ਤਾਜਾ ਖ਼ਬਰਾਂ


ਖ਼ਤਰੇ ਦੇ ਨਿਸ਼ਾਨ ਦੇ ਨੇੜੇ ਪੁੱਜਾ ਸਤਲੁਜ ਦਰਿਆ 'ਚ ਪਾਣੀ
. . .  15 minutes ago
ਲਾਡੋਵਾਲ, 18 ਅਗਸਤ- ਭਾਖੜਾ ਡੈਮ ਦੇ ਫਲੱਡ ਗੇਟ ਖੋਲੇ ਜਾਣ ਅਤੇ ਬੀਤੀ ਰਾਤ ਹੋਈ ਬਾਰੀ ਬਰਸਾਤ ਕਾਰਨ ਸਤਲੁਜ ਦਰਿਆ 'ਚ ਪਾਣੀ ਖ਼ਤਰੇ ਦੇ ਨਿਸ਼ਾਨ ਦੇ ਬਿਲਕੁਲ ਨੇੜੇ ਪਹੁੰਚ...
ਹੜ੍ਹ ਵਰਗੀ ਸਥਿਤੀ ਨਾਲ ਨਜਿੱਠਣ ਲਈ ਪ੍ਰਸ਼ਾਸਨ ਵੱਲੋਂ ਹੈਲਪ ਲਾਈਨ ਨੰਬਰ ਕੀਤੇ ਗਏ ਜਾਰੀ
. . .  about 1 hour ago
ਲਾਡੋਵਾਲ/ਮੇਹਰਬਾਨ, 18 ਅਗਸਤ (ਕਰਮਦੀਪ ਸਿੰਘ)- ਹਿਮਾਚਲ ਤੇ ਪੰਜਾਬ 'ਚ ਹੋਈ ਭਾਰੀ ਬਾਰਸ਼ ਦੇ ਚੱਲਦਿਆਂ ਭਾਖੜਾ ਡੈਮ ਤੋਂ ਸਤਲੁਜ ਦਰਿਆ ਵਿਚ 2 ਲੱਖ...
19 ਅਗਸਤ ਨੂੰ ਰੂਪਨਗਰ ਜ਼ਿਲ੍ਹੇ ਦੇ ਸਾਰੇ ਵਿੱਦਿਅਕ ਅਦਾਰਿਆਂ 'ਚ ਰਹੇਗੀ ਛੁੱਟੀ
. . .  about 1 hour ago
ਫ਼ਤਿਹਗੜ੍ਹ ਸਾਹਿਬ/ਰੂਪਨਗਰ, 18 ਅਗਸਤ (ਅਰੁਣ ਆਹੂਜਾ)- ਡਿਪਟੀ ਕਮਿਸ਼ਨਰ ਰੂਪਨਗਰ ਡਾ. ਸੁਮੀਤ ਕੁਮਾਰ ਨੇ ਰੂਪਨਗਰ ਜ਼ਿਲ੍ਹੇ 'ਚ ਸਥਿਤ ਸਮੂਹ...
ਡਿਪਟੀ ਕਮਿਸ਼ਨਰ ਦੇ ਯਤਨਾਂ ਨੇ ਪ੍ਰਵਾਸੀ ਮਜ਼ਦੂਰ ਦੀ ਬਚਾਈ ਜਾਨ
. . .  about 2 hours ago
ਨਵਾਂਸ਼ਹਿਰ, 18 ਅਗਸਤ (ਗੁਰਬਖ਼ਸ਼ ਸਿੰਘ ਮਹੇ)- ਰਾਹੋਂ ਮੱਤੇਵਾੜਾ ਪੁਲ ਨਜ਼ਦੀਕ ਸਤਲੁਜ ਦਰਿਆ ਦੇ ਧੁੱਸੀ ਬੰਨ੍ਹ ਤੋਂ ਕਰੀਬ ਇਕ ਕਿੱਲੋਮੀਟਰ ਦੂਰ ਪਾਣੀ ਚ ਪਸ਼ੂਆਂ ਸਮੇਤ ...
ਅਰੁਣ ਜੇਤਲੀ ਦਾ ਹਾਲ ਜਾਣਨ ਏਮਜ਼ ਪਹੁੰਚੇ ਰਾਜਨਾਥ ਸਿੰਘ
. . .  about 2 hours ago
ਨਵੀਂ ਦਿੱਲੀ, 18 ਅਗਸਤ- ਭਾਜਪਾ ਦੇ ਸੀਨੀਅਰ ਆਗੂ ਅਤੇ ਸਾਬਕਾ ਵਿੱਤ ਮੰਤਰੀ ਅਰੁਣ ਜੇਤਲੀ ਦੀ ਹਾਲਤ ਨਾਜ਼ੁਕ ਬਣੀ ਹੋਈ...
ਖ਼ਤਰੇ ਦੇ ਨਿਸ਼ਾਨ ਤੋਂ ਟੱਪਿਆ ਸਤਲੁਜ ਦਰਿਆ 'ਚ ਪਾਣੀ, ਪਿੰਡਾਂ 'ਚ ਅਲਰਟ ਜਾਰੀ
. . .  about 2 hours ago
ਮਾਛੀਵਾੜਾ ਸਾਹਿਬ, 18 ਅਗਸਤ (ਸੁਖਵੰਤ ਸਿੰਘ ਗਿੱਲ) - ਹਿਮਾਚਲ ਤੇ ਪੰਜਾਬ 'ਚ ਹੋਈ ਭਾਰੀ ਬਾਰਸ਼ ਦੇ ਚੱਲਦਿਆਂ ਭਾਖੜਾ ਡੈਮ ਤੋਂ ਸਤਲੁਜ ਦਰਿਆ ਵਿਚ...
ਸੰਤ ਹਰਚੰਦ ਸਿੰਘ ਲੌਂਗੋਵਾਲ ਦੇ ਸ਼ਹੀਦੀ ਦਿਹਾੜੇ 'ਤੇ 20 ਨੂੰ ਸੰਗਰੂਰ ਅਤੇ ਬਰਨਾਲਾ 'ਚ ਛੁੱਟੀ ਦਾ ਐਲਾਨ
. . .  about 2 hours ago
ਚੰਡੀਗੜ੍ਹ, 18 ਅਗਸਤ (ਵਿਕਰਮਜੀਤ ਸਿੰਘ ਮਾਨ)- ਸੰਤ ਹਰਚੰਦ ਸਿੰਘ ਲੌਂਗੋਵਾਲ ਦੇ ਸ਼ਹੀਦੀ ਦਿਹਾੜੇ ਮੌਕੇ 20 ਅਗਸਤ ਦਿਨ ਮੰਗਲਵਾਰ ਨੂੰ ਪੰਜਾਬ ਸਰਕਾਰ ...
ਪਿੰਡਾਂ 'ਚ ਹੜ੍ਹਾਂ ਵਰਗੇ ਬਣੇ ਹਾਲਾਤ
. . .  about 2 hours ago
ਭੜ੍ਹੀ, 18 ਅਗਸਤ (ਭਰਪੂਰ ਸਿੰਘ ਹਵਾਰਾ) - ਪਿੰਡਾਂ ਵਿਚ ਹੜ੍ਹਾਂ ਵਰਗੇ ਹਾਲਾਤ ਬਣੇ ਹੋਏ ਹਨ। ਭਾਰੀ ਬਾਰਸ਼ ਕਾਰਨ ਭੜ੍ਹੀ ਇਲਾਕੇ 'ਚ ਬਹੁਤ ਜ਼ਿਆਦਾ ਪਾਣੀ ਖੇਤਾਂ 'ਚ ਖੜ੍ਹਾ ...
ਸ਼ੇਰ ਸ਼ਾਹ ਸੂਰੀ ਮਾਰਗ 'ਤੇ ਬਣੇ ਪੁਲ ਦੀ ਮਿੱਟੀ ਖੁਰ ਕੇ ਜੀ.ਟੀ. ਰੋਡ ਤੇ ਡਿਗਣੀ ਹੋਈ ਸ਼ੁਰੂ
. . .  about 2 hours ago
ਫ਼ਤਿਹਗੜ੍ਹ ਸਾਹਿਬ, 18 ਅਗਸਤ (ਅਰੁਣ ਆਹੂਜਾ)- ਸ਼ੇਰ ਸ਼ਾਹ ਸੂਰੀ ਮਾਰਗ ਜਿਸ ਦੀ ਜੀ.ਟੀ. ਰੋਡ ਅਤੇ ਨੈਸ਼ਨਲ ਹਾਈਵੇ ਨੰਬਰ.1 ਵਜੋਂ ਵੀ ਜਾਣਿਆ ...
ਸਤਲੁਜ ਦਰਿਆ ਅੰਦਰ ਲੋਕਾਂ ਦੀ 800 ਏਕੜ ਫ਼ਸਲ ਡੁੱਬੀ
. . .  about 3 hours ago
ਸ਼ਾਹਕੋਟ, 18 ਅਗਸਤ (ਸਚਦੇਵਾ, ਬਾਂਸਲ)- ਪੰਜਾਬ ਤੇ ਹਿਮਾਚਲ ਪ੍ਰਦੇਸ਼ 'ਚ ਹੋ ਰਹੀ ਲਗਾਤਾਰ ਬਾਰਸ਼ ਕਾਰਨ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵੱਲੋਂ ਭਾਖੜਾ ਡੈਮ 'ਚੋਂ ਪਾਣੀ ਛੱਡਣ ਕਾਰਨ ਸ਼ਾਹਕੋਟ ਦੇ...
ਹੋਰ ਖ਼ਬਰਾਂ..

ਫ਼ਿਲਮ ਅੰਕ

ਪ੍ਰਿਅੰਕਾ ਚੋਪੜਾ

ਤੁਮਹਾਰੇ ਹਵਾਲੇ ਵਤਨ ਸਾਥੀਓ

ਬਿਊਟੀਕਾਨ ਫੈਸਟੀਵਲ ਲਾਸ-ਏਂਜਲਸ-2019 ਦਾ ਹਿੱਸਾ ਪ੍ਰਿਅੰਕਾ ਚੋਪੜਾ ਬਣੀ ਜੋ ਸੰਯੁਕਤ ਰਾਸ਼ਟਰ ਦੀ 'ਸ਼ਾਂਤੀ ਲਹਿਰ ਸੰਸਾਰ' ਦੀ 'ਬਰਾਂਡ ਅੰਬੈਸਡਰ' ਵੀ ਹੈ ਪਰ ਦੇਸ਼ ਪਹਿਲਾਂ ਬਾਕੀ ਸਭ ਬਾਅਦ 'ਚ। ਅਮਰੀਕਨ ਨੂੰਹ ਹੋ ਕੇ ਵੀ ਪੀ.ਸੀ. ਨੂੰ 15 ਅਗਸਤ, 2019 ਮਨਾਉਣਾ ਬਹੁਤ ਹੀ ਅਹਿਮ ਲੱਗ ਰਿਹਾ ਹੈ। ਪੀ.ਸੀ. ਨੇ ਆਜ਼ਾਦੀ ਦਿਹਾੜੇ ਮੌਕੇ ਪਾਕਿਸਤਾਨੀ ਇਕ ਕੁੜੀ ਦੇ ਸਵਾਲ ਕਿ ਸੰਯੁਕਤ ਰਾਸ਼ਟਰ ਦੀ ਸਾਂਤੀ ਮਸੀਹਾ ਰਾਜਦੂਤ ਨੂੰ ਅਸੀਂ ਵੀ ਸਹਿਯੋਗ ਦਿੱਤਾ ਪਰ 'ਬਾਲਾਕੋਟ' 'ਤੇ ਕੀਤੇ ਪ੍ਰਿਅੰਕਾ ਦੇ ਟਵੀਟ ਦਾ ਅਰਥ ਪਾਕਿ ਨੂੰ ਉਕਸਾਉਣਾ ਤੇ ਪ੍ਰਮਾਣੂ ਯੁੱਧ ਨੂੰ ਸੱਦਾ ਹੈ ਤੇ ਪੀ.ਸੀ. ਦੀ ਸਮਝਦਾਰੀ ਹੈ ਕਿ ਪਹਿਲਾਂ 'ਜੈ ਹਿੰਦ' 15 ਅਗਸਤ ਮੁਬਾਰਕ, ਯੁੱਧ ਦੇ ਖਿਲਾਫ਼ ਹੈ ਪੀ.ਸੀ. ਪਰ ਪਹਿਲਾਂ ਦੇਸ਼ ਭਗਤ ਫਿਰ ਕੁਝ ਹੋਰ। ਮਾਫੀ ਜੇ ਕਿਸੇ ਦੀ ਭਾਵਨਾ ਜ਼ਖ਼ਮੀ ਹੋਈ ਹੈ ਪਰ ਆਜ਼ਾਦੀ ਸਾਨੂੰ ਵੀ ਕਿੰਨੀਆਂ ਕੁਰਬਾਨੀਆਂ ਕਰਕੇ ਨਸੀਬ ਹੋਈ ਹੈ। 'ਦਾ ਸਕਾਈ ਇਜ ਪਿੰਕ' ਪੀ.ਸੀ. ਦੀ ਇਹ ਫ਼ਿਲਮ ਅਕਤੂਬਰ 'ਚ ਆਵੇਗੀ। ਹੁਣ ਹੋਇਆ ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਭਾਰਤ ਇਕ ਤੇ 'ਧਾਰਾ 370' ਦੇ ਖਾਤਮੇ 'ਤੇ ਪ੍ਰਿਅੰਕਾ ਖੁਸ਼ ਹੈ ਤੇ ਆਸ ਕਰਦੀ ਹੈ ਕਿ ਸ਼ਾਂਤਮਈ ਕਸ਼ਮੀਰੀ ਜਨਤਾ ਇਸ ਵਾਰ ਦੁੱਗਣੀ ਖ਼ੁਸ਼ੀ ਨਾਲ 15 ਅਗਸਤ ਮਨਾਏਗੀ। ਪ੍ਰਿਅੰਕਾ ਨੇ ਤਾਂ ਆਪਣੀ ਜੇਠਾਣੀ ਨੂੰ ਵੀ ਗੁਲਾਮ ਭਾਰਤ ਤੇ 15 ਅਗਸਤ ਨੂੰ ਆਜ਼ਾਦ ਭਾਰਤ ਤੇ ਅੱਜ ਦਾ ਭਾਰਤ ਸਬੰਧੀ ਜਾਣੂ ਕਰਵਾ ਕੇ 'ਦੇਸ਼ ਪ੍ਰੇਮਣ ਅਭਿਨੇਤਰੀ' ਹੋਣ ਦਾ ਪ੍ਰਭਾਵ ਦਿੱਤਾ। ਵਤਨ ਦੇ ਲੋਕਾਂ ਨੂੰ ਆਜ਼ਾਦੀ ਦੀ ਅਹਿਮੀਅਤ ਸਮਝ, ਇਸ ਦੀ ਰੱਖਿਆ ਕਰਨ, ਭੀੜਤੰਤਰ ਨੂੰ ਘਟਾਉਣ, ਫਿਰਕਾਪ੍ਰਸਤੀ ਤੋਂ ਦੂਰ ਰਹਿਣ ਦੀ ਬੇਨਤੀ ਕਰਦੀ ਅਹਿਸਾਸ ਕਰਵਾ ਰਹੀ ਹੈ ਕਿ ਇਹ ਵਤਨ ਹੁਣ ਤੁਹਾਡੇ ਹਵਾਲੇ ਹੈ।


ਖ਼ਬਰ ਸ਼ੇਅਰ ਕਰੋ

ਹਿੰਦੀ ਫ਼ਿਲਮਾਂ 'ਚ ਦੇਸ਼ ਭਗਤੀ ਵਾਲੇ ਗੀਤ

ਹਿੰਦੀ ਫ਼ਿਲਮਾਂ ਦੇ ਦੇਸ਼-ਪ੍ਰੇਮ ਦੇ ਗੀਤਾਂ ਨੇ ਲੋਕਾਂ ਵਿਚ ਰਾਸ਼ਟਰ ਪ੍ਰੇਮ ਦੀ ਭਾਵਨਾ ਪੈਦਾ ਕਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਆਜ਼ਾਦੀ ਤੋਂ ਪਹਿਲਾਂ ਇਨ੍ਹਾਂ ਗੀਤਾਂ ਨੇ ਹਿੰਦੁਸਤਾਨੀਆਂ ਵਿਚ ਗ਼ੁਲਾਮੀ ਦੀਆਂ ਜ਼ੰਜੀਰਾਂ ਨੂੰ ਤੋੜ ਕੇ ਮੁਲਕ ਨੂੰ ਆਜ਼ਾਦ ਕਰਾਉਣ ਦਾ ਜਜ਼ਬਾ ਪੈਦਾ ਕੀਤਾ ਅਤੇ ਆਜ਼ਾਦੀ ਤੋਂ ਬਾਅਦ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਬਣਾਈ ਰੱਖਣ ਲਈ ਕੌਮੀ ਏਕਤਾ ਦੀ ਭਾਵਨਾ ਦਾ ਸੰਚਾਰ ਕਰਨ ਵਿਚ ਅਹਿਮ ਕਿਰਦਾਰ ਅਦਾ ਕੀਤਾ ਹੈ।
ਫ਼ਿਲਮਾਂ ਦਾ ਜ਼ਿਕਰ ਕੀਤਾ ਜਾਵੇ ਤਾਂ ਦੇਸ਼-ਪ੍ਰੇਮ ਦੇ ਗੀਤ ਲਿਖਣ ਵਿਚ ਕਵੀ ਪ੍ਰਦੀਪ ਅੱਗੇ ਰਹੇ। ਉਨ੍ਹਾਂ ਨੇ 1962 ਦੀ ਭਾਰਤ-ਚੀਨ ਜੰਗ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੰਦੇ ਹੋਏ 'ਐ ਮੇਰੇ ਵਤਨ ਕੇ ਲੋਗੋ, ਜ਼ਰਾ ਆਂਖ ਮੇਂ ਭਰ ਲੋ ਪਾਨੀ' ਗੀਤ ਲਿਖਿਆ। ਲਤਾ ਮੰਗੇਸ਼ਕਰ ਵਲੋਂ ਗਾਏ ਇਸ ਗੀਤ ਦਾ ਤਤਕਾਲੀ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੀ ਮੌਜੂਦਗੀ ਵਿਚ 26 ਜਨਵਰੀ, 1963 ਨੂੰ ਦਿੱਲੀ ਦੇ ਰਾਮ ਲੀਲ੍ਹਾ ਮੈਦਾਨ ਵਿਚ ਸਿੱਧਾ ਪ੍ਰਸਾਰਨ ਕੀਤਾ ਗਿਆ। ਗੀਤ ਸੁਣ ਕੇ ਜਵਾਹਰ ਲਾਲ ਨਹਿਰੂ ਦੀਆਂ ਅੱਖਾਂ ਭਰ ਆਈਆਂ ਸਨ।
1943 ਵਿਚ ਬਣੀ ਫ਼ਿਲਮ 'ਕਿਸਮਤ' ਦੇ ਗੀਤ 'ਦੂਰ ਹਟੋ ਐ ਦੁਨੀਆ ਵਾਲੋ ਹਿੰਦੁਸਤਾਨ ਹਮਾਰਾ ਹੈ' ਨੇ ਉਨ੍ਹਾਂ ਨੂੰ ਅਮਰ ਕਰ ਦਿੱਤਾ। ਇਸ ਗੀਤ ਤੋਂ ਗੁੱਸੇ ਵਿਚ ਆਈ ਉਦੋਂ ਦੀ ਬਰਤਾਨਵੀ ਸਰਕਾਰ ਨੇ ਉਨ੍ਹਾਂ ਦੀ ਗ੍ਰਿਫ਼ਤਾਰੀ ਦੇ ਆਦੇਸ਼ ਦਿੱਤੇ ਸਨ ਜਿਸ ਦੀ ਵਜ੍ਹਾ ਕਰਕੇ ਪ੍ਰਦੀਪ ਨੂੰ ਭੂਮੀਗਤ ਹੋਣਾ ਪਿਆ ਸੀ। ਉਨ੍ਹਾਂ ਦੇ ਲਿਖੇ ਫ਼ਿਲਮ 'ਜਾਗ੍ਰਿਤੀ' (1954) ਦੇ ਗੀਤ 'ਆਓ ਬੱਚੋ ਤੁਮਹੇਂ ਦਿਖਾਏਂ ਝਾਕੀ ਹਿੰਦੁਸਤਾਨ ਕੀ' ਅਤੇ 'ਦੇ ਦੀ ਹਮੇਂ ਆਜ਼ਾਦੀ ਬਿਨਾ ਖੜਗ ਬਿਨਾ ਢਾਲ, ਸਾਬਰਮਤੀ ਕੇ ਸੰਤ ਤੂਨੇ ਕਰ ਦਿਯਾ ਕਮਾਲ' ਅੱਜ ਵੀ ਲੋਕ ਗੁਣਗਣਾ ਰਹੇ ਹਨ। ਸ਼ਕੀਲ ਬਦਾਯੂੰਨੀ ਦਾ ਲਿਖਿਆ ਫ਼ਿਲਮ 'ਸੰਨ ਆਫ਼ ਇੰਡੀਆ' ਦਾ ਗੀਤ 'ਨੰਨ੍ਹਾ ਮੁੰਨਾ ਰਾਹੀ ਹੂੰ, ਦੇਸ਼ ਕਾ ਸਿਪਾਹੀ ਹੂੰ' ਬੱਚਿਆਂ ਵਿਚ ਬੇਹੱਦ ਹਰਮਨਪਿਆਰਾ ਹੈ।
ਕੈਫ਼ੀ ਆਜ਼ਮੀ ਦੇ ਲਿਖੇ ਅਤੇ ਮੁਹੰਮਦ ਰਫ਼ੀ ਦੇ ਗਾਏ ਫ਼ਿਲਮ 'ਹਕੀਕਤ' ਦੇ ਗੀਤ 'ਕਰ ਚਲੇ ਹਮ ਫ਼ਿਦਾ ਜਾਨ-ਓ-ਤਨ ਸਾਥੀਓ, ਅਬ ਤੁਮਹਾਰੇ ਹਵਾਲੇ ਵਤਨ ਸਾਥੀਓ' ਨੂੰ ਸੁਣ ਕੇ ਅੱਖਾਂ ਨਮ ਹੋ ਜਾਂਦੀਆਂ ਹਨ ਅਤੇ ਸ਼ਹੀਦਾਂ ਲਈ ਦਿਲ ਸ਼ਰਧਾ ਨਾਲ ਭਰ ਜਾਂਦਾ ਹੈ। ਫ਼ਿਲਮ 'ਲੀਡਰ' ਦਾ ਸ਼ਕੀਲ ਬਦਾਯੂੰਨੀ ਦਾ ਲਿਖਿਆ ਅਤੇ ਮੁਹੰਮਦ ਰਫ਼ੀ ਦਾ ਗਾਇਆ ਅਤੇ ਨੌਸ਼ਾਦ ਦੇ ਸੰਗੀਤ ਵਿਚ ਸਜਿਆ ਗੀਤ 'ਅਪਨੀ ਆਜ਼ਾਦੀ ਕੋ ਹਮ ਹਰਗਿਜ਼ ਮਿਟਾ ਸਕਤੇ ਨਹੀਂ, ਸਰ ਕਟਾ ਸਕਤੇ ਹੈਂ ਲੇਕਿਨ ਸਰ ਝੁਕਾ ਸਕਤੇ ਨਹੀਂ' ਬੇਹੱਦ ਹਰਮਨਪਿਆਰਾ ਹੋਇਆ ਸੀ। ਪ੍ਰੇਮ ਧਵਨ ਵਲੋਂ ਰਚਿਆ ਫ਼ਿਲਮ 'ਹਮ ਹਿੰਦੁਸਤਾਨੀ' ਦਾ ਗੀਤ 'ਛੋੜੋ ਕਲ੍ਹ ਕੀ ਬਾਤੇਂ, ਕਲ੍ਹ ਕੀ ਬਾਤ ਪੁਰਾਨੀ, ਨਯੇ ਦੌਰ ਮੇਂ ਲਿਖੇਂਗੇ, ਮਿਲ ਕਰ ਨਈ ਕਹਾਨੀ' ਅੱਜ ਵੀ ਏਨਾ ਹੀ ਮਿੱਠਾ ਲਗਦਾ ਹੈ। ਉਨ੍ਹਾਂ ਦਾ ਫ਼ਿਲਮ 'ਕਾਬੁਲੀ' ਵਾਲਾ ਗੀਤ ਵੀ ਰੋਮ-ਰੋਮ ਵਿਚ ਦੇਸ਼ ਪ੍ਰੇਮ ਦਾ ਜਜ਼ਬਾ ਭਰ ਦਿੰਦਾ ਹੈ।
'ਐ ਮੇਰੇ ਪਿਆਰੇ ਵਤਨ, ਐ ਮੇਰੇ ਬਿਛੜੇ ਚਮਨ,
ਤੁਝ ਪੇ ਦਿਲ ਕੁਰਬਾਨ'...
ਰਾਜੇਂਦਰ ਕ੍ਰਿਸ਼ਨ ਵਲੋਂ ਰਚਿਆ ਫ਼ਿਲਮ 'ਸਿਕੰਦਰ-ਏ-ਆਜ਼ਮ' ਦਾ ਗੀਤ ਭਾਰਤ ਦੇਸ਼ ਦੇ ਗੌਰਵਸ਼ਾਲੀ ਇਤਿਹਾਸ ਦਾ ਮਨੋਹਾਰੀ ਦ੍ਰਿਸ਼ ਪੇਸ਼ ਕਰਦਾ ਹੈ।
ਜਹਾਂ ਡਾਲ-ਡਾਲ ਪਰ ਸੋਨੇ ਕੀ ਚਿੜੀਆ ਕਰਤੀ ਹੈ ਬਸੇਰਾ
ਵੋ ਭਾਰਤ ਦੇਸ਼ ਹੈ ਮੇਰਾ, ਵੋ ਭਾਰਤ ਦੇਸ਼ ਹੈ ਮੇਰਾ।...
ਇਸੇ ਤਰ੍ਹਾਂ ਗੁਲਸ਼ਨ ਬਾਵਰਾ ਵਲੋਂ ਰਚੀ ਫ਼ਿਲਮ 'ਉਪਕਾਰ' ਦਾ ਗੀਤ ਦੇਸ਼ ਦੇ ਕੁਦਰਤੀ ਖਣਿਜਾਂ ਦੇ ਭੰਡਾਰਾਂ ਅਤੇ ਖੇਤੀਬਾੜੀ ਅਤੇ ਆਮ ਲੋਕਾਂ ਨਾਲ ਜੁੜੀਆਂ ਭਾਵਨਾਵਾਂ ਨੂੰ ਬਾਖੂਬੀ ਪ੍ਰਦਰਸ਼ਿਤ ਕਰਦਾ ਹੈ।
ਮੇਰੇ ਦੇਸ਼ ਕੀ ਧਰਤੀ ਸੋਨਾ ਉਗਲੇ, ਉਗਲੇ ਹੀਰੇ ਮੋਤੀ...
ਇਸ ਤੋਂ ਇਲਾਵਾ ਫ਼ਿਲਮ 'ਅਬ ਦਿੱਲੀ ਦੂਰ ਨਹੀਂ', 'ਅਮਨ', 'ਅਮਰ ਸ਼ਹੀਦ', 'ਅਪਨਾ ਘਰ', 'ਅਪਨਾ ਦੇਸ਼', 'ਅਨੋਖਾ', 'ਆਂਖੇਂ', 'ਆਦਮੀ ਔਰ ਇਨਸਾਨ', 'ਆਰਮੀ', 'ਇਨਸਾਨੀਅਤ', 'ਊਂਚੀ ਹਵੇਲੀ', 'ਏਕ ਹੀ ਰਾਸਤਾ', 'ਕਲਰਕ', 'ਕ੍ਰਾਂਤੀ', 'ਕੁੰਦਨ', 'ਗੋਲਡ ਮੈਡਲ', 'ਗੰਗਾ ਜਮੁਨਾ', 'ਗੰਗਾ ਤੇਰਾ ਪਾਨੀ ਅੰਮ੍ਰਿਤ', 'ਗੰਗਾ ਮਾਂਗ ਰਹੀ ਬਲਿਦਾਨ', 'ਗੰਵਾਰ', 'ਚੰਦਰਸ਼ੇਖਰ ਆਜ਼ਾਦ', 'ਜੀਓ ਔਰ ਜੀਨੇ ਦੋ', 'ਜਿਸ ਦੇਸ਼ ਮੇਂ ਗੰਗਾ ਬਹਤੀ ਹੈ', 'ਜੀਵਨ ਸੰਗਰਾਮ', 'ਜੁਰਮ ਔਰ ਸਜ਼ਾ', 'ਦੇਸ਼ ਪ੍ਰੇਮੀ', 'ਧਰਮਪੁੱਤਰ', 'ਧਰਤੀ ਕੀ ਗੋਦ ਮੇਂ', 'ਧੂਲ ਕਾ ਫੂਲ', 'ਨਯਾ ਦੌਰ', 'ਨਯਾ ਸੰਸਾਰ', 'ਨੇਤਾਜੀ ਸੁਭਾਸ਼ ਚੰਦਰ ਬੋਸ', 'ਪਿਆਸਾ', 'ਪਰਦੇਸ', 'ਪੂਰਬ ਔਰ ਪੱਛਿਮ', 'ਪ੍ਰੇਮ ਪੁਜਾਰੀ', 'ਪੈਗ਼ਾਮ', 'ਮਦਰ ਇੰਡੀਆ', 'ਮਾਟੀ ਮੇਰੇ ਦੇਸ਼ ਕੀ', 'ਮਾਂ ਬਾਪ', 'ਮਾਸੂਮ', 'ਮੇਰਾ ਦੇਸ਼ ਮੇਰਾ ਧਰਮ', 'ਜੀਨੇ ਦੋ', 'ਸ਼ਹੀਦ', 'ਸ਼ਹੀਦ-ਏ-ਆਜ਼ਮ ਭਗਤ ਸਿੰਘ', 'ਸਮਾਜ ਕੋ ਬਦਲ ਡਾਲੋ' ਆਦਿ ਫ਼ਿਲਮਾਂ ਦੇੇ ਦੇਸ਼ ਪ੍ਰੇਮ ਦੇ ਗੀਤ ਵੀ ਲੋਕਾਂ ਵਿਚ ਜੋਸ਼ ਭਰਦੇ ਹਨ। ਪਰ ਅਫ਼ਸੋਸ ਕਿ ਆਮ ਤੌਰ ਇਹ ਗੀਤ ਆਜ਼ਾਦੀ ਦਿਵਸ, ਗਣਤੰਤਰ ਦਿਵਸ ਜਾਂ ਫਿਰ ਗਾਂਧੀ ਦਿਵਸ ਮੌਕੇ ਹੀ ਸੁਣਨ ਨੂੰ ਮਿਲਦੇ ਹਨ। ਖ਼ਾਸ ਕਰਕੇ ਆਲ ਇੰਡੀਆ ਰੇਡੀਓ ਤੋਂ।


-ਫਿਰਦੌਸ ਖ਼ਾਨ

ਜਿੰਮੀ ਸ਼ੇਰਗਿੱਲ

ਆਜ਼ਾਦੀ ਦਿਵਸ, ਇਕ ਤਿਉਹਾਰ

'ਫੈਮਿਲੀ ਆਫ਼ ਠਾਕਰਗੰਜ' ਫ਼ਿਲਮ ਨਾਲ ਫਿਰ ਪੰਜਾਬੀ ਜੱਟ ਸ਼ੇਰਗਿੱਲ ਜਿੰਮੀ ਦਰਸ਼ਕਾਂ ਦੀ ਨਜ਼ਰ ਹੋ ਰਿਹਾ ਹੈ। ਜਿੰਮੀ ਦੇ ਨਾਲ ਇਸ ਫ਼ਿਲਮ 'ਚ ਮਾਹੀ ਗਿੱਲ ਹੈ। 49 ਸਾਲ ਦੇ ਹੋ ਚੁੱਕੇ ਜਿੰਮੀ ਦੀ ਫਿਟਨੈੱਸ ਗਜ਼ਬ ਦੀ ਹੈ। ਗੁਲਜ਼ਾਰ ਦੀ 'ਮਾਚਿਸ' ਨਾਲ ਫ਼ਿਲਮ ਸੰਸਾਰ 'ਚ ਜਿੰਮੀ ਆਇਆ ਤੇ ਫਿਰ ਹਿੰਦੀ ਦੇ ਨਾਲ-ਨਾਲ ਜਿੰਮੀ ਸ਼ੇਰਗਿੱਲ ਪਾਲੀਵੁੱਡ ਦਾ ਵੀ ਸੁਪਰ ਸਟਾਰ ਹੀਰੋ ਬਣ ਗਿਆ। ਇਸ 15 ਅਗਸਤ ਦੀ ਅਹਿਮੀਅਤ ਕੁਝ ਖਾਸ ਹੀ ਹੈ ਕਹਿੰਦਾ ਹੈ ਜਿੰਮੀ। ਇਸ ਵਾਰ ਮੋਦੀ ਸਰਕਾਰ 2.0 ਹੈ। ਤਿੰਨ ਤਲਾਕ ਬਿੱਲ ਤੋਂ ਲੈ ਕੇ ਧਾਰਾ 370 ਜਿਹੇ ਅਹਿਮ ਫ਼ੈਸਲੇ 'ਤੇ ਦੇਸ਼ ਵਾਸੀ ਨਵੇਂ ਮਾਹੌਲ 'ਚ ਆਜ਼ਾਦੀ ਦਿਹਾੜਾ ਮਨਾਉਣ ਜਾ ਰਹੇ ਹਨ। ਜਿੰਮੀ ਦੀ ਆਪਣੀ ਸੋਚ ਹੈ ਕਿ ਹੋਲੀ, ਦੀਵਾਲੀ ਦੀ ਤਰ੍ਹਾਂ 15 ਅਗਸਤ ਮਨਾਉਣਾ ਚਾਹੀਦਾ ਹੈ। ਇਕ ਤਿਉਹਾਰ ਦੇ ਰੂਪ 'ਚ ਤੇ ਐਤਕੀਂ ਸਬੱਬ ਨਾਲ ਇਸ ਦਿਨ 'ਰੱਖੜੀ' ਵੀ ਹੈ ਤਾਂ 15 ਅਗਸਤ ਦਾ ਮਹੱਤਵ ਹੋਰ ਵੀ ਵਧ ਗਿਆ ਹੈ। ਦੇਸ਼ ਪਿਆਰ ਦੀ ਰਾਖੀ, ਆਜ਼ਾਦੀ ਦੀ ਰੱਖੜੀ ਤੇ 15 ਅਗਸਤ ਨੂੰ ਪ੍ਰਣ ਲਵੋ ਕਿ ਭੀੜਤੰਤਰ, ਰੋਜ਼-ਰੋਜ਼ ਦੀ ਹਿੰਸਾ, ਬੰਦ ਇਸ ਤੋਂ ਮੁਕਤੀ ਚਾਹੀਦੀ ਹੈ। ਅਜੈ ਦੇਵਗਨ ਦੇ ਨਾਲ 'ਦੇ ਦੇ ਪਿਆਰ ਦੇ' ਫ਼ਿਲਮ ਹੁਣੇ ਜਿਹੇ ਹੀ ਜਿੰਮੀ ਦੀ ਆਈ ਹੈ। ਕਮਾਲ ਦੀ ਗੱਲ ਹੈ ਕਿ ਤੱਬੂ 'ਮਾਚਿਸ' ਸਮੇਂ ਜਿਹੋ ਜਿਹੀ ਸੀ, ਉਹੋ ਜਿਹੀ ਅੱਜ ਵੀ ਹੈ ਤੇ ਜਿੰਮੀ ਲਈ ਇਹ ਹੈਰਾਨੀ ਵਾਲੀ ਖ਼ਬਰ/ਗੱਲ ਹੈ। ਤੱਬੂ ਲਈ ਚੰਗੀ ਪ੍ਰਤੀਕਿਰਿਆ ਜਿੰਮੀ ਦੀ ਤਰਫ਼ੋਂ ਹੈ। 'ਦਾਣਾ ਪਾਣੀ' ਜਿਹੀ ਫ਼ਿਲਮ ਪਾਲੀਵੁੱਡ ਨੂੰ ਆਸਕਰ', 'ਰਾਸ਼ਟਰੀ ਐਵਾਰਡ' ਦੀ ਸ਼੍ਰੇਣੀ ਵਿਚ ਪਹੁੰਚਾਉਣ ਵਾਲੀਆਂ ਹਨ ਤੇ ਜਿੰਮੀ ਨੂੰ ਫਖਰ ਹੈ ਕਿ ਉਹ ਵਪਾਰਕ ਦੇ ਨਾਲ-ਨਾਲ ਕਲਾਤਮਿਕ ਛੋਹ ਵਾਲੀਆਂ ਪੰਜਾਬੀ ਫ਼ਿਲਮਾਂ ਦਾ ਹਿੱਸਾ ਵੀ ਹੈ। ਜਿੰਮੀ ਸ਼ੇਰਗਿੱਲ ਦੀ ਦੇਸ਼ ਭਗਤੀ, ਚੰਗੀ ਸੋਚ, ਵਧੀਆ ਵਿਚਾਰਧਾਰਾ ਦੀ ਸਿਫ਼ਤ ਕਰਨੀ ਬਣਦੀ ਹੈ।


-ਸੁਖਜੀਤ ਕੌਰ

'ਖ਼ਤਰੋਂ ਕੇ ਖਿਲਾੜੀ' ਵਿਚ ਰਾਣੀ ਚੈਟਰਜੀ

ਦਿਲ ਧੜਕਾਊ ਰਿਆਲਿਟੀ ਸ਼ੋਅ 'ਖ਼ਤਰੋਂ ਕੇ ਖਿਲਾੜੀ' ਵਿਚ ਮੁਕਾਬਲੇਬਾਜ਼ਾਂ ਨੂੰ ਅਨੋਖੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਹੁੰਦਾ ਹੈ, ਜਿਸ ਬਾਰੇ ਉਨ੍ਹਾਂ ਨੇ ਸੁਪਨੇ ਵਿਚ ਵੀ ਨਹੀਂ ਸੋਚਿਆ ਹੁੰਦਾ। ਜ਼ਹਿਰੀਲੇ ਜੀਵਾਂ ਵਿਚਾਲੇ ਸੌਣ ਤੋਂ ਲੈ ਕੇ ਦੋ ਉੱਚੀਆਂ ਇਮਾਰਤਾਂ ਵਿਚਾਲੇ ਬੰਨ੍ਹੀ ਰੱਸੀ 'ਤੇ ਚੱਲ ਕੇ ਇਕ ਕਿਨਾਰੇ ਤੋਂ ਦੂਜੇ ਕਿਨਾਰੇ ਤੱਕ ਪਹੁੰਚਣ ਦਾ ਸਟੰਟ ਇਥੇ ਮੁਕਾਬਲੇਬਾਜ਼ਾਂ ਨੂੰ ਕਰਨਾ ਪੈਂਦਾ ਹੈ। ਪਹਿਲਾਂ ਇਸ ਸ਼ੋਅ ਦਾ ਸੰਚਾਲਨ ਪ੍ਰਿਅੰਕਾ ਚੋਪੜਾ ਤੇ ਅਕਸ਼ੈ ਕੁਮਾਰ ਕਰ ਚੁੱਕੇ ਹਨ ਪਰ ਹੁਣ ਨਿਰਦੇਸ਼ਕ ਰੋਹਿਤ ਸ਼ੈਟੀ ਇਸ ਸ਼ੋਅ ਦੀ ਪਛਾਣ ਬਣ ਗਏ ਹਨ। ਸ਼ੋਅ ਦੇ ਦਸਵੇਂ ਸੀਜ਼ਨ ਦਾ ਸੰਚਾਲਨ ਵੀ ਉਹ ਹੀ ਕਰ ਰਹੇ ਹਨ।
ਜਨਵਰੀ ਵਿਚ ਪ੍ਰਸਾਰਿਤ ਹੋਣ ਵਾਲੇ ਇਸ ਸ਼ੋਅ ਨੂੰ ਬੰਗਾਰੀਆ ਵਿਚ ਸ਼ੂਟ ਕੀਤਾ ਜਾ ਰਿਹਾ ਹੈ ਅਤੇ ਅੰਦਰ ਦੀ ਖ਼ਬਰ ਇਹ ਹੈ ਕਿ ਭੋਜਪੁਰੀ ਫ਼ਿਲਮਾਂ ਦੀ ਨਾਮੀ ਨਾਇਕਾ ਰਾਣੀ ਚੈਟਰਜੀ ਵੀ ਸ਼ੂਟਿੰਗ ਵਿਚ ਹਿੱਸਾ ਲੈਣ ਉਥੇ ਪਹੁੰਚ ਗਈ ਹੈ।
ਰਾਣੀ ਅਨੁਸਾਰ ਉਸ ਨੂੰ ਦਿਲ ਧੜਕਾਊ ਸਟੰਟ ਕਰਨਾ ਪਸੰਦ ਹੈ ਅਤੇ ਸ਼ੂਟਿੰਗ ਵਿਚ ਵੀ ਉਹ ਅਕਸਰ ਆਪਣੇ ਸਟੰਟ ਦ੍ਰਿਸ਼ ਖ਼ੁਦ ਕਰਦੀ ਹੈ। ਆਪਣੇ ਇਸ ਸ਼ੌਕ ਦੇ ਚਲਦਿਆਂ ਉਹ 'ਖ਼ਤਰੋਂ ਕੇ ਖਿਲਾੜੀ' ਦਾ ਹਿੱਸਾ ਬਣਨਾ ਚਾਹੁੰਦੀ ਸੀ ਅਤੇ ਹੁਣ ਉਸ ਦੀ ਇਹ ਇੱਛਾ ਪੂਰੀ ਹੋਈ ਹੈ।
ਸ਼ੋਅ ਵਿਚ ਆਪਣੇ ਸਰਬਉੱਤਮ ਪ੍ਰਦਰਸ਼ਨ ਲਈ ਰਾਣੀ ਨੇ ਆਪਣਾ ਵਜ਼ਨ ਵੀ ਕਾਫ਼ੀ ਘਟਾਇਆ ਹੈ ਤਾਂ ਕਿ ਸਟੰਟ ਕਰਨ ਵਿਚ ਮੁਸ਼ਕਿਲ ਨਾ ਹੋਵੇ ਅਤੇ ਉਸ ਨੂੰ ਵਿਸ਼ਵਾਸ ਹੈ ਕਿ ਉਹ ਉਥੋਂ ਜੇਤੂ ਹੋ ਕੇ ਆਏਗੀ।
ਉਂਝ ਰਾਣੀ ਦੀ ਇੱਛਾ ਰੋਹਿਤ ਸ਼ੈਟੀ ਦੇ ਨਾਲ ਕੰਮ ਕਰਨ ਦੀ ਵੀ ਰਹੀ ਹੈ ਅਤੇ ਕੁਝ ਕੁ ਉਹ ਵੀ ਇੱਛਾ ਪੂਰੀ ਹੋਈ ਹੈ।


-ਇੰਦਰਮੋਹਨ ਪੰਨੂੰ

'ਨੱਚ ਬੱਲੀਏ' ਦਾ ਅਨੁਭਵ ਸਾਂਝਾ ਕਰ ਰਹੀਆਂ ਹਨ ਉਰਵਸ਼ੀ, ਅਨੀਤਾ

ਡਾਂਸ ਰਿਆਲਿਟੀ ਸ਼ੋਅ 'ਨੱਚ ਬੱਲੀਏ' ਦੇ ਨੌਵੇਂ ਸੀਜ਼ਨ ਦਾ ਪ੍ਰਸਾਰਨ ਸਟਾਰ ਪਲੱਸ ਚੈਨਲ 'ਤੇ ਸ਼ੁਰੂ ਹੋ ਚੁੱਕਾ ਹੈ ਅਤੇ ਟੀ. ਵੀ. ਜਗਤ ਦੀਆਂ ਦੋ ਨਾਮੀ ਅਭਿਨੇਤਰੀਆਂ ਉਰਵਸ਼ੀ ਢੋਲਕੀਆ ਤੇ ਅਨੀਤਾ ਹਸਨੰਦਾਨੀ ਵੀ ਇਸ ਵਿਚ ਪ੍ਰਤੀਯੋਗੀ ਬਣ ਨੱਚ ਰਹੀਆਂ ਹਨ।
ਲੜੀਵਾਰ 'ਕਸੌਟੀ ਜ਼ਿੰਦਗੀ ਕੀ' ਵਿਚ ਕਮੋਲਿਕਾ ਦਾ ਕਿਰਦਾਰ ਨਿਭਾਅ ਕੇ ਦੂਜਿਆਂ ਦੀ ਜ਼ਿੰਦਗੀ ਵਿਚ ਆਤੰਕ ਮਚਾ ਦੇਣ ਵਾਲੀ ਉਰਵਸ਼ੀ ਪਹਿਲਾਂ ਰਿਆਲਿਟੀ ਸ਼ੋਅ 'ਬਿੱਗ ਬੌਸ' ਵਿਚ ਹਿੱਸਾ ਲੈ ਚੁੱਕੀ ਹੈ ਅਤੇ ਉਹ ਜੇਤੂ ਵੀ ਬਣੀ ਸੀ। ਹੁਣ ਨ੍ਰਿਤ 'ਤੇ ਆਧਾਰਿਤ ਇਸ ਰਿਆਲਿਟੀ ਸ਼ੋਅ ਬਾਰੇ ਉਹ ਕਹਿੰਦੀ ਹੈ, 'ਪਹਿਲਾਂ ਮੈਨੂੰ ਲਗਦਾ ਸੀ ਕਿ ਡਾਂਸ ਕਰਨਾ ਕੋਈ ਮੁਸ਼ਕਿਲ ਕੰਮ ਨਹੀਂ ਹੈ ਪਰ ਇਥੇ ਆ ਕੇ ਪਤਾ ਲੱਗਿਆ ਕਿ ਸਹੀ ਢੰਗ ਨਾਲ ਨੱਚਣ ਲਈ ਕਿੰਨੀ ਮਿਹਨਤ ਕਰਨੀ ਪੈਂਦੀ ਹੈ ਤੇ ਪਸੀਨਾ ਵਹਾਉਣਾ ਪੈਂਦਾ ਹੈ। ਇਕ ਚੰਗੀ ਗੱਲ ਮੇਰੇ ਲਈ ਇਹ ਰਹੀ ਕਿ ਮੈਂ ਪਿਛਲੇ ਦੋ ਸਾਲਾਂ ਤੋਂ ਆਪਣਾ ਵਜ਼ਨ ਘਟਾਉਣ ਦੀਆਂ ਕੋਸ਼ਿਸ਼ਾਂ ਵਿਚ ਲੱਗੀ ਹੋਈ ਹਾਂ ਅਤੇ 14 ਕਿੱਲੋ ਵਜ਼ਨ ਘਟਾ ਲਿਆ ਹੈ। ਘਟੇ ਵਜ਼ਨ ਦੀ ਵਜ੍ਹਾ ਕਰਕੇ ਸਰੀਰ ਵਿਚ ਨਵੀਂ ਫੁਰਤੀ ਆਈ ਹੈ ਅਤੇ ਇਸ ਫੁਰਤੀ ਦਾ ਫਾਇਦਾ ਇਥੇ ਮਿਲ ਰਿਹਾ ਹੈ। ਇਥੇ ਮੈਂ ਡਾਂਸ ਰਿਹਰਸਲ ਨੂੰ ਵੀ ਇਕ ਵੱਖਰੇ ਤਰ੍ਹਾਂ ਦੀ ਕਸਰਤ ਮੰਨ ਕੇ ਚੱਲ ਰਹੀ ਹਾਂ ਅਤੇ ਉਮੀਦ ਹੈ ਕਿ ਇਸ ਸ਼ੋਅ ਦੇ ਖ਼ਤਮ ਹੋਣ 'ਤੇ ਮੇਰਾ ਵਜ਼ਨ ਹੋਰ ਘੱਟ ਹੋ ਜਾਵੇਗਾ। ਸ਼ੋਅ ਦਾ ਇਸ ਵਾਰ ਦਾ ਕੰਸੈਪਟ ਇਹ ਹੈ ਕਿ ਇਥੇ ਉਨ੍ਹਾਂ ਜੋੜੀਆਂ ਨੂੰ ਸ਼ਾਮਿਲ ਕੀਤਾ ਗਿਆ ਹੈ ਜੋ ਅਸਲ ਜ਼ਿੰਦਗੀ ਵਿਚ ਜੋੜੀਆਂ ਹਨ ਜਾਂ ਸਨ। ਮੈਂ ਤਲਾਕਸ਼ੁਦਾ ਹਾਂ ਅਤੇ ਇਕੱਲੇ ਹੱਥੀਂ ਦੋ ਬੱਚਿਆਂ ਨੂੰ ਪਾਲਿਆ ਹੈ। ਦੋਵੇਂ ਬੱਚੇ ਖ਼ੁਸ਼ ਹਨ ਕਿ ਮੰਮੀ ਡਾਂਸ ਸ਼ੋਅ ਵਿਚ ਹਿੱਸਾ ਲੈ ਰਹੀ ਹੈ ਪਰ ਮੈਨੂੰ ਤਣਾਅ ਇਸ ਗੱਲ ਦਾ ਹੈ ਕਿ ਕਿਤੇ ਸ਼ੋਅ ਦੀ ਵਜ੍ਹਾ ਕਰਕੇ ਮੇਰੀ ਜ਼ਿੰਦਗੀ ਦੀ ਨਵੀਂ ਕਹਾਣੀ ਨਾ ਸ਼ੁਰੂ ਹੋ ਜਾਵੇ। ਹੁਣ ਅੱਗੇ ਕੀ ਹੋਵੇਗਾ, ਇਹ ਮੈਂ ਉੱਪਰ ਵਾਲੇ 'ਤੇ ਛੱਡ ਦਿੱਤਾ ਹੈ।'
ਉਰਵਸ਼ੀ ਦੀ ਤਰ੍ਹਾਂ ਅਨੀਤਾ ਵੀ ਸ਼ੋਅ ਦਾ ਹਿੱਸਾ ਬਣ ਕੇ ਖ਼ੁਸ਼ ਹੈ। ਉਹ ਕਹਿੰਦੀ ਹੈ, 'ਮੈਨੂੰ ਇਸ ਸ਼ੋਅ ਦਾ ਕੰਸੈਪਟ ਅਪੀਲ ਕਰ ਗਿਆ। ਇਥੇ ਖੰਡਿਤ ਜੋੜੀਆਂ ਨੂੰ ਡਾਂਸ ਪਾਰਟਨਰ ਦੇ ਰੂਪ ਵਿਚ ਪੇਸ਼ ਕਰ ਕੇ ਇਹ ਸੰਦੇਸ਼ ਵੀ ਦਿੱਤਾ ਗਿਆ ਹੈ ਕਿ ਵੱਖ ਹੋਣ ਤੋਂ ਬਾਅਦ ਵੀ ਆਪਸ ਵਿਚ ਕੋਈ ਕੁੜੱਤਣ ਨਹੀਂ ਹੋਣੀ ਚਾਹੀਦੀ।

-ਮੁੰਬਈ ਪ੍ਰਤੀਨਿਧ

ਆਪਣੀ ਦੂਜੀ ਪਾਰੀ ਨੂੰ ਲੈ ਕੇ ਬਹੁਤ ਉਤਸ਼ਾਹੀ ਹਾਂ : ਤ੍ਰਿਸ਼ਣਾ ਪ੍ਰੀਤਮ

ਸਾਲ 2005 ਵਿਚ ਬਾਲੀਵੁੱਡ ਵਿਚ ਕੰਮ ਕਰਨ ਦੇ ਇਰਾਦੇ ਨਾਲ ਪਟਨਾ ਤੋਂ ਮੁੰਬਈ ਆਈ ਤ੍ਰਿਸ਼ਣਾ ਪ੍ਰੀਤਮ ਨੇ ਇਥੇ ਆ ਕੇ 'ਗਰਮਾ ਗਰਮ', 'ਗੌਰੀ-ਦ ਅਨਬੌਰਨ' ਸਮੇਤ ਕੁਝ ਫ਼ਿਲਮਾਂ ਕੀਤੀਆਂ, ਨਾਲ ਹੀ ਕਈ ਵੀਡੀਓ ਐਲਬਮ ਵੀ ਕੀਤੇ। ਉਸ ਨੇ ਦੱਖਣ ਦੀਆਂ ਫ਼ਿਲਮਾਂ ਦਾ ਸਹਾਰਾ ਲਿਆ। ਦੱਖਣ ਉਸ ਨੂੰ ਫਲਿਆ ਅਤੇ ਉਥੇ ਤੀਹ ਦੇ ਕਰੀਬ ਤਾਮਿਲ, ਤੇਲਗੂ ਤੇ ਕੰਨੜ ਫ਼ਿਲਮਾਂ ਕੀਤੀਆਂ।
ਹੁਣ ਦੱਖਣ ਤੋਂ ਉਹ ਦੁਬਾਰਾ ਬਾਲੀਵੁੱਡ ਵਿਚ ਆ ਗਈ ਹੈ। ਇਥੇ ਆਪਣੀ ਨਵੀਂ ਪਾਰੀ ਤੇ ਦੱਖਣ ਦੀਆਂ ਫ਼ਿਲਮਾਂ ਨੂੰ ਅਲਵਿਦਾ ਕਹਿਣ ਬਾਰੇ ਉਹ ਕਹਿੰਦੀ ਹੈ, 'ਮੰਨਿਆ ਕਿ ਦੱਖਣ ਦੀਆਂ ਫ਼ਿਲਮਾਂ ਨੇ ਮੈਨੂੰ ਨਾਂਅ, ਪੈਸਾ ਦਿੱਤਾ ਅਤੇ ਅਭਿਨੇਤਰੀ ਬਣ ਕੇ ਨਾਂਅ ਕਮਾਉਣ ਦਾ ਮੇਰਾ ਸੁਪਨਾ ਉਥੇ ਪੂਰਾ ਹੋਇਆ। ਉਥੇ ਕਾਫ਼ੀ ਫ਼ਿਲਮਾਂ ਕੀਤੀਆਂ। ਮੈਨੂੰ ਬਾਲੀਵੁੱਡ ਵਿਚ ਵਾਪਸੀ ਕਰਨਾ ਸਹੀ ਲੱਗਿਆ।'
ਤ੍ਰਿਸ਼ਣਾ ਅਨੁਸਾਰ ਬਾਲੀਵੁੱਡ ਵਿਚ ਵਾਪਸ ਆਉਣ ਦਾ ਉਸ ਦਾ ਨਿਰਣਾ ਸਹੀ ਰਿਹਾ। ਇਸ 'ਤੇ ਰੌਸ਼ਨੀ ਪਾਉਂਦੇ ਹੋਏ ਉਹ ਕਹਿੰਦੀ ਹੈ, 'ਮੈਂ ਇਹ ਮੰਨ ਕੇ ਚੱਲ ਰਹੀ ਸੀ ਕਿ ਇਥੇ ਆਪਣੀ ਦੂਜੀ ਪਾਰੀ ਵਿਚ ਮੈਨੂੰ ਆਪਣੀ ਸ਼ੁਰੂਆਤ ਜ਼ੀਰੋ ਤੋਂ ਕਰਨੀ ਪਵੇਗੀ। ਪਰ ਉੱਪਰ ਵਾਲੇ ਦੀ ਮਿਹਰਬਾਨੀ ਰਹੀ ਕਿ ਇਥੇ ਦੇ ਲੋਕ ਮੈਨੂੰ ਭੁੱਲੇ ਨਹੀਂ ਹਨ। ਇਥੇ ਦੇ ਲੋਕਾਂ ਦੇ ਨਾਲ ਮੇਰੇ ਪੁਰਾਣੇ ਸਬੰਧ ਅੱਜ ਵੀ ਤਾਜ਼ਾ ਹਨ। ਇਸੇ ਦੇ ਚਲਦਿਆਂ ਹੁਣ ਮੈਨੂੰ ਕੁਝ ਵੈੱਬ ਸੀਰੀਜ਼ ਦੀਆਂ ਪੇਸ਼ਕਸ਼ਾਂ ਹੋਈਆਂ ਹਨ ਅਤੇ ਇਸ ਵਿਚ ਉਹ ਭੂਮਿਕਾਵਾਂ ਹਨ ਜੋ ਵੱਖਰੀਆਂ ਜਿਹੀਆਂ ਹਨ। ਹੁਣ ਉਹ ਕੰਮ ਮਿਲਣ ਲੱਗਿਆ ਹੈ ਜੋ ਕਰਨ ਦੀ ਮੇਰੀ ਦਿਲੀ ਤਮੰਨਾ ਸੀ। ਉਹ ਤਮੰਨਾ ਪੂਰੀ ਹੁੰਦੇ ਦੇਖ ਕੇ ਮੈਂ ਆਪਣੀ ਦੂਜੀ ਪਾਰੀ ਨੂੰ ਲੈ ਕੇ ਬਹੁਤ ਉਤਸ਼ਾਹੀ ਹਾਂ।


-ਮੁੰਬਈ ਪ੍ਰਤੀਨਿਧ

ਜੀਤੇ ਘਾਲੀ ਨੂੰ ਚੇਤੇ ਕਰਦਿਆਂ...

ਮੈਂ ਗੱਲ ਕਰ ਰਿਹਾ ਹਾਂ ਉਸ ਮਾਣਮੱਤੇ ਗੀਤਕਾਰ, ਜੋ ਕਿ ਬਹੁਤ ਹੀ ਹੱਸਮੁੱਖ ਸੁਭਾਅ ਦਾ ਮਾਲਕ ਸੀ ਤੇ ਬਿਲਕੁਲ ਸਾਦੇ ਪਹਿਰਾਵੇ ਵਿਚ ਰਹਿਣ ਵਾਲਾ ਤੇ ਸੱਚੀ ਗੱਲ ਕਹਿਣ ਦੀ ਜੁਅੱਰਤ ਰੱਖਣ ਵਾਲਾ ਪੰਜਾਬੀਆਂ ਦਾ ਹਰਮਨ-ਪਿਆਰਾ ਗੀਤਕਾਰ ਸੀ। ਜੀਤਾ ਘਾਲੀ ਦਾ ਜਨਮ ਮਾਤਾ ਸ੍ਰੀਮਤੀ ਜਰਨੈਲ ਕੌਰ ਅਤੇ ਤਾਰਾ ਪਿਤਾ ਸਵ: ਕਰਨੈਲ ਸਿੰਘ ਦੇ ਘਰ ਹੋਇਆ।
ਇਸ ਗੀਤਕਾਰ ਨੇ ਜੇਠ-ਹਾੜ੍ਹ ਦੀਆਂ ਤਿੱਖੜ ਦੁਪਹਿਰਾਂ ਨੂੰ ਆਪਣੇ ਸਿਦਕ ਨਾਲ ਪਿੰਡੇ 'ਤੇ ਝੱਲ ਕੇ ਵੀ ਗੀਤਕਾਰੀ ਦਾ ਪੱਲਾ ਨਹੀਂ ਛੱਡਿਆ। ਆਪਣੇ ਗੀਤ ਰਿਕਾਰਡ ਕਰਵਾਉਣ ਲਈ ਜੀਤੇ ਘਾਲੀ ਨੇ ਬੜੀ ਹੀ ਮਿਹਨਤ ਕੀਤੀ ਤੇ ਆਖਰ ਇਹ ਗੀਤਕਾਰ ਸੰਗੀਤ ਸਮਰਾਟ ਜਨਾਬ ਚਰਨਜੀਤ ਆਹੂਜਾ ਦੇ ਜਾ ਚਰਨੀਂ ਲੱਗਾ। ਆਹੂਜਾ ਸਾਹਿਬ ਨੇ ਜੀਤੇ ਘਾਲੀ ਦੇ ਕੁਝ ਗੀਤ ਨਾਮਵਰ ਗਾਇਕਾਂ ਦੀ ਆਵਾਜ਼ ਵਿਚ ਰਿਕਾਰਡ ਕਰਵਾਏ, ਜਿਨ੍ਹਾਂ ਨੂੰ ਸਰੋਤਿਆਂ ਵਲੋਂ ਬੜਾ ਰੱਜਵਾਂ ਪਿਆਰ, ਸਤਿਕਾਰ ਤੇ ਹੁੰਗਾਰਾ ਮਿਲਿਆ। ਜੀਤੇ ਘਾਲੀ ਦੇ ਗੀਤਾਂ ਨੂੰ ਕਈ ਨਾਮਵਰ ਗਾਇਕ ਗਾ ਚੁੱਕੇ ਹਨ, ਜਿਨ੍ਹਾਂ ਵਿਚੋਂ ਹਰਭਜਨ ਮਾਨ, ਕਮਲਜੀਤ ਨੀਰੂ, ਨਿਰਮਲ ਸਿੱਧੂ, ਹਰਿੰਦਰ ਸੰਧੂ, ਚਮਕੌਰ ਭੱਟੀ (ਅਮਰਵੀਰ), ਮਾਸਟਰ ਖਾਨ, ਪ੍ਰਗਟ ਖਾਨ, ਜੈਸਮੀਨ ਅਖ਼ਤਰ, ਤਨਵੀਰ ਗੋਗੀ, ਬੋਹੜ ਗਿੱਲ, ਸੁੱਖਾ ਚੌਹਾਨ, ਜਸਵੀਰ ਸਿਮਰਨ, ਤੇਜਾ ਜ਼ੈਦ, ਚੰਦ ਗਿੱਲ, ਦੀਪ ਬਰਾੜ ਆਦਿ ਪ੍ਰਮੁੱਖ ਹਨ। ਇਨ੍ਹਾਂ ਗਾਇਕਾਂ ਦੇ ਗਾਏ ਜੀਤੇ ਘਾਲੀ ਦੇ ਗੀਤ ਆਪਣੇ ਸਮੇਂ ਦੇ ਸੁਪਰਹਿੱਟ ਗੀਤ ਰਹੇ ਹਨ।
ਜੀਤੇ ਘਾਲੀ ਦੀ ਮੌਤ ਤੋਂ ਬਾਅਦ ਉਸ ਦਾ ਪਰਿਵਾਰ ਮਾਲੀ ਤੌਰ 'ਤੇ ਬਹੁਤ ਪੱਛੜ ਗਿਆ। ਬੇਸ਼ੱਕ ਅੱਜ ਜੀਤਾ ਘਾਲੀ ਇਸ ਦੁਨੀਆ ਵਿਚ ਨਹੀਂ ਹੈ ਪਰ ਉਸ ਦੇ ਲਿਖੇ ਗੀਤ ਸਰੋਤਿਆਂ ਨੂੰ ਸਦਾ ਯਾਦ ਰਹਿਣਗੇ।


-ਗੁਰਜੰਟ ਸਿੰਘ ਸਿੱਧੂ
ਜੌੜੀਆਂ ਨਹਿਰਾਂ, ਘੱਲ ਖੁਰਦ, ਫਿਰੋਜ਼ਪੁਰ।





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX