ਤਾਜਾ ਖ਼ਬਰਾਂ


ਪੰਜਾਬ ਸਰਕਾਰ ਵੱਲੋਂ ਰਾਜ ਪੱਧਰੀ ਪੰਜਾਬ ਰਾਜ ਯੁਵਕ ਮੇਲਾ ਕਰਾਉਣ ਦਾ ਐਲਾਨ
. . .  7 minutes ago
ਚੰਡੀਗੜ੍ਹ, 14 ਦਸੰਬਰ (ਅਜਾਇਬ ਔਜਲਾ)- ਪੰਜਾਬ ਦੇ ਖੇਡ ਯੁਵਕ ਸੇਵਾਵਾਂ ਅਤੇ ਪਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ...
ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਬਣਨ 'ਤੇ ਸੀਨੀਅਰ ਅਕਾਲੀ ਆਗੂਆਂ ਨੇ ਸੁਖਬੀਰ ਬਾਦਲ ਨੂੰ ਕੀਤਾ ਸਨਮਾਨਿਤ
. . .  10 minutes ago
ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਬਣਨ 'ਤੇ ਸੀਨੀਅਰ ਅਕਾਲੀ ਆਗੂਆਂ ਨੇ ਸੁਖਬੀਰ ਬਾਦਲ ਨੂੰ ਕੀਤਾ ਸਨਮਾਨਿਤ....
ਸੁਖਬੀਰ ਸਿੰਘ ਬਾਦਲ ਮੁੜ ਬਣੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ
. . .  15 minutes ago
ਅੰਮ੍ਰਿਤਸਰ, 14 ਦਸੰਬਰ (ਜਸਵੰਤ ਸਿੰਘ ਜੱਸ, ਸੁਰਿੰਦਰਪਾਲ ਸਿੰਘ ਵਰਪਾਲ)- ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਡੈਲੀਗੇਟ ਇਜਲਾਸ 'ਚ ਸੁਖਬੀਰ ਸਿੰਘ ਬਾਦਲ ਨੂੰ...
ਸੁਖਬੀਰ ਸਿੰਘ ਬਾਦਲ ਤੀਜੀ ਵਾਰ ਚੁਣੇ ਗਏ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ
. . .  27 minutes ago
ਸੁਖਬੀਰ ਸਿੰਘ ਬਾਦਲ ਤੀਜੀ ਵਾਰ ਚੁਣੇ ਗਏ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ.............
ਡੈਲੀਗੇਟ ਇਜਲਾਸ : ਜਵਾਹਰ ਲਾਲ ਨਹਿਰੂ ਨੇ ਸਾਡੇ ਨਾਲ ਧੋਖਾ ਕੀਤਾ- ਜਥੇਦਾਰ ਤੋਤਾ ਸਿੰਘ
. . .  31 minutes ago
ਡੈਲੀਗੇਟ ਇਜਲਾਸ 'ਚ ਜਥੇਦਾਰ ਤੋਤਾ ਸਿੰਘ ਨੇ ਬਾਬਾ ਖੜਕ ਸਿੰਘ ਦੀ ਤਸਵੀਰ ਤੇਜਾ ਸਿੰਘ ਸਮੁੰਦਰੀ ਹਾਲ 'ਚ ਲਾਉਣ ਦੀ ਕੀਤੀ ਮੰਗ
. . .  32 minutes ago
ਡੈਲੀਗੇਟ ਇਜਲਾਸ 'ਚ ਜਥੇਦਾਰ ਤੋਤਾ ਸਿੰਘ ਨੇ ਬਾਬਾ ਖੜਕ ਸਿੰਘ ਦੀ ਤਸਵੀਰ ਤੇਜਾ ਸਿੰਘ ਸਮੁੰਦਰੀ ਹਾਲ 'ਚ ਲਾਉਣ ਦੀ ਕੀਤੀ ਮੰਗ.....
ਡੈਲੀਗੇਟ ਇਜਲਾਸ 'ਚ ਡਾ. ਦਲਜੀਤ ਸਿੰਘ ਚੀਮਾ ਦੱਸ ਰਹੇ ਹਨ ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ
. . .  50 minutes ago
ਸ਼੍ਰੋਮਣੀ ਅਕਾਲੀ ਦਲ ਦਾ ਡੈਲੀਗੇਟ ਇਜਲਾਸ ਸ਼ੁਰੂ
. . .  57 minutes ago
ਅੰਮ੍ਰਿਤਸਰ, 14 ਦਸੰਬਰ (ਜਸਵੰਤ ਸਿੰਘ ਜੱਸ, ਸੁਰਿੰਦਰਪਾਲ ਸਿੰਘ ਵਰਪਾਲ)- ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਡੈਲੀਗੇਟ ਇਜਲਾਸ ਸ਼ੁਰੂ ਹੋ ਗਿਆ ਹੈ। ਇਸ ਇਜਲਾਸ ਦੀ...
ਬੀ. ਐੱਸ. ਐੱਫ. ਨੇ ਰਾਵੀ ਦਰਿਆ 'ਚੋਂ ਬਰਾਮਦ ਕੀਤੀ ਪਾਕਿਸਤਾਨੀ ਬੇੜੀ
. . .  about 1 hour ago
ਅਜਨਾਲਾ, 14 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ)- ਬੀ. ਐੱਸ. ਐੱਫ. ਨੇ ਅੱਜ ਤਹਿਸੀਲ ਅਜਨਾਲਾ ਦੀ ਇੱਕ ਸਰਹੱਦੀ ਚੌਕੀ ਨੇੜਿਓਂ ਰਾਵੀ ਦਰਿਆ ਰਾਹੀਂ ਰੁੜ੍ਹ ਕੇ ਆਈ ਇੱਕ ਪਾਕਿਸਤਾਨੀ ਬੇੜੀ...
ਜਲੰਧਰ : ਬਿਸਤ ਦੁਆਬ ਨਹਿਰ 'ਚ ਮਿਲਿਆ ਬੱਚੇ ਦਾ ਭਰੂਣ
. . .  about 1 hour ago
ਜਲੰਧਰ, 14 ਦਸੰਬਰ- ਜਲੰਧਰ-ਅੰਮ੍ਰਿਤਸਰ ਨੈਸ਼ਨਲ ਹਾਈਵੇਅ 1 'ਤੇ ਕਾਲੀਆ ਕਾਲੋਨੀ ਨੇੜੇ ਬਿਸਤ ਦੁਆਬ ਨਹਿਰ 'ਚ ਇੱਕ ਬੱਚੇ ਦਾ ਭਰੂਣ ਮਿਲਿਆ ਹੈ। ਘਟਨਾ ਦੀ ਜਾਣਕਾਰੀ ਮਿਲਣ...
ਹੋਰ ਖ਼ਬਰਾਂ..

ਅਜੀਤ ਮੈਗਜ਼ੀਨ

ਡਿਜ਼ਨੀ ਦੀ ਦੁਨੀਆ... 2

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਇਸ ਤੋਂ ਬਾਅਦ ਉਸ ਨੇ ਦੁਨੀਆ ਦੀ ਸਭ ਤੋਂ ਪਹਿਲੀ ਰੰਗੀਨ ਕਾਰਟੂਨ ਫ਼ਿਲਮ 'ਸਨੋਅ ਵਾਈਟ ਐਾਡ ਸੈਵਨ ਡਰਾਫ਼ਸ' ਬਣਾਈ, ਜੋ ਉਸ ਵੇਲੇ ਦੀ ਇਕ ਸੁਪਰਹਿੱਟ ਫ਼ਿਲਮ ਸੀ | ਵਾਲਟ ਨੇ ਬੱਚਿਆਂ ਲਈ ਵਿਸ਼ੇਸ਼ ਕਾਰਟੂਨ ਕਿਤਾਬਾਂ ਅਤੇ ਕਾਰਟੂਨ ਫ਼ਿਲਮਾਂ ਵੀ ਬਣਾਉਣੀਆਂ ਸ਼ੁਰੂ ਕੀਤੀਆਂ ਅਤੇ ਨਵੇਂ ਕਿਰਦਾਰ ਜਿਵੇਂ 'ਚਿਪ ਐਾਡ ਡੇਲ', 'ਪੀਟਰਪੈਨ', 'ਲਿਟਲ ਮਰਮੇਡ', 'ਐਲਿਸ ਇਨ ਵੰਡਰਲੈਂਡ', 'ਸਲੀਪਿੰਗ ਬਿਊਟੀ', 'ਬਿਊਟੀ ਐਾਡ ਦੀ ਬੀਸਟ', 'ਅਲਾਦੀਨ', 'ਟਾਰਜ਼ਨ', 'ਦੀ ਲਾਇਨ ਕਿੰਗ', 'ਜੰਗਲ ਬੁੱਕ' ਅਤੇ ਹੋਰ ਵੀ ਬਹੁਤ ਸਾਰੇ ਕਿਰਦਾਰ ਤਿਆਰ ਕੀਤੇ |
ਦੁਨੀਆ ਦਾ ਪਹਿਲਾ ਡਿਜ਼ਨੀ ਲੈਂਡ (ਥੀਮ ਪਾਰਕ) 1955 ਵਿਚ ਵਾਲਟ ਡਿਜ਼ਨੀ ਨੇ ਕੈਲੀਫੋਰਨੀਆ (ਅਮਰੀਕਾ) ਵਿਚ ਸ਼ੁਰੂ ਕੀਤਾ | ਇਥੇ ਬੱਚਿਆਂ ਅਤੇ ਵੱਡਿਆਂ ਲਈ ਕਈ ਤਰ੍ਹਾਂ ਦੇ ਝੂਲੇ, ਖੇਡਾਂ ਅਤੇ ਬਹੁਤ ਸਾਰੇ ਮਨੋਰੰਜਨ ਦੇ ਸਾਧਨ ਬਣਾਏ ਗਏ ਸਨ | ਦੁਨੀਆ ਭਰ ਵਿਚ ਇਹ ਥੀਮ ਪਾਰਕ, ਡਿਜ਼ਨੀ ਲੈਂਡ ਅਤੇ ਡਿਜ਼ਨੀ ਵਰਲਡ ਕਈ ਦੇਸ਼ਾਂ ਜਿਵੇਂ ਅਮਰੀਕਾ, ਯੂਰਪ ਦੇ ਵੱਖ-ਵੱਖ ਦੇਸ਼ਾਂ, ਜਾਪਾਨ, ਚੀਨ ਅਤੇ ਹਾਂਗਕਾਂਗ ਆਦਿ ਵਿਚ ਸਥਿਤ ਹਨ ਅਤੇ ਇਨ੍ਹਾਂ ਦੀ ਕੁੱਲ ਗਿਣਤੀ 14 ਹੈ |
ਵਾਲਟ ਡਿਜ਼ਨੀ ਸਟੂਡੀਓਜ਼ ਦੁਨੀਆ ਦੇ ਸਭ ਤੋਂ ਵੱਡੇ ਅਤੇ ਬਿਹਤਰੀਨ ਸਟੂਡੀਓ ਕਹਾਉਂਦੇ ਹਨ ਜਿਥੇ ਦੁਨੀਆ ਦੀਆਂ ਵੱਡੀਆਂ ਫ਼ਿਲਮਾਂ ਅਤੇ ਨਾਟਕ ਫ਼ਿਲਮਾਏ ਜਾਂਦੇ ਹਨ | ਇਸ ਵਿਚ ਵਾਲਟ ਡਿਜ਼ਨੀ ਪਿਕਚਰਜ਼, ਵਾਲਟ ਡਿਜ਼ਨੀ ਐਨੀਮੇਸ਼ਨ ਸਟੂਡੀਓਜ਼, ਪਿਕਸਰ, ਮਾਰਵਲ ਸਟੂਡੀਓਜ਼, ਟਵੰਟੀਅਥ ਸੈਂਚੁਰੀ ਫ਼ੌਕਸ, ਫੌਕਸ ਟੂ ਥਾਊਜ਼ੈਂਡਸ ਪਿਕਚਰਜ਼, ਫੌਕਸ ਸਰਚ ਲਾਈਟ ਪਿਕਚਰਜ਼, ਲੂਕਾਸ ਫਿਲਮਜ਼ ਅਤੇ ਬਲਿਊ ਸਕਾਈ ਸਟੂਡੀਓਜ਼ ਵੀ ਸ਼ਾਮਿਲ ਹਨ | ਇਸ ਤੋਂ ਇਲਾਵਾ ਮਨੋਰੰਜਨ ਦੀ ਦੁਨੀਆ ਵਿਚ ਡਿਜ਼ਨੀ ਟੀ. ਵੀ. ਅਤੇ ਕੇਬਲ ਨੈੱਟਵਰਕ ਵਿਚ ਡਿਜ਼ਨੀ ਚੈਨਲ, ਡਿਜ਼ਨੀ ਐਚ. ਡੀ., ਹੰਗਾਮਾ ਟੀ.ਵੀ., ਈ.ਐਸ.ਪੀ.ਐਨ., ਯੂ. ਟੀ.ਵੀ., ਮੋਪੇਟ ਸਟੂਡੀਓਜ਼, ਏ. ਬੀ. ਸੀ. ਬਰਾਡਕਾਸਟ ਨੈੱਟਵਰਕ, ਫਰੀ ਫੋਰਮ, ਐਫ਼. ਐਕਸ ਅਤੇ ਨੈਸ਼ਨਲ ਜਿਓਗ੍ਰਾਫਿਕ ਸ਼ਾਮਿਲ ਹਨ | ਬੱਚਿਆਂ ਲਈ ਕਿਤਾਬਾਂ ਅਤੇ ਰਸਾਲਿਆਂ ਦੀ ਪ੍ਰਕਾਸ਼ਨਾ ਲਈ ਵਿਸ਼ਵ ਦੀ ਸਭ ਤੋਂ ਵੱਡੀ 'ਡਿਜ਼ਨੀ ਪਬਲੀਸ਼ਿੰਗ ਕੰਪਨੀ' ਹੈ |
ਇਸ ਤੋਂ ਇਲਾਵਾ ਵਾਲਟ ਡਿਜ਼ਨੀ ਕੰਪਨੀ ਦੇ ਕਈ ਰਿਜ਼ੋਰਟ ਅਤੇ ਹੋਟਲ ਹਨ ਅਤੇ ਡਿਜ਼ਨੀ ਦੇ ਵਿਸ਼ੇਸ਼ ਕਰੂਜ਼ ਲਾਈਨਰ (ਸੈਲਾਨੀਆਂ ਲਈ ਪਾਣੀ ਦੇ ਜਹਾਜ਼) ਹਨ | ਮੌਜੂਦਾ ਸਮੇਂ ਵਿਚ ਵਾਲਟ ਡਿਜ਼ਨੀ ਦੇ 2 ਲੱਖ ਤੋਂ ਵੀ ਵਧੇਰੇ ਕਰਮਚਾਰੀ ਹਨ ਅਤੇ ਵਾਲਟ ਡਿਜ਼ਨੀ ਕੰਪਨੀ ਦੀ ਸ਼ੁੱਧ ਆਰਥਿਕ ਦਰ (ਨੈੱਟਵਰਥ) 13 ਹਜ਼ਾਰ ਕਰੋੜ ਅਮਰੀਕੀ ਡਾਲਰ ਹੈ |
ਵਾਲਟ ਡਿਜ਼ਨੀ ਦਾ ਦਿਹਾਂਤ 15 ਦਸੰਬਰ, 1966 ਨੂੰ ਕੈਂਸਰ ਦੀ ਬਿਮਾਰੀ ਕਾਰਨ ਹੋਇਆ ਅਤੇ ਉਹ ਆਪਣੀ ਵਿਰਾਸਤ ਵਿਚ ਆਉਣ ਵਾਲੀਆਂ ਪੀੜ੍ਹੀਆਂ ਨੂੰ ਹਾਸੇ ਅਤੇ ਖੇੜੇ ਦੇ ਗਏ |
ਵਾਲਟ ਡਿਜ਼ਨੀ ਦਾ ਕਹਿਣਾ ਸੀ ''ਦੁਨੀਆ ਦਾ ਸਭ ਤੋਂ ਵੱਡਾ ਅਤੇ ਸਾਰੀਆਂ ਮੁਸੀਬਤਾਂ ਦਾ ਕਾਰਨ ਇਹ ਹੈ ਕਿ ਅਸੀਂ ਸਭ ਬਹੁਤ ਛੇਤੀ 'ਵੱਡੇ' ਹੋ ਜਾਂਦੇ ਹਾਂ | ਅਸੀਂ ਆਪਣੇ ਬੱਚੇ ਵਰਗੇ ਸਾਫ਼ ਦਿਲ ਨੂੰ 'ਵੱਡੇ' ਹੋਣ ਦੀ ਦੌੜ ਵਿਚ ਮੈਲਾ ਕਰ ਦਿੰਦੇ ਹਾਂ ਅਤੇ ਆਪਣੇ ਅੰਦਰਲੇ ਭੋਲੇ ਭਾਲੇ ਬੱਚੇ ਨੂੰ ਮਾਰ ਦਿੰਦੇ ਹਾਂ | ਪਰ ਮੇਰੀ ਕੋਸ਼ਿਸ਼ ਰਹੇਗੀ ਕਿ ਮੈਂ ਇਹ ਨਾ ਹੋਣ ਦੇਵਾਂ |'' ਵਾਲਟ ਡਿਜ਼ਨੀ ਦੀ ਇਹ ਕੋਸ਼ਿਸ਼ ਨਾਕਾਮ ਨਹੀਂ ਹੋਈ ਕਿਉਂਕਿ ਉਸ ਦੀ ਕੋਈ ਵੀ ਕਿਤਾਬ ਪੜ੍ਹ ਕੇ, ਫ਼ਿਲਮ ਵੇਖ ਕੇ ਅਤੇ ਜਾਂ ਫਿਰ ਥੀਮ ਪਾਰਕ ਜਾ ਕੇ ਕੀ ਜਵਾਨ, ਕੀ ਬਜ਼ੁਰਗ, ਸਭ ਬੱਚੇ ਬਣ ਜਾਂਦੇ ਹਨ ਅਤੇ ਇਕ ਖ਼ੁਸ਼ੀ, ਉਲਾਸ, ਸੁਪਨਿਆਂ ਭਰੀ ਦੁਨੀਆ ਵਿਚ ਸਮਾ ਜਾਂਦੇ ਹਨ |
(ਸਮਾਪਤ)

5-mail : sarvinder_ajit@yahoo.co.in
2log : sarvinderkaur.wordpress.com


ਖ਼ਬਰ ਸ਼ੇਅਰ ਕਰੋ

ਆਵਾਜਾਈ ਦੀ ਨਵੀਂ ਤਕਨੀਕ ਹਾਈਪਰਲੂਪ

ਪਿਛਲੇ ਦਿਨੀਂ 'ਵਰਜਨ ਹਾਈਪਰਲੂਪ ਵਨ' ਨੇ ਪੰਜਾਬ ਸਰਕਾਰ ਨਾਲ ਇਕ ਸਮਝੌਤਾ ਕੀਤਾ ਹੈ ਜਿਸ ਅਧੀਨ ਚੰਡੀਗੜ੍ਹ, ਲੁਧਿਆਣਾ ਅਤੇ ਅੰਮਿ੍ਤਸਰ ਸ਼ਹਿਰਾਂ ਦਰਮਿਆਨ ਇਕ ਹਾਈਪਰਲੂਪ ਬਣਾਇਆ ਜਾਵੇਗਾ ਜੋ ਭਾਰਤ ਵਿਚ ਅਤਿ-ਆਧੁਨਿਕ ਟਰਾਂਸਪੋਰਟੇਸ਼ਨ ਸਿਸਟਮ ਸਥਾਪਿਤ ਕਰਨ ਲਈ ਮਹਾਰਾਸ਼ਟਰ ਤੋਂ ਬਾਅਦ ਦੂਸਰਾ ਹਾਈਪਰਲੂਪ ਹੋਵੇਗਾ | ਇਸ ਹਾਈਪਰਲੂਪ ਬਣਨ ਨਾਲ ਚੰਡੀਗੜ੍ਹ, ਲੁਧਿਆਣਾ ਅਤੇ ਅੰਮਿ੍ਤਸਰ ਸ਼ਹਿਰਾਂ ਦਾ ਸਫ਼ਰ ਸਿਰਫ਼ 30 ਮਿੰਟ ਦਾ ਰਹਿ ਜਾਵੇਗਾ ਜੋ ਇਸ ਸਮੇਂ 5 ਘੰਟਿਆਂ ਦਾ ਹੈ | ਇਸ ਪ੍ਰੋਜੈਕਟ ਦਾ ਸਰਵੇ ਛੇ ਹਫ਼ਤਿਆਂ ਵਿਚ ਪੂਰਾ ਕਰ ਲਿਆ ਜਾਵੇਗਾ ਤਾਂ ਕਿ ਪਤਾ ਲਗਾਇਆ ਜਾਵੇ ਕਿ ਇਸ 'ਤੇ ਕਿੰਨਾ ਖਰਚਾ ਆਵੇਗਾ, ਕਿੰਨੀਆਂ ਸਵਾਰੀਆਂ ਮਿਲਣਗੀਆਂ ਅਤੇ ਇਸ ਨਾਲ ਸਮਾਜਿਕ-ਆਰਥਿਕ ਪੱਧਰ 'ਤੇ ਕਿੰਨਾ ਕੁ ਲਾਭ ਹੋਵੇਗਾ? ਦਰਅਸਲ ਪੰਜਾਬ ਸਰਕਾਰ ਇਸ ਆਧੁਨਿਕ ਤਕਨਾਲੋਜੀ ਰਾਹੀਂ ਪੰਜਾਬ ਦੇ ਭੀੜ ਭੜੱਕੇ ਵਾਲੇ ਵੱਡੇ ਸ਼ਹਿਰਾਂ ਦਰਮਿਆਨ ਆਵਾਜਾਈ ਦੀ ਸਮੱਸਿਆ ਨੂੰ ਹੱਲ ਕਰਨਾ ਚਾਹੁੰਦੀ ਹੈ |
ਹਾਈਪਰਲੂਪ, ਸੜਕਾਂ 'ਤੇ ਵਧ ਰਹੀ ਆਵਾਜਾਈ ਦੀ ਸਮੱਸਿਆ, ਵਧ ਰਹੇ ਹਾਦਸੇ ਅਤੇ ਵਧ ਰਹੇ ਪ੍ਰਦੂਸ਼ਣ ਨੂੰ ਘਟਾਉਣ ਲਈ ਸਭ ਤੋਂ ਆਧੁਨਿਕ ਤਕਨੀਕ ਹੈ | ਇਹ ਮਨੁੱਖੀ ਆਵਾਜਾਈ ਅਤੇ ਸਾਮਾਨ ਦੀ ਢੋਆ-ਢੁਆਈ ਲਈ ਬਹੁਤ ਹੀ ਕਾਰਗਰ ਤਕਨੀਕ ਸਾਬਤ ਹੋਵੇਗੀ | ਇਸ ਵਿਚ ਲੂਪ ਦੀ ਸ਼ਕਲ ਦੀਆਂ ਇਕ ਜਾਂ ਇਕ ਤੋਂ ਜ਼ਿਆਦਾ ਸੀਲਬੰਦ ਟਿਊਬਾਂ (ਹਾਈਪਰਲੂਪ ਦੀ ਸਮਰੱਥਾ 'ਤੇ ਅਧਾਰਤ) ਹੋਣਗੀਆਂ ਜੋ ਕੌਲਿਆਂ 'ਤੇ ਸਥਾਪਿਤ ਕੀਤੀਆਂ ਜਾਣਗੀਆਂ | ਇਨ੍ਹਾਂ ਟਿਊਬਾਂ ਵਿਚ ਹਵਾ ਦਾ ਦਬਾਅ ਬਹੁਤ ਹੀ ਘੱਟ ਹੋਵੇਗਾ | ਇਨ੍ਹਾਂ ਵਿਚ ਇਕ ਕੈਪਸੂਲਨੁਮਾ, ਸੀਲਬੰਦ ਡੱਬੇ ਵਿਚ ਯਾਤਰੂਆਂ ਜਾਂ ਸਾਮਾਨ ਨੂੰ ਇਕ ਥਾਂ ਤੋਂ ਦੂਸਰੇ ਸਥਾਨ ਵਿਚ ਬਹੁਤ ਹੀ ਘੱਟ ਊਰਜਾ ਨਾਲ ਅਤੇ ਘੱਟ ਸਮੇਂ ਵਿਚ ਭੇਜਿਆ ਜਾਵੇਗਾ | ਸੀਲਬੰਦ ਟਿਊਬ ਵਿਚ ਹਵਾ ਦੀ ਅਣਹੋਂਦ ਕਾਰਨ, ਬਹੁਤ ਘੱਟ ਊਰਜਾ ਨਾਲ ਕੈਪਸੂਲ ਦੀ ਗਤੀ 1200 ਕਿਲੋਮੀਟਰ ਪ੍ਰਤੀ ਘੰਟਾ ਤੱਕ ਹੋ ਸਕਦੀ ਹੈ ਜਿਹੜਾ ਹਵਾ-ਰੂਪੀ ਬੈਰਿੰਗ ਦੇ ਸਹਾਰੇ ਉਡਦਾ ਹੀ ਨਜ਼ਰ ਆਵੇਗਾ |
ਪ੍ਰੰਪਰਾਗਤ ਆਵਾਜਾਈ ਦੇ ਸਾਧਨਾਂ ਦੀ ਬਜਾਏ, ਆਵਾਜਾਈ ਦੇ ਇਸ ਸਾਧਨ 'ਤੇ ਮੌਸਮ ਦਾ ਕੋਈ ਅਸਰ ਨਹੀਂ ਹੋਵੇਗਾ, ਇਸ ਵਿਚ ਆਹਮੋ-ਸਾਹਮਣੀ ਟੱਕਰ ਹੋਣ ਦੀ ਕੋਈ ਗੁੰਜਾਇਸ਼ ਨਹੀਂ ਹੋਵੇਗੀ ਅਤੇ ਹਵਾਈ ਜਹਾਜ਼ ਨਾਲੋਂ ਦੁੱਗਣੀ ਰਫ਼ਤਾਰ ਪ੍ਰਾਪਤ ਕੀਤੀ ਜਾ ਸਕਦੀ ਹੈ | ਇਸ ਨੂੰ ਚਲਾਉਣ ਲਈ ਸੂਰਜੀ ਊਰਜਾ ਜਾਂ ਹਵਾ ਦੀ ਊਰਜਾ ਵਰਤੀ ਜਾਵੇਗੀ ਜਿਸ ਨੂੰ 24 ਘੰਟਿਆਂ ਲਈ (ਚਾਰਜ ਕਰਕੇ) ਸਟੋਰ ਵੀ ਕੀਤਾ ਜਾ ਸਕਦਾ ਹੈ | ਹਵਾ ਦਾ ਪ੍ਰਦੂਸ਼ਣ ਪੈਦਾ ਨਹੀਂ ਹੋਵੇਗਾ | ਇਸ ਤਕਨੀਕ ਵਿਚ ਸਾਮਾਨ ਜਾਂ ਸਵਾਰੀਆਂ ਨਾਲ ਪੈਕ ਕੀਤਾ ਕੈਪਸੂਲ, ਇਕ ਲੂਪ-ਨੁਮਾ ਟਿਊਬ ਵਿਚ ਚਲਦਾ ਹੈ | ਇਸ ਕਰਕੇ ਇਸ ਤਕਨੀਕ ਦਾ ਨਾਂਅ ਜੁਲਾਈ 2012 ਵਿਚ ਟੈਸਲਾ ਅਤੇ ਸਪੇਸਐਕਸ ਨਾਮੀ ਕੰਪਨੀਆਂ ਵਲੋਂ ਸਾਂਝੇ ਤੌਰ 'ਤੇ ਹਾਈਪਰਲੂਪ ਰੱਖਿਆ ਗਿਆ ਹੈ |
ਇਸ ਨਵੀਂ ਤਕਨੀਕ ਦੀਆਂ ਅਸੀਮ ਸੰਭਾਵਨਾਵਾਂ ਨੂੰ ਧਿਆਨ ਵਿਚ ਰੱਖਦਿਆਂ ਬਹੁਤ ਸਾਰੇ ਉਤਸ਼ਾਹੀਆਂ ਨੇ ਇਸ ਤਕਨੀਕ ਨੂੰ ਅਪਣਾਉਣ, ਇਸ ਨੂੰ ਹੋਰ ਸੁਧਾਰਨ ਅਤੇ ਸੰਸਾਰ ਦੇ ਮੈਟਰੋ ਸ਼ਹਿਰਾਂ ਵਿਚ ਵਰਤਣ ਲਈ ਵਪਾਰਕ ਉੱਦਮ ਕਰਨੇ ਸ਼ੁਰੂ ਕਰ ਦਿੱਤੇ ਹਨ | ਕੁਝ ਕੰਪਨੀਆਂ ਹੋਂਦ ਵਿਚ ਆ ਚੁੱਕੀਆਂ ਹਨ | ਹਾਈਪਰਲੂਪ ਅਲਫ਼ਾ ਕੰਪਨੀ ਨੇ 2013 ਵਿਚ ਇਕ ਸਰਵੇਖਣ ਦੌਰਾਨ ਪਤਾ ਲਗਾਇਆ ਸੀ ਕਿ ਕੈਲੀਫੋਰਨੀਆ ਦੇ ਸ਼ਹਿਰਾਂ ਲਾਸ-ਏਾਜਲਸ ਅਤੇ ਸਾਨਫਰਾਂਸਿਸਕੋ ਦਰਮਿਆਨ 6 ਬਿਲੀਅਨ ਨਾਲ ਹਾਈਪਰਲੂਪ ਸਿਸਟਮ ਸਥਾਪਤ ਕੀਤਾ ਜਾ ਸਕਦਾ ਹੈ ਜਿਸ ਨਾਲ 560 ਕਿਲੋਮੀਟਰ ਦੀ ਦੂਰੀ 35 ਮਿੰਟਾਂ ਵਿਚ ਪੂਰੀ ਕੀਤੀ ਜਾ ਸਕੇਗੀ | ਇਸ ਵਿਚ 5 ਕਾਰੀਡੋਰ ਵੀ ਹੋਣਗੇ | ਅਗਰ ਟਿਊਬ (ਲੂਪ) ਦਾ ਵਿਆਸ (ਘੇਰਾ) ਵੱਡਾ ਕਰਨਾ ਹੋਵੇ ਤਾਂ ਖਰਚਾ 7.5 ਬਿਲੀਅਨ ਆਵੇਗਾ ਤਾਂ ਕਿ ਸਵਾਰੀਆਂ ਦੇ ਨਾਲ ਸਾਮਾਨ (ਵਹੀਕਲਜ਼ ਆਦਿ) ਦੀ ਢੋਆ-ਢੁਆਈ ਵੀ ਹੋ ਸਕੇ | ਆਂਧਰਾ ਪ੍ਰਦੇਸ਼ ਸਰਕਾਰ ਨਾਲ ਹਾਈਪਰਲੂਪ ਸਿਸਟਮ ਬਣਾਉਣ ਵਾਲੀ ਗਲੋਬਲ ਕੰਪਨੀ, ਹਾਈਪਰਲੂਪ ਟਰਾਂਸਪੋਰਟੇਸ਼ਨ ਟੈਕਨਾਲੋਜੀਜ਼ 2013 ਵਿਚ ਹੋਂਦ ਵਿਚ ਆਈ ਸੀ ਜਿਸ ਦੀਆਂ 52 ਵੱਖ-ਵੱਖ ਟੀਮਾਂ ਵਿਚ 800 ਤੋਂ ਜ਼ਿਆਦਾ ਇੰਜੀਨੀਅਰ ਅਤੇ ਟੈਕਨੋਕਰੇਟ ਕੰਮ ਕਰਦੇ ਹਨ ਅਤੇ 40 ਤੋਂ ਜ਼ਿਆਦਾ ਕਾਰਪੋਰੇਟ ਅਦਾਰੇ ਇਸ ਦੇ ਭਾਈਵਾਲ ਹਨ | ਇਸ ਦੀਆਂ ਦੁਨੀਆ ਦੇ ਕਈ ਦੇਸ਼ਾਂ ਵਿਚ ਸ਼ਾਖਾਵਾਂ ਹਨ | ਇਸ ਕੰਪਨੀ ਨੇ ਕੈਲੀਫੋਰਨੀਆ, ਫਰਾਂਸ, ਅਬੂ-ਧਾਬੀ ਸਮੇਤ ਕਈ ਦੇਸ਼ਾਂ ਨਾਲ ਵੱਖ-ਵੱਖ ਪ੍ਰੋਜੈਕਟਾਂ ਲਈ ਸਮਝੌਤੇ ਕੀਤੇ ਹਨ | ਭਾਰਤ ਵਿਚ ਵੀ 2015 ਵਿਚ ਬਿੱਟਸ ਇੰਸਟੀਚਿਊਟ, ਪਿਲਾਨੀ ਦੇ ਕੁਝ ਵਿਦਿਆਰਥੀਆਂ ਵਲੋਂ ਇਸ ਤਕਨੀਕ ਨੂੰ ਪ੍ਰੈਕਟੀਕਲ ਪੱਧਰ 'ਤੇ ਵਰਤਣ ਲਈ 'ਟੀਮ ਹਾਈਪਰਲੂਪ ਇੰਡੀਆ' ਨਾਮੀ ਸੰਸਥਾ ਬਣਾਈ ਗਈ ਹੈ ਜਿਸ ਵਿਚ 60 ਤੋਂ ਜ਼ਿਆਦਾ ਵਿਦਿਆਰਥੀ ਕੰਮ ਕਰ ਰਹੇ ਹਨ |
ਇਹ ਤਕਨੀਕ ਜਿਥੇ ਸਫ਼ਰ ਦਾ ਸਮਾਂ ਘਟਾਏਗੀ, ਸੜਕਾਂ 'ਤੇ ਕਾਰਾਂ-ਗੱਡੀਆਂ ਦੀ ਭੀੜ ਨੂੰ ਘਟਾਵੇਗੀ, ਹਾਦਸਿਆਂ ਨੂੰ ਘਟਾਏਗੀ, ਹਵਾ ਦਾ ਪ੍ਰਦੂਸ਼ਣ ਘਟੇਗਾ, ਉਥੇ ਗਲੋਬਲ ਵਾਰਮਿੰਗ ਨੂੰ ਵੀ ਠੱਲ੍ਹ ਪਵੇਗੀ |
ਇਹ ਤਕਨੀਕ ਬਾਹਰੀ ਸਪੇਸ ਵਿਚ ਬਹੁਤ ਲਾਹੇਵੰਦ ਹੋ ਸਕਦੀ ਹੈ | ਹਵਾ ਦੇ ਦਬਾਅ ਕਾਰਨ ਧਰਤੀ 'ਤੇ ਤਾਂ ਇਸ ਤਕਨੀਕ ਨੂੰ ਵਰਤਣ ਲਈ ਬਹੁਤ ਘੱਟ ਦਬਾਅ ਵਾਲੀਆਂ ਟਿਊਬਾਂ ਦੀ ਜ਼ਰੂਰਤ ਹੋਵੇਗੀ ਤਾਂ ਕਿ ਹਵਾ ਨਾਲ ਪੈਦਾ ਹੋਣ ਵਾਲੇ ਵਿਰੋਧ ਨੂੰ ਘਟਾਇਆ ਜਾ ਸਕੇ | ਪਰ ਇਹ ਤਕਨੀਕ ਚੰਦਰਮਾ ਜਾਂ ਮੰਗਲ ਗ੍ਰਹਿ 'ਤੇ ਬਹੁਤ ਜ਼ਿਆਦਾ ਸਫ਼ਲ ਹੋਵੇਗੀ ਕਿਉਂਕਿ ਹਵਾ ਦਾ ਦਬਾਅ ਨਾ-ਮਾਤਰ ਹੋਣ ਕਰਕੇ, ਘੱਟ ਦਬਾਅ ਵਾਲੀਆਂ ਟਿਊਬਾਂ ਦੀ ਲੋੜ ਨਹੀਂ ਪਵੇਗੀ | ਸਗੋਂ ਕੈਪਸੂਲ ਨੂੰ ਚਲਾਉਣ ਲਈ ਸਿਰਫ਼ ਇਕ ਟਰੈਕ ਦੀ ਹੀ ਲੋੜ ਹੋਵੇਗੀ |
ਇਹ ਤਕਨੀਕ ਆਪਣੇ ਮੁਢਲੇ ਪੜਾਅ 'ਤੇ ਹੈ ਅਤੇ ਇਸ 'ਚ ਆਉਣ ਵਾਲੇ ਸਮੇਂ ਵਿਚ ਹੋਰ ਬਹੁਤ ਜ਼ਿਆਦਾ ਸੁਧਾਰ ਹੋਣ ਦੀ ਆਸ ਹੈ | ਪਰ ਇਸ ਤਕਨੀਕ ਦੇ ਵਿਰੋਧੀਆਂ ਦਾ ਤਰਕ ਹੈ ਕਿ ਸੀਲਬੰਦ ਅਤੇ ਬਿਨਾਂ ਖਿੜਕੀਆਂ ਤੋਂ ਨਿੱਕੇ ਜਿਹੇ ਕੈਪਸੂਲ ਵਿਚ ਕੀਤਾ ਗਿਆ ਸਫ਼ਰ, ਸਵਾਰੀਆਂ ਲਈ ਮਾਨਸਿਕ ਤੌਰ 'ਤੇ ਸੁਖਾਵਾਂ ਨਹੀਂ ਹੋਵੇਗਾ | ਉਨ੍ਹਾਂ ਨੂੰ ਨਿੱਕੇ ਜਿਹੇ ਪਿੰਜਰੇ ਵਿਚ ਬੰਦ ਕੈਦੀਆਂ ਵਰਗਾ ਅਹਿਸਾਸ ਪੈਦਾ ਹੋਵੇਗਾ | ਕੈਪਸੂਲ ਦੀ ਬਹੁਤ ਜ਼ਿਆਦਾ ਗਤੀ ਕਾਰਨ ਬਹੁਤ ਜ਼ਿਆਦਾ ਸ਼ੋਰ ਪ੍ਰਦੂਸ਼ਣ ਪੈਦਾ ਹੋਵੇਗਾ ਕਿਉਂਕਿ ਸਮੁੱਚੇ ਸਿਸਟਮ ਵਿਚ ਬਹੁਤ ਜ਼ਿਆਦਾ ਹਿਲਜੁਲ ਪੈਦਾ ਹੋਵੇਗੀ | ਇਸ ਤੋਂ ਇਲਾਵਾ ਭੁਚਾਲ ਜਾਂ ਤੂਫ਼ਾਨ ਕਾਰਨ ਘੱਟ ਦਬਾਅ ਵਾਲੀਆਂ ਟਿਊਬਾਂ ਵਿਚ ਤਕਨੀਕੀ ਨੁਕਸ ਜਲਦੀ ਪੈਣ ਦੀ ਸੰਭਾਵਨਾ ਹੈ | ਸਿਸਟਮ ਵਿਚ ਅਚਨਚੇਤੀ ਪੈਣ ਵਾਲੇ ਤਕਨੀਕੀ ਨੁਕਸ, ਅਣਸੁਖਾਵੀਂ ਘਟਨਾ ਜਾਂ ਐਮਰਜੈਂਸੀ ਵਿਚ ਸਵਾਰੀਆਂ ਨੂੰ ਕੈਪਸੂਲ ਵਿਚੋਂ ਬਾਹਰ ਕਿਵੇਂ ਕੱਢਿਆ ਜਾਵੇਗਾ ਜੋ ਸੀਲਬੰਦ ਟਿਊਬ ਵਿਚ ਅੱਧ ਵਿਚਕਾਰ ਹੀ ਫਸੇ ਹੋਣਗੇ? ਪ੍ਰੋ: ਜੌਹਨ ਹੈਂਸਮੈਨ ਨੇ ਟਿਊਬ ਦੇ ਡਿਜ਼ਾਇਨ ਪ੍ਰਤੀ ਸ਼ੰਕੇ ਪ੍ਰਗਟ ਕਰਦਿਆਂ ਕਿਹਾ ਹੈ ਕਿ ਅਗਰ ਟਿਊਬ ਦੀ ਅਨੁਕੂਲਤਾ (ਅਲਾਈਨਮੈਂਟ) ਵਿਚ ਥੋੜ੍ਹਾ ਜਿਹਾ ਵੀ ਫਰਕ ਪੈ ਗਿਆ ਤਾਂ ਕੈਪਸੂਲ ਦੀ ਗਤੀ ਵਿਚ ਪੈਦਾ ਹੋਣ ਵਾਲੀ ਤਬਦੀਲੀ ਨੂੰ ਕਿਵੇਂ ਦੂਰ ਕੀਤਾ ਜਾਵੇਗਾ? ਅਗਰ ਕੈਪਸੂਲ ਜਦ ਕਿਸੇ ਸ਼ਹਿਰ ਤੋਂ ਕਾਫ਼ੀ ਦੂਰ ਚਲੇ ਜਾਵੇ ਅਤੇ ਇਕ ਦਮ ਊਰਜਾ (ਬਿਜਲੀ) ਵਿਚ ਰੁਕਾਵਟ ਪੈ ਜਾਵੇ ਤਾਂ ਇਸਦਾ ਬਦਲਵਾਂ ਪ੍ਰਬੰਧ ਕੀ ਹੋਵੇਗਾ? ਪ੍ਰੋ: ਰਿਚਰਡ ਮੂਲਰ ਨੇ ਤਾਂ ਇਕ ਅਜਿਹਾ ਮੁੱਦਾ ਵੀ ਉਠਾਇਆ ਹੈ ਜਿਸਦਾ ਅੱਜਕਲ੍ਹ ਸਾਰੀ ਦੁਨੀਆ ਸਾਹਮਣਾ ਕਰ ਰਹੀ ਹੈ | ਉਸ ਦਾ ਕਹਿਣਾ ਹੈ ਅਗਰ ਕੋਈ ਅੱਤਵਾਦੀ ਸੰਗਠਨ ਜਾਂ ਸ਼ਰਾਰਤੀ ਅਨਸਰ ਟਿਊਬ ਨੂੰ ਹੀ ਨੁਕਸਾਨ ਪਹੁੰਚਾ ਦੇਵੇ ਤਾਂ ਘੱਟ ਦਬਾਅ ਇਕ ਦਮ ਖ਼ਤਮ ਹੋ ਜਾਵੇਗਾ | ਫਿਰ ਇਹ ਕੰਮ ਨਹੀਂ ਕਰੇਗੀ | ਇਸ ਨੂੰ ਕਿਤਿਉਂ ਵੀ ਕੋਈ ਨੁਕਸਾਨ ਨਾ ਪਹੁੰਚਾਵੇ, ਇਸਦੀ ਗਰੰਟੀ ਕੀ ਹੋਵੇਗੀ?
ਕੋਈ ਵੀ ਨਵੀਂ ਤਕਨੀਕ ਜਾਂ ਯੰਤਰ ਵਾਂਗ ਹਾਈਪਰਲੂਪ ਬਾਰੇ ਵੀ ਬਹੁਤ ਸਾਰੇ ਪ੍ਰਸ਼ਨ, ਸ਼ੰਕਾਵਾਂ ਅਤੇ ਨਾ-ਖੁਸ਼ਗਵਾਰ ਸੰਭਾਵਨਾਵਾਂ ਹੋ ਸਕਦੀਆਂ ਹਨ ਜਿਨ੍ਹਾਂ ਨੂੰ ਧਿਆਨ ਵਿਚ ਰੱਖ ਕੇ ਅਗਰ ਇਸ ਤਕਨੀਕ ਦੀ ਵਰਤੋਂ ਆਮ ਜਨ-ਜੀਵਨ ਵਿਚ ਕੀਤੀ ਜਾਂਦੀ ਹੈ ਤਾਂ ਇਹ ਆਵਾਜਾਈ ਦਾ ਇਕ ਅਜਿਹਾ ਸਾਧਨ ਹੋਵੇਗਾ ਜੋ ਸਾਡੇ ਸਮੁੱਚੇ ਆਵਾਜਾਈ-ਤੰਤਰ ਨੂੰ ਸੁਚਾਰੂ ਰੂਪ ਵਿਚ ਪ੍ਰਭਾਵਤ ਕਰੇਗਾ | ਅਜਿਹੀ ਨਵੀਂ ਤਕਨੀਕ ਦਾ ਭਾਰਤ ਵਿਚ ਸ਼ੁਭ ਆਰੰਭ ਇਕ ਨਵੇਂ ਯੁੱਗ ਦੀ ਆਮਦ ਹੋ ਸਕਦੀ ਹੈ ਜੋ ਸੜਕੀ ਹਾਦਸਿਆਂ ਵਿਚ ਹੋ ਰਿਹਾ ਵਾਧਾ, ਸੜਕਾਂ 'ਤੇ ਕੁਹਰਾਮ ਮਚਾਉਂਦੇ ਵਹੀਕਲਾਂ ਦੀਆਂ ਭੀੜਾਂ, ਸੜਕੀ ਜਾਮ, ਸਫ਼ਰ ਕਰਨ ਵਾਲੇ ਲੋਕਾਂ ਵਿਚ ਪੈਦਾ ਹੋਣ ਵਾਲੀਆਂ ਮਾਨਸਿਕ ਬਿਮਾਰੀਆਂ ਅਤੇ ਸੜਕੀ ਸਫ਼ਰ ਦੇ ਸਮੇਂ ਨੂੰ ਘਟਾਉਣ ਲਈ ਬਹੁਤ ਹੀ ਸਾਜ਼ਗਾਰ ਸਾਧਨ ਸਿੱਧ ਹੋਵੇਗਾ |

ਈ-ਮੇਲ : gb.bhandal@gmail.com

ਬਾਲੀਵੁੱਡ 2019 ਤਕਨੀਕ ਅਤੇ ਪਟਕਥਾ ਦੀ ਨਵੀਂ ਪਰਵਾਜ਼

ਕਦੇ ਬਾਲੀਵੁੱਡ ਨਾਲ ਸਬੰਧਿਤ ਗਤੀਵਿਧੀਆਂ ਦਾ ਮੁਲਾਂਕਣ ਕਰਨ ਲਈ ਮਹਾਲਕਸ਼ਮੀ ਦੀ ਫੇਮਸ ਬਿਲਡਿੰਗ ਚਰਚਿਤ ਹੋਇਆ ਕਰਦੀ ਸੀ | ਲਗਪਗ 90 ਫ਼ੀਸਦੀ ਫ਼ਿਲਮਸਾਜ਼ਾਂ ਦੇ ਦਫ਼ਤਰ ਇਸੇ ਹੀ ਇਮਾਰਤ 'ਚ ਹੋਇਆ ਕਰਦੇ ਸਨ | ਇਸ ਲਈ ਹਰ ਫ਼ਿਲਮੀ ਹਲਚਲ ਦਾ ਜਾਇਜ਼ਾ ਲੈਣਾ ਇਥੋਂ ਸੰਭਵ ਸੀ |
ਪਰ ਹੁਣ ਹਾਲਤਾਂ ਬਦਲ ਗਈਆਂ ਹਨ | ਹੁਣ ਬਾਲੀਵੁੱਡ ਕਈ ਥਾਵਾਂ 'ਤੇ ਵੰਡ ਹੋ ਚੁੱਕਿਆ ਹੈ | ਫ਼ਿਲਮ ਸਟੂਡੀਓ ਲਗਪਗ ਗ਼ਾਇਬ ਹੋ ਚੁੱਕੇ ਹਨ, ਤਕਨੀਕੀ ਵਿਭਾਗ ਵੀ ਮਹਾਨਗਰ ਦੇ ਵੱਖ-ਵੱਖ ਇਲਾਕਿਆਂ 'ਚ ਫੈਲੇ ਹਨ | ਹਾਂ, ਵਪਾਰਕ ਅੰਕੜਿਆਂ ਦਾ ਜਾਇਜ਼ਾ ਲੈਣ ਲਈ ਲੈਮਿੰਗਟਨ ਰੋਡ ਥੋੜ੍ਹਾ ਬਹੁਤ ਸਹਾਇਕ ਜ਼ਰੂਰ ਸਿੱਧ ਹੋ ਸਕਦਾ ਹੈ ਕਿਉਂਕਿ ਕਈ ਪ੍ਰਸਿੱਧ ਨਿਰਮਾਤਾਵਾਂ ਦੀ ਕਰਮ ਭੂਮੀ ਹੁਣ ਇਹ ਇਲਾਕਾ ਬਣ ਗਿਆ ਹੈ | ਲਿਹਾਜ਼ਾ, 2019 ਦੇ ਬਾਲੀਵੁੱਡ ਦਾ ਮੁਲਾਂਕਣ ਕਰਨ ਲਈ ਜਦੋਂ ਇਥੋਂ ਦਿਆਂ ਸੂਤਰਾਂ ਨਾਲ ਸੰਪਰਕ ਕੀਤਾ ਗਿਆ ਤਾਂ ਕਈ ਨਵੇਂ ਤੱਥ ਦਿ੍ਸ਼ਟੀਗੋਚਰ ਹੋਏ |
ਤਕਨੀਕ ਹਾਵੀ ਰਹੀ
2019 ਦਾ ਪ੍ਰਮੁੱਖ ਆਕਰਸ਼ਣ ਤਕਨੀਕ ਹੀ ਰਹੀ ਹੈ | ਫੈਂਟੇਸੀ ਦਾ ਸੰਸਾਰ ਰਚਣ ਲਈ ਬਾਲੀਵੁੱਡ ਨੇ ਕੰਪਿਊਟਰ 'ਤੇ ਰਚੇ ਜਾ ਰਹੇ ਵੀ.ਐਫ.ਐਕਸ ਤਕਨੀਕ ਦੇ ਸੰਸਾਰ ਨੂੰ ਫ਼ਿਲਮ ਨਿਰਮਾਣ ਦੀ ਸ਼ੈਲੀ ਵਿਚ ਕਈ ਮੁਢਲੇ ਬਦਲਾਅ ਪੈਦਾ ਕਰਨ ਲਈ ਇਸਤੇਮਾਲ ਕੀਤਾ ਹੈ | ਦਰਸ਼ਕਾਂ ਨੂੰ ਹੈਰਤ ਵਿਚ ਪਾਉਣ ਲਈ ਬਹੁਤ ਸਾਰੇ ਦਿ੍ਸ਼ ਹੁਣ ਕੰਪਿਊਟਰ ਦੁਆਰਾ ਪੈਦਾ ਕੀਤੇ ਜਾ ਰਹੇ ਹਨ | ਕਦੇ ਬਾਬੂ ਭਾਈ ਮਿਸਤਰੀ ਵਰਗੇ ਤਕਨੀਸ਼ੀਅਨ ਬੜੀ ਮਿਹਨਤ ਨਾਲ ਟਿ੍ਕ ਫੋਟੋਗ੍ਰਾਫੀ ਰਾਹੀਂ ਅਜਿਹੇ ਪ੍ਰਭਾਵ ਪੈਦਾ ਕਰਦੇ ਹੁੰਦੇ ਸਨ | ਪਰ ਹੁਣ ਇਹ ਕੰਮ ਬਹੁਤ ਆਸਾਨ ਹੋ ਗਿਆ ਹੈ |
ਲਿਹਾਜ਼ਾ ਇਸ ਸਾਲ ਦੀ ਚਰਚਿਤ ਫ਼ਿਲਮ 'ਗਲੀ ਬੁਆਏ' ਵਿਚ ਇਕ ਦਿ੍ਸ਼ ਹੈ, ਜਿਸ ਵਿਚ ਰਣਵੀਰ ਸਿੰਘ ਇਕ ਗੀਤ ਗਾ ਰਿਹਾ ਹੈ ਅਤੇ ਉਸ ਦੇ ਸਾਹਮਣੇ ਸੈਂਕੜੇ ਲੋਕਾਂ ਦੀ ਭੀੜ ਦਿਖਾਈ ਗਈ ਹੈ | ਪਰ ਸ਼ੂਟਿੰਗ ਦੇ ਵੇਲੇ ਇਹ ਭੀੜ ਬਿਲਕੁਲ ਨਹੀਂ ਸੀ | ਵੀ.ਐਫ.ਐਕਸ ਨੇ ਇਹ ਕ੍ਰਿਸ਼ਮਾ ਆਪਣੀ ਵਿਸ਼ੇਸ਼ਤਾ ਰਾਹੀਂ ਪੈਦਾ ਕੀਤਾ ਸੀ | 'ਕੇਸਰੀ' ਨੂੰ ਵੀ ਇਸੇ ਤਕਨੀਕ ਨੇ ਵਿਸ਼ਾਲਤਾ ਦਿੱਤੀ ਸੀ | ਇਸੇ ਹੀ ਤਰ੍ਹਾਂ 'ਜ਼ੀਰੋ' ਵਿਚ ਸ਼ਾਹਰੁਖ ਖ਼ਾਨ ਨੇ ਇਕ ਬੌਣੇ ਦਾ ਕਿਰਦਾਰ ਨਿਭਾਇਆ ਸੀ | ਇਹ ਵੀ ਇਕ ਤਕਨੀਕੀ ਚਮਤਕਾਰ ਸੀ |
'ਮਿਸ਼ਨ ਮੰਗਲ' ਨੂੰ ਲਗਪਗ 50 ਫ਼ੀਸਦੀ ਇਸੇ ਤਕਨੀਕ ਨੇ ਹੀ ਪਰਦੇ 'ਤੇ ਸਾਕਾਰ ਕੀਤਾ ਸੀ | ਇਸ ਸਬੰਧ 'ਚ ਅਕਸ਼ੈ ਕੁਮਾਰ ਨੇ ਖੁਦ ਵੀ ਸਵੀਕਾਰ ਕੀਤਾ ਸੀ 'ਮੇਰੀ ਇਸ ਫ਼ਿਲਮ ਦੀ ਅਸਲ ਵਿਸ਼ੇਸ਼ਤਾ ਇਹ ਹੈ ਕਿ ਤਕਨੀਕ ਹੀ ਇਸ ਦੀ ਪ੍ਰਮੁੱਖ ਨਾਇਕ ਹੈ | ਬਗੈਰ ਬੀ.ਐਫ.ਐਕਸ ਦੇ 'ਮਿਸ਼ਨ ਮੰਗਲ' ਬਣ ਹੀ ਨਹੀਂ ਸਕਦੀ ਸੀ |
ਕਹਿਣਾ ਹੀ ਪਵੇਗਾ ਕਿ ਤਕਨੀਕ ਨੇ ਆਪਣਾ ਇਕ ਵੱਖਰਾ ਹੀ ਨਿਰਦੇਸ਼ਨ ਸਥਾਪਤ ਕਰ ਦਿੱਤਾ ਹੈ | ਇਸ ਵੇਲੇ ਮੰੁਬਈ ਦੇ ਅੰਧੇਰੀ ਸਥਿਤ ਪਿਕਸਲ ਡਿਜੀਟਲ ਸਟੂਡੀਓ ਵਿਚ 100 ਦੇ ਕਰੀਬ ਆਰਟਿਸਟ ਕੰਮ ਕਰ ਰਹੇ ਹਨ | ਇਸੇ ਤਰ੍ਹਾਂ ਹੀ ਮਲਾਡ ਸਥਿਤ ਐਨਵਾਇ ਵੀ.ਐਫ.ਐਕਸ ਵਾਲੇ ਸਟੂਡੀਓ ਵਿਚ 300 ਦੇ ਲਗਪਗ ਕਲਾਕਾਰ ਅਤੇ ਤਕਨੀਸ਼ੀਅਨ ਕੰਮ ਕਰ ਰਹੇ ਹਨ | ਵਰਤਮਾਨ ਸਥਿਤੀ ਅਨੁਸਾਰ ਹੁਣ ਅਜਿਹੇ ਸਕ੍ਰਿਪਟ ਲਿਖੇ ਜਾ ਰਹੇ ਹਨ ਜਿਨ੍ਹਾਂ ਵਿਚ ਪੁਰਾਣੀਆਂ ਕਹਾਣੀਆਂ, ਮਿਥਿਹਾਸਕ ਪ੍ਰਸੰਗ ਅਤੇ ਫੈਂਟੇਸੀ ਦਾ ਪ੍ਰਭਾਵ ਜ਼ਿਆਦਾ ਦਿ੍ਸ਼ਟੀਗੋਚਰ ਹੋ ਸਕੇ |
ਕਲਾਕਾਰਾਂ ਦਾ ਘਟ ਰਿਹਾ ਤਲਿਸਮ
ਤਕਨੀਕ ਦੇ 2019 ਵਿਚ ਸਰਵਸ੍ਰੇਸ਼ਠ ਰਹਿਣ ਦਾ ਇਕ ਪ੍ਰਮੁੱਖ ਕਾਰਨ ਇਹ ਵੀ ਰਿਹਾ ਹੈ ਕਿ ਇਸ ਸਾਲ ਬਹੁਤ ਸਾਰੇ ਵੱਡੇ ਕਲਾਕਾਰਾਂ ਦੀਆਂ ਫ਼ਿਲਮਾਂ ਨੇ ਤਸੱਲੀਜਨਕ ਵਣਜ ਨਹੀਂ ਕੀਤਾ ਹੈ | ਸਲਮਾਨ ਖ਼ਾਨ ਦੀ 'ਭਾਰਤ' ਬੜੀ ਮੁਸ਼ਕਿਲ ਨਾਲ ਆਪਣੀ ਲਾਗਤ ਵਸੂਲ ਕਰ ਸਕੀ ਸੀ |
ਲਗਪਗ ਅਜਿਹੀ ਹੀ ਸਥਿਤੀ ਨਾਇਕਾਵਾਂ ਦੀ ਵੀ ਰਹੀ ਹੈ | ਦੀਪਿਕਾ ਪਾਦੂਕੋਨ ਤਾਂ ਕਿਸੇ ਨਾ ਕਿਸੇ ਤਰ੍ਹਾਂ ਆਪਣੀ ਸਥਿਤੀ ਸੰਭਾਲਣ 'ਚ ਸਫਲ ਰਹੀ ਹੈ ਪਰ ਉਸਦੀ ਕਿਸੇ ਵੀ ਫ਼ਿਲਮ ਨੇ ਰਿਕਾਰਡ ਤੋੜ ਵਣਜ ਨਹੀਂ ਕੀਤਾ ਹੈ | ਰਹੀ ਗੱਲ ਬਾਕੀ ਨਾਇਕਾਵਾਂ ਦੀ (ਕੈਟਰੀਨਾ ਕੈਫ਼, ਪਿ੍ਅੰਕਾ ਚੋਪੜਾ) ਤਾਂ ਉਹ ਵੀ ਇਸ ਸਾਲ ਹਾਸ਼ੀਏ 'ਤੇ ਚਲੀਆਂ ਗਈਆਂ ਸਨ | ਹਾਂ, ਕੰਗਣਾ ਰਣੌਤ ਨੇ ਕੁਝ ਹਲਚਲ ਜ਼ਰੂਰ ਦਰਸ਼ਕਾਂ 'ਚ ਪੈਦਾ ਕੀਤੀ ਸੀ, ਪਰ ਇਹ ਥੋੜ੍ਹੀ ਦੇਰ ਤੱਕ ਹੀ ਮੌਜੂਦ ਰਹੀ ਸੀ |
ਪਟਕਥਾ ਹੀ ਅਸਲੀ ਕੇਂਦਰ
ਸਹੀ ਅਰਥਾਂ 'ਚ 2019 ਵਿਚ ਬਹੁਤ ਸਾਰੀਆਂ ਸਫਲ ਫ਼ਿਲਮਾਂ ਘੱਟ ਬਜਟ ਵਾਲੀਆਂ ਸਨ ਅਤੇ ਇਨ੍ਹਾਂ ਦੀ ਸਟਾਰ ਕਾਸਟ ਵੀ ਕੋਈ ਬਹੁਤ ਪ੍ਰਭਾਵਸ਼ਾਲੀ ਨਹੀਂ ਸੀ | ਮਿਸਾਲ ਦੇ ਤੌਰ 'ਤੇ 40 ਕਰੋੜ 'ਚ ਬਣਨ ਵਾਲੀ 'ਉਰੀ—ਦ ਸਰਜੀਕਲ ਸਟਰਾਈਕ' ਨੇ 100 ਕਰੋੜ ਤੋਂ ਵੱਧ ਦਾ ਵਪਾਰ ਕੀਤਾ ਸੀ | ਇਕ ਸੱਚੀ ਘਟਨਾ ਤੋਂ ਪ੍ਰੇਰਿਤ ਟੀ. ਸੀਰੀਜ਼ ਵਾਲਿਆਂ ਦੀ ਇਸ ਫ਼ਿਲਮ 'ਚ ਵਿੱਕੀ ਕੌਸ਼ਲ ਅਤੇ ਯਾਮੀ ਗੌਤਮ ਪ੍ਰਮੁੱਖ ਭੂਮਿਕਾਵਾਂ 'ਚ ਨਜ਼ਰ ਆਏ ਸਨ | ਦੇਸ਼ ਭਗਤੀ ਦੇ ਜਜ਼ਬੇ 'ਤੇ ਆਧਾਰਿਤ ਇਸ ਫ਼ਿਲਮ ਨੇ ਦਰਸ਼ਕਾਂ ਨੂੰ ਆਪਣੇ ਤੇਜ਼ ਘਟਨਾ-ਪ੍ਰਵਾਹ ਕਰਕੇ ਪ੍ਰਭਾਵਿਤ ਕੀਤਾ ਸੀ | ਇਸ ਲਈ ਉਨ੍ਹਾਂ ਨੇ ਸਟਾਰ ਕਾਸਟ ਦੀ ਪ੍ਰਵਾਹ ਨਾ ਕਰਦਿਆਂ ਹੋਇਆਂ ਥੀਏਟਰ 'ਚ ਜਾ ਕੇ ਇਸ ਫ਼ਿਲਮ ਨੂੰ ਦੇਖਿਆ | ਇਹ ਹੀ ਨਹੀਂ, 'ਉਰੀ' ਦੇ ਨਾਇਕ ਵਿੱਕੀ ਕੌਸ਼ਲ ਨੂੰ 'ਰਾਸ਼ਟਰੀ ਪੁਰਸਕਾਰ' ਨਾਲ ਵੀ ਸਨਮਾਨਿਤ ਕੀਤਾ ਗਿਆ ਸੀ |
ਸਾਰਾਗੜੀ ਯੁੱਧ 'ਤੇ ਆਧਾਰਿਤ 'ਕੇਸਰੀ' ਨੇ ਵੀ 150 ਕਰੋੜ ਤੋਂ ਵੱਧ ਕਮਾਇਆ ਸੀ | ਇਸੇ ਹੀ ਪ੍ਰਕਾਰ 'ਕਬੀਰ ਸਿੰਘ' ਵੀ ਕੋਈ ਬਹੁਤ ਮਹੱਤਵਪੂਰਨ ਫ਼ਿਲਮ ਨਹੀਂ ਸੀ | ਇਸ ਵਿਚ ਇਕ ਅਜਿਹਾ ਨਾਇਕ (ਸ਼ਾਹਿਦ ਕਪੂਰ) ਪੇਸ਼ ਕੀਤਾ ਗਿਆ ਜਿਹੜਾ ਕਿ ਮਾਨਸਿਕ ਤੌਰ 'ਤੇ ਅਸੰਤੁਲਿਤ ਕਿਹਾ ਜਾ ਸਕਦਾ ਹੈ | ਇਸ ਸ਼੍ਰੇਣੀ ਦੀਆਂ ਕਈ ਪੁਰਾਣੀਆਂ ਫ਼ਿਲਮਾਂ 'ਤੇਰੇ ਨਾਮ', 'ਡਰ', ਆਸ਼ਿਕੀ-2', 'ਇਸ਼ਕਜ਼ਾਦੇ' ਅਜਿਹੇ ਪਾਤਰ ਦਾ ਚਿਤਰਣ ਕਰ ਚੁੱਕੀਆਂ ਹਨ ਜਿਹੜਾ ਕਿ ਗ਼ੈਰ-ਪ੍ਰੰਪਰਾਵਾਦੀ ਹੈ | ਪਰ ਬਾਵਜੂਦ ਇਸਦੇ 'ਕਬੀਰ ਸਿੰਘ' ਨੇ 200 ਕਰੋੜ ਤੋਂ ਵੱਧ ਦਾ ਵਣਜ ਹੀ ਨਹੀਂ ਕੀਤਾ ਬਲਕਿ ਸ਼ਾਹਿਦ ਕਪੂਰ ਦੇ ਡੁਬਦੇ ਹੋਏ ਕੈਰੀਅਰ ਨੂੰ ਵੀ ਉਭਾਰਿਆ ਹੈ |
ਕੈਰੀਅਰ ਤਾਂ ਰਿਤਿਕ ਰੌਸ਼ਨ ਦਾ ਵੀ ਹੁਣ ਨਵੀਆਂ ਕਰਵਟਾਂ ਲੈ ਰਿਹਾ ਹੈ | ਉਸ ਦੀ 'ਸੁਪਰ 30' ਇਕ ਅਜਿਹੇ ਅਧਿਆਪਕ ਦਾ ਚਿਤਰਣ ਕਰਦੀ ਸੀ ਜਿਹੜਾ ਗ਼ਰੀਬ ਵਿਦਿਆਰਥੀਆਂ ਦੀ ਮਦਦ ਕਰਦਾ ਹੈ ਅਤੇ ਉਨ੍ਹਾਂ ਨੂੰ ਆਈ.ਆਈ.ਟੀ. ਵਰਗੀ ਕਠਿਨ ਪ੍ਰੀਖਿਆ 'ਚੋਂ ਸਫਲਤਾ ਦੁਆਉਂਦਾ ਹੈ | ਬਿਹਾਰ ਵਿਚ ਅਜਿਹੀ ਅਕੈਡਮੀ ਚਲਾ ਰਹੇ ਅਧਿਆਪਕ ਅਨੰਤ ਕੁਮਾਰ ਦਾ ਰਿਤਿਕ ਰੌਸ਼ਨ ਨੇ ਬਹੁਤ ਹੀ ਪ੍ਰਭਾਵਸ਼ਾਲੀ ਪਾਤਰ ਉਲੀਕਿਆ ਸੀ | ਲਿਹਾਜ਼ਾ, ਇਹ ਇਕ ਛੋਟੇ ਬਜਟ ਦੀ ਫ਼ਿਲਮ ਦਰਸ਼ਕਾਂ ਦੇ ਨਾਲ ਅੰਤਰਮੁਖੀ ਸੰਵਾਦ ਰਚਣ 'ਚ ਸਫਲ ਰਹੀ ਸੀ | ਆਮ ਤੌਰ 'ਤੇ ਐਕਸ਼ਨ ਹੀਰੋ ਦੇ ਤੌਰ 'ਤੇ ਚਰਚਿਤ ਰਿਤਿਕ ਰੌਸ਼ਨ ਨੂੰ 'ਸੁਪਰ 30' ਨੇ ਇਕ ਸੰਵੇਦਨਸ਼ੀਲ ਅਦਾਕਾਰ ਵਜੋਂ ਪੇਸ਼ ਕੀਤਾ |
ਵੈਸੇ ਐਕਸ਼ਨ ਵਿਚ ਵੀ 'ਵਾਰ' ਰਾਹੀਂ ਰਿਤਿਕ ਨੇ ਬਾਕਸ ਆਫਿਸ 'ਤੇ ਧਮਾਕਾ ਕੀਤਾ ਹੈ | ਇਸ ਫ਼ਿਲਮ 'ਚ ਰਿਤਿਕ ਨੇ ਬਹੁਤ ਹੀ ਕਠਿਨ ਸਟੰਟ ਪੇਸ਼ ਕੀਤੇ ਹਨ | ਦਰਸ਼ਕਾਂ ਵਲੋਂ ਵੀ 'ਵਾਰ' ਨੂੰ ਭਰਪੂਰ ਸਮਰਥਨ ਮਿਲਿਆ ਸੀ ਅਤੇ ਇਸ ਦੀ ਆਮਦਨ ਦੇ ਅੰਕੜੇ 300 ਕਰੋੜ ਦੇ ਨਜ਼ਦੀਕ ਪਹੁੰਚ ਗਏ ਸਨ |
ਉਪਰੋਕਤ ਸੰਖੇਪ ਹਵਾਲਿਆਂ ਤੋਂ ਸਪੱਸ਼ਟ ਹੋ ਜਾਂਦਾ ਹੈ ਕਿ 2019 ਵਿਚ ਪਟਕਥਾ ਨੂੰ ਹੀ ਦਰਸ਼ਕਾਂ ਨੇ ਸਟਾਰ ਦਾ ਦਰਜਾ ਦਿੱਤਾ ਸੀ | ਇਸ ਸਬੰਧ 'ਚ ਲੇਖਿਕਾ ਅਦਵੈਤ ਕਾਲਾ ਕਹਿੰਦੀ ਹੈ, 'ਦਰਸ਼ਕ ਨਵੀਨਤਾ ਚਾਹੁੰਦੇ ਹਨ, ਇਸ ਲਈ ਹੁਣ ਬਹੁਰੰਗੀ ਤਰ੍ਹਾਂ ਦੀਆਂ ਪਟਕਥਾਵਾਂ ਦਾ ਰੁਝਾਨ ਚਲ ਰਿਹਾ ਹੈ |' ਦਰਅਸਲ ਜੇਕਰ ਵਧੀਆ ਪਟਕਥਾ ਨੂੰ ਚੰਗੀ ਤਕਨੀਕ ਦਾ ਸਹਾਰਾ ਮਿਲ ਜਾਵੇ ਤਾਂ ਸਿਨੇਮਾ ਵਿਸ਼ਵ ਵਿਆਪੀ ਰੂਪ ਧਾਰਨ ਕਰ ਲੈਂਦਾ ਹੈ | 2019 ਵਿਚ ਭਾਵੇਂ ਹਿੰਦੀ ਸਿਨੇਮਾ ਨੇ ਕੋਈ ਵਿਲੱਖਣ ਬਲਾਕ ਬਸਟਰ ਫ਼ਿਲਮ ਤਾਂ ਦਰਸ਼ਕਾਂ ਦੀ ਨਜ਼ਰ ਨਹੀਂ ਕੀਤੀ ਪਰ ਆਪਣੀਆਂ ਵੰਨ-ਸੁਵੰਨੀਆਂ ਕਹਾਣੀਆਂ ਅਤੇ ਤਕਨੀਕੀ ਉਡਾਣਾਂ ਦੀ ਸਹਾਇਤਾ ਦੇ ਨਾਲ ਇਸ ਦਾ ਸਾਇਆ ਵਿਦੇਸ਼ਾਂ 'ਚ ਖੂਬ ਪੈ ਰਿਹਾ ਹੈ |
ਯਾਦ ਰਹੇ, ਇੰਗਲੈਂਡ, ਆਸਟ੍ਰੇਲੀਆ, ਨਿਊਜ਼ੀਲੈਂਡ ਅਤੇ ਅਰਬ ਦੇਸ਼ ਤਾਂ ਪਹਿਲਾਂ ਹੀ ਭਾਰਤੀ ਫ਼ਿਲਮਾਂ ਦੀ ਮਾਰਕੀਟਿੰਗ ਕਰ ਰਹੇ ਹਨ, ਪਰ ਹੁਣ ਇਨ੍ਹਾਂ ਦੇ ਨਾਲ ਚੀਨ ਦਾ ਨਾਂਅ ਵੀ ਆ ਜੁੜਿਆ ਹੈ | ਕੁਝ ਸਮੇਂ ਤੋਂ ਭਾਰਤੀ ਫ਼ਿਲਮਾਂ (ਖਾਸ ਕਰਕੇ ਆਮਿਰ ਦੀਆਂ) ਚੀਨ ਵਿਚ ਬਹੁਤ ਲੋਕਪਿ੍ਆ ਹੋ ਰਹੀਆਂ ਹਨ |
ਚੀਨ ਵਿਚ ਤਕਰੀਬਨ 50-60 ਹਜ਼ਾਰ ਸਕਰੀਨਜ਼ ਹਨ | ਇਸ ਅਨੁਪਾਤ ਨਾਲ ਦਰਸ਼ਕਾਂ ਦੀ ਵੀ ਬਹੁਤ ਵੱਡੀ ਮੰਡੀ ਹੈ | ਸਾਡੇ ਦੇਸ਼ ਵਿਚ ਤਾਂ ਸਿਰਫ਼ 3 ਹਜ਼ਾਰ ਦੇ ਕਰੀਬ ਥੀਏਟਰ ਹਨ | ਕਹਿ ਸਕਦੇ ਹਾਂ ਕਿ 2019 ਵਿਚ ਚੀਨ ਨੇ ਭਾਰਤੀ ਸਿਨੇਮਾ ਲਈ ਅੰਤਰਰਾਸ਼ਟਰੀ ਮਾਰਕਿਟ ਖੋਲ੍ਹ ਦਿੱਤੀ ਹੈ |
ਸਪੱਸ਼ਟ ਹੈ ਕਿ ਜਿਥੇ 'ਸੁਪਰ 30' ਅਤੇ 'ਉਰੀ-ਦ ਸਰਜੀਕਲ ਸਟਰਾਈਕ' ਨੇ ਆਪਣੀਆਂ ਮਜ਼ਬੂਤ ਕਹਾਣੀਆਂ ਦੇ ਆਧਾਰ 'ਤੇ ਦਰਸ਼ਕਾਂ ਦਾ ਮਨ ਮੋਹਿਆ, ਉਥੇ 'ਸਾਹੋ' ਅਤੇ 'ਵਾਰ' ਨੇ ਆਪਣੇ ਬੀ.ਐਫ.ਐਕਸ ਜਾਂ ਤਕਨੀਕੀ ਵਿਸ਼ੇਸ਼ਤਾਵਾਂ ਕਰਕੇ ਪ੍ਰਭਾਵ ਛੱਡਿਆ | ਤਕਨੀਕ ਅਤੇ ਪਟਕਥਾ ਦਾ ਇਹ ਸੰਤੁਲਤ ਮੇਲ ਹੀ 2019 ਵਿਚ ਬਾਲੀਵੁੱਡ ਦਾ ਪ੍ਰਮੁੱਖ ਆਕਰਸ਼ਨ ਰਿਹਾ ਸੀ | ਇਸ ਤੋਂ ਇਲਾਵਾ ਬਾਲੀਵੁੱਡ ਦੇ ਮੁਹਾਂਦਰੇ 'ਚ ਇਹ ਵੀ ਤਬਦੀਲੀ ਆਈ ਸੀ ਕਿ ਪੁਰਾਣੇ ਅਤੇ ਸਥਾਪਤ ਫ਼ਿਲਮੀ ਅਦਾਰਿਆਂ ਦੀ ਥਾਂ ਨਵੇਂ-ਨਵੇਂ ਸੰਸਥਾਨਾਂ ਨੇ ਲੈ ਲਈ ਸੀ | ਜੇਕਰ ਫੇਮਸ ਸਟੂਡੀਓ ਅਤੇ ਆਰ. ਕੇ. ਸਟੂਡੀਓ ਬਾਲੀਵੁੱਡ ਦੇ ਨਕਸੇ ਤੋਂ ਮਿਟ ਗਏ ਸਨ ਤਾਂ ਇਨ੍ਹਾਂ ਦੀ ਥਾਂ 'ਤੇ ਨਵੇਂ-ਨਵੇਂ ਅਦਾਰੇ ਸਥਾਪਤ ਹੋ ਗਏ ਸਨ | ਕਹਿਣ ਦਾ ਭਾਵ, ਬਾਲੀਵੁੱਡ ਦਾ ਰੂਪ ਜ਼ਰੂਰ ਬਦਲ ਗਿਆ ਸੀ ਪਰ ਉਸ ਦੀ ਆਤਮਾ ਇਸ ਵਰ੍ਹੇ ਵੀ ਬਹੁਰੰਗੀ ਰੂਪ 'ਚ ਕਾਇਮ ਰਹੀ ਸੀ | ਇਹ ਸਥਿਤੀ ਤਾਂ ਇੰਜ ਹੀ ਸੀ:
ਮਿਟ ਗਏ ਮੇਰੀ ਤਰਹਾ
ਮੇਰੀ ਉਮੀਦੋਂ ਕੇ ਚਿਰਾਗ਼
ਲੇਕਿਨ ਤੇਰੇ ਖ਼ਤੋਂ ਸੇ
ਤੇਰੀ ਖ਼ੁਸ਼ਬੂ ਨਾ ਗਈ |

(ਨੀਰਜ)
-103, ਸਨੀ ਕਾਟੇਜ, ਕ੍ਰਿਸ਼ਨਾ ਨਗਰ, ਬਟਾਲਾ-143505 (ਪੰਜਾਬ) | ਮੋਬਾਈਲ : 099154-93043.

ਬਾਬਾ ਨਾਨਕ ਸਭ ਦਾ ਸਾਂਝਾ

ਇਹ ਜਨਵਰੀ 2014 ਦੀ ਗੱਲ ਹੈ, ਜਦੋਂ ਮੈਂ ਪੰਜ ਸਾਲ ਬਾਅਦ ਇੰਗਲੈਂਡ ਤੋਂ ਲਹਿੰਦੇ ਪੰਜਾਬ ਗਿਆ | ਉੱਥੇ ਪੁੱਜ ਕੇ ਮੈਂ ਗੁਰਦੁਆਰਾ ਕਰਤਾਰਪੁਰ ਸਾਹਿਬ ਜਾਣ ਦਾ ਪ੍ਰੋਗਰਾਮ ਬਣਾਇਆ | ਪ੍ਰੋਗਰਾਮ ਦੇ ਮੁਤਾਬਕ ਸਵੇਰੇ ਨਿਕਲ ਕੇ ਮੈਂ ਕਰਤਾਰਪੁਰ ਸਾਹਿਬ ਪਹੁੰਚਿਆ, ਜੋ ਕਿ ਸਾਡੇ ਘਰ ਤੋਂ 45 ਮੀਲ ਦੂਰ ਸੀ | ਇਹ ਮੇਰੀ ਇਸ ਸਥਾਨ 'ਤੇ ਪਹਿਲੀ ਫੇਰੀ ਸੀ | ਸਾਰੇ ਮੁਸਲਮਾਨ ਬਾਬਾ ਨਾਨਕ ਨੂੰ ਬਹੁਤ ਪਿਆਰ ਕਰਦੇ ਹਨ | ਸ਼ਾਇਦ ਹੀ ਕੋਈ ਪਿੰਡ ਹੋਵੇ, ਜਿਸ ਦੇ ਟੱਬਰ ਦੇ ਵੰਸ਼ਾਵਲੀ ਵਿਚ ਦਾਦੇ, ਪੜਦਾਦੇ, ਲਕੜਦਾਦੇ ਦਾ ਨਾਂਅ ਬਾਬੇ ਨਾਨਕ ਦੇ ਨਾਂਅ 'ਤੇ ਨਾ ਹੋਵੇ |
ਜਦੋਂ ਮੈ ਕਰਤਾਰਪੁਰ ਪਹੁੰਚਿਆ ਤਾਂ ਮੈਂ ਦੇਖਿਆ ਕਿ ਇਹ ਗੁਰਦੁਆਰਾ ਅਲੱਗ ਜਿਹਾ ਬਣਿਆ ਹੈ | ਆਸ-ਪਾਸ ਕੋਈ ਬਹੁਤੇ ਨੇੜੇ ਪਿੰਡ ਨਹੀਂ ਸਨ | ਉੱਥੇ ਗੁਰਦੁਆਰੇ ਦੀ ਮੁਰੰਮਤ ਹੋ ਰਹੀ ਸੀ | ਮੁਰੰਮਤ ਦੇ ਨਾਲ-ਨਾਲ ਚੂਨਾ, ਰੰਗ-ਰੋਗਨ ਵੀ ਕੀਤਾ ਜਾ ਰਿਹਾ ਸੀ | ਮੈਂ ਗੁਰਦੁਆਰੇ ਦੀ ਛੱਤ 'ਤੇ ਜਾਣ ਦੀ ਇਜਾਜ਼ਤ ਮੰਗੀ | ਥੋੜ੍ਹੀ ਜਿਹੀ ਖਿੱਚਾ-ਤਾਣੀ ਤੋਂ ਬਾਅਦ ਮੈਨੂੰ ਛੱਤ ਉਪਰ ਜਾਣ ਦੀ ਇਜਾਜ਼ਤ ਮਿਲ ਗਈ | ਥੋੜ੍ਹੀ ਦੇਰ ਪਹਿਲਾਂ ਮੈਂ ਥੱਲੇ ਫਿਰ ਕੇ ਸਭ ਦੇਖ ਲਿਆ ਸੀ | ਅੰਦਰ ਜਿਥੇ ਬਾਬਾ ਨਾਨਕ ਦੀ ਸਮਾਧ 'ਤੇ ਬਾਹਰ ਜਿੱਥੇ ਕਬਰ ਬਣੀ ਹੈ, ਉੱਥੇ ਗਿਆ, ਕਬਰ 'ਤੇ ਦੁਆ ਮੰਗੀ ਜੋ ਕਿ ਮੁਸਲਮਾਨਾਂ ਦਾ ਤਰੀਕਾ ਹੈ ਤੇ ਫੇਰ ਮੈਂ ਛੱਤ 'ਤੇ ਚਲਾ ਗਿਆ | ਜਦੋਂ ਮੈਂ ਛੱਤ 'ਤੇ ਚੜਿ੍ਹਆ ਤਾਂ ਸਰਹੱਦ ਦੇ ਉਸ ਪਾਰ ਬਹੁਤ ਗਿਣਤੀ ਵਿਚ ਲੋਕ ਖੜੇ੍ਹ ਸਨ | ਪਤਾ ਕਰਨ 'ਤੇ ਪਤਾ ਲੱਗਾ ਕਿ ਉਹ ਲੋਕ ਦੂਰਬੀਨ ਨਾਲ ਗੁਰਦੁਆਰਾ ਕਰਤਾਰਪੁਰ ਸਾਹਿਬ ਦੇਖ ਰਹੇ ਹਨ | ਮੈਂ ਸੋਚਿਆ ਕਿ ਇਹ ਦੂਰਬੀਨ ਨਾਲ ਜੁ ਦੇਖ ਰਹੇ ਹਨ, ਸਰਕਾਰ ਇਨ੍ਹਾਂ ਨੂੰ ਇਧਰ ਆ ਕੇ ਦੇਖਣ ਦੀ ਇਜਾਜ਼ਤ ਦੇ ਹੀ ਦੇਵੇ | ਮੈਂ ਸੋਚ ਰਿਹਾ ਸੀ ਕਿ ਅੰਮਿ੍ਤਸਰ ਦੇ ਕੋਲ ਸਾਡਾ ਪਿੰਡ ਵੇਰਕਾ ਜੋ ਕਿ ਉਸ ਪਾਰ ਹੈ, ਕਿਹੋ ਜਿਹਾ ਹੋਵੇਗਾ, ਜਿਥੋਂ ਸਾਡੇ ਬਜ਼ੁਰਗ ਉੱਠ ਕੇ ਆਏ ਸਨ |
ਮੈਂ ਸੋਚਾਂ ਦੇ ਇਸ ਜੰਗਲ ਵਿਚ ਫਸਿਆ ਹੋਇਆ ਸੀ ਤੇ ਨਾਲੋ-ਨਾਲ ਛੱਤ ਤੋਂ ਥੱਲੇ ਜਾਣ ਦਾ ਵੀ ਖਿਆਲ ਕੀਤਾ | ਸਰਹੱਦ ਵੱਲ ਮੂੰਹ ਕਰ ਕੇ ਜਿਉਂ ਹੀ ਮੈਂ ਵਾਪਸ ਮੁੜਨ ਦੀ ਕੋਸ਼ਿਸ਼ ਕੀਤੀ ਤਾਂ ਲਹਿੰਦੇ ਵਾਲੇ ਪਾਸੇ ਦੇਖਿਆ ਕਿ ਨਾਰੋਵਾਲ-ਸ਼ੱਕਰਗੜ੍ਹ ਰੋਡ ਵਲੋਂ ਲੰਮੀ ਕਤਾਰ ਫ਼ੌਜੀ ਗੱਡੀਆਂ ਦੀ ਆ ਰਹੀ ਸੀ | ਇਹ ਦੇਖ ਕੇ ਮੇਰਾ ਸਾਹ ਉੱਪਰ ਦਾ ਉੱਪਰ ਰਹਿ ਗਿਆ | ਮੀਲ ਕੁ ਦੂਰ ਸੜਕ 'ਤੇ ਲੰਮੀ ਕਤਾਰ ਪਾਕਿਸਤਾਨੀ ਫ਼ੌਜੀਆਂ ਦੀ ਆ ਰਹੀ ਸੀ, ਨਾਲ ਹੀ ਪਿਛੇ ਟਰੱਕ ਸਨ, ਉਨ੍ਹਾਂ ਵਿਚ ਵੀ ਫ਼ੌਜੀ ਬੈਠੇ ਹੋਏ ਸਨ | ਅਗਲੀਆਂ ਗੱਡੀਆਂ ਗੁਰਦੁਆਰੇ ਦੇ ਬਾਹਰਲੇ ਗੇਟ 'ਤੇ ਆਣ ਪਹੁੰਚੀਆਂ ਅਤੇ ਵਿਚੋਂ ਫ਼ੌਜੀ ਉਤਰਨੇ ਸ਼ੁਰੂ ਹੋ ਗਏ | ਪਿਛਲੇ ਟਰੱਕ ਵੀ ਉਥੇ ਖਲੋਣਾ ਸ਼ੁਰੂ ਹੋ ਗਏ | ਅਗਲੀਆਂ ਜੀਪਾਂ ਵਿਚੋਂ ਕੁਝ ਕੁ ਜੋ ਅਫ਼ਸਰ ਲਗਦੇ ਸਨ, ਫ਼ੌਜੀਆਂ ਨੂੰ ਕੁਝ ਸਮਝਾ ਰਹੇ ਸਨ ਅਤੇ ਫ਼ੌਜੀ ਜੀਪਾਂ ਵਿਚੋਂ ਉਤਰਨਾ ਸ਼ੁਰੂ ਹੋ ਗਏ | ਇਹ ਵੇਖ ਕੇ ਮੈਂ ਛੱਤ ਤੋਂ ਥੱਲੇ ਉਤਰ ਆਇਆ | ਜਦੋਂ ਪਾਕਿਸਤਾਨੀ ਫ਼ੌਜੀ ਗੁਰਦੁਆਰੇ ਵਿਚ ਆਉਂਦੇ ਦੇਖੇ ਤਾਂ ਮੈਂ ਬਹੁਤ ਡਰ ਗਿਆ ਕਿ ਅੱਜ ਕੀ ਗੱਲ ਹੋ ਗਈ ਹੈ | ਸੰਨ 2014 ਵਿਚ ਮੈਨੂੰ ਇੰਗਲੈਂਡ ਰਹਿੰਦਿਆਂ ਲਗਾਤਾਰ 14-15 ਸਾਲ ਹੋ ਗਏ ਸਨ ਅਤੇ ਉਥੋਂ ਦੇ ਮਾਹੌਲ ਦਾ ਵੀ ਮੇਰੀ ਤਬੀਅਤ 'ਤੇ ਬਹੁਤ ਅਸਰ ਸੀ
ਮੈਂ ਘੱਟ ਹੀ ਪਾਕਿਸਤਾਨ ਆਉਂਦਾ ਰਿਹਾ | ਪਹਿਲਾਂ ਮੇਰਾ ਆਪਣਾ ਨਿੱਜੀ ਤਜਰਬਾ ਵੀ ਅਤੇ ਇੰਗਲੈਂਡ ਵਿਚ ਰਹਿ ਕੇ ਵੀ ਮੈਂ ਇਹ ਮਹਿਸੂਸ ਕੀਤਾ ਸੀ ਕਿ ਸਾਡੇ ਮੁਲਕਾਂ ਵਿਚ ਕੋਈ ਕਿਸੇ ਨੂੰ ਕੁਝ ਪੁੱਛ ਨਹੀਂ ਸਕਦਾ | ਨਾ ਕਿਸੇ ਪੁਲਿਸ ਵਾਲੇ ਨੂੰ , ਨਾ ਕਿਸੇ ਫ਼ੌਜੀ ਨੂੰ | ਹੋਰ ਤਾਂ ਹੋਰ ਇਥੇ ਚਪੜਾਸੀ ਨੂੰ ਵੀ ਕੋਈ ਕੁਝ ਨਹੀਂ ਪੁੱਛ ਸਕਦਾ | ਉਹ ਵੀ ਆਪਣੇ ਦਫ਼ਤਰ ਦਾ ਬਾਦਸ਼ਾਹ ਹੁੰਦਾ ਹੈ |
ਫ਼ੌਜ ਨੂੰ ਗੁਰਦੁਆਰੇ ਵੱਲ ਆਉਂਦਿਆਂ ਦੇਖ ਕੇ ਮੈਂ ਪਾਗਲਾਂ ਵਾਂਗ ਇਧਰ-ਉੱਧਰ ਦੇਖਣ ਲੱਗਾ ਕਿ ਮੈਂ ਕੀਹਨੂੰ ਪੁੱਛਾਂ ਕਿ ਇਥੇ ਕੀ ਹੋਇਆ ਹੈ? ਫ਼ੌਜ ਕਿਉਂ ਆਈ ਹੈ? ਮੇਰੇ ਜ਼ਹਿਨ ਵਿਚ ਡਰ ਸੀ ਕਿ ਕਿਧਰੇ ਇਥੇ ਹੁਣੇ ਫਾਇਰਿੰਗ ਨਾ ਹੋਣੀ ਸ਼ੁਰੂ ਹੋ ਜਾਵੇ, ਕਿਤੇ ਜੇਲ੍ਹ ਵਿਚ ਹੀ ਨਾ ਜਾਣਾ ਪੈ ਜਾਵੇ | ਮੈਂ ਕੀਹਨੰੂ ਪੁੱਛਾਂ | ਹਾਲੇ ਮੈਂ ਇਸ ਜਕੋ-ਤਕੀ ਵਿਚ ਹੀ ਸੀ ਕਿ ਮੈਨੂੰ ਇਕ ਸਿੱਖ ਭਰਾ ਨਜ਼ਰ ਆ ਗਿਆ, ਜੋ ਸ਼ਾਇਦ ਗੁਰਦੁਆਰੇ ਦੇ ਕਿਸੇ ਕੰਮ ਨੂੰ ਜਾ ਰਿਹਾ ਸੀ | ਮੈਂ ਹਫ਼ਿਆ-ਹਫ਼ਿਆ ਉਸ ਸਿੱਖ ਭਰਾ ਕੋਲ ਗਿਆ ਤੇ ਉਸ ਨੂੰ ਪੁੱਛਿਆ ਕਿ ਬਾਹਰ ਪਾਕਿਸਤਾਨੀ ਫ਼ੌਜ ਆ ਗਈ ਹੈ, ਕੀ ਗੱਲ ਹੈ? ਉਹ ਸਿੱਖ ਭਰਾ ਅਸਮਾਨ ਵੱਲ ਤੱਕ ਕੇ ਸੋਚਣ ਲੱਗਾ ਤੇ ਫੇਰ ਮੈਨੂੰ ਪੁੱਛਿਆ ਕਿ ਭਾਈ ਜਾਨ ਅੱਜ ਵਾਰ ਕੀ ਹੈ? ਮੇਰੇ ਦਿਮਾਗ਼ ਦਾ ਬਲਬ ਤਾਂ ਪਹਿਲਾਂ ਹੀ ਫਿਊਜ਼ ਹੋਇਆ ਪਿਆ ਸੀ ਮੈਨੂੰ ਘਬਰਾਏ ਹੋਏ ਨੂੰ ਕੋਈ ਜਵਾਬ ਨਹੀਂ ਆਇਆ | ਉਸ ਨੇ ਨਾਲ ਹੀ ਲੰਘਦੇ ਇਕ ਮਿਸਤਰੀ ਕੋਲੋਂ ਪੁੱਛਿਆ ਕਿ ਅੱਜ ਕੀ ਵਾਰ ਹੈ ਤਾਂ ਉਸ ਮਿਸਤਰੀ ਨੇ ਕਿਹਾ ਕਿ ਅੱਜ ਜੁੰਮੇ ਰਾਤ ਹੈ | ਇਹ ਸੁਣ ਕੇ ਉਹ ਸਿੱਖ ਭਾਈ ਮੇਰੇ ਨਾਲ ਹੱਸ ਕੇ ਬੋਲੇ ਤੇ ਕਹਿਣ ਲੱਗਾ ਕਿ ਭਾਈ ਜਾਨ ਅੱਜ ਜੁੰਮੇ ਰਾਤ ਹੈ ਤੇ ਜੁੰਮੇ ਰਾਤ ਨੂੰ ਫ਼ੌਜੀ ਕਦੇ-ਕਦਾਈਾ ਸਵੇਰੇ-ਸਵੇਰੇ ਬਾਬੇ ਨਾਨਕ ਦੀ ਕਬਰ 'ਤੇ ਦੁਆ ਪੜ੍ਹਦੇ ਹਨ | ਤੁਸੀਂ ਬਹੁਤ ਜਲਦੀ ਸਵੇਰੇ ਆ ਗਏ ਹੋ, ਹੁਣੇ ਥੋੜ੍ਹੀ ਦੇਰ ਤੱਕ ਹੋਰ ਵੀ ਲੋਕ ਆਉਣਾ ਸ਼ੁਰੂ ਹੋ ਜਾਣਗੇ | ਉਹ ਸਭ ਬਾਬੇ ਨਾਨਕ ਦੀ ਕਬਰ 'ਤੇ ਦੁਆ ਪੜ੍ਹ ਕੇ ਚਲੇ ਜਾਣਗੇ |
ਉਸ ਨੇ ਕਿਹਾ ਕਿ ਘਬਰਾਉਣ ਦੀ ਕੋਈ ਲੋੜ ਨਹੀਂ | ਸੰਨ 1971 ਦੀ ਜੰਗ ਤੋਂ ਬਾਅਦ ਪਾਕਿਸਤਾਨੀ ਫ਼ੌਜ ਨੇ ਆਪਣੀਆਂ ਛੋਟੀਆਂ ਛਾਉਣੀਆਂ ਸਰਹੱਦ 'ਤੇ ਬਣਾ ਲਈਆਂ ਹਨ | ਇਕ ਸ਼ੱਕਰਗੜ੍ਹ ਵਿਖੇ ਅਤੇ ਇਕ ਪਸਰੂਰ ਕੋਲ ਬਣਾਈ ਹੈ | ਫ਼ੌਜੀ ਜੁੰਮੇ ਰਾਤ ਦੇ ਦਿਨ ਕਾਫ਼ੀ ਗਿਣਤੀ ਵਿਚ ਇਥੇ ਆਉਂਦੇ ਹਨ | ਇਨ੍ਹਾਂ ਦੋਹਾਂ ਛਾਉਣੀਆਂ ਤੋਂ ਆ ਕੇ ਕਬਰ 'ਤੇ ਦੁਆ ਕਰਦੇ ਹਨ | ਖ਼ਾਸ ਕਰ ਕੇ ਜੁੰਮੇ ਰਾਤ ਨੂੰ ਵੱਡੀ ਗਿਣਤੀ ਵਿਚ ਆਉਂਦੇ ਹਨ | ਇਹ ਸੁਣ ਕੇ ਮੈਨੂੰ ਸੁੱਖ ਦਾ ਸਾਹ ਆਇਆ |
ਏਨੀ ਦੇਰ ਵਿਚ ਗੁਰਦੁਆਰੇ ਦਾ ਅੰਦਰਲਾ ਗੇਟ, ਜਿਸ ਦਾ ਦਰਵਾਜ਼ਾ ਕੋਈ ਨਹੀਂ ਸੀ, ਕੋਲ ਜੀਪ ਵਰਗੀ ਗੱਡੀ ਆ ਖਲੋਤੀ, ਜਿਸ ਵਿਚੋਂ ਅਫ਼ਸਰ ਨੁਮਾ ਫ਼ੌਜੀ ਬਾਹਰ ਨਿਕਲੇ ਅਤੇ ਉਨ੍ਹਾਂ ਦੇ ਪਿੱਛੇ ਪੈਦਲ ਮਾਰਚ ਪਾਸਟ ਕਰਦੇ 10-15 ਫ਼ੌਜੀ ਆਏ | ਉਨ੍ਹਾਂ ਨੇ ਆ ਕੇ ਦਰਵਾਜ਼ੇ ਕੋਲ ਥੋੜ੍ਹਾ ਲਿਫ ਕੇ ਬੂਟਾਂ ਦੇ ਤਸਮੇ ਖੋਲੇ੍ਹ ਅਤੇ ਪਾਣੀ ਵਿਚ ਪੈਰ ਧੋ ਕੇ 10-15 ਟੋਲਿਆਂ ਦੇ ਰੂਪ ਵਿਚ ਗੁਰਦੁਆਰੇ ਦੇ ਅੰਦਰ ਗਏ | ਹਰ ਇਕ ਟੋਲੇ ਨਾਲ ਇਕ ਅਫ਼ਸਰ ਸੀ | ਅੰਦਰ ਜਾ ਕੇ ਉਹ ਬੜੇ ਅਦਬ ਨਾਲ ਬਾਬਾ ਨਾਨਕ ਦੀ ਸਮਾਧ 'ਤੇ ਕਬਰ ਨੂੰ ਦੇਖਦੇ, ਕਬਰ ਉੱਪਰ ਦੁਆ ਪੜ੍ਹਦੇ ਸਨ ਤੇ ਫਿਰ ਓਨੇ ਹੀ ਅਦਬ ਨਾਲ ਬਾਹਰ ਨਿਕਲ ਜਾਂਦੇ |
ਉਨ੍ਹਾਂ ਦਾ ਅਫ਼ਸਰ ਉਨ੍ਹਾਂ ਨੂੰ ਬਾਹਰ ਲੈ ਕੇ ਆਉਂਦਾ ਸੀ | ਇਸ ਤੋਂ ਬਾਅਦ ਫੇਰ ਦੂਸਰੇ ਟੋਲੇ ਵੀ ਵਾਰੋ-ਵਾਰੀ ਇਸੇ ਤਰ੍ਹਾਂ ਅੰਦਰ ਜਾਂਦੇ ਸਨ ਤੇ ਕਬਰ ਉੱਪਰ ਦੁਆ ਪੜ੍ਹ ਕੇ ਸਮਾਧ ਨੂੰ ਬੜੇ ਧਿਆਨ ਨਾਲ ਦੇਖ ਕੇ ਬਾਹਰ ਆ ਕੇ ਖੜੇ੍ਹ ਹੋ ਜਾਂਦੇ ਸਨ |
ਇਕ ਗਰੁੱਪ ਜਦੋਂ ਅੰਦਰ ਆਇਆ ਤਾਂ ਉਨ੍ਹਾਂ ਵਿਚੋਂ ਇਕ ਜੋ ਕਿ ਅਫ਼ਸਰ ਸੀ, ਉਸ ਨੂੰ ਮੈਂ ਪੁੱਛਿਆ ਕਿ, ਕੀ ਮੈਂ ਤੁਹਾਡੀਆ ਫੋਟੋਆਂ ਲੈ ਸਕਦਾ ਹਾਂ? ਉਸ ਨੇ ਸਿਰ ਹਿਲਾ ਕੇ ਮੈਨੂੰ ਸਹਿਮਤੀ ਦੇ ਦਿੱਤੀ | ਉਸ ਦੀ ਵਰਦੀ 'ਤੇ ਇਕ ਸਟਾਰ ਲੱਗਾ ਸੀ, ਜਿਸ ਤੋਂ ਇਹ ਪਤਾ ਲਗਾ ਕਿ ਉਹ ਸੈਕਿੰਡ ਲੈਫਟੀਨੈਂਟ ਸੀ | ਮੈਂ ਹਾਲੇ ਦੋ ਤਿੰਨ ਫੋਟੋਆਂ ਹੀ ਖਿੱਚੀਆ ਸਨ, ਬਾਕੀ ਫੋਟੋਆਂ ਮੈਂ ਸੋਚਿਆ ਕਬਰ 'ਤੇ ਜਾ ਕੇ ਖਿੱਚਾਂਗਾ ਜਿਥੇ ਕਿ ਉਹ ਦੁਆ ਮੰਗ ਰਹੇ ਹੋਣਗੇ | ਪਰ 2-3 ਫੋਟੋਆਂ ਖਿੱਚਣ ਤੋਂ ਬਾਅਦ ਹੀ 3-4 ਨੌਜਵਾਨ ਆਏ, ਜਿਨ੍ਹਾਂ ਨੇ ਚਿੱਟੀਆਂ ਸਲਵਾਰ-ਕਮੀਜ਼ਾਂ ਪਾਈਆਂ ਹੋਈਆਂ ਸਨ, ਉਨ੍ਹਾਂ ਨੇ ਮੇਰੇ ਹੱਥੋਂ ਮੇਰਾ ਮੋਬਾਈਲ ਫੋਨ ਖੋਹ ਲਿਆ |
ਉਹ ਮੇਰੇ ਅੱਗੇ ਖੜੇ੍ਹ ਹੋ ਗਏ ਤੇ ਉਨ੍ਹਾਂ ਮੈਨੂੰ ਪੁੱਛਣਾ ਸ਼ੁਰੂ ਕੀਤਾ ਕਿ ਤੂੰ ਕੌਣ ਹੈਂ, ਕਿਥੋਂ ਆਇਆ ਹੈਂ, ਫੋਟੋਆਂ ਕਿਉਂ ਖਿੱਚ ਰਿਹਾ ਹੈ | ਉਹ ਥੋੜੇ੍ਹ ਗੁੱਸੇ ਵਿਚ ਸਨ ਤੇ ਮੇਰੇ ਕੋਲੋਂ ਤਫ਼ਤੀਸ਼ ਕਰਨੀ ਸ਼ੁਰੂ ਕਰ ਦਿੱਤੀ | ਮੈਂ ਡਰ ਗਿਆ ਤੇ ਉਨ੍ਹਾਂ ਨੂੰ ਦੱਸਿਆ ਕਿ ਮੈਂ ਇੰਗਲੈਂਡ ਤੋਂ ਆਇਆ ਹਾਂ |
(ਬਾਕੀ ਅਗਲੇ ਐਤਵਾਰ ਦੇ ਅੰਕ 'ਚ)

ਲਿਪੀ ਅੰਤਰ : ਜੇ. ਐਸ. ਭੱਟੀ
ਈ-ਮੇਲ : jsdhaiwal21@gmail.com
ਮੋਬਾਈਲ : 79860-37268

ਪਹਾੜੀ 'ਤੇ ਸੁੰਦਰ ਭਵਨ : ਹਿੰਟਨ ਐਪਨਰ ਹਾਊਸ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਸਜਾਵਟੀ ਛੱਤ ਵਾਲਾ ਡ੍ਰਾਇੰਗ ਰੂਮ : ਭੋਜਨ ਖਾਣ ਵਾਲੇ ਕਮਰੇ ਦੀ ਛੱਤ ਪ੍ਰਸੰਸਾਯੋਗ ਸੀ ਜਿਸ 'ਤੇ ਬਾਰੀਕ ਸੁੰਦਰ ਡਿਜ਼ਾਈਨ ਵਾਲਾ ਪਲਾਸਟਰ ਦਾ ਕੰਮ ਕੀਤਾ ਗਿਆ ਸੀ | ਇਸ ਤੋਂ ਇਲਾਵਾ ਅਤਿ ਸੁਨਹਿਰੀ ਨੱਕਾਸ਼ੀ ਵਾਲਾ ਕੱਚ ਦਾ ਸ਼ੀਸ਼ਾ ਅਤੇ ਮੇਜ਼ ਸਜੇ ਹੋਏ ਸਨ | ਦੋਵੇਂ ਹੀ 18ਵੀਂ ਸਦੀ ਦੇ ਪ੍ਰਸਿੱਧ ਆਰਕੀਟੈਕਟ ਅਤੇ ਅੰਦਰੂਨੀ ਡਿਜ਼ਾਈਨਰ ਰੋਬਰਡ ਐਡਮ ਵਲੋਂ ਬਣਾਏ ਗਏ ਸਨ | ਕਰਮਚਾਰੀ ਨੇ ਸਾਨੂੰ ਦੱਸਿਆ ਕਿ ਦੋਵੇਂ ਆਕਰਸ਼ਕ ਪੁਰਾਣੇ ਮਹੱਲਨੁਮਾ ਭਵਨਾਂ ਤੋਂ ਖਰੀਦ ਕੇ ਦੁਬਾਰਾ ਸਜਾਏ ਗਏ ਸਨ | ਡਾਇਨਿੰਗ ਟੇਬਲ 'ਤੇ ਸਜੇ ਬੋਨ ਚਾਈਨਾ ਦੀ ਵਿਸ਼ੇਸ਼ ਕ੍ਰਾਕਰੀ ਨੂੰ ਸਾਲ ਵਿਚ ਅਨੇਕ ਵਾਰ ਬਦਲਿਆ ਜਾਂਦਾ ਹੈ ਜੋ ਲਾਰਡ ਸ਼ਰਬਨ ਰੈਫ ਡਿਊਟਨ ਦੀ ਵਿਸ਼ਾਲ ਕ੍ਰਾਕਰੀ ਸੰਗ੍ਰਹਿ ਦਾ ਹਿੱਸਾ ਹੈ |
ਉੱਪਰ ਦੇ ਕਮਰੇ ਅਤੇ ਪ੍ਰੇਤ ਕਥਾਵਾਂ :” ਸਾਨੂੰ ਉੱਪਰਲੀ ਮੰਜ਼ਿਲ ਦੇ ਕਮਰਿਆਂ ਵਿਚ ਜਾਣ ਦੀ ਉਤਸੁਕਤਾ ਸੀ ਕਿਉਂਕਿ 18ਵੀਂ ਸਦੀ ਤੋਂ ਹਿੰਟਨ ਐਾਪਨਰ ਭਵਨ ਦੇ ਇਸ ਹਿੱਸੇ ਨੂੰ ਭੂਤ-ਪ੍ਰੇਤਾਂ ਦੀਆਂ ਕਥਾਵਾਂ ਨਾਲ ਜੋੜਿਆ ਜਾਂਦਾ ਸੀ | ਇਨ੍ਹਾਂ ਕਹਾਣੀਆਂ ਦਾ ਆਰੰਭ ਉਦੋਂ ਹੋਇਆ ਜਦੋਂ ਭਵਨ ਵਿਚ ਸਦੀਆਂ ਤੋਂ ਰਹਿਣ ਵਾਲੇ ਸਟੂਕਲੇ ਪਰਿਵਾਰ ਦੀ ਪੁੱਤਰੀ ਦਾ ਵਿਆਹ ਇਕ ਲਾਰਡ ਸਟੇਵਲ ਨਾਲ ਹੋਇਆ ਅਤੇ ਉਹ ਇਥੇ ਰਹਿਣ ਆ ਗਿਆ | ਲਾਰਡ ਸਟੇਵਲ ਦੇ ਨਾਜਾਇਜ਼ ਸਬੰਧ ਆਪਣੀ ਪਤਨੀ ਦੀ ਛੋਟੀ ਭੈਣ ਨਾਲ ਸਨ ਅਤੇ ਵੱਡੀ ਭੈਣ ਦੀ ਮੌਤ ਤੋਂ ਬਾਅਦ ਦੋਵੇਂ ਅਣਵਿਆਹੇ ਮਾਤਾ-ਪਿਤਾ ਵੀ ਬਣੇ | ਕੁਝ ਹੀ ਸਮੇਂ ਬਾਅਦ ਬੱਚਾ ਰਹੱਸਮਈ ਢੰਗ ਨਾਲ ਗ਼ਾਇਬ ਹੋ ਗਿਆ | ਹੌਲੀ-ਹੌਲੀ ਸਮਾਂ ਬੀਤਦਾ ਗਿਆ ਅਤੇ ਹਿੰਟਰ ਐਾਪਨਰ ਵਿਚ ਰਹਿਣ ਵਾਲਿਆਂ ਅਤੇ ਬਾਹਰ ਦੇ ਲੋਕਾਂ ਨੂੰ ਪਰਛਾਵੇਂ ਦਿਸਦੇ ਸਨ ਅਤੇ ਅਜੀਬ ਧੁਨਾਂ ਸੁਣਦੀਆਂ ਸਨ... ਬਸ ਫਿਰ ਭਵਨ ਵੀਰਾਨ ਹੋ ਗਿਆ | ਉਦੋਂ ਪਹਿਲਾ ਅਗਨੀਕਾਂਡ ਵਾਪਰਿਆ ਜਿਸ ਤੋਂ ਬਾਅਦ ਰੈਫ ਡਿਊਟਨ ਦੇ ਦਾਦੇ ਨੇ ਇਸ ਨੂੰ ਮਹਾਰਾਣੀ ਵਿਕਟੋਰੀਆ ਸ਼ੈਲੀ ਵਿਚ ਦੁਬਾਰਾ ਸਜਾਇਆ ਅਤੇ ਵਸਾਇਆ |
ਇਨ੍ਹਾਂ ਸਾਧਾਰਨ ਪੌੜੀਆਂ ਰਾਹੀਂ ਉੱਪਰਲੀ ਮੰਜ਼ਿਲ 'ਤੇ ਪਹੁੰਚੇ ਤਾਂ ਉਥੇ ਇਕ ਕੇਂਦਰੀ ਮਾਰਗ ਦਿਸਿਆ ਜਿਸ ਦੇ ਆਲੇ-ਦੁਆਲੇ ਕਮਰੇ ਸਨ ਜਿਨ੍ਹਾਂ ਨਾਲ ਬਾਥਰੂਮ ਵੀ ਜੁੜੇ ਹੋਏ ਸਨ ਜੋ ਨਵੇਂ ਨਿਰਮਾਣ ਦਾ ਹਿੱਸਾ ਹੈ | ਲਾਰਡ ਸ਼ਰਬਨ ਰੈਫ ਡਿਊਟਨ ਦਾ ਵਿਸ਼ਾਲ ਬੈਡਰੂਮ ਸੂਰਜ ਦੀ ਰੌਸ਼ਨੀ ਨਾਲ ਭਰਿਆ ਸੀ ਜੋ ਇਕ ਵੱਡੀ ਬੇ-ਵਿੰਡੋ ਰਾਹੀਂ ਅੰਦਰ ਆ ਰਿਹਾ ਸੀ | 'ਬੇ-ਵਿੰਡੋ' ਖਿੜਕੀ ਤੋਂ ਬਾਹਰ ਦੇ ਬਗ਼ੀਚੇ ਅਤੇ ਦੂਰ ਤੱਕ ਫੈਲੀ ਹਰੇ ਪੰਨੇ ਵਰਗੀ ਹਰਿਆਲੀ ਘਾਟੀ ਦਾ ਸੁੰਦਰ ਦਿ੍ਸ਼ ਨਜ਼ਰ ਆਉਂਦਾ ਸੀ |
ਰੈਫ ਡਿਊਟਨ ਦੇ ਮਨਭਾਉਂਦੇ ਸਰੈਮਿਕਸ : ਗਰਾਊਾਡ ਫਲੋਰ 'ਤੇ ਵਾਪਸ ਆ ਕੇ ਅਸੀਂ ਲਾਰਡ ਸ਼ਰਬਨ ਰੈਫ ਡਿਊਟਨ ਦਾ ਗੌਰਵਸ਼ਾਲੀ ਸਰੈਮਿਕਸ ਸੰਗ੍ਰਹਿ ਦੇਖਣ ਗਏ ਜੋ ਦੂਜੇ ਅਗਨੀ ਕਾਂਡ ਵਿਚ ਬਚਾਅ ਲਿਆ ਗਿਆ ਸੀ | (ਚੀਨੀ ਮਿੱਟੀ ਦੀਆਂ ਬਹੁਕੀਮਤੀ ਕਲਾਕ੍ਰਿਤਾਂ ਦਾ ਸੰਗ੍ਰਹਿ) | ਵਾਲੰਟੀਅਰ ਨੇ ਸਾਨੂੰ ਵੱਖ-ਵੱਖ ਤਰ੍ਹਾਂ ਦੇ ਸਰੈਮਿਕਸ ਦੇ ਵਿਸ਼ੇ ਵਿਚ ਦੱਸਿਆ ਜਿਨ੍ਹਾਂ ਦੇ ਵੱਖ-ਵੱਖ ਮੁੱਲ ਵੀ ਹਨ | ਸੈਲਾਨੀਆਂ ਨੂੰ ਸੌਖਿਆਂ ਸਮਝਾਉਣ ਲਈ ਪੂਰੇ ਸੰਗ੍ਰਹਿ ਨੂੰ ਛੇ ਹਿੱਸਿਆਂ ਵਿਚ ਵੰਡਿਆ ਗਿਆ ਸੀ ਜਿਸ ਵਿਚ ਵਿਸ਼ਵ ਪ੍ਰਸਿੱਧ ਫ੍ਰੈਂਚ ਸੇਵਰਾ ਸੰਗ੍ਰਹਿ ਅਤੇ ਵੇਜਵੁੱਡ ਦੀਆਂ ਸਰੈਮਿਕ ਕ੍ਰਿਤਾਂ ਵੀ ਸ਼ਾਮਿਲ ਹਨ |
ਹਿੰਟਨ ਐਾਪਨਰ ਅਸਟੇਟ ਦੇ ਪਾਰਕ ਅਤੇ ਬਗ਼ੀਚੇ : ਸਟੂਕਲੇ ਡਿਊਟਨ ਪਰਿਵਾਰ ਦੇ 400 ਸਾਲ ਪੁਰਾਣੇ ਘਰ ਵਿਚ 1650 ਏਕੜ ਵਿਚ ਪਾਰਕ ਅਤੇ ਬਗ਼ੀਚੇ ਬਣੇ ਹੋਏ ਹਨ, ਜੋ ਹੁਣ ਨੈਸ਼ਨਲ ਟਰੱਸਟ ਸੰਸਥਾ ਵਲੋਂ ਸੁਰੱਖਿਅਤ ਕੀਤੇ ਹਨ | ਹਰ ਬਗ਼ੀਚੇ ਦਾ ਲੁਭਾਵਣਾ ਨਾਂਅ ਹੈ—ਲਿਲੀਪਾਂਡ ਗਾਰਡਨ ਵਿਚ 9 ਤਰ੍ਹਾਂ ਦੇ ਲਿਲੀ ਦੇ ਫੁੱਲ ਹਨ, ਪੇਵਡ ਟੈਰੇਸ ਤੋਂ ਹੋ ਕੇ ਮੇਨ ਟੈਰਸ ਵੱਲ ਜਾਣ ਦੇ ਰਸਤੇ ਦੇ ਪਿੱਛੇ ਅਤਿ ਆਕਰਸ਼ਕ ਸਨਕਨ ਗਾਰਡਨ ਨਿਵਾਣ 'ਤੇ ਬਣਿਆ ਹੈ ਜੋ 180 ਮੀਟਰ ਲੰਮੀ 'ਲੌਾਗ ਵਾਕ' 'ਤੇ ਲੈ ਜਾਂਦਾ ਹੈ ਅਤੇ ਉਸ ਦੇ ਪਿੱਛੇ ਪਾਰਕ ਲੈਂਡ ਫੈਲੀ ਹੋਈ ਸੀ |
ਵਾਪਸ ਟੀ-ਸ਼ਾਪ ਵੱਲ ਜਾਂਦੇ ਹੋਏ ਲੁਭਾਉਣੇ ਵਾਤਾਵਰਨ ਵਾਲੇ ਫਲਾਂ ਦੇ ਬਾਗ ਵੀ ਹਨ | ਚਰਚ ਵਿਚ ਰੈਫ ਡਿਊਟਨ ਦੇ ਸਟੂਕਲੇ ਡਿਊਟਨ ਵਡੇਰਿਆਂ ਦੀਆਂ ਸਮਾਧੀਆਂ ਅਤੇ ਯਾਦਗਾਰਾਂ ਹਨ |
ਟੀ-ਸ਼ਾਪ ਵੱਲ ਜਾਂਦੇ ਹੋਏ ਅਸੀਂ ਅਨੇਕ ਤਰ੍ਹਾਂ ਦੇ ਅਨੋਖੇ ਪੌਦੇ ਦੇਖੇ ਜਿਨ੍ਹਾਂ ਨੂੰ ਰੌਚਕ ਨਾਂਅ ਵੀ ਦਿੱਤੇ ਗਏ ਸਨ | ਚਾਹ ਪੀਂਦੇ ਹੋਏ ਸਾਨੂੰ ਕਰਮਚਾਰੀਆਂ ਨੇ ਦੱਸਿਆ ਕਿ ਟੀ-ਸ਼ਾਪ ਦੀ ਰਸੋਈ ਵਿਚ ਵਰਤਿਆ ਗਿਆ ਜ਼ਿਆਦਾਤਰ ਬੇਕਰੀ ਦਾ ਸਾਮਾਨ, ਹਿੰਟਨ ਐਾਪਨਰ ਭਵਨ ਦੇ ਵਾਲਡ ਗਾਰਡਨ ਵਿਚ ਉਗਾਇਆ ਜਾਂਦਾ ਹੈ | ਨਾਲ ਹੀ, ਅੱਗੇ ਜਾ ਕੇ ਸੈਲਾਨੀਆਂ ਲਈ ਯਾਦ ਚਿੰਨ੍ਹ ਵੇਚਣ ਵਾਲੀ ਦੁਕਾਨ ਵਿਚ ਭਵਨ ਦੇ ਬਗ਼ੀਚੇ ਵਿਚ ਉਗਾਏ ਫੁੱਲ ਅਤੇ ਖਾਣ ਵਾਲੇ ਪਦਾਰਥ ਵੇਚੇ ਜਾਂਦੇ ਹਨ |
ਲੰਡਨ ਵਾਪਸ ਆਉਂਦੇ ਹੋਏ ਸਾਡੇ ਮਨ ਵਿਚ ਹਿੰਟਨ ਐਾਪਨਰ ਭਵਨ ਦੀਆਂ ਯਾਦਾਂ ਸਨ ਕਿ ਕਿਵੇਂ ਉਹ ਅਗਨੀ ਕਾਂਡ ਤੋਂ ਲੈ ਕੇ ਭੂਤ-ਪ੍ਰੇਤਾਂ ਦੀਆਂ ਕਹਾਣੀਆਂ ਤੋਂ ਉੱਭਰ ਕੇ ਦੁਬਾਰਾ ਗੌਰਵਸ਼ਾਲੀ ਸੈਲਾਨੀ ਥਾਂ ਦੇ ਰੂਪ ਵਿਚ ਸਥਾਪਿਤ ਹੋਇਆ | (ਸਮਾਪਤ)

seemaanandchopra@gmail.com

ਭੁੱਲੀਆਂ ਵਿਸਰੀਆਂ ਯਾਦਾਂ

ਇਹ ਤਸਵੀਰ ਉਸ ਸਮੇਂ ਖਿੱਚੀ ਸੀ ਜਦੋਂ ਸ਼ਿਵ ਕੁਮਾਰ ਬਟਾਲਵੀ ਦੀ ਮੌਤ ਤੋਂ ਬਾਅਦ ਪਹਿਲੀ ਸ਼ੋਕ ਸਭਾ ਬਟਾਲਾ ਵਿਖੇ ਹੋਈ ਸੀ | ਉਸ ਸ਼ੋਕ ਸਭਾ ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮਿ੍ਤਸਰ ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵੀ.ਸੀ. ਤੇ ਬਟਾਲਾ ਦੇ ਵੱਡੇ ਸਨਅਤਕਾਰ ਆਏ ਸਨ | ਇਸ ਤੋਂ ਇਲਾਵਾ ਵੱਖ-ਵੱਖ ਸਾਹਿਤ ਸਭਾਵਾਂ ਦੇ ਮੈਂਬਰ ਤੇ ਹੋਰ ਸਾਹਿਤਕਾਰ ਵੀ ਆਏ ਸਨ |

ਮੋਬਾਈਲ : 98767-41231

ਦੋ ਲਘੂ ਕਥਾਵਾਂ

ਫ੍ਰੀ ਹੈਾਡ
ਘੱਟ ਹੀ ਇਉਂ ਹੁੰਦਾ ਸੀ... ਪਰ ਅੱਜ ਸਾਰਾ ਪਰਿਵਾਰ ਖਾਣੇ ਦੀ ਮੇਜ਼ 'ਤੇ ਇਕੱਠਾ ਹੋ ਗਿਆ ਸੀ | ਦਾਦਾ ਜੀ-ਦਾਦੀ ਜੀ ਇਕ ਕੋਨੇ ਵਿਚ, ਖਾਲੀ ਹੱਥ ਬੈਠੇ ਸਨ... ਬਾਕੀ ਸਾਰੇ ਟੱਬਰ ਦੇ ਜੀਆਂ ਦੇ ਹੱਥਾਂ ਵਿਚ ਆਪਣੇ-ਆਪਣੇ ਸੈੱਲ ਫੋਨ ਸਨ ਤੇ ਸਾਰੇ ਦੇ ਸਾਰੇ 'ਆਨਲਾਈਨ' ਸਨ |
ਫੋਨ ਵੀ ਚੱਲ ਰਹੇ ਸਨ... ਖਾਣਾ ਵੀ |
ਦਾਦੀ ਜੀ, ਕਾਲਜ ਪੜ੍ਹਦੇ ਪੋਤਰੇ ਸ਼ਵਿੰਦਰ ਵੱਲ ਦੇਖ ਰਹੇ ਸਨ, ਜੋ ਖੱਬੇ ਹੱਥ ਵਿਚ ਫੋਨ ਫੜੀ ਸੱਜੇ ਹੱਥ ਵਿਚ ਚਮਚ ਨਾਲ ਖਾਮਾ ਖਾਣ ਦੀ ਕੋਸ਼ਿਸ਼ ਕਰ ਰਿਹਾ ਸੀ, ਹਰ ਵਾਰ ਖਾਣਾ ਮੰੂਹ ਵਿਚ ਪਾਉਣ ਲਈ ਉਹ ਅੱਗੇ ਵੱਲ ਝੁਕਦਾ, ਫਿਰ ਚਮਚ ਰੱਖ ਫੋਨ ਸਕਰੀਨ ਨੂੰ ਟੱਚ ਕਰਨ ਲੱਗ ਜਾਂਦਾ | ਵਾਰ-ਵਾਰ ਇਉਂ ਕਰਦੇ ਸ਼ਵਿੰਦਰ ਨੂੰ ਦੇਖ ਦਾਦਾ ਜੀ ਮੁਸਕਰਾ ਰਹੇ ਸਨ |
'ਕੋਈ ਐਸਾ ਤਰੀਕਾ ਹੋਣਾ ਚਾਹੀਦੈ, ਜੋ ਬੰਦੇ ਦੇ ਦੋਵੇਂ ਹੱਥ 'ਬਿਜ਼ੀ' ਹੋਣ ਤਾਂ ਵੀ ਬੰਦਾ ਸੌਖਿਆਂ ਹੀ ਖਾਣਾ ਖਾ ਸਕੇ, ਉਹ ਵੀ 'ਫ੍ਰੀ ਹੈਾਡ |'
ਸਭ ਉਸ ਦੀ ਗੱਲ 'ਤੇ ਮੁਸਕਰਾ ਰਹੇ ਸਨ |
'ਹੈਗਾ ਇਕ ਤਰੀਕਾ... ਇਸ ਤਰ੍ਹਾਂ ਦਾ ਵੀ... ਆਪਣੇ 'ਟੌਮੀ' ਤੋਂ ਸਿੱਖਣਾ ਪਵੇਗਾ | ਉਸ ਦੇ ਗਲ ਵਿਚ ਸੰਗਲੀ ਹੁੰਦੀ ਹੈ... ਫਿਰ ਵੀ ਉਹ ਵਧੀਆ ਖਾਣਾ ਖਾ ਲੈਂਦਾ ਹੈ, ਉਹ ਵੀ 'ਫ੍ਰੀ ਹੈਾਡ'... |'
'ਖਾਣੇ ਵਾਲਾ ਮੇਜ਼ ਥੋੜ੍ਹਾ ਜਿਹਾ ਹੋਰ ਉੱਚਾ ਕਰਾਉਣਾ ਪਵੇਗਾ |'
ਦਾਦੀ ਜੀ ਨੇ ਵੀ ਸੁਰ ਮਿਲਾਈ |
ਸਾਰੇ ਜਣੇ ਮੁਸਕਰਾ ਰਹੇ ਸਨ... ਸ਼ਵਿੰਦਰ ਵੀ ਹੱਸ ਰਿਹਾ ਸੀ |

ਓਹਲੇ ਦਾ ਮਿੱਠਾ
ਇਕ ਦਿਨ ਸਕੂਲ ਦਾ ਸੇਵਾਦਾਰ, ਜੋ ਸਟਾਫ ਲਈ... ਸਵੇਰ ਦੀ ਚਾਹ ਬਣਾਉਂਦਾ ਸੀ ਬੋਲਿਆ, 'ਸਰ... ਖੰਡ ਮੁੱਕੀ ਓ ਆ... |'
'...ਦੋ ਕੁ ਦਿਨ ਪਹਿਲਾਂ ਤਾਂ ਮੰਗਾਈ ਸੀ... |'
'ਸਰ... ਸਕੂਲ ਦੇ ਨਿਆਣੇ ਖਾ ਜਾਂਦੇ ਆ ਜੀ,...ਜਦੋਂ ਚਾਹ ਵਾਲੇ ਕਮਰੇ ਵਿਚ ਵੜਦੇ ਨੇ... |'
ਮੈਂ ਉਸ ਨੂੰ ਪੈਸੇ ਫੜਾਏ...
'ਜਾਹ ਹੋਰ ਲੈ ਆ...'
'...ਸਰ ਤੁਸੀਂ ਬੱਚਿਆਂ ਨੂੰ ਘੂਰਦੇ ਨਹੀਂ... ਖੰਡ ਖਾਣਿਆਂ ਨੂੰ |'
'...ਮੈਂ ਤਾਂ ਆਪ ਬਚਪਨ ਵਿਚ... ਬੇਬੇ ਦਾ... ਚਾਹ ਬਣਾਉਣ ਲਈ ਰੱਖਿਆ ਗੁੜ ਖਾ ਜਾਂਦਾ ਸੀ,... ਤੈਂ ਨੀ ਖਾਧਾ ਕਦੇ ਓਹਲੇ ਨਾਲ ਮਿੱਠਾ...?'
'...ਐਾ ਤਾਂ ਜੀ... ਚਾਹ ਬਣਾਉਣ ਲੱਗਿਆਂ ਮੈਂ ਹੁਣ ਵੀ... ਓਹਲੇ ਨਾਲ... ਦੋ ਚਾਰ ਫੱਕੇ... ਖੰਡ ਦੇ ਮਾਰ ਲੈਨਾ ਜੀ |'
ਹੁਣ ਅਸੀਂ ਦੋਵੇਂ... ਬੱਚਿਆਂ ਵਾਂਗ ਹੱਸ ਰਹੇ ਸਾਂ |

-ਪਿੰ੍ਰ: ਗੁਲਵੰਤ ਮਲੌਦਵੀ
ਨੇੜੇ ਰੇਲਵੇ ਸਟੇਸ਼ਨ ਘਨੌਲੀ, ਪਿੰਡ ਤੇ ਡਾਕ: ਘਨੌਲੀ, ਜ਼ਿਲ੍ਹਾ ਰੂਪਨਗਰ-140113.
ਫੋਨ : 94173-32911.

ਹਮਦਰਦੀ

ਸਵੇਰੇ ਕੋਈ 11 ਕੁ ਵਜੇ ਦਾ ਸਮਾਂ ਸੀ ਕਿ ਮੈਡਮ ਨਵਪ੍ਰੀਤ ਦੇ ਮੋਬਾਈਲ ਫੋਨ 'ਤੇ ਸੁਨੇਹਾ ਆਇਆ ਕਿ ਮੈਡਮ ਕੁਲਵੰਤ ਦੇ ਪਤੀ ਦੀ ਮੌਤ ਹੋ ਗਈ ਹੈ | ਮੈਡਮ ਕੁਲਵੰਤ ਦੇ ਪਤੀ ਪਿਛਲੇ ਕੁਝ ਸਮੇਂ ਤੋਂ ਬਿਮਾਰ ਚੱਲ ਰਹੇ ਸਨ | ਡਾਕਟਰਾਂ ਨੇ ਜਵਾਬ ਦੇ ਦਿੱਤਾ ਸੀ | ਘਰ ਹੀ ਸਾਰਾ ਪਰਿਵਾਰ ਸੇਵਾ ਕਰ ਰਿਹਾ ਸੀ |
ਮੈਡਮ ਕੁਲਵੰਤ ਦੇ ਪਤੀ ਦੀ ਮੌਤ ਦੀ ਖ਼ਬਰ ਸੁਣ ਕੇ ਸਾਰੇ ਸਟਾਫ ਦਾ ਮੂਡ ਖ਼ਰਾਬ ਹੋ ਗਿਆ | ਸਾਰੇ ਆਧਿਆਪਕ ਕਲਾਸਾਂ ਵਿਚੋਂ ਬਾਹਰ ਆ ਗਏ | ਮੈਡਮ ਕੁਲਵੰਤ ਦੀਆਂ ਦੋ ਖਾਸ ਸਹੇਲੀਆਂ ਪਿ੍ੰਸੀਪਲ ਦੇ ਦਫਤਰ ਵਿਚ ਆਈਆਂ ਅਤੇ ਪਿ੍ੰਸੀਪਲ ਸਾਹਿਬ ਨੂੰ ਇਹ ਦੁਖਦਾਈ ਖ਼ਬਰ ਸੁਣਾਈ |
'ਇਹ ਤਾਂ ਬਹੁਤ ਹੀ ਮਾੜਾ ਹੋਇਆ' ਪਿ੍ੰਸੀਪਲ ਨੇ ਦੁੱਖ ਪ੍ਰਗਟਾਉਂਦੇ ਹੋਏ ਕਿਹਾ |
'ਸਰ ਸ਼ੋਕ ਸਭਾ ਬੁਲਾਈ ਜਾਵੇ, 2 ਮਿੰਟ ਦਾ ਮੌਨ ਕਰਵਾ ਕੇ ਬੱਚਿਆਂ ਨੂੰ ਛੁੱਟੀ ਕਰ ਦਿੱਤੀ ਜਾਵੇ' ਇਕ ਮੈਡਮ ਬੋਲੀ
'ਤੁਸੀਂ ਉਨ੍ਹਾਂ ਦੇ ਘਰ ਫੋਨ ਕਰ ਕੇ ਪਤਾ ਕਰੋ ਕਿ ਸਸਕਾਰ ਕਿੰਨੇ ਵਜੇ ਹੋਣਾ ਹੈ, ਜੇਕਰ ਸਸਕਾਰ ਦਾ ਸਮਾਂ ਲੇਟ ਹੈ ਤਾਂ ਆਪਾਂ ਵਿਦਿਆਰਥੀਆਂ ਨੂੰ ਇੰਨੀ ਜਲਦੀ ਛੁੱਟੀ ਨਾ ਕਰੀਏ', ਪਿ੍ੰਸੀਪਲ ਨੇ ਗੰਭੀਰਤਾ ਨਾਲ ਕਿਹਾ
'ਸਰ ਕਮਾਲ ਹੈ! ਤੁਹਾਡੇ ਵਾਲੀ, ਤੁਹਾਨੂੰ ਤਾਂ ਬੱਸ ਹਰ ਸਮੇਂ ਬੱਚਿਆਂ ਦੀ ਪੜ੍ਹਾਈ ਦੀ ਲੱਗੀ ਰਹਿੰਦੀ ਹੈ | ਸਮਾਜਿਕ ਰਿਸ਼ਤੇ ਵੀ ਹੁੰਦੇ ਹਨ | ਹਮਦਰਦੀ ਨਾਂਅ ਦੀ ਵੀ ਕੋਈ ਚੀਜ਼ ਹੁੰਦੀ ਹੈ | ਪਤਾ ਨਹੀਂ ਵਿਚਾਰੇ ਮੈਡਮ ਦਾ ਕੀ ਹਾਲ ਹੋਣਾ ਹੈ', ਦੂਜੀ ਮੈਡਮ ਬੋਲੀ |
'ਚਲੋ ਡੀ ਪੀ ਸਾਹਿਬ ਨੂੰ ਕਹੋ ਕਿ ਵਿਦਿਆਰਥੀਆਂ ਨੂੰ ਗਰਾਊਾਡ ਵਿਚ ਇੱਕਠਾ ਕਰਨ', ਪਿ੍ੰਸੀਪਲ ਨੇ ਸਟਾਫ ਦੇ ਰੌਾਅ ਨੂੰ ਦੇਖਦੇ ਹੋਏ ਕਿਹਾ |
'ਵਿਦਿਆਰਥੀਆਂ ਨੂੰ ਇਹ ਸ਼ੋਕ ਸਮਾਚਾਰ ਦੇਣ ਉਪਰੰਤ ਆਪੋ ਆਪਣੇ ਘਰਾਂ ਨੂੰ ਜਾਣ ਦੀ ਤਾਕੀਦ ਕਰ ਸਾਰਾ ਸਟਾਫ ਵੀ ਜਾਣ ਲਈ ਤਿਆਰ ਹੋ ਗਿਆ | ਕੋਈ ਦੋ ਸਟਾਫ ਮੈਂਬਰ ਸਕੂਲ 'ਚ ਰੁਕ ਜਾਵੋ, ਪਿ੍ੰਸੀਪਲ ਨੇ ਕਿਹਾ
ਕੋਈ ਵੀ ਸਕੂਲ 'ਚ ਰੁਕਣ ਲਈ ਰਾਜ਼ੀ ਨਾ ਹੋਇਆ | ਆਖਰ ਸਮੇਂ ਦੀ ਨਜ਼ਾਕਤ ਨੂੰ ਦੇਖਦੇ ਹੋਏ ਪਿ੍ੰਸੀਪਲ ਨੇ ਦਰਜਾ 4 ਮੁਲਾਜ਼ਮਾਂ ਨੂੰ ਸਕੂਲ ਵਿਚ ਹੀ ਰੁਕਣ ਦੀ ਤਾਕੀਦ ਕਰ ਸਾਰੇ ਸਟਾਫ ਨਾਲ ਮੈਡਮ ਦੇ ਘਰ ਨੂੰ ਚੱਲ ਪਏ | ਰਸਤੇ ਵਿਚ ਮੈਡਮ ਨੀਲਮ ਹੌਲੀ ਜਿਹੀ ਪਿ੍ੰਸੀਪਲ ਦੇ ਕੰਨ ਵਿਚ ਕਹਿਣ ਲੱਗੀ, 'ਸਰ ਮੈਨੂੰ ਘਰ ਜ਼ਰੂਰੀ ਕੰਮ ਹੈ ਜੇ ਮੈਂ ਨਾ ਜਾਵਾਂ, ਮੈਂ ਫੇਰ ਕਿਸੇ ਦਿਨ ਜਾ ਆਵਾਂਗੀ |' ਬਾਕੀ ਸਾਰਾ ਸਟਾਫ ਮੈਡਮ ਦੇ ਘਰ ਪਹੁੰਚ ਗਿਆ | ਬੜਾ ਹੀ ਸੋਗਮਈ ਦਿ੍ਸ਼, ਮੈਡਮ ਕੁਲਵੰਤ ਦਾ ਬੁਰਾ ਹਾਲ ਦੰਦਲਾਂ ਪੈ ਰਹੀਆਂ | ਕੁਝ ਰਿਸ਼ਤੇਦਾਰ ਜਿਨ੍ਹਾਂ ਨੇ ਦੂਰੋਂ ਆਉਣਾ ਸੀ ਉਨ੍ਹਾਂ ਦਾ ਇੰਤਜ਼ਾਰ ਹੋ ਰਿਹਾ ਸੀ ਉਨ੍ਹਾਂ ਦੇ ਆਉਣ 'ਤੇ ਹੀ ਸਸਕਾਰ ਹੋਣਾ ਸੀ ਕਰੀਬ 4 ਕੁ ਵਜੇ ਪਹੁੰਚਣ ਦਾ ਅੰਦਾਜ਼ਾ ਸੀ | ਵਿਰਲਾਪ ਰੋਣਾ ਧੋਣਾ ਬਹੁਤ ਹੀ ਦਰਦਨਾਕ ਦਿ੍ਸ਼ | ਸਾਰਾ ਸਟਾਫ ਇਸ ਦੁੱਖ ਦੀ ਘੜੀ 'ਚ ਮੈਡਮ ਦੇ ਨਾਲ ਬੈਠਾ ਸੀ ਪ੍ਰੰਤੂ ਜਦੋਂ ਘੜੀ ਦੀ ਸੂਈ 3 ਵਜੇ 'ਤੇ ਆਈ ਤਾਂ ਸਭ ਨੇ ਨਜ਼ਰਾਂ ਮਿਲਾਉਣੀਆਂ ਸ਼ੁਰੂ ਕਰ ਦਿੱਤੀਆਂ ਕਿਉਂਕਿ ਛੁੱਟੀ ਦਾ ਸਮਾਂ ਹੋ ਗਿਆ ਸੀ | ਇਕ ਦੂਜੇ ਨੂੰ ਉਠਣ ਦਾ ਇਸ਼ਾਰਾ ਕਰ ਸਾਰਾ ਸਟਾਫ ਆਪੋ ਆਪਣੇ ਘਰਾਂ ਨੂੰ ਤੁਰ ਪਿਆ |
ਮੈਂ ਉਸ 'ਹਮਦਰਦੀ' ਬਾਰੇ ਸੋਚ ਰਹੀ ਸੀ ਜੋ ਕੇਵਲ ਸਰਕਾਰੀ ਸਮੇਂ ਦੌਰਾਨ ਹੀ ਪ੍ਰਗਟ ਹੁੰਦੀ ਹੈ |

-ਲੈਕਚਰਾਰ, ਸ. ਕੰ. ਸੀ:, ਸੈਕੰ: ਸਕੂਲ ਨਿਊ ਪਾਵਰ ਹਾਊਸ ਕਾਲੋਨੀ ਪਟਿਆਲਾ | ਮੋਬਾਈਲ : 9464946099

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX