰਤੀਤ ਹੋਏ |
ਥੋੜੇ ਸਮੇਂ ਬਾਅਦ ਹੀ ਮਿਤਰੋ ਦਾ ਪਤੀ ਸੰਖੇਪ ਜਿਹੀ ਬਿਮਾਰੀ ਕਾਰਨ ਰੱਬ ਨੂੰ ਪਿਆਰਾ ਹੋ ਗਿਆ | ਹੁਣ ਮਿਤਰੋ ਆਪ ਹੀ ਮਿਹਨਤ ਮਜ਼ਦੂਰੀ ਕਰਦੀ ਸੀ, ਲੋਕਾਂ ਦੇ ਘਰਾਂ ਵਿਚ ਭਾਂਡਾ-ਟੀਂਡਾ ਕਰਦੀ ਸੀ | ਲਾਡੀ ਨੂੰ ਕਦੇ ਕੁੱਛੜੋਂ ਨਹੀਂ ਉਤਾਰਦੀ ਸੀ, ਆਪ ਘੱਟ ਖਾ ਕੇ ਵੀ ਲਾਡੀ ਨੂੰ ਚੰਗਾ-ਚੋਖਾ ਖੁਆਉਂਦੀ ਪਿਆਉ ਾਦੀ ਸੀ | ਉਧਰ ਤੂਤ ਵੀ ਆਪਣੀ ਖੁਰਾਕ ਨਾਲ ਪਿੱਪਲ ਨੂੰ ਪਾਲ ਰਿਹਾ ਸੀ | ਮਿਤਰੋ ਆਉ ਾਦੀ ਜਾਂਦੀ ਕਦੇ ਤੂਤ ਵਿਚਲੇ ਪਿੱਪਲ ਤੇ ਕਦੇ ਆਪਣੇ ਕੁੱਛੜ ਚੁੱਕੇ ਲਾਡੀ ਨੂੰ ਨਿਹਾਰਦੀ ਰਹਿੰਦੀ ਸੀ | ਚੰਗੀ ਖੁਰਾਕ ਦਾ ਪਲਿਆ ਲਾਡੀ ਹੁਣ ਉਲ੍ਹਾਮੇ ਮਿਹਣੇ ਵੀ ਲਿਆਉਣ ਲੱਗ ਪਿਆ ਸੀ | ਮਿਤਰੋ ਜੇ ਲਾਡੀ ਨੂੰ ਕੁਝ ਕਹਿੰਦੀ ਤਾਂ ਉਹ ਅੱਗੋਂ ਲੜਨ ਨੂੰ ਪੈਂਦਾ ਸੀ | ਮਿਤਰੋ ਆਪਣੇ ਹੀ ਲੂੰ-ਕੰਡੇ ਸਾੜਦੀ ਰਹਿੰਦੀ | ਉਧਰੋਂ ਪਿੱਪਲ ਵੀ ਤੂਤ ਦੀ ਹਿੱਕ ਨੂੰ ਚੀਰਦਾ ਹੋਇਆ ਤੇ ਆਸੇ-ਪਾਸੇ ਤੋਂ ਤੂਤ ਨੂੰ ਚਿਮੜਦਾ ਹੋਇਆ ਜ਼ਮੀਨ ਵੱਲ ਨੂੰ ਵਧ ਰਿਹਾ ਸੀ ਅਤੇ ਉੱਪਰ ਨੂੰ ਵਧੇ ਹੋਏ ਉਹ ਤੂਤ ਦੇ ਟਾਹਣੇ ਭੰਨਣ ਲੱਗ ਪਿਆ ਸੀ | ਤੂਤ ਦੀ ਆਪਣੀ ਇਕੱਠੀ ਕੀਤੀ ਖੁਰਾਕ ਵਿਚੋਂ ਪਿੱਪਲ ਦੇ ਜ਼ਿਆਦਾ ਖੁਰਾਕ ਲੈਣ ਕਰਕੇ ਤੂਤ ਦਿਨੋ-ਦਿਨ ਕਮਜ਼ੋਰ ਹੋਈ ਜਾ ਰਿਹਾ ਸੀ |
ਲਾਡੀ ਜਵਾਨ ਤਾਂ ਚੰਗਾ ਨਿਕਲਿਆ ਸੀ ਪਰ ਕੰਮ-ਕਾਰ ਨੂੰ ਨਿਕੰਮਾ ਹੀ ਸੀ | ਥੋੜ੍ਹਾ ਬਹੁਤਾ ਹੀ ਕੰਮ ਕਰਨਾ ਬਾਕੀ ਮਾਂ ਦੀ ਜੇਬ ਫੋਲ ਲੈਣੀ | ਕੁਝ ਤਾਂ ਨੂੰ ਹ ਲਿਆਉਣ ਦਾ ਚਾਅ ਤੇ ਕੁਝ ਇਸ ਆਸ ਨਾਲ ਕਿ ਸ਼ਾਇਦ ਵਿਆਹ ਤੋਂ ਬਾਅਦ ਸੁਧਰ ਜਾਵੇ ਲਾਡੀ ਦਾ ਵਿਆਹ ਕਰ ਦਿੱਤਾ ਜੋ ਉੁਲਟਾ ਹੀ ਪਿਆ | ਹੁਣ ਇਕ ਦੀ ਥਾਂ ਮਿਤਰੋ ਨੂੰ ਦੋਵਾਂ ਨੂੰ ਖਵਾਉਣਾ ਪੈ ਗਿਆ | ਜੇ ਲਾਡੀ ਨੂੰ ਕੰਮ ਕਰਨ ਬਾਰੇ ਕਿਹਾ ਜਾਂਦਾ ਤਾਂ ਅੱਗੋਂ ਝੇਡਾਂ ਕਰਦਾ ਕਿ ਲੋਕ ਤੁਹਾਨੂੰ ਦੇ ਹੀ ਦਿੰਦੇ ਹਨ, ਨਾਲੇ ਤੁਸੀਂ ਮੈਨੂੰ ਜੰਮਿਆ ਤੁਸੀਂ ਹੀ ਖਵਾਓ | ਉਧਰ ਪਿੱਪਲ ਅੰਦਰੋਂ ਤੂਤ ਨੂੰ ਖੋਖਲਾ ਕਰਦੇ ਹੋਏ ਜ਼ਮੀਨ ਨਾਲ ਜਾ ਲੱਗਾ ਸੀ ਤੇ ਤੂਤ ਨੇ ਸੁੱਕਣਾ ਸ਼ੁਰੂ ਕਰ ਦਿੱਤਾ ਸੀ | ਲਾਡੀ ਤੇ ਪਿੱਪਲ ਦੋਵੇਂ ਮਖੱਟੂ ਬਣੇ ਜਨਮ ਦੇਣ ਵਾਲਿਆਂ ਤੋਂ ਖਾ ਹੀ ਰਹੇ ਸਨ, ਜਨਮ ਦੇਣ ਵਾਲਿਆਂ ਦਾ ਕੋਈ ਭਲਾ ਨਹੀਂ ਕਰ ਰਹੇ ਸਨ ਸਗੋਂ ਦੁੱਖ ਜ਼ਰੂਰ ਦੇ ਰਹੇ ਸਨ |
ਘਰ ਦੀਆਂ ਜ਼ਰੂਰਤਾਂ ਦਿਨੋ-ਦਿਨ ਵਧ ਰਹੀਆਂ ਸਨ ਤੇ ਕਮਾਈ ਘੱਟ ਸੀ | ਲਾਡੀ ਹੁਣ ਮਾਂ ਨੂੰ ਹੋਰ ਕਮਾ ਕੇ ਲਿਆਉਣ ਨੂੰ ਕਹਿੰਦਾ ਰਹਿੰਦਾ ਸੀ, ਡਿੱਗੀ-ਢੱਠੀ ਮਾਂ ਦਰ-ਦਰ ਧੱਕੇ ਖਾਣ ਨੂੰ ਮਜਬੂਰ ਸੀ | ਜੇ ਕਿਤਿਓਾ ਕੁਝ ਲਿਆਉਂਦੀ ਤਾਂ ਲਾਡੀ ਝਪਟ ਲੈਂਦਾ | ਮਾਂ ਦੇ ਹਿੱਸੇ ਫਿਰ ਕੋਈ ਸੁੱਕਾ ਟੁੱਕ ਹੀ ਆਉਂਦਾ | ਇਧਰ ਮਿਤਰੋ ਬਿਮਾਰ ਤੇ ਕਮਜ਼ੋਰ ਹੋ ਚੁੱਕੀ ਸੀ ਤੇ ਉਧਰੋਂ ਤੂਤ ਸੁੱਕ ਚੁੱਕਾ ਸੀ | ਘਰ ਦੇ ਕਲੇਸ਼ ਨੇ ਨੌਬਤ ਇਥੋਂ ਤੱਕ ਲੈ ਆਂਦੀ ਸੀ ਕਿ ਇਕ ਦਿਨ ਲਾਡੀ ਨੇ ਮਾਂ ਨੂੰ ਘਰੋਂ ਬਾਹਰ ਕੱਢ ਦਿੱਤਾ | ਰੋਂਦੀ ਕੁਰਲਾਉਂਦੀ ਮਿਤਰੋ ਖੂਹ 'ਤੇ ਪਹੁੰਚੀ ਤਾਂ ਕੀ ਦੇਖਦੀ ਹੈ ਤੂਤ ਦੁਸਾਂਗੜ ਤੋਂ ਹੇਠਾਂ ਤੱਕ ਦੋ ਹਿੱਸਿਆਂ ਵਿਚ ਪਾਟਿਆ ਜ਼ਮੀਨ 'ਤੇ ਖਿੱਲਰਿਆ ਪਿਆ ਸੀ | ਤੂਤ ਦੀ ਹੋਂਦ ਸਿਰਫ ਬਾਹਰਲਾ ਸੱਕ ਹੀ ਸੀ, ਅੰਦਰੋਂ ਪਿੱਪਲ ਨੇ ਤੂਤ ਨੂੰ ਪੂਰਾ ਖੋਖਲਾ ਕਰ ਦਿੱਤਾ ਸੀ | ਪਿੱਪਲ ਤੂਤ ਦੀ ਪੂਰੀ ਜਗ੍ਹਾ ਮਲ ਕੇ ਰੁੱਖ ਬਣਿਆ ਹਵਾ ਵਿਚ ਝੂਮ ਰਿਹਾ ਸੀ, ਉਹ ਇਸ ਗੱਲੋਂ ਬੇ-ਪ੍ਰਵਾਹ ਸੀ ਕਿ ਉਸ ਨੇ ਕਿਥੇ ਜਨਮ ਲਿਆ ਤੇ ਜਿਸ ਜਗ੍ਹਾ ਹੁਣ ਖੜ੍ਹਾ ਹੈ ਉਹ ਕਿਸ ਦੀ ਹੈ | ਮਿਤਰੋ ਕਦੇ ਆਪਣੀ ਹਾਲਤ ਤੇ ਕਦੇ ਤੂਤ ਦੀ ਹੋਣੀ ਬਾਰੇ ਸੋਚਦੀ ਦੋਵਾਂ ਦੀ ਕਿਸਮਤ 'ਤੇ ਝੂਰ ਰਹੀ ਸੀ |

-ਮੋਬਾਈਲ : 9855053839


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX