ਤਾਜਾ ਖ਼ਬਰਾਂ


ਆਵਾਰਾ ਸਾਨ੍ਹ ਨੇ ਲਈ ਬਜ਼ੁਰਗ ਦੀ ਜਾਨ
. . .  6 minutes ago
ਖਮਾਣੋਂ, 25 ਜੂਨ (ਪਰਮਵੀਰ ਸਿੰਘ)- ਇੱਥੋਂ ਦੇ ਨਜ਼ਦੀਕੀ ਪਿੰਡ ਰਾਵਣਾ ਦੇ ਇੱਕ ਬਜ਼ੁਰਗ ਦੀ ਆਵਾਰਾ ਸਾਨ੍ਹ ਵਲੋਂ ਮਾਰੇ ਜਾਣ ਕਾਰਨ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ ਜੋਧ ਸਿੰਘ ਦੇ ਰੂਪ 'ਚ ਹੋਈ ਹੈ। ਮਿਲੀ ਜਾਣਕਾਰੀ ਮੁਤਾਬਕ ਸਾਨ੍ਹ ਵਲੋਂ ਮਾਰੇ ਜਾਣ ਕਾਰਨ ਬਜ਼ੁਰਗ...
ਅੱਜ ਦਾ ਵਿਚਾਰ
. . .  28 minutes ago
ਅਫ਼ਗ਼ਾਨਿਸਤਾਨ-ਬੰਗਲਾਦੇਸ਼ ਮੈਚ : ਬੰਗਲਾਦੇਸ਼ ਨੇ ਅਫ਼ਗ਼ਾਨਿਸਤਾਨ ਨੂੰ 62 ਦੌੜਾਂ ਨਾਲ ਹਰਾਇਆ
. . .  1 day ago
ਝੌਂਪੜ 'ਤੇ ਖੰਭਾਂ ਡਿੱਗਣ ਕਾਰਨ ਇਕ ਬਜ਼ੁਰਗ ਔਰਤ ਦੀ ਮੌਤ ,ਇਕ ਗੰਭੀਰ
. . .  1 day ago
ਬਲਾਚੌਰ,24 ਜੂਨ (ਦੀਦਾਰ ਸਿੰਘ ਬਲਾਚੌਰੀਆ)--ਅੱਜ ਬਾਅਦ ਦੁਪਹਿਰ ਹੋਈ ਬਾਰਸ਼ ਸ਼ੈਲਰ ਕਾਲੋਨੀ ਵਾਰਡ ਨੰਬਰ 3 ਨੇੜੇ ਕਚਰਾ ੳੇਠਾਉਣ ਵਾਲੇ ਪ੍ਰਵਾਸੀ ਮਜ਼ਦੂਰਾਂ ਦੇ ਇਕ ਪਰਿਵਾਰ ਲਈ ਆਫ਼ਤ ਬਣ ਗਈ ...
ਆਵਾਰਾ ਸਾਨ੍ਹ ਨੇ ਟੱਕਰ ਮਾਰ ਕੇ ਵਿਅਕਤੀ ਨੂੰ ਮੌਤ ਦੇ ਘਾਟ ਉਤਾਰਿਆ
. . .  1 day ago
ਖਮਾਣੋਂ, 24 ਜੂਨ (ਮਨਮੋਹਣ ਸਿੰਘ ਕਲੇਰ)- ਅੱਜ ਸ਼ਾਮ ਪਿੰਡ ਰਣਵਾਂ ਵਿਖੇ ਇਕ ਆਵਾਰਾ ਸਾਨ੍ਹ ਨੇ ਟੱਕਰ ਮਾਰ ਕੇ ਜੋਧ ਸਿੰਘ ਨਾਮਕ ਵਿਅਕਤੀ ਨੂੰ ਮੌਕੇ 'ਤੇ ਹੀ ਜਾਨੋਂ ਮਾਰ ਦਿੱਤਾ। ਮ੍ਰਿਤਕ ਦੇ ਭਰਾ ਕਸ਼ਮੀਰ ਸਿੰਘ ਅਤੇ ਬਚਿੱਤਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਭਰਾ ...
ਅਰਬਨ ਸਪਲਾਈ ਦੀ ਤਾਰ ਟੁੱਟ ਕੇ ਨੌਜਵਾਨ 'ਤੇ ਡਿੱਗੀ, ਮੌਤ
. . .  1 day ago
ਖਡੂਰ ਸਾਹਿਬ, 24 ਜੂਨ (ਮਾਨ ਸਿੰਘ)- ਪਾਵਰ ਕਾਮ ਸਬ ਡਵੀਜ਼ਨ ਨਾਗੋਕੇ ਅਧੀਨ ਆਉਂਦੇ ਪਿੰਡ ਰਾਮਪੁਰ ਭੂਤਵਿੰਤ ਵਿਖੇ ਬਿਜਲੀ ਦਾ ਕਰੰਟ ਲੱਗਣ ਕਾਰਨ ਨੌਜਵਾਨ ਦੀ ਮੌਤ ਹੋ ਜਾਣ ਸਬੰਧੀ ਖ਼ਬਰ ਮਿਲੀ ਹੈ। ਮੌਕੇ ਤੋਂ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਨੌਜਵਾਨ ....
ਅਫ਼ਗ਼ਾਨਿਸਤਾਨ-ਬੰਗਲਾਦੇਸ਼ ਮੈਚ : 5 ਓਵਰਾਂ ਤੋਂ ਬਾਅਦ ਅਫ਼ਗ਼ਾਨਿਸਤਾਨ 21/0
. . .  1 day ago
ਸਬ-ਡਵੀਜ਼ਨ ਤਪਾ 'ਚ ਪੁਲਿਸ ਤੇ ਪੈਰਾ ਮਿਲਟਰੀ ਫੋਰਸ ਨੇ ਕੱਢਿਆ ਫਲੈਗ ਮਾਰਚ
. . .  1 day ago
ਤਪਾ ਮੰਡੀ, 24 ਜੂਨ (ਵਿਜੇ ਸ਼ਰਮਾ)- ਪਿਛਲੇ ਦਿਨੀਂ ਨਾਭਾ ਜੇਲ੍ਹ 'ਚ ਬੰਦ ਡੇਰਾ ਸਿਰਸਾ ਦੇ ਕੱਟੜ ਸਮਰਥਕ ਮਹਿੰਦਰਪਾਲ ਬਿੱਟੂ ਦੇ ਹੋਏ ਕਤਲ ਨੂੰ ਲੈ ਕੇ ਸਬ-ਡਵੀਜ਼ਨ ਦੇ ਡੀ.ਐੱਸ.ਪੀ ਰਵਿੰਦਰ ਸਿੰਘ ਰੰਧਾਵਾ ਦੀ ਅਗਵਾਈ 'ਚ ਪੈਰਾ ਮਿਲਟਰੀ ਫੋਰਸ ਦੇ ਸਹਿਯੋਗ ਨਾਲ ....
ਸਰਹੱਦੀ ਚੌਂਕੀ ਸ਼ਾਹਪੁਰ ਨੇੜਿਓਂ ਬੀ.ਐੱਸ.ਐਫ ਨੇ ਇਕ ਵਿਅਕਤੀ ਨੂੰ ਕੀਤਾ ਕਾਬੂ
. . .  1 day ago
ਅਜਨਾਲਾ, 24 ਜੂਨ (ਐੱਸ. ਪ੍ਰਸ਼ੋਤਮ)- ਅਜਨਾਲਾ ਸੈਕਟਰ ਦੇ ਸਰਹੱਦੀ ਚੌਂਕੀ ਸ਼ਾਹਪੁਰ ਨੇੜਿਓਂ ਬੀ.ਐੱਸ.ਐਫ. 32 ਬਟਾਲੀਅਨ ਦੇ ਇੰਸਪੈਕਟਰ ਸੰਜੀਵ ਕੁਮਾਰ ਵੱਲੋਂ ਕੌਮਾਂਤਰੀ ਸਰਹੱਦ ਦੇ ਮਨਾਹੀ ਵਾਲੇ ਖੇਤਰ 'ਚ ਘੁੰਮ ਰਹੇ ਇਕ ਸ਼ੱਕੀ ਵਿਅਕਤੀ ਨੂੰ ਕਾਬੂ ਕੀਤਾ। ਕਾਬੂ ...
ਬੰਗਲਾਦੇਸ਼ ਨੇ ਅਫ਼ਗ਼ਾਨਿਸਤਾਨ ਨੂੰ ਜਿੱਤ ਲਈ ਦਿੱਤਾ 263 ਦੌੜਾਂ ਦਾ ਟੀਚਾ
. . .  1 day ago
ਹੋਰ ਖ਼ਬਰਾਂ..

ਅਜੀਤ ਮੈਗਜ਼ੀਨ

ਉਦਾਸ ਮਨ, ਬੋਝਲ ਤਨ ਅਤੇ ਕਸਰਤ

ਨਿੱਘਰਦੇ ਜਾ ਰਹੇ ਵਾਤਾਵਰਨ ਵਾਲੇ ਇਸ ਸੰਸਾਰ ਵਿਚ ਵੀ ਅਰੋਗ ਤਨ ਅਤੇ ਸੰਤੁਸ਼ਟ ਮਨ ਆਸਰੇ ਸਵਰਗ ਮਾਣ ਸਕਣਾ ਸੰਭਵ ਹੈ | ਬੋਝਲ ਤਨ ਜਾਂ ਬੁਝੇ ਮਨ ਨਾਲ ਅਜਿਹਾ ਕਰ ਸਕਣਾ ਸੰਭਵ ਨਹੀਂ | ਜਿਹੋ-ਜਿਹਾ ਜੀਵਨ-ਢੰਗ ਅਸੀਂ ਅਪਣਾ ਰੱਖਿਆ ਹੈ ਅਤੇ ਜਿਹੋ-ਜਿਹਾ ਸਾਡਾ ਖਾਣ-ਪੀਣ ਹੈ, ਬੋਝਲ ਸਰੀਰ ਵੀ ਅਤੇ ਉਦਾਸ ਮਨ ਵੀ ਲਗਾਤਾਰ ਵਧਦੀ ਜਾ ਰਹੀ ਗਿਣਤੀ 'ਚ ਸ਼ਾਮਿਲ ਹੁੰਦੇ ਨਜ਼ਰ ਆ ਰਹੇ ਹਨ | ਇਕ ਤਰ੍ਹਾਂ ਇਨ੍ਹਾਂ ਦਾ ਇਕ-ਦੂਜੇ ਨਾਲ ਸਬੰਧ ਵੀ ਹੈ | ਸਰੀਰ ਦੇ ਬੋਝ ਤੋਂ ਛੁਟਕਾਰਾ ਪਾਉਣ ਬਾਰੇ ਜਿਹੜੇ ਸੋਚਦੇ ਹਨ, ਉਨ੍ਹਾਂ ਨੂੰ ਚੁਫੇਰਿਓਾ ਕਸਰਤ ਆਰੰਭ ਕਰ ਦੇਣ ਦੀ ਰਾਇ ਮਿਲਦੀ ਹੈ | ਲੰਬੇ ਸਮੇਂ ਤਕ ਦਿੱਤੀ ਇਸ ਰਾਇ ਦੀ ਪਾਲਣਾ ਕਰਦੇ ਰਹਿਣ ਉਪਰੰਤ ਵੀ ਬਹੁਤਿਆਂ ਦੀ ਉਹ ਆਸ ਪੂਰੀ ਨਹੀਂ ਹੁੰਦੀ, ਜਿਸ ਨਾਲ ਉਨ੍ਹਾਂ ਨੇ ਕਸਰਤ ਕਰਨੀ ਆਰੰਭ ਕੀਤੀ ਸੀ | ਇਸ ਲਈ, ਕਿਉਂਕਿ ਉਨ੍ਹਾਂ ਦਾ ਖਾਣ-ਪੀਣ ਅੰਕੁਸ਼-ਮੁਕਤ ਸੀ | ਪ੍ਰਤੱਖ ਹੈ ਕਿ ਖਾਣ-ਪੀਣ ਵੱਲ ਧਿਆਨ ਨਾ ਦੇ ਕੇ ਅਤੇ ਨਿਰੋਲ ਕਸਰਤ ਉਪਰ ਨਿਰਭਰ ਹੋ ਕੇ ਸਰੀਰ ਦਾ ਵਜ਼ਨ ਘਟਾਉਣ ਦੀ ਆਸ ਰੱਖਣਾ ਫਜ਼ੂਲ ਹੈ |
ਸਰੀਰ ਦਾ ਵਜ਼ਨ ਤਦ ਵਧਣ ਲੱਗਦਾ ਹੈ, ਜਦ ਸਰੀਰ ਅੰਦਰ ਭੋਜਨ ਦੇ ਰੂਪ 'ਚ ਪ੍ਰਵੇਸ਼ ਕਰ ਰਹੇ ਪਦਾਰਥ, ਸਾਰੇ ਦੇ ਸਾਰੇ, ਊਰਜਾ ਉਪਜਾਉਣ ਲਈ ਖ਼ਰਚ ਨਹੀਂ ਹੁੰਦੇ | ਭੋਜਨ ਦਾ ਅਣਵਰਤਿਆ ਭਾਗ ਸਰੀਰ ਅੰਦਰ ਚਰਬੀ ਦੇ ਰੂਪ 'ਚ ਇਕੱਤਰ ਹੋਣ ਲੱਗਦਾ ਹੈ | ਹਰ ਇਕ ਖਾਣੇ ਉਪਰੰਤ ਸਰੀਰਕ ਚਰਬੀ 'ਚ ਵਾਧਾ ਹੁੰਦਾ ਰਹਿੰਦਾ ਹੈ ਅਤੇ ਹੋਰ ਵੀ ਜੋ ਜੋ ਸੰਘੋਂ ਪਾਰ ਹੁੰਦਾ ਹੈ, ਉਸ ਦਾ ਵੀ ਇਹੋ ਹਸ਼ਰ ਹੁੰਦਾ ਹੈ | ਸਰੀਰ ਅੰਦਰ ਜੋ ਵੀ ਜਾ ਰਿਹਾ ਹੈ, ਜੇਕਰ ਉਸ ਦਾ ਨਿਪਟਾਰਾ ਕਰਨ ਦੀ ਹੱਦ ਤਕ ਇਹ ਸਰੀਰ ਕਾਰਜਸ਼ੀਲ ਨਹੀਂ, ਤਦ ਇਸ ਦੇ ਵਜ਼ਨ 'ਚ ਵਾਧਾ ਹੁੰਦੇ ਰਹਿਣਾ ਕੁਦਰਤੀ ਹੈ | ਕਸਰਤ ਦੁਆਰਾ ਸਰੀਰਕ ਸਰਗਰਮੀਆਂ 'ਚ ਵਾਧਾ ਕਰਕੇ ਊਰਜਾ ਦਾ ਨਿਪਟਾਰਾ ਤਾਂ ਕੀਤਾ ਜਾ ਸਕਦਾ ਹੈ, ਪਰ ਕਸਰਤ ਕਰ ਸਕਣ ਦੀ ਵੀ ਹਰ ਇਕ ਵਿਅਕਤੀ ਦੀ ਆਪਣੀ ਸੀਮਾ ਹੈ | ਸਾਈਕਲ ਦੀ ਸਵਾਰੀ ਜਾਂ ਫੇਰੇ-ਤੋਰੇ ਰਾਹੀਂ ਕਿੰਨੀ ਕੁ ਊਰਜਾ ਖ਼ਰਚ ਕੀਤੀ ਜਾ ਸਕਦੀ ਹੈ, ਇਸ ਦਾ ਅੰਦਾਜ਼ਾ ਇਸੇ ਤੋਂ ਲਾਇਆ ਜਾ ਸਕਦਾ ਹੈ ਕਿ ਚਮਚ ਭਰ ਖੰਡ ਦੀ ਜਾਂ ਫਿਰ ਇਕ ਰਸਗੁਲੇ ਜਾਂ ਗੁਲਾਬ ਜਾਮਨ ਦੀ ਪੈਦਾ ਊਰਜਾ ਦਾ ਨਿਪਟਾਰਾ ਕਰਨ ਲਈ ਵਿਅਕਤੀ ਨੂੰ ਦੋ ਕਿਲੋਮੀਟਰ ਤੋਂ ਵੀ ਵੱਧ ਦਾ ਫ਼ਾਸਲਾ ਦੌੜ ਕੇ ਜਾਂ ਪੈਦਲ ਤੁਰ ਕੇ ਤੈਅ ਕਰਨਾ ਪੈਂਦਾ ਹੈ | ਸਰੀਰ ਦੀਆਂ ਜੀਵਨ ਨੂੰ ਚਲਦਿਆਂ ਰੱਖ ਰਹੀਆਂ ਕਿਰਿਆਵਾਂ ਪੂਰੀਆਂ ਹੋਣ ਲਈ ਹਰ ਇਕ ਆਦਮੀ ਨੂੰ ਹਰ ਰੋਜ਼ ਢਾਈ ਹਜ਼ਾਰ ਕੈਲੋਰੀਆਂ ਊਰਜਾ ਦੀ ਲੋੜ ਰਹਿੰਦੀ ਹੈ ਅਤੇ ਔਰਤ ਨੂੰ ਇਸ ਨਾਲੋਂ 700 ਕੈਲੋਰੀਆਂ ਘੱਟ | ਇਸ ਤੋਂ ਵਾਧੂ ਸਰੀਰ ਅੰਦਰ ਉਪਜ ਰਹੀ ਊਰਜਾ ਦਾ ਨਿਪਟਾਰਾ ਕਰਨ ਲਈ ਸਰੀਰ ਨੂੰ ਵੱਖ-ਵੱਖ ਤਰੀਕਿਆਂ ਨਾਲ ਸਰਗਰਮ ਰਹਿਣ ਦੀ ਲੋੜ ਹੁੰਦੀ ਹੈ |
ਦੌੜ-ਭੱਜ ਕਰਦਿਆਂ ਅਤੇ ਲਗਭਗ ਕੁਝ ਨਾ ਕਰਦਿਆਂ ਬਿਤਾਏ ਜਾ ਰਹੇ ਜੀਵਨ ਦੌਰਾਨ ਊਰਜਾ ਦੀ ਖਪਤ 'ਚ ਕਿੰਨਾ ਕੁ ਅੰਤਰ ਹੈ, ਇਹ ਜਾਨਣ ਲਈ ਅਫ਼ਰੀਕਾ ਦੇ ਇਕ ਅਜਿਹੇ ਕਬੀਲੇ ਨੂੰ ਪਰਖ ਲਈ ਚੁਣਿਆ ਗਿਆ, ਜਿਸ ਨੇ ਸ਼ਿਕਾਰ ਉਪਰ ਅਤੇ ਕੰਦ-ਮੂਲ ਇਕੱਤਰ ਕਰਨ ਉਪਰ ਨਿਰਭਰ ਜੀਵਨ-ਢੰਗ ਅਪਣਾ ਰੱਖਿਆ ਸੀ | ਇਸ ਕਬੀਲੇ ਦੇ ਪੁਰਸ਼ ਦਿਨ ਭਰ ਸ਼ਿਕਾਰ ਦੀ ਭਾਲ 'ਚ ਭਟਕਦੇ ਫਿਰਦੇ, ਹਰ ਰੋਜ਼ 10 ਕਿਲੋਮੀਟਰ ਦੇ ਲਗਪਗ ਫ਼ਾਸਲਾ ਤੈਅ ਕਰ ਰਹੇ ਸਨ | ਕਬੀਲੇ ਦੀਆਂ ਔਰਤਾਂ ਵੀ ਕੰਦ-ਮੂਲ ਇਕੱਠਾ ਕਰਨ 'ਚ ਰੁੱਝੀਆਂ ਰਹਿੰਦੀਆਂ ਸਨ | ਜਦ ਇਨ੍ਹਾਂ ਦੁਆਰਾ ਪ੍ਰਤੀ ਦਿਨ ਖ਼ਰਚ ਹੋ ਰਹੀ ਊਰਜਾ ਦੀ ਤੁਲਨਾ ਸ਼ਹਿਰ-ਨਿਵਾਸੀਆਂ ਵਲੋਂ ਖ਼ਰਚ ਕੀਤੀ ਜਾ ਰਹੀ ਊਰਜਾ ਨਾਲ ਕੀਤੀ ਗਈ, ਤਦ ਦੇਖਿਆ ਗਿਆ ਕਿ ਦੋਵਾਂ ਵਿਚਕਾਰ ਮਾਮੂਲੀ ਫਰਕ ਸੀ, ਸਿਰਫ਼ ਕੁਝ ਕੁ ਸੌ ਕੈਲੋਰੀਆਂ ਦਾ ਅੰਤਰ | ਆਦਿਵਾਸੀ, ਸ਼ਹਿਰ ਨਿਵਾਸੀਆਂ ਨਾਲੋਂ, ਪ੍ਰਤੀ ਵਿਅਕਤੀ ਅਤੇ ਪ੍ਰਤੀ ਦਿਨ, ਤਿੰਨ ਸੌ ਕੈਲੋਰੀਆਂ ਵੱਧ ਊਰਜਾ ਖ਼ਰਚ ਕਰ ਰਹੇ ਸਨ | ਇਕ ਵੱਖਰੇ ਖੋਜ-ਪ੍ਰਾਜੈਕਟ ਨੇ ਵੀ ਉਪਰੋਕਤ ਪ੍ਰਾਪਤ ਸਿੱਟੇ ਦੀ ਪੁਸ਼ਟੀ ਕੀਤੀ | ਇਸੇ ਖੋਜ-ਪ੍ਰਾਜੈਕਟ ਨੇ ਇਹ ਵੀ ਦਰਸਾਇਆ ਕਿ ਨਿੱਤ ਅੱਧਾ ਘੰਟਾ ਕਸਰਤ ਕਰਦੇ ਵਿਅਕਤੀਆਂ ਦੇ ਸਰੀਰ ਦਾ ਵਜ਼ਨ, ਲੰਬਾ ਸਮਾਂ ਲੰਘ ਜਾਣ ਉਪਰੰਤ ਵੀ, ਘਟਣ ਦੀ ਬਜਾਏ ਸਗੋਂ ਥੋੜ੍ਹਾ ਵਧਿਆ | ਅਜਿਹਾ ਹੋਣ ਦਾ ਕਾਰਨ ਇਹ ਸੀ ਕਿ ਇਨ੍ਹਾਂ ਦੇ ਖਾਣ-ਪੀਣ 'ਚ ਸੰਕੋਚ ਦਾ ਦਖ਼ਲ ਨਹੀਂ ਸੀ |
ਜੇਕਰ ਕਸਰਤ ਰਾਹੀਂ ਸਰੀਰ ਦਾ ਵਜ਼ਨ ਘੱਟ ਕਰਨ ਦਾ ਵਿਚਾਰ ਹੈ, ਤਾਂ ਸਰੀਰ ਦੀ ਲੋੜ ਤੋਂ ਵੱਧ ਗ੍ਰਹਿਣ ਕੀਤੇ ਜਾ ਰਹੇ ਭੋਜਨ ਅਨੁਕੂਲ ਕਸਰਤ 'ਚ ਵੀ ਵਾਧਾ ਹੁੰਦੇ ਰਹਿਣਾ ਜ਼ਰੂਰੀ ਹੈ | ਕਸਰਤ ਕਰਦਿਆਂ, ਦੌੜਦਿਆਂ ਜਾਂ ਟੈਨਿਸ ਜਾਂ ਬੈਡਮਿੰਟਨ ਖੇਡਦਿਆਂ ਨਿਕਲ ਰਹੇ ਪਸੀਨੇ ਨੂੰ ਭਾਂਪ ਕੇ ਅਸੀਂ ਅਨੁਮਾਨ ਲਾ ਲੈਂਦੇ ਹਾਂ ਕਿ ਅਸੀਂ ਢੇਰ ਸਾਰੀ ਊਰਜਾ ਦਾ ਨਿਪਟਾਰਾ ਕਰ ਬੈਠੇ ਹਾਂ | ਪਰ ਸਾਡਾ ਅਨੁਮਾਨ, ਸਹੀ ਨਹੀਂ ਹੁੰਦਾ | ਜਿੰਨੀ ਊਰਜਾ ਖ਼ਰਚ ਹੋ ਜਾਣ ਦਾ ਅਨੁਮਾਨ ਹੁੰਦਾ ਹੈ, ਉਸ ਦਾ ਤੀਜਾ ਹਿੱਸਾ ਹੀ ਭਾਵੇਂ ਖ਼ਰਚ ਹੋਇਆ ਹੁੰਦਾ ਹੈ | ਪਰ ਅਸੀਂ, ਮਨ ਅੰਦਰ ਘਰ ਕਰ ਗਏ ਅਨੁਭਵ ਮੁਤਾਬਿਕ ਆਪਣੇ-ਆਪ ਨੂੰ ਖਾਣ-ਪੀਣ ਦੀ ਖੁੱਲ੍ਹ ਦੇ ਦਿੰਦੇ ਹਾਂ ਅਤੇ ਸੁਸਤਾਉਣ ਵੀ ਲੋੜ ਤੋਂ ਵੱਧ ਲੱਗਦੇ ਹਾਂ | ਇਸ ਤਰ੍ਹਾਂ ਵਹਾਇਆ ਗਿਆ ਪਸੀਨਾ ਨਾ ਵਹਾਉਣ ਬਰਾਬਰ ਹੋ ਜਾਂਦਾ ਹੈ ਅਤੇ ਕੀਤੀ ਕਸਰਤ ਨਾ ਕਰਨ ਬਰਾਬਰ | ਕਸਰਤ, ਪਰ, ਸੀਮਿਤ ਹੱਦ ਤਕ ਹੀ ਊਰਜਾ ਦਾ ਨਿਪਟਾਰਾ ਕਰਨ ਯੋਗ ਹੈ | ਸਰੀਰ ਦਾ ਵਜ਼ਨ ਘਟਾਉਣ ਲਈ, ਨਾਲੋ-ਨਾਲ, ਗ੍ਰਹਿਣ ਕੀਤੇ ਜਾ ਰਹੇ ਭੋਜਨ 'ਚ ਵੀ ਕਟੌਤੀ ਕਰਦੇ ਰਹਿਣ ਦੀ ਲੋੜ ਹੁੰਦੀ ਹੈ |
ਸਰੀਰ ਦਾ ਵਜ਼ਨ ਘੱਟ ਕਰਨ ਲਈ ਜਿਨ੍ਹਾਂ ਗੱਲਾਂ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ, ਉਹ ਹਨ : ਮਿੱਥੇ ਸਮੇਂ ਲਈ ਕੀਤੀ ਕਸਰਤ ਦੌਰਾਨ ਓਨੀ ਊਰਜਾ ਖ਼ਰਚ ਨਹੀਂ ਹੁੰਦੀ, ਜਿੰਨੀ ਦਿਨ ਭਰ ਤੁਰਦਿਆਂ-ਫਿਰਦਿਆਂ, ਪੌੜੀਆਂ ਚੜ੍ਹਦਿਆਂ-ਉਤਰਦਿਆਂ, ਸਾਈਕਲ ਦੀ ਸਵਾਰੀ ਕਰਦਿਆਂ, ਇਥੋਂ ਤਕ ਕਿ ਸੋਚਦਿਆਂ-ਵਿਚਾਰਦਿਆਂ ਵੀ ਅਤੇ ਲਿਖਦਿਆਂ-ਪੜ੍ਹਦਿਆਂ ਖਰਚ ਹੁੰਦੀ ਹੈ | ਮਾਸ-ਪੇਸ਼ੀਆਂ ਨੂੰ ਹਰ ਤਰ੍ਹਾਂ ਦੀ ਹਰਕਤ ਕਰਨ ਲਈ ਅਤੇ ਦਿਮਾਗ਼ ਨੂੰ ਹਰ ਸਮੇਂ ਰੱੁਝੇ ਰਹਿਣ ਲਈ ਊਰਜਾ ਚਾਹੀਦੀ ਹੀ ਚਾਹੀਦੀ ਹੈ | ਖਾਣ ਲਈ ਪਦਾਰਥਾਂ ਦੀ ਚੋਣ ਕਰਦਿਆਂ ਇਸ ਵੱਲ ਵੀ ਧਿਆਨ ਦੇਣ ਦੀ ਲੋੜ ਹੈ ਕਿ ਇਹ ਇਕਸਾਰ ਊਰਜਾ ਨਹੀਂ ਉਪਜਾਉਂਦੇ | ਕੁਝ ਖਾਣ-ਪਦਾਰਥ ਤਾਂ ਹੋਰਨਾਂ ਦੇ ਟਾਕਰੇ ਬੇਹੱਦ ਵਧੇਰੇ ਊਰਜਾ ਉਪਜਾਉਣ ਯੋਗ ਹਨ, ਜਿਵੇਂ ਕਿ ਚੀਕਣੇ ਤਲੇ ਹੋਏ, ਵਾਧੂ ਮੈਦੇ ਅਤੇ ਮਿੱਠੇ ਵਾਲੇ ਪਦਾਰਥ | ਉਧਰ, ਛਿਲਕੇਦਾਰ ਦਾਲਾਂ-ਦਾਣੇ ਅਤੇ ਫਲ-ਸਬਜ਼ੀਆਂ, ਇਸ ਦੇ ਮੁਕਾਬਲੇ 'ਚ, ਘੱਟ ਊਰਜਾ ਉਪਜਾ ਰਹੇ ਖਾਣ-ਪਦਾਰਥ ਹਨ | ਰੇਸ਼ੇਦਾਰ ਖਾਣ-ਪਦਾਰਥ ਤਾਂ ਬੜੀ ਮਾਮੂਲੀ ਊਰਜਾ ਉਪਜਾਉਣ ਦੇ ਸ੍ਰੋਤ ਹਨ | ਫਿਰ, ਹਰ ਵਿਕਅਤੀ 'ਚ ਪ੍ਰਕਿਰਿਆਵਾਂ ਦੇ ਨੇਪਰੇ ਚੜ੍ਹਨ ਦੀ ਗਤੀ 'ਚ ਵੀ ਅੰਤਰ ਹੁੰਦਾ ਹੈ | ਊਰਜਾ ਦਾ ਸੁਸਤ ਭੁਗਤਾਨ ਕਰ ਰਹੇ ਵਿਅਕਤੀਆਂ ਨੂੰ , ਹੋਰਨਾਂ ਦੇ ਟਾਕਰੇ, ਘੱਟ ਭੋਜਨ ਗ੍ਰਹਿਣ ਕਰਨ ਦੀ ਲੋੜ ਹੁੰਦੀ ਹੈ |
ਸਰੀਰ 'ਚ ਚਰਬੀ ਜਮ੍ਹਾਂ ਹੁੰਦੀ ਹੀ ਕਿਉਂ ਹੈ, ਜੇਕਰ ਇਸ ਦੀ ਲੋੜ ਹੀ ਨਹੀਂ? ਇਹ ਵਿਵਸਥਾ ਸਾਨੂੰ ਆਪਣੇ ਵਡੇਰਿਆਂ ਤੋਂ ਵਿਰਸੇ 'ਚ ਮਿਲੀ ਹੈ | ਸਾਡੇ ਲਈ ਅੱਜ ਭਾਵੇਂ ਇਹ ਅਣਚਾਹੀ ਸਥਿਤੀ ਹੈ, ਪਰ, ਉਨ੍ਹਾਂ ਲਈ ਇਹ ਅਤੀ ਲਾਭਦਾਇਕ ਸਿੱਧ ਹੋ ਰਹੀ ਵਿਵਸਥਾ ਸੀ | ਉਨ੍ਹਾਂ ਨੂੰ ਹਰ ਸਮੇਂ ਪੇਟ ਭਰ ਖਾਣ ਨੂੰ ਨਸੀਬ ਨਹੀਂ ਸੀ ਹੁੰਦਾ | ਸਰੀਰ ਅੰਦਰ ਇਕੱਤਰ ਹੋਈ ਚਰਬੀ ਉਹ ਤਦ ਵਰਤਣਾ ਆਰੰਭ ਕਰ ਦਿੰਦੇ ਸਨ, ਜਦ ਉਨ੍ਹਾਂ ਨੂੰ ਫਾਕੇ ਕੱਟਣੇ ਪੈਂਦੇ ਸਨ | ਉਨ੍ਹਾਂ ਦਾ ਸ਼ਿਕਾਰ ਉਪਰ ਨਿਰਭਰ ਜੀਵਨ ਬੀਤ ਰਿਹਾ ਸੀ ਅਤੇ ਕਦੀ-ਕਦਾਈਾ ਉਨ੍ਹਾਂ ਨੂੰ ਖਾਲੀ ਹੱਥ ਹੀ ਟਿਕਾਣਿਆਂ 'ਤੇ ਪਰਤਣਾ ਪੈਂਦਾ ਸੀ | ਅਜਿਹੇ ਸਮੇਂ, ਨੱਠ-ਭੱਜ ਕਰ ਰਹੇ ਸਰੀਰ ਨੂੰ ਸਰੀਰ ਅੰਦਰ ਇਕੱਤਰ ਹੋਈ ਚਰਬੀ ਦਾ ਹੀ ਆਸਰਾ ਹੁੰਦਾ ਸੀ | ਇਹ ਵੱਖਰੀ ਗੱਲ ਹੈ ਕਿ ਵਰਤਮਾਨ ਸਥਿਤੀ 'ਚ ਸਰੀਰ ਅੰਦਰ ਇਕੱਤਰ ਹੋਈ ਚਰਬੀ ਲਾਭਦਾਇਕ ਹੋਣ ਦੀ ਬਜਾਏ ਇਸ ਨੂੰ ਬੋਝਲ ਬਣਾਉਂਦੇ ਰਹਿਣ ਦਾ ਸਾਧਨ ਸਿੱਧ ਹੋ ਰਹੀ ਹੈ | ਸਾਡੇ ਵਡੇਰੇ ਜੇਕਰ ਲੁਪਤ ਹੋਣੋਂ ਬਚੇ ਰਹੇ ਹਨ, ਤਦ ਔੜ ਸਮੇਂ ਊਰਜਾ ਉਪਲਬਧ ਕਰਵਾਉਂਦੀ ਵਿਵਸਥਾ ਕਾਰਨ ਹੀ ਬਚੇ ਰਹੇ ਹਨ, ਜਿਸ ਦੇ ਸਿੱਟੇ ਵਜੋਂ ਅਸੀਂ ਵੀ ਸੰਸਾਰ ਵਿਖੇ ਦੇਖ ਸਕੇ ਹਾਂ |
ਉਪਰੋਕਤ ਦੇ ਇਹ ਅਰਥ ਵੀ ਨਹੀਂ ਕਿ ਕਸਰਤ ਕਰਨ ਦਾ ਸਾਡੇ ਲਈ ਕੋਈ ਮਹੱਤਵ ਹੀ ਨਹੀਂ ਹੈ | ਕਸਰਤ ਕਰਨ ਦਾ ਸਾਨੂੰ ਅਰੋਗ ਰੱਖਣ ਲਈ ਅਤੇ ਸਾਡੇ ਮਨ ਨੂੰ ਬੁਸਣ ਨਾ ਦੇਣ ਲਈ ਵਿਸ਼ੇਸ਼ ਮਹੱਤਵ ਹੈ | ਆਲਸ ਤੋਂ ਬਚਣ ਲਈ, ਦਿਲ ਅਤੇ ਦਿਮਾਗ਼ ਨੂੰ ਆਪੋ-ਆਪਣੇ ਕਾਰਜ ਸਹੀ ਢੰਗ ਨਾਲ ਨਿਭਾਉਣ ਯੋਗ ਅਵਸਥਾ 'ਚ ਰੱਖਣ ਲਈ, ਸ਼ਕਰ-ਰੋਗ ਤੋਂ ਬਚੇ ਰਹਿਣ ਲਈ, ਲਹੂ ਦੇ ਦਬਾਓ ਨੂੰ ਵਧਣ ਨਾ ਦੇਣ ਲਈ ਅਤੇ ਬੁਢਾਪੇ ਦੀ ਅਵਸਥਾ 'ਚ ਸਹਿਜ ਢੰਗ ਨਾਲ ਪ੍ਰਵੇਸ਼ ਕਰਨ ਲਈ ਨਿਯਮਿਤ ਕਸਰਤ ਕਰਦੇ ਰਹਿਣ ਦਾ ਕੋਈ ਬਦਲ ਨਹੀਂ | ਸਾਈਕਲ ਦੀ ਸਵਾਰੀ, ਮੰਦਗਤੀ ਨਾਲ ਦੌੜ ਅਤੇ ਸੈਰ ਕਰਨ ਉਪਰ ਨਿਰਭਰ ਕਸਰਤ ਰਾਹੀਂ ਤਨ ਨੂੰ ਰਿਸ਼ਟ-ਪੁਸ਼ਟ ਅਤੇ ਮਨ ਨੂੰ ਚਿੰਤਾਵਾਂ ਤੋਂ ਮੁਕਤ ਰੱਖਿਆ ਜਾ ਸਕਦਾ ਹੈ | ਲੰਬੀ ਮਿਆਦ ਤੱਕ ਬਣੀ ਰਹਿਣ ਵਾਲੀ ਸਰੀਰਕ ਹਰਕਤ ਦੌਰਾਨ ਦਿਮਾਗ਼ ਅੰਦਰ ਅਜਿਹੇ ਰਸ (ਐਾਡਾਰਫਿਨ) ਰਿਸਣ ਲਗਦੇ ਹਨ, ਜਿਹੜੇ ਮਨ ਨੂੰ ਤਣਾਓ ਤੋਂ ਮੁਕਤ ਕਰਵਾ ਕੇ, ਇਸ ਨੂੰ ਚੜ੍ਹਦੀ ਕਲਾ 'ਚ ਵਿਚਰਦਿਆਂ ਰੱਖਦੇ ਹਨ | ਅਜਿਹੀ ਸਥਿਤੀ 'ਚ ਮਨ ਦੀ ਇਕਾਗਰਤਾ ਅਤੇ ਮਾਨਸਿਕ ਰੁਚੀਆਂ ਵਿਚਕਾਰ ਸੰਤੁਲਨ ਵੀ ਬਣਿਆ ਰਹਿੰਦਾ ਹੈ | ਬੀਤਦੀ ਉਮਰ ਦੇ ਨਾਲ ਨਾਲ, ਲਗਾਤਾਰ ਕਸਰਤ ਰਾਹੀਂ, ਸੁੰਗੜਦੇ ਜਾ ਰਹੇ ਦਿਮਾਗ਼ ਅੰਦਰ ਯਾਦਾਸ਼ਤ ਨੂੰ ਲੰਬੀ ਮਿਆਦ ਤੱਕ ਕਾਇਮ ਰੱਖਿਆ ਜਾ ਸਕਦਾ ਹੈ ਅਤੇ ਸਰੀਰ ਅੰਦਰ ਵੀ, ਇਸ ਨੂੰ ਅਰੋਗ ਰਹਿਣ ਲਈ ਜੋ-ਜੋ ਚਾਹੀਦਾ ਹੈ, ਭਰਪੂਰ ਮਾਤਰਾ 'ਚ ਰਿਸਦਾ ਰਹਿੰਦਾ ਹੈ |

-ਫ਼ੋਨ : 0175-3046541


ਖ਼ਬਰ ਸ਼ੇਅਰ ਕਰੋ

ਪੰਜ ਤੱਤਾਂ ਦੀ ਦੁਨੀਆ ਵਿਚ ਅੱਜ ਕਿੰਨੇ ਤੱਤ ਹਨ?

ਭਾਸ਼ਾ ਸ਼ਬਦਾਂ ਆਸਰੇ ਤੁਰਦੀ ਹੈ | ਸ਼ਬਦ ਵੇਖੇ-ਸੁਣੇ ਅਨੁਭਵ ਕੀਤੇ ਜਗਤ ਨੂੰ ਵਸਤਾਂ, ਅਨੁਭਵਾਂ, ਸੰਕਲਪਾਂ ਵਿਚ ਸੰਗਠਿਤ ਕਰਦੇ ਹਨ | ਨਵੇਂ ਗਿਆਨ ਨਾਲ ਤੁਰਨ ਲਈ ਸ਼ਬਦਾਂ ਦਾ ਜਗਤ ਵੀ ਫੈਲਦਾ ਹੈ | ਪੁਰਾਣੇ ਸ਼ਬਦਾਂ ਦਾ ਅਰਥ ਸੰਕੋਚ, ਅਰਥ ਵਿਸਤਾਰ ਤੇ ਅਰਥ ਪਰਿਵਰਤਨ ਹੁੰਦਾ ਹੈ | ਸ਼ਬਦ ਦੇ ਅੰਦਰ ਕੁਝ ਵੀ ਨਹੀਂ ਹੁੰਦਾ | ਪਿਆਜ਼ ਵਾਂਗ ਤਹਿ ਦਰ ਤਹਿ ਕਿਸੇ ਵੀ ਸ਼ਬਦ ਦਾ ਅਰਥ ਸਮਝਣ ਦਾ ਯਤਨ ਕਰੋ | ਕੋਸ਼ ਚੁੱਕੋ ਜਾਂ ਕਿਸੇ ਸਿਆਣੇ ਨੂੰ ਪੁੱਛੋ | ਉਹ ਉਸ ਸ਼ਬਦ ਦਾ ਅਰਥ ਦੂਜੇ ਸ਼ਬਦਾਂ ਨਾਲੋਂ ਫਰਕ ਦੱਸਦੇ ਹੋਏ ਸਮਝਾਈ ਜਾਵੇਗਾ | ਗਾਂ, ਮੱਝ ਤੇ ਬੱਕਰੀ ਨਾਲੋਂ ਵੱਖਰੀ ਦੱਸੇਗਾ | ਦੁੱਧ ਦੇਣ, ਨਾ ਦੇਣ ਵਾਲੇ ਜਾਨਵਰਾਂ ਵਾਲੇ ਵਰਗ ਦਾ ਇਕ ਪਸ਼ੂ ਕਹੇਗਾ | ਅਖੀਰ ਤਸਵੀਰ ਦਿਖਾ ਕੇ ਜਾਂ ਗਾਂ ਦਿਖਾ ਕੇ ਗੱਲ ਮੁਕਾਵੇਗਾ | ਨਗਰ ਦਾ ਅਰਥ ਦਸਣ ਲਈ ਉਸ ਨੂੰ ਕਸਬੇ/ਬਸਤੀ ਤੋਂ ਵੱਡਾ ਘਰਾਂ ਦਾ ਇਕੱਠ ਕਹੇਗਾ | ਸ਼ਹਿਰ/ਮਹਾਂਨਗਰ ਤੋਂ ਛੋਟਾ, ਤੇ ਫਿਰ ਉਦਾਹਰਨਾਂ ਦੇ ਕੇ ਗੱਲ ਮੁੱਕੇਗੀ | ਸ਼ਬਦ, ਸੰਕਲਪ, ਅਨੁਭਵ, ਗਿਆਨ ਸਭ ਸਰਲ ਤੋਂ ਜਟਿਲ ਵੱਲ ਯਾਤਰਾ ਕਰਦੇ ਹਨ | ਸਾਧਾਰਨ ਤੋਂ ਵਿਸ਼ੇਸ਼ ਵੱਲ | ਸਥੂਲ ਤੋਂ ਸੂਖਮ ਵੱਲ | ਬਾਰੀਕ ਤੋਂ ਹੋਰ ਬਾਰੀਕ ਵੱਲ |
ਸਾਡੇ ਵੱਡੇ-ਵਡੇਰਿਆਂ ਨੇ ਆਸ-ਪਾਸ ਦਾ ਜਗਤ ਵੇਖਿਆ | ਇਸ ਦੀਆਂ ਭਾਂਤ-ਭਾਂਤ ਦੀਆਂ ਸ਼ੈਆਂ ਤੇ ਜੀਅ ਜੰਤ ਦੇਖੇ | ਬਣਦੇ ਵਿਗਸਦੇ | ਉਗਦੇ/ਜੰਮਦੇ ਮਰਦੇ ਚਿੰਦ-ਪਰਿੰਦ | ਪਸ਼ੂ-ਪੰਛੀ ਤੇ ਮਨੁੱਖ | ਗਲ ਸੜ ਕੇ ਮੁੱਕਦੀ ਟੁੱਟਦੀ ਬਿਨਸਦੀ ਦੁਨੀਆ | ਫੁੱਲ-ਬੂਟੇ ਬਨਸਪਤੀ | ਕਿਥੋਂ ਆਉਂਦਾ ਹੈ ਸਾਰਾ ਕੁਝ? ਕਿਥੇ ਤੁਰ ਜਾਂਦਾ ਹੈ? ਉਨ੍ਹਾਂ ਵੇਖਿਆ ਕਿ ਸਭ ਕੁਝ ਹਵਾ, ਪਾਣੀ, ਮਿੱਟੀ, ਸੇਕ (ਅੱਗ) ਨੂੰ ਆਕਾਸ਼ (ਵਿੱਥ/ਸਪੇਸ) ਵਿਚ ਪਸਾਰ ਕੇ ਹੀ ਖੇਡ ਸਿਰਜ ਰਿਹਾ ਹੈ | ਪੌਣ, ਪਾਣੀ, ਮਿੱਟੀ, ਅੱਗ, ਆਕਾਸ਼ (ਵਿੱਥ/ਸਪੇਸ) ਹੀ ਜੁੜ-ਟੁੱਟ ਕੇ ਸਾਰੇ ਜਗਤ ਨੂੰ ਢਾਅ ਬਣਾ ਰਹੇ ਹਨ | ਇਨ੍ਹਾਂ ਪੰਜ ਮੂਲ ਚੀਜ਼ਾਂ ਨਾਲ ਹੀ ਸਭ ਕੁਝ ਬਣ ਰਿਹਾ ਹੈ | ਇਨ੍ਹਾਂ ਨੂੰ ਉਨ੍ਹਾਂ ਪੰਜ ਤੱਤ/ਪੰਜ ਮੂਲ ਸ਼ੈਆਂ ਮੰਨਣ ਨਾਲ ਗੱਲ ਸ਼ੁਰੂ ਕੀਤੀ | ਬਸ ਪੰਜ ਤੱਤਾਂ ਦਾ ਸੰਕਲਪ ਜੰਮ ਪਿਆ | ਮੋਟੇ ਰੂਪ ਵਿਚ ਤਾਂ ਇਹ ਗੱਲ ਸੱਚ ਹੈ ਪਰ ਵਿਗਿਆਨ ਤਾਂ ਵਿਸ਼ੇਸ਼ ਗਿਆਨ ਹੈ | ਬਾਰੀਕੀ ਨਾਲ ਵੇਖਣ ਜਾਣਨ ਵੱਲ ਰੁਚਿਤ ਹੈ | ਇਸ ਲਈ ਇਸ ਨੇ ਤੱਤਾਂ ਨੂੰ ਸੱਚਮੁੱਚ ਬਾਰੀਕੀ ਨਾਲ ਜਾਣਨ ਦਾ ਯਤਨ ਕੀਤਾ | ਹਰ ਸ਼ੈਅ ਨੂੰ ਅੱਗੇ ਤੋਂ ਅੱਗੇ ਤੋੜ ਕੇ ਜਗਤ ਦੀ ਮੂਲ ਨਿੱਕੀ ਤੋਂ ਨਿੱਕੀ ਇਕਾਈ ਲੱਭਣ ਦਾ ਯਤਨ | ਵੱਖ-ਵੱਖ ਚੀਜ਼ਾਂ ਦੇ ਪਛਾਣੇ ਜਾਣ ਯੋਗ ਨਿੱਕੇ ਤੋਂ ਨਿੱਕੇ ਵੱਖਰੇ ਰੂਪ | ਵੱਖਰੀਆਂ ਇਕਾਈਆਂ | ਤੱਤ ਦੇ ਮੂਲ ਸੰਕਲਪ ਹੀ ਬਦਲ ਗਏ ਇਸ ਨਾਲ | ਐਟਮ ਐਟਮ ਤੋਂ ਛੋਟੇ ਕਣ ਅਤੇ ਐਟਮਾਂ/ਐਟਮ ਦੇ ਕਣਾਂ ਤੋਂ ਬਣੀਆਂ ਵੱਖ-ਵੱਖ ਇਕਾਈਆਂ ਦਾ ਜਟਿਲ ਜਗਤ ਵੇਖ ਕੇ ਵਿਗਿਆਨੀਆਂ ਨੇ ਐਟਮਾਂ/ਤੱਤਾਂ ਤੇ ਉਨ੍ਹਾਂ ਦੇ ਨਿੱਕੇ ਕਣਾਂ ਦੀ ਪਛਾਣ ਕੀਤੀ | ਉਨ੍ਹਾਂ ਦੇ ਰੰਗ ਰੂਪ, ਗੁਣ, ਸੁਭਾਅ, ਵਿਹਾਰ, ਵਿਸ਼ੇਸ਼ਤਾਵਾਂ ਅਨੁਸਾਰ ਉਨ੍ਹਾਂ ਦੇ ਨਾਂਅ ਰੱਖੇ | ਉਨ੍ਹਾਂ ਦਾ ਵਰਗੀਕਰਨ ਕਰਕੇ ਇਸ ਜਟਿਲ ਜਗਤ ਦੀ ਤਸਵੀਰ ਸਮਝਣੀ-ਸਮਝਾਉਣੀ ਸ਼ੁਰੂ ਕੀਤੀ | ਪੰਜ ਤੱਤਾਂ ਦੀ ਮੋਟੀ ਜੇਹੀ ਪਛਾਣ ਆਮ ਆਦਮੀ ਲਈ ਹੀ ਰਹਿ ਗਈ | ਵਿਗਿਆਨੀਆਂ ਨੇ ਤੱਤ ਦੇ ਵਿਸ਼ੇਸ਼ ਅਰਥ ਸਿਰਜ ਕੇ ਦਿਸਦੇ ਜਗਤ ਦੇ ਤੱਤਾਂ ਅਤੇ ਉਨ੍ਹਾਂ ਦੇ ਗੁਣਾਂ ਨੂੰ ਪਛਾਣ ਕੇ ਨਵੇਂ ਤੋਂ ਨਵੇਂ ਤੱਤਾਂ ਦੀ ਖੋਜ ਤੇ ਵਰਗੀਕਰਨ ਦਾ ਨਵਾਂ ਰਾਹ ਫੜਿਆ |
ਵਿਗਿਆਨੀਆਂ ਨੇ ਕਿਹਾ ਮੋਟੀ ਜੇਹੀ ਪਰਿਭਾਸ਼ਾ ਨੂੰ ਛੱਡੋ | ਸਾਡੇ ਲਈ ਤੱਤ ਉਹ ਪਦਾਰਥ ਹੈ ਜਿਸ ਨੂੰ ਤੋੜ ਕੇ ਕੋਈ ਹੋਰ ਪਦਾਰਥ ਬਣਾਉਣਾ ਸੰਭਵ ਨਹੀਂ | ਹਰ ਤੱਤ ਦੂਜੇ ਤੋਂ ਵੱਖਰਾ ਹੈ | ਇਕ ਤੱਤ ਦੇ ਸਾਰੇ ਐਟਮ ਇਕੋ ਜਿਹੇ ਹੁੰਦੇ ਹਨ ਤੇ ਦੂਜੇ ਤੱਤਾਂ ਦੇ ਕਿਸੇ ਵੀ ਐਟਮ ਨਾਲ ਨਹੀਂ ਰਲਦੇ | ਦੁਨੀਆ ਦੀ ਹਰ ਸ਼ੈਅ ਇਨ੍ਹਾਂ ਵਿਚੋਂ ਕੁਝ ਤੱਤਾਂ ਦੇ ਮੇਲ ਨਾਲ ਬਣੀ ਹੋਈ ਹੈ ਜਾਂ ਮੇਲ ਨਾਲ ਬਣੀਆਂ ਸ਼ੈਆਂ ਦਾ ਹੀ ਕੋਈ ਮਿਸ਼ਰਣ ਜਾਂ ਯੋਗਿਕ (ਸੰਯੋਗ) ਹੈ |
ਹੋਰ ਤਾਂ ਹੋਰ ਤੁਹਾਡੇ ਵਲੋਂ ਮੰਨੇ ਜਾਂਦੇ ਪੰਜ ਤੱਤਾਂ ਦਾ ਵੀ ਇਹੋ ਹਾਲ ਹੈ | ਇਨ੍ਹਾਂ ਵਿਚ ਦੋ ਜਾਂ ਦੋ ਤੋਂ ਵੱਧ ਤੱਤ ਹਨ | ਉਨ੍ਹਾਂ ਦੇ ਯੋਗਿਕ ਅਤੇ ਯੋਗਿਕਾਂ ਦੇ ਮਿਸ਼ਰਣ ਹਨ | ਕਿਸੇ ਵੀ ਇਕ ਤੱਤ ਦੇ ਇਕ ਐਟਮ ਵਿਚ ਤਿੰਨ ਤਰ੍ਹਾਂ ਦੇ ਛੋਟੇ-ਛੋਟੇ ਕਣ ਹੁੰਦੇ ਹਨ | ਪ੍ਰੋਟਾਨ, ਨਿਊਟ੍ਰਾਨ ਤੇ ਇਲੈਕਟ੍ਰਾਨ | ਪ੍ਰੋਟਾਨ ਤੇ ਨਿਊਟ੍ਰਾਨ ਸਾਰੇ ਦੇ ਸਾਰੇ ਉਸ ਦੀ ਨਾਭੀ ਵਿਚ ਹੁੰਦੇ ਹਨ | ਇਲੈਕਟ੍ਰਾਨ ਬਾਹਰ ਦੂਰ ਨੇੜੇ ਚੱਕਰ ਕੱਟੀ ਜਾਂਦੇ ਹਨ | ਇਲੈਕਟ੍ਰਾਨਾਂ ਦਾ ਭਾਰ ਬਹੁਤ ਹੀ ਮਾਮੂਲੀ ਹੁੰਦਾ ਹੈ | ਪ੍ਰੋਟਾਨ ਤੇ ਨਿਊਟ੍ਰਾਨ ਇਨ੍ਹਾਂ ਤੋਂ ਸੈਂਕੜੇ ਗੁਣਾਂ ਭਾਰੇ ਹੁੰਦੇ ਹਨ | ਇੰਜ ਐਟਮ ਦਾ ਭਾਰ ਲਗਪਗ ਸਾਰਾ ਹੀ ਪ੍ਰੋਟਾਨਾਂ ਤੇ ਨਿਊਟ੍ਰਾਨਾਂ ਦਾ ਹੀ ਭਾਰ ਹੁੰਦਾ ਹੈ |
ਨਵੀਂ ਖੋਜ ਨਾਲ ਤੱਤਾਂ ਦੀ ਗਿਣਤੀ ਪੰਜਾਂ ਤੋਂ ਵਧਣੀ ਲਾਜ਼ਮੀ ਸੀ | 10, 20, 30, 40, 50 ਤੋਂ ਇਹ ਛੇਤੀ ਟਪਦੀ ਦਿਸਣ ਲੱਗੀ ਹੈ | ਵਿਗਿਆਨੀਆਂ ਨੇ ਤੱਤਾਂ ਦੀ ਗਿਣਤੀ ਦੇ ਪੰਜਾਂ ਤੋਂ ਵਧਣ ਦੇ ਛੇਤੀ ਹੀ ਪਿਛੋਂ ਇਨ੍ਹਾਂ ਦੇ ਵਰਗੀਕਰਨ ਬਾਰੇ ਸੋਚਣਾ ਸ਼ੁਰੂ ਕਰ ਦਿੱਤਾ ਹੈ | ਸਭ ਤੋਂ ਪਹਿਲਾਂ ਸਥੂਲ ਸਾਧਾਰਨ ਵੰਡ ਠੋਸ ਤਰਲ ਤੇ ਗੈਸ ਹੀ ਸੌਖੀ ਲੱਗੀ | ਇਸ ਨਾਲ ਤਸੱਲੀ ਨਾ ਹੋਈ | 1789 ਵਿਚ ਲੈਵਾਇਜ਼ੀਅਰ ਨਾਂਅ ਦੇ ਫਰੈਂਚ ਵਿਗਿਆਨੀ ਨੇ ਉਦੋਂ ਤੱਕ ਗਿਆਤ ਤੇਤੀ ਤੱਤਾਂ ਨੂੰ ਗੈਸਾਂ, ਮੈਟਲਜ਼, ਅਰਥਜ਼ (ਭਾਂਤ ਭਾਂਤ ਦੀਆਂ ਮਿੱਟੀਆਂ) ਤੇ ਨਾਨ ਮੈਟਲਜ਼ ਵਿਚ ਵੰਡਿਆ | ਇਸ ਨਾਲ ਤੱਤਾਂ ਦੀ ਮੋਟੀ ਜੇਹੀ ਪਛਾਣ ਤਾਂ ਹੋ ਗਈ ਪਰ ਕੋਈ ਖਾਸ ਵਿਗਿਆਨਕ ਉਦੇਸ਼ ਇਸ ਨਾਲ ਵੀ ਪੂਰਾ ਨਾ ਹੋਇਆ | ਤੱਤਾਂ ਦੇ ਸੁਭਾਅ ਪੱਖੋਂ ਉਨ੍ਹਾਂ ਨੂੰ ਪਛਾਣਨ ਅਤੇ ਵਰਗਾਂ ਵਿਚ ਵੰਡ ਕੇ ਸੋਚਣ ਦੀ ਪਹਿਲ ਕਰਨ ਵਾਲਾ ਪਹਿਲਾ ਬੰਦਾ ਸੀ ਜਰਮਨ ਵਿਗਿਆਨੀ ਡੋਬਰੇਨਰ | ਉਸ ਨੇ ਤੱਤਾਂ ਦੀਆਂ ਤਿ੍ਕੜੀਆਂ (ਟਰਾਇਐਡਜ਼) ਬਣਾਈਆਂ | ਤੱਤਾਂ ਦੀ ਇਕ ਤਿ੍ਕੜੀ ਵਿਚਲੇ ਦੂਜੇ ਨੰਬਰ ਦੇ ਤੱਤ ਦਾ ਐਟਮੀ ਭਾਰ ਪਹਿਲੇ ਅਤੇ ਤੀਜੇ ਦੀ ਲਗਪਗ ਔਸਤ ਹੁੰਦਾ | ਉਦਾਹਰਨ ਲਈ ਲੀਥੀਅਮ ਸੋਡੀਅਮ ਪੋਟਾਸ਼ੀਅਮ ਦੀ ਤਿ੍ਕੜੀ ਲਓ | ਲਿਥੀਅਮ ਤੇ ਪੋਟਾਸ਼ੀਅਮ ਦੇ ਐਟਮੀ ਭਾਰ 6.9 ਅਤੇ 39 ਹਨ ਅਤੇ ਸੋਡੀਅਮ ਦਾ ਤੇਈ ਜੋ ਕਿ ਲਿਥੀਅਮ ਤੇ ਪੋਟਾਸ਼ੀਅਮ ਦੇ ਜੋੜ ਦਾ ਲਗਪਗ ਅੱਧਾ ਹੈ | ਉਸ ਦੀਆਂ ਤਿ੍ਕੜੀਆਂ ਦੀ ਗੱਲ ਬਹੁਤੀ ਕਾਮਯਾਬ ਨਾ ਹੋਈ ਤਾਂ ਇਕ ਅੰਗਰੇਜ਼ ਜਾਨ ਨਿਊਲੈਂਡਜ਼ ਅੱਗੇ ਆਇਆ | ਉਸ ਨੇ ਸਾਰੇ ਗਿਆਤ ਤੱਤਾਂ ਨੂੰ ਸ਼ੁਰੂ ਤੋਂ ਲੈ ਕੇ ਵਧਦੇ ਐਟਮੀ ਭਾਰਾਂ ਅਨੁਸਾਰ ਲਿਖਿਆ | ਹਾਈਡ੍ਰੋਜਨ ਸਭ ਤੋਂ ਹਲਕਾ ਤੱਤ ਸੀ | ਉਦੋਂ ਤੱਕ ਕੁੱਲ ਛਪੰਜਾ ਤੱਤ ਪਤਾ ਸਨ | ਛਪੰਜਵਾਂ ਤੱਤ ਥੋਰੀਅਮ ਸਭ ਤੋਂ ਭਾਰਾ ਸੀ | ਉਸ ਨੇ ਇਨ੍ਹਾਂ ਤੱਤਾਂ ਦੇ ਗੁਣ ਲਛਣ ਨੋਟ ਕੀਤੇ ਤੇ ਫਿਰ ਕੁਝ ਸਾਂਝਾਂ ਪਛਾਣਨ ਦੀ ਕੋਸ਼ਿਸ਼ ਕੀਤੀ | ਰੌਸ਼ਨੀ ਦੇ ਸੱਤ ਰੰਗ, ਸੰਗੀਤ ਦੀਆਂ ਸੱਤ ਸੁਰਾਂ, ਸੱਤ ਵਾਰ ਆਦਿ ਕਈ ਕੁਝ ਉਸ ਦੇ ਮਨ ਵਿਚ ਆਇਆ | ਸਾ, ਰੇ, ਗਾ, ਮਾ, ਪਾ, ਧਾ, ਨੀ ਦੀਆਂ ਸੱਤ ਸੁਰਾਂ ਬਾਅਦ ਸਾ ਮੁੜ ਆਉਂਦਾ ਹੈ | ਉਸ ਨੇ ਇਸੇ ਲੀਹ ਉਤੇ ਸੋਚ ਕੇ ਪਰਖ ਕੀਤੀ | ਕੁਦਰਤ ਵਿਚ ਮਿਲ ਰਹੇ ਹਰ ਅੱਠਵੇਂ ਤੱਤ ਦੇ ਲੱਛਣ ਮੁੜ ਪਹਿਲੇ ਨਾਲ ਖਾਸੇ ਮਿਲਦੇ ਪ੍ਰਤੀਤ ਹੋਏ | ਕੁਝ ਦੂਰ ਤੱਕ ਇਹ ਨੇਮ ਉਸ ਨੂੰ ਸਪੱਸ਼ਟ ਕੰਮ ਕਰਦਾ ਲੱਗਾ | ਉਸ ਦੇ ਇਸ ਨੇਮ ਨੂੰ ਨੀਊਲੈਡਜ਼ ਲਾਅ ਆਫ਼ ਆਕਟੇਵਜ਼ ਕਿਹਾ ਗਿਆ | ਕੈਲਸ਼ੀਅਮ ਤੱਕ ਔਖੇ ਸੌਖੇ ਇਹ ਨੇਮ ਉਸ ਨੇ ਇਕ-ਇਕ ਖਾਨੇ ਵਿਚ ਦੋ ਵੱਖ-ਵੱਖ ਗੁਣਾਂ ਵਾਲੇ ਤੱਤ ਫਿੱਟ ਕਰ ਕੇ ਗੱਲ ਬਣਾਉਣ ਦਾ ਯਤਨ ਕੀਤਾ | ਇਸ ਪਿੱਛੋਂ ਹੋਰ ਔਖਾ ਹੋ ਗਿਆ | ਤੱਤਾਂ ਦੀ ਗਿਣਤੀ ਵਧੀ | ਨਵੇਂ-ਨਵੇਂ ਤੱਤ ਲੱਭੇ ਜੋ ਨੇਮ ਉਤੇ ਪੂਰੇ ਨਾ ਉਤਰਦੇ ਦਿਸੇ | ਹਾਰ ਕੇ ਵਰਗੀਕਰਨ ਦਾ ਉਸ ਦਾ ਨੇਮ ਵੀ ਛੱਡ ਦਿੱਤਾ ਗਿਆ |
1869 ਤੱਕ ਗਿਆਤ ਤੱਤਾਂ ਦੀ ਗਿਣਤੀ ਵਧ ਕੇ ਤ੍ਰੇਹਠ ਹੋ ਗਈ | ਇਸੇ ਵਰ੍ਹੇ ਰੂਸ ਦੇ ਇਕ ਵਿਗਿਆਨੀ ਮੈਂਡੇਲੀਵ ਨੇ ਇਨ੍ਹਾਂ ਤੱਤਾਂ ਦੀ ਘੋਖ ਕਰ ਕੇ ਤੱਤਾਂ ਬਾਰੇ ਆਪਣੀ ਧਾਰਨਾ ਪੇਸ਼ ਕੀਤੀ, ਜਿਸ ਨੂੰ ਅੱਜ ਮੈਂਡੀਲੀਵ ਦਾ ਪੀਰੀਆਡਿਕ ਲਾਅ ਕਹਿੰਦੇ ਹਨ | ਉਸ ਨੇ ਕਿਹਾ ਕਿ ਤੱਤਾਂ ਦੇ ਗੁਣ ਉਨ੍ਹਾਂ ਦੇ ਐਟਮੀ ਭਾਰਾਂ ਅਨੁਸਾਰ ਨਿਸਚਿਤ ਵਕਫ਼ੇ ਬਾਅਦ ਮੁੜ-ਮੁੜ ਦਿਸਦੇ ਹਨ | (ਇਹ ਗੁਣ ਤੱਤ ਦੇ ਭਾਰ ਦਾ ਪੀਰੀਆਡਿਕ ਫੰਕਸ਼ਨ ਹਨ | ਵਿਗਿਆਨ ਦੀ ਭਾਸ਼ਾ ਵਿਚ ਕਹੀਏ ਤਾਂ) ਇਕੋ ਜਿਹੇ ਗੁਣਾਂ ਵਾਲੇ ਤੱਤ ਇਕ ਨਿਸਚਿਤ ਵਕਫੇ ਬਾਅਦ (ਐਟਮੀ ਭਾਰਾਂ ਪੱਖੋਂ) ਮੁੜ ਨਜ਼ਰ ਆਉਂਦੇ ਹਨ | ਤ੍ਰੇਹਠ ਦੇ ਤ੍ਰੇਹਠ ਤੱਤ ਉਸ ਨੇ ਇਕ ਚਾਰਟ ਬਣਾ ਕੇ ਸੱਤ ਲੇਟਵੀਆਂ ਅੱਤ ਨੌਾ ਖੜ੍ਹੀਆਂ ਲਕੀਰਾਂ ਮਾਰ ਕੇ ਤ੍ਰੇਹਠ ਖਾਨਿਆਂ ਵਿਚ ਵਧਦੇ ਐਟਮੀ ਭਾਰਾਂ ਅਨੁਸਾਰ ਲਿਖੇ | ਹਰ ਲੰਬੀ ਖੜ੍ਹਵੀਂ ਲਾਈਨ ਨੂੰ ਉਸ ਨੇ ਕਾਲਮ ਕਿਹਾ | ਹਰ ਕਾਲਮ ਵਿਚ ਇਕ-ਦੂਜੇ ਦੇ ਹੇਠ ਦਰਜ ਤੱਤਾਂ ਦੇ ਗੁਣ ਇਕੋ ਜਿਹੇ ਸਨ | ਉਸ ਨੇ ਚਾਰਟ ਬਣਾਉਂਦੇ ਸਮੇਂ ਜਦੋਂ ਇਸ ਨੇਮ ਦੀ ਕਿਤੇ-ਕਿਤੇ ਉਲੰਘਣਾ ਵੇਖੀ ਤਾਂ ਇਕੋ ਜਿਹੇ ਗੁਣਾਂ ਵਾਲੇ ਤੱਤ ਉਸੇ ਕਾਲਮ ਵਿਚ ਰੱਖ ਦਿੱਤੇ ਤੇ ਲੋੜ ਅਨੁਸਾਰ ਕੁਝ ਖਾਨੇ ਵਧਾ ਕੇ ਥਾਂ-ਥਾਂ ਖਾਲੀ ਥਾਵਾਂ ਛੱਡ ਦਿੱਤੀਆਂ | ਉਸ ਨੇ ਕਿਹਾ ਕਿ ਇਨ੍ਹਾਂ ਖਾਲੀ ਖਾਨਿਆਂ ਵਾਲੇ ਤੱਤ ਜਦੋਂ ਵੀ ਲੱਭਣਗੇ, ਉਨ੍ਹਾਂ ਦੇ ਗੁਣ ਇਨ੍ਹਾਂ ਨਾਲ ਸਬੰਧਿਤ ਕਾਲਮਾਂ ਵਾਲੇ ਹੀ ਹੋਣਗੇ | ਤੱਤਾਂ ਦੇ ਇਸ ਚਾਰਟ ਨੂੰ ਮੈਂਡੀਲੀਵ ਦਾ ਪੀਰੀਆਡਿਕ ਟੇਬਲ ਕਿਹਾ ਗਿਆ |
ਸਮਾਂ ਪਾ ਕੇ ਇਸ ਨੇਮ ਤੇ ਚਾਰਟ ਵਿਚ ਗੜਬੜੀ ਲੱਗੀ | ਇਸ ਗੜਬੜੀ ਨੂੰ ਹੈਨਰੀ ਮੋਜ਼ਲੇ ਨਾਂਅ ਦੇ ਅੰਗਰੇਜ਼ ਵਿਗਿਆਨੀ ਨੇ ਠੀਕ ਕੀਤਾ | ਉਸ ਨੇ ਕਿਹਾ ਕਿ ਤੱਤਾਂ ਦੇ ਗੁਣ ਐਟਮ ਦੇ ਭਾਰ ਦਾ ਪੀਰੀਆਡਿਕ ਫੰਕਸ਼ਨ ਨਹੀਂ | ਇਹ ਐਟਮ ਦੇ ਨੰਬਰ ਦਾ ਪੀਰੀਆਡਿਕ ਫੰਕਸ਼ਨ ਹਨ | ਜ਼ਰਾ ਤਕਨੀਕੀ ਨੁਕਤਾ ਹੈ ਇਹ ਪਰ ਹੈ ਬੜਾ ਬਾਰੀਕ ਤੇ ਸਮਝਣਯੋਗ | ਸਮਝ ਹੀ ਲਓ ਇਹ | ਇਹ ਤਾਂ ਅਸੀਂ ਜਾਣਦੇ ਹੀ ਹਾਂ ਕਿ ਐਟਮ ਵਿਚ ਤਿੰਨ ਤਰ੍ਹਾਂ ਦੇ ਕਣ ਹਨ | ਪ੍ਰੋਟਾਨ, ਨਿਊਟ੍ਰਾਨ ਤੇ ਇਲੈਕਟ੍ਰਾਨ | ਤਿੰਨਾਂ ਦੇ ਕੁੱਲ ਭਾਰ ਨੂੰ ਐਟਮੀ ਭਾਰ ਕਹਿੰਦੇ ਹਨ | ਕਿਸੇ ਵੀ ਐਟਮ ਦਾ ਐਟਮੀ ਭਾਰ ਉਸ ਦੇ ਪ੍ਰੋਟਾਨਾਂ, ਨਿਊਟ੍ਰਾਨਾਂ ਤੇ ਇਲੈਕਟ੍ਰਾਨਾਂ ਦੇ ਭਾਰਾਂ ਦਾ ਜੋੜ ਹੁੰਦਾ ਹੈ | ਇਲੈਕਟ੍ਰਾਨਾਂ ਦਾ ਭਾਰ ਨਾਮਾਤਰ ਹੀ ਹੁੰਦਾ ਹੈ | ਇਸ ਲਈ ਕਿਸੇ ਵੀ ਤੱਤ ਦਾ ਭਾਰ ਉਸ ਦੇ ਪ੍ਰੋਟਾਨਾਂ ਤੇ ਨਿਊਟ੍ਰਾਨਾਂ ਦੇ ਭਾਰਾਂ ਦਾ ਜੋੜ ਹੀ ਮੰਨਣ ਵਿਚ ਹਰਜ਼ ਨਹੀਂ | ਵਿਗਿਆਨੀਆਂ ਨੇ ਇਸ ਗਿਣਤੀ-ਮਿਣਤੀ ਨੂੰ ਸਰਲ ਕਰਨ ਲਈ ਪ੍ਰੋਟਾਨਾਂ ਤੇ ਨਿਊਟ੍ਰਾਨਾਂ ਦੋਵਾਂ ਦੇ ਭਾਰ ਜੋ ਲਗਪਗ ਬਰਾਬਰ ਹਨ | ਪੂਰੀ ਤਰ੍ਹਾਂ ਬਰਾਬਰ ਅਤੇ ਇਕ ਇਕਾਈ ਮੰਨ, ਲਏ ਹਨ | ਇੰਜ ਹਰ ਤੱਤ ਦਾ ਐਟਮੀ ਭਾਰ ਉਸ ਵਿਚਲੇ ਪ੍ਰੋਟਾਨਾਂ ਤੇ ਨਿਊਟ੍ਰਾਨਾਂ ਦਾ ਜੋੜ ਮਾਤਰ ਹੈ | ਵਿਗਿਆਨੀਆਂ ਨੇ ਇਹ ਵੀ ਵੇਖਿਆ ਹੈ ਕਿ ਤੱਤਾਂ ਦੇ ਗੁਣ ਮੂਲ ਰੂਪ ਵਿਚ ਪ੍ਰੋਟਾਨਾਂ ਤੇ ਇਲੈਕਟ੍ਰਾਨਾਂ ਉਤੇ ਨਿਰਭਰ ਹਨ ਅਤੇ ਇਨ੍ਹਾਂ ਦੋਵਾਂ ਦੀ ਗਿਣਤੀ ਬਰਾਬਰ ਰਹਿੰਦੀ ਹੈ | ਇਸ ਲਈ ਐਟਮ ਦੀ ਅਸਲ ਪਛਾਣ ਇਲੈਕਟ੍ਰਾਨਾਂ ਜਾਂ ਪ੍ਰੋਟਾਨਾਂ ਦੀ ਗਿਣਤੀ ਤੋਂ ਹੀ ਕਰਨੀ ਬਣਦੀ ਹੈ | ਕਿਸੇ ਵੀ ਤੱਤ ਵਿਚ ਪ੍ਰੋਟਾਨਾਂ (ਜਾਂ ਇਲੈਕਟ੍ਰਾਨਾਂ) ਦੀ ਗਿਣਤੀ ਨੂੰ ਉਸ ਦਾ ਐਟਮੀ ਨੰਬਰ ਕਿਹਾ ਜਾਂਦਾ ਹੈ | ਇਉਂ ਸਮਝੋ ਕਿ ਇਹ ਉਸ ਤੱਤ ਦਾ ਰੋਲ ਨੰਬਰ ਹੈ | ਮੋਜ਼ਲੇ ਨੇ ਮੈਡੇਲੀਵ ਦੇ ਨੇਮ ਨੂੰ ਐਟਮੀ ਭਾਰਾਂ ਦੀ ਥਾਂ ਇਨ੍ਹਾਂ ਨੰਬਰਾਂ (ਰੋਲ ਨੰਬਰਾਂ) ਨਾਲ ਜੋੜਿਆ | ਮੋਜ਼ਲੇ ਦੇ ਬਣਾਏ ਤੱਤਾਂ ਦੇ ਚਾਰਟ ਨੂੰ ਮੈਂਡੇਲੀਵ ਦੇ ਟੇਬਲ ਦੀ ਥਾਂ ਅੱਜਕਲ੍ਹ ਮਾਡਰਨ ਪੀਰੀਆਡਿਕ ਟੇਬਲ ਕਿਹਾ ਜਾਂਦਾ ਹੈ | ਇਸ ਚਾਰਟ ਵਿਚ ਤੱਤਾਂ ਨੂੰ ਲੇਟਵੀਆਂ ਕਤਾਰਾਂ 'ਤੇ ਖੜ੍ਹੇ ਕਾਲਮਾਂ ਵਿਚ ਐਟਮੀ ਨੰਬਰ ਅਨੁਸਾਰ ਦਰਜ ਕੀਤਾ ਗਿਆ ਹੈ |
(ਬਾਕੀ ਅਗਲੇ ਐਤਵਾਰ ਦੇ ਅੰਕ 'ਚ)

-ਹਾਊਸ ਨੰਬਰ 2, ਸਟਰੀਟ ਨੰਬਰ 9, ਗੁਰੂ ਨਾਨਕ ਨਗਰ, ਪਟਿਆਲਾ |
ਫੋਨ ਨੰ: 98722-60550.

ਦੁਬਈ ਕ੍ਰੀਕ-ਅਮੀਰਾਤ ਦੀ ਕਾਰੋਬਾਰੀ ਸ਼ਾਹਰਗ

ਕ੍ਰੀਕ ਲੁੂਣੇ ਪਾਣੀ ਵਾਲੀ ਤੰਗ ਖਾੜੀ ਨੂੰ ਕਹਿੰਦੇ ਹਨ | ਦੁਬਈ ਕ੍ਰੀਕ ਅਮੀਰਾਤ ਦੇ ਕਾਰੋਬਾਰ ਦੀ ਸ਼ਾਹਰਗ ਹੈ | ਇਸ ਦਾ ਦੁਬਈ ਦੇ ਵਿਕਾਸ, ਅਰਥ ਵਿਵਸਥਾ ਨੂੰ ਮਜ਼ਬੂਤ ਕਰਨ, ਸੈਰ-ਸਪਾਟੇ ਅਤੇ ਮਨ-ਬਹਿਲਾਵੇ ਦੇ ਸਾਧਨ ਵਧਾਉਣ ਵਿਚ ਬੜਾ ਯੋਗਦਾਨ ਹੈ | ਸਭ ਤੋਂ ਪੁਰਾਤਨ ਸ਼ਹਿਰ ਬਰ ਦੁਬਈ ਅਤੇ ਦੇਰਾ ਇਸ ਦੇ ਕਿਨਾਰੇ ਹੀ ਵਸੇ ਹਨ | 1962 ਤੋਂ ਪਹਿਲਾਂ ਇਨ੍ਹਾਂ ਦੋਵਾਂ ਸ਼ਹਿਰਾਂ ਵਿਚ ਸਿਰਫ਼ ਤੇ ਸਿਰਫ਼ ਇਸ ਜ਼ਰੀਏ ਅਬਰਾ ਅਤੇ ਡੋਆ ਬੇੜੀਆਂ ਨਾਲ ਹੀ ਜਾਇਆ ਜਾ ਸਕਦਾ ਸੀ | ਕ੍ਰੀਕ ਦੋਵਾਂ ਵਿਚਕਾਰ ਦੂਰੀ ਦਾ ਕਾਰਨ ਵੀ ਸੀ ਅਤੇ ਸੰਪਰਕ ਸੂਤਰ ਵੀ |
ਇਹ ਕ੍ਰੀਕ ਕੁਦਰਤੀ ਬਣੀ ਹੈ | ਇਹ ਦੁਬਈ ਦੀ ਵਿਲੱਖਣ ਖੂਬਸੂਰਤੀ ਦੀ ਲਖਾਇਕ ਹੈ | ਇਹ 10 ਕਿਲੋਮੀਟਰ ਸ਼ਹਿਰ ਦੇ ਅੰਦਰ ਜਾਂਦੀ ਹੈ ਤੇ ਇਸ ਦੀ ਤਰੱਕੀ ਦੀ ਨਾਭੀ ਹੈ | ਪਹਿਲਾਂ ਇਹ ਰਸ-ਅਲ-ਖੋਰ ਵਾਈਲਡ ਲਾਈਫ ਤੱਕ ਸੀ ਪਰ ਹੁਣ ਇਹ ਫਾਰਸ ਦੀ ਖਾੜੀ ਤੱਕ ਹੈ | ਇਤਿਹਾਸਕ ਹਵਾਲਿਆਂ ਅਨੁਸਾਰ ਇਹ ਕਿਸੇ ਵੇਲੇ ਅਲ-ਆਇਨ ਇਲਾਕੇ ਤੱਕ ਜਾਂਦੀ ਸੀ ਜੋ ਕਿ ਮੀਲਾਂ ਬੱਧੀ ਦੂਰ ਅਬੂ ਧਾਬੀ ਵਿਚ ਹੈ | ਪ੍ਰਾਚੀਨ ਯੂਨਾਨ ਦੇ ਲੋਕ ਇਸ ਨੂੰ ਜ਼ਾਰਾ ਦਰਿਆ ਸੱਦਦੇ ਸਨ |
ਇਸ ਨੇ ਦੁਬਈ ਦੀ ਛੋਟੀ ਬੰਦਰਗਾਹ ਵਜੋਂ ਰੋਲ ਨਿਭਾਇਆ | ਇਸ ਥਾਂ ਛੋਟੇ ਜਹਾਜ਼ਾਂ ਅਤੇ ਬੇੜੀਆਂ ਦੀ ਪੱਤਣਗੀਰੀ ਕਾਰਨ ਖਿੱਤੇ ਦੀ ਖੁਸ਼ਹਾਲੀ ਦੀ ਗਾਥਾ 1902 ਦੇ ਨੇੜੇ-ਤੇੜੇ ਸ਼ੁਰੂ ਹੁੁੰਦੀ ਹੈ | ਉਸ ਵਕਤ ਗੁਆਂਢੀ ਬੰਦਰਗਾਹਾਂ ਤੋਂ ਹੀ ਨਹੀਂ ਸਗੋਂ ਭਾਰਤ, ਪੂੁਰਬੀ ਅਫਰੀਕਾ ਸਮੇਤ ਹੋਰ ਦੂਰ-ਦੁਰਾਡੇ ਦੇ ਦੇਸ਼ਾਂ ਦੀਆਂ ਡੋਆਂ/ਜਹਾਜ਼ਾਂ ਦੀ ਲੰਗਰਗਾਹੀ ਇਸ ਅਸਥਾਨ ਉੱਪਰ ਹੋਣੀ ਆਰੰਭ ਹੋ ਗਈ | ਇਕ ਰਿਪੋਰਟ ਅਨੁਸਾਰ 20ਵੀਂ ਸਦੀ ਦੇ ਸ਼ੁਰੂ ਵਿਚ ਇਸ ਥਾਂ 300 ਮੋਤੀ-ਭਾਲ ਡੋਆਂ ਖੜ੍ਹਦੀਆਂ ਸਨ ਅਤੇ ਇਨ੍ਹਾਂ ਦੇ ਕਰੀਬ 7000 ਜਹਾਜ਼ਰਾਨ ਹੁੰਦੇ ਸਨ | ਫਿਰ ਪੁਰੇ ਦੀਆਂ ਹਵਾਵਾਂ ਕਾਰਨ ਇਸ ਵਿਚ ਰੇਤ, ਮਿੱਟੀ, ਘੱਟਾ, ਗਾਰ ਜੰਮ ਗਏ ਜਿਸ ਕਾਰਨ ਵੱਡੇ ਜਹਾਜ਼ਾਂ ਦਾ ਚੱਲਣਾ ਮੁਸ਼ਕਿਲ ਹੋ ਗਿਆ | ਦੁਬਈ ਦੇ ਹਾਕਮ ਸ਼ੇਖ ਰਾਸ਼ਿਦ-ਬਿਨ-ਸਈਅਦ ਅਲ ਮਖਤੂਮ ਦੇ ਹੁਕਮਾਂ ਉਪਰ 1950ਵਿਆਂ 'ਚ ਇਸ ਦੀ ਸਾਫ-ਸਫਾਈ ਕਰਵਾਈ ਗਈ | ਗਾਰ ਕੱਢ ਕੇ ਇਸ ਨੂੰ ਡੂੰਘਾ ਕੀਤਾ ਗਿਆ ਅਤੇ ਇਸ ਦੇ ਕੰਢੇੇ ਮਜ਼ਬੂਤ ਕੀਤੇ ਗਏ |
1962 ਵਿਚ ਇਸ ਉੱਪਰ ਅਲ-ਮਖਤੂਮ ਪੁਲ ਬਣਿਆ ਅਤੇ ਪਹਿਲੀ ਵਾਰ ਬਾਰ ਦੁਬਈ ਅਤੇ ਦੇਹਰਾ ਵਿਚਕਾਰ ਸੜਕੀ ਸੰਪਰਕ ਸੰਭਵ ਹੋਇਆ | 1976 ਵਿਚ ਅਲ ਗਰਹੌਦ ਨਾਂਅ ਦਾ ਇਕ ਹੋਰ ਪੁਲ ਉਸਾਰਿਆ ਗਿਆ | ਇਸ ਤੋਂ ਪਹਿਲਾਂ 1975 ਵਿਚ ਅਲ ਸ਼ਿੰਧਾਗਾ ਨਾਂਅ ਦੀ ਸੁਰੰਗ ਵੀ ਬਣਾਈ ਗਈ ਤਾਂ ਕਿ ਵਧ ਰਹੇ ਸੜਕੀ ਟ੍ਰੈਫਿਕ ਦੇ ਪਰੈਸ਼ਰ ਨੂੰ ਘਟਾਇਆ ਜਾ ਸਕੇ |
ਇਹ ਸਭ ਕੁਝ ਬਣਨ ਨਾਲ ਹੁਣ ਸਵਾਰੀ ਢੋਣ ਵਾਲੀਆਂ 'ਅਬਰਾ' ਨਾਂਅ ਦੀਆਂ ਬਹੁਤੀਆਂ ਬੇੜੀਆਂ ਸੈਲਾਨੀਆਂ ਨੂੰ ਸੈਰ ਕਰਵਾਉਣ ਲਈ ਵਰਤੀਆਂ ਜਾਂਦੀਆਂ ਹਨ | ਅਸੀਂ ਖੁਦ ਇਕ ਅਬਰਾ ਵਿਚ ਕ੍ਰੀਕ ਦੀ ਇਕ ਘੰਟਾ ਸੈਰ ਦਾ ਅਨੰਦ ਮਾਣਿਆਂ | ਹਾਂ, ਸ਼ੌਕ ਖਰਚੀਲਾ ਜ਼ਰੂਰ ਪਿਆ | ਚਲੋ, ਖੈਰ! ਭਲਾ ਸ਼ੌਕ ਦਾ ਵੀ ਕੋਈ ਮੁੱਲ ਹੁੰਦੈ! ਬੰਗਲਾਦੇਸ਼ ਦਾ ਨੂਰ ਨਵੀਂ, ਜੋ ਅਬਰਾ ਚਲਾ ਰਿਹਾ ਸੀ, ਨੇ ਦੱਸਿਆ ਕਿ ਕੁੱਲ 174 ਅਬਰਾ ਬੇੜੀਆਂ ਸੈਰ-ਸਪਾਟੇ ਦੇ ਕੰਮ ਵਿਚ ਲਗੀਆਂ ਹਨ | ਭਾਰ ਢੋਣ ਵਾਲੀਆਂ ਡੋਆਂ ਦੀ ਗਿਣਤੀ ਹਜ਼ਾਰਾਂ ਵਿਚ ਹੈ | ਉਸ ਅਨੁਸਾਰ ਡੋਆਂ 2 ਘੰਟੇ ਵਿਚ ਇਰਾਨ ਤੱਕ ਅੱਪੜ ਜਾਂਦੀਆਂ ਹਨ | ਕ੍ਰੀਕ ਦੇ ਦੋਵੇਂ ਕਿਨਾਰੇ ਵੱਖ-ਵੱਖ ਆਕਾਰ ਦੀਆਂ ਅਣਗਿਣਤ ਬੇੜੀਆਂ, ਫੈਰੀਆਂ, ਯਾਟ, ਸਟੀਮਰ, ਛੋਟੇ ਜਹਾਜ਼, ਚਲਦੇ ਫਿਰਦੇ ਰੈਸਟੋਰੈਂਟ, ਹੋਟਲਾਂ ਦੁਆਰਾ ਆਪਣੇ ਮਹਿਮਾਨਾਂ ਲਈ ਸੈਰੋ-ਤਫਰੀਹ ਵਾਲੇ ਸੁੰਦਰ ਬੇੜੇ ਖੜ੍ਹੇ ਸਨ | ਪਾਣੀ ਉੱਪਰ ਅਠਖੇਲੀਆਂ ਕਰਦੀਆਂ ਜਲ-ਚਿੜੀਆਂ, ਦੋਵੇਂ ਪਾਸੇ ਦਰਸ਼ਨੀ ਇਮਾਰਤਾਂ, ਨੇੜੇ ਹੀ ਵਿਸ਼ਵ ਦੇ ਸਭ ਤੋਂ ਰੁੱਝੇ ਹਵਾਈ ਅੱਡੇ ਤੋਂ ਪਲ ਪਲ ਉਡਾਣ ਭਰਦੇ ਹਵਾਈ ਜਹਾਜ਼ ਅਤੇ ਨੱਚਦੀਆਂ ਲਹਿਰਾਂ ਨਾਲ ਮਸਤੀ 'ਚ ਝੂੁਮਦੇੇ ਸੈਲਾਨੀ-ਵਾਹ! ਕੈਸਾ ਅਦਭੁੱਤ ਨਜ਼ਾਰਾ ਸੀ!
ਹੁਣ ਸਰਕਾਰ ਕ੍ਰੀਕ ਉਪਰ ਇਕ ਪੈਦਲ-ਯਾਤਰੀ ਪੁਲ ਬਣਾਉਣ ਦੀ ਯੋਜਨਾ ਬਣਾ ਰਹੀ ਹੈ ਤਾਂ ਕਿ ਸੈਲਾਨੀਆਂ ਅਤੇ ਸਥਾਨਕ ਲੋਕਾਂ ਨੂੰ ਹੋਰ ਆਕਰਸ਼ਿਤ ਕੀਤਾ ਜਾ ਸਕੇ | 'ਸਕਾਈ ਗਾਰਡਨ ਪ੍ਰਾਜੈਕਟ' ਤਹਿਤ ਬਣਨ ਵਾਲਾ ਇਹ ਪੁਲ 380 ਮੀਟਰ (1,246.72 ਫੁੱਟ) ਲੰਮਾ, 60 ਮੀਟਰ (196.85 ਫੁੱਟ) ਉੱਚਾ ਹੋਏਗਾ ਅਤੇ ਇਸ ਦਾ ਆਰ-ਪਾਰ ਫੈਲਾਅ (ਸਪੈਨਿੰਗ ਏਰੀਆ) 3, 422 ਵਰਗ ਮੀਟਰ (36, 834 ਵਰਗ ਫੁੱਟ) ਹੋਵੇਗਾ | ਸਿਹਤਮੰਦੀ ਲਈ ਸਾਈਕਲਿੰਗ ਅਤੇ ਰਨਿੰਗ ਟਰੈਕ ਹੋਣਗੇ | ਇਸ ਉੱਪਰ ਵਿੱਕਰੀ ਕੇਂਦਰ ਵੀ ਹੋਣਗੇ ਅਤੇ ਕੁਦਰਤੀ ਛਾਂਦਾਰ ਥਾਵਾਂ ਵੀ | ਇਹ ਪੁਲ ਸ਼ਹਿਰ ਦੇ ਲੈਂਡਮਾਰਕਾਂ ਨੂੰ ਨਦੀ ਕਿਨਾਰਿਆਂ ਨਾਲ ਜੋੜੇਗਾ ਅਤੇ ਪੁਰਾਣੀ ਅਤੇ ਨਵੀਂ ਦੁਬਈ ਦੇ ਅਦਭੁਤ ਨਜ਼ਾਰੇ ਪੇਸ਼ ਕਰੇਗਾ | ਇਸ ਨਾਲ ਦੁਬਈ ਕ੍ਰੀਕ ਦੀ ਦਿੱਖ ਨੂੰ ਚਾਰ ਚੰਦ ਲਗ ਜਾਣਗੇ |

-ਫਗਵਾੜਾ | ਮੋਬਾ : 98766-55055
ਈਮੇਲ : gandamjs@gmail.com

ਵਿਆਹ ਦੀ ਭਾਵੁਕਮਈ ਰਸਮ ਡੋਲੀ ਵਿਦਾ ਹੋਣਾ

ਪੰਜਾਬੀ ਵਿਰਾਸਤ ਵਿਚ ਵਿਆਹਾਂ ਮੌਕੇ ਅਨੇਕਾਂ ਹੀ ਰਸਮਾਂ ਰਿਵਾਜ ਕੀਤੇ ਜਾਂਦੇ ਹਨ | ਵਿਆਹਾਂ ਦੀਆਂ ਰਸਮਾਂ ਨਿਭਾਉਣ ਵਿਚ ਪਰਿਵਾਰ ਦੇ ਨਾਲ ਨਾਲ ਰਿਸ਼ਤੇਦਾਰ ਅਤੇ ਸਕੇ ਸੰਬੰਧੀ ਆਪਣਾ ਯੋਗਦਾਨ ਪਾਉਂਦੇ ਹਨ | ਅੱਜ ਵਿਆਹ ਦੀ ਅਹਿਮ ਤੇ ਭਾਵੁਕ ਰਸਮ ਡੋਲੀ ਤੁਰਨ ਦੀ ਰਸਮ ਬਾਰੇ ਗੱਲ ਕਰਾਂਗੇ |
ਕੁੜੀ ਦੇ ਘਰ ਵਿਆਹ ਵਾਲੇ ਦਿਨ ਸ਼ਾਮ ਨੂੰ ਡੋਲੀ ਦੀ ਵਿਦਾਇਗੀ ਅਤੇ ਆਉਣ ਸਮੇਂ ਅਨੇਕਾਂ ਰਸਮੋ-ਰਿਵਾਜ ਕੀਤੇ ਜਾਂਦੇ ਹਨ ਅਤੇ ਲੋਕਗੀਤ ਗਾਏ ਜਾਂਦੇ ਹਨ | ਡੋਲੀ ਤੁਰਨ ਤੋਂ ਪਹਿਲਾਂ ਕੁੜੀ ਵਲੋਂ ਘਰ ਵਧਾਉਣ ਦੀ ਰਸਮ ਕਰਵਾਈ ਜਾਂਦੀ ਹੈ | ਇਸ ਰਸਮ ਵਿਚ ਵਿਆਹੁਲੀ ਕੁੜੀ ਡੋਲੀ ਵਿਚ ਬੈਠਣ ਤੋਂ ਪਹਿਲਾਂ ਤੁਰੀ ਜਾਂਦੀ ਇਕ ਥਾਲੀ ਵਿਚੋਂ ਜਿਸ ਵਿਚ ਮੇਵੇ, ਚਾਵਲ ਅਤੇ ਜੌਾ ਰਲੇ ਹੁੰਦੇ ਹਨ ਦਾ ਬੁੱਕ ਭਰ ਭਰ ਕੇ ਪਿਛਲੇ ਪਾਸੇ ਵੱਲ ਸੁੱਟਦੀ ਹੈ | ਇਸ ਰਸਮ ਦਾ ਭਾਵ ਪੇਕੇ ਪਰਿਵਾਰ ਦੀ ਸੁੱਖ ਮੰਗਣਾ ਅਤੇ ਉਨ੍ਹਾਂ ਦੀ ਆਰਥਿਕ ਖ਼ੁਸ਼ਹਾਲੀ ਨਾਲ ਜੁੜਿਆ ਹੋਇਆ ਹੈ | ਇਹ ਰਸਮ ਨਿਭਾਉਂਦੇ ਸਮੇਂ ਇਹ ਲੋਕ ਗੀਤ ਗਾਇਆ ਜਾਂਦਾ ਹੈ:
ਲਾਡੋ ਛੱਡ ਨੀ ਪੀੜ੍ਹੀ ਦਾ ਪਾਵਾ,
ਸਾਡਾ ਨਹੀਂਓ ਦਾਵਾ,
ਦਾਵੇ ਵਾਲੇ ਲੈ ਨੀ ਚੱਲੇ |
ਇਸੇ ਮੌਕੇ ਧੀ ਦੇ ਪੇਕੇ ਘਰ ਨਾਲ ਡੂੰਘਾ ਰਿਸ਼ਤਾ ਨਿੱਖੜ ਜਾਣ ਦਾ ਹੌਲ ਇਸ ਗੀਤ ਦੀਆਂ ਸਤਰਾਂ ਵਿਚੋਂ ਉਜਾਗਰ ਹੁੰਦਾ ਹੈ :
ਬਾਬਲ ਧਰਮ ਕਰੇਂਦਿਆਂ,
ਮੈਨੂੰ ਰੱਖ ਲੈ ਅੱਜ ਦੀ ਰਾਤ,
ਮੈਂ ਕੀਕਣ ਰੱਖਾਂ ਬੇਟੀਏ
ਤੇਰੀ ਜੰਞ ਬੜੀ ਉਦਾਸ |
ਮੇਰੀ ਜੰਞ ਨੂੰ ਦੇ ਦਿਓ ਛੁੱਟੀਆਂ,
ਮੇਰੇ ਕਾਹਨ ਨੂੰ ਰੱਖ ਲਓ ਰਾਤ,
ਤੇਰੀ ਜੰਞ ਨਾ ਲੈਂਦੀ ਛੁੱਟੀਆਂ,
ਤੇਰਾ ਕਾਹਨ ਨਾ ਰਹਿੰਦਾ ਰਾਤ |
ਇਸ ਮਾਹੌਲ ਸੰਬੰਧੀ ਧੀ ਵਲੋਂ ਲਿਆ ਗਿਆ ਇਕ ਹੋਰ ਹਾਉਕਾ ਜਦੋਂ ਜ਼ਨਾਨੀਆਂ ਪੇਸ਼ ਕਰਦੀਆਂ ਤਾਂ ਉਦਾਸੀ ਦੇ ਰੰਗ ਹੋਰ ਗੂੜ੍ਹੇ ਹੋ ਜਾਂਦੇ ਹਨ :
ਤੇਰੇ ਮਹਿਲਾਂ ਦੇ ਵਿਚ-ਵਿਚ ਵੇ
ਬਾਬਲ ਡੋਲਾ ਨਹੀਂਓ ਲੰਘਦਾ,
ਇਕ ਇੱਟ ਪੁਟਾ ਦੇਵਾਂ,
ਧੀਏ ਘਰ ਜਾ ਆਪਣੇ |
ਤੇਰੇ ਬਾਗ਼ਾਂ ਦੇ ਵਿਚ ਵਿਚ ਵੇ
ਬਾਬਲ ਡੋਲਾ ਨਹੀਂਓ ਲੰਘਦਾ,
ਮੈਂ ਟਾਹਣ ਕਟਾ ਦੇਵਾਂ,
ਧੀਏ ਘਰ ਜਾਹ ਆਪਣੇ |
ਤੇਰੇ ਮਹਿਲਾਂ ਦੇ ਵਿਚ ਵਿਚ ਵੇ
ਬਾਬਲ ਗੁੱਡੀਆਂ ਕੌਣ ਖੇਡੂ?
ਮੇਰੀਆਂ ਖੇਡਣ ਪੋਤਰੀਆਂ,
ਧੀਏ ਘਰ ਜਾਹ ਆਪਣੇ |
ਅਜਿਹਾ ਪ੍ਰਭਾਵ ਸਿਰਜਿਆ ਜਾਂਦਾ ਹੈ ਜਿਵੇਂ ਧੀ ਦੇ ਰੁਕਣ ਦੇ ਸਭ ਵਸੀਲੇ ਫ਼ੇਲ੍ਹ ਹੋ ਗਏ ਹੋਣ ਤੇ ਸਹੁਰੇ ਘਰ ਜਾਣਾ ਤੈਅ ਹੋ ਗਿਆ ਹੋਵੇ | ਅਜਿਹੇ ਵੇਲੇ ਨੂੰ ਗੀਤ ਦੀਆਂ ਇਹ ਲਾਈਨਾਂ ਜ਼ੁਬਾਨ ਦਿੰਦੀਆਂ ਹਨ :
ਬੋਲ ਨੀ ਮੇਰੀਏ ਬਣ ਤਣ ਕੋਇਲੇ,
ਦੇਸ ਬਿਗਾਨੜੇ ਕਿਉਂ ਚੱਲੀ ਆਂ?
ਇਕ ਵਚਨ ਮੇਰੇ ਬਾਬਲ ਕੀਤਾ,
ਵਚਨ ਪੁਗਾਵਣ ਮੈਂ ਚੱਲੀ ਆਂ |
ਮਾਤਾ ਮੇਰੀ ਨੇ ਦਾਜ ਬਣਾਇਆ,
ਦਾਜ ਪੁਚਾਵਣ ਮੈਂ ਚੱਲੀ ਆਂ |
ਇਸ ਦੇ ਨਾਲ ਹੀ ਇਹ ਬੋਲ ਵੀ ਗੰੂਜਦੇ ਹਨ:
ਕਿੱਥੇ ਨੀ ਬੀਬੀ ਤੇਰਾ ਤੋਰਾ ਫੇਰਾ,
ਕਿੱਥੇ ਬੈਠੀ ਆ ਪੀੜ੍ਹਾ ਡਾਹ |
ਯੋਧੀਂ ਵੇ ਮਾਪਿਓ ਮੇਰਾ ਤੋਰਾ-ਫੇਰਾ,
ਅੰਬਰਸਰ ਬੈਠੀ ਆ ਪੀੜ੍ਹਾ ਡਾਹ |
ਵਿਛੋੜੇ ਦਾ ਸੱਲ੍ਹ ਹਰ ਇਕ ਨੂੰ ਸੱਲ੍ਹਦਾ ਹੈ | ਬਾਬਲ ਵੀ ਮਨ ਦੀ ਕੁੜੀ ਨੂੰ ਤੋਰਨ ਲੱਗਾ ਬੁੱਕ ਬੁੱਕ ਹੰਝੂ ਕੇਰਦਾ ਹੈ | ਉਸ ਦਾ ਵੀਰਾ ਵੀ ਉਦਾਸੀ ਵਿਚ ਡੁੱਬਦਾ ਹੈ | ਭਾਬੀ ਉੱਪਰ ਉਦਾਸੀ ਦਾ ਪਰਛਾਵਾਂ ਥੋੜ੍ਹਾ ਪੇਤਲਾ ਹੁੰਦਾ ਹੈ | ਉਸ ਵੇਲੇ ਹੇਠਲੀਆਂ ਸਤਰਾਂ ਬੋਲੀਆਂ ਜਾਂਦੀਆਂ ਹਨ :
ਬੀਬੀ ਦਾ ਬਾਬਲ ਇਉਂ ਰੋਵੈ,
ਜਿਵੇਂ ਘਟਾ ਸਾਵਣ ਦੀ ਆਈ |
ਤੁਸੀਂ ਕਿਉਂ ਰੋਂਦੇ ਹੋ ਮਾਪਿਓ,
ਇਹ ਜੱਗ ਹੁੰਦੜੀ ਆਈ |
ਬੀਬੀ ਦਾ ਵੀਰਾ ਇਉਂ ਰੋਵੇ,
ਜਿਉਂ ਘਟਾ ਸਾਵਣ ਦੀ ਆਈ
ਬਾਹਰ ਰੋਵੇ ਬੀਬੀ ਦਾ ਵੀਰਾ,
ਅੰਦਰ ਹੱਸੇ ਭਰਜਾਈ |
ਉਦੋਂ ਤਾਂ ਰੋਵੇਂਗੀ ਭਾਬੀਏ ਨੀ,
ਜਦੋਂ ਤੋਰੇਂਗੀ ਆਪਣੀ ਜਾਈ |
ਜਿਉਂ ਜਿਉਂ ਡੋਲੀ ਦੇ ਤੁਰਨ ਦਾ ਵੇਲਾ ਆਉਂਦਾ ਹੈ ਤਾਂ ਮਾਹੌਲ ਹੋਰ ਵਧੇਰੇ ਭਾਵੁਕ ਹੋ ਜਾਂਦਾ ਹੈ | ਡੋਲੀ ਵੱਲ ਧੀ ਨੂੰ ਤੋਰਨ ਵੇਲੇ ਇਹ ਗੀਤ ਵੇਦਨਾ ਬਣ ਕੇ ਉੱਭਰਦੇ :
ਆ ਵੇ ਬਾਬਲਾ ਦੋ ਗੱਲਾਂ ਕਰੀਏ,
ਆਈ ਵਿਛੋੜੇ ਵਾਲੀ ਰਾਤ |
ਅੱਜ ਦੀ ਦਿਹਾੜੀ ਰੱਖ ਡੋਲੀ ਨੀ ਮਾਂ,
ਰਹਾਂ ਬਾਪ ਦੀ ਬਣ ਕੇ ਗੋਲੀ ਨੀ ਮਾਂ |
ਹੰਸ ਤੁਰ ਚੱਲੇ ਅੱਖੀਆਂ ਤੋਂ ਦੂਰ,
ਪਾ ਕੇ ਗੂੜ੍ਹਾ ਪਿਆਰ ਬਾਬਲ |
ਆਹ ਲੈ ਮਾਏ ਸਾਂਭ ਕੁੰਜੀਆਂ,
ਧੀਆਂ ਕਰ ਚੱਲੀਆਂ ਸਰਦਾਰੀ |
ਧੀ ਨੂੰ ਰੋਂਦੀ ਕੁਰਲਾਉਂਦੀ ਨੂੰ ਉਸ ਦਾ ਭਰਾ ਮਾਮਾ ਡੋਲੀ ਵਾਲੀ ਕਾਰ ਵਿਚ ਬਿਠਾ ਦਿੰਦੇ ਹਨ | ਇਸ ਸਮੇਂ ਧੀ ਮਾਂ ਨੂੰ ਘਰ ਦੀਆਂ ਚਾਬੀਆਂ ਸੌਾਪਦੀ ਹੈ | ਡੋਲੀ ਵਾਲੀ ਕਾਰ ਵਿਚ ਬੈਠੇ ਧੀ ਜਵਾਈ ਦਾ ਮਾਂ ਲੱਡੂਆਂ ਨਾਲ ਮੂੰਹ ਜੁਠਾਉਂਦੀ ਹੈ ਤੇ ਮਾਂ ਪਿਉ ਤੋਂ ਬਿਨਾਂ ਹੋਰ ਨਜ਼ਦੀਕੀ ਰਿਸ਼ਤੇਦਾਰਾਂ ਵਲੋਂ ਪੈਸੇ ਸ਼ਗਨ ਵਜੋਂ ਦਿੱਤੇ ਜਾਂਦੇ ਹਨ | ਫਿਰ ਮਾਂ ਡੋਲੀ ਵਾਲੀ ਕਾਰ ਦੇ ਚਾਰੇ ਟਾਇਰਾਂ 'ਤੇ ਪਾਣੀ ਪਾਉਂਦੀ ਹੈ | ਧੀ ਨਾ ਚਾਹੁੰਦੇ ਹੋਏ ਵੀ ਬਾਬਲ ਘਰੋਂ ਵਿਦਾ ਹੋ ਜਾਂਦੀ ਹੈ | ਅਜੋਕੇ ਸਮੇਂ ਵਿਚ ਡੋਲੀ ਦੀ ਰਸਮ ਵੇਲੇ ਬਹੁਤੀਆਂ ਰਸਮਾਂ ਪੁਰਾਤਨ ਵਿਆਹਾਂ ਵਾਲੀਆਂ ਹੀ ਨਿਭਾਈਆਂ ਜਾਂਦੀਆਂ ਹਨ | ਪੰਜਾਬੀ ਲੋਕ-ਧਾਰਾ ਵਿਚ ਡੋਲੀ ਦੀ ਰਸਮ ਨੂੰ ਇੰਜ ਬਿਆਨ ਕੀਤਾ ਜਾਂਦਾ ਹੈ:
ਬਾਬਲ ਵਿਦਾ ਕਰੇਂਦਿਆਂ,
ਵੇ ਮੈਨੂੰ ਰੱਖ ਲੈ ਅੱਜ ਦੀ ਰਾਤ ਵੇ,
ਮੈਨੂੰ ਰੱਖ... |
ਕੀਕਣ ਰੱਖਾਂ ਧੀਏ ਮੇਰੀਏ,
ਨੀ ਮੈ ਤਾਂ ਸੱਜਣ ਸਦਾ ਲੇ,
ਆਪ ਨੀ, ਮੈ ਤਾਂ ਸੱਜਣ... |
ਡੋਲੀ ਤੁਰਨ ਸਮੇਂ ਵਿਦਾਇਗੀ ਦੀਆਂ ਰਸਮਾਂ ਖ਼ਤਮ ਹੋਣ ਤੋਂ ਬਾਅਦ ਕੁੜੀ ਦੇ ਭਰਾ ਡੋਲੀ ਵਾਲੀ ਕਾਰ ਨੂੰ ਧੱਕਾ ਲਾਉਂਦੇ ਹਨ ਤੇ ਡੋਲੀ ਤੁਰ ਜਾਂਦੀ ਹੈ | ਇਸ ਸਮੇਂ ਲਾੜੇ ਦਾ ਪਿਉ ਡੋਲੀ ਉੱਤੋਂ ਪੈਸੇ ਸੁੱਟਦਾ ਹੈ | ਇਸ ਰਸਮ ਨੂੰ ਕਈਆਂ ਇਲਾਕਿਆਂ ਵਿਚ ਸੋਟ ਦੀ ਰਸਮ ਵੀ ਕਿਹਾ ਜਾਂਦਾ ਹੈ | ਲੋਕ ਗੀਤਾਂ ਰਾਹੀਂ ਲੋਕ ਸਮੂਹ ਆਪਣੀਆਂ ਦੱਬੀਆਂ ਹੋਈਆਂ ਖੁਹਾਇਸ਼ਾਂ ਦਾ ਪ੍ਰਗਟਾਵਾ ਕਰਦੇ ਹਨ | ਪ੍ਰੋ: ਸੈਰੀ ਸਿੰਘ ਅਨੁਸਾਰ ਲੋਕਾਂ ਦੁਆਰਾ ਰਚੇ ਗਏ ਗੀਤਾਂ ਨੂੰ 'ਲੋਕ-ਗੀਤ' ਕਿਹਾ ਜਾਂਦਾ ਹੈ | ਲੇਖਕ ਦਾ ਅਗਿਆਤ ਹੋਣਾ ਇਸ ਦੀ ਮੁੱਖ ਸ਼ਰਤ ਹੈ | ਸੁਹਾਗ ਲੋਕ ਗੀਤਾਂ ਦੀ ਇਕ ਵੰਨਗੀ ਹੈ | ਇਹ ਵਿਆਹੁਲੀ ਕੁੜੀ ਦੇ ਘਰ ਗਾਏ ਜਾਂਦੇ ਹਨ | ਡਾ: ਰਾਜਵੰਤ ਕੌਰ ਪੰਜਾਬੀ ਅਨੁਸਾਰ ਵਿਦਾਇਗੀ ਦੇ ਮੌਕੇ 'ਤੇ ਜੋ ਸੁਹਾਗ ਗੀਤ ਗਾਏ ਜਾਂਦੇ ਹਨ ਉਨ੍ਹਾਂ ਵਿਚਲੀ ਜਜ਼ਬਾਤੀ ਸੁਰ ਦਿਲਾਂ ਨੂੰ ਸਿੱਧੇ ਤੌਰ 'ਤੇ ਤਟ ਫਟੀ ਰੂਪ ਵਿਚ ਵਧੇਰੇ ਪ੍ਰਭਾਵਿਤ ਕਰਦੀ ਹੈ | ਡੋਲੀ ਦੀ ਵਿਦਾਇਗੀ ਦੇ ਗੀਤ ਜਿੱਥੇ ਰਸਮੋ-ਰਿਵਾਜ ਨਾਲ ਸੰਬੰਧਿਤ ਹੁੰਦੇ ਹਨ, ਉੱਥੇ ਉਸ ਸਮੇਂ ਧੀ ਦੇ ਪੇਕੇ ਘਰ ਰਹਿਣ ਦੀਆਂ ਮਨੋਭਾਵਨਾ ਨੂੰ ਵੀ ਪੇਸ਼ ਕਰਦੇ ਹਨ | ਅਜੋਕੇ ਵਿਆਹਾਂ ਵਿਚ ਵੀ ਵਿਦਾਇਗੀ ਵੇਲੇ ਗੀਤ ਗਾਏ ਜਾਂਦੇ ਹਨ | ਪੁਰਾਤਨ ਸਮਿਆਂ ਵਿਚ ਕੁੜੀ ਦੀ ਡੋਲੀ ਊੱਠਾਂ ਜਾਂ ਗੱਡੀਆਂ 'ਤੇ ਜਾਂਦੀ ਸੀ | ਪਰ ਅੱਜ ਆਧੁਨਿਕਤਾ ਦੇ ਯੁੱਗ ਵਿਚ ਤੇਜ਼ ਰਫਤਾਰ ਵਾਲੀਆਂ ਮਹਿੰਗੀਆਂ ਕਾਰਾਂ ਆ ਗਈਆਂ ਹਨ | ਅੱਜ ਫੋਕੀ ਸ਼ੁਹਰਤ ਦੇ ਪੱਟੇ ਪੰਜਾਬੀ ਮਹਿੰਗੀ ਤੋਂ ਮਹਿੰਗੀ ਕਿਰਾਏ ਦੀ ਕਾਰ ਲੈ ਜਾਂਦੇ ਹਨ ਜਿਸ ਨਾਲ ਆਰਥਿਕਤਾ 'ਤੇ ਮਾੜਾ ਅਸਰ ਪੈਂਦਾ ਹੈ ਤੇ ਵਿਆਹ ਮਗਰੋਂ ਮੁੰਡੇ ਜਾਂ ਉਸ ਦੇ ਪਰਿਵਾਰ ਤੇ ਲੱਖਾਂ ਦਾ ਕਰਜ਼ ਹੋ ਜਾਂਦਾ ਹੈ | ਸੋ, ਲੋੜ ਹੈ ਅੱਜ ਪੰਜਾਬੀ ਰੀਤਾਂ ਰਸਮਾਂ ਨੂੰ ਸਾਦੇ ਢੰਗ ਨਾਲ ਨਿਭਾਉਣ ਦੀ ਤਾਂ ਜੋ ਜ਼ਿੰਦਗੀ ਭਰ ਪਰਿਵਾਰ ਸੁਖੀ ਰਹੇ |

-ਮੋਬਾਈਲ : 70878-00168

ਛੋਟੀ ਕਹਾਣੀ ਸਫ਼ਰ ਦਾ ਫ਼ਰਕ

ਪੇਕਾ ਪਿੰਡ ਦੂਰ ਹੋਣ ਕਰਕੇ ਕਿਰਨ ਅਕਸਰ ਛੁੱਟੀਆਂ 'ਚ ਹੀ ਜਾਂਦੀ¢ ਗਰਮੀ ਸਰਦੀ ਦੀਆਂ ਛੁੱਟੀਆਂ ਦਾ ਉਸ ਨਾਲੋਂ ਵੱਧ ਇੰਤਜ਼ਾਰ? ਉਸ ਦੇ ਪਾਪਾ ਨੂੰ ਹੁੰਦਾ¢ ਮਈ ਦੇ ਮਹੀਨੇ ਹੀ ਦਿਨ ਗਿਣਨੇ ਸ਼ੁਰੂ ਕਰ ਦਿੰਦੇ¢
'ਅਗਲੇ ਮਹੀਨੇ ਇਸ ਦਿਨ ਜਾਂ ਇਸ ਤਾਰੀਖ ਨੂੰ ਮੇਰਾ ਪੁੱਤ ਮੇਰੇ ਕੋਲ਼ ਹੋਊ? 'ਅਕਸਰ ਫੋਨ ਕਰਕੇ ਆਖਦੇ¢ ਜਦੋਂ ਦੀ ਮਾਂ ਇਸ ਦੁਨੀਆ ਤੋਂ ਗਈ ਸੀ ਪਿਓ-ਧੀ ਘੰਟਿਆਂਬੱਧੀ ਦੁੱਖ-ਸੁੱਖ ਸਾਂਝਾ ਕਰਦੇ ਰਹਿੰਦੇ¢
ਛੁੱਟੀਆਂ ਹੋਣ ਤੋਂ ਕੁਝ ਦਿਨ ਪਹਿਲਾਂ ਹੀ ਉੁਹ ਨਿੱਕ-ਸੁੱਕ ਇਕੱਠਾ ਕਰਨਾ ਸ਼ੁਰੂ ਕਰ ਦਿੰਦੀ¢ ਕੱਪੜੇ ਪ੍ਰੈੱਸ ਕਰਦੀ, ਬੱਚਿਆਂ ਲਈ ਰਸਤੇ ਵਿੱਚ ਖਾਣ-ਪੀਣ ਦਾ ਸਾਮਾਨ ਪਾਉਂਦੀ, ਜਿਸ ਦਿਨ ਜਾਣਾ ਹੁੰਦਾ ਉਸ ਦਾ ਪਤੀ ਬੱਸ ਚੜ੍ਹਾ ਕੇ ਪਹੁੰਚ ਕੇ ਫੋਨ ਕਰਨ ਦੀ ਤਾਕੀਦ ਕਰਦਾ¢
ਰਸਤੇ ਵਿੱਚ ਪਾਪਾ ਦਾ ਕਿੰਨੀ ਵਾਰੀ ਫੋਨ ਆਉਂਦਾ, 'ਕਿੱਥੇ ਪਹੁੰਚਗੇ? ਕਿਹੜੀ ਬੱਸ ਐ? ਸਿੱਧੀ ਐ ਜਾਂ ਰਸਤੇ 'ਚ ਬਦਲਣੀ ਐਾ? ਕਿੰਨੇ ਵਜੇ ਪਹੁੰਚੋਗੇ? ਖਾਣ ਨੂੰ ਕੀ ਲਿਆ ਕੇ ਰੱਖਾਂ? ਰਮਨ ਲੈਣ ਆਵੇਗਾ ਬੱਸ  ਅੱਡੇ ... ਆਦਿ¢' ਕਿਰਨ ਦਾ ਉਤਸ਼ਾਹ ਹੋਰ ਵਧ ਜਾਂਦਾ¢ ਉਸ ਨੂੰ ਰਸਤੇ ਦੇ ਦਰੱਖਤ ਤੇ ਪੰਛੀ ਵੀ ਹੱਸਦੇ ਪ੍ਰਤੀਤ ਹੁੰਦੇ¢
ਅੱਜ ਉਹ ਪੇਕੇ ਜਾ ਰਹੀ ਸੀ ,ਪਰ ਨਾ ਹੀ ਕੱਪੜੇ ਪ੍ਰੈੱਸ ਕੀਤੇ, ਨਾ ਕੋਈ ਹੋਰ ਉਚੇਚੀ ਤਿਆਰੀ ਕੀਤੀ¢ 
'ਚੱਲੀਏ' ਪਤੀ ਨੇ ਦੋਵਾਂ ਬੱਚਿਆਂ ਨੂੰ ਕਾਰ ਵੱਲ ਲਿਜਾਂਦਿਆਂ ਕਿਹਾ¢
ਬਿਨਾ ਕੁਝ ਬੋਲੇ ਕਿਰਨ ਕਾਰ ਦੀ ਅਗਲੀ ਸੀਟ 'ਤੇ ਬਹਿ ਗਈ¢
ਬਹੁਤ ਸਾਰਾ ਸਫ਼ਰ ਬਿਨਾਂ ਬੋਲਿਆਂ ਹੀ ਬੀਤ ਗਿਆ¢
'ਬੱਚਿਆਂ ਲਈ ਕੁਛ ਖਾਣ ਨੂੰ ਲਿਆਵਾਂ?' ਸ਼ਹਿਰ ਆਉਂਦਿਆਂ ਪਤੀ ਨੇ ਚੁੱਪ ਤੋੜੀ ਤੇ ਕਾਰ ਰੋਕ ਕੇ ਥੋੜੇ੍ਹ ਜਿਹੇ ਫਲ਼ ਕਟਵਾ ਲਿਆਇਆ¢
'ਲੈ ਤੂੰ ਵੀ ਖਾ ਲੈ¢' ਪਤੀ ਨੇ ਲਿਫਾਫਾ ਉਸ ਵੱਲ ਕਰਦਿਆਂ ਕਿਹਾ¢
'ਮੇਰਾ ਮਨ ਨਹੀਂ ਕਰਦਾ¢' ਆਖ ਉਸ ਨੇ ਲਿਫਾਫਾ ਪਿਛਲੀ ਸੀਟ 'ਤੇ ਬੈਠੇ ਬੱਚਿਆਂ ਨੂੰ ਫੜਾ ਦਿੱਤਾ¢
'ਐਨਾ ਲੰਬਾ ਸਫ਼ਰ...' ਕਿਰਨ ਦੇ ਮੂੰਹੋਂ ਆਪ-ਮੁਹਾਰੇ ਨਿਕਲ ਗਿਆ¢
ਉਹਨੂੰ ਕਾਰ ਦੀ ਰਫ਼ਤਾਰ ਹੌਲ਼ੀ ਲੱਗ ਰਹੀ ਸੀ ¢ਸ਼ੀਸ਼ੇ 'ਚੋਂ ਬਾਹਰ ਦੇਖਦਿਆਂ ਦਰੱਖਤ ਵੀ ਉਦਾਸ ਜਿਹੇ ਹੀ ਲੱਗੇ¢
ਉਹੀ ਰਸਤਾ ਤੇ ਉਹੀ ਸਫਰ ਜੋ ਉਸ ਨੂੰ ਸਕੂਨ ਦਿੰਦੇ ਸਨ ਅੱਜ ਨਾ ਮੁਕਦੇ ਸਨ, ਨਾ ਹੱਸਦੇ ਸਨ, ਕਿਉਂਕਿ ਅੱਜ ਮੱਥੇ 'ਤੇ ਹੱਥ ਧਰ ਕੇ ਉਡੀਕਣ ਵਾਲੇ ਪਾਪਾ ਦੀ ਥਾਂ ਉੁਨ੍ਹਾਂ ਦੀਆਂ ਅੰਤਿਮ ਰਸਮਾਂ ਉੁਡੀਕ ਰਹੀਆਂ ਸਨ¢

-ਮੋਬਾਈਲ : 94654-34177

ਪਾਲੀਵੁੱਡ ਝਰੋਖਾ ਗਿੱਪੀ ਗਰੇਵਾਲ ਦੀ 'ਅਨਟੋਲਡ ਸਟੋਰੀ'

2010 ਦੀਆਂ ਸਰਦੀਆਂ ਦੀ ਰੁੱਤ ਨੂੰ ਮੈਂ ਆਪਣੇ ਇਕ ਨਿਰਦੇਸ਼ਕ ਦੋਸਤ ਦੇ ਨਾਲ ਅੰਮਿ੍ਤਸਰ ਦੇ ਇਕ ਮਲਟੀਪਲੈਕਸ 'ਚ 'ਮੇਲ ਕਰਾ ਦੇ ਰੱਬਾ' ਪੰਜਾਬੀ ਫ਼ਿਲਮ ਦੇਖ ਰਿਹਾ ਸੀ | ਇਸ 'ਚ ਨਾਇਕ (ਜਿੰਮੀ ਸ਼ੇਰ ਗਿੱਲ) ਨਾਇਕਾ (ਨੀਰੂ ਬਾਜਵਾ) ਦੇ ਦਰਮਿਆਨ ਦਰਾਰ ਪੈਦਾ ਕਰਨ ਦਾ ਕੰਮ ਨਿਹਾਲ ਅਰਥਾਤ ਗਿੱਪੀ ਗਰੇਵਾਲ ਨੇ ਕੀਤਾ ਸੀ | ਕਹਿਣ ਨੂੰ ਤਾਂ ਇਹ ਰੋਲ ਅਰਧ-ਖਲਨਾਇਕੀ ਪ੍ਰਵਿਰਤੀਆਂ ਦਾ ਸੀ, ਪਰ ਗਿੱਪੀ ਗਰੇਵਾਲ ਨੇ ਆਪਣੀ ਸੁਭਾਵਿਕ ਸ਼ੈਲੀ ਦੀ ਅਭਿਨੈ ਕਲਾ ਦੇ ਨਾਲ ਇਸ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ ਸੀ | ਲਿਹਾਜ਼ਾ, ਜਦੋਂ ਉਹ ਫ਼ਿਲਮ ਦੇ ਕਲਾਈਮੈਕਸ 'ਚ ਨਾਇਕਾ ਦਾ ਹੱਥ ਖ਼ੁਦ ਨਾਇਕ ਨੂੰ ਫੜਾ ਦਿੰਦਾ ਹੈ ਅਤੇ ਆਪਣੇ ਸਾਥੀਆਂ ਨੂੰ ਮਾਰ-ਕੁਟਾਈ ਤੋਂ ਰੋਕਦਾ ਹੈ ਤਾਂ ਇਹ ਭੂਮਿਕਾ ਗ਼ੈਰ-ਪ੍ਰੰਪਰਾਵਾਦੀ ਸ਼੍ਰੇਣੀ 'ਚ ਸ਼ਾਮਿਲ ਹੋ ਗਈ ਸੀ | ਬੇਸ਼ੱਕ ਫ਼ਿਲਮ ਦੇ ਅੰਤ 'ਚ ਨਾਇਕਾ ਤਾਂ ਨਾਇਕ ਦੇ ਨਾਲ ਚਲੀ ਜਾਂਦੀ ਹੈ ਪਰ ਦਰਸ਼ਕਾਂ ਦੀਆਂ ਤਾੜੀਆਂ ਤਾਂ ਨਿਹਾਲ ਦੇ ਨਾਂਅ ਹੀ ਗਈਆਂ ਸਨ |
ਸ਼ਾਇਦ ਗਿੱਪੀ ਨੇ ਖ਼ੁਦ ਵੀ ਇਹ ਕਦੇ ਨਹੀਂ ਸੋਚਿਆ ਹੋਵੇਗਾ ਕਿ ਇਕ ਛੋਟੀ ਜਿਹੀ ਭੂਮਿਕਾ ਉਸ ਨੂੰ ਸਟਾਰਡਮ ਦੇ ਦਰਵਾਜ਼ੇ ਤੱਕ ਲੈ ਜਾਵੇਗੀ | ਵੈਸੇ ਤਾਂ ਗਿੱਪੀ ਦਾ ਕੈਰੀਅਰ ਹੀ ਛੋਟੀਆਂ-ਛੋਟੀਆਂ ਪ੍ਰਾਪਤੀਆਂ ਤੋਂ ਸ਼ੁਰੂ ਹੋ ਕੇ ਸਿਖਰ ਤੱਕ ਪਹੁੰਚਣ ਦੀ ਪ੍ਰੋੜ੍ਹਤਾ ਕਰਦਾ ਹੈ ਪਰ ਇਸ ਦੇ ਪਿੱਛੇ ਕੀਤੀ ਗਈ ਮਿਹਨਤ ਤੋਂ ਕੋਈ ਵੀ ਮੁਨਕਰ ਨਹੀਂ ਹੋ ਸਕਦਾ ਹੈ |
ਗਿੱਪੀ ਗਰੇਵਾਲ ਦਾ ਜਨਮ 2 ਜਨਵਰੀ, 1983 ਨੂੰ ਹੋਇਆ ਸੀ | ਉਸ ਦਾ ਅਸਲੀ ਨਾਂਅ ਰੁਪਿੰਦਰ ਸਿੰਘ ਗਰੇਵਾਲ ਹੈ | ਗਿੱਪੀ ਨੇ ਗਾਇਕ ਤੋਂ ਅਦਾਕਾਰ ਬਣਨ ਵਾਲਾ ਸਫ਼ਰ ਕਈ ਕਿਸ਼ਤਾਂ ਨਾਲ ਪੂਰਾ ਕੀਤਾ ਹੈ | ਸ਼ੁਰੂਆਤ ਤਾਂ ਉਸ ਨੇ ਬਤੌਰ ਇਕ ਗਾਇਕ 'ਫੁਲਕਾਰੀ' ਤੋਂ ਹੀ ਕੀਤੀ ਸੀ ਪਰ ਫੁਲਕਾਰੀ ਦੀ ਸੇਜ਼ ਸਜਾਉਣ ਤੋਂ ਪਹਿਲਾਂ ਉਸ ਨੂੰ ਕਈ ਉਲਟ ਹਾਲਾਤ 'ਚੋਂ ਵੀ ਲੰਘਣਾ ਪਿਆ ਸੀ | ਉਸ ਨੇ ਖ਼ੁਦ ਸਵੀਕਾਰ ਕੀਤਾ ਹੈ ਕਿ ਕਲੀਨਰ ਤੋਂ ਲੈ ਕੇ ਸਵੀਪਰ ਤੱਕ ਦਾ ਕੰਮ ਉਸ ਨੇ ਵਿਦੇਸ਼ਾਂ 'ਚ ਜਾ ਕੇ ਕੀਤਾ ਹੈ | ਪਰ ਬਾਵਜੂਦ ਇਨ੍ਹਾਂ ਔਕੜਾਂ ਦੇ ਉਸ ਨੇ ਆਪਣੀ ਗਾਇਕੀ ਦਾ ਚਿਰਾਗ ਬਲਦਾ ਰੱਖਿਆ ਹੈ | ਕਈ ਲੋਕ ਤਾਂ ਉਸ ਨੂੰ ਹੁਣ ਪੰਜਾਬੀ ਗਾਇਕੀ ਦਾ 'ਰਾਕ ਸਟਾਰ' ਵੀ ਕਹਿੰਦੇ ਹਨ |
ਪਰ ਸਾਡੇ ਮੰਤਵ ਉਸ ਦੇ ਬਤੌਰ ਗਾਇਕ ਹੋਣ ਦੇ ਸੋਹਲੇ ਗਾਉਣਾ ਨਹੀਂ ਹੈ, ਸਗੋਂ ਉਸ ਦੀ ਪੰਜਾਬੀ ਫ਼ਿਲਮਾਂ 'ਚ ਬਤੌਰ ਇਕ ਕਲਾਕਾਰ ਦੀ ਸਥਿਤੀ ਦਾ ਮੁਲਾਂਕਣ ਕਰਨਾ ਹੈ |
ਇਥੇ ਇਹ ਵੀ ਸਪੱਸ਼ਟ ਕਰ ਦੇਣਾ ਜ਼ਰੂਰੀ ਹੈ ਕਿ ਗਿੱਪੀ ਨੇ ਪੰਜਾਬੀ ਸਿਨੇਮਾ ਨੂੰ ਆਪਣਾ ਬਤੌਰ ਇਕ ਲੇਖਕ ਅਤੇ ਨਿਰਦੇਸ਼ਕ ਵੀ ਯੋਗਦਾਨ ਦਿੱਤਾ ਹੈ | ਉਂਜ ਵੀ ਉਸ ਨੇ ਕਈ ਤਰ੍ਹਾਂ ਦੀਆਂ ਪਟਕਥਾਵਾਂ ਨੂੰ ਸਵੀਕਾਰ ਕੀਤਾ ਹੈ ਅਤੇ ਆਪਣੀ ਇਮੇਜ (ਦਿੱਖ) ਨੂੰ ਵਿਸ਼ਾਲਤਾ ਪ੍ਰਦਾਨ ਕੀਤੀ ਹੈ | ਇਹ ਉਸ ਦਾ ਆਤਮ-ਵਿਸ਼ਵਾਸ ਹੀ ਸੀ ਕਿ 'ਮੇਲ ਕਰਾ ਦੇ ਰੱਬਾ' ਤੋਂ ਬਾਅਦ 'ਜਿਨ੍ਹੇ ਮੇਰਾ ਦਿਲ ਲੁੱਟਿਆ' ਵਿਚ ਉਹ ਖ਼ੁਦ ਰੁਮਾਂਟਿਕ ਲੀਡ 'ਚ ਆਇਆ | ਗਿੱਪੀ ਦੇ ਇਸ ਮੌਲਿਕ ਹੁਨਰ ਬਾਰੇ ਨਿਰਦੇਸ਼ਕ ਹਰੀ ਦੱਤ ਨੇ ਮੈਨੂੰ ਕਿਹਾ ਸੀ, 'ਗਿੱਪੀ 'ਚ ਕਮਾਲ ਦੀ ਪ੍ਰਤਿਭਾ ਹੈ, ਉਹ ਹਰ ਭੂਮਿਕਾ ਨੂੰ ਆਪਣੇ ਅੰਦਰ ਜਜ਼ਬ ਕਰਨ ਦੀ ਯੋਗਤਾ ਰੱਖਦਾ ਹੈ |'
ਭਾਵੇਂ 'ਜਿਨ੍ਹੇ ਮੇਰਾ ਦਿਲ ਲੁੱਟਿਆ' ਅਤੇ 'ਮਿਰਜ਼ਾ : ਦ ਅਨਟੋਲਡ ਸਟੋਰੀ' ਰੁਮਾਂਟਿਕ ਸ਼੍ਰੇਣੀ ਦੀਆਂ ਫ਼ਿਲਮਾਂ ਸਨ ਅਤੇ ਅਜਿਹੀਆਂ ਭੂਮਿਕਾਵਾਂ ਨੂੰ ਦੁਹਰਾਉਣ ਵਾਲਾ ਨਾਇਕ ਟਾਈਪਡ ਹੋ ਜਾਂਦਾ ਹੈ ਪਰ ਗਿੱਪੀ ਨੇ ਅਜਿਹਾ ਨਹੀਂ ਹੋਣ ਦਿੱਤਾ ਸੀ | 2012 ਵਿਚ ਆਈ ਉਸ ਦੀ ਫ਼ਿਲਮ 'ਕੈਰੀ ਆਨ ਜੱਟਾ' ਉਸ ਦੀ ਪ੍ਰਤਿਭਾ ਦਾ ਮੀਲ-ਪੱਥਰ ਸਿੱਧ ਹੋਈ | ਇਹ ਇਕ ਸ਼ੁੱਧ ਕਾਮੇਡੀ ਫ਼ਿਲਮ ਸੀ | ਹੁਣ ਇਹ ਗੱਲ ਵੀ ਸਾਰੇ ਹੀ ਸਮਝਦੇ ਹਨ ਕਿ ਲਗਾਤਾਰ ਕਾਮੇਡੀ ਦਾ ਟੈਂਪੋ ਕਾਇਮ ਰੱਖਣਾ ਆਪਣੇ-ਆਪ 'ਚ ਇਕ ਬਹੁਤ ਵੱਡੀ ਚੁਣੌਤੀ ਹੈ | ਪਰ 'ਕੈਰੀ ਆਨ ਜੱਟਾ' ਨੇ ਸਿੱਧ ਕੀਤਾ ਕਿ ਜੇਕਰ ਕਲਾਕਾਰਾਂ 'ਚ ਦਮ ਹੈ ਤਾਂ ਕਿਸੇ ਵੀ ਉਦੇਸ਼ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ | ਦਿਲਚਸਪ ਤੱਥ ਇਹ ਵੀ ਹੈ ਕਿ ਇਸ 'ਚ ਇਕ ਨਹੀਂ ਬਲਕਿ ਦੋ ਤਿੰਨ ਹੋਰ ਕਾਮੇਡੀਅਨ (ਜਸਵਿੰਦਰ ਭੱਲਾ, ਬੀਨੂੰ ਢਿੱਲੋਂ) ਵੀ ਸ਼ਾਮਿਲ ਸਨ | ਇਨ੍ਹਾਂ ਕਲਾਕਾਰਾਂ ਦੇ ਨਾਲ ਗਿੱਪੀ ਨੇ ਬਰਾਬਰ ਦਾ ਲੋਹਾ ਲਿਆ ਸੀ |
ਕਾਮੇਡੀ ਦੇ ਖੇਤਰ 'ਚ ਹੀ ਗਿੱਪੀ ਨੇ 'ਸਿੰਘ ਵਰਸਜ਼ ਕੌਰ', 'ਲੱਕੀ ਦੀ ਅਨਲੱਕੀ ਸਟੋਰੀ', 'ਬੈਸਟ ਆਫ਼ ਲੱਕ' ਅਤੇ 'ਭਾਅ ਜੀ ਇਨ ਪ੍ਰਾਬਲਮ' ਵਿਚ ਆਪਣਾ ਕਦਮ ਅੱਗੇ ਵਧਾਇਆ ਸੀ | ਪਰ ਉਸ ਦੀ ਇਕ ਖ਼ਾਸ ਵਿਸ਼ੇਸ਼ਤਾ ਇਹ ਰਹੀ ਕਿ ਉਹ ਕਾਮੇਡੀ ਫ਼ਿਲਮਾਂ ਨੂੰ ਵੀ ਇਕ ਨਵਾਂ ਵਿਸਥਾਰ ਜਾਂ ਵਿਲੱਖਣ ਦਿਸ਼ਾ ਪ੍ਰਦਾਨ ਕਰਦਾ ਰਿਹਾ ਹੈ | ਮਿਸਾਲ ਦੇ ਤੌਰ 'ਤੇ 'ਸਿੰਘ ਵਰਸਜ਼ ਕੌਰ' ਵਿਚ ਕਾਮੇਡੀ ਦੇ ਨਾਲ ਹੀ ਨਾਲ ਐਕਸ਼ਨ ਨੂੰ ਵੀ ਸ਼ਾਮਿਲ ਕੀਤਾ ਸੀ |
(ਬਾਕੀ ਅਗਲੇ ਐਤਵਾਰ ਦੇ ਅੰਕ 'ਚ)

-103, ਸਨੀ ਕਾਟੇਜ, ਕ੍ਰਿਸ਼ਨਾ ਨਗਰ, ਬਟਾਲਾ-143505 (ਪੰਜਾਬ) |
ਮੋਬਾਈਲ : 099154-93043.

ਗੁਲ-ਗੁਲਸ਼ਨ-ਗੁਲਫਾਮ: ਬਗੀਚੀਆਂ ਨੂੰ ਪਾਣੀ-ਕਦੋਂ, ਕਿਵੇਂ ਅਤੇ ਕਿੰਨਾ ਲਾਈਏ?

ਇਸ ਵਿਚ ਕੋਈ ਸ਼ੱਕ ਨਹੀਂ ਕਿ ਪੂਰਾ ਵਿਸ਼ਵ ਜਲ ਸੰਕਟ ਨਾਲ ਜੂਝ ਰਿਹਾ ਹੈ | ਕਦੇ ਪੰਜ ਦਰਿਆਵਾਂ ਦੇ ਠਾਠਾਂ ਮਾਰਦੇ ਪਾਣੀ ਵਾਲਾ ਸਾਰਾ ਸੂਬਾ ਪੰਜਾਬ, ਅੱਜ ਪਾਣੀ ਦੇ ਦੁਰਉਪਯੋਗ ਹੋਣ ਸਦਕਾ ਦਿਨ-ਬਦਿਨ ਬੰਜਰ ਹੋਣ ਵੱਲ ਵਧ ਰਿਹਾ ਹੈ | ਖੇਤਾਂ ਤੋਂ ਇਲਾਵਾ ਘਰਾਂ, ਫਾਰਮ ਹਾਊਸਾਂ, ਸਮਾਜਿਕ, ਧਾਰਮਿਕ ਤੇ ਸਰਕਾਰੀ ਸਥਾਨਾਂ 'ਤੇ ਬਣੀਆਂ ਬਗੀਚੀਆਂ ਵਿਚ ਪਾਣੀ ਦੀ ਖੂਬ ਲੋੜ ਪੈਂਦੀ ਹੈ ਅਤੇ ਤਕਨੀਕੀ ਜਾਣਕਾਰੀ ਦੀ ਘਾਟ ਸਦਕਾ ਬਗੀਚੀਆਂ ਵਿਚ ਵੀ ਪਾਣੀ ਬਹੁਤ ਜ਼ਿਆਦਾ ਮਾਤਰਾ ਵਿਚ ਦੁਰਉਪਯੋਗ ਹੋ ਰਿਹਾ ਹੈ | ਜਿਸ ਹਾਲਾਤ ਵਿਚ ਅਸੀਂ ਅੱਜ ਖੜ੍ਹੇ ਹਾਂ, ਸਾਨੂੰ ਬੜੀ ਬਾਰੀਕੀ ਨਾਲ ਸੋਚਣ ਅਤੇ ਸਮਝਣ ਦੀ ਲੋੜ ਹੈ ਕਿ ਪਹਿਲਾਂ ਬਣ ਚੁੱਕੀਆਂ ਛੋਟੀਆਂ ਤੋਂ ਲੈ ਕੇ ਵੱਡੀਆਂ ਬਗੀਚੀਆਂ ਵਿਚ ਪਾਣੀ ਦੀ ਸੁਚੱਜੀ ਵਰਤੋਂ ਕਰਨ ਦੇ ਤਰੀਕੇ ਅਪਣਾਏ ਜਾਣ ਅਤੇ ਇਸ ਤੋਂ ਇਲਾਵਾ ਨਵੀਆਂ ਬਣ ਜਾਂ ਬਣਾਈਆਂ ਜਾ ਰਹੀਆਂ ਬਗੀਚੀਆਂ ਵਿਚ ਪਾਣੀ ਦਾ ਪ੍ਰਵੇਸ਼ ਤਕਨੀਕੀ ਰੂਪ ਵਿਚ ਕਰਨਾ ਚਾਹੀਦਾ ਹੈ |
ਸਾਡੇ ਸਾਹਮਣੇ ਸਭ ਤੋਂ ਪਹਿਲਾ ਸਵਾਲ ਤਾਂ ਇਹ ਆਉਂਦਾ ਹੈ ਕਿ ਪਾਣੀ ਪੌਦਿਆਂ ਜਾਂ ਘਾਹ ਨੂੰ ਕਦੋਂ ਲਾਉਣਾ ਚਾਹੀਦਾ ਹੈ? ਇਸ ਦਾ ਬੜਾ ਸਾਫ ਤੇ ਸਪੱਸ਼ਟ ਜਵਾਬ ਹੈ ਕਿ ਪਾਣੀ ਹਮੇਸ਼ਾ ਸਵੇਰ ਸਮੇਂ ਹੀ ਲਾਉਣਾ ਚਾਹੀਦਾ ਹੈ, ਚਾਹੇ ਉਹ ਪੌਦਿਆਂ ਨੂੰ ਲਾਉਣਾ ਹੋਵੇ ਜਾਂ ਫਿਰ ਘਾਹ ਨੂੰ | ਸਵੇਰ ਵੇਲੇ ਪਾਣੀ ਲਾਉਣ ਪਿਛੇ ਕਈ ਤਕਨੀਕੀ ਪੱਖ ਹਨ, ਜਿਵੇਂ ਕਿ ਸ਼ਾਮ ਜਾਂ ਰਾਤ ਨੂੰ ਲਾਏ ਪਾਣੀ ਨਾਲ ਉੱਲੀ ਰੋਗਾਂ ਦੀ ਆਮਦ ਵਧ ਜਾਂਦੀ ਹੈ, ਜ਼ਿਆਦਾ ਪਾਣੀ ਖੜ੍ਹਾ ਰਹਿਣ ਨਾਲ ਘਾਹ ਜਾਂ ਪੌਦੇ ਪੀਲੇ ਪੈਣੇ ਸ਼ੁਰੂ ਹੋ ਜਾਂਦੇ ਹਨ | ਪੰ੍ਰਤੂ ਸਵੇਰ ਵੇਲੇ ਲਾਇਆ ਪਾਣੀ ਸਹੀ ਰੂਪ ਵਿਚ ਜੜ੍ਹਾਂ ਤੱਕ ਪਹੁੰਚਦਾ ਹੈ ਅਤੇ ਲੋੜ ਤੋਂ ਵੱਧ ਲੱਗ ਜਾਣ 'ਤੇ ਦਿਨ ਦੀ ਤਿੱਖੀ ਧੁੱਪ ਵਿਚ ਵਾਸ਼ਪੀਕਰਨ ਹੋਣ ਸਦਕਾ ਬੇਲੋੜਾ ਪਾਣੀ ਪੌਦਿਆਂ ਨੂੰ ਖਰਾਬ ਨਹੀਂ ਕਰਦਾ |
ਪਾਣੀ ਲਾਉਣ ਦੇ ਸਮੇਂ ਤੋਂ ਵੀ ਅਹਿਮ ਗੱਲ ਇਹ ਹੈ ਕਿ ਪਾਣੀ ਲਾਉਣ ਦਾ ਤਰੀਕਾ ਕੀ ਹੋਣਾ ਚਾਹੀਦਾ ਹੈ? ਪਾਣੀ ਦਾ ਸਹੀ ਉਪਯੋਗ ਕਰਨ ਲਈ ਕਿਹੜੀਆਂ ਅਹਿਮ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ? ਸਭ ਤੋਂ ਅਹਿਮ ਗੱਲ ਤਾਂ ਇਹ ਹੈ ਕਿ ਪਾਣੀ ਦਾ ਪ੍ਰਬੰਧ ਕਰਨ ਤੋਂ ਪਹਿਲਾਂ ਤੁਹਾਨੂੰ ਬਗੀਚੀ ਦੀ ਮਿੱਟੀ ਬਾਰੇ ਗਿਆਨ ਹੋਣਾ ਲਾਜ਼ਮੀ ਹੈ | ਮਿੱਟੀ ਨੂੰ ਚੰਗੀ ਤਰ੍ਹਾਂ ਗੁੱਡਣਾ ਜ਼ਰੂਰੀ ਹੁੰਦਾ ਹੈ, ਇਸ ਤੋਂ ਮਿੱਟੀ ਵਿਚ ਜੈਵਿਕ ਮਾਦਾ ਹੋਣ ਨਾਲ ਮਿੱਟੀ ਵਿਚ ਪਾਣੀ ਲੰਮੇ ਸਮੇਂ ਤੱਕ ਮੌਜੂਦ ਰਹਿੰਦਾ ਹੈ, ਜਿਸ ਨਾਲ ਪਾਣੀ ਘੱਟ ਜ਼ਾਇਆ ਹੁੰਦਾ ਹੈ | ਜੈਵਿਕ ਮਾਦਾ ਪਾਣੀ ਪੌਦਿਆਂ ਦੀਆਂ ਜੜ੍ਹਾਂ ਤੱਕ ਜਾਣ ਵਿਚ ਵੀ ਸਹਾਈ ਹੁੰਦਾ ਹੈ |
ਪਹਿਲਾਂ ਪਹਿਲ ਪਾਣੀ ਖੁੱਲ੍ਹਾ ਛੱਡ ਕੇ ਲਾਇਆ ਜਾਂਦਾ ਸੀ | ਬਗੀਚੀ ਨੂੰ ਝੋਨੇ ਵਾਂਗ ਪਾਣੀ ਨਾਲ ਭਰ ਦੇਣਾ ਕੋਈ ਸਿਆਣੀ ਗੱਲ ਨਹੀਂ ਹੈ | ਇਸ ਤੋਂ ਬਾਅਦ ਪਾਣੀ ਪਾਈਪ ਰਾਹੀਂ ਦੇਣਾ ਸ਼ੁਰੂ ਹੋਇਆ ਜੋ ਤਰੀਕਾ ਅਜੇ ਵੀ ਕਾਫੀ ਪ੍ਰਚੱਲਿਤ ਹੈ | ਪੰ੍ਰਤੂ ਤਰੱਕੀ ਦੇ ਚਲਦਿਆਂ ਹੁਣ ਬਗੀਚੀਆਂ ਵਿਚ ਪਾਣੀ ਲਾਉਣ ਲਈ ਕਈ ਅਹਿਮ ਤਕਨੀਕਾਂ ਈਜਾਦ ਹੋ ਚੁੱਕੀਆਂ ਹਨ | ਜੇਕਰ ਬਗੀਚੀ ਦਾ ਲਾਅਨ ਕਾਫ਼ੀ ਵੱਡਾ ਹੋਵੇ ਤਾਂ 'ਸਪਰਿੰਕਲਰ' (ਫੁਹਾਰਾ) ਵਿਧੀ ਨੂੰ ਅਪਣਾਇਆ ਜਾਂਦਾ ਹੈ | ਹਾਲਾਂ ਕਿ ਇਸ ਵਿਧੀ ਵਿਚ ਅੱਗੇ ਕਈ ਤਰ੍ਹਾਂ ਦੇ ਤਰੀਕਿਆਂ ਰਾਹੀਂ ਪਾਣੀ ਦਾ ਪ੍ਰਬੰਧ ਕੀਤਾ ਜਾਂਦਾ ਹੈ | ਇਸ ਤਰੀਕੇ ਰਾਹੀਂ ਪਾਣੀ ਦਾ ਪ੍ਰਬੰਧ ਕਰਨ ਲਈ ਪਾਈਪਾਂ ਜ਼ਮੀਨ ਅੰਦਰ ਦੱਬੀਆਂ ਜਾਂਦੀਆਂ ਹਨ ਅਤੇ ਬਗੀਚੀ ਦੇ ਡਿਜ਼ਾਈਨ ਅਤੇ ਲੋੜ ਅਨੁਸਾਰ ਪੌਪ-ਅੱਪ ਲਾਏ ਜਾਂਦੇ ਹਨ | ਕਈ ਤਰ੍ਹਾਂ ਦੀਆਂ ਕੰਪਨੀਆਂ ਪਾਈਪਾਂ ਅਤੇ ਸਬੰਧਿਤ ਸਾਮਾਨ ਵੇਚਦੀਆਂ ਹਨ | ਕਈ ਸਥਾਨਾਂ 'ਤੇ ਡਰਿੱਪ ਸਿਸਟਮ ਰਾਹੀਂ ਪਾਣੀ ਦਾ ਪ੍ਰਬੰਧ ਕੀਤਾ ਜਾਂਦਾ ਹੈ | ਡਰਿਪ ਵਿਧੀ ਉਸ ਬਗੀਚੀ ਜਾਂ ਪਾਰਕ ਵਿਚ ਵਰਤੀ ਜਾਂਦੀ ਹੈ, ਜਿਥੇ ਵਿਛਾਈਆਂ ਤਾਂ ਪਾਈਪਾਂ ਜਾਂਦੀਆਂ ਹਨ ਪੰ੍ਰਤੂ ਇਹ ਵਿਧੀ ਵੱਡੇ ਰੁੱਖ-ਪੌਦਿਆਂ ਖਾਤਰ ਅਪਣਾਈ ਜਾਂਦੀ ਹੈ | ਇਸ ਵਿਚ ਪਾਣੀ ਵਾਲੀ ਪਾਈਪ ਰੁੱਖ ਦੀ ਜੜ੍ਹ ਕੋਲ ਹੀ ਖੋਲ੍ਹੀ ਜਾਂਦੀ ਹੈ |
ਦਰਅਸਲ ਪਾਣੀ ਦੀ ਲੋੜ ਹਰ ਪੌਦੇ ਨੂੰ ਇਕੋ ਜਿਹੀ ਨਹੀਂ ਹੁੰਦੀ | ਮੋਟੇ ਤੌਰ 'ਤੇ ਵੇਖਿਆ ਜਾਵੇ ਤਾਂ ਭੌਾ-ਕੱਜਣੇ ਪੌਦੇ, ਕੈਕਟਸ ਅਤੇ ਮੌਸਮੀ ਫੁੱਲਾਂ ਦੀਆਂ ਜੜ੍ਹਾਂ ਤਕਰੀਬਨ ਇਕ ਫੁੱਟ ਡੰੂਘਾਈ ਤੱਕ ਪਾਣੀ ਲੋੜਦੀਆਂ ਹਨ, ਦਰਮਿਆਨੇ ਕੱਦ ਦੇ ਪੌਦੇ ਖਾਸ ਕਰ ਝਾੜੀਨੁਮਾ ਪੌਦਿਆਂ ਦੀਆਂ ਜੜ੍ਹਾਂ ਵਿਚ ਪਾਣੀ ਦੋ ਫੁੱਟ ਦੀ ਡੰੂਘਾਈ ਤੱਕ ਪੁੱਜਣਾ ਚਾਹੀਦਾ ਹੁੰਦਾ ਹੈ, ਇਸ ਤੋਂ ਇਲਾਵਾ ਵੱਡੇ ਰੁੱਖਾਂ ਜਾਂ ਪੌਦਿਆਂ ਦੀ ਲੋੜ ਤਕਰੀਬਨ ਤਿੰਨ ਫੁੱਟ ਡੰੂਘਾਈ ਤੱਕ ਹੁੰਦੀ ਹੈ | ਮੌਸਮ ਅਤੇ ਮਿੱਟੀ ਦੀ ਕਿਸਮ ਅਨੁਸਾਰ ਅੰਦਾਜ਼ਨ ਇਕ ਇੰਚ ਪਰਤ ਵਾਲਾ ਪਾਣੀ ਮਿੱਟੀ ਵਿਚ ਛੇ ਇੰਚ ਤੋਂ ਦਸ ਇੰਚ ਦੀ ਡੰੂਘਾਈ ਤੱਕ ਚਲਿਆ ਜਾਂਦਾ ਹੈ | ਵੈਸੇ ਪਾਣੀ ਦੇ ਸਬੰਧ ਵਿਚ ਬਾਰੀਕੀ ਵਿਚ ਜਾਣ ਦਾ ਕੰਮ ਬਗੀਚੀ ਦੇ ਡਿਜ਼ਾਈਨ ਕਰਨ ਵਾਲੇ ਲੈਂਡਸਕੇਪਰ ਜਾਂ ਫਿਰ ਉਸ ਇੰਜੀਨੀਅਰ ਦਾ ਹੁੰਦਾ ਹੈ, ਜਿਸ ਨੇ ਸਾਰੀ ਬਗੀਚੀ ਦੇ ਹਰ ਕੋਨੇ ਵਿਚ ਪਾਣੀ ਦੀ ਪਹੁੰਚ ਕਰਨੀ ਯਕੀਨੀ ਬਣਾਉਣੀ ਹੁੰਦੀ ਹੈ | ਵੱਡੀਆਂ ਬਗੀਚੀਆਂ ਵਿਚ ਪਾਣੀ ਦਾ ਪ੍ਰਬੰਧ ਹਮੇਸ਼ਾ ਤਕਨੀਕੀ ਰੂਪ ਵਿਚ ਕਰਨਾ ਚਾਹੀਦਾ ਹੈ | ਕਈ ਵਾਰ ਕੁਝ ਲੋਕ ਆਪਣੇ-ਆਪ ਇਹ ਕੰਮ ਕਰਨ ਦੀ ਕੋਸ਼ਿਸ਼ ਕਰਦੇ ਹਨ ਤਾਂ ਪ੍ਰੈਸ਼ਰ ਦਾ ਹਿਸਾਬ ਨਾ ਫਿਟ ਬੈਠਣ ਕਾਰਨ ਕਈ ਸਮੱਸਿਆਵਾਂ ਖੜ੍ਹੀਆਂ ਹੋ ਸਕਦੀਆਂ ਹਨ |
ਪਾਣੀ ਦੀ ਸੁਚੱਜੀ ਵਰਤੋਂ ਨੂੰ ਮੱਦੇਨਜ਼ਰ ਰੱਖਦੇ ਹੋਏ ਸਾਨੂੰ ਖਾਸ ਕਰ ਉਨ੍ਹਾਂ ਇਲਾਕਿਆਂ ਜਿਥੇ ਪਾਣੀ ਦੀ ਜ਼ਿਆਦਾ ਕਮੀ ਹੋਵੇ, ਪੌਦਿਆਂ ਦੀ ਚੋਣ ਕਰਨ ਵੇਲੇ ਵੀ ਖਾਸ ਧਿਆਨ ਦੇਣਾ ਚਾਹੀਦਾ ਹੈ | ਅੱਜਕਲ੍ਹ ਹਰ ਨਰਸਰੀ ਵਿਚ ਪਾਮ ਜਾਤੀ ਦੇ ਪੌਦੇ ਬਹੁਤ ਜ਼ਿਆਦਾ ਵੇਖਣ ਨੂੰ ਮਿਲਦੇ ਹਨ | ਇਹ ਜਾਤੀ ਸਮੰੁਦਰੀ ਤੱਟਾਂ ਦੇ ਇਲਾਕਿਆਂ ਵਿਚੋਂ ਆਉਂਦੀ ਹੋਣ ਕਰਕੇ ਪਾਣੀ ਦੀ ਜ਼ਿਆਦਾ ਲੋੜ ਮਹਿਸੂਸ ਕਰਦੇ ਹਨ | ਵਿਦੇਸ਼ੀ ਜਾਂ ਹੋਰਨਾਂ ਸੂਬਿਆਂ ਤੋਂ ਆਏ ਰੁੱਖ ਪੌਦਿਆਂ ਨਾਲੋਂ ਸਾਡੇ ਖੁਦ ਦੇ ਖਿੱਤੇ ਵਿਚ ਹੋਣ ਵਾਲੇ ਵਿਰਾਸਤੀ ਫੁੱਲ ਪੌਦਿਆਂ ਨੂੰ ਜ਼ਿਆਦਾ ਤਰਜੀਹ ਦੇਣੀ ਚਾਹੀਦੀ ਹੈ | ਇਕੱਲੇ ਫੁੱਲ-ਪੌਦੇ ਹੀ ਨਹੀਂ ਬਲਕਿ ਘਾਹ ਦੀ ਕਿਸਮ ਦੀ ਚੋਣ ਵੇਲੇ ਵੀ ਖਾਸ ਧਿਆਨ ਰੱਖਣਾ ਚਾਹੀਦਾ ਹੈ | ਵੱਡੇ ਮੈਦਾਨਾਂ ਆਦਿ ਲਈ ਕਲਕੱਤਾ ਘਾਹ ਦੀ ਕਿਸਮ ਨੂੰ ਤਰਜੀਹ ਦੇਣੀ ਚਾਹੀਦੀ ਹੈ |
ਪਾਣੀ ਦੀ ਬਹੁਤਾਤ ਤੇ ਘਾਟ ਦੋਵੇਂ ਮਾੜੀਆਂ ਹੁੰਦੀਆਂ ਹਨ | ਸੋ, ਪਾਣੀ ਪੌਦਿਆਂ ਨੂੰ ਲੋੜ ਅਨੁਸਾਰ ਹੀ ਦੇਣਾ ਚਾਹੀਦਾ ਹੈ | ਬਗੀਚੀਆਂ ਵਿਚ ਛਾਂਦਾਰ ਰੁੱਖ ਜ਼ਿਆਦਾ ਲਾਉਣੇ ਚਾਹੀਦੇ ਹਨ | ਇਸ ਤਰ੍ਹਾਂ ਕਰਨ ਨਾਲ ਪਾਣੀ ਦੀ ਖਪਤ ਘੱਟ ਹੁੰਦੀ ਹੈ | ਘਾਹ ਦੀ ਕਟਾਈ ਮਸ਼ੀਨ ਦਾ ਬਲੇਡ ਬਿਲਕੁਲ ਥੱਲੇ ਰੱਖ ਕੇ ਨਹੀਂ ਕਰਨੀ ਚਾਹੀਦੀ ਸਗੋਂ ਥੋੜ੍ਹਾ ਵੱਡਾ ਰੱਖਣਾ ਚਾਹੀਦਾ ਹੈ | ਬਗੀਚੀਆਂ ਵਿਚ ਨਦੀਨ ਵੀ ਪਾਣੀ ਦੀ ਜ਼ਿਆਦਾ ਖਪਤ ਕਰਨ ਦਾ ਸਬੱਬ ਬਣ ਜਾਂਦੇ ਹਨ | ਪੌਦਿਆਂ ਦੀ ਜ਼ਿਆਦਾ ਕਾਂਟ-ਛਾਂਟ ਵੀ ਪਾਣੀ ਦੀ ਲੋੜ ਵਿਚ ਵਾਧਾ ਕਰਦੀ ਹੈ | ਜਿਹੜੀਆਂ ਬਗੀਚੀਆਂ ਵਿਚ ਸਪਰਿੰਕਲਰ ਸਿਸਟਮ ਲਾਏ ਜਾਂਦੇ ਹਨ, ਉਨ੍ਹਾਂ ਦੀ ਦੇਖ-ਰੇਖ ਸਹੀ ਅਤੇ ਸਮੇਂ ਅਨੁਸਾਰ ਕਰਦੇ ਰਹਿਣਾ ਚਾਹੀਦਾ ਹੈ | ਨਵੀਆਂ ਅਤੇ ਵੱਡੀਆਂ ਬਗੀਚੀਆਂ ਵਿਚ ਖੁੱਲ੍ਹਾ ਪਾਣੀ ਲਾਉਣ ਜਾਂ ਪਾਈਪ ਵਾਲੇ ਸਿਸਟਮ ਦਾ ਪ੍ਰਹੇਜ਼ ਕਰਨਾ ਚਾਹੀਦਾ ਹੈ | ਕੁੱਲ ਮਿਲਾ ਕੇ ਪਾਣੀ ਦੀ ਹਰ ਬੰੂਦ ਕੀਮਤੀ ਹੈ ਅਤੇ ਇਸ ਦੀ ਵਰਤੋਂ ਸੋਚ-ਸਮਝ ਕੇ ਹੀ ਕਰਨੀ ਚਾਹੀਦੀ ਹੈ |

-ਮੋਬਾਈਲ : 98142-39041.
landscapingpeople@rediffmail.com

ਭੁੱਲੀਆਂ ਵਿਸਰੀਆਂ ਯਾਦਾਂ

ਇਹ ਤਸਵੀਰ 1970 ਵਿਚ ਜਦੋਂ ਸੋਭਾ ਸਿੰਘ ਆਰਟਿਸਟ ਆਪਣੇ ਪਿੰਡ ਸ੍ਰੀ ਹਰਿਗੋਬਿੰਦਪੁਰ ਆਏ ਸਨ, ਉਸ ਸਮੇਂ ਖਿੱਚੀ ਸੀ | ਉਹ ਸਾਨੂੰ ਆਪਣਾ ਘਰ ਵਿਖਾਲਣ ਲਈ ਲੈ ਕੇ ਗਏ ਸਨ | ਸ੍ਰੀ ਹਰਿਗੋਬਿੰਦਪੁਰ ਦੇ ਚੜ੍ਹਦੇ ਪਾਸੇ ਵੱਲ ਉਨ੍ਹਾਂ ਦਾ ਘਰ ਸੀ ਜਿਹੜਾ ਅਸੀਂ ਸਾਰਿਆਂ ਵੇਖਿਆ ਸੀ | ਏਨੇ ਮਹਾਨ ਆਰਟਿਸਟ ਦਾ ਘਰ ਵੀ ਨਹੀਂ ਸੰਭਾਲਿਆ ਜਾ ਸਕਿਆ | ਉਸ ਵਕਤ ਅਕਾਲੀ ਤੇ ਕਾਂਗਰਸੀ ਲੀਡਰਾਂ ਨੇ ਸੋਭਾ ਸਿੰਘ ਨਾਲ ਫੋਟੋ ਖਿਚਵਾਈ ਸੀ | ਉਤਮ ਸਿੰਘ ਸੈਣੀ, ਸਿਕੰਦਰ ਸਿੰਘ, ਪਿਆਰਾ ਸਿੰਘ ਤੇ ਹੋਰ ਬੁਹਤ ਸਾਰੇ ਸਾਥੀ ਹਾਜ਼ਰ ਹਨ ਇਸ ਤਸਵੀਰ ਵਿਚ |

ਮੋਬਾਈਲ : 98767-41231






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX