ਤਾਜਾ ਖ਼ਬਰਾਂ


ਆਈ.ਪੀ.ਐੱਲ - 2019 : ਬੈਂਗਲੌਰ ਨੇ ਕੋਲਕਾਤਾ ਨੂੰ 10 ਦੌੜਾਂ ਨਾਲ ਹਰਾਇਆ
. . .  1 day ago
ਪੰਜਾਬੀ ਤੋਂ ਅਣਜਾਣ ਹੋਈ ਕਾਂਗਰਸ ਪਾਰਟੀ
. . .  1 day ago
ਮਲੌਦ, 19 ਅਪ੍ਰੈਲ (ਕੁਲਵਿੰਦਰ ਸਿੰਘ ਨਿਜ਼ਾਮਪੁਰ)- ਲੋਕ ਸਭਾ ਹਲਕਾ ਫਤਹਿਗੜ੍ਹ ਸਾਹਿਬ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਡਾ: ਅਮਰ ਸਿੰਘ ਦਾ ਭਲਕੇ 20 ਅਪ੍ਰੈਲ ਨੂੰ ਹਲਕਾ ਪਾਇਲ ਦੇ ਵੱਖ ਪਿੰਡਾਂ ਅੰਦਰ ਚੋਣ...
ਆਈ.ਪੀ.ਐੱਲ - 2019 : ਬੈਂਗਲੌਰ ਨੇ ਕੋਲਕਾਤਾ ਨੂੰ 214 ਦੌੜਾਂ ਦਾ ਦਿੱਤਾ ਟੀਚਾ
. . .  1 day ago
ਸੁਆਂ ਨਦੀ 'ਚ ਡੁੱਬੇ ਦੋ ਨੌਜਵਾਨਾਂ ਚੋਂ ਇੱਕ ਦੀ ਲਾਸ਼ ਮਿਲੀ
. . .  1 day ago
ਨੂਰਪੁਰ ਬੇਦੀ, 19 ਅਪ੍ਰੈਲ (ਹਰਦੀਪ ਸਿੰਘ ਢੀਂਡਸਾ) - ਸ੍ਰੀ ਅਨੰਦਪੁਰ ਸਾਹਿਬ ਤਹਿਸੀਲ ਅਧੀਨ ਪੈਂਦੀ ਸੁਆਂ ਨਦੀ ਵਿਚ ਕੱਲ੍ਹ ਡੁੱਬੇ ਦੋ ਨੌਜਵਾਨਾਂ ਵਿਚੋਂ ਇੱਕ ਨੌਜਵਾਨ ਸ਼ਕੀਲ (14) ਪੁੱਤਰ ਅਸ਼ੋਕ ਕੁਮਾਰ...
ਆਈ.ਪੀ.ਐੱਲ - 2019 : ਟਾਸ ਜਿੱਤ ਕੇ ਕੋਲਕਾਤਾ ਵੱਲੋਂ ਬੈਂਗਲੌਰ ਨੂੰ ਪਹਿਲਾ ਬੱਲੇਬਾਜ਼ੀ ਦਾ ਸੱਦਾ
. . .  1 day ago
ਪ੍ਰਧਾਨ ਮੰਤਰੀ ਵੱਲੋਂ ਵਪਾਰੀਆਂ ਦੇ ਸੰਮੇਲਨ ਨੂੰ ਸੰਬੋਧਨ
. . .  1 day ago
ਨਵੀਂ ਦਿੱਲੀ, 19 ਅਪ੍ਰੈਲ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਵੀਂ ਦਿੱਲੀ ਵਿਖੇ ਵਪਾਰੀਆਂ ਦੇ ਸੰਮੇਲਨ ਨੂੰ ਸੰਬੋਧਨ ਕਰਦਿਆ ਕਿਹਾ ਕਿ ਇਹ ਸਾਡੇ ਦੇਸ਼ ਦੇ ਵਪਾਰੀਆਂ ਦੀ ਤਾਕਤ...
ਚੋਣ ਕਮਿਸ਼ਨ ਵੱਲੋਂ ਹਿਮਾਚਲ ਭਾਜਪਾ ਪ੍ਰਧਾਨ ਦੇ ਚੋਣ ਪ੍ਰਚਾਰ 'ਤੇ 48 ਘੰਟਿਆਂ ਲਈ ਰੋਕ
. . .  1 day ago
ਨਵੀਂ ਦਿੱਲੀ, 19 ਅਪ੍ਰੈਲ - ਚੋਣ ਕਮਿਸ਼ਨ ਨੇ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਕਰਨ 'ਤੇ ਹਿਮਾਚਲ ਪ੍ਰਦੇਸ਼ ਭਾਜਪਾ ਦੇ ਪ੍ਰਧਾਨ ਸਤਪਾਲ ਸਿੰਘ ਸੱਤੀ ਦੇ ਚੋਣ ਪ੍ਰਚਾਰ ਕਰਨ 'ਤੇ 48 ਘੰਟਿਆਂ ਲਈ ਰੋਕ ਲਗਾ ਦਿੱਤੀ ਹੈ। ਇਹ ਰੋਕ...
ਪੰਜਾਬ ਏਕਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸੰਗਰੂਰ ਕਾਲਾ ਢਿੱਲੋਂ ਕਾਂਗਰਸ 'ਚ ਸ਼ਾਮਲ
. . .  1 day ago
ਬਰਨਾਲਾ, 19 ਅਪ੍ਰੈਲ (ਗੁਰਪ੍ਰੀਤ ਸਿੰਘ ਲਾਡੀ)-ਲੋਕ ਸਭਾ ਹਲਕਾ ਸੰਗਰੂਰ ਵਿਚ ਆਮ ਆਦਮੀ ਪਾਰਟੀ ਅਤੇ ਪੰਜਾਬ ਏਕਤਾ ਪਾਰਟੀ ਨੂੰ ਉਸ ਸਮੇਂ ਵੱਡਾ ਝਟਕਾ ਲੱਗਿਆ ਜਦੋਂ ਪੰਜਾਬ ਏਕਤਾ ਪਾਰਟੀ...
ਪ੍ਰਿਅੰਕਾ ਗਾਂਧੀ ਵੱਲੋਂ ਕਾਨਪੁਰ 'ਚ ਕੱਢਿਆ ਗਿਆ ਰੋਡ ਸ਼ੋਅ
. . .  1 day ago
ਲਖਨਊ, 19 ਅਪ੍ਰੈਲ - ਉੱਤਰ ਪ੍ਰਦੇਸ਼ ਪੂਰਬੀ ਤੋਂ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵੱਲੋਂ ਕਾਨਪੁਰ 'ਚ ਰੋਡ ਸ਼ੋਅ ਕੱਢਿਆ...
ਭਾਜਪਾ ਐਮ.ਪੀ ਰਾਮ ਚਰਿੱਤਰ ਨਿਸ਼ਾਦ ਸਪਾ 'ਚ ਸ਼ਾਮਲ
. . .  1 day ago
ਲਖਨਊ, 19 ਅਪ੍ਰੈਲ - ਉੱਤਰ ਪ੍ਰਦੇਸ਼ ਦੇ ਮਛਲੀਸ਼ਹਿਰ ਤੋਂ ਭਾਜਪਾ ਦੇ ਸੰਸਦ ਮੈਂਬਰ ਰਾਮ ਚਰਿੱਤਰ ਨਿਸ਼ਾਦ ਅਖਿਲੇਸ਼ ਯਾਦਵ ਦੀ ਮੌਜੂਦਗੀ ਵਿਚ ਸਮਾਜਵਾਦੀ ਪਾਰਟੀ ਵਿਚ ਸ਼ਾਮਲ ਹੋ...
ਹੋਰ ਖ਼ਬਰਾਂ..

ਖੇਡ ਜਗਤ

ਪੰਜਾਬੀ ਖਿਡਾਰੀਆਂ ਲਈ ਇਕ ਹੋਰ ਯਾਦਗਾਰੀ ਵਰ੍ਹਾ

ਹਰ ਸਾਲ ਦੀ ਤਰ੍ਹਾਂ ਸੰਨ 2018 'ਚ ਵੀ ਪੰਜਾਬੀਆਂ ਨੇ ਖੇਡਾਂ ਦੇ ਖੇਤਰ 'ਚ ਆਪਣਾ ਦਮ-ਖਮ ਦਿਖਾਇਆ ਅਤੇ ਕੁਝ ਨਵੀਆਂ ਪੈੜਾਂ ਵੀ ਪਾਈਆਂ। ਇਸ ਵਰ੍ਹੇ ਵੱਖ-ਵੱਖ ਖੇਡਾਂ 'ਚ ਜਿੱਥੇ ਖਿਡਾਰੀਆਂ ਨੇ ਚੰਗੀਆਂ ਪ੍ਰਾਪਤੀਆਂ ਕੀਤੀਆਂ, ਉੱਥੇ ਪੰਜਾਬ ਸਰਕਾਰ ਨੇ ਵੀ ਖਿਡਾਰੀਆਂ ਲਈ ਨਵੀਂ ਖੇਡ ਨੀਤੀ ਬਣਾਈ ਅਤੇ ਇਨਾਮਾਂ-ਸਨਮਾਨਾਂ 'ਚ ਚੋਖਾ ਵਾਧਾ ਕੀਤਾ, ਜਿਸ ਅਨੁਸਾਰ ਹੀ ਏਸ਼ੀਅਨ ਅਤੇ ਰਾਸ਼ਟਰਮੰਡਲ ਖੇਡਾਂ ਦੇ ਤਗਮਾ ਜੇਤੂਆਂ ਨੂੰ ਨਵੀਂ ਨੀਤੀ ਮੁਤਾਬਕ ਨਕਦ ਇਨਾਮ (23 ਖਿਡਾਰੀਆਂ ਨੂੰ 15.55 ਕਰੋੜ ਰੁਪਏ) ਵੀ ਪੰਜਾਬ ਸਰਕਾਰ ਵਲੋਂ ਦਿੱਤੇ ਗਏ। ਇਸ ਦੇ ਨਾਲ ਹੀ ਸਕੂਲ ਸਿੱਖਿਆ ਵਿਭਾਗ ਵਲੋਂ ਵੀ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ ਦੀ ਅਗਵਾਈ 'ਚ ਸਾਰੇ ਸਕੂਲੀ ਵਿਦਿਆਰਥੀਆਂ ਨੂੰ ਖੇਡ ਦਾਇਰੇ 'ਚ ਲਿਆਉਣ ਹਿੱਤ ਨਵੀਂ ਖੇਡ ਨੀਤੀ ਬਣਾਈ ਗਈ, ਜਿਸ ਨੂੰ ਲਾਗੂ ਕਰਨ ਨਾਲ ਵੀ ਰਾਜ 'ਚ ਖੇਡ ਸੱਭਿਆਚਾਰ ਨੂੰ ਵੱਡਾ ਹੁਲਾਰਾ ਮਿਲੇਗਾ। ਪ੍ਰਮੁੱਖ ਖੇਡਾਂ 'ਚ ਪੰਜਾਬੀਆਂ ਦੁਆਰਾ ਕੌਮਾਂਤਰੀ ਤੇ ਕੌਮੀ ਪੱਧਰ 'ਤੇ ਕੀਤੀਆਂ ਪ੍ਰਾਪਤੀਆਂ ਦਾ ਲੇਖਾ-ਜੋਖਾ ਇਸ ਪ੍ਰਕਾਰ ਹੈ :
ਅਥਲੈਟਿਕਸ : ਇਸ ਵਰ੍ਹੇ ਹੋਈਆਂ ਏਸ਼ੀਅਨ ਖੇਡਾਂ 'ਚ ਪੰਜਾਬੀ ਪੁੱਤਰ ਤੇਜਿੰਦਰਪਾਲ ਸਿੰਘ ਤੂਰ ਖੋਸਾ ਪਾਂਡੋ (ਮੋਗਾ) ਨੇ ਗੋਲਾ ਸੁੱਟਣ ਅਤੇ ਤੀਹਰੀ ਛਾਲ ਮੁਕਾਬਲੇ 'ਚ ਅਰਪਿੰਦਰ ਸਿੰਘ ਹਰਸ਼ਾ ਛੀਨਾ (ਅੰਮ੍ਰਿਤਸਰ) ਨੇ ਦੇਸ਼ ਲਈ ਸੋਨ ਤਗਮੇ ਜਿੱਤ ਕੇ ਮਾਣਮੱਤੀਆਂ ਪ੍ਰਾਪਤੀਆਂ ਕੀਤੀਆਂ। ਨਵਜੋਤ ਕੌਰ ਢਿੱਲੋਂ ਅੰਮ੍ਰਿਤਸਰ ਨੇ ਰਾਸ਼ਟਰਮੰਡਲ ਖੇਡਾਂ ਦੇ ਡਿਸਕਸ ਸੁੱਟਣ ਦੇ ਮੁਕਾਬਲੇ 'ਚ ਕਾਂਸੀ ਦਾ ਤਗਮਾ ਜਿੱਤਿਆ। ਕੋਚ ਬਿਕਰਮਜੀਤ ਸਿੰਘ ਮੰਝਪੁਰ ਦੇ ਸ਼ਗਿਰਦ ਤੇ ਜੈਵਲਿਨ ਸੁਟਾਵੇ ਕੁੰਵਰ ਅਜੇਰਾਜ ਸਿੰਘ ਨੇ ਇਸ ਵਰ੍ਹੇ ਯੂਥ ਏਸ਼ੀਆ ਚੈਂਪੀਅਨਸ਼ਿਪ (ਬੈਂਕਾਕ) 'ਚੋਂ ਸੋਨ ਤਗਮਾ ਜਿੱਤਿਆ ਅਤੇ ਯੂਥ ਉਲੰਪਿਕ (ਅਰਜਨਟੀਨਾ) 'ਚੋਂ 5ਵਾਂ ਸਥਾਨ ਹਾਸਲ ਕੀਤਾ। ਕੁੰਵਰ ਅਜੇਰਾਜ ਸਿੰਘ ਨੇ ਕੌਮੀ ਸਕੂਲ ਖੇਡਾਂ ਦੇ ਅੰਡਰ-17 ਵਰਗ ਦਾ ਨਵਾਂ (77.28 ਮੀਟਰ) ਕੌਮੀ ਰਿਕਾਰਡ ਵੀ ਸਥਾਪਤ ਕੀਤਾ। ਕੋਚ ਬਿਕਰਮ ਸਿੰਘ ਦੇ ਚੇਲੇ ਤੇ ਜੈਵਲਿਨ ਸੁਟਾਵੇ ਅਰਸ਼ਦੀਪ ਸਿੰਘ ਬਰਾੜ ਨੇ ਜੂਨੀਅਰ ਸੈਫ ਖੇਡਾਂ ਦਾ ਰਿਕਾਰਡ ਆਪਣੇ ਨਾਂਅ ਕੀਤਾ ਅਤੇ ਜੂਨੀਅਰ ਵਿਸ਼ਵ ਚੈਂਪੀਅਨਸ਼ਿਪ 'ਚ ਦੇਸ਼ ਦੀ ਪ੍ਰਤੀਨਿਧਤਾ ਕੀਤੀ। ਇਹ ਦੋਵੇਂ ਅਥਲੀਟ ਸੀਨੀਅਰ ਕੌਮੀ ਕੈਂਪ 'ਚ ਸ਼ਾਮਿਲ ਹਨ। ਸਰਬਜੀਤ ਸਿੰਘ ਹੈਪੀ ਦੇ ਸ਼ਗਿਰਦ ਗੁਰਿੰਦਰਵੀਰ ਸਿੰਘ ਨੇ ਸੈਫ ਖੇਡਾਂ ਦੀ 100 ਮੀਟਰ ਰਿਲੇਅ ਦੌੜ 'ਚੋਂ ਸੋਨ ਤਗਮਾ ਜਿੱਤਿਆ ਅਤੇ ਜੂਨੀਅਰ ਵਿਸ਼ਵ ਚੈਂਪੀਅਨ 'ਚ ਹਿੱਸਾ ਲਿਆ। ਪ੍ਰੋ: ਸੁਖਰਾਜ ਸਿੰਘ ਦੀ ਬਾਠ ਅਕੈਡਮੀ ਬਰਨਾਲਾ ਦੇ ਹੈਮਰ ਸੁਟਾਵੇ ਦਮਨੀਤ ਸਿੰਘ ਨੇ ਜੂਨੀਅਰ ਏਸ਼ੀਆ ਕੱਪ ਜਾਪਾਨ 'ਚੋਂ ਅਤੇ ਕੌਮੀ ਸੀਨੀਅਰ ਚੈਂਪੀਅਨਸ਼ਿਪ 'ਚੋਂ ਚਾਂਦੀ ਦੇ ਤਗਮੇ ਜਿੱਤੇ। ਕੋਚ ਰਾਖੀ ਤਿਆਗੀ ਦੀ ਸ਼ਗਿਰਦ ਕਮਲਪ੍ਰੀਤ ਕੌਰ ਡਿਸਕਸ ਸੁੱਟਣ 'ਚ ਕੌਮੀ ਚੈਂਪੀਅਨ ਬਣੀ। ਗੁਰਿੰਦਰਵੀਰ ਨੇ ਨਵਾਂ ਕੌਮੀ ਜੂਨੀਅਰ ਰਿਕਾਰਡ ਵੀ (10.42 ਸਕਿੰਟ) ਆਪਣੇ ਨਾਂਅ ਕੀਤਾ। ਪਟਿਆਲਵੀ ਅਥਲੀਟ ਅਰਸ਼ਦੀਪ ਸਿੰਘ, ਅਕਸ਼ਦੀਪ ਸਿੰਘ ਕਾਹਨਕੇ, ਪਰਮਜੋਤ ਕੌਰ (ਗੋਲਾ ਸੁੱਟਣ), ਦੌੜਾਕ ਵੀਰਪਾਲ ਕੌਰ, ਸੁਮਨ ਰਾਣੀ ਬੱਲੂਆਣਾ ਤੇ ਕਿਰਨਜੋਤ ਕੌਰ ਨੇ ਦੌੜਾਂ, ਤੀਹਰੀ ਛਾਲ 'ਚ ਖੁਸ਼ਬੀਨ ਕੌਰ ਲਗਾਤਾਰ ਕੌਮੀ ਪੱਧਰ 'ਤੇ ਤਗਮੇ ਜਿੱਤੇ। ਜੈਸਮੀਨ ਕੌਰ ਨੇ ਕੌਮੀ ਅੰਡਰ-16 ਚੈਂਪੀਅਨ ਬਣਨ ਦੇ ਨਾਲ-ਨਾਲ ਨਵਾਂ ਕੌਮੀ ਰਿਕਾਰਡ ਵੀ ਸਿਰਜਿਆ। ਬਜ਼ੁਰਗ ਦੌੜਾਕ ਬੇਬੇ ਮਾਨ ਕੌਰ ਨੇ ਵੀ ਕੌਮਾਂਤਰੀ ਪੱਧਰ 'ਤੇ ਦੇਸ਼ ਦਾ ਝੰਡਾ ਬੁਲੰਦ ਰੱਖਿਆ। ਅਰਪਨਦੀਪ ਕੌਰ ਬਾਜਵਾ ਅੰਮ੍ਰਿਤਸਰ ਨੇ ਜੂਨੀਅਰ ਏਸ਼ੀਅਨ ਚੈਂਪੀਅਨਸ਼ਿਪ ਦੇ ਡਿਸਕਸ ਸੁੱਟਣ ਮੁਕਾਬਲੇ 'ਚੋਂ ਕਾਂਸੀ ਅਤੇ ਸੈਫ ਚੈਂਪੀਅਨਸ਼ਿਪ 'ਚੋਂ ਸੋਨੇ ਦਾ ਤਗਮਾ ਜਿੱਤਿਆ।
ਕਿਸ਼ਤੀ ਚਾਲਣ : ਇਸ ਵਰ੍ਹੇ ਹੋਈਆਂ ਏਸ਼ੀਅਨ ਖੇਡਾਂ 'ਚ ਪੰਜਾਬੀ ਪੁੱਤਰ ਅਤੇ ਉਲੰਪੀਅਨ ਸਵਰਨ ਸਿੰਘ ਵਿਰਕ (ਦਲੇਲ ਵਾਲਾ, ਮਾਨਸਾ) ਅਤੇ ਸੁਖਮੀਤ ਸਿੰਘ ਸਮਾਘ (ਫਰਵਾਹੀਂ, ਮਾਨਸਾ) ਨੇ ਸੋਨ ਤਗਮੇ ਜਿੱਤੇ ਅਤੇ ਭਗਵਾਨ ਸਿੰਘ ਠੱਠੀ ਭਾਈ ਨੇ ਕਾਂਸੀ ਦਾ ਤਗਮਾ ਚੁੰਮਿਆ। ਇਸ ਤੋਂ ਇਲਾਵਾ ਨਵਨੀਤ ਕੌਰ ਸਿਰਥਲਾ ਤੇ ਹਰਪ੍ਰੀਤ ਕੌਰ ਸੀਹੋਂ ਮਾਜਰਾ ਨੇ ਵੀ ਏਸ਼ੀਅਨ ਖੇਡਾਂ 'ਚ ਦੇਸ਼ ਦੀ ਨੁਮਾਇੰਦਗੀ ਕੀਤੀ। ਜਸਕਰਨ ਸਿੰਘ ਸਰਾਓ ਤੇ ਗੁਰਲਾਲ ਸਿੰਘ ਨੇ ਵਿਸ਼ਵ ਯੂਨੀਵਰਸਿਟੀ ਖੇਡਾਂ 'ਚ ਦੇਸ਼ ਦੀ ਨੁਮਾਇੰਦਗੀ ਕੀਤੀ। ਕੌਮੀ ਪੱਧਰ 'ਤੇ ਵੀ ਪੰਜਾਬ ਲਈ ਕੋਚ ਤੇਜਿੰਦਰ ਸਿੰਘ ਦੀ ਅਗਵਾਈ 'ਚ ਰਾਜ ਦੇ ਉਪਰੋਕਤ ਕਿਸ਼ਤੀ ਚਾਲਕਾਂ ਤੋਂ ਇਲਾਵਾ ਦਲਜੀਤ ਸਿੰਘ, ਬੇਅੰਤ ਕੌਰ, ਅਮਨਦੀਪ ਕੌਰ, ਹਰਮਨਦੀਪ ਕੌਰ, ਜੂਨੀਅਰ ਅਮਨਦੀਪ ਸਿੰਘ, ਅਕਾਸ਼ਦੀਪ ਸਿੰਘ, ਸ਼ਾਹਬਿੰਦਰ ਸਿੰਘ, ਕਰਮ ਚੰਦ, ਸ਼ਗਨਦੀਪ ਸਿੰਘ, ਅਰਵਿੰਦਰ ਸਿੰਘ ਨੇ ਕੌਮੀ ਚੈਂਪੀਅਨ ਬਣਨ ਦਾ ਮਾਣ ਪ੍ਰਾਪਤ ਕੀਤਾ। ਖੇਲੋ ਇੰਡੀਆ ਲਈ ਪੰਜਾਬ ਦੇ 9 ਅਤੇ ਜੂਨੀਅਰ ਕੌਮੀ ਕੈਂਪ 'ਚ 6 ਪੰਜਾਬੀ ਕਿਸ਼ਤੀ ਚਾਲਕਾਂ ਨੇ ਥਾਂ ਬਣਾਈ।
ਹਾਕੀ : 2018 'ਚ ਪੰਜਾਬ ਦੀਆਂ ਸੀਨੀਅਰ ਤੇ ਜੂਨੀਅਰ (ਪੁਰਸ਼) ਟੀਮਾਂ ਨੇ ਕੌਮੀ ਚੈਂਪੀਅਨ ਬਣਨ ਦਾ ਮਾਣ ਪ੍ਰਾਪਤ ਕੀਤਾ। ਏਸ਼ੀਅਨ ਖੇਡਾਂ 'ਚੋਂ ਚਾਂਦੀ ਦਾ ਤਗਮਾ ਜੇਤੂ ਭਾਰਤੀ ਟੀਮ 'ਚ ਗੁਰਜੀਤ ਕੌਰ ਤੇ ਰੀਨਾ ਖੋਖਰ ਨੇ ਸ਼ਾਮਿਲ ਹੋਣ ਦਾ ਮਾਣ ਪ੍ਰਾਪਤ ਕੀਤਾ। ਅਰਜਨਟੀਨਾ 'ਚ ਹੋਈਆਂ ਯੂਥ ਉਲੰਪਿਕ ਖੇਡਾਂ 'ਚੋਂ ਚਾਂਦੀ ਦਾ ਤਗਮਾ ਜੇਤੂ ਭਾਰਤੀ ਟੀਮ 'ਚ ਬਲਜੀਤ ਕੌਰ ਤੇ ਅਰਸ਼ਦੀਪ ਕੌਰ ਨੇ ਸ਼ਾਮਿਲ ਹੋਣ ਦਾ ਐਜਾਜ਼ ਹਾਸਲ ਕੀਤਾ। ਇਹ ਸਾਰੀਆਂ ਖਿਡਾਰਨਾਂ ਕੋਚ ਸ਼ਰਨਜੀਤ ਸਿੰਘ ਤਰਨ ਤਾਰਨ ਦੀਆਂ ਸ਼ਗਿਰਦ ਹਨ। ਵਿਸ਼ਵ ਚੈਂਪੀਅਨਜ਼ ਟਰਾਫੀ 'ਚ ਚਾਂਦੀ ਅਤੇ ਏਸ਼ੀਅਨ ਖੇਡਾਂ 'ਚੋਂ ਕਾਂਸੀ ਦਾ ਤਗਮਾ ਜੇਤੂ ਭਾਰਤੀ ਪੁਰਸ਼ ਹਾਕੀ ਟੀਮਾਂ 'ਚ ਪੰਜਾਬ ਦੇ 9-9 ਖਿਡਾਰੀ ਸ਼ਾਮਿਲ ਸਨ। ਇਸੇ ਤਰ੍ਹਾਂ ਵਿਸ਼ਵ ਕੱਪ 'ਚ ਛੇਵੇਂ ਸਥਾਨ 'ਤੇ ਰਹੀ ਭਾਰਤੀ ਟੀਮ 'ਚ ਵੀ 9 ਪੰਜਾਬੀ ਗੱਭਰੂ ਸ਼ਾਮਿਲ ਸਨ। ਪੰਜਾਬੀ ਪੁੱਤਰ ਮਨਪ੍ਰੀਤ ਸਿੰਘ ਮਿੱਠਾਪੁਰ ਨੇ ਦੇਸ਼ ਦੀ ਹਾਕੀ ਟੀਮ ਦੀ ਕਪਤਾਨੀ ਵੀ ਕੀਤੀ। ਸਿਮਰਨਜੀਤ ਸਿੰਘ, ਮਨਦੀਪ ਸਿੰਘ, ਦਿਲਪ੍ਰੀਤ ਸਿੰਘ, ਗੁਰਜੰਟ ਸਿੰਘ, ਹਰਮਨਪ੍ਰੀਤ ਸਿੰਘ, ਵਰੁਨ ਕੁਮਾਰ, ਹਾਰਦਿਕ ਸਿੰਘ, ਅਕਾਸ਼ਦੀਪ ਸਿੰਘ, ਕ੍ਰਿਸ਼ਨ ਬਹਾਦਰ, ਰਮਨਦੀਪ ਸਿੰਘ, ਤਲਵਿੰਦਰ ਸਿੰਘ ਤੇ ਰੁਪਿੰਦਰਪਾਲ ਸਿੰਘ ਕੌਮੀ ਟੀਮਾਂ ਦਾ ਸ਼ਿੰਗਾਰ ਬਣੇ। ਕੌਮੀ ਸਕੂਲ ਖੇਡਾਂ 'ਚੋਂ ਪੰਜਾਬ ਦੇ ਮੁੰਡੇ ਤੇ ਕੁੜੀਆਂ ਨੇ ਅੰਡਰ-19 ਵਰਗ 'ਚ ਕੌਮੀ ਚੈਂਪੀਅਨ ਬਣਨ ਦਾ ਮਾਣ ਪ੍ਰਾਪਤ ਕੀਤਾ। ਬਲਜੀਤ ਹੀਰਾ ਸਿੰਘ ਪਟਿਆਲਾ ਨੇ ਇਸ ਵਰ੍ਹੇ ਕੌਮਾਂਤਰੀ ਹਾਕੀ ਫੈਡਰੇਸ਼ਨ ਦੀ ਤਕਨੀਕੀ ਟੀਮ 'ਚ ਥਾਂ ਬਣਾਈ ਅਤੇ ਵਿਸ਼ਵ ਕੱਪ ਤੇ ਏਸ਼ੀਅਨ ਖੇਡਾਂ ਦਾ ਸੰਚਾਲਕ ਬਣਿਆ। ਸੀਨੀਅਰ ਅੰਪਾਇਰ ਗੁਰਿੰਦਰ ਸਿੰਘ ਸੰਘਾ ਵੀ ਕੌਮਾਂਤਰੀ ਹਾਕੀ ਫੈਡਰੇਸ਼ਨ ਦੇ ਅਡਵਾਂਸ ਪੈਨਲ 'ਚ ਸ਼ਾਮਿਲ ਕੀਤੇ ਗਏ।
ਨਿਸ਼ਾਨੇਬਾਜ਼ੀ : ਪਟਿਆਲਵੀ ਮੁਟਿਆਰ ਹਿਨਾ ਸਿੱਧੂ ਨੇ ਗੋਲਡ ਕੋਸਟ ਰਾਸ਼ਟਰਮੰਡਲ ਖੇਡਾਂ 'ਚੋਂ ਸੋਨ ਅਤੇ ਚਾਂਦੀ ਦਾ 1-1 ਤਗਮਾ ਜਿੱਤਣ ਦਾ ਮਾਣ ਪ੍ਰਾਪਤ ਕੀਤਾ। ਏਸ਼ੀਅਨ ਖੇਡਾਂ 'ਚ ਉਸ ਨੂੰ ਸਿਰਫ 1 ਈਵੈਂਟ 'ਚ ਹਿੱਸਾ ਲੈਣ ਦਾ ਮੌਕਾ ਦਿੱਤਾ ਗਿਆ ਅਤੇ ਉਸ ਨੇ ਇਸ 'ਚ ਕਾਂਸੀ ਦਾ ਤਗਮਾ ਜਿੱਤਿਆ। ਵਰ੍ਹੇ ਦੇ ਅਖੀਰ 'ਚ ਹਿਨਾ ਸਿੱਧੂ ਨੇ 10 ਮੀਟਰ ਏਅਰ ਰਾਈਫਲ ਮੁਕਾਬਲੇ 'ਚ ਵਿਸ਼ਵ ਰਿਕਾਰਡ ਦੀ ਬਰਾਬਰੀ ਕੀਤੀ। ਪੰਜਾਬ ਸਰਕਾਰ ਵਲੋਂ ਹਿਨਾ ਸਿੱਧੂ ਨੂੰ 1.75 ਕਰੋੜ ਰੁਪਏ ਦੀ ਨਕਦ ਰਾਸ਼ੀ ਨਾਲ ਸਨਮਾਨਿਤ ਕੀਤਾ ਗਿਆ। ਮਾਨਸਾ ਸ਼ਹਿਰ ਦੇ ਜੰਮਪਲ ਨਿਸ਼ਾਨੇਬਾਜ਼ ਭਰਾਵਾਂ ਉਦੈਵੀਰ ਸਿੰਘ ਤੇ ਵਿਜੈਵੀਰ ਸਿੰਘ ਨੇ ਜੂਨੀਅਰ ਵਿਸ਼ਵ ਕੱਪਾਂ ਤੇ ਚੈਂਪੀਅਨਸ਼ਿਪਾਂ 'ਚੋਂ 6 ਸੋਨ ਤਗਮੇ ਜਿੱਤ ਕੇ, ਦੇਸ਼ ਲਈ ਨਵੀਆਂ ਉਮੀਦਾਂ ਜਗਾਈਆਂ। ਮੰਡੀ ਗੋਬਿੰਦਗੜ੍ਹ ਦੇ ਅਰਜੁਨ ਚੀਮਾ ਨੇ ਵੀ ਕੌਮਾਂਤਰੀ ਪੱਧਰ (ਜੂਨੀਅਰ) 'ਤੇ ਤਗਮੇ ਜਿੱਤੇ। ਵਿਸ਼ਵ ਯੂਨੀਵਰਸਿਟੀ ਖੇਡਾਂ 'ਚ ਪਟਿਆਲਵੀ ਨਿਸ਼ਾਨੇਬਾਜ਼ ਅੱਚਲ ਪ੍ਰਤਾਪ ਸਿੰਘ ਚਮਕਿਆ। ਅੰਗਦਵੀਰ ਸਿੰਘ ਸਕੀਟ ਵਰਗ 'ਚ ਕੌਮੀ ਚੈਂਪੀਅਨ ਬਣਿਆ। ਭਾਰਤੀ ਰਾਈਫਲ ਸ਼ੂਟਿੰਗ ਐਸੋਸੀਏਸ਼ਨ ਦੇ ਪ੍ਰਧਾਨ ਰਣਇੰਦਰ ਸਿੰਘ, ਇਸ ਵਰ੍ਹੇ ਕੌਮਾਂਤਰੀ ਸ਼ੂਟਿੰਗ ਸਪੋਰਟਸ ਫੈਡਰੇਸ਼ਨ ਦੇ ਉਪ ਪ੍ਰਧਾਨ ਬਣੇ। ਇਸ ਅਹੁਦੇ 'ਤੇ ਪੁੱਜਣ ਵਾਲੇ ਉਹ ਪਹਿਲੇ ਭਾਰਤੀ ਖੇਡ ਸੰਚਾਲਕ ਹਨ।
ਤੀਰਅੰਦਾਜ਼ੀ : ਪੈਰਾ ਏਸ਼ੀਅਨ ਖੇਡਾਂ ਦੇ ਤੀਰਅੰਦਾਜ਼ੀ ਮੁਕਾਬਲਿਆਂ 'ਚੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਖੋਜਾਰਥੀ ਹਰਵਿੰਦਰ ਸਿੰਘ ਨੇ ਸੋਨ ਤਗਮਾ ਜਿੱਤਿਆ। ਪੰਜਾਬੀ ਯੂਨੀਵਰਸਿਟੀ ਦੇ ਕੋਚ ਸੁਰਿੰਦਰ ਸਿੰਘ ਰੰਧਾਵਾ ਨੂੰ ਕੌਮੀ ਟੀਮ ਦਾ ਕੋਚ ਬਣਨ ਦਾ ਸੁਭਾਗ ਪ੍ਰਾਪਤ ਹੋਇਆ। ਪੰਜਾਬੀ ਯੂਨੀਵਰਸਿਟੀ ਨੇ ਕੁੱਲ ਹਿੰਦ ਤੀਰਅੰਦਾਜ਼ੀ ਮੁਕਾਬਲਿਆਂ 'ਚ ਆਪਣਾ ਦਬਦਬਾ ਕਾਇਮ ਰੱਖਿਆ।
ਕ੍ਰਿਕਟ : ਜੂਨੀਅਰ ਵਿਸ਼ਵ ਕੱਪ ਜੇਤੂ ਭਾਰਤੀ ਟੀਮ ਲਈ ਪੰਜਾਬੀ ਪੁੱਤਰ ਸ਼ੁਭਮਨ ਗਿੱਲ ਨੇ ਸ਼ਾਨਦਾਰ ਬੱਲੇਬਾਜ਼ੀ ਕਰਕੇ ਖੂਬ ਸੁਰਖੀਆਂ ਬਟੋਰੀਆਂ ਅਤੇ ਸਰਬੋਤਮ ਖਿਡਾਰੀ ਬਣਿਆ। ਪਟਿਆਲਵੀ ਬੱਲੇਬਾਜ਼ ਪ੍ਰਭਸਿਮਰਨ ਸਿੰਘ ਦੀ ਆਈ.ਪੀ.ਐਲ. ਲਈ ਕਿੰਗਜ਼ ਇਲੈਵਨ ਪੰਜਾਬ 'ਚ 4.8 ਕਰੋੜ 'ਚ, ਅਨਮੋਲਪ੍ਰੀਤ ਸਿੰਘ ਦੀ 80 ਲੱਖ ਰੁਪਏ ਤੇ ਹਰਪ੍ਰੀਤ ਸਿੰਘ ਬਰਾੜ ਦੀ 20 ਲੱਖ ਰੁਪਏ ਕਿੰਗਜ਼ ਇਲੈਵਨ ਪੰਜਾਬ ਲਈ ਚੋਣ ਹੋਈ। ਰਣਜੀ ਟਰਾਫੀ 'ਚ ਪੰਜਾਬ ਦਾ ਪ੍ਰਦਰਸ਼ਨ ਮਾੜਾ ਰਿਹਾ ਅਤੇ ਟੀਮ ਨਾਕ ਆਊਟ ਦੌਰ 'ਚ ਪੁੱਜਣ 'ਚ ਅਸਫ਼ਲ ਰਹੀ। ਅੰਡਰ-16 ਅਤੇ 19 ਵਰਗ 'ਚ ਵੀ ਪੰਜਾਬ ਕੌਮੀ ਪੱਧਰ ਦਾ ਕੋਈ ਟੂਰਨਾਮੈਂਟ ਨਹੀਂ ਜਿੱਤ ਸਕਿਆ। ਸਿਰਫ ਕੋਚ ਸੁਨੀਲ ਸੱਗੀ ਦੀ ਸਿਖਲਾਈ ਯਾਫਤਾ ਅੰਡਰ-23 ਟੀਮ ਇਕ ਦਿਨਾਂ ਮੈਚਾਂ 'ਚ ਕੌਮੀ ਚੈਂਪੀਅਨ ਬਣੀ। ਔਰਤਾਂ ਦੀ ਟੀ-20 ਕ੍ਰਿਕਟ 'ਚ ਭਾਰਤੀ ਟੀਮ ਦੀ ਕਪਤਾਨੀ ਪੰਜਾਬਣ ਮੁਟਿਆਰ ਹਰਮਨਪ੍ਰੀਤ ਕੌਰ ਨੂੰ ਕਰਨ ਦਾ ਮਾਣ ਮਿਲਿਆ ਅਤੇ ਭਾਰਤੀ ਟੀਮ ਵਿਸ਼ਵ ਕੱਪ ਦਾ ਸੈਮੀਫਾਈਨਲ ਖੇਡੀ।
(ਚਲਦਾ)


-ਪਟਿਆਲਾ। ਮੋਬਾ: 97795-90575


ਖ਼ਬਰ ਸ਼ੇਅਰ ਕਰੋ

ਇਕ ਲੱਤ ਨਾ ਹੋਣ ਦੇ ਬਾਵਜੂਦ ਵੀ ਬਣਿਆ ਹੈ ਭਾਰਤ ਦਾ ਮਾਣ ਦੀਪਕ ਸੈਣੀ

'ਹਾਦਸੋਂ ਕੀ ਜ਼ਿੱਦ ਥੀ ਬਿਜਲੀਆਂ ਗਿਰਾਨੇ ਕੀ, ਪਰ ਹਮਨੇ ਭੀ ਕਸਮ ਖਾਈ ਹੈ ਕੁਝ ਕਰ ਦਿਖਾਨੇ ਕੀ!' ਜੀ ਹਾਂ, ਮੈਂ ਜਿਸ ਜਾਂਬਾਜ਼ ਨੌਜਵਾਨ ਦੀ ਗੱਲ ਕਰ ਰਿਹਾ ਹਾਂ, ਉਸ ਦੀ ਕਹਾਣੀ ਜਾਂ ਉਸ ਨਾਲ ਬੀਤੀ ਘਟਨਾ ਸੁਣ ਕੇ ਪੜ੍ਹਨ ਵਾਲਿਆਂ ਦੀਆਂ ਅੱਖਾਂ ਵਿਚ ਹੰਝੂ ਆ ਸਕਦੇ ਹਨ ਜਾਂ ਫਿਰ ਐਸਾ ਜੋਸ਼ ਕਿ ਇਸ ਨੌਜਵਾਨ ਖਿਡਾਰੀ ਨੂੰ ਵੇਖ ਕੇ ਹਰ ਇਕ ਇਹ ਕਹਿ ਉੱਠੇਗਾ ਕਿ ਹੌਸਲੇ ਦੀ ਮਿਸਾਲ ਇਸ ਤੋਂ ਵੱਡੀ ਕਿਤੇ ਹੋਰ ਨਹੀਂ ਹੋ ਸਕਦੀ। ਦੀਪਕ ਸੈਣੀ ਦੀ ਇਕ ਲੱਤ ਕੱਟੀ ਹੋਈ ਹੈ ਪਰ ਉਹ ਇਕ ਲੱਤ ਦੇ ਬਾਵਜੂਦ ਵੀ ਮੈਰਾਥਨ ਦੌੜ ਦੌੜਦਾ ਹੈ, ਵੀਲ੍ਹਚੇਅਰ 'ਤੇ ਬਾਸਕਟਬਾਲ ਖੇਡਦਾ ਹੈ, ਕ੍ਰਿਕਟ ਖੇਡਦਾ ਹੈ ਅਤੇ ਖ਼ੁਦ ਮੋਟਰਸਾਈਕਲ ਚਲਾ ਕੇ ਸਭ ਨੂੰ ਹੈਰਾਨ ਕਰ ਦਿੰਦਾ ਹੈ। ਦੀਪਕ ਸੈਣੀ ਦਾ ਜਨਮ ਹਰਿਆਣਾ ਪ੍ਰਾਂਤ ਦੇ ਸ਼ਹਿਰ ਕਰਨਾਲ ਨਾਲ ਲਗਦੇ ਕਸਬਾ ਨੁਮਾ ਪਿੰਡ ਇੰਦਰੀ ਵਿਖੇ ਪਿਤਾ ਨਾਥੀ ਰਾਮ ਦੇ ਘਰ ਮਾਤਾ ਸੀਤਾ ਦੇਵੀ ਦੀ ਕੁੱਖੋਂ 1 ਦਸੰਬਰ, 1995 ਨੂੰ ਹੋਇਆ।
ਉਸ ਨੇ ਆਪਣੇ ਹੀ ਕਸਬੇ 'ਚੋਂ ਮੁਢਲੀ ਵਿੱਦਿਆ ਹਾਸਲ ਕੀਤੀ ਅਤੇ ਫਿਰ ਸ਼ਹਿਰ ਕਰਨਾਲ ਦੇ ਇਕ ਕਾਲਜ ਵਿਚ ਉਚੇਰੀ ਸਿੱਖਿਆ ਲਈ ਦਾਖ਼ਲਾ ਲੈ ਲਿਆ ਅਤੇ ਉਸੇ ਹੀ ਦੌਰਾਨ ਉਹ 6 ਮਈ, 2014 ਨੂੰ ਅੰਬਾਲਾ ਤੋਂ ਯਮੁਨਾ ਨਗਰ ਟਰੇਨ ਰਾਹੀਂ ਜਾਣ ਲਈ ਰੇਲਵੇ ਸਟੇਸ਼ਨ 'ਤੇ ਖੜ੍ਹਾ ਸੀ ਤਾਂ ਜਦ ਉਸ ਦੀ ਟਰੇਨ ਆ ਕੇ ਰੁਕੀ ਤਾਂ ਟਰੇਨ ਵਿਚ ਬੈਠੀ ਇਕ ਬਜ਼ੁਰਗ ਔਰਤ ਨੇ ਉਸ ਨੂੰ ਖ਼ਾਲੀ ਬੋਤਲਾਂ ਫੜਾ ਦਿੱਤੀਆਂ ਅਤੇ ਰੇਲਵੇ ਸਟੇਸ਼ਨ ਤੋਂ ਪਾਣੀ ਭਰ ਕੇ ਲਿਆਉਣ ਲਈ ਆਖਣ ਲੱਗੀ ਤਾਂ ਦੀਪਕ ਸੈਣੀ ਨੂੰ ਬਜ਼ੁਰਗ ਔਰਤ 'ਤੇ ਤਰਸ ਆਇਆ ਅਤੇ ਉਹ ਪਾਣੀ ਦੀਆਂ ਬੋਤਲਾਂ ਭਰਨ ਲਈ ਚਲਾ ਗਿਆ ਪਰ ਜਦ ਦੀਪਕ ਪਾਣੀ ਦੀਆਂ ਬੋਤਲਾਂ ਭਰ ਕੇ ਲਿਆਇਆ ਤਾਂ ਟਰੇਨ ਚੱਲ ਪਈ। ਉਸ ਨੇ ਹੱਥ ਵਿਚ ਪਾਣੀ ਦੀਆਂ ਬੋਤਲਾਂ ਲੈ ਗੱਡੀ ਵਿਚ ਚੜ੍ਹਨਾ ਚਾਹਿਆ ਤਾਂ ਉਸ ਦੀ ਲੱਤ ਸਲਿਪ ਹੋ ਗਈ ਤਾਂ ਉਹ ਗੱਡੀ ਦੇ ਡੱਬੇ ਯਾਨਿ ਬੋਗੀ ਵਿਚ ਫਸ ਗਿਆ ਅਤੇ ਟਰੇਨ ਉਸ ਨੂੰ ਘਸੀਟਦੀ ਲੈ ਗਈ। ਜਦ ਟਰੇਨ ਰੁਕੀ ਤਾਂ ਉਸ ਦੀ ਲੱਤ ਬਿਲਕੁਲ ਸਰੀਰ ਦੇ ਭਾਗ ਤੋਂ ਵੱਖ ਹੋ ਚੁੱਕੀ ਸੀ।
ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੇ ਜ਼ਖ਼ਮਾਂ ਦਾ ਇਲਾਜ ਤਾਂ ਹੋ ਗਿਆ ਪਰ ਉਸ ਦੀ ਲੱਤ ਵਾਪਸ ਨਾ ਆ ਸਕੀ। ਉਹ ਕੋਈ 3 ਕੁ ਮਹੀਨਿਆਂ ਬਾਅਦ ਕਾਲਜ ਜਾਣ ਲਈ ਤਿਆਰ ਹੋਇਆ ਤਾਂ ਉਹ ਡਰ ਗਿਆ ਅਤੇ ਸੋਚਣ ਲੱਗਾ ਕਿ ਲੋਕ ਮੈਨੂੰ ਕੀ ਆਖਣਗੇ, ਕਿਉਂਕਿ ਹੁਣ ਮੈਂ ਬਿਲਕੁਲ ਅਪਾਹਜ ਹੋ ਚੁੱਕਾ ਹਾਂ। ਉਸ ਦੇ ਪਿਤਾ ਨੇ ਇਹ ਫ਼ੈਸਲਾ ਲਿਆ ਕਿ ਉਸ ਦੇ ਬਣਾਉਟੀ ਲੱਤ ਲਗਵਾ ਦਿੱਤੀ ਜਾਵੇ ਪਰ ਉਸ 'ਤੇ ਜੋ ਖ਼ਰਚ ਆ ਰਿਹਾ ਸੀ, ਉਹ ਉਸ ਵਕਤ ਪਰਿਵਾਰ ਕੋਲ ਨਹੀਂ ਸੀ ਪਰ ਫਿਰ ਵੀ ਉਸ ਦੇ ਬਾਪ ਨੇ ਬੈਂਕ ਤੋਂ ਕਰਜ਼ਾ ਲੈ ਕੇ ਉਸ ਦੇ ਬਣਾਉਟੀ ਲੱਤ ਲਗਵਾ ਦਿੱਤੀ।
ਦੀਪਕ ਨੇ ਸੋਚਿਆ ਕਿ ਉਹ ਕਿਸੇ 'ਤੇ ਨਿਰਭਰ ਨਹੀਂ ਰਹੇਗਾ, ਸਗੋਂ ਉਹ ਆਪਣੀ ਜ਼ਿੰਦਗੀ ਖ਼ੁਦ ਸੁਤੰਤਰ ਹੋ ਕੇ ਬਤੀਤ ਕਰੇਗਾ। ਉਸ ਨੇ ਕ੍ਰਿਕਟ ਖੇਡਣ ਲਈ ਟਰਾਇਲ ਦਿੱਤਾ ਪਰ ਉਹ ਸਫਲ ਨਹੀਂ ਹੋਇਆ ਪਰ ਉਸ ਦਾ ਦ੍ਰਿੜ੍ਹ ਨਿਸਚਾ ਸੀ ਕਿ ਉਹ ਅਸੰਭਵ ਨੂੰ ਸੰਭਵ ਵਿਚ ਬਦਲ ਦੇਵੇਗਾ ਅਤੇ ਉਸ ਨੇ ਅਜਿਹਾ ਕੀਤਾ ਵੀ। ਦੀਪਕ ਛੇਤੀ ਹੀ ਕ੍ਰਿਕਟ ਹੀ ਨਹੀਂ ਖੇਡਣ ਲੱਗਿਆ, ਸਗੋਂ ਵੀਲ੍ਹਚੇਅਰ 'ਤੇ ਬਾਸਕਟਬਾਲ ਵੀ ਖੇਡਣ ਲੱਗਿਆ ਅਤੇ ਛੇਤੀ ਹੀ ਉਹ ਖ਼ੁਦ ਮੋਟਰਸਾਈਕਲ ਵੀ ਚਲਾਉਣ ਲੱਗਿਆ। ਇੱਥੇ ਹੀ ਬਸ ਨਹੀਂ, ਉਸ ਨੇ ਇਕ ਸਮਾਰੋਹ ਵਿਚ ਸਟੇਜ 'ਤੇ ਡਾਂਸ ਕਰਕੇ ਵੇਖਣ ਵਾਲਿਆਂ ਨੂੰ ਇਸ ਕਦਰ ਮੋਹਿਆ ਕਿ ਲੋਕ ਉਸ ਦੇ ਪ੍ਰਸੰਸਕ ਤੇ ਦੀਵਾਨੇ ਹੋ ਗਏ। ਦੀਪਕ ਸੈਣੀ ਨੇ ਦੱਸਿਆ ਕਿ ਉਹ ਬਹੁਤ ਸਾਰੀਆਂ ਮੈਰਾਥਨ ਦੌੜਾਂ ਵਿਚ ਹਿੱਸਾ ਲੈ ਚੁੱਕਾ ਹੈ ਅਤੇ ਇਹ ਸਮੁੱਚੇ ਭਾਰਤ ਲਈ ਮਾਣ ਵਾਲੀ ਗੱਲ ਹੈ ਕਿ ਉਹ ਅਗਲੇ ਕੁਝ ਮਹੀਨਿਆਂ ਵਿਚ ਦਿੱਲੀ ਵਿਚ ਆਯੋਜਿਤ ਹੋਣ ਵਾਲੀ 21 ਕਿਲੋਮੀਟਰ ਦੀ ਲੰਮੀ ਮੈਰਾਥਨ ਦੌੜ ਵਿਚ ਹਿੱਸਾ ਲੈ ਰਿਹਾ ਹੈ। ਦੀਪਕ ਆਖਦਾ ਹੈ ਕਿ ਮੈਨੂੰ ਮਾਣ ਹੈ ਕਿ ਮੈਂ ਆਪਣੀ ਅਪਾਹਜਤਾ ਨੂੰ ਯੋਗਤਾ ਵਿਚ ਬਦਲਿਆ ਹੈ ਅਤੇ ਇਕ ਦਿਨ ਉਹ ਅੰਤਰਰਾਸ਼ਟਰੀ ਪੱਧਰ 'ਤੇ ਖੇਡ ਕੇ ਭਾਰਤ ਦੀ ਝੋਲੀ ਸੋਨ ਤਗਮਾ ਜ਼ਰੂਰ ਪਾਏਗਾ।


-ਮੋਬਾ: 98551-14484

ਭਾਰਤੀ ਮਹਿਲਾ ਕ੍ਰਿਕਟ ਟੀਮ ਲਈ ਨਵੇਂ ਕੋਚ

ਡਬਲਿਊ. ਵੀ. ਰਮਨ ਨਾਲ ਵੀ ਰਸਤਾ ਸਾਫ਼ ਨਹੀਂ

ਸਾਬਕਾ ਭਾਰਤੀ ਸਲਾਮੀ ਬੱਲੇਬਾਜ਼ ਡਬਲਿਊ.ਵੀ. ਰਮਨ ਨੂੰ ਭਾਰਤੀ ਮਹਿਲਾ ਕ੍ਰਿਕਟ ਟੀਮ ਦਾ ਨਵਾਂ ਕੋਚ ਬਣਾ ਦਿੱਤਾ ਗਿਆ ਹੈ। ਉਹ ਇਸ ਵੇਲੇ ਬੈਂਗਲੁਰੂ ਵਿਖੇ ਕੌਮੀ ਕ੍ਰਿਕਟ ਅਕੈਡਮੀ ਵਿਚ ਬੱਲੇਬਾਜ਼ੀ ਸਲਾਹਕਾਰ ਵਜੋਂ ਸੇਵਾਵਾਂ ਦੇ ਰਹੇ ਸਨ। ਮਹਿਲਾ ਟੀਮ ਦੇ ਕੋਚ ਰਮੇਸ਼ ਪੋਵਾਰ ਦਾ ਕਾਰਜਕਾਲ ਖ਼ਤਮ ਹੋਣ ਤੋਂ ਬਾਅਦ ਵਿਵਾਦਾਂ ਨਾਲ ਭਰੇ ਇਸ ਅਹੁਦੇ ਲਈ ਰਮਨ ਦੀ ਚੋਣ ਕਪਿਲ ਦੇਵ, ਅੰਸ਼ੂਮਨ ਗਾਇਕਵਾੜ ਤੇ ਸ਼ਾਂਤਾ ਰੰਗਾਸਵਾਮੀ 'ਤੇ ਆਧਾਰਿਤ ਟੀਮ ਨੇ ਕੀਤੀ। ਕੋਚ ਬਣਨ ਲਈ ਅਰਜ਼ੀਆਂ ਤਾਂ ਬਹੁਤ ਆਈਆਂ ਸਨ ਪਰ ਆਖਰ 'ਚ ਤਿੰਨ ਨਾਵਾਂ ਨੂੰ ਫਾਈਨਲ ਕੀਤਾ ਗਿਆ, ਜਿਨ੍ਹਾਂ ਵਿਚ ਦੱਖਣੀ ਅਫਰੀਕਾ ਦੇ ਗੈਰੀ ਕਰਸਟਨ ਦਾ ਨਾਂਅ ਸਭ ਤੋਂ ਉੱਪਰ ਸੀ। ਇਹ ਉਹੀ ਕਰਸਟਨ ਹਨ, ਜਿਨ੍ਹਾਂ ਨੇ ਭਾਰਤ ਦੀ ਮਰਦਾਂ ਦੀ ਟੀਮ ਦੀ 2011 'ਚ ਹੋਈ ਵਿਸ਼ਵ ਕੱਪ ਜਿੱਤ 'ਚ ਕੋਚ ਦੇ ਤੌਰ 'ਤੇ ਮਹੱਤਵਪੂਰਨ ਭੂਮਿਕਾ ਨਿਭਾਈ ਸੀ। ਕਰਸਟਨ ਇਸ ਵੇਲੇ ਆਈ.ਪੀ.ਐਲ. ਦੀ ਰਾਇਲ ਚੈਲੇਂਜਰਜ਼ ਟੀਮ ਦੇ ਵੀ ਕੋਚ ਹਨ। ਉਨ੍ਹਾਂ ਨੇ ਇਸ ਟੀਮ ਨਾਲ ਆਪਣੇ ਕਰਾਰ ਨੂੰ ਖ਼ਤਮ ਨਾ ਕਰਨ ਦੀ ਮਜਬੂਰੀ ਦੱਸੀ, ਜਿਸ ਕਰਕੇ ਉਨ੍ਹਾਂ ਦੇ ਨਾਂਅ 'ਤੇ ਫਿਰ ਵਿਚਾਰ ਨਹੀਂ ਕੀਤਾ ਗਿਆ। ਰਮੇਸ਼ ਪੋਵਾਰ ਨੇ ਵੀ ਅਰਜ਼ੀ ਦਿੱਤੀ ਸੀ ਪਰ ਰਮਨ ਨੂੰ ਤਰਜੀਹ ਦਿੱਤੀ ਗਈ।
53 ਸਾਲਾਂ ਦੇ ਵੂਰਕੇਰੀ ਵੈਂਕਟ ਰਮਨ 1992-93 ਦੀ ਦੱਖਣੀ ਅਫਰੀਕਾ ਗਈ ਟੀਮ ਦਾ ਹਿੱਸਾ ਸਨ ਤੇ ਉਥੇ ਉਨ੍ਹਾਂ ਸੈਂਕੜਾ ਬਣਾਇਆ ਸੀ। ਕੌਮੀ ਟੀਮ 'ਚ ਸੇਵਾ ਤੋਂ ਬਾਅਦ ਉਹ ਕੋਚਿੰਗ ਨਾਲ ਜੁੜ ਗਏ ਅਤੇ ਤਾਮਿਲਨਾਡੂ ਤੇ ਬੰਗਾਲ ਦੀਆਂ ਰਣਜੀ ਟੀਮਾਂ ਨੂੰ ਕੋਚਿੰਗ ਦਿੱਤੀ। ਕੁਝ ਸਾਲ ਪਹਿਲਾਂ ਕੋਲਕਾਤਾ ਨਾਈਟ ਰਾਈਡਰਜ਼ ਦੇ ਬੱਲੇਬਾਜ਼ੀ ਕੋਚ ਵੀ ਰਹੇ ਅਤੇ ਕੌਮੀ ਅੰਡਰ-19 ਟੀਮ ਨਾਲ ਵੀ ਜੁੜੇ ਰਹੇ। ਰਮਨ ਦੀ ਨਿਯੁਕਤੀ ਨੂੰ ਸੁਰਖੀਆਂ ਤਾਂ ਮਿਲੀਆਂ ਕਿਉਂਕਿ ਉਨ੍ਹਾਂ ਤੋਂ ਪਹਿਲਾਂ ਟੀਮ ਨੂੰ ਕੋਚਿੰਗ ਦੇ ਰਹੇ ਰਮੇਸ਼ ਪੋਵਾਰ ਨੂੰ ਸੀਨੀਅਰ ਬੱਲੇਬਾਜ਼ ਮਿਥਾਲੀ ਰਾਜ ਨਾਲ ਖੁੰਦਕਬਾਜ਼ੀ ਹੋਣ ਅਤੇ ਡਰੈਸਿੰਗ ਰੂਮ ਦੇ ਵਿਵਾਦ ਨੂੰ ਅਖ਼ਬਾਰਾਂ-ਚੈਨਲਾਂ ਦੀਆਂ ਸੁਰਖੀਆਂ ਬਣਾਉਣ ਕਾਰਨ ਕੀਤੀ ਗਈ ਛੁੱਟੀ ਤੋਂ ਬਾਅਦ ਚੁਣਿਆ ਗਿਆ ਹੈ। ਹਾਲਾਂਕਿ ਉਨ੍ਹਾਂ ਬਾਰੇ ਕਿਹਾ ਗਿਆ ਕਿ ਉਹ ਵਿਸ਼ਵ ਕੱਪ ਤੱਕ ਹੀ ਕੋਚ ਸਨ ਤੇ ਫਿਰ ਨਵੇਂ ਕੋਚ ਲਈ ਚੋਣ ਕੀਤੀ ਹੀ ਜਾਣੀ ਸੀ। ਮਿਥਾਲੀ ਨਾਲ ਵਿਵਾਦ ਤੋਂ ਬਾਅਦ ਕਪਤਾਨ ਹਰਮਨਪ੍ਰੀਤ ਕੌਰ ਤੇ ਉਪ-ਕਪਤਾਨ ਸਮਰਿਤੀ ਮੰਧਾਨਾ ਦੇ ਕਹਿਣ 'ਤੇ ਉਨ੍ਹਾਂ ਕੋਚ ਲਈ ਅਰਜ਼ੀ ਵੀ ਲਗਾਈ ਸੀ ਪਰ ਉਸ 'ਤੇ ਵਿਚਾਰ ਨਹੀਂ ਕੀਤਾ ਗਿਆ।
ਰਮੇਸ਼ ਪੋਵਾਰ ਦੀ ਮਨਮਰਜ਼ੀ ਉਸ ਸਮੇਂ ਸਾਹਮਣੇ ਆਈ, ਜਦੋਂ ਲੀਗ ਮੈਚਾਂ 'ਚ ਪਾਕਿਸਤਾਨ ਤੇ ਆਇਰਲੈਂਡ ਵਿਰੁੱਧ ਅੱਧ-ਸੈਂਕੜੇ ਮਾਰ ਕੇ 'ਪਲੇਅਰ ਆਫ ਦੀ ਮੈਚ' ਰਹਿਣ ਵਾਲੀ ਸਲਾਮੀ ਬੱਲੇਬਾਜ਼ ਮਿਥਾਲੀ ਰਾਜ ਨੂੰ ਸੈਮੀਫਾਈਨਲ 'ਚ ਨਹੀਂ ਖਿਡਾਇਆ ਗਿਆ। ਸੱਟ ਲੱਗਣ ਕਾਰਨ ਉਹ ਆਖਰੀ ਲੀਗ ਮੈਚ ਵਿਚ ਆਸਟ੍ਰੇਲੀਆ ਵਿਰੁੱਧ ਨਹੀਂ ਖੇਡ ਸਕੀ। ਟੀਮ ਪਹਿਲਾਂ ਹੀ ਸੈਮੀਫਾਈਨਲ 'ਚ ਪੁੱਜ ਚੁੱਕੀ ਸੀ ਪਰ ਸੈਮੀਫਾਈਨਲ ਵਰਗੇ ਮਹੱਤਵਪੂਰਨ ਤੇ ਨਾਕਆਊਟ ਮੈਚ 'ਚ ਇੰਗਲੈਂਡ ਵਿਰੁੱਧ ਮੈਚ 'ਚ ਫਿੱਟ ਹੋਣ ਦੇ ਬਾਵਜੂਦ ਮਿਥਾਲੀ ਨੂੰ ਨਹੀਂ ਖਿਡਾਇਆ ਗਿਆ ਅਤੇ ਟੀਮ ਹਾਰ ਕੇ ਖਿਤਾਬੀ ਦੌੜ ਤੋਂ ਬਾਹਰ ਹੋ ਗਈ। ਤਰਕ ਦਿੱਤਾ ਗਿਆ ਕਿ ਫੈਸਲਾ ਕੀਤਾ ਗਿਆ ਸੀ ਕਿ ਆਸਟ੍ਰੇਲੀਆ ਵਿਰੁੱਧ ਆਖਰੀ ਲੀਗ ਮੈਚ ਵਿਚ ਖੇਡੀ ਜੇਤੂ ਟੀਮ ਨੂੰ ਹੀ ਬਰਕਰਾਰ ਰੱਖਿਆ ਜਾਵੇ। ਮਿਥਾਲੀ ਰਾਜ ਨੇ ਸ਼ਰ੍ਹੇਆਮ ਦੋਸ਼ ਲਗਾਇਆ ਸੀ ਕਿ ਸੀ.ਈ.ਓ. ਦੀ ਮੈਂਬਰ ਡਾਇਨਾ ਇਡਲਚੀ (ਸਾਬਕਾ ਕਪਤਾਨ) ਤੇ ਕੋਚ ਰਮੇਸ਼ ਪੋਵਾਰ ਉਸ ਦਾ ਕੈਰੀਅਰ ਖ਼ਤਮ ਕਰਨਾ ਚਾਹੁੰਦੇ ਹਨ। ਪੋਵਾਰ ਨੇ ਖੁਲਾਸਾ ਕੀਤਾ ਕਿ ਮਿਥਾਲੀ ਅੜੀਅਲ ਸੁਭਾਅ ਦੀ ਹੈ ਅਤੇ ਉਸ ਨੇ ਵਿਸ਼ਵ ਕੱਪ ਦੇ ਵਿਚਾਲੇ ਹੀ ਸੰਨਿਆਸ ਲੈਣ ਦੀ ਧਮਕੀ ਦਿੱਤੀ ਸੀ।
ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਪਿਛਲੇ ਕੁਝ ਸਾਲਾਂ 'ਚ ਕਾਫੀ ਤਰੱਕੀ ਕੀਤੀ ਹੈ। ਟੀਮ 'ਚ ਪ੍ਰਤਿਭਾਸ਼ਾਲੀ ਖਿਡਾਰੀ ਆ ਰਹੇ ਹਨ ਪਰ ਕੋਚ ਦੀ ਕੁਰਸੀ ਸ਼ਗਨਾਂ ਵਾਲੀ ਨਹੀਂ ਰਹੀ। ਪਹਿਲਾਂ ਤੁਸ਼ਾਰ ਅਰੋਠੇ ਟੀਮ ਦੇ ਸੀਨੀਅਰ ਖਿਡਾਰੀਆਂ ਨਾਲ ਮਤਭੇਦਾਂ ਤੋਂ ਬਾਅਦ ਕੋਚਿੰਗ ਛੱਡ ਗਏ ਸਨ ਅਤੇ ਹੁਣ ਰਮੇਸ਼ ਪੋਵਾਰ ਵੀ ਤਾਲਮੇਲ ਨਹੀਂ ਬਿਠਾ ਸਕੇ। ਰਮਨ ਲਈ ਇਹ ਭੂਮਿਕਾ ਚੁਣੌਤੀ ਭਰੀ ਹੈ। ਕੋਚ ਤੇ ਖਿਡਾਰੀ ਦਰਮਿਆਨ ਪਏ ਪਾੜ ਨੂੰ ਪੂਰਾ ਕਰਕੇ ਟੀਮ ਨੂੰ ਹੋਰ ਬੁਲੰਦੀਆਂ 'ਤੇ ਲੈ ਕੇ ਜਾਣ ਦੀ ਜ਼ਿੰਮੇਵਾਰੀ ਉਨ੍ਹਾਂ ਦੀ ਰਹੇਗੀ, ਕਿਉਂਕਿ ਭਾਰਤੀ ਟੀਮ ਮਿਥਾਲੀ, ਹਰਮਨਪ੍ਰੀਤ, ਮੰਧਾਨਾ ਤੇ ਹੋਰ ਪ੍ਰਤਿਭਾਸ਼ਾਲੀ ਖਿਡਾਰੀਆਂ ਨੂੰ ਵੀ ਨਹੀਂ ਛੱਡ ਸਕਦੀ ਤੇ ਕੋਚ ਦੇ ਅਨੁਭਵ ਦਾ ਵੀ ਲਾਹਾ ਲੈਣ ਤੋਂ ਪਿੱਛੇ ਨਹੀਂ ਹਟਣਾ ਚਾਹੁੰਦੀ। ਇਸੇ ਕਰਕੇ ਕੋਚ ਡਬਲਿਊ.ਵੀ. ਰਮਨ ਦੀ ਜ਼ਿੰਮੇਵਾਰੀ ਹੁਣ ਹੋਰ ਵਧ ਗਈ ਹੈ।


-ਮੋਬਾ: 98141-32420

ਤਹਿਲਕਿਆਂ ਭਰੀਆਂ ਸੁਰਖੀਆਂ ਦੇ ਨਾਂਅ ਰਿਹਾ ਇਹ ਵਰ੍ਹਾ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਮਨੂ ਭਾਕਰ : ਸੋਨੇ ਤੇ ਸਟੀਕ ਨਿਸ਼ਾਨੇ : 16 ਸਾਲ ਦੀ ਉਮਰ 'ਚ ਕਿਸੇ ਭਾਰਤੀ ਬੇਟੀ ਦਾ ਐਸਾ ਕਮਾਲ ਕਲਪਨਾ ਤੋਂ ਪਰ੍ਹੇ ਲਗਦਾ ਹੈ। ਸੀਨੀਅਰ ਅਤੇ ਜੂਨੀਅਰ ਵਿਸ਼ਵਕੱਪ 'ਚ ਸੁਨਹਿਰੀ ਸਫ਼ਲਤਾ ਨਾਲ ਆਗਾਜ਼ ਕਰਨ ਵਾਲੀ ਹਰਿਆਣੇ ਦੇ ਝੱਝਰ ਜ਼ਿਲ੍ਹੇ ਦੇ ਪਿੰਡ ਗੋਰਿਆ ਦੀ ਸੋਹਣੀ-ਸੁਨੱਖੀ ਇਸ ਕੁੜੀ ਬਾਰੇ ਕਿਸੇ ਨੇ ਸੋਚਿਆ ਵੀ ਨਹੀਂ ਹੋਵੇਗਾ ਕਿ ਇਕ ਦਿਨ ਉਹ ਅਜਿਹੇ ਸਟੀਕ ਨਿਸ਼ਾਨੇ ਲਗਾਏਗੀ ਕਿ ਸੋਨੇ ਦੀ ਬਰਸਾਤ ਹੋਣ ਲੱਗੇਗੀ। 2018 ਵਿਸ਼ਵਕੱਪ ਮੈਕਸੀਕੋ 'ਚ ਉਸ ਨੇ 10 ਮੀ: ਏਅਰ ਪਿਸਟਲ 'ਚ ਦੋ ਸੋਨ ਤਗਮੇ ਜਿੱਤੇ, 2018 ਰਾਸ਼ਟਰਮੰਡਲ ਖੇਡਾਂ 'ਚ ਸੋਨ ਤਗਮਾ, 2018 ਬੋਇਨਸ ਆਇਰਜ਼ ਯੂਥ ਉਲੰਪਿਕ 'ਚੋਂ ਸੋਨ ਤਗਮਾ ਜਿੱਤਿਆ।
ਹਿਮਾ ਦਾਸ : ਭਾਰਤ ਦੀ ਨਵੀਂ ਉਡਣਪਰੀ : ਵਿਨਲੈਂਡ ਦੇ ਟੈਮਪੇਅਰ 'ਚ ਹੋਈ ਵਿਸ਼ਵ ਅੰਡਰ-20 ਅਥਲੈਟਿਕ ਚੈਂਪੀਅਨਸ਼ਿਪ 'ਚ 400 ਮੀ: ਦੌੜ ਵਿਚ ਸੋਨ ਤਗਮਾ ਜਿੱਤ ਕੇ ਹਿਮਾ ਦਾਸ ਨੇ ਵੱਡੀਆਂ ਸੁਰਖੀਆਂ ਬਟੋਰੀਆਂ। ਉਸ ਨੇ ਇਹ ਦੌੜ 51.46 ਸੈ: ਦੇ ਸਮੇਂ ਨਾਲ ਪੂਰੀ ਕੀਤੀ। ਮਿਲਖਾ ਸਿੰਘ ਅਤੇ ਪੀ.ਟੀ. ਊਸ਼ਾ ਦਾ ਰਿਕਾਰਡ ਤੋੜਨ ਵਾਲੀ ਹਿਮਾ ਦੀ ਜਿੱਤ ਦਾ ਜਸ਼ਨ ਪੂਰੇ ਦੇਸ਼ ਵਾਸੀਆਂ ਨੇ ਰਲ ਕੇ ਮਨਾਇਆ। ਹਿਮਾ ਵਿਸ਼ਵ ਪੱਧਰ 'ਤੇ (ਪੁਰਸ਼, ਮਹਿਲਾ ਜੂਨੀਅਰ, ਸੀਨੀਅਰ) ਕਿਸੇ ਵੀ ਵਰਗ ਵਿਚ ਸੋਨ ਤਗਮਾ ਜਿੱਤਣ ਵਾਲੀ ਪਹਿਲੀ ਭਾਰਤੀ ਖਿਡਾਰੀ ਬਣ ਗਈ।
ਮਨਿਕਾ ਬੱਤਰਾ : ਟੇਬਲ ਟੈਨਿਸ ਦੀ ਨਵੀਂ ਸਟਾਰ : ਮਨਿਕਾ ਨੇ ਗੋਲਡ ਕੋਸਟ 'ਚ ਹੋਈਆਂ ਰਾਸ਼ਟਰਮੰਡਲ ਖੇਡਾਂ ਦੇ ਟੇਬਲ ਟੈਨਿਸ ਮੁਕਾਬਲੇ ਵਿਚ ਭਾਰਤ ਲਈ ਚਾਰ ਤਗਮੇ ਜਿੱਤੇ, ਜਿਨ੍ਹਾਂ 'ਚ ਦੋ ਸੋਨ ਤਗਮੇ ਸਨ। ਅਜਿਹਾ ਮਾਰਕਾ ਮਾਰਨ ਵਾਲੀ ਉਹ ਪਹਿਲੀ ਭਾਰਤੀ ਮਹਿਲਾ ਖਿਡਾਰੀ ਹੈ। ਦਿੱਲੀ ਦੀ 22 ਵਰ੍ਹਿਆਂ ਦੀ ਇਸ ਕੁੜੀ ਨੇ ਅੰਤਰਰਾਸ਼ਟਰੀ ਪੱਧਰ 'ਤੇ ਆਪਣੀ ਪ੍ਰਤਿਭਾ ਦਾ ਲੋਹਾ ਮੰਨਵਾਇਆ ਤੇ ਅੱਜ ਉਹ ਟੇਬਲ ਟੈਨਿਸ ਦੀ ਨਵੀਂ ਸਟਾਰ ਵਜੋਂ ਜਾਣੀ ਜਾਂਦੀ ਹੈ। ਪੁਰਸ਼ ਟੇਬਲ ਟੈਨਿਸ 'ਚ ਸ਼ਰਤ ਕਮਲ ਦੀ ਅਗਵਾਈ ਵਾਲੀ ਟੀਮ ਨੇ ਏਸ਼ਿਆਈ ਖੇਡਾਂ ਵਿਚ ਕਾਂਸੀ ਦਾ ਤਗਮਾ ਜਿੱਤਿਆ।
ਅਰੁਣਾ-ਬੁੱਧਾ ਰੈਡੀ ਨੇ ਰਚਿਆ ਨਵਾਂ ਇਤਿਹਾਸ : ਇਸ ਸਾਲ ਮੈਲਬੌਰਨ (ਆਸਟ੍ਰੇਲੀਆ) 'ਚ ਜਿਮਨਾਸਟਿਕ ਵਿਸ਼ਵਕੱਪ 'ਚੋਂ ਚਾਂਦੀ ਦਾ ਤਗਮਾ ਜਿੱਤ ਕੇ ਭਾਰਤੀ ਜਿਮਨਾਸਟਿਕ ਦੇ ਇਤਿਹਾਸ ਵਿਚ ਨਵਾਂ ਅਧਿਆਇ ਲਿਖਿਆ ਗਿਆ। ਹੈਦਰਾਬਾਦ 'ਚ ਜਨਮੀ 22 ਵਰ੍ਹਿਆਂ ਦੀ ਜਿਮਨਾਸਟ ਅਰੁਣਾ ਬੁੱਧਾ ਰੈਡੀ ਮਹਿਲਾਵਾਂ ਦੇ ਬੋਲਟ ਈਵੈਂਟ 'ਚ ਕਾਂਸੀ ਦਾ ਤਗਮਾ ਜਿੱਤਣ ਵਾਲੀ ਪਹਿਲੀ ਭਾਰਤੀ ਖਿਡਾਰਨ ਬਣੀ। ਭਵਿੱਖ 'ਚ ਇਸ ਭਾਰਤੀ ਖਿਡਾਰਨ ਤੋਂ ਬਿਹਤਰ ਉਮੀਦ ਲਗਾਈ ਜਾ ਸਕਦੀ ਹੈ।
ਸੰਗਰਾਮ ਦੀ ਗਾਥਾ ਬਣੀ ਸਵਪਨਾ ਵਰਮਨ : ਬਚਪਨ ਤੋਂ ਸਵਪਨਾ ਵਰਮਨ ਦੇ ਪੈਰਾਂ ਦੀਆਂ ਬਾਰਾਂ ਉਂਗਲੀਆਂ ਸਨ। ਵਿਪਰੀਤ ਸਥਿਤੀਆਂ ਦੇ ਬਾਵਜੂਦ ਸਵਪਨਾ ਨੇ ਸੰਗਰਾਮ ਅਤੇ ਸੰਘਰਸ਼ ਦਾ ਅਸਲੀ ਨਮੂਨਾ ਪੇਸ਼ ਕਰਦਿਆਂ ਜਕਾਰਤਾ ਏਸ਼ਿਆਈ ਖੇਡਾਂ 2018 'ਚੋਂ ਹੈਪਟਾਥਲਿਨ 'ਚੋਂ ਸੋਨੇ ਦਾ ਤਗਮਾ ਜਿੱਤ ਕੇ ਸਭ ਨੂੰ ਹੈਰਾਨ ਕਰ ਦਿੱਤਾ।
ਉਦਾਸ ਪਲ : ਅਲਵਿਦਾ ਹਾਕੀ : ਭਾਰਤ ਦੇ ਪੂਰਵ ਕਪਤਾਨ ਸਰਦਾਰ ਸਿੰਘ ਨੇ ਜਿਸ ਖਾਮੋਸ਼ੀ ਨਾਲ ਲਗਪਗ 12 ਵਰ੍ਹੇ ਪਹਿਲਾਂ ਅੰਤਰਰਾਸ਼ਟਰੀ ਕੈਰੀਅਰ ਦਾ ਆਗਾਜ਼ ਕੀਤਾ ਸੀ, ਉਸ ਖਾਮੋਸ਼ੀ ਨਾਲ ਉਨ੍ਹਾਂ ਨੇ ਅਲਵਿਦਾ ਕਹਿ ਦਿੱਤਾ, ਪਰ ਚਰਚਾ ਤਾਂ ਇਹ ਵੀ ਹੈ ਕਿ ਇਸ ਕ੍ਰਿਸ਼ਮਈ ਸਟਾਰ ਖਿਡਾਰੀ ਨੂੰ ਬਲੀ ਦਾ ਬੱਕਰਾ ਬਣਾਇਆ ਗਿਆ ਹੈ।
ਨਹੀਂ ਰਹੇ ਕੁਮੈਂਟਰੀ ਦੇ ਬਾਬਾ ਬੋਹੜ ਜਸਦੇਵ ਸਿੰਘ : ਕੁਮੈਂਟਰੀ ਦੇ ਬਾਬਾ ਬੋਹੜ ਜਸਦੇਵ ਸਿੰਘ ਨੇ ਇਸ ਫਾਨੀ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ। ਸ਼ਬਦਾਂ ਦੇ ਜਾਦੂਗਰ ਜਸਦੇਵ ਸਿੰਘ ਨੇ 9 ਉਲੰਪਿਕ ਮੇਲੇ, 8 ਹਾਕੀ ਵਿਸ਼ਵ ਕੱਪ, 6 ਏਸ਼ਿਆਈ ਖੇਡਾਂ ਤੇ ਕਈ ਅੰਤਰਰਾਸ਼ਟਰੀ ਟੂਰਨਾਮੈਂਟਾਂ ਦੀ ਕੁਮੈਂਟਰੀ ਕੀਤੀ।
ਸੰਨਿਆਸ : ਗੌਤਮ ਗੰਭੀਰ ਨੇ ਲਿਆ ਕ੍ਰਿਕਟ ਤੋਂ ਸੰਨਿਆਸ ਅਤੇ ਵਿਸ਼ਵ ਕੱਪ ਜੇਤੂ ਬ੍ਰਾਜ਼ੀਲ ਦੇ ਰੋਨਾਲਡੋ ਕੇ ਨੇ ਫੁੱਟਬਾਲ ਨੂੰ ਕਹੀ ਆਖਰੀ ਸਲਾਮ। ਖੈਰ, ਕੁੱਲ ਮਿਲਾ ਕੇ ਕੌਮਾਂਤਰੀ ਖੇਡਾਂ ਦੇ ਇਸ ਵੱਡੇ ਖੇਡ ਮੇਲੇ ਦੇ ਵਰ੍ਹੇ 'ਚ ਭਾਰਤੀ ਖਿਡਾਰੀਆਂ ਦਾ ਪ੍ਰਦਰਸ਼ਨ ਕਾਬਲੇ ਤਾਰੀਫ਼ ਰਿਹਾ। (ਸਮਾਪਤ)


-ਚੀਫ ਸਾਈ ਫੁੱਟਬਾਲ ਕੋਚ, ਪਿੰਡ ਤੇ ਡਾਕ : ਪਲਾਹੀ, ਫਗਵਾੜਾ। ਮੋਬਾ : 94636-12204


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX