ਤਾਜਾ ਖ਼ਬਰਾਂ


ਆਈ.ਪੀ.ਐੱਲ - 2019 : ਬੈਂਗਲੌਰ ਨੇ ਕੋਲਕਾਤਾ ਨੂੰ 10 ਦੌੜਾਂ ਨਾਲ ਹਰਾਇਆ
. . .  1 day ago
ਪੰਜਾਬੀ ਤੋਂ ਅਣਜਾਣ ਹੋਈ ਕਾਂਗਰਸ ਪਾਰਟੀ
. . .  1 day ago
ਮਲੌਦ, 19 ਅਪ੍ਰੈਲ (ਕੁਲਵਿੰਦਰ ਸਿੰਘ ਨਿਜ਼ਾਮਪੁਰ)- ਲੋਕ ਸਭਾ ਹਲਕਾ ਫਤਹਿਗੜ੍ਹ ਸਾਹਿਬ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਡਾ: ਅਮਰ ਸਿੰਘ ਦਾ ਭਲਕੇ 20 ਅਪ੍ਰੈਲ ਨੂੰ ਹਲਕਾ ਪਾਇਲ ਦੇ ਵੱਖ ਪਿੰਡਾਂ ਅੰਦਰ ਚੋਣ...
ਆਈ.ਪੀ.ਐੱਲ - 2019 : ਬੈਂਗਲੌਰ ਨੇ ਕੋਲਕਾਤਾ ਨੂੰ 214 ਦੌੜਾਂ ਦਾ ਦਿੱਤਾ ਟੀਚਾ
. . .  1 day ago
ਸੁਆਂ ਨਦੀ 'ਚ ਡੁੱਬੇ ਦੋ ਨੌਜਵਾਨਾਂ ਚੋਂ ਇੱਕ ਦੀ ਲਾਸ਼ ਮਿਲੀ
. . .  1 day ago
ਨੂਰਪੁਰ ਬੇਦੀ, 19 ਅਪ੍ਰੈਲ (ਹਰਦੀਪ ਸਿੰਘ ਢੀਂਡਸਾ) - ਸ੍ਰੀ ਅਨੰਦਪੁਰ ਸਾਹਿਬ ਤਹਿਸੀਲ ਅਧੀਨ ਪੈਂਦੀ ਸੁਆਂ ਨਦੀ ਵਿਚ ਕੱਲ੍ਹ ਡੁੱਬੇ ਦੋ ਨੌਜਵਾਨਾਂ ਵਿਚੋਂ ਇੱਕ ਨੌਜਵਾਨ ਸ਼ਕੀਲ (14) ਪੁੱਤਰ ਅਸ਼ੋਕ ਕੁਮਾਰ...
ਆਈ.ਪੀ.ਐੱਲ - 2019 : ਟਾਸ ਜਿੱਤ ਕੇ ਕੋਲਕਾਤਾ ਵੱਲੋਂ ਬੈਂਗਲੌਰ ਨੂੰ ਪਹਿਲਾ ਬੱਲੇਬਾਜ਼ੀ ਦਾ ਸੱਦਾ
. . .  1 day ago
ਪ੍ਰਧਾਨ ਮੰਤਰੀ ਵੱਲੋਂ ਵਪਾਰੀਆਂ ਦੇ ਸੰਮੇਲਨ ਨੂੰ ਸੰਬੋਧਨ
. . .  1 day ago
ਨਵੀਂ ਦਿੱਲੀ, 19 ਅਪ੍ਰੈਲ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਵੀਂ ਦਿੱਲੀ ਵਿਖੇ ਵਪਾਰੀਆਂ ਦੇ ਸੰਮੇਲਨ ਨੂੰ ਸੰਬੋਧਨ ਕਰਦਿਆ ਕਿਹਾ ਕਿ ਇਹ ਸਾਡੇ ਦੇਸ਼ ਦੇ ਵਪਾਰੀਆਂ ਦੀ ਤਾਕਤ...
ਚੋਣ ਕਮਿਸ਼ਨ ਵੱਲੋਂ ਹਿਮਾਚਲ ਭਾਜਪਾ ਪ੍ਰਧਾਨ ਦੇ ਚੋਣ ਪ੍ਰਚਾਰ 'ਤੇ 48 ਘੰਟਿਆਂ ਲਈ ਰੋਕ
. . .  1 day ago
ਨਵੀਂ ਦਿੱਲੀ, 19 ਅਪ੍ਰੈਲ - ਚੋਣ ਕਮਿਸ਼ਨ ਨੇ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਕਰਨ 'ਤੇ ਹਿਮਾਚਲ ਪ੍ਰਦੇਸ਼ ਭਾਜਪਾ ਦੇ ਪ੍ਰਧਾਨ ਸਤਪਾਲ ਸਿੰਘ ਸੱਤੀ ਦੇ ਚੋਣ ਪ੍ਰਚਾਰ ਕਰਨ 'ਤੇ 48 ਘੰਟਿਆਂ ਲਈ ਰੋਕ ਲਗਾ ਦਿੱਤੀ ਹੈ। ਇਹ ਰੋਕ...
ਪੰਜਾਬ ਏਕਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸੰਗਰੂਰ ਕਾਲਾ ਢਿੱਲੋਂ ਕਾਂਗਰਸ 'ਚ ਸ਼ਾਮਲ
. . .  1 day ago
ਬਰਨਾਲਾ, 19 ਅਪ੍ਰੈਲ (ਗੁਰਪ੍ਰੀਤ ਸਿੰਘ ਲਾਡੀ)-ਲੋਕ ਸਭਾ ਹਲਕਾ ਸੰਗਰੂਰ ਵਿਚ ਆਮ ਆਦਮੀ ਪਾਰਟੀ ਅਤੇ ਪੰਜਾਬ ਏਕਤਾ ਪਾਰਟੀ ਨੂੰ ਉਸ ਸਮੇਂ ਵੱਡਾ ਝਟਕਾ ਲੱਗਿਆ ਜਦੋਂ ਪੰਜਾਬ ਏਕਤਾ ਪਾਰਟੀ...
ਪ੍ਰਿਅੰਕਾ ਗਾਂਧੀ ਵੱਲੋਂ ਕਾਨਪੁਰ 'ਚ ਕੱਢਿਆ ਗਿਆ ਰੋਡ ਸ਼ੋਅ
. . .  1 day ago
ਲਖਨਊ, 19 ਅਪ੍ਰੈਲ - ਉੱਤਰ ਪ੍ਰਦੇਸ਼ ਪੂਰਬੀ ਤੋਂ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵੱਲੋਂ ਕਾਨਪੁਰ 'ਚ ਰੋਡ ਸ਼ੋਅ ਕੱਢਿਆ...
ਭਾਜਪਾ ਐਮ.ਪੀ ਰਾਮ ਚਰਿੱਤਰ ਨਿਸ਼ਾਦ ਸਪਾ 'ਚ ਸ਼ਾਮਲ
. . .  1 day ago
ਲਖਨਊ, 19 ਅਪ੍ਰੈਲ - ਉੱਤਰ ਪ੍ਰਦੇਸ਼ ਦੇ ਮਛਲੀਸ਼ਹਿਰ ਤੋਂ ਭਾਜਪਾ ਦੇ ਸੰਸਦ ਮੈਂਬਰ ਰਾਮ ਚਰਿੱਤਰ ਨਿਸ਼ਾਦ ਅਖਿਲੇਸ਼ ਯਾਦਵ ਦੀ ਮੌਜੂਦਗੀ ਵਿਚ ਸਮਾਜਵਾਦੀ ਪਾਰਟੀ ਵਿਚ ਸ਼ਾਮਲ ਹੋ...
ਹੋਰ ਖ਼ਬਰਾਂ..

ਧਰਮ ਤੇ ਵਿਰਸਾ

ਟੁੱਟੀ ਗੰਢਣ ਵਾਲਾ ਇਤਿਹਾਸਕ ਸ਼ਹਿਰ ਸ੍ਰੀ ਮੁਕਤਸਰ ਸਾਹਿਬ

ਸ੍ਰੀ ਮੁਕਤਸਰ ਸਾਹਿਬ ਉਹ ਪਵਿੱਤਰ ਅਸਥਾਨ ਹੈ, ਜਿਥੇ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਮੁਗ਼ਲ ਸਾਮਰਾਜ ਨਾਲ ਆਖਰੀ ਤੇ ਫੈਸਲਾਕੁਨ ਯੁੱਧ ਕਰਕੇ ਭਾਰਤ ਵਿਚੋਂ ਜ਼ਾਲਮ ਮੁਗ਼ਲ ਰਾਜ ਦੀਆਂ ਜੜ੍ਹਾਂ ਪੁੱਟ ਦਿੱਤੀਆਂ। ਇਸੇ ਹੀ ਅਸਥਾਨ 'ਤੇ ਚਾਲੀ ਸਿੰਘਾਂ, ਜੋ ਗੁਰੂ ਜੀ ਨੂੰ ਅਨੰਦਪੁਰ ਸਾਹਿਬ ਤੋਂ ਬੇਦਾਵਾ ਦੇ ਕੇ ਚਲੇ ਗਏ ਸਨ, ਉਨ੍ਹਾਂ ਆਪਣਾ ਬੇਦਾਵਾ ਪੜਵਾ ਕੇ ਇਸ ਧਰਤੀ 'ਤੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਨ੍ਹਾਂ ਸਿੱਖਾਂ ਦੀ ਟੁੱਟੀ ਗੰਢ ਕੇ ਖਿਦਰਾਣੇ ਦੀ ਇਸ ਧਰਤੀ ਨੂੰ 'ਮੁਕਤੀ ਦਾ ਸਰ' (ਸ੍ਰੀ ਮੁਕਤਸਰ ਸਾਹਿਬ) ਦਾ ਵਰਦਾਨ ਬਖਸ਼ਿਆ। ਸ੍ਰੀ ਮੁਕਤਸਰ ਸਾਹਿਬ ਦਾ ਮੁਢਲਾ ਹਾਲ ਇਸ ਪ੍ਰਕਾਰ ਹੈ ਕਿ ਪਹਿਲਾਂ ਇੱਥੇ ਖਿਦਰਾਣੇ ਦੀ ਢਾਬ ਮਸ਼ਹੂਰ ਸੀ। ਜ਼ਿਲ੍ਹਾ ਫਿਰੋਜ਼ਪੁਰ ਦੇ ਤਿੰਨ ਖੱਤਰੀ ਭਰਾ ਸਨ-ਖਿਦਰਾਣਾ, ਧਿਗਾਣਾ ਅਤੇ ਰੁਪਾਣਾ। ਇਹ ਤਿੰਨੋਂ ਸ਼ਿਵ ਦੇ ਉਪਾਸਕ ਸਨ। ਇਨ੍ਹਾਂ ਤਿੰਨਾਂ ਭਰਾਵਾਂ ਨੇ ਇਸ ਇਲਾਕੇ ਵਿਚ ਪਾਣੀ ਦੀ ਕਮੀ ਕਾਰਨ ਤਿੰਨ ਢਾਬਾਂ ਖੁਦਵਾਈਆਂ। ਹਰ ਸਾਲ ਬਰਸਾਤ ਦਾ ਪਾਣੀ ਜਮ੍ਹਾਂ ਹੋਣ ਤੋਂ ਪਹਿਲਾਂ ਇਹ ਉੱਥੇ ਪਸ਼ੂ ਚਾਰਨ ਲੱਗੇ ਤੇ ਫਿਰ ਆਪਣੇ ਨਾਂਅ 'ਤੇ ਵੱਖੋ-ਵੱਖ ਪਿੰਡ ਵਸਾ ਲਏ। ਮੁਕਤਸਰ ਦੀ ਢਾਬ ਖਿਦਰਾਣੇ ਖੱਤਰੀ ਦੇ ਨਾਂਅ ਹੋਣ ਕਰਕੇ 'ਢਾਬ ਖਿਦਰਾਣਾ' ਮਸ਼ਹੂਰ ਹੋ ਗਈ।
ਮੁਕਤਸਰ ਦਾ ਇਲਾਕਾ ਪੁਰਾਤਨ ਕਾਲ ਤੋਂ ਜੰਗਲ ਜਾਂ ਮਾਲਵਾ ਹੋਣ ਕਾਰਨ ਇੱਥੇ ਪਾਣੀ ਦੀ ਬਹੁਤ ਥੁੜ ਸੀ। ਪਾਣੀ ਦਾ ਤਲ ਦੂਰ ਹੋਣ ਕਰਕੇ ਇਕ ਤਾਂ ਖੂਹ ਲੱਗਣੇ ਵੈਸੇ ਹੀ ਔਖੇ ਸਨ ਤੇ ਜੇ ਕਿਸੇ ਵਲੋਂ ਖੂਹ ਲਗਾਉਣ ਦਾ ਯਤਨ ਕੀਤਾ ਜਾਂਦਾ ਤਾਂ ਥੱਲਿਓਂ ਪਾਣੀ ਇੰਨਾ ਖਾਰਾ ਨਿਕਲਦਾ ਸੀ ਕਿ ਜੋ ਪਾਣੀ ਪੀਣ ਦੇ ਕਾਬਲ ਨਹੀਂ ਸੀ ਹੁੰਦਾ। ਜੇ ਕੋਈ ਵਿਅਕਤੀ ਪਾਣੀ ਪੀ ਵੀ ਲੈਂਦਾ ਸੀ ਤਾਂ ਉਹ ਦਸਤ ਜਾਂ ਮਰੋੜ ਲੱਗਣ ਕਰਕੇ ਬਿਮਾਰ ਹੋ ਜਾਂਦਾ ਸੀ। ਇਸ ਕਰਕੇ ਇਸ ਇਲਾਕੇ ਦੇ ਲੋਕ ਛੱਪੜਾਂ ਜਾਂ ਢਾਬਾਂ ਦਾ ਬਰਸਾਤੀ ਪਾਣੀ ਜੋ 5-7 ਮੀਲਾਂ ਤੋਂ ਦੂਰ ਬਹੁਤ ਯਤਨਾਂ ਨਾਲ ਲਿਆਂਦਾ ਜਾਂਦਾ ਸੀ, ਪੀ ਕੇ ਹੀ ਗੁਜ਼ਾਰਾ ਕਰਦੇ ਸਨ। ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਮਹੀਨਾ ਪੋਹ ਸੰਮਤ 1762 ਬਿਕ੍ਰਮੀ (ਸੰਨ 1705) ਵਿਚ ਜਦ ਮੁਗ਼ਲ ਬਾਦਸ਼ਾਹ ਔਰੰਗਜ਼ੇਬ ਦੀਆਂ ਫੌਜਾਂ ਨਾਲ ਧਰਮਯੁੱਧ ਕਰਕੇ ਸ੍ਰੀ ਅਨੰਦਪੁਰ ਸਾਹਿਬ ਦਾ ਵਸੇਬਾ ਛੱਡਿਆ ਤੇ ਆਪ ਬੜੀਆਂ ਤਕਲੀਫਾਂ ਵਿਚ ਆਪਣਾ ਆਪਾ ਵਾਰ ਕੇ, ਸਰਬੰਸ ਕੁਰਬਾਨ ਕਰਕੇ ਕੀਰਤਪੁਰ, ਰੋਪੜ, ਕੋਟਲਾ, ਚਮਕੌਰ, ਮਾਛੀਵਾੜਾ, ਆਲਮਗੀਰ, ਲੰਮੇ ਜੱਟਪੁਰੇ, ਰਾਏਕੋਟ, ਕਾਂਗੜ, ਦੀਨਾ, ਰਖਾਲਾ, ਗੁਰੂਸਰ, ਭਗਤਾ, ਬਰਗਾੜੀ, ਬਹਿਬਲ, ਸਰਾਵਾਂ, ਪੱਤੋ, ਜੈਤੋ ਆਦਿ ਵਿਚ ਦੀ ਹੁੰਦੇ ਹੋਏ ਕੋਟਕਪੂਰੇ ਪੁੱਜੇ ਤਾਂ ਰਸਤੇ ਵਿਚ ਹੀ ਖ਼ਬਰਾਂ ਮਿਲੀਆਂ ਕਿ ਸੂਬਾ ਸਰਹੰਦ ਤੇ ਦਿੱਲੀ ਦੀਆਂ ਸ਼ਾਹੀ ਫੌਜਾਂ ਬੜੀ ਤੇਜ਼ੀ ਨਾਲ ਗੁਰੂ ਜੀ ਦਾ ਪਿੱਛਾ ਕਰਦੀਆਂ ਆ ਰਹੀਆਂ ਹਨ ਤਾਂ ਗੁਰੂ ਸਾਹਿਬ ਆਪਣੇ ਯੋਧਿਆਂ ਦੀ ਮਦਦ ਅਤੇ ਭਰੋਸੇ 'ਤੇ ਰਸਤੇ ਵਿਚ ਹੀ ਬੜੇ ਜੋਸ਼ ਨਾਲ ਹਮ-ਰਕਾਬ ਹੋ ਗਏ ਸਨ।
ਦੁਸ਼ਮਣ ਦਾ ਟਾਕਰਾ ਕਰਨ ਲਈ ਚੌਧਰੀ ਕਪੂਰ ਸਿੰਘ ਤੋਂ ਕਿਲ੍ਹਾ ਮੰਗਿਆ। ਚੌਧਰੀ ਕਪੂਰ ਸਿੰਘ ਦੇ ਅਧੀਨ ਮੁਗ਼ਲ ਹਕੂਮਤ ਵਲੋਂ ਉਸ ਸਮੇਂ 51 ਪਿੰਡ ਸਨ, ਜਿਨ੍ਹਾਂ ਨੂੰ ਪਰਗਨਾ ਕੋਟਕਪੂਰਾ ਜਾਂ ਪਰਗਨਾ ਬਰਾੜ ਕਿਹਾ ਜਾਂਦਾ ਸੀ। ਭਾਵੇਂ ਇਸ ਸਮੇਂ ਚੌਧਰੀ ਕਪੂਰ ਸਿੰਘ ਨੇ ਗੁਰੂ ਜੀ ਦਾ ਹੋਰ ਆਦਰ ਭਾਓ ਤਾਂ ਚੰਗਾ ਕੀਤਾ ਪਰ ਉਹ ਮੁਗ਼ਲਾਂ ਤੋਂ ਡਰ ਕੇ ਕਿਲ੍ਹਾ ਦੇਣੋਂ ਸਾਫ਼ ਮੁੱਕਰ ਗਿਆ। ਗੁਰੂ ਸਾਹਿਬ ਨੇ ਉਸ ਦੀ ਇਹ ਕਮਜ਼ੋਰੀ ਦੇਖ ਕੇ ਸੁਭਾਵਿਕ ਹੀ ਕਿਹਾ 'ਚੌਧਰੀ ਕਪੂਰ ਸਿੰਘ! ਅਸੀਂ ਤੈਨੂੰ ਤੁਰੰਤ ਹੀ ਰਾਜ ਦੇਣਾ ਚਾਹੁੰਦੇ ਸੀ, ਪਰ ਹੁਣ ਤੂੰ ਤੁਰਕਾਂ ਤੋਂ ਡਰਿਆ ਹੈਂ, ਇਸ ਕਰਕੇ ਉਨ੍ਹਾਂ ਦੇ ਹੱਥੋਂ ਹੀ ਤਸੀਹੇ ਝੱਲ ਕੇ ਤੇਰੀ ਮੌਤ ਹੋਵੇਗੀ।' ਇਹ ਬਚਨ ਕਰਕੇ ਗੁਰੂ ਸਾਹਿਬ ਉਥੋਂ ਮੁਕਤਸਰ ਵੱਲ ਚੱਲ ਪਏ ਤੇ ਖਿਦਰਾਣੇ ਦੀ ਢਾਬ 'ਤੇ ਜਾ ਪੁੱਜੇ। ਇਧਰ ਚੌਧਰੀ ਕਪੂਰ ਸਿੰਘ ਨੇ ਮੁਗ਼ਲ ਫ਼ੌਜ ਦਾ ਸਾਥ ਦਿੱਤਾ ਤੇ ਗੁਰੂ ਸਾਹਿਬ ਦਾ ਉਹ ਬਚਨ, ਜੋ ਉਨ੍ਹਾਂ ਸੁਭਾਵਿਕ ਹੀ ਚੌਧਰੀ ਕਪੂਰ ਸਿੰਘ ਨੂੰ ਕਿਹਾ ਸੀ, ਉਸ ਸਮੇਂ ਤਾਂ ਨਹੀਂ ਪਰ ਪਿੱਛੋਂ ਸੰਨ 1708 ਈਸਵੀ ਵਿਚ ਮੰਝ ਰਾਜਪੂਤ ਈਸਾ ਖਾਨ ਦੇ ਹੱਥੋਂ (ਜੋ ਮੁਗ਼ਲ ਹਕੂਮਤ ਵਲੋਂ ਉਸ ਇਲਾਕੇ ਦਾ ਕਾਰਦਾਰ ਸੀ) ਚੌਧਰੀ ਕਪੂਰ ਸਿੰਘ ਦੇ ਫਾਹੇ ਲੱਗਣ ਕਰਕੇ ਅੱਖਰ-ਅੱਖਰ ਠੀਕ ਸਾਬਤ ਹੋਇਆ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਜੇ ਖਿਦਰਾਣੇ ਪੁੱਜੇ ਹੀ ਸਨ ਕਿ ਪਿੱਛੇ ਦੁਸ਼ਮਣ ਦੀਆਂ ਫੌਜਾਂ, ਜਿਨ੍ਹਾਂ ਦੇ ਨਾਲ ਸੂਬਾ ਸਰਹੰਦ ਨੇ ਚੌਧਰੀ ਕਪੂਰ ਸਿੰਘ ਨੂੰ ਵੀ ਮੁਗ਼ਲ ਹਕੂਮਤ ਵਲੋਂ ਇਲਾਕੇ ਦਾ ਚੌਧਰੀ ਹੋਣ ਕਰਕੇ ਸ਼ਾਮਿਲ ਕਰ ਲਿਆ ਸੀ, ਦੂਰੋਂ ਧੂੜ-ਧਮਾਈ ਆਉਂਦੀਆਂ ਨਜ਼ਰ ਆਈਆਂ। ਗੁਰੂ ਸਾਹਿਬ ਦੇ ਨਾਲ ਇਸ ਸਮੇਂ ਸਿੱਖ ਯੋਧਿਆਂ ਤੋਂ ਬਿਨਾਂ ਚਾਲੀ ਮਝੈਲ ਸਿੱਖ ਯੋਧੇ ਵੀ ਸਨ, ਜੋ ਪਹਿਲਾਂ ਔਕੜ ਸਮੇਂ ਗੁਰੂ ਸਾਹਿਬ ਨੂੰ ਬੇਦਾਵਾ ਲਿਖ ਕੇ ਦੇ ਚੁੱਕੇ ਸਨ, ਪਰ ਪਿੱਛੋਂ ਦਿਲ ਵਿਚ ਪਛਤਾਵਾ ਹੋਣ ਕਰਕੇ ਤੇ ਮੁਆਫ਼ੀ ਮੰਗਣ ਵਾਸਤੇ ਗੁਰੂ ਜੀ ਨਾਲ ਜਾ ਰਲੇ ਸਨ। ਇਨ੍ਹਾਂ ਚਾਲੀ ਸਿੰਘਾਂ ਨਾਲ ਮਾਈ ਭਾਗੋ ਨਾਂਅ ਦੀ ਦਲੇਰ ਸਿੰਘਣੀ ਵੀ ਸੀ।
ਗੁਰੂ ਸਾਹਿਬ ਇਸ ਸਮੇਂ ਖੁਦ ਤਾਂ ਕੁਝ ਸਿੰਘਾਂ ਨਾਲ ਖਿਦਰਾਣੇ ਤੋਂ ਅੱਗੇ ਟਿੱਬੀ ਸਾਹਿਬ ਦੇ ਸਥਾਨ 'ਤੇ ਚਲੇ ਗਏ ਤੇ ਦੁਸ਼ਮਣ ਨਾਲ ਟਾਕਰਾ ਕਰਨ ਲਈ ਤਿਆਰ ਹੋ ਗਏ ਪਰ ਚਾਲੀ ਸਿੰਘਾਂ ਨੇ ਹੋਰ ਸਾਥੀ ਸਿੰਘਾਂ ਸਮੇਤ ਖਿਦਰਾਣੇ ਦੀ ਢਾਬ ਉੱਤੇ ਮੋਰਚੇ ਕਾਇਮ ਕਰ ਲਏ ਤਾਂ ਕਿ ਦੁਸ਼ਮਣ ਨੂੰ ਉਥੇ ਹੀ ਰੋਕਿਆ ਜਾਵੇ ਤੇ ਕੋਈ ਵੀ ਮੁਗ਼ਲ ਸਿਪਾਹੀ ਟਿੱਬੀ ਸਾਹਿਬ ਵੱਲ ਨਾ ਵਧ ਸਕੇ। ਖਿਦਰਾਣੇ ਦੀ ਢਾਬ ਉਸ ਸਮੇਂ ਖੁਸ਼ਕ ਪਈ ਸੀ ਤੇ ਉਸ ਦੇ ਇਰਦ-ਗਿਰਦ ਬੜੇ ਝਾੜ-ਝੰਖਾੜ ਉੱਗੇ ਹੋਏ ਸਨ। ਸਿੰਘਾਂ ਨੇ ਉਨ੍ਹਾਂ ਝਾੜਾਂ ਉੱਤੇ ਚਾਦਰਾਂ ਪਾ ਦਿੱਤੀਆਂ। ਇਸ ਕਰਕੇ ਦੁਸ਼ਮਣ ਨੂੰ ਭੁਲੇਖਾ ਪਿਆ ਕਿ ਸਿੱਖਾਂ ਦੀ ਸਾਰੀ ਫੌਜ ਤੰਬੂ ਲਾ ਕੇ ਬੈਠੀ ਹੋਈ ਹੈ। ਇਸ ਕਰਕੇ ਮੁਗ਼ਲ ਸਿਪਾਹੀਆਂ ਨੇ ਆਉਂਦਿਆਂ ਹੀ ਸਿੱਖਾਂ ਉੱਤੇ ਹੱਲਾ ਬੋਲ ਦਿੱਤਾ। ਇਧਰ ਚਾਲੀ ਸਿੰਘਾਂ ਨੇ ਵੀ ਪਹਿਲਾਂ ਬੰਦੂਕਾਂ ਦੀ ਵਾੜ ਝਾੜੀ ਤੇ ਫ਼ਿਰ ਇਕਦਮ 'ਸਤਿ ਸ੍ਰੀ ਅਕਾਲ' ਦੇ ਜੈਕਾਰੇ ਗੁੰਜਾਉਂਦੇ ਹੋਏ ਸਿਰੋਹੀਆਂ ਖਿੱਚ ਕੇ ਦੁਸ਼ਮਣ 'ਤੇ ਭੁੱਖੇ ਬਾਜਾਂ ਵਾਂਗ ਟੁੱਟ ਪਏ। ਇਹ ਦੇਖ ਕੇ ਮੁਗ਼ਲਾਂ ਨੂੰ ਹੱਥਾਂ-ਪੈਰਾਂ ਦੀ ਪੈ ਗਈ ਤੇ ਬਹੁਤ ਸਾਰੇ ਸਿਪਾਹੀ ਮਾਰੇ ਜਾਣ 'ਤੇ ਆਖਰ ਮੈਦਾਨ ਛੱਡ ਕੇ ਵਾਪਸ ਕੋਟਕਪੂਰੇ ਵੱਲ ਹੀ ਨੱਸ ਗਏ। ਇਹ ਲੜਾਈ 21 ਵੈਸਾਖ ਸੰਮਤ 1762 ਬਿਕ੍ਰਮੀ ਨੂੰ ਸਿਰਫ਼ ਸਵਾ ਪਹਿਰ ਹੋਈ (ਕੁਝ ਇਤਿਹਾਸਕਾਰ ਇਹ ਲੜਾਈ ਤਿੰਨ ਦਿਨ ਹੋਈ ਦੱਸਦੇ ਹਨ)। ਇਸ ਲੜਾਈ ਵਿਚ ਮਾਈ ਭਾਗੋ ਬੁਰੀ ਤਰ੍ਹਾਂ ਜ਼ਖਮੀ ਹੋਈ। ਜੋ ਚਾਲੀ ਮੁਕਤੇ ਸ਼ਹੀਦ ਹੋਏ, ਉਨ੍ਹਾਂ ਦੇ ਨਾਂਅ ਇਸ ਪ੍ਰਕਾਰ ਹਨ : ਭਾਈ ਮਹਾਂ ਸਿੰਘ, ਸ਼ਮੀਰ ਸਿੰਘ, ਸਾਧੂ ਸਿੰਘ, ਸਰਜਾ ਸਿੰਘ, ਸੁਹੇਲ ਸਿੰਘ, ਸੁਲਤਾਨ ਸਿੰਘ, ਸੋਭਾ ਸਿੰਘ, ਸੰਤ ਸਿੰਘ, ਹਰਸਾ ਸਿੰਘ, ਹਰੀ ਸਿੰਘ, ਕਰਨ ਸਿੰਘ, ਕਰਮ ਸਿੰਘ, ਕਾਲਾ ਸਿੰਘ, ਕੀਰਤ ਸਿੰਘ, ਕਿਰਪਾਲ ਸਿੰਘ, ਖੁਸ਼ਹਾਲ ਸਿੰਘ, ਗੁਲਾਬ ਸਿੰਘ, ਗੰਗਾ ਸਿੰਘ, ਗੰਡਾ ਸਿੰਘ, ਘਰਬਾਰਾ ਸਿੰਘ, ਚੰਬਾ ਸਿੰਘ, ਜਾਦੋ ਸਿੰਘ, ਜੋਗਾ ਸਿੰਘ, ਜੰਗ ਸਿੰਘ, ਦਿਆਲ ਸਿੰਘ, ਦਰਬਾਰਾ ਸਿੰਘ, ਦਿਲਬਾਗ ਸਿੰਘ, ਧਰਮ ਸਿੰਘ, ਧੰਨਾ ਸਿੰਘ, ਨਿਹਾਲ ਸਿੰਘ, ਨਿਧਾਨ ਸਿੰਘ, ਬੂੜ ਸਿੰਘ, ਭਾਗ ਸਿੰਘ, ਭੋਲਾ ਸਿੰਘ, ਭੰਗਾ ਸਿੰਘ, ਮੱਜਾ ਸਿੰਘ, ਮਾਨ ਸਿੰਘ, ਮਯਾ ਸਿੰਘ, ਰਾਇ ਸਿੰਘ, ਲਛਮਣ ਸਿੰਘ। (ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਰਿਕਾਰਡ ਅਨੁਸਾਰ ਨਾਵਾਂ ਦੀ ਸੂਚੀ ਹੈ)
ਗੁਰੂ ਗੋਬਿੰਦ ਸਿੰਘ ਜੀ ਜੋ ਇਸ ਜੰਗ ਸਮੇਂ ਟਿੱਬੀ ਸਾਹਿਬ ਤੋਂ ਹੀ ਦੁਸ਼ਮਣ 'ਤੇ ਤੀਰਾਂ ਦੀ ਵਰਖਾ ਕਰ ਰਹੇ ਸਨ, ਅਚਾਨਕ ਦੁਸ਼ਮਣ ਦੀ ਫੌਜ ਨੂੰ ਭਾਜੜ ਪਈ ਵੇਖ ਕੇ ਮੈਦਾਨ-ਏ-ਜੰਗ ਵਿਚ ਖਿਦਰਾਣੇ ਦੀ ਢਾਬ 'ਤੇ ਪੁੱਜੇ, ਜਿੱਥੇ ਉਨ੍ਹਾਂ ਜ਼ਖਮੀ ਸਿੱਖਾਂ ਦੀ ਸੰਭਾਲ ਕੀਤੀ ਅਤੇ ਚਾਲੀ ਮੁਕਤਿਆਂ ਵਿਚੋਂ ਹਰੇਕ ਯੋਧੇ ਨੂੰ ਜੋ ਸ਼ਹੀਦ ਹੋ ਚੁੱਕੇ ਸਨ, ਇਹ ਮੇਰਾ ਚਾਰ ਹਜ਼ਾਰੀ ਹੈ ਤੇ ਇਹ ਮੇਰਾ ਪੰਜ ਹਜ਼ਾਰੀ ਹੈ ਦਾ ਵਰਦਾਨ ਦੇ ਕੇ ਸਨਮਾਨਿਆ ਤੇ ਆਖਰ ਭਾਈ ਮਹਾਂ ਸਿੰਘ ਕੋਲ ਪੁੱਜੇ ਜੋ ਸਹਿਕਦਾ ਹੀ ਸੀ ਤਾਂ ਗੁਰੂ ਸਾਹਿਬ ਨੇ ਪ੍ਰਸੰਨ ਹੋ ਕੇ ਕਿਹਾ, 'ਭਾਈ! ਜੋ ਮੰਗ ਤੇਰੀ ਇੱਛਾ ਹੋਵੇ।' ਅੱਗੋਂ ਭਾਈ ਮਹਾਂ ਸਿੰਘ ਨੇ ਦਿਲੀ ਇੱਛਾ ਦੱਸੀ ਕਿ ਮਹਾਰਾਜ ਜੇ ਡਾਢੇ ਪ੍ਰਸੰਨ ਹੋ ਤਾਂ ਉਹ ਗੁਰੂ ਸਿੱਖੀ ਤੋਂ ਬੇਦਾਵੇ ਦਾ ਕਾਗਜ਼ ਪਾੜ ਦਿਓ ਤੇ ਟੁੱਟੀ ਗੰਢੋ ਤੇ ਗੁਰੂ ਸਾਹਿਬ ਨੇ ਬੇਦਾਵੇ ਦਾ ਉਹ ਕਾਗਜ਼ ਕੱਢ ਕੇ ਪਾੜ ਦਿੱਤਾ ਤੇ ਭਾਈ ਮਹਾਂ ਸਿੰਘ ਨੂੰ ਨਾਮ ਦਾਨ ਬਖਸ਼ ਕੇ ਉਸ ਦੀ ਅੰਤਲੀ ਮਨੋਕਾਮਨਾ ਪੂਰੀ ਕੀਤੀ ਤੇ ਇਸ ਅਸਥਾਨ ਦਾ ਨਾਂਅ ਖਿਦਰਾਣੇ ਤੋਂ ਮੁਕਤੀ ਦਾ ਸਰ ਰੱਖਿਆ, ਜੋ ਅੱਜਕਲ੍ਹ ਸ੍ਰੀ ਮੁਕਤਸਰ ਸਾਹਿਬ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ।
ਮਾਲਵੇ ਦੇ ਜਿਨ੍ਹਾਂ ਸਰਦਾਰਾਂ ਅਤੇ ਚੌਧਰੀਆਂ ਨੇ ਬਿਖੜੇ ਸਮੇਂ ਗੁਰੂ ਗੋਬਿੰਦ ਸਿੰਘ ਜੀ ਦਾ ਸਾਥ ਦਿੱਤਾ, ਉਨ੍ਹਾਂ ਵਿਚ ਬਾਬਾ ਦਾਨ ਸਿੰਘ ਦਾ ਨਾਂਅ ਵੀ ਬੜੇ ਆਦਰ ਨਾਲ ਲਿਆ ਜਾਂਦਾ ਹੈ। ਦਸਮ ਪਾਤਿਸ਼ਾਹ ਤੋਂ ਇਹ ਅਸ਼ੀਰਵਾਦ ਹਾਸਲ ਕਰਨਾ ਕਿ ਦਾਨ ਸਿੰਘ ਮਾਝੇ ਵਿਚ ਭਾਈ ਮਹਾਂ ਸਿੰਘ ਵਲੋਂ ਸਿੱਖੀ ਦੀ ਲਾਜ ਰੱਖਣ ਵਾਂਗ ਤੂੰ ਮਾਲਵੇ ਦੀ ਸਿੱਖੀ ਦੀ ਲਾਜ ਰੱਖ ਲਈ ਹੈ। ਇਹ ਬਹੁਤ ਵੱਡੀ ਗੱਲ ਸੀ। ਮੁਕਤਸਰ ਦੀ ਜੰਗ ਪਿੱਛੋਂ ਬਾਬਾ ਦਾਨ ਸਿੰਘ ਬਰਾੜ ਆਪਣੇ ਕੁਝ ਸਾਥੀਆਂ ਸਮੇਤ ਤਲਵੰਡੀ ਸਾਬੋ ਤੱਕ ਗੁਰੂ ਗੋਬਿੰਦ ਸਿੰਘ ਜੀ ਦੀ ਸੇਵਾ ਵਿਚ ਹਾਜ਼ਰ ਰਹੇ। ਗੁਰੂ ਜੀ ਦੇ ਅਸ਼ੀਰਵਾਦ ਨਾਲ ਜਿੱਥੇ ਬਾਬਾ ਦਾਨ ਸਿੰਘ ਮਾਲਵੇ ਦੀ ਸਿੱਖੀ ਦਾ ਮਾਣ ਹੈ, ਉੱਥੇ ਉਹ ਸਿੱਖੀ ਸਿਦਕ ਅਤੇ ਭਰੋਸਾ ਦੀ ਵੀ ਇਕ ਅਦੁੱਤੀ ਮਿਸਾਲ ਹੈ। ਸ੍ਰੀ ਮੁਕਤਸਰ ਸਾਹਿਬ ਦਾ ਇਤਿਹਾਸਕ ਸ਼ਹੀਦੀ ਜੋੜ ਮੇਲਾ 13, 14 ਅਤੇ 15 ਜਨਵਰੀ ਨੂੰ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਇਸ ਪਵਿੱਤਰ ਧਰਤੀ 'ਤੇ ਮਾਘੀ ਵਾਲੇ ਦਿਨ 14 ਜਨਵਰੀ ਨੂੰ ਲੱਖਾਂ ਸੰਗਤਾਂ ਪਹੁੰਚ ਕੇ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੁੰਦੀਆਂ ਹਨ ਅਤੇ ਮਹਾਨ ਸ਼ਹੀਦਾਂ ਦੀ ਯਾਦ ਵਿਚ ਜੁੜਦੀਆਂ ਹਨ।


-ਮਲੋਟ ਰੋਡ, ਸ੍ਰੀ ਮੁਕਤਸਰ ਸਾਹਿਬ।
ਮੋਬਾ: 98729-14938


ਖ਼ਬਰ ਸ਼ੇਅਰ ਕਰੋ

ਸ੍ਰੀ ਮੁਕਤਸਰ ਸਾਹਿਬ ਦੀ ਜੰਗ ਵਿਚ ਮਾਈ ਭਾਗੋ ਨੇ ਹਿੰਮਤ ਅਤੇ ਦਲੇਰੀ ਦੀ ਮਿਸਾਲ ਕਾਇਮ ਕੀਤੀ

ਸ੍ਰੀ ਮੁਕਤਸਰ ਸਾਹਿਬ ਸ਼ਹਿਰ ਦੀ ਇਤਿਹਾਸ ਵਿਚ ਬਹੁਤ ਮਹੱਤਤਾ ਹੈ। ਦਸਮ ਪਾਤਿਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ-ਛੋਹ ਪ੍ਰਾਪਤ ਇਸ ਧਰਤੀ ਨੂੰ ਨਤਮਸਤਕ ਹੋਣ ਲਈ ਮਾਘੀ ਦੇ ਦਿਹਾੜੇ 'ਤੇ ਸ਼ਰਧਾਲੂ ਦੂਰ-ਦੁਰਾਡੇ ਤੋਂ ਆਉਂਦੇ ਹਨ। ਸ਼ਰਧਾਲੂ ਜਿਥੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਹਨ, ਉਥੇ ਸ੍ਰੀ ਮੁਕਤਸਰ ਸਾਹਿਬ ਦੀ ਇਤਿਹਾਸਕ ਜੰਗ ਤੋਂ ਅੱਜ ਦੀ ਨੌਜਵਾਨ ਪੀੜ੍ਹੀ ਤੇ ਬੱਚਿਆਂ ਨੂੰ ਜਾਣੂ ਕਰਵਾਉਂਦੇ ਹਨ। ਇਸ ਧਰਤੀ 'ਤੇ ਦਸਮ ਪਾਤਸ਼ਾਹ ਨੇ ਜ਼ੁਲਮ ਖਿਲਾਫ਼ ਆਖਰੀ ਲੜਾਈ ਲੜ ਕੇ ਫ਼ਤਹਿ ਹਾਸਲ ਕੀਤੀ ਅਤੇ ਜਾਲਮ ਮੁਗ਼ਲ ਰਾਜ ਦਾ ਖਾਤਮਾ ਕੀਤਾ। ਇਸ ਜੰਗ ਵਿਚ ਮਾਈ ਭਾਗੋ ਦੀ ਭੂਮਿਕਾ ਅਹਿਮ ਰਹੀ ਤੇ ਉਨ੍ਹਾਂ ਇਸ ਜੰਗ ਵਿਚ ਜੂਝਦਿਆਂ ਹਿੰਮਤ ਅਤੇ ਦਲੇਰੀ ਦੀ ਮਿਸਾਲ ਕਾਇਮ ਕੀਤੀ, ਜੋ ਸਭ ਲਈ ਤੇ ਖਾਸ ਕਰਕੇ ਔਰਤਾਂ ਲਈ ਪ੍ਰੇਰਨਾ ਦਾ ਸਰੋਤ ਹੈ। ਅੱਜ ਦੀ ਪੀੜ੍ਹੀ ਨੂੰ ਇਨ੍ਹਾਂ ਦੇ ਜੀਵਨ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ। ਸ਼ਰਧਾਲੂ ਇਸ ਦਿਹਾੜੇ 'ਤੇ ਹੋਰ ਇਤਿਹਾਸਕ ਅਸਥਾਨਾਂ ਦੇ ਨਾਲ-ਨਾਲ ਗੁਰਦੁਆਰਾ ਮਾਤਾ ਭਾਗੋ ਵਿਖੇ ਵੀ ਨਤਮਸਤਕ ਹੁੰਦੇ ਹਨ ਤੇ ਉਨ੍ਹਾਂ ਦੀ ਕੁਰਬਾਨੀ ਨੂੰ ਯਾਦ ਕਰਦੇ ਹਨ।
ਸਿੱਖ ਇਤਿਹਾਸ ਵਿਚ ਮਾਈ ਭਾਗੋ ਜੀ ਇਸ ਘਟਨਾ ਕਰਕੇ ਕਾਫੀ ਪ੍ਰਸਿੱਧ ਸਨ ਕਿ ਉਨ੍ਹਾਂ ਨੇ ਮਾਝੇ ਦੇ ਸਿੱਖਾਂ ਨੂੰ (ਜੋ ਸ੍ਰੀ ਅਨੰਦਪੁਰ ਸਾਹਿਬ ਤੋਂ ਬੇਦਾਵਾ ਲਿਖ ਕੇ ਗੁਰੂ ਜੀ ਨਾਲੋਂ ਬੇਮੁਖ ਹੋਏ ਸਨ) ਪ੍ਰੇਰਨਾ ਦੇ ਕੇ ਮੁੜ ਗੁਰੂ ਜੀ ਦੇ ਲੜ ਲਾਇਆ। ਉਨ੍ਹਾਂ ਸਿੱਖਾਂ ਨੇ ਖਿਦਰਾਣੇ ਦੀ ਢਾਬ 'ਤੇ ਪਹੁੰਚ ਕੇ ਭਾਰੀ ਜੰਗ ਕੀਤੀ ਤੇ ਗੁਰੂ ਜੀ ਨਾਲ ਟੁੱਟੀ ਗੰਢੀ ਸੀ। ਮਾਈ ਭਾਗੋ ਇਸ ਯੁੱਧ ਵਿਚ ਜ਼ਖਮੀ ਹੋ ਗਏ ਸਨ, ਜਿਨ੍ਹਾਂ ਜੰਗੇ ਮੈਦਾਨ ਵਿਚ ਦੁਸ਼ਮਣ ਦੀਆਂ ਫ਼ੌਜਾਂ ਦਾ ਡਟ ਕੇ ਮੁਕਾਬਲਾ ਕੀਤਾ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਾਥ ਦੇ ਕੇ ਸਿੱਖ ਇਤਿਹਾਸ ਨੂੰ ਇਕ ਨਵਾਂ ਮੋੜ ਦਿੱਤਾ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਹਿਕਦੀ ਮਾਈ ਭਾਗੋ ਨੂੰ ਵੇਖਿਆ ਤਾਂ ਉਸ ਦੇ ਜ਼ਖਮ ਸਾਫ਼ ਕਰਕੇ ਮਰ੍ਹਮ ਪੱਟੀ ਕਰਕੇ ਉਸ ਨੂੰ ਠੀਕ ਕੀਤਾ। ਮਾਈ ਭਾਗੋ ਹਜ਼ੂਰ ਸਾਹਿਬ ਤੱਕ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਗਏ ਅਤੇ ਉਸ ਇਲਾਕੇ ਵਿਚ ਵਿਚਰਦੇ ਰਹੇ, ਸਿੱਖੀ ਦਾ ਪ੍ਰਚਾਰ ਕੀਤਾ ਅਤੇ ਬਿਦਰ (ਕਰਨਾਟਕ) ਦੇ ਇਲਾਕੇ ਵਿਚ ਨਾਨਕ ਝੀਰਾ ਜੀ ਦੇ ਕੋਲ ਲਗਪਗ ਦਸ ਕਿਲੋਮੀਟਰ ਦੇ ਜਨਵਾੜੇ ਵਿਚ ਆਪਣਾ ਸਰੀਰ ਤਿਆਗਿਆ। ਆਓ! ਮਾਈ ਭਾਗੋ ਦੇ ਜੀਵਨ ਤੋਂ ਪ੍ਰੇਰਨਾ ਲਈਏ, ਜਿਨ੍ਹਾਂ ਧਰਮ, ਕੌਮ ਵਾਸਤੇ ਆਪਾ ਵਾਰਿਆ ਅਤੇ ਬੇਮੁਖ ਹੋਏ ਸਿੱਖਾਂ ਨੂੰ ਪ੍ਰੇਰਨਾ ਦੇ ਕੇ ਦਸਮੇਸ਼ ਪਿਤਾ ਪਾਸ ਲਿਆਂਦਾ। ਅੱਜ ਮਾਘੀ ਦੇ ਪਵਿੱਤਰ ਦਿਹਾੜੇ 'ਤੇ ਮਹਾਨ ਸ਼ਹੀਦਾਂ ਨੂੰ ਯਾਦ ਕਰੀਏ ਅਤੇ ਸ੍ਰੀ ਮੁਕਤਸਰ ਸਾਹਿਬ ਦੇ ਪਵਿੱਤਰ ਸਰੋਵਰ ਵਿਚ ਇਸ਼ਨਾਨ ਕਰਕੇ ਸ਼ਰਧਾ ਦੇ ਫੁੱਲ ਭੇਟ ਕਰੀਏ।


-ਸ੍ਰੀ ਮੁਕਤਸਰ ਸਾਹਿਬ। ਮੋਬਾ: 98729-14938

ਸ੍ਰੀ ਮੁਕਤਸਰ ਸਾਹਿਬ ਦੇ ਇਤਿਹਾਸਕ ਗੁਰਦੁਆਰੇ

ਸ੍ਰੀ ਮੁਕਤਸਰ ਸਾਹਿਬ ਉਹ ਇਤਿਹਾਸਕ ਸਥਾਨ ਹੈ, ਜਿੱਥੇ ਦਸਮ ਪਾਤਿਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਮੁਗ਼ਲ ਸਾਮਰਾਜ ਨਾਲ ਆਖਰੀ ਤੇ ਫ਼ੈਸਲਾਕੁੰਨ ਯੁੱਧ ਕਰਕੇ ਭਾਰਤ ਵਿਚੋਂ ਜ਼ਾਲਮ ਮੁਗ਼ਲ ਰਾਜ ਦੀਆਂ ਜੜ੍ਹਾਂ ਪੁੱਟ ਦਿੱਤੀਆਂ। ਇਸ ਸ਼ਹਿਰ ਦੀ ਇਤਿਹਾਸ ਵਿਚ ਬਹੁਤ ਮਹਤੱਤਾ ਹੈ। ਮਾਘੀ ਦੇ ਸ਼ੁੱਭ ਦਿਹਾੜੇ 'ਤੇ ਲੱਖਾਂ ਸ਼ਰਧਾਲੂ ਸ੍ਰੀ ਮੁਕਤਸਰ ਸਾਹਿਬ ਪਹੁੰਚ ਕੇ ਪਵਿੱਤਰ ਮੁਕਤ ਸਰੋਵਰ ਵਿਚ ਇਸ਼ਨਾਨ ਕਰਦੇ ਹਨ ਤੇ ਚਾਲੀ ਮੁਕਤਿਆਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਹਨ। ਸ੍ਰੀ ਮੁਕਤਸਰ ਸਾਹਿਬ ਦੇ ਇਤਿਹਾਸਕ ਸਥਾਨਾਂ ਦੀ ਜਾਣਕਾਰੀ ਇਸ ਪ੍ਰਕਾਰ ਹੈ :
ਗੁਰਦੁਆਰਾ ਟੁੱਟੀ ਗੰਢੀ ਸਾਹਿਬ-ਗੁਰਦੁਆਰਾ ਟੁੱਟੀ ਗੰਢੀ ਸਾਹਿਬ (ਸ੍ਰੀ ਦਰਬਾਰ ਸਾਹਿਬ) ਸ਼ਹਿਰ ਦੇ ਵਿਚਕਾਰ ਹੈ, ਜਿੱਥੇ ਮਾਘੀ ਵਾਲੇ ਦਿਨ ਅਤੇ ਹਰ ਮੱਸਿਆ ਨੂੰ ਸੰਗਤਾਂ ਦਾ ਭਾਰੀ ਇਕੱਠ ਹੁੰਦਾ ਹੈ ਤੇ ਸੰਗਤਾਂ ਪਵਿੱਤਰ ਮੁਕਤ ਸਰੋਵਰ ਵਿਚ ਇਸ਼ਨਾਨ ਕਰਦੀਆਂ ਹਨ। ਗੁਰਦੁਆਰਾ ਟੁੱਟੀ ਗੰਢੀ ਸਾਹਿਬ ਉਹ ਅਸਥਾਨ ਹੈ, ਜਿੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਚਾਲੀ ਭੁੱਲੇ ਸਿੰਘਾਂ ਦਾ ਬੇਦਾਵਾ ਭਾਈ ਮਹਾਂ ਸਿੰਘ ਦੇ ਸਾਹਮਣੇ ਪਾੜ ਕੇ ਮੁਕਤੀ ਪ੍ਰਦਾਨ ਕੀਤੀ ਅਤੇ ਟੁੱਟੀ ਗੰਢੀ।
ਗੁਰਦੁਆਰਾ ਤੰਬੂ ਸਾਹਿਬ-ਗੁਰਦੁਆਰਾ ਤੰਬੂ ਸਾਹਿਬ ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ਵਿਚ ਹੈ। ਇਸ ਅਸਥਾਨ 'ਤੇ ਚਾਲੀ ਮੁਕਤਿਆਂ ਨੇ ਤੁਰਕਾਂ ਨਾਲ ਜੰਗ ਕਰਨ ਤੋਂ ਪਹਿਲਾਂ ਉਨ੍ਹਾਂ ਦੀ ਫੌਜ ਆਉਂਦੀ ਵੇਖ ਕੇ ਝਾੜਾਂ ਅਤੇ ਕਰੀਰਾਂ ਦੇ ਝੁੰਡਾਂ 'ਤੇ ਕੱਪੜੇ ਅਤੇ ਚਾਦਰੇ ਤਾਣ ਦਿੱਤੇ ਸਨ ਤਾਂ ਕਿ ਦੁਸ਼ਮਣ ਦੀ ਫੌਜ ਨੂੰ ਸਿੱਖਾਂ ਦੇ ਤੰਬੂ ਲੱਗੇ ਦੇਖ ਕੇ ਬਹੁਤੀ ਫ਼ੌਜ ਦਾ ਅਨੁਮਾਨ ਹੋਵੇ।
ਗੁਰਦੁਆਰਾ ਸ਼ਹੀਦ ਗੰਜ ਸਾਹਿਬ-ਇਸ ਜਗ੍ਹਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਹੱਥੀਂ ਚਿਖਾ ਤਿਆਰ ਕਰਕੇ ਚਾਲੀ ਮੁਕਤਿਆਂ ਦਾ ਅੰਤਿਮ ਸੰਸਕਾਰ ਕੀਤਾ ਸੀ, ਜੋ ਇਸ ਧਰਮ ਯੁੱਧ ਵਿਚ ਸ਼ਹੀਦ ਹੋਏ ਸਨ। ਇੱਥੇ ਹਰ ਸਾਲ 3 ਮਈ ਨੂੰ ਸ਼ਹੀਦੀ ਦਿਵਸ ਮਨਾਇਆ ਜਾਂਦਾ ਹੈ।
ਗੁਰਦੁਆਰਾ ਮਾਈ ਭਾਗੋ-ਮਾਈ ਭਾਗੋ ਜਿਸ ਨੇ ਮਾਝੇ ਦੇ ਸਿੱਖਾਂ ਨੂੰ (ਜੋ ਬੇਦਾਵਾ ਲਿਖ ਕੇ ਗੁਰੂ ਜੀ ਨਾਲੋਂ ਬੇਮੁੱਖ ਹੋਏ ਸਨ) ਪ੍ਰੇਰਨਾ ਦੇ ਕੇ ਗੁਰੂ ਜੀ ਦੇ ਲੜ ਲਾਇਆ। ਉਨ੍ਹਾਂ ਸਿੱਖਾਂ ਨੇ ਖਿਦਰਾਣੇ ਦੀ ਢਾਬ (ਮੁਕਤਸਰ) ਪਹੁੰਚ ਕੇ ਭਾਰੀ ਜੰਗ ਕੀਤੀ ਤੇ ਗੁਰੂ ਜੀ ਨਾਲ ਟੁੱਟੀ ਗੰਢੀ। ਮਾਈ ਭਾਗੋ ਇਸ ਯੁੱਧ ਵਿਚ ਜ਼ਖਮੀ ਹੋ ਗਏ ਸਨ। ਮਾਈ ਭਾਗੋ ਸ੍ਰੀ ਹਜ਼ੂਰ ਸਾਹਿਬ ਤੱਕ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਚਲੇ ਗਏ ਸਨ ਤੇ ਉਸ ਇਲਾਕੇ ਵਿਚ ਵਿਚਰਦੇ ਰਹੇ ਤੇ ਸਿੱਖੀ ਦਾ ਪ੍ਰਚਾਰ ਕੀਤਾ। ਉਨ੍ਹਾਂ ਬਿਦਰ (ਕਰਨਾਟਕ) ਦੇ ਇਲਾਕੇ ਵਿਚ ਨਾਨਕ ਝੀਰਾ ਦੇ ਕੋਲ ਲਗਪਗ 10 ਕਿਲੋਮੀਟਰ ਤੇ ਜਨਵਾੜੇ ਵਿਚ ਆਪਣਾ ਸਰੀਰ ਤਿਆਗਿਆ। ਉਨ੍ਹਾਂ ਦੇ ਨਾਂਅ 'ਤੇ ਗੁਰਦੁਆਰਾ ਮਾਤਾ ਭਾਗੋ ਸੁਸ਼ੋਭਿਤ ਹੈ।
ਗੁਰਦੁਆਰਾ ਟਿੱਬੀ ਸਾਹਿਬ-ਇਹ ਗੁਰਦੁਆਰਾ ਸ਼ਹਿਰ ਤੋਂ ਤਕਰੀਬਨ 2 ਕਿੱਲੋਮੀਟਰ ਦੂਰ ਹੈ। ਇੱਥੇ ਰੇਤਲਾ ਉੱਚਾ ਟਿੱਬਾ ਸੀ ਅਤੇ ਜੰਗਲ ਸੀ। ਇੱਥੋਂ ਦਸਮ ਪਿਤਾ ਜੀ ਮੁਗ਼ਲ ਸੈਨਾ, ਜੋ ਨਵਾਬ ਵਜ਼ੀਰ ਖਾਨ ਸੂਬਾ ਸਰਹਿੰਦ ਦੇ ਅਧੀਨ ਗੁਰੂ ਸਾਹਿਬ ਦਾ ਪਿੱਛਾ ਕਰਦੀ ਹੋਈ ਆਈ ਤੇ ਖਿਦਰਾਣੇ ਦੇ ਅਸਥਾਨ 'ਤੇ ਚਾਲੀ ਮੁਕਤਿਆਂ ਨਾਲ ਲੜ ਰਹੀ ਸੀ, ਤਾਂ ਗੁਰੂ ਜੀ ਉੱਚੀ ਟਿੱਬੀ ਤੋਂ ਤੀਰ ਚਲਾਉਂਦੇ ਰਹੇ। ਇੱਥੇ ਗੁਰਦੁਆਰਾ ਟਿੱਬੀ ਸਾਹਿਬ ਸੁਸ਼ੋਭਿਤ ਹੈ।
ਗੁਰਦੁਆਰਾ ਦਾਤਣਸਰ ਸਾਹਿਬ-ਇਹ ਗੁਰਦੁਆਰਾ ਟਿੱਬੀ ਸਾਹਿਬ ਤੋਂ ਅੱਧਾ ਕਿਲੋਮੀਟਰ ਦੂਰ ਹੈ। ਗੁਰੂ ਜੀ ਇਸ ਸਥਾਨ 'ਤੇ ਦਾਤਣ ਕੁਰਲਾ ਕਰਿਆ ਕਰਦੇ ਸਨ। ਇਕ ਦਿਨ ਗੁਰੂ ਜੀ ਦਾਤਣ ਕਰ ਰਹੇ ਸਨ ਕਿ ਅਜਿਹੀ ਘਟਨਾ ਵਾਪਰੀ ਕਿ ਇਕ ਗੱਦਾਰ ਮੁਸਲਮਾਨ ਨੂਰ ਦੀਨ, ਜੋ ਕਿ ਨਿਹੰਗ ਸਿੰਘ ਦੇ ਭੇਸ ਵਿਚ ਸੀ, ਨੇ ਪਿਛਲੇ ਪਾਸਿਓਂ ਦੀ ਹੋ ਕੇ ਗੁਰੂ ਜੀ 'ਤੇ ਤਲਵਾਰ ਚਲਾ ਦਿੱਤੀ। ਗੁਰੂ ਸਾਹਿਬ ਨੇ ਬੜੀ ਫੁਰਤੀ ਨਾਲ ਵਾਰ ਰੋਕ ਲਿਆ ਤੇ ਪਾਣੀ ਵਾਲਾ ਗੜਵਾ ਅਜਿਹਾ ਜ਼ੋਰ ਨਾਲ ਮਾਰਿਆ ਕਿ ਉਸ ਦਾ ਘੋਗਾ ਉਥੇ ਹੀ ਚਿੱਤ ਕਰ ਦਿੱਤਾ। ਇਥੇ ਗੁਰਦੁਆਰਾ ਦਾਤਣਸਰ ਸਾਹਿਬ ਮੌਜੂਦ ਹੈ।
ਗੁਰਦੁਆਰਾ ਰਕਾਬਸਰ ਸਾਹਿਬ-ਇਹ ਗੁਰਦੁਆਰਾ ਟਿੱਬੀ ਸਾਹਿਬ ਦੇ ਨੇੜੇ ਹੈ। ਇੱਥੋਂ ਦਸਮੇਸ਼ ਪਿਤਾ ਜੀ ਖ਼ਿਦਰਾਣੇ ਦੀ ਰਣਭੂਮੀ ਵੱਲ ਚਾਲੇ ਪਾਉਣ ਲਈ ਘੋੜੇ 'ਤੇ ਚੜ੍ਹਨ ਲੱਗੇ ਤਾਂ ਰਕਾਬ ਟੁੱਟ ਗਈ। ਇਹ ਰਕਾਬ ਅੱਜ ਵੀ ਇੱਥੇ ਮੌਜੂਦ ਹੈ। ਇੱਥੇ ਗੁਰਦੁਆਰਾ ਰਕਾਬਸਰ ਸਾਹਿਬ ਬਣਿਆ ਹੋਇਆ ਹੈ।
ਮੀਨਾਰ-ਏ-ਮੁਕਤੇ : ਮਿੰਨੀ ਸਕੱਤਰੇਤ ਦੇ ਨੇੜੇ ਚਾਲੀ ਮੁਕਤਿਆਂ ਦੀ ਯਾਦਗਾਰ ਮੀਨਾਰ-ਏ-ਮੁਕਤੇ 4 ਮਈ, 2006 ਵਿਚ ਤਿਆਰ ਕੀਤੀ ਗਈ ਸੀ, ਜਿਸ ਵਿਚ 80 ਫੁੱਟ ਉੱਚਾ ਵਿਲੱਖਣ ਖੰਡਾ ਤਿਆਰ ਕੀਤਾ ਗਿਆ ਹੈ, ਜਿਸ 'ਤੇ ਚਾਲੀ ਮੁਕਤਿਆਂ ਨੂੰ ਸਮਰਪਿਤ ਚਾਲੀ ਗੋਲ ਚੱਕਰ ਹਨ ਤੇ ਯਾਦਗਾਰ 'ਤੇ ਚਾਲੀ ਮੁਕਤਿਆਂ ਦੇ ਨਾਂਅ ਅੰਕਿਤ ਹਨ। ਇਸ ਤੋਂ ਇਲਾਵਾ ਸ਼ਹਿਰ ਨੂੰ ਆਉਣ ਵਾਲੀਆਂ ਮੁੱਖ ਸੜਕਾਂ 'ਤੇ ਭਾਈ ਦਾਨ ਸਿੰਘ, ਭਾਈ ਲੰਗਰ ਸਿੰਘ, ਭਾਈ ਮਹਾਂ ਸਿੰਘ ਅਤੇ ਮਾਤਾ ਭਾਗੋ ਦੇ ਨਾਂਅ 'ਤੇ ਯਾਦਗਾਰੀ ਗੇਟ ਉਸਾਰੇ ਗਏ ਹਨ। ਸ੍ਰੀ ਮੁਕਤਸਰ ਸਾਹਿਬ ਦੀ ਪਾਵਨ ਧਰਤੀ ਇਨ੍ਹਾਂ ਅਮਰ ਸ਼ਹੀਦਾਂ ਦੇ ਖੂਨ ਨਾਲ ਸਿੰਜੀ ਹੋਈ ਹੈ, ਜਿਨ੍ਹਾਂ ਦੀ ਬਦੌਲਤ ਦਸਮ ਪਾਤਿਸ਼ਾਹ ਨੇ ਖਿਦਰਾਣੇ ਦੀ ਢਾਬ ਨੂੰ ਮੁਕਤੀ ਦਾ ਸਰ (ਸ੍ਰੀ ਮੁਕਤਸਰ ਸਾਹਿਬ) ਦਾ ਵਰਦਾਨ ਬਖ਼ਸ਼ਿਆ।
ਸ੍ਰੀ ਮੁਕਤਸਰ ਸਾਹਿਬ ਦਾ ਇਤਿਹਾਸਕ ਸ਼ਹੀਦੀ ਜੋੜ ਮੇਲਾ 13, 14 ਅਤੇ 15 ਜਨਵਰੀ ਨੂੰ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। 13 ਅਤੇ 14 ਜਨਵਰੀ ਨੂੰ ਭਾਈ ਮਹਾਂ ਸਿੰਘ ਦੀਵਾਨ ਹਾਲ ਵਿਖੇ ਧਾਰਮਿਕ ਦੀਵਾਨ ਸਜਣਗੇ, ਜਿਸ ਵਿਚ ਰਾਗੀ-ਢਾਡੀ ਤੇ ਵਿਦਵਾਨ ਸੱਜਣ ਗੁਰੂ ਜਸ, ਸਿੱਖ ਇਤਿਹਾਸ ਤੇ ਪੰਥਕ ਪ੍ਰੋਗਰਾਮ ਪੇਸ਼ ਕਰਨਗੇ। 14 ਜਨਵਰੀ, 2019 (1 ਮਾਘ) ਨੂੰ ਸ੍ਰੀ ਦਰਬਾਰ ਸਾਹਿਬ ਵਿਖੇ ਮਾਘੀ ਵਾਲੇ ਦਿਨ ਸਵੇਰੇ 6 ਵਜੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪੈਣਗੇ। 15 ਜਨਵਰੀ ਨੂੰ ਗੁਰਦੁਆਰਾ ਟਿੱਬੀ ਸਾਹਿਬ ਵਿਖੇ ਵਿਸ਼ੇਸ਼ ਢਾਡੀ ਸਮਾਗਮ ਹੋਵੇਗਾ। ਇਸ ਦਿਨ ਹੀ ਗੁਰਦੁਆਰਾ ਤੰਬੂ ਸਾਹਿਬ ਵਿਖੇ ਸਵੇਰੇ 11 ਵਜੇ ਅੰਮ੍ਰਿਤ ਸੰਚਾਰ ਹੋਵੇਗਾ। 15 ਜਨਵਰੀ ਨੂੰ ਸਵੇਰੇ ਸ੍ਰੀ ਦਰਬਾਰ ਸਾਹਿਬ ਦੇ ਗੇਟ ਨੰਬਰ 4 ਤੋਂ ਨਗਰ ਕੀਰਤਨ ਆਰੰਭ ਹੋ ਕੇ ਸ੍ਰੀ ਟਿੱਬੀ ਸਾਹਿਬ ਪੁੱਜੇਗਾ ਅਤੇ ਇੱਥੋਂ ਸ੍ਰੀ ਦਰਬਾਰ ਸਾਹਿਬ ਵਿਖੇ ਆ ਕੇ ਸਮਾਪਤ ਹੋਵੇਗਾ। ਨਿਹੰਗ ਸਿੰਘ ਘੋੜਸਵਾਰੀ ਤੇ ਸ਼ਸਤਰ ਵਿੱਦਿਆ ਦੇ ਜੌਹਰ ਸੰਗਤਾਂ ਨੂੰ ਵਿਖਾਉਣਗੇ। ਸ਼ਹਿਰ ਅਤੇ ਸ੍ਰੀ ਮੁਕਤਸਰ ਸਾਹਿਬ ਨੂੰ ਆਉਣ ਵਾਲੇ ਸਾਰੇ ਰਸਤਿਆਂ 'ਤੇ ਜਗ੍ਹਾ-ਜਗ੍ਹਾ ਗੁਰੂ ਕੇ ਲੰਗਰ ਅਤੁੱਟ ਵਰਤਣਗੇ। 14 ਜਨਵਰੀ ਦੀ ਰਾਤ ਨੂੰ ਦੀਪਮਾਲਾ ਹੋਵੇਗੀ। ਇਸ ਸ਼ਹੀਦੀ ਜੋੜ ਮੇਲੇ ਵਿਚ ਸੰਗਤਾਂ ਦੇਸ਼-ਵਿਦੇਸ਼ ਵਿਚੋਂ ਪਹੁੰਚ ਕੇ ਆਪਣੀ ਸ਼ਰਧਾ ਦਾ ਪ੍ਰਗਟਾਵਾ ਕਰਦੀਆਂ ਹਨ।


-ਰਣਜੀਤ ਸਿੰਘ ਭੁੱਟੀਵਾਲਾ

ਗੁਰਦੁਆਰਾ ਥੰਮ੍ਹ ਸਾਹਿਬ ਪਿੰਡ ਉਦੋਕੇ (ਅੰਮ੍ਰਿਤਸਰ)

ਸਿੱਖ ਪੰਥ ਦੇ ਮੋਢੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਸ਼ਤਾਬਦੀ ਸਮਾਗਮਾਂ ਨੂੰ ਸ਼੍ਰੋਮਣੀ ਕਮੇਟੀ, ਸਮੁੱਚੀ ਸਿੱਖ ਕੌਮ ਅਤੇ ਸਰਕਾਰਾਂ ਵਲੋਂ ਯਾਦਗਾਰੀ ਬਣਾਉਣ ਲਈ ਅਨੇਕਾਂ ਪ੍ਰੋਗਰਾਮ ਉਲੀਕੇ ਗਏ ਹਨ, ਜਿਨ੍ਹਾਂ ਵਿਚੋਂ ਕਰਤਾਰਪੁਰ ਸਾਹਿਬ ਦਾ ਲਾਂਘਾ ਸਿੱਖ ਕੌਮ ਲਈ ਵਿਸ਼ੇਸ਼ ਮਹੱਤਵ ਰੱਖਦਾ ਹੈ। ਇਸ ਤੋਂ ਇਲਾਵਾ ਪੰਜਾਬ ਸਰਕਾਰ ਵਲੋਂ ਸ਼ਤਾਬਦੀ ਸਮਾਗਮਾਂ ਸਬੰਧੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਸਾਹਿਬਾਨ ਦੀ ਚੋਣ ਕਰਕੇ ਇਨ੍ਹਾਂ ਅਸਥਾਨਾਂ ਅਤੇ ਸਬੰਧਤ ਪਿੰਡਾਂ, ਕਸਬਿਆਂ ਨੂੰ ਸੁੰਦਰਗ੍ਰਾਮ ਯੋਜਨਾ ਤਹਿਤ ਵਿਕਸਤ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ।
ਇਨ੍ਹਾਂ 41 ਪਾਵਨ ਅਸਥਾਨਾਂ ਵਿਚ ਜ਼ਿਲ੍ਹਾ ਅੰਮ੍ਰਿਤਸਰ ਅਧੀਨ ਵਿਧਾਨ ਸਭਾ ਹਲਕਾ ਮਜੀਠਾ ਦਾ ਪਿੰਡ ਉਦੋਕੇ ਵੀ ਸ਼ਾਮਿਲ ਹੈ, ਜਿਸ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਹੋਣ ਦਾ ਸੁਭਾਗ ਹਾਸਲ ਹੈ। ਇਹ ਗੁਰਦੁਆਰਾ ਸਾਹਿਬ ਅੰਮ੍ਰਿਤਸਰ-ਮਹਿਤਾ ਰੋਡ ਤੋਂ ਬਟਾਲਾ ਸ਼ਹਿਰ ਦੀ ਤਰਫ ਕਰੀਬ 5 ਕਿਲੋਮੀਟਰ ਦੂਰੀ 'ਤੇ ਸਥਿਤ ਹੈ। ਇਸ ਪਵਿੱਤਰ ਅਸਥਾਨ ਸਬੰਧੀ ਮਹਾਂਕਵੀ ਭਾਈ ਸੰਤੋਖ ਸਿੰਘ ਦੀ ਮਹਾਨ ਰਚਨਾ 'ਸੂਰਜ ਪ੍ਰਕਾਸ਼' ਦੇ ਸਫਾ ਨੰਬਰ 2545 'ਤੇ ਇਸ ਸਥਾਨ ਦਾ ਜ਼ਿਕਰ ਆਉਂਦਾ ਹੈ।
ਇਤਿਹਾਸਕਾਰਾਂ ਅਨੁਸਾਰ ਗੁਰੂ ਸਾਹਿਬ ਦਾ ਅਨਿਨ ਸੇਵਕ ਇਕ ਸੰਧੂ ਪਰਿਵਾਰ, ਜੋ ਕਿ ਪਿੰਡ ਖਾਨ ਛਾਬੜੀ ਨਜ਼ਦੀਕ ਖ਼ਡੂਰ ਸਾਹਿਬ ਦੇ ਵਸਨੀਕ ਹਨ, ਜਿਨ੍ਹਾਂ ਦੀ ਬੱਚੀ ਬੀਬੀ ਈਸ਼ਰੀ ਦਾ ਵਿਆਹ ਪਿੰਡ ਉਦੋਕੇ ਕਲਾਂ ਦੇ ਨੰਬਰਦਾਰ ਸੰਜੁਕਤ ਨਾਂਅ ਦੇ ਵਿਅਕਤੀ ਦੇ ਲੜਕੇ ਨਾਲ ਹੋਇਆ। ਕੁਝ ਸਮਾਂ ਬਾਅਦ ਸ੍ਰੀ ਗੁਰੂ ਨਾਨਕ ਦੇਵ ਜੀ ਪਿੰਡ ਉਦੋਕੇ ਕਲਾਂ ਵਿਖੇ ਆਏ ਅਤੇ ਜਦੋਂ ਬੀਬੀ ਈਸ਼ਰੀ ਨੂੰ ਗੁਰੂ ਜੀ ਦੇ ਆਉਣ ਦਾ ਪਤਾ ਲੱਗਾ ਤਾਂ ਉਹ ਗੁਰੂ ਸਾਹਿਬ ਨੂੰ ਜਲ ਪਾਣੀ ਛਕਣ ਲਈ ਆਪਣੇ ਘਰ ਲੈ ਗਈ। ਇਸ ਦੌਰਾਨ ਜਦੋਂ ਗੁਰੂ ਜੀ ਘਰ ਵਿਚ ਪ੍ਰਸ਼ਾਦਾ ਛਕ ਰਹੇ ਸਨ ਤਾਂ ਗੁਰੂ ਜੀ ਤੋਂ ਅਣਜਾਣ ਬੀਬੀ ਈਸ਼ਰੀ ਦੇ ਸਹੁਰੇ ਸੰਜੁਕਤ ਨੇ ਗੁਰੂ ਜੀ ਦਾ ਨਿਰਾਦਰ ਕਰਨਾ ਚਾਹਿਆ ਪਰ ਬਾਅਦ ਵਿਚ ਭੁੱਲ ਦਾ ਅਹਿਸਾਸ ਹੋਇਆ ਤਾਂ ਆਪਣੇ ਕੋਲੋਂ ਅਣਜਾਣਪੁਣੇ 'ਚ ਹੋਈ ਇਸ ਵੱਡੀ ਭੁੱਲ ਲਈ ਸਾਰੇ ਪਰਿਵਾਰ ਵਲੋਂ ਗੁਰੂ ਜੀ ਪਾਸੋਂ ਖਿਮਾ ਮੰਗੀ ਗਈ। ਗੁਰੂ ਜੀ ਦੀ ਯਾਦ 'ਚ ਉਥੇ ਇਕ ਕੋਠਾ ਉਸਾਰਿਆ ਗਿਆ। ਇਤਿਹਾਸਕਾਰਾਂ ਅਨੁਸਾਰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਸ ਅਸਥਾਨ 'ਤੇ 9 ਮਹੀਨੇ ਅਤੇ 9 ਦਿਨ ਦਾ ਸਮਾਂ ਗੁਜ਼ਾਰਿਆ।
ਕੁਝ ਚਿਰ ਬੀਤਿਆ ਤਾਂ ਪਿੰਡ ਵਿਚ ਹੋਈ ਬਰਸਾਤ ਕਰਕੇ ਗੁਰੂ ਜੀ ਦਾ ਉਹ ਕੱਚਾ ਕੋਠਾ ਡਿਗਣ ਦੀ ਹਾਲਤ ਵਿਚ ਹੋ ਗਿਆ ਤਾਂ ਗੁਰੂ ਸਾਹਿਬ ਵਲੋਂ ਇਕ ਲੱਕੜ ਦਾ ਥੰਮ੍ਹ (ਮੋਛਾ) ਸ਼ਤੀਰੀ ਹੇਠ ਰੱਖ ਦਿੱਤਾ ਗਿਆ। ਇਹ ਥੰਮ੍ਹ ਗੁਰਦੁਆਰਾ ਸਾਹਿਬ ਵਿਚ ਸੁਸ਼ੋਭਿਤ ਹੈ। ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨਾਲ ਵੀ ਜੁੜਦਾ ਹੈ, ਜੋ ਆਪਣੇ ਸਪੁੱਤਰ ਗੁਰਦਿੱਤਾ ਜੀ ਦੇ ਬਟਾਲਾ ਅਨੰਦ ਕਾਰਜ ਲਈ ਜਾਂਦੇ ਸਮੇਂ ਸਾਰੀ ਬਰਾਤ ਸਮੇਤ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਇਸ ਧਰਤੀ 'ਤੇ ਨਤਮਸਤਕ ਹੋਏ ਸਨ।
ਗੁਰਦੁਆਰਾ ਥੰਮ੍ਹ ਸਾਹਿਬ ਇਕ ਨੋਟੀਫਾਈਡ ਗੁਰਦੁਆਰਾ ਹੈ ਅਤੇ ਗੁਰਦੁਆਰਾ ਗਜਟ ਵਿਚ ਇਸ ਦਾ 46ਵਾਂ ਨੰਬਰ ਹੈ। ਗੁਰਦੁਆਰਾ ਐਕਟ 1925 ਦੇ ਸੈਕਸ਼ਨ 87 ਅਧੀਨ ਇਸ ਗੁਰਦੁਆਰਾ ਸਾਹਿਬ ਦੀ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਈ ਗਈ ਹੈ, ਜੋ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਕੰਮ ਕਰਦੀ ਹੈ ਅਤੇ ਮਿਤੀ 25 ਜੁਲਾਈ, 2007 ਤੋਂ ਜਦੋਂ ਇਸ ਗੁਰਦੁਆਰਾ ਸਾਹਿਬ ਦੀ ਸੇਵਾ ਦਾ ਜ਼ਿੰਮਾ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੰਭਾਲਿਆ, ਤਾਂ ਉਸ ਸਮੇਂ ਤੋਂ ਲੈ ਕੇ ਹੁਣ ਤੱਕ ਨਿਰੰਤਰ ਸ੍ਰੀ ਅਖੰਡ ਪਾਠ ਸਾਹਿਬ ਦੀਆਂ ਲੜੀਆਂ ਚੱਲ ਰਹੀਆਂ ਹਨ ਅਤੇ ਦੇਸ਼-ਵਿਦੇਸ਼ਾਂ ਤੋਂ ਸੰਗਤਾਂ ਇਸ ਪਾਵਨ ਅਸਥਾਨ ਦੀ ਯਾਤਰਾ ਕਰਦੀਆਂ ਹਨ। ਪ੍ਰਬੰਧਕ ਕਮੇਟੀ ਵਲੋਂ ਹਰ ਸਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ 2 ਰੋਜ਼ਾ ਧਾਰਮਿਕ ਸਮਾਗਮ ਵੀ ਕਰਵਾਇਆ ਜਾਂਦਾ ਹੈ। ਗੁਰਦੁਆਰਾ ਸਾਹਿਬ ਦੀ ਕੋਈ ਨਿੱਜੀ ਜਾਇਦਾਦ ਜਾਂ ਆਮਦਨ ਦਾ ਹੋਰ ਕੋਈ ਸਾਧਨ ਨਾ ਹੋਣ ਕਰਕੇ ਗੁਰਦੁਆਰਾ ਸਾਹਿਬ ਦਾ ਸਾਰਾ ਪ੍ਰਬੰਧ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਚੱਲ ਰਿਹਾ ਹੈ। ਗੁਰਦੁਆਰਾ ਸਾਹਿਬ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਅਤੇ ਸਕੱਤਰ ਭਾਈ ਜੋਗਿੰਦਰਜੀਤ ਸਿੰਘ ਸਮੇਤ ਸਮੁੱਚੀ ਪ੍ਰਬੰਧਕ ਕਮੇਟੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸ਼ਤਾਬਦੀ ਸਮਾਗਮਾਂ ਮੌਕੇ ਪੰਜਾਬ ਤੇ ਕੇਂਦਰ ਸਰਕਾਰਾਂ ਵਲੋਂ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕੀਤੀ ਹੈ।


-ਮੱਤੇਵਾਲ (ਅੰਮ੍ਰਿਤਸਰ)। ਮੋਬਾ: 96536-92224

ਪਟਨਾ ਸਾਹਿਬ ਦੇ ਧਾਰਮਿਕ ਅਸਥਾਨਾਂ ਦਾ ਇਤਿਹਾਸ

ਬਿਹਾਰ ਦੀ ਰਾਜਧਾਨੀ ਪਟਨਾ ਵਿਖੇ ਸਿੱਖਾਂ ਦੇ ਪੰਜਵੇਂ ਤਖ਼ਤ ਸ੍ਰੀ ਹਰਿਮੰਦਰ ਸਾਹਿਬ ਪਟਨਾ ਸਾਹਿਬ ਵਿਖੇ ਸ੍ਰੀ ਗੁਰੂ ਗੋਬਿੰਦ ਜੀ ਦਾ ਜਨਮ ਪੋਹ ਸੁਦੀ ਸੱਤਵੀਂ ਸੰਮਤ 1723 ਸੰਨ 22 ਦਸੰਬਰ, 1666 ਨੂੰ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਘਰ ਮਾਤਾ ਗੁਜਰ ਕੌਰ ਦੀ ਕੁੱਖੋਂ ਹੋਇਆ। ਇਥੇ ਇਸ ਸਮੇਂ ਪੰਜ ਮੰਜ਼ਲੀ ਸੁੰਦਰ ਇਮਾਰਤ ਬਣੀ ਹੋਈ ਹੈ। ਨਵੀਂ ਇਮਾਰਤ 1957 ਵਿਚ ਇਥੇ ਮੁਕੰਮਲ ਹੋਈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਗਿਆ। ਇਸ ਅਸਥਾਨ 'ਤੇ ਦੋ ਨਿਸ਼ਾਨ ਸਾਹਿਬ ਝੁੱਲ ਰਹੇ ਹਨ। ਹਰ ਰੋਜ਼ ਇਥੇ ਗੁਰੂ ਕਾ ਲੰਗਰ ਦਿਨ-ਰਾਤ ਚਲਦਾ ਹੈ। ਅਸਥਾਨ ਦਾ ਪ੍ਰਬੰਧ ਗਿਆਨੀ ਇਕਬਾਲ ਸਿੰਘ ਜਥੇਦਾਰ ਤਖ਼ਤ ਸ੍ਰੀ ਪਟਨਾ ਸਾਹਿਬ ਕਰਦੇ ਹਨ ਅਤੇ ਉਹ ਸਵੇਰ-ਸ਼ਾਮ ਕਥਾ ਕਰਕੇ ਸੰਗਤਾਂ ਨੂੰ ਗੁਰੂ ਨਾਲ ਜੋੜਨ ਦਾ ਉਪਰਾਲਾ ਕਰਦੇ ਹਨ। ਇਸ ਅਸਥਾਨ 'ਤੇ ਗੁਰੂ ਜੀ ਦੇ ਚਾਰ ਤੀਰ, ਕਿਰਪਾਨ, ਚੰਦਨ ਦਾ ਕੰਘਾ, ਕਟਾਰ, ਮਿੱਟੀ ਦਾ ਗੁਲੇਲਾ, ਗੁਰੂ ਜੀ ਦਾ ਚੱਕਰ, ਲੋਹੇ ਦੇ ਚੱਕਰ ਦਸਤਾਰ ਵਾਲੇ, ਗੁਰੂ ਤੇਗ਼ ਬਹਾਦਰ ਜੀ ਦੀਆਂ ਚੰਦਨ ਖੜਾਵਾਂ ਵੀ ਹਨ। ਇਸ ਤਖ਼ਤ ਸਾਹਿਬ 'ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਉਹ ਬੀੜ ਸੁਸ਼ੋਭਿਤ ਹੈ, ਜਿਸ 'ਤੇ ਗੁਰੂ ਗੋਬਿੰਦ ਸਿੰਘ ਜੀ ਦੇ ਦਸਤਖ਼ਤ ਹਨ। ਮਾਤਾ ਸੁੰਦਰ ਕੌਰ ਦੇ ਹੁਕਮਨਾਮਿਆਂ ਦੀ ਜਿਲਦ ਵੀ ਸੰਭਾਲ ਕੇ ਰੱਖੀ ਹੋਈ ਹੈ। ਗੁਰਦੁਆਰਾ ਸਾਹਿਬ ਵਿਖੇ ਹਰ ਸਮੇਂ ਕੀਰਤਨ ਦਾ ਪ੍ਰਵਾਹ ਚਲਦਾ ਹੈ। ਸੰਗਤਾਂ ਵੱਡੀ ਗਿਣਤੀ 'ਚ ਇਸ ਅਸਥਾਨ ਦੇ ਦਰਸ਼ਨ ਕਰਦੀਆਂ ਹਨ। ਇਸ ਅਸਥਾਨ ਦੇ ਨਾਲ ਮਾਤਾ ਗੁਜਰੀ ਵਲੋਂ ਲਗਾਇਆ ਖੂਹ ਵੀ ਮੌਜੂਦ ਹੈ। ਇਹ ਅਸਥਾਨ ਸਾਲਸਰਾਏ ਜੌਹਰੀ ਦਾ ਘਰ ਸੀ, ਜੋ ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਸਿੱਖੀ ਧਾਰਨ ਕਰ ਚੁੱਕਾ ਸੀ। ਇਸ ਘਰ ਵਿਚ ਹੀ ਬਾਲ ਗੋਬਿੰਦ ਰਾਏ ਦਾ ਜਨਮ ਹੋਇਆ।
ਗੁਰਦੁਆਰਾ ਮੈਨੀ ਸੰਗਤ ਬਾਲ ਲੀਲਾ
ਗੁਰਦੁਆਰਾ ਮੈਨੀ ਸੰਗਤ ਬਾਲ ਲੀਲ੍ਹਾ ਜੋ ਗੁਰਦੁਆਰਾ ਤਖ਼ਤ ਸਾਹਿਬ ਦੇ ਕੋਲਵਾਰ ਦੀ ਗਲੀ ਵਿਚ ਹੈ, ਇਸ ਅਸਥਾਨ 'ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜਿਸ ਨੂੰ ਬਾਲਾ ਪ੍ਰੀਤਮ ਆਖ ਕੇ ਫਤਿਹ ਚੰਦ ਦੀ ਰਾਣੀ ਵਲੋਂ ਸਤਿਕਾਰ ਦਿੱਤਾ ਜਾਂਦਾ ਸੀ। ਗੁਰੂ ਜੀ ਫਤਿਹ ਚੰਦ ਦੀ ਰਾਣੀ ਨੂੰ ਇਸ ਅਸਥਾਨ 'ਤੇ ਦਰਸ਼ਨ ਦੇ ਕੇ ਨਿਹਾਲ ਕਰਦੇ ਅਤੇ ਵੱਖ-ਵੱਖ ਕੌਤਕ ਰਚਾਉਂਦੇ ਸਨ। ਰਾਜਾ ਫਤਿਹ ਚੰਦ ਆਪਣੀ ਰਾਣੀ ਸਮੇਤ ਇਥੇ ਰਹਿੰਦਾ ਸੀ, ਜਿਸ ਦੇ ਕੋਈ ਵੀ ਸੰਤਾਨ ਨਹੀਂ ਸੀ ਤੇ ਉਸ ਨੇ ਗੁਰੂ ਜੀ ਨੂੰ ਆਖਿਆ ਸੀ ਕਿ ਤੁਹਾਡੇ ਵਰਗਾ ਪੁੱਤਰ ਮੇਰੇ ਘਰ ਵੀ ਹੋਵੇ ਤਾਂ ਗੁਰੂ ਜੀ ਨੇ ਆਖਿਆ ਕਿ ਮੇਰੇ ਵਰਗਾ ਤਾਂ ਮੈਂ ਹੀ ਹੋ ਸਕਦਾ ਹਾਂ ਹੋਰ ਕੋਈ ਨਹੀਂ ਹੋ ਸਕਦਾ। ਇਹ ਆਖਦੇ ਹੋਏ ਗੁਰੂ ਜੀ ਨੇ ਰਾਣੀ ਨੂੰ ਗਲਵਕੜੀ ਪਾ ਕੇ ਆਖਿਆ, 'ਅੱਜ ਤੋਂ ਮੈਂ ਹੀ ਤੁਹਾਡਾ ਪੁੱਤਰ ਹੋਵਾਂਗਾ।' ਇਸ ਅਸਥਾਨ 'ਤੇ ਛੋਲਿਆਂ ਅਤੇ ਘੁੰਗਣੀਆਂ ਦਾ ਪ੍ਰਸ਼ਾਦ ਵੰਡਿਆ ਜਾਂਦਾ ਹੈ। ਭਾਵੇਂ ਗੁਰਦੁਆਰਾ ਸਾਹਿਬ ਦੀ ਇਮਾਰਤ ਬੇਹੱਦ ਸੁੰਦਰ ਬਣ ਗਈ ਹੈ ਪਰ ਅੰਦਰਲਾ ਰਾਜੇ ਦੇ ਮਹਿਲਾਂ ਵਾਲਾ ਹਿੱਸਾ ਉਸੇ ਤਰ੍ਹਾਂ ਸੁਰੱਖਿਅਤ ਪਿਆ ਹੈ।
ਗੁਰਦੁਆਰਾ ਗਊਘਾਟ ਪਟਨਾ ਸਾਹਿਬ
ਗੁਰਦੁਆਰਾ ਗਊਘਾਟ ਪਟਨਾ ਸਾਹਿਬ ਨੂੰ ਸ੍ਰੀ ਗੁਰੂ ਨਾਨਕ ਦੇਵ ਅਤੇ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਚਰਨਾਂ ਦੀ ਛੋਹ ਪ੍ਰਾਪਤ ਹੈ। ਇਸ ਅਸਥਾਨ 'ਤੇ ਸ੍ਰੀ ਗੁਰੂ ਨਾਨਕ ਦੇਵ ਜੀ ਜਿਸ ਸਮੇਂ ਆਏ, ਉਸ ਸਮੇਂ ਉਨ੍ਹਾਂ ਦਾ ਮੇਲ ਬਾਬਾ ਜੈਤਾ ਮੱਲ ਨਾਲ ਹੋਇਆ ਅਤੇ ਇਹ ਅਸਥਾਨ ਪਿੰਡ ਬਿਸ਼ੰਭਰਪੁਰ ਦੇ ਨਾਂਅ ਨਾਲ ਜਾਣਿਆ ਜਾਂਦਾ ਸੀ। ਇਤਿਹਾਸਕਾਰ ਦੱਸਦੇ ਹਨ ਕਿ ਭਗਤ ਜੈਤਾ ਮੱਲ ਨੇ ਗੁਰੂ ਜੀ ਪਾਸ ਬੇਨਤੀ ਕੀਤੀ ਸੀ ਕਿ ਉਨ੍ਹਾਂ ਦੀ ਮੁਕਤੀ ਕਰ ਦਿਓ, ਇਸ ਅਵਸਥਾ ਵਿਚ ਗੰਗਾ ਜੀ 'ਤੇ ਜਾ ਕੇ ਇਸ਼ਨਾਨ ਕਰਨਾ ਮੁਸ਼ਕਲ ਹੋ ਗਿਆ ਹੈ। ਗੁਰੂ ਨਾਨਕ ਦੇਵ ਜੀ ਨੇ ਉਨ੍ਹਾਂ ਨੂੰ ਆਖਿਆ ਕਿ ਅਜੇ ਤੁਹਾਡੀ ਮੁਕਤੀ ਦਾ ਸਮਾਂ ਨਹੀਂ ਆਇਆ। ਸ੍ਰੀ ਗੁਰੂ ਤੇਗ਼ ਬਹਾਦਰ ਜੀ ਪਰਿਵਾਰ ਅਤੇ ਸੰਗਤਾਂ ਸਮੇਤ ਭਗਤ ਜੈਤਾ ਮੱਲ ਦੇ ਘਰ ਆਏ ਅਤੇ ਉਸ ਦੇ ਲੱਕੜ ਦੀ ਖੁੰਡੀ ਗੱਡ ਕੇ ਘੋੜਾ ਬੰਨ੍ਹਿਆ, ਜੋ ਦਰਖੱਤ ਦਾ ਰੂਪ ਧਾਰ ਗਿਆ। ਉਹ ਦਰੱਖਤ ਅਜੇ ਵੀ ਮੌਜੂਦ ਹੈ। ਇਸ ਅਸਥਾਨ 'ਤੇ ਮਾਤਾ ਗੁਜਰੀ ਜੀ ਦੀ ਚੱਕੀ ਅਤੇ ਗੁਰੂ ਜੀ ਦੇ ਸਮੇਂ ਦੇ ਥੰਮ੍ਹ ਵੀ ਮੌਜੂਦ ਹਨ, ਜਿਸ ਨੂੰ ਥੰਮ੍ਹ ਸਾਹਿਬ ਕਿਹਾ ਜਾਂਦਾ ਹੈ। ਸ੍ਰੀ ਗੁਰੂ ਤੇਗ਼ ਬਹਾਦਰ ਜੀ ਨੇ ਭਗਤ ਜੈਤਾ ਮੱਲ ਦਾ ਉਧਾਰ ਕੀਤਾ ਅਤੇ ਉਨ੍ਹਾਂ ਦਾ ਸਸਕਾਰ ਆਪਣੇ ਹੱਥੀਂ ਕਰਵਾ ਕੇ ਪੁਰਾਣੇ ਘਰ ਨੂੰ ਨਵੇਂ ਸਿਰਿਓਂ ਬਣਾਇਆ।
ਗੁਰਦੁਆਰਾ ਗੁਰੂ ਕਾ ਬਾਗ
ਗੁਰਦੁਆਰਾ ਗੁਰੂ ਕਾ ਬਾਗ ਗੁਰਦੁਆਰਾ ਜਨਮ ਅਸਥਾਨ ਤੋਂ 4 ਕਿਲੋਮੀਟਰ ਦੀ ਦੂਰੀ 'ਤੇ ਹੈ। ਇਥੇ ਪਟਨਾ ਦੇ ਕਬਰਸਤਾਨ ਦੇ ਕੋਲ ਨਵਾਬ ਰਹੀਮ ਬਖ਼ਸ਼ ਅਤੇ ਕਰੀਮ ਬਖ਼ਸ਼ ਦੋ ਭਰਾਵਾਂ ਦਾ ਇਹ ਬਾਗ ਸੀ, ਜੋ ਕਾਜ਼ੀਆਂ ਨੇ ਸ੍ਰੀ ਗੁਰੂ ਤੇਗ਼ ਬਹਾਦਰ ਜੀ ਨੂੰ ਭੇਟ ਕਰ ਦਿੱਤਾ। ਜਦੋਂ ਪਟਨਾ ਸਾਹਿਬ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਵਤਾਰ ਧਾਰਿਆ ਤਾਂ ਗੁਰੂ ਤੇਗ਼ ਬਹਾਦਰ ਜੀ ਨੂੰ ਜਦੋਂ ਪੁੱਤਰ ਦੇ ਜਨਮ ਦੀ ਖ਼ਬਰ ਮਿਲੀ ਤਾਂ ਗੁਰੂ ਜੀ ਨੇ ਇਸ ਬਾਗ ਵਿਚ ਡੇਰਾ ਲਗਾਇਆ ਹੋਇਆ ਸੀ। ਇਥੇ ਰਹਿੰਦਿਆਂ ਗੁਰੂ ਜੀ ਵਲੋਂ ਬਾਗ ਦੀ ਸੰਭਾਲ ਕਰਦਿਆਂ ਬਾਗ ਹਰਾ-ਭਰਾ ਹੋ ਗਿਆ। ਇਸ ਅਸਥਾਨ 'ਤੇ ਹੀ ਗੁਰੂ ਜੀ ਦੇ ਸਮੇਂ ਦਾ ਖੂਹ ਬਣਿਆ ਹੋਇਆ ਹੈ। ਇਸ ਅਸਥਾਨ 'ਤੇ ਇਮਲੀ ਦੀ ਡਾਲੀ, ਜਿਥੇ ਗੁਰੂ ਜੀ ਬਿਰਾਜਮਾਨ ਹੋਏ ਨਿੰਮ ਦਾ ਰੁੱਖ ਵੀ ਮੌਜੂਦ ਹੈ। ਵੱਡੀ ਗਿਣਤੀ ਵਿਚ ਇਥੇ ਹਾਲੇ ਵੀ ਕਾਫੀ ਫਲਦਾਰ ਦਰਖਤ ਲੱਗੇ ਹੋਏ ਹਨ ਅਤੇ ਸੁੰਦਰ ਸਰੋਵਰ ਬਣਿਆ ਹੋਇਆ ਹੈ, ਜਿਥੇ ਸੰਗਤਾਂ ਇਸ਼ਨਾਨ ਕਰਦੀਆਂ ਹਨ। ਇਸ ਅਸਥਾਨ 'ਤੇ ਨਿਹੰਗ ਜਥੇਬੰਦੀ ਸੇਵਾ ਸੰਭਾਲ ਕਰਦੀ ਹੈ।
ਗੁਰਦੁਆਰਾ ਗੋਬਿੰਦ ਘਾਟ (ਕੰਗਣ ਘਾਟ)
ਗੁਰਦੁਆਰਾ ਗੋਬਿੰਦ ਘਾਟ (ਕੰਗਣ ਘਾਟ) ਉਹ ਅਸਥਾਨ ਹੈ, ਜਿਸ ਅਸਥਾਨ 'ਤੇ ਬਾਲ ਗੋਬਿੰਦ ਰਾਏ ਨੇ ਸੋਨੇ ਦਾ ਹੀਰੇ ਜੜਿਆ ਕੰਗਣ ਗੰਗਾ ਨਦੀ ਵਿਚ ਸੁੱਟ ਦਿੱਤਾ। ਜਦੋਂ ਮਾਤਾ ਗੁਜਰ ਕੌਰ ਜੀ ਨੇ ਬਾਲ ਗੋਬਿੰਦ ਰਾਏ ਨੂੰ ਪੁੱਛਿਆ ਤਾਂ ਉਨ੍ਹਾਂ ਨੇ ਦੂਸਰਾ ਕੰਗਣ ਵੀ ਲਾਹ ਕੇ ਸੁੱਟਦਿਆਂ ਦੱਸਿਆ ਕਿ ਇਸ ਥਾਂ 'ਤੇ ਸੁੱਟਿਆ ਹੈ। ਇਸ ਅਸਥਾਨ 'ਤੇ ਵੱਡੀ ਗਿਣਤੀ 'ਚ ਸੰਗਤਾਂ ਦਰਸ਼ਨ ਕਰਦੀਆਂ ਹਨ। ਗੁਰਦੁਆਰਾ ਸਾਹਿਬ ਦੀ ਪੁਰਾਣੀ ਇਮਾਰਤ ਤੋਂ ਬਾਅਦ ਨਵੀਂ ਇਮਾਰਤ ਦੀ ਉਸਾਰੀ ਸ਼ੁਰੂ ਕੀਤੀ ਗਈ ਹੈ।
ਗੁਰਦੁਆਰਾ ਹਾਂਡੀ ਸਾਹਿਬ
ਇਹ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ ਯਾਦ 'ਚ ਬਣਾਇਆ ਗਿਆ ਹੈ। ਜਦੋਂ ਬਾਲ ਗੋਬਿੰਦ ਰਾਏ 1728 ਬਿਕਰਮੀ ਨੂੰ ਪਟਨਾ ਸਾਹਿਬ ਤੋਂ ਮਾਤਾ ਗੁਜਰੀ ਅਤੇ ਹੋਰ ਪਰਿਵਾਰਕ ਮੈਂਬਰਾਂ ਸਮੇਤ ਸ੍ਰੀ ਅਨੰਦਪੁਰ ਸਾਹਿਬ ਲਈ ਤੁਰੇ ਤਾਂ ਦਾਨਾਪੁਰ ਦੀਆਂ ਸੰਗਤਾਂ ਵਲੋਂ ਉਨ੍ਹਾਂ ਦਾ ਸਵਾਗਤ ਕੀਤਾ ਗਿਆ। ਇਸ ਪਿੰਡ ਬਿਰਧ ਮਾਤਾ ਜਸ਼ਨੀ ਰਹਿੰਦੀ ਸੀ, ਜੋ ਖਿਚੜੀ ਦੀ ਹਾਂਡੀ ਤਿਆਰ ਕਰਕੇ ਗੁਰੂ ਜੀ ਅੱਗੇ ਆਈ ਅਤੇ ਛਕਣ ਲਈ ਬੇਨਤੀ ਕੀਤੀ। ਬਾਲ ਗੋਬਿੰਦ ਰਾਏ ਨੇ ਮਾਤਾ ਜੀ ਵਲੋਂ ਤਿਆਰ ਕੀਤੀ ਖਿਚੜੀ ਨੂੰ ਛਕਿਆ ਅਤੇ ਬੇਹੱਦ ਪ੍ਰਸੰਨ ਹੋਏ। ਇਸ ਅਸਥਾਨ 'ਤੇ ਹੁਣ ਵੀ ਖਿਚੜੀ ਦਾ ਲੰਗਰ ਚਲਦਾ ਹੈ।
ਗੁਰਦੁਆਰਾ ਸੋਨਾਰ ਟੋਲੀ
ਗੁਰਦੁਆਰਾ ਸੋਨਾਰ ਟੋਲੀ ਉਹ ਅਸਥਾਨ ਹੈ, ਜਿਸ ਅਸਥਾਨ 'ਤੇ ਸ੍ਰੀ ਗੁਰੂ ਨਾਨਕ ਦੇਵ ਜੀ ਆਪਣੀ ਉਦਾਸੀ ਸਮੇਂ ਆਏ ਅਤੇ ਇਸ ਅਸਥਾਨ 'ਤੇ ਮਰਦਾਨਾ ਜੀ ਨੂੰ ਇਕ ਹੀਰਾ ਰੂਪੀ ਪੱਥਰ ਦਿੱਤਾ, ਜਿਸ ਦੀ ਪਰਖ ਜੌਹਰੀ ਸਾਲਸ ਰਾਏ ਜੋਹਰੀ ਨੇ ਕੀਤੀ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸਿੱਖ ਬਣ ਗਿਆ। ਉਸ ਨੇ ਆਪਣੀ ਹਵੇਲੀ ਗੁਰੂ ਜੀ ਨੂੰ ਧਰਮ ਪ੍ਰਚਾਰ ਵਾਸਤੇ ਧਰਮਸ਼ਾਲਾ ਬਣਵਾ ਕੇ ਦੇ ਦਿੱਤੀ। ਸਾਲਸ ਰਾਏ ਨੇ ਆਪਣੇ ਘਰ ਬੁਲਾ ਕੇ ਗੁਰੂ ਜੀ ਨੂੰ ਲੰਗਰ ਛਕਵਾਇਆ।


-ਬੰਗਾ। ਮੋਬਾ: 98157-09234ਕੈਪਸ਼ਨਾਂ

ਬਸੰਤ ਰੁੱਤ ਦਾ ਪ੍ਰਸਿੱਧ ਮੌਸਮੀ ਰਾਗ 'ਰਾਗੁ ਬਸੰਤੁ'

ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿਚ ਦਰਜ 31 ਸ਼ੁੱਧ ਰਾਗਾਂ ਵਿਚੋਂ 25ਵੇਂ ਸਥਾਨ ਦੀ ਬਖਸ਼ਿਸ਼ ਨੂੰ ਪ੍ਰਾਪਤ 'ਰਾਗੁ ਬਸੰਤੁ' ਅਜਿਹਾ ਪ੍ਰਸਿੱਧ ਮੌਸਮੀ ਤੇ ਸ਼੍ਰੋਮਣੀ ਰਾਗ ਹੈ, ਜਿਸ ਦੀਆਂ ਮਨਮੋਹਣੀਆਂ, ਸੁਰੀਲੀਆਂ, ਸੁਰਾਵਲੀਆਂ ਵਿਚ ਪਵਿੱਤਰ ਗੁਰਬਾਣੀ ਦਾ ਸ਼ਬਦ ਕੀਰਤਨ ਸਿੱਖੀ ਦੇ ਮਹਾਨ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹਰ ਸਾਲ ਪੋਹ ਮਹੀਨੇ ਦੀ ਅਖੀਰਲੀ ਰਾਤ ਤੋਂ ਮਰਿਆਦਾ ਅਨੁਸਾਰ ਆਰੰਭ ਹੋ ਕੇ ਹੋਲਾ-ਮਹੱਲਾ ਦੇ ਪਵਿੱਤਰ ਦਿਹਾੜੇ ਦੀ 'ਆਸਾ ਕੀ ਵਾਰ' ਦੀ ਸ਼ਬਦ ਕੀਰਤਨ ਚੌਕੀ ਤੱਕ ਬਹੁਤ ਸ਼ਰਧਾ ਭਾਵਨਾ ਤੇ ਪੂਰੇ ਉਤਸ਼ਾਹ ਨਾਲ ਕੀਤਾ ਜਾਂਦਾ ਹੈ।
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ (ਸ੍ਰੀ ਅੰਮ੍ਰਿਤਸਰ) ਦੇ ਸਾਬਕਾ ਮੁੱਖ ਗ੍ਰੰਥੀ ਤੇ ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਗਿਆਨੀ ਕਿਰਪਾਲ ਸਿੰਘ ਸ਼੍ਰੋ: ਗੁ: ਪ੍ਰਬੰਧਕ ਕਮੇਟੀ (ਸ੍ਰੀ ਅੰਮ੍ਰਿਤਸਰ) ਦੁਆਰਾ ਆਪਣੀ ਪ੍ਰਕਾਸ਼ਿਤ ਪੁਸਤਕ 'ਸ੍ਰੀ ਹਰਿਮੰਦਰ ਸਾਹਿਬ ਦਾ ਸੁਨਹਿਰੀ ਇਤਿਹਾਸ' ਦੇ ਪੰਨਾ 237 'ਤੇ ਰਾਗੁ ਬਸੰਤੁ ਸਬੰਧੀ ਲਿਖਦੇ ਹਨ, 'ਸ੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਬਸੰਤ ਰਾਗ ਗਾਉਣ ਦੀ ਪੁਰਾਤਨ ਸਮੇਂ ਤੋਂ ਜੋ ਮਰਿਆਦਾ ਚਲੀ ਆਉਂਦੀ ਹੈ, ਉਹ ਹੋਰ ਕਿਸੇ ਅਸਥਾਨ 'ਤੇ ਨਹੀਂ। ਜਦੋਂ ਬਸੰਤ ਰਾਗ ਸਬੰਧੀ ਵਿਦਵਾਨਾਂ 'ਚ ਚਰਚਾ ਚਲਦੀ ਹੈ ਤਾਂ ਬਸੰਤ ਰਾਗ ਤੇ ਬਸੰਤ ਰੁੱਤ ਦੀ ਸਮਾਨਤਾ ਦਾ ਜ਼ਿਕਰ ਨਾਂਅ ਦਾ ਇਕੋ ਜਿਹੇ ਹੋਣ ਦੇ ਨਾਲ-ਨਾਲ ਪ੍ਰਕ੍ਰਿਤਕ ਤੌਰ 'ਤੇ ਬਸੰਤ ਰਾਗ ਤੇ ਬਸੰਤ ਰੁੱਤ ਦੀ ਵਿਰਾਸਤੀ ਸਾਂਝ (ਸੁਭਾਅ ਦੀ), ਨਿਰਧਾਰਤ ਰਾਗੁ ਬਸੰਤੁ ਵਿਚ ਸ਼ਬਦ ਗਾਇਨ ਉਪਰੰਤ 'ਬਸੰਤ ਕੀ ਵਾਰ' ਦੇ ਚਾਰ ਮਾਤਰਿਆਂ ਦੀ ਖੁੱਲ੍ਹੇ ਬੋਲਾਂ ਵਾਲੀ ਪਉੜੀ ਤਾਲ 'ਚ ਗਾਇਨ ਕਰਨ ਤੋਂ ਇਲਾਵਾ ਜਿਥੇ ਦੇਸ਼ ਦੇ ਚੋਟੀ ਦੇ ਚਿੱਤਰਕਾਰਾਂ ਨੇ ਬਸੰਤ ਰਾਗ ਦਾ ਅਤਿ ਸੁੰਦਰ ਚਿੱਤਰ ਤਿਆਰ ਕਰਕੇ ਆਪਣੀ ਕਲਾਤਮਿਕ ਭਾਵਨਾ ਨੂੰ ਪ੍ਰਗਟ ਕੀਤਾ ਹੈ, ਉਥੇ ਬਸੰਤ ਦਾ ਸਬੰਧ ਪੀਲੇ ਰੰਗ ਦੇ ਨਾਲ ਹੋਣਾ, ਖੇਤਾਂ 'ਚ ਆਈ ਹਰਿਆਲੀ, ਇਸ ਮੌਸਮੀ ਬਦਲਾਅ ਨੂੰ ਮਹਿਸੂਸ ਕਰਦਿਆਂ 'ਆਈ ਬਸੰਤ ਪਾਲਾ ਉਡੰਤ' ਦੀ ਰਾਇ ਆਮ ਲੋਕਾਂ ਵਲੋਂ ਪ੍ਰਗਟ ਕਰਨੀ ਅਤੇ ਹਿੰਦੁਸਤਾਨੀ ਤਾਲ ਵਾਦਨ ਪਰੰਪਰਾ 'ਚ ਜਿਥੇ ਬਾਕਾਇਦਾ 'ਬਸੰਤ ਤਾਲ' ਦਾ ਜ਼ਿਕਰ ਹੁੰਦਾ ਹੈ, ਉਥੇ ਮਹਾਨ ਗੁਰਮਤਿ ਸੰਗੀਤ ਤੇ ਹਿੰਦੁਸਤਾਨੀ ਸ਼ਾਸਤਰੀ ਸੰਗੀਤ ਦੀ ਪਰੰਪਰਾ ਵਿਚ ਬਸੰਤ ਰਾਗ ਦੇ ਸੁਰਾਤਮਕ ਤਕਨੀਕ ਪੱਖੋਂ ਚਾਰ ਸੰਗੀਤਕ ਸਰੂਪ, ਜਿਨ੍ਹਾਂ 'ਚ (1) ਪੂਰਵੀ ਅੰਗ ਦਾ ਬਸੰਤ, (2) ਬਿਲਾਵਲ ਅੰਗ ਦਾ ਬਸੰਤ, (3) ਮਾਰਵਾ ਅੰਗ ਦਾ ਬਸੰਤ, (4) ਕਲਿਆਣ ਅੰਗ ਦਾ ਬਸੰਤ ਸੰਗੀਤਕ ਖੇਤਰ 'ਚ ਬਾਖੂਬੀ ਜਾਣੇ ਜਾਂਦੇ ਹਨ। ਇਸ ਤੋਂ ਇਲਾਵਾ ਰਾਗ-ਰਾਗਣੀ ਵਰਗੀਕਰਨ ਦੇ ਅੰਤਰਗਤ ਬਸੰਤ ਰਾਗ ਨੂੰ ਜਿਥੇ ਇਕ ਪੁਰਸ਼ ਰਾਗ ਵਜੋਂ ਮਾਨਤਾ ਦਿੱਤੀ ਜਾਂਦੀ ਰਹੀ ਹੈ, ਉਥੇ ਪਟਨਾ ਦੇ 'ਮੁਹੰਮਦ ਰਜ਼ਾ' ਨੇ 'ਨਾਗਮਾਤੇ ਆਸਫ਼ੀ 1813 ਈ: ਵਿਚ ਬਸੰਤ ਰਾਗ ਨੂੰ ਹਿੰਡੋਲ ਰਾਗ ਦੀ ਰਾਗਣੀ ਮੰਨਿਆ ਹੈ।
ਅਹਿਮ ਗੱਲ ਇਹ ਵੀ ਹੈ ਕਿ ਗੁਰਮਤਿ ਸੰਗੀਤ ਦੀ ਮਹਾਨ ਵਿਰਾਸਤ ਵਿਚ ਬਸੰਤ ਰਾਗ ਦੀਆਂ ਜਿਥੇ ਇਕ-ਇਕ ਸ਼ਬਦ ਦੀਆਂ ਅਨੇਕਾਂ ਬੰਦਸ਼ਾਂ ਨੂੰ ਸੁਰਲਿਪੀਬੱਧ ਕਰਨ ਦੇ ਨਾਲ-ਨਾਲ ਵੱਖ-ਵੱਖ ਸੰਗੀਤ ਵਿਦਵਾਨਾਂ ਵਲੋਂ ਸ਼ਲਾਘਾਯੋਗ ਉਪਰਾਲੇ ਕਰਕੇ ਕੀਮਤੀ ਤੇ ਸੁੰਦਰ ਬੰਦਿਸ਼ਾਂ ਦਾ ਸੰਗ੍ਰਹਿ ਪੁਸਤਕਾਂ ਦੇ ਰੂਪ ਵਿਚ ਪ੍ਰਕਾਸ਼ਿਤ ਕਰਕੇ ਵੀ ਗੁਰਬਾਣੀ ਸੰਗੀਤ ਦਾ ਪ੍ਰਚਾਰ ਸਮੁੱਚੀ ਮਾਨਵਤਾ ਦੇ ਭਲੇ ਲਈ ਕੀਤਾ ਜਾ ਰਿਹਾ ਹੈ, ਉਥੇ ਸਿੱਖੀ ਦੇ ਮਹਾਨ ਕੇਂਦਰ ਸ੍ਰੀ ਹਰਿਮੰਦਰ ਸਾਹਿਬ (ਸ੍ਰੀ ਅੰਮ੍ਰਿਤਸਰ) ਵਿਖੇ ਪੁਰਾਤਨ ਸਮੇਂ ਤੋਂ ਹੀ ਗੁਰੂ ਦਰਬਾਰ ਦੇ ਸਤਿਕਾਰਯੋਗ ਰਬਾਬੀਏ ਤੇ ਰਾਗੀ ਪਵਿੱਤਰ ਗੁਰਬਾਣੀ ਨੂੰ ਵੱਖ-ਵੱਖ ਤਾਲਾਂ 'ਚ ਤਾਲਬੱਧ ਕਰਕੇ ਹਾਜ਼ਰੀ ਲਗਵਾਉਂਦੇ ਆ ਰਹੇ ਹਨ, ਕਰ ਰਹੇ ਹਨ ਤੇ ਸੱਚੇ ਪਾਤਸ਼ਾਹ ਜੀ ਦੀ ਰਹਿਮਤ ਸਦਕਾ ਸਦਾ ਕਰਦੇ ਰਹਿਣਗੇ।
ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਅੰਗ 1168 ਤੋਂ ਆਰੰਭ ਹੋ ਕੇ ਅੰਗ 1196 ਤੱਕ ਰਾਗ ਬਸੰਤ ਵਿਚ ਦਰਜ ਗੁਰਬਾਣੀ ਅਨੁਸਾਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 13, ਸ੍ਰੀ ਗੁਰੂ ਅਮਰਦਾਸ ਜੀ ਦੇ 19, ਸ੍ਰੀ ਗੁਰੂ ਰਾਮਦਾਸ ਜੀ ਦੇ 2 ਤੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ 20 ਸ਼ਬਦ ਜਦਕਿ 'ਰਾਗੁ ਬਸੰਤ ਹਿੰਡੋਲੁ' ਵਿਚ ਪਹਿਲੇ ਪਾਤਿਸ਼ਾਹ ਦੇ 5, ਤੀਜੇ ਪਾਤਿਸ਼ਾਹ ਦਾ ਇਕ, ਚੌਥੇ ਪਾਤਿਸ਼ਾਹ ਦੇ 6, ਪੰਜਵੇਂ ਪਾਤਿਸ਼ਾਹ ਦੇ 3 ਅਤੇ 5 ਸ਼ਬਦ ਨੌਵੇਂ ਪਾਤਿਸ਼ਾਹ ਦੇ ਦਰਜ ਹਨ। ਅੰਗ 1193 'ਤੇ 'ਬਸੰਤ ਕੀ ਵਾਰ ਮਹਲੁ ੫' ਦਰਜ ਹੈ, ਜਿਸ ਦੀਆਂ ਤਿੰਨ ਪਉੜੀਆਂ ਹਨ। ਅੰਗ 1193 ਤੋਂ 1196 ਤੱਕ ਭਗਤ ਬਾਣੀ ਦਰਜ ਹੈ, ਜਿਸ ਵਿਚ ਭਗਤ ਕਬੀਰ ਜੀ ਦੇ 7, ਭਗਤ ਰਾਮਾਨੰਦ ਜੀ ਦਾ ਇਕ, ਭਗਤ ਰਵਿਦਾਸ ਜੀ ਦਾ ਇਕ ਤੇ ਭਗਤ ਨਾਮਦੇਉ ਜੀ ਦੇ 3 ਸ਼ਬਦ ਹਨ ਜਦਕਿ 'ਰਾਗੁ ਬਸੰਤੁ ਹਿੰਡੋਲੁ' ਵਿਚ ਭਗਤ ਕਬੀਰ ਜੀ ਦਾ ਇਕ ਸ਼ਬਦ ਦਰਜ ਹੈ।
ਉਂਜ ਤਾਂ ਬਸੰਤ ਰੁੱਤ ਦੌਰਾਨ ਸਾਰੇ ਇਤਿਹਾਸਕ ਗੁਰੂ-ਘਰਾਂ 'ਚ ਬਸੰਤ ਰਾਗ ਦੀਆਂ ਸੁਰਾਵਲੀਆਂ ਵਿਚ ਸ਼ਬਦ ਕੀਰਤਨ ਹੁੰਦਾ ਹੀ ਹੈ ਪਰ ਸ੍ਰੀ ਦਰਬਾਰ ਸਾਹਿਬ (ਸ੍ਰੀ ਅੰਮ੍ਰਿਤਸਰ) ਵਿਚ ਇਕ ਵਿਸ਼ੇਸ਼ ਮਰਿਆਦਾ ਹੈ। ਪੋਹ ਮਹੀਨੇ ਦੀ ਅਖੀਰਲੀ ਰਾਤ ਕਰੀਬ ਪੌਣੇ ਕੁ ਨੌਂ ਵਜੇ ਸ੍ਰੀ ਹਰਿਮੰਦਰ ਸਾਹਿਬ ਅੰਦਰ ਹੋ ਰਹੇ ਸ਼ਬਦ ਕੀਰਤਨ ਦੌਰਾਨ ਉਚੇਚੇ ਤੌਰ 'ਤੇ ਹਾਜ਼ਰ ਹਜ਼ੂਰੀ ਰਾਗੀ ਜਥਾ ਸ੍ਰੀ 'ਅਨੰਦੁ' ਸਾਹਿਬ ਦੀਆਂ 6 ਪਉੜੀਆਂ ਦਾ ਕੀਰਤਨ ਕਰਦਾ ਹੈ, ਉਪਰੰਤ ਰਾਗ ਬਸੰਤ ਵਿਚ ਸ਼ਬਦ ਕੀਰਤਨ ਦੀ ਆਰੰਭਤਾ ਵਾਸਤੇ ਅਰਦਾਸ ਹੋਣ ਤੋਂ ਬਾਅਦ ਰਾਗੀ ਜਥਾ 'ਮਾਹਾ ਮਾਹ ਮੁਮਾਰਖੀ ਚੜਿਆ ਸਦਾ ਬਸੰਤੁ' ਦਾ ਗਾਇਨ ਬਾਕਾਇਦਾ ਨਿਰਧਾਰਤ ਰਾਗ ਵਿਚ ਹੀ ਕਰਦਾ ਹੈ। ਇਸ ਤਰ੍ਹਾਂ 'ਆਸਾ ਕੀ ਵਾਰ' ਕੀਰਤਨ ਚੌਕੀ ਵਿਚ ਤੇ ਬਾਕੀ ਸਾਰੀਆਂ (ਆਰਤੀ ਦੀ ਚੌਕੀ ਨੂੰ ਛੱਡ ਕੇ) ਕੀਰਤਨ ਚੌਕੀਆਂ ਦੇ ਆਰੰਭ ਤੇ ਭੋਗ ਸਮੇਂ ਬਸੰਤ ਰਾਗ ਦੀਆਂ ਸੁਰਾਂ ਵਿਚ ਸ਼ਬਦ ਗਾਇਨ ਕੀਤਾ ਜਾਂਦਾ ਹੈ।
ਹਰ ਕੀਰਤਨ ਚੌਕੀ ਦੀ ਸਮਾਪਤੀ ਸਮੇਂ ਸਹਾਇਕ ਰਾਗੀ ਸਿੰਘ ਪਹਿਲੇ ਪਾਤਸ਼ਾਹ ਦਾ ਰਚਿਤ ਸਲੋਕੁ 'ਨਾ ਮੈਲਾ ਨਾ ਧੁੰਧਲਾ ਨਾ ਭਗਵਾ ਨਾ ਕਚੁ॥' (ਅੰਗ 1089) ਦਾ ਗਾਇਨ ਤਾਲ ਰਹਿਤ ਕਰਨ ਉਪਰੰਤ ਰਾਗੀ ਜਥਾ ਸਮੂਹਿਕ ਤੌਰ 'ਤੇ ਬਸੰਤ ਕੀ ਵਾਰ ਦੀ ਤੀਜੀ ਪਉੜੀ 'ਕਿਥਹੁ ਉਪਜੈ ਕਹ ਰਹੈ ਕਹ ਮਾਹਿ ਸਮਾਵੈ॥' ਦਾ ਗਾਇਨ ਤਾਲ ਸਹਿਤ ਕਰਦਾ ਹੈ ਤੇ ਫਿਰ ਸਹਾਇਕ ਰਾਗੀ ਸਿੰਘ ਦੁਬਾਰਾ ਤਾਲ ਰਹਿਤ ਗਾਇਨ ਕਰਦਾ ਹੈ। ਉਪਰੰਤ ਸ੍ਰੀ 'ਜਪੁ' ਜੀ ਸਾਹਿਬ ਦਾ ਸਲੋਕੁ 'ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ'' ਦਾ ਗਾਇਨ ਵੀ ਬਸੰਤ ਰਾਗ ਦੀਆਂ ਸੁਰਾਵਲੀਆਂ 'ਚ ਕਰਕੇ ਚੌਕੀ ਦੀ ਸਮਾਪਤੀ ਲਈ ਫ਼ਤਹਿ ਬੁਲਾਈ ਜਾਂਦੀ ਹੈ। ਹੋਲਾ ਮਹੱਲਾ ਦੇ ਦਿਹਾੜੇ ਦੀ 'ਆਸਾ ਕੀ ਵਾਰ' ਕੀਰਤਨ ਚੌਕੀ ਦਾ ਉਚੇਚੇ ਤੌਰ 'ਤੇ ਅਰਦਾਸੀਆ ਸਿੰਘ ਬਸੰਤ ਰਾਗ ਦੇ ਸ਼ਬਦ ਗਾਇਨ ਦੀ ਸਮਾਪਤੀ ਲਈ ਅਰਦਾਸ ਬੇਨਤੀ ਕਰਦਾ ਹੈ। ਉਪਰੰਤ ਰੋਜ਼ਾਨਾ ਪ੍ਰਚੱਲਤ ਰਾਗਾਂ 'ਚ ਸ਼ਬਦ ਕੀਰਤਨ ਆਰੰਭ ਹੋ ਜਾਂਦਾ ਹੈ।


-ਪਿੰਡ ਤੇ ਡਾਕ: ਨਗਰ, ਤਹਿ: ਫਿਲੌਰ, ਜ਼ਿਲ੍ਹਾ ਜਲੰਧਰ-144410. ਮੋਬਾ: 98789-24026

ਭਗਤ ਨਾਮਦੇਵ ਜੀ : ਜੀਵਨ ਤੇ ਸੰਘਰਸ਼

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ 15 ਭਗਤਾਂ ਦੀ ਬਾਣੀ ਦਰਜ ਹੈ। ਇਨ੍ਹਾਂ 15 ਭਗਤਾਂ ਨੇ ਭਾਰਤ ਦੀ ਪਰੰਪਰਾਗਤ ਵਿਚਾਰਧਾਰਾ ਅਤੇ ਭਾਰਤ ਦੀ ਵਿਗੜੀ ਹੋਈ ਧਾਰਮਿਕ/ਸਮਾਜਿਕ ਸਥਿਤੀ ਵਿਚ ਪਰਿਵਰਤਨ ਲਿਆਉਣ ਲਈ ਇਕ ਪਰਮਾਤਮਾ ਦੀ ਪੂਜਾ ਦਾ ਸੰਦੇਸ਼ ਦਿੱਤਾ। ਭਗਤ ਨਾਮਦੇਵ ਇਨ੍ਹਾਂ 15 ਭਗਤਾਂ ਵਿਚੋਂ ਇਕ ਸਨ। ਭਗਤ ਨਾਮਦੇਵ ਦਾ ਜਨਮ 26 ਅਕਤੂਬਰ, 1270 ਈ: ਨੂੰ ਮਹਾਰਾਸ਼ਟਰ ਦੇ ਵਰਤਮਾਨ ਸਮੇਂ ਜ਼ਿਲ੍ਹਾ ਹਿੰਗੋਲੀ ਦੇ ਪਿੰਡ ਨਰਸੀ ਵਿਖੇ ਹੋਇਆ। ਭਗਤ ਨਾਮਦੇਵ ਦੇ ਪਿਤਾ ਦਾ ਨਾਂਅ ਦਾਮਸ਼ੇਟ ਅਤੇ ਮਾਤਾ ਦਾ ਨਾਂਅ ਗੋਨਾਬਾਈ ਸੀ। ਭਗਤ ਨਾਮਦੇਵ ਦਾ ਨਾਨਕਾ ਪਿੰਡ ਕਰ ਕਲਿਆਣ ਸੀ। ਭਗਤ ਜੀ ਦੇ ਪਿਤਾ ਧਾਰਮਿਕ ਬਿਰਤੀ ਦੇ ਸਨ। ਭਗਤ ਨਾਮਦੇਵ ਬਚਪਨ ਵਿਚ ਹੀ ਇਕ ਪਰਮਾਤਮਾ ਦੀ ਸਾਧਨਾ ਵਿਚ ਲੀਨ ਹੋ ਗਏ ਸਨ। ਕੁਝ ਸਮੇਂ ਬਾਅਦ ਭਗਤ ਜੀ ਵਿਸੋਬਾ ਖੇਚਰ ਤੋਂ ਦੀਖਿਆ ਪ੍ਰਾਪਤ ਕਰਕੇ ਇਕ ਪਰਮਾਤਮਾ ਦੇ ਪ੍ਰਚਾਰ ਵਿਚ ਜੁੱਟ ਗਏ। ਭਗਤ ਨਾਮਦੇਵ ਦਾ ਵਿਆਹ 'ਪੁਰਵਾ' ਪਿੰਡ ਦੇ ਰਹਿਣ ਵਾਲੇ ਗੋਬਿੰਦ ਸੇਟ ਸਦਾਵਰਤੇ ਦੀ ਧੀ ਰਾਜਾ ਬਾਈ ਨਾਲ 11 ਸਾਲ ਦੀ ਉਮਰ ਵਿਚ ਹੋਇਆ। ਭਗਤ ਨਾਮਦੇਵ ਦੇ ਘਰ ਚਾਰ ਪੁੱਤਰਾਂ ਨਾਰਾਇਣ ਦਾਸ, ਗੋਬਿੰਦ ਦਾਸ, ਮਹਾਂਦੇਵ, ਵਿਠਲ ਦਾਸ ਤੇ ਇਕ ਧੀਅ ਲਿੰਬਾਈ ਨੇ ਜਨਮ ਲਿਆ। ਭਗਤ ਨਾਮਦੇਵ ਦੇ ਪ੍ਰਚਾਰ ਨੇ ਕਰਮਕਾਂਡੀ ਧਾਰਮਿਕ ਆਗੂਆਂ ਅਤੇ ਰਾਜਨੀਤਕ ਆਗੂਆਂ ਨੂੰ ਚਿੰਤਾ ਵਿਚ ਪਾ ਦਿੱਤਾ। ਇਹ ਧਾਰਮਿਕ ਤੇ ਰਾਜਨੀਤਕ ਆਗੂ ਭਗਤ ਜੀ ਨੂੰ ਖ਼ਤਮ ਕਰਨ ਦਾ ਯਤਨ ਕਰਨ ਲੱਗੇ। ਇਸ ਬਾਰੇ ਇਤਿਹਾਸ ਵਿਚ ਅਨੇਕ ਸਾਖੀਆਂ ਹਨ।
ਉਮਰ ਦਾ ਅੱਧ ਬੀਤ ਜਾਣ 'ਤੇ ਭਗਤ ਜੀ ਨੇ ਪ੍ਰਚਾਰ ਯਾਤਰਾਵਾਂ ਸ਼ੁਰੂ ਕੀਤੀਆਂ। ਪਹਿਲੀ ਯਾਤਰਾ ਪੰਡਰਪੁਰ ਤੋਂ ਦਵਾਰਕਾ, ਪ੍ਰਭਾਸ ਤੀਰਥ ਤੋਂ ਹੁੰਦੇ ਹੋਏ ਮਾਰਵਾੜ ਤੱਕ ਸੀ। ਇਸ ਯਾਤਰਾ ਵਿਚ ਨਾਮਦੇਵ ਜੀ ਨਾਲ ਭਗਤ ਗਿਆਨ ਦੇਵ ਵੀ ਸਨ। ਭਗਤ ਨਾਮਦੇਵ ਨੇ ਜਦ ਪੰਜਾਬ ਦੇ ਲੋਕਾਂ ਬਾਰੇ ਸੁਣਿਆਂ ਕਿ ਇਹ ਲੋਕ ਦਿਲਾਂ ਤੇ ਸੁਭਾਵਾਂ ਦੇ ਖੁੱਲ੍ਹੇ ਹੋਣ ਕਾਰਨ ਜੀਵਨ ਦੀ ਅਸਲੀਅਤ ਤੇ ਸੱਚ ਨੂੰ ਜਲਦੀ ਸਵੀਕਾਰ ਕਰ ਲੈਂਦੇ ਹਨ, ਤਾਂ ਸਿੱਖ ਧਰਮ ਲਈ ਆਧਾਰ ਭੂਮੀ ਤਿਆਰ ਕਰਨ ਅਤੇ ਮੂਰਤੀ ਪੂਜਾ ਬ੍ਰਾਹਮਣਵਾਦ ਵਿਰੁੱਧ ਪ੍ਰਚਾਰ ਕਰਨ ਲਈ ਨਾਮਦੇਵ ਜੀ ਨੇ ਪੰਜਾਬ ਦੀ ਭੂਮੀ ਨੂੰ ਚੁਣਿਆ। ਭਗਤ ਜੀ ਦੂਜੀ ਯਾਤਰਾ 'ਤੇ ਪੰਜਾਬ ਵੱਲ ਚੱਲ ਪਏ ਅਤੇ ਦਵਾਰਕਾ, ਮਾਰਵਾੜ, ਮਥਰਾ, ਹਰਿਦੁਆਰ ਤੋਂ ਹੁੰਦੇ ਹੋਏ ਪੰਜਾਬ ਵੱਲ ਆ ਗਏ। ਭਗਤ ਨਾਮਦੇਵ ਪੰਜਾਬ ਵਿਚ ਸਭ ਤੋਂ ਪਹਿਲਾਂ ਭੂਤਵਿੰਡ (ਅਜੋਕਾ ਨਾਂਅ ਰਾਮਪੁਰ) ਤਹਿਸੀਲ ਖਡੂਰ ਸਾਹਿਬ, ਜ਼ਿਲ੍ਹਾ ਤਰਨ ਤਾਰਨ ਵਿਖੇ ਰੁਕੇ। ਇੱਥੇ ਭਗਤ ਨਾਮਦੇਵ ਪੀਰ ਲਾਲ ਸ਼ਾਹ ਦੀ ਕੁੱਲੀ ਵਿਚ ਰੁਕੇ।
ਭੱਟੀਵਾਲ ਤੋਂ ਭਗਤ ਨਾਮਦੇਵ ਘੁਮਾਣ ਆ ਗਏ। ਭਾਈ ਜੱਲੋ ਨੂੰ ਭੇਜ ਕੇ ਭੂਤਵਿੰਡ ਤੋਂ ਬਹੋੜ ਦਾਸ ਨੂੰ ਘੁਮਾਣ ਬੁਲਾ ਲਿਆ। ਭਗਤ ਨਾਮਦੇਵ ਘੁਮਾਣ ਵਿਖੇ ਕੋਈ 18 ਸਾਲ ਰਹੇ। ਘੁਮਾਣ ਦੀ ਲੋਕਧਾਰਾ ਅਨੁੁਸਾਰ ਭਗਤ ਨਾਮਦੇਵ ਇਸ ਸਥਾਨ 'ਤੇ 2 ਮਾਘ, 1406 ਬਿਕਰਮੀ ਅਰਥਾਤ ਜਨਵਰੀ 1350 ਈ: ਨੂੰ ਜੋਤੀ ਜੋਤਿ ਸਮਾ ਗਏ। ਭਗਤ ਨਾਮਦੇਵ ਦੀ ਬਾਣੀ ਦੇ 61 ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹਨ। ਉਨ੍ਹਾਂ ਦੀ ਯਾਦ ਵਿਚ ਹਰ ਸਾਲ ਮਾਘੀ ਮੇਲਾ ਮਨਾਇਆ ਜਾਂਦਾ ਹੈ। ਸ੍ਰੀ ਨਾਮਦੇਵ ਦਰਬਾਰ ਕਮੇਟੀ ਘੁਮਾਣ, ਗੁਰਦੁਆਰਾ ਤਪਿਆਣਾ ਸਾਹਿਬ ਕਮੇਟੀ, ਗੁਰਦੁਆਰਾ ਨਾਮੇਆਣਾ ਸਾਹਿਬ ਕਮੇਟੀ ਭੱਟੀਵਾਲ ਤੇ ਹੋਰ ਇਲਾਕੇ ਦੀਆਂ ਜਥੇਬੰਦੀਆਂ ਵਲੋਂ 12 ਜਨਵਰੀ ਤੋਂ 17 ਜਨਵਰੀ ਤੱਕ ਘੁਮਾਣ ਵਿਖੇ ਭਗਤ ਨਾਮਦੇਵ ਦਾ ਪ੍ਰਲੋਕ ਗਮਨ ਦਿਵਸ ਬਹੁਤ ਹੀ ਸ਼ਰਧਾ ਤੇ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ। ਸ਼੍ਰੋਮਣੀ ਭਗਤ ਨਾਮਦੇਵ ਦੀ ਯਾਦ 'ਚ ਨਾਮਦੇਵ ਸਪੋਰਟਸ ਕਲੱਬ ਘੁਮਾਣ ਵਲੋਂ ਇਸ ਵਾਰ ਵੀ 41ਵਾਂ ਬਾਬਾ ਨਾਮਦੇਵ ਯਾਦਗਾਰੀ ਅੰਤਰਰਾਸ਼ਟਰੀ ਖੇਡ ਮੇਲਾ 15, 16, 17 ਜਨਵਰੀ ਨੂੰ ਘੁਮਾਣ ਦੀ ਧਰਤੀ 'ਤੇ ਕਰਵਾਇਆ ਜਾ ਰਿਹਾ ਹੈ।

-ਘੁਮਾਣ।

ਸਿਰ ਤੋਂ ਪਰ੍ਹੇ ਇਸ਼ਕ ਦਾ ਡੇਰਾ

ਪਿਆਰੇ ਭਾਈ ਸਾਹਿਬ ਸਿੰਘ ਜੀ

ਦਇਆ, ਧਰਮ, ਹਿੰਮਤ ਅਤੇ ਮੁਹਕਮਤਾਈ ਭਾਵ ਦ੍ਰਿੜ੍ਹਤਾ ਵਾਲਿਆਂ ਨੂੰ ਹੀ ਅੰਤ ਨੂੰ ਸਾਹਿਬੀ ਪ੍ਰਾਪਤ ਹੁੰਦੀ ਹੈ। ਪੰਜਾਂ ਪਿਆਰਿਆਂ ਵਿਚੋਂ ਭਾਈ ਸਾਹਿਬ ਸਿੰਘ ਪੰਜਵੇਂ ਨੰਬਰ 'ਤੇ ਸਨ, ਜਿਨ੍ਹਾਂ ਨੇ ਕਲਗੀਧਰ ਜੀ ਨੂੰ ਆਪਣਾ ਸੀਸ ਭੇਟ ਕੀਤਾ ਸੀ। ਸ੍ਰੀ ਦਸਮੇਸ਼ ਜੀ ਨੇ ਫਿਰ ਇਨ੍ਹਾਂ ਪੰਜਾਂ ਤੋਂ ਆਪ ਅੰਮ੍ਰਿਤ ਛਕਿਆ ਅਤੇ ਗੁਰੂ-ਚੇਲੇ ਦੀ ਅਭੇਦਤਾ ਬਖਸ਼ ਦਿੱਤੀ। ਆਪ ਜੀ ਨੇ ਖ਼ਾਲਸਾ ਦਾ ਪਿਛਲਾ ਜਨਮ, ਜਾਤ, ਕੁਲ, ਧਰਮ, ਕਰਮ ਮੇਟ ਕੇ ਉਸ ਨੂੰ ਸਿੰਘ ਅਤੇ ਕੌਰ ਦਾ ਇਕ ਨਾਂਅ, ਇਕ ਸਰੂਪ ਅਤੇ ਸਰਦਾਰੀ ਬਖਸ਼ ਦਿੱਤੀ। ਵੱਖੋ-ਵੱਖਰੇ ਇਲਾਕਿਆਂ, ਜਾਤਾਂ ਨਾਲ ਸਬੰਧਤ ਪੰਜ ਸਿੱਖ ਪੰਜ ਪਿਆਰੇ ਹੋ ਗਏ। ਮਹਾਰਾਜ ਜੀ ਨੇ ਇਹ ਮਹਾਨ ਕੌਤਕ ਕਰਕੇ ਬਿਨਸਨਹਾਰ ਸਰੀਰ, ਸਿਰ, ਮਨ ਦੀ ਭੇਟਾ ਲੈ ਕੇ ਅਮਿਟ, ਅਮਰ ਆਤਮਾ ਪਰਮਾਤਮਾ ਦਾ ਤੋਹਫ਼ਾ ਸਾਡੀ ਝੋਲੀ ਪਾਇਆ। ਨਾਸ਼ਮਾਨ ਦੇਹੀ ਬੇਕਾਰ ਹੈ ਪਰ ਇਸ਼ਕੇ ਹਕੀਕੀ ਦੀ ਭੇਟਾ ਕੀਤਿਆਂ ਇਹ ਸਫਲ, ਨਿਰਭੈ ਅਤੇ ਸਕਾਰਥੀ ਹੋ ਜਾਂਦੀ ਹੈ। ਸ੍ਰੀ ਦਸਮੇਸ਼ ਜੀ ਦਾ ਇਹ ਆਦਰਸ਼ਮਈ, ਸੰਪੂਰਨ, ਖ਼ਾਲਸ ਇਨਸਾਨ ਬੇਅੰਤ ਕਸ਼ਟ ਸਹਾਰ ਕੇ ਵੀ ਪ੍ਰਕਾਸ਼ ਹੀ ਪ੍ਰਕਾਸ਼ ਵੰਡਦਾ ਰਿਹਾ। ਇਸੇ ਲਈ ਮਹਾਰਾਜ ਜੀ ਨੇ ਇਸ ਨੂੰ ਸਭ ਤੋਂ ਉੱਚਾ ਰੁਤਬਾ ਬਖ਼ਸ਼ਿਆ ਅਤੇ ਇਉਂ ਪਰਿਭਾਸ਼ਿਤ ਕੀਤਾ-
ਆਤਮ ਰਸ ਜਿਹ ਜਾਨਹੀ, ਸੋ ਹੈ ਖਾਲਸ ਦੇਵ॥
ਪ੍ਰਭ ਮਹਿ ਮੋ ਮਹਿ ਤਾਸ ਮਹਿ ਰੰਚਕ ਨਾਹਨ ਭੇਵ॥ (ਸਰਬ ਲੋਹ ਗ੍ਰੰਥ)
ਭਾਈ ਸਾਹਿਬ ਚੰਦ ਜੀ ਦਾ ਜਨਮ 5 ਮੱਘਰ ਸੰਮਤ 1732 ਨੂੰ ਪਿਤਾ ਗੁਰਨਰਾਇਣ ਜੀ ਅਤੇ ਮਾਤਾ ਅਨਕੰਪਾ ਜੀ ਦੇ ਘਰ ਹੋਇਆ। ਆਪ ਬਿਦਰ ਦੇ ਰਹਿਣ ਵਾਲੇ ਸਨ ਅਤੇ ਨਾਈ ਜਾਤੀ ਨਾਲ ਸਬੰਧ ਰੱਖਦੇ ਸਨ। ਮਾਤਾ-ਪਿਤਾ ਬਹੁਤ ਧਾਰਮਿਕ ਬ੍ਰਿਤੀ ਵਾਲੇ ਸਨ। ਆਪ ਨੇ ਆਪਣੇ ਬੱਚੇ ਨੂੰ ਸਿਰਫ 9 ਸਾਲ ਦੀ ਉਮਰ ਵਿਚ ਗਰੀਬ ਨਿਵਾਜ ਪਾਤਿਸ਼ਾਹ ਸ੍ਰੀ ਦਸਮੇਸ਼ ਜੀ ਦੇ ਚਰਨਾਂ ਵਿਚ ਅਰਪਣ ਕਰ ਦਿੱਤਾ ਸੀ। ਕਲਗੀਧਰ ਜੀ ਨੇ ਬਹੁਤ ਹੀ ਪਿਆਰ-ਦੁਲਾਰ ਨਾਲ ਇਸ ਬਾਲਕ ਨੂੰ ਪਾਲਿਆ, ਸੰਵਾਰਿਆ ਅਤੇ ਸ਼ੁੱਭ ਗੁਣਾਂ ਨਾਲ ਸ਼ਿੰਗਾਰਿਆ। ਤੇਜ਼ ਬੁੱਧੀ ਦੇ ਬਾਲਕ ਨੇ ਛੇਤੀ ਹੀ ਸ਼ਸਤਰ ਵਿੱਦਿਆ, ਘੋੜਸਵਾਰੀ ਅਤੇ ਗੁਰਮਤਿ ਦੀ ਸਿੱਖਿਆ ਲੈ ਕੇ ਆਪਣੇ ਗੁਣਾਂ ਦੀ ਖੁਸ਼ਬੂ ਬਿਖੇਰ ਦਿੱਤੀ। ਇਹ ਬਹੁਤ ਹੀ ਦਲੇਰ ਸੰਤ-ਸਿਪਾਹੀ ਸਨ। ਇਨ੍ਹਾਂ ਨੇ ਮਹਾਰਾਜ ਜੀ ਦੀਆਂ ਸਾਰੀਆਂ ਜੰਗਾਂ ਵਿਚ ਜੂਝ ਕੇ ਅਤਿ ਬਹਾਦਰੀ ਦੇ ਜੌਹਰ ਦਿਖਾਏ। ਅੰਤ ਦਸੰਬਰ, 1704 ਈ: ਨੂੰ ਵੱਡੇ ਸਾਹਿਬਜ਼ਾਦਿਆਂ ਸੰਗ 10 ਲੱਖ ਦੀ ਫੌਜ ਨਾਲ ਜੂਝ ਕੇ ਬੇਮਿਸਾਲ ਸ਼ਹੀਦੀ ਪ੍ਰਾਪਤ ਕੀਤੀ। ਆਪਣੇ ਪਿਆਰੇ ਸਾਹਿਬ ਲਈ ਸੀਸ ਭੇਟ ਕਰਕੇ ਉਹ ਸਾਹਿਬੀ ਨੂੰ ਪ੍ਰਾਪਤ ਹੋ ਗਏ ਅਤੇ ਸਦਾ ਲਈ ਅਮਰ ਹੋ ਗਏ। ਇਹੋ ਜਿਹੇ ਪਿਆਰ ਦੀ ਮਿਸਾਲ ਦੁਰਲੱਭ ਹੈ।
**

ਹਿਮਾਲਿਆ ਪਰਬਤ ਦੇ ਪੰਜ ਮਹਾਨ ਤੀਰਥ ਸਥਾਨ

ਪੰਚ ਕੇਦਾਰ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਮਹਾਨ ਤੀਰਥ ਸਥਾਨ ਰੁਦਰਨਾਥ
ਰੁਦਰਨਾਥ ਕਲਪੇਸ਼ਵਰ ਤੀਰਥ ਸਥਾਨ ਤੋਂ ਅੱਗੇ ਹੈ। ਹਿੰਦੂ ਧਰਮ ਦੇ ਇਸ ਦੂਜੇ ਮਹਾਨ ਤੀਰਥ ਸਥਾਨ ਦਾ ਸਫ਼ਰ ਬਾਂਸ ਦੇ ਸੰਘਣੇ ਜੰਗਲ ਤੇ ਹਿਮਾਲਿਆ ਪਰਬਤ ਦੀਆਂ ਬਰਫਾਨੀ ਚੋਟੀਆਂ ਦਾ ਸਫ਼ਰ ਹੈ। ਉਤਰਾਈਆਂ, ਚੜ੍ਹਾਈਆਂ ਦਾ ਇਹ ਸਫ਼ਰ ਕਲਪੇਸ਼ਵਰ ਤੋਂ ਵਾਪਸੀ ਕਰਦੇ ਸਮੇਂ ਉਗਰਾਮ ਨਾਂਅ ਦੇ ਪਿੰਡ ਤੋਂ ਸ਼ੁਰੂ ਹੁੰਦਾ ਹੈ। 3-4 ਘੰਟੇ ਦਾ ਸਫ਼ਰ ਤਹਿ ਕਰਨ ਉਪਰੰਤ ਕਾਲਗੋਤ ਪਿੰਡ ਆ ਜਾਂਦਾ ਹੈ। ਇਹ ਪਿੰਡ ਸਮੁੰਦਰੀ ਤਲ ਤੋਂ 4000 ਮੀਟਰ ਦੀ ਉਚਾਈ ਉੱਪਰ ਹੈ। ਇਸ ਤੋਂ ਬਾਅਦ ਜਾਗਨਾ ਪਿੰਡ ਆਉਂਦਾ ਹੈ। ਬਰਫ਼ਾਨੀ ਪਹਾੜਾਂ ਦੀਆਂ ਟੇਢੀਆਂ-ਮੇਢੀਆਂ ਪਗਡੰਡੀਆਂ 'ਤੇ ਚਲਦੇ ਹੋਏ ਦੂਮਕ ਪਿੰਡ ਆ ਜਾਂਦਾ ਹੈ। ਇਸ ਤੋਂ ਬਾਅਦ ਉਤਰਾਈ ਦਾ ਸਫ਼ਰ ਆਰੰਭ ਹੋ ਜਾਂਦਾ ਹੈ। ਇਕ ਲੱਕੜੀ ਦਾ ਪੁਲ ਪਾਰ ਕਰਨ ਉਪਰੰਤ ਜੋ ਮਾਨਾਵਤੀ ਨਦੀ ਉੱਪਰ ਬਣਿਆ ਹੋਇਆ ਹੈ, ਅਸੀਂ ਬਾਂਸਾਂ ਤੇ ਦੇਵਦਾਰ ਦੇ ਰੁੱਖਾਂ ਵਿਚੋਂ ਗੁਜ਼ਰਦੀ ਇਕ ਪਗਡੰਡੀ ਰਾਹੀਂ ਪਹਾੜ ਦੀ ਚੋਟੀ ਉੱਪਰ ਪਹੁੰਚ ਸਕਦੇ ਹਾਂ। ਇਸ ਪਹਾੜ ਦੀ ਚੋਟੀ ਉੱਪਰ ਹੀ ਸਾਨੂੰ ਰੁਦਰਨਾਥ ਮੰਦਰ ਦਾ ਦਵਾਰ ਨਜ਼ਰ ਆਉਂਦਾ ਹੈ, ਜੋ ਸਮੁੰਦਰ ਤਲ ਤੋਂ 3558 ਮੀਟਰ ਅਰਥਾਤ 11,700 ਫੁੱਟ ਉੱਚਾ ਹੈ। ਇਸ ਤੀਰਥ ਸਥਾਨ ਉੱਪਰ ਬਹੁਤ ਜ਼ਿਆਦਾ ਠੰਢ ਮਹਿਸੂਸ ਹੁੰਦੀ ਹੈ, ਜਿਸ ਕਾਰਨ ਯਾਤਰਾ ਕਰਦੇ ਸਮੇਂ ਯਾਤਰੀਆਂ ਦੇ ਹੱਥ-ਪੈਰ ਠੰਢੇ ਹੋ ਜਾਂਦੇ ਹਨ। ਇਸ ਤੀਰਥ ਸਥਾਨ ਉੱਪਰ ਰਾਤ ਕੱਟਣ ਲਈ ਕੋਈ ਜਗ੍ਹਾ ਨਹੀਂ ਹੈ। ਸਾਨੂੰ ਰਾਤ ਕੱਟਣ ਲਈ ਨੇੜੇ ਹੀ ਇਕ ਸਾਧੂ ਦੀ ਗੁਫ਼ਾ ਦਾ ਆਸਰਾ ਲੈਣਾ ਪੈਂਦਾ ਹੈ। ਇਸ ਗੁਫ਼ਾ ਨੂੰ ਪਾਨਰ ਗੁਫ਼ਾ ਵੀ ਕਿਹਾ ਜਾਂਦਾ ਹੈ। ਸਾਧੂ ਦੀ ਸਹਿਮਤੀ ਉਪਰੰਤ ਹੀ ਇਸ ਗੁਫ਼ਾ ਵਿਚ ਰੁਕਿਆ ਜਾ ਸਕਦਾ ਹੈ। ਇਸ ਸਥਾਨ ਤੋਂ ਹਿਮਾਲਾ ਪਰਬਤ ਦੀਆਂ ਬਰਫ਼ਾਨੀ ਚੋਟੀਆਂ ਦਾ ਨਜ਼ਾਰਾ ਸਾਖਸ਼ਾਤ ਰੂਪ ਵਿਚ ਦੇਖਿਆ ਜਾ ਸਕਦਾ ਹੈ। ਹਿੰਦੂ ਧਰਮ ਅਨੁਸਾਰ ਮਨੁੱਖੀ ਜੀਵਨ ਨੂੰ ਸੰਪੂਰਨ ਕਰਨ ਲਈ ਰੁਦਰਨਾਥ ਦੀ ਯਾਤਰਾ ਨੂੰ ਬਹੁਤ ਮਹੱਤਤਾ ਦਿੱਤੀ ਗਈ ਹੈ।
(ਬਾਕੀ ਅਗਲੇ ਮੰਗਲਵਾਰ ਦੇ
'ਧਰਮ ਤੇ ਵਿਰਸਾ' ਅੰਕ 'ਚ)


-ਪਿੰਡ ਤੇ ਡਾਕ: ਕੋਟਲੀ ਖਾਸ, ਤਹਿ: ਮੁਕੇਰੀਆਂ (ਹੁਸ਼ਿਆਰਪੁਰ)। ਮੋਬਾ: 94653-69343


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX