ਤਾਜਾ ਖ਼ਬਰਾਂ


ਇਮਰਾਨ ਖਾਨ ਪਠਾਣ ਹਨ ਤਾਂ ਸਾਬਤ ਕਰਨ ਦਾ ਵਕਤ ਆ ਗਿਐ - ਮੋਦੀ
. . .  31 minutes ago
ਟੋਂਕ, 23 ਫਰਵਰੀ - ਰਾਜਸਥਾਨ ਦੇ ਟੋਂਕ ਵਿਚ ਇਕ ਰੈਲੀ ਨੂੰ ਸੰਬੋਧਨ ਕਰਨ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ 'ਤੇ ਵੱਡਾ ਹਮਲਾ ਸਾਧਿਆ। ਉਨ੍ਹਾਂ ਕਿਹਾ...
ਕਸ਼ਮੀਰ 'ਚ ਤਾਇਨਾਤ ਹੋਈਆਂ ਬੀ.ਐਸ.ਐਫ. ਤੇ ਆਈ.ਟੀ.ਬੀ.ਪੀ. ਦੀਆਂ 100 ਕੰਪਨੀਆਂ
. . .  about 1 hour ago
ਸ੍ਰੀਨਗਰ, 23 ਫਰਵਰੀ - ਸਰਕਾਰ ਤੇ ਸੁਰੱਖਿਆ ਬਲ ਕਸ਼ਮੀਰ ਦੀ ਸਥਿਤੀ ਨਾਲ ਨਜਿੱਠਣ ਲਈ ਸਖ਼ਤੀ ਨਾਲ ਤਿਆਰ ਹੋ ਰਹੇ ਹਨ। ਇਸ ਲਈ ਸੂਬੇ 'ਚ ਸੁਰੱਖਿਆ ਬਲਾਂ ਦੀ 100 ਵਾਧੂ ਕੰਪਨੀਆਂ ਨੂੰ ਤਾਇਨਾਤ ਕੀਤਾ ਗਿਆ ਹੈ। ਇਸ ਦੇ ਨਾਲ ਹੀ ਵੱਖਵਾਦੀਆਂ ਨੇਤਾਵਾਂ ਦੀ ਸੁਰੱਖਿਆ...
ਸ੍ਰੀਲੰਕਾ ਨੇ ਦੱਖਣੀ ਅਫ਼ਰੀਕਾ 'ਚ ਰਚਿਆ ਇਤਿਹਾਸ
. . .  about 2 hours ago
ਪੋਰਟ ਐਲੀਜਾਬੇਥ, 23 ਫਰਵਰੀ - ਕੁਸ਼ਲ ਮੈਂਡਿਸ ਤੇ ਓਸ਼ਾਡਾ ਫਰਨਾਡੋ ਵਿਚਕਾਰ ਤੀਸਰੇ ਵਿਕਟ ਲਈ 163 ਦੌੜਾਂ ਦੀ ਸਾਂਝੇਦਾਰੀ ਦੇ ਦਮ 'ਤੇ ਸ੍ਰੀਲੰਕਾ ਨੇ ਇਥੇ ਦੱਖਣੀ ਅਫਰੀਕਾ ਨੂੰ ਦੂਸਰੇ ਟੈਸਟ ਮੈਚ 'ਚ 8 ਵਿਕਟਾਂ ਨਾਲ ਹਰਾ ਦਿੱਤਾ। ਇੰਗਲੈਂਡ ਤੇ ਆਸਟ੍ਰੇਲੀਆ ਤੋਂ ਬਾਅਦ...
ਪਾਕਿਸਤਾਨ ਵੱਲੋਂ ਗੋਲੀਬਾਰੀ ਦੀ ਉਲੰਘਣਾ
. . .  about 2 hours ago
ਸ੍ਰੀਨਗਰ, 23 ਫਰਵਰੀ - ਜੰਮੂ ਕਸ਼ਮੀਰ ਦੇ ਰਾਜੌਰੀ ਸਥਿਤ ਨੌਸ਼ਹਿਰਾ ਸੈਕਟਰ 'ਚ ਅੱਜ 4.30 ਵਜੇ ਦੇ ਕਰੀਬ ਪਾਕਿਸਤਾਨ ਵਲੋਂ ਸੀਜ਼ਫਾਈਰ ਦਾ ਉਲੰਘਣ ਕੀਤਾ...
ਸੱਤਾ 'ਚ ਆਉਣ 'ਤੇ ਅਰਧ ਸੈਨਿਕ ਜਵਾਨਾਂ ਨੂੰ ਮਿਲੇਗਾ ਸ਼ਹੀਦ ਦਾ ਦਰਜਾ - ਰਾਹੁਲ ਗਾਂਧੀ
. . .  about 2 hours ago
ਨਵੀਂ ਦਿੱਲੀ, 23 ਫਰਵਰੀ - ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਕਿਹਾ ਕਿ ਉਨ੍ਹਾਂ ਦੀ ਪਾਰਟੀ ਦੇ ਸਰਕਾਰ ਵਿਚ ਆਉਣ 'ਤੇ ਕਾਰਵਾਈਆਂ ਦੌਰਾਨ ਹਲਾਕ ਹੋਣ ਵਾਲੇ ਨੀਮ ਫ਼ੌਜੀ ਜਵਾਨਾਂ ਨੂੰ ਸ਼ਹੀਦ ਦਾ ਦਰਜਾ ਮਿਲੇਗਾ। ਉਨ੍ਹਾਂ ਨੇ ਇਹ ਗੱਲ ਜੇ.ਐਲ.ਐਨ. ਸਟੇਡੀਅਮ ਵਿਚ...
ਭਾਰਤ ਦੀ ਕੁੱਝ ਜ਼ੋਰਦਾਰ ਕਰਨ ਦੀ ਇੱਛਾ ਨੂੰ ਸਮਝ ਸਕਦਾ ਹਾਂ - ਟਰੰਪ
. . .  about 3 hours ago
ਵਾਸ਼ਿੰਗਟਨ, 23 ਫਰਵਰੀ - ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਭਾਰਤ ਪਾਕਿਸਤਾਨ ਵਿਚਕਾਰ ਹਾਲਾਤ ਅਤਿ ਪ੍ਰਚੰਡ ਬਣੇ ਹੋਏ ਹਨ। ਉਨ੍ਹਾਂ ਕਿਹਾ ਕਿ ਪੁਲਵਾਮਾ ਅੱਤਵਾਦੀ ਹਮਲੇ ਮਗਰੋਂ ਉਹ ਨਵੀਂ ਦਿੱਲੀ ਦੀ ਕੁੱਝ ਜ਼ੋਰਦਾਰ ਕਰਨ...
ਓ.ਆਈ.ਸੀ. ਦੀ ਬੈਠਕ 'ਚ ਭਾਰਤ ਨੂੰ 'ਗੈੱਸਟ ਆਫ਼ ਆਨਰ' ਵਜੋਂ ਦਿੱਤਾ ਗਿਆ ਸੱਦਾ
. . .  about 4 hours ago
ਨਵੀਂ ਦਿੱਲੀ, 23 ਫਰਵਰੀ- ਇਸਲਾਮਿਕ ਸਹਿਯੋਗ ਸੰਗਠਨ ਦੇ ਵਿਦੇਸ਼ ਮੰਤਰੀਆਂ ਦੀ ਬੈਠਕ 'ਚ ਭਾਗ ਲੈਣ ਲਈ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਬੁਲਾਇਆ ਗਿਆ ਹੈ। ਸੁਸ਼ਮਾ ਸਵਰਾਜ ਨੂੰ 'ਗੈੱਸਟ ਆਫ਼ ਆਨਰ' ਦੇ ਰੂਪ ...
ਦਿੱਲੀ ਨੂੰ ਪੂਰਨ ਰਾਜ ਦਾ ਦਰਜਾ ਦਿਵਾਉਣ ਦੀ ਮੰਗ ਨੂੰ ਲੈ ਕੇ ਕੇਜਰੀਵਾਲ ਵੱਲੋਂ ਭੁੱਖ ਹੜਤਾਲ ਦਾ ਐਲਾਨ
. . .  about 4 hours ago
ਨਵੀ ਦਿੱਲੀ, 23 ਫਰਵਰੀ(ਜਗਤਾਰ ਸਿੰਘ)- ਦਿੱਲੀ ਨੂੰ ਪੂਰਨ ਰਾਜ ਦਾ ਦਰਜਾ ਦਿਵਾਉਣ ਦੇ ਮੁੱਦੇ ਨੂੰ ਲੈ ਕੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ 1 ਮਾਰਚ ਤੋਂ ਬੇਮਿਆਦੀ ਭੁੱਖ ਹੜਤਾਲ ਕਰਨ ਦਾ ਐਲਾਨ ਕੀਤਾ ਗਿਆ....
ਕਸ਼ਮੀਰੀ ਵਿਦਿਆਰਥੀਆਂ ਦੀ ਸਹਾਇਤਾ ਲਈ ਕੈਪਟਨ ਸਰਕਾਰ ਨੇ ਜਾਰੀ ਕੀਤਾ ਹੈਲਪਲਾਈਨ ਨੰਬਰ
. . .  about 4 hours ago
ਚੰਡੀਗੜ੍ਹ, 23 ਫਰਵਰੀ- ਜੰਮੂ ਕਸ਼ਮੀਰ ਦੇ ਪੁਲਵਾਮਾ 'ਚ ਸੀ.ਆਰ.ਪੀ.ਐਫ. ਦੇ ਕਾਫ਼ਲੇ 'ਤੇ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਸ਼ਮੀਰੀ ਵਿਦਿਆਰਥੀਆਂ ਨੂੰ ਪੂਰਾ ਸਮਰਥਨ ਦੇਣ ਭਰੋਸਾ ਦਿਵਾਇਆ ....
ਆਮ ਆਦਮੀ ਪਾਰਟੀ ਦਾ ਕੋਈ ਵੀ ਵਿਧਾਇਕ ਨਹੀਂ ਲੜੇਗਾ ਲੋਕ ਸਭਾ ਦੀ ਚੋਣ - ਮਾਨ
. . .  1 minute ago
ਨੂਰਪੁਰ ਬੇਦੀ, 23 ਫਰਵਰੀ (ਹਰਦੀਪ ਸਿੰਘ ਢੀਂਡਸਾ) - ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਤੇ ਲੋਕ ਸਭਾ ਸਾਂਸਦ ਭਗਵੰਤ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਦਾ ਕੋਈ ਵੀ ਮੌਜੂਦਾ ਵਿਧਾਇਕ ਲੋਕ ਸਭਾ ਦੀਆਂ ਚੋਣਾਂ ਨਹੀਂ....
ਹੋਰ ਖ਼ਬਰਾਂ..

ਅਜੀਤ ਮੈਗਜ਼ੀਨ

ਕੋਈ ਰਾਜਾ 'ਬਿਆਹਣ' ਆਇਆ ਏ...

'ਢੁਕਾਅ' ਸ਼ਬਦ ਉਸ ਵਿਸ਼ੇਸ਼ ਮੌਕੇ ਨਾਲ ਜੁੜਿਆ ਹੋਇਆ ਹੈ ਜਦੋਂ ਜੰਞ ਲੜਕੀ ਵਾਲਿਆਂ ਦੇ ਪਿੰਡ ਦੀ ਜੂਹ/ਘਰ ਦੇ ਬੂਹੇ ਜਾਂ ਪੈਲੇਸ ਦੇ ਮੁੱਖ ਦੁਆਰ 'ਤੇ ਪੁੱਜਦੀ ਹੈ | ਵਿਆਹ ਸਮੇਂ ਵਰ ਅਤੇ ਉਸ ਦੇ ਸਕੇ-ਸੰਬੰਧੀ ਜਾਂ ਦੋਸਤ-ਮਿੱਤਰ ਜਦੋਂ ਸਮੂਹਿਕ ਰੂਪ ਵਿਚ ਕੰਨਿਆ ਨੂੰ ਵਿਆਹੁਣ ਲਈ ਘਰ ਤੋਂ ਰਵਾਨਾ ਹੁੰਦੇ ਹਨ ਤਾਂ ਉਹ ਸਮੂਹ ਜੰਞ/ਬਰਾਤ ਜਾਂ ਜਨੇਤ ਅਖਵਾਉਂਦਾ ਹੈ | ਜੰਞ ਨਾਲ ਜਾਣ ਵਾਲੇ ਵਿਅਕਤੀ ਯਾਨੀ ਜਾਂਞੀ ਉਸੇ ਦਿਨ ਤੋਂ ਜੰਞ ਨਾਲ ਜਾਣ ਦੀ ਤਿਆਰੀ ਕਰਨੀ ਸ਼ੁਰੂ ਕਰ ਦਿੰਦੇ ਹਨ ਜਿਸ ਦਿਨ ਉਨ੍ਹਾਂ ਨੂੰ ਵਿਆਹ 'ਤੇ ਆਉਣ ਸੰਬੰਧੀ ਸੱਦਾ-ਪੱਤਰ/ਕਾਰਡ ਮਿਲਦਾ ਹੈ | ਉਹ ਨਵੇਂ-ਨਵੇਂ ਕੱਪੜੇ ਸਵਾਉਣੇ ਸ਼ੁਰੂ ਕਰ ਦਿੰਦੇ ਹਨ |
'ਢੁਕਾਅ' ਸਮੇਂ ਜੰਞ ਵਿਚ ਸਭ ਤੋਂ ਅੱਗੇ ਵਾਜੇ ਵਾਲੇ ਹੁੰਦੇ ਹਨ | ਵਾਜੇ ਦੀਆਂ ਧੁਨਾਂ ਉਪਰ ਵਰ/ਲਾੜੇ/ਵਿਆਹੁਲੇ ਮੁੰਡੇ ਦੇ ਦੋਸਤ-ਮਿੱਤਰ ਤੇ ਰਿਸ਼ਤੇਦਾਰ ਨੱਚ ਰਹੇ ਹੁੰਦੇ ਹਨ | ਪਿੰਡਾਂ ਵਿਚ ਵਾਜੇ ਵਾਲਿਆਂ ਵਿਚ 'ਨਚਾਰ' ਵੀ ਸ਼ਾਮਲ ਹੁੰਦੇ ਹਨ | 'ਨਚਾਰ' ਔਰਤਾਂ ਦਾ ਭੇਸ ਧਾਰ ਕੇ ਔਰਤਾਂ ਵਾਂਗ ਨੱਚਣ ਵਾਲੇ ਮਰਦਾਂ ਨੂੰ ਕਿਹਾ ਜਾਂਦਾ ਹੈ | ਬਰਾਤ ਦੇ ਨਾਲ-ਨਾਲ ਘੋੜੀ ਉਤੇ ਲਾੜਾ ਆ ਰਿਹਾ ਹੁੰਦਾ ਹੈ | ਘੋੜੀ ਦੀ ਲਗਾਮ ਘੋੜੀ ਦੇ ਮਾਲਕ ਨੇ ਫੜੀ ਹੁੰਦੀ ਹੈ | ਲਾੜੇ ਦੀ ਸ਼ਾਨੋ-ਸ਼ੌਕਤ ਵੇਖਣ ਵਾਲੀ ਹੁੰਦੀ ਹੈ | ਲਾੜੇ ਦੇ ਅੱਗੇ ਸਰਵਾਲ੍ਹਾ ਬੈਠਾ ਹੁੰਦਾ ਹੈ | 'ਸਰਵਾਲ੍ਹਾ' ਸ਼ਬਦ ਦੇ ਅਰਥ ਹਨ 'ਸਿਰ ਵਾਲਾ' ਭਾਵ 'ਸਿਰ ਦਾ ਸਾਈਾ' | ਅੰਗਰੇਜ਼ਾਂ ਦੇ ਭਾਰਤ 'ਤੇ ਰਾਜ ਕਰਨ ਤੋਂ ਪਹਿਲਾਂ ਜਦੋਂ ਆਵਾਜਾਈ ਦੇ ਸਾਧਨ ਬਹੁਤੇ ਵਿਕਸਤ ਨਹੀਂ ਸਨ, ਜੰਞ ਗੱਡੇ-ਗੱਡੀਆਂ, ਡੋਲੀਆਂ ਅਤੇ ਰੱਥਾਂ ਆਦਿ ਵਿਚ ਜਾਂਦੀ ਸੀ ਜਾਂ ਹਾਥੀਆਂ-ਘੋੜਿਆਂ 'ਤੇ ਸਵਾਰ ਹੋ ਕੇ ਜਾਂਦੀ ਸੀ | ਉਸ ਸਮੇਂ ਜੰਞ ਦੇ ਡਾਕੂਆਂ ਜਾਂ ਧਾੜਵੀਆਂ ਦੁਆਰਾ ਲੁੱਟੇ ਜਾਣ ਦਾ ਡਰ ਵੀ ਹੁੰਦਾ ਸੀ ਅਤੇ ਵਰ ਦੀ ਰੱਖਿਆ ਦਾ ਵੀ | ਸ਼ਰੀਕੇ ਵਿਚੋਂ ਵਰ ਦੇ ਭਰਾ, ਚਾਚੇ, ਤਾਏ ਜਾਂ ਮਾਮੇ ਦੇ ਪੁੱਤ ਨੂੰ ਸਰਵਾਲਾ ਨਹੀਂ ਸੀ ਬਣਾਇਆ ਜਾਂਦਾ | ਇਸ ਕਰਕੇ ਉਸ ਦੀ ਰੱਖਿਆ ਲਈ ਉਸ ਦੀ ਭੂਆ ਦੇ ਪੁੱਤ ਨੂੰ ਸਰਵਾਲੇ੍ਹ ਵਜੋਂ ਬਿਠਾਇਆ ਜਾਂਦਾ ਸੀ ਤਾਂ ਕਿ ਉਸ ਨਾਲ ਕੋਈ ਅਣਹੋਣੀ ਜਾਂ ਦੁਰਘਟਨਾ ਨਾ ਵਾਪਰ ਜਾਵੇ | ਅੱਜਕਲ੍ਹ ਸ਼ੌਕ ਵਜੋਂ ਹੀ ਛੋਟੇ ਭਰਾ ਜਾਂ ਕਿਸੇ ਵੀ ਰਿਸ਼ਤੇਦਾਰ ਦੇ ਛੋਟੀ ਉਮਰ ਦੇ ਬੱਚੇ ਨੂੰ ਵਿਆਹ ਵਾਲੇ ਮੁੰਡੇ ਦਾ ਸਰਵਾਲਾ ਬਣਾ ਲਿਆ ਜਾਂਦਾ ਹੈ |
ਢੁਕਾਅ ਦੇ ਅਰਥ 'ਪੁੱਜਣ', 'ਢੁੱਕਣ' ਜਾਂ 'ਆਉਣ' ਦੇ ਵੀ ਹਨ | ਜੰਞ ਦੇ ਪਿੰਡ ਪਹੁੰਚਣ 'ਤੇ ਪਿੰਡ ਦੀ ਪੰਚਾਇਤ ਉਨ੍ਹਾਂ ਨੂੰ ਲੈਣ ਆਉਂਦੀ ਸੀ | ਜੰਞ ਦੇ ਪਿੰਡ ਦੀ ਜੂਹ ਵਿਚ ਪੁੱਜਣ 'ਤੇ ਹੀ ਕੰਨਿਆ ਦੇ ਘਰ ਵਾਲਿਆਂ ਨੂੰ ਖ਼ਬਰ ਪੁੱਜ ਜਾਂਦੀ ਸੀ | ਕੰਨਿਆ ਘਰ ਆਏ ਮੇਲ, ਸਮੂਹ ਰਿਸ਼ਤੇਦਾਰ ਅਤੇ ਪਿੰਡ ਵਾਲੇ ਵੀ ਇਸ ਸਮੇਂ ਬੜੇ ਉਤਸ਼ਾਹ ਵਿਚ ਹੁੰਦੇ ਸਨ ਕਿ ਛੇਤੀ ਦੇਖੀਏ ਬਰਾਤੀ ਕਿਹੋ ਜਿਹੇ ਹਨ? ਜੰਞ ਦੇ ਢੁਕਾਅ ਵੇਲੇ ਹੀ ਸਭ ਨੂੰ ਅੰਦਾਜ਼ਾ ਹੋ ਜਾਂਦਾ ਹੈ ਕਿ ਕੁੜੀ ਦਾ ਸਹੁਰਾ ਪਰਿਵਾਰ ਕਿਹੋ ਜਿਹਾ ਹੈ?
ਸ਼ਹੀਦਾਂ ਦੇ ਸਿਰਤਾਜ ਅਤੇ ਸ਼ਾਂਤੀ ਦੇ ਪੁੰਜ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਵਿਆਹ ਜਲੰਧਰ ਜ਼ਿਲ੍ਹੇ ਦੀ ਤਹਿਸੀਲ ਫਿਲੌਰ ਦੇ ਪਿੰਡ ਮੌ ਸਾਹਿਬ ਵਿਖੇ ਹੋਇਆ | ਹੋਇਆ ਇੰਝ ਕਿ ਜਦੋਂ ਸ੍ਰੀ ਗੁਰੂ ਅਰਜਨ ਦੇਵ ਜੀ ਬਾਬਾ ਬੁੱਢਾ ਜੀ, ਸਾਈਾ ਮੀਆਂ ਮੀਰ ਜੀ, ਭਾਈ ਗੁਰਦਾਸ ਜੀ, ਭਾਈ ਸਾਲ੍ਹੋ ਜੀ, ਭਾਈ ਮੰਝ ਜੀ ਅਤੇ ਭਾਈ ਛੱਜੋ ਜੀ ਆਦਿ ਸਾਧੂ ਸੰਤਾਂ ਦੀ ਬਰਾਤ ਲੈ ਕੇ ਪਿੰਡ ਵਿਚ ਢੱੁਕੇ ਤਾਂ ਪਿੰਡ ਦੇ ਚੌਧਰੀ ਨੇ ਸ੍ਰੀ ਕਿਸ਼ਨ ਚੰਦ ਖੱਤਰੀ ਨਾਲ ਗੱਲ ਕੀਤੀ ਕਿ ਸਾਧਾਂ ਨਾਲ ਆਪਣੀ ਧੀ ਨਾ ਤੋਰੇ ਅਤੇ ਕੋਈ ਵਿਉਂਤ ਬਣਾ ਕੇ ਜੰਞ ਵਾਪਸ ਮੋੜ ਦੇਵੇ | ਸ੍ਰੀ ਕਿਸ਼ਨ ਚੰਦ ਨੇ ਚੌਧਰੀਆਂ ਦੀ ਗੱਲ ਮੰਨ ਲਈ | ਵਿਉਂਤ ਬਣਾ ਕੇ ਪਿੰਡ ਦੇ ਇਕ ਪੁਰਾਣੇ ਜੰਡ ਨੂੰ ਉਪਰੋਂ ਕੱਟ ਕੇ ਕਿੱਲੇ ਦੀ ਸ਼ਕਲ ਦੇ ਦਿੱਤੀ ਗਈ | ਫਿਰ ਗੁਰੂ ਅਰਜਨ ਦੇਵ ਜੀ ਨੂੰ ਕਿਹਾ ਗਿਆ ਕਿ ਰੀਤ ਅਨੁਸਾਰ ਪਿੰਡ ਵਿਚ ਵਿਆਹੁਣ ਆਉਣ ਵਾਲੇ ਮੁੰਡੇ ਨੂੰ ਪਹਿਲਾਂ ਘੋੜੇ ਉਤੇ ਚੜ੍ਹ ਕੇ ਨੇਜ਼ੇ ਨਾਲ ਕਿੱਲਾ ਪੁੱਟਣਾ ਪੈਂਦਾ ਹੈ, ਫੇਰ ਲੜਕੀ ਦੇ ਫੇਰੇ ਦਿੱਤੇ ਜਾਂਦੇ ਹਨ | ਗੁਰੂ ਜੀ ਪਿੰਡ ਵਾਲਿਆਂ ਨੂੰ ਕਿੱਲਾ ਪੁੱਟਣ ਦੀ ਥਾਂ ਕਿੱਲਾ ਗੱਡਣ ਦੀ ਅਹਿਮੀਅਤ ਦਰਸਾ ਕੇ ਜੰਞ ਸਮੇਤ ਮੁੜਨ ਲੱਗੇ ਤਾਂ ਬਾਬਾ ਬੁੱਢਾ ਜੀ ਦਾ ਕਹਿਣਾ ਮੰਨ ਕੇ ਕਿੱਲਾ ਜੜ੍ਹਾਂ ਸਮੇਤ ਪੁੱਟ ਦਿੱਤਾ | ਕਿਸ਼ਨ ਚੰਦ ਨੇ ਆਪਣੀਆਂ ਦੋਵੇਂ ਧੀਆਂ ਹਰਿਹਾਂ ਤੇ ਗੰਗਾ ਜੀ ਨੂੰ ਗੁਰੂ ਜੀ ਕੋਲ ਭੇਜਿਆ | ਹਰਿਹਾਂ ਦੇ ਕਹਿਣ 'ਤੇ ਕਿ ਇਸ ਵਿਚ ਗੰਗਾ ਦਾ ਕੋਈ ਕਸੂਰ ਨਹੀਂ ਅਤੇ ਬਾਬਾ ਬੁੱਢਾ ਜੀ ਦੀ ਗੱਲ ਮੰਨ ਕੇ ਗੁਰੂ ਸਾਹਿਬ ਨੇ ਅਨੰਦ ਕਾਰਜ ਦੀ ਰਸਮ ਨਿਭਾਈ | ਲਾਵਾਂ ਵਾਲੇ ਸਥਾਨ 'ਤੇ ਹੀ ਗੁਰੂ ਜੀ ਨੇ ਆਪਣੀ ਸਾਲੀ ਹਰਿਹਾਂ ਨਾਲ ਜਿਹੜੇ ਛੰਦ ਉਚਾਰੇ ਸਨ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਪੰਨਾ 1361 'ਤੇ ਫੁਨਹੇ ਸਿਰਲੇਖ ਅਧੀਨ ਦਰਜ ਹਨ |
ਜੰਞ ਦੀ ਆਮਦ 'ਤੇ ਮੁੰਡੇ-ਕੁੜੀਆਂ ਰੌਲਾ ਪਾਉਣ ਲੱਗ ਪੈਂਦੇ ਹਨ, 'ਜੰਞ ਆ ਗਈ ਬਈ! ਜੰਞ ਆ ਗਈ!' ਇੱਥੇ ਪਿੰਡ ਦਾ ਨਾਈ ਸਭ ਤੋਂ ਪਹਿਲਾਂ ਅੱਗੇ ਵਧ ਕੇ ਲਾੜੇ ਦੇ ਪਿਤਾ ਦੇ ਸਿਰ ਉਤੇ ਦੁੱਭ (ਹਰੀ ਘਾਹ) ਟੰਗ ਕੇ ਉਸ ਦੀ 'ਨਿਸ਼ਾਨਦੇਹੀ' ਕਰਦਾ ਹੈ ਤਾਂ ਕਿ ਆਮ ਲੋਕਾਂ ਨੂੰ ਪਤਾ ਲੱਗ ਸਕੇ ਕਿ ਲਾੜੇ ਦਾ ਪਿਤਾ ਕੌਣ ਹੈ? ਦੁੱਭ ਟੰਗਣ ਉਪਰੰਤ ਉਹ ਉਸ ਤੋਂ ਲਾਗ ਲੈਂਦਾ ਹੈ | ਪੰਚਾਇਤ ਜੰਞ ਦਾ ਸੁਆਗਤ ਅਤੇ ਅਗਵਾਈ ਕਰਕੇ ਅਰਾਮ ਕਰਨ ਵਾਲੇ ਸਥਾਨ 'ਤੇ ਲਿਆਉਂਦੀ ਹੈ | ਇਸ ਸਮੇਂ ਦੌਰਾਨ ਪੰਚਾਇਤ ਅੱਗੇ-ਅੱਗੇ, ਉਸ ਤੋਂ ਪਿੱਛੋਂ ਘੋੜੀ ਚੜਿ੍ਹਆ ਲਾੜਾ ਤੇ ਮਗਰ-ਮਗਰ ਜੰਞ ਚਲਦੀ ਹੈ | ਪੰਚਾਇਤ ਪਿੰਡ ਦੇ ਲੋਕਾਂ ਦੁਆਰਾ ਚੁਣੀ ਜਾਂਦੀ ਹੈ | ਜੰਞ ਨੂੰ ਪਿੰਡ ਦੀ ਧਰਮਸ਼ਾਲਾ, ਜੰਞ ਘਰ, ਪੰਚਾਇਤ ਘਰ, ਡੇਰੇ ਜਾਂ ਸਕੂਲ ਵਿਚ ਠਹਿਰਾਇਆ ਜਾਂਦਾ ਹੈ | ਇਹ ਥਾਵਾਂ ਸਾਰੇ ਪਿੰਡ ਦੀਆਂ ਸਾਂਝੀਆਂ ਹੁੰਦੀਆਂ ਹਨ |
ਪੰਜਾਬੀ ਸਮਾਜ ਕੰਨਿਆ ਦੇ ਵਿਆਹ ਦੇ ਕਾਰਜ ਨੂੰ ਧਰਮ ਦਾ ਕਾਰਜ ਮੰਨਦਾ ਹੈ | ਜੰਞ ਘਰ ਪਿੰਡ ਵਲੋਂ ਪੈਸੇ ਇਕੱਠੇ ਕਰਕੇ ਖ਼ਾਸ ਕਰਕੇ ਗ਼ਰੀਬਾਂ ਵਾਸਤੇ ਬਣਵਾਇਆ ਜਾਂਦਾ ਹੈ | ਗ਼ਰੀਬ ਘਰਾਂ ਵਾਲੇ ਲੋਕ ਬਰਾਤ ਨੂੰ ਜੰਞ ਘਰਾਂ ਵਿਚ ਹੀ ਠਹਿਰਾਉਂਦੇ ਹਨ | ਕਈ ਪਿੰਡਾਂ ਵਿਚ ਜੰਞ ਘਰ ਅਤੇ ਧਰਮਸ਼ਾਲਾ ਦੋਵੇਂ ਸਥਾਨ ਹੁੰਦੇ ਹਨ ਅਤੇ ਕਈਆਂ ਵਿਚ ਦੋਵਾਂ ਵਿਚੋਂ ਇਕ ਵੀ ਨਹੀਂ ਹੁੰਦਾ | ਜਿਨ੍ਹਾਂ ਪਿੰਡਾਂ ਵਿਚ ਇਹ ਦੋਵੇਂ ਸਥਾਨ ਨਹੀਂ ਹੁੰਦੇ, ਉਥੇ ਜੰਞ ਨੂੰ ਡੇਰੇ ਵਿਚ ਠਹਿਰਾਇਆ ਜਾਂਦਾ ਹੈ | ਪਿੰਡ ਦੇ ਘਰਾਂ ਦੇ ਬਾਹਰਵਾਰ ਬਣਾਏ ਗਏ ਘਰ ਨੂੰ 'ਡੇਰਾ' ਕਿਹਾ ਜਾਂਦਾ ਹੈ | ਇਹ ਡੇਰਾ ਢਾਲ (ਪੈਸੇ) ਇਕੱਠੀ ਕਰਕੇ ਬਣਾਇਆ ਜਾਂਦਾ ਹੈ ਜਿਸ ਵਿਚ ਕਿਸੇ ਸਾਧ/ਮਹੰਤ ਵਲੋਂ ਮੰਦਰ ਬਣਾ ਕੇ ਰੋਜ਼ ਪੂਜਾ-ਪਾਠ ਕੀਤਾ ਜਾਂਦਾ ਹੈ | ਡੇਰਿਆਂ ਵਿਚ ਹੋਰ ਵੀ ਬਹੁਤ ਪੁੰਨ ਦੇ ਕਾਰਜ ਕੀਤੇ ਜਾਂਦੇ ਹਨ ਜਿਵੇਂ ਕੜਾਹਿਆਂ ਵਿਚ ਚੌਲ ਬਣਾ ਕੇ ਵੰਡੇ ਜਾਣੇ | ਡੇਰੇ ਵਿਚ ਇਕ ਬਰੋਟੇ/ਬੋਹੜ ਦਾ ਰੁੱਖ, ਖੂਹ, ਮੰਦਰ ਅਤੇ ਕੁਝ ਕਮਰੇ ਹੁੰਦੇ ਹਨ | ਡੇਰਾ ਹਮੇਸ਼ਾ ਮਹੰਤਾਂ/ਸਾਧਾਂ ਦਾ ਹੀ ਹੁੰਦਾ ਹੈ | ਇਨ੍ਹਾਂ ਸਥਾਨਾਂ ਵਿਚੋਂ ਜਿਸ ਵੀ ਸਥਾਨ 'ਤੇ ਬਰਾਤ ਨੂੰ ਠਹਿਰਾਇਆ ਜਾਂਦਾ ਹੈ, ਉਥੇ ਪਹੁੰਚ ਕੇ ਬਰਾਤੀ ਦੁਬਾਰਾ ਸਜਦੇ-ਸੰਵਰਦੇ ਹਨ | ਹਰ ਬਰਾਤੀ ਦੀ ਇੱਛਾ ਹੁੰਦੀ ਹੈ ਕਿ ਉਹ ਸਭ ਤੋਂ ਵੱਖਰਾ ਅਤੇ ਸੁਹਣਾ ਦਿਸੇ | ਉਪਰੰਤ ਬਰਾਤੀਆਂ ਦੇ ਉਸ ਸਮੂਹ ਨੂੰ ਕੰਨਿਆ ਦੇ ਘਰ ਵੱਲ ਚਾਹ-ਪਾਣੀ ਲਈ ਲਿਜਾਇਆ ਜਾਂਦਾ ਹੈ | ਚਾਵਾਂ ਲੱਦੇ ਰਿਸ਼ਤੇਦਾਰ ਅਤੇ ਲਾੜੇ ਦੇ ਦੋਸਤ-ਮਿੱਤਰ ਨੱਚਦੇ-ਟੱਪਦੇ ਜਾਂਦੇ ਹਨ | ਨੱਚਣ ਵਾਲਿਆਂ ਦੇ ਸਿਰ ਉਤੋਂ ਲਾੜੇ ਦੇ ਮਾਮੇ, ਚਾਚੇ, ਤਾਏ, ਫੁੱਫੜ, ਮਾਸੜ ਅਤੇ ਦੋਸਤ-ਮਿੱਤਰ ਆਦਿ ਰੁਪਏ ਵਾਰ ਕੇ ਵਾਜੇ ਵਾਲਿਆਂ ਨੂੰ ਦਿੰਦੇ ਹਨ |
ਪਿੰਡ ਦੇ ਦਰਵਾਜ਼ੇ, ਧਰਮਸ਼ਾਲਾ ਜਾਂ ਡੇਰੇ ਵਿਚ ਪਹੁੰਚਣ 'ਤੇ ਵਰ ਤੇ ਕੰਨਿਆ ਦੇ ਸੰਬੰਧੀਆਂ ਦੀ 'ਮਿਲਣੀ' ਹੁੰਦੀ ਹੈ ਅਤੇ ਮਿਲਣੀ ਤੋਂ ਪਿਛੋਂ ਬਰਾਤ ਜੰਞ-ਘਰ ਜਾਂਦੀ ਹੈ | ਪਰੰਤੂ ਕਈ ਲੋਕ ਜੰਞ ਦੇ ਘਰ ਪੁੱਜਣ 'ਤੇ ਘਰ ਦੇ ਬਾਹਰ ਖੜ੍ਹ ਕੇ ਮਿਲਣੀ ਦੀ ਰਸਮ ਅਦਾ ਕਰਦੇ ਹਨ | ਅੱਜ ਕੱਲ੍ਹ ਮਿਲਣੀ ਦੀ ਰਸਮ ਮੈਰਿਜ ਪੈਲੇਸਾਂ ਵਿਚ ਜੰਞ ਦੇ ਢੁਕਾਅ ਉਪਰੰਤ ਕੀਤੀ ਜਾਂਦੀ ਹੈ | ਸਿੱਖ ਲੋਕ ਭਾਵ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਇਸ਼ਟ ਮੰਨਣ ਵਾਲੇ ਲੋਕ ਮਿਲਣੀ ਕਰਨ ਤੋਂ ਪਹਿਲਾਂ ਭਾਈ ਜੀ ਨੂੰ ਬੁਲਾ ਕੇ ਅਰਦਾਸ ਕਰਾਉਂਦੇ ਹਨ | ਪਾਠੀ ਸਿੰਘ ਅਰਦਾਸ ਕਰਨ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਵਿਚੋਂ ਵਿਆਹ ਸੰਬੰਧੀ ਸ਼ਬਦ ਦਾ ਗਾਇਨ ਕਰਨ ਉਪਰੰਤ ਅਨੰਦ ਸਾਹਿਬ ਦੀਆਂ ਪੰਜ ਪਉੜੀਆਂ ਦਾ ਪਾਠ ਕਰਦਾ ਹੈ | ਉਪਰੰਤ ਮਿਲਣੀ ਦੀ ਰਸਮ ਅਦਾ ਕੀਤੀ ਜਾਂਦੀ ਹੈ | ਕੰਨਿਆ ਦਾ ਪਿਤਾ ਵਰ ਦੇ ਪਿਤਾ ਨੂੰ ਜੱਫੀ ਪਾ ਕੇ ਮਿਲਦਾ ਹੈ ਅਤੇ ਕੰਬਲ/ਖੇਸ ਦੇ ਨਾਲ ਕੁਝ ਰੁਪਏ ਸ਼ਗਨ ਵਜੋਂ ਦਿੰਦਾ ਹੈ | ਵਰ ਅਤੇ ਕੰਨਿਆ ਦੇ ਪਿਤਾ ਤੋਂ ਬਿਨਾਂ ਦੋਵਾਂ ਦੇ ਮਾਮੇ, ਚਾਚੇ, ਤਾਏ, ਭਰਾ, ਮਾਸੜ ਅਤੇ ਫੁੱਫੜ ਆਦਿ ਦੀ ਵੀ ਮਿਲਣੀ ਕਰਵਾਈ ਜਾਂਦੀ ਹੈ | ਮਿਲਣੀ ਸਮੇਂ ਕਈ ਲੋਕ ਸੋਨੇ ਦੇ ਕੜੇ ਅਤੇ ਮੁੰਦਰੀਆਂ ਆਦਿ ਵੀ ਪਾਉਂਦੇ ਹਨ | ਮਿਲਣੀਆਂ ਦੀ ਗਿਣਤੀ ਦੋਹਾਂ ਧਿਰਾਂ ਵੱਲੋਂ ਪਹਿਲਾਂ ਹੀ ਮਿੱਥੀ ਗਈ ਹੁੰਦੀ ਹੈ |
ਲਾੜੀ ਦੀਆਂ ਸਹੇਲੀਆਂ ਜੰਞ ਦੀ ਆਮਦ 'ਤੇ ਬਾਹਰ ਨੂੰ ਭੱਜਦੀਆਂ ਹਨ ਤਾਂ ਕਿ ਹੋਣ ਵਾਲੇ ਜੀਜੇ ਨੂੰ ਵੇਖ ਸਕਣ | ਜੀਜੇ ਨੂੰ ਦੇਖਣ ਉਪਰੰਤ ਵਾਪਸ ਆ ਕੇ ਵਿਆਹੁਲੀ ਨਾਲ ਹਾਸਾ-ਠੱਠਾ ਕਰਦੀਆਂ ਹਨ | ਉਹ ਕਦੇ ਉਸ ਨੂੰ ਚੋਰੀ-ਚੋਰੀ ਆਪਣਾ ਵਰ ਵੇਖ ਲੈਣ ਲਈ ਕਹਿੰਦੀਆਂ ਹਨ, ਕਦੇ ਲੁਕਣ ਲਈ ਕਹਿੰਦੀਆਂ ਹਨ ਅਤੇ ਕਦੇ ਵਰ ਵਿਚ ਨੁਕਸ ਕੱਢ ਕੇ ਮਾਹੌਲ ਨੂੰ ਕਾਵਿਕ ਰੰਗਣ ਦਿੰਦੀਆਂ ਹਨ | ਮਹਿਮਾਨਾਂ ਨੂੰ ਸੱਜਣਾਂ ਅਤੇ ਆਦਰਸ਼ਕ ਪਾਤਰਾਂ ਨਾਲ ਉਪਮਾ ਦਿੰਦੀਆਂ ਉਹ ਗੀਤ ਗਾਉਂਦੀਆਂ ਹਨ :
ਉਚੀ ਰੋੜੀ ਡੰਮ ਡੰਮ ਬੱਜੈ
ਕੋਈ ਰਾਜਾ ਬਿਆਹਣ ਆਇਆ ਏ |
ਦੇ ਦੇ ਮਾਤਾ ਸਿਰੇ ਦਾ ਸਾਲੂ
ਮੈਂ ਵੀ ਰਾਜਾ ਦੇਖਣ ਜਾਣਾ ਏ |
ਇਹ ਸੁਹਾਗ ਗੀਤ ਉਨ੍ਹਾਂ ਸਮਿਆਂ ਦੀ ਉਪਜ ਹੈ ਜਦੋਂ ਲੜਕੀ ਦਾ ਛੋਟੀ ਉਮਰ ਵਿਚ ਵਿਆਹ ਕਰ ਦਿੱਤਾ ਜਾਂਦਾ ਸੀ | ਬਣਨ ਵਾਲੇ ਜੀਵਨ-ਸਾਥੀ ਨੂੰ ਉਸ ਨੇ ਦੇਖਿਆ ਵੀ ਨਹੀਂ ਸੀ ਹੁੰਦਾ | ਇਸ ਲਈ ਨਿਸਚਿਤ ਦਿਨ 'ਤੇ ਢੋਲ-ਵਾਜਿਆਂ ਸਮੇਤ ਜਦੋਂ ਬਰਾਤ ਢੁੱਕਦੀ ਸੀ ਤਾਂ ਅਣਭੋਲ ਬਾਲੜੀ ਸੰਗਦੀ ਹੋਈ ਇਸ ਗੀਤ ਰਾਹੀਂ ਮਾਂ ਤੇ ਚਾਚੀ ਨੂੰ ਬੇਨਤੀ ਕਰਦੀ ਸੀ ਕਿ ਉਹ ਆਪਣਾ ਸਾਲੂ ਉਸ ਨੂੰ ਦੇ ਦੇਣ ਤਾਂ ਜੋ ਉਹ ਆਪਣਾ ਮੂੰਹ-ਸਿਰ ਢਕ ਕੇ ਸਹੇਲੀਆਂ ਨਾਲ ਆਪਣੇ ਹੋਣ ਵਾਲੇ ਪਤੀ ਨੂੰ ਦੇਖਣ ਜਾ ਸਕੇ | ਵਿਆਹ ਦਾ ਸਾਲੂ ਸਿਰ ਦੇ ਸਾਈਾ ਯਾਨੀ ਪਤੀ ਦੇ ਜਿਉਂਦੇ ਹੋਣ ਦਾ ਪ੍ਰਤੀਕ ਹੈ, ਇਸ ਲਈ ਇਹ ਹੋਰ ਕਿਸੇ ਨੂੰ ਦੇਣਾ ਸ਼ੁੱਭ ਨਹੀਂ ਮੰਨਿਆ ਜਾਂਦਾ |
(ਬਾਕੀ ਅਗਲੇ ਐਤਵਾਰ ਦੇ ਅੰਕ 'ਚ)

-ਅਸਿਸਟੈਂਟ ਪ੍ਰੋਫੈਸਰ, ਪੰਜਾਬੀ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ |
ਮੋਬਾਈਲ : 85678-86223.


ਖ਼ਬਰ ਸ਼ੇਅਰ ਕਰੋ

ਜਲਗਾਹਾਂ ਇਕ ਅਨਮੋਲ ਤੋਹਫ਼ਾ

ਕਹਿੰਦੇ ਹਨ ਕਿ ਜੇਕਰ ਪੌਦੇ ਧਰਤੀ ਦੇ ਫੇਫੜੇ ਹਨ ਤਾਂ ਜਲਗਾਹਾਂ ਧਰਤੀ ਦੇ ਗੁਰਦੇ | ਜਲਗਾਹਾਂ ਬੇਅੰਤ ਪੌਦਿਆਂ, ਛੋਟੇ ਜੀਵਾਂ, ਪੰਛੀਆਂ, ਥਣਧਾਰੀ ਜੀਵਾਂ, ਮੱਛੀਆਂ ਆਦਿ ਦਾ ਰੈਣ ਬਸੇਰਾ ਹਨ | ਜਲਗਾਹਾਂ ਕੇਵਲ ਦੇਸੀ ਪੰਛੀਆਂ ਨੂੰ ਹੀ ਨਹੀ ਸਗੋਂ ਪਰਵਾਸੀ ਪੰਛੀ ਜੋ ਬਾਹਰਲੇ ਦੇਸ਼ਾਂ ਤੋਂ ਪਰਵਾਸ ਕਰਕੇ ਆਉਂਦੇ ਹਨ, ਨੂੰ ਵੀ ਰਹਿਣ ਸਥਾਨ ਪ੍ਰਦਾਨ ਕਰਦੀਆਂ ਹਨ | ਲੱਖਾਂ ਹੀ ਦੇਸੀ ਅਤੇ ਵਿਦੇਸ਼ੀ ਪੰਛੀ ਜਲਗਾਹਾਂ 'ਤੇ ਦੇਖਣ ਨੂੰ ਮਿਲਦੇ ਹਨ | ਇਹ ਨਜ਼ਾਰਾ ਏਨਾ ਸੁੰਦਰ ਹੁੰਦਾ ਹੈ ਕਿ ਇਸ ਨੂੰ ਸ਼ਬਦਾਂ ਵਿਚ ਬਿਆਨ ਹੀ ਨਹੀਂ ਕੀਤਾ ਜਾ ਸਕਦਾ | ਜਲਗਾਹਾਂ ਛੋਟੀਆਂ ਵੀ ਨੇ, ਵੱਡੀਆਂ ਵੀ, ਰਾਸ਼ਟਰੀ ਵੀ ਅਤੇ ਅੰਤਰ ਰਾਸ਼ਟਰੀ ਵੀ | ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਜਲਗਾਹਾਂ ਦੇ ਸਿੱਧੇ ਅਤੇ ਅਸਿੱਧੇ ਫਾਇਦਿਆਂ ਬਾਰੇ, ਜੋ ਲੋਕਾਂ ਨੂੰ ਹਨ, ਚੌਗਿਰਦੇ ਨੂੰ ਹਨ ਅਤੇ ਦੇਸ਼ ਨੂੰ ਹਨ | ਜਲਗਾਹਾਂ ਜਿੱਥੇ ਲੱਖਾਂ ਹੀ ਦੇਸ਼ੀ ਵਿਦੇਸ਼ੀ ਪੰਛੀਆਂ, ਜੀਵਾਂ, ਮੱਛੀਆਂ ਆਦਿ ਦੀ ਰਿਹਾਇਸ਼ੀ ਥਾਂ ਹਨ ਉੱਥੇ ਇਨ੍ਹਾਂ ਦਾ ਬਹੁਤ ਵੱਡਾ ਯੋਗਦਾਨ ਮਨੁੱਖੀ ਜੀਵਨ ਵਿਚ ਵੀ ਹੈ | ਜਲਗਾਹਾਂ ਜੈਵ ਵਿਭਿੰਨਤਾ ਪੱਖੋਂ ਬਹੁਤ ਅਮੀਰ ਸਥਾਨ ਹੁੰਦੇ ਹਨ | ਕਈ ਤਰ੍ਹਾਂ ਦੀਆਂ ਬਹੁਤ ਹੀ ਉਪਯੋਗੀ ਜੜ੍ਹੀਆਂ-ਬੂਟੀਆਂ ਜਲਗਾਹਾਂ ਦੇ ਨੇੜੇ-ਤੇੜੇ ਪਾਈਆਂ ਜਾਂਦੀਆਂ ਹਨ | ਅਨੇਕਾਂ ਤਰ੍ਹਾਂ ਦੀਆਂ ਮੱਛੀਆਂ ਤੋਂ ਇਲਾਵਾ ਅਸੁੱਰਖਿਅਤ ਅਤੇ ਸੰਕਟਕਾਲ਼ੀਨ ਪ੍ਰਜਾਤੀਆਂ ਵੀ ਇਨ੍ਹਾਂ ਜਲਗਾਹਾਂ 'ਚ ਰਹਿੰਦੀਆਂ ਹਨ | ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਬਰਕਰਾਰ ਰੱਖਣ ਵਿਚ ਵੀ ਜਲਗਾਹਾਂ ਦਾ ਅਹਿਮ ਯੋਗਦਾਨ ਹੈ | ਜ਼ਿਕਰਯੋਗ ਹੈ ਕਿ ਧਰਤੀ ਹੇਠਲਾ ਪਾਣੀ ਦਾ ਪੱਧਰ ਤੇਜ਼ੀ ਨਾਲ ਘਟਦਾ ਜਾ ਰਿਹਾ ਹੈ | ਬੇਹਿਸਾਬਾ ਪਾਣੀ ਧਰਤੀ ਵਿਚੋਂ ਕੱਢਣਾ , ਧਰਤੀ ਹੇਠਲੇ ਪਾਣੀ ਨੂੰ ਸੰਭਾਲ ਕੇ ਰੱਖਣ ਵਾਲੀ ਏਜੰਸੀ 'ਰੁੱਖ' ਆਦਿ ਦਾ ਲਗਾਤਾਰ ਘਟਣਾ ਆਦਿ ਕੁਝ ਪ੍ਰਮੁੱਖ ਕਾਰਨ ਹਨ ਜਿਸ ਕਰਕੇ ਧਰਤੀ ਹੇਠਲੇ ਪਾਣੀ ਦਾ ਪੱਧਰ ਲਗਾਤਾਰ ਘਟਦਾ ਜਾ ਰਿਹਾ ਹੈ | ਜਲਗਾਹਾਂ ਧਰਤੀ ਹੇਠਲੇ ਪਾਣੀ ਨੂੰ ਸੰਭਾਲਣ ਵਿਚ ਆਪਣੀ ਇਕ ਅਹਿਮ ਭੂਮਿਕਾ ਨਿਭਾ ਰਹੀਆਂ ਹਨ | ਪਾਣੀ ਨੂੰ ਸਾਫ਼ ਕਰਨ ਵਿਚ ਵੀ ਜਲਗਾਹਾਂ ਦਾ ਅਹਿਮ ਰੋਲ ਹੈ | ਇਸ ਤੋਂ ਇਲਾਵਾ ਜਲਗਾਹਾਂ 'ਤੇ ਆਉਂਦੇ ਦੇਸ਼ੀ ਵਿਦੇਸ਼ੀ ਪੰਛੀ ਹਮੇਸ਼ਾ ਹੀ ਪੰਛੀ ਪ੍ਰੇਮੀਆਂ ਲਈ ਖਿੱਚ ਦਾ ਕੇਂਦਰ ਰਹੇ ਹਨ | ਬਹੁਤ ਸਾਰ ਖੋਜਕਰਤਾ ਪੰਛੀਆਂ ਦੇ ਪਰਵਾਸ ਅਤੇ ਪਰਵਾਸ ਦੌਰਾਨ ਪ੍ਰਜਣਨ ਆਦਿ ਉੱਤੇ ਆਪਣੀਆਂ ਖੋਜਾਂ ਕਰਦੇ ਹਨ | ਦੇਸ਼ੀ ਵਿਦੇਸ਼ੀ ਪੰਛੀਆਂ ਦੀ ਆਮਦ ਨਾਲ ਸੈਰ ਸਪਾਟੇ ਨੂੰ ਹੁੰਗਾਰਾ ਮਿਲਦਾ ਹੈ, ਜਿਸ ਨਾਲ ਦੇਸ਼ ਨੂੰ ਆਰਥਿਕ ਪੱਧਰ 'ਤੇ ਲਾਭ ਹੁੰਦਾ ਹੈ | ਕੁਲ ਮਿਲਾ ਕੇ ਸਾਡੇ ਜੀਵਨ ਵਿਚ ਅਹਿਮ ਰੋਲ ਅਦਾ ਕਰਦੀਆਂ ਹਨ 'ਜਲਗਾਹਾਂ' |
ਪੂਰੇ ਸੰਸਾਰ ਵਿਚ ਖਾਰੇ ਅਤੇ ਤਾਜ਼ੇ ਪਾਣੀ ਦੀਆਂ ਦੋਵੇਂ ਤਰ੍ਹਾਂ ਦੀਆਂ ਜਲਗਾਹਾਂ ਪਾਈਆਂ ਜਾਂਦੀਆਂ ਹਨ | ਵਿਸ਼ਵ ਦੀਆਂ ਕੁਝ ਵੱਡੀਆਂ ਜਲਗਾਹਾਂ ਜਿਵੇ ਐਮਾਜ਼ੋਨ, ਸੁੰਦਰਬਨ, ਗੰਗਾ ਬ੍ਰਾਹਮਪੁਤਰ ਡੈਲਟਾ, ਪੈਟਾਨਲ ਜਲਗਾਹ, ਦੱਖਣੀ ਅਮਰੀਕਾ ਆਦਿ | ਜਲਗਾਹਾਂ ਉਤੇ 1971 ਵਿਚ ਯੂਨੈਸਕੋ (Unesco) ਨੇ ਇਕ ਸੰਮੇਲਨ ਕਰਵਾਈਆਂ, ਜਿਸ ਨੂੰ ਰਾਮਸਰ ਸੰਮੇਲਨ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ | ਇਸ ਸੰਮੇਲਨ ਵਿਚ ਜਲਗਾਹਾਂ ਦੀ ਸਾਂਭ-ਸੰਭਾਲ, ਮਹੱਤਵ, ਅਤੇ ਜਲਗਾਹਾਂ ਦੇ ਸਰੋਤਾਂ ਦੀ ਸਥਾਈ ਵਰਤੋਂ ਉੱਤੇ ਚਰਚਾ ਕੀਤੀ ਗਈ ਸੀ | ਕੁਝ ਜਲਗਾਹਾਂ ਨੂੰ , ਜਿਨ੍ਹਾਂ ਦਾ ਅੰਤਰਰਾਸ਼ਟਰੀ ਪੱਧਰ 'ਤੇ ਬੜਾ ਮਹੱਤਵ ਹੈ, ਨੂੰ ਵਿਸ਼ੇਸ਼ ਦਰਜਾ ਦਿੱਤਾ ਗਿਆ | ਇਨ੍ਹਾਂ ਜਲਗਾਹਾਂ ਨੂੰ ਰਾਮਸਰ ਜਲਗਾਹ ਜਾਂ ਰਾਮਸਰ ਸਥਾਨ ਕਿਹਾ ਜਾਂਦਾ ਹੈ | ਪੂਰੀ ਦੁਨੀਆਂ ਵਿਚ ਲਗਪਗ 2331 ਰਾਮਸਰ ਜਲਗਾਹਾਂ ਹਨ |
ਆਓ ਜਾਣਦੇ ਹਾਂ ਭਾਰਤ ਦੀਆਂ ਰਾਮਸਰ ਜਲਗਾਹਾਂ ਬਾਰੇ :
• ਹਰੀਕੇ ਜਲਗਾਹ (8arike Lake), ਪੰਜਾਬ
• ਕਾਂਜਲੀ ਜਲਗਾਹ (Kanjli ), ਪੰਜਾਬ
• ਰੋਪੜ ਜਲਗਾਹ (Ropar), ਪੰਜਾਬ
• ਕੋਲੇਰੂ ਜਲਗਾਹ, (Kolleru Lake) ਆਂਧਰਾ ਪ੍ਰਦੇਸ਼
• ਦੀਪੋਰ ਬੀਲ ਜਲਗਾਹ (4eepor 2eel), ਆਸਾਮ
• ਨਾਲ ਸਰੋਵਰ ਜਲਗਾਹ (Nalsarovar 2ird Sanctuary), ਗੁਜਰਾਤ
• ਚੰਦਰ ਤਾਲ (3handertal Wetland), ਹਿਮਾਚਲ ਪ੍ਰਦੇਸ਼
• ਪੌਾਗ ਡੈਮ (Pong 4am Lake), ਹਿਮਾਚਲ ਪ੍ਰਦੇਸ਼
• ਰੇਣੁਕਾ ਝੀਲ (Renuka Wetland), ਹਿਮਾਚਲ ਪ੍ਰਦੇਸ਼
• ਹੋਕੇਰਾ ਜਲਗਾਹ ((8okera Wetland), ਜੰਮੂ ਅਤੇ ਕਸ਼ਮੀਰ
• ਮਾਨਸਰ ਜਲਗਾਹ (Mansar Lakes), ਜੰਮੂ ਅਤੇ ਕਸ਼ਮੀਰ
• ਸੋਮੋਰਿਰੀ ਜਲਗਾਹ (Tsomoriri), ਜੰਮੂ ਅਤੇ ਕਸ਼ਮੀਰ
• ਵੁੱਲਰ ਝੀਲ (Wular lake), ਜੰਮੂ ਅਤੇ ਕਸ਼ਮੀਰ
• ਅਸ਼ਟਮੂਡੀ ਜਲਗਾਹ (1shtamudi Wetland), ਕੇਰਲਾ
• ਸਸਥਮਕੋਟਾ ਜਲਗਾਹ (Sasthamkotta Lake), ਕੇਰਲਾ
• ਵੇਂਬਨਾਦ ਜਲਗਾਹ (Vembanad Wetland), ਕੇਰਲਾ
• ਭੁੱਜ ਜਲਗਾਹ (2hoj wetland), ਮੱਧ ਪ੍ਰਦੇਸ਼
• ਲ਼ੋਕਤਕ ਜਲਗਾਹ (Loktak Lake), ਮਨੀਪੁਰ
• ਭਿਤਰਕਾਨਿਕਾ ਜਲਗਾਹ (2hitarkanika), ਉੜੀਸਾ
• ਚਿਲਿਕਾ ਝੀਲ (3hilika lake), ਉੜੀਸਾ
• ਸਾਂਭਰ ਜਲਗਾਹ (Sambhar Lake), ਰਾਜਸਥਾਨ
• ਕਿਓਲਾਦਿਓ ਜਲਗਾਹ (Keoladeo National Park), ਰਾਜਸਥਾਨ
• ਪੁਆਇੰਟ ਕੈਲੀਮਰੇ ਪੰਛੀ ਅਤੇ ਜੰਗਲੀ ਜੀਵ ਰੱਖ ( Point 3alimere Wildlife and 2ird Sanctuary), ਤਾਮਿਲਨਾਡੂ
• ਰੁਦਰਸਾਗਰ ਝੀਲ (Rudrasagar Lake), ਤਿ੍ਪੁਰਾ
• ਅੱਪਰ ਗੰਗਾ ਨਦੀ ਜਾਂ ਗੰਗਾ ਨਹਿਰ (Upper 7anga River) , ਉੱਤਰ ਪ੍ਰਦੇਸ਼
• ਪੂਰਵੀ ਕਲਕੱਤਾ ਜਲਗਾਹ (5ast 3alcuttta wetland) , ਪੱਛਮੀ ਬੰਗਾਲ
ਬੜੇ ਹੀ ਮਾਣ ਅਤੇ ਖੁਸ਼ੀ ਦੀ ਗੱਲ ਹੈ ਕਿ ਪੰਜਾਬ ਦੀਆਂ ਤਿੰਨ ਜਲਗਾਹਾਂ: ਹਰੀਕੇ ਜਲਗਾਹ, ਕਾਂਜਲੀ ਜਲਗਾਹ ਅਤੇ ਰੋਪੜ ਜਲਗਾਹ ਰਾਮਸਰ ਜਲਗਾਹਾਂ ਦੀ ਸ਼੍ਰੇਣੀ ਵਿਚ ਸ਼ਾਮਿਲ ਹਨ | ਆਓ! ਜਾਣਦੇ ਹਾਂ ਇਨ੍ਹਾਂ ਤਿੰਨਾਂ ਜਲਗਾਹਾਂ ਬਾਰੇ:-
ਕਾਂਜਲੀ ਜਲਗਾਹ: ਕਾਂਜਲੀ ਜਲਗਾਹ ਪੰਜਾਬ ਦੇ ਕਪੂਰਥਲਾ ਜ਼ਿਲ੍ਹੇ ਵਿਚ ਸਥਿਤ ਹੈ | ਇਹ ਜਲਗਾਹ ਕਾਲੀ ਵੇੲੀਂ ਉਤੇ ਬਣੀ ਹੋਈ ਹੈ | ਇਹ ਇਕ ਮਸਨੂਈ ਜਲਗਾਹ ਹੈ | ਇਸ ਜਲਗਾਹ ਦਾ ਬਹੁਤ ਵੱਡਾ ਧਾਰਮਿਕ ਮਹੱਤਵ ਵੀ ਹੈ | ਇਹ ਜਲਗਾਹ ਇਕ ਵਧੀਆ ਪਿਕਨਿਕ ਸਥਾਨ ਤੋਂ ਇਲਾਵਾ ਦੇਸੀ ਵਿਦੇਸ਼ੀ ਪੰਛੀਆਂ ਦਾ ਇਕ ਕਿ੍ਰਿਆਸ਼ੀਲ ਸਥਾਨ ਹੈ | ਇੰਟਰਨੈਟ ਤੋਂ ਪ੍ਰਾਪਤ ਡਾਟੇ ਅਨੁਸਾਰ ਇੱਥੇ ਲਗਭਗ 4 ਥਣਧਾਰੀ, 90 ਤੋਂ ਵੱਧ ਜਾਤੀਆਂ ਦੇ ਪੰਛੀ ਅਤੇ ਹੋਰ ਅਨੇਕਾਂ ਪ੍ਰਜਾਤੀਆਂ ਪਾਈਆਂ ਜਾਂਦੀਆਂ ਹਨ |
ਹਰੀਕੇ ਪੱਤਣ ਜਾਂ ਹਰੀਕੇ ਜਲਗਾਹ: ਇਹ ਇਕ ਮਸਨੂਈ ਜਲਗਾਹ ਹੈ | ਇੱਥੇ ਵੱਖ-ਵੱਖ ਤਰ੍ਹਾਂਦੀਆਂ ਜਾਤੀਆਂ ਦੇ ਲੱਖਾਂ ਹੀ ਪੰਛੀ ਆਉਂਦੇ ਹਨ | ਸਰਦੀਆਂ ਵਿਚ ਇਹ ਨਜ਼ਾਰਾ ਵੇਖਦਿਆਂ ਹੀ ਬਣਦਾ ਹੈ |
ਰੋਪੜ ਜਲਗਾਹ: ਰੋਪੜ ਜਲਗਾਹ ਪੰਜਾਬ ਦੇ ਰੋਪੜ ਜ਼ਿਲ੍ਹੇ ਵਿਚ ਸਥਿਤ ਹੈ | ਇੱਥੇ ਹਜ਼ਾਰਾਂ ਹੀ ਦੇਸ਼ੀ ਵਿਦੇਸ਼ੀ ਪੰਛੀਆਂ ਤੋਂ ਇਲਾਵਾ ਮੱਛੀਆਂ, ਪ੍ਰੋਟੋਜੋਆ (ਇਕ ਕੋਸ਼ ਵਾਲੇ ਜੀਵ) ਅਤੇ ਹੋਰ ਜੀਵਾਂ ਦੀਆਂ ਅਨੇਕਾਂ ਕਿਸਮਾਂ ਪਾਈਆਂ ਜਾਦੀਆਂ ਹਨ |
ਇਨ੍ਹਾਂ ਤੋਂ ਇਲਾਵਾ ਰਣਜੀਤ ਸਾਗਰ ਅਤੇ ਨੰਗਲ ਜਲਗਾਹ ਨੂੰ ਰਾਸ਼ਟਰੀ ਜਲਗਾਹ ਦਾ ਦਰਜਾ ਪ੍ਰਾਪਤ ਹੈ | ਨੰਗਲ ਜਲਗਾਹ ਵਿਚ ਅਨੇਕਾਂ ਹੀ ਪੰਛੀ ਰੂਸ , ਚੀਨ, ਯੁਕਰੇਨ, ਕਜ਼ਾਕਿਸਤਾਨ ਆਦਿ ਮੁਲਕਾਂ ਤੋਂ ਆਉਂਦੇ ਹਨ | ਭਾਵੇਂ ਨੰਗਲ ਰਾਸ਼ਟਰੀ ਜਲਗਾਹ ਹੈ ਪਰ ਦੇਸ਼ੀ ਵਿਦੇਸ਼ੀ ਪੰਛੀਆਂ ਦੀ ਆਮਦ ਨਾਲ ਇੱਥੇ ਚਾਰ ਚੰਨ ਲੱਗ ਜਾਦੇ ਹਨ |
ਕਿਹਾ ਜਾਵੇ ਤਾਂ ਜਲਗਾਹਾਂ ਕੁਦਰਤ ਵਲੋਂ ਮਨੁੱਖ ਅਤੇ ਹੋਰਨਾਂ ਜੀਵ ਜੰਤੂਆਂ , ਪੰਛੀਆਂ ਆਦਿ ਲਈ ਇਕ ਅਹਿਮ ਤੋਹਫਾ ਹੈ ਪਰ ਅੱਜ ਜਲਗਾਹਾਂ ਆਪਣੀ ਹੋਂਦ ਗਵਾਉਂਦੀਆਂ ਜਾ ਰਹੀਆਂ ਹਨ | ਜਲਗਾਹਾਂ ਹੇਠਲਾ ਰਕਬਾ ਹੁਣ ਘਟਦਾ ਜਾ ਰਿਹਾ ਹੈ | ਮਨੁੱਖ ਦੀਆਂ ਗੈਰ ਕੁਦਰਤੀ ਸਰਗਰਮੀਆਂ ਕਾਰਨ ਅੱਜ ਜਲਗਾਹਾਂ 'ਤੇ ਖਤਰਾ ਮੰਡਰਾ ਰਿਹਾ ਹੈ | ਬੇਅੰਤ ਪ੍ਰਦੂਸ਼ਣ , ਜਲਗਾਹਾਂ ਦਾ ਭਰਨਾ, ਸ਼ਹਿਰੀਕਰਨ, ਵਧਦੀ ਆਬਾਦੀ ਆਦਿ ਪ੍ਰਮੁੱਖ ਸਮੱਸਿਆਵਾਂ ਵਿਚ ਸ਼ਾਮਿਲ ਹਨ | ਕਾਂਜਲੀ ਜਲਗਾਹ ਵਿਚ ਵਧਦੀ ਹੋਈ ਜਲਕੁੰਭੀ ਇਕ ਵੱਡੀ ਸਮੱਸਿਆ ਬਣੀ ਹੋਈ ਹੈ | ਜਲਵਾਯੂ ਵਿਚ ਬਦਲਾਅ ਕਾਰਨ ਪੰਛੀਆਂ ਦਾ ਪਰਵਾਸ ਘਟ ਰਿਹਾ ਹੈ | ਰਸਾਇਣਕ ਖਾਦਾਂ ਦੇ ਪਾਣੀ ਨਾਲ ਰਲੇਵਾਂ ਹੋਣ ਕਾਰਨ ਜਲੀ ਹਾਲਾਤ ਪ੍ਰਬੰਧ ਗੜਬੜਾ ਰਿਹਾ ਹੈ | ਪੰਛੀਆਂ ਦੇ ਰਹਿਣ ਲਈ ਟਿਕਾਣੇ ਨਸ਼ਟ ਹੋ ਰਹੇ ਹਨ | ਮਹਿਮਾਨ ਪੰਛੀਆਂ ਦਾ ਸ਼ਿਕਾਰ ਵੀ ਇਕ ਵੱਡੀ ਸਮੱਸਿਆ ਹੈ | ਜਿੱਥੇ ਸਰਕਾਰਾਂ ਨੂੰ ਇਨ੍ਹਾਂ ਸਮੱਸਿਆਵਾਂ ਨੂੰ ਹੱਲ ਕਰਨ ਅਤੇ ਜਲਗਾਹਾਂ ਦੀ ਸਾਂਭ ਸੰਭਾਲ ਲਈ ਪੁਖਤਾ ਕਦਮ ਚੁੱਕਣ ਦੀ ਲੋੜ ਹੈ, ਉੱਥੇ ਹੀ ਸਥਾਨਕ ਲੋਕਾਂ ਦਾ ਵੀ ਫ਼ਰਜ਼ ਬਣਦਾ ਹੈ ਕਿ ਉਹ ਮਹਿਮਾਨ ਪੰਛੀਆਂ ਅਤੇ ਹੋਰ ਜੀਵਾਂ ਦੀ ਰੱਖਿਆ ਕਰਨ | ਵਧਦੇ ਪ੍ਰਦੂਸ਼ਣ ਕਾਰਨ ਕਈ ਜੀਵ ਪ੍ਰਜਣਨ ਨਹੀਂ ਕਰ ਪਾਉਂਦੇ ਜਿਸ ਕਾਰਨ ਉਨ੍ਹਾਂ ਦੀ ਗਿਣਤੀ ਘਟਦੀ ਜਾ ਰਹੀ ਹੈ |
ਜਲਗਾਹਾਂ ਸਾਡੀਆਂ ਅਨਮੋਲ ਨਿਸ਼ਾਨੀਆਂ ਹਨ | ਇਨ੍ਹਾਂ ਦੀ ਰੱਖਿਆ ਲਈ ਸਾਨੂੰ ਸਭ ਨੂੰ ਅੱਗੇ ਅਉਣਾ ਪਵੇਗਾ | ਹਰ ਸਾਲ 2 ਫਰਵਰੀ ਨੂੰ ਅੰਤਰ ਰਾਸ਼ਟਰੀ ਜਲਗਾਹ ਦਿਵਸ ਮਨਾਇਆ ਜਾਂਦਾ ਹੈ ਤਾਂ ਜੋ ਲੋਕਾਂ ਵਿਚ ਜਲਗਾਹਾਂ ਦੇ ਮਹੱਤਵ ਅਤੇ ਉਨ੍ਹਾਂ ਦੀ ਸਾਂਭ-ਸੰਭਾਲ ਲਈ ਜਾਗਰੂਕਤਾ ਪੈਦਾ ਕੀਤੀ ਜਾ ਸਕੇ |
ਆਓ, ਆਪਾਂ ਵੀ ਇਸ ਜਲਗਾਹ ਦਿਵਸ ਨੂੰ ਮਨਾਈਏ ਅਤੇ ਜਲਗਾਹਾਂ ਦੇ ਸਾਂਭ ਸੰਭਾਲ ਦਾ ਪ੍ਰਣ ਕਰੀਏ |

-(ਚੌਗਿਰਦਾ ਪ੍ਰੇਮੀ), ਜ਼ਿਲ੍ਹਾ ਰੋਪੜ
ਮੋਬਾਈਲ : 99149-65937

ਛੇ ਮਹੀਨੇ ਦਿਨ ਤੇ ਛੇ ਮਹੀਨੇ ਰਾਤ ਦਾ ਭੁਲੇਖਾ ਦੂਰ ਕਰਨ ਦੀ ਲੋੜ

ਇਸ ਧਰਤੀ ਉਪਰ ਇਕ ਸਮੇਂ ਤਰ੍ਹਾਂ-ਤਰ੍ਹਾਂ ਦੇ ਮੌਸਮ ਇਕਸਾਰਤਾ ਨਾਲ਼ ਚਲਦੇ ਹਨ | ਧਰਤੀ ਦੇ ਘੁੰਮਦਿਆਂ-ਚਲਦਿਆਂ ਕਿਤੇ ਮੀਂਹ ਤੇ ਕਿਤੇ ਬਰਫ ਪੈਂਦੀ ਹੈ | ਕਿਤੇ ਹੁੰਮ ਅਤੇ ਕਿਤੇ ਸੀਤ ਲਹਿਰ ਵਗਦੀ ਜਾਂਦੀ ਹੈ | ਕਿਸੇ ਖਿੱਤੇ ਵਿਚ ਕੜਾਕੇ ਦੀ ਠੰਢ ਤੇ ਕਿਤੇ ਅੱਤ ਦੀ ਗਰਮੀ ਹੁੰਦੀ ਹੈ | ਇਥੋਪੀਆ ਵਿਚ ਦਨਾਕਿਲ ਦਾ ਖੇਤਰ ਅਜਿਹਾ ਹੈ ਜਿੱਥੇ ਸਾਰੇ ਸਾਲ ਦੌਰਾਨ ਤਾਪਮਾਨ 34 ਡਿਗਰੀ ਸੈਲਸੀਅਸ ਤੋਂ ਘੱਟ ਕਦੇ ਨਹੀਂ ਹੁੰਦਾ | ਇਨ੍ਹਾਂ ਦਿਨਾਂ ਦੌਰਾਨ ਆਸਟਰੇਲੀਆ ਦੇ ਖੇਤਰ 40 ਡਿਗਰੀ ਸੈਲਸੀਅਸ ਤੱਕ ਦੀ ਗਰਮੀ ਤੇ ਲੂਅ ਨਾਲ਼ ਜੂਝਦੇ ਹਨ ਪਰ ਰੂਸ, ਯੂਰਪ 'ਤੇ ਅਮਰੀਕਾ-ਕੈਨੇਡਾ ਦੇ ਧੁਰ ਉਤਰ (ਨੌਰਥ ਪੋਲ) ਵਿਚ ਕੁਝ ਥਾਵਾਂ 'ਤੇ ਤਾਪਮਾਨ ਮਨਫੀ 20 ਡਿਗਰੀ ਸੈਲਸੀਅਸ ਤੋਂ ਵੱਧ ਸਰਦ ਹੋਇਆ ਪਿਆ ਹੈ | ਕਮਾਲ ਦੀ ਗੱਲ ਇਹ ਹੈ ਕਿ ਜਿਵੇਂ ਇਕ ਸਮੇਂ ਸਾਰੀ ਧਰਤੀ ਉਪਰ ਮੌਸਮ ਇਕੋ ਜਿਹਾ ਨਹੀਂ ਹੁੰਦਾ ਉਸੇ ਤਰ੍ਹਾਂ ਦਿਨ ਤੇ ਰਾਤ ਦਾ ਸਮਾਂ ਵੀ ਬਰਾਬਰ ਨਹੀਂ ਹੈ | ਕਿਤੇ ਦਿਨ ਤੇ ਕਿਤੇ ਰਾਤ ਹੋਇਆ ਕਰਦੀ ਹੈ ਪਰ ਹਰੇਕ ਜਗ੍ਹਾ ਇਕੋ ਜਿਹਾ ਦਿਨ ਤੇ ਰਾਤ ਨਹੀਂ ਹੁੰਦੇ ਹਨ | ਕਿਤੇ ਦਿਨ ਵੱਡਾ ਹੁੰਦਾ ਹੈ ਤੇ ਕਿਤੇ ਰਾਤ ਲੰਬੀ ਹੋ ਜਾਂਦੀ ਹੈ | ਕੁਝ ਥਾਵਾਂ 'ਤੇ ਦਿਨ ਬਹੁਤ ਲੰਬਾ ਜਾਂ ਰਾਤ ਬਹੁਤ ਲੰਬੀ ਹੋ ਜਾਂਦੀ ਹੈ | ਇਸ ਦੇ ਉਲਟ ਦਿਨ ਲੰਬੇ ਤੇ ਰਾਤਾਂ ਬਹੁਤ ਛੋਟੀਆਂ ਜਾਂ ਨਾਮਾਤਰ ਵੀ ਹੋ ਸਕਦੀਆਂ ਹਨ ਅਤੇ ਕਈ ਮਹੀਨੇ ਲਗਾਤਾਰ ਸੂਰਜ ਚੜਿ੍ਹਆ ਰਹਿੰਦਾ ਹੈ | ਅਜਿਹੀ ਇਕ ਜਗ੍ਹਾ ਹੈ ਅਲਾਸਕਾ (ਅਮਰੀਕਾ) ਦਾ ਛੋਟਾ ਕਸਬਾ ਊਟਕਿਆਗਵਿਕ | ਉਸ ਨਿੱਕੇ ਪਿੰਡ ਦਾ ਪੁਰਾਣਾ ਨਾਂਅ ਬੈਰੋ ਸੀ ਜਿਸ ਨੂੰ ਅਕਤੂਬਰ 2016 ਵਿਚ ਊਟਕਿਆਗਵਿਕ ਵਿਚ ਬਦਲਿਆ ਗਿਆ ਹੈ | ਟੁੰਡਰਾ ਖੇਤਰ (ਜਿੱਥੇ ਸਰਦੀ ਕਾਰਨ ਜ਼ਮੀਨ ਸਦਾ ਜੰਮੀ ਰਹਿੰਦੀ ਤੇ ਦਰਖਤ/ਬਨਸਪਤੀ ਉੱਗ ਨਹੀਂ ਸਕਦੇ) ਵਿਚ ਪੈਂਦੇ ਊਟਕਿਆਗਵਿਕ ਨੂੰ ਸੜਕੀ ਤੇ ਰੇਲ ਰਸਤੇ ਜਾਣਾ ਸੰਭਵ ਨਹੀਂ | ਹਵਾਈ ਜਹਾਜ਼ ਜਾਂਦੇ ਹਨ | ਊਟਕਿਆਗਵਿਕ ਵਿਚ ਲੱਗਪਗ 4500 ਲੋਕ ਰਹਿੰਦੇ ਹਨ | ਇਹ ਵੀ ਕਿ ਉਥੇ ਗਰਮ ਰੁੱਤ ਨਹੀਂ ਹੁੰਦੀ | ਦਸੰਬਰ ਤੇ ਜਨਵਰੀ ਵਿਚ ਤਾਪਮਾਨ ਮਨਫੀ 30 ਡਿਗਰੀ ਦੇ ਨੇੜੇ ਰਹਿੰਦਾ ਹੈ | ਸਰਦ ਰੁੱਤ ਲੰਬੀ ਹੁੰਦੀ ਹੈ | ਸੁੱਕੀ ਠੰਢ ਪੈਂਦੀ ਹੈ | ਸਾਰੇ ਸਾਲ ਦੌਰਾਨ ਅਗਸਤ ਸਭ ਤੋਂ ਘੱਟ ਠੰਢ ਵਾਲ਼ਾ ਮਹੀਨਾ ਹੁੰਦਾ ਹੈ ਜਦੋਂ ਤਾਪਮਾਨ 9 ਡਿਗਰੀ ਸੈਲਸੀਅਸ ਦੇ ਆਸ-ਪਾਸ ਰਹਿੰਦਾ ਹੈ |
ਊਟਕਿਆਗਵਿਕ ਬਾਰੇ ਵਿਸ਼ੇਸ਼ ਗੱਲ ਇਹ ਹੈ ਕਿ ਉਥੇ ਇਨੀਂ ਦਿਨੀਂ ਸੂਰਜ ਨਹੀਂ ਚੜ੍ਹਦਾ | ਹਰੇਕ ਸਾਲ ਨਵੰਬਰ ਦੇ ਅੱਧ ਕੁ ਤੋਂ ਜਨਵਰੀ ਦੇ ਅੰਤ ਤੱਕ ਲੱਗਪਗ 65 ਦਿਨਾਂ ਤੱਕ ਉਥੇ ਸੂਰਜ ਦਿਖਾਈ ਨਹੀਂ ਦਿੰਦਾ | ਜ਼ਿਆਦਾ ਸਮਾਂ ਘੁੱਪ ਹਨੇਰੇ ਤੇ ਮੂੰਹ ਹਨ੍ਹੇਰੇ ਵਾਲ਼ੀ ਲੰਬੀ ਰਾਤ ਰਹਿੰਦੀ ਹੈ | ਕੁਝ ਸਮੇਂ ਲਈ ਸੱਜਰੀ ਸਵੇਰ ਅਤੇ ਤਰਕਾਲ਼ਾਂ ਕੁ ਜਿੰਨਾ ਚਾਨਣ ਹੋ ਜਾਂਦਾ ਹੈ ਪਰ ਅਕਾਸ਼ ਸਾਫ ਹੋਣ ਦੇ ਬਾਵਜੂਦ ਸੂਰਜ ਦਿਖਾਈ ਨਹੀਂ ਦਿੰਦਾ ਕਿਉਂਕਿ ਨਾ ਸੂਰਜ ਚੜ੍ਹਦਾ ਹੈ ਤੇ ਨਾ ਅਸਤ ਹੋਣਾ ਹੁੰਦਾ ਹੈ | ਲਗਾਤਾਰ ਹਨ੍ਹੇਰੇ ਵਿਚ ਰਹਿੰਦੇ ਲੋਕਾਂ ਨੂੰ ਅਕਸਰ ਪਤਾ ਨਹੀਂ ਰਹਿੰਦਾ ਕਿ ਘੜੀਆਂ 'ਤੇ ਸਮਾਂ ਕਿਹੜਾ ਚੱਲ ਰਿਹਾ | 65 ਦਿਨ ਉਥੇ ਕੋਈ ਚਮਕਦਾ ਦਿਨ, ਦੁਪਹਿਰ, ਲੌਢਾ ਵੇਲ਼ਾ ਵਗੈਰਾ ਨਹੀਂ ਹੁੰਦੇ | ਕਦੇ ਕਦੇ ਸੂਰਜ ਚੜ੍ਹਨ ਤੋਂ ਪਹਿਲਾਂ ਤੇ ਸੂਰਜ ਛੁਪਣ ਤੋਂ ਬਾਅਦ ਵਾਲ਼ਾ ਚਾਨਣ ਦਿਸਦਾ ਹੈ | ਰਾਤ ਹੀ ਰਾਤ ਹੁੰਦੀ ਹੈ | ਲੰਬੀ ਰਾਤ ਦੇ ਉਸ ਲੰਬੇ ਸਮੇਂ ਤੋਂ ਅੱਕ ਕੇ ਕੁਝ ਲੋਕ ਉਸ ਨੂੰ ਛੇ ਮਹੀਨਿਆਂ ਦੀ ਰਾਤ ਆਖ ਦਿੰਦੇ ਹਨ |
ਊਟਕਿਆਗਵਿਕ ਖਿੱਤੇ 'ਚ 18 ਨਵੰਬਰ 2018 ਨੂੰ ਸੂਰਜ ਛੁਪ ਗਿਆ ਸੀ | ਹੈਰਾਨੀ ਭਰੀ ਗੱਲ ਇਹ ਵੀ ਹੈ ਕਿ ਉਸ ਦਿਨ ਦੁਪਹਿਰ ਮਗਰੋਂ ਪੌਣੇ ਇਕ ਵਜੇ ਦੇ ਕਰੀਬ ਸੂਰਜ ਚੜਿ੍ਹਆ ਸੀ ਅਤੇ (ਘੰਟੇ ਕੁ ਬਾਅਦ) ਪੌਣੇ ਦੋ ਕੁ ਵਜੇ ਛੁਪ ਗਿਆ | ਹੁਣ ਉਥੇ 2019 ਵਿਚ ਪਹਿਲੀ ਵਾਰੀ 23 ਜਨਵਰੀ ਨੂੰ ਸੂਰਜ ਚੜ੍ਹਨਾ ਹੈ | ਉਸ ਦਿਨ ਸੂਰਜ (ਬਾਅਦ ਦੁਪਹਿਰ) 1 ਵਜੇ ਤੋਂ 4 ਮਿੰਟਾਂ ਬਾਅਦ ਚੜ੍ਹੇਗਾ ਅਤੇ ਘੰਟੇ ਕੁ ਬਾਅਦ, 2 ਵਜੇ ਤੋਂ 15 ਮਿੰਟਾਂ ਬਾਅਦ ਛੁਪ ਜਾਣਾ ਹੈ | ਕੁਦਰਤ ਦੇ ਆਪਣੇ ਕਮਾਲ ਮੁਤਾਬਿਕ ਉਸ ਦਿਨ ਉਥੇ ਛੋਟਾ ਜਿਹਾ ਦਿਨ ਹੋਵੇਗਾ ਜੋ ਦਿਨ ਪ੍ਰਤੀ ਦਿਨ ਲਗਾਤਾਰ ਵੱਡਾ ਹੁੰਦਾ ਜਾਵੇਗਾ | ਮਈ ਤੱਕ ਦਿਨ ਏਨਾ ਕੁ ਲੰਬਾ ਹੋ ਜਾਵੇਗਾ ਕਿ 12 ਮਈ ਤੋਂ 1 ਅਗਸਤ ਤੱਕ (ਲੱਗਪਗ ਢਾਈ ਮਹੀਨੇ) ਸੂਰਜ ਛੁਪੇਗਾ ਨਹੀਂ | ਲਗਾਤਾਰ ਦਿਨ ਰਹੇਗਾ ਤੇ ਰਾਤ ਨਹੀਂ ਪਵੇਗੀ | ਏਨੇ ਲੰਬੇ ਦਿਨ ਦੇ ਸਮੇਂ ਦੌਰਾਨ ਵੀ ਉਥੇ ਲੋਕ ਅਕਸਰ ਸਮੇਂ ਨੂੰ ਘੜੀਆਂ ਦੀਆਂ ਸੂਈਆਂ ਨਾਲ ਨਾਪਣ ਤੋਂ ਅਸਮਰੱਥ ਹੋ ਜਾਂਦੇ ਹਨ ਅਤੇ ਉਸ ਲੰਬੇ ਦਿਨਾਂ ਦੀ ਰੁੱਤ ਨੂੰ ਭੁਲੇਖੇ ਨਾਲ ਛੇ ਮਹੀਨੇ ਦਾ ਦਿਨ ਆਖ ਦਿੱਤਾ ਜਾਂਦਾ ਹੈ ਜਿਵੇਂ ਕਿ 65 ਦਿਨਾਂ ਦੀ (ਲੰਬੀ) ਰਾਤ ਤੋਂ ਅੱਕ ਕੇ ਲੋਕ ਉਸ ਨੂੰ ਛੇ ਮਹੀਨਿਆਂ ਦੀ ਰਾਤ ਆਖ ਦਿੰਦੇ ਹਨ | ਸੂਰਜ, ਚੰਦ, ਤਾਰਿਆਂ ਅਤੇ ਧਰਤੀਆਂ ਦੀ ਗਿਣਤੀ-ਮਿਣਤੀ ਦੇ ਮਾਹਿਰ ਭੂਗੋਲਿਕ ਵਿਗਿਆਨੀ ਸਪੱਸ਼ਟ ਆਖਦੇ ਹਨ ਕਿ ਇਸ ਧਰਤੀ ਉਪਰ ਛੇ ਮਹੀਨੇ ਦਾ ਦਿਨ ਅਤੇ ਛੇ ਮਹੀਨੇ ਦੀ ਰਾਤ ਕਿਤੇ ਨਹੀਂ ਹੁੰਦੀ | ਧਰਤੀ ਦੇ ਜਿਸ ਹਿੱਸੇ ਵਿਚ 24 ਘੰਟੇ ਸੂਰਜ ਨਾ ਚੜ੍ਹੇ ਵਿਗਿਆਨੀ ਉਸ ਨੂੰ ਪੋਲਰ ਨਾਈਟ ਮੰਨਦੇ ਹਨ ਜਿਸ ਦੀ ਸ਼ੁਰੂਆਤ ਊਟਕਿਆਗਵਿਕ ਤੋਂ ਹੁੰਦੀ ਹੈ | ਇਸੇ ਤਰ੍ਹਾਂ 24 ਘੰਟੇ ਸੂਰਜ ਨਾ ਛੁਪਣ ਕਾਰਨ ਲਗਾਤਾਰ ਚਾਨਣ ਨੂੰ ਪੋਲਰ ਡੇਅ ਕਿਹਾ ਜਾਂਦਾ ਹੈ | ਕੈਨੇਡਾ ਦੇ ਨੂਨਾਵੁੱਤ ਏਰੀਆ ਦੇ ਧੁਰ ਉਤਰ ਵਿਚ ਗ੍ਰਾਈਸ ਫਿਓਰਡ ਵਿਖੇ ਪੋਲਰ ਦਿਨ ਅਤੇ ਰਾਤਾਂ ਹੋਰ ਵੀ ਲੰਬੇ ਹੁੰਦੇ ਹਨ | 2019 ਵਿਚ ਉਥੇ ਪਹਿਲੀ ਵਾਰੀ ਸੂਰਜ ਊਟਕਿਆਗਵਿਕ ਤੋਂ ਵੀ ਦੋ ਹਫਤੇ ਬਾਅਦ ਵਿਚ (10 ਫਰਵਰੀ ਨੂੰ ) ਦੁਪਹਿਰੇ ਸਵਾ ਬਾਰਾਂ ਕੁ ਵਜੇ ਨਿਕਲੇਗਾ ਅਤੇ ਘੰਟੇ ਬਾਅਦ ਛੁਪ ਜਾਵੇਗਾ | ਉਦੋਂ ਤੱਕ ਉਥੇ 1 ਨਵੰਬਰ 2018 ਨੂੰ ਸ਼ੁਰੂ ਹੋਈ ਲੰਬੀ ਰਾਤ ਜਾਰੀ ਰਹੇਗੀ |

-ਫੋਨ: +14168953784,
nadala.nadala@gmail.com

2018 ਦੀਆਂ ਵਿਗਿਆਨਕ ਪ੍ਰਾਪਤੀਆਂ

ਵਿਗਿਆਨ ਅਤੇ ਵਿਗਿਆਨੀ ਨਿਰੰਤਰ ਕੁਦਰਤ, ਯਥਾਰਥ ਤੇ ਜ਼ਿੰਦਗੀ ਦੇ ਰਹੱਸ ਫਰੋਲ ਕੇ ਮਨੁੱਖੀ ਜੀਵਨ ਨੂੰ ਵੱਧ ਤੋਂ ਵੱਧ ਆਰਾਮਦੇਹ, ਸਿਹਤਮੰਦ ਤੇ ਖੁਸ਼ਹਾਲ ਬਣਾਉਣ ਲਈ ਜੁਟੇ ਰਹਿੰਦੇ ਹਨ | ਮਨੁੱਖ ਦੇ ਪੁਰਾਣੇ ਸੁਪਨੇ ਪੂਰੇ ਕਰਦੇ ਹੋਏ ਨਵੇਂ ਸੁਪਨੇ ਸਿਰਜਦੇ ਹਨ | 2018 ਵਿਚ ਉਨ੍ਹਾਂ ਵਿਗਿਆਨ ਦੇ ਖੇਤਰ ਵਿਚ ਕਿੰਨੀਆਂ ਹੀ ਨਵੀਆਂ ਮੱਲਾਂ ਮਾਰੀਆਂ ਹਨ | ਇਨ੍ਹਾਂ ਲੱਭਤਾਂ ਨੇ ਇਕ ਪਾਸੇ ਇਸ ਧਰਤੀ ਅਤੇ ਇਸ ਉਤੇ ਵਸਦੇ ਮਨੁੱਖ ਦੇ ਮੁਢ ਤੇ ਪੂਰਵਜਾਂ ਨਾਲ ਜੁੜੀਆਂ ਗੰੁਝਲਾਂ ਦੀ ਰਤਾ ਵਧੇਰੀ ਸਮਝ ਦਿੱਤੀ ਹੈ | ਵਰਤਮਾਨ ਵਿਚ ਚਤਿਕਸਾ ਦੇ ਖੇਤਰ ਵਿਚ ਨਵੀਆਂ ਉਮੀਦਾਂ ਜਗਾਈਆਂ ਹਨ | ਅਸਾਧ ਰੋਗਾਂ ਦੇ ਇਲਾਜ ਵੱਲ ਕਦਮ ਪੁੱਟੇ ਹਨ | ਦੂਜੇ ਪਾਸੇ ਪੁਲਾੜ ਤੇ ਅਥਾਹ ਬ੍ਰਹਿਮੰਡ ਦੀ ਥਾਹ ਪਾਉਣ ਦਾ ਕਾਰਜ ਵੀ ਇਸ ਵਰ੍ਹੇ ਨਿਰੰਤਰ ਅੱਗੇ ਤੁਰਦਾ ਰਿਹਾ ਹੈ | ਅਤੀਤ ਤੇ ਭਵਿੱਖ ਵਿਚ 2018 ਦੇ ਵਰ੍ਹੇ ਨੂੰ ਨਿਰੰਤਰ ਵਿਕਾਸਸ਼ੀਲ ਵਿਗਿਆਨ ਦੀ ਕੜੀ ਵਿਚ ਵੇਖਦੇ ਹੋਏ ਆਓ ਦੋਵੇਂ ਖੇਤਰਾਂ ਦੀਆਂ ਮਹੱਤਵਪੂਰਨ ਪ੍ਰਾਪਤੀਆਂ ਉਤੇ ਝਾਤੀ ਮਾਰੀਏ |
ਗੱਲ ਪੁਲਾੜ ਤੇ ਅਥਾਹ ਬ੍ਰਹਿਮੰਡ ਤੋਂ ਸ਼ੁਰੂ ਕਰੀਏ | 2018 ਵਿਚ ਸਪੇਸ ਐਕਸ ਨੇ 27 ਇੰਜਣਾਂ ਵਾਲੇ ਫਾਲਕਨ ਰਾਕਟ ਨੂੰ ਲਾਂਚ ਕੀਤਾ | ਇਸ ਦੀ ਵਿਸ਼ੇਸ਼ਤਾ ਇਸ ਦੇ ਦੁਬਾਰਾ ਵਰਤੋਂ ਯੋਗ ਬੂਸਟਰ ਇੰਜਣ ਸਨ ਜੋ ਸਫ਼ਲਤਾ ਸਹਿਤ ਧਰਤੀ ਉਤੇ ਉਤਾਰ ਲਏ ਗਏ | ਇਸ ਰਾਕਟ ਵਿਚ ਕੰਪਨੀ ਦੇ ਮਾਲਕ ਈਲਾਨ ਮਸਕ ਦੀ ਲਾਲ ਟੈਸਲਾ ਰੋਡਸਟਰ ਕਾਰ ਸੀ, ਜਿਸ ਨੂੰ ਇਕ ਡੰਮੀ ਡਰਾਈਵਰ ਨਾਲ ਪੁਲਾੜ ਯਾਤਰਾ ਲਈ ਭੇਜਿਆ ਗਿਆ | ਇਹ ਕਾਰ ਮੰਗਲ ਪਾਰ ਅਸਮਾਨ ਵਿਚ ਤੁਰੀ ਫਿਰਦੀ ਹੈ |
ਪੁਲਾੜ ਨਾਲ ਸਬੰਧਿਤ ਇਕ ਨਵਾਂ ਰਹੱਸ ਇਸ ਸਾਲ ਖੁੱਲ੍ਹਾ | ਸਾਲ ਕੁ ਪਹਿਲਾਂ ਨਾਸਾ ਨੇ ਸਕਾਟ ਕੈਲੀ ਨਾਂਅ ਦੇ ਇਕ ਪੁਲਾੜ ਯਾਤਰੀ ਨੂੰ ਇਕ ਸਾਲ ਲਈ ਪੁਲਾੜ ਵਿਚ ਭੇਜਿਆ ਸੀ | ਉਸ ਦੇ ਜੁੜਵੇਂ ਭਰਾ ਮਾਰਕ ਕੈਲੀ ਨੂੰ ਧਰਤੀ ਉਤੇ ਰਹਿਣ ਦਿੱਤਾ ਗਿਆ | ਇਸ ਸਾਲ ਪੁਲਾੜ ਯਾਤਰੀ ਸਕਾਟ ਨੂੰ ਵਾਪਸ ਲਿਆ ਕੇ ਦੋਵਾਂ ਦੇ ਜੀਨਾਂ ਦੇ ਟੈਸਟ ਕੀਤੇ ਗਏ | ਸਿੱਟਾ ਇਹ ਦੱਸਿਆ ਗਿਆ ਕਿ ਸਕਾਟ ਦੇ ਸੱਤ ਫੀਸਦੀ ਜੀਨ ਨਾਰਮਲ ਅਵਸਥਾ ਵਿਚ ਨਹੀਂ ਆ ਸਕਦੇ | ਇਸ ਦਾ ਮਤਲਬ ਇਹ ਕਿ ਉਸ ਦੇ ਇਮਿਊਨ ਸਿਸਟਮ ਭਾਵ ਬਿਮਾਰੀਆਂ ਨਾਲ ਲੜਨ ਦੀ ਯੋਗਤਾ ਤੇ ਨਜ਼ਰ ਉਤੇ ਮਾੜਾ ਅਸਰ ਹੋਵੇਗਾ | ਯਾਨੀ ਲੰਮੇ ਸਮੇਂ ਲਈ ਮਨੁੱਖ ਦੇ ਪੁਲਾੜ ਵਿਚ ਰਹਿਣ ਨਾਲ ਸਿਹਤ ਉਤੇ ਕੁਝ ਮਾੜੇ ਅਸਰ ਹੋ ਸਕਦੇ ਹਨ, ਜਿਨ੍ਹਾਂ ਬਾਰੇ ਵਿਗਿਆਨੀਆਂ ਨੂੰ ਨਿਸਚੇ ਹੀ ਕੁਝ ਕਰਨਾ ਪਵੇਗਾ |
ਇਸ ਰਤਾ ਕੁ ਨਿਰਾਸ਼ ਕਰਨ ਵਾਲੀ ਖ਼ਬਰ ਦੇ ਨਾਲ ਹੀ ਇਕ ਪੁਲਾੜ ਬਾਰੇ ਚੰਗੀ ਖ਼ਬਰ | ਇਟਲੀ ਦੇ ਵਿਗਿਆਨੀਆਂ ਨੇ ਦੱਸਿਆ ਹੈ ਕਿ ਮੰਗਲ ਦੀ ਧਰੁਵੀ ਟੋਪੀ ਹੇਠਾਂ ਇਕ ਜ਼ਮੀਨਦੋਜ਼ ਤਰਲ ਪਾਣੀ ਦੀ ਝੀਲ ਲਹਿਰਾ ਰਹੀ ਹੈ | ਮੰਗਲ ਦੀ ਸਤ੍ਹਾ ਤਾਂ ਉਜਾੜ ਹੈ | ਕਿਤੇ-ਕਿਤੇ ਬਰਫ਼ ਦਾ ਹੀ ਪਤਾ ਸੀ ਪਹਿਲਾਂ ਸਾਨੂੰ | ਪੁਲਾੜੀ ਖੇਤਰ ਵਿਚ ਇਸ ਸਾਲ ਦੀ ਇਕ ਵੱਡੀ ਘਟਨਾ ਪਾਰਕਰ ਸੋਲਰ ਪਰੋਬ ਦੀ ਸਫ਼ਲ ਢੰਗ ਨਾਲ ਛੱਡੇ ਜਾਣ ਦੀ ਹੈ ਜੋ ਸੂਰਜ ਨੂੰ ਬਹੁਤ ਨੇੜਿਉਂ ਸਮਝਣ ਜਾਣਨ ਲਈ ਉਸ ਦੇ ਏਨਾ ਨੇੜੇ ਜਾਵੇਗੀ, ਜਿੰਨਾ ਕੋਈ ਹੋਰ ਪਰੋਬ ਅਜੇ ਤੱਕ ਨਹੀਂ ਗਈ | ਮਰਕਰੀ ਗ੍ਰਹਿ ਤੋਂ ਵੀ ਨੇੜੇ ਜਾਏਗੀ ਇਹ | ਪੁਲਾੜ ਤੇ ਬ੍ਰਹਿਮੰਡ ਦੇ ਰਹੱਸਾਂ ਪੱਖੋਂ ਹੀ ਇਸੇ ਵਰ੍ਹੇ ਵਿਗਿਆਨੀਆਂ ਨੇ ਗਰੀਨਲੈਂਡ ਦੀਆਂ ਬਰਫ਼ਾਂ ਹੇਠ ਪੂਰੇ ਪੈਰਿਸ ਸ਼ਹਿਰ ਜਿੱਡੇ ਵੱਡੇ ਟੋਏ ਨੂੰ ਖੋਜਿਆ ਹੈ ਜੋ ਕਿਸੇ 5 ਅਰਬ ਟਨ ਭਾਰੇ ਮੀਟੀਆਰੀਟ ਨੇ ਲੱਖਾਂ ਸਾਲ ਪਹਿਲਾਂ ਪੈਦਾ ਕੀਤਾ | ਸ਼ਾਇਦ ਤੀਹ ਲੱਖ ਤੋਂ ਸਵਾ ਕਰੋੜ ਸਾਲ ਪਹਿਲਾਂ | ਪੁਲਾੜੀ ਖੇਤਰ ਦੀ ਇਸ ਸਾਲ ਦੀ ਇਕ ਹੋਰ ਵਰਣਨਯੋਗ ਪ੍ਰਾਪਤੀ ਹੈ, ਮੰਗਲ ਉਤੇ ਨਾਸਾ ਵਲੋਂ ਉਤਾਰਿਆ ਇਨਸਾਈਟ ਲੈਂਡਰ | ਇਹ ਲੈਂਡਰ ਮੰਗਲ ਉਤੇ ਪਹੁੰਚਣ ਵਾਲੀ ਅੱਠਵੀਂ ਸਫ਼ਲ ਮੁਹਿੰਮ ਦੀ ਦੇਣ ਹੈ | ਇਹ ਮੰਗਲ ਦੀ ਬਾਹਰਲੀ ਸਤ੍ਹਾ ਤੇ ਵਾਤਾਵਰਨ ਨਾਲੋਂ ਕਿਤੇ ਵੱਧ ਮੰਗਲ ਦੀ ਧਰਤੀ ਦੇ ਹੇਠਾਂ ਦੀ ਮਿੱਟੀ, ਖਣਿਜ, ਬਣਤਰ, ਤਾਪਮਾਨ ਆਦਿ ਨੂੰ ਦੋ ਸਾਲ ਤੱਕ ਫਰੋਲਦਾ ਰਹੇਗਾ |
ਇਸੇ ਸਾਲ ਕ੍ਰਿਓਸਟੀ ਰੋਵਰ ਨੇ ਮੰਗਲ ਉਤੋਂ ਚੱਟਾਨਾਂ ਦੀਆਂ ਕੁਝ ਅਜੀਬ ਤਸਵੀਰਾਂ ਭੇਜੀਆਂ, ਜਿਨ੍ਹਾਂ ਦੀਆਂ ਤਿੰਨ ਦਿਸ਼ਾਈ ਤਸਵੀਰਾਂ ਤੋਂ ਉਨ੍ਹਾਂ ਦੇ ਪ੍ਰਕ੍ਰਿਤਕ ਨਾਲੋਂ ਵਧੇਰੇ ਮਨੁੱਖੀ ਹੱਥਾਂ ਦੁਆਰਾ ਨਿਰਮਤ ਹੋਣ ਦੇ ਭੁਲੇਖੇ ਪੈਂਦੇ ਹਨ | ਇਹ ਭੁਲੇਖੇ ਵਿਗਿਆਨੀਆਂ ਨੂੰ ਮੁੜ ਭੰਬਲਭੂਸਾ ਪਾਉਂਦੇ ਹਨ ਕਿ ਕੀ ਪਤਾ ਮੰਗਲ ਉਤੇ ਕਦੇ ਕੋਈ ਜੀਵ ਵਸਦੇ ਰਹੇ ਹੋਣ | ਇਨ੍ਹਾਂ ਆਕ੍ਰਿਤੀਆਂ ਦਾ ਅਧਿਐਨ ਜਾਰੀ ਹੈ | ਹਜ਼ਾਰਾਂ ਦੀ ਗਿਣਤੀ ਵਿਚ ਐਕਸੋ-ਪਲੇਨੈਟ ਹੁਣ ਤੱਕ ਲੱਭੇ ਜਾ ਚੁੱਕੇ ਹਨ | ਐਕਸੋ-ਪਲੇਨੈਟ ਭਾਵ ਸਾਡੇ ਸੂਰਜ ਪਰਿਵਾਰ ਤੋਂ ਬਾਹਰੀ ਗ੍ਰਹਿ | ਇਨ੍ਹਾਂ ਦੇ ਅਧਿਐਨ ਤੋਂ ਵਿਗਿਆਨੀਆਂ ਨੂੰ ਇਕ ਪੈਟਰਨ ਦਿਸਿਆ ਹੈ | ਉਹ ਸਿਧਾਂਤਕ ਰੂਪ ਵਿਚ ਇਹ ਕਲਪਨਾ ਕਰਨ ਲੱਗੇ ਹਨ ਕਿ ਇਕੋ ਸੂਰਜ (ਤਾਰੇ) ਦੇ ਐਕਸੋ-ਪਲੇਨੈਟਾਂ ਵਿਚ ਆਕਾਰ ਲਗਪਗ ਇਕੋ ਜਿਹਾ ਹੁੰਦਾ ਹੈ ਤੇ ਪਰਸਪਰ ਵਿਥ ਵੀ ਖਾਸੀ ਨੇਮਬੱਧ ਹੁੰਦੀ ਹੈ | ਇਸ ਕਲਪਨਾ ਤੋਂ ਕੋਈ ਨੇਮ ਬਣਾਉਣ ਲਈ ਇਸ ਦੀ ਵਾਰ-ਵਾਰ ਪੁਸ਼ਟੀ ਤੇ ਹੋਰ ਅਧਿਐਨ ਦੀ ਲੋੜ ਹੈ | ਇਹੀ ਵਿਗਿਆਨ ਦੀ ਜਾਣੀ-ਪਛਾਣੀ ਵਿਧੀ ਹੈ |
ਨਾਸਾ ਨੇ ਇਸੇ ਸਾਲ ਸੈਕਸਟੈਂਟ ਨਾਂਅ ਦਾ ਪ੍ਰਯੋਗ ਕਰਕੇ ਅਜਿਹੀ ਵਿਧੀ ਲੱਭੀ ਹੈ ਜਿਸ ਨਾਲ ਪੁਲਾੜੀ ਜਹਾਜ਼ ਪੁਲਾੜ ਵਿਚ ਆਪਣੀ ਸਥਿਤੀ ਨਿਸਚਿਤ ਕਰਨ ਲਈ ਕਿਸੇ ਪਲਸਾਰ ਦੀ ਮਦਦ ਲੈ ਸਕਣਗੇ | ਪੁਲਾੜ ਵਿਗਿਆਨੀਆਂ ਨੇ ਇਸੇ ਸਾਲ ਯੂਰੇਨਸ ਤੇ ਨੇਪਚੂਨ ਉਤੇ ਪਾਣੀ ਦਾ ਇਕ ਨਵਾਂ ਰੂਪ ਲੱਭਿਆ ਹੈ ਜੋ ਧਰਤੀ ਉਤੇ ਨਹੀਂ ਮਿਲਦਾ | ਇਸ ਨੂੰ ਉਹ ਸੁਪਰ ਆਇਨਿਕ ਪਾਣੀ ਕਹਿੰਦੇ ਹਨ | ਐਾਡਰੋਮੀਡਾ ਤੇ ਮਿਲਕੀ ਵੇਅ ਗਲੈਕਸੀਆਂ ਦੇ ਡਾਰਕ ਮੈਟਰ ਦੀ ਮਾਤਰਾ ਦੀ ਗਣਨਾ ਨਾਲ ਵਿਗਿਆਨੀਆਂ ਨੇ ਦੋਵਾਂ ਗਲੈਕਸੀਆਂ ਵਿਚ ਢੇਰ ਸਮਾਨਤਾ ਦਾ ਸਿੱਟਾ ਇਸੇ ਸਾਲ ਕੱਢਿਆ ਹੈ | ਪਾਣੀ ਵਾਂਗ ਹੀ ਐਨਸੇਲੇਡਸ, ਯੂਰੋਪਾ ਤੇ ਟਾਈਟਨ ਜਿਹੇ ਉਪਗ੍ਰਹਿਆਂ ਉਤੇ ਬਰਫ਼ ਦੀ ਇਕ ਨਵੀਂ ਕਿਸਮ ਲੱਭੀ ਹੈ, ਜਿਸ ਨੂੰ ਆਈਸ-7 ਦਾ ਨਾਂਅ ਦਿੱਤਾ ਗਿਆ ਹੈ | ਧਰਤੀ ਉਤੇ ਅਜੇ ਇਹ ਪ੍ਰਯੋਗਸ਼ਾਲਾ ਵਿਚ ਹੀ ਬਣ ਸਕਦੀ ਸੀ | ਪੁਲਾੜ ਵਿਚ 9 ਅਰਬ ਪ੍ਰਕਾਸ਼ ਵਰ੍ਹੇ ਦੂਰ ਇਕਾਰਸ ਨਾਂਅ ਦਾ ਇਕ ਨੀਲਾ ਸੁਪਰ ਜਾਇੰਟ ਤਾਰਾ ਵਿਗਿਆਨੀਆਂ ਨੇ ਲੱਭਿਆ ਹੈ | ਐਕਸੋ ਪਲੈਨੈੱਟ ਖੋਜਣ ਲਈ ਨਾਸਾ ਨੇ ਇਸੇ ਸਾਲ ਟੈਸ ਨਾਂਅ ਦੀ ਸਰਵੇ ਪਰੋਬ ਲਾਂਚ ਕੀਤੀ ਹੈ | ਵਿਗਿਆਨੀਆਂ ਦੀਆਂ ਤਾਜ਼ਾ ਖੋਜਾਂ ਨੇ ਪੁਸ਼ਟੀ ਕੀਤੀ ਹੈ ਕਿ ਧਰਤੀ ਉਤਲਾ ਬਹੁਤਾ ਪਾਣੀ ਅਸੈਟਰਾਇਡਾਂ ਦੀ ਦੇਣ ਹੈ | ਉਨ੍ਹਾਂ ਨੇ ਵਾਪਸ 107 ਬੀ ਨਾਂਅ ਦੇ ਐਕਸੋਪਲੈਨੈਟ ਉਤੇ ਹੀਲੀਅਮ ਵੀ ਲੱਭੀ ਹੈ | ਉਨ੍ਹਾਂ ਇਹ ਵੀ ਦਾਅਵਾ ਕੀਤਾ ਹੈ ਕਿ ਸਾਡੇ ਸੂਰਜ ਪਰਿਵਾਰ ਦਾ ਪੁਰਾਣਾ ਸਾਥੀ ਪਲੂਟੋ ਜਿਸ ਨੂੰ ਹੁਣ ਬੌਣਾ ਗ੍ਰਹਿ ਕਿਹਾ ਜਾਂਦਾ ਹੈ, ਕਈ ਕਾਮੇਟਾਂ ਤੇ ਕਿਊਪਰ ਬੈਲਟ ਪਿੰਡਾਂ ਦੇ ਇਕੱਠ ਤੋਂ ਬਣਿਆ ਸੀ | ਡਾਨ ਨਾਂਅ ਦਾ ਪੁਲਾੜੀ ਜਹਾਜ਼ ਇਸੇ ਸਾਲ ਸੀਅਰਜ਼ ਨਾਂਅ ਦੇ ਬੌਣੇ ਗ੍ਰਹਿ ਨੇੜੇ ਪਰਿਕਰਮਾ ਕਰਦੇ ਹੋਏ ਉਸ ਦੇ ਪੈਂਤੀ ਕਿਲੋਮੀਟਰ ਨੇੜੇ ਤੱਕ ਜਾਣ ਵਿਚ ਸਫ਼ਲ ਰਿਹਾ ਹੈ | ਪੁਲਾੜ ਵਿਗਿਆਨੀਆਂ ਇਸੇ ਵਰ੍ਹੇ ਆਮ ਸੁਪਰਨੋਵਾ ਤੋਂ ਤੀਹ-ਚਾਲੀ ਗੁਣਾ ਸ਼ਕਤੀਸ਼ਾਲੀ ਵਿਸਫੋਟ ਵੇਖਿਆ ਹੈ, ਜਿਸ ਦੀ ਪ੍ਰਕਿਰਤੀ ਅਜੇ ਤੱਕ ਸਪੱਸ਼ਟ ਨਹੀਂ ਕਿ ਕੀ ਇਹ ਗਰੈਵੀਟੇਸ਼ਨਲ ਵੇਵ ਹੈ, ਗੈਮਾਰੇ ਬਰਸਟ ਹੈ ਜਾਂ ਸੁਪਰਨੋਵਾ | ਇਸ ਨੂੰ ਐਸ.ਐਨ. 2018 ਕਿਊ ਦਾ ਨਾਂਅ ਦਿੱਤਾ ਗਿਆ ਹੈ, ਹਾਲ ਦੀ ਘੜੀ | ਨਾਸਾ ਤੇ ਯੂਰਪੀਅਨ ਸਪੇਸ ਏਜੰਸੀ ਨੇ ਇਸ ਸਾਲ ਬ੍ਰਹਿਮੰਡੀ ਵਿਸਥਾਰ ਦੀ ਦਰ 2.2 ਫੀਸਦੀ ਅਸ਼ੁੱਧੀ ਤੱਕ ਲੱਭ ਕੇ ਕਿਹਾ ਹੈ ਕਿ ਬ੍ਰਹਿਮੰਡ ਸਾਢੇ ਤਿਹੱਤਰ ਕਿਲੋਮੀਟਰ ਪ੍ਰਤੀ ਸਕਿੰਟ ਪ੍ਰਤੀ ਮੈਗਾ ਪਾਰਸੈਕ ਫੈਲ ਰਿਹਾ ਹੈ | ਵਿਗਿਆਨੀਆਂ ਨੇ ਇਸ ਸਾਲ ਜੁਪੀਟਰ ਦੇ ਬਾਰਾਂ ਨਵੇਂ ਚੰਨ ਲੱਭੇ ਹਨ, ਜਿਸ ਨਾਲ ਇਨ੍ਹਾਂ ਦੀ ਗਿਣਤੀ 79 ਹੋ ਗਈ ਹੈ | ਉਨ੍ਹਾਂ ਨੇ ਸਾਡੇ ਸੂਰਜੀ ਵਿਹੜੇ ਦੇ ਸਿਰੇ ਉਤੇ ਹਾਈਡ੍ਰੋਜਨ ਦੇ ਇਕ ਕੰਧ ਵਰਗੇ ਗੈਸੀ ਪਸਾਰੇ ਦਾ ਵੀ ਪਤਾ ਲਾਇਆ ਹੈ | ਉਹ ਆਪਣੀਆਂ ਖੋਜਾਂ ਨਾਲ ਇਸ ਸਿੱਟੇ ਉਤੇ ਵੀ ਅਪੜੇ ਹਨ ਕਿ ਸਾਡੀ ਧਰਤੀ ਨਾਲੋਂ ਦੋ ਤੋਂ ਚਾਰ ਗੁਣਾਂ ਵੱਡੇ ਐਕਸੋ ਪਲੇਨੈਟਾਂ ਉਤੇ ਪਾਣੀ ਹੋਣ ਦੀਆਂ ਵੱਡੀਆਂ ਸੰਭਾਵਨਾਵਾਂ ਹਨ | ਉਨ੍ਹਾਂ ਨੇ ਇਹ ਵੀ ਨਿਸਚੇ ਨਾਲ ਕਿਹਾ ਹੈ ਕਿ ਸਾਡੇ ਚੰਨ ਦੇ ਓਹਲੇ ਵਾਲੇ ਹਿੱਸੇ ਵਿਚ ਬਰਫ਼ ਖੁੱਲ੍ਹਮ-ਖੁੱਲ੍ਹੀ ਮਿਲ ਸਕਦੀ ਹੈ | ਉਨ੍ਹਾਂ ਨੂੰ ਇਸ ਗੱਲ ਦੇ ਪ੍ਰਮਾਣ ਵੀ ਮਿਲੇ ਹਨ ਕਿ ਜੀਵਨ ਲਈ ਮਹੱਤਵਪੂਰਨ ਫਾਸਫੋਰਸ ਦੇ ਯੋਗਿਕ ਪੁਲਾੜ ਵਿਚ ਬਣੇ ਹਨ | ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਹੈ ਕਿ ਕਿਸੇ ਸਮੇਂ ਦੂਰ ਅਤੀਤ ਵਿਚ ਮੰਗਲ ਉਤੇ ਢੇਰ ਪਾਣੀ ਹੁੰਦਾ ਸੀ | ਇਸੇ ਨਵੰਬਰ ਵਿਚ ਉਨ੍ਹਾਂ ਨੇ ਸਭ ਤੋਂ ਪੁਰਾਣੇ ਇਕ ਤਾਰੇ ਨੂੰ ਲੱਭਿਆ ਹੈ, ਜੋ ਸਾਢੇ ਤੇਰਾਂ ਅਰਬ ਸਾਲ ਪੁਰਾਣਾ ਹੈ | ਯਾਨੀ ਬਿੱਗ ਬੈਂਗ ਤੋਂ ਛੇਤੀ ਪਿਛੋਂ ਦੇ ਸਮੇਂ ਦਾ ਗਵਾਹ | 8 ਦਸੰਬਰ ਨੂੰ ਚੀਨ ਨੇ ਚੰਨ ਦੇ ਓਹਲੇ ਵਾਲੇ ਪਾਸੇ ਉਤਰਨ ਵਾਲਾ ਪਹਿਲਾ ਪੁਲਾੜੀ ਜਹਾਜ਼ ਚਾਂਗ-4 ਲਾਂਚ ਕੀਤਾ |
ਪੁਲਾੜ ਤੇ ਧਰਤ ਬਾਹਰੀ ਬ੍ਰਹਿਮੰਡ ਤੋਂ ਬਾਅਦ ਧਰਤੀ ਤੇ ਇਸ ਉਤਲੇ ਮਨੁੱਖਾਂ ਨਾਲ ਜੁੜੀਆਂ ਵਿਗਿਆਨਕ ਲੱਭਤਾਂ ਦੀ ਗੱਲ ਕਰੀਏ | ਇਸ ਸਾਲ ਦੇ ਪਹਿਲੇ ਹੀ ਹਫ਼ਤੇ ਰੋਮ ਦੇ ਵਿਗਿਆਨੀਆਂ ਨੇ ਇਕ ਬਾਇਆਨਿਕ ਹੱਥ ਬਣਾਇਆ, ਜਿਸ ਵਿਚ ਛੂਹਣ ਦੀ ਸੰਵੇਦਨਾ ਹੈ | ਇਸ ਨੂੰ ਪ੍ਰਯੋਗਸ਼ਾਲਾ ਤੋਂ ਬਾਹਰ ਪਹਿਨਣਾ ਵਰਤਣਾ ਸੰਭਵ ਹੈ |
ਮੈਸਾਚੂਸੈਟਸ ਦੇ ਵਿਗਿਆਨੀਆਂ ਨੇ ਮਜ਼ਬੂਤ ਨੈਨੋਫਾਈਬਰ ਬਣਾਉਣ ਦੀ ਵਿਧੀ ਲੱਭੀ | ਵਾਸ਼ਿੰਗਟਨ ਯੂਨੀਵਰਸਿਟੀ ਦੀ ਇਕ ਟੀਮ ਨੇ ਰੋਗਾਂ ਦੇ ਇਲਾਜ ਲਈ ਇਕ ਬਾਇਓਮੈਟੀਰੀਅਲ ਡਿਲੀਵਰੀ ਸਿਸਟਮ ਵਿਕਸਤ ਕੀਤਾ ਜਿਸ ਨਾਲ ਦਵਾਈ ਸਰੀਰ ਦੇ ਪ੍ਰਭਾਵੀ ਹਿੱਸੇ ਉਤੇ ਸਿੱਧੀ ਪਹੁੰਚੇ ਅਤੇ ਸਾਈਡ ਈਫੈਕਟ ਘੱਟ ਹੋਣ | ਇਸੇ ਸਾਲ ਸਟੈਮਸੈਲ ਤੇ ਜੀਨ ਐਡਿਟਿੰਗ ਨਾਲ ਇਕੋ ਸੈਕਸ ਦੇ ਚੂਹਿਆਂ ਦੀ ਜੋੜੀ ਤੋਂ ਚੂਹੇ ਪੈਦਾ ਕਰਨ ਦਾ ਸਫ਼ਲ ਤਜਰਬਾ ਚੀਨੀ ਮਾਹਿਰਾਂ ਨੇ ਕੀਤਾ | ਇਸ ਕਿਸਮ ਦੇ ਯਤਨ ਮਨੁੱਖੀ ਜੋੜਿਆਂ ਵਿਚ ਕਰਨ ਦੀ ਸੰ ਭਾਵਨਾ ਇਸ ਤਜਰਬੇ ਨੇ ਰੋਸ਼ਨ ਕੀਤੀ ਹੈ | ਇਸ ਕਾਰਜ ਦੇ ਰਾਹ ਵਿਚ ਅਜੇ ਕਾਨੂੰਨੀ, ਸਮਾਜਿਕ ਤੇ ਨੈਤਿਕ ਅੜਿੱਕੇ ਹਨ | ਨਿਕਟ ਭਵਿੱਖ ਵਿਚ ਇਸ ਕੰਮ ਨੂੰ ਕੋਈ ਵੀ ਵਿਗਿਆਨੀ ਹੱਥ ਪਾਉਣ ਤੋਂ ਝਿਜਕਦਾ ਹੈ |
2018 ਦੀ ਇਕ ਹੋਰ ਲੱਭਤ ਹੈ 20 ਕਰੋੜ ਸਾਲ ਪੁਰਾਣਾ ਭਾਰੀ ਭਰਕਮ ਵੱਡਅਕਾਰੀ ਡਾਇਨਾਸੋਰ | 26,000 ਪੌਾਡ ਭਾਰਾ ਇਹ ਜੀਵ ਕਦੇ ਅਰਜਨਟਾਈਨਾ ਵਿਚ ਹੁੰਦਾ ਸੀ | ਇਸ ਨੂੰ ਫਾਸਿਲ ਸਕੈਲਟਨਾਂ ਨਾਲ ਪੁਨਰ ਨਿਰਮਤ ਕੀਤਾ ਗਿਆ ਹੈ | ਇਸੇ ਦੌਰਾਨ ਦੱਖਣੀ ਅਫਰੀਕਾ ਦੀ ਇਕ ਗੁਫਾ ਵਿਚੋਂ ਮਨੁੱਖ ਵਲੋਂ 73,000 ਸਾਲ ਪਹਿਲਾਂ ਮਾਰੀਆਂ 9 ਲਾਲ ਲਕੀਰਾਂ ਕੁਝ ਹੱਡੀਆਂ ਤੇ ਸੰਦ ਮਿਲੇ ਹਨ | ਇਹ ਸਮੱਗਰੀ ਮਨੁੱਖੀ ਸੰਕੇਤਾਂ, ਭਾਸ਼ਾ ਤੇ ਸੱਭਿਆਚਾਰ ਦੇ ਵਿਗਿਆਨਕ ਵਿਕਾਸ ਨੂੰ ਸਮਝਣ ਲਈ ਮੁਲਵਾਨ ਸਮਝੀ ਜਾ ਰਹੀ ਹੈ | ਟਰਟਲ ਸਮੁੰਦਰੀ ਕੱਛੂ ਵਰਗੇ ਵੱਡਅਕਾਰੀ ਜੀਵ ਕਹੇ ਜਾ ਸਕਦੇ ਹਨ | ਇਨ੍ਹਾਂ ਦੀ ਪਿੱਠ ਉੱਪਰ ਵੱਡਾ ਸੈੱਲ ਹੁੰਦਾ ਹੈ | ਇਸ ਸਾਲ ਵਿਗਿਆਨੀਆਂ ਨੇ ਖੋਜ ਉਪਰੰਤ ਦੱਸਿਆ ਹੈ ਕਿ 22 ਕਰੋੜ ਸਾਲ ਪਹਿਲਾਂ ਟਰਟਲਾਂ ਦੀ ਪਿੱਠ ਉਤੇ ਇਹ ਸੈੱਲ ਨਹੀਂ ਸਨ | ਰੂਸ ਦੇ ਅਲਜਈ ਪਹਾੜਾਂ ਵਿਚੋਂ ਵਿਗਿਆਨੀਆਂ ਨੂੰ ਨੱਬੇ ਹਜ਼ਾਰ ਸਾਲ ਪਹਿਲਾਂ ਮਰੀ ਇਕ ਇਸਤਰੀ ਦੀਆਂ ਹੱਡੀਆਂ ਮਿਲੀਆਂ ਹਨ | ਉਨ੍ਹਾਂ ਦੇ ਜੀਨੋਮ ਵਿਸ਼ਲੇਸ਼ਣ ਤੋਂ ਪਤਾ ਲੱਗਾ ਹੈ ਕਿ ਉਸ ਦੇ ਮਾਤਾ-ਪਿਤਾ ਦੋ ਵੱਖ-ਵੱਖ ਮਨੁੱਖੀ ਨਸਲਾਂ ਦੇ ਸਨ | ਇਕ ਨੀਡਰਥਲ ਸੀ ਤੇ ਦੂਜਾ ਡੈਨੀਸੋਵਾਨ | ਅਲਬਰਟਾ ਯੂਨੀਵਰਸਿਟੀ ਦੀ ਵਿਗਿਆਨਕ ਟੀਮ ਨੇ ਪਹਿਲੀ ਵਾਰ ਸਾਢੇ ਦਸ ਕਰੋੜ ਸਾਲ ਪੁਰਾਣੇ ਸੱਪ ਦੇ ਭਰੂਣ ਦਾ ਪਿੰਜਰ ਖੋਜਿਆ ਹੈ | ਇਸ ਟੀਮ ਨੂੰ ਆਸਟ੍ਰੇਲੀਆ, ਏਸ਼ੀਆ ਤੇ ਅਫਰੀਕਾ ਦਰਮਿਆਨ ਸੱਪਾਂ ਦੇ ਇਕ ਤੋਂ ਦੂਜੇ ਮਹਾਂਦੀਪ ਵਿਚ ਪਹੁੰਚਣ ਦੀ ਪ੍ਰਕਿਰਿਆ ਦਾ ਵਿਸ਼ਲੇਸ਼ਣ ਕਰਦੇ ਸਮੇਂ ਇਹ ਪ੍ਰਾਪਤੀ ਹੋਈ | (ਬਾਕੀ ਅਗਲੇ ਐਤਵਾਰ ਦੇ ਅੰਕ 'ਚ)

-ਹਾਊਸ ਨੰਬਰ 2, ਸਟਰੀਟ ਨੰਬਰ 9, ਗੁਰੂ ਨਾਨਕ ਨਗਰ, ਪਟਿਆਲਾ) |
ਫੋਨ ਨੰ: 98722-60550, 0175-2372010, 2372998.

ਮਾੜਾ ਹੁੰਦੈ ਗਰਮ ਸੁਭਾਅ

ਬਹੁਤ ਲੋਕ ਸੋਚਦੇ ਹਨ ਕਿ ਅਸੀਂ ਜ਼ਿੰਦਗੀ ਵਿਚ ਹੋਰਨਾਂ ਲੋਕਾਂ ਦੇ ਮੁਕਾਬਲੇ ਪਿੱਛੇ ਰਹਿ ਗਏ ਹਾਂ | ਇਸ ਦਾ ਅਸਲ ਕਾਰਨ ਹੈ ਉਨ੍ਹਾਂ ਦਾ ਗਰਮ ਸੁਭਾਅ | ਉੱਨਤੀ ਦਾ ਮੌਕਾ ਸਾਹਮਣੇ ਹੁੰਦਾ ਹੈ, ਪ੍ਰੰਤੂ ਉਹ ਛੋਟੀਆਂ-ਛੋਟੀਆ ਗੱਲਾਂ ਉੱਤੇ ਭੜਕ ਉੱਠਦੇ ਹਨ, ਕ੍ਰੋਧ ਵਿਚ ਆਫਰ ਜਾਂਦੇ ਹਨ ਤੇ ਮੌਕਾ ਉਨ੍ਹਾਂ ਦੇ ਹੱਥੋਂ ਨਿਕਲ ਜਾਂਦਾ ਹੈ | ਬਾਅਦ ਵਿਚ ਮਨ ਨੂੰ ਦਿਲਾਸਾ ਦੇਣ ਲਈ ਕਹਿ ਦਿੰਦੇ ਹਨ ਕਿ ਅਸੀਂ ਆਪਣੇ ਸੁਭਾਅ ਤੋਂ ਮਜਬੂਰ ਹਾਂ, ਪ੍ਰੰਤੂ ਇਹ ਕਹਿ ਕੇ ਉਹ ਆਪਣੇ-ਆਪ ਨੂੰ ਧੋਖਾ ਦਿੰਦੇ ਹਨ | ਸੱਚ ਇਹ ਹੈ ਕਿ ਉਹ ਕਦੇ ਵੀ ਆਪਣੇ ਮਨ ਦੀ ਗਹਿਰਾਈ ਵਿਚ ਉਤਰ ਕੇ ਆਪਣੇ ਮਨ ਦਾ ਨਿਰੀਖਣ ਨਹੀਂ ਕਰਦੇ, ਕਦੇ ਵੀ ਆਤਮ ਵਿਸ਼ਲੇਸ਼ਣ ਨਹੀਂ ਕਰਦੇ | ਜੇ ਕਦੇ ਉਹ ਸ਼ਾਂਤ ਮਨ ਨਾਲ ਵਿਚਾਰਨ ਤਾਂ ਉਹ ਇਹ ਜਾਣ ਸਕਦੇ ਹਨ ਕਿ ਜੋ ਕੁਝ ਵੀ ਉਨ੍ਹਾਂ ਨਾਲ ਬੀਤ ਰਿਹਾ ਹੈ | ਉਸ ਨੂੰ ਟਾਲਿਆ ਜਾ ਸਕਦਾ ਹੈ | ਉਨ੍ਹਾਂ ਦੇ ਭਵਿੱਖ ਨੂੰ ਬਦਲਿਆ ਜਾ ਸਕਦਾ ਹੈ | ਜਿਵੇਂ ਦਾਰਸ਼ਨਿਕ ਨੇ ਵੀ ਕਿਹਾ ਹੈ ਕਿ ਸਫਲਤਾ ਪ੍ਰਾਪਤੀ ਲਈ ਤੁਸੀਂ ਗਰਮ ਸੁਭਾਅ ਨੂੰ ਤਿਆਗ ਦਿਉ, ਫਿਰ ਸਫਲਤਾ ਪਿੱਛੇ ਤੁਹਾਨੂੰ ਨਹੀਂ ,ਸਫਲਤਾ ਤੁਹਾਡੇ ਪਿਛੇ ਦੌੜੇਗੀ |
ਜ਼ਰਾ ਧਿਆਨ ਦਿਓ ਕਿ ਕਿਸੇ ਉੱਚੀ ਪੱਧਰ 'ਤੇ ਪਹੁੰਚਣ ਲਈ ਅਸੀਂ ਸਾਲਾਂ ਬੱਧੀ ਸਖ਼ਤ ਮਿਹਨਤ ਕੀਤੀ ਹੁੰਦੀ ਹੈ ਤੇ ਜਦੋਂ ਮੰਜ਼ਿਲ 'ਤੇ ਪਹੁੰਚਣ ਵਾਲੇ ਹੋਈਏ, ਸਫ਼ਲਤਾ ਸਾਡੇ ਪੈਰ ਚੁੰਮਣ ਨੂੰ ਤਿਆਰ ਹੋਵੇ ਤੇ ਛੋਟੀ ਜਿਹੀ ਗੱਲ 'ਤੇ ਗਰਮ ਮਿਜਾਜ਼ੀ ਸਾਡੇ ਕੀਤੇ ਕਰਾਏ 'ਤੇ ਪਾਣੀ ਫੇਰ ਦਿੰਦੀ ਹੈ | ਇਕ ਇਨਸਾਨ ਨੇ ਵੀਹ ਵਰ੍ਹੇ ਇਕ ਸਹਾਇਕ ਦੀ ਪਦਵੀ 'ਤੇ ਬਹੁਤ ਲਗਨ ਤੇ ਮਿਹਨਤ ਨਾਲ ਕੰਮ ਕੀਤਾ ਤੇ ਹਮੇਸ਼ਾ ਮੈਨੇਜਰ ਬਣਨ ਦੇ ਆਪਣੇ ਸੁਪਨੇ ਨੂੰ ਪੂਰਾ ਕਰਨ ਲਈ ਅਣਥੱਕ ਯਤਨ ਜਾਰੀ ਰੱਖਿਆ | ਉਸ ਦੀ ਇਹ ਮਿਹਨਤ ਦਾ ਸਿੱਟਾ ਵੀ ਇਹ ਹੀ ਨਿਕਲਿਆ | ਉਸ ਨੂੰ ਮੌਕਾ ਮਿਲਣ ਵਾਲਾ ਸੀ, ਪ੍ਰੰਤੂ ਇਕ ਦਿਨ ਮਾਲਕ ਦੀ ਕਿਸੇ ਗੱਲ 'ਤੇ ਭੜਕ ਗਿਆ ਅਤੇ ਮਿੰਟ ਵਿਚ ਹੀ ਆਪਣੀ ਸਾਰੀ ਉਮਰ ਦੀ ਤਪੱਸਿਆ ਤੇ ਵਰਿ੍ਹਆਂ ਦੇ ਸਿੰਜੇ ਸੁਪਨੇ 'ਤੇ ਪਾਣੀ ਫੇਰ ਕੇ ਘਰ ਵਾਪਸ ਆ ਗਿਆ | ਮੈਨੇਜਰ ਬਣਦਾ-ਬਣਦਾ ਬੇਰੁਜ਼ਗਾਰ ਹੋ ਗਿਆ | ਉਸ ਨੇ ਆਪਣੀ ਪਤਨੀ ਨੂੰ ਦੱਸਿਆ, 'ਮੈਂ ਕੀ ਕਰਦਾ? ਮੈਂ ਬਰਦਾਸ਼ਤ ਨਾ ਕਰ ਸਕਿਆ ਤੇ ਆਪੇ ਤੋਂ ਬਾਹਰ ਹੋ ਗਿਆ |'
ਮੈ ਖੁਦ 'ਗਰਮ ਸੁਭਾਅ' ਦੀ ਪੀੜਾ ਨੂੰ ਝੱਲਿਆ ਹੈ, ਜਿਸ ਕਾਰਨ ਮੇਰੇ ਕਈ ਵਾਰ ਵੱਡੇ ਨੁਕਸਾਨ ਵੀ ਹੋਏ ਹਨ | ਇਸ ਲਈ ਮੈਂ ਗੁਸੇ ਤੋਂ ਕੋਹਾਂ ਦੂਰ ਰਹਿਣ ਦੀ ਕੋਸ਼ਿਸ਼ ਕਰਦਾ ਹਾਂ, ਕਿੳਾੁਕਿ ਗੁੱਸਾ ਲਾ-ਇਲਾਜ ਬਿਮਾਰੀ ਨਹੀਂ ਹੈ, ਆਪਣੇ ਮਨ ਨੂੰ ਨਿਯੰਤਰਨ ਵਿਚ ਰੱਖ ਕੇ ਇਸ ਤੋਂ ਬਚਿਆ ਜਾ ਸਕਦਾ ਹੈ | ਵੈਰ, ਈਰਖਾ, ਨਫ਼ਰਤ, ਜਾਤ-ਪਾਤ, ਊਚ-ਨੀਚ, ਅਮੀਰੀ-ਗ਼ਰੀਬੀ ਸਭ ਗਰਮ ਸੁਭਾਅ ਦੀ ਹੀ ਉਪਜ ਹਨ | ਸ਼ਾਂਤ ਤੇ ਮਿੱਠਾ ਸੁਭਾਅ ਹਰ ਇਕ ਦਾ ਮਨ ਮੋਹ ਲੈਂਦਾ ਹੈ | ਮਿੱਠ ਬੋਲੜੇ ਸੁਭਾਅ ਕਾਰਨ ਦੁਸ਼ਮਣ ਵੀ ਮਿੱਤਰ ਬਣ ਜਾਂਦੇ ਹਨ | ਜਿਵੇਂ ਕੋਇਲ ਦੀ ਸੁਰੀਲੀ ਆਵਾਜ਼ ਨੂੰ ਹਰ ਕੋਈ ਸੁਣਨਾ ਪਸੰਦ ਕਰਦਾ ਹੈ, ਪਰ ਕਾਂ ਜਿਥੇ ਵੀ ਆਪਣੀ ਬੇਸੁਰੀ ਆਵਾਜ਼ ਨਾਲ ਕਾਂ-ਕਾਂ ਕਰਦਾ ਹੈ ਲੋਕ ਉਸ ਨੂੰ ਵੱਟੇ ਮਾਰ ਕੇ ਭਜਾ ਦਿੰਦੇ ਹਨ |
ਜਿਹੜੇ ਲੋਕ ਮਾੜੀ ਮਾੜੀ ਗੱਲ 'ਤੇ ਗੁੱਸੇ ਵਿਚ ਆ ਜਾਂਦੇ ਹਨ ਤੇ ਆਪੇ ਤੋਂ ਬਾਹਰ ਹੋ ਕੇ ਆਪਣੀ ਸੰਗਠਿਤ ਜ਼ਿੰਦਗੀ ਦੀ ਸਾਰੀ ਵਿਵਸਥਾ ਨੂੰ ਤੋੜ-ਭੰਨ ਦਿੰਦੇ ਹਨ, ਜਿਹੜੇ ਆਪਣੀ ਥੋੜ੍ਹੀ ਜਿਹੀ ਵੀ ਆਲੋਚਨਾ ਨਹੀਂ ਸਹਿ ਸਕਦੇ ਤੇ ਤੁਰੰਤ ਬਦਲੇ ਲਈ ਬੇਚੈਨ ਹੋ ਜਾਂਦੇ ਹਨ, ਉਹ ਜ਼ਿੰਦਗੀ ਵਿਚ ਕਦੇ ਸਫ਼ਲ ਨਹੀਂ ਹੋ ਸਕਦੇ | ਭਾਵੁਕਤਾ ਦੀ ਰੌਾਅ ਵਿਚ ਰਹਿ ਕੇ ਉਹ ਆਪਣਾ ਕਿੰਨਾ ਨੁਕਸਾਨ ਕਰ ਲੈਂਦੇ ਹਨ | ਇਹ ਕਦੇ ਜਾਣਨ ਦੀ ਕੋਸ਼ਿਸ਼ ਨਹੀਂ ਕਰਦੇ ਤੇ ਅਗਿਆਨਤਾ ਕਾਰਨ ਸਦਾ ਹੀ ਇਹੀ ਸਮਝੀ ਜਾਂਦੇ ਹਨ ਕਿ ਉਨ੍ਹਾਂ ਨੇ ਆਪਣੇ ਮਾਣ ਦੀ ਰੱਖਿਆ ਕੀਤੀ ਹੈ, ਆਪਣੇ ਆਤਮ ਸਨਮਾਨ ਨੂੰ ਠੇਸ ਲੱਗਣ ਤੋਂ ਬਚਾਇਆ ਹੈ | ਦਰਅਸਲ ਅਜਿਹੀ ਭਾਵੁਕਤਾ ਇਕ ਮਾਨਸਿਕ ਕਮਜ਼ੋਰੀ ਹੈ ਅਤੇ ਕਮਜ਼ੋਰੀ ਦਾ ਆਧਾਰ ਅਸੀਂ ਆਪਣੀ ਹਉਮੈ ਤੇ ਆਤਮ ਸਨਮਾਨ ਨੂੰ ਬਣਾ ਲੈਂਦੇ ਹਾਂ, ਇਸ ਤੋਂ ਵੱਡਾ ਕੋਈ ਭਰਮ ਨਹੀਂ ਹੈ ਕਿ ਅਸੀਂ ਆਪਣੀ ਹਉਮੈ 'ਤੇ ਕਾਬੂ ਨਾ ਰੱਖ ਕੇ ਹਉਮੈ ਦੇ ਅਧੀਨ ਹੋ ਕੇ ਚੱਲੀਏ | ਸਾਨੂੰ ਹਉਮੈ 'ਤੇ ਸਵਾਰ ਹੋ ਕੇ ਇਸ ਨੂੰ ਆਪਣੇ ਅਨੁਸਾਰ ਚਲਾਉਣਾ ਚਾਹੀਦਾ ਹੈ | ਇਸ ਦੇ ਵੱਸ ਹੋ ਕੇ ਚੱਲਣਾ ਅਸਫ਼ਲਤਾ ਦੀ ਨਿਸ਼ਾਨੀ ਹੈ | ਜਿਵੇਂ ਕੋਈ ਮੈਚ ਹਾਰਦਾ ਖਿਡਾਰੀ ਠੰਢੇ ਸੁਭਾਅ ਨਾਲ ਮੈਚ ਖੇਡਦਾ ਹੈ ਤਾਂ ਉਹ ਹੋਸ਼ ਤੋਂ ਕੰਮ ਲੈਂਦਾ ਹੋਇਆ ਹਾਰ ਨੂੰ ਵੀ ਜਿੱਤ ਵਿਚ ਬਦਲ ਦਿੰਦਾ ਹੈ ਤੇ ਇਸ ਦੇ ਉਲਟ ਹੋਸ਼ ਨੂੰ ਭੁਲਾ ਕੇ ਜੋਸ਼ ਤੋਂ ਕੰਮ ਲੈਣ ਵਾਲਾ ਖਿਡਾਰੀ ਚਾਹੇ ਕਿੰਨਾ ਵੀ ਤਾਕਤਵਰ ਹੋਵੇ ਕਈ ਵਾਰ ਉਸ ਨੂੰ ਆਪਣੇ ਗਰਮ ਮਿਜਾਜ਼ੀ ਜੋਸ਼ ਕਾਰਨ ਮੈਚ ਜਿੱਤਦੇ ਹੋਏ ਵੀ ਆਖੀਰ ਵਿਚ ਹਾਰ ਦਾ ਮੂੰਹ ਦੇਖਣਾ ਪੈ ਜਾਂਦਾ ਹੈ |
ਗਰਮ ਮਿਜਾਜ਼ੀ ਕੋਈ ਏਨਾ ਗੰਭੀਰ ਮਸਲਾ ਨਹੀਂ ਜਿਸ ਉੱਤੇ ਅਸੀਂ ਕਾਬੂ ਨਾ ਪਾ ਸਕੀਏ ਇਸ ਲਈ ਸਿਰਫ ਏਨਾ ਸੋਚਣ ਦੀ ਜ਼ਰੂਰਤ ਹੈ ਕਿ ਆਖਰ ਇਹ ਹੈ ਕੀ? ਸਾਨੂੰ ਕ੍ਰੋਧ ਕਿਉਂ ਆਉਂਦਾ ਹੈ? ਇਸ ਦੀ ਬਾਰੀਕੀ ਨਾਲ ਘੋਖ ਕਰੀਏ ਤਾਂ ਸਾਫ ਪਤਾ ਲੱਗਦਾ ਹੈ ਕਿ ਇਸ ਵਿਚ ਈਰਖਾ, ਸਾੜੇ ਦੀਆਂ ਭਾਵਨਾਵਾਂ ਤਕੜੀਆਂ ਹਨ ਤੇ ਅਸੀਂ ਦੂਸਰਿਆਂ ਨੂੰ ਆਪਣੇ ਤੋਂ ਉੱਚਾ ਉੱਠਦੇ ਵੇਖ ਕੇ ਜਰ ਨਹੀਂ ਸਕਦੇ | ਇਸ ਲਈ ਦੂਸਰਿਆਂ ਦੀ ਰਾਇ ਨੂੰ ਕੋਈ ਮਹੱਤਵ ਨਹੀਂ ਦਿੰਦੇ ਤੇ ਕਿਸੇੇ ਦੀ ਗੱਲ ਸਾਥੋਂ ਬਰਦਾਸ਼ਤ ਨਹੀਂ ਹੁੰਦੀ | ਅਸੀਂ ਸੁਆਰਥ ਵਿਚ ਆਪਣੀ ਹੀ ਮਨਮਰਜ਼ੀ ਕਰਨਾ ਚਾਹੁੰਦੇ ਹਾਂ ਤੇ ਆਪਣਾ ਫੈਸਲਾ ਦੂਸਰਿਆਂ 'ਤੇ ਲੱਦਣਾ ਚਾਹੁੰਦੇ ਹਾਂ | ਦੂਜਿਆਂ ਦੀ ਰਾਇ ਨੂੰ ਕੁਚਲ ਕੇ ਉਨ੍ਹਾਂ ਤੋਂ ਜ਼ਬਰਦਸਤੀ ਆਪਣੀ ਇੱਛਾ ਮਨਵਾਉਣਾ ਚਾਹੁੰਦੇ ਹਾਂ, ਅਜਿਹਾ ਨਾ ਹੋਣ ਦੀ ਸੂਰਤ ਵਿਚ ਕਰੋਧਿਤ ਹੋ ਉੱਠਦੇ ਹਾਂ, ਤੇ ਇਸ ਵਿਸ਼ਲੇਸ਼ਣ ਤੋਂ ਸਿੱਧ ਹੁੰਦਾ ਹੈ ਕਿ ਗਰਮ ਮਿਜ਼ਾਜ ਵਿਅਕਤੀ ਸੁਆਰਥੀ ਤੇ ਈਰਖਾਲੂ ਹੰਦਾ ਹੈ ਨਾ ਕਿ ਹਉਮੈ ਤੇ ਆਤਮ ਸਨਮਾਨ ਵਾਲਾ, ਕਿਉਂਕਿ ਜਿਸ ਨੂੰ ਸਹੀ ਅਰਥਾਂ ਵਿਚ ਆਪਣੀ ਇੱਜ਼ਤ ਦਾ ਖਿਆਲ ਹੁੰਦਾ ਹੈ ਉਹ ਕਦੇ ਵੀ ਦੂਜਿਆਂ ਦੀ ਇੱਜ਼ਤ ਨੂੰ ਠੇਸ ਨਹੀਂ ਪਹੁੰਚਾਉਂਦਾ |

-ਭਗਤਾ ਭਾਈ ਕਾ |
ਮੋਬਾਈਲ : 9872102614

ਭੁੱਲੀਆਂ ਵਿਸਰੀਆਂ ਯਾਦਾਂ

ਪ੍ਰੋ: ਮੋਹਨ ਸਿੰਘ ਦੇ ਮੇਲੇ ਸਮੇਂ ਪੰਜਾਬੀ ਭਵਨ ਲੁਧਿਆਣਾ ਵਿਚ ਸ: ਹਰਜੀਤ ਸਿੰਘ ਬੇਦੀ ਆਪਣੀ ਕਿਤਾਬ ਸ: ਇੰਦਰਜੀਤ ਹਸਨਪੁਰੀ ਨੂੰ ਭੇਟ ਕਰ ਰਹੇ ਸੀ | ਕੋਲ ਹੀ ਅਮਰਜੀਤ ਸਿੰਘ ਗਰੇਵਾਲ, ਜੋਗਾ ਸਿੰਘ ਜੋਗੀ, ਸ: ਸੂਬਾ ਸਿੰਘ ਦਾ ਪੁੱਤਰ ਖੜ੍ਹੇ ਸਨ | ਇਸ ਤਸਵੀਰ ਵਿਚਲੇ ਬਹੁਤੇ ਪਾਤਰ ਹੁਣ ਸਾਡੇ ਦਰਮਿਆਨ ਨਹੀਂ ਹਨ ਸਿਰਫ਼ ਆਪਣੀਆਂ ਯਾਦਾਂ ਸਾਡੇ ਲਈ ਛੱਡ ਗਏ ਹਨ |

ਮੋਬਾਈਲ : 98767-41231

ਸ਼ਹਿਨਸ਼ਾਹ-ਏ-ਗ਼ਜ਼ਲ: ਤਲਤ ਮਹਿਮੂਦ

ਆਪਣੀ ਸੋਜ਼ ਭਰੀ ਆਵਾਜ਼ ਨਾਲ ਸੰਗੀਤ-ਮੱਦਾਹਾਂ ਦੇ ਦਿਲਾਂ 'ਤੇ ਰਾਜ ਕਰਨ ਵਾਲੇ 'ਸ਼ਹਿਨਸ਼ਾਹ-ਏ-ਗ਼ਜ਼ਲ' ਤਲਤ ਮਹਿਮੂਦ ਦਾ ਜਨਮ 24 ਫਰਵਰੀ, 1924 ਨੂੰ ਵਾਲਿਦ ਸ਼ੇਰ ਮਨਜ਼ੂਰ ਅਹਿਮਦ ਅਤੇ ਵਾਲਿਦਾ ਰਫ਼ੀ-ਉਨ-ਨਿਸਾ ਬੇਗ਼ਮ ਦੇ ਘਰ ਲਖਨਊ ਵਿਖੇ ਹੋਇਆ ਸੀ | ਉਹ ਉਨ੍ਹਾਂ ਦੀ ਛੇਵੀਂ ਔਲਾਦ ਸਨ | ਉਨ੍ਹਾਂ ਦੇ ਵਾਲਿਦ ਆਪਣੀ ਆਵਾਜ਼ ਨੂੰ ਅੱਲ੍ਹਾ ਦਾ ਦਿੱਤਾ ਗਲਾ ਕਹਿ ਕੇ ਅੱਲ੍ਹਾ ਨੂੰ ਹੀ ਸਮਰਪਿਤ ਕਰਨ ਦੀ ਚਾਹਤ ਰੱਖਦੇ ਸਨ ਅਤੇ ਸਿਰਫ਼ ਨਾਅਤ ਹੀ ਗੀਤ ਗਾਉਂਦੇ ਸਨ | ਬਚਪਨ ਤੋਂ ਤਲਤ ਨੇ ਆਪਣੇ ਵਾਲਿਦ ਦੀ ਨਕਲ ਕਰਨ ਦੀ ਕੋਸ਼ਿਸ਼ ਕੀਤੀ, ਪਰ ਘਰ ਵਾਲਿਆਂ ਵਲੋਂ ਜ਼ਿਆਦਾ ਉਤਸ਼ਾਹ ਨਾ ਮਿਲਿਆ | ਉਸ ਦੀ ਭੂਆ ਉਸ ਨੂੰ ਸੁਣਦੀ ਸੀ ਅਤੇ ਉਤਸ਼ਾਹਿਤ ਕਰਦੀ ਸੀ | ਉਸ ਨੇ ਆਪਣੀ ਜ਼ਿੱਦ 'ਤੇ ਬਾਲਕ ਤਲਤ ਨੂੰ ਮੌਸੀਕੀ ਦੀ ਤਾਲੀਮ ਲੈਣ ਲਈ ਲਖਨਊ ਦੇ ਮੌਰਿਸ ਕਾਲਜ 'ਚ ਦਾਖ਼ਲਾ ਵੀ ਦਿਵਾ ਦਿੱਤਾ | ਤਲਤ ਨੇ ਸੰਗੀਤ ਵਿਸ਼ਾ ਲੈ ਕੇ ਬੀ.ਏ. ਕੀਤੀ | ਕਾਲਜ ਵਿਚ ਹੀ ਉਹ 'ਦਾਗ਼', 'ਗ਼ਾਲਿਬ' ਅਤੇ 'ਮੀਰ ਤਕੀ ਮੀਰ' ਦੀਆਂ ਗ਼ਜ਼ਲਾਂ ਗਾਉਂਦਾ ਸੀ | ਹੌਲੀ-ਹੌਲੀ ਉਸ ਨੇ ਲਖਨਊ ਦੇ ਰੇਡੀਓ ਕੇਂਦਰਾਂ ਤੋਂ ਗਾਉਣਾ ਸ਼ੁਰੂ ਕਰ ਦਿੱਤਾ |
ਸਾਲ 1939 ਵਿਚ 15 ਸਾਲ ਦੀ ਉਮਰ 'ਚ ਤਲਤ ਨੂੰ ਮੌਸੀਕਾਰ ਕਮਲ ਦਾਸ ਗੁਪਤਾ ਦਾ ਗੀਤ 'ਸਬ ਦਿਨ ਏਕ ਸਮਾਨ ਨਹੀਂ' ਗਾਉਣ ਦਾ ਮੌਕਾ ਮਿਲਿਆ, ਜੋ ਲਖਨਊ 'ਚ ਬੇਹੱਦ ਮਕਬੂਲ ਹੋਇਆ | ਲਗਪਗ ਇਕ ਸਾਲ ਦੇ ਅੰਦਰ ਪ੍ਰਸਿੱਧ ਸੰਗੀਤ ਰਿਕਾਰਡਿੰਗ ਕੰਪਨੀ ਹਿੱਜ਼ ਮਾਸਟਰਜ਼ ਵਾਇਸ ਦੀ ਟੀਮ ਕਲਕੱਤੇ ਆਈ ਅਤੇ ਉਸ ਦੇ 2 ਗੀਤ ਰਿਕਾਰਡ ਕੀਤੇ ਗਏ | ਇਨ੍ਹਾਂ ਗੀਤਾਂ ਦੇ ਚੱਲਣ ਤੋਂ ਬਾਅਦ ਉਸ ਦੇ ਚਾਰ ਹੋਰ ਗੀਤ ਰਿਕਾਰਡ ਕੀਤੇ ਗਏ, ਜਿਨ੍ਹਾਂ 'ਚ ਗ਼ਜ਼ਲ 'ਤਸਵੀਰ ਤੇਰੀ ਦਿਲ ਮੇਰਾ ਬਹਿਲਾ ਨਾ ਸਕੇਗੀ' ਸ਼ਾਮਿਲ ਕੀਤੀ | ਇਹ ਗ਼ਜ਼ਲ ਬਹੁਤ ਪਸੰਦ ਕੀਤੀ ਗਈ ਅਤੇ ਬਾਅਦ 'ਚ ਇਕ ਫ਼ਿਲਮ 'ਚ ਵੀ ਸ਼ਾਮਿਲ ਹੋਈ |
ਕੁੰਦਨ ਲਾਲ ਸਹਿਗਲ ਦੀ ਮਕਬੂਲੀਅਤ ਤੋਂ ਮੁਤਾਸਿਰ ਹੋ ਕੇ ਤਲਤ ਵੀ ਗੁਲੂਕਾਰ ਅਤੇ ਅਦਾਕਾਰ ਬਣਨ ਲਈ ਸੰਨ 1944 'ਚ ਕਲਕੱਤੇ ਪਹੁੰਚ ਗਿਆ, ਜੋ ਉਨ੍ਹੀਂ ਦਿਨੀਂ ਮਨੋਰੰਜਨ ਸਰਗਰਮੀਆਂ ਦਾ ਕੇਂਦਰ ਹੁੰਦਾ ਸੀ | ਕਲਕੱਤੇ 'ਚ ਸੰਘਰਸ਼ ਦੌਰਾਨ ਉਸ ਦੀ ਸ਼ੁਰੂਆਤ ਬੰਗਲਾ ਗੀਤਾਂ ਤੋਂ ਹੋਈ | ਰਿਕਾਰਡਿੰਗ ਕੰਪਨੀ ਨੇ ਗਾਇਕ ਦੇ ਰੂਪ 'ਚ ਉਸ ਨੂੰ 'ਤਪਨ ਕੁਮਾਰ' ਦੇ ਨਾਂਅ ਨਾਲ ਗਵਾਇਆ | ਤਪਨ ਕੁਮਾਰ ਦੇ ਗਾਏ 100 ਤੋਂ ਉੱਪਰ ਗੀਤ ਰਿਕਾਰਡ ਹੋਏ | ਤਲਤ ਮਹਿਮੂਦ ਨੇ ਬਤੌਰ ਅਦਾਕਾਰ ਕੁਲ 13 ਫ਼ਿਲਮਾਂ ਵਿਚ ਅਦਾਕਾਰੀ ਕਰਨ ਦੇ ਨਾਲ-ਨਾਲ ਗੀਤ ਗਾਏ | ਉਸ ਦੀ ਪਹਿਲੀ ਫ਼ਿਲਮ ਐੱਮ. ਪੀ. ਪ੍ਰੋਡਕਸ਼ਨ, ਕਲਕੱਤਾ ਦੀ 'ਰਾਜ ਲਕਸ਼ਮੀ' (1945) ਸੀ | ਇਸ ਫ਼ਿਲਮ 'ਚ ਉਸ ਨੇ ਮੌਸੀਕਾਰ ਰੌਬਿਨ ਚੈਟਰਜੀ ਦੇ ਸੰਗੀਤ 'ਚ ਦੋ ਏਕਲ ਗੀਤ 'ਜਾਗੋ ਮੁਸਾਫ਼ਿਰ ਜਾਗੋ', 'ਤੂ ਸੁਨ ਲੇ ਮਤਵਾਲੇ' ਗਾਏ ਜੋ ਉਸ 'ਤੇ ਹੀ ਫ਼ਿਲਮਾਏ ਗਏ | ਇਸ ਬੈਨਰ ਦੀ ਫ਼ਿਲਮ 'ਤੁਮ ਔਰ ਮੈਂ' (1947) 'ਚ ਉਸ ਨੇ ਅਦਾਕਾਰੀ ਕੀਤੀ | ਕਲਕੱਤੇ ਵਿਚ ਦੋ ਫ਼ਿਲਮਾਂ 'ਚ ਕੰਮ ਕਰ ਕੇ ਵੀ ਉਸ ਦੀ ਰੂਹ ਸੰਤੁਸ਼ਟ ਨਾ ਹੋਈ | 1949 ਵਿਚ ਨਿਊ ਥਿਏਟਰਜ਼ ਬੰਦ ਹੋਣ ਕਾਰਨ ਤਲਤ ਕਲਕੱਤੇ ਤੋਂ ਮੰੁਬਈ ਆ ਗਿਆ | ਇੱਥੇ ਉਹ ਮੌਸੀਕਾਰ ਅਨਿਲ ਬਿਸਵਾਸ ਨੂੰ ਮਿਲਿਆ | ਉਸ ਵੇਲੇ ਤਲਤ ਦੀ ਮਕਬੂਲੀਅਤ ਮੁੰਬਈ ਵੀ ਪਹੁੰਚ ਗਈ ਸੀ | ਇਸ ਵਾਰ ਮੌਸੀਕਾਰ ਅਨਿਲ ਬਿਸਵਾਸ ਨੇ ਉਸ ਨੂੰ ਫ਼ਿਲਮਸਤਾਨ ਸਟੂਡੀਓ ਦੀ ਫ਼ਿਲਮ 'ਆਰਜ਼ੂ' (1950) ਵਿਚ ਪਿੱਠਵਰਤੀ ਗੁਲੂਕਾਰ ਵਜੋਂ ਗਾਉਣ ਦਾ ਮੌਕਾ ਦਿੱਤਾ | ਦਲੀਪ ਕੁਮਾਰ 'ਤੇ ਫ਼ਿਲਮਾਇਆ ਗਿਆ ਗੀਤ 'ਐ ਦਿਲ ਮੁਝੇ ਐਸੀ ਜਗ੍ਹਾ ਲੇ ਚਲ, ਯਹਾਂ ਕੋਈ ਨਾ ਹੋ' ਹਿੱਟ ਹੋ ਗਿਆ ਅਤੇ ਤਲਤ ਮੌਸੀਕਾਰਾਂ ਦੀ ਪਹਿਲੀ ਪਸੰਦ ਬਣ ਗਿਆ | ਇਸ ਸਮੇਂ ਮੌਸੀਕਾਰ ਨੌਸ਼ਾਦ ਅਲੀ ਆਪਣੇ ਲਈ ਬਿਹਤਰੀਨ ਗਾਇਕ ਦੀ ਤਲਾਸ਼ 'ਚ ਸਨ | ਉਨ੍ਹਾਂ ਨੇ ਤਲਤ ਕੋਲੋਂ ਦਲੀਪ ਕੁਮਾਰ ਲਈ ਫ਼ਿਲਮ 'ਬਾਬੁਲ' (1950) 'ਚ ਚਾਰ ਗੀਤ ਗਵਾਏ | ਇਸ ਫ਼ਿਲਮ ਦਾ ਇਕ ਯੁਗਲ ਗੀਤ 'ਮਿਲਤੇ ਹੀ ਆਂਖੇਂ, ਦਿਲ ਹੂਆ ਦੀਵਾਨਾ ਕਿਸੀ ਕਾ' (ਸ਼ਮਸ਼ਾਦ ਨਾਲ) ਬਹੁਤ ਹਿੱਟ ਹੋਇਆ, ਜਿਸ ਨਾਲ ਉਹ ਸਫ਼ਲਤਾ ਦੇ ਮੁਕਾਮ 'ਤੇ ਪਹੁੰਚ ਗਿਆ¢
ਕੁੰਦਨ ਲਾਲ ਸਹਿਗਲ ਵਾਂਗ ਗੁਲੂਕਾਰ-ਅਦਾਕਾਰ ਬਣਨ ਦੀ ਚਾਹਤ ਤਲਤ ਨੂੰ ਹਮੇਸ਼ਾ ਰਹੀ | ਪਿੱਠਵਰਤੀ ਗਾਇਕੀ ਵਿਚੋਂ ਜਦੋਂ ਉਸ ਦੇ ਨਾਂਅ ਨੂੰ ਪੁਖ਼ਤਾ ਪਛਾਣ ਮਿਲ ਗਈ, ਤਦ ਉਸ ਨੇ ਅਦਾਕਾਰੀ ਦੇ ਖੇਤਰ ਵਿਚ ਫਿਰ ਕਿਸਮਤ ਅਜ਼ਮਾਉਣ ਦਾ ਫ਼ੈਸਲਾ ਕੀਤਾ | ਫ਼ਿਲਮ 'ਰਾਜ ਲਕਸ਼ਮੀ' (1945), 'ਤੁਮ ਔਰ ਮੈਂ' (1947), 'ਆਰਾਮ' (1951) ਵਿਚ ਸਿਰਫ਼ ਆਪਣੇ ਗਾਏ ਗੀਤਾਂ 'ਤੇ ਅਦਾਕਾਰੀ ਕਰਨ ਤੋਂ ਇਲਾਵਾ ਤਲਤ ਨੇ 10 ਫ਼ਿਲਮਾਂ 'ਚ ਹੀਰੋ ਦੇ ਮਰਕਜ਼ੀ ਕਿਰਦਾਰ ਅਦਾ ਕੀਤੇ | ਇਹ ਫ਼ਿਲਮਾਂ ਹਨ 'ਸੰਪਤੀ' (1949), 'ਦਿਲ-ਏ-ਨਾਦਾਨ' (1953), 'ਡਾਕ ਬਾਬੂ' (1954), 'ਵਾਰਿਸ' (1954), 'ਰਫ਼ਤਾਰ' (1955), 'ਦੀਵਾਲੀ ਕੀ ਰਾਤ' (1956), 'ਏਕ ਗਾਂਵ ਕੀ ਕਹਾਨੀ' (1957), 'ਲਾਲਾ ਰੁਖ' (1958), 'ਮਾਲਿਕ' (ਸੁਰੱਈਆ) ਅਤੇ 'ਸੋਨੇ ਕੀ ਚਿੜੀਆ' (1958) ਅਦਾਕਾਰਾ ਨੂਤਨ ਨਾਲ ਉਸ ਦੀ ਆਖ਼ਰੀ ਫ਼ਿਲਮ 'ਕਰਾਰ' ਆਈ | ਇਨ੍ਹਾਂ 'ਚੋਂ ਕਈ ਫ਼ਿਲਮਾਂ ਵਪਾਰਕ ਪੱਖੋਂ ਸਫ਼ਲ ਤੇ ਕਈ ਅਸਫ਼ਲ ਰਹੀਆਂ | ਤਲਤ ਮਹਿਮੂਦ ਖ਼ੂਬਸੂਰਤ ਹੋਣ ਦੇ ਬਾਵਜੂਦ ਸਫ਼ਲ ਅਦਾਕਾਰ ਸਾਬਤ ਨਾ ਹੋ ਸਕਿਆ | ਉਸ ਨੇ ਕਈ ਗ਼ਜ਼ਲਾਂ ਦੀਆਂ ਤਰਜ਼ਾਂ ਖ਼ੁਦ ਤਾਮੀਰ ਕੀਤੀਆਂ ਸਨ, ਜਿਨ੍ਹਾਂ 'ਚ 'ਗ਼ਮ-ਏ-ਆਸ਼ਿਕੀ ਸੇ ਕਹਿਦੋ' ਤੇ 'ਤੁਮਨੇ ਯੇ ਕਯਾ ਸਿਤਮ ਕੀਯਾ' ਬਿਹਤਰੀਨ ਮਿਸਾਲ ਹਨ¢
1950ਵਿਆਂ ਦੇ ਦਹਾਕੇ ਵਿਚ ਜਦੋਂ ਤਲਤ ਨੇ ਮੰੁਬਈ ਦਾ ਰੁਖ਼ ਕੀਤਾ ਸੀ, ਤਾਂ ਇੱਥੇ ਬਣਨ ਵਾਲੀਆਂ ਫ਼ਿਲਮਾਂ ਦੇ ਬਹੁਤੇ ਫ਼ਿਲਮਸਾਜ਼, ਹਿਦਾਇਤਕਾਰ, ਮੌਸੀਕਾਰ, ਸ਼ਾਇਰ-ਨਗ਼ਾਮਨਿਗ਼ਾਰ, ਅਦਾਕਾਰ-ਅਦਾਕਾਰਾਵਾਂ ਪੰਜਾਬੀ ਸਨ ਜਾਂ ਕਹਿ ਲਵੋ ਪੰਜਾਬੀਆਂ ਦਾ ਪੂਰਾ ਬੋਲ-ਬਾਲਾ ਸੀ | ਇਨ੍ਹਾਂ ਸ਼ਖ਼ਸੀਅਤਾਂ ਦੀ ਸੁਹਬਤ ਮਾਣਦਿਆਂ ਤਲਤ ਨੂੰ ਪੰਜਾਬੀ ਜ਼ਬਾਨ ਨਾਲ ਉਲਫ਼ਤ ਹੋ ਗਈ | ਉਸ ਦੀ ਚਾਹਤ ਸੀ ਕਿ ਉਹ ਵੀ ਇਨ੍ਹਾਂ ਵਾਂਗ ਪੰਜਾਬੀ ਬੋਲੇ | ਉਸ ਨੇ ਇਹ ਗੱਲ ਸਰਦੂਲ ਕਵਾਤੜਾ ਕੋਲ ਰੱਖੀ | ਖ਼ੈਰ ਉਸ ਦੀ ਚਾਹਤ ਚਾਰ ਪੰਜਾਬੀ ਫ਼ਿਲਮਾਂ 'ਚ ਨਗ਼ਮਾਸਾਰਈ ਕਰਕੇ ਪੂਰੀ ਹੋਈ | ਬਤੌਰ ਗੁਲੂਕਾਰ ਤਲਤ ਦੀ ਪਹਿਲੀ ਪੰਜਾਬੀ ਫ਼ਿਲਮ ਸੀ ਰੂਪਬਾਨੀ ਫ਼ਿਲਮਜ਼, ਬੰਬੇ ਦੀ 'ਮੁਟਿਆਰ' (1950) | ਇਸ ਫ਼ਿਲਮ ਵਿਚ ਮੌਸੀਕਾਰ ਵਿਨੋਦ ਦੇ ਮੁਰੱਤਿਬ ਸੰਗੀਤ 'ਚ ਤਲਤ ਨੇ ਦੋ ਗੀਤ ਗਾਏ | ਇਸ ਫ਼ਿਲਮ ਦੇ ਸੰਗੀਤ ਨੇ ਸਰਦੂਲ ਕਵਾਤੜਾ ਨੂੰ ਪ੍ਰਭਾਵਿਤ ਕੀਤਾ | ਫਿਰ ਉਨ੍ਹਾਂ ਨੇ ਆਪਣੀ ਦੂਜੀ ਪੰਜਾਬੀ ਫ਼ਿਲਮ 'ਕੌਡੇ ਸ਼ਾਹ' (1953) ਬਣਾਈ ਤਾਂ ਇਸ ਫ਼ਿਲਮ ਵਾਸਤੇ ਰਾਜਕੁਮਾਰੀ ਅਤੇ ਤਲਤ ਮਹਿਮੂਦ ਦੀਆਂ ਆਵਾਜ਼ਾਂ ਵਿਚ ਵਰਮਾ ਮਲਿਕ ਦਾ ਲਿਖਿਆ ਦੋਗਾਣਾ ਗੀਤ 'ਜ਼ੁਲਫ਼ਾਂ ਨੇ ਖੁੱਲ੍ਹ ਗਈਆਂ, ਹੱਡੀਆਂ ਨੇ ਰੁਲ ਗਈਆਂ' ਗਵਾਇਆ | ਸਮਸ ਪ੍ਰੋਡਕਸ਼ਨ, ਬੰਬੇ ਦੀ ਪੰਜਾਬੀ ਫ਼ਿਲਮ 'ਲਾਰਾ ਲੱਪਾ' (1953) ਲਈ ਮੌਸੀਕਾਰ ਧਨੀ ਰਾਮ ਨੇ ਵੀ ਤਲਤ ਮਹਿਮੂਦ ਲਈ ਤਰਜ਼ ਤਾਮੀਰ ਕੀਤੀ | ਮਨੋਹਰ ਸਿੰਘ ਸਹਿਰਾਈ ਦੇ ਲਿਖੇ ਇਸ ਰੁਮਾਨੀ ਯੁਗਲ ਗੀਤ ਨੂੰ ਤਲਤ ਨੇ ਆਸ਼ਾ ਨਾਲ ਮਿਲ ਕੇ ਗਾਇਆ 'ਮੇਰੇ ਦਿਲ ਦੀ ਸੇਜ ਦੀਏ ਰਾਣੀਏ ਨੀ ਹੋ' ਜਿਸ ਨੂੰ ਫ਼ਿਲਮ-ਮੱਦਾਹਾਂ ਵਲੋਂ ਬੇਹੱਦ ਪਸੰਦ ਕੀਤਾ ਗਿਆ | ਤਲਤ ਮਹਿਮੂਦ ਨੇ 1960 'ਚ ਰਿਲੀਜ਼ਸ਼ੁਦਾ ਕਾਲੜਾ ਚਿੱਤਰਾ ਦੀ ਸਿੰਧੀ ਫ਼ਿਲਮ 'ਸੱਸੀ ਪੁਨੂੰ' ਵਿਚ ਵੀ ਨਿਰਮਲਾ ਸਪਰੂ ਨਾਲ ਪੰਜਾਬੀ ਯੁਗਲ ਗੀਤ 'ਪਰਦੇਸੀ ਨਾਲ ਨਹੀਂ ਪ੍ਰੀਤ ਲਾਉਣੀ' ਗਾਇਆ | ਬਤੌਰ ਗੁਲੂਕਾਰ ਉਸ ਨੇ ਚਾਰ ਪੰਜਾਬੀ ਫ਼ਿਲਮਾਂ ਲਈ 5 ਗੀਤ ਗਾਏ, ਜਿਨ੍ਹਾਂ 'ਚ ਇਕ ਉਰਦੂ ਦੀ ਗ਼ਜ਼ਲ ਵੀ ਸ਼ਾਮਿਲ ਸੀ | 1960ਵਿਆਂ ਦਾ ਦਹਾਕਾ ਸ਼ੁਰੂ ਹੋਣ ਤਕ ਫ਼ਿਲਮਾਂ 'ਚ ਉਸ ਦੇ ਗਾਏ ਗੀਤ ਬਹੁਤ ਘੱਟ ਹੋਣ ਲੱਗੇ | ਫ਼ਿਲਮ 'ਸੁਜਾਤਾ' (1959) ਦਾ ਸੁਨੀਲ ਦੱਤ 'ਤੇ ਫ਼ਿਲਮਾਇਆ 'ਜਲਤੇ ਹੈਂ ਜਿਸ ਕੇ ਲੀਏ, ਤੇਰੀ ਆਂਖੋਂ ਕੇ ਦੀਏ' ਯਾਦਗਾਰੀ ਗੀਤ ਹੈ |
ਫ਼ਿਲਮਾਂ ਲਈ ਆਖ਼ਰੀ ਵਾਰ ਉਸ ਨੇ 1964 'ਚ ਫ਼ਿਲਮ 'ਜਹਾਂਆਰਾ' 'ਚ ਗਾਇਆ, ਜਿਸ ਦੇ ਮੌਸੀਕਾਰ ਮਦਨ ਮੋਹਨ ਸਨ | ਇਸ ਤੋਂ ਬਾਅਦ ਫ਼ਿਲਮ ਸੰਗੀਤ ਦੇ ਬਦਲਦੇ ਰੂਪ 'ਚ ਤਲਤ ਵਰਗੀ ਆਵਾਜ਼ ਲਈ ਕੋਈ ਗੁੰਜਾਇਸ਼ ਨਹੀਂ ਬਚੀ, ਪਰ ਉਸ ਦੇ ਗ਼ੈਰ-ਫ਼ਿਲਮੀ ਗਾਇਨ ਦਾ ਸਿਲਸਿਲਾ ਬਰਾਬਰ ਚਲਦਾ ਰਿਹਾ ਅਤੇ ਉਸ ਦੀਆਂ ਐਲਬਮਾਂ ਆਉਂਦੀਆਂ ਰਹੀਆਂ | ਗ਼ਜ਼ਲ ਮੌਸੀਕੀ ਦਾ ਤਾਂ ਉਹ ਦੂਜਾ ਰੂਪ ਹੀ ਬਣ ਗਏ ਸਨ |
ਤਲਤ ਮਹਿਮੂਦ ਨੂੰ 1956 ਵਿਚ ਸਟੇਜ 'ਤੇ ਪ੍ਰੋਗਰਾਮ ਕਰਨ ਲਈ ਦੱਖਣੀ ਅਫ਼ਰੀਕਾ ਸੱਦਿਆ ਗਿਆ | ਇਸ ਤਰ੍ਹਾਂ ਦੇ ਪ੍ਰੋਗਰਾਮ ਲਈ ਭਾਰਤ ਤੋਂ ਕਿਸੇ ਫ਼ਿਲਮੀ ਫ਼ਨਕਾਰ ਦੇ ਜਾਣ ਦਾ ਇਹ ਪਹਿਲਾ ਮੌਕਾ ਸੀ | ਉਸ ਦਾ ਪ੍ਰੋਗਰਾਮ ਐਨਾ ਸਫ਼ਲ ਰਿਹਾ ਕਿ ਦੱਖਣੀ ਅਫ਼ਰੀਕਾ ਦੇ ਅਨੇਕਾਂ ਸ਼ਹਿਰਾਂ 'ਚ ਉਸ ਦੇ ਕੁੱਲ 22 ਪ੍ਰੋਗਰਾਮ ਹੋਏ, ਫਿਰ ਵਿਦੇਸ਼ਾਂ 'ਚ ਭਾਰਤੀ ਫ਼ਿਲਮੀ ਕਲਾਕਾਰਾਂ ਦੇ ਮੰਚ ਪ੍ਰੋਗਰਾਮਾਂ ਦਾ ਸਿਲਸਿਲਾ ਚੱਲ ਪਿਆ | ਉਹ ਇਨ੍ਹਾਂ ਪ੍ਰੋਗਰਾਮਾਂ 'ਚ ਲਗਾਤਾਰ ਮਸਰੂਫ਼ ਰਹੇ | ਫ਼ਿਲਮੀ ਦੁਨੀਆ ਤੋਂ ਰੁਖ਼ਸਤੀ ਮਿਲਣ ਦੇ ਬਾਅਦ ਤਾਂ ਦੇਸ਼-ਵਿਦੇਸ਼ 'ਚ ਆਏੇ ਦਿਨ ਉਸ ਦੇ ਪ੍ਰੋਗਰਾਮ ਹੋਣ ਲੱਗੇ | ਫ਼ਿਲਮਾਂ 'ਚ ਗਾਉਣ ਤੋਂ ਦੂਰ ਹੋਣ ਦਾ ਮਲਾਲ ਉਨ੍ਹਾਂ ਨੂੰ ਹਮੇਸ਼ਾ ਰਿਹਾ | ਫਿਰ ਵੀ ਉਸ ਦੇ ਫ਼ਿਲਮੀ ਅਤੇ ਗ਼ੈਰ-ਫ਼ਿਲਮੀ ਗੀਤਾਂ ਨੂੰ ਸੁਣਨ ਵਾਲਿਆਂ ਦੀ ਤਾਦਾਦ ਜਾਂ ਉਤਸ਼ਾਹ ਵਿਚ ਕਦੇ ਕਮੀ ਨਹੀਂ ਆਈ¢
1970ਵਿਆਂ ਦੇ ਦਹਾਕੇ 'ਚ ਉਸ ਦੀਆਂ ਚਾਰ ਫ਼ਿਲਮਾਂ ਨੁਮਾਇਸ਼ ਹੋਈਆਂ 'ਵੋ ਦਿਨ ਯਾਦ ਕਰੋ' (1971), 'ਸ਼ਾਇਰ-ਏ-ਕਸ਼ਮੀਰ ਮਹਿਜ਼ੂਰ' (1972), 'ਸੁਬਹਾ ਜ਼ਰੂਰ ਆਏਗੀ' (1977) ਅਤੇ 'ਤੂਫ਼ਾਨੀ ਟੱਕਰ' (1978) | ਉਨ੍ਹਾਂ ਨੇ 200 ਫ਼ਿਲਮਾਂ 'ਚ ਲਗਪਗ 500 ਫ਼ਿਲਮੀ ਅਤੇ 250 ਗ਼ੈਰ-ਫ਼ਿਲਮੀ ਗੀਤ ਗਾਏ ਹਨ | ਉਸ ਨੇ ਪਾਕਿਸਤਾਨੀ ਫ਼ਿਲਮ 'ਚਿਰਾਗ਼ ਜਲਤਾ ਰਹਾ' ਲਈ ਮੌਸੀਕਾਰ ਨਾਹਲ ਅਬਦੁੱਲਾ ਦੀ ਮੌਸੀਕੀ 'ਚ 2 ਗੀਤ ਗਾਏ, ਜਿਨ੍ਹਾਂ ਦੇ ਬੋਲ ਹਨ 'ਕੁਛ ਹੂਆ ਨਾ ਹਾਸਿਲ ਅਬ ਤਕ ਕੋਸ਼ਿਸ਼-ਏ-ਬੇਕਾਰ ਸੇ' ਅਤੇ ਦੂਸਰਾ 'ਮੁਸ਼ਕਿਲ ਨਿਕਲਨਾ ਦਿਲ ਕਾ ਸੰਭਲਨਾ¢'
ਸਾਲ 1992 ਵਿਚ ਤਲਤ ਮਹਿਮੂਦ ਨੂੰ 'ਪਦਮ ਭੂਸ਼ਣ' ਨਾਲ ਸਨਮਾਨਿਤ ਕੀਤਾ ਗਿਆ | ਮਰਹੂਮ ਗੁਲੂਕਾਰਾ ਬੇਗ਼ਮ ਅਖ਼ਤਰ ਦੀ ਪਹਿਲੀ ਬਰਸੀ 'ਤੇ ਉਸ ਨੂੰ ਮੁਲਕ ਦੇ ਉਮਦਾ ਗੁਲੂਕਾਰ ਦੇ ਰੂਪ ਵਿਚ 'ਬਜ਼ਮ-ਏ-ਰੂਹ-ਏ ਗ਼ਜ਼ਲ' ਵਰਗੇ ਵੱਕਾਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ | ਮਖ਼ਮਲ਼ੀ ਆਵਾਜ਼ ਦੇ ਧਨੀ ਤਲਤ ਮਹਿਮੂਦ ਹਿਆਤੀ ਦੇ ਆਖ਼ਰੀ ਵਕਤ ਦੌਰਾਨ ਚੱਲਣ-ਫਿਰਨ ਅਤੇ ਬੋਲਣ 'ਚ ਦਿੱਕਤ ਮਹਿਸੂਸ ਕਰਨ ਲੱਗੇ ਸਨ | 9 ਮਈ, 1998 ਨੂੰ 74 ਸਾਲਾਂ ਦੀ ਉਮਰ ਵਿਚ ਉਨ੍ਹਾਂ ਦਾ ਦਿਹਾਂਤ ਹੋ ਗਿਆ |

-ਮੋਬਾਈਲ : 97805-09545.

ਸਾਹਿਤਕ ਸਰਗਰਮੀ: ਚਾਰ ਲੇਖਕ ਸਭਾਵਾਂ ਨੇ ਕਰਵਾਇਆ ਪੁਰਸਕਾਰ ਸਮਾਰੋਹ ਅਤੇ ਕਵੀ ਦਰਬਾਰ

ਨਵੇਂ ਵਰ੍ਹੇ ਨੂੰ ਖੁਸ਼ਆਮਦੀਦ ਕਹਿੰਦਿਆਂ ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋਂ ਦੀ ਅਗਵਾਈ ਵਿਚ ਜਨਵਾਦੀ ਲੇਖਕ ਮੰਚ ਪੰਜਾਬ, ਬਿਜਲੀ ਬੋਰਡ ਲੇਖਕ ਸਭਾ, ਲੋਕ ਲਿਖਾਰੀ ਸਭਾ ਜਗਰਾਉਂ ਅਤੇ ਪੰਡਤ ਪਦਮ ਨਾਥ ਸ਼ਾਸਤਰੀ ਯਾਦਗਾਰੀ ਕਮੇਟੀ ਵਲੋਂ ਸਥਾਨਕ ਨਛੱਤਰ ਸਿੰਘ ਧਾਲੀਵਾਲ ਹਾਲ ਵਿਖੇ ਸਾਲਾਨਾ ਪੁਰਸਕਾਰ ਸਮਾਰੋਹ ਅਤੇ ਕਵੀ ਦਰਬਾਰ ਕਰਵਾਇਆ ਗਿਆ | ਸਮਾਗਮ ਦੀ ਪ੍ਰਧਾਨਗੀ ਡਾ: ਤੇਜਵੰਤ ਮਾਨ ਸਭਾਵਾਂ ਦੇ ਪ੍ਰਧਾਨ ਭੁਪਿੰਦਰ, ਬਿਕਰਮ ਸ਼ਰਮਾ, ਜਗੀਰ ਸਿੰਘ ਜਗਤਾਰ, ਡਾ: ਜੋਗਿੰਦਰ ਸਿੰਘ ਨਿਰਾਲਾ, ਦਰਸ਼ਨ ਬੁੱਟਰ ਅਤੇ ਸੰਧੂ ਵਰਿਆਣਵੀ ਨੇ ਕੀਤੀ | ਮੁੱਖ ਮਹਿਮਾਨ ਸਨ ਹਲਕਾ ਵਿਧਾਇਕ ਬੀਬੀ ਸਰਵਜੀਤ ਕੌਰ ਮਾਣੰੂਕੇ | ਇਸ ਮੌਕੇ ਡਾ: ਅਰਵਿੰਦ ਕੌਰ ਕਾਕੜਾ ਨੂੰ ਸਫਦਰ ਹਾਸ਼ਮੀਂ ਪੁਰਸਕਾਰ, ਡਾ: ਸਰੋਜ ਸ਼ਰਮਾ ਨੂੰ ਪਿੰ੍ਰ: ਸੰਤ ਸਿੰਘ ਸੇਖੋਂ ਪੁਰਸਕਾਰ, ਅਰਮਿੰਦਰ ਸੋਹਲ ਨੂੰ ਪਿੰ੍ਰ: ਤਖ਼ਤ ਸਿੰਘ ਗ਼ਜ਼ਲ ਪੁਰਸਕਾਰ, ਸਤਪਾਲ ਭੀਖੀ ਨੂੰ ਸੰਤ ਰਾਮ ਉਦਾਸੀ ਪੁਰਸਕਾਰ, ਸੇਵਾ ਸਿੰਘ ਭਾਸ਼ੋ ਅਤੇ ਕੇ. ਸਾਧੂ ਸਿੰਘ ਨੂੰ ਸਿਰਦਾਰ ਕਪੂਰ ਸਿੰਘ ਪੁਰਸਕਾਰ, ਹਾਕਮ ਸਿੰਘ ਰੂੜੇਕੇ ਨੂੰ ਜਨਵਾਦੀ ਕਵਿਤਾ ਪੁਰਸਕਾਰ, ਦਰਸ਼ਨ ਬੁੱਟਰ ਅਤੇ ਸੰਧੂ ਵਰਿਆਣਵੀ ਨੂੰ ਪਾਸ਼ ਕਵਿਤਾ ਪੁਰਸਕਾਰ, ਡਾ: ਜੋਗਿੰਦਰ ਸਿੰਘ ਨਿਰਾਲਾ ਅਤੇ ਹਰਬੰਸ ਸਿੰਘ ਅਖਾੜਾ ਨੂੰ ਪੰਡਿਤ ਪਦਮ ਨਾਥ ਸ਼ਾਸਤਰੀ ਸ਼੍ਰੋਮਣੀ ਸਾਹਿਤ ਪੁਰਸਕਾਰ ਬਲਬੀਰ, ਜਲਾਲਾਬਾਦੀ ਅਤੇ ਅਵਤਾਰਜੀਤ ਨੂੰ ਕਵਿਤਾ ਪੁਰਸਕਾਰ ਭੇਟ ਕੀਤੇ ਗਏ ਅਤੇ ਪੱਤਰਕਾਰ ਸੰਜੀਵ ਗੁਪਤਾ ਨੂੰ ਹਰਭਜਨ ਹਲਵਾਰਵੀ ਪੱਤਰਕਾਰੀ ਪੁਰਸਕਾਰ ਭੇਟ ਕੀਤਾ ਗਿਆ |
ਟੱਲੇਵਾਲੀਏ ਕਵਿਸ਼ਰੀ ਜਥੇ ਨੂੰ ਕਰਨੈਲ ਸਿੰਘ ਪਾਰਸ ਪੁਰਸਕਾਰ ਭੇਟ ਕੀਤੇ ਗਏ | ਡਾ: ਤੇਜਵੰਤ ਮਾਨ, ਜਗੀਰ ਸਿੰਘ ਜਗਤਾਰ ਅਤੇ ਭੁਪਿੰਦਰ ਨੂੰ ਜੀਵਨ ਭਰ ਦੀਆਂ ਪ੍ਰਾਪਤੀਆਂ ਲਈ ਪੁਰਸਕਾਰਤ ਕੀਤਾ ਗਿਆ | ਇਸ ਮੌਕੇ ਵਿਸ਼ਾਲ ਕਵੀ ਦਰਬਾਰ ਵੀ ਹੋਇਆ, ਜਿਨ੍ਹਾਂ ਵਿਚ ਉਪਰੋਕਤ ਕਵੀਆਂ ਤੋਂ ਇਲਾਵਾ ਅਵਤਾਰ ਜਗਰਾਉਂ, ਬਲਵੰਤ ਸਿੰਘ ਮੁਸਾਫਿਰ, ਹਰਕੋਮਲ ਬਰਿਆਰ, ਰਾਜਦੀਪ ਤੂਰ, ਪ੍ਰਭਜੋਤ ਸੋਹੀ, ਗੁਲਜ਼ਾਰ ਸਿੰਘ ਸ਼ੌਕੀ, ਰਜਿੰਦਰ ਸ਼ੌਕੀ, ਬਿਕਰਮ ਸ਼ਰਮਾ, ਰਾਹੁਲ ਰੂਪਾਲ ਨੇ ਆਪਣੇ ਕਲਾਮ ਪੇਸ਼ ਕੀਤੇ | ਇਸ ਮੌਕੇ ਬੋਲਦਿਆਂ ਬੀਬੀ ਮਾਣੂੰਕੇ ਨੇ ਕਿਹਾ ਕਿ ਮੁਲਕਾਂ ਵਿਚ ਇਨਕਲਾਬ ਲਿਆਉਣ ਲਈ ਕਲਮਾਂ ਨੇ ਤਲਵਾਰ ਦਾ ਕੰਮ ਕੀਤਾ ਹੈ | ਮੰਚ ਸੰਚਾਲਨ ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋਂ ਦੇ ਜਨਰਲ ਸਕੱਤਰ ਪਵਨ ਹਰਚੰਦਪੁਰੀ ਨੇ ਕੀਤਾ |

••


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX